Raag Maru Bani

Raag Maru Bani

Raag Maru Bani

Raag Maru Bani

ਰਾਗ ਮਾਰੂ – ਬਾਣੀ ਸ਼ਬਦ-Raag Maru – Bani


Raag Maru Bani

ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ ॥

ਰਾਗ ਮਾਰੂ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਲੋਕੁ ॥
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥

ਹੇ ਮਿਤ੍ਰ-ਪ੍ਰਭੂ! (ਮੇਰੀ ਅਰਦਾਸ ਹੈ ਕਿ) ਮੈਂ ਸਦਾ ਤੇਰੇ ਚਰਨਾਂ ਦੀ ਧੂੜ ਬਣਿਆ ਰਹਾਂ।

ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥

ਮੈਂ ਨਾਨਕ ਤੇਰੀ ਸ਼ਰਨ ਆਇਆ ਹਾਂ। (ਮੇਹਰ ਕਰ, ਸਮਰਥਾ ਬਖ਼ਸ਼ ਕਿ) ਮੈਂ ਸਦਾ ਤੈਨੂੰ ਆਪਣੇ ਅੰਗ ਸੰਗ ਵੇਖਦਾ ਰਹਾਂ ॥੧॥


ਸਬਦ ॥
ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥

ਜਿਨ੍ਹਾਂ (ਵਡ-ਭਾਗੀ) ਬੰਦਿਆਂ ਨੂੰ ਅੰਮ੍ਰਿਤ ਵੇਲੇ ਪਰਮਾਤਮਾ ਆਪ ਪਿਆਰ-ਭਰਿਆ ਸੱਦਾ ਭੇਜਦਾ ਹੈ (ਪ੍ਰੇਰਨਾ ਕਰਦਾ ਹੈ) ਉਹ ਉਸ ਵੇਲੇ ਉੱਠ ਕੇ ਖਸਮ-ਪ੍ਰਭੂ ਦਾ ਨਾਮ ਲੈਂਦੇ ਹਨ।

ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥

ਤੰਬੂ, ਛੱਤਰ, ਕਨਾਤਾਂ ਰਥ (ਉਹਨਾਂ ਦੇ ਦਰ ਤੇ ਹਰ ਵੇਲੇ) ਤਿਆਰ ਦਿੱਸਦੇ ਹਨ।

ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥

ਇਹ ਸਾਰੇ (ਦੁਨੀਆ ਦੀ ਮਾਣ-ਵਡਿਆਈ ਦੇ ਪਦਾਰਥ) ਉਹਨਾਂ ਨੂੰ ਆਪਣੇ ਆਪ ਆ ਮਿਲਦੇ ਹਨ, ਜਿਨ੍ਹਾਂ ਨੇ (ਹੇ ਪ੍ਰਭੂ!) ਤੇਰਾ ਨਾਮ ਸਿਮਰਿਆ ਹੈ ॥੧॥

ਬਾਬਾ ਮੈ ਕਰਮਹੀਣ ਕੂੜਿਆਰ ॥

(ਪਰ) ਹੇ ਪ੍ਰਭੂ! ਮੈਂ ਮੰਦ-ਭਾਗੀ (ਹੀ ਰਿਹਾ), ਮੈਂ ਕੂੜੇ ਪਦਾਰਥਾਂ ਦੇ ਵਣਜ ਹੀ ਕਰਦਾ ਰਿਹਾ।

ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥

(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਹੋਇਆ ਮੇਰਾ ਮਨ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਹੀ ਕੁਰਾਹੇ ਪਿਆ ਰਿਹਾ, ਤੇ ਮੈਂ ਤੇਰਾ ਨਾਮ ਪ੍ਰਾਪਤ ਨਾਹ ਕਰ ਸਕਿਆ ॥੧॥ ਰਹਾਉ ॥

ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥

ਹੇ ਮਾਂ! ਮੈਂ ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਸੁਆਦ ਮਾਣਦਾ ਰਿਹਾ, ਹੁਣ ਤੋਂ ਪਹਿਲੇ ਸਾਰੇ ਬੇਅੰਤ ਲੰਮੇ ਜੀਵਨ-ਸਫ਼ਰ ਵਿਚ ਕੀਤੇ ਕਰਮਾਂ ਦੇ ਸੰਸਕਾਰ ਮੇਰੇ ਮਨ ਵਿਚ ਉੱਕਰਦੇ ਗਏ (ਤੇ ਉਹਨਾਂ ਭੋਗਾਂ ਦੇ ਇਵਜ਼ ਵਿਚ ਮੇਰੇ ਵਾਸਤੇ) ਦੁੱਖ ਵਧਦੇ ਗਏ।

ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥

ਸੁਖ ਤਾਂ ਥੋੜੇ ਹੀ ਮਾਣੇ, ਪਰ ਦੁੱਖ ਬੇਅੰਤ ਉਗਮ ਪਏ, ਹੁਣ ਮੇਰੀ ਉਮਰ ਦੁੱਖ ਵਿਚ ਹੀ ਗੁਜ਼ਰ ਰਹੀ ਹੈ ॥੨॥

ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥

ਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਨਾਲੋਂ ਵਿਛੁੜੇ ਹੋਏ ਹਨ ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੈ? (ਸਭ ਤੋਂ ਕੀਮਤੀ ਪਦਾਰਥ ਤਾਂ ਹਰਿ-ਨਾਮ ਹੀ ਸੀ ਜਿਸ ਤੋਂ ਉਹ ਵਿਛੁੜ ਗਏ)। ਉਹਨਾਂ ਜੀਵਾਂ ਦਾ ਜੋ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਹਨ ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ? (ਉਹਨਾਂ ਨੂੰ ਹੋਰ ਕਿਸੇ ਪਦਾਰਥ, ਲੋੜ ਹੀ ਨਾਹ ਰਹਿ ਗਈ)।

ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥

ਸਦਾ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਇਹ ਜਗਤ-ਤਮਾਸ਼ਾ ਰਚਿਆ ਹੈ ਤੇ ਰਚ ਕੇ ਇਸ ਦੀ ਸੰਭਾਲ ਕਰ ਰਿਹਾ ਹੈ ॥੩॥

ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥

ਪਰਮਾਤਮਾ ਦੀ ਬਖ਼ਸ਼ਸ਼ ਦੇ ਸੰਜੋਗ ਨਾਲ ਇਸ ਮਨੁੱਖਾ ਸਰੀਰ ਨਾਲ ਸੋਹਣਾ ਮਿਲਾਪ ਹੋਇਆ ਸੀ, ਪਰ ਇਸ ਸਰੀਰ ਵਿਚ ਆ ਕੇ ਮਾਇਕ ਪਦਾਰਥਾਂ ਦੇ ਰਸ ਹੀ ਮਾਣਦੇ ਰਹੇ।

ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥

ਹੇ ਨਾਨਕ! ਜਦੋਂ ਉਸ ਦੀ ਰਜ਼ਾ ਵਿਚ ਮੌਤ ਆਈ, ਮਨੁੱਖਾ ਸਰੀਰ ਨਾਲੋਂ ਵਿਛੋੜਾ ਹੋ ਗਿਆ, (ਪਰ ਮਾਇਕ ਪਦਾਰਥਾਂ ਦੇ ਹੀ ਭੋਗਾਂ ਦੇ ਕਾਰਨ) ਮੁੜ ਮੁੜ ਅਨੇਕਾਂ ਜਨਮਾਂ ਦੇ ਗੇੜ ਲੰਘਣੇ ਪਏ ॥੪॥੧॥


Raag Maru Bani

ਮਾਰੂ ਮਹਲਾ ੧ ॥

ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥

(ਜਿਸ ਕਰਤਾਰ ਦੀ ਰਜ਼ਾ ਅਨੁਸਾਰ) ਤੇਰੇ ਮਾਂ ਪਿਉ ਨੇ ਮਿਲ ਕੇ ਤੇਰਾ ਸਰੀਰ ਬਣਾਇਆ,

ਤਿਨਿ ਕਰਤੈ ਲੇਖੁ ਲਿਖਾਇਆ ॥

ਉਸੇ ਕਰਤਾਰ ਨੇ (ਤੇਰੇ ਮੱਥੇ ਉਤੇ ਇਹ) ਲੇਖ (ਭੀ) ਲਿਖ ਦਿੱਤਾ,

ਲਿਖੁ ਦਾਤਿ ਜੋਤਿ ਵਡਿਆਈ ॥

ਕਿ ਤੂੰ (ਜਗਤ ਵਿਚ ਜਾ ਕੇ) ਜੋਤਿ-ਰੂਪ ਪ੍ਰਭੂ ਦੀਆਂ ਬਖ਼ਸ਼ਸ਼ਾਂ ਚੇਤੇ ਕਰੀਂ ਤੇ ਉਸ ਦੀ ਸਿਫ਼ਤ-ਸਾਲਾਹ ਭੀ ਕਰੀਂ (ਸਿਫ਼ਤ-ਸਾਲਾਹ ਦੇ ਲੇਖ ਆਪਣੇ ਅੰਦਰ ਲਿਖਦਾ ਰਹੀਂ)।

ਮਿਲਿ ਮਾਇਆ ਸੁਰਤਿ ਗਵਾਈ ॥੧॥

ਪਰ ਤੂੰ ਮਾਇਆ (ਦੇ ਮੋਹ) ਵਿਚ ਫਸ ਕੇ ਇਹ ਚੇਤਾ ਹੀ ਭੁਲਾ ਦਿੱਤਾ ॥੧॥

ਮੂਰਖ ਮਨ ਕਾਹੇ ਕਰਸਹਿ ਮਾਣਾ ॥

ਹੇ (ਮੇਰੇ) ਮੂਰਖ ਮਨ! ਤੂੰ (ਇਹਨਾਂ ਦੁਨੀਆਵੀ ਮਲਕੀਅਤਾਂ ਦਾ) ਕਿਉਂ ਮਾਣ ਕਰਦਾ ਹੈਂ?

ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥

(ਜਦੋਂ) ਖਸਮ ਪ੍ਰਭੂ ਦਾ ਹੁਕਮ ਹੋਇਆ ਤਦੋਂ (ਇਹਨਾਂ ਨੂੰ ਛੱਡ ਕੇ ਜਗਤ ਤੋਂ) ਚਲੇ ਜਾਣਾ ਪਏਗਾ ॥੧॥ ਰਹਾਉ ॥

ਤਜਿ ਸਾਦ ਸਹਜ ਸੁਖੁ ਹੋਈ ॥

(ਹੇ ਮਨ! ਤੂੰ ਘਰਾਂ ਦੀਆਂ ਮਲਕੀਅਤਾਂ ਵਿਚੋਂ ਸੁਖ-ਸ਼ਾਂਤੀ ਲੱਭਦਾ ਹੈਂ) ਮਾਇਆ ਦੇ ਸੁਆਦ ਛੱਡ ਕੇ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਸਕਦਾ ਹੈ।

ਘਰ ਛਡਣੇ ਰਹੈ ਨ ਕੋਈ ॥

(ਜਿਨ੍ਹਾਂ ਘਰਾਂ ਦੀਆਂ ਮਲਕੀਅਤਾਂ ਨੂੰ ਤੂੰ ਸੁਖ ਦਾ ਮੂਲ ਸਮਝ ਰਿਹਾ ਹੈਂ, ਇਹ) ਘਰ ਤਾਂ ਛੱਡ ਜਾਣੇ ਹਨ, ਕੋਈ ਭੀ ਜੀਵ (ਇਥੇ ਸਦਾ) ਟਿਕਿਆ ਨਹੀਂ ਰਹਿ ਸਕਦਾ।

ਕਿਛੁ ਖਾਜੈ ਕਿਛੁ ਧਰਿ ਜਾਈਐ ॥

(ਹੇ ਮੂਰਖ ਮਨ! ਤੂੰ ਸਦਾ ਇਹ ਸੋਚਦਾ ਹੈਂ ਕਿ) ਕੁਝ ਧਨ-ਪਦਾਰਥ ਖਾ-ਹੰਢਾ ਲਈਏ ਤੇ ਕੁਝ ਸਾਂਭ ਕੇ ਰੱਖੀ ਜਾਈਏ,

ਜੇ ਬਾਹੁੜਿ ਦੁਨੀਆ ਆਈਐ ॥੨॥

(ਪਰ ਸਾਂਭ ਕੇ ਰੱਖ ਜਾਣ ਦਾ ਲਾਭ ਤਾਂ ਤਦੋਂ ਹੀ ਹੋ ਸਕਦਾ ਹੈ) ਜੇ ਮੁੜ (ਇਸ ਧਨ ਨੂੰ ਵਰਤਣ ਵਾਸਤੇ) ਜਗਤ ਵਿਚ ਆ ਸਕਣਾ ਹੋਵੇ ॥੨॥

ਸਜੁ ਕਾਇਆ ਪਟੁ ਹਢਾਏ ॥

ਮਨੁੱਖ ਆਪਣੇ ਸਰੀਰ ਉਤੇ ਹਾਰ ਰੇਸ਼ਮੀ ਕਪੜਾ ਆਦਿਕ ਹੰਢਾਂਦਾ ਹੈ,

ਫੁਰਮਾਇਸਿ ਬਹੁਤੁ ਚਲਾਏ ॥

ਹੁਕਮ ਭੀ ਬਥੇਰਾ ਚਲਾਂਦਾ ਹੈ,

ਕਰਿ ਸੇਜ ਸੁਖਾਲੀ ਸੋਵੈ ॥

ਸੁਖਾਲੀ ਸੇਜ ਦਾ ਸੁਖ ਭੀ ਮਾਣਦਾ ਹੈ (ਪਰ ਜਿਸ ਕਰਤਾਰ ਨੇ ਇਹ ਸਭ ਕੁਝ ਦਿੱਤਾ ਉਸ ਨੂੰ ਵਿਸਾਰੀ ਰੱਖਦਾ ਹੈ, ਆਖ਼ਿਰ)

ਹਥੀ ਪਉਦੀ ਕਾਹੇ ਰੋਵੈ ॥੩॥

ਜਦੋਂ ਜਮਾਂ ਦੇ ਹੱਥ ਪੈਂਦੇ ਹਨ, ਤਦੋਂ ਰੋਣ ਪਛੁਤਾਣ ਦਾ ਕੋਈ ਲਾਭ ਨਹੀਂ ਹੋ ਸਕਦਾ ॥੩॥

ਘਰ ਘੁੰਮਣਵਾਣੀ ਭਾਈ ॥

ਹੇ ਭਾਈ! ਘਰਾਂ ਦੇ ਮੋਹ ਦਰਿਆ ਦੀਆਂ ਘੁੰਮਣ ਘੇਰੀਆਂ (ਵਾਂਗ) ਹਨ,

ਪਾਪ ਪਥਰ ਤਰਣੁ ਨ ਜਾਈ ॥

ਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਹਨਾਂ ਘੁੰਮਣ-ਘੇਰੀਆਂ ਵਿਚੋਂ ਪਾਰ ਨਹੀਂ ਲੰਘ ਸਕਦੀ।

ਭਉ ਬੇੜਾ ਜੀਉ ਚੜਾਊ ॥

ਜੇ ਪਰਮਾਤਮਾ ਦੇ ਡਰ-ਅਦਬ ਦੀ ਬੇੜੀ ਤਿਆਰ ਕੀਤੀ ਜਾਏ, ਤੇ ਉਸ ਬੇੜੀ ਵਿਚ ਜੀਵ ਸਵਾਰ ਹੋਵੇ,

ਕਹੁ ਨਾਨਕ ਦੇਵੈ ਕਾਹੂ ॥੪॥੨॥

ਤਾਂ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਵਿਚੋਂ) ਪਾਰ ਲੰਘ ਸਕੀਦਾ ਹੈ। (ਪਰ) ਨਾਨਕ ਆਖਦਾ ਹੈ- ਅਜੇਹੀ ਬੇੜੀ ਕਿਸੇ ਵਿਰਲੇ ਨੂੰ ਕਰਤਾਰ ਦੇਂਦਾ ਹੈ ॥੪॥੨॥


Raag Maru Bani

ਮਾਰੂ ਮਹਲਾ ੧ ਘਰੁ ੧ ॥
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥

ਹੇ ਹਰੀ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤਿ ਵਿਚ ਜੀਵਾਂ ਦਾ) ਆਚਰਨ, ਮਾਨੋ, ਕਾਗ਼ਜ਼ ਹੈ, ਮਨ ਦਵਾਤ ਹੈ (ਉਸ ਬਣ ਰਹੇ ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ ਰਹੇ ਹਨ (ਭਾਵ, ਮਨ ਵਿਚ ਹੁਣ ਤਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜੇਹੜੇ ਨਵੇਂ ਚੰਗੇ ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗ਼ਜ਼ ਉਤੇ ਨਵੇਂ ਚੰਗੇ ਮੰਦੇ ਸੰਸਕਾਰ ਉੱਕਰਦੇ ਜਾਂਦੇ ਹਨ)।

ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥

(ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ ਸਕਦੇ ਹਨ ॥੧॥

ਚਿਤ ਚੇਤਸਿ ਕੀ ਨਹੀ ਬਾਵਰਿਆ ॥

ਹੇ ਕਮਲੇ ਮਨ! ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ?

ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥

ਜਿਉਂ ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈਂ, ਤਿਉਂ ਤਿਉਂ ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥

ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ ॥

(ਹੇ ਮਨ-ਪੰਛੀ! ਪਰਮਾਤਮਾ ਨੂੰ ਵਿਸਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ) ਦਿਨ ਤੇ ਹਰੇਕ ਰਾਤ (ਤੈਨੂੰ ਮਾਇਆ ਵਿਚ ਫਸਾਣ ਲਈ) ਜਾਲ ਦਾ ਕੰਮ ਦੇ ਰਿਹਾ ਹੈ, ਤੇਰੀ ਉਮਰ ਦੀਆਂ ਜਿਤਨੀਆਂ ਭੀ ਘੜੀਆਂ ਹਨ ਉਹ ਸਾਰੀਆਂ ਹੀ (ਤੈਨੂੰ ਫਸਾਣ ਹਿਤ) ਫਾਹੀ ਬਣਦੀਆਂ ਜਾ ਰਹੀਆਂ ਹਨ।

ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥

ਤੂੰ ਬੜੇ ਸੁਆਦ ਲੈ ਲੈ ਕੇ ਵਿਕਾਰਾਂ ਦੀ ਚੋਗ ਚੁਗ ਰਿਹਾ ਹੈਂ ਤੇ ਵਿਕਾਰਾਂ ਵਿਚ ਹੋਰ ਹੋਰ ਸਦਾ ਫਸਦਾ ਜਾ ਰਿਹਾ ਹੈਂ, ਹੇ ਮੂਰਖ ਮਨ! ਇਹਨਾਂ ਵਿਚੋਂ ਕੇਹੜੇ ਗੁਣਾਂ ਦੀ ਮਦਦ ਨਾਲ ਖ਼ਲਾਸੀ ਹਾਸਲ ਕਰੇਂਗਾ? ॥੨॥

ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥

ਮਨੁੱਖ ਦਾ ਸਰੀਰ, ਮਾਨੋ, (ਲੋਹਾਰ ਦੀ) ਭੱਠੀ ਹੈ, ਉਸ ਭੱਠੀ ਵਿਚ ਮਨ, ਮਾਨੋ, ਲੋਹਾ ਹੈ ਤੇ ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ,

ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਰੀ ਚਿੰਤ ਭਈ ॥੩॥

(ਕਾਮਾਦਿਕ ਦੀ ਤਪਸ਼ ਨੂੰ ਤੇਜ਼ ਕਰਨ ਲਈ) ਉਸ ਉਤੇ ਪਾਪਾਂ ਦੇ (ਭਖਦੇ) ਕੋਲੇ ਪਏ ਹੋਏ ਹਨ, ਮਨ (ਇਸ ਅੱਗ ਵਿਚ) ਸੜ ਰਿਹਾ ਹੈ, ਚਿੰਤਾ ਦੀ ਸੰਨ੍ਹੀ ਹੈ (ਜੋ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵਲੋਂ ਸਾੜਨ ਵਿਚ ਮਦਦ ਦੇ ਰਹੀ ਹੈ) ॥੩॥

ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥

ਪਰ ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜ ਕੇ ਨਿਕੰਮਾ ਲੋਹਾ ਹੋ ਚੁਕੇ ਮਨ ਨੂੰ ਭੀ ਸੋਨਾ ਬਣਾ ਦੇਂਦਾ ਹੈ।

ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ ॥੪॥੩॥

ਹੇ ਨਾਨਕ! ਉਹ (ਗੁਰੂ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦੇਂਦਾ ਹੈ ਜਿਸ ਦੀ ਬਰਕਤਿ ਨਾਲ ਸਰੀਰ ਟਿਕ ਜਾਂਦਾ ਹੈ (ਭਾਵ, ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ॥੪॥੩॥


Raag Maru Bani

ਮਾਰੂ ਮਹਲਾ ੧ ॥
ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ॥

(ਹੇ ਡੱਡੂ!) ਸਾਫ਼ ਸਰੋਵਰ ਦੇ ਸਾਫ਼ ਸੁਥਰੇ ਪਾਣੀ ਵਿਚ ਕੌਲ ਫੁੱਲ ਤੇ ਜਾਲਾ ਵੱਸਦੇ ਹਨ।

ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ॥੧॥

ਕੌਲ ਫੁੱਲ ਉਸ ਜਾਲੇ ਤੇ ਪਾਣੀ ਦੀ ਸੰਗਤ ਵਿਚ ਰਹਿੰਦਾ ਹੈ, ਪਰ ਉਹਨਾਂ ਦੀ ਸੰਗਤ ਵਿਚ ਉਸ ਨੂੰ ਕੋਈ ਦਾਗ਼ ਨਹੀਂ ਲੱਗਦੇ (ਕੌਲ ਫੁੱਲ ਨਿਰਲੇਪ ਹੀ ਰਹਿੰਦਾ ਹੈ) ॥੧॥

ਦਾਦਰ ਤੂ ਕਬਹਿ ਨ ਜਾਨਸਿ ਰੇ ॥

ਹੇ ਡੱਡੂ! ਤੂੰ ਕਦੇ ਭੀ ਸਮਝ ਨਹੀਂ ਕਰਦਾ।

ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ ॥੧॥ ਰਹਾਉ ॥

ਤੂੰ ਸਾਫ਼-ਸੁਥਰੇ ਪਾਣੀ ਵਿਚ ਵੱਸਦਾ ਹੈਂ, ਪਰ ਤੂੰ ਉਸ ਸਾਫ਼-ਪਵਿਤ੍ਰ ਪਾਣੀ ਨੂੰ ਪਛਾਣਦਾ ਨਹੀਂ (ਉਸ ਦੀ ਕਦਰ ਨਹੀਂ ਜਾਣਦਾ, ਤੇ ਸਦਾ) ਜਾਲਾ ਹੀ ਖਾਂਦਾ ਰਹਿੰਦਾ ਹੈਂ (ਜੋ ਉਸ ਸਾਫ਼ ਪਾਣੀ ਵਿਚ ਪੈ ਜਾਂਦਾ ਹੈ) ॥੧॥ ਰਹਾਉ ॥

ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ ॥

ਹੇ ਡੱਡੂ! (ਤੇਰਾ) ਸਦਾ ਪਾਣੀ ਦਾ ਵਾਸ ਹੈ, ਭੌਰਾ (ਪਾਣੀ ਵਿਚ) ਨਹੀਂ ਵੱਸਦਾ, (ਫਿਰ ਭੀ) ਉਹ (ਫੁੱਲ ਦੀ) ਚੋਟੀ ਦਾ ਰਸ ਮਾਣਦਾ ਹੈ (ਚੂਸਦਾ ਹੈ)।

ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥੨॥

ਕੰਮੀ ਚੰਦ ਨੂੰ ਦੂਰੋਂ ਹੀ (ਵੇਖ ਕੇ ਖਿੜ ਕੇ) ਸਿਰ ਨਿਵਾਂਦੀ ਹੈ, ਕਿਉਂਕਿ ਉਸ ਦੇ ਅੰਦਰ ਚੰਦ ਵਾਸਤੇ ਦਿਲੀ ਖਿੱਚ ਹੈ ॥੨॥

ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥

(ਥਣ ਦੇ) ਦੁੱਧ ਵਿਚ (ਪਰਮਾਤਮਾ) ਖੰਡ ਤੇ ਸ਼ਹਿਦ (ਵਰਗੀ) ਅੰਮ੍ਰਿਤ (ਮਿਠਾਸ ਇਕੱਠੀ ਕਰਦਾ ਹੈ, ਪਰ ਜਿਵੇਂ (ਥਣ ਨੂੰ ਚੰਬੜੇ ਹੋਏ) ਚਿੱਚੜ ਦੀ (ਲਹੂ ਨਾਲ ਹੀ) ਪ੍ਰੀਤ ਹੈ (ਦੁੱਧ ਨਾਲ ਨਹੀਂ, ਤਿਵੇਂ) ਹੇ ਪਾਣੀ ਦੇ ਚਤੁਰ ਡੱਡੂ।

ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥੩॥

ਤੂੰ (ਭੀ) ਆਪਣਾ ਸੁਭਾਉ ਕਦੇ ਨਹੀਂ ਛੱਡਦਾ (ਪਾਣੀ ਵਿਚ ਵੱਸਦੇ ਕੌਲ ਫੁੱਲ ਦੀ ਤੈਨੂੰ ਸਾਰ ਨਹੀਂ, ਤੂੰ ਪਾਣੀ ਦਾ ਜਾਲਾ ਹੀ ਖ਼ੁਸ਼ ਹੋ ਹੋ ਕੇ ਖਾਂਦਾ ਹੈਂ) ॥੩॥

ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ ॥

ਵਿਦਵਾਨਾਂ ਦੀ ਸੰਗਤ ਵਿਚ ਮੂਰਖ ਬੰਦੇ ਵੱਸਦੇ ਹਨ, ਉਹਨਾਂ ਪਾਸੋਂ ਉਹ ਵੇਦ ਸ਼ਾਸਤ੍ਰ ਭੀ ਸੁਣਦੇ ਹਨ (ਪਰ ਰਹਿੰਦੇ ਮੂਰਖ ਹੀ ਹਨ। ਆਪਣਾ ਮੂਰਖਤਾ ਦਾ ਸੁਭਾਉ ਨਹੀਂ ਛੱਡਦੇ),

ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ ॥੪॥

ਜਿਵੇਂ ਕੁੱਤੇ ਦੀ ਪੂਛਲ (ਕਦੇ ਆਪਣਾ ਟੇਡਾ-ਪਨ ਨਹੀਂ ਛੱਡਦੀ, ਤਿਵੇਂ ਹੇ ਡੱਡੂ!) ਤੂੰ ਕਦੇ ਆਪਣਾ ਸੁਭਾਉ ਨਹੀਂ ਛੱਡਦਾ ॥੪॥

