ਰਾਗ ਗਉੜੀ – ਬਾਣੀ ਸ਼ਬਦ-Part 6 – Raag Gauri – Bani
ਰਾਗ ਗਉੜੀ – ਬਾਣੀ ਸ਼ਬਦ-Part 6 – Raag Gauri – Bani
ਸਲੋਕੁ ॥
ਸਲੋਕ।
ਨਾਨਕ, ਨਾਮੁ ਨਾਮੁ ਜਪੁ ਜਪਿਆ; ਅੰਤਰਿ ਬਾਹਰਿ ਰੰਗਿ ॥
ਨਾਨਕ ਜੋ ਅੰਦਰ ਅਤੇ ਬਾਹਰ ਅਨੁਰਾਗ ਅਤੇ ਪ੍ਰੇਮ ਨਾਲ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ,
ਗੁਰਿ ਪੂਰੈ ਉਪਦੇਸਿਆ; ਨਰਕੁ ਨਾਹਿ ਸਾਧਸੰਗਿ ॥੧॥
ਪੂਰਨ ਗੁਰਾਂ ਪਾਸੋਂ ਸਿਖ-ਮਤ ਲੈਦਾ ਹੈ ਅਤੇ ਸਤਿਸੰਗਤ ਅੰਦਰ ਜੁੜਦਾ ਹੈ, ਉਹ ਦੋਜਕ ਵਿੱਚ ਨਹੀਂ ਪੈਦਾ।
ਪਉੜੀ ॥
ਪਉੜੀ।
ਨੰਨਾ, ਨਰਕਿ ਪਰਹਿ ਤੇ ਨਾਹੀ ॥
ਨ- ਉਹ ਦੋਜ਼ਕ ਵਿੱਚ ਨਹੀਂ ਪੈਦੇ,
ਜਾ ਕੈ ਮਨਿ ਤਨਿ, ਨਾਮੁ ਬਸਾਹੀ ॥
ਜਿਨ੍ਹਾਂ ਦੇ ਦਿਲ ਅਤੇ ਦੇਹਿ ਅੰਦਰ ਨਾਮ ਵਸਦਾ ਹੈ,
ਨਾਮੁ ਨਿਧਾਨੁ, ਗੁਰਮੁਖਿ ਜੋ ਜਪਤੇ ॥
ਜੋ ਗੁਰਾਂ ਦੇ ਰਾਹੀਂ ਨਾਮ ਦੇ ਖਜਾਨੇ ਦਾ ਸਿਮਰਨ ਕਰਦੇ ਹਨ,
ਬਿਖੁ ਮਾਇਆ ਮਹਿ, ਨਾ ਓਇ ਖਪਤੇ ॥
ਉਹ ਮੋਹਨੀ ਦੀ ਜ਼ਹਿਰ ਵਿੱਚ ਤਬਾਹ ਨਹੀਂ ਹੁੰਦੇ।
ਨੰਨਾਕਾਰੁ, ਨ ਹੋਤਾ ਤਾ ਕਹੁ ॥
ਉਨ੍ਹਾਂ ਨੂੰ ਕੋਈ ਇਨਕਾਰ ਨਹੀਂ ਹੁੰਦਾ,
ਨਾਮੁ ਮੰਤ੍ਰੁ, ਗੁਰਿ ਦੀਨੋ ਜਾ ਕਹੁ ॥
ਜਿਨ੍ਹਾਂ ਨੂੰ ਗੁਰਾਂ ਨੇ ਨਾਮ ਦਾ ਜਾਦੂ ਬਖਸ਼ਿਆ ਹੈ।
ਨਿਧਿ ਨਿਧਾਨ, ਹਰਿ ਅੰਮ੍ਰਿਤ ਪੂਰੇ ॥
ਜੋ ਮਾਲ ਮਿਲਖ ਦੇ ਖ਼ਜ਼ਾਨੇ ਹਰੀ ਨਾਮ ਦੇ ਸੁਧਾਰਸ ਨਾਲ ਪਰੀਪੂਰਨ ਹਨ,
ਤਹ ਬਾਜੇ ਨਾਨਕ, ਅਨਹਦ ਤੂਰੇ ॥੩੬॥
ਹੇ ਨਾਨਕ! ਉਨ੍ਹਾਂ ਲਈ ਆਪਣੇ ਆਪ ਵੱਜਣ ਵਾਲੇ ਸੰਗੀਤਕ ਸਾਜ਼-ਵਜਦੇ ਹਨ।
ਸਲੋਕੁ ॥
ਸਲੋਕ।
ਪਤਿ ਰਾਖੀ ਗੁਰਿ ਪਾਰਬ੍ਰਹਮ; ਤਜਿ ਪਰਪੰਚ ਮੋਹ ਬਿਕਾਰ ॥
ਜਦ ਮੈਂ ਪਖੰਡ, ਸੰਸਾਰੀ ਮਮਤਾ ਤੇ ਪਾਪ ਛੱਡ ਦਿਤੇ ਤਾਂ ਵਿਸ਼ਾਲ ਸ਼ਰੋਮਣੀ ਸਾਹਿਬ ਨੇ ਮੇਰੀ ਇੱਜ਼ਤ ਆਬਰੂ ਬਚਾ ਲਈ।
ਨਾਨਕ, ਸੋਊ ਆਰਾਧੀਐ; ਅੰਤੁ ਨ ਪਾਰਾਵਾਰੁ ॥੧॥
ਨਾਨਕ ਉਸ ਦਾ ਸਿਮਰਨ ਕਰ, ਜਿਸ ਦਾ ਕੋਈ ਓੜਕ ਅਤੇ ਇਹ ਜਾਂ ਉਹ ਕਿਨਾਰਾ ਨਹੀਂ।
ਪਉੜੀ ॥
ਪਉੜੀ।
ਪਪਾ, ਪਰਮਿਤਿ ਪਾਰੁ ਨ ਪਾਇਆ ॥
ਪ-ਵਾਹਿਗੁਰੂ ਅੰਦਾਜ਼ੇ ਤੋਂ ਪਰੇ ਹੈ ਅਤੇ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ।
ਪਤਿਤ ਪਾਵਨ, ਅਗਮ ਹਰਿ ਰਾਇਆ ॥
ਵਾਹਿਗੁਰੂ ਪਾਤਸ਼ਾਹ ਪਹੁੰਚ ਤੋਂ ਪਰੇਡੇ ਅਤੇ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ।
ਹੋਤ ਪੁਨੀਤ, ਕੋਟ ਅਪਰਾਧੂ ॥
ਕ੍ਰੋੜਾਂ ਹੀ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ,
ਅੰਮ੍ਰਿਤ ਨਾਮੁ ਜਪਹਿ, ਮਿਲਿ ਸਾਧੂ ॥
ਜੋ ਸਾਧੂਆਂ ਨੂੰ ਭੇਟ, ਸੁਧਾ ਰੂਪ ਨਾਮ ਦਾ ਉਚਾਰਨ ਕਰਦੇ ਹਨ।
ਪਰਪਚ ਧ੍ਰੋਹ, ਮੋਹ ਮਿਟਨਾਈ ॥
ਉਸ ਦਾ ਫਲ ਕਪਟ, ਧੋਖਾ ਤੇ ਸੰਸਾਰੀ ਮਮਤਾ ਮਿਟ ਜਾਂਦੇ ਹਨ,
ਜਾ ਕਉ ਰਾਖਹੁ, ਆਪਿ ਗੁਸਾਈ ॥
ਜਿਸ ਦੀ ਤੂੰ ਆਪੇ ਰਖਿਆ ਕਰਦਾ ਹੈਂ, ਸ੍ਰਿਸ਼ਟੀ ਦੇ ਸੁਆਮੀ।
ਪਾਤਿਸਾਹੁ, ਛਤ੍ਰ ਸਿਰ ਸੋਊ ॥
ਓਹੀ ਸੀਸ ਉਤੇ ਸ਼ਾਹਾਨਾ ਛਤ੍ਰ ਵਾਲਾ ਮਹਾਰਾਜਾ ਹੈ।
ਨਾਨਕ, ਦੂਸਰ ਅਵਰੁ ਨ ਕੋਊ ॥੩੭॥
ਨਾਨਕ ਹੋਰ ਕੋਈ ਦੂਜਾ ਬਾਦਸ਼ਾਹ ਨਹੀਂ।
ਸਲੋਕੁ ॥
ਸਲੋਕ।
ਫਾਹੇ ਕਾਟੇ, ਮਿਟੇ ਗਵਨ; ਫਤਿਹ ਭਈ ਮਨਿ ਜੀਤ ॥
ਮਨੂਏ ਨੂੰ ਜਿੱਤਣ ਦੁਆਰਾ ਮੌਤ ਦੀਆਂ ਫਾਹੀਆਂ ਕਟੀਆਂ ਜਾਂਦੀਆਂ ਹਨ, ਭਟਕਣੇ ਮੁੱਕ ਜਾਂਦੇ ਹਨ ਅਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ।
ਨਾਨਕ, ਗੁਰ ਤੇ ਥਿਤ ਪਾਈ; ਫਿਰਨ ਮਿਟੇ ਨਿਤ ਨੀਤ ॥੧॥
ਨਾਨਕ ਗੁਰਾਂ ਦੇ ਪਾਸੋਂ ਨਿਹਚਲਤਾ ਪਰਾਪਤ ਹੁੰਦੀ ਹੈ ਅਤੇ ਹਰ ਰੋਜ਼ ਦਾ ਆਵਾਗਊਣ ਮੁੱਕ ਜਾਂਦਾ ਹੈ।
ਪਉੜੀ ॥
ਪਉੜੀ।
ਫਫਾ, ਫਿਰਤ ਫਿਰਤ ਤੂ ਆਇਆ ॥
ਫ- ਤੂੰ ਬਹੁਤਾ ਭਟਕਦਾ ਹੋਇਆ ਆਇਆ ਹੈਂ।
ਦ੍ਰੁਲਭ ਦੇਹ, ਕਲਿਜੁਗ ਮਹਿ ਪਾਇਆ ॥
ਇਸ ਕਾਲੇ ਸਮੇਂ ਅੰਦਰ ਨਾਂ ਹੱਥ ਲੱਗਣ ਵਾਲਾ ਮਨੁੱਖੀ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ।
ਫਿਰਿ ਇਆ ਅਉਸਰੁ, ਚਰੈ ਨ ਹਾਥਾ ॥
ਇਹ ਮੌਕਾ, ਮੁੜ ਤੇਰੇ ਹੱਥ ਨਹੀਂ ਲੱਗਣਾ।
ਨਾਮੁ ਜਪਹੁ, ਤਉ ਕਟੀਅਹਿ ਫਾਸਾ ॥
ਸਾਈਂ ਦੇ ਨਾਮ ਦਾ ਉਚਾਰਨ ਕਰ, ਤਦ ਮੌਤ ਦੀ ਫਾਹੀ ਕੱਟੀ ਜਾਏਗੀ।
ਫਿਰਿ ਫਿਰਿ, ਆਵਨ ਜਾਨੁ ਨ ਹੋਈ ॥
ਤੇਰਾ ਮੁੜ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ,
ਏਕਹਿ ਏਕ, ਜਪਹੁ ਜਪੁ ਸੋਈ ॥
ਉਸ ਅਦੁੱਤੀ ਅਤੇ ਕੇਵਲ ਅਦੁੱਤੀ ਦਾ ਸਿਮਰਨ ਕਰਨ ਦੁਆਰਾ।
ਕਰਹੁ ਕ੍ਰਿਪਾ, ਪ੍ਰਭ ਕਰਨੈਹਾਰੇ! ॥
ਹੇ ਸੁਆਮੀ ਸਿਰਜਣਹਾਰ! ਰਹਿਮਤ ਧਾਰ!
ਮੇਲਿ ਲੇਹੁ, ਨਾਨਕ ਬੇਚਾਰੇ ॥੩੮॥
ਅਤੇ ਗ਼ਰੀਬ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲੈ।
ਸਲੋਕੁ ॥
ਸਲੋਕ।
ਬਿਨਉ ਸੁਨਹੁ ਤੁਮ ਪਾਰਬ੍ਰਹਮ! ਦੀਨ ਦਇਆਲ ਗੁਪਾਲ ॥
ਹੇ ਗਰੀਬਾਂ ਉਤੇ ਮਇਆਵਾਨ ਅਤੇ ਸੰਸਾਰ ਦੇ ਪਾਲਕ! ਪਰਮ ਪ੍ਰਭੂ! ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ।
ਸੁਖ ਸੰਪੈ ਬਹੁ ਭੋਗ ਰਸ; ਨਾਨਕ, ਸਾਧ ਰਵਾਲ ॥੧॥
ਸੰਤਾਂ ਦੇ ਪੈਰਾਂ ਦੀ ਖਾਕ ਨਾਨਕ ਲਈ ਆਰਾਮ, ਦੋਲਤ, ਭਾਰੀ ਪਰਸੰਨਤਾ ਅਤੇ ਖੁਸ਼ੀ ਦੀ ਮਾਨਿੰਦ ਹੈ।
ਪਉੜੀ ॥
ਪਉੜੀ।
ਬਬਾ, ਬ੍ਰਹਮੁ ਜਾਨਤ ਤੇ ਬ੍ਰਹਮਾ ॥
ਬ-ਜੋ ਸੁਆਮੀ ਨੂੰ ਸਮਝਦਾ ਹੈ, ਉਹ ਬ੍ਰਹਿਮਣ ਹੈ।
ਬੈਸਨੋ ਤੇ, ਗੁਰਮੁਖਿ ਸੁਚ ਧਰਮਾ ॥
ਵੈਸ਼ਨੋ ਉਹ ਹੈ ਜੋ ਗੁਰਾਂ ਦੇ ਰਾਹੀਂ ਪਵਿੱਤਰਤਾ ਦੇ ਮਜ਼ਹਬ ਨੂੰ ਧਾਰਨ ਕਰਦਾ ਹੈ।
ਬੀਰਾ, ਆਪਨ ਬੁਰਾ ਮਿਟਾਵੈ ॥
ਸੂਰਮਾ ਉਹ ਹੈ, ਜਿਹੜਾ ਆਪਣੀ ਬਦੀ ਨੂੰ ਮੇਟ ਸੁੱਟਦਾ ਹੈ,
ਤਾਹੂ ਬੁਰਾ, ਨਿਕਟਿ ਨਹੀ ਆਵੈ ॥
ਹਾਨੀ ਉਸ ਦੇ ਨੇੜੇ ਨਹੀਂ ਢੁਕਦੀ।
ਬਾਧਿਓ ਆਪਨ, ਹਉ ਹਉ ਬੰਧਾ ॥
ਇਨਸਾਨ ਆਪਣੀ ਹਊਮੇ ਅਤੇ ਸਵੈ-ਹੰਗਤਾ ਦੀਆਂ ਜੰਜੀਰਾਂ ਨਾਲ ਜਕੜਿਆ ਹੋਇਆ ਹੈ।
ਦੋਸੁ ਦੇਤ, ਆਗਹ ਕਉ ਅੰਧਾ ॥
ਪਰ ਅੰਨ੍ਹਾਂ ਇਨਸਾਨ ਹੋਰਨਾ ਉਤੇ ਇਲਜਾਮ ਲਾਉਂਦਾ ਹੈ।
ਬਾਤ ਚੀਤ, ਸਭ ਰਹੀ ਸਿਆਨਪ ॥
ਵਾਦ-ਵਿਵਾਦ ਅਤੇ ਚਲਾਕੀਆਂ ਸਮੂਹ ਕਿਸੇ ਕੰਮ ਨਹੀਂ।
ਜਿਸਹਿ ਜਨਾਵਹੁ, ਸੋ ਜਾਨੈ ਨਾਨਕ ॥੩੯॥
ਜਿਸ ਨੂੰ ਸਾਹਿਬ ਜਣਾਉਂਦਾ ਹੈ, ਹੇ ਨਾਨਕ! ਉਹੀ ਉਸ ਨੂੰ ਜਾਣਦਾ ਹੈ।
ਸਲੋਕੁ ॥
ਸਲੋਕ।
ਭੈ ਭੰਜਨ, ਅਘ ਦੂਖ ਨਾਸ; ਮਨਿਹ ਅਰਾਧਿ ਹਰੇ ॥
ਦਿਲੋਂ ਹੋ ਕੇ ਵਾਹਿਗੁਰੂ ਦਾ ਸਿਮਰਨ ਕਰ, ਜੋ ਡਰ ਨੂੰ ਦੂਰ ਕਰਨ ਵਾਲਾ ਅਤੇ ਪਾਪ ਅਤੇ ਪੀੜ ਨੂੰ ਹਰਣਹਾਰ ਹੈ।
ਸੰਤਸੰਗ ਜਿਹ ਰਿਦ ਬਸਿਓ; ਨਾਨਕ, ਤੇ ਨ ਭ੍ਰਮੇ ॥੧॥
ਜਿਸ ਦੇ ਦਿਲ ਵਿੱਚ, ਸਤਿ ਸੰਗਤ ਦੁਆਰਾ, ਸੁਆਮੀ ਆ ਟਿਕਦਾ ਹੈ, ਉਹ ਭਟਕਦਾ ਨਹੀਂ, ਹੇ ਨਾਨਕ!
ਪਉੜੀ ॥
ਪਉੜੀ।
ਭਭਾ, ਭਰਮੁ ਮਿਟਾਵਹੁ ਅਪਨਾ ॥
ਭ-ਆਪਣਾ ਸੰਸਾ ਨਵਿਰਤ ਕਰ ਦੇ।
ਇਆ ਸੰਸਾਰੁ, ਸਗਲ ਹੈ ਸੁਪਨਾ ॥
ਇਹ ਜਗਤ ਸਮੂਹ ਸੁਪਨਾ ਹੀ ਹੈ।
ਭਰਮੇ ਸੁਰਿ ਨਰ, ਦੇਵੀ ਦੇਵਾ ॥
ਫ਼ਰਿਸ਼ਤੇ ਪੁਰਸ਼, ਭਵਾਨੀਆਂ ਅਤੇ ਦੇਵਤੇ ਭੁਲੇਖੇ ਅੰਦਰ ਹਨ।
ਭਰਮੇ ਸਿਧ ਸਾਧਿਕ, ਬ੍ਰਹਮੇਵਾ ॥
ਵਹਿਮ ਦੇ ਬਹਿਕਾਏ ਹੋਏ ਹਨ ਕਰਾਮਾਤੀ ਬੰਦੇ ਅਭਿਆਸੀ ਅਤੇ ਉਤਪਤੀ ਦਾ ਦੇਵਤਾ।
ਭਰਮਿ ਭਰਮਿ, ਮਾਨੁਖ ਡਹਕਾਏ ॥
ਗਲਤ-ਫਹਿਮੀ ਅੰਦਰ ਟੱਕਰਾਂ ਮਾਰਦੇ ਬੰਦੇ ਤਬਾਹ ਹੋ ਗਏ ਹਨ।
ਦੁਤਰ, ਮਹਾ ਬਿਖਮ ਇਹ ਮਾਏ ॥
ਬੜਾ ਖ਼ਤਰਨਾਕ ਅਤੇ ਤਰਨ ਨੂੰ ਔਖਾ ਹੈ, ਇਹ ਮਾਇਆ ਦਾ ਸਮੁੰਦਰ।
ਗੁਰਮੁਖਿ, ਭ੍ਰਮ ਭੈ ਮੋਹ ਮਿਟਾਇਆ ॥
ਜਿਸ ਨੇ ਗੁਰਾਂ ਦੇ ਰਾਹੀਂ, ਆਪਣੇ ਵਹਿਮ, ਡਰ ਅਤੇ ਸੰਸਾਰੀ ਲਗਨ ਨੂੰ ਮੇਟ ਸੁਟਿਆ ਹੈ,
ਨਾਨਕ, ਤੇਹ ਪਰਮ ਸੁਖ ਪਾਇਆ ॥੪੦॥
ਉਹ ਮਹਾਨ ਆਰਾਮ ਨੂੰ ਪਾ ਲੈਦਾ ਹੈ, ਹੇ ਨਾਨਕ!
ਸਲੋਕੁ ॥
ਸਲੋਕ।
ਮਾਇਆ ਡੋਲੈ ਬਹੁ ਬਿਧੀ; ਮਨੁ ਲਪਟਿਓ ਤਿਹ ਸੰਗ ॥
ਧਨ-ਦੌਲਤ ਦੇ ਰਾਹੀਂ ਮਨੂਆਂ ਅਨੇਕਾਂ ਤਰਾਂ ਡਿਕਡੋਲੇ ਖਾਂਦਾ ਹੈ ਅਤੇ ਉਸ ਨਾਲ ਚਿਮੜਦਾ ਹੈ।
ਮਾਗਨ ਤੇ ਜਿਹ ਤੁਮ ਰਖਹੁ; ਸੁ ਨਾਨਕ, ਨਾਮਹਿ ਰੰਗ ॥੧॥
ਨਾਨਕ, ਜਿਸ ਨੂੰ ਤੂੰ ਹੇ ਪ੍ਰਭੂ! ਧੰਨ-ਦੌਲਤ ਮੰਗਣ ਤੋਂ ਬਣਾਉਂਦਾ ਹੈ, ਉਸ ਦਾ ਨਾਮ ਨਾਲ ਪਿਆਰ ਪੈ ਜਾਂਦਾ ਹੈ।
ਪਉੜੀ ॥
ਪਉੜੀ।
ਮਮਾ, ਮਾਗਨਹਾਰ ਇਆਨਾ ॥
ਮ-ਮੰਗਤਾ ਬੇਸਮਝ ਹੈ।
ਦੇਨਹਾਰ, ਦੇ ਰਹਿਓ ਸੁਜਾਨਾ ॥
ਸਰਵੱਗ ਦਾਤਾਰ ਦੇਈ ਜਾ ਰਿਹਾ ਹੈ।
ਜੋ ਦੀਨੋ, ਸੋ ਏਕਹਿ ਬਾਰ ॥
ਜੋ ਕੁਛ ਭੀ ਪ੍ਰਭੂ ਨੇ ਦੇਣਾ ਹੁੰਦਾ ਹੈ, ਉਹ ਉਸ ਨੂੰ ਇਕੋ ਵਾਰੀ ਹੀ ਦੇ ਦਿੰਦਾ ਹੈ।
ਮਨ ਮੂਰਖ! ਕਹ ਕਰਹਿ ਪੁਕਾਰ ॥
ਹੇ ਝੱਲੇ ਮਨੂਏ! ਕਿਉਂ ਉੱਚੀ ਉੱਚੀ ਫਰਿਆਦ ਕਰਦਾ ਹੈ?
ਜਉ ਮਾਗਹਿ, ਤਉ ਮਾਗਹਿ ਬੀਆ ॥
ਜਦ ਕਦੇ ਭੀ ਤੂੰ ਮੰਗਦਾ ਹੈ, ਤਦ ਤੂੰ ਸੰਸਾਰੀ ਪਦਾਰਥ ਹੀ ਮੰਗਦਾ ਹੈ,
ਜਾ ਤੇ, ਕੁਸਲ ਨ ਕਾਹੂ ਥੀਆ ॥
ਜਿਨ੍ਹਾਂ ਤੋਂ ਕਿਸੇ ਨੂੰ ਭੀ ਖੁਸ਼ੀ ਪ੍ਰਾਪਤ ਨਹੀਂ ਹੋਈ।
ਮਾਗਨਿ ਮਾਗ, ਤ ਏਕਹਿ ਮਾਗ ॥
ਜੇਕਰ ਤੂੰ ਦਾਤਿ ਮੰਗਣੀ ਹੈ, ਤਾਂ ਇਕ ਸਾਈਂ ਦੀ ਹੀ ਯਾਚਨਾ ਕਰ,
ਨਾਨਕ, ਜਾ ਤੇ ਪਰਹਿ ਪਰਾਗ ॥੪੧॥
ਜਿਸ ਦੁਆਰਾ ਤੂੰ ਪਾਰ ਉਤਰ ਜਾਵੇਗਾ, ਹੇ ਨਾਨਕ!
ਸਲੋਕੁ ॥
ਸਲੋਕ।
ਮਤਿ ਪੂਰੀ ਪਰਧਾਨ ਤੇ; ਗੁਰ ਪੂਰੇ ਮਨ ਮੰਤ ॥
ਪੂਰਨ ਹੈ ਉਨ੍ਹਾਂ ਦੀ ਅਕਲ ਅਤੇ ਪਰਮ ਨਾਮਵਰ ਹਨ ਉਹ, ਜਿਨ੍ਹਾਂ ਦੇ ਚਿੱਤ ਅੰਦਰ ਪੂਰਨ ਗੁਰਾਂ ਦਾ ਉਪਦੇਸ਼ ਹੈ।
ਜਿਹ ਜਾਨਿਓ ਪ੍ਰਭੁ ਆਪੁਨਾ; ਨਾਨਕ, ਤੇ ਭਗਵੰਤ ॥੧॥
ਨਾਨਕ ਜੋ ਆਪਣੇ ਸਾਹਿਬ ਨੂੰ ਅਨੁਭਵ ਕਰਦੇ ਹਨ, ਉਹ ਭਾਗਾਂ ਵਾਲੇ ਹਨ।
ਪਉੜੀ ॥
ਪਉੜੀ।
ਮਮਾ, ਜਾਹੂ ਮਰਮੁ ਪਛਾਨਾ ॥
ਮ-ਜੋ ਵਾਹਿਗੁਰੂ ਦੇ ਭੇਦ ਨੂੰ ਸਮਝਦਾ ਹੈ,
ਭੇਟਤ ਸਾਧਸੰਗ, ਪਤੀਆਨਾ ॥
ਉਹ ਸਤਿ ਸੰਗਤ ਨਾਲ ਮਿਲਣ ਦੁਆਰਾ ਤ੍ਰਿਪਤ ਹੋ ਜਾਂਦਾ ਹੈ।
ਦੁਖ ਸੁਖ ਉਆ ਕੈ, ਸਮਤ ਬੀਚਾਰਾ ॥
ਉਹ ਗ਼ਮੀ ਤੇ ਖੁਸ਼ੀ ਨੂੰ ਇਕ ਸਮਾਨ ਜਾਣਦਾ ਹੈ।
ਨਰਕ ਸੁਰਗ, ਰਹਤ ਅਉਤਾਰਾ ॥
ਉਹ ਦੋਜ਼ਖ ਅਤੇ ਬਹਿਸ਼ਤ ਵਿੱਚ ਪੈਣੋ ਬਚ ਜਾਂਦਾ ਹੈ।
ਤਾਹੂ ਸੰਗ, ਤਾਹੂ ਨਿਰਲੇਪਾ ॥
ਉਹ ਜਗਤ ਦੇ ਨਾਲ ਰਹਿੰਦਾ ਹੈ, ਫਿਰ ਭੀ ਇਸ ਤੋਂ ਅਟੰਕ ਵਿਚਰਦਾ ਹੈ।
ਪੂਰਨ ਘਟ ਘਟ, ਪੁਰਖ ਬਿਸੇਖਾ ॥
ਉਹ ਸਰੇਸ਼ਟ ਸੁਆਮੀ ਹਰ ਦਿਲ ਅੰਦਰ ਪਰੀ ਪੁਰਨ ਵੇਖਦਾ ਹੈ।
ਉਆ ਰਸ ਮਹਿ, ਉਆਹੂ ਸੁਖੁ ਪਾਇਆ ॥
ਸਾਹਿਬ ਦੇ ਉਸ ਪ੍ਰੇਮ ਅੰਦਰ ਉਸ ਨੇ ਆਰਾਮ ਪ੍ਰਾਪਤ ਕੀਤਾ ਹੈ,
ਨਾਨਕ, ਲਿਪਤ ਨਹੀ ਤਿਹ ਮਾਇਆ ॥੪੨॥
ਨਾਨਕ ਉਸ ਨੂੰ ਸੰਸਾਰੀ ਪਦਾਰਥ ਨਹੀਂ ਚਿੰਮੜਦੇ।
ਸਲੋਕੁ ॥
ਸਲੋਕ।
ਯਾਰ ਮੀਤ ਸੁਨਿ ਸਾਜਨਹੁ! ਬਿਨੁ ਹਰਿ ਛੂਟਨੁ ਨਾਹਿ ॥
ਹੈ ਮੇਰੇ ਮਿੱਤਰੋ! ਬੇਲੀਓ ਅਤੇ ਦੌਸਤੋ! ਕੰਨ ਕਰੋ, ਵਾਹਿਗੁਰੂ ਦੇ ਬਾਝੋਂ ਛੁਟਕਾਰਾ ਨਹੀਂ ਹੋਣਾ।
ਨਾਨਕ, ਤਿਹ ਬੰਧਨ ਕਟੇ; ਗੁਰ ਕੀ ਚਰਨੀ ਪਾਹਿ ॥੧॥
ਨਾਨਕ, ਜੋ ਗੁਰਾਂ ਦੇ ਪੈਰੀ ਪੈਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
ਪਵੜੀ ॥
ਪਉੜੀ।
ਯਯਾ, ਜਤਨ ਕਰਤ ਬਹੁ ਬਿਧੀਆ ॥
ਯ-ਇਨਸਾਨ ਘਨੇਰੇ ਕਿਸਮਾਂ ਦੇ ਉਪਰਾਲੇ ਕਰਦਾ ਹੈ,
ਏਕ ਨਾਮ ਬਿਨੁ, ਕਹ ਲਉ ਸਿਧੀਆ ॥
ਪ੍ਰੰਤੂ ਇਕ ਨਾਮ ਦੇ ਬਾਝੋਂ ਉਹ ਕਿੱਥੋ ਤੋੜੀ ਕਾਮਯਾਬ ਹੋ ਸਕਦਾ ਹੈ?
ਯਾਹੂ ਜਤਨ ਕਰਿ, ਹੋਤ ਛੁਟਾਰਾ ॥
ਜਿਨ੍ਹਾਂ ਯਤਨਾ ਦੁਆਰਾ ਬੰਦ-ਖਲਾਸ ਹੋ ਸਕਦੀ ਹੈ,
ਉਆਹੂ ਜਤਨ, ਸਾਧ ਸੰਗਾਰਾ ॥
ਉਹ ਉਪਰਾਲੇ ਸਤਿਸੰਗਤ ਅੰਦਰ ਕੀਤੇ ਜਾਂਦੇ ਹਨ।
ਯਾ ਉਬਰਨ, ਧਾਰੈ ਸਭੁ ਕੋਊ ॥
ਭਾਵੇਂ ਹਰ ਕੋਈ ਇਸ ਮੁਕਤੀ ਦਾ ਖਿਆਲ ਧਾਰਨ ਕਰੀ ਬੈਠਾ ਹੈ,
ਉਆਹਿ ਜਪੇ ਬਿਨੁ, ਉਬਰ ਨ ਹੋਊ ॥
ਪ੍ਰੰਤੂ ਉਸ ਸਾਈਂ ਨੂੰ ਸਿਮਰਨ ਦੇ ਬਗੈਰ, ਮੁਕਤੀ ਪਾਈ ਨਹੀਂ ਜਾ ਸਕਦੀ।
ਯਾਹੂ ਤਰਨ ਤਾਰਨ, ਸਮਰਾਥਾ ॥
ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਸੁਆਮੀ ਜਹਾਜ ਦੀ ਮਾਨਿੰਦ ਯੋਗ ਹੈ।
ਰਾਖਿ ਲੇਹੁ ਨਿਰਗੁਨ, ਨਰਨਾਥਾ! ॥
ਹੇ ਸੁਆਮੀ ਨੇਕੀ ਵਿਹੁਣ ਪ੍ਰਾਣੀਆਂ ਦੀ ਰੱਖਿਆ ਕਰ!
