ਰਾਗ ਗਉੜੀ – ਬਾਣੀ ਸ਼ਬਦ-Part 4 – Raag Gauri – Bani

ਰਾਗ ਗਉੜੀ – ਬਾਣੀ ਸ਼ਬਦ-Part 4 – Raag Gauri – Bani

ਗਉੜੀ ਮਹਲਾ ੩ ॥

ਗਊੜੀ ਪਾਤਸ਼ਾਹੀ ਤੀਜੀ।

ਗੁਰਮੁਖਿ ਸੇਵਾ, ਪ੍ਰਾਨ ਅਧਾਰਾ ॥

ਸਾਈਂ ਦੀ ਘਾਲ ਗੁਰੂ-ਅਨੁਸਾਰੀ ਦੀ ਜਿੰਦੜੀ ਦਾ ਆਸਰਾ ਹੈ।

ਹਰਿ ਜੀਉ ਰਾਖਹੁ, ਹਿਰਦੈ ਉਰ ਧਾਰਾ ॥

ਮਾਣਨੀਯ ਮਾਲਕ ਨੂੰ ਤੂੰ ਆਪਣੇ ਰਿਦੇ ਅਤੇ ਆਤਮਾ ਨਾਲ ਲਾਈ ਰੱਖ।

ਗੁਰਮੁਖਿ ਸੋਭਾ, ਸਾਚੁ ਦੁਆਰਾ ॥੧॥

ਗੁਰਾਂ ਦੇ ਰਾਹੀਂ ਸੱਚੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ।

ਪੰਡਿਤ ਹਰਿ ਪੜੁ, ਤਜਹੁ ਵਿਕਾਰਾ ॥

ਹੈ ਵਿਦਵਾਨ ਤੂੰ ਵਾਹਿਗੁਰੂ ਦੇ ਨਾਮ ਨੂੰ ਵਾਚ ਅਤੇ ਬਦੀ ਨੂੰ ਛੱਡ ਦੇ।

ਗੁਰਮੁਖਿ ਭਉਜਲੁ, ਉਤਰਹੁ ਪਾਰਾ ॥੧॥ ਰਹਾਉ ॥

ਗੁਰਾਂ ਦੁਆਰਾ ਤੂੰ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।

ਗੁਰਮੁਖਿ ਵਿਚਹੁ, ਹਉਮੈ ਜਾਇ ॥

ਗੁਰਾਂ ਦੇ ਰਾਹੀਂ ਹੰਕਾਰ ਅੰਦਰੋਂ ਚਲਿਆ ਜਾਂਦਾ ਹੈ।

ਗੁਰਮੁਖਿ, ਮੈਲੁ ਨ ਲਾਗੈ ਆਇ ॥

ਗੁਰਾਂ ਦੇ ਰਾਹੀਂ, ਮਲੀਨਤਾ ਮਨ ਨੂੰ ਨਹੀਂ ਚਿਮੜਦੀ।

ਗੁਰਮੁਖਿ, ਨਾਮੁ ਵਸੈ ਮਨਿ ਆਇ ॥੨॥

ਗੁਰਾਂ ਦੇ ਰਾਹੀਂ ਨਾਮ ਆ ਕੇ ਚਿੱਤ ਅੰਦਰ ਟਿਕ ਜਾਂਦਾ ਹੈ।

ਗੁਰਮੁਖਿ, ਕਰਮ ਧਰਮ ਸਚਿ ਹੋਈ ॥

ਗੁਰਾਂ ਦੀ ਦਇਆ ਦੁਆਰਾ ਸੱਚ ਇਨਸਾਨ ਦਾ ਅਮਲ ਅਤੇ ਮਜ਼ਹਬ ਹੋ ਜਾਂਦਾ ਹੈ।

ਗੁਰਮੁਖਿ, ਅਹੰਕਾਰੁ ਜਲਾਏ ਦੋਈ ॥

ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਗ਼ਰੂਰ ਤੇ ਦਵੈਤ-ਭਾਵ ਨੂੰ ਸਾੜ ਸੁਟਦਾ ਹੈ।

ਗੁਰਮੁਖਿ, ਨਾਮ ਰਤੇ ਸੁਖੁ ਹੋਈ ॥੩॥

ਗੁਰਾਂ ਦੀ ਦਇਆ ਦੁਆਰਾ, ਮਨੁੱਖ ਨਾਮ ਨਾਲ ਰੰਗੀਜਦਾ ਹੈ ਤੇ ਠੰਡ ਚੈਨ ਦੀ ਪ੍ਰਾਪਤੀ ਹੁੰਦੀ ਹੈ।

ਆਪਣਾ ਮਨੁ ਪਰਬੋਧਹੁ, ਬੂਝਹੁ ਸੋਈ ॥

ਆਪਣੇ ਮਨੂਏ ਨੂੰ ਸਿਖ-ਮਤ ਦੇ ਅਤੇ ਉਸ ਸਾਹਿਬ ਨੂੰ ਸਮਝ।

ਲੋਕ ਸਮਝਾਵਹੁ, ਸੁਣੇ ਨ ਕੋਈ ॥

ਨਹੀਂ ਤਾਂ ਜਿਨ੍ਹਾਂ ਜੀ ਚਾਹੇ ਤੂੰ ਲੋਗਾਂ ਨੂੰ ਉਪਦੇਸ਼ ਕਰ, ਕੋਈ ਭੀ ਤੇਰੀ ਗੱਲ ਨਹੀਂ ਸੁਣੇਗਾ।

ਗੁਰਮੁਖਿ ਸਮਝਹੁ, ਸਦਾ ਸੁਖੁ ਹੋਈ ॥੪॥

ਗੁਰਾਂ ਦੀ ਮਿਹਰ ਦੁਆਰਾ ਸਾਹਿਬ ਦੀ ਗਿਆਤ ਕਰ ਅਤੇ ਤੈਨੂੰ ਸਦੀਵ ਹੀ ਆਰਾਮ ਪ੍ਰਾਪਤ ਹੋਵੇਗਾ।

ਮਨਮੁਖਿ ਡੰਫੁ, ਬਹੁਤੁ ਚਤੁਰਾਈ ॥

ਅਧਰਮੀ ਘਨੇਰਾ ਪਖੰਡੀ ਤੇ ਚਾਲਾਕ ਹੁੰਦਾ ਹੈ।

ਜੋ ਕਿਛੁ ਕਮਾਵੈ, ਸੁ ਥਾਇ ਨ ਪਾਈ ॥

ਜਿਹੜਾ ਕੁਝ ਭੀ ਉਹ ਕਰਦਾ ਹੈ, ਉਹ ਕਬੂਲ ਨਹੀਂ ਪੈਦਾ।

ਆਵੈ ਜਾਵੈ, ਠਉਰ ਨ ਕਾਈ ॥੫॥

ਉਹ ਆਉਂਦਾ ਤੇ ਜਾਂਦਾ ਹੈ ਅਤੇ ਉਸ ਨੂੰ ਆਰਾਮ ਦੀ ਕੋਈ ਜਗ੍ਹਾਂ ਨਹੀਂ ਮਿਲਦੀ।

ਮਨਮੁਖ ਕਰਮ ਕਰੇ, ਬਹੁਤੁ ਅਭਿਮਾਨਾ ॥

ਆਪ-ਹੁਦਰਾ ਘਣੇ ਹੰਕਾਰ ਅੰਦਰ ਕਰਮ ਕਾਂਡ ਕਮਾਉਂਦਾ ਹੈ।

ਬਗ ਜਿਉ, ਲਾਇ ਬਹੈ ਨਿਤ ਧਿਆਨਾ ॥

ਬਗਲੇ ਦੀ ਤਰ੍ਹਾਂ ਉਹ ਸਦੀਵ ਹੀ ਸਮਾਧੀ ਲਾ ਕੇ ਬੈਠਦਾ ਹੈ।

ਜਮਿ ਪਕੜਿਆ, ਤਬ ਹੀ ਪਛੁਤਾਨਾ ॥੬॥

ਜਦ ਮੌਤ ਦਾ ਦੂਤ ਉਸ ਨੂੰ ਫੜ ਲੈਂਦਾ ਹੈ ਤਦੇ ਉਹ ਪਸਚਾਤਾਪ ਕਰਦਾ ਹੈ।

ਬਿਨੁ ਸਤਿਗੁਰ ਸੇਵੇ, ਮੁਕਤਿ ਨ ਹੋਈ ॥

ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਮੁਕਤੀ ਨਹੀਂ ਮਿਲਦੀ।

ਗੁਰ ਪਰਸਾਦੀ, ਮਿਲੈ ਹਰਿ ਸੋਈ ॥

ਗੁਰਾਂ ਦੀ ਮਿਹਰ ਸਦਕਾ ਉਹ ਸੁਆਮੀ ਮਿਲ ਪੈਦਾ ਹੈ।

ਗੁਰੁ ਦਾਤਾ, ਜੁਗ ਚਾਰੇ ਹੋਈ ॥੭॥

ਚੋਹਾ ਹੀ ਯੁਗਾਂ ਅੰਦਰ ਗੁਰੂ ਜੀ ਦਾਤਾਂ ਦੇਣ ਵਾਲੇ ਹਨ।

ਗੁਰਮੁਖਿ ਜਾਤਿ ਪਤਿ, ਨਾਮੇ ਵਡਿਆਈ ॥

ਰੱਬ ਦਾ ਨਾਮ ਗੁਰੂ ਦੇ ਸੱਚੇ ਸਿੱਖਾਂ ਦੇ ਜਾਤੀ ਇੱਜ਼ਤ ਅਤੇ ਸੋਭਾ ਹੈ।

ਸਾਇਰ ਕੀ ਪੁਤ੍ਰੀ, ਬਿਦਾਰਿ ਗਵਾਈ ॥

ਸਮੁੰਦਰ ਦੀ ਬੇਟੀ, ਮਾਇਆ, ਉਨ੍ਹਾਂ ਨੇ ਕੁੱਟ ਕੇ ਮਾਰ ਸੁੱਟੀ ਹੈ।

ਨਾਨਕ, ਬਿਨੁ ਨਾਵੈ, ਝੂਠੀ ਚਤੁਰਾਈ ॥੮॥੨॥

ਨਾਨਕ, ਨਾਮ ਦੇ ਬਗੈਰ, ਸਾਰੀ ਹੁਸ਼ਿਆਰੀ ਕੂੜੀ ਹੈ।


ਗਉੜੀ ਮ: ੩ ॥

ਗਊੜੀ ਪਾਤਸ਼ਾਹੀ ਤੀਜੀ।

ਇਸੁ ਜੁਗ ਕਾ ਧਰਮੁ, ਪੜਹੁ ਤੁਮ ਭਾਈ ॥

ਤੁਸੀਂ ਹੈ ਭਰਾਓ! ਇਸ ਯੁੱਗ ਦੇ ਮਜ਼ਹਬ (ਵਾਹਿਗੁਰੂ ਦੇ ਨਾਮ) ਨੂੰ ਉਚਾਰਨ ਕਰੋ।

ਪੂਰੈ ਗੁਰਿ, ਸਭ ਸੋਝੀ ਪਾਈ ॥

ਪੂਰਨ ਗੁਰਾਂ ਨੇ ਮੈਨੂੰ ਸਾਰੀ ਗਿਆਤ ਦਰਸਾ ਦਿੱਤੀ ਹੈ।

ਐਥੈ ਅਗੈ, ਹਰਿ ਨਾਮੁ ਸਖਾਈ ॥੧॥

ਇਸ ਲੋਕ ਅਤੇ ਪ੍ਰਲੋਕ ਵਿੱਚ ਰੱਬ ਦਾ ਨਾਮ ਪ੍ਰਾਣੀ ਦਾ ਸਹਾਇਕ ਹੈ।

ਰਾਮ ਪੜਹੁ, ਮਨਿ ਕਰਹੁ ਬੀਚਾਰੁ ॥

ਤੂੰ ਪ੍ਰਭੂ ਦੇ ਨਾਮ ਦਾ ਜਾਪ ਕਰ ਅਤੇ ਆਪਣੇ ਚਿੱਤ ਅੰਦਰ ਉਸ ਨੂੰ ਸੋਚ ਸਮਝ।

ਗੁਰ ਪਰਸਾਦੀ, ਮੈਲੁ ਉਤਾਰੁ ॥੧॥ ਰਹਾਉ ॥

ਗੁਰਾਂ ਦੀ ਦਇਆ ਦੁਆਰਾ ਆਪਣੀ ਗਿਲਾਜ਼ਤ ਨੂੰ ਧੋ ਸੁੱਟ। ਠਹਿਰਾਉ।

ਵਾਦਿ ਵਿਰੋਧਿ, ਨ ਪਾਇਆ ਜਾਇ ॥

ਬਹਿਸ ਮੁਬਾਹਿਸਿਆਂ ਅਤੇ ਦੰਗੇ-ਫ਼ਸਾਦਾ ਰਾਹੀਂ ਪ੍ਰਭੂ ਪ੍ਰਾਪਤ ਨਹੀਂ ਹੁੰਦਾ।

ਮਨੁ ਤਨੁ ਫੀਕਾ, ਦੂਜੈ ਭਾਇ ॥

ਹੋਰਸ ਦੀ ਪ੍ਰੀਤ ਦੁਆਰਾ, ਆਤਮਾ ਤੇ ਦੇਹਿ ਫਿਕੇ ਹੋ ਜਾਂਦੇ ਹਨ।

ਗੁਰ ਕੈ ਸਬਦਿ, ਸਚਿ ਲਿਵ ਲਾਇ ॥੨॥

ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸੁਆਮੀ ਨਾਲ ਪਿਰਹੜੀ ਪਾ।

ਹਉਮੈ ਮੈਲਾ, ਇਹੁ ਸੰਸਾਰਾ ॥

ਸਵੈ-ਹੰਗਤਾ ਨਾਲ ਇਹ ਜਹਾਨ ਗੰਦਾ ਹੋ ਗਿਆ ਹੈ।

ਨਿਤ ਤੀਰਥਿ ਨਾਵੈ, ਨ ਜਾਇ ਅਹੰਕਾਰਾ ॥

ਹਰ ਰੋਜ਼ ਪਵਿੱਤ੍ਰ ਪਾਣੀ ਵਿੱਚ ਇਸ਼ਨਾਨ ਕਰਨ ਦੁਆਰਾ ਹੰਗਤਾ ਦੂਰ ਨਹੀਂ ਹੁੰਦੀ।

ਬਿਨ ਗੁਰ ਭੇਟੇ, ਜਮੁ ਕਰੇ ਖੁਆਰਾ ॥੩॥

ਗੁਰਾਂ ਦੇ ਮਿਲਣ ਦੇ ਬਾਝੋਂ ਮੌਤ ਬੰਦੇ ਨੂੰ ਅਵਾਜਾਰ ਕਰਦੀ ਹੈ।

ਸੋ ਜਨੁ ਸਾਚਾ, ਜਿ ਹਉਮੈ ਮਾਰੈ ॥

ਸੱਚਾ ਹੈ ਉਹ ਇਨਸਾਨ ਜੋ ਆਪਣੇ ਗ਼ਰੂਰ ਨੂੰ ਮੇਟ ਸੁਟਦਾ ਹੈ,

ਗੁਰ ਕੈ ਸਬਦਿ, ਪੰਚ ਸੰਘਾਰੈ ॥

ਤੇ ਗੁਰਾਂ ਦੀ ਸਿੱਖ-ਮਤ ਦੁਆਰਾ ਪੰਜਾਂ ਦੂਤਾਂ ਨੂੰ ਨਾਸ ਕਰ ਦਿੰਦਾ ਹੈ।

ਆਪਿ ਤਰੈ, ਸਗਲੇ ਕੁਲ ਤਾਰੈ ॥੪॥

ਉਹ ਖੁਦ ਬਚ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਬਚਾ ਲੈਂਦਾ ਹੈ।

ਮਾਇਆ ਮੋਹਿ, ਨਟਿ ਬਾਜੀ ਪਾਈ ॥

ਕਲਾਕਾਰ ਨੇ ਮੋਹਨੀ ਦੀ ਲਗਨ ਪ੍ਰਾਣੀਆਂ ਲਈ ਇਕ ਖੇਲ੍ਹ ਰਚਿਆ ਹੈ।

ਮਨਮੁਖ ਅੰਧ, ਰਹੇ ਲਪਟਾਈ ॥

ਅੰਨ੍ਹੇ ਅਧਰਮੀ ਇਸ ਨੂੰ ਚਿਮੜੇ ਰਹਿੰਦੇ ਹਨ।

ਗੁਰਮੁਖਿ, ਅਲਿਪਤ ਰਹੇ ਲਿਵ ਲਾਈ ॥੫॥

ਗੁਰੂ-ਸਮਰਪਨ ਅਟੰਕ ਰਹਿੰਦੇ ਅਤੇ ਵਾਹਿਗੁਰੂ ਨਾਲ ਪ੍ਰੇਮ ਪਾਉਂਦੇ ਹਨ।

ਬਹੁਤੇ ਭੇਖ ਕਰੈ, ਭੇਖਧਾਰੀ ॥

ਬਹੁਰੂਪੀਆਂ ਅਨੇਕਾਂ ਵੇਸ ਬਣਾਉਂਦਾ ਹੈ।

ਅੰਤਰਿ ਤਿਸਨਾ, ਫਿਰੈ ਅਹੰਕਾਰੀ ॥

ਉਸ ਦੇ ਅੰਦਰ ਖ਼ਾਹਿਸ਼ ਹੈ ਅਤੇ ਉਹ ਅਭਿਮਾਨੀ ਹੋ ਕੇ ਤੁਰਿਆ ਫਿਰਦਾ ਹੈ।

ਆਪੁ ਨ ਚੀਨੈ, ਬਾਜੀ ਹਾਰੀ ॥੬॥

ਆਪਣੇ ਆਪ ਨੂੰ ਉਹ ਸਮਝਦਾ ਨਹੀਂ ਅਤੇ ਖੇਡ ਹਾਰ ਦਿੰਦਾ ਹੈ।

ਕਾਪੜ ਪਹਿਰਿ, ਕਰੇ ਚਤੁਰਾਈ ॥

ਧਾਰਮਕ ਭੇਸ ਧਾਰਨ ਕਰ ਕੇ ਕਈ ਜਣੇ ਚਲਾਕੀਆਂ ਕਰਦੇ ਹਨ।

ਮਾਇਆ ਮੋਹਿ, ਅਤਿ ਭਰਮਿ ਭੁਲਾਈ ॥

ਧਨ ਦੀ ਪ੍ਰੀਤ ਤੇ ਸੰਦੇਹ ਨੇ ਉਨ੍ਹਾਂ ਨੂੰ ਵਡਾ ਗੁਮਰਾਹ ਕੀਤਾ ਹੋਇਆ ਹੈ।

ਬਿਨੁ ਗੁਰ ਸੇਵੇ, ਬਹੁਤੁ ਦੁਖੁ ਪਾਈ ॥੭॥

ਗੁਰਾਂ ਦੀ ਚਾਕਰੀ ਕਰਨ ਦੇ ਬਿਨਾ ਉਹ ਬੜੀ ਤਕਲੀਫ ਉਠਾਉਂਦੇ ਹਨ।

ਨਾਮਿ ਰਤੇ, ਸਦਾ ਬੈਰਾਗੀ ॥

ਜੋ ਹਰੀ ਦੇ ਨਾਮ ਨਾਲ ਰੰਗੀਜੇ ਹਨ, ਉਹ ਸਦੀਵ ਹੀ ਨਿਰਲੇਪ ਰਹਿੰਦੇ ਹਨ।

ਗ੍ਰਿਹੀ ਅੰਤਰਿ, ਸਾਚਿ ਲਿਵ ਲਾਗੀ ॥

ਭਾਵੇਂ ਉਹ ਘਰਬਾਰੀ ਹਨ, ਉਹ ਆਪਣੇ ਹਿਰਦੇ ਅੰਦਰ ਸਚੇ ਸੁਆਮੀ ਨਾਲ ਪਿਰਹੜੀ ਪਾਉਂਦੇ ਹਨ।

ਨਾਨਕ, ਸਤਿਗੁਰੁ ਸੇਵਹਿ; ਸੇ ਵਡਭਾਗੀ ॥੮॥੩॥

ਨਾਨਕ, ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।


ਗਉੜੀ ਮਹਲਾ ੩ ॥

ਗਊੜੀ ਪਾਤਸ਼ਾਹੀ ਤੀਜੀ।

ਬ੍ਰਹਮਾ ਮੂਲੁ, ਵੇਦ ਅਭਿਆਸਾ ॥

ਬ੍ਰਹਮਾ ਵੇਦਾਂ ਦੇ ਪੜ੍ਹਣ ਘੋਖਣ ਦਾ ਬਾਨੀ ਹੈ।

ਤਿਸ ਤੇ ਉਪਜੇ, ਦੇਵ ਮੋਹ ਪਿਆਸਾ ॥

ਸੰਸਾਰੀ ਮਮਤਾ ਅਤੇ ਜ਼ਾਹਿਸ਼ ਦੇ ਗ੍ਰਸੇ ਹੋਏ ਦੇਵਤੇ ਉਸ ਤੋਂ ਪੈਦਾ ਹੋਏ।

ਤ੍ਰੈ ਗੁਣ ਭਰਮੇ, ਨਾਹੀ ਨਿਜ ਘਰਿ ਵਾਸਾ ॥੧॥

ਉਹ ਤਿੰਨਾਂ ਲਛਣਾ ਅੰਦਰ ਭਟਕਦੇ ਅਤੇ ਆਪਣੇ ਨਿਜ ਦੇ ਗ੍ਰਹਿ ਨਹੀਂ ਵਸਦੇ।

ਹਮ ਹਰਿ ਰਾਖੇ, ਸਤਿਗੁਰੂ ਮਿਲਾਇਆ ॥

ਸੱਚੇ ਗੁਰਾਂ ਦੇ ਨਾਮ ਮਿਲਾ ਕੇ, ਪ੍ਰਭੂ ਨੇ ਮੈਨੂੰ ਬਚਾ ਲਿਆ ਹੈ।

ਅਨਦਿਨੁ ਭਗਤਿ, ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥

ਰਾਤ ਦਿਨ ਦੀ ਪ੍ਰੇਮ-ਮਈ ਸੇਵਾ ਅਤੇ ਵਾਹਿਗੁਰੂ ਦਾ ਨਾਮ, ਗੁਰਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ। ਠਹਿਰਾਉ।

ਤ੍ਰੈ ਗੁਣ ਬਾਣੀ, ਬ੍ਰਹਮ ਜੰਜਾਲਾ ॥

ਬ੍ਰਹਮਾ ਦੀਆਂ ਰਚਨਾਵਾਂ ਬੰਦਿਆਂ ਨੂੰ ਤਿੰਨਾਂ ਸੁਭਾਵਾ ਦੀ ਫ਼ਾਹੀ ਵਿੱਚ ਫਸਾ ਦਿੰਦੀ ਹੈ।

ਪੜਿ ਵਾਦੁ ਵਖਾਣਹਿ, ਸਿਰਿ ਮਾਰੇ ਜਮਕਾਲਾ ॥

ਉਸ ਵਿੱਚ ਉਹ ਕਾਰਨਾਮਿਆਂ ਵਾਲੇ ਕਾਵਯ ਵਾਚਦੇ ਹਨ, ਅਤੇ ਮੌਤ ਦਾ ਦੂਤ ਉਨ੍ਹਾਂ ਦੇ ਮੂੰਡ ਉਤੇ ਸੱਟ ਮਾਰਦਾ ਹੈ।

ਤਤੁ ਨ ਚੀਨਹਿ, ਬੰਨਹਿ ਪੰਡ ਪਰਾਲਾ ॥੨॥

ਉਹ ਅਸਲੀਅਤ ਨੂੰ ਨਹੀਂ ਸਮਝਦੇ ਅਤੇ ਘਾਹ ਫੂਸ ਦੀ ਗਠੜੀ ਬੰਨ੍ਹਦੇ ਹਨ।

ਮਨਮੁਖ ਅਗਿਆਨਿ, ਕੁਮਾਰਗਿ ਪਾਏ ॥

ਬੇਸਮਝੀ ਆਪ-ਹੁਦਰੇ ਪੁਰਸ਼ ਨੂੰ ਮੰਦੇ ਰਾਹੇ ਪਾ ਦਿੰਦੀ ਹੈ।

ਹਰਿ ਨਾਮੁ ਬਿਸਾਰਿਆ, ਬਹੁ ਕਰਮ ਦ੍ਰਿੜਾਏ ॥

ਉਹ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਅਨੇਕਾਂ ਕਰਮ ਕਾਂਡਾਂ ਨੂੰ ਘੁਟ ਕੇ ਫੜ ਲੈਂਦਾ ਹੈ।

ਭਵਜਲਿ ਡੂਬੇ, ਦੂਜੈ ਭਾਏ ॥੩॥

ਦਵੈਤ-ਭਾਵ ਦੇ ਕਾਰਨ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਡੁਬ ਜਾਂਦਾ ਹੈ।

ਮਾਇਆ ਕਾ ਮੁਹਤਾਜੁ, ਪੰਡਿਤੁ ਕਹਾਵੈ ॥

ਧੰਨ-ਦੌਲਤ ਦਾ ਲੋੜਵੰਦ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਹੈ।

ਬਿਖਿਆ ਰਾਤਾ, ਬਹੁਤੁ ਦੁਖੁ ਪਾਵੈ ॥

ਪਾਪ ਨਾਲ ਰੰਗਿਆ ਹੋਇਆ ਉਹ ਬੜਾ ਕਸ਼ਟ ਉਠਾਉਂਦਾ ਹੈ।

ਜਮ ਕਾ ਗਲਿ ਜੇਵੜਾ, ਨਿਤ ਕਾਲੁ ਸੰਤਾਵੈ ॥੪॥

ਮੌਤ ਦੇ ਜੱਲਾਦ ਦਾ ਰੱਸਾ ਉਸ ਦੀ ਗਰਦਨ ਦੁਆਲੇ ਹੈ, ਤੇ ਮੌਤ ਹਮੇਸ਼ਾਂ ਹੀ ਉਸ ਨੂੰ ਦੁਖ ਦਿੰਦੀ ਹੈ।

ਗੁਰਮੁਖਿ, ਜਮਕਾਲ ਨੇੜਿ ਨ ਆਵੈ ॥

ਮੌਤ ਦਾ ਦੂਤ ਗੁਰੂ-ਸਮਰਪਨਾ ਦੇ ਲਾਗੇ ਨਹੀਂ ਲਗਦਾ!

