ਰਾਗ ਮਾਰੂ – ਬਾਣੀ ਸ਼ਬਦ-Part 4 – Raag Maru – Bani
ਰਾਗ ਮਾਰੂ – ਬਾਣੀ ਸ਼ਬਦ-Part 4 – Raag Maru – Bani
ਮਾਰੂ ਮਹਲਾ ੧ ॥
ਹਰਿ ਸਾ ਮੀਤੁ ਨਾਹੀ ਮੈ ਕੋਈ ॥
ਮੈਨੂੰ ਪਰਮਾਤਮਾ ਵਰਗਾ ਹੋਰ ਕੋਈ ਮਿੱਤਰ ਨਹੀਂ ਦਿੱਸਦਾ,
ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥
(ਪਰਮਾਤਮਾ ਹੀ ਹੈ) ਜਿਸ ਨੇ ਮੈਨੂੰ ਇਹ ਸਰੀਰ ਦਿੱਤਾ ਇਹ (ਮਨ) ਜਿੰਦ ਦਿੱਤੀ ਤੇ ਮੇਰੇ ਅੰਦਰਿ ਸੁਰਤ ਟਿਕਾ ਦਿੱਤੀ।
ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥੧॥
(ਉਹ ਸਿਰਫ਼ ਪ੍ਰਭੂ ਹੀ ਹੈ ਜੋ) ਸਾਰੇ ਜੀਵਾਂ ਦੀ ਪਾਲਣਾ ਕਰ ਕੇ ਸਭ ਦੀ ਸੰਭਾਲ ਕਰਦਾ ਹੈ, ਉਹ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਦੇ ਦਿਲ ਦੀ ਜਾਣਦਾ ਹੈ, ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ ॥੧॥
ਗੁਰੁ ਸਰਵਰੁ ਹਮ ਹੰਸ ਪਿਆਰੇ ॥
(ਪਰ ਉਹ ਮਿੱਤਰ-ਪ੍ਰਭੂ ਗੁਰੂ ਦੀ ਸਰਨ ਪਿਆਂ ਮਿਲਦਾ ਹੈ) ਗੁਰੂ ਸਰੋਵਰ ਹੈ, ਅਸੀਂ ਜੀਵ ਉਸ ਪਿਆਰੇ (ਸਰੋਵਰ) ਦੇ ਹੰਸ ਹਾਂ। (ਗੁਰੂ ਦੇ ਹੋ ਕੇ ਰਹਿਣ ਵਾਲੇ ਹੰਸਾਂ ਨੂੰ ਗੁਰੂ-ਮਾਨਸਰੋਵਰ ਵਿਚੋਂ ਮੋਤੀ ਮਿਲਦੇ ਹਨ)।
ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥
(ਗੁਰੂ ਸਮੁੰਦਰ ਹੈ) ਉਸ ਸਮੁੰਦਰ ਵਿਚ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਰਤਨ ਹਨ, ਲਾਲ ਹਨ, ਮੋਤੀ ਮਾਣਕ ਹਨ, ਹੀਰੇ ਹਨ।
ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥
(ਗੁਰੂ-ਸਮੁੰਦਰ ਵਿਚ ਟਿਕ ਕੇ) ਪਰਮਾਤਮਾ ਦੇ ਗੁਣ ਗਾਵਿਆਂ ਮਨ (ਹਰੀ ਦੇ ਪ੍ਰੇਮ-ਰੰਗ ਵਿਚ) ਭਿੱਜ ਜਾਂਦਾ ਹੈ, ਸਰੀਰ (ਭੀ) ਭਿੱਜ ਜਾਂਦਾ ਹੈ ॥੨॥
ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥
(ਸਭ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਅਥਾਹ ਹੈ, ਉਸ ਦੇ ਗੁਣਾਂ (ਦੇ ਸਮੁੰਦਰ) ਦੀ ਹਾਥ ਨਹੀਂ ਲੱਭਦੀ, ਉਹ ਨਿਰਲੇਪ ਹੈ।
ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥
ਸ੍ਰਿਸ਼ਟੀ ਦੇ ਰਾਖੇ, ਸਭ ਤੋਂ ਵੱਡੇ ਹਰੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥
ਸਭ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਪ੍ਰਭੂ ਸਤਿਗੁਰੂ ਦੀ ਮੱਤ ਦੇ ਕੇ ਪਾਰ ਲੰਘਾ ਲੈਂਦਾ ਹੈ। ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਦੇ ਪ੍ਰੇਮ-ਰੰਗ ਵਿਚ ਲੀਨ ਹੋ ਜਾਂਦਾ ਹੈ ॥੩॥
ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥
ਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ-ਸਮੁੰਦਰ ਤੋਂ) ਖ਼ਲਾਸੀ ਨਹੀਂ ਮਿਲਦੀ।
ਓਹੁ ਆਦਿ ਜੁਗਾਦੀ ਰਾਮ ਸਨੇਹੀ ॥
ਉਹ ਪਰਮਾਤਮਾ (ਜੋ ਆਪ ਹੀ ਗੁਰੂ ਮਿਲਾਂਦਾ ਹੈ) ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਸਭ ਵਿਚ ਵਿਆਪਕ ਤੇ ਸਭ ਨਾਲ ਪਿਆਰ ਕਰਨ ਵਾਲਾ ਹੈ।
ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥
ਉਹ ਪਰਮਾਤਮਾ ਮੇਹਰ ਕਰ ਕੇ ਸਾਡੇ ਕੀਤੇ ਔਗੁਣਾਂ ਨੂੰ ਬਖ਼ਸ਼ਦਾ ਹੈ, ਸਾਨੂੰ ਔਗੁਣਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਆਪਣੀ ਹਜ਼ੂਰੀ ਵਿਚ ਰੱਖਦਾ ਹੈ ॥੪॥
ਸਤਿਗੁਰੁ ਦਾਤਾ ਮੁਕਤਿ ਕਰਾਏ ॥
(ਪਰਮਾਤਮਾ ਦੀ ਮੇਹਰ ਨਾਲ ਮਿਲਿਆ ਹੋਇਆ) ਸਤਿਗੁਰੂ ਆਤਮਕ ਜੀਵਨ ਦੇ ਗੁਣਾਂ ਦੀ ਦਾਤ ਕਰਦਾ ਹੈ, ਵਿਕਾਰਾਂ ਤੋਂ ਬਚਾਂਦਾ ਹੈ,
ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥
ਸਾਡੇ ਹਿਰਦੇ ਵਿਚ ਨਾਮ-ਅੰਮ੍ਰਿਤ ਦਾ ਰਸ ਪਾ ਕੇ ਸਾਡੇ ਰੋਗ ਦੂਰ ਕਰਦਾ ਹੈ।
ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥
(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੀ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ਜਿਸ ਦੀ ਛਾਤੀ (ਨਾਮ ਦੀ ਠੰਢ ਨਾਲ) ਠੰਢੀ-ਠਾਰ ਹੋ ਜਾਂਦੀ ਹੈ, ਜਮ ਮਸੂਲੀਆ ਉਸ ਦੇ ਨੇੜੇ ਨਹੀਂ ਢੁਕਦਾ, ਉਸ ਨੂੰ (ਜਮ ਦਾ) ਮਸੂਲ ਨਹੀਂ ਦੇਣਾ ਪੈਂਦਾ (ਕਿਉਂਕਿ ਉਸ ਨੇ ਗੁਰੂ ਦੀ ਕਿਰਪਾ ਨਾਲ ਸਿਮਰਨ ਤੋਂ ਬਿਨਾ ਕੋਈ ਹੋਰ ਮਾਇਕ ਵੱਖਰ ਆਪਣੇ ਜੀਵਨ-ਬੇੜੇ ਵਿਚ ਲੱਦਿਆ ਹੀ ਨਹੀਂ) ॥੫॥
ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥
???ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ।
ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥
ਇਹ ਜੀਵਾਤਮਾ (ਮਾਨੋ) ਇਕ ਜੋਗੀ ਹੈ (ਜੋ ਜੋਗੀ ਵਾਲੀ ਫੇਰੀ ਪਾ ਕੇ ਜਗਤ ਤੋਂ ਚਲਾ ਜਾਂਦਾ ਹੈ) ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ।
ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥੬॥
ਰੰਗ-ਰਲੀਆਂ ਵਿਚ ਮਸਤ ਜੋਗੀ-ਜੀਵਤਮਾ ਦਿਨ ਰਾਤ ਕਾਂਇਆਂ ਨੂੰ ਭੋਗਦਾ ਹੈ (ਦਰਗਾਹੋਂ ਸੱਦਾ ਆਉਣ ਤੇ) ਤੁਰਨ ਵੇਲੇ (ਜੋਗੀ-ਜੀਵ ਕਾਇਆ-ਨਾਰ ਨਾਲ) ਸਲਾਹ ਭੀ ਨਹੀਂ ਕਰਦਾ ॥੬॥
ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥
ਜਗਤ ਪੈਦਾ ਕਰ ਕੇ ਪ੍ਰਭੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ,
ਪਉਣ ਪਾਣੀ ਬੈਸੰਤਰੁ ਗਾਜੈ ॥
ਹਵਾ ਪਾਣੀ ਅੱਗ (ਆਦਿਕ ਸਭ ਤੱਤਾਂ ਤੋਂ ਸਰੀਰ ਰਚ ਕੇ ਸਭ ਦੇ ਅੰਦਰ) ਪਰਗਟ ਰਹਿੰਦਾ ਹੈ,
ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥੭॥
(ਪਰ ਉਸ ਰੱਖਣਹਾਰ ਪ੍ਰਭੂ ਨੂੰ ਭੁਲਾ ਕੇ) ਮੂਰਖ ਮਨ ਕਾਮਾਦਿਕ ਵੈਰੀਆਂ ਦੀ ਸੰਗਤ ਵਿਚ ਰਲ ਕੇ ਭਟਕਦਾ ਹੈ, ਤੇ ਆਪਣੇ ਕੀਤੇ ਦਾ ਫਲ ਪਾਂਦਾ ਰਹਿੰਦਾ ਹੈ ॥੭॥
ਨਾਮੁ ਵਿਸਾਰਿ ਦੋਖ ਦੁਖ ਸਹੀਐ ॥
ਪਰਮਾਤਮਾ ਦਾ ਨਾਮ ਭੁਲਾ ਕੇ ਦੋਖਾਂ (ਵਿਕਾਰਾਂ) ਵਿਚ ਫਸ ਜਾਈਦਾ ਹੈ ਦੁੱਖ ਸਹਾਰਨੇ ਪੈਂਦੇ ਹਨ।
ਹੁਕਮੁ ਭਇਆ ਚਲਣਾ ਕਿਉ ਰਹੀਐ ॥
ਜਦੋਂ ਪ੍ਰਭੂ ਦਾ ਹੁਕਮ (ਸੱਦਾ) ਆਉਂਦਾ ਹੈ, ਇਥੋਂ ਤੁਰਨਾ ਪੈ ਜਾਂਦਾ ਹੈ, ਫਿਰ ਇਥੇ ਰਹਿ ਸਕੀਦਾ ਹੀ ਨਹੀਂ।
ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥
(ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਸਾਰੀ ਉਮਰ) ਨਰਕਾਂ ਦੇ ਖੂਹ ਵਿਚ ਗੋਤੇ ਖਾਂਦਾ ਰਹਿੰਦਾ ਹੈ (ਇਉਂ ਤੜਫਦਾ ਰਹਿੰਦਾ ਹੈ) ਜਿਵੇਂ ਪਾਣੀ ਤੋਂ ਬਾਹਰ ਨਿਕਲ ਕੇ ਮੱਛੀ (ਤੜਫਦੀ ਹੈ) ॥੮॥
ਚਉਰਾਸੀਹ ਨਰਕ ਸਾਕਤੁ ਭੋਗਾਈਐ ॥
ਮਾਇਆ-ਵੇੜ੍ਹਿਆ ਜੀਵ (ਪਰਮਾਤਮਾ ਨੂੰ ਭੁਲਾ ਕੇ) ਚੁਰਾਸੀ ਲੱਖ ਜੂਨਾਂ ਦੇ ਗੇੜ ਦੇ ਦੁੱਖ ਭੋਗਦਾ ਹੈ।
ਜੈਸਾ ਕੀਚੈ ਤੈਸੋ ਪਾਈਐ ॥
(ਸਿਰਜਣਹਾਰ ਦੀ ਰਜ਼ਾ ਦਾ ਨਿਯਮ ਹੀ ਐਸਾ ਹੈ ਕਿ) ਜਿਹੋ ਜਿਹਾ ਕਰਮ ਕਰੀਦਾ ਹੈ ਤਿਹੋ ਜਿਹਾ ਫਲ ਭੋਗੀਦਾ ਹੈ।
ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਚੁਰਾਸੀ ਦੇ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ, ਆਪਣੇ ਕੀਤੇ ਕਰਮਾਂ ਦਾ ਬੱਝਾ ਜੀਵ ਉਸ ਗੇੜ ਵਿਚ ਫਸਿਆ ਰਹਿੰਦਾ ਹੈ ॥੯॥
ਖੰਡੇ ਧਾਰ ਗਲੀ ਅਤਿ ਭੀੜੀ ॥
(ਇਸ ਵਿਕਾਰ-ਭਰੇ ਜਗਤ ਵਿਚ ਸਹੀ ਇਨਸਾਨੀ ਜੀਵਨ ਦਾ ਰਸਤਾ, ਮਾਨੋ,) ਇਕ ਬੜੀ ਹੀ ਤੰਗ ਗਲੀ (ਵਿਚੋਂ ਦੀ ਲੰਘਦਾ ਹੈ ਜਿਥੇ ਬੜਾ ਹੀ ਸੰਕੋਚ ਕਰ ਕੇ ਤੁਰਨਾ ਪੈਂਦਾ) ਹੈ (ਉਹ ਰਸਤਾ, ਮਾਨੋ,) ਖੰਡੇ ਦੀ ਧਾਰ (ਵਰਗਾ ਤ੍ਰਿੱਖਾ) ਹੈ (ਜਿਸ ਉਤੋਂ ਲੰਘਦਿਆਂ ਰਤਾ ਭਰ ਭੀ ਡੋਲਿਆਂ ਵਿਕਾਰਾਂ ਦੇ ਸਮੁੰਦਰ ਵਿਚ ਡਿੱਗ ਪਈਦਾ ਹੈ)।
ਲੇਖਾ ਲੀਜੈ ਤਿਲ ਜਿਉ ਪੀੜੀ ॥
ਕੀਤੇ ਕਰਮਾਂ ਦਾ ਹਿਸਾਬ ਭੀ ਮੁਕਾਣਾ ਪੈਂਦਾ ਹੈ (ਭਾਵ, ਜਦ ਤਕ ਮਨ ਵਿਚ ਵਿਕਾਰਾਂ ਦੇ ਸੰਸਕਾਰ ਮੌਜੂਦ ਹਨ, ਤਦ ਤਕ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ) ਜਿਵੇਂ ਤਿਲਾਂ ਨੂੰ (ਕੋਲ੍ਹੂ ਵਿਚ) ਪੀੜਿਆਂ ਹੀ ਤੇਲ ਨਿਕਲਦਾ ਹੈ (ਤਿਵੇਂ ਦੁੱਖ ਦੇ ਕੋਲ੍ਹੂ ਵਿਚ ਪੈ ਕੇ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ)।
ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥੧੦॥
ਇਸ ਦੁੱਖ ਵਿਚ ਮਾਂ ਪਿਉ ਵਹੁਟੀ ਪੁੱਤਰ ਕੋਈ ਭੀ ਸਹਾਈ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਮ-ਰਸ ਦੀ ਪ੍ਰਾਪਤੀ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥੧੦॥
ਮੀਤ ਸਖੇ ਕੇਤੇ ਜਗ ਮਾਹੀ ॥
ਜਗਤ ਵਿਚ (ਭਾਵੇਂ) ਅਨੇਕਾਂ ਹੀ ਮਿੱਤਰ ਸਾਥੀ (ਬਣਾ ਲਈਏ),
ਬਿਨੁ ਗੁਰ ਪਰਮੇਸਰ ਕੋਈ ਨਾਹੀ ॥
ਪਰ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਦੇ ਜੀਵ ਦਾ) ਕੋਈ ਮਦਦਗਾਰ ਨਹੀਂ ਬਣਦਾ।
ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥੧੧॥
ਗੁਰੂ ਦੀ ਦੱਸੀ ਸੇਵਾ ਹੀ (ਵਿਕਾਰਾਂ ਤੋਂ) ਖ਼ਲਾਸੀ ਦਾ ਆਸਰਾ ਬਣਦਾ ਹੈ। (ਜੇਹੜਾ ਬੰਦਾ) ਹਰ ਵੇਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਵਿਕਾਰਾਂ ਤੋਂ ਸੁਤੰਤਰ ਹੋ ਜਾਂਦਾ ਹੈ) ॥੧੧॥
ਕੂੜੁ ਛੋਡਿ ਸਾਚੇ ਕਉ ਧਾਵਹੁ ॥
ਮਾਇਆ ਦਾ ਮੋਹ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਦਾ ਉੱਦਮ ਕਰੋ।
ਜੋ ਇਛਹੁ ਸੋਈ ਫਲੁ ਪਾਵਹੁ ॥
(ਮਾਇਆ ਵਲੋਂ ਭੀ ਤਰਸੇਵਾਂ ਨਹੀਂ ਰਹੇਗਾ), ਜੋ ਕੁਝ (ਪ੍ਰਭੂ-ਦਰ ਤੋਂ) ਮੰਗੋਗੇ ਉਹੀ ਮਿਲ ਜਾਇਗਾ।
ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥੧੨॥
(ਪਰ ਮਾਇਆ ਇਤਨੀ ਪ੍ਰਬਲ ਹੈ ਕਿ) ਸਦਾ ਕਾਇਮ-ਰਹਿਣ ਵਾਲੇ ਨਾਮ-ਵੱਖਰ ਦੇ ਵਣਜਣ ਵਾਲੇ (ਜਗਤ ਵਿਚ) ਕੋਈ ਵਿਰਲੇ ਹੀ ਹੁੰਦੇ ਹਨ। ਜੇਹੜਾ ਮਨੁੱਖ ਇਹ ਵਣਜ ਕਰਦਾ ਹੈ ਉਹ (ਉੱਚੀ ਆਤਮਕ ਅਵਸਥਾ ਦਾ) ਲਾਭ ਖੱਟ ਲੈਂਦਾ ਹੈ ॥੧੨॥
ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥
ਪਰਮਾਤਮਾ ਦੇ ਨਾਮ ਦਾ ਸੌਦਾ (ਇਥੋਂ) ਖ਼ਰੀਦ ਕੇ ਤੁਰੋ,
ਦਰਸਨੁ ਪਾਵਹੁ ਸਹਜਿ ਮਹਲਹੁ ॥
ਪਰਮਾਤਮਾ ਦਾ ਦਰਸ਼ਨ ਪਾਵੋਗੇ, ਉਸ ਦੀ ਦਰਗਾਹ ਤੋਂ (ਉਹ ਦਾਤ ਮਿਲੇਗੀ ਜਿਸ ਦੀ ਬਰਕਤਿ ਨਾਲ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹੋਗੇ।
ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥੧੩॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੰਦੇ (ਆਤਮਕ ਗੁਣਾਂ ਵਿਚ) ਪੂਰਨ (ਹੋ ਕੇ ਪ੍ਰਭੂ ਦਾ ਨਾਮ-ਵੱਖਰ) ਹਾਸਲ ਕਰ ਲੈਂਦੇ ਹਨ, ਤੇ ਇਸ ਤਰ੍ਹਾਂ ਸਭ ਨਾਲ ਪਿਆਰ ਕਰਨ ਵਾਲੇ ਪਰਮਾਤਮਾ ਨੂੰ (ਆਪਣੇ ਅੰਦਰ ਵੱਸਦਾ ਹੀ) ਪਛਾਣ ਲੈਂਦੇ ਹਨ ॥੧੩॥
ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥
ਕੋਈ ਵਿਰਲੇ (ਭਾਗਾਂ ਵਾਲੇ) ਬੰਦੇ ਗੁਰੂ ਦੀ ਮੱਤ ਲੈ ਕੇ ਬੇਅੰਤ ਗੁਣਾਂ ਦੇ ਮਾਲਕ ਪਰਮਾਤਮਾ ਨੂੰ ਲੱਭ ਲੈਂਦੇ ਹਨ,
ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਮਨ ਨੂੰ (ਵਿਕਾਰਾਂ ਵਲ ਦੌੜਨ ਤੋਂ ਹਟਣ ਲਈ) ਸਮਝਾਂਦੇ ਹਨ।
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥
ਸਤਿਗੁਰੂ ਦੀ ਬਾਣੀ ਵਿਚ ਪੂਰਨ ਸਰਧਾ ਬਣਾਵੋ। ਇਸ ਤਰ੍ਹਾਂ (ਭਾਵ, ਗੁਰੂ ਦੀ ਬਾਣੀ ਵਿਚ ਸਰਧਾ ਬਣਾਇਆਂ) ਸਰਬ-ਵਿਆਪਕ ਪਰਮਾਤਮਾ ਵਿਚ ਲੀਨ ਹੋ ਜਾਈਦਾ ਹੈ (ਤੇ ਵਿਕਾਰਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ) ॥੧੪॥
ਨਾਰਦ ਸਾਰਦ ਸੇਵਕ ਤੇਰੇ ॥
ਹੇ ਪ੍ਰਭੂ! ਨਾਰਦ (ਆਦਿਕ ਵੱਡੇ ਵੱਡੇ ਰਿਸ਼ੀ) ਤੇ ਸਾਰਦਾ (ਵਰਗੀਆਂ ਬੇਅੰਤ ਦੇਵੀਆਂ) ਸਭ ਤੇਰੇ (ਹੀ ਦਰ ਦੇ) ਸੇਵਕ ਹਨ,
ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥
ਇਸ ਤ੍ਰਿਭਵਨੀ ਸੰਸਾਰ ਵਿਚ ਵੱਡੇ ਤੋਂ ਵੱਡੇ ਅਖਵਾਣ ਵਾਲੇ ਭੀ ਤੇਰੇ ਦਰ ਦੇ ਸੇਵਕ ਹਨ।
ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥
ਇਹ ਸਾਰੀ ਰਚਨਾ ਤੇਰੀ ਹੀ ਰਚੀ ਹੋਈ ਹੈ, ਇਹ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ। ਤੂੰ ਹਰੇਕ ਜੀਵ ਦੇ ਸਿਰ ਉਤੇ ਰਾਜ਼ਕ ਹੈਂ ॥੧੫॥
ਇਕਿ ਦਰਿ ਸੇਵਹਿ ਦਰਦੁ ਵਞਾਏ ॥
ਅਨੇਕਾਂ ਹੀ ਜੀਵ (ਤੇਰੇ ਨਾਮ ਦੀ ਬਰਕਤਿ ਨਾਲ ਆਪਣਾ) ਦੁੱਖ ਦਰਦ ਦੂਰ ਕਰ ਕੇ ਤੇਰੇ ਦਰ ਤੇ ਤੇਰੀ ਸੇਵਾ-ਭਗਤੀ ਕਰਦੇ ਹਨ।
ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥
ਜਿਨ੍ਹਾਂ ਨੂੰ ਸਤਿਗੁਰੂ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲੈਂਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਸਤਕਾਰ ਮਿਲਦਾ ਹੈ।
ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥੧੬॥
ਜਿਨ੍ਹਾਂ (ਵਡ-ਭਾਗੀਆਂ) ਦੇ ਹਉਮੈ ਦੇ ਬੰਧਨ ਸਤਿਗੁਰੂ ਨੇ ਤੋੜ ਦਿੱਤੇ, ਉਹਨਾਂ ਦੇ ਚੰਚਲ ਮਨ ਨੂੰ ਗੁਰੂ ਨੇ (ਵਿਕਾਰਾਂ ਵਲ) ਭਟਕਣ ਨਹੀਂ ਦਿੱਤਾ ॥੧੬॥
ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥
ਤੁਸੀਂ ਗੁਰੂ ਨੂੰ ਮਿਲੋ, ਤੇ (ਗੁਰੂ ਪਾਸੋਂ) ਉਹ ਢੰਗ ਸਿੱਖ ਲਵੋ,
ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥
ਜਿਸ ਦੀ ਸਹਾਇਤਾ ਨਾਲ ਪਰਮਾਤਮਾ ਨੂੰ ਮਿਲ ਸਕੋ, ਤੇ ਕਰਮਾਂ ਦਾ ਲੇਖਾ ਭੀ ਕੋਈ ਨਾਹ ਰਹਿ ਜਾਏ।
ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥੧੭॥੨॥੮॥
ਆਪਣੀ ਹਉਮੈ ਮਾਰ ਕੇ ਗੁਰੂ ਦੀ ਦੱਸੀ ਸੇਵਾ ਕਰੋ। ਹੇ ਦਾਸ ਨਾਨਕ! (ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ) ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਜਾਂਦਾ ਹੈ ॥੧੭॥੨॥੮॥
ਮਾਰੂ ਮਹਲਾ ੧ ॥
ਅਸੁਰ ਸਘਾਰਣ ਰਾਮੁ ਹਮਾਰਾ ॥
ਸਾਡਾ ਪਰਮਾਤਮਾ (ਸਾਡੇ ਮਨਾਂ ਵਿਚੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਦੇ ਸਮਰੱਥ ਹੈ।
ਘਟਿ ਘਟਿ ਰਮਈਆ ਰਾਮੁ ਪਿਆਰਾ ॥
ਉਹ ਪਿਆਰਾ ਸੋਹਣਾ ਰਾਮ ਹਰੇਕ ਸਰੀਰ ਵਿਚ ਵੱਸਦਾ ਹੈ।
ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥
ਹਰ ਵੇਲੇ ਸਾਡੇ ਅੰਦਰ ਮੌਜੂਦ ਹੈ, ਫਿਰ ਭੀ ਉਹ ਅਲੱਖ ਹੈ, ਉਸ ਦਾ ਸਰੂਪ ਉੱਕਾ ਹੀ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਦੇ ਗੁਣਾਂ ਦੀ ਵਿਚਾਰ (ਆਪਣੇ ਹਿਰਦੇ ਵਿਚ) ਪ੍ਰੋ ਲਵੋ ॥੧॥
ਗੁਰਮੁਖਿ ਸਾਧੂ ਸਰਣਿ ਤੁਮਾਰੀ ॥
ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਤੇਰੀ ਸਰਨ ਪੈਂਦੇ ਹਨ ਉਹ ਆਪਣੇ ਮਨ ਨੂੰ ਸਾਧ ਲੈਂਦੇ ਹਨ (ਵਿਕਾਰਾਂ ਵਲੋਂ ਰੋਕ ਲੈਂਦੇ ਹਨ)।
ਕਰਿ ਕਿਰਪਾ ਪ੍ਰਭਿ ਪਾਰਿ ਉਤਾਰੀ ॥
(ਜਿਸ ਭੀ ਮਨੁੱਖ ਨੇ ਗੁਰੂ ਵਲ ਮੂੰਹ ਕੀਤਾ ਉਸ ਨੂੰ) ਪ੍ਰਭੂ ਨੇ ਮੇਹਰ ਕਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ।
ਅਗਨਿ ਪਾਣੀ ਸਾਗਰੁ ਅਤਿ ਗਹਰਾ ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥੨॥
ਇਹ ਸੰਸਾਰ ਇਕ ਬੜਾ ਹੀ ਡੂੰਘਾ ਸਮੁੰਦਰ ਹੈ ਇਸ ਵਿਚ ਪਾਣੀ (ਦੇ ਥਾਂ ਵਿਕਾਰਾਂ ਦੀ) ਅੱਗ (ਭੜਕ ਰਹੀ) ਹੈ। ਇਸ ਵਿਚੋਂ ਸਤਿਗੁਰੂ ਪਾਰ ਲੰਘਾ ਲੈਂਦਾ ਹੈ ॥੨॥
ਮਨਮੁਖ ਅੰਧੁਲੇ ਸੋਝੀ ਨਾਹੀ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਬੰਦਿਆਂ ਨੂੰ (ਇਸ ਤ੍ਰਿਸ਼ਨਾ-ਅੱਗ ਦੇ ਸਮੁੰਦਰ ਦੀ) ਸਮਝ ਨਹੀਂ ਪੈਂਦੀ।
ਆਵਹਿ ਜਾਹਿ ਮਰਹਿ ਮਰਿ ਜਾਹੀ ॥
ਉਹ ਜਨਮ ਮਰਨ ਦੇ ਚੱਕਰ ਵਿਚ ਪੈਂਦੇ ਹਨ ਤੇ ਮੁੜ ਮੁੜ ਆਤਮਕ ਮੌਤੇ ਮਰਦੇ ਹਨ।
ਪੂਰਬਿ ਲਿਖਿਆ ਲੇਖੁ ਨ ਮਿਟਈ ਜਮ ਦਰਿ ਅੰਧੁ ਖੁਆਰਾ ਹੇ ॥੩॥
(ਪਰ ਉਹ ਵਿਚਾਰੇ ਭੀ ਕੀਹ ਕਰਨ?) ਪਿਛਲੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲਿਖਿਆ ਲੇਖ (ਜੋ ਉਹਨਾਂ ਦੇ ਮਨ ਵਿਚ ਉੱਕਰਿਆ ਪਿਆ ਹੈ) ਮਿਟਦਾ ਨਹੀਂ। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਦਰ ਤੇ ਖ਼ੁਆਰ ਹੁੰਦਾ ਹੈ ॥੩॥
ਇਕਿ ਆਵਹਿ ਜਾਵਹਿ ਘਰਿ ਵਾਸੁ ਨ ਪਾਵਹਿ ॥
(ਇਸੇ ਹੀ ਤਰ੍ਹਾਂ ਮਾਇਆ ਮੋਹ ਵਿਚ ਫਸ ਕੇ) ਅਨੇਕਾਂ ਹੀ ਜੀਵ ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ, ਪਰ ਆਪਣੇ ਅੰਤਰ ਆਤਮੇ ਅਡੋਲਤਾ ਨਹੀਂ ਪ੍ਰਾਪਤ ਕਰ ਸਕਦੇ,
ਕਿਰਤ ਕੇ ਬਾਧੇ ਪਾਪ ਕਮਾਵਹਿ ॥
ਉਹ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ (ਹੋਰ ਹੋਰ) ਪਾਪ ਕਰੀ ਜਾਂਦੇ ਹਨ।
ਅੰਧੁਲੇ ਸੋਝੀ ਬੂਝ ਨ ਕਾਈ ਲੋਭੁ ਬੁਰਾ ਅਹੰਕਾਰਾ ਹੇ ॥੪॥
ਮਾਇਆ ਦਾ ਲੋਭ ਤੇ ਅਹੰਕਾਰ ਬੜੀ ਬੁਰੀ ਬਲਾ ਹੈ, ਇਸ ਵਿਚ ਅੰਨ੍ਹੇ ਹੋਏ ਜੀਵ ਨੂੰ ਕੋਈ ਸੂਝ ਬੂਝ ਆ ਨਹੀਂ ਸਕਦੀ (ਕਿ ਕਿਸ ਰਾਹੇ ਪਿਆ ਹੋਇਆ ਹੈ) ॥੪॥
ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ ॥
ਜੇਹੜੀ ਇਸਤ੍ਰੀ ਪਤੀ ਤੋਂ ਵਿਛੁੜੀ ਹੋਈ ਹੋਵੇ ਉਸ ਦਾ ਹਾਰ-ਸਿੰਗਾਰ ਕਿਸ ਅਰਥ?
