ਰਾਗ ਗਉੜੀ – ਬਾਣੀ ਸ਼ਬਦ-Raag Gauri – Bani

ਰਾਗ ਗਉੜੀ – ਬਾਣੀ ਸ਼ਬਦ-Raag Gauri – Bani

ਗਉੜੀ ਮਹਲਾ ੧ ॥

ਗਊੜੀ ਪਹਿਲੀ ਪਾਤਸ਼ਾਹੀ।

ਡਰਿ ਘਰੁ, ਘਰਿ ਡਰੁ; ਡਰਿ ਡਰੁ ਜਾਇ ॥

ਰੱਬ ਦੇ ਭੈ ਨੂੰ ਆਪਣੇ ਦਿਲ ਅੰਦਰ ਧਾਰ ਅਤੇ ਤੇਰਾ ਗ੍ਰਹਿ ਉਸ ਦੇ ਤ੍ਰਾਸ ਅੰਦਰ ਰਹੇ ਤਦ, ਤੇਰਾ ਮੌਤ ਦਾ ਭੈ, ਭੈਭੀਤ ਹੋ ਟੁਰ ਜਾਵੇਗਾ।

ਸੋ ਡਰੁ ਕੇਹਾ, ਜਿਤੁ ਡਰਿ ਡਰੁ ਪਾਇ ॥

ਉਹ ਭੈ ਕਿਸ ਕਿਸਮ ਦਾ ਹੈ ਜਿਸ ਦੁਆਰਾ ਮੌਤ ਦਾ ਭਉੈ ਭੀਤ ਹੋ ਜਾਂਦਾ ਹੈ?

ਤੁਧੁ ਬਿਨੁ, ਦੂਜੀ ਨਾਹੀ ਜਾਇ ॥

ਤੇਰੇ ਬਗੈਰ ਹੋਰ ਕੋਈ ਆਰਾਮ ਦੀ ਥਾਂ ਨਹੀਂ।

ਜੋ ਕਿਛੁ ਵਰਤੈ, ਸਭ ਤੇਰੀ ਰਜਾਇ ॥੧॥

ਜੋ ਕੁਝ ਭੀ ਹੁੰਦਾ ਹੈ, ਸਮੂਹ ਤੇਰੇ ਭਾਣੇ ਅਨੁਸਾਰ ਹੈ।

ਡਰੀਐ, ਜੇ ਡਰੁ ਹੋਵੈ ਹੋਰੁ ॥

ਅਸੀਂ ਖੌਫ ਖਾ, ਜੇਕਰ ਸਾਨੂੰ ਪ੍ਰਭੂ ਦੇ ਬਾਝੋਂ ਕਿਸੇ ਹੋਰਸ ਦਾ ਖੌਫ ਹੋਵੇ।

ਡਰਿ ਡਰਿ ਡਰਣਾ, ਮਨ ਕਾ ਸੋਰੁ ॥੧॥ ਰਹਾਉ ॥

ਰੱਬ ਦੇ ਭਊ ਬਗੈਰ ਹੋਰਸ ਦੇ ਭਉ ਨਾਲ ਸਹਿਮ ਜਾਣਾ ਨਿਰਾਪੁਰਾ ਚਿੱਤ ਦਾ ਸ਼ੋਰ ਸ਼ਰਾਬਾ ਹੀ ਹੈ। ਠਹਿਰਾਉ।

ਨ ਜੀਉ ਮਰੈ, ਨ ਡੂਬੈ ਤਰੈ ॥

ਆਪਣੇ ਆਪ ਨਾਂ ਆਤਮਾ ਮਰਦੀ ਹੈ, ਨਾਂ ਡੁਬਦੀ ਹੈ ਅਤੇ ਨਾਂ ਹੀ ਪਾਰ ਉਤਰਦੀ ਹੈ।

ਜਿਨਿ ਕਿਛੁ ਕੀਆ, ਸੋ ਕਿਛੁ ਕਰੈ ॥

ਜਿਸ ਨੇ ਰਚਨਾ ਰਚੀ ਹੈ, ਉਹੀ ਸਭ ਕੁਝ ਕਰਦਾ ਹੈ।

ਹੁਕਮੇ ਆਵੈ, ਹੁਕਮੇ ਜਾਇ ॥

ਸਾਈਂ ਦੇ ਅਮਰ ਦੁਆਰਾ ਬੰਦਾ ਆਉਂਦਾ ਹੈ, ਅਤੇ ਉਸ ਦੀ ਆਗਿਆ ਦੁਆਰਾ ਉਹ ਚਲਿਆ ਜਾਂਦਾ ਹੈ।

ਆਗੈ ਪਾਛੈ, ਹੁਕਮਿ ਸਮਾਇ ॥੨॥

ਇਸ ਜਨਮ ਦੇ ਅਗਾੜੀ ਤੇ ਪਿਛਾੜੀ ਭੀ ਪ੍ਰਾਣੀ ਉਸ ਦੇ ਫੁਰਮਾਨ ਅੰਦਰ ਲੀਨ ਰਹਿੰਦਾ ਹੈ।

ਹੰਸੁ ਹੇਤੁ, ਆਸਾ ਅਸਮਾਨੁ ॥

ਜਿਨ੍ਹਾਂ ਵਿੱਚ ਨਿਰਦਈਪੁਣਾ, ਸੰਸਾਰੀ ਮੋਹ, ਖਾਹਿਸ਼ ਅਤੇ ਹੰਕਾਰਾਂ ਹਨ,

ਤਿਸੁ ਵਿਚਿ ਭੂਖ ਬਹੁਤੁ, ਨੈ ਸਾਨੁ ॥

ਉਨ੍ਹਾਂ ਵਿੱਚ ਨਦੀ ਦੇ ਪਾਣੀ ਮਾਨਿੰਦ ਬੜੀ ਭੁਖ ਹੈ।

ਭਉ, ਖਾਣਾ ਪੀਣਾ ਆਧਾਰੁ ॥

ਗੁਰਮੁਖਾਂ ਲਈ ਸੁਆਮੀ ਦਾ ਡਰ ਹੀ ਖਾਣ, ਪੀਣ ਅਤੇ ਆਸਰਾ ਹੈ।

ਵਿਣੁ ਖਾਧੇ, ਮਰਿ ਹੋਹਿ ਗਵਾਰ ॥੩॥

ਸਾਹਿਬ ਦਾ ਡਰ ਧਾਰਨ ਕਰਨ ਦੇ ਬਾਝੋਂ ਮੂਰਖ ਨਾਸ ਹੋ ਜਾਂਦੇ ਹਨ।

ਜਿਸ ਕਾ ਕੋਇ, ਕੋਈ ਕੋਇ ਕੋਇ ॥

ਜੇਕਰ ਪ੍ਰਾਣੀ ਦਾ ਕੋਈ ਜਣਾ ਆਪਣਾ ਨਿੱਜ ਦਾ ਹੈ ਤਾਂ ਉਹ ਕੋਈ ਜਣਾ ਬਹੁਤ ਹੀ ਵਿਰਲਾ ਹੈ।

ਸਭੁ ਕੋ ਤੇਰਾ, ਤੂੰ ਸਭਨਾ ਕਾ ਸੋਇ ॥

ਸਾਰੇ ਤੇਰੇ ਹਨ, ਅਤੇ ਤੂੰ ਹੇ ਸ਼੍ਰੇਸ਼ਟ ਸੁਆਮੀ ਸਾਰਿਆਂ ਦਾ ਹੈ।

ਜਾ ਕੇ ਜੀਅ ਜੰਤ, ਧਨੁ ਮਾਲੁ ॥

ਜਿਸ (ਪ੍ਰਭੂ) ਦੇ ਸਾਰੇ ਜੀਵ-ਜੰਤ, ਸਭ ਦੌਲਤ ਅਤੇ ਜਾਇਦਾਦ ਹਨ,

ਨਾਨਕ, ਆਖਣੁ ਬਿਖਮੁ ਬੀਚਾਰੁ ॥੪॥੨॥

ਨਾਨਕ, ਔਖਾ ਹੈ, ਉਸ ਦਾ ਵਰਨਣ ਅਤੇ ਵਿੱਚਾਰ ਕਰਨਾ।


ਗਉੜੀ ਮਹਲਾ ੧ ॥

ਗਊੜੀ ਪਹਿਲੀ ਪਾਤਸ਼ਾਹੀ।

ਮਾਤਾ ਮਤਿ, ਪਿਤਾ ਸੰਤੋਖੁ ॥

ਮੈਂ ਸਿਆਣਪ ਨੂੰ ਆਪਣੀ ਅਮੜੀ, ਸਤੁੰਸ਼ਟਤਾ ਨੂੰ ਆਪਣਾ ਬਾਬਲ,

ਸਤੁ ਭਾਈ ਕਰਿ, ਏਹੁ ਵਿਸੇਖੁ ॥੧॥

ਅਤੇ ਸਚਾਈ ਨੂੰ ਆਪਣਾ ਭਰਾ ਬਣਾ ਲਿਆ ਹੈ। ਇਹ ਹਨ ਮੇਰੇ ਚੰਗੇ ਸਨਬੰਧੀ।

ਕਹਣਾ ਹੈ, ਕਿਛੁ ਕਹਣੁ ਨ ਜਾਇ ॥

ਲੋਕ ਉਸ ਦਾ ਬਿਆਨ ਕਰਦੇ ਹਨ, ਪ੍ਰੰਤੂ ਉਹ ਕੁਝ ਭੀ ਬਿਆਨ ਨਹੀਂ ਕੀਤਾ ਜਾ ਸਕਦਾ।

ਤਉ ਕੁਦਰਤਿ, ਕੀਮਤਿ ਨਹੀ ਪਾਇ ॥੧॥ ਰਹਾਉ ॥

ਤੇਰੀ ਅਪਾਰ ਸ਼ਕਤੀ ਦਾ, ਹੇ ਮਾਲਕ! ਮੁੱਲ ਪਾਇਆ ਨਹੀਂ ਜਾ ਸਕਦਾ। ਠਹਿਰਾਉ।

ਸਰਮ ਸੁਰਤਿ, ਦੁਇ ਸਸੁਰ ਭਏ ॥

ਲੱਜਿਆ ਤੇ ਗਿਆਤ ਦੋਨੋ ਮੇਰੇ ਸੱਸ ਤੇ ਸਹੁਰਾ ਹੋ ਗਏ ਹਨ।

ਕਰਣੀ ਕਾਮਣਿ, ਕਰਿ ਮਨ ਲਏ ॥੨॥

ਚੰਗੇ ਅਮਲਾ ਨੂੰ ਮੈਂ ਆਪਣੀ ਪਤਨੀ ਬਣਾਇਆ ਤੇ ਮੰਨ ਲਿਆ ਹੈ।

ਸਾਹਾ ਸੰਜੋਗੁ, ਵੀਆਹੁ ਵੀਜੋਗੁ ॥

ਸੰਤਾਂ ਦਾ ਮਿਲਾਪ ਮੇਰਾ ਸ਼ਾਦੀ ਦਾ ਵੇਲ ਹੈ ਅਤੇ ਦੁਨੀਆਂ ਨਾਲੋਂ ਟੁਟ ਜਾਣਾ ਮੇਰਾ ਅਨੰਦ ਕਾਰਜ।

ਸਚੁ ਸੰਤਤਿ, ਕਹੁ ਨਾਨਕ ਜੋਗੁ ॥੩॥੩॥

ਗੁਰੂ ਜੀ ਆਖਦੇ ਹਨ ਐਸੇ ਮਿਲਾਪ ਤੋਂ ਸੱਚ ਦੀ ਸੰਤਾਨ ਮੇਰੇ ਪੈਦਾ ਹੋਈ ਹੈ।


ਗਉੜੀ ਮਹਲਾ ੧ ॥

ਗਊੜੀ ਪਹਿਲੀ ਪਾਤਸ਼ਾਹੀ।

ਪਉਣੈ ਪਾਣੀ ਅਗਨੀ ਕਾ ਮੇਲੁ ॥

ਦੇਹਿ ਹਵਾ, ਜਲ ਅਤੇ ਅੱਗ ਦਾ ਮਿਲਾਪ ਹੈ।

ਚੰਚਲ ਚਪਲ, ਬੁਧਿ ਕਾ ਖੇਲੁ ॥

ਇਹ ਚੁਲਬੁਲੇ ਅਤੇ ਅਨਿਸਥਿਰ ਮਨ ਦਾ ਇਕ ਖਿਡੌਣਾ ਹੈ।

ਨਉ ਦਰਵਾਜੇ, ਦਸਵਾ ਦੁਆਰੁ ॥

ਇਸ ਦੇ ਨੌ ਬੂਹੇ ਹਨ ਅਤੇ ਦਸਵਾ ਦੁਆਰਾ,

ਬੁਝੁ ਰੇ ਗਿਆਨੀ! ਏਹੁ ਬੀਚਾਰੁ ॥੧॥

ਇਸ ਨੂੰ ਸਮਝਾ ਤੇ ਸੋਚ ਵਿਚਾਰ, ਹੇ ਬ੍ਰਹਮ ਬੇਤੇ!

ਕਥਤਾ ਬਕਤਾ ਸੁਨਤਾ ਸੋਈ ॥

ਉਹ ਸੁਆਮੀ ਬੋਲਣ ਵਾਲਾ, ਕਹਿਣ ਵਾਲਾ ਅਤੇ ਸ੍ਰੋਤਾ ਹੈ।

ਆਪੁ ਬੀਚਾਰੇ, ਸੁ ਗਿਆਨੀ ਹੋਈ ॥੧॥ ਰਹਾਉ ॥

ਜੋ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ, ਉਹ ਵਾਹਿਗੁਰੂ ਨੂੰ ਜਾਨਣ ਵਾਲਾ ਹੈ। ਠਹਿਰਾਉ।

ਦੇਹੀ ਮਾਟੀ, ਬੋਲੈ ਪਉਣੁ ॥

ਦੇਹਿ ਮਿੱਟੀ ਹੈ ਅਤੇ ਹਵਾ ਉਸ ਅੰਦਰ ਬੋਲਦੀ ਹੈ।

ਬੁਝੁ ਰੇ ਗਿਆਨੀ! ਮੂਆ ਹੈ ਕਉਣੁ? ॥

ਸੋਚ ਕਰ, ਹੇ ਸਿਆਣੇ ਬੰਦੇ! ਉਹ ਕੌਣ ਹੈ ਜੋ ਮਰ ਗਿਆ ਹੈ।

ਮੂਈ ਸੁਰਤਿ, ਬਾਦੁ ਅਹੰਕਾਰੁ ॥

ਇਹ ਅੰਤ੍ਰੀਵੀ ਗਿਆਤ, ਲੜਾਈ ਝਗੜਾ ਤੇ ਹੰਕਾਰ ਹੈ, ਜੋ ਮਰ ਗਏ ਹਨ।

ਓਹੁ ਨ ਮੂਆ, ਜੋ ਦੇਖਣਹਾਰੁ ॥੨॥

ਜੋ ਵੇਖਣ ਵਾਲਾ ਹੈ, ਉਹ ਫੌਤ ਨਹੀਂ ਹੁੰਦਾ।

ਜੈ ਕਾਰਣਿ, ਤਟਿ ਤੀਰਥ ਜਾਹੀ ॥

ਜਿਸ ਦੀ ਖਾਤਰ ਤੂੰ ਪਵਿੱਤ੍ਰ ਨਦੀਆਂ ਦੇ ਕਿਨਾਰਿਆਂ ਤੇ ਜਾਂਦਾ ਹੈਂ,

ਰਤਨ ਪਦਾਰਥ, ਘਟ ਹੀ ਮਾਹੀ ॥

ਉਹ ਅਮੋਲਕ ਜਵੇਹਰ ਤੇਰੇ ਮਨਾਂ ਵਿੱਚ ਹੀ ਹੈ।

ਪੜਿ ਪੜਿ ਪੰਡਿਤੁ, ਬਾਦੁ ਵਖਾਣੈ ॥

ਬ੍ਰਹਿਮਨ ਇਕ ਰਸ ਵਾਚਦੇ ਅਤੇ ਬਹਿਸ ਮੁਬਾਹਿਸੇ ਉਚਾਰਦੇ (ਕਰਦੇ) ਹਨ,

ਭੀਤਰਿ ਹੋਦੀ, ਵਸਤੁ ਨ ਜਾਣੈ ॥੩॥

ਪਰ ਉਹ ਉਸ ਚੀਜ ਨੂੰ ਨਹੀਂ ਜਾਣਦੇ, ਜਿਹੜੀ ਅੰਦਰ ਹੀ ਹੈ।

ਹਉ ਨ ਮੂਆ, ਮੇਰੀ ਮੁਈ ਬਲਾਇ ॥

ਮੈਂ ਨਹੀਂ ਮਰਿਆ, ਸਗੋਂ ਮੇਰੀ ਮੁਸੀਬਤ ਲਿਆਉਣ ਵਾਲੀ ਅਗਿਆਨਤਾ ਮਰ ਗਈ ਹੈ।

ਓਹੁ ਨ ਮੂਆ, ਜੋ ਰਹਿਆ ਸਮਾਇ ॥

ਜੋ ਹਰ ਥਾਂ ਵਿਆਪਕ ਹੋ ਰਿਹਾ ਹੈ, ਉਹ ਨਹੀਂ ਮਰਦਾ।

ਕਹੁ ਨਾਨਕ, ਗੁਰਿ ਬ੍ਰਹਮੁ ਦਿਖਾਇਆ ॥

ਗੁਰੂ ਜੀ ਫੁਰਮਾਉਂਦੇ ਹਨ ਗੁਰਾਂ ਨੇ ਮੇਨੂੰ ਵਿਅਪਕ ਸੁਆਮੀ ਵਿਖਾਲ ਦਿੱਤਾ ਹੈ,

ਮਰਤਾ ਜਾਤਾ, ਨਦਰਿ ਨ ਆਇਆ ॥੪॥੪॥

ਅਤੇ ਹੁਣ ਮੈਨੂੰ ਕੋਈ ਵੀ ਮਰਦਾ ਅਤੇ ਜੰਮਦਾ ਮਲੂਮ ਨਹੀਂ ਹੁੰਦਾ।


ਗਉੜੀ ਮਹਲਾ ੧ ॥

ਗਊੜੀ ਪਹਿਲੀ ਪਾਤਸ਼ਾਹੀ।

ਜਾਤੋ ਜਾਇ, ਕਹਾ ਤੇ ਆਵੈ ॥

ਕੀ ਇਹ ਜਾਣਿਆ ਜਾ ਸਕਦਾ ਹੈ ਕਿ ਆਦਮੀ ਕਿਥੋਂ ਆਇਆ ਹੈ?

ਕਹ ਉਪਜੈ, ਕਹ ਜਾਇ ਸਮਾਵੈ ॥

ਉਹ ਕਿਥੋਂ ਪੈਦਾ ਹੋਇਆ ਹੈ, ਅਤੇ ਉਹ ਕਿਥੇ ਜਾ ਕੇ ਲੀਨ ਹੋ ਜਾਂਦਾ ਹੈ?

ਕਿਉ ਬਾਧਿਓ? ਕਿਉ ਮੁਕਤੀ ਪਾਵੈ? ॥

ਉਹ ਕਿਸ ਤਰ੍ਹਾਂ ਜਕੜਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ ਕਲਿਆਨ ਨੂੰ ਪ੍ਰਾਪਤ ਹੁੰਦਾ ਹੈ?

ਕਿਉ? ਅਬਿਨਾਸੀ ਸਹਜਿ ਸਮਾਵੈ ॥੧॥

ਉਹ ਕਿਸ ਤਰਾ ਸੁਖੈਨ ਹੀ ਅਮਰ ਸੁਆਮੀ ਅੰਦਰ ਲੀਨ ਹੁੰਦਾ ਹੈ?

ਨਾਮੁ ਰਿਦੈ, ਅੰਮ੍ਰਿਤੁ ਮੁਖਿ ਨਾਮੁ ॥

ਜਿਸ ਦੇ ਦਿਲ ਵਿੱਚ ਨਾਮ ਤੇ ਮੂੰਹ ਵਿੱਚ ਨਾਮ ਸੁਧਾਰਸ ਹੈ, ਅਤੇ ਜੋ ਮਨੁਸ਼ ਸ਼ੇਰ ਸਰੂਪ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ,

ਨਰਹਰ ਨਾਮੁ, ਨਰਹਰ ਨਿਹਕਾਮੁ ॥੧॥ ਰਹਾਉ ॥

ਉਹ ਪ੍ਰਾਣੀਆਂ ਨੂੰ ਸਰਸਬਜ਼ ਕਰਨ ਵਾਲੇ ਵਾਹਿਗੁਰੂ ਦੀ ਤਰ੍ਹਾਂ ਇਛਿਆ-ਰਹਿਤ ਹੋ ਜਾਂਦਾ ਹੈ। ਠਹਿਰਾਉ।

ਸਹਜੇ ਆਵੈ, ਸਹਜੇ ਜਾਇ ॥

ਕਾਨੂਨ-ਕੁਦਰਤ ਦੇ ਅਨੀਨ ਆਦਮੀ ਆਉਂਦਾ ਹੈ ਅਤੇ ਕਾਨੂਨ-ਕੁਦਰਤ ਦੇ ਅਧੀਨ ਹੀ ਉਹ ਟੁਰ ਜਾਂਦਾ ਹੈ।

ਮਨ ਤੇ ਉਪਜੈ, ਮਨ ਮਾਹਿ ਸਮਾਇ ॥

ਮਨੁਏ ਦੀਆਂ ਖਾਹਿਸ਼ਾਂ ਤੋਂ ਉਹ ਪੈਦਾ ਹੋਇਆ ਹੈ ਅਤੇ ਮਨੁਏ ਦੀਆਂ ਖਾਹਿਸ਼ਾਂ ਅੰਦਰ ਹੀ ਉਹ ਲੀਨ ਹੋ ਜਾਂਦਾ ਹੈ।

ਗੁਰਮੁਖਿ ਮੁਕਤੋ, ਬੰਧੁ ਨ ਪਾਇ ॥

ਗੁਰੂ ਸਮਰਪਣ ਬੰਦਖਲਾਸ ਹੋ ਜਾਂਦਾ ਹੈ ਅਤੇ ਜੰਜਾਲਾ ਵਿੱਚ ਨਹੀਂ ਪੈਂਦਾ।

ਸਬਦੁ ਬੀਚਾਰਿ, ਛੁਟੈ ਹਰਿ ਨਾਇ ॥੨॥

ਉਹ ਰੱਬੀ ਕਲਾਮ ਨੂੰ ਸੋਚਦਾ, ਸਮਝਦਾ ਹੈ ਅਤੇ ਰੰਬ ਦੇ ਨਾਮ ਦੇ ਰਾਹੀਂ ਛੁਟਕਾਰਾ ਪਾ ਜਾਂਦਾ ਹੈ।

ਤਰਵਰ ਪੰਖੀ, ਬਹੁ ਨਿਸਿ ਬਾਸੁ ॥

ਬਹੁਤ ਸਾਰੇ ਪੰਛੀ ਰਾਤ ਨੂੰ ਰੁਖ ਤੇ ਆ ਟਿਕਦੇ ਹਨ।

ਸੁਖ ਦੁਖੀਆ, ਮਨਿ ਮੋਹ ਵਿਣਾਸੁ ॥

ਕਈ ਖੁਸ਼ ਹਨ ਤੇ ਕਈ ਨਾਂ-ਖੁਸ਼ ਮਨੂਏ ਦੀ ਲਗਨ ਦੇ ਰਾਹੀਂ ਉਹ ਸਾਰੇ ਨਾਸ ਹੋ ਜਾਂਦੇ ਹਨ।

ਸਾਝ ਬਿਹਾਗ, ਤਕਹਿ ਆਗਾਸੁ ॥

ਜਦ ਰਾਤ ਬੀਤ ਜਾਂਦੀ ਹੈ ਉਹ ਅਸਮਾਨ ਵੱਲ ਵੇਖਦੇ ਹਨ।

ਦਹ ਦਿਸਿ ਧਾਵਹਿ, ਕਰਮਿ ਲਿਖਿਆਸੁ ॥੩॥

ਲਿੱਖੀ ਹੋਈ ਕਿਸਮਤ ਦੇ ਅਨੁਸਾਰ ਉਹ ਦਸਾਂ ਪਸਿਆਂ ਨੂੰ ਉਡ ਜਾਂਦੇ ਹਨ।

ਨਾਮ ਸੰਜੋਗੀ, ਗੋਇਲਿ ਥਾਟੁ ॥

ਜੋ ਨਾਮ ਨਾਲ ਸੰਬਧਤ ਹਨ ਉਹ ਸੰਸਾਰ ਨੂੰ ਚਰਾਗਾਹ ਵਿੱਚ ਇਕ ਆਰਜੀ ਝੁੱਗੀ ਸਮਝਦੇ ਹਨ।

ਕਾਮ ਕ੍ਰੋਧ, ਫੂਟੈ ਬਿਖੁ ਮਾਟੁ ॥

ਭੋਗ ਵਿਲਾਸ ਅਤੇ ਰੋਹ ਦਾ ਜਹਿਰੀਲਾ ਮੱਟ ਆਖਰਕਾਰ ਫੁੱਟ ਜਾਂਦਾ ਹੈ।

ਬਿਨੁ ਵਖਰ, ਸੂਨੋ ਘਰੁ ਹਾਟੁ ॥

ਨਾਮ ਦੇ ਸੌਦੇ ਸੂਤ ਦੇ ਬਾਝੋਂ ਦੇਹਿ ਰੂਪੀ ਗ੍ਰਹਿ ਅਤੇ ਮਨ ਦੀ ਹੱਟੀ ਖਾਲੀ ਹਨ।

ਗੁਰ ਮਿਲਿ, ਖੋਲੇ ਬਜਰ ਕਪਾਟ ॥੪॥

ਗੁਰਾਂ ਨੂੰ ਭੇਟਣ ਦੁਆਰਾ ਕਰੜੇ ਤਖਤੇ ਖੁਲ੍ਹ ਜਾਂਦੇ ਹਨ।

ਸਾਧੁ ਮਿਲੈ, ਪੂਰਬ ਸੰਜੋਗ ॥

ਪੂਰਬਲੀ ਪ੍ਰਾਲਬਧ ਰਾਹੀਂ ਸੰਤ ਮਿਲਦਾ ਹੈ।

ਸਚਿ ਰਹਸੇ, ਪੂਰੇ ਹਰਿ ਲੋਗ ॥

ਸਾਈਂ ਦੇ ਪੂਰਨ ਪੁਰਸ਼ ਸੱਚ ਅੰਦਰ ਪ੍ਰਸੰਨ ਹੁੰਦੇ ਹਨ।

ਮਨੁ ਤਨੁ ਦੇ, ਲੈ ਸਹਜਿ ਸੁਭਾਇ ॥

ਜੋ ਆਪਣੀ ਆਤਮਾ ਤੇ ਦੇਹਿ ਸਮਰਪਣ ਕਰਨ ਦੁਆਰਾ ਨਿਰਯਤਨ ਹੀ, ਆਪਣੇ ਪ੍ਰਭੂ ਨੂੰ ਪਾ ਲੈਂਦੇ ਹਨ,

ਨਾਨਕ, ਤਿਨ ਕੈ ਲਾਗਉ ਪਾਇ ॥੫॥੬॥

ਨਾਨਕ ਉਨ੍ਹਾਂ ਦੇ ਪੈਰਾਂ ਉਤੇ ਡਿਗਦਾ ਹੈ।


ਗਉੜੀ ਮਹਲਾ ੧ ॥

ਗਊੜੀ ਪਾਤਸ਼ਾਹੀ ਪਹਿਲੀ।

ਕਾਮੁ ਕ੍ਰੋਧੁ, ਮਾਇਆ ਮਹਿ ਚੀਤੁ ॥

ਵਿਸ਼ੇ ਭੋਗ, ਗੁੱਸੇ ਅਤੇ ਧਨ-ਦੌਲਤ ਅੰਦਰ ਤੇਰਾ ਮਲ ਖਚਤ ਹੋਇਆ ਹੋਇਆ ਹੈ।

ਝੂਠ ਵਿਕਾਰਿ, ਜਾਗੈ ਹਿਤ ਚੀਤੁ ॥

ਆਪਣੇ ਮਨ ਅੰਦਰ ਸੰਸਾਰੀ ਮਮਤਾ ਹੋਣ ਦੇ ਸਬਬ ਤੂੰ ਕੂੜ ਤੇ ਪਾਪ ਅੰਦਰ ਸਾਵਧਾਨ ਹੈ।

ਪੂੰਜੀ, ਪਾਪ ਲੋਭ ਕੀ ਕੀਤੁ ॥

ਤੂੰ ਗੁਨਾਹ ਤੇ ਲਾਲਚ ਦੀ ਰਾਸ ਇਕੱਠੀ ਕੀਤੀ ਹੋਈ ਹੈ।

ਤਰੁ ਤਾਰੀ, ਮਨਿ ਨਾਮੁ ਸੁਚੀਤੁ ॥੧॥

ਪਵਿੱਤ੍ਰ ਨਾਮ ਦੇ ਨਾਲ ਹੇ ਮੇਰੀ ਆਤਮਾ! ਤੂੰ ਜੀਵਨ ਦੀ ਨਦੀ ਤੋਂ ਪਾਰ ਹੋ ਜਾ।

ਵਾਹੁ ਵਾਹੁ ਸਾਚੇ! ਮੈ ਤੇਰੀ ਟੇਕ ॥

ਅਸਚਰਜ ਹੈਂ ਧੰਨ ਹੈਂ, ਤੂੰ ਮੇਰੇ ਸੱਚੇ ਸੁਆਮੀ! ਮੈਨੂੰ ਕੇਵਲ ਤੇਰਾ ਹੀ ਆਸਰਾ ਹੈ।

ਹਉ ਪਾਪੀ, ਤੂੰ ਨਿਰਮਲੁ ਏਕੁ ॥੧॥ ਰਹਾਉ ॥

ਮੈਂ ਗੁਨਹਗਾਰ ਹਾਂ, ਕੇਵਲ ਤੂੰ ਹੀ ਪਵਿੱਤ੍ਰ ਹੈਂ। ਠਹਿਰਾਉ।

ਅਗਨਿ ਪਾਣੀ, ਬੋਲੈ ਭੜਵਾਉ ॥

ਅੱਗ ਤੇ ਜਲ ਦੇ ਕਾਰਨ ਸੁਆਸ ਉੱਚੀ ਉੱਚੀ ਗੂੰਜਦਾ ਹੈ।

ਜਿਹਵਾ ਇੰਦ੍ਰੀ, ਏਕੁ ਸੁਆਉ ॥

ਜੀਭ ਦੇ ਵਿਸੇ-ਭੋਗ ਅੰਗ ਇਕ ਇਕ ਸੁਆਦ ਮਾਣਦੇ ਹਨ।

ਦਿਸਟਿ ਵਿਕਾਰੀ, ਨਾਹੀ ਭਉ ਭਾਉ ॥

ਮੰਦੀ-ਨਿੰਗ੍ਹਾ ਵਾਲਿਆਂ ਦੇ ਪੱਲੇ ਵਾਹਿਗੁਰੂ ਦਾ ਡਰ ਤੇ ਪਿਆਰ ਨਹੀਂ।

ਆਪੁ ਮਾਰੇ, ਤਾ ਪਾਏ ਨਾਉ ॥੨॥

ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਮੇਟ ਦੇਵੇ ਤਦ ਉਹ ਨਾਮ ਨੂੰ ਪਾ ਲੈਂਦਾ ਹੈ।

