ਰਾਗ ਮਾਰੂ – ਬਾਣੀ ਸ਼ਬਦ-Part 2 – Raag Maru – Bani
ਰਾਗ ਮਾਰੂ – ਬਾਣੀ ਸ਼ਬਦ-Part 2 – Raag Maru – Bani
ਮਾਰੂ ਮਹਲਾ ੫ ॥
ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥
(ਕਿਉਂਕਿ) ਗੁਰੂ ਨੇ ਹਿਰਦੇ ਵਿਚ ਹੀ ਮੈਨੂੰ ਪਰਮਾਤਮਾ ਦਾ ਦੀਦਾਰ ਕਰਵਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਦੀ ਭਾਲ ਬਾਹਰ (ਜੰਗਲਾਂ ਵਿਚ) ਕਰਨ ਤੋਂ ਬਚ ਗਿਆ ਹਾਂ।
ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥੧॥
ਜਦੋਂ ਪਰਮਾਤਮਾ ਦੇ ਅਸਚਰਜ ਰੂਪ ਦਾ ਹਿਰਦੇ ਵਿੱਚ ਅਨੁਭਵ ਹੋ ਗਿਆ ਹੈ, ਤਾਂ ਹੁਣ ਮੇਰਾ ਮਨ ਉਸਦਾ ਆਸਰਾ ਛੱਡ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥
ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥
ਮੈਂ ਮੋਤੀ ਲੱਭ ਲਿਆ ਹੈ, ਮੈਂ ਪੂਰਨ ਪਰਮਾਤਮਾ ਲੱਭ ਲਿਆ ਹੈ।
ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥
ਇਹ ਮੋਤੀ ਬਹੁਤ ਅਮੋਲਕ ਹੈ, ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਮੈਨੂੰ ਤਾਂ ਇਹ ਮੋਤੀ ਗੁਰੂ ਨੇ ਦਿਵਾ ਦਿੱਤਾ ਹੈ ॥੧॥ ਰਹਾਉ ॥
ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥
ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਸਾਡੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਨੂੰ ਮਿਲ ਕੇ ਮੈਂ ਉਸ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ ਹੈ।
ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥
ਮੇਰੇ ਦਿਮਾਗ਼ ਵਿਚ ਹੁਣ ਹਰ ਵੇਲੇ ਸਿਫ਼ਤ-ਸਾਲਾਹ ਦੀ ਬਾਣੀ ਪ੍ਰਭਾਵ ਪਾ ਰਹੀ ਹੈ; ਮੇਰੇ ਅੰਦਰ ਹੁਣ ਹਰ ਵੇਲੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋ ਰਿਹਾ ਹੈ ॥੨॥
ਤੋਟਿ ਨਾਹੀ ਮਨਿ ਤ੍ਰਿਸਨਾ ਬੂਝੀ ਅਖੁਟ ਭੰਡਾਰ ਸਮਾਇਆ ਥਾ ॥
ਮੇਰੇ ਮਨ ਵਿਚ ਕਦੇ ਨਾਹ ਮੁੱਕਣ ਵਾਲੇ ਨਾਮ-ਖ਼ਜ਼ਾਨੇ ਭਰ ਗਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਕਮੀ ਨਹੀਂ ਆ ਸਕਦੀ, ਮਨ ਵਿਚ (ਵੱਸ-ਰਹੀ) ਤ੍ਰਿਸ਼ਨਾ (-ਅੱਗ ਦੀ ਲਾਟ) ਬੁੱਝ ਗਈ ਹੈ।
ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ ॥੩॥
ਮੈਂ ਹਰ ਵੇਲੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਰਿਹਾ ਹਾਂ। ਮੈਂ ਨਾਮ-ਅੰਮ੍ਰਿਤ ਦਾ ਸੁਆਦ ਚੱਖ ਲਿਆ ਹੈ, ਤੇ ਪਹਿਲੀ ਕੋਝੀ ਘਾੜਤ ਵਾਲਾ ਮਨ ਹੁਣ ਸੋਹਣਾ ਬਣ ਗਿਆ ਹੈ ॥੩॥
ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥
ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ ਮੇਰਾ ਮਨ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਕਾਰ-ਵਿਹਾਰ ਕਰ ਰਿਹਾ ਹੈ, ਮਨ ਸਦਾ ਆਤਮਕ ਅਡੋਲਤਾ ਵਿਚ ਖੇਡ ਰਿਹਾ ਹੈ।
ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥
ਨਾਨਕ ਆਖਦਾ ਹੈ- (ਜਦੋਂ ਦੀ) ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਤਦੋਂ ਤੋਂ ਮੈਂ ਸਦਾ ਅਸਥਿਰ ਟਿਕਾਣੇ ਵਾਲੇ ਹਰੀ (ਦੇ ਚਰਨਾਂ ਵਿਚ) ਟਿਕਾਣਾ ਲੱਭ ਲਿਆ ਹੈ ॥੪॥੩॥੧੨॥
ਮਾਰੂ ਮਹਲਾ ੫ ॥
ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ ॥
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਕਈ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ, ਉਸ ਨਾਲ ਹੀ ਤੇਰਾ ਪਿਆਰ ਨਹੀਂ ਹੈ।
ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥
(ਤੂੰ ਹੋਰ ਹੋਰ ਆਹਰਾਂ ਵਿਚ ਲੱਗਾ ਫਿਰਦਾ ਹੈਂ, ਪਰ ਜੇ) ਰੁੱਤ ਕੋਈ ਹੋਵੇ, ਬੀਜ ਕੋਈ ਹੋਰ ਬੀਜ ਦੇਈਏ, ਉਸ ਨੂੰ ਨਾਹ ਫੁੱਲ ਲੱਗਦਾ ਹੈ ਨਾਹ ਫਲ ॥੧॥
ਰੇ ਮਨ ਵਤ੍ਰ ਬੀਜਣ ਨਾਉ ॥
ਹੇ (ਮੇਰੇ) ਮਨ! (ਇਹ ਮਨੁੱਖਾ ਜੀਵਨ ਪਰਮਾਤਮਾ ਦਾ) ਨਾਮ-ਬੀਜਣ ਲਈ ਢੁਕਵਾਂ ਸਮਾ ਹੈ।
ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥੧॥ ਰਹਾਉ ॥
ਆਪਣਾ ਮਨ ਲਾ ਕੇ (ਹਿਰਦੇ ਦੀ) ਖੇਤੀ ਵਿਚ (ਨਾਮ) ਬੀਜ ਲੈ। ਇਹੀ ਚੰਗਾ ਮੌਕਾ ਹੈ, (ਇਸੇ ਵਿਚ) ਲਾਭ ਹੈ ॥੧॥ ਰਹਾਉ ॥
ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥
ਆਪਣੇ ਮਨ ਦੀ ਜ਼ਿੱਦ ਆਪਣੇ ਮਨ ਦੀ ਭਟਕਣਾ ਦੂਰ ਕਰ, ਤੇ, ਗੁਰੂ ਦੀ ਸਰਨ ਜਾ ਪਉ (ਤੇ ਪਰਮਾਤਮਾ ਦਾ ਨਾਮ-ਬੀਜ ਬੀਜ ਲੈ)।
ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥੨॥
ਪਰ ਇਹ ਕਾਰ ਉਹੀ ਮਨੁੱਖ ਕਰਦਾ ਹੈ ਜਿਸ ਦੇ ਮੱਥੇ ਉਤੇ ਪ੍ਰਭੂ ਦੀ ਹਜ਼ੂਰੀ ਤੋਂ ਇਹ ਲੇਖ ਲਿਖਿਆ ਹੋਇਆ ਹੋਵੇ ॥੨॥
ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ ॥
ਜਿਸ ਮਨੁੱਖ ਦਾ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ, (ਉਸ ਦੀ ਨਾਮ ਸਿਮਰਨ ਦੀ) ਮਿਹਨਤ ਪਰਮਾਤਮਾ ਪਰਵਾਨ ਕਰ ਲੈਂਦਾ ਹੈ।
ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ ॥੩॥
ਮੇਰੇ ਹਿਰਦੇ-ਖੇਤ ਵਿਚ ਭੀ ਉਹ ਨਾਮ-ਫ਼ਸਲ ਉੱਗ ਪਿਆ ਹੈ ਜੋ ਕਦੇ ਭੀ ਮੁੱਕਦਾ ਨਹੀਂ ॥੩॥
ਪਾਇਆ ਅਮੋਲੁ ਪਦਾਰਥੋ ਛੋਡਿ ਨ ਕਤਹੂ ਜਾਇ ॥
ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦਾ ਨਾਮ) ਅਮੋਲਕ ਪਦਾਰਥ ਲੱਭ ਲਿਆ, ਉਹ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦੇ;
ਕਹੁ ਨਾਨਕ ਸੁਖੁ ਪਾਇਆ ਤ੍ਰਿਪਤਿ ਰਹੇ ਆਘਾਇ ॥੪॥੪॥੧੩॥
ਹੇ ਨਾਨਕ! ਉਹ ਆਤਮਕ ਆਨੰਦ ਮਾਣਦੇ ਹਨ, ਉਹ (ਮਾਇਆ ਵਲੋਂ) ਪੂਰਨ ਤੌਰ ਤੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ ॥੪॥੪॥੧੩॥
ਮਾਰੂ ਮਹਲਾ ੫ ॥
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥
ਉਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ, ਉਸ ਦਾ ਭਰਮ (ਭਟਕਣ) ਦਾ ਆਂਡਾ ਫੁੱਟ ਗਿਆ (ਉਸ ਦਾ ਮਨ ਆਤਮਕ ਉਡਾਰੀ ਲਾਣ-ਜੋਗਾ ਹੋ ਗਿਆ, ਜਿਵੇਂ ਆਂਡੇ ਦੇ ਖ਼ੋਲ ਦੇ ਫੁੱਟ ਜਾਣ ਪਿੱਛੋਂ ਉਸ ਦੇ ਅੰਦਰ ਦਾ ਪੰਛੀ ਉਡਾਰੀਆਂ ਲਾਣ ਜੋਗਾ ਹੋ ਜਾਂਦਾ ਹੈ)
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥
ਜਿਸ ਦੇ ਪੈਰਾਂ ਤੋਂ ਗੁਰੂ ਨੇ (ਮੋਹ ਦੀਆਂ) ਬੇੜੀਆਂ ਕੱਟ ਦਿੱਤੀਆਂ, ਜਿਸ ਨੂੰ ਮੋਹ ਦੀ ਕੈਦ ਤੋਂ ਛੁਟਕਾਰਾ ਦੇ ਦਿੱਤਾ ॥੧॥
ਆਵਣ ਜਾਣੁ ਰਹਿਓ ॥
ਉਸ ਮਨੁੱਖ ਦੀ (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਗਈ,
ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥
ਜਿਸ ਨੂੰ ਗੁਰੂ ਨੇ ਆਤਮਕ ਠੰਢ ਦੇਣ ਵਾਲਾ ਹਰਿ-ਨਾਮ ਦੇ ਦਿੱਤਾ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਦਾ ਭਾਂਬੜ ਬੁੱਝ ਗਿਆ ॥੧॥ ਰਹਾਉ ॥
ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥
ਜਦੋਂ (ਕਿਸੇ ਵਡ-ਭਾਗੀ ਮਨੁੱਖ ਨੂੰ) ਗੁਰੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ, ਤਦੋਂ (ਉਸ ਦੇ ਆਤਮਕ ਜੀਵਨ ਉੱਤੇ) ਤੱਕ ਰੱਖਣ ਵਾਲੇ (ਵਿਕਾਰ ਉਸ ਨੂੰ) ਛੱਡ ਜਾਂਦੇ ਹਨ।
ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥੨॥
ਜਦੋਂ ਪਰਮਾਤਮਾ ਵਲੋਂ (ਆਤਮਕ ਜੀਵਨ ਦੇ ਰਾਹ ਵਿਚ) ਪਾਈ ਹੋਈ ਰੁਕਾਵਟ ਉਸ ਦੀ ਮਿਹਰ ਨਾਲ (ਗੁਰੂ ਦੀ ਰਾਹੀਂ) ਮੁੱਕ ਜਾਂਦੀ ਹੈ ਤਦੋਂ (ਉਹਨਾਂ ਤੱਕ ਰਖਣ ਵਾਲਿਆਂ ਦਾ ਸਰਦਾਰ) ਕੋਤਵਾਲ (ਮੋਹ) ਭੀ ਕੁਝ ਵਿਗਾੜ ਨਹੀਂ ਸਕਦਾ ॥੨॥
ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥
ਉਹਨਾਂ ਦਾ ਅਨੇਕਾਂ ਜਨਮਾਂ ਦੇ ਕੀਤੇ ਮੰਦ-ਕਰਮਾਂ ਦਾ ਕਰਜ਼ (ਭਾਵ, ਵਿਕਾਰਾਂ ਦੇ ਸੰਸਕਾਰਾਂ ਦਾ ਇਕੱਠ) ਮੁੱਕ ਗਿਆ, ਉਹ ਮੰਦ-ਕਰਮਾਂ ਦੀ ਕੈਦ ਵਿਚੋਂ ਨਿਕਲ ਗਏ,
ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥੩॥
ਜਿਨ੍ਹਾਂ ਮਨੁੱਖਾਂ ਉਤੇ ਗੁਰੂ ਨੇ ਉਪਕਾਰ ਕਰ ਦਿੱਤਾ, ਉਹ (ਸੰਸਾਰ-) ਸਮੁੰਦਰ (ਵਿਚ ਡੁੱਬਣ) ਤੋਂ (ਬਚ ਕੇ) ਕੰਢੇ ਉਤੇ ਪਹੁੰਚ ਗਏ ॥੩॥
ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥
ਉਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਬਣਾ ਲਿਆ, ਸਦਾ-ਥਿਰ ਹਰਿ-ਚਰਨ ਹੀ ਉਸ ਲਈ (ਆਤਮਕ ਰਿਹਾਇਸ਼ ਦਾ) ਥਾਂ ਬਣ ਗਿਆ, ਬੈਠਕ ਬਣ ਗਈ,
ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥
ਹੇ ਨਾਨਕ! (ਜਿਸ ਉਤੇ ਗੁਰੂ ਨੇ ਮਿਹਰ ਕੀਤੀ, ਉਸ ਨੇ ਆਪਣੇ) ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਨਾਮ-ਸਰਮਾਇਆ ਲੱਭ ਲਿਆ, ਸਦਾ ਕਾਇਮ ਰਹਿਣ ਵਾਲਾ ਨਾਮ-ਸੌਦਾ ਪ੍ਰਾਪਤ ਕਰ ਲਿਆ ॥੪॥੫॥੧੪॥
ਮਾਰੂ ਮਹਲਾ ੫ ॥
ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾਮਾਠਾ ॥
ਹੇ ਪੰਡਿਤ! (ਤੇਰੇ ਵਰਗਾ ਕੋਈ ਤਾਂ) ਮੂੰਹ ਨਾਲ ਵੇਦ ਉੱਚੀ ਉੱਚੀ ਪੜ੍ਹਦਾ ਹੈ, ਪਰ ਆਤਮਕ ਕਮਾਈ ਕਰਨ ਵਲੋਂ ਢਿੱਲਾ ਹੈ;
ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥
(ਕੋਈ) ਮੋਨਧਾਰੀ ਬਣ ਕੇ (ਕਿਸੇ ਗੁਫ਼ਾ ਆਦਿਕ ਵਿਚ) ਇਕੱਲਾ ਬੈਠਾ ਹੋਇਆ ਹੈ, (ਪਰ ਉਸ ਦੇ ਭੀ) ਹਿਰਦੇ ਵਿਚ ਮਾਨਸਕ ਦੌੜ-ਭੱਜ ਦੀ ਗੰਢ ਬੱਝੀ ਹੋਈ ਹੈ;
ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ ॥੧॥
(ਕੋਈ ਦੁਨੀਆ ਵਲੋਂ) ਉਪਰਾਮ ਹੋ ਕੇ ਗ੍ਰਿਹਸਤ ਛੱਡ ਕੇ ਤੁਰ ਪਿਆ ਹੈ, (ਪਰ ਉਸ ਦੀ ਭੀ) ਭਟਕਣਾ ਮੁੱਕੀ ਨਹੀਂ ॥੧॥
ਜੀਅ ਕੀ ਕੈ ਪਹਿ ਬਾਤ ਕਹਾ ॥
(ਹੇ ਪੰਡਿਤ!) ਮੈਂ ਆਪਣੇ ਦਿਲ ਦੀ ਗੱਲ ਕਿਸ ਨੂੰ ਦੱਸਾਂ?
ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥੧॥ ਰਹਾਉ ॥
ਮੈਂ ਇਹੋ ਜਿਹਾ (ਗੁਰਮੁਖ) ਕਿੱਥੋਂ ਲੱਭਾਂ ਜਿਹੜਾ ਆਪ (ਮੋਹ ਮਾਇਆ ਤੋਂ) ਬਚਿਆ ਹੋਇਆ ਹੋਵੇ, ਤੇ, ਮੈਨੂੰ (ਭੀ) ਪਰਮਾਤਮਾ ਮਿਲਾ ਦੇਵੇ? ॥੧॥ ਰਹਾਉ ॥
ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥
(ਹੇ ਪੰਡਿਤ!) ਕੋਈ ਤਪਸ੍ਵੀ (ਤਪ) ਕਰ ਕੇ (ਨਿਰੇ) ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਮਨ (ਉਸ ਦਾ ਭੀ) ਦਸੀਂ ਪਾਸੀਂ ਦੌੜ ਰਿਹਾ ਹੈ;
ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥
ਕਿਸੇ ਬ੍ਰਹਮਚਾਰੀ ਨੇ ਕਾਮ-ਵਾਸਨਾ ਰੋਕਣ ਦਾ ਅੱਭਿਆਸ ਕਰ ਲਿਆ ਹੈ, (ਪਰ ਉਸ ਦੇ) ਹਿਰਦੇ ਵਿਚ (ਇਸੇ ਗੱਲ ਦਾ) ਅਹੰਕਾਰ ਪੈਦਾ ਹੋ ਗਿਆ ਹੈ,
ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ ॥੨॥
(ਕੋਈ) ਸੰਨਿਆਸੀ ਬਣ ਕੇ (ਹਰੇਕ) ਤੀਰਥ ਉਤੇ ਭੌਂ ਰਿਹਾ ਹੈ ; ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਹੈ (ਦੱਸ, ਪੰਡਿਤ! ਮੈਂ ਅਜਿਹਾ ਮਨੁੱਖ ਕਿੱਥੋਂ ਲੱਭਾਂ ਜੋ ਆਪ ਮੁਕਤ ਹੋਵੇ) ॥੨॥
ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ ॥
(ਹੇ ਪੰਡਿਤ! ਕਈ ਐਸੇ ਹਨ ਜੋ ਆਪਣੇ ਪੈਰਾਂ ਨਾਲ) ਘੁੰਘਰੂ ਬੰਨ੍ਹ ਕੇ ਰਾਸਧਾਰੀਏ ਬਣੇ ਹਨ, ਪਰ ਉਹ ਭੀ ਰੋਟੀਆਂ (ਕਮਾਣ ਦੇ ਹੀ ਇਹ) ਢੰਗ ਵਰਤ ਰਹੇ ਹਨ;
ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ ॥
(ਕਈ ਐਸੇ ਹਨ ਜੋ) ਵਰਤ ਨੇਮ ਆਦਿਕ ਅਤੇ ਛੇ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਉਹਨਾਂ ਨੇ ਭੀ) ਬਾਹਰ (ਲੋਕਾਂ ਨੂੰ ਹੀ) ਧਾਰਮਿਕ ਪਹਿਰਾਵਾ ਵਿਖਾਇਆ ਹੋਇਆ ਹੈ;
ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥੩॥
(ਕਈ ਐਸੇ ਹਨ ਜੋ) ਮੂੰਹ ਨਾਲ (ਤਾਂ ਭਜਨਾਂ ਦੇ) ਗੀਤ ਰਾਗ ਅਲਾਪਦੇ ਹਨ, (ਪਰ ਆਪਣੇ) ਮਨ (ਵਿਚ ਉਹਨਾਂ ਨੇ ਭੀ ਕਦੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ ॥੩॥
ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ ॥
(ਹੇ ਪੰਡਿਤ! ਸਿਰਫ਼) ਹਰੀ ਦੇ ਸੰਤ ਜਨ ਹੀ ਪਵਿੱਤਰ ਜੀਵਨ ਵਾਲੇ ਹਨ, ਉਹ ਖ਼ੁਸ਼ੀ ਗ਼ਮੀ ਲੋਭ ਮੋਹ ਆਦਿਕ ਤੋਂ ਬਚੇ ਰਹਿੰਦੇ ਹਨ।
ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ ॥
ਜਦੋਂ ਭਗਵਾਨ ਦਇਆ ਕਰੇ ਤਦੋਂ ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਦਾ ਹੈ।
ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥੪॥
ਹੇ ਨਾਨਕ! ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ ॥੪॥
ਮੇਰਾ ਅੰਤਰਜਾਮੀ ਹਰਿ ਰਾਇਆ ॥
(ਹੇ ਪੰਡਿਤ!) ਮੇਰਾ ਪ੍ਰਭੂ-ਪਾਤਿਸ਼ਾਹ ਸਭ ਦੇ ਦਿਲ ਦੀ ਜਾਣਨ ਵਾਲਾ ਹੈ (ਉਹ ਬਾਹਰਲੇ ਭੇਖਾਂ ਉੱਦਮਾਂ ਨਾਲ ਨਹੀਂ ਪਤੀਜਦਾ)।
ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥
ਹੇ ਪੰਡਿਤ! ਮੇਰੀ ਜਿੰਦ ਦਾ ਪਾਤਿਸ਼ਾਹ ਸਭ ਕੁਝ ਜਾਣਦਾ ਹੈ (ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਸਾਰੇ) ਵਿਖਾਵੇ ਦੇ ਬੋਲ ਬੋਲਣੇ ਭੁੱਲ ਜਾਂਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੬॥੧੫॥
ਮਾਰੂ ਮਹਲਾ ੫ ॥
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥
ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸਦਾ ਹੈ ਉਹ ਲੱਖਾਂ ਕ੍ਰੋੜਾਂ (ਬੰਦਿਆਂ) ਸਭਨਾਂ ਲੋਕਾਂ (ਦੇ ਦਿਲ) ਦਾ ਰਾਜਾ ਬਣ ਜਾਂਦਾ ਹੈ।
ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥੧॥
ਜਿਨ੍ਹਾਂ ਮਨੁੱਖਾਂ ਨੂੰ ਮੇਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਨਹੀਂ ਦਿੱਤਾ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੧॥
ਮੇਰੇ ਸਤਿਗੁਰ ਹੀ ਪਤਿ ਰਾਖੁ ॥
ਹੇ ਮੇਰੇ ਸਤਿਗੁਰੂ! ਤੂੰ ਹੀ (ਮੇਰੀ) ਇੱਜ਼ਤ ਦਾ ਰਾਖਾ ਹੈਂ।
ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥੧॥ ਰਹਾਉ ॥
ਹੇ ਪ੍ਰਭੂ! ਜਦੋਂ ਤੂੰ (ਅਸਾਂ ਜੀਵਾਂ ਦੇ) ਚਿੱਤ ਵਿਚ ਆ ਵੱਸੇਂ ਤਦੋਂ ਹੀ (ਸਾਨੂੰ ਲੋਕ ਪਰਲੋਕ ਵਿਚ) ਪੂਰਨ ਇੱਜ਼ਤ ਮਿਲਦੀ ਹੈ। (ਤੇਰਾ ਨਾਮ) ਭੁੱਲਿਆਂ ਮਿੱਟੀ ਵਿਚ ਰਲ ਜਾਈਦਾ ਹੈ ॥੧॥ ਰਹਾਉ ॥
ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ ॥
ਦੁਨੀਆ ਦੇ ਸਾਰੇ ਰੂਪ ਰੰਗ ਖ਼ੁਸ਼ੀਆਂ, ਮਨ ਦੀਆਂ ਮੌਜਾਂ ਤੇ ਹੋਰ ਵਿਕਾਰ-ਇਹ ਸਾਰੇ ਹੀ (ਆਤਮਕ ਜੀਵਨ ਵਿਚ) ਛੇਕ ਹਨ।
ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ ॥੨॥
ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ; ਇਹ ਨਾਮ ਹੀ ਸ੍ਰੇਸ਼ਟ (ਪਦਾਰਥ) ਹੈ ਅਤੇ ਆਤਮਕ ਅਡੋਲਤਾ (ਦਾ ਮੂਲ) ਹੈ ॥੨॥
ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ॥
ਜਿਵੇਂ ਬੱਦਲਾਂ ਦੀ ਛਾਂ (ਛਿਨ-ਭੰਗਰ ਹੈ, ਤਿਵੇਂ) ਮਾਇਆ ਦੇ ਰੰਗ-ਤਮਾਸ਼ੇ ਖਿਨ ਵਿਚ ਫਿੱਕੇ ਪੈ ਜਾਂਦੇ ਹਨ;
ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ ॥੩॥
ਪਰ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹ ਲਾਲ ਹੋ ਗਏ, ਉਹ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ (ਉਹਨਾਂ ਦਾ ਆਤਮਕ ਆਨੰਦ ਫਿੱਕਾ ਨਹੀਂ ਪੈਂਦਾ) ॥੩॥
ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ॥
ਉਹ ਜੀਵ ਉਸ ਮਾਲਕ ਦੇ ਦਰਬਾਰ ਵਿਚ ਪਹੁੰਚੇ ਰਹਿੰਦੇ ਹਨ ਜੋ ਸਭ ਤੋਂ ਉੱਚਾ ਹੈ ਜੋ ਸਭ ਤੋਂ ਵੱਡਾ ਹੈ ਜੋ ਬੇਅੰਤ ਹੈ ਤੇ ਅਪਹੁੰਚ ਹੈ,
ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ ॥੪॥੭॥੧੬॥
ਹੇ ਨਾਨਕ! ਜਿਨ੍ਹਾਂ ਨੂੰ ਖਸਮ-ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਵਾਸਤੇ ਹਰਿ-ਨਾਮ ਹੀ (ਦੁਨੀਆ ਦੀ) ਵਡਿਆਈ ਹੈ, ਨਾਮ ਹੀ (ਲੋਕ ਪਰਲੋਕ ਦੀ) ਸੋਭਾ ਹੈ ॥੪॥੭॥੧੬॥
ਮਾਰੂ ਮਹਲਾ ੫ ਘਰੁ ੪ ॥
ਰਾਗ ਮਾਰੂ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਓਅੰਕਾਰਿ ਉਤਪਾਤੀ ॥
ਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਉਤਪੱਤੀ ਕੀਤੀ ਹੈ;
ਕੀਆ ਦਿਨਸੁ ਸਭ ਰਾਤੀ ॥
ਦਿਨ ਭੀ ਉਸ ਨੇ ਬਣਾਇਆ; ਰਾਤਾਂ ਭੀ ਉਸੇ ਨੇ ਬਣਾਈਆਂ, ਸਭ ਕੁਝ ਉਸੇ ਨੇ ਬਣਾਇਆ ਹੈ।
ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥
ਜੰਗਲ, (ਜੰਗਲ ਦਾ) ਘਾਹ, ਤਿੰਨੇ ਭਵਨ, ਪਾਣੀ (ਆਦਿਕ ਸਾਰੇ ਤੱਤ),
ਚਾਰਿ ਬੇਦ ਚਾਰੇ ਖਾਣੀ ॥
ਚਾਰ ਵੇਦ, ਚਾਰ ਹੀ ਖਾਣੀਆਂ,
ਖੰਡ ਦੀਪ ਸਭਿ ਲੋਆ ॥
ਸ੍ਰਿਸ਼ਟੀ ਦੇ ਵਖ ਵਖ ਹਿੱਸੇ, ਟਾਪੂ, ਸਾਰੇ ਲੋਕ-
ਏਕ ਕਵਾਵੈ ਤੇ ਸਭਿ ਹੋਆ ॥੧॥
ਇਹ ਸਾਰੇ ਪਰਮਾਤਮਾ ਦੇ ਹੁਕਮ ਨਾਲ ਹੀ ਬਣੇ ਹਨ ॥੧॥
ਕਰਣੈਹਾਰਾ ਬੂਝਹੁ ਰੇ ॥
ਸਿਰਜਣਹਾਰ ਪ੍ਰਭੂ ਨਾਲ ਡੂੰਘੀ ਸਾਂਝ ਪਾ।
ਸਤਿਗੁਰੁ ਮਿਲੈ ਤ ਸੂਝੈ ਰੇ ॥੧॥ ਰਹਾਉ ॥
ਪਰ, ਜਦੋਂ ਗੁਰੂ ਮਿਲ ਪਏ ਤਦੋਂ ਹੀ ਇਹ ਸੂਝ ਪੈਂਦੀ ਹੈ ॥੧॥ ਰਹਾਉ ॥
ਤ੍ਰੈ ਗੁਣ ਕੀਆ ਪਸਾਰਾ ॥
ਪਰਮਾਤਮਾ ਨੇ ਹੀ ਤ੍ਰੈ-ਗੁਣੀ ਮਾਇਆ ਦਾ ਖਿਲਾਰਾ ਰਚਿਆ ਹੈ,
ਨਰਕ ਸੁਰਗ ਅਵਤਾਰਾ ॥
ਕੋਈ ਨਰਕਾਂ ਵਿਚ ਹਨ, ਕੋਈ ਸੁਰਗਾਂ ਵਿਚ ਹਨ।
ਹਉਮੈ ਆਵੈ ਜਾਈ ॥
ਹਉਮੈ ਦੇ ਕਾਰਨ ਜੀਵ ਭਟਕਦਾ ਫਿਰਦਾ ਹੈ,
ਮਨੁ ਟਿਕਣੁ ਨ ਪਾਵੈ ਰਾਈ ॥
(ਜੀਵ ਦਾ) ਮਨ ਰਤਾ ਭਰ ਭੀ ਨਹੀਂ ਟਿਕਦਾ।
ਬਾਝੁ ਗੁਰੂ ਗੁਬਾਰਾ ॥
ਗੁਰੂ ਤੋਂ ਬਿਨਾ (ਜਗਤ ਵਿਚ ਆਤਮਕ ਜੀਵਨ ਵਲੋਂ) ਹਨੇਰਾ (ਹੀ ਹਨੇਰਾ) ਹੈ।
ਮਿਲਿ ਸਤਿਗੁਰ ਨਿਸਤਾਰਾ ॥੨॥
ਗੁਰੂ ਨੂੰ ਮਿਲ ਕੇ (ਹੀ ਇਸ ਹਨੇਰੇ ਵਿਚੋਂ) ਪਾਰ ਲੰਘੀਦਾ ਹੈ ॥੨॥
ਹਉ ਹਉ ਕਰਮ ਕਮਾਣੇ ॥
ਹਉਮੈ ਦੇ ਆਸਰੇ ਜੀਵ (ਅਨੇਕਾਂ) ਕਰਮ ਕਰਦੇ ਹਨ,
ਤੇ ਤੇ ਬੰਧ ਗਲਾਣੇ ॥
ਉਹ ਸਾਰੇ ਕਰਮ (ਜੀਵਾਂ ਦੇ) ਗਲ ਵਿਚ ਫਾਹੀਆਂ ਬਣ ਜਾਂਦੇ ਹਨ।
ਮੇਰੀ ਮੇਰੀ ਧਾਰੀ ॥
ਜੀਵ ਆਪਣੇ ਹਿਰਦੇ ਵਿਚ ਮਮਤਾ ਵਸਾਈ ਰੱਖਦਾ ਹੈ,