ਪਰ ਪਿਰ ਰਾਤੀ ਖਸਮੁ ਵਿਸਾਰਾ ॥
ਉਸ ਨੇ ਤਾਂ ਆਪਣਾ ਖਸਮ ਵਿਸਾਰ ਰੱਖਿਆ ਹੈ ਤੇ ਉਹ ਪਰਾਏ ਮਰਦ ਨਾਲ ਰੰਗ-ਰਲੀਆਂ ਮਾਣਦੀ ਹੈ।
ਜਿਉ ਬੇਸੁਆ ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ ॥੫॥
(ਇਹ ਹਾਰ-ਸਿੰਗਾਰ ਉਸ ਨੂੰ ਹੋਰ ਹੋਰ ਨਰਕ ਵਿਚ ਪਾਂਦਾ ਹੈ)। ਜਿਵੇਂ ਕਿਸੇ ਵੇਸੁਆ ਦੇ ਪੁੱਤਰ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ (ਉਹ ਜਗਤ ਵਿਚ ਹਾਸੋ-ਹੀਣਾ ਹੀ ਹੁੰਦਾ ਹੈ, ਇਸੇ ਤਰ੍ਹਾਂ ਪਤੀ-ਪ੍ਰਭੂ ਤੋਂ ਵਿਛੁੜੀ ਜੀਵ-ਇਸਤ੍ਰੀ ਦੇ) ਹੋਰ ਹੋਰ ਕਰਮ ਫੋਕੇ ਤੇ ਵਿਕਾਰ ਹੀ ਹਨ (ਇਹਨਾਂ ਵਿਚੋਂ ਨਮੋਸ਼ੀ ਹੀ ਮਿਲਦੀ ਹੈ) ॥੫॥
ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ॥
(ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ, ਮਾਨੋ, ਪ੍ਰੇਤ-ਜੂਨ ਹਨ। ਉਹਨਾਂ ਦੇ ਇਹ ਮਨੁੱਖਾ ਸਰੀਰ ਭੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹੀ ਹਨ) ਇਹਨਾਂ ਪ੍ਰੇਤ-ਪਿੰਜਰਾਂ ਵਿਚ ਉਹ ਬੇਅੰਤ ਦੁੱਖ ਸਹਿੰਦੇ ਹਨ।
ਨਰਕਿ ਪਚਹਿ ਅਗਿਆਨ ਅੰਧੇਰੇ ॥
ਅਗਿਆਨਤਾ ਦੇ ਹਨੇਰੇ ਵਿਚ ਪੈ ਕੇ ਉਹ (ਆਤਮਕ ਮੌਤ ਦੇ) ਨਰਕ ਵਿਚ ਖ਼ੁਆਰ ਹੁੰਦੇ ਹਨ।
ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥੬॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ (ਉਸ ਦੇ ਸਿਰ ਤੇ ਵਿਕਾਰਾਂ ਦਾ ਕਰਜ਼ਾ ਚੜ੍ਹਦਾ ਜਾਂਦਾ ਹੈ, ਉਹ ਮਨੁੱਖ ਧਰਮਰਾਜ ਦਾ ਕਰਜ਼ਾਈ ਹੋ ਜਾਂਦਾ ਹੈ) ਉਸ ਪਾਸੋਂ ਧਰਮਰਾਜ ਦੇ ਇਸ ਕਰਜ਼ੇ ਦੀ ਵਸੂਲੀ ਕੀਤੀ ਹੀ ਜਾਂਦੀ ਹੈ (ਭਾਵ, ਵਿਕਾਰਾਂ ਦੇ ਕਾਰਨ ਉਸ ਨੂੰ ਦੁੱਖ ਸਹਾਰਨੇ ਹੀ ਪੈਂਦੇ ਹਨ) ॥੬॥
ਸੂਰਜੁ ਤਪੈ ਅਗਨਿ ਬਿਖੁ ਝਾਲਾ ॥
(ਮਨਮੁਖ ਦੇ ਅੰਦਰ ਮਾਨੋ, ਮਾਇਆ ਦੇ ਮੋਹ ਦਾ) ਸੂਰਜ ਤਪਦਾ ਰਹਿੰਦਾ ਹੈ, ਉਸ ਦੇ ਅੰਦਰ ਵਿਹੁਲੀ ਤ੍ਰਿਸ਼ਨਾ-ਅੱਗ ਦੀਆਂ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ।
ਅਪਤੁ ਪਸੂ ਮਨਮੁਖੁ ਬੇਤਾਲਾ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਾਨੋ, ਭੂਤ ਹੈ, (ਮਨੁੱਖਾ ਸਰੀਰ ਹੁੰਦਿਆਂ ਭੀ ਅੰਤਰ ਆਤਮੇ) ਪਸ਼ੂ ਹੈ, ਉਸ ਨੂੰ ਕਿਤੇ ਆਦਰ ਨਹੀਂ ਮਿਲਦਾ।
ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ ॥੭॥
ਜੇਹੜੇ ਬੰਦੇ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਫਸ ਕੇ ਮਾਇਆ ਦੇ ਮੋਹ ਦੀ ਕਮਾਈ ਹੀ ਕਰਦੇ ਰਹਿੰਦੇ ਹਨ, ਉਹਨਾਂ ਨੂੰ (ਮੋਹ ਦਾ ਇਹ) ਅੱਤ ਭੈੜਾ ਰੋਗ ਚੰਬੜਿਆ ਹੀ ਰਹਿੰਦਾ ਹੈ ॥੭॥
ਮਸਤਕਿ ਭਾਰੁ ਕਲਰ ਸਿਰਿ ਭਾਰਾ ॥
ਜਿਸ ਮਨੁੱਖ ਦੇ ਮੱਥੇ ਉਤੇ ਸਿਰ ਉਤੇ (ਪਾਪਾਂ ਦੇ) ਕੱਲਰ ਦਾ ਬਹੁਤ ਸਾਰਾ ਭਾਰ ਰੱਖਿਆ ਹੋਵੇ,
ਕਿਉ ਕਰਿ ਭਵਜਲੁ ਲੰਘਸਿ ਪਾਰਾ ॥
ਉਹ ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਗਾ?
ਸਤਿਗੁਰੁ ਬੋਹਿਥੁ ਆਦਿ ਜੁਗਾਦੀ ਰਾਮ ਨਾਮਿ ਨਿਸਤਾਰਾ ਹੇ ॥੮॥
ਦੁਨੀਆ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਮੁੱਢ ਤੋਂ ਹੀ ਸਤਿਗੁਰੂ ਜਹਾਜ਼ ਹੈ ਜੋ ਜੀਵਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ ਪਾਰ ਲੰਘਾ ਦੇਂਦਾ ਹੈ ॥੮॥
ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ ॥
(ਸਭ ਜੀਵਾਂ ਦਾ) ਪੁੱਤਰ ਨਾਲ ਇਸਤ੍ਰੀ ਨਾਲ ਮੋਹ ਹੈ ਪਿਆਰ ਹੈ।
ਮਾਇਆ ਮੋਹੁ ਪਸਰਿਆ ਪਾਸਾਰਾ ॥
ਜਗਤ ਵਿਚ ਮਾਇਆ ਦਾ ਮੋਹ-ਰੂਪ ਖਿਲਾਰਾ ਖਿਲਰਿਆ ਪਿਆ ਹੈ।
ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ ॥੯॥
(ਇਹ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ) ਇਸ ਆਤਮਕ ਮੌਤ ਦੀਆਂ ਫਾਹੀਆਂ ਸਤਿਗੁਰੂ ਨੇ (ਉਸ ਮਨੁੱਖ ਦੇ ਗਲੋਂ) ਤੋੜ ਦਿੱਤੀਆਂ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ॥੯॥
ਕੂੜਿ ਮੁਠੀ ਚਾਲੈ ਬਹੁ ਰਾਹੀ ॥
ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ (ਪੈ ਕੇ ਆਤਮਕ ਜੀਵਨ ਦੀ ਪੂੰਜੀ) ਲੁਟਾ ਬੈਠਦੀ ਹੈ, ਉਹ (ਸਹੀ ਜੀਵਨ-ਰਾਹ ਤੋਂ ਖੁੰਝ ਕੇ) ਕਈ ਰਾਹਾਂ ਵਿਚ ਭਟਕਦੀ ਫਿਰਦੀ ਹੈ।
ਮਨਮੁਖੁ ਦਾਝੈ ਪੜਿ ਪੜਿ ਭਾਹੀ ॥
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਤ੍ਰਿਸ਼ਨਾ ਦੀ ਅੱਗ ਵਿਚ ਪੈ ਪੈ ਕੇ ਸੜਦਾ ਹੈ (ਦੁਖੀ ਹੁੰਦਾ ਹੈ)।
ਅੰਮ੍ਰਿਤ ਨਾਮੁ ਗੁਰੂ ਵਡ ਦਾਣਾ ਨਾਮੁ ਜਪਹੁ ਸੁਖ ਸਾਰਾ ਹੇ ॥੧੦॥
(ਇਸ ਰੋਗ ਤੋਂ ਬਚਾਣ ਲਈ) ਗੁਰੂ (ਜੋ) ਵੱਡਾ ਸਿਆਣਾ (ਹਕੀਮ) ਹੈ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇਂਦਾ ਹੈ। (ਗੁਰੂ ਦੀ ਸਰਨ ਪੈ ਕੇ) ਨਾਮ ਜਪੋ (ਇਸੇ ਵਿਚ) ਸ੍ਰੇਸ਼ਟ ਸੁਖ ਹੈ ॥੧੦॥
ਸਤਿਗੁਰੁ ਤੁਠਾ ਸਚੁ ਦ੍ਰਿੜਾਏ ॥
ਜਿਸ ਮਨੁੱਖ ਉਤੇ ਗੁਰੂ ਤ੍ਰੁੱਠਦਾ ਹੈ ਉਸ ਨੂੰ ਸਦਾ-ਥਿਰ ਹਰੀ-ਨਾਮ (ਹਿਰਦੇ ਵਿਚ) ਪੱਕਾ ਕਰਾ ਦੇਂਦਾ ਹੈ,
ਸਭਿ ਦੁਖ ਮੇਟੇ ਮਾਰਗਿ ਪਾਏ ॥
ਉਸ ਦੇ ਸਾਰੇ ਦੁੱਖ ਮਿਟਾ ਦੇਂਦਾ ਹੈ ਉਸ ਨੂੰ ਜ਼ਿੰਦਗੀ ਦੇ ਸਹੀ ਰਸਤੇ ਤੇ ਪਾ ਦੇਂਦਾ ਹੈ।
ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ ॥੧੧॥
ਸਤਿਗੁਰੂ ਜਿਸ ਮਨੁੱਖ ਦਾ ਰਾਖਾ ਬਣਦਾ ਹੈ (ਜ਼ਿੰਦਗੀ ਦੇ ਪੈਂਡੇ ਤੁਰਦਿਆਂ) ਉਸ ਦੇ ਪੈਰ ਵਿਚ ਕੰਡਾ ਨਹੀਂ ਚੁੱਭਦਾ (ਉਸ ਨੂੰ ਹਉਮੈ ਦਾ ਕੰਡਾ ਦੁਖੀ ਨਹੀਂ ਕਰਦਾ) ॥੧੧॥
ਖੇਹੂ ਖੇਹ ਰਲੈ ਤਨੁ ਛੀਜੈ ॥
ਸਾਰੀ ਉਮਰ ਮਾਇਆ ਦੇ ਮੋਹ ਵਿਚ ਹੀ (ਮਨਮੁਖ ਦਾ) ਸਰੀਰ ਆਖ਼ਰ ਨਾਸ ਹੋ ਜਾਂਦਾ ਹੈ ਤੇ (ਉਸ ਦਾ ਸ੍ਰੇਸ਼ਟ ਮਨੁੱਖਾ ਜੀਵਨ) ਸੁਆਹ ਵਿਚ ਹੀ ਰਲ ਜਾਂਦਾ ਹੈ।
ਮਨਮੁਖੁ ਪਾਥਰੁ ਸੈਲੁ ਨ ਭੀਜੈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪੱਥਰ ਦਿਲ ਹੀ ਰਹਿੰਦਾ ਹੈ ਕਦੇ (ਭਗਤੀ-ਭਾਵ ਵਿਚ) ਨਹੀਂ ਭਿੱਜਦਾ।
ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ ॥੧੨॥
(ਜੀਵਨ ਦਾ ਸਮਾ ਵਿਹਾ ਜਾਣ ਤੇ ਜੇ ਉਹ) ਬਥੇਰੇ ਤਰਲੇ ਭੀ ਕਰੇ (ਤਾਂ ਕਿਸੇ ਅਰਥ ਨਹੀਂ) ਉਹ ਕਦੇ ਨਰਕ ਵਿਚ ਕਦੇ ਸੁਰਗ ਵਿਚ ਜੰਮਦਾ ਹੀ ਰਹਿੰਦਾ ਹੈ (ਭਾਵ, ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਸੁਖ ਭੋਗਦਾ ਰਹਿੰਦਾ ਹੈ) ॥੧੨॥
ਮਾਇਆ ਬਿਖੁ ਭੁਇਅੰਗਮ ਨਾਲੇ ॥
(ਗੁਰੂ ਦੀ ਸਰਨ ਤੋਂ ਬਿਨਾ) ਮਾਇਆ ਦੇ ਮੋਹ-ਰੂਪ ਸੱਪ ਦਾ ਜ਼ਹਿਰ ਜੀਵਾਂ ਦੇ ਅੰਦਰ ਟਿਕਿਆ ਰਹਿੰਦਾ ਹੈ (ਤੇ ਜੀਵਾਂ ਨੂੰ ਆਤਮਕ ਮੌਤੇ ਮਾਰਦਾ ਰਹਿੰਦਾ ਹੈ)।
ਇਨਿ ਦੁਬਿਧਾ ਘਰ ਬਹੁਤੇ ਗਾਲੇ ॥
ਇਸ ਨੇ ਦੁਬਿਧਾ ਵਿਚ ਪਾ ਕੇ ਅਨੇਕਾਂ ਘਰ ਗਾਲ ਦਿੱਤੇ ਹਨ (ਮੋਹ ਨੇ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਪੈ ਕੇ ਅਨੇਕਾਂ ਜੀਵਨ ਬਰਬਾਦ ਕਰ ਦਿੱਤੇ ਹਨ)।
ਸਤਿਗੁਰ ਬਾਝਹੁ ਪ੍ਰੀਤਿ ਨ ਉਪਜੈ ਭਗਤਿ ਰਤੇ ਪਤੀਆਰਾ ਹੇ ॥੧੩॥
ਗੁਰੂ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਪ੍ਰੀਤ ਪੈਦਾ ਨਹੀਂ ਹੁੰਦੀ। ਜੇਹੜੇ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਭਗਤ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿਚ ਖ਼ੁਸ਼ ਰਹਿੰਦਾ ਹੈ ॥੧੩॥
ਸਾਕਤ ਮਾਇਆ ਕਉ ਬਹੁ ਧਾਵਹਿ ॥
ਮਾਇਆ-ਵੇੜ੍ਹੇ ਜੀਵ ਮਾਇਆ ਇਕੱਠੀ ਕਰਨ ਦੀ ਖ਼ਾਤਰ ਬਹੁਤ ਭੱਜ-ਦੌੜ ਕਰਦੇ ਹਨ,
ਨਾਮੁ ਵਿਸਾਰਿ ਕਹਾ ਸੁਖੁ ਪਾਵਹਿ ॥
(ਕਿਉਂਕਿ ਉਹ ਇਸੇ ਵਿਚ ਸੁਖ ਲੱਭਣ ਦੀ ਆਸ ਰੱਖਦੇ ਹਨ) ਪਰ ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਆਨੰਦ ਕਿੱਥੋਂ ਲੈ ਸਕਦੇ ਹਨ?
ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ ॥੧੪॥
ਉਹ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਫਸੇ ਰਹਿ ਕੇ ਦੁਖੀ ਹੁੰਦੇ ਹਨ (ਹੋਰਨਾਂ ਨੂੰ ਭੀ) ਦੁਖੀ ਕਰਦੇ ਹਨ। ਦੁੱਖਾਂ ਦੇ ਇਸ ਸਮੁੰਦਰ ਵਿਚੋਂ ਉਹ ਪਾਰਲੇ ਬੰਨੇ ਨਹੀਂ ਪਹੁੰਚ ਸਕਦੇ ॥੧੪॥
ਕੂਕਰ ਸੂਕਰ ਕਹੀਅਹਿ ਕੂੜਿਆਰਾ ॥
ਨਿਰੇ ਕੂੜ ਦੇ ਵਪਾਰੀ ਬੰਦੇ (ਵੇਖਣ ਨੂੰ ਤਾਂ ਮਨੁੱਖ ਹਨ, ਪਰ ਅਸਲ ਵਿਚ ਉਹ) ਕੁੱਤੇ ਤੇ ਸੂਰ ਹੀ (ਆਪਣੇ ਆਪ ਨੂੰ) ਅਖਵਾਂਦੇ ਹਨ,
ਭਉਕਿ ਮਰਹਿ ਭਉ ਭਉ ਭਉਹਾਰਾ ॥
(ਕਿਉਂਕਿ ਕੁੱਤਿਆਂ ਤੇ ਸੂਰਾਂ ਵਾਂਗ ਮਾਇਆ ਦੀ ਖ਼ਾਤਰ) ਭੌਂਕ ਭੌਂਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਸਾਰੀ ਉਮਰ ਭਟਕਦੇ ਭਟਕਦੇ ਥੱਕ ਟੁੱਟ ਜਾਂਦੇ ਹਨ।
ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥੧੫॥
ਉਹਨਾਂ ਦੇ ਮਨ ਵਿਚ ਮਾਇਆ ਦਾ ਮੋਹ, ਉਹਨਾਂ ਦੇ ਸਰੀਰ ਵਿਚ ਮਾਇਆ ਦਾ ਮੋਹ, ਸਾਰੀ ਉਮਰ ਉਹ ਮੋਹ ਦੀ ਕਮਾਈ ਹੀ ਕਰਦੇ ਹਨ। ਇਸ ਭੈੜੀ ਮੱਤੇ ਲੱਗ ਕੇ ਪਰਮਾਤਮਾ ਦੀ ਦਰਗਾਹ ਵਿਚ ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ ॥੧੫॥
ਸਤਿਗੁਰੁ ਮਿਲੈ ਤ ਮਨੂਆ ਟੇਕੈ ॥
ਜੇ ਸਤਿਗੁਰੂ ਮਿਲ ਪਏ ਤਾਂ ਉਹ ਮਨੁੱਖ ਦੇ (ਡੋਲਦੇ) ਮਨ ਨੂੰ ਸਹਾਰਾ ਦੇਂਦਾ ਹੈ।
ਰਾਮ ਨਾਮੁ ਦੇ ਸਰਣਿ ਪਰੇਕੈ ॥
ਉਹ ਸਰਨ ਪਏ ਮਨੁੱਖ ਨੂੰ ਪਰਮਾਤਮਾ ਦਾ ਨਾਮ (ਧਨ) ਦਿੰਦਾ ਹੈ।
ਹਰਿ ਧਨੁ ਨਾਮੁ ਅਮੋਲਕੁ ਦੇਵੈ ਹਰਿ ਜਸੁ ਦਰਗਹ ਪਿਆਰਾ ਹੇ ॥੧੬॥
ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੂਪ (ਅਜਿਹਾ) ਕੀਮਤੀ ਧਨ ਦੇਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਦਾਤਿ) ਦੇਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਨੂੰ) ਪ੍ਰਭੂ ਦੀ ਦਰਗਾਹ ਵਿਚ ਆਦਰ-ਪਿਆਰ ਮਿਲਦਾ ਹੈ ॥੧੬॥
ਰਾਮ ਨਾਮੁ ਸਾਧੂ ਸਰਣਾਈ ॥
ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ ਮਿਲਦਾ ਹੈ।
ਸਤਿਗੁਰ ਬਚਨੀ ਗਤਿ ਮਿਤਿ ਪਾਈ ॥
ਗੁਰੂ ਦੇ ਬਚਨਾਂ ਤੇ ਤੁਰਿਆਂ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਕਿਹੋ ਜਿਹਾ (ਦਇਆਲ) ਹੈ ਤੇ ਕੇਡਾ ਵੱਡਾ (ਬੇਅੰਤ) ਹੈ।
ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ ਮੇਲਣਹਾਰਾ ਹੇ ॥੧੭॥੩॥੯॥
ਹੇ ਨਾਨਕ! (ਆਪਣੇ ਮਨ ਨੂੰ ਸਮਝਾ) ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ (ਨਾਮ ਜਪਣ ਵਾਲੇ ਵਡ-ਭਾਗੀ ਨੂੰ) ਮੇਲਣਹਾਰ ਪ੍ਰਭੂ ਆਪਣੇ ਚਰਣਾਂ ਵਿਚ ਮਿਲਾ ਲੈਂਦਾ ਹੈ ॥੧੭॥੩॥੯॥
ਮਾਰੂ ਮਹਲਾ ੧ ॥
ਘਰਿ ਰਹੁ ਰੇ ਮਨ ਮੁਗਧ ਇਆਨੇ ॥
ਹੇ ਅੰਞਾਣ ਮੂਰਖ ਮਨ! ਅਡੋਲਤਾ ਵਿਚ ਟਿਕਿਆ ਰਹੁ।
ਰਾਮੁ ਜਪਹੁ ਅੰਤਰ ਗਤਿ ਧਿਆਨੇ ॥
ਆਪਣੇ ਅੰਦਰ ਹੀ ਟਿਕਿਆ ਰਹਿ ਕੇ ਤੇ ਸੁਰਤ ਜੋੜ ਕੇ ਪ੍ਰਭੂ ਦਾ ਨਾਮ ਜਪ।
ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ ॥੧॥
(ਹੇ ਮਨ! ਮਾਇਆ ਦਾ) ਲਾਲਚ ਛੱਡ ਕੇ ਉਸ ਪ੍ਰਭੂ ਵਿਚ ਲੀਨ ਰਹੁ ਜੋ ਪਰੇ ਤੋਂ ਪਰੇ ਹੈ (ਜਿਸ ਤੋਂ ਅਗਾਂਹ ਕੋਈ ਹੋਰ ਹਸਤੀ ਨਹੀਂ ਹੈ)। ਇਸੇ ਤਰ੍ਹਾਂ ਤੂੰ (ਮਾਇਆ ਦੇ ਲਾਲਚ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲਏਂਗਾ ॥੧॥
ਜਿਸੁ ਬਿਸਰਿਐ ਜਮੁ ਜੋਹਣਿ ਲਾਗੈ ॥
ਜਿਸ ਪ੍ਰਭੂ ਦੇ ਭੁੱਲ ਜਾਣ ਨਾਲ ਮੌਤ ਘੂਰਨ ਲੱਗ ਪੈਂਦੀ ਹੈ,
ਸਭਿ ਸੁਖ ਜਾਹਿ ਦੁਖਾ ਫੁਨਿ ਆਗੈ ॥
ਸਾਰੇ ਸੁਖ ਦੂਰ ਹੋ ਜਾਂਦੇ ਹਨ ਤੇ ਉਹਨਾਂ ਦੇ ਥਾਂ ਜੀਵਨ-ਪੰਧ ਵਿਚ ਦੁੱਖ ਹੀ ਦੁੱਖ ਵਾਪਰਦੇ ਹਨ,
ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ ॥੨॥
ਹੇ ਜਿੰਦੇ! ਗੁਰੂ ਦੀ ਸਰਨ ਪੈ ਕੇ ਉਸ ਪ੍ਰਭੂ ਦਾ ਨਾਮ ਜਪ, ਤੇ ਉਸ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ ਦੇ ਮੰਡਲ ਵਿਚ ਟਿਕਾ ਰੱਖ ॥੨॥
ਹਰਿ ਹਰਿ ਨਾਮੁ ਜਪਹੁ ਰਸੁ ਮੀਠਾ ॥
ਹੇ ਜਿੰਦੇ! ਸਦਾ ਪਰਮਾਤਮਾ ਦਾ ਨਾਮ ਜਪ (ਜਪਿਆਂ ਹੀ ਸਮਝ ਪਏਗੀ ਕਿ ਨਾਮ ਜਪਣ ਦਾ) ਮਿੱਠਾ ਸੁਆਦ ਹੈ।
ਗੁਰਮੁਖਿ ਹਰਿ ਰਸੁ ਅੰਤਰਿ ਡੀਠਾ ॥
ਗੁਰੂ ਦੀ ਸਰਨ ਪੈ ਕੇ ਇਹ ਨਾਮ-ਰਸ ਆਪਣੇ ਅੰਦਰ ਹੀ ਅਨੁਭਵ ਕਰ ਸਕੀਦਾ ਹੈ।
ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥੩॥
ਦਿਨ ਰਾਤ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹੋ, ਇਹ ਨਾਮ-ਰੰਗ ਹੀ ਸ੍ਰੇਸ਼ਟ ਤਪ ਹੈ, ਸ੍ਰੇਸ਼ਟ ਤਪ ਹੈ, ਸ੍ਰੇਸ਼ਟ ਸੰਜਮ ਹੈ ॥੩॥
ਰਾਮ ਨਾਮੁ ਗੁਰ ਬਚਨੀ ਬੋਲਹੁ ॥
ਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰੋ,
ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥
(ਆਤਮਕ ਆਨੰਦ ਮਿਲੇਗਾ, ਪਰ ਇਹ ਆਨੰਦ ਸਾਧ ਸੰਗਤ ਵਿਚ ਪ੍ਰਾਪਤ ਹੁੰਦਾ ਹੈ) ਸਾਧ ਸੰਗਤ ਵਿਚ ਜਾ ਕੇ ਇਸ ਆਨੰਦ ਦੀ ਭਾਲ ਕਰੋ।
ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥੪॥
ਗੁਰੂ ਦੀ ਮੱਤ ਤੇ ਤੁਰ ਕੇ ਆਪਣਾ ਉਹ ਆਤਮਕ ਟਿਕਾਣਾ ਲੱਭੋ ਜਿਥੇ ਪਹੁੰਚ ਕੇ ਮੁੜ ਜਨਮ ਮਰਨ ਦੇ ਗੇੜ ਵਿਚ ਨਾਹ ਪੈਣਾ ਪਏ ॥੪॥
ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥
ਸਦਾ-ਥਿਰ ਪ੍ਰਭੂ ਦਾ ਨਾਮ (ਸਿਮਰੋ), ਪਰਮਾਤਮਾ ਦੇ ਗੁਣ ਗਾਵੋ (ਇਹੀ ਹੈ ਤੀਰਥ-ਇਸ਼ਨਾਨ, ਇਸ) ਤੀਰਥ ਉਤੇ ਇਸ਼ਨਾਨ ਕਰੋ।
ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥
ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੋ, ਪਰਮਾਤਮਾ ਦੇ ਗੁਣਾਂ ਨੂੰ ਵਿਚਾਰੋ।
ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ ॥੫॥
ਪਿਆਰੇ ਪ੍ਰਭੂ ਦਾ ਨਾਮ ਸਿਮਰੋ, ਅਖ਼ੀਰਲੇ ਸਮੇ ਮੌਤ ਦਾ ਡਰ ਪੋਹ ਨਹੀਂ ਸਕੇਗਾ ॥੫॥
ਸਤਿਗੁਰੁ ਪੁਰਖੁ ਦਾਤਾ ਵਡ ਦਾਣਾ ॥
ਗੁਰੂ ਅਕਾਲ ਪੁਰਖ (ਦਾ ਰੂਪ) ਹੈ, ਸਭ ਦਾਤਾਂ ਦੇਣ ਦੇ ਸਮਰੱਥ ਹੈ, ਬੜਾ ਸਿਆਣਾ ਹੈ,
ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ ॥
ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਸਦਾ ਵੱਸਦਾ ਹੈ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਸਦਾ ਲੀਨ ਰਹਿੰਦਾ ਹੈ।
ਜਿਸ ਕਉ ਸਤਿਗੁਰੁ ਮੇਲਿ ਮਿਲਾਏ ਤਿਸੁ ਚੂਕਾ ਜਮ ਭੈ ਭਾਰਾ ਹੇ ॥੬॥
ਉਹ ਗੁਰੂ ਜਿਸ ਮਨੁੱਖ ਨੂੰ ਆਪਣੀ ਸੰਗਤ ਵਿਚ ਮਿਲਾਂਦਾ ਹੈ ਉਸ (ਦੇ ਸਿਰ) ਤੋਂ ਜਮਾਂ ਦੇ ਡਰ ਦਾ ਭਾਰ ਦੂਰ ਹੋ ਜਾਂਦਾ ਹੈ ॥੬॥
ਪੰਚ ਤਤੁ ਮਿਲਿ ਕਾਇਆ ਕੀਨੀ ॥
(ਆਪਣੇ) ਇਸ ਸਰੀਰ ਵਿਚ, ਜੋ ਪਰਮਾਤਮਾ ਨੇ ਪੰਜ (ਵਿਰੋਧੀ) ਤੱਤ ਰਲਾ ਕੇ ਬਣਾਇਆ ਹੈ,
ਤਿਸ ਮਹਿ ਰਾਮ ਰਤਨੁ ਲੈ ਚੀਨੀ ॥
ਪਰਮਾਤਮਾ ਦਾ ਨਾਮ-ਰਤਨ ਖੋਜ ਕੇ ਲੱਭ ਲੈ।
ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥
(ਜਿਉਂ ਜਿਉਂ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰੀਏ, (ਤਿਉਂ ਤਿਉਂ ਇਹ ਸਮਝ ਆ ਜਾਂਦੀ ਹੈ ਕਿ) ਆਤਮਾ ਤੇ ਪਰਮਾਤਮਾ ਇਕ-ਰੂਪ ਹਨ ॥੭॥
ਸਤ ਸੰਤੋਖਿ ਰਹਹੁ ਜਨ ਭਾਈ ॥
ਹੇ ਭਾਈ ਜਨੋ! ਸੇਵਾ ਤੇ ਸੰਤੋਖ ਵਿਚ ਜੀਵਨ ਬਿਤਾਵੋ।
ਖਿਮਾ ਗਹਹੁ ਸਤਿਗੁਰ ਸਰਣਾਈ ॥
ਗੁਰੂ ਦੀ ਸਰਨ ਪੈ ਕੇ ਦੂਜਿਆਂ ਦੀ ਵਧੀਕੀ ਸਹਾਰਨ ਦਾ ਗੁਣ ਗ੍ਰਹਣ ਕਰੋ।
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥
ਆਪਣੇ ਆਤਮਾ ਨੂੰ ਪਛਾਣ ਕੇ ਦੂਜਿਆਂ ਦੇ ਆਤਮਾ ਨੂੰ ਭੀ ਪਛਾਣੋ। ਗੁਰੂ ਦੀ ਸੰਗਤ ਵਿਚ ਰਿਹਾਂ ਇਹ ਨਿਰਨਾ ਆਉਂਦਾ ਹੈ ॥੮॥
ਸਾਕਤ ਕੂੜ ਕਪਟ ਮਹਿ ਟੇਕਾ ॥
ਮਾਇਆ-ਵੇੜ੍ਹੇ ਬੰਦੇ ਮਾਇਆ ਦੇ ਮੋਹ ਵਿਚ ਤੇ ਛਲ ਵਿਚ (ਆਪਣੇ ਜੀਵਨ ਦਾ) ਆਸਰਾ (ਭਾਲਦੇ ਹਨ),
ਅਹਿਨਿਸਿ ਨਿੰਦਾ ਕਰਹਿ ਅਨੇਕਾ ॥
ਉਹ ਦਿਨ ਰਾਤ ਅਨੇਕਾਂ ਕਿਸਮਾਂ ਦੀ ਪਰਾਈ ਨਿੰਦਾ ਕਰਦੇ ਰਹਿੰਦੇ ਹਨ।
ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥੯॥
ਸਿਮਰਨ ਤੋਂ ਵਾਂਝੇ ਰਹਿ ਕੇ ਉਹ (ਇਸ ਨਿੰਦਾ ਆਦਿਕ ਦੇ ਕੁਰਾਹੇ ਪੈ ਕੇ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦੇ ਹਨ, ਗਰਭ-ਜੂਨ ਦੇ ਨਰਕਾਂ ਵਿਚ ਪੈਂਦੇ ਹਨ ॥੯॥
ਸਾਕਤ ਜਮ ਕੀ ਕਾਣਿ ਨ ਚੂਕੈ ॥
ਮਾਇਆ-ਵੇੜ੍ਹੇ ਜੀਵਾਂ ਦੇ ਅੰਦਰੋਂ ਜਮ ਦਾ ਡਰ ਦੂਰ ਨਹੀਂ ਹੁੰਦਾ,
ਜਮ ਕਾ ਡੰਡੁ ਨ ਕਬਹੂ ਮੂਕੈ ॥
ਜਮ ਦੀ ਸਜ਼ਾ ਉਹਨਾਂ ਦੇ ਸਿਰ ਤੋਂ ਨਹੀਂ ਟਲਦੀ।
ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ ॥੧੦॥
ਅਹੰਕਾਰੀਆਂ ਦੇ ਸਿਰ ਉਤੇ (ਵਿਕਾਰਾਂ ਦਾ) ਅਸਹਿ ਭਾਰ ਟਿਕਿਆ ਰਹਿੰਦਾ ਹੈ (ਇਹ, ਮਾਨੋ, ਉਹਨਾਂ ਦੇ ਸਿਰ ਉਤੇ ਕਰਜ਼ਾ ਹੈ) ਧਰਮਰਾਜ ਦੇ ਇਸ ਕਰਜ਼ੇ ਦਾ ਲੇਖਾ ਉਹਨਾਂ ਪਾਸੋਂ ਲਿਆ ਹੀ ਜਾਂਦਾ ਹੈ ॥੧੦॥
ਬਿਨੁ ਗੁਰ ਸਾਕਤੁ ਕਹਹੁ ਕੋ ਤਰਿਆ ॥