ਸਬਦਿ ਮਰੈ, ਫਿਰਿ ਮਰਣੁ ਨ ਹੋਇ ॥

ਜੋ ਗੁਰਬਾਣੀ ਦੁਆਰਾ ਮਰਦਾ ਹੈ ਅਤੇ ਮੁੜਾ ਕੇ ਨਹੀਂ ਮਰਦਾ।

ਬਿਨੁ ਮੂਏ, ਕਿਉ ਪੂਰਾ ਹੋਇ? ॥

ਐਸੀ ਮੌਤ ਦੇ ਬਾਝੋਂ ਬੰਦਾ ਪੂਰਣਤਾ ਨੂੰ ਕਿਵੇਂ ਪੁਜ ਸਕਦਾ ਹੈ?

ਪਰਪੰਚਿ, ਵਿਆਪਿ ਰਹਿਆ ਮਨੁ ਦੋਇ ॥

ਮਨ ਪਸਾਰੇ ਅਤੇ ਦਵੈਤ ਭਾਵ ਅੰਦਰ ਖਚਤ ਹੋ ਰਿਹਾ ਹੈ।

ਥਿਰੁ ਨਾਰਾਇਣੁ, ਕਰੇ ਸੁ ਹੋਇ ॥੩॥

ਜੋ ਕੁਝ ਅਮਰ ਸੁਆਮੀ ਕਰਦਾ ਹੈ, ਉਹੀ ਹੋ ਆਉਂਦਾ ਹੈ।

ਬੋਹਿਥਿ ਚੜਉ, ਜਾ ਆਵੈ ਵਾਰੁ ॥

ਮੈਂ ਜਹਾਜ਼ ਤੇ ਚੜ੍ਹ ਜਾਵਾਂਗਾ, ਜਦ ਮੇਰੀ ਵਾਰੀ ਆਈ।

ਠਾਕੇ ਬੋਹਿਥ, ਦਰਗਹ ਮਾਰ ॥

ਜੋ ਜਹਾਜ਼ ਉਤੇ ਸਵਾਰ ਹੋਣੋ ਰੋਕੇ ਗਏ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰਬਾਰ ਅੰਦਰ ਕੁਟ ਪਏਗੀ।

ਸਚੁ ਸਾਲਾਹੀ, ਧੰਨੁ ਗੁਰਦੁਆਰੁ ॥

ਮੁਬਾਰਕ ਹੈ, ਗੁਰਾਂ ਦਾ ਦਰਬਾਰ, ਜਿਥੇ ਸੱਚੇ ਸਾਹਿਬ ਦੀ ਕੀਰਤੀ ਗਾਇਨ ਕੀਤੀ ਜਾਂਦੀ ਹੈ।

ਨਾਨਕ, ਦਰਿ ਘਰਿ ਏਕੰਕਾਰੁ ॥੪॥੭॥

ਨਾਨਕ ਅਦੁੱਤੀ ਸਾਹਿਬ ਘਰਬਾਰ ਅੰਦਰ ਵਿਆਪਕ ਹੋ ਰਿਹਾ ਹੈ।


ਗਉੜੀ ਮਹਲਾ ੧ ॥

ਗਊੜੀ ਪਹਿਲੀ ਪਾਤਸ਼ਾਹੀ।

ਉਲਟਿਓ ਕਮਲੁ, ਬ੍ਰਹਮੁ ਬੀਚਾਰਿ ॥

ਸੁਆਮੀ ਦੇ ਸਿਮਰਨ ਰਾਹੀਂ ਮੂਧਾ ਕੰਵਲ ਸਿੱਧਾ ਹੋ ਗਿਆ ਹੈ।

ਅੰਮ੍ਰਿਤ ਧਾਰ, ਗਗਨਿ ਦਸ ਦੁਆਰਿ ॥

ਦਸਵੇਂ ਦੁਆਰੇ ਦੇ ਆਕਾਸ਼ ਤੋਂ ਸੁਧਾਰਸ ਦੀ ਨਦੀ ਟਪਕਣੀ ਆਰੰਭ ਹੋ ਗਈ।

ਤ੍ਰਿਭਵਣੁ ਬੇਧਿਆ, ਆਪਿ ਮੁਰਾਰਿ ॥੧॥

ਹੰਕਾਰ ਦਾ ਵੈਰੀ, ਵਾਹਿਗੁਰੂ, ਤਿੰਨਾਂ ਜਹਾਨਾਂ ਅੰਦਰ ਆਪੇ ਹੀ ਵਿਆਪਕ ਹੋ ਰਿਹਾ ਹੈ।

ਰੇ ਮਨ ਮੇਰੇ! ਭਰਮੁ ਨ ਕੀਜੈ ॥

ਹੇ ਮੇਰੀ ਜਿੰਦੜੀਏ! ਕਿਸੇ ਸੰਸੇ ਵਿੱਚ ਨਾਂ ਪੈ।

ਮਨਿ ਮਾਨਿਐ, ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥

ਮਨੂਏ ਦੀ ਸੰਤੁਸ਼ਟਤਾ ਦੁਆਰਾ ਨਾਮ ਦਾ ਅਮਰ ਕਰ ਦੇਣ ਵਾਲਾ ਆਬਿ-ਹਿਯਾਤ ਪਾਨ ਕੀਤਾ ਜਾਂਦਾ ਹੈ। ਠਹਿਰਾਉ।

ਜਨਮੁ ਜੀਤਿ, ਮਰਣਿ ਮਨੁ ਮਾਨਿਆ ॥

ਆਪਣੀ ਜੀਵਣ ਖੇਡ ਨੂੰ ਜਿੱਤ ਹੇ ਬੰਦੇ! ਅਤੇ ਆਪਣੇ ਚਿੱਤ ਅੰਦਰ ਮੌਤ ਦੀ ਸੱਚਾਈ ਨੂੰ ਕਬੂਲ ਕਰ।

ਆਪਿ ਮੂਆ, ਮਨੁ ਮਨ ਤੇ ਜਾਨਿਆ ॥

ਜਦ ਆਪਾ ਨਵਿਰਤੀ ਹੋ ਜਾਂਦਾ ਹੈ, ਤਾਂ ਉਸ ਪਰਮ-ਆਤਮਾ ਦੀ ਚਿੱਤ ਅੰਦਰ ਹੀ ਗਿਆਤ ਹੋ ਜਾਂਦੀ ਹੈ।

ਨਜਰਿ ਭਈ, ਘਰੁ ਘਰ ਤੇ ਜਾਨਿਆ ॥੨॥

ਵਾਹਿਗੁਰੂ ਦੀ ਰਹਿਮਤ ਉਦੇ ਹੋਣ ਦੁਆਰਾ ਆਪਣੇ ਗ੍ਰ ਹਿ ਅੰਦਰ ਤੋਂ ਹੀ ਬੰਦਾ ਉਸ ਦੇ ਮਹਿਲ ਨੂੰ ਸਿੰਞਾਣ ਲੈਂਦਾ ਹੈ।

ਜਤੁ ਸਤੁ ਤੀਰਥੁ, ਮਜਨੁ ਨਾਮਿ ॥

ਵਾਹਿਗੁਰੂ ਦਾ ਨਾਮ ਸੱਚਾ ਬ੍ਰਹਿਮਚਰਜ, ਪਾਕਦਾਮਨੀ ਅਤੇ ਯਾਤ੍ਰਾ ਅਸਥਾਨ ਤੇ ਇਸ਼ਨਾਨ ਹੈ।

ਅਧਿਕ ਬਿਥਾਰੁ, ਕਰਉ ਕਿਸੁ ਕਾਮਿ? ॥

ਘਣਾ ਅਡੰਬਰ ਰਚਨਾ ਕਿਹੜੇ ਕੰਮ ਹੈ?

ਨਰ ਨਾਰਾਇਣ, ਅੰਤਰਜਾਮਿ ॥੩॥

ਸਰਬ-ਵਿਆਪਕ ਸੁਆਮੀ ਇਨਸਾਨਾਂ ਦੇ ਦਿਲਾਂ ਦੀਆਂ ਜਾਨਣਹਾਰ ਹੈ।

ਆਨ ਮਨਉ, ਤਉ ਪਰ ਘਰ ਜਾਉ ॥

ਜੇਕਰ ਮੈਂ ਹੋਰਸ ਤੇ ਵਿਸ਼ਵਾਸ ਕਰਾਂ, ਤਾਂ ਮੈਂ ਹੋਰਸ ਦੇ ਗ੍ਰਹਿ ਜਾਵਾਂਗਾ।

ਕਿਸੁ ਜਾਚਉ? ਨਾਹੀ ਕੋ ਥਾਉ ॥

ਮੈਂ ਹੋਰ ਕੀਹਦੇ ਕੋਲੋ ਮੰਗਾਂ? ਮੇਰੇ ਲਈ ਹੋਰ ਕੋਈ ਥਾਂ ਨਹੀਂ।

ਨਾਨਕ, ਗੁਰਮਤਿ ਸਹਜਿ ਸਮਾਉ ॥੪॥੮॥

ਨਾਨਕ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਪਾਰਬ੍ਰਹਮ ਅੰਦਰ ਲੀਨ ਹੋ ਗਿਆ ਹਾਂ।


ਗਉੜੀ ਮਹਲਾ ੧ ॥

ਗਊੜੀ ਪਹਿਲੀ ਪਾਤਸ਼ਾਹੀ।

ਸਤਿਗੁਰੁ ਮਿਲੈ, ਸੁ ਮਰਣੁ ਦਿਖਾਏ ॥

ਜਦ ਸੱਚਾ ਗੁਰੂ ਮਿਲ ਪੈਦਾ ਹੈ, ਉਹ ਜੀਉਂਦੇ ਜੀ ਮਰਣ ਦਾ ਮਾਰਗ ਵਿਖਾਲ ਦਿੰਦਾ ਹੈ।

ਮਰਣੁ ਰਹਣ, ਰਸੁ ਅੰਤਰਿ ਭਾਏ ॥

ਇਹੋ ਜੇਹੀ ਮੌਤ ਦੇ ਮਗਰੋਂ ਜੀਉਂਦੇ ਰਹਿਣ ਦੀ ਖੁਸ਼ੀ ਮੇਰੇ ਮਨ ਨੂੰ ਚੰਗੀ ਲਗਦੀ ਹੈ।

ਗਰਬੁ ਨਿਵਾਰਿ, ਗਗਨ ਪੁਰੁ ਪਾਏ ॥੧॥

ਆਪਣਾ ਹੰਕਾਰ ਮਿਟਾ ਕੇ ਮੈਂ ਦਸਮ ਦੁਆਰ ਨੂੰ ਅਪੜ ਗਿਆ ਹਾਂ।

ਮਰਣੁ ਲਿਖਾਇ ਆਏ, ਨਹੀ ਰਹਣਾ ॥

ਮੌਤ ਦਾ ਵੇਲਾ ਲਿਖਵਾ ਕੇ ਬੰਦੇ ਜਹਾਨ ਵਿੱਚ ਆਏ ਹਨ ਅਤੇ ਵਧੇਰਾ ਚਿਰ ਠਹਿਰ ਨਹੀਂ ਸਕਦੇ।

ਹਰਿ ਜਪਿ ਜਾਪਿ, ਰਹਣੁ ਹਰਿ ਸਰਣਾ ॥੧॥ ਰਹਾਉ ॥

ਇਸ ਲਈ ਉਨ੍ਹਾਂ ਨੂੰ ਰੱਬ ਦਾ ਸਿਮਰਨ ਕਰਨਾ ਅਤੇ ਰੱਬ ਦੀ ਸ਼ਰਣਾਗਤਿ ਤਾਬੇ ਵਸਣਾ ਉਚਿਤ ਹੈ। ਠਹਿਰਾਉ।

ਸਤਿਗੁਰੁ ਮਿਲੈ, ਤ ਦੁਬਿਧਾ ਭਾਗੈ ॥

ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ ਤਦ ਦਵੈਤ-ਭਾਵ ਦੌੜ ਜਾਂਦਾ ਹੈ।

ਕਮਲੁ ਬਿਗਾਸਿ, ਮਨੁ ਹਰਿ ਪ੍ਰਭ ਲਾਗੈ ॥

ਦਿਲ-ਕੰਵਲ ਖਿੜ ਜਾਂਦਾ ਹੈ ਅਤੇ ਮਨੂਆ ਵਾਹਿਗੁਰੂ ਸੁਆਮੀ ਨਾਲ ਜੁੜ ਜਾਂਦਾ ਹੈ।

ਜੀਵਤੁ ਮਰੈ, ਮਹਾ ਰਸੁ ਆਗੈ ॥੨॥

ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ ਉਹ ਅੱਗੇ ਪਰਮ ਅਨੰਦ ਨੂੰ ਪ੍ਰਾਪਤ ਹੁੰਦਾ ਹੈ।

ਸਤਿਗੁਰਿ ਮਿਲਿਐ, ਸਚ ਸੰਜਮਿ ਸੂਚਾ ॥

ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਇਨਸਾਨ ਸਤਿਵਾਦੀ ਤਿਆਗੀ ਅਤੇ ਪਵਿੱਤਰ ਹੋ ਜਾਂਦਾ ਹੈ।

ਗੁਰ ਕੀ ਪਉੜੀ, ਊਚੋ ਊਚਾ ॥

ਗੁਰਾਂ ਦੇ ਰਾਹੇ ਟੁਰਣ ਦੁਆਰਾ ਆਦਮੀ ਬੁੰਲਦਾਂ ਦਾ ਪਰਮ-ਬੁਲੰਦ ਹੋ ਜਾਂਦਾ ਹੈ।

ਕਰਮਿ ਮਿਲੈ, ਜਮ ਕਾ ਭਉ ਮੂਚਾ ॥੩॥

ਪ੍ਰਭੂ ਦੀ ਰਹਿਮਤ ਦੀ ਦਾਤ ਪ੍ਰਾਪਤ ਹੋਣ ਦੁਆਰਾ ਮੌਤ ਦਾ ਡਰ ਨਾਸ ਹੋ ਜਾਂਦਾ ਹੈ।

ਗੁਰਿ ਮਿਲਿਐ, ਮਿਲਿ ਅੰਕਿ ਸਮਾਇਆ ॥

ਗੁਰਾਂ ਦੇ ਮਿਲਾਪ ਅੰਦਰ ਮਿਲਣ ਦੁਆਰਾ ਪ੍ਰਾਣੀ ਸਾਹਿਬ ਦੀ ਗੋਦੀ ਅੰਦਰ ਲੀਨ ਹੋ ਜਾਂਦਾ ਹੈ।

ਕਰਿ ਕਿਰਪਾ, ਘਰੁ ਮਹਲੁ ਦਿਖਾਇਆ ॥

ਆਪਣੀ ਮਿਹਰ ਧਾਰ ਕੇ ਗੁਰੂ ਜੀ, ਪ੍ਰਭੂ ਦਾ ਮੰਦਰ ਬੰਦੇ ਨੂੰ ਉਸ ਦੇ ਆਪਣੇ ਗ੍ਰਹਿ ਵਿੱਚ ਹੀ ਵਿਖਾਲ ਦਿੰਦੇ ਹਨ।

ਨਾਨਕ, ਹਉਮੈ ਮਾਰਿ ਮਿਲਾਇਆ ॥੪॥੯॥

ਨਾਨਕ ਉਸ ਦਾ ਹੰਕਾਰ ਨੂੰ ਮੇਟ ਕੇ ਗੁਰੂ ਜੀ ਇਨਸਾਨ ਨੂੰ ਮਾਲਕ ਨਾਲ ਮਿਲਾ ਦਿੰਦੇ ਹਨ।


ਗਉੜੀ ਮਹਲਾ ੧ ॥

ਗਊੜੀ ਪਹਿਲੀ ਪਾਤਸ਼ਾਹੀ।

ਕਿਰਤੁ ਪਇਆ, ਨਹ ਮੇਟੈ ਕੋਇ ॥

ਪੂਰਬਲੇ ਕਰਮ ਕੋਈ ਭੀ ਮੇਟ ਨਹੀਂ ਸਕਦਾ।

ਕਿਆ ਜਾਣਾ? ਕਿਆ ਆਗੈ ਹੋਇ? ॥

ਮੈਂ ਕੀ ਜਾਣਦਾ ਹਾਂ ਕਿ ਮੇਰੇ ਨਾਲ ਅੱਗੇ ਕੀ ਬੀਤੇਗੀ?

ਜੋ ਤਿਸੁ ਭਾਣਾ, ਸੋਈ ਹੂਆ ॥

ਜੋ ਤੁਛ ਉਸ ਦੀ ਰਜਾ ਹੈ ਉਹੀ ਹੁੰਦਾ ਹੈ।

ਅਵਰੁ ਨ ਕਰਣੈ ਵਾਲਾ ਦੂਆ ॥੧॥

ਰੱਬ ਦੇ ਬਗੈਰ ਹੋਰ ਕੋਈ ਕਰਨਹਾਰ ਨਹੀਂ।

ਨਾ ਜਾਣਾ ਕਰਮ, ਕੇਵਡ ਤੇਰੀ ਦਾਤਿ ॥

ਮੈਂ ਨਹੀਂ ਜਾਣਦਾ ਕਿਡੀ ਵਡੀ ਹੈ ਤੇਰੀ ਬਖਸ਼ੀਸ਼ ਤੇ ਕਿੱਡਾ ਵਡਾ ਹੈ ਤੇਰਾ ਅਤੀਆ।

ਕਰਮੁ ਧਰਮੁ, ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥

ਸ਼ੁਭ ਅਮਲ ਮਜਹਬ ਅਤੇ ਉਚੀ ਜਾਤੀ ਤੇਰੇ ਨਾਮ ਵਿੱਚ ਆ ਜਾਂਦੇ ਹਨ, ਹੇ ਸੁਆਮੀ! ਠਹਿਰਾਉ।

ਤੂ ਏਵਡੁ ਦਾਤਾ, ਦੇਵਣਹਾਰੁ ॥

ਤੂੰ ਐਡਾ ਵਡਾ ਦਾਤਾਰ ਤੇ ਦੇਣ ਵਾਲਾ ਹੈਂ,

ਤੋਟਿ ਨਾਹੀ, ਤੁਧੁ ਭਗਤਿ ਭੰਡਾਰ ॥

ਕਿ ਤੇਰੇ ਸਿਮਰਨ ਦੇ ਖਜਾਨੇ ਕਦੇ ਘਟ ਨਹੀਂ ਹੁੰਦੇ।

ਕੀਆ ਗਰਬੁ, ਨ ਆਵੈ ਰਾਸਿ ॥

ਹੰਕਾਰ ਕਰਨਾ ਕਦੇ ਭੀ ਠੀਕ ਨਹੀਂ ਹੁੰਦਾ।

ਜੀਉ ਪਿੰਡੁ, ਸਭੁ ਤੇਰੈ ਪਾਸਿ ॥੨॥

ਬੰਦੇ ਦੀ ਜਿੰਦਗੀ ਤੇ ਸਰੀਰ ਸਭ ਤੇਰੇ ਅਧਿਕਾਰ ਵਿੱਚ ਹਨ।

ਤੂ ਮਾਰਿ ਜੀਵਾਲਹਿ, ਬਖਸਿ ਮਿਲਾਇ ॥

ਤੂੰ ਜਿੰਦ ਜਾਨ ਲੈਂਦਾ ਅਤੇ ਦਿੰਦਾ ਹੈ ਅਤੇ ਮਾਫ ਕਰ ਕੇ ਪ੍ਰਾਣੀ ਨੂੰ ਆਪਣੇ ਨਾਲ ਰਲਾ ਲੈਂਦਾ ਹੈ।

ਜਿਉ ਭਾਵੀ, ਤਿਉ ਨਾਮੁ ਜਪਾਇ ॥

ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਮੇਰੇ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾ।

ਤੂੰ ਦਾਨਾ ਬੀਨਾ, ਸਾਚਾ ਸਿਰਿ ਮੇਰੈ ॥

ਤੂੰ ਸਮੂਹ-ਸਿਆਣਾ ਸਮੂਹ-ਦੇਖਣਹਾਰ, ਅਤੇ ਸਮੂਹ ਸੱਚਾ ਹੈਂ ਹੇ ਮੇਰੇ ਸ਼੍ਰੋਮਣੀ ਸਾਹਿਬ!

