ਰਾਗ ਮਾਰੂ – ਬਾਣੀ ਸ਼ਬਦ-Part 10 – Raag Maru – Bani
ਰਾਗ ਮਾਰੂ – ਬਾਣੀ ਸ਼ਬਦ-Part 10 – Raag Maru – Bani
ਮ : ੫ ॥
ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥
ਅਸਲ ਵਿਚ ਉਸੇ ਬੰਦੇ ਨੂੰ ਜਿਊਂਦਾ ਸਮਝੋ ਜਿਸ ਨੇ ਸੰਸਾਰਕ ਵਾਸਨਾ ਮਿਟਾ ਲਈਆਂ ਹਨ। ਜੇਹੜੇ ਨਿਰੇ ਦੁਨੀਆ ਦੇ ਰੰਗ ਮਾਣਦੇ ਹਨ ਉਹ ਆਤਮਕ ਮੌਤੇ ਮਰ ਜਾਂਦੇ ਹਨ।
ਜਿਨ੍ਰਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥੨॥
ਉਹੀ ਮਨੁੱਖ ਸ਼ਿਰੋਮਣੀ (ਕਹੇ ਜਾਂਦੇ ਹਨ), ਜਿਨ੍ਹਾਂ ਦਾ ਪਿਆਰ ਇੱਕ ਪਰਮਾਤਮਾ ਨਾਲ ਹੈ ॥੨॥
ਮ : ੫ ॥
ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥
ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ, ਕੋਈ ਦੁੱਖ-ਕਲੇਸ਼ ਉਸ ਦੇ ਨੇੜੇ ਢੁਕਦਾ,
ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥
ਮਾਇਆ ਦੀ ਭੁੱਖ-ਤ੍ਰੇਹ ਉਸ ਉਤੇ ਆਪਣਾ ਦਬਾਉ ਨਹੀਂ ਪਾ ਸਕਦੀ, ਮੌਤ ਦਾ ਡਰ (ਭੀ) ਉਸ ਦੇ ਨੇੜੇ ਨਹੀਂ ਆਉਂਦਾ ॥੩॥
ਪਉੜੀ ॥
ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥
ਹੇ ਸਦਾ-ਥਿਰ ਤੇ ਕਦੇ ਨ ਡੋਲਣ ਵਾਲੇ ਸ਼ਾਹ! ਤੇਰਾ ਮੁੱਲ ਨਹੀਂ ਦੱਸਿਆ ਜਾ ਸਕਦਾ।
ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ ॥
ਜੋਗ-ਸਾਧਨਾਂ ਵਿਚ ਪੁਗੇ ਹੋਏ ਜੋਗੀ, ਸਾਧਨਾਂ ਕਰਨ ਵਾਲੇ, ਗਿਆਨ-ਚਰਚਾ ਕਰਨ ਵਾਲੇ ਤੇ ਸਮਾਧੀਆਂ ਲਾਣ ਵਾਲੇ-ਇਹਨਾਂ ਵਿਚੋਂ ਕੇਹੜਾ ਹੈ ਜੋ ਤੇਰਾ ਮੁੱਲ ਪਾ ਸਕੇ?
ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ ॥
ਪ੍ਰਭੂ (ਸ੍ਰਿਸ਼ਟੀ ਨੂੰ) ਪੈਦਾ ਕਰਨ ਤੇ ਨਾਸ ਕਰਨ ਦੇ ਸਮਰੱਥ ਹੈ, (ਸ੍ਰਿਸ਼ਟੀ ਦੀ) ਉਤਪੱਤੀ ਭੀ ਉਹੀ ਕਰਦਾ ਹੈ ਤੇ ਨਾਸ ਭੀ ਉਹੀ।
ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ ॥
ਜਗਤ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਹਰੇਕ ਜੀਵ ਦੇ ਅੰਦਰ ਉਹੀ ਬੋਲਦਾ ਹੈ।
ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ ॥
ਹਰੇਕ ਜੀਵ ਨੂੰ ਰਿਜ਼ਕ ਅਪੜਾਂਦਾ ਹੈ, ਮਨੁੱਖ ਵਿਅਰਥ ਹੀ ਘਾਬਰਦਾ ਹੈ।
ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ ॥
ਹੇ ਪ੍ਰਭੂ! ਤੂੰ ਡੂੰਘਾ ਹੈਂ ਸਿਆਣਾ ਹੈਂ, ਤੇਰੀ ਹਾਥ ਨਹੀਂ ਪੈ ਸਕਦੀ। ਤੇਰੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਤੇਰੇ ਗਿਆਨ ਦਾ ਮੁੱਲ ਨਹੀਂ ਪੈ ਸਕਦਾ।
ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ ॥
ਜੀਵ ਉਹੀ ਕੰਮ ਕਰਦਾ ਹੈ ਜੋ ਧੁਰੋਂ ਕਰਤਾਰ ਨੇ ਉਸ ਵਾਸਤੇ ਮਿਥ ਦਿੱਤਾ ਹੈ (ਭਾਵ, ਉਸ ਦੇ ਕੀਤੇ ਕਰਮਾਂ ਅਨੁਸਾਰ ਜਿਹੋ ਜਿਹੇ ਸੰਸਕਾਰ ਜੀਵ ਦੇ ਅੰਦਰ ਪਾ ਦਿੱਤੇ ਹਨ)।
ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥੨੩॥੧॥੨॥
ਹੇ ਪ੍ਰਭੂ! ਤੈਥੋਂ ਆਕੀ ਹੋ ਕੇ (ਜਗਤ ਵਿਚ) ਕੁਝ ਨਹੀਂ ਵਰਤ ਰਿਹਾ। ਨਾਨਕ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹੈ ॥੨੩॥੧॥੨॥
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਡੀਆ ਕਵਨ ਕੁਮਤਿ ਤੁਮ ਲਾਗੇ ॥
ਹੇ ਪੰਡਿਤ! ਤੁਸੀਂ ਲੋਕ ਕਿਹੜੀ ਕੁਮੱਤੇ ਲੱਗੇ ਪਏ ਹੋ?
ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥
ਹੇ ਮੰਦ-ਭਾਗੀ ਪਾਂਡੇ! ਤੁਸੀਂ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਸਾਰੇ ਪਰਵਾਰ ਸਮੇਤ ਹੀ (ਸੰਸਾਰ-ਸਮੁੰਦਰ ਵਿਚ) ਡੁੱਬ ਜਾਉਗੇ ॥੧॥ ਰਹਾਉ ॥
ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥
(ਹੇ ਪਾਂਡੇ! ਤੂੰ ਮਾਣ ਕਰਦਾ ਹੈਂ ਕਿ ਤੂੰ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਿਆ ਹੋਇਆ ਹੈਂ, ਪਰ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ (ਜੇ ਨਾਮ ਤੋਂ ਸੁੰਞਾ ਰਿਹਾ; ਇਹ ਤਾਂ ਦਿਮਾਗ਼ ਉੱਤੇ ਭਾਰ ਹੀ ਲੱਦ ਲਿਆ), ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਲੱਦਾ ਲੱਦ ਲਿਆ।
ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥
ਤੂੰ (ਸੰਸਾਰ-ਸਮੁੰਦਰ ਤੋਂ) ਕਿਵੇਂ ਪਾਰ ਲੰਘੇਂਗਾ? ਇਹ ਤਾਂ ਤੈਨੂੰ ਸਮਝ ਹੀ ਨਹੀਂ ਪਈ ਕਿ ਪਰਮਾਤਮਾ ਦਾ ਨਾਮ ਸਿਮਰਿਆਂ ਕਿਹੋ ਜਿਹੀ ਆਤਮਕ ਅਵਸਥਾ ਬਣਦੀ ਹੈ ॥੧॥
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
(ਹੇ ਪਾਂਡੇ! ਇਕ ਪਾਸੇ ਤੁਸੀਂ ਮਾਸ ਖਾਣ ਨੂੰ ਨਿੰਦਦੇ ਹੋ; ਪਰ ਜੱਗ ਕਰਨ ਵੇਲੇ ਤੁਸੀਂ ਭੀ) ਜੀਵ ਮਾਰਦੇ ਹੋ (ਕੁਰਬਾਨੀ ਦੇਣ ਲਈ, ਤੇ) ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ, ਹੇ ਭਾਈ! ਦੱਸੋ, ਪਾਪ ਕਿਹੜਾ ਹੈ? (ਜੱਗ ਕਰਨ ਵੇਲੇ ਤੁਸੀਂ ਆਪ ਭੀ ਜੀਵ-ਹਿੰਸਾ ਕਰਦੇ ਹੋ, ਪਰ) ਆਪਣੇ ਆਪ ਨੂੰ ਤੁਸੀਂ ਸ੍ਰੇਸ਼ਟ ਰਿਸ਼ੀ ਮਿਥਦੇ ਹੋ।
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥
(ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ,) ਤਾਂ ਤੁਸੀਂ ਕਸਾਈ ਕਿਸ ਨੂੰ ਆਖਦੇ ਹੋ? (ਤੁਸੀਂ ਉਹਨਾਂ ਲੋਕਾਂ ਨੂੰ ਕਸਾਈ ਕਿਉਂ ਆਖਦੇ ਹੋ ਜੋ ਮਾਸ ਵੇਚਦੇ ਹਨ? ॥੨॥
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥
ਹੇ ਅਗਿਆਨੀ ਪਾਂਡੇ! ਤੁਹਾਨੂੰ ਆਪ ਨੂੰ (ਜੀਵਨ ਦੇ ਸਹੀ ਰਸਤੇ ਦੀ) ਸਮਝ ਨਹੀਂ ਆਈ, ਹੋਰ ਕਿਸ ਨੂੰ ਮੱਤਾਂ ਦੇਹ ਰਹੇ ਹੋ?