ਗੁਰੂ ਦੀ ਸਰਨ ਤੋਂ ਬਿਨਾ ਕੋਈ ਭੀ ਮਾਇਆ-ਵੇੜ੍ਹਿਆ ਬੰਦਾ (ਮਾਇਆ-ਮੋਹ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ।
ਹਉਮੈ ਕਰਤਾ ਭਵਜਲਿ ਪਰਿਆ ॥
(ਮਾਇਆ ਦੀ ਮਸਤੀ ਦੇ ਕਾਰਨ ਉਹ) ‘ਹਉ ਹਉ ਮੈਂ ਮੈਂ’ ਕਰਦਾ ਸੰਸਾਰ-ਸਮੁੰਦਰ ਵਿਚ ਡੁੱਬਾ ਰਹਿੰਦਾ ਹੈ।
ਬਿਨੁ ਗੁਰ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ ॥੧੧॥
ਗੁਰੂ ਤੋਂ ਬਿਨਾ ਕੋਈ ਮਨੁੱਖ (ਇਸ ਸਮੁੰਦਰ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ। ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਜਪਿਆਂ ਹੀ) ਪਾਰਲੇ ਕੰਢੇ ਪਹੁੰਚ ਸਕੀਦਾ ਹੈ ॥੧੧॥
ਗੁਰ ਕੀ ਦਾਤਿ ਨ ਮੇਟੈ ਕੋਈ ॥
ਕੋਈ ਆਦਮੀ ਗੁਰੂ ਦੀ ਇਸ ਬਖ਼ਸ਼ਸ਼ ਦੇ ਰਾਹ ਵਿਚ ਰੁਕਾਵਟ ਨਹੀਂ ਪਾ ਸਕਦਾ।
ਜਿਸੁ ਬਖਸੇ ਤਿਸੁ ਤਾਰੇ ਸੋਈ ॥
ਜਿਸ ਮਨੁੱਖ ਉਤੇ ਗੁਰੂ ਬਖ਼ਸ਼ਸ਼ ਕਰਦਾ ਹੈ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ ॥੧੨॥
(ਗੁਰੂ ਦੀ ਮੇਹਰ ਨਾਲ) ਜਿਸ ਮਨੁੱਖ ਦੇ ਮਨ ਵਿਚ ਉਹ ਅਪਰ ਅਪਾਰ ਪ੍ਰਭੂ ਆ ਵੱਸਦਾ ਹੈ ਜਨਮ ਮਰਨ ਦਾ ਦੁੱਖ ਉਸ ਦੇ ਨੇੜੇ ਨਹੀਂ ਢੁਕਦਾ ॥੧੨॥
ਗੁਰ ਤੇ ਭੂਲੇ ਆਵਹੁ ਜਾਵਹੁ ॥
ਜੇ ਗੁਰੂ ਦੇ ਦਰ ਤੋਂ ਖੁੰਝੇ ਰਹੋਗੇ ਤਾਂ (ਸੰਸਾਰ ਵਿਚ ਮੁੜ ਮੁੜ) ਜੰਮਦੇ ਮਰਦੇ ਰਹੋਗੇ,
ਜਨਮਿ ਮਰਹੁ ਫੁਨਿ ਪਾਪ ਕਮਾਵਹੁ ॥
ਜਨਮ ਮਰਨ ਦੇ ਗੇੜ ਵਿਚ ਪਏ ਰਹੋਗੇ ਤੇ ਪਾਪ-ਕਰਮ ਕਰਦੇ ਰਹੋਗੇ।
ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ ॥੧੩॥
ਮਾਇਆ-ਵੇੜ੍ਹੇ ਮੂਰਖ ਗ਼ਾਫ਼ਿਲ ਮਨੁੱਖ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਦੋਂ ਕੋਈ ਦੁੱਖ ਵਿਆਪਦਾ ਹੈ ਤਾਂ ਉਸ ਵੇਲੇ ‘ਹਾਇ ਰਾਮ! ਹਾਇ ਰਾਮ!’ ਪੁਕਾਰਦੇ ਹਨ ॥੧੩॥
ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥
ਹੇ ਪ੍ਰਾਣੀ! ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁਖ ਸੁਖ ਭੋਗੀਦੇ ਹਨ।
ਸੋ ਜਾਣੈ ਜਿਨਿ ਦਾਤੈ ਦੀਏ ॥
ਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ (ਇਹ ਦੁਖ ਸੁਖ ਭੋਗਣੇ) ਦਿੱਤੇ ਹਨ।
ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ ॥੧੪॥
ਹੇ ਪ੍ਰਾਣੀ! (ਵਾਪਰੇ ਦੁੱਖਾਂ ਦੇ ਕਾਰਨ) ਤੂੰ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦਾ, ਇਹ ਤਾਂ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਸਹਾਰ ॥੧੪॥
ਹਉਮੈ ਮਮਤਾ ਕਰਦਾ ਆਇਆ ॥
(ਜਨਮ ਜਨਮਾਂਤਰਾਂ ਤੋਂ) ਜੀਵ ਹਉਮੈ ਤੇ ਮਮਤਾ ਅਹੰਕਾਰ-ਭਰੀਆਂ ਗੱਲਾਂ ਕਰਦਾ ਆ ਰਿਹਾ ਹੈ।
ਆਸਾ ਮਨਸਾ ਬੰਧਿ ਚਲਾਇਆ ॥
ਇਹ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਬੱਝਾ ਚਲਾ ਆ ਰਿਹਾ ਹੈ।
ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ ॥੧੫॥
‘ਇਹ ਮਾਇਆ ਮੇਰੀ ਹੈ ਇਹ ਮਾਇਆ ਮੇਰੀ ਹੈ’-ਇਹ ਆਖ ਆਖ ਕੇ ਇਥੋਂ ਆਪਣੇ ਨਾਲ ਭੀ ਕੁਝ ਨਹੀਂ ਲੈ ਜਾ ਸਕਦਾ। ਵਿਕਾਰਾਂ ਦੀ ਸੁਆਹ ਵਿਕਾਰਾਂ ਦਾ ਜ਼ਹਰ ਹੀ ਲੱਦ ਲੈਂਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਦੇਂਦਾ ਹੈ) ॥੧੫॥
ਹਰਿ ਕੀ ਭਗਤਿ ਕਰਹੁ ਜਨ ਭਾਈ ॥
ਹੇ ਭਾਈ ਜਨੋ! ਪਰਮਾਤਮਾ ਦੀ ਭਗਤੀ ਕਰੋ।
ਅਕਥੁ ਕਥਹੁ ਮਨੁ ਮਨਹਿ ਸਮਾਈ ॥
ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, (ਇਸ ਤਰ੍ਹਾਂ ਇਹ ਵਿਕਾਰੀ) ਮਨ (ਰੱਬ) ਮਨ ਵਿਚ ਹੀ ਲੀਨ ਹੋ ਜਾਇਗਾ।
ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ ॥੧੬॥
ਇਸ ਮਨ ਨੂੰ ਜੋ (ਮਾਇਆ ਦੇ ਪਿੱਛੇ) ਉਠ ਉਠ ਕੇ ਭੱਜਦਾ ਹੈ ਰੋਕ ਕੇ ਆਪਣੇ ਅਡੋਲ ਆਤਮਕ ਟਿਕਾਣੇ ਵਿਚ ਕਾਬੂ ਕਰ ਰੱਖੋ। (ਇਸ ਤਰ੍ਹਾਂ) ਸਾਰੇ ਦੁੱਖ ਕੱਟਣ ਦੇ ਸਮਰੱਥ ਪ੍ਰਭੂ ਦੁੱਖ ਦੂਰ ਕਰ ਦੇਵੇਗਾ ॥੧੬॥
ਹਰਿ ਗੁਰ ਪੂਰੇ ਕੀ ਓਟ ਪਰਾਤੀ ॥
ਜਿਸ ਮਨੁੱਖ ਨੇ ਪਰਮਾਤਮਾ ਦੀ ਤੇ ਪੂਰੇ ਗੁਰੂ ਦੀ ਸਰਨ ਦੀ ਕਦਰ ਪਛਾਣ ਲਈ ਹੈ,
ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ ॥
ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਸੁਰਤ ਜੋੜਨੀ ਸਮਝ ਲਈ ਹੈ,
ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ ॥੧੭॥੪॥੧੦॥
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦੀ ਮੱਤ ਸ੍ਰੇਸ਼ਟ ਹੋ ਜਾਂਦੀ ਹੈ, ਪਰਮਾਤਮਾ ਉਸ ਉਤੇ ਮੇਹਰ ਕਰਦਾ ਹੈ ਤੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੭॥੪॥੧੦॥
ਮਾਰੂ ਮਹਲਾ ੧ ॥
ਸਰਣਿ ਪਰੇ ਗੁਰਦੇਵ ਤੁਮਾਰੀ ॥
ਹੇ ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ,
ਤੂ ਸਮਰਥੁ ਦਇਆਲੁ ਮੁਰਾਰੀ ॥
ਤੂੰ (ਕਾਮਾਦਿਕ) ਵੈਰੀਆਂ ਦਾ ਮਾਰਨ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ।
ਤੇਰੇ ਚੋਜ ਨ ਜਾਣੈ ਕੋਈ ਤੂ ਪੂਰਾ ਪੁਰਖੁ ਬਿਧਾਤਾ ਹੇ ॥੧॥
ਕੋਈ ਜੀਵ ਤੇਰੇ ਕੌਤਕ ਸਮਝ ਨਹੀਂ ਸਕਦਾ, ਤੂੰ ਸਭ ਗੁਣਾਂ ਦਾ ਮਾਲਕ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ॥੧॥
ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥
ਜਗਤ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਤੂੰ (ਸਭ ਜੀਵਾਂ ਦੀ) ਪਾਲਣਾ ਕਰਦਾ ਆ ਰਿਹਾ ਹੈਂ,
ਘਟਿ ਘਟਿ ਰੂਪੁ ਅਨੂਪੁ ਦਇਆਲਾ ॥
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਨਹੀਂ, ਤੂੰ ਦਇਆ ਦਾ ਸੋਮਾ ਹੈਂ।
ਜਿਉ ਤੁਧੁ ਭਾਵੈ ਤਿਵੈ ਚਲਾਵਹਿ ਸਭੁ ਤੇਰੋ ਕੀਆ ਕਮਾਤਾ ਹੇ ॥੨॥
ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸੰਸਾਰ ਦੀ ਕਾਰ ਚਲਾ ਰਿਹਾ ਹੈਂ, ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ (ਕਰਮ) ਕਰਦਾ ਹੈ ॥੨॥
ਅੰਤਰਿ ਜੋਤਿ ਭਲੀ ਜਗਜੀਵਨ ॥
ਜਗਤ ਦੇ ਜੀਵਨ ਪ੍ਰਭੂ ਦੀ ਜੋਤਿ ਹਰੇਕ ਦੇ ਅੰਦਰ ਸੋਭ ਰਹੀ ਹੈ,
ਸਭਿ ਘਟ ਭੋਗੈ ਹਰਿ ਰਸੁ ਪੀਵਨ ॥
ਸਾਰੇ ਸਰੀਰਾਂ ਵਿਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਆਪਣੇ ਨਾਮ ਦਾ ਰਸ ਪੀ ਰਿਹਾ ਹੈ, ਮਾਣ ਰਿਹਾ ਹੈ।
ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥
ਇਹ ਹਰਿ-ਨਾਮ-ਰਸ ਆਪ ਹੀ (ਜੀਵਾਂ ਵਿਚ ਬੈਠਾ) ਲੈ ਰਿਹਾ ਹੈ, ਆਪ ਹੀ (ਜੀਵਾਂ ਨੂੰ ਇਹ ਨਾਮ-ਰਸ) ਦੇਂਦਾ ਹੈ। ਜਗਤ ਦਾ ਪਿਤਾ ਪ੍ਰਭੂ ਤਿੰਨਾਂ ਹੀ ਭਵਨਾਂ ਵਿਚ ਮੌਜੂਦ ਹੈ ਤੇ ਸਭ ਦਾਤਾਂ ਦੇ ਰਿਹਾ ਹੈ ॥੩॥
ਜਗਤੁ ਉਪਾਇ ਖੇਲੁ ਰਚਾਇਆ ॥
ਜਗਤ ਪੈਦਾ ਕਰ ਕੇ ਪ੍ਰਭੂ ਨੇ (ਮਾਨੋ, ਇਕ) ਖੇਡ ਬਣਾ ਦਿੱਤੀ ਹੈ;
ਪਵਣੈ ਪਾਣੀ ਅਗਨੀ ਜੀਉ ਪਾਇਆ ॥
ਹਵਾ ਪਾਣੀ ਅੱਗ (ਆਦਿਕ ਤੱਤਾਂ ਨੂੰ ਇਕੱਠਾ ਕਰ ਕੇ ਤੇ ਸਰੀਰ ਬਣਾ ਕੇ ਉਸ ਵਿਚ) ਜਿੰਦ ਟਿਕਾ ਦਿੱਤੀ ਹੈ।
ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥੪॥
ਇਸ ਸਰੀਰ-ਨਗਰੀ ਨੂੰ ਉਸ ਨੇ ਨੌ ਦਰਵਾਜ਼ੇ (ਤਾਂ ਪਰਗਟ ਤੌਰ ਤੇ) ਲਾ ਦਿੱਤੇ ਹਨ, (ਜਿਸ ਦਰਵਾਜ਼ੇ ਰਾਹੀਂ ਉਸ ਦੇ ਘਰ ਵਿਚ ਪਹੁੰਚੀਦਾ ਹੈ) ਉਹ ਦਸਵਾਂ ਦਰਵਾਜ਼ਾ (ਉਸ ਨੇ) ਗੁਪਤ ਰੱਖਿਆ ਹੋਇਆ ਹੈ ॥੪॥
ਚਾਰਿ ਨਦੀ ਅਗਨੀ ਅਸਰਾਲਾ ॥
(ਇਸ ਜਗਤ ਵਿਚ ਨਿਰਦਇਤਾ ਮੋਹ ਲੋਭ ਤੇ ਕ੍ਰੋਧ) ਚਾਰ ਅੱਗ ਦੀਆਂ ਭਿਆਨਕ ਨਦੀਆਂ ਹਨ।
ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥
ਪਰ ਕੋਈ ਵਿਰਲਾ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਗੱਲ ਨੂੰ ਸਮਝਦਾ ਹੈ,
ਸਾਕਤ ਦੁਰਮਤਿ ਡੂਬਹਿ ਦਾਝਹਿ ਗੁਰਿ ਰਾਖੇ ਹਰਿ ਲਿਵ ਰਾਤਾ ਹੇ ॥੫॥
(ਨਹੀਂ ਤਾਂ) ਮਾਇਆ-ਵੇੜ੍ਹੇ ਜੀਵ ਭੈੜੀ ਮੱਤੇ ਲੱਗ ਕੇ (ਇਹਨਾਂ ਨਦੀਆਂ ਵਿਚ) ਗੋਤੇ ਖਾਂਦੇ ਹਨ ਤੇ ਸੜਦੇ ਹਨ। ਜਿਨ੍ਹਾਂ ਨੂੰ ਗੁਰੂ ਨੇ (ਇਹਨਾਂ ਅੱਗ-ਨਦੀਆਂ ਤੋਂ) ਬਚਾ ਲਿਆ ਉਹ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ ॥੫॥
ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥
ਪਾਣੀ ਅੱਗ ਹਵਾ ਧਰਤੀ ਤੇ ਆਕਾਸ਼-
ਤਿਨ ਮਹਿ ਪੰਚ ਤਤੁ ਘਰਿ ਵਾਸਾ ॥
ਇਹਨਾਂ ਪੰਜਾਂ ਦੇ ਮੇਲ ਦੀ ਰਾਹੀਂ ਪਰਮਾਤਮਾ ਨੇ ਪੰਜ-ਤੱਤੀ ਘਰ ਬਣਾ ਦਿੱਤਾ ਹੈ ਉਸ ਘਰ ਵਿਚ ਜੀਵਾਤਮਾ ਦਾ ਨਿਵਾਸ ਕਰ ਦਿੱਤਾ ਹੈ।
ਸਤਿਗੁਰ ਸਬਦਿ ਰਹਹਿ ਰੰਗਿ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ ॥੬॥
ਜੇਹੜੇ ਜੀਵ ਸਤਿਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਮਾਇਆ ਦੀ ਹਉਮੈ ਤੇ ਮਾਇਆ ਦੀ ਖ਼ਾਤਰ ਭਟਕਣਾ ਛੱਡ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ॥੬॥
ਇਹੁ ਮਨੁ ਭੀਜੈ ਸਬਦਿ ਪਤੀਜੈ ॥
ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਭਿੱਜ ਜਾਂਦਾ ਹੈ (ਸ਼ਬਦ ਵਿਚ ਖ਼ੁਸ਼ ਹੋ ਕੇ ਜੁੜਦਾ ਹੈ) ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਪ੍ਰਸੰਨ ਹੁੰਦਾ ਹੈ।
ਬਿਨੁ ਨਾਵੈ ਕਿਆ ਟੇਕ ਟਿਕੀਜੈ ॥
ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਕੋਈ ਹੋਰ ਆਸਰਾ ਨਹੀਂ ਭਾਲਦਾ।
ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥੭॥
ਪਰ ਜੋ ਮਨੁੱਖ ਮਾਇਆ-ਵੇੜ੍ਹਿਆ ਹੈ ਉਸ ਦੇ ਅੰਦਰ (ਵਿਕਾਰੀ ਮਨ-) ਚੋਰ ਦਾ ਘਰ-ਘਾਟ ਲੁੱਟਦਾ ਜਾਂਦਾ ਹੈ, ਇਸ ਮਾਇਆ-ਵੇੜ੍ਹੇ ਜੀਵ ਨੇ ਇਸ ਚੋਰ ਨੂੰ ਪਛਾਣਿਆ ਹੀ ਨਹੀਂ ॥੭॥
ਦੁੰਦਰ ਦੂਤ ਭੂਤ ਭੀਹਾਲੇ ॥
ਜਿਸ ਮਨੁੱਖ ਦੇ ਅੰਦਰ ਰੌਲਾ ਪਾਣ ਵਾਲੇ ਤੇ ਡਰਾਉਣੇ ਭੂਤਾਂ ਵਰਗੇ ਕਾਮਾਦਿਕ ਵੈਰੀ ਵੱਸਦੇ ਹੋਣ,
ਖਿੰਚੋਤਾਣਿ ਕਰਹਿ ਬੇਤਾਲੇ ॥
ਤੇ ਉਹ ਭੂਤ ਆਪੋ ਆਪਣੇ ਪਾਸੇ ਵਲ ਖਿੱਚਾ-ਖਿੱਚੀ ਕਰ ਰਹੇ ਹੋਣ,
ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ ॥੮॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤ-ਸੂਝ ਤੋਂ ਵਾਂਜਿਆ ਰਹਿ ਕੇ ਜੰਮਦਾ ਮਰਦਾ ਰਹਿੰਦਾ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੮॥
ਕੂੜੁ ਕਲਰੁ ਤਨੁ ਭਸਮੈ ਢੇਰੀ ॥
ਹੇ ਜੀਵ! ਤੂੰ ਸਾਰੀ ਉਮਰ ਕੂੜ (-ਰੂਪ) ਕੱਲਰ ਹੀ (ਵਿਹਾਝਦਾ ਹੈਂ), ਸਰੀਰ ਭੀ ਆਖ਼ਰ ਸੁਆਹ ਦੀ ਢੇਰੀ ਹੋ ਜਾਣ ਵਾਲਾ ਹੈ (ਤੇਰੇ ਪੱਲੇ ਕੀਹ ਪਿਆ ਹੈ?)।
ਬਿਨੁ ਨਾਵੈ ਕੈਸੀ ਪਤਿ ਤੇਰੀ ॥
ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਆਪਣੀ ਇੱਜ਼ਤ ਗਵਾ ਲੈਂਦਾ ਹੈਂ।
ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ ॥੯॥
ਮਾਇਆ ਦੇ ਮੋਹ ਵਿਚ ਬੱਝੇ ਹੋਏ ਦੀ ਖ਼ਲਾਸੀ ਪ੍ਰਭੂ ਦੇ ਨਾਮ ਤੋਂ ਬਿਨਾ ਕਦੇ ਭੀ ਨਹੀਂ ਹੋ ਸਕੇਗੀ (ਇਉਂ ਹੈ ਜਿਵੇਂ) ਕਾਲ-ਜਮਦੂਤ ਨੇ ਤੈਨੂੰ (ਖ਼ਾਸ ਤੌਰ ਤੇ) ਪਛਾਣਿਆ ਹੋਇਆ ਹੈ (ਕਿ ਇਹ ਮੇਰਾ ਸ਼ਿਕਾਰ ਹੈ) ॥੯॥
ਜਮ ਦਰਿ ਬਾਧੇ ਮਿਲਹਿ ਸਜਾਈ ॥
(ਕੂੜ ਕੱਲਰ ਦੇ ਵਪਾਰੀ ਨੂੰ) ਜਮ ਦੇ ਦਰ ਤੇ ਬੱਝੇ ਨੂੰ ਸਜ਼ਾਵਾਂ ਮਿਲਦੀਆਂ ਹਨ,
ਤਿਸੁ ਅਪਰਾਧੀ ਗਤਿ ਨਹੀ ਕਾਈ ॥
ਉਸ (ਵਿਚਾਰੇ) ਮੰਦ-ਕਰਮੀ ਦਾ ਭੈੜਾ ਹਾਲ ਹੁੰਦਾ ਹੈ।
ਕਰਣ ਪਲਾਵ ਕਰੇ ਬਿਲਲਾਵੈ ਜਿਉ ਕੁੰਡੀ ਮੀਨੁ ਪਰਾਤਾ ਹੇ ॥੧੦॥
ਉਹ ਵਿਲਕਦਾ ਹੈ ਤਰਲੇ ਲੈਂਦਾ ਹੈ (ਪਰ ਮੋਹ ਦੀ ਫਾਹੀ ਵਿਚੋਂ ਖ਼ਲਾਸੀ ਨਹੀਂ ਹੁੰਦੀ) ਜਿਵੇਂ ਮੱਛੀ ਕੁੰਡੀ ਵਿਚ ਫਸ ਜਾਂਦੀ ਹੈ ॥੧੦॥
ਸਾਕਤੁ ਫਾਸੀ ਪੜੈ ਇਕੇਲਾ ॥
ਮਾਇਆ-ਵੇੜ੍ਹੇ ਮਨੁੱਖ ਦੀ ਇਕੱਲੀ ਆਪਣੀ ਜਿੰਦ ਉਸ (ਮੌਤ ਦੀ) ਫਾਹੀ ਵਿਚ ਫਸੀ ਹੁੰਦੀ ਹੈ।
ਜਮ ਵਸਿ ਕੀਆ ਅੰਧੁ ਦੁਹੇਲਾ ॥
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਵੱਸ ਵਿਚ ਪਿਆ ਦੁੱਖੀ ਹੁੰਦਾ ਹੈ।
ਰਾਮ ਨਾਮ ਬਿਨੁ ਮੁਕਤਿ ਨ ਸੂਝੈ ਆਜੁ ਕਾਲਿ ਪਚਿ ਜਾਤਾ ਹੇ ॥੧੧॥
(ਉਹ ਮਾਇਆ-ਵੇੜ੍ਹਿਆ ਜੀਵ ਪ੍ਰਭੂ-ਨਾਮ ਤੋਂ ਵਾਂਜਿਆਂ ਰਹਿੰਦਾ ਹੈ, ਤੇ) ਹਰੀ-ਨਾਮ ਤੋਂ ਬਿਨਾ ਖ਼ਲਾਸੀ ਦਾ ਕੋਈ ਵਸੀਲਾ ਨਹੀਂ ਸੁੱਝ ਸਕਦਾ, ਨਿੱਤ (ਮੋਹ ਦੀ ਫਾਹੀ ਵਿਚ ਹੀ) ਖ਼ੁਆਰ ਹੁੰਦਾ ਹੈ ॥੧੧॥
ਸਤਿਗੁਰ ਬਾਝੁ ਨ ਬੇਲੀ ਕੋਈ ॥
ਸਤਿਗੁਰੂ ਤੋਂ ਬਿਨਾ (ਜੀਵਨ-ਰਾਹ ਦੱਸਣ ਵਾਲਾ) ਕੋਈ ਮਦਦਗਾਰ ਨਹੀਂ ਬਣਦਾ।
ਐਥੈ ਓਥੈ ਰਾਖਾ ਪ੍ਰਭੁ ਸੋਈ ॥
(ਗੁਰੂ ਹੀ ਦੱਸਦਾ ਹੈ ਕਿ) ਲੋਕ ਪਰਲੋਕ ਵਿਚ ਪਰਮਾਤਮਾ ਹੀ (ਜੀਵ ਦੀ) ਰਾਖੀ ਕਰਨ ਵਾਲਾ ਹੈ।
ਰਾਮ ਨਾਮੁ ਦੇਵੈ ਕਰਿ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੇ ॥੧੨॥
(ਸਤਿਗੁਰੂ) ਮੇਹਰ ਕਰ ਕੇ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਇਸ ਤਰ੍ਹਾਂ (ਜੀਵ ਪਰਮਾਤਮਾ ਦੇ ਚਰਨਾਂ ਵਿਚ ਇਉਂ ਮਿਲ ਜਾਂਦਾ ਹੈ, ਜਿਵੇਂ) ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੧੨॥
ਭੂਲੇ ਸਿਖ ਗੁਰੂ ਸਮਝਾਏ ॥
ਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ (ਸਹੀ ਜੀਵਨ-ਰਾਹ ਦੀ) ਸਮਝ ਬਖ਼ਸ਼ਦਾ ਹੈ,
ਉਝੜਿ ਜਾਦੇ ਮਾਰਗਿ ਪਾਏ ॥
ਕੁਰਾਹੇ ਜਾਂਦੇ ਨੂੰ (ਠੀਕ) ਰਾਹ ਤੇ ਪਾਂਦਾ ਹੈ।
ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥
(ਤੂੰ) ਦਿਨ ਰਾਤ ਉਸ ਗੁਰੂ ਦੀ ਦੱਸੀ ਹੋਈ ਕਾਰ ਕਰ। ਗੁਰੂ ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਤ੍ਰਤਾ ਬਣਾ ਦੇਂਦਾ ਹੈ ॥੧੩॥
ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥
(ਸੰਸਾਰੀ ਜੀਵ) ਗੁਰੂ ਦੀ ਭਗਤੀ ਦੀ ਕੀਹ ਕਦਰ ਜਾਣ ਸਕਦੇ ਹਨ?
ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥
ਬ੍ਰਹਮਾ ਨੇ, ਇੰਦਰ ਨੇ, ਸ਼ਿਵ ਨੇ (ਭੀ ਇਹ ਕਦਰ) ਨਾਹ ਸਮਝੀ।
ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥
ਗੁਰੂ ਅਲੱਖ (-ਪ੍ਰਭੂ ਦਾ ਰੂਪ) ਹੈ, ਉਸ ਨੂੰ ਸਮਝਿਆ ਨਹੀਂ ਜਾ ਸਕਦਾ। ਗੁਰੂ ਜਿਸ ਉਤੇ ਮੇਹਰ ਕਰਦਾ ਹੈ ਉਹੀ (ਗੁਰੂ ਦੀ) ਪਛਾਣ ਕਰਦਾ ਹੈ ॥੧੪॥
ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥
ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਦਾ) ਪ੍ਰੇਮ ਹੈ ਉਸ ਨੂੰ (ਪਰਮਾਤਮਾ ਦਾ) ਦੀਦਾਰ ਪ੍ਰਾਪਤ ਹੁੰਦਾ ਹੈ।
ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥
ਜਿਸ ਦੀ ਪ੍ਰੀਤ ਗੁਰੂ ਦੀ ਬਾਣੀ ਨਾਲ ਬਣ ਗਈ ਉਸ ਨੂੰ ਪ੍ਰਭੂ-ਚਰਨਾਂ ਦੀ ਛੁਹ ਮਿਲ ਜਾਂਦੀ ਹੈ।
ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥
ਉਸ ਨੂੰ ਸਾਰੀ ਹੀ ਲੋਕਾਈ ਵਿਚ ਪ੍ਰਭੂ ਦੀ ਪਵਿਤ੍ਰ ਜੋਤਿ ਵਿਆਪਕ ਦਿੱਸਦੀ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ ਆਪਣੇ ਹਿਰਦੇ ਵਿਚ ਦਿਨ ਰਾਤ (ਗਿਆਨ ਦਾ) ਦੀਵਾ (ਜਗਦਾ) ਦਿੱਸਦਾ ਹੈ ॥੧੫॥
ਭੋਜਨ ਗਿਆਨੁ ਮਹਾ ਰਸੁ ਮੀਠਾ ॥
(ਗੁਰੂ ਦੀ ਰਾਹੀਂ ਮਿਲਿਆ ਪਰਮਾਤਮਾ ਦਾ) ਗਿਆਨ ਇਕ ਐਸੀ (ਆਤਮਕ) ਖ਼ੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸੁਆਦਲੀ ਹੈ।
ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥
ਜਿਸ ਨੇ ਇਹ ਸੁਆਦ ਚੱਖਿਆ ਹੈ ਉਸ ਨੇ ਪਰਮਾਤਮਾ ਦਾ ਦੀਦਾਰ ਕਰ ਲਿਆ ਹੈ।
ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥
ਜੇਹੜੇ ਪ੍ਰੇਮੀ (ਗੁਰੂ ਦੀ ਰਾਹੀਂ ਪਰਮਾਤਮਾ ਦਾ) ਦਰਸਨ ਕਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ, ਉਹਨਾਂ ਦਾ ਮਨ (ਆਪਣੀਆਂ) ਕਾਮਨਾਂ ਨੂੰ ਮਾਰ ਕੇ (ਸਦਾ ਲਈ ਪਰਮਾਤਮਾ ਦੀ ਯਾਦ ਵਿਚ) ਲੀਨ ਹੋ ਜਾਂਦਾ ਹੈ ॥੧੬॥
ਸਤਿਗੁਰੁ ਸੇਵਹਿ ਸੇ ਪਰਧਾਨਾ ॥
ਜੇਹੜੇ ਮਨੁੱਖ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਂਦੇ ਹਨ,
ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥
ਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਲੈਂਦੇ ਹਨ।
ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥
ਮੇਰੇ ਗੁਰਦੇਵ ਜੀ, ਤੂੰ ਨਾਨਕ ਨੂੰ ਵਾਹਿਗੁਰੂ ਦੀ ਕੀਰਤੀ ਅਤੇ ਸਾਹਿੁ ਦੇ ਗੋਲਿਆਂ ਦਾ ਮੇਲ-ਮਿਲਾਪ ਪ੍ਰਦਾਨ ਕਰ ਜੋ ਸੱਚੇ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਨੂੰ ਅਨੁਭਵ ਕਰਦੇ ਹਨ।
ਮਾਰੂ ਮਹਲਾ ੧ ॥
ਸਾਚੇ ਸਾਹਿਬ ਸਿਰਜਣਹਾਰੇ ॥
ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਹੇ ਜਗਤ ਦੇ ਰਚਣਹਾਰ!