ਗੁਰਮਤਿ ਦੇਇ, ਭਰੋਸੈ ਤੇਰੈ ॥੩॥

ਮੈਨੂੰ ਗੁਰਾਂ ਦੀ ਸਿੱਖਿਆ ਪਰਦਾਨ ਕਰ, ਮੇਰਾ ਯਕੀਨ ਤੇਰੇ ਵਿੱਚ ਹੈ।

ਤਨ ਮਹਿ ਮੈਲੁ ਨਾਹੀ, ਮਨੁ ਰਾਤਾ ॥

ਜਿਸ ਦਾ ਚਿੱਤ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਹੈ ਉਸ ਦੀ ਦੇਹਿ ਵਿੱਚ ਕੋਈ ਮਲੀਨਤਾ ਨਹੀਂ।

ਗੁਰ ਬਚਨੀ, ਸਚੁ ਸਬਦਿ ਪਛਾਤਾ ॥

ਗੁਰਬਾਣੀ ਦੁਆਰਾ ਸੱਚਾ ਸੁਆਮੀ ਸਿਞਾਣਿਆ ਜਾਂਦਾ ਹੈ।

ਤੇਰਾ ਤਾਣੁ, ਨਾਮ ਕੀ ਵਡਿਆਈ ॥

ਮੇਰੀ ਸਤਿਆ ਤੇਰੇ ਵਿੱਚ ਹੈ, ਤੇ ਮੇਰੀ ਵਿਸ਼ਾਲਤਾ ਤੇਰੇ ਨਾਮ ਵਿੱਚ।

ਨਾਨਕ ਰਹਣਾ, ਭਗਤਿ ਸਰਣਾਈ ॥੪॥੧੦॥

ਨਾਨਕ ਤੇਰੇ ਸ਼ਰਧਾਲੂਆਂ ਦੀ ਸ਼ਰਣਾਗਤ ਅੰਦਰ ਵਸਦਾ ਹੈ।


ਗਉੜੀ ਮਹਲਾ ੧ ॥

ਗਊੜੀ ਪਹਿਲੀ ਪਾਤਸ਼ਾਹੀ।

ਜਿਨਿ ਅਕਥੁ ਕਹਾਇਆ, ਅਪਿਓ ਪੀਆਇਆ ॥

ਜੋ ਅਕਹਿ ਵਾਹਿਗੁਰੂ ਨੂੰ ਆਖਦਾ ਹੈ ਅਤੇ ਅੰਮ੍ਰਿਤ ਪਾਨ ਕਰਦਾ ਹੈ,

ਅਨ ਭੈ ਵਿਸਰੇ, ਨਾਮਿ ਸਮਾਇਆ ॥੧॥

ਉਹ ਹੋਰ ਡਰਾਂ ਨੂੰ ਭੁੱਲ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਕਿਆ ਡਰੀਐ? ਡਰੁ ਡਰਹਿ ਸਮਾਨਾ ॥

ਆਪਾਂ ਕਿਉਂ ਭੈ ਕਰੀਏ, ਜਦ ਸਾਰੇ ਭੈ ਸਾਈਂ ਦੇ ਭੈ ਅੰਦਰ ਗ਼ਰਕ ਹੋ ਜਾਂਦੇ ਹਨ।

ਪੂਰੇ ਗੁਰ ਕੈ, ਸਬਦਿ ਪਛਾਨਾ ॥੧॥ ਰਹਾਉ ॥

ਪੂਰਨ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਮਾਲਕ ਨੂੰ ਸਿਞਾਣ ਲਿਆ ਹੈ। ਠਹਿਰਾਉ।

ਜਿਸੁ ਨਰ ਰਾਮੁ ਰਿਦੈ, ਹਰਿ ਰਾਸਿ ॥

ਜਿਸ ਪ੍ਰਾਣੀ ਦੇ ਅੰਤਰ-ਆਤਮੇ ਸਰਬ-ਵਿਆਪਕ ਸੁਆਮੀ ਅਤੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ,

ਸਹਜਿ ਸੁਭਾਇ, ਮਿਲੇ ਸਾਬਾਸਿ ॥੨॥

ਉਸ ਨੂੰ ਨਿਰਯਤਨ ਹੀ ਵਡਿਆਈ ਮਿਲਦੀ ਹੈ।

ਜਾਹਿ ਸਵਾਰੈ, ਸਾਝ ਬਿਆਲ ॥

ਆਪ-ਹੁਦਰੇ ਜਿਨ੍ਹਾਂ ਨੂੰ ਸੁਆਮੀ ਸ਼ਾਮ ਤੇ ਸਵੇਰੇ ਸੁਆਂ ਛਡਦਾ ਹੈ,

ਇਤ ਉਤ ਮਨਮੁਖ, ਬਾਧੇ ਕਾਲ ॥੩॥

ਏਥੇ ਅਤੇ ਓਥੇ ਮੌਤ ਨਾਲ ਬੰਨ੍ਹੇ ਹੋਏ ਹਨ।

ਅਹਿਨਿਸਿ ਰਾਮੁ ਰਿਦੈ, ਸੇ ਪੂਰੇ ॥

ਜਿਨ੍ਹਾਂ ਦੇ ਦਿਲ ਅੰਦਰ ਦਿਨ ਰੈਣ ਵਿਆਪਕ ਵਾਹਿਗੁਰੂ ਵਸਦਾ ਹੈ, ਉਹ ਮੁਕੰਮਲ ਹਨ।

ਨਾਨਕ, ਰਾਮ ਮਿਲੇ ਭ੍ਰਮ ਦੂਰੇ ॥੪॥੧੧॥

ਨਾਨਕ ਉਹ ਆਪਣਾ ਸੰਦੇਹ ਦੂਰ ਕਰ ਦਿੰਦੇ ਹਨ ਅਤੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ।


ਗਉੜੀ ਮਹਲਾ ੧ ॥

ਗਊੜੀ ਪਹਿਲੀ ਪਾਤਸ਼ਾਹੀ।

ਜਨਮਿ ਮਰੈ, ਤ੍ਰੈ ਗੁਣ ਹਿਤਕਾਰੁ ॥

ਜੋ ਤਿੰਨਾਂ ਖ਼ਸਲਤਾਂ ਨੂੰ ਪਿਆਰ ਕਰਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਚਾਰੇ ਬੇਦ, ਕਥਹਿ ਆਕਾਰੁ ॥

ਚਾਰੇ ਹੀ ਵੇਦ ਕੇਵਲ ਦ੍ਰਿਸ਼ਟਮਾਨ ਸਰੂਪਾਂ ਨੂੰ ਬਿਆਨ ਕਰਦੇ ਹਨ।

ਤੀਨਿ ਅਵਸਥਾ, ਕਹਹਿ ਵਖਿਆਨੁ ॥

ਉਹ ਤਿੰਨ ਮਾਨਸਕ ਹਾਲਤਾਂ ਨੂੰ ਦਸਦੇ ਅਤੇ ਵਰਨਣ ਕਰਦੇ ਹਨ।

ਤੁਰੀਆਵਸਥਾ; ਸਤਿਗੁਰ ਤੇ, ਹਰਿ ਜਾਨੁ ॥੧॥

ਚੌਥੀ ਪ੍ਰਭੂ ਨਾਲ ਮੇਲ-ਮਿਲਾਪ ਦੀ ਦਸ਼ਾ ਰੱਬ-ਰੂਪ ਸੱਚੇ ਗੁਰਾਂ ਦੇ ਰਾਹੀਂ ਜਾਣੀ ਜਾਂਦੀ ਹੈ।

ਰਾਮ ਭਗਤਿ, ਗੁਰ ਸੇਵਾ ਤਰਣਾ ॥

ਸੁਆਮੀ ਦੇ ਸਿਮਰਨ ਅਤੇ ਗੁਰਾਂ ਦੀ ਟਹਿਲ ਸੇਵਾ ਦੇ ਜਰੀਏ ਪ੍ਰਾਣੀ ਪਾਰ ਉਤਰ ਜਾਂਦਾ ਹੈ।

ਬਾਹੁੜਿ ਜਨਮੁ, ਨ ਹੋਇ ਹੈ ਮਰਣਾ ॥੧॥ ਰਹਾਉ ॥

ਮੁੜ ਕੇ ਉਸ ਦਾ ਜਨਮ ਨਹੀਂ, ਹੁੰਦਾ ਤੇ ਉਹ ਮਰਦਾ ਨਹੀਂ। ਠਹਿਰਾਉ।

ਚਾਰਿ ਪਦਾਰਥ, ਕਹੈ ਸਭੁ ਕੋਈ ॥

ਹਰਿ ਕੋਈ ਚਾਰ ਉਤਮ ਦਾਤਾਂ ਦਾ ਜਿਕਰ ਕਰਦਾ ਹੈ।

ਸਿੰਮ੍ਰਿਤਿ ਸਾਸਤ, ਪੰਡਿਤ ਮੁਖਿ ਸੋਈ ॥

ਸਤਾਈ ਸਿੰਮ੍ਰਤੀਆ ਛੇ ਸਾਸ਼ਤਰ ਅਤੇ ਮੁਖੀ ਪੰਡਤ ਭੀ ਉਨ੍ਹਾਂ ਬਾਰੇ ਹੀ ਆਖਦੇ ਹਨ।

ਬਿਨੁ ਗੁਰ, ਅਰਥੁ ਬੀਚਾਰੁ ਨ ਪਾਇਆ ॥

ਗੁਰਾਂ ਦੇ ਬਗੈਰ ਕੋਈ ਭੀ ਉਨ੍ਹਾਂ ਦੇ ਮਤਲਬ ਤੇ ਅਸਲ ਤਾਤਪਰਜ ਨੂੰ ਪਰਾਪਤ ਨਹੀਂ ਹੁੰਦਾ।

ਮੁਕਤਿ ਪਦਾਰਥੁ, ਭਗਤਿ ਹਰਿ ਪਾਇਆ ॥੨॥

ਮੋਖਸ ਸਦੀ ਦੌਲਤ, ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦੁਆਰਾ ਹੁੰਦੀ ਹੈ।

ਜਾ ਕੈ ਹਿਰਦੈ, ਵਸਿਆ ਹਰਿ ਸੋਈ ॥

ਜਿਸ ਦੇ ਅੰਤਰ ਆਤਮੇ ਉਹ ਵਾਹਿਗੁਰੂ ਨਿਵਾਸ ਰਖਦਾ ਹੈ।

ਗੁਰਮੁਖਿ, ਭਗਤਿ ਪਰਾਪਤਿ ਹੋਈ ॥

ਗੁਰਾਂ ਦੇ ਰਾਹੀਂ ਉਹ ਉਸ ਦੇ ਸਿਮਰਨ ਨੂੰ ਪਾ ਲੈਂਦਾ ਹੈ।

ਹਰਿ ਕੀ ਭਗਤਿ, ਮੁਕਤਿ ਆਨੰਦੁ ॥

ਵਾਹਿਗੁਰੂ ਦੀ ਉਪਾਸਨਾ ਦੁਆਰਾ ਕਲਿਆਣ ਅਤੇ ਬੈਕੁੰਠੀ ਪਰਸੰਨਤਾ ਹਾਸਲ ਹੁੰਦੇ ਹਨ।

ਗੁਰਮਤਿ ਪਾਏ, ਪਰਮਾਨੰਦੁ ॥੩॥

ਗੁਰਾਂ ਦੀ ਸਿਖਮਤ ਦੁਆਰਾ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ।

ਜਿਨਿ ਪਾਇਆ, ਗੁਰਿ ਦੇਖਿ ਦਿਖਾਇਆ ॥

ਜੋ ਗੁਰਾਂ ਨੂੰ ਮਿਲ ਪਿਆ ਹੈ, ਉਹ ਆਪ ਵਾਹਿਗੁਰੂ ਨੂੰ ਵੇਖ ਲੈਂਦਾ ਹੈ ਅਤੇ ਹੋਰਨਾਂ ਨੂੰ ਵਿਖਾਲ ਦਿੰਦਾ ਹੈ।

ਆਸਾ ਮਾਹਿ, ਨਿਰਾਸੁ ਬੁਝਾਇਆ ॥

ਉਮੈਦਾਂ ਅੰਦਰ ਗੁਰੂ ਨੇ ਉਸ ਨੂੰ ਉਮੈਦ-ਰਹਿਤ ਰਹਿਣਾ ਦਰਸਾ ਦਿਤਾ ਹੈ।

ਦੀਨਾ ਨਾਥੁ, ਸਰਬ ਸੁਖਦਾਤਾ ॥

ਉਹ ਮਸਕੀਨਾਂ ਦਾ ਮਾਲਕ ਅਤੇ ਸਾਰਿਆਂ ਨੂੰ ਆਰਾਮ ਦੇਣ ਵਾਲਾ ਹੈ।

ਨਾਨਕ, ਹਰਿ ਚਰਣੀ ਮਨੁ ਰਾਤਾ ॥੪॥੧੨॥

ਨਾਨਕ ਦਾ ਹਿਰਦਾ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਡਰਿ ਡਰਿ ਮਰਤੇ, ਜਬ ਜਾਨੀਐ ਦੂਰਿ ॥

ਜਦ ਮੈਂ ਪ੍ਰਭੂ ਨੂੰ ਦੁਰੇਡੇ ਸਮਝਦਾ ਸਾਂ ਤਾਂ ਮੈਂ ਤ੍ਰਾਹਿ ਅਤੇ ਭੈ ਨਾਲ ਨਿਰ-ਜਿੰਦ ਹੋਇਆ ਹੋਇਆ ਸਾਂ।

ਡਰੁ ਚੂਕਾ, ਦੇਖਿਆ ਭਰਪੂਰਿ ॥੧॥

ਉਸ ਨੂੰ ਹਰ ਥਾਂ ਪਰੀ-ਪੂਰਨ ਤੱਕ ਕੇ ਮੇਰਾ ਖੋਫ ਦੂਰ ਹੋ ਗਿਆ ਹੈ।

ਸਤਿਗੁਰ ਅਪਨੇ ਕਉ, ਬਲਿਹਾਰੈ ॥

ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

ਛੋਡਿ ਨ ਜਾਈ, ਸਰਪਰ ਤਾਰੈ ॥੧॥ ਰਹਾਉ ॥

ਮੈਨੂੰ ਛੱਡ ਕੇ ਉਹ ਕਿਧਰੇ ਨਹੀਂ ਜਾਂਦਾ ਅਤੇ ਨਿਸਚਿੱਤ ਹੀ ਮੇਰਾ ਉਤਾਰਾ ਕਰ ਦੇਵੇਗਾ। ਠਹਿਰਾਉ।

ਦੂਖੁ ਰੋਗੁ ਸੋਗੁ, ਬਿਸਰੈ ਜਬ ਨਾਮੁ ॥

ਅਪਦਾ, ਬੀਮਾਰੀ ਅਤੇ ਅਫਸੋਸ ਆਦਮੀ ਨੂੰ ਆ ਲਗਦੇ ਹਨ ਜਦੋਂ ਉਹ ਰੱਬ ਦੇ ਨਾਮ ਨੂੰ ਭੁਲਾ ਦਿੰਦਾ ਹੈ।

ਸਦਾ ਅਨੰਦੁ, ਜਾ ਹਰਿ ਗੁਣ ਗਾਮੁ ॥੨॥

ਜਦ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਉਸ ਨੂੰ ਸਦੀਵੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ।

ਬੁਰਾ ਭਲਾ, ਕੋਈ ਨ ਕਹੀਜੈ ॥

ਕਿਸੇ ਦੀ ਭੀ ਨਿੰਦਿਆਂ ਜਾ ਉਸਤਤੀ ਨ ਕਰ।

ਛੋਡਿ ਮਾਨੁ, ਹਰਿ ਚਰਨ ਗਹੀਜੈ ॥੩॥

ਆਪਣੀ ਸਵੈ-ਹੰਗਤਾ ਨੂੰ ਤਿਆਗ ਦੇ ਅਤੇ ਵਾਹਿਗੁਰੂ ਦੇ ਚਰਨ ਪਕੜ।

ਕਹੁ ਨਾਨਕ, ਗੁਰ ਮੰਤੁ੍ਰ ਚਿਤਾਰਿ ॥

ਤੂੰ ਗੁਰਾਂ ਦੇ ਉਪਦੇਸ਼ ਨੂੰ ਚੇਤੇ ਕਰ, ਹੇ ਬੰਦੇ!

ਸੁਖੁ ਪਾਵਹਿ, ਸਾਚੈ ਦਰਬਾਰਿ ॥੪॥੩੨॥੧੦੧॥

ਤੂੰ ਸੱਚੀ ਦਰਗਾਹ ਅੰਦਰ ਆਰਾਮ ਨੂੰ ਪ੍ਰਾਪਤ ਹੋਵੇਗਾ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਜਾ ਕਾ ਮੀਤੁ, ਸਾਜਨੁ ਹੈ ਸਮੀਆ ॥

ਜਿਸ ਦਾ ਦੋਸਤ ਅਤੇ ਯਾਰ ਵਿਆਪਕ ਪ੍ਰਭੂ ਹੈ,

ਤਿਸੁ ਜਨ ਕਉ, ਕਹੁ ਕਾ ਕੀ ਕਮੀਆ ॥੧॥

ਦਸੋ ਉਸ ਪੁਰਸ਼ ਨੂੰ ਕਿਸ ਚੀਜ ਦਾ ਘਾਟਾ ਹੈ?

ਜਾ ਕੀ ਪ੍ਰੀਤਿ, ਗੋਬਿੰਦ ਸਿਉ ਲਾਗੀ ॥

ਜਿਸ ਦੀ ਪਿਰਹੜੀ ਆਮਲ ਦੇ ਸੁਆਮੀ ਨਾਲ ਹੈ,

ਦੂਖੁ ਦਰਦੁ ਭ੍ਰਮੁ, ਤਾ ਕਾ ਭਾਗੀ ॥੧॥ ਰਹਾਉ ॥

ਉਸ ਦੀ ਬੀਮਾਰੀ, ਪੀੜਾ ਅਤੇ ਵਹਿਮ ਦੌੜ ਜਾਂਦੇ ਹਨ। ਠਹਿਰਾਉ।

ਜਾ ਕਉ ਰਸੁ, ਹਰਿ ਰਸੁ ਹੈ ਆਇਓ ॥

ਜਿਸ ਨੇ ਵਾਹਿਗੁਰੂ ਦੇ ਅੰਮ੍ਰਿਤ ਦਾ ਸੁਆਦ ਮਾਣਿਆ ਹੈ,

ਸੋ, ਅਨ ਰਸ ਨਾਹੀ ਲਪਟਾਇਓ ॥੨॥

ਉਹ ਹੋਰਨਾ ਭੋਗ-ਬਿਲਾਸਾ ਨੂੰ ਨਹੀਂ ਚਿਮੜਦਾ।

ਜਾ ਕਾ ਕਹਿਆ, ਦਰਗਹ ਚਲੈ ॥

ਜਿਸ ਦਾ ਆਖਿਆ ਸਾਹਿਬ ਦੇ ਦਰਬਾਰ ਅੰਦਰ ਮੰਨਿਆ ਜਾਂਦਾ ਹੈ,

ਸੋ, ਕਿਸ ਕਉ ਨਦਰਿ ਲੈ ਆਵੈ ਤਲੈ? ॥੩॥

ਉਹ ਹੋਰ ਕੀਹਦੀ ਪਰਵਾਹ ਕਰਦਾ ਹੈ?

ਜਾ ਕਾ ਸਭੁ ਕਿਛੁ, ਤਾ ਕਾ ਹੋਇ ॥

ਜਿਸ ਦੀ ਮਲਕੀਅਤ ਹਰ ਸ਼ੈ ਹੈ ਉਸ ਦਾ ਹੋਣ ਨਾਲ,

ਨਾਨਕ, ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥

ਸਦੀਵੀ ਆਨੰਦ ਮਿਲ ਜਾਂਦਾ ਹੈ, ਹੇ ਨਾਨਕ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਜਾ ਕੈ, ਦੁਖੁ ਸੁਖੁ ਸਮ ਕਰਿ ਜਾਪੈ ॥

ਜੋ ਗਮ ਤੇ ਖੁਸ਼ੀ ਨੂੰ ਇਕ ਬਰਾਬਰ ਦੇਖਦਾ ਹੈ,

ਤਾ ਕਉ, ਕਾੜਾ ਕਹਾ ਬਿਆਪੈ ॥੧॥

ਉਸ ਨੂੰ ਫਿਕਰ ਚਿੰਤਾ ਕਿਸ ਤਰ੍ਹਾਂ ਚਿਮੜ ਸਕਦੀ ਹੈ?

ਸਹਜ ਅਨੰਦ, ਹਰਿ ਸਾਧੂ ਮਾਹਿ ॥

ਰੱਬ ਦਾ ਸੰਤ ਬੈਕੁੰਠੀ ਪਰਸੰਨਤਾ ਅੰਦਰ ਵਸਦਾ ਹੈ।

ਆਗਿਆਕਾਰੀ, ਹਰਿ ਹਰਿ ਰਾਇ ॥੧॥ ਰਹਾਉ ॥

ਉਹ ਹਮੇਸ਼ਾ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਫਰਮਾਬਰਦਾਰ ਰਹਿੰਦਾ ਹੈ। ਠਹਿਰਾਉ।

ਜਾ ਕੈ, ਅਚਿੰਤੁ ਵਸੈ ਮਨਿ ਆਇ ॥

ਜਿਸ ਦੇ ਚਿੱਤ ਅੰਦਰ ਚਿੰਤਾ ਰਹਿਤ ਸਾਈਂ ਆ ਕੇ ਟਿਕ ਜਾਂਦਾ ਹੈ,

ਤਾ ਕਉ, ਚਿੰਤਾ ਕਤਹੂੰ ਨਾਹਿ ॥੨॥

ਉਸ ਨੂੰ ਫਿਕਰ ਕਦਾਚਿੱਤ ਨਹੀਂ ਵਿਆਪਦਾ।

ਜਾ ਕੈ ਬਿਨਸਿਓ, ਮਨ ਤੇ ਭਰਮਾ ॥

ਜਿਸ ਦੇ ਦਿਲ ਤੋਂ ਸੰਦੇਹ ਦੂਰ ਹੋ ਗਿਆ ਹੈ,

ਤਾ ਕੈ, ਕਛੂ ਨਾਹੀ ਡਰੁ ਜਮਾ ॥੩॥

ਉਸ ਨੂੰ ਮੌਤ ਦਾ ਭੌਰਾ ਭੀ ਭੈ ਨਹੀਂ ਰਹਿੰਦਾ।

ਜਾ ਕੈ ਹਿਰਦੈ, ਦੀਓ ਗੁਰਿ ਨਾਮਾ ॥

ਜਿਸ ਦੇ ਅੰਤਹਕਰਣ ਅੰਦਰ ਗੁਰਾਂ ਨੇ ਨਾਮ ਦਿੱਤਾ ਹੈ,

ਕਹੁ ਨਾਨਕ, ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥

ਉਹ ਸਮੂਹ ਖਜਾਨਿਆਂ ਦਾ ਮਾਲਕ ਬਣ ਜਾਂਦਾ ਹੈ, ਗੁਰੂ ਨਾਨਕ ਜੀ ਫੁਰਮਾਉਂਦੇ ਹਨ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਅਗਮ ਰੂਪ ਕਾ, ਮਨ ਮਹਿ ਥਾਨਾ ॥

ਅਗਾਧ ਸਰੂਪ ਸੁਆਮੀ ਦਾ ਮਨੁੱਖ ਦੇ ਦਿਲ ਅੰਦਰ ਟਿਕਾਣਾ ਹੈ।

ਗੁਰ ਪ੍ਰਸਾਦਿ, ਕਿਨੈ ਵਿਰਲੈ ਜਾਨਾ ॥੧॥

ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਜਣਾ ਹੀ ਇਸ ਗੱਲ ਨੂੰ ਸਮਝਦਾ ਹੈ।

ਸਹਜ ਕਥਾ ਕੇ, ਅੰਮ੍ਰਿਤ ਕੁੰਟਾ ॥

ਸੁਆਮੀ ਦੀਆਂ ਧਰਮ-ਵਾਰਤਾਵਾਂ ਦੇ ਸੁਧਾਰਸ ਦੇ ਤਾਲਾਬ ਹਨ।

ਜਿਸਹਿ ਪਰਾਪਤਿ, ਤਿਸੁ ਲੈ ਭੁੰਚਾ ॥੧॥ ਰਹਾਉ ॥

ਜਿਸ ਦੀ ਇਨ੍ਹਾਂ ਤਕ ਰਸਾਈ ਹੈ, ਉਹ ਸੁਧਾਰਸ ਨੂੰ ਪਾਂਦਾ ਤੇ ਪਾਨ ਕਰਦਾ ਹੈ। ਠਹਿਰਾਉ।

ਅਨਹਤ ਬਾਣੀ, ਥਾਨੁ ਨਿਰਾਲਾ ॥

(ਦਸਵੇਂ ਦੁਆਰ ਦੇ) ਅਦੁੱਤੀ ਅਸਥਾਨ ਅੰਦਰ ਗੁਰੂ ਕੀ ਬਾਣੀ ਦਾ ਬੈਕੁੰਠੀ ਕੀਰਤਨ ਗੂੰਜਦਾ ਹੈ।

ਤਾ ਕੀ ਧੁਨਿ, ਮੋਹੇ ਗੋਪਾਲਾ ॥੨॥

ਉਸ ਦੇ ਸੁਰੀਲੇਪਣ ਨਾਲ ਆਲਮ ਦਾ ਪਾਲਣ ਪੋਸ਼ਣਹਾਰ ਮੋਹਿਤ ਹੋ ਜਾਂਦਾ ਹੈ।

ਤਹ ਸਹਜ ਅਖਾਰੇ, ਅਨੇਕ ਅਨੰਤਾ ॥

ਉਥੇ ਨਾਨਾ ਪਰਕਾਰ ਦੇ ਅਤੇ ਅਣਗਿਣਤ ਆਰਾਮ ਦੇ ਨਿਵਾਸ ਅਸਥਾਨ ਹਨ।

ਪਾਰਬ੍ਰਹਮ ਕੇ ਸੰਗੀ, ਸੰਤਾ ॥੩॥

ਉਥੇ ਸ਼ਰੋਮਣੀ ਸਾਹਿਬ ਦੇ ਸਾਥੀ, ਸਾਧੂ ਨਿਵਾਸ ਰਖਦੇ ਹਨ।

ਹਰਖ ਅਨੰਤੁ, ਸੋਗ ਨਹੀ ਬੀਆ ॥

ਉਥੇ ਬੇਅੰਤ ਖੁਸ਼ੀ ਹੈ ਅਤੇ ਸ਼ੋਕ ਜਾ ਦਵੇਤ-ਭਾਵ ਨਹੀਂ।

ਸੋ ਘਰੁ, ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥

ਉਹ ਨਿਵਾਸ ਅਸਥਾਨ ਗੁਰਾਂ ਨੇ ਨਾਨਕ ਨੂੰ ਬਖਸ਼ਿਆ ਹੈ।


ਗਉੜੀ ਮ: ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਕਵਨ ਰੂਪੁ? ਤੇਰਾ ਆਰਾਧਉ ॥

ਮੈਂ ਤੇਰੇ ਕਿਹੜੇ ਸਰੂਪ ਦੀ ਉਪਾਸ਼ਨਾ ਕਰਾਂ?

ਕਵਨ ਜੋਗ? ਕਾਇਆ ਲੇ ਸਾਧਉ ॥੧॥

ਯੋਗ ਦੇ ਕਿਹੜੇ ਤਰੀਕੇ ਨਾਲ ਮੈਂ ਆਪਣੀ ਦੇਹਿ ਨੂੰ ਨਿਯਮ-ਬੱਧ ਕਰਾਂ?

ਕਵਨ ਗੁਨੁ? ਜੋ ਤੁਝੁ ਲੈ ਗਾਵਉ ॥

ਕਿਹੜੀ ਨੇਕੀ ਹੈ, ਜਿਸ ਨੂੰ ਪ੍ਰਾਪਤ ਕਰਕੇ, ਮੈਂ ਤੇਰਾ ਜੱਸ ਗਾਇਨ ਕਰਾਂ?

ਕਵਨ ਬੋਲ? ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥

ਹੇ ਉਚੇ ਸਾਹਿਬ! ਉਹ ਬਾਣੀ ਕਿਹੜੀ ਹੈ, ਜਿਸ ਨਾਲ ਮੈਂ ਤੈਨੂੰ ਪਰਸੰਨ ਕਰ ਲਵਾਂ? ਠਹਿਰਾਉ।

ਕਵਨ ਸੁ ਪੂਜਾ? ਤੇਰੀ ਕਰਉ ॥

ਉਹ ਕਿਹੜੀ ਉਪਾਸਨਾ ਹੈ ਜਿਹੜੀ ਮੈਂ ਤੇਰੀ ਕਰਾਂ?

ਕਵਨ ਸੁ ਬਿਧਿ? ਜਿਤੁ ਭਵਜਲ ਤਰਉ ॥੨॥

ਉਹ ਕਿਹੜਾ ਢੰਗ ਹੈ, ਜਿਸ ਦੁਆਰਾ ਮੈਂ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਵਾਂ?

ਕਵਨ ਤਪੁ? ਜਿਤੁ ਤਪੀਆ ਹੋਇ ॥

ਉਹ ਕਿਹੜੀ ਤਪੱਸਿਆਂ ਹੈ, ਜਿਸ ਦੁਆਰਾ ਮੈਂ ਤਪੱਸਵੀ ਹੋ ਜਾਵਾਂ?

ਕਵਨੁ ਸੁ ਨਾਮੁ? ਹਉਮੈ ਮਲੁ ਖੋਇ ॥੩॥

ਉਹ ਕਿਹੜਾ ਨਾਮ ਹੈ ਜਿਸ ਦੁਆਰਾ ਹੰਗਤਾ ਦੀ ਮਲੀਨਤਾ ਧੋਤੀ ਜਾਂਦੀ ਹੈ?

ਗੁਣ ਪੂਜਾ ਗਿਆਨ ਧਿਆਨ; ਨਾਨਕ ਸਗਲ ਘਾਲ ॥

ਨੇਕੀ ਉਪਾਸ਼ਨਾ ਬ੍ਰਹਮ-ਗਿਆਤ, ਸਿਮਰਨ ਅਤੇ ਸਮੂਹ-ਸੇਵਾ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ।

ਜਿਸ ਕਰਿ ਕਿਰਪਾ, ਸਤਿਗੁਰੁ ਮਿਲੈ ਦਇਆਲ ॥੪॥

ਜਿਸਨੂੰ ਮਾਇਆਵਾਨ ਸੱਚੇ ਗੁਰੂ ਜੀ ਮਿਹਰਬਾਨੀ ਕਰਕੇ ਮਿਲ ਪੈਂਦੇ ਹਨ।

ਤਿਸ ਹੀ ਗੁਨੁ, ਤਿਨ ਹੀ ਪ੍ਰਭੁ ਜਾਤਾ ॥

ਕੇਵਲ ਓਹੀ ਉਤਕ੍ਰਿਸ਼ਟਤਾ ਪਾਉਂਦਾ ਹੈ, ਅਤੇ ਕੇਵਲ ਉਹੀ ਸੁਆਮੀ ਨੂੰ ਸਮਝਦਾ ਹੈ,

ਜਿਸ ਕੀ ਮਾਨਿ ਲੇਇ, ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥

ਜਿਸ ਦੀ ਭਗਤੀ ਆਰਾਮ ਬਖਸ਼ਣਹਾਰ ਪ੍ਰਵਾਨ ਕਰ ਲੈਂਦਾ ਹੈ। ਠਹਿਰਾਉ ਦੂਜਾ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਆਪਨ ਤਨੁ ਨਹੀ, ਜਾ ਕੋ ਗਰਬਾ ॥

ਹੇ ਜੀਵ! ਇਹ ਦੇਹਿ ਜਿਸ ਤੇ ਤੂੰ ਮਾਣ ਕਰਦਾ ਹੈ, ਤੇਰੀ ਨਹੀਂ।

ਰਾਜ ਮਿਲਖ, ਨਹੀ ਆਪਨ ਦਰਬਾ ॥੧॥

ਪਾਤਸ਼ਾਹੀ, ਜਾਇਦਾਦ ਤੇ ਦੌਲਤ ਤੇਰੇ ਨਹੀਂ।

ਆਪਨ ਨਹੀ, ਕਾ ਕਉ ਲਪਟਾਇਓ ॥

ਉਹ ਤੇਰੇ ਨਹੀਂ, ਤਦ ਫਿਰ ਉਨ੍ਹਾਂ ਨੂੰ ਕਿਉਂ ਚਿਮੜਦਾ ਹੈ?