ਹਉਮੈ ਦੂਜਾ, ਸਬਦਿ ਜਲਾਵੈ ॥

ਸਾਈਂ ਦਾ ਨਾਮ ਉਨ੍ਹਾਂ ਦੇ ਹੰਕਾਰ ਤੇ ਦਵੈਤ-ਭਾਵ ਨੂੰ ਸਾੜ ਸੁਟਦਾ ਹੈ।

ਨਾਮੇ ਰਾਤੇ, ਹਰਿ ਗੁਣ ਗਾਵੈ ॥੫॥

ਨਾਮ ਨਾਲ ਰੰਗੇ ਹੋਏ ਉਹ ਰੱਬ ਦਾ ਜੱਸ ਗਾਇਨ ਕਰਦੇ ਹਨ।

ਮਾਇਆ ਦਾਸੀ, ਭਗਤਾ ਕੀ ਕਾਰ ਕਮਾਵੈ ॥

ਮੋਹਨੀ ਵਾਹਿਗੁਰੂ ਦੇ ਅਨਰਾਗੀਆਂ ਦੀ ਬਾਂਦੀ ਹੈ ਅਤੇ ਉਨ੍ਹਾਂ ਦੀ ਚਾਕਰੀ ਕਰਦੀ ਹੈ।

ਚਰਣੀ ਲਾਗੈ, ਤਾ ਮਹਲੁ ਪਾਵੈ ॥

ਜੇਕਰ ਇਨਸਾਨ ਉਨ੍ਹਾਂ ਦੇ ਪੈਰੀ ਪੈ ਜਾਵੇ, ਤਦ ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ।

ਸਦ ਹੀ ਨਿਰਮਲੁ, ਸਹਜਿ ਸਮਾਵੈ ॥੬॥

ਸਦੀਵ ਹੀ ਪਵਿੱਤ੍ਰ ਹੈ ਉਹ ਜੋ ਬ੍ਰਹਿਮ ਗਿਆਨ ਅੰਦਰ ਲੀਨ ਹੁੰਦਾ ਹੈ।

ਹਰਿ ਕਥਾ ਸੁਣਹਿ, ਸੇ ਧਨਵੰਤ ਦਿਸਹਿ ਜੁਗ ਮਾਹੀ ॥

ਜੋ ਵਾਹਿਗੁਰੂ ਦੀ ਵਾਰਤਾ ਸ੍ਰਵਣ ਕਰਦੇ ਹਨ, ਉਹ ਇਹ ਜਗਤ ਅੰਦਰ ਮਾਲਦਾਰ ਦਿਸਦੇ ਹਨ।

ਤਿਨ ਕਉ ਸਭਿ ਨਿਵਹਿ, ਅਨਦਿਨੁ ਪੂਜ ਕਰਾਹੀ ॥

ਸਾਰੇ ੳਨ੍ਹਾਂ ਨੂੰ ਪ੍ਰਣਾਮ ਕਰਦੇ ਹਨ ਤੇ ਲੋਕ ਰਾਤ ਦਿਨ ਉਨ੍ਹਾਂ ਨੂੰ ਪੂਜਦੇ ਹਨ।

ਸਹਜੇ ਗੁਣ ਰਵਹਿ, ਸਾਚੇ ਮਨ ਮਾਹੀ ॥੭॥

ਉਹ ਆਪਣੇ ਚਿੱਤ ਅੰਦਰ ਸੁਤੇ ਸਿਧ ਹੀ ਸੱਚੇ ਸਾਹਿਬ ਦਾ ਜੱਸ ਗਾਇਨ ਕਰਦੇ ਹਨ।

ਪੂਰੈ ਸਤਿਗੁਰਿ, ਸਬਦੁ ਸੁਣਾਇਆ ॥

ਪੂਰਨ ਸੱਚੇ ਗੁਰਦੇਵ ਜੀ ਨੇ ਆਪਣਾ ਉਪਦੇਸ਼ ਪ੍ਰਚਾਰਿਆ ਹੈ,

ਤ੍ਰੈ ਗੁਣ ਮੇਟੇ, ਚਉਥੈ ਚਿਤੁ ਲਾਇਆ ॥

ਜਿਸ ਨਾਲ ਤਿੰਨ ਅਵਸਥਾਵਾਂ ਅਲੋਪ ਹੋ ਗਈਆਂ ਹਨ, ਅਤੇ ਬੰਦੇ ਦਾ ਮਨ ਚੌਥੀ ਨਾਲ ਜੁੜ ਗਿਆ ਹੈ।

ਨਾਨਕ, ਹਉਮੈ ਮਾਰਿ; ਬ੍ਰਹਮ ਮਿਲਾਇਆ ॥੮॥੪॥

ਨਾਨਕ ਆਪਣੀ ਹੰਗਤਾ ਨੂੰ ਦੂਰ ਕਰ ਕੇ ਉਹ ਪਰਮ ਸਾਹਿਬ ਨਾਲ ਮਿਲ ਜਾਂਦਾ ਹੈ।


ਗਉੜੀ ਮਹਲਾ ੩ ॥

ਗਊੜੀ ਪਾਤਸ਼ਾਹੀ ਤੀਜੀ।

ਬ੍ਰਹਮਾ ਵੇਦੁ ਪੜੈ, ਵਾਦੁ ਵਖਾਣੈ ॥

ਇਨਸਾਨ ਬ੍ਰਹਮਾ ਦੇ ਰਚੇ ਹੋਏ ਵੇਦ ਵਾਚਦਾ ਹੈ, ਅਤੇ ਝਗੜੇ ਝਾਂਜੇ ਵਰਨਣ ਕਰਦਾ ਹੈ।

ਅੰਤਰਿ ਤਾਮਸੁ, ਆਪੁ ਨ ਪਛਾਣੈ ॥

ਉਸ ਦੇ ਅੰਦਰ ਕ੍ਰੋਧ ਹੈ, ਅਤੇ ਉਹ ਆਪਣੇ ਆਪ ਨੂੰ ਨਹੀਂ ਸਮਝਦਾ।

ਤਾ ਪ੍ਰਭੁ ਪਾਏ, ਗੁਰ ਸਬਦੁ ਵਖਾਣੈ ॥੧॥

ਜੇਕਰ ਉਹ ਗੁਰਾਂ ਦੀ ਬਾਣੀ ਦਾ ਉਚਾਰਨ ਕਰੇ ਕੇਵਲ ਤਦ ਹੀ ਉਹ ਸਾਈਂ ਨੂੰ ਪ੍ਰਾਪਤ ਹੁੰਦਾ ਹੈ।

ਗੁਰ ਸੇਵਾ ਕਰਉ, ਫਿਰਿ ਕਾਲੁ ਨ ਖਾਇ ॥

ਤੂੰ ਗੁਰਾਂ ਦੀ ਘਾਲ ਕਮਾ, ਤਦ ਮੌਤ ਤੈਨੂੰ ਨਹੀਂ ਖਾਵੇਗੀ।

ਮਨਮੁਖ ਖਾਧੇ, ਦੂਜੈ ਭਾਇ ॥੧॥ ਰਹਾਉ ॥

ਹੋਰਸੁ ਦੀ ਪ੍ਰੀਤ ਨੇ ਅਧਰਮੀਆਂ ਨੂੰ ਖਾ ਲਿਆ ਹੈ। ਠਹਿਰਾਉ।

ਗੁਰਮੁਖਿ ਪ੍ਰਾਣੀ, ਅਪਰਾਧੀ ਸੀਧੇ ॥

ਗੁਰਾਂ ਦੇ ਰਾਹੀਂ ਪਾਪੀ ਪੁਰਸ਼ ਪਵਿੱਤ੍ਰ ਹੋ ਗਏ ਹਨ।

ਗੁਰ ਕੈ ਸਬਦਿ, ਅੰਤਰਿ ਸਹਜਿ ਰੀਧੇ ॥

ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਹਰੀ ਨਾਲ ਜੁੜ ਜਾਂਦੀ ਹੈ।

ਮੇਰਾ ਪ੍ਰਭੁ ਪਾਇਆ, ਗੁਰ ਕੈ ਸਬਦਿ ਸੀਧੇ ॥੨॥

ਗੁਰਾਂ ਦੀ ਸਿਖ-ਮਤ ਦੇ ਜ਼ਰੀਏ ਆਦਮੀ ਸੁਧਰ ਜਾਂਦਾ ਹੈ ਅਤੇ ਮੇਰੇ ਮਾਲਕ ਨੂੰ ਪਾ ਲੈਂਦਾ ਹੈ।

ਸਤਿਗੁਰਿ ਮੇਲੇ, ਪ੍ਰਭਿ ਆਪਿ ਮਿਲਾਏ ॥

ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲਾਉਣਾ ਚਾਹੁੰਦੇ ਹਨ।

ਮੇਰੇ ਪ੍ਰਭ ਸਾਚੇ ਕੈ, ਮਨਿ ਭਾਏ ॥

ਉਹ ਮੇਰੇ ਸੱਚੇ ਮਾਲਕ ਦੇ ਚਿੱਤ ਨੂੰ ਚੰਗੇ ਲਗਣ ਲਗ ਜਾਂਦੇ ਹਨ।

ਹਰਿ ਗੁਣ ਗਾਵਹਿ, ਸਹਜਿ ਸੁਭਾਏ ॥੩॥

ਵਾਹਿਗੁਰੂ ਦਾ ਜੱਸ ਉਹ ਸੁਭਾਵਕ ਹੀ ਗਾਇਨ ਕਰਦੇ ਹਨ।

ਬਿਨੁ ਗੁਰ ਸਾਚੇ, ਭਰਮਿ ਭੁਲਾਏ ॥

ਸੱਚੇ ਗੁਰਾਂ ਦੇ ਬਗੈਰ ਪ੍ਰਾਣੀ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।

ਮਨਮੁਖ ਅੰਧੇ, ਸਦਾ ਬਿਖੁ ਖਾਏ ॥

ਅੰਨ੍ਹੇ ਪ੍ਰਤੀ-ਕੂਲ ਪੁਰਸ਼ ਹਮੇਸ਼ਾਂ ਜ਼ਹਿਰ ਖਾਂਦੇ ਹਨ।

ਜਮ ਡੰਡੁ ਸਹਹਿ, ਸਦਾ ਦੁਖੁ ਪਾਏ ॥੪॥

ਉਹ ਮੌਤ ਦੇ ਫ਼ਰਿਸ਼ਤੇ ਦਾ ਡੰਡਾ ਸਹਾਰਦੇ ਹਨ, ਅਤੇ ਹਮੇਸ਼ਾਂ ਕਸ਼ਟ ਉਠਾਉਂਦੇ ਹਨ।

ਜਮੂਆ ਨ ਜੋਹੈ, ਹਰਿ ਕੀ ਸਰਣਾਈ ॥

ਜੇਕਰ ਬੰਦਾ ਵਾਹਿਗੁਰੂ ਦੀ ਪਨਾਹ ਲੈ ਲਵੇ ਤਾਂ ਮੌਤ ਦਾ ਦੂਤ ਉਸ ਨੂੰ ਨਹੀਂ ਤਕਾਉਂਦਾ।

ਹਉਮੈ ਮਾਰਿ, ਸਚਿ ਲਿਵ ਲਾਈ ॥

ਆਪਣੀ ਹੰਗਤਾ ਨੂੰ ਨਵਿਰਤ ਕਰਨ ਦੁਆਰਾ ਇਨਸਾਨ ਦੀ ਪ੍ਰੀਤ ਸਤਿਪੁਰਖ ਨਾਲ ਪੈ ਜਾਂਦੀ ਹੈ।

ਸਦਾ ਰਹੈ, ਹਰਿ ਨਾਮਿ ਲਿਵ ਲਾਈ ॥੫॥

ਉਹ ਸਦੀਵ ਹੀ ਆਪਣੀ ਬ੍ਰਿਤੀ ਵਾਹਿਗੁਰੂ ਦੇ ਨਾਮ ਨਾਲ ਜੋੜੀ ਰਖਦਾ ਹੈ।

ਸਤਿਗੁਰੁ ਸੇਵਹਿ, ਸੇ ਜਨ ਨਿਰਮਲ ਪਵਿਤਾ ॥

ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ ਉਹ ਪੁਰਸ਼ ਬੇਦਾਗ ਅਤੇ ਪਵਿੱਤ੍ਰ ਹਨ।

ਮਨ ਸਿਉ ਮਨੁ ਮਿਲਾਇ, ਸਭੁ ਜਗੁ ਜੀਤਾ ॥

ਆਪਣੇ ਚਿੱਤ ਨੂੰ ਗੁਰਾਂ ਦੇ ਚਿੱਤ ਨਾਲ ਜੋੜਨ ਦੁਆਰਾ ਉਹ ਸਾਰੇ ਜਗਤ ਨੂੰ ਜਿੱਤ ਲੈਂਦੇ ਹਨ ।

ਇਨ ਬਿਧਿ ਕੁਸਲੁ ਤੇਰੈ, ਮੇਰੇ ਮੀਤਾ! ॥੬॥

ਇਸ ਤਰੀਕੇ ਨਾਲ ਤੈਨੂੰ ਖੁਸ਼ੀ ਪ੍ਰਾਪਤ ਹੋਵੇਗੀ, ਹੈ ਮੇਰੇ ਮਿੱਤਰ!

ਸਤਿਗੁਰੂ ਸੇਵੇ, ਸੋ ਫਲੁ ਪਾਏ ॥

ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ, ਉਹ ਮੇਵੇ ਨੂੰ ਪ੍ਰਾਪਤ ਕਰ ਲੈਂਦਾ ਹੈ।

ਹਿਰਦੈ ਨਾਮੁ, ਵਿਚਹੁ ਆਪੁ ਗਵਾਏ ॥

ਉਸ ਦੇ ਰਿਦੇ ਅੰਦਰ ਨਾਮ ਵਸਦਾ ਹੈ ਅਤੇ ਹੰਕਾਰ ਉਸ ਦੇ ਵਿਚੋਂ ਦੂਰ ਹੋ ਜਾਂਦਾ ਹੈ।

ਅਨਹਦ ਬਾਣੀ, ਸਬਦੁ ਵਜਾਏ ॥੧॥

ਉਸ ਦੇ ਲਈ ਨਾਮ ਦਾ ਸੁਤੇ ਸਿਧ ਕੀਰਤਨ ਗੂੰਜਦਾ ਹੈ।

ਸਤਿਗੁਰ ਤੇ, ਕਵਨੁ ਕਵਨੁ ਨ ਸੀਧੋ? ਮੇਰੇ ਭਾਈ! ॥

ਕੌਣ ਅਤੇ ਕਿਹੜੇ ਕਿਹੜੇ ਸੱਚੇ ਗੁਰਾਂ ਨੇ ਨਹੀਂ ਸੁਧਾਰੇ, ਹੈ ਮੇਰੇ ਵੀਰ!

ਭਗਤੀ ਸੀਧੇ, ਦਰਿ ਸੋਭਾ ਪਾਈ ॥

ਸੁਆਮੀ ਦੇ ਸਿਮਰਨ ਦੁਆਰਾ ਦਰੁਸਤ ਹੋ ਕੇ ਉਹ ਉਸ ਦੇ ਦਰਬਾਰ ਅੰਦਰ ਇੱਜ਼ਤ ਪਾਉਂਦੇ ਹਨ।

ਨਾਨਕ, ਰਾਮ ਨਾਮਿ ਵਡਿਆਈ ॥੮॥੫॥

ਨਾਨਕ ਉੱਚਤਾ ਸੁਆਮੀ ਦੇ ਨਾਮ ਵਿੱਚ ਹੈ।


ਗਉੜੀ ਮਹਲਾ ੩ ॥

ਗਊੜੀ ਪਾਤਸ਼ਾਹੀ ਤੀਜੀ।

ਤ੍ਰੈ ਗੁਣ ਵਖਾਣੈ, ਭਰਮੁ ਨ ਜਾਇ ॥

ਜੋ ਤਿੰਨਾਂ ਹਾਲਤਾਂ ਨੂੰ ਵਰਨਣ ਕਰਨ ਵਾਲੀਆਂ ਰਚਨਾਵਾਂ ਨੂੰ ਪੜ੍ਹਦਾ ਹੈ, ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।

ਬੰਧਨ ਨ ਤੂਟਹਿ, ਮੁਕਤਿ ਨ ਪਾਇ ॥

ਉਸਦੇ ਜੂੜ ਕਟੇ ਨਹੀਂ ਜਾਂਦੇ ਅਤੇ ਉਹ ਕਲਿਆਣ ਨੂੰ ਪ੍ਰਾਪਤ ਨਹੀਂ ਹੁੰਦਾ।

ਮੁਕਤਿ ਦਾਤਾ, ਸਤਿਗੁਰੁ ਜੁਗ ਮਾਹਿ ॥੧॥

ਮੋਖ਼ਸ਼ ਦੇ ਦੇਣ ਵਾਲਾ, ਸੱਚਾ ਗੁਰੂ ਹੈ, ਇਸ ਯੁਗ ਅੰਦਰ।

ਗੁਰਮੁਖਿ ਪ੍ਰਾਣੀ, ਭਰਮੁ ਗਵਾਇ ॥

ਗੁਰਾਂ ਦੇ ਰਾਹੀਂ ਹੇ ਜੀਵ! ਤੂੰ ਆਪਣਾ ਵਹਿਮ ਦੂਰ ਕਰ ਦੇ।

ਸਹਜ ਧੁਨਿ ਉਪਜੈ, ਹਰਿ ਲਿਵ ਲਾਇ ॥੧॥ ਰਹਾਉ ॥

ਰੱਬ ਨਾਲ ਪਿਰਹੜੀ ਪਾਉਣ ਦੁਆਰਾ ਇਲਾਹੀ ਕੀਰਤਨ ਉਤਪੰਨ ਹੋ ਜਾਂਦਾ ਹੈ। ਠਹਿਰਾਉ।

ਤ੍ਰੈ ਗੁਣ, ਕਾਲੈ ਕੀ ਸਿਰਿ ਕਾਰਾ ॥

ਜੋ ਤਿੰਨਾ ਸੁਭਾਵਾਂ ਅੰਦਰ ਵਸਦੇ ਹਨ, ਉਹ ਮੌਤ ਦੀ ਰਿਆਇਆ ਹਨ।

ਨਾਮੁ ਨ ਚੇਤਹਿ, ਉਪਾਵਣਹਾਰਾ ॥

ਉਹ ਸਿਰਜਨਹਾਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ।

ਮਰਿ ਜੰਮਹਿ, ਫਿਰਿ ਵਾਰੋ ਵਾਰਾ ॥੨॥

ਉਹ ਘੜੀ ਮੁੜੀ ਮਰਦੇ ਅਤੇ ਜੰਮਦੇ ਹਨ।

ਅੰਧੇ ਗੁਰੂ ਤੇ, ਭਰਮੁ ਨ ਜਾਈ ॥

ਅੰਨੇ, ਅਗਿਆਨੀ ਗੁਰੂ ਦੇ ਰਾਹੀਂ ਸੰਦੇਹ ਨਵਿਰਤ ਨਹੀਂ ਹੁੰਦਾ।

ਮੂਲੁ ਛੋਡਿ, ਲਾਗੇ ਦੂਜੈ ਭਾਈ ॥

ਸਮੂਹ ਦੇ ਮੁੱਢ ਨੂੰ ਤਿਆਗ ਕੇ, ਬੰਦੇ ਦਵੈਤ-ਭਾਵ ਨਾਲ ਜੁੜੇ ਹੋਏ ਹਨ।

ਬਿਖੁ ਕਾ ਮਾਤਾ, ਬਿਖੁ ਮਾਹਿ ਸਮਾਈ ॥੩॥

ਜ਼ਹਿਰੀਲੇ ਕੂਕਰਮਾਂ ਅੰਦਰ ਖਚਤ ਹੋਇਆ ਜੀਵ ਪਾਪ ਅੰਦਰ ਹੀ ਗ਼ਰਕ ਹੋ ਜਾਂਦਾ ਹੈ।

ਮਾਇਆ ਕਰਿ, ਮੂਲੁ ਜੰਤ੍ਰ ਭਰਮਾਏ ॥

ਧਨ-ਦੌਲਤ ਨੂੰ ਹਰ ਸ਼ੈ ਦਾ ਮੁੱਢ ਜਾਣ ਕੇ, ਜੀਵ ਭਟਕਦੇ ਫਿਰਦੇ ਹਨ।

ਹਰਿ ਜੀਉ ਵਿਸਰਿਆ, ਦੂਜੈ ਭਾਏ ॥

ਹੋਰਸ ਦੀ ਮੁਹੱਬਤ ਵਿੱਚ ਉਨ੍ਹਾਂ ਨੇ ਪੂਜਯ ਪ੍ਰਭੂ ਨੂੰ ਭੁਲਾ ਛਡਿਆ ਹੈ।

ਜਿਸੁ ਨਦਰਿ ਕਰੇ, ਸੋ ਪਰਮ ਗਤਿ ਪਾਏ ॥੪॥

ਜਿਸ ਉਤੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਮਹਾਨ ਉੱਚੇ ਦਰਜੇ ਨੂੰ ਪਾ ਲੈਂਦਾ ਹੈ।

ਅੰਤਰਿ ਸਾਚੁ, ਬਾਹਰਿ ਸਾਚੁ ਵਰਤਾਏ ॥

ਜਿਸ ਦੇ ਅੰਦਰ ਸੱਚ, ਉਹ ਬਾਹਰ ਭੀ ਸੱਚ ਹੀ ਵੰਡਦਾ ਹੈ।

ਸਾਚੁ ਨ ਛਪੈ, ਜੇ ਕੋ ਰਖੈ ਛਪਾਏ ॥

ਸੱਚ ਲੁਕਿਆ ਨਹੀਂ ਰਹਿੰਦਾ ਭਾਵੇਂ ਆਦਮੀ ਇਸ ਨੂੰ ਲੁਕਾਈ ਰੱਖੇ।

ਗਿਆਨੀ ਬੂਝਹਿ, ਸਹਜਿ ਸੁਭਾਏ ॥੫॥

ਬ੍ਰਹਿਮਵੇਤਾ, ਸੁਖੈਨ ਹੀ ਇਸ ਨੂੰ ਜਾਣ ਲੈਂਦਾ ਹੈ।

ਗੁਰਮੁਖਿ, ਸਾਚਿ ਰਹਿਆ ਲਿਵ ਲਾਏ ॥

ਗੁਰੂ-ਸਮਰਪਣ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਅਸਥਿਤ ਵਿਚਰਦਾ ਹੈ।

ਹਉਮੈ ਮਾਇਆ, ਸਬਦਿ ਜਲਾਏ ॥

ਹੰਕਾਰ ਅਤੇ ਧਨ ਦੌਲਤ ਦੀ ਲਗਨ, ਉਹ ਰੱਬ ਦੇ ਨਾਮ ਨਾਲ ਸਾੜ ਸੁਟਦਾ ਹੈ।

ਮੇਰਾ ਪ੍ਰਭੁ ਸਾਚਾ, ਮੇਲਿ ਮਿਲਾਏ ॥੬॥

ਮੇਰਾ ਸੱਚਾ ਸਾਈਂ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

ਸਤਿਗੁਰੁ ਦਾਤਾ, ਸਬਦੁ ਸੁਣਾਏ ॥

ਦਾਤਾਰ ਸੱਚਾ ਗੁਰੂ ਹਰੀ ਨਾਮ ਨੂੰ ਪ੍ਰਚਾਰਦਾ ਹੈ।

ਧਾਵਤੁ ਰਾਖੈ, ਠਾਕਿ ਰਹਾਏ ॥

ਭੱਜੇ ਫਿਰਦੇ ਮਨੂਏ ਨੂੰ ਉਹ ਰੋਕ ਵਰਜ ਅਤੇ ਹਟਕ ਰਖਦਾ ਹੈ।

ਪੂਰੇ ਗੁਰ ਤੇ, ਸੋਝੀ ਪਾਏ ॥੭॥

ਪੂਰਨ ਗੁਰਾਂ ਪਾਸੋਂ ਪ੍ਰਾਣੀ ਰੱਬੀ-ਗਿਆਤ ਪ੍ਰਾਪਤ ਕਰ ਲੈਂਦਾ ਹੈ।

ਆਪੇ ਕਰਤਾ, ਸ੍ਰਿਸਟਿ ਸਿਰਜਿ ਜਿਨਿ ਗੋਈ ॥

ਸਿਰਜਣਹਾਰ ਨੇ ਖੁਦ ਦੁਨੀਆਂ ਸਾਜੀ ਹੈ ਅਤੇ ਖੁਦ ਹੀ ਇਸ ਨੂੰ ਨਾਸ ਕਰ ਦੇਵੇਗਾ।

ਤਿਸੁ ਬਿਨੁ, ਦੂਜਾ ਅਵਰੁ ਨ ਕੋਈ ॥

ਉਸ ਦੇ ਬਗੈਰ ਹੋਰ ਕੋਈ ਦੁਸਰਾ ਨਹੀਂ।

ਨਾਨਕ, ਗੁਰਮੁਖਿ ਬੂਝੈ ਕੋਈ ॥੮॥੬॥

ਨਾਨਕ ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ।


ਗਉੜੀ ਮਹਲਾ ੩ ॥

ਗਊੜੀ ਪਾਤਸ਼ਾਹੀ ਤੀਜੀ।

ਨਾਮੁ ਅਮੋਲਕੁ, ਗੁਰਮੁਖਿ ਪਾਵੈ ॥

ਅਮੁੱਲਾ ਨਾਮ, ਜੀਵ ਗੁਰਾਂ ਦੇ ਰਾਹੀਂ ਪਰਾਪਤ ਕਰਦਾ ਹੈ।

ਨਾਮੋ ਸੇਵੇ, ਨਾਮਿ ਸਹਜਿ ਸਮਾਵੈ ॥

ਨਾਮ ਦੀ ਉਹ ਘਾਲ ਕਮਾਉਂਦਾ ਹੈ ਅਤੇ ਨਾਮ ਦੇ ਰਾਹੀਂ ਹੀ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।

ਅੰਮ੍ਰਿਤੁ ਨਾਮੁ, ਰਸਨਾ ਨਿਤ ਗਾਵੈ ॥

ਆਬਿ-ਹਿਯਾਤੀ ਨਾਮ, ਆਪਣੀ ਜੀਭਾ ਨਾਲ ਉਹ ਸਦੀਵ ਹੀ ਗਾਇਨ ਕਰਦਾ ਹੈ।

ਜਿਸ ਨੋ ਕ੍ਰਿਪਾ ਕਰੇ, ਸੋ ਹਰਿ ਰਸੁ ਪਾਵੈ ॥੧॥

ਜਿਸ ਉਤੇ ਵਾਹਿਗੁਰੂ ਰਹਿਮ ਧਾਰਦਾ ਹੈ, ਉਹ ਸੁਆਮੀ ਦੇ ਅੰਮ੍ਰਿਤ ਨੂੰ ਹਾਸਲ ਕਰਦਾ ਹੈ।

ਅਨਦਿਨੁ, ਹਿਰਦੈ ਜਪਉ ਜਗਦੀਸਾ ॥

ਰਾਤ ਦਿਨ ਆਪਣੇ ਮਨ ਵਿੱਚ ਸ੍ਰਿਸ਼ਟੀ ਦੇ ਸਾਈਂ ਦਾ ਸਿਮਰਨ ਕਰ।

ਗੁਰਮੁਖਿ ਪਾਵਉ, ਪਰਮ ਪਦੁ ਸੂਖਾ ॥੧॥ ਰਹਾਉ ॥

ਗੁਰਾਂ ਦੇ ਰਾਹੀਂ ਤੂੰ ਪਰਮ ਅਨੰਦ ਦੀ ਮਹਾਨ ਦਸ਼ਾਂ ਨੂੰ ਪ੍ਰਾਪਤ ਹੋ। ਠਹਿਰਾਉ।

ਹਿਰਦੈ ਸੂਖੁ, ਭਇਆ ਪਰਗਾਸੁ ॥

ਪਰਸੰਨਤਾ ਉਨ੍ਹਾਂ ਪਵਿੱਤ੍ਰ ਪੁਰਸ਼ਾਂ ਦੇ ਮਨ ਅੰਦਰ ਪਰਗਟ ਹੋ ਆਉਂਦੀ ਹੈ,

ਗੁਰਮੁਖਿ ਗਾਵਹਿ, ਸਚੁ ਗੁਣਤਾਸੁ ॥

ਜੋ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਸੱਚੇ ਸਾਹਿਬ ਨੂੰ ਗਾਇਨ ਕਰਦੇ ਹਨ।

ਦਾਸਨਿ ਦਾਸ, ਨਿਤ ਹੋਵਹਿ ਦਾਸੁ ॥

ਉਹ ਸਦਾ ਆਪਣੇ ਸਾਹਿਬ ਦੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਹੁੰਦਾ ਹੈ।

ਗ੍ਰਿਹ ਕੁਟੰਬ ਮਹਿ, ਸਦਾ ਉਦਾਸੁ ॥੨॥

ਆਪਣੇ ਘਰ ਅਤੇ ਪਰਵਾਰ ਅੰਦਰ ਉਹ ਹਮੇਸ਼ਾਂ ਨਿਰਲੇਪ ਰਹਿੰਦਾ ਹੈ।

ਜੀਵਨ ਮੁਕਤੁ, ਗੁਰਮੁਖਿ ਕੋ ਹੋਈ ॥

ਕੋਈ ਵਿਰਲਾ ਗੁਰੂ-ਸਮਰਪਣ ਹੀ ਜਿੰਦਗੀ ਅੰਦਰ ਹੀ ਮੁਕਤ ਹੁੰਦਾ ਹੈ।

ਪਰਮ ਪਦਾਰਥੁ, ਪਾਵੈ ਸੋਈ ॥

ਕੇਵਲ ਉਹੀ ਮਹਾਨ ਦੌਲਤ ਨੂੰ ਹਾਸਲ ਕਰਦਾ ਹੈ।

ਤ੍ਰੈ ਗੁਣ ਮੇਟੇ, ਨਿਰਮਲੁ ਹੋਈ ॥

ਤਿੰਨਾਂ ਸੁਭਾਵਾਂ ਨੂੰ ਮੇਸ ਕੇ ਉਹ ਪਵਿੱਤਰ ਹੋ ਜਾਂਦਾ ਹੈ।

ਸਹਜੇ, ਸਾਚਿ ਮਿਲੈ ਪ੍ਰਭੁ ਸੋਈ ॥੩॥

ਉਹ ਸੁਖੈਨ ਹੀ, ਉਸ ਸੱਚੇ ਮਾਲਕ ਨਾਲ ਅਭੇਦ ਹੋ ਜਾਂਦਾ ਹੈ।

ਮੋਹ ਕੁਟੰਬ ਸਿਉ, ਪ੍ਰੀਤਿ ਨ ਹੋਇ ॥

ਇਨਸਾਨ ਸੰਸਾਰੀ ਲਗਨ ਅਤੇ ਪਰਵਾਰ ਦੀ ਮੁਹੱਬਤ ਤੋਂ ਉੱਚਾ ਉਠ ਖਲੋਦਾ ਹੈ,

ਜਾ ਹਿਰਦੈ ਵਸਿਆ, ਸਚੁ ਸੋਇ ॥

ਜਦ ਉਹ ਸਤਿਪੁਰਖ ਉਸ ਦੇ ਮਨ ਵਿੱਚ ਵਸ ਜਾਂਦਾ ਹੈ।

ਗੁਰਮੁਖਿ ਮਨੁ ਬੇਧਿਆ, ਅਸਥਿਰੁ ਹੋਇ ॥

ਗੁਰਾਂ ਦੇ ਰਾਹੀਂ ਮਨੂਆਂ ਵਿੰਨਿ੍ਹਆ ਜਾਂਦਾ ਤੇ ਸਥਿਰ ਹੁੰਦਾ ਹੈ।

ਹੁਕਮੁ ਪਛਾਣੈ, ਬੂਝੈ ਸਚੁ ਸੋਇ ॥੪॥

ਜੋ ਉਸ ਦੀ ਰਜ਼ਾ ਨੂੰ ਸਿਆਣਦਾ ਹੈ ਉਹ ਸੱਚੇ ਸਾਈਂ ਨੂੰ ਸਮਝ ਲੈਂਦਾ ਹੈ।

ਤੂੰ ਕਰਤਾ, ਮੈ ਅਵਰੁ ਨ ਕੋਇ ॥

ਤੂੰ ਸਿਰਜਣਹਾਰ ਹੈ, ਮੈਂ ਹੋਰ ਕਿਸੇ ਨੂੰ ਨਹੀਂ ਸਿਆਣਦਾ।

ਤੁਝੁ ਸੇਵੀ, ਤੁਝ ਤੇ ਪਤਿ ਹੋਇ ॥

ਤੇਰੀ ਮੈਂ ਚਾਕਰੀ ਕਰਦਾ ਹਾਂ ਤੇ ਤੇਰੇ ਰਾਹੀਂ ਹੀ ਮੈਂ ਇਜ਼ਤ ਪਾਉਂਦਾ ਹਾਂ।

ਕਿਰਪਾ ਕਰਹਿ, ਗਾਵਾ ਪ੍ਰਭੁ ਸੋਇ ॥

ਜੇਕਰ ਉਹ ਸੁਆਮੀ ਮਿਹਰ ਧਾਰੇ, ਮੈਂ ਉਸ ਦਾ ਜਸ ਗਾਇਨ ਕਰਾਂ।

ਨਾਮ ਰਤਨੁ, ਸਭ ਜਗ ਮਹਿ ਲੋਇ ॥੫॥

ਸਾਰੇ ਸੰਸਾਰ ਅੰਦਰ ਨਾਮ ਦੇ ਹੀਰੇ ਦਾ ਹੀ ਚਾਨਣ ਹੈ।

ਗੁਰਮੁਖਿ ਬਾਣੀ, ਮੀਠੀ ਲਾਗੀ ॥

ਗੁਰੂ-ਸਮਰਪਣ ਨੂੰ ਗੁਰਬਾਣੀ ਮਿੱਠੀ ਲਗਦੀ ਹੈ।

ਅੰਤਰੁ ਬਿਗਸੈ, ਅਨਦਿਨੁ ਲਿਵ ਲਾਗੀ ॥

ਉਸ ਦਾ ਦਿਲ ਖਿੜ ਜਾਂਦਾ ਹੈ ਅਤੇ ਰਾਤ ਦਿਨ ਉਸ ਦੀ ਬਿਰਤੀ ਇਸ ਉਤੇ ਕੇਂਦਰਤ ਹੋਈ ਰਹਿੰਦੀ ਹੈ।

ਸਹਜੇ, ਸਚੁ ਮਿਲਿਆ ਪਰਸਾਦੀ ॥

ਰੱਬ ਦੀ ਦਇਆ ਦੁਆਰਾ ਸੱਚਾ ਨਾਮ, ਸੁਖੈਨ ਹੀ ਮਿਲ ਜਾਂਦਾ ਹੈ।

ਸਤਿਗੁਰੁ ਪਾਇਆ, ਪੂਰੈ ਵਡਭਾਗੀ ॥੬॥

ਪੂਰਨ ਭਾਰੇ ਭਾਗਾਂ ਰਾਹੀਂ ਪ੍ਰਾਣੀ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ।

