ਰਾਗ ਗਉੜੀ – ਬਾਣੀ ਸ਼ਬਦ-Part 9 – Raag Gauri – Bani

ਰਾਗ ਗਉੜੀ – ਬਾਣੀ ਸ਼ਬਦ-Part 9 – Raag Gauri – Bani

ਥਿਤੀ ਗਉੜੀ ਮਹਲਾ ੫ ॥

ਗਉੜੀ, ਤਿੱਥਾਂ ਪੰਜਵੀਂ ਪਾਤਸ਼ਾਹੀ।

ਸਲੋਕੁ ॥

ਸਲੋਕ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਜਲਿ ਥਲਿ ਮਹੀਅਲਿ ਪੂਰਿਆ; ਸੁਆਮੀ ਸਿਰਜਨਹਾਰੁ ॥

ਪ੍ਰਭੂ ਕਰਤਾਰ, ਪਾਣੀ, ਧਰਤੀ ਅਤੇ ਅਸਮਾਨ ਵਿੱਚ ਰਮਿਆ ਹੋਇਆ ਹੈ।

ਅਨਿਕ ਭਾਂਤਿ ਹੋਇ ਪਸਰਿਆ; ਨਾਨਕ, ਏਕੰਕਾਰੁ ॥੧॥

ਹੇ ਨਾਨਕ! ਅਨੇਕਾਂ ਤਰੀਕਿਆਂ ਨਾਲ ਇਕ ਸੁਆਮੀ ਨੇ ਆਪਣੇ ਆਪ ਨੂੰ ਖਿਲਾਰਿਆਂ ਹੋਇਆ ਹੈ।


ਪਉੜੀ ॥

ਪਉੜੀ।

ਏਕਮ, ਏਕੰਕਾਰੁ ਪ੍ਰਭੁ; ਕਰਉ ਬੰਦਨਾ ਧਿਆਇ ॥

ਪਹਿਲੀ ਤਿੱਥ-ਅਦੁੱਤੀ ਸਾਹਿਬ ਨੂੰ ਨਿਮਸਕਾਰ ਕਰ ਅਤੇ ਉਸੇ ਨੂੰ ਹੀ ਆਰਾਧ।

ਗੁਣ ਗੋਬਿੰਦ ਗੁਪਾਲ ਪ੍ਰਭ; ਸਰਨਿ ਪਰਉ ਹਰਿ ਰਾਇ ॥

ਸ੍ਰਿਸ਼ਟੀ ਨੂੰ ਥੰਮਣਹਾਰ ਅਤੇ ਆਲਮ ਦੇ ਪਾਲਣ ਵਾਲੇ ਸੁਆਮੀ ਦਾ ਜੱਸ ਗਾਇਨ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਸ਼ਰਣਾਗਤ ਸੰਭਾਲ।

ਤਾ ਕੀ ਆਸ ਕਲਿਆਣ ਸੁਖ; ਜਾ ਤੇ ਸਭੁ ਕਛੁ ਹੋਇ ॥

ਮੋਖਸ਼ ਤੇ ਆਰਾਮ ਪਾਉਣ ਲਈ ਉਸ ਵਿੱਚ ਆਪਣੀ ਉਮੀਦ ਬੰਨ੍ਹ ਜਿਸ ਤੋਂ ਹਰ ਸ਼ੈ ਉਤਪੰਨ ਹੁੰਦੀ ਹੈ।

ਚਾਰਿ ਕੁੰਟ ਦਹ ਦਿਸਿ ਭ੍ਰਮਿਓ; ਤਿਸੁ ਬਿਨੁ ਅਵਰੁ ਨ ਕੋਇ ॥

ਮੈਂ ਚਾਰੇ ਪਾਸੇ ਅਤੇ ਦਸੀ ਤਰਫੀ ਭਟਕਿਆਂ ਹਾਂ ਅਤੇ ਮੈਨੂੰ ਉਸ ਦੇ ਬਾਝੋਂ ਹੋਰ ਨਿਗ੍ਹਾ ਨਹੀਂ ਪਿਆ।

ਬੇਦ ਪੁਰਾਨ ਸਿਮ੍ਰਿਤਿ ਸੁਨੇ; ਬਹੁ ਬਿਧਿ ਕਰਉ ਬੀਚਾਰੁ ॥

ਵੇਦਾ, ਪੁਰਾਣਾ ਅਤੇ ਸਿੰਮ੍ਰਤੀਆਂ ਨੂੰ ਸੁਣ ਕੇ ਮੈਂ ਉਨ੍ਹਾਂ ਉਤੇ ਘਣੇਰਿਆਂ ਤਰੀਕਿਆਂ ਨਾਲ ਸੋਚ ਵੀਚਾਰ ਕੀਤਾ ਹੈ।

ਪਤਿਤ ਉਧਾਰਨ ਭੈ ਹਰਨ; ਸੁਖ ਸਾਗਰ ਨਿਰੰਕਾਰ ॥

ਕੇਵਲ ਸਰੂਪ-ਰਹਿਤ ਸੁਆਮੀ ਹੀ ਪਾਪੀਆਂ ਨੂੰ ਤਾਰਣ ਵਾਲਾ, ਡਰ ਨਾਸ ਕਰਨਹਾਰ ਅਤੇ ਆਰਾਮ ਦਾ ਸਮੁੰਦਰ ਹੈ।

ਦਾਤਾ ਭੁਗਤਾ ਦੇਨਹਾਰੁ; ਤਿਸੁ ਬਿਨੁ ਅਵਰੁ ਨ ਜਾਇ ॥

ਉਹ ਬਖਸ਼ਸ਼ ਕਰਨ ਵਾਲਾ, ਭੋਗਣਹਾਰ ਤੇ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਥਾਂ ਨਹੀਂ।

ਜੋ ਚਾਹਹਿ ਸੋਈ ਮਿਲੈ; ਨਾਨਕ, ਹਰਿ ਗੁਨ ਗਾਇ ॥੧॥

ਨਾਨਕ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਸਾਰਾ ਕੁਛ, ਜੋ ਬੰਦਾ ਚਾਹੁੰਦਾ ਹੈ, ਪਾ ਲੈਦਾ ਹੈ।

ਗੋਬਿੰਦ ਜਸੁ ਗਾਈਐ, ਹਰਿ ਨੀਤ ॥

ਨਿਤਾ ਪ੍ਰਤੀ, ਸ੍ਰਿਸ਼ਟੀ ਦੇ ਰਖਿਅਕ ਵਾਹਿਗੁਰੂ ਦੀਆਂ ਸਰੇਸ਼ਟਤਾਈਆਂ ਗਾਇਨ ਕਰ।

ਮਿਲਿ ਭਜੀਐ ਸਾਧਸੰਗਿ; ਮੇਰੇ ਮੀਤ! ॥੧॥ ਰਹਾਉ ॥

ਸਤਿ ਸੰਗਤ ਨਾਲ ਜੁੜ ਕੇ ਤੂੰ ਸੁਆਮੀ ਦਾ ਸਿਮਰਨ ਕਰ, ਹੇ ਮੇਰੇ ਮਿੱਤ੍ਰ! ਠਹਿਰਾਉ।


ਸਲੋਕੁ ॥

ਸਲੋਕ।

ਕਰਉ ਬੰਦਨਾ ਅਨਿਕ ਵਾਰ; ਸਰਨਿ ਪਰਉ ਹਰਿ ਰਾਇ ॥

ਪ੍ਰਭੂ ਨੂੰ ਅਨੇਕਾਂ ਵਾਰੀ ਪ੍ਰਣਾਮ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਪਨਾਹ ਲੈ।

ਭ੍ਰਮੁ ਕਟੀਐ ਨਾਨਕ ਸਾਧਸੰਗਿ; ਦੁਤੀਆ ਭਾਉ ਮਿਟਾਇ ॥੨॥

ਹੇ ਨਾਨਕ! ਸਤਿ ਸੰਗਤ ਅੰਦਰ ਸੰਦੇਹ ਮਿਟ ਜਾਂਦਾ ਹੈ ਅਤੇ ਹੋਰਸ ਦੀ ਪ੍ਰੀਤ ਦੂਰ ਹੋ ਜਾਂਦੀ।


ਪਉੜੀ ॥

ਪਉੜੀ।

ਦੁਤੀਆ, ਦੁਰਮਤਿ ਦੂਰਿ ਕਰਿ; ਗੁਰ ਸੇਵਾ ਕਰਿ ਨੀਤ ॥

ਦੂਜੀ ਤਿੱਥ-ਆਪਣੀ ਮੰਦੀ ਅਕਲ ਨੂੰ ਛੱਡ ਦੇ ਅਤੇ ਸਦਾ ਹੀ ਗੁਰਾਂ ਦੀ ਟਹਿਲ ਸੇਵਾ ਕਰ।

ਰਾਮ ਰਤਨੁ ਮਨਿ ਤਨਿ ਬਸੈ; ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥

ਮਿਥਨ ਹੁਲਾਸ, ਗੁੱਸੇ ਅਤੇ ਲਾਲਚ ਨੂੰ ਤਿਆਗਣ ਦੁਆਰਾ, ਸੁਆਮੀ ਦੇ ਨਾਮ ਦਾ ਜਵੇਹਰ, ਤੇਰੀ ਆਤਮਾ ਤੇ ਦੇਹਿ ਵਿੱਚ ਆ ਟਿਕੇਗਾ, ਹੇ ਮਿੱਤ੍ਰ!

ਮਰਣੁ ਮਿਟੈ ਜੀਵਨੁ ਮਿਲੈ; ਬਿਨਸਹਿ ਸਗਲ ਕਲੇਸ ॥

ਤੂੰ ਮੌਤ ਤੇ ਜਿੱਤ ਪਾ ਲਵੇਗਾ, ਅਮਰ ਜੀਵਨ ਤੈਨੂੰ ਪ੍ਰਾਪਤ ਹੋ ਜਾਵੇਗਾ ਤੇ ਤੇਰੇ ਸਾਰੇ ਦੁਖ ਦੂਰ ਹੋ ਜਾਣਗੇ।

ਆਪੁ ਤਜਹੁ, ਗੋਬਿੰਦ ਭਜਹੁ; ਭਾਉ ਭਗਤਿ ਪਰਵੇਸ ॥

ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਪ੍ਰਭੂ ਦੀ ਪ੍ਰੇਮ-ਮਈ ਸੇਵਾ ਤੇਰੇ ਮਨ ਅੰਦਰ ਦਾਖਲ ਹੋ ਜਾਵੇਗੀ।

ਲਾਭੁ ਮਿਲੈ, ਤੋਟਾ ਹਿਰੈ; ਹਰਿ ਦਰਗਹ ਪਤਿਵੰਤ ॥

ਤੂੰ ਨਫਾ ਖਟ ਲਵੇਗਾ, ਤੈਨੂੰ ਕੋਈ ਖਸਾਰਾ ਨਹੀਂ ਪੈਣਾ ਅਤੇ ਰੱਬ ਦੇ ਦਰਬਾਰ ਅੰਦਰ ਤੂੰ ਇੱਜ਼ਤ ਪਾਵੇਗਾ।

ਰਾਮ ਨਾਮ ਧਨੁ ਸੰਚਵੈ; ਸਾਚ ਸਾਹ ਭਗਵੰਤ ॥

ਭਾਗਾਂ ਵਾਲਾ ਤੇ ਸੱਚਾ ਅਮੀਰ ਉਹ ਹੈ ਜੋ ਵਿਆਪਕ ਵਾਹਿਗੁਰੂ ਦੇ ਨਾਮ ਦੀ ਦੌਲਤ ਇਕੱਤ੍ਰ ਕਰਦਾ ਹੈ।

ਊਠਤ ਬੈਠਤ ਹਰਿ ਭਜਹੁ; ਸਾਧੂ ਸੰਗਿ ਪਰੀਤਿ ॥

ਖਲੋਦਿਆਂ ਤੇ ਬਹਿੰਦਿਆਂ ਤੂੰ ਵਾਹਿਗੁਰੂ ਨੂੰ ਸਿਮਰ ਅਤੇ ਸਤਿ ਸੰਗਤ ਨਾਲ ਪਿਆਰ ਪਾ।

ਨਾਨਕ, ਦੁਰਮਤਿ ਛੁਟਿ ਗਈ; ਪਾਰਬ੍ਰਹਮ ਬਸੇ ਚੀਤਿ ॥੨॥

ਨਾਨਕ ਜਦ ਪਰਮ ਪ੍ਰਭੂ ਬੰਦੇ ਦੇ ਮਨ ਅੰਦਰ ਟਿਕ ਜਾਂਦਾ ਹੈ, ਉਸ ਦੀ ਖੋਟੀ ਅਕਲ ਨਾਸ ਹੋ ਜਾਂਦੀ ਹੈ।


ਸਲੋਕੁ ॥

ਸਲੋਕ।

ਤੀਨਿ ਬਿਆਪਹਿ ਜਗਤ ਕਉ; ਤੁਰੀਆ ਪਾਵੈ ਕੋਇ ॥

ਤਿੰਨ ਲੱਛਣ ਦੁਨੀਆਂ ਨੂੰ ਦੁੱਖੀ ਕਰ ਰਹੇ ਹਨ, ਕੋਈ ਵਿਰਲਾ ਹੀ ਪਰਸੰਨਤਾ ਦੀ ਚੋਥੀ ਦਸ਼ਾ ਨੂੰ ਪਾਉਂਦਾ ਹੈ।

ਨਾਨਕ, ਸੰਤ ਨਿਰਮਲ ਭਏ; ਜਿਨ ਮਨਿ ਵਸਿਆ ਸੋਇ ॥੩॥

ਨਾਨਕ ਉਹ ਸਾਧੂ ਜਿਨ੍ਹਾਂ ਦੇ ਚਿੱਤ ਅੰਦਰ ਉਹ ਸੁਆਮੀ ਨਿਵਾਸ ਕਰਦਾ ਹੈ, ਪਵਿੱਤਰ ਹੋ ਜਾਂਦੇ ਹਨ।


ਪਉੜੀ ॥

ਪਉੜੀ।

ਤ੍ਰਿਤੀਆ, ਤ੍ਰੈ ਗੁਣ ਬਿਖੈ ਫਲ; ਕਬ ਉਤਮ ਕਬ ਨੀਚੁ ॥

ਤੀਜੀ ਤਿਥ-ਤਿੰਨਾਂ ਸੁਭਾਵਾਂ ਵਾਲੇ ਬੰਦੇ ਜ਼ਹਿਰ ਨੂੰ ਆਪਣੇ ਮੇਵੇ ਵਜੋਂ ਇਕੰਠਾ ਕਰਦੇ ਹਨ। ਹੁਣੇ ਉਹ ਚੰਗੇ ਹਨ ਤੇ ਹੁਣੇ ਹੀ ਮੰਦੇ।

ਨਰਕ ਸੁਰਗ ਭ੍ਰਮਤਉ ਘਣੋ; ਸਦਾ ਸੰਘਾਰੈ ਮੀਚੁ ॥

ਉਹ ਦੋਜ਼ਕ ਅਤੇ ਬਹਿਸ਼ਤ ਅੰਦਰ ਬਹੁਤ ਭਟਕਦੇ ਹਨ ਅਤੇ ਮੌਤ ਹਮੇਸ਼ਾਂ ਹੀ ਉਨ੍ਹਾਂ ਦਾ ਸਤਿਆਨਾਸ ਕਰਦੀ ਹੈ।

ਹਰਖ ਸੋਗ ਸਹਸਾ ਸੰਸਾਰੁ; ਹਉ ਹਉ ਕਰਤ ਬਿਹਾਇ ॥

ਜਗਤ ਦੀ ਖੁਸ਼ੀ, ਗ਼ਮੀ ਅਤੇ ਵਹਿਮ ਦੇ ਪਕੜੇ ਹੋਏ ਉਹ ਆਪਣਾ ਜੀਵਨ ਹੰਕਾਰ ਕਰਦੇ ਹੋਏ ਗੁਜ਼ਾਰਦੇ ਹਨ।

ਜਿਨਿ ਕੀਏ, ਤਿਸਹਿ ਨ ਜਾਣਨੀ; ਚਿਤਵਹਿ ਅਨਿਕ ਉਪਾਇ ॥

ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ ਅਤੇ ਹੋਰ ਅਨੇਕਾਂ ਤਦਬੀਰਾਂ ਸੋਚਦੇ ਹਨ।

ਆਧਿ ਬਿਆਧਿ ਉਪਾਧਿ ਰਸ; ਕਬਹੁ ਨ ਤੂਟੈ ਤਾਪ ॥

ਉਹ ਮਨ ਤੇ ਦੇਹਿ ਦੀਆਂ ਪੀੜਾਂ ਅਤੇ ਖੁਸ਼ੀਆਂ ਅੰਦਰ ਗਰਕ ਰਹਿੰਦੇ ਹਨ ਅਤੇ ਉਨ੍ਹਾਂ ਦਾ (ਚਿੰਤਾ ਦਾ)ਂ ਬੁਖਾਰ ਕਦਾਚਿੱਤ ਦੂਰ ਨਹੀਂ ਹੁੰਦਾ।

ਪਾਰਬ੍ਰਹਮ ਪੂਰਨ ਧਨੀ; ਨਹ ਬੂਝੈ ਪਰਤਾਪ ॥

ਉਹ ਪਰਮ ਪ੍ਰਭੂ, ਮੁਕੰਮਲ ਮਾਲਕ ਦੇ ਤਪ ਤੇਜ ਨੂੰ ਅਨੁਭਵ ਨਹੀਂ ਕਰਦੇ।

ਮੋਹ ਭਰਮ ਬੂਡਤ ਘਣੋ; ਮਹਾ ਨਰਕ ਮਹਿ ਵਾਸ ॥

ਸੰਸਾਰੀ ਮਮਤਾ ਤੇ ਸੰਦੇਹ ਅੰਦਰ ਬਹੁਤੇ ਡੁਬ ਗਏ ਹਨ ਅਤੇ ਕੁੰਭੀ ਦੋਜ਼ਕ ਅੰਦਰ ਉਹ ਵਸੇਬਾ ਪਾਉਂਦੇ ਹਨ।

ਕਰਿ ਕਿਰਪਾ ਪ੍ਰਭ ਰਾਖਿ ਲੇਹੁ; ਨਾਨਕ, ਤੇਰੀ ਆਸ ॥੩॥

ਮਿਹਰ ਧਾਰ ਅਤੇ ਮੇਰੀ ਰੱਖਿਆ ਕਰ, ਹੇ ਸੁਆਮੀ! ਨਾਨਕ ਦੀ ਉਮੀਦ ਤੇਰੇ ਵਿੱਚ ਹੈ।


ਸਲੋਕੁ ॥

ਸਲੋਕ।

ਚਤੁਰ ਸਿਆਣਾ ਸੁਘੜੁ ਸੋਇ; ਜਿਨਿ ਤਜਿਆ ਅਭਿਮਾਨੁ ॥

ਜੋ ਆਪਣੇ ਹੰਕਾਰ ਨੂੰ ਛੱਡਦਾ ਹੈ, ਉਹ ਅਕਲਮੰਦ, ਦਾਨਾ ਅਤੇ ਕਾਮਲ ਹੈ।

ਚਾਰਿ ਪਦਾਰਥ ਅਸਟ ਸਿਧਿ; ਭਜੁ ਨਾਨਕ, ਹਰਿ ਨਾਮੁ ॥੪॥

ਨਾਨਕ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਚਾਰ ਉਤੱਮ ਦਾਤਾਂ ਤੇ ਅੱਠ ਕਰਾਮਾਤੀ ਸ਼ਕਤੀਆਂ ਮਿਲ ਜਾਂਦੀਆਂ ਹਨ।


ਪਉੜੀ ॥

ਪਉੜੀ।

ਚਤੁਰਥਿ, ਚਾਰੇ ਬੇਦ ਸੁਣਿ; ਸੋਧਿਓ ਤਤੁ ਬੀਚਾਰੁ ॥

ਚੋਥੀ ਤਿੱਥ-ਚਾਰੇ ਵੇਦ ਸ੍ਰਵਣ ਕਰ ਕੇ ਅਤੇ ਉਨ੍ਹਾਂ ਦੀ ਅਸਲੀਅਤ ਨੂੰ ਸੋਚ ਸਮਝ ਕੇ,

ਸਰਬ ਖੇਮ ਕਲਿਆਣ ਨਿਧਿ; ਰਾਮ ਨਾਮੁ ਜਪਿ ਸਾਰੁ ॥

ਮੈਂ ਨਿਰਣਾ ਕੀਤਾ ਹੈ ਕਿ ਸੁਆਮੀ ਦੇ ਨਾਮ ਦਾ ਸਰੇਸ਼ਟ ਸਿਮਰਨ, ਸਾਰੀਆਂ ਖੁਸ਼ੀਆਂ ਅਤੇ ਸੁਖਾਂ ਦਾ ਖ਼ਜ਼ਾਨਾ ਹੈ।

ਨਰਕ ਨਿਵਾਰੈ, ਦੁਖ ਹਰੈ; ਤੂਟਹਿ ਅਨਿਕ ਕਲੇਸ ॥

ਵਾਹਿਗੁਰੂ ਦੀ ਕੀਰਤੀ ਅੰਦਰ ਲੀਨ ਹੋਣ ਦੁਆਰਾ ਦੋਜ਼ਕ ਨਵਿਰਤ ਹੋ ਜਾਂਦਾ ਹੈ,

ਮੀਚੁ ਹੁਟੈ, ਜਮ ਤੇ ਛੁਟੈ; ਹਰਿ ਕੀਰਤਨ ਪਰਵੇਸ ॥

ਤਕਲੀਫ ਮਿਟ ਜਾਂਦੀ ਹੈ, ਘਨੇਰੇ ਦੁਖੜੇ ਦੂਰ ਹੋ ਜਾਂਦੇ ਹਨ, ਮੌਤ ਜਿਤੀ ਜਾਂਦੀ ਹੈ ਕਿਉਂ ਜੁ ਪ੍ਰਾਣੀ ਮੌਤ ਦੇ ਦੂਤਾਂ ਕੋਲੋ ਬੱਚ ਜਾਂਦਾ ਹੈ।

ਭਉ ਬਿਨਸੈ ਅੰਮ੍ਰਿਤੁ ਰਸੈ; ਰੰਗਿ ਰਤੇ ਨਿਰੰਕਾਰ ॥

ਸਰੂਪ-ਰਹਿਤ ਸੁਆਮੀ ਦੇ ਪ੍ਰੇਮ ਨਾਲ ਰੰਗੀਜਣ ਦੁਆਰਾ, ਬੰਦੇ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਆਬਿ-ਹਿਯਾਤ ਨੂੰ ਮਾਣਦਾ ਹੈ।

ਦੁਖ ਦਾਰਿਦ ਅਪਵਿਤ੍ਰਤਾ; ਨਾਸਹਿ ਨਾਮ ਅਧਾਰ ॥

ਰੱਬ ਦੇ ਨਾਮ ਦੇ ਆਸਰੇ ਨਾਲ ਦਰਦ, ਗਰੀਬੀ ਅਤੇ ਪਲੀਤੀ ਨਸ਼ਟ ਹੋ ਜਾਂਦੇ ਹਨ।

ਸੁਰਿ ਨਰ ਮੁਨਿ ਜਨ ਖੋਜਤੇ; ਸੁਖ ਸਾਗਰ ਗੋਪਾਲ ॥

ਦੇਵਤੇ, ਇਨਸਾਨ ਅਤੇ ਚੁਪ ਕੀਤੇ ਰਿਸ਼ੀ ਸ਼ਾਂਤੀ ਦੇ ਸਮੁੰਦਰ, ਸੁਆਮੀ ਦੀ ਭਾਲ ਕਰਦੇ ਹਨ।

ਮਨੁ ਨਿਰਮਲੁ, ਮੁਖੁ ਊਜਲਾ; ਹੋਇ ਨਾਨਕ, ਸਾਧ ਰਵਾਲ ॥੪॥

ਹੇ ਨਾਨਕ! ਸੰਤਾਂ ਦੇ ਚਰਨਾਂ ਦੀ ਧੂੜ ਚੋਣ ਦੁਆਰਾ ਹਿਰਦਾ ਪਵਿੱਤ੍ਰ ਅਤੇ ਚਿਹਰਾ ਰੋਸ਼ਨ ਹੋ ਜਾਂਦਾ ਹੈ।


ਸਲੋਕੁ ॥

ਸਲੋਕ।

ਪੰਚ ਬਿਕਾਰ ਮਨ ਮਹਿ ਬਸੇ; ਰਾਚੇ ਮਾਇਆ ਸੰਗਿ ॥

ਜੀਵ ਸੰਸਾਰੀ ਪਦਾਰਥਾਂ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਪੰਜ ਮੰਦ-ਵਿਸ਼ੇ ਉਸ ਦੇ ਚਿੱਤ ਵਿੱਚ ਰਹਿੰਦੇ ਹਨ।

ਸਾਧਸੰਗਿ ਹੋਇ ਨਿਰਮਲਾ; ਨਾਨਕ, ਪ੍ਰਭ ਕੈ ਰੰਗਿ ॥੫॥

ਸਤਿ ਸੰਗਤ ਅੰਦਰ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਉਹ ਪਵਿੱਤਰ ਹੋ ਜਾਂਦਾ ਹੈ।


ਪਉੜੀ ॥

ਪਉੜੀ।

ਪੰਚਮਿ, ਪੰਚ ਪ੍ਰਧਾਨ ਤੇ; ਜਿਹ ਜਾਨਿਓ ਪਰਪੰਚੁ ॥

ਪੰਜਵੀਂ ਥਿੱਤ-ਓਹੀ ਚੁਣੇ ਹੋਏ ਅਤੇ ਸਾਰਿਆਂ ਦੇ ਮੁਖੀਏ ਹਨ ਜੋ ਸੰਸਾਰ ਦੇ ਮਨੋਰਥ ਨੂੰ ਸਮਝਦੇ ਹਨ।

ਕੁਸਮ ਬਾਸ ਬਹੁ ਰੰਗੁ ਘਣੋ; ਸਭ ਮਿਥਿਆ ਬਲਬੰਚੁ ॥

ਫੁੱਲਾਂ ਦੀ ਬਹੁਤੀ ਮਹਿਕ ਅਤੇ ਅਨੇਕਾਂ ਰੰਗਾਂ ਦੀ ਤਰ੍ਹਾਂ ਸਮੂਹ ਵਲਛਲ ਕੂੜੇ ਹਨ।

ਨਹ ਜਾਪੈ ਨਹ ਬੂਝੀਐ; ਨਹ ਕਛੁ ਕਰਤ ਬੀਚਾਰੁ ॥

ਆਦਮੀ ਵੇਖਦਾ ਨਹੀਂ ਉਹ ਅਸਲੀਅਤ ਨੂੰ ਸਮਝਦਾ ਨਹੀਂ, ਨਾਂ ਹੀ ਉਹ ਥੋੜਾਂ ਜਿੰਨਾ ਭੀ ਸੋਚਦਾ ਵੀਚਾਰਦਾ ਹੈ।

ਸੁਆਦ ਮੋਹ ਰਸ ਬੇਧਿਓ; ਅਗਿਆਨਿ ਰਚਿਓ ਸੰਸਾਰੁ ॥

ਦੁਨੀਆਂ ਸੁਆਦਾ, ਸੰਸਾਰੀ ਮਮਤਾ ਅਤੇ ਰੰਗ-ਰਲੀਆਂ ਨਾਲ ਵਿੰਨ੍ਹੀ ਹੋਈ ਹੈ ਅਤੇ ਬੇਸਮਝੀ ਅੰਦਰ ਗਲਤਾਨ ਹੈ।

ਜਨਮ ਮਰਣ ਬਹੁ ਜੋਨਿ ਭ੍ਰਮਣ; ਕੀਨੇ ਕਰਮ ਅਨੇਕ ॥

ਉਹ ਆਵਾਗਉਣ ਵਿੱਚ ਪੈਂਦੇ ਹਨ ਅਤੇ ਬਹੁਤੀਆਂ ਜੂਨੀਆਂ ਅੰਦਰ ਭਟਕਦੇ ਹਨ, ਜੋ ਘਣੇਰੇ ਧਾਰਮਕ ਸੰਸਕਾਰ ਕਰਦੇ ਹਨ,

ਰਚਨਹਾਰੁ ਨਹ ਸਿਮਰਿਓ; ਮਨਿ ਨ ਬੀਚਾਰਿ ਬਿਬੇਕ ॥

ਪ੍ਰੰਤੂ ਸਿਰਜਣਹਾਜਰ ਦਾ ਆਰਾਧਨ ਨਹੀਂ ਕਰਦੇ ਅਤੇ ਜਿਨ੍ਹਾਂ ਦੇ ਚਿੱਤ ਅੰਦਰ ਈਸ਼ਵਰੀ ਪਰਬੀਨਤਾ ਨਹੀਂ।

ਭਾਉ ਭਗਤਿ ਭਗਵਾਨ ਸੰਗਿ; ਮਾਇਆ ਲਿਪਤ ਨ ਰੰਚ ॥

ਸੁਆਮੀ ਦੀ ਪ੍ਰੀਤ ਅਨੁਰਾਗ ਅਤੇ ਸੰਗਤ ਦੀ ਬਰਕਤ, ਧਨ-ਦੌਲਤ ਨਾਲ ਪ੍ਰਾਣੀ ਭੋਰਾ ਭਰ ਭੀ ਪਲੀਤ ਨਹੀਂ ਹੁੰਦਾ।

ਨਾਨਕ, ਬਿਰਲੇ ਪਾਈਅਹਿ; ਜੋ ਨ ਰਚਹਿ ਪਰਪੰਚ ॥੫॥

ਨਾਨਕ ਬਹੁਤ ਹੀ ਥੋੜੇ ਐਸੇ ਪੁਰਸ਼ ਮਿਲਦੇ ਹਨ, ਜੋ ਸੰਸਾਰ ਅੰਦਰ ਖਚਤ ਨਹੀਂ ਹੁੰਦੇ।


ਸਲੋਕੁ ॥

ਸਲੋਕ!