ਆਪਨ ਨਾਮੁ, ਸਤਿਗੁਰ ਤੇ ਪਾਇਓ ॥੧॥ ਰਹਾਉ ॥

ਕੇਵਲ ਨਾਮ ਹੀ ਤੇਰਾ ਹੈ ਅਤੇ ਇਹ ਤੈਨੂੰ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੋਵੇਗਾ। ਠਹਿਰਾਉ।

ਸੁਤ ਬਨਿਤਾ, ਆਪਨ ਨਹੀ ਭਾਈ ॥

ਪ੍ਰਤੂ ਪਤਨੀ ਅਤੇ ਭਰਾ ਤੇਰੇ ਨਹੀਂ।

ਇਸਟ ਮੀਤ, ਆਪ ਬਾਪੁ ਨ ਮਾਈ ॥੨॥

ਪਿਆਰੇ ਦੋਸਤ ਪਿਤਾ ਅਤੇ ਮਾਤਾ ਤੇਰੇ ਆਪਣੇ ਨਹੀਂ!

ਸੁਇਨਾ ਰੂਪਾ, ਫੁਨਿ ਨਹੀ ਦਾਮ ॥

ਸੋਨਾ ਚਾਂਦੀ ਅਤੇ ਰੁਪਏ ਤੇਰੇ ਨਹੀਂ।

ਹੈਵਰ ਗੈਵਰ, ਆਪਨ ਨਹੀ ਕਾਮ ॥੩॥

ਉਮਦਾ ਘੋੜੇ ਅਤੇ ਸੁੰਦਰ ਹਾਥੀ ਤੇਰੇ ਕਿਸੇ ਕੰਮ ਨਹੀਂ।

ਕਹੁ ਨਾਨਕ, ਜੋ ਗੁਰਿ ਬਖਸਿ ਮਿਲਾਇਆ ॥

ਗੁਰੂ ਜੀ ਫ਼ੁਰਮਾਉਂਦੇ ਹਨ, ਜਿਸ ਨੂੰ ਗੁਰੂ ਜੀ ਮਾਫ ਕਰ ਦਿੰਦੇ ਹਨ, ਉਸ ਨੂੰ ਉਹ ਸਾਈਂ ਨਾਲ ਮਿਲਾ ਦਿੰਦੇ ਹਨ।

ਤਿਸ ਕਾ ਸਭੁ ਕਿਛੁ, ਜਿਸ ਕਾ ਹਰਿ ਰਾਇਆ ॥੪॥੩੭॥੧੦੬॥

ਹਰ ਵਸਤ ਉਸ ਦੀ ਮਲਕੀਅਤ ਹੈ ਜਿਸ ਦਾ ਸੁਆਮੀ ਵਾਹਿਗੁਰੂ ਪਾਤਸ਼ਾਹ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਗੁਰ ਕੇ ਚਰਣ, ਊਪਰਿ ਮੇਰੇ ਮਾਥੇ ॥

ਗੁਰਾਂ ਦੇ ਪੈਰ ਮੇਰੇ ਮੱਥੇ ਉਤੇ ਹਨ।

ਤਾ ਤੇ ਦੁਖ ਮੇਰੇ, ਸਗਲੇ ਲਾਥੇ ॥੧॥

ਇਸ ਕਰਕੇ ਮੇਰੀਆਂ ਸਾਰੀਆ ਤਕਲਫ਼ਿਾਂ ਦੂਰ ਹੋ ਗਈਆਂ ਹਨ।

ਸਤਿਗੁਰ ਅਪੁਨੇ ਕਉ, ਕੁਰਬਾਨੀ ॥

ਆਪਣੇ ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ।

ਆਤਮ ਚੀਨਿ, ਪਰਮ ਰੰਗ ਮਾਨੀ ॥੧॥ ਰਹਾਉ ॥

(ਜਿਨ੍ਹਾਂ ਦੇ ਰਾਹੀਂ) ਮੈਂ ਆਪਣੇ ਆਪ ਨੂੰ ਸਮਝ ਲਿਆ ਹੈ, ਅਤੇ ਮਹਾਨ ਪਰਸੰਨਤਾ ਨੂੰ ਭੋਗਦਾ ਹਾਂ। ਠਹਿਰਾਉ।

ਚਰਣ ਰੇਣੁ ਗੁਰ ਕੀ, ਮੁਖਿ ਲਾਗੀ ॥

ਗੁਰਾਂ ਦੇ ਚਰਨਾ ਦੀ ਖ਼ਾਕ ਮੇਰੇ ਚਿਹਰੇ ਨੂੰ ਲਗ ਗਈ ਹੈ,

ਅਹੰਬੁਧਿ, ਤਿਨਿ ਸਗਲ ਤਿਆਗੀ ॥੨॥

ਅਤੇ ਉਸ ਨੇ ਮੇਰੀ ਹੰਕਾਰੀ ਮਤ ਸਮੂਹ ਨਵਿਰਤ ਕਰ ਦਿਤੀ ਹੈ।

ਗੁਰ ਕਾ ਸਬਦੁ, ਲਗੋ ਮਨਿ ਮੀਠਾ ॥

ਗੁਰਾਂ ਦੀ ਬਾਣੀ ਮੇਰੇ ਚਿੱਤ ਨੂੰ ਮਿੱਠੀ ਲਗ ਗਈ ਹੈ!

ਪਾਰਬ੍ਰਹਮੁ, ਤਾ ਤੇ ਮੋਹਿ ਡੀਠਾ ॥੩॥

ਸ਼ਰੋਮਣੀ ਸਾਹਿਬ, ਇਸ ਕਰਕੇ, ਮੈਂ ਵੇਖ ਲਿਆ ਹੈ।

ਗੁਰੁ ਸੁਖਦਾਤਾ, ਗੁਰੁ ਕਰਤਾਰੁ ॥

ਗੁਰੂ ਆਰਾਮ ਦੇਨਹਾਰ ਹੈ ਅਤੇ ਗੁਰੂ ਹੀ ਸਿਰਜਣਹਾਰ ਹੈ।

ਜੀਅ ਪ੍ਰਾਣ ਨਾਨਕ, ਗੁਰੁ ਅਧਾਰੁ ॥੪॥੩੮॥੧੦੭॥

ਨਾਨਕ ਦੀ ਆਤਮਾ ਅਤੇ ਜਿੰਦ-ਜਾਨ ਦਾ ਗੁਰੂ ਹੀ ਆਸਰਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਰੇ ਮਨ ਮੇਰੇ! ਤੂੰ ਤਾ ਕਉ ਆਹਿ ॥

ਹੇ ਮੇਰੀ ਜਿੰਦੜੀਏ! ਤੂੰ ਉਸ ਦੀ ਚਾਹਨਾ ਕਰ।

ਜਾ ਕੈ, ਊਣਾ ਕਛਹੂ ਨਾਹਿ ॥੧॥

ਜਿਸ ਵਿੱਚ ਕਿਸੇ ਸ਼ੈ ਦੀ ਕਮੀ ਨਹੀਂ।

ਹਰਿ ਸਾ ਪ੍ਰੀਤਮੁ, ਕਰਿ ਮਨ ਮੀਤ ॥

ਹੇ ਮੇਰੀ ਜਿੰਦੇ ਤੂੰ ਉਸ ਪਿਆਰੇ ਹਰੀ ਨੂੰ ਆਪਣਾ ਮਿੱਤ੍ਰ ਬਣਾ।

ਪ੍ਰਾਨ ਅਧਾਰੁ, ਰਾਖਹੁ ਸਦ ਚੀਤ ॥੧॥ ਰਹਾਉ ॥

ਸਦੀਵ ਹੀ ਤੂੰ ਸਾਈਂ ਨੂੰ ਆਪਣੇ ਚਿੱਤ ਅੰਦਰ ਰਖ ਜੋ ਤੇਰੇ ਪ੍ਰਾਣਾ ਦਾ ਆਸਰਾ ਹੈ। ਠਹਿਰਾਉ।

ਰੇ ਮਨ ਮੇਰੇ! ਤੂੰ ਤਾ ਕਉ ਸੇਵਿ ॥

ਹੇ ਮੇਰੀ ਜਿੰਦੜੀਏ! ਤੂੰ ਉਸ ਦੀ ਘਾਲ ਕਮਾ,

ਆਦਿ ਪੁਰਖ, ਅਪਰੰਪਰ ਦੇਵ ॥੨॥

ਜੋ ਪਰਾਪੁਰਬਲਾ ਪੁਰਸ਼ ਅਤੇ ਅਨੰਤ ਪ੍ਰਕਾਸ਼ਵਾਨ ਪ੍ਰਭੂ ਹੈ।

ਤਿਸੁ ਊਪਰਿ ਮਨ! ਕਰਿ ਤੂੰ ਆਸਾ ॥

ਹੇ ਮੇਰੀ ਜਿੰਦੜੀਏ! ਤੂੰ ਉਸ ਉਤੇ ਆਪਣੀਆਂ ੳਮੈਦਾ ਬੰਨ੍ਹ,

ਆਦਿ ਜੁਗਾਦਿ, ਜਾ ਕਾ ਭਰਵਾਸਾ ॥੩॥

ਜੋ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਜੀਵਾਂ ਦਾ ਆਸਰਾ ਹੈ।

ਜਾ ਕੀ ਪ੍ਰੀਤਿ, ਸਦਾ ਸੁਖੁ ਹੋਇ ॥

ਜਿਸ ਦਾ ਪ੍ਰੇਮ ਹਮੇਸ਼ਾਂ ਠੰਢ-ਚੈਨ ਪ੍ਰਦਾਨ ਕਰਦਾ ਹੈ,

ਨਾਨਕੁ ਗਾਵੈ, ਗੁਰ ਮਿਲਿ ਸੋਇ ॥੪॥੩੯॥੧੦੮॥

ਗੁਰਾਂ ਨੂੰ ਭੇਟ ਕੇ ਨਾਨਕ ਉਸ ਦੀ ਕੀਰਤੀ ਗਾਇਨ ਕਰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਮੀਤੁ ਕਰੈ, ਸੋਈ ਹਮ ਮਾਨਾ ॥

ਜੋ ਕੁਛ ਮੇਰਾ ਮਿਤ੍ਰ ਕਰਦਾ ਹੈ, ਉਸ ਨੂੰ ਮੈਂ ਕਬੂਲ ਕਰਦਾ ਹਾਂ।

ਮੀਤ ਕੇ ਕਰਤਬ, ਕੁਸਲ ਸਮਾਨਾ ॥੧॥

ਮੇਰੇ ਮਿਤ੍ਰ ਦੇ ਕੰਮ ਮੈਨੂੰ ਖੁਸ਼ੀ ਦੇ ਤੁੱਲ ਹਨ।

ਏਕਾ ਟੇਕ, ਮੇਰੇ ਮਨਿ ਚੀਤ ॥

ਮੇਰੇ ਰਿਦੇ ਤੇ ਦਿਲ ਅੰਦਰ ਇਕੋਂ ਹੀ ਓਟ ਹੈ,

ਜਿਸੁ ਕਿਛੁ ਕਰਣਾ, ਸੁ ਹਮਰਾ ਮੀਤ ॥੧॥ ਰਹਾਉ ॥

ਜਿਸ ਨੇ ਕੁਝ ਕਰਨਾ ਹੈ, ਉਹ ਮੇਰਾ ਮਿਤ੍ਰ ਹੈ। ਠਹਿਰਾਉ।

ਮੀਤੁ ਹਮਾਰਾ, ਵੇਪਰਵਾਹਾ ॥

ਮੇਰਾ ਯਾਰ ਮੁਛੰਦਗੀ-ਰਹਿਤ ਹੈ।

ਗੁਰ ਕਿਰਪਾ ਤੇ, ਮੋਹਿ ਅਸਨਾਹਾ ॥੨॥

ਗੁਰਾਂ ਦੀ ਦਇਆ ਦੁਆਰਾ ਮੇਰਾ ਉਸ ਨਾਲ ਪ੍ਰੇਮ ਪੈ ਗਿਆ ਹੈ।

ਮੀਤੁ ਹਮਾਰਾ, ਅੰਤਰਜਾਮੀ ॥

ਮੇਰਾ ਦੋਸਤ ਦਿਲਾਂ ਦੀਆਂ ਜਾਨਣਹਾਰ ਹੈ।

ਸਮਰਥ ਪੁਰਖੁ, ਪਾਰਬ੍ਰਹਮੁ ਸੁਆਮੀ ॥੩॥

ਮਾਲਕ ਸਰਬ-ਸ਼ਕਤੀਵਾਨ ਪੁਰਸ਼ ਅਤੇ ਸ਼ਰੋਮਣੀ ਸਾਹਿਬ ਹੈ।

ਹਮ ਦਾਸੇ, ਤੁਮ ਠਾਕੁਰ ਮੇਰੇ ॥

ਮੈਂ ਤੇਰਾ ਗੁਮਾਸ਼ਤਾ ਹਾਂ ਤੇ ਤੂੰ ਮੇਰਾ ਸਿਰ ਦਾ ਸਾਈਂ ਹੈਂ।

ਮਾਨੁ ਮਹਤੁ, ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥

ਮੇਰੀ ਇੱਜ਼ਤ ਤੇ ਪ੍ਰਭਤਾ ਤੇਰੀਆਂ-ਦਿੱਤੀਆਂ ਹੋਈਆਂ ਹਨ, ਹੇ ਸਾਹਿਬ।


ਗਉੜੀ ਮਹਲਾ ੫ ॥

ਗਉੜੀ ਪਾਤਸ਼ਾਹੀ ਪੰਜਵੀਂ।

ਜਾ ਕਉ, ਤੁਮ ਭਏ ਸਮਰਥ ਅੰਗਾ ॥

ਜਿਸ ਦੇ ਪੱਖ ਤੇ ਤੂੰ ਹੋ ਜਾਂਦਾ ਹੈ, ਹੇ ਮੇਰੇ ਸਰਬ-ਸ਼ਕਤੀਵਾਨ ਮਾਲਕ!

ਤਾ ਕਉ, ਕਛੁ ਨਾਹੀ ਕਾਲੰਗਾ ॥੧॥

ਉਸ ਨੂੰ ਕੋਈ ਭੀ ਕਾਲਾ ਦਾਗ ਲਗ ਨਹੀਂ ਸਕਦਾ।

ਮਾਧਉ! ਜਾ ਕਉ ਹੈ ਆਸ ਤੁਮਾਰੀ ॥

ਹੇ ਮਾਇਆ ਦੇ ਸੁਆਮੀ! ਜਿਸ ਦੀ ਉਮੈਦ ਤੇਰੇ ਵਿੱਚ ਹੈ,

ਤਾ ਕਉ, ਕਛੁ ਨਾਹੀ ਸੰਸਾਰੀ ॥੧॥ ਰਹਾਉ ॥

ਉਸ ਨੂੰ ਜਗਤ ਦੀਆਂ ਖ਼ਾਹਿਸ਼ਾ ਭੋਰਾ ਭਰ ਭੀ, ਪੋਹਿ ਨਹੀਂ ਸਕਦੀਆਂ ਠਹਿਰਾਉ।

ਜਾ ਕੈ ਹਿਰਦੈ, ਠਾਕੁਰੁ ਹੋਇ ॥

ਜਿਸ ਦੇ ਦਿਲ ਅੰਦਰ ਪ੍ਰਭੂ ਵਸਦਾ ਹੈ,

ਤਾ ਕਉ, ਸਹਸਾ ਨਾਹੀ ਕੋਇ ॥੨॥

ਉਸ ਨੂੰ ਕੋਈ ਭੀ ਫ਼ਿਕਰ ਵਿਆਪ ਨਹੀਂ ਸਕਦਾ।

ਜਾ ਕਉ, ਤੁਮ ਦੀਨੀ ਪ੍ਰਭ! ਧੀਰ ॥

ਹੇ ਸੁਆਮੀ! ਜਿਸ ਨੂੰ ਤੂੰ ਆਪਣਾ ਦਿਲ ਦਿੰਦਾ ਹੈਂ,

ਤਾ ਕੈ, ਨਿਕਟਿ ਨ ਆਵੈ ਪੀਰ ॥੩॥

ਉਸ ਦੇ ਨੇੜੇ ਪੀੜ ਨਹੀਂ ਲਗਦੀ,

ਕਹੁ ਨਾਨਕ, ਮੈ ਸੋ ਗੁਰੁ ਪਾਇਆ ॥

ਗੁਰੂ ਨਾਨਕ ਜੀ ਫੁਰਮਾਉਂਦੇ ਹਨ, ਮੈਨੂੰ ਉਹ ਗੁਰੂ ਪ੍ਰਾਪਤ ਹੋਇਆ ਹੈ,

ਪਾਰਬ੍ਰਹਮ, ਪੂਰਨ ਦੇਖਾਇਆ ॥੪॥੪੧॥੧੧੦॥

ਜਿਸ ਨੇ ਮੈਨੂੰ ਸਰਬ-ਵਿਆਪਕ ਉੱਚਾ ਪ੍ਰਭੂ ਵਿਖਾ ਦਿੱਤਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਦੁਲਭ ਦੇਹ, ਪਾਈ ਵਡਭਾਗੀ ॥

ਮੁਸ਼ਕਲ ਨਾਲ ਮਿਲਣ ਵਾਲਾ ਮਨੁੱਖੀ ਸਰੀਰ ਪਰਮ ਚੰਗੇ ਨਸੀਬਾ ਰਾਹੀਂ ਪ੍ਰਾਪਤ ਹੋਇਆ ਹੈ।

ਨਾਮੁ ਨ ਜਪਹਿ, ਤੇ ਆਤਮ ਘਾਤੀ ॥੧॥

ਜੋ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਹ ਆਪਣੇ ਆਪ ਦੇ ਕਾਤਲ ਹਨ।

ਮਰਿ ਨ ਜਾਹੀ, ਜਿਨਾ ਬਿਸਰਤ ਰਾਮ ॥

ਜੋ ਵਿਆਪਕ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਫ਼ੌਤ ਕਿਉਂ ਨਹੀਂ ਹੋ ਜਾਂਦੇ?

ਨਾਮ ਬਿਹੂਨ, ਜੀਵਨ ਕਉਨ ਕਾਮ? ॥੧॥ ਰਹਾਉ ॥

ਨਾਮ ਦੇ ਬਗੈਰ ਜਿੰਦਗੀ ਕਿਹੜੇ ਕੰਮ ਦੀ ਹੈ? ਠਹਿਰਾਉ।

ਖਾਤ ਪੀਤ ਖੇਲਤ ਹਸਤ, ਬਿਸਥਾਰ ॥

ਖਾਣਾ, ਪੀਣਾ, ਖੇਲਣਾ, ਹਸਣਾ ਅਤੇ ਅਡੰਬਰ ਰਚਣਾ।

ਕਵਨ ਅਰਥ? ਮਿਰਤਕ ਸੀਗਾਰ ॥੨॥

ਮੁਰਦੇ ਦੇ ਹਾਰ ਸ਼ਿੰਗਾਰ ਕਿਹੜੇ ਫ਼ਾਇਦੇ ਦੇ ਹਨ?

ਜੋ ਨ ਸੁਨਹਿ, ਜਸੁ ਪਰਮਾਨੰਦਾ ॥

ਜਿਹੜੇ ਮਹਾਨ ਪਰਸੰਨਤਾ ਸਰੂਪ ਦੀ ਕੀਰਤੀ ਸਰਵਣ ਨਹੀਂ ਕਰਦੇ,

ਪਸੁ ਪੰਖੀ, ਤ੍ਰਿਗਦ ਜੋਨਿ ਤੇ ਮੰਦਾ ॥੩॥

ਉਹ ਡੰਗਰਾਂ ਪਰਿੰਦਿਆਂ ਅਤੇ ਰੀਂਗਣ ਵਾਲੇ ਜੀਆਂ ਦੀ ਜੂਨੀਆਂ ਨਾਲੋਂ ਭੀ ਭੈੜੇ ਹਨ।

ਕਹੁ ਨਾਨਕ, ਗੁਰਿ ਮੰਤ੍ਰੁ ਦ੍ਰਿੜਾਇਆ ॥

ਨਾਨਕ ਜੀ ਫ਼ੁਰਮਾਉਂਦੇ ਹਨ ਗੁਰਾਂ ਨੇ ਮੇਰੇ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।

ਕੇਵਲ ਨਾਮੁ, ਰਿਦ ਮਾਹਿ ਸਮਾਇਆ ॥੪॥੪੨॥੧੧੧॥

ਸਿਰਫ਼ ਨਾਮ ਹੀ ਮੇਰੇ ਮਨ ਅੰਦਰ ਰਮਿਆ ਹੋਇਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਕਾ ਕੀ ਮਾਈ, ਕਾ ਕੋ ਬਾਪ ॥

ਕਿਸ ਦੀ ਇਹ ਮਾਂ ਹੈ ਅਤੇ ਕਿਸ ਦਾ ਇਹ ਪਿਓ।

ਨਾਮ ਧਾਰੀਕ, ਝੂਠੇ ਸਭਿ ਸਾਕ ॥੧॥

ਸਾਰੇ ਰਿਸ਼ਤੇਦਾਰ ਕੇਵਲ ਨਾਮ-ਮਾਤ੍ਰ ਅਤੇ ਕੂੜੇ ਹਨ।

ਕਾਹੇ ਕਉ, ਮੂਰਖ! ਭਖਲਾਇਆ ॥

ਕਾਹਦੇ ਲਈ ਤੂੰ ਦੁਹਾਈ ਮਚਾਉਂਦਾ ਹੈ ਹੇ ਬੇਵਕੂਫਾ?

ਮਿਲਿ ਸੰਜੋਗਿ, ਹੁਕਮਿ ਤੂੰ ਆਇਆ ॥੧॥ ਰਹਾਉ ॥

ਪ੍ਰਾਲਬੰਧ ਅਤੇ ਸਾਹਿਬ ਦੇ ਫ਼ੁਰਮਾਨ ਦੁਆਰਾ ਤੂੰ ਇਸ ਜਹਾਨ ਅੰਦਰ ਆਇਆ ਹੈਂ। ਠਹਿਰਾਉ।

ਏਕਾ ਮਾਟੀ, ਏਕਾ ਜੋਤਿ ॥

ਪ੍ਰਾਣੀ ਦੀ ਮਿੱਟੀ ਆਪਣੇ ਵਰਗੀ ਮਿੱਟੀ ਨਾਲ ਮਿਲ ਜਾਂਦੀ ਹੈ।

ਏਕੋ ਪਵਨੁ, ਕਹਾ ਕਉਨੁ ਰੋਤਿ? ॥੨॥

ਨੂਰ ਇਕ ਨੂਰ ਨਾਲ ਅਤੇ ਸੁਆਸ ਆਪਣੇ ਜੇਹੀ ਹਵਾ ਨਾਲ ਤਾਂ ਆਦਮੀ ਕਿਉਂ ਅਤੇ ਕੀਹਦੇ ਲਈ ਵਿਰਲਾਪ ਕਰੇ?

ਮੇਰਾ ਮੇਰਾ, ਕਰਿ ਬਿਲਲਾਹੀ ॥

ਆਦਮੀ ਇਹ ਆਖ ਕੇ ਰੋਂਦਾ ਹੈ “ਉਹ ਮੇਰਾ ਸੀ, ਉਹ ਮੇਰਾ ਸੀ”।

ਮਰਣਹਾਰੁ, ਇਹੁ ਜੀਅਰਾ ਨਾਹੀ ॥੩॥

ਇਹ ਆਤਮਾ ਨਾਸਵੰਤ ਨਹੀਂ।

ਕਹੁ ਨਾਨਕ, ਗੁਰਿ ਖੋਲੇ ਕਪਾਟ ॥

ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੇ ਕਵਾੜ ਖੋਲ੍ਹ ਦਿਤੇ ਹਨ।

ਮੁਕਤੁ ਭਏ, ਬਿਨਸੇ ਭ੍ਰਮ ਥਾਟ ॥੪॥੪੩॥੧੧੨॥

ਮੈਂ ਮੁਕਤ ਹੋ ਗਿਆ ਹਾਂ ਅਤੇ ਮੇਰਾ ਸ਼ੱਕ-ਸੰਦੇਹ ਦਾ ਪਸਾਰਾ ਢਹਿ ਗਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਵਡੇ ਵਡੇ, ਜੋ ਦੀਸਹਿ ਲੋਗ ॥

ਜਿਹੜੇ ਬਹੁਤ ਹੀ ਵਡੇ ਇਨਸਾਨ ਦਿਸਦੇ ਹਨ,

ਤਿਨ ਕਉ ਬਿਆਪੈ, ਚਿੰਤਾ ਰੋਗ ॥੧॥

ਉਨ੍ਹਾਂ ਨੂੰ ਫਿਕਰ ਚਿੰਤਾ ਦੀ ਬੀਮਾਰੀ ਚਿਮੜ ਜਾਂਦੀ ਹੈ।

ਕਉਨ ਵਡਾ? ਮਾਇਆ ਵਡਿਆਈ ॥

ਧੰਨ ਪਦਾਰਥ ਦੀ ਉਚਤਾ ਦੇ ਕਾਰਨ ਕੋਈ ਉੰਚਾ ਹੈ?