ਹਉਮੈ ਮਮਤਾ, ਦੁਰਮਤਿ ਦੁਖ ਨਾਸੁ ॥

ਹੰਕਾਰ, ਮੇਰਾਪਣ, ਖੋਟੀ ਬੁਧੀ ਤੇ ਪੀੜ ਦੂਰ ਹੋ ਜਾਂਦੇ ਹਨ,

ਜਬ ਹਿਰਦੈ, ਰਾਮ ਨਾਮ ਗੁਣਤਾਸੁ ॥

ਜਦ ਖੂਬੀਆਂ ਦਾ ਸਮੁੰਦਰ, ਸਾਈਂ ਦਾ ਨਾਮ ਚਿੱਤ ਵਿੱਚ ਵਸਦਾ ਹੈ।

ਗੁਰਮੁਖਿ ਬੁਧਿ ਪ੍ਰਗਟੀ, ਪ੍ਰਭ ਜਾਸੁ ॥

ਜਦ ਗੁਰਾਂ ਦੇ ਰਾਹੀਂ ਸਾਹਿਬ ਸਿਮਰਿਆ ਤੇ ਉਸ ਦਾ ਜੱਸ ਗਾਇਨ ਕੀਤਾ ਜਾਂਦਾ ਹੈ,

ਜਬ ਹਿਰਦੈ ਰਵਿਆ, ਚਰਣ ਨਿਵਾਸੁ ॥੭॥

ਤਾਂ ਉਸ ਦੇ ਪੈਰ ਹਿਰਦੇ ਵਿੱਚ ਵਸਾ ਕੇ ਇਨਸਾਨ ਦੀ ਅਕਲ ਜਾਗ ਉਠਦੀ ਹੈ।

ਜਿਸੁ ਨਾਮੁ ਦੇਇ, ਸੋਈ ਜਨੁ ਪਾਏ ॥

ਜਿਸ ਵਾਹਿਗੁਰੂ ਨਾਮ ਦਿੰਦਾ ਹੈ, ਕੇਵਲ, ਉਹੀ ਪੁਰਸ਼ ਹੀ ਇਸ ਨੂੰ ਪਾਉਂਦਾ ਹੈ।

ਗੁਰਮੁਖਿ ਮੇਲੇ, ਆਪੁ ਗਵਾਏ ॥

ਜੋ ਗੁਰਾਂ ਦੇ ਰਾਹੀਂ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੇ ਹਨ; ਉਨ੍ਹਾਂ ਨੂੰ ਸਾਹਿਬ ਆਪਣੇ ਨਾਲ ਮਿਲਾ ਲੈਂਦਾ ਹੈ।

ਹਿਰਦੈ, ਸਾਚਾ ਨਾਮੁ ਵਸਾਏ ॥

ਆਪਣੇ ਦਿਲ ਅੰਦਰ ਉਹ ਸਤਿਨਾਮ ਨੂੰ ਟਿਕਾ ਲੈਂਦੇ ਹਨ।

ਨਾਨਕ, ਸਹਜੇ ਸਾਚਿ ਸਮਾਏ ॥੮॥੭॥

ਨਾਨਕ, ਸੁਭਾਵਕ ਹੀ, ਉਹ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।


ਗਉੜੀ ਮਹਲਾ ੩ ॥

ਗਊੜੀ ਪਾਤਸ਼ਾਹੀ ਤੀਜੀ।

ਮਨ ਹੀ ਮਨੁ ਸਵਾਰਿਆ, ਭੈ ਸਹਜਿ ਸੁਭਾਇ ॥

ਸੁਆਮੀ ਦੇ ਡਰ ਦੁਆਰਾ ਖੁਦ ਮਨੂਏ ਨੇ ਸੁਖੈਨ ਹੀ ਮਨੂਏ ਨੂੰ ਸੁਧਾਰ ਲਿਆ ਹੈ।

ਸਬਦਿ ਮਨੁ ਰੰਗਿਆ, ਲਿਵ ਲਾਇ ॥

ਮਨੁਆਂ ਨਾਮ ਨਾਲ ਰੰਗੀਜਿਆਂ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਜੁੜ ਗਿਆ ਹੈ।

ਨਿਜ ਘਰਿ ਵਸਿਆ, ਪ੍ਰਭ ਕੀ ਰਜਾਇ ॥੧॥

ਸਾਹਿਬ ਦੀ ਮਰਜੀ ਦੁਆਰਾ ਇਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।

ਸਤਿਗੁਰੁ ਸੇਵਿਐ, ਜਾਇ ਅਭਿਮਾਨੁ ॥

ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਹੰਕਾਰ ਦੂਰ ਹੋ ਜਾਂਦਾ ਹੈ,

ਗੋਵਿਦੁ ਪਾਈਐ, ਗੁਣੀ ਨਿਧਾਨੁ ॥੧॥ ਰਹਾਉ ॥

ਅਤੇ ਗੁਣਾ ਦਾ ਖ਼ਜ਼ਾਨਾ ਮਾਲਕ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ।

ਮਨੁ ਬੈਰਾਗੀ, ਜਾ ਸਬਦਿ ਭਉ ਖਾਇ ॥

ਜਦ ਸੁਆਮੀ ਦਾ ਡਰ ਧਾਰਨ ਕਰ ਲੈਂਦਾ ਹੈ, ਤਾਂ ਮਨੂਆਂ ਇਛਾ-ਰਹਿਤ ਹੋ ਜਾਂਦਾ ਹੈ।

ਮੇਰਾ ਪ੍ਰਭੁ ਨਿਰਮਲਾ, ਸਭ ਤੈ ਰਹਿਆ ਸਮਾਇ ॥

ਮੇਰਾ ਪਵਿੱਤ੍ਰ ਪ੍ਰਭੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।

ਗੁਰ ਕਿਰਪਾ ਤੇ, ਮਿਲੈ ਮਿਲਾਇ ॥੨॥

ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਪ੍ਰਭੂ ਮਿਲਾਪ ਅੰਦਰ ਮਿਲ ਜਾਂਦਾ ਹੈ।

ਹਰਿ ਦਾਸਨ ਕੋ ਦਾਸੁ, ਸੁਖੁ ਪਾਏ ॥

ਵਾਹਿਗੁਰੂ ਦੇ ਨੌਕਰਾਂ ਦਾ ਨੌਕਰ ਆਰਾਮ ਪਾਉਂਦਾ ਹੈ।

ਮੇਰਾ ਹਰਿ ਪ੍ਰਭੁ, ਇਨ ਬਿਧਿ ਪਾਇਆ ਜਾਏ ॥

ਮੇਰਾ ਵਾਹਿਗੁਰੂ ਸੁਆਮੀ ਇਸ ਤਰੀਕੇ ਨਾਲ ਪ੍ਰਾਪਤ ਹੁੰਦਾ ਹੈ।

ਹਰਿ ਕਿਰਪਾ ਤੇ, ਰਾਮ ਗੁਣ ਗਾਏ ॥੩॥

ਵਾਹਿਗੁਰੂ ਦੀ ਮਿਹਰ ਰਾਹੀਂ ਆਦਮੀ ਸਾਈਂ ਦਾ ਜੱਸ ਆਲਾਪਦਾ ਹੈ।

ਧ੍ਰਿਗੁ ਬਹੁ ਜੀਵਣੁ, ਜਿਤੁ ਹਰਿ ਨਾਮਿ ਨ ਲਗੈ ਪਿਆਰੁ ॥

ਲਾਨ੍ਹਤ ਮਾਰੀ ਹੈ ਲੰਮੀ ਜਿੰਦਗੀ, ਜਿਸ ਵਿੱਚ ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਨਹੀਂ ਪੈਦੀ।

ਧ੍ਰਿਗੁ ਸੇਜ ਸੁਖਾਲੀ, ਕਾਮਣਿ ਮੋਹ ਗੁਬਾਰੁ ॥

ਫਿਟੇ ਮੂੰਹ ਹੈ ਸੁਖਦਾਈ ਪਲੰਘ ਅਤੇ ਇਸਤਰੀ ਦਾ ਪਿਆਰ ਅਨ੍ਹੇਰਾ ਹੈ।

ਤਿਨ ਸਫਲੁ ਜਨਮੁ, ਜਿਨ ਨਾਮੁ ਅਧਾਰੁ ॥੪॥

ਫਲਦਾਇਕ ਹੈ ਉਨ੍ਹਾਂ ਦਾ ਜੀਵਨ, ਜਿਨ੍ਹਾਂ ਨੂੰ ਜੀਵਨ ਦਾ ਆਸਰਾ ਹੈ।

ਧ੍ਰਿਗੁ ਧ੍ਰਿਗੁ ਗ੍ਰਿਹੁ ਕੁਟੰਬੁ, ਜਿਤੁ ਹਰਿ ਪ੍ਰੀਤਿ ਨ ਹੋਇ ॥

ਲਾਨ੍ਹਤ ਯੋਗ, ਲਾਨ੍ਹਤ ਯੋਗ; ਹੈ ਘਰ ਅਤੇ ਪਰਵਾਰ, ਜਿਨ੍ਹਾਂ ਦੇ ਕਾਰਨ ਵਾਹਿਗੁਰੂ ਨਾਲ ਪਿਆਰ ਨਹੀਂ ਪੈਦਾ।

ਸੋਈ ਹਮਾਰਾ ਮੀਤੁ, ਜੋ ਹਰਿ ਗੁਣ ਗਾਵੈ ਸੋਇ ॥

ਕੇਵਲ ਉਹੀ ਮੇਰਾ ਮਿਤ੍ਰ ਹੈ ਜੋ ਉਸ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।

ਹਰਿ ਨਾਮ ਬਿਨਾ, ਮੈ ਅਵਰੁ ਨ ਕੋਇ ॥੫॥

ਰੱਬ ਦੇ ਨਾਮ ਦੇ ਬਗੇਰ ਮੇਰਾ ਹੋਰ ਕੋਈ ਨਹੀਂ।

ਸਤਿਗੁਰ ਤੇ, ਹਮ ਗਤਿ ਪਤਿ ਪਾਈ ॥

ਸੱਚੇ ਗੁਰਾਂ ਪਾਸੋਂ ਮੈਂ ਮੁਕਤੀ ਤੇ ਇੱਜ਼ਤ ਪ੍ਰਾਪਤ ਕੀਤੀ ਹੈ।

ਹਰਿ ਨਾਮੁ ਧਿਆਇਆ, ਦੂਖੁ ਸਗਲ ਮਿਟਾਈ ॥

ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਸਮੂਹ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ।

ਸਦਾ ਅਨੰਦੁ, ਹਰਿ ਨਾਮਿ ਲਿਵ ਲਾਈ ॥੬॥

ਰੱਬ ਦੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ, ਮੈਂ ਸਦੀਵੀ ਪਰਸੰਨਤਾ ਹਾਸਲ ਕਰ ਲਈ ਹੈ।

ਗੁਰਿ ਮਿਲਿਐ, ਹਮ ਕਉ ਸਰੀਰ ਸੁਧਿ ਭਈ ॥

ਗੁਰਾਂ ਨੂੰ ਭੇਟਣ ਦੁਆਰਾ ਮੈਨੂੰ ਆਪਣੀ ਦੋਹਿ ਦੀ ਗਿਆਤ ਹੋ ਗਈ ਹੈ।

ਹਉਮੈ ਤ੍ਰਿਸਨਾ, ਸਭ ਅਗਨਿ ਬੁਝਈ ॥

ਹੰਕਾਰ ਅਤੇ ਖਾਹਿਸ਼ ਦੀ ਅੱਗ ਸਮੂਹ ਬੁਝ ਗਈ ਹੈ।

ਬਿਨਸੇ ਕ੍ਰੋਧ, ਖਿਮਾ ਗਹਿ ਲਈ ॥੭॥

ਮੇਰਾ ਗੁੱਸਾ ਮਿਟ ਗਿਆ ਹੈ ਅਤੇ ਮੈਂ ਸਹਿਨਸ਼ੀਲਤਾ ਪਕੜ ਲਈ ਹੈ।

ਹਰਿ ਆਪੇ ਕ੍ਰਿਪਾ ਕਰੇ, ਨਾਮੁ ਦੇਵੈ ॥

ਠਾਕੁਰ ਆਪ ਮਿਹਰ ਧਾਰਦਾ ਹੈ ਅਤੇ ਨਾਮ ਪ੍ਰਦਾਨ ਕਰਦਾ ਹੈ।

ਗੁਰਮੁਖਿ ਰਤਨੁ, ਕੋ ਵਿਰਲਾ ਲੇਵੈ ॥

ਕੋਈ ਟਾਵਾ ਪੁਰਸ਼ ਹੀ ਗੁਰਾਂ ਦੇ ਰਾਹੀਂ, ਨਾਮ ਹੀਰੇ ਨੂੰ ਹਾਸਲ ਕਰਦਾ ਹੈ।

ਨਾਨਕੁ, ਗੁਣ ਗਾਵੈ; ਹਰਿ ਅਲਖ ਅਭੇਵੈ ॥੮॥੮॥

ਨਾਨਕ, ਸਮਝ ਸੋਚ ਤੋਂ ਉਚੇਰੇ ਤੇ ਭੇਦ-ਰਹਿਤ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।


ਗਉੜੀ ਮਹਲਾ ੪ ॥

ਗਊੜੀ ਪਾਤਸ਼ਾਹੀ ਚੋਥੀ।

ਮਨ ਕਰਹਲਾ ਵੀਚਾਰੀਆ! ਵੀਚਾਰਿ ਦੇਖੁ ਸਮਾਲਿ ॥

ਹੇ ਮੇਰੀ ਧਿਆਨਵਾਨ ਆਤਮਾ! ਹੰਭਲਾ ਮਾਰ ਸਿਮਰਨ ਕਰ ਅਤੇ ਗਹੁ ਨਾਲ ਵੇਖ।

ਬਨ ਫਿਰਿ ਥਕੇ, ਬਨ ਵਾਸੀਆ; ਪਿਰੁ ਗੁਰਮਤਿ ਰਿਦੈ ਨਿਹਾਲਿ ॥੧॥

ਜੰਗਲਾਂ ਵਿੱਚ ਰਹਿਣ ਵਾਲੇ ਜੰਗਲਾ ਅੰਦਰ ਭਰਮਦੇ ਹੰਭ ਗਏ ਹਨ। ਗੁਰਾਂ ਦੀ ਸਿਖ-ਮਤ ਦੁਆਰਾ ਪਤੀ ਨੂੰ ਆਪਣੇ ਦਿਲ ਅੰਦਰ ਹੀ ਵੇਖ।

ਮਨ ਕਰਹਲਾ! ਗੁਰ ਗੋਵਿੰਦੁ ਸਮਾਲਿ ॥੧॥ ਰਹਾਉ ॥

ਹੈ ਮੇਰੀ ਜਿੰਦੇ! ਧਾਵਾ ਬੋਲ ਅਤੇ ਰਬ ਰੂਪ-ਗੁਰਾਂ ਨੂੰ ਯਾਦ ਕਰ। ਠਹਿਰਾਉ।

ਮਨ ਕਰਹਲਾ ਵੀਚਾਰੀਆ! ਮਨਮੁਖ ਫਾਥਿਆ ਮਹਾ ਜਾਲਿ ॥

ਹੈ ਮੇਰੀ ਰਮਤੀ ਗਰੀਬ ਜਿੰਦੜੀਏ! ਪ੍ਰਤੀਕੂਲ ਭਾਰੀ ਫ਼ਾਹੀ ਅੰਦਰ ਫਸੇ ਹੋਏ ਹਨ।

ਗੁਰਮੁਖਿ ਪ੍ਰਾਣੀ ਮੁਕਤੁ ਹੈ; ਹਰਿ ਹਰਿ ਨਾਮੁ ਸਮਾਲਿ ॥੨॥

ਮਾਲਕ ਸੁਆਮੀ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਪਵਿੱਤਰ ਪੁਰਸ਼ ਮੁਕਤ ਹੋ ਜਾਂਦਾ ਹੈ।

ਮਨ ਕਰਹਲਾ ਮੇਰੇ ਪਿਆਰਿਆ! ਸਤਸੰਗਤਿ ਸਤਿਗੁਰੁ ਭਾਲਿ ॥

ਹੇ ਸਨੇਹੀ ਆਤਮਾ! ਦਿਲੀ ਉਪਰਾਲਾ ਕਰ ਅਤੇ ਸਾਧ ਸੰਗਤ ਅਤੇ ਸੱਚੇ ਗੁਰਾਂ ਨੂੰ ਖੋਜ।

ਸਤਸੰਗਤਿ ਲਗਿ ਹਰਿ ਧਿਆਈਐ; ਹਰਿ ਹਰਿ ਚਲੈ ਤੇਰੈ ਨਾਲਿ ॥੩॥

ਸਾਧ ਸੰਗਤ ਨਾਲ ਜੁੜ ਕੇ ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਮਾਲਕ ਸੁਆਮੀ ਤੇਰੇ ਸਾਥ ਜਾਏਗਾ।

ਮਨ ਕਰਹਲਾ ਵਡਭਾਗੀਆ! ਹਰਿ ਏਕ ਨਦਰਿ ਨਿਹਾਲਿ ॥

ਹੇ ਮੇਰੀ ਚੰਗੇ ਭਾਗਾਂ ਵਾਲੀ ਭਟਕਦੀ ਜਿੰਦੇ! ਤੂੰ ਸੁਆਮੀ ਦੀ ਇਕ ਨਜ਼ਰ ਨਾਲ ਪਰਮ ਪਰਸੰਨ ਹੋ ਜਾਵੇਗੀ।

ਆਪਿ ਛਡਾਏ ਛੁਟੀਐ; ਸਤਿਗੁਰ ਚਰਣ ਸਮਾਲਿ ॥੪॥

ਜੇਕਰ ਹਰੀ ਖੁਦ ਤੈਨੂੰ ਰਿਹਾ ਕਰੇ ਤੂੰ ਰਿਹਾ ਹੋ ਜਾਏਗੀ! ਸੱਚੇ ਗੁਰਾਂ ਦੇ ਪੈਰਾਂ ਦੀ ਤੂੰ ਉਪਾਸ਼ਨਾ ਕਰ।

ਮਨ ਕਰਹਲਾ ਮੇਰੇ ਪਿਆਰਿਆ! ਵਿਚਿ ਦੇਹੀ ਜੋਤਿ ਸਮਾਲਿ ॥

ਮੇਰੀ ਮਿੱਠੜੀ ਜਿੰਦੜੀਏ! ਹੰਭਲਾ ਮਾਰ ਅਤੇ ਆਪਣੇ ਸਰੀਰ ਅੰਦਰਲੇ ਰੱਬੀ ਨੂਰ ਦਾ ਧਿਆਨ ਧਾਰ।

ਗੁਰਿ ਨਉ ਨਿਧਿ ਨਾਮੁ ਵਿਖਾਲਿਆ; ਹਰਿ ਦਾਤਿ ਕਰੀ ਦਇਆਲਿ ॥੫॥

ਗੁਰਾਂ ਨੇ ਮੈਨੂੰ ਨਾਮ ਦੇ ਨੌ ਖ਼ਜ਼ਾਨੇ ਦਿਖਾ ਦਿਤੇ ਹਨ। ਮਿਹਰਬਾਨ ਮਾਲਕ ਨੇ ਇਹ ਬਖ਼ਸ਼ੀਸ਼ ਮੈਨੂੰ ਦਿਤੀ ਹੈ।

ਮਨ ਕਰਹਲਾ ਤੂੰ ਚੰਚਲਾ! ਚਤੁਰਾਈ ਛਡਿ ਵਿਕਰਾਲਿ ॥

ਹੈ ਮੇਰੇ ਚੁਲਬੁਲੇ ਮਨੁਏ! ਤੂੰ ਹੰਭਲਾ ਮਾਰ ਅਤੇ ਆਪਣੀ ਭਿਆਨਕ ਚਾਲਾਕੀ ਨੂੰ ਤਿਆਗ ਦੇ।

ਹਰਿ ਹਰਿ ਨਾਮੁ ਸਮਾਲਿ ਤੂੰ; ਹਰਿ ਮੁਕਤਿ ਕਰੇ ਅੰਤ ਕਾਲਿ ॥੬॥

ਵਾਹਿਗੁਰੂ ਸੁਆਮੀ ਦੇ ਨਾਮ ਦਾ ਤੂੰ ਆਰਾਧਨ ਕਰ। ਅਖੀਰ ਦੇ ਵੇਲੇ ਵਾਹਿਗੁਰੂ ਤੇਰਾ ਪਾਰ ਉਤਾਰਾ ਕਰੇਗਾ।

ਮਨ ਕਰਹਲਾ ਵਡਭਾਗੀਆ! ਤੂੰ ਗਿਆਨੁ ਰਤਨੁ ਸਮਾਲਿ ॥

ਹੈ ਮੇਰੀ ਭਰਮਦੀ ਜਿੰਦੜੀਏ! ਜੇਕਰ ਤੂੰ ਬ੍ਰਹਿਮ ਬੋਧ ਦੇ ਹੀਰੇ ਦੀ ਸੰਭਾਲ ਕਰ ਲਵੇ ਤਾਂ ਤੂੰ ਪਰਮ ਚੰਗੇ ਨਸੀਬਾਂ ਵਾਲੀ ਹੋਵੇਗੀ।

ਗੁਰ ਗਿਆਨੁ ਖੜਗੁ ਹਥਿ ਧਾਰਿਆ; ਜਮੁ ਮਾਰਿਅੜਾ ਜਮਕਾਲਿ ॥੭॥

ਆਪਣੇ ਹੱਥ ਵਿੱਚ ਮੌਤ ਨੂੰ ਮਾਰਨ ਵਾਲੀ ਗੁਰੂ ਦੇ ਬ੍ਰਹਿਮ ਵੀਚਾਰ ਦੀ ਤਲਵਾਰ ਫੜ ਕੇ ਤੂੰ ਮੌਤ ਦੇ ਫਰੇਸ਼ਤੇ ਨੂੰ ਮਾਰ ਸੁੱਟ।

ਅੰਤਰਿ ਨਿਧਾਨੁ, ਮਨ ਕਰਹਲੇ! ਭ੍ਰਮਿ ਭਵਹਿ ਬਾਹਰਿ ਭਾਲਿ ॥

ਤੇਰੇ ਅੰਦਰ ਨਾਮ ਖ਼ਜ਼ਾਨਾ ਹੈ, ਹੈ ਮੇਰੇ ਉਡਾਰੂ ਮਨੂਏ! ਤੂੰ ਇਸ ਨੂੰ ਲਭਦਾ ਹੋਇਆ ਵਹਿਮ ਅੰਦਰ ਬਾਹਰ ਭਟਕਦਾ ਫਿਰਦਾ ਹੈ।

ਗੁਰੁ ਪੁਰਖੁ ਪੂਰਾ ਭੇਟਿਆ; ਹਰਿ ਸਜਣੁ ਲਧੜਾ ਨਾਲਿ ॥੭॥

ਜਦ ਤੂੰ ਪੂਰਨ ਨਿਰੰਕਾਰੀ ਗੁਰੂ ਜੀ ਨੂੰ ਮਿਲੇਗਾ ਤੂੰ ਵਾਹਿਗੁਰੂ ਮਿੱਤਰ ਨੂੰ ਆਪਣੇ ਨਾਲ ਹੀ ਪਾ ਲਏਗਾ।

ਰੰਗਿ ਰਤੜੇ ਮਨ ਕਰਹਲੇ! ਹਰਿ ਰੰਗੁ ਸਦਾ ਸਮਾਲਿ ॥

ਤੂੰ ਸੰਸਾਰੀ ਰੰਗ ਰਲੀਆਂ ਅੰਦਰ ਖਚਤ ਹੋਈ ਹੋਈ ਹੈ। ਹੈ ਮੇਰੀ ਭੌਦੀ ਜਿੰਦੇ! ਪ੍ਰਭੂ ਦੀ ਪ੍ਰੀਤ ਨੂੰ ਤੂੰ ਸਦੀਵ ਹੀ ਧਾਰਨ ਕਰ।

ਹਰਿ ਰੰਗੁ ਕਦੇ ਨ ਉਤਰੈ; ਗੁਰ ਸੇਵਾ ਸਬਦੁ ਸਮਾਲਿ ॥੯॥

ਗੁਰਾਂ ਦੀ ਘਾਲ ਕਮਾਉਣ ਅਤੇ ਨਾਮ ਦੇ ਸਿਮਰਨ ਦੁਆਰਾ ਰੱਬ ਦੀ ਰੰਗਤ ਕਦਾਚਿਤ ਨਹੀਂ ਲਹਿੰਦੀ।

ਹਮ ਪੰਖੀ ਮਨ ਕਰਹਲੇ! ਹਰਿ ਤਰਵਰੁ ਪੁਰਖੁ ਅਕਾਲਿ ॥

ਅਸੀਂ ਪੰਛੀ ਹਾਂ, ਹੈ ਮੇਰੀ ਭੌਦੀ ਆਤਮਾ! ਅਤੇ ਅਬਿਨਾਸੀ ਵਾਹਿਗੁਰੂ ਸੁਆਮੀ ਇਕ ਬਿਰਛ ਹੈ।

ਵਡਭਾਗੀ ਗੁਰਮੁਖਿ ਪਾਇਆ; ਜਨ ਨਾਨਕ ਨਾਮੁ ਸਮਾਲਿ ॥੧੦॥੨॥

ਗੁਰਾਂ ਦੇ ਰਾਹੀਂ ਪਰਮ ਚੰਗੇ ਕਰਮਾਂ ਵਾਲੇ ਬਿਰਛ ਨੂੰ ਪ੍ਰਾਪਤ ਹੁੰਦੇ ਹਨ। ਹੇ ਗੋਲੇ ਨਾਨਕ! ਤੂੰ ਨਾਮ ਦਾ ਚਿੰਤਨ ਕਰ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਗੁਰ ਸੇਵਾ ਤੇ, ਨਾਮੇ ਲਾਗਾ ॥