ਜਿਨਿ ਧਰ ਚਕ੍ਰ ਧਰੇ ਵੀਚਾਰ ॥
ਜਿਸ ਤੈਂ ਨੇ ਧਰਤੀ ਦੇ ਚੱਕਰ ਬਣਾਏ ਹਨ, ਤੂੰ ਆਪ ਹੀ ਸੋਚ-ਵਿਚਾਰ ਕੇ (ਆਪੋ ਆਪਣੇ ਥਾਂ) ਟਿਕਾਏ ਹਨ।
ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥
ਕਰਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, (ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਭੀ) ਉਹ ਬੇ-ਫ਼ਿਕਰ ਹੈ ॥੧॥
ਵੇਕੀ ਵੇਕੀ ਜੰਤ ਉਪਾਏ ॥
ਪਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ। ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ।
ਦੁਇ ਪੰਦੀ ਦੁਇ ਰਾਹ ਚਲਾਏ ॥
ਗੁਰਮੁਖਤਾ ਤੇ ਮਨਮੁਖਤਾ-ਇਹ ਦੋਵੇਂ ਰਸਤੇ ਤੋਰ ਦਿੱਤੇ ਹਨ।
ਗੁਰ ਪੂਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥
ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਮੰਦੇ ਰਸਤੇ ਵਲੋਂ) ਖ਼ਲਾਸੀ ਨਹੀਂ ਹੁੰਦੀ। (ਗੁਰੂ ਦੀ ਰਾਹੀਂ) ਸਦਾ-ਥਿਰ ਨਾਮ ਜਪ ਕੇ ਹੀ (ਮਨੁੱਖਾ ਜੀਵਨ ਵਿਚ ਆਤਮਕ) ਲਾਭ ਖੱਟ ਸਕੀਦਾ ਹੈ ॥੨॥
ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ,
ਨਾਮੁ ਨ ਬੂਝਹਿ ਭਰਮਿ ਭੁਲਾਨਾ ॥
ਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ। ਉਹ ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ।
ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥
ਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮੱਤ ਦੀ ਫਾਹੀ ਉਹਨਾਂ ਦੇ ਗਲ ਵਿਚ ਪਈ ਰਹਿੰਦੀ ਹੈ ॥੩॥
ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥
(ਪੰਡਿਤ ਲੋਕ ਭੀ) ਸਿੰਮ੍ਰਿਤੀਆਂ ਸ਼ਾਸਤ੍ਰ ਪੁਰਾਣ ਪੜ੍ਹਦੇ ਹਨ,
ਵਾਦੁ ਵਖਾਣਹਿ ਤਤੁ ਨ ਜਾਣਾ ॥
(ਪਰ) ਚਰਚਾ (ਹੀ) ਕਰਦੇ ਹਨ, ਅਸਲੀਅਤ ਨਹੀਂ ਸਮਝਦੇ।
ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥
ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਅਸਲੀਅਤ ਲੱਭ ਹੀ ਨਹੀਂ ਸਕਦੀ। ਜੇਹੜੇ ਬੰਦੇ ਸਦਾ-ਥਿਰ (ਨਾਮ ਸਿਮਰਦੇ ਹਨ) ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਸਹੀ ਜੀਵਨ-ਰਸਤਾ ਫੜ ਲੈਂਦੇ ਹਨ ॥੪॥
ਸਭ ਸਾਲਾਹੇ ਸੁਣਿ ਸੁਣਿ ਆਖੈ ॥
(ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ (ਪ੍ਰਭੂ ਦੀਆਂ ਵਡਿਆਈਆਂ) ਆਖਦੀ ਹੈ।
ਆਪੇ ਦਾਨਾ ਸਚੁ ਪਰਾਖੈ ॥
ਪਰ ਸਦਾ-ਥਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ (ਹਰੇਕ ਦੀ ਕੀਤੀ ਭਗਤੀ ਨੂੰ) ਉਹ ਆਪ ਹੀ ਪਰਖਦਾ ਹੈ।
ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥
ਜਿਨ੍ਹਾਂ ਉਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦੇ ਹਨ) ਸਿਫ਼ਤ-ਸਾਲਾਹ ਨੂੰ (ਹਿਰਦੇ ਵਿਚ ਵਸਾਂਦੇ ਹਨ) ॥੫॥
ਸੁਣਿ ਸੁਣਿ ਆਖੈ ਕੇਤੀ ਬਾਣੀ ॥
(ਦੂਜਿਆਂ ਪਾਸੋਂ) ਸੁਣ ਸੁਣ ਕੇ ਬੇਅੰਤ ਲੁਕਾਈ ਸਿਫ਼ਤ-ਸਾਲਾਹ ਦੀ ਬਾਣੀ ਭੀ ਬੋਲਦੀ ਹੈ।
ਸੁਣਿ ਕਹੀਐ ਕੋ ਅੰਤੁ ਨ ਜਾਣੀ ॥
ਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲਈਦਾ ਹੈ, ਪਰ ਕੋਈ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ।
ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥
ਜਿਸ ਮਨੁੱਖ ਨੂੰ ਉਹ ਅਦ੍ਰਿਸ਼ਟ ਪ੍ਰਭੂ ਆਪਣਾ ਆਪਾ ਵਿਖਾਂਦਾ ਹੈ, ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕੱਥ ਪ੍ਰਭੂ ਦੀਆਂ ਕਥਾ-ਕਹਾਣੀਆਂ ਕਰਦਾ ਰਹਿੰਦਾ ਹੈ ॥੬॥
ਜਨਮੇ ਕਉ ਵਾਜਹਿ ਵਾਧਾਏ ॥
(ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ) ਜੰਮਣ ਤੇ ਵਾਜੇ ਵੱਜਦੇ ਹਨ, ਵਧਾਈਆਂ ਮਿਲਦੀਆਂ ਹਨ,
ਸੋਹਿਲੜੇ ਅਗਿਆਨੀ ਗਾਏ ॥
ਗਿਆਨ ਤੋਂ ਸੱਖਣੇ ਲੋਕ ਖ਼ੁਸ਼ੀ ਦੇ ਗੀਤ ਗਾਂਦੇ ਹਨ।
ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥
ਪਰ ਜੇਹੜਾ ਜੀਵ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ (ਮੌਤ ਦਾ) ਮੁਹੂਰਤ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ॥੭॥
ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥
(ਜੰਮ ਕੇ ਪਰਵਾਰ ਵਿਚ) ਮਿਲਣਾ ਤੇ (ਮਰ ਕੇ ਪਰਵਾਰ ਤੋਂ) ਵਿਛੁੜਨਾ-ਇਹ ਖੇਡ ਪਰਮਾਤਮਾ ਨੇ ਬਣਾ ਦਿੱਤੀ ਹੈ।
ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥
ਜਗਤ ਪੈਦਾ ਕਰ ਕੇ ਦੁੱਖ ਸੁਖ ਭੀ ਉਸੇ ਨੇ ਹੀ ਦਿੱਤੇ ਹਨ।
ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥
ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਮਿੱਠੇ ਸੁਭਾਵ ਦਾ ਸੰਜੋਅ ਪਹਿਨਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ ॥੮॥
ਨੀਕੇ ਸਾਚੇ ਕੇ ਵਾਪਾਰੀ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਵਿਹਾਝਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ।
ਸਚੁ ਸਉਦਾ ਲੈ ਗੁਰ ਵੀਚਾਰੀ ॥
ਗੁਰੂ ਦੀ ਦੱਸੀ ਵਿਚਾਰ ਤੇ ਤੁਰ ਕੇ ਇਥੋਂ ਸਦਾ-ਥਿਰ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ।
ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥
ਜਿਸ ਮਨੁੱਖ ਦੇ ਪੱਲੇ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ ॥੯॥
ਕਾਚੀ ਸਉਦੀ ਤੋਟਾ ਆਵੈ ॥
ਨਿਰੇ ਮਾਇਆ ਵਾਲੇ ਹੋਛੇ ਵਣਜ ਕੀਤਿਆਂ (ਆਤਮਕ ਜੀਵਨ ਵਿਚ) ਘਾਟਾ ਪੈਂਦਾ ਹੈ।
ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ (ਆਤਮਕ) ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ।
ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥੧੦॥
ਉਸ ਦਾ ਸਰਮਾਇਆ ਉਸ ਦੀ ਰਾਸਿ-ਪੂੰਜੀ ਅਮਨ-ਅਮਾਨ ਰਹਿੰਦੀ ਹੈ, ਆਤਮਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ ॥੧੦॥
ਸਭੁ ਕੋ ਬੋਲੈ ਆਪਣ ਭਾਣੈ ॥
ਹਰੇਕ ਮਨੁੱਖ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਆਪਣੇ ਸੁਆਰਥ ਦੇ ਸੁਭਾਵ ਵਿਚ ਹੀ (ਸਭ ਬਚਨ) ਬੋਲਦਾ ਹੈ,
ਮਨਮੁਖੁ ਦੂਜੈ ਬੋਲਿ ਨ ਜਾਣੈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ) ਬੋਲਣਾ ਨਹੀਂ ਜਾਣਦਾ।
ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥੧੧॥
ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ ਦੀ ਅਕਲ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ (ਉਸ ਨੂੰ ਨਾਹ ਕਿਤੇ ਪਰਮਾਤਮਾ ਦਿੱਸਦਾ ਹੈ, ਨਾਹ ਹੀ ਉਸ ਦੀ ਸਿਫ਼ਤ-ਸਾਲਾਹ ਉਹ ਸੁਣਦਾ ਹੈ)। ਉਸ ਨੂੰ ਜਨਮ ਮਰਨ ਦੇ ਗੇੜ ਦਾ ਦੁੱਖ ਵਾਪਰਦਾ ਰਹਿੰਦਾ ਹੈ ॥੧੧॥
ਦੁਖ ਮਹਿ ਜਨਮੈ ਦੁਖ ਮਹਿ ਮਰਣਾ ॥
ਮਨਮੁਖ ਮਨੁੱਖ ਦੁੱਖਾਂ ਵਿਚ ਗ੍ਰਸਿਆ ਜੰਮਦਾ ਹੈ (ਸਾਰੀ ਉਮਰ ਦੁੱਖ ਸਹੇੜ ਸਹੇੜ ਕੇ) ਦੁੱਖਾਂ ਵਿਚ ਹੀ ਮਰਦਾ ਹੈ।
ਦੂਖੁ ਨ ਮਿਟੈ ਬਿਨੁ ਗੁਰ ਕੀ ਸਰਣਾ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਇਹ ਜਨਮਾਂ ਜਨਮਾਂਤਰਾਂ ਦਾ ਲੰਮਾ) ਦੁੱਖ ਮਿਟ ਨਹੀਂ ਸਕਦਾ।
ਦੂਖੀ ਉਪਜੈ ਦੂਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੇ ॥੧੨॥
ਦੁੱਖਾਂ ਵਿਚ ਜੰਮਦਾ ਤੇ ਦੁੱਖਾਂ ਵਿਚ ਹੀ ਮਰਦਾ ਹੈ, ਸੁਚੱਜਾ ਆਤਮਕ ਜੀਵਨ ਨਾਹ ਹੀ ਲੈ ਕੇ ਇਥੇ ਆਉਂਦਾ ਹੈ, ਨਾਹ ਹੀ ਇਥੋਂ ਲੈ ਕੇ ਜਾਂਦਾ ਹੈ ॥੧੨॥
ਸਚੀ ਕਰਣੀ ਗੁਰ ਕੀ ਸਿਰਕਾਰਾ ॥
ਗੁਰੂ ਦੀ ਅਗਵਾਈ ਵਿਚ ਤੁਰਨਾ ਹੀ ਸਹੀ ਜੀਵਨ-ਰਸਤਾ ਹੈ,
ਆਵਣੁ ਜਾਣੁ ਨਹੀ ਜਮ ਧਾਰਾ ॥
ਇਸ ਤਰ੍ਹਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਆਤਮਕ ਮੌਤ ਦਾ ਰਸਤਾ ਭੀ ਨਹੀਂ ਫੜੀਦਾ।
ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥੧੩॥
ਜੇਹੜਾ ਮਨੁੱਖ (ਗੁਰੂ ਦੀ ਅਗਵਾਈ ਵਿਚ) ਟਾਹਣੀਆਂ ਛੱਡ ਕੇ ਮੂਲ ਨੂੰ ਪਛਾਣਦਾ ਹੈ (ਪ੍ਰਭੂ ਦੀ ਰਚੀ ਮਾਇਆ ਦਾ ਮੋਹ ਛੱਡ ਕੇ ਸਿਰਜਣਹਾਰ ਪ੍ਰਭੂ ਨਾਲ ਜਾਣ-ਪਛਾਣ ਪਾਂਦਾ ਹੈ) ਉਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲਾ ਉਤਸ਼ਾਹ ਪੈਦਾ ਹੁੰਦਾ ਹੈ ॥੧੩॥
ਹਰਿ ਕੇ ਲੋਗ ਨਹੀ ਜਮੁ ਮਾਰੈ ॥
ਜੇਹੜੇ ਬੰਦੇ ਪਰਮਾਤਮਾ ਦੇ ਸੇਵਕ ਬਣਦੇ ਹਨ ਉਹਨਾਂ ਨੂੰ ਜਮ ਨਹੀਂ ਮਾਰ ਸਕਦਾ (ਆਤਮਕ ਮੌਤ ਨਹੀਂ ਮਾਰ ਸਕਦੀ),
ਨਾ ਦੁਖੁ ਦੇਖਹਿ ਪੰਥਿ ਕਰਾਰੈ ॥
ਉਹ (ਆਤਮਕ ਮੌਤ ਦੇ) ਕਰੜੇ ਰਸਤੇ ਤੇ (ਨਹੀਂ ਪੈਂਦੇ ਤੇ) ਦੁੱਖ ਨਹੀਂ ਵੇਖਦੇ।
ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਨ ਦੂਜਾ ਕਾਹਾ ਹੇ ॥੧੪॥
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ (ਉਹ ਅੰਤਰ ਆਤਮੇ ਪਰਮਾਤਮਾ ਦੀ) ਭਗਤੀ ਕਰਦੇ ਹਨ। ਉਹਨਾਂ ਨੂੰ (ਮਾਇਆ ਦਾ) ਕੋਈ ਹੋਰ ਬਖੇੜਾ ਨਹੀਂ ਵਾਪਰਦਾ ॥੧੪॥
ਓੜੁ ਨ ਕਥਨੈ ਸਿਫਤਿ ਸਜਾਈ ॥
ਹੇ ਪ੍ਰਭੂ! (ਤੇਰੇ ਭਗਤ) ਤੇਰੀਆਂ ਸੋਹਣੀਆਂ ਸਿਫ਼ਤਾਂ ਕਰਦੇ ਰਹਿੰਦੇ ਹਨ ਉਹਨਾਂ ਦੇ ਇਸ ਉੱਦਮ ਦਾ ਖ਼ਾਤਮਾ ਨਹੀਂ ਹੁੰਦਾ।
ਜਿਉ ਤੁਧੁ ਭਾਵਹਿ ਰਹਹਿ ਰਜਾਈ ॥
(ਉਹ) ਜਿਵੇਂ ਤੈਨੂੰ ਚੰਗੇ ਲੱਗਦੇ ਹਨ ਤੇਰੀ ਰਜ਼ਾ ਵਿਚ ਰਹਿੰਦੇ ਹਨ।
ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ ॥੧੫॥
ਹੇ ਸਦਾ-ਥਿਰ ਰਹਿਣ ਵਾਲੇ ਪਾਤਿਸ਼ਾਹ! ਤੇਰੇ ਹੁਕਮ ਅਨੁਸਾਰ ਉਹ ਤੇਰੀ ਹਜ਼ੂਰੀ ਵਿਚ ਇੱਜ਼ਤ ਨਾਲ ਸੌਖੇ ਪਹੁੰਚਦੇ ਹਨ ॥੧੫॥
ਕਿਆ ਕਹੀਐ ਗੁਣ ਕਥਹਿ ਘਨੇਰੇ ॥
ਹੇ ਪ੍ਰਭੂ! ਅਨੇਕਾਂ ਹੀ ਜੀਵ ਤੇਰੇ ਗੁਣ ਕਥਨ ਕਰਦੇ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਅੰਤੁ ਨ ਪਾਵਹਿ ਵਡੇ ਵਡੇਰੇ ॥
(ਦੁਨੀਆ ਵਿਚ) ਵੱਡੇ ਵੱਡੇ (ਦੇਵਤੇ ਆਦਿਕ ਅਖਵਾਣ ਵਾਲੇ ਭੀ) ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।
ਨਾਨਕ ਸਾਚੁ ਮਿਲੈ ਪਤਿ ਰਾਖਹੁ ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥
ਹੇ ਪ੍ਰਭੂ! ਤੂੰ ਪਾਤਿਸ਼ਾਹਾਂ ਦੇ ਸਿਰ ਤੇ ਭੀ ਪਾਤਿਸ਼ਾਹ ਹੈਂ (ਮੇਰੀ ਅਰਦਾਸ ਹੈ) ਮੈਨੂੰ ਨਾਨਕ ਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ, ਮੇਰੀ ਲਾਜ ਰੱਖ ॥੧੬॥੬॥੧੨॥
ਮਾਰੂ ਮਹਲਾ ੧ ॥
ਦਰਸਨੁ ਪਾਵਾ ਜੇ ਤੁਧੁ ਭਾਵਾ ॥
ਹੇ ਸਦਾ-ਥਿਰ ਪ੍ਰਭੂ! ਜੇ ਮੈਂ ਤੈਨੂੰ ਚੰਗਾ ਲੱਗਾਂ, ਤਾਂ ਹੀ ਤੇਰਾ ਦਰਸਨ ਕਰ ਸਕਦਾ ਹਾਂ,
ਭਾਇ ਭਗਤਿ ਸਾਚੇ ਗੁਣ ਗਾਵਾ ॥
ਤੇ ਤੇਰੇ ਪ੍ਰੇਮ ਵਿਚ (ਜੁੜ ਕੇ) ਤੇਰੀ ਭਗਤੀ (ਕਰ ਸਕਦਾ ਹਾਂ, ਤੇ) ਤੇਰੇ ਗੁਣ ਗਾ ਸਕਦਾ ਹਾਂ।
ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥
ਹੇ ਕਰਤਾਰ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈਂ। ਤੂੰ ਆਪ ਹੀ ਉਹਨਾਂ ਦੀ ਜੀਭ ਵਿਚ (ਆਪਣੇ ਨਾਮ ਦਾ) ਰਸ ਪੈਦਾ ਕਰਦਾ ਹੈਂ ॥੧॥
ਸੋਹਨਿ ਭਗਤ ਪ੍ਰਭੂ ਦਰਬਾਰੇ ॥
ਹੇ ਪ੍ਰਭੂ! ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ।
ਮੁਕਤੁ ਭਏ ਹਰਿ ਦਾਸ ਤੁਮਾਰੇ ॥
ਹੇ ਹਰੀ! ਤੇਰੇ ਦਾਸ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ।
ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥
ਉਹ ਆਪਾ-ਭਾਵ ਮਿਟਾ ਕੇ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਹਰ ਰੋਜ਼ (ਭਾਵ, ਹਰ ਵੇਲੇ) ਤੇਰਾ ਨਾਮ ਸਿਮਰਦੇ ਹਨ ॥੨॥
ਈਸਰੁ ਬ੍ਰਹਮਾ ਦੇਵੀ ਦੇਵਾ ॥
ਸ਼ਿਵ, ਬ੍ਰਹਮਾ, ਅਨੇਕਾਂ ਦੇਵੀਆਂ ਤੇ ਦੇਵਤੇ,
ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥
ਇੰਦਰ ਦੇਵਤਾ, ਤਪੀ ਲੋਕ, ਰਿਸ਼ੀ ਮੁਨੀ-ਇਹ ਸਭ ਤੇਰੀ ਹੀ ਸੇਵਾ-ਭਗਤੀ ਕਰਦੇ ਹਨ (ਭਾਵ, ਭਾਵੇਂ ਇਹ ਕਿਤਨੇ ਹੀ ਵੱਡੇ ਮਿਥੇ ਜਾਣ, ਪਰ ਤੇਰੇ ਸਾਹਮਣੇ ਇਹ ਤੇਰੇ ਸਾਧਾਰਨ ਸੇਵਕ ਹਨ)।
ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥
ਅਨੇਕਾਂ ਜਤਧਾਰੀ, ਅਨੇਕਾਂ ਉੱਚ-ਆਚਰਨੀ, ਤੇ ਅਨੇਕਾਂ ਹੀ ਬਨਾਂ ਵਿਚ ਰਹਿਣ ਵਾਲੇ ਤਿਆਗੀ (ਤੇਰੇ ਗੁਣ ਗਾਂਦੇ ਹਨ, ਪਰ ਤੇਰੇ ਗੁਣਾਂ ਦਾ) ਕੋਈ ਭੀ ਅੰਤ ਨਹੀਂ ਲੱਭ ਸਕਦਾ ॥੩॥
ਵਿਣੁ ਜਾਣਾਏ ਕੋਇ ਨ ਜਾਣੈ ॥
ਜਦ ਤਕ ਪਰਮਾਤਮਾ ਆਪ ਸੂਝ ਨਾਹ ਬਖ਼ਸ਼ੇ ਕੋਈ ਜੀਵ (ਪਰਮਾਤਮਾ ਦੀ ਭਗਤੀ ਕਰਨ ਦੀ) ਸੂਝ ਪ੍ਰਾਪਤ ਨਹੀਂ ਕਰ ਸਕਦਾ।
ਜੋ ਕਿਛੁ ਕਰੇ ਸੁ ਆਪਣ ਭਾਣੈ ॥
ਪਰਮਾਤਮਾ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ (ਆਪਣੀ ਮਰਜ਼ੀ ਨਾਲ) ਕਰਦਾ ਹੈ।
ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥
ਪਰਮਾਤਮਾ ਨੇ ਚੁਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ, ਉਹ ਆਪਣੀ ਮਰਜ਼ੀ ਨਾਲ ਹੀ ਇਹਨਾਂ ਜੀਵਾਂ ਨੂੰ ਸਾਹ ਲੈਣ ਦੇਂਦਾ ਹੈ (ਇਹਨਾਂ ਨੂੰ ਜਿਵਾਲੀ ਰੱਖਦਾ ਹੈ) ॥੪॥
ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥
(ਜਗਤ ਵਿਚ) ਜ਼ਰੂਰ ਉਹੀ ਕੁਝ ਹੁੰਦਾ ਹੈ ਜੋ ਉਸ ਕਰਤਾਰ ਨੂੰ ਚੰਗਾ ਲਗਦਾ ਹੈ।
ਮਨਮੁਖੁ ਆਪੁ ਗਣਾਏ ਰੋਵੈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅਸਲੀਅਤ ਨੂੰ ਨਹੀਂ ਸਮਝਦਾ, ਉਹ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ (ਤੇ ਹਉਮੈ ਵਿਚ ਹੀ) ਦੁਖੀ ਭੀ ਹੁੰਦਾ ਹੈ।
ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥
ਪਰਮਾਤਮਾ ਦੇ ਨਾਮ ਤੋਂ ਖੁੰਝਾ ਹੋਇਆ (ਮਨਮੁਖ) ਕਿਤੇ ਆਤਮਕ ਸ਼ਾਂਤੀ ਦਾ ਟਿਕਾਣਾ ਨਹੀਂ ਲੱਭ ਸਕਦਾ, ਜੰਮਦਾ ਤੇ ਮਰਦਾ ਹੈ, ਜੰਮਦਾ ਤੇ ਮਰਦਾ ਹੈ, ਤੇ (ਇਸ ਗੇੜ ਵਿਚ ਹੀ) ਦੁੱਖ ਪਾਂਦਾ ਹੈ ॥੫॥
ਨਿਰਮਲ ਕਾਇਆ ਊਜਲ ਹੰਸਾ ॥
ਉਹ ਸਰੀਰ ਪਵਿੱਤ੍ਰ ਹੈ ਜਿਸ ਵਿਚ ਪਵਿੱਤ੍ਰ (ਜੀਵਨ ਵਾਲਾ) ਜੀਵਾਤਮਾ ਵੱਸਦਾ ਹੈ,
ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥
(ਕਿਉਂਕਿ) ਉਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, (ਉਹ ਜੀਵਾਤਮਾ ਸਹੀ ਅਰਥਾਂ ਵਿਚ) ਮਾਇਆ-ਰਹਿਤ ਪ੍ਰਭੂ ਦਾ ਅੰਸ ਹੈ।
ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥
ਪ੍ਰਭੂ ਦੇ ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਸਾਰੇ ਦੁੱਖ ਮੁਕਾ ਲੈਂਦਾ ਹੈ, ਤੇ ਮੁੜ ਉਹ ਕਦੇ ਦੁੱਖ ਨਹੀਂ ਪਾਂਦਾ ॥੬॥
ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥
ਬਹੁਤੇ (ਭੋਗਾਂ ਦੇ) ਸੁਆਦਾਂ ਤੋਂ ਦੁੱਖ ਹੀ ਮਿਲਦਾ ਹੈ,
ਭੋਗਹੁ ਰੋਗ ਸੁ ਅੰਤਿ ਵਿਗੋਵੈ ॥
(ਕਿਉਂਕਿ) ਭੋਗਾਂ ਤੋਂ (ਆਖ਼ਿਰ) ਰੋਗ ਪੈਦਾ ਹੁੰਦੇ ਹਨ ਤੇ ਮਨੁੱਖ ਅੰਤ ਨੂੰ ਖ਼ੁਆਰ ਹੁੰਦਾ ਹੈ।
ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥
(ਮਾਇਆ ਦੀਆਂ) ਖ਼ੁਸ਼ੀਆਂ ਤੋਂ ਭੀ ਚਿੰਤਾ ਹੀ ਪੈਦਾ ਹੁੰਦੀ ਹੈ ਜੋ) ਕਦੇ ਮਿਟਦੀ ਹੀ ਨਹੀਂ। ਪਰਮਾਤਮਾ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ ਮਨੁੱਖ ਭਟਕਣਾ ਵਿਚ ਪਿਆ ਰਹਿੰਦਾ ਹੈ ॥੭॥
ਗਿਆਨ ਵਿਹੂਣੀ ਭਵੈ ਸਬਾਈ ॥
ਇਸ ਗੱਲ ਦੀ ਸਮਝ (ਕਿ ਪਰਮਾਤਮਾ ਸਾਰੇ ਥਾਵਾਂ ਤੇ ਵਿਆਪਕ ਹੈ) ਤੋਂ ਵਾਂਜੀ ਰਹਿ ਕੇ ਸਾਰੀ ਲੁਕਾਈ ਭਟਕ ਰਹੀ ਹੈ।
ਸਾਚਾ ਰਵਿ ਰਹਿਆ ਲਿਵ ਲਾਈ ॥
ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਗੁਪਤ ਵਿਆਪਕ ਹੈ।
ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥
ਜਿਸ ਮਨੁੱਖ ਨੇ ਗੁਰੂ ਦਾ ਸ਼ਬਦ, ਜੋ ਨਿਰਭੈਤਾ ਦੇਣ ਵਾਲਾ ਹੈ, ਆਪਣੇ ਹਿਰਦੇ ਵਿਚ ਵਸਾਇਆ ਹੈ ਉਸ ਨੇ ਸਦਾ-ਥਿਰ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਪਛਾਣ ਲਿਆ ਹੈ। ਗੁਰੂ ਦਾ ਸ਼ਬਦ ਉਸ ਦੀ ਸੁਰਤ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੮॥
ਅਟਲੁ ਅਡੋਲੁ ਅਤੋਲੁ ਮੁਰਾਰੇ ॥
ਮੁਰ (ਆਦਿਕ ਦੈਂਤਾਂ) ਦਾ ਵੈਰੀ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਮਾਇਆ ਦੇ ਮੋਹ ਵਿਚ ਕਦੇ ਡੋਲਣ ਵਾਲਾ ਨਹੀਂ, ਉਸ ਦਾ ਸਰੂਪ ਕਦੇ ਤੋਲਿਆ ਮਿਣਿਆ ਨਹੀਂ ਜਾ ਸਕਦਾ।
ਖਿਨ ਮਹਿ ਢਾਹੇ ਫੇਰਿ ਉਸਾਰੇ ॥
ਉਹ (ਆਪਣੇ ਰਚੇ ਹੋਏ ਜਗਤ ਨੂੰ) ਇਕ ਖਿਨ ਵਿਚ ਢਾਹ ਸਕਦਾ ਹੈ ਤੇ ਮੁੜ ਪੈਦਾ ਕਰ ਸਕਦਾ ਹੈ।
ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥
ਉਸ ਦਾ ਕੋਈ ਖ਼ਾਸ ਰੂਪ ਨਹੀਂ ਦੱਸਿਆ ਜਾ ਸਕਦਾ ਹੈ, ਉਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਦੱਸੇ ਜਾ ਸਕਦੇ, ਉਹ ਕੇਡਾ ਵੱਡਾ ਹੈ ਤੇ ਕਿਹੋ ਜੇਹਾ ਹੈ-ਇਹ ਭੀ ਨਹੀਂ ਦੱਸਿਆ ਜਾ ਸਕਦਾ। ਜੇਹੜਾ ਮਨੁੱਖ (ਆਪਣੇ ਮਨ ਨੂੰ ਗੁਰੂ ਦੇ) ਸ਼ਬਦ ਵਿਚ ਵਿੰਨ੍ਹ ਲੈਂਦਾ ਹੈ ਉਹ ਉਸ ਪਰਮਾਤਮਾ (ਦੀ ਯਾਦ) ਵਿਚ ਪਤੀਜ ਜਾਂਦਾ ਹੈ ॥੯॥
ਹਮ ਦਾਸਨ ਕੇ ਦਾਸ ਪਿਆਰੇ ॥
ਮੈਂ ਪਿਆਰੇ ਪ੍ਰਭੂ ਦੇ ਉਹਨਾਂ ਦਾਸਾਂ ਦਾ ਦਾਸ ਹਾਂ,
ਸਾਧਿਕ ਸਾਚ ਭਲੇ ਵੀਚਾਰੇ ॥
ਜੋ ਉਸ ਨੂੰ ਮਿਲਣ ਲਈ ਜਤਨ ਕਰਦੇ ਰਹਿੰਦੇ ਹਨ ਜੋ ਉਸ ਸਦਾ-ਥਿਰ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ।
ਮੰਨੇ ਨਾਉ ਸੋਈ ਜਿਣਿ ਜਾਸੀ ਆਪੇ ਸਾਚੁ ਦ੍ਰਿੜਾਇਦਾ ॥੧੦॥
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਣਾ ਮੰਨ ਲੈਂਦਾ ਹੈ (ਭਾਵ, ਨਾਮ ਜਪਣ ਨੂੰ ਜੀਵਨ-ਮਨੋਰਥ ਨਿਸ਼ਚੇ ਕਰ ਲੈਂਦਾ ਹੈ) ਉਹ (ਜਗਤ ਵਿਚੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦਾ ਹੈ। (ਪਰ ਇਹ ਖੇਡ ਜੀਵਾਂ ਦੇ ਆਪਣੇ ਵੱਸ ਦੀ ਨਹੀਂ) ਪਰਮਾਤਮਾ ਆਪ ਹੀ ਆਪਣਾ ਸਦਾ-ਥਿਰ ਨਾਮ ਜੀਵਾਂ ਦੇ ਹਿਰਦੇ ਵਿਚ ਦ੍ਰਿੜ੍ਹ ਕਰਾਂਦਾ ਹੈ ॥੧੦॥