ਸੋ ਵਡਾ, ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥

ਉਹ ਹੀ ਮਹਾਨ ਹੈ, ਜਿਸ ਨੇ ਵਿਆਪਕ ਵਾਹਿਗੁਰੂ ਨਾਲ ਪ੍ਰੇਮ ਪਾਇਆ ਹੈ। ਠਹਿਰਾਉ।

ਭੂਮੀਆ; ਭੂਮਿ ਊਪਰਿ, ਨਿਤ ਲੁਝੈ ॥

ਜਿਸ ਦਾ ਮਾਲਕ, ਹਮੇਸ਼ਾ, ਆਪਣੀ ਜ਼ਿਮੀ ਲਈ ਝਗੜਾ-ਝਾਂਜਾ ਕਰਦਾ ਹੈ।

ਛੋਡਿ ਚਲੈ, ਤ੍ਰਿਸਨਾ ਨਹੀ ਬੁਝੈ ॥੨॥

ਇਸ ਨੂੰ ਤਿਆਗ ਕੇ ਉਸ ਨੂੰ ਜਾਣਾ ਪੈਣਾ ਹੈ, ਪ੍ਰੰਤੂ ਉਸ ਦੀ ਖ਼ਾਹਿਸ਼ ਨਹੀਂ ਬੁਝਦੀ।

ਕਹੁ ਨਾਨਕ, ਇਹੁ ਤਤੁ ਬੀਚਾਰਾ ॥

ਗੁਰੂ ਜੀ ਆਖਦੇ ਹਨ ਅਸਲੀ ਗੱਲ ਜੋ ਮੈਂ ਸੋਚੀ ਹੈ,

ਬਿਨੁ ਹਰਿ ਭਜਨ, ਨਾਹੀ ਛੁਟਕਾਰਾ ॥੩॥੪੪॥੧੧੩॥

ਇਹ ਹੈ ਕਿ ਵਾਹਿਗੁਰੂ ਦੇ ਸਿਮਰਨ ਦੇ ਬਾਝੋਂ ਕੋਈ ਬੰਦ-ਖਲਾਸੀ ਨਹੀਂ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਪੂਰਾ ਮਾਰਗੁ, ਪੂਰਾ ਇਸਨਾਨੁ ॥

ਪੂਰਨ ਹੈ ਰਾਹ, ਪੂਰਨ ਹੈ ਨਹਾਉਣ,

ਸਭੁ ਕਿਛੁ ਪੂਰਾ, ਹਿਰਦੈ ਨਾਮੁ ॥੧॥

ਅਤੇ ਪੂਰਨ ਹੈ ਸਾਰਾ ਕੁਝ ਜੇਕਰ ਮਨ ਅੰਦਰ ਨਾਮ ਹੈ।

ਪੂਰੀ ਰਹੀ, ਜਾ ਪੂਰੈ ਰਾਖੀ ॥

ਪੂਰਨ ਰਹਿੰਦੀ ਹੈ ਪਤਿ-ਆਬਰੂ, ਜਦ ਪੂਰਨ ਪੁਰਖ ਇਸ ਦੀ ਰਖਵਾਲੀ ਕਰਦਾ ਹੈ।

ਪਾਰਬ੍ਰਹਮ ਕੀ ਸਰਣਿ, ਜਨ ਤਾਕੀ ॥੧॥ ਰਹਾਉ ॥

ਉਸ ਦਾ ਗੋਲਾ ਸ਼ਰੋਮਣੀ ਸਾਹਿਬ ਦੀ ਪਨਾਹ ਤਕਦਾ ਹੈ। ਠਹਿਰਾਉ।

ਪੂਰਾ ਸੁਖੁ, ਪੂਰਾ ਸੰਤੋਖੁ ॥

ਪੂਰਨ ਹੈ ਠੰਢ ਚੈਨ ਤੇ ਪੂਰਨ ਹੀ ਸੰਤੁਸ਼ਟਤਾ।

ਪੂਰਾ ਤਪੁ, ਪੂਰਨ ਰਾਜੁ ਜੋਗੁ ॥੨॥

ਮੁੰਕਮਲ ਹੈ ਤਪੱਸਿਆ ਅਤੇ ਮੁਕੰਮਲ ਹੈ ਵਾਹਿਗੁਰੂ ਪਾਤਸ਼ਾਹ ਦਾ ਮਿਲਾਪ।

ਹਰਿ ਕੈ ਮਾਰਗਿ, ਪਤਿਤ ਪੁਨੀਤ ॥

ਰੱਬ ਦੇ ਰਾਹੇ ਚਲਦਿਆਂ ਪਾਪੀ ਪਵਿੱਤ੍ਰ ਹੋ ਜਾਂਦੇ ਹਨ।

ਪੂਰੀ ਸੋਭਾ, ਪੂਰਾ ਲੋਕੀਕ ॥੩॥

ਪੂਰਨ ਹੈ ਉਨ੍ਹਾਂ ਦੀ ਕੀਰਤੀ ਤੇ ਪੂਰਨ ਉਨ੍ਹਾਂ ਦੀ ਮਨੁੱਖਤਾ।

ਕਰਣਹਾਰੁ, ਸਦ ਵਸੈ ਹਦੂਰਾ ॥

ਸਿਰਜਣਹਾਰ ਸਦੀਵ ਹੀ ਉਨ੍ਹਾਂ ਦੇ ਲਾਗੇ ਵਸਦਾ ਹੈ।

ਕਹੁ ਨਾਨਕ, ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥

ਗੁਰੂ ਜੀ ਫ਼ੁਰਮਾਉਂਦੇ ਹਨ ਕਿ ਮੇਰਾ ਸੱਚਾ ਗੁਰੂ ਪੂਰਨ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਸੰਤ ਕੀ ਧੂਰਿ ਮਿਟੇ ਅਘ ਕੋਟ ॥

ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਕ੍ਰੋੜੀ ਹੀ ਪਾਪ ਨਾਸ ਹੋ ਜਾਂਦੇ ਹਨ।

ਸੰਤ ਪ੍ਰਸਾਦਿ, ਜਨਮ ਮਰਣ ਤੇ ਛੋਟ ॥੧॥

ਸਾਧੂਆਂ ਦੀ ਦਇਆ ਦੁਆਰਾ ਜੰਮਣ ਮਰਣ ਤੋਂ ਖਲਾਸੀ ਹੋ ਜਾਂਦੀ ਹੈ।

ਸੰਤ ਕਾ ਦਰਸੁ, ਪੂਰਨ ਇਸਨਾਨੁ ॥

ਸਾਧੂਆਂ ਦਾ ਦੀਦਾਰ ਪੂਰਾ ਮੱਜਨ ਹੈ।

ਸੰਤ ਕ੍ਰਿਪਾ ਤੇ, ਜਪੀਐ ਨਾਮੁ ॥੧॥ ਰਹਾਉ ॥

ਸਾਧੂਆਂ ਦੀ ਮਿਹਰ ਸਦਕਾ ਹਰੀ ਨਾਮ ਉਚਾਰਿਆਂ ਜਾਂਦਾ ਹੈ। ਠਹਿਰਾਓ।

ਸੰਤ ਕੈ ਸੰਗਿ, ਮਿਟਿਆ ਅਹੰਕਾਰੁ ॥

ਸਾਧੂਆਂ ਦੀ ਸੰਗਤ ਅੰਦਰ ਬੰਦੇ ਦੀ ਹੰਗਤਾ ਨਵਿਰਤਾ ਹੋ ਜਾਂਦੀ ਹੈ,

ਦ੍ਰਿਸਟਿ ਆਵੈ, ਸਭੁ ਏਕੰਕਾਰੁ ॥੨॥

ਅਤੇ ਉਹ ਹਰ ਥਾਂ ਇਕ ਸੁਆਮੀ ਨੂੰ ਹੀ ਤੱਕਦਾ ਹੈ।

ਸੰਤ ਸੁਪ੍ਰਸੰਨ, ਆਏ ਵਸਿ ਪੰਚਾ ॥

ਸਾਧੂਆਂ ਦੀ ਪਰਮ ਪਰਸੰਨਤਾ ਦੁਆਰਾ, ਪੰਜ ਮੰਦੇ ਵਿਸ਼ੇ ਵੇਗੁ ਕਾਬੂ ਆ ਜਾਂਦੇ ਹਨ,

ਅੰਮ੍ਰਿਤੁ ਨਾਮੁ, ਰਿਦੈ ਲੈ ਸੰਚਾ ॥੩॥

ਅਤੇ ਇਨਸਾਨ ਆਪਣੇ ਮਨ ਨੂੰ ਆਬਿ-ਹਿਯਾਤੀ ਨਾਮ ਨਾਲ ਸਿੰਚ ਲੈਂਦਾ ਹੈ।

ਕਹੁ ਨਾਨਕ, ਜਾ ਕਾ ਪੂਰਾ ਕਰਮ ॥

ਗੁਰੂ ਜੀ ਆਖਦੇ ਹਨ, ਜਿਸ ਦੀ ਕਿਸਮਤ ਪੂਰਨ ਹੈ,

ਤਿਸੁ ਭੇਟੇ, ਸਾਧੂ ਕੇ ਚਰਨ ॥੪॥੪੬॥੧੧੫॥

ਉਹੀ ਸਾਧੂਆਂ ਦੇ ਪੈਰਾਂ ਨੂੰ ਛੂੰਹਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਹਰਿ ਗੁਣ ਜਪਤ, ਕਮਲੁ ਪਰਗਾਸੈ ॥

ਵਾਹਿਗੁਰੂ ਦੀਆਂ ਖ਼ੂਬੀਆਂ ਦਾ ਧਿਆਨ ਧਾਰਨ ਦੁਆਰਾ ਦਿਲ-ਕੰਵਲ ਖਿੜ ਜਾਂਦਾ ਹੈ।

ਹਰਿ ਸਿਮਰਤ, ਤ੍ਰਾਸ ਸਭ ਨਾਸੈ ॥੧॥

ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਸਾਰੇ ਡਰ ਦੂਰ ਹੋ ਜਾਂਦੇ ਹਨ।

ਸਾ ਮਤਿ ਪੂਰੀ, ਜਿਤੁ ਹਰਿ ਗੁਣ ਗਾਵੈ ॥

ਮੁਕੰਮਲ ਹੈ ਉਹ ਅਕਲ ਜਿਸ ਦੀ ਬਰਕਤ ਦੁਆਰਾ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।

ਵਡੈ ਭਾਗਿ, ਸਾਧੂ ਸੰਗੁ ਪਾਵੈ ॥੧॥ ਰਹਾਉ ॥

ਪਰਮ ਚੰਗੇ ਨਸੀਬਾਂ ਰਾਹੀਂ ਸਤਿਸੰਗਤ ਪ੍ਰਾਪਤ ਹੁੰਦੀ ਹੈ। ਠਹਿਰਾਉ।

ਸਾਧਸੰਗਿ, ਪਾਈਐ ਨਿਧਿ ਨਾਮਾ ॥

ਸਚਿਆਰਾ ਦੀ ਸਭਾ ਵਿੱਚ ਸੁਆਮੀ ਦੇ ਨਾਮ ਦਾ ਖ਼ਜਾਨਾ ਪ੍ਰਾਪਤ ਹੁੰਦਾ ਹੈ।

ਸਾਧਸੰਗਿ, ਪੂਰਨ ਸਭਿ ਕਾਮਾ ॥੨॥

ਜਗਿਆਸੂਆਂ ਦੇ ਸੰਮੇਲਨ ਅੰਦਰ ਸਾਰੇ ਕਾਰਜ ਰਾਸ ਆ ਜਾਂਦੇ ਹਨ।

ਹਰਿ ਕੀ ਭਗਤਿ, ਜਨਮੁ ਪਰਵਾਣੁ ॥

ਭਗਵਾਨ ਦੇ ਸਿਮਰਨ ਰਾਹੀਂ ਇਨਸਾਨ ਦੀ ਜਿੰਦਗੀ ਕਬੂਲ ਪੈ ਜਾਂਦੀ ਹੈ।

ਗੁਰ ਕਿਰਪਾ ਤੇ, ਨਾਮੁ ਵਖਾਣੁ ॥੩॥

ਗੁਰਾਂ ਦੀ ਦਇਆ ਦੁਆਰਾ ਭਗਵਾਨ ਦਾ ਨਾਮ ਜਪਿਆ ਜਾਂਦਾ ਹੈ।

ਕਹੁ ਨਾਨਕ, ਸੋ ਜਨੁ ਪਰਵਾਨੁ ॥

ਗੁਰੂ ਨਾਨਕ ਜੀ ਆਖਦੇ ਹਨ ਉਹ ਇਨਸਾਨ ਕਬੂਲ ਪੈ ਜਾਂਦਾ ਹੈ,

ਜਾ ਕੈ ਰਿਦੈ, ਵਸੈ ਭਗਵਾਨੁ ॥੪॥੪੭॥੧੧੬॥

ਜਿਸ ਦੇ ਮਨ ਅੰਦਰ ਸੁਭਾਇਮਾਨ ਸੁਆਮੀ ਨਿਵਾਸ ਰਖਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਏਕਸੁ ਸਿਉ, ਜਾ ਕਾ ਮਨੁ ਰਾਤਾ ॥

ਜਿਸ ਦੀ ਆਤਮਾ ਇਕ ਸਾਹਿਬ ਨਾਲ ਰੰਗੀਜੀ ਹੈ,

ਵਿਸਰੀ ਤਿਸੈ, ਪਰਾਈ ਤਾਤਾ ॥੧॥

ਉਹ ਹੋਰਨਾ ਨਾਲ ਈਰਖਾ ਕਰਨੀ ਭੁਲ ਜਾਂਦਾ ਹੈ।

ਬਿਨੁ ਗੋਬਿੰਦ, ਨ ਦੀਸੈ ਕੋਈ ॥

ਸ਼੍ਰਿਟੀ ਦੇ ਸੁਆਮੀ ਦੇ ਬਗੈਰ ਉਹ ਹੋਰਸ ਨੂੰ ਨਹੀਂ ਦੇਖਦਾ।

ਕਰਨ ਕਰਾਵਨ, ਕਰਤਾ ਸੋਈ ॥੧॥ ਰਹਾਉ ॥

(ਉਸ ਲਈ) ਉਹ ਸਿਰਜਣਹਾਰ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।

ਮਨਹਿ ਕਮਾਵੈ, ਮੁਖਿ ਹਰਿ ਹਰਿ ਬੋਲੈ ॥

ਜੋ ਦਿਲੋਂ ਵਾਹਿਗੁਰੂ ਦੀ ਸੇਵਾ ਕਰਦਾ ਹੈ ਅਤੇ ਆਪਣੇ ਮੂੰਹ ਨਾਲ ਹਰੀ ਨਾਮ ਨੂੰ ਉਚਾਰਦਾ ਹੈ,

ਸੋ ਜਨੁ, ਇਤ ਉਤ ਕਤਹਿ ਨ ਡੋਲੈ ॥੨॥

ਉਹ ਇਨਸਾਨ ਏਥੇ ਅਤੇ ੳਥੇ ਕਿਧਰੇ ਭੀ ਡਿੱਕੇ ਡੋਲੇ ਨਹੀਂ, ਖਾਂਦਾ।

ਜਾ ਕੈ ਹਰਿ ਧਨੁ, ਸੋ ਸਚ ਸਾਹੁ ॥

ਜਿਸ ਦੇ ਪੱਲੇ ਵਾਹਿਗੁਰੂ ਦਾ ਪਦਾਰਥ ਹੈ, ਉਹ ਸੱਚਾ ਸਾਹੂਕਾਰ ਹੈ।

ਗੁਰਿ ਪੂਰੈ, ਕਰਿ ਦੀਨੋ ਵਿਸਾਹੁ ॥੩॥

ਪੂਰਨ ਗੁਰਾਂ ਨੇ ਉਸ ਦੀ ਸ਼ਾਖ਼ ਬਣਾ ਦਿੱਤੀ ਹੈ।

ਜੀਵਨ ਪੁਰਖੁ, ਮਿਲਿਆ ਹਰਿ ਰਾਇਆ ॥

ਜਿੰਦਗੀ ਬਖਸ਼ਣਹਾਰ ਸੁਆਮੀ ਵਾਹਿਗੁਰੂ ਪਾਤਸ਼ਾਹ ਉਸਨੂੰ ਮਿਲ ਪੈਂਦਾ ਹੈ।

ਕਹੁ ਨਾਨਕ, ਪਰਮ ਪਦੁ ਪਾਇਆ ॥੪॥੪੮॥੧੧੭॥

ਗੁਰੂ ਜੀ ਫ਼ੁਰਮਾਉਂਦੇ ਹਨ, ਇਸ ਤਰ੍ਹਾਂ ਉਹ ਮਹਾਨ ਮਰਤਬੇ ਨੂੰ ਹਾਸਲ ਕਰ ਲੈਂਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਨਾਮੁ ਭਗਤ ਕੈ, ਪ੍ਰਾਨ ਅਧਾਰੁ ॥

ਨਾਮ ਸਾਧੂ ਦੀ ਜਿੰਦ-ਜਾਨ ਦਾ ਆਸਰਾ ਹੈ।

ਨਾਮੋ ਧਨੁ, ਨਾਮੋ ਬਿਉਹਾਰੁ ॥੧॥

ਨਾਮ ਉਸ ਦੀ ਦੌਲਤ ਹੈ ਨਾਮ ਹੀ ਉਸਦਾ ਕਾਰ ਵਿਹਾਰ!

ਨਾਮ ਵਡਾਈ, ਜਨੁ ਸੋਭਾ ਪਾਏ ॥

ਨਾਮ ਦੁਆਰਾ ਸਾਹਿਬ ਦਾ ਗੋਲਾ ਬਜੁਰਗੀ ਅਤੇ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ।

ਕਰਿ ਕਿਰਪਾ, ਜਿਸੁ ਆਪਿ ਦਿਵਾਏ ॥੧॥ ਰਹਾਉ ॥

ਕੇਵਲ ਉਹੀ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਸੁਆਮੀ ਖ਼ੁਦ ਦਇਆ ਧਾਰ ਕੇ ਦਿੰਦਾ ਹੈ। ਠਹਿਰਾਉ।

ਨਾਮੁ ਭਗਤ ਕੈ, ਸੁਖ ਅਸਥਾਨੁ ॥

ਨਾਮ ਅਨੁਰਾਗੀ ਦੇ ਅਰਾਮ ਦਾ ਟਿਕਾਣਾ ਹੈ।

ਨਾਮ ਰਤੁ, ਸੋ ਭਗਤੁ ਪਰਵਾਨੁ ॥੨॥

ਜੋ ਅਨੁਰਾਗੀ ਨਾਮ ਨਾਲ ਰੰਗਿਆ ਹੋਇਆ ਹੈ, ਕਬੂਲ ਪੈ ਜਾਂਦਾ ਹੈ।

ਹਰਿ ਕਾ ਨਾਮੁ, ਜਨ ਕਉ ਧਾਰੈ ॥

ਰੱਬ ਦਾ ਨਾਮ ਉਸ ਦੇ ਨਫ਼ਰ ਨੂੰ ਆਸਰਾ ਦਿੰਦਾ ਹੈ,

ਸਾਸਿ ਸਾਸਿ, ਜਨੁ ਨਾਮੁ ਸਮਾਰੈ ॥੩॥

ਜੋ ਵਾਹਿਗੁਰੂ ਦਾ ਸੇਵਕ ਹਰ ਸੁਆਸ ਨਾਲ ਨਾਮ ਦਾ ਸਿਮਰਣ ਕਰਦਾ ਹੈ।

ਕਹੁ ਨਾਨਕ, ਜਿਸੁ ਪੂਰਾ ਭਾਗੁ ॥

ਗੁਰੂ ਨਾਨਕ ਜੀ ਆਖਦੇ ਹਨ ਜਿਸ ਦੀ ਪ੍ਰਾਲਬੰਧ ਪੂਰਨ ਹੈ,

ਨਾਮ ਸੰਗਿ, ਤਾ ਕਾ ਮਨੁ ਲਾਗੁ ॥੪॥੪੯॥੧੧੮॥

ਉਸ ਦੀ ਆਤਮਾ ਨਾਮ ਦੇ ਨਾਲ ਜੁੜੀ ਰਹਿੰਦੀ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਸੰਤ ਪ੍ਰਸਾਦਿ, ਹਰਿ ਨਾਮੁ ਧਿਆਇਆ ॥

ਸਾਧੂ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕੀਤਾ ਹੈ।

ਤਬ ਤੇ ਧਾਵਤੁ, ਮਨੁ ਤ੍ਰਿਪਤਾਇਆ ॥੧॥

ਉਦੋਂ ਤੋਂ ਮੇਰਾ ਭਟਕਦਾ ਹੋਇਆ ਮਨੂਆਂ ਰੱਜ ਗਿਆ ਹੈ।

ਸੁਖ ਬਿਸ੍ਰਾਮੁ ਪਾਇਆ, ਗੁਣ ਗਾਇ ॥

ਵਾਹਿਗੁਰੂ ਦੀ ਜੱਸ ਗਾਇਨ ਕਰਨ ਦੁਆਰਾ ਮੈਨੂੰ ਆਰਾਮ ਦਾ ਟਿਕਾਣਾ ਪ੍ਰਾਪਤ ਹੋ ਗਿਆ ਹੈ।

ਸ੍ਰਮੁ ਮਿਟਿਆ, ਮੇਰੀ ਹਤੀ ਬਲਾਇ ॥੧॥ ਰਹਾਉ ॥

ਮੇਰੀ ਤਕਲਫ਼ਿ ਦੂਰ ਹੋ ਗਈ ਅਤੇ (ਮੇਰੇ ਕੁਕਰਮਾ ਦਾ) ਦੈਂਤ ਬਿਨਸ ਗਿਆ ਹੈ। ਠਹਿਰਾਉ।

ਚਰਨ ਕਮਲ, ਅਰਾਧਿ ਭਗਵੰਤਾ ॥

ਭਾਗਵਾਨ ਪ੍ਰਭੂ ਦੇ ਚਰਨ ਕੰਵਲਾਂ ਦਾ ਚਿੰਤਨ ਕਰ।

ਹਰਿ ਸਿਮਰਨ ਤੇ, ਮਿਟੀ ਮੇਰੀ ਚਿੰਤਾ ॥੨॥

ਵਾਹਿਗੁਰੂ ਦੀ ਬੰਦਗੀ ਰਾਹੀਂ ਮੇਰਾ ਫ਼ਿਕਰ-ਅੰਦੇਸਾ ਮੁਕ ਗਿਆ ਹੈ।

ਸਭ ਤਜਿ ਅਨਾਥੁ, ਏਕ ਸਰਣਿ ਆਇਓ ॥

ਮੈਂ ਯਤੀਮ, ਨੇ ਸਾਰਿਆ ਨੂੰ ਛੱਡ ਦਿੱਤਾ ਹੈ, ਅਤੇ ਇਕ ਸੁਆਮੀ ਦੀ ਸ਼ਰਣਾਗਤ ਸੰਭਾਲੀ ਹੈ।

ਊਚ ਅਸਥਾਨੁ, ਤਬ ਸਹਜੇ ਪਾਇਓ ॥੩॥

ਉਦੋਂ ਤੋਂ ਮੈਂ ਪਰਮ-ਬੁਲੰਦ ਟਿਕਾਣੇ ਨੂੰ ਸੁਖ਼ੈਨ ਹੀ ਪ੍ਰਾਪਤ ਕਰ ਲਿਆ ਹੈ।

ਦੂਖੁ ਦਰਦੁ, ਭਰਮੁ ਭਉ ਨਸਿਆ ॥

ਮੇਰੀ ਤਕਲਫ਼ਿ, ਪੀੜ, ਵਹਿਮ ਅਤੇ ਡਰ ਦੌੜ ਗਏ ਹਨ।

ਕਰਣਹਾਰੁ, ਨਾਨਕ ਮਨਿ ਬਸਿਆ ॥੪॥੫੦॥੧੧੯॥

ਸਿਰਜਣਹਾਰ ਨੇ ਨਾਨਕ ਦੇ ਚਿੱਤ ਅੰਦਰ ਨਿਵਾਸ ਕਰ ਲਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਕਰ . ਕਰਿ ਟਹਲ, ਰਸਨਾ ਗੁਣ ਗਾਵਉ ॥

ਹੱਥਾਂ ਨਾਲ ਮੈਂ ਸਾਹਿਬ ਦੀ ਸੇਵਾ ਕਮਾਉਂਦਾ ਹਾਂ ਅਤੇ ਜਬਾਨ ਨਾਲ ਉਸ ਦੀ ਕੀਰਤੀ ਆਲਾਪਦਾ ਹਾਂ।

ਚਰਨ ਠਾਕੁਰ ਕੈ, ਮਾਰਗਿ ਧਾਵਉ ॥੧॥

ਪੈਰਾ ਨਾਲ ਮੈਂ ਸੁਆਮੀ ਦੇ ਰਸਤੇ ਟੁਰਦਾ ਹਾਂ।

ਭਲੋ ਸਮੋ, ਸਿਮਰਨ ਕੀ ਬਰੀਆ ॥

ਮੁਬਾਰਕ ਹੈ ਜੀਵਨ ਦਾ ਵਕਤ, ਜਿਸ ਵਿੱਚ ਰੱਬ ਦੀ ਬੰਦਗੀ ਕਰਨ ਦਾ ਮੌਕਾ ਮਿਲਦਾ ਹੈ।

ਸਿਮਰਤ ਨਾਮੁ, ਭੈ ਪਾਰਿ ਉਤਰੀਆ ॥੧॥ ਰਹਾਉ ॥

ਨਾਮ ਦਾ ਜਾਪ ਕਰਨ ਦੁਆਰਾ ਭਿਆਨਕ ਸਮੁੰਦਰ ਤਰ ਜਾਈਦਾ ਹੈ। ਠਹਿਰਾਉ।

ਨੇਤ੍ਰ, ਸੰਤਨ ਕਾ ਦਰਸਨੁ ਪੇਖੁ ॥

ਆਪਣੀਆਂ ਅੱਖਾਂ ਨਾਲ ਸਾਧੂਆਂ ਦਾ ਦੀਦਾਰ ਵੇਖ।

ਪ੍ਰਭ ਅਵਿਨਾਸੀ, ਮਨ ਮਹਿ ਲੇਖੁ ॥੨॥

ਅਮਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਉਕਾਰ ਲੈ।

ਸੁਣਿ ਕੀਰਤਨੁ, ਸਾਧ ਪਹਿ ਜਾਇ ॥

ਸੰਤਾਂ ਕੋਲ ਜਾ ਕੇ ਸੁਆਮੀ ਦਾ ਜੱਸ ਗਾਇਨ ਹੁੰਦਾ ਸ੍ਰਵਣ ਕਰ।

ਜਨਮ ਮਰਣ ਕੀ, ਤ੍ਰਾਸ ਮਿਟਾਇ ॥੩॥

ਤਾਂ ਜੋ ਤੇਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਵੇ।

ਚਰਣ ਕਮਲ ਠਾਕੁਰ, ਉਰਿ ਧਾਰਿ ॥

ਪ੍ਰਭੂ ਦੇ ਕੰਵਲ ਰੂਪੀ ਚਰਨ ਤੂੰ ਆਪਣੇ ਰਿਦੇ ਅੰਦਰ ਟਿਕਾ।

ਦੁਲਭ ਦੇਹ ਨਾਨਕ, ਨਿਸਤਾਰਿ ॥੪॥੫੧॥੧੨੦॥

ਐਸ ਤਰ੍ਹਾਂ ਆਪਣੇ ਅਮੌਲਕ ਮਨੁੱਖੀ ਸਰੀਰ (ਜੀਵਨ) ਦਾ ਪਾਰ ਉਤਾਰਾ ਕਰ ਲੈ, ਹੇ ਨਾਨਕ!