ਇਕਿ ਪਾਖੰਡੀ ਨਾਮਿ ਨ ਰਾਚਹਿ ਇਕ ਹਰਿ ਹਰਿ ਚਰਣੀ ਰੇ ॥

ਕਈ ਐਸੇ ਪਖੰਡੀ ਬੰਦੇ ਹੁੰਦੇ ਹਨ ਜੋ ਪਰਮਾਤਮਾ ਦੇ ਨਾਮ ਵਿਚ ਪਿਆਰ ਨਹੀਂ ਪਾਂਦੇ (ਸਦਾ ਪਖੰਡ ਵਲ ਹੀ ਰੁਚੀ ਰੱਖਦੇ ਹਨ), ਕਈ ਐਸੇ ਹਨ (ਭਾਗਾਂ ਵਾਲੇ) ਜੋ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦੇ ਹਨ।

ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ ॥੫॥੪॥

ਹੇ ਨਾਨਕ! ਤੂੰ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰ, ਧੁਰੋਂ ਪਰਮਾਤਮਾ ਵਲੋਂ ਲਿਖੀ ਬਖ਼ਸ਼ਸ਼ ਅਨੁਸਾਰ ਤੈਨੂੰ ਇਹ ਦਾਤ ਪ੍ਰਾਪਤ ਹੋ ਜਾਇਗੀ ॥੫॥੪॥


ਸਲੋਕੁ ॥
ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗ ॥

ਬੇਅੰਤ ਉਹ ਵਿਕਾਰੀ ਬੰਦੇ ਭੀ ਪਵਿਤ੍ਰ ਹੋ ਜਾਂਦੇ ਹਨ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗ ਜਾਂਦਾ ਹੈ।

ਅਠਸਠਿ ਤੀਰਥ ਨਾਮੁ ਪ੍ਰਭ ਨਾਨਕ ਜਿਸੁ ਮਸਤਕਿ ਭਾਗ ॥੧॥

ਅਠਾਹਠ ਤੀਰਥ ਪਰਮਾਤਮਾ ਦਾ ਨਾਮ ਹੀ ਹੈ, ਪਰ, ਹੇ ਨਾਨਕ! (ਇਹ ਨਾਮ ਉਸ ਨੂੰ ਹੀ ਮਿਲਦਾ ਹੈ) ਜਿਸ ਦੇ ਮੱਥੇ ਉਤੇ (ਚੰਗੇ) ਭਾਗ ਹੋਣ ॥੧॥


ਸਬਦੁ ॥
ਸਖੀ ਸਹੇਲੀ ਗਰਬਿ ਗਹੇਲੀ ॥

ਹੇ ਆਪਣੇ ਹੀ ਰਸ-ਮਾਣ ਵਿਚ ਮੱਤੀ ਸਖੀਏ! ਮੇਰੀਏ ਸਹੇਲੀਏ! (ਹੇ ਮੇਰੇ ਕੰਨ! ਹੇ ਮੇਰੀ ਜੀਭ!)।

ਸੁਣਿ ਸਹ ਕੀ ਇਕ ਬਾਤ ਸੁਹੇਲੀ ॥੧॥

ਖਸਮ-ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਦੀ ਹੀ ਗੱਲ ਸੁਣ (ਤੇ ਕਰ), ਇਹ ਗੱਲ ਸੁਖ ਦੇਣ ਵਾਲੀ ਹੈ ॥੧॥

ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥

ਹੇ (ਮੇਰੀ) ਮਾਂ! ਮੈਂ ਕਿਸ ਨੂੰ ਦੱਸਾਂ ਆਪਣੇ ਦਿਲ ਦੀ ਪੀੜ? (ਬਿਗਾਨੀ ਪੀੜ ਦੀ ਸਾਰ ਕੋਈ ਸਮਝ ਨਹੀਂ ਸਕਦਾ)।

ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥੧॥ ਰਹਾਉ ॥

ਹੇ ਮਾਂ! ਪਰਮਾਤਮਾ (ਦੀ ਯਾਦ) ਤੋਂ ਬਿਨਾ ਮੇਰੀ ਜਿੰਦ ਰਹਿ ਨਹੀਂ ਸਕਦੀ। ਸਿਮਰਨ ਤੋਂ ਬਿਨਾ ਮੈਨੂੰ ਕੋਈ ਹੋਰ ਤਰੀਕਾ ਸੁੱਝਦਾ ਨਹੀਂ ਜਿਸ ਨਾਲ ਮੈਂ ਇਸ ਨੂੰ ਘਬਰਾਹਟ ਤੋਂ ਬਚਾ ਸਕਾਂ ॥੧॥ ਰਹਾਉ ॥

ਹਉ ਦੋਹਾਗਣਿ ਖਰੀ ਰੰਞਾਣੀ ॥

(ਜੇ ਮੇਰਾ ਇਕ ਸੁਆਸ ਭੀ ਪ੍ਰਭੂ-ਮਿਲਾਪ ਤੋਂ ਬਿਨਾ ਲੰਘੇ ਤਾਂ) ਮੈਂ (ਆਪਣੇ ਆਪ ਨੂੰ) ਮੰਦੇ ਭਾਗਾਂ ਵਾਲੀ (ਸਮਝਦੀ ਹਾਂ), ਮੈਂ ਬੜੀ ਦੁਖੀ (ਹੁੰਦੀ ਹਾਂ),

ਗਇਆ ਸੁ ਜੋਬਨੁ ਧਨ ਪਛੁਤਾਣੀ ॥੨॥

(ਜਿਵੇਂ) ਜਿਸ ਇਸਤ੍ਰੀ ਦਾ ਜਦੋਂ ਉਹ ਜੋਬਨ ਲੰਘ ਜਾਂਦਾ ਹੈ ਜੋ ਉਸ ਨੂੰ ਪਤੀ ਨਾਲ ਮਿਲਾ ਸਕਦਾ ਹੈ ਤਾਂ ਉਹ ਪਛੁਤਾਂਦੀ ਹੈ ॥੨॥

ਤੂ ਦਾਨਾ ਸਾਹਿਬੁ ਸਿਰਿ ਮੇਰਾ ॥

(ਹੇ ਪ੍ਰਭੂ!) ਤੂੰ ਮੇਰੇ ਸਿਰ ਉਤੇ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਦਾ ਹੈਂ।

ਖਿਜਮਤਿ ਕਰੀ ਜਨੁ ਬੰਦਾ ਤੇਰਾ ॥੩॥

(ਮੇਰੀ ਤਾਂਘ ਹੈ ਕਿ) ਤੇਰੀ ਚਾਕਰੀ ਕਰਦਾ ਰਹਾਂ, ਮੈਂ ਤੇਰਾ ਦਾਸ ਬਣਿਆ ਰਹਾਂ, ਮੈਂ ਤੇਰਾ ਗ਼ੁਲਾਮ ਬਣਿਆ ਰਹਾਂ ॥੩॥

ਭਣਤਿ ਨਾਨਕੁ ਅੰਦੇਸਾ ਏਹੀ ॥

ਨਾਨਕ ਆਖਦਾ ਹੈ ਕਿ ਮੈਨੂੰ ਇਹੀ ਚਿੰਤਾ ਰਹਿੰਦੀ ਹੈ,

ਬਿਨੁ ਦਰਸਨ ਕੈਸੇ ਰਵਉ ਸਨੇਹੀ ॥੪॥੫॥

ਕਿ ਮੈਂ ਕਿਤੇ ਪਰਮਾਤਮਾ ਦੇ ਦਰਸ਼ਨ ਤੋਂ ਵਾਂਜਿਆ ਹੀ ਨਾਹ ਰਹਿ ਜਾਵਾਂ। ਕੋਈ ਐਸਾ ਤਰੀਕਾ ਹੋਵੇ ਜਿਸ ਨਾਲ ਮੈਂ ਉਸ ਪਿਆਰੇ ਪ੍ਰਭੂ ਨੂੰ ਮਿਲ ਸਕਾਂ ॥੪॥੫॥


ਮਾਰੂ ਮਹਲਾ ੧ ॥
ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥

(ਹੇ ਪ੍ਰਭੂ!) ਜਦੋਂ ਤੋਂ ਗੁਰੂ ਨੇ ਮੈਨੂੰ ਤੇਰਾ ਪ੍ਰੇਮ ਦੇ ਕੇ ਉਸਦੇ ਵੱਟੇ ਵਿਚ ਮੇਰਾ ਆਪਾ-ਭਾਵ ਖ਼ਰੀਦ ਲਿਆ ਹੈ, ਮੈਂ ਤੇਰਾ ਦਾਸ ਹੋ ਗਿਆ ਹਾਂ, ਮੈਂ ਤੇਰਾ ਗ਼ੁਲਾਮ ਹੋ ਗਿਆ ਹਾਂ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ।

ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥

ਗੁਰੂ ਦੇ ਦਰ ਤੇ ਗੁਰੂ ਦੇ ਉਪਦੇਸ਼ ਦੇ ਇਵਜ਼ ਮੈਂ ਆਪਾ-ਭਾਵ ਦੇ ਦਿੱਤਾ ਹੈ, ਹੁਣ ਜਿਸ ਕੰਮ ਵਿਚ ਮੈਨੂੰ ਗੁਰੂ ਲਾਉਂਦਾ ਹੈ ਉਸੇ ਕੰਮ ਵਿਚ ਮੈਂ ਲੱਗਾ ਰਹਿੰਦਾ ਹਾਂ ॥੧॥

ਤੇਰੇ ਲਾਲੇ ਕਿਆ ਚਤੁਰਾਈ ॥

(ਪਰ ਹੇ ਪ੍ਰਭੂ!) ਮੈਨੂੰ ਤੇਰੇ ਗ਼ੁਲਾਮ ਨੂੰ ਅਜੇ ਪੂਰੀ ਸਮਝ ਨਹੀਂ ਹੈ।

ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥

ਮੈਥੋਂ, ਹੇ ਸਾਹਿਬ! ਤੇਰਾ ਹੁਕਮ ਪੂਰੇ ਤੌਰ ਤੇ ਸਿਰੇ ਨਹੀਂ ਚੜ੍ਹਦਾ (ਅਕਲ ਤਾਂ ਇਹ ਚਾਹੀਦੀ ਸੀ ਕਿ ਸੇਵਾ ਹੁਕਮ ਤੋਂ ਵਧੀਕ ਕੀਤੀ ਜਾਏ; ਪਰ ਵਾਧਾ ਕਰਨਾ ਤਾਂ ਕਿਤੇ ਰਿਹਾ, ਪੂਰੀ ਭੀ ਨਿਬਾਹੀ ਨਹੀਂ ਜਾਂਦੀ) ॥੧॥ ਰਹਾਉ ॥

ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥

(ਗੁਰੂ ਦੀ ਮੇਹਰ ਨਾਲ) ਤੇਰੇ ਹੁਕਮ ਵਿਚ ਤੁਰਨ ਵਾਲੀ (ਮੇਰੀ ਮੱਤ ਬਣੀ ਉਸ ਮੱਤ) ਮਾਂ (ਨੇ ਮੈਨੂੰ ਸੇਵਕ-ਜੀਵਨ ਵਾਲਾ ਜਨਮ ਦਿੱਤਾ), (ਤੇਰਾ ਬਖ਼ਸ਼ਿਆ ਸੰਤੋਖ) ਮੇਰਾ ਪਿਉ ਬਣਿਆ। ਮੈਨੂੰ (ਮੇਰੇ ਸੇਵਕ-ਸੁਭਾਵ ਨੂੰ) ਸੰਤੋਖ-ਪਿਉ ਤੋਂ ਹੀ ਜਨਮ ਮਿਲਿਆ।

ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥

ਹੁਣ, ਹੇ ਪ੍ਰਭੂ! ਜਿਉਂ ਜਿਉਂ ਮੈਂ ਤੇਰੀ ਭਗਤੀ ਕਰਦਾ ਹਾਂ ਮੇਰੀ ਮਾਂ (-ਮੱਤ) ਹੁਲਾਰੇ ਵਿਚ ਆਉਂਦੀ ਹੈ, ਮੇਰਾ ਪਿਉ (-ਸੰਤੋਖ) ਉਛਾਲੇ ਮਾਰਦਾ ਹੈ ॥੨॥

ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ ॥

(ਹੇ ਪ੍ਰਭੂ! ਮੈਨੂੰ ਤਾਂ ਸਮਝ ਨਹੀਂ ਕਿ ਮੈਂ ਕਿਸ ਤਰ੍ਹਾਂ ਤੇਰਾ ਹੁਕਮ ਪੂਰੇ ਤੌਰ ਤੇ ਕਮਾ ਸਕਾਂ, ਪਰ ਜੇ ਤੂੰ ਮੇਹਰ ਕਰੇਂ ਤਾਂ) ਹੇ ਪਾਤਿਸ਼ਾਹ! ਮੈਂ ਤੇਰੇ (ਬੰਦਿਆਂ) ਲਈ ਪੀਣ ਵਾਸਤੇ ਪਾਣੀ ਢੋਵਾਂ, ਤੇਰੇ (ਬੰਦਿਆਂ ਦੇ) ਖਾਣ ਵਾਸਤੇ ਚੱਕੀ ਪੀਹਾਂ,

ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥

ਪੱਖਾ ਫੇਰਾਂ, ਤੇਰੇ (ਬੰਦਿਆਂ ਦੇ) ਪੈਰ ਘੁੱਟਾਂ, ਤੇ ਸਦਾ ਤੇਰਾ ਨਾਮ ਜਪਦਾ ਰਹਾਂ ॥੩॥

ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥

(ਪਰ ਹੇ ਦਇਆ ਦੇ ਮਾਲਕ ਪ੍ਰਭੂ!) ਤੇਰਾ ਗ਼ੁਲਾਮ ਨਾਨਕ ਤੇਰੀ ਉਤਨੀ ਖ਼ਿਦਮਤ ਨਹੀਂ ਕਰ ਸਕਦਾ ਜਿਤਨੀਆਂ ਤੂੰ ਬਖ਼ਸ਼ਸ਼ਾਂ ਕਰ ਰਿਹਾ ਹੈਂ (ਤੇਰਾ ਗ਼ੁਲਾਮ) ਤੇਰੀਆਂ ਬਖ਼ਸ਼ਸ਼ਾਂ ਦੇ ਮੋਹ ਵਿਚ ਹੀ ਫਸ ਜਾਂਦਾ ਹੈ। ਖ਼ਿਦਮਤ ਕਰਾਣ ਵਾਸਤੇ ਭੀ ਜੇ ਤੂੰ ਆਪ ਹੀ ਮੇਹਰ ਕਰੇਂ (ਤਾਂ ਮੈਂ ਖ਼ਿਦਮਤ ਕਰ ਸਕਾਂਗਾ, ਇਸ ਵਿਚ ਭੀ) ਤੇਰੀ ਹੀ ਜੈ-ਜੈਕਾਰ ਹੋਵੇਗੀ।

ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ ॥੪॥੬॥

ਤੂੰ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਦਇਆ ਦਾ ਮਾਲਕ ਹੈਂ ਦਾਤਾਂ ਦੇਂਦਾ ਆਇਆ ਹੈਂ (ਇਹਨਾਂ ਦਾਤਾਂ ਦੇ ਮੋਹ ਤੋਂ) ਖ਼ਲਾਸੀ ਤੇਰੀ ਸਹੈਤਾ ਤੋਂ ਬਿਨਾ ਨਹੀਂ ਹੋ ਸਕਦੀ ॥੪॥੬॥


ਮਾਰੂ ਮਹਲਾ ੧ ॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥

(ਦੁਨੀਆ ਦੇ ਲੋਕਾਂ ਨਾਲ ਡੂੰਘੀਆਂ ਸਾਂਝਾਂ ਨਾਹ ਪਾਣ ਕਰ ਕੇ) ਕੋਈ ਆਖਦਾ ਹੈ ਕਿ ਨਾਨਕ ਤਾਂ ਕੋਈ ਭੂਤ ਹੈ (ਕਿਉਂਕਿ ਇਹ ਬੰਦਿਆਂ ਤੋਂ ਤ੍ਰਹਿੰਦਾ ਹੈ) ਕੋਈ ਆਖਦਾ ਹੈ ਕਿ ਨਾਨਕ ਕੋਈ ਜਿੰਨ ਹੈ (ਜੋ ਬੰਦਿਆਂ ਤੋਂ ਪਰੇ ਪਰੇ ਜੂਹ-ਉਜਾੜ ਵਿਚ ਹੀ ਬਹੁਤਾ ਚਿਰ ਟਿਕਿਆ ਰਹਿੰਦਾ ਹੈ)।

ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥

ਪਰ ਕੋਈ ਬੰਦਾ ਆਖਦਾ ਹੈ (ਨਹੀਂ) ਨਾਨਕ ਹੈ ਤਾਂ (ਸਾਡੇ ਵਰਗਾ) ਆਦਮੀ (ਹੀ) ਉਂਞ ਹੈ ਆਜਿਜ਼ ਜੇਹਾ ॥੧॥

ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥

ਮੈਂ ਸ਼ਾਹ-ਪ੍ਰਭੂ ਦੇ ਨਾਮ ਦਾ ਆਸ਼ਿਕ ਹੋ ਗਿਆ ਹਾਂ। (ਇਸ ਵਾਸਤੇ ਦੁਨੀਆ ਆਖਦੀ ਹੈ ਕਿ) ਨਾਨਕ ਝੱਲਾ ਹੋ ਗਿਆ ਹੈ

ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥

ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਡੂੰਘੀਆਂ ਸਾਂਝਾਂ ਨਹੀਂ ਪਾਂਦਾ ॥੧॥ ਰਹਾਉ ॥

ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥

(ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ) ਉਦੋਂ ਮਨੁੱਖ ਨੂੰ ਝੱਲਾ ਸਮਝਿਆ ਜਾਂਦਾ ਹੈ, ਜਦੋਂ ਉਹ ਦੁਨੀਆ ਦੇ ਡਰ-ਫ਼ਿਕਰਾਂ ਵਲੋਂ ਬੇ-ਪਰਵਾਹ ਜੇਹਾ ਹੋ ਜਾਂਦਾ ਹੈ,

ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥

ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਕਿਸੇ ਹੋਰ ਦੀ ਖ਼ੁਸ਼ਾਮਦ-ਮੁਥਾਜੀ ਨਹੀਂ ਕਰਦਾ) ॥੨॥

ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥

ਲੋਕਾਂ ਦੀਆਂ ਨਜ਼ਰਾਂ ਵਿਚ ਤਾਂ ਉਹ ਝੱਲਾ ਮੰਨਿਆ ਜਾਂਦਾ ਹੈ, ਜਦੋਂ ਮਨੁੱਖ ਸਿਰਫ਼ (ਰਜ਼ਾ ਵਿਚ ਰਾਜ਼ੀ ਰਹਿਣ ਦੀ ਹੀ) ਕਾਰ ਕਰਦਾ ਹੈ, (ਹਰੇਕ ਕਿਰਤ-ਕਾਰ ਵਿਚ ਪ੍ਰਭੂ ਦੀ ਰਜ਼ਾ ਨੂੰ ਹੀ ਮੁਖ ਮੰਨਦਾ ਹੈ)।

ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥

ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਣ ਲੱਗ ਪੈਂਦਾ ਹੈ (ਰਜ਼ਾ ਦੇ ਉਲਟ ਤੁਰਨ ਲਈ ਆਪਣੀ) ਕਿਸੇ ਹੋਰ ਚਤੁਰਾਈ ਦਾ ਆਸਰਾ ਨਹੀਂ ਲੈਂਦਾ ॥੩॥

ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥

ਤਦੋਂ ਉਹ ਮਨੁੱਖ (ਦੁਨੀਆ ਦੀਆਂ ਨਿਗਾਹਾਂ ਵਿਚ) ਝੱਲਾ ਜਾਣਿਆ ਜਾਂਦਾ ਹੈ, ਜਦੋਂ ਉਹ ਮਾਲਿਕ-ਪ੍ਰਭੂ ਦਾ ਪਿਆਰ ਹੀ (ਆਪਣੇ ਹਿਰਦੇ ਵਿਚ) ਟਿਕਾਈ ਰੱਖਦਾ ਹੈ,

ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥

ਜਦੋਂ ਆਪਣੇ ਆਪ ਨੂੰ (ਹੋਰ ਸਭਨਾਂ ਨਾਲੋਂ) ਮਾੜਾ ਸਮਝਦਾ ਹੈ, ਜਦੋਂ ਹੋਰ ਜਗਤ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ ॥੪॥੭॥


ਮਾਰੂ ਮਹਲਾ ੧ ॥
ਇਹੁ ਧਨੁ ਸਰਬ ਰਹਿਆ ਭਰਪੂਰਿ ॥

(ਪਰਮਾਤਮਾ ਹਰ ਥਾਂ ਜ਼ੱਰੇ ਜ਼ੱਰੇ ਵਿਚ ਵਿਆਪਕ ਹੈ, ਉਸ ਦਾ) ਇਹ ਨਾਮ-ਧਨ (ਭੀ) ਸਭ ਵਿਚ ਮੌਜੂਦ ਹੈ, (ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਨੂੰ ਹਰ ਥਾਂ ਹੀ ਵੇਖ ਸਕੀਦਾ ਹੈ ਤੇ ਉਸ ਦੀ ਯਾਦ ਨੂੰ ਹਿਰਦੇ ਵਿਚ ਵਸਾ ਸਕੀਦਾ ਹੈ),

ਮਨਮੁਖ ਫਿਰਹਿ ਸਿ ਜਾਣਹਿ ਦੂਰਿ ॥੧॥

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਭਟਕਦੇ ਫਿਰਦੇ ਹਨ, ਅਤੇ ਉਹ ਬੰਦੇ (ਪਰਮਾਤਮਾ ਨੂੰ, ਪਰਮਾਤਮਾ ਦੇ ਨਾਮ-ਧਨ ਨੂੰ) ਕਿਤੇ ਦੂਰ ਦੁਰੇਡੇ ਥਾਂ ਤੇ ਸਮਝਦੇ ਹਨ ॥੧॥

ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ ॥

ਹੇ ਪ੍ਰਭੂ! (ਮੇਹਰ ਕਰ) ਤੇਰਾ ਇਹ ਨਾਮ-ਧਨ ਇਹ ਨਾਮ-ਵੱਖਰ ਮੇਰੇ ਹਿਰਦੇ ਵਿਚ ਭੀ ਵੱਸ ਪਏ।

ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥੧॥ ਰਹਾਉ ॥

ਜਿਸ ਮਨੁੱਖ ਨੂੰ ਤੂੰ ਆਪਣਾ ਨਾਮ-ਧਨ ਨਾਮ-ਵੱਖਰ ਦੇਂਦਾ ਹੈਂ ਉਸ ਨੂੰ ਇਹ ਨਾਮ-ਧਨ (ਮਾਇਆ ਦੀ ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥

(ਹਿਰਦੇ ਵਿਚ ਵਸਾਇਆ ਹੋਇਆ ਪਰਮਾਤਮਾ ਦਾ ਨਾਮ) ਇਕ ਐਸਾ ਧਨ ਹੈ ਜੋ ਨਾਹ ਸੜਦਾ ਹੈ ਨਾਹ ਹੀ ਇਸ ਨੂੰ ਕੋਈ ਚੋਰ ਚੁਰਾ ਕੇ ਲੈ ਜਾ ਸਕਦਾ ਹੈ।

ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥੨॥

ਇਹ ਧਨ (ਪਾਣੀਆਂ ਹੜ੍ਹਾਂ ਵਿਚ ਭੀ) ਡੁੱਬਦਾ ਨਹੀਂ ਹੈ ਅਤੇ ਨਾਹ ਹੀ ਇਸ ਧਨ ਦੀ ਖ਼ਾਤਰ ਕਿਸੇ ਨੂੰ ਕੋਈ ਦੰਡ ਮਿਲਦਾ ਹੈ ॥੨॥

ਇਸੁ ਧਨ ਕੀ ਦੇਖਹੁ ਵਡਿਆਈ ॥

ਵੇਖੋ, ਇਸ ਧਨ ਦਾ ਵੱਡਾ ਗੁਣ ਇਹ ਹੈ ਕਿ (ਜਿਸ ਮਨੁੱਖ ਦੇ ਪਾਸ ਇਹ ਧਨ ਹੈ,

ਸਹਜੇ ਮਾਤੇ ਅਨਦਿਨੁ ਜਾਈ ॥੩॥

ਉਸ ਦੀ ਜ਼ਿੰਦਗੀ ਦਾ) ਹਰੇਕ ਦਿਹਾੜਾ ਅਡੋਲ ਅਵਸਥਾ ਵਿਚ ਮਸਤ ਰਿਹਾਂ ਹੀ ਗੁਜ਼ਰਦਾ ਹੈ ॥੩॥

ਇਕ ਬਾਤ ਅਨੂਪ ਸੁਨਹੁ ਨਰ ਭਾਈ ॥

ਹੇ ਭਾਈ ਜਨੋ! (ਇਸ ਨਾਮ-ਧਨ ਦੀ ਬਾਬਤ) ਇਕ ਹੋਰ ਸੋਹਣੀ ਗੱਲ (ਭੀ) ਸੁਣੋ!

ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥

(ਉਹ ਇਹ ਹੈ ਕਿ) ਇਸ ਧਨ (ਦੀ ਪ੍ਰਾਪਤੀ) ਤੋਂ ਬਿਨਾ ਕਦੇ ਕਿਸੇ ਨੂੰ ਉੱਚੀ ਆਤਮਕ ਅਵਸਥਾ ਨਹੀਂ ਮਿਲੀ ॥੪॥

ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ ॥

ਨਾਨਕ ਆਖਦਾ ਹੈ ਕਿ ਜਿਸ ਦੇ ਗੁਣ ਕਿਸੇ ਪਾਸੋਂ ਬਿਆਨ ਨਹੀਂ ਹੋ ਸਕਦੇ, ਉਸ ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ (ਉਹ ਮਨੁੱਖ) ਸੁਣਾਂਦਾ ਹੈ।

ਸਤਿਗੁਰੁ ਮਿਲੈ ਤ ਇਹੁ ਧਨੁ ਪਾਏ ॥੫॥੮॥

ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ ਉਹ ਇਹ ਨਾਮ-ਧਨ ਹਾਸਲ ਕਰ ਲੈਂਦਾ ਹੈ ॥੫॥੮॥


ਮਾਰੂ ਮਹਲਾ ੧ ॥</5>
ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥

(ਹੇ ਜੋਗੀ!) ਤੂੰ ਤਾਮਸੀ ਸੁਭਾਵ ਨੂੰ ਦੂਰ ਕਰ (ਇਹ ਹੈ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ), ਸ਼ਾਂਤੀ ਸੁਭਾਵ ਨੂੰ (ਆਪਣੇ ਅੰਦਰ) ਤਕੜਾ ਕਰ (ਇਹ ਹੈ ਖੱਬੀ ਨਾਸ ਦੇ ਰਸਤੇ ਪ੍ਰਾਣ ਚੜ੍ਹਾਣੇ)। ਸੁਆਸ ਸੁਆਸ ਨਾਮ ਜਪਣ ਵਾਲਾ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ (ਇਹ ਹੈ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿਚ ਟਿਕਾਣਾ)। (ਬੱਸ! ਹੇ ਜੋਗੀ! ਪਰਮਾਤਮਾ ਦੇ ਚਰਨਾਂ ਵਿਚ ਜੁੜਨ ਦਾ ਕੋਈ) ਅਜੇਹਾ ਮੇਲ ਮਿਲਾਓ।

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥

ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਨਾਹ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੁੰਦਾ ਹੈ ॥੧॥

ਮੂੜੇ ਕਾਇਚੇ ਭਰਮਿ ਭੁਲਾ ॥

ਹੇ ਮੂਰਖ! ਤੂੰ (ਪ੍ਰਾਣਾਯਾਮ ਦੇ) ਭੁਲੇਖੇ ਵਿਚ ਪੈ ਕੇ ਕਿਉਂ (ਜੀਵਨ ਦੇ ਅਸਲੀ ਤੋਂ) ਲਾਂਭੇ ਜਾ ਰਿਹਾ ਹੈਂ?