ਗੁਰਾਂ ਦੀ ਘਾਲ ਰਾਹੀਂ ਇਨਸਾਨ ਨਾਮ ਨਾਲ ਜੁੜ ਜਾਂਦਾ ਹੈ।

ਤਿਸ ਕਉ ਮਿਲਿਆ, ਜਿਸੁ ਮਸਤਕਿ ਭਾਗਾ ॥

ਕੇਵਲ ਉਹੀ ਨਾਮ ਨੂੰ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।

ਤਿਸ ਕੈ ਹਿਰਦੈ, ਰਵਿਆ ਸੋਇ ॥

ਉਹ ਸਾਹਿਬ ਉਸ ਦੇ ਮਨ ਅੰਦਰ ਵਸਦਾ ਹੈ,

ਮਨੁ ਤਨੁ ਸੀਤਲੁ, ਨਿਹਚਲੁ ਹੋਇ ॥੧॥

ਤੇ ਉਸ ਦੀ ਆਤਮਾ ਅਤੇ ਦੇਹਿ ਸ਼ਾਤ ਅਤੇ ਅਡੋਲ ਹੋ ਜਾਂਦੇ ਹਨ।

ਐਸਾ ਕੀਰਤਨੁ, ਕਰਿ ਮਨ ਮੇਰੇ! ॥

ਮੇਰੀ ਜਿੰਦੜੀਏ ਪ੍ਰਭੂ ਦੀ ਐਹੋ ਜੇਹੀ ਪ੍ਰਭਤਾ ਗਾਇਨ ਕਰ,

ਈਹਾ ਊਹਾ, ਜੋ ਕਾਮਿ ਤੇਰੈ ॥੧॥ ਰਹਾਉ ॥

ਜਿਹੜੀ ਏਥੇ ਅਤੇ ਉਥੇ ਤੇਰੇ ਕੰਮ ਆਵੇ। ਠਹਿਰਾਉ।

ਜਾਸੁ ਜਪਤ, ਭਉ ਅਪਦਾ ਜਾਇ ॥

ਜਿਸਦਾ ਸਿਮਰਨ ਕਰਨ ਦੁਆਰਾ, ਡਰ ਤੇ ਮੁਸੀਬਤ ਦੂਰ ਹੋ ਜਾਂਦੇ ਹਨ,

ਧਾਵਤ ਮਨੂਆ, ਆਵੈ ਠਾਇ ॥

ਅਤੇ ਭਟਕਦਾ ਹੋਇਆ ਮਨ ਟਿਕ ਜਾਂਦਾ ਹੈ।

ਜਾਸੁ ਜਪਤ, ਫਿਰਿ ਦੂਖੁ ਨ ਲਾਗੈ ॥

ਜਿਸ ਦਾ ਸਿਮਰਨ ਕਰਨ ਦੁਆਰਾ, ਤਕਲਫ਼ਿ ਮੁੜ ਕੇ ਨਹੀਂ ਚਿਮੜਦੀ।

ਜਾਸੁ ਜਪਤ, ਇਹ ਹਉਮੈ ਭਾਗੈ ॥੨॥

ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਹੰਕਾਰ ਦੌੜ ਜਾਂਦਾ ਹੈ।

ਜਾਸੁ ਜਪਤ, ਵਸਿ ਆਵਹਿ ਪੰਚਾ ॥

ਜਿਸ ਦਾ ਸਿਮਰਨ ਕਰਨ ਦੁਆਰਾ ਪੰਜ ਵਿਸ਼ੇ ਕਾਬੂ ਵਿੱਚ ਆ ਜਾਂਦੇ ਹਨ।

ਜਾਸੁ ਜਪਤ, ਰਿਦੈ ਅੰਮ੍ਰਿਤੁ ਸੰਚਾ ॥

ਜਿਸ ਦਾ ਸਿਮਰਨ ਕਰਨ ਦੁਆਰਾ, ਹਰੀ-ਰਸ ਦਿਲ ਵਿੱਚ ਇਕੰਤ੍ਰ ਹੋ ਜਾਂਦਾ ਹੈ।

ਜਾਸੁ ਜਪਤ, ਇਹ ਤ੍ਰਿਸਨਾ ਬੂਝੈ ॥

ਜਿਸ ਦਾ ਸਿਮਰਨ ਕਰਨ ਦੁਆਰਾ ਇਹ ਖਾਹਿਸ਼ ਮਿਟ ਜਾਂਦੀ ਹੈ।

ਜਾਸੁ ਜਪਤ, ਹਰਿ ਦਰਗਹ ਸਿਝੈ ॥੩॥

ਜਿਸ ਦਾ ਸਿਮਰਨ ਕਰਨ ਦੁਆਰਾ ਰੱਬ ਦੀ ਦਰਗਾਹ ਅੰਦਰ, ਬੰਦਾ ਕਬੂਲ ਪੈ ਜਾਂਦਾ ਹੈ।

ਜਾਸੁ ਜਪਤ, ਕੋਟਿ ਮਿਟਹਿ ਅਪਰਾਧ ॥

ਜਿਸ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਪਾਪ ਨਸ਼ਟ ਹੋ ਜਾਂਦੇ ਹਨ।

ਜਾਸੁ ਜਪਤ, ਹਰਿ ਹੋਵਹਿ ਸਾਧ ॥

ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਰੱਬ ਦਾ ਸੰਤ ਬਣ ਜਾਂਦਾ ਹੈ।

ਜਾਸੁ ਜਪਤ, ਮਨੁ ਸੀਤਲੁ ਹੋਵੈ ॥

ਜਿਸ ਦਾ ਸਿਮਰਨ ਕਰਨ ਦੁਆਰਾ, ਮਨੂਆ ਠੰਢਾ-ਠਾਰ ਹੋ ਜਾਂਦਾ ਹੈ।

ਜਾਸੁ ਜਪਤ, ਮਲੁ ਸਗਲੀ ਖੋਵੈ ॥੪॥

ਜਿਸ ਦਾ ਸਿਮਰਨ ਕਰਨ ਦੁਆਰਾ, ਸਾਰੀ ਗੰਦਗੀ ਧੋਤੀ ਜਾਂਦੀ ਹੈ।

ਜਾਸੁ ਜਪਤ, ਰਤਨੁ ਹਰਿ ਮਿਲੈ ॥

ਜਿਸ ਦਾ ਸਿਮਰਨ ਕਰਨ ਦੁਆਰਾ, ਵਾਹਿਗੁਰੂ ਹੀਰਾ ਪ੍ਰਾਪਤ ਹੋ ਜਾਂਦਾ ਹੈ।

ਬਹੁਰਿ ਨ ਛੋਡੈ, ਹਰਿ ਸੰਗਿ ਹਿਲੈ ॥

ਆਦਮੀ ਮੁੜ ਕੇ ਸੁਆਮੀ ਨੂੰ ਨਹੀਂ ਛੱਡਦਾ, ਅਤੇ ਉਸ ਨਾਲ ਗਿਝ ਜਾਂਦਾ ਹੈ।

ਜਾਸੁ ਜਪਤ, ਕਈ ਬੈਕੁੰਠ ਵਾਸੁ ॥

ਜਿਸ ਦਾ ਸਿਮਰਨ ਕਰਨ ਦੁਆਰਾ ਘਨੇਰੇ ਸੁਰਗ ਵਿੱਚ ਵਾਸਾ ਪਾ ਲੈਂਦੇ ਹਨ।

ਜਾਸੁ ਜਪਤ, ਸੁਖ ਸਹਜਿ ਨਿਵਾਸੁ ॥੫॥

ਜਿਸ ਦਾ ਸਿਮਰਨ ਕਰਨ ਦੁਆਰਾ ਬੰਦਾ ਸੁਖੈਨ ਹੀ ਆਰਾਮ ਵਿੱਚ ਵਸਦਾ ਹੈ।

ਜਾਸੁ ਜਪਤ, ਇਹ ਅਗਨਿ ਨ ਪੋਹਤ ॥

ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਅੱਗ ਅਸਰ ਨਹੀਂ ਕਰਦੀ।

ਜਾਸੁ ਜਪਤ, ਇਹੁ ਕਾਲੁ ਨ ਜੋਹਤ ॥

ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਮੌਤ ਤਕਾਉਂਦੀ ਨਹੀਂ।

ਜਾਸੁ ਜਪਤ, ਤੇਰਾ ਨਿਰਮਲ ਮਾਥਾ ॥

ਜਿਸ ਦਾ ਸਿਮਰਨ ਕਰਨ ਦੁਆਰਾ, ਤੇਰਾ ਮੱਥਾ ਬੇਦਾਗ਼ ਹੋ ਜਾਵੇਗਾ।

ਜਾਸ ਜਪਤ, ਸਗਲਾ ਦੁਖੁ ਲਾਥਾ ॥੬॥

ਜਿਸ ਦਾ ਸਿਮਰਨ ਕਰਨ ਦੁਆਰਾ ਸਾਰਾ ਦੁਖੜਾ ਦੂਰ ਹੋ ਜਾਂਦਾ ਹੈ।

ਜਾਸੁ ਜਪਤ, ਮੁਸਕਲੁ ਕਛੂ ਨ ਬਨੈ ॥

ਜਿਸ ਦਾ ਸਿਮਰਨ ਕਰਨ ਦੁਆਰਾ, ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।

ਜਾਸੁ ਜਪਤ, ਸੁਣਿ ਅਨਹਤ ਧੁਨੈ ॥

ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਇਲਾਹੀ ਕੀਰਤਨ ਸੁਣਦਾ ਹੈ।

ਜਾਸੁ ਜਪਤ, ਇਹ ਨਿਰਮਲ ਸੋਇ ॥

ਜਿਸ ਦਾ ਸਿਮਰਨ ਕਰਨ ਦੁਆਰਾ, ਇਸ ਪ੍ਰਾਣੀ ਦੀ ਸੁਹਰਤ ਪਵਿੱਤ੍ਰ ਹੋ ਜਾਂਦੀ ਹੈ।

ਜਾਸੁ ਜਪਤ, ਕਮਲੁ ਸੀਧਾ ਹੋਇ ॥੭॥

ਜਿਸ ਦਾ ਸਿਮਰਨ ਕਰਨ ਦੁਆਰਾ, ਦਿਲ ਕੰਵਲ ਸਿੱਧਾ ਹੋ ਜਾਂਦਾ ਹੈ।

ਗੁਰਿ ਸੁਭ ਦ੍ਰਿਸਟਿ, ਸਭ ਊਪਰਿ ਕਰੀ ॥

ਗੁਰਾਂ ਨੇ ਆਪਣੀ ਸਰੇਸ਼ਟ ਨਿਗ੍ਹਾ ਉਨ੍ਹਾਂ ਸਾਰਿਆਂ ਉਤੇ ਧਾਰੀ ਹੈ,

ਜਿਸ ਕੈ ਹਿਰਦੈ, ਮੰਤ੍ਰੁ ਦੇ ਹਰੀ ॥

ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਆਪਣਾ ਨਾਮ ਦਿੱਤਾ ਹੈ।

ਅਖੰਡ ਕੀਰਤਨੁ, ਤਿਨਿ ਭੋਜਨੁ ਚੂਰਾ ॥

ਉਹ ਸਾਹਿਬ ਦੇ ਲਗਾਤਾਰ ਜੱਸ ਗਾਇਨ ਕਰਨ ਨੂੰ ਆਪਣੀ ਫ਼ੁਰਾਕ ਤੇ ਚੁਰਮੇ ਵਜੋਂ ਮਾਣਦੇ ਹਨ,

ਕਹੁ ਨਾਨਕ, ਜਿਸੁ ਸਤਿਗੁਰੁ ਪੂਰਾ ॥੮॥੨॥

ਨਾਨਕ ਜੀ ਫੁਰਮਾਉਂਦੇ ਹਨ, ਜਿਨ੍ਹਾਂ ਦੇ ਪੂਰਨ ਸੱਚੇ ਗੁਰੂ ਜੀ ਰਹਿਬਰ ਹਨ।


>ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਗੁਰ ਕਾ ਸਬਦੁ, ਰਿਦ ਅੰਤਰਿ ਧਾਰੈ ॥

ਜੋ ਗੁਰਾਂ ਦੇ ਉਪਦੇਸ਼ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ,

ਪੰਚ ਜਨਾ ਸਿਉ, ਸੰਗੁ ਨਿਵਾਰੈ ॥

ਪੰਜੇ ਵਿਸ਼ੇ ਵੇਗਾਂ ਨਾਲ ਆਪਣਾ ਸੰਬਧ ਤੋੜ ਲੈਂਦਾ ਹੈ,

ਦਸ ਇੰਦ੍ਰੀ, ਕਰਿ ਰਾਖੈ ਵਾਸਿ ॥

ਅਤੇ ਆਪਣੀ ਦਸੇ (ਪੰਜ ਗਿਆਨ ਤੇ ਪੰਜ ਕਰਮ) ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰਖਦਾ ਹੈ।

ਤਾ ਕੈ ਆਤਮੈ, ਹੋਇ ਪਰਗਾਸੁ ॥੧॥

ਉਸ ਦੇ ਹਿਰਦੇ ਅੰਦਰ ਰੱਬੀ ਨੂਰ ਚਮਕਦਾ ਹੈ।

ਐਸੀ ਦ੍ਰਿੜਤਾ, ਤਾ ਕੈ ਹੋਇ ॥

ਕੇਵਲ ਉਸ ਨੂੰ ਹੀ ਐਹੋ ਜੇਹੀ ਪਕਿਆਈ ਪ੍ਰਾਪਤ ਹੁੰਦੀ ਹੈ,

ਜਾ ਕਉ, ਦਇਆ ਮਇਆ ਪ੍ਰਭ ਸੋਇ ॥੧॥ ਰਹਾਉ ॥

ਜਿਸ ਉਤੇ ਉਸ ਸੁਆਮੀ ਦੀ ਕ੍ਰਿਪਾਲਤਾ ਅਤੇ ਮਿਹਰਬਾਨੀ ਹੁੰਦੀ ਹੈ। ਠਹਿਰਾਉ।

ਸਾਜਨੁ ਦੁਸਟੁ, ਜਾ ਕੈ ਏਕ ਸਮਾਨੈ ॥

ਉਸ ਦੇ ਲਈ ਦੋਸਤ ਅਤੇ ਦੁਸ਼ਮਨ ਇਕ ਬਰਾਬਰ ਹਨ।

ਜੇਤਾ ਬੋਲਣੁ, ਤੇਤਾ ਗਿਆਨੈ ॥

ਜੋ ਕੁਛ ਉਹ ਕਥਨ ਕਰਦਾ ਹੈ ਉਹ ਸਭ ਸਿਆਣਪ ਹੈ।

ਜੇਤਾ ਸੁਨਣਾ, ਤੇਤਾ ਨਾਮੁ ॥

ਜੋ ਕੁਛ ਉਹ ਸੁਣਦਾ ਹੈ, ਉਹ ਸਮੂਹ ਹਰੀ ਦਾ ਨਾਮ ਹੈ।

ਜੇਤਾ ਪੇਖਨੁ, ਤੇਤਾ ਧਿਆਨੁ ॥੨॥

ਜੋ ਕੁਛ ਉਹ ਵੇਖਦਾ, ਉਸ ਸਾਰੇ ਅੰਦਰ ਸਾਹਿਬ ਦੀ ਅਨੁਭਵਤਾ ਹੈ।

ਸਹਜੇ ਜਾਗਣੁ, ਸਹਜੇ ਸੋਇ ॥

ਆਰਾਮ ਅੰਦਰ ਉਹ ਜਾਗਦਾ ਹੈ ਤੇ ਆਰਾਮ ਅੰਦਰ ਸੌਦਾ ਹੈ।

ਸਹਜੇ ਹੋਤਾ, ਜਾਇ ਸੁ ਹੋਇ ॥

ਜੋ ਕੁਝ ਕੁਦਰਤੀ ਹੋਣਾ ਹੈ, ਉਹ ਉਸ ਦੇ ਹੋਣ ਉਤੇ ਪ੍ਰਸੰਨ ਹੈ।

ਸਹਜਿ ਬੈਰਾਗੁ, ਸਹਜੇ ਹੀ ਹਸਨਾ ॥

ਅਡੋਲਤਾ ਵਿੱਚ ਉਹ ਰੋਂਦਾ ਹੈ ਤੇ ਅਡੋਲਤਾ ਵਿੱਚ ਹੀ ਹਸਦਾ ਹੈ।

ਸਹਜੇ ਚੂਪ, ਸਹਜੇ ਹੀ ਜਪਨਾ ॥੩॥

ਠੰਢ-ਚੈਨ ਅੰਦਰ ਚੁਪ ਚਾਪ ਰਹਿੰਦਾ ਹੈ ਅਤੇ ਠੰਢ-ਚੈਨ ਅੰਦਰ ਹੀ ਹਰੀ ਦੇ ਨਾਮ ਨੂੰ ਉਚਾਰਦਾ ਹੈ।

ਸਹਜੇ ਭੋਜਨੁ, ਸਹਜੇ ਭਾਉ ॥

ਕੁਦਰਤੀ ਆਰਾਮ ਨਾਲ ਉਹ ਖਾਣਾ ਖਾਂਦਾ ਹੈ ਅਤੇ ਕੁਦਰਤੀ ਆਰਾਮ ਨਾਲ ਹੀ ਉਹ ਪ੍ਰਭੂ ਨੂੰ ਪਰੇਮ ਕਰਦਾ ਹੈ।

ਸਹਜੇ ਮਿਟਿਓ, ਸਗਲ ਦੁਰਾਉ ॥

ਉਸ ਦਾ ਅਗਿਆਨ ਦਾ ਪੜਦਾ ਸੁਭਾਵਕ ਹੀ ਸਭ ਦੂਰ ਹੋ ਜਾਂਦਾ ਹੈ।

ਸਹਜੇ ਹੋਆ, ਸਾਧੂ ਸੰਗੁ ॥

ਉਹ ਸੁਖੈਨ ਹੀ, ਸਤਿਸੰਗਤ ਨਾਲ ਜੁੜ ਜਾਂਦਾ ਹੈ।

ਸਹਜਿ ਮਿਲਿਓ, ਪਾਰਬ੍ਰਹਮੁ ਨਿਸੰਗੁ ॥੪॥

ਅਡੋਲ ਹੀ, ਉਹ ਉਤਕ੍ਰਿਸ਼ਟਤ ਸਾਹਿਬ ਨੂੰ ਬੇਰੋਕ ਮਿਲ ਪੈਦਾ ਹੈ।

ਸਹਜੇ ਗ੍ਰਿਹ ਮਹਿ, ਸਹਜਿ ਉਦਾਸੀ ॥

ਅਡੋਲਤਾ ਅੰਦਰ ਉਹ ਘਰ ਵਿੱਚ ਹੈ ਅਤੇ ਅਡੋਲਤਾ ਅੰਦਰ ਹੀ ਉਹ ਨਿਰਲੇਪ ਰਹਿੰਦਾ ਹੈ।

ਸਹਜੇ, ਦੁਬਿਧਾ ਤਨ ਕੀ ਨਾਸੀ ॥

ਉਸ ਦੀ ਦੇਹਿ ਦਾ ਦੁਚਿੱਤਾਪਣ ਸੁਖੈਨ ਹੀ, ਨਾਸ ਹੋ ਜਾਂਦਾ ਹੈ।

ਜਾ ਕੈ ਸਹਜਿ, ਮਨਿ ਭਇਆ ਅਨੰਦੁ ॥

ਖੁਸ਼ੀ ਉਸ ਦੇ ਚਿੱਤ ਵਿੱਚ ਉਂਦੇ ਹੋ ਆਉਂਦੀ ਹੈ, ਜਿਸ ਦੇ ਪੱਲੇ ਬ੍ਰਹਿਮ-ਗਿਆਨ ਹੈ।

ਤਾ ਕਉ ਭੇਟਿਆ, ਪਰਮਾਨੰਦੁ ॥੫॥

ਉਸ ਨੂੰ ਪਰਮ ਪਰਸੰਨਤਾ ਸਰੂਪ ਸਾਹਿਬ ਮਿਲ ਪੈਦਾ ਹੈ।

ਸਹਜੇ ਅੰਮ੍ਰਿਤੁ, ਪੀਓ ਨਾਮੁ ॥

ਸੁਭਾਵਕ ਹੀ ਉਹ ਨਾਮ ਸੁਧਾਰਸ ਨੂੰ ਪਾਨ ਕਰਦਾ ਹੈ।

ਸਹਜੇ ਕੀਨੋ, ਜੀਅ ਕੋ ਦਾਨੁ ॥

ਸੁਭਾਵਕ ਹੀ ਉਹ ਲੋੜਵੰਦੇ ਜੀਵਾਂ ਨੂੰ ਖ਼ੈਰਾਤ ਦਿੰਦਾ ਹੈ।

ਸਹਜ ਕਥਾ ਮਹਿ, ਆਤਮੁ ਰਸਿਆ ॥

ਪ੍ਰਭੂ ਦੀ ਕਥਾਵਾਰਤਾ ਅੰਦਰ ਉਸ ਦੀ ਜਿੰਦੜੀ ਸੁਆਦ ਲੈਂਦੀ ਹੈ।

ਤਾ ਕੈ ਸੰਗਿ, ਅਬਿਨਾਸੀ ਵਸਿਆ ॥੬॥

ਉਸ ਦੇ ਨਾਲ ਅਮਰ ਠਾਕੁਰ ਵਸਦਾ ਹੈ।

ਸਹਜੇ ਆਸਣੁ, ਅਸਥਿਰੁ ਭਾਇਆ ॥

ਸਦੀਵੀ ਸਥਿਰ ਟਿਕਾਣਾ, ਸੁਖੈਨ ਹੀ ਉਸ ਨੂੰ ਚੰਗਾ ਲਗਣ ਲੱਗ ਜਾਂਦਾ ਹੈ।

ਸਹਜੇ, ਅਨਹਤ ਸਬਦੁ ਵਜਾਇਆ ॥

ਕੁਦਰਤੀ ਤੌਰ ਤੇ ਉਸ ਲਈ ਬੈਕੁੰਠੀ ਕੀਰਤਨ ਹੁੰਦਾ ਹੈ।

ਸਹਜੇ, ਰੁਣ ਝੁਣਕਾਰੁ, ਸੁਹਾਇਆ ॥

ਅੰਦਰਵਾਰ ਦੀਆਂ ਕੈਸੀਆਂ ਦੀ ਸੁਰੀਲੀ ਧੁਨ ਸੁਭਾਵਕ ਹੀ ਉਸ ਨੂੰ ਸੁਭਾਇਮਾਨ ਕਰ ਦਿੰਦੀ ਹੈ।

ਤਾ ਕੈ ਘਰਿ, ਪਾਰਬ੍ਰਹਮੁ ਸਮਾਇਆ ॥੬॥

ਉਸ ਦੇ ਗ੍ਰਹਿ ਅੰਦਰ ਸ੍ਰੋਮਣੀ ਸਾਹਿਬ ਵਸਦਾ ਹੈ।

ਸਹਜੇ, ਜਾ ਕਉ ਪਰਿਓ ਕਰਮਾ ॥

ਜਿਸ ਦੇ ਭਾਗਾਂ ਵਿੱਚ ਸਾਹਿਬ ਨੂੰ ਮਿਲਣ ਦੀ ਲਿਖਤਾਕਾਰ ਪਈ ਹੋਈ ਹੈ।

ਸਹਜੇ, ਗੁਰੁ ਭੇਟਿਓ ਸਚੁ ਧਰਮਾ ॥

ਉਹ ਸੁਖੈਨ ਹੀ, ਸੱਚੇ ਈਮਾਨ ਵਾਲੇ ਗੁਰਾਂ ਨੂੰ ਮਿਲ ਪੈਦਾ ਹੈ।

ਜਾ ਕੈ ਸਹਜੁ ਭਇਆ, ਸੋ ਜਾਣੈ ॥

ਕੇਵਲ ਉਹੀ ਵਾਹਿਗੁਰੂ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਬ੍ਰਹਿਮ-ਗਿਆਨ ਦੀ ਦਾਤ ਪ੍ਰਾਪਤ ਹੋਈ ਹੈ,

ਨਾਨਕ ਦਾਸ, ਤਾ ਕੈ ਕੁਰਬਾਣੈ ॥੮॥੩॥

ਨੌਕਰ ਨਾਨਕ ਉਸ ਉਤੋਂ ਬਲਿਹਾਰ ਜਾਂਦਾ ਹੈ।


ਗਉੜੀ ਮਹਲਾ ੫ ॥

ਗਉੜੀ ਪਾਤਸ਼ਾਹੀ ਪੰਜਵੀਂ।

ਪ੍ਰਥਮੇ, ਗਰਭ ਵਾਸ ਤੇ ਟਰਿਆ ॥

ਪਹਿਲਾਂ, ਆਦਮੀ ਬੱਚੇਦਾਨੀ ਦੇ ਵਸੇਬੇ ਤੋਂ ਬਾਹਰ ਆਉਂਦਾ ਹੈ।

ਪੁਤ੍ਰ ਕਲਤ੍ਰ, ਕੁਟੰਬ ਸੰਗਿ ਜੁਰਿਆ ॥

ਮਗਰੋਂ ਉਹ ਆਪਣੇ ਆਪ ਨੂੰ ਆਪਣੇ ਬੇਟਿਆ ਵਹੁਟੀ ਤੇ ਪਰਵਾਰ ਨਾਲ ਜੋੜ ਲੈਂਦਾ ਹੈ।

ਭੋਜਨ ਅਨਿਕ ਪ੍ਰਕਾਰ, ਬਹੁ ਕਪਰੇ ॥

ਬਹੁਤੀਆਂ ਕਿਸਮਾ ਦੇ ਖਾਣੇ ਤੇ ਅਨੇਕਾਂ ਪੁਸ਼ਾਕਾਂ,

ਸਰਪਰ, ਗਵਨੁ ਕਰਹਿਗੇ ਬਪੁਰੇ ॥੧॥

ਨਿਸਚਿਤ ਹੀ, ਚਲੇ ਜਾਣਗੇ, ਹੇ ਬਦਬਖ਼ਤ ਬੰਦੇ!

ਕਵਨੁ ਅਸਥਾਨੁ? ਜੋ ਕਬਹੁ ਨ ਟਰੈ ॥

ਉਹ ਕਿਹੜੀ ਥਾਂ ਹੈ ਜਿਹੜੀ ਕਦਾਚਿੱਤ ਨਾਸ਼ ਨਹੀਂ ਹੁੰਦੀ?

ਕਵਨੁ ਸਬਦੁ? ਜਿਤੁ ਦੁਰਮਤਿ ਹਰੈ ॥੧॥ ਰਹਾਉ ॥

ਉਹ ਕਿਹੜੀ ਬਾਣੀ ਹੈ, ਜਿਸ ਦੁਆਰਾ ਖੋਟੀ ਬੁੱਧੀ ਦੂਰ ਹੋ ਜਾਂਦੀ ਹੈ। ਠਹਿਰਾਉ।

ਇੰਦ੍ਰ ਪੁਰੀ ਮਹਿ, ਸਰਪਰ ਮਰਣਾ ॥

ਇੰਦ੍ਰ-ਲੋਕ ਵਿੱਚ ਮੌਤ ਯਕੀਨੀ ਤੇ ਲਾਜ਼ਮੀ ਹੈ।

ਬ੍ਰਹਮ ਪੁਰੀ, ਨਿਹਚਲੁ ਨਹੀ ਰਹਣਾ ॥

ਬ੍ਰਹਮਾ ਦਾ ਲੋਕ ਵੀ ਮੁਸਤਕਿਲ ਨਹੀਂ ਰਹਿਣਾ।

ਸਿਵ ਪੁਰੀ ਕਾ, ਹੋਇਗਾ ਕਾਲਾ ॥

ਸ਼ਿਵ-ਲੋਕ ਵੀ ਬਿਨਸ ਜਾਏਗਾ।

ਤ੍ਰੈ ਗੁਣ ਮਾਇਆ, ਬਿਨਸਿ ਬਿਤਾਲਾ ॥੨॥

ਤਿੰਨਾ ਲੱਛਣਾ ਵਾਲੀ ਮੋਹਨੀ ਅਤੇ ਭੂਤਨੇ ਅਲੋਪ ਹੋ ਜਾਣਗੇ।

ਗਿਰਿ ਤਰ ਧਰਣਿ, ਗਗਨ ਅਰੁ ਤਾਰੇ ॥

ਪਹਾੜ ਬ੍ਰਿਛ, ਧਰਤੀ, ਅਸਮਾਨ ਅਤੇ ਸਤਾਰੇ,

ਰਵਿ ਸਸਿ ਪਵਣੁ, ਪਾਵਕੁ ਨੀਰਾਰੇ ॥

ਸੂਰਜ, ਚੰਦਰਮਾ, ਹਵਾ, ਅਗ ਅਤੇ ਪਾਣੀ,

ਦਿਨਸੁ ਰੈਣਿ, ਬਰਤ ਅਰੁ ਭੇਦਾ ॥

ਦਿਨ, ਰਾਤ, ਉਪਹਾਸ ਅਤੇ ਉਹਨਾਂ ਦੇ ਫ਼ਰਕ,

ਸਾਸਤ ਸਿੰਮ੍ਰਿਤਿ, ਬਿਨਸਹਿਗੇ ਬੇਦਾ ॥੩॥

ਸ਼ਾਸਤਰ, ਸਿੰਮਰਤੀਆਂ ਅਤੇ ਵੇਦ ਸਭ ਨਾਸ ਹੋ ਜਾਣਗੇ।

ਤੀਰਥ ਦੇਵ, ਦੇਹੁਰਾ ਪੋਥੀ ॥

ਧਰਮ ਅਸਥਾਨ, ਦੇਵਤੇ, ਮੰਦਰ ਅਤੇ ਪੁਸਤਕਾਂ,

ਮਾਲਾ ਤਿਲਕੁ, ਸੋਚ ਪਾਕ ਹੋਤੀ ॥

ਮਾਲਾ, ਟਿਕੇ, ਵਿਚਾਰਵਾਨ, ਪਵਿੱਤ੍ਰ ਅਤੇ ਹਵਨ ਕਰਨ ਵਾਲੇ,

ਧੋਤੀ ਡੰਡਉਤਿ, ਪਰਸਾਦਨ ਭੋਗਾ ॥

ਤੇੜ ਦੇ ਕਪੜੇ, ਲੰਮੇ-ਪੈ ਨਿਸ਼ਮਕਾਰਾਂ, ਅੰਨ-ਦਾਨ ਤੇ ਰੰਗ-ਰਲੀਆਂ,

ਗਵਨੁ ਕਰੈਗੋ, ਸਗਲੋ ਲੋਗਾ ॥੪॥

ਇਹ ਸਮੂਹ ਚੀਜਾਂ ਅਤੇ ਸਾਰੇ ਆਦਮੀ ਟੁਰ ਜਾਣਗੇ।

ਜਾਤਿ ਵਰਨ, ਤੁਰਕ ਅਰੁ ਹਿੰਦੂ ॥

ਜਾਤੀਆਂ, ਨਸਲਾ, ਮੁਸਲਮਾਨ ਅਤੇ ਹਿੰਦੂ,

ਪਸੁ ਪੰਖੀ, ਅਨਿਕ ਜੋਨਿ ਜਿੰਦੂ ॥

ਡੰਗਰ, ਪੰਛੀ ਅਤੇ ਘਨੇਰੀਆਂ ਕਿਸਮਾਂ ਦੇ ਪ੍ਰਾਣਧਾਰੀ ਜੀਵ,

ਸਗਲ ਪਾਸਾਰੁ, ਦੀਸੈ ਪਾਸਾਰਾ ॥

ਤਮਾਮ ਸੰਸਾਰ ਅਤੇ ਰਚਨਾ ਜੋ ਦਿਸ ਆਉਂਦੀ ਹੈ,

ਬਿਨਸਿ ਜਾਇਗੋ, ਸਗਲ ਆਕਾਰਾ ॥੫॥

ਹਸਤੀ ਦੇ ਇਹ ਸਾਰੇ ਸਰੂਪ ਤਬਾਹ ਹੋ ਜਾਣਗੇ।

ਸਹਜ ਸਿਫਤਿ, ਭਗਤਿ ਤਤੁ ਗਿਆਨਾ ॥

ਸਾਹਿਬ ਦੀ ਕੀਰਤੀ, ਉਸ ਦੀ ਪ੍ਰੇਮ-ਮਈ ਸੇਵਾ ਅਤੇ ਯਥਾਰਥ ਬ੍ਰਹਿਮ-ਬੋਧ ਦੁਆਰਾ,

ਸਦਾ ਅਨੰਦੁ, ਨਿਹਚਲੁ ਸਚੁ ਥਾਨਾ ॥

ਇਨਸਾਨ ਸਦੀਵੀ ਪਰਸੰਨਤਾ ਅਤੇ ਅਹਿੱਲ ਸੱਚਾ ਟਿਕਾਣਾ ਪਾ ਲੈਂਦਾ ਹੈ।

ਤਹਾ ਸੰਗਤਿ, ਸਾਧ ਗੁਣ ਰਸੈ ॥

ਉਥੇ ਸਤਿ-ਸੰਗਤ ਅੰਦਰ ਉਹ ਪਿਆਰ ਨਾਲ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।

ਅਨਭਉ ਨਗਰੁ, ਤਹਾ ਸਦ ਵਸੈ ॥੬॥

ਉਥੇ ਉਹ ਹਮੇਸ਼ਾਂ ਡਰ-ਰਹਿਤ ਸ਼ਹਿਰ ਵਿੱਚ ਰਹਿੰਦਾ ਹੈ।

ਤਹ ਭਉ ਭਰਮਾ, ਸੋਗੁ ਨ ਚਿੰਤਾ ॥

ਉਥੇ ਕੋਈ ਡਰ, ਸੰਦੇਹ ਮਾਤਮ ਅਤੇ ਫਿਰਕ ਅੰਦੇਸ਼ਾ ਨਹੀਂ।

ਆਵਣੁ ਜਾਵਣੁ, ਮਿਰਤੁ ਨ ਹੋਤਾ ॥

ਉਥੇ ਕੋਈ ਆਗਮਨ, ਗਵਨ ਅਤੇ ਮੌਤ ਨਹੀਂ।

ਤਹ ਸਦਾ ਅਨੰਦ, ਅਨਹਤ ਆਖਾਰੇ ॥

ਉਥੇ ਹਮੇਸ਼ਾਂ ਲਈ ਖੁਸ਼ੀ ਅਤੇ ਸੁਤੇ-ਸਿਧ ਕੀਰਤਨ ਦੇ ਅਖਾੜੇ ਹਨ।

ਭਗਤ ਵਸਹਿ, ਕੀਰਤਨ ਆਧਾਰੇ ॥੭॥

ਰੱਬ ਦੇ ਜਾਨਿਸਾਰ ਗੁਮਾਸ਼ਤੇ ਉਥੇ ਰਹਿੰਦੇ ਹਨ ਅਤੇ ਸਾਈਂ ਦਾ ਜੱਸ ਗਾਇਨ ਕਰਨਾ ਉਨ੍ਹਾਂ ਦਾ ਆਹਾਰ ਹੈ।

ਪਾਰਬ੍ਰਹਮ ਕਾ, ਅੰਤੁ ਨ ਪਾਰੁ ॥

ਸ਼ਰੋਮਣੀ ਸਾਹਿਬ ਦਾ ਕੋਈ ਓੜਕ ਅਤੇ ਹੱਦਬੰਨਾ ਨਹੀਂ।

ਕਉਣੁ ਕਰੈ? ਤਾ ਕਾ ਬੀਚਾਰੁ ॥

ਉਸ ਦੇ ਧਿਆਨ ਨੂੰ ਕੌਣ ਧਾਰ ਸਕਦਾ ਹੈ?