ਓਹਾ ਪੈਰਿ ਲੋਹਾਰੀ ॥
ਉਹ ਮਮਤਾ ਹੀ ਜੀਵ ਦੇ ਪੈਰ ਵਿਚ ਲੋਹੇ ਦੀ ਬੇੜੀ ਬਣ ਜਾਂਦੀ ਹੈ।
ਸੋ ਗੁਰ ਮਿਲਿ ਏਕੁ ਪਛਾਣੈ ॥
ਉਹ ਮਨੁੱਖ ਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ,
ਜਿਸੁ ਹੋਵੈ ਭਾਗੁ ਮਥਾਣੈ ॥੩॥
ਜਿਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ॥੩॥
ਸੋ ਮਿਲਿਆ ਜਿ ਹਰਿ ਮਨਿ ਭਾਇਆ ॥
ਉਹੀ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਜਿਹੜਾ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ;
ਸੋ ਭੂਲਾ ਜਿ ਪ੍ਰਭੂ ਭੁਲਾਇਆ ॥
ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪ੍ਰਭੂ ਆਪ ਕੁਰਾਹੇ ਪਾਂਦਾ ਹੈ।
ਨਹ ਆਪਹੁ ਮੂਰਖੁ ਗਿਆਨੀ ॥
ਆਪਣੇ ਆਪ ਤੋਂ ਨਾਹ ਕੋਈ ਮੂਰਖ ਹੈ ਨਾਹ ਕੋਈ ਸਿਆਣਾ ਹੈ।
ਜਿ ਕਰਾਵੈ ਸੁ ਨਾਮੁ ਵਖਾਨੀ ॥
ਪਰਮਾਤਮਾ ਜੋ ਕੁਝ ਜੀਵ ਪਾਸੋਂ ਕਰਾਂਦਾ ਹੈ ਉਸ ਦੇ ਅਨੁਸਾਰ ਹੀ ਉਸ ਦਾ ਨਾਮ (ਮੂਰਖ ਜਾਂ ਗਿਆਨੀ) ਪੈ ਜਾਂਦਾ ਹੈ।
ਤੇਰਾ ਅੰਤੁ ਨ ਪਾਰਾਵਾਰਾ ॥
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥
ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੪॥੧॥੧੭॥
ਮਾਰੂ ਮਹਲਾ ੫ ॥
ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥
(ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ) ਮੋਹਨੀ ਮਾਇਆ ਦੇ ਸਾਰੇ ਤ੍ਰਿ-ਗੁਣੀ ਜੀਵਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ,
ਲੋਭਿ ਵਿਆਪੀ ਝੂਠੀ ਦੁਨੀਆ ॥
ਸਾਰੀ ਲੁਕਾਈ ਨਾਸਵੰਤ ਦੁਨੀਆ ਦੇ ਲੋਭ ਵਿਚ ਫਸੀ ਹੋਈ ਹੈ।
ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥
ਸਾਰੇ ਜੀਵ (ਇਸ ਮਾਇਆ ਦੀ) ਮਮਤਾ ਵਿਚ ਫਸ ਕੇ (ਇਸ ਨੂੰ) ਇਕੱਠੀ ਕਰਦੇ ਹਨ, ਪਰ ਅਖ਼ੀਰਲੇ ਵੇਲੇ ਇਹ ਸਭ ਨੂੰ ਧੋਖਾ ਦੇ ਜਾਂਦੀ ਹੈ ॥੧॥
ਨਿਰਭਉ ਨਿਰੰਕਾਰੁ ਦਇਅਲੀਆ ॥
ਜਿਹੜਾ ਪਰਮਾਤਮਾ ਡਰ-ਰਹਿਤ ਹੈ, ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਜੋ ਦਇਆ ਦਾ ਘਰ ਹੈ,
ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥
ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ॥੧॥ ਰਹਾਉ ॥
ਏਕੈ ਸ੍ਰਮੁ ਕਰਿ ਗਾਡੀ ਗਡਹੈ ॥
ਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿਚ ਦੱਬ ਰੱਖਦਾ ਹੈ;
ਏਕਹਿ ਸੁਪਨੈ ਦਾਮੁ ਨ ਛਡਹੈ ॥
ਕੋਈ ਐਸਾ ਹੈ ਜੋ ਸੁਪਨੇ ਵਿਚ (ਭੀ, ਭਾਵ, ਕਦੇ ਭੀ ਇਸ ਨੂੰ) ਹੱਥੋਂ ਨਹੀਂ ਛੱਡਦਾ।
ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥੨॥
ਜਿਸ ਮਨੁੱਖ ਨੇ ਹਕੂਮਤ ਕਰ ਕੇ ਖ਼ਜ਼ਾਨਾ ਜੋੜ ਲਿਆ; ਇਹ ਕਦੇ ਇੱਕ ਥਾਂ ਨਾਹ ਟਿਕਣ ਵਾਲੀ ਮਾਇਆ ਉਸ ਦੇ ਨਾਲ ਭੀ ਨਹੀਂ ਜਾਂਦੀ ॥੨॥
ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥
ਕੋਈ ਅਜਿਹਾ ਮਨੁੱਖ ਹੈ ਜਿਸ ਨੂੰ ਇਹ ਮਾਇਆ ਜਿੰਦ ਨਾਲੋਂ ਸਰੀਰ ਨਾਲੋਂ ਭੀ ਵਧੀਕ ਪਿਆਰੀ ਲੱਗਦੀ ਹੈ।
ਏਕ ਸੰਚੀ ਤਜਿ ਬਾਪ ਮਹਤਾਰੀ ॥
ਕੋਈ ਐਸਾ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਇਕੱਠੀ ਕਰਦਾ ਹੈ;
ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥੩॥
ਪੁੱਤਰਾਂ ਮਿੱਤਰਾਂ ਭਰਾਵਾਂ ਤੋਂ ਲੁਕਾ ਕੇ ਰੱਖਦਾ ਹੈ, ਪਰ ਇਹ ਉਸ ਦੇ ਕੋਲ ਭੀ ਨਹੀਂ ਖਲੋਂਦੀ ॥੩॥
ਹੋਇ ਅਉਧੂਤ ਬੈਠੇ ਲਾਇ ਤਾਰੀ ॥
ਕਈ ਐਸੇ ਹਨ ਜੋ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਹਨ;
ਜੋਗੀ ਜਤੀ ਪੰਡਿਤ ਬੀਚਾਰੀ ॥
ਕਈ ਜੋਗੀ ਹਨ ਜਤੀ ਹਨ ਸਿਆਣੇ ਪੰਡਿਤ ਹਨ;
ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥
(ਪੰਡਿਤ) ਘਰ ਵਿਚ, (ਤਿਆਗੀ) ਮੜ੍ਹੀਆਂ ਮਸਾਣਾਂ ਵਿਚ ਜੰਗਲਾਂ ਵਿਚ ਟਿਕੇ ਰਹਿੰਦੇ ਹਨ, ਪਰ ਇਹ ਮਾਇਆ ਉੱਠ ਕੇ ਉਹਨਾਂ ਨੂੰ ਭੀ ਚੰਬੜ ਜਾਂਦੀ ਹੈ ॥੪॥
ਕਾਟੇ ਬੰਧਨ ਠਾਕੁਰਿ ਜਾ ਕੇ ॥
ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ,
ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਲਈ ਆ ਟਿਕਿਆ,
ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥
ਉਹ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੀਆਂ ਫਾਹੀਆਂ ਤੋਂ) ਆਜ਼ਾਦ ਹੋ ਗਏ। ਹੇ ਨਾਨਕ! ਪਰਮਾਤਮਾ ਨੇ ਉਹਨਾਂ ਵਲ ਮਿਹਰ ਦੀ ਨਿਗਾਹ ਕੀਤੀ, ਤੇ, ਉਹਨਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ॥੫॥੨॥੧੮॥
ਮਾਰੂ ਮਹਲਾ ੫ ॥
ਸਿਮਰਹੁ ਏਕੁ ਨਿਰੰਜਨ ਸੋਊ ॥
ਉਸੇ ਨਿਰਲੇਪ ਪਰਮਾਤਮਾ ਦਾ ਸਿਮਰਨ ਕਰਦੇ ਰਹੋ,
ਜਾ ਤੇ ਬਿਰਥਾ ਜਾਤ ਨ ਕੋਊ ॥
ਜਿਸ (ਦੇ ਦਰ) ਤੋਂ ਕੋਈ ਭੀ ਜੀਵ ਖ਼ਾਲੀ ਨਹੀਂ ਜਾਂਦਾ।
ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥
ਮਾਂ ਦੇ ਪੇਟ ਵਿਚ ਜਿਸ ਨੇ ਪਾਲਣਾ ਕੀਤੀ,
ਜੀਉ ਪਿੰਡੁ ਦੇ ਸਾਜਿ ਸਵਾਰਿਆ ॥
ਜਿੰਦ ਤੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾ ਦਿੱਤਾ।
ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥
ਉਸੇ ਸਿਰਜਣਹਾਰ ਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ,
ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥
ਜਿਸ ਨੂੰ ਸਿਮਰਦਿਆਂ ਆਪਣੇ ਸਾਰੇ ਔਗੁਣਾਂ ਨੂੰ ਢੱਕ ਸਕੀਦਾ ਹੈ।
ਚਰਣ ਕਮਲ ਉਰ ਅੰਤਰਿ ਧਾਰਹੁ ॥
ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖੋ,
ਬਿਖਿਆ ਬਨ ਤੇ ਜੀਉ ਉਧਾਰਹੁ ॥
ਤੇ ਇਸ ਤਰ੍ਹਾਂ ਮਾਇਆ (ਸਾਗਰ ਦੇ ਠਾਠਾਂ ਮਾਰ ਰਹੇ) ਪਾਣੀ ਤੋਂ (ਆਪਣੀ) ਜਿੰਦ ਨੂੰ ਬਚਾ ਲਵੋ।
ਕਰਣ ਪਲਾਹ ਮਿਟਹਿ ਬਿਲਲਾਟਾ ॥
(ਸਿਮਰਨ ਦੀ ਬਰਕਤਿ ਨਾਲ) ਸਾਰੇ ਕੀਰਨੇ ਤੇ ਵਿਰਲਾਪ ਮਿਟ ਜਾਂਦੇ ਹਨ,
ਜਪਿ ਗੋਵਿਦ ਭਰਮੁ ਭਉ ਫਾਟਾ ॥
ਗੋਬਿੰਦ (ਦਾ ਨਾਮ) ਜਪ ਕੇ ਭਟਕਣਾ ਅਤੇ ਡਰ (ਦਾ ਪੜਦਾ) ਫਟ ਜਾਂਦਾ ਹੈ।
ਸਾਧਸੰਗਿ ਵਿਰਲਾ ਕੋ ਪਾਏ ॥
ਪਰ, ਕੋਈ ਵਿਰਲਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਨਾਮ ਪ੍ਰਾਪਤ ਕਰਦਾ ਹੈ।
ਨਾਨਕੁ ਤਾ ਕੈ ਬਲਿ ਬਲਿ ਜਾਏ ॥੧॥
ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੧॥
ਰਾਮ ਨਾਮੁ ਮਨਿ ਤਨਿ ਆਧਾਰਾ ॥
ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਆਪਣੇ ਸਰੀਰ ਵਿਚ (ਆਪਣੀ ਜ਼ਿੰਦਗੀ ਦਾ) ਸਹਾਰਾ ਬਣਾਈ ਰੱਖ।
ਜੋ ਸਿਮਰੈ ਤਿਸ ਕਾ ਨਿਸਤਾਰਾ ॥੧॥ ਰਹਾਉ ॥
ਜਿਹੜਾ ਮਨੁੱਖ (ਨਾਮ) ਸਿਮਰਦਾ ਹੈ (ਸੰਸਾਰ-ਸਮੁੰਦਰ ਤੋਂ) ਉਸ (ਮਨੁੱਖ) ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥ ਰਹਾਉ ॥
ਮਿਥਿਆ ਵਸਤੁ ਸਤਿ ਕਰਿ ਮਾਨੀ ॥
(ਹੇ ਮੂਰਖ!) ਤੂੰ ਨਾਸਵੰਤ ਪਦਾਰਥ ਨਾਲ ਤੇ ਉਸ ਨੂੰ ਸਦਾ-ਥਿਰ ਰਹਿਣ ਵਾਲਾ ਸਮਝ ਰਿਹਾ ਹੈਂ।
ਹਿਤੁ ਲਾਇਓ ਸਠ ਮੂੜ ਅਗਿਆਨੀ ॥
ਹੇ ਦੁਸ਼ਟ! ਹੇ ਮੂਰਖ! ਹੇ ਬੇ-ਸਮਝ! ਤੂੰ (ਨਾਸਵੰਤ ਪਦਾਰਥਾਂ) ਪਿਆਰ ਪਾਇਆ ਹੈ।
ਕਾਮ ਕ੍ਰੋਧ ਲੋਭ ਮਦ ਮਾਤਾ ॥
(ਹੇ ਮੂਰਖ!) ਤੂੰ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਦੇ ਨਸ਼ੇ ਵਿਚ ਮਸਤ ਹੈਂ,
ਕਉਡੀ ਬਦਲੈ ਜਨਮੁ ਗਵਾਤਾ ॥
ਤੇ, ਇਸ ਤਰ੍ਹਾਂ ਕੌਡੀ ਦੇ ਵੱਟੇ ਆਪਣਾ (ਕੀਮਤੀ ਮਨੁੱਖਾ) ਜਨਮ ਗਵਾ ਰਿਹਾ ਹੈਂ।
ਅਪਨਾ ਛੋਡਿ ਪਰਾਇਐ ਰਾਤਾ ॥
ਹੇ ਮੂਰਖ! (ਸਿਰਫ਼ ਪਰਮਾਤਮਾ ਹੀ) ਆਪਣਾ (ਅਸਲ ਸਾਥੀ ਹੈ, ਉਸ ਨੂੰ) ਛੱਡ ਕੇ ਪਰਾਏ (ਹੋ ਜਾਣ ਵਾਲੇ ਧਨ-ਪਦਾਰਥ) ਨਾਲ ਪਿਆਰ ਕਰ ਰਿਹਾ ਹੈਂ।
ਮਾਇਆ ਮਦ ਮਨ ਤਨ ਸੰਗਿ ਜਾਤਾ ॥
ਤੈਨੂੰ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਤੂੰ ਮਨ ਦੇ ਪਿੱਛੇ ਲੱਗ ਕੇ ਸਿਰਫ਼ ਸਰੀਰ ਦੀ ਖ਼ਾਤਰ ਦੌੜ-ਭੱਜ ਕਰਦਾ ਹੈਂ।
ਤ੍ਰਿਸਨ ਨ ਬੂਝੈ ਕਰਤ ਕਲੋਲਾ ॥
ਦੁਨੀਆ ਦੇ ਮੌਜ-ਮੇਲੇ ਮਾਣਦਿਆਂ ਤੇਰੀ ਤ੍ਰਿਸ਼ਨਾ ਨਹੀਂ ਮਿਟਦੀ।
ਊਣੀ ਆਸ ਮਿਥਿਆ ਸਭਿ ਬੋਲਾ ॥
(ਤੇਰੀ ਰੱਜਣ ਦੀ) ਆਸ (ਕਦੇ) ਪੂਰੀ ਨਹੀਂ ਹੁੰਦੀ। ਨਾਸਵੰਤ ਮਾਇਆ ਦੀ ਖ਼ਾਤਰ ਹੀ ਤੇਰੀਆਂ ਸਾਰੀਆਂ ਗੱਲਾਂ ਹਨ।
ਆਵਤ ਇਕੇਲਾ ਜਾਤ ਇਕੇਲਾ ॥
ਜੀਵ ਇਸ ਸੰਸਾਰ ਵਿਚ ਇਕੱਲਾ ਹੀ ਆਉਂਦਾ ਹੈ ਇਥੋਂ ਇਕੱਲਾ ਹੀ ਤੁਰ ਪੈਂਦਾ ਹੈ;
ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥
ਸੰਸਾਰੀ ਸਾਥੀਆਂ ਨਾਲ (ਸਾਥ ਨਿਬਾਹੁਣ ਵਾਲੇ) ਸਾਰੇ ਬੋਲ ਝੂਠ ਹੀ ਹੋ ਜਾਂਦੇ ਹਨ।
ਪਾਇ ਠਗਉਰੀ ਆਪਿ ਭੁਲਾਇਓ ॥
ਪਰ, (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ (ਮਾਇਆ ਦੇ ਮੋਹ ਦੀ) ਠਗ-ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦੇਂਦਾ ਹੈ।
ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥
ਹੇ ਨਾਨਕ! (ਜਨਮਾਂ ਜਨਮਾਂਤਰਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੨॥
ਪਸੁ ਪੰਖੀ ਭੂਤ ਅਰੁ ਪ੍ਰੇਤਾ ॥
ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ
ਬਹੁ ਬਿਧਿ ਜੋਨੀ ਫਿਰਤ ਅਨੇਤਾ ॥
ਅਨੇਕਾਂ ਜੂਨਾਂ ਵਿਚ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਭਟਕਦਾ ਫਿਰਦਾ ਹੈ।
ਜਹ ਜਾਨੋ ਤਹ ਰਹਨੁ ਨ ਪਾਵੈ ॥
ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ,
ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥
ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ।
ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥
(ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿਚ ਤਨ ਵਿਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ,
ਅਹੰਮੇਵ ਮੂਠੋ ਬੇਚਾਰਾ ॥
ਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ।
ਅਨਿਕ ਦੋਖ ਅਰੁ ਬਹੁਤੁ ਸਜਾਈ ॥
ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ,
ਤਾ ਕੀ ਕੀਮਤਿ ਕਹਣੁ ਨ ਜਾਈ ॥
(ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ)।
ਪ੍ਰਭ ਬਿਸਰਤ ਨਰਕ ਮਹਿ ਪਾਇਆ ॥
ਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿਚ ਸੁੱਟਿਆ ਜਾਂਦਾ ਹੈ,
ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥
ਉਥੇ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ੍ਰੀ-(ਕੋਈ ਭੀ ਸਹਾਇਤਾ ਨਹੀਂ ਕਰ ਸਕਦਾ)।
ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥
ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ,
ਸੋ ਜਨੁ ਨਾਨਕ ਪਾਰਗਰਾਮੀ ॥੩॥
ਹੇ ਨਾਨਕ! ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ॥੩॥
ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥
ਜੀਵ ਭਟਕ ਭਟਕ ਕੇ (ਆਖ਼ਿਰ ਉਸ ਪਰਮਾਤਮਾ ਦੀ) ਸਰਨ ਆਉਂਦਾ ਹੈ,
ਦੀਨਾ ਨਾਥ ਜਗਤ ਪਿਤ ਮਾਇਆ ॥
(ਜੋ) ਪ੍ਰਭੂ ਦੀਨਾਂ ਦਾ ਨਾਥ ਹੈ, ਜਗਤ ਦਾ ਮਾਂ-ਪਿਉ ਹੈ, ਦਇਆ ਦਾ ਘਰ ਹੈ, (ਜੀਵਾਂ ਦੇ) ਦੁੱਖ ਦਰਦ ਦੂਰ ਕਰਨ ਵਾਲਾ ਹੈ।
ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥
ਉਸ ਜੀਵ ਨੂੰ ਉਹ (ਪਰਮਾਤਮਾ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ,
ਜਿਸੁ ਭਾਵੈ ਤਿਸ ਹੀ ਨਿਸਤਾਰਣ ॥
ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ।
ਅੰਧ ਕੂਪ ਤੇ ਕਾਢਨਹਾਰਾ ॥
(ਸੰਸਾਰ-ਰੂਪ) ਅੰਨ੍ਹੇ ਖੂਹ ਵਿਚੋਂ (ਪ੍ਰਭੂ ਜੀਵ ਨੂੰ) ਕੱਢਣ ਦੇ ਸਮਰੱਥ ਹੈ,
ਪ੍ਰੇਮ ਭਗਤਿ ਹੋਵਤ ਨਿਸਤਾਰਾ ॥
ਪ੍ਰਭੂ ਦੀ ਪਿਆਰ-ਭਰੀ ਭਗਤੀ ਨਾਲ ਜੀਵ ਦਾ ਪਾਰ-ਉਤਾਰਾ ਹੋ ਜਾਂਦਾ ਹੈ।
ਸਾਧ ਰੂਪ ਅਪਨਾ ਤਨੁ ਧਾਰਿਆ ॥
ਪਰਮਾਤਮਾ ਨੇ ਗੁਰੂ-ਰੂਪ ਆਪਣਾ ਸਰੀਰ (ਆਪ ਹੀ ਸਦਾ) ਧਾਰਨ ਕੀਤਾ ਹੈ,
ਮਹਾ ਅਗਨਿ ਤੇ ਆਪਿ ਉਬਾਰਿਆ ॥
ਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸਦਾ ਬਚਾਇਆ ਹੈ।
ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥
ਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ (ਨਾਮ ਦੀ ਕਮਾਈ) ਤੇ ਸੰਜਮ (ਸੁੱਧ ਆਚਰਨ) ਦੀ ਮਿਹਨਤ ਕੁਝ ਭੀ ਨਹੀਂ ਹੋ ਸਕਦੀ।
ਆਦਿ ਅੰਤਿ ਪ੍ਰਭ ਅਗਮ ਅਗਾਹੀ ॥
ਹੇ ਪ੍ਰਭੂ! ਜਗਤ ਦੇ ਸ਼ੁਰੂ ਤੋਂ ਅੰਤ ਤਕ ਤੂੰ ਹੀ ਕਾਇਮ ਰਹਿਣ ਵਾਲਾ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ।
ਨਾਮੁ ਦੇਹਿ ਮਾਗੈ ਦਾਸੁ ਤੇਰਾ ॥
ਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ।
ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥
ਹੇ ਨਾਨਕ! ਮੇਰਾ ਹਰੀ-ਪ੍ਰਭੂ ਆਤਮਕ ਜੀਵਨ ਦਾ ਦਰਜਾ (ਦੇਣ ਵਾਲਾ) ਹੈ ॥੪॥੩॥੧੯॥
ਮਾਰੂ ਮਹਲਾ ੫ ॥
ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥
ਹੇ ਲੋਕੋ! ਤੁਸੀਂ ਕਿਉਂ ਆਪਣੇ ਮਨ ਨੂੰ ਡੁਲਾਂਦੇ ਹੋ? ਸੋਹਣਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ॥੧॥
ਐਸੀ ਜਾਨਿ ਪਾਈ ॥
ਮੈਂ ਤਾਂ ਇਉਂ ਸਮਝ ਲਿਆ ਹੈ
ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥
ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਸਰਨ ਪਿਆਂ ਦੀ ਮਦਦ ਕਰਨ ਵਾਲਾ ਸੂਰਮਾ ਹੈ, (ਆਪਣੇ ਸੇਵਕ ਦੀ) ਆਪ ਲਾਜ ਰੱਖਦਾ ਹੈ ॥੧॥ ਰਹਾਉ ॥
ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥
ਹੇ ਲੋਕੋ! ਪਰਮਾਤਮਾ ਆਪਣੇ ਭਗਤਾਂ ਦੀ ਅਰਜ਼ੋਈ ਮੰਨਣ ਵਾਲਾ ਹੈ, ਅਤੇ (ਉਹਨਾਂ ਨੂੰ) ਸਦਾ ਹੀ ਸੁਖ ਦੇਣ ਵਾਲਾ ਹੈ ॥੨॥
ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥
(ਹੇ ਪ੍ਰਭੂ! ਮੈਂ ਨਾਨਕ ਤੇਰੇ ਦਰ ਦਾ ਸੇਵਕ ਹਾਂ) ਆਪਣੇ (ਇਸ) ਸੇਵਕ ਉਤੇ ਮਿਹਰ ਕਰਨੀ, ਮੈਂ (ਤੇਰਾ ਸੇਵਕ) ਤੇਰਾ ਨਾਮ ਹੀ ਸਿਮਰਦਾ ਰਹਾਂ ॥੩॥
ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥
ਹੇ ਪ੍ਰਭੂ! ਕਿਸੇ ਹੋਰ ਦੂਜੇ (ਨੂੰ ਤੇਰੇ ਵਰਗਾ ਸਮਝਣ) ਦਾ ਭੁਲੇਖਾ ਦੂਰ ਕਰ ਕੇ ਗਰੀਬ ਨਾਨਕ (ਤੇਰੇ ਦਰ ਤੋਂ) ਤੇਰਾ ਨਾਮ ਮੰਗਦਾ ਹੈ ॥੪॥੪॥੨੦॥
ਮਾਰੂ ਮਹਲਾ ੫ ॥
ਮੇਰਾ ਠਾਕੁਰੁ ਅਤਿ ਭਾਰਾ ॥
ਮੇਰਾ ਮਾਲਕ ਪ੍ਰਭੂ ਬਹੁਤ ਤਾਕਤਾਂ ਦਾ ਮਾਲਕ ਹੈ।
ਮੋਹਿ ਸੇਵਕੁ ਬੇਚਾਰਾ ॥੧॥
ਮੈਂ (ਤਾਂ ਉਸ ਦੇ ਦਰ ਤੇ ਇਕ) ਨਿਮਾਣਾ ਸੇਵਕ ਹਾਂ ॥੧॥
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥
ਹੇ ਮੇਰੇ ਮਨ ਦੇ ਪਿਆਰੇ! ਹੇ ਮੇਰੀ ਜਿੰਦ ਦੇ ਪਿਆਰੇ! ਤੂੰ ਮੇਰਾ ਸੋਹਣਾ ਪਿਆਰਾ ਪ੍ਰਭੂ ਹੈਂ।
ਮੋ ਕਉ ਦੇਹੁ ਦਾਨਾ ॥੧॥ ਰਹਾਉ ॥
ਮੈਨੂੰ (ਆਪਣੇ ਨਾਮ ਦਾ) ਦਾਨ ਬਖ਼ਸ਼ ॥੧॥ ਰਹਾਉ ॥
ਸਗਲੇ ਮੈ ਦੇਖੇ ਜੋਈ ॥
ਹੋਰ ਸਾਰੇ ਆਸਰੇ ਖੋਜ ਕੇ ਵੇਖ ਲਏ ਹਨ,
ਬੀਜਉ ਅਵਰੁ ਨ ਕੋਈ ॥੨॥
ਕੋਈ ਹੋਰ ਦੂਜਾ (ਉਸ ਪ੍ਰਭੂ ਦੇ ਬਰਾਬਰ ਦਾ) ਨਹੀਂ ਹੈ ॥੨॥
ਜੀਅਨ ਪ੍ਰਤਿਪਾਲਿ ਸਮਾਹੈ ॥
ਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ, ਸਭ ਨੂੰ ਰੋਜ਼ੀ ਅਪੜਾਂਦਾ ਹੈ।
ਹੈ ਹੋਸੀ ਆਹੇ ॥੩॥
ਉਹ ਹੁਣ ਭੀ ਹੈ, ਅਗਾਂਹ ਨੂੰ ਭੀ ਕਾਇਮ ਰਹੇਗਾ, ਪਹਿਲਾਂ ਭੀ ਸੀ ॥੩॥
ਦਇਆ ਮੋਹਿ ਕੀਜੈ ਦੇਵਾ ॥
ਹੇ ਦੇਵ! ਮੇਰੇ ਉੱਤੇ ਦਇਆ ਕਰ,
ਨਾਨਕ ਲਾਗੋ ਸੇਵਾ ॥੪॥੫॥੨੧॥
ਨਾਨਕ ਤੇਰੀ ਸੇਵਾ ਭਗਤੀ ਵਿਚ ਲੱਗਾ ਰਹੇ ॥੪॥੫॥੨੧॥
ਮਾਰੂ ਮਹਲਾ ੫ ॥
ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥
ਵਿਕਾਰੀਆਂ ਨੂੰ ਬਚਾਣ ਵਾਲੇ ਅਤੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੇ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ।
ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥
(ਹਰ ਵੇਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ) ਕੋਈ ਅਜਿਹਾ ਸੰਤ ਮਿਲ ਪਏ ਜਿਸ ਦੀ ਰਾਹੀਂ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ॥੧॥
ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥
ਹੇ ਪ੍ਰਭੂ! ਮੈਨੂੰ (ਤਾਂ) ਕੋਈ ਨਹੀਂ ਜਾਣਦਾ, ਪਰ ਮੈਂ ਤੇਰਾ ਦਾਸ ਅਖਵਾਂਦਾ ਹਾਂ।
ਏਹਾ ਓਟ ਆਧਾਰਾ ॥੧॥ ਰਹਾਉ ॥
ਮੈਨੂੰ ਇਹੀ ਸਹਾਰਾ ਹੈ, ਮੈਨੂੰ ਇਹੀ ਆਸਰਾ ਹੈ (ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਂਗਾ) ॥੧॥ ਰਹਾਉ ॥
ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥
ਹੇ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੇ! ਹੇ ਸਭਨਾਂ ਨੂੰ ਪਾਲਣ ਵਾਲੇ! ਮੈਂ ਨਿਮਾਣਾ ਇਕ ਬੇਨਤੀ ਕਰਦਾ ਹਾਂ,
ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥
ਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬਣਿਆ ਰਹਾਂ (ਪਰ ਇਹ ਕਿਵੇਂ ਹੋ ਸਕੇ-ਇਹ) ਜੁਗਤਿ ਤੂੰ ਆਪ ਹੀ ਜਾਣਦਾ ਹੈਂ ॥੨॥
ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥
ਹੇ ਸਰਬ-ਵਿਆਪਕ! ਹੇ ਸਾਰੇ ਪਸਾਰੇ ਦੇ ਮਾਲਕ! ਮੈਂ ਤੇਰੀ ਸਰਨ ਆ ਪਿਆ ਹਾਂ।
ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥
ਇਹ ਸਾਰਾ ਆਕਾਰ-ਧਰਤੀ, ਧਰਤੀਆਂ ਦੇ ਚੱਕਰ, ਧਰਤੀ ਦੇ ਹਿੱਸੇ-ਇਹ ਸਭ ਕੁਝ ਤੂੰ ਆਪ ਹੀ ਹੈਂ (ਤੂੰ ਆਪਣੇ ਆਪ ਤੋਂ ਪੈਦਾ ਕੀਤੇ ਹਨ) ॥੩॥
ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥
ਹੇ ਨਾਨਕ! ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਬਿਨਾਸੀ! ਹੇ ਪ੍ਰਕਾਸ਼-ਰੂਪ! ਹੇ ਸੋਹਣੇ ਸਰੂਪ ਵਾਲੇ! ਹੇ ਅਲੱਖ! ਹੇ ਬੇਅੰਤ!
ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥
ਤੇਰੇ ਸੰਤਾਂ ਦੀ ਸੰਗਤ ਅਤੇ ਦਾਸਾਂ ਦੀ ਚਰਨ-ਧੂੜ-(ਮਿਹਰ ਕਰ) ਮੈਂ ਇਹ ਖ਼ੈਰ ਪ੍ਰਾਪਤ ਕਰ ਸਕਾਂ ॥੪॥੬॥੨੨॥
ਮਾਰੂ ਮਹਲਾ ੫ ॥
ਤ੍ਰਿਪਤਿ ਆਘਾਏ ਸੰਤਾ ॥
ਉਹ (ਅਮੋਲਕ ਨਾਮ-ਲਾਲ ਵਿਹਾਝ ਕੇ ਮਾਇਆ ਵਲੋਂ) ਪੂਰਨ ਤੌਰ ਤੇ ਰੱਜ ਗਏ,
ਗੁਰ ਜਾਨੇ ਜਿਨ ਮੰਤਾ ॥
ਜਿਨ੍ਹਾਂ ਸੰਤ ਜਨਾਂ ਨੇ ਗੁਰੂ ਦੇ ਉਪਦੇਸ਼ ਨਾਲ ਡੂੰਘੀ ਸਾਂਝ ਪਾ ਲਈ।
ਤਾ ਕੀ ਕਿਛੁ ਕਹਨੁ ਨ ਜਾਈ ॥
ਉਹਨਾਂ ਦੀ (ਆਤਮਕ ਅਵਸਥਾ ਇਤਨੀ ਉੱਚੀ ਬਣ ਜਾਂਦੀ ਹੈ ਕਿ) ਬਿਆਨ ਨਹੀਂ ਕੀਤੀ ਜਾ ਸਕਦੀ,
ਜਾ ਕਉ ਨਾਮ ਬਡਾਈ ॥੧॥
ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ ॥੧॥
ਲਾਲੁ ਅਮੋਲਾ ਲਾਲੋ ॥
ਪਰਮਾਤਮਾ ਦਾ ਨਾਮ ਇਕ ਐਸਾ ਲਾਲ ਹੈ ਜਿਹੜਾ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲਦਾ,
ਅਗਹ ਅਤੋਲਾ ਨਾਮੋ ॥੧॥ ਰਹਾਉ ॥
ਜਿਹੜਾ (ਆਸਾਨੀ ਨਾਲ) ਫੜਿਆ ਨਹੀਂ ਜਾ ਸਕਦਾ, ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ॥੧॥ ਰਹਾਉ ॥
ਅਵਿਗਤ ਸਿਉ ਮਾਨਿਆ ਮਾਨੋ ॥
(ਜਿਨ੍ਹਾਂ ਨੂੰ ਨਾਮ-ਲਾਲ ਪ੍ਰਾਪਤ ਹੋ ਗਿਆ) ਅਦ੍ਰਿਸ਼ਟ ਪਰਮਾਤਮਾ ਨਾਲ ਉਹਨਾਂ ਦਾ ਮਨ ਪਤੀਜ ਗਿਆ,
ਗੁਰਮੁਖਿ ਤਤੁ ਗਿਆਨੋ ॥
ਗੁਰੂ ਦੀ ਸਰਨ ਪੈ ਕੇ ਉਹਨਾਂ ਨੂੰ ਅਸਲੀ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ।
ਪੇਖਤ ਸਗਲ ਧਿਆਨੋ ॥
ਸਾਰੇ ਜਗਤ ਨਾਲ ਮੇਲ-ਮਿਲਾਪ ਰੱਖਦਿਆਂ ਉਹਨਾਂ ਦੀ ਸੁਰਤ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ,
ਤਜਿਓ ਮਨ ਤੇ ਅਭਿਮਾਨੋ ॥੨॥
ਉਹ ਆਪਣੇ ਮਨ ਤੋਂ ਅਹੰਕਾਰ ਦੂਰ ਕਰ ਲੈਂਦੇ ਹਨ ॥੨॥
ਨਿਹਚਲੁ ਤਿਨ ਕਾ ਠਾਣਾ ॥
(ਜਿਨ੍ਹਾਂ ਨੂੰ ਨਾਮ-ਲਾਲ ਮਿਲ ਗਿਆ) ਉਹਨਾਂ ਦਾ ਆਤਮਕ ਟਿਕਾਣਾ ਅਟੱਲ ਹੋ ਜਾਂਦਾ ਹੈ (ਉਹਨਾਂ ਦਾ ਮਨ ਮਾਇਆ ਵਲ ਡੋਲਣੋਂ ਹਟ ਜਾਂਦਾ ਹੈ),
ਗੁਰ ਤੇ ਮਹਲੁ ਪਛਾਣਾ ॥
ਉਹ ਮਨੁੱਖ ਗੁਰੂ ਪਾਸੋਂ (ਸਿੱਖਿਆ ਲੈ ਕੇ) ਪ੍ਰਭੂ-ਚਰਨਾਂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ।
ਅਨਦਿਨੁ ਗੁਰ ਮਿਲਿ ਜਾਗੇ ॥
ਗੁਰੂ ਨੂੰ ਮਿਲ ਕੇ (ਗੁਰੂ ਦੀ ਸਰਨ ਪੈ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,
ਹਰਿ ਕੀ ਸੇਵਾ ਲਾਗੇ ॥੩॥
ਤੇ, ਸਦਾ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗੇ ਰਹਿੰਦੇ ਹਨ ॥੩॥
ਪੂਰਨ ਤ੍ਰਿਪਤਿ ਅਘਾਏ ॥
(ਜਿਨ੍ਹਾਂ ਨੂੰ ਨਾਮ-ਲਾਲ ਮਿਲ ਜਾਂਦਾ ਹੈ) ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਪੂਰਨ ਤੌਰ ਤੇ ਰੱਜੇ ਰਹਿੰਦੇ ਹਨ,
ਸਹਜ ਸਮਾਧਿ ਸੁਭਾਏ ॥
ਉਹ ਪ੍ਰਭੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ।
ਹਰਿ ਭੰਡਾਰੁ ਹਾਥਿ ਆਇਆ ॥
(ਕਿਉਂਕਿ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਉਹਨਾਂ ਦੇ ਹੱਥ ਆ ਜਾਂਦਾ ਹੈ।
ਨਾਨਕ ਗੁਰ ਤੇ ਪਾਇਆ ॥੪॥੭॥੨੩॥
ਪਰ, ਹੇ ਨਾਨਕ! (ਇਹ ਖ਼ਜ਼ਾਨਾ) ਗੁਰੂ ਪਾਸੋਂ ਹੀ ਮਿਲਦਾ ਹੈ ॥੪॥੭॥੨੩॥
ਮਾਰੂ ਮਹਲਾ ੫ ਘਰੁ ੬ ਦੁਪਦੇ ॥
ਰਾਗ ਮਾਰੂ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥
ਸਾਰੀਆਂ (ਢੋਕੀਆਂ) ਚਤੁਰਾਈਆਂ ਛੱਡ ਦੇਹ, ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ।
ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ ॥੧॥
ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਤੋਂ ਬਿਨਾ) ਹੋਰ ਸਭ ਕੁਝ ਨਾਸਵੰਤ ਹੈ ॥੧॥
ਮੇਰੇ ਮਨ ਕਰਨ ਸੁਣਿ ਹਰਿ ਨਾਮੁ ॥
ਹੇ ਮੇਰੇ ਮਨ! ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ।
ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ ॥੧॥ ਰਹਾਉ ॥
(ਨਾਮ ਦੀ ਬਰਕਤਿ ਨਾਲ) ਤੇਰੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਮਿਟ ਜਾਣਗੇ। ਵਿਚਾਰਾ ਜਮ ਭੀ ਕੌਣ ਹੈ (ਜੋ ਤੈਨੂੰ ਡਰਾ ਸਕੇ)? ॥੧॥ ਰਹਾਉ ॥
ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥
ਨਾਨਕ ਆਖਦਾ ਹੈ (ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਸ ਉੱਤੇ ਦੁਨੀਆ ਦੇ) ਦੁੱਖ, ਮੁਥਾਜੀ, (ਹਰੇਕ ਕਿਸਮ ਦਾ) ਡਰ-(ਇਹਨਾਂ ਵਿਚੋਂ ਕੋਈ ਭੀ) ਆਪਣਾ ਜ਼ੋਰ ਨਹੀਂ ਪਾ ਸਕਦਾ।
ਗੁਰਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥
ਪਰਮਾਤਮਾ ਦਾ ਭਜਨ ਕਰਨਾ ਹੀ ਅਸਲ ਆਤਮਕ ਜੀਵਨ ਦੀ ਸੂਝ ਹੈ (ਪਰ ਇਹ ਨਾਮ) ਗੁਰੂ ਦੀ ਕਿਰਪਾ ਨਾਲ (ਹੀ ਮਿਲਦਾ ਹੈ) ॥੨॥੧॥੨੪॥
ਮਾਰੂ ਮਹਲਾ ੫ ॥
ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥
(ਹੇ ਮੇਰੇ ਮਨ!) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ (ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚ ਸੜ ਕੇ) ਸੁਆਹ ਹੁੰਦੇ ਵੇਖੇ ਜਾਂਦੇ ਹਨ।
ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥੧॥
ਪੁੱਤਰ, ਮਿੱਤਰ, ਇਸਤ੍ਰੀ (ਆਦਿਕ ਸਨਬੰਧੀ ਜਿਨ੍ਹਾਂ ਨਾਲ ਮਨੁੱਖ ਦੁਨੀਆ ਦੀਆਂ) ਰੰਗ-ਰਲੀਆਂ (ਮਾਣਦਾ ਹੈ)-ਇਹ ਸਾਰੇ ਪਿਆਰ (ਆਖ਼ਿਰ) ਟੁੱਟ ਜਾਂਦੇ ਹਨ ॥੧॥
ਮੇਰੇ ਮਨ ਨਾਮੁ ਨਿਤ ਨਿਤ ਲੇਹ ॥
ਹੇ ਮੇਰੇ ਮਨ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ।
ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥
(ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰਾਂ ਵਿਚ ਸੜਦਾ ਨਹੀਂ, ਉਸ ਦੇ ਮਨ ਵਿਚ ਤਨ ਵਿਚ ਦੇਹੀ ਵਿਚ ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥
ਹੇ ਨਾਨਕ! ਜਿਵੇਂ ਰੁੱਖ ਦੀ ਛਾਂ ਨਾਸ ਹੋ ਜਾਂਦੀ ਹੈ, (ਛੇਤੀ ਬਦਲਦੀ ਜਾਂਦੀ ਹੈ) ਜਿਵੇਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ (ਤੇ ਉਹਨਾਂ ਦੀ ਛਾਂ ਮੁੱਕ ਜਾਂਦੀ ਹੈ ਇਸੇ ਤਰ੍ਹਾਂ ਦੁਨੀਆ ਦੇ ਬਿਲਾਸ ਨਾਸਵੰਤ ਹਨ)।
ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥੨॥੨॥੨੫॥
ਗੁਰੂ ਨੂੰ ਮਿਲ ਅਤੇ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਪੱਕੀ ਕਰ। ਇਹੀ ਤੇਰੇ ਕੰਮ ਆਉਣ ਵਾਲੀ ਹੈ ॥੨॥੨॥੨੫॥
ਮਾਰੂ ਮਹਲਾ ੫ ॥
ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥
ਹੇ ਮੇਰੇ ਮਨ! ਉਹ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ, ਅਤੇ ਸਦਾ ਹੀ (ਹਰੇਕ ਦੇ) ਨਾਲ ਵੱਸਦਾ ਹੈ।
ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ ॥੧॥
ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਉਹ ਨਾਸ-ਰਹਿਤ ਹੈ। ਨਾਹ ਖ਼ੁਸ਼ੀ ਨਾਹ ਗ਼ਮੀ-ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ ॥੧॥
ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਨਾਲ ਪਿਆਰ ਪਾਈ ਰੱਖ।
ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥੧॥ ਰਹਾਉ ॥
ਜਿਹੜਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਉਸ ਨੂੰ ਆਪਣੇ ਮਨ ਵਿਚ ਯਾਦ ਕਰਿਆ ਕਰ। ਜ਼ਿੰਦਗੀ ਨੂੰ ਪਵਿੱਤਰ ਰੱਖਣ ਦਾ ਇਹੀ ਤਰੀਕਾ ਹੈ ॥੧॥ ਰਹਾਉ ॥
ਕ੍ਰਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ ॥
ਪਰਮਾਤਮਾ ਕਿਰਪਾ ਦਾ ਘਰ ਹੈ ਦਇਆ ਦਾ ਸੋਮਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਗੋਬਿੰਦ ਹੈ। ਜਿਹੜਾ ਮਨੁੱਖ (ਉਸ ਦਾ ਨਾਮ) ਜਪਦਾ ਹੈ ਉਸ ਨੂੰ ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ।
ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ ਤਿਸੁ ਸੰਗਿ ਬੀਧਿ ॥੨॥੩॥੨੬॥
ਹੇ ਨਾਨਕ! ਪਰਮਾਤਮਾ ਹਰ ਵੇਲੇ ਨਵਾਂ ਹੈ (ਪਰਮਾਤਮਾ ਦਾ ਪਿਆਰ ਹਰ ਵੇਲੇ ਨਵਾਂ ਹੈ), ਪਰਮਾਤਮਾ ਸਿਆਣਾ ਹੈ ਸੋਹਣਾ ਹੈ। ਉਸ ਨਾਲ (ਉਸ ਦੇ ਚਰਨਾਂ ਵਿਚ) ਆਪਣਾ ਮਨ ਪ੍ਰੋਈ ਰੱਖ ॥੨॥੩॥੨੬॥
ਮਾਰੂ ਮਹਲਾ ੫ ॥
ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥
ਤੁਰਦਿਆਂ ਫਿਰਦਿਆਂ, ਬੈਠਦਿਆਂ, ਸੁੱਤੇ ਪਿਆਂ, ਜਾਗਦਿਆਂ-ਹਰ ਵੇਲੇ ਗੁਰੂ ਦਾ ਉਪਦੇਸ਼ ਹਿਰਦੇ ਵਿਚ ਚੇਤੇ ਰੱਖ।
ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥੧॥
ਗੁਰੂ ਦੀ ਸੰਗਤ ਵਿਚ ਰਹਿ ਕੇ (ਪਰਮਾਤਮਾ ਦੇ) ਚਰਨਾਂ ਦਾ ਆਸਰਾ ਲੈ, (ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੧॥
ਮੇਰੇ ਮਨ ਨਾਮੁ ਹਿਰਦੈ ਧਾਰਿ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਈ ਰੱਖ।
ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ ਰਹਾਉ ॥
ਮਨ ਲਾ ਕੇ ਤਨ ਲਾ ਕੇ (ਤਨੋਂ ਮਨੋਂ) ਹੋਰ ਸਾਰੇ (ਚਿੰਤਾ-ਫ਼ਿਕਰ) ਭੁਲਾ ਕੇ ਪਰਮਾਤਮਾ ਨਾਲ ਪਿਆਰ ਬਣਾਈ ਰੱਖ ॥੧॥ ਰਹਾਉ ॥
ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ ਤੂ ਆਪਨ ਆਪੁ ਨਿਵਾਰਿ ॥
ਹੇ ਨਾਨਕ! ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ-(ਸਭ ਕੁਝ) ਪਰਮਾਤਮਾ ਦੇ ਹੀ ਦਿੱਤੇ ਹੋਏ ਹਨ (ਤੂੰ ਮਾਣ ਕਿਸ ਗੱਲ ਦਾ ਕਰਦਾ ਹੈਂ?) ਆਪਾ-ਭਾਵ ਦੂਰ ਕਰ।
ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥੨॥੪॥੨੭॥
ਗੋਬਿੰਦ ਦਾ ਭਜਨ ਕਰਿਆ ਕਰ, ਤੇਰੀਆਂ ਸਾਰੀਆਂ ਲੋੜਾਂ ਭੀ ਪੂਰੀਆਂ ਹੋਣਗੀਆਂ, ਤੇ, (ਮਨੁੱਖਾ ਜਨਮ ਦੀ ਬਾਜ਼ੀ ਭੀ) ਕਦੇ ਨਹੀਂ ਹਾਰੇਂਗਾ ॥੨॥੪॥੨੭॥
ਮਾਰੂ ਮਹਲਾ ੫ ॥
ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥
ਹੇ ਮੇਰੇ ਮਨ! ਆਪਾ-ਭਾਵ ਛੱਡ ਦੇਹ, ਗੁਰੂ ਦੀ ਚਰਨ-ਧੂੜ ਬਣ ਜਾ, ਤੇਰਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਇਗਾ।
ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥
ਹੇ ਪ੍ਰਭੂ! ਤੇਰਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮਿਹਰ ਕਰ ਕੇ ਦੇਂਦਾ ਹੈਂ ॥੧॥
ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥
ਹੇ ਮੇਰੇ ਮਨ! ਆਤਮਕ ਜੀਵਨ ਦੇ ਵਾਲਾ ਹਰਿ-ਨਾਮ-ਜਲ ਪੀਆ ਕਰ।
ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥
(ਨਾਮ ਦੀ ਬਰਕਤਿ ਨਾਲ) ਹੋਰ ਸਾਰੇ (ਮਾਇਕ ਪਦਾਰਥਾਂ ਦੇ) ਨਾਸਵੰਤ ਚਸਕੇ ਭੁਲਾ ਕੇ ਸਦਾ ਲਈ ਅਟੱਲ ਆਤਮਕ ਜੀਵਨ ਵਾਲੀ ਜ਼ਿੰਦਗੀ ਗੁਜ਼ਾਰ ॥੧॥ ਰਹਾਉ ॥
ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥
ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ (ਮਾਇਕ ਪਦਾਰਥਾਂ ਦੇ ਸੁਆਦ ਹਨ), ਨਾਮ ਹੀ ਉਸ ਲਈ ਦੁਨੀਆ ਦੇ ਰੰਗ-ਤਮਾਸ਼ੇ ਹਨ,
ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥
ਹੇ ਨਾਨਕ! ਜਿਸ ਮਨੁੱਖ ਨੇ ਇੱਕ ਪਰਮਾਤਮਾ ਨੂੰ ਹੀ ਆਪਣਾ ਸੱਜਣ ਮਿੱਤਰ ਤੇ ਸਨਬੰਧੀ ਬਣਾ ਲਿਆ। ਉਸ ਦੀ ਲਿਵ ਸਦਾ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ ॥੨॥੫॥੨੮॥
ਮਾਰੂ ਮਹਲਾ ੫ ॥
ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥
ਹੇ ਮਨ! ਪਾਲਣਾ ਕਰ ਕੇ ਪ੍ਰਭੂ ਮਾਂ ਦੇ ਪੇਟ ਵਿਚ ਬਚਾਂਦਾ ਹੈ, (ਪੇਟ ਦੀ ਅੱਗ ਦਾ) ਸੇਕ ਲੱਗਣ ਨਹੀਂ ਦੇਂਦਾ।
ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥
ਉਹੀ ਮਾਲਕ ਇਸ ਜਗਤ ਵਿਚ ਭੀ ਰੱਖਿਆ ਕਰਦਾ ਹੈ। ਪਰਖ ਦੀ ਬੁੱਧੀ ਨਾਲ ਇਹ (ਸੱਚਾਈ) ਸਮਝ ਲੈ ॥੧॥
ਮੇਰੇ ਮਨ ਨਾਮ ਕੀ ਕਰਿ ਟੇਕ ॥
ਹੇ ਮੇਰੇ ਮਨ! (ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਲੈ।
ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥
ਉਸ ਪਰਮਾਤਮਾ ਨੂੰ ਹੀ (ਸਹਾਰਾ) ਸਮਝ, ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੇ ਮਨ! ਇਕ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥
ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥
ਚਤੁਰਾਈਆਂ ਛੱਡ ਕੇ (ਵਿਖਾਵੇ ਦੇ) ਸਾਰੇ (ਧਾਰਮਿਕ) ਪਹਿਰਾਵੇ ਛੱਡ ਕੇ ਆਪਣੇ ਮਨ ਵਿਚ ਪਰਮਾਤਮਾ ਨੂੰ ਯਾਦ ਕਰਦਾ ਰਹੁ।
ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥
ਹੇ ਨਾਨਕ! ਪਰਮਾਤਮਾ ਦਾ ਸਦਾ ਸਿਮਰਨ ਕਰ ਕੇ ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੬॥੨੯॥
ਮਾਰੂ ਮਹਲਾ ੫ ॥
ਪਤਿਤ ਪਾਵਨ ਨਾਮੁ ਜਾ ਕੋ ਅਨਾਥ ਕੋ ਹੈ ਨਾਥੁ ॥
ਜਿਸ ਪਰਮਾਤਮਾ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ-ਜੋਗ ਹੈ, ਜਿਹੜਾ ਨਿਖਸਮਿਆਂ ਦਾ ਖਸਮ ਹੈ,
ਮਹਾ ਭਉਜਲ ਮਾਹਿ ਤੁਲਹੋ ਜਾ ਕੋ ਲਿਖਿਓ ਮਾਥ ॥੧॥
ਉਹ ਪਰਮਾਤਮਾ ਇਸ ਭਿਆਨਕ ਸੰਸਾਰ-ਸਮੁੰਦਰ ਵਿਚ (ਜੀਵਾਂ ਵਾਸਤੇ) ਜਹਾਜ਼ ਹੈ। (ਪਰ ਇਹ ਉਸੇ ਨੂੰ ਮਿਲਦਾ ਹੈ) ਜਿਸ ਦੇ ਮੱਥੇ ਉਤੇ (ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥
ਡੂਬੇ ਨਾਮ ਬਿਨੁ ਘਨ ਸਾਥ ॥
ਉਸ ਦੇ ਨਾਮ ਤੋਂ ਬਿਨਾ ਪੂਰਾਂ ਦੇ ਪੂਰ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਹਨ,
ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥੧॥ ਰਹਾਉ ॥
(ਕਿਉਂਕਿ) ਜਗਤ ਦਾ ਮੂਲ ਪਰਮਾਤਮਾ (ਉਹਨਾਂ ਦੇ) ਚਿੱਤ ਵਿਚ ਨਹੀਂ ਵੱਸਦਾ, ਜਿਹੜਾ ਪਰਮਾਤਮਾ (ਜੀਵਾਂ ਨੂੰ) ਹੱਥ ਦੇ ਕੇ ਬਚਾਂਦਾ ਹੈ ॥੧॥ ਰਹਾਉ ॥
ਸਾਧਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ ॥
ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਉੱਚਾਰਦੇ ਰਹਿਣਾ-ਇਹੀ ਹੈ ਆਤਮਕ ਜੀਵਨ ਦੇਣ ਵਾਲਾ ਰਸਤਾ।
ਕਰਹੁ ਕ੍ਰਿਪਾ ਮੁਰਾਰਿ ਮਾਧਉ ਸੁਣਿ ਨਾਨਕ ਜੀਵੈ ਗਾਥ ॥੨॥੭॥੩੦॥
ਹੇ ਨਾਨਕ! ਹੇ ਮੁਰਾਰੀ! ਹੇ ਮਾਧੋ! ਮਿਹਰ ਕਰ (ਤਾ ਕਿ ਤੇਰਾ ਦਾਸ ਤੇਰੀ) ਸਿਫ਼ਤ-ਸਾਲਾਹ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ॥੨॥੭॥੩੦॥
ਮਾਰੂ ਅੰਜੁਲੀ ਮਹਲਾ ੫ ਘਰੁ ੭ ॥
ਰਾਗ ਮਾਰੂ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਅੰਜੁਲੀ’।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥
ਹੇ ਭਾਈ! (ਜਿੰਦ ਤੇ ਸਰੀਰ ਦਾ) ਮਿਲਾਪ ਅਤੇ ਵਿਛੋੜਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।
ਪੰਚ ਧਾਤੁ ਕਰਿ ਪੁਤਲਾ ਕੀਆ ॥
(ਪਰਮਾਤਮਾ ਦੇ ਹੁਕਮ ਵਿਚ ਹੀ) ਪੰਜ ਤੱਤ (ਇਕੱਠੇ) ਕਰ ਕੇ ਸਰੀਰ ਬਣਾਇਆ ਜਾਂਦਾ ਹੈ।
ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥
ਪ੍ਰਭੂ-ਪਾਤਿਸ਼ਾਹ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਸਰੀਰ ਵਿਚ ਆ ਟਿਕਦਾ ਹੈ ॥੧॥
ਜਿਥੈ ਅਗਨਿ ਭਖੈ ਭੜਹਾਰੇ ॥
ਜਿੱਥੇ (ਮਾਂ ਦੇ ਪੇਟ ਵਿਚ ਪੇਟ ਦੀ) ਅੱਗ ਬੜੀ ਭਖਦੀ ਹੈ,
ਊਰਧ ਮੁਖ ਮਹਾ ਗੁਬਾਰੇ ॥
ਉਸ ਭਿਆਨਕ ਹਨੇਰੇ ਵਿਚ ਜੀਵ ਉਲਟੇ-ਮੂੰਹ ਪਿਆ ਰਹਿੰਦਾ ਹੈ।
ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥
ਜੀਵ (ਉਥੇ ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਥਾਂ ਮਾਲਕ-ਪ੍ਰਭੂ ਨੇ ਹੀ ਜੀਵ ਨੂੰ ਬਚਾਇਆ ਹੁੰਦਾ ਹੈ ॥੨॥
ਵਿਚਹੁ ਗਰਭੈ ਨਿਕਲਿ ਆਇਆ ॥
ਜਦੋਂ ਜੀਵ ਮਾਂ ਦੇ ਪੇਟ ਵਿਚੋਂ ਬਾਹਰ ਆ ਜਾਂਦਾ ਹੈ,
ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥
ਮਾਲਕ-ਪ੍ਰਭੂ ਨੂੰ ਭੁਲਾ ਕੇ ਦੁਨੀਆ ਦੇ ਪਦਾਰਥਾਂ ਵਿਚ ਚਿੱਤ ਜੋੜ ਲੈਂਦਾ ਹੈ।
ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥
(ਪ੍ਰਭੂ ਨੂੰ ਵਿਸਾਰਨ ਕਰਕੇ) ਜੰਮਣ ਮਰਨ ਦੇ ਗੇੜ ਵਿਚ (ਜੀਵ) ਪੈ ਜਾਂਦਾ ਹੈ, ਜੂਨਾਂ ਵਿਚ ਪਾਇਆ ਜਾਂਦਾ ਹੈ, ਕਿਸੇ ਇੱਕ ਥਾਂ ਇਸ ਨੂੰ ਟਿਕਾਣਾ ਨਹੀਂ ਮਿਲਦਾ ॥੩॥
ਮਿਹਰਵਾਨਿ ਰਖਿ ਲਇਅਨੁ ਆਪੇ ॥
ਉਸ ਮਿਹਰਵਾਨ (ਪ੍ਰਭੂ) ਨੇ ਆਪ ਹੀ (ਜੀਵ ਜਨਮ ਮਰਨ ਦੇ ਗੇੜ ਤੋਂ) ਬਚਾਏ ਹਨ।
ਜੀਅ ਜੰਤ ਸਭਿ ਤਿਸ ਕੇ ਥਾਪੇ ॥
ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ।
ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥
ਹੇ ਨਾਨਕ! ਜਿਹੜਾ ਮਨੁੱਖ (ਪਰਮਾਤਮਾ ਦੇ ਨਾਮ ਦੀ ਰਾਹੀਂ) ਇਸ ਕੀਮਤੀ ਜਨਮ (ਦੀ ਬਾਜ਼ੀ) ਨੂੰ ਜਿੱਤ ਕੇ ਇਥੋਂ ਤੁਰਦਾ ਹੈ, ਉਹ ਇਸ ਜਗਤ ਵਿਚ ਆਇਆ ਹੋਇਆ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ॥੪॥੧॥੩੧॥
ਮਾਰੂ ਮਹਲਾ ੫ ॥
ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ ॥੧॥
(ਦੁੱਖ-ਦਰਦ ਦੇ ਵੇਲੇ) ਸਿਰਫ਼ ਇਕ ਪਰਮਾਤਮਾ ਹੀ ਮਦਦ ਕਰਨ ਵਾਲਾ ਹੁੰਦਾ ਹੈ। ਨਾਹ ਕੋਈ ਵੈਦ ਨਾਹ ਕਿਸੇ ਵੈਦ ਦੀ ਦਵਾਈ; ਨਾਹ ਕੋਈ ਭੈਣ ਨਾਹ ਕੋਈ ਭਰਾ-ਕੋਈ ਭੀ ਮਦਦ ਕਰਨ ਜੋਗਾ ਨਹੀਂ ਹੁੰਦਾ ॥੧॥
ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ ਸੋ ਸਿਮਰਹੁ ਪਰਧਾਨੁ ਹੇ ॥੨॥
ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਜਿਸ ਦਾ ਕੀਤਾ ਹਰੇਕ ਕੰਮ (ਜਗਤ ਵਿਚ) ਹੋ ਰਿਹਾ ਹੈ, ਜੋ (ਜੀਵਾਂ ਦੇ) ਪਾਪਾਂ ਦੀ ਮੈਲ ਧੋਂਦਾ ਹੈ। ਉਹ ਪਰਮਾਤਮਾ ਹੀ (ਜਗਤ ਵਿਚ) ਸ਼ਿਰੋਮਣੀ ਹੈ ॥੨॥
ਘਟਿ ਘਟੇ ਵਾਸੀ ਸਰਬ ਨਿਵਾਸੀ ਅਸਥਿਰੁ ਜਾ ਕਾ ਥਾਨੁ ਹੇ ॥੩॥
(ਉਸ ਪਰਮਾਤਮਾ ਦਾ ਹੀ ਸਿਮਰਨ ਕਰੋ) ਜਿਸ ਦਾ ਆਸਣ ਸਦਾ ਅਡੋਲ ਰਹਿਣ ਵਾਲਾ ਹੈ, ਜੋ ਹਰੇਕ ਸਰੀਰ ਵਿਚ ਵੱਸਦਾ ਹੈ, ਜੋ ਸਭ ਜੀਵਾਂ ਵਿਚ ਨਿਵਾਸ ਰੱਖਣ ਵਾਲਾ ਹੈ ॥੩॥
ਆਵੈ ਨ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਕਾਮੁ ਹੇ ॥੪॥
(ਉਸੇ ਪਰਮਾਤਮਾ ਦਾ ਹੀ ਸਿਮਰਨ ਕਰੋ) ਜਿਸ ਦਾ ਹਰੇਕ ਕੰਮ ਮੁਕੰਮਲ (ਅਭੁੱਲ) ਹੈ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ, ਪਰ ਹਰੇਕ ਜੀਵ ਦੇ ਨਾਲ ਗੁਪਤ ਵੱਸਦਾ ਹੈ ॥੪॥
ਭਗਤ ਜਨਾ ਕਾ ਰਾਖਣਹਾਰਾ ॥
ਉਹ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ,
ਸੰਤ ਜੀਵਹਿ ਜਪਿ ਪ੍ਰਾਨ ਅਧਾਰਾ ॥
ਉਹ ਹਰੇਕ ਦੇ ਪ੍ਰਾਣਾਂ ਦਾ ਆਸਰਾ ਹੈ। ਸੰਤ ਜਨ (ਉਸ ਦਾ ਨਾਮ) ਜਪ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ।
ਕਰਨ ਕਾਰਨ ਸਮਰਥੁ ਸੁਆਮੀ ਨਾਨਕੁ ਤਿਸੁ ਕੁਰਬਾਨੁ ਹੇ ॥੫॥੨॥੩੨॥
ਉਹ ਪਰਮਾਤਮਾ ਇਸ ਜਗਤ-ਰਚਨਾ ਦਾ ਮੂਲ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਭ ਦਾ ਖਸਮ ਹੈ। ਨਾਨਕ (ਸਦਾ) ਉਸ ਤੋਂ ਸਦਕੇ ਜਾਂਦਾ ਹੈ ॥੫॥੨॥੩੨॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਾਰੂ ਮਹਲਾ ੯ ॥
ਰਾਗ ਮਾਰੂ ਵਿੱਚ ਤੇਗਬਹਾਦਰ ਜੀ ਦੀ ਬਾਣੀ।
ਹਰਿ ਕੋ ਨਾਮੁ ਸਦਾ ਸੁਖਦਾਈ ॥
ਪਰਮਾਤਮਾ ਦਾ ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ,
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥
ਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਿਕਾਰਾਂ ਤੋਂ ਬਚ ਗਿਆ ਸੀ, (ਇਸ ਨਾਮ ਨੂੰ ਸਿਮਰ ਕੇ) ਵੇਸੁਆ ਨੇ ਭੀ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ ॥੧॥ ਰਹਾਉ ॥
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥
ਦੁਰਯੋਧਨ ਦੇ ਰਾਜ-ਦਰਬਾਰ ਵਿਚ ਦ੍ਰੋਪਦੀ ਨੇ (ਭੀ) ਪਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਸੀ,
ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥
ਤੇ, ਤਰਸ-ਸਰੂਪ ਪਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ ਸੀ, (ਤੇ ਇਸ ਤਰ੍ਹਾਂ) ਆਪਣਾ ਨਾਮਣਾ ਵਧਾਇਆ ਸੀ ॥੧॥
ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥
ਜਿਨ੍ਹਾਂ ਭੀ ਬੰਦਿਆਂ ਨੇ ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਪਰਮਾਤਮਾ ਉਹਨਾਂ ਨੂੰ ਮਦਦਗਾਰ (ਹੋ ਕੇ) ਬਹੁੜਿਆ।
ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥
ਨਾਨਕ ਆਖਦਾ ਹੈ- ਮੈਂ ਭੀ ਇਸੇ ਹੀ ਭਰੋਸੇ ਤੇ ਆ ਕੇ ਪਰਮਾਤਮਾ ਦੀ ਹੀ ਸਰਨ ਲਈ ਹੈ ॥੨॥੧॥
ਮਾਰੂ ਮਹਲਾ ੯ ॥
ਅਬ ਮੈ ਕਹਾ ਕਰਉ ਰੀ ਮਾਈ ॥
ਹੇ ਮਾਂ! (ਵੇਲਾ ਵਿਹਾ ਜਾਣ ਤੇ) ਹੁਣ ਮੈਂ ਕੀਹ ਕਰ ਸਕਦਾ ਹਾਂ? (ਭਾਵ, ਵੇਲਾ ਵਿਹਾ ਜਾਣ ਤੇ ਮਨੁੱਖ ਕੁਝ ਭੀ ਨਹੀਂ ਕਰ ਸਕਦਾ)।
ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨ੍ਰਾਈ ॥੧॥ ਰਹਾਉ ॥
ਜਿਸ ਮਨੁੱਖ ਨੇ ਸਾਰੀ ਜ਼ਿੰਦਗੀ ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਤੇ, ਪਰਮਾਤਮਾ ਦਾ ਸਿਮਰਨ ਕਦੇ ਭੀ ਨਾਹ ਕੀਤਾ (ਉਹ ਸਮਾ ਖੁੰਝ ਜਾਣ ਤੇ ਫਿਰ ਕੁਝ ਨਹੀਂ ਕਰ ਸਕਦਾ) ॥੧॥ ਰਹਾਉ ॥
ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥
ਹੇ ਮਾਂ! ਜਦੋਂ ਜਮਰਾਜ (ਮਨੁੱਖ ਦੇ) ਗਲ ਵਿਚ ਮੌਤ ਦੀ ਫਾਹੀ ਪਾ ਦੇਂਦਾ ਹੈ, ਤਦੋਂ ਉਹ ਉਸ ਦੀ ਸਾਰੀ ਸੁਧ-ਬੁਧ ਭੁਲਾ ਦੇਂਦਾ ਹੈ।
ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥੧॥
ਉਸ ਬਿਪਤਾ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਮਦਦਗਾਰ ਨਹੀਂ ਬਣ ਸਕਦਾ (ਜਮਾਂ ਦੀ ਫਾਹੀ ਤੋਂ, ਆਤਮਕ ਮੌਤ ਤੋਂ ਸਹਿਮ ਤੋਂ ਸਿਰਫ਼ ਹਰਿ-ਨਾਮ ਹੀ ਬਚਾਂਦਾ ਹੈ) ॥੧॥
ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ ॥
ਹੇ ਮਾਂ! ਜਿਹੜੇ ਧਨ-ਪਦਾਰਥ ਨੂੰ ਮਨੁੱਖ ਸਦਾ ਆਪਣਾ ਸਮਝੀ ਰੱਖਦਾ ਹੈ (ਜਦੋਂ ਮੌਤ ਆਉਂਦੀ ਹੈ, ਉਹ ਧਨ-ਪਦਾਰਥ) ਇਕ ਖਿਨ ਵਿਚ ਬਿਗਾਨਾ ਹੋ ਜਾਂਦਾ ਹੈ।
ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥੨॥੨॥
ਨਾਨਕ ਆਖਦਾ ਹੈ- ਉਸ ਵੇਲੇ ਮਨੁੱਖ ਦੇ ਮਨ ਵਿਚ ਇਹ ਪਛੁਤਾਵਾ ਰਹਿ ਜਾਂਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਦੇ ਭੀ ਨਾਹ ਕੀਤੀ ॥੨॥੨॥
ਮਾਰੂ ਮਹਲਾ ੯ ॥
ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥
ਹੇ ਮਾਂ! (ਜਦੋਂ ਤੋਂ ਮੈਂ ਗੁਰੂ-ਚਰਨਾਂ ਵਿਚ ਪਿਆਰ ਪਾਇਆ ਹੈ, ਤਦੋਂ ਤੋਂ ਮੈਨੂੰ ਪਛੁਤਾਵਾ ਲੱਗਾ ਹੈ ਕਿ) ਮੈਂ ਆਪਣੇ ਮਨ ਦਾ ਅਹੰਕਾਰ ਨਾਹ ਛੱਡਿਆ।
ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥੧॥ ਰਹਾਉ ॥
ਮਾਇਆ ਦੇ ਨਸ਼ੇ ਵਿਚ ਮੈਂ ਆਪਣੀ ਉਮਰ ਗੁਜ਼ਾਰ ਦਿੱਤੀ, ਤੇ, ਪਰਮਾਤਮਾ ਦੇ ਭਜਨ ਵਿਚ ਮੈਂ ਨਾਹ ਲੱਗਾ ॥੧॥ ਰਹਾਉ ॥
ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ॥
(ਮਨੁੱਖ ਮਾਇਆ ਦੀ ਨੀਂਦ ਵਿਚ ਗ਼ਾਫ਼ਿਲ ਪਿਆ ਰਹਿੰਦਾ ਹੈ) ਜਦੋਂ ਜਮਦੂਤ ਦਾ ਡੰਡਾ (ਇਸ ਦੇ) ਸਿਰ ਉੱਤੇ ਵੱਸਦਾ ਹੈ, ਤਦੋਂ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁੱਤਾ ਹੋਇਆ ਜਾਗਦਾ ਹੈ।
ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ ॥੧॥
ਪਰ ਉਸ ਵੇਲੇ ਦੇ ਪਛੁਤਾਵੇ ਨਾਲ ਕੁਝ ਸੰਵਰਦਾ ਨਹੀਂ, (ਕਿਉਂਕਿ ਉਸ ਵੇਲੇ ਜਮਾਂ ਪਾਸੋਂ) ਭੱਜਿਆਂ ਖ਼ਲਾਸੀ ਨਹੀਂ ਹੋ ਸਕਦੀ ॥੧॥
ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ॥
ਜਦੋਂ ਮਨੁੱਖ ਗੁਰੂ ਦੇ ਚਰਨਾਂ ਵਿਚ ਪਿਆਰ ਪਾਂਦਾ ਹੈ, ਤਦੋਂ ਉਸ ਦੇ ਹਿਰਦੇ ਵਿਚ ਇਹ ਫੁਰਨਾ ਉੱਠਦਾ ਹੈ (ਕਿ ਪ੍ਰਭੂ ਦੇ ਭਜਨ ਤੋਂ ਬਿਨਾ ਉਮਰ ਵਿਅਰਥ ਹੀ ਬੀਤਦੀ ਰਹੀ)।
ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥
ਹੇ ਨਾਨਕ! ਮਨੁੱਖ ਦੀ ਜ਼ਿੰਦਗੀ ਕਾਮਯਾਬ ਤਦੋਂ ਹੀ ਹੁੰਦੀ ਹੈ ਜਦੋਂ (ਇਹ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜਦਾ ਹੈ ॥੨॥੩॥
ਮਾਰੂ ਅਸਟਪਦੀਆ ਮਹਲਾ ੧ ਘਰੁ ੧ ॥
ਰਾਗ ਮਾਰੂ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ॥
ਅਨੇਕਾਂ ਰਿਸ਼ੀ ਮੁਨੀ (ਮੋਨਧਾਰੀ) ਵੇਦ ਪੁਰਾਣ (ਆਦਿਕ ਧਰਮ ਪੁਸਤਕਾਂ) ਸੁਣਾ ਸੁਣਾ ਕੇ ਸੁਣ ਸੁਣ ਕੇ ਥੱਕ ਗਏ।
ਅਠਸਠਿ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ ॥
ਸਭ ਭੇਖਾਂ ਦੇ ਅਨੇਕਾਂ ਸਾਧੂ ਅਠਾਹਠ ਤੀਰਥਾਂ ਤੇ ਭੌਂ ਭੌਂ ਕੇ ਥੱਕ ਗਏ (ਪਰੰਤੂ ਪਰਮਾਤਮਾ ਨੂੰ ਪ੍ਰਸੰਨ ਨਾਹ ਕਰ ਸਕੇ)।
ਸਾਚੋ ਸਾਹਿਬੁ ਨਿਰਮਲੋ ਮਨਿ ਮਾਨੈ ਏਕਾ ॥੧॥
ਉਹ ਸਦਾ-ਥਿਰ ਰਹਿਣ ਵਾਲਾ ਪਵਿਤ੍ਰ ਮਾਲਕ ਸਿਰਫ਼ ਮਨ (ਦੀ ਪਵਿਤ੍ਰਤਾ) ਦੀ ਰਾਹੀਂ ਪਤੀਜਦਾ ਹੈ ॥੧॥
ਤੂ ਅਜਰਾਵਰੁ ਅਮਰੁ ਤੂ ਸਭ ਚਾਲਣਹਾਰੀ ॥
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਨਾਸਵੰਤ ਹੈ। (ਪਰ) ਤੂੰ ਕਦੇ ਬੁੱਢਾ ਨਹੀਂ ਹੁੰਦਾ, ਤੂੰ ਅੱਤ ਸ੍ਰੇਸ਼ਟ ਹੈਂ, ਤੂੰ ਮੌਤ ਤੋਂ ਰਹਿਤ ਹੈਂ।
ਨਾਮੁ ਰਸਾਇਣੁ ਭਾਇ ਲੈ ਪਰਹਰਿ ਦੁਖੁ ਭਾਰੀ ॥੧॥ ਰਹਾਉ ॥
ਤੇਰਾ ਨਾਮ ਸਾਰੇ ਰਸਾਂ ਦਾ ਸੋਮਾ ਹੈ। ਜੇਹੜਾ ਜੀਵ (ਤੇਰਾ ਨਾਮ) ਪ੍ਰੇਮ ਨਾਲ ਜਪਦਾ ਹੈ, ਉਹ ਆਪਣਾ ਵੱਡੇ ਤੋਂ ਵੱਡਾ ਦੁੱਖ ਦੂਰ ਕਰ ਲੈਂਦਾ ਹੈ ॥੧॥ ਰਹਾਉ ॥
ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ ॥
ਪਰਮਾਤਮਾ ਦਾ ਨਾਮ (ਹੀ) ਪੜ੍ਹਨਾ ਚਾਹੀਦਾ ਹੈ ਨਾਮ ਹੀ ਸਮਝਣਾ ਚਾਹੀਦਾ ਹੈ, ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ (ਪਾਪਾਂ ਤੋਂ) ਬਚਾਉ ਹੁੰਦਾ ਹੈ।
ਗੁਰਿ ਪੂਰੈ ਪੂਰੀ ਮਤਿ ਹੈ ਪੂਰੈ ਸਬਦਿ ਬੀਚਾਰਾ ॥
ਇਹ ਪੂਰੀ ਮੱਤ ਤੇ ਸ੍ਰੇਸ਼ਟ ਵਿਚਾਰ ਪੂਰੇ ਗੁਰੂ ਦੀ ਰਾਹੀਂ ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਮਿਲਦੀ ਹੈ,
ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ ॥੨॥
ਕਿ ਪਰਮਾਤਮਾ ਦਾ ਨਾਮ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਤੇ ਸਾਰੇ ਪਾਪ ਨਾਸ ਕਰਨ ਦੇ ਸਮਰੱਥ ਹੈ ॥੨॥
ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ ॥
ਜੇਹੜਾ ਮਨੁੱਖ ਪਾਣੀ ਰਿੜਕਦਾ ਹੈ, (ਸਦਾ) ਪਾਣੀ (ਹੀ) ਰਿੜਕਦਾ ਹੈ ਪਰ ਮੱਖਣ ਹਾਸਲ ਕਰਨਾ ਚਾਹੁੰਦਾ ਹੈ, ਉਹ (ਅਕਲੋਂ) ਅੰਨ੍ਹਾ ਹੈ ਉਹ ਅਗਿਆਨੀ ਹੈ।
ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥
ਜੇ ਦਹੀਂ ਰਿੜਕੀਏ ਤਾਂ ਮੱਖਣ ਲੱਭਦਾ ਹੈ (ਇਸੇ ਤਰ੍ਹਾਂ) ਜੇ ਗੁਰੂ ਦੀ ਮੱਤ ਲਈਏ ਤਾਂ ਪ੍ਰਭੂ ਦਾ ਨਾਮ ਮਿਲਦਾ ਹੈ ਜੋ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ।
ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ ॥੩॥
ਪਰ ਆਪਣੇ ਮਨ ਦੇ ਪਿੱਛੇ ਹਰਨ ਵਾਲੇ ਮਨੁੱਖ ਇਸ ਭੇਤ ਨੂੰ ਨਹੀਂ ਸਮਝਦੇ, ਉਹ ਪਸ਼ੂ-ਬ੍ਰਿਤੀ ਵਿਚ ਟਿਕੇ ਰਹਿੰਦੇ ਹਨ ॥੩॥
ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ ॥
ਹਉਮੈ ਤੇ ਮਮਤਾ ਨਿਰੀ ਆਤਮਕ ਮੌਤ ਹੈ, ਇਸ ਆਤਮਕ ਮੌਤੇ ਮਰ ਕੇ ਜੀਵ ਮੁੜ ਮੁੜ ਜੰਮਦਾ ਮਰਦਾ ਹੈ।
ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ ॥
ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਹਉਮੈ ਤੇ ਮਮਤਾ ਵਲੋਂ) ਸਦਾ ਲਈ ਤਰਕ ਕਰ ਲਏ ਤਾਂ ਉਹ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ।
ਗੁਰਮਤੀ ਜਗਜੀਵਨੁ ਮਨਿ ਵਸੈ ਸਭਿ ਕੁਲ ਉਧਾਰਣਹਾਰ ॥੪॥
ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਜਗਤ ਦਾ ਜੀਵਨ ਪਰਮਾਤਮਾ ਵੱਸ ਪੈਂਦਾ ਹੈ (ਆਪ ਤਾਂ ਤਰਦਾ ਹੀ ਹੈ) ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਆਤਮਕ ਮੌਤ ਤੋਂ ਬਚਾ ਲੈਂਦਾ ਹੈ ॥੪॥
ਸਚਾ ਵਖਰੁ ਨਾਮੁ ਹੈ ਸਚਾ ਵਾਪਾਰਾ ॥
(ਜੀਵ-ਵਣਜਾਰਾ ਜਗਤ-ਹੱਟ ਵਿਚ ਵਪਾਰ ਕਰਨ ਆਇਆ ਹੈ) ਸਦਾ ਕਾਇਮ ਰਹਿਣ ਵਾਲਾ (ਕਦੇ ਨਾਸ ਨਾਹ ਹੋਣ ਵਾਲਾ) ਸੌਦਾ ਪਰਮਾਤਮਾ ਦਾ ਨਾਮ (ਹੀ) ਹੈ, ਇਹੀ ਐਸਾ ਵਪਾਰ ਹੈ ਜੋ ਸਦਾ-ਥਿਰ ਰਹਿੰਦਾ ਹੈ।
ਲਾਹਾ ਨਾਮੁ ਸੰਸਾਰਿ ਹੈ ਗੁਰਮਤੀ ਵੀਚਾਰਾ ॥
ਜਿਸ ਮਨੁੱਖ ਨੂੰ ਗੁਰੂ ਦੀ ਮੱਤ ਲੈ ਕੇ ਇਹ ਸੂਝ ਆ ਜਾਂਦੀ ਹੈ ਉਹ ਜਗਤ (-ਹੱਟ) ਵਿਚ ਨਾਮ (ਦੀ) ਖੱਟੀ ਖੱਟਦਾ ਹੈ।
ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ ॥੫॥
ਪਰ ਜੇ ਮਾਇਆ ਦੇ ਪਿਆਰ ਵਿਚ ਹੀ (ਸਦਾ) ਕਿਰਤ-ਕਾਰ ਕੀਤੀ ਜਾਏ, ਤਾਂ ਸੰਸਾਰ ਵਿਚ (ਆਤਮਕ ਜੀਵਨ ਦੀ ਪੂੰਜੀ ਨੂੰ) ਘਾਟਾ ਹੀ ਘਾਟਾ ਪੈਂਦਾ ਹੈ ॥੫॥
ਸਾਚੀ ਸੰਗਤਿ ਥਾਨੁ ਸਚੁ ਸਚੇ ਘਰ ਬਾਰਾ ॥
ਉਸ ਦੀ ਸੰਗਤ ਪਵਿਤ੍ਰ, ਉਸ ਦਾ ਰਿਹੈਸ਼ੀ ਥਾਂ ਪਵਿਤ੍ਰ, ਉਸ ਦੇ ਘਰ ਬਾਰ ਪਵਿਤ੍ਰ ਹਨ।
ਸਚਾ ਭੋਜਨੁ ਭਾਉ ਸਚੁ ਸਚੁ ਨਾਮੁ ਅਧਾਰਾ ॥
ਪਰਮਾਤਮਾ ਦਾ ਸਦਾ-ਥਿਰ ਨਾਮ ਪਰਮਾਤਮਾ ਦਾ ਸਦਾ-ਥਿਰ ਪ੍ਰੇਮ ਉਸ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ ਉਸ ਦੇ ਆਤਮਕ ਜੀਵਨ ਦੀ ਸਦਾ-ਟਿਕਵੀਂ ਖ਼ੁਰਾਕ ਬਣ ਜਾਂਦਾ ਹੈ।
ਸਚੀ ਬਾਣੀ ਸੰਤੋਖਿਆ ਸਚਾ ਸਬਦੁ ਵੀਚਾਰਾ ॥੬॥