ਖਟ ਸਾਸਤ੍ਰ ਊਚੌ ਕਹਹਿ; ਅੰਤੁ ਨ ਪਾਰਾਵਾਰ ॥

ਫਲਸਫ਼ੇ ਦੇ ਛੇ ਗ੍ਰੰਥ ਪੁਕਾਰਦੇ ਹਨ ਕਿ ਸਾਹਿਬ ਉਚੱਾ ਹੈ ਅਤੇ ਉਸ ਦੇ ਉਰਲੇ ਤੇ ਪਾਰਲੇ ਕਿਨਾਰੇ ਦਾ ਕੋਈ ਓੜਕ ਨਹੀਂ।

ਭਗਤ ਸੋਹਹਿ ਗੁਣ ਗਾਵਤੇ; ਨਾਨਕ, ਪ੍ਰਭ ਕੈ ਦੁਆਰ ॥੬॥

ਨਾਨਕ, ਸੁਆਮੀ ਦੇ ਬੂਹੇ ਉਤੇ ਉਸ ਦਾ ਜੱਸ ਆਲਾਪਦੇ ਹੋਏ, ਸੰਤ ਸੁੰਦਰ ਲੱਗਦੇ ਹਨ।


ਪਉੜੀ ॥

ਪਉੜੀ।

ਖਸਟਮਿ, ਖਟ ਸਾਸਤ੍ਰ ਕਹਹਿ; ਸਿੰਮ੍ਰਿਤਿ ਕਥਹਿ ਅਨੇਕ ॥

ਛੇਵੀ ਥਿਤ-ਆਖਦੇ ਹਨ ਛੇ ਸ਼ਾਸਤ੍ਰ ਅਤੇ ਦਸਦੀਆਂ ਹਨ ਅਨੇਕਾਂ ਸਿੰਮ੍ਰਤੀਆਂ ਕਿ ਸਰੇਸ਼ਟ ਅਤੇ ਬੁਲੰਦ ਹੈ ਪਰਮ ਪ੍ਰਭੂ,

ਊਤਮੁ ਊਚੌ ਪਾਰਬ੍ਰਹਮੁ; ਗੁਣ ਅੰਤੁ ਨ ਜਾਣਹਿ ਸੇਖ ॥

ਜਿਸ ਦੀਆਂ ਨੇਕੀਆਂ ਅਤੇ ਓੜਕ ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਨਹੀਂ ਜਾਣਦਾ।

ਨਾਰਦ ਮੁਨਿ ਜਨ ਸੁਕ ਬਿਆਸ; ਜਸੁ ਗਾਵਤ ਗੋਬਿੰਦ ॥

ਨਾਰਦ, ਪਵਿੱਤ੍ਰ ਪੁਰਸ਼, ਸੁਕ ਅਤੇ ਵਿਆਸ, ਧਰਤੀ ਦੇ ਰਖਿਅਕ ਸੁਆਮੀ ਦੀ ਕੀਰਤੀ ਗਾਇਨ ਕਰਦੇ ਹਨ।

ਰਸ ਗੀਧੇ, ਹਰਿ ਸਿਉ ਬੀਧੇ; ਭਗਤ ਰਚੇ ਭਗਵੰਤ ॥

ਉਹ ਨਾਮ ਅੰਮ੍ਰਿਤ ਨਾਲ ਰਚੇ ਹੋਏ ਹਨ, ਵਾਹਿਗੁਰੂ ਨਾਲ ਮਿਲੇ ਹੋਏ ਹਨ ਅਤੇ ਸਾਹਿਬ ਦੇ ਸਿਮਰਨ ਅੰਦਰ ਲੀਨ ਹਨ।

ਮੋਹ ਮਾਨ ਭ੍ਰਮੁ ਬਿਨਸਿਓ; ਪਾਈ ਸਰਨਿ ਦਇਆਲ ॥

ਮਿਹਰਬਾਨ ਮਾਲਕ ਦੀ ਪਨਾਹ ਲੈਣ ਦੁਆਰਾ, ਸੰਸਾਰੀ ਲਗਨ, ਹੰਕਾਰ ਤੇ ਸੰਦੇਹ ਨਾਸ ਹੋ ਜਾਂਦੇ ਹਨ।

ਚਰਨ ਕਮਲ ਮਨਿ ਤਨਿ ਬਸੇ; ਦਰਸਨੁ ਦੇਖਿ ਨਿਹਾਲ ॥

ਸਾਹਿਬ ਦੇ ਚਰਨ ਕੰਵਲ ਮੇਰੀ ਆਤਮਾ ਤੇ ਦੇਹਿ ਅੰਦਰ ਵਸਦੇ ਹਨ ਅਤੇ ਮੈਂ ਉਸ ਦਾ ਦੀਦਾਰ ਤੱਕ ਕੇ ਪ੍ਰਸੰਨ ਹੋ ਗਿਆ ਹਾਂ।

ਲਾਭੁ ਮਿਲੈ, ਤੋਟਾ ਹਿਰੈ; ਸਾਧਸੰਗਿ ਲਿਵ ਲਾਇ ॥

ਸਤਿ ਸੰਗਤ ਅੰਦਰ ਵਾਹਿਗੁਰੂ ਨਾਲ ਪਿਰਹੜੀ ਪਾਉਣ ਦੁਆਰਾ ਬੰਦਾ ਨਫ਼ਾ ਖੱਟਦਾ ਹੈ ਅਤੇ ਨੁਕਸਾਨ ਨਹੀਂ ਉਠਾਉਂਦਾ।

ਖਾਟਿ ਖਜਾਨਾ, ਗੁਣ ਨਿਧਿ ਹਰੇ; ਨਾਨਕ, ਨਾਮੁ ਧਿਆਇ ॥੬॥

ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਚੰਗਿਆਈਆਂ ਦੇ ਸਮੁੰਦਰ ਵਾਹਿਗੁਰੂ ਦੇ ਖ਼ਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ।


ਸਲੋਕੁ ॥

ਸਲੋਕ।

ਸੰਤ ਮੰਡਲ ਹਰਿ ਜਸੁ ਕਥਹਿ; ਬੋਲਹਿ ਸਤਿ ਸੁਭਾਇ ॥

ਸਾਧੂਆਂ ਦੀ ਮਜਲਸ ਵਾਹਿਗੁਰੂ ਦੇ ਗੁਣਾਵਾਦ ਵਰਨਣ ਕਰਦੀ ਹੈ ਅਤੇ ਪਿਆਰ ਨਾਲ ਸੱਚ ਬੋਲਦੀ ਹੈ।

ਨਾਨਕ, ਮਨੁ ਸੰਤੋਖੀਐ; ਏਕਸੁ ਸਿਉ ਲਿਵ ਲਾਇ ॥੭॥

ਨਾਨਕ ਇਕ ਪ੍ਰਭੂ ਨਾਲ ਪ੍ਰੀਤੀ ਪਾਉਣ ਦੁਆਰਾ, ਆਤਮਾ ਸੰਤੁਸ਼ਟ ਹੋ ਜਾਂਦੀ ਹੈ।


ਪਉੜੀ ॥

ਪਉੜੀ।

ਸਪਤਮਿ, ਸੰਚਹੁ ਨਾਮ ਧਨੁ; ਟੂਟਿ ਨ ਜਾਹਿ ਭੰਡਾਰ ॥

ਸੱਤਵੀਂ ਥਿਤ-ਨਾਮ ਦੀ ਦੌਲਤ ਜਮ੍ਹਾਂ ਕਰ। ਇਹ ਖ਼ਜ਼ਾਨਾ ਮੁੱਕਦਾ ਨਹੀਂ।

ਸੰਤਸੰਗਤਿ ਮਹਿ ਪਾਈਐ; ਅੰਤੁ ਨ ਪਾਰਾਵਾਰ ॥

ਸੁਆਮੀ ਜਿਸ ਦਾ ਕੋਈ ਓੜਕ ਜਾਂ ਹੱਦਬੰਨਾ ਨਹੀਂ, ਸਾਧ ਸਮੇਲਨ ਅੰਦਰ ਪ੍ਰਾਪਤ ਹੁੰਦਾ ਹੈ।

ਆਪੁ ਤਜਹੁ, ਗੋਬਿੰਦ ਭਜਹੁ; ਸਰਨਿ ਪਰਹੁ ਹਰਿ ਰਾਇ ॥

ਆਪਣੀ ਸਵੈ-ਹੰਗਤਾ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਸ਼ਰਣਾਗਤ ਸੰਭਾਲ।

ਦੂਖ ਹਰੈ, ਭਵਜਲੁ ਤਰੇ; ਮਨ ਚਿੰਦਿਆ ਫਲੁ ਪਾਇ ॥

ਤੇਰਾ ਦੁੱਖੜਾ ਦੂਰ ਹੋ ਜਾਏਗਾ, ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ ਅਤੇ ਦਿਲ ਚਾਹੁੰਦਾ ਮੇਵਾ ਪਾ ਲਵੇਗਾ।

ਆਠ ਪਹਰ ਮਨਿ ਹਰਿ ਜਪੈ; ਸਫਲੁ ਜਨਮੁ ਪਰਵਾਣੁ ॥

ਲਾਭਦਾਇਕ ਤੇ ਪ੍ਰਮਾਣੀਕ ਹੈ ਉਸ ਦਾ ਆਗਮਨ, ਜੋ ਦਿਨ ਰਾਤ ਦੀ ਦਿਲੋਂ ਵਾਹਿਗੁਰੂ ਦਾ ਆਰਾਧਨ ਕਰਦਾ ਹੈ।

ਅੰਤਰਿ ਬਾਹਰਿ ਸਦਾ ਸੰਗਿ; ਕਰਨੈਹਾਰੁ ਪਛਾਣੁ ॥

ਅੰਦਰ ਤੇ ਬਾਹਰ, ਸਦੀਵ ਹੀ, ਸਿਰਜਣਹਾਰ ਨੂੰ ਆਪਣੇ ਨਾਲ ਅਨੁਭਵ ਕਰ।

ਸੋ ਸਾਜਨੁ, ਸੋ ਸਖਾ ਮੀਤੁ; ਜੋ ਹਰਿ ਕੀ ਮਤਿ ਦੇਇ ॥

ਉਹੀ ਦੋਸਤ, ਓਹੀ ਸਾਥੀ ਤੇ ਮਿੱਤ੍ਰ ਹੈ ਜਿਹੜਾ ਮੈਨੂੰ ਈਸ਼ਵਰੀ ਉਪਦੇਸ਼ ਦਿੰਦਾ ਹੈ।

ਨਾਨਕ, ਤਿਸੁ ਬਲਿਹਾਰਣੈ; ਹਰਿ ਹਰਿ ਨਾਮੁ ਜਪੇਇ ॥੭॥

ਨਾਨਕ ਉਸ ਉਤੋਂ ਸਦਕੇ ਜਾਂਦਾ ਹੈ, ਜੋ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।


ਸਲੋਕੁ ॥

ਸਲੋਕ।

ਆਠ ਪਹਰ ਗੁਨ ਗਾਈਅਹਿ; ਤਜੀਅਹਿ ਅਵਰਿ ਜੰਜਾਲ ॥

ਹੋਰ ਪੁਆੜੇ ਛੱਡ ਦੇ ਅਤੇ ਦਿਨ ਦੇ ਅੱਠੇ ਪਹਿਰ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰ।

ਜਮਕੰਕਰੁ ਜੋਹਿ ਨ ਸਕਈ; ਨਾਨਕ, ਪ੍ਰਭੂ ਦਇਆਲ ॥੮॥

ਜਿਸ ਇਨਸਾਨ ਤੇ ਮਾਲਕ ਮਿਹਰਬਾਨ ਹੈ, ਹੇ ਨਾਨਕ! ਮੌਤ ਦਾ ਦੂਤ ਉਸ ਨੂੰ ਤੱਕ ਨਹੀਂ ਸਕਦਾ।


ਪਉੜੀ ॥

ਪਉੜੀ।

ਅਸਟਮੀ, ਅਸਟ ਸਿਧਿ ਨਵ ਨਿਧਿ ॥

ਅੱਠਵੀਂ ਤਿੱਥ-ਅੱਠ ਕਰਾਮਾਤੀ ਸ਼ਕਤੀਆਂ ਨੌ ਖ਼ਜ਼ਾਨੇ,

ਸਗਲ ਪਦਾਰਥ, ਪੂਰਨ ਬੁਧਿ ॥

ਸਮੂਹ ਵਡਮੁੱਲੀਆਂ ਵਸਤੂਆਂ, ਮੁਕੰਮਲ ਅਕਲ,

ਕਵਲ ਪ੍ਰਗਾਸ, ਸਦਾ ਆਨੰਦ ॥

ਦਿਲ ਕਮਲ ਦਾ ਖਿੜਾਓ, ਸਦੀਵੀ ਪਰਸੰਨਤਾ,

ਨਿਰਮਲ ਰੀਤਿ, ਨਿਰੋਧਰ ਮੰਤ ॥

ਪਵਿੱਤ੍ਰ ਜੀਵਨ ਰਹੁਰੀਤੀ, ਅਚੂਕ ਉਪਦੇਸ਼,

ਸਗਲ ਧਰਮ, ਪਵਿਤ੍ਰ ਇਸਨਾਨੁ ॥

ਸਾਰੀਆਂ ਨੇਕੀਆਂ, ਨਿਰਮਲ ਨ੍ਹਾਉਣੇ,

ਸਭ ਮਹਿ ਊਚ, ਬਿਸੇਖ ਗਿਆਨੁ ॥

ਅਤੇ ਸਭ ਤੋਂ ਉੱਚਾ ਅਤੇ ਸਰੇਸ਼ਟ ਬ੍ਰਹਮ-ਬੋਧ,

ਹਰਿ ਹਰਿ ਭਜਨੁ, ਪੂਰੇ ਗੁਰ ਸੰਗਿ ॥

ਮੁਕੰਮਲ ਗੁਰਾਂ ਦੀ ਸੰਗਤ ਵਿੱਚ ਵਾਹਿਗੁਰੂ ਸੁਆਮੀ ਦੇ ਸਿਮਰਨ ਦੁਆਰਾ ਪਰਾਪਤ ਹੋ ਜਾਂਦੇ ਹਨ।

ਜਪਿ ਤਰੀਐ ਨਾਨਕ, ਨਾਮ ਹਰਿ ਰੰਗਿ ॥੮॥

ਪਿਆਰ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਬੰਦਾ ਪਾਰ ਉਤਰ ਜਾਂਦਾ ਹੈ।


ਸਲੋਕੁ ॥

ਸਲੋਕ।

ਨਾਰਾਇਣੁ ਨਹ ਸਿਮਰਿਓ; ਮੋਹਿਓ ਸੁਆਦ ਬਿਕਾਰ ॥

ਪ੍ਰਾਣੀ ਵਿਆਪਕ ਵਾਹਿਗੁਰੂ ਦਾ ਚਿੰਤਨ ਨਹੀਂ ਕਰਦਾ ਅਤੇ ਉਸ ਨੂੰ ਪਾਪਾਂ ਦਿਆਂ ਰਸਾਂ ਨੇ ਫਰੇਫਤਾ ਕਰ ਲਿਆ ਹੈ।

ਨਾਨਕ, ਨਾਮਿ ਬਿਸਾਰਿਐ; ਨਰਕ ਸੁਰਗ ਅਵਤਾਰ ॥੯॥

ਨਾਮ ਨੂੰ ਭੁਲਾ ਕੇ ਉਹ ਦੋਜਕ ਅਤੇ ਬਹਿਸ਼ਤ ਵਿੱਚ ਪੈਦਾ ਹੈ, ਹੇ ਨਾਨਕ!


ਪਉੜੀ ॥

ਪਉੜੀ।

ਨਉਮੀ, ਨਵੇ ਛਿਦ੍ਰ ਅਪਵੀਤ ॥

ਨੌਵੀ ਤਿੱਥਕ-ਗੰਦੀਆਂ ਹਨ ਸਰੀਰ ਦੀਆਂ ਨੌ ਹੀ ਗੋਲਕਾਂ।

ਹਰਿ ਨਾਮੁ ਨ ਜਪਹਿ, ਕਰਤ ਬਿਪਰੀਤਿ ॥

ਜੀਵ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੇ ਅਤੇ ਖੋਟੇ ਰਾਹੀਂ ਪੈਦੇ ਹਨ।

ਪਰ ਤ੍ਰਿਅ ਰਮਹਿ, ਬਕਹਿ ਸਾਧ ਨਿੰਦ ॥

ਉਹ ਹੋਰਨਾਂ ਦੀਆਂ ਇਸਤਰੀਆਂ ਨੂੰ ਭੋਗਦੇ ਹਨ, ਸੰਤਾਂ ਦੀ ਬਦਖੋਈ ਬਕਦੇ ਹਨ,

ਕਰਨ ਨ ਸੁਨਹੀ, ਹਰਿ ਜਸੁ ਬਿੰਦ ॥

ਅਤੇ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਭੋਰਾ ਭਰ ਭੀ ਕੀਰਤੀ ਨਹੀਂ ਸੁਣਦੇ।

ਹਿਰਹਿ ਪਰ ਦਰਬੁ, ਉਦਰ ਕੈ ਤਾਈ ॥

ਆਪਣੇ ਪੇਟ ਦੀ ਖਾਤਰ ਉਹ ਹੋਰਨਾਂ ਦੀ ਦੋਲਤ ਨੂੰ ਖੱਸਦੇ ਹਨ,

ਅਗਨਿ ਨ ਨਿਵਰੈ, ਤ੍ਰਿਸਨਾ ਨ ਬੁਝਾਈ ॥

ਉਨ੍ਹਾਂ ਦੀ ਅੱਗ ਨਹੀਂ ਬੁਝਦੀ, ਨਾਂ ਹੀ ਉਨ੍ਹਾਂ ਦੀ ਖਾਹਿਸ਼ ਦੂਰ ਹੁੰਦੀ ਹੈ।

ਹਰਿ ਸੇਵਾ ਬਿਨੁ, ਏਹ ਫਲ ਲਾਗੇ ॥

ਰੱਬ ਦੀ ਟਹਿਲ ਸੇਵਾ ਦੇ ਬਾਝੋਂ ਬੰਦੇ ਨੂੰ ਐਸੇ ਇਵਜ਼ਾਨੇ ਮਿਲਦੇ ਹਨ।

ਨਾਨਕ, ਪ੍ਰਭ ਬਿਸਰਤ; ਮਰਿ ਜਮਹਿ ਅਭਾਗੇ ॥੯॥

ਨਾਨਕ, ਸੁਆਮੀ ਨੂੰ ਭੁਲਾ ਕੇ, ਨਿਕਰਮਣ ਬੰਦੇ ਆਵਾਗਉਣ ਵਿੱਚ ਪੈਦੇ ਹਨ।


ਸਲੋਕੁ ॥

ਸਲੋਕ।

ਦਸ ਦਿਸ ਖੋਜਤ ਮੈ ਫਿਰਿਓ; ਜਤ ਦੇਖਉ ਤਤ ਸੋਇ ॥

ਮੈਂ ਦਸੀ ਪਾਸੀ ਹੀ ਲੱਭਦਾ ਫਿਰਿਆ ਹਾਂ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਹ ਸੁਆਮੀ ਨੂੰ ਪਾਉਂਦਾ ਹਾਂ।

ਮਨੁ ਬਸਿ ਆਵੈ ਨਾਨਕਾ; ਜੇ ਪੂਰਨ ਕਿਰਪਾ ਹੋਇ ॥੧੦॥

ਨਾਨਕ ਬੰਦੇ ਦਾ ਮਨੂਆ ਤਾਂ ਕਾਬੂ ਵਿੱਚ ਆਉਂਦਾ ਹੈ, ਜੇਕਰ ਸਾਈਂ ਉਸ ਉਤੇ ਆਪਣੀ ਮੁਕੰਮਲ ਮਿਹਰ ਧਾਰੇ।


ਪਉੜੀ ॥

ਪਉੜੀ।

ਦਸਮੀ, ਦਸ ਦੁਆਰ ਬਸਿ ਕੀਨੇ ॥

ਦੱਸਵੀ ਤਿੱਥ-ਜੋ ਆਪਣੇ ਦਸਾਂ ਦਰਵਾਜ਼ਿਆਂ (ਪੰਜ ਗਿਆਨ ਤੇ ਪੰਜ ਕਰਮ ਇੰਦ੍ਰਿਆਂ) ਨੂੰ ਕਾਬੂ ਕਰ ਲੈਦਾ ਹੈ,

ਮਨਿ ਸੰਤੋਖੁ, ਨਾਮ ਜਪਿ ਲੀਨੇ ॥

ਉਹ ਦਿਲੋਂ ਸੰਤੁਸ਼ਟ ਹੁੰਦਾ ਹੈ ਅਤੇ ਨਾਮ ਨੂੰ ਉਚਾਰਦਾ ਹੈ।

ਕਰਨੀ ਸੁਨੀਐ, ਜਸੁ ਗੋਪਾਲ ॥

ਆਪਣੇ ਕੰਨਾਂ ਨਾਲ ਤੂੰ ਸੁਆਮੀ ਦੀ ਸਿਫ਼ਤ ਸਨਾ ਸ੍ਰਵਣ ਕਰ,

ਨੈਨੀ ਪੇਖਤ, ਸਾਧ ਦਇਆਲ ॥

ਆਪਣੀਆਂ ਅੱਖਾਂ ਨਾਲ ਕ੍ਰਿਪਾਲੂ ਸੰਤਾਂ ਨੂੰ ਦੇਖ।

ਰਸਨਾ, ਗੁਨ ਗਾਵੈ ਬੇਅੰਤ ॥

ਆਪਣੀ ਜੀਭ ਨਾਲ ਅਨੰਤ ਸੁਆਮੀ ਦੀਆਂ ਵਡਿਆਈਆਂ ਗਾਇਨ ਕਰ।

ਮਨ ਮਹਿ ਚਿਤਵੈ, ਪੂਰਨ ਭਗਵੰਤ ॥

ਆਪਣੇ ਚਿੱਤ ਅੰਦਰ ਮੁਕੰਮਲ ਮਾਲਕ ਦਾ ਖਿਆਲ ਕਰ।

ਹਸਤ ਚਰਨ, ਸੰਤ ਟਹਲ ਕਮਾਈਐ ॥

ਆਪਣੇ ਹੱਥਾਂ ਤੇ ਪੈਰਾਂ ਨਾਲ ਤੂੰ ਸਾਧੂਆਂ ਦੀ ਸੇਵਾ ਕਰ।

ਨਾਨਕ, ਇਹੁ ਸੰਜਮੁ; ਪ੍ਰਭ ਕਿਰਪਾ ਪਾਈਐ ॥੧੦॥

ਨਾਨਕ ਇਹ ਜੀਵਨ ਰਹੁ ਰੀਤੀ ਸਾਹਿਬ ਦੀ ਦਇਆ ਦੁਆਰਾ ਪਰਾਪਤ ਹੁੰਦੀ ਹੈ।


ਸਲੋਕੁ ॥

ਸਲੋਕ।

ਏਕੋ ਏਕੁ ਬਖਾਨੀਐ; ਬਿਰਲਾ ਜਾਣੈ ਸ੍ਵਾਦੁ ॥

ਸੁਆਮੀ ਨੂੰ ਕੇਵਲ ਇੱਕ ਕਰਕੇ ਬਿਆਨ ਕਰ। ਕੋਈ ਟਾਵਾਂ ਪੁਰਸ਼ ਹੀ ਉਸ ਦੇ ਸੁਆਦ ਨੂੰ ਜਾਣਦਾ ਹੈ।

ਗੁਣ ਗੋਬਿੰਦ ਨ ਜਾਣੀਐ; ਨਾਨਕ, ਸਭੁ ਬਿਸਮਾਦੁ ॥੧੧॥

ਸ੍ਰਿਸ਼ਟੀ ਦੇ ਸੁਆਮੀ ਦੀਆਂ ਖੂਬੀਆਂ ਜਾਣੀਆਂ ਨਹੀਂ ਜਾ ਸਕਦੀਆਂ। ਨਾਨਕ, ਉਹ ਮੁਕੰਮਲ ਅਸਚਰਜਤਾ ਹੈ।


ਪਉੜੀ ॥

ਪਉੜੀ।

ਏਕਾਦਸੀ, ਨਿਕਟਿ ਪੇਖਹੁ ਹਰਿ ਰਾਮੁ ॥

ਗਿਆਰ੍ਹਵੀ ਥਿੱਤ-ਤੂੰ ਵਿਆਪਕ ਪ੍ਰਭੂ ਨੂੰ ਐਨ ਲਾਗੇ ਵੇਖ।

ਇੰਦ੍ਰੀ ਬਸਿ ਕਰਿ, ਸੁਣਹੁ ਹਰਿ ਨਾਮੁ ॥

ਆਪਣੇ ਭੋਗ ਵਿਸ਼ੇ ਦੇ ਅੰਗ ਨੂੰ ਕਾਬੂ ਕਰਕੇ ਰੱਬ ਦਾ ਨਾਮ ਸ੍ਰਵਣ ਕਰ।

ਮਨਿ ਸੰਤੋਖ, ਸਰਬ ਜੀਅ ਦਇਆ ॥

ਤੂੰ ਦਿਲੋਂ ਸੰਤੁਸ਼ਟ ਅਤੇ ਸਾਰੇ ਜੀਵਾਂ ਉਤੇ ਮਿਹਰਬਾਨੀ ਕਰ।

ਇਨ ਬਿਧਿ ਬਰਤੁ, ਸੰਪੂਰਨ ਭਇਆ ॥

ਇਸ ਤਰੀਕੇ ਨਾਲ ਤੇਰਾ ਉਪਹਾਸ ਪੂਰਨ ਹੋ ਜਾਏਗਾ।

ਧਾਵਤ ਮਨੁ, ਰਾਖੈ ਇਕ ਠਾਇ ॥

ਆਪਣੇ ਭਟਕਦੇ ਹੋਏ ਮਨੂਏ ਨੂੰ ਇਕ ਥਾਂ ਤੇ ਰੱਖ।

ਮਨੁ ਤਨੁ ਸੁਧੁ, ਜਪਤ ਹਰਿ ਨਾਇ ॥

ਰੱਬ ਦਾ ਨਾਮ ਉਚਾਰਨ ਕਰਨ ਨਾਲ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ।

ਸਭ ਮਹਿ, ਪੂਰਿ ਰਹੇ ਪਾਰਬ੍ਰਹਮ ॥

ਪਰਮ ਪੁਰਖ ਸਾਰਿਆਂ ਅੰਦਰ ਪੂਰੀ ਤਰ੍ਹਾਂ ਵਿਆਪਕ ਹੈ।

ਨਾਨਕ, ਹਰਿ ਕੀਰਤਨੁ ਕਰਿ; ਅਟਲ ਏਹੁ ਧਰਮ ॥੧੧॥

ਰੱਬ ਦੀ ਮਹਿਮਾਂ ਗਾਇਨ ਕਰ। ਕੇਵਲ ਏਹੀ ਅਮਰ ਈਮਾਨ ਹੈ, ਹੇ ਨਾਨਕ!