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥
(ਇਸ ਪੜ੍ਹੀ ਹੋਈ ਵਿੱਦਿਆ ਤੋਂ ਤੁਸੀਂ ਆਪ ਕੋਈ ਲਾਭ ਨਹੀਂ ਉਠਾ ਰਹੇ, ਇਸ) ਵਿੱਦਿਆ ਨੂੰ ਸਿਰਫ਼ ਮਾਇਆ ਦੀ ਖ਼ਾਤਰ ਵੇਚ ਹੀ ਰਹੇ ਹੋ, ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿਅਰਥ ਗੁਜ਼ਰ ਰਹੀ ਹੈ ॥੩॥
ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥
(ਜੇ ਮੇਰੀ ਇਸ ਗੱਲ ਉੱਤੇ ਯਕੀਨ ਨਹੀਂ ਆਉਂਦਾ, ਤਾਂ ਆਪਣੇ ਹੀ ਪੁਰਾਣੇ ਰਿਸ਼ੀਆਂ ਦੇ ਬਚਨ ਪੜ੍ਹ ਸੁਣ ਵੇਖੋ) ਨਾਰਦ ਰਿਸ਼ੀ ਦੇ ਇਹੀ ਬਚਨ ਹਨ, ਵਿਆਸ ਇਹੀ ਗੱਲ ਆਖਦਾ ਹੈ; ਸੁਕਦੇਵ ਨੂੰ ਵੀ ਜਾ ਕੇ ਪੁੱਛ ਲਵੋ (ਭਾਵ, ਸੁਕਦੇਵ ਦੇ ਬਚਨ ਪੜ੍ਹ ਕੇ ਭੀ ਵੇਖ ਲਵੋ, ਉਹ ਭੀ ਇਹੀ ਆਖਦਾ ਹੈ ਕਿ ਨਾਮ ਸਿਮਰਿਆਂ ਪਾਰ-ਉਤਾਰਾ ਹੁੰਦਾ ਹੈ)।
ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥
ਕਬੀਰ ਆਖਦਾ ਹੈ ਕਿ (ਦੁਨੀਆ ਦੇ ਬੰਧਨਾਂ ਤੋਂ) ਪ੍ਰਭੂ ਦਾ ਨਾਮ ਸਿਮਰ ਕੇ ਹੀ ਮੁਕਤ ਹੋ ਸਕਦੇ ਹੋ, ਨਹੀਂ ਤਾਂ ਆਪਣੇ ਆਪ ਨੂੰ ਡੁੱਬੇ ਸਮਝੋ ॥੪॥੧॥
ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥
ਜਦ ਤਕ, ਤੂੰ ਆਪਣੇ ਮਨ ਵਿਚੋਂ ਵਿਕਾਰ ਨਹੀਂ ਛੱਡਦਾ, ਜੰਗਲ ਵਿਚ ਜਾ ਵੱਸਿਆਂ ਪਰਮਾਤਮਾ ਕਿਵੇਂ ਮਿਲ ਸਕਦਾ ਹੈ?
ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥
ਜਗਤ ਵਿਚ ਪੂਰਨ ਪੁਰਖ ਉਹੀ ਹਨ ਜਿਨ੍ਹਾਂ ਨੇ ਘਰ ਤੇ ਜੰਗਲ ਨੂੰ ਇਕੋ ਜਿਹਾ ਕਰ ਜਾਣਿਆ ਹੈ (ਭਾਵ, ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਤਿਆਗੀ ਹਨ) ॥੧॥
ਸਾਰ ਸੁਖੁ ਪਾਈਐ ਰਾਮਾ ॥
ਅਸਲ ਸ੍ਰੇਸ਼ਟ ਸੁਖ ਪ੍ਰਭੂ ਦਾ ਨਾਮ ਸਿਮਰਿਆਂ ਹੀ ਮਿਲਦਾ ਹੈ।
ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ ॥
(ਇਸ ਵਾਸਤੇ, ਹੇ ਭਾਈ!) ਆਪਣੇ ਹਿਰਦੇ ਵਿਚ ਹੀ ਪ੍ਰੇਮ ਨਾਲ ਰਾਮ ਦਾ ਨਾਮ ਸਿਮਰੋ ॥੧॥ ਰਹਾਉ ॥
ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ ॥
ਜੇ ਤੁਸਾਂ ਜਟਾ (ਧਾਰ ਕੇ ਉਹਨਾਂ) ਨੂੰ ਸੁਆਹ ਲਿੰਬ ਲਈ, ਜਾਂ ਕਿਸੇ ਗੁਫ਼ਾ ਵਿਚ ਜਾ ਡੇਰਾ ਲਾਇਆ, ਤਾਂ ਭੀ ਕੀਹ ਹੋਇਆ? (ਮਾਇਆ ਦਾ ਮੋਹ ਇਸ ਤਰ੍ਹਾਂ ਖ਼ਲਾਸੀ ਨਹੀਂ ਕਰਦਾ)।
ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥
ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹਨਾਂ (ਮਾਨੋ) ਸਾਰੇ ਜਗਤ ਨੂੰ ਜਿੱਤ ਲਿਆ, ਕਿਉਂਕਿ ਮਨ ਜਿੱਤਣ ਨਾਲ ਹੀ ਮਾਇਆ ਤੋਂ ਉਪਰਾਮ ਹੋਈਦਾ ਹੈ ॥੨॥
ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥
ਹਰ ਕੋਈ ਸੁਰਮਾ ਪਾ ਲੈਂਦਾ ਹੈ, ਪਰ (ਸੁਰਮਾ ਪਾਣ ਵਾਲਿਆਂ ਦੀ) ਨੀਅਤ ਵਿਚ ਕੁਝ ਫ਼ਰਕ ਹੋਇਆ ਕਰਦਾ ਹੈ (ਕੋਈ ਸੁਰਮਾ ਪਾਂਦਾ ਹੈ ਵਿਕਾਰਾਂ ਲਈ, ਤੇ ਕੋਈ ਅੱਖਾਂ ਦੀ ਨਜ਼ਰ ਚੰਗੀ ਰੱਖਣ ਲਈ। ਤਿਵੇਂ, ਮਾਇਆ ਦੇ ਬੰਧਨਾਂ ਤੋਂ ਨਿਕਲਣ ਲਈ ਉੱਦਮ ਕਰਨ ਦੀ ਲੋੜ ਹੈ, ਪਰ ਉੱਦਮ ਉੱਦਮ ਵਿਚ ਫ਼ਰਕ ਹੈ)
ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ ॥੩॥
ਉਹੀ ਅੱਖਾਂ (ਪ੍ਰਭੂ ਦੀ ਨਜ਼ਰ ਵਿਚ) ਕਬੂਲ ਹਨ ਜਿਨ੍ਹਾਂ (ਗੁਰੂ ਦੇ) ਗਿਆਨ ਦਾ ਸੁਰਮਾ ਪਾਇਆ ਹੈ ॥੩॥
ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ ॥
ਕਬੀਰ ਆਖਦਾ ਹੈ ਕਿ ਮੈਨੂੰ ਮੇਰੇ ਗੁਰੂ ਨੇ (ਜੀਵਨ ਦੇ ਸਹੀ ਰਸਤੇ ਦਾ) ਗਿਆਨ ਬਖ਼ਸ਼ ਦਿੱਤਾ ਹੈ। ਮੈਨੂੰ ਹੁਣ ਸਮਝ ਆ ਗਈ ਹੈ।
ਅੰਤਰ ਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਨ ਜਾਇ ॥੪॥੨॥
(ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਮੈਨੂੰ ਮਿਲ ਪਿਆ ਹੈ, ਮੇਰਾ ਮਨ (ਜੰਗਲ ਗੁਫ਼ਾ ਆਦਿਕ) ਕਿਸੇ ਹੋਰ ਪਾਸੇ ਨਹੀਂ ਜਾਂਦਾ ॥੪॥੨॥
ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ॥
(ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ)।
ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥੧॥
(ਹੇ ਜੋਗੀ! ਤੂੰ ਆਖਦਾ ਹੈਂ ‘ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ’, ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ ॥੧॥
ਰਾਮੁ ਜਿਹ ਪਾਇਆ ਰਾਮ ॥
(ਹੇ ਜੋਗੀ!) ਜਿਨ੍ਹਾਂ ਲੋਕਾਂ ਨੂੰ ਸਚ-ਮੁਚ ਪਰਮਾਤਮਾ ਮਿਲ ਪੈਂਦਾ ਹੈ,
ਤੇ ਭਵਹਿ ਨ ਬਾਰੈ ਬਾਰ ॥੧॥ ਰਹਾਉ ॥
ਉਹ (ਭਿੱਛਿਆ ਮੰਗਣ ਲਈ) ਦਰ ਦਰ ਤੇ ਨਹੀਂ ਭਟਕਦੇ ॥੧॥ ਰਹਾਉ ॥
ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ ॥
ਦੋ ਚਾਰ ਦਿਨ (ਮਾਇਆ) ਵਰਤਣ ਦੀ ਆਸ ਤੇ ਹੀ ਇਹ ਝੂਠਾ ਜਗਤ ਕਿਤਨਾ ਹੀ ਭਟਕਦਾ ਫਿਰਦਾ ਹੈ।
ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਨ ਭਈ ਪਿਆਸ ॥੨॥
(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹਨਾਂ ਨੂੰ ਮੁੜ ਮਾਇਆ ਦੀ ਤ੍ਰੇਹ ਨਹੀਂ ਲੱਗਦੀ ॥੨॥
ਗੁਰਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ ॥
ਗੁਰੂ ਦੀ ਕਿਰਪਾ ਨਾਲ ਜਿਸ ਨੇ (ਸਹੀ ਜੀਵਨ) ਸਮਝ ਲਿਆ ਹੈ, ਉਹ ਆਸਾਂ ਛੱਡ ਕੇ ਆਸਾਂ ਤੋਂ ਉਤਾਂਹ ਹੋ ਜਾਂਦਾ ਹੈ,
ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥੩॥
ਕਿਉਂਕਿ ਜਦੋਂ ਮਨੁੱਖ ਅੰਦਰੋਂ ਮਾਇਆ ਤੋਂ ਉਪਰਾਮ ਹੋ ਜਾਏ ਤਾਂ ਉਸ ਨੂੰ ਹਰ ਥਾਂ ਪ੍ਰਭੂ ਦਿੱਸਦਾ ਹੈ (ਮਾਇਆ ਵਲ ਉਸ ਦੀ ਨਿਗਾਹ ਹੀ ਨਹੀਂ ਪੈਂਦੀ) ॥੩॥
ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ ॥
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਿਆ ਹੈ, ਉਸ ਨੂੰ ਹਰੇਕ ਕੌਤਕ ਵਿਚ ਪ੍ਰਭੂ ਦਾ ਨਾਮ ਹੀ ਦਿੱਸਦਾ ਸੁਣੀਦਾ ਹੈ,
ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥
ਕਬੀਰ ਆਖਦਾ ਹੈ- ਉਹ ਸੁੱਧ ਸੋਨਾ ਬਣ ਜਾਂਦਾ ਹੈ, ਉਸ ਦੀ ਭਟਕਣਾ ਸਮੁੰਦਰੋਂ ਪਾਰ ਚਲੀ ਜਾਂਦੀ ਹੈ (ਸਦਾ ਲਈ ਮਿਟ ਜਾਂਦੀ ਹੈ) ॥੪॥੩॥
ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥
ਜਿਵੇਂ ਪਾਣੀ ਸਮੁੰਦਰ ਦੇ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ, ਜਿਵੇਂ ਨਦੀ ਦੇ ਪਾਣੀ ਦੀਆਂ ਲਹਿਰਾਂ ਨਦੀ ਦੇ ਪਾਣੀ ਵਿਚ ਲੀਨ ਹੋ ਜਾਂਦੀਆਂ ਹਨ,
ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥
ਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ, ਤਿਵੇਂ ਵਾਸ਼ਨਾ-ਰਹਿਤ ਹੋਇਆ ਮੇਰਾ ਮਨ ਅਫੁਰ ਪ੍ਰਭੂ ਵਿਚ ਮਿਲ ਗਿਆ ਹੈ, ਤੇ ਹੁਣ ਮੈਨੂੰ ਹਰ ਥਾਂ ਪ੍ਰਭੂ ਹੀ ਦਿੱਸ ਰਿਹਾ ਹੈ ॥੧॥
ਬਹੁਰਿ ਹਮ ਕਾਹੇ ਆਵਹਿਗੇ ॥
ਮੈਂ ਫਿਰ ਕਦੇ (ਜਨਮ ਮਰਨ ਦੇ ਗੇੜ ਵਿਚ) ਨਹੀਂ ਆਵਾਂਗਾ।
ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ ॥
ਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾ (ਅਨੁਸਾਰ) ਹੀ ਹੈ, ਮੈਂ ਉਸ ਰਜ਼ਾ ਨੂੰ ਸਮਝ ਕੇ (ਰਜ਼ਾ ਵਿਚ) ਲੀਨ ਹੋ ਗਿਆ ਹਾਂ ॥੧॥ ਰਹਾਉ ॥
ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥
ਹੁਣ ਜਦੋਂ (ਪ੍ਰਭੂ ਵਿਚ ਲੀਨ ਹੋਣ ਕਰਕੇ) ਮੇਰਾ ਪੰਜ-ਤੱਤੀ ਸਰੀਰ ਦਾ ਮੋਹ ਮੁੱਕ ਗਿਆ ਹੈ, ਮੈਂ ਆਪਣਾ ਭੁਲੇਖਾ ਭੀ ਇਉਂ ਮੁਕਾ ਲਿਆ ਹੈ,
ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥੨॥
ਕਿ ਕਿਸੇ ਖ਼ਾਸ ਭੇਖ (ਦੀ ਮਹੱਤਤਾ ਦਾ ਖ਼ਿਆਲ) ਛੱਡ ਕੇ ਮੈਨੂੰ ਸਭਨਾਂ ਵਿਚ ਹੀ ਪਰਮਾਤਮਾ ਦਿੱਸਦਾ ਹੈ, ਮੈਂ ਇਕ ਪ੍ਰਭੂ ਦਾ ਨਾਮ ਹੀ ਸਿਮਰ ਰਿਹਾ ਹਾਂ ॥੨॥
ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥
(ਪਰ, ਇਹ ਪ੍ਰਭੂ ਦੀ ਆਪਣੀ ਹੀ ਮਿਹਰ ਹੈ) ਜਿਸ ਪਾਸੇ ਉਸ ਨੇ ਮੈਨੂੰ ਲਾਇਆ ਹੈ ਮੈਂ ਉਧਰ ਹੀ ਲੱਗ ਪਿਆ ਹਾਂ (ਜਿਹੋ ਜਿਹੇ ਕੰਮ ਉਹ ਮੈਥੋਂ ਕਰਾਉਂਦਾ ਹੈ) ਉਹੋ ਜਿਹੇ ਕੰਮ ਮੈਂ ਕਰ ਰਿਹਾ ਹਾਂ।
ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥
ਜਦੋਂ ਭੀ (ਜਿਨ੍ਹਾਂ ਉੱਤੇ) ਪ੍ਰਭੂ ਜੀ ਆਪਣੀ ਮਿਹਰ ਕਰਦੇ ਹਨ, ਉਹ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ॥੩॥
ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥
ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪਹਿਲਾਂ) ਵਿਕਾਰਾਂ ਵਲੋਂ ਮਰੋ। ਜਦੋਂ ਇਸ ਤਰ੍ਹਾਂ ਮਰੋਗੇ, ਤਾਂ ਫਿਰ ਆਤਮਕ ਜੀਵਨ ਵਾਲੇ ਪਾਸੇ ਜੀਊ ਪਵੋਗੇ। ਫਿਰ ਕਦੇ ਜਨਮ (ਮਰਨ ਦਾ ਗੇੜ) ਨਹੀਂ ਹੋਵੇਗਾ।
ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥
ਕਬੀਰ ਆਖਦਾ ਹੈ- ਜੋ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੪॥੪॥
ਤੁਮ੍ਰ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ ॥
ਹੇ ਰਾਮ! ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਵਿਛੋੜ ਦੇਵੇਂ, ਤਾਂ ਦੱਸ ਹੋਰ ਮੁਕਤੀ ਕੀਹ ਹੈ?
ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥
ਤੂੰ ਇਕ ਪ੍ਰਭੂ ਅਨੇਕਾਂ ਰੂਪ ਧਾਰ ਕੇ ਸਾਰੇ ਜੀਵਾਂ ਵਿਚ ਵਿਆਪਕ ਹੈਂ (ਮੇਰੇ ਅੰਦਰ ਭੀ ਬੈਠ ਕੇ ਮੈਨੂੰ ਮਿਲਿਆ ਹੋਇਆ ਹੈਂ)। ਹੁਣ ਮੈਨੂੰ ਕਿਸੇ ਹੋਰ ਭੁਲੇਖੇ ਵਿਚ ਕਿਉਂ ਪਾਂਦਾ ਹੈਂ (ਕਿ ਮੁਕਤੀ ਕਿਸੇ ਹੋਰ ਥਾਂ ਕਿਸੇ ਹੋਰ ਕਿਸਮ ਦੀ ਮਿਲੇਗੀ)? ॥੧॥
ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥
ਹੇ ਰਾਮ! (ਮੈਂ ਤਾਂ ਅੱਗੇ ਹੀ ਤੇਰੇ ਚਰਨਾਂ ਵਿਚ ਜੁੜਿਆ ਬੈਠਾ ਹਾਂ। ਲੋਕ ਆਖਦੇ ਹਨ ਕਿ ਮਰਨ ਪਿਛੋਂ ਮੁਕਤੀ ਮਿਲਦੀ ਹੈ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ ਹੋਰ ਕਿੱਥੇ ਲੈ ਜਾਏਂਗਾ? (ਤੇਰੇ ਚਰਨਾਂ ਵਿਚ ਟਿਕੇ ਰਹਿਣਾ ਹੀ ਮੇਰੇ ਲਈ ਮੁਕਤੀ ਹੈ।
ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥੧॥ ਰਹਾਉ ॥
ਜੇ ਤੇਰੇ ਚਰਨਾਂ ਵਿਚ ਜੁੜੇ ਰਹਿਣਾ ਮੁਕਤੀ ਨਹੀਂ ਹੈ, ਤਾਂ) ਮੈਂ ਪੁੱਛਦਾ ਹਾਂ-ਉਹ ਮੁਕਤੀ ਕਿਹੋ ਜਿਹੀ ਹੋਵੇਗੀ, ਤੇ ਮੈਨੂੰ ਹੋਰ ਕਿਥੇ ਲੈ ਜਾ ਕੇ ਤੂੰ ਦੇਵੇਂਗਾ? (ਤੇਰੇ ਚਰਨਾਂ ਵਿਚ ਜੁੜੇ ਰਹਿਣ ਵਾਲੀ ਮੁਕਤੀ ਤਾਂ) ਤੇਰੀ ਕਿਰਪਾ ਨਾਲ ਮੈਂ ਅੱਗੇ ਹੀ ਪ੍ਰਾਪਤ ਕੀਤੀ ਹੋਈ ਹੈ ॥੧॥ ਰਹਾਉ ॥
ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ ॥
ਸੰਸਾਰ-ਸਮੁੰਦਰ ਤੋਂ ਪਾਰ ਲੰਘਾਣਾ ਤੇ ਪਾਰ ਲੰਘਣਾ-ਇਹ ਗੱਲ ਤਦ ਤਕ ਹੀ ਕਹੀਦੀ ਹੈ, ਜਦ ਤਕ ਜਗਤ ਦੇ ਮੂਲ-ਪ੍ਰਭੂ ਨਾਲ ਸਾਂਝ ਨਹੀਂ ਪਾਈ ਜਾਂਦੀ।
ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥
ਕਬੀਰ ਆਖਦਾ ਹੈ ਕਿ ਮੈਂ ਤਾਂ ਹੁਣ ਹਿਰਦੇ ਵਿਚ ਹੀ (ਤੇਰੇ ਮਿਲਾਪ ਦੀ ਬਰਕਤਿ ਨਾਲ) ਪਵਿੱਤਰ ਹੋ ਚੁਕਾ ਹਾਂ ਮੇਰਾ ਮਨ (ਤੇਰੇ ਨਾਲ ਹੀ) ਪਰਚ ਗਿਆ ਹੈ (ਕਿਸੇ ਹੋਰ ਮੁਕਤੀ ਦੀ ਮੈਨੂੰ ਲੋੜ ਨਹੀਂ ਹੈ) ॥੨॥੫॥
ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥੧॥
ਜਿਸ ਰਾਵਣ ਨੇ ਸੋਨੇ ਦੇ ਕਿਲ੍ਹੇ ਬਣਾਏ (ਦੱਸੀਏ ਹਨ), ਉਹ ਭੀ (ਉਹ ਕਿਲ੍ਹੇ ਇਥੇ ਹੀ) ਛੱਡ ਗਿਆ ॥੧॥
ਕਾਹੇ ਕੀਜਤੁ ਹੈ ਮਨਿ ਭਾਵਨੁ ॥
ਕਿਉਂ ਆਪਣੀ ਮਨ-ਮਰਜ਼ੀ ਕਰਦਾ ਹੈਂ?
ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥
ਜਦੋਂ ਜਮਦੂਤ ਆ ਕੇ ਕੇਸਾਂ ਤੋਂ ਫੜ ਲੈਂਦਾ ਹੈ (ਭਾਵ, ਜਦੋਂ ਮੌਤ ਸਿਰ ਤੇ ਆ ਜਾਂਦੀ ਹੈ) ਉਸ ਵੇਲੇ ਪਰਮਾਤਮਾ ਦਾ ਨਾਮ ਹੀ (ਉਸ ਮੌਤ ਦੇ ਸਹਿਮ ਤੋਂ) ਬਚਾਂਦਾ ਹੈ ॥੧॥ ਰਹਾਉ ॥
ਕਾਲੁ ਅਕਾਲੁ ਖਸਮ ਕਾ ਕਿਨ੍ਰਾ ਇਹੁ ਪਰਪੰਚੁ ਬਧਾਵਨੁ ॥
ਕਬੀਰ ਆਖਦਾ ਹੈ ਕਿ ਇਹ ਅਮੋੜ ਮੌਤ ਅਤੇ ਬੰਧਨ-ਰੂਪ ਇਹ ਜਗਤ ਪਰਮਾਤਮਾ ਦੇ ਹੀ ਬਣਾਏ ਹੋਏ ਹਨ।
ਕਹਿ ਕਬੀਰ ਤੇ ਅੰਤੇ ਮੁਕਤੇ ਜਿਨ੍ਰ ਹਿਰਦੈ ਰਾਮ ਰਸਾਇਨੁ ॥੨॥੬॥
ਇਹਨਾਂ ਤੋਂ ਬਚਦੇ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਸਭ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਮੌਜੂਦ ਹੈ ॥੨॥੬॥
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥
ਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ, ਇਸ ਵਿਚ ਪੰਜ ਕਿਸਾਨ ਵੱਸਦੇ ਹਨ-
ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥੧॥
ਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ) ॥੧॥
ਬਾਬਾ ਅਬ ਨ ਬਸਉ ਇਹ ਗਾਉ ॥
ਹੇ ਬਾਬਾ! ਹੁਣ ਮੈਂ ਇਸ ਪਿੰਡ ਵਿਚ ਨਹੀਂ ਵੱਸਣਾ,
ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥੧॥ ਰਹਾਉ ॥
ਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ ॥੧॥ ਰਹਾਉ ॥
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥
(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁਝ ਦੇਣਾ ਨਿਕਲਦਾ ਹੈ।
ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥
(ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ) ਦਰਬਾਰੀ ਬੰਨ੍ਹ ਲੈਂਦੇ ਹਨ ॥੨॥
ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ,
ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥੩॥੭॥
(ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ-ਹੇ ਪ੍ਰਭੂ! ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿਚ ਮੇਰਾ ਮੁੜ ਫੇਰ ਨਾਹ ਹੋਵੇ ॥੩॥੭॥
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥
ਹੇ ਅੰਞਾਣ ਵੈਰਾਗੀ! (ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ) ਕਿਸੇ ਨੇ ਨਹੀਂ ਵੇਖਿਆ, ਉਸ ਦਾ ਤਾਂ ਆਤਮਕ ਝਲਕਾਰਾ ਹੀ ਵੱਜਦਾ ਹੈ।
ਬਿਨੁ ਭੈ ਅਨਭਉ ਹੋਇ ਵਣਾਹੰਬੈ ॥੧॥
ਤੇ, ਇਹ ਆਤਮਕ ਝਲਕਾਰਾ ਤਦੋਂ ਵੱਜਦਾ ਹੈ, ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ ॥੧॥
ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ ॥
ਹੇ ਅੰਞਾਣ ਬੈਰਾਗੀ! ਜੋ ਮਨੁੱਖ ਪਰਮਾਤਮਾ-ਖਸਮ ਨੂੰ ਹਰ ਵੇਲੇ ਅੰਗ-ਸੰਗ ਸਮਝਦਾ ਹੈ, ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ (ਕਿ ਪ੍ਰਭੂ ਸਾਡੇ ਸਾਰੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ)।
ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥੨॥
ਇਸ ਡਰ ਦੀ ਬਰਕਤਿ ਨਾਲ ਮਨੁੱਖ ਉਸ ਪ੍ਰਭੂ ਦਾ) ਹੁਕਮ ਸਮਝਦਾ ਹੈ (ਭਾਵ, ਇਹ ਸਮਝਣ ਦੀ ਕੋਸ਼ਸ਼ ਕਰਦਾ ਹੈ ਕਿ ਸਾਨੂੰ ਜੀਵਾਂ ਨੂੰ ਕਿਵੇਂ ਜੀਊਣਾ ਚਾਹੀਦਾ ਹੈ) ਤਾਂ ਸੰਸਾਰਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ (ਕਿਉਂਕਿ ਰਜ਼ਾ ਨੂੰ ਸਮਝ ਕੇ ਸੰਸਾਰਕ ਡਰਾਂ ਵਾਲੇ ਕੰਮ ਕਰਨੇ ਛੱਡ ਦੇਂਦਾ ਹੈ) ॥੨॥
ਹਰਿ ਪਾਖੰਡੁ ਨ ਕੀਜਈ ਬੈਰਾਗੀਅੜੇ ॥
ਹੇ ਅੰਞਾਣ ਬੈਰਾਗੀ! (ਇਹ ਤੀਰਥ ਆਦਿਕ ਕਰ ਕੇ) ਪਰਮਾਤਮਾ ਨਾਲ ਠੱਗੀ ਨਾਹ ਕਰੀਏ,
ਪਾਖੰਡਿ ਰਤਾ ਸਭੁ ਲੋਕੁ ਵਣਾਹੰਬੈ ॥੩॥
ਸਾਰਾ ਜਗਤ (ਤੀਰਥ ਆਦਿਕ ਕਰਨ ਦੇ ਵਹਿਣ ਵਿਚ ਪੈ ਕੇ) ਪਖੰਡ ਵਿਚ ਰੁੱਝਾ ਪਿਆ ਹੈ ॥੩॥
ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥
ਹੇ ਅੰਞਾਣ ਬੈਰਾਗੀ! (ਪਖੰਡ-ਕਰਮ ਕੀਤਿਆਂ) ਤ੍ਰਿਸ਼ਨਾ ਖ਼ਲਾਸੀ ਨਹੀਂ ਕਰਦੀ,
ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥
ਸਗੋਂ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦੇਂਦੀ ਹੈ ॥੪॥
ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ ॥
ਹੇ ਅੰਞਾਣ ਬੈਰਾਗੀ! ਜੇ ਮਨੁੱਖ ਦਾ ਮਨ (ਤ੍ਰਿਸ਼ਨਾ ਮਮਤਾ ਵਲੋਂ) ਮਰ ਜਾਏ,
ਜੇ ਮਨੁ ਮਿਰਤਕੁ ਹੋਇ ਵਣਾਹੰਬੈ ॥੫॥
(ਤਾਂ ਉਹ ਸੱਚਾ ਬੈਰਾਗੀ ਬਣ ਜਾਂਦਾ ਹੈ, ਉਸ ਅਜਿਹੇ ਬੈਰਾਗੀ ਨੇ) ਚਿੰਤਾ ਸਾੜ ਕੇ ਸਰੀਰ (ਦਾ ਮੋਹ) ਸਾੜ ਲਿਆ ਹੈ ॥੫॥
ਸਤਿਗੁਰ ਬਿਨੁ ਬੈਰਾਗੁ ਨ ਹੋਵਈ ਬੈਰਾਗੀਅੜੇ ॥
(ਪਰ) ਹੇ ਅੰਞਾਣ ਬੈਰਾਗੀ! ਸਤਿਗੁਰੂ (ਦੀ ਸ਼ਰਨ ਆਉਣ) ਤੋਂ ਬਿਨਾ (ਹਿਰਦੇ ਵਿਚ) ਵੈਰਾਗ ਪੈਦਾ ਨਹੀਂ ਹੋ ਸਕਦਾ,
ਜੇ ਲੋਚੈ ਸਭੁ ਕੋਇ ਵਣਾਹੰਬੈ ॥੬॥
ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ॥੬॥
ਕਰਮੁ ਹੋਵੈ ਸਤਿਗੁਰੁ ਮਿਲੈ ਬੈਰਾਗੀਅੜੇ ॥
ਹੇ ਅੰਞਾਣ ਬੈਰਾਗੀ! ਸਤਿਗੁਰੂ ਤਦੋਂ ਮਿਲਦਾ ਹੈ ਜੇ (ਪ੍ਰਭੂ ਦੀ) ਕਿਰਪਾ ਹੋਵੇ,
ਸਹਜੇ ਪਾਵੈ ਸੋਇ ਵਣਾਹੰਬੈ ॥੭॥