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਜਾ ਕਉ ਅਪਨੀ, ਕਿਰਪਾ ਧਾਰੈ ॥

ਉਹ ਇਨਸਾਨ, ਜਿਸ ਉਤੇ ਸੁਆਮੀ ਆਪਣੀ ਮਿਹਰ ਕਰਦਾ ਹੈ,

ਸੋ ਜਨੁ, ਰਸਨਾ ਨਾਮੁ ਉਚਾਰੈ ॥੧॥

ਆਪਣੀ ਜੀਭਾ ਨਾਲ ਹਰੀ ਦੇ ਨਾਮ ਦਾ ਜਾਪ ਕਰਦਾ ਹੈ।

ਹਰਿ ਬਿਸਰਤ, ਸਹਸਾ ਦੁਖੁ ਬਿਆਪੈ ॥

ਰੱਬ ਨੂੰ ਭੁਲਾਉਣ ਕਰਕੇ ਸ਼ੱਕ-ਸੰਦੇਹ ਤੇ ਗ਼ਮ ਪ੍ਰਾਣੀ ਨੂੰ ਆ ਪਕੜਦੇ ਹਨ।

ਸਿਮਰਤ ਨਾਮੁ, ਭਰਮੁ ਭਉ ਭਾਗੈ ॥੧॥ ਰਹਾਉ ॥

ਨਾਮ ਦਾ ਆਰਾਧਨ ਕਰਨ ਨਾਲ ਵਹਿਮ ਤੇ ਡਰ ਦੌੜ ਜਾਂਦੇ ਹਨ। ਠਹਿਰਾਉ।

ਹਰਿ ਕੀਰਤਨੁ ਸੁਣੈ, ਹਰਿ ਕੀਰਤਨੁ ਗਾਵੈ ॥

ਜੋ ਰੱਬ ਦਾ ਜੱਸ ਸੁਣਦਾ ਹੈ ਅਤੇ ਰੱਬ ਦਾ ਜੱਸ ਗਾਉਂਦਾ ਹੈ,

ਤਿਸੁ ਜਨ, ਦੂਖੁ ਨਿਕਟਿ ਨਹੀ ਆਵੈ ॥੨॥

ਮੁਸੀਬਤ ਉਸ ਬੰਦੇ ਦੇ ਨੇੜੇ ਨਹੀਂ ਲਗਦੀ।

ਹਰਿ ਕੀ ਟਹਲ ਕਰਤ, ਜਨੁ ਸੋਹੈ ॥

ਵਾਹਿਗੁਰੂ ਦਾ ਗੋਲਾ, ਉਸ ਦੀ ਚਾਕਰੀ ਕਮਾਉਂਦਾ ਹੋਇਆ ਸੁਹਣਾ ਲਗਦਾ ਹੈ।

ਤਾ ਕਉ ਮਾਇਆ, ਅਗਨਿ ਨ ਪੋਹੈ ॥੩॥

ਉਸ ਨੂੰ ਮੋਹਨੀ ਦੀ ਅੱਗ ਨਹੀਂ ਛੂੰਹਦੀ।

ਮਨਿ ਤਨਿ ਮੁਖਿ, ਹਰਿ ਨਾਮੁ ਦਇਆਲ ॥

ਦੇਹਿ ਅਤੇ ਮੂੰਹ ਵਿੱਚ ਮਿਹਰਬਾਨ ਮਾਲਕ ਦਾ ਨਾਮ ਹੈ,

ਨਾਨਕ, ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥

ਨਾਨਕ ਨੇ ਹੋਰ ਸਾਰੇ ਪੁਆੜੇ ਛੱਡ ਦਿਤੇ ਹਨ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਛਾਡਿ ਸਿਆਨਪ, ਬਹੁ ਚਤੁਰਾਈ ॥

ਆਪਣੀ ਅਕਲਮੰਦੀ ਅਤੇ ਘਣੀ ਚਾਲਾਕੀ ਤਿਆਗ ਦੇ।

ਗੁਰ ਪੂਰੇ ਕੀ, ਟੇਕ ਟਿਕਾਈ ॥੧॥

ਤੂੰ ਪੂਰਨ ਗੁਰਾਂ ਦਾ ਆਸਰਾ ਲੈ।

ਦੁਖ ਬਿਨਸੇ, ਸੁਖ ਹਰਿ ਗੁਣ ਗਾਇ ॥

ਤੇਰੇ ਗ਼ਮ ਦੂਰ ਹੋ ਜਾਣਗੇ ਅਤੇ ਤੂੰ ਆਰਾਮ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰੇਗਾ।

ਗੁਰੁ ਪੂਰਾ, ਭੇਟਿਆ ਲਿਵ ਲਾਇ ॥੧॥ ਰਹਾਉ ॥

ਪੂਰਨ ਗੁਰਾਂ ਨੂੰ ਮਿਲਣ ਦੁਆਰਾ (ਪ੍ਰਭੂ ਨਾਲ) ਪ੍ਰੀਤ ਪੈ ਜਾਂਦੀ ਹੈ। ਠਹਿਰਾਉ।

ਹਰਿ ਕਾ ਨਾਮੁ, ਦੀਓ ਗੁਰਿ ਮੰਤ੍ਰੁ ॥

ਗੁਰਾਂ ਨੇ ਮੈਨੂੰ ਰੱਬ ਦੇ ਨਾਮ ਦਾ ਮੰਤ੍ਰ ਦਿੱਤਾ ਹੈ।

ਮਿਟੇ ਵਿਸੂਰੇ, ਉਤਰੀ ਚਿੰਤ ॥੨॥

ਮੇਰੇ ਫਿਕਰ ਮਿਟ ਗਏ ਹਨ ਅਤੇ ਦੂਰ ਹੋ ਗਏ ਹੈ ਅੰਦੇਸਾ।

ਅਨਦ ਭਏ, ਗੁਰ ਮਿਲਤ ਕ੍ਰਿਪਾਲ ॥

ਦਇਆਵਾਨ ਗੁਰਾਂ ਨੂੰ ਮਿਲਣ ਤੇ ਖੁਸ਼ੀ ਹੋ ਗਈ ਹੈ।

ਕਰਿ ਕਿਰਪਾ, ਕਾਟੇ ਜਮ ਜਾਲ ॥੩॥

ਆਪਣੀ ਮਇਆ ਧਾਰ ਕੇ ਉਸ ਨੇ ਮੌਤ ਦੇ ਦੂਤ ਦੀ ਫਾਹੀ ਕਟ ਦਿੱਤੀ ਹੈ।

ਕਹੁ ਨਾਨਕ, ਗੁਰੁ ਪੂਰਾ ਪਾਇਆ ॥

ਗੁਰੂ ਨਾਨਾਕ ਜੀ ਆਖਦੇ ਹਨ, ਮੈਂ ਪੂਰਨ ਗੁਰਾਂ ਨੂੰ ਪਾ ਲਿਆ ਹੈ,

ਤਾ ਤੇ, ਬਹੁਰਿ ਨ ਬਿਆਪੈ ਮਾਇਆ ॥੪॥੫੩॥੧੨੨॥

ਇਸ ਲਈ ਮੌਹਨੀ ਮੈਨੂੰ ਮੁੜ ਕੇ ਦੂਖਾਤ੍ਰ ਨਹੀਂ ਕਰੇਗੀ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਰਾਖਿ ਲੀਆ, ਗੁਰਿ ਪੂਰੈ ਆਪਿ ॥

ਪੂਰਨ ਗੁਰੂ ਨੇ ਖ਼ੁਦ ਮੈਨੂੰ ਬਚਾ ਲਿਆ ਹੈ।

ਮਨਮੁਖ ਕਉ, ਲਾਗੋ ਸੰਤਾਪੁ ॥੧॥

ਅਧਰਮੀ ਨੂੰ ਮੁਸੀਬਤ ਖੜੀ ਹੋ ਗਈ ਹੈ।

ਗੁਰੂ ਗੁਰੂ ਜਪਿ, ਮੀਤ ਹਮਾਰੇ! ॥

ਵੱਡੇ ਗੁਰਾਂ ਨੂੰ ਯਾਦ ਕਰ, ਹੇ ਮੇਰੇ ਮਿਤ੍ਰ।

ਮੁਖ ਊਜਲ ਹੋਵਹਿ ਦਰਬਾਰੇ ॥੧॥ ਰਹਾਉ ॥

ਸਾਹਿਬ ਦੀ ਦਰਗਾਹ ਅੰਦਰ ਤੇਰਾ ਚਿਹਰਾ ਰੋਸ਼ਨ ਹੋਵੇਗਾ। ਠਹਿਰਾਉ।

ਗੁਰ ਕੇ ਚਰਣ, ਹਿਰਦੈ ਵਸਾਇ ॥

ਗੁਰਾਂ ਦੇ ਚਰਨ ਆਪਣੇ ਮਨ ਅੰਦਰ ਟਿਕਾ,

ਦੁਖ ਦੁਸਮਨ, ਤੇਰੀ ਹਤੈ ਬਲਾਇ ॥੨॥

ਅਤੇ ਤੇਰਾ ਗ਼ਮ, ਵੈਰੀ ਅਤੇ ਮੁਸੀਬਤ ਮਲੀਆਮੇਟ ਹੋ ਜਾਣਗੇ।

ਗੁਰ ਕਾ ਸਬਦੁ, ਤੇਰੈ ਸੰਗਿ ਸਹਾਈ ॥

ਗੁਰਾਂ ਦਾ ਸ਼ਬਦ ਤੇਰਾ ਸਾਥੀ ਅਤੇ ਮਦਦਗਾਰ ਹੈ।

ਦਇਆਲ ਭਏ, ਸਗਲੇ ਜੀਅ ਭਾਈ! ॥੩॥

ਅਤੇ ਸਮੂਹ ਪ੍ਰਾਣਧਾਰੀ ਤੇਰੇ ਉਤੇ ਮਿਹਰਬਾਨ ਹੋਣਗੇ, ਹੇ ਵੀਰ!

ਗੁਰਿ ਪੂਰੈ, ਜਬ ਕਿਰਪਾ ਕਰੀ ॥

ਜਦ ਪੂਰਨ ਗੁਰਾਂ ਨੇ ਆਪਣੀ ਮਿਹਰ ਧਾਰੀ,

ਭਨਤਿ ਨਾਨਕ, ਮੇਰੀ ਪੂਰੀ ਪਰੀ ॥੪॥੫੪॥੧੨੩॥

ਗੁਰੂ ਜੀ ਆਖਦੇ ਹਨ, ਤਦ ਮੈਂ ਪਰੀਪੂਰਨ ਹੋ ਗਿਆ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਅਨਿਕ ਰਸਾ ਖਾਏ, ਜੈਸੇ ਢੋਰ ॥

ਘਣੀਆ ਨਿਆਮਤਾ ਪ੍ਰਾਣੀ ਡੰਗਰ ਦੀ ਤਰ੍ਹਾਂ ਖਾਂਦਾ ਹੈ।

ਮੋਹ ਕੀ ਜੇਵਰੀ, ਬਾਧਿਓ ਚੋਰ ॥੧॥

ਸੰਸਾਰੀ ਮਮਤਾ ਦੇ ਰਸੇ ਨਾਲ ਉਹ ਚੌਰ ਦੀ ਤਰ੍ਹਾ ਨਰੜਿਆ ਹੋਇਆ ਹੈ।

ਮਿਰਤਕ ਦੇਹ, ਸਾਧਸੰਗ ਬਿਹੂਨਾ ॥

ਸਤ ਸੰਗਤ ਦੇ ਬਗ਼ੈਰ, ਸ੍ਰੀਰ ਇਕ ਲੌਥ ਹੈ।

ਆਵਤ ਜਾਤ, ਜੋਨੀ ਦੁਖ ਖੀਨਾ ॥੧॥ ਰਹਾਉ ॥

ਬੰਦਾ ਜੂਨੀਆਂ ਅੰਦਰ ਆਉਂਦਾ ਤੇ ਜਾਂਦਾ ਹੈ ਅਤੇ ਦਰਦ ਨਾਲ ਤਬਾਹ ਹੋ ਜਾਂਦਾ ਹੈ। ਠਹਿਰਾਉ।

ਅਨਿਕ ਬਸਤ੍ਰ, ਸੁੰਦਰ ਪਹਿਰਾਇਆ ॥

ਆਦਮੀ ਅਨੇਕਾਂ ਕਿਸਮਾਂ ਦੇ ਸੁਹਣੇ ਪੁਸ਼ਾਕੇ ਪਾਉਂਦਾ ਹੈ,

ਜਿਉ ਡਰਨਾ, ਖੇਤ ਮਾਹਿ ਡਰਾਇਆ ॥੨॥

ਪ੍ਰੰਤੂ ਇਹ ਪੈਲੀ ਵਿੱਚ ਦੇ ਪਸ਼ੂ-ਪੰਛੀਆਂ ਨੂੰ ਡਰਾਉਣ ਵਾਲੇ ਮੂਰੇ ਦੀ ਤਰ੍ਹਾਂ ਹੈ।

ਸਗਲ ਸਰੀਰ, ਆਵਤ ਸਭ ਕਾਮ ॥

ਹੋਰ ਸਾਰੇ ਜਿਸਮ ਘਨੇਰੇ ਕੰਮੀ ਆਉਂਦੇ ਹਨ।
ਨਿਆਦਮੀ ਦਾ, ਜੋ ਸਾਈਂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।

ਕਹੁ ਨਾਨਕ, ਜਾ ਕਉ ਭਏ ਦਇਆਲਾ ॥

ਗੁਰੂ ਜੀ ਫ਼ੁਰਮਾਉਂਦੇ ਹਨ, ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ,

ਸਾਧਸੰਗਿ ਮਿਲਿ, ਭਜਹਿ ਗੋੁਪਾਲਾ ॥੪॥੫੫॥੧੨੪॥

ਉਹ ਸਤਿ ਸੰਗਤ ਨਾਲ ਜੁੜ ਕੇ ਸ਼੍ਰਿਸ਼ਟ ਦੇ ਪਾਲਕ ਦਾ ਆਰਾਧਨ ਕਰਦੇ ਹਨ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਕਲਿ ਕਲੇਸ, ਗੁਰ ਸਬਦਿ ਨਿਵਾਰੇ ॥

ਗੁਰਾਂ ਦੀ ਬਾਣੀ ਕਲਪਣਾ ਤੇ ਕਸ਼ਟਾਂ ਨੂੰ ਦੂਰ ਕਰ ਦਿੰਦੀ ਹੈ।

ਆਵਣ ਜਾਣ ਰਹੇ, ਸੁਖ ਸਾਰੇ ॥੧॥

ਆਉਣਾ ਤੇ ਜਾਣਾ ਮਿਟ ਜਾਂਦਾ ਹੈ ਤੇ ਸਭ ਆਰਾਮ ਮਿਲ ਜਾਂਦੇ ਹਨ।

ਭੈ ਬਿਨਸੇ, ਨਿਰਭਉ ਹਰਿ ਧਿਆਇਆ ॥

ਨਿਡਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰਾ ਡਰ ਦੂਰ ਹੋ ਗਿਆ ਹੈ।

ਸਾਧਸੰਗਿ, ਹਰਿ ਕੇ ਗੁਣ ਗਾਇਆ ॥੧॥ ਰਹਾਉ ॥

ਸਚਿਆਰਾ ਦੀ ਸੰਗਤ ਅੰਦਰ ਮੈਂ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।

ਚਰਨ ਕਵਲ, ਰਿਦ ਅੰਤਰਿ ਧਾਰੇ ॥

ਸਾਹਿਬ ਦੇ ਚਰਨ ਕਮਲ ਮੈਂ ਆਪਣੇ ਚਿਰਦੇ ਅੰਦਰ ਟਿਕਾ ਲਏ ਹਨ।

ਅਗਨਿ ਸਾਗਰ, ਗੁਰਿ ਪਾਰਿ ਉਤਾਰੇ ॥੨॥

ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।

ਬੂਡਤ ਜਾਤ, ਪੂਰੈ ਗੁਰਿ ਕਾਢੇ ॥

ਮੈਂ ਡੁੱਬ ਰਿਹਾ ਸਾਂ, ਪੂਰਨ ਗੁਰਾਂ ਨੇ ਮੈਨੂੰ ਬਚਾ ਲਿਆ ਹੈ।

ਜਨਮ ਜਨਮ ਕੇ, ਟੂਟੇ ਗਾਢੇ ॥੩॥

ਗੁਰਾਂ ਨੇ ਮੈਨੂੰ ਪ੍ਰਭੂ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਅਨੇਕਾਂ ਜਨਮਾਂ ਤੋਂ ਵਿਛੁੜਿਆਂ ਹੋਇਆ ਸਾਂ।

ਕਹੁ ਨਾਨਕ, ਤਿਸੁ ਗੁਰ ਬਲਿਹਾਰੀ ॥

ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਨ੍ਹਾਂ ਗੁਰਾਂ ਉਤੇ ਵਾਰਨੇ ਜਾਂਦਾ ਹਾਂ,

ਜਿਸੁ ਭੇਟਤ, ਗਤਿ ਭਈ ਹਮਾਰੀ ॥੪॥੫੬॥੧੨੫॥

ਜਿਨ੍ਹਾਂ ਨੂੰ ਮਿਲਣ ਦੁਆਰਾ ਮੇਰੀ ਕਲਿਆਣ ਹੋ ਗਈ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਸਾਧਸੰਗਿ, ਤਾ ਕੀ ਸਰਨੀ ਪਰਹੁ ॥

ਸਤਿ ਸੰਗਤ ਅੰਦਰ ਉਸ ਦੀ ਸਰਣਾਗਤਿ ਸੰਭਾਲ।

ਮਨੁ ਤਨੁ ਅਪਨਾ, ਆਗੈ ਧਰਹੁ ॥੧॥

ਆਪਣੀ ਆਤਮਾ ਤੇ ਦੇਹਿ ਤੂੰ ਸਾਹਿਬ ਦੇ ਮੂਹਰੇ ਰੱਖ ਦੇ!

ਅੰਮ੍ਰਿਤ ਨਾਮੁ, ਪੀਵਹੁ ਮੇਰੇ ਭਾਈ! ॥

ਅੰਮ੍ਰਿਤ ਰੂਪੀ ਨਾਮ ਪਾਨ ਕਰ, ਹੇ ਮੇਰੇ ਵੀਰ!

ਸਿਮਰਿ ਸਿਮਰਿ, ਸਭ ਤਪਤਿ ਬੁਝਾਈ ॥੧॥ ਰਹਾਉ ॥

ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਅੱਗ ਪੂਰੀ ਤਰ੍ਹਾਂ ਬੁਝ ਜਾਂਦੀ ਹੈ। ਠਹਿਰਾਉ।

ਤਜਿ ਅਭਿਮਾਨੁ, ਜਨਮ ਮਰਣੁ ਨਿਵਾਰਹੁ ॥

ਆਪਣੀ ਸਵੈ-ਹੰਗਤਾ ਛੱਡ ਦੇ ਅਤੇ ਆਪਣੇ ਜਨਮ ਤੇ ਮਰਣ ਨੂੰ ਖ਼ਤਮ ਕਰ ਲੈ।

ਹਰਿ ਕੇ ਦਾਸ ਕੇ, ਚਰਣ ਨਮਸਕਾਰਹੁ ॥੨॥

ਵਾਹਿਗੁਰੂ ਦੇ ਗੋਲੇ ਦੇ ਚਰਨਾ ਤੇ ਤੂੰ ਪਰਣਾਮ ਕਰ।

ਸਾਸਿ ਸਾਸਿ, ਪ੍ਰਭੁ ਮਨਹਿ ਸਮਾਲੇ ॥

ਹਰਿ ਸੁਆਸ ਨਾਲ ਤੂੰ ਸਾਹਿਬ ਨੂੰ ਦਿਲੋਂ ਚੇਤੇ ਕਰ।

ਸੋ ਧਨੁ ਸੰਚਹੁ, ਜੋ ਚਾਲੈ ਨਾਲੇ ॥੩॥

ਉਹ ਦੌਲਤ ਇਕੱਤਰ ਕਰ ਜਿਹੜੀ ਤੇਰੇ ਸਾਥ ਜਾਵੇ!

ਤਿਸਹਿ ਪਰਾਪਤਿ, ਜਿਸੁ ਮਸਤਕਿ ਭਾਗੁ ॥

ਕੇਵਲ ਉਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ!

ਕਹੁ ਨਾਨਕ, ਤਾ ਕੀ ਚਰਣੀ ਲਾਗੁ ॥੪॥੫੭॥੧੨੬॥

ਗੁਰੂ ਜੀ ਫ਼ੁਰਮਾਉਂਦੇ ਹਨ ਤੂੰ ਉਸ ਸਾਹਿਬ ਦੇ ਪੈਰੀ ਪੈ ਜਾ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਸੂਕੇ, ਹਰੇ ਕੀਏ ਖਿਨ ਮਾਹੇ ॥

ਸੁੱਕਿਆਂ ਸੜਿਆ ਨੂੰ ਹਰੀ ਇਕ ਛਿਨ ਵਿੱਚ ਸਰਸਬਜ਼ ਕਰ ਦਿੰਦਾ ਹੈ।

ਅੰਮ੍ਰਿਤ ਦ੍ਰਿਸਟਿ, ਸੰਚਿ ਜੀਵਾਏ ॥੧॥

ਉਸ ਦੀ ਅੰਮ੍ਰਿਤ ਰੂਪੀ ਨਜ਼ਰ ਉਨ੍ਹਾਂ ਨੂੰ ਸਿੰਚ ਕੇ ਸੁਰਜੀਤ ਕਰ ਦਿੰਦੀ ਹੈ।

ਕਾਟੇ ਕਸਟ, ਪੂਰੇ ਗੁਰਦੇਵ ॥

ਪੂਰਨ ਤੇ ਪ੍ਰਕਾਸ਼ਵਾਨ ਗੁਰਾਂ ਨੇ ਮੇਰੇ ਦੁਖੜੇ ਦੂਰ ਕਰ ਦਿੱਤੇ ਹਨ।

ਸੇਵਕ ਕਉ ਦੀਨੀ, ਅਪੁਨੀ ਸੇਵ ॥੧॥ ਰਹਾਉ ॥

ਆਪਣੇ ਟਹਿਲੂਏ ਨੂੰ ਉਹ ਆਪਣੀ ਚਾਕਰੀ ਬਖ਼ਸ਼ਦਾ ਹੈ। ਠਹਿਰਾਉ।

ਮਿਟਿ ਗਈ ਚਿੰਤ, ਪੁਨੀ ਮਨ ਆਸਾ ॥

ਫਿਕਰ ਦੂਰ ਹੋ ਗਿਆ ਹੈ ਅਤੇ ਦਿਲ ਦੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ,

ਕਰੀ ਦਇਆ, ਸਤਿਗੁਰਿ ਗੁਣਤਾਸਾ ॥੨॥

ਜਦ ਗੁਣਾ ਦਾ ਖ਼ਜਾਨਾ ਸੱਚਾ ਗੁਰੂ ਆਪਣੀ ਮਿਹਰ ਧਾਰਦਾ ਹੈ।

ਦੁਖ ਨਾਠੇ, ਸੁਖ ਆਇ ਸਮਾਏ ॥

ਦਰਦ ਦੌੜ ਜਾਂਦਾ ਹੈ ਅਤੇ ਆਰਾਮ ਆ ਕੇ, ਉਸ ਦੀ ਥਾਂ ਲੈ ਲੈਂਦਾ ਹੈ,

ਢੀਲ ਨ ਪਰੀ, ਜਾ ਗੁਰਿ ਫੁਰਮਾਏ ॥੩॥

ਜਦ ਗੁਰੂ ਹੁਕਮ ਕਰਦਾ ਹੈ, ਇਸ ਵਿੱਚ ਕੋਈ ਦੇਰੀ ਨਹੀਂ ਲਗਦੀ।

ਇਛ ਪੁਨੀ, ਪੂਰੇ ਗੁਰ ਮਿਲੇ ॥

ਜਦ ਪੂਰਨ ਗੁਰੂ ਮਿਲ ਪੈਂਦਾ ਹੈ ਤਾਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ,

ਨਾਨਕ, ਤੇ ਜਨ ਸੁਫਲ ਫਲੇ ॥੪॥੫੮॥੧੨੭॥

ਹੇ ਨਾਨਕ! ਉਹ ਸਰੇਸ਼ਟ ਮੇਵਿਆਂ ਨਾਲ ਮੋਲਦੇ ਹਨ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਤਾਪ ਗਏ, ਪਾਈ ਪ੍ਰਭਿ ਸਾਂਤਿ ॥

ਬੁਖ਼ਾਰ ਉਤਰ ਗਿਆ ਹੈ ਅਤੇ ਸਾਈਂ ਨੇ ਠੰਢ-ਂਚੈਨ ਵਰਤਾ ਦਿੱਤੀ ਹੈ।

ਸੀਤਲ ਭਏ, ਕੀਨੀ ਪ੍ਰਭ ਦਾਤਿ ॥੧॥

ਸਾਰੇ ਸ਼ਾਂਤ ਹੋ ਗਏ ਹਨ। ਸਾਹਿਬ ਨੇ ਆਪਣੀ ਬਖ਼ਸ਼ਸ਼ ਕੀਤੀ ਹੈ।

ਪ੍ਰਭ ਕਿਰਪਾ ਤੇ, ਭਏ ਸੁਹੇਲੇ ॥

ਸੁਆਮੀ ਦੀ ਦਇਆ ਦੁਆਰਾ ਅਸੀਂ ਸੁਖਾਲੇ ਹੋ ਗਏ ਹਨ।

ਜਨਮ ਜਨਮ ਕੇ, ਬਿਛੁਰੇ ਮੇਲੇ ॥੧॥ ਰਹਾਉ ॥

ਅਨੇਕਾਂ ਜਨਮਾ ਦੇ ਵਿਛੁੜਿਆਂ ਹੋਇਆ ਨੂੰ ਸਾਹਿਬ ਨਾਲ ਮਿਲਾ ਦਿਤਾ ਹੈ। ਠਹਿਰਾਉ।

ਸਿਮਰਤ ਸਿਮਰਤ, ਪ੍ਰਭ ਕਾ ਨਾਉ ॥

ਸੁਆਮੀ ਦੇ ਨਾਮ ਦਾ ਇਸ ਰਸ ਆਰਾਧਨ ਕਰਨ ਦੁਆਰਾ,

ਸਗਲ ਰੋਗ ਕਾ, ਬਿਨਸਿਆ ਥਾਉ ॥੨॥

ਸਮੂਹ ਬੀਮਾਰੀਆਂ ਦਾ ਡੇਰਾ ਪੁਟਿਆ ਗਿਆ ਹੈ।

ਸਹਜਿ ਸੁਭਾਇ, ਬੋਲੈ ਹਰਿ ਬਾਣੀ ॥

ਧੀਰਜ ਅਤੇ ਸ਼੍ਰੇਸ਼ਟ ਪਿਆਰ ਨਾਲ ਵਾਹਿਗੁਰੂ ਦੇ ਸ਼ਬਦਾ ਦਾ ਉਚਾਰਨ ਕਰ।

ਆਠ ਪਹਰ, ਪ੍ਰਭ ਸਿਮਰਹੁ ਪ੍ਰਾਣੀ! ॥੩॥

ਦਿਨ ਦੇ ਅੱਠੇ ਪਹਿਰ ਹੀ ਸੁਆਮੀ ਦਾ ਚਿੰਤਨ ਕਰ ਹੇ ਜੀਵ!