ਸਲੋਕੁ ॥

ਸਲੋਕ।

ਦੁਰਮਤਿ ਹਰੀ, ਸੇਵਾ ਕਰੀ; ਭੇਟੇ ਸਾਧ ਕ੍ਰਿਪਾਲ ॥

ਦਿਆਲੂ ਸੰਤਾਂ ਨੂੰ ਮਿਲਣ ਅਤੇ ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਮੰਦੀ-ਅਕਲ ਮਿਟ ਜਾਂਦੀ ਹੈ।

ਨਾਨਕ, ਪ੍ਰਭ ਸਿਉ ਮਿਲਿ ਰਹੇ; ਬਿਨਸੇ ਸਗਲ ਜੰਜਾਲ ॥੧੨॥

ਨਾਨਕ, ਸੁਆਮੀ ਨਾਲ ਅਭੈਦ ਹੋ ਗਿਆ ਹੈ, ਅਤੇ ਉਸ ਦੇ ਸਾਰੇ ਅਲੇਸੇਟੇ ਮੁੱਕ ਗਏ ਹਨ।


ਪਉੜੀ ॥

ਪਉੜੀ।

ਦੁਆਦਸੀ, ਦਾਨੁ ਨਾਮੁ ਇਸਨਾਨੁ ॥

ਬਾਰ੍ਹਵੀ ਤਿੱਥ-ਆਪਣੇ ਆਪ ਨੂੰ ਦਾਨ ਪੁੰਨ ਦੇਣ, ਨਾਮ ਸਿਮਰਨ ਅਤੇ ਆਤਮਾ ਨੂੰ ਸੁੱਧ ਕਰਨ ਦੇ ਸਮਰਪਣ ਕਰ ਦੇ।

ਹਰਿ ਕੀ ਭਗਤਿ ਕਰਹੁ, ਤਜਿ ਮਾਨੁ ॥

ਆਪਣੀ ਹੰਗਤਾ ਛੱਡ ਦੇ ਅਤੇ ਹਰੀ ਦੀ ਪ੍ਰੇਮ-ਮਈ ਸੇਵਾ ਕਰ।

ਹਰਿ ਅੰਮ੍ਰਿਤ ਪਾਨ ਕਰਹੁ, ਸਾਧਸੰਗਿ ॥

ਸਤਿ ਸੰਗਤ ਅੰਦਰ ਵਾਹਿਗੁਰੂ ਦੇ ਨਾਮ ਦੇ ਸੁਧਾਰਸ ਨੂੰ ਛੱਕ।

ਮਨ ਤ੍ਰਿਪਤਾਸੈ, ਕੀਰਤਨ ਪ੍ਰਭ ਰੰਗਿ ॥

ਪਿਆਰ ਨਾਲ ਸਾਈਂ ਦਾ ਜੱਸ ਗਾਉਣ ਦੁਆਰਾ ਆਤਮਾ ਰੱਜ ਜਾਂਦੀ ਹੈ।

ਕੋਮਲ ਬਾਣੀ, ਸਭ ਕਉ ਸੰਤੋਖੈ ॥

ਮਿੱਠੜੇ ਬਚਨ ਹਰ ਕਿਸੇ ਨੂੰ ਮੁਲਾਇਮ ਕਰ ਲੈਂਦੇ ਹਨ।

ਪੰਚ ਭੂ ਆਤਮਾ, ਹਰਿ ਨਾਮ ਰਸਿ ਪੋਖੈ ॥

ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਰੂਹ, ਪੰਜਾਂ ਤੱਤਾਂ ਦੇ ਸੂਖਮ ਅੰਸ਼ ਦੀ ਪਾਲਣਾ-ਪੋਸਣਾ ਹੁੰਦੀ ਹੈ।

ਗੁਰ ਪੂਰੇ ਤੇ, ਏਹ ਨਿਹਚਉ ਪਾਈਐ ॥

ਪੂਰਨ ਗੁਰਾਂ ਪਾਸੋਂ ਇਹ ਭਰੋਸਾ ਪਰਾਪਤ ਹੁੰਦਾ ਹੈ।

ਨਾਨਕ, ਰਾਮ ਰਮਤ; ਫਿਰਿ ਜੋਨਿ ਨ ਆਈਐ ॥੧੨॥

ਨਾਨਕ, ਵਿਆਪਕ ਸੁਆਮੀ ਦਾ ਸਿਮਰਨ ਕਰਨ ਨਾਲ ਪ੍ਰਾਣੀ ਮੁੜ ਕੇ ਗਰਭ ਵਿੱਚ ਨਹੀਂ ਪੈਦਾ!


ਸਲੋਕੁ ॥

ਸਲੋਕ।

ਤੀਨਿ ਗੁਣਾ ਮਹਿ ਬਿਆਪਿਆ; ਪੂਰਨ ਹੋਤ ਨ ਕਾਮ ॥

ਤਿੰਨਾਂ ਹਾਲਤਾਂ ਅੰਦਰ ਆਦਮੀ ਗਲਤਾਨ ਹੈ ਅਤੇ ਉਸ ਦੇ ਕੰਮ ਨੇਪਰੇ ਨਹੀਂ ਚੜ੍ਹਦੇ।

ਪਤਿਤ ਉਧਾਰਣੁ ਮਨਿ ਬਸੈ; ਨਾਨਕ, ਛੂਟੈ ਨਾਮ ॥੧੩॥

ਨਾਨਕ, ਉਸ ਦਾ ਉਦੋਂ ਪਾਰ ਉਤਾਰਾ ਹੁੰਦਾ ਹੈ, ਜਦ ਪਾਪੀਆਂ ਨੂੰ ਤਾਰਨ ਵਾਲੇ ਪ੍ਰਭੂ ਦੇ ਨਾਮ ਦਾ ਉਸ ਚਿੱਤ ਵਿੱਚ ਵਾਸਾ ਹੁੰਦਾ ਹੈ।


ਪਉੜੀ ॥

ਪਉੜੀ।

ਤ੍ਰਉਦਸੀ, ਤੀਨਿ ਤਾਪ ਸੰਸਾਰ ॥

ਤੇਰ੍ਹਵੀ ਤਿੱਥ-ਜਹਾਨ ਤਿੰਨਾਂ ਗੁਣਾ ਦੇ ਬੁਖਾਰਾਂ ਨਾਲ ਦੁਖਾਂਤ੍ਰ ਹੋਇਆ ਹੋਇਆ ਹੈ।

ਆਵਤ ਜਾਤ, ਨਰਕ ਅਵਤਾਰ ॥

ਇਹ ਆਉਂਦਾ ਜਾਂਦਾ ਅਤੇ ਦੋਜ਼ਕ ਵਿੱਚ ਪੈਦਾ ਹੈ।

ਹਰਿ ਹਰਿ ਭਜਨੁ, ਨ ਮਨ ਮਹਿ ਆਇਓ ॥

ਵਾਹਿਗੁਰੂ ਸੁਆਮੀ ਦਾ ਸਿਮਰਨ ਇਸ ਦੇ ਚਿੱਤ ਵਿੱਚ ਪ੍ਰਵੇਸ਼ ਨਹੀਂ ਕਰਦਾ।

ਸੁਖ ਸਾਗਰ ਪ੍ਰਭੁ, ਨਿਮਖ ਨ ਗਾਇਓ ॥

ਆਰਾਮ ਦੇ ਸਮੁੰਦਰ ਸੁਆਮੀ ਦੀ ਉਸਤਤੀ, ਉਹ ਇਕ ਮੁਹਤ ਲਈ ਭੀ ਗਾਇਨ ਨਹੀਂ ਕਰਦਾ।

ਹਰਖ ਸੋਗ ਕਾ, ਦੇਹ ਕਰਿ ਬਾਧਿਓ ॥

ਖੁਸ਼ੀ ਤੇ ਗ਼ਮੀ ਦਾ ਇਹ ਸਰੀਰ ਪੁਤਲਾ ਹੈ।

ਦੀਰਘ ਰੋਗੁ, ਮਾਇਆ ਆਸਾਧਿਓ ॥

ਇਸ ਨੂੰ ਲੰਮੀ ਅਤੇ ਲਾਇਲਾਜ਼ ਮੋਹਨੀ ਦੀ ਬੀਮਾਰੀ ਲੱਗੀ ਹੋਈ ਹੈ।

ਦਿਨਹਿ ਬਿਕਾਰ ਕਰਤ, ਸ੍ਰਮੁ ਪਾਇਓ ॥

ਉਹ ਦਿਹੁੰ ਰੈਣ ਬਦੀ ਕਮਾਉਂਦਾ ਹੈ ਅਤੇ ਹਾਰ ਹੁੱਟ ਜਾਂਦਾ ਹੈ।

ਨੈਨੀ ਨੀਦ, ਸੁਪਨ ਬਰੜਾਇਓ ॥

ਅੱਖਾਂ ਵਿੱਚ ਨੀਦ੍ਰਂ ਨਾਲ ਉਹ ਸੁਪਨੇ ਵਿੱਚ ਬਰੜਾਉਂਦਾ ਹੈ।

ਹਰਿ ਬਿਸਰਤ, ਹੋਵਤ ਏਹ ਹਾਲ ॥

ਰੱਬ ਨੂੰ ਭੁਲਾ ਕੇ ਉਸ ਦੀ ਇਹ ਦਸ਼ਾਂ ਹੋ ਜਾਂਦੀ ਹੈ।

ਸਰਨਿ ਨਾਨਕ, ਪ੍ਰਭ ਪੁਰਖ ਦਇਆਲ ॥੧੩॥

ਨਾਨਕ ਨੇ ਮਿਹਰਬਾਨ, ਸਮਰਥ ਸੁਆਮੀ ਦੀ ਓਟ ਲਈ ਹੈ।


ਸਲੋਕੁ ॥

ਸਲੋਕ।

ਚਾਰਿ ਕੁੰਟ ਚਉਦਹ ਭਵਨ; ਸਗਲ ਬਿਆਪਤ ਰਾਮ ॥

ਸੁਆਮੀ ਚਾਰੀ ਪਾਸੀ ਅਤੇ ਚੌਦਾ ਜਹਾਨਾ ਅੰਦਰ ਸਾਰੇ ਵਿਆਪਕ ਹੋ ਰਿਹਾ ਹੈ।

ਨਾਨਕ, ਊਨ ਨ ਦੇਖੀਐ; ਪੂਰਨ ਤਾ ਕੇ ਕਾਮ ॥੧੪॥

ਨਾਨਕ, ਉਹ ਕਿਤੇ ਭੀ ਅਸਪੂਰਨ ਵੇਖਿਆ ਨਹੀਂ ਜਾਂਦਾ ਅਤੇ ਮੁਕੰਮਲ ਹਨ ਉਸ ਦੇ ਕੰਮ।


ਪਉੜੀ ॥

ਪਉੜੀ।

ਚਉਦਹਿ, ਚਾਰਿ ਕੁੰਟ ਪ੍ਰਭ ਆਪ ॥

ਚੋਦ੍ਹਵੀ ਥਿੱਤ-ਚੌਹਾਂ ਤਰਫਾ ਅੰਦਰ ਸੁਆਮੀ ਆਪੇ ਹੀ ਰਮਿਆ ਹੋਇਆ ਹੈ।

ਸਗਲ ਭਵਨ, ਪੂਰਨ ਪਰਤਾਪ ॥

ਸਾਰਿਆਂ ਜਹਾਨਾਂ ਅੰਦਰ ਮੁਕੰਮਲ ਹੈ ਉਸ ਦਾ ਤਪ ਤੇਜ।

ਦਸੇ ਦਿਸਾ, ਰਵਿਆ ਪ੍ਰਭੁ ਏਕੁ ॥

ਅਦੁੱਤੀ ਸਾਹਿਬ ਦਸੀ ਪਾਸੀ ਰਮ ਰਿਹਾ ਹੈ।

ਧਰਨਿ ਅਕਾਸ, ਸਭ ਮਹਿ ਪ੍ਰਭ ਪੇਖੁ ॥

ਧਰਤੀ ਤੇ ਅਸਮਾਨ ਹਰ ਥਾਂ ਵਿੱਚ ਤੂੰ ਆਪਣੇ ਸਾਈਂ ਨੂੰ ਵੇਖ।

ਜਲ ਥਲ ਬਨ, ਪਰਬਤ ਪਾਤਾਲ ॥

ਸਮੁੰਦਰ, ਜਮੀਨ, ਜੰਗਲ ਪਹਾੜ ਅਤੇ ਹੇਠਲੀ ਦੁਨੀਆਂ,

ਪਰਮੇਸ੍ਵਰ, ਤਹ ਬਸਹਿ ਦਇਆਲ ॥

ਮਿਹਰਬਾਨ ਉਤਕ੍ਰਿਸ਼ਟ ਪ੍ਰਭੂ ਉਥੇ ਵਸਦਾ ਹੈ।

ਸੂਖਮ ਅਸਥੂਲ, ਸਗਲ ਭਗਵਾਨ ॥

ਮਨ ਅਤੇ ਮਾਦੇ ਅੰਦਰ, ਹਰ ਥਾਂ ਮੁਬਾਰਕ ਮਾਲਕ ਰਮਿਆ ਹੋਇਆ ਹੈ।

ਨਾਨਕ, ਗੁਰਮੁਖਿ ਬ੍ਰਹਮੁ ਪਛਾਨ ॥੧੪॥

ਨਾਨਕ, ਗੁਰਾਂ ਦੇ ਰਾਹੀਂ, ਤੂੰ ਐਸ ਤਰ੍ਹਾਂ ਵਿਆਪਕ ਪ੍ਰਭੂ ਨੂੰ ਅਨੁਭਵ ਕਰ।


ਸਲੋਕੁ ॥

ਸਲੋਕ।

ਆਤਮੁ ਜੀਤਾ ਗੁਰਮਤੀ; ਗੁਣ ਗਾਏ ਗੋਬਿੰਦ ॥

ਗੁਰਾਂ ਦੇ ਉਪਦੇਸ਼ ਤਾਬੇ, ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮਨੂਆਂ ਸਰ ਕੀਤਾ ਜਾਂਦਾ ਹੈ।

ਸੰਤ ਪ੍ਰਸਾਦੀ ਭੈ ਮਿਟੇ; ਨਾਨਕ, ਬਿਨਸੀ ਚਿੰਦ ॥੧੫॥

ਸਾਧੂਆਂ ਦੀ ਦਇਆ ਦੁਆਰਾ ਹੇ ਨਾਨਕ! ਡਰ ਦੂਰ ਹੋ ਜਾਂਦਾ ਹੈ ਅਤੇ ਅੰਦੇਸ਼ਾ ਨਵਿਰਤ ਹੋ ਜਾਂਦਾ ਹੈ।


ਪਉੜੀ ॥

ਪਉੜੀ।

ਅਮਾਵਸ, ਆਤਮ ਸੁਖੀ ਭਏ; ਸੰਤੋਖੁ ਦੀਆ ਗੁਰਦੇਵ ॥

ਮੱਸਿਆਂ-ਈਸ਼ਵਰੀ ਗੁਰਾਂ ਨੇ ਮੈਨੂੰ ਸਬਰ-ਸਿਦਕ ਪਰਦਾਨ ਕੀਤਾ ਹੈ ਅਤੇ ਮੇਰੀ ਆਤਮਾ ਸੁਖਾਲੀ ਹੋ ਗਈ ਹੈ।

ਮਨੁ ਤਨੁ ਸੀਤਲੁ, ਸਾਂਤਿ ਸਹਜ; ਲਾਗਾ ਪ੍ਰਭ ਕੀ ਸੇਵ ॥

ਮੇਰੀ ਆਤਮਾ ਤੇ ਦੇਹਿ ਠੰਢੇਠਾਰ ਅਤੇ ਆਰਾਮ ਚੈਨ ਤੇ ਅਡੋਲਤਾ ਅੰਦਰ ਹੋ ਗਏ ਹਨ ਅਤੇ ਮੈਂ ਆਪਣੇ ਆਪ ਨੂੰ ਸੁਆਮੀ ਦੀ ਚਾਕਰੀ ਵਿੱਚ ਜੋੜ ਲਿਆ ਹੈ।

ਟੂਟੇ ਬੰਧਨ ਬਹੁ ਬਿਕਾਰ; ਸਫਲ ਪੂਰਨ ਤਾ ਕੇ ਕਾਮ ॥

ਉਸ ਦੇ ਜੂੜ ਵੱਢੇ ਜਾਂਦੇ ਹਨ, ਉਸ ਦੇ ਘਣੇਰੇ ਪਾਪ ਨਾਸ ਹੋ ਜਾਂਦੇ ਹਨ, ਉਸ ਦੇ ਕੰਮ ਰਾਸ ਅਤੇ ਸੰਪੂਰਨ ਹੋ ਜਾਂਦੇ ਹਨ,

ਦੁਰਮਤਿ ਮਿਟੀ, ਹਉਮੈ ਛੁਟੀ; ਸਿਮਰਤ ਹਰਿ ਕੋ ਨਾਮ ॥

ਉਸ ਦੀ ਮੰਦੀ ਅਕਲ ਨਾਸ ਹੋ ਜਾਂਦੀ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।

ਸਰਨਿ ਗਹੀ ਪਾਰਬ੍ਰਹਮ ਕੀ; ਮਿਟਿਆ ਆਵਾ ਗਵਨ ॥

ਸ਼ਰੋਮਣੀ ਸਾਹਿਬ ਦੀ ਪਨਾਹ ਪਕੜਨ ਦੁਆਰਾ, ਆਦਮੀ ਦਾ ਆਉਣਾ ਤੇ ਜਾਣਾ ਮੁਕ ਗਿਆ ਹੈ।

ਆਪਿ ਤਰਿਆ ਕੁਟੰਬ ਸਿਉ; ਗੁਣ ਗੁਬਿੰਦ ਪ੍ਰਭ ਰਵਨ ॥

ਸੁਆਮੀ ਮਾਲਕ ਦਾ ਜੱਸ ਉਚਾਰਨ ਕਰਨ ਦੁਆਰਾ ਉਹ ਆਪਣੇ ਆਪ ਨੂੰ ਆਪਣੇ ਪਰਵਾਰ ਸਣੇ ਬਚਾ ਲੈਦਾ ਹੈ।

ਹਰਿ ਕੀ ਟਹਲ ਕਮਾਵਣੀ; ਜਪੀਐ ਪ੍ਰਭ ਕਾ ਨਾਮੁ ॥

ਮੈਂ ਕੇਵਲ ਵਾਹਿਗੁਰੂ ਦੀ ਚਾਕਰੀ ਵਜਾਉਂਦਾ ਹਾਂ ਅਤੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਗੁਰ ਪੂਰੇ ਤੇ ਪਾਇਆ; ਨਾਨਕ, ਸੁਖ ਬਿਸ੍ਰਾਮੁ ॥੧੫॥

ਪੂਰਨ ਗੁਰਾਂ ਪਾਸੋਂ, ਨਾਨਕ ਨੇ ਆਰਾਮ ਅਤੇ ਆਨੰਦ ਪ੍ਰਾਪਤ ਕੀਤਾ ਹੈ।


ਸਲੋਕੁ ॥

ਸਲੋਕ।

ਪੂਰਨੁ ਕਬਹੁ ਨ ਡੋਲਤਾ; ਪੂਰਾ ਕੀਆ ਪ੍ਰਭ ਆਪਿ ॥

ਮੁਕੰਮਲ ਇਨਸਾਨ ਜਿਸ ਨੂੰ ਸੁਆਮੀ ਨੇ ਖੁਦ ਮੁਕੰਮਲ ਕੀਤਾ ਹੈ, ਕਦਾਚਿੱਤ ਡਿਕਡੋਲੇ ਨਹੀਂ ਖਾਂਦਾ।

ਦਿਨੁ ਦਿਨੁ ਚੜੈ ਸਵਾਇਆ; ਨਾਨਕ, ਹੋਤ ਨ ਘਾਟਿ ॥੧੬॥

ਰੋਜ਼-ਬਰੋਜ਼ ਉਹ ਤਰੱਕੀ ਕਰਦਾ ਜਾਂਦਾ ਹੈ ਅਤੇ ਨਾਕਾਮਯਾਬ ਨਹੀਂ ਹੁੰਦਾ, ਹੇ ਨਾਨਕ!


ਪਉੜੀ ॥

ਪਉੜੀ।

ਪੂਰਨਮਾ, ਪੂਰਨ ਪ੍ਰਭ ਏਕੁ; ਕਰਣ ਕਾਰਣ ਸਮਰਥੁ ॥

ਪੂਰਨਮਾਸ਼ੀ-ਕੇਵਲ ਸਰਬ-ਸ਼ਕਤੀਵਾਨ ਸਾਹਿਬ ਹੀ ਮੁਕੰਮਲ ਹੈ। ਉਹ ਸਬੱਬਾ ਦਾ ਸਬੱਬ ਹੈ।

ਜੀਅ ਜੰਤ ਦਇਆਲ ਪੁਰਖੁ; ਸਭ ਊਪਰਿ ਜਾ ਕਾ ਹਥੁ ॥

ਸੁਆਮੀ ਜਿਸ ਦਾ ਰਖਿਆ ਕਰਨ ਵਾਲਾ ਹੱਥ ਸਾਰਿਆਂ ਦੇ ਉਤੇ ਹੈ, ਪ੍ਰਾਣੀਆਂ ਤੇ ਹੋਰ ਜੀਵਾਂ ਉਪਰ ਮਿਹਰਬਾਨ ਹੈ।

ਗੁਣ ਨਿਧਾਨ ਗੋਬਿੰਦ ਗੁਰ; ਕੀਆ ਜਾ ਕਾ ਹੋਇ ॥

ਵਿਸ਼ਾਲ ਪ੍ਰਭੂ ਜਿਸ ਦੀ ਰਜ਼ਾ ਦੁਆਰਾ ਸਾਰਾ ਕੁਛ ਹੁੰਦਾ ਹੈ, ਸਰੇਸ਼ਟਤਾਈਆਂ ਦਾ ਖ਼ਜ਼ਾਨਾ ਹੈ।

ਅੰਤਰਜਾਮੀ ਪ੍ਰਭੁ ਸੁਜਾਨੁ; ਅਲਖ ਨਿਰੰਜਨ ਸੋਇ ॥

ਉਹ ਸਿਆਣਾ, ਅਦ੍ਰਿਸ਼ਟ ਅਤੇ ਪਵਿੱਤ੍ਰ ਪ੍ਰਭੂ ਦਿਲਾਂ ਦੀਆਂ ਜਾਨਣਹਾਰ ਹੈ।

ਪਾਰਬ੍ਰਹਮੁ ਪਰਮੇਸਰੋ; ਸਭ ਬਿਧਿ ਜਾਨਣਹਾਰ ॥

ਪਰਮ ਪ੍ਰਭੂ, ਬੁਲੰਦ ਮਾਲਕ ਸਾਰਿਆਂ ਢੰਗਾਂ ਨੂੰ ਜਾਨਣ ਵਾਲਾ ਹੈ।

ਸੰਤ ਸਹਾਈ ਸਰਨਿ ਜੋਗੁ; ਆਠ ਪਹਰ ਨਮਸਕਾਰ ॥

ਉਹ ਸਾਧੂਆਂ ਦਾ ਸਹਾਇਕ ਅਤੇ ਪਨਾਹ ਦੇਣ ਨੂੰ ਸਮਰੱਥ ਹੈ। ਮੈਂ ਹਮੇਸ਼ਾਂ ਉਸ ਨੂੰ ਪ੍ਰਣਾਮ ਕਰਦਾ ਹਾਂ।

ਅਕਥ ਕਥਾ ਨਹ ਬੂਝੀਐ; ਸਿਮਰਹੁ ਹਰਿ ਕੇ ਚਰਨ ॥

ਮੈਂ ਵਾਹਿਗੁਰੂ ਦੇ ਚਰਨਾਂ ਦਾ ਆਰਾਧਨ ਕਰਦਾ ਹਾਂ, ਜਿਸ ਦੀ ਅਕਹਿ ਵਾਰਤਾ ਜਾਣੀ ਨਹੀਂ ਜਾ ਸਕਦੀ।

ਪਤਿਤ ਉਧਾਰਨ ਅਨਾਥ ਨਾਥ; ਨਾਨਕ, ਪ੍ਰਭ ਕੀ ਸਰਨ ॥੧੬॥

ਨਾਨਕ ਨੇ ਸਾਹਿਬ ਦੀ ਪਨਾਹ ਲਈ ਹੈ, ਜੋ ਪਾਪੀਆਂ ਨੂੰ ਤਾਰਨ ਵਾਲਾ ਤੇ ਨਿਖਸਮਿਆਂ ਦਾ ਖਸਮ ਹੈ।


ਸਲੋਕੁ ॥

ਸਲੋਕ।

ਦੁਖ ਬਿਨਸੇ, ਸਹਸਾ ਗਇਓ; ਸਰਨਿ ਗਹੀ ਹਰਿ ਰਾਇ ॥

ਜਦੋਂ ਦੀ ਮੈਂ ਵਾਹਿਗੁਰੂ ਪਾਤਸ਼ਾਹ ਦੀ ਪਨਾਹ ਪਕੜੀ ਹੈ, ਮੇਰਾ ਗ਼ਮ ਨਾਸ ਹੋ ਗਿਆ ਹੈ ਤੇ ਸੰਦੇਹ ਦੌੜ ਗਿਆ ਹੈ।

ਮਨਿ ਚਿੰਦੇ ਫਲ ਪਾਇਆ; ਨਾਨਕ, ਹਰਿ ਗੁਨ ਗਾਇ ॥੧੭॥

ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਨਾਨਕ ਨੇ ਆਪਣੇ ਚਿੱਤ-ਚਾਹੁੰਦੇ ਮੇਵੇ ਪਾ ਲਏ ਹਨ।


ਪਉੜੀ ॥

ਪਉੜੀ!