ਨਹ ਚੀਨਿਆ ਪਰਮਾਨੰਦੁ ਬੈਰਾਗੀ ॥੧॥ ਰਹਾਉ ॥

(ਹੇ ਜੋਗੀ!) ਤੂੰ ਜਗਤ ਦੀ ਮਾਇਆ ਵਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪਰਮਾਤਮਾ ਨੂੰ ਅਜੇ ਤਕ ਪਛਾਣ ਨਹੀਂ ਸਕਿਆ ॥੧॥ ਰਹਾਉ ॥

ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥

(ਹੇ ਜੋਗੀ!) ਜਰਾ-ਰਹਿਤ ਪ੍ਰਭੂ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲੇ ਮੋਹ ਨੂੰ (ਆਪਣੇ ਅੰਦਰੋਂ) ਸਾੜ ਦੇ, ਮੌਤ-ਰਹਿਤ ਹਰੀ ਦੇ ਮਿਲਾਪ ਦੇ ਰਸਤੇ ਵਿਚ ਵਿਘਨ ਪਾਣ ਵਾਲੇ ਮਨ ਨੂੰ ਵੱਸ ਵਿਚ ਕਰ ਰੱਖ, ਭਟਕਣਾ ਛੱਡ ਦੇ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਸਕੀਦਾ ਹੈ।

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥

ਇਸੇ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਦੌੜਨੋਂ ਹਟ ਜਾਂਦਾ ਹੈ, ਸਰੀਰ ਭੀ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੋਣੋਂ ਬਚ ਜਾਂਦਾ ਹੈ ॥੨॥

ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥

ਦਾਸ ਨਾਨਕ ਆਖਦਾ ਹੈ ਜੇ ਮਨੁੱਖ ਦਾ ਮਨ ਪਰਮਾਤਮਾ ਦਾ ਸਿਮਰਨ ਕਰੇ, ਤਾਂ ਮਨੁੱਖ ਮਨ ਦੀ ਇਕਾਗ੍ਰਤਾ ਨਾਲ ਸੁਆਸ ਸੁਆਸ (ਨਾਮ ਜਪ ਕੇ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ।

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੩॥੯॥

ਇਸ ਤਰੀਕੇ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਤੇ ਸਰੀਰ ਭੀ ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ ॥੩॥੯॥


ਮਾਰੂ ਮਹਲਾ ੧ ॥
ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥

(ਜੇਹੜਾ ਮਨੁੱਖ ਮਾਲਿਕ-ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਨਹੀਂ ਵੇਖਦਾ, ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਉਸ ਦੀ ਮਾਇਆ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਉਸ ਦਾ ਮਨ ਵਿਕਾਰਾਂ ਵਲੋਂ ਨਹੀਂ ਹਟਦਾ, ਉਸ ਦਾ ਹਿਰਦਾ-ਸਰੋਵਰ ਮੈਂ ਮੈਂ ਦੀਆਂ ਲਹਿਰਾਂ ਨਾਲ ਭਰਪੂਰ ਰਹਿੰਦਾ ਹੈ।

ਬੋਹਿਥੁ ਜਲ ਸਿਰਿ ਤਰਿ ਟਿਕੈ ਸਾਚਾ ਵਖਰੁ ਜਿਤੁ ॥

ਉਹੀ ਜੀਵਨ-ਬੇੜਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਦੇ) ਪਾਣੀਆਂ ਉਤੇ ਤਰ ਕੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ਜਿਸ ਵਿਚ ਸਦਾ-ਥਿਰ ਰਹਿਣ ਵਾਲਾ ਨਾਮ-ਸੌਦਾ ਹੈ।

ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥

ਜਿਸ ਮਨ ਵਿਚ ਨਾਮ-ਮੋਤੀ ਵੱਸਦਾ ਹੈ, ਉਸ ਮਨ ਨੂੰ ਉਹ ਮੋਤੀ ਵਿਕਾਰਾਂ ਵਲੋਂ ਬਚਾ ਲੈਂਦਾ ਹੈ, ਸੱਚੇ ਨਾਮ ਵਿਚ ਜੁੜੇ ਰਹਿਣ ਦੇ ਕਾਰਨ ਉਸ ਮਨ ਵਿਚ ਤ੍ਰੇੜ ਨਹੀਂ ਆਉਂਦੀ (ਉਹ ਮਨ ਮਾਇਆ ਵਿਚ ਡੋਲਦਾ ਨਹੀਂ)।

ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥੧॥

ਪ੍ਰਭੂ ਦੇ ਡਰ-ਅਦਬ ਵਿਚ ਰੱਤਾ ਹੋਇਆ ਜੀਵਾਤਮਾ ਪ੍ਰਭੂ ਦੇ ਗੁਣਾਂ ਵਿਚ ਪਰਵਿਰਤ ਰਹਿਣ ਕਰਕੇ ਅੰਦਰ ਹੀ ਹਿਰਦੇ-ਤਖ਼ਤ ਉਤੇ ਟਿਕਿਆ ਰਹਿੰਦਾ ਹੈ (ਬਾਹਰ ਨਹੀਂ ਭਟਕਦਾ) ॥੧॥

ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥

ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ ਆਪ ਤੋਂ) ਦੂਰ ਵੱਸਦਾ ਨਾਹ ਸਮਝ (ਸੱਚਾ ਮਾਲਕ ਤੇਰੇ ਆਪਣੇ ਅੰਦਰ ਵੱਸ ਰਿਹਾ ਹੈ)।

ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ ॥

ਉਸ ਜਗਤ-ਦੇ-ਆਸਰੇ ਪ੍ਰਭੂ ਦੀ ਜੋਤਿ ਸਭ ਜੀਵਾਂ ਦੇ ਅੰਦਰ ਮੌਜੂਦ ਹੈ। ਪ੍ਰਭੂ ਦਾ ਹੁਕਮ ਹਰੇਕ ਜੀਵ ਦੇ ਉਤੇ ਸਦਾ ਅਟੱਲ ਹੈ ॥੧॥ ਰਹਾਉ ॥

ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥

ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਹੋਰ ਅਨੇਕਾਂ ਰਿਸ਼ੀ ਮੁਨੀ, ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ,

ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥

ਉਹੀ ਪਰਮਾਤਮਾ ਦੇ ਦਰ ਤੇ ਸੋਭਾ ਪਾਂਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨਦਾ ਹੈ (ਜੋ ਪਰਮਾਤਮਾ ਦੀ ਰਜ਼ਾ ਵਿਚ ਆਪਣੀ ਮਰਜ਼ੀ ਲੀਨ ਕਰਦਾ ਹੈ), ਆਪਣੀ ਮਨ-ਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੌਤੇ ਮਰਦੇ ਹਨ।

ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ ॥

ਅਸਾਂ ਗੁਰੂ ਦੀ ਰਾਹੀਂ ਇਹ ਵਿਚਾਰ (ਕੇ ਵੇਖ) ਲਿਆ ਹੈ ਕਿ ਜੰਗਮ ਹੋਣ, ਜੋਧੇ ਹੋਣ, ਜਤੀ ਹੋਣ, ਸੰਨਿਆਸੀ ਹੋਣ,

ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ ॥੨॥

ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਕਦੇ ਭੀ ਕੋਈ ਆਪਣੀ ਘਾਲ-ਕਮਾਈ ਦਾ ਫਲ ਪ੍ਰਾਪਤ ਨਹੀਂ ਕਰ ਸਕਦਾ। ਸੇਵਾ-ਸਿਮਰਨ ਹੀ ਸਭ ਤੋਂ ਸ੍ਰੇਸ਼ਟ ਕਰਣੀ ਹੈ ॥੨॥

ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ ॥

ਹੇ ਪ੍ਰਭੂ! ਗ਼ਰੀਬਾਂ ਵਾਸਤੇ ਤੇਰਾ ਨਾਮ ਖ਼ਜ਼ਾਨਾ ਹੈ (ਗ਼ਰੀਬ ਹੁੰਦਿਆਂ ਭੀ ਉਹ ਬਾਦਸ਼ਾਹਾਂ ਵਾਲਾ ਦਿਲ ਰੱਖਦੇ ਹਨ), ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਦਾ ਤੂੰ ਰਾਹਬਰ ਬਣਦਾ ਹੈਂ, ਜਿਨ੍ਹਾਂ ਨੂੰ ਕੋਈ ਮਾਣ-ਆਦਰ ਨਹੀਂ ਦੇਂਦਾ (ਨਾਮ- ਦਾਤ ਦੇ ਕੇ) ਉਹਨਾਂ ਨੂੰ (ਜਗਤ ਵਿਚ) ਆਦਰ ਦਿਵਾਂਦਾ ਹੈਂ।

ਅੰਧੁਲੈ ਮਾਣਕੁ ਗੁਰੁ ਪਕੜਿਆ ਨਿਤਾਣਿਆ ਤੂ ਤਾਣੁ ॥

ਜਿਸ ਭੀ (ਆਤਮਕ ਅੱਖਾਂ ਵਲੋਂ) ਅੰਨ੍ਹੇ ਨੇ ਗੁਰੂ-ਜੋਤੀ (ਦਾ ਪੱਲਾ) ਫੜਿਆ ਹੈ ਉਸ ਨਿਆਸਰੇ ਦਾ ਤੂੰ ਆਸਰਾ ਬਣ ਜਾਂਦਾ ਹੈਂ।

ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ ॥

ਹੋਮ ਜਪ ਆਦਿਕਾਂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਨਹੀਂ ਬਣਦੀ, ਗੁਰੂ ਦੀ ਦਿੱਤੀ ਮੱਤ ਤੇ ਤੁਰਿਆਂ ਉਹ ਸਦਾ-ਥਿਰ ਪ੍ਰਭੂ (ਜੀਵ ਦਾ) ਦਰਦੀ ਬਣ ਜਾਂਦਾ ਹੈ।

ਨਾਮ ਬਿਨਾ ਨਾਹੀ ਦਰਿ ਢੋਈ ਝੂਠਾ ਆਵਣ ਜਾਣੁ ॥੩॥

ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਸਹਾਰਾ ਨਹੀਂ ਮਿਲਦਾ, ਜੰਮਣ ਮਰਨ ਦਾ ਨਾਸਵੰਤ ਗੇੜ ਬਣਿਆ ਰਹਿੰਦਾ ਹੈ ॥੩॥

ਸਾਚਾ ਨਾਮੁ ਸਲਾਹੀਐ ਸਾਚੇ ਤੇ ਤ੍ਰਿਪਤਿ ਹੋਇ ॥

ਹੇ ਭਾਈ! ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਵਡਿਆਉਣਾ ਚਾਹੀਦਾ ਹੈ, ਸੱਚੇ ਨਾਮ ਦੀ ਹੀ ਬਰਕਤਿ ਨਾਲ ਸੰਤੋਖੀ ਜੀਵਨ ਮਿਲਦਾ ਹੈ।

ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥

ਪ੍ਰਭੂ ਦੀ ਡੂੰਘੀ ਸਾਂਝ-ਰੂਪ ਰਤਨ ਨਾਲ ਮਨ ਨੂੰ ਲਿਸ਼ਕਾਣਾ ਚਾਹੀਦਾ ਹੈ, ਮੁੜ ਇਹ (ਵਿਕਾਰਾਂ ਵਿਚ) ਮੈਲਾ ਨਹੀਂ ਹੁੰਦਾ।

ਜਬ ਲਗੁ ਸਾਹਿਬੁ ਮਨਿ ਵਸੈ ਤਬ ਲਗੁ ਬਿਘਨੁ ਨ ਹੋਇ ॥

ਪ੍ਰਭੂ-ਮਾਲਕ ਜਦ ਤਕ ਮਨ ਵਿਚ ਵੱਸਿਆ ਰਹਿੰਦਾ ਹੈ (ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੋਕ ਨਹੀਂ ਪੈਂਦੀ।

ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ ॥੪॥੧੦॥

ਹੇ ਨਾਨਕ! ਆਪਾ-ਭਾਵ ਗਵਾਇਆਂ ਹੀ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਮਨ ਵਿਚ ਤੇ ਸਰੀਰ ਵਿਚ ਟਿਕਿਆ ਰਹਿੰਦਾ ਹੈ ॥੪॥੧੦॥


ਮਾਰੂ ਮਹਲਾ ੧ ॥
ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ ॥

ਜਿਸ ਜੋਗੀ ਦੀ ਜੀਵਨ-ਜੁਗਤਿ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਹੈ, ਉਸ ਦੇ ਮਨ ਵਿਚ (ਵਿਕਾਰਾਂ ਵਾਲੀ) ਰਤਾ ਭੀ ਮੈਲ ਨਹੀਂ ਰਹਿ ਜਾਂਦੀ।

ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ ॥੧॥

ਸਭਨਾਂ ਦਾ ਪਿਆਰਾ, ਸਭਨਾਂ ਦਾ ਖਸਮ ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਉਸ (ਜੋਗੀ) ਦੇ ਹਿਰਦੇ ਵਿਚ ਵੱਸਦਾ ਹੈ (ਇਸ ਵਾਸਤੇ) ਜਨਮ ਮਰਨ ਦਾ ਗੇੜ ਪੈਦਾ ਕਰਨ ਵਾਲੀ ਉਸ ਦੀ ਆਤਮਕ ਅਵਸਥਾ ਮੁੱਕ ਜਾਂਦੀ ਹੈ ॥੧॥

ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥

ਹੇ ਧਰਤੀ ਦੇ ਖਸਮ-ਪ੍ਰਭੂ! ਤੇਰਾ ਕਕੋਈ ਖ਼ਾਸ ਨਾਮ ਹੈ ਤੇ ਤੇਰੀ ਕੋਈ ਖ਼ਾਸ ਜਾਤਿ ਹੈ?

ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥੧॥ ਰਹਾਉ ॥

ਜਦੋਂ ਤੂੰ ਮੈਨੂੰ ਅੰਤਰ ਆਤਮੇ ਚਰਨਾਂ ਵਿਚ ਸੱਦਦਾ ਹੈਂ (ਜੋੜਦਾ ਹੈਂ) ਤਦੋਂ ਮੈਂ (ਤੈਥੋਂ) ਇਹ ਭੇਦ ਦੀ ਗੱਲ ਪੁੱਛਦਾ ਹਾਂ (ਭਾਵ, ਜਦੋਂ ਤੂੰ ਆਪਣੀ ਮੇਹਰ ਨਾਲ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ ਤਦੋਂ ਮੈਨੂੰ ਸਮਝ ਆਉਂਦੀ ਹੈ ਕਿ ਨਾਹ ਕੋਈ ਤੇਰਾ ਖ਼ਾਸ ਨਾਮ ਹੈ ਅਤੇ ਨਾਹ ਹੀ ਤੇਰੀ ਕੋਈ ਖ਼ਾਸ ਜਾਤਿ ਹੈ) ॥੧॥ ਰਹਾਉ ॥

ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ ॥

ਉਹ ਬ੍ਰਾਹਮਣ ਬ੍ਰਹਮ (ਪਰਮਾਤਮਾ ਦਾ ਰੂਪ ਹੋ ਜਾਂਦਾ) ਹੈ ਜੋ ਪਰਮਾਤਮਾ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਇਸ਼ਨਾਨ ਕਰਾਂਦਾ ਹੈ ਜੋ ਸਦਾ ਪ੍ਰਭੂ ਦੇ ਗੁਣ ਗਾਂਦਾ ਹੈ (ਮਾਨੋ, ਫੁੱਲਾਂ) ਪੱਤ੍ਰਾਂ ਨਾਲ ਪ੍ਰਭੂ ਨੂੰ ਪੂਜਦਾ ਹੈ,

ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ ॥੨॥

ਜੋ ਸਿਰਫ਼ ਪਰਮਾਤਮਾ ਨੂੰ ਜੋ ਸਿਰਫ਼ ਪਰਮਾਤਮਾ ਦੇ ਨਾਮ ਨੂੰ (ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਜਿਸ ਨੂੰ) ਇਹ ਸਾਰਾ ਸੰਸਾਰ ਪ੍ਰਭੂ ਦੀ ਜੋਤਿ ਦਾ ਪਸਾਰਾ ਦਿੱਸਦਾ ਹੈ ॥੨॥

ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥

(ਜਿਉਂ ਜਿਉਂ) ਮੈਂ ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਬਣਾਂਦਾ ਹਾਂ, ਆਪਣੇ ਇਸ ਹਿਰਦੇ ਨੂੰ ਤੱਕੜੀ ਦਾ ਇਕ ਛਾਬਾ ਬਣਾਂਦਾ ਹਾਂ, (ਇਸ ਛਾਬੇ ਵਿਚ) ਅਤੁੱਲ ਪ੍ਰਭੂ ਦਾ ਨਾਮ ਤੋਲਦਾ ਹਾਂ,

ਏਕੋ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ ॥੩॥

(ਤੇ ਦੂਜੇ ਛਾਬੇ ਵਿਚ ਆਪਣੇ ਅੰਦਰੋਂ ਆਪਾ-ਭਾਵ ਕੱਢ ਕੇ ਰੱਖੀ ਜਾਂਦਾ ਹਾਂ, ਤਿਉਂ ਤਿਉਂ ਇਹ ਜਗਤ ਮੈਨੂੰ) ਇਕ ਹੱਟ ਦਿੱਸਦਾ ਹੈ ਜਿਥੇ ਸਾਰੇ ਹੀ ਜੀਵ ਇਕੋ ਕਿਸਮ ਦੇ (ਭਾਵ, ਪ੍ਰਭੂ-ਨਾਮ ਦੇ) ਵਣਜਾਰੇ ਦਿੱਸਦੇ ਹਨ ਤੇ ਸਭਨਾਂ ਦੇ ਸਿਰ ਉਤੇ (ਭਾਵ, ਸਭਨਾਂ ਨੂੰ ਜਿੰਦ-ਪਿੰਡ ਦੀ ਰਾਸਿ ਦੇਣ ਵਾਲਾ) ਸ਼ਾਹ ਪਰਮਾਤਮਾ ਆਪ ਹੈ ॥੩॥

ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥

(ਗੁਰ-ਸ਼ਬਦ ਦੀ ਬਰਕਤਿ ਨਾਲ) ਜਿਸ ਮਨੁੱਖ ਦੀ ਸੁਰਤ ਇਕ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ ਜੋ ਅੰਤਰ ਆਤਮੇ ਭਟਕਣਾ-ਰਹਿਤ ਹੋ ਜਾਂਦਾ ਹੈ ਉਸ ਨੂੰ ਸਹੀ ਜੀਵਨ-ਜੁਗਤਿ ਦੀ ਸਮਝ ਆ ਜਾਂਦੀ ਹੈ, ਸਤਿਗੁਰੂ ਉਸ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।

ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥੪॥

ਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦਾ ਹੈ (ਇਸ ਤਰ੍ਹਾਂ ਆਪਣੇ ਮਨ ਦੀ) ਭਟਕਣਾ ਮੁਕਾਂਦਾ ਹੈ ਤੇ ਦਿਨ ਰਾਤ ਸਦਾ ਦਾ ਸੇਵਕ ਬਣਿਆ ਰਹਿੰਦਾ ਹੈ ॥੪॥

ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥

(ਦੁਨੀਆ ਦੇ ਮਾਇਕ ਫੁਰਨਿਆਂ ਦੀ ਪਹੁੰਚ ਤੋਂ ਦੂਰ) ਉੱਚਾ ਉਹ ਚਿੱਤ-ਆਕਾਸ਼ ਹੈ (ਉਹ ਆਤਮਕ ਅਵਸਥਾ ਹੈ) ਜਿਥੇ ਸ੍ਰਿਸ਼ਟੀ ਦਾ ਪਾਲਕ ਪਰਮਾਤਮਾ ਵਸ ਸਕਦਾ ਹੈ; ਉਸ ਪ੍ਰਭੂ (ਦੇ ਮਿਲਾਪ) ਦਾ ਉਹ ਟਿਕਾਣਾ ਅਪਹੁੰਚ ਹੈ (ਕਿਉਂਕਿ ਜੀਵ ਮੁੜ ਮੁੜ ਮਾਇਆ ਵਲ ਪਰਤਦਾ ਰਹਿੰਦਾ ਹੈ)। ਫਿਰ ਭੀ ਗੁਰੂ ਦੀ ਰਾਹੀਂ ਉਸ ਟਿਕਾਣੇ ਦਾ ਵਸਨੀਕ ਬਣ ਜਾਈਦਾ ਹੈ।

ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥

ਨਾਨਕ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਜਗਤ ਦੇ ਮੋਹ ਤੋਂ ਉਪਰਾਮ ਹੋ ਗਿਆ ਹੈ, (ਇਸ ਤਰ੍ਹਾਂ) ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪ੍ਰਭੂ ਨੂੰ ਹੀ ਵੇਖਦਾ ਹੈ ॥੫॥੧੧॥


ਰਾਗੁ ਮਾਰੂ ਮਹਲਾ ੧ ਘਰੁ ੫ ॥

ਰਾਗ ਮਾਰੂ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਹਿਨਿਸਿ ਜਾਗੈ ਨੀਦ ਨ ਸੋਵੈ ॥

(ਨਾਮ-ਅੰਮ੍ਰਿਤ ਦਾ ਵਪਾਰੀ ਜੀਵ) ਦਿਨ ਰਾਤਿ ਸੁਚੇਤ ਰਹਿੰਦਾ ਹੈ। ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਸੌਂਦਾ ਨਹੀਂ।

ਸੋ ਜਾਣੈ ਜਿਸੁ ਵੇਦਨ ਹੋਵੈ ॥

ਨਾਮ-ਅੰਮ੍ਰਿਤ ਦੀ ਕਦਰ ਜਾਣਦਾ ਭੀ ਉਹੀ ਮਨੁੱਖ ਹੈ ਜਿਸ ਦੇ ਅੰਦਰ ਪਰਮਾਤਮਾ ਨਾਲੋਂ ਵਿਛੋੜੇ ਦੇ ਅਹਿਸਾਸ ਦੀ ਤੜਫ ਹੋਵੇ।

ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥੧॥

ਜਿਸ ਦੇ ਸਰੀਰ ਵਿਚ ਪ੍ਰਭੂ-ਪ੍ਰੇਮ ਦੇ ਤੀਰ ਲੱਗੇ ਹੋਣ। ਸਰੀਰਕ ਰੋਗਾਂ ਦਾ ਇਲਾਜ ਕਰਨ ਵਾਲਾ ਬੰਦਾ ਬਿਰਹੋਂ-ਰੋਗ ਦਾ ਇਲਾਜ ਕਰਨਾ ਨਹੀਂ ਜਾਣਦਾ ॥੧॥

ਜਿਸ ਨੋ ਸਾਚਾ ਸਿਫਤੀ ਲਾਏ ॥

ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੀ ਸਿਫ਼ਤ-ਸਾਲਾਹ ਵਿਚ ਜੋੜਦਾ ਹੈ,

ਗੁਰਮੁਖਿ ਵਿਰਲੇ ਕਿਸੈ ਬੁਝਾਏ ॥

ਅਤੇ ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਦੀ ਰਾਹੀਂ ਪਰਮਾਤਮਾ ਆਪਣੀ ਸਿਫ਼ਤ-ਸਾਲਾਹ ਦੀ ਕਦਰ ਸਮਝਾਂਦਾ ਹੈ,

ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ ॥

ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਕਦਰ ਉਹੀ ਬੰਦਾ ਜਾਣਦਾ ਹੈ ਕਿਉਂਕਿ ਉਹ ਇਸ ਨਾਮ-ਅੰਮ੍ਰਿਤ ਦਾ ਵਪਾਰੀ ਬਣ ਜਾਂਦਾ ਹੈ ॥੧॥ ਰਹਾਉ ॥

ਪਿਰ ਸੇਤੀ ਧਨ ਪ੍ਰੇਮੁ ਰਚਾਏ ॥

ਜਿਵੇਂ ਇਸਤ੍ਰੀ (ਆਪਣਾ ਆਪਾ ਵਾਰ ਕੇ) ਆਪਣੇ ਪਤੀ ਨਾਲ ਪਿਆਰ ਕਰਦੀ ਹੈ,

ਗੁਰ ਕੈ ਸਬਦਿ ਤਥਾ ਚਿਤੁ ਲਾਏ ॥

ਤਿਵੇਂ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦੀ ਹੈ,

ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸਨਾ ਤਿਖਾ ਨਿਵਾਰੀ ਜੀਉ ॥੨॥

ਉਹ ਜੀਵ-ਇਸਤ੍ਰੀ ਆਤਮਕ ਅਡੋਲਤਾ ਵਿਚ ਟਿਕ ਕੇ ਬਹੁਤ ਸੁਖੀ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਪਿਆਸ ਦੂਰ ਕਰ ਲੈਂਦੀ ਹੈ ॥੨॥

ਸਹਸਾ ਤੋੜੇ ਭਰਮੁ ਚੁਕਾਏ ॥

ਜੇਹੜੀ ਜੀਵ-ਇਸਤ੍ਰੀ ਸਹਿਮ-ਤੌਖ਼ਲਾ ਮੁਕਾਂਦੀ ਹੈ ਮਾਇਆ ਵਾਲੀ ਭਟਕਣਾ ਖ਼ਤਮ ਕਰਦੀ ਹੈ,

ਸਹਜੇ ਸਿਫਤੀ ਧਣਖੁ ਚੜਾਏ ॥

ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਧਣਖ (ਬਾਣ) ਕਸਦੀ ਹੈ,

ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥੩॥

ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦੀ ਹੈ ਆਪਣੇ ਮਨ ਨੂੰ ਵੱਸ ਵਿਚ ਰੱਖਦੀ ਹੈ ਉਹ ਸੁੰਦਰ ਜੀਵ-ਇਸਤ੍ਰੀ ਪ੍ਰਭੂ-ਮਿਲਾਪ ਦੇ ਆਸਰੇ ਵਾਲੀ ਹੋ ਜਾਂਦੀ ਹੈ (ਭਾਵ, ਪ੍ਰਭੂ-ਚਰਨਾਂ ਦਾ ਮਿਲਾਪ ਉਸ ਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ) ॥੩॥