ਕਹੁ ਨਾਨਕ, ਜਿਸੁ ਕਿਰਪਾ ਕਰੈ ॥

ਗੁਰੂ ਜੀ ਫੁਰਮਾਉਂਦੇ ਹਨ, ਜੀਹਦੇ ਤੇ ਸਾਹਿਬ ਮਿਹਰ ਧਾਰਦਾ ਹੈ,

ਨਿਹਚਲ ਥਾਨੁ, ਸਾਧਸੰਗਿ ਤਰੈ ॥੮॥੪॥

ਉਹ ਸਤਿਸੰਗਤ ਰਾਹੀਂ ਪਾਰ ਉਤਰ ਜਾਂਦਾ ਹੈ ਅਤੇ ਅਟੱਲ ਟਿਕਾਣੇ ਨੂੰ ਪ੍ਰਾਪਤ ਹੋ ਜਾਂਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਜੋ ਇਸੁ ਮਾਰੇ, ਸੋਈ ਸੂਰਾ ॥

ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ, ਉਹੀ ਸੂਰਮਾ ਹੈ।

ਜੋ ਇਸੁ ਮਾਰੇ, ਸੋਈ ਪੂਰਾ ॥

ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ, ਉਹੀ ਪੂਰਨ ਹੈ।

ਜੋ ਇਸੁ ਮਾਰੇ, ਤਿਸਹਿ ਵਡਿਆਈ ॥

ਜਿਹੜਾਂ ਇਸ ਨੂੰ ਮਾਰ ਮੁਕਾਉਂਦਾ ਹੈ, ਉਹ ਪ੍ਰਭਤਾ ਪਾ ਲੈਂਦਾ ਹੈ।

ਜੋ ਇਸੁ ਮਾਰੇ, ਤਿਸ ਕਾ ਦੁਖੁ ਜਾਈ ॥੧॥

ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ ਉਹ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।

ਐਸਾ ਕੋਇ, ਜਿ ਦੁਬਿਧਾ ਮਾਰਿ ਗਵਾਵੈ ॥

ਕੋਈ ਵਿਰਲਾ ਹੀ ਐਹੋ ਜੇਹਾ ਪੁਰਸ਼ ਹੈ, ਜੋ ਆਪਣੇ ਦਵੈਤ ਭਾਵ ਨੂੰ ਮਾਰ ਕੇ ਪਰੇ ਸੁਟ ਪਾਉਂਦਾ ਹੈ।

ਇਸਹਿ ਮਾਰਿ, ਰਾਜ ਜੋਗੁ ਕਮਾਵੈ ॥੧॥ ਰਹਾਉ ॥

ਨੂੰ ਮਾਰ ਕੇ ਉਹ ਪਾਤਸ਼ਾਹ ਦੇ ਮਿਲਾਪ ਨੂੰ ਮਾਣਦਾ ਹੈ। ਠਹਿਰਾਉ।

ਜੋ ਇਸੁ ਮਾਰੇ, ਤਿਸ ਕਉ ਭਉ ਨਾਹਿ ॥

ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਸ ਨੂੰ ਕੋਈ ਡਰ ਨਹੀਂ।

ਜੋ ਇਸੁ ਮਾਰੇ, ਸੁ ਨਾਮਿ ਸਮਾਹਿ ॥

ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ।

ਜੋ ਇਸੁ ਮਾਰੇ, ਤਿਸ ਕੀ ਤ੍ਰਿਸਨਾ ਬੁਝੈ ॥

ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਸ ਦੀ ਖਾਹਿਸ਼ ਮਿਟ ਜਾਂਦੀ ਹੈ।

ਜੋ ਇਸੁ ਮਾਰੇ, ਸੁ ਦਰਗਹ ਸਿਝੈ ॥੨॥

ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਸਾਈਂ ਦੇ ਦਰਬਾਰ ਵਿੱਚ ਕਬੂਲ ਹੋ ਜਾਂਦਾ ਹੈ।

ਜੋ ਇਸੁ ਮਾਰੇ, ਸੋ ਧਨਵੰਤਾ ॥

ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਅਮੀਰ ਹੋ ਜਾਂਦਾ ਹੈ।

ਜੋ ਇਸੁ ਮਾਰੇ, ਸੋ ਪਤਿਵੰਤਾ ॥

ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਇੱਜਤ ਵਾਲਾ ਹੋ ਜਾਂਦਾ ਹੈ।

ਜੋ ਇਸੁ ਮਾਰੇ, ਸੋਈ ਜਤੀ ॥

ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਕਾਮ ਚੇਸ਼ਟਾ ਰਹਿਤ ਹੋ ਜਾਂਦਾ ਹੈ।

ਜੋ ਇਸੁ ਮਾਰੇ, ਤਿਸੁ ਹੋਵੈ ਗਤੀ ॥੩॥

ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਮੁਕਤੀ ਪਾ ਲੈਂਦਾ ਹੈ।

ਜੋ ਇਸੁ ਮਾਰੇ, ਤਿਸ ਕਾ ਆਇਆ ਗਨੀ ॥

ਜਿਹੜਾ ਇਸ ਨੂੰ ਮਾਰ ਸੁਟਦਾ ਹੈ, ਉਸ ਦਾ ਆਗਮਨ ਲੇਖੇ ਵਿੱਚ ਹੈ।

ਜੋ ਇਸੁ ਮਾਰੇ, ਸੁ ਨਿਹਚਲੁ ਧਨੀ ॥

ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹੀ ਸਥਿਰ ਤੇ ਧਨਾਢ ਹੈ।

ਜੋ ਇਸੁ ਮਾਰੇ, ਸੋ ਵਡਭਾਗਾ ॥

ਜਿਹੜਾ ਇਸ ਨੂੰ ਤਬਾਹ ਕਰਦਾ ਹੈ ਉਹ ਅਤਿ ਉਤਮ ਨਸੀਬਾਂ ਵਾਲਾ ਹੈ।

ਜੋ ਇਸੁ ਮਾਰੇ, ਸੁ ਅਨਦਿਨੁ ਜਾਗਾ ॥੪॥

ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਰਾਤ ਦਿਨ ਖ਼ਬਰਦਾਰ ਰਹਿੰਦਾ ਹੈ।

ਜੋ ਇਸੁ ਮਾਰੇ, ਸੁ ਜੀਵਨ ਮੁਕਤਾ ॥

ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਜੀਉਂਦਾ ਹੀ ਮੁਕਤ ਹੋ ਜਾਂਦਾ ਹੈ।

ਜੋ ਇਸੁ ਮਾਰੇ, ਤਿਸ ਕੀ ਨਿਰਮਲ ਜੁਗਤਾ ॥

ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਸ ਦਾ ਜੀਵਨ ਗਤੀ ਪਵਿੱਤ੍ਰ ਹੈ!

ਜੋ ਇਸੁ ਮਾਰੇ, ਸੋਈ ਸੁਗਿਆਨੀ ॥

ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਚੰਗਾ ਬ੍ਰਹਿਮ ਬੀਚਾਰੀ ਹੈ।

ਜੋ ਇਸੁ ਮਾਰੇ, ਸੁ ਸਹਜ ਧਿਆਨੀ ॥੫॥

ਜੋ ਇਸ ਨੂੰ ਨਾਸ ਕਰਦਾ ਹੈ, ਉਹ ਪ੍ਰਭੂ ਦਾ ਵੀਚਾਰਵਾਨ ਹੈ।

ਇਸੁ ਮਾਰੀ ਬਿਨੁ, ਥਾਇ ਨ ਪਰੈ ॥

ਇਸ ਹੋਰਸ ਦੀ ਪ੍ਰੀਤ ਨੂੰ ਨਾਸ ਕਰਨ ਦੇ ਬਗੈਰ ਬੰਦਾ ਕਬੂਲ ਨਹੀਂ ਪੈਂਦਾ,

ਕੋਟਿ ਕਰਮ, ਜਾਪ ਤਪ ਕਰੈ ॥

ਭਾਵੇਂ ਉਹ ਕ੍ਰੋੜਾ ਹੀ ਕਰਮਕਾਡ, ਉਪਾਸਨਾ ਅਤੇ ਤਪੱਸਿਆ ਪਿਆ ਕਰੇ।

ਇਸੁ ਮਾਰੀ ਬਿਨੁ, ਜਨਮ ਨ ਮਿਟੈ ॥

ਇਸ ਨੂੰ ਨਾਸ ਕਰਨ ਦੇ ਬਗੈਰ ਜੀਵ ਦਾ ਜੰਮਣਾ ਮੁਕਦਾ ਨਹੀਂ।

ਇਸੁ ਮਾਰੀ ਬਿਨੁ, ਜਮ ਤੇ ਨਹੀ ਛੁਟੈ ॥੬॥

ਇਸ ਨੂੰ ਨਾਸ ਕਰਨ ਦੇ ਬਗੈਰ, ਆਦਮੀ ਮੌਤ ਤੋਂ ਨਹੀਂ ਬਚ ਸਕਦਾ।

ਇਸੁ ਮਾਰੀ ਬਿਨੁ, ਗਿਆਨੁ ਨ ਹੋਈ ॥

ਇਸ ਨੂੰ ਨਾਸ ਕੀਤੇ ਬਗ਼ੈਰ, ਆਦਮੀ ਨੂੰ ਹਰੀ ਦੀ ਗਿਆਤ ਨਹੀਂ ਹੁੰਦੀ।

ਇਸੁ ਮਾਰੀ ਬਿਨੁ, ਜੂਠਿ ਨ ਧੋਈ ॥

ਇਸ ਨੂੰ ਨਾਸ ਕੀਤੇ ਬਗੈਰ ਅਪਵਿੱਤ੍ਰਤਾ ਧੋਤੀ ਨਹੀਂ ਜਾਂਦੀ।

ਇਸੁ ਮਾਰੀ ਬਿਨੁ, ਸਭੁ ਕਿਛੁ ਮੈਲਾ ॥

ਇਸ ਨੂੰ ਨਾਲ ਕੀਤੇ ਬਾਝੋਂ ਸਾਰਾ ਕੁਝ ਪੀਲਤ ਰਹਿੰਦਾ ਹੈ।

ਇਸ ਮਾਰੀ ਬਿਨੁ, ਸਭੁ ਕਿਛੁ ਜਉਲਾ ॥੭॥

ਇਸ ਨੂੰ ਨਾਸ ਕਰਨ ਦੇ ਬਗੈਰ, ਹਰ ਸ਼ੈ ਬੰਧਨ ਰੂਪ ਹੈ।

ਜਾ ਕਉ ਭਏ, ਕ੍ਰਿਪਾਲ ਕ੍ਰਿਪਾ ਨਿਧਿ ॥

ਜਿਸ ਉਤੇ ਰਹਿਮਤ ਦਾ ਖ਼ਜ਼ਾਨਾ ਮਿਹਰਬਾਨ ਹੁੰਦਾ ਹੈ,

ਤਿਸੁ ਭਈ ਖਲਾਸੀ, ਹੋਈ ਸਗਲ ਸਿਧਿ ॥

ਉਸ ਦਾ ਛੁਟਕਾਰਾ ਹੋ ਜਾਂਦਾ ਹੈ ਅਤੇ ਉਹ ਮੁਕੰਮਲ ਪੂਰਨਤਾ ਨੂੰ ਪਾ ਲੈਂਦਾ ਹੈ।

ਗੁਰਿ ਦੁਬਿਧਾ, ਜਾ ਕੀ ਹੈ ਮਾਰੀ ॥

ਜਿਸ ਦਾ ਦਵੇਤ-ਭਾਵ ਗੁਰਾਂ ਨੇ ਨਾਸ ਕਰ ਦਿੱਤਾ ਹੈ,

ਕਹੁ ਨਾਨਕ, ਸੋ ਬ੍ਰਹਮ ਬੀਚਾਰੀ ॥੮॥੫॥

ਉਹ ਸਾਹਿਬ ਦਾ ਸਿਮਰਨ ਕਰਨ ਵਾਲਾ ਹੈ।


ਗਉੜੀ ਮਹਲਾ ੫ ॥

ਗਉੜੀ ਪਾਤਸ਼ਾਹੀ ਪੰਜਵੀ।

ਹਰਿ ਸਿਉ ਜੁਰੈ, ਤਾ ਸਭੁ ਕੋ ਮੀਤੁ ॥

ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਹਰ ਕੋਈ ਉਸਦਾ ਮਿਤ੍ਰ ਬਣ ਜਾਂਦਾ ਹੈ।

ਹਰਿ ਸਿਉ ਜੁਰੈ, ਤ ਨਿਹਚਲੁ ਚੀਤੁ ॥

ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਉਸ ਦਾ ਮਨ ਅਸਥਿਰ ਹੋ ਜਾਂਦਾ ਹੈ।

ਹਰਿ ਸਿਉ ਜੁਰੈ, ਨ ਵਿਆਪੈ ਕਾੜ੍ਹ੍ਹਾ ॥

ਜੋ ਰੱਬ ਨਾਲ ਜੁੜ ਜਾਂਦਾ ਹੈ, ਉਹ ਚਿੰਤਾ ਵਿੱਚ ਗ਼ਲਤਾਨ ਨਹੀਂ ਹੁੰਦਾ।

ਹਰਿ ਸਿਉ ਜੁਰੈ, ਤ ਹੋਇ ਨਿਸਤਾਰਾ ॥੧॥

ਜੇਕਰ ਜੀਵ ਰੱਬ ਨਾਲ ਜੁੜ ਜਾਵੇ ਤਾਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।

ਰੇ ਮਨ ਮੇਰੇ! ਤੂੰ ਹਰਿ ਸਿਉ ਜੋਰੁ ॥

ਹੈ ਮੇਰੀ ਜਿੰਦੇ! ਤੂੰ ਆਪਣੇ ਆਪ ਨੂੰ ਆਪਣੇ ਸੁਆਮੀ ਨਾਲ ਜੋੜ।

ਕਾਜਿ ਤੁਹਾਰੈ, ਨਾਹੀ ਹੋਰੁ ॥੧॥ ਰਹਾਉ ॥

ਤੇਰੇ ਲਾਭ ਦੀ ਹੋਰ ਕੋਈ ਭੀ ਸ਼ੈ ਨਹੀਂ। ਠਹਿਰਾਉ।

ਵਡੇ ਵਡੇ, ਜੋ ਦੁਨੀਆਦਾਰ ॥

ਉਚੇ ਤੇ ਵਡੇ ਸੰਸਾਰੀ ਬੰਦੇ,

ਕਾਹੂ ਕਾਜਿ, ਨਾਹੀ ਗਾਵਾਰ ॥

ਕਿਸੇ ਕੰਮ ਦੇ ਨਹੀਂ, ਹੇ ਬੇਸਮਝ ਇਨਸਾਨ!

ਹਰਿ ਕਾ ਦਾਸੁ, ਨੀਚ ਕੁਲੁ ਸੁਣਹਿ ॥

ਭਾਵੇਂ ਰੱਬ ਦਾ ਗੋਲਾ ਨੀਵੇ ਘਰਾਣੇ ਵਿੱਚ ਸੁਣਿਆ ਜਾਂਦਾ ਹੋਵੇ,

ਤਿਸ ਕੈ ਸੰਗਿ, ਖਿਨ ਮਹਿ ਉਧਰਹਿ ॥੨॥

ਪ੍ਰੰਤੂ ਉਸ ਦੀ ਸੰਗਤ ਵਿੱਚ ਤੂੰ ਇਕ ਛਿੰਨ ਅੰਦਰ ਪਾਰ ਉਤਰ ਜਾਵੇਗਾ।

ਕੋਟਿ ਮਜਨ, ਜਾ ਕੈ ਸੁਣਿ ਨਾਮ ॥

ਜਿਸ (ਹਰੀ) ਦੇ ਨਾਮ ਦਾ ਸ੍ਰਵਣ ਕਰਨਾ, ਕ੍ਰੋੜਾਂ ਹੀ ਇਸ਼ਨਾਨਾਂ ਦੇ ਬਰਾਬਰ ਹੈ।

ਕੋਟਿ ਪੂਜਾ, ਜਾ ਕੈ ਹੈ ਧਿਆਨ ॥

ਜਿਸ (ਉਸ) ਦਾ ਸਿਮਰਨ ਕ੍ਰੋੜਾਂ ਹੀ ਉਪਾਸ਼ਨਾ ਦੇ ਤੁੱਲ ਹੈ।

ਕੋਟਿ ਪੁੰਨ, ਸੁਣਿ ਹਰਿ ਕੀ ਬਾਣੀ ॥

ਵਾਹਿਗੁਰੂ ਦੀ ਗੁਰਬਾਣੀ ਦਾ ਸ਼੍ਰਵਣ ਕਰਨਾ, ਕ੍ਰੋੜਾਂ ਹੀ ਦਾਨ-ਪੁੰਨਾ ਦੇ ਤੁੱਲ ਹੈ।

ਕੋਟਿ ਫਲਾ, ਗੁਰ ਤੇ ਬਿਧਿ ਜਾਣੀ ॥੩॥

ਗੁਰਾਂ ਪਾਸੋਂ ਪ੍ਰਭੂ ਦੇ ਰਸਤੇ ਦਾ ਜਾਨਣਾ ਕ੍ਰੋੜਾ ਹੀ ਇਨਾਮਾ-ਇਕਰਾਮਾ ਦੇ ਬਰਾਬਰ ਹੈ।

ਮਨ ਅਪੁਨੇ ਮਹਿ, ਫਿਰਿ ਫਿਰਿ ਚੇਤ ॥

ਆਪਣੇ ਚਿੱਤ ਅੰਦਰ ਮੁੜ ਮੁੜ ਕੇ ਵਾਹਿਗੁਰੂ ਨੂੰ ਚੇਤੇ ਕਰ,

ਬਿਨਸਿ ਜਾਹਿ, ਮਾਇਆ ਕੇ ਹੇਤ ॥

ਅਤੇ ਤੇਰੀ ਮੋਹਨੀ ਦੀ ਮਮਤਾ ਜਾਂਦੀ ਰਹੇਗੀ।

ਹਰਿ ਅਬਿਨਾਸੀ, ਤੁਮਰੈ ਸੰਗਿ ॥

ਅਮਰ ਵਾਹਿਗੁਰੂ ਤੇਰੇ ਨਾਲ ਹੈ।

ਮਨ ਮੇਰੇ! ਰਚੁ ਰਾਮ ਕੈ ਰੰਗਿ ॥੪॥

ਮੇਰੀ ਜਿੰਦੜੀਏ, ਤੂੰ ਸਰਬ-ਵਿਆਪਕ ਸੁਆਮੀ ਦੇ ਪ੍ਰੇਮ ਅੰਦਰ ਲੀਨ ਹੋ ਜਾ।

ਜਾ ਕੈ ਕਾਮਿ, ਉਤਰੈ ਸਭ ਭੂਖ ॥

ਜਿਸ ਦੀ ਸੇਵਾ ਵਿੱਚ ਸਾਰੀ ਭੁਖ ਦੂਰ ਹੋ ਜਾਂਦੀ ਹੈ।

ਜਾ ਕੈ ਕਾਮਿ, ਨ ਜੋਹਹਿ ਦੂਤ ॥

ਜਿਸ ਦੀ ਸੇਵਾ ਵਿੱਚ ਮੌਤ ਦੇ ਜਮ ਤਕਾਉਂਦੇ ਨਹੀਂ।

ਜਾ ਕੈ ਕਾਮਿ, ਤੇਰਾ ਵਡ ਗਮਰੁ ॥

ਜਿਸ ਦੀ ਸੇਵਾ ਵਿੱਚ ਤੂੰ ਭਾਰੀ ਮਰਤਬਾ ਪਾ ਲਵੇਗਾ।

ਜਾ ਕੈ ਕਾਮਿ, ਹੋਵਹਿ ਤੂੰ ਅਮਰੁ ॥੫॥

ਜਿਸ ਦੀ ਸੇਵਾ ਅੰਦਰ ਤੂੰ ਅਬਿਨਾਸੀ ਹੋ ਜਾਵੇਗਾ।

ਜਾ ਕੇ ਚਾਕਰ ਕਉ, ਨਹੀ ਡਾਨ ॥

ਜਿਸ ਦੇ ਸੇਵਕ ਨੂੰ ਸਜ਼ਾ ਨਹੀਂ ਮਿਲਦੀ।

ਜਾ ਕੇ ਚਾਕਰ ਕਉ, ਨਹੀ ਬਾਨ ॥

ਜਿਸ ਦਾ ਸੇਵਕ ਕਿਸੇ ਕੈਦ ਅੰਦਰ ਨਹੀਂ।

ਜਾ ਕੈ ਦਫਤਰਿ, ਪੁਛੈ ਨ ਲੇਖਾ ॥

ਜਿਸ ਦੇ ਕਰਮ ਸਥਾਨ ਵਿੱਚ ਉਸ ਦੇ ਟਹਿਲੂਏ ਤੋਂ ਹਿਸਾਬ ਨਹੀਂ ਮੰਗਿਆ ਜਾਂਦਾ।

ਤਾ ਕੀ ਚਾਕਰੀ, ਕਰਹੁ ਬਿਸੇਖਾ ॥੬॥

ਉਸ ਦੀ ਨੌਕਰੀ ਤੂੰ ਚੰਗੀ ਤਰ੍ਹਾਂ ਵਜਾ ਹੇ ਬੰਦੇ!

ਜਾ ਕੈ ਊਨ ਨਾਹੀ, ਕਾਹੂ ਬਾਤ ॥

ਜਿਸ ਦੇ ਘਰ ਵਿੱਚ ਕਿਸੇ ਚੀਜ਼ ਦੀ ਭੀ ਕਮੀ ਨਹੀਂ।

ਏਕਹਿ ਆਪਿ, ਅਨੇਕਹਿ ਭਾਤਿ ॥

ਅਨੇਕਾਂ ਸਰੂਪਾਂ ਵਿੱਚ ਦਿਸਣ ਦੇ ਬਾਵਜੂਦ, ਸੁਆਮੀ ਖੁਦ ਕੇਵਲ ਇਕ ਹੀ ਹੈ।

ਜਾ ਕੀ ਦ੍ਰਿਸਟਿ, ਹੋਇ ਸਦਾ ਨਿਹਾਲ ॥

ਜਿਸ ਦੀ ਰਹਿਮਤ ਦੀ ਨਿਗ੍ਹਾਂ ਦੁਆਰਾ ਤੂੰ ਸਦੀਵ ਹੀ ਪਰਸੰਨ ਰਹੇਗੀ।

ਮਨ ਮੇਰੇ! ਕਰਿ ਤਾ ਕੀ ਘਾਲ ॥੭॥

ਮੇਰੀ ਜਿੰਦੜੀਏ ਤੂੰ ਉਸ ਦੀ ਚਾਕਰੀ ਕਮਾ।

ਨਾ ਕੋ ਚਤੁਰੁ, ਨਾਹੀ ਕੋ ਮੂੜਾ ॥

ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਮੂਰਖ।

ਨਾ ਕੋ ਹੀਣੁ, ਨਾਹੀ ਕੋ ਸੂਰਾ ॥

ਆਪਣੇ ਆਪ ਨਾਂ ਕੋਈ ਕਾਇਰ ਹੈ ਤੇ ਨਾਂ ਹੀ ਸੂਰਮਾ।

ਜਿਤੁ ਕੋ ਲਾਇਆ, ਤਿਤ ਹੀ ਲਾਗਾ ॥

ਜਿਸ ਦੇ ਨਾਲ ਸਾਹਿਬ ਪ੍ਰਾਣੀ ਨੂੰ ਜੋੜਦਾ ਹੈ, ਉਸ ਦੇ ਨਾਲ ਉਹ ਲੱਗ ਜਾਂਦਾ ਹੈ।

ਸੋ ਸੇਵਕੁ; ਨਾਨਕ, ਜਿਸੁ ਭਾਗਾ ॥੮॥੬॥

ਕੇਵਲ ਉਹੀ ਜੋ ਚੰਗੇ ਕਰਮਾਂ ਵਾਲਾ ਹੈ, ਪ੍ਰਭ ਦਾ ਗੋਲਾ ਬਣਦਾ ਹੈ, ਹੈ ਨਾਨਕ!


ਗਉੜੀ ਮਹਲਾ ੫ ॥

ਗਉੜੀ ਮਹਲਾ 5।

ਬਿਨੁ ਸਿਮਰਨ, ਜੈਸੇ ਸਰਪ ਆਰਜਾਰੀ ॥

ਪ੍ਰਭੂ ਦੀ ਬੰਦਗੀ ਦੇ ਬਾਝੋਂ ਪ੍ਰਾਣੀ ਦੀ ਜਿੰਦਗੀ ਸੱਪ ਵਰਗੀ ਹੈ।

ਤਿਉ ਜੀਵਹਿ ਸਾਕਤ, ਨਾਮੁ ਬਿਸਾਰੀ ॥੧॥

ਇੰਜ ਹੀ ਮਾਇਆ ਦਾ ਉਪਾਸ਼ਕ, ਨਾਮ ਨੂੰ ਭੁਲਾ ਕੇ ਜੀਉਂਦਾ ਹੈ।

ਏਕ ਨਿਮਖ, ਜੋ ਸਿਮਰਨ ਮਹਿ ਜੀਆ ॥

ਜਿਹੜਾ ਇਕ ਮੁਹਤ ਭਰ ਲਈ ਭੀ ਬੰਦਗੀ ਅੰਦਰ ਜੀਊਦਾ ਹੈ,

ਕੋਟਿ ਦਿਨਸ ਲਾਖ, ਸਦਾ ਥਿਰੁ ਥੀਆ ॥੧॥ ਰਹਾਉ ॥

ਉਹ ਲੱਖਾਂ, ਕਰੋੜਾਂ ਦਿਨਾਂ ਲਈ ਜੀਉਂਦਾ ਰਹਿੰਦਾ ਹੈ। ਨਹੀਂ, ਸਗੋ ਹਮੇਸ਼ਾਂ ਲਈ ਨਿਹਚਲ ਹੋ ਜਾਂਦਾ ਹੈ। ਠਹਿਰਾਉ।

ਬਿਨੁ ਸਿਮਰਨ, ਧ੍ਰਿਗੁ ਕਰਮ ਕਰਾਸ ॥

ਸੁਆਮੀ ਦੇ ਭਜਨ ਦੇ ਬਗੈਰ ਲਾਨ੍ਹਤਯੋਗ ਹੈ ਕੰਮਾਂ ਦਾ ਕਰਨਾ।

ਕਾਗ ਬਤਨ, ਬਿਸਟਾ ਮਹਿ ਵਾਸ ॥੨॥

ਕਾਂ ਦੀ ਚੁੰਝ ਦੀ ਤਰ੍ਹਾਂ ਮਨਮੁਖ ਦਾ ਨਿਵਾਸ ਗੰਦਗੀ ਵਿੱਚ ਹੈ।

ਬਿਨੁ ਸਿਮਰਨ, ਭਏ ਕੂਕਰ ਕਾਮ ॥

ਬੰਦਗੀ ਦੇ ਬਾਝੋਂ ਬੰਦੇ ਦੇ ਅਮਲ ਕੁੱਤੇ ਵਰਗੇ ਹੋ ਜਾਂਦੇ ਹਨ।

ਸਾਕਤ, ਬੇਸੁਆ ਪੂਤ; ਨਿਨਾਮ ॥੩॥

ਅਧਰਮੀ ਕੰਜਰੀ ਦੇ ਪੁੱਤ ਦੀ ਤਰ੍ਹਾਂ ਬੇ-ਨਾਮਾ ਹੈ।

ਬਿਨੁ ਸਿਮਰਨ, ਜੈਸੇ ਸੀਙ ਛਤਾਰਾ ॥

ਸਾਈਂ ਦੇ ਸਿਮਰਨ ਦੇ ਬਗ਼ੈਰ ਆਦਮੀ ਸਿੰਗਾਂ ਵਾਲੇ ਛਤਰੇ ਦੀ ਤਰ੍ਹਾਂ ਹੈ।

ਬੋਲਹਿ ਕੂਰੁ, ਸਾਕਤ ਮੁਖੁ ਕਾਰਾ ॥੪॥

ਕਾਫਰ ਝੂਠ ਬਕਦਾ ਹੈ ਅਤੇ ਉਸ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ।

ਬਿਨੁ ਸਿਮਰਨ, ਗਰਧਭ ਕੀ ਨਿਆਈ ॥

ਰੱਬ ਦੀ ਬੰਦਗੀ ਦੇ ਬਗ਼ੈਰ ਬੰਦਾ ਗਧੇ ਵਰਗਾ ਹੈ।

ਸਾਕਤ, ਥਾਨ ਭਰਿਸਟ ਫਿਰਾਹੀ ॥੫॥

ਕੁਕਰਮੀ ਪਲੀਤ ਥਾਵਾਂ ਤੇ ਭਟਕਦਾ ਫਿਰਦਾ ਹੈ।

ਬਿਨੁ ਸਿਮਰਨ, ਕੂਕਰ ਹਰਕਾਇਆ ॥

ਸਾਈਂ ਦੇ ਭਜਨ ਦੇ ਬਾਝੋਂ ਉਹ ਹਲਕੇ ਹੋਏ ਕੁੱਤੇ ਦੇ ਮਾਨੰਦ ਹੈ।

ਸਾਕਤ ਲੋਭੀ, ਬੰਧੁ ਨ ਪਾਇਆ ॥੬॥

ਲਾਲਚੀ ਕਾਫਰ ਫਾਹੀ ਅੰਦਰ ਫਸਦਾ ਹੈ।

ਬਿਨੁ ਸਿਮਰਨ, ਹੈ ਆਤਮ ਘਾਤੀ ॥

ਪ੍ਰਭੂ ਨੂੰ ਯਾਦ ਕਰਨ ਦੇ ਬਾਝੋਂ ਆਦਮੀ ਆਪਣੇ ਆਪ ਦਾ ਕਾਤਲ ਹੈ।

ਸਾਕਤ ਨੀਚ, ਤਿਸੁ ਕੁਲੁ ਨਹੀ ਜਾਤੀ ॥੭॥

ਬੇਮੁਖ ਕਮੀਨਾ ਹੈ, ਉਸ ਦਾ ਕੋਈ ਘਰਾਣਾ ਜਾਂ ਜਾਤ ਨਹੀਂ।

ਜਿਸੁ ਭਇਆ ਕ੍ਰਿਪਾਲੁ, ਤਿਸੁ ਸਤਸੰਗਿ ਮਿਲਾਇਆ ॥

ਜਿਸ ਉਤੇ ਸਾਹਿਬ ਮਇਆਵਾਨ ਹੁੰਦਾ ਹੈ, ਉਸ ਨੂੰ ਉਹ ਸਾਧ ਸੰਗਤ ਨਾਲ ਜੋੜ ਦਿੰਦਾ ਹੈ।

ਕਹੁ ਨਾਨਕ, ਗੁਰਿ ਜਗਤੁ ਤਰਾਇਆ ॥੮॥੭॥

ਗੁਰਾਂ ਜੀ ਫੁਰਮਾਉਂਦੇ ਹਨ, ਗੁਰਾਂ ਨੇ ਸੰਸਾਰ ਦਾ ਪਾਰ ਉਤਾਰਾ ਕਰ ਦਿਤਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਗੁਰ ਕੈ ਬਚਨਿ, ਮੋਹਿ ਪਰਮ ਗਤਿ ਪਾਈ ॥