ਕੋਈ ਗਾਵੈ, ਕੋ ਸੁਣੈ; ਕੋਈ ਕਰੈ ਬੀਚਾਰੁ ॥

ਕੋਈ ਜਣਾ ਹਰੀ ਦੇ ਨਾਮ ਨੂੰ ਗਾਇਨ ਕਰੇ, ਕੋਈ ਜਣਾ ਸੁਣੇ, ਕੋਈ ਜਣਾ ਸੋਚੇ ਸਮਝੇ,

ਕੋ ਉਪਦੇਸੈ, ਕੋ ਦ੍ਰਿੜੈ; ਤਿਸ ਕਾ ਹੋਇ ਉਧਾਰੁ ॥

ਕੋਈ ਜਣਾ ਪਰਚਾਰੇ ਅਤੇ ਕੋਈ ਜਣਾ ਇਸ ਨੂੰ ਆਪਣੇ ਮਨ ਅੰਦਰ ਪੱਕਾ ਕਰੇ, ਉਸ ਦਾ ਤੱਤਪਰ ਪਾਰ ਉਤਾਰਾ ਹੋ ਜਾਵੇਗਾ।

ਕਿਲਬਿਖ ਕਾਟੈ, ਹੋਇ ਨਿਰਮਲਾ; ਜਨਮ ਜਨਮ ਮਲੁ ਜਾਇ ॥

ਉਸ ਦੇ ਪਾਪ ਮਿਟ ਜਾਣਗੇ ਉਹ ਸਾਫ ਸੁਥਰਾ ਹੋ ਜਾਵੇਗਾ ਅਤੇ ਉਸ ਦੇ ਅਨੇਕਾਂ ਜਨਮਾਂ ਦੀ ਮੈਲ ਧੋਤੀ ਜਾਏਗੀ।

ਹਲਤਿ ਪਲਤਿ ਮੁਖੁ ਊਜਲਾ; ਨਹ ਪੋਹੈ ਤਿਸੁ ਮਾਇ ॥

ਇਸ ਜਹਾਨ ਤੇ ਪ੍ਰਲੋਕ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ ਅਤੇ ਮਾਇਆ ਉਸ ਉਤੇ ਅਸਰ ਨਹੀਂ ਕਰੇਗੀ।

ਸੋ ਸੁਰਤਾ, ਸੋ ਬੈਸਨੋ; ਸੋ ਗਿਆਨੀ ਧਨਵੰਤੁ ॥

ਉਹ ਸਿਆਣਾ ਬੰਦਾ ਹੈ, ਉਹ ਹੀ ਮਾਸ-ਤਿਆਗੀ, ਉਹ ਹੀ ਗਿਆਨਵਾਨ ਤੇ ਧਨਾਢ।

ਸੋ ਸੂਰਾ, ਕੁਲਵੰਤੁ ਸੋਇ; ਜਿਨਿ ਭਜਿਆ ਭਗਵੰਤੁ ॥

ਓਹੀ ਸੂਰਮਾ ਅਤੇ ਓਹੀ ਉਚੇ ਖਾਨਦਾਨ ਦਾ ਹੈ, ਜਿਸ ਨੇ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕੀਤਾ ਹੈ।

ਖਤ੍ਰੀ ਬ੍ਰਹਾਮਣੁ ਸੂਦੁ ਬੈਸੁ; ਉਧਰੈ ਸਿਮਰਿ ਚੰਡਾਲ ॥

ਸਿਪਾਹੀ, ਪ੍ਰਚਾਰਕ, ਕਮੀਣ, ਜਿਮੀਦਾਰ ਅਤੇ ਨਿਖਿਧ ਜਾਤਾਂ ਵਾਲੇ ਸੁਆਮੀ ਦਾ ਆਰਾਧਨ ਕਰਨ ਦੁਆਰਾ ਤਰ ਜਾਂਦੇ ਹਨ।

ਜਿਨਿ ਜਾਨਿਓ ਪ੍ਰਭੁ ਆਪਨਾ; ਨਾਨਕ, ਤਿਸਹਿ ਰਵਾਲ ॥੧੭॥

ਨਾਨਕ, ਉਸ ਦੇ ਪੈਰਾ ਦੀ ਧੂੜ ਹੈ, ਜੋ ਆਪਣੇ ਸੁਆਮੀ ਨੂੰ ਜਾਣਦਾ ਹੈ।


ਗਉੜੀ ਕੀ ਵਾਰ ਮਹਲਾ ੪ ॥

ਗਉੜੀ ਦੀ ਵਾਰ ਚੋਥੀ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।

ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਸਤਿਗੁਰੁ ਪੁਰਖੁ ਦਇਆਲੁ ਹੈ; ਜਿਸ ਨੋ ਸਮਤੁ ਸਭੁ ਕੋਇ ॥

ਮਿਹਰਬਾਨ ਹੈ, ਵੱਡਾ ਸੱਚਾ ਗੁਰੂ, ਜਿਸ ਲਈ ਸਾਰੇ ਇਕੋ ਜੇਹੇ ਹਨ।

ਏਕ ਦ੍ਰਿਸਟਿ ਕਰਿ ਦੇਖਦਾ; ਮਨ ਭਾਵਨੀ ਤੇ ਸਿਧਿ ਹੋਇ ॥

ਉਹ ਸਾਰਿਆਂ ਨੂੰ ਇਕ ਨਜ਼ਰ ਨਾਲ ਵੇਖਦਾ ਹੈ, ਪ੍ਰੰਤੂ ਚਿੱਤ ਦੀ ਸ਼ਰਧਾ ਨਾਲ ਉਹ ਪਾਇਆ ਜਾਂਦਾ ਹੈ।

ਸਤਿਗੁਰ ਵਿਚਿ ਅੰਮ੍ਰਿਤੁ ਹੈ; ਹਰਿ ਉਤਮੁ ਹਰਿ ਪਦੁ ਸੋਇ ॥

ਸੱਚੇ ਗੁਰੂ ਅੰਦਰ ਨਾਮ ਦਾ ਆਬਿ-ਹਿਯਾਤ ਵਸਦਾ ਹੈ। ਉਹ ਰੱਬ ਦੀ ਤਰ੍ਹਾਂ ਸਰੇਸ਼ਟ ਹੈ ਅਤੇ ਈਸ਼ਵਰੀ ਮਰਤਬਾ ਰੱਖਦਾ ਹੈ।

ਨਾਨਕ, ਕਿਰਪਾ ਤੇ ਹਰਿ ਧਿਆਈਐ; ਗੁਰਮੁਖਿ ਪਾਵੈ ਕੋਇ ॥੧॥

ਨਾਨਕ ਗੁਰੂ ਦੀ ਦਇਆ ਦੁਆਰਾ ਵਾਹਿਗੁਰੂ ਸਿਮਰਿਆ ਜਾਂਦਾ ਹੈ, ਵਿਰਲੇ ਗੁਰੂ-ਸਵਾਰੇ ਹੀ ਸਾਹਿਬ ਨੂੰ ਪ੍ਰਾਪਤ ਹੁੰਦੇ ਹਨ।


ਮ : ੪ ॥

ਚੋਥੀ ਪਾਤਸ਼ਾਹੀ।

ਹਉਮੈ ਮਾਇਆ ਸਭ ਬਿਖੁ ਹੈ; ਨਿਤ ਜਗਿ ਤੋਟਾ ਸੰਸਾਰਿ ॥

ਸਵੈ-ਹੰਗਤਾ ਤੇ ਧਨ-ਦੌਲਤ ਸਮੁਹ ਜ਼ਹਿਰ ਹਨ। ਉਨ੍ਹਾਂ ਨਾਲ ਜੁੜ ਕੇ, ਬੰਦਾ ਇਸ ਜਹਾਨ ਅੰਦਰ, ਹਮੇਸ਼ਾਂ ਨੁਕਸਾਨ ਉਠਾਉਂਦਾ ਹੈ।

ਲਾਹਾ ਹਰਿ ਧਨੁ ਖਟਿਆ; ਗੁਰਮੁਖਿ ਸਬਦੁ ਵੀਚਾਰਿ ॥

ਨਾਮ ਦਾ ਚਿੰਤਨ ਕਰਨ ਦੁਆਰਾ ਗੁਰੂ-ਸਮਰਪਣ ਵਾਹਿਗੁਰੂ ਦੀ ਦੌਲਤ ਦਾ ਨਫ਼ਾ ਕਮਾ ਲੈਦਾ ਹੈ।

ਹਉਮੈ ਮੈਲੁ ਬਿਖੁ ਉਤਰੈ; ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥

ਰੱਬ ਅਤੇ ਰੱਬ ਦੇ ਸੁਧਾਰਸ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ ਹੰਕਾਰ ਦੀ ਗੰਦਗੀ ਦੀ ਜ਼ਹਿਰ ਲਹਿ ਜਾਂਦੀ ਹੈ।

ਸਭਿ ਕਾਰਜ ਤਿਨ ਕੇ ਸਿਧਿ ਹਹਿ; ਜਿਨ ਗੁਰਮੁਖਿ ਕਿਰਪਾ ਧਾਰਿ ॥

ਜਿਨ੍ਹਾਂ ਉਤੇ ਮੁਖੀ ਗੁਰੂ ਜੀ ਮਿਹਰ ਕਰਦੇ ਹਨ, ਉਨ੍ਹਾਂ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।

ਨਾਨਕ, ਜੋ ਧੁਰਿ ਮਿਲੇ, ਸੇ ਮਿਲਿ ਰਹੇ; ਹਰਿ ਮੇਲੇ ਸਿਰਜਣਹਾਰਿ ॥੨॥

ਨਾਨਕ, ਜਿਨ੍ਹਾਂ ਨੂੰ ਵਾਹਿਗੁਰੂ ਕਰਤਾਰ ਜੋੜਦਾ ਹੈ, ਉਹ ਆਦਿ ਸਾਹਿਬ ਨੂੰ ਮਿਲ ਪੈਦੇ ਹਨ ਅਤੇ ਉਸ ਨਾਲ ਅਭੇਦ ਹੋਏ ਰਹਿੰਦੇ ਹਨ।


ਪਉੜੀ ॥

ਪਉੜੀ।

ਤੂ ਸਚਾ ਸਾਹਿਬੁ ਸਚੁ ਹੈ; ਸਚੁ ਸਚਾ ਗੋਸਾਈ ॥

ਤੂੰ ਹੇ ਸੱਚੇ ਸੁਆਮੀ! ਸੱਚਾ ਹੈ। ਸਚਿਆਰਾ ਦਾ ਪਰਮ ਸਚਿਆਰ ਤੂੰ ਹੈ, ਹੇ ਸ੍ਰਿਸ਼ਟੀ ਦੇ ਸੁਆਮੀ!

ਤੁਧੁਨੋ ਸਭ ਧਿਆਇਦੀ; ਸਭ ਲਗੈ ਤੇਰੀ ਪਾਈ ॥

ਹਰ ਕੋਈ ਤੈਨੂੰ ਆਰਾਧਦਾ ਹੈ। ਸਾਰੇ ਤੇਰੇ ਪੈਰੀ ਪੈਦੇ ਹਨ।

ਤੇਰੀ ਸਿਫਤਿ ਸੁਆਲਿਉ ਸਰੂਪ ਹੈ; ਜਿਨਿ ਕੀਤੀ, ਤਿਸੁ ਪਾਰਿ ਲਘਾਈ ॥

ਤੇਰੀ ਕੀਰਤੀ ਸੁਹਣੀ ਅਤੇ ਸੁੰਦਰਤਾ ਦਾ ਘਰ ਹੈ। ਜੋ ਇਸ ਨੂੰ ਕਰਦਾ ਹੈ, ਉਸ ਨੂੰ ਤੂੰ ਤਾਰ ਦਿੰਦਾ ਹੈ।

ਗੁਰਮੁਖਾ ਨੋ ਫਲੁ ਪਾਇਦਾ; ਸਚਿ ਨਾਮਿ ਸਮਾਈ ॥

ਧਰਮਾਤਮਾ ਪੁਰਸ਼ਾਂ ਨੂੰ ਤੂੰ ਸਿਲਾ ਬਖਸ਼ਦਾ ਹੈ ਅਤੇ ਉਹ ਸਤਿਨਾਮ ਅੰਦਰ ਲੀਨ ਹੋ ਜਾਂਦੇ ਹਨ।

ਵਡੇ ਮੇਰੇ ਸਾਹਿਬਾ! ਵਡੀ ਤੇਰੀ ਵਡਿਆਈ ॥੧॥

ਹੇ ਮੇਰੇ ਮਹਾਨ ਮਾਲਕ! ਮਹਾਨ ਹੈ ਤੇਰੀ ਮਹਾਨਤਾ।


ਸਲੋਕ ਮ : ੪ ॥

ਸਲੋਕ ਪਾਤਸ਼ਾਹੀ ਚੋਥੀ।

ਵਿਣੁ ਨਾਵੈ ਹੋਰੁ ਸਲਾਹਣਾ; ਸਭੁ ਬੋਲਣੁ ਫਿਕਾ ਸਾਦੁ ॥

ਨਾਮ ਬਿਨਾ ਕਿਸੇ ਹੋਰਸ ਦੀ ਪਰਸੰਸਾ ਕਰਨਾ ਅਤੇ ਹੋਰ ਸਾਰੀ ਗੱਲ ਬਾਤ ਦਾ ਸੁਆਦ ਫਿੱਕਾ ਹੈ।

ਮਨਮੁਖ ਅਹੰਕਾਰੁ ਸਲਾਹਦੇ; ਹਉਮੈ ਮਮਤਾ ਵਾਦੁ ॥

ਆਪ-ਹੁਦਰੇ ਆਪਣੇ ਗ਼ਰੂਰ ਨੂੰ ਵਡਿਆਉਂਦੇ ਹਨ, ਪ੍ਰੰਤੂ ਫਜੂਲ ਹੈ ਸਵੈ-ਹੰਗਤਾ ਦਾ ਮੋਹ।

ਜਿਨ ਸਾਲਾਹਨਿ ਸੇ ਮਰਹਿ; ਖਪਿ ਜਾਵੈ ਸਭੁ ਅਪਵਾਦੁ ॥

ਜਿਨ੍ਹਾਂ ਦੀ ਉਹ ਤਾਰੀਫ ਕਰਦੇ ਹਨ, ਉਹ ਮਰ ਜਾਂਦੇ ਹਨ। ਉਹ ਸਾਰੇ ਬਖੇੜਿਆਂ ਅੰਦਰ ਖੁਰ ਜਾਂਦੇ ਹਨ।

ਜਨ ਨਾਨਕ ਗੁਰਮੁਖਿ ਉਬਰੇ; ਜਪਿ ਹਰਿ ਹਰਿ ਪਰਮਾਨਾਦੁ ॥੧॥

ਹੇ ਨਫਰ ਨਾਨਕ, ਪਰਮ ਪਰਸੰਨਤਾ ਸਰੂਪ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਕੇ ਧਰਮਾਤਮਾ ਬਚ ਗਏ ਹਨ।


ਮ : ੪ ॥

ਪਾਤਸ਼ਾਹੀ ਚੋਥੀ।

ਸਤਿਗੁਰ! ਹਰਿ ਪ੍ਰਭੁ ਦਸਿ; ਨਾਮੁ ਧਿਆਈ ਮਨਿ ਹਰੀ ॥

ਮੇਰੇ ਸੱਚੇ ਗੁਰੂ ਜੀ, ਮੈਨੂੰ ਸੁਆਮੀ ਮਾਲਕ ਦਾ ਪਤਾ ਦੇ, ਤਾਂ ਜੋ ਆਪਣੇ ਚਿੱਤ ਅੰਦਰ ਮੈਂ ਉਸ ਦੇ ਨਾਮ ਦਾ ਆਰਾਧਨ ਕਰਾਂ।

ਨਾਨਕ, ਨਾਮੁ ਪਵਿਤੁ ਹਰਿ; ਮੁਖਿ ਬੋਲੀ, ਸਭਿ ਦੁਖ ਪਰਹਰੀ ॥੨॥

ਆਪਣੇ ਮੂੰਹ ਨਾਲ ਵਾਹਿਗੁਰੂ ਦੇ ਪਵਿੱਤ੍ਰ ਨਾਮ ਦਾ ਉਚਾਰਨ ਕਰਕੇ ਹੇ ਨਾਨਕ! ਮੈਂ ਆਪਣੇ ਸਾਰੇ ਦੁਖੜੇ ਨਾਸ ਕਰਾਂ।


ਪਉੜੀ ॥

ਪਉੜੀ।

ਤੂ ਆਪੇ ਆਪਿ ਨਿਰੰਕਾਰੁ ਹੈ; ਨਿਰੰਜਨ ਹਰਿ ਰਾਇਆ ॥

ਹੇ ਮੇਰੇ ਨਿਰ-ਸਰੂਪ! ਪਵਿੱਤ੍ਰ ਵਾਹਿਗੁਰੂ ਪਾਤਸ਼ਾਹ ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।

ਜਿਨੀ ਤੂ ਇਕ ਮਨਿ ਸਚੁ ਧਿਆਇਆ; ਤਿਨ ਕਾ ਸਭੁ ਦੁਖੁ ਗਵਾਇਆ ॥

ਜੋ ਇੱਕ ਚਿੱਤ ਨਾਲ ਤੇਰਾ ਸਿਮਰਨ ਕਰਦੇ ਹਨ ਹੇ ਸੱਚੇ ਸੁਆਮੀ! ਉਨ੍ਹਾਂ ਦੇ ਤੂੰ ਸਾਰੇ ਦੁਖੜੇ ਦੂਰ ਕਰ ਦਿੰਦਾ ਹੈ।

ਤੇਰਾ ਸਰੀਕੁ ਕੋ ਨਾਹੀ; ਜਿਸ ਨੋ ਲਵੈ ਲਾਇ ਸੁਣਾਇਆ ॥

ਤੇਰੇ ਬਰਾਬਰ ਦੇ ਰੁਤਬੇ ਵਾਲਾ, ਕੋਈ ਨਹੀਂ। ਜਿਸ ਨੂੰ ਕੋਲ ਬਹਾ ਕੇ ਮੈਂ ਤੇਰਾ ਜ਼ਿਕਰ ਕਰਾਂ।

ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ! ਤੂਹੈ ਸਚੁ, ਮੇਰੈ ਮਨਿ ਭਾਇਆ ॥

ਹੇ ਪਵਿੱਤ੍ਰ ਪ੍ਰਭੂ! ਤੇਰੇ ਜਿੱਡਾ ਵੱਡਾ ਦਾਤਾਰ ਤੂੰ ਹੀ ਹੈ। ਤੂੰ ਹੇ ਸਤਿਪੁਰਖ ਮੇਰੇ ਚਿੱਤ ਨੂੰ ਚੰਗਾ ਲਗਦਾ ਹੈਂ।

ਸਚੇ ਮੇਰੇ ਸਾਹਿਬਾ! ਸਚੇ ਸਚੁ ਨਾਇਆ ॥੨॥

ਹੇ ਮੇਰੇ ਸੱਚੇ ਸੁਆਮੀ! ਸੱਚਿਆ ਦਾ ਸ਼ਰੋਮਣੀ ਸੱਚਾ ਹੈ ਤੇਰਾ ਨਾਮ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਮਨ ਅੰਤਰਿ ਹਉਮੈ ਰੋਗੁ ਹੈ; ਭ੍ਰਮਿ ਭੂਲੇ ਮਨਮੁਖ ਦੁਰਜਨਾ ॥

ਮੰਦੇ ਪ੍ਰਤੀਕੂਲ ਪੁਰਸ਼ਾਂ ਦੇ ਹਿਰਦੇ ਅੰਦਰ ਹੰਕਾਰ ਦੀ ਬੀਮਾਰੀ ਹੈ ਅਤੇ ਉਹ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।

ਨਾਨਕ, ਰੋਗੁ ਗਵਾਇ; ਮਿਲਿ ਸਤਿਗੁਰ ਸਾਧੂ ਸਜਨਾ ॥੧॥

ਨਾਨਕ, ਸੰਤ ਸਰੂਪ ਸੱਚੇ ਗੁਰੂ ਮਿਤ੍ਰ ਨੂੰ ਭੇਟਣ ਦੁਆਰਾ ਉਹ ਬੀਮਾਰੀ ਜੜ੍ਹੋ ਮੁਕਾ ਲੈਂਦੇ ਹਨ।


ਮ : ੪ ॥

ਚੋਥੀ ਪਾਤਸ਼ਾਹੀਂ।

ਮਨੁ ਤਨੁ ਰਤਾ ਰੰਗ ਸਿਉ; ਗੁਰਮੁਖਿ ਹਰਿ ਗੁਣਤਾਸੁ ॥

ਪਵਿੱਤ੍ਰ ਪੁਰਸ਼ ਦੀ ਆਤਮਾ ਤੇ ਦੇਹਿ ਨੇਕੀਆਂ ਦੇ ਖ਼ਜ਼ਾਨੇ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜੇ ਹੋਏ ਹਨ।

ਜਨ ਨਾਨਕ ਹਰਿ ਸਰਣਾਗਤੀ; ਹਰਿ ਮੇਲੇ ਗੁਰ ਸਾਬਾਸਿ ॥

ਨੌਕਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ। ਸੁਬਹਾਨ ਹਨ ਗੁਰੂ ਜੀ, ਜਿਨ੍ਹਾਂ ਨੇ ਉਸ ਨੂੰ ਵਾਹਿਗੁਰੂ ਨਾਲ ਮਿਲਾ ਦਿਤਾ ਹੈ।


ਪਉੜੀ ॥

ਪਉੜੀ।

ਤੂ ਕਰਤਾ ਪੁਰਖੁ ਅਗੰਮੁ ਹੈ; ਕਿਸੁ ਨਾਲਿ ਤੂ ਵੜੀਐ? ॥

ਤੂੰ ਸਰਬ-ਸ਼ਕਤੀਵਾਨ ਅਤੇ ਪਹੁੰਚ ਤੋਂ ਪਰੇ ਸਿਰਜਣਹਾਰ ਹੈ। ਮੈਂ ਮੇਰੀ ਕੀਹਦੇ ਨਾਲ ਤੁਲਨਾ ਦੇਵਾਂ?

ਤੁਧੁ ਜੇਵਡੁ ਹੋਇ ਸੁ ਆਖੀਐ; ਤੁਧੁ ਜੇਹਾ, ਤੂਹੈ ਪੜੀਐ ॥

ਜੇਕਰ ਕੋਈ ਤੇਰੇ ਜਿੱਡਾ ਵੱਡਾ ਹੋਵੇ, ਤਾਂ ਮੈਂ ਉਸ ਦਾ ਨਾਮ ਲਵਾਂ। ਤੇਰੇ ਵਰਗਾ ਕੇਵਲ ਤੂੰ ਹੀ ਆਖਿਆ ਜਾਂਦਾ ਹੈ।

ਤੂ ਘਟਿ ਘਟਿ ਇਕੁ ਵਰਤਦਾ; ਗੁਰਮੁਖਿ ਪਰਗੜੀਐ ॥

ਹਰ ਦਿਲ ਅੰਦਰ ਤੂੰ ਇਕਸਾਰ ਰਮ ਰਿਹਾ ਹੈ। ਗੁਰਾਂ ਦੇ ਰਾਹੀਂ ਤੂੰ ਪਰਗਟ ਹੁੰਦਾ ਹੈ।

ਤੂ ਸਚਾ ਸਭਸ ਦਾ ਖਸਮੁ ਹੈ; ਸਭ ਦੂ ਤੂ ਚੜੀਐ ॥

ਤੂੰ ਸਾਰਿਆਂ ਦਾ ਸੱਚਾ ਸੁਆਮੀ ਹੈ। ਸਮੂਹ ਨਾਲੋਂ ਉੱਚਾ ਤੂੰ ਹੀ ਹੈ।

ਤੂ ਕਰਹਿ ਸੁ ਸਚੇ ਹੋਇਸੀ; ਤਾ ਕਾਇਤੁ ਕੜੀਐ ॥੩॥

ਜਦ ਜੋ ਤੂੰ ਕਰਦਾ ਹੈ, ਹੇ ਸੱਚੇ ਸੁਆਮੀ ਕੇਵਲ ਓਹੀ ਹੁੰਦਾ ਹੈ, ਤਦ ਅਸੀਂ ਕਿਉਂ ਅਫਸੋਸ ਕਰੀਏ?


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ; ਅਠੇ ਪਹਰ ਲਗੰਨਿ ॥

ਸਮੁਹ ਦਿਹਾੜਾ, ਮੇਰੀ ਆਤਮਾ ਤੇ ਦੇਹਿ ਮੇਰੇ ਪ੍ਰੀਤਮ ਦੇ ਪਿਆਰ ਨਾਲ ਰੰਗੇ ਰਹਿੰਦੇ ਹਨ।

ਜਨ ਨਾਨਕ ਕਿਰਪਾ ਧਾਰਿ ਪ੍ਰਭ! ਸਤਿਗੁਰ ਸੁਖਿ ਵਸੰਨਿ ॥੧॥

ਗੋਲੇ ਨਾਨਕ ਉਤੇ ਮਿਹਰ ਕਰ, ਹੇ ਸੁਆਮੀ! ਤਾਂ ਜੋ ਉਹ ਸਤਿਗੁਰਾਂ ਨੂੰ ਮਿਲ ਕੇ ਆਰਾਮ ਵਿੱਚ ਵੱਸੇ।


ਮ : ੪ ॥

ਚੋਥੀ ਪਾਤਸ਼ਾਹੀ।

ਜਿਨ ਅੰਦਰਿ ਪ੍ਰੀਤਿ ਪਿਰੰਮ ਕੀ; ਜਿਉ ਬੋਲਨਿ ਤਿਵੈ ਸੋਹੰਨਿ ॥

ਜਿਨ੍ਹਾਂ ਦੇ ਦਿਲ ਅੰਦਰ ਪਿਆਰ ਦੀ ਪਿਰਹੜੀ ਹੈ, ਜਦ ਉਹ ਸਾਹਿਬ ਦਾ ਜੱਸ ਉਚਾਰਣ ਕਰਦੇ ਹਨ, ਤਦ ਉਹ ਸੁੰਦਰ ਜਾਪਦੇ ਹਨ।

ਨਾਨਕ, ਹਰਿ ਆਪੇ ਜਾਣਦਾ; ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥

ਨਾਨਕ ਪ੍ਰੀਤਮ ਵਾਹਿਗੁਰੂ ਜਿਸ ਨੇ ਇਹ ਮੁਹੱਬਤ ਉਨ੍ਹਾਂ ਅੰਦਰ ਫੂਕੀ ਹੈ, ਇਹ ਸਾਰਾ ਕੁਛ ਆਪ ਹੀ ਜਾਣਦਾ ਹੈ।


ਪਉੜੀ ॥

ਪਉੜੀ।

ਤੂ ਕਰਤਾ ਆਪਿ ਅਭੁਲੁ ਹੈ; ਭੁਲਣ ਵਿਚਿ ਨਾਹੀ ॥

ਤੂੰ ਖੁਦ, ਹੇ ਸਿਰਜਣਹਾਰ! ਅਚੂਕ ਹੈ। ਤੂੰ ਗਲਤੀ ਵਿੱਚ ਨਹੀਂ ਹੋ ਸਕਦਾ।

ਤੂ ਕਰਹਿ ਸੁ ਸਚੇ! ਭਲਾ ਹੈ; ਗੁਰ ਸਬਦਿ ਬੁਝਾਹੀ ॥

ਹੇ ਸਤਿਪੁਰਖ! ਜੋ ਕੁਛ ਤੂੰ ਕਰਦਾ ਹੈ, ਉਹ ਚੰਗਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਸਮਝ ਆਉਂਦੀ ਹੈ।

ਤੂ ਕਰਣ ਕਾਰਣ ਸਮਰਥੁ ਹੈ; ਦੂਜਾ ਕੋ ਨਾਹੀ ॥

ਤੂੰ ਸਾਰੇ ਕੰਮ ਕਰਨ ਦੇ ਜੋਗ ਹੈ। ਤੇਰੇ ਬਗੈਰ ਹੋਰ ਕੋਈ ਨਹੀਂ।

ਤੂ ਸਾਹਿਬੁ ਅਗਮੁ ਦਇਆਲੁ ਹੈ; ਸਭਿ ਤੁਧੁ ਧਿਆਹੀ ॥

ਤੂੰ ਮੇਰੇ ਸੁਆਮੀ ਪਹੁੰਚ ਤੋਂ ਪਰੇ ਅਤੇ ਮਿਹਰਬਾਨ ਹੈ। ਹਰ ਕੋਈ ਤੈਨੂੰ ਯਾਦ ਕਰਦਾ ਹੈ।

ਸਭਿ ਜੀਅ ਤੇਰੇ, ਤੂ ਸਭਸ ਦਾ; ਤੂ ਸਭ ਛਡਾਹੀ ॥੪॥

ਸਾਰੇ ਜੀਵ ਤੇਰੇ ਹਨ ਅਤੇ ਤੂੰ ਸਾਰਿਆਂ ਦਾ ਹੈ। ਤੂੰ ਸਾਰਿਆਂ ਦੀ ਬੰਦ-ਖਲਾਸ ਕਰਦਾ ਹੈ।


ਸਲੋਕ ਮ : ੪ ॥

ਸਲੋਕ ਚੌਥੀ ਪਾਤਸ਼ਾਹੀ।

ਸੁਣਿ ਸਾਜਨ ਪ੍ਰੇਮ ਸੰਦੇਸਰਾ; ਅਖੀ ਤਾਰ ਲਗੰਨਿ ॥

ਸ੍ਰਵਣ ਕਰ, ਹੇ ਮਿੱਤ੍ਰ! ਪਿਆਰ ਦਾ ਸੁਨੇਹਾ ਮੇਰੇ ਨੈਣਾ ਦੀ ਨੀਝ ਤੇਰੇ ਤੇ ਬੱਝੀ ਹੋਈ ਹੈ।

ਗੁਰਿ ਤੁਠੈ ਸਜਣੁ ਮੇਲਿਆ; ਜਨ ਨਾਨਕ ਸੁਖਿ ਸਵੰਨਿ ॥੧॥

ਪ੍ਰਸੰਨ ਹੋ ਕੇ ਗੁਰਾਂ ਨੇ ਨਫ਼ਰ ਨਾਨਕ ਨੂੰ ਮਿਤ੍ਰ ਨਾਲ ਮਿਲਾ ਦਿੱਤਾ ਹੈ ਅਤੇ ਉਹ ਹੁਣ ਆਰਾਮ ਅੰਦਰ ਸੌਦਾਂ ਹੈ।


ਮ : ੪ ॥

ਚੋਥੀ ਪਾਤਸ਼ਾਹੀਂ।

ਸਤਿਗੁਰੁ ਦਾਤਾ ਦਇਆਲੁ ਹੈ; ਜਿਸ ਨੋ ਦਇਆ ਸਦਾ ਹੋਇ ॥

ਦਾਤਾਰ ਸਤਿਗੁਰੂ ਜੀ ਕਿਰਪਾਲੂ ਹਨ। ਉਹ ਸਦੀਵ, ਮਿਹਰ ਦੇ ਘਰ ਵਸਦੇ ਹਨ।

ਸਤਿਗੁਰੁ ਅੰਦਰਹੁ ਨਿਰਵੈਰੁ ਹੈ; ਸਭੁ ਦੇਖੈ ਬ੍ਰਹਮੁ ਇਕੁ ਸੋਇ ॥

ਸੱਚੇ ਗੁਰੂ ਜੀ ਅੰਦਰ-ਵਾਰੋ ਦੁਸ਼ਮਨੀ-ਰਹਿਤ ਹਨ ਅਤੇ ਉਸ ਅਦੁੱਤੀ ਸਾਹਿਬ ਨੂੰ ਹਰ ਥਾਂ ਵੇਖਦੇ ਹਨ।

ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ; ਤਿਨ ਵਿਚਹੁ ਤਿਸਟਿਆ ਨ ਕੋਇ ॥

ਜੋ ਵੈਰ-ਵਿਰੋਧ ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਨ੍ਹਾਂ ਵਿਚੋਂ ਕੋਈ ਭੀ ਸੰਤੁਸ਼ਟ ਨਹੀਂ ਹੁੰਦਾ।

ਸਤਿਗੁਰੁ ਸਭਨਾ ਦਾ ਭਲਾ ਮਨਾਇਦਾ; ਤਿਸ ਦਾ ਬੁਰਾ ਕਿਉ ਹੋਇ? ॥

ਸੱਚੇ ਗੁਰੂ ਜੀ ਸਾਰਿਆਂ ਦੀ ਸੁਖ ਮੰਗਦੇ ਹਨ। ਉਨ੍ਹਾਂ ਦਾ ਮੰਦਾ ਕਿਸ ਤਰ੍ਹਾਂ ਹੋ ਸਕਦਾ ਹੈ?