ਹਉਮੈ ਜਲਿਆ ਮਨਹੁ ਵਿਸਾਰੇ ॥

ਜੇਹੜਾ ਜੀਵ ਹਉਮੈ ਵਿਚ ਸੜਿਆ ਰਹਿ ਕੇ (ਆਤਮਕ ਜੀਵਨ ਦੇ ਅੰਕੁਰ ਨੂੰ ਸਾੜ ਕੇ) ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦੇਂਦਾ ਹੈ।

ਜਮ ਪੁਰਿ ਵਜਹਿ ਖੜਗ ਕਰਾਰੇ ॥

ਉਸ ਨੂੰ ਜਮ ਦੇ ਸ਼ਹਿਰ ਵਿਚ ਕਰੜੇ ਖੰਡੇ ਵੱਜਦੇ ਹਨ (ਭਾਵ, ਇਤਨੇ ਆਤਮਕ ਕਲੇਸ਼ ਹੁੰਦੇ ਹਨ, ਮਾਨੋ, ਖੰਡਿਆਂ ਦੀਆਂ ਤਕੜੀਆਂ ਚੋਟਾਂ ਵੱਜ ਰਹੀਆਂ ਹਨ)।

ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥੪॥

ਉਸ ਵੇਲੇ (ਜਦੋਂ ਮਾਰ ਪੈ ਰਹੀ ਹੁੰਦੀ ਹੈ) ਤਰਲੇ ਲਿਆਂ ਨਾਮ (ਸਿਮਰਨ ਦਾ ਮੌਕਾ) ਨਹੀਂ ਮਿਲਦਾ। (ਹੇ ਜੀਵ! ਜੇ ਤੂੰ ਸਾਰੀ ਉਮਰ ਇਤਨਾ ਗ਼ਾਫ਼ਿਲ ਰਿਹਾ ਹੈਂ ਤਾਂ) ਉਹ ਭਾਰਾ ਦੁੱਖ ਪਿਆ ਸਹਾਰ (ਉਸ ਭਾਰੇ ਕਸ਼ਟ ਵਿਚੋਂ ਤੈਨੂੰ ਕੋਈ ਕੱਢ ਨਹੀਂ ਸਕਦਾ) ॥੪॥

ਮਾਇਆ ਮਮਤਾ ਪਵਹਿ ਖਿਆਲੀ ॥

ਹੇ ਜੀਵ! ਜੇ ਤੂੰ ਹੁਣ ਮਾਇਆ ਦੀ ਮਮਤਾ ਦੇ ਖ਼ਿਆਲਾਂ ਵਿਚ ਹੀ ਪਿਆ ਰਹੇਂਗਾ (ਜੇ ਤੂੰ ਸਾਰੀ ਉਮਰ ਮਾਇਆ ਜੋੜਨ ਦੇ ਆਹਰਾਂ ਵਿਚ ਹੀ ਰਹੇਂਗਾ, ਤਾਂ ਆਖ਼ਰ)

ਜਮ ਪੁਰਿ ਫਾਸਹਿਗਾ ਜਮ ਜਾਲੀ ॥

ਜਮ ਦੀ ਨਗਰੀ ਵਿਚ ਜਮ ਦੇ ਜਾਲ ਵਿਚ ਫਸੇਂਗਾ।

ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥੫॥

(ਉਸ ਵੇਲੇ) ਤੂੰ ਮੋਹ ਦੇ ਬੰਧਨ ਤੋੜ ਨਹੀਂ ਸਕੇਂਗਾ, (ਤਾਹੀਏਂ) ਤਦੋਂ ਜਮਰਾਜ ਤੇਰੀ ਬੇ-ਇੱਜ਼ਤੀ ਕਰੇਗਾ ॥੫॥

ਨਾ ਹਉ ਕਰਤਾ ਨਾ ਮੈ ਕੀਆ ॥

(ਪਰ, ਹੇ ਪ੍ਰਭੂ! ਤੇਰੀ ਮਾਇਆ ਦੇ ਟਾਕਰੇ ਤੇ ਮੈਂ ਕੀਹ ਵਿਚਾਰਾ ਹਾਂ? ਮਾਇਆ ਦੇ ਬੰਧਨਾਂ ਤੋਂ ਬਚਣ ਲਈ) ਨਾਹ ਹੀ ਮੈਂ ਹੁਣ ਕੁਝ ਕਰ ਰਿਹਾ ਹਾਂ, ਨਾਹ ਹੀ ਇਸ ਤੋਂ ਪਹਿਲਾਂ ਕੁਝ ਕਰ ਸਕਿਆ ਹਾਂ।

ਅੰਮ੍ਰਿਤੁ ਨਾਮੁ ਸਤਿਗੁਰਿ ਦੀਆ ॥

ਮੈਨੂੰ ਤਾਂ ਸਤਿਗੁਰੂ ਨੇ (ਮੇਹਰ ਕਰ ਕੇ) ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ।

ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ਨਾਨਕ ਸਰਣਿ ਤੁਮਾਰੀ ਜੀਉ ॥੬॥੧॥੧੨॥

ਜਿਸ ਨੂੰ ਤੂੰ (ਗੁਰੂ ਦੀ ਰਾਹੀਂ ਆਪਣਾ ਅੰਮ੍ਰਿਤ-ਨਾਮ) ਦੇਂਦਾ ਹੈਂ ਉਸ ਨੂੰ ਕੋਈ ਹੋਰ ਤਦਬੀਰ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਕਿ) ਮੈਂ ਤੇਰੀ ਸਰਨ ਆਇਆ ਹਾਂ ॥੬॥੧॥੧੨॥


ਮਾਰੂ ਮਹਲਾ ੩ ਘਰੁ ੧ ॥

ਰਾਗ ਮਾਰੂ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥

ਹੇ ਪ੍ਰਭੂ! (ਜਦੋਂ ਮੈਂ ਆਤਮਕ ਅਡੋਲਤਾ ਵਿਚ ਲੀਨ ਰਹਾਂਗਾ, ਤਾਂ) ਜਿੱਥੇ ਤੂੰ ਮੈਨੂੰ ਬਿਠਾਏਂਗਾ ਮੈਂ ਉਥੇ ਬੈਠਾ ਰਹਾਂਗਾ, ਜਿਥੇ ਤੂੰ ਮੈਨੂੰ ਭੇਜੇਂਗਾ ਮੈਂ ਉਥੇ ਜਾਵਾਂਗਾ (ਭਾਵ, ਮੈਂ ਹਰ ਵੇਲੇ ਤੇਰੀ ਰਜ਼ਾ ਵਿਚ ਰਹਾਂਗਾ)।

ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥

ਹੇ ਸੁਆਮੀ! ਸਾਰੀ ਸ੍ਰਿਸ਼ਟੀ ਵਿਚ ਮੈਨੂੰ ਤੂੰ ਹੀ ਇਕ ਪਾਤਿਸ਼ਾਹ (ਦਿੱਸੇਂਗਾ, ਤੇਰੀ ਵਿਆਪਕਤਾ ਦੇ ਕਾਰਨ ਧਰਤੀ ਦੇ) ਸਾਰੇ ਹੀ ਥਾਂ ਮੈਨੂੰ ਪਵਿੱਤਰ ਜਾਪਣਗੇ ॥੧॥

ਬਾਬਾ ਦੇਹਿ ਵਸਾ ਸਚ ਗਾਵਾ ॥

ਹੇ ਪ੍ਰਭੂ! ਤੂੰ (ਮੈਨੂੰ ਇਹ ਦਾਨ) ਦੇਹ ਕਿ ਮੈਂ ਤੇਰੀ ਸਾਧ ਸੰਗਤ ਵਿਚ ਟਿਕਿਆ ਰਹਾਂ,

ਜਾ ਤੇ ਸਹਜੇ ਸਹਜਿ ਸਮਾਵਾ ॥੧॥ ਰਹਾਉ ॥

ਜਿਸ ਦੀ ਬਰਕਤਿ ਨਾਲ ਮੈਂ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਾਂ ॥੧॥ ਰਹਾਉ ॥

ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ ॥

ਹਉਮੈ ਦੇ ਕਾਰਨ ਮਨੁੱਖ ਕਿਸੇ ਨੂੰ ਭੈੜਾ ਤੇ ਕਿਸੇ ਨੂੰ ਚੰਗਾ ਸਮਝਦਾ ਹੈ, ਇਹ ਹਉਮੈ ਹੀ ਸਾਰੇ ਵਿਕਾਰਾਂ ਦਾ ਮੂਲ ਬਣਦੀ ਹੈ।

ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥੨॥

(ਸਾਧ ਸੰਗਤ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਰਹਿਣ ਵਾਲੇ ਨੂੰ ਦਿੱਸਦਾ ਹੈ ਕਿ) ਇਹ ਭੀ ਖਸਮ-ਪ੍ਰਭੂ ਦਾ ਹੁਕਮ ਹੀ ਹੋ ਰਿਹਾ ਹੈ, ਇਹ ਹੁਕਮ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ ॥੨॥

ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ ॥

(ਸਾਰੀ ਸ੍ਰਿਸ਼ਟੀ ਵਿਚ) ਇਹ ਗੱਲ ਆਖੀ ਜਾ ਰਹੀ ਹੈ ਕਿ ਇੰਦ੍ਰਿਆਂ ਦੀ ਦੌੜ-ਭੱਜ ਬੜੀ ਬਲ ਵਾਲੀ ਹੈ; ਪਰ (ਕਾਮ-ਵਾਸਨਾ ਆਦਿਕ ਵਾਲੀ) ਇੰਦ੍ਰੀ ਭੀ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਤੋਂ ਨਹੀਂ ਬਣੀ।

ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥੩॥

(ਸਾਧ ਸੰਗਤ ਦੀ ਬਰਕਤਿ ਨਾਲ ਸਹਿਜ ਅਵਸਥਾ ਵਿਚ ਟਿਕਿਆ ਹੋਇਆ) ਕੋਈ ਵਿਰਲਾ ਮਨੁੱਖ ਇਉਂ ਸਮਝਦਾ ਹੈ ਕਿ ਸਾਰੇ ਕੌਤਕ ਕਰਤਾਰ ਆਪ ਹੀ ਕਰ ਰਿਹਾ ਹੈ ॥੩॥

ਗੁਰਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥

(ਸਾਧ ਸੰਗਤ ਵਿਚ ਰਹਿ ਕੇ ਜਦੋਂ) ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ) ਬਣ ਜਾਂਦਾ ਹੈ, ਤਦੋਂ (ਮਨੁੱਖ ਦੇ ਅੰਦਰੋਂ) ਮੇਰ-ਤੇਰ ਦੂਰ ਹੋ ਜਾਂਦੀ ਹੈ।

ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥੪॥

ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਮਨੁੱਖ ਉਸ ਨੂੰ ਠੀਕ ਮੰਨਦਾ ਹੈ, ਤੇ, ਉਸ ਦੀ ਆਤਮਕ ਮੌਤ ਵਾਲੀ ਫਾਹੀ ਕੱਟੀ ਜਾਂਦੀ ਹੈ ॥੪॥

ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ ॥

ਨਾਨਕ ਆਖਦਾ ਹੈ ਕਿ (ਸਾਧ ਸੰਗਤ ਦੀ ਬਰਕਤਿ ਨਾਲ) ਜਦੋਂ ਮਨੁੱਖ ਦੇ ਮਨ ਵਿਚ (ਵੱਸਦਾ) ਅਹੰਕਾਰ ਮੁੱਕ ਜਾਂਦਾ ਹੈ ਤਾਂ ਕੋਈ ਭੀ (ਉਸ ਪਾਸੋਂ ਉਸ ਦੇ ਮਾੜੇ ਕਰਮਾਂ ਦਾ) ਲੇਖਾ ਨਹੀਂ ਮੰਗ ਸਕਦਾ (ਕਿਉਂਕਿ ਉਸ ਦੇ ਅੰਦਰ ਕੋਈ ਭੈੜ ਰਹਿ ਹੀ ਨਹੀਂ ਜਾਂਦੇ)।

ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥੫॥੧॥

(ਸਾਧ ਸੰਗਤ ਵਿਚ ਰਹਿਣ ਵਾਲੇ ਬੰਦੇ) ਉਸ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ਜਿਸ ਦੀ ਹਜ਼ੂਰੀ ਵਿਚ ਧਰਮਰਾਜ ਭੀ ਆਖਦਾ ਰਹਿੰਦਾ ਹੈ-ਮੈਂ ਤੇਰੀ ਸਰਨ ਹਾਂ, ਮੈਂ ਤੇਰੀ ਸਰਨ ਹਾਂ ॥੫॥੧॥


ਮਾਰੂ ਮਹਲਾ ੩ ॥
ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥

(ਸਿਮਰਨ ਦਾ ਸਦਕਾ) ਜਨਮ ਮਰਨ (ਦਾ ਗੇੜ) ਨਹੀਂ ਰਹਿੰਦਾ, ਆਪਣੇ ਅਸਲ ਘਰ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਸੁਰਤ ਟਿਕੀ ਰਹਿੰਦੀ ਹੈ।

ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥

ਪਰ ਸਦਾ-ਥਿਰ ਪ੍ਰਭੂ ਦਾ ਇਹ ਨਾਮ-ਖ਼ਜ਼ਾਨਾ (ਉਸ ਨੇ ਆਪ ਹੀ) ਬਖ਼ਸ਼ਿਆ ਹੈ, ਉਹ ਪ੍ਰਭੂ ਆਪ ਹੀ ਜਾਣਦਾ ਹੈ (ਕਿ ਕੌਣ ਇਸ ਦਾਤ ਦੇ ਯੋਗ ਹੈ) ॥੧॥

ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥

ਹੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ। ਤੂੰ ਆਪਣੇ ਮਨ ਵਿਚੋਂ ਵਿਚਾਰ ਛੱਡ ਦੇਹ।

ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦਾ ਸਿਮਰਨ ਕਰਿਆ ਕਰ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਪਿਆਰ ਬਣੇਗਾ ॥੧॥ ਰਹਾਉ ॥

ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥

ਇਸ ਜਨਮ ਵਿਚ ਪ੍ਰਭੂ ਦੇ ਨਾਮ ਤੋਂ ਖੁੰਝੇ ਰਿਹਾਂ (ਇਹ ਮਨੁੱਖਾ ਜਨਮ ਲੱਭਣ ਵਾਸਤੇ) ਮੁੜ ਕਿਤੇ ਭੀ ਹੱਥ ਨਹੀਂ ਪੈ ਸਕਦਾ।

ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥

(ਨਾਮ ਤੋਂ ਖੁੰਝਿਆ ਬੰਦਾ) ਸਾਰੀਆਂ ਹੀ ਜੂਨਾਂ ਵਿਚ ਪਾਇਆ ਜਾਂਦਾ ਹੈ, ਉਹ ਸਦਾ ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ ॥੨॥

ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ ॥

ਹੇ ਮਾਂ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ।

ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥

ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਸਦਾ-ਥਿਰ ਪ੍ਰਭੂ ਉਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੩॥

ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥

ਹੇ ਨਾਨਕ! ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਉਤੇ) ਮਿਹਰ ਦੀ ਨਿਗਾਹ ਕਰਦਾ ਹੈ।

ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥

ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ (ਆਪਣੇ) ਨਾਮ ਵਿਚ (ਜੋੜ ਕੇ ਲੋਕ ਪਰਲੋਕ ਦੀਆਂ) ਵਡਿਆਈਆਂ ਦੇਂਦਾ ਹੈ ॥੪॥੨॥


ਮਾਰੂ ਮਹਲਾ ੩ ॥
ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥

ਹੇ ਪ੍ਰਭੂ ਜੀ! ਮੇਰੇ ਪਿਛਲੇ ਗੁਨਾਹ ਬਖ਼ਸ਼, ਹੁਣ ਤੂੰ ਮੈਨੂੰ ਸਹੀ ਰਸਤੇ ਉਤੇ ਤੋਰ;

ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥

ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰੀ ਦੇ ਚਰਨਾਂ ਵਿਚ ਟਿਕਿਆ ਰਹਾਂ ॥੧॥

ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥

ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਹਰੀ ਦਾ ਨਾਮ ਸਿਮਰਿਆ ਕਰ (ਤੇ, ਅਰਦਾਸ ਕਰਿਆ ਕਰ-ਹੇ ਪ੍ਰਭੂ! ਮਿਹਰ ਕਰ)

ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥

ਮੈਂ ਸਦਾ, ਹੇ ਹਰੀ! ਇਕਾਗ੍ਰ-ਚਿੱਤ ਹੋ ਕੇ ਇਕ ਤੇਰੇ ਹੀ ਪਿਆਰ ਵਿਚ ਟਿਕ ਕੇ ਤੇਰੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥

ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥

ਨਾਹ ਮੇਰੀ (ਕੋਈ ਉੱਚੀ) ਜਾਤਿ ਹੈ, ਨਾਹ (ਮੇਰੀ ਲੋਕਾਂ ਵਿਚ ਕੋਈ) ਇੱਜ਼ਤ ਹੈ, ਨਾਹ ਮੇਰੀ ਭੁਇੰ ਦੀ ਕੋਈ ਮਾਲਕੀ ਹੈ, ਨਾਹ ਮੇਰਾ ਕੋਈ ਘਰ-ਘਾਟ ਹੈ।

ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥

(ਮੈਨੂੰ ਨਿਮਾਣੇ ਨੂੰ) ਗੁਰੂ ਨੇ (ਆਪਣੇ) ਸ਼ਬਦ ਨਾਲ ਵਿੰਨ੍ਹ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ, ਮੈਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ ਕੇ ਪਰਮਾਤਮਾ ਦਾ ਨਾਮ ਦਿੱਤਾ ਹੈ ॥੨॥

ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥

(ਹਰਿ-ਨਾਮ ਤੋਂ ਖੁੰਝਿਆ ਹੋਇਆ) ਇਹ ਮਨ ਅਨੇਕਾਂ ਲਾਲਚ ਕਰਦਾ ਫਿਰਦਾ ਹੈ, (ਮਾਇਆ ਦੇ) ਲਾਲਚ ਵਿਚ ਲੱਗ ਕੇ ਭਟਕਦਾ ਹੈ।

ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥

(ਮਾਇਆ ਦੇ) ਕੂੜੇ ਧੰਧੇ ਵਿਚ ਫਸਿਆ ਹੋਇਆ ਆਤਮਕ ਮੌਤ ਵਿਚ ਪੈ ਕੇ (ਚਿੰਤਾ-ਫ਼ਿਕਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ ॥੩॥

ਨਾਨਕ ਸਭੁ ਕਿਛੁ ਆਪੇ ਆਪਿ ਹੈ ਦੂਜਾ ਨਾਹੀ ਕੋਇ ॥

(ਪਰ) ਹੇ ਨਾਨਕ! (ਜੀਆਂ ਦੇ ਕੀਹ ਵੱਸ? ਇਹ ਜੋ ਕੁਝ ਸਾਰਾ ਸੰਸਾਰ ਦਿੱਸ ਰਿਹਾ ਹੈ ਇਹ) ਸਭ ਕੁਝ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਬਿਨਾ (ਕਿਸੇ ਤੇ ਭੀ) ਕੋਈ ਹੋਰ ਨਹੀਂ ਹੈ।

ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥੪॥੩॥

ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਆਪਣੀ) ਭਗਤੀ ਦਾ ਖ਼ਜ਼ਾਨਾ ਉਸ ਨੇ ਆਪ ਹੀ ਬਖ਼ਸ਼ਿਆ ਹੈ (ਜਿਸ ਕਰਕੇ ਉਹਨਾਂ ਨੂੰ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੩॥


ਮਾਰੂ ਮਹਲਾ ੩ ॥
ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥

ਜਿਹੜੇ ਮਨੁੱਖ ਸਦਾ-ਥਿਰ ਪਰਮਾਤਮਾ (ਦੇ ਨਾਮ) ਵਿਚ (ਸਦਾ) ਰੰਗੇ ਰਹਿੰਦੇ ਹਨ ਉਹਨਾਂ ਦੀ ਭਾਲ ਕਰ (ਉਂਞ) ਉਹ ਜਗਤ ਵਿਚ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ।

ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥

ਉਹਨਾਂ ਨੂੰ ਮਿਲਿਆਂ ਪਰਮਾਤਮਾ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਈਦਾ ਹੈ (ਇੱਜ਼ਤ ਮਿਲਦੀ ਹੈ) ॥੧॥

ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥

ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ) ਹਿਰਦੇ ਵਿਚ (ਸਦਾ) ਯਾਦ ਕਰਦਾ ਰਹੁ।

ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥

(ਇਹੀ ਹੈ ਜੀਵਨ ਦਾ ਅਸਲ ਮਨੋਰਥ; ਬੇਸ਼ੱਕ) ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲੈ। ਗੁਰੂ ਪਾਸੋਂ ਇਹ ਨਾਮ ਦਾ ਸੌਦਾ ਲੱਭ ਲੈ ॥੧॥ ਰਹਾਉ ॥

ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ ॥

ਸਿਰਫ਼ ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਸਾਰੀ ਲੋਕਾਈ ਉਸ ਦੀ ਹੀ ਸੇਵਾ-ਭਗਤੀ ਕਰਦੀ ਹੈ, ਧੁਰੋਂ ਲਿਖੀ ਕਿਸਮਤ ਨਾਲ ਹੀ (ਉਸ ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ।

ਗੁਰਮੁਖਿ ਮਿਲੇ ਸੇ ਨ ਵਿਛੁੜਹਿ ਪਾਵਹਿ ਸਚੁ ਸੋਇ ॥੨॥

ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਉਸ ਦੇ ਚਰਨਾਂ ਵਿਚ) ਜੁੜਦੇ ਹਨ, ਉਹ (ਮੁੜ) ਨਹੀਂ ਵਿੱਛੁੜਦੇ, ਉਹ ਉਸ ਸਦਾ-ਥਿਰ ਪ੍ਰਭੂ (ਦਾ ਮਿਲਾਪ) ਪ੍ਰਾਪਤ ਕਰ ਲੈਂਦੇ ਹਨ ॥੨॥

ਇਕਿ ਭਗਤੀ ਸਾਰ ਨ ਜਾਣਨੀ ਮਨਮੁਖ ਭਰਮਿ ਭੁਲਾਇ ॥

ਕਈ ਐਸੇ ਬੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹ ਬੰਦੇ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ।

ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ ॥੩॥

(ਪਰ, ਹੇ ਭਾਈ!) ਉਹਨਾਂ (ਮਨਮੁਖਾਂ) ਦੇ ਅੰਦਰ (ਭੀ) ਪਰਮਾਤਮਾ ਆਪ ਹੀ ਵੱਸਦਾ ਹੈ (ਤੇ ਉਹਨਾਂ ਨੂੰ ਕੁਰਾਹੇ ਪਾਈ ਰੱਖਦਾ ਹੈ, ਸੋ ਉਸ ਦੇ ਉਲਟ) ਕੁਝ ਭੀ ਕੀਤਾ ਨਹੀਂ ਜਾ ਸਕਦਾ ॥੩॥

ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ ॥

(ਤਾਂ ਫਿਰ ਉਹਨਾਂ ਮਨਮੁਖਾਂ ਵਾਸਤੇ ਕੀਹ ਕੀਤਾ ਜਾਏ? ਇਹੀ ਕਿ) ਜਿਸ ਪਰਮਾਤਮਾ ਦੇ ਅੱਗੇ (ਜੀਵ ਦੀ ਕੋਈ) ਪੇਸ਼ ਨਹੀਂ ਜਾ ਸਕਦੀ, ਉਸ ਦੇ ਦਰ ਤੇ ਅਦਬ ਨਾਲ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ।

ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥੪॥੪॥

ਹੇ ਨਾਨਕ! ਜਦੋਂ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਨ ਵਿਚ ਵੱਸਦਾ ਹੈ ਤਦੋਂ ਉਹ ਪ੍ਰਭੂ (ਅਰਜ਼ੋਈ) ਸੁਣ ਕੇ ਆਦਰ ਦੇਂਦਾ ਹੈ ॥੪॥੪॥


ਮਾਰੂ ਮਹਲਾ ੩ ॥
ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥

ਹੇ ਮਨ! (ਪਰਮਾਤਮਾ ਦਾ ਸਿਮਰਨ) ਤਪਦੇ ਰੇਤ-ਥਲੇ (ਵਰਗੇ ਸੜਦੇ ਦਿਲ) ਨੂੰ ਸ਼ਾਂਤ ਕਰ ਦੇਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੂਰ (ਵਰਗੇ ਮਨ) ਤੋਂ ਸੋਨਾ (ਸੁੱਧ) ਬਣ ਜਾਂਦਾ ਹੈ।

ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥੧॥

ਹੇ ਮਨ! ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥

ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹੁ।

ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥੧॥ ਰਹਾਉ ॥

ਗੁਰੂ ਦੇ ਬਚਨ ਉਤੇ ਤੁਰ ਕੇ ਤੂੰ ਪ੍ਰਭੂ ਦਾ ਆਰਾਧਨ ਕਰਦਾ ਰਹੁ, ਹਰ ਵੇਲੇ ਪਰਮਾਤਮਾ ਦੇ ਗੁਣ ਗਾਇਆ ਕਰ ॥੧॥ ਰਹਾਉ ॥

ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥

ਹੇ ਮਨ! ਜਦੋਂ ਗੁਰੂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ (ਤਦੋਂ) ਗੁਰੂ ਦੀ ਰਾਹੀਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ।

ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥੨॥

ਹੇ ਮਨ! ਜਿਸ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ॥੨॥

ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ ॥

ਹੇ ਮਨ! ਜਿਹੜੇ ਬੰਦੇ ਗੁਰੂ ਨੂੰ ਛੱਡ ਕੇ (ਮਾਇਆ ਆਦਿਕ) ਹੋਰ ਹੋਰ (ਮੋਹ) ਵਿਚ ਲੱਗੇ ਰਹਿੰਦੇ ਹਨ ਉਹ ਪਰਲੋਕ ਵਿਚ ਜਾ ਕੇ ਕੀਹ ਕਰਨਗੇ?

ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੩॥

(ਅਜਿਹੇ ਬੰਦੇ ਤਾਂ) ਜਮਰਾਜ ਦੀ ਕਚਹਿਰੀ ਵਿਚ ਬੱਝੇ ਮਾਰੀਦੇ ਹਨ, ਅਜਿਹਾਂ ਨੂੰ ਤਾਂ ਬੜੀ ਸਜ਼ਾ ਮਿਲਦੀ ਹੈ ॥੩॥

ਮੇਰਾ ਪ੍ਰਭੁ ਵੇਪਰਵਾਹੁ ਹੈ ਨਾ ਤਿਸੁ ਤਿਲੁ ਨ ਤਮਾਇ ॥

ਹੇ ਨਾਨਕ! ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਪਰਮਾਤਮਾ ਨੂੰ ਕੋਈ ਰਤਾ ਜਿਤਨਾ ਭੀ ਲਾਲਚ ਨਹੀਂ (ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ; ਸੋ)

ਨਾਨਕ ਤਿਸੁ ਸਰਣਾਈ ਭਜਿ ਪਉ ਆਪੇ ਬਖਸਿ ਮਿਲਾਇ ॥੪॥੫॥

ਉਸ ਪਰਮਾਤਮਾ ਦੀ ਸਰਨ ਹੀ ਛੇਤੀ ਜਾ ਪਉ, (ਸਰਨ ਪਏ ਨੂੰ) ਉਹ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ ॥੪॥੫॥


ਮਾਰੂ ਮਹਲਾ ੪ ਘਰੁ ੨ ॥

ਰਾਗ ਮਾਰੂ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੇ ॥

ਹੇ ਮਨ! ਰਾਜਾ ਜਨਕ ਨੇ, ਸੁਕਦੇਵ ਰਿਸ਼ੀ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਇਹ ਪਰਮਾਤਮਾ ਦੀ ਸਰਨ ਆ ਪਏ;

ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ ॥

ਸੁਦਾਮਾ ਭਗਤੀ ਦੀ ਗ਼ਰੀਬੀ ਦੂਰ ਕਰ ਕੇ ਪ੍ਰਭੂ ਸੁਦਾਮੇ ਨੂੰ ਆ ਮਿਲਿਆ। ਇਹ ਸਭ ਭਗਤੀ-ਭਾਵਨਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘੇ।

ਭਗਤਿ ਵਛਲੁ ਹਰਿ ਨਾਮੁ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ ॥੧॥

ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਕਾਮਯਾਬ ਬਣਾਣ ਵਾਲਾ ਹੈ। (ਇਹ ਨਾਮ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਉਤੇ) ਗੁਰੂ ਦੀ ਰਾਹੀਂ ਮਿਹਰ ਕਰਦਾ ਹੈ ॥੧॥

ਮੇਰੇ ਮਨ ਨਾਮੁ ਜਪਤ ਉਧਰੇ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ) ਵਿਕਾਰਾਂ ਤੋਂ ਬਚ ਜਾਂਦੇ ਹਨ।

ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ ॥੧॥ ਰਹਾਉ ॥

ਧ੍ਰੂ ਭਗਤ, ਪ੍ਰਹਿਲਾਦ ਭਗਤ, ਦਾਸੀ ਦਾ ਪੁੱਤਰ ਬਿਦਰ-(ਇਹ ਸਾਰੇ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੧॥ ਰਹਾਉ ॥

ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਭਗਤ ਜਨ (ਇਸ ਨਾਮ ਦੀ ਬਰਕਤਿ ਨਾਲ ਹੀ) ਵਿਕਾਰਾਂ ਤੋਂ ਬਚਦੇ ਹਨ।

ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ ॥

ਨਾਮਦੇਵ ਬਚ ਗਿਆ, ਜੈਦੇਉ ਬਚ ਗਿਆ, ਕਬੀਰ ਬਚ ਗਿਆ, ਤ੍ਰਿਲੋਚਨ ਬਚ ਗਿਆ; ਨਾਮ ਦੀ ਬਰਕਤਿ ਨਾਲ (ਰਵਿਦਾਸ) ਚਮਾਰ ਦੇ ਸਾਰੇ ਪਾਪ ਦੂਰ ਹੋ ਗਏ।

ਗੁਰਮੁਖਿ ਨਾਮਿ ਲਗੇ ਸੇ ਉਧਰੇ ਸਭਿ ਕਿਲਬਿਖ ਪਾਪ ਟਰੇ ॥੨॥

ਹੇ ਮਨ! ਜਿਹੜੇ ਭੀ ਮਨੁੱਖ ਗੁਰੂ ਦੀ ਰਾਹੀਂ ਹਰਿ-ਨਾਮ ਵਿਚ ਲੱਗੇ ਉਹ ਸਭ ਵਿਕਾਰਾਂ ਤੋਂ ਬਚ ਗਏ, (ਉਹਨਾਂ ਦੇ) ਸਾਰੇ ਪਾਪ ਟਲ ਗਏ ॥੨॥

ਜੋ ਜੋ ਨਾਮੁ ਜਪੈ ਅਪਰਾਧੀ ਸਭਿ ਤਿਨ ਕੇ ਦੋਖ ਪਰਹਰੇ ॥

ਹੇ ਮਨ! ਜਿਹੜਾ ਜਿਹੜਾ ਵਿਕਾਰੀ ਬੰਦਾ (ਭੀ) ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ।

ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ ॥

(ਵੇਖ) ਵੇਸੁਆ ਦਾ ਸੰਗ ਕਰਨ ਵਾਲਾ ਅਜਾਮਲ ਜਦੋਂ ਮੂੰਹੋਂ ‘ਨਾਰਾਇਣ ਨਰਹਰੀ’ ਉਚਾਰਨ ਲੱਗ ਪਿਆ, ਤਾਂ ਉਹ ਵਿਕਾਰਾਂ ਤੋਂ ਬਚ ਗਿਆ।

ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ ॥੩॥

ਪਰਮਾਤਮਾ ਦਾ ਨਾਮ ਜਪਦਿਆਂ ਉਗ੍ਰਸੈਣ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ, ਪਰਮਾਤਮਾ ਨੇ ਉਸ ਦੇ ਬੰਧਨ ਤੋੜ ਕੇ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ੀ ॥੩॥

ਜਨ ਕਉ ਆਪਿ ਅਨੁਗ੍ਰਹੁ ਕੀਆ ਹਰਿ ਅੰਗੀਕਾਰੁ ਕਰੇ ॥

ਹੇ ਮਨ! ਪਰਮਾਤਮਾ ਆਪਣੇ ਭਗਤ ਉਤੇ (ਸਦਾ) ਆਪ ਮਿਹਰ ਕਰਦਾ ਆ ਰਿਹਾ ਹੈ, ਆਪਣੇ ਭਗਤ ਦਾ (ਸਦਾ) ਪੱਖ ਕਰਦਾ ਹੈ।

ਸੇਵਕ ਪੈਜ ਰਖੈ ਮੇਰਾ ਗੋਵਿਦੁ ਸਰਣਿ ਪਰੇ ਉਧਰੇ ॥

ਪਰਮਾਤਮਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ, ਜਿਹੜੇ ਭੀ ਉਸ ਦੀ ਸਰਨ ਪੈਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ।

ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਰਿਓ ਨਾਮੁ ਹਰੇ ॥੪॥੧॥

ਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ (ਦੀ ਨਿਗਾਹ) ਕੀਤੀ, ਉਸ ਨੇ ਉਸ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ॥੪॥੧॥


ਮਾਰੂ ਮਹਲਾ ੪ ॥
ਸਿਧ ਸਮਾਧਿ ਜਪਿਓ ਲਿਵ ਲਾਈ ਸਾਧਿਕ ਮੁਨਿ ਜਪਿਆ ॥

ਹੇ ਮਨ! ਸਿੱਧ ਸਮਾਧੀ ਲਾ ਕੇ ਸੁਰਤ ਜੋੜ ਕੇ ਜਪਦੇ ਰਹੇ, ਸਾਧਿਕ ਤੇ ਮੁਨੀ ਜਪਦੇ ਰਹੇ।

ਜਤੀ ਸਤੀ ਸੰਤੋਖੀ ਧਿਆਇਆ ਮੁਖਿ ਇੰਦ੍ਰਾਦਿਕ ਰਵਿਆ ॥

ਜਤੀਆਂ ਨੇ ਪ੍ਰਭੂ ਦਾ ਧਿਆਨ ਧਰਿਆ, ਸਤੀਆਂ ਨੇ ਸੰਤੋਖੀਆਂ ਨੇ ਧਿਆਨ ਧਰਿਆ, ਇੰਦ੍ਰ ਆਦਿਕ ਦੇਵਤਿਆਂ ਨੇ ਮੂੰਹੋਂ ਪ੍ਰਭੂ ਦਾ ਨਾਮ ਜਪਿਆ।

ਸਰਣਿ ਪਰੇ ਜਪਿਓ ਤੇ ਭਾਏ ਗੁਰਮੁਖਿ ਪਾਰਿ ਪਇਆ ॥੧॥

ਹੇ ਮਨ! ਜਿਹੜੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪਏ, ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਨਾਮ ਜਪਿਆ, ਉਹ ਪਰਮਾਤਮਾ ਨੂੰ ਪਿਆਰੇ ਲੱਗੇ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੧॥

ਮੇਰੇ ਮਨ ਨਾਮੁ ਜਪਤ ਤਰਿਆ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।

ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ ॥੧॥ ਰਹਾਉ ॥

ਧੰਨਾ ਜੱਟ ਪਾਰ ਲੰਘ ਗਿਆ, ਬਾਲਮੀਕ ਡਾਕੂ ਗੁਰੂ ਦੀ ਸਰਨ ਪੈ ਕੇ ਪਾਰ ਲੰਘ ਗਿਆ ॥੧॥ ਰਹਾਉ ॥

ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ ॥

ਹੇ ਮਨ! ਦੇਵਤਿਆਂ ਨੇ, ਮਨੁੱਖਾਂ ਨੇ, (ਸ਼ਿਵ ਜੀ ਦੇ ਉਪਾਸਕ-) ਗਣਾਂ ਨੇ, ਦੇਵਤਿਆਂ ਦੇ ਰਾਗੀਆਂ ਨੇ ਨਾਮ ਜਪਿਆ; ਵਿਚਾਰੇ ਧਰਮਰਾਜ ਨੇ ਹਰੀ ਦੇ ਗੁਣ ਗਾਏ।

ਸੰਕਰਿ ਬ੍ਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ ॥

ਸ਼ਿਵ ਨੇ, ਬ੍ਰਹਮਾ ਨੇ, ਦੇਵਤਿਆਂ ਨੇ ਮੂੰਹੋਂ ਹਰੀ ਦਾ ਨਾਮ ਜਪਿਆ।

ਹਰਿ ਹਰਿ ਨਾਮਿ ਜਿਨਾ ਮਨੁ ਭੀਨਾ ਤੇ ਗੁਰਮੁਖਿ ਪਾਰਿ ਪਇਆ ॥੨॥

ਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਗਿਆ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੨॥

ਕੋਟਿ ਕੋਟਿ ਤੇਤੀਸ ਧਿਆਇਓ ਹਰਿ ਜਪਤਿਆ ਅੰਤੁ ਨ ਪਾਇਆ ॥

ਹੇ ਮੇਰੇ ਮਨ! ਤੇਤੀ ਕ੍ਰੋੜ ਦੇਵਤਿਆਂ ਨੇ ਪਰਮਾਤਮਾ ਦਾ ਨਾਮ ਜਪਿਆ, ਹਰਿ-ਨਾਮ ਜਪਣ ਵਾਲਿਆਂ (ਦੀ ਗਿਣਤੀ) ਦਾ ਅੰਤ ਨਹੀਂ ਪਾਇਆ ਜਾ ਸਕਦਾ।

ਬੇਦ ਪੁਰਾਣ ਸਿਮ੍ਰਿਤਿ ਹਰਿ ਜਪਿਆ ਮੁਖਿ ਪੰਡਿਤ ਹਰਿ ਗਾਇਆ ॥

ਵੇਦ ਪੁਰਾਣ ਸਿਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਦੇ ਲਿਖਣ ਵਾਲਿਆਂ ਨੇ ਹਰਿ-ਨਾਮ ਜਪਿਆ, ਪੰਡਿਤਾਂ ਨੇ ਮੂੰਹੋਂ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ।

ਨਾਮੁ ਰਸਾਲੁ ਜਿਨਾ ਮਨਿ ਵਸਿਆ ਤੇ ਗੁਰਮੁਖਿ ਪਾਰਿ ਪਇਆ ॥੩॥

ਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਸਾਰੇ ਰਸਾਂ ਦਾ ਸੋਮਾ ਹਰਿ-ਨਾਮ ਟਿਕ ਗਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੩॥

ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ ॥

ਹੇ ਮੇਰੇ ਮਨ! ਬੇਅੰਤ ਰਚਨਾ ਦੇ ਮਾਲਕ ਪਰਮਾਤਮਾ ਦਾ ਨਾਮ ਜਿਨ੍ਹਾਂ ਪ੍ਰਾਣੀਆਂ ਨੇ ਜਪਿਆ ਹੈ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ।

ਗੋਬਿਦੁ ਕ੍ਰਿਪਾ ਕਰੇ ਥਾਇ ਪਾਏ ਜੋ ਹਰਿ ਪ੍ਰਭ ਮਨਿ ਭਾਇਆ ॥

ਜਿਹੜੇ ਪ੍ਰਾਣੀ ਪਰਮਾਤਮਾ ਦੇ ਮਨ ਵਿਚ ਭਾ ਜਾਂਦੇ ਹਨ, ਪਰਮਾਤਮਾ ਕਿਰਪਾ ਕਰ ਕੇ (ਉਹਨਾਂ ਦੀ ਸੇਵਾ-ਭਗਤੀ) ਪਰਵਾਨ ਕਰਦਾ ਹੈ।

ਗੁਰਿ ਧਾਰਿ ਕ੍ਰਿਪਾ ਹਰਿ ਨਾਮੁ ਦ੍ਰਿੜਾਇਓ ਜਨ ਨਾਨਕ ਨਾਮੁ ਲਇਆ ॥੪॥੨॥

ਹੇ ਨਾਨਕ! ਗੁਰੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, (ਉਹਨਾਂ ਨੇ ਹੀ) ਨਾਮ ਸਿਮਰਿਆ ਹੈ ॥੪॥੨॥


ਮਾਰੂ ਮਹਲਾ ੪ ਘਰੁ ੩ ॥

ਰਾਗ ਮਾਰੂ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਹਰਿ ਨਾਮੁ ਨਿਧਾਨੁ ਲੈ ਗੁਰਮਤਿ ਹਰਿ ਪਤਿ ਪਾਇ ॥

ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ; ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ਖ਼ਜ਼ਾਨਾ) ਹਾਸਲ ਕਰ, (ਜਿਸ ਦੇ ਪਾਸ ਇਹ ਖ਼ਜ਼ਾਨਾ ਹੁੰਦਾ ਹੈ, ਉਹ) ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ।

ਹਲਤਿ ਪਲਤਿ ਨਾਲਿ ਚਲਦਾ ਹਰਿ ਅੰਤੇ ਲਏ ਛਡਾਇ ॥

(ਇਹ ਖ਼ਜ਼ਾਨਾ) ਇਸ ਲੋਕ ਵਿਚ ਤੇ ਪਰਲੋਕ ਵਿਚ ਸਾਥ ਨਿਬਾਹੁੰਦਾ ਹੈ, ਤੇ ਅਖ਼ੀਰ ਵੇਲੇ ਭੀ ਪਰਮਾਤਮਾ (ਦੁੱਖਾਂ ਤੋਂ) ਬਚਾ ਲੈਂਦਾ ਹੈ।

ਜਿਥੈ ਅਵਘਟ ਗਲੀਆ ਭੀੜੀਆ ਤਿਥੈ ਹਰਿ ਹਰਿ ਮੁਕਤਿ ਕਰਾਇ ॥੧॥

ਜੀਵਨ ਦੇ ਜਿਸ ਇਸ ਰਸਤੇ ਵਿਚ ਪੱਤਣ ਤੋਂ ਲਾਂਭ ਦੇ ਬਿਖੜੇ ਰਸਤੇ ਹਨ, ਬੜੀਆਂ ਭੀੜੀਆਂ ਗਲੀਆਂ ਹਨ (ਜਿਨ੍ਹਾਂ ਵਿਚ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਂਦਾ ਹੈ) ਉਥੇ ਪਰਮਾਤਮਾ ਹੀ ਖ਼ਲਾਸੀ ਦਿਵਾਂਦਾ ਹੈ ॥੧॥

ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ ॥

ਹੇ ਮੇਰੇ ਸਤਿਗੁਰੂ! ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦੇਹ।

ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ ॥੧॥ ਰਹਾਉ ॥

ਹੇ ਮੇਰੀ ਮਾਂ! ਹਰੀ ਹੀ ਮੇਰੀ ਮਾਂ ਹੈ, ਹਰੀ ਹੀ ਮੇਰਾ ਪਿਉ ਹੈ, ਹਰੀ ਹੀ ਮੇਰੇ ਪੁੱਤਰ ਹਨ, ਹਰੀ ਹੀ ਮੇਰਾ ਸਨਬੰਧੀ ਹੈ। ਹੇ ਮਾਂ! ਹਰੀ ਤੋਂ ਬਿਨਾ ਹੋਰ ਕੋਈ ਮੇਰਾ (ਪੱਕਾ ਸਾਕ) ਨਹੀਂ ॥੧॥ ਰਹਾਉ ॥

ਮੈ ਹਰਿ ਬਿਰਹੀ ਹਰਿ ਨਾਮੁ ਹੈ ਕੋਈ ਆਣਿ ਮਿਲਾਵੈ ਮਾਇ ॥

ਪਰਮਾਤਮਾ ਦਾ ਨਾਮ ਹੀ ਮੇਰਾ (ਅਸਲ) ਪਿਆਰਾ (ਮਿੱਤਰ) ਹੈ। ਹੇ ਮਾਂ! ਜੇ ਕੋਈ (ਉਸ ਮਿੱਤਰ ਨੂੰ) ਲਿਆ ਕੇ (ਮੇਰੇ ਨਾਲ) ਮਿਲਾਪ ਕਰਾ ਸਕਦਾ ਹੋਵੇ,

ਤਿਸੁ ਆਗੈ ਮੈ ਜੋਦੜੀ ਮੇਰਾ ਪ੍ਰੀਤਮੁ ਦੇਇ ਮਿਲਾਇ ॥

ਮੈਂ ਉਸ ਅੱਗੇ ਨਿੱਤ ਅਰਜ਼ੋਈ ਕਰਦਾ ਰਹਾਂ, ਭਲਾ ਜਿ ਕਿਤੇ ਮੇਰਾ ਪ੍ਰੀਤਮ ਮੈਨੂੰ ਮਿਲਾ ਦੇਵੇ।

ਸਤਿਗੁਰੁ ਪੁਰਖੁ ਦਇਆਲ ਪ੍ਰਭੁ ਹਰਿ ਮੇਲੇ ਢਿਲ ਨ ਪਾਇ ॥੨॥

ਹੇ ਮਾਂ! ਗੁਰੂ ਹੀ ਦਇਆਵਾਨ ਪੁਰਖ ਹੈ ਜੋ ਹਰੀ ਪ੍ਰਭੂ ਨਾਲ ਮਿਲਾ ਦੇਂਦਾ ਹੈ ਤੇ ਰਤਾ ਢਿੱਲ ਨਹੀਂ ਪੈਂਦੀ ॥੨॥

ਜਿਨ ਹਰਿ ਹਰਿ ਨਾਮੁ ਨ ਚੇਤਿਓ ਸੇ ਭਾਗਹੀਣ ਮਰਿ ਜਾਇ ॥

ਜਿਨ੍ਹਾਂ ਮਨੁੱਖਾਂ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਹ ਬਦ-ਕਿਸਮਤ ਹਨ। (ਨਾਮ-ਹੀਣ ਮਨੁੱਖ) ਆਤਮਕ ਮੌਤੇ ਮਰਿਆ ਰਹਿੰਦਾ ਹੈ।

ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮਰਿ ਜੰਮਹਿ ਆਵੈ ਜਾਇ ॥

ਉਹ (ਨਾਮ ਤੋਂ ਸੱਖਣੇ) ਬੰਦੇ ਮੁੜ ਮੁੜ ਜੂਨਾਂ ਵਿਚ ਭਵਾਏ ਜਾਂਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਨਾਮ-ਹੀਣ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।

ਓਇ ਜਮ ਦਰਿ ਬਧੇ ਮਾਰੀਅਹਿ ਹਰਿ ਦਰਗਹ ਮਿਲੈ ਸਜਾਇ ॥੩॥

ਉਹ (ਨਾਮ ਤੋਂ ਵਾਂਜੇ ਹੋਏ) ਬੰਦੇ ਜਮਰਾਜ ਦੇ ਦਰ ਤੇ ਬੱਝੇ ਮਾਰੀ-ਕੁੱਟੀਦੇ ਹਨ। ਪ੍ਰਭੂ ਦੀ ਦਰਗਾਹ ਵਿਚ ਉਹਨਾਂ ਨੂੰ (ਇਹ) ਸਜ਼ਾ ਮਿਲਦੀ ਹੈ ॥੩॥

ਤੂ ਪ੍ਰਭੁ ਹਮ ਸਰਣਾਗਤੀ ਮੋ ਕਉ ਮੇਲਿ ਲੈਹੁ ਹਰਿ ਰਾਇ ॥

ਹੇ ਪਾਤਿਸ਼ਾਹ! ਤੂੰ ਸਾਡਾ ਮਾਲਕ ਹੈਂ, ਅਸੀਂ ਜੀਵ ਤੇਰੀ ਸਰਣ ਹਾਂ। ਹੇ ਪਾਤਿਸ਼ਾਹ! ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ।

ਹਰਿ ਧਾਰਿ ਕ੍ਰਿਪਾ ਜਗਜੀਵਨਾ ਗੁਰ ਸਤਿਗੁਰ ਕੀ ਸਰਣਾਇ ॥

ਹੇ ਹਰੀ! ਹੇ ਜਗਤ ਦੇ ਜੀਵਨ ਹਰੀ! (ਮੇਰੇ ਉਤੇ) ਮਿਹਰ ਕਰ, ਮੈਨੂੰ ਗੁਰੂ ਦੀ ਸਰਨ ਸਤਿਗੁਰੂ ਦੀ ਸਰਨ ਵਿਚ (ਸਦਾ ਰੱਖ)।

ਹਰਿ ਜੀਉ ਆਪਿ ਦਇਆਲੁ ਹੋਇ ਜਨ ਨਾਨਕ ਹਰਿ ਮੇਲਾਇ ॥੪॥੧॥੩॥

ਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਸ ਨੂੰ (ਗੁਰੂ ਦੀ ਸਰਨ ਵਿਚ ਰੱਖ ਕੇ) ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩॥


ਮਾਰੂ ਮਹਲਾ ੪ ॥
ਹਉ ਪੂੰਜੀ ਨਾਮੁ ਦਸਾਇਦਾ ਕੋ ਦਸੇ ਹਰਿ ਧਨੁ ਰਾਸਿ ॥

ਮੈਂ ਹਰਿ-ਨਾਮ ਸਰਮਾਏ ਦੀ ਭਾਲ ਕਰਦਾ ਫਿਰਦਾ ਹਾਂ। ਜੇ ਕੋਈ ਮੈਨੂੰ ਉਸ ਨਾਮ-ਧਨ ਨਾਮ-ਸਰਮਾਏ ਦੀ ਦੱਸ ਪਾ ਦੇਵੇ,

ਹਉ ਤਿਸੁ ਵਿਟਹੁ ਖਨ ਖੰਨੀਐ ਮੈ ਮੇਲੇ ਹਰਿ ਪ੍ਰਭ ਪਾਸਿ ॥

ਤੇ, ਮੈਨੂੰ ਹਰੀ-ਪ੍ਰਭੂ ਦੇ ਨਾਲ ਜੋੜ ਦੇਵੇ ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।

ਮੈ ਅੰਤਰਿ ਪ੍ਰੇਮੁ ਪਿਰੰਮ ਕਾ ਕਿਉ ਸਜਣੁ ਮਿਲੈ ਮਿਲਾਸਿ ॥੧॥

ਮੇਰੇ ਹਿਰਦੇ ਵਿਚ ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ। ਉਹ ਸੱਜਣ ਮੈਨੂੰ ਕਿਵੇਂ ਮਿਲੇ? ਮੈਂ ਉਸ ਨੂੰ ਕਿਵੇਂ ਮਿਲਾਂ? ॥੧॥

ਮਨ ਪਿਆਰਿਆ ਮਿਤ੍ਰਾ ਮੈ ਹਰਿ ਹਰਿ ਨਾਮੁ ਧਨੁ ਰਾਸਿ ॥

ਹੇ ਮੇਰੇ ਮਨ! ਹੇ ਪਿਆਰੇ ਮਿੱਤਰ! ਪਰਮਾਤਮਾ ਦਾ ਨਾਮ ਹੀ ਮੈਨੂੰ (ਅਸਲ) ਧਨ (ਅਸਲ) ਸਰਮਾਇਆ (ਜਾਪਦਾ ਹੈ)।

ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਧੀਰਕ ਹਰਿ ਸਾਬਾਸਿ ॥੧॥ ਰਹਾਉ ॥

ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਪਰਮਾਤਮਾ ਧੀਰਜ ਦੇਂਦਾ ਹੈ ਉਸ ਨੂੰ ਸ਼ਾਬਾਸ਼ ਦੇਂਦਾ ਹੈ ॥੧॥ ਰਹਾਉ ॥

ਹਰਿ ਹਰਿ ਆਪਿ ਮਿਲਾਇ ਗੁਰੁ ਮੈ ਦਸੇ ਹਰਿ ਧਨੁ ਰਾਸਿ ॥

ਹੇ ਹਰੀ! ਤੂੰ ਆਪ ਹੀ ਮੈਨੂੰ ਗੁਰੂ ਮਿਲਾ ਦੇਹ, ਤਾ ਕਿ ਗੁਰੂ ਮੈਨੂੰ ਤੇਰਾ ਨਾਮ-ਧਨ ਸਰਮਾਇਆ ਵਿਖਾ ਦੇਵੇ।

ਬਿਨੁ ਗੁਰ ਪ੍ਰੇਮੁ ਨ ਲਭਈ ਜਨ ਵੇਖਹੁ ਮਨਿ ਨਿਰਜਾਸਿ ॥

ਹੇ ਸੱਜਣੋ! ਆਪਣੇ ਮਨ ਵਿਚ ਨਿਰਣਾ ਕਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ।

ਹਰਿ ਗੁਰ ਵਿਚਿ ਆਪੁ ਰਖਿਆ ਹਰਿ ਮੇਲੇ ਗੁਰ ਸਾਬਾਸਿ ॥੨॥

ਪਰਮਾਤਮਾ ਨੇ ਗੁਰੂ ਵਿਚ ਆਪਣੇ ਆਪ ਨੂੰ ਰੱਖਿਆ ਹੋਇਆ ਹੈ, ਗੁਰੂ ਹੀ ਉਸ ਨਾਲ ਮਿਲਾਂਦਾ ਹੈ। ਗੁਰੂ ਦੀ ਵਡਿਆਈ ਕਰੋ ॥੨॥