ਮਨ ਬਚ ਕ੍ਰਮ, ਜਿਹ ਆਪਿ ਜਨਾਈ ॥
ਜਿਸ ਨੂੰ ਖਿਆਲ ਬੋਲਣ ਅਤੇ ਅਮਲ ਅੰਦਰ ਵਾਹਿਗੁਰੂ ਖੁਦ ਸਿਖ-ਮਤ ਦਿੰਦਾ ਹੈ,
ਨਾਨਕ, ਤਿਹ ਮਤਿ ਪ੍ਰਗਟੀ ਆਈ ॥੪੩॥
ਨਾਨਕ, ਉਸ ਦੀ ਬੁੱਧੀ ਪ੍ਰਕਾਸ਼ਵਾਨ ਹੋ ਜਾਂਦੀ ਹੈ।
ਸਲੋਕੁ ॥
ਸਲੋਕ।
ਰੋਸੁ ਨ ਕਾਹੂ ਸੰਗ ਕਰਹੁ; ਆਪਨ ਆਪੁ ਬੀਚਾਰਿ ॥
ਕਿਸੇ ਨਾਲ ਗੁੱਸੇ ਨਾਂ ਹੋ ਤੇ ਆਪਣੇ ਆਪੇ ਨੂੰ ਸੋਚ ਸਮਝ।
ਹੋਇ ਨਿਮਾਨਾ ਜਗਿ ਰਹਹੁ; ਨਾਨਕ, ਨਦਰੀ ਪਾਰਿ ॥੧॥
ਨਿਮ੍ਰਤਾ-ਸਹਿਤ ਹੋ ਸੰਸਾਰ ਅੰਦਰ ਵਿਚਰ ਹੈ ਨਾਨਕ ਅਤੇ ਵਾਹਿਗੁਰੂ ਦੀ ਦਇਆ ਦੁਆਰਾ ਤੂੰ ਪਾਰ ਉਤਰ ਜਾਵੇਗਾ।
ਪਉੜੀ ॥
ਪਉੜੀ।
ਰਾਰਾ, ਰੇਨ ਹੋਤ ਸਭ ਜਾ ਕੀ ॥
ਰ- ਤੂੰ ਸਾਰਿਆਂ ਮਨੁੱਖਾ ਦੀ ਧੂੜ ਹੋ,
ਤਜਿ ਅਭਿਮਾਨੁ, ਛੁਟੈ ਤੇਰੀ ਬਾਕੀ ॥
ਜਾ ਆਪਣੀ ਹੰਗਤਾ ਛੱਡ ਦੇ ਅਤੇ ਤੇਰੇ ਜ਼ਿੰਮੇ ਜੋ ਬਕਾਇਆ ਹੈ, ਉਹ ਤੈਨੂੰ ਛੱਡ ਦਿੱਤਾ ਜਾਵੇਗਾ।
ਰਣਿ ਦਰਗਹਿ, ਤਉ ਸੀਝਹਿ ਭਾਈ ॥
ਹੇ ਵੀਰ! ਕੇਵਲ ਤਾਂ ਹੀ ਤੂੰ ਸਾਈਂ ਦੇ ਦਰਬਾਰ ਅੰਦਰ ਲੜਾਈ ਜਿੱਤੇਗਾ,
ਜਉ ਗੁਰਮੁਖਿ, ਰਾਮ ਨਾਮ ਲਿਵ ਲਾਈ ॥
ਜੇਕਰ ਤੂੰ ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦੇ ਨਾਮ ਨਾਲ ਆਪਣੀ ਬ੍ਰਿਤੀ ਜੋੜੇਗਾ।
ਰਹਤ ਰਹਤ, ਰਹਿ ਜਾਹਿ ਬਿਕਾਰਾ ॥
ਤੇਰੇ ਪਾਪ ਹੌਲੀ ਹੌਲੀ ਮਿਟ ਜਾਣਗੇ,
ਗੁਰ ਪੂਰੇ ਕੈ, ਸਬਦਿ ਅਪਾਰਾ ॥
ਪੂਰਨ ਗੁਰਾਂ ਦੀ ਲਾਸਾਨੀ ਗੁਰਬਾਣੀ ਦੁਆਰਾ।
ਰਾਤੇ ਰੰਗ, ਨਾਮ ਰਸ ਮਾਤੇ ॥
ਉਹ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਅਤੇ ਨਾਮ ਦੇ ਅੰਮ੍ਰਿਤ ਨਾਲ ਖੀਵੇ ਹੋ ਜਾਂਦੇ ਹਨ,
ਨਾਨਕ, ਹਰਿ ਗੁਰ ਕੀਨੀ ਦਾਤੇ ॥੪੪॥
ਨਾਨਕ, ਜਿਨ੍ਹਾਂ ਨੂੰ ਰੱਬ-ਰੂਪ ਗੁਰੂ ਜੀ ਦਾਤਿ ਦਿੰਦੇ ਹਨ।
ਸਲੋਕੁ ॥
ਸਲੋਕ।
ਲਾਲਚ ਝੂਠ ਬਿਖੈ ਬਿਆਧਿ; ਇਆ ਦੇਹੀ ਮਹਿ ਬਾਸ ॥
ਲੋਭ, ਕੂੜ ਅਤੇ ਪਾਪ ਦੀਆਂ ਬੀਮਾਰੀਆਂ ਇਸ ਸਰੀਰ ਅੰਦਰ ਵਸਦੀਆਂ ਹਨ।
ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ; ਨਾਨਕ, ਸੂਖਿ ਨਿਵਾਸ ॥੧॥
ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਸੁਧਾਰਸ ਪਾਨ ਕਰਨ ਦੁਆਰਾ ਇਨਸਾਨ ਆਰਾਮ ਅੰਦਰ ਵਸਦਾ ਹੈ, ਹੈ ਨਾਨਕ।
ਪਉੜੀ ॥
ਪਉੜੀ।
ਲਲਾ, ਲਾਵਉ ਅਉਖਧ ਜਾਹੂ ॥
ਲ-ਜਿਸ ਨੂੰ ਸੁਆਮੀ ਆਪਣੇ ਨਾਮ ਦੀ ਦਵਾਈ ਲਾਉਂਦਾ ਹੈ,
ਦੂਖ ਦਰਦ, ਤਿਹ ਮਿਟਹਿ ਖਿਨਾਹੂ ॥
ਇਕ ਮੁਹਤ ਵਿੱਚ ਉਸ ਦੀ ਪੀੜ ਅਤੇ ਸੋਗ ਦੂਰ ਹੋ ਜਾਂਦੇ ਹਨ।
ਨਾਮ ਅਉਖਧੁ, ਜਿਹ ਰਿਦੈ ਹਿਤਾਵੈ ॥
ਜੋ ਆਪਣੇ ਮਨ ਅੰਦਰ ਰੱਬ ਦੇ ਨਾਮ ਦੀ ਦਵਾਈ ਨੂੰ ਪਿਆਰ ਕਰਦਾ ਹੈ,
ਤਾਹਿ ਰੋਗੁ, ਸੁਪਨੈ ਨਹੀ ਆਵੈ ॥
ਸੁਪਨੇ ਵਿੱਚ ਭੀ ਜ਼ਹਿਮਤ ਉਸ ਨੂੰ ਨਹੀਂ ਸਤਾਉਂਦੀ।
ਹਰਿ ਅਉਖਧੁ, ਸਭ ਘਟ ਹੈ ਭਾਈ ॥
ਰੱਬ ਦੇ ਨਾਮ ਦੀ ਦਵਾਈ ਹਰ ਇਕ ਦਿਲ ਅੰਦਰ ਹੈ, ਹੇ ਵੀਰ!
ਗੁਰ ਪੂਰੇ ਬਿਨੁ, ਬਿਧਿ ਨ ਬਨਾਈ ॥
ਪੂਰਨ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਇਸ ਦੇ ਤਿਆਰ ਕਰਨ ਦਾ ਤਰੀਕਾ ਨਹੀਂ ਆਉਂਦਾ।
ਗੁਰਿ ਪੂਰੈ, ਸੰਜਮੁ ਕਰਿ ਦੀਆ ॥
ਜਦ ਪੂਰਨ ਗੁਰਦੇਵ ਜੀ ਪ੍ਰਹੇਜ਼ ਦਰਸਾ ਕੇ ਦਵਾਈ ਦਿੰਦੇ ਹਨ,
ਨਾਨਕ, ਤਉ ਫਿਰਿ ਦੂਖ ਨ ਥੀਆ ॥੪੫॥
ਨਾਨਕ, ਤਦ ਬੰਦਾ ਮੁੜ ਬੀਮਾਰ ਨਹੀਂ ਪੈਦਾ।
ਸਲੋਕੁ ॥
ਸਲੋਕ।
ਵਾਸੁਦੇਵ ਸਰਬਤ੍ਰ ਮੈ; ਊਨ ਨ ਕਤਹੂ ਠਾਇ ॥
ਵਿਆਪਕ ਪ੍ਰਭੂ ਸਾਰੀਆਂ ਥਾਵਾਂ ਵਿੱਚ ਹੈ। ਕਿਸੇ ਜਗ੍ਹਾਂ ਵਿੱਚ ਭੀ ਉਹ ਘਟ ਨਹੀਂ।
ਅੰਤਰਿ ਬਾਹਰਿ ਸੰਗਿ ਹੈ; ਨਾਨਕ, ਕਾਇ ਦੁਰਾਇ ॥੧॥
ਅੰਦਰ ਤੇ ਬਾਹਰ ਉਹ ਤੇਰੇ ਨਾਲ ਹੈ, ਉਸ ਪਾਸੋ ਕੀ ਲੁਕਾਇਆ ਜਾ ਸਕਦਾ ਹੈ, ਹੈ ਨਾਨਕ?
ਪਉੜੀ ॥
ਪਉੜੀ।
ਵਵਾ, ਵੈਰੁ ਨ ਕਰੀਐ ਕਾਹੂ ॥
ਕਿਸੇ ਨਾਲ ਭੀ ਦੁਸ਼ਮਨੀ ਨਾਂ ਕਰ।
ਘਟ ਘਟ ਅੰਤਰਿ, ਬ੍ਰਹਮ ਸਮਾਹੂ ॥
ਹਰਬ ਦਿਲ ਅੰਦਰ ਸੁਆਮੀ ਰਮਿਆ ਹੋਇਆ ਹੈ।
ਵਾਸੁਦੇਵ, ਜਲ ਥਲ ਮਹਿ ਰਵਿਆ ॥
ਵਿਆਪਕ ਸੁਆਮੀ ਸਮੁੰਦਰ ਅਤੇ ਧਰਤੀ ਵਿੱਚ ਵਿਆਪਕ ਹੈ।
ਗੁਰ ਪ੍ਰਸਾਦਿ, ਵਿਰਲੈ ਹੀ ਗਵਿਆ ॥
ਕੋਈ ਟਾਂਵਾਂ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਉਸ ਦਾ ਜੱਸ ਗਾਇਨ ਕਰਦਾ ਹੈ।
ਵੈਰ ਵਿਰੋਧ, ਮਿਟੇ ਤਿਹ ਮਨ ਤੇ ॥
ਉਸ ਦੇ ਦੁਸ਼ਮਨੀ ਅਤੇ ਖਟਪਟੀ ਉਸ ਦੇ ਚਿੱਤ ਤੋਂ ਦੂਰ ਹੋ ਜਾਂਦੇ ਹਨ,
ਹਰਿ ਕੀਰਤਨੁ, ਗੁਰਮੁਖਿ ਜੋ ਸੁਨਤੇ ॥
ਜੋ ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਜੱਸ ਸ੍ਰਵਣ ਕਰਦਾ ਹੈ।
ਵਰਨ ਚਿਹਨ, ਸਗਲਹ ਤੇ ਰਹਤਾ ॥
ਉਹ ਸਮੂਹ ਜਾਤ ਅਤੇ ਜਾਤ ਦੇ ਚਿੰਨ੍ਹਾਂ ਤੋਂ ਆਜ਼ਾਦ ਹੋ ਜਾਂਦਾ ਹੈ,
ਨਾਨਕ, ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥
ਹੇ ਨਾਨਕ! ਜੋ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਦਾ ਹੈ।
ਸਲੋਕੁ ॥
ਸਲੋਕ।
ਹਉ ਹਉ ਕਰਤ ਬਿਹਾਨੀਆ; ਸਾਕਤ ਮੁਗਧ ਅਜਾਨ ॥
ਮੂਰਖ ਅਤੇ ਅਣਜਾਣ ਮਾਇਆ ਦਾ ਉਪਾਸ਼ਕ ਹੰਕਾਰ ਕਰਦਾ ਹੋਇਆ ਆਪਣੀ ਅਵਸਥਾ ਗੁਜਾਰ ਲੈਦਾ ਹੈ।
ੜੜਕਿ ਮੁਏ ਜਿਉ ਤ੍ਰਿਖਾਵੰਤ; ਨਾਨਕ, ਕਿਰਤਿ ਕਮਾਨ ॥੧॥
ਦੁਖ ਅੰਦਰ ਉਹ ਪਿਆਸੇ ਪੁਰਸ਼ ਦੀ ਤਰ੍ਹਾਂ ਮਰ ਜਾਂਦਾ ਹੈ, ਅਤੇ ਆਪਣੇ ਕੀਤੇ ਕਰਮਾਂ ਦਾ ਫਲ ਪਾਉਂਦਾ ਹੈ।
ਪਉੜੀ ॥
ਪਉੜੀ।
ੜਾੜਾ, ੜਾੜਿ ਮਿਟੈ ਸੰਗਿ ਸਾਧੂ ॥
ੜ- ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦੇ ਦੇ ਝਗੜੇ ਖਤਮ ਹੋ ਜਾਂਦੇ ਹਨ,
ਕਰਮ ਧਰਮ ਤਤੁ, ਨਾਮ ਅਰਾਧੂ ॥
ਅਤੇ ਉਹ ਨਾਮ ਦਾ ਆਰਾਧਨ ਕਰਦਾ ਹੈ, ਜੋ ਮਜ਼ਹਬੀ ਕੰਮਾਂ ਤੇ ਈਮਾਨਾਂ ਦਾ ਨਚੋੜ ਹੈ।
ਰੂੜੋ, ਜਿਹ ਬਸਿਓ ਰਿਦ ਮਾਹੀ ॥
ਜਿਸ ਦੇ ਦਿਲ ਅੰਦਰ ਸੁੰਦਰ ਸੁਆਮੀ ਨਿਵਾਸ ਰਖਦਾ ਹੈ,
ਉਆ ਕੀ ੜਾੜਿ, ਮਿਟਤ ਬਿਨਸਾਹੀ ॥
ਉਸ ਦਾ ਝਗੜਾ ਮਰ ਤੇ ਮੁਕ ਜਾਂਦਾ ਹੈ।
ੜਾੜਿ ਕਰਤ, ਸਾਕਤ ਗਾਵਾਰਾ ॥
ਅਨਜਾਣ ਕਾਫਰ ਜਿਸ ਦੇ ਦਿਲ ਅੰਦਰ ਅਹੰਕਾਰੀ ਮਤ ਦਾ ਪਾਪ ਵਸਦਾ ਹੈ,
ਜੇਹ ਹੀਐ, ਅਹੰਬੁਧਿ ਬਿਕਾਰਾ ॥
ਬਖੇੜੇ ਖੜੇ ਕਰ ਲੈਦਾ ਹੈ।
ੜਾੜਾ, ਗੁਰਮੁਖਿ ੜਾੜਿ ਮਿਟਾਈ ॥
ੜ-ਇਕ ਮੁਹਤ ਅੰਦਰ ਹੀ ਬਖੇੜਾ ਮੁੱਕ ਜਾਂਦਾ ਹੈ,
ਨਿਮਖ ਮਾਹਿ ਨਾਨਕ, ਸਮਝਾਈ ॥੪੭॥
ਨਾਨਕ, ਜਦ ਮੁਖੀ ਗੁਰਦੇਵ ਜੀ ਉਪਦੇਸ਼ਦੇ ਹਨ।
ਸਲੋਕੁ ॥
ਸਲੋਕ।
ਸਾਧੂ ਕੀ ਮਨ ਓਟ ਗਹੁ; ਉਕਤਿ ਸਿਆਨਪ ਤਿਆਗੁ ॥
ਹੈ ਮੇਰੀ ਜਿੰਦੜੀਏ! ਸੰਤ ਦੀ ਪਨਾਹ ਪਕੜ ਅਤੇ ਆਪਣੀ ਦਲੀਲ-ਬਾਜੀ ਤੇ ਚਤੁਰਾਈ ਨੂੰ ਛੱਡ ਦੇ।
ਗੁਰ ਦੀਖਿਆ ਜਿਹ ਮਨਿ ਬਸੈ; ਨਾਨਕ, ਮਸਤਕਿ ਭਾਗੁ ॥੧॥
ਜਿਸ ਦੇ ਦਿਲ ਅੰਦਰ ਗੁਰਾਂ ਦਾ ਉਪਦੇਸ਼ ਵਸਦਾ ਹੈ, ਹੇ ਨਾਨਕ! ਉਸ ਦੇ ਮੱਥੇ ਉਤੇ ਚੰਗੇ ਨਸੀਬ ਲਿਖੇ ਹੋਏ ਹਨ।
ਪਉੜੀ ॥
ਪਉੜੀ।
ਸਸਾ, ਸਰਨਿ ਪਰੇ ਅਬ ਹਾਰੇ ॥
ਸ- ਮੈਂ ਹੁਣ ਹੇ ਸੁਆਮੀ! ਤੇਰੀ ਸ਼ਰਣਾਗਤ ਆਇਆ ਹਾਂ,
ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥
ਸ਼ਾਸਤ੍ਰਾਂ, ਸਿੰਮ੍ਰਤੀਆਂ ਅਤੇ ਵੇਦਾਂ ਦੇ ਉਚਾਰਣ ਕਰਨ ਤੋਂ ਹਾਰ ਹੁਟ ਕੇ।
ਸੋਧਤ ਸੋਧਤ ਸੋਧਿ ਬੀਚਾਰਾ ॥
ਛਾਣ ਬੀਣ ਤੇ ਨਿਰਣਯ ਕਰਨ ਦੁਆਰਾ,
ਬਿਨੁ ਹਰ ਭਜਨ, ਨਹੀ ਛੁਟਕਾਰਾ ॥
ਮੈਂ ਅਨੁਭਵ ਕਰ ਲਿਆ ਹੈ ਕਿ ਰੱਬ ਦੀ ਬੰਦਗੀ ਦੇ ਬਗੈਰ ਬੰਦੇ ਦੀ ਖਲਾਸੀ ਨਹੀਂ ਹੁੰਦੀ।
ਸਾਸਿ ਸਾਸਿ, ਹਮ ਭੂਲਨਹਾਰੇ ॥
ਹਰ ਸੁਆਸ ਨਾਲ ਮੈਂ ਗਲਤੀਆਂ ਕਰਦਾ ਹਾਂ।
ਤੁਮ ਸਮਰਥ, ਅਗਨਤ ਅਪਾਰੇ ॥
ਤੂੰ ਹੇ ਸਾਹਿਬ, ਸਰਬ-ਸ਼ਕਤੀਵਾਨ, ਗਿਣਤੀ-ਰਹਿਤ ਅਤੇ ਅਨੰਤ ਹੈ।
ਸਰਨਿ ਪਰੇ ਕੀ, ਰਾਖੁ ਦਇਆਲਾ ॥
ਮਿਹਰਬਾਨ ਮਾਲਕ, ਮੇਰੀ ਰੱਖਿਆ ਕਰ, ਮੈਂ ਤੇਰੀ ਪਨਾਹ ਲਈ ਹੈ।
ਨਾਨਕ, ਤੁਮਰੇ ਬਾਲ ਗੁਪਾਲਾ ॥੪੮॥
ਹੈ ਸ੍ਰਿਸ਼ਟੀ ਦੇ ਪਾਲਣਹਾਰ! ਨਾਨਕ ਤੇਰਾ ਬੱਚਾ ਹੈ।
ਸਲੋਕੁ ॥
ਸਲੋਕ।
ਖੁਦੀ ਮਿਟੀ, ਤਬ ਸੁਖ ਭਏ; ਮਨ ਤਨ ਭਏ ਅਰੋਗ ॥
ਜਦ ਸਵੈ-ਹੰਗਤਾ ਮਿਟ ਜਾਂਦੀ ਹੈ, ਤਦ ਠੰਢ-ਚੈਨ ਉਤਪੰਨ ਹੋ ਆਉਂਦੀ ਹੈ ਅਤੇ ਆਤਮਾ ਤੇ ਦੇਹਿ ਤੰਦਰੁਸਤ ਹੋ ਜਾਂਦੇ ਹਨ।
ਨਾਨਕ, ਦ੍ਰਿਸਟੀ ਆਇਆ; ਉਸਤਤਿ ਕਰਨੈ ਜੋਗੁ ॥੧॥
ਨਾਨਕ ਤਦ, ਉਹ ਜੋ ਉਪਮਾ ਕਰਨ ਦੇ ਲਾਇਕ ਹੈ, ਨਜ਼ਰ ਆ ਜਾਂਦਾ ਹੈ।
ਪਉੜੀ ॥
ਪਉੜੀ।
ਖਖਾ, ਖਰਾ ਸਰਾਹਉ ਤਾਹੂ ॥
ਖ-ਉਸ ਦੀ ਘਨੇਰੀ ਵਡਿਆਈ ਕਰ,
ਜੋ, ਖਿਨ ਮਹਿ, ਊਨੇ ਸੁਭਰ ਭਰਾਹੂ ॥
ਜੋ ਇਕ ਮੁਹਤ ਅੰਦਰ ਖਾਲੀਆਂ ਨੂੰ ਲਬਾ-ਲਬ ਭਰ ਦਿੰਦਾ ਹੈ।
ਖਰਾ ਨਿਮਾਨਾ, ਹੋਤ ਪਰਾਨੀ ॥
ਜਦ ਜੀਵ ਐਨ ਆਜਜ਼ ਹੋ ਜਾਵਦਾ ਹੈ,
ਅਨਦਿਨੁ ਜਾਪੈ, ਪ੍ਰਭ ਨਿਰਬਾਨੀ ॥
ਤਾਂ ਉਹ ਰਾਤ ਦਿਨ ਬੇਦਾਗ ਸੁਆਮੀ ਦਾ ਸਿਮਰਨ ਕਰਦਾ ਹੈ।
ਭਾਵੈ ਖਸਮ, ਤ ਉਆ ਸੁਖੁ ਦੇਤਾ ॥
ਜੇਕਰ ਸੁਆਮੀ ਨੂੰ ਚੰਗਾ ਲੱਗੇ, ਤਦ ਉਹ ਆਰਾਮ ਬਖਸ਼ਦਾ ਹੈ।
ਪਾਰਬ੍ਰਹਮੁ, ਐਸੋ ਆਗਨਤਾ ॥
ਇਹੋ ਜਿਹਾ ਅਨੰਤ ਹੈ ਪਰਮ ਪ੍ਰਭੂ।
ਅਸੰਖ ਖਤੇ, ਖਿਨ ਬਖਸਨਹਾਰਾ ॥
ਅਣਗਿਣਤ ਪਾਪ ਉਹ ਇਕ ਮੁਹਤ ਵਿੱਚ ਮਾਫ ਕਰ ਦਿੰਦਾ ਹੈ।
ਨਾਨਕ, ਸਾਹਿਬ ਸਦਾ ਦਇਆਰਾ ॥੪੯॥
ਨਾਨਕ ਮਾਲਕ ਸਦੀਵ ਹੀ ਮਿਹਰਬਾਨ ਹੈ।
ਸਲੋਕੁ ॥
ਸਲੋਕ।
ਸਤਿ ਕਹਉ ਸੁਨਿ ਮਨ ਮੇਰੇ! ਸਰਨਿ ਪਰਹੁ ਹਰਿ ਰਾਇ ॥
ਮੈਂ ਤੈਨੂੰ ਸੱਚ ਆਖਦਾ ਹਾਂ, ਕੰਨ ਕਰ ਹੈ ਮੇਰੀ ਜਿੰਦੇ! ਵਾਹਿਗੁਰੂ ਪਾਤਸ਼ਾਹ ਦੀ ਪਨਾਹ ਵਿੱਚ ਜਾ ਡਿੱਗ।
ਉਕਤਿ ਸਿਆਨਪ ਸਗਲ ਤਿਆਗਿ; ਨਾਨਕ, ਲਏ ਸਮਾਇ ॥੧॥
ਆਪਣੀਆਂ ਸਾਰੀਆਂ ਯੁਕਤੀਆਂ ਅਤੇ ਚਤਰਾਈਆਂ ਛੱਡ ਦੇ, ਅਤੇ ਵਾਹਿਗੁਰੂ ਤੈਨੂੰ ਆਪਣੇ ਅੰਦਰ ਲੀਨ ਕਰ ਲਵੇਗਾ, ਹੇ ਨਾਨਕ!
ਪਉੜੀ ॥
ਪਉੜੀ।
ਸਸਾ, ਸਿਆਨਪ ਛਾਡੁ ਇਆਨਾ ॥
ਸ-ਆਪਣੀ ਹੁਸ਼ਿਆਰੀ ਨੂੰ ਤਿਆਗ ਦੇ, ਹੈ ਬੇਸਮਝ ਬੰਦੇ!
ਹਿਕਮਤਿ ਹੁਕਮਿ, ਨ ਪ੍ਰਭੁ ਪਤੀਆਨਾ ॥
ਚਲਾਕੀ ਅਤੇ ਅਮਰ ਨਾਲ ਸੁਆਮੀ ਪਰਸੰਨ ਨਹੀਂ ਹੁੰਦਾ।
ਸਹਸ ਭਾਤਿ, ਕਰਹਿ ਚਤੁਰਾਈ ॥
ਭਾਵੇਂ ਤੂੰ ਹਜ਼ਾਰਾਂ ਕਿਸਮਾਂ ਦੀ ਹੁਸ਼ਿਆਰੀ ਪਿਆ ਕਰੇ,
ਸੰਗਿ ਤੁਹਾਰੈ, ਏਕ ਨ ਜਾਈ ॥
ਪਰ ਇਕ ਭੀ ਤੇਰੇ ਨਾਲ ਨਹੀਂ ਜਾਣੀ (ਕੰਮ ਨਹੀਂ ਆਉਣੀ)।
ਸੋਊ ਸੋਊ, ਜਪਿ ਦਿਨ ਰਾਤੀ ॥
ਉਸ, ਉਸ ਸਾਹਿਬ, ਦਾ ਤੂੰ ਦਿਨ ਰਾਤ ਸਿਮਰਨ ਕਰ,
ਰੇ ਜੀਅ! ਚਲੈ ਤੁਹਾਰੈ ਸਾਥੀ ॥
ਹੈ ਇਨਸਾਨ! ਉਹ ਤੇਰੇ ਨਾਲ ਜਾਵੇਗਾ।
ਸਾਧ ਸੇਵਾ, ਲਾਵੈ ਜਿਹ ਆਪੈ ॥
ਜਿਸ ਨੂੰ ਸਾਈਂ ਖੁਦ ਸੰਤ ਦੀ ਟਹਿਲ ਅੰਦਰ ਲਾਉਂਦਾ ਹੈ,
ਨਾਨਕ, ਤਾ ਕਉ ਦੂਖੁ ਨ ਬਿਆਪੈ ॥੫੦॥
ਹੇ ਨਾਨਾਕ! ਉਸ ਨੂੰ ਮੁਸੀਬਤ ਨਹੀਂ ਵਾਪਰਦੀ।
ਸਲੋਕੁ ॥
ਸਲੋਕ।
ਹਰਿ ਹਰਿ ਮੁਖ ਤੇ ਬੋਲਨਾ; ਮਨਿ ਵੂਠੈ ਸੁਖੁ ਹੋਇ ॥
ਵਾਹਿਗੁਰੂ ਦੇ ਨਾਮ ਨੂੰ ਮੂੰਹ ਨਾਲ ਉਚਾਰਨ ਕਰਨ ਅਤੇ ਇਸ ਨੂੰ ਚਿੱਤ ਵਿੱਚ ਟਿਕਾਉਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
ਨਾਨਕ, ਸਭ ਮਹਿ ਰਵਿ ਰਹਿਆ; ਥਾਨ ਥਨੰਤਰਿ ਸੋਇ ॥੧॥
ਨਾਨਕ, ਸਾਹਿਬ ਹਰਿ ਜਗ੍ਹਾ ਵਿਆਪਕ ਹੋ ਰਿਹਾ ਹੈ। ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਉਹ ਰਮਿਆ ਹੋਇਆ ਹੈ।
ਪਉੜੀ ॥
ਪਉੜੀ।
ਹੇਰਉ ਘਟਿ ਘਟਿ ਸਗਲ ਕੈ; ਪੂਰਿ ਰਹੇ ਭਗਵਾਨ ॥
ਵੇਖੋ! ਮੁਬਾਰਕ ਮਾਲਕ, ਸਾਰਿਆਂ ਦੇ ਦਿਲਾਂ ਅੰਦਰ ਪਰੀਪੂਰਨ ਹੈ ਰਿਹਾ ਹੈ।
ਹੋਵਤ ਆਏ ਸਦ ਸਦੀਵ; ਦੁਖ ਭੰਜਨ ਗੁਰ ਗਿਆਨ ॥
ਗੁਰਾਂ ਦੀ ਬਖਸ਼ੀ ਹੋਈ ਗਿਆਤ, ਨਿੱਤ ਤੇ ਹਮੇਸ਼ਾਂ ਹੀ ਕਸ਼ਟ ਨੂੰ ਦੂਰ ਕਰਨ ਵਾਲੀ ਰਹੀ ਹੈ।
ਹਉ ਛੁਟਕੈ, ਹੋਇ ਅਨੰਦੁ ਤਿਹ; ਹਉ ਨਾਹੀ, ਤਹ ਆਪਿ ॥
ਆਪਣੀ ਹੰਗਤਾ ਮਾਰ ਲੈਣ ਦੁਆਰਾ ਬੰਦਾ ਖੁਸ਼ੀ ਪ੍ਰਾਪਤ ਕਰ ਲੈਦਾ ਹੈ। ਜਿਥੇ ਸਵੈ-ਹੰਗਤਾ ਨਹੀਂ ਖੁਦ ਵਾਹਿਗੁਰੂ ਉਥੇ ਹੈ।
ਹਤੇ ਦੂਖ ਜਨਮਹ ਮਰਨ; ਸੰਤਸੰਗ ਪਰਤਾਪ ॥
ਸਾਧ ਸੰਗਤ ਦੇ ਤਪਤੇਜ ਦੁਆਰਾ ਜੰਮਣ ਅਤੇ ਮਰਨ ਦੀ ਪੀੜ ਨਵਿਰਤ ਹੋ ਗਈ ਹੈ।
ਹਿਤ ਕਰਿ, ਨਾਮ ਦ੍ਰਿੜੈ ਦਇਆਲਾ ॥
ਜੋ ਮਿਹਰਬਾਨ ਮਾਲਕ ਦੇ ਨਾਮ ਨੂੰ ਪਿਆਰ ਨਾਲ ਆਪਣੇ ਦਿਲਾਂ ਅੰਦਰ ਇਸਥਿਤ ਕਰਦੇ ਹਨ,
ਸੰਤਹ ਸੰਗਿ, ਹੋਤ ਕਿਰਪਾਲਾ ॥
ਸਤਿਸੰਗਤ ਨਾਲ ਜੁੜ ਕੇ, ਉਨ੍ਹਾਂ ਉਤੇ ਉਹ ਮਾਇਆਵਾਨ ਹੋ ਜਾਂਦਾ ਹੈ।
ਓਰੈ ਕਛੂ, ਨ ਕਿਨਹੂ ਕੀਆ ॥
ਏਥੇ ਕਿਸੇ ਨੇ ਕੁਝ ਭੀ ਆਪਣੇ ਆਪ ਸੰਪੂਰਨ ਨਹੀਂ ਕੀਤਾ।
ਨਾਨਕ, ਸਭੁ ਕਛੁ ਪ੍ਰਭ ਤੇ ਹੂਆ ॥੫੧॥
ਨਾਨਕ, ਸਾਰਾ ਕੁਝ ਸੁਆਮੀ ਨੇ ਹੀ ਨੇਪਰੇ ਚਾੜਿ੍ਹਆਂ ਹੈ।
ਸਲੋਕੁ ॥
ਸਲੋਕ।
ਲੇਖੈ ਕਤਹਿ ਨ ਛੂਟੀਐ; ਖਿਨੁ ਖਿਨੁ ਭੂਲਨਹਾਰ ॥
ਹਿਸਾਬ ਕਿਤਾਬ ਕਰਨ ਦੁਆਰਾ ਪ੍ਰਾਣੀ ਦੀ ਕਦਾਚਿਤ ਖਲਾਸੀ ਨਹੀਂ ਹੋ ਸਕਦੀ ਕਿਉਂ ਜੋ ਹਰ ਮੁਹਤ ਉਹ ਗਲਤੀ ਕਰਦਾ ਹੈ।
ਬਖਸਨਹਾਰ! ਬਖਸਿ ਲੈ; ਨਾਨਕ, ਪਾਰਿ ਉਤਾਰ ॥੧॥
ਹੈ ਮਾਫੀ ਦੇਣਹਾਰ! ਤੂੰ ਮੈਨੂੰ ਮਾਫ ਕਰ ਦੇ, ਅਤੇ ਨਾਨਕ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ।