ਸਤਿਗੁਰ ਨੋ ਜੇਹਾ ਕੋ ਇਛਦਾ; ਤੇਹਾ ਫਲੁ ਪਾਏ ਕੋਇ ॥

ਸੱਚੇ ਗੁਰਾਂ ਵੱਲ ਜੇਹੋ ਜੇਹੀ ਕੋਈ ਭਾਵਨਾ ਰਖਦਾ ਉਹੋ ਜੇਹਾ ਹੀ ਉਹ ਮੇਵਾ ਪਾ ਲੈਦਾ ਹੈ।

ਨਾਨਕ, ਕਰਤਾ ਸਭੁ ਕਿਛੁ ਜਾਣਦਾ; ਜਿਦੂ ਕਿਛੁ ਗੁਝਾ ਨ ਹੋਇ ॥੨॥

ਨਾਨਕ, ਸਿਰਜਣਹਾਰ ਜਿਸ ਪਾਸੋਂ ਕੁਝ ਭੀ ਲੁਕਿਆ ਛਿਪਿਆ ਨਹੀਂ ਰਹਿ ਸਕਦਾ, ਸਾਰਾ ਕੁਝ ਜਾਣਦਾ ਹੈ।


ਪਉੜੀ ॥

ਪਉੜੀ।

ਜਿਸ ਨੋ ਸਾਹਿਬੁ ਵਡਾ ਕਰੇ; ਸੋਈ ਵਡ ਜਾਣੀ ॥

ਕੇਵਲ ਉਸੇ ਨੂੰ ਵਿਸ਼ਾਲ ਸਮਝ ਜਿਸ ਨੂੰ ਸੁਆਮੀ ਵਿਸ਼ਾਲ ਕਰਦਾ ਹੈ।

ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ; ਸੋ ਸਾਹਿਬ ਮਨਿ ਭਾਣੀ ॥

ਸੁਆਮੀ ਉਸ ਨੂੰ ਮਾਫ ਕਰ ਦਿੰਦਾ ਹੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਅਤੇ ਉਹ ਸੁਆਮੀ ਦੇ ਚਿੱਤ ਨੂੰ ਚੰਗਾ ਲੱਗਦਾ ਹੈ।

ਜੇ ਕੋ ਓਸ ਦੀ ਰੀਸ ਕਰੇ; ਸੋ ਮੂੜ ਅਜਾਣੀ ॥

ਜੋ ਕੋਈ ਉਸ ਦੀ ਤੁਲਨਾ ਕਰਦਾ ਹੈ ਉਹ ਬੇਸਮਝ ਬੇਵਕੂਫ ਹੈ।

ਜਿਸ ਨੋ ਸਤਿਗੁਰੁ ਮੇਲੇ, ਸੁ ਗੁਣ ਰਵੈ; ਗੁਣ ਆਖਿ ਵਖਾਣੀ ॥

ਜਿਸ ਨੂੰ ਸਤਿਗੁਰੂ ਜੀ ਸਾਹਿਬ ਨਾਲ ਜੋੜਦੇ ਹਨ, ਉਹ ਉਸ ਦਾ ਜੱਸ ਗਾਇਨ ਕਰਦਾ ਹੈ ਅਤੇ ਉਸ ਦੀਆਂ ਸਰੇਸ਼ਟਤਾਈਆਂ ਨੂੰ ਕਹਿੰਦਾ ਤੇ ਵਰਨਣ ਕਰਦਾ ਹੈ।

ਨਾਨਕ, ਸਚਾ ਸਚੁ ਹੈ; ਬੁਝਿ ਸਚੁ ਸਮਾਣੀ ॥੫॥

ਨਾਨਕ, ਕੇਵਲ ਸਤਿਪੁਰਖ ਹੀ ਸੱਚਾ ਹੈ। ਜੋ ਕੋਈ ਉਸ ਨੂੰ ਸਮਝਦਾ ਹੈ, ਉਹ ਸੱਚ ਅੰਦਰ ਲੀਨ ਹੋ ਜਾਂਦਾ ਹੈ।


ਸਲੋਕ ਮ : ੪ ॥

ਸਲੋਕ ਚੌਥੀ ਪਾਤਸ਼ਾਹੀ।

ਹਰਿ ਸਤਿ ਨਿਰੰਜਨ ਅਮਰੁ ਹੈ; ਨਿਰਭਉ ਨਿਰਵੈਰੁ ਨਿਰੰਕਾਰੁ ॥

ਵਾਹਿਗੁਰੂ ਸੱਚਾ, ਸ਼ੁੱਧ, ਅਬਿਨਾਸੀ, ਨਿਡੱਰ, ਵੈਰ ਵਿਰੋਧ-ਰਹਿਤ ਅਤੇ ਨਿਰ ਸਰੂਪ ਹੈ।

ਜਿਨ ਜਪਿਆ ਇਕ ਮਨਿ ਇਕ ਚਿਤਿ; ਤਿਨ ਲਥਾ ਹਉਮੈ ਭਾਰੁ ॥

ਜੋ ਉਸ ਦਾ ਇੱਕ ਹਿਰਦੇ ਤੇ ਦਿਲ ਨਾਲ ਸਿਮਰਨ ਕਰਦੇ ਹਨ, ਉਹ ਹੰਕਾਰ ਦੇ ਬੋਝ ਤੋਂ ਖਲਾਸੀ ਪਾ ਜਾਂਦੇ ਹਨ।

ਜਿਨ ਗੁਰਮੁਖਿ ਹਰਿ ਆਰਾਧਿਆ; ਤਿਨ ਸੰਤ ਜਨਾ ਜੈਕਾਰੁ ॥

ਸ਼ਾਬਾਸ਼ ਹੈ ਉਨ੍ਹਾਂ ਸਾਧ ਸਰੂਪ ਪੁਰਸ਼ਾਂ ਦੇ, ਜਿਨ੍ਹਾਂ ਨੇ ਗੁਰਾਂ ਦੁਆਰਾ, ਵਾਹਿਗੁਰੂ ਦਾ ਸਿਮਰਨ ਕੀਤਾ ਹੈ।

ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ; ਤਿਸ ਨੋ ਫਿਟੁ ਫਿਟੁ ਕਹੈ ਸਭ ਸੰਸਾਰੁ ॥

ਜੇਕਰ ਕੋਈ ਪੂਰਨ ਸਤਿਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸਾਰਾ ਜਹਾਨ ਲਾਨ੍ਹਤ ਤੇ ਫਿਟਕਾਰ ਪਾਉਂਦਾ ਹੈ।

ਸਤਿਗੁਰ ਵਿਚਿ ਆਪਿ ਵਰਤਦਾ; ਹਰਿ ਆਪੇ ਰਖਣਹਾਰੁ ॥

ਸਤਿਗੁਰਾਂ ਅੰਦਰ ਨਾਰਾਇਣ ਖੁਦ ਵਸਦਾ ਹੈ ਅਤੇ ਹੀ ਉਨ੍ਹਾਂ ਦਾ ਰਖਵਾਲਾ ਹੈ।

ਧੰਨੁ ਧੰਨੁ ਗੁਰੂ ਗੁਣ ਗਾਵਦਾ; ਤਿਸ ਨੋ ਸਦਾ ਸਦਾ ਨਮਸਕਾਰੁ ॥

ਮੁਬਾਰਕ! ਮੁਬਾਰਕ! ਹੈ, ਗੁਰੂ ਜੋ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ, ਉਸ ਨੂੰ ਮੈਂ ਸਦੀਵ ਤੇ ਹਮੇਸ਼ਾਂ ਬੰਦਨਾ ਕਰਦਾ ਹਾਂ।

ਜਨ ਨਾਨਕ ਤਿਨ ਕਉ ਵਾਰਿਆ; ਜਿਨ ਜਪਿਆ ਸਿਰਜਣਹਾਰੁ ॥੧॥

ਗੋਲਾ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਕਰਤਾਰ ਦਾ ਆਰਾਧਨ ਕੀਤਾ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਆਪੇ ਧਰਤੀ ਸਾਜੀਅਨੁ; ਆਪੇ ਆਕਾਸੁ ॥

ਵਾਹਿਗੁਰੂ ਨੇ ਖੁਦ ਜਮੀਨ ਰਚੀ ਹੈ ਅਤੇ ਖੁਦ ਹੀ ਅਸਮਾਨ।

ਵਿਚਿ ਆਪੇ ਜੰਤ ਉਪਾਇਅਨੁ; ਮੁਖਿ ਆਪੇ ਦੇਇ ਗਿਰਾਸੁ ॥

ਉਨ੍ਹਾਂ ਵਿੱਚ ਉਸ ਨੇ ਆਪ ਹੀ ਜੀਵ ਪੈਦਾ ਕੀਤੇ ਹਨ ਅਤੇ ਆਪ ਹੀ ਉਨ੍ਹਾਂ ਦੇ ਮੂੰਹਾਂ ਵਿੱਚ ਬੁਰਕੀਆਂ (ਭੋਜਨ) ਪਾਉਂਦਾ ਹੈ।

ਸਭ ਆਪੇ ਆਪਿ ਵਰਤਦਾ; ਆਪੇ ਹੀ ਗੁਣਤਾਸੁ ॥

ਆਪਣੇ ਆਪ ਹੀ ਉਹ ਹਰ ਥਾਂ ਵਿਆਪਕ ਹੈ ਅਤੇ ਆਪ ਹੀ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ।

ਜਨ ਨਾਨਕ ਨਾਮੁ ਧਿਆਇ ਤੂ; ਸਭਿ ਕਿਲਵਿਖ ਕਟੇ ਤਾਸੁ ॥੨॥

ਤੂੰ ਰੱਬ ਦੇ ਨਾਮ ਦਾ ਸਿਮਰਨ ਕਰ ਹੇ ਗੋਲੇ ਨਾਨਕ! ਅਤੇ ਉਹ ਤੇਰੇ ਸਾਰੇ ਪਾਪ ਨਾਸ ਕਰ ਦਏਗਾ।


ਪਉੜੀ ॥

ਪਉੜੀ।

ਤੂ ਸਚਾ ਸਾਹਿਬੁ ਸਚੁ ਹੈ; ਸਚੁ ਸਚੇ ਭਾਵੈ ॥

ਤੂੰ ਹੇ ਸੱਚੇ ਸੁਆਮੀ! ਸੱਚਾ ਹੈ। ਸੱਚ ਸਤਿਪੁਰਖ ਨੂੰ ਚੰਗਾ ਲੱਗਦਾ ਹੈ।

ਜੋ ਤੁਧੁ ਸਚੁ ਸਲਾਹਦੇ; ਤਿਨ ਜਮ ਕੰਕਰੁ ਨੇੜਿ ਨ ਆਵੈ ॥

ਮੌਤ ਦਾ ਦੂਤ ਉਨ੍ਹਾਂ ਦੇ ਲਾਗੇ ਨਹੀਂ ਲੱਗਦਾ, ਜੋ ਤੇਰੀ, ਹੇ ਸੱਚੇ ਸੁਆਮੀ! ਪ੍ਰਸੰਸਾ ਕਰਦੇ ਹਨ।

ਤਿਨ ਕੇ ਮੁਖ ਦਰਿ ਉਜਲੇ; ਜਿਨ ਹਰਿ ਹਿਰਦੈ ਸਚਾ ਭਾਵੈ ॥

ਜਿਨ੍ਹਾਂ ਦੇ ਚਿੱਤ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ, ਉਨ੍ਹਾਂ ਦੇ ਚਿਹਰੇ ਉਸ ਦੇ ਦਰਬਾਰ ਵਿੱਚ ਰੋਸ਼ਨ ਹੁੰਦੇ ਹਨ।

ਕੂੜਿਆਰ ਪਿਛਾਹਾ ਸਟੀਅਨਿ; ਕੂੜੁ ਹਿਰਦੈ ਕਪਟੁ, ਮਹਾ ਦੁਖੁ ਪਾਵੈ ॥

ਝੂਠੇ ਪਿੱਛੇ ਧੱਕੇ ਜਾਂਦੇ ਹਨ, ਚਿੱਤ ਵਿੱਚ ਝੂਠ ਤੇ ਛਲ ਹੋਣ ਦੇ ਕਾਰਨ, ਉਹ ਘਣਾ ਕਸ਼ਟ ਉਠਾਉਂਦੇ ਹਨ।

ਮੁਹ ਕਾਲੇ ਕੂੜਿਆਰੀਆ; ਕੂੜਿਆਰ ਕੂੜੋ ਹੋਇ ਜਾਵੈ ॥੬॥

ਸਿਆਹ ਹਨ ਚਿਹਰੇ ਝੂਠਿਆਂ ਦੇ। ਝੂਠੇ ਨਿਰੋਲ ਝੁਠੇ ਹੀ ਰਹਿੰਦੇ ਹਨ।


ਸਲੋਕ ਮ : ੪ ॥

ਸਲੋਕ ਚੌਥੀ ਪਾਤਸ਼ਾਹੀ।

ਸਤਿਗੁਰੁ ਧਰਤੀ ਧਰਮ ਹੈ; ਤਿਸੁ ਵਿਚਿ ਜੇਹਾ ਕੋ ਬੀਜੇ, ਤੇਹਾ ਫਲੁ ਪਾਇ ॥

ਸੱਚਾ ਗੁਰੂ ਸ਼ਰਧਾ ਈਮਾਨ ਦੀ ਜ਼ਮੀਨ ਹੈ। ਉਸ ਵਿੱਚ ਜਿਹੋ ਜੇਹਾ ਕੋਈ ਬੀਜਦਾ ਹੈ ਉਹੋ ਜਿਹਾ ਹੀ ਮੇਵਾ ਪਾਉਂਦਾ ਹੈ।

ਗੁਰਸਿਖੀ ਅੰਮ੍ਰਿਤੁ ਬੀਜਿਆ; ਤਿਨ ਅੰਮ੍ਰਿਤ ਫਲੁ ਹਰਿ ਪਾਏ ॥

ਗੁਰੂ ਦੇ ਸਿੱਖ ਆਬਿ-ਹਿਯਾਤ ਬੀਜਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਆਬਿ-ਹਿਯਾਤੀ ਮੇਵੇ ਵਜੋਂ ਪਾਉਂਦੇ ਹਨ।

ਓਨਾ ਹਲਤਿ ਪਲਤਿ ਮੁਖ ਉਜਲੇ; ਓਇ ਹਰਿ ਦਰਗਹ ਸਚੀ ਪੈਨਾਏ ॥

ਇਸ ਲੋਕ ਅਤੇ ਪ੍ਰਲੋਕ ਵਿੱਚ ਉਨ੍ਹਾਂ ਦੇ ਚਿਹਰੇ ਰੋਸ਼ਨ ਹਨ। ਰੱਬ ਦੇ ਸੱਚੇ ਦਰਬਾਰ ਅੰਦਰ ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਾਈ ਜਾਂਦੀ ਹੈ।

ਇਕਨ੍ਹ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ; ਓਹੁ ਜੇਹਾ ਬੀਜੇ, ਤੇਹਾ ਫਲੁ ਖਾਏ ॥

ਕਈਆਂ ਦੇ ਦਿਲ ਅੰਦਰ ਕਪਟ ਹੈ ਅਤੇ ਉਹ ਸਦੀਵ ਕਪਟ ਹੀ ਕਮਾਉਂਦੇ ਹਨ, ਜਿਸ ਤਰ੍ਹਾਂ ਦਾ ਉਹ ਬੀਜਦੇ ਹਨ, ਓਸੇ ਤਰ੍ਹਾਂ ਦਾ ਹੀ ਫਲ ਖਾਂਦੇ ਹਨ।

ਜਾ ਸਤਿਗੁਰੁ ਸਰਾਫੁ, ਨਦਰਿ ਕਰਿ ਦੇਖੈ; ਸੁਆਵਗੀਰ ਸਭਿ ਓੁਘੜਿ ਆਏ ॥

ਜਦ ਪਾਰਖੂ, ਸਤਿਗੁਰੂ ਗਹੁ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਸਾਰੇ ਮਤਲਬ-ਪ੍ਰਸਤ ਨੰਗੇ ਹੋ ਜਾਂਦੇ ਹਨ।

ਓਇ ਜੇਹਾ ਚਿਤਵਹਿ ਨਿਤ, ਤੇਹਾ ਪਾਇਨਿ; ਓਇ ਤੇਹੋ ਜੇਹੇ ਦਯਿ ਵਜਾਏ ॥

ਜੇਹੋ ਜੇਹਾ ਉਹ ਆਰਾਧਦੇ ਹਨ, ਸਦੀਵ ਉਹ ਓਹੋ ਜਿਹਾ ਪਾਉਂਦੇ ਹਨ ਅਤੇ ਵਾਹਿਗੁਰੂ ਉਨ੍ਹਾਂ ਨੂੰ ਉਹੋ ਜਿਹਾ ਹੀ ਉਘਾ ਕਰ ਦਿੰਦਾ ਹੈ।

ਨਾਨਕ, ਦੁਹੀ ਸਿਰੀ ਖਸਮੁ ਆਪੇ ਵਰਤੈ; ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥

ਨਾਨਕ, ਸੁਆਮੀ ਖੁਦ ਦੋਨਾਂ (ਨੇਕ ਤੇ ਬਦ) ਸਿਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਸਦੀਵ ਹੀ ਉਹ ਅਨੇਕਾਂ ਕਉਤਕ ਰਚਦਾ ਤੇ ਦੇਖਦਾ ਹੈ।


ਮ : ੪ ॥

ਚੌਥੀ ਪਾਤਸ਼ਾਹੀ।

ਇਕੁ ਮਨੁ ਇਕੁ ਵਰਤਦਾ; ਜਿਤੁ ਲਗੈ ਸੋ ਥਾਇ ਪਾਇ ॥

ਹਰ ਇਕਸ ਇਨਸਾਨ ਅੰਦਰ ਇਕ ਪ੍ਰਭੂ ਰਮ ਰਿਹਾ ਹੈ। ਜਿਸ ਕਿਸੇ ਨਾਲ ਉਹ ਜੁੜਦਾ ਹੈ, ਉਸ ਵਿੱਚ ਉਹ ਕਾਮਯਾਬ ਹੋ ਜਾਂਦਾ ਹੈ।

ਕੋਈ ਗਲਾ ਕਰੇ ਘਨੇਰੀਆ; ਜਿ ਘਰਿ ਵਥੁ ਹੋਵੈ, ਸਾਈ ਖਾਇ ॥

ਪ੍ਰਾਣੀ ਭਾਵੇਂ ਬਹੁਤੀਆਂ ਗੱਲਾਂ-ਬਾਤਾਂ ਕਰੇ, ਪਰ ਉਹ ਓਹੀ ਚੀਜ਼ ਖਾਂਦਾ ਹੈ, ਜਿਹੜੀ ਉਸ ਦੇ ਝੁੱਗੇ ਵਿੱਚ ਹੈ।

ਬਿਨੁ ਸਤਿਗੁਰ ਸੋਝੀ ਨਾ ਪਵੈ; ਅਹੰਕਾਰੁ ਨ ਵਿਚਹੁ ਜਾਇ ॥

ਸੱਚੇ ਗੁਰਾਂ ਦੇ ਬਾਝੋਂ ਸਮਝ ਪਰਾਪਤ ਨਹੀਂ ਹੁੰਦੀ ਨਾਂ ਹੀ ਹੰਕਾਰ ਅੰਦਰੋਂ ਜਾਂਦਾ ਹੈ।

ਅਹੰਕਾਰੀਆ ਨੋ ਦੁਖ ਭੁਖ ਹੈ; ਹਥੁ ਤਡਹਿ, ਘਰਿ ਘਰਿ ਮੰਗਾਇ ॥

ਪੀੜ ਅਤੇ ਭੁਖ ਮਗਰੂਰਾਂ ਨੂੰ ਚਿਮੜਦੀਆਂ ਹਨ। ਉਹ ਆਪਣਾ ਹੱਥ ਟੱਡਦੇ ਹਨ ਤੇ ਦੁਆਰੇ ਦੁਆਰੇ ਮੰਗਦੇ ਫਿਰਦੇ ਹਨ।

ਕੂੜੁ ਠਗੀ ਗੁਝੀ ਨਾ ਰਹੈ; ਮੁਲੰਮਾ ਪਾਜੁ ਲਹਿ ਜਾਇ ॥

ਝੂਠ ਅਤੇ ਛਲ ਲੁਕੇ ਨਹੀਂ ਰਹਿੰਦੇ। ਝਾਲ ਤੇ ਗਿਲਟ-ਸਾਜ਼ੀ ਓੜਕ ਨੂੰ ਨਿਸਫਲ ਹੋ ਜਾਂਦੇ ਹਨ।

ਜਿਸੁ ਹੋਵੈ ਪੂਰਬਿ ਲਿਖਿਆ; ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥

ਸੁਆਮੀ-ਸਰੂਪ ਸਤਿਗੁਰੂ ਜੀ ਉਸ ਨੂੰ ਆ ਕੇ ਮਿਲ ਪੈਦੇ ਹਨ, ਜਿਸ ਲਈ ਇਹੋ ਜਿਹੀ ਲਿਖਤਾਕਾਰ ਧੁਰ ਮੁੱਢ ਤੋਂ ਹੈ।

ਜਿਉ ਲੋਹਾ ਪਾਰਸਿ ਭੇਟੀਐ; ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥

ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ, ਲੋਹਾ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰਾਂ ਦੀ ਸੰਗਤ ਨਾਲ ਮਿਲ ਕੇ ਇਨਸਾਨ ਨਿਰਮੋਲਕ ਬਣ ਜਾਂਦਾ ਹੈ।

ਜਨ ਨਾਨਕ ਕੇ ਪ੍ਰਭ ਤੂ ਧਣੀ; ਜਿਉ ਭਾਵੈ ਤਿਵੈ ਚਲਾਇ ॥੨॥

ਹੇ ਸੁਆਮੀ! ਤੂੰ ਗੋਲੇ ਨਾਨਕ ਦਾ ਮਾਲਕ ਹੈਂ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ ਓਸੇ ਤਰ੍ਹਾਂ ਤੂੰ ਉਸ ਨੂੰ ਟੋਰ।


ਪਉੜੀ ॥

ਪਉੜੀ।

ਜਿਨ ਹਰਿ ਹਿਰਦੈ ਸੇਵਿਆ; ਤਿਨ ਹਰਿ ਆਪਿ ਮਿਲਾਏ ॥

ਜੋ ਦਿਲੋਂ ਸੁਆਮੀ ਦੀ ਸੇਵਾ ਕਮਾਉਂਦਾ ਹੈ, ਉਸ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਦਾ ਹੈ।

ਗੁਣ ਕੀ ਸਾਝਿ ਤਿਨ ਸਿਉ ਕਰੀ; ਸਭਿ ਅਵਗਣ ਸਬਦਿ ਜਲਾਏ ॥

ਮੈਂ ਉਨ੍ਹਾਂ ਨਾਲ ਨੇਕੀਆਂ ਦੀ ਭਾਈਵਾਲੀ ਕਰਦਾ ਹਾਂ ਅਤੇ ਰੱਬ ਦੇ ਨਾਮ ਦੀ ਅੱਗ ਨਾਲ ਬਦੀਆਂ ਨੂੰ ਸਾੜਦਾ ਹਾਂ।

ਅਉਗਣ ਵਿਕਣਿ ਪਲਰੀ; ਜਿਸੁ ਦੇਹਿ ਸੁ ਸਚੇ ਪਾਏ ॥

ਘਾਸ ਫੂਸ ਦੀ ਤਰ੍ਹਾਂ ਪਾਪ ਸਸਤੇ ਖਰੀਦੇ ਜਾਂਦੇ ਹਨ। ਕੇਵਲ ਓਹੀ ਨੇਕੀਆਂ ਹਾਸਲ ਕਰਦਾ ਹੈ, ਜਿਸ ਨੂੰ ਉਹ ਸੱਚਾ ਸੁਆਮੀ ਦਿੰਦਾ ਹੈ।

ਬਲਿਹਾਰੀ ਗੁਰ ਆਪਣੇ; ਜਿਨਿ ਅਉਗਣ ਮੇਟਿ, ਗੁਣ ਪਰਗਟੀਆਏ ॥

ਸਦਕੇ ਜਾਂਦਾ ਹਾਂ ਮੈਂ ਆਪਣੇ ਗੁਰਾਂ ਉਤੋਂ ਜਿਨ੍ਹਾਂ ਨੇ ਪਾਪ ਮੇਸਕੇ, ਮੇਰੇ ਵਿੱਚ ਨੇਕੀਆਂ ਪ੍ਰਕਾਸ਼ ਕਰ ਦਿੱਤੀਆਂ ਹਨ।