ਸਾਗਰ ਭਗਤਿ ਭੰਡਾਰ ਹਰਿ ਪੂਰੇ ਸਤਿਗੁਰ ਪਾਸਿ ॥

ਪੂਰੇ ਗੁਰੂ ਦੇ ਕੋਲ ਪਰਮਾਤਮਾ ਦੀ ਭਗਤੀ ਦੇ ਸਮੁੰਦਰ ਭਗਤੀ ਦੇ ਖ਼ਜ਼ਾਨੇ ਮੌਜੂਦ ਹਨ।

ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ ॥

ਜਿਸ ਗੁਰਮੁਖ ਮਨੁੱਖ ਉਤੇ ਗੁਰੂ ਮਿਹਰਵਾਨ ਹੁੰਦਾ ਹੈ (ਇਹ ਖ਼ਜ਼ਾਨੇ) ਖੋਲ੍ਹ ਕੇ (ਉਸ ਨੂੰ) ਦੇ ਦੇਂਦਾ ਹੈ, ਮੂੰਹੋਂ ਉਸ ਨੂੰ ਉਪਦੇਸ਼ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰ ਰੱਬੀ ਨੂਰ ਪਰਗਟ ਹੋ ਜਾਂਦਾ ਹੈ।

ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ ॥੩॥

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਬਦ-ਕਿਸਮਤ ਹੁੰਦੀ ਹੈ, ਉਹ ਗੁਰੂ ਦੇ ਨੇੜੇ ਹੁੰਦਿਆਂ ਭੀ ਉਵੇਂ ਆਤਮਕ ਮੌਤੇ ਮਰੀ ਰਹਿੰਦੀ ਹੈ ਜਿਵੇਂ ਕੋਈ ਮਨੁੱਖ ਸਰੋਵਰ ਦੇ ਕੰਢੇ ਕੋਲ ਹੁੰਦਾ ਭੀ ਤਿਹਾਇਆ ਮਰ ਜਾਂਦਾ ਹੈ ॥੩॥

ਗੁਰੁ ਦਾਤਾ ਦਾਤਾਰੁ ਹੈ ਹਉ ਮਾਗਉ ਦਾਨੁ ਗੁਰ ਪਾਸਿ ॥

ਗੁਰੂ ਸਭ ਦਾਤਾਂ ਦੇਣ ਦੇ ਸਮਰੱਥ ਹੈ। ਮੈਂ ਗੁਰੂ ਪਾਸੋਂ ਇਹ ਖ਼ੈਰ ਮੰਗਦਾ ਹਾਂ,

ਚਿਰੀ ਵਿਛੁੰਨਾ ਮੇਲਿ ਪ੍ਰਭ ਮੈ ਮਨਿ ਤਨਿ ਵਡੜੀ ਆਸ ॥

ਕਿ ਮੈਨੂੰ ਚਿਰ ਤੋਂ ਵਿਛੁੜੇ ਹੋਏ ਨੂੰ ਪ੍ਰਭੂ ਮਿਲਾ ਦੇਵੇ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਇਹ ਬੜੀ ਤਾਂਘ ਹੈ।

ਗੁਰ ਭਾਵੈ ਸੁਣਿ ਬੇਨਤੀ ਜਨ ਨਾਨਕ ਕੀ ਅਰਦਾਸਿ ॥੪॥੨॥੪॥

ਹੇ ਗੁਰੂ! ਜੇ ਤੈਨੂੰ ਭਾਵੇ ਤਾਂ ਦਾਸ ਨਾਨਕ ਦੀ ਇਹ ਬੇਨਤੀ ਸੁਣ, ਅਰਦਾਸ ਸੁਣ ॥੪॥੨॥੪॥


ਮਾਰੂ ਮਹਲਾ ੪ ॥
ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ ॥

ਹੇ ਮਨ! ਸਦਾ ਹਰੀ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਰਹੁ। ਗੁਰੂ ਦੀ ਮੱਤ ਉਤੇ ਤੁਰਿਆਂ ਹੀ ਇਹ ਹਰਿ-ਕਥਾ ਹਿਰਦੇ ਵਿਚ ਟਿਕ ਸਕਦੀ ਹੈ।

ਜਪਿ ਹਰਿ ਹਰਿ ਕਥਾ ਵਡਭਾਗੀਆ ਹਰਿ ਉਤਮ ਪਦੁ ਨਿਰਬਾਣੀ ॥

ਹੇ ਵਡਭਾਗੀ ਮਨ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਕਰਦਾ ਰਹੁ, (ਇਸ ਤਰ੍ਹਾਂ) ਉੱਤਮ ਅਤੇ ਵਾਸਨਾ-ਰਹਿਤ ਆਤਮਕ ਦਰਜਾ ਮਿਲ ਜਾਂਦਾ ਹੈ।

ਗੁਰਮੁਖਾ ਮਨਿ ਪਰਤੀਤਿ ਹੈ ਗੁਰਿ ਪੂਰੈ ਨਾਮਿ ਸਮਾਣੀ ॥੧॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਸਤੇ) ਸਰਧਾ ਬਣੀ ਰਹਿੰਦੀ ਹੈ, ਪੂਰੇ ਗੁਰੂ ਦੀ ਰਾਹੀਂ ਉਹ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੧॥

ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ ॥

ਹੇ ਮੇਰੇ ਮਨ! ਮੈਨੂੰ ਆਪਣੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ।

ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥੧॥ ਰਹਾਉ ॥

ਹੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦਾ ਰਹੁ। ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਗੁਰੂ ਦੀ ਰਾਹੀਂ ਮਿਲਦੀ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ॥੧॥ ਰਹਾਉ ॥

ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥

ਮੈਂ ਆਪਣੇ ਮਨ ਨੂੰ ਆਪਣੇ ਤਨ ਨੂੰ ਖੋਜ ਕੇ ਭਾਲ ਕੀਤੀ ਹੈ ਕਿ ਕਿਸ ਤਰ੍ਹਾਂ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕੇ।

ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ ॥

ਸੰਤ ਜਨਾਂ ਨੂੰ ਮਿਲ ਕੇ (ਅਕੱਥ ਪ੍ਰਭੂ ਦਾ ਮਿਲਾਪ) ਹਾਸਲ ਹੋ ਸਕਦਾ ਹੈ; (ਸੰਤ ਜਨਾਂ ਪਾਸੋਂ) ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣ ਕੇ ਮਨ ਵਿਚ ਪਿਆਰੀ ਲੱਗਦੀ ਹੈ।

ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥੨॥

(ਸੰਤ-ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਆਸਰਾ ਬਣ ਗਿਆ ਹੈ। (ਗੁਰੂ ਹੀ) ਮੈਨੂੰ ਸੁਜਾਣ ਅਕਾਲ ਪੁਰਖ ਮਿਲਾ ਸਕਦਾ ਹੈ ॥੨॥

ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥

ਜਿਸ ਮਨੁੱਖ ਨੂੰ ਗੁਰੂ-ਪੁਰਖ ਨੇ ਪ੍ਰਭੂ-ਪੁਰਖ ਨਾਲ ਮਿਲਾ ਦਿੱਤਾ, (ਪ੍ਰਭੂ ਨੂੰ) ਮਿਲ ਕੇ ਉਸ ਦੀ ਸੁਰਤ ਸੁਰਤਾਂ ਦੇ ਮਾਲਕ-ਹਰੀ ਵਿਚ (ਸਦਾ ਲਈ) ਟਿਕ ਗਈ।

ਵਡਭਾਗੀ ਗੁਰੁ ਸੇਵਿਆ ਹਰਿ ਪਾਇਆ ਸੁਘੜ ਸੁਜਾਣੀ ॥

ਵਡ-ਭਾਗੀ ਮਨੁੱਖਾਂ ਨੇ ਗੁਰੂ ਦਾ ਆਸਰਾ ਲਿਆ, ਉਹਨਾਂ ਨੂੰ ਸੋਹਣਾ ਸੁਜਾਨ ਪਰਮਾਤਮਾ ਮਿਲ ਪਿਆ।

ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣਿ ਵਿਹਾਣੀ ॥੩॥

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬਦ-ਕਿਸਮਤ ਹੁੰਦੇ ਹਨ (ਛੁੱਟੜ ਇਸਤ੍ਰੀ ਦੀ ਰਾਤ ਵਾਂਗ ਉਹਨਾਂ ਦੀ) ਜ਼ਿੰਦਗੀ ਦੁੱਖਾਂ ਵਿਚ ਹੀ ਬੀਤਦੀ ਹੈ ॥੩॥

ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ ॥

ਹੇ ਪ੍ਰਭੂ! ਅਸੀਂ (ਜੀਵ) ਤੇਰੇ (ਦਰ ਦੇ) ਨਿਮਾਣੇ ਮੰਗਤੇ ਹਾਂ, ਸਾਡੇ ਮੂੰਹ ਵਿਚ (ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੇਹ।

ਸਤਿਗੁਰੁ ਮੇਰਾ ਮਿਤ੍ਰੁ ਪ੍ਰਭ ਹਰਿ ਮੇਲਹੁ ਸੁਘੜ ਸੁਜਾਣੀ ॥

ਹੇ ਹਰੀ! ਹੇ ਪ੍ਰਭੂ! ਮੈਨੂੰ ਸੋਹਣਾ ਸੁਜਾਨ ਮੇਰਾ ਮਿੱਤਰ ਗੁਰੂ ਮਿਲਾ।

ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥

ਹੇ ਦਾਸ ਨਾਨਕ! (ਆਖ) ਮੈਂ ਤੇਰੀ ਸਰਨ ਪਿਆ ਹਾਂ, ਮਿਹਰ ਕਰ, ਮੈਂ ਤੇਰੇ ਨਾਮ ਵਿਚ ਲੀਨ ਰਹਾਂ ॥੪॥੩॥੫॥


ਮਾਰੂ ਮਹਲਾ ੪ ॥
ਹਰਿ ਭਾਉ ਲਗਾ ਬੈਰਾਗੀਆ ਵਡਭਾਗੀ ਹਰਿ ਮਨਿ ਰਾਖੁ ॥

ਹੇ ਬੈਰਾਗੀ ਜੀਊੜੇ! ਵੱਡੇ ਭਾਗਾਂ ਨਾਲ (ਤੇਰੇ ਅੰਦਰ) ਪਰਮਾਤਮਾ ਦਾ ਪਿਆਰ ਬਣਿਆ ਹੈ, ਹੁਣ ਪਰਮਾਤਮਾ (ਦੇ ਨਾਮ) ਨੂੰ (ਆਪਣੇ) ਮਨ ਵਿਚ ਸਾਂਭ ਰੱਖ।

ਮਿਲਿ ਸੰਗਤਿ ਸਰਧਾ ਊਪਜੈ ਗੁਰਸਬਦੀ ਹਰਿ ਰਸੁ ਚਾਖੁ ॥

ਸੰਗਤ ਵਿਚ ਮਿਲ ਕੇ (ਹੀ ਨਾਮ ਜਪਣ ਦੀ) ਸਰਧਾ ਪੈਦਾ ਹੁੰਦੀ ਹੈ, (ਤੂੰ ਭੀ ਸੰਗਤ ਵਿਚ ਟਿਕ ਕੇ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਰਹੁ।

ਸਭੁ ਮਨੁ ਤਨੁ ਹਰਿਆ ਹੋਇਆ ਗੁਰਬਾਣੀ ਹਰਿ ਗੁਣ ਭਾਖੁ ॥੧॥

(ਜਿਹੜਾ ਮਨੁੱਖ ਨਾਮ-ਰਸ ਚੱਖਦਾ ਹੈ ਉਸ ਦਾ) ਉਸ ਦਾ ਤਨ ਮਨ ਹਰ ਵੇਲੇ ਖਿੜਿਆ ਰਹਿੰਦਾ ਹੈ। ਗੁਰੂ ਦੀ ਬਾਣੀ ਦੀ ਰਾਹੀਂ (ਤੂੰ ਭੀ) ਪਰਮਾਤਮਾ ਦੇ ਗੁਣ ਉਚਾਰਿਆ ਕਰ ॥੧॥

ਮਨ ਪਿਆਰਿਆ ਮਿਤ੍ਰਾ ਹਰਿ ਹਰਿ ਨਾਮ ਰਸੁ ਚਾਖੁ ॥

ਹੇ ਪਿਆਰੇ ਮਿੱਤਰ ਮਨ! ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਕਰ।

ਗੁਰਿ ਪੂਰੈ ਹਰਿ ਪਾਇਆ ਹਲਤਿ ਪਲਤਿ ਪਤਿ ਰਾਖੁ ॥੧॥ ਰਹਾਉ ॥

ਪਰਮਾਤਮਾ (ਦਾ ਨਾਮ) ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ (ਤੂੰ ਭੀ ਗੁਰੂ ਦੀ ਸਰਨ ਪਉ, ਅਤੇ) ਇਸ ਲੋਕ ਤੇ ਪਰਲੋਕ ਵਿਚ ਆਪਣੀ ਇਜ਼ਤ ਬਚਾ ਲੈ ॥੧॥ ਰਹਾਉ ॥

ਹਰਿ ਹਰਿ ਨਾਮੁ ਧਿਆਈਐ ਹਰਿ ਕੀਰਤਿ ਗੁਰਮੁਖਿ ਚਾਖੁ ॥

ਸਦਾ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ। (ਤੂੰ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ (ਦਾ ਸੁਆਦ) ਚੱਖਿਆ ਕਰ।

ਤਨੁ ਧਰਤੀ ਹਰਿ ਬੀਜੀਐ ਵਿਚਿ ਸੰਗਤਿ ਹਰਿ ਪ੍ਰਭ ਰਾਖੁ ॥

ਇਹ ਸਰੀਰ (ਮਾਨੋ) ਧਰਤੀ ਹੈ, (ਇਸ ਵਿਚ) ਪਰਮਾਤਮਾ (ਦਾ ਨਾਮ-ਬੀਜ) ਬੀਜਣਾ ਚਾਹੀਦਾ ਹੈ। ਸੰਗਤ ਵਿਚ (ਟਿਕੇ ਰਿਹਾਂ) ਪਰਮਾਤਮਾ ਆਪ (ਉਸ ਨਾਮ-ਖੇਤੀ ਦਾ) ਰਾਖਾ ਬਣਦਾ ਹੈ।

ਅੰਮ੍ਰਿਤੁ ਹਰਿ ਹਰਿ ਨਾਮੁ ਹੈ ਗੁਰਿ ਪੂਰੈ ਹਰਿ ਰਸੁ ਚਾਖੁ ॥੨॥

ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪੂਰੇ ਗੁਰੂ ਦੀ ਰਾਹੀਂ (ਤੂੰ ਭੀ) ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖਦਾ ਰਹੁ ॥੨॥

ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਤ੍ਰਿਸ਼ਨਾ (ਦੀ ਮੈਲ) ਨਾਲ ਲਿੱਬੜੇ ਰਹਿੰਦੇ ਹਨ, (ਉਹਨਾਂ ਤੇ) ਮਨ ਵਿਚ (ਮਾਇਆ ਦੀ ਹੀ) ਆਸਾ (ਟਿਕੀ ਰਹਿੰਦੀ ਹੈ), ਉਹ ਆਮ ਤੌਰ ਤੇ (ਮਾਇਆ ਦੀ ਖ਼ਾਤਰ) ਭਟਕਦੇ ਰਹਿੰਦੇ ਹਨ।

ਬਿਨੁ ਨਾਵੈ ਧ੍ਰਿਗੁ ਜੀਵਦੇ ਵਿਚਿ ਬਿਸਟਾ ਮਨਮੁਖ ਰਾਖੁ ॥

ਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ। ਮਨਮੁਖਾਂ ਦਾ ਟਿਕਾਣਾ (ਵਿਕਾਰਾਂ ਦੇ) ਗੰਦ ਵਿਚ ਹੀ ਰਹਿੰਦਾ ਹੈ।

ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ ਦੁਰਗੰਧ ਭਾਖੁ ॥੩॥

ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਅਨੇਕਾਂ ਜੂਨਾਂ ਵਿਚ ਭਵਾਏ ਜਾਂਦੇ ਹਨ (ਵਿਕਾਰਾਂ ਦਾ) ਗੰਦ (ਉਹਨਾਂ ਦੀ ਸਦਾ) ਖ਼ੁਰਾਕ ਹੈ ॥੩॥

ਤ੍ਰਾਹਿ ਤ੍ਰਾਹਿ ਸਰਣਾਗਤੀ ਹਰਿ ਦਇਆ ਧਾਰਿ ਪ੍ਰਭ ਰਾਖੁ ॥

ਹੇ ਹਰੀ! ਹੇ ਪ੍ਰਭੂ! ਮਿਹਰ ਕਰ, (ਸਾਡੀ) ਰੱਖਿਆ ਕਰ, ਅਸੀਂ ਤੇਰੀ ਸਰਨ ਆਏ ਹਾਂ, ਸਾਨੂੰ ਬਚਾ ਲੈ ਬਚਾ ਲੈ।

ਸੰਤਸੰਗਤਿ ਮੇਲਾਪੁ ਕਰਿ ਹਰਿ ਨਾਮੁ ਮਿਲੈ ਪਤਿ ਸਾਖੁ ॥

ਸੰਤਾਂ ਦੀ ਸੰਗਤ ਵਿਚ ਸਾਡਾ ਮਿਲਾਪ ਬਣਾਈ ਰੱਖ, (ਉਥੇ ਹੀ) ਹਰਿ-ਨਾਮ ਮਿਲਦਾ ਹੈ (ਜਿਸ ਨੂੰ ਨਾਮ ਮਿਲਦਾ ਹੈ ਉਸ ਨੂੰ ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।

ਹਰਿ ਹਰਿ ਨਾਮੁ ਧਨੁ ਪਾਇਆ ਜਨ ਨਾਨਕ ਗੁਰਮਤਿ ਭਾਖੁ ॥੪॥੪॥੬॥

ਹੇ ਦਾਸ ਨਾਨਕ! (ਸੰਤਾਂ ਦੀ ਸੰਗਤ ਵਿਚ ਹੀ) ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ। ਤੂੰ ਭੀ ਗੁਰੂ ਦੀ ਮੱਤ ਲੈ ਕੇ ਨਾਮ ਉਚਾਰਦਾ ਰਹੁ ॥੪॥੪॥੬॥


ਮਾਰੂ ਮਹਲਾ ੪ ਘਰੁ ੫ ॥

ਰਾਗ ਮਾਰੂ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਹਰਿ ਭਗਤਿ ਭਰੇ ਭੰਡਾਰਾ ॥

(ਗੁਰੂ ਦੇ ਪਾਸ) ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ,

ਗੁਰਮੁਖਿ ਰਾਮੁ ਕਰੇ ਨਿਸਤਾਰਾ ॥

ਪਰਮਾਤਮਾ ਗੁਰੂ ਦੀ ਰਾਹੀਂ (ਹੀ) ਪਾਰ-ਉਤਾਰਾ ਕਰਦਾ ਹੈ।

ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਸੋ ਹਰਿ ਕੇ ਗੁਣ ਗਾਵੈ ਜੀਉ ॥੧॥

ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥

ਹਰਿ ਹਰਿ ਕ੍ਰਿਪਾ ਕਰੇ ਬਨਵਾਲੀ ॥

ਜਿਸ ਮਨੁੱਖ ਉਤੇ ਹਰੀ-ਪਰਮਾਤਮਾ ਕਿਰਪਾ ਕਰਦਾ ਹੈ,

ਹਰਿ ਹਿਰਦੈ ਸਦਾ ਸਦਾ ਸਮਾਲੀ ॥

ਉਹ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।

ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥੧॥ ਰਹਾਉ ॥

ਹੇ ਮੇਰੀ ਜਿੰਦੇ! ਤੂੰ ਭੀ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ। ਪ੍ਰਭੂ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਕਰਾਂਦਾ ਹੈ ॥੧॥ ਰਹਾਉ ॥

ਸੁਖ ਸਾਗਰੁ ਅੰਮ੍ਰਿਤੁ ਹਰਿ ਨਾਉ ॥

ਤੇਰਾ ਨਾਮ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਆਤਮਕ ਜੀਵਨ ਦੇਣ ਵਾਲਾ ਹੈ।

ਮੰਗਤ ਜਨੁ ਜਾਚੈ ਹਰਿ ਦੇਹੁ ਪਸਾਉ ॥

(ਤੇਰਾ) ਦਾਸ ਮੰਗਤਾ (ਬਣ ਕੇ ਤੇਰੇ ਦਰ ਤੋਂ) ਮੰਗਦਾ ਹੈ। ਹੇ ਹਰੀ! ਮਿਹਰ ਕਰ (ਆਪਣਾ ਨਾਮ) ਦੇਹ।

ਹਰਿ ਸਤਿ ਸਤਿ ਸਦਾ ਹਰਿ ਸਤਿ ਹਰਿ ਸਤਿ ਮੇਰੈ ਮਨਿ ਭਾਵੈ ਜੀਉ ॥੨॥

ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਕਾਇਮ ਰਹਿਣ ਵਾਲਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥੨॥

ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥

(ਮਨੁੱਖਾ ਸਰੀਰ ਵਿਚ ਨੱਕ ਕੰਨ ਆਦਿਕ ਨੌ ਛੇਕ ਹਨ, ਇਹ) ਨੌ ਹੀ ਛੇਕ ਸਿੰਮਦੇ ਰਹਿੰਦੇ ਹਨ (ਅਤੇ ਵਿਕਾਰ-ਵਾਸਨਾ ਆਦਿਕ ਦੇ ਕਾਰਨ) ਅਪਵਿੱਤਰ ਭੀ ਹਨ।

ਬੋਲਿ ਹਰਿ ਨਾਮ ਪਵਿਤ੍ਰ ਸਭਿ ਕਿਤਾ ॥

(ਜਿਹੜਾ ਮਨੁੱਖ ਹਰਿ-ਨਾਮ ਉਚਾਰਦਾ ਹੈ) ਹਰਿ-ਨਾਮ ਉਚਾਰ ਕੇ ਉਸ ਨੇ ਇਹ ਸਾਰੇ ਪਵਿੱਤਰ ਕਰ ਲਏ ਹਨ।

ਜੇ ਹਰਿ ਸੁਪ੍ਰਸੰਨੁ ਹੋਵੈ ਮੇਰਾ ਸੁਆਮੀ ਹਰਿ ਸਿਮਰਤ ਮਲੁ ਲਹਿ ਜਾਵੈ ਜੀਉ ॥੩॥

ਜੇ ਮੇਰਾ ਮਾਲਕ-ਪ੍ਰਭੂ ਕਿਸੇ ਜੀਵ ਉਤੇ ਦਇਆਵਾਨ ਹੋ ਜਾਏ, ਤਾ ਹਰਿ-ਨਾਮ ਸਿਮਰਦਿਆਂ (ਉਸ ਦੇ ਇਹਨਾਂ ਇੰਦ੍ਰਿਆਂ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ ॥੩॥

ਮਾਇਆ ਮੋਹੁ ਬਿਖਮੁ ਹੈ ਭਾਰੀ ॥

ਸੰਸਾਰ-ਸਮੁੰਦਰ (ਵਿਚ) ਮਾਇਆ ਦਾ ਮੋਹ ਬਹੁਤ ਹੀ ਕਠਿਨ ਹੈ।

ਕਿਉ ਤਰੀਐ ਦੁਤਰੁ ਸੰਸਾਰੀ ॥

ਇਸ ਤੋਂ ਪਾਰ ਲੰਘਣਾ ਔਖਾ ਹੈ। ਫਿਰ ਇਸ ਤੋਂ ਕਿਵੇਂ ਪਾਰ ਲੰਘਿਆ ਜਾਏ?