ਉਹ ਮਨੁੱਖ ਸਦਾ-ਥਿਰ ਬਾਣੀ ਦੀ ਰਾਹੀਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖੀ ਹੋ ਜਾਂਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ ॥੬॥
ਰਸ ਭੋਗਣ ਪਾਤਿਸਾਹੀਆ ਦੁਖ ਸੁਖ ਸੰਘਾਰਾ ॥
ਪਰ ਦੁਨੀਆ ਦੇ ਰਸ ਮਾਣਨ ਨਾਲ, ਦੁਨੀਆ ਦੀਆਂ ਪਾਤਿਸ਼ਾਹੀਆਂ ਨਾਲ (ਮਨੁੱਖ ਨੂੰ) ਦੁਖ ਸੁਖ ਵਿਆਪਦੇ ਰਹਿੰਦੇ ਹਨ।
ਮੋਟਾ ਨਾਉ ਧਰਾਈਐ ਗਲਿ ਅਉਗਣ ਭਾਰਾ ॥
ਜੇ (ਦੁਨੀਆ ਦੇ ਵਡੱਪਣ ਦੇ ਕਾਰਨ ਆਪਣਾ) ਵੱਡਾ ਨਾਮ ਭੀ ਰਖਾ ਲਈਏ, ਤਾਂ ਭੀ ਸਗੋਂ ਗਲ ਵਿਚ ਔਗੁਣਾਂ ਦੇ ਭਾਰ ਬੱਝ ਪੈਂਦੇ ਹਨ (ਜਿਨ੍ਹਾਂ ਕਰਕੇ ਮਨੁੱਖ ਸੰਸਾਰ-ਸਮੁੰਦਰ ਵਿਚ ਡੁੱਬਦਾ ਹੀ ਹੈ)।
ਮਾਣਸ ਦਾਤਿ ਨ ਹੋਵਈ ਤੂ ਦਾਤਾ ਸਾਰਾ ॥੭॥
ਹੇ ਪ੍ਰਭੂ! ਤੂੰ ਵੱਡਾ ਦਾਤਾ ਹੈਂ (ਸਭ ਦਾਤਾਂ ਦੇਂਦਾ ਹੈਂ), ਪਰ ਤੇਰੀਆਂ (ਮਾਇਕ) ਦਾਤਾਂ ਨਾਲ ਮਨੁੱਖਾਂ ਦੀ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ ॥੭॥
ਅਗਮ ਅਗੋਚਰੁ ਤੂ ਧਣੀ ਅਵਿਗਤੁ ਅਪਾਰਾ ॥
ਹੇ ਪ੍ਰਭੂ! ਤੂੰ ਅਗਮ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ, ਤੂੰ ਸਭ ਪਦਾਰਥਾਂ ਦਾ ਮਾਲਕ ਹੈਂ, ਤੂੰ ਅਦ੍ਰਿਸ਼ਟ ਹੈਂ, ਤੂੰ ਬੇਅੰਤ ਹੈਂ।
ਗੁਰਸਬਦੀ ਦਰੁ ਜੋਈਐ ਮੁਕਤੇ ਭੰਡਾਰਾ ॥
ਜੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰਾ ਦਰਵਾਜ਼ਾ ਭਾਲੀਏ ਤਾਂ (ਤੇਰੇ ਦਰ ਤੋਂ ਨਾਮ ਦਾ ਉਹ) ਖ਼ਜ਼ਾਨਾ ਮਿਲਦਾ ਹੈ ਜੋ (ਮਾਇਆ ਦੇ ਮੋਹ ਵਲੋਂ) ਖ਼ਲਾਸੀ ਦੇਂਦਾ ਹੈ।
ਨਾਨਕ ਮੇਲੁ ਨ ਚੂਕਈ ਸਾਚੇ ਵਾਪਾਰਾ ॥੮॥੧॥
ਹੇ ਨਾਨਕ! (ਨਾਮ ਦਾ ਵਪਾਰ) ਸਦਾ-ਥਿਰ ਰਹਿਣ ਵਾਲਾ ਵਪਾਰ ਹੈ (ਇਸ ਵਪਾਰ ਦੀ ਬਰਕਤਿ ਨਾਲ ਜੀਵ-ਵਣਜਾਰੇ ਦਾ ਪਰਮਾਤਮਾ-ਸ਼ਾਹ ਨਾਲੋਂ ਕਦੇ) ਮਿਲਾਪ ਮੁੱਕਦਾ ਨਹੀਂ ॥੮॥੧॥
ਮਾਰੂ ਮਹਲਾ ੧ ॥
ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥
ਜਗਤ ਨੇ ਆਪਣੀ ਜ਼ਿੰਦਗੀ ਦਾ ਬੇੜਾ ਮਾਇਆ ਦੇ ਜ਼ਹਿਰ ਨਾਲ ਲੱਦਿਆ ਹੋਇਆ ਹੈ, ਤੇ ਇਸ ਨੂੰ ਸੰਸਾਰ-ਸਮੁੰਦਰ ਵਿਚ ਠੇਲ੍ਹ ਦਿੱਤਾ ਹੋਇਆ ਹੈ।
ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ ॥
(ਸੰਸਾਰ ਦਾ) ਕੰਢਾ ਦਿੱਸਦਾ ਨਹੀਂ, ਨਾਹ ਉਰਲਾ ਕੰਢਾ ਨਾਹ ਪਾਰਲਾ।
ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥੧॥
ਨਾਹ ਹੀ (ਮੁਸਾਫ਼ਿਰ ਦੇ) ਹੱਥ ਵਿਚ ਵੰਝ ਹੈ, ਨਾਹ (ਬੇੜੇ ਨੂੰ ਚਲਾਣ ਵਾਲਾ ਕੋਈ) ਮਲਾਹ ਹੈ। (ਜਿਸ ਸਮੁੰਦਰ ਵਿਚੋਂ ਜਹਾਜ਼ ਲੰਘ ਰਿਹਾ ਹੈ ਉਹ) ਸਮੁੰਦਰ ਭਿਆਨਕ ਹੈ (ਉਸ ਦਾ ਠਾਠਾਂ ਮਾਰਦਾ) ਪਾਣੀ ਡਰਾਉਣਾ ਹੈ ॥੧॥
ਬਾਬਾ ਜਗੁ ਫਾਥਾ ਮਹਾ ਜਾਲਿ ॥
ਹੇ ਭਾਈ! ਜਗਤ (ਮਾਇਆ-ਮੋਹ ਦੇ) ਬੜੇ ਵੱਡੇ ਜਾਲ ਵਿਚ ਫਸਿਆ ਹੋਇਆ ਹੈ।
ਗੁਰਪਰਸਾਦੀ ਉਬਰੇ ਸਚਾ ਨਾਮੁ ਸਮਾਲਿ ॥੧॥ ਰਹਾਉ ॥
(ਇਸ ਜਾਲ ਵਿਚੋਂ) ਜੀਊਂਦੇ ਉਹ ਨਿਕਲਦੇ ਹਨ ਜੋ ਗੁਰੂ ਦੀ ਮੇਹਰ ਨਾਲ ਸਦਾ-ਥਿਰ ਪਰਮਾਤਮਾ ਦਾ ਨਾਮ ਸੰਭਾਲਦੇ ਹਨ ॥੧॥ ਰਹਾਉ ॥
ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ ॥
ਗੁਰੂ ਜਹਾਜ਼ ਹੈ, ਗੁਰੂ ਆਪਣੇ ਸ਼ਬਦ ਦੀ ਰਾਹੀਂ (ਜੀਵ-ਮੁਸਾਫ਼ਿਰਾਂ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾਣ ਦੇ ਸਮਰੱਥ ਹੈ।
ਤਿਥੈ ਪਵਣੁ ਨ ਪਾਵਕੋ ਨਾ ਜਲੁ ਨਾ ਆਕਾਰੁ ॥
(ਗੁਰੂ ਜਿਸ ਥਾਂ ਜਿਸ ਆਤਮਕ ਅਵਸਥਾ ਵਿਚ ਅਪੜਾ ਦੇਂਦਾ ਹੈ) ਉਥੇ ਨਾਹ ਹਵਾ ਨਾਹ ਅੱਗ ਨਾਹ ਪਾਣੀ ਨਾਹ ਇਹ ਸਭ ਕੁਝ ਜੋ ਦਿੱਸ ਰਿਹਾ ਹੈ (ਕੋਈ ਜ਼ੋਰ ਨਹੀਂ ਪਾ ਸਕਦਾ)।
ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ ॥੨॥
ਉਸ ਅਵਸਥਾ ਵਿਚ ਅੱਪੜਿਆ ਜੀਵ ਸਦਾ-ਥਿਰ ਪ੍ਰਭੂ (ਨਾਲ ਇਕ-ਮਿਕ ਹੁੰਦਾ ਹੈ), ਉਸ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ ਜੋ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈ ॥੨॥
ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ ॥
ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਇਸ ਸਮੁੰਦਰ ਵਿਚੋਂ) ਲੰਘਦੇ ਹਨ, ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਪਾਰਲੇ ਕੰਢੇ ਜਾ ਪਹੁੰਚਦੇ ਹਨ।
ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥
(ਗੁਰੂ) ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।
ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ ॥੩॥
ਗੁਰੂ ਦੀ ਸਿੱਖਿਆ ਲੈ ਕੇ ਜਿਸ ਮਨੁੱਖ ਦੇ ਅੰਦਰ ਅਡੋਲ ਆਤਮਕ ਅਵਸਥਾ ਪੈਦਾ ਹੁੰਦੀ ਹੈ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੩॥
ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥
ਜੇ ਸੱਪ ਨੂੰ ਪਟਾਰੀ ਵਿਚ ਪਾ ਦੇਈਏ ਤਾਂ ਉਸ ਦਾ ਜ਼ਹਿਰ ਉਸ ਦੇ ਅੰਦਰ ਹੀ ਟਿਕਿਆ ਰਹਿੰਦਾ ਹੈ (ਦੂਜਿਆਂ ਨੂੰ ਡੰਗ ਮਾਰਨ ਲਈ) ਗੁੱਸਾ ਭੀ ਉਸ ਦੇ ਮਨ ਵਿਚ ਮੌਜੂਦ ਰਹਿੰਦਾ ਹੈ (ਮਨੁੱਖ ਦਾ ਮਨ, ਮਾਨੋ, ਸੱਪ ਹੈ।
ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ ॥
ਕਿਸੇ ਧਾਰਮਿਕ ਭੇਸ ਨਾਲ ਮਨ ਦਾ ਮੰਦਾ ਸੁਭਾਉ ਬਦਲ ਨਹੀਂ ਸਕਦਾ), ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਸੰਗ੍ਰਹਿ ਦਾ ਫਲ ਭੋਗਣਾ ਹੀ ਪੈਂਦਾ ਹੈ, ਕਿਸੇ ਜੀਵ ਨੂੰ (ਉਸ ਦੀ ਕਿਸੇ ਕੀਤੀ ਬੁਰਾਈ ਬਾਰੇ) ਦੋਸ ਨਹੀਂ ਦਿੱਤਾ ਜਾ ਸਕਦਾ।
ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ ॥੪॥
ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਮਨ-ਸੱਪ ਨੂੰ ਵੱਸ ਕਰਨ ਵਾਲਾ) ਗਾਰੜ ਮੰਤਰ (ਗੁਰੂ ਤੋਂ) ਸੁਣ ਲਏ, ਪਰਮਾਤਮਾ ਦਾ ਨਾਮ ਸੁਣਨ ਦੀ ਗੇਝ ਪਾ ਲਏ ਤਾਂ ਉਸ ਦੇ ਅੰਦਰ ਸ਼ਾਂਤੀ ਠੰਢ ਪੈਦਾ ਹੋ ਜਾਂਦੀ ਹੈ ॥੪॥
ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ ॥
(ਦਰਿਆ ਵਿਚ) ਜਾਲ ਪਾ ਕੇ ਕੁੰਡੀ ਨਾਲ ਮਗਰਮੱਛ ਫਸਾ ਲਈਦਾ ਹੈ,
ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ ॥
ਤਿਵੇਂ ਭੈੜੀ ਮੱਤ ਵਿਚ ਫਸਿਆ ਜੀਵ ਮਾਇਆ ਦੇ ਮੋਹ ਵਿਚ ਕਾਬੂ ਆ ਜਾਂਦਾ ਹੈ (ਵਿਕਾਰ ਕਰਦਾ ਹੈ ਤੇ) ਮੁੜ ਮੁੜ ਪਛੁਤਾਂਦਾ (ਭੀ) ਹੈ।
ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ ॥੫॥
ਉਸ ਨੂੰ ਇਹ ਸੁੱਝਦਾ ਹੀ ਨਹੀਂ ਕਿ (ਇਹਨਾਂ ਵਿਕਾਰਾਂ ਦੇ ਕਾਰਨ) ਜਨਮ ਮਰਨ ਦਾ ਗੇੜ ਵਿਆਪੇਗਾ। (ਪਰ ਉਸ ਦੇ ਭੀ ਕੀਹ ਵੱਸ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਜੀਵ ਦੇ ਮਨ ਵਿਚ ਮੌਜੂਦ ਰਹਿੰਦਾ ਹੈ) ਮਿਟਾਇਆ ਨਹੀਂ ਜਾ ਸਕਦਾ ॥੫॥
ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥
ਕਰਤਾਰ ਨੇ ਜੀਵਾਂ ਦੇ ਅੰਦਰ ਹਉਮੈ ਦਾ ਜ਼ਹਿਰ ਪਾ ਕੇ ਜਗਤ ਪੈਦਾ ਕਰ ਦਿੱਤਾ ਹੈ। ਜਿਸ ਜੀਵ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਇਹ ਜ਼ਹਿਰ ਦੂਰ ਹੋ ਜਾਂਦਾ ਹੈ।
ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ॥
(ਉਹ ਇਕ ਐਸੀ ਆਤਮਕ ਅਵਸਥਾ ਤੇ ਪਹੁੰਚਦਾ ਹੈ ਜਿਸ ਨੂੰ) ਬੁਢੇਪਾ ਪੋਹ ਨਹੀਂ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ।
ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥੬॥
ਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਤ ਕਹਿ ਸਕੀਦਾ ਹੈ ਕਿ ਉਹ ਸੰਸਾਰਕ ਜੀਵਨ ਜੀਊਂਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੈ ॥੬॥
ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥
ਦੁਨੀਆ ਦੇ ਕਾਰ-ਵਿਹਾਰ ਵਿਚ ਦੌੜ-ਭੱਜ ਕਰਦਾ ਕਰਦਾ ਮਨੁੱਖ ਮਾਇਆ ਦੇ ਮੋਹ ਵਿਚ ਬੱਝ ਜਾਂਦਾ ਹੈ, ਉਹ (ਇਸ ਵਿਚੋਂ ਨਿਕਲਣ ਦੀ ਕੋਈ) ਸੋਚ ਸੋਚ ਹੀ ਨਹੀਂ ਸਕਦਾ।
ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਜੇਹਾ ਮੂਰਖ ਤੇ ਬੁੱਧੂ ਬਣ ਜਾਂਦਾ ਹੈ ਕਿ ਉਹ ਜਨਮ ਮਰਨ ਦਾ ਗੇੜ ਭੁਲਾ ਹੀ ਬੈਠਦਾ ਹੈ।
ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ ॥੭॥
ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕੀਤੀ, ਉਹ ਸੱਚੇ ਸ਼ਬਦ ਨੂੰ ਸੋਚ-ਮੰਡਲ ਵਿਚ ਵਸਾ ਕੇ (ਮੋਹ ਦੀ ਜੇਵੜੀ ਵਿਚੋਂ) ਬਚ ਨਿਕਲੇ ॥੭॥
ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥
(ਤੋਤਾ ਆਪਣੇ ਮਾਲਕ ਦੇ ਪਿੰਜਰੇ ਵਿਚ ਪੈ ਕੇ ਉਹੀ ਬੋਲੀ ਬੋਲਦਾ ਹੈ ਜੋ ਮਾਲਕ ਸਿਖਾਂਦਾ ਹੈ, ਮਾਲਕ ਉਹ ਬੋਲੀ ਸੁਣ ਕੇ ਤੋਤੇ ਉਤੇ ਖ਼ੁਸ਼ ਹੁੰਦਾ ਹੈ) ਜੇਹੜਾ ਜੀਵ-ਤੋਤਾ ਪ੍ਰਭੂ ਦੇ ਪ੍ਰੇਮ ਦੇ ਪਿੰਜਰੇ ਵਿਚ ਪੈ ਕੇ ਉਹ ਬੋਲ ਬੋਲਦਾ ਹੈ ਜੋ ਇਸ ਦੇ ਅੰਦਰ ਬੋਲਣਹਾਰ ਪ੍ਰਭੂ ਨੂੰ ਪਸੰਦ ਹੈ,
ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥
ਤਾਂ ਉਹ ਜੀਵ-ਤੋਤਾ ਸਦਾ-ਥਿਰ ਨਾਮ ਦੀ ਚੋਗ ਚੁਗਦਾ ਹੈ ਨਾਮ-ਅੰਮ੍ਰਿਤ ਪੀਂਦਾ ਹੈ। (ਸਰੀਰ-ਪਿੰਜਰੇ ਨੂੰ ਸਦਾ ਲਈ) ਇਕੋ ਵਾਰੀ ਹੀ ਤਿਆਗ ਜਾਂਦਾ ਹੈ (ਮੁੜ ਮੁੜ ਜਨਮ ਮਰਨ ਵਿਚ ਨਹੀਂ ਪੈਦਾ)।
ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥੮॥੨॥
ਨਾਨਕ ਆਖਦਾ ਹੈ- ਜੇ ਗੁਰੂ ਮਿਲ ਪਏ ਤਾਂ ਖਸਮ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ, ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥
ਮਾਰੂ ਮਹਲਾ ੧ ॥
ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥
(ਜਦੋਂ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜ ਕੇ) ਆਪਾ-ਭਾਵ ਤੋਂ ਮਰਦਾ ਹੈ ਤਦੋਂ ਉਹ ਮੌਤ ਦੇ ਡਰ ਨੂੰ ਮਾਰ ਲੈਂਦਾ ਹੈ। (ਉਂਞ ਮੌਤ ਤੋਂ) ਭੱਜ ਕੇ ਮੈਂ ਕਿਸ ਦੇ ਪਾਸ ਜਾ ਸਕਦਾ ਹਾਂ?
ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ ॥
ਜਿਸ ਪਰਮਾਤਮਾ ਦੇ ਡਰ ਵਿਚ ਰਿਹਾਂ ਅਦਬ ਵਿਚ ਰਿਹਾਂ (ਮੌਤ ਦੇ ਡਰ ਤੋਂ) ਬਚ ਸਕੀਦਾ ਹੈ (ਉਸ ਦਾ ਨਾਮ ਜਪਣਾ ਚਾਹੀਦਾ ਹੈ), ਉਸ ਦਾ ਨਾਮ ਅਟੱਲ ਆਤਮਕ ਜੀਵਨ ਦੇਣ ਵਾਲਾ ਹੈ।
ਮਾਰਹਿ ਰਾਖਹਿ ਏਕੁ ਤੂ ਬੀਜਉ ਨਾਹੀ ਥਾਉ ॥੧॥
ਹੇ ਪ੍ਰਭੂ! ਤੂੰ ਆਪ ਹੀ ਮਾਰਦਾ ਹੈਂ ਤੂੰ ਆਪ ਹੀ ਰੱਖਿਆ ਕਰਦਾ ਹੈਂ। ਤੈਥੋਂ ਬਿਨਾ ਹੋਰ ਕੋਈ ਥਾਂ ਨਹੀਂ (ਜੋ ਮਾਰ ਸਕੇ ਜਾਂ ਮੌਤ ਤੋਂ ਬਚਾ ਸਕੇ) ॥੧॥
ਬਾਬਾ ਮੈ ਕੁਚੀਲੁ ਕਾਚਉ ਮਤਿਹੀਨ ॥
ਹੇ ਪ੍ਰਭੂ! (ਤੇਰੇ ਨਾਮ ਤੋਂ ਬਿਨਾ) ਮੈਂ ਗੰਦਾ ਹਾਂ, ਕਮਜ਼ੋਰ-ਦਿਲ ਹਾਂ, ਅਕਲ ਤੋਂ ਸੱਖਣਾ ਹਾਂ।
ਨਾਮ ਬਿਨਾ ਕੋ ਕਛੁ ਨਹੀ ਗੁਰਿ ਪੂਰੈ ਪੂਰੀ ਮਤਿ ਕੀਨ ॥੧॥ ਰਹਾਉ ॥
ਤੇਰੇ ਨਾਮ ਤੋਂ ਬਿਨਾ ਕੋਈ ਭੀ ਜੀਵ ਕਾਸੇ ਜੋਗਾ ਨਹੀਂ ਹੈ (ਅਕਲੋਂ ਖ਼ਾਲੀ ਹੈ)। (ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ) ਪੂਰੇ ਗੁਰੂ ਨੇ ਉਸ ਨੂੰ ਉਹ ਮੱਤ ਦੇ ਦਿੱਤੀ ਜਿਸ ਨਾਲ ਉਹ ਜੀਵਨ-ਸਫ਼ਰ ਵਿਚ ਉਕਾਈ ਨਾਹ ਖਾਏ ॥੧॥ ਰਹਾਉ ॥
ਅਵਗਣਿ ਸੁਭਰ ਗੁਣ ਨਹੀ ਬਿਨੁ ਗੁਣ ਕਿਉ ਘਰਿ ਜਾਉ ॥
(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਮੈਂ ਔਗੁਣ ਨਾਲ ਨਕਾ-ਨਕ ਭਰ ਜਾਂਦਾ ਹਾਂ, ਮੇਰੇ ਵਿਚ ਗੁਣ ਨਹੀਂ ਪੈਦਾ ਹੁੰਦੇ, ਤੇ ਗੁਣਾਂ ਤੋਂ ਬਿਨਾ ਮੈਂ (ਪਰਮਾਤਮਾ ਦੇ) ਦੇਸ ਵਿਚ ਕਿਵੇਂ ਪਹੁੰਚ ਸਕਦਾ ਹਾਂ?
ਸਹਜਿ ਸਬਦਿ ਸੁਖੁ ਊਪਜੈ ਬਿਨੁ ਭਾਗਾ ਧਨੁ ਨਾਹਿ ॥
ਜੇਹੜਾ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕਦਾ ਹੈ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਪਰ ਇਹ ਨਾਮ-ਧਨ ਕਿਸਮਤ ਤੋਂ ਬਿਨਾ ਨਹੀਂ ਮਿਲਦਾ।
ਜਿਨ ਕੈ ਨਾਮੁ ਨ ਮਨਿ ਵਸੈ ਸੇ ਬਾਧੇ ਦੂਖ ਸਹਾਹਿ ॥੨॥
ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹ ਔਗੁਣਾਂ ਦੇ ਬੱਧੇ ਹੋਏ ਦੁੱਖ ਸਹਾਰਦੇ ਹਨ ॥੨॥
ਜਿਨੀ ਨਾਮੁ ਵਿਸਾਰਿਆ ਸੇ ਕਿਤੁ ਆਏ ਸੰਸਾਰਿ ॥
ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹ ਸੰਸਾਰ ਵਿਚ ਕਾਹਦੇ ਲਈ ਆਏ?
ਆਗੈ ਪਾਛੈ ਸੁਖੁ ਨਹੀ ਗਾਡੇ ਲਾਦੇ ਛਾਰੁ ॥
ਉਹਨਾਂ ਨੂੰ ਨਾਹ ਪਰਲੋਕ ਵਿਚ ਸੁਖ, ਨਾਹ ਇਸ ਲੋਕ ਵਿਚ ਸੁਖ, ਉਹ ਤਾਂ ਸੁਆਹ ਦੇ ਲੱਦੇ ਹੋਏ ਗੱਡੇ ਹਨ (ਉਹਨਾਂ ਦੇ ਸਰੀਰ ਵਿਕਾਰਾਂ ਨਾਲ ਭਰੇ ਹੋਏ ਹਨ)।
ਵਿਛੁੜਿਆ ਮੇਲਾ ਨਹੀ ਦੂਖੁ ਘਣੋ ਜਮ ਦੁਆਰਿ ॥੩॥
ਉਹ ਪਰਮਾਤਮਾ ਤੋਂ ਵਿਛੁੜੇ ਹੋਏ ਹਨ, ਪਰਮਾਤਮਾ ਨਾਲ ਉਹਨਾਂ ਨੂੰ ਮਿਲਾਪ ਨਸੀਬ ਨਹੀਂ ਹੁੰਦਾ, ਉਹ ਜਮਰਾਜ ਦੇ ਡਰ ਤੇ ਡਾਢਾ ਦੁੱਖ ਸਹਾਰਦੇ ਹਨ ॥੩॥
ਅਗੈ ਕਿਆ ਜਾਣਾ ਨਾਹਿ ਮੈ ਭੂਲੇ ਤੂ ਸਮਝਾਇ ॥
ਹੇ ਪ੍ਰਭੂ! ਮੈਨੂੰ ਇਹ ਸਮਝ ਨਹੀਂ ਕਿ ਤੇਰੇ ਨਾਮ ਤੋਂ ਖੁੰਝ ਕੇ ਜੀਵਨ-ਸਫ਼ਰ ਵਿਚ ਮੇਰੇ ਨਾਲ ਕਿਹੀ ਵਾਪਰੇਗੀ।
ਭੂਲੇ ਮਾਰਗੁ ਜੋ ਦਸੇ ਤਿਸ ਕੈ ਲਾਗਉ ਪਾਇ ॥
ਮੈਨੂੰ ਭੁੱਲੇ ਹੋਏ ਨੂੰ, ਹੇ ਪ੍ਰਭੂ! ਤੂੰ ਆਪ ਅਕਲ ਦੇਹ। ਮੈਨੂੰ ਕੁਰਾਹੇ ਪਏ ਹੋਏ ਨੂੰ ਜੇਹੜਾ ਕੋਈ ਰਸਤਾ ਦੱਸੇਗਾ, ਮੈਂ ਉਸ ਦੇ ਪੈਰੀਂ ਲੱਗਾਂਗਾ।
ਗੁਰ ਬਿਨੁ ਦਾਤਾ ਕੋ ਨਹੀ ਕੀਮਤਿ ਕਹਣੁ ਨ ਜਾਇ ॥੪॥
(ਸਹੀ ਰਸਤੇ ਦੀ) ਦਾਤ ਦੇਣ ਵਾਲਾ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ, ਗੁਰੂ ਦੀ ਬਖ਼ਸ਼ੀ ਇਸ ਦਾਤ ਦਾ ਮੁੱਲ ਪਾਇਆ ਨਹੀਂ ਜਾ ਸਕਦਾ ॥੪॥
ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ ॥
(ਗੁਰੂ ਦੀ ਸਰਨ ਪੈ ਕੇ) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਰਹੀ ਹਾਂ, ਇਹ ਸਿਮਰਨ-ਰੂਪ ਚਿੱਠੀ ਮੈਂ (ਪ੍ਰਭੂ-ਪਤੀ ਨੂੰ) ਭੇਜੀ ਹੈ, ਜਦੋਂ ਉਸ ਸੱਜਣ-ਪ੍ਰਭੂ ਦਾ ਮੈਂ ਦਰਸਨ ਕਰਾਂਗੀ ਤਾਂ ਮੈਂ ਉਸ ਦੇ ਗਲ ਨਾਲ ਲੱਗ ਜਾਵਾਂਗੀ।
ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ ॥
(ਪ੍ਰਭੂ ਦੀ ਯਾਦ ਤੋਂ ਖੁੰਝ ਕੇ) ਹੇ ਨਿਮੋ-ਝੂਣ ਖਲੋਤੀ ਜੀਵ-ਇਸਤ੍ਰੀ! ਤੂੰ ਭੀ ਗੁਰੂ ਦੀ ਸਰਨ ਪਉ, ਤੇ ਆਪਣੀ ਅੱਖੀਂ ਉਸ ਦਾ ਦਰਸ਼ਨ ਕਰ ਲੈ।
ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥੫॥
(ਪਰ, ਹੇ ਪ੍ਰਭੂ! ਸਾਡੇ ਜੀਵਾਂ ਦੇ ਕੀਹ ਵੱਸ?) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਜੀਵਾਂ ਦੇ ਮਨ ਵਿਚ ਆ ਪਰਗਟਦਾ ਹੈਂ, ਤੇਰੀ ਮੇਹਰ ਦੀ ਨਿਗਾਹ ਨਾਲ ਤੇਰੀ ਬਖ਼ਸ਼ਸ਼ ਨਾਲ ਤੇਰੇ ਦਰਸਨ ਦੀ ਵਡਿਆਈ ਮਿਲਦੀ ਹੈ ॥੫॥
ਭੂਖ ਪਿਆਸੋ ਜੇ ਭਵੈ ਕਿਆ ਤਿਸੁ ਮਾਗਉ ਦੇਇ ॥
ਜੇ ਕੋਈ ਮਨੁੱਖ ਆਪ ਹੀ (ਮਾਇਆ ਦੇ ਮੋਹ ਵਿਚ) ਭੁੱਖਾ ਤਿਹਾਇਆ ਭਟਕ ਰਿਹਾ ਹੋਵੇ, ਮੈਂ ਉਸ ਪਾਸੋਂ ਕੀਹ (ਨਾਮ ਦੀ ਦਾਤਿ) ਮੰਗ ਸਕਦਾ ਹਾਂ? ਉਹ ਮੈਨੂੰ ਕੀਹ ਦੇ ਸਕਦਾ ਹੈ?