ਪਲੈ ਸਾਚੁ ਸਚੇ ਸਚਿਆਰਾ ॥
ਜਿਨ੍ਹਾਂ ਮਨੁੱਖਾਂ ਦੇ ਪਾਸ ਥਿਰ ਰਹਿਣ ਵਾਲਾ ਨਾਮ ਹੈ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਸਦਾ-ਥਿਰ ਨਾਮ ਦੇ ਵਣਜਾਰੇ ਹਨ।
ਸਾਚੇ ਭਾਵੈ ਸਬਦੁ ਪਿਆਰਾ ॥
ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਚੰਗਾ ਲੱਗਦਾ ਹੈ।
ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ ਸਾਚੇ ਹੀ ਪਤੀਆਇਦਾ ॥੧੧॥
ਉਹ ਸਦਾ-ਥਿਰ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ (ਵਿਆਪਕ ਹੈ), ਉਸ ਨੇ ਆਪਣੀ ਸੱਤਿਆ ਦੇ ਕੇ ਸ੍ਰਿਸ਼ਟੀ ਰਚੀ ਹੈ। (ਸਦਾ-ਥਿਰ ਨਾਮ ਦਾ ਵਣਜ ਕਰਨ ਵਾਲਾ ਮਨੁੱਖ) ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਹੀ ਖ਼ੁਸ਼ ਰਹਿੰਦਾ ਹੈ ॥੧੧॥
ਵਡਾ ਵਡਾ ਆਖੈ ਸਭੁ ਕੋਈ ॥
(ਉਂਞ ਤਾਂ) ਹਰੇਕ ਜੀਵ ਆਖਦਾ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਹੈ,
ਗੁਰ ਬਿਨੁ ਸੋਝੀ ਕਿਨੈ ਨ ਹੋਈ ॥
ਪਰ ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਸਹੀ ਸਮਝ ਨਹੀਂ ਪੈਂਦੀ।
ਸਾਚਿ ਮਿਲੈ ਸੋ ਸਾਚੇ ਭਾਏ ਨਾ ਵੀਛੁੜਿ ਦੁਖੁ ਪਾਇਦਾ ॥੧੨॥
ਜੇਹੜਾ ਮਨੁੱਖ (ਗੁਰੂ ਦੀ ਰਾਹੀਂ) ਸਦਾ-ਥਿਰ ਪ੍ਰਭੂ ਵਿਚ ਜੁੜਦਾ ਹੈ ਉਹ ਉਸ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਉਹ (ਉਸ ਦੇ ਚਰਨਾਂ ਤੋਂ ਵਿਛੁੜਦਾ ਨਹੀਂ) ਵਿਛੁੜ ਕੇ ਦੁੱਖ ਨਹੀਂ ਪਾਂਦਾ ਹੈ ॥੧੨॥
ਧੁਰਹੁ ਵਿਛੁੰਨੇ ਧਾਹੀ ਰੁੰਨੇ ॥
ਪਰ ਜੇਹੜੇ ਬੰਦੇ ਮੁੱਢ ਤੋਂ ਹੀ ਪ੍ਰਭੂ ਤੋਂ ਵਿੱਛੁੜੇ ਚਲੇ ਆ ਰਹੇ ਹਨ ਉਹ ਢਾਹਾਂ ਮਾਰ ਮਾਰ ਕੇ ਰੋਂਦੇ ਆ ਰਹੇ ਹਨ।
ਮਰਿ ਮਰਿ ਜਨਮਹਿ ਮੁਹਲਤਿ ਪੁੰਨੇ ॥
ਜਦੋਂ ਜਦੋਂ ਜ਼ਿੰਦਗੀ ਦਾ ਸਮਾ ਮੁੱਕ ਜਾਂਦਾ ਹੈ ਉਹ ਮਰਦੇ ਹਨ ਜੰਮਦੇ ਹਨ, ਮਰਦੇ ਹਨ ਜੰਮਦੇ ਹਨ (ਇਸੇ ਗੇੜ ਵਿਚ ਪਏ ਰਹਿੰਦੇ ਹਨ)।
ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ ਪਛੋਤਾਇਦਾ ॥੧੩॥
ਜਿਸ ਮਨੁੱਖ ਉੱਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਵਡਿਆਈ ਦੇਂਦਾ ਹੈ, ਉਸ ਨੂੰ ਆਪਣੇ ਚਰਨਾਂ ਵਿਚ ਮੇਲ ਲੈਂਦਾ ਹੈ, ਉਹ ਮਨੁੱਖ (ਮੁੜ ਕਦੇ ਨਾਹ ਵਿਛੁੜਦਾ ਹੈ) ਨਾਹ ਪਛੁਤਾਂਦਾ ਹੈ ॥੧੩॥
ਆਪੇ ਕਰਤਾ ਆਪੇ ਭੁਗਤਾ ॥
ਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਹੈ।
ਆਪੇ ਤ੍ਰਿਪਤਾ ਆਪੇ ਮੁਕਤਾ ॥
ਫਿਰ ਆਪ ਹੀ ਇਹਨਾਂ ਭੋਗਾਂ ਤੋਂ ਰੱਜ ਜਾਣ ਵਾਲਾ ਹੈ ਤੇ ਆਪ ਹੀ ਪਦਾਰਥਾਂ ਦੇ ਮੋਹ ਤੋਂ ਸੁਤੰਤਰ ਹੋ ਜਾਣ ਵਾਲਾ ਹੈ।
ਆਪੇ ਮੁਕਤਿ ਦਾਨੁ ਮੁਕਤੀਸਰੁ ਮਮਤਾ ਮੋਹੁ ਚੁਕਾਇਦਾ ॥੧੪॥
ਪ੍ਰਭੂ ਆਪ ਹੀ ਮੁਕਤੀ ਦਾ ਮਾਲਕ ਹੈ, ਆਪ ਹੀ ਵਿਕਾਰਾਂ ਤੋਂ ਖ਼ਲਾਸੀ ਦੀ ਦਾਤ ਦੇਂਦਾ ਹੈ, ਆਪ ਹੀ ਜੀਵਾਂ ਦੇ ਅੰਦਰੋਂ ਮਾਇਆ ਦੀ ਮਮਤਾ ਤੇ ਮਾਇਆ ਦਾ ਮੋਹ ਦੂਰ ਕਰਦਾ ਹੈ ॥੧੪॥
ਦਾਨਾ ਕੈ ਸਿਰਿ ਦਾਨੁ ਵੀਚਾਰਾ ॥
ਪਰਮਾਤਮਾ ਜੀਵਾਂ ਨੂੰ ਆਪਣੇ ਗੁਣਾਂ ਦੀ ਵਿਚਾਰ ਬਖ਼ਸ਼ਦਾ ਹੈ ਤੇ ਉਸ ਦੀ ਇਹ ਦਾਤ ਉਸ ਦੀਆਂ ਹੋਰ ਸਭ ਦਾਤਾਂ ਤੋਂ ਸ੍ਰੇਸ਼ਟ ਹੈ।
ਕਰਣ ਕਾਰਣ ਸਮਰਥੁ ਅਪਾਰਾ ॥
ਉਹ ਇਸ ਜਗਤ ਦਾ ਰਚਣ ਵਾਲਾ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਬੇਅੰਤ ਹੈ।
ਕਰਿ ਕਰਿ ਵੇਖੈ ਕੀਤਾ ਅਪਣਾ ਕਰਣੀ ਕਾਰ ਕਰਾਇਦਾ ॥੧੫॥
ਸਾਰੀ ਸ੍ਰਿਸ਼ਟੀ ਪੈਦਾ ਕਰ ਕੇ ਉਹ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਤੇ ਜੀਵਾਂ ਪਾਸੋਂ ਉਹ ਕਾਰ ਕਰਾਂਦਾ ਹੈ ਜੋ ਕਰਨ-ਜੋਗ ਹੋਵੇ ॥੧੫॥
ਸੇ ਗੁਣ ਗਾਵਹਿ ਸਾਚੇ ਭਾਵਹਿ ॥
ਜੇਹੜੇ ਜੀਵ ਸਦਾ-ਥਿਰ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹ ਉਸ ਦੇ ਗੁਣ ਗਾਂਦੇ ਹਨ।
ਤੁਝ ਤੇ ਉਪਜਹਿ ਤੁਝ ਮਾਹਿ ਸਮਾਵਹਿ ॥
ਹੇ ਪ੍ਰਭੂ! ਸਾਰੇ ਜੀਅ ਜੰਤ ਤੈਥੋਂ ਪੈਦਾ ਹੁੰਦੇ ਹਨ ਤੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।
ਨਾਨਕੁ ਸਾਚੁ ਕਹੈ ਬੇਨੰਤੀ ਮਿਲਿ ਸਾਚੇ ਸੁਖੁ ਪਾਇਦਾ ॥੧੬॥੨॥੧੪॥
ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ (ਉਸ ਦੇ ਦਰ ਤੇ) ਬੇਨਤੀਆਂ ਕਰਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ ਨੂੰ ਮਿਲ ਕੇ ਆਤਮਕ ਅਨੰਦ ਮਾਣਦਾ ਹੈ ॥੧੬॥੨॥੧੪॥
ਮਾਰੂ ਮਹਲਾ ੧ ॥
ਅਰਬਦ ਨਰਬਦ ਧੁੰਧੂਕਾਰਾ ॥
(ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ।
ਧਰਣਿ ਨ ਗਗਨਾ ਹੁਕਮੁ ਅਪਾਰਾ ॥
ਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ।
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥
ਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ॥੧॥
ਖਾਣੀ ਨ ਬਾਣੀ ਪਉਣ ਨ ਪਾਣੀ ॥
ਤਦੋਂ ਨਾਹ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ, ਨਾਹ ਜੀਵਾਂ ਦੀਆਂ ਬਾਣੀਆਂ ਸਨ, ਨਾਹ ਹਵਾ ਸੀ, ਨਾਹ ਪਾਣੀ ਸੀ,
ਓਪਤਿ ਖਪਤਿ ਨ ਆਵਣ ਜਾਣੀ ॥
ਨਾਹ ਉਤਪੱਤੀ ਸੀ ਨਾਹ ਪਰਲੌ ਸੀ, ਨਾਹ ਜੰਮਣ ਸੀ ਨਾਹ ਮਰਨ ਸੀ।
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥
ਤਦੋਂ ਨਾਹ ਧਰਤੀ ਦੇ ਨੌ ਖੰਡ ਸਨ ਨਾਹ ਪਾਤਾਲ ਸੀ, ਨਾਹ ਸਤ ਸਮੁੰਦਰ ਸਨ ਤੇ ਨਾਹ ਹੀ ਨਦੀਆਂ ਵਿਚ ਪਾਣੀ ਵਹਿ ਰਿਹਾ ਸੀ ॥੨॥
ਨਾ ਤਦਿ ਸੁਰਗੁ ਮਛੁ ਪਇਆਲਾ ॥
ਤਦੋਂ ਨਾਹ ਸੁਰਗ-ਲੋਕ ਸੀ, ਨਾਹ ਮਾਤ-ਲੋਕ ਸੀ ਤੇ ਨਾਹ ਹੀ ਪਤਾਲ ਸੀ।
ਦੋਜਕੁ ਭਿਸਤੁ ਨਹੀ ਖੈ ਕਾਲਾ ॥
ਤਦੋਂ ਨਾਹ ਕੋਈ ਦੋਜ਼ਖ਼ ਸੀ ਨਾਹ ਬਹਿਸ਼ਤ ਸੀ, ਤੇ ਨਾਹ ਹੀ ਮੌਤ ਲਿਆਉਣ ਵਾਲਾ ਕਾਲ ਸੀ।
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥੩॥
ਤਦੋਂ ਨਾਹ ਸੁਰਗ ਸੀ ਨਾਹ ਨਰਕ ਸੀ, ਨਾਹ ਜੰਮਣ ਸੀ ਨਾਹ ਮਰਨ ਸੀ, ਨਾਹ ਕੋਈ ਜੰਮਦਾ ਸੀ ਨਾਹ ਮਰਦਾ ਸੀ ॥੩॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥
ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ।
ਅਵਰੁ ਨ ਦੀਸੈ ਏਕੋ ਸੋਈ ॥
ਤਦੋਂ ਇਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ।
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥੪॥
ਤਦੋਂ ਨਾਹ ਕੋਈ ਇਸਤ੍ਰੀ ਸੀ ਨਾਹ ਕੋਈ ਮਰਦ ਸੀ ਤਦੋਂ ਨਾਹ ਕੋਈ ਜਾਤਿ ਸੀ ਨਾਹ ਕਿਸੇ ਜਾਤਿ ਵਿਚ ਕੋਈ ਜਨਮ ਹੀ ਲੈਂਦਾ ਸੀ। ਨਾਹ ਕੋਈ ਦੁੱਖ ਸੁਖ ਭੋਗਣ ਵਾਲਾ ਜੀਵ ਹੀ ਸੀ ॥੪॥
ਨਾ ਤਦਿ ਜਤੀ ਸਤੀ ਬਨਵਾਸੀ ॥
ਤਦੋਂ ਨਾਹ ਕੋਈ ਜਤੀ ਸੀ ਨਾਹ ਕੋਈ ਸਤੀ ਸੀ ਤੇ ਨਾਹ ਕੋਈ ਤਿਆਗੀ ਸੀ।
ਨਾ ਤਦਿ ਸਿਧ ਸਾਧਿਕ ਸੁਖਵਾਸੀ ॥
ਤਦੋਂ ਨਾਹ ਕੋਈ ਸਿੱਧ ਸਨ ਨਾਹ ਸਾਧਿਕ ਸਨ ਤੇ ਨਾਹ ਹੀ ਕੋਈ ਗ੍ਰਿਹਸਤੀ ਸਨ।
ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥੫॥
ਤਦੋਂ ਨਾਹ ਕੋਈ ਜੋਗੀਆਂ ਦਾ ਤੇ ਨਾਹ ਕੋਈ ਜੰਗਮਾਂ ਦਾ ਭੇਖ ਸੀ, ਤੇ ਨਾਹ ਹੀ ਕੋਈ ਜੋਗੀਆਂ ਦਾ ਗੁਰੂ ਅਖਵਾਣ ਵਾਲਾ ਸੀ ॥੫॥
ਜਪ ਤਪ ਸੰਜਮ ਨਾ ਬ੍ਰਤ ਪੂਜਾ ॥
ਤਦੋਂ ਨਾਹ ਕਿਤੇ ਜਪ ਹੋ ਰਹੇ ਸਨ ਨਾਹ ਤਪ ਹੋ ਰਹੇ ਸਨ, ਨਾਹ ਕਿਤੇ ਸੰਜਮ ਸਾਧੇ ਜਾ ਰਹੇ ਸਨ ਨਾਹ ਵਰਤ ਰੱਖੇ ਜਾ ਰਹੇ ਸਨ ਤੇ ਨਾਹ ਹੀ ਪੂਜਾ ਕੀਤੀ ਜਾ ਰਹੀ ਸੀ।
ਨਾ ਕੋ ਆਖਿ ਵਖਾਣੈ ਦੂਜਾ ॥
ਤਦੋਂ ਕੋਈ ਐਸਾ ਜੀਵ ਨਹੀਂ ਸੀ ਜੋ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ।
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥੬॥
ਤਦੋਂ ਪਰਮਾਤਮਾ ਆਪ ਹੀ ਆਪਣੇ ਆਪ ਵਿਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਂਦਾ ਸੀ ॥੬॥
ਨਾ ਸੁਚਿ ਸੰਜਮੁ ਤੁਲਸੀ ਮਾਲਾ ॥
ਤਦੋਂ ਨਾਹ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾਹ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾਹ ਹੀ ਕਿਤੇ ਤੁਲਸੀ ਦੀ ਮਾਲਾ ਸੀ।
ਗੋਪੀ ਕਾਨੁ ਨ ਗਊ ਗੁੋਆਲਾ ॥
ਤਦੋਂ ਨਾਹ ਕਿਤੇ ਕੋਈ ਗੋਪੀ ਸੀ ਨਾਹ ਕੋਈ ਕਾਨ੍ਹ ਸੀ, ਨਾਹ ਕੋਈ ਗਊ ਸੀ ਨਾਹ ਗਊਆਂ ਦਾ ਰਾਖਾ ਸੀ।
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥੭॥
ਤਦੋਂ ਨਾਹ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸੀ ਤੇ ਨਾਹ ਕੋਈ ਬੰਸਰੀ ਵਜਾ ਰਿਹਾ ਸੀ ॥੭॥
ਕਰਮ ਧਰਮ ਨਹੀ ਮਾਇਆ ਮਾਖੀ ॥
ਤਦੋਂ ਨਾਹ ਕਿਤੇ ਧਾਰਮਿਕ ਕਰਮ-ਕਾਂਡ ਸੀ ਨਾਹ ਕਿਤੇ ਮਿੱਠੀ ਮਾਇਆ ਸੀ।
ਜਾਤਿ ਜਨਮੁ ਨਹੀ ਦੀਸੈ ਆਖੀ ॥
ਤਦੋਂ ਨਾਹ ਕਿਤੇ ਕੋਈ (ਉੱਚੀ ਨੀਵੀਂ) ਜਾਤਿ ਸੀ ਤੇ ਨਾਹ ਹੀ ਕਿਸੇ ਜਾਤਿ ਵਿਚ ਕੋਈ ਜਨਮ ਲੈਂਦਾ ਅੱਖੀਂ ਦਿੱਸਦਾ ਸੀ।
ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥੮॥
ਤਦੋਂ ਨਾਹ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ, ਨਾਹ ਕਿਤੇ ਕਿਸੇ ਦੇ ਸਿਰ ਉਤੇ ਕਾਲ (ਕੂਕਦਾ ਸੀ)। ਨਾਹ ਕੋਈ ਜੀਵ ਕਿਸੇ ਦਾ ਸਿਮਰਨ-ਧਿਆਨ ਧਰਦਾ ਸੀ ॥੮॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥
ਤਦੋਂ ਨਾਹ ਕਿਤੇ ਨਿੰਦਿਆ ਸੀ ਨਾਹ ਖ਼ੁਸ਼ਾਮਦ ਸੀ, ਨਾਹ ਕੋਈ ਜੀਵਾਤਮਾ ਸੀ ਨਾਹ ਕੋਈ ਜਿੰਦ ਸੀ।
ਨਾ ਤਦਿ ਗੋਰਖੁ ਨਾ ਮਾਛਿੰਦੋ ॥
ਤਦੋਂ ਨਾਹ ਗੋਰਖ ਸੀ ਨਾਹ ਮਾਛਿੰਦ੍ਰ ਨਾਥ ਸੀ।
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥੯॥
ਤਦੋਂ ਨਾਹ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾਹ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਤਦੋਂ ਨਾਹ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾਹ ਹੀ ਕੋਈ (ਚੰਗੀ ਕੁਲ ਵਿਚ ਜੰਮਣ ਦਾ) ਮਾਣ ਕਰਦਾ ਸੀ ॥੯॥
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥
ਤਦੋਂ ਨਾਹ ਕੋਈ ਬ੍ਰਾਹਮਣ ਖੱਤ੍ਰੀ ਆਦਿਕ ਵਰਨ ਸਨ ਨਾਹ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ।
ਦੇਉ ਨ ਦੇਹੁਰਾ ਗਊ ਗਾਇਤ੍ਰੀ ॥
ਤਦੋਂ ਨਾਹ ਕੋਈ ਦੇਵਤਾ ਸੀ ਤੇ ਨਾਹ ਦੇਵਤੇ ਦਾ ਮੰਦਰ ਸੀ। ਤਦੋਂ ਨਾਹ ਕੋਈ ਗਊ ਸੀ, ਨਾਹ ਕਿਤੇ ਗਾਇਤ੍ਰੀ ਸੀ।
ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥੧੦॥
ਨਾਹ ਕਿਤੇ ਹਵਨ ਸਨ ਨਾਹ ਜੱਗ ਹੋ ਰਹੇ ਸਨ, ਨਾਹ ਕਿਤੇ ਤੀਰਥਾਂ ਦਾ ਇਸ਼ਨਾਨ ਸੀ ਤੇ ਨਾਹ ਕੋਈ (ਦੇਵ-) ਪੂਜਾ ਕਰ ਰਿਹਾ ਸੀ ॥੧੦॥
ਨਾ ਕੋ ਮੁਲਾ ਨਾ ਕੋ ਕਾਜੀ ॥
ਤਦੋਂ ਨਾਹ ਕੋਈ ਮੌਲਵੀ ਸੀ ਨਾਹ ਕਾਜ਼ੀ ਸੀ,
ਨਾ ਕੋ ਸੇਖੁ ਮਸਾਇਕੁ ਹਾਜੀ ॥
ਨਾਹ ਕੋਈ ਸ਼ੇਖ਼ ਸੀ ਨਾਹ ਹਾਜੀ ਸੀ।
ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥੧੧॥
ਤਦੋਂ ਨਾਹ ਕਿਤੇ ਪਰਜਾ ਸੀ ਨਾਹ ਕੋਈ ਰਾਜਾ ਸੀ, ਨਾਹ ਕਿਤੇ ਦੁਨੀਆ ਵਾਲੀ ਹਉਮੈ ਹੀ ਸੀ, ਨਾਹ ਕੋਈ ਇਹੋ ਜਿਹੀ ਗੱਲ ਹੀ ਕਰਨ ਵਾਲਾ ਸੀ ॥੧੧॥
ਭਾਉ ਨ ਭਗਤੀ ਨਾ ਸਿਵ ਸਕਤੀ ॥
ਤਦੋਂ ਨਾਹ ਕਿਤੇ ਪ੍ਰੇਮ ਸੀ ਨਾਹ ਕਿਤੇ ਭਗਤੀ ਸੀ, ਨਾਹ ਕਿਤੇ ਜੜ੍ਹ ਸੀ ਨਾਹ ਚੇਤਨ ਸੀ।
ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥
ਤਦੋਂ ਨਾਹ ਕਿਤੇ ਕੋਈ ਸੱਜਣ ਸੀ ਨਾਹ ਮਿੱਤਰ ਸੀ, ਨਾਹ ਕਿਤੇ ਪਿਤਾ ਦਾ ਵੀਰਜ ਸੀ ਨਾਹ ਮਾਂ ਦੀ ਰੱਤ ਸੀ।
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥੧੨॥
ਤਦੋਂ ਪਰਮਾਤਮਾ ਆਪ ਹੀ ਸ਼ਾਹ ਸੀ, ਆਪ ਹੀ ਵਣਜ ਕਰਨ ਵਾਲਾ ਸੀ, ਤਦੋਂ ਉਸ ਸਦਾ-ਥਿਰ ਪ੍ਰਭੂ ਨੂੰ ਇਹੋ ਕੁਝ ਚੰਗਾ ਲੱਗਦਾ ਸੀ ॥੧੨॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥
ਤਦੋਂ ਨਾਹ ਕਿਤੇ ਸ਼ਾਸਤ੍ਰ ਸਿੰਮ੍ਰਿਤੀਆਂ ਤੇ ਵੇਦ ਸਨ, ਨਾਹ ਕਿਤੇ ਕੁਰਾਨ ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ।
ਪਾਠ ਪੁਰਾਣ ਉਦੈ ਨਹੀ ਆਸਤ ॥
ਤਦੋਂ ਕਿਤੇ ਪੁਰਾਣਾਂ ਦੇ ਪਾਠ ਭੀ ਨਹੀਂ ਸਨ। ਤਦੋਂ ਨਾਹ ਕਿਤੇ ਸੂਰਜ ਦਾ ਚੜ੍ਹਨਾ ਸੀ ਨਾਹ ਡੁੱਬਣਾ ਸੀ।
ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥੧੩॥
ਤਦੋਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ਤੇ ਆਪ ਹੀ ਆਪਣੇ ਆਪ ਨੂੰ ਪਰਗਟ ਕਰਨ ਵਾਲਾ ਸੀ ॥੧੩॥
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥
ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ ਦਿੱਤਾ।
ਬਾਝੁ ਕਲਾ ਆਡਾਣੁ ਰਹਾਇਆ ॥
ਇਸ ਸਾਰੇ ਜਗਤ-ਖਿਲਾਰੇ ਨੂੰ ਉਸ ਨੇ (ਕਿਸੇ ਦਿੱਸਦੇ) ਸਹਾਰੇ ਤੋਂ ਬਿਨਾ ਹੀ (ਆਪੋ ਆਪਣੇ ਥਾਂ) ਟਿਕਾ ਦਿੱਤਾ।
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥੧੪॥
ਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਭੀ ਪੈਦਾ ਕਰ ਦਿੱਤੇ, (ਜਗਤ ਵਿਚ) ਮਾਇਆ ਦਾ ਮੋਹ ਭੀ ਵਧਾ ਦਿੱਤਾ ॥੧੪॥
ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥
ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਨੇ ਉਪਦੇਸ਼ ਸੁਣਾਇਆ।
ਕਰਿ ਕਰਿ ਦੇਖੈ ਹੁਕਮੁ ਸਬਾਇਆ ॥
(ਉਸ ਨੂੰ ਸਮਝ ਆ ਗਈ ਕਿ) ਪਰਮਾਤਮਾ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ।
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥੧੫॥
ਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ ਹੈ ॥੧੫॥
ਤਾ ਕਾ ਅੰਤੁ ਨ ਜਾਣੈ ਕੋਈ॥
ਕੋਈ ਭੀ ਜੀਵ ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ,
ਪੂਰੇ ਗੁਰ ਤੇ ਸੋਝੀ ਹੋਈ ॥
ਇਹ ਸਮਝ ਪੂਰੇ ਗੁਰੂ ਤੋਂ ਪੈਂਦੀ ਹੈ।
ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥
ਹੇ ਨਾਨਕ! ਜੇਹੜੇ ਬੰਦੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ (ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਵੇਖ ਕੇ) ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਂਦੇ ਰਹਿੰਦੇ ਹਨ ॥੧੬॥੩॥੧੫॥
ਮਾਰੂ ਮਹਲਾ ੧ ॥
ਆਪੇ ਆਪੁ ਉਪਾਇ ਨਿਰਾਲਾ ॥
(ਪਰਮਾਤਮਾ) ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪੈਦਾ ਕਰ ਕੇ (ਮਾਇਆ ਦੇ ਮੋਹ ਤੋਂ) ਨਿਰਲੇਪ (ਭੀ) ਰਹਿੰਦਾ ਹੈ।
ਸਾਚਾ ਥਾਨੁ ਕੀਓ ਦਇਆਲਾ ॥
ਸਦਾ-ਥਿਰ ਦਇਆਲ ਪ੍ਰਭੂ ਇਸ ਸਰੀਰ ਨੂੰ (ਆਪਣੇ ਰਹਿਣ ਲਈ) ਥਾਂ ਬਣਾਂਦਾ ਹੈ।
ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥
ਹਵਾ ਪਾਣੀ ਅੱਗ (ਆਦਿਕ ਤੱਤਾਂ) ਦਾ ਮੇਲ ਕਰ ਕੇ ਉਹ ਪਰਮਾਤਮਾ ਸਰੀਰ-ਕਿਲ੍ਹਾ ਰਚਦਾ ਹੈ ॥੧॥
ਨਉ ਘਰ ਥਾਪੇ ਥਾਪਣਹਾਰੈ ॥
ਬਣਾਣ ਦੀ ਤਾਕਤ ਰੱਖਣ ਵਾਲੇ ਪ੍ਰਭੂ ਨੇ ਇਸ ਸਰੀਰ ਦੇ ਨੌ ਘਰ (ਕਰਮ ਇੰਦ੍ਰੇ) ਬਣਾਏ ਹਨ।
ਦਸਵੈ ਵਾਸਾ ਅਲਖ ਅਪਾਰੈ ॥
ਦਸਵੇਂ ਘਰ (ਦਸਵੇਂ ਦੁਆਰ) ਵਿਚ ਉਸ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦੀ ਰਿਹੈਸ਼ ਹੈ।
ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥੨॥
(ਜੀਵ ਮਾਇਆ ਦੇ ਮੋਹ ਵਿਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ) ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦਾ ਮਨ ਉਸ ਦੀ ਬੁੱਧੀ-ਇਹ ਸੱਤੇ ਹੀ ਸਰੋਵਰ ਪ੍ਰਭੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ, ਇਸ ਵਾਸਤੇ ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ ॥੨॥
ਰਵਿ ਸਸਿ ਦੀਪਕ ਜੋਤਿ ਸਬਾਈ ॥
ਪਰਮਾਤਮਾ ਨੇ ਆਪ ਹੀ ਸੂਰਜ ਚੰਦ੍ਰਮਾ (ਜਗਤ ਦੇ) ਦੀਵੇ ਬਣਾਏ ਹਨ। ਇਹਨਾਂ ਸੂਰਜ ਚੰਦ੍ਰਮਾ (ਆਦਿਕ) ਦੀਵਿਆਂ ਵਿਚ ਸਾਰੀ ਸ੍ਰਿਸ਼ਟੀ ਵਿਚ ਉਸ ਦੀ ਆਪਣੀ ਹੀ ਜੋਤਿ (ਚਾਨਣ ਕਰ ਰਹੀ) ਹੈ।
ਆਪੇ ਕਰਿ ਵੇਖੈ ਵਡਿਆਈ ॥
ਉਹ ਪਰਮਾਤਮਾ ਆਪਣੀ ਵਡਿਆਈ ਆਪ ਵੇਖਦਾ ਹੈ।
ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥੩॥
ਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ, ਉਹ ਸਦਾ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ। ਜੇਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸੋਭਾ ਦੇਂਦਾ ਹੈ ॥੩॥
ਗੜ ਮਹਿ ਹਾਟ ਪਟਣ ਵਾਪਾਰਾ ॥
(ਪ੍ਰਭੂ ਦੇ ਰਚੇ ਹੋਏ ਇਸ ਸਰੀਰ-) ਕਿਲ੍ਹੇ ਵਿਚ (ਗਿਆਨ-ਇੰਦ੍ਰੇ, ਮਾਨੋ) ਸ਼ਹਰ ਦੇ ਹੱਟ ਹਨ ਜਿਥੇ (ਪ੍ਰਭੂ ਆਪ ਹੀ) ਵਾਪਾਰ ਕਰ ਰਿਹਾ ਹੈ।
ਪੂਰੈ ਤੋਲਿ ਤੋਲੈ ਵਣਜਾਰਾ ॥
(ਪ੍ਰਭੂ ਦਾ ਨਾਮ ਹੀ ਇਕ ਐਸਾ ਤੋਲ ਹੈ ਜਿਸ ਦੀ ਰਾਹੀਂ ਕੀਤੇ ਵਣਜ ਵਿਚ ਕੋਈ ਘਾਟਾ ਨਹੀਂ ਪੈਂਦਾ, ਇਸ) ਪੂਰੇ ਤੋਲ ਦੀ ਰਾਹੀਂ ਪ੍ਰਭੂ-ਵਣਜਾਰਾ (ਸਰੀਰ-ਕਿਲ੍ਹੇ ਵਿਚ ਬੈਠ ਕੇ) ਆਪ ਹੀ ਨਾਮ-ਵੱਖਰ ਤੋਲਦਾ ਹੈ।
ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥੪॥
ਪ੍ਰਭੂ ਆਪ ਹੀ ਨਾਮ-ਰਤਨ ਵਿਹਾਝਦਾ ਹੈ, ਆਪ ਹੀ ਨਾਮ ਰਤਨ ਦਾ (ਠੀਕ) ਮੁੱਲ ਪਾਂਦਾ ਹੈ ॥੪॥
ਕੀਮਤਿ ਪਾਈ ਪਾਵਣਹਾਰੈ ॥
ਕਦਰ ਸਮਝਣ ਵਾਲਾ ਪ੍ਰਭੂ ਹੀ ਆਪਣੇ ਨਾਮ-ਰਤਨ ਦੀ ਕਦਰ ਪਾ ਰਿਹਾ ਹੈ।
ਵੇਪਰਵਾਹ ਪੂਰੇ ਭੰਡਾਰੈ ॥
(ਜਿਸ ਨੂੰ ਇਹ ਸਮਝ ਦੇਂਦਾ ਹੈ ਉਹ) ਉਸ ਵੇ-ਪਰਵਾਹ ਪਰਮਾਤਮਾ ਦੇ ਭਰੇ ਖ਼ਜ਼ਾਨੇ ਵਿਚੋਂ ਨਾਮ-ਰਤਨ ਪ੍ਰਾਪਤ ਕਰਦਾ ਹੈ।
ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ ॥੫॥
ਪ੍ਰਭੂ ਕਿਸੇ (ਵਿਰਲੇ ਭਾਗਾਂ ਵਾਲੇ) ਨੂੰ ਗੁਰੂ ਦੀ ਰਾਹੀਂ ਇਹ ਸਮਝ ਬਖ਼ਸ਼ਦਾ ਹੈ ਕਿ ਉਹ ਆਪ ਹੀ ਆਪਣੀ ਸਾਰੀ ਸੱਤਿਆ (ਆਪਣੇ ਅੰਦਰ) ਰੱਖ ਕੇ ਸਭ ਜੀਵਾਂ ਵਿਚ ਵਿਆਪ ਰਿਹਾ ਹੈ ॥੫॥
ਨਦਰਿ ਕਰੇ ਪੂਰਾ ਗੁਰੁ ਭੇਟੈ ॥
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਪੂਰਾ ਸਤਿਗੁਰ ਮਿਲ ਪੈਂਦਾ ਹੈ,
ਜਮ ਜੰਦਾਰੁ ਨ ਮਾਰੈ ਫੇਟੈ ॥
ਜ਼ਾਲਮ ਜਮ ਉਸ ਉਤੇ ਕੋਈ ਸੱਟ-ਫੇਟ ਨਹੀਂ ਕਰ ਕਰਦਾ।
ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ ॥੬॥