ਗੁਰਾਂ ਦੀ ਬਾਣੀ ਰਾਹੀਂ ਮੈਂ ਮਹਾਨ ਮਰਤਬਾ ਪਾ ਲਿਆ ਹੈ।

ਗੁਰਿ ਪੂਰੈ, ਮੇਰੀ ਪੈਜ ਰਖਾਈ ॥੧॥

ਪੂਰਨ ਗੁਰਾਂ ਨੇ ਮੇਰੀ ਇੱਜਤ ਰਖ ਲਈ ਹੈ।

ਗੁਰ ਕੈ ਬਚਨਿ, ਧਿਆਇਓ ਮੋਹਿ ਨਾਉ ॥

ਗੁਰਾਂ ਦੀ ਕਲਾਮ ਦੁਆਰਾ ਮੈਂ ਨਾਮ ਦਾ ਸਿਮਰਨ ਕੀਤਾ ਹੈ।

ਗੁਰ ਪਰਸਾਦਿ, ਮੋਹਿ ਮਿਲਿਆ ਥਾਉ ॥੧॥ ਰਹਾਉ ॥

ਗੁਰਾਂ ਦੀ ਦਇਆਲਤਾ ਰਾਹੀਂ ਮੈਨੂੰ ਆਰਾਮ ਦੀ ਜਗ੍ਹਾ ਪ੍ਰਾਪਤ ਹੋਈ ਹੈ। ਠਹਿਰਾਉ।

ਗੁਰ ਕੈ ਬਚਨਿ, ਸੁਣਿ ਰਸਨ ਵਖਾਣੀ ॥

ਗੁਰਾਂ ਦੀ ਬਾਣੀ ਮੈਂ ਸ੍ਰਵਣ ਕਰਦਾ ਤੇ ਆਪਣੀ ਜੀਭ ਨਾਲ ਉਚਾਰਦਾ ਹਾਂ।

ਗੁਰ ਕਿਰਪਾ ਤੇ, ਅੰਮ੍ਰਿਤ ਮੇਰੀ ਬਾਣੀ ॥੨॥

ਗੁਰਾਂ ਦੀ ਮਿਹਰ ਰਾਹੀਂ ਮੇਰੀ ਬੋਲੀ ਸੁਧਾਰਸ ਵਰਗੀ ਮਿੱਠੀ ਹੋ ਗਈ ਹੈ।

ਗੁਰ ਕੈ ਬਚਨਿ, ਮਿਟਿਆ ਮੇਰਾ ਆਪੁ ॥

ਗੁਰਾਂ ਦੀ ਕਲਾਮ ਦੁਆਰਾ ਮੇਰੀ ਸਵੈ-ਹੰਗਤਾ ਦੁਰ ਹੋ ਗਈ ਹੈ।

ਗੁਰ ਕੀ ਦਇਆ ਤੇ, ਮੇਰਾ ਵਡ ਪਰਤਾਪੁ ॥੩॥

ਗੁਰਾਂ ਦੀ ਕਿਰਪਾ ਦੁਆਰਾ ਮੇਰਾ ਭਾਰਾ ਇਕਬਾਲ ਹੈ।

ਗੁਰ ਕੈ ਬਚਨਿ, ਮਿਟਿਆ ਮੇਰਾ ਭਰਮੁ ॥

ਗੁਰਬਾਣੀ ਦੁਆਰਾ ਮੇਰਾ ਸੰਦੇਹ ਨਵਿਰਤ ਹੋ ਗਿਆ ਹੈ।

ਗੁਰ ਕੈ ਬਚਨਿ, ਪੇਖਿਓ ਸਭੁ ਬ੍ਰਹਮੁ ॥੪॥

ਗੁਰਾਂ ਦੀ ਬਾਣੀ ਰਾਹੀਂ ਮੈਂ ਹਰ ਥਾਂ ਸਾਈਂ ਨੂੰ ਵੇਖ ਲਿਆ ਹੈ।

ਗੁਰ ਕੈ ਬਚਨਿ, ਕੀਨੋ ਰਾਜੁ ਜੋਗੁ ॥

ਗੁਰਾਂ ਦੀ ਬਾਣੀ ਰਾਹੀਂ ਮੈਂ ਸੰਸਾਰੀ ਤੇ ਰੂਹਾਨੀ ਪਾਤਸ਼ਾਹੀ ਮਾਣੀ ਹੈ।

ਗੁਰ ਕੈ ਸੰਗਿ, ਤਰਿਆ ਸਭੁ ਲੋਗੁ ॥੫॥

ਗੁਰਾਂ ਦੀ ਸੰਗਤ ਦੁਆਰਾ ਸਾਰੇ ਲੋਕੀਂ ਬਚ ਗਏ ਹਨ।

ਗੁਰ ਕੈ ਬਚਨਿ, ਮੇਰੇ ਕਾਰਜ ਸਿਧਿ ॥

ਗੁਰਾਂ ਦੇ ਸ਼ਬਦ ਰਾਹੀਂ ਮੇਰੇ ਕੰਮ ਰਾਸ ਹੋ ਗਏ ਹਨ।

ਗੁਰ ਕੈ ਬਚਨਿ, ਪਾਇਆ ਨਾਉ ਨਿਧਿ ॥੬॥

ਗੁਰਾਂ ਦੇ ਸ਼ਬਦ ਰਾਹੀਂ ਮੈਂ ਨਾਮ ਦਾ ਖ਼ਜ਼ਾਨਾ ਪ੍ਰਾਪਤ ਕਰ ਲਿਆ ਹੈ।

ਜਿਨਿ ਜਿਨਿ ਕੀਨੀ, ਮੇਰੇ ਗੁਰ ਕੀ ਆਸਾ ॥

ਜਿਸ ਕਿਸੇ ਨੇ ਮੇਰੇ ਗੁਰਦੇਵ ਜੀ ਤੇ ਭਰੋਸਾ ਧਾਰਨ ਕੀਤਾ ਹੈ,

ਤਿਸ ਕੀ ਕਟੀਐ, ਜਮ ਕੀ ਫਾਸਾ ॥੭॥

ਉਸ ਦੀ ਮੌਤ ਦੀ ਫਾਹੀ ਕੱਟੀ ਗਈ ਹੈ।

ਗੁਰ ਕੈ ਬਚਨਿ, ਜਾਗਿਆ ਮੇਰਾ ਕਰਮੁ ॥

ਗੁਰਾਂ ਦੇ ਸ਼ਬਦ ਦੁਆਰਾ ਮੇਰੇ ਚੰਗੇ ਭਾਗ ਜਾਗ ਉਠੇ ਹਨ।
ਨਾਨਕ, ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥
ਗੁਰਾਂ ਦੇ ਰਾਹੀਂ ਨਾਨਕ ਪ੍ਰਮ ਪ੍ਰਭੂ ਨੂੰ ਮਿਲ ਪਿਆ ਹੈ।


ਗਉੜੀ ਮਹਲਾ ੫ ॥

ਗਊੜੀ ਮਹਲਾ 5।

ਤਿਸੁ ਗੁਰ ਕਉ, ਸਿਮਰਉ ਸਾਸਿ ਸਾਸਿ ॥

ਉਸ ਗੁਰੂ ਨੂੰ ਮੈਂ ਹਰ ਸੁਆਸ ਨਾਲ ਯਾਦ ਕਰਦਾ ਹਾਂ।

ਗੁਰੁ ਮੇਰੇ ਪ੍ਰਾਣ, ਸਤਿਗੁਰੁ ਮੇਰੀ ਰਾਸਿ ॥੧॥ ਰਹਾਉ ॥

ਗੁਰੂ ਮੇਰੀ ਜਿੰਦ ਜਾਨ ਹੈ ਅਤੇ ਸੱਚਾ ਗੁਰੂ ਮੇਰੀ ਪੂੰਜੀ। ਠਹਿਰਾਉ।

ਗੁਰ ਕਾ ਦਰਸਨੁ, ਦੇਖਿ ਦੇਖਿ ਜੀਵਾ ॥

ਮੈਂ ਗੁਰਾਂ ਦਾ ਦੀਦਾਰ ਇਕ ਰਸ ਵੇਖ ਕੇ ਜੀਉਂਦਾ ਹਾਂ।

ਗੁਰ ਕੇ ਚਰਣ, ਧੋਇ ਧੋਇ ਪੀਵਾ ॥੧॥

ਗੁਰਾਂ ਦੇ ਪੈਰ ਮੇਂ ਲਗਾਤਾਰ ਧੋਦਾ ਹਾਂ ਅਤੇ ਉਸ ਧੌਣ ਨੂੰ ਪੀਦਾ ਹਾਂ।

ਗੁਰ ਕੀ ਰੇਣੁ, ਨਿਤ ਮਜਨੁ ਕਰਉ ॥

ਗੁਰਾਂ ਦੇ ਚਰਨਾਂ ਦੀ ਧੂੜ ਵਿੱਚ ਮੈਂ ਰੋਜ ਇਸ਼ਨਾਨ ਕਰਦਾ ਹਾਂ।

ਜਨਮ ਜਨਮ ਕੀ, ਹਉਮੈ ਮਲੁ ਹਰਉ ॥੨॥

ਇੰਜ ਮੈਂ ਅਨੇਕਾਂ ਜਨਮਾ ਦੀ ਹੰਕਾਰ ਦੀ ਗੰਦਗੀ ਨੂੰ ਧੋ ਸੁਟਿਆ ਹੈ।

ਤਿਸੁ ਗੁਰ ਕਉ, ਝੂਲਾਵਉ ਪਾਖਾ ॥

ਉਸ ਗੁਰੂ ਨੂੰ ਮੈਂ ਪੱਖਾ ਝੱਲਦਾ ਹਾਂ।

ਮਹਾ ਅਗਨਿ ਤੇ, ਹਾਥੁ ਦੇ ਰਾਖਾ ॥੩॥

ਆਪਣਾ ਹੱਥ ਦੇ ਕੇ, ਉਸ ਨੇ ਮੈਨੂੰ ਭਾਰੀ ਅੱਗ ਤੋਂ ਬਚਾ ਲਿਆ ਹੈ।

ਤਿਸੁ ਗੁਰ ਕੈ ਗ੍ਰਿਹਿ, ਢੋਵਉ ਪਾਣੀ ॥

ਮੈਂ ਉਸ ਗੁਰਦੇਵ ਜੀ ਦੇ ਘਰ ਲਈ ਜਲ ਢੋਦਾ ਹਾਂ,

ਜਿਸੁ ਗੁਰ ਤੇ, ਅਕਲ ਗਤਿ ਜਾਣੀ ॥੪॥

ਜਿਨ੍ਹਾਂ ਪਾਸੋਂ ਮੈਂ ਗਿਆਤ ਦਾ ਰਸਤਾ ਸਮਝਿਆ ਹੈ।

ਤਿਸੁ ਗੁਰ ਕੈ ਗ੍ਰਿਹਿ, ਪੀਸਉ ਨੀਤ ॥

ਉਸ ਗੁਰੂ ਦੇ ਘਰ ਲਈ ਮੈਂ ਸਦਾ ਹੀ ਦਾਣੇ ਪੀਹਦਾ ਹਾਂ,

ਜਿਸੁ ਪਰਸਾਦਿ, ਵੈਰੀ ਸਭ ਮੀਤ ॥੫॥

ਜਿਸ ਦੀ ਦਇਆ ਦੁਆਰਾ ਮੇਰੇ ਦੁਸ਼ਮਨ ਸਾਰੇ ਮਿਤ੍ਰ ਬਣ ਗਏ ਹਨ।

ਜਿਨਿ ਗੁਰਿ ਮੋ ਕਉ, ਦੀਨਾ ਜੀਉ ॥

ਜਿਸ ਗੁਰੂ ਨੇ ਮੈਨੂੰ ਜਿੰਦ ਜਾਨ ਦਿੱਤੀ ਹੈ,

ਆਪੁਨਾ ਦਾਸਰਾ, ਆਪੇ ਮੁਲਿ ਲੀਉ ॥੬॥

ਉਸ ਨੇ ਖੁਦ ਮੈਨੂੰ ਖਰੀਦ ਲਿਆ ਹੈ ਤੇ ਆਪਣਾ ਗੋਲਾ ਬਣਾ ਲਿਆ ਹੈ।

ਆਪੇ ਲਾਇਓ, ਅਪਨਾ ਪਿਆਰੁ ॥

ਉਸ ਨੇ ਖ਼ੁਦ-ਬ-ਖ਼ੁਦ ਮੇਨੂੰ ਆਪਣੀ ਪ੍ਰੀਤ ਦੀ ਦਾਤ ਦਿਤੀ ਹੈ।

ਸਦਾ ਸਦਾ ਤਿਸੁ ਗੁਰ ਕਉ, ਕਰੀ ਨਮਸਕਾਰੁ ॥੭॥

ਹਮੇਸ਼ਾਂ ਹਮੇਸ਼ਾਂ ਲਈ ਮੈਂ ਉਸ ਗੁਰੂ ਨੂੰ ਪ੍ਰਣਾਮ ਕਰਦਾ ਹਾਂ।

ਕਲਿ ਕਲੇਸ, ਭੈ ਭ੍ਰਮ ਦੁਖ ਲਾਥਾ ॥

ਮੇਰੀ ਕਲਪਣਾ, ਝੇੜਾ, ਡਰ, ਸੰਦੇਹ ਅਤੇ ਬੇਆਰਾਮੀ ਮੁਕ ਗਏ ਹਨ।

ਕਹੁ ਨਾਨਕ, ਮੇਰਾ ਗੁਰੁ ਸਮਰਾਥਾ ॥੮॥੯॥

ਗੁਰੂ ਜੀ ਫੁਰਮਾਉਂਦੇ ਹਨ, ਐਸਾ ਬਲੀ ਹੈ ਮੇਰਾ ਗੁਰਦੇਵ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।

ਮਿਲੁ ਮੇਰੇ ਗੋਬਿੰਦ! ਅਪਨਾ ਨਾਮੁ ਦੇਹੁ ॥

ਮੈਨੂੰ ਦਰਸ਼ਨ ਦੇ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਨੂੰ ਆਪਣਾ ਨਾਮ ਬਖ਼ਸ਼।

ਨਾਮ ਬਿਨਾ, ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥

ਲਾਨ੍ਹਤ ਅਤੇ ਫਿੱਟੇ-ਮੂੰਹ ਹੈ ਉਸ ਪ੍ਰੀਤ ਦੇ ਜੋ ਨਾਮ ਦੇ ਬਗੇਰ ਹੈ। ਠਹਿਰਾਉ।

ਨਾਮ ਬਿਨਾ, ਜੋ ਪਹਿਰੈ ਖਾਇ ॥

ਰੱਬ ਦੇ ਨਾਮ ਦੇ ਬਗੈਰ ਜਿਹੜਾ ਪਹਿਨਦਾ ਤੇ ਖਾਂਦਾ ਹੈ,।

ਜਿਉ ਕੂਕਰ, ਜੂਠਨ ਮਹਿ ਪਾਇ ॥੧॥

ਉਹ ਉਸ ਕੁੱਤੇ ਦੀ ਮਾਨੰਦ ਹੈ ਜੋ ਜੂਠੀਆਂ ਪੱਤਲਾਂ ਵਿੱਚ ਪੈਦਾ ਹੈ।

ਨਾਮ ਬਿਨਾ, ਜੇਤਾ ਬਿਉਹਾਰੁ ॥

ਨਾਮ ਦੇ ਬਾਝੋਂ ਸਾਰਾ ਕਾਰ-ਵਿਹਾਰ ਇੰਜ ਵਿਅਰਥ ਹੈ,

ਜਿਉ ਮਿਰਤਕ, ਮਿਥਿਆ ਸੀਗਾਰੁ ॥੨॥

ਜਿਵੇਂ ਲੋਥ ਉਤੇ ਹਾਰ ਸ਼ਿੰਗਾਰ ਪਾਇਆ ਹੋਵੇ

ਨਾਮੁ ਬਿਸਾਰਿ, ਕਰੇ ਰਸ ਭੋਗ ॥

ਜੋ ਨਾਮ ਨੂੰ ਭੁਲਾ ਕੇ ਰੰਗ ਰਲੀਆਂ ਮਾਣਦਾ ਹੈ,

ਸੁਖੁ ਸੁਪਨੈ ਨਹੀ, ਤਨ ਮਹਿ ਰੋਗ ॥੩॥

ਉਸ ਨੂੰ ਸੁਪਨੇ ਵਿੱਚ ਭੀ ਆਰਾਮ ਨਹੀਂ ਮਿਲਦਾ ਅਤੇ ਉਸ ਦੀ ਦੇਹਿ ਰੋਗੀ ਹੋ ਜਾਂਦੀ ਹੈ।

ਨਾਮੁ ਤਿਆਗਿ, ਕਰੇ ਅਨ ਕਾਜ ॥

ਪ੍ਰਭੂ ਦੇ ਨਾਮ ਨੂੰ ਛੱਡ ਕੇ ਜੇਕਰ ਆਦਮੀ ਹੋਰ ਧੰਦੇ ਕਰਦਾ ਹੈ,।

ਬਿਨਸਿ ਜਾਇ, ਝੂਠੇ ਸਭਿ ਪਾਜ ॥੪॥

ਉਸ ਦੀ ਕੂੜੀ ਲਿਟਸਾਜੀ ਸਾਰੇ ਦੀ ਸਾਰੀ ਹੀ ਨਾਸ ਹੋ ਜਾਵੇਗੀ।

ਨਾਮ ਸੰਗਿ, ਮਨਿ ਪ੍ਰੀਤਿ ਨ ਲਾਵੈ ॥

ਇਨਸਾਨ ਜੋ ਨਾਮ ਨਾਲ ਨੇਹੁੰ ਨਹੀਂ ਗੰਢਦਾ ਦੋਜ਼ਕ ਨੂੰ ਜਾਂਦਾ ਹੈ,

ਕੋਟਿ ਕਰਮ ਕਰਤੋ, ਨਰਕਿ ਜਾਵੈ ॥੫॥

ਭਾਵੇਂ ਉਹ ਕ੍ਰੋੜਾਂ ਹੀ ਕਰਮ-ਕਾਂਡ ਪਿਆ ਕਰੇ।

ਹਰਿ ਕਾ ਨਾਮੁ, ਜਿਨਿ ਮਨਿ ਨ ਆਰਾਧਾ ॥

ਜੋ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,

ਚੋਰ ਕੀ ਨਿਆਈ, ਜਮ ਪੁਰਿ ਬਾਧਾ ॥੬॥

ਉਹ ਮੌਤ ਦੇ ਸ਼ਹਿਰ ਅੰਦਰ ਤਸਕਰ ਦੀ ਮਾਨੰਦ ਨਰੜਿਆ ਜਾਂਦਾ ਹੈ।

ਲਾਖ ਅਡੰਬਰ, ਬਹੁਤੁ ਬਿਸਥਾਰਾ ॥

ਲੱਖਾਂ ਨੁਮਾਇਸ਼ਾਂ ਅਤੇ ਘਨੇਰੇ ਖਿਲਾਰੇ।

ਨਾਮ ਬਿਨਾ, ਝੂਠੇ ਪਾਸਾਰਾ ॥੭॥

ਹਰੀ ਦੇ ਨਾਮ ਦੇ ਬਾਝੋਂ ਕੂੜੇ ਹਨ ਦਿਖਾਵੇ।

ਹਰਿ ਕਾ ਨਾਮੁ, ਸੋਈ ਜਨੁ ਲੇਇ ॥

ਕੇਵਲ ਉਹੀ ਬੰਦਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ,

ਕਰਿ ਕਿਰਪਾ; ਨਾਨਕ, ਜਿਸੁ ਦੇਇ ॥੮॥੧੦॥

ਜਿਸ ਨੂੰ ਹੇ ਨਾਨਕ! ਉਹ ਮਿਹਰ ਦੁਆਰਾ ਬਖਸ਼ਦਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਆਦਿ ਮਧਿ, ਜੋ ਅੰਤਿ ਨਿਬਾਹੈ ॥

ਜੋ ਆਰੰਭ ਵਿਚਕਾਰ ਅਤੇ ਅਖੀਰ ਵਿੱਚ ਮੇਰਾ ਪੱਖ ਪੂਰਦਾ ਹੈ,

ਸੋ ਸਾਜਨੁ, ਮੇਰਾ ਮਨੁ ਚਾਹੈ ॥੧॥

ਉਸ ਮਿਤ੍ਰ ਨੂੰ ਮੇਰੀ ਜਿੰਦੜੀ ਲੋੜਦੀ ਹੈ।

ਹਰਿ ਕੀ ਪ੍ਰੀਤਿ, ਸਦਾ ਸੰਗਿ ਚਾਲੈ ॥

ਵਾਹਿਗੁਰੂ ਦਾ ਪਿਆਰ, ਹਮੇਸ਼ਾਂ, ਪ੍ਰਾਣੀ ਦੇ ਸਾਥ ਜਾਂਦਾ ਹੈ।

ਦਇਆਲ ਪੁਰਖ, ਪੂਰਨ ਪ੍ਰਤਿਪਾਲੈ ॥੧॥ ਰਹਾਉ ॥

ਸਰਬ-ਵਿਆਪਕ ਅਤੇ ਮਿਹਰਬਾਨ ਮਾਲਕ, ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਹੈ। ਠਹਿਰਾਉ।

ਬਿਨਸਤ ਨਾਹੀ, ਛੋਡਿ ਨ ਜਾਇ ॥

ਪ੍ਰਭੂ ਨਾਸ ਨਹੀਂ ਹੁੰਦਾ ਅਤੇ ਆਪਣੇ ਨੌਕਰ ਨੂੰ ਤਿਆਗ ਕੇ ਕਿਧਰੇ ਨਹੀਂ ਜਾਂਦਾ।

ਜਹ ਪੇਖਾ, ਤਹ ਰਹਿਆ ਸਮਾਇ ॥੨॥

ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਉਹ ਰਮ ਰਿਹਾ ਹੈ।

ਸੁੰਦਰੁ ਸੁਘੜੁ, ਚਤੁਰੁ ਜੀਅ ਦਾਤਾ ॥

ਸਾਹਿਬ ਸੁਹਣਾ, ਸਿਆਣਾ, ਤੇਜ਼ ਸਮਝ ਵਾਲਾ ਅਤੇ ਜਿੰਦ-ਜਾਨ ਦੇਣਹਾਰ ਹੈ।

ਭਾਈ ਪੂਤੁ, ਪਿਤਾ ਪ੍ਰਭੁ ਮਾਤਾ ॥੩॥

ਮਾਲਕ ਮੇਰਾ ਵੀਰ, ਪੁੱਤ੍ਰ, ਬਾਬਲ ਅਤੇ ਅੰਮੜੀ ਹੈ।

ਜੀਵਨ ਪ੍ਰਾਨ ਅਧਾਰ, ਮੇਰੀ ਰਾਸਿ ॥

ਉਹ ਮੇਰੀ ਜਿੰਦਗੀ ਅਤੇ ਜਿੰਦੜੀ ਦਾ ਆਸਰਾ ਹੈ। ਉਹ ਮੇਰੀ ਪੂੰਜੀ ਹੈ।

ਪ੍ਰੀਤਿ ਲਾਈ, ਕਰਿ ਰਿਦੈ ਨਿਵਾਸਿ ॥੪॥

ਮੇਰੇ ਅੰਤਰ ਆਤਮੇ ਵਾਸਾ ਕਰ ਕੇ, ਪ੍ਰਭੂ ਨੇ ਮੇਰੀ ਆਪਣੇ ਨਾਲ ਪਿਰਹੜੀ ਪਾਈ ਹੈ।

ਮਾਇਆ ਸਿਲਕ, ਕਾਟੀ ਗੋਪਾਲਿ ॥

ਸ੍ਰਿਸ਼ਟੀ ਦੇ ਪਾਲਣਹਾਰ ਨੇ ਮੇਰੀ ਮੋਹਣੀ ਦੀ ਫਾਹੀ ਵੱਢ ਸੁੱਟੀ ਹੈ।

ਕਰਿ ਅਪੁਨਾ ਲੀਨੋ, ਨਦਰਿ ਨਿਹਾਲਿ ॥੫॥

ਮਿਹਰ ਦੀ ਨਿਗ੍ਹਾ ਨਾਲ ਮੇਰੇ ਵੱਲ ਝਾਕ ਕੇ ਉਸਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।

ਸਿਮਰਿ ਸਿਮਰਿ, ਕਾਟੇ ਸਭਿ ਰੋਗ ॥

ਉਸ ਦਾ ਇਕ-ਰਸ ਆਰਾਧਨ ਕਰਨ ਦੁਆਰਾ ਸਾਰੀਆਂ ਜਹਿਮਤਾ ਟਲ ਗਈਆਂ ਹਨ।

ਚਰਣ ਧਿਆਨ, ਸਰਬ ਸੁਖ ਭੋਗ ॥੬॥

ਉਸ ਦੇ ਚਰਨਾ ਨਾਲ ਬਿਰਤੀ ਜੋੜ ਕੇ, ਸਾਰੇ ਆਰਾਮ ਮਾਣ ਲਏ ਜਾਂਦੇ ਹਨ।

ਪੂਰਨ ਪੁਰਖੁ, ਨਵਤਨੁ ਨਿਤ ਬਾਲਾ ॥

ਸਰਬ-ਵਿਆਪਕ ਸੁਆਮੀ ਸਦਾ ਨਵਾਂਨੁੱਕ ਅਤੇ ਸਦਾ ਜੁਆਨ ਹੈ।

ਹਰਿ ਅੰਤਰਿ ਬਾਹਰਿ, ਸੰਗਿ ਰਖਵਾਲਾ ॥੭॥

ਅੰਦਰ ਅਤੇ ਬਾਹਰ ਵਾਹਿਗੁਰੂ ਮੇਰੇ ਰਾਖੇ ਵਜੋਂ ਮੇਰੇ ਨਾਲ ਹੈ।

ਕਹੁ ਨਾਨਕ, ਹਰਿ ਹਰਿ ਪਦੁ ਚੀਨ ॥

ਗੁਰੂ ਜੀ ਫੁਰਮਾਉਂਦੇ ਹਨ ਜੋ ਵਾਹਿਗੁਰੂ ਮਾਲਕ ਦੇ ਮਰਤਬੇ ਨੂੰ ਅਨੁਭਵ ਕਰਦਾ ਹੈ,

ਸਰਬਸੁ ਨਾਮੁ, ਭਗਤ ਕਉ ਦੀਨ ॥੮॥੧੧॥

ਉਹ ਸਾਧੂਆਂ ਨੂੰ ਉਹ ਉਸ ਦੀ ਸਮੂਹ ਦੌਲਤ ਵਜੋ ਆਪਣਾ ਨਾਮ ਦਿੰਦਾ ਹੈ।


ਗਉੜੀ ਮਹਲਾ ੫

ਗਊੜੀ ਪਾਤਸ਼ਾਹੀ ਪੰਜਵੀਂ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

ਨਾਰਾਇਣ ਹਰਿ ਰੰਗ, ਰੰਗੋ ॥

ਤੂੰ ਆਪਣੇ ਆਪ ਨੂੰ ਵਾਹਿਗੁਰੂ ਸੁਆਮੀ ਦੀ ਪ੍ਰੀਤ ਨਾਲ ਰੰਗ।

ਜਪਿ ਜਿਹਵਾ ਹਰਿ, ਏਕ ਮੰਗੋ ॥੧॥ ਰਹਾਉ ॥

ਤੂੰ ਆਪਣੀ ਜੀਭ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਅਤੇ ਕੇਵਲ ਉਸੇ ਦੀ ਹੀ ਯਾਚਨਾ ਕਰ। ਠਹਿਰਾਉ।

ਤਜਿ ਹਉਮੈ, ਗੁਰ ਗਿਆਨ ਭਜੋ ॥

ਆਪਣੀ ਹੰਗਤਾ ਨੂੰ ਛੱਡ ਅਤੇ ਗੁਰਾਂ ਦੇ ਬਖਸ਼ੇ ਹੋਏ ਬ੍ਰਹਿਮ ਵਿਚਾਰ ਨੂੰ ਸੋਚ ਸਮਝ।

ਮਿਲਿ ਸੰਗਤਿ, ਧੁਰਿ ਕਰਮ ਲਿਖਿਓ ॥੧॥

ਕੇਵਲ ਉਹੀ ਜਿਨ੍ਹਾਂ ਦੇ ਮੁਢਲੇ ਭਾਗਾਂ ਵਿੱਚ ਇਸ ਤਰ੍ਹਾਂ ਲਿਖਿਆ ਹੁੰਦਾ ਹੈ, ਸਤਿਸੰਗਤ ਨਾਲ ਜੁੜਦੇ ਹਨ।