ਵਡੀ ਵਡਿਆਈ ਵਡੇ ਕੀ; ਗੁਰਮੁਖਿ ਆਲਾਏ ॥੭॥

ਗੁਰੂ-ਸਮਰਪਣ ਵਿਸ਼ਾਲ ਪ੍ਰਭੂ ਦੀ ਵਿਸ਼ਾਲ ਪ੍ਰਭੁਤਾ ਉਚਾਰਨ ਕਰਦਾ ਹੈ।


ਸਲੋਕ ਮ : ੪ ॥

ਸਲੋਕ ਚੌਥੀ ਪਾਤਸ਼ਾਹੀ।

ਸਤਿਗੁਰ ਵਿਚਿ ਵਡਿਆਈ; ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥

ਵਿਸ਼ਾਲ ਹੈ ਵਿਸ਼ਾਲਤਾ ਸੱਚੇ ਗੁਰਾਂ ਦੀ, ਜੋ ਦਿਨ ਰਾਤ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦੇ ਹਨ।

ਹਰਿ ਹਰਿ ਨਾਮੁ ਰਮਤ ਸੁਚ ਸੰਜਮੁ; ਹਰਿ ਨਾਮੇ ਹੀ ਤ੍ਰਿਪਤਾਵੈ ॥

ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਹੀ ਉਸ ਦੀ ਪਵਿੱਤ੍ਰਤਾਂ ਤੇ ਸਵੈ-ਰੋਕ ਥਾਮ ਹੈ। ਰੱਬ ਦੇ ਨਾਮ ਨਾਲ ਹੀ ਉਸ ਨੂੰ ਰੱਜ ਆਉਂਦਾ ਹੈ।

ਹਰਿ ਨਾਮੁ ਤਾਣੁ, ਹਰਿ ਨਾਮੁ ਦੀਬਾਣੁ; ਹਰਿ ਨਾਮੋ ਰਖ ਕਰਾਵੈ ॥

ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਬਲ ਹੈ ਤੇ ਵਾਹਿਗੁਰੂ ਦਾ ਨਾਮ ਹੀ ਆਸਰਾ। ਕੇਵਲ ਵਾਹਿਗੁਰੂ ਦਾ ਨਾਮ ਹੀ ਉਨ੍ਹਾਂ ਦੀ ਰਖਿਆ ਕਰਦਾ ਹੈ।

ਜੋ ਚਿਤੁ ਲਾਇ ਪੂਜੇ ਗੁਰ ਮੂਰਤਿ; ਸੋ ਮਨ ਇਛੇ ਫਲ ਪਾਵੈ ॥

ਜੋ ਦਿਲ ਲਾ ਕੇ ਗੁਰਾਂ ਦੀ ਵਿਅਕਤੀ ਦੀ ਉਪਾਸ਼ਨਾ ਕਰਦਾ ਹੈ, ਉਹ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲੈਦਾ ਹੈ।

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ; ਤਿਸੁ ਕਰਤਾ ਮਾਰ ਦਿਵਾਵੈ ॥

ਜੋ ਪੂਰਨ ਸੱਚੇ ਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸਿਰਜਣਹਾਰ ਨਾਸ ਕਰ ਦਿੰਦਾ ਹੈ।

ਫੇਰਿ ਓਹ ਵੇਲਾ ਓਸੁ ਹਥਿ ਨ ਆਵੈ; ਓਹੁ ਆਪਣਾ ਬੀਜਿਆ ਆਪੇ ਖਾਵੈ ॥

ਉਹ ਅਉਸਰ ਉਸ ਨੂੰ ਮੁੜ ਕੇ ਹੱਥ ਨਹੀਂ ਲਗਦਾ। ਜੋ ਕੁਛ ਉਸ ਨੇ ਖੁਦ ਬੀਜਿਆਂ ਹੈ, ਉਹ ਆਪ ਹੀ ਖਾਂਦਾ ਹੈ।

ਨਰਕਿ ਘੋਰਿ ਮੁਹਿ ਕਾਲੈ ਖੜਿਆ; ਜਿਉ ਤਸਕਰੁ ਪਾਇ ਗਲਾਵੈ ॥

ਉਸ ਦੀ ਗਰਦਨ ਦੁਆਲੇ ਰੱਸਾ ਪਾ ਕੇ ਉਹ ਸਿਆਹ ਮੂੰਹ ਨਾਲ ਭਿਆਨਕ ਦੌਜ਼ਕ ਵਿੱਚ, ਚੋਰ ਦੀ ਤਰ੍ਹਾਂ ਲਿਆਂਦਾ ਜਾਏਗਾ।

ਫਿਰਿ ਸਤਿਗੁਰ ਕੀ ਸਰਣੀ ਪਵੈ, ਤਾ ਉਬਰੈ; ਜਾ ਹਰਿ ਹਰਿ ਨਾਮੁ ਧਿਆਵੈ ॥

ਜਦ ਉਹ ਮੁੜ ਕੇ ਸੱਚੇ ਗੁਰਾਂ ਦੀ ਪਨਾਹ ਲੈ ਲੈਦਾ ਹੈ, ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ, ਤਦ ਉਹ ਪਾਰ ਉਤਰ ਜਾਂਦਾ ਹੈ।

ਹਰਿ ਬਾਤਾ ਆਖਿ ਸੁਣਾਏ ਨਾਨਕੁ; ਹਰਿ ਕਰਤੇ ਏਵੈ ਭਾਵੈ ॥੧॥

ਨਾਨਕ ਰੱਬ ਦੇ ਦਰਬਾਰ ਦੀ ਕਾਰਵਾਈ ਕਹਿ ਕੇ ਸੁਣਾਉਂਦਾ ਹੈ। ਵਾਹਿਗੁਰੂ ਸਿਰਜਣਹਾਰ ਨੂੰ ਇਸ ਤਰ੍ਹਾਂ ਹੀ ਚੰਗਾ ਲੱਗਦਾ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਪੂਰੇ ਗੁਰ ਕਾ ਹੁਕਮੁ ਨ ਮੰਨੈ; ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥

ਜੋ ਪੂਰਨ ਗੁਰਾਂ ਦੇ ਫੁਰਮਾਨ ਦੀ ਪਾਲਣਾ ਨਹੀਂ ਕਰਦਾ, ਉਹ ਆਪ-ਹੁਦਰਾ ਹੈ ਤੇ ਉਸ ਨੂੰ ਬੇਸਮਝੀ ਤੇ ਜਹਿਰੀਲੀ ਮੋਹਨੀ ਨੇ ਠੱਗ ਲਿਆ ਹੈ।

ਓਸੁ ਅੰਦਰਿ ਕੂੜੁ, ਕੂੜੋ ਕਰਿ ਬੁਝੈ; ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥

ਉਸ ਦੇ ਚਿੱਤ ਅੰਦਰ ਝੂਠ ਹੈ ਅਤੇ ਉਹ ਹਰ ਇਕ ਨੂੰ ਝੂਠਾ ਕਰਕੇ ਜਾਣਦਾ ਹੈ। ਪ੍ਰਭੂ ਨੇ ਫਜ਼ੂਲ ਟੰਟੇ ਪੁਆੜੇ ਉਸ ਦੇ ਗੱਲ ਮੜ੍ਹ ਛੱਡੇ ਹਨ।

ਓਹੁ ਗਲ ਫਰੋਸੀ ਕਰੇ ਬਹੁਤੇਰੀ; ਓਸ ਦਾ ਬੋਲਿਆ, ਕਿਸੈ ਨ ਭਾਇਆ ॥

ਉਹ ਬੜੀ ਬਕਬਾਦ ਕਰਦਾ ਹੈ, ਪਰ ਜੋ ਕੁਛ ਉਹ ਕਹਿੰਦਾ ਹੈ, ਉਹ ਕਿਸੇ ਨੂੰ ਭੀ ਚੰਗਾ ਨਹੀਂ ਲੱਗਦਾ।

ਓਹੁ ਘਰਿ ਘਰਿ ਹੰਢੈ, ਜਿਉ ਰੰਨ ਦੋੁਹਾਗਣਿ; ਓਸੁ ਨਾਲਿ ਮੁਹੁ ਜੋੜੇ, ਓਸੁ ਭੀ ਲਛਣੁ ਲਾਇਆ ॥

ਉਹ ਛੁਟੜ ਤੀਵੀ ਵਾਂਙੂ ਦੁਆਰੇ ਦੁਆਰੇ ਟੱਕਰਾ ਮਾਰਦਾ ਫਿਰਦਾ ਹੈ! ਜੋ ਕੋਈ ਭੀ ਉਸ ਨਾਲ ਮੈਲ ਮਿਲਾਪ ਕਰਦਾ ਹੈ, ਉਸ ਨੂੰ ਭੀ ਬਦੀ ਦਾ ਟਿੱਕਾ ਲੱਗ ਜਾਂਦਾ ਹੈ।

ਗੁਰਮੁਖਿ ਹੋਇ ਸੁ ਅਲਿਪਤੋ ਵਰਤੈ; ਓਸ ਦਾ ਪਾਸੁ ਛਡਿ, ਗੁਰ ਪਾਸਿ ਬਹਿ ਜਾਇਆ ॥

ਜੋ ਗੁਰੂ-ਅਨੁਸਾਰੀ ਹੋਏ ਹਨ, ਉਹ ਉਸ ਤੋਂ ਨਿਵੇਕਲੇ ਰਹਿੰਦੇ ਹਨ, ਉਹ ਉਸ ਦੀ ਉਠਕ ਬੈਠਕ ਤਿਆਗ ਕੇ ਗੁਰੂ ਜੀ ਕੋਲ ਆ ਬੈਠਦੇ ਹਨ।

ਜੋ ਗੁਰੁ ਗੋਪੇ ਆਪਣਾ; ਸੁ ਭਲਾ ਨਾਹੀ ਪੰਚਹੁ! ਓਨਿ ਲਾਹਾ ਮੂਲੁ ਸਭੁ ਗਵਾਇਆ ॥

ਜੋ ਆਪਣੇ ਗੁਰੂ ਨੂੰ ਜਾਹਰਾ ਤੌਰ ਤੇ ਨਹੀਂ ਅਪਣਾਉਂਦਾ, ਉਹ ਚੰਗਾ ਪੁਰਸ਼ ਨਹੀਂ। ਉਹ ਆਪਣਾ ਅਸਲ ਜ਼ਰ ਤੇ ਨਫਾ ਸਾਰਾ ਗੁਆ ਲੈਦਾ ਹੈ, ਹੇ ਸਾਧੂਓ!

ਪਹਿਲਾ ਆਗਮੁ ਨਿਗਮੁ, ਨਾਨਕੁ ਆਖਿ ਸੁਣਾਏ; ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥

ਨਾਨਕ, ਪਹਿਲੋਂ ਲੋਕ ਸ਼ਾਸਤਰਾਂ, ਅਤੇ ਵੇਦਾਂ ਨੂੰ ਪੜ੍ਹਦੇ ਤੇ ਪਰਚਾਰਦੇ ਸਨ, ਪਰ ਪੂਰਨ ਗੁਰਾਂ ਦੀ ਗੁਰਬਾਣੀ ਉਨ੍ਹਾਂ ਸਾਰਿਆਂ ਨਾਲੋਂ ਪਰਮ ਉਚੀ ਉਤਰੀ ਹੈ।

ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ; ਮਨਮੁਖਾ ਓਹ ਵੇਲਾ ਹਥਿ ਨ ਆਇਆ ॥੨॥

ਗੁਰੂ ਦੇ ਸਿੱਖਾਂ ਨੂੰ ਪੂਰਨ ਗੁਰਾਂ ਦੀ ਪ੍ਰਭੁਤਾ ਚੰਗੀ ਲੱਗਦੀ ਹੈ। ਆਪੁ-ਹੁਦਰਿਆਂ ਨੂੰ ਉਹ ਅਉਸਰ ਪਰਾਪਤ ਨਹੀਂ ਹੁੰਦਾ।


ਪਉੜੀ ॥

ਪਉੜੀ।

ਸਚੁ ਸਚਾ ਸਭ ਦੂ ਵਡਾ ਹੈ; ਸੋ ਲਏ ਜਿਸੁ ਸਤਿਗੁਰੁ ਟਿਕੇ ॥

ਨਿਸਚਿਤ ਹੀ ਸੱਚਾ ਸੁਆਮੀ ਪਰਮ ਉਤਮ ਹੈ। ਕੇਵਲ ਓਹੀ ਉਸ ਨੂੰ ਪਰਾਪਤ ਕਰਦਾ ਹੈ, ਜਿਸ ਨੂੰ ਸੱਚੇ ਗੁਰੂ ਜੀ ਟਿਕਦੇ ਹਨ।

ਸੋ ਸਤਿਗੁਰੁ ਜਿ ਸਚੁ ਧਿਆਇਦਾ; ਸਚੁ ਸਚਾ ਸਤਿਗੁਰੁ ਇਕੇ ॥

ਉਹ ਸਤਿਗੁਰੂ ਹੈ ਜੋ ਸੱਚੇ ਸੁਆਮੀ ਦਾ ਸਿਮਰਨ ਕਰਦਾ ਹੈ। ਇਹ ਸੱਚ ਹੈ ਕਿ ਸੱਚਾ ਸੁਆਮੀ ਤੇ ਸੱਚਾ ਗੁਰੂ ਇਕ ਹੀ ਹਨ।

ਸੋਈ ਸਤਿਗੁਰੁ ਪੁਰਖੁ ਹੈ; ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥

ਓਹੀ ਸਰਬ-ਸ਼ਕਤੀਵਾਨ ਸਤਿਗੁਰੂ ਹੈ, ਜਿਸ ਨੇ ਆਪਣੇ ਪੰਜੇ ਵਿਸ਼ੇ-ਵੇਗ ਕੱਸ ਕੇ ਆਪਣੇ ਕਾਬੂ ਵਿੱਚ ਕੀਤੇ ਹਨ।

ਜਿ ਬਿਨੁ ਸਤਿਗੁਰ ਸੇਵੇ, ਆਪੁ ਗਣਾਇਦੇ; ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥

ਜੋ ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਆਪਣੇ ਆਪ ਨੂੰ ਜਤਲਾਉਂਦਾ ਹੈ, ਉਸ ਦੇ ਅੰਤਰ ਝੂਠ ਹੈ। ਧ੍ਰਿਕਾਰ ਤੇ ਲਾਨ੍ਹਤ ਹੈ ਉਸ ਦੇ ਰੁਖੇ ਚਿਹਰੇ ਨੂੰ।

ਓਇ ਬੋਲੇ ਕਿਸੈ ਨ ਭਾਵਨੀ; ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥

ਉਹ ਸੱਚੇ ਗੁਰਾਂ ਨਾਲੋਂ ਵਿਛੁੜਿਆਂ ਹੋਇਆ ਹੈ। ਉਸ ਦਾ ਮੂੰਹ ਸਿਆਹ ਕੀਤਾ ਜਾਂਦਾ ਹੈ ਅਤੇ ਉਸ ਦੀ ਗੱਲਬਾਤ ਕਿਸੇ ਨੂੰ ਭੀ ਚੰਗੀ ਨਹੀਂ ਲਗਦੀ।


ਸਲੋਕ ਮ : ੪ ॥

ਸਲੋਕ ਚੌਥੀ ਪਾਤਸ਼ਾਹੀ।

ਹਰਿ ਪ੍ਰਭ ਕਾ ਸਭੁ ਖੇਤੁ ਹੈ; ਹਰਿ ਆਪਿ ਕਿਰਸਾਣੀ ਲਾਇਆ ॥

ਹਰ ਦੇਹਿ ਵਾਹਿਗੁਰੂ ਸੁਆਮੀ ਦੀ ਪੈਲੀ ਹੈ। ਵਾਹਿਗੁਰੂ ਖੁਦ ਹੀ ਖੇਤੀਬਾੜੀ ਕਰਵਾਉਂਦਾ ਹੈ।

ਗੁਰਮੁਖਿ ਬਖਸਿ ਜਮਾਈਅਨੁ; ਮਨਮੁਖੀ ਮੂਲੁ ਗਵਾਇਆ ॥

ਗੁਰੂ-ਅਨੁਸਾਰੀ ਰੱਬ ਦੀ ਰਹਿਮਤ ਦੀ ਫ਼ਸਲ ਪੈਦਾ ਕਰਦਾ ਹੈ। ਪ੍ਰਤੀਕੂਲ ਪੁਰਸ਼ ਆਪਣਾ ਅਸਲ ਜੋਰ ਭੀ ਗੁਆ ਲੈਦਾ ਹੈ।

ਸਭੁ ਕੋ ਬੀਜੇ ਆਪਣੇ ਭਲੇ ਨੋ; ਹਰਿ ਭਾਵੈ, ਸੋ ਖੇਤੁ ਜਮਾਇਆ ॥

ਹਰ ਕੋਈ ਆਪਣੇ ਲਾਭ ਲਈ ਕਾਸ਼ਤ ਕਰਦਾ ਹੈ। ਵਾਹਿਗੁਰੂ ਉਸ ਪੈਲੀ ਨੂੰ ਉਗਾਉਂਦਾ ਹੈ ਜਿਹੜੀ ਉਸ ਨੂੰ ਚੰਗੀ ਲੱਗੀ ਹੈ।

ਗੁਰਸਿਖੀ, ਹਰਿ ਅੰਮ੍ਰਿਤੁ ਬੀਜਿਆ; ਹਰਿ ਅੰਮ੍ਰਿਤ ਨਾਮੁ, ਫਲੁ ਅੰਮ੍ਰਿਤੁ ਪਾਇਆ ॥

ਗੁਰੂ ਦਾ ਸਿੱਖ ਵਾਹਿਗੁਰੂ ਆਬਿ-ਹਿਯਾਤ ਨੂੰ ਬੀਜਦਾ ਹੈ ਅਤੇ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਨੂੰ ਆਪਣੇ ਸੁਧਾ ਸਰੂਪ ਫਲ ਵਜੋ ਪਰਾਪਤ ਕਰਦਾ ਹੈ।

ਜਮੁ ਚੂਹਾ ਕਿਰਸ ਨਿਤ ਕੁਰਕਦਾ; ਹਰਿ ਕਰਤੈ ਮਾਰਿ ਕਢਾਇਆ ॥

ਮੌਤ ਦਾ ਚੂਹਾ ਨਿਤਾਪ੍ਰਤੀ ਫਸਲ ਨੂੰ ਕੁਤਰਦਾ ਹੈ, ਪ੍ਰੰਤੂ ਵਾਹਿਗੁਰੂ ਸਿਰਜਣਹਾਰ ਨੇ ਇਸ ਨੂੰ ਕੁਟ ਕੇ ਬਾਹਰ ਕੱਢ ਦਿੱਤਾ ਹੈ।

ਕਿਰਸਾਣੀ ਜੰਮੀ ਭਾਉ ਕਰਿ; ਹਰਿ ਬੋਹਲ ਬਖਸ ਜਮਾਇਆ ॥

ਪ੍ਰਭੂ ਦੀ ਪ੍ਰੀਤ ਦੁਆਰ ਫਸਲ ਉਗੀ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਦਾਣਿਆਂ ਦਾ ਢੇਰ ਲੱਗ ਗਿਆ।

ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ; ਜਿਨੀ ਸਤਿਗੁਰੁ ਪੁਰਖੁ ਧਿਆਇਆ ॥

ਜਿਨ੍ਹਾਂ ਨੇ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਧਿਆਨ ਧਾਰਿਆ ਹੈ, ਪ੍ਰਭੂ ਨੇ ਉਨ੍ਹਾਂ ਦੀ ਸਾਰੀ ਸੜਾਂਦ ਤੇ ਚਿੰਤਾ ਦੂਰ ਕਰ ਛੱਡੀ ਹੈ।

ਜਨ ਨਾਨਕ ਨਾਮੁ ਅਰਾਧਿਆ; ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥

ਹੇ ਗੋਲੇ ਨਾਨਕ! ਜੋ ਨਾਮ ਦਾ ਚਿੰਤਨ ਕਰਦਾ ਹੈ, ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਸਾਰੇ ਸੰਸਾਰ ਨੂੰ ਤਾਰ ਦਿੰਦਾ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਸਾਰਾ ਦਿਨੁ ਲਾਲਚਿ ਅਟਿਆ; ਮਨਮੁਖਿ ਹੋਰੇ ਗਲਾ ॥

ਪ੍ਰਤੀਕੂਲ ਪੁਰਸ਼ ਸਾਰਾ ਦਿਹਾੜਾ ਲੋਭ ਅੰਦਰ ਪਰਵਿਰਤ ਹੋਇਆ ਰਹਿੰਦਾ ਹੈ, ਭਾਵੇਂ ਉਹ ਬਾਤਾਂ ਹੋਰ ਹੀ ਕਰਦਾ ਹੈ।

ਰਾਤੀ ਊਘੈ ਦਬਿਆ; ਨਵੇ ਸੋਤ, ਸਭਿ ਢਿਲਾ ॥

ਰਾਤ ਨੂੰ ਉਸ ਤੇ ਨੀਂਦ ਗਲਬਾ ਪਾ ਲੈਂਦੀ ਹੈ ਅਤੇ ਉਸ ਦੀਆਂ ਸਾਰੀਆਂ ਨੋਵੇ ਗੋਲਕਾ ਸੁਸਤ ਪੈ ਜਾਂਦੀਆਂ ਹਨ।

ਮਨਮੁਖਾ ਦੈ ਸਿਰਿ, ਜੋਰਾ ਅਮਰੁ ਹੈ; ਨਿਤ ਦੇਵਹਿ ਭਲਾ ॥

ਅਧਰਮੀ ਦੇ ਸਿਰ ਉਤੇ ਤ੍ਰੀਮਤ ਦਾ ਹੁਕਮ ਹੈ ਅਤੇ ਉਹ ਸਦੀਵ ਹੀ ਉਸ ਨਾਲ ਚੰਗੇ ਇਕਰਾਰ ਕਰਦਾ ਹੈ।

ਜੋਰਾ ਦਾ ਆਖਿਆ ਪੁਰਖ ਕਮਾਵਦੇ; ਸੇ ਅਪਵਿਤ, ਅਮੇਧ ਖਲਾ ॥

ਜਿਹੜੇ ਇਨਸਾਨ ਤ੍ਰੀਮਤਾਂ ਦਾ ਕਹਿਆ ਕਰਦੇ ਹਨ, ਉਹ ਗੰਦੇ, ਨਾਪਾਕ ਅਤੇ ਮੂਰਖ ਹਨ।

ਕਾਮਿ ਵਿਆਪੇ ਕੁਸੁਧ ਨਰ; ਸੇ ਜੋਰਾ ਪੁਛਿ ਚਲਾ ॥

ਅਸ਼ੁੱਧ ਪੁਰਸ਼ ਵਿਸ਼ੇ ਭੋਗ ਅੰਦਰ ਗਲਤਾਨ ਹਨ, ਉਹ ਸੁਆਣੀਆਂ ਦੀ ਸਲਾਹ ਲੈਂਦੇ ਹਨ ਤੇ ਉਸ ਅਨੁਸਾਰ ਟੁਰਦੇ ਹਨ।

ਸਤਿਗੁਰ ਕੈ ਆਖਿਐ ਜੋ ਚਲੈ; ਸੋ ਸਤਿ ਪੁਰਖੁ ਭਲ ਭਲਾ ॥

ਜਿਹੜੇ ਸੱਚੇ ਗੁਰਾਂ ਦੇ ਕਹੇ ਅਨੁਸਾਰ ਟੁਰਦਾ ਹੈ, ਉਹ ਸੱਚਾ ਮਨੁੱਖ, ਚੰਗਿਆ ਦਾ ਪਰਮ ਚੰਗਾ ਹੈ।

ਜੋਰਾ ਪੁਰਖ ਸਭਿ ਆਪਿ ਉਪਾਇਅਨੁ; ਹਰਿ ਖੇਲ ਸਭਿ ਖਿਲਾ ॥

ਉਸ ਨੇ ਖੁਦ ਹੀ ਸਾਰੀਆਂ ਨਾਰੀਆਂ ਤੇ ਨਰ ਪੈਦਾ ਕੀਤੇ ਹਨ। ਵਾਹਿਗੁਰੂ ਹੀ ਸਾਰੀਆਂ ਖੇਡਾਂ ਖੇਡਦਾ ਹੈ।

ਸਭ ਤੇਰੀ ਬਣਤ ਬਣਾਵਣੀ; ਨਾਨਕ, ਭਲ ਭਲਾ ॥੨॥

ਸਾਰੀ ਬਣਤਰ ਜੋ ਤੂੰ ਬਣਾਈ ਹੈ, ਹੇ ਨਾਨਕ! ਪਰਮ ਸਰੇਸ਼ਟਾਂ ਵਿਚੋਂ ਪਰਮ ਸਰੇਸ਼ਟ ਹੈ।


ਪਉੜੀ ॥

ਪਉੜੀ।

ਤੂ ਵੇਪਰਵਾਹੁ ਅਥਾਹੁ ਹੈ; ਅਤੁਲੁ, ਕਿਉ ਤੁਲੀਐ? ॥

ਤੂੰ ਹੇ ਸੁਆਮੀ! ਬੇਮੁਥਾਜ, ਥਾਹਿ-ਰਹਤਿ ਅਤੇ ਅਮਾਪ ਹੈ। ਤੂੰ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ।

ਸੇ ਵਡਭਾਗੀ ਜਿ ਤੁਧੁ ਧਿਆਇਦੇ; ਜਿਨ ਸਤਿਗੁਰੁ ਮਿਲੀਐ ॥

ਜੋ ਤੈਨੂੰ ਯਾਦ ਕਰਦੇ ਹਨ, ਹੇ ਸਾਹਿਬ! ਅਤੇ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪਏ ਹਨ, ਉਹ ਭਾਰੇ ਨਸੀਬਾਂ ਵਾਲੇ ਹਨ।

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ; ਗੁਰਬਾਣੀ ਬਣੀਐ ॥

ਸਤਿਗੁਰਾਂ ਦੀ ਗੁਰਬਾਣੀ ਮੁਜੱਸਮ ਸੱਚ ਹੈ। ਗੁਰਬਾਣੀ ਦੁਆਰਾ ਪ੍ਰਾਣੀ ਮੁਕੰਮਲ ਬਣ ਜਾਂਦਾ ਹੈ।

ਸਤਿਗੁਰ ਕੀ ਰੀਸੈ, ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ ਕੂੜੇ ਝੜਿ ਪੜੀਐ ॥

ਸੱਚੇ ਗੁਰਾਂ ਦੀ ਬਰਾਬਰੀ ਕਰਨ ਦੇ ਖਿਆਲ ਨਾਲ ਕਈ ਹੋਰ ਮੰਦੇ ਚੰਗੇ ਭਜਨ ਉਚਾਰਦੇ ਹਨ, ਪਰ ਝੂਠ ਦੇ ਕਾਰਨ, ਉਹ ਝੂਠੇ ਛੇਤੀ ਹੀ ਨਾਸ ਹੋ ਜਾਂਦੇ ਹਨ।

ਓਨ੍ਹ੍ਹਾ ਅੰਦਰਿ ਹੋਰੁ, ਮੁਖਿ ਹੋਰੁ ਹੈ; ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥

ਉਨ੍ਹਾਂ ਦੇ ਦਿਲ ਵਿੱਚ ਇਕ ਚੀਜ਼ ਹੈ ਅਤੇ ਉਨ੍ਹਾਂ ਦੇ ਮੂੰਹ ਵਿੱਚ ਹੋਰ ਹੀ। ਜ਼ਹਿਰੀਲੀ ਦੌਲਤ ਦੀ ਖਾਤਰ ਉਹ ਭਟਕਦੇ ਤੇ ਖਪਦੇ ਮਰਦੇ ਹਨ।


ਸਲੋਕ ਮ : ੪ ॥

ਸਲੋਕ ਚੌਥੀ ਪਾਤਸ਼ਾਹੀ।

ਸਤਿਗੁਰ ਕੀ ਸੇਵਾ ਨਿਰਮਲੀ; ਨਿਰਮਲ ਜਨੁ ਹੋਇ, ਸੁ ਸੇਵਾ ਘਾਲੇ ॥

ਪਵਿਤ੍ਰ ਹੇ ਟਹਿਲ ਸੇਵਾ ਸੱਚੇ ਗੁਰਾਂ ਦੀ। ਜੋ ਪੁਰਸ਼ ਪਵਿੱਤ੍ਰ ਹੈ ਉਹ ਇਹ ਟਹਿਲ ਕਮਾਉਂਦਾ ਹੈ।

ਜਿਨ ਅੰਦਰਿ ਕਪਟੁ ਵਿਕਾਰੁ ਝੂਠੁ; ਓਇ ਆਪੇ ਸਚੈ, ਵਖਿ ਕਢੇ ਜਜਮਾਲੇ ॥

ਜਿਨ੍ਹਾਂ ਦੇ ਚਿੱਤ ਵਿੱਚ ਛਲ, ਵੈਲ ਅਤੇ ਕੂੜ ਹੈ, ਉਨ੍ਹਾਂ ਕੋੜ੍ਹੀਆ ਨੂੰ ਸੱਚਾ ਸਾਹਿਬ ਆਪ ਹੀ ਪਰੇ ਵਖਰੇ ਕਰ ਦਿੰਦਾ ਹੈ।

ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ; ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥

ਸੱਚੇ ਸਿੱਖ ਗੁਰਾਂ ਦੇ ਕੋਲ ਬੈਠਦੇ ਹਨ ਅਤੇ ਉਨ੍ਹਾਂ ਦੀ ਸੇਵਾ ਕਰਦੇ ਹਨ। ਝੂਠਿਆਂ ਨੂੰ ਢੂੰਡ ਭਾਲ ਕਰਨ ਦੀ ਰਾਹੀਂ ਭੀਂ ਕੋਈ ਥਾਂ ਨਹੀਂ ਮਿਲਦੀ।

ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ; ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥

ਜਿਨ੍ਹਾਂ ਨੂੰ ਸਤਿਗੁਰਾਂ ਦੇ ਬਚਨ ਚੰਗੇ ਨਹੀਂ ਲਗਦੇ, ਉਨ੍ਹਾਂ ਦੇ ਚਿਹਰੇ ਭ੍ਰਸ਼ਟੇ ਹੋਏ ਹਨ ਅਤੇ ਰੱਬ ਦੇ ਫਿਟਕਾਰੇ ਹੋਏ ਉਹ ਭਟਕਦੇ ਫਿਰਦੇ ਹਨ।

ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ; ਸੇ ਕਿਚਰਕੁ ਵੇਰਾਈਅਨਿ, ਮਨਮੁਖ ਬੇਤਾਲੇ ॥

ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦਾ ਪਿਆਰ ਨਹੀਂ, ਉਹ ਆਪ-ਹੁਦਰੇ ਭੂਤਨੇ, ਕਿੰਨੇ ਚਿਰ ਤਾਈਂ ਪਰਚਾਏ ਜਾ ਸਕਦੇ ਹਨ?