ਬੀਜਉ ਸੂਝੈ ਕੋ ਨਹੀ ਮਨਿ ਤਨਿ ਪੂਰਨੁ ਦੇਇ ॥
ਮੈਨੂੰ ਤਾਂ ਹੋਰ ਕੋਈ (ਦਾਤਾ) ਨਹੀਂ ਸੁੱਝਦਾ, (ਹਾਂ,) ਉਹੀ ਪਰਮਾਤਮਾ ਦੇ ਸਕਦਾ ਹੈ ਜੋ ਜੀਵਾਂ ਦੇ ਮਨ ਵਿਚ ਤਨ ਵਿਚ ਭਰਪੂਰ ਹੈ।
ਜਿਨਿ ਕੀਆ ਤਿਨਿ ਦੇਖਿਆ ਆਪਿ ਵਡਾਈ ਦੇਇ ॥੬॥
ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ ਉਸ ਨੇ ਆਪ ਹੀ ਇਸ ਦੀ ਸੰਭਾਲ ਭੀ ਕਰਨੀ ਹੈ। ਉਹ ਆਪ ਹੀ ਆਪਣੇ (ਨਾਮ ਦੀ ਦਾਤ ਦੀ) ਵਡਿਆਈ ਦੇਂਦਾ ਹੈ ॥੬॥
ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥
ਪਰਮਾਤਮਾ ਇਹਨਾਂ ਸਰੀਰਾਂ ਦਾ ਮਾਲਕ ਹੈ, (ਜੀਵਾਂ ਨੂੰ ਪਿਆਰ ਕਰਨ ਵਿਚ ਉਹ ਹਰ ਵੇਲੇ) ਨਵਾਂ ਹੈ, ਬਾਲਕ (ਵਾਂਗ ਉਹ ਨਿਰਵੈਰ) ਹੈ, ਉਹ ਅਨੋਖੇ ਕੌਤਕ ਕਰਨਹਾਰ ਹੈ।
ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥
ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਅਕਲ ਦਾ ਪੁੰਜ ਹੈ, (ਇਸਤ੍ਰੀ ਮਰਦ ਪੰਛੀ ਆਦਿਕ ਸਭਨਾਂ ਵਿਚ ਮੌਜੂਦ ਹੈ) ਪਰ ਉਹ ਕੋਈ ਖ਼ਾਸ ਇਸਤ੍ਰੀ ਨਹੀਂ, ਕੋਈ ਖ਼ਾਸ ਮਰਦ ਨਹੀਂ, ਕੋਈ ਖ਼ਾਸ ਪੰਛੀ ਨਹੀਂ।
ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ ॥੭॥
ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਭਾਉਂਦਾ ਹੈ। ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਚਾਨਣ (ਗਿਆਨ) ਦੇਣ ਵਾਲਾ ਹੈਂ, ਤੂੰ ਸਭ ਨੂੰ ਸੁਗੰਧੀ (ਮਿੱਠਾ ਸੁਭਾਉ) ਦੇਣ ਵਾਲਾ ਹੈਂ ॥੭॥
ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥
ਦੁਨੀਆ ਦੇ ਗੀਤ ਸੁਣ ਵੇਖੇ ਹਨ, ਸੁਆਦ ਚੱਖ ਵੇਖੇ ਹਨ; ਇਹ ਗੀਤ ਤੇ ਸੁਆਦ ਸਰੀਰ ਵਿਚ ਰੋਗ ਹੀ ਪੈਦਾ ਕਰਦੇ ਹਨ।
ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥
ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਪਿਆਰਾ ਲੱਗਦਾ ਹੈ ਜੋ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦਾ (ਪ੍ਰਭੂ ਨਾਲੋਂ) ਵਿਛੋੜਾ ਮੁੱਕ ਜਾਂਦਾ ਹੈ, ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ।
ਨਾਨਕ ਨਾਮੁ ਨ ਵੀਸਰੈ ਜੋ ਤਿਸੁ ਭਾਵੈ ਸੁ ਹੋਗੁ ॥੮॥੩॥
ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਨਹੀਂ ਭੁੱਲਦਾ, ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ ॥੮॥੩॥
ਮਾਰੂ ਮਹਲਾ ੧ ॥
ਸਾਚੀ ਕਾਰ ਕਮਾਵਣੀ ਹੋਰਿ ਲਾਲਚ ਬਾਦਿ ॥
(ਪ੍ਰਭੂ-ਮਾਲਕ ਦਾ ਗ਼ੁਲਾਮ) ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਕਾਰ ਕਰਦਾ ਹੈ, (ਨਾਮ-ਸਿਮਰਨ ਤੋਂ ਬਿਨਾ) ਬਾਕੀ ਦੇ ਲਾਲਚ ਉਸ ਨੂੰ ਵਿਅਰਥ (ਦਿੱਸਦੇ) ਹਨ।
ਇਹੁ ਮਨੁ ਸਾਚੈ ਮੋਹਿਆ ਜਿਹਵਾ ਸਚਿ ਸਾਦਿ ॥
ਸਦਾ-ਥਿਰ ਪ੍ਰਭੂ ਨੇ ਆਪਣੇ ਸੇਵਕ ਦਾ ਮਨ ਪ੍ਰੇਮ-ਵੱਸ ਕੀਤਾ ਹੋਇਆ ਹੈ (ਇਸ ਵਾਸਤੇ ਸੇਵਕ ਦੀ) ਜੀਭ ਸਦਾ-ਥਿਰ ਨਾਮ-ਸਿਮਰਨ ਦੇ ਸੁਆਦ ਵਿਚ (ਮਗਨ ਰਹਿੰਦੀ) ਹੈ।
ਬਿਨੁ ਨਾਵੈ ਕੋ ਰਸੁ ਨਹੀ ਹੋਰਿ ਚਲਹਿ ਬਿਖੁ ਲਾਦਿ ॥੧॥
(ਸੇਵਕ ਨੂੰ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਰਸ (ਖਿੱਚੀ) ਨਹੀਂ (ਪਾਂਦਾ)। (ਸੇਵਕ ਨੂੰ ਨਿਸ਼ਚਾ ਹੈ ਕਿ ਨਾਮ-ਰਸ ਤੋਂ ਵਾਂਜੇ ਰਹਿਣ ਵਾਲੇ) ਬੰਦੇ ਉਹ ਚੀਜ਼ ਇਕੱਠੀ ਕਰ ਕੇ ਲੈ ਜਾਂਦੇ ਹਨ ਜੋ ਆਤਮਕ ਜੀਵਨ ਲਈ ਜ਼ਹਿਰ ਹੈ ॥੧॥
ਐਸਾ ਲਾਲਾ ਮੇਰੇ ਲਾਲ ਕੋ ਸੁਣਿ ਖਸਮ ਹਮਾਰੇ ॥
ਹੇ ਮੇਰੇ ਖਸਮ! ਹੇ ਪਿਆਰੇ ਲਾਲ! (ਮੇਰੀ ਅਰਜ਼ੋਈ) ਸੁਣ। ਮੈਂ ਆਪਣੇ ਲਾਲ ਦਾ (ਭਾਵ, ਤੇਰਾ) ਅਜੇਹਾ ਸੇਵਕ-ਗ਼ੁਲਾਮ ਹਾਂ,
ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ ਪਿਆਰੇ ॥੧॥ ਰਹਾਉ ॥
ਕਿ ਜਿਵੇਂ ਹੁਕਮ ਕਰਦਾ ਹੈਂ, ਮੈਂ ਤਿਵੇਂ ਹੀ (ਜੀਵਨ-ਰਾਹ ਤੇ) ਤੁਰਦਾ ਹਾਂ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੧॥ ਰਹਾਉ ॥
ਅਨਦਿਨੁ ਲਾਲੇ ਚਾਕਰੀ ਗੋਲੇ ਸਿਰਿ ਮੀਰਾ ॥
ਸੇਵਕ ਨੇ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਭਗਤੀ ਦੀ ਸੇਵਾ ਹੀ ਸੰਭਾਲੀ ਹੋਈ ਹੈ, ਸੇਵਕ ਨੂੰ ਆਪਣੇ ਸਿਰ ਉਤੇ ਮਾਲਕ-ਪ੍ਰਭੂ (ਖੜਾ ਦਿੱਸਦਾ) ਹੈ।
ਗੁਰ ਬਚਨੀ ਮਨੁ ਵੇਚਿਆ ਸਬਦਿ ਮਨੁ ਧੀਰਾ ॥
ਸੇਵਕ ਨੇ ਆਪਣਾ ਮਨ ਗੁਰੂ ਦੇ ਬਚਨਾਂ ਤੋਂ ਵੇਚ ਦਿੱਤਾ ਹੈ, ਗੁਰੂ ਦੇ ਸ਼ਬਦ ਵਿਚ (ਟਿਕ ਕੇ) ਸੇਵਕ ਦਾ ਮਨ ਧੀਰਜ ਫੜਦਾ ਹੈ।
ਗੁਰ ਪੂਰੇ ਸਾਬਾਸਿ ਹੈ ਕਾਟੈ ਮਨ ਪੀਰਾ ॥੨॥
ਸੇਵਕ ਪੂਰੇ ਗੁਰੂ ਨੂੰ ਧੰਨ ਧੰਨ ਆਖਦਾ ਹੈ ਜੇਹੜਾ ਉਸ ਦੇ ਮਨ ਦੀ ਪੀੜ ਦੂਰ ਕਰਦਾ ਹੈ ॥੨॥
ਲਾਲਾ ਗੋਲਾ ਧਣੀ ਕੋ ਕਿਆ ਕਹਉ ਵਡਿਆਈਐ ॥
ਜੇਹੜਾ ਮਨੁੱਖ ਮਾਲਕ-ਪ੍ਰਭੂ ਦਾ ਸੇਵਕ-ਗ਼ੁਲਾਮ ਬਣ ਜਾਂਦਾ ਹੈ ਮੈਂ ਉਸ ਦੀ ਕੀਹ ਵਡਿਆਈ ਦੱਸ ਸਕਦਾ ਹਾਂ?
ਭਾਣੈ ਬਖਸੇ ਪੂਰਾ ਧਣੀ ਸਚੁ ਕਾਰ ਕਮਾਈਐ ॥
ਉਹ ਸਭ ਤਾਕਤਾਂ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ (ਆਪਣੇ ਸੇਵਕ-ਉਤੇ) ਬਖ਼ਸ਼ਸ਼ ਕਰਦਾ ਹੈ (ਜਿਸ ਦੀ ਬਰਕਤਿ ਨਾਲ ਸੇਵਕ) ਨਾਮ-ਸਿਮਰਨ (ਦੀ) ਕਾਰ ਕਰਦਾ ਰਹਿੰਦਾ ਹੈ।
ਵਿਛੁੜਿਆ ਕਉ ਮੇਲਿ ਲਏ ਗੁਰ ਕਉ ਬਲਿ ਜਾਈਐ ॥੩॥
ਸੇਵਕ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹੈ ਜੇਹੜਾ ਵਿਛੁੜੇ ਜੀਵ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੩॥
ਲਾਲੇ ਗੋਲੇ ਮਤਿ ਖਰੀ ਗੁਰ ਕੀ ਮਤਿ ਨੀਕੀ ॥
ਗੁਰੂ ਦੀ ਸੋਹਣੀ ਮੱਤ ਲੈ ਕੇ ਸੇਵਕ-ਗ਼ੁਲਾਮ ਦੀ ਅਕਲ ਭੀ ਚੰਗੀ ਹੋ ਜਾਂਦੀ ਹੈ, ਉਸ ਦੀ ਸੁਰਤ ਸਦਾ-ਥਿਰ ਭਗਤੀ ਵਿਚ ਟਿਕ ਕੇ ਸੋਹਣੀ ਹੋ ਜਾਂਦੀ ਹੈ।
ਸਾਚੀ ਸੁਰਤਿ ਸੁਹਾਵਣੀ ਮਨਮੁਖ ਮਤਿ ਫੀਕੀ ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਮੱਤ ਉਸ ਨੂੰ ਫਿੱਕ ਵਾਲੇ ਰਾਹੇ ਹੀ ਪਾਣ ਵਾਲੀ ਹੁੰਦੀ ਹੈ।
ਮਨੁ ਤਨੁ ਤੇਰਾ ਤੂ ਪ੍ਰਭੂ ਸਚੁ ਧੀਰਕ ਧੁਰ ਕੀ ॥੪॥
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਨੂੰ ਇਹ) ਮਨ ਤੇ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਹੀ ਆਪਣੀ ਧੁਰ ਦਰਗਾਹ ਤੋਂ ਜੀਵਾਂ ਨੂੰ (ਸਿਮਰਨ ਦੀ) ਟੇਕ ਦੇਣ ਵਾਲਾ ਹੈਂ ॥੪॥
ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ ॥
(ਸੇਵਕ ਦਾ) ਉਠਣਾ ਬੈਠਣਾ (ਸਦਾ ਹੀ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਿਮਰਨ ਹੀ ਉਸ ਦੀ (ਆਤਮਕ) ਖ਼ੁਰਾਕ ਹੈ ਸਿਮਰਨ ਹੀ ਉਸ ਦੀ ਬੋਲੀ ਹੈ।
ਚਿਤਿ ਸਚੈ ਵਿਤੋ ਸਚਾ ਸਾਚਾ ਰਸੁ ਚਾਖਿਆ ॥
ਸੇਵਕ ਦੇ ਚਿੱਤ ਵਿਚ ਸਦਾ-ਥਿਰ ਪ੍ਰਭੂ (ਦੀ ਯਾਦ) ਟਿਕੀ ਰਹਿੰਦੀ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦਾ ਧਨ ਹੈ, ਇਹੀ ਰਸ ਸਦਾ ਚੱਖਦਾ ਰਹਿੰਦਾ ਹੈ।
ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ ॥੫॥
(ਸੇਵਕ) ਗੁਰੂ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਮਨ ਨੂੰ) ਸਦਾ-ਥਿਰ ਪ੍ਰਭੂ ਦੇ ਘਰ ਵਿਚ ਟਿਕਾਈ ਰੱਖਦਾ ਹੈ ॥੫॥
ਮਨਮੁਖ ਕਉ ਆਲਸੁ ਘਣੋ ਫਾਥੇ ਓਜਾੜੀ ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ (ਨਾਮ ਸਿਮਰਨ ਵਲੋਂ) ਬਹੁਤ ਆਲਸ ਰਹਿੰਦਾ ਹੈ, ਉਹ ਆਪਣੇ ਮਨ ਦੀ ਸੁੰਞ ਵਿਚ ਹੀ ਫਸਿਆ ਰਹਿੰਦਾ ਹੈ।
ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ ॥
(ਨਾਮ ਵਲੋਂ ਸੁੰਞੇ ਮਨ ਦੀ ਅਗਵਾਈ ਵਿਚ) ਫਸਿਆ ਹੋਇਆ ਮਨਮੁਖ ਨਿਤ (ਮਾਇਆ-ਮੋਹ ਦੀ) ਕੋਝੀ ਚੋਗ ਚੁਗਦਾ ਹੈ, (ਆਪਣੇ ਮਨ ਦੇ ਪਿਛੇ) ਲੱਗ ਕੇ ਪਰਮਾਤਮਾ ਨਾਲੋਂ ਆਪਣਾ ਸੰਬੰਧ ਖ਼ਰਾਬ ਕਰ ਲੈਂਦਾ ਹੈ।
ਗੁਰਪਰਸਾਦੀ ਮੁਕਤੁ ਹੋਇ ਸਾਚੇ ਨਿਜ ਤਾੜੀ ॥੬॥
(ਆਪਣੇ ਮਨ ਦੀ ਇਸ ਗ਼ੁਲਾਮੀ ਵਿਚੋਂ ਮਨਮੁਖ ਭੀ) ਗੁਰੂ ਦੀ ਕਿਰਪਾ ਨਾਲ ਸੁਤੰਤਰ ਹੋ ਕੇ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜ ਲੈਂਦਾ ਹੈ ॥੬॥
ਅਨਹਤਿ ਲਾਲਾ ਬੇਧਿਆ ਪ੍ਰਭ ਹੇਤਿ ਪਿਆਰੀ ॥
ਸੇਵਕ ਨਾਸ-ਰਹਿਤ ਪ੍ਰਭੂ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਉਸ ਦਾ ਮਨ) ਵਿੱਝਿਆ ਰਹਿੰਦਾ ਹੈ, (ਸੇਵਕ ਪ੍ਰਭੂ-ਚਰਨਾਂ ਨਾਲ) ਪਿਆਰ ਜੋੜਦਾ ਹੈ।
ਬਿਨੁ ਸਾਚੇ ਜੀਉ ਜਲਿ ਬਲਉ ਝੂਠੇ ਵੇਕਾਰੀ ॥
(ਸੇਵਕ ਨੂੰ ਨਿਸਚਾ ਹੈ ਕਿ) ਝੂਠੇ ਵਿਕਾਰੀ ਬੰਦਿਆਂ ਦੀ ਜਿੰਦ ਸਦਾ-ਥਿਰ ਪ੍ਰਭੂ ਦੀ ਯਾਦ ਤੋਂ ਖੁੰਝ ਕੇ (ਵਿਕਾਰਾਂ ਵਿਚ ਹੀ) ਸੜ ਬਲ ਜਾਂਦੀ ਹੈ।
ਬਾਦਿ ਕਾਰਾ ਸਭਿ ਛੋਡੀਆ ਸਾਚੀ ਤਰੁ ਤਾਰੀ ॥੭॥
(ਇਸ ਵਾਸਤੇ) ਸੇਵਕ ਮੋਹ-ਮਾਇਆ ਦੀਆਂ ਵਿਅਰਥ ਕਾਰਾਂ ਤਿਆਗ ਦੇਂਦਾ ਹੈ। ਪਰਮਾਤਮਾ ਦੀ ਭਗਤੀ (ਸੇਵਕ ਵਾਸਤੇ ਸੰਸਾਰ-ਸਮੁੰਦਰ ਤੋਂ) ਤਾਰਨ ਦੇ ਸਮਰੱਥ ਬੇੜੀ ਹੈ ॥੭॥
ਜਿਨੀ ਨਾਮੁ ਵਿਸਾਰਿਆ ਤਿਨਾ ਠਉਰ ਨ ਠਾਉ ॥
ਜਿਨ੍ਹਾਂ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਉਹਨਾਂ ਨੂੰ ਆਤਮਕ ਸ਼ਾਂਤੀ ਲਈ ਹੋਰ ਕੋਈ ਥਾਂ ਟਿਕਾਣਾ ਨਹੀਂ ਲੱਭਦਾ।
ਲਾਲੈ ਲਾਲਚੁ ਤਿਆਗਿਆ ਪਾਇਆ ਹਰਿ ਨਾਉ ॥
ਸੇਵਕ ਨੇ ਮਾਇਆ ਦਾ ਲਾਲਚ ਛੱਡ ਦਿੱਤਾ ਹੈ, ਤੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ।
ਤੂ ਬਖਸਹਿ ਤਾ ਮੇਲਿ ਲੈਹਿ ਨਾਨਕ ਬਲਿ ਜਾਉ ॥੮॥੪॥
ਹੇ ਨਾਨਕ! (ਅਰਦਾਸ ਕਰ ਕਿ) ਮੈਂ ਤੈਥੋਂ ਸਦਕੇ ਜਾਂਦਾ ਹਾਂ। ਤੂੰ ਆਪ ਹੀ ਮੇਹਰ ਕਰੇਂ ਤਾਂ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਏਂ ॥੮॥੪॥
ਮਾਰੂ ਮਹਲਾ ੧ ॥
ਲਾਲੈ ਗਾਰਬੁ ਛੋਡਿਆ ਗੁਰ ਕੈ ਭੈ ਸਹਜਿ ਸੁਭਾਈ ॥
(ਪ੍ਰਭੂ ਦਾ) ਸੇਵਕ (ਉਹ ਹੈ ਜਿਸ) ਨੇ ਅਹੰਕਾਰ ਤਿਆਗ ਦਿੱਤਾ ਹੈ ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਸੇਵਕ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਪ੍ਰੇਮ ਸੁਭਾਉ ਵਾਲਾ ਬਣ ਜਾਂਦਾ ਹੈ।
ਲਾਲੈ ਖਸਮੁ ਪਛਾਣਿਆ ਵਡੀ ਵਡਿਆਈ ॥
ਸੇਵਕ ਉਹ ਹੈ ਜਿਸ ਨੇ ਮਾਲਕ ਨਾਲ ਡੂੰਘੀ ਸਾਂਝ ਪਾ ਲਈ ਹੈ, ਮਾਲਕ ਪਾਸੋਂ ਉਸ ਨੂੰ ਬਹੁਤ ਆਦਰ-ਮਾਣ ਮਿਲਦਾ ਹੈ।
ਖਸਮਿ ਮਿਲਿਐ ਸੁਖੁ ਪਾਇਆ ਕੀਮਤਿ ਕਹਣੁ ਨ ਜਾਈ ॥੧॥
ਜੇ ਖਸਮ-ਪ੍ਰਭੂ ਮਿਲ ਪਏ, ਤਾਂ ਸੇਵਕ ਨੂੰ ਇਤਨਾ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਕਿ ਉਸ ਆਨੰਦ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ॥੧॥
ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ॥
ਜੇਹੜਾ ਮਨੁੱਖ ਪਰਮਾਤਮਾ-ਮਾਲਕ ਦਾ ਸੇਵਕ ਗ਼ੁਲਾਮ ਬਣਦਾ ਹੈ ਉਹ ਖਸਮ-ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ।
ਗੁਰਪਰਸਾਦੀ ਉਬਰੇ ਹਰਿ ਕੀ ਸਰਣਾਈ ॥੧॥ ਰਹਾਉ ॥
ਜੇਹੜੇ ਬੰਦੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸਰਨ ਪੈਂਦੇ ਹਨ ਉਹ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ ॥੧॥ ਰਹਾਉ ॥
ਲਾਲੇ ਨੋ ਸਿਰਿ ਕਾਰ ਹੈ ਧੁਰਿ ਖਸਮਿ ਫੁਰਮਾਈ ॥
ਖਸਮ-ਪ੍ਰਭੂ ਨੇ ਧੁਰੋਂ ਹੀ ਹੁਕਮ ਦੇ ਦਿੱਤਾ ਆਪਣੇ ਸੇਵਕ ਨੂੰ ਸਿਰ ਤੇ (ਹੁਕਮ ਮੰਨਣ ਦੀ) ਕਾਰ ਸੌਂਪ ਦਿੱਤੀ।
ਲਾਲੈ ਹੁਕਮੁ ਪਛਾਣਿਆ ਸਦਾ ਰਹੈ ਰਜਾਈ ॥
(ਇਸ ਵਾਸਤੇ ਪ੍ਰਭੂ ਦਾ) ਸੇਵਕ ਪ੍ਰਭੂ ਦਾ ਹੁਕਮ ਪਛਾਣਦਾ ਹੈ ਤੇ ਸਦਾ ਉਸ ਦੀ ਰਜ਼ਾ ਵਿਚ ਰਹਿੰਦਾ ਹੈ।
ਆਪੇ ਮੀਰਾ ਬਖਸਿ ਲਏ ਵਡੀ ਵਡਿਆਈ ॥੨॥
ਮਾਲਕ ਆਪ ਹੀ (ਸੇਵਕ ਉਤੇ) ਬਖ਼ਸ਼ਸ਼ ਕਰਦਾ ਹੈ ਤੇ ਉਸ ਨੂੰ ਬਹੁਤ ਆਦਰ-ਮਾਣ ਦੇਂਦਾ ਹੈ ॥੨॥
ਆਪਿ ਸਚਾ ਸਭੁ ਸਚੁ ਹੈ ਗੁਰ ਸਬਦਿ ਬੁਝਾਈ ॥
ਹੇ ਪ੍ਰਭੂ! ਤੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਕ ਨੂੰ ਇਹ ਸੂਝ ਦਿੱਤੀ ਹੈ ਕਿ ਤੂੰ ਆਪ ਸਦਾ ਅਟੱਲ ਹੈਂ ਤੇ ਤੇਰਾ ਸਾਰਾ (ਨਿਯਮ) ਅਟੱਲ ਹੈ।
ਤੇਰੀ ਸੇਵਾ ਸੋ ਕਰੇ ਜਿਸ ਨੋ ਲੈਹਿ ਤੂ ਲਾਈ ॥
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਤੂੰ ਆਪ ਸੇਵਾ-ਭਗਤੀ ਵਿਚ ਜੋੜਦਾ ਹੈਂ।
ਬਿਨੁ ਸੇਵਾ ਕਿਨੈ ਨ ਪਾਇਆ ਦੂਜੈ ਭਰਮਿ ਖੁਆਈ ॥੩॥
ਤੇਰੀ ਸੇਵਾ-ਭਗਤੀ ਤੋਂ ਬਿਨਾ ਕਿਸੇ ਜੀਵ ਨੇ ਤੈਨੂੰ ਨਹੀਂ ਲੱਭ ਸਕਿਆ, (ਤੇਰੀ ਸੇਵਾ-ਭਗਤੀ ਤੋਂ ਬਿਨਾ ਜੀਵ) ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ ॥੩॥
ਸੋ ਕਿਉ ਮਨਹੁ ਵਿਸਾਰੀਐ ਨਿਤ ਦੇਵੈ ਚੜੈ ਸਵਾਇਆ ॥
ਉਸ ਪਰਮਾਤਮਾ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਜੋ ਸਭ ਜੀਵਾਂ ਨੂੰ ਸਭ ਕੁਝ ਸਦਾ ਦੇਂਦਾ ਹੈ ਤੇ ਉਸ ਦਾ ਦਿੱਤਾ ਨਿਤ ਵਧਦਾ ਰਹਿੰਦਾ ਹੈ।
ਜੀਉ ਪਿੰਡੁ ਸਭੁ ਤਿਸ ਦਾ ਸਾਹੁ ਤਿਨੈ ਵਿਚਿ ਪਾਇਆ ॥
ਇਹ ਜਿੰਦ ਤੇ ਇਹ ਸਰੀਰ ਸਭ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, ਸਰੀਰ ਵਿਚ ਸੁਆਸ ਭੀ ਉਸੇ ਨੇ ਹੀ ਰੱਖਿਆ ਹੈ।
ਜਾ ਕ੍ਰਿਪਾ ਕਰੇ ਤਾ ਸੇਵੀਐ ਸੇਵਿ ਸਚਿ ਸਮਾਇਆ ॥੪॥
(ਪਰ ਉਸ ਦੀ ਸੇਵਾ ਭਗਤੀ ਭੀ ਉਸ ਦੀ ਮੇਹਰ ਨਾਲ ਹੀ ਕਰ ਸਕੀਦੀ ਹੈ) ਜਦੋਂ ਉਹ ਕਿਰਪਾ ਕਰਦਾ ਹੈ ਤਾਂ ਉਸ ਦੀ ਸੇਵਾ ਕਰੀਦੀ ਹੈ, ਜੀਵ ਸੇਵਾ-ਭਗਤੀ ਕਰ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੪॥
ਲਾਲਾ ਸੋ ਜੀਵਤੁ ਮਰੈ ਮਰਿ ਵਿਚਹੁ ਆਪੁ ਗਵਾਏ ॥
ਉਹ ਮਨੁੱਖ ਪ੍ਰਭੂ ਦਾ ਸੇਵਕ (ਅਖਵਾ ਸਕਦਾ) ਹੈ ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਉਤਾਂਹ ਰਹਿ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ।
ਬੰਧਨ ਤੂਟਹਿ ਮੁਕਤਿ ਹੋਇ ਤ੍ਰਿਸਨਾ ਅਗਨਿ ਬੁਝਾਏ ॥
(ਅਜੇਹੇ ਸੇਵਕ ਦੇ ਮਾਇਆ ਵਾਲੇ) ਬੰਧਨ ਟੁੱਟ ਜਾਂਦੇ ਹਨ, ਮਾਇਆ ਦੇ ਮੋਹ ਤੋਂ ਉਸ ਨੂੰ ਸੁਤੰਤ੍ਰਤਾ ਮਿਲ ਜਾਂਦੀ ਹੈ, ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ।
ਸਭ ਮਹਿ ਨਾਮੁ ਨਿਧਾਨੁ ਹੈ ਗੁਰਮੁਖਿ ਕੋ ਪਾਏ ॥੫॥