ਜੋ ਦੀਸੈ, ਸੋ ਸੰਗਿ ਨ ਗਇਓ ॥

ਜਿਹੜਾ ਕੁਛ ਭੀ ਦਿਸਦਾ ਹੈ, ਉਹ ਬੰਦੇ ਦੇ ਨਾਲ ਨਹੀਂ ਜਾਂਦਾ।

ਸਾਕਤੁ ਮੂੜੁ, ਲਗੇ ਪਚਿ ਮੁਇਓ ॥੨॥

ਉਸ ਨਾਲ ਜੁੜ ਕੇ ਮੂਰਖ ਮਾਇਆਂ ਦਾ ਪੁਜਾਰੀ ਗਲ ਸੜ ਕੇ ਮਰ ਜਾਂਦਾ ਹੈ।

ਮੋਹਨ ਨਾਮੁ, ਸਦਾ ਰਵਿ ਰਹਿਓ ॥

ਮੋਹਿਤ ਕਰਨਹਾਰ ਸਾਈਂ ਦਾ ਨਾਮ ਹਮੇਸ਼ਾਂ ਲਈ ਵਿਆਪਕ ਹੈ।

ਕੋਟਿ ਮਧੇ, ਕਿਨੈ ਗੁਰਮੁਖਿ ਲਹਿਓ ॥੩॥

ਕ੍ਰੋੜਾਂ ਵਿਚੋਂ ਕੋਈ ਇਕ ਅੱਧ ਹੀ ਗੁਰਾਂ ਦੇ ਰਾਹੀਂ ਨਾਮ ਨੂੰ ਪ੍ਰਾਪਤ ਹੁੰਦਾ ਹੈ।

ਹਰਿ ਸੰਤਨ, ਕਰਿ ਨਮੋ ਨਮੋ ॥

ਨਮਸਕਾਰ, ਨਮਸਕਾਰਕਰ ਰੱਬ ਦੇ ਸ਼ਾਧੂਆਂ ਨੂੰ।

ਨਉ ਨਿਧਿ ਪਾਵਹਿ, ਅਤੁਲੁ ਸੁਖੋ ॥੪॥

ਇੰਜ ਤੂੰ ਨੌ ਖ਼ਜ਼ਾਨੇ ਅਤੇ ਅੰਨਤ ਆਰਾਮ ਪਾ ਲਵੇਗਾ।

ਨੈਨ ਅਲੋਵਉ, ਸਾਧ ਜਨੋ ॥

ਆਪਣੀਆਂ ਅੱਖਾਂ ਨਾਲ ਪਵਿੱਤ੍ਰ ਪੁਰਸ਼ਾ ਨੂੰ ਤੱਕ।

ਹਿਰਦੈ ਗਾਵਹੁ, ਨਾਮ ਨਿਧੋ ॥੫॥

ਆਪਣੇ ਮਨ ਅੰਦਰ ਨਾਮ-ਖ਼ਜ਼ਾਨੇ ਦਾ ਜਾਇਸ ਗਾਇਨ ਕਰ।

ਕਾਮ ਕ੍ਰੋਧ, ਲੋਭੁ ਮੋਹੁ ਤਜੋ ॥

ਲਿੰਗ ਚੇਸ਼ਟਾ, ਗੁੱਸਾ, ਲਾਲਚ ਤੇ ਸੰਸਾਰੀ ਮਮਤਾ ਨੂੰ ਛੱਡ ਦੇ।

ਜਨਮ ਮਰਨ, ਦੁਹੁ ਤੇ ਰਹਿਓ ॥੬॥

ਇਸ ਤਰ੍ਹਾਂ ਜੰਮਣ ਤੇ ਮਰਣ ਦੁਹਾ ਤੇ ਖਲਾਸੀ ਪਾ ਜਾ।

ਦੂਖੁ ਅੰਧੇਰਾ, ਘਰ ਤੇ ਮਿਟਿਓ ॥

ਦਰਦ ਤੇ ਹਨੇਰਾ ਤੇਰੇ ਗ੍ਰਹਿ ਤੋਂ ਦੂਰ ਹੋ ਜਾਣਗੇ,

ਗੁਰਿ ਗਿਆਨੁ ਦ੍ਰਿੜਾਇਓ, ਦੀਪ ਬਲਿਓ ॥੭॥

ਜਦ ਤੇਰੇ ਅੰਦਰ ਗੁਰਾਂ ਨੇ ਸਿਆਣਪ ਇਸਬਿਤ ਕਰ ਦਿਤੀ ਅਤੇ ਈਸ਼ਵਰੀ ਜੋਤ ਰੋਸ਼ਨ ਕਰ ਦਿਤੀ।

ਜਿਨਿ ਸੇਵਿਆ, ਸੋ ਪਾਰਿ ਪਰਿਓ ॥

ਜੋ ਸੁਆਮੀ ਦੀ ਘਾਲ ਕਮਾਉਂਦਾ ਹੈ, ਉਹ ਜੀਵਨ ਦੇ ਸਾਗਰ ਤੋਂ ਪਾਰ ਹੋ ਜਾਂਦਾ ਹੈ।

ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥੮॥੧॥੧੩॥

ਗੁਰਾਂ ਦੇ ਰਾਹੀਂ ਹੇ ਗੋਲੇ ਨਾਨਕ! ਸਾਰਾ ਸੰਸਾਰ ਬਚ ਗਿਆ ਹੈ।


ਮਹਲਾ ੫ ਗਉੜੀ ॥

ਗਊੜੀ ਪਾਤਸ਼ਾਹੀ ਪੰਜਵੀਂ।

ਹਰਿ ਹਰਿ ਗੁਰ ਗੁਰ ਕਰਤ, ਭਰਮ ਗਏ ॥

ਵਾਹਿਗੁਰੂ ਦੇ ਨਾਮ ਅਤੇ ਵਡੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੇਰਾ ਮੇਰੇ ਵਹਿਮ ਦੂਰ ਹੋ ਗਏ ਹਨ।

ਮੇਰੈ ਮਨਿ, ਸਭਿ ਸੁਖ ਪਾਇਓ ॥੧॥ ਰਹਾਉ ॥

ਮੇਰੀ ਆਤਮਾ ਨੇ ਸਾਰੇ ਆਰਾਮ ਪਰਾਪਤ ਕਰ ਲਏ ਹਨ। ਠਹਿਰਾਉ।

ਬਲਤੋ ਜਲਤੋ ਤਉਕਿਆ; ਗੁਰ ਚੰਦਨੁ ਸੀਤਲਾਇਓ ॥੧॥

ਮੈਂ ਸੁਲਘਦੇ ਤੇ ਸੜਦੇ ਉਤੇ ਗੁਰਾਂ ਨੇ ਪਾਣੀ ਛਿੜਕਿਆਂ ਹੈ। ਗੁਰੂ ਜੀ ਚੰਨਣ ਵਾਞ ਸੀਤਲ ਹਨ।

ਅਗਿਆਨ ਅੰਧੇਰਾ ਮਿਟਿ ਗਇਆ; ਗੁਰ ਗਿਆਨੁ ਦੀਪਾਇਓ ॥੨॥

ਗੁਰਾਂ ਦੇ ਬ੍ਰਹਿਮ-ਗਿਆਤ ਦੀ ਜੋਤ ਦੇ ਨਾਲ ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।

ਪਾਵਕੁ ਸਾਗਰੁ ਗਹਰੋ; ਚਰਿ ਸੰਤਨ ਨਾਵ ਤਰਾਇਓ ॥੩॥

ਅੱਗ ਦਾ ਸਮੁੰਦਰ ਡੂੰਘਾ ਹੈ, ਨਾਮ ਦੀ ਬੇੜੀ ਉਤੇ ਚੜ੍ਹ ਕੇ ਸਾਧੂਆਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।

ਨਾ ਹਮ ਕਰਮ ਨ ਧਰਮ ਸੁਚ; ਪ੍ਰਭ ਗਹਿ ਭੁਜਾ ਆਪਾਇਓ ॥੪॥

ਮੇਰੇ ਵਿੱਚ ਚੰਗੇ ਅਮਲ, ਈਮਾਨ ਤੇ ਪਵਿੱਤਰਤਾ ਨਹੀਂ। ਬਾਹੋਂ ਫੜ ਕੇ ਸੁਆਮੀ ਨੇ ਮੈਨੂੰ ਆਪਣਾ ਬਣਾ ਲਿਆ ਹੈ।

ਭਉ ਖੰਡਨੁ ਦੁਖ ਭੰਜਨੋ; ਭਗਤਿ ਵਛਲ ਹਰਿ ਨਾਇਓ ॥੫॥

ਡਰ ਨੂੰ ਨਾਸ ਕਰਨਹਾਰ, ਪੀੜ ਮੇਟਣ ਵਾਲਾ ਅਤੇ ਆਪਣੇ ਸੰਤਾਂ ਦਾ ਪਿਆਰਾ ਵਾਹਿਗੁਰੂ ਦੇ ਨਾਮ ਹਨ।

ਅਨਾਥਹ ਨਾਥ ਕ੍ਰਿਪਾਲ ਦੀਨ; ਸੰਮ੍ਰਿਥ ਸੰਤ ਓਟਾਇਓ ॥੬॥

ਵਾਹਿਗੁਰੂ ਨਿਖਸਮਿਆਂ ਦਾ ਖਸਮ, ਮਸਕੀਨਾਂ ਤੇ ਮਿਹਰਬਾਨ, ਸਰਬ-ਸ਼ਕਤੀਵਾਨ ਅਤੇ ਆਪਣੇ ਸਾਧੁਆਂ ਦਾ ਆਸਰਾ ਹੈ।

ਨਿਰਗੁਨੀਆਰੇ ਕੀ ਬੇਨਤੀ; ਦੇਹੁ ਦਰਸੁ ਹਰਿ ਰਾਇਓ ॥੭॥

ਮੈਂ ਨੇਕੀ-ਵਿਹੁਣ ਵਿੱਚ ਪ੍ਰਾਰਥਨਾ ਕਰਦਾ ਹਾਂ, ਹੈ ਪਾਤਸ਼ਾਹ ਪਰਮੇਸ਼ਵਰ! ਮੈਨੂੰ ਆਪਣੇ ਦੀਦਾਰ ਦੀ ਦਾਤ ਦੇ।

ਨਾਨਕ ਸਰਨਿ ਤੁਹਾਰੀ ਠਾਕੁਰ; ਸੇਵਕੁ ਦੁਆਰੇ ਆਇਓ ॥੮॥੨॥੧੪॥

ਨਾਨਕ ਤੇਰੀ ਪਨਾਹ ਹੇਠਾਂ ਹੈ, ਹੇ ਸੁਆਮੀ! ਤੇਰਾ ਟਹਿਲੂਆਂ ਤੇਰੇ ਬੂਹੇ ਤੇ ਆ ਡਿਗਾ ਹੈ।


ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।

ਰੰਗ ਸੰਗਿ ਬਿਖਿਆ ਕੇ ਭੋਗਾ; ਇਨ ਸੰਗਿ ਅੰਧ ਨ ਜਾਨੀ ॥੧॥

ਇਨਸਾਨ ਪ੍ਰਾਣ-ਨਾਸਕ ਪਾਪ ਦੇ ਅਨੰਦ ਮਾਨਣ ਨਾਲ ਰੰਗਿਆ ਹੋਇਆ ਹੈ। ਇਨ੍ਹਾਂ ਦੀ ਸੁਹਬਤ ਅੰਦਰ ਅੰਨ੍ਹਾ ਆਦਮੀ ਪ੍ਰਭੂ ਨੂੰ ਨਹੀਂ ਜਾਣਦਾ।

ਹਉ ਸੰਚਉ ਹਉ ਖਾਟਤਾ; ਸਗਲੀ ਅਵਧ ਬਿਹਾਨੀ ॥ ਰਹਾਉ ॥

ਮੈ ਇਕੱਤ੍ਰ ਕਰਦਾ ਹਾਂ, ਮੈਂ ਖੱਟਦਾ ਕਮਾਉਂਦਾ ਹਾਂ ਅੰਕੁਰ ਉਹ ਆਖਦਾ ਹੈ। ਏਸੇ ਤਰ੍ਹਾਂ ਹੀ ਉਸ ਦੀ ਸਾਰੀ ਆਰਬਲਾ ਬੀਤ ਜਾਂਦੀ ਹੈ। ਠਹਿਰਾਉ।

ਹਉ ਸੂਰਾ ਪਰਧਾਨੁ ਹਉ; ਕੋ ਨਾਹੀ ਮੁਝਹਿ ਸਮਾਨੀ ॥੨॥

ਮੈਂ ਸੂਰਮਾ ਹਾਂ, ਮੈਂ ਪਰਮ ਨਾਮਵਰ ਹਾਂ, ਮੇਰੇ ਤੁੱਲ ਹੋਰ ਕੋਈ ਨਹੀਂ।

ਜੋਬਨਵੰਤ ਅਚਾਰ ਕੁਲੀਨਾ; ਮਨ ਮਹਿ ਹੋਇ ਗੁਮਾਨੀ ॥੩॥

ਮੈਂ ਜੁਆਨ, ਧਰਮੀ ਅਤੇ ਉਚੇ ਘਰਾਣੇ ਦਾ ਹਾਂ। ਆਪਣੇ ਚਿੱਤ ਅੰਦਰ ਉਹ ਇਸ ਤਰ੍ਹਾਂ ਹੰਕਾਰੀ ਹੋਇਆ ਹੋਇਆ ਹੈ।

ਜਿਉ ਉਲਝਾਇਓ ਬਾਧ ਬੁਧਿ; ਕਾ ਮਰਤਿਆ ਨਹੀ ਬਿਸਰਾਨੀ ॥੪॥

ਜਿਵੇਂ ਕਿ ਉਹ ਝੂਠੀ ਸਮਝ ਦਾ ਫਸਾਇਆ ਹੋਇਆ ਹੈ, ਮਰਨ ਵੇਲੇ ਤਾਂਈ ਉਹ ਸਵੈ-ਹਗਤਾ ਨੂੰ ਨਹੀਂ ਭੁੱਲਦਾ।

ਭਾਈ ਮੀਤ ਬੰਧਪ ਸਖੇ ਪਾਛੇ; ਤਿਨਹੂ ਕਉ ਸੰਪਾਨੀ ॥੫॥

ਭਰਾ, ਮਿੱਤ੍ਰ, ਸਾਕ-ਸੈਨ ਅਤੇ ਸਾਥੀ ਜੋ ਪਿਛੇ ਜੀਉਂਦੇ ਹਨ, ਉਨ੍ਹਾਂ ਨੂੰ ਉਹ ਆਪਣੀ ਦੌਲਤ ਸੌਪ ਦਿੰਦਾ ਹੈ।

ਜਿਤੁ ਲਾਗੋ ਮਨੁ ਬਾਸਨਾ; ਅੰਤਿ ਸਾਈ ਪ੍ਰਗਟਾਨੀ ॥੬॥

ਜਿਹੜੀ ਖਾਹਿਸ਼ ਨਾਲ ਆਤਮਾ ਜੁੜੀ ਹੋਈ ਹੈ ਉਹ ਅਖੀਰ ਦੇ ਵੇਲੇ ਆ ਜਾਹਰ ਹੁੰਦੀ ਹੈ।

ਅਹੰਬੁਧਿ ਸੁਚਿ ਕਰਮ ਕਰਿ; ਇਹ ਬੰਧਨ ਬੰਧਾਨੀ ॥੭॥

ਆਦਮੀ ਮਗ਼ਰੂਰ ਮੱਤ ਨਾਲ ਨੇਕ ਕੰਮ ਕਰਦਾ ਹੈ। ਇਨ੍ਹਾਂ ਜੂੜਾਂ ਨਾਲ ਉਹ ਜਕੜਿਆ ਹੋਇਆ ਹੈ।

ਦਇਆਲ ਪੁਰਖ ਕਿਰਪਾ ਕਰਹੁ; ਨਾਨਕ, ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ

ਮੇਰੇ ਮਿਹਰਬਾਨ ਮਾਲਕ! ਮਾਇਆਂ ਧਾਰ, ਤਾਂ ਜੋ ਨਾਨਕ ਤੇਰੇ ਗੋਲਿਆਂ ਦਾ ਗੋਲਾ ਹੋ ਜਾਏ। 8।3।15।44 ਜੋੜ।


ਗਉੜੀ ਛੰਤ ਮਹਲਾ ੧ ॥

ਗਊੜੀ ਛੰਤ ਪਾਤਸ਼ਾਹੀ ਪਹਿਲੀ।

ਸੁਣਿ ਨਾਹ ਪ੍ਰਭੂ ਜੀਉ! ਏਕਲੜੀ ਬਨ ਮਾਹੇ ॥

ਸ੍ਰਵਨ ਕਰ ਹੈ ਮੇਰੇ ਪੂਜਯ ਪਰਮੇਸ਼ਰ ਪਤੀ! ਮੈਂ ਬੀਆਬਾਨ ਅੰਦਰ ਕੱਲ-ਮਕੱਲੀ ਹਾਂ।

ਕਿਉ ਧੀਰੈਗੀ? ਨਾਹ ਬਿਨਾ; ਪ੍ਰਭ ਵੇਪਰਵਾਹੇ ॥

ਹੈ ਮੇਰੇ ਖੁਦ-ਮੁਖਤਿਆਰ ਪਰਮੇਸ਼ਰ ਪਤੀ, ਮੈਂ ਤੇਰੇ ਬਗੈਰ ਕਿਸ ਤਰ੍ਹਾਂ ਧੀਰਜ ਕਰ ਸਕਦੀ ਹਾਂ?

ਧਨ ਨਾਹ ਬਾਝਹੁ, ਰਹਿ ਨ ਸਾਕੈ; ਬਿਖਮ ਰੈਣਿ ਘਣੇਰੀਆ ॥

ਮੁੰਧ ਆਪਣੇ ਕੰਤ ਦੇ ਬਗੈਰ ਰਹਿ ਨਹੀਂ ਸਕਦੀ। ਉਸ ਦੇ ਲਈ ਰਾਤ ਬੜੀ ਦੁਖਦਾਈ ਹੈ।

ਨਹ ਨੀਦ ਆਵੈ, ਪ੍ਰੇਮ ਭਾਵੈ; ਸੁਣਿ ਬੇਨੰਤੀ ਮੇਰੀਆ ॥

ਮੈਨੂੰ ਨੀਦ੍ਰਂ ਨਹੀਂ ਪੈਦੀ। ਮੇਰਾ ਪ੍ਰੀਤਮ ਮੈਨੂੰ ਚੰਗਾ ਲਗਦਾ ਹੈ। ਹੈ ਮੇਰੇ ਪਤੀ ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ।

ਬਾਝਹੁ ਪਿਆਰੇ, ਕੋਇ ਨ ਸਾਰੇ; ਏਕਲੜੀ ਕੁਰਲਾਏ ॥

ਤੇਰੇ ਬਗੈਰ ਹੈ ਮੇਰੇ ਦਿਲਬਰ! ਮੇਰੀ ਕੋਈ ਸਾਰ ਨਹੀਂ ਲੈਂਦਾ। ਬੀਆਬਾਨ ਅੰਦਰ ਮੈਂ ਕੱਲ-ਮਕੱਲੀ ਕੁਰਲਾਉਂਦੀ ਹਾਂ।

ਨਾਨਕ, ਸਾ ਧਨ ਮਿਲੈ ਮਿਲਾਈ; ਬਿਨੁ ਪ੍ਰੀਤਮ ਦੁਖੁ ਪਾਏ ॥੧॥

ਨਾਨਕ ਆਪਣੇ ਦਿਲਜਾਨੀ ਦੇ ਬਗੇਰ ਮੁੰਧ ਕਸ਼ਟ ਉਠਾਉਂਦੀ ਹੈ। ਉਹ ਉਸ ਨੂੰ ਕੇਵਲ ਉਦੋਂ ਹੀ ਮਿਲਦੀ ਹੈ, ਜਦ ਉਹ ਮਿਲਾਉਂਦਾ ਹੈ।

ਪਿਰਿ ਛੋਡਿਅੜੀ ਜੀਉ, ਕਵਣੁ ਮਿਲਾਵੈ? ॥

ਖਸਮ ਦੀ ਛਡੀ ਹੋਈ ਨੂੰ ਉਸ ਦੇ ਸੁਆਮੀ ਨਾਲ ਕੌਣ ਜੋੜ ਸਕਦਾ ਹੈ?

ਰਸਿ ਪ੍ਰੇਮਿ ਮਿਲੀ ਜੀਉ, ਸਬਦਿ ਸੁਹਾਵੈ ॥

ਪ੍ਰਭੂ ਪ੍ਰੀਤ ਅਤੇ ਸੁੰਦਰ ਨਾਮ ਦਾ ਸੁਆਦ ਮਾਨਣ ਦੁਆਰਾ ਉਹ ਆਪਣੇ ਪਤੀ ਮਹਾਰਾਜ ਨੂੰ ਮਿਲ ਪੈਦੀ ਹੈ।

ਸਬਦੇ ਸੁਹਾਵੈ, ਤਾ ਪਤਿ ਪਾਵੈ; ਦੀਪਕ ਦੇਹ ਉਜਾਰੈ ॥

ਜਦ ਪਤਨੀ ਨਾਮ ਨਾਲ ਸ਼ਿੰਗਾਰੀ ਜਾਂਦੀ ਹੈ, ਤਦ ਉਹ ਆਪਣੇ ਪਤੀ ਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਉਸ ਦੀ ਕਾਇਆ ਬ੍ਰਹਿਮ-ਗਿਆਨ ਦੇ ਦੀਵੇ ਨਾਲ ਰੋਸ਼ਨ ਹੋ ਜਾਂਦੀ ਹੈ।

ਸੁਣਿ ਸਖੀ ਸਹੇਲੀ, ਸਾਚਿ ਸੁਹੇਲੀ; ਸਾਚੇ ਕੇ ਗੁਣ ਸਾਰੈ ॥

ਕੰਨ ਕਰ ਹੇ ਮੇਰੀ ਸਜਣੀ ਸਾਥਣ! ਆਪਣੇ ਸੱਚੇ ਸਾਈਂ ਤੇ ਸੱਚੇ ਦੀਆਂ ਖੂਬੀਆਂ ਯਾਦ ਕਰ ਕੇ ਪਤਨੀ ਸੁਖੀ ਹੋ ਜਾਂਦੀ ਹੈ।

ਸਤਿਗੁਰਿ ਮੇਲੀ, ਤਾ ਪਿਰਿ ਰਾਵੀ; ਬਿਗਸੀ ਅੰਮ੍ਰਿਤ ਬਾਣੀ ॥

ਜਦ ਸੱਚੇ ਗੁਰਾਂ ਨੇ ਮਿਲਾਈ, ਤਦ ਉਸਦੇ ਖਸਮ ਨੇ ਉਸ ਨੂੰ ਮਾਣਿਆ। ਅੰਮ੍ਰਿਤ-ਮਈ ਗੁਰਬਾਣੀ ਨਾਲ ਉਹ ਪਰਫੁੱਲਤ ਹੋ ਗਈ ਹੈ।

ਨਾਨਕ, ਸਾ ਧਨ ਤਾ ਪਿਰੁ ਰਾਵੇ; ਜਾ ਤਿਸ ਕੈ ਮਨਿ ਭਾਣੀ ॥੨॥</h5
ਨਾਨਕ, ਕੇਵਲ ਤਦ ਹੀ ਪ੍ਰੀਤਮ ਆਪਣੀ ਪਤਨੀ ਨੂੰ ਮਾਣਦਾ ਹੈ, ਜਦ ਉਹ ਉਸ ਦੇ ਚਿੱਤ ਨੂੰ ਭਾ ਜਾਂਦੀ ਹੈ।
ਮਾਇਆ ਮੋਹਣੀ ਨੀਘਰੀਆ ਜੀਉ; ਕੂੜਿ ਮੁਠੀ ਕੂੜਿਆਰੇ ॥

ਮੋਹਤ ਕਰ ਲੈਣ ਵਾਲੀ ਧਨ-ਦੌਲਤ ਨੇ ਉਸ ਨੂੰ ਬੇਘਰ ਕਰ ਦਿੱਤਾ ਹੈ। ਝੂਠੀ ਨੂੰ ਝੂਠ ਨੇ ਠੱਗ ਲਿਆ ਹੈ।

ਕਿਉ ਖੂਲੈ? ਗਲ ਜੇਵੜੀਆ ਜੀਉ; ਬਿਨੁ ਗੁਰ ਅਤਿ ਪਿਆਰੇ ॥

ਪਰਮ ਪ੍ਰੀਤਵਾਨ ਗੁਰਾਂ ਦੇ ਬਗੈਰ ਉਸ ਦੇ ਗਰਦਨ ਦੁਆਲੇ ਦੀ ਫਾਹੀ ਕਿਸ ਤਰ੍ਹਾਂ ਖੁਲ੍ਹ ਸਕਦੀ ਹੇ?

ਹਰਿ ਪ੍ਰੀਤਿ ਪਿਆਰੇ, ਸਬਦਿ ਵੀਚਾਰੇ; ਤਿਸ ਹੀ ਕਾ ਸੋ ਹੋਵੈ ॥

ਜੋ ਵਾਹਿਗੁਰੂ ਦਿਲਬਰ ਨੂੰ ਪਿਆਰ ਕਰਦਾ ਤੇ ਨਾਮ ਦਾ ਚਿੰਤਨ ਕਰਦਾ ਹੈ, ਉਹ ਉਸ ਦੀ ਮਲਕੀਅਤ ਹੋ ਜਾਂਦਾ ਹੈ।

ਪੁੰਨ ਦਾਨ ਅਨੇਕ ਨਾਵਣ; ਕਿਉ ਅੰਤਰ ਮਲੁ ਧੋਵੈ? ॥

ਖੈਰਾਤ ਤੇ ਸਖਾਵਤ ਦਾ ਕਰਨਾ ਅਤੇ ਬਹੁਤੇ ਇਸ਼ਨਾਨ, ਦਿਲ ਦੀ ਮਲੀਨਤਾ ਨੂੰ ਕਿਸ ਤਰ੍ਹਾਂ ਧੋ ਸਕਦੇ ਹਨ?

ਨਾਮ ਬਿਨਾ, ਗਤਿ ਕੋਇ ਨ ਪਾਵੈ; ਹਠਿ ਨਿਗ੍ਰਹਿ ਬੇਬਾਣੈ ॥

ਨਾਮ ਦੇ ਬਾਝੋਂ ਕਿਸੇ ਨੂੰ ਭੀ ਮੁਕਤੀ ਪ੍ਰਾਪਤ ਨਹੀਂ ਹੁੰਦੀ। ਹਠੀਲੀ ਸਵੈ-ਰਿਆਜ਼ਤ ਅਤੇ ਬੀਆਬਾਨ ਦੇ ਨਿਵਾਸ ਦਾ ਕੋਈ ਲਾਭ ਨਹੀਂ।

ਨਾਨਕ, ਸਚ ਘਰੁ ਸਬਦਿ ਸਿਞਾਪੈ; ਦੁਬਿਧਾ ਮਹਲੁ ਕਿ ਜਾਣੈ ॥੩॥

ਨਾਨਕ ਸੱਚੇ ਸੁਆਮੀ ਦਾ ਮੰਦਰ ਨਾਮ ਦੇ ਰਾਹੀਂ ਪਛਾਣਿਆ ਜਾਂਦਾ ਹੈ। ਦਵੈਤ ਭਾਵ ਦੇ ਰਾਹੀਂ ਇਹ ਮੰਦਰ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ?

ਤੇਰਾ ਨਾਮੁ ਸਚਾ ਜੀਉ! ਸਬਦੁ ਸਚਾ ਵੀਚਾਰੋ ॥

ਤੇਰਾ ਨਾਮ ਸੱਚਾ ਹੈ, ਹੈ ਪੂਜਯ ਪ੍ਰਭੂ! ਅਤੇ ਸੱਚਾ ਹੈ ਤੇਰੇ ਨਾਮ ਦਾ ਸਿਮਰਨ।

ਤੇਰਾ ਮਹਲੁ ਸਚਾ ਜੀਉ! ਨਾਮੁ ਸਚਾ ਵਾਪਾਰੋ ॥

ਸੱਚਾ ਹੈ ਤੇਰਾ ਮੰਦਰ ਅਤੇ ਸੱਚਾ ਹੈ ਵਣਜ ਤੇਰੇ ਨਾਮ ਦਾ, ਹੇ ਮਾਣਨੀਯ ਮਾਲਕ।

ਨਾਮ ਕਾ ਵਾਪਾਰੁ ਮੀਠਾ; ਭਗਤਿ ਲਾਹਾ ਅਨਦਿਨੋ ॥</h5
ਮਿਠੜੀ ਹੈ ਤੇਰੇ ਨਾਮ ਦੀ ਸੋਦਾਗਰੀ। ਸੰਤੁ ਦਿਨ ਰਾਤ ਨਫਾ ਖੱਟਦੇ ਹਨ।
ਤਿਸੁ ਬਾਝੁ, ਵਖਰੁ ਕੋਇ ਨ ਸੂਝੈ; ਨਾਮੁ ਲੇਵਹੁ ਖਿਨੁ ਖਿਨੋ ॥

ਇਸ ਦੇ ਬਗੈਰ ਮੈਂ ਕਿਸੇ ਹੋਰ ਸੌਦੇ ਸੂਤ ਦਾ ਖਿਆਲ ਨਹੀਂ ਕਰ ਸਕਦਾ। ਹਰ ਛਿਨ ਰੱਬ ਦੇ ਨਾਮ ਦਾ ਜਾਪ ਕਰ।

ਪਰਖਿ ਲੇਖਾ, ਨਦਰਿ ਸਾਚੀ; ਕਰਮਿ ਪੂਰੈ ਪਾਇਆ ॥

ਸੱਚੇ ਸਾਹਿਬ ਦੀ ਦਇਆ ਅਤੇ ਪੂਰਨ ਕਿਸਮਤ ਰਾਹੀਂ ਪ੍ਰਾਣੀ ਐਸੇ ਹਿਸਾਬ ਦੀ ਜਾਂਚ ਕਰਕੇ ਪ੍ਰਭੂ ਨੂੰ ਪਾ ਲੈਂਦਾ ਹੈ।

ਨਾਨਕ, ਨਾਮੁ ਮਹਾ ਰਸੁ ਮੀਠਾ; ਗੁਰਿ ਪੂਰੈ ਸਚੁ ਪਾਇਆ ॥੪॥੨॥

ਨਾਨਕ ਪਰਮ ਮਿੱਠੜਾ ਹੈ, ਨਾਮ ਅੰਮ੍ਰਿਤ ਪੂਰਨ ਸੱਚੇ ਗੁਰਾਂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ।


ਗਉੜੀ ਮਹਲਾ ੩ ॥

ਗਊੜੀ ਪਾਤਸ਼ਾਹੀ ਤੀਜੀ।

ਪਿਰ ਬਿਨੁ ਖਰੀ ਨਿਮਾਣੀ ਜੀਉ! ਬਿਨੁ ਪਿਰ ਕਿਉ ਜੀਵਾ? ਮੇਰੀ ਮਾਈ! ॥

ਆਪਣੇ ਖ਼ਸਮ ਦੇ ਬਗੇਰ ਮੈਂ ਬੜੀ ਬੇਪਤੀ ਹਾਂ। ਮੈਂ ਆਪਣੇ ਮਾਲਕ ਦੇ ਬਾਝੋਂ ਕਿਸ ਤਰ੍ਹਾਂ ਜੀਊ ਸਕਦੀ ਹਾਂ, ਹੈ ਮੇਰੀ ਮਾਤਾ?