ਸਤਿਗੁਰੁ ਬੋਹਿਥੁ ਦੇਇ ਪ੍ਰਭੁ ਸਾਚਾ ਜਪਿ ਹਰਿ ਹਰਿ ਪਾਰਿ ਲੰਘਾਵੈ ਜੀਉ ॥੪॥

ਗੁਰੂ ਜਹਾਜ਼ (ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਜਿਸ ਮਨੁੱਖ ਨੂੰ ਇਹ ਜਹਾਜ਼) ਦੇ ਦੇਂਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ, ਤੇ ਗੁਰੂ ਉਸ ਨੂੰ ਪਾਰ ਲੰਘਾ ਦੇਂਦਾ ਹੈ ॥੪॥

ਤੂ ਸਰਬਤ੍ਰ ਤੇਰਾ ਸਭੁ ਕੋਈ ॥

ਹੇ ਪ੍ਰਭੂ! ਤੂੰ ਹਰ ਥਾਂ ਵੱਸਦਾ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।

ਜੋ ਤੂ ਕਰਹਿ ਸੋਈ ਪ੍ਰਭ ਹੋਈ ॥

ਹੇ ਪ੍ਰਭੂ! ਜੋ ਕੁਝ ਕਰਦਾ ਹੈਂ ਉਹੀ ਹੁੰਦਾ ਹੈ।

ਜਨੁ ਨਾਨਕੁ ਗੁਣ ਗਾਵੈ ਬੇਚਾਰਾ ਹਰਿ ਭਾਵੈ ਹਰਿ ਥਾਇ ਪਾਵੈ ਜੀਉ ॥੫॥੧॥੭॥

ਪ੍ਰਭੂ ਦਾ ਦਾਸ ਗਰੀਬ ਨਾਨਕ ਪ੍ਰਭੂ ਦੇ ਗੁਣ ਗਾਂਦਾ ਹੈ, ਜੇ ਉਸ ਨੂੰ (ਇਹ ਕੰਮ) ਪਸੰਦ ਆ ਜਾਏ ਤਾਂ ਉਹ ਇਸ ਨੂੰ ਪਰਵਾਨ ਕਰ ਲੈਂਦਾ ਹੈ ॥੫॥੧॥੭॥


Raag Maru Bani

ਮਾਰੂ ਮਹਲਾ ੪ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ,

ਸਭਿ ਕਿਲਵਿਖ ਕਾਟੈ ਹਰਿ ਤੇਰੇ ॥

ਪਰਮਾਤਮਾ ਤੇਰੇ ਸਾਰੇ ਪਾਪ ਕੱਟ ਸਕਦਾ ਹੈ।

ਹਰਿ ਧਨੁ ਰਾਖਹੁ ਹਰਿ ਧਨੁ ਸੰਚਹੁ ਹਰਿ ਚਲਦਿਆ ਨਾਲਿ ਸਖਾਈ ਜੀਉ ॥੧॥

ਹੇ ਮਨ! ਹਰਿ-ਨਾਮ ਦਾ ਧਨ ਸਾਂਭ ਕੇ ਰੱਖ, ਹਰਿ-ਨਾਮ-ਧਨ ਇਕੱਠਾ ਕਰਦਾ ਰਹੁ, ਇਹੀ ਧਨ ਹਰ ਵੇਲੇ ਮਨੁੱਖ ਦੇ ਨਾਲ ਮਦਦਗਾਰ ਬਣਦਾ ਹੈ ॥੧॥

ਜਿਸ ਨੋ ਕ੍ਰਿਪਾ ਕਰੇ ਸੋ ਧਿਆਵੈ ॥

ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਨੂੰ ਧਿਆਉਂਦਾ ਹੈ।

ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ ॥

ਉਹ ਮਨੁੱਖ ਸਦਾ ਹਰਿ-ਨਾਮ ਦਾ ਜਾਪ ਜਪਦਾ ਹੈ ਅਤੇ ਹਰਿ-ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ।

ਗੁਰਪਰਸਾਦੀ ਹਰਿ ਰਸੁ ਆਵੈ ਜਪਿ ਹਰਿ ਹਰਿ ਪਾਰਿ ਲੰਘਾਈ ਜੀਉ ॥੧॥ ਰਹਾਉ ॥

ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਹਰਿ-ਨਾਮ ਦਾ ਸੁਆਦ ਆਉਂਦਾ ਹੈ ਉਹ ਹਰਿ-ਨਾਮ ਸਦਾ ਜਪ ਕੇ (ਆਪਣੀ ਜੀਵਨ-ਬੇੜੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਨਿਰਭਉ ਨਿਰੰਕਾਰੁ ਸਤਿ ਨਾਮੁ ॥

ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਦੀ ਕੋਈ ਖ਼ਾਸ ਸ਼ਕਲ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ।

ਜਗ ਮਹਿ ਸ੍ਰੇਸਟੁ ਊਤਮ ਕਾਮੁ ॥

(ਉਸ ਦਾ ਨਾਮ ਜਪਣਾ) ਦੁਨੀਆ ਵਿਚ (ਹੋਰ ਸਾਰੇ ਕੰਮ ਨਾਲੋਂ) ਵਧੀਆ ਤੇ ਚੰਗਾ ਕੰਮ ਹੈ।

ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਨ ਜਾਈ ਜੀਉ ॥੨॥

(ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਵੈਰੀ ਜਮਦੂਤਾਂ ਨੂੰ ਆਤਮਕ ਮੌਤ ਨੂੰ ਜ਼ਰੂਰ ਉੱਕਾ ਹੀ ਮਾਰ ਸਕਦਾ ਹੈ। ਇਹ ਆਤਮਕ ਮੌਤ ਪਰਮਾਤਮਾ ਦੀ ਸੇਵਾ-ਭਗਤੀ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੀ ॥੨॥

ਜਿਸੁ ਉਪਰਿ ਹਰਿ ਕਾ ਮਨੁ ਮਾਨਿਆ ॥

ਜਿਸ ਸੇਵਕ ਉੱਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ,

ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ ॥

ਉਹ ਸੇਵਕ ਸਦਾ ਲਈ ਸਾਰੇ ਸੰਸਾਰ ਵਿਚ ਸੋਭਾ ਵਾਲਾ ਹੋ ਜਾਂਦਾ ਹੈ।

ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸੁ ਜਮਕੰਕਰੁ ਖਾਈ ਜੀਉ ॥੩॥

ਜੇ ਕੋਈ ਮੰਦ-ਕਰਮੀ ਉਸ ਸੇਵਕ ਦੀ ਬਖ਼ੀਲੀ ਕਰੇ, ਉਸ ਨੂੰ ਜਮਦੂਤ ਖਾ ਜਾਂਦਾ ਹੈ। (ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ) ॥੩॥

ਸਭ ਮਹਿ ਏਕੁ ਨਿਰੰਜਨ ਕਰਤਾ ॥

(ਸਭ ਜੀਵਾਂ ਵਿਚ ਇਕੋ ਨਿਰਲੇਪ ਕਰਤਾਰ ਵੱਸ ਰਿਹਾ ਹੈ,

ਸਭਿ ਕਰਿ ਕਰਿ ਵੇਖੈ ਅਪਣੇ ਚਲਤਾ ॥

ਆਪਣੇ ਸਾਰੇ ਚੋਜ-ਤਮਾਸ਼ੇ ਕਰ ਕਰ ਕੇ ਉਹ ਆਪ ਹੀ ਵੇਖ ਰਿਹਾ ਹੈ।

ਜਿਸੁ ਹਰਿ ਰਾਖੈ ਤਿਸੁ ਕਉਣੁ ਮਾਰੈ ਜਿਸੁ ਕਰਤਾ ਆਪਿ ਛਡਾਈ ਜੀਉ ॥੪॥

ਕਰਤਾਰ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ, ਕਰਤਾਰ ਜਿਸ ਨੂੰ ਆਪ ਬਚਾਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ॥੪॥

ਹਉ ਅਨਦਿਨੁ ਨਾਮੁ ਲਈ ਕਰਤਾਰੇ ॥

ਮੈਂ ਹਰ ਵੇਲੇ (ਉਸ) ਕਰਤਾਰ ਦਾ ਨਾਮ ਜਪਦਾ ਹਾਂ,

ਜਿਨਿ ਸੇਵਕ ਭਗਤ ਸਭੇ ਨਿਸਤਾਰੇ ॥

ਜਿਸ ਨੇ ਆਪਣੇ ਸਾਰੇ ਸੇਵਕ-ਭਗਤ ਸੰਸਾਰ-ਸਮੁੰਦਰ ਤੋਂ (ਸਦਾ ਹੀ) ਪਾਰ ਲੰਘਾਏ ਹਨ।

ਦਸ ਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ ॥੫॥੨॥੮॥

ਹੇ ਦਾਸ ਨਾਨਕ! ਅਠਾਰਾਂ ਪੁਰਾਣ ਚਾਰ ਵੇਦ (ਆਦਿਕ ਧਰਮ-ਪੁਸਤਕਾਂ) ਨੂੰ ਪੁੱਛ ਵੇਖੋ (ਉਹ ਭੀ ਇਹੀ ਆਖਦੇ ਹਨ ਕਿ) ਪਰਮਾਤਮਾ ਦਾ ਨਾਮ ਹੀ ਜੀਵ ਨੂੰ ਬਚਾਂਦਾ ਹੈ ॥੫॥੨॥੮॥


ਮਾਰੂ ਮਹਲਾ ੫ ਘਰੁ ੨ ॥

ਰਾਗ ਮਾਰੂ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਡਰਪੈ ਧਰਤਿ ਅਕਾਸੁ ਨਖ੍ਹੜ੍ਰਾ ਸਿਰ ਊਪਰਿ ਅਮਰੁ ਕਰਾਰਾ ॥

ਧਰਤੀ, ਆਕਾਸ਼, ਤਾਰੇ-ਇਹਨਾਂ ਸਭਨਾਂ ਦੇ ਸਿਰ ਉੱਤੇ ਪਰਮਾਤਮਾ ਦਾ ਕਰੜਾ ਹੁਕਮ ਚੱਲ ਰਿਹਾ ਹੈ (ਇਹਨਾਂ ਵਿਚੋਂ ਕੋਈ ਭੀ) ਰਜ਼ਾ ਤੋਂ ਆਕੀ ਨਹੀਂ ਹੋ ਸਕਦਾ।

ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰੁ ਬਿਚਾਰਾ ॥੧॥

ਹਵਾ, ਪਾਣੀ, ਅੱਗ (ਆਦਿਕ ਹਰੇਕ ਤੱਤ) ਰਜ਼ਾ ਵਿਚ ਤੁਰ ਰਿਹਾ ਹੈ। ਨਿਮਾਣਾ ਇੰਦਰ (ਭੀ) ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ (ਭਾਵੇਂ ਲੋਕਾਂ ਦੇ ਖ਼ਿਆਲ ਅਨੁਸਾਰ ਉਹ ਸਾਰੇ ਦੇਵਤਿਆਂ ਦਾ ਰਾਜਾ ਹੈ) ॥੧॥

ਏਕਾ ਨਿਰਭਉ ਬਾਤ ਸੁਨੀ ॥

(ਅਸਾਂ) ਇੱਕੋ ਗੱਲ ਸੁਣੀ ਹੋਈ ਹੈ ਜੋ ਮਨੁੱਖ ਨੂੰ ਡਰਾਂ ਤੋਂ ਰਹਿਤ ਕਰ ਦੇਂਦੀ ਹੈ,

ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥੧॥ ਰਹਾਉ ॥

(ਉਹ ਇਹ ਹੈ ਕਿ) ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਅਤੇ ਰਜ਼ਾ ਅਨੁਸਾਰ ਜੀਊਣਾ ਸਿੱਖ ਲੈਂਦਾ ਹੈ) ਉਹ ਸੁਖੀ ਜੀਵਨ ਵਾਲਾ ਹੈ ਉਹ ਸਦਾ ਸੌਖਾ ਰਹਿੰਦਾ ਹੈ ॥੧॥ ਰਹਾਉ ॥

ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥

ਸਾਰੇ ਜੀਵ ਅਤੇ ਦੇਵਤੇ ਹੁਕਮ ਵਿਚ ਤੁਰ ਰਹੇ ਹਨ, ਸਿੱਧ ਅਤੇ ਸਾਧਿਕ ਭੀ (ਹੁਕਮ ਅੱਗੇ) ਥਰ ਥਰ ਕੰਬਦੇ ਹਨ।

ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ ॥੨॥

ਚੌਰਾਸੀ ਲੱਖ ਜੂਨਾਂ ਦੇ ਸਾਰੇ ਜੀਵ (ਜੋ ਰਜ਼ਾ ਵਿਚ ਨਹੀਂ ਤੁਰਦੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ ॥੨॥

ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥

ਪਰਮਾਤਮਾ ਨੇ ਬੇਅੰਤ ਜੀਵ ਪੈਦਾ ਕੀਤੇ ਹਨ ਜੋ ਰਜੋ ਸਤੋ ਤਮੋ (ਇਹਨਾਂ ਤਿੰਨ ਗੁਣਾਂ ਵਿਚ ਵਰਤ ਰਹੇ ਹਨ, ਇਹ ਸਾਰੇ ਉਸ ਦੇ) ਹੁਕਮ ਵਿਚ ਹੀ ਕਾਰ ਕਰ ਰਹੇ ਹਨ।

ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ ॥੩॥

(ਦੁਨੀਆ ਦੇ ਸਾਰੇ ਜੀਵਾਂ ਵਾਸਤੇ) ਛਲ (ਬਣੀ ਹੋਈ) ਇਹ ਵਿਚਾਰੀ ਲੱਛਮੀ ਭੀ ਰਜ਼ਾ ਵਿਚ ਤੁਰ ਰਹੀ ਹੈ, ਧਰਮਰਾਜ ਭੀ ਹੁਕਮ ਅੱਗੇ ਥਰ ਥਰ ਕੰਬਦਾ ਹੈ ॥੩॥

ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥

ਦੁਨੀਆ ਦੀ ਸਮੱਗ੍ਰੀ ਰਜ਼ਾ ਵਿਚ ਬੱਝੀ ਹੋਈ ਹੈ, ਇੱਕ ਸਿਰਜਣਹਾਰ ਪ੍ਰਭੂ ਹੀ ਹੈ ਜਿਸ ਉਤੇ ਕਿਸੇ ਦਾ ਡਰ ਨਹੀਂ।

ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ ॥੪॥੧॥

ਨਾਨਕ ਆਖਦਾ ਹੈ- ਪਰਮਾਤਮਾ ਆਪਣੇ ਭਗਤਾਂ ਦਾ ਸਹਾਈ ਹੈ, ਭਗਤ ਉਸ ਦੇ ਦਰਬਾਰ ਵਿਚ ਸਦਾ ਸੋਭਾ ਪਾਂਦੇ ਹਨ ॥੪॥੧॥


Raag Maru Bani

ਮਾਰੂ ਮਹਲਾ ੫ ॥
ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥

ਧ੍ਰੂ ਪੰਜ ਸਾਲਾਂ ਦੀ ਉਮਰ ਦਾ ਇਕ ਅਨਾਥ ਜਿਹਾ ਬੱਚਾ ਸੀ। ਹਰਿ-ਨਾਮ ਸਿਮਰਦਿਆਂ ਉਸ ਨੇ ਅਟੱਲ ਪਦਵੀ ਪ੍ਰਾਪਤ ਕਰ ਲਈ।

ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥੧॥

(ਅਜਾਮਲ ਆਪਣੇ) ਪੁੱਤਰ ਨੂੰ (ਵਾਜ ਮਾਰਨ) ਦੀ ਖ਼ਾਤਰ ‘ਨਾਰਾਇਣ, ਨਾਰਾਇਣ’ ਆਖਿਆ ਕਰਦਾ ਸੀ, ਉਸ ਨੇ ਜਮਦੂਤਾਂ ਨੂੰ ਮਾਰ ਕੇ ਭਜਾ ਦਿੱਤਾ ॥੧॥

ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥

ਹੇ ਮੇਰੇ ਠਾਕੁਰ! ਕਿਤਨੇ ਹੀ ਬੇਅੰਤ ਜੀਵ ਤੂੰ ਬਚਾ ਰਿਹਾ ਹੈਂ।

ਮੋਹਿ ਦੀਨ ਅਲਪ ਮਤਿ ਨਿਰਗੁਣ ਪਰਿਓ ਸਰਣਿ ਦੁਆਰੇ ॥੧॥ ਰਹਾਉ ॥

ਮੈਂ ਨਿਮਾਣਾ ਹਾਂ, ਥੋੜੀ ਅਕਲ ਵਾਲਾ ਹਾਂ, ਗੁਣ-ਹੀਨ ਹਾਂ। ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ॥੧॥ ਰਹਾਉ ॥

ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ ॥

(ਨਾਮ ਸਿਮਰਨ ਦੀ ਬਰਕਤਿ ਨਾਲ) ਬਾਲਮੀਕ ਚੰਡਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ, ਵਿਚਾਰੇ ਸ਼ਿਕਾਰੀ ਵਰਗੇ ਭੀ ਤਰ ਗਏ।

ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥੨॥

ਅੱਖ ਝਮਕਣ ਜਿਤਨੇ ਸਮੇ ਲਈ ਹੀ ਗਜ ਨੇ ਆਪਣੇ ਮਨ ਵਿਚ ਆਰਾਧਨਾ ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ ॥੨॥

ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥

ਪਰਮਾਤਮਾ ਨੇ (ਆਪਣੇ) ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ, (ਉਸ ਦੇ ਪਿਉ) ਹਰਨਾਖਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ।

ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥੩॥

ਦਾਸੀ ਦਾ ਪੁੱਤਰ ਬਿਦਰ (ਪਰਮਾਤਮਾ ਦੀ ਕਿਰਪਾ ਨਾਲ) ਪਵਿੱਤਰ (ਜੀਵਨ ਵਾਲਾ) ਹੋ ਗਿਆ, ਉਸ ਨੇ ਆਪਣੀਆਂ ਸਾਰੀਆਂ ਕੁਲਾਂ ਰੌਸ਼ਨ ਕਰ ਲਈਆਂ ॥੩॥

ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥

ਹੇ ਹਰੀ! ਆਪਣੇ ਕਿਹੜੇ ਕਿਹੜੇ ਅਪਰਾਧ ਦੱਸਾਂ? ਮੈਂ ਤਾਂ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ।

ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥੪॥੨॥

ਹੇ ਪ੍ਰਭੂ! ਮੈਂ ਨਾਨਕ ਤੇਰੀ ਸਰਨ ਆਇਆ ਹਾਂ, ਮੈਂ ਤੇਰੀ ਓਟ ਫੜੀ ਹੈ। ਮੈਨੂੰ ਆਪਣੀ ਬਾਂਹ ਪਸਾਰ ਕੇ ਫੜ ਲੈ ॥੪॥੨॥


ਮਾਰੂ ਮਹਲਾ ੫ ॥
ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ ॥

ਜਿਹੜਾ ਮਨੁੱਖ ਧਨ ਦੀ ਖ਼ਾਤਰ (ਹੀ) ਕਈ ਤਰ੍ਹਾਂ ਭਟਕਦਾ ਰਿਹਾ, (ਧਨ ਦੀ ਖ਼ਾਤਰ) ਅਨੇਕਾਂ ਜਤਨ ਕਰ ਕੇ ਦੌੜ-ਭੱਜ ਕਰਦਾ ਰਿਹਾ;

ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ॥੧॥

‘ਮੈਂ ਮੈਂ’ ਦੇ ਆਸਰੇ ਉਹ ਜਿਹੜੇ ਜਿਹੜੇ ਕੰਮ ਕਰਦਾ ਰਿਹਾ, ਉਹ ਸਾਰੇ ਹੀ ਵਿਅਰਥ ਚਲੇ ਗਏ ॥੧॥

ਅਵਰ ਦਿਨ ਕਾਹੂ ਕਾਜ ਨ ਲਾਏ ॥

ਹੇ ਪ੍ਰਭੂ ਜੀ! (ਜ਼ਿੰਦਗੀ ਦੇ) ਦਿਨਾਂ ਵਿਚ ਮੈਨੂੰ ਹੋਰ ਹੋਰ ਕੰਮਾਂ ਵਿਚ ਨਾਹ ਲਾਈ ਰੱਖ।

ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥

ਮੈਨੂੰ ਉਹ ਦਿਨ ਦੇਹ, ਜਿਸ ਦਿਨ ਮੈਂ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਾਂ ॥੧॥ ਰਹਾਉ ॥

ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ ॥

ਪੁੱਤਰ ਇਸਤ੍ਰੀ ਘਰ ਦਾ ਖਿਲਾਰਾ ਵੇਖ ਕੇ ਜੀਵ ਇਸ (ਖਿਲਾਰੇ) ਵਿਚ ਹੀ ਰੁੱਝੇ ਰਹਿੰਦੇ ਹਨ।

ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ ॥੨॥

ਮਾਇਆ ਦਾ ਨਸ਼ਾ ਚੱਖ ਕੇ ਮਸਤ ਰਹਿੰਦੇ ਹਨ, ਕਦੇ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦੇ ॥੨॥

ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥

ਇਸ ਤਰ੍ਹਾਂ ਕਈ ਕਿਸਮ ਦੀ ਖੋਜ ਕਰ ਵੇਖੀ ਹੈ (ਸਭ ਮਾਇਆ ਵਿਚ ਹੀ ਪਰਵਿਰਤ ਦਿੱਸਦੇ ਹਨ)। ਸੋ, ਸੰਤ ਜਨਾਂ ਤੋਂ ਬਿਨਾ (ਕਿਸੇ ਹੋਰ ਥਾਂ) ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ।

ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ ਮਾਗਨ ਕਉ ਦਾਨੁ ਆਏ ॥੩॥

ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ। (ਮੈਂ ਤੇਰੇ ਦਰ ਤੋਂ ਤੇਰੇ ਨਾਮ ਦਾ) ਦਾਨ ਮੰਗਣ ਆਇਆ ਹਾਂ ॥੩॥

ਤਿਆਗਿਓ ਸਗਲਾ ਮਾਨੁ ਮਹਤਾ ਦਾਸ ਰੇਣ ਸਰਣਾਏ ॥

ਮੈਂ ਸਾਰਾ ਮਾਣ ਸਾਰੀ ਵਡਿਆਈ ਛੱਡ ਦਿੱਤੀ ਹੈ। ਮੈਂ ਉਹਨਾਂ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਉਹਨਾਂ ਦਾਸਾਂ ਦੀ ਸਰਨ ਆਇਆ ਹਾਂ,

ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥੪॥੩॥

ਨਾਨਕ ਆਖਦਾ ਹੈ- ਜਿਹੜੇ ਪ੍ਰਭੂ ਨੂੰ ਮਿਲ ਕੇ ਪ੍ਰਭੂ ਨਾਲ ਇੱਕ-ਰੂਪ ਹੋ ਗਏ ਹਨ। ਉਹਨਾਂ ਦੀ ਸਰਨ ਵਿਚ ਹੀ ਵੱਡਾ ਸੁਖ ਵੱਡਾ ਆਨੰਦ ਮਿਲਦਾ ਹੈ ॥੪॥੩॥


Raag Maru Bani

ਮਾਰੂ ਮਹਲਾ ੫ ॥
ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥

(ਤੇਰਾ ਉਹ) ਨਾਮ (ਤੇਰੇ ਅੰਦਰ) ਕਿੱਥੇ ਟਿਕਿਆ ਹੋਇਆ ਹੈ (ਜਿਸ ਨੂੰ ਲੈ ਲੈ ਕੇ ਕੋਈ ਤੈਨੂੰ ਗਾਲ੍ਹ ਕੱਢਦਾ ਹੈ?) ਉਹ ਅਹੰਕਾਰ ਕੀਹ ਚੀਜ਼ ਹੈ (ਜਿਸ ਨਾਲ ਤੂੰ ਆਫਰਿਆ ਫਿਰਦਾ ਹੈਂ)?

ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ ॥੧॥

ਸੁਣ, ਤੈਨੂੰ ਉਹ ਕਿਹੜੇ ਫੱਟ ਲੱਗੇ ਹਨ ਕਿਸੇ ਦੇ ਮੂੰਹੋਂ ਗੱਲਾਂ ਸੁਣ ਕੇ, ਜਿਸ ਕਰਕੇ ਤੂੰ ਕ੍ਰੋਧਵਾਨ ਹੋ ਜਾਂਦਾ ਹੈਂ? ॥੧॥

ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥

ਸੁਣ (ਵਿਚਾਰ ਕਿ) ਤੂੰ ਕੌਣ ਹੈਂ? (ਤੇਰਾ ਅਸਲਾ ਕੀਹ ਹੈ?), ਤੂੰ ਕਿਥੋਂ (ਇਸ ਜਗਤ ਵਿਚ) ਆਇਆ ਹੈਂ?

ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥੧॥ ਰਹਾਉ ॥

ਮੈਂ ਤਾਂ ਇਤਨੀ ਗੱਲ ਭੀ ਨਹੀਂ ਜਾਣਦਾ (ਕਿ ਜੀਵ ਨੂੰ ਅਨੇਕਾਂ ਜੂਨਾਂ ਵਿਚ) ਤੁਰਦਿਆਂ ਕਿਤਨਾ ਸਮਾ ਲੱਗ ਜਾਂਦਾ ਹੈ। ਕਿਸੇ ਨੂੰ ਭੀ ਇਹ ਖ਼ਬਰ ਨਹੀਂ ਮਿਲ ਸਕਦੀ। (ਫਿਰ, ਦੱਸ, ਆਪਣੇ ਉੱਤੇ ਮਾਣ ਕਾਹਦਾ?) ॥੧॥ ਰਹਾਉ ॥

ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥

ਹਵਾ ਅਤੇ ਪਾਣੀ (ਇਹ ਦੋਵੇਂ ਤੱਤ) ਸਹਾਰ ਸਕਣ ਦੇ ਸੁਭਾਉ ਵਾਲੇ ਹਨ। ਧਰਤੀ ਤਾਂ ਨਿਰਸੰਦੇਹ ਖਿਮਾ-ਰੂਪ ਹੀ ਹੈ।

ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ॥੨॥

ਪੰਜ ਤੱਤ ਮਿਲ ਕੇ (ਮਨੁੱਖ ਦਾ) ਸਰੀਰ ਬਣਦਾ ਹੈ। ਇਹਨਾਂ ਪੰਜਾਂ ਤੱਤਾਂ ਵਿਚੋਂ ਭੈੜ ਕਿਸ ਵਿਚ ਹੈ? ॥੨॥

ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥

(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਸਿਰਜਣਹਾਰ ਕਰਤਾਰ ਨੇ ਇਹ ਰਚਨਾ ਰਚੀ ਹੈ, ਉਸ ਨੇ (ਸਰੀਰ ਬਣਾਣ ਵੇਲੇ) ਹਉਮੈ ਭੀ ਨਾਲ ਹੀ (ਹਰੇਕ ਦੇ ਅੰਦਰ) ਪਾ ਦਿੱਤੀ ਹੈ।

ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥੩॥

ਉਸ (ਹਉਮੈ) ਨੂੰ ਹੀ ਜਨਮ ਮਰਨ (ਦਾ ਗੇੜ) ਹੈ, ਉਹ ਹਉਮੈ ਹੀ ਜੰਮਦੀ ਮਰਦੀ ਹੈ (ਭਾਵ, ਉਸ ਹਉਮੈ ਦੇ ਕਾਰਨ ਹੀ ਜੀਵ ਲਈ ਜੰਮਣ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ) ॥੩॥

ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ ॥

ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ, ਇਸ ਰਚਨਾ ਵਿਚ (ਥਿਰਤਾ ਦਾ) ਕੋਈ ਬਰਨ ਚਿਹਨ ਨਹੀਂ ਹੈ।

ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ ॥੪॥੪॥

ਨਾਨਕ ਆਖਦਾ ਹੈ ਕਿ ਜਦੋਂ ਪਰਮਾਤਮਾ ਇਸ ਖੇਡ ਨੂੰ ਉਜਾੜਦਾ ਹੈ ਤਦੋਂ ਇਕ ਆਪ ਹੀ ਆਪ ਹੋ ਜਾਂਦਾ ਹੈ ॥੪॥੪॥


Raag Maru Bani

ਮਾਰੂ ਮਹਲਾ ੫ ॥
ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥

ਮਾਣ ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਪਰਮਾਤਮਾ ਦਾ ਸੇਵਕ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ।

ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ ॥੧॥

ਉਹ ਸਦਾ ਪਰਮਾਤਮਾ ਦਾ ਨਾਮ-ਰਤਨ ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਵਣਜਦਾ ਰਹਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ ॥੧॥

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥

ਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ।

ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥ ਰਹਾਉ ॥

ਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਭੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ ॥੧॥ ਰਹਾਉ ॥

ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ ॥

ਸੇਵਕ ਉਹ ਹੈ ਜਿਸ ਨੂੰ ਮਾਲਕ-ਪ੍ਰਭੂ ਨੇ ਜਿਹੋ ਜਿਹਾ ਕਦੇ ਹੁਕਮ ਕੀਤਾ, ਉਸ ਨੇ ਉਸ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਿਆ।

ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆਹੂ ਕਉ ਦਉਰਿਓ ॥੨॥

ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉਥੇ ਹੀ ਆਤਮਕ ਅਡੋਲਤਾ ਤੇ ਆਨੰਦ ਬਣਿਆ ਰਹਿੰਦਾ ਹੈ; (ਜੇ ਮਾਲਕ ਨੇ ਆਖਿਆ-) ਉੱਠ (ਉਸ-ਪਾਸੇ ਵਲ ਜਾਹ, ਤਾਂ ਸੇਵਕ) ਉਸੇ ਪਾਸੇ ਵਲ ਦੌੜ ਪਿਆ ॥੨॥

ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ ॥

ਜੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਭੁੱਖ-ਨੰਗ ਆ ਗਈ, ਤਾਂ ਉਸ ਨੂੰ ਹੀ ਉਸ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ।

ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ॥੩॥

ਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ ॥੩॥

ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ ॥

ਮਾਲਕ-ਪ੍ਰਭੂ ਜਿਸ ਸੇਵਕ ਉਥੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ।

ਧੰਨੁ ਸੇਵਕੁ ਸਫਲੁ ਓਹੁ ਆਇਆ ਜਿਨਿ ਨਾਨਕ ਖਸਮੁ ਪਛਾਤਾ ॥੪॥੫॥

ਹੇ ਨਾਨਕ! ਜਿਸ ਸੇਵਕ ਨੇ ਖ਼ਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਭਾਗਾਂ ਵਾਲਾ ਹੈ, ਉਸ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ ॥੪॥੫॥


Raag Maru Bani

ਮਾਰੂ ਮਹਲਾ ੫ ॥
ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥

ਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਉਸ ਦਾ ਭਾਗ ਜਾਗ ਪੈਂਦਾ ਹੈ।

ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥੧॥

ਉਸ ਦੀ ਦੌੜ-ਭੱਜ ਮੁੱਕ ਜਾਂਦੀ ਹੈ, ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ, ਉਸ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ ॥੧॥

ਅਬ ਮੋਹਿ ਜੀਵਨ ਪਦਵੀ ਪਾਈ ॥

ਹੁਣ ਮੈਂ ਆਤਮਕ ਜੀਵਨ ਵਾਲਾ ਦਰਜਾ ਪ੍ਰਾਪਤ ਕਰ ਲਿਆ ਹੈ।

ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ ਰਹਾਉ ॥

ਸੰਤ ਜਨਾਂ ਦੀ ਸਰਨ ਪੈਣ ਕਰਕੇ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਸਰਬ-ਵਿਆਪਕ ਸਿਰਜਣ-ਹਾਰ ਪ੍ਰਭੂ ਆ ਵੱਸਿਆ ਹੈ, ॥੧॥ ਰਹਾਉ ॥

ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥

(ਜਿਹੜਾ ਮਨੁੱਖ ਸੰਤ ਜਨਾਂ ਦੀ ਸਰਨ ਪੈਂਦਾ ਹੈ ਉਹ ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਸਾਰੇ ਵਿਕਾਰ) ਦੂਰ ਕਰ ਲੈਂਦਾ ਹੈ, ਉਸ ਦੇ ਇਹ ਸਾਰੇ ਹੀ ਵੈਰੀ ਦੂਰ ਹੋ ਜਾਂਦੇ ਹਨ।

ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥੨॥

ਸਭ ਨੂੰ ਵੇਖਣ ਵਾਲਾ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਜਾਪਦਾ ਹੈ, ਕਿਸੇ ਭੀ ਥਾਂ ਤੋਂ ਉਸ ਨੂੰ ਉਹ ਪ੍ਰਭੂ ਦੂਰ ਨਹੀਂ ਜਾਪਦਾ ॥੨॥

ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥

ਸੰਤ ਜਨ ਜਿਸ ਮਨੁੱਖ ਦੇ ਮਦਦਗਾਰ ਬਣਦੇ ਹਨ, ਉਸ ਦੇ ਅੰਦਰ ਹਰ ਵੇਲੇ ਠੰਢ ਤੇ ਆਨੰਦ ਬਣਿਆ ਰਹਿੰਦਾ ਹੈ, ਉਸ ਦੀ ਹਰੇਕ ਮੰਗ ਪੂਰੀ ਹੋ ਜਾਂਦੀ ਹੈ।

ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥੩॥

ਸੰਤਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਸੰਤ ਜਨ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦੇਂਦੇ ਹਨ ॥੩॥

ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਲਿਆ, ਉਹਨਾਂ ਦੇ ਸਾਰੇ ਡਰ ਦੂਰ ਹੋ ਗਏ, ਉਹ ਨਿਰਭਉ ਹੋ ਗਏ।

ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥੪॥੬॥

ਨਾਨਕ ਭੀ ਦਿਨ ਰਾਤ ਸੁਰਤ ਜੋੜ ਕੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ॥੪॥੬॥


Raag Maru Bani

ਮਾਰੂ ਮਹਲਾ ੫ ॥
ਜੋ ਸਮਰਥੁ ਸਰਬ ਗੁਣ ਨਾਇਕੁ ਤਿਸ ਕਉ ਕਬਹੁ ਨ ਗਾਵਸਿ ਰੇ ॥

ਹੇ ਭਾਈ! ਜਿਹੜਾ ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ, ਤੂੰ ਉਸ ਦੀ ਸਿਫ਼ਤ-ਸਾਲਾਹ ਕਦੇ ਭੀ ਨਹੀਂ ਕਰਦਾ।

ਛੋਡਿ ਜਾਇ ਖਿਨ ਭੀਤਰਿ ਤਾ ਕਉ ਉਆ ਕਉ ਫਿਰਿ ਫਿਰਿ ਧਾਵਸਿ ਰੇ ॥੧॥

ਉਸ (ਮਾਇਆ) ਨੂੰ ਤਾਂ ਹਰ ਕੋਈ ਇਕ ਖਿਨ ਵਿਚ ਛੱਡ ਜਾਂਦਾ ਹੈ, ਤੂੰ ਭੀ ਉਸੇ ਦੀ ਖ਼ਾਤਰ ਮੁੜ ਮੁੜ ਭਟਕਦਾ ਫਿਰਦਾ ਹੈਂ ॥੧॥

ਅਪੁਨੇ ਪ੍ਰਭ ਕਉ ਕਿਉ ਨ ਸਮਾਰਸਿ ਰੇ ॥

ਤੂੰ ਆਪਣੇ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ?

ਬੈਰੀ ਸੰਗਿ ਰੰਗ ਰਸਿ ਰਚਿਆ ਤਿਸੁ ਸਿਉ ਜੀਅਰਾ ਜਾਰਸਿ ਰੇ ॥੧॥ ਰਹਾਉ ॥

ਤੂੰ (ਮਾਇਆ ਦੇ ਮੋਹ-) ਵੈਰੀ ਨਾਲ ਮੌਜ-ਮੇਲਿਆਂ ਦੇ ਸੁਆਦ ਵਿਚ ਮਸਤ ਹੈਂ, ਤੇ, ਉਸ (ਮੋਹ ਦੇ) ਨਾਲ ਹੀ ਆਪਣੀ ਜਿੰਦ ਨੂੰ ਸਾੜ ਰਿਹਾ ਹੈਂ (ਆਪਣੇ ਆਤਮਕ ਜੀਵਨ ਨੂੰ ਸਾੜ ਰਿਹਾ ਹੈਂ) ॥੧॥ ਰਹਾਉ ॥

ਜਾ ਕੈ ਨਾਮਿ ਸੁਨਿਐ ਜਮੁ ਛੋਡੈ ਤਾ ਕੀ ਸਰਣਿ ਨ ਪਾਵਸਿ ਰੇ ॥

ਜਿਸ ਪਰਮਾਤਮਾ ਦਾ ਨਾਮ ਸੁਣਿਆਂ ਜਮਰਾਜ (ਭੀ) ਛੱਡ ਜਾਂਦਾ ਹੈ ਤੂੰ ਉਸ ਦੀ ਸਰਨ (ਕਿਉਂ) ਨਹੀਂ ਪੈਂਦਾ?

ਕਾਢਿ ਦੇਇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾਵਸਿ ਰੇ ॥੨॥

ਤੂੰ ਆਪਣੇ ਅੰਦਰ ਉਸ ਪ੍ਰਭੂ ਦਾ ਆਸਰਾ ਟਿਕਾ ਲੈ, ਜਿਹੜਾ (ਸਿੰਘ-ਪ੍ਰਭੂ) ਨਿਮਾਣੇ ਗਿੱਦੜ ਨੂੰ ਕੱਢ ਦੇਂਦਾ ਹੈ ॥੨॥

ਜਿਸ ਕਾ ਜਾਸੁ ਸੁਨਤ ਭਵ ਤਰੀਐ ਤਾ ਸਿਉ ਰੰਗੁ ਨ ਲਾਵਸਿ ਰੇ ॥

ਜਿਸ ਪਰਮਾਤਮਾ ਦਾ ਜਸ ਸੁਣਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੂੰ ਉਸ ਨਾਲ ਪਿਆਰ ਨਹੀਂ ਜੋੜਦਾ।

ਥੋਰੀ ਬਾਤ ਅਲਪ ਸੁਪਨੇ ਕੀ ਬਹੁਰਿ ਬਹੁਰਿ ਅਟਕਾਵਸਿ ਰੇ ॥੩॥

(ਮਾਇਆ ਦੀ ਪ੍ਰੀਤ) ਸੁਪਨੇ ਦੀ ਹੀ ਹੋਛੀ ਜਿਹੀ ਗੱਲ ਹੈ, ਪਰ ਤੂੰ ਮੁੜ ਮੁੜ ਉਸੇ ਵਿਚ ਆਪਣੇ ਮਨ ਨੂੰ ਫਸਾ ਰਿਹਾ ਹੈਂ ॥੩॥

ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ ਸੰਤਸੰਗਿ ਪਤਿ ਪਾਈ ॥

ਜਿਸ ਮਨੁੱਖ ਉੱਤੇ ਕਿਰਪਾ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟਦਾ ਹੈ।

ਕਹੁ ਨਾਨਕ ਤ੍ਰੈ ਗੁਣ ਭ੍ਰਮੁ ਛੂਟਾ ਜਉ ਪ੍ਰਭ ਭਏ ਸਹਾਈ ॥੪॥੭॥

ਨਾਨਕ ਆਖਦਾ ਹੈ- ਜਦੋਂ ਪ੍ਰਭੂ ਜੀ ਸਹਾਈ ਬਣਦੇ ਹਨ, ਮਨੁੱਖ ਦੀ ਤ੍ਰਿਗੁਣੀ ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ ॥੪॥੭॥


Raag Maru Bani

ਮਾਰੂ ਮਹਲਾ ੫ ॥
ਅੰਤਰਜਾਮੀ ਸਭ ਬਿਧਿ ਜਾਨੈ ਤਿਸ ਤੇ ਕਹਾ ਦੁਲਾਰਿਓ ॥

ਹੇ ਮੂਰਖ! ਸਭ ਦੇ ਦਿਲਾਂ ਦੀ ਜਾਣਨ ਵਾਲਾ ਪਰਮਾਤਮਾ (ਮਨੁੱਖ ਦਾ) ਹਰੇਕ ਕਿਸਮ (ਦਾ ਅੰਦਰਲਾ ਭੇਤ) ਜਾਣਦਾ ਹੈ। ਉਸ ਪਾਸੋਂ ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ?

ਹਸਤ ਪਾਵ ਝਰੇ ਖਿਨ ਭੀਤਰਿ ਅਗਨਿ ਸੰਗਿ ਲੈ ਜਾਰਿਓ ॥੧॥

(ਹੇ ਮੂਰਖ! ਜਿਸ ਸਰੀਰ ਦੀ ਖ਼ਾਤਰ ਤੂੰ ਹਰਾਮਖ਼ੋਰੀ ਕਰਦਾ ਹੈਂ, ਉਹ ਸਰੀਰ ਅੰਤ ਵੇਲੇ) ਅੱਗ ਵਿਚ ਪਾ ਕੇ ਸਾੜਿਆ ਜਾਂਦਾ ਹੈ, (ਉਸ ਦੇ) ਹੱਥ ਪੈਰ (ਆਦਿਕ ਅੰਗ) ਇਕ ਖਿਨ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ ॥੧॥

ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ॥

ਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ।

ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥੧॥ ਰਹਾਉ ॥

ਪਰਮਾਤਮਾ ਦਾ ਸਭ ਕੁਝ ਦਿੱਤਾ ਖਾ ਕੇ ਬੜੀ ਬੇ-ਸ਼ਰਮੀ ਨਾਲ ਤੂੰ ਹਰਾਮਖੋਰੀ ਕਰ ਰਿਹਾ ਹੈਂ ॥੧॥ ਰਹਾਉ ॥

ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ ॥

ਹੇ ਮੂਰਖ! (ਜਦੋਂ ਹਰਾਮਖ਼ੋਰੀ ਦਾ ਇਹ) ਅਸਾਧ ਰੋਗ ਸਰੀਰ ਵਿਚ ਪੈਦਾ ਹੁੰਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਦੂਰ ਕੀਤਿਆਂ ਇਹ ਦੂਰ ਨਹੀਂ ਹੁੰਦਾ।

ਪ੍ਰਭ ਬਿਸਰਤ ਮਹਾ ਦੁਖੁ ਪਾਇਓ ਇਹੁ ਨਾਨਕ ਤਤੁ ਬੀਚਾਰਿਓ ॥੨॥੮॥

ਹੇ ਨਾਨਕ! ਸੰਤ ਜਨਾਂ ਨੇ ਇਹ ਭੇਤ ਸਮਝਿਆ ਹੈ ਕਿ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਬੜਾ ਦੁੱਖ ਸਹਾਰਦਾ ਹੈ ॥੨॥੮॥


Raag Maru Bani

ਮਾਰੂ ਮਹਲਾ ੫ ॥
ਚਰਨ ਕਮਲ ਪ੍ਰਭ ਰਾਖੇ ਚੀਤਿ ॥

ਸੰਤ ਜਨਾਂ ਨੇ ਪ੍ਰਭੂ ਦੇ ਸੋਹਣੇ ਚਰਨ (ਸਦਾ ਆਪਣੇ) ਚਿੱਤ ਵਿਚ ਵਸਾਏ ਹੁੰਦੇ ਹਨ,

ਹਰਿ ਗੁਣ ਗਾਵਹ ਨੀਤਾ ਨੀਤ ॥

ਉਹ ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।

ਤਿਸੁ ਬਿਨੁ ਦੂਜਾ ਅਵਰੁ ਨ ਕੋਊ ॥

ਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿੱਸਦਾ (ਜੋ ਸਦਾ ਕਾਇਮ ਰਹਿ ਸਕੇ।

ਆਦਿ ਮਧਿ ਅੰਤਿ ਹੈ ਸੋਊ ॥੧॥

ਸੰਤ ਜਨਾਂ ਨੂੰ ਨਿਸਚਾ ਹੈ ਕਿ) ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਵਿਚ, ਵਿਚਕਾਰਲੇ ਸਮੇ ਵਿਚ, ਅਤੇ ਜਗਤ ਦੇ ਅੰਤ ਵਿਚ ਕਾਇਮ ਰਹਿਣ ਵਾਲਾ ਹੈ ॥੧॥

ਸੰਤਨ ਕੀ ਓਟ ਆਪੇ ਆਪਿ ॥੧॥ ਰਹਾਉ ॥

ਪਰਮਾਤਮਾ ਹੀ (ਸੰਤ ਜਨਾਂ ਦਾ) ਆਸਰਾ ਹੈ ॥੧॥ ਰਹਾਉ ॥

ਜਾ ਕੈ ਵਸਿ ਹੈ ਸਗਲ ਸੰਸਾਰੁ ॥

ਜਿਸ ਦੇ ਵਿਚ ਸਾਰਾ ਜਗਤ ਹੈ,

ਆਪੇ ਆਪਿ ਆਪਿ ਨਿਰੰਕਾਰੁ ॥

ਜਿਹੜਾ ਨਿਰੰਕਾਰ ਸਦਾ ਆਪ ਹੀ ਆਪ ਹੈ,

ਨਾਨਕ ਗਹਿਓ ਸਾਚਾ ਸੋਇ ॥

ਹੇ ਨਾਨਕ! (ਸੰਤ ਜਨਾਂ ਨੇ) ਉਸ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ।

ਸੁਖੁ ਪਾਇਆ ਫਿਰਿ ਦੂਖੁ ਨ ਹੋਇ ॥੨॥੯॥

ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ ॥੨॥੯॥


Raag Maru Bani

ਮਾਰੂ ਮਹਲਾ ੫ ਘਰੁ ੩ ॥

ਰਾਗ ਮਾਰੂ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ॥

ਹੇ ਅਗਿਆਨੀ! ਤੂੰ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਜੋ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਅਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ।

ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥੧॥

ਛੇਤੀ ਮੁੱਕ ਜਾਣ ਵਾਲਾ (ਮਾਇਆ ਦੇ ਮੋਹ ਦਾ) ਨਸ਼ਾ ਚੱਖ ਕੇ ਤੂੰ ਝੱਲਾ ਹੋ ਰਿਹਾ ਹੈਂ, ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ ॥੧॥

ਰੇ ਨਰ ਐਸੀ ਕਰਹਿ ਇਆਨਥ ॥

ਹੇ ਮਨੁੱਖ! ਤੂੰ ਬੜੀ ਮਾੜੀ ਬੇ-ਅਕਲੀ ਕਰ ਰਿਹਾ ਹੈਂ,

ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥੧॥ ਰਹਾਉ ॥

ਕਿ ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈਂ, ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈਂ ਅਤੇ ਮਾਇਆ-ਦਾਸੀ ਨਾਲ ਸਾਥ ਬਣਾ ਰਿਹਾ ਹੈਂ ॥੧॥ ਰਹਾਉ ॥

ਧਰਣੀਧਰੁ ਤਿਆਗਿ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਥ ॥

ਧਰਤੀ ਦੇ ਆਸਰੇ ਪ੍ਰਭੂ ਨੂੰ ਤਿਆਗ ਕੇ ਤੂੰ ਨੀਵੀਂ ਕੁਲ ਵਾਲੀ ਮਾਇਆ-ਦਾਸੀ ਦੀ ਸੇਵਾ ਕਰ ਰਿਹਾ ਹੈਂ, (ਇਸ ਮਾਇਆ ਦੇ ਕਾਰਨ) ‘ਮੈਂ ਮੈਂ’ ਕਰਦਿਆਂ ਤੇਰੀ ਉਮਰ ਬੀਤ ਰਹੀ ਹੈ।

ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ ॥੨॥

ਹੇ ਮਨ ਦੇ ਮੁਰੀਦ ਮੂਰਖ! ਤੂੰ ਫੋਕੇ ਕੰਮ ਕਰ ਰਿਹਾ ਹੈਂ, (ਅੱਖਾਂ ਹੁੰਦਿਆਂ ਭੀ) ਤੂੰ (ਆਤਮਕ ਜੀਵਨ ਵੱਲੋਂ) ਅੰਨ੍ਹਾ ਅਖਵਾ ਰਿਹਾ ਹੈਂ ॥੨॥

ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ ॥

ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਉਸ ਦੀ ਹਸਤੀ ਹੀ ਨਹੀਂ ਮੰਨਦਾ, ਜਿਹੜਾ ਇਹ ਨਾਸਵੰਤ ਜਗਤ ਹੈ ਇਸ ਨੂੰ ਤੂੰ ਅਟੱਲ ਸਮਝਦਾ ਹੈਂ।

ਪਰ ਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੁਲਾਨਥ ॥੩॥

ਜਿਸ ਮਾਇਆ ਨੇ ਜ਼ਰੂਰ ਪਰਾਈ ਹੋ ਜਾਣਾ ਹੈ ਇਸ ਨੂੰ ਤੂੰ ਆਪਣੀ ਜਾਣ ਕੇ ਜੱਫਾ ਮਾਰੀ ਬੈਠਾ ਹੈਂ। ਕੈਸੀ ਅਚਰਜ ਭੁੱਲ ਵਿਚ ਭੁੱਲਾ ਪਿਆ ਹੈਂ! ॥੩॥

ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ ॥

ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ (ਕਿਸੇ ਭੀ ਵਰਨ ਦੇ ਜੀਵ ਹੋਣ) ਸਾਰੇ ਇਕ ਹਰੀ-ਨਾਮ ਦੀ ਰਾਹੀਂ ਹੀ ਸੰਸਾਰ-ਸਾਗਰ ਤੋਂ ਤਰਦੇ ਹਨ।

ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ ॥੪॥੧॥੧੦॥

ਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧॥੧੦॥


Raag Maru Bani

ਮਾਰੂ ਮਹਲਾ ੫ ॥
ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ ਮਨੁਖਾਇ ॥

(ਮਨੁੱਖ) ਲੁਕ ਕੇ (ਵਿਕਾਰ) ਕਰਦਾ ਹੈ, (ਪਰ ਵੇਖਣ ਵਾਲਾ) ਉਹ ਪ੍ਰਭੂ (ਹਰ ਵੇਲੇ ਇਸ ਦੇ) ਨਾਲ ਹੁੰਦਾ ਹੈ (ਵਿਕਾਰੀ ਮਨੁੱਖ ਪ੍ਰਭੂ ਨੂੰ ਠੱਗ ਨਹੀਂ ਸਕਦਾ, ਇਹ ਤਾਂ) ਮਨੁੱਖਾਂ ਨੂੰ ਹੀ ਠੱਗਦਾ ਹੈ।

ਬਿਸਾਰਿ ਹਰਿ ਜੀਉ ਬਿਖੈ ਭੋਗਹਿ ਤਪਤ ਥੰਮ ਗਲਿ ਲਾਇ ॥੧॥

ਪਰਮਾਤਮਾ ਨੂੰ ਵਿਸਾਰ ਕੇ ਵਿਕਾਰਾਂ ਦੀ ਅੱਗ ਵਿਚ ਸੜ ਸੜ ਕੇ ਤੂੰ ਵਿਸ਼ੇ ਭੋਗਦਾ ਰਹਿੰਦਾ ਹੈਂ ॥੧॥

ਰੇ ਨਰ ਕਾਇ ਪਰ ਗ੍ਰਿਹਿ ਜਾਇ ॥

ਹੇ ਮਨੁੱਖ! ਪਰਾਏ ਘਰ ਵਿਚ ਜਾ ਕੇ ਇਉਂ (ਮੰਦ ਕਰਮ ਕਰਦਾ ਹੈਂ)?

ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ ॥੧॥ ਰਹਾਉ ॥

ਹੇਗੰਦੇ! ਹੇ ਪੱਥਰ-ਦਿਲ! ਹੇ ਵਿਸ਼ਈ! ਹੇ ਖੋਤੇ ਮੂਰਖ! ਕੀ ਤੂੰ ਧਰਮਰਾਜ (ਦਾ ਨਾਮ ਕਦੇ) ਨਹੀਂ ਸੁਣਿਆ? ॥੧॥ ਰਹਾਉ ॥

ਬਿਕਾਰ ਪਾਥਰ ਗਲਹਿ ਬਾਧੇ ਨਿੰਦ ਪੋਟ ਸਿਰਾਇ ॥

ਵਿਕਾਰਾਂ ਦੇ ਪੱਥਰ (ਤੇਰੇ) ਗਲ ਨਾਲ ਬੱਝੇ ਪਏ ਹਨ, ਨਿੰਦਾ ਦੀ ਪੋਟਲੀ (ਤੇਰੇ) ਸਿਰ ਉੱਤੇ ਹੈ।

ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ ਜਾਇ ॥੨॥

ਵੱਡਾ ਸੰਸਾਰ-ਸਮੁੰਦਰ (ਹੈ ਜਿਸ ਤੋਂ) ਲੰਘਣਾ ਹੈ (ਇਤਨੇ ਭਾਰ ਨਾਲ ਇਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ ॥੨॥

ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥

(ਤੂੰ) ਕਾਮ ਵਿਚ ਕ੍ਰੋਧ ਵਿਚ, ਲੋਭ ਵਿਚ, ਮੋਹ ਵਿਚ, ਫਸਿਆ ਪਿਆ ਹੈਂ; ਤੂੰ ਪਰਮਾਤਮਾ ਵੱਲੋਂ ਅੱਖਾਂ ਫੇਰ ਰੱਖੀਆਂ ਹਨ।

ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ ਮਾਇ ॥੩॥

(ਇਹਨਾਂ ਵਿਕਾਰਾਂ ਵਲੋਂ ਤੈਨੂੰ) ਕਦੇ ਭੀ ਸਿਰ ਚੁੱਕਣਾ ਨਹੀਂ ਮਿਲਦਾ। (ਤੇਰੇ ਅੱਗੇ) ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ॥੩॥

ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ ॥

ਜਿਹੜਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਸੂਰਜ (ਚੰਗੇ ਮੰਦੇ ਹਰੇਕ ਥਾਂ ਆਪਣੀ ਰੌਸ਼ਨੀ ਦੇ ਕੇ) ਮੈਲ ਆਦਿਕ ਤੋਂ ਸਾਫ਼ ਹੈ, ਜਿਵੇਂ ਚੰਦ੍ਰਮਾ ਭੀ (ਇਸੇ ਤਰ੍ਹਾਂ) ਸਾਫ਼ ਹੈ।

ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ॥੪॥

ਬ੍ਰਹਮ ਨਾਲ ਜਾਣ-ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ (ਹਰੇਕ ਕਿਸਮ ਦੀ ਮੈਲ ਨੂੰ ਸਾੜ ਕੇ ਭੀ) ਅੱਗ (ਮੈਲ ਤੋਂ) ਨਿਰਲੇਪ ਹੈ ਅਤੇ ਸਦਾ ਨਿਰਮਲ ਹੈ ॥੪॥

ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥

ਜਿਸ ਮਨੁੱਖ ਦਾ ਭਾਗ ਜਾਗ ਪੈਂਦਾ ਹੈ, ਜਿਸ ਨੇ ਗੁਰੂ ਦੀ ਸਰਨ ਵਿਚ ਰਹਿ ਕੇ ਪ੍ਰੇਮ ਨਾਲ ਰਜ਼ਾ ਨੂੰ ਮੰਨ ਲਿਆ ਉਸ (ਦੀਆਂ ਅੱਖਾਂ ਤੋਂ ਮਾਇਆ ਦੇ ਮੋਹ) ਦਾ ਪੜਦਾ ਲਹਿ ਜਾਂਦਾ ਹੈ।

ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ ॥੫॥੨॥

ਹੇ ਦਾਸ ਨਾਨਕ! ਜਿਸ ਨੂੰ ਗੁਰੂ ਨੇ ਨਾਮ-ਮੰਤ੍ਰੁ ਦੇ ਦਿੱਤਾ, ਨਾਮ-ਦਾਰੂ ਦੇ ਦਿੱਤਾ, ਉਹ ਮਨੁੱਖ (ਚੌਰਾਸੀ ਲੱਖ) ਜੂਨਾਂ ਦੇ ਕਲੇਸ਼ ਨਹੀਂ ਪਾਂਦਾ ॥੫॥੨॥

ਰੇ ਨਰ ਇਨ ਬਿਧਿ ਪਾਰਿ ਪਰਾਇ ॥

ਇਸ ਤਰ੍ਹਾਂ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥

ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ, ਵਿਕਾਰਾਂ ਵਲੋਂ ਮੁਰਦਾ ਹੋ ਜਾ, ਅਤੇ ਪ੍ਰਭੂ ਤੋਂ ਬਿਨਾ ਹੋਰ ਹੋਰ ਪਿਆਰ ਛੱਡ ਦੇਹ।ਰਹਾਉ ਦੂਜਾ ॥੨॥੧੧॥

Raag Maru Bani

1
2
3
4
5
6
7
8
9
10

Raag Maru Bani