ਪਉੜੀ ॥
ਪਉੜੀ।
ਲੂਣ ਹਰਾਮੀ ਗੁਨਹਗਾਰ; ਬੇਗਾਨਾ ਅਲਪ ਮਤਿ ॥
ਇਨਸਾਨ ਨਿਮਕ-ਹਰਾਮੀ ਅਤੇ ਪਾਪੀ ਹੈ, ਉਹ ਬੇਸਮਝ ਅਤੇ ਥੋੜ੍ਹੀ ਅਕਲ ਵਾਲਾ ਹੈ।
ਜੀਉ ਪਿੰਡੁ ਜਿਨਿ ਸੁਖ ਦੀਏ; ਤਾਹਿ ਨ ਜਾਨਤ ਤਤ ॥
ਜਿਸ ਨੇ ਉਸ ਨੂੰ ਜਿੰਦੜੀ, ਦੇਹਿ ਅਤੇ ਆਰਾਮ ਬਖਸ਼ਿਆ ਹੈ, ਉਹ ਸਾਰਿਆਂ ਦੇ ਜੋਹਰ ਨੂੰ ਉਹ ਨਹੀਂ ਜਾਣਦਾ।
ਲਾਹਾ ਮਾਇਆ ਕਾਰਨੇ; ਦਹ ਦਿਸਿ ਢੂਢਨ ਜਾਇ ॥
ਸੰਸਾਰੀ ਲਾਭ ਦੀ ਖਾਤਰ ਉਹ ਦਸੀ ਪਾਸੀ ਲੱਭਣ ਜਾਂਦਾ ਹੈ।
ਦੇਵਨਹਾਰ ਦਾਤਾਰ ਪ੍ਰਭ; ਨਿਮਖ ਨ ਮਨਹਿ ਬਸਾਇ ॥
ਦੇਣ ਵਾਲੇ ਦਾਤੇ ਸੁਆਮੀ ਨੂੰ ਉਹ ਇਕ ਮੁਹਤ ਭਰ ਲਈ ਭੀ, ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ।
ਲਾਲਚ ਝੂਠ ਬਿਕਾਰ ਮੋਹ; ਇਆ ਸੰਪੈ ਮਨ ਮਾਹਿ ॥
ਲੋਭ, ਕੂੜ ਪਾਪ ਅਤੇ ਸੰਸਾਰੀ ਲਗਨ ਇਨ੍ਹਾਂ ਨੂੰ ਉਹ ਆਪਣੇ ਚਿੱਤ ਅੰਦਰ ਇਕੱਤਰ ਕਰਦਾ ਹੈ।
ਲੰਪਟ ਚੋਰ ਨਿੰਦਕ ਮਹਾ; ਤਿਨਹੂ ਸੰਗਿ ਬਿਹਾਇ ॥
ਵੱਡੇ ਲੁੱਚੇ ਲੰਡਰ ਤਸਕਰਾਂ ਅਤੇ ਕਲੰਕ ਲਾਉਣ ਵਾਲਿਆਂ ਉਨ੍ਹਾਂ ਨਾਲ ਉਹ ਆਪਣਾ ਜੀਵਨ ਗੁਜਾਰਦਾ ਹੈ।
ਤੁਧੁ ਭਾਵੈ ਤਾ ਬਖਸਿ ਲੈਹਿ; ਖੋਟੇ ਸੰਗਿ ਖਰੇ ॥
ਜੇਕਰ ਤੈਨੂੰ ਚੰਗਾ ਲੱਗੇ ਹੇ ਸੁਆਮੀ! ਤਦ ਤੂੰ ਅਸਲੀਆਂ ਦੇ ਨਾਮ ਜਾਲ੍ਹੀਆਂ ਨੂੰ ਭੀ ਬਖਸ਼ ਦਿੰਦਾ ਹੈ।
ਨਾਨਕ, ਭਾਵੈ ਪਾਰਬ੍ਰਹਮ; ਪਾਹਨ ਨੀਰਿ ਤਰੇ ॥੫੨॥
ਨਾਨਕ ਜੇਕਰ ਪਰਮ ਪ੍ਰਭੂ ਨੂੰ ਚੰਗਾ ਲੱਗੇ ਤਾਂ ਪੱਥਰ ਪਾਣੀ ਉਤੇ ਤਰ ਪੈਦਾ ਹੈ।
ਸਲੋਕੁ ॥
ਸਲੋਕ।
ਖਾਤ, ਪੀਤ, ਖੇਲਤ, ਹਸਤ; ਭਰਮੇ ਜਨਮ ਅਨੇਕ ॥
ਖਾਂਦਾ, ਪੀਦਾ, ਖੇਲਦਾ ਅਤੇ ਹਸਦਾ ਹੋਇਆ ਮੈਂ ਘਨੇਰਿਆਂ ਜਨਮਾਂ ਅੰਦਰ ਭਟਕਿਆਂ ਹਾਂ।
ਭਵਜਲ ਤੇ ਕਾਢਹੁ ਪ੍ਰਭੂ! ਨਾਨਕ, ਤੇਰੀ ਟੇਕ ॥੧॥
ਮੈਨੂੰ ਭਿਆਨਕ ਸੰਸਾਰ ਸਮੁੰਦਰ ਵਿਚੋਂ ਬਾਹਰ ਧੂ ਲੈ, ਮੇਰੇ ਮਾਲਕ! ਨਾਨਕ ਨੂੰ ਕੇਵਲ ਤੇਰਾ ਹੀ ਆਸਰਾ ਹੈ।
ਪਉੜੀ ॥
ਪਉੜੀ।
ਖੇਲਤ ਖੇਲਤ ਆਇਓ; ਅਨਿਕ ਜੋਨਿ ਦੁਖ ਪਾਇ ॥
ਬਹੁਤੀਆਂ ਜੂਨੀਆਂ ਅਦੰਰ ਖੇਡਦਾ ਮਲ੍ਹਦਾ ਅਤੇ ਕਸ਼ਟ ਉਠਾਉਂਦਾ ਹੋਇਆ ਮੈਂ ਮਨੁੱਖ ਹੋ ਆ ਉਤਰਿਆਂ ਹਾਂ।
ਖੇਦ ਮਿਟੇ ਸਾਧੂ ਮਿਲਤ; ਸਤਿਗੁਰ ਬਚਨ ਸਮਾਇ ॥
ਸੰਤ ਨੂੰ ਭੇਟਣ ਅਤੇ ਸੱਚੇ ਗੁਰਾਂ ਦੇ ਉਪਦੇਸ਼ ਅੰਦਰ ਲੀਨ ਹੋਣ ਦੁਆਰਾ ਤਕਲੀਫਾ ਦੂਰ ਹੋ ਜਾਂਦੀਆਂ ਹਨ।
ਖਿਮਾ ਗਹੀ, ਸਚੁ ਸੰਚਿਓ; ਖਾਇਓ ਅੰਮ੍ਰਿਤੁ ਨਾਮ ॥
ਸਹਿਨਸ਼ੀਲਤਾ ਧਾਰਨ ਕਰਨ ਅਤੇ ਸੱਚ ਨੂੰ ਇਕੱਤ੍ਰ ਕਰਨ ਦੁਆਰਾ ਆਦਮੀ ਨਾਮ ਰੂਪੀ ਆਬਿ-ਹਿਯਾਤ ਨੂੰ ਭੁੰਚਦਾ ਹੈ।
ਖਰੀ ਕ੍ਰਿਪਾ ਠਾਕੁਰ ਭਈ; ਅਨਦ ਸੂਖ ਬਿਸ੍ਰਾਮ ॥
ਜਦ ਪ੍ਰਭੂ ਨੇ ਆਪਣੀ ਭਾਰੀ ਰਹਿਮਤ ਕੀਤੀ, ਤਾਂ ਮੈਨੂੰ ਖੁਸ਼ੀ ਤੇ ਪਰਸੰਨਤਾ ਅੰਦਰ ਆਰਾਮ ਦਾ ਟਿਕਾਣਾ ਮਿਲ ਗਿਆ।
ਖੇਪ ਨਿਬਾਹੀ ਬਹੁਤੁ ਲਾਭ; ਘਰਿ ਆਏ ਪਤਿਵੰਤ ॥
ਮੇਰਾ ਸੌਦਾ-ਸੂਤ ਸਹੀ-ਸਲਾਮਤ ਆ ਪੁੱਜਾ ਹੈ, ਮੈਂ ਘਣਾ ਨਫਾ ਖੱਟਿਆ ਹੈ ਅਤੇ ਮੈਂ ਇੱਜ਼ਤ ਨਾਲ ਗ੍ਰਹਿ ਮੁੜ ਆਇਆ ਹਾਂ।
ਖਰਾ ਦਿਲਾਸਾ ਗੁਰਿ ਦੀਆ; ਆਇ ਮਿਲੇ ਭਗਵੰਤ ॥
ਭਾਰੀ ਤਸੱਲੀ ਗੁਰਾਂ ਨੇ ਮੈਨੂੰ ਦਿੱਤੀ ਹੈ, ਅਤੇ ਪਰਸਿੱਧ ਪ੍ਰਭੂ ਮੈਨੂੰ ਆ ਕੇ ਮਿਲ ਪਿਆ ਹੈ।
ਆਪਨ ਕੀਆ ਕਰਹਿ ਆਪਿ; ਆਗੈ ਪਾਛੈ ਆਪਿ ॥
ਵਾਹਿਗੁਰੂ ਨੇ ਆਪੇ ਹੀ ਕੀਤਾ ਹੈ ਅਤੇ ਆਪੇ ਹੀ ਕਰਦਾ ਹੈ। ਉਹ ਪਿਛੋ ਸੀ ਅਤੇ ਖੁਦ ਹੀ ਅੱਗੇ ਨੂੰ ਹੋਵੇਗਾ।
ਨਾਨਕ, ਸੋਊ ਸਰਾਹੀਐ; ਜਿ ਘਟਿ ਘਟਿ ਰਹਿਆ ਬਿਆਪਿ ॥੫੩॥
ਨਾਨਕ ਕੇਵਲ ਉਸੇ ਦੀ ਪਰਸੰਸਾ ਕਰ, ਜੋ ਹਰ ਦਿਲ ਅੰਦਰ ਰਮਿਆ ਹੋਇਆ ਹੈ।
ਸਲੋਕੁ ॥
ਸਲੋਕ।
ਆਏ ਪ੍ਰਭ ਸਰਨਾਗਤੀ; ਕਿਰਪਾ ਨਿਧਿ ਦਇਆਲ ॥
ਰਹਿਮਤ ਦੇ ਸਮੁੰਦਰ, ਮੇਰੇ ਮਿਹਰਬਾਨ ਮਾਲਕ, ਮੈਂ ਤੇਰੀ ਛਤ੍ਰ-ਛਾਇਆ ਹੇਠ ਆਇਆ ਹਾਂ।
ਏਕ ਅਖਰੁ ਹਰਿ ਮਨਿ ਬਸਤ; ਨਾਨਕ, ਹੋਤ ਨਿਹਾਲ ॥੧॥
ਨਾਨਕ, ਜਿਸ ਦੇ ਚਿੱਤ ਵਿੱਚ ਅੰਦੁੱਤੀ ਅਬਿਨਾਸੀ ਪ੍ਰਭੂ ਵਸਦਾ ਹੈ, ਉਹ ਪਰਮ-ਪਰਸੰਨ ਹੋ ਜਾਂਦਾ ਹੈ।
ਪਉੜੀ ॥
ਪਉੜੀ।
ਅਖਰ ਮਹਿ, ਤ੍ਰਿਭਵਨ ਪ੍ਰਭਿ ਧਾਰੇ ॥
ਪ੍ਰਭੂ ਦੇ ਸ਼ਬਦ ਅੰਦਰ ਤਿੰਨਾਂ ਜਹਾਨਾ ਦੀ ਅਸਥਾਪਨ ਹੈ।
ਅਖਰ ਕਰਿ ਕਰਿ, ਬੇਦ ਬੀਚਾਰੇ ॥
ਸ਼ਬਦਾਂ ਨੂੰ ਇਕੱਠੇ ਜੋੜ ਕੇ ਵੇਦ ਵਾਚੇ ਜਾਂਦੇ ਹਨ।
ਅਖਰ, ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥
ਲਫਜ਼ ਦਸਦੇ ਹਨ, ਕਿ ਸ਼ਾਸ਼ਤਰਾਂ, ਸਿੰਮ੍ਰਤੀਆਂ ਅਤੇ ਪੁਰਾਣਾ ਵਿੱਚ ਕੀ ਲਿਖਿਆ ਹੋਇਆ ਹੈ।
ਅਖਰ, ਨਾਦ ਕਥਨ ਵਖ੍ਯ੍ਯਾਨਾ ॥
ਹਰਫਾਂ ਵਿੱਚ ਲਿਖੇ ਹੋਏ ਹਨ, ਭਜਨ, ਸੰਭਾਸ਼ਨ ਅਤੇ ਲੈਕਚਰ।
ਅਖਰ, ਮੁਕਤਿ ਜੁਗਤਿ ਭੈ ਭਰਮਾ ॥
ਡਰ ਅਤੇ ਵਹਿਮ ਤੋਂ ਖਲਾਸੀ ਪਾਉਣ ਦਾ ਤਰੀਕਾ ਹਰਫਾਂ ਦੁਆਰਾ ਬਿਆਨ ਕੀਤਾ ਹੋਇਆ ਹੈ।
ਅਖਰ, ਕਰਮ ਕਿਰਤਿ ਸੁਚ ਧਰਮਾ ॥
ਲਫਜ਼ ਧਾਰਮਕ ਸੰਸਕਾਰਾਂ ਸੰਸਾਰੀ ਕੰਮਾਂ ਪਵਿੱਤਰਤਾ ਅਤੇ ਮਜ਼ਹਬ ਨੂੰ ਵਰਨਣ ਕਰਦੇ ਹਨ।
ਦ੍ਰਿਸਟਿਮਾਨ, ਅਖਰ ਹੈ ਜੇਤਾ ॥
ਸਮੂਹ ਦਿੱਸਣ ਵਾਲੀ ਦੁਨੀਆਂ ਦੇ ਵਿੱਚ ਨਾਸ-ਰਹਿਤ ਸੁਆਮੀ ਵਰਤਮਾਨ ਹੈ।
ਨਾਨਕ, ਪਾਰਬ੍ਰਹਮ ਨਿਰਲੇਪਾ ॥੫੪॥
ਫਿਰ ਭੀ ਹੇ ਨਾਨਕ! ਸ਼੍ਰੋਮਣੀ ਸਾਹਿਬ ਅਟਕ ਵਿਚਰਦਾ ਹੈ।
ਸਲੋਕੁ ॥
ਸਲੋਕ।
ਹਥਿ ਕਲੰਮ ਅਗੰਮ, ਮਸਤਕਿ ਲਿਖਾਵਤੀ ॥
ਆਪਣੇ ਹੱਥ ਵਾਲੀ ਲੇਖਣੀ ਨਾਲ, ਪਹੁੰਚ ਤੋਂ ਪਰੇ ਪ੍ਰਭੂ ਬੰਦੇ ਦੀ ਕਿਸਮਤ ਉਸਦੇ ਮੱਥੇ ਉਤੇ ਲਿਖਦਾ ਹੈ।
ਉਰਝਿ ਰਹਿਓ ਸਭ ਸੰਗਿ, ਅਨੂਪ ਰੂਪਾਵਤੀ ॥
ਲਾਸਾਨੀ ਸੁੰਦਰਤਾ ਵਾਲਾ ਸਾਹਿਬ ਸਮੂਹ ਨਾਲ (ਅੰਦਰ) ਰਮ ਰਿਹਾ ਹੈ।
ਉਸਤਤਿ ਕਹਨੁ ਨ ਜਾਇ, ਮੁਖਹੁ ਤੁਹਾਰੀਆ ॥
ਤੇਰੀ ਮਹਿਮਾ, ਹੈ ਮਾਲਕ! ਮੈਂ ਆਪਣੇ ਮੂੰਹ ਨਾਲ ਬਿਆਨ ਨਹੀਂ ਕਰ ਸਕਦਾ।
ਮੋਹੀ ਦੇਖਿ ਦਰਸੁ, ਨਾਨਕ ਬਲਿਹਾਰੀਆ ॥੧॥
ਨਾਨਕ ਤੇਰਾ ਦੀਦਾਰ ਵੇਖ ਕੇ ਫ਼ਰੋਫ਼ਤਾ ਹੋ ਗਿਆ ਹੈ ਅਤੇ ਤੇਰੇ ਉਤੇ ਸਦਕੇ ਜਾਂਦਾ ਹੈ।
ਪਉੜੀ ॥
ਪਉੜੀ।
ਹੇ ਅਚੁਤ! ਹੇ ਪਾਰਬ੍ਰਹਮ! ਅਬਿਨਾਸੀ ਅਘਨਾਸ! ॥
ਓ ਮੇਰੇ ਅਹਿੱਲ ਅਤੇ ਅਮਰ ਸੁਆਮੀ! ਹੇ ਮੇਰੇ ਪਾਪ ਹਰਨਹਾਰ ਪਰਮ ਪ੍ਰਭੂ!
ਹੇ ਪੂਰਨ! ਹੇ ਸਰਬ ਮੈ! ਦੁਖ ਭੰਜਨ ਗੁਣਤਾਸ ॥
ਹੈ ਤੂੰ ਸਰਬ-ਵਿਆਪਕ, ਮੁਕੰਮਲ ਪੁਰਖ! ਹੇ ਤੂੰ ਕਸ਼ਟ-ਕਟਣਹਾਰ ਅਤੇ ਨੇਕੀ ਦੇ ਖਜਾਨੇ!
ਹੇ ਸੰਗੀ! ਹੇ ਨਿਰੰਕਾਰ! ਹੇ ਨਿਰਗੁਣ! ਸਭ ਟੇਕ ॥
ਹੈ ਜੀਵ ਦੇ ਸਾਥੀ, ਹੇ ਸਰੂਪ-ਰਹਿਤ ਪੁਰਖ! ਹੈ ਸਾਰਿਆਂ ਦੇ ਆਸਰੇ ਸੁੰਨ ਅਫੁਰ ਪ੍ਰਭੂ!
ਹੇ ਗੋਬਿਦ! ਹੇ ਗੁਣ ਨਿਧਾਨ! ਜਾ ਕੈ ਸਦਾ ਬਿਬੇਕ ॥
ਹੈ ਧਰਤੀ ਦੇ ਥੰਮ੍ਹਣਹਾਰ! ਹੈ ਸਰੇਸ਼ਟਾਈਆਂ ਦੇ ਸਮੁੰਦਰ! ਜਿਸ ਪਾਸ ਸਦੀਵ ਹੀ ਤੀਬਰ ਵੀਚਾਰ ਹੈ।
ਹੇ ਅਪਰੰਪਰ ਹਰਿ ਹਰੇ! ਹਹਿ ਭੀ ਹੋਵਨਹਾਰ ॥
ਹੇ ਪਰੇਡੇ ਤੋਂ ਪਰੇਡੇ ਵਾਹਿਗੁਰੂ ਸੁਆਮੀ! ਤੂੰ ਹੈ ਸੀਗਾ ਅਤੇ ਹੋਵੇਗਾ।
ਹੇ ਸੰਤਹ ਕੈ ਸਦਾ ਸੰਗਿ! ਨਿਧਾਰਾ ਆਧਾਰ! ॥
ਹੇ ਸਾਧੂਆਂ ਦੇ ਹਮੇਸ਼ਾਂ ਦੇ ਸਾਥੀ, ਤੂੰ ਨਿਆਸਰਿਆਂ ਦਾ ਆਸਰਾ ਹੈ।
ਹੇ ਠਾਕੁਰ! ਹਉ ਦਾਸਰੋ; ਮੈ ਨਿਰਗੁਨ, ਗੁਨੁ ਨਹੀ ਕੋਇ ॥
ਹੈ ਸਾਹਿਬ! ਮੈਂ ਤੇਰਾ ਗੋਲਾ ਹਾਂ। ਮੈਂ ਨੇਕੀ ਵਿਹੁਣ ਹਾਂ। ਮੇਰੇ ਵਿੱਚ ਕੋਈ ਨੇਕੀ ਨਹੀਂ।
ਨਾਨਕ ਦੀਜੈ ਨਾਮ ਦਾਨੁ; ਰਾਖਉ ਹੀਐ ਪਰੋਇ ॥੫੫॥
ਮੈਂ ਨਾਨਕ ਨੂੰ ਆਪਣੇ ਨਾਮ ਦੀ ਦਾਤ ਬਖਸ਼ ਤਾਂ ਜੋ ਮੈਂ ਇਸ ਨੂੰ ਆਪਣੇ ਚਿੱਤ ਅੰਦਰ ਪਰੋ ਕੇ ਰੱਖਾਂ।
ਸਲੋਕੁ ॥
ਸਲੋਕ।
ਗੁਰਦੇਵ ਮਾਤਾ, ਗੁਰਦੇਵ ਪਿਤਾ; ਗੁਰਦੇਵ ਸੁਆਮੀ ਪਰਮੇਸੁਰਾ ॥
ਰੱਬ-ਰੂਪ ਗੁਰੂ ਮੇਰੀ ਅੰਮੜੀ ਹੈ, ਰੱਬ-ਰੂਪ ਗੁਰੂ ਮੇਰਾ ਬਾਬਲ, ਅਤੇ ਰੱਬ-ਰੂਪ ਗੁਰੂ ਹੀ ਮੇਰਾ ਪ੍ਰਭੂ ਤੇ ਪਰਮ ਵਾਹਿਗੁਰੂ ਹੈ।
ਗੁਰਦੇਵ ਸਖਾ, ਅਗਿਆਨ ਭੰਜਨੁ; ਗੁਰਦੇਵ ਬੰਧਪਿ ਸਹੋਦਰਾ ॥
ਰੱਬ-ਰੂਪ ਗੁਰੂ ਆਤਮਕ ਬੇਸਮਝੀ ਦੂਰ ਕਰਨ ਵਾਲਾ ਮੇਰਾ ਸਾਥੀ ਹੈ, ਅਤੇ ਰੱਬ-ਗੁਰੂ ਹੀ ਮੇਰਾ ਸਨਬੰਧੀ ਤੇ ਭਰਾ ਹੈ।
ਗੁਰਦੇਵ ਦਾਤਾ, ਹਰਿ ਨਾਮੁ ਉਪਦੇਸੈ; ਗੁਰਦੇਵ ਮੰਤੁ, ਨਿਰੋਧਰਾ ॥
ਰੱਬ-ਰੂਪ ਗੁਰੂ, ਵਾਹਿਗੁਰੂ ਦੇ ਨਾਮ ਦਾ ਦਾਤਾਰ ਅਤੇ ਪ੍ਰਚਾਰਕ ਹੈ, ਅਤੇ ਰੱਬ-ਰੂਪ ਗੁਰੂ ਹੀ ਮੇਰਾ ਅਚੂਕ ਮੰਤ੍ਰ ਹੈ।
ਗੁਰਦੇਵ ਸਾਂਤਿ, ਸਤਿ ਬੁਧਿ ਮੂਰਤਿ; ਗੁਰਦੇਵ ਪਾਰਸ ਪਰਸ ਪਰਾ ॥
ਰੱਬ ਰੂਪ ਗੁਰੂ ਠੰਢ-ਚੈਨ, ਸੱਚ ਅਤੇ ਦਾਨਾਈ ਦੀ ਤਸਵੀਰ ਹੈ। ਰੱਬ ਰੂਪ ਗੁਰੂ ਜੀ ਪਾਰਸ, ਜਿਸ ਨਾਲ ਛੂਹ ਕੇ ਪ੍ਰਾਣੀ ਪਾਰ ਉਤਰ ਜਾਂਦਾ ਹੈ।
ਗੁਰਦੇਵ ਤੀਰਥੁ, ਅੰਮ੍ਰਿਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥
ਰੱਬ ਰੂਪ ਗੁਰੂ ਜੀ ਯਾਤ੍ਰਾ ਅਸਥਾਨ ਅਤੇ ਆਬਿ-ਹਿਯਾਤ ਦੇ ਤਾਲਾਬ ਹਨ। ਗੁਰਾਂ ਦੇ ਬ੍ਰਹਿਮ ਬੀਚਾਰ ਅੰਦਰ ਇਸ਼ਨਾਨ ਕਰਨ ਦੁਆਰਾ ਬੰਦਾ ਬੇਅੰਤ ਮਾਲਕ ਨੂੰ ਮਿਲ ਪੈਦਾ ਹੈ।
ਗੁਰਦੇਵ ਕਰਤਾ, ਸਭਿ ਪਾਪ ਹਰਤਾ; ਗੁਰਦੇਵ, ਪਤਿਤ ਪਵਿਤ ਕਰਾ ॥
ਰੱਬ-ਰੂਪ ਗੁਰੂ ਜੀ ਸਿਰਜਣਹਾਰ ਅਤੇ ਸਮੂਹ ਗੁਨਾਹਾਂ ਤੇ ਨਾਸ ਕਰਨ ਵਾਲੇ ਹਨ ਅਤੇ ਰੱਥ-ਰੂਪ ਗੁਰੂ ਜੀ ਅਪਵਿੱਤ੍ਰਾਂ ਨੂੰ ਪਵਿੱਤ੍ਰ ਕਰਨਹਾਰ ਹਨ।
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ; ਗੁਰਦੇਵ ਮੰਤੁ ਹਰਿ, ਜਪਿ ਉਧਰਾ ॥
ਰੱਬ-ਰੂਪ ਗੁਰੂ ਐਨ ਆਰੰਭ, ਯੁੱਗਾਂ ਦੇ ਆਰੰਭ ਤੋਂ ਅਤੇ ਹਰ ਯੁੱਗ ਵਿੱਚ ਹੈ। ਨਿਰੰਕਾਰ ਸਰੂਪ ਗੁਰੂ ਰੱਬ ਦੇ ਨਾਮ ਦਾ ਮੰਤ੍ਰ ਹੈ, ਜਿਸ ਨੂੰ ਉਚਾਰਨ ਕਰਨ ਦੁਆਰਾ ਪ੍ਰਾਣੀ ਦਾ ਪਾਰ-ਉਤਾਰਾ ਹੋ ਜਾਂਦਾ ਹੈ।
ਗੁਰਦੇਵ! ਸੰਗਤਿ ਪ੍ਰਭ ਮੇਲਿ, ਕਰਿ ਕਿਰਪਾ; ਹਮ ਮੂੜ ਪਾਪੀ, ਜਿਤੁ ਲਗਿ ਤਰਾ ॥
ਮੇਰੇ ਮਾਲਕ, ਰਹਿਮ ਕਰ, ਮੈਂ ਬੁੱਧੂ ਗੁਨਾਹਗਾਰ ਨੂੰ ਗੁਰਾਂ ਦੇ ਸਮੇਲਨ ਨਾਲ ਜੋੜ ਦੇ, ਜਿਸ ਨਾਲ ਲਗ ਕੇ ਮੈਂ ਜੀਵਨ ਦੇ ਸਮੁੰਦਰ ਤੋਂ ਪਾਰ ਹੋ ਜਾਵਾ।
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ; ਗੁਰਦੇਵ ਨਾਨਕ ਹਰਿ, ਨਮਸਕਰਾ ॥੧॥
ਨਿਰੰਕਾਰ ਸਰੂਪ ਗੁਰੂ, ਸੱਚਾ ਗੁਰੂ, ਖੁਦ ਹੈ ਉਤਕ੍ਰਿਸ਼ਟ ਸਾਹਿਬ ਅਤੇ ਵਿਸ਼ਾਲ ਵਾਹਿਗੁਰੂ ਹੈ। ਈਸ਼ਵਰੀ ਤੋਂ ਰੱਬ ਰੂਪ ਗੁਰੂ ਨੂੰ ਨਾਨਕ, ਬੰਦਨਾ ਕਰਦਾ ਹੈ।
ਏਹੁ ਸਲੋਕੁ, ਆਦਿ ਅੰਤਿ ਪੜਣਾ ॥
ਇਹ ਸਲੋਕ ਆਰੰਭ ਅਤੇ ਅਖੀਰ ਵਿੱਚ ਪੜ੍ਹਣਾ।
ਗਉੜੀ ਸੁਖਮਨੀ ੫ ॥
ਗਉੜੀ ਵਿੱਚ ਠੰਢ-ਚੈਨ ਦਾ ਮੋਤੀ ਪਾਤਸ਼ਾਹੀ ਪੰਜਵੀ।
ਸਲੋਕੁ ॥
ਸਲੋਕ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਆਦਿ ਗੁਰਏ, ਨਮਹ ॥
ਮੈਂ ਮੁੱਢਲੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ।
ਜੁਗਾਦਿ ਗੁਰਏ, ਨਮਹ ॥
ਮੈਂ ਪਹਿਲੇ ਯੁਗਾਂ ਦੇ ਗੁਰੂ ਨੂੰ ਨਮਸਕਾਰ ਕਰਦਾ ਹਾਂ।
ਸਤਿਗੁਰਏ, ਨਮਹ ॥
ਮੈਂ ਸੱਚੇ ਗੁਰਾਂ ਨੂੰ ਬੰਦਨਾ ਕਰਦਾ ਹਾਂ।
ਸ੍ਰੀ ਗੁਰਦੇਵਏ, ਨਮਹ ॥੧॥
ਮੈਂ ਪੂਜਨੀਯ, ਈਸ਼ਵਰੀ ਗੁਰਾਂ ਨੂੰ ਪ੍ਰਣਾਮ ਕਰਦਾ ਹਾਂ।
ਅਸਟਪਦੀ ॥
ਅਸ਼ਟਪਦੀ।
ਸਿਮਰਉ, ਸਿਮਰਿ ਸਿਮਰਿ ਸੁਖੁ ਪਾਵਉ ॥
ਯਾਦ ਕਰ, ਯਾਦ ਕਰ ਵਾਹਿਗੁਰੂ ਨੂੰ,
ਕਲਿ ਕਲੇਸ, ਤਨ ਮਾਹਿ ਮਿਟਾਵਉ ॥
ਇਸ ਤਰ੍ਹਾਂ ਤੂੰ ਆਰਾਮ ਪਾ ਲਵੇਗਾ ਅਤੇ ਤੇਰੀ ਦੇਹਿ ਵਿਚੋਂ ਬਖੇੜ ਅਤੇ ਪੀੜ ਮਿਟ ਜਾਣਗੇ।
ਸਿਮਰਉ ਜਾਸੁ, ਬਿਸੁੰਭਰ ਏਕੈ ॥
ਕੇਵਲ, ਜਗਤ ਨੂੰ ਭਰਨ ਵਾਲੇ ਦੇ ਜੱਸ ਨੂੰ ਯਾਦ ਕਰ।
ਨਾਮੁ ਜਪਤ, ਅਗਨਤ ਅਨੇਕੈ ॥
ਬੇਗਿਣਤ ਪੁਰਸ਼ ਸਾਹਿਬ ਦੇ ਅਨੇਕਾਂ ਨਾਮਾਂ ਨੂੰ ਉਚਾਰਦੇ ਹਨ।
ਬੇਦ, ਪੁਰਾਨ, ਸਿੰਮ੍ਰਿਤਿ ਸੁਧਾਖ੍ਯ੍ਯਰ ॥
ਪਵਿੱਤ੍ਰ ਅੱਖਰ ਵਾਲੇ ਵੇਦ, ਪੁਰਾਣ ਅਤੇ ਸਿਮ੍ਰਤੀਆਂ,
ਕੀਨੇ, ਰਾਮ ਨਾਮ ਇਕ ਆਖ੍ਯ੍ਯਰ ॥
ਪ੍ਰਭੂ ਦੇ ਨਾਮ ਦੇ ਇਕੋ ਅੱਖਰ ਦੀਆਂ ਰਚਨਾ ਹਨ।
ਕਿਨਕਾ ਏਕ, ਜਿਸੁ ਜੀਅ ਬਸਾਵੈ ॥
ਜੋ ਵਾਹਿਗੁਰੂ ਦੇ ਨਾਮ ਦਾ ਇਕ ਭੋਰਾ ਭੀ ਆਪਣੇ ਦਿਲ ਅੰਦਰ ਟਿਕਾ ਲੈਦਾ ਹੈ,
ਤਾ ਕੀ ਮਹਿਮਾ, ਗਨੀ ਨ ਆਵੈ ॥
ਉਸ ਦੀਆਂ ਸਿਫ਼ਤ-ਸ਼ਲਾਘਾ ਗਿਣੀਆਂ ਨਹੀਂ ਜਾ ਸਕਦੀਆਂ।
ਕਾਂਖੀ ਏਕੈ, ਦਰਸ ਤੁਹਾਰੋ ॥
ਜਿਹੜੇ ਕੇਵਲ ਤੇਰੇ ਦੀਦਾਰ ਦੇ ਚਾਹਵਾਨ ਹਨ,
ਨਾਨਕ, ਉਨ ਸੰਗਿ ਮੋਹਿ ਉਧਾਰੋ ॥੧॥
ਹੇ ਸੁਆਮੀ! ਉਨ੍ਹਾਂ ਦੇ ਨਾਲ ਨਾਨਕ ਦਾ ਪਾਰ-ਉਤਾਰਾ ਕਰ ਦੇ।
ਸੁਖਮਨੀ ਸੁਖ, ਅੰਮ੍ਰਿਤ ਪ੍ਰਭ ਨਾਮੁ ॥
ਇਸ ਸੁਖਮਨੀ ਵਿੱਚ ਖੁਸ਼ੀ ਬਰਸਾਉਣ ਵਾਲਾ ਸੁਆਮੀ ਦਾ ਸੁਧਾ-ਸਰੂਪ ਨਾਮ ਹੈ।
ਭਗਤ ਜਨਾ ਕੈ, ਮਨਿ ਬਿਸ੍ਰਾਮ ॥ ਰਹਾਉ ॥
ਸਾਈਂ ਦੇ ਗੋਲਿਆਂ ਦੇ ਚਿੱਤ ਅੰਦਰ ਅਮਨ-ਚੈਨ ਹੈ। ਠਹਿਰਾਉ।
ਪ੍ਰਭ ਕੈ ਸਿਮਰਨਿ, ਗਰਭਿ ਨ ਬਸੈ ॥
ਸੁਆਮੀ ਦੀ ਬੰਦਗੀ ਦੁਆਰਾ ਬੰਦਾ ਰਹਿਮ ਵਿੱਚ ਨਹੀਂ ਪੈਦਾ।
ਪ੍ਰਭ ਕੈ ਸਿਮਰਨਿ, ਦੂਖੁ ਜਮੁ ਨਸੈ ॥
ਸੁਆਮੀ ਦੀ ਬੰਦਗੀ ਦੁਆਰਾ ਮੌਤ ਦਾ ਕਸ਼ਟ ਦੌੜ ਜਾਂਦਾ ਹੈ।
ਪ੍ਰਭ ਕੈ ਸਿਮਰਨਿ, ਕਾਲੁ ਪਰਹਰੈ ॥