ਉਹ ਮਨੁੱਖ (ਫਿਰ) ਸਹਿਜੇ ਹੀ (ਵੈਰਾਗ) ਪ੍ਰਾਪਤ ਕਰ ਲੈਂਦਾ ਹੈ ॥੭॥
ਕਹੁ ਕਬੀਰ ਇਕ ਬੇਨਤੀ ਬੈਰਾਗੀਅੜੇ ॥
ਕਬੀਰ ਆਖਦਾ ਹੈ- ਹੇ ਅੰਞਾਣ ਬੈਰਾਗੀ! (ਪਖੰਡ ਨਾਲ ਕੁਝ ਨਹੀਂ ਸੌਰਨਾ, ਪ੍ਰਭੂ ਅੱਗੇ) ਇਉਂ ਅਰਦਾਸ ਕਰ,
ਮੋ ਕਉ ਭਉਜਲੁ ਪਾਰਿ ਉਤਾਰਿ ਵਣਾਹੰਬੈ ॥੮॥੧॥੮॥
‘ਹੇ ਪ੍ਰਭੂ! ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ’ ॥੮॥੧॥੮॥
ਰਾਜਨ ਕਉਨੁ ਤੁਮਾਰੈ ਆਵੈ ॥
ਹੇ ਰਾਜਾ (ਦੁਰਜੋਧਨ)! ਤੇਰੇ ਘਰ ਕੌਣ ਆਵੇ? (ਮੈਨੂੰ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ)।
ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥
ਮੈਂ ਬਿਦਰ ਦਾ ਇਤਨਾ ਪ੍ਰੇਮ ਵੇਖਿਆ ਹੈ ਕਿ ਉਹ ਗ਼ਰੀਬ (ਭੀ) ਮੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥
ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥
ਤੂੰ ਹਾਥੀ (ਆਦਿਕ) ਵੇਖ ਕੇ ਮਾਣ ਵਿਚ ਆ ਕੇ ਖੁੰਝ ਗਿਆ ਹੈਂ, ਪਰਮਾਤਮਾ ਨੂੰ ਭੁਲਾ ਬੈਠਾ ਹੈਂ।
ਤੁਮਰੋ ਦੂਧੁ ਬਿਦਰ ਕੋ ਪਾਨ੍ਰੋ ਅੰਮ੍ਰਿਤੁ ਕਰਿ ਮੈ ਮਾਨਿਆ ॥੧॥
ਇਕ ਪਾਸੇ ਤੇਰਾ ਦੁੱਧ ਹੈ, ਦੂਜੇ ਪਾਸੇ ਬਿਦਰ ਦਾ ਪਾਣੀ ਹੈ; ਇਹ ਪਾਣੀ ਮੈਨੂੰ ਅੰਮ੍ਰਿਤ ਦਿੱਸਦਾ ਹੈ ॥੧॥
ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥
(ਬਿਦਰ ਦੇ ਘਰ ਦਾ ਰਿੱਝਾ ਹੋਇਆ) ਸਾਗ (ਤੇਰੀ ਰਸੋਈ ਦੀ ਪੱਕੀ) ਖੀਰ ਵਰਗਾ ਮੈਨੂੰ (ਮਿੱਠਾ) ਲੱਗਦਾ ਹੈ, (ਕਿਉਂਕਿ ਬਿਦਰ ਦੇ ਕੋਲ ਰਹਿ ਕੇ ਮੇਰੀ) ਰਾਤ ਪ੍ਰਭੂ ਦੇ ਗੁਣ ਗਾਂਦਿਆਂ ਬੀਤੀ ਹੈ।
ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥੨॥੯॥
ਕਬੀਰ ਦਾ ਮਾਲਕ ਪ੍ਰਭੂ ਆਨੰਦ ਤੇ ਮੌਜ ਦਾ ਮਾਲਕ ਹੈ (ਜਿਵੇਂ ਉਸ ਨੇ ਕ੍ਰਿਸ਼ਨ-ਰੂਪ ਵਿਚ ਆ ਕੇ ਕਿਸੇ ਦੇ ਉੱਚੇ ਮਰਾਤਬੇ ਦੀ ਪਰਵਾਹ ਨਹੀਂ ਕੀਤੀ, ਤਿਵੇਂ) ਉਹ ਕਿਸੇ ਦੀ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ ॥੨॥੯॥
ਸਲੋਕ ਕਬੀਰ ॥
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਉਸ ਦੇ ਦਸਮ-ਦੁਆਰ ਵਿਚ ਧੌਂਸਾ ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ (ਭਾਵ, ਉਸ ਦਾ ਮਨ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ)।
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
(ਹਾਂ, ਇਕ ਹੋਰ ਭੀ ਸੂਰਮਾ ਹੈ) ਉਸ ਮਨੁੱਖ ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ,
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
(ਗ਼ਰੀਬਾਂ ਵਾਸਤੇ ਲੜਦਾ ਲੜਦਾ) ਟੋਟੇ ਟੋਟੇ ਹੋ ਮਰਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ (ਪਰ ਪਿਛਾਂਹ ਪੈਰ ਨਹੀਂ ਹਟਾਂਦਾ, ਆਪਣੀ ਜਿੰਦ ਬਚਾਣ ਦੀ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ) ॥੨॥੨॥
ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ ॥
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਤੇ ਭਗਤ ਨਾਮਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥
(ਜਗਤ ਵਿਚ) ਚਾਰ ਕਿਸਮ ਦੀਆਂ ਮੁਕਤੀਆਂ (ਮਿੱਥੀਆਂ ਗਈਆਂ ਹਨ), ਇਹ ਚਾਰੇ ਮੁਕਤੀਆਂ (ਅਠਾਰਾਂ) ਸਿੱਧੀਆਂ ਨਾਲ ਮਿਲ ਕੇ ਖਸਮ (-ਪ੍ਰਭੂ) ਦੀ ਸ਼ਰਨੀ ਪਈਆਂ ਹੋਈਆਂ ਹਨ,
ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥
(ਜੋ ਮਨੁੱਖ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਇਹ ਹਰੇਕ ਕਿਸਮ ਦੀ) ਮੁਕਤੀ ਮਿਲ ਜਾਂਦੀ ਹੈ, ਉਹ ਮਨੁੱਖ ਚਹੁੰਆਂ ਜੁਗਾਂ ਵਿਚ ਉੱਘਾ ਹੋ ਜਾਂਦਾ ਹੈ, ਉਸ ਦੀ (ਹਰ ਥਾਂ) ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਉਸ ਦੇ ਸਿਰ ਉੱਤੇ ਛਤਰ ਝੁਲਦਾ ਹੈ ॥੧॥
ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥
ਪਰਕਾਸ਼-ਰੂਪ ਪਰਮਾਤਮਾ ਦਾ ਨਾਮ ਸਿਮਰ ਕੇ ਬੇਅੰਤ ਜੀਵ ਤਰੇ ਹਨ।
ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥
ਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਾਧ ਸੰਗਤ ਕੀਤੀ, ਉਸ ਦਾ ਨਾਮ ਭਗਤ ਪੈ ਗਿਆ ॥੧॥ ਰਹਾਉ ॥
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥
(ਪ੍ਰਭੂ ਦਾ) ਸੰਖ, ਚੱਕ੍ਰ, ਮਾਲਾ, ਤਿਲਕ ਆਦਿਕ ਚਮਕਦਾ ਵੇਖ ਕੇ, ਪਰਤਾਪ ਵੇਖ ਕੇ, ਜਮਰਾਜ ਭੀ ਸਹਿਮ ਜਾਂਦਾ ਹੈ।
ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥
(ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਹੈ) ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ, (ਕਿਉਂਕਿ ਉਹਨਾਂ ਪਾਸੋਂ ਤਾਂ ਜਮ ਭੀ ਡਰਦਾ ਹੈ), ਪ੍ਰਭੂ ਦਾ ਪਰਤਾਪ ਉਹਨਾਂ ਦੇ ਅੰਦਰ ਉਛਾਲੇ ਮਾਰਦਾ ਹੈ, ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਨਾਸ ਹੋ ਜਾਂਦੇ ਹਨ ॥੨॥
ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥
(ਅੰਬਰੀਕ ਨੇ ਨਾਮ ਸਿਮਰਿਆ, ਪ੍ਰਭੂ ਨੇ) ਅੰਬਰੀਕ ਨੂੰ ਨਿਰਭੈਤਾ ਦਾ ਉੱਚਾ ਦਰਜਾ ਬਖ਼ਸ਼ਿਆ (ਤੇ ਦੁਰਬਾਸਾ ਉਸ ਦਾ ਕੁਝ ਵਿਗਾੜ ਨਾ ਸਕਿਆ), ਪ੍ਰਭੂ ਨੇ ਭਭੀਖਣ ਨੂੰ ਰਾਜ ਦੇ ਕੇ ਵੱਡਾ ਬਣਾ ਦਿੱਤਾ;
ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥
ਸੁਦਾਮੇ (ਗ਼ਰੀਬ) ਨੂੰ ਠਾਕੁਰ ਨੇ ਨੌ ਨਿਧੀਆਂ ਦੇ ਦਿੱਤੀਆਂ, ਧ੍ਰੂ ਨੂੰ ਅਟੱਲ ਪਦਵੀ ਬਖ਼ਸ਼ੀ ਜੋ ਅਜੇ ਤਕ ਕਾਇਮ ਹੈ ॥੩॥
ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥
ਪ੍ਰਭੂ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਖ਼ਾਤਰ ਨਰਸਿੰਘ ਦਾ ਰੂਪ ਧਾਰਿਆ, ਤੇ ਹਰਨਾਖਸ਼ ਨੂੰ ਮਾਰਿਆ।
ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥
ਨਾਮਦੇਵ ਆਖਦਾ ਹੈ ਕਿ ਪਰਮਾਤਮਾ ਭਗਤੀ ਦੇ ਅਧੀਨ ਹੈ, (ਵੇਖੋ!) ਅਜੇ ਤਕ ਉਹ (ਆਪਣੇ ਭਗਤ ਰਾਜਾ) ਬਲਿ ਦੇ ਬੂਹੇ ਅੱਗੇ ਖਲੋਤਾ ਹੈ ॥੪॥੧॥
ਮਾਰੂ ਕਬੀਰ ਜੀਉ ॥
ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥
ਹੇ ਕਮਲੇ ਮਨੁੱਖ! ਤੂੰ ਧਰਮ (ਮਨੁੱਖਾ-ਜੀਵਨ ਦਾ ਫ਼ਰਜ਼) ਵਿਸਾਰ ਦਿੱਤਾ ਹੈ।
ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥
ਤੂੰ ਪਸ਼ੂਆਂ ਵਾਂਗ ਢਿੱਡ ਭਰ ਕੇ ਸੁੱਤਾ ਰਹਿੰਦਾ ਹੈਂ; ਤੂੰ ਮਨੁੱਖ ਜੀਵਨ ਐਵੇਂ ਹੀ ਗੰਵਾ ਲਿਆ ਹੈ ॥੧॥ ਰਹਾਉ ॥
ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥
ਤੂੰ ਕਦੇ ਸਤਸੰਗ ਵਿਚ ਨਹੀਂ ਗਿਆ, ਜਗਤ ਦੇ ਝੂਠੇ ਧੰਧਿਆਂ ਵਿਚ ਹੀ ਮਸਤ ਹੈਂ;
ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥
ਕਾਂ, ਕੁੱਤੇ, ਸੂਰ ਵਾਂਗ ਭਟਕਦਾ ਹੀ (ਜਗਤ ਤੋਂ) ਤੁਰ ਜਾਏਂਗਾ ॥੧॥
ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
ਜੋ ਮਨੁੱਖ ਆਪਣੇ ਆਪ ਨੂੰ ਵੱਡੇ ਸਮਝਦੇ ਹਨ ਤੇ ਹੋਰਨਾਂ ਨੂੰ ਤੁੱਛ ਜਾਣਦੇ ਹਨ,
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥
ਮਨੁੱਖ ਮਨ, ਬਚਨ ਜਾਂ ਕਰਮ ਦੁਆਰਾ (ਆਪਣੇ ਆਪ ਨੂੰ ਵੱਡੇ ਹੋਰਨਾਂ ਨੂੰ ਛੋਟੇ ਜਾਣਦੇ ਹਨ) ਐਸੇ ਬੰਦੇ ਮੈਂ ਦੋਜ਼ਕ ਜਾਂਦੇ ਵੇਖੇ ਹਨ (ਭਾਵ, ਨਿੱਤ ਇਹ ਵੇਖਣ ਵਿਚ ਆਉਂਦਾ ਹੈ ਕਿ ਅਜਿਹੇ ਹੰਕਾਰੀ ਮਨੁੱਖ ਹਉਮੈ ਵਿਚ ਇਉਂ ਦੁਖੀ ਹੁੰਦੇ ਹਨ ਜਿਵੇਂ ਦੋਜ਼ਕ ਦੀ ਅੱਗ ਵਿਚ ਸੜ ਰਹੇ ਹਨ) ॥੨॥
ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥
ਕਾਮ-ਵੱਸ ਹੋ ਕੇ, ਕ੍ਰੋਧ-ਅਧੀਨ ਹੋ ਕੇ, ਚਤਰਾਈਆ ਠੱਗੀਆਂ ਨਕਾਰੇ-ਪਨ ਵਿਚ,
ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥
ਦੂਜਿਆਂ ਦੀ ਨਿੰਦਿਆ ਕਰ ਕੇ, (ਹੇ ਕਮਲਿਆ!) ਤੂੰ ਜੀਵਨ ਗੁਜ਼ਾਰ ਦਿੱਤਾ ਹੈ, ਕਦੇ ਪ੍ਰਭੂ ਨੂੰ ਯਾਦ ਨਹੀਂ ਕੀਤਾ ॥੩॥
ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥
ਕਬੀਰ ਆਖਦਾ ਹੈ ਕਿ (ਉਹ) ਮੂਰਖ ਮੂੜ੍ਹ ਗੰਵਾਰ ਮਨੁੱਖ-
ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥
ਜਿਹੜਾ ਪਰਮਾਤਮਾ ਨੂੰ ਨਹੀਂ ਸਿਮਰਦਾ, ਪ੍ਰਭੂ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ, (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘੇਗਾ? ॥੪॥੧॥
ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ ॥
ਰਾਗ ਮਾਰੂ ਵਿੱਚ ਭਗਤ ਜੈਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ) ਖੱਬੀ ਸੁਰ ਵਿਚ ਪ੍ਰਾਣ ਚੜ੍ਹ ਭੀ ਗਏ ਹਨ, ਸੁਖਮਨਾ ਵਿਚ ਅਟਕਾਏ ਭੀ ਗਏ ਹਨ, ਤੇ ਸੱਜੀ ਸੁਰ ਰਸਤੇ ਸੋਲਾਂ ਵਾਰੀ ‘ਓਂ’ ਆਖ ਕੇ (ਉਤਰ) ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਉੱਦਮ ਸਿਫ਼ਤ-ਸਾਲਾਹ ਵਿਚ ਹੀ ਆ ਗਿਆ ਹੈ, ਸਿਫ਼ਤ-ਸਾਲਾਹ ਦੇ ਟਾਕਰੇ ਤੇ ਪ੍ਰਾਣ ਚਾੜ੍ਹਨ, ਟਿਕਾਣ ਅਤੇ ਉਤਾਰਨ ਵਾਲੇ ਸਾਧਨ ਪ੍ਰਾਣਾਯਾਮ ਦੀ ਲੋੜ ਹੀ ਨਹੀਂ ਰਹਿ ਗਈ)।
ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥
(ਇਸ ਸਿਫ਼ਤ-ਸਾਲਾਹ ਦਾ ਸਦਕਾ) (ਵਿਕਾਰਾਂ ਵਿਚ ਪੈਣ ਕਰਕੇ) ਕਮਜ਼ੋਰ (ਹੋਏ) ਮਨ ਦਾ (‘ਦੁਬਿਧਾ ਦ੍ਰਿਸਟਿ’ ਵਾਲਾ) ਬਲ ਟੁੱਟ ਗਿਆ ਹੈ, ਅਮੋੜ ਮਨ ਦਾ ਚੰਚਲ ਸੁਭਾਉ ਰੁਕ ਗਿਆ ਹੈ, ਇਹ ਅਲ੍ਹੜ ਮਨ ਹੁਣ ਸੋਹਣੀ ਘਾੜਤ ਵਾਲਾ ਹੋ ਗਿਆ ਹੈ, ਇਥੇ ਅੱਪੜ ਕੇ ਇਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ ॥੧॥
ਮਨ ਆਦਿ ਗੁਣ ਆਦਿ ਵਖਾਣਿਆ ॥
ਹੇ ਮਨ! ਜਗਤ ਦੇ ਮੂਲ-ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ-
ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥
ਤੇਰਾ ਵਿਤਕਰੇ ਵਾਲਾ ਸੁਭਾਉ ਪੱਧਰਾ ਹੋ ਗਿਆ ਹੈ ॥੧॥ ਰਹਾਉ ॥
ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
ਜੈਦੇਉ ਆਖਦਾ ਹੈ ਕਿ ਜੇ ਆਰਾਧਣ-ਜੋਗ ਪ੍ਰਭੂ ਦੀ ਆਰਾਧਨਾ ਕਰੀਏ, ਜੇ ਸਰਧਾ-ਜੋਗ ਪ੍ਰਭੂ ਵਿਚ ਸਿਦਕ ਧਾਰੀਏ, ਤਾਂ ਉਸ ਨਾਲ ਇਕ-ਰੂਪ ਹੋ ਜਾਈਦਾ ਹੈ, ਜਿਵੇਂ ਪਾਣੀ ਨਾਲ ਪਾਣੀ।
ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥
ਜੇਦੈਵ-ਪ੍ਰਭੂ ਦਾ ਸਿਮਰਨ ਕੀਤਿਆਂ ਉਹ ਵਾਸ਼ਨਾਂ-ਰਹਿਤ ਬੇ-ਪਰਵਾਹ ਪ੍ਰਭੂ ਮਿਲ ਪੈਂਦਾ ਹੈ ॥੨॥੧॥
ਕਬੀਰੁ ॥ ਮਾਰੂ ॥
ਰਾਮੁ ਸਿਮਰੁ ਪਛੁਤਾਹਿਗਾ ਮਨ ॥
ਹੇ ਮਨ! (ਹੁਣ ਹੀ ਵੇਲਾ ਹੈ) ਪ੍ਰਭੂ ਦਾ ਸਿਮਰਨ ਕਰ, (ਨਹੀਂ ਤਾਂ ਸਮਾ ਵਿਹਾ ਜਾਣ ਤੇ) ਅਫ਼ਸੋਸ ਕਰੇਂਗਾ।
ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥
ਵਿਕਾਰਾਂ ਵਿਚ ਫਸੀ ਹੋਈ ਤੇਰੀ ਕਮਜ਼ੋਰ ਜਿੰਦ (ਧਨ ਪਦਾਰਥ ਦਾ) ਲੋਭ ਕਰ ਰਹੀ ਹੈ, ਪਰ ਤੂੰ ਥੋੜੇ ਹੀ ਦਿਨਾਂ ਵਿਚ (ਇਹ ਸਭ ਕੁਝ ਛੱਡ ਕੇ ਇੱਥੋਂ) ਤੁਰ ਜਾਏਂਗਾ ॥੧॥ ਰਹਾਉ ॥
ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ ॥
ਹੇ ਮਨ! ਤੂੰ ਲਾਲਚ ਵਿਚ ਫਸ ਕੇ ਜੀਵਨ ਅਜਾਈਂ ਗਵਾ ਰਿਹਾ ਹੈਂ, ਮਾਇਆ ਦੀ ਭਟਕਣਾ ਵਿਚ ਖੁੰਝਿਆ ਫਿਰਦਾ ਹੈਂ।
ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ ॥੧॥
ਨਾਹ ਕਰ ਇਹ ਮਾਣ ਧਨ ਤੇ ਜੁਆਨੀ ਦਾ, (ਮੌਤ ਆਉਣ ਤੇ) ਕਾਗ਼ਜ਼ ਵਾਂਗ ਗਲ ਜਾਏਂਗਾ ॥੧॥
ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ ॥
ਹੇ ਮਨ! ਜਦੋਂ ਜਮ ਨੇ ਆ ਕੇ ਕੇਸਾਂ ਤੋਂ ਫੜ ਕੇ ਤੈਨੂੰ ਭੁੰਞੇ ਪਟਕਾਇਆ, ਤਦੋਂ ਤੇਰੀ (ਉਸ ਅੱਗੇ) ਕੋਈ ਪੇਸ਼ ਨਹੀਂ ਜਾਇਗੀ।
ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ ॥੨॥
ਤੂੰ ਹੁਣ ਪ੍ਰਭੂ ਦਾ ਸਿਮਰਨ ਭਜਨ ਨਹੀਂ ਕਰਦਾ, ਤੂੰ ਦਇਆ ਨਹੀਂ ਪਾਲਦਾ, ਮਰਨ ਵੇਲੇ ਦੁਖੀ ਹੋਵੇਂਗਾ ॥੨॥
ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥
ਹੇ ਮਨ! ਜਦੋਂ ਧਰਮਰਾਜ ਨੇ (ਤੈਥੋਂ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ, ਤਾਂ ਕੀਹ ਮੂੰਹ ਲੈ ਕੇ ਉਸ ਦੇ ਸਾਹਮਣੇ ਹੋਵੇਂਗਾ?
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ ॥੩॥੧॥
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਸਾਧ-ਸੰਗਤ ਵਿਚ ਰਹਿ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ ॥੩॥੧॥
ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ ॥
ਰਾਗ ਮਾਰੂ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥
ਹੇ ਸੋਹਣੇ ਪ੍ਰਭੂ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ?
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥੧॥ ਰਹਾਉ ॥
ਮੇਰਾ ਪ੍ਰਭੂ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ, (ਗ਼ਰੀਬ ਦੇ) ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ (ਭਾਵ, ਗ਼ਰੀਬ ਨੂੰ ਭੀ ਰਾਜਾ ਬਣਾ ਦੇਂਦਾ ਹੈ) ॥੧॥ ਰਹਾਉ ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ ॥
(ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਹੀ ਕਿਰਪਾ ਕਰਦਾ ਹੈਂ।
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥੧॥
ਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ ॥੧॥
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥
(ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ ਕਬੀਰ ਤ੍ਰਿਲੋਚਨ ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥੨॥੧॥
ਰਵਿਦਾਸ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ ॥੨॥੧॥
ਮਾਰੂ ॥
ਸੁਖ ਸਾਗਰ ਸੁਰਿਤਰੁ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ ॥
(ਹੇ ਪੰਡਿਤ) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜ ਰੁੱਖ, ਚਿੰਤਾਮਣਿ ਅਤੇ ਕਾਮਧੇਨ ਹਨ;
ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥੧॥
ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅੱਠ ਵੱਡੀਆਂ ਅਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉਤੇ ਹਨ ॥੧॥
ਹਰਿ ਹਰਿ ਹਰਿ ਨ ਜਪਸਿ ਰਸਨਾ ॥
(ਹੇ ਪੰਡਿਤ!) ਤੂੰ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ?
ਅਵਰ ਸਭ ਛਾਡਿ ਬਚਨ ਰਚਨਾ ॥੧॥ ਰਹਾਉ ॥
ਹੋਰ ਸਭ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਪਰਮਾਤਮਾ ਦਾ ਨਾਮ ਜਪ ॥੧॥ ਰਹਾਉ ॥
ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਛਰ ਮਾਹੀ ॥
(ਹੇ ਪੰਡਿਤ!) ਪੁਰਾਣਾਂ ਦੇ ਅਨੇਕਾਂ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਹੈ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ)।
ਬਿਆਸ ਬੀਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥
(ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ ਰਿਸ਼ੀ ਨੇ ਸੋਚ ਵਿਚਾਰ ਕੇ ਇਹੀ ਪਰਮ ਤੱਤ ਦੱਸਿਆ ਹੈ ਕਿ ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ ॥੨॥
ਸਹਜ ਸਮਾਧਿ ਉਪਾਧਿ ਰਹਤ ਹੋਇ ਬਡੇ ਭਾਗਿ ਲਿਵ ਲਾਗੀ ॥
(ਹੇ ਪੰਡਿਤ!) ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਕੋਈ ਵਿਕਾਰ ਉਸ ਵਿਚ ਨਹੀਂ ਉਠਦਾ।
ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥੩॥੨॥੧੫॥
ਰਵਿਦਾਸ ਆਖਦਾ ਹੈ ਉਸ ਸੇਵਕ ਦੀ ਮੱਤ (ਮਾਇਆ ਵਲੋਂ) ਨਿਰਮੋਹ ਰਹਿੰਦੀ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੨॥੧੫॥