ਉਂਞ ਤਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਰੇਕ ਜੀਵ ਦੇ ਅੰਦਰ ਹੀ ਮੌਜੂਦ ਹੈ, ਪਰ ਕੋਈ ਉਹੀ ਬੰਦਾ ਇਸ ਖ਼ਜ਼ਾਨੇ ਨੂੰ ਲੱਭ ਸਕਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੫॥
ਲਾਲੇ ਵਿਚਿ ਗੁਣੁ ਕਿਛੁ ਨਹੀ ਲਾਲਾ ਅਵਗਣਿਆਰੁ ॥
(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਸੇਵਕ ਵਿਚ ਕੋਈ ਗੁਣ ਪੈਦਾ ਨਹੀਂ ਹੋ ਸਕਦਾ, ਉਹ ਤਾਂ ਸਗੋਂ ਔਗੁਣਾਂ ਨਾਲ ਭਰਿਆ ਰਹਿੰਦਾ ਹੈ।
ਤੁਧੁ ਜੇਵਡੁ ਦਾਤਾ ਕੋ ਨਹੀ ਤੂ ਬਖਸਣਹਾਰੁ ॥
ਹੇ ਪ੍ਰਭੂ! ਤੇਰੇ ਜੇਡਾ ਦਾਤਾ ਹੋਰ ਕੋਈ ਨਹੀਂ। ਤੂੰ ਆਪ ਹੀ ਬਖ਼ਸ਼ਸ਼ ਕਰਦਾ ਹੈਂ।
ਤੇਰਾ ਹੁਕਮੁ ਲਾਲਾ ਮੰਨੇ ਏਹ ਕਰਣੀ ਸਾਰੁ ॥੬॥
ਤੇਰਾ ਸੇਵਕ ਤੇਰਾ ਹੁਕਮ ਮੰਨਦਾ ਹੈ, ਹੁਕਮ ਮੰਨਣ ਨੂੰ ਹੀ ਸਭ ਤੋਂ ਸ੍ਰੇਸ਼ਟ ਕੰਮ ਸਮਝਦਾ ਹੈ ॥੬॥
ਗੁਰੁ ਸਾਗਰੁ ਅੰਮ੍ਰਿਤ ਸਰੁ ਜੋ ਇਛੇ ਸੋ ਫਲੁ ਪਾਏ ॥
ਗੁਰੂ ਸਮੁੰਦਰ ਹੈ, ਗੁਰੂ ਅੰਮ੍ਰਿਤ ਨਾਲ ਭਰਿਆ ਹੋਇਆ ਸਰੋਵਰ ਹੈ (‘ਅੰਮ੍ਰਿਤਸਰੁ’ ਹੈ। ਸੇਵਕ ਇਸ ਅੰਮ੍ਰਿਤ ਦੇ ਸਰੋਵਰ ਗੁਰੂ ਦੀ ਸਰਨ ਪੈਂਦਾ ਹੈ, ਫਿਰ ਇਥੋਂ) ਜੋ ਕੁਝ ਮੰਗਦਾ ਹੈ ਉਹ ਫਲ ਲੈ ਲੈਂਦਾ ਹੈ।
ਨਾਮੁ ਪਦਾਰਥੁ ਅਮਰੁ ਹੈ ਹਿਰਦੈ ਮੰਨਿ ਵਸਾਏ ॥
(ਗੁਰੂ ਦੀ ਮੇਹਰ ਨਾਲ ਸੇਵਕ ਆਪਣੇ) ਹਿਰਦੇ ਵਿਚ ਮਨ ਵਿਚ ਪਰਮਾਤਮਾ ਦਾ ਨਾਮ ਵਸਾਂਦਾ ਹੈ ਜੋ (ਅਸਲ) ਸਰਮਾਇਆ ਹੈ ਤੇ ਜੋ ਕਦੇ ਮੁੱਕਣ ਵਾਲਾ ਨਹੀਂ।
ਗੁਰ ਸੇਵਾ ਸਦਾ ਸੁਖੁ ਹੈ ਜਿਸ ਨੋ ਹੁਕਮੁ ਮਨਾਏ ॥੭॥
ਗੁਰੂ ਜਿਸ ਸੇਵਕ ਤੋਂ ਪਰਮਾਤਮਾ ਦਾ ਹੁਕਮ ਮਨਾਂਦਾ ਹੈ ਉਸ ਸੇਵਕ ਨੂੰ ਗੁਰੂ ਦੀ (ਇਸ ਦੱਸੀ) ਸੇਵਾ ਨਾਲ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ ॥੭॥
ਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ ॥
ਸੋਨਾ ਚਾਂਦੀ ਆਦਿਕ ਸਭ (ਨਾਸਵੰਤ) ਮਾਇਆ ਹੈ (ਜਦੋਂ ਜੀਵ ਸਰੀਰ ਤਿਆਗਦਾ ਹੈ ਉਸ ਦੇ ਭਾ ਦੀ ਇਹ) ਮਿੱਟੀ ਵਿਚ ਰਲ ਜਾਂਦੀ ਹੈ (ਕਿਉਂਕਿ ਉਸ ਦੇ ਕਿਸੇ ਕੰਮ ਨਹੀਂ ਆਉਂਦੀ)।
ਬਿਨੁ ਨਾਵੈ ਨਾਲਿ ਨ ਚਲਈ ਸਤਿਗੁਰਿ ਬੂਝ ਬੁਝਾਈ ॥
ਸਤਿਗੁਰੂ ਨੇ (ਪ੍ਰਭੂ ਦੇ ਸੇਵਕ ਨੂੰ ਇਹ) ਸੂਝ ਦੇ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ (ਸੋਨਾ ਚਾਂਦੀ ਆਦਿਕ ਕੋਈ ਚੀਜ਼ ਜੀਵ ਦੇ) ਨਾਲ ਨਹੀਂ ਜਾਂਦੀ।
ਨਾਨਕ ਨਾਮਿ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ ॥੮॥੫॥
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੮॥੫॥
ਮਾਰੂ ਮਹਲਾ ੧ ॥
ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ॥
ਜਦੋਂ (ਪਰਮਾਤਮਾ ਦਾ) ਹੁਕਮ ਹੋ ਜਾਂਦਾ ਹੈ ਜਦੋਂ (ਕਿਸੇ ਦੀ) ਚਿੱਠੀ ਧੁਰ (ਦਰਗਾਹ) ਤੋਂ ਪਾਟ ਜਾਂਦੀ ਹੈ, ਤਾਂ ਉਹ (ਇਸ ਸੰਸਾਰ ਵਿਚ) ਰਹਿ ਨਹੀਂ ਸਕਦਾ।
ਏਹੁ ਮਨੁ ਅਵਗਣਿ ਬਾਧਿਆ ਸਹੁ ਦੇਹ ਸਰੀਰੈ ॥
(ਜਦ ਤਕ ਤੇਰਾ) ਇਹ ਮਨ ਔਗੁਣਾਂ (ਦੀ ਫਾਹੀ) ਵਿਚ ਬੱਝਾ ਹੋਇਆ ਹੈ (ਤਦ ਤਕ ਆਪਣੇ ਇਸ) ਸਰੀਰ ਵਿਚ (ਦੁੱਖ) ਸਹਾਰ।
ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ ॥੧॥
ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦੇ ਦਰ ਦਾ ਮੰਗਤਾ ਬਣਦਾ ਹੈ ਉਸ ਦੇ ਸਾਰੇ ਗੁਨਾਹ ਬਖ਼ਸ਼ੇ ਜਾਂਦੇ ਹਨ ॥੧॥
ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ॥
(ਹੁਣੇ ਹੁਣੇ ਵੇਲਾ ਹੈ) ਗੁਰੂ ਦੇ ਸ਼ਬਦ ਦੀ ਵਿਚਾਰ ਸਮਝ, (ਇਥੇ ਸਦਾ) ਟਿਕੇ ਨਹੀਂ ਰਹਿ ਸਕੀਦਾ, (ਜਦੋਂ ਪ੍ਰਭੂ ਦਾ ਹੁਕਮ ਆਇਆ, ਤਦੋਂ) ਇਥੋਂ ਚੱਲਣਾ ਹੀ ਪਏਗਾ।
ਜਿਸੁ ਤੂ ਮੇਲਹਿ ਸੋ ਮਿਲੈ ਧੁਰਿ ਹੁਕਮੁ ਅਪਾਰਾ ॥੧॥ ਰਹਾਉ ॥
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਹੇ ਬੇਅੰਤ ਪ੍ਰਭੂ! ਤੈਨੂੰ ਉਹੀ ਮਨੁੱਖ ਮਿਲ ਸਕਦਾ ਹੈ ਜਿਸ ਨੂੰ ਤੂੰ ਆਪ ਮਿਲਾਏਂ, ਧੁਰ ਤੋਂ ਤੇਰਾ (ਅਜੇਹਾ ਹੀ) ਹੁਕਮ ਹੈ (ਅਜੇਹੀ ਹੀ ਰਜ਼ਾ ਹੈ) ॥੧॥ ਰਹਾਉ ॥
ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ ॥
(ਪਰ ਅਸਾਂ ਜੀਵਾਂ ਦੇ ਵੱਸ ਦੀ ਗੱਲ ਨਹੀਂ) ਹੇ ਪ੍ਰਭੂ! ਜਿਸ ਹਾਲਤ ਵਿਚ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਹਾਲਤ ਵਿਚ ਰਹਿ ਸਕਦਾ ਹਾਂ, ਜੇਹੜੀ (ਆਤਮਕ ਖ਼ੁਰਾਕ) ਤੂੰ ਮੈਨੂੰ ਦੇਂਦਾ ਹੈਂ ਮੈਂ ਉਹੀ ਖਾਂਦਾ ਹਾਂ।
ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ ॥
(ਆਤਮਕ ਜੀਵਨ ਦੇ ਰਸਤੇ ਤੇ) ਜਿਸ ਤਰ੍ਹਾਂ ਤੂੰ ਮੈਨੂੰ ਤੋਰਦਾ ਹੈਂ ਮੈਂ ਉਸੇ ਤਰ੍ਹਾਂ ਤੁਰਦਾ ਹਾਂ, ਤੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਪਾਂਦਾ ਹਾਂ।
ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥੨॥
ਹੇ ਮੇਰੇ ਠਾਕੁਰ! ਤੇਰੇ ਆਪਣੇ ਹੱਥ ਵਿਚ ਵਡਿਆਈਆਂ ਹਨ (ਜਿਸ ਨੂੰ ਤੂੰ ਵਡਿਆਈ ਬਖ਼ਸ਼ਦਾ ਹੈਂ ਜਿਸ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜਦਾ ਹੈਂ ਉਸ ਦੇ ਮਨ ਵਿਚ (ਤੇਰੀ ਭਗਤੀ ਦਾ) ਚਾਉ ਪੈਦਾ ਹੋ ਜਾਂਦਾ ਹੈ ॥੨॥
ਕੀਤਾ ਕਿਆ ਸਾਲਾਹੀਐ ਕਰਿ ਦੇਖੈ ਸੋਈ ॥
(ਪਰਮਾਤਮਾ ਦੀ ਸਿਫ਼ਤ-ਸਾਲਾਹ ਛੱਡ ਕੇ ਪਰਮਾਤਮਾ ਦੇ) ਪੈਦਾ ਕੀਤੇ ਹੋਏ ਦੀ ਵਡਿਆਈ ਕਰਨ ਤੋਂ ਕੋਈ (ਆਤਮਕ) ਲਾਭ ਨਹੀਂ ਹੋਵੇਗਾ (ਵਡਿਆਈਆਂ ਉਸ ਕਰਤਾਰ ਦੀਆਂ ਕਰੋ) ਜੋ (ਜਗਤ-ਰਚਨਾ) ਕਰ ਕੇ ਆਪ ਹੀ (ਉਸ ਦੀ) ਸੰਭਾਲ ਭੀ ਕਰਦਾ ਹੈ।
ਜਿਨਿ ਕੀਆ ਸੋ ਮਨਿ ਵਸੈ ਮੈ ਅਵਰੁ ਨ ਕੋਈ ॥
ਜਿਸ ਕਰਤਾਰ ਨੇ ਜਗਤ ਰਚਿਆ ਹੈ ਉਹੀ (ਮੇਰੇ) ਮਨ ਵਿਚ ਵੱਸਦਾ ਹੈ। ਮੈਨੂੰ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ।
ਸੋ ਸਾਚਾ ਸਾਲਾਹੀਐ ਸਾਚੀ ਪਤਿ ਹੋਈ ॥੩॥
ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਜੇਹੜਾ ਕਰਦਾ ਹੈ ਉਸ ਨੂੰ) ਸਦਾ ਦੀ ਇੱਜ਼ਤ ਮਿਲ ਜਾਂਦੀ ਹੈ ॥੩॥
ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ ॥
ਪੰਡਿਤ (ਸ਼ਾਸਤ੍ਰ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੀਆਂ) ਪੜ੍ਹ ਕੇ (ਉਸ ਅਵਸਥਾ ਤੇ) ਨਹੀਂ ਪਹੁੰਚਦਾ (ਜਿਥੇ ਪਰਮਾਤਮਾ ਨਾਲੋਂ ਵਿਛੋੜਾ ਮੁੱਕ ਜਾਏ, ਕਿਉਂਕਿ ਪੜ੍ਹ ਪੜ੍ਹ ਕੇ ਭੀ) ਉਹ ਮਾਇਆ ਦੇ ਜੰਜਾਲਾਂ ਵਿਚ ਬਹੁਤ ਫਸਿਆ ਰਹਿੰਦਾ ਹੈ।
ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ ॥
(ਧਰਮ ਸ਼ਾਸਤ੍ਰਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ ਇਹ ਵਿਚਾਰ ਕਰਦਾ ਹੋਇਆ ਭੀ ਉਹ ਦ੍ਵੈਤ ਦੀ ਫਾਹੀ ਵਿਚ ਹੀ ਰਹਿੰਦਾ ਹੈ, ਮਾਇਆ ਦੀ ਭੁੱਖ ਤੇ ਆਤਮਕ ਮੌਤ (ਮੌਤ ਦਾ ਡਰ) ਉਸ ਦੇ ਸਿਰ ਤੇ ਕਾਇਮ ਰਹਿੰਦੇ ਹਨ।
ਵਿਛੋੜਾ ਭਉ ਵੀਸਰੈ ਪੂਰਾ ਰਖਵਾਲਾ ॥੪॥
ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ ਤੇ ਸਹਿਮ ਉਸ ਮਨੁੱਖ ਦਾ ਹੀ ਮੁੱਕਦਾ ਹੈ ਜਿਸ ਦੇ ਮਨ ਵਿਚ ਹਰ ਤਰ੍ਹਾਂ ਰੱਖਿਆ ਕਰਨ ਵਾਲਾ ਪਰਮਾਤਮਾ ਵੱਸਿਆ ਰਹਿੰਦਾ ਹੈ ॥੪॥
ਜਿਨ ਕੀ ਲੇਖੈ ਪਤਿ ਪਵੈ ਸੇ ਪੂਰੇ ਭਾਈ ॥
ਹੇ ਭਾਈ1 ਕੀਤੇ ਕਰਮਾਂ ਦਾ ਹਿਸਾਬ ਹੋਣ ਤੇ ਜਿਨ੍ਹਾਂ ਨੂੰ ਇੱਜ਼ਤ ਮਿਲਦੀ ਹੈ ਉਹ ਪੂਰੇ ਭਾਂਡੇ ਸਮਝੇ ਜਾਂਦੇ ਹਨ।
ਪੂਰੇ ਪੂਰੀ ਮਤਿ ਹੈ ਸਚੀ ਵਡਿਆਈ ॥
ਅਜੇਹੇ ਪੂਰਨ ਗੁਣਵਾਨ ਮਨੁੱਖ ਨੂੰ ਪਰਮਾਤਮਾ ਦੇ ਦਰ ਤੋਂ ਮੱਤ ਭੀ ਪੂਰੀ ਹੀ ਮਿਲਦੀ ਹੈ (ਜਿਸ ਕਰਕੇ ਉਹ ਭੁੱਲਣ ਵਾਲੇ ਜੀਵਨ-ਰਾਹ ਤੇ ਨਹੀਂ ਪੈਂਦਾ) ਤੇ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੁੰਦੀ ਹੈ।
ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ ॥੫॥
(ਉਹ ਪਰਮਾਤਮਾ ਬੇਅੰਤ ਦਾਤਾਂ ਦਾ ਮਾਲਕ ਹੈ, ਜੀਵ ਨੂੰ) ਸਦਾ ਦੇਂਦਾ ਹੈ (ਉਸ ਦੇ ਖ਼ਜ਼ਾਨੇ ਵਿਚ) ਘਾਟਾ ਨਹੀਂ ਪੈਂਦਾ, ਜੀਵ ਦਾਤਾਂ ਲੈ ਲੈ ਕੇ ਥੱਕ ਜਾਂਦਾ ਹੈ ॥੫॥
ਖਾਰ ਸਮੁਦ੍ਰੁ ਢੰਢੋਲੀਐ ਇਕੁ ਮਣੀਆ ਪਾਵੈ ॥
(ਇਸ ਗੱਲ ਦੀ ਬੜੀ ਵਡਿਆਈ ਕੀਤੀ ਜਾਂਦੀ ਹੈ ਕਿ ਦੇਵਤਿਆਂ ਨੇ ਸਮੁੰਦਰ ਰਿੜਕਿਆ ਤੇ ਉਸ ਵਿਚੋਂ ਚੌਦਾਂ ਰਤਨ ਨਿਕਲੇ, ਭਲਾ) ਜੇ ਖਾਰਾ ਸਮੁੰਦਰ ਰਿੜਕਿਆ ਜਾਏ, ਉਸ ਵਿਚੋਂ ਕੋਈ ਮਨੁੱਖ ਇਕ ਰਤਨ ਲੱਭ ਲਏ,
ਦੁਇ ਦਿਨ ਚਾਰਿ ਸੁਹਾਵਣਾ ਮਾਟੀ ਤਿਸੁ ਖਾਵੈ ॥
(ਤਾਂ ਭੀ ਆਖ਼ਰ ਕੇਹੜੀ ਮੱਲ ਮਾਰ ਲਈ? ਉਹ ਰਤਨ) ਦੋ ਚਾਰ ਦਿਨ ਹੀ ਸੋਹਣਾ ਲੱਗਦਾ ਹੈ (ਅੰਤ) ਉਸ ਰਤਨ ਨੂੰ ਕਦੇ ਮਿੱਟੀ ਹੀ ਖਾ ਜਾਂਦੀ ਹੈ।
ਗੁਰੁ ਸਾਗਰੁ ਸਤਿ ਸੇਵੀਐ ਦੇ ਤੋਟਿ ਨ ਆਵੈ ॥੬॥
(ਸਤਿਗੁਰੂ ਅਸਲ ਸਮੁੰਦਰ ਹੈ) ਜੇ ਸਤਿਗੁਰੂ ਸਮੁੰਦਰ ਨੂੰ ਸੇਵਿਆ ਜਾਏ (ਜੇ ਗੁਰੂ-ਸਮੁੰਦਰ ਦੀ ਸਰਨ ਪਈਏ, ਤਾਂ ਗੁਰੂ-ਸਮੁੰਦਰ ਐਸਾ ਨਾਮ-ਰਤਨ) ਦੇਂਦਾ ਹੈ ਜਿਸ ਨੂੰ ਕਦੇ ਘਾਟਾ ਨਹੀਂ ਪੈ ਸਕਦਾ ॥੬॥
ਮੇਰੇ ਪ੍ਰਭ ਭਾਵਨਿ ਸੇ ਊਜਲੇ ਸਭ ਮੈਲੁ ਭਰੀਜੈ ॥
ਸਾਰੀ ਲੋਕਾਈ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ, ਸਿਰਫ਼ ਉਹ ਬੰਦੇ ਸਾਫ਼-ਸੁਥਰੇ ਹਨ ਜੇਹੜੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ ॥
(ਮਾਇਆ ਦੇ ਮੋਹ ਨਾਲ) ਮਲੀਨ-ਮਨ ਹੋਇਆ ਬੰਦਾ ਤਦੋਂ ਹੀ ਪਵਿਤ੍ਰ ਹੋ ਸਕਦਾ ਹੈ ਜਦੋਂ ਉਹ ਗੁਰੂ-ਪਾਰਸ ਦੀ ਸੰਗਤ ਵਿਚ ਰਹਿ ਕੇ (ਪਰਮਾਤਮਾ ਦੇ ਨਾਮ-ਅੰਮ੍ਰਿਤ ਨਾਲ) ਭਿੱਜਦਾ ਹੈ।
ਵੰਨੀ ਸਾਚੇ ਲਾਲ ਕੀ ਕਿਨਿ ਕੀਮਤਿ ਕੀਜੈ ॥੭॥
ਸਦਾ-ਥਿਰ ਪ੍ਰਭੂ-ਲਾਲ ਦਾ ਨਾਮ-ਰੰਗ ਉਸ ਨੂੰ ਐਸਾ ਚੜ੍ਹਦਾ ਹੈ ਕਿ ਕਿਸੇ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ॥੭॥
ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ ॥
ਪਰ ਉਸ ਨਾਮ-ਰੰਗ ਦੀ ਡੂੰਘਾਈ ਬਾਹਰਲੇ ਧਾਰਮਿਕ ਪਹਿਰਾਵਿਆਂ ਨਾਲ ਨਹੀਂ ਲੱਭ ਸਕਦੀ, ਤੀਰਥ ਤੇ ਇਸ਼ਨਾਨ ਕੀਤਿਆਂ ਤੇ ਦਾਨ-ਪੁੰਨ ਕੀਤਿਆਂ ਭੀ ਨਹੀਂ ਲੱਭਦੀ।
ਪੂਛਉ ਬੇਦ ਪੜੰਤਿਆ ਮੂਠੀ ਵਿਣੁ ਮਾਨੇ ॥
ਮੈਂ ਵੇਦ ਪੜ੍ਹਨ ਵਾਲਿਆਂ ਤੋਂ ਇਹ ਭੇਦ ਪੁੱਛਦਾ ਹਾਂ (ਧਾਰਮਿਕ ਪੁਸਤਕਾਂ ਪੜ੍ਹਨ ਨਾਲ ਭੀ ਨਾਮ-ਰੰਗ ਦੀ ਡੂੰਘਾਈ ਦੀ ਸਮਝ ਨਹੀਂ ਪੈਂਦੀ)। ਜਦ ਤਕ ਨਾਮ-ਰੰਗ ਵਿਚ ਮਨ ਨਹੀਂ ਮੰਨਦਾ (ਮਨ ਨਹੀਂ ਭਿੱਜਦਾ ਤਦ ਤਕ ਸਾਰੀ ਲੋਕਾਈ ਹੀ ਮਾਇਆ-ਮੋਹ ਵਿਚ) ਠੱਗੀ ਜਾ ਰਹੀ ਹੈ।
ਨਾਨਕ ਕੀਮਤਿ ਸੋ ਕਰੇ ਪੂਰਾ ਗੁਰੁ ਗਿਆਨੇ ॥੮॥੬॥
ਹੇ ਨਾਨਕ! ਨਾਮ-ਰੰਗ ਦੀ ਕਦਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪੂਰਾ ਗੁਰੂ ਮਿਲਦਾ ਹੈ ਤੇ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ ॥੮॥੬॥
ਮਾਰੂ ਮਹਲਾ ੧ ॥
ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਤਿਆਗ ਦੇ) ਜੋਸ਼ ਵਿਚ ਆਪਣਾ ਘਰ ਤਿਆਗ ਕੇ (ਫਿਰ ਰੋਟੀ ਆਦਿਕ ਦੀ ਖ਼ਾਤਰ) ਹੋਰਨਾਂ ਦੇ ਘਰ ਤੱਕਦਾ ਫਿਰਦਾ ਹੈ।
ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥
ਗ੍ਰਿਹਸਤ ਨਿਬਾਹੁਣ ਦਾ ਫ਼ਰਜ਼ (ਕਿਰਤ ਕਰਨੀ) ਛੱਡ ਦੇਂਦਾ ਹੈ (ਇਸ ਗ਼ਲਤ ਤਿਆਗ ਨਾਲ ਉਸ ਨੂੰ) ਸਤਿਗੁਰੂ (ਭੀ) ਨਹੀਂ ਮਿਲਦਾ, ਤੇ ਆਪਣੀ ਭੈੜੀ ਮੱਤ ਦੀ ਘੁੰਮਣ-ਘੇਰੀ ਵਿਚ (ਗੋਤੇ ਖਾਂਦਾ ਹੈ)।
ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ ॥
(ਆਪਣਾ ਘਰ ਛੱਡ ਕੇ) ਹੋਰ ਹੋਰ ਦੇਸਾਂ (ਦਾ) ਰਟਨ ਕਰਦਾ ਫਿਰਦਾ ਹੈ, (ਧਰਮ-ਪੁਸਤਕਾਂ ਦੇ) ਪਾਠ ਪੜ੍ਹ ਪੜ੍ਹ ਕੇ ਭੀ ਥੱਕ ਜਾਂਦਾ ਹੈ, (ਪਰ ਮਾਇਆ ਦੀ) ਤ੍ਰਿਸ਼ਨਾ (ਮੁੱਕਣ ਦੇ ਥਾਂ ਸਗੋਂ) ਵਧਦੀ ਜਾਂਦੀ ਹੈ।
ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ ॥੧॥
ਹੋਛੀ ਮੱਤ ਵਾਲਾ (ਮਨਮੁਖ) ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਤੇ ਲੋਕਾਂ ਦੇ ਘਰਾਂ ਤੋਂ ਵੇਹਲੜ) ਪਸ਼ੂਆਂ ਵਾਂਗ ਆਪਣਾ ਢਿੱਡ ਭਰਦਾ ਹੈ ॥੧॥
ਬਾਬਾ ਐਸੀ ਰਵਤ ਰਵੈ ਸੰਨਿਆਸੀ ॥
ਹੇ ਪ੍ਰਭੂ! ਅਸਲ ਸੰਨਿਆਸੀ ਉਹ ਹੈ ਜੋ ਅਜੇਹਾ ਜੀਵਨ ਜੀਵੇ,
ਗੁਰ ਕੈ ਸਬਦਿ ਏਕ ਲਿਵ ਲਾਗੀ ਤੇਰੈ ਨਾਮਿ ਰਤੇ ਤ੍ਰਿਪਤਾਸੀ ॥੧॥ ਰਹਾਉ ॥
ਕਿ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦੀ ਲਗਨ ਇਕ (ਤੇਰੇ ਚਰਨਾਂ) ਵਿਚ ਲੱਗੀ ਰਹੇ। ਤੇਰੇ ਨਾਮ-ਰੰਗ ਵਿਚ ਰੰਗੀਜ ਕੇ (ਮਾਇਆ ਵਲੋਂ) ਉਸ ਨੂੰ ਸਦਾ ਤ੍ਰਿਪਤੀ ਰਹੇਗੀ ॥੧॥ ਰਹਾਉ ॥
ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥
ਮਨਮੁਖ ਬੰਦਾ ਗੇਰੀ ਘੋਲਦਾ ਹੈ, ਉਸ ਦਾ ਰੰਗ (ਆਪਣੇ ਕੱਪੜਿਆਂ ਉਤੇ) ਚਾੜ੍ਹਦਾ ਹੈ, ਧਾਰਮਿਕ ਪਹਿਰਾਵੇ ਵਾਲੇ ਕੱਪੜੇ ਪਾ ਕੇ ਭਿਖਾਰੀ ਬਣ ਜਾਂਦਾ ਹੈ।
ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ ॥
ਕੱਪੜੇ ਪਾੜ ਕੇ (ਪਹਿਨਣ ਲਈ) ਗੋਦੜੀ ਬਣਾਂਦਾ ਹੈ, ਤੇ (ਅੰਨ ਆਟਾ ਆਦਿਕ) ਮਾਇਆ ਪਾਣ ਲਈ ਝੋਲੀ (ਤਿਆਰ ਕਰ ਲੈਂਦਾ ਹੈ)।
ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ ॥
(ਆਪ ਤਾਂ) ਹਰੇਕ ਘਰ ਵਿਚ (ਜਾ ਕੇ ਭਿੱਛਿਆ) ਮੰਗਦਾ ਹੈ ਪਰ ਜਗਤ ਨੂੰ (ਸਤ ਧਰਮ ਦਾ) ਉਪਦੇਸ਼ ਕਰਦਾ ਹੈ, ਆਪਣਾ ਮਨ ਅੰਨ੍ਹਾ ਹੋਣ ਦੇ ਕਾਰਨ ਮਨਮੁਖ ਆਪਣੀ ਇੱਜ਼ਤ ਗਵਾ ਲੈਂਦਾ ਹੈ।
ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ ॥੨॥
ਭਟਕਣਾ ਵਿਚ (ਪੈ ਕੇ ਜੀਵਨ-ਰਾਹ ਤੋਂ) ਖੁੰਝਿਆ ਹੋਇਆ ਗੁਰੂ ਦੇ ਸ਼ਬਦ ਨੂੰ ਪਛਾਣਦਾ ਨਹੀਂ (ਜਿਵੇਂ ਕੋਈ ਜੁਆਰੀਆ) ਜੂਏ ਵਿਚ ਬਾਜ਼ੀ ਹਾਰਦਾ ਹੈ (ਤਿਵੇਂ ਇਹ ਮਨਮੁਖ ਆਪਣੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ) ॥੨॥
ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ ॥
(ਆਪਣੇ ਵਲੋਂ ਤਿਆਗੀ ਬਣੇ ਹੋਏ ਮਨਮੁਖ ਦੇ) ਮਨ ਵਿਚ ਤ੍ਰਿਸ਼ਨਾ ਦੀ (ਬਲਦੀ) ਅੱਗ ਗੁਰੂ ਤੋਂ ਬਿਨਾ ਬੁੱਝਦੀ ਨਹੀਂ, ਪਰ ਬਾਹਰ ਧੂਣੀਆਂ ਤਪਾਂਦਾ ਹੈ।
ਗੁਰ ਸੇਵਾ ਬਿਨੁ ਭਗਤਿ ਨ ਹੋਵੀ ਕਿਉ ਕਰਿ ਚੀਨਸਿ ਆਪੈ ॥
ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ (ਇਹ ਮਨਮੁਖ) ਆਪਣੇ ਆਤਮਕ ਜੀਵਨ ਨੂੰ ਕਿਵੇਂ ਪਛਾਣੇ?
ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ ॥
ਉਂਞ ਅੰਤਰ ਆਤਮੇ ਇਸ ਨੂੰ ਸੁੱਝਦਾ ਹੈ ਕਿ (ਕਿਰਤੀ ਗ੍ਰਿਹਸਤੀਆਂ ਦੀ) ਨਿੰਦਿਆ ਕਰ ਕਰ ਕੇ ਨਰਕੀ ਜੀਵਨ ਬਿਤੀਤ ਕਰ ਰਿਹਾ ਹੈ।
ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ ॥੩॥
ਅਠਾਹਠ ਤੀਰਥਾਂ ਉਤੇ ਭੌਂ ਕੇ ਭੀ (ਮਨਮੁਖ ਤਿਆਗੀ) ਖ਼ੁਆਰ ਹੀ ਹੁੰਦੇ ਹਨ, (ਤੀਰਥਾਂ ਤੇ ਜਾਣ ਨਾਲ) ਪਾਪਾਂ ਦੀ ਮੈਲ ਕਿਵੇਂ ਧੁਪ ਸਕਦੀ ਹੈ? ॥੩॥
ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥
(ਲੋਕ-ਵਿਖਾਵੇ ਲਈ) ਸੁਆਹ ਛਾਣਦਾ ਹੈ ਤੇ ਉਹ ਸੁਆਹ ਆਪਣੇ ਪਿੰਡੇ ਉਤੇ ਮਲ ਲੈਂਦਾ ਹੈ, ਪਰ (ਅੰਤਰ ਆਤਮੇ) ਮਾਇਆ ਦਾ ਰਸਤਾ ਤੱਕਦਾ ਰਹਿੰਦਾ ਹੈ (ਕਿ ਕੋਈ ਗ੍ਰਿਹਸਤੀ ਦਾਨੀ ਆ ਕੇ ਮਾਇਆ ਭੇਟ ਕਰੇ)।
ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥
(ਬਾਹਰੋਂ ਹੋਰ ਤੇ ਅੰਦਰੋਂ ਹੋਰ ਹੋਣ ਕਰਕੇ) ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਨੂੰ (ਵਿਆਪਕ) ਨਹੀਂ ਸਮਝ ਸਕਦਾ, (ਜੇ) ਇਹ ਸੱਚਾ ਵਾਕ ਉਸ ਨੂੰ ਆਖੀਏ ਤਾਂ ਖਿੱਝਦਾ ਹੈ।
ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥
(ਧਰਮ-ਪੁਸਤਕਾਂ ਦਾ) ਪਾਠ ਪੜ੍ਹਦਾ (ਤਾਂ) ਹੈ ਪਰ ਮੂੰਹੋਂ ਝੂਠ ਹੀ ਬੋਲਦਾ ਹੈ, ਗੁਰੂ-ਹੀਣ ਹੋਣ ਕਰਕੇ ਉਸ ਦੀ ਮੱਤ ਉਹ ਪਹਿਲੇ ਵਰਗੀ ਹੀ ਰਹਿੰਦੀ ਹੈ (ਭਾਵ, ਜ਼ਾਹਰਾ ਤਿਆਗ ਨਾਲ ਉਸ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਪੈਂਦਾ)।
ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ ॥੪॥
ਜਦ ਤਕ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਦ ਤਕ ਆਤਮਕ ਆਨੰਦ ਨਹੀਂ ਮਿਲਦਾ, ਪ੍ਰਭੂ-ਨਾਮ ਤੋਂ ਬਿਨਾ ਜੀਵਨ ਸੁਚੱਜਾ ਨਹੀਂ ਬਣ ਸਕਦਾ ॥੪॥
ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥
ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ (ਇਸ ਸਾਰੇ ਭੇਖ ਦਾ) ਮਾਣ (ਭੀ ਕਰਦਾ ਹੈ)।
ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥
ਪਰ ਆਤਮਕ ਤੌਰ ਤੇ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ ਵਿਚ ਰੰਗੇ ਜਾਣ ਤੋਂ ਬਿਨਾ ਉਸ ਦਾ ਮਨ ਡੋਲਦਾ ਰਹਿੰਦਾ ਹੈ, ਤੇ (ਮਾਇਆ ਦੀ ਤ੍ਰਿਸ਼ਨਾ ਵਿਚ ਹੀ) ਦਸੀਂ ਪਾਸੀਂ ਦੌੜਦਾ ਫਿਰਦਾ ਹੈ।
ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ॥
(ਅੰਤਰ ਆਤਮੇ) ਮਾਇਆ ਦਾ ਪ੍ਰੇਮੀ (ਰਹਿਣ ਕਰਕੇ) ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਦੇਂਦਾ ਹੈ ਤੇ (ਤ੍ਰਿਸ਼ਨਾ ਦਾ ਉਹ) ਜ਼ਹਿਰ ਪੀਂਦਾ ਰਹਿੰਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।
ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥
(ਪਰ ਇਸ ਮਨਮੁਖ ਦੇ ਕੀਹ ਵੱਸ?) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਅੰਦਰੋਂ) ਮੁੱਕਦਾ ਨਹੀਂ, (ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ) ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ, (ਇਸ ਤਰ੍ਹਾਂ, ਤਿਆਗੀ ਬਣ ਕੇ ਭੀ) ਪਸ਼ੂ-ਸੁਭਾਵ ਵਿਚ ਟਿਕਿਆ ਰਹਿੰਦਾ ਹੈ ॥੫॥
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥
(ਮਨਮੁਖ ਮਨੁੱਖ ਤਿਆਗੀ ਬਣ ਕੇ) ਹੱਥ ਵਿਚ ਚਿੱਪੀ ਫੜ ਲੈਂਦਾ ਹੈ, ਲੀਰਾਂ ਦਾ ਚੋਲਾ ਪਹਿਨ ਲੈਂਦਾ ਹੈ, ਪਰ ਮਨ ਵਿਚ ਮਾਇਆ ਦੀ ਭਾਰੀ ਤ੍ਰਿਸ਼ਨਾ ਪੈਦਾ ਹੋਈ ਰਹਿੰਦੀ ਹੈ।
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥
(ਆਪਣੇ ਵਲੋਂ ਤਿਆਗੀ ਬਣ ਕੇ) ਆਪਣੀ ਇਸਤ੍ਰੀ ਛੱਡ ਕੇ ਆਏ ਨੂੰ ਕਾਮ-ਵਾਸਨਾ ਨੇ ਆ ਦਬਾਇਆ, ਤਾਂ ਪਰਾਈ ਨਾਰ ਨਾਲ ਚਿੱਤ ਜੋੜਦਾ ਹੈ।
ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥
ਚੇਲੇ ਬਣਾਂਦਾ ਹੈ, ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਕਾਮ-ਵਾਸਨਾ ਵਿਚ ਗ੍ਰਸਿਆ ਹੋਇਆ ਹੈ, ਤੇ (ਇਸ ਤਰ੍ਹਾਂ ਸੰਨਿਆਸੀ ਬਣਨ ਦੇ ਥਾਂ ਲੋਕਾਂ ਦੀਆਂ ਨਜ਼ਰਾਂ ਵਿਚ) ਮਸਖ਼ਰਾ ਬਣਿਆ ਹੋਇਆ ਹੈ।
ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥੬॥
(ਮਨਮੁਖ ਦੇ) ਅੰਦਰ (ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਦਾ) ਜ਼ਹਿਰ ਹੈ, ਬਾਹਰ (ਲੋਕਾਂ ਨੂੰ ਵਿਖਾਣ ਵਾਸਤੇ) ਸ਼ਾਂਤੀ ਧਾਰਨ ਕੀਤੀ ਹੋਈ ਹੈ। (ਅਜੇਹੇ ਪਖੰਡੀ ਨੂੰ) ਆਤਮਕ ਮੌਤ-ਖ਼ੁਆਰ ਕਰਦੀ ਹੈ ॥੬॥
ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿਚਹੁ ਆਪੁ ਗਵਾਏ ॥
ਅਸਲ ਸੰਨਿਆਸੀ ਉਹ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਤੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ।
ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ ॥
(ਲੋਕਾਂ ਪਾਸੋਂ) ਕੱਪੜੇ ਤੇ ਭੋਜਨ ਦੀ ਆਸ ਬਣਾਈ ਨਹੀਂ ਰੱਖਦਾ, ਸਹਿਜ ਸੁਭਾਇ ਜੋ ਮਿਲ ਜਾਂਦਾ ਹੈ ਉਹ ਲੈ ਲੈਂਦਾ ਹੈ।
ਬਕੈ ਨ ਬੋਲੈ ਖਿਮਾ ਧਨੁ ਸੰਗ੍ਰਹੈ ਤਾਮਸੁ ਨਾਮਿ ਜਲਾਏ ॥
ਬਹੁਤ ਵਧ-ਘਟ ਬੋਲ ਨਹੀਂ ਬੋਲਦਾ ਰਹਿੰਦਾ, ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ-ਰੂਪ ਧਨ ਆਪਣੇ ਅੰਦਰ ਇਕੱਠਾ ਕਰਦਾ ਹੈ, ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅੰਦਰੋਂ ਕ੍ਰੋਧ ਸਾੜ ਦੇਂਦਾ ਹੈ।
ਧਨੁ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤੁ ਲਾਏ ॥੭॥
ਜੇਹੜਾ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ, ਉਹ ਭਾਗਾਂ ਵਾਲਾ ਹੈ ਚਾਹੇ ਉਹ ਗ੍ਰਿਹਸਤੀ ਹੈ ਚਾਹੇ ਸੰਨਿਆਸੀ ਹੈ ਚਾਹੇ ਜੋਗੀ ਹੈ ॥੭॥
ਆਸ ਨਿਰਾਸ ਰਹੈ ਸੰਨਿਆਸੀ ਏਕਸੁ ਸਿਉ ਲਿਵ ਲਾਏ ॥
ਅਸਲ ਸੰਨਿਆਸੀ ਉਹ ਹੈ ਜੋ ਮਾਇਕ ਆਸਾਂ ਵਲੋਂ ਨਿਰਾਸ ਰਹਿੰਦਾ ਹੈ ਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।
ਹਰਿ ਰਸੁ ਪੀਵੈ ਤਾ ਸਾਤਿ ਆਵੈ ਨਿਜ ਘਰਿ ਤਾੜੀ ਲਾਏ ॥
ਜਦੋਂ ਮਨੁੱਖ ਪਰਮਾਤਮਾ ਦਾ ਨਾਮ-ਰਸ ਪੀਂਦਾ ਹੈ ਤੇ ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਤਦੋਂ ਇਸ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ।
ਮਨੂਆ ਨ ਡੋਲੈ ਗੁਰਮੁਖਿ ਬੂਝੈ ਧਾਵਤੁ ਵਰਜਿ ਰਹਾਏ ॥
ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ (ਸਹੀ ਜੀਵਨ-ਰਾਹ) ਸਮਝਦਾ ਹੈ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਿਚ ਡੋਲਦਾ ਨਹੀਂ, ਮਾਇਆ ਪਿੱਛੇ ਦੌੜਦੇ ਮਨ ਨੂੰ ਉਹ ਰੋਕ ਕੇ ਰੱਖਦਾ ਹੈ।
ਗ੍ਰਿਹੁ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥੮॥
ਗੁਰੂ ਦੀ ਸਿੱਖਿਆ ਲੈ ਕੇ (ਜੰਗਲ ਭਾਲਣ ਦੇ ਥਾਂ) ਸਰੀਰ-ਘਰ ਨੂੰ ਖੋਜਦਾ ਹੈ ਤੇ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲੈਂਦਾ ਹੈ ॥੮॥
ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ ॥
ਬ੍ਰਹਮਾ ਹੋਵੇ, ਵਿਸ਼ਨੂੰ ਹੋਵੇ, ਸ਼ਿਵ ਹੋਵੇ, ਉਹੀ ਸਭ ਤੋਂ ਉੱਤਮ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੀਜ ਕੇ ਸੁੰਦਰ ਵਿਚਾਰ ਦੇ ਮਾਲਕ ਬਣ ਗਏ।
ਖਾਣੀ ਬਾਣੀ ਗਗਨ ਪਤਾਲੀ ਜੰਤਾ ਜੋਤਿ ਤੁਮਾਰੀ ॥
ਹੇ ਪ੍ਰਭੂ! (ਭਾਵੇਂ) ਚੌਹਾਂ ਖਾਣੀਆਂ ਦੇ ਜੀਵਾਂ ਵਿਚ ਤੇ ਉਹਨਾਂ ਦੀਆਂ ਬੋਲੀਆਂ ਵਿਚ, ਪਾਤਾਲ ਆਕਾਸ਼ ਵਿਚ ਸਭ ਜੀਵਾਂ ਦੇ ਅੰਦਰ ਤੇਰੀ ਹੀ ਜੋਤਿ ਹੈ।
ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ ਸਚੁ ਨਾਮੁ ਉਰ ਧਾਰੀ ॥
ਪਰ ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦੀ ਰੌ ਜਾਰੀ ਹੈ ਜਿਨ੍ਹਾਂ ਦੀ ਸੁਰਤ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੈ ਉਹਨਾਂ ਨੂੰ ਹੀ ਸਾਰੇ ਸੁਖ ਹਨ ਉਹਨਾਂ ਨੂੰ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਮਿਲਦੀ ਹੈ।
ਨਾਮ ਬਿਨਾ ਨਹੀ ਛੂਟਸਿ ਨਾਨਕ ਸਾਚੀ ਤਰੁ ਤੂ ਤਾਰੀ ॥੯॥੭॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਮਾਇਆ ਦੇ ਮੋਹ ਤੋਂ ਬਚ ਨਹੀਂ ਸਕਦਾ, ਤੂੰ ਭੀ ਇਹੀ ਤਾਰੀ ਤਰ ਜਿਸ ਨਾਲ ਕਦੇ ਡੁੱਬਣ ਦਾ ਖ਼ਤਰਾ ਨਹੀਂ ਹੋਵੇਗਾ ॥੯॥੭॥
ਮਾਰੂ ਮਹਲਾ ੧ ॥
ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥
ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ।
ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥
ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ। ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ॥੧॥
ਸੰਸਾਰੁ ਭਵਜਲੁ ਕਿਉ ਤਰੈ ॥
(ਪਰਮਾਤਮਾ ਦੇ ਨਾਮ ਤੋਂ ਬਿਨਾ) ਸੰਸਾਰੀ ਜੀਵ ਸੰਸਾਰ-ਸਮੁੰਦਰ ਤੋਂ ਕਿਸੇ ਹਾਲਤ ਵਿਚ ਪਾਰ ਨਹੀਂ ਲੰਘ ਸਕਦਾ,
ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥
ਕਿਉਂਕਿ ਜੀਵ ਮਾਇਆ ਆਦਿਕ ਦੇ ਅਹੰਕਾਰ ਨਾਲ ਆਫਰਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ, ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ, ਗੁਰੂ ਦੀ ਸਰਨ ਪਿਆਂ ਮਿਲਦਾ ਹੈ, (ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ) ਉਸ ਦਾ (ਅਹੰਕਾਰ ਆਦਿਕ ਦਾ) ਅਸਹਿ ਭਾਰ ਦੂਰ ਹੋ ਜਾਂਦਾ ਹੈ (ਇਹ ਅਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ-ਸਮੁੰਦਰ ਵਿਚ ਡੋਬਿਆ ਕਰਦਾ ਹੈ) ॥੧॥ ਰਹਾਉ ॥
ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ ॥
ਹੇ ਹਰੀ! ਮੈਨੂੰ ਗੁਨਹਗਾਰ ਨੂੰ ਤੇਰੇ ਉਹ ਉਪਕਾਰ ਭੁੱਲ ਗਏ ਹਨ, ਮੈਂ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਪਿਆ ਹਾਂ (ਤੇਰਾ ਸਿਮਰਨ ਕਰਨ ਤੋਂ) ਬੇ-ਵੱਸ ਹਾਂ।
ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥੨॥
ਪਰ ਤੂੰ ਦਇਆ ਦਾ ਸੋਮਾ ਹੈਂ, ਹਰੇਕ ਜੀਵ ਦੇ ਸਿਰ ਤੇ (ਰਾਖਾ) ਹੈਂ, ਤੇ ਸਭ ਨੂੰ ਦਾਤਾਂ ਦੇਂਦਾ ਹੈਂ। ਦਇਆਲ ਪ੍ਰਭੂ ਦਿਨ ਰਾਤ (ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਦਾਤਾਂ ਦੇਂਦਾ ਹੈ ॥੨॥
ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥
(ਜੀਵ ਪਰਮਾਤਮਾ ਪਾਸੋਂ) ਚਾਰੇ ਹੀ ਪਦਾਰਥ ਲੈ ਕੇ ਜਗਤ ਵਿਚ ਜੰਮਿਆ ਹੈ (ਫਿਰ ਭੀ ਪ੍ਰਭੂ ਦੀ ਬਖ਼ਸ਼ਸ਼ ਭੁਲਾ ਕੇ ਸਦਾ) ਪਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿਚ ਨਿਵਾਸ ਰੱਖਦਾ ਹੈ।
ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥੩॥
ਸਦਾ ਇਸ ਨੂੰ ਮਾਇਆ ਦੀ ਭੁੱਖ ਹੀ ਚੰਬੜੀ ਰਹਿੰਦੀ ਹੈ, ਸਦਾ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਮਾਇਆ ਦੇ ਮੋਹ ਵਿਚ (ਫਸ ਕੇ ਚੌਹਾਂ ਪਦਾਰਥਾਂ ਵਿਚੋਂ) ਮੁਕਤਿ-ਪਦਾਰਥ ਗਵਾ ਲੈਂਦਾ ਹੈ ॥੩॥
ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥
(ਸਾਰੀ ਉਮਰ ਜੀਵ ਮਾਇਆ ਦੀ ਖ਼ਾਤਰ ਹੀ) ਤਰਲੇ ਲੈਂਦਾ ਰਹਿੰਦਾ ਹੈ (ਮਨ ਦੀ ਤਸੱਲੀ ਜੋਗੀ ਮਾਇਆ) ਪ੍ਰਾਪਤ ਨਹੀਂ ਹੁੰਦੀ, ਹਰ ਪਾਸੇ ਮਾਇਆ ਦੀ ਢੂੰਢ-ਭਾਲ ਕਰਦਾ ਕਰਦਾ ਥੱਕ ਜਾਂਦਾ ਹੈ।
ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥
ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ ਨੱਪਿਆ ਹੋਇਆ ਜੀਵ ਸਦਾ ਨਾਸਵੰਤ ਪਦਾਰਥ ਨਾਲ ਹੀ ਪ੍ਰੀਤ ਕਰਦਾ ਹੈ, ਸਦਾ ਆਪਣੇ ਪਰਵਾਰ ਨਾਲ ਹੀ ਮੋਹ ਜੋੜੀ ਰੱਖਦਾ ਹੈ ॥੪॥
ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥
(ਦੁਨੀਆ ਦੇ ਚੰਗੇ ਚੰਗੇ ਪਦਾਰਥ) ਖਾਂਦਾ ਹੈ (ਵਿਸ਼ੇ) ਭੋਗਦਾ ਹੈ, (ਸੋਭਾ ਨਿੰਦਾ ਆਦਿਕ ਦੇ ਬਚਨ) ਮੁੜ ਮੁੜ ਸੁਣਦਾ ਹੈ, (ਦੁਨੀਆ ਦੇ ਰੰਗ ਤਮਾਸ਼ੇ) ਵੇਖਦਾ ਹੈ, (ਸੋਹਣੇ ਸੋਹਣੇ ਕੱਪੜੇ ਆਦਿਕ) ਪਹਿਨ ਕੇ (ਲੋਕਾਂ ਨੂੰ) ਵਿਖਾਂਦਾ ਹੈ-(ਬੱਸ! ਇਹਨਾਂ ਹੀ ਆਹਰਾਂ ਵਿਚ ਮਸਤ ਹੋ ਕੇ) ਆਤਮਕ ਮੌਤ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਆਤਮਕ ਮੌਤ ਸਹੇੜੀ ਰੱਖਦਾ ਹੈ)।
ਬਿਨੁ ਗੁਰਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥੫॥
ਗੁਰੂ ਦੇ ਸ਼ਬਦ ਤੋਂ ਵਾਂਜਿਆ ਹੋਇਆ ਆਪਣੇ ਆਤਮਕ ਜੀਵਨ ਨੂੰ ਪਛਾਣ ਨਹੀਂ ਸਕਦਾ। ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਣ ਕਰਕੇ ਆਤਮਕ ਮੌਤ (ਇਸ ਦੇ ਸਿਰ ਤੋਂ) ਨਹੀਂ ਟਲਦੀ ॥੫॥
ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥
ਜਿਤਨਾ ਹੀ ਮੋਹ ਤੇ ਹਉਮੈ ਕਰ ਕੇ ਜੀਵ ਸਹੀ ਜੀਵਨ-ਰਾਹ ਤੋਂ ਭੁੱਲਦਾ ਹੈ, ਜਿਤਨਾ ਹੀ ਵਧੀਕ ‘ਮੇਰੀ (ਮਾਇਆ) ਮੇਰੀ (ਮਾਇਆ)’ ਕਰਦਾ ਹੈ, ਉਤਨਾ ਹੀ ਇਹ ਹਉਮੈ ਮਮਤਾ ਇਸ ਦੇ ਆਤਮਕ ਜੀਵਨ ਨੂੰ ਖੋਹ ਕੇ ਲੈ ਜਾਂਦੇ ਹਨ।
ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥
ਆਖ਼ਰ ਇਹ ਸਰੀਰ ਤੇ ਇਹ ਧਨ, (ਜਿਨ੍ਹਾਂ ਦੀ ਖ਼ਾਤਰ ਹਰ ਵੇਲੇ ਸਹਿਮ ਵਿਚ ਰਹਿੰਦਾ ਸੀ) ਨਾਸ ਹੋ ਜਾਂਦਾ ਹੈ। ਤਦੋਂ ਜੀਵ ਪਛੁਤਾਂਦਾ ਹੈ, (ਪਰ ਉਸ ਵੇਲੇ ਪਛੁਤਾਇਆਂ ਕੁਝ ਨਹੀਂ ਬਣਦਾ) ਇਸ ਦੇ ਮੂੰਹ ਉਤੇ ਫਿਟਕਾਰ ਹੀ ਪੈਂਦੀ ਹੈ ॥੬॥
ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥
ਮਨੁੱਖ ਬੁੱਢਾ ਹੋ ਜਾਂਦਾ ਹੈ, ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ, ਸੰਘ ਬਲਗ਼ਮ ਨਾਲ ਰੁਕਿਆ ਰਹਿੰਦਾ ਹੈ, ਅੱਖਾਂ ਤੋਂ ਪਾਣੀ ਵਗਦਾ ਰਹਿੰਦਾ ਹੈ,
ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥੭॥
ਪੈਰ (ਤੁਰਨੋਂ) ਰਹਿ ਜਾਂਦੇ ਹਨ, ਹੱਥ ਕੰਬਣ ਲੱਗ ਪੈਂਦੇ ਹਨ, (ਫਿਰ ਭੀ) ਮਾਇਆ-ਵੇੜ੍ਹੇ ਜੀਵ ਦੇ ਹਿਰਦੇ ਵਿਚ ਹਰੀ ਪਰਮਾਤਮਾ (ਦਾ ਨਾਮ) ਨਹੀਂ (ਵੱਸਦਾ) ॥੭॥
ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥
(ਬੁੱਢਾ ਹੋ ਜਾਣ ਤੇ) ਅਕਲ ਟਿਕਾਣੇ ਨਹੀਂ ਰਹਿੰਦੀ, ਕੇਸ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ, ਘਰ ਵਿਚ ਰੱਖਿਆ ਹੋਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ।
ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥੮॥
(ਫਿਰ ਭੀ ਪਰਮਾਤਮਾ ਦੇ ਨਾਮ ਨੂੰ ਭੁਲਾਈ ਰੱਖਦਾ ਹੈ) ਪਰਮਾਤਮਾ ਦਾ ਨਾਮ ਵਿਸਾਰੀ ਰੱਖਣ ਤੇ ਅਜੇਹੇ ਭੈੜ ਇਸ ਨੂੰ ਚੰਬੜੇ ਰਹਿੰਦੇ ਹਨ ਜਿਨ੍ਹਾਂ ਕਰ ਕੇ ਜਮਰਾਜ ਇਸ ਨੂੰ ਮਾਰ ਕੇ ਨਰਕ ਵਿਚ ਲੈ ਜਾਂਦਾ ਹੈ ॥੮॥
ਪੂਰਬ ਜਨਮ ਕੋ ਲੇਖੁ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥
(ਪਰ ਜੀਵ ਦੇ ਭੀ ਵੱਸ ਦੀ ਗੱਲ ਨਹੀਂ) ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ (ਜਿਤਨਾ ਚਿਰ ਉਹ ਲੇਖਾ ਮੌਜੂਦ ਹੈ, ਉਹਨਾਂ ਦੇ ਪ੍ਰਭਾਵ ਹੇਠ ਕੁਕਰਮ ਕਰ ਕਰ ਕੇ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜੀਵ ਵਿਚਾਰਾ ਹੋਰ ਕਿਸ ਨੂੰ ਦੋਸ ਦੇਵੇ?
ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰਸਬਦੈ ਜਨਮੁ ਜਰੇ ॥੯॥
(ਅਸਲ ਗੱਲ ਇਹ ਹੈ ਕਿ) ਗੁਰੂ ਦੀ ਸਰਨ ਤੋਂ ਬਿਨਾ ਜ਼ਿੰਦਗੀ ਵਿਅਰਥ ਜਾਂਦੀ ਹੈ (ਵਿਕਾਰਾਂ ਵਿਚ ਪੈ ਕੇ ਮਨੁੱਖ) ਹੋਰ ਆਤਮਕ ਮੌਤ ਹੋਰ ਆਤਮਕ ਮੌਤ ਸਹੇੜਦਾ ਜਾਂਦਾ ਹੈ। ਗੁਰੂ ਦੇ ਸ਼ਬਦ ਤੋਂ ਖੁੰਝਣ ਕਰਕੇ ਜ਼ਿੰਦਗੀ (ਵਿਕਾਰਾਂ ਵਿਚ) ਸੜ ਜਾਂਦੀ ਹੈ ॥੯॥
ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ॥
ਜੀਵ ਦੁਨੀਆ ਦੀਆਂ ਖ਼ੁਸ਼ੀਆਂ ਮਾਣਨ ਵਿਚ, ਰਸ ਭੋਗਣ ਵਿਚ, ਤੇ ਹੋਰ ਫੋਕੇ ਤੇ ਮੰਦੇ ਕਰਮ ਕਰਨ ਵਿਚ ਪੈ ਕੇ ਖ਼ੁਆਰ ਹੁੰਦਾ ਹੈ।
ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥
ਪਰਮਾਤਮਾ ਦਾ ਨਾਮ ਭੁਲਾ ਕੇ, ਲੋਭ ਵਿਚ ਫਸ ਕੇ ਮੂਲ ਭੀ ਗਵਾ ਲੈਂਦਾ ਹੈ, ਆਖ਼ਰ ਇਸ ਦੇ ਸਿਰ ਉਤੇ ਧਰਮਰਾਜ ਦਾ ਡੰਡਾ ਪੈਂਦਾ ਹੈ ॥੧੦॥
ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣ ਗਾਂਦੇ ਹਨ। ਜਿਨ੍ਹਾਂ ਉਤੇ ਹਰੀ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ,
ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥੧੧॥
ਉਹ ਜਗਤ ਵਿਚ ਹਰੀ ਗੋਬਿੰਦ ਬੇਅੰਤ ਪੂਰਨ ਸਰਬ-ਵਿਆਪਕ ਨੂੰ ਸਿਮਰ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ॥੧੧॥
ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥
ਸੰਤ ਜਨਾਂ ਦੀ ਸੰਗਤ ਵਿਚ ਪ੍ਰੇਮ ਜੋੜ ਕੇ ਪਰਮਾਤਮਾ ਦਾ ਨਾਮ ਸਿਮਰੋ, ਗੁਰੂ ਦੇ ਬਚਨ (ਹਿਰਦੇ ਵਿਚ) ਸੰਭਾਲ ਰੱਖੋ।
ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥੧੨॥੮॥
ਪਰਮਾਤਮਾ ਦੇ ਦਰ ਤੇ ਗੁਰੂ (ਦਾ ਬਚਨ) ਹੀ ਆਦਰ ਪਾਂਦਾ ਹੈ, ਸੰਤ ਜਨਾਂ ਦੀ ਸੰਗਤ ਹੀ ਕਬੂਲ ਪੈਂਦੀ ਹੈ। ਹੇ ਨਾਨਕ! (ਅਰਦਾਸ ਕਰ-) ਹੇ ਹਰੀ! (ਮੈਨੂੰ) ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦੇਹ) ॥੧੨॥੮॥