ਸੁਆਮੀ ਦੀ ਬੰਦਗੀ ਦੁਆਰਾ ਮੌਤ ਦੂਰ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨਿ, ਦੁਸਮਨੁ ਟਰੈ ॥
ਸੁਆਮੀ ਦੀ ਬੰਦਗੀ ਦੁਆਰਾ ਵੈਰੀ ਟਲ ਜਾਂਦਾ ਹੈ।
ਪ੍ਰਭ ਸਿਮਰਤ, ਕਛੁ ਬਿਘਨੁ ਨ ਲਾਗੈ ॥
ਸੁਆਮੀ ਦੀ ਬੰਦਗੀ ਦੁਆਰਾ ਕੋਈ ਰੁਕਾਵਟ ਨਹੀਂ ਵਾਪਰਦੀ।
ਪ੍ਰਭ ਕੈ ਸਿਮਰਨਿ, ਅਨਦਿਨੁ ਜਾਗੈ ॥
ਸੁਆਮੀ ਦੀ ਬੰਦਗੀ ਦੁਆਰਾ, ਆਦਮੀ ਰਾਤ ਦਿਨ ਖਬਰਦਾਰ ਰਹਿੰਦਾ ਹੈ।
ਪ੍ਰਭ ਕੈ ਸਿਮਰਨਿ, ਭਉ ਨ ਬਿਆਪੈ ॥
ਸੁਆਮੀ ਦੀ ਬੰਦਗੀ ਦੁਆਰਾ ਡਰ ਨਹੀਂ ਲਗਦਾ।
ਪ੍ਰਭ ਕੈ ਸਿਮਰਨਿ, ਦੁਖੁ ਨ ਸੰਤਾਪੈ ॥
ਸੁਆਮੀ ਦੀ ਬੰਦਗੀ ਦੁਆਰਾ ਗ਼ਮ ਦੁਖਾਤ੍ਰ ਨਹੀਂ ਕਰਦਾ।
ਪ੍ਰਭ ਕਾ ਸਿਮਰਨੁ, ਸਾਧ ਕੈ ਸੰਗਿ ॥
ਸੁਆਮੀ ਦੀ ਬੰਦਗੀ ਸਾਧ ਸੰਗਤ ਅੰਦਰ ਪ੍ਰਾਪਤ ਹੁੰਦੀ ਹੈ।
ਸਰਬ ਨਿਧਾਨ ਨਾਨਕ, ਹਰਿ ਰੰਗਿ ॥੨॥
ਸਾਰੀਆਂ ਦੌਲਤਾਂ ਹੇ ਨਾਨਕ! ਵਾਹਿਗੁਰੂ ਦੀ ਪ੍ਰੀਤ ਵਿੱਚ ਹਨ।
ਪ੍ਰਭ ਕੈ ਸਿਮਰਨਿ, ਰਿਧਿ ਸਿਧਿ ਨਉ ਨਿਧਿ ॥
ਸੁਆਮੀ ਦੇ ਭਜਨ ਵਿੱਚ ਦੌਲਤ, ਕਰਾਮਾਤ ਅਤੇ ਨੌ-ਖ਼ਜ਼ਾਨੇ ਹਨ।
ਪ੍ਰਭ ਕੈ ਸਿਮਰਨਿ, ਗਿਆਨੁ ਧਿਆਨੁ ਤਤੁ ਬੁਧਿ ॥
ਸੁਆਮੀ ਦੇ ਭਜਨ ਦੁਆਰਾ ਬੰਦਾ ਬ੍ਰਹਿਮਬੋਧ ਦਿਭਦ੍ਰਿਸ਼ਟੀ ਅਤੇ ਸਿਆਣਪ ਦਾ ਨਚੋੜ ਪ੍ਰਾਪਤ ਕਰ ਲੈਦਾ ਹੈ।
ਪ੍ਰਭ ਕੈ ਸਿਮਰਨਿ, ਜਪ ਤਪ ਪੂਜਾ ॥
ਸੁਆਮੀ ਦੇ ਭਜਨ ਦੁਆਰਾ ਬੰਦਾ ਅਨੁਰਾਗ, ਘਾਲ ਮੁਸ਼ੱਕਤ ਅਤੇ ਉਪਾਸ਼ਨਾ ਪ੍ਰਾਪਤ ਕਰ ਲੈਦਾ ਹੈ।
ਪ੍ਰਭ ਕੈ ਸਿਮਰਨਿ, ਬਿਨਸੈ ਦੂਜਾ ॥
ਸਾਹਿਬ ਨੂੰ ਚੇਤੇ ਕਰਨ ਦੁਆਰਾ ਦਵੈਤ-ਭਾਵ ਦੂਰ ਹੋ ਜਾਂਦਾ ਹੈ।
ਪ੍ਰਭ ਕੈ ਸਿਮਰਨਿ, ਤੀਰਥ ਇਸਨਾਨੀ ॥
ਸਾਹਿਬ ਨੂੰ ਚੇਤੇ ਕਰਨ ਦੁਆਰਾ ਯਾਤ੍ਰਾ ਅਸਥਾਨ ਤੇ ਨ੍ਹਾਉਣ ਦਾ ਫਲ ਪਾ ਲਈਦਾ ਹੈ।
ਪ੍ਰਭ ਕੈ ਸਿਮਰਨਿ, ਦਰਗਹ ਮਾਨੀ ॥
ਸਾਹਿਬ ਨੂੰ ਚੇਤੇ ਕਰਨ ਦੁਆਰਾ, ਪ੍ਰਾਣੀ ਉਸ ਦਰਬਾਰ ਅੰਦਰ ਪੱਤ-ਆਬਰੂ ਪਾਉਂਦਾ ਹੈ।
ਪ੍ਰਭ ਕੈ ਸਿਮਰਨਿ, ਹੋਇ ਸੁ ਭਲਾ ॥
ਸਾਹਿਬ ਨੂੰ ਚੇਤੇ ਕਰਨ ਦੁਆਰਾ ਜੀਵ ਉਸ ਦੀ ਰਜ਼ਾਂ ਨੂੰ ਮਿੱਠੀ ਕਰਕੇ ਮੰਨਦਾ ਹੈ।
ਪ੍ਰਭ ਕੈ ਸਿਮਰਨਿ, ਸੁਫਲ ਫਲਾ ॥
ਸਾਹਿਬ ਨੂੰ ਚੇਤੇ ਕਰਨ ਦੁਆਰਾ ਇਨਸਾਨ ਸੁਹਣਾ ਫੁਲਦਾ ਫਲਦਾ ਹੈ।
ਸੇ ਸਿਮਰਹਿ, ਜਿਨ ਆਪਿ ਸਿਮਰਾਏ ॥
ਕੇਵਲ ਓਹੀ ਉਸ ਨੂੰ ਯਾਦ ਕਰਦੇ ਹਨ, ਜਿਨ੍ਹਾਂ ਨੂੰ ਉਹ ਖੁਦ ਯਾਦ ਕਰਾਉਂਦਾ ਹੈ।
ਨਾਨਕ, ਤਾ ਕੈ ਲਾਗਉ ਪਾਏ ॥੩॥
ਨਾਨਕ ਉਨ੍ਹਾਂ ਪੁਰਸ਼ਾਂ ਦੇ ਚਰਨਾਂ ਨੂੰ ਪਰਸਦਾ ਹੈ।
ਪ੍ਰਭ ਕਾ ਸਿਮਰਨੁ, ਸਭ ਤੇ ਊਚਾ ॥
ਸੁਆਮੀ ਦੀ ਬੰਦਗੀ ਸਾਰਿਆਂ ਦੀ ਸ਼੍ਰੋਮਣੀ ਹੈ।
ਪ੍ਰਭ ਕੈ ਸਿਮਰਨਿ, ਉਧਰੇ ਮੂਚਾ ॥
ਮਾਲਕ ਦਾ ਆਰਾਧਨ ਕਰਨ ਦੁਆਰਾ ਅਨੇਕਾਂ ਪਾਰ ਉਤਰ ਗਏ ਹਨ।
ਪ੍ਰਭ ਕੈ ਸਿਮਰਨਿ, ਤ੍ਰਿਸਨਾ ਬੁਝੈ ॥
ਮਾਲਕ ਦਾ ਆਰਾਧਨ ਕਰਨ ਦੁਆਰਾ ਤੇਹਿ ਬੁਝ ਜਾਂਦੀ ਹੈ।
ਪ੍ਰਭ ਕੈ ਸਿਮਰਨਿ, ਸਭੁ ਕਿਛੁ ਸੁਝੈ ॥
ਸਾਹਿਬ ਦੇ ਭਜਨ ਰਾਹੀਂ ਆਦਮੀ ਨੂੰ ਸਾਰਾ ਕੁਝ ਪਤਾ ਲਗ ਜਾਂਦਾ ਹੈ।
ਪ੍ਰਭ ਕੈ ਸਿਮਰਨਿ, ਨਾਹੀ ਜਮ ਤ੍ਰਾਸਾ ॥
ਸੁਆਮੀ ਨੂੰ ਚੇਤੇ ਕਰਨ ਦੁਆਰਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
ਪ੍ਰਭ ਕੈ ਸਿਮਰਨਿ, ਪੂਰਨ ਆਸਾ ॥
ਸੁਆਮੀ ਨੂੰ ਚੇਤੇ ਕਰਨ ਦੁਆਰਾ ਖਾਹਿਸ਼ ਪੂਰੀ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨਿ, ਮਨ ਕੀ ਮਲੁ ਜਾਇ ॥
ਸੁਆਮੀ ਨੂੰ ਚੇਤੇ ਕਰਨ ਦੁਆਰਾ ਚਿੱਤ ਦੀ ਮਲੀਨਤਾ ਉਤਰ ਜਾਂਦੀ ਹੈ,
ਅੰਮ੍ਰਿਤ ਨਾਮੁ, ਰਿਦ ਮਾਹਿ ਸਮਾਇ ॥
ਤੇ ਸੁਧਾ-ਸਰੂਪ ਨਾਮ ਦਿਲ ਅੰਦਰ ਰਸ ਜਾਂਦਾ ਹੈ।
ਪ੍ਰਭ ਜੀ ਬਸਹਿ, ਸਾਧ ਕੀ ਰਸਨਾ ॥
ਮਾਨਯੋਗ ਮਾਲਕ ਆਪਣੇ ਸੰਤ ਦੀ ਜੀਭਾ ਉਤੇ ਨਿਵਾਸ ਰਖਦਾ ਹੈ।
ਨਾਨਕ, ਜਨ ਕਾ ਦਾਸਨਿ ਦਸਨਾ ॥੪॥
ਨਾਨਕ ਸਾਹਿਬ ਦੇ ਗੋਲਿਆਂ ਦੇ ਗੋਲੇ ਦਾ ਗੋਲਾ ਹੈ।
ਪ੍ਰਭ ਕਉ ਸਿਮਰਹਿ, ਸੇ ਧਨਵੰਤੇ ॥
ਜੋ ਮਾਲਕ ਦਾ ਚਿੰਤਨ ਕਰਦੇ ਹਨ, ਉਹ ਧਨਾਡ ਹਨ।
ਪ੍ਰਭ ਕਉ ਸਿਮਰਹਿ, ਸੇ ਪਤਿਵੰਤੇ ॥
ਜੋ ਮਾਲਕ ਦਾ ਚਿੰਤਨ ਕਰਦੇ ਹਨ, ਉਹ ਇਜ਼ਤ ਵਾਲੇ ਹਨ।
ਪ੍ਰਭ ਕਉ ਸਿਮਰਹਿ, ਸੇ ਜਨ ਪਰਵਾਨ ॥
ਕਬੂਲ ਹਨ ਉਹ ਪੁਰਸ਼ ਜੋ ਮਾਲਕ ਦਾ ਆਰਾਧਨ ਕਰਦੇ ਹਨ।
ਪ੍ਰਭ ਕਉ ਸਿਮਰਹਿ, ਸੇ ਪੁਰਖ ਪ੍ਰਧਾਨ ॥
ਪਰਮ ਨਾਮਵਰ ਹਨ ਉਹ ਇਨਸਾਨ ਜੋ ਮਾਲਕ ਦਾ ਆਰਾਧਨ ਕਰਦੇ ਹਨ।
ਪ੍ਰਭ ਕਉ ਸਿਮਰਹਿ, ਸਿ ਬੇਮੁਹਤਾਜੇ ॥
ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਬੇਮੁਹਤਾਜ ਹਨ।
ਪ੍ਰਭ ਕਉ ਸਿਮਰਹਿ, ਸਿ ਸਰਬ ਕੇ ਰਾਜੇ ॥
ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਸਾਰਿਆਂ ਦੇ ਪਾਤਸ਼ਾਹ ਹਨ।
ਪ੍ਰਭ ਕਉ ਸਿਮਰਹਿ, ਸੇ ਸੁਖਵਾਸੀ ॥
ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਆਰਾਮ ਅੰਦਰ ਰਹਿੰਦੇ ਹਨ।
ਪ੍ਰਭ ਕਉ ਸਿਮਰਹਿ, ਸਦਾ ਅਬਿਨਾਸੀ ॥
ਜੋ ਸਾਹਿਬ ਨੂੰ ਆਰਾਧਦੇ ਹਨ, ਉਹ ਹਮੇਸ਼ਾਂ ਲਈ ਅਮਰ ਹੋ ਜਾਂਦੇ ਹਨ।
ਸਿਮਰਨ ਤੇ ਲਾਗੇ, ਜਿਨ ਆਪਿ ਦਇਆਲਾ ॥
ਕੇਵਲ ਉਹੀ ਸਾਹਿਬ ਦਾ ਆਰਾਧਨ ਕਰਨ ਲਗਦੇ ਹਨ ਜਿਨ੍ਹਾਂ ਉਤੇ ਉਹ ਖੁਦ ਮਿਹਰਬਾਨ ਹੈ।
ਨਾਨਕ, ਜਨ ਕੀ ਮੰਗੈ ਰਵਾਲਾ ॥੫॥
ਨਾਨਕ ਵਾਹਿਗੁਰੂ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਦੀ ਯਾਚਨਾ ਕਰਦਾ ਹੈ।
ਪ੍ਰਭ ਕਉ ਸਿਮਰਹਿ, ਸੇ ਪਰਉਪਕਾਰੀ ॥
ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਉਦਾਰਚਿੱਤ ਹਨ।
ਪ੍ਰਭ ਕਉ ਸਿਮਰਹਿ, ਤਿਨ ਸਦ ਬਲਿਹਾਰੀ ॥
ਮੈਂ ਉਨ੍ਹਾਂ ਉਤੇ ਹਮੇਸ਼ਾਂ ਘੋਲੀ ਜਾਂਦਾ ਹਾਂ, ਜੋ ਮਾਲਕ ਦਾ ਆਰਾਧਨ ਕਰਦੇ ਹਨ।
ਪ੍ਰਭ ਕਉ ਸਿਮਰਹਿ, ਸੇ ਮੁਖ ਸੁਹਾਵੇ ॥
ਸੁੰਦਰ ਹਨ ਉਨ੍ਹਾਂ ਦੇ ਚਿਹਰੇ ਜੋ ਮਾਲਕ ਦਾ ਆਰਾਧਨ ਕਰਦੇ ਹਨ।
ਪ੍ਰਭ ਕਉ ਸਿਮਰਹਿ, ਤਿਨ ਸੂਖਿ ਬਿਹਾਵੈ ॥
ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਆਪਣੇ ਜੀਵਨ ਆਰਾਮ ਅੰਦਰ ਬਤੀਤ ਕਰਦੇ ਹਨ।
ਪ੍ਰਭ ਕਉ ਸਿਮਰਹਿ, ਤਿਨ ਆਤਮੁ ਜੀਤਾ ॥
ਜੋ ਮਾਲਕ ਦਾ ਆਰਾਧਨ ਕਰਦੇ ਹਨ ਉਹ ਆਪਣੇ ਮਨੂਏ ਨੂੰ ਜਿੱਤ ਲੈਂਦੇ ਹਨ।
ਪ੍ਰਭ ਕਉ ਸਿਮਰਹਿ, ਤਿਨ ਨਿਰਮਲ ਰੀਤਾ ॥
ਜੋ ਮਾਲਕ ਦਾ ਆਰਾਧਨ ਕਰਦੇ ਹਨ ਉਨ੍ਹਾਂ ਦੀ ਜੀਵਨ ਰਹੁ ਰੀਤੀ ਪਵਿੱਤਰ ਹੁੰਦੀ ਹੈ।
ਪ੍ਰਭ ਕਉ ਸਿਮਰਹਿ, ਤਿਨ ਅਨਦ ਘਨੇਰੇ ॥
ਜੋ ਮਾਲਕ ਦਾ ਆਰਾਧਨ ਕਰਦੇ ਹਨ ਉਨ੍ਹਾਂ ਨੂੰ ਬਹੁਤ ਖੁਸ਼ੀਆਂ ਹੁੰਦੀਆਂ ਹਨ।
ਪ੍ਰਭ ਕਉ ਸਿਮਰਹਿ, ਬਸਹਿ ਹਰਿ ਨੇਰੇ ॥
ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਵਾਹਿਗੁਰੂ ਦੇ ਨੇੜੇ ਵਸਦੇ ਹਨ।
ਸੰਤ ਕ੍ਰਿਪਾ ਤੇ, ਅਨਦਿਨੁ ਜਾਗਿ ॥
ਸਾਧੂਆਂ ਦੀ ਦਇਆ ਦੁਆਰਾ ਉਹ ਰਾਤ ਦਿਨ ਖਬਰਦਾਰ ਰਹਿੰਦੇ ਹਨ।
ਨਾਨਕ, ਸਿਮਰਨੁ ਪੂਰੇ ਭਾਗਿ ॥੬॥
ਨਾਨਕ, ਸਾਹਿਬ ਦੀ ਬੰਦਗੀ ਪੂਰਨ ਚੰਗੇ ਨਸੀਬਾ ਦੁਆਰਾ ਪ੍ਰਾਪਤ ਹੁੰਦੀ ਹੈ।
ਪ੍ਰਭ ਕੈ ਸਿਮਰਨਿ, ਕਾਰਜ ਪੂਰੇ ॥
ਸਾਈਂ ਦੇ ਭਜਨ ਰਾਹੀਂ ਕੰਮ ਸੰਪੂਰਨ ਹੋ ਜਾਂਦੇ ਹਨ।
ਪ੍ਰਭ ਕੈ ਸਿਮਰਨਿ, ਕਬਹੁ ਨ ਝੂਰੇ ॥
ਸਾਈਂ ਦੇ ਭਜਨ ਪ੍ਰਾਣੀ ਕਦੇ ਭੀ ਝੂਰਦਾ ਨਹੀਂ।
ਪ੍ਰਭ ਕੈ ਸਿਮਰਨਿ, ਹਰਿ ਗੁਨ ਬਾਨੀ ॥
ਸਾਈਂ ਦੇ ਭਜਨ ਰਾਹੀਂ ਬੰਦਾ ਰੱਬ ਦਾ ਜੱਸ ਉਚਾਰਣ ਕਰਦਾ ਹੈ।
ਪ੍ਰਭ ਕੈ ਸਿਮਰਨਿ, ਸਹਜਿ ਸਮਾਨੀ ॥
ਸਾਈਂ ਦੇ ਭਜਨ ਰਾਹੀਂ ਬੰਦਾ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ।
ਪ੍ਰਭ ਕੈ ਸਿਮਰਨਿ, ਨਿਹਚਲ ਆਸਨੁ ॥
ਸਾਈਂ ਦੇ ਭਜਨ ਰਾਹੀਂ ਉਹ ਅਹਿਲ ਟਿਕਾਣਾ ਪਾ ਲੈਦਾ ਹੈ।
ਪ੍ਰਭ ਕੈ ਸਿਮਰਨਿ, ਕਮਲ ਬਿਗਾਸਨੁ ॥
ਸਾਈਂ ਦੇ ਭਜਨ ਰਾਹੀਂ ਬੰਦੇ ਦਾ ਦਿਲ ਕੰਵਲ ਖਿੜ ਜਾਂਦਾ ਹੈ।
ਪ੍ਰਭ ਕੈ ਸਿਮਰਨਿ, ਅਨਹਦ ਝੁਨਕਾਰ ॥
ਸਾਈਂ ਦੇ ਭਜਨ ਰਾਹੀਂ ਬੈਕੁੰਠੀ ਕੀਰਤਨ ਗੂੰਜਦਾ ਹੈ।
ਸੁਖੁ ਪ੍ਰਭ ਸਿਮਰਨ ਕਾ, ਅੰਤੁ ਨ ਪਾਰ ॥
ਸਾਈਂ ਨੂੰ ਚਿੰਤਨ ਕਰਨ ਦੁਆਰਾ ਸ਼ਾਂਤੀ ਦਾ ਕੋਈ ਹੱਦਬੰਨਾ ਜਾਂ ਓੜਕ ਨਹੀਂ।
ਸਿਮਰਹਿ ਸੇ ਜਨ, ਜਿਨ ਕਉ ਪ੍ਰਭ ਮਇਆ ॥
ਜਿਨ੍ਹਾਂ ਪੁਰਸ਼ਾਂ ਉਤੇ ਮਾਲਕ ਦੀ ਮਿਹਰ ਹੈ, ਉਹ ਉਸ ਦਾ ਚਿੰਤਨ ਕਰਦੇ ਹਨ।
ਨਾਨਕ, ਤਿਨ ਜਨ ਸਰਨੀ ਪਇਆ ॥੭॥
ਨਾਨਕ ਨੇ ਇਹੋ ਜਿਹੇ ਪੁਰਸ਼ਾਂ ਦੀ ਸ਼ਰਣਾਗਤਿ ਸੰਭਾਲੀ ਹੈ।
ਹਰਿ ਸਿਮਰਨੁ ਕਰਿ, ਭਗਤ ਪ੍ਰਗਟਾਏ ॥
ਰੱਬ ਦਾ ਭਜਨ ਕਰਨ ਦੁਆਰਾ ਸਾਧੂ ਉਜਾਗਰ ਹੋ ਜਾਂਦੇ ਹਨ।
ਹਰਿ ਸਿਮਰਨਿ ਲਗਿ, ਬੇਦ ਉਪਾਏ ॥
ਰੱਬ ਦਾ ਭਜਨ ਕਰਨ ਦੁਆਰਾ ਵੇਦ ਰਚੇ ਗਏ ਹਨ।
ਹਰਿ ਸਿਮਰਨਿ, ਭਏ ਸਿਧ ਜਤੀ ਦਾਤੇ ॥
ਵਾਹਿਗੁਰੂ ਦਾ ਭਜਨ ਕਰਨ ਦੁਆਰਾ ਇਨਸਾਨ ਪੂਰਨ ਪੁਰਸ਼, ਬ੍ਰਹਮਚਾਰੀ ਅਤੇ ਦਾਨੀ ਹੋ ਜਾਂਦੇ ਹਨ।
ਹਰਿ ਸਿਮਰਨਿ, ਨੀਚ ਚਹੁ ਕੁੰਟ ਜਾਤੇ ॥
ਵਾਹਿਗੁਰੂ ਦਾ ਭਜਨ ਕਰਨ ਦੁਆਰਾ ਅਧਮ ਚੌਹੀ ਪਾਸੀਂ ਜਾਣੇ ਜਾਂਦੇ ਹਨ।
ਹਰਿ ਸਿਮਰਨਿ, ਧਾਰੀ ਸਭ ਧਰਨਾ ॥
ਰੱਬ ਦਾ ਭਜਨ ਕਰਨ ਦੁਆਰਾ ਸਾਰੀ ਧਰਤੀ ਅਸਥਾਪਨ ਹੋਈ ਹੋਈ ਹੈ।
ਸਿਮਰਿ ਸਿਮਰਿ, ਹਰਿ ਕਾਰਨ ਕਰਨਾ ॥
ਯਾਦ ਕਰ, ਯਾਦ ਕਰ ਵਾਹਿਗੁਰੂ ਨੂੰ ਜੋ ਰਚਨਾ ਦਾ ਹੇਤੂ ਹੈ।
ਹਰਿ ਸਿਮਰਨਿ, ਕੀਓ ਸਗਲ ਅਕਾਰਾ ॥
ਆਪਣੀ ਬੰਦਗੀ ਦੀ ਖਾਤਰ ਵਾਹਿਗੁਰੂ ਨੇ ਸਾਰੀ ਰਚਨਾ ਰਚੀ ਹੈ।
ਹਰਿ ਸਿਮਰਨ ਮਹਿ, ਆਪਿ ਨਿਰੰਕਾਰਾ ॥
ਰੂਪ ਰੰਗ ਵਿਹੁਣ ਸੁਆਮੀ ਖੁਦ ਉਸ ਜਗ੍ਹਾਂ ਵਿੱਚ ਹੈ, ਜਿਥੇ ਵਾਹਿਗੁਰੂ ਦਾ ਚਿੰਤਨ ਹੁੰਦਾ ਹੈ।
ਕਰਿ ਕਿਰਪਾ, ਜਿਸੁ ਆਪਿ ਬੁਝਾਇਆ ॥
ਜਿਸ ਨੂੰ ਆਪਣੀ ਦਇਆ ਦੁਆਰਾ ਉਹ ਸਿਖ-ਮੱਤ ਪ੍ਰਦਾਨ ਕਰਦਾ ਹੈ,
ਨਾਨਕ ਗੁਰਮੁਖਿ, ਹਰਿ ਸਿਮਰਨੁ ਤਿਨਿ ਪਾਇਆ ॥੮॥੧॥
ਹੇ ਨਾਨਕ! ਉਹ ਗੁਰੂ-ਸਮਰਪਣ ਵਾਹਿਗੁਰੂ ਦੇ ਭਜਨ ਦੀ ਦਾਤ ਪਾ ਲੈਦਾ ਹੈ।
ਸਲੋਕੁ ॥
ਸਲੋਕ।
ਦੀਨ ਦਰਦ ਦੁਖ ਭੰਜਨਾ; ਘਟਿ ਘਟਿ ਨਾਥ ਅਨਾਥ ॥
ਗਰੀਬਾਂ ਦੀ ਪੀੜ ਅਤੇ ਗ਼ਮ ਦੂਰ ਕਰਨਹਾਰ, ਹਰ ਇਕਸ ਦਿਲ ਦਾ ਸੁਆਮੀ, ਜਿਸ ਉਪਰ ਕੋਈ ਹੋਰ ਨਹੀਂ,
ਸਰਣਿ ਤੁਮ੍ਹ੍ਹਾਰੀ ਆਇਓ; ਨਾਨਕ ਕੇ ਪ੍ਰਭ ਸਾਥ ॥੧॥
ਮੈਂ ਤੇਰੀ ਪਨਾਹ ਲਈ ਹੈ, ਹੇ ਸੁਆਮੀ! ਨਾਨਕ ਦੇ ਅੰਗ ਸੰਗ ਰਹੋ!
ਅਸਟਪਦੀ ॥
ਅਸ਼ਟਪਦੀ।
ਜਹ ਮਾਤ ਪਿਤਾ, ਸੁਤ ਮੀਤ ਨ ਭਾਈ ॥
ਜਿਥੇ ਤੈਨੂੰ ਅੰਮੜੀ, ਬਾਬਲ, ਪੁਤ੍ਰ, ਮਿਤ੍ਰ ਅਤੇ ਵੀਰ ਨਹੀਂ ਦਿਸਣੇ,
ਮਨ! ਊਹਾ ਨਾਮੁ ਤੇਰੈ ਸੰਗਿ ਸਹਾਈ ॥
ਉਥੇ ਹੇ ਮੇਰੀ ਜਿੰਦੇ ਰੱਬ ਦਾ ਨਾਮ ਤੇਰੇ ਸਹਾਇਕ ਵਜੋਂ, ਤੇਰੇ ਨਾਲ ਹੋਵੇਗਾ।
ਜਹ ਮਹਾ ਭਇਆਨ, ਦੂਤ ਜਮ ਦਲੈ ॥
ਜਿਥੇ ਮੌਤ ਦਾ ਬਹੁਤ ਹੀ ਡਰਾਉਣਾ ਫ਼ਰਿਸ਼ਤਾ ਤੈਨੂੰ ਦਰੜੇਗਾ,
ਤਹਿ ਕੇਵਲ ਨਾਮੁ, ਸੰਗਿ ਤੇਰੈ ਚਲੈ ॥
ਉਥੇ ਸਿਰਫ ਨਾਮ ਹੀ ਤੇਰੇ ਨਾਲ ਜਾਏਗਾ।
ਜਹ ਮੁਸਕਲ ਹੋਵੈ, ਅਤਿ ਭਾਰੀ ॥
ਜਿਥੇ ਬਹੁਤ ਵੱਡੀ ਔਕੜ ਬਣੇਗੀ,
ਹਰਿ ਕੋ ਨਾਮੁ, ਖਿਨ ਮਾਹਿ ਉਧਾਰੀ ॥
ਉਥੇ ਵਾਹਿਗੁਰੂ ਦਾ ਨਾਮ ਇਕ ਮੁਹਤ ਵਿੱਚ ਤੈਨੂੰ ਬਚਾ ਲਏਗਾ।
ਅਨਿਕ ਪੁਨਹਚਰਨ ਕਰਤ, ਨਹੀ ਤਰੈ ॥
ਪ੍ਰਾਣੀ ਦੀ ਘਨੇਰੇ ਪ੍ਰਾਸਚਿਤ ਕਰਮ ਕਰਨ ਦੁਆਰਾ ਖ਼ਲਾਸੀ ਨਹੀਂ ਹੁੰਦੀ।
ਹਰਿ ਕੋ ਨਾਮੁ, ਕੋਟਿ ਪਾਪ ਪਰਹਰੈ ॥
ਵਾਹਿਗੁਰੂ ਦਾ ਨਾਮ ਕ੍ਰੋੜਾਂ ਹੀ ਗੁਨਾਹਾਂ ਨੂੰ ਧੋ ਸੁੱਟਦਾ ਹੈ।
ਗੁਰਮੁਖਿ, ਨਾਮੁ ਜਪਹੁ ਮਨ ਮੇਰੇ! ॥
ਹੈ ਮੇਰੀ ਜਿੰਦੇ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਉਚਾਰਨ ਕਰ।
ਨਾਨਕ, ਪਾਵਹੁ ਸੂਖ ਘਨੇਰੇ ॥੧॥
ਹੇ ਨਾਨਕ! ਇੰਜ ਤੈਨੂੰ ਬਹੁਤ ਆਰਾਮ ਪ੍ਰਾਪਤ ਹੋਣਗੇ।
ਸਗਲ ਸ੍ਰਿਸਟਿ ਕੋ, ਰਾਜਾ ਦੁਖੀਆ ॥
ਸਾਰੇ ਸੰਸਾਰ ਦਾ ਪਾਤਸ਼ਾਹ ਦੁਖੀ ਹੈ।
ਹਰਿ ਕਾ ਨਾਮੁ, ਜਪਤ ਹੋਇ ਸੁਖੀਆ ॥
ਪਰ ਜੋ ਰੱਬ ਦਾ ਨਾਮ ਉਚਾਰਨ ਕਰਦਾ ਹੈ, ਉਹ ਖੁਸ਼ ਹੋ ਜਾਂਦਾ ਹੈ।
ਲਾਖ ਕਰੋਰੀ, ਬੰਧੁ ਨ ਪਰੈ ॥
ਭਾਵੇਂ ਆਦਮੀ ਲੱਖਾਂ ਤੇ ਕ੍ਰੋੜਾਂ ਜੂੜਾਂ ਅੰਦਰ ਜਕੜਿਆ ਹੋਵੇ,
ਹਰਿ ਕਾ ਨਾਮੁ, ਜਪਤ ਨਿਸਤਰੈ ॥
ਰੱਬ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਉਹ ਰਿਹਾ ਹੋ ਜਾਂਦਾ ਹੈ।
ਅਨਿਕ ਮਾਇਆ ਰੰਗ, ਤਿਖ ਨ ਬੁਝਾਵੈ ॥
ਧੰਨ-ਦੌਲਤ ਦੀਆਂ ਘਲੇਰੀਆਂ ਰੰਗ-ਰਲੀਆਂ ਬੰਦੇ ਦੀ ਪਿਆਸ ਨੂੰ ਨਹੀਂ ਹਟਾਉਂਦੀਆਂ।
ਹਰਿ ਕਾ ਨਾਮੁ, ਜਪਤ ਆਘਾਵੈ ॥
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਰੱਜ ਜਾਂਦਾ ਹੈ।
ਜਿਹ ਮਾਰਗਿ, ਇਹੁ ਜਾਤ ਇਕੇਲਾ ॥
ਜਿਸ ਰਸਤੇ ਉਤੇ ਇਹ ਇਨਸਾਨ ਕੱਲਮਕੱਲਾ ਜਾਂਦਾ ਹੈ,
ਤਹ ਹਰਿ ਨਾਮੁ, ਸੰਗਿ ਹੋਤ ਸੁਹੇਲਾ ॥
ਉਥੇ ਰੱਬ ਦਾ ਨਾਮ ਉਸ ਦੇ ਨਾਲ ਆਰਾਮ ਦੇਣ ਵਾਲਾ ਹੁੰਦਾ ਹੈ।
ਐਸਾ ਨਾਮੁ ਮਨ! ਸਦਾ ਧਿਆਈਐ ॥
ਹਮੇਸ਼ਾਂ ਹੀ ਇਹੋ ਜਿਹੇ ਨਾਮ ਦਾ ਸਿਮਰਨ ਕਰ, ਹੈ ਮੇਰੀ ਜਿੰਦੜੀਏ!