ਦੂਖੁ ਦਰਦੁ, ਜਮੁ ਨੇੜਿ ਨ ਆਵੈ ॥

ਪੀੜ ਤਸੀਹਾ ਅਤੇ ਮੌਤ ਦਾ ਦੂਤ ਉਸਦੇ ਨੇੜੇ ਨਹੀਂ ਆਉਂਦੇ,

ਕਹੁ ਨਾਨਕ, ਜੋ ਹਰਿ ਗੁਨ ਗਾਵੈ ॥੪॥੫੯॥੧੨੮॥

ਗੁਰੂ ਜੀ ਆਖਦੇ ਹਨ, ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਭਲੇ ਦਿਨਸ, ਭਲੇ ਸੰਜੋਗ ॥

ਸ਼ੁਭ ਹੈ ਉਹ ਦਿਹਾੜਾ ਅਤੇ ਸ਼ੁਭ ਉਹ ਢੋ-ਮੇਲ,

ਜਿਤੁ ਭੇਟੇ, ਪਾਰਬ੍ਰਹਮ ਨਿਰਜੋਗ ॥੧॥

ਜਦ ਮੈਂ ਨਿਰਲੇਪ, ਸ਼੍ਰੋਮਣੀ ਨੂੰ ਮਿਲਿਆ।

ਓਹ ਬੇਲਾ ਕਉ, ਹਉ ਬਲਿ ਜਾਉ ॥

ਉਸ ਵਕਤ ਉਤੋਂ ਮੈਂ ਕੁਰਬਾਨ ਜਾਂਦਾ ਹਾਂ,

ਜਿਤੁ ਮੇਰਾ ਮਨੁ, ਜਪੈ ਹਰਿ ਨਾਉ ॥੧॥ ਰਹਾਉ ॥

ਜਦ ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੀ ਹੈ। ਠਹਿਰਾਉ।

ਸਫਲ ਮੂਰਤੁ, ਸਫਲ ਓਹ ਘਰੀ ॥

ਮੁਬਾਰਕ ਹੈ ਉਹ ਮੁਹਤ, ਅਤੇ ਮੁਬਾਰਕ ਉਹ ਸਮਾਂ,

ਜਿਤੁ, ਰਸਨਾ ਉਚਰੈ ਹਰਿ ਹਰੀ ॥੨॥

ਜਦ ਮੇਰੀ ਜੀਭਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀ ਹੈ।

ਸਫਲੁ ਓਹੁ ਮਾਥਾ, ਸੰਤ ਨਮਸਕਾਰਸਿ ॥

ਕੀਰਤੀਮਾਨ ਹੈ ਉਹ ਮਸਤਕ ਜੋ ਸਾਧੂਆਂ ਅੱਗੇ ਨਿਉਂਦਾ ਹੈ।

ਚਰਣ ਪੁਨੀਤ, ਚਲਹਿ ਹਰਿ ਮਾਰਗਿ ॥੩॥

ਪਵਿੱਤ੍ਰ ਹਨ ਉਹ ਪੈਰ, ਜਿਹੜੇ ਰੱਬ ਦੇ ਰਾਹੇ ਟੁਰਦੇ ਹਨ।

ਕਹੁ ਨਾਨਕ, ਭਲਾ ਮੇਰਾ ਕਰਮ ॥

ਗੁਰੂ ਜੀ ਆਖਦੇ ਹਨ ਮੁਬਾਰਕ ਹੈ ਮੇਰੀ ਕਿਸਮਤ,

ਜਿਤੁ ਭੇਟੇ, ਸਾਧੂ ਕੇ ਚਰਨ ॥੪॥੬੦॥੧੨੯॥

ਜਿਸ ਦੀ ਬਰਕਤ ਮੈਂ ਸੰਤਾਂ (ਗੁਰਾਂ) ਦੇ ਪੈਰੀ ਲੱਗਾ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਗੁਰ ਕਾ ਸਬਦੁ, ਰਾਖੁ ਮਨ ਮਾਹਿ ॥

ਤੂੰ ਗੁਰਾਂ ਦਾ ਸ਼ਬਦ ਆਪਣੇ ਚਿੱਤ ਅੰਦਰ ਰਖ।

ਨਾਮੁ ਸਿਮਰਿ, ਚਿੰਤਾ ਸਭ ਜਾਹਿ ॥੧॥

ਨਾਮ ਦਾ ਆਰਾਧਨ ਕਰਨ ਦੁਆਰਾ ਸਾਰਾ ਫ਼ਿਕਰ ਮਿਟ ਜਾਂਦਾ ਹੈ।

ਬਿਨੁ ਭਗਵੰਤ, ਨਾਹੀ ਅਨ ਕੋਇ ॥

ਮੁਬਾਰਕ ਮਾਲਕ ਦੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।

ਮਾਰੈ ਰਾਖੈ, ਏਕੋ ਸੋਇ ॥੧॥ ਰਹਾਉ ॥

ਕੇਵਲ ਉਹੀ ਰਖਿਆ ਕਰਦਾ ਤੇ ਤਬਾਹ ਕਰਦਾ ਹੈ। ਠਹਿਰਾਉ।

ਗੁਰ ਕੇ ਚਰਣ, ਰਿਦੈ ਉਰਿ ਧਾਰਿ ॥

ਗੁਰਾਂ ਦੇ ਚਰਨ ਤੂੰ ਆਪਣੇ ਦਿਲ ਦੇ ਦਿਲ ਵਿੱਚ ਟਿਕਾ।

ਅਗਨਿ ਸਾਗਰੁ, ਜਪਿ ਉਤਰਹਿ ਪਾਰਿ ॥੨॥

ਅੱਗ ਦਾ ਸਮੁੰਦਰ ਤੂੰ ਸਾਹਿਬ ਦੇ ਸਿਮਰਨ ਦੁਆਰਾ ਪਾਰ ਕਰ ਲਵੇਗਾ।

ਗੁਰ ਮੂਰਤਿ ਸਿਉ, ਲਾਇ ਧਿਆਨੁ ॥

ਗੁਰਾਂ ਦੇ ਸਰੂਪ ਨਾਲ ਤੂੰ ਆਪਣੀ ਬ੍ਰਿਤੀ ਜੋੜ।

ਈਹਾ ਊਹਾ, ਪਾਵਹਿ ਮਾਨੁ ॥੩॥

ਐਥੇ ਅਤੇ ਉਥੇ ਤੂੰ ਇੱਜ਼ਤ ਹਾਸਲ ਕਰੇਗਾ।

ਸਗਲ ਤਿਆਗਿ, ਗੁਰ ਸਰਣੀ ਆਇਆ ॥

ਸਮੂਹ ਨੂੰ ਛੱਡ ਕੇ ਨਾਨਕ ਨੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।

ਮਿਟੇ ਅੰਦੇਸੇ, ਨਾਨਕ ਸੁਖੁ ਪਾਇਆ ॥੪॥੬੧॥੧੩੦॥

ਉਸ ਦੇ ਫ਼ਿਕਰ ਮੁਕ ਗਏ ਹਨ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਜਿਸੁ ਸਿਮਰਤ, ਦੂਖੁ ਸਭੁ ਜਾਇ ॥

ਜੀਹਦੇ ਚਿੰਤਨ ਕਰਨ ਨਾਲ ਸਾਰੀਆਂ ਪੀੜਾ ਮੁਕ ਜਾਂਦੀਆਂ ਹਨ।

ਨਾਮੁ ਰਤਨੁ, ਵਸੈ ਮਨਿ ਆਇ ॥੧॥

ਅਤੇ ਨਾਮ ਦਾ ਜਵੇਹਰ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।

ਜਪਿ ਮਨ ਮੇਰੇ! ਗੋਵਿੰਦ ਕੀ ਬਾਣੀ ॥

ਹੇ ਮੇਰੀ ਜਿੰਦੜੀਏ! ਤੂੰ ਸ੍ਰਿਸ਼ਟੀ ਦੇ ਮਾਲਕ ਦੀ ਬਾਣੀ ਦਾ ਉਚਾਰਨ ਕਰ।

ਸਾਧੂ ਜਨ ਰਾਮੁ, ਰਸਨ ਵਖਾਣੀ ॥੧॥ ਰਹਾਉ ॥

ਆਪਣੀਆਂ ਜੀਭਾਂ ਉਤੇ ਸੁਆਮੀ ਸਹਿਤ ਪਵਿੱਤ੍ਰ ਵਿਅਕਤੀਆਂ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਠਹਿਰਾਉ।

ਇਕਸੁ ਬਿਨੁ, ਨਾਹੀ ਦੂਜਾ ਕੋਇ ॥

ਇਕ ਵਾਹਿਗੁਰੂ ਦੇ ਬਾਝੌਂ ਕੋਈ ਦੂਸਰਾ ਨਹੀਂ।

ਜਾ ਕੀ ਦ੍ਰਿਸਟਿ, ਸਦਾ ਸੁਖੁ ਹੋਇ ॥੨॥

ਉਸ ਦੀ ਮਿਹਰ ਦੀ ਨਜ਼ਰ ਦੁਆਰਾ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।

ਸਾਜਨੁ ਮੀਤੁ, ਸਖਾ ਕਰਿ ਏਕੁ ॥

ਅਦੁੱਤੀ ਸਾਹਿਬ ਨੂੰ ਤੂੰ ਆਪਨਾ ਦੋਸਤ ਯਾਰ ਅਤੇ ਸਾਥੀ ਬਣਾ।

ਹਰਿ ਹਰਿ ਅਖਰ, ਮਨ ਮਹਿ ਲੇਖੁ ॥੩॥

ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਸ਼ਬਦ ਉਕਰ ਲੈ।

ਰਵਿ ਰਹਿਆ, ਸਰਬਤ ਸੁਆਮੀ ॥

ਸਾਹਿਬ ਹਰ ਥਾਂ ਵਿਆਪਕ ਹੋ ਰਿਹਾ ਹੈ।

ਗੁਣ ਗਾਵੈ ਨਾਨਕੁ, ਅੰਤਰਜਾਮੀ ॥੪॥੬੨॥੧੩੧॥

ਨਾਨਕ ਦਿਲਾਂ ਦੀਆਂ ਜਾਨਣਹਾਰ ਦਾ ਜੱਸ ਗਾਇਨ ਕਰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਭੈ ਮਹਿ ਰਚਿਓ, ਸਭੁ ਸੰਸਾਰਾ ॥

ਡਰ ਵਿੱਚ ਸਾਰਾ ਜਹਾਨ ਖੱਚਤ ਹੋਇਆ ਹੋਇਆ ਹੈ।

ਤਿਸੁ ਭਉ ਨਾਹੀ, ਜਿਸੁ ਨਾਮੁ ਅਧਾਰਾ ॥੧॥

ਜਿਸ ਦਾ ਨਾਮ ਆਸਰਾ ਹੈ, ਉਸ ਨੂੰ ਕੋਈ ਡਰ ਨਹੀਂ।

ਭਉ ਨ ਵਿਆਪੈ, ਤੇਰੀ ਸਰਣਾ ॥

ਡਰ ਉਸ ਨੂੰ ਨਹੀਂ ਚਿਮੜਦਾ ਜੋ ਤੇਰੀ ਪਨਾਹ ਹੇਠਾ ਹੈ, (ਹੇ ਸੁਆਮੀ)।

ਜੋ ਤੁਧੁ ਭਾਵੈ, ਸੋਈ ਕਰਣਾ ॥੧॥ ਰਹਾਉ ॥

ਤੂੰ ਓਹੀ ਕਰਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਠਹਿਰਾਉ।

ਸੋਗ ਹਰਖ ਮਹਿ, ਆਵਣ ਜਾਣਾ ॥

ਗ਼ਮੀ ਤੇ ਖ਼ੁਸ਼ੀ ਅੰਦਰ ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਤਿਨਿ ਸੁਖੁ ਪਾਇਆ, ਜੋ ਪ੍ਰਭ ਭਾਣਾ ॥੨॥

ਜਿਹੜੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਆਰਾਮ ਪਾਉਂਦੇ ਹਨ।

ਅਗਨਿ ਸਾਗਰੁ, ਮਹਾ ਵਿਆਪੈ ਮਾਇਆ ॥

ਮੋਹਨੀ ਇਸ ਮਹਾਨ ਅੱਗ ਦੇ ਸਮੁੰਦਰ ਵਿੱਚ ਵਿਆਪਕ ਹੋ ਰਹੀ ਹੈ।

ਸੇ ਸੀਤਲ, ਜਿਨ ਸਤਿਗੁਰੁ ਪਾਇਆ ॥੩॥

ਸ਼ਾਤ ਤੇ ਠੰਡੇ ਠਾਰ ਹਨ ਉਹ ਜਿਨ੍ਹਾਂ ਨੇ ਸੱਚਾ ਗੁਰੂ ਪ੍ਰਾਪਤ ਕਰ ਲਿਆ ਹੈ।

ਰਾਖਿ ਲੇਇ, ਪ੍ਰਭੁ ਰਾਖਨਹਾਰਾ ॥

ਹੇ ਰੱਖਿਆ ਕਰਨ ਵਾਲੇ, ਸੁਆਮੀ! ਮੇਰੀ ਰਖਿਆ ਕਰ।

ਕਹੁ ਨਾਨਕ, ਕਿਆ ਜੰਤ ਵਿਚਾਰਾ? ॥੪॥੬੩॥੧੩੨॥

ਗੁਰੂ ਜੀ ਆਖਦੇ ਹਨ ਮੈਂ ਕਿਹੋ ਜਿਹਾ ਇਕ ਨਿਰਬਲ ਜੀਵ ਹਾਂ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਤੁਮਰੀ ਕ੍ਰਿਪਾ ਤੇ, ਜਪੀਐ ਨਾਉ ॥

ਤੇਰੀ ਦਇਆ ਦੁਆਰਾ ਹੇ ਸਾਈਂ! ਨਾਮ ਉਚਾਰਨ ਕੀਤਾ ਜਾਂਦਾ ਹੈ।

ਤੁਮਰੀ ਕ੍ਰਿਪਾ ਤੇ, ਦਰਗਹ ਥਾਉ ॥੧॥

ਤੇਰੀ ਦਇਆ ਦੁਆਰਾ ਤੇਰੇ ਦਰਬਾਰ ਅੰਦਰ ਥਾਂ ਮਿਲਦਾ ਹੈ।

ਤੁਝ ਬਿਨੁ ਪਾਰਬ੍ਰਹਮ! ਨਹੀ ਕੋਇ ॥

ਤੇਰੇ ਬਗ਼ੈਰ ਹੇ ਸ਼ਰੋਮਣੀ ਸਾਹਿਬ! ਹੋਰ ਕੋਈ ਨਹੀਂ।

ਤੁਮਰੀ ਕ੍ਰਿਪਾ ਤੇ, ਸਦਾ ਸੁਖੁ ਹੋਇ ॥੧॥ ਰਹਾਉ ॥

ਤੇਰੀ ਦਇਆ ਦੁਆਰਾ ਸਦੀਵੀ ਆਰਾਮ ਪਰਾਪਤ ਹੋ ਜਾਂਦਾ ਹੈ। ਠਹਿਰਾਉ।

ਤੁਮ ਮਨਿ ਵਸੇ, ਤਉ ਦੂਖੁ ਨ ਲਾਗੈ ॥

ਜੇਕਰ ਤੂੰ ਚਿੱਤ ਅੰਦਰ ਟਿਕ ਜਾਵੇ, ਤਦ ਪ੍ਰਾਣੀ ਨੂੰ ਮੁਸੀਬਤ ਨਹੀਂ ਚਿਮੜਦੀ।

ਤੁਮਰੀ ਕ੍ਰਿਪਾ ਤੇ, ਭ੍ਰਮੁ ਭਉ ਭਾਗੈ ॥੨॥

ਤੇਰੀ ਰਹਿਮਤ ਸਦਕਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।

ਪਾਰਬ੍ਰਹਮ, ਅਪਰੰਪਰ ਸੁਆਮੀ ॥

ਤੂੰ ਹੇ ਹੱਦਬੰਨਾ-ਰਹਿਤ ਉੱਚੇ ਸਾਹਿਬ!

ਸਗਲ ਘਟਾ ਕੇ, ਅੰਤਰਜਾਮੀ ॥੩॥

ਮਾਲਕ ਸਾਰਿਆਂ ਦਿਲਾਂ ਦੀ ਅੰਦਰ ਦੀ ਜਾਨਣਹਾਰ ਹੈ।

ਕਰਉ ਅਰਦਾਸਿ, ਅਪਨੇ ਸਤਿਗੁਰ ਪਾਸਿ ॥

ਮੈਂ ਨਾਨਕ, ਆਪਣੇ ਸੱਚੇ ਗੁਰਾਂ ਅਗੇ ਪ੍ਰਾਰਥਨਾ ਕਰਦਾ ਹਾਂ,

ਨਾਨਕ, ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥

ਕਿ ਮੈਨੂੰ ਸੱਚੇ ਨਾਮ ਦੀ ਪੂੰਜੀ ਦੀ ਦਾਤ ਮਿਲ ਜਾਏ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ!

ਕਣ ਬਿਨਾ, ਜੈਸੇ ਥੋਥਰ ਤੁਖਾ ॥

ਕਿਸ ਤਰ੍ਹਾਂ ਅਨਾਜ ਦੇ ਬਗ਼ੈਰ ਤੂੜੀ ਖ਼ਾਲੀ ਹੈ,

ਨਾਮ ਬਿਹੂਨ, ਸੂਨੇ ਸੇ ਮੁਖਾ ॥੧॥

ਏਸੇ ਤਰ੍ਹਾਂ ਖ਼ਾਲੀ ਹੈ ਉਹ ਮੂੰਹ ਜੋ ਨਾਮ ਦੇ ਬਗ਼ੈਰ ਹੈ।

ਹਰਿ ਹਰਿ ਨਾਮੁ, ਜਪਹੁ ਨਿਤ ਪ੍ਰਾਣੀ! ॥

ਹੇ ਫ਼ਾਨੀ ਬੁੰਦੇ, ਸਦੀਵ ਹੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ!

ਨਾਮ ਬਿਹੂਨ, ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥

ਹਰੀ ਦੇ ਬਗ਼ੈਰ ਲਾਨ੍ਹਤ ਮਾਰਿਆ ਹੈ ਸਰੀਰ ਜਿਹੜਾ ਕਿਸੇ ਹੋਰ (ਕਾਲ) ਦੀ ਮਲਕੀਅਤ ਹੈ। ਠਹਿਰਾਉ।

ਨਾਮ ਬਿਨਾ, ਨਾਹੀ ਮੁਖਿ ਭਾਗੁ ॥

ਨਾਮ ਦੇ ਬਾਝੋਂ ਚਿਹਰਾ ਕਿਸਮਤ ਨਾਲ ਰੋਸ਼ਨ ਨਹੀਂ ਹੁੰਦਾ।

ਭਰਤ ਬਿਹੂਨ, ਕਹਾ ਸੋਹਾਗੁ ॥੨॥

ਆਪਣੇ ਕੰਤ ਦੇ ਬਗ਼ੈਰ ਵਿਆਹੁਤਾ ਜੀਵਨ ਕਿਥੇ ਹੈ?

ਨਾਮੁ ਬਿਸਾਰਿ, ਲਗੈ ਅਨ ਸੁਆਇ ॥

ਜੋ ਨਾਮ ਨੂੰ ਭੁਲਾ ਕੇ ਹੋਰਨਾ ਰਸਾਂ ਨਾਲ ਜੁੜਿਆ ਹੋਇਆ ਹੈ,

ਤਾ ਕੀ ਆਸ, ਨ ਪੂਜੈ ਕਾਇ ॥੩॥

ਉਸ ਦੀ ਕੋਈ ਭੀ ਖ਼ਾਹਿਸ਼ ਪੂਰੀ ਨਹੀਂ ਹੁੰਦੀ।

ਕਰਿ ਕਿਰਪਾ, ਪ੍ਰਭ ਅਪਨੀ ਦਾਤਿ ॥

ਹੇ ਸੁਆਮੀ! ਆਪਣੀ ਰਹਿਮਤ ਧਾਰ ਅਤੇ ਬਖ਼ਸ਼ੀਸ਼ ਪਰਦਾਨ ਕਰ,

ਨਾਨਕ, ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥

ਤਾਂ ਜੋ ਨਾਨਾਕ ਦਿਨ ਰਾਤ ਤਾਰਾ ਨਾਮ ਉਚਾਰਨ ਕਰੇ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਤੂੰ ਸਮਰਥੁ, ਤੂੰਹੈ ਮੇਰਾ ਸੁਆਮੀ ॥

ਤੂੰ ਸਰਬ-ਸ਼ਕਤੀਵਾਨ ਹੈ, ਤੇ ਕੇਵਲ ਤੂੰ ਹੀ ਮੇਰਾ ਮਾਲਕ ਹੈ।

ਸਭੁ ਕਿਛੁ ਤੁਮ ਤੇ, ਤੂੰ ਅੰਤਰਜਾਮੀ ॥੧॥

ਸਭ ਕੁਝ ਤੇਰੇ ਪਾਸੋਂ ਜਾਰੀ ਹੁੰਦਾ ਹੈ। ਤੂੰ ਅੰਦਰ ਦੀ ਜਾਨਣ ਵਾਲਾ ਹੈ।

ਪਾਰਬ੍ਰਹਮ ਪੂਰਨ, ਜਨ ਓਟ ॥

ਮੁਕੰਮਲ ਉਤਕ੍ਰਿਸ਼ਟਤ ਸਾਹਿਬ ਆਪਣੇ ਨਫ਼ਰ ਦਾ ਆਸਰਾ ਹੈ।

ਤੇਰੀ ਸਰਣਿ, ਉਧਰਹਿ ਜਨ ਕੋਟਿ ॥੧॥ ਰਹਾਉ ॥

ਤੇਰੀ ਸ਼ਰਣਾਗਤਿ ਸੰਭਾਲ ਕੇ ਕ੍ਰੋੜਾਂ ਹੀ ਪੁਰਸ਼ ਪਾਰ ਉਤਰ ਗਏ ਹਨ, (ਹੇ ਮਾਲਕ)। ਠਹਿਰਾਉ।

ਜੇਤੇ ਜੀਅ, ਤੇਤੇ ਸਭਿ ਤੇਰੇ ॥

ਜਿੰਨੇ ਭੀ ਜੀਵ-ਜੰਤੂ ਹਨ, ਉਹ ਸਮੂਹ ਤੇਰੇ ਹਨ।

ਤੁਮਰੀ ਕ੍ਰਿਪਾ ਤੇ, ਸੂਖ ਘਨੇਰੇ ॥੨॥

ਤੇਰੀ ਮਿਹਰ ਤੋਂ ਬਹੁਤੇ ਆਰਾਮ ਪ੍ਰਾਪਤ ਪ੍ਰਾਪਤ ਹੁੰਦੇ ਹਨ।

ਜੋ ਕਿਛੁ ਵਰਤੈ, ਸਭ ਤੇਰਾ ਭਾਣਾ ॥

ਜਿਹੜਾ ਕੁਝ ਭੀ ਵਾਪਰਦਾ ਹੈ, ਉਹ ਸਮੂਹ ਤੇਰੀ ਰਜ਼ਾ ਅੰਦਰ ਹੈ।

ਹੁਕਮੁ ਬੂਝੈ, ਸੋ ਸਚਿ ਸਮਾਣਾ ॥੩॥

ਜੋ ਉਸ ਦੇ ਫ਼ੁਰਮਾਨ ਨੂੰ ਸਮਝਦਾ ਹੈ, ਉਹ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।

ਕਰਿ ਕਿਰਪਾ, ਦੀਜੈ ਪ੍ਰਭ ਦਾਨੁ ॥

ਮੇਰੇ ਮਾਲਕ, ਮਿਹਰਬਾਨੀ ਕਰਕੇ ਦਾਤ ਬਖਸ਼,

ਨਾਨਕ, ਸਿਮਰੈ ਨਾਮੁ ਨਿਧਾਨੁ ॥੪॥੬੬॥੧੩੫॥

ਤਾਂ ਕਿ ਨਾਨਕ ਤੇਰੇ ਨਾਮ ਦੇ ਖ਼ਜ਼ਾਨੇ ਦਾ ਆਰਾਧਨ ਕਰੇ!


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਤਾ ਕਾ ਦਰਸੁ, ਪਾਈਐ ਵਡਭਾਗੀ ॥

ਮਹਾਨ ਚੰਗੇ ਨਸੀਬਾਂ ਰਾਹੀਂ ਤੇਰਾ ਉਸ ਨੂੰ ਦੀਦਾਰ ਪਰਾਪਤ ਹੁੰਦਾ ਹੈ,

ਜਾ ਕੀ, ਰਾਮ ਨਾਮਿ ਲਿਵ ਲਾਗੀ ॥੧॥

ਜਿਸ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਲਗੀ ਹੋਈ ਹੈ।

ਜਾ ਕੈ ਹਰਿ, ਵਸਿਆ ਮਨ ਮਾਹੀ ॥

ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ,

ਤਾ ਕਉ ਦੁਖੁ, ਸੁਪਨੈ ਭੀ ਨਾਹੀ ॥੧॥ ਰਹਾਉ ॥

ਉਸ ਨੂੰ ਸੁਪਨੇ ਵਿੱਚ ਵੀ ਪੀੜ ਨਹੀਂ ਵਾਪਰਦੀ। ਠਹਿਰਾਉ।

ਸਰਬ ਨਿਧਾਨ, ਰਾਖੇ ਜਨ ਮਾਹਿ ॥

ਚੰਗਿਆਈਆਂ ਦੇ ਸਮੂਹ ਖ਼ਜ਼ਾਨੇ ਪ੍ਰਭੂ ਨੇ ਆਪਣੇ ਗੋਲੇ ਦੇ ਚਿੱਤ ਅੰਦਰ ਟਿਕਾਏ ਹਨ।

ਤਾ ਕੈ ਸੰਗਿ, ਕਿਲਵਿਖ ਦੁਖ ਜਾਹਿ ॥੨॥

ਉਸ ਦੀ ਸੰਗਤ ਅੰਦਰ ਪਾਪ ਤੇ ਸੰਤਾਪ ਦੂਰ ਹੋ ਜਾਂਦੇ ਹਨ।

ਜਨ ਕੀ ਮਹਿਮਾ, ਕਥੀ ਨ ਜਾਇ ॥

ਰੱਬ ਦੇ ਟਹਿਲੂਏ ਦੀ ਉਪਮਾ ਬਿਆਨ ਕੀਤੀ ਨਹੀਂ ਜਾ ਸਕਦੀ।

ਪਾਰਬ੍ਰਹਮੁ, ਜਨੁ ਰਹਿਆ ਸਮਾਇ ॥੩॥

ਟਹਿਲੂਆਂ ਸ਼ਰੋਮਣੀ ਸਾਹਿਬ ਅੰਦਰ ਲੀਨ ਰਹਿੰਦਾ ਹੈ।

ਕਰਿ ਕਿਰਪਾ, ਪ੍ਰਭ ਬਿਨਉ ਸੁਨੀਜੈ ॥

ਮਿਹਰ ਧਾਰ ਹੇ ਸਾਈਂ! ਅਤੇ ਮੇਰੀ ਪ੍ਰਾਰਥਨਾ ਸੁਣ।

ਦਾਸ ਕੀ ਧੂਰਿ, ਨਾਨਕ ਕਉ ਦੀਜੈ ॥੪॥੬੭॥੧੩੬॥

੍ਰਨਾਨਕ ਨੂੰ ਆਪਣੇ ਗੋਲੇ ਦੇ ਚਰਨਾਂ ਦੀ ਧੂੜ ਦੀ ਦਾਤ ਦੇ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਹਰਿ ਸਿਮਰਤ, ਤੇਰੀ ਜਾਇ ਬਲਾਇ ॥

ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੇਰੀ ਮੁਸੀਬਤ ਟਲ ਜਾਏਗੀ,

ਸਰਬ ਕਲਿਆਣ, ਵਸੈ ਮਨਿ ਆਇ ॥੧॥

ਅਤੇ ਸਾਰੀਆਂ ਖੁਸ਼ੀਆਂ ਆ ਕੇ ਤੇਰੇ ਚਿੱਤ ਵਿੱਚ ਟਿਕ ਜਾਣਗੀਆਂ।

ਭਜੁ ਮਨ ਮੇਰੇ! ਏਕੋ ਨਾਮ ॥

ਤੂੰ ਕੇਵਲ ਨਾਮ ਦਾ ਆਰਾਧਨ ਕਰ।

ਜੀਅ ਤੇਰੇ ਕੈ, ਆਵੈ ਕਾਮ ॥੧॥ ਰਹਾਉ ॥

ਹੇ ਮੇਰੇ ਮਨੂਏ ਇਹ ਤੇਰੀ ਜਿੰਦੜੀ ਦੇ ਕੰਮ ਆਏਗਾ। ਠਹਿਰਾਉ।

ਰੈਣਿ ਦਿਨਸੁ, ਗੁਣ ਗਾਉ ਅਨੰਤੁਾ ॥

ਰਾਤ ਅਤੇ ਦਿਨ ਅਨੰਤ ਸਾਹਿਬ ਦਾ ਜੱਸ ਗਾਇਨ ਕਰ,

ਗੁਰ ਪੂਰੇ ਕਾ, ਨਿਰਮਲ ਮੰਤਾ ॥੨॥

ਪੂਰਨ ਗੁਰਾਂ ਦੇ ਪਵਿਤ੍ਰ ਉਪਦੇਸ਼ ਅਨੁਸਾਰ।

ਛੋਡਿ ਉਪਾਵ, ਏਕ ਟੇਕ ਰਾਖੁ ॥

ਹੋਰ ਉਪਰਾਲੇ ਤਿਆਗ ਦੇ ਅਤੇ ਆਪਣੇ ਭਰੋਸਾ ਕੇਵਲ ਪ੍ਰਭੂ ਉਤੇ ਰਖ।

ਮਹਾ ਪਦਾਰਥੁ, ਅੰਮ੍ਰਿਤ ਰਸੁ ਚਾਖੁ ॥੩॥

ਇਸ ਤਰ੍ਹਾਂ ਤੂੰ ਪਰਮ ਵਡਮੁੱਲੇ ਵੱਖਰ ਅੰਮ੍ਰਿਤਮਈ ਜੋਹਰ ਨੂੰ ਚੱਖ ਲਵੇਗਾ।

ਬਿਖਮ ਸਾਗਰੁ, ਤੇਈ ਜਨ ਤਰੇ ॥

ਕੇਵਲ ਓਹੀ ਪੁਰਸ਼ ਕਠਨ ਸਮੁੰਦਰ ਤੋਂ ਪਾਰ ਹੁੰਦੇ ਹਨ,

ਨਾਨਕ, ਜਾ ਕਉ ਨਦਰਿ ਕਰੇ ॥੪॥੬੮॥੧੩੭॥

ਜਿਨ੍ਹਾਂ ਉਤੇ ਹੇ ਨਾਨਕ! ਸੁਆਮੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਹਿਰਦੈ, ਚਰਨ ਕਮਲ ਪ੍ਰਭ ਧਾਰੇ ॥

ਆਪਣੇ ਚਿੱਤ ਅੰਦਰ ਮੈਂ ਠਾਕੁਰ ਦੇ ਕੰਵਲ ਰੂਪੀ ਚਰਨ ਟਿਕਾਏ ਹਨ,

ਪੂਰੇ ਸਤਿਗੁਰ, ਮਿਲਿ ਨਿਸਤਾਰੇ ॥੧॥

ਅਤੇ ਪੂਰਨ ਸੱਚੇ ਗੁਰਾਂ ਨੂੰ ਭੇਟ ਕੇ ਮੈਂ ਪਾਰ ਉਤਰ ਗਿਆ ਹਾਂ।

ਗੋਵਿੰਦ ਗੁਣ, ਗਾਵਹੁ ਮੇਰੇ ਭਾਈ! ॥

ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰੋ, ਹੇ ਮੇਰੇ ਵੀਰ!