ਜਿਵੇਂ ਪਾਣੀ ਵਿਚ ਕਉਲ ਫੁੱਲ ਖਿੜਦਾ ਹੈ (ਨਿਰਲੇਪ ਰਹਿੰਦਾ ਹੈ) ਤਿਵੇਂ ਪ੍ਰਭੂ ਆਪ ਹੀ ਉਸ ਮਨੁੱਖ ਦੇ ਅੰਦਰ ਖਿੜ ਕੇ (ਆਪਣੇ ਆਪ ਨੂੰ) ਸਿਮਰਦਾ ਹੈ ॥੬॥
ਆਪੇ ਵਰਖੈ ਅੰਮ੍ਰਿਤ ਧਾਰਾ ॥
(ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਸ ਦੇ ਅੰਦਰ ਪ੍ਰਭੂ) ਆਪ ਹੀ ਨਾਮ-ਅੰਮ੍ਰਿਤ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ,
ਰਤਨ ਜਵੇਹਰ ਲਾਲ ਅਪਾਰਾ ॥
ਜਿਸ ਵਿਚ ਪ੍ਰਭੂ ਦੇ ਬੇਅੰਤ ਗੁਣ-ਰੂਪ ਰਤਨ ਜਵਾਹਰ ਤੇ ਲਾਲ ਹੁੰਦੇ ਹਨ।
ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ ॥੭॥
ਗੁਰੂ ਮਿਲ ਪਏ ਤਾਂ ਪੂਰਾ ਪ੍ਰਭੂ ਮਿਲ ਪੈਂਦਾ ਹੈ। (ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਪੂਰਨ ਪਰਮਾਤਮਾ ਮਿਲਦਾ ਹੈ ਉਹ) ਪ੍ਰਭੂ-ਪ੍ਰੇਮ ਦਾ ਅਮੋਲਕ ਵੱਖਰ ਪ੍ਰਾਪਤ ਕਰ ਲੈਂਦਾ ਹੈ ॥੭॥
ਪ੍ਰੇਮ ਪਦਾਰਥੁ ਲਹੈ ਅਮੋਲੋ ॥
(ਗੁਰੂ ਦੀ ਸਰਨ ਪੈ ਕੇ) ਜੇਹੜਾ ਮਨੁੱਖ ਪ੍ਰਭੂ-ਪ੍ਰੇਮ ਦਾ ਕੀਮਤੀ ਸੌਦਾ ਹਾਸਲ ਕਰ ਲੈਂਦਾ ਹੈ,
ਕਬ ਹੀ ਨ ਘਾਟਸਿ ਪੂਰਾ ਤੋਲੋ ॥
ਉਸ ਦਾ ਇਹ ਸੌਦਾ ਘਟਦਾ ਨਹੀਂ, (ਜਦ ਕਦੇ ਭੀ ਤੋਲਿਆ ਜਾਏ ਉਸ ਦਾ) ਤੋਲ ਪੂਰਾ ਹੀ ਨਿਕਲੇਗਾ (ਭਾਵ, ਮਾਇਆ ਦੇ ਭਾਵੇਂ ਕਈ ਹੱਲੇ ਪਏ ਹੋਣ, ਉਸ ਦਾ ਪ੍ਰਭੂ-ਚਰਨਾਂ ਵਾਲਾ ਪ੍ਰੇਮ ਡੋਲਦਾ ਨਹੀਂ)।
ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ ॥੮॥
ਜੇਹੜਾ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਲੱਗ ਪੈਂਦਾ ਹੈ, ਉਹ ਇਹ ਸਦਾ-ਥਿਰ ਨਾਮ ਦਾ ਸੌਦਾ ਹੀ ਲੱਦਦਾ ਹੈ ॥੮॥
ਸਚਾ ਸਉਦਾ ਵਿਰਲਾ ਕੋ ਪਾਏ ॥
(ਪਰ ਜਗਤ ਵਿਚ) ਕੋਈ ਵਿਰਲਾ ਬੰਦਾ ਸਦਾ-ਥਿਰ ਰਹਿਣ ਵਾਲਾ ਇਹ ਸੌਦਾ ਪ੍ਰਾਪਤ ਕਰਦਾ ਹੈ।
ਪੂਰਾ ਸਤਿਗੁਰੁ ਮਿਲੈ ਮਿਲਾਏ ॥
ਜਿਸ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਇਹ ਸੌਦਾ ਦਿਵਾ ਦੇਂਦਾ ਹੈ।
ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ ॥੯॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤੇ ਜੇਹੜਾ ਰਜ਼ਾ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ਉਹ (ਰਜ਼ਾ ਦੇ ਮਾਲਕ ਵਿਚ ਹੀ) ਲੀਨ ਹੋ ਜਾਂਦਾ ਹੈ ॥੯॥
ਹੁਕਮੇ ਆਇਆ ਹੁਕਮਿ ਸਮਾਇਆ ॥
(ਰਜ਼ਾ ਨੂੰ ਮੰਨ ਲੈਣ ਵਾਲੇ ਬੰਦੇ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ ਹੁਕਮ ਅਨੁਸਾਰ ਸਮਾ ਜਾਂਦਾ ਹੈ (ਜਗਤ ਤੋਂ ਚਲਾ ਜਾਂਦਾ ਹੈ)।
ਹੁਕਮੇ ਦੀਸੈ ਜਗਤੁ ਉਪਾਇਆ ॥
ਉਸ ਨੂੰ ਇਹ ਦਿੱਸਦਾ ਹੈ ਕਿ ਸਾਰਾ ਜਗਤ ਹੁਕਮ ਵਿਚ ਹੀ ਪੈਦਾ ਹੁੰਦਾ ਹੈ।
ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ ॥੧੦॥
ਪ੍ਰਭੂ ਦੇ ਹੁਕਮ ਅਨੁਸਾਰ ਹੀ ਸੁਰਗ-ਲੋਕ ਮਾਤ-ਲੋਕ ਤੇ ਪਤਾਲ-ਲੋਕ ਬਣਦਾ ਹੈ, ਪ੍ਰਭੂ ਆਪਣੇ ਹੁਕਮ ਵਿਚ ਹੀ ਆਪਣੀ ਸੱਤਿਆ ਨਾਲ ਇਸ (ਜਗਤ) ਨੂੰ ਆਸਰਾ ਦੇਈ ਰੱਖਦਾ ਹੈ ॥੧੦॥
ਹੁਕਮੇ ਧਰਤੀ ਧਉਲ ਸਿਰਿ ਭਾਰੰ ॥
ਪ੍ਰਭੂ ਦੇ ਹੁਕਮ ਵਿਚ ਹੀ ਧਰਤੀ ਬਣੀ ਜਿਸ ਦਾ ਡਰ ਬਲਦ ਦੇ ਸਿਰ ਉਤੇ (ਸਮਝਿਆ ਜਾਂਦਾ ਹੈ)।
ਹੁਕਮੇ ਪਉਣ ਪਾਣੀ ਗੈਣਾਰੰ ॥
ਹੁਕਮ ਵਿਚ ਹੀ ਹਵਾ ਪਾਣੀ (ਆਦਿਕ ਤੱਤ ਬਣੇ) ਤੇ ਆਕਾਸ਼ ਬਣਿਆ।
ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥੧੧॥
ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਦਾ ਮਾਇਆ ਦੇ ਘਰ ਵਿਚ ਵਾਸ ਹੋਇਆ। ਪ੍ਰਭੂ ਆਪਣੇ ਹੁਕਮ ਵਿਚ ਹੀ (ਜਗਤ ਦੇ ਸਾਰੇ) ਕੌਤਕ ਵਰਤਾ ਰਿਹਾ ਹੈ ॥੧੧॥
ਹੁਕਮੇ ਆਡਾਣੇ ਆਗਾਸੀ ॥
ਪ੍ਰਭੂ ਦੇ ਹੁਕਮ ਵਿਚ ਹੀ ਆਕਾਸ਼ ਤਣੇ ਗਏ,
ਹੁਕਮੇ ਜਲ ਥਲ ਤ੍ਰਿਭਵਣ ਵਾਸੀ ॥
ਹੁਕਮ ਵਿਚ ਹੀ ਪਾਣੀ ਧਰਤੀ ਤਿੰਨੇ ਭਵਨ ਬਣੇ ਜਿਨ੍ਹਾਂ ਵਿਚ ਉਹ ਆਪ ਹੀ ਵਿਆਪਕ ਹੈ।
ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ ॥੧੨॥
ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਸਾਹ ਦੇਂਦਾ ਹੈ ਤੇ ਸਦਾ ਰਿਜ਼ਕ ਦੇਂਦਾ ਹੈ। ਪ੍ਰਭੂ ਆਪਣੀ ਰਜ਼ਾ ਵਿਚ ਹੀ ਜੀਵਾਂ ਦੀ ਸੰਭਾਲ ਕਰ ਕੇ ਸਭ ਨੂੰ ਵੇਖਣ ਦੀ ਤਾਕਤ ਦੇਂਦਾ ਹੈ ॥੧੨॥
ਹੁਕਮਿ ਉਪਾਏ ਦਸ ਅਉਤਾਰਾ ॥
ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਕੀਤੇ,
ਦੇਵ ਦਾਨਵ ਅਗਣਤ ਅਪਾਰਾ ॥
ਅਣਗਿਣਤ ਤੇ ਬੇਅੰਤ ਦੇਵਤੇ ਬਣਾਏ ਤੇ ਦੈਂਤ ਬਣਾਏ।
ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥
ਜੇਹੜਾ ਜੀਵ ਪ੍ਰਭੂ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਹ ਉਸ ਦੀ ਦਰਗਾਹ ਵਿਚ ਆਦਰ ਪਾਂਦਾ ਹੈ। ਪ੍ਰਭੂ ਉਸ ਨੂੰ ਆਪਣੇ ਸਦਾ-ਥਿਰ ਨਾਮ ਵਿਚ ਜੋੜ ਕੇ ਆਪਣੇ (ਚਰਨਾਂ) ਵਿਚ ਲੀਨ ਕਰ ਲੈਂਦਾ ਹੈ ॥੧੩॥
ਹੁਕਮੇ ਜੁਗ ਛਤੀਹ ਗੁਦਾਰੇ ॥
ਪ੍ਰਭੂ ਨੇ ਆਪਣੇ ਹੁਕਮ ਅਨੁਸਾਰ ਹੀ (‘ਧੁੰਧੂਕਾਰਾਂ’ ਦੇ) ਛੱਤੀ ਜੁਗ ਗੁਜ਼ਾਰ ਦਿੱਤੇ,
ਹੁਕਮੇ ਸਿਧ ਸਾਧਿਕ ਵੀਚਾਰੇ ॥
ਆਪਣੇ ਹੁਕਮ ਵਿਚ ਹੀ ਉਹ ਸਿੱਧ ਸਾਧਿਕ ਤੇ ਵਿਚਾਰਵਾਨ ਪੈਦਾ ਕਰ ਦੇਂਦਾ ਹੈ।
ਆਪਿ ਨਾਥੁ ਨਥਂੀ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ ॥੧੪॥
ਸਾਰੀ ਸ੍ਰਿਸ਼ਟੀ ਦਾ ਉਹ ਆਪ ਹੀ ਖਸਮ ਹੈ, ਸਾਰੀ ਸ੍ਰਿਸ਼ਟੀ ਉਸੇ ਦੇ ਹੁਕਮ ਵਿਚ ਬੱਝੀ ਹੋਈ ਹੈ। ਜਿਸ ਜੀਵ ਉਤੇ ਉਹ ਮੇਹਰ ਕਰਦਾ ਹੈ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇ ਦੇਂਦਾ ਹੈ ॥੧੪॥
ਕਾਇਆ ਕੋਟੁ ਗੜੈ ਮਹਿ ਰਾਜਾ ॥
(ਪ੍ਰਭੂ ਦੇ ਹੁਕਮ ਵਿਚ ਹੀ) ਸਰੀਰ ਕਿਲ੍ਹਾ ਬਣਿਆ ਹੈ, ਇਸ ਕਿਲ੍ਹੇ ਵਿਚ ਆਪ ਹੀ ਰਾਜਾ ਹੈ।
ਨੇਬ ਖਵਾਸ ਭਲਾ ਦਰਵਾਜਾ ॥
ਇਸ ਨੂੰ (ਮੂੰਹ) ਸੋਹਣਾ ਦਰਵਾਜ਼ਾ ਲੱਗਾ ਹੋਇਆ ਹੈ। ਕਰਮ ਇੰਦ੍ਰੇ ਤੇ ਗਿਆਨ ਇੰਦ੍ਰੇ ਉਸ ਦੇ ਦਰਬਾਰੀ ਹਨ।
ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ ॥੧੫॥
ਪਰ ਝੂਠਾ ਲੋਭ (ਚੌਕੀਦਾਰ ਹੋਣ ਕਰਕੇ) ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਅੱਪੜਨਾ ਨਹੀਂ ਮਿਲਦਾ। ਲੋਭ ਦੇ ਕਾਰਨ ਪਾਪ ਦੇ ਕਾਰਨ ਜੀਵ ਪਛੁਤਾਂਦਾ ਰਹਿੰਦਾ ਹੈ ॥੧੫॥
ਸਤੁ ਸੰਤੋਖੁ ਨਗਰ ਮਹਿ ਕਾਰੀ ॥
ਜਿਸ ਸਰੀਰ-ਨਗਰ ਵਿਚ ਸੇਵਾ, ਸੰਤੋਖ, ਕਾਰਿੰਦੇ ਹਨ।
ਜਤੁ ਸਤੁ ਸੰਜਮੁ ਸਰਣਿ ਮੁਰਾਰੀ ॥
ਜਤ, ਉੱਚਾ ਆਚਰਨ ਤੇ ਸੰਜਮ ਸਹਿਤ (ਉਸ ਵਿਚ ਵੱਸਦਾ ਜੀਵ) ਪਰਮਾਤਮਾ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ।
ਨਾਨਕ ਸਹਜਿ ਮਿਲੈ ਜਗਜੀਵਨੁ ਗੁਰਸਬਦੀ ਪਤਿ ਪਾਇਦਾ ॥੧੬॥੪॥੧੬॥
ਹੇ ਨਾਨਕ! ਅਡੋਲ ਆਤਮਕ ਅਵਸਥਾ ਵਿਚ ਟਿਕੇ ਉਸ ਜੀਵ ਨੂੰ ਜਗਤ ਦਾ ਜੀਵਨ ਪ੍ਰਭੂ ਮਿਲ ਪੈਂਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ॥੧੬॥੪॥੧੬॥
ਮਾਰੂ ਮਹਲਾ ੧ ॥
ਸੁੰਨ ਕਲਾ ਅਪਰੰਪਰਿ ਧਾਰੀ ॥
ਉਸ ਪਰਮਾਤਮਾ ਨੇ, ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਤੇ ਜੋ ਨਿਰੋਲ ਆਪ ਹੀ ਆਪ ਹੈ, ਆਪਣੀ ਤਾਕਤ ਆਪ ਹੀ ਬਣਾਈ ਹੋਈ ਹੈ।
ਆਪਿ ਨਿਰਾਲਮੁ ਅਪਰ ਅਪਾਰੀ ॥
ਉਹ ਅਪਰ ਤੇ ਅਪਾਰ ਪ੍ਰਭੂ ਆਪਣੇ ਸਹਾਰੇ ਆਪ ਹੀ ਹੈ (ਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਪੈਂਦੀ)।
ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥੧॥
ਉਹ ਪਰਮਾਤਮਾ ਨਿਰੋਲ ਉਹ ਹਾਲਤ ਭੀ ਆਪ ਹੀ ਪੈਦਾ ਕਰਦਾ ਹੈ ਜਦੋਂ ਉਸ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਹੁੰਦਾ, ਤੇ ਆਪ ਹੀ ਆਪਣੀ ਕੁਦਰਤਿ ਰਚ ਕੇ ਵੇਖਦਾ ਹੈ ॥੧॥
ਪਉਣੁ ਪਾਣੀ ਸੁੰਨੈ ਤੇ ਸਾਜੇ ॥
ਹਵਾ ਪਾਣੀ (ਆਦਿਕ ਤੱਤ) ਉਹ ਨਿਰੋਲ ਆਪਣੇ ਆਪੇ ਤੋਂ ਪੈਦਾ ਕਰਦਾ ਹੈ।
ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥
ਸ੍ਰਿਸ਼ਟੀ ਪੈਦਾ ਕਰ ਕੇ (ਆਪਣੇ ਆਪੇ ਤੋਂ ਹੀ) ਸਰੀਰ ਤੇ ਸਰੀਰ-ਕਿਲ੍ਹਿਆਂ ਦੇ ਰਾਜੇ (ਜੀਵ) ਪੈਦਾ ਕਰਦਾ ਹੈ।
ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥
ਹੇ ਪ੍ਰਭੂ! ਅੱਗ ਪਾਣੀ ਆਦਿਕ ਤੱਤਾਂ ਦੇ ਬਣੇ ਸਰੀਰ ਵਿਚ ਜੀਵਾਤਮਾ ਤੇਰੀ ਹੀ ਜੋਤਿ ਹੈ। ਤੂੰ ਨਿਰੋਲ ਆਪਣੇ ਆਪੇ ਵਿਚ ਆਪਣੀ ਸ਼ਕਤੀ ਟਿਕਾਈ ਰੱਖਦਾ ਹੈਂ ॥੨॥
ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
ਬ੍ਰਹਮਾ ਵਿਸ਼ਨੂ ਸ਼ਿਵ ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਪੈਦਾ ਕੀਤੇ।
ਸੁੰਨੇ ਵਰਤੇ ਜੁਗ ਸਬਾਏ ॥
ਸਾਰੇ ਅਨੇਕਾਂ ਜੁਗ ਨਿਰੋਲ ਉਸ ਦੇ ਆਪਣੇ ਆਪੇ ਵਿਚ ਹੀ ਬੀਤਦੇ ਗਏ।
ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥
ਜੇਹੜਾ ਮਨੁੱਖ ਇਸ (ਹੈਰਾਨ ਕਰਨ ਵਾਲੀ) ਹਾਲਤ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਹੋਰ ਹੋਰ ਆਸਰੇ ਭਾਲਣ ਦੀ) ਉਕਾਈ ਨਹੀਂ ਖਾਂਦਾ। ਅਜੇਹੇ ਪੂਰਨ ਮਨੁੱਖ ਦੀ ਸੰਗਤ ਕਰਨੀ ਚਾਹੀਦੀ ਹੈ ਉਹ ਹੋਰਨਾਂ ਦੀ ਭਟਕਣਾ ਭੀ ਦੂਰ ਕਰ ਦੇਂਦਾ ਹੈ ॥੩॥
ਸੁੰਨਹੁ ਸਪਤ ਸਰੋਵਰ ਥਾਪੇ ॥
ਪਰਮਾਤਮਾ ਨੇ (ਜੀਵਾਂ ਦੇ ਪੰਜ ਗਿਆਨ ਇੰਦ੍ਰੇ ਮਨ ਤੇ ਬੱਧ-ਇਹ) ਸੱਤ ਸਰੋਵਰ ਭੀ ਨਿਰੋਲ ਆਪਣੇ ਆਪੇ ਤੋਂ ਬਣਾਏ ਹਨ।
ਜਿਨਿ ਸਾਜੇ ਵੀਚਾਰੇ ਆਪੇ ॥
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਹ ਆਪ ਹੀ ਉਹਨਾਂ ਨੂੰ ਆਪਣੇ ਸੋਚ-ਮੰਡਲ ਵਿਚ ਰੱਖਦਾ ਹੈ।
ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥੪॥
ਜਿਸ ਮਨੁੱਖ ਦਾ ਮਨ ਗੁਰੂ ਦੀ ਸਰਨ ਪੈ ਕੇ ਉਸ ਸ਼ਾਂਤੀ ਦੇ ਸਰ (ਪ੍ਰਭੂ) ਵਿਚ ਇਸ਼ਨਾਨ ਕਰਦਾ ਹੈ, ਉਹ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪੈਂਦਾ ॥੪॥
ਸੁੰਨਹੁ ਚੰਦੁ ਸੂਰਜੁ ਗੈਣਾਰੇ ॥
ਚੰਦ ਸੂਰਜ ਆਕਾਸ਼ ਭੀ ਪ੍ਰਭੂ ਦੇ ਨਿਰੋਲ ਆਪਣੇ ਹੀ ਆਪੇ ਤੋਂ ਬਣੇ।
ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥
ਉਸ ਦੀ ਆਪਣੀ ਹੀ ਜੋਤਿ ਸਾਰੇ ਤਿੰਨਾਂ ਭਵਨਾਂ ਵਿਚ ਪਸਰ ਰਹੀ ਹੈ।
ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥੫॥
ਉਹ ਅਦ੍ਰਿਸ਼ਟ ਤੇ ਬੇਅੰਤ ਪਰਮਾਤਮਾ ਨਿਰੋਲ ਆਪਣੇ ਆਪੇ ਵਿਚ ਕਿਸੇ ਹੋਰ ਆਸਰੇ ਤੋਂ ਬੇ-ਮੁਥਾਜ ਰਹਿੰਦਾ ਹੈ, ਤੇ ਆਪਣੇ ਹੀ ਆਪੇ ਵਿਚ ਮਸਤ ਰਹਿੰਦਾ ਹੈ ॥੫॥
ਸੁੰਨਹੁ ਧਰਤਿ ਅਕਾਸੁ ਉਪਾਏ ॥
ਪਰਮਾਤਮਾ ਨੇ ਧਰਤੀ ਆਕਾਸ਼ ਨਿਰੋਲ ਆਪਣੇ ਆਪੇ ਤੋਂ ਹੀ ਪੈਦਾ ਕੀਤੇ।
ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥
ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਤਾਕਤ ਦੇ ਸਹਾਰੇ ਹੀ ਬਿਨਾ ਕਿਸੇ ਹੋਰ ਥੰਮ੍ਹਾਂ ਦੇ ਟਿਕਾਈ ਰੱਖਦਾ ਹੈ।
ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥
ਤਿੰਨੇ ਭਵਨ ਪੈਦਾ ਕਰ ਕੇ ਪਰਮਾਤਮਾ ਆਪ ਹੀ ਇਹਨਾਂ ਨੂੰ ਮਾਇਆ ਦੀ ਤੜਾਗੀ (ਵਿਚ ਬੰਨ੍ਹੀ ਰੱਖਦਾ ਹੈ)। ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ ॥੬॥
ਸੁੰਨਹੁ ਖਾਣੀ ਸੁੰਨਹੁ ਬਾਣੀ ॥
ਪ੍ਰਭੂ ਨਿਰੋਲ ਆਪਣੇ ਆਪੇ ਤੋਂ ਹੀ ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਬਣਾਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ।
ਸੁੰਨਹੁ ਉਪਜੀ ਸੁੰਨਿ ਸਮਾਣੀ ॥
ਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿਚ ਹੀ ਸਮਾ ਜਾਂਦੀ ਹੈ।
ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥
ਸਭ ਤੋਂ ਪਹਿਲਾਂ ਕਰਤਾਰ ਨੇ ਜਗਤ-ਰਚਨਾ ਦਾ ਕੁਝ ਅਜੇਹਾ ਕੌਤਕ ਹੀ ਰਚਿਆ ਜਿਵੇਂ ਧਰਤੀ ਵਿਚ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ। ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਵਿਖਾ ਦੇਂਦਾ ਹੈ ॥੭॥
ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥
ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਦੋਵੇਂ ਦਿਨ ਤੇ ਰਾਤ ਬਣਾ ਦਿੱਤੇ।
ਓਪਤਿ ਖਪਤਿ ਸੁਖਾ ਦੁਖ ਦੀਏ ॥
ਆਪ ਹੀ ਜੀਵਾਂ ਨੂੰ ਜਨਮ ਤੇ ਮਰਨ, ਸੁਖ ਤੇ ਦੁਖ ਦੇਂਦਾ ਹੈ।
ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥੮॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸੁਖਾਂ ਦੁਖਾਂ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ, ਉਹ ਉਸ ਘਰ ਨੂੰ ਲੱਭ ਲੈਂਦਾ ਹੈ ਜੇਹੜਾ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ (ਭਾਵ, ਉਹ ਸਦਾ ਲਈ ਪ੍ਰਭੂ-ਚਰਨਾਂ ਵਿਚ ਜੁੜ ਜਾਂਦਾ ਹੈ) ॥੮॥
ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥
ਸਾਮ ਰਿਗ ਜਜੁਰ ਅਥਰਬਣ-ਇਹ ਚਾਰੇ ਵੇਦ ਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ ਪ੍ਰਗਟੇ।
ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥
ਬ੍ਰਹਮਾ ਦੀ ਰਾਹੀਂ (ਵੇਦ ਬਣੇ), ਮਾਇਆ ਦੇ ਤਿੰਨੇ ਗੁਣ ਭੀ ਉਸ ਦੇ ਆਪੇ ਤੋਂ ਹੀ ਪੈਦਾ ਹੋਏ।
ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥
ਕੋਈ ਜੀਵ ਉਸ ਪਰਮਾਤਮਾ ਦਾ ਮੁੱਲ ਨਹੀਂ ਪਾ ਸਕਦਾ। ਜੀਵ ਉਸੇ ਤਰ੍ਹਾਂ ਹੀ ਬੋਲ ਸਕਦਾ ਹੈ ਜਿਵੇਂ ਪ੍ਰਭੂ ਆਪ ਪ੍ਰੇਰਨਾ ਕਰਦਾ ਹੈ ॥੯॥
ਸੁੰਨਹੁ ਸਪਤ ਪਾਤਾਲ ਉਪਾਏ ॥
ਪ੍ਰਭੂ ਨੇ ਨਿਰੋਲ ਆਪਣੇ ਆਪੇ ਤੋਂ ਹੀ ਸੱਤ ਪਾਤਾਲ (ਤੇ ਸੱਤ ਆਕਾਸ਼) ਪੈਦਾ ਕੀਤੇ,
ਸੁੰਨਹੁ ਭਵਣ ਰਖੇ ਲਿਵ ਲਾਏ ॥
ਨਿਰੋਲ ਆਪਣੇ ਆਪੇ ਤੋਂ ਹੀ ਤਿੰਨੇ ਭਵਨ ਬਣਾ ਕੇ ਪੂਰੇ ਧਿਆਨ ਨਾਲ ਉਹਨਾਂ ਦੀ ਸੰਭਾਲ ਕਰਦਾ ਹੈ।
ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥
ਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਹੈ ਆਪ ਹੀ ਜਗਤ-ਰਚਨਾ ਦਾ ਮੁੱਢ ਬਣਾਇਆ। ਹੇ ਪ੍ਰਭੂ! ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ ਕਰਮ ਕਰਦਾ ਹੈ ॥੧੦॥
ਰਜ ਤਮ ਸਤ ਕਲ ਤੇਰੀ ਛਾਇਆ ॥
(ਮਾਇਆ ਦੇ ਤਿੰਨ ਗੁਣ) ਰਜੋ ਤਮੋ ਤੇ ਸਤੋ (ਹੇ ਪ੍ਰਭੂ!) ਤੇਰੀ ਹੀ ਤਾਕਤ ਦੇ ਆਸਰੇ ਬਣੇ।
ਜਨਮ ਮਰਣ ਹਉਮੈ ਦੁਖੁ ਪਾਇਆ ॥
ਜੀਵਾਂ ਵਾਸਤੇ ਜੰਮਣਾ ਤੇ ਮਰਨਾ ਤੂੰ ਆਪ ਹੀ ਪੈਦਾ ਕੀਤਾ, ਹਉਮੈ ਦਾ ਦੁੱਖ ਭੀ ਤੂੰ ਆਪ ਹੀ (ਜੀਵਾਂ ਦੇ ਅੰਦਰ) ਪਾ ਦਿੱਤਾ ਹੈ।
ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥
ਪਰਮਾਤਮਾ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਨੂੰ ਗੁਰੂ ਦੀ ਸਰਨ ਪਾ ਕੇ (ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੀ ਅਵਸਥਾ ਵਿਚ ਅਪੜਾਂਦਾ ਹੈ ਤੇ (ਮਾਇਆ ਦੇ ਮੋਹ ਤੋਂ) ਮੁਕਤੀ ਦੇਂਦਾ ਹੈ ॥੧੧॥
ਸੁੰਨਹੁ ਉਪਜੇ ਦਸ ਅਵਤਾਰਾ ॥
ਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਹੋਏ।
ਸ੍ਰਿਸਟਿ ਉਪਾਇ ਕੀਆ ਪਾਸਾਰਾ ॥
(ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ) ਸ੍ਰਿਸ਼ਟੀ ਪੈਦਾ ਕਰ ਕੇ ਇਹ ਜਗਤ-ਖਿਲਾਰਾ ਖਿਲਾਰਿਆ।
ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥
ਦੇਵਤੇ, ਦੈਂਤ, ਸ਼ਿਵ ਜੀ ਦੇ ਗਣ, (ਦੇਵਤਿਆਂ ਦੇ ਰਾਗੀ) ਗੰਧਰਬ-ਇਹ ਸਾਰੇ ਹੀ ਪਰਮਾਤਮਾ ਨੇ ਨਿਰੋਲ ਆਪਣੇ ਆਪੇ ਤੋਂ ਪੈਦਾ ਕੀਤੇ। ਸਭ ਜੀਵ ਧੁਰੋਂ ਪ੍ਰਭੂ ਦੇ ਹੁਕਮ ਵਿਚ ਹੀ ਆਪਣੇ ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨੁਸਾਰ ਕਰਮ ਕਮਾ ਰਹੇ ਹਨ ॥੧੨॥
ਗੁਰਮੁਖਿ ਸਮਝੈ ਰੋਗੁ ਨ ਹੋਈ ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਇਸ ਬੇਅੰਤ ਕਲਾ ਨੂੰ) ਸਮਝਦਾ ਹੈ (ਉਹ ਉਸ ਦੀ ਯਾਦ ਤੋਂ ਨਹੀਂ ਖੁੰਝਦਾ, ਤੇ) ਉਸ ਨੂੰ ਕੋਈ ਰੋਗ (ਵਿਕਾਰ) ਪੋਹ ਨਹੀਂ ਸਕਦਾ।
ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ॥
ਪਰ ਕੋਈ ਵਿਰਲਾ ਬੰਦਾ ਗੁਰੂ ਦੀ ਦੱਸੀ ਹੋਈ ਇਸ (ਸਿਮਰਨ ਦੀ) ਪੌੜੀ (ਦਾ ਭੇਤ) ਸਮਝਦਾ ਹੈ।
ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥
ਜੁਗਾਂ ਜੁਗਾਂ ਤੋਂ ਹੀ (ਗੁਰੂ ਦੀ ਇਹ ਪੌੜੀ ਜੀਵਾਂ ਦੀ) ਮੁਕਤੀ ਦਾ ਵਸੀਲਾ ਬਣੀ ਆ ਰਹੀ ਹੈ। (ਜੇਹੜਾ ਮਨੁੱਖ ਸਿਮਰਨ ਦੀ ਇਸ ਪੌੜੀ ਦਾ ਆਸਰਾ ਲੈਂਦਾ ਹੈ) ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਪਾਂਦਾ ਹੈ ॥੧੩॥
ਪੰਚ ਤਤੁ ਸੁੰਨਹੁ ਪਰਗਾਸਾ ॥
ਪੰਜਾਂ ਤੱਤਾਂ ਤੋਂ ਬਣਿਆ ਇਹ ਮਾਨੁਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪਰਗਟ ਹੋਇਆ।
ਦੇਹ ਸੰਜੋਗੀ ਕਰਮ ਅਭਿਆਸਾ ॥
ਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿਚ ਰੁੱਝ ਪੈਂਦਾ ਹੈ।
ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥
ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ, ਇਸ ਤਰ੍ਹਾਂ ਜੀਵ ਪਾਪ ਤੇ ਪੁੰਨ (ਦੇ ਬੀਜ) ਬੀਜਦਾ ਹੈ (ਤੇ ਉਹਨਾਂ ਦਾ ਫਲ ਭੋਗਦਾ ਹੈ) ॥੧੪॥
ਊਤਮ ਸਤਿਗੁਰ ਪੁਰਖ ਨਿਰਾਲੇ ॥
ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਸਤਿਗੁਰੂ ਦੇ (ਸਨਮੁਖ ਰਹਿਣ ਵਾਲੇ) ਮਨੁੱਖ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ।
ਸਬਦਿ ਰਤੇ ਹਰਿ ਰਸਿ ਮਤਵਾਲੇ ॥
ਸਤਿਗੁਰੂ ਪੁਰਖ ਦੇ ਸ਼ਬਦ ਵਿਚ ਰੱਤੇ ਹੋਏ ਪ੍ਰਭੂ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ।
ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥
ਆਤਮਕ ਤਾਕਤਾਂ ਉੱਚੀ ਅਕਲ ਤੇ ਪਰਮਾਤਮਾ ਨਾਲ ਡੂੰਘੀ ਸਾਂਝ (ਦੀ ਦਾਤਿ) ਗੁਰੂ ਤੋਂ ਹੀ ਮਿਲਦੀ ਹੈ। ਚੰਗੇ ਭਾਗਾਂ ਨਾਲ ਗੁਰੂ (ਸਰਨ ਆਏ ਜੀਵ ਨੂੰ ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੫॥
ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥
ਹੇ ਗਿਆਨਵਾਨ ਪੁਰਸ਼ੋ! ਇਸ ਮਨ ਨੂੰ ਮਾਇਆ ਦਾ ਬਹੁਤ ਮੋਹ ਚੰਬੜਿਆ ਰਹਿੰਦਾ ਹੈ;
ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥
(ਇਸ ਦੇ ਰਾਜ਼ ਨੂੰ) ਸਮਝੋ ਤੇ ਇਸ ਮੋਹ ਨੂੰ ਖ਼ਤਮ ਕਰੋ।
ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥
ਜੇਹੜਾ ਮਨੁੱਖ ਲੋਭ ਦੇ ਪ੍ਰਭਾਵ ਹੇਠ ਨਿੱਤ ਮਾਇਆ ਦੇ ਮੋਹ ਦਾ ਧੰਧਾ ਹੀ ਕਰਦਾ ਰਹਿੰਦਾ ਹੈ ਉਸ ਨੂੰ (ਦੁਨੀਆ ਦੀਆਂ) ਆਸਾਂ ਕਾਮਨਾਂ ਹਉਮੈ ਸਹਮ (ਆਦਿਕ) ਚੰਬੜੇ ਰਹਿੰਦੇ ਹਨ ॥੧੬॥
ਸਤਿਗੁਰ ਤੇ ਪਾਏ ਵੀਚਾਰਾ ॥
ਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦੀ ਦਾਤਿ) ਪ੍ਰਾਪਤ ਕਰ ਲੈਂਦਾ ਹੈ
ਸੁੰਨ ਸਮਾਧਿ ਸਚੇ ਘਰ ਬਾਰਾ ॥
ਉਹ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।
ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥
ਹੇ ਨਾਨਕ! ਉਸ ਮਨੁੱਖ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ ਸਿਫ਼ਤ-ਸਾਲਾਹ ਦੀ ਰੌ ਬਣੀ ਰਹਿੰਦੀ ਹੈ ਜੀਵਨ ਨੂੰ ਪਵਿੱਤ੍ਰ ਕਰਨ ਵਾਲਾ ਰਾਗ (ਜਿਹਾ) ਹੁੰਦਾ ਰਹਿੰਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧੭॥੫॥੧੭॥
ਮਾਰੂ ਮਹਲਾ ੧ ॥
ਜਹ ਦੇਖਾ ਤਹ ਦੀਨ ਦਇਆਲਾ ॥
ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਦਿੱਸਦਾ ਹੈ।
ਆਇ ਨ ਜਾਈ ਪ੍ਰਭੁ ਕਿਰਪਾਲਾ ॥
ਉਹ ਕਿਰਪਾ ਦਾ ਸੋਮਾ ਪ੍ਰਭੂ ਨਾਹ ਜੰਮਦਾ ਹੈ ਨਾਹ ਮਰਦਾ ਹੈ।
ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥੧॥
ਸਭ ਜੀਵਾਂ ਦੇ ਅੰਦਰ (ਉਸੇ ਦੀ ਸਿਖਾਈ ਹੋਈ) ਜੀਵਨ-ਜਾਚ ਗੁਪਤ ਵਰਤ ਰਹੀ ਹੈ (ਭਾਵ, ਹਰੇਕ ਜੀਵ ਉਸੇ ਪਰਮਾਤਮਾ ਦੇ ਆਸਰੇ ਜਿਊ ਰਿਹਾ ਹੈ, ਪਰ) ਉਹ ਪਾਤਿਸ਼ਾਹ ਆਪ ਹੋਰ ਆਸਰਿਆਂ ਤੋਂ ਬੇ-ਮੁਥਾਜ ਰਹਿੰਦਾ ਹੈ ॥੧॥
ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥
(ਅਸਲ ਸਦਾ ਟਿਕੀ ਰਹਿਣ ਵਾਲੀ ਹਸਤੀ ਤਾਂ ਪਰਮਾਤਮਾ ਆਪ ਹੈ) ਜਗਤ ਉਸ ਪਰਮਾਤਮਾ ਦਾ ਪਰਛਾਵਾਂ ਹੈ (ਜਦੋਂ ਚਾਹੇ ਆਪਣੇ ਇਸ ਪਰਛਾਵੇਂ ਨੂੰ ਆਪਣੇ ਆਪ ਵਿਚ ਹੀ ਗੁੰਮ ਕਰ ਲੈਂਦਾ ਹੈ)। ਉਹ ਪਰਮਾਤਮਾ ਦਾ ਨਾਹ ਕੋਈ ਪਿਉ ਨਾਹ ਮਾਂ,
ਨਾ ਤਿਸੁ ਭੈਣ ਨ ਭਰਾਉ ਕਮਾਇਆ ॥
ਨਾਹ ਕੋਈ ਭੈਣ ਨਾਹ ਭਾਈ ਤੇ ਨਾਹ ਕੋਈ ਸੇਵਕ।
ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥੨॥
ਨਾਹ ਉਸ ਨੂੰ ਜਨਮ ਤੇ ਨਾਹ ਮੌਤ, ਨਾਹ ਉਸ ਦੀ ਕੋਈ ਕੁਲ ਤੇ ਨਾਹ ਜਾਤਿ। ਉਸ ਨੂੰ ਬੁਢੇਪਾ ਨਹੀਂ ਵਿਆਪ ਸਕਦਾ, ਉਹ ਮਹਾਨ ਸ੍ਰੇਸ਼ਟ ਹਸਤੀ ਹੈ (ਜਗਤ ਦੇ ਸਭ ਜੀਵਾਂ ਦੇ) ਮਨ ਵਿਚ ਉਹੀ ਪਿਆਰਾ ਲੱਗਦਾ ਹੈ ॥੨॥
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥
ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ।
ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥
ਤੂੰ ਸਰਬ-ਵਿਆਪਕ ਹੈਂ, ਅਲੇਖ ਹੈਂ, ਅਪਹੁੰਚ ਅਤੇ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਹੈਂ।
ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥੩॥
ਜਿਸ ਮਨੁੱਖ ਨੇ ਸੇਵਾ ਸੰਤੋਖ (ਵਾਲੇ ਜੀਵਨ) ਵਿਚ (ਰਹਿ ਕੇ) ਗੁਰੂ ਦੇ ਸ਼ਬਦ (ਜੁੜ ਕੇ) ਪੂਰਨ ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ) ਤੇਰੇ ਚਰਨਾਂ ਵਿਚ ਸੁਰਤ ਜੋੜੀ ਹੈ ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ ॥੩॥
ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥
ਮਾਇਆ ਦੇ ਤਿੰਨ ਗੁਣਾਂ ਦਾ ਪਸਾਰਾ ਪਸਾਰ ਕੇ ਪਰਮਾਤਮਾ ਆਪ (ਇਹਨਾਂ ਤੋਂ ਉਤਾਂਹ) ਚੌਥੇ ਘਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਤਿੰਨ ਗੁਣਾਂ ਦੀ ਪਹੁੰਚ ਨਹੀਂ ਹੋ ਸਕਦੀ)।
ਕਾਲ ਬਿਕਾਲ ਕੀਏ ਇਕ ਗ੍ਰਾਸਾ ॥
ਜਨਮ ਤੇ ਮਰਨ ਉਸ ਨੇ ਇਕ ਗਿਰਾਹੀ ਕਰ ਲਏ ਹੋਏ ਹਨ (ਉਸ ਨੂੰ ਨਾਹ ਜਨਮ ਹੈ ਨਾਹ ਮੌਤ)।
ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥੪॥
ਸਾਰੇ ਜੀਵਾਂ ਵਿਚ ਪਰਮਾਤਮਾ ਦੀ ਪਵਿੱਤ੍ਰ ਜੋਤਿ (ਚਾਨਣ ਕਰ ਰਹੀ ਹੈ), ਉਹ ਜਗਤ ਦੀ ਜ਼ਿੰਦਗੀ ਦਾ ਸਹਾਰਾ ਹੈ। ਜਿਸ ਮਨੁੱਖ ਨੂੰ ਗੁਰੂ ਨੇ ਇਕ-ਰਸ ਆਪਣੇ ਸ਼ਬਦ ਵਿਚ ਜੋੜਿਆ ਹੈ ਉਸ ਨੂੰ ਉਸ (ਜਗਜੀਵਨ) ਦਾ ਦੀਦਾਰ ਕਰਾ ਦਿੱਤਾ ਹੈ ॥੪॥
ਊਤਮ ਜਨ ਸੰਤ ਭਲੇ ਹਰਿ ਪਿਆਰੇ ॥
ਜੇਹੜੇ ਬੰਦੇ ਪਰਮਾਤਮਾ ਦੇ ਪਿਆਰੇ ਹਨ ਉਹ ਸ੍ਰੇਸ਼ਟ ਜੀਵਨ ਵਾਲੇ ਹਨ ਉਹ ਸੰਤ ਹਨ ਉਹ ਭਲੇ ਹਨ,
ਹਰਿ ਰਸ ਮਾਤੇ ਪਾਰਿ ਉਤਾਰੇ ॥
ਉਹ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ, ਪਰਮਾਤਮਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰਪਰਸਾਦੀ ਪਾਇਆ ॥੫॥
ਹੇ ਨਾਨਕ! ਉਹਨਾਂ ਸੰਤ ਜਨਾਂ ਦੀ ਸੰਗਤ ਕਰ ਉਹਨਾਂ ਦੇ ਚਰਨਾਂ ਦੀ ਧੂੜ ਲੈ, ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਲੱਭ ਲਿਆ ਹੈ ॥੫॥
ਤੂ ਅੰਤਰਜਾਮੀ ਜੀਅ ਸਭਿ ਤੇਰੇ ॥
ਹੇ ਪ੍ਰਭੂ! ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ।
ਤੂ ਦਾਤਾ ਹਮ ਸੇਵਕ ਤੇਰੇ ॥
ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਸੇਵਕ ਹਾਂ, ਤੂੰ ਸਾਨੂੰ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈਂ।
ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ ॥੬॥
ਕਿਰਪਾ ਕਰ ਕੇ ਸਾਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਦੇਹ। (ਜਿਸ ਉਤੇ ਤੂੰ ਕਿਰਪਾ ਕਰਦਾ ਹੈਂ) ਗੁਰੂ ਨੇ ਉਸ ਦੇ ਅੰਦਰ ਤੇਰੇ ਗਿਆਨ ਦਾ ਰਤਨ ਰੌਸ਼ਨ ਕਰ ਦਿੱਤਾ ਹੈ ॥੬॥
ਪੰਚ ਤਤੁ ਮਿਲਿ ਇਹੁ ਤਨੁ ਕੀਆ ॥
(ਸਰਬ-ਵਿਆਪਕ ਪਰਮਾਤਮਾ ਦੀ ਰਜ਼ਾ ਵਿਚ) ਪੰਜਾਂ ਤੱਤਾਂ ਨੇ ਮਿਲ ਕੇ ਇਹ (ਮਨੁੱਖਾ) ਸਰੀਰ ਬਣਾਇਆ,
ਆਤਮ ਰਾਮ ਪਾਏ ਸੁਖੁ ਥੀਆ ॥
ਜਿਸ ਮਨੁੱਖ ਨੇ ਉਸ ਸਰਬ-ਵਿਆਪਕ ਪ੍ਰਭੂ ਨੂੰ ਲੱਭ ਲਿਆ ਉਸ ਦੇ ਅੰਦਰ ਆਤਮਕ ਆਨੰਦ ਬਣ ਗਿਆ।
ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ ॥੭॥
(ਪਰਮਾਤਮਾ ਨਾਲ ਸੰਬੰਧ ਬਣਾਣ ਵਾਲੇ ਉਸ ਦੇ) ਕੰਮਾਂ ਨੂੰ ਉਸ ਦੇ ਉੱਦਮ ਨੂੰ ਉਹ ਨਾਮ-ਫਲ ਲੱਗਾ ਜਿਸ ਨੇ ਉਸ ਨੂੰ ਆਤਮਕ ਜੀਵਨ ਬਖ਼ਸ਼ਿਆ, ਉਸ ਨੇ ਆਪਣੇ ਮਨ ਵਿਚ ਹੀ ਪਰਮਾਤਮਾ ਦਾ ਨਾਮ-ਰਤਨ ਲੱਭ ਲਿਆ ॥੭॥
ਨਾ ਤਿਸੁ ਭੂਖ ਪਿਆਸ ਮਨੁ ਮਾਨਿਆ ॥
ਜਿਸ ਮਨੁੱਖ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਸ ਨੂੰ ਮਾਇਆ ਦੀ ਭੁੱਖ-ਤ੍ਰੇਹ ਨਹੀਂ ਰਹਿੰਦੀ,
ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥
ਉਹ ਨਿਰੰਜਨ ਨੂੰ ਸਭ ਥਾਂ ਹਰੇਕ ਘਟ ਵਿਚ ਪਛਾਣ ਲੈਂਦਾ ਹੈ।
ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ ॥੮॥
ਉਹ ਆਤਮਕ ਜੀਵਨ ਦੇਣ ਵਾਲੇ ਸਿਰਫ਼ ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ, ਦੁਨੀਆ ਦੇ ਰਸਾਂ ਤੋਂ ਉਪਰਾਮ ਰਹਿੰਦਾ ਹੈ। ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਲੱਗਣ ਲੱਗ ਪੈਂਦਾ ਹੈ ॥੮॥
ਅਧਿਆਤਮ ਕਰਮ ਕਰੇ ਦਿਨੁ ਰਾਤੀ ॥
ਉਹ ਮਨੁੱਖ ਦਿਨ ਰਾਤ ਉਹੀ ਕਰਮ ਕਰਦਾ ਹੈ ਜੋ ਉਸ ਦੀ ਜਿੰਦ ਨੂੰ ਪਰਮਾਤਮਾ ਨਾਲ ਜੋੜੀ ਰੱਖਦੇ ਹਨ,
ਨਿਰਮਲ ਜੋਤਿ ਨਿਰੰਤਰਿ ਜਾਤੀ ॥
ਉਹ ਪਰਮਾਤਮਾ ਦੀ ਪਵਿਤ੍ਰ ਜੋਤਿ ਨੂੰ ਹਰ ਥਾਂ ਇਕ-ਰਸ ਵਿਆਪਕ ਪਛਾਣ ਲੈਂਦਾ ਹੈ।
ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥
ਸਭ ਰਸਾਂ ਦੇ ਸੋਮੇ ਗੁਰ-ਸ਼ਬਦ ਨੂੰ (ਉਹ ਆਪਣੇ ਹਿਰਦੇ ਵਿਚ ਵਸਾਂਦਾ ਹੈ)। ਉਸ ਦੀ ਜੀਭ ਮਹਾਨ ਸ੍ਰੇਸ਼ਟ ਨਾਮ-ਰਸ ਵਿਚ (ਰਸੀ ਰਹਿੰਦੀ ਹੈ। ਉਹ (ਆਪਣੇ ਅੰਦਰ ਆਤਮਕ ਆਨੰਦ ਦੀ, ਮਾਨੋ,) ਇਕ ਰਸੀਲੀ ਬੰਸਰੀ ਵਜਾਂਦਾ ਹੈ ॥੯॥
ਬੇਣੁ ਰਸਾਲ ਵਜਾਵੈ ਸੋਈ ॥
ਪਰ ਇਹ ਰਸੀਲੀ ਬੰਸਰੀ ਉਹੀ ਮਨੁੱਖ ਵਜਾ ਸਕਦਾ ਹੈ,
ਜਾ ਕੀ ਤ੍ਰਿਭਵਣ ਸੋਝੀ ਹੋਈ ॥
ਜਿਸ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪੈ ਜਾਂਦੀ ਹੈ।
ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ ॥੧੦॥
ਹੇ ਨਾਨਕ! ਤੂੰ ਭੀ ਗੁਰੂ ਦੀ ਮੱਤ ਲੈ ਕੇ ਇਹ ਜਾਚ ਸਿੱਖ ਲੈ। ਜਿਸ ਕਿਸੇ ਨੇ ਗੁਰੂ ਦੀ ਮੱਤ ਲਈ ਹੈ ਉਸ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਜੁੜੀ ਰਹਿੰਦੀ ਹੈ ॥੧੦॥
ਐਸੇ ਜਨ ਵਿਰਲੇ ਸੰਸਾਰੇ ॥
ਜਗਤ ਵਿਚ ਅਜੇਹੇ ਬੰਦੇ ਬਹੁਤ ਥੋੜੇ ਹਨ,
ਗੁਰਸਬਦੁ ਵੀਚਾਰਹਿ ਰਹਹਿ ਨਿਰਾਰੇ ॥
ਜੋ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾਂਦੇ ਹਨ ਤੇ (ਦੁਨੀਆ ਵਿਚ ਵਿਚਰਦੇ ਹੋਏ ਭੀ ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ।
ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ॥੧੧॥
ਉਹ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਤੇ ਉਹਨਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ਜੋ ਉਹਨਾਂ ਦੀ ਸੰਗਤ ਕਰਦੇ ਹਨ। ਜਗਤ ਵਿਚ ਅਜੇਹੇ ਬੰਦਿਆਂ ਦਾ ਆਉਣਾ ਲਾਹੇਵੰਦਾ ਹੈ ॥੧੧॥
ਘਰੁ ਦਰੁ ਮੰਦਰੁ ਜਾਣੈ ਸੋਈ ॥
ਉਹੀ ਬੰਦਾ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਪਛਾਣ ਲੈਂਦਾ ਹੈ,
ਜਿਸੁ ਪੂਰੇ ਗੁਰ ਤੇ ਸੋਝੀ ਹੋਈ ॥
ਜਿਸ ਨੂੰ ਪੂਰੇ ਗੁਰੂ ਤੋਂ (ਉੱਚੀ) ਸਮਝ ਮਿਲਦੀ ਹੈ।
ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ॥੧੨॥
ਉਸ ਨੂੰ ਸਮਝ ਆ ਜਾਂਦੀ ਹੈ ਕਿ ਇਹ ਸਰੀਰ ਪਰਮਾਤਮਾ ਦੇ ਕਿਲ੍ਹੇ ਹਨ ਮਹਲ ਹਨ। ਉਹ ਮਹਲਾਂ ਦਾ ਮਾਲਕ ਪ੍ਰਭੂ ਸਦਾ ਹੀ ਥਿਰ ਰਹਿਣ ਵਾਲਾ ਹੈ (ਮਨੁੱਖਾ ਸਰੀਰ) ਉਸ ਨੇ ਆਪਣੇ ਬੈਠਣ ਲਈ ਤਖ਼ਤ ਬਣਾਇਆ ਹੋਇਆ ਹੈ ॥੧੨॥
ਚਤੁਰ ਦਸ ਹਾਟ ਦੀਵੇ ਦੁਇ ਸਾਖੀ ॥
ਚੌਦਾਂ ਤਬਕ ਤੇ ਸੂਰਜ ਚੰਦ ਇਸ ਗੱਲ ਦੇ ਗਵਾਹ ਹਨ,
ਸੇਵਕ ਪੰਚ ਨਾਹੀ ਬਿਖੁ ਚਾਖੀ ॥
(ਕਿ ਜਿਨ੍ਹਾਂ ਨੂੰ ਇਹ ਨਾਮ-ਧਨ ਮਿਲ ਪੈਂਦਾ ਹੈ ਉਹ ਪ੍ਰਭੂ ਦੇ ਮੰਨੇ-ਪ੍ਰਮੰਨੇ ਸੇਵਕ ਅਖਵਾਂਦੇ ਹਨ) ਉਹ ਮੰਨੇ-ਪ੍ਰਮੰਨੇ ਸੇਵਕ (ਫਿਰ) ਉਸ ਮਾਇਆ-ਜ਼ਹਰ ਨੂੰ ਨਹੀਂ ਚੱਖਦੇ।
ਅੰਤਰਿ ਵਸਤੁ ਅਨੂਪ ਨਿਰਮੋਲਕ ਗੁਰਿ ਮਿਲਿਐ ਹਰਿ ਧਨੁ ਪਾਇਆ ॥੧੩॥
ਇਹ ਬੇ-ਮਿਸਾਲ ਤੇ ਅਮੋਲਕ ਨਾਮ-ਧਨ ਹਰੇਕ ਸਰੀਰ-ਮਹਲ ਦੇ ਅੰਦਰ ਮੌਜੂਦ ਹੈ। ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹੀ ਇਹ ਧਨ ਲੱਭ ਪੈਂਦਾ ਹੈ ॥੧੩॥
ਤਖਤਿ ਬਹੈ ਤਖਤੈ ਕੀ ਲਾਇਕ ॥
(ਗੁਰੂ ਦੀ ਮੱਤ ਉਤੇ ਤੁਰਨ ਵਾਲਾ ਮਨੁੱਖ) ਹਿਰਦੇ-ਤਖ਼ਤ ਉਤੇ ਬੈਠਣ-ਜੋਗਾ ਹੋ ਜਾਂਦਾ ਹੈ ਤੇ ਹਿਰਦੇ-ਤਖ਼ਤ ਉਤੇ ਬੈਠਾ ਰਹਿੰਦਾ ਹੈ (ਭਾਵ, ਨਾਹ ਉਸ ਦੇ ਗਿਆਨ-ਇੰਦ੍ਰੇ ਮਾਇਆ ਵਲ ਡੋਲਦੇ ਹਨ ਅਤੇ ਨਾਹ ਹੀ ਉਸ ਦਾ ਮਨ ਵਿਕਾਰਾਂ ਵਲ ਜਾਂਦਾ ਹੈ)।
ਪੰਚ ਸਮਾਏ ਗੁਰਮਤਿ ਪਾਇਕ ॥
ਜੇਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦੇ ਸੇਵਕ ਬਣ ਕੇ ਉਸ ਦੇ ਵੱਸ ਵਿਚ ਰਹਿੰਦੇ ਹਨ।
ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ ॥੧੪॥
ਜੇਹੜਾ ਪਰਮਾਤਮਾ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ ਜੁਗਾਂ ਦੇ ਆਦਿ ਤੋਂ ਹੈ, ਹੁਣ ਭੀ ਮੌਜੂਦ ਹੈ ਤੇ ਸਦਾ ਲਈ ਕਾਇਮ ਰਹੇਗਾ ਉਹ ਪਰਮਾਤਮਾ ਗੁਰੂ ਦੀ ਮੱਤ ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਸਹਮ ਤੇ ਉਸ ਦੀ ਭਟਕਣਾ ਦੂਰ ਕਰ ਦੇਂਦਾ ਹੈ ॥੧੪॥
ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥
ਹਿਰਦੇ-ਤਖ਼ਤ ਉਤੇ ਬੈਠੇ ਮਨੁੱਖ ਨੂੰ ਦਿਨ ਰਾਤ ਆਦਰ ਮਿਲਦਾ ਹੈ।
ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥
ਜਿਸ ਮਨੁੱਖ ਨੇ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਦੇ ਚਰਨਾਂ ਨਾਲ ਲਿਵ ਦੀ ਸਾਂਝ ਪਾ ਲਈ ਉਸ ਨੂੰ ਇਹ ਆਦਰ ਸਦਾ ਲਈ ਮਿਲਿਆ ਰਹਿੰਦਾ ਹੈ ਇਹ ਇੱਜ਼ਤ ਸਦਾ ਮਿਲੀ ਰਹਿੰਦੀ ਹੈ।
ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥
ਹੇ ਨਾਨਕ! ਪਰਮਾਤਮਾ ਦਾ ਨਾਮ ਜਪੋ। (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਸਿਮਰਨ ਦੀ) ਤਾਰੀ ਤਰੋ। ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਹ ਉਸ ਹਰੀ ਨੂੰ ਮਿਲ ਪੈਂਦਾ ਹੈ ਜੋ ਆਖ਼ੀਰ ਤਕ ਸਾਥੀ ਬਣਿਆ ਰਹਿੰਦਾ ਹੈ ॥੧੫॥੧॥੧੮॥
ਮਾਰੂ ਮਹਲਾ ੧ ॥
ਹਰਿ ਧਨੁ ਸੰਚਹੁ ਰੇ ਜਨ ਭਾਈ ॥
ਹੇ ਭਾਈ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ।
ਸਤਿਗੁਰ ਸੇਵਿ ਰਹਹੁ ਸਰਣਾਈ ॥
(ਪਰ ਇਹ ਧਨ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਮਿਲਦਾ ਹੈ, ਇਸ ਵਾਸਤੇ) ਗੁਰੂ ਦੀ ਦੱਸੀ ਸੇਵਾ ਕਰ ਕੇ ਗੁਰੂ ਦੀ ਸਰਨ ਵਿਚ ਟਿਕੇ ਰਹੋ।
ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥੧॥
(ਜੇਹੜਾ ਮਨੁੱਖ ਇਹ ਆਤਮਕ ਰਸਤਾ ਫੜਦਾ ਹੈ) ਉਸ ਨੂੰ ਕੋਈ (ਕਾਮਾਦਿਕ) ਚੋਰ ਨਹੀਂ ਲੱਗਦਾ (ਕੋਈ ਚੋਰ ਉਸ ਉਤੇ ਆਪਣਾ ਦਾਅ ਨਹੀਂ ਲਾ ਸਕਦਾ ਕਿਉਂਕਿ) ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਉਸ ਨੂੰ ਜਗਾ ਦਿੱਤਾ ਹੈ ਤੇ ਉਸ ਦੇ ਅੰਦਰ (ਨਾਮ ਸਿਮਰਨ ਦੀ) ਰੌ ਪੈਦਾ ਹੋਈ ਰਹਿੰਦੀ ਹੈ ॥੧॥
ਤੂ ਏਕੰਕਾਰੁ ਨਿਰਾਲਮੁ ਰਾਜਾ ॥
ਹੇ ਪ੍ਰਭੂ! ਤੂੰ ਇਕ ਆਪ ਹੀ ਆਪ ਹੈਂ, ਤੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਹੈਂ।
ਤੂ ਆਪਿ ਸਵਾਰਹਿ ਜਨ ਕੇ ਕਾਜਾ ॥
ਆਪਣੇ ਸੇਵਕਾਂ ਦੇ ਕੰਮ ਤੂੰ ਆਪ ਸਵਾਰਦਾ ਹੈਂ।
ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥੨॥
ਹੇ ਹਰੀ! ਤੈਨੂੰ ਮੌਤ ਨਹੀਂ ਪੋਹ ਸਕਦੀ, ਤੈਨੂੰ ਮਾਇਆ ਡੁਲਾ ਨਹੀਂ ਸਕਦੀ, ਤੂੰ ਬੇਅੰਤ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਤੂੰ ਐਸੇ ਥਾਂ ਸੋਭ ਰਿਹਾ ਹੈਂ ਜੋ ਸਦਾ ਕਾਇਮ ਰਹਿਣ ਵਾਲਾ ਹੈ ॥੨॥
ਦੇਹੀ ਨਗਰੀ ਊਤਮ ਥਾਨਾ ॥
ਮਨੁੱਖਾ ਸਰੀਰ, ਮਾਨੋ, ਇਕ ਸ਼ਹਿਰ ਹੈ।
ਪੰਚ ਲੋਕ ਵਸਹਿ ਪਰਧਾਨਾ ॥
ਜਿਸ ਜਿਸ ਸਰੀਰ-ਸ਼ਹਿਰ ਵਿਚ ਮੰਨੇ-ਪ੍ਰਮੰਨੇ ਸੰਤ ਜਨ ਵੱਸਦੇ ਹਨ, ਉਹ ਉਹ ਸਰੀਰ-ਸ਼ਹਿਰ (ਪਰਮਾਤਮਾ ਦੇ ਵੱਸਣ ਲਈ) ਸ੍ਰੇਸ਼ਟ ਥਾਂ ਹੈ।
ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥੩॥
ਜੇਹੜਾ ਪਰਮਾਤਮਾ ਸਭ ਜੀਵਾਂ ਦੇ ਸਿਰ ਤੇ ਰਾਖਾ ਹੈ, ਜੇਹੜਾ ਇਕ ਆਪ ਹੀ ਆਪ (ਆਪਣੇ ਵਰਗਾ) ਹੈ, ਜਿਸ ਨੂੰ ਹੋਰ ਕਿਸੇ ਆਸਰੇ-ਸਹਾਰੇ ਦੀ ਲੋੜ ਨਹੀਂ, ਉਹ ਪਰਮਾਤਮਾ (ਉਸ ਸਰੀਰ-ਸ਼ਹਿਰ ਵਿਚ, ਮਾਨੋ,) ਐਸੀ ਸਮਾਧੀ ਲਾਈ ਬੈਠਾ ਹੈ ਜਿਸ ਵਿਚ ਕੋਈ ਮਾਇਕ-ਫੁਰਨੇ ਨਹੀਂ ਉਠਦੇ ॥੩॥
ਦੇਹੀ ਨਗਰੀ ਨਉ ਦਰਵਾਜੇ ॥
(ਹਰੇਕ) ਸਰੀਰ-ਸ਼ਹਿਰ ਨੂੰ ਨੌ ਨੌ ਦਰਵਾਜ਼ੇ-
ਸਿਰਿ ਸਿਰਿ ਕਰਣੈਹਾਰੈ ਸਾਜੇ ॥
ਸਿਰਜਣਹਾਰ ਪ੍ਰਭੂ ਨੇ ਲਾ ਦਿੱਤੇ ਹਨ।
ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ ॥੪॥
(ਇਹਨਾਂ ਦਰਵਾਜ਼ਿਆਂ ਦੀ ਰਾਹੀਂ, ਸਰੀਰ-ਸ਼ਹਿਰ ਵਿਚ ਵੱਸਣ ਵਾਲਾ ਜੀਵਾਤਮਾ ਬਾਹਰਲੀ ਦੁਨੀਆ ਨਾਲ ਆਪਣਾ ਸੰਬੰਧ ਬਣਾਈ ਰੱਖਦਾ ਹੈ। ਇਕ ਦਸਵਾਂ ਦਰਵਾਜ਼ਾ ਭੀ ਹੈ ਜਿਸ ਦੀ ਰਾਹੀਂ ਪਰਮਾਤਮਾ ਤੇ ਜੀਵਾਤਮਾ ਦਾ ਮੇਲ ਹੁੰਦਾ ਹੈ, ਉਸ) ਵਿਚ ਉਹ ਪਰਮਾਤਮਾ ਆਪ ਟਿਕਦਾ ਹੈ ਜੋ ਸਰਬ-ਵਿਆਪਕ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜੋ ਨਿਰਲੇਪ ਹੈ ਤੇ ਜੋ ਅਦ੍ਰਿਸ਼ਟ ਹੈ। (ਪਰ ਜੀਵ ਨੂੰ ਆਪਣਾ ਆਪ) ਉਹ ਆਪ ਹੀ ਵਿਖਾਂਦਾ ਹੈ ॥੪॥
ਪੁਰਖੁ ਅਲੇਖੁ ਸਚੇ ਦੀਵਾਨਾ ॥
ਹਰੇਕ ਸਰੀਰ-ਸ਼ਹਿਰ ਵਿਚ ਰਹਿਣ ਵਾਲਾ ਪਰਮਾਤਮਾ ਐਸਾ ਹੈ ਕਿ ਉਸ ਦਾ ਕੋਈ ਚਿੱਤ੍ਰ ਨਹੀਂ ਬਣਾ ਸਕਦਾ (ਉਹ ਸਦਾ-ਥਿਰ ਰਹਿਣ ਵਾਲਾ ਹੈ ਤੇ) ਉਸ ਸਦਾ-ਥਿਰ ਪ੍ਰਭੂ ਦਾ ਦਰਬਾਰ ਭੀ ਸਦਾ-ਥਿਰ ਹੈ।
ਹੁਕਮਿ ਚਲਾਏ ਸਚੁ ਨੀਸਾਨਾ ॥
(ਜਗਤ ਦੀ ਸਾਰੀ ਕਾਰ ਉਹ) ਆਪਣੇ ਹੁਕਮ ਵਿਚ ਚਲਾ ਰਿਹਾ ਹੈ (ਉਸ ਦੇ ਹੁਕਮ ਦਾ) ਪਰਵਾਨਾ ਅਟੱਲ ਹੈ।
ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥੫॥
ਹੇ ਨਾਨਕ! (ਉਹ ਸਰਬ-ਵਿਆਪਕ ਪ੍ਰਭੂ ਹਰੇਕ ਸਰੀਰ-ਘਰ ਵਿਚ ਮੌਜੂਦ ਹੈ) ਆਪਣਾ ਹਿਰਦਾ-ਘਰ ਖੋਜ ਕੇ ਉਸ ਨੂੰ ਲੱਭ ਲਵੋ। (ਜਿਸ ਜਿਸ ਮਨੁੱਖ ਨੇ ਇਹ ਖੋਜ-ਭਾਲ ਕੀਤੀ ਹੈ) ਉਸ ਨੇ ਉਸ ਸਰਬ-ਵਿਅਪਕ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ ਹੈ ॥੫॥
ਸਰਬ ਨਿਰੰਜਨ ਪੁਰਖੁ ਸੁਜਾਨਾ ॥
ਉਹ ਸੁਜਾਨ ਪ੍ਰਭੂ ਸਭ ਸਰੀਰਾਂ ਵਿਚ ਵਿਆਪਕ ਹੁੰਦਾ ਹੋਇਆ ਭੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ,
ਅਦਲੁ ਕਰੇ ਗੁਰ ਗਿਆਨ ਸਮਾਨਾ ॥
ਤੇ (ਹਰੇਕ ਗੱਲ ਵਿਚ) ਨਿਆਂ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਬਖ਼ਸ਼ੇ ਇਸ ਗਿਆਨ ਵਿਚ ਆਪਣੇ ਆਪ ਨੂੰ ਲੀਨ ਕਰਦਾ ਹੈ,
ਕਾਮੁ ਕ੍ਰੋਧੁ ਲੈ ਗਰਦਨਿ ਮਾਰੇ ਹਉਮੈ ਲੋਭੁ ਚੁਕਾਇਆ ॥੬॥
ਉਹ ਆਪਣੇ ਅੰਦਰੋਂ ਕਾਮ ਤੇ ਕ੍ਰੋਧ ਨੂੰ ਉੱਕਾ ਹੀ ਮਾਰ ਲੈਂਦਾ ਹੈ, ਉਸ ਨੇ ਹਉਮੈ ਤੇ ਲੋਭ ਨੂੰ ਮੁਕਾ ਲਿਆ ਹੈ ॥੬॥
ਸਚੈ ਥਾਨਿ ਵਸੈ ਨਿਰੰਕਾਰਾ ॥
ਉਹ ਪਰਮਾਤਮਾ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਇਕ ਐਸੇ ਥਾਂ ਤੇ ਰਹਿੰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।
ਆਪਿ ਪਛਾਣੈ ਸਬਦੁ ਵੀਚਾਰਾ ॥
ਉਹ ਆਪ ਹੀ ਆਪਣੇ ਹੁਕਮ ਨੂੰ ਵਿਚਾਰਦਾ ਹੈ ਤੇ ਆਪ ਹੀ ਸਮਝਦਾ ਹੈ।
ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥
ਜਿਸ ਜੀਵ ਨੇ ਉਸ ਸਦਾ-ਥਿਰ ਪ੍ਰਭੂ ਦੇ ਚਰਨਾਂ (ਮਹਿਲ) ਵਿਚ ਆਪਣਾ ਟਿਕਾਣਾ ਸਦਾ ਲਈ ਬਣਾ ਲਿਆ (ਭਾਵ, ਜੋ ਮਨੁੱਖ ਸਦਾ ਉਸ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ) ਪਰਮਾਤਮਾ ਉਸ ਦਾ ਜੰਮਣ ਮਰਨ ਦਾ ਗੇੜ ਮੁਕਾ ਦੇਂਦਾ ਹੈ ॥੭॥
ਨਾ ਮਨੁ ਚਲੈ ਨ ਪਉਣੁ ਉਡਾਵੈ ॥