ਨਾਨਕ, ਗੁਰਮੁਖਿ ਪਰਮ ਗਤਿ ਪਾਈਐ ॥੨॥
ਨਾਨਕ ਗੁਰਾਂ ਦੇ ਰਾਹੀਂ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ।
ਛੂਟਤ ਨਹੀ, ਕੋਟਿ ਲਖ ਬਾਹੀ ॥
ਜਿਥੇ ਆਦਮੀ ਦਾ ਲੱਖਾਂ ਅਤੇ ਕ੍ਰੋੜਾਂ ਸਹਾਇਕ ਭੁਜਾਂ ਦੁਆਰਾ ਬਚਾ ਨਹੀਂ ਹੋ ਸਕਦਾ,
ਨਾਮੁ ਜਪਤ, ਤਹ ਪਾਰਿ ਪਰਾਹੀ ॥
ਉਥੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਇਕ-ਦਮ ਪਾਰ ਉਤਰ ਜਾਂਦਾ ਹੈ।
ਅਨਿਕ ਬਿਘਨ, ਜਹ ਆਇ ਸੰਘਾਰੈ ॥
ਜਿਥੇ ਬਹੁਤ ਸਾਰੀਆਂ ਦੁਰਘਟਨਾਵਾਂ ਆ ਕੇ ਬੰਦੇ ਨੂੰ ਬਰਬਾਦ ਕਰਦੀਆਂ ਹਨ,
ਹਰਿ ਕਾ ਨਾਮੁ, ਤਤਕਾਲ ਉਧਾਰੈ ॥
ਉਥੇ ਰੱਬ ਦਾ ਨਾਮ ਇਕ ਦਮ ਉਸ ਨੂੰ ਬਚਾ ਲੈਦਾ ਹੈ।
ਅਨਿਕ ਜੋਨਿ, ਜਨਮੈ ਮਰਿ ਜਾਮ ॥
ਆਦਮੀ ਮਰ ਕੇ ਅਨੇਕਾਂ ਜੂਨਾਂ ਅੰਦਰ ਜੰਮਦਾ ਹੈ,
ਨਾਮੁ ਜਪਤ, ਪਾਵੈ ਬਿਸ੍ਰਾਮ ॥
ਪਰ ਹਰੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਹ ਆਰਾਮ ਪਾ ਲੈਦਾ ਹੈ।
ਹਉ ਮੈਲਾ, ਮਲੁ ਕਬਹੁ ਨ ਧੋਵੈ ॥
ਪ੍ਰਾਣੀ ਸਵੈ-ਹੰਗਤਾ ਨਾਲ ਪਲੀਤ ਹੋਇਆ ਹੋਇਆ ਹੈ। ਗੰਦਗੀ ਜਿਹੜੀ ਕਦੇ ਭੀ ਧੋਤੀ ਨਹੀਂ ਜਾਂਦੀ।
ਹਰਿ ਕਾ ਨਾਮੁ, ਕੋਟਿ ਪਾਪ ਖੋਵੈ ॥
ਪਰ ਰੱਬ ਦਾ ਨਾਮ ਉਸ ਦੇ ਕ੍ਰੋੜਾਂ ਹੀ ਗੁਨਾਹਾਂ ਨੂੰ ਨਾਸ ਕਰ ਦਿੰਦਾ ਹੈ।
ਐਸਾ ਨਾਮੁ ਜਪਹੁ ਮਨ! ਰੰਗਿ ॥
ਇਹੋ ਜਿਹੇ ਨਾਮ ਦਾ, ਹੇ ਮੇਰੀ ਜਿੰਦੇ! ਤੂੰ ਪ੍ਰੇਮ ਨਾਲ ਉਚਾਰਣ ਕਰ।
ਨਾਨਕ, ਪਾਈਐ ਸਾਧ ਕੈ ਸੰਗਿ ॥੩॥
ਨਾਨਕ, ਇਹ ਸਤਿਸੰਗਤ ਅੰਦਰ ਪਰਾਪਤ ਹੁੰਦਾ ਹੈ।
ਜਿਹ ਮਾਰਗ ਕੇ, ਗਨੇ ਜਾਹਿ ਨ ਕੋਸਾ ॥
ਜਿਸ ਪੰਧ ਦੇ ਮੀਲ ਗਿਣੇ ਨਹੀਂ ਜਾ ਸਕਦੇ,
ਹਰਿ ਕਾ ਨਾਮੁ, ਊਹਾ ਸੰਗਿ ਤੋਸਾ ॥
ਵਾਹਿਗੁਰੂ ਦਾ ਨਾਮ ਉਥੇ ਤੇਰੇ ਨਾਲ ਸਫਰ-ਖਰਚ ਹੋਵੇਗਾ।
ਜਿਹ ਪੈਡੈ, ਮਹਾ ਅੰਧ ਗੁਬਾਰਾ ॥
ਜਿਸ ਸਫਰ ਵਿੱਚ ਵੱਡਾ ਅਨ੍ਹੇਰ-ਘੁੱਪ ਹੈ,
ਹਰਿ ਕਾ ਨਾਮੁ, ਸੰਗਿ ਉਜੀਆਰਾ ॥
ਉਥੇ ਵਾਹਿਗੁਰੂ ਦੇ ਨਾਮ ਦਾ ਤੇਰੇ ਨਾਲ ਚਾਨਣ ਹੋਵੇਗਾ।
ਜਹਾ ਪੰਥਿ, ਤੇਰਾ ਕੋ ਨ ਸਿਞਾਨੂ ॥
ਜਿਸ ਰਸਤੇ ਉਤੇ ਤੇਰਾ ਕੋਈ ਜਾਣੂ ਨਹੀਂ,
ਹਰਿ ਕਾ ਨਾਮੁ, ਤਹ ਨਾਲਿ ਪਛਾਨੂ ॥
ਉਥੇ ਵਾਹਿਗੁਰੂ ਦਾ ਨਾਮ ਤੇਰੇ ਸਾਥ, ਤੈਨੂੰ ਪਛਾਨਣ ਵਾਲਾ ਹੋਵੇਗਾ।
ਜਹ ਮਹਾ ਭਇਆਨ, ਤਪਤਿ ਬਹੁ ਘਾਮ ॥
ਜਿਥੇ ਅਤੀ ਭਿਆਨਕ ਗਰਮੀ ਅਤੇ ਬਹੁਤ ਹੀ ਧੁੱਪ ਹੈ,
ਤਹ ਹਰਿ ਕੇ ਨਾਮ ਕੀ, ਤੁਮ ਊਪਰਿ ਛਾਮ ॥
ਉਥੇ ਵਾਹਿਗੁਰੂ ਦੇ ਨਾਮ ਦੀ ਤੇਰੇ ਉਤੇ ਛਾਂ ਹੋਵੇਗੀ।
ਜਹਾ ਤ੍ਰਿਖਾ ਮਨ! ਤੁਝੁ ਆਕਰਖੈ ॥
ਜਿਥੇ ਹੇ ਬੰਦੇ! ਤਰੇਹ ਤੇਰਾ ਸਾਹ ਖਿੱਚਦੀ ਹੈ,
ਤਹ ਨਾਨਕ, ਹਰਿ ਹਰਿ ਅੰਮ੍ਰਿਤੁ ਬਰਖੈ ॥੪॥
ਉਥੇ ਵਾਹਿਗੁਰੂ ਦੇ ਨਾਮ ਦਾ ਆਬਿ-ਹਿਯਾਤ ਤੇਰੇ ਉਤੇ ਵਰਸੇਗਾ।
ਭਗਤ ਜਨਾ ਕੀ, ਬਰਤਨਿ ਨਾਮੁ ॥
ਵਾਹਿਗੁਰੂ ਦਾ ਨਾਮ ਅਨੁਰਾਗੀਆਂ ਦੇ ਰੋਜ਼ ਦੀ ਵਰਤੋਂ ਦੀ ਸ਼ੈ ਹੈ।
ਸੰਤ ਜਨਾ ਕੈ, ਮਨਿ ਬਿਸ੍ਰਾਮੁ ॥
ਨੇਕ ਪੁਰਸ਼ਾਂ ਦੇ ਦਿਲਾਂ ਨੂੰ ਇਹ ਆਰਾਮ ਦਿੰਦਾ ਹੈ।
ਹਰਿ ਕਾ ਨਾਮੁ, ਦਾਸ ਕੀ ਓਟ ॥
ਰੱਬ ਦਾ ਨਾਮ ਉਸ ਦੇ ਗੋਲੇ ਦਾ ਆਸਰਾ ਹੈ।
ਹਰਿ ਕੈ ਨਾਮਿ, ਉਧਰੇ ਜਨ ਕੋਟਿ ॥
ਵਾਹਿਗੁਰੂ ਦੇ ਨਾਮ ਦੁਆਰਾ ਕ੍ਰੋੜਾਂ ਹੀ ਇਨਸਾਨ ਪਾਰ ਉਤਰ ਗਏ ਹਨ।
ਹਰਿ ਜਸੁ ਕਰਤ, ਸੰਤ ਦਿਨੁ ਰਾਤਿ ॥
ਸਾਧੂ ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦੇ ਹਨ।
ਹਰਿ ਹਰਿ ਅਉਖਧੁ, ਸਾਧ ਕਮਾਤਿ ॥
ਸੰਤ ਵਾਹਿਗੁਰੂ ਦੇ ਨਾਮ ਨੂੰ ਆਪਣੀ ਦਵਾਈ ਵਜੋਂ ਵਰਤਦੇ ਹਨ।
ਹਰਿ ਜਨ ਕੈ, ਹਰਿ ਨਾਮੁ ਨਿਧਾਨੁ ॥
ਰੱਬ ਦੇ ਨੌਕਰ ਦਾ, ਰੱਬ ਦਾ ਨਾਮ ਖਜਾਨਾ ਹੈ।
ਪਾਰਬ੍ਰਹਮਿ, ਜਨ ਕੀਨੋ ਦਾਨ ॥
ਪਰਮ ਪ੍ਰਭੂ ਨੇ ਉਸ ਨੂੰ ਇਹ ਦਾਤ ਵਜੋਂ ਦਿੱਤਾ ਹੈ।
ਮਨ ਤਨ, ਰੰਗਿ ਰਤੇ ਰੰਗ ਏਕੈ ॥
ਸਾਧੂ ਦੀ ਆਤਮਾ ਤੇ ਦੇਹਿ ਇਕ ਪ੍ਰਭੂ ਦੀ ਪ੍ਰੀਤ ਦੀ ਖੁਸ਼ੀ ਨਾਲ ਰੰਗੇ ਹੋਏ ਹਨ।
ਨਾਨਕ, ਜਨ ਕੈ ਬਿਰਤਿ ਬਿਬੇਕੈ ॥੫॥
ਨਾਨਕ, ਬ੍ਰਹਿਮ ਗਿਆਤ ਵਾਹਿਗੁਰੂ ਦੇ ਗੋਲੇ ਦੀ ਉਪਜੀਵਕਾ ਹੈ।
ਹਰਿ ਕਾ ਨਾਮੁ, ਜਨ ਕਉ ਮੁਕਤਿ ਜੁਗਤਿ ॥
ਵਾਹਿਗੁਰੂ ਦਾ ਨਾਮ ਉਸ ਦੇ ਗੋਲੇ ਲਈ ਕਲਿਆਣ ਦਾ ਰਸਤਾ ਹੈ।
ਹਰਿ ਕੈ ਨਾਮਿ, ਜਨ ਕਉ ਤ੍ਰਿਪਤਿ ਭੁਗਤਿ ॥
ਰੱਬ ਦਾ ਗੋਲਾ ਉਸ ਦੇ ਨਾਮ ਦੇ ਭੋਜਨ ਨਾਲ ਰੱਜ ਜਾਂਦਾ ਹੈ।
ਹਰਿ ਕਾ ਨਾਮੁ, ਜਨ ਕਾ ਰੂਪ ਰੰਗੁ ॥
ਰੱਬ ਦਾ ਨਾਮ ਉਸ ਦੇ ਗੋਲੇ ਦੀ ਸੁੰਦਰਤਾ ਅਤੇ ਖੁਸ਼ੀ ਹੈ।
ਹਰਿ ਨਾਮੁ ਜਪਤ, ਕਬ ਪਰੈ ਨ ਭੰਗੁ ॥
ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਦਮੀ ਨੂੰ ਕਦਾਚਿੱਤ ਰੁਕਾਵਟ ਨਹੀਂ ਪੈਦੀ।
ਹਰਿ ਕਾ ਨਾਮੁ, ਜਨ ਕੀ ਵਡਿਆਈ ॥
ਰੱਬ ਦਾ ਨਾਮ ਉਸ ਦੇ ਨਫਰ ਦੀ ਪਤਿ ਆਬਰੂ ਹੈ।
ਹਰਿ ਕੈ ਨਾਮਿ, ਜਨ ਸੋਭਾ ਪਾਈ ॥
ਵਾਹਿਗੁਰੂ ਦੇ ਨਾਮ ਦੇ ਰਾਹੀਂ ਉਸ ਦਾ ਸੇਵਕ ਨੂੰ ਇੱਜ਼ਤ ਪਰਾਪਤ ਹੁੰਦੀ ਹੈ।
ਹਰਿ ਕਾ ਨਾਮੁ, ਜਨ ਕਉ ਭੋਗ ਜੋਗ ॥
ਵਾਹਿਗੁਰੂ ਦਾ ਨਾਮ ਉਸ ਦੇ ਨਫ਼ਰ ਲਈ ਯੋਗ ਮਾਰਗ ਦਾ ਅਨੰਦ ਲੈਣਾ ਹੈ।
ਹਰਿ ਨਾਮੁ ਜਪਤ, ਕਛੁ ਨਾਹਿ ਬਿਓਗੁ ॥
ਵਾਹਿਗੁਰੂ ਦਾ ਨਾਮ ਉਚਾਰਨ ਕਰਨ ਦੁਆਰਾ ਉਸ ਨਾਲੋਂ ਕੋਈ ਵਿਛੋੜਾ ਨਹੀਂ ਹੁੰਦਾ।
ਜਨੁ ਰਾਤਾ, ਹਰਿ ਨਾਮ ਕੀ ਸੇਵਾ ॥
ਰੱਬ ਦਾ ਗੋਲਾ ਉਸ ਦੇ ਨਾਮ ਦੀ ਟਹਿਲ ਨਾਲ ਰੰਗਿਆ ਹੋਇਆ ਹੈ।
ਨਾਨਕ, ਪੂਜੈ ਹਰਿ ਹਰਿ ਦੇਵਾ ॥੬॥
ਨਾਨਕ ਉਜਲੇ ਵਾਹਿਗੁਰੂ ਸੁਆਮੀ ਦੀ ਉਪਾਸਨਾ ਕਰਦਾ ਹੈ।
ਹਰਿ, ਹਰਿ ਜਨ ਕੈ ਮਾਲੁ ਖਜੀਨਾ ॥
ਰੱਬ ਦਾ ਨਾਮ ਉਸ ਦੇ ਗੋਲੇ ਲਈ ਦੌਲਤ ਦਾ ਖ਼ਜ਼ਾਨਾ ਹੈ।
ਹਰਿ ਧਨੁ, ਜਨ ਕਉ ਆਪਿ ਪ੍ਰਭਿ ਦੀਨਾ ॥
ਰੱਬ ਦੇ ਨਾਮ ਦਾ ਪਦਾਰਥ ਸਾਈਂ ਨੇ ਖੁਦ ਆਪਣੇ ਗੁਮਾਸ਼ਤੇ ਨੂੰ ਦਿੱਤਾ ਹੈ।
ਹਰਿ, ਹਰਿ ਜਨ ਕੈ ਓਟ ਸਤਾਣੀ ॥
ਵਾਹਿਗੁਰੂ ਦਾ ਨਾਮ ਉਸ ਦੇ ਨੌਕਰ ਦੀ ਇਕ ਜ਼ਬਰਦਸਤ ਪਨਾਹ ਹੈ।
ਹਰਿ ਪ੍ਰਤਾਪਿ, ਜਨ ਅਵਰ ਨ ਜਾਣੀ ॥
ਰੱਬ ਦਾ ਸੇਵਕ ਰੱਬ ਦੇ ਤਪ ਤੇਜ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ।
ਓਤਿ ਪੋਤਿ, ਜਨ ਹਰਿ ਰਸਿ ਰਾਤੇ ॥
ਤਾਣੇ ਪੇਟੇ ਦੀ ਮਾਨਿੰਦ, ਰੱਬ ਦਾ ਗੋਲਾ ਰੱਬ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
ਸੁੰਨ ਸਮਾਧਿ, ਨਾਮ ਰਸ ਮਾਤੇ ॥
ਅਫੁਰ ਲਿਵ ਲੀਨਤਾ ਅੰਦਰ ਉਹ ਨਾਮ ਦੇ ਜੌਹਰ ਨਾਲ ਮਤਵਾਲਾ ਹੋਇਆ ਹੋਇਆ ਹੈ।
ਆਠ ਪਹਰ, ਜਨੁ ਹਰਿ ਹਰਿ ਜਪੈ ॥
ਦਿਨ ਦੇ ਅੱਠੇ ਪਹਿਰ ਹੀ ਰੱਬ ਦਾ ਬੰਦਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ।
ਹਰਿ ਕਾ ਭਗਤੁ ਪ੍ਰਗਟ, ਨਹੀ ਛਪੈ ॥
ਵਾਹਿਗੁਰੂ ਦਾ ਸਾਧੂ ਉਘਾ ਹੁੰਦਾ ਹੈ ਅਤੇ ਲੁਕਿਆ ਹੋਇਆ ਨਹੀਂ ਰਹਿੰਦਾ।
ਹਰਿ ਕੀ ਭਗਤਿ, ਮੁਕਤਿ ਬਹੁ ਕਰੇ ॥
ਰੱਬ ਦੀ ਪ੍ਰੇਮ-ਮਈ ਸੇਵਾ ਅਨੇਕਾਂ ਨੂੰ ਮੋਖਸ਼ ਪ੍ਰਦਾਨ ਕਰਦੀ ਹੈ।
ਨਾਨਕ, ਜਨ ਸੰਗਿ ਕੇਤੇ ਤਰੇ ॥੭॥
ਨਾਨਕ ਵਾਹਿਗੁਰੂ ਦੇ ਗੋਲੇ ਨਾਲ ਕਿੰਨੇ ਹੀ ਪਾਰ ਉਤਰ ਜਾਂਦੇ ਹਨ।
ਪਾਰਜਾਤੁ, ਇਹੁ ਹਰਿ ਕੋ ਨਾਮ ॥
ਇਹ ਰੱਬ ਦਾ ਨਾਮ ਕਲਪ-ਬਿਰਛ ਹੈ।
ਕਾਮਧੇਨ, ਹਰਿ ਹਰਿ ਗੁਣ ਗਾਮ ॥
ਵਾਹਿਗੁਰੂ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਨਾ ਦੇਵਤਿਆਂ ਦੀ ਗਾਂ ਹੈ।
ਸਭ ਤੇ ਊਤਮ, ਹਰਿ ਕੀ ਕਥਾ ॥
ਵਾਹਿਗੁਰੂ ਦੀ ਗਿਆਨ ਗੋਸ਼ਟ ਸਾਰਿਆਂ ਨਾਲੋ ਸ਼੍ਰੇਸ਼ਟ ਹੈ।
ਨਾਮੁ ਸੁਨਤ, ਦਰਦ ਦੁਖ ਲਥਾ ॥
ਨਾਮ ਨੂੰ ਸ੍ਰਵਣ ਕਰਨ ਦੁਆਰਾ ਪੀੜ ਤੇ ਗ਼ਮ ਦੂਰ ਹੋ ਜਾਂਦੇ ਹਨ।
ਨਾਮ ਕੀ ਮਹਿਮਾ, ਸੰਤ ਰਿਦ ਵਸੈ ॥</h5
ਨਾਮ ਦੀ ਉਸਤਤੀ ਸਾਧੂ ਦੇ ਚਿੱਤ ਅੰਦਰ ਨਿਵਾਸ ਰਖਦੀ ਹੈ।
ਸੰਤ ਪ੍ਰਤਾਪਿ, ਦੁਰਤੁ ਸਭੁ ਨਸੈ ॥
ਸਾਧੂ ਦੇ ਤਪ ਤੇਜ ਦੁਆਰਾ ਸਾਰਾ ਪਾਪ ਦੌੜ ਜਾਂਦਾ ਹੈ।
ਸੰਤ ਕਾ ਸੰਗੁ, ਵਡਭਾਗੀ ਪਾਈਐ ॥
ਸਾਧਾਂ ਦੀ ਸੰਗਤ ਪਰਮ ਚੰਗੇ ਨਸੀਬਾਂ ਰਾਹੀਂ ਪਰਾਪਤ ਹੁੰਦੀ ਹੈ।
ਸੰਤ ਕੀ ਸੇਵਾ, ਨਾਮੁ ਧਿਆਈਐ ॥
ਸਾਧੂਆਂ ਦੀ ਟਹਿਲ ਦੁਆਰਾ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ।
ਨਾਮ ਤੁਲਿ, ਕਛੁ ਅਵਰੁ ਨ ਹੋਇ ॥
ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਸ਼ੈ ਨਹੀਂ।
ਨਾਨਕ, ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥
ਨਾਨਕ, ਕੋਈ ਵਿਰਲਾ ਪੁਰਸ਼ ਹੀ ਗੁਰਾਂ ਦੇ ਰਾਹੀਂ ਨਾਮ ਨੂੰ ਪਰਾਪਤ ਕਰਦਾ ਹੈ।
ਸਲੋਕੁ ॥
ਸਲੋਕ।
ਬਹੁ ਸਾਸਤ੍ਰ ਬਹੁ ਸਿਮ੍ਰਿਤੀ; ਪੇਖੇ ਸਰਬ ਢਢੋਲਿ ॥
ਬੜੇ ਸ਼ਾਸਤਰ ਅਤੇ ਘਣੀਆਂ ਹੀ ਸਿੰਮ੍ਰਤੀਆਂ ਮੈਂ ਵੇਖੀਆਂ ਹਨ ਅਤੇ ਉਨ੍ਹਾਂ ਸਾਰਿਆਂ ਦੀ ਖੋਜ ਭਾਲ ਕੀਤੀ ਹੈ।
ਪੂਜਸਿ ਨਾਹੀ ਹਰਿ ਹਰੇ; ਨਾਨਕ, ਨਾਮ ਅਮੋਲ ॥੧॥
ਨਾਨਕ, ਉਹ ਵਾਹਿਗੁਰੂ ਸੁਆਮੀ ਦੇ ਅਮੋਲਕ ਨਾਮ ਦੇ ਬਰਾਬਰ ਨਹੀਂ ਪੁਜਦੇ।
ਅਸਟਪਦੀ ॥
ਅਸ਼ਟਪਦੀ ਖ਼।
ਜਾਪ ਤਾਪ, ਗਿਆਨ ਸਭਿ ਧਿਆਨ ॥
ਧਾਰਮਕ ਪੁਸਤਕਾਂ ਦਾ ਵਾਚਣ, ਤਪੱਸਿਆਂ, ਮਜ਼ਹਬੀ ਗੋਸ਼ਟਾਂ ਅਤੇ ਸਮੂਹ ਸੋਚ-ਵਿਚਾਰ।
ਖਟ ਸਾਸਤ੍ਰ, ਸਿਮ੍ਰਿਤਿ ਵਖਿਆਨ ॥
ਛੇ ਫਲਸਫੇ ਦੋ ਗ੍ਰੰਥਾਂ ਅਤੇ ਹਿੰਦੂ ਕਰਮ-ਕਾਂਡੀ ਪੁਸਤਕਾਂ ਦੀ ਵਿਆਖਿਆ।
ਜੋਗ ਅਭਿਆਸ, ਕਰਮ ਧ੍ਰਮ ਕਿਰਿਆ ॥
ਯੋਗ ਦਾ ਸਾਧਨ ਅਤੇ ਮਜ਼ਹਬੀ ਕਰਮ-ਕਾਂਡਾਂ ਦਾ ਕਰਨਾ।
ਸਗਲ ਤਿਆਗਿ, ਬਨ ਮਧੇ ਫਿਰਿਆ ॥
ਹਰ ਵਸਤੂ ਦਾ ਛੱਡ ਦੇਦਾ ਅਤੇ ਜੰਗਲ ਅੰਦਰ ਭਟਕਣਾ।
ਅਨਿਕ ਪ੍ਰਕਾਰ, ਕੀਏ ਬਹੁ ਜਤਨਾ ॥
ਅਨੇਕਾਂ ਕਿਸਮਾਂ ਦੇ ਬਹੁਤ ਸਾਰੇ ਉਪਰਾਲੇ ਕਰਨਾ।
ਪੁੰਨ ਦਾਨ, ਹੋਮੇ ਬਹੁ ਰਤਨਾ ॥
ਖੈਰਾਤ ਦੇਣੀ, ਅੱਗ ਦੀ ਆਹੁਤੀ ਅਤੇ ਘਣੇ ਜਵਾਹਿਰਾਤ ਦਾ ਦਾਨ।
ਸਰੀਰੁ ਕਟਾਇ, ਹੋਮੈ ਕਰਿ ਰਾਤੀ ॥
ਦੇਹਿ ਦਾ ਛੋਟੇ ਟੁਕੜਿਆਂ ਵਿੱਚ ਕੱਟਣਾ ਅਤੇ ਉਨ੍ਹਾਂ ਦੀ ਅੱਗ ਵਿੱਚ ਆਹੁਤੀ ਦੇਣੀ।
ਵਰਤ ਨੇਮ, ਕਰੈ ਬਹੁ ਭਾਤੀ ॥
ਘਣੇਰੀਆਂ ਕਿਸਮਾਂ ਦੇ ਉਪਹਾਸ ਅਤੇ ਪਰਤੱਗਿਆ ਨਿਭਾਉਣੀਆਂ।
ਨਹੀ ਤੁਲਿ, ਰਾਮ ਨਾਮ ਬੀਚਾਰ ॥
ਇਹ ਸਾਰੇ ਸੁਆਮੀ ਦੇ ਨਾਮ ਦੇ ਸਿਮਰਨ ਦੇ ਬਰਾਬਰ ਨਹੀਂ ਹਨ।
ਨਾਨਕ, ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥
ਨਾਨਕ, ਭਾਵੇਂ ਨਾਮ ਗੁਰਾਂ ਦੇ ਉਪਦੇਸ਼ ਤਾਬੇ, ਕੇਵਲ ਇਕ ਦਫ਼ਾ ਹੀ ਉਚਾਰਨ ਕੀਤਾ ਜਾਵੇ।
ਨਉ ਖੰਡ ਪ੍ਰਿਥਮੀ ਫਿਰੈ, ਚਿਰੁ ਜੀਵੈ ॥
ਇਨਸਾਨ ਧਰਤੀ ਦੇ ਨੌ ਖਿੱਤਿਆਂ ਵਿੱਚ ਭੌਦਾ ਫਿਰੇ ਅਤੇ ਬੜੀ ਦੇਰ ਜੀਉਂਦਾ ਰਹੇ।
ਮਹਾ ਉਦਾਸੁ, ਤਪੀਸਰੁ ਥੀਵੈ ॥
ਉਹ ਭਾਰਾ ਨਿਰਬਾਣ ਤੇ ਤਪੀ ਹੋ ਜਾਵੇ,
ਅਗਨਿ ਮਾਹਿ, ਹੋਮਤ ਪਰਾਨ ॥
ਅਤੇ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇਵੇ।
ਕਨਿਕ ਅਸ੍ਵ, ਹੈਵਰ ਭੂਮਿ ਦਾਨ ॥
ਉਹ ਸੋਨੇ, ਘੋੜੇ, ਜਿਹੜੇ ਸਰੇਸ਼ਟ ਤੁਰੰਗ ਜਾਣੇ ਜਾਂਦੇ ਹਨ, ਅਤੇ ਜਮੀਨ ਦੀਆਂ ਦਾਤਾਂ ਦੇਵੇ।
ਨਿਉਲੀ ਕਰਮ, ਕਰੈ ਬਹੁ ਆਸਨ ॥
ਉਹ ਅੰਦਰ ਧੋਣ ਅਤੇ ਘਣੇਰੇ ਧਿਆਨ ਦੇ ਢੰਗ ਕਰਦਾ ਹੋਵੇ।
ਜੈਨ ਮਾਰਗ, ਸੰਜਮ ਅਤਿ ਸਾਧਨ ॥
ਉਹ ਜੈਨੀਆਂ ਦੇ ਰਿਆਜ਼ਤ ਦੇ ਤਰੀਕੇ ਅਤੇ ਕਰੜੇ ਆਤਮਕ ਕਰਮ ਭੀ ਕਰੇ।
ਨਿਮਖ ਨਿਮਖ ਕਰਿ, ਸਰੀਰੁ ਕਟਾਵੈ ॥
ਉਹ ਆਪਣੀ ਦੇਹਿ ਨੂੰ ਭੋਰਾ ਭੋਰਾ ਕਰਕੇ ਵਢਵਾ ਲਵੇ।
ਤਉ ਭੀ ਹਉਮੈ, ਮੈਲੁ ਨ ਜਾਵੈ ॥
ਤਾਂ ਭੀ ਹੰਕਾਰ ਦੀ ਮਲੀਣਤਾ ਦੂਰ ਨਹੀਂ ਹੁੰਦੀ।
ਹਰਿ ਕੇ ਨਾਮ ਸਮਸਰਿ, ਕਛੁ ਨਾਹਿ ॥
ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ।
ਨਾਨਕ, ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥
ਨਾਨਕ, ਗੁਰਾਂ ਦੇ ਰਾਹੀਂ ਨਾਮ ਦਾ ਉਚਾਰਣ ਕਰਨ ਦੁਆਰਾ ਬੰਦਾ ਮੁਕਤੀ ਪਾ ਲੈਦਾ ਹੈ।
ਮਨ ਕਾਮਨਾ, ਤੀਰਥ ਦੇਹ ਛੁਟੈ ॥
ਕਈ ਇੱਛਾ ਕਰਦੇ ਹਨ ਕਿ ਯਾਤ੍ਰਾ ਅਸਥਾਨ ਤੇ ਜਾ ਕੇ ਸਰੀਰਕ ਚੋਲਾ ਛਡਿਆ ਜਾਵੇ,
ਗਰਬੁ ਗੁਮਾਨੁ, ਨ ਮਨ ਤੇ ਹੁਟੈ ॥
ਪਰ ਹੰਕਾਰ ਅਤੇ ਸਵੈ-ਹੰਗਤਾ ਉਨ੍ਹਾਂ ਦੇ ਮਨ ਵਿੱਚੋਂ ਦੂਰ ਨਹੀਂ ਹੁੰਦੇ।
ਸੋਚ ਕਰੈ, ਦਿਨਸੁ ਅਰੁ ਰਾਤਿ ॥
ਭਾਵੇਂ ਆਦਮੀ ਦਿਨ ਅਤੇ ਰਾਤ ਪਵਿੱਤਰਤਾ ਕਰੇ,
ਮਨ ਕੀ ਮੈਲੁ, ਨ ਤਨ ਤੇ ਜਾਤਿ ॥
ਪਰ ਦਿਲ ਦੀ ਮਲੀਨਤਾ ਉਸ ਦੇ ਸਰੀਰ ਤੋਂ ਦੂਰ ਨਹੀਂ ਹੁੰਦੀ।
ਇਸੁ ਦੇਹੀ ਕਉ, ਬਹੁ ਸਾਧਨਾ ਕਰੈ ॥
ਭਾਵੇਂ ਬੰਦਾ ਆਪਣੇ ਸਰੀਰ ਨਾਲ ਬਹੁਤ ਸੰਜਮ ਪਿਆ ਕਮਾਵੇ,
ਮਨ ਤੇ ਕਬਹੂ ਨ, ਬਿਖਿਆ ਟਰੈ ॥
ਤਦਯਪ ਮੰਦੇ ਵੇਗ ਉਸ ਦੀ ਆਤਮਾ ਨੂੰ ਨਹੀਂ ਛਡਦੇ।
ਜਲਿ ਧੋਵੈ ਬਹੁ, ਦੇਹ ਅਨੀਤਿ ॥
ਭਾਵੇਂ ਬੰਦਾ ਇਸ ਆਰਜੀ ਸਰੀਰ ਨੂੰ ਘਣੇ ਪਾਣੀ ਨਾਲ ਸਾਫ ਕਰੇ,
ਸੁਧ ਕਹਾ ਹੋਇ, ਕਾਚੀ ਭੀਤਿ ॥
ਤਾਂ ਭੀ ਇਹ ਕੱਚੀ ਕੰਧ ਕਿਸ ਤਰ੍ਹਾਂ ਸਾਫ ਸੁਥਰੀ ਹੋ ਸਕਦੀ ਹੈ?