ਪਿਰ ਬਿਨੁ ਨੀਦ ਨ ਆਵੈ ਜੀਉ! ਕਾਪੜੁ ਤਨਿ ਨ ਸੁਹਾਈ ॥

ਆਪਣੇ ਭਰਤੇ ਦੇ ਬਾਝੋਂ ਮੈਨੂੰ ਨੀਦਰਂ ਨਹੀਂ ਪੈਦੀ, ਅਤੇ ਪੁਸ਼ਾਕ ਮੇਰੇ ਸਰੀਰ ਨੂੰ ਨਹੀਂ ਸੋਭਦੀ।

ਕਾਪਰੁ ਤਨਿ ਸੁਹਾਵੈ, ਜਾ ਪਿਰ ਭਾਵੈ; ਗੁਰਮਤੀ ਚਿਤੁ ਲਾਈਐ ॥

ਜਦ ਮੈਂ ਆਪਣੇ ਕੰਤ ਨੂੰ ਚੰਗੀ ਲੱਗਦੀ ਹਾਂ ਤਾਂ ਮੇਰੇ ਸਰੀਰ ਉਤੇ ਕਪੜੇ ਸੋਹਣੇ ਸਜਦੇ ਹਨ, ਗੁਰਾਂ ਦੇ ਉਪਦੇਸ਼ ਦੁਆਰਾ ਮੇਰੀ ਆਤਮਾ ਉਸ ਨਾਲ ਇਕ-ਸੁਰ ਹੋ ਗਈ ਹੈ।

ਸਦਾ ਸੁਹਾਗਣਿ, ਜਾ ਸਤਿਗੁਰੁ ਸੇਵੇ; ਗੁਰ ਕੈ ਅੰਕਿ ਸਮਾਈਐ ॥

ਜੇਕਰ ਉਹ ਸੱਚੇ ਗੁਰਾਂ ਦੀ ਘਾਲ ਕਮਾਵੇ ਤਾਂ ਹਮੇਸ਼ਾਂ ਲਈ ਉਹ ਪਰਸੰਨ ਪਤਨੀ ਹੋ ਜਾਂਦੀ, ਗੁਰਾਂ ਦੀ ਗੋਦੀ ਵਿੱਚ ਲੀਨ ਹੋ ਜਾਂਦੀ ਹੈ।

ਗੁਰ ਸਬਦੈ ਮੇਲਾ, ਤਾ ਪਿਰੁ ਰਾਵੀ; ਲਾਹਾ ਨਾਮੁ ਸੰਸਾਰੇ ॥

ਜੇਕਰ ਉਹ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਪ੍ਰੀਤਮ ਨੂੰ ਭੇਟ ਲਵੇ, ਤਦ ਉਹ ਉਸ ਨੂੰ ਮਾਣਦਾ ਹੈ। ਇਸ ਜਹਾਨ ਅੰਦਰ ਕੇਵਲ ਨਾਮ ਹੀ ਇਕ ਲਾਹੇਵੰਦਾ ਕੰਮ ਹੈ।

ਨਾਨਕ, ਕਾਮਣਿ ਨਾਹ ਪਿਆਰੀ; ਜਾ ਹਰਿ ਕੇ ਗੁਣ ਸਾਰੇ ॥੧॥

ਨਾਨਕ, ਪਤਨੀ ਆਪਣੇ ਪਤੀ ਨੂੰ ਮਿੱਠੜੀ ਲੱਗਣ ਲਗ ਜਾਂਦੀ ਹੈ, ਜਦ ਉਹ ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਦੀ ਹੈ।

ਸਾ ਧਨ ਰੰਗੁ ਮਾਣੇ ਜੀਉ! ਆਪਣੇ ਨਾਲਿ ਪਿਆਰੇ ॥

ਆਪਣੇ ਪ੍ਰੀਤਮ ਦੇ ਨਾਲ ਪਤਨੀ, ਉਸ ਦੇ ਪ੍ਰੇਮ ਦਾ ਅਨੰਦ ਲੈਂਦੀ ਹੈ।

ਅਹਿਨਿਸਿ ਰੰਗਿ ਰਾਤੀ ਜੀਉ! ਗੁਰ ਸਬਦੁ ਵੀਚਾਰੇ ॥

ਦਿਨ ਰਾਤ ਉਸ ਦੇ ਪਰੇਮ ਨਾਲ ਰੰਗੀ ਹੋਈ ਉਹ ਗੁਰਬਾਣੀ ਦਾ ਧਿਆਨ ਧਾਰਦੀ ਹੈ।

ਗੁਰ ਸਬਦੁ ਵੀਚਾਰੇ, ਹਉਮੈ ਮਾਰੇ; ਇਨ ਬਿਧਿ ਮਿਲਹੁ ਪਿਆਰੇ ॥

ਉਹ ਗੁਰਬਾਣੀ ਨੂੰ ਸੋਚਦੀ ਵਿਚਾਰਦੀ ਹੈ, ਆਪਣੇ ਹੰਕਾਰ ਨੂੰ ਮੇਸ ਦਿੰਦੀ ਹੈ ਅਤੇ ਇਸ ਤਰ੍ਹਾਂ ਆਪਣੇ ਦਿਲਬਰ ਨੂੰ ਮਿਲ ਪੈਦੀ ਹੈ।

ਸਾ ਧਨ ਸੋਹਾਗਣਿ, ਸਦਾ ਰੰਗਿ ਰਾਤੀ; ਸਾਚੈ ਨਾਮਿ ਪਿਆਰੇ ॥

ਮੂੰਧ ਜੋ ਮਿਠੜੇ ਸਤਿਨਾਮ ਦੀ ਪ੍ਰੀਤ ਵਿੱਚ ਸਦੀਵ ਹੀ ਰੰਗੀਜੀ ਹੈ, ਉਹ ਆਪਣੇ ਪਤੀ ਦੀ ਪਿਆਰੀ ਹੋ ਜਾਂਦੀ ਹੈ।

ਅਪੁਨੇ ਗੁਰ ਮਿਲਿ ਰਹੀਐ, ਅੰਮ੍ਰਿਤੁ ਗਹੀਐ; ਦੁਬਿਧਾ ਮਾਰਿ ਨਿਵਾਰੇ ॥

ਆਪਣੇ ਗੁਰਾਂ ਦੀ ਸੰਗਤ ਅੰਦਰ ਵਸਣ ਦੁਆਰਾ ਅਸੀਂ ਨਾਮ ਸੁਧਾਰਸ ਨੂੰ ਗ੍ਰਹਿਣ ਕਰ ਲੈਂਦੇ ਹਾਂ ਅਤੇ ਆਪਣੀ ਦਵੈਤ-ਭਾਵ ਨੂੰ ਨਾਸ ਕਰ ਪਰੇ ਸੁੱਟ ਪਾਉਂਦੇ ਹਾਂ।

ਨਾਨਕ, ਕਾਮਣਿ ਹਰਿ ਵਰੁ ਪਾਇਆ; ਸਗਲੇ ਦੂਖ ਵਿਸਾਰੇ ॥੨॥

ਨਾਨਕ, ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਕੇ ਵਹੁਟੀ ਨੂੰ ਸਮੂਹ ਬੇਆਰਾਮੀਆਂ ਭੁੱਲ ਗਈਆਂ ਹਨ।

ਕਾਮਣਿ ਪਿਰਹੁ ਭੁਲੀ ਜੀਉ! ਮਾਇਆ ਮੋਹਿ ਪਿਆਰੇ ॥

ਧੰਨ-ਦੋਲਤ ਦੀ ਮਮਤਾ ਅਤੇ ਲਗਨ ਦੇ ਕਾਰਨ ਪਤਨੀ ਆਪਣੇ ਪਿਆਰੇ ਪਤੀ ਨੂੰ ਵਿਸਰ ਗਈ ਹੈ।

ਝੂਠੀ ਝੂਠਿ ਲਗੀ ਜੀਉ! ਕੂੜਿ ਮੁਠੀ ਕੂੜਿਆਰੇ ॥

ਕੁੜੀ ਪਤਨੀ ਕੂੜ ਨਾਲ ਚਿਮੜੀ ਹੋਈ ਹੈ। ਕਪਟੀ ਸੁਆਣੀ ਕਪਟ ਨੇ ਛਲ ਲਈ ਹੈ।

ਕੂੜੁ ਨਿਵਾਰੇ, ਗੁਰਮਤਿ ਸਾਰੇ; ਜੂਐ ਜਨਮੁ ਨ ਹਾਰੇ ॥

ਜੋ ਕੂੜ ਕੁਸੱਤ ਤਿਆਗ ਦਿੰਦੀ ਹੈ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੀ ਹੈ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਨਹੀਂ ਹਾਰਦੀ।

ਗੁਰ ਸਬਦੁ ਸੇਵੇ, ਸਚਿ ਸਮਾਵੈ; ਵਿਚਹੁ ਹਉਮੈ ਮਾਰੇ ॥

ਜੋ ਵਿਸ਼ਾਲ ਨਾਮ ਨੂੰ ਸਿਮਰਦੀ ਹੈ ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿੰਦੀ ਹੈ, ਉਹ ਸਤਿਪੁਰਖ ਅੰਦਰ ਲੀਨ ਹੋ ਜਾਂਦੀ ਹੈ।

ਹਰਿ ਕਾ ਨਾਮੁ ਰਿਦੈ ਵਸਾਏ; ਐਸਾ ਕਰੇ ਸੀਗਾਰੋ ॥

ਰੱਬ ਦੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾ ਤੂੰ ਇਹੋ ਜਿਹਾ ਹਾਰ-ਸ਼ਿੰਗਾਰ ਬਣਾ।

ਨਾਨਕ, ਕਾਮਣਿ ਸਹਜਿ ਸਮਾਣੀ; ਜਿਸੁ ਸਾਚਾ ਨਾਮੁ ਅਧਾਰੋ ॥੩॥

ਨਾਨਕ, ਜਿਸ ਧਨ ਦਾ ਆਸਰਾ ਸੱਚਾ ਨਾਮ ਹੈ, ਉਹ ਸੁਆਮੀ ਨਾਲ ਅਭੇਦ ਹੋ ਜਾਂਦੀ ਹੈ।

ਮਿਲੁ ਮੇਰੇ ਪ੍ਰੀਤਮਾ ਜੀਉ! ਤੁਧੁ ਬਿਨੁ ਖਰੀ ਨਿਮਾਣੀ ॥

ਮੈਨੂੰ ਦਰਸ਼ਨ ਦੇ ਹੇ ਮੇਰੇ ਪਤਵੰਤੇ ਦਿਲਬਰ! ਤੇਰੇ ਬਗੈਰ ਮੈਂ ਬਹੁਤ ਹੀ ਬੇਇਜ਼ਤ ਹਾਂ।

ਮੈ ਨੈਣੀ ਨੀਦ ਨ ਆਵੈ ਜੀਉ, ਭਾਵੈ ਅੰਨੁ ਨ ਪਾਣੀ ॥

ਮੇਰੀਆਂ ਅੱਖਾਂ ਅੰਦਰ ਨੀਦਰ ਨਹੀਂ ਪੈਦੀ ਅਤੇ ਭੋਜਨ ਤੇ ਜਲ ਮੈਨੂੰ ਚੰਗੇ ਨਹੀਂ ਲੱਗਦੇ।

ਪਾਣੀ ਅੰਨੁ ਨ ਭਾਵੈ, ਮਰੀਐ ਹਾਵੈ; ਬਿਨੁ ਪਿਰ, ਕਿਉ ਸੁਖੁ ਪਾਈਐ? ॥

ਮੈਨੂੰ ਭੋਜਨ ਤੇ ਜਲ ਨਹੀਂ ਭਾਉਂਦਾ ਅਤੇ ਮੈਂ ਉਸ ਦੇ ਵਿਛੋੜੇ ਦੇ ਗ਼ਮ ਨਾਲ ਮਰ ਰਹੀ ਹਾਂ। ਆਪਣੇ ਪਿਆਰੇ ਪਤੀ ਦੇ ਬਗ਼ੈਰ ਆਰਾਮ ਕਿਸ ਤਰ੍ਹਾਂ ਮਿਲ ਸਕਦਾ ਹੈ?

ਗੁਰ ਆਗੈ ਕਰਉ ਬਿਨੰਤੀ, ਜੇ ਗੁਰ ਭਾਵੈ; ਜਿਉ ਮਿਲੈ, ਤਿਵੈ ਮਿਲਾਈਐ ॥

ਮੈਂ ਗੁਰਾਂ ਮੂਹਰੇ ਬਿਨਾ ਕਰਦੀ ਹਾਂ ਜੇਕਰ ਉਸ ਨੂੰ ਚੰਗਾ ਲਗੇ। ਜਿਸ ਤਰ੍ਹਾਂ ਭੀ ਉਹ ਮਿਲਾ ਸਕਦਾ ਹੈ, ਮੈਨੂੰ ਆਪਣੇ ਨਾਲ ਮਿਲਾ ਲਵੇ।

ਆਪੇ ਮੇਲਿ ਲਏ ਸੁਖਦਾਤਾ; ਆਪਿ ਮਿਲਿਆ ਘਰਿ ਆਏ ॥

ਆਰਾਮ ਦੇਣ ਵਾਲੇ, ਸਾਈਂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਉਹ ਖੁਦ ਹੀ ਮੇਰੇ ਗ੍ਰਹਿ ਆ ਕੇ ਮੈਨੂੰ ਮਿਲ ਪਿਆ ਹੈ।

ਨਾਨਕ, ਕਾਮਣਿ ਸਦਾ ਸੁਹਾਗਣਿ; ਨਾ ਪਿਰੁ ਮਰੈ ਨ ਜਾਏ ॥੪॥੨॥

ਨਾਨਕ ਐਸੀ ਪਤਨੀ, ਹਮੇਸ਼ਾਂ ਲਈ ਆਪਣੇ ਪਤੀ ਦੀ ਪਿਆਰੀ ਹੈ। ਪ੍ਰੀਤਮ ਨਾਂ ਮਰਦਾ ਹੈ ਤੇ ਨਾਂ ਹੀ ਵੱਖਰਾ ਹੁੰਦਾ ਹੈ।


ਗਉੜੀ ਮਹਲਾ ੩ ॥

ਗਉੜੀ, ਤੀਜਾ ਮਹਲਾ

ਕਾਮਣਿ ਹਰਿ ਰਸਿ ਬੇਧੀ ਜੀਉ! ਹਰਿ ਕੈ ਸਹਜਿ ਸੁਭਾਏ ॥

ਵਾਹਿਗੁਰੂ ਦੇ ਅੰਮ੍ਰਿਤ ਅਤੇ ਈਸ਼ਵਰੀ ਸ਼ਾਤ ਸੁਭਾਅ ਨਾਲ ਸਾਧਨ ਵਿੰਨ੍ਹੀ ਗਈ ਹੈ।

ਮਨੁ ਮੋਹਨਿ ਮੋਹਿ ਲੀਆ ਜੀਉ! ਦੁਬਿਧਾ ਸਹਜਿ ਸਮਾਏ ॥

ਦਿਲ ਚੁਰਾਉਣ ਵਾਲੇ ਨੇ ਉਸ ਨੂੰ ਫ਼ਰੇਫ਼ਤਾ ਕਰ ਲਿਆ ਹੈ ਅਤੇ ਉਸ ਦਾ ਦਵੈਤ-ਭਾਵ ਸੁਖੈਨ ਹੀ ਨਾਸ ਹੋ ਗਿਆ ਹੈ।

ਦੁਬਿਧਾ ਸਹਜਿ ਸਮਾਏ, ਕਾਮਣਿ ਵਰੁ ਪਾਏ; ਗੁਰਮਤੀ ਰੰਗੁ ਲਾਏ ॥

ਸੁਖੈਨ ਹੀ ਆਪਣਾ ਦੁਚਿੱਤਾਪਣ ਨਵਿਰਤ ਕਰ ਕੇ ਅਤੇ ਆਪਣੇ ਕੰਤ ਨੂੰ ਪ੍ਰਾਪਤ ਹੋ, ਵਹੁਟੀ ਗੁਰਾਂ ਦੇ ਉਪਦੇਸ਼ ਤਾਬੇ, ਮੌਜ ਮਾਣਦੀ ਹੈ।

ਇਹੁ ਸਰੀਰੁ, ਕੂੜਿ ਕੁਸਤਿ ਭਰਿਆ; ਗਲ ਤਾਈ ਪਾਪ ਕਮਾਏ ॥

ਇਹ ਦੇਹਿ ਹਲਕ ਤਕ ਝੂਠ ਤੇ ਠੱਗੀ ਨਾਲ ਭਰੀ ਹੋਈ ਹੈ ਅਤੇ ਕਸਮਲ ਕਮਾਉਂਦੀ ਹੈ।

ਗੁਰਮੁਖਿ ਭਗਤਿ, ਜਿਤੁ ਸਹਜ ਧੁਨਿ ਉਪਜੈ; ਬਿਨੁ ਭਗਤੀ ਮੈਲੁ ਨ ਜਾਏ ॥

ਗੁਰਾਂ ਦੇ ਰਾਹੀਂ ਸੁਆਮੀ ਦਾ ਅਨੁਰਾਗ ਪ੍ਰਾਪਤ ਹੁੰਦਾ ਹੈ, ਜਿਸ ਦੁਆਰਾ ਪ੍ਰਸੰਨਤਾ ਦਾ ਰਾਗ ਪੈਦਾ ਹੁੰਦਾ ਹੈ। ਰੱਬ ਦੇ ਸਿਮਰਨ ਦੇ ਬਾਝੋਂ ਪਲੀਤੀ ਦੂਰ ਨਹੀਂ ਹੁੰਦੀ।

ਨਾਨਕ, ਕਾਮਣਿ ਪਿਰਹਿ ਪਿਆਰੀ; ਵਿਚਹੁ ਆਪੁ ਗਵਾਏ ॥੧॥

ਨਾਨਕ, ਜਿਹੜੀ ਪਤਨੀ ਆਪਣੇ ਸਵੈ-ਹਗਤਾ ਨੂੰ ਆਪਣੇ ਅੰਦਰੋਂ ਕੱਢ ਛਡਦੀ ਹੈ, ਉਹ ਆਪਣੇ ਪ੍ਰੀਤਮ ਦੀ ਲਾਡਲੀ ਹੋ ਜਾਂਦੀ ਹੈ।

ਕਾਮਣਿ, ਪਿਰੁ ਪਾਇਆ ਜੀਉ; ਗੁਰ ਕੈ ਭਾਇ ਪਿਆਰੇ ॥

ਗੁਰਾਂ ਦੀ ਪ੍ਰੀਤ ਤੇ ਪਿਰਹੜੀ ਰਾਹੀਂ ਮੁੰਧ ਨੇ ਆਪਣਾ ਪਿਆਰਾ ਸੁਆਮੀ ਪਰਾਪਤ ਕਰ ਲਿਆ ਹੈ।

ਰੈਣਿ ਸੁਖਿ ਸੁਤੀ ਜੀਉ; ਅੰਤਰਿ ਉਰਿ ਧਾਰੇ ॥

ਗੁਰਾਂ ਨੂੰ ਆਪਣੇ ਦਿਲ ਅਤੇ ਹਿਰਦੇ ਨਾਲ ਲਾਉਣ ਦੁਆਰਾ ਉਹ ਰਾਤ ਨੂੰ ਆਰਾਮ ਨਾਲ ਸੌਂਦੀ ਹੈ।

ਅੰਤਰਿ ਉਰਿ ਧਾਰੇ, ਮਿਲੀਐ ਪਿਆਰੇ; ਅਨਦਿਨੁ ਦੁਖੁ ਨਿਵਾਰੇ ॥

ਗੁਰਾਂ ਨੂੰ ਆਪਣੇ ਹਿਰਦੇ ਅੰਦਰ, ਰਾਤ ਦਿਨ ਟਿਕਾਉਣ ਦੁਆਰਾ ਉਹ ਆਪਣੇ ਪ੍ਰੀਤਮ ਨੂੰ ਭੇਟਂ ਲੈਂਦੀ ਹੈ ਅਤੇ ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ।

ਅੰਤਰਿ ਮਹਲੁ ਪਿਰੁ ਰਾਵੇ ਕਾਮਣਿ; ਗੁਰਮਤੀ ਵੀਚਾਰੇ ॥

ਗੁਰਾਂ ਦੇ ਉਪਦੇਸ਼ ਦਾ ਸੋਚ-ਵਿਚਾਰ ਕਰਨ ਦੁਆਰਾ ਆਪਣੇ ਦਿਲ-ਮੰਦਰ ਦੇ ਵਿੱਚ ਲਾੜੀ ਆਪਣੇ ਲਾੜੇ ਨੂੰ ਮਾਣਦੀ ਹੈ।

ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ; ਦੁਬਿਧਾ ਮਾਰਿ ਨਿਵਾਰੇ ॥

ਦਿਨ ਰਾਤ ਉਹ ਨਾਮ ਸੁਧਾਰਸ ਨੂੰ ਪਾਨ ਕਰਦੀ ਹੈ ਅਤੇ ਆਪਣੇ ਦਵੈਤ-ਭਾਵ ਨੂੰ ਨਾਸ ਕਰ ਪਰੇ ਸੁੱਟ ਪਾਉਂਦੀ ਹੈ।

ਨਾਨਕ, ਸਚਿ ਮਿਲੀ ਸੋਹਾਗਣਿ; ਗੁਰ ਕੈ ਹੇਤਿ ਅਪਾਰੇ ॥੨॥

ਗੁਰਾਂ ਦੇ ਅਨੰਤ ਪਿਆਰ ਰਾਹੀਂ ਹੈ ਨਾਨਕ! ਖ਼ੁਸ਼ਬਾਸ਼ ਪਤਨੀ ਆਪਣੇ ਸੱਚੇ ਸੁਆਮੀ ਨੂੰ ਮਿਲ ਪੈਦੀ ਹੈ।

ਆਵਹੁ ਦਇਆ ਕਰੇ ਜੀਉ; ਪ੍ਰੀਤਮ ਅਤਿ ਪਿਆਰੇ ॥

ਹੇ ਮੇਰੇ ਪਰਮ ਪ੍ਰੀਤਵਾਨ ਦਿਲਬਰ! ਆਪਣੀ ਮਿਹਰ ਧਾਰ ਅਤੇ ਮੈਨੂ ਆਪਣਾ ਦੀਦਾਰ ਬਖਸ਼।

ਕਾਮਣਿ ਬਿਨਉ ਕਰੇ ਜੀਉ; ਸਚਿ ਸਬਦਿ ਸੀਗਾਰੇ ॥

ਉਸ ਨੂੰ ਸਤਿਨਾਮ ਨਾਲ ਸੁਸ਼ੋਭਤ ਕਰਨ ਲਈ ਪਤਨੀ ਤੈਨੂੰ ਪ੍ਰਾਰਥਨਾ ਕਰਦੀ ਹੈ।

ਸਚਿ ਸਬਦਿ ਸੀਗਾਰੇ, ਹਉਮੈ ਮਾਰੇ; ਗੁਰਮੁਖਿ ਕਾਰਜ ਸਵਾਰੇ ॥

ਸੱਚੇ ਨਾਮ ਨਾਲ ਸ਼ਿੰਗਾਰੀ ਹੋਈ ਕਾਮਣ ਆਪਣੀ ਹੰਗਤਾ ਨੂੰ ਮੇਸ ਸੁਟਦੀ ਹੈ ਅਤੇ ਗੁਰਾਂ ਦੇ ਰਾਹੀਂ ਉਸ ਦੇ ਕੰਮ ਰਾਸ ਹੋ ਜਾਂਦੇ ਹਨ।

ਜੁਗਿ ਜੁਗਿ ਏਕੋ ਸਚਾ ਸੋਈ; ਬੂਝੈ ਗੁਰ ਬੀਚਾਰੇ ॥

ਸਾਰਿਆਂ ਯੁਗਾਂ ਅੰਦਰ ਉਹ ਅਦੁੱਤੀ ਪ੍ਰਭੂ ਸੱਚਾ ਹੈ ਅਤੇ ਗੁਰਾਂ ਦੀ ਦਿਤੀ ਸੋਚ ਵਿਚਾਰ ਰਾਹੀਂ ਉਹ ਜਾਣਿਆ ਜਾਂਦਾ ਹੈ।

ਮਨਮੁਖਿ ਕਾਮਿ ਵਿਆਪੀ, ਮੋਹਿ ਸੰਤਾਪੀ; ਕਿਸੁ ਆਗੈ ਜਾਇ ਪੁਕਾਰੇ? ॥

ਆਪ-ਹੁਦਰੀ ਵਹੁਟੀ ਵਿਸ਼ੇ ਭੋਗ ਅੰਦਰ ਗਲਤਾਨ ਤੇ ਸੰਸਾਰੀ ਮਮਤਾ ਦੀ ਦੁਖਾਂਤ੍ਰ ਕੀਤੀ ਹੋਈ ਹੈ। ਉਹ ਕੀਹਦੇ ਮੂਹਰੇ ਜਾ ਕੇ ਸ਼ਿਕਾਇਤ ਕਰੇ?

ਨਾਨਕ, ਮਨਮੁਖਿ ਥਾਉ ਨ ਪਾਏ; ਬਿਨੁ ਗੁਰ ਅਤਿ ਪਿਆਰੇ ॥੩॥

ਨਾਨਕ ਪਰਮ ਪ੍ਰੀਤਵਾਨ ਗੁਰਾਂ ਦੇ ਬਾਝੋਂ ਆਪ-ਹੁਦਰੀ ਤ੍ਰੀਮਤ ਨੂੰ ਕੋਈ ਆਰਾਮ ਦੀ ਜਗ੍ਹਾਂ ਨਹੀਂ ਲੱਭਦੀ।

ਮੁੰਧ ਇਆਣੀ ਭੋਲੀ ਨਿਗੁਣੀਆ ਜੀਉ, ਪਿਰੁ ਅਗਮ ਅਪਾਰਾ ॥

ਪਤਨੀ ਕਮਲੀ, ਸਿਧਰੀ ਤੇ ਗੁਣ-ਵਿਹੁਣ ਹੈ। ਪਤੀ ਪਹੁੰਚ ਤੋਂ ਪਰੇ ਅਤੇ ਅਲੱਖ ਹੈ।

ਆਪੇ ਮੇਲਿ ਮਿਲੀਐ ਜੀਉ, ਆਪੇ ਬਖਸਣਹਾਰਾ ॥

ਆਪ ਹੀ ਸੁਆਮੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਆਪ ਹੀ ਮਾਫੀ ਦੇਣ ਵਾਲਾ ਹੈ।

ਅਵਗਣ ਬਖਸਣਹਾਰਾ, ਕਾਮਣਿ ਕੰਤੁ ਪਿਆਰਾ; ਘਟਿ ਘਟਿ ਰਹਿਆ ਸਮਾਈ ॥

ਪਤਨੀ ਦਾ ਪ੍ਰੀਤਵਾਨ ਪਤੀ ਗੁਨਾਹਾਂ ਨੂੰ ਮਾਫ ਕਰਨ ਵਾਲਾ ਹੈ ਅਤੇ ਹਰ ਦਿਲ ਅੰਦਰ ਰਮਿਆ ਹੋਇਆ ਹੈ।

ਪ੍ਰੇਮ ਪ੍ਰੀਤਿ, ਭਾਇ ਭਗਤੀ ਪਾਈਐ; ਸਤਿਗੁਰ ਬੂਝ ਬੁਝਾਈ ॥

ਗੁਰਾਂ ਨੇ ਮੈਨੂੰ ਇਹ ਸਮਝ ਦਰਸਾ ਦਿੱਤੀ ਹੈ ਕਿ ਸੁਆਮੀ ਪਿਆਰ, ਪਿਰਹੜੀ, ਸਨੇਹ ਅਤੇ ਸਿਮਰਨ ਰਾਹੀਂ ਪਾਇਆ ਜਾਂਦਾ ਹੈ।

ਸਦਾ ਅਨੰਦਿ ਰਹੈ ਦਿਨ ਰਾਤੀ; ਅਨਦਿਨੁ ਰਹੈ ਲਿਵ ਲਾਈ ॥

ਜਿਹੜੀ ਪਤਨੀ ਆਪਣੇ ਪਤਨੀ ਦੇ ਸਨੇਹ ਵਿੱਚ ਰਾਤ ਦਿਨ ਲੀਨ ਰਹਿੰਦੀ ਹੈ, ਉਹ ਚੋਵੀ ਘੰਟੇ ਹੀ ਹਮੇਸ਼ਾਂ ਪਰਮੰਨ ਰਹਿੰਦੀ ਹੈ।

ਨਾਨਕ, ਸਹਜੇ ਹਰਿ ਵਰੁ ਪਾਇਆ; ਸਾ ਧਨ ਨਉ ਨਿਧਿ ਪਾਈ ॥੪॥੩॥

ਨਾਨਕ, ਜੋ ਵਹੁਟੀ ਨਾਮ ਦੇ ਨੌ ਖ਼ਜ਼ਾਨੇ ਹਾਸਲ ਕਰ ਲੈਂਦੀ ਹੈ, ਉਹ ਸੁਖੈਨ ਹੀ ਵਾਹਿਗੁਰੂ ਨੂੰ ਆਪਣੇ ਖ਼ਸਮ ਵਜੋ ਪਾ ਲੈਂਦੀ ਹੈ।

1
2
3
4
5
6
7
8
9
10
11
12