ਉਸ ਮਨੁੱਖ ਦਾ ਮਨ (ਮਾਇਆ ਦੀ ਖ਼ਾਤਰ) ਨਹੀਂ ਭਟਕਦਾ, ਮਾਇਆ ਦੀ ਤ੍ਰਿਸ਼ਨਾ ਉਸ ਨੂੰ ਥਾਂ ਥਾਂ ਨਹੀਂ ਦੌੜਾਈ ਫਿਰਦੀ।
ਜੋਗੀ ਸਬਦੁ ਅਨਾਹਦੁ ਵਾਵੈ ॥
ਪ੍ਰਭੂ-ਚਰਨਾਂ ਵਿਚ ਜੁੜਿਆ ਉਹ ਮਨੁੱਖ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ (ਦਾ ਵਾਜਾ) ਵਜਾਂਦਾ ਰਹਿੰਦਾ ਹੈ,
ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥੮॥
ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ, ਮਾਨੋ, ਇਕ ਮਿੱਠਾ ਮਿੱਠਾ ਇਕ-ਰਸ ਰਾਗ ਹੁੰਦਾ ਹੈ ਜਿਵੇਂ ਪੰਜ ਕਿਸਮਾਂ ਦੇ ਸਾਜ਼ਾਂ ਦੇ ਇਕੱਠੇ ਵਜਾਣ ਨਾਲ ਪੈਦਾ ਹੁੰਦਾ ਹੈ, ਉਸ ਰਾਗ ਨੂੰ ਬਾਹਰੋਂ ਕਿਸੇ ਸਾਜ਼ ਦੇ ਆਸਰੇ ਦੀ ਲੋੜ ਨਹੀਂ ਪੈਂਦੀ। ਇਹ ਰਾਗ (ਅੰਦਰ-ਵੱਸਦੇ) ਪ੍ਰਭੂ ਨੇ ਆਪ ਹੀ ਵਜਾ ਕੇ ਉਸ ਨੂੰ ਸੁਣਾਇਆ ਹੈ ॥੮॥
ਭਉ ਬੈਰਾਗਾ ਸਹਜਿ ਸਮਾਤਾ ॥
ਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਡਰ-ਅਦਬ ਪੈਦਾ ਹੁੰਦਾ ਹੈ, ਪਰਮਾਤਮਾ ਦਾ ਪਿਆਰ ਉਪਜਦਾ ਹੈ, (ਜਿਸ ਕਰਕੇ) ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।
ਹਉਮੈ ਤਿਆਗੀ ਅਨਹਦਿ ਰਾਤਾ ॥
ਉਹ ਮਨੁੱਖ ਹਉਮੈ ਦੂਰ ਕਰ ਕੇ ਅਬਿਨਾਸੀ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ।
ਅੰਜਨੁ ਸਾਰਿ ਨਿਰੰਜਨੁ ਜਾਣੈ ਸਰਬ ਨਿਰੰਜਨੁ ਰਾਇਆ ॥੯॥
(ਪ੍ਰਭੂ ਦੇ ਨਾਮ ਦਾ) ਸੁਰਮਾ ਪਾ ਕੇ ਉਹ ਪਛਾਣ ਲੈਂਦਾ ਹੈ ਕਿ ਉਹ ਰਾਜਨ-ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ (ਸਰਨ ਪਏ) ਸਭ ਜੀਵਾਂ ਨੂੰ ਭੀ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਂਦਾ ਹੈ ॥੯॥
ਦੁਖ ਭੈ ਭੰਜਨੁ ਪ੍ਰਭੁ ਅਬਿਨਾਸੀ ॥
ਪ੍ਰਭੂ ਜੀਵਾਂ ਦੇ ਦੁੱਖ ਤੇ ਡਰ ਨਾਸ ਕਰਨ ਵਾਲਾ ਹੈ ਤੇ ਆਪ ਕਦੇ ਨਾਸ ਹੋਣ ਵਾਲਾ ਨਹੀਂ।
ਰੋਗ ਕਟੇ ਕਾਟੀ ਜਮ ਫਾਸੀ ॥
ਉਹ ਜੀਵਾਂ ਦੇ ਰੋਗ ਕੱਟਦਾ ਹੈ, ਜਮ ਦੀ ਫਾਹੀ ਤੋੜਦਾ ਹੈ।
ਨਾਨਕ ਹਰਿ ਪ੍ਰਭੁ ਸੋ ਭਉ ਭੰਜਨੁ ਗੁਰਿ ਮਿਲਿਐ ਹਰਿ ਪ੍ਰਭੁ ਪਾਇਆ ॥੧੦॥
ਹੇ ਨਾਨਕ! ਉਹ ਹਰੀ, ਉਹ ਭਉ-ਭੰਜਨ ਪ੍ਰਭੂ ਤਦੋਂ ਹੀ ਮਿਲਦਾ ਹੈ ਜੇ ਗੁਰੂ ਮਿਲ ਪਵੇ ॥੧੦॥
ਕਾਲੈ ਕਵਲੁ ਨਿਰੰਜਨੁ ਜਾਣੈ ॥
ਜੇਹੜਾ ਮਨੁੱਖ ਮਾਇਆ-ਰਹਿਤ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ਉਹ ਮੌਤ ਦੀ ਗਿਰਾਹੀ ਕਰ ਲੈਂਦਾ ਹੈ (ਉਹ ਮੌਤ ਦਾ ਡਰ ਮੁਕਾ ਲੈਂਦਾ ਹੈ),
ਬੂਝੈ ਕਰਮੁ ਸੁ ਸਬਦੁ ਪਛਾਣੈ ॥
ਉਹ ਪਰਮਾਤਮਾ ਦੀ ਬਖ਼ਸ਼ਸ਼ ਨੂੰ ਸਮਝ ਲੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਜਾਣ-ਪਛਾਣ ਪਾਂਦਾ ਹੈ।
ਆਪੇ ਜਾਣੈ ਆਪਿ ਪਛਾਣੈ ਸਭੁ ਤਿਸ ਕਾ ਚੋਜੁ ਸਬਾਇਆ ॥੧੧॥
(ਉਸ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਜੀਵਾਂ ਦੇ ਦਿਲ ਦੀ ਜਾਣਦਾ ਹੈ ਤੇ ਪਛਾਣਦਾ ਹੈ, ਇਹ ਸਾਰਾ ਜਗਤ-ਤਮਾਸ਼ਾ ਉਸੇ ਦਾ ਰਚਿਆ ਹੋਇਆ ਹੈ ॥੧੧॥
ਆਪੇ ਸਾਹੁ ਆਪੇ ਵਣਜਾਰਾ ॥
(ਇਹ ਜਗਤ, ਮਾਨੋ, ਇਕ ਸ਼ਹਿਰ ਹੈ ਜਿਥੇ ਜੀਵ ਪ੍ਰਭੂ-ਨਾਮ ਦਾ ਵਣਜ ਕਰਨ ਆਉਂਦੇ ਹਨ) ਪਰਮਾਤਮਾ ਆਪ ਹੀ (ਰਾਸ-ਪੂੰਜੀ ਦੇਣ ਵਾਲਾ) ਸ਼ਾਹੂਕਾਰ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਵਪਾਰੀ ਹੈ,
ਆਪੇ ਪਰਖੇ ਪਰਖਣਹਾਰਾ ॥
ਉਹ ਆਪ ਹੀ ਇਸ ਵਣਜ ਨੂੰ ਪਰਖਦਾ ਹੈ ਕਿਉਂਕਿ ਉਹ ਆਪ ਹੀ ਇਸ ਨੂੰ ਪਰਖਣ ਦੀ ਯੋਗਤਾ ਰੱਖਦਾ ਹੈ।
ਆਪੇ ਕਸਿ ਕਸਵਟੀ ਲਾਏ ਆਪੇ ਕੀਮਤਿ ਪਾਇਆ ॥੧੨॥
(ਹਰੇਕ ਜੀਵ-ਵਣਜਾਰੇ ਦੇ ਕੀਤੇ ਵਣਜ ਨੂੰ) ਪ੍ਰਭੂ ਆਪ ਹੀ ਪਰਖਦਾ ਹੈ ਜਿਵੇਂ ਸੁਨਿਆਰਾ ਸੋਨੇ ਨੂੰ ਕਸਵੱਟੀ ਤੇ ਘਸਾ ਕੇ ਪਰਖਦਾ ਹੈ, ਤੇ ਫਿਰ ਪ੍ਰਭੂ ਆਪ ਹੀ (ਉਸ ਵਣਜ ਦਾ) ਮੁੱਲ ਪਾਂਦਾ ਹੈ ॥੧੨॥
ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥
ਜਿਸ ਮਨੁੱਖ ਉਤੇ ਦਇਆ-ਦੇ-ਘਰ ਪ੍ਰਭੂ ਨੇ ਮੇਹਰ ਕੀਤੀ,
ਘਟਿ ਘਟਿ ਰਵਿ ਰਹਿਆ ਬਨਵਾਰੀ ॥
ਉਸ ਨੂੰ ਨਿਸ਼ਚਾ ਹੋ ਗਿਆ ਕਿ ਜਗਤ ਦਾ ਮਾਲਕ ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।
ਪੁਰਖੁ ਅਤੀਤੁ ਵਸੈ ਨਿਹਕੇਵਲੁ ਗੁਰ ਪੁਰਖੈ ਪੁਰਖੁ ਮਿਲਾਇਆ ॥੧੩॥
ਹਰੇਕ ਸਰੀਰ ਵਿਚ ਵੱਸਦਾ ਹੋਇਆ ਭੀ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਪਵਿਤ੍ਰ-ਸਰੂਪ ਹੈ। (ਜਿਸ ਉਤੇ ਪ੍ਰਭੂ ਦੀ ਮੇਹਰ ਹੋਈ) ਉਸ ਨੂੰ ਸਤਿਗੁਰ ਪੁਰਖ ਨੇ ਉਹ ਸਰਬ-ਵਿਆਪਕ ਪ੍ਰਭੂ ਮਿਲਾ ਦਿੱਤਾ ॥੧੩॥
ਪ੍ਰਭੁ ਦਾਨਾ ਬੀਨਾ ਗਰਬੁ ਗਵਾਏ ॥
ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਸਭ ਦੇ ਕੀਤੇ ਕੰਮ ਵੇਖਦਾ ਹੈ (ਜਿਸ ਉਤੇ ਮਿਹਰ ਕਰੇ ਉਸ ਦਾ) ਅਹੰਕਾਰ ਮਿਟਾਂਦਾ ਹੈ,
ਦੂਜਾ ਮੇਟੈ ਏਕੁ ਦਿਖਾਏ ॥
ਉਸ ਦੇ ਅੰਦਰੋਂ ਕਿਸੇ ਹੋਰ ਆਸਰੇ ਦੀ ਝਾਕ ਦੂਰ ਕਰਦਾ ਹੈ, ਤੇ ਉਸ ਨੂੰ ਇਕ ਆਪਣਾ ਆਪ ਵਿਖਾ ਦੇਂਦਾ ਹੈ।
ਆਸਾ ਮਾਹਿ ਨਿਰਾਲਮੁ ਜੋਨੀ ਅਕੁਲ ਨਿਰੰਜਨੁ ਗਾਇਆ ॥੧੪॥
ਉਹ ਮਨੁੱਖ ਦੁਨੀਆ ਦੀਆਂ ਆਸਾਂ ਵਿਚ (ਵਿਚਰਦਾ ਹੋਇਆ ਭੀ) ਆਸਾਂ ਦੇ ਆਸਰੇ ਤੋਂ ਬੇ-ਮੁਥਾਜ ਹੋ ਜਾਂਦਾ ਹੈ ਕਿਉਂਕਿ ਉਹ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ॥੧੪॥
ਹਉਮੈ ਮੇਟਿ ਸਬਦਿ ਸੁਖੁ ਹੋਈ ॥
ਉਹ ਮਨੁੱਖ ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਤੇ ਉਸ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ,
ਆਪੁ ਵੀਚਾਰੇ ਗਿਆਨੀ ਸੋਈ ॥
ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ। ਉਹੀ ਅਸਲ ਗਿਆਨ-ਵਾਨ ਹੈ।
ਨਾਨਕ ਹਰਿ ਜਸੁ ਹਰਿ ਗੁਣ ਲਾਹਾ ਸਤਸੰਗਤਿ ਸਚੁ ਫਲੁ ਪਾਇਆ ॥੧੫॥੨॥੧੯॥
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਪਰਮਾਤਮਾ ਦੇ ਗੁਣ ਗਾਣੇ-(ਜਗਤ ਵਿਚ ਇਹੀ ਅਸਲ) ਖੱਟੀ ਹੈ। ਜੇਹੜਾ ਮਨੁੱਖ ਸਾਧ ਸੰਗਤ ਵਿਚ ਆਉਂਦਾ ਹੈ ਉਹ ਇਹ ਸਦਾ ਕਾਇਮ ਰਹਿਣ ਵਾਲਾ ਫਲ ਪਾ ਲੈਂਦਾ ਹੈ ॥੧੫॥੨॥੧੯॥
ਮਾਰੂ ਮਹਲਾ ੧ ॥
ਸਚੁ ਕਹਹੁ ਸਚੈ ਘਰਿ ਰਹਣਾ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰੋ, (ਸਿਮਰਨ ਦੀ ਬਰਕਤਿ ਨਾਲ ਉਸ) ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲੀ ਰਹੇਗੀ,
ਜੀਵਤ ਮਰਹੁ ਭਵਜਲੁ ਜਗੁ ਤਰਣਾ ॥
ਜੀਵਨ-ਸਫ਼ਰ ਵਿਚ ਵਿਕਾਰਾਂ ਦੇ ਹੱਲੇ ਤੋਂ ਬਚੇ ਰਹੋਗੇ, ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵੋਗੇ।
ਗੁਰੁ ਬੋਹਿਥੁ ਗੁਰੁ ਬੇੜੀ ਤੁਲਹਾ ਮਨ ਹਰਿ ਜਪਿ ਪਾਰਿ ਲੰਘਾਇਆ ॥੧॥
ਹੇ ਮਨ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਗੁਰੂ ਜਹਾਜ਼ ਹੈ, ਗੁਰੂ ਬੇੜੀ ਹੈ, ਗੁਰੂ ਤੁਲਹਾ ਹੈ, (ਗੁਰੂ ਦੀ ਸਰਨ ਪੈ ਕੇ) ਹਰਿ-ਨਾਮ ਜਪ, (ਜਿਸ ਜਿਸ ਨੇ ਜਪਿਆ ਹੈ ਗੁਰੂ ਨੇ ਉਸ ਨੂੰ) ਪਾਰ ਲੰਘਾ ਦਿੱਤਾ ਹੈ ॥੧॥
ਹਉਮੈ ਮਮਤਾ ਲੋਭ ਬਿਨਾਸਨੁ ॥
ਪਰਮਾਤਮਾ ਦਾ ਨਾਮ ਹਉਮੈ ਮਮਤਾ ਤੇ ਲੋਭ ਦਾ ਨਾਸ ਕਰਨ ਵਾਲਾ ਹੈ,
ਨਉ ਦਰ ਮੁਕਤੇ ਦਸਵੈ ਆਸਨੁ ॥
(ਨਾਮ ਸਿਮਰਨ ਦੀ ਬਰਕਤਿ ਨਾਲ) ਸਰੀਰ ਦੀਆਂ ਨੌ ਗੋਲਕਾਂ ਦੇ ਵਿਸ਼ਿਆਂ ਤੋਂ ਖ਼ਲਾਸੀ ਮਿਲੀ ਰਹਿੰਦੀ ਹੈ, ਸੁਰਤ ਦਸਵੇਂ ਦੁਆਰ ਵਿਚ ਟਿਕੀ ਰਹਿੰਦੀ ਹੈ (ਭਾਵ, ਦਸਵੇਂ ਦੁਆਰ ਦੀ ਰਾਹੀਂ ਪਰਮਾਤਮਾ ਨਾਲ ਸੰਬੰਧ ਬਣਿਆ ਰਹਿੰਦਾ ਹੈ)।
ਊਪਰਿ ਪਰੈ ਪਰੈ ਅਪਰੰਪਰੁ ਜਿਨਿ ਆਪੇ ਆਪੁ ਉਪਾਇਆ ॥੨॥
ਜਿਸ ਪਰਮਾਤਮਾ ਨੇ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕੀਤਾ ਹੈ ਜੋ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ਉਹ ਉਸ ਦਸਮ ਦੁਆਰ ਵਿਚ ਪ੍ਰਤੱਖ ਹੋ ਜਾਂਦਾ ਹੈ ॥੨॥
ਗੁਰਮਤਿ ਲੇਵਹੁ ਹਰਿ ਲਿਵ ਤਰੀਐ ॥
ਗੁਰੂ ਦੀ ਮੱਤ ਗ੍ਰਹਿਣ ਕਰੋ (ਗੁਰੂ ਦੀ ਮੱਤ ਦੀ ਰਾਹੀਂ) ਪਰਮਾਤਮਾ ਵਿਚ ਸੁਰਤ ਜੋੜਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
ਅਕਲੁ ਗਾਇ ਜਮ ਤੇ ਕਿਆ ਡਰੀਐ ॥
(ਇਕ-ਰਸ ਵਿਆਪਕ) ਅਖੰਡ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਜਮ ਤੋਂ ਡਰਨ ਦੀ ਲੋੜ ਨਹੀਂ ਰਹਿ ਜਾਂਦੀ।
ਜਤ ਜਤ ਦੇਖਉ ਤਤ ਤਤ ਤੁਮ ਹੀ ਅਵਰੁ ਨ ਦੁਤੀਆ ਗਾਇਆ ॥੩॥
(ਹੇ ਪ੍ਰਭੂ! ਇਹ ਤੇਰੇ ਸਿਮਰਨ ਦਾ ਹੀ ਸਦਕਾ ਹੈ ਕਿ) ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਤੂੰ ਹੀ ਤੂੰ ਦਿੱਸਦਾ ਹੈਂ। ਮੈਨੂੰ ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ, ਮੈਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ ॥੩॥
ਸਚੁ ਹਰਿ ਨਾਮੁ ਸਚੁ ਹੈ ਸਰਣਾ ॥
ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਆਸਰਾ-ਪਰਨਾ ਭੀ ਸਦਾ-ਥਿਰ ਰਹਿਣ ਵਾਲਾ ਹੈ।
ਸਚੁ ਗੁਰਸਬਦੁ ਜਿਤੈ ਲਗਿ ਤਰਣਾ ॥
ਗੁਰੂ ਦਾ ਸ਼ਬਦ (ਭੀ) ਸਦਾ-ਥਿਰ ਰਹਿਣ ਵਾਲਾ (ਵਸੀਲਾ ਹੈ), ਸ਼ਬਦ ਵਿਚ ਜੁੜ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ।
ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ ਜਾਇਆ ॥੪॥
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਜੋ ਮਨੁੱਖ ਉਸ ਪਰੇ ਤੋਂ ਪਰੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਉਸ ਦਾ ਦਰਸ਼ਨ ਕਰ ਲੈਂਦਾ ਹੈ, ਉਹ ਮਨੁੱਖ ਫਿਰ ਗਰਭ-ਜੋਨਿ ਵਿਚ ਨਹੀਂ ਆਉਂਦਾ ॥੪॥
ਸਚ ਬਿਨੁ ਸਤੁ ਸੰਤੋਖੁ ਨ ਪਾਵੈ ॥
ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਕੋਈ ਮਨੁੱਖ ਦੂਜਿਆਂ ਦੀ) ਸੇਵਾ ਤੇ ਸੰਤੋਖ (ਦਾ ਆਤਮਕ ਗੁਣ) ਪ੍ਰਾਪਤ ਨਹੀਂ ਕਰ ਸਕਦਾ।
ਬਿਨੁ ਗੁਰ ਮੁਕਤਿ ਨ ਆਵੈ ਜਾਵੈ ॥
ਗੁਰੂ ਦੀ ਸਰਨ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ, ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ ॥੫॥
ਹੇ ਨਾਨਕ! ਹਰੀ ਦਾ ਨਾਮ ਸਿਮਰ ਜੋ ਸਭ ਮੰਤ੍ਰਾਂ ਦਾ ਮੂਲ ਹੈ ਤੇ ਜੋ ਸਭ ਰਸਾਂ ਦਾ ਸੋਮਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਸਿਮਰਦਾ ਹੈ) ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ ॥੫॥
ਸਚ ਬਿਨੁ ਭਵਜਲੁ ਜਾਇ ਨ ਤਰਿਆ ॥
ਸਦਾ-ਥਿਰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਨਹੀਂ ਲੰਘ ਸਕੀਦਾ।
ਏਹੁ ਸਮੁੰਦੁ ਅਥਾਹੁ ਮਹਾ ਬਿਖੁ ਭਰਿਆ ॥
ਇਹ ਸੰਸਾਰ-ਸਮੁੰਦਰ ਬਹੁਤ ਹੀ ਡੂੰਘਾ ਹੈ ਤੇ (ਵਿਕਾਰਾਂ ਦੇ) ਜ਼ਹਿਰ ਨਾਲ ਭਰਿਆ ਹੋਇਆ ਹੈ।
ਰਹੈ ਅਤੀਤੁ ਗੁਰਮਤਿ ਲੇ ਊਪਰਿ ਹਰਿ ਨਿਰਭਉ ਕੈ ਘਰਿ ਪਾਇਆ ॥੬॥
ਜੇਹੜਾ ਮਨੁੱਖ ਗੁਰੂ ਦੀ ਮੱਤ ਲੈਂਦਾ ਹੈ ਉਹ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ ਉਹ ਜ਼ਹਿਰ-ਭਰੇ ਸਮੁੰਦਰ ਤੋਂ ਉਤਾਂਹ ਉਤਾਂਹ ਰਹਿੰਦਾ ਹੈ, ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ ਤੇ ਉਹ ਅਜੇਹੇ (ਆਤਮਕ) ਟਿਕਾਣੇ ਵਿਚ ਪਹੁੰਚ ਜਾਂਦਾ ਹੈ ਜਿਥੇ ਉਹ ਵਿਕਾਰਾਂ ਦੇ ਡਰ-ਸਹਿਮ ਤੋਂ ਪਰੇ ਹੋ ਜਾਂਦਾ ਹੈ ॥੬॥
ਝੂਠੀ ਜਗ ਹਿਤ ਕੀ ਚਤੁਰਾਈ ॥
ਜਗਤ ਦੇ (ਪਦਾਰਥਾਂ ਦੇ) ਮੋਹ ਦੀ ਸਿਆਣਪ ਵਿਅਰਥ ਹੀ ਜਾਂਦੀ ਹੈ,
ਬਿਲਮ ਨ ਲਾਗੈ ਆਵੈ ਜਾਈ ॥
ਕਿਉਂਕਿ (ਜਗਤ ਦੀ ਮਾਇਆ ਦਾ ਸਾਥ ਮੁੱਕਦਿਆਂ) ਰਤਾ ਚਿਰ ਨਹੀਂ ਲੱਗਦਾ ਤੇ ਮਨੁੱਖ ਇਸ ਮੋਹ ਦੇ ਕਾਰਨ ਜਨਮ ਮਰਨ ਵਿਚ ਪੈ ਜਾਂਦਾ ਹੈ।
ਨਾਮੁ ਵਿਸਾਰਿ ਚਲਹਿ ਅਭਿਮਾਨੀ ਉਪਜੈ ਬਿਨਸਿ ਖਪਾਇਆ ॥੭॥
ਮਾਇਆ ਦਾ ਮਾਣ ਕਰਨ ਵਾਲੇ ਬੰਦੇ ਪਰਮਾਤਮਾ ਦਾ ਨਾਮ ਭੁਲਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ। (ਜੋ ਭੀ ਪ੍ਰਭੂ ਦਾ ਨਾਮ ਵਿਸਾਰਦਾ ਹੈ ਉਹ) ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਤੇ ਖ਼ੁਆਰ ਹੁੰਦਾ ਹੈ ॥੭॥
ਉਪਜਹਿ ਬਿਨਸਹਿ ਬੰਧਨ ਬੰਧੇ ॥
ਉਹ ਮਨੁੱਖ (ਮਾਇਆ ਮੋਹ ਦੇ) ਬੰਧਨਾਂ ਵਿਚ ਬੱਝੇ ਹੋਏ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ,
ਹਉਮੈ ਮਾਇਆ ਕੇ ਗਲਿ ਫੰਧੇ ॥
ਜਿਨ੍ਹਾਂ ਬੰਦਿਆਂ ਦੇ ਗਲ ਵਿਚ ਹਉਮੈ ਤੇ ਮਾਇਆ ਦੇ ਮੋਹ ਦੇ ਫਾਹੇ ਪਏ ਰਹਿੰਦੇ ਹਨ।
ਜਿਸੁ ਰਾਮ ਨਾਮੁ ਨਾਹੀ ਮਤਿ ਗੁਰਮਤਿ ਸੋ ਜਮ ਪੁਰਿ ਬੰਧਿ ਚਲਾਇਆ ॥੮॥
ਜਿਸ ਮਨੁੱਖ ਨੂੰ ਸਤਿਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੋਇਆ, ਉਸ ਮੋਹ ਦੇ ਬੰਧਨਾਂ ਵਿਚ ਬੱਝ ਕੇ ਜਮ ਦੇ ਸ਼ਹਿਰ ਵਿਚ ਧੱਕਿਆ ਜਾਂਦਾ ਹੈ ॥੮॥
ਗੁਰ ਬਿਨੁ ਮੋਖ ਮੁਕਤਿ ਕਿਉ ਪਾਈਐ ॥
ਗੁਰੂ ਦੀ ਸਰਨ ਤੋਂ ਬਿਨਾ (ਹਉਮੈ ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਕਿਸੇ ਭੀ ਹਾਲਤ ਵਿਚ ਨਹੀਂ ਮਿਲ ਸਕਦੀ,
ਬਿਨੁ ਗੁਰ ਰਾਮ ਨਾਮੁ ਕਿਉ ਧਿਆਈਐ ॥
ਕਿਉਂਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਪਰਮਾਤਮਾ ਦਾ ਨਾਮ ਸਿਮਰਿਆ ਨਹੀਂ ਜਾ ਸਕਦਾ।
ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ ॥੯॥
ਗੁਰੂ ਦੀ ਮੱਤ ਤੇ ਤੁਰ ਕੇ (ਨਾਮ ਸਿਮਰੋ, ਇਸ ਤਰ੍ਹਾਂ) ਉਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਵੋਗੇ ਜਿਸ ਵਿਚੋਂ ਪਾਰ ਲੰਘਣਾ ਬਹੁਤ ਹੀ ਔਖਾ ਹੈ। ਜੇਹੜੇ ਬੰਦੇ (ਨਾਮ ਸਿਮਰ ਕੇ) ਵਿਕਾਰਾਂ ਵਿਚੋਂ ਬੱਚ ਨਿਕਲੇ ਉਹਨਾਂ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ॥੯॥
ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ॥
ਗੁਰੂ ਦੀ ਮੱਤ ਤੇ ਤੁਰ ਕੇ ਨਾਮ ਸਿਮਰਿਆਂ ਬੜੀ ਉੱਚੀ ਆਤਮਕ ਅਵਸਥਾ ਹਾਸਲ ਹੋ ਜਾਂਦੀ ਹੈ (ਬੜਾ ਆਤਮਕ ਬਲ ਪ੍ਰਾਪਤ ਹੋ ਜਾਂਦਾ ਹੈ) ਇਸੇ ਗੁਰਮੱਤ ਦੀ ਬਰਕਤਿ ਨਾਲ ਕ੍ਰਿਸ਼ਨ (ਜੀ) ਨੇ ਗੋਵਰਧਨ ਪਹਾੜ ਨੂੰ (ਉਂਗਲਾਂ ਤੇ) ਚੁੱਕ ਲਿਆ ਸੀ,
ਗੁਰਮਤਿ ਸਾਇਰਿ ਪਾਹਣ ਤਾਰੇ ॥
ਤੇ (ਸ੍ਰੀ ਰਾਮ ਚੰਦ੍ਰ ਜੀ ਨੇ) ਪੱਥਰ ਸਮੁੰਦਰ ਉੱਤੇ ਤਾਰ ਦਿੱਤੇ ਸਨ।
ਗੁਰਮਤਿ ਲੇਹੁ ਪਰਮ ਪਦੁ ਪਾਈਐ ਨਾਨਕ ਗੁਰਿ ਭਰਮੁ ਚੁਕਾਇਆ ॥੧੦॥
ਹੇ ਨਾਨਕ! (ਜੋ ਭੀ ਮਨੁੱਖ ਗੁਰੂ ਦੀ ਸਰਨ ਆਇਆ) ਗੁਰੂ ਨੇ ਉਸ ਦੀ ਭਟਕਣਾ ਮੁਕਾ ਦਿੱਤੀ ॥੧੦॥
ਗੁਰਮਤਿ ਲੇਹੁ ਤਰਹੁ ਸਚੁ ਤਾਰੀ ॥
ਗੁਰੂ ਦੀ ਮੱਤ ਗ੍ਰਹਿਣ ਕਰੋ ਤੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰੋ, ਇਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤਾਰੀ ਤਰੋ।
ਆਤਮ ਚੀਨਹੁ ਰਿਦੈ ਮੁਰਾਰੀ ॥
ਆਪਣੇ ਆਤਮਕ ਜੀਵਨ ਨੂੰ ਗਹੁ ਨਾਲ ਵੇਖੋ ਤੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ।
ਜਮ ਕੇ ਫਾਹੇ ਕਾਟਹਿ ਹਰਿ ਜਪਿ ਅਕੁਲ ਨਿਰੰਜਨੁ ਪਾਇਆ ॥੧੧॥
ਪਰਮਾਤਮਾ ਦਾ ਨਾਮ ਜਪ ਕੇ ਜਪ ਦੇ ਦੇਸ ਲੈ ਜਾਣ ਵਾਲੇ ਬੰਧਨ ਕੱਟੇ ਜਾਂਦੇ ਹਨ। ਜੇਹੜਾ ਭੀ ਮਨੁੱਖ ਨਾਮ ਜਪਦਾ ਹੈ ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ॥੧੧॥
ਗੁਰਮਤਿ ਪੰਚ ਸਖੇ ਗੁਰ ਭਾਈ ॥
ਗੁਰੂ ਦੀ ਮੱਤ ਤੇ ਤੁਰਿਆਂ ਸਤ ਸੰਤੋਖ ਆਦਿਕ ਪੰਜੇ ਮਨੁੱਖ ਦੇ ਆਤਮਕ ਸਾਥੀ ਬਣ ਜਾਂਦੇ ਹਨ ਗੁਰ-ਭਾਈ ਬਣ ਜਾਂਦੇ ਹਨ।
ਗੁਰਮਤਿ ਅਗਨਿ ਨਿਵਾਰਿ ਸਮਾਈ ॥
ਗੁਰੂ ਦੀ ਮੱਤ ਤ੍ਰਿਸ਼ਨਾ ਦੀ ਅੱਗ ਨੂੰ ਦੂਰ ਕਰ ਕੇ ਪ੍ਰਭੂ ਦੇ ਨਾਮ ਵਿਚ ਜੋੜ ਦੇਂਦੀ ਹੈ।
ਮਨਿ ਮੁਖਿ ਨਾਮੁ ਜਪਹੁ ਜਗਜੀਵਨ ਰਿਦ ਅੰਤਰਿ ਅਲਖੁ ਲਖਾਇਆ ॥੧੨॥
ਜਗਤ ਦੇ ਜੀਵਨ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਆਪਣੇ ਮੂੰਹ ਨਾਲ ਜਪਦੇ ਰਹੋ। (ਜੇਹੜਾ ਮਨੁੱਖ ਜਪਦਾ ਹੈ ਉਹ) ਆਪਣੇ ਹਿਰਦੇ ਵਿਚ ਅਦ੍ਰਿਸ਼ਟ ਪ੍ਰਭੂ ਦਾ ਦਰਸ਼ਨ ਕਰ ਲੈਂਦਾ ਹੈ ॥੧੨॥
ਗੁਰਮੁਖਿ ਬੂਝੈ ਸਬਦਿ ਪਤੀਜੈ ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਜੀਵਨ-ਜੁਗਤਿ) ਸਮਝ ਲੈਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਸ਼ਾਂਤੀ ਹਾਸਲ ਕਰ ਲੈਂਦਾ ਹੈ।
ਉਸਤਤਿ ਨਿੰਦਾ ਕਿਸ ਕੀ ਕੀਜੈ ॥
ਇਹ ਫਿਰ ਨਾਹ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ ਨਾਹ ਕਿਸੇ ਦੀ ਨਿੰਦਿਆ ਕਰਦਾ ਹੈ।
ਚੀਨਹੁ ਆਪੁ ਜਪਹੁ ਜਗਦੀਸਰੁ ਹਰਿ ਜਗੰਨਾਥੁ ਮਨਿ ਭਾਇਆ ॥੧੩॥
ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹੋ, ਤੇ ਜਗਤ ਦੇ ਮਾਲਕ (ਦਾ ਨਾਮ) ਜਪਦੇ ਰਹੋ। (ਜੇਹੜਾ ਮਨੁੱਖ ਨਾਮ ਜਪਦਾ ਹੈ ਉਸ ਨੂੰ ਜਗਤ ਦਾ ਨਾਥ ਹਰੀ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੧੩॥
ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥
ਜੇਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਹੈ ਉਸ ਨੂੰ ਆਪਣੇ ਸਰੀਰ ਵਿਚ ਵੱਸਦਾ ਪਛਾਣੋ।
ਗੁਰਮੁਖਿ ਬੂਝਹੁ ਸਬਦਿ ਪਛਾਣਹੁ ॥
ਗੁਰੂ ਦੀ ਸਰਨ ਪੈ ਕੇ ਇਹ ਭੇਤ ਸਮਝੋ, ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਅਸਲੀਅਤ ਨੂੰ ਪਛਾਣੋ।
ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ ॥੧੪॥
ਦੁਨੀਆ ਦੇ ਸਾਰੇ ਪਦਾਰਥਾਂ ਨੂੰ ਮਾਣ ਸਕਣ ਵਾਲਾ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੋ ਕੇ ਸਾਰੇ ਭੋਗ ਭੋਗ ਰਿਹਾ ਹੈ, ਫਿਰ ਭੀ ਸਾਰੀ ਸ੍ਰਿਸ਼ਟੀ ਤੋਂ ਨਿਰਲੇਪ ਰਹਿੰਦਾ ਹੈ ॥੧੪॥
ਗੁਰਮਤਿ ਬੋਲਹੁ ਹਰਿ ਜਸੁ ਸੂਚਾ ॥
ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰੋ ਜੋ ਜੀਵਨ ਨੂੰ ਪਵਿੱਤ੍ਰ ਬਣਾ ਦੇਂਦੀ ਹੈ।
ਗੁਰਮਤਿ ਆਖੀ ਦੇਖਹੁ ਊਚਾ ॥
ਗੁਰੂ ਦੀ ਸਿੱਖਿਆ ਤੇ ਤੁਰ ਕੇ ਉਸ ਸਭ ਤੋਂ ਉੱਚੇ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਅੰਦਰ ਬਾਹਰ ਹਰ ਥਾਂ) ਵੇਖੋ।
ਸ੍ਰਵਣੀ ਨਾਮੁ ਸੁਣੈ ਹਰਿ ਬਾਣੀ ਨਾਨਕ ਹਰਿ ਰੰਗਿ ਰੰਗਾਇਆ ॥੧੫॥੩॥੨੦॥
ਹੇ ਨਾਨਕ! ਜੇਹੜਾ ਮਨੁੱਖ ਆਪਣੇ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਦਾ ਹੈ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਹੈ ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੧੫॥੩॥੨੦॥