ਮਨ! ਹਰਿ ਕੇ ਨਾਮ ਕੀ, ਮਹਿਮਾ ਊਚ ॥
ਹੇ ਮੇਰੀ ਜਿੰਦੇ! ਰੱਬ ਦੇ ਨਾਮ ਦੀ ਕੀਰਤੀ ਬੁਲੰਦ ਹੈ।
ਨਾਨਕ, ਨਾਮਿ ਉਧਰੇ, ਪਤਿਤ ਬਹੁ ਮੂਚ ॥੩॥
ਨਾਨਕ ਨਾਮ ਦੇ ਬਹੁਤ ਭਾਰੇ ਪਾਪੀ ਬਚਾ ਲਏ ਹਨ।
ਬਹੁਤੁ ਸਿਆਣਪ, ਜਮ ਕਾ ਭਉ ਬਿਆਪੈ ॥
ਘਨੇਰੀ ਚਤੁਰਾਈ ਦੇ ਰਾਹੀਂ ਆਦਮੀ ਨੂੰ ਮੌਤ ਦਾ ਡਰ ਆ ਚਿਮੜਦਾ ਹੈ।
ਅਨਿਕ ਜਤਨ ਕਰਿ, ਤ੍ਰਿਸਨ ਨਾ ਧ੍ਰਾਪੈ ॥
ਅਨੇਕਾਂ ਉਪਰਾਲੇ ਕਰਨ ਦੁਆਰਾ, ਖਾਹਿਸ਼ ਨਹੀਂ ਬੁਝਦੀ।
ਭੇਖ ਅਨੇਕ, ਅਗਨਿ ਨਹੀ ਬੁਝੈ ॥
ਬੜੇ ਧਾਰਮਕ ਭੇਸ ਧਾਰਨ ਕਰਨ ਦੁਆਰਾ ਅੱਗ ਮਾਤ ਨਹੀਂ ਪੈਂਦੀ।
ਕੋਟਿ ਉਪਾਵ, ਦਰਗਹ ਨਹੀ ਸਿਝੈ ॥
ਕ੍ਰੋੜਾਂ ਹੀ ਉਪਰਾਲਿਆਂ ਰਾਹੀਂ ਪ੍ਰਾਣੀ ਸਾਹਿਬ ਦੇ ਦਰਬਾਰ ਅੰਦਰ ਕਬੂਲ ਨਹੀਂ ਪੈਦਾ।
ਛੂਟਸਿ ਨਾਹੀ, ਊਭ ਪਇਆਲਿ ॥
ਉਹ ਆਕਾਸ਼ ਜਾ ਪਾਤਾਲ ਵਿੱਚ ਜਾਣ ਨਾਲ ਬੰਦ ਖਲਾਸ ਨਹੀਂ ਹੁੰਦਾ,
ਮੋਹਿ ਬਿਆਪਹਿ, ਮਾਇਆ ਜਾਲਿ ॥
ਜੋ ਧਨ-ਦੌਲਤ ਅਤੇ ਸੰਸਾਰੀ ਮਮਤਾ ਦੀ ਕੁੜਿੱਕੀ ਅੰਦਰ ਫਾਬਾ ਹੈ।
ਅਵਰ ਕਰਤੂਤਿ, ਸਗਲੀ ਜਮੁ ਡਾਨੈ ॥
ਆਦਮੀ ਦੇ ਹੋਰ ਸਾਰੇ ਕੰਮਾਂ ਨੂੰ ਮੌਤ ਸਜ਼ਾ ਦਿੰਦੀ ਹੈ।
ਗੋਵਿੰਦ ਭਜਨ ਬਿਨੁ, ਤਿਲੁ ਨਹੀ ਮਾਨੈ ॥
ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਗੈਰ ਮੌਤ ਕਿਸੇ ਹੋਰਸ ਸ਼ੈ ਦੀ ਭੋਰਾ ਭਰ ਭੀ ਪਰਵਾਹ ਨਹੀਂ ਕਰਦੀ।
ਹਰਿ ਕਾ ਨਾਮੁ ਜਪਤ, ਦੁਖੁ ਜਾਇ ॥
ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਗ਼ਮ ਦੂਰ ਹੋ ਜਾਂਦਾ ਹੈ।
ਨਾਨਕ ਬੋਲੈ, ਸਹਜਿ ਸੁਭਾਇ ॥੪॥
ਨਾਨਕ ਸੁਤੇ ਸਿਧ ਹੀ ਰੱਬ ਦੇ ਨਾਮ ਦਾ ਜਾਪ ਕਰਦਾ ਹੈ।
ਚਾਰਿ ਪਦਾਰਥ, ਜੇ ਕੋ ਮਾਗੈ ॥
ਜੋ ਕੋਈ ਚਾਰ ਵੱਡੀਆਂ ਦਾਤਾ ਦੀ ਯਾਚਨਾ ਕਰਦਾ ਹੈ,
ਸਾਧ ਜਨਾ ਕੀ, ਸੇਵਾ ਲਾਗੈ ॥
ਉਸ ਨੂੰ ਨੇਕ ਬੰਦਿਆਂ ਦੀ ਟਹਿਲ ਅੰਦਰ ਜੁੜਨਾ ਉਚਿੱਤ ਹੈ।
ਜੇ ਕੋ, ਆਪੁਨਾ ਦੂਖੁ ਮਿਟਾਵੈ ॥
ਜੇਕਰ ਕੋਈ ਜਣਾ ਆਪਣੀਆਂ ਪੀੜਾ, ਮੇਸਣਾ ਚਾਹੁੰਦਾ ਹੈ,
ਹਰਿ ਹਰਿ ਨਾਮੁ, ਰਿਦੈ ਸਦ ਗਾਵੈ ॥
ਤਾਂ ਉਸ ਨੂੰ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਸਦੀਵ ਹੀ ਗਾਇਨ ਕਰਨਾ ਚਾਹੀਦਾ ਹੈ।
ਜੇ ਕੋ, ਆਪੁਨੀ ਸੋਭਾ ਲੋਰੈ ॥
ਜੇ ਕੋਈ ਆਪਣੇ ਲਈ ਇੱਜ਼ਤ ਆਬਰੂ ਚਾਹੁੰਦਾ ਹੈ,
ਸਾਧਸੰਗਿ, ਇਹ ਹਉਮੈ ਛੋਰੈ ॥
ਤਾਂ ਉਹ ਸੰਤਾਂ ਨਾਲ ਸੰਗਤ ਕਰਕੇ ਇਸ ਸਵੈ-ਹੰਗਤਾ ਨੂੰ ਤਿਆਗ ਦੇਵੇ।
ਜੇ ਕੋ, ਜਨਮ ਮਰਣ ਤੇ ਡਰੈ ॥
ਜੇਕਰ ਕੋਈ ਜਣਾ ਆਵਾਗਉਣ ਤੋਂ ਡਰਦਾ ਹੈ,
ਸਾਧ ਜਨਾ ਕੀ, ਸਰਨੀ ਪਰੈ ॥
ਉਸ ਨੂੰ ਪਵਿੱਤ੍ਰ ਪੁਰਸ਼ਾਂ ਦੀ ਪਨਾਹ ਲੈਣੀ ਚਾਹੀਦੀ ਹੈ।
ਜਿਸੁ ਜਨ ਕਉ, ਪ੍ਰਭ ਦਰਸ ਪਿਆਸਾ ॥
ਜਿਸ ਪੁਰਸ਼ ਨੂੰ ਸੁਆਮੀ ਦੇ ਦਰਸ਼ਨ ਦੀ ਤਰੇਹ ਹੈ,
ਨਾਨਕ, ਤਾ ਕੈ ਬਲਿ ਬਲਿ ਜਾਸਾ ॥੫॥
ਨਾਨਕ ਉਸ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹੈ।
ਸਗਲ ਪੁਰਖ ਮਹਿ, ਪੁਰਖੁ ਪ੍ਰਧਾਨੁ ॥
ਸਾਰਿਆਂ ਬੰਦਿਆਂ ਵਿਚੋਂ ਉਹ ਬੰਦਾ ਮੁਖੀ ਹੈ,
ਸਾਧਸੰਗਿ ਜਾ ਕਾ, ਮਿਟੈ ਅਭਿਮਾਨੁ ॥
ਜਿਸ ਦਾ ਹੰਕਾਰ ਸਤਿ ਸੰਗਤ ਅੰਦਰ ਮਿਟ ਜਾਂਦਾ ਹੈ।
ਆਪਸ ਕਉ, ਜੋ ਜਾਣੈ ਨੀਚਾ ॥
ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ,
ਸੋਊ ਗਨੀਐ, ਸਭ ਤੇ ਊਚਾ ॥
ਉਸ ਨੂੰ ਸਾਰਿਆਂ ਨਾਲੋਂ ਬੁਲੰਦ ਸਮਝੋ।
ਜਾ ਕਾ ਮਨੁ, ਹੋਇ ਸਗਲ ਕੀ ਰੀਨਾ ॥
ਜਿਸ ਦਾ ਮਨੂਆਂ ਸਾਰਿਆਂ ਦੀ ਧੁੜ ਹੋ ਜਾਂਦਾ ਹੈ,
ਹਰਿ ਹਰਿ ਨਾਮੁ, ਤਿਨਿ ਘਟਿ ਘਟਿ ਚੀਨਾ ॥
ਉਹ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਹਰ ਦਿਲ ਅੰਦਰ ਦੇਖਦਾ ਹੈ।
ਮਨ ਅਪੁਨੇ ਤੇ, ਬੁਰਾ ਮਿਟਾਨਾ ॥
ਜੋ ਆਪਣੇ ਦਿਲ ਅੰਦਰੋਂ ਬਦੀ ਨੂੰ ਮੇਟ ਦਿੰਦਾ ਹੈ,
ਪੇਖੈ ਸਗਲ ਸ੍ਰਿਸਟਿ, ਸਾਜਨਾ ॥
ਉਹ ਸਾਰੇ ਜਹਾਨ ਨੂੰ ਆਪਣਾ ਮਿੱਤ੍ਰ ਦੇਖਦਾ ਹੈ।
ਸੂਖ ਦੂਖ, ਜਨ ਸਮ ਦ੍ਰਿਸਟੇਤਾ ॥
ਜੋ ਪੁਰਸ਼ ਖੁਸ਼ੀ ਅਤੇ ਗ਼ਮੀ ਨੂੰ ਇਕ ਸਮਾਨ ਵੇਖਦਾ ਹੈ,
ਨਾਨਕ, ਪਾਪ ਪੁੰਨ ਨਹੀ ਲੇਪਾ ॥੬॥
ਉਹ ਬਦੀ ਅਤੇ ਨੇਕੀ ਤੋਂ ਅਟੰਕ ਵਿਚਰਦਾ ਹੈ, ਹੇ ਨਾਨਕ!
ਨਿਰਧਨ ਕਉ, ਧਨੁ ਤੇਰੋ ਨਾਉ ॥
ਕੰਗਾਲ ਲਈ ਤੇਰਾ ਨਾਮ ਦੌਲਤ ਹੈ।
ਨਿਥਾਵੇ ਕਉ, ਨਾਉ ਤੇਰਾ ਥਾਉ ॥
ਬੇ-ਟਿਕਾਣੇ ਲਈ ਤੇਰਾ ਨਾਮ ਟਿਕਾਣਾ ਹੈ।
ਨਿਮਾਨੇ ਕਉ ਪ੍ਰਭ! ਤੇਰੋ ਮਾਨੁ ॥
ਬੇਇਜ਼ਤੇ ਦੀ ਤੂੰ ਹੇ ਸਾਹਿਬ! ਇੱਜ਼ਤ ਹੈ।
ਸਗਲ ਘਟਾ ਕਉ, ਦੇਵਹੁ ਦਾਨੁ ॥
ਸਮੂਹ ਪ੍ਰਾਣੀਆਂ ਨੂੰ ਤੂੰ ਦਾਤਾ ਦਿੰਦਾ ਹੈ।
ਕਰਨ ਕਰਾਵਨਹਾਰ ਸੁਆਮੀ ॥
ਪ੍ਰਭੂ ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
ਸਗਲ ਘਟਾ ਕੇ ਅੰਤਰਜਾਮੀ ॥
ਉਹ ਸਾਰਿਆਂ ਦਿਲਾਂ ਦੀ ਜਾਨਣਹਾਰ ਹੈ।
ਅਪਨੀ ਗਤਿ ਮਿਤਿ, ਜਾਨਹੁ ਆਪੇ ॥
ਆਪਣੀ ਦਸ਼ਾਂ ਤੇ ਅੰਦਾਜ਼ਾ ਤੂੰ ਖੁਦ ਹੀ ਜਾਣਦਾ ਹੈ।
ਆਪਨ ਸੰਗਿ, ਆਪਿ ਪ੍ਰਭ ਰਾਤੇ ॥
ਆਪਣੇ ਆਪ ਨਾਲ ਤੂੰ ਆਪੇ ਹੀ ਰੰਗਿਆ ਹੋਇਆ ਹੈ।
ਤੁਮ੍ਹ੍ਹਰੀ ਉਸਤਤਿ, ਤੁਮ ਤੇ ਹੋਇ ॥
ਹੇ ਸਾਈਂ! ਤੇਰੀ ਉਪਮਾ ਕੇਵਲ ਤੂੰ ਹੀ ਕਰ ਸਕਦਾ ਹੈਂ।
ਨਾਨਕ, ਅਵਰੁ ਨ ਜਾਨਸਿ ਕੋਇ ॥੭॥
ਕੋਈ ਹੋਰ, ਹੇ ਨਾਨਕ! ਤੇਰੀ ਕੀਰਤੀ ਨੂੰ ਨਹੀਂ ਜਾਣਦਾ।
ਸਰਬ ਧਰਮ ਮਹਿ, ਸ੍ਰੇਸਟ ਧਰਮੁ ॥
ਸਾਰਿਆਂ ਮਜ਼ਹਬ ਵਿਚੋਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ
ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥
ਅਤੇ ਪਵਿੱਤ੍ਰ ਅਮਲ ਕਮਾਉਣੇ ਸਭ ਤੋਂ ਉਤਮ ਮਜ਼ਹਬ ਹੈ।
ਸਗਲ ਕ੍ਰਿਆ ਮਹਿ, ਊਤਮ ਕਿਰਿਆ ॥
ਸਮੂਹ ਧਾਰਮਕ ਰਸਮਾਂ ਵਿਚੋਂ ਸਰੇਸ਼ਟ ਰਸਮ ਹੈ,
ਸਾਧਸੰਗਿ, ਦੁਰਮਤਿ ਮਲੁ ਹਿਰਿਆ ॥
ਸਤਿ ਸੰਗਤ ਨਾਲ ਜੁੜਕੇ ਖੋਟੀ ਅਕਲ ਦੀ ਮਲੀਣਤਾ ਨੂੰ ਧੋ ਸੁਟਣਾ।
ਸਗਲ ਉਦਮ ਮਹਿ, ਉਦਮੁ ਭਲਾ ॥
ਸਾਰਿਆਂ ਉਪਰਾਲਿਆਂ ਵਿਚੋਂ ਵਧੀਆਂ ਉਪਰਾਲਾ,
ਹਰਿ ਕਾ ਨਾਮੁ, ਜਪਹੁ ਜੀਅ ਸਦਾ ॥
ਹਮੇਸ਼ਾਂ ਦਿਲੋਂ ਵਾਹਿਗੁਰੂ ਦਾ ਨਾਮ ਉਚਾਰਨਾ ਹੈ।
ਸਗਲ ਬਾਨੀ ਮਹਿ, ਅੰਮ੍ਰਿਤ ਬਾਨੀ ॥
ਸਾਰਿਆਂ ਬਚਨ-ਬਿਲਾਸਾਂ ਵਿਚੋਂ ਅੰਮ੍ਰਿਤਮਈ ਬਚਨ-ਬਿਲਾਸ ਹੈ,
ਹਰਿ ਕੋ ਜਸੁ ਸੁਨਿ, ਰਸਨ ਬਖਾਨੀ ॥
ਵਾਹਿਗੁਰੂ ਦੀ ਕੀਰਤੀ ਸੁਣਨੀ ਅਤੇ ਇਸ ਨੂੰ ਜੀਭ ਨਾਲ ਉਚਾਰਨ ਕਰਨਾ।
ਸਗਲ ਥਾਨ ਤੇ, ਓਹੁ ਊਤਮ ਥਾਨੁ ॥
ਸਾਰਿਆਂ ਥਾਵਾਂ ਨਾਲੋਂ ਉਹ ਦਿਲ ਸਭ ਤੋਂ ਸਰੇਸ਼ਟ ਅਸਥਾਨ ਹੈ,
ਨਾਨਕ, ਜਿਹ ਘਟਿ ਵਸੈ ਹਰਿ ਨਾਮੁ ॥੮॥੩॥
ਜਿਸ ਵਿੱਚ, ਹੇ ਨਾਨਕ! ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ।
ਸਲੋਕੁ ॥
ਸਲੋਕ।
ਨਿਰਗੁਨੀਆਰ ਇਆਨਿਆ! ਸੋ ਪ੍ਰਭੁ ਸਦਾ ਸਮਾਲਿ ॥
ਹੈ ਗੁਣ-ਵਿਹੁਣ ਅਤੇ ਬੇਸਮਝ ਪ੍ਰਾਣੀ, ਉਸ ਸਾਹਿਬ ਦਾ ਤੂੰ ਹਮੇਸ਼ਾਂ ਹੀ ਸਿਮਰਨ ਕਰ।
ਜਿਨਿ ਕੀਆ, ਤਿਸੁ ਚੀਤਿ ਰਖੁ; ਨਾਨਕ, ਨਿਬਹੀ ਨਾਲਿ ॥੧॥
ਉਸ ਨੂੰ ਆਪਣੇ ਦਿਲ ਵਿੱਚ ਟਿਕਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੈ ਨਾਨਕ, ਕੇਵਲ ਪ੍ਰਭੂ ਹੀ ਤੇਰਾ ਸਾਥ ਦੇਵੇਗਾ।
ਅਸਟਪਦੀ ॥
ਅਸ਼ਟਪਦੀ।
ਰਮਈਆ ਕੇ ਗੁਨ, ਚੇਤਿ ਪਰਾਨੀ! ॥
ਹੇ ਫ਼ਾਨੀ ਬੰਦੇ! ਤੂੰ ਸਰਬ-ਵਿਆਪਕ ਸੁਆਮੀ ਦੀਆਂ ਚੰਗਿਆਈਆਂ ਨੂੰ ਚੇਤੇ ਕਰ।
ਕਵਨ ਮੂਲ ਤੇ? ਕਵਨ ਦ੍ਰਿਸਟਾਨੀ? ॥
ਤੇਰਾ ਕੀ ਮੁੱਢ ਹੈ ਅਤੇ ਤੂੰ ਕੇਹੋ ਜੇਹਾ ਦਿਸਦਾ ਹੈਂ।
ਜਿਨਿ ਤੂੰ ਸਾਜਿ, ਸਵਾਰਿ ਸੀਗਾਰਿਆ ॥
ਜਿਸ ਨੇ ਤੈਨੂੰ ਰਚਿਆ, ਸ਼ਿੰਗਾਰਿਆਂ ਅਤੇ ਸਸ਼ੋਭਤ ਕੀਤਾ ਹੈ,
ਗਰਭ ਅਗਨਿ ਮਹਿ, ਜਿਨਹਿ ਉਬਾਰਿਆ ॥
ਜਿਸ ਨੇ ਤੇਰੀ ਬੱਚੇਦਾਨੀ ਦੀ ਅੱਗ ਵਿੱਚ ਰੱਖਿਆ ਕੀਤੀ ਹੈ।
ਬਾਰ ਬਿਵਸਥਾ, ਤੁਝਹਿ ਪਿਆਰੈ ਦੂਧ ॥
ਜਿਸ ਨੇ ਤੇਰੀ ਬਾਲ-ਅਵਸਥਾ ਵਿੱਚ ਤੈਨੂੰ ਪੀਣ ਲਈ ਦੁੱਧ ਦਿਤਾ।
ਭਰਿ ਜੋਬਨ, ਭੋਜਨ ਸੁਖ ਸੂਧ ॥
ਜਿਸ ਨੇ ਤੇਰੀ ਹੁਲਾਰੇ ਮਾਰਦੀ ਜੁਆਨੀ ਵਿੱਚ ਤੈਨੂੰ ਖਾਣਾ ਆਰਾਮ ਅਤੇ ਸਮਝ ਦਿੱਤੀ,
ਬਿਰਧਿ ਭਇਆ, ਊਪਰਿ ਸਾਕ ਸੈਨ ॥
ਅਤੇ ਜਿਸ ਨੇ ਜਦ ਤੂੰ ਬੁੱਢਾ ਹੋਇਆ, ਉਤੇ ਸਨਬੰਧੀ ਅਤੇ ਮਿੱਤ੍ਰ ਖੜੇ ਕਰ ਦਿਤੇ,
ਮੁਖਿ ਅਪਿਆਉ, ਬੈਠ ਕਉ ਦੈਨ ॥
ਤੇਰੇ ਬੈਠੇ ਬਿਠਾਏ ਦੇ ਮੂੰਹ ਵਿੱਚ ਭੋਜਨ ਪਾਉਣ ਲਈ।
ਇਹੁ ਨਿਰਗੁਨੁ, ਗੁਨੁ ਕਛੂ ਨ ਬੂਝੈ ॥
ਇਹ ਨੇਕੀ-ਵਿਹੁਣ ਬੰਦਾ ਕੀਤੇ ਗਏ ਉਪਕਾਰ ਦੀ ਕੁਝ ਭੀ ਕਦਰ ਨਹੀਂ ਪਾਉਂਦਾ।
ਬਖਸਿ ਲੇਹੁ, ਤਉ ਨਾਨਕ ਸੀਝੈ ॥੧॥
ਹੇ ਪ੍ਰਭੂ! ਜੇਕਰ ਤੂੰ ਉਸ ਨੂੰ ਮਾਫ਼ ਕਰ ਦੇਵੇ, ਕੇਵਲ ਤਦ ਹੀ, ਹੇ ਨਾਨਕ! ਉਹ ਬੰਦ-ਖ਼ਲਾਸ ਹੋ ਸਕਦਾ ਹੈ।
ਜਿਹ ਪ੍ਰਸਾਦਿ, ਧਰ ਊਪਰਿ ਸੁਖਿ ਬਸਹਿ ॥
ਜਿਸ ਦੀ ਮਿਹਰ ਦੁਆਰਾ ਤੂੰ ਜ਼ਮੀਨ ਉਤੇ ਆਰਾਮ ਅੰਦਰ ਰਹਿੰਦਾ ਹੈਂ,
ਸੁਤ ਭ੍ਰਾਤ ਮੀਤ, ਬਨਿਤਾ ਸੰਗਿ ਹਸਹਿ ॥
ਅਤੇ ਆਪਣੇ ਪੁਤ੍ਰਾਂ ਵੀਰਾਂ ਮਿਤ੍ਰਾਂ ਅਤੇ ਵਹੁਟੀ ਨਾਲ ਹਸਦਾ ਖੇਲ੍ਹਦਾ ਹੈ।
ਜਿਹ ਪ੍ਰਸਾਦਿ, ਪੀਵਹਿ ਸੀਤਲ ਜਲਾ ॥
ਜਿਸ ਦੀ ਦਇਆ ਦੁਆਰਾ ਤੂੰ ਠੰਢਾ ਪਾਣੀ ਪੀਂਦਾ,
ਸੁਖਦਾਈ ਪਵਨੁ ਪਾਵਕੁ ਅਮੁਲਾ ॥
ਅਤੇ ਤੈਨੂੰ ਪ੍ਰਸੰਨ ਕਰਨ ਵਾਲੀ ਹਵਾ ਅਤੇ ਅਣਮੁੱਲੀ ਅੱਗ ਮਿਲੀ ਹੈ।
ਜਿਹ ਪ੍ਰਸਾਦਿ, ਭੋਗਹਿ ਸਭਿ ਰਸਾ ॥
ਇਸ ਦੀ ਦਇਆ ਦੁਆਰਾ ਤੂੰ ਸਾਰੀਆਂ ਖੁਸ਼ੀਆਂ ਮਾਣਦਾ ਹੈ,
ਸਗਲ ਸਮਗ੍ਰੀ, ਸੰਗਿ ਸਾਥਿ ਬਸਾ ॥
ਅਤੇ ਸਾਰੀਆਂ ਲੋੜੀਦੀਆਂ ਸ਼ੈਆਂ ਸਮੇਤ ਵਸਦਾ ਹੈ।
ਦੀਨੇ, ਹਸਤ ਪਾਵ ਕਰਨ ਨੇਤ੍ਰ ਰਸਨਾ ॥
ਜਿਸ ਨੇ ਤੈਨੂੰ ਹੱਥ, ਪੈਰ, ਕੰਨ ਅੱਖਾਂ ਅਤੇ ਜੀਭਾ ਬਖਸ਼ੇ ਹਨ।
ਤਿਸਹਿ ਤਿਆਗਿ, ਅਵਰ ਸੰਗਿ ਰਚਨਾ ॥
ਤੂੰ ਉਸ ਨੂੰ ਛੱਡ ਕੇ ਹੋਰਾਂ ਨਾਲ ਜੁੜਦਾ ਹੈਂ।
ਐਸੇ ਦੋਖ, ਮੂੜ ਅੰਧ ਬਿਆਪੇ ॥
ਇਹੋ ਜੇਹੇ ਪਾਪ ਅੰਨ੍ਹੇ ਮੂਰਖ ਨੂੰ ਚਿੰਮੜੇ ਹੋਏ ਹਨ।
ਨਾਨਕ, ਕਾਢਿ ਲੇਹੁ ਪ੍ਰਭ ਆਪੇ ॥੨॥
ਨਾਨਕ ਤੂੰ ਖੁਦ ਹੀ ਉਸ ਦੀ ਰੱਖਿਆ ਕਰ, ਹੇ ਸੁਆਮੀ!
ਆਦਿ ਅੰਤਿ, ਜੋ ਰਾਖਨਹਾਰੁ ॥
ਜੋ ਆਰੰਭ ਤੋਂ ਅਖੀਰ ਤੱਕ ਸਾਰਿਆਂ ਦਾ ਰਖਵਾਲਾ ਹੈ,
ਤਿਸ ਸਿਉ ਪ੍ਰੀਤਿ, ਨ ਕਰੈ ਗਵਾਰੁ ॥
ਉਸ ਨੂੰ ਬੇਸਮਝ ਬੰਦਾ ਪਿਆਰ ਨਹੀਂ ਕਰਦਾ।
ਜਾ ਕੀ ਸੇਵਾ, ਨਵ ਨਿਧਿ ਪਾਵੈ ॥
ਜਿਸ ਦੀ ਟਹਿਲ ਤੋਂ ਉਸ ਨੂੰ ਨੌ ਖ਼ਜ਼ਾਨੇ ਮਿਲਦੇ ਹਨ,
ਤਾ ਸਿਉ ਮੂੜਾ, ਮਨੁ ਨਹੀ ਲਾਵੈ ॥
ਉਸ ਨਾਲ ਮੂਰਖ ਆਪਣੇ ਚਿੱਤ ਨੂੰ ਨਹੀਂ ਜੋੜਦਾ।
ਜੋ ਠਾਕੁਰੁ, ਸਦ ਸਦਾ ਹਜੂਰੇ ॥
ਜੋ ਸੁਆਮੀ ਸਦੀਵ ਸਦੀਵ ਹੀ ਐਨ ਪਰਤੱਖ ਹੈ,
ਤਾ ਕਉ ਅੰਧਾ, ਜਾਨਤ ਦੂਰੇ ॥
ਉਸ ਨੂੰ ਅੰਨ੍ਹਾ ਦੁਰੇਡੇ ਖਿਆਲ ਕਰਦਾ ਹੈ।
ਜਾ ਕੀ ਟਹਲ, ਪਾਵੈ ਦਰਗਹ ਮਾਨੁ ॥
ਜਿਸ ਦੀ ਟਹਿਲ ਸੇਵਾ ਨਾਲ ਉਸ ਨੇ ਸਾਈਂ ਦੇ ਦਰਬਾਰ ਵਿੰਚ ਇੱਜ਼ਤ ਪਾਉਣੀ ਹੈ,
ਤਿਸਹਿ ਬਿਸਾਰੈ, ਮੁਗਧੁ ਅਜਾਨੁ ॥
ਬੇਸਮਝ, ਬੇਵਕੂਫ ਉਸ ਨੂੰ ਭੁਲਾਉਂਦਾ ਹੈ।
ਸਦਾ ਸਦਾ, ਇਹੁ ਭੂਲਨਹਾਰੁ ॥
ਹਮੇਸ਼ਾਂ ਹਮੇਸ਼ਾਂ ਹੀ ਇਹ ਬੰਦਾ ਗਲਤੀ ਕਰਦਾ ਹੈ।
ਨਾਨਕ, ਰਾਖਨਹਾਰੁ ਅਪਾਰੁ ॥੩॥
ਨਾਨਕ, ਕੇਵਲ ਬੇਅੰਤ ਸੁਆਮੀ ਦੀ ਰੱਖਿਆ ਕਰਨ ਵਾਲਾ ਹੈ।
ਰਤਨੁ ਤਿਆਗਿ, ਕਉਡੀ ਸੰਗਿ ਰਚੈ ॥
ਮਾਣਕ ਨੂੰ ਛੱਡ ਕੇ ਆਦਮੀ ਕੌਡੀ ਨਾਲ ਖਚਤ ਹੋਇਆ ਹੋਇਆ ਹੈ।
ਸਾਚੁ ਛੋਡਿ, ਝੂਠ ਸੰਗਿ ਮਚੈ ॥
ਉਹ ਰਾਸਤੇ ਨੂੰ ਤਿਆਗਦਾ ਹੈ ਅਤੇ ਕੂੜ ਨਾਲ ਖੁਸ਼ ਹੁੰਦਾ ਹੈ।
ਜੋ ਛਡਨਾ, ਸੁ ਅਸਥਿਰੁ ਕਰਿ ਮਾਨੈ ॥
ਜਿਸ ਨੂੰ ਉਸ ਨੇ ਛੱਡ ਜਾਣਾ ਹੈ, ਉਸ ਨੂੰ ਉਹ ਸਦੀਵੀ ਸਥਿਰ ਜਾਣਦਾ ਹੈ।
ਜੋ ਹੋਵਨੁ, ਸੋ ਦੂਰਿ ਪਰਾਨੈ ॥
ਜਿਹੜਾ ਕੁਛ ਹੋਣਾ ਹੈ, ਉਸ ਨੂੰ ਉਹ ਦੁਰੇਡਾ ਸਮਝਦਾ ਹੈ।
ਛੋਡਿ ਜਾਇ, ਤਿਸ ਕਾ ਸ੍ਰਮੁ ਕਰੈ ॥
ਜਿਸ ਨੂੰ ਉਸ ਨੇ ਛੱਡ ਜਾਣਾ ਹੈ ਉਸ ਦੀ ਖ਼ਾਤਰ ਉਹ ਤਕਲਫ਼ਿ ਉਠਾਉਂਦਾ ਹੈ।
ਸੰਗਿ ਸਹਾਈ, ਤਿਸੁ ਪਰਹਰੈ ॥
ਉਹ ਉਸ ਸਹਾਇਕ ਨੂੰ ਤਿਆਗਦਾ ਹੈ, ਜੋ ਹਮੇਸ਼ਾਂ ਉਸ ਦੇ ਨਾਲ ਹੈ।
ਚੰਦਨ ਲੇਪੁ, ਉਤਾਰੈ ਧੋਇ ॥
ਉਹ ਚੰਨਣ ਦੇ ਲੇਪਣ ਨੂੰ ਧੋ ਕੇ ਲਾਹ ਸੁਟਦਾ ਹੈ।
ਗਰਧਬ ਪ੍ਰੀਤਿ, ਭਸਮ ਸੰਗਿ ਹੋਇ ॥
ਖੋਤੇ ਦਾ ਕੇਵਲ ਸੁਆਹ ਨਾਲ ਹੀ ਪਿਆਰ ਹੈ।
ਅੰਧ ਕੂਪ ਮਹਿ, ਪਤਿਤ ਬਿਕਰਾਲ ॥
ਬੰਦਾ ਭਿਆਨਕ ਅਨ੍ਹੇਰੇ ਖੂਹ ਵਿੱਚ ਡਿੱਗਿਆ ਪਿਆ ਹੈ।
ਨਾਨਕ, ਕਾਢਿ ਲੇਹੁ ਪ੍ਰਭ ਦਇਆਲ! ॥੪॥
ਨਾਨਕ, ਹੈ ਮਿਹਰਬਾਨ ਮਾਲਕ! ਤੂੰ ਉਸ ਨੂੰ ਬਾਹਰ ਧੂ ਲੈ।
ਕਰਤੂਤਿ ਪਸੂ ਕੀ, ਮਾਨਸ ਜਾਤਿ ॥
ਉਹ ਹੈ ਤਾਂ ਮਨੁੱਸ਼ ਸ਼ਰੇਣੀ ਵਿੰਚੋਂ ਪਰ ਅਮਲ ਹਨ ਉਸ ਦੇ ਡੰਗਰਾਂ ਵਾਲੇ।
ਲੋਕ ਪਚਾਰਾ, ਕਰੈ ਦਿਨੁ ਰਾਤਿ ॥
ਉਹ ਦਿਨ ਰਾਤ ਬੰਦਿਆਂ ਨਾਲ ਜਾਹਰਦਾਰੀ ਕਰਦਾ ਹੈ।
ਬਾਹਰਿ ਭੇਖ, ਅੰਤਰਿ ਮਲੁ ਮਾਇਆ ॥
ਦਿਖਾਵੇ ਲਈ ਤਾਂ ਉਹ ਧਾਰਮਕ ਲਿਬਾਸ ਪਹਿਨੀ ਫਿਰਦਾ ਹੈ, ਪਰ ਉਸ ਦੇ ਦਿਲ ਵਿੱਚ ਦੁਨੀਆਦਾਰੀ ਦੀ ਮੇਲ ਹੈ।
ਛਪਸਿ ਨਾਹਿ, ਕਛੁ ਕਰੈ ਛਪਾਇਆ ॥
ਜਿੰਨਾ ਜੀ ਕਰੇ ਭਾਵੇਂ ਉਹ ਲੁਕਾਵੇ, ਪਰ ਉਹ ਆਪਣੀ ਅਸਲੀਅਤ ਨੂੰ ਲੁਕਾ ਨਹੀਂ ਸਕਦਾ।
ਬਾਹਰਿ, ਗਿਆਨ ਧਿਆਨ ਇਸਨਾਨ ॥
ਉਹ ਬ੍ਰਹਿਮ-ਬੋਧ, ਸਿਮਰਨ ਅਤੇ ਭਜਨ ਕਰਨ ਦਾ ਦਿਖਲਾਵਾ ਕਰਦਾ ਹੈ।
ਅੰਤਰਿ ਬਿਆਪੈ, ਲੋਭੁ ਸੁਆਨੁ ॥
ਪਰ ਉਸ ਦੇ ਮਨ ਨੂੰ ਲਾਲਚ ਦਾ ਕੁੱਤਾ ਚਿਮੜਿਆ ਹੋਇਆ ਹੈ।
ਅੰਤਰਿ ਅਗਨਿ, ਬਾਹਰਿ ਤਨੁ ਸੁਆਹ ॥
ਉਸ ਦੇ ਸਰੀਰ ਦੇ ਅੰਦਰ ਅੱਗ ਹੈ ਅਤੇ ਬਾਹਰਵਾਰ ਰਾਖ।
ਗਲਿ ਪਾਥਰ, ਕੈਸੇ ਤਰੈ ਅਥਾਹ ॥
ਆਪਣੀ ਗਰਦਨ ਦੁਆਲੇ ਪੱਥਰ ਦੇ ਨਾਲ ਉਹ ਅਤੀ ਡੂੰਘੇ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ?
ਜਾ ਕੈ ਅੰਤਰਿ, ਬਸੈ ਪ੍ਰਭੁ ਆਪਿ ॥
ਜਿਸ ਦੇ ਦਿਲ ਅੰਦਰ ਸੁਆਮੀ ਖੁਦ ਨਿਵਾਸ ਰਖਦਾ ਹੈ,
ਨਾਨਕ, ਤੇ ਜਨ ਸਹਜਿ ਸਮਾਤਿ ॥੫॥
ਨਾਨਕ ਉਹ ਆਦਮੀ ਮਾਲਕ ਨਾਲ ਅਭੇਦ ਹੋ ਜਾਂਦਾ ਹੈ।
ਸੁਨਿ ਅੰਧਾ, ਕੈਸੇ ਮਾਰਗੁ ਪਾਵੈ ॥
ਕੇਵਲ ਸੁਣਨ ਦੁਆਰਾ ਹੀ ਮੁਨਾਖਾ ਮਨੁੱਖ ਕਿਸ ਤਰ੍ਹਾਂ ਰਸਤਾ ਲੱਭ ਸਕਦਾ ਹੈ?
ਕਰੁ ਗਹਿ ਲੇਹੁ, ਓੜਿ ਨਿਬਹਾਵੈ ॥
ਉਸ ਦਾ ਹੱਥ ਫੜ ਲਓ ਅਤੇ ਉਹ ਟਿਕਾਣੇ ਤੇ ਪੁੱਜ ਜਾਏਗਾ।
ਕਹਾ ਬੁਝਾਰਤਿ, ਬੂਝੈ ਡੋਰਾ ॥
ਬੋਲਾ ਆਦਮੀ ਬਾਤ ਕਿਸ ਤਰ੍ਹਾਂ ਬੁੱਝ ਸਕਦਾ ਹੈ?
ਨਿਸਿ ਕਹੀਐ, ਤਉ ਸਮਝੈ ਭੋਰਾ ॥
ਜਦ ਅਸੀਂ ਰਾਤ ਕਹਿੰਦੇ ਹਾਂ ਤਾਂ ਉਹ ਦਿਨ ਸਮਝਦਾ ਹੈ।
ਕਹਾ ਬਿਸਨਪਦ, ਗਾਵੈ ਗੁੰਗ ॥
ਗੁੰਗਾ ਆਦਮੀ ਸੁਆਮੀ ਦੇ ਗੀਤ ਕਿਸ ਤਰ੍ਹਾਂ ਗਾ ਸਕਦਾ ਹੈ?