ਮਿਲਿ ਸਾਧੂ, ਹਰਿ ਨਾਮੁ ਧਿਆਈ ॥੧॥ ਰਹਾਉ ॥

ਸੰਤ ਨੂੰ ਮਿਲ ਕੇ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੋ। ਠਹਿਰਾਉ।

ਦੁਲਭ ਦੇਹ, ਹੋਈ ਪਰਵਾਨੁ ॥

ਉਦੋਂ ਮੁਸ਼ਕਲ ਨਾਲ ਮਿਲਣ ਵਾਲਾ ਸਰੀਰ ਕਬੂਲ ਪੈ ਜਾਂਦਾ ਹੈ,

ਸਤਿਗੁਰ ਤੇ ਪਾਇਆ, ਨਾਮ ਨੀਸਾਨੁ ॥੨॥

ਜਦ ਪ੍ਰਾਨੀ ਨੂੰ ਸੱਚੇ ਗੁਰਾਂ ਪਾਸੋਂ ਨਾਮ ਦਾ ਪਰਵਾਨਾ ਮਿਲ ਜਾਂਦਾ ਹੈ।

ਹਰਿ ਸਿਮਰਤ, ਪੂਰਨ ਪਦੁ ਪਾਇਆ ॥

ਰੱਬ ਨੂੰ ਚੇਤੇ ਕਰਨ ਨਾਲ ਮੁਕੰਮਲ ਮਰਤਬਾ ਮਿਲ ਜਾਂਦਾ ਹੈ।

ਸਾਧਸੰਗਿ, ਭੈ ਭਰਮ ਮਿਟਾਇਆ ॥੩॥

ਸਤਿ ਸੰਗਤ ਅੰਦਰ ਡਰ ਤੇ ਸੰਦੇਹ ਦੂਰ ਹੋ ਜਾਂਦੇ ਹਨ।

ਜਤ ਕਤ ਦੇਖਉ, ਤਤ ਰਹਿਆ ਸਮਾਇ ॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਪ੍ਰਭੂ ਰਮ ਰਿਹਾ ਹੈ।

ਨਾਨਕ ਦਾਸ, ਹਰਿ ਕੀ ਸਰਣਾਇ ॥੪॥੬੯॥੧੩੮॥

ਨੌਕਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਗੁਰ ਜੀ ਕੇ, ਦਰਸਨ ਕਉ ਬਲਿ ਜਾਉ ॥

ਮੈਂ ਪੂਜਯ ਗੁਰਾਂ ਦੇ ਦੀਦਾਰ ਉਤੇ ਕੁਰਬਾਨ ਜਾਂਦਾ ਹਾਂ।

ਜਪਿ ਜਪਿ ਜੀਵਾ, ਸਤਿਗੁਰ ਨਾਉ ॥੧॥

ਸੱਚੇ ਗੁਰਾਂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਮੈਂ ਜੀਊਂਦਾ ਹਾਂ।

ਪਾਰਬ੍ਰਹਮ, ਪੂਰਨ ਗੁਰਦੇਵ ॥

ਹੇ ਮੇਰੇ ਪ੍ਰਭੂ-ਸਰੂਪ, ਪੂਰੇ ਅਤੇ ਪ੍ਰਕਾਸ਼ਵਾਨ ਗੁਰੂ,

ਕਰਿ ਕਿਰਪਾ, ਲਾਗਉ ਤੇਰੀ ਸੇਵ ॥੧॥ ਰਹਾਉ ॥

ਰਹਿਮਤ ਧਾਰ ਤਾਂ ਜੋ ਮੈਂ ਤੇਰੀ ਚਾਕਰੀ ਅੰਦਰ ਜੁਟ ਜਾਵਾਂ। ਠਹਿਰਾਉ।

ਚਰਨ ਕਮਲ, ਹਿਰਦੈ ਉਰ ਧਾਰੀ ॥

ਗੁਰਾਂ ਦੇ ਕੇਵਲ ਰੂਪੀ ਚਰਨ ਮੈਂ ਆਪਣੇ ਮਨ ਤੇ ਦਿਲ ਨਾਲ ਲਾਈ ਰਖਦਾ ਹਾਂ।

ਮਨ ਤਨ ਧਨ, ਗੁਰ ਪ੍ਰਾਨ ਅਧਾਰੀ ॥੨॥

ਮੈਂ ਆਪਣੀ ਆਤਮਾ ਦੇਹਿ ਅਤੇ ਦੌਲਤ ਆਪਣੀ ਜਿੰਦ ਜਾਨ ਦੇ ਆਸਰੇ ਗੁਰਾਂ ਨੂੰ ਸਮਰਪਨ ਕਰਦਾ ਹਾਂ।

ਸਫਲ ਜਨਮੁ, ਹੋਵੈ ਪਰਵਾਣੁ ॥

ਮੇਰਾ ਜੀਵਨ ਲਾਭਦਾਇਕ ਅਤੇ ਮਕਬੂਲ ਹੋ ਗਿਆ ਹੈ,

ਗੁਰੁ ਪਾਰਬ੍ਰਹਮੁ, ਨਿਕਟਿ ਕਰਿ ਜਾਣੁ ॥੩॥

ਪਰਮ ਪ੍ਰਭੂ, ਗੁਰਾਂ ਨੂੰ ਆਪਣੇ ਨੇੜੇ ਕਰ ਕੇ ਸਮਝਣ ਨਾਲ।

ਸੰਤ ਧੂਰਿ, ਪਾਈਐ ਵਡਭਾਗੀ ॥

ਬਹੁਤ ਚੰਗੇ ਨਸੀਬਾਂ ਰਾਹੀਂ ਸਾਧੂਆਂ ਦੇ ਚਰਨਾਂ ਦੀ ਖਾਕ ਪਰਾਪਤ ਹੁੰਦੀ ਹੈ।

ਨਾਨਕ, ਗੁਰ ਭੇਟਤ; ਹਰਿ ਸਿਉ ਲਿਵ ਲਾਗੀ ॥੪॥੭੦॥੧੩੯॥

ਨਾਨਕ ਗੁਰਾਂ ਨੂੰ ਮਿਲ ਪੈਣ ਦੁਆਰਾ, ਵਾਹਿਗੁਰੂ ਨਾਲ ਪ੍ਰੀਤ ਪੈ ਜਾਂਦੀ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਕਰੈ ਦੁਹਕਰਮ, ਦਿਖਾਵੈ ਹੋਰੁ ॥

ਬੰਦਾ ਮੰਦੇ ਅਮਲ ਕਮਾਉਂਦਾ ਹੈ ਪ੍ਰੰਤੂ ਵਿਖਾਂਦਾ ਦੂਜੀ ਤਰ੍ਹਾਂ ਹੈ।

ਰਾਮ ਕੀ ਦਰਗਹ, ਬਾਧਾ ਚੋਰੁ ॥੧॥

ਵਿਆਪਕ ਪ੍ਰਭਫੂਦੇ ਦਰਬਾਰ ਵਿੱਚ ਉਹ ਚੋਰ ਦੀ ਤਰ੍ਹਾਂ ਨਰੜਿਆਂ ਜਾਵੇਗਾ।

ਰਾਮੁ ਰਮੈ, ਸੋਈ ਰਾਮਾਣਾ ॥

ਜੋ ਸੁਆਮੀ ਨੂੰ ਸਿਮਰਦਾ ਹੈ, ਉਹ ਸੁਆਮੀ ਦਾ ਹੀ ਹੈ।

ਜਲਿ ਥਲਿ ਮਹੀਅਲਿ, ਏਕੁ ਸਮਾਣਾ ॥੧॥ ਰਹਾਉ ॥

ਇਕ ਸੁਆਮੀ ਸਮੁੰਦਰ, ਧਰਤੀ ਅਤੇ ਅਸਮਾਨ ਅੰਦਰ ਰਮਿਆ ਹੋਇਆ ਹੈ। ਠਹਿਰਾਉ।

ਅੰਤਰਿ ਬਿਖੁ, ਮੁਖਿ ਅੰਮ੍ਰਿਤੁ ਸੁਣਾਵੈ ॥

ਅੰਦਰ ਉਸ ਦੇ ਜ਼ਹਿਰ ਹੈ ਤੇ ਆਪਣੇ ਮੂੰਹੋ ਉਹ ਸੁਧਾਰਸੁ ਪ੍ਰਚਾਰਦਾ ਹੈ।

ਜਮ ਪੁਰਿ ਬਾਧਾ, ਚੋਟਾ ਖਾਵੈ ॥੨॥

ਮੌਤ ਦੇ ਸ਼ਹਿਰ ਵਿੱਚ ਬੰਨਿ੍ਹਆ ਹੋਇਆ ਉਹ ਸੱਟਾਂ ਸਹਾਰਦਾ ਹੈ।

ਅਨਿਕ ਪੜਦੇ ਮਹਿ, ਕਮਾਵੈ ਵਿਕਾਰ ॥

ਘਨੇਰਿਆਂ ਪਰਦਿਆਂ ਦੇ ਵਿੱਚ (ਪਿਛੇ) ਪ੍ਰਾਣੀ ਪਾਪ ਕਰਦਾ ਹੈ।

ਖਿਨ ਮਹਿ, ਪ੍ਰਗਟ ਹੋਹਿ ਸੰਸਾਰ ॥੩॥

ਪ੍ਰੰਤੂ ਇਕ ਮੋਹਤ ਅੰਦਰ ਉਹ ਜਹਾਨ ਮੂਹਰੇ ਨੰਗੇ ਹੋ ਜਾਂਦੇ ਹਨ।

ਅੰਤਰਿ ਸਾਚਿ, ਨਾਮਿ ਰਸਿ ਰਾਤਾ ॥

ਜੋ ਅੰਦਰੋ ਸੱਚਾ ਹੈ ਅਤੇ ਨਾਮ ਅੰਮ੍ਰਿਤ ਨਾਲ ਰੰਗੀਜਿਆਂ ਹੋਇਆ ਹੈ,

ਨਾਨਕ, ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥

ਨਾਨਕ, ਉਸ ਉਤੇ ਕਿਸਮਤ ਦਾ ਲਿਖਾਰੀ ਵਾਹਿਗੁਰੂ ਦਇਆਵਾਨ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਰਾਮ ਰੰਗੁ, ਕਦੇ ਉਤਰਿ ਨ ਜਾਇ ॥

ਪ੍ਰਭੂ ਦੀ ਪ੍ਰੀਤ ਕਦਾਚਿੱਤ ਬਿਨਸਦੀ ਨਹੀਂ।

ਗੁਰੁ ਪੂਰਾ, ਜਿਸੁ ਦੇਇ ਬੁਝਾਇ ॥੧॥

ਜਿਸ ਨੂੰ ਪੂਰਨ ਗੁਰੂ ਦਰਸਾਉਂਦਾ ਤੇ ਦਿੰਦਾ ਹੈ ਉਹੀ ਇਸ ਪ੍ਰੀਤ ਨੂੰ ਪਾਉਂਦਾ ਹੈ।

ਹਰਿ ਰੰਗਿ ਰਾਤਾ, ਸੋ ਮਨੁ ਸਾਚਾ ॥

ਜਿਹੜਾ ਪੁਰਸ਼ ਵਾਹਿਗੁਰੂ ਦੇ ਪਰੇਮ ਨਾਲ ਰੰਗੀਜਿਆਂ ਹੈ ਉਹ ਸੱਚਾ ਹੈ।

ਲਾਲ ਰੰਗ, ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥

ਕਿਸਮਤ ਦਾ ਲਿਖਾਰੀ ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰੀਤਮ ਸਮੂਹ-ਪਿਆਰ ਹੀ ਹੈ। ਠਹਿਰਾਉ।

ਸੰਤਹ ਸੰਗਿ, ਬੈਸਿ ਗੁਨ ਗਾਇ ॥

ਸਾਧੂਆਂ ਨਾਲ ਬੈਠ ਕੇ ਗੁਰਮੁਖ, ਪ੍ਰਭੂਫ ਦਾ ਜੱਸ ਗਾਇਨ ਕਰਦਾ ਹੈ।

ਤਾ ਕਾ ਰੰਗੁ, ਨ ਉਤਰੈ ਜਾਇ ॥੨॥

ਉਸ ਦੀ (ਪ੍ਰੇਮ ਦੀ) ਰੰਗਤ ਲਹਿੰਦੀ ਤੇ ਜਾਂਦੀ ਨਹੀਂ।

ਬਿਨੁ ਹਰਿ ਸਿਮਰਨ, ਸੁਖੁ ਨਹੀ ਪਾਇਆ ॥

ਵਾਹਿਗੁਰੂ ਦੀ ਬੰਦਗੀ ਦੇ ਬਗੈਰ ਆਰਾਮ ਪ੍ਰਾਪਤ ਨਹੀਂ ਹੁੰਦਾ।

ਆਨ ਰੰਗ, ਫੀਕੇ ਸਭ ਮਾਇਆ ॥੩॥

ਮੋਹਨੀ ਦੇ ਹੋਰ ਸਾਰੇ ਪਿਆਰ ਫਿੱਕੇ ਹਨ।

ਗੁਰਿ ਰੰਗੇ, ਸੇ ਭਏ ਨਿਹਾਲ ॥

ਜਿਨ੍ਹਾ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਨਾਲ ਰੰਗਦੇ ਹਨ, ਉਹ ਪ੍ਰਸੰਨ ਹੋ ਜਾਂਦੇ ਹਨ।

ਕਹੁ ਨਾਨਕ, ਗੁਰ ਭਏ ਹੈ ਦਇਆਲ ॥੪॥੭੨॥੧੪੧॥

ਗੁਰੂ ਜੀ ਫੁਰਮਾਉਂਦੇ ਹਨ, ਉਨ੍ਹਾਂ ਉਤੇ ਗੁਰੂ ਮਿਹਰਬਾਨ ਹੋ ਗਿਆ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਸਿਮਰਤ ਸੁਆਮੀ, ਕਿਲਵਿਖ ਨਾਸੇ ॥

ਮਾਲਕ ਦਾ ਆਰਾਧਨ ਕਰਨ ਨਾਲ ਪਾਪ ਮਿਟ ਜਾਂਦੇ ਹਨ,

ਸੂਖ ਸਹਜ, ਆਨੰਦ ਨਿਵਾਸੇ ॥੧॥

ਤੇ ਖੁਸ਼ੀ, ਆਰਾਮ ਅਤੇ ਪਰਸੰਨਤਾ ਅੰਦਰ ਵਸਦਾ ਹੈ।

ਰਾਮ ਜਨਾ ਕਉ, ਰਾਮ ਭਰੋਸਾ ॥

ਸਾਈਂ ਦੇ ਗੁਮਾਸ਼ਤਿਆਂ ਦਾ ਸਾਈਂ ਵਿੱਚ ਹੀ ਵਿਸ਼ਵਾਸ ਹੈ।

ਨਾਮੁ ਜਪਤ, ਸਭੁ ਮਿਟਿਓ ਅੰਦੇਸਾ ॥੧॥ ਰਹਾਉ ॥

ਨਾਮ ਦਾ ਸਿਮਰਨ ਕਰਨ ਤੇ ਸਾਰੇ ਫਿਕਰ ਨਾਬੂਦ ਹੋ ਜਾਂਦੇ ਹਨ। ਠਹਿਰਾਉ।

ਸਾਧਸੰਗਿ, ਕਛੁ ਭਉ ਨ ਭਰਾਤੀ ॥

ਸਤਿ ਸੰਗਤਿ ਅੰਦਰ ਕੋਈ ਡਰ ਅਤੇ ਵਹਿਮ ਨਹੀਂ ਵਿਆਪਦਾ,

ਗੁਣ ਗੋਪਾਲ, ਗਾਈਅਹਿ ਦਿਨੁ ਰਾਤੀ ॥੨॥

ਅਤੇ ਦਿਨ ਰਾਤ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰੀਦਾ ਹੈ।

ਕਰਿ ਕਿਰਪਾ, ਪ੍ਰਭ ਬੰਧਨ ਛੋਟ ॥

ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਬੇੜੀਆਂ ਤੋਂ ਆਜਾਦ ਕਰ ਦਿਤਾ ਹੈ,

ਚਰਣ ਕਮਲ ਕੀ, ਦੀਨੀ ਓਟ ॥੩॥

ਅਤੇ ਮੈਨੂੰ ਆਪਦੇ ਕੰਵਲਰੂਪੀ ਚਰਨਾ ਦਾ ਆਸਰਾ ਦਿੱਤਾ ਹੈ।

ਕਹੁ ਨਾਨਕ, ਮਨਿ ਭਈ ਪਰਤੀਤਿ ॥

ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਦਾਸ ਦੇ ਚਿੱਤ ਅੰਦਰ ਭਰੋਸਾ ਆ ਜਾਂਦਾ ਹੈ,

ਨਿਰਮਲ ਜਸੁ, ਪੀਵਹਿ ਜਨ ਨੀਤਿ ॥੪॥੭੩॥੧੪੨॥

ਅਤੇ ਉਹ ਸਦੀਵ ਹੀ, ਸੁਆਮੀ ਦੀ ਪਵਿੱਤ੍ਰ ਮਹਿਮਾ ਪਾਨ ਕਰਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਹਰਿ ਚਰਣੀ, ਜਾ ਕਾ ਮਨੁ ਲਾਗਾ ॥

ਜਿਸ ਦਾ ਚਿੱਤ ਵਾਹਿਗੁਰੂ ਦੇ ਚਰਨਾ ਨਾਲ ਜੁੜਿਆ ਹੈ,

ਦੂਖੁ ਦਰਦੁ ਭ੍ਰਮੁ, ਤਾ ਕਾ ਭਾਗਾ ॥੧॥

ਉਸ ਦੀ ਮੁਸੀਬਤ, ਪੀੜਾ ਤੇ ਸੰਦੇਹ ਦੌੜ ਜਾਂਦੇ ਹਨ।

ਹਰਿ ਧਨ ਕੋ ਵਾਪਾਰੀ, ਪੂਰਾ ॥

ਪੂਰਨ ਹੈ ਉਹ ਵਣਜਾਰਾ ਜੋ ਵਾਹਿਗੁਰੂ ਦੇ ਪਦਾਰਥ ਨੂੰ ਵਿਹਾਜਦਾ ਹੈ।

ਜਿਸਹਿ ਨਿਵਾਜੇ, ਸੋ ਜਨੁ ਸੂਰਾ ॥੧॥ ਰਹਾਉ ॥

ਕੇਵਲ ਉਹੀ ਪੁਰਸ਼ ਸੂਰਮਾ ਹੈ ਜਿਸ ਨੂੰ ਸਾਹਿਬ ਇੱਜ਼ਤ ਬਖਸ਼ਦਾ ਹੈ। ਠਹਿਰਾਉ।

ਜਾ ਕਉ ਭਏ, ਕ੍ਰਿਪਾਲ ਗੁਸਾਈ ॥

ਜਿਨ੍ਹਾਂ ਉਤੇ ਸੰਸਾਰ ਦਾ ਸੁਆਮੀ ਮਿਹਰਬਾਨ ਹੁੰਦਾ ਹੈ,

ਸੇ ਜਨ ਲਾਗੇ, ਗੁਰ ਕੀ ਪਾਈ ॥੨॥

ਉਹ ਇਨਸਾਨ ਗੁਰਾਂ ਦੇ ਪੈਰੀ ਪੈਂਦੇ ਹਨ।

ਸੂਖ ਸਹਜ, ਸਾਂਤਿ ਆਨੰਦਾ ॥

ਉਨ੍ਹਾਂ ਨੂੰ ਬੈਕੁੰਠੀ ਆਰਾਮ, ਠੰਢ-ਚੈਨ, ਅਤੇ ਖੁਸ਼ੀ ਦੀ ਦਾਤ ਮਿਲਦੀ ਹੈ,

ਜਪਿ ਜਪਿ ਜੀਵੇ, ਪਰਮਾਨੰਦਾ ॥੩॥

ਅਤੇ ਪਰਮ ਪਰਸੰਨਤ ਦੇਣ ਵਾਲਾ ਸਿਮਰਨ ਕਰ ਕਰ ਜੀਉਂਦੇ ਹਨ।

ਨਾਮ ਰਾਸਿ, ਸਾਧ ਸੰਗਿ ਖਾਟੀ ॥

ਸਤਿ ਸੰਗਤ ਅੰਦਰ ਮੈਂ ਹਰੀ ਨਾਮ ਦੀ ਪੂੰਜੀ ਖੱਟੀ ਹੈ।

ਕਹੁ ਨਾਨਕ, ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥

ਗੁਰੂ ਜੀ ਆਖਦੇ ਹਨ, ਠਾਕੁਰ ਨੇ ਮੇਰੀ ਬਿਪਤਾ ਮੇਟ ਸਟੀ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਹਰਿ ਸਿਮਰਤ, ਸਭਿ ਮਿਟਹਿ ਕਲੇਸ ॥

ਵਾਹਿਗੁਰੂ ਦਾ ਭਜਨ ਕਰਨ ਨਾਲ ਸਾਰੇ ਦੁਖੜੇ ਮੁਕ ਜਾਂਦੇ ਹਨ।

ਚਰਣ ਕਮਲ, ਮਨ ਮਹਿ ਪਰਵੇਸ ॥੧॥

ਪ੍ਰਭੂ ਦੇ ਕੰਵਲ ਰੂਪੀ ਚਰਨ ਚਿੱਤ ਅੰਦਰ ਟਿਕ ਜਾਂਦੇ ਹਨ।

ਉਚਰਹੁ ਰਾਮ ਨਾਮੁ, ਲਖ ਬਾਰੀ ॥

ਤੂੰ ਵਿਆਪਕ ਸੁਆਮੀ ਦੇ ਨਾਮ ਦਾ ਲੱਖਾਂ ਵਾਰੀ ਉਚਾਰਨ ਕਰ।

ਅੰਮ੍ਰਿਤ ਰਸੁ ਪੀਵਹੁ ਪ੍ਰਭ, ਪਿਆਰੀ! ॥੧॥ ਰਹਾਉ ॥

ਹੈ ਮੇਰੀ ਲਾਡਲੀ ਜੀਭ! ਤੂੰ ਸੁਆਮੀ ਦਾ ਸੁਰਜੀਤ ਕਰਨ ਵਾਲਾ ਸੁਘਾਰਸ ਪਾਨ ਕਰ। ਠਹਿਰਾਉ।

ਸੂਖ ਸਹਜ ਰਸ, ਮਹਾ ਅਨੰਦਾ ॥

ਤੈਨੂੰ ਅਰਾਮ, ਅਡੋਲਤਾ ਖੁਸ਼ੀ ਅਤੇ ਮਹਾਨ ਪ੍ਰਸੰਨਤਾ ਪ੍ਰਾਪਤ ਹੋਵੇਗੀ,

ਜਪਿ ਜਪਿ ਜੀਵੇ, ਪਰਮਾਨੰਦਾ ॥੨॥

ਜੇਕਰ ਤੂੰ ਪਰਮ ਪਰਸੰਨਤਾ ਸਰੂਪ ਵਾਹਿਗੁਰੂ ਦਾ ਬਾਰੰਬਾਰ ਸਿਮਰਨ ਕਰਨ ਦੁਆਰਾ ਆਪਦਾ ਜੀਵਨ ਬਤੀਤ ਕਰੇਂ।

ਕਾਮ ਕ੍ਰੋਧ ਲੋਭ ਮਦ ਖੋਏ ॥

ਸ਼ਹਿਵਤ ਰੋਹ, ਤਮ੍ਹਾਂ ਅਤੇ ਹੈਂਕੜ ਦੂਰ ਹੋ ਜਾਂਦੇ ਹਨ,

ਸਾਧ ਕੈ ਸੰਗਿ, ਕਿਲਬਿਖ ਸਭ ਧੋਏ ॥੩॥

ਅਤੇ ਸਤਿਸੰਗਤ ਅੰਦਰ ਇਨਸਾਨ ਦੇ ਸਮੂਹ ਪਾਪ ਧੋਤੇ ਜਾਂਦੇ ਹਨ।

ਕਰਿ ਕਿਰਪਾ, ਪ੍ਰਭ ਦੀਨ ਦਇਆਲਾ ॥

ਆਪਦੀ ਰਹਿਮਤ ਧਾਰ ਹੇ ਗਰੀਬਾਂ ਦੇ ਮਿਹਰਬਾਨ ਸੁਆਮੀ!

ਨਾਨਕ ਦੀਜੈ, ਸਾਧ ਰਵਾਲਾ ॥੪॥੭੫॥੧੪੪॥

ਅਤੇ ਨਾਨਕ ਨੂੰ ਸੰਤਾਂ ਦੇ ਚਰਨਾ ਦੀ ਧੂੜ ਪ੍ਰਦਾਨ ਕਰ।

1
2
3
4
5
6
7
8
9
10
11
12