ਸਤਿਗੁਰ ਨੋ ਮਿਲੈ, ਸੁ ਆਪਣਾ ਮਨੁ ਥਾਇ ਰਖੈ; ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥

ਜੋ ਸੱਚੇ ਗੁਰੂ ਨੂੰ ਮਿਲਦਾ ਹੈ, ਉਹ ਆਪਣੇ ਮਨੂਏ ਨੂੰ ਉਸ ਦੀ ਜਗ੍ਹਾ ਤੇ ਬੰਨ੍ਹ ਰੱਖਦਾ ਹੈ। ਸਾਥ ਹੀ ਰੱਬ ਦੇ ਨਾਮ ਦੀ ਆਪਣੀ ਪੂੰਜੀ ਨੂੰ ਉਹ ਆਪ ਹੀ ਖਾਂਦਾ ਤੇ ਖਰਚਦਾ ਹੈ।

ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ; ਇਕਿ ਆਪੇ ਵਖਿ ਕਢੈ ਠਗਵਾਲੇ ॥੧॥

ਗੁਰਾਂ ਨਾਲ ਜੋੜ ਕੇ, ਕਈਆਂ ਨੂੰ ਪ੍ਰਭੂ ਆਰਾਮ ਬਖਸ਼ਦਾ ਹੈ, ਹੇ ਨਫਰ ਨਾਨਕ! ਕਈਆਂ ਠੱਗਾਂ ਨੂੰ ਉਹ ਖੁਦ ਹੀ ਅਲੱਗ ਕੱਢ ਦਿੰਦਾ ਹੈ।


ਮ : ੪ ॥

ਚੌਥੀ ਪਾਤਸ਼ਾਹੀ।

ਜਿਨਾ ਅੰਦਰਿ ਨਾਮੁ ਨਿਧਾਨੁ ਹਰਿ; ਤਿਨ ਕੇ ਕਾਜ ਦਯਿ ਆਦੇ ਰਾਸਿ ॥

ਜਿਨ੍ਹਾਂ ਦੇ ਦਿਲ ਅੰਦਰ ਰੱਬ ਦੇ ਨਾਮ ਦਾ ਖ਼ਜ਼ਾਨਾ ਹੈ, ਉਨ੍ਹਾਂ ਦੇ ਕਾਰਜ ਸੁਆਮੀ ਸੁਆਰ ਦਿੰਦਾ ਹੈ।

ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥

ਉਨ੍ਹਾਂ ਲੋਕਾਂ ਦੀ ਮੁਛੰਦਗੀ ਚੁੱਕੀ ਜਾਂਦੀ ਹੈ ਅਤੇ ਉਨ੍ਹਾਂ ਦਾ ਪੱਖ ਲੈ ਕੇ ਵਾਹਿਗੁਰੂ ਸੁਆਮੀ ਉਨ੍ਹਾਂ ਦੇ ਕੋਲ ਆ ਬਹਿੰਦਾ ਹੈ।

ਜਾਂ ਕਰਤਾ ਵਲਿ, ਤਾ ਸਭੁ ਕੋ ਵਲਿ; ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥

ਜਦ ਸਿਰਜਣਹਾਰ ਉਨ੍ਹਾਂ ਦੇ ਪਾਸੇ ਹੈ, ਤਦ ਹਰ ਕੋਈ ਉਨ੍ਹਾਂ ਦੇ ਪਾਸੇ ਹੈ। ਉਨ੍ਹਾਂ ਦਾ ਦੀਦਾਰ ਵੇਖ ਕੇ ਹਰ ਕੋਈ ਉਨ੍ਹਾਂ ਨੂੰ ਆਫਰੀਨ ਆਖਦਾ ਹੈ।

ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ; ਸਭਿ ਜਨ ਕਉ ਆਇ ਕਰਹਿ ਰਹਰਾਸਿ ॥

ਰਾਜੇ ਅਤੇ ਮਹਾਰਾਜੇ ਸਾਰੇ ਵਾਹਿਗੁਰੂ ਦੇ ਕੀਤੇ ਹੋਏ ਹਨ। ਉਹ ਸਾਰੇ ਆ ਕੇ ਸੁਆਮੀ ਦੇ ਗੋਲੇ, ਮੂਹਰੇ ਬੰਦਨਾ ਕਰਦੇ ਹਨ।

ਗੁਰ ਪੂਰੇ ਕੀ ਵਡੀ ਵਡਿਆਈ; ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ ॥

ਵਿਸ਼ਾਲ ਹੈ ਪੂਰਨ ਗੁਰਾਂ ਦੀ ਵਿਸ਼ਾਲਤਾ। ਮਹਾਨ ਮਾਲਕ ਦੀ ਘਾਲ ਕਮਾਉਣ ਦੁਆਰਾ ਮੈਂ ਅਮਾਪ ਆਰਾਮ ਪਰਾਪਤ ਕੀਤਾ ਹੈ।

ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ; ਨਿਤ ਬਖਸੇ ਚੜੈ ਸਵਾਇਆ ॥

ਪੂਰਨ ਗੁਰਾਂ ਨੂੰ ਪ੍ਰਭੂ ਨੇ ਸਦੀਵੀ ਸਥਿਰ ਦਾਤ ਦਿੱਤੀ ਹੈ ਅਤੇ ਜੋ ਕੁਛ ਉਸ ਨੇ ਪਰਦਾਨ ਕੀਤਾ ਹੈ, ਉਹ ਦਿਨ-ਬ-ਦਿਨ ਵਧਦਾ ਜਾਂਦਾ ਹੈ।

ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ; ਸੋ ਕਰਤੈ ਆਪਿ ਪਚਾਇਆ ॥

ਕਰਤਾਰ ਖੁਦ ਉਸ ਗੁਰੂ ਨੂੰ ਨਿੰਦਣ ਵਾਲੇ ਨੂੰ ਤਬਾਹ ਕਰ ਦਿੰਦਾ ਹੈ, ਜੋ ਉਨ੍ਹਾਂ ਦੀ ਮਹਾਨਤਾ ਨੂੰ ਜਰ ਨਹੀਂ ਸਕਦਾ।

ਜਨੁ ਨਾਨਕੁ ਗੁਣ ਬੋਲੈ ਕਰਤੇ ਕੇ; ਭਗਤਾ ਨੋ ਸਦਾ ਰਖਦਾ ਆਇਆ ॥੨॥

ਗੋਲਾ ਨਾਨਕ ਸਿਰਜਣਹਾਰ ਦੀਆਂ ਕੀਰਤੀਆਂ ਉਚਾਰਦਾ ਹੈ, ਜੋ ਆਪਣੇ ਸਾਧੂਆਂ ਦੀ ਸਦੀਵ ਹੀ ਰਖਿਆ ਕਰਦਾ ਆਇਆ ਹੈ।


ਪਉੜੀ ॥

ਪਉੜੀ।

ਤੂ ਸਾਹਿਬੁ ਅਗਮ ਦਇਆਲੁ ਹੈ; ਵਡ ਦਾਤਾ ਦਾਣਾ ॥

ਤੂੰ ਹੇ ਪਹੁੰਚ ਤੋਂ ਪਰੇ ਮਿਹਰਬਾਨ ਅਤੇ ਦਾਨੇ ਸੁਆਮੀ! ਭਾਰਾ ਦਾਤਾਰ ਹੈ।

ਤੁਧੁ ਜੇਵਡੁ, ਮੈ ਹੋਰੁ ਕੋ ਦਿਸਿ ਨ ਆਵਈ; ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥

ਮੈਨੂੰ ਤੇਰੇ ਜਿੱਡਾ ਵੱਡਾ ਕੋਈ ਨਜ਼ਰੀ ਨਹੀਂ ਪੈਦਾ ਤੂੰ ਹੈ ਸਿਆਣੇ ਸੁਆਮੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।

ਮੋਹੁ ਕੁਟੰਬੁ ਦਿਸਿ ਆਵਦਾ; ਸਭੁ ਚਲਣਹਾਰਾ ਆਵਣ ਜਾਣਾ ॥

ਟੱਬਰ ਦੀ ਲਗਨ ਅਤੇ ਹੋਰ ਸਾਰਾ ਕੁਛ, ਜੋ ਨਜ਼ਰੀ ਪੈਦਾ ਹੈ, ਛਿਨ ਭੰਗਰ ਹੈ ਅਤੇ ਆਉਣ ਤੇ ਜਾਣ ਦੇ ਅਧੀਨ ਹੈ।

ਜੋ ਬਿਨੁ ਸਚੇ, ਹੋਰਤੁ ਚਿਤੁ ਲਾਇਦੇ; ਸੇ ਕੂੜਿਆਰ ਕੂੜਾ ਤਿਨ ਮਾਣਾ ॥

ਜਿਹੜੇ ਸੱਚੇ ਸੁਆਮੀ ਦੇ ਬਾਝੋਂ ਕਿਸੇ ਹੋਰਸ ਨਾਲ ਆਪਣਾ ਦਿਲ ਜੋੜਦੇ ਹਨ, ਉਹ ਝੂਠੇ ਹਨ ਅਤੇ ਝੂਠਾ ਹੈ ਉਨ੍ਹਾਂ ਦਾ ਹੰਕਾਰ।

ਨਾਨਕ, ਸਚੁ ਧਿਆਇ ਤੂ; ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥

ਤੂੰ ਸੱਚੇ ਸਾਹਿਬ ਦਾ ਸਿਮਰਨ ਕਰ ਹੇ ਨਾਨਕ! ਸਤਿਪੁਰਖ ਦੇ ਬਾਝੋਂ ਬੇਸਮਝ ਸੜ ਗਲ ਕੇ ਮਰ ਜਾਂਦੇ ਹਨ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਅਗੋ ਦੇ, ਸਤ ਭਾਉ ਨ ਦਿਚੈ; ਪਿਛੋ ਦੇ ਆਖਿਆ, ਕੰਮਿ ਨ ਆਵੈ ॥

ਤੂੰ ਪਹਿਲਾਂ ਗੁਰਾਂ ਨੂੰ ਆਦਰ ਮਾਣ ਨਹੀਂ ਦਿੱਤਾ ਤੇਰਾ ਮਗਰੋਂ ਬਹਾਨੇ ਬਣਾਉਣਾ ਕਿਸੇ ਕੰਮ ਨਹੀਂ।

ਅਧ ਵਿਚਿ ਫਿਰੈ ਮਨਮੁਖੁ ਵੇਚਾਰਾ; ਗਲੀ ਕਿਉ ਸੁਖੁ ਪਾਵੈ? ॥

ਬਦਬਖਤ ਅਧਰਮੀ ਅੱਧ ਵਿਚਾਲੇ ਭਟਕਦਾ ਫਿਰਦਾ ਹੈ। ਮੂੰਹ-ਜਬਾਨੀ ਗੱਲਾਂ ਨਾਲ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ?

ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ; ਸੁ ਕੂੜੀ ਆਵੈ ਕੂੜੀ ਜਾਵੈ ॥

ਜਿਸ ਦੇ ਦਿਲ ਅੰਦਰ ਸੱਚੇ ਗੁਰਾਂ ਲਈ ਪਿਰਹੜੀ ਨਹੀਂ, ਉਹ ਝੂਠ ਨਾਲ ਹੀ ਆਉਂਦਾ ਹੈ ਅਤੇ ਝੂਠ ਨਾਲ ਹੀ ਟੁਰ ਜਾਂਦਾ ਹੈ।

ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ; ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥

ਜੇਕਰ ਵਾਹਿਗੁਰੂ ਸੁਆਮੀ ਸਿਰਜਣਹਾਰ ਆਪਣੀ ਰਹਿਮਤ ਧਾਰੇ, ਤਦ, ਬੰਦਾ ਸਤਿਗੁਰਾਂ ਨੂੰ ਪਰਮ ਪ੍ਰਭੂ ਦਾ ਸਰੂਪ ਤਕਦਾ ਹੈ।

ਤਾ ਅਪਿਉ ਪੀਵੈ ਸਬਦੁ ਗੁਰ ਕੇਰਾ; ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥

ਉਹ ਤਦ, ਗੁਰਾਂ ਦੀ ਬਾਣੀ ਦਾ ਅੰਮ੍ਰਿਤ ਪਾਨ ਕਰਦਾ ਹੈ ਅਤੇ ਉਸ ਦੀ ਸਾਰੀ ਜਲਨ, ਫਿਕਰ ਅਤੇ ਸੰਦੇਹ ਮਿਟ ਜਾਂਦੇ ਹਨ।

ਸਦਾ ਅਨੰਦਿ ਰਹੈ ਦਿਨੁ ਰਾਤੀ; ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥

ਦਿਨ ਰੈਣ, ਉਹ ਸਦੀਵ ਹੀ ਖੁਸ਼ ਰਹਿੰਦਾ ਹੈ ਅਤੇ ਹਮੇਸ਼ਾਂ, ਵਾਹਿਗੁਰੂ ਦੀਆਂ ਉਸਤਤੀਆਂ ਗਾਇਨ ਕਰਦਾ ਹੈ, ਹੇ ਗੋਲੇ ਨਾਨਕ!


ਮ : ੪ ॥

ਚੋਥੀ ਪਾਤਸ਼ਾਹੀ।

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਜੋ ਆਪਣੇ ਆਪ ਨੂੰ ਵੱਡੇ ਸੱਚੇ ਗੁਰਾਂ ਦਾ ਸਿੱਖ ਕਹਾਉਂਦਾ ਹੈ, ਉਸ ਨੂੰ ਅੰਮ੍ਰਿਤ ਵੇਲੇ ਉਠ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।

ਉਦਮੁ ਕਰੇ, ਭਲਕੇ ਪਰਭਾਤੀ; ਇਸਨਾਨੁ ਕਰੇ, ਅੰਮ੍ਰਿਤ ਸਰਿ ਨਾਵੈ ॥

ਉਸ ਨੂੰ ਬਹੁਤ ਤੜਕੇ ਉਪਰਾਲਾ ਕਰਕੇ, ਨ੍ਹਾਉਣਾ ਅਤੇ ਸੁਘਾਰਸ ਦੇ ਤਾਲਾਬ ਅੰਦਰ ਟੁੱਬੀ ਲਾਉਣ ਉਚਿੱਤ ਹੈ।

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥

ਗੁਰਾਂ ਦੀ ਸਿਖਿਆ ਤਾਬੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਸ ਦੇ ਸਾਰੇ ਗੁਨਾਹ, ਕੁਕਰਮ ਤੇ ਦੂਸ਼ਣ ਉਤਰ ਜਾਂਦੇ ਹਨ।

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥

ਮਗਰੋਂ, ਦਿਨ ਚੜ੍ਹੇ ਉਹ ਗੁਰਬਾਣੀ ਗਾਇਨ ਕਰਦਾ ਹੈ ਅਤੇ ਬਹਿੰਦਾ ਜਾ ਉਠਦਾ ਹੋਇਆ ਰੱਬ ਦੇ ਨਾਮ ਨੂੰ ਸਿਮਰਦਾ ਹੈ।

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ ਗੁਰੂ ਮਨਿ ਭਾਵੈ ॥

ਗੁਰੂ ਦਾ ਮਰੀਦ, ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਮੇਰੇ ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦਾ ਹੈ, ਉਹ ਗੁਰਾਂ ਦੇ ਚਿੱਤ ਨੂੰ ਚੰਗਾ ਲਗਣ ਲਗ ਜਾਂਦਾ ਹੈ।

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥

ਜਿਸ ਉਤੇ ਮੇਰਾ ਮਾਲਕ ਮਿਹਰਬਾਨ ਹੁੰਦਾ ਹੈ, ਉਸ ਆਪਣੇ ਸ਼ਿਸ਼ ਨੂੰ ਗੁਰੂ ਜੀ ਆਪਣੀ ਸਿਖ-ਮਤ ਪ੍ਰਚਾਰਦੇ ਹਨ।

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥

ਨੋਕਰ ਨਾਨਕ, ਉਸ ਗੁਰੂ ਦੇ ਸਿਖ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਜੋ ਖੁਦ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਹੋਰਨਾ ਤੋਂ ਉਸ ਦਾ ਸਿਮਰਨ ਕਰਵਾਉਂਦਾ ਹੈ।


ਪਉੜੀ ॥

ਪਉੜੀ।

ਜੋ ਤੁਧੁ ਸਚੁ ਧਿਆਇਦੇ; ਸੇ ਵਿਰਲੇ ਥੋੜੇ ॥

ਬਹੁਤ ਹੀ ਘਟ ਹਨ ਉਹ ਜੋ ਤੇਰੀ ਆਰਾਧਨਾ ਕਰਦੇ ਹਨ, ਹੇ ਸੱਚੇ ਸੁਆਮੀ!

ਜੋ ਮਨਿ ਚਿਤਿ ਇਕੁ ਅਰਾਧਦੇ; ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥

ਜੋ ਮਨੋਂ ਤੇ ਦਿਲੋਂ ਅਦੁੱਤੀ ਸਾਹਿਬ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਬਦੌਲਤ ਅਣਗਿਣਤ ਤੇ ਕ੍ਰੋੜਾਂ ਹੀ ਖਾਂਦੇ ਹਨ।

ਤੁਧੁਨੋ ਸਭ ਧਿਆਇਦੀ; ਸੇ ਥਾਇ ਪਏ, ਜੋ ਸਾਹਿਬ ਲੋੜੇ ॥

ਸਾਰੀ ਰਚਨਾ ਤੈਨੂੰ ਯਾਦ ਕਰਦੀ ਹੈ। ਕੇਵਲ ਉਹੀ ਕਬੂਲ ਪੈਂਦੇ ਹਨ ਜੋ ਪ੍ਰਭੂ ਨੂੰ ਚੰਗੇ ਲਗਦੇ ਹਨ।

ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ; ਸੇ ਮੁਏ ਮਰਿ ਜੰਮੇ ਕੋੜ੍ਹੇ ॥

ਕੋੜ੍ਹੀ ਜੋ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਛਕਦੇ ਅਤੇ ਪਹਿਰਦੇ ਹਨ, ਉਹ ਮਰਨ ਮਗਰੋਂ ਆਵਾਗਉਣ ਵਿੱਚ ਪੈਦੇ ਹਨ।

ਓਇ ਹਾਜਰੁ ਮਿਠਾ ਬੋਲਦੇ; ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥

ਗੁਰਾਂ ਦੇ ਰੂਬਰੂ ਉਹ ਮਿੱਠੜੇ ਬਚਨ ਅਲਾਪਦੇ ਹਨ, ਪ੍ਰੰਤੂ ਉਨ੍ਹਾਂ ਦੀ ਪਿੱਠ ਪਿਛੇ ਉਹ ਆਪਣੇ ਮੂੰਹ ਵਿਚੋਂ ਘੁਲੀ ਹੋਈ ਜ਼ਹਿਰ ਉਗਲਦੇ ਹਨ।

ਮਨਿ ਖੋਟੇ, ਦਯਿ ਵਿਛੋੜੇ ॥੧੧॥

ਮੰਦੀ ਆਤਮਾ ਵਾਲਿਆਂ ਨੂੰ ਵਾਹਿਗੁਰੂ ਜੁਦਾ ਕਰ ਦਿੰਦਾ ਹੈ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ; ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥

ਉਸ ਅਸ਼ਰਧਾਲੂ ਮਰਵਾਹੇ ਨੇ ਆਪਣੇ ਸ਼ਰਧਾਹੀਣ ਨੋਕਰ ਨੂੰ ਗੰਦਗੀ ਤੇ ਜੂਆਂ ਨਾਲ ਪੂਰਤ ਨੀਲੀ ਤੇ ਕਾਲੀ ਖਫਣੀ ਪੁਆ ਦਿੱਤੀ।

ਪਾਸਿ ਨ ਦੇਈ ਕੋਈ ਬਹਣਿ, ਜਗਤ ਮਹਿ; ਗੂਹ ਪੜਿ ਸਗਵੀ ਮਲੁ ਲਾਇ, ਮਨਮੁਖੁ ਆਇਆ ॥

ਸੰਸਾਰ ਅੰਦਰ ਕੋਈ ਭੀ ਉਸ ਨੂੰ ਆਪਣੇ ਨੇੜੇ ਬਹਿਣ ਨਹੀਂ ਦਿੰਦਾ। ਉਹ ਗੰਦਗੀ ਵਿੱਚ ਡਿਗ ਪਿਆ ਅਤੇ ਸਗੋਂ ਵਧੇਰੀ ਗੰਦਗੀ ਨਾਲ ਲਿਬੇੜ ਕੇ ਅਧਰਮੀ ਵਾਪਸ ਆ ਗਿਆ।

ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ; ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥

ਅਧਰਮੀ ਨੂੰ ਹੋਰਨਾ ਨੂੰ ਕਲੰਕਤ ਕਰਨ ਅਤੇ ਪਿੱਠ ਪਿਛੇ ਬੁਰਾ ਕਹਿਣ ਲਈ ਘੱਲਿਆ ਗਿਆ ਸੀ, ਪਰ ਓਥੇ ਭੀ ਦੋਨਾਂ ਪ੍ਰਤੀਕੂਲ ਪੁਰਸ਼ਾਂ ਦੇ ਚਿਹਰੇ ਕਾਲੇ ਕੀਤੇ ਗਏ।

ਤੜ ਸੁਣਿਆ, ਸਭਤੁ ਜਗਤ ਵਿਚਿ ਭਾਈ! ਵੇਮੁਖੁ ਸਣੈ ਨਫਰੈ ਪਉਲੀ ਪਉਦੀ; ਫਾਵਾ ਹੋਇ ਕੈ, ਉਠਿ ਘਰਿ ਆਇਆ ॥

ਤੁਰਤ ਹੀ ਸਾਰੇ ਜਹਾਨ ਵਿੱਚ ਵਜ ਗਿਆ ਮੇਰੇ ਭਰਾਓ, ਕਿ ਆਪ ਹੁਦਰਾ ਮਨੁੱਖ ਸਮੇਤ ਆਪਣੇ ਨੌਕਰ ਦੇ ਛਿਤੱਰਾਇਆ ਗਿਆ ਹੈ। ਡੌਰ ਭੌਰ ਹੋ ਕੇ, ਉਹ ਉਠ ਕੇ ਆਪਣੇ ਗ੍ਰਹਿ ਨੂੰ ਮੁੜ ਆਏ।

ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ; ਤਾ ਵਹੁਟੀ ਭਤੀਜਂ​ੀ ਫਿਰਿ ਆਣਿ ਘਰਿ ਪਾਇਆ ॥

ਅਗੋਂ ਲਈ ਉਸ ਪ੍ਰਤੀਕੂਲ ਪੁਰਸ਼ ਦਾ ਸਭਾਵਾਂ ਅਤੇ ਉਸ ਦੇ ਬੱਚਿਆਂ ਦੇ ਸਹੁਰਿਆਂ ਨਾਲ ਮੇਲ ਜੋਲ ਬੰਦ ਕਰ ਦਿਤਾ ਗਿਆ। ਤਦ ਉਸ ਦੀ ਪਤਨੀ ਅਤੇ ਭਾਈ ਦੀ ਧੀ ਨੇ ਮੁੜ ਉਸ ਨੂੰ ਲਿਆ ਕੇ ਮਕਾਨ ਵਿੱਚ ਪਾ ਦਿਤਾ।

ਹਲਤੁ ਪਲਤੁ ਦੋਵੈ ਗਏ; ਨਿਤ ਭੁਖਾ ਕੂਕੇ ਤਿਹਾਇਆ ॥

ਉਸ ਨੇ ਇਹ ਲੋਕ ਤੇ ਪ੍ਰਲੋਕ ਦੋਨੋ ਹੀ ਗੁਆ ਲਏ ਹਨ। ਭੁੱਖਾ ਤੇ ਪਿਆਸਾ ਉਹ ਸਦਾ ਚੀਕਾਂ ਮਾਰਦਾ ਹੈ।

ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ; ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥

ਮੁਬਾਰਕ! ਮੁਬਾਰਕ! ਹੈ ਸਰਬ-ਸ਼ਕਤੀਵਾਨ ਪ੍ਰਭੂ! ਸਿਰਜਣਹਾਰ ਜਿਸ ਨੇ ਇਨਸਾਫ ਦੇ ਆਸਣ ਤੇ ਬੈਠ ਕੇ ਖੁਦ ਅਸਲੀ ਫੈਸਲਾ ਕਰਵਾਇਆ ਹੈ।

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ; ਸੋ ਸਾਚੈ ਮਾਰਿ ਪਚਾਇਆ ॥

ਜੋ ਪੂਰਨ ਸੱਚੇ ਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸੱਚਾ ਸੁਆਮੀ ਸਜ਼ਾ ਦੇ ਕੇ ਮਾਰ ਸੁਟਦਾ ਹੈ।

ਏਹੁ ਅਖਰੁ ਤਿਨਿ ਆਖਿਆ; ਜਿਨਿ ਜਗਤੁ ਸਭੁ ਉਪਾਇਆ ॥੧॥

ਇਹ ਬਚਨ ਉਸ ਨੇ ਉਚਾਰਣ ਕੀਤਾ ਹੈ, ਜਿਸ ਨੇ ਸਾਰਾ ਸੰਸਾਰ ਸਾਜਿਆ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ; ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥

ਜਿਸ ਦਾ ਮਾਲਕ ਕੰਗਾਲ ਹੈ, ਉਸ ਦਾ ਨੌਕਰ ਕਿਥੋਂ ਢਿੱਡ ਭਰ ਕੇ ਖਾ ਸਕਦਾ ਹੈ।

ਜਿ ਸਾਹਿਬ ਕੈ ਘਰਿ ਵਥੁ ਹੋਵੈ, ਸੁ ਨਫਰੈ ਹਥਿ ਆਵੈ; ਅਣਹੋਦੀ ਕਿਥਹੁ ਪਾਏ ॥

ਜੇਕਰ ਮਾਲਕ ਦੇ ਗ੍ਰਹਿ ਅੰਦਰ ਕੋਈ ਚੀਜ਼ ਹੋਵੇ, ਉਸ ਨੂੰ ਉਸ ਦਾ ਨੌਕਰ ਹਾਸਲ ਕਰ ਸਕਦਾ ਹੈ, ਪਰ ਜੇ ਹੈ ਹੀ ਨਹੀਂ ਉਸ ਨੂੰ ਉਹ ਕਿਥੋ ਲੈ ਸਕਦਾ ਹੈ।

ਜਿਸ ਦੀ ਸੇਵਾ ਕੀਤੀ, ਫਿਰਿ ਲੇਖਾ ਮੰਗੀਐ; ਸਾ ਸੇਵਾ ਅਉਖੀ ਹੋਈ ॥

ਜਿਸ ਦੀ ਘਾਲ ਕਮਾਉਣ ਦੁਆਰਾ ਮੁੜ ਹਿਸਾਬ ਕਿਤਾਬ ਪੁਛਿਆ ਜਾਂਦਾ ਹੈ, ਉਹ ਘਾਲ ਨਿਰਸੰਦੇਹ ਦੁਖਦਾਈ ਹੈ?