ਜਤਨ ਕਰੈ, ਤਉ ਭੀ ਸੁਰ ਭੰਗ ॥
ਜੇਕਰ ਉਹ ਉਪਰਾਲਾ ਭੀ ਕਰੇ ਤਾਂ ਭੀ ਉਸ ਦੀ ਆਵਾਜ਼ ਟੁਟ ਜਾਂਦੀ ਹੈ।
ਕਹ ਪਿੰਗੁਲ, ਪਰਬਤ ਪਰ ਭਵਨ ॥
ਲੰਗੜਾ ਪਹਾੜ ਉਤੇ ਕਿਸ ਤਰ੍ਹਾਂ ਚੱਕਰ ਕੱਟ ਸਕਦਾ ਹੈ?
ਨਹੀ ਹੋਤ, ਊਹਾ ਉਸੁ ਗਵਨ ॥
ਉਸ ਦਾ ਉਥੇ ਜਾਂਦਾ ਸੰਭਵ ਨਹੀਂ।
ਕਰਤਾਰ ਕਰੁਣਾ ਮੈ! ਦੀਨੁ ਬੇਨਤੀ ਕਰੈ ॥
ਹੇ ਰਹਿਮਤ ਦੇ ਪੁੰਜ, ਸਿਰਜਣਹਾਰ, ਮੈਂ ਮਸਕੀਨ ਬੇਨਤੀ ਕਰਦਾ ਹਾਂ,
ਨਾਨਕ, ਤੁਮਰੀ ਕਿਰਪਾ ਤਰੈ ॥੬॥
ਕਿ ਨਾਨਾਕ ਤੇਰੀ ਮਿਹਰ ਰਾਹੀਂ ਹੀ ਪਾਰ ਉਤਰ ਸਕਦਾ ਹੈ।
ਸੰਗਿ ਸਹਾਈ, ਸੁ ਆਵੈ ਨ ਚੀਤਿ ॥
ਜੀਵ ਆਪਣੇ ਮਦਦਗਾਰ ਨੂੰ ਯਾਦ ਨਹੀਂ ਕਰਦਾ ਜੋ ਉਸ ਦੇ ਨਾਲ ਹੀ ਹੈ।
ਜੋ ਬੈਰਾਈ, ਤਾ ਸਿਉ ਪ੍ਰੀਤਿ ॥
ਉਹ ਉਸ ਨੂੰ ਪਿਆਰ ਕਰਦਾ ਹੈ, ਜੋ ਉਸ ਦਾ ਵੈਰੀ ਹੈ।
ਬਲੂਆ ਕੇ, ਗ੍ਰਿਹ ਭੀਤਰਿ ਬਸੈ ॥
ਉਹ ਰੇਤ ਦੇ ਘਰ ਵਿੰਚ ਰਹਿੰਦਾ ਹੈ।
ਅਨਦ ਕੇਲ, ਮਾਇਆ ਰੰਗਿ ਰਸੈ ॥
ਉਹ ਖੁਸ਼ੀ ਦੀਆਂ ਖੇਡਾਂ ਤੇ ਦੌਲਤ ਦੇ ਅਨੰਦ ਮਾਣਦਾ ਹੈ।
ਦ੍ਰਿੜੁ ਕਰਿ ਮਾਨੈ, ਮਨਹਿ ਪ੍ਰਤੀਤਿ ॥
ਉਹ ਇਨ੍ਹਾਂ ਰੰਗਰਲੀਆਂ ਨੂੰ ਮੁਸਤਕਿਲ ਜਾਣਦਾ ਹੈ ਇਹ ਹੈ ਉਸ ਦੇ ਦਿਲ ਦਾ ਯਕੀਨ।
ਕਾਲੁ ਨ ਆਵੈ, ਮੂੜੇ ਚੀਤਿ ॥
ਆਪਣੇ ਦਿਲ ਵਿੱਚ ਮੂਰਖ ਮੌਤ ਨੂੰ ਯਾਦ ਹੀ ਨਹੀਂ ਕਰਦਾ।
ਬੈਰ ਬਿਰੋਧ, ਕਾਮ ਕ੍ਰੋਧ ਮੋਹ ॥
ਦੁਸ਼ਮਨੀ, ਵਾਦ-ਵਿਵਾਦ, ਵਿਸ਼ੇਭੋਗ, ਗੁੱਸਾ, ਮਮਤਾ,
ਝੂਠ ਬਿਕਾਰ, ਮਹਾ ਲੋਭ ਧ੍ਰੋਹ ॥
ਕੂੜ, ਪਾਪ, ਪਰਮ ਲਾਲਚ ਅਤੇ ਛਲ-ਕਪਟ।
ਇਆਹੂ ਜੁਗਤਿ, ਬਿਹਾਨੇ ਕਈ ਜਨਮ ॥
ਇਨ੍ਹਾਂ ਦੇ ਮਾਰਗ ਵਿੱਚ ਬੰਦੇ ਨੇ ਅਨੇਕਾਂ ਜੀਵਨ ਬਤੀਤ ਕੀਤੇ ਹਨ।
ਨਾਨਕ, ਰਾਖਿ ਲੇਹੁ, ਆਪਨ ਕਰਿ ਕਰਮ ॥੭॥
ਹੈ ਪ੍ਰਭੂ, ਆਪਣੀ ਰਹਿਮਤ ਧਾਰ ਕੇ ਨਾਨਕ ਦਾ ਪਾਰ ਉਤਾਰਾ ਕਰ।
ਤੂ ਠਾਕੁਰੁ, ਤੁਮ ਪਹਿ ਅਰਦਾਸਿ ॥
ਤੂੰ ਸੁਆਮੀ ਹੈ, ਮੇਰੀ ਇਹ ਬੇਨਤੀ ਤੇਰੇ ਕੋਲ ਹੈ।
ਜੀਉ ਪਿੰਡੁ, ਸਭੁ ਤੇਰੀ ਰਾਸਿ ॥
ਮੇਰੀ ਆਤਮਾ ਅਤੇ ਦੇਹਿ ਸਮੂਹ ਤੇਰੀ ਹੀ ਪੂੰਜੀ ਹਨ।
ਤੁਮ ਮਾਤ ਪਿਤਾ, ਹਮ ਬਾਰਿਕ ਤੇਰੇ ॥
ਤੂੰ ਮਾਂ ਅਤੇ ਪਿਓ ਹੈਂ ਅਤੇ ਅਸੀਂ ਤੇਰੇ ਬੱਚੇ ਹਾਂ।
ਤੁਮਰੀ ਕ੍ਰਿਪਾ ਮਹਿ, ਸੂਖ ਘਨੇਰੇ ॥
ਤੇਰੀ ਦਇਆਲਤਾ ਅੰਦਰ ਬਹੁਤ ਆਰਾਮ ਹਨ।
ਕੋਇ ਨ ਜਾਨੈ, ਤੁਮਰਾ ਅੰਤੁ ॥
ਤੇਰਾ ਓੜਕ ਕੋਈ ਨਹੀਂ ਜਾਣਦਾ।
ਊਚੇ ਤੇ, ਊਚਾ ਭਗਵੰਤ ॥
ਤੂੰ ਹੇ ਧਨਾਢ ਸਾਹਿਬ! ਬੁਲੰਦਾ ਦਾ ਪਰਮ ਬੁਲੰਦ ਹੈ।
ਸਗਲ ਸਮਗ੍ਰੀ, ਤੁਮਰੈ ਸੂਤ੍ਰਿ ਧਾਰੀ ॥
ਸਾਰੀ ਰਚਨਾ ਤੇਰੇ ਧਾਗੇ ਅੰਦਰ ਪ੍ਰੋਤੀ ਹੋਈ ਹੈ।
ਤੁਮ ਤੇ ਹੋਇ, ਸੁ ਆਗਿਆਕਾਰੀ ॥
ਜੋ ਕੁਛ ਤੇਰੇ ਤੋਂ ਉਤਪੰਨ ਹੋਇਆ ਹੈ, ਉਹ ਤੇਰੇ ਹੁਕਮ ਅੰਦਰ ਹੈ।
ਤੁਮਰੀ ਗਤਿ ਮਿਤਿ, ਤੁਮ ਹੀ ਜਾਨੀ ॥
ਆਪਣੀ ਅਵਸਥਾ ਅਤੇ ਵਿਸਥਾਰ ਕੇਵਲ ਤੂੰ ਹੀ ਜਾਣਦਾ ਹੈਂ।
ਨਾਨਕ ਦਾਸ, ਸਦਾ ਕੁਰਬਾਨੀ ॥੮॥੪॥
ਤੇਰਾ ਗੋਲਾ, ਨਾਨਕ, ਸਦੀਵ ਹੀ, ਤੇਰੇ ਉਤੋਂ ਘੋਲੀ ਜਾਂਦਾ ਹੈ।
ਸਲੋਕੁ ॥
ਸਲੋਕ।
ਦੇਨਹਾਰੁ ਪ੍ਰਭ ਛੋਡਿ ਕੈ; ਲਾਗਹਿ ਆਨ ਸੁਆਇ ॥
ਜੋ ਵਾਹਿਗੁਰੂ ਦਾਤਾਰ ਨੂੰ ਤਿਆਗ ਕੇ ਹੋਰਨਾ ਰਸਾਂ ਨਾਲ ਜੁੜਦਾ ਹੈ,
ਨਾਨਕ, ਕਹੂ ਨ ਸੀਝਈ; ਬਿਨੁ ਨਾਵੈ ਪਤਿ ਜਾਇ ॥੧॥
ਹੇ ਨਾਨਾਕ! ਉਹ ਕਿਧਰੇ ਭੀ ਕਾਮਯਾਬ ਨਹੀਂ ਹੋਣਾ ਅਤੇ ਨਾਮ ਦੇ ਬਗੈਰ ਆਪਣੀ ਇੱਜ਼ਤ ਆਬਰੂ ਗੁਆ ਲਵੇਗਾ।
ਅਸਟਪਦੀ ॥
ਅਸ਼ਟਪਦੀ।
ਦਸ ਬਸਤੂ ਲੇ, ਪਾਛੈ ਪਾਵੈ ॥
ਆਦਮੀ ਦਸ ਚੀਜ਼ਾਂ ਲੈ ਕੇ ਪਿਛੇ ਰੱਖ ਲੈਦਾ ਹੈ।
ਏਕ ਬਸਤੁ ਕਾਰਨਿ, ਬਿਖੋਟਿ ਗਵਾਵੈ ॥
ਇਕ ਚੀਜ਼ ਦੀ ਖਾਤਰ, ਉਹ ਆਪਣਾ ਇਤਬਾਰ ਗੁਆ ਲੈਦਾ ਹੈ।
ਏਕ ਭੀ ਨ ਦੇਇ, ਦਸ ਭੀ ਹਿਰਿ ਲੇਇ ॥
ਜੇਕਰ ਪ੍ਰਭੂ ਇਕ ਚੀਜ਼ ਭੀ ਨਾਂ ਦੇਵੇ, ਅਤੇ ਦੱਸ ਭੀ ਖੋਹ ਲਵੇ,
ਤਉ ਮੂੜਾ, ਕਹੁ ਕਹਾ ਕਰੇਇ ॥
ਤਦ ਦੱਸੋ ਇਹ ਮੂਰਖ ਕੀ ਕਰ ਸਕਦਾ ਹੈ?
ਜਿਸੁ ਠਾਕੁਰ ਸਿਉ, ਨਾਹੀ ਚਾਰਾ ॥
ਜਿਸ ਸੁਆਮੀ ਮੂਹਰੇ ਜੋਰ ਨਹੀਂ ਚਲਦਾ,
ਤਾ ਕਉ ਕੀਜੈ, ਸਦ ਨਮਸਕਾਰਾ ॥
ਉਸ ਨੂੰ ਸਦੀਵ ਹੀ ਪ੍ਰਣਾਮ ਕਰ।
ਜਾ ਕੈ ਮਨਿ, ਲਾਗਾ ਪ੍ਰਭੁ ਮੀਠਾ ॥
ਸਾਰੇ ਆਰਾਮ ਉਸ ਦੇ ਦਿਲ ਵਿੱਚ ਵਸਦੇ ਹਨ,
ਸਰਬ ਸੂਖ, ਤਾਹੂ ਮਨਿ ਵੂਠਾ ॥
ਜਿਸ ਦੇ ਚਿੱਤ ਨੂੰ ਮਾਲਕ ਮਿੱਠਾ ਲਗਦਾ ਹੈ।
ਜਿਸੁ ਜਨ, ਅਪਨਾ ਹੁਕਮੁ ਮਨਾਇਆ ॥
ਜਿਸ ਪੁਰਸ਼ ਪਾਸੋਂ ਵਾਹਿਗੁਰੂ ਆਪਣੇ ਫੁਰਮਾਨ ਦੀ ਤਾਮੀਲ ਕਰਾਉਂਦਾ ਹੈ,
ਸਰਬ ਥੋਕ ਨਾਨਕ, ਤਿਨਿ ਪਾਇਆ ॥੧॥
ਹੇ ਨਾਨਕ! ਉਹ ਸਾਰੀਆਂ ਵਸਤੂਆਂ ਪਾ ਲੈਦਾ ਹੈ।
ਅਗਨਤ ਸਾਹੁ, ਅਪਨੀ ਦੇ ਰਾਸਿ ॥
ਸ਼ਾਹੂਕਾਰ ਪ੍ਰਾਣੀ ਨੂੰ ਆਪਣੀ ਅਣਗਿਣਤ ਪੂੰਜੀ ਦਿੰਦਾ ਹੈ।
ਖਾਤ ਪੀਤ, ਬਰਤੈ ਅਨਦ ਉਲਾਸਿ ॥
ਉਹ ਇਸ ਨੂੰ ਖੁਸ਼ੀ ਤੇ ਪਰਸੰਨਤਾ ਨਾਲ ਖਾਂਦਾ ਪੀਂਦਾ ਅਤੇ ਖਰਚਦਾ ਹੈ।
ਅਪੁਨੀ ਅਮਾਨ, ਕਛੁ ਬਹੁਰਿ ਸਾਹੁ ਲੇਇ ॥
ਜੇਕਰ ਸ਼ਾਹੂਕਾਰ, ਮਗਰੋਂ ਆਪਣੀ ਅਮਾਨਤ ਵਿਚੋਂ ਕੁਝ ਕੁ ਵਾਪਸ ਲੈ ਲਵੇ,
ਅਗਿਆਨੀ ਮਨਿ, ਰੋਸੁ ਕਰੇਇ ॥
ਤਾਂ ਬੇਸਮਝ ਬੰਦਾ ਆਪਣੇ ਚਿੱਤ ਵਿੰਚ ਗੁੱਸਾ ਕਰਦਾ ਹੈ।
ਅਪਨੀ ਪਰਤੀਤਿ, ਆਪ ਹੀ ਖੋਵੈ ॥
ਆਪਣੇ ਅਮਲ ਦੁਆਰਾ ਉਹ ਆਪਣਾ ਇਤਬਾਰ ਗੁਆ ਲੈਦਾ ਹੈ।
ਬਹੁਰਿ ਉਸ ਕਾ, ਬਿਸ੍ਵਾਸੁ ਨ ਹੋਵੈ ॥
ਪ੍ਰਭੂ, ਮੁੜ ਉਸ ਤੇ ਇਤਬਾਰ ਨਹੀਂ ਕਰਦਾ।
ਜਿਸ ਕੀ ਬਸਤੁ, ਤਿਸੁ ਆਗੈ ਰਾਖੈ ॥
ਜਿਸ ਦੀ ਵਸਤੂ ਹੈ, ਉਸ ਨੂੰ ਉਹ ਉਸ ਦੇ ਮੂਹਰੇ ਰੱਖਣੀ ਚਾਹੀਦੀ ਹੈ
ਪ੍ਰਭ ਕੀ ਆਗਿਆ, ਮਾਨੈ ਮਾਥੈ ॥
ਅਤੇ ਉਸ ਨੂੰ ਸਾਹਿਬ ਦਾ ਹੁਕਮ ਖਿੜੇ ਮੱਥੇ ਮੰਨਣਾ ਯੋਗ ਹੈ।
ਉਸ ਤੇ ਚਉਗੁਨ, ਕਰੈ ਨਿਹਾਲੁ ॥
ਉਸ ਉਤੇ ਸੁਆਮੀ ਉਸ ਨੂੰ ਚਾਰ ਗੁਣਾ ਪ੍ਰਸੰਨ ਕਰੇਗਾ।
ਨਾਨਕ, ਸਾਹਿਬੁ ਸਦਾ ਦਇਆਲੁ ॥੨॥
ਨਾਨਕ ਸੁਆਮੀ ਸਦੀਵ ਹੀ ਮਿਹਰਬਾਨ ਹੈ।
ਅਨਿਕ ਭਾਤਿ, ਮਾਇਆ ਕੇ ਹੇਤ ॥
ਸਮਝ ਲੈ ਕਿ ਅਨੇਕਾਂ ਤਰ੍ਹਾਂ ਦੀਆਂ ਸੰਸਾਰੀ ਲਗਨਾਂ,
ਸਰਪਰ ਹੋਵਤ, ਜਾਨੁ ਅਨੇਤ ॥
ਆਰਜੀ ਹਨ ਅਤੇ ਇਹ ਨਿਸਚਿਤ ਹੀ ਨਾਸ ਹੋ ਜਾਣਗੀਆਂ।
ਬਿਰਖ ਕੀ ਛਾਇਆ ਸਿਉ, ਰੰਗੁ ਲਾਵੈ ॥
ਇਨਸਾਨ ਦਰਖਤ ਦੀ ਛਾਂ ਨਾਲ ਪ੍ਰੀਤਿ ਪਾ ਲੈਦਾ ਹੈ,
ਓਹ ਬਿਨਸੈ, ਉਹੁ ਮਨਿ ਪਛੁਤਾਵੈ ॥
ਜਦ ਉਹ ਨਾਸ ਹੁੰਦੀ ਹੈ, ਉਹ ਆਪਣੇ ਚਿੱਤ ਅੰਦਰ ਅਫਸੋਸ ਕਰਦਾ ਹੈ।
ਜੋ ਦੀਸੈ, ਸੋ ਚਾਲਨਹਾਰੁ ॥
ਜੋ ਕੁਛ ਨਜਰੀ ਪੈਦਾ ਹੈ, ਉਹ ਉੱਡ ਪੁੱਡ ਜਾਣ ਵਾਲਾ ਹੈ,
ਲਪਟਿ ਰਹਿਓ, ਤਹ ਅੰਧ ਅੰਧਾਰੁ ॥
ਤਾਂ ਵੀ, ਅੰਨਿ੍ਹਆਂ ਦਾ ਪਰਮ ਅੰਨ੍ਹਾ ਬੰਦਾ, ਉਸ ਨੂੰ ਚਿੰਮੜ ਰਿਹਾ ਹੈ।
ਬਟਾਊ ਸਿਉ, ਜੋ ਲਾਵੈ ਨੇਹ ॥
ਜੇ ਕੋਈ ਜਾਂਦੇ ਹੋਏ ਰਾਹੀ ਨਾਲ ਪਿਆਰ ਪਾਉਂਦਾ ਹੈ,
ਤਾ ਕਉ, ਹਾਥਿ ਨ ਆਵੈ ਕੇਹ ॥
ਉਸ ਦੇ ਹੱਥ ਪੱਲੇ ਕੁਛ ਨਹੀਂ ਪੈਦਾ।
ਮਨ! ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
ਹੈ, ਮੇਰੀ ਜਿੰਦੜੀਏ! ਆਰਾਮ-ਬਖਸ਼ਣਹਾਰ ਹੈ, ਵਾਹਿਗੁਰੂ ਦੇ ਨਾਮ ਦਾ ਪ੍ਰੇਮ।
ਕਰਿ ਕਿਰਪਾ ਨਾਨਕ, ਆਪਿ ਲਏ ਲਾਈ ॥੩॥
ਨਾਨਕ, ਭਗਵਾਨ ਉਨ੍ਹਾਂ ਨੂੰ ਆਪਣੇ ਨਾਲ ਜੋੜਦਾ ਹੈ, ਜਿਨ੍ਹਾਂ ਉਤੇ ਉਹ ਰਹਿਮਤ ਧਾਰਦਾ ਹੈ।
ਮਿਥਿਆ, ਤਨੁ ਧਨੁ ਕੁਟੰਬੁ ਸਬਾਇਆ ॥
ਨਾਸਵੰਤ ਹਨ ਦੇਹਿ, ਦੌਲਤ ਅਤੇ ਸਾਰੇ ਸਨਬੰਧੀ।
ਮਿਥਿਆ, ਹਉਮੈ ਮਮਤਾ ਮਾਇਆ ॥
ਨਾਸਵੰਤ ਹਨ ਹੰਕਾਰ, ਅਪਣੱਤ ਅਤੇ ਸੰਸਾਰੀ ਪਦਾਰਥ।
ਮਿਥਿਆ, ਰਾਜ ਜੋਬਨ ਧਨ ਮਾਲ ॥
ਨਾਸਵੰਤ ਹਨ ਰਾਜ ਭਾਗ, ਜੁਆਨੀ, ਮਾਇਆ ਅਤੇ ਜਾਇਦਾਦ।
ਮਿਥਿਆ, ਕਾਮ ਕ੍ਰੋਧ ਬਿਕਰਾਲ ॥
ਨਾਸਵੰਤ ਹਨ, ਮਥਨ-ਹੁਲਾਸ ਅਤੇ ਭਿਆਨਕ ਰੋਹ।
ਮਿਥਿਆ, ਰਥ ਹਸਤੀ ਅਸ੍ਵ ਬਸਤ੍ਰਾ ॥
ਨਾਸਵੰਤ ਹਨ ਸੁੰਦਰ ਗੱਡੀਆਂ, ਹਾਥੀ, ਘੋੜੇ ਅਤੇ ਪੁਸ਼ਾਕਾਂ।
ਮਿਥਿਆ, ਰੰਗ ਸੰਗਿ ਮਾਇਆ ਪੇਖਿ ਹਸਤਾ ॥
ਕੂੜੀ ਹੈ ਧਨ-ਦੌਲਤ ਸੰਗ੍ਰਹਿ ਕਰਨ ਦੀ ਪ੍ਰੀਤ ਜਿਸ ਨੂੰ ਵੇਖ ਕੇ ਇਨਸਾਨ ਹਸਦਾ ਹੈ।
ਮਿਥਿਆ, ਧ੍ਰੋਹ ਮੋਹ ਅਭਿਮਾਨੁ ॥
ਕੂੜਾ ਹੈ ਵਲਛਲ, ਸੰਸਾਰੀ ਮੁਹੱਬਤ ਅਤੇ ਹੰਕਾਰ।
ਮਿਥਿਆ, ਆਪਸ ਊਪਰਿ ਕਰਤ ਗੁਮਾਨੁ ॥
ਕੂੜਾ ਹੈ ਆਪਣੇ ਉਤੇ ਗਰੂਰ ਕਰਨਾ।
ਅਸਥਿਰੁ ਭਗਤਿ, ਸਾਧ ਕੀ ਸਰਨ ॥
ਅਬਿਨਾਸੀ ਹੈ, ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਅਤੇ ਸਾਧੂ ਗੁਰਾ ਦੀ ਪਨਾਹ।
ਨਾਨਕ ਜਪਿ ਜਪਿ ਜੀਵੈ, ਹਰਿ ਕੇ ਚਰਨ ॥੪॥
ਨਾਨਕ, ਵਾਹਿਗੁਰੂ ਦੇ ਚਰਨਾਂ ਦਾ ਲਗਾਤਾਰ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
ਮਿਥਿਆ ਸ੍ਰਵਨ, ਪਰ ਨਿੰਦਾ ਸੁਨਹਿ ॥
ਵਿਅਰਥ ਹਨ ਕੰਨ ਜੋ ਪਰਾਈ ਚੁਗਲੀ ਬਖੀਲੀ ਸੁਣਦੇ ਹਨ।
ਮਿਥਿਆ ਹਸਤ, ਪਰ ਦਰਬ ਕਉ ਹਿਰਹਿ ॥
ਵਿਅਰਥ ਹਨ ਉਹ ਹੱਥ ਜੋ ਹੋਰਨਾ ਦਾ ਧਨ ਚੋਰੀ ਕਰਦੇ ਹਨ।
ਮਿਥਿਆ ਨੇਤ੍ਰ, ਪੇਖਤ ਪਰ ਤ੍ਰਿਅ ਰੂਪਾਦ ॥
ਵਿਅਰਥ ਹਨ ਅੱਖਾਂ ਜੋ ਹੋਰਸ ਦੀ ਪਤਨੀ ਦੀ ਸੁੰਦਰਤਾ ਤੱਕਦੀਆਂ ਹਨ।
ਮਿਥਿਆ ਰਸਨਾ, ਭੋਜਨ ਅਨ ਸ੍ਵਾਦ ॥
ਵਿਅਰਥ ਹੈ ਜੀਭਾ ਜੋ ਨਿਆਮ੍ਹਤਾ ਅਤੇ ਹੋਰ ਸੁਆਦ ਮਾਣਦੀ ਹੈ।
ਮਿਥਿਆ ਚਰਨ, ਪਰ ਬਿਕਾਰ ਕਉ ਧਾਵਹਿ ॥
ਵਿਅਰਥ ਹਨ, ਉਹ ਪੈਰ ਜੋ ਹੋਰਨਾਂ ਦਾ ਬੁਰਾ ਕਰਨ ਲਈ ਦੌੜਦੇ ਹਨ।
ਮਿਥਿਆ ਮਨ, ਪਰ ਲੋਭ ਲੁਭਾਵਹਿ ॥
ਵਿਅਰਥ ਹੈ ਚਿੱਤ ਜਿਹੜਾ ਹੋਰਨਾਂ ਦੀ ਦੌਲਤ ਨੂੰ ਲਲਚਾਉਂਦਾ ਹੈ।
ਮਿਥਿਆ ਤਨ, ਨਹੀ ਪਰਉਪਕਾਰਾ ॥
ਝੂਠਾ ਹੈ ਉਹ ਸਰੀਰ ਜੋ ਹੋਰਨਾਂ ਦਾ ਭਲਾ ਨਹੀਂ ਕਰਦਾ।
ਮਿਥਿਆ ਬਾਸੁ, ਲੇਤ ਬਿਕਾਰਾ ॥
ਝੂਠਾ ਹੈ ਉਹ ਨੱਕ ਜਿਹੜਾ ਬਦੀ ਦੀ ਗੰਧ ਲੈਦਾ ਹੈ।
ਬਿਨੁ ਬੂਝੇ, ਮਿਥਿਆ ਸਭ ਭਏ ॥
ਰੱਬ ਨੂੰ ਸਮਝਣ ਦੇ ਬਗੈਰ ਹਰ ਸ਼ੈ ਨਾਸਵੰਤ ਹੈ।
ਸਫਲ ਦੇਹ ਨਾਨਕ, ਹਰਿ ਹਰਿ ਨਾਮ ਲਏ ॥੫॥
ਫਲਦਾਇਕ ਹੈ ਉਹ ਸਰੀਰ, ਹੇ ਨਾਨਕ! ਜੋ ਵਾਹਿਗੁਰੂ ਸੁਆਮੀ ਦਾ ਨਾਮ ਲੈਦਾ ਹੈ।
ਬਿਰਥੀ, ਸਾਕਤ ਕੀ ਆਰਜਾ ॥
ਨਿਸਫਲ ਹੈ ਮਾਇਆ ਦੇ ਉਪਾਸ਼ਕ ਦਾ ਜੀਵਨ।
ਸਾਚ ਬਿਨਾ, ਕਹ ਹੋਵਤ ਸੂਚਾ ॥
ਸੱਚੇ ਦੇ ਬਗੈਰ ਉਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ?
ਬਿਰਥਾ ਨਾਮ ਬਿਨਾ, ਤਨੁ ਅੰਧ ॥
ਨਾਮ ਦੇ ਬਗੈਰ ਅਗਿਆਨੀ ਇਨਸਾਨ ਦੀ ਦੇਹਿ ਨਿਸਫਲ ਹੈ।
ਮੁਖਿ ਆਵਤ, ਤਾ ਕੈ ਦੁਰਗੰਧ ॥
ਉਸ ਦੇ ਮੂੰਹ ਵਿੱਚੋ ਗੰਦੀ ਮੁਸ਼ਕ ਆਉਂਦੀ ਹੈ।
ਬਿਨੁ ਸਿਮਰਨ, ਦਿਨੁ ਰੈਨਿ ਬ੍ਰਿਥਾ ਬਿਹਾਇ ॥
ਸਾਹਿਬ ਦੇ ਭਜਨ ਦੇ ਬਾਝੋਂ ਦਿਨ ਅਤੇ ਰਾਤ ਵਿਅਰਥ ਗੁਜ਼ਰ ਜਾਂਦੇ ਹਨ,
ਮੇਘ ਬਿਨਾ, ਜਿਉ ਖੇਤੀ ਜਾਇ ॥
ਜਿਸ ਤਰ੍ਹਾਂ ਮੀਂਹ ਦੇ ਬਗੈਰ ਫ਼ਸਲ ਤਬਾਹ ਹੋ ਜਾਂਦੀ ਹੈ।
ਗੋਬਿਦ ਭਜਨ ਬਿਨੁ, ਬ੍ਰਿਥੇ ਸਭ ਕਾਮ ॥
ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਗੈਰ ਸਾਰੇ ਕੰਮ ਬੇਫਾਇਦਾ ਹਨ,
ਜਿਉ ਕਿਰਪਨ ਕੇ, ਨਿਰਾਰਥ ਦਾਮ ॥
ਜਿਸ ਤਰ੍ਹਾਂ ਕੰਜੂਸ ਪੁਰਸ਼ ਦੀ ਦੌਲਤ ਵਿਅਰਥ ਹੈ।
ਧੰਨਿ ਧੰਨਿ ਤੇ ਜਨ, ਜਿਹ ਘਟਿ ਬਸਿਓ ਹਰਿ ਨਾਉ ॥
ਮੁਬਾਰਕ, ਮੁਬਾਰਕ ਹਨ ਉਹ ਪੁਰਸ਼, ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦਾ ਨਾਮ ਵਸਦਾ ਹੈ।
ਨਾਨਕ, ਤਾ ਕੈ ਬਲਿ ਬਲਿ ਜਾਉ ॥੬॥
ਨਾਨਕ ਉਨ੍ਹਾਂ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹੈ।
ਰਹਤ ਅਵਰ, ਕਛੁ ਅਵਰ ਕਮਾਵਤ ॥
ਆਦਮੀ ਕਹਿੰਦਾ ਕੁਛ ਹੈ ਅਤੇ ਕਰਦਾ ਹੈ ਬਿਲਕੁਲ ਹੀ ਕੁਛ ਹੋਰ।
ਮਨਿ ਨਹੀ ਪ੍ਰੀਤਿ, ਮੁਖਹੁ ਗੰਢ ਲਾਵਤ ॥
ਉਸ ਦੇ ਦਿਲ ਵਿੱਚ ਪ੍ਰੇਮ ਨਹੀਂ, ਪਰ ਮੂੰਹੋਂ ਉਹ ਸ਼ੇਖੀ ਮਾਰਦਾ ਹੈ।
ਜਾਨਨਹਾਰ, ਪ੍ਰਭੂ ਪਰਬੀਨ ॥
ਸਿਆਣਾ ਸੁਆਮੀ, ਜੋ ਅੰਦਰਲੀਆਂ ਜਾਨਣ ਵਾਲਾ ਹੈ,
ਬਾਹਿਰ ਭੇਖ, ਨ ਕਾਹੂ ਭੀਨ ॥
ਕਿਸੇ ਦੇ ਬਾਹਰ ਦੇ ਪਹਿਰਾਵੇ ਉਤੇ ਖੁਸ਼ ਨਹੀਂ ਹੁੰਦਾ।
ਅਵਰ ਉਪਦੇਸੈ, ਆਪਿ ਨ ਕਰੈ ॥
ਜੋ ਹੋਰਨਾਂ ਨੂੰ ਸਿਖ-ਮਤ ਦਿੰਦਾ ਹੈ ਅਤੇ ਆਪ ਉਸ ਤੇ ਅਮਲ ਨਹੀਂ ਕਰਦਾ,
ਆਵਤ ਜਾਵਤ, ਜਨਮੈ ਮਰੈ ॥
ਉਹ ਆਉਂਦਾ ਜਾਂਦਾ ਤੇ ਜੰਮਦਾ ਮਰਦਾ ਰਹਿੰਦਾ ਹੈ।
ਜਿਸ ਕੈ ਅੰਤਰਿ, ਬਸੈ ਨਿਰੰਕਾਰੁ ॥
ਜਿਸ ਦੇ ਦਿਲ ਅੰਦਰ ਰੂਪ ਰੰਗ-ਰਹਿਤ ਸੁਆਮੀ ਵਸਦਾ ਹੈ,
ਤਿਸ ਕੀ ਸੀਖ, ਤਰੈ ਸੰਸਾਰੁ ॥
ਉਸ ਦੇ ਉਪਦੇਸ਼ ਨਾਲ ਦੁਨੀਆ ਬਚ ਜਾਂਦੀ ਹੈ।
ਜੋ ਤੁਮ ਭਾਨੇ, ਤਿਨ ਪ੍ਰਭੁ ਜਾਤਾ ॥
ਕੇਵਲ ਉਹੀ ਜੋ ਤੈਨੂੰ ਚੰਗੇ ਲੱਗਦੇ ਹਨ, ਹੇ ਸੁਆਮੀ! ਤੈਨੂੰ ਜਾਣ ਸਕਦੇ ਹਨ।
ਨਾਨਕ, ਉਨ ਜਨ ਚਰਨ ਪਰਾਤਾ ॥੭॥
ਨਾਨਕ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਉਤੇ ਡਿੱਗਿਆ ਹੋਇਆ ਹੈ।
ਕਰਉ ਬੇਨਤੀ, ਪਾਰਬ੍ਰਹਮੁ ਸਭੁ ਜਾਨੈ ॥
ਪਰਮ ਪੁਰਖ ਮੂਹਰੇ ਪ੍ਰਾਰਥਨਾ ਕਰ, ਜੋ ਸਾਰਾ ਕੁਝ ਜਾਣਦਾ ਹੈ।
ਅਪਨਾ ਕੀਆ, ਆਪਹਿ ਮਾਨੈ ॥
ਆਪਣੇ ਰਚੇ ਹੋਇਆਂ ਦੀ ਉਹ ਆਪ ਹੀ ਇੱਜ਼ਤ ਕਰਦਾ ਹੈ।
ਆਪਹਿ ਆਪ, ਆਪਿ ਕਰਤ ਨਿਬੇਰਾ ॥
ਉਹ ਖੁਦ ਅਤੇ ਆਪਣੇ ਆਪ ਹੀ ਫੈਸਲਾ ਕਰਦਾ ਹੈ।
ਕਿਸੈ ਦੂਰਿ ਜਨਾਵਤ, ਕਿਸੈ ਬੁਝਾਵਤ ਨੇਰਾ ॥
ਕਿਸੇ ਨੂੰ ਉਹ ਆਪਣੇ ਆਪ ਨੂੰ ਦੁਰੇਡੇ ਦਰਸਾਉਂਦਾ ਹੈ ਅਤੇ ਕਿਸੇ ਨੂੰ ਆਪਣੇ ਆਪ ਨੂੰ ਨੇੜੇ ਦਰਸਾਉਂਦਾ ਹੈ।
ਉਪਾਵ ਸਿਆਨਪ, ਸਗਲ ਤੇ ਰਹਤ ॥
ਉਹ ਸਮੂਹ ਉਪਰਾਲੇ ਅਤੇ ਚਤੁਰਾਈ ਤੋਂ ਪਰੇ ਹੈ।
ਸਭੁ ਕਛੁ ਜਾਨੈ, ਆਤਮ ਕੀ ਰਹਤ ॥
ਉਹ ਬੰਦੇ ਦੀ ਆਤਮਾ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਜਾਣਦਾ ਹੈ।
ਜਿਸੁ ਭਾਵੈ, ਤਿਸੁ ਲਏ ਲੜਿ ਲਾਇ ॥
ਉਹ ਉਸ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
ਥਾਨ ਥਨੰਤਰਿ, ਰਹਿਆ ਸਮਾਇ ॥
ਪ੍ਰਭੂ ਸਾਰਿਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਵਿਆਪਕ ਹੋ ਰਿਹਾ ਹੈ।
ਸੋ ਸੇਵਕੁ, ਜਿਸੁ ਕਿਰਪਾ ਕਰੀ ॥
ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਉਸ ਦਾ ਗੋਲਾ ਹੈ।
ਨਿਮਖ ਨਿਮਖ ਜਪਿ ਨਾਨਕ, ਹਰੀ ॥੮॥੫॥
ਹਰ ਮੁਹਤ, ਹੇ ਨਾਨਕ! ਸੁਆਮੀ ਦਾ ਸਿਮਰਨ ਕਰ।
ਸਲੋਕੁ ॥
ਸਲੋਕ।
ਕਾਮ ਕ੍ਰੋਧ ਅਰੁ ਲੋਭ ਮੋਹ; ਬਿਨਸਿ ਜਾਇ ਅਹੰਮੇਵ ॥
ਰੱਬ ਕਰੇ ਮੇਰੀ ਕਾਮਚੇਸ਼ਟਾ, ਗੁੱਸਾ, ਲਾਲਚ, ਸੰਸਾਰੀ ਮਮਤਾ ਅਤੇ ਹੰਕਾਰ ਦੂਰ ਹੋ ਜਾਣ।
ਨਾਨਕ, ਪ੍ਰਭ ਸਰਣਾਗਤੀ; ਕਰਿ ਪ੍ਰਸਾਦੁ ਗੁਰਦੇਵ ॥੧॥
ਨਾਨਕ ਨੇ ਸਾਹਿਬ ਦੀ ਸ਼ਰਣ ਸੰਭਾਲੀ ਹੈ। ਮੇਰੇ ਰੱਬ ਰੂਪ ਗੁਰੂ ਜੀ ਮੇਰੇ ਤੇ ਰਹਿਮ ਕਰੋ।
ਅਸਟਪਦੀ ॥
ਅਸ਼ਟਪਦੀ।
ਜਿਹ ਪ੍ਰਸਾਦਿ, ਛਤੀਹ ਅੰਮ੍ਰਿਤ ਖਾਹਿ ॥
ਜਿਸ ਦੀ ਦਇਆ ਦੁਆਰਾ ਤੂੰ ਛੱਤੀ ਸੁਆਦਲੇ ਪਦਾਰਥ ਛਕਦਾ ਹੈ,
ਤਿਸੁ ਠਾਕੁਰ ਕਉ, ਰਖੁ ਮਨ ਮਾਹਿ ॥
ਉਸ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾ।
ਜਿਹ ਪ੍ਰਸਾਦਿ, ਸੁਗੰਧਤ ਤਨਿ ਲਾਵਹਿ ॥
ਜਿਸ ਦੀ ਮਿਹਰ ਦੁਆਰਾ ਤੂੰ ਆਪਣੀ ਦੇਹਿ ਨੂੰ ਖੁਸ਼ਬੋਈਆਂ ਮਲਦਾ ਹੈ,
ਤਿਸ ਕਉ ਸਿਮਰਤ, ਪਰਮ ਗਤਿ ਪਾਵਹਿ ॥
ਉਸ ਦੇ ਭਜਨ ਕਰਨ ਦੁਆਰਾ ਤੂੰ ਮਹਾਨ ਮਰਤਬਾ ਪਾ ਲਵੇਗਾਂ।
ਜਿਹ ਪ੍ਰਸਾਦਿ, ਬਸਹਿ ਸੁਖ ਮੰਦਰਿ ॥
ਜਿਸ ਦੀ ਰਹਿਮਤ ਸਦਕਾ ਤੂੰ ਆਪਣੇ ਮਹਿਲ ਵਿੱਚ ਆਰਾਮ ਨਾਲ ਰਹਿੰਦਾ ਹੈ,
ਤਿਸਹਿ ਧਿਆਇ, ਸਦਾ ਮਨ ਅੰਦਰਿ ॥
ਆਪਣੇ ਚਿੱਤ ਅੰਦਰ ਹਮੇਸ਼ਾਂ ਉਸ ਦਾ ਆਰਾਧਨ ਕਰ।
ਜਿਹ ਪ੍ਰਸਾਦਿ, ਗ੍ਰਿਹ ਸੰਗਿ ਸੁਖ ਬਸਨਾ ॥
ਜਿਸ ਦੀ ਦਇਆ ਦੁਆਰਾ ਤੂੰ ਆਪਣੇ ਟੱਬਰ ਨਾਲ ਆਰਾਮ ਅੰਦਰ ਰਹਿੰਦਾ ਹੈ,
ਆਠ ਪਹਰ, ਸਿਮਰਹੁ ਤਿਸੁ ਰਸਨਾ ॥
ਆਪਣੀ ਜੀਭਾ ਨਾਲ ਤੂੰ ਅੱਠੇ ਪਹਿਰ ਹੀ ਉਸ ਦਾ ਨਾਮ ਜਪ।
ਜਿਹ ਪ੍ਰਸਾਦਿ, ਰੰਗ ਰਸ ਭੋਗ ॥
ਜਿਸ ਦੀ ਦਇਆ ਦੁਆਰਾ ਤੂੰ ਪਿਆਰ ਅਤੇ ਖੁਸ਼ੀਆਂ ਮਾਣਦਾ ਹੈ,
ਨਾਨਕ, ਸਦਾ ਧਿਆਈਐ, ਧਿਆਵਨ ਜੋਗ ॥੧॥
ਹੇ ਨਾਨਕ! ਹਮੇਸ਼ਾਂ ਉਸ ਦਾ ਸਿਮਰਨ ਕਰ ਜੋ ਸਿਮਰਨ ਕਰਨ ਦੇ ਲਾਇਕ ਹੈ।
ਜਿਹ ਪ੍ਰਸਾਦਿ, ਪਾਟ ਪਟੰਬਰ ਹਢਾਵਹਿ ॥
ਜਿਸ ਦੀ ਰਹਿਮਤ ਦੁਆਰਾ ਤੂੰ ਰੇਸ਼ਮ ਅਤੇ ਰੇਸ਼ਮ ਦੇ ਬਸਤ੍ਰ ਪਹਿਨਦਾ ਹੈ,
ਤਿਸਹਿ ਤਿਆਗਿ, ਕਤ ਅਵਰ ਲੁਭਾਵਹਿ ॥
ਤੂੰ ਉਸ ਨੂੰ ਛੱਡ ਕੇ ਕਿਉਂ ਹੋਰਨਾ ਨਾਲ ਮਸਤ ਹੁੰਦਾ ਹੈ?
ਜਿਹ ਪ੍ਰਸਾਦਿ, ਸੁਖ ਸੇਜ ਸੋਈਜੈ ॥
ਜਿਸ ਦੀ ਮਿਹਰ ਦੁਆਰਾ ਤੂੰ ਸੁਖਦਾਈ ਪਲੰਘ ਤੇ ਸੌਦਾਂ ਹੈ।
ਮਨ! ਆਠ ਪਹਰ, ਤਾ ਕਾ ਜਸੁ ਗਾਵੀਜੈ ॥
ਹੈ ਮੇਰੀ ਜਿੰਦੜੀਏ! ਅੱਠੇ ਪਹਿਰ ਹੀ ਉਸ ਦੀ ਕੀਰਤੀ ਗਾਇਨ ਕਰ।
ਜਿਹ ਪ੍ਰਸਾਦਿ, ਤੁਝੁ ਸਭੁ ਕੋਊ ਮਾਨੈ ॥
ਜਿਸ ਦੀ ਦਇਆ ਦੁਆਰਾ ਹਰ ਕੋਈ ਤੇਰੀ ਇੱਜ਼ਤ ਕਰਦਾ ਹੈ,
ਮੁਖਿ ਤਾ ਕੋ ਜਸੁ, ਰਸਨ ਬਖਾਨੈ ॥
ਆਪਣੇ ਮੂੰਹ ਅਤੇ ਜੀਭਾ ਨਾਲ ਉਸ ਦੀ ਸਿਫ਼ਤ-ਸਲਾਹ ਉਚਾਰਣ ਕਰ।
ਜਿਹ ਪ੍ਰਸਾਦਿ, ਤੇਰੋ ਰਹਤਾ ਧਰਮੁ ॥
ਜਿਸ ਦੀ ਮਿਹਰ ਸਦਕਾ ਤੇਰਾ ਈਮਾਨ ਕਾਇਮ ਰਿਹਾ ਹੈ,
ਮਨ! ਸਦਾ ਧਿਆਇ, ਕੇਵਲ ਪਾਰਬ੍ਰਹਮੁ ॥
ਮੇਰੀ ਜਿੰਦੜੀਏ! ਤੂੰ ਸਦੀਵ ਸਿਰਫ ਉਸ ਸ਼ਰੋਮਣੀ ਸਾਹਿਬ ਦਾ ਸਿਮਰਨ ਕਰ।
ਪ੍ਰਭ ਜੀ ਜਪਤ, ਦਰਗਹ ਮਾਨੁ ਪਾਵਹਿ ॥
ਪੂਜਯ ਸਾਈਂ ਦਾ ਆਰਾਧਨ ਕਰਨ ਦੁਆਰਾ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾਵੇਗਾ।
ਨਾਨਕ, ਪਤਿ ਸੇਤੀ ਘਰਿ ਜਾਵਹਿ ॥੨॥
ਐਸ ਤਰ੍ਹਾਂ ਹੇ ਨਾਨਕ! ਤੂੰ ਇੱਜ਼ਤ ਆਬਰੂ ਸਮੇਤ ਆਪਣੇ ਧਾਮ ਨੂੰ ਜਾਵੇਗਾ।
ਜਿਹ ਪ੍ਰਸਾਦਿ, ਆਰੋਗ ਕੰਚਨ ਦੇਹੀ ॥
ਜਿਸ ਦੀ ਦਇਆ ਦੁਆਰਾ ਤੈਨੂੰ ਨਵਾਂ ਨਰੋਆ ਸੁਨਹਿਰੀ ਸਰੀਰ ਮਿਲਿਆ ਹੈ,
ਲਿਵ ਲਾਵਹੁ, ਤਿਸੁ ਰਾਮ ਸਨੇਹੀ ॥
ਆਪਣੀ ਬ੍ਰਿਤੀ ਉਸ ਪਿਆਰੇ ਪ੍ਰਭੂ ਨਾਲ ਜੋੜ।
ਜਿਹ ਪ੍ਰਸਾਦਿ, ਤੇਰਾ ਓਲਾ ਰਹਤ ॥
ਜਿਸ ਦੀ ਮਿਹਰ ਦੁਆਰਾ ਤੇਰੀ ਪੱਤ ਆਬਰੂ ਬਣੀ ਹੋਈ ਹੈ,
ਮਨ! ਸੁਖੁ ਪਾਵਹਿ, ਹਰਿ ਹਰਿ ਜਸੁ ਕਹਤ ॥
ਉਸ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਤੂੰ ਆਰਾਮ ਪਾ ਲਵੇਗਾ।
ਜਿਹ ਪ੍ਰਸਾਦਿ, ਤੇਰੇ ਸਗਲ ਛਿਦ੍ਰ ਢਾਕੇ ॥
ਜਿਸ ਦੀ ਰਹਿਮਤ ਸਦਕਾ ਤੇਰੇ ਸਾਰੇ ਪਾਪ ਕੱਜੇ ਹੋਏ ਹਨ,
ਮਨ! ਸਰਨੀ ਪਰੁ, ਠਾਕੁਰ ਪ੍ਰਭ ਤਾ ਕੈ ॥
ਉਸ ਸੁਆਮੀ ਮਾਲਕ ਦੀ ਸ਼ਰਨਾਗਤ ਸੰਭਾਲ।
ਜਿਹ ਪ੍ਰਸਾਦਿ, ਤੁਝੁ ਕੋ ਨ ਪਹੂਚੈ ॥
ਜਿਸ ਦੀ ਮਿਹਰਬਾਨੀ ਦੁਆਰਾ ਕੋਈ ਤੇਰੇ ਬਰਾਬਰ ਨਹੀਂ ਪੁਜਦਾ, ਹੈ ਮੇਰੀ ਜਿੰਦੜੀਏ!
ਮਨ! ਸਾਸਿ ਸਾਸਿ, ਸਿਮਰਹੁ ਪ੍ਰਭ ਊਚੇ ॥
ਆਪਣੇ ਹਰ ਸੁਆਸ ਨਾਲ ਪਰਮ-ਬੁਲੰਦ ਸਾਹਿਬ ਨੂੰ ਚੇਤੇ ਕਰ।
ਜਿਹ ਪ੍ਰਸਾਦਿ, ਪਾਈ ਦ੍ਰੁਲਭ ਦੇਹ ॥
ਜਿਸ ਦੀ ਮਿਹਰ ਸਦਕਾ ਤੈਨੂੰ ਨਾਂ ਹੱਥ ਲੱਗਣ ਵਾਲਾ ਮਨੁੱਸ਼ੀ ਸਰੀਰ ਮਿਲਿਆ ਹੈ।
ਨਾਨਕ, ਤਾ ਕੀ ਭਗਤਿ ਕਰੇਹ ॥੩॥
ਹੇ ਨਾਨਕ! ਉਸ ਪ੍ਰਭੂ ਦੀ ਪ੍ਰੇਮ-ਮਈ ਸੇਵਾ ਕਰ।
ਜਿਹ ਪ੍ਰਸਾਦਿ, ਆਭੂਖਨ ਪਹਿਰੀਜੈ ॥
ਜਿਸ ਦੀ ਮਿਹਰ ਦੁਆਰਾ ਤੂੰ ਗਹਿਣੇ-ਗੱਟੇ ਪਹਿਨਦੀ ਹੈਂ,
ਮਨ! ਤਿਸੁ ਸਿਮਰਤ, ਕਿਉ ਆਲਸੁ ਕੀਜੈ? ॥
ਮੇਰੀ ਜਿੰਦੇ! ਤੂੰ ਉਸ ਦਾ ਅਰਾਧਨ ਕਰਨ ਵਿੱਚ ਕਿਉਂ ਸੁਸਤੀ ਕਰਦੀ ਹੈਂ?
ਜਿਹ ਪ੍ਰਸਾਦਿ, ਅਸ੍ਵ ਹਸਤਿ ਅਸਵਾਰੀ ॥
ਜਿਸ ਦੀ ਮਿਹਰ ਦੁਆਰਾ ਤੂੰ ਘੋੜਿਆਂ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,
ਮਨ! ਤਿਸੁ ਪ੍ਰਭ ਕਉ, ਕਬਹੂ ਨ ਬਿਸਾਰੀ ॥
ਉਸ ਸੁਆਮੀ ਨੂੰ ਕਦੇ ਭੀ ਮਨ ਵਿੱਚੋਂ ਨਾਂ ਭੁਲਾ।
ਜਿਹ ਪ੍ਰਸਾਦਿ, ਬਾਗ ਮਿਲਖ ਧਨਾ ॥
ਜਿਸ ਦੀ ਦਇਆ ਦੁਆਰਾ ਤੇਰੇ ਪੱਲੇ ਬਗੀਚੇ ਜਾਇਦਾਦ ਤੇ ਦੌਲਤ ਹੈ,
ਰਾਖੁ ਪਰੋਇ, ਪ੍ਰਭੁ ਅਪੁਨੇ ਮਨਾ ॥
ਉਸ ਸੁਆਮੀ ਨੂੰ ਆਪਣੇ ਦਿਲ ਅੰਦਰ ਗੁੰਥਨ ਕਰਕੇ ਰੱਖ।
ਜਿਨਿ ਤੇਰੀ ਮਨ! ਬਨਤ ਬਨਾਈ ॥
ਹੇ ਮੇਰੇ ਮਨ, ਜਿਸ ਨੇ ਤੇਰੇ ਕਲਬੂਤ ਦੀ ਘਾੜਤ ਘੜੀ ਹੈ,
ਊਠਤ ਬੈਠਤ, ਸਦ ਤਿਸਹਿ ਧਿਆਈ ॥
ਖੜੋਤਿਆਂ ਅਤੇ ਬਹਿੰਦਿਆਂ ਹਮੇਸ਼ਾਂ ਉਸ ਨੂੰ ਯਾਦ ਕਰ।
ਤਿਸਹਿ ਧਿਆਇ, ਜੋ ਏਕ ਅਲਖੈ ॥
ਉਸ ਦਾ ਚਿੰਤਨ ਕਰ, ਜੋ ਇਕ ਅਦ੍ਰਿਸ਼ਟ ਸੁਆਮੀ ਹੈ।
ਈਹਾ ਊਹਾ ਨਾਨਕ, ਤੇਰੀ ਰਖੈ ॥੪॥
ਉਹ ਤੇਰੀ ਏਥੇ ਅਤੇ ਉਥੇ ਦੋਨੋਂ ਥਾਈਂ ਰਖਿਆ ਕਰੇਗਾ।
ਜਿਹ ਪ੍ਰਸਾਦਿ, ਕਰਹਿ ਪੁੰਨ ਬਹੁ ਦਾਨ ॥
ਜਿਸ ਦੀ ਮਿਹਰਬਾਨੀ ਸਦਕਾ ਤੂੰ ਖੈਰਾਤ ਕਰਦਾ ਤੇ ਘਣੀ ਬਖ਼ਸ਼ੀਸ਼ ਦਿੰਦਾ ਹੈ,
ਮਨ! ਆਠ ਪਹਰ, ਕਰਿ ਤਿਸ ਕਾ ਧਿਆਨ ॥
ਹੇ ਬੰਦੇ! ਅੱਠੇ ਪਹਿਰ ਹੀ ਉਸ ਦਾ ਆਰਾਧਨ ਕਰ।
ਜਿਹ ਪ੍ਰਸਾਦਿ, ਤੂ ਆਚਾਰ ਬਿਉਹਾਰੀ ॥
ਜਿਸ ਦੀ ਦਇਆ ਦੁਆਰਾ ਤੂੰ ਧਾਰਮਕ ਸੰਸਕਾਰ ਅਤੇ ਸੰਸਾਰੀ ਕਰਮ ਕਰਦਾ ਹੈ,
ਤਿਸੁ ਪ੍ਰਭ ਕਉ, ਸਾਸਿ ਸਾਸਿ ਚਿਤਾਰੀ ॥
ਆਪਣੇ ਹਰ ਸੁਆਸ ਨਾਲ ਉਸ ਸਾਹਿਬ ਦਾ ਚਿੰਤਨ ਕਰ।
ਜਿਹ ਪ੍ਰਸਾਦਿ, ਤੇਰਾ ਸੁੰਦਰ ਰੂਪੁ ॥
ਜਿਸ ਦੀ ਮਿਹਰ ਦੁਆਰਾ ਤੇਰੀ ਸੁਨੱਖੀ ਸ਼ਕਲ ਸੂਰਤ ਹੈ,
ਸੋ ਪ੍ਰਭੁ ਸਿਮਰਹੁ, ਸਦਾ ਅਨੂਪੁ ॥
ਉਸ ਸਦੀਵੀ ਲਾਸਾਨੀ ਸਾਹਿਬ ਦਾ ਭਜਨ ਕਰ।
ਜਿਹ ਪ੍ਰਸਾਦਿ, ਤੇਰੀ ਨੀਕੀ ਜਾਤਿ ॥
ਜਿਸ ਦੀ ਮਿਹਰਬਾਨੀ ਰਾਹੀਂ ਤੇਰੀ ਉੱਚੀ ਜਾਤੀ ਹੈ,
ਸੋ ਪ੍ਰਭੁ ਸਿਮਰਿ, ਸਦਾ ਦਿਨ ਰਾਤਿ ॥
ਦਿਨ ਤੇ ਰੈਣ, ਹਮੇਸ਼ਾਂ ਉਸ ਸੁਆਮੀ ਨੂੰ ਯਾਦ ਕਰ।
ਜਿਹ ਪ੍ਰਸਾਦਿ, ਤੇਰੀ ਪਤਿ ਰਹੈ ॥
ਜਿਸ ਦੀ ਦਇਆ ਦੁਆਰਾ ਤੇਰੀ ਪੱਤ ਆਬਰੂ ਬਰਕਰਾਰ ਰਹੀ ਹੈ,
ਗੁਰ ਪ੍ਰਸਾਦਿ ਨਾਨਕ, ਜਸੁ ਕਹੈ ॥੫॥
ਨਾਨਕ, ਗੁਰਾਂ ਦੀ ਰਹਿਮਤ ਸਦਕਾ ਉਸ ਦੀ ਕੀਰਤੀ ਉਚਾਰਨ ਕਰ।
ਜਿਹ ਪ੍ਰਸਾਦਿ, ਸੁਨਹਿ ਕਰਨ ਨਾਦ ॥
ਜਿਸ ਦੀ ਦਇਆ ਦੁਆਰਾ ਤੂੰ ਆਪਣੇ ਕੰਨਾਂ ਨਾਲ ਰਾਗ ਸੁਣਦਾ ਹੈ।
ਜਿਹ ਪ੍ਰਸਾਦਿ, ਪੇਖਹਿ ਬਿਸਮਾਦ ॥
ਜਿਸ ਦੀ ਦਇਆ ਦੁਆਰਾ ਤੂੰ ਅਸਚਰਜ ਕੋਤਕ ਦੇਖਦਾ ਹੈਂ,
ਜਿਹ ਪ੍ਰਸਾਦਿ, ਬੋਲਹਿ ਅੰਮ੍ਰਿਤ ਰਸਨਾ ॥
ਜਿਸ ਦੀ ਦਇਆ ਦੁਆਰਾ ਤੂੰ ਆਪਣੀ ਜੀਭਾ ਨਾਲ ਆਬਿ-ਹਿਯਾਤ ਬਚਨ ਉਚਾਰਨ ਕਰਦਾ ਹੈਂ।
ਜਿਹ ਪ੍ਰਸਾਦਿ, ਸੁਖਿ ਸਹਜੇ ਬਸਨਾ ॥
ਜਿਸ ਦੀ ਦਇਆ ਦੁਆਰਾ ਤੂੰ ਆਰਾਮ ਅਤੇ ਠੰਢ ਚੈਨ ਅੰਦਰ ਰਹਿੰਦਾ ਹੈ।
ਜਿਹ ਪ੍ਰਸਾਦਿ, ਹਸਤ ਕਰ ਚਲਹਿ ॥
ਜਿਸ ਦੀ ਦਇਆ ਦੁਆਰਾ ਤੂੰ ਤੇਰੇ ਹੱਥ ਹਿਲਦੇ ਅਤੇ ਕੰਮ ਕਰਦੇ ਹਨ।
ਜਿਹ ਪ੍ਰਸਾਦਿ, ਸੰਪੂਰਨ ਫਲਹਿ ॥
ਜਿਸ ਦੀ ਦਇਆ ਦੁਆਰਾ ਤੂੰ ਪੂਰੀ ਤਰ੍ਹਾਂ ਫੁਲਦਾ ਫਲਦਾ ਹੈ।
ਜਿਹ ਪ੍ਰਸਾਦਿ, ਪਰਮ ਗਤਿ ਪਾਵਹਿ ॥
ਜਿਸ ਦੀ ਦਇਆ ਦੁਆਰ ਤੂੰ ਮਹਾਨ ਮਰਤਬਾ ਪਾਂਦਾ ਹੈ।
ਜਿਹ ਪ੍ਰਸਾਦਿ, ਸੁਖਿ ਸਹਜਿ ਸਮਾਵਹਿ ॥
ਜਿਸ ਦੀ ਮਿਹਰ ਦੁਆਰਾ ਤੂੰ ਬੇਕੁੰਠੀ ਪਰਸੰਨਤਾ ਅੰਦਰ ਲੀਨ ਹੋ ਜਾਵੇਗਾ।
ਐਸਾ ਪ੍ਰਭੁ ਤਿਆਗਿ, ਅਵਰ ਕਤ ਲਾਗਹੁ ॥
ਇਹੋ ਜਿਹੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਕਿਸੇ ਹੋਰਸ ਨਾਲ ਜੁੜਦਾ ਹੈ?
ਗੁਰ ਪ੍ਰਸਾਦਿ ਨਾਨਕ, ਮਨਿ ਜਾਗਹੁ ॥੬॥
ਗੁਰਾਂ ਦੀ ਮਿਹਰ ਦੁਆਰਾ ਆਪਣੀ ਜਿੰਦੜੀ ਨੂੰ ਆਪਣੇ ਵਾਹਿਗੁਰੂ ਵੱਲ ਸੁਚੇਤ ਕਰ, ਹੈ ਨਾਨਕ।
ਜਿਹ ਪ੍ਰਸਾਦਿ, ਤੂੰ ਪ੍ਰਗਟੁ ਸੰਸਾਰਿ ॥
ਜਿਸ ਦੀ ਮਿਹਰ ਦੁਆਰਾ ਤੂੰ ਜਹਾਨ ਅੰਦਰ ਉਘਾ ਹੈ,
ਤਿਸੁ ਪ੍ਰਭ ਕਉ, ਮੂਲਿ ਨ ਮਨਹੁ ਬਿਸਾਰਿ ॥
ਉਸ ਸੁਆਮੀ ਨੂੰ ਕਦੇ ਭੀ ਆਪਣੇ ਚਿੱਤ ਵਿਚੋਂ ਨਾਂ ਭੁਲਾ।
ਜਿਹ ਪ੍ਰਸਾਦਿ, ਤੇਰਾ ਪਰਤਾਪੁ ॥
ਜਿਸ ਦੀ ਮਿਹਰਬਾਨੀ ਦੁਆਰਾ ਤੇਰਾ ਤਪ ਤੇਜ ਬਣਿਆ ਹੈ,
ਰੇ ਮਨ ਮੂੜ! ਤੂ ਤਾ ਕਉ ਜਾਪੁ ॥
ਹੇ ਮੇਰੀ ਮੂਰਖ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ।
ਜਿਹ ਪ੍ਰਸਾਦਿ, ਤੇਰੇ ਕਾਰਜ ਪੂਰੇ ॥
ਜਿਸ ਦੀ ਮਿਹਰਬਾਨੀ ਦੁਆਰਾ ਤੇਰੇ ਸਾਰੇ ਕੰਮ ਸੰਪੂਰਨ ਹੋਏ ਹਨ,
ਤਿਸਹਿ ਜਾਨੁ ਮਨ! ਸਦਾ ਹਜੂਰੇ ॥
ਆਪਣੇ ਚਿੱਤ ਅੰਦਰ ਉਸ ਨੂੰ ਹਮੇਸ਼ਾਂ ਐਨ ਲਾਗੇ ਖਿਆਲ ਕਰ।
ਜਿਹ ਪ੍ਰਸਾਦਿ, ਤੂੰ ਪਾਵਹਿ ਸਾਚੁ ॥
ਜਿਸ ਦੀ ਮਿਹਰਬਾਨੀ ਦੁਆਰਾ ਤੈਨੂੰ ਸੱਚ ਪਰਾਪਤ ਹੁੰਦਾ ਹੈ,
ਰੇ ਮਨ ਮੇਰੇ! ਤੂੰ ਤਾ ਸਿਉ ਰਾਚੁ ॥
ਹੇ ਮੇਰੀ ਜਿੰਦੇ! ਤੂੰ ਉਸ ਨਾਲ ਅਭੇਦ ਹੋ ਜਾ।
ਜਿਹ ਪ੍ਰਸਾਦਿ, ਸਭ ਕੀ ਗਤਿ ਹੋਇ ॥
ਜਿਸ ਦੀ ਰਹਿਮਤ ਸਦਕਾ ਸਭਸ ਦਾ ਪਾਰ ਉਤਾਰਾ ਹੁੰਦਾ ਹੈ,
ਨਾਨਕ, ਜਾਪੁ ਜਪੈ ਜਪੁ ਸੋਇ ॥੭॥
ਨਾਨਕ ਉਸ ਦੇ ਨਾਮ ਦਾ ਇਕਰਸ ਉਚਾਰਨ ਕਰਦਾ ਹੈ।
ਆਪਿ ਜਪਾਏ, ਜਪੈ ਸੋ ਨਾਉ ॥
ਜਿਸ ਪਾਸੋਂ ਵਾਹਿਗੁਰੂ ਆਪੇ ਉਚਾਰਨ ਕਰਵਾਉਂਦਾ ਹੈ, ਉਹੀ ਉਸ ਦਾ ਨਾਮ ਉਚਾਰਨ ਕਰਦਾ ਹੈ।
ਆਪਿ ਗਾਵਾਏ, ਸੁ ਹਰਿ ਗੁਨ ਗਾਉ ॥
ਕੇਵਲ ਉਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਜਿਸ ਪਾਸੋਂ ਉਹ ਖ਼ੁਦ ਗਾਇਨ ਕਰਵਾਉਂਦਾ ਹੈ।
ਪ੍ਰਭ ਕਿਰਪਾ ਤੇ, ਹੋਇ ਪ੍ਰਗਾਸੁ ॥
ਸੁਆਮੀ ਦੀ ਦਇਆ ਦੁਆਰਾ ਚਾਨਣ ਹੁੰਦਾ ਹੈ।
ਪ੍ਰਭੂ ਦਇਆ ਤੇ, ਕਮਲ ਬਿਗਾਸੁ ॥
ਸਾਹਿਬ ਦੀ ਮਿਹਰ ਰਾਹੀਂ ਦਿਲ-ਕੰਵਲ ਖਿੜਦਾ ਹੈ।
ਪ੍ਰਭ ਸੁਪ੍ਰਸੰਨ, ਬਸੈ ਮਨਿ ਸੋਇ ॥
ਜਦ ਸੁਆਮੀ ਪਰਮ ਖੁਸ਼ ਹੁੰਦਾ ਹੈ, ਉਹ ਬੰਦੇ ਦੇ ਚਿੱਤ ਅੰਦਰ ਆ ਨਿਵਾਸ ਕਰਦਾ ਹੈ।
ਪ੍ਰਭ ਦਇਆ ਤੇ, ਮਤਿ ਊਤਮ ਹੋਇ ॥
ਸਾਈਂ ਦੀ ਮਿਹਰ ਦੁਆਰਾ ਬੰਦੇ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ।
ਸਰਬ ਨਿਧਾਨ, ਪ੍ਰਭ! ਤੇਰੀ ਮਇਆ ॥
ਸਾਰੇ ਖ਼ਜ਼ਾਨੇ ਤੇਰੀ ਰਹਿਮਤ ਵਿੱਚ ਹਨ, ਹੇ ਸੁਆਮੀ!
ਆਪਹੁ, ਕਛੂ ਨ ਕਿਨਹੂ ਲਇਆ ॥
ਆਪਣੇ ਆਪ ਕਿਸੇ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।
ਜਿਤੁ ਜਿਤੁ ਲਾਵਹੁ, ਤਿਤੁ ਲਗਹਿ ਹਰਿ ਨਾਥ! ॥
ਜੀਵ ਉਨ੍ਹੀ ਕੰਮੀ-ਕਾਜੀ ਜੁੜਦੇ ਹਨ, ਜੋ ਤੂੰ ਉਨ੍ਹਾਂ ਲਈ ਨੀਅਤ ਕੀਤੇ ਹਨ, ਹੇ ਵਾਹਿਗੁਰੂ ਸੁਆਮੀ!
ਨਾਨਕ, ਇਨ ਕੈ ਕਛੂ ਨ ਹਾਥ ॥੮॥੬॥
ਉਨ੍ਹਾਂ ਦੇ ਹੱਥ ਵਿੱਚ, ਹੇ ਨਾਨਕ! ਕੁਝ ਭੀ ਨਹੀਂ।