ਨਾਨਕ, ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ; ਫਿਰਿ ਲੇਖਾ ਮੰਗੈ ਨ ਕੋਈ ॥੨॥

ਨਾਨਕ ਤੂੰ ਰੱਬ ਰੂਪ ਗੁਰਾਂ ਦੀ ਟਹਿਲ ਕਮਾ ਜਿਨ੍ਹਾਂ ਦਾ ਦੀਦਾਰ ਲਾਭਦਾਇਕ ਹੈ ਅਤੇ ਮਗਰੋਂ ਤੇਰੇ ਪਾਸੋਂ ਕੋਈ ਹਿਸਾਬ ਕਿਤਾਬ ਤਲਬ ਨਹੀਂ ਕੀਤਾ ਜਾਵੇਗਾ।


ਪਉੜੀ ॥

ਪਉੜੀ।

ਨਾਨਕ ਵੀਚਾਰਹਿ ਸੰਤ ਜਨ; ਚਾਰਿ ਵੇਦ ਕਹੰਦੇ ॥

ਨਾਨਕ ਧਰਮਾਤਮਾ ਖਿਆਲ ਕਰਦੇ ਹਨ ਅਤੇ ਚਾਰੇ ਵੇਦ ਆਖਦੇ ਹਨ,

ਭਗਤ ਮੁਖੈ ਤੇ ਬੋਲਦੇ; ਸੇ ਵਚਨ ਹੋਵੰਦੇ ॥

ਕਿ ਜਿਹੜੇ ਸ਼ਬਦ ਸੰਤ ਮੂੰਹੋਂ ਉਚਾਰਦੇ ਹਨ, ਉਹ ਪੂਰੇ ਹੋ ਜਾਂਦੇ ਹਨ।

ਪ੍ਰਗਟ ਪਹਾਰਾ ਜਾਪਦਾ; ਸਭਿ ਲੋਕ ਸੁਣੰਦੇ ॥

ਆਪਣੇ ਕਾਰਖਾਨੇ ਅੰਦਰ ਉਹ ਜ਼ਾਹਰਾ ਦਿਸਦਾ ਹੈ। ਸਾਰੇ ਲੋਕੀਂ ਇਹ ਸੁਣਦੇ ਹਨ।

ਸੁਖੁ ਨ ਪਾਇਨਿ ਮੁਗਧ ਨਰ; ਸੰਤ ਨਾਲਿ ਖਹੰਦੇ ॥

ਬੁਧੂ ਬੰਦੇ ਜੋ ਸਾਧੂਆਂ ਨਾਲ ਖਹਿਬੜਦੇ ਹਨ, ਆਰਾਮ ਨਹੀਂ ਪਾਉਂਦੇ।

ਓਇ ਲੋਚਨਿ ਓਨਾ ਗੁਣੈ ਨੋ; ਓਇ ਅਹੰਕਾਰਿ ਸੜੰਦੇ ॥

ਉਹ (ਸਾਧੂ) ਉਨ੍ਹਾਂ ਲਈ ਭਲਿਆਈ ਲੋੜਦੇ ਹਨ ਅਤੇ ਉਹ ਸਵੈ-ਹੰਗਤਾ ਨਾਲ ਬਲਦੇ ਹਨ।

ਓਇ ਵਿਚਾਰੇ ਕਿਆ ਕਰਹਿ? ਜਾ ਭਾਗ ਧੁਰਿ ਮੰਦੇ ॥

ਉਹ ਨਿਕਰਮਣ ਕੀ ਕਰ ਸਕਦੇ ਹਨ, ਚੂੰਕਿ ਮੁੱਢ ਤੋਂ ਹੀ ਉਨ੍ਹਾਂ ਦੀ ਕਿਸਮਤ ਮਾੜੀ ਹੈ?

ਜੋ ਮਾਰੇ ਤਿਨਿ ਪਾਰਬ੍ਰਹਮਿ; ਸੇ ਕਿਸੈ ਨ ਸੰਦੇ ॥

ਜਿਨ੍ਹਾਂ ਨੂੰ ਉਸ ਸ਼ਰੋਮਣੀ ਸਾਹਿਬ ਨੇ ਨਾਸ ਕੀਤਾ ਹੈ, ਉਹ ਕਿਸੇ ਦੇ ਭੀ ਨਹੀਂ ਹਨ।

ਵੈਰੁ ਕਰਹਿ ਨਿਰਵੈਰ ਨਾਲਿ; ਧਰਮ ਨਿਆਇ ਪਚੰਦੇ ॥

ਇਹ ਅਸਲ ਇਨਸਾਫ ਹੈ ਕਿ ਜੋ ਵੈਰ-ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਹ ਤਬਾਹ ਹੋ ਜਾਣੇ ਉਚਿੱਤ ਹਨ।

ਜੋ ਜੋ ਸੰਤਿ ਸਰਾਪਿਆ; ਸੇ ਫਿਰਹਿ ਭਵੰਦੇ ॥

ਜਿਨ੍ਹਾਂ ਨੂੰ ਸਾਧੂਆ ਨੇ ਫਿਟਕਾਰਿਆਂ ਹੈ, ਉਹ ਭਟਕਦੇ ਰਹਿੰਦੇ ਹਨ।

ਪੇਡੁ ਮੁੰਢਾਹੂੰ ਕਟਿਆ; ਤਿਸੁ ਡਾਲ ਸੁਕੰਦੇ ॥੧੨॥

ਜਦ ਬਿਰਛ ਜੜ੍ਹਾਂ ਤੋਂ ਵੱਢ ਦਿੱਤਾ ਜਾਂਦਾ ਹੈ, ਇਸ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਅੰਤਰਿ ਹਰਿ ਗੁਰੂ ਧਿਆਇਦਾ; ਵਡੀ ਵਡਿਆਈ ॥

ਮਹਾਨ ਹੈ ਮਹਾਨਤਾ ਗੁਰਾਂ ਦੀ ਜੋ ਆਪਣੇ ਹਿਰਦੇ ਅੰਦਰ ਵਾਹਿਗੁਰੂ ਦਾ ਆਰਾਧਨ ਕਰਦੇ ਹਨ।

ਤੁਸਿ ਦਿਤੀ ਪੂਰੈ ਸਤਿਗੁਰੂ; ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥

ਪਰਸੰਨ ਹੋ ਕੇ ਪ੍ਰਭੂ ਨੇ ਇਹ ਪੂਰਨ ਸਤਿਗੁਰਾਂ ਨੂੰ ਪ੍ਰਦਾਨ ਕੀਤਾ ਹੈ। ਕਿਸੇ ਦੇ ਕੰਮ ਕਰਨ ਦੁਆਰਾ ਇਹ ਭੋਰਾ ਭਰ ਭੀ ਘੱਟ ਨਹੀਂ ਹੁੰਦੀ।

ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ; ਤਾਂ ਝਖਿ ਝਖਿ ਮਰੈ ਸਭ ਲੋੁਕਾਈ ॥

ਸੱਚਾ ਸੁਆਮੀ ਸੱਚੇ ਗੁਰਾਂ ਦੇ ਪਾਸੇ ਹੈ, ਤਦ ਸਾਰੇ ਆਦਮੀ ਜੋ ਗੁਰਾਂ ਦੇ ਖਿਲਾਫ ਹਨ, ਖੱਪ ਖੱਪ ਕੇ ਮਰ ਜਾਂਦੇ ਹਨ।

ਨਿੰਦਕਾ ਕੇ ਮੁਹ ਕਾਲੇ ਕਰੇ; ਹਰਿ ਕਰਤੈ ਆਪਿ ਵਧਾਈ ॥

ਵਾਹਿਗੁਰੂ, ਸਿਰਜਣਹਾਰ ਬਦਖੋਈ ਕਰਨ ਵਾਲਿਆਂ ਦੇ ਚਿਹਰੇ ਸਿਆਹ ਕਰਦਾ ਹੈ। ਗੁਰਾਂ ਦੀ ਪ੍ਰਭੁਤਾ ਉਹ ਖੁਦ ਵਧੇਰੇ ਕਰਦਾ ਹੈ।

ਜਿਉ ਜਿਉ ਨਿੰਦਕ ਨਿੰਦ ਕਰਹਿ; ਤਿਉ ਤਿਉ ਨਿਤ ਨਿਤ ਚੜੈ ਸਵਾਈ ॥

ਜਿਸ ਜਿਸ ਤਰ੍ਹਾਂ ਕਲੰਕ ਲਾਉਣ ਵਾਲੇ ਗੁਰਾਂ ਤੇ ਕਲੰਕ ਲਾਉਂਦੇ ਹਨ, ਉਸੇ ਉਸੇ ਤਰ੍ਹਾਂ ਹੀ ਉਨ੍ਹਾਂ ਦੀ ਉਪਮਾ ਰੋਜ਼-ਬ-ਰੋਜ਼ ਵਧੇਰੇ ਹੁੰਦੀ ਜਾਂਦੀ ਹੈ।

ਜਨ ਨਾਨਕ ਹਰਿ ਆਰਾਧਿਆ; ਤਿਨਿ ਪੈਰੀ ਆਣਿ ਸਭ ਪਾਈ ॥੧॥

ਗੋਲੇ ਨਾਨਕ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਜਿਸ ਨੇ ਹਰ ਕਿਸੇ ਨੂੰ ਉਨ੍ਹਾਂ ਦੇ ਚਰਨੀ ਪਾ ਦਿਤਾ ਹੈ।


ਮ : ੪ ॥

ਚੋਥੀ ਪਾਤਸ਼ਾਹੀ।

ਸਤਿਗੁਰ ਸੇਤੀ ਗਣਤ ਜਿ ਰਖੈ; ਹਲਤੁ ਪਲਤੁ ਸਭੁ ਤਿਸ ਕਾ ਗਇਆ ॥

ਜੋ ਸੱਚੇ ਗੁਰਾਂ ਨਾਲ ਗਿਣਤੀ ਮਿਣਤੀ ਕਰਦਾ ਹੈ, ਉਹ ਇਹ ਲੋਕ ਅਤੇ ਪ੍ਰਲੋਕ ਸਮੂਹ ਗੁਆ ਲੈਦਾ ਹੈ।

ਨਿਤ ਝਹੀਆ ਪਾਏ ਝਗੂ ਸੁਟੇ; ਝਖਦਾ ਝਖਦਾ ਝੜਿ ਪਇਆ ॥

ਉਹ ਹਮੇਸ਼ਾਂ, ਆਪਣੇ ਦੰਦ ਪੀਹਦਾ ਹੈ, ਮੂੰਹ ਵਿਚੋਂ ਝੱਗ ਸੁਟਦਾ ਹੈ ਅਤੇ ਬਕਵਾਸ ਕਰਦਾ ਕਰਦਾ ਮਰ ਮੁਕ ਜਾਂਦਾ ਹੈ।

ਨਿਤ ਉਪਾਵ ਕਰੈ ਮਾਇਆ ਧਨ ਕਾਰਣਿ; ਅਗਲਾ ਧਨੁ ਭੀ ਉਡਿ ਗਇਆ ॥

ਦੌਲਤ ਤੇ ਪਦਾਰਥ ਲਈ, ਉਹ ਨਿਰੰਤਰ ਹੀ ਯਤਨ ਕਰਦਾ ਹੈ, ਪ੍ਰੰਤੂ ਉਸ ਦਾ ਪਹਿਲਾਂ ਪਦਾਰਥ ਭੀ ਖਤਮ ਹੋ ਜਾਂਦਾ ਹੈ।

ਕਿਆ ਓਹੁ ਖਟੇ? ਕਿਆ ਓਹੁ ਖਾਵੈ? ਜਿਸੁ ਅੰਦਰਿ ਸਹਸਾ ਦੁਖੁ ਪਇਆ ॥

ਉਹ ਕੀ ਕਮਾਏਗਾ ਅਤੇ ਕੀ ਖਾਏਗਾ, ਜਿਸ ਦੇ ਦਿਲ ਅੰਦਰ ਫਿਕਰ ਚਿੰਤਾ ਦੀ ਪੀੜ ਹੈ।

ਨਿਰਵੈਰੈ ਨਾਲਿ ਜਿ ਵੈਰੁ ਰਚਾਏ; ਸਭੁ ਪਾਪੁ ਜਗਤੈ ਕਾ, ਤਿਨਿ ਸਿਰਿ ਲਇਆ ॥

ਜੋ ਵੈਰ-ਵਿਰੋਧ ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਜਹਾਨ ਦੇ ਸਾਰੇ ਗੁਨਾਹ ਆਪਣੇ ਸਿਰ ਤੇ ਲੈ ਲੈਦਾ ਹੈ।

ਓਸੁ ਅਗੈ ਪਿਛੈ ਢੋਈ ਨਾਹੀ; ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥

ਜਿਸ ਦਾ ਮੂੰਹ ਉਸ ਦੇ ਦਿਲ ਦੀ ਬਦਖੋਈ ਉਚਾਰਨ ਕਰਨ ਨਾਲ ਧੁਖ ਉਠਿਆ ਹੈ, ਉਸ ਨੂੰ ਏਥੇ ਅਤੇ ਅੱਗੇ ਕੋਈ ਪਨਾਹ ਨਹੀਂ ਮਿਲਦੀ।

ਜੇ ਸੁਇਨੇ ਨੋ ਓਹੁ ਹਥੁ ਪਾਏ; ਤਾ ਖੇਹੂ ਸੇਤੀ ਰਲਿ ਗਇਆ ॥

ਜੇਕਰ ਉਹ ਸੋਨੇ ਨੂੰ ਹੱਥ ਪਾਵੇ ਤਦ ਇਹ ਮਿੱਟੀ ਹੋ ਉਸ ਨਾਲ ਮਿਲ ਜਾਂਦਾ ਹੈ।

ਜੇ ਗੁਰ ਕੀ ਸਰਣੀ, ਫਿਰਿ ਓਹੁ ਆਵੈ; ਤਾ ਪਿਛਲੇ ਅਉਗਣ ਬਖਸਿ ਲਇਆ ॥

ਜੇਕਰ ਉਹ ਮੁੜ ਕੇ ਗੁਰਾਂ ਦੀ ਪਨਾਹ ਲੈ ਲਵੇ, ਤਦ ਉਸ ਦੇ ਪਹਿਲੇ ਪਾਪ ਮਾਫ ਹੋ ਜਾਂਦੇ ਹਨ।

ਜਨ ਨਾਨਕ ਅਨਦਿਨੁ ਨਾਮੁ ਧਿਆਇਆ; ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥

ਰਾਤ ਦਿਨ, ਨੌਕਰ ਨੇ ਨਾਮ ਦਾ ਆਰਾਧਨ ਕੀਤਾ ਹੈ। ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਗੁਨਾਹ ਅਤੇ ਅਪ੍ਰਾਧ ਮਿਟ ਜਾਂਦੇ ਹਨ।


ਪਉੜੀ ॥

ਪਉੜੀ।

ਤੂਹੈ ਸਚਾ, ਸਚੁ ਤੂ; ਸਭ ਦੂ ਉਪਰਿ ਤੂ ਦੀਬਾਣੁ ॥

ਤੂੰ ਸਚਿਆਰਾ ਦਾ ਪਰਮ ਸਚਿਆਰ ਹੈਂ। ਤੇਰੀ ਕਚਹਿਰੀ ਸਾਰੀਆਂ ਨਾਲੋਂ ਉੱਚੀ ਹੈ!

ਜੋ ਤੁਧੁ ਸਚੁ ਧਿਆਇਦੇ; ਸਚੁ ਸੇਵਨਿ ਸਚੇ ਤੇਰਾ ਮਾਣੁ ॥

ਜਿਹੜੇ ਤੇਰਾ ਸਿਮਰਨ ਕਰਦੇ ਹਨ ਹੇ ਸੱਚੇ ਸਾਹਿਬ! ਉਹ ਸੱਚ ਦੀ ਕਮਾਈ ਕਰਦੇ ਹਨ। ਤੂੰ ਹੀ ਸਤਿਪੁਰਖ ਉਨ੍ਹਾਂ ਦਾ ਯੋਗ ਫਖਰ ਹੈ।

ਓਨਾ ਅੰਦਰਿ ਸਚੁ, ਮੁਖ ਉਜਲੇ; ਸਚੁ ਬੋਲਨਿ ਸਚੇ ਤੇਰਾ ਤਾਣੁ ॥

ਉਨ੍ਹਾਂ ਦੇ ਅੰਦਰ ਸੱਚ ਹੈ, ਉਨ੍ਹਾਂ ਦੇ ਚਿਹਰੇ ਰੋਸ਼ਨ ਹਨ, ਉਹ ਸੱਚ ਬੋਲਦੇ ਹਨ ਅਤੇ ਤੂੰ ਹੇ ਸਤਿਪੁਰਖ ਉਨ੍ਹਾਂ ਦੀ ਸੱਤਿਆ ਹੈਂ।

ਸੇ ਭਗਤ, ਜਿਨੀ ਗੁਰਮੁਖਿ ਸਾਲਾਹਿਆ; ਸਚੁ ਸਬਦੁ ਨੀਸਾਣੁ ॥

ਕੇਵਲ ਓਹੀ ਸੰਤ ਹਨ, ਜੋ ਗੁਰਾਂ ਦੇ ਰਾਹੀਂ ਤੇਰੀ ਸਿਫ਼ਤ-ਸ਼ਲਾਘਾ ਕਰਦੇ ਹਨ ਅਤੇ ਜਿਨ੍ਹਾਂ ਦੇ ਕੋਲ ਸੱਚੇ ਨਾਮ ਦਾ ਝੰਡਾ ਹੈ।

ਸਚੁ ਜਿ ਸਚੇ ਸੇਵਦੇ; ਤਿਨ ਵਾਰੀ ਸਦ ਕੁਰਬਾਣੁ ॥੧੩॥

ਨਿਸਚਿਤ ਹੀ ਮੈਂ ਉਨ੍ਹਾਂ ਉਤੋਂ ਸਦਕੇ ਅਤੇ ਹਮੇਸ਼ਾਂ ਬਲਿਹਾਰ ਜਾਂਦਾ ਹਾਂ, ਜੋ ਸੱਚੇ ਸਾਈਂ ਦੀ ਘਾਲ ਕਮਾਉਂਦੇ ਹਨ।


ਸਲੋਕ ਮ : ੪ ॥

ਸਲੋਕ ਚੋਥੀ ਪਾਤਸ਼ਾਹੀ।

ਧੁਰਿ ਮਾਰੇ ਪੂਰੈ ਸਤਿਗੁਰੂ; ਸੇਈ ਹੁਣਿ ਸਤਿਗੁਰਿ ਮਾਰੇ ॥

ਜਿਨ੍ਹਾਂ ਨੂੰ ਪੂਰਨ ਸਤਿਗੁਰੂ ਨੇ ਮੁੱਢ ਤੋਂ ਧਿਰਕਾਰਿਆ ਸੀ, ਉਨ੍ਹਾਂ ਨੂੰ ਹੁਣ ਸੱਚੇ ਗੁਰਾਂ ਨੇ ਫਿਟਕਾਰ ਛੱਡਿਆ ਹੈ।

ਜੇ ਮੇਲਣ ਨੋ ਬਹੁਤੇਰਾ ਲੋਚੀਐ; ਨ ਦੇਈ ਮਿਲਣ ਕਰਤਾਰੇ ॥

ਸਿਰਜਣਹਾਰ ਉਨ੍ਹਾਂ ਨੂੰ ਗੁਰੂ ਨਾਲ ਮਿਲਣ ਨਹੀਂ ਦਿੰਦਾ, ਭਾਵੇਂ ਉਹ ਕਿੰਨਾਂ ਹੀ ਬਹੁਤਾ ਚਾਹੁਣ ਉਸ ਨਾਲ ਮਿਲਾਪ ਹੋ ਜਾਵੇ।

ਸਤਸੰਗਤਿ ਢੋਈ ਨਾ ਲਹਨਿ; ਵਿਚਿ ਸੰਗਤਿ ਗੁਰਿ ਵੀਚਾਰੇ ॥

ਸਾਧ ਸੰਗਤ ਅੰਦਰ ਉਨ੍ਹਾਂ ਨੂੰ ਕੋਈ ਪਨਾਹ ਨਹੀਂ ਮਿਲਦੀ। ਸੰਤ ਸਮਾਗਮ ਅੰਦਰ ਗੁਰਾਂ ਨੇ ਏਸ ਤਰ੍ਹਾਂ ਆਪਣੀ ਰਾਇ ਪਰਗਟ ਕੀਤੀ ਹੈ।

ਕੋਈ ਜਾਇ ਮਿਲੈ ਹੁਣਿ ਓਨਾ ਨੋ; ਤਿਸੁ ਮਾਰੇ ਜਮੁ ਜੰਦਾਰੇ ॥

ਜੋ ਕੋਈ ਭੀ ਹੁਣ ਜਾ ਕੇ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਮੌਤ ਦਾ ਨਿਰਦਈ ਦੂਤ ਨਾਸ ਕਰ ਦਿੰਦਾ ਹੈ।

ਗੁਰਿ ਬਾਬੈ ਫਿਟਕੇ, ਸੇ ਫਿਟੇ; ਗੁਰਿ ਅੰਗਦਿ ਕੀਤੇ ਕੂੜਿਆਰੇ ॥

ਜੋ ਆਦਿ ਗੁਰਾਂ ਦੇ ਧਿਰਕਾਰੇ ਹੋਏ ਸਨ, ਉਹ ਭ੍ਰਿਸ਼ਟੇ ਹੀ ਰਹੇ ਅਤੇ ਗੁਰੂ ਅੰਗਦ ਦੇਵ ਜੀ ਨੇ ਭੀ ਉਨ੍ਹਾਂ ਨੂੰ ਝੂਠੇ ਕਰਾਰ ਦੇ ਦਿਤਾ।

ਗੁਰਿ ਤੀਜੀ ਪੀੜੀ ਵੀਚਾਰਿਆ; ਕਿਆ ਹਥਿ ਏਨਾ ਵੇਚਾਰੇ? ॥

ਤੀਸਰੀ ਪੀੜ੍ਹੀ ਵਿੱਚ ਗੁਰਾਂ ਨੇ ਖਿਆਲ ਕੀਤਾ ਕਿ ਇਨ੍ਹਾਂ ਗਰੀਬ ਲੋਕਾਂ ਦੇ ਹੱਥ ਵਿੱਚ ਕੀ ਹੈ?

ਗੁਰੁ ਚਉਥੀ ਪੀੜੀ ਟਿਕਿਆ; ਤਿਨਿ ਨਿੰਦਕ ਦੁਸਟ ਸਭਿ ਤਾਰੇ ॥

ਜਿਨ੍ਹਾਂ ਸਤਿਗੁਰਾਂ ਨੇ ਚੋਥੀ ਪੀੜ੍ਹੀ ਵਿੱਚ ਗੁਰੂ ਮੁਕੱਰਰ ਕੀਤਾ ਸੀ, ਉਨ੍ਹਾਂ ਨੇ ਸਾਰੇ ਕਲੰਕ ਲਾਉਣ ਵਾਲੇ ਤੇ ਕੁਕਰਮੀ ਬਚਾ ਲਏ।

ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ; ਤਿਸੁ ਕਾਰਜ ਸਭਿ ਸਵਾਰੇ ॥

ਸੱਚੇ ਗੁਰਾਂ ਦਾ ਕੋਈ ਪੁਤ੍ਰ ਜਾ ਮੁਰੀਦ ਉਨ੍ਹਾਂ ਦੀ ਟਹਿਲ ਸੇਵਾ ਕਮਾਵੇ, ਉਸ ਦੇ ਸਾਰੇ ਕੰਮ ਗੁਰੂ ਜੀ ਰਾਸ ਕਰ ਦਿੰਦੇ ਹਨ।

ਜੋ ਇਛੈ, ਸੋ ਫਲੁ ਪਾਇਸੀ; ਪੁਤੁ, ਧਨੁ, ਲਖਮੀ, ਖੜਿ ਮੇਲੇ ਹਰਿ ਨਿਸਤਾਰੇ ॥

ਜੋ ਆਪਣੇ ਬੱਚੇ, ਜਾਇਦਾਦ ਅਤੇ ਦੌਲਤ ਲੈ ਜਾ ਕੇ ਗੁਰਾਂ ਦੇ ਸਮਰਪਣ ਕਰ ਦਿੰਦਾ ਹੈ, ਉਹ ਲੋੜੀਦੀਆਂ ਮੁਰਾਦਾਂ ਪਾ ਲੈਦਾ ਹੈ ਤੇ ਉਸ ਨੂੰ ਵਾਹਿਗੁਰੂ ਜੀਵਨ-ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।

ਸਭਿ ਨਿਧਾਨ ਸਤਿਗੁਰੂ ਵਿਚਿ; ਜਿਸੁ ਅੰਦਰਿ ਹਰਿ ਉਰ ਧਾਰੇ ॥

ਸਾਰੇ ਖ਼ਜ਼ਾਨੇ ਸੰਚੇ ਗੁਰਾਂ ਅੰਦਰ ਹਨ, ਜਿਨ੍ਹਾਂ ਨੇ ਆਪਣੇ ਅੰਤਰਿ ਆਤਮੇ ਵਾਹਿਗੁਰੂ ਨੂੰ ਟਿਕਾਇਆ ਹੋਇਆ ਹੈ।

ਸੋ ਪਾਏ ਪੂਰਾ ਸਤਿਗੁਰੂ; ਜਿਸੁ ਲਿਖਿਆ ਲਿਖਤੁ ਲਿਲਾਰੇ ॥

ਕੇਵਲ ਓਹੀ ਪੂਰਨ ਸੱਚੇ ਗੁਰਾਂ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਤੇ ਮੁਬਾਰਕ ਲਿਖਤਾਕਾਰ ਲਿਖੀ ਹੋਈ ਹੈ।

ਜਨੁ ਨਾਨਕੁ ਮਾਗੈ ਧੂੜਿ ਤਿਨ; ਜੋ ਗੁਰਸਿਖ ਮਿਤ ਪਿਆਰੇ ॥੧॥
ਬਾਂਦਾ ਨਾਨਕ, ਉਨ੍ਹਾਂ ਗੁਰੂ ਦੇ ਸਿੱਖਾਂ ਦੇ ਪੈਰਾਂ ਦੀ ਖ਼ਾਕ ਦੀ ਯਾਚਨਾ ਕਰਦਾ ਹੈ, ਜਿਹੜੇ ਮਿਤ੍ਰ ਵਾਹਿਗੁਰੂ ਨੂੰ ਮਿਠੱੜੇ ਲੱਗਦੇ ਹਨ।

1
2
3
4
5
6
7
8
9
10
11
12