Raag Maru Bani Page 3

Raag Maru Bani Page 3

Raag-Maru-Bani-Page-3

Raag-Maru-Bani-Page-3


Raag Maru Bani Page 3

ਮਾਰੂ ਮਹਲਾ ੧ ॥
ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥

ਨਾਹ ਭੈਣਾਂ ਨਾਹ ਭਰਜਾਈਆਂ ਨਾਹ ਸੱਸਾਂ-ਕਿਸੇ ਦਾ ਭੀ ਉਹੋ ਜਿਹਾ ਸਾਕ ਨਹੀਂ ਜੋ (ਸਤਸੰਗੀ) ਸਹੇਲੀਆਂ ਦਾ ਹੈ।

ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ ॥੧॥

ਗੁਰੂ (ਸਤ ਸੰਗੀ-) ਸਹੇਲੀਆਂ ਨਾਲ ਮਿਲਾਂਦਾ ਹੈ (ਸਤਸੰਗੀਆਂ ਵਾਲਾ) ਸਦਾ-ਥਿਰ ਰਹਿਣ ਵਾਲਾ ਸਾਕ ਕਦੇ ਨਹੀਂ ਟੁੱਟਦਾ ॥੧॥

ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥

ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਸਦਾ ਕੁਰਬਾਨ ਜਾਂਦੀ ਹਾਂ।

ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥੧॥ ਰਹਾਉ ॥

ਗੁਰੂ (ਦੇ ਮਿਲਾਪ) ਤੋਂ ਬਿਨਾ ਮੈਂ ਭੌਂ ਭੌਂ ਕੇ ਬਹੁਤ ਥੱਕ ਗਈ ਸਾਂ, (ਹੁਣ) ਗੁਰੂ ਨੇ ਮੈਨੂੰ ਪਤੀ ਮਿਲਾਇਆ ਹੈ, ਮੈਨੂੰ (ਪਤੀ) ਮਿਲਾ ਦਿੱਤਾ ਹੈ ॥੧॥ ਰਹਾਉ ॥

ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ ॥

ਫੁੱਫੀਆਂ, ਨਾਨੀਆਂ, ਮਾਸੀਆਂ, ਦਿਰਾਣੀਆਂ, ਜਿਠਾਣੀਆਂ-

ਆਵਨਿ ਵੰਞਨਿ ਨਾ ਰਹਨਿ ਪੂਰ ਭਰੇ ਪਹੀਆਹ ॥੨॥

ਇਹ (ਸੰਸਾਰ ਵਿਚ) ਆਉਂਦੀਆਂ ਹਨ ਤੇ ਚਲੀਆਂ ਜਾਂਦੀਆਂ ਹਨ, ਸਦਾ (ਸਾਡੇ ਨਾਲ) ਨਹੀਂ ਰਹਿੰਦੀਆਂ। ਇਹਨਾਂ (ਸਾਕਾਂ ਅੰਗਾਂ-) ਰਾਹੀਆਂ ਦੇ ਪੂਰਾਂ ਦੇ ਪੂਰ ਭਰੇ ਹੋਏ ਚਲੇ ਜਾਂਦੇ ਹਨ ॥੨॥

ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ ॥

ਮਾਮੇ, ਮਾਮੀਆਂ, ਭਰਾ, ਪਿਉ, ਤੇ ਮਾਂ-(ਕਿਸੇ ਨਾਲ ਭੀ ਸੱਚਾ ਸਾਕ) ਨਹੀਂ ਬਣ ਸਕਦਾ।

ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥੩॥

(ਇਹ ਭੀ ਪਰਾਹੁਣਿਆਂ ਵਾਂਗ ਹਨ) ਇਹਨਾਂ ਪਰਾਹੁਣਿਆਂ ਦੇ ਕਾਫ਼ਲੇ ਦੇ ਕਾਫ਼ਲੇ ਲੱਦੇ ਚਲੇ ਜਾ ਰਹੇ ਹਨ। ਸੰਸਾਰ-ਦਰੀਆ ਦੇ ਪੱਤਣ ਉਤੇ ਇਹਨਾਂ ਦੀ ਭੀੜ ਲੱਗੀ ਪਈ ਹੈ ॥੩॥

ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ ॥

ਹੇ ਸਹੇਲੀਹੋ! ਸਾਡਾ ਖਸਮ-ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ ਤੇ ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।

ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ ॥੪॥

ਉਸ ਸਦਾ-ਥਿਰ ਦੇ ਨਾਮ ਵਿਚ ਜੁੜਿਆਂ ਉਸ ਨਾਲੋਂ ਵਿਛੋੜਾ ਨਹੀਂ ਹੁੰਦਾ। (ਚਰਨਾਂ ਵਿਚ ਜੁੜੀ ਜੀਵ-ਇਸਤ੍ਰੀ ਨੂੰ) ਉਹ ਖਸਮ ਪਿਆਰ ਨਾਲ ਗਲੇ ਲਾਈ ਰੱਖਦਾ ਹੈ ॥੪॥

ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ ॥

ਜੀਵ-ਇਸਤ੍ਰੀ ਨੂੰ ਉਹ ਸਾਰੀਆਂ ਹੀ ਰੁੱਤਾਂ ਚੰਗੀਆਂ ਲੱਗਦੀਆਂ ਹਨ ਜਿਸ ਜਿਸ ਰੁੱਤ ਵਿਚ ਸਦਾ-ਥਿਰ ਪ੍ਰਭੂ-ਪਤੀ ਨਾਲ ਉਸ ਜੀਵ-ਇਸਤ੍ਰੀ ਦਾ ਪਿਆਰ ਬਣਦਾ ਹੈ,

ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ ॥੫॥

ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ (ਦੇ ਸਾਕ) ਨੂੰ ਪਛਾਣ ਲੈਂਦੀ ਹੈ (ਕਿਉਂਕਿ) ਉਹ ਜੀਵ-ਇਸਤ੍ਰੀ ਦਿਨ ਰਾਤ ਪੂਰਨ ਆਨੰਦ ਵਿਚ ਸ਼ਾਂਤ-ਚਿੱਤ ਰਹਿੰਦੀ ਹੈ ॥੫॥

ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ ॥

(ਸੰਸਾਰ-ਦਰੀਆ ਦੇ) ਪੱਤਣ ਉਤੇ (ਖਲੋਤਾ) ਗੁਰੂ-ਮਲਾਹ (ਜੀਵ-ਰਾਹੀਆਂ ਨੂੰ) ਪੁਕਾਰ ਕੇ ਕਹਿ ਰਿਹਾ ਹੈ ਕਿ (ਪ੍ਰਭੂ-ਨਾਮ ਦੇ ਜਹਾਜ਼ ਵਿਚ ਚੜ੍ਹੋ ਤੇ) ਦੌੜ ਕੇ ਛਾਲ ਮਾਰ ਕੇ ਪਾਰ ਲੰਘ ਜਾਵੋ।

ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ ॥੬॥

ਸਤਿਗੁਰੂ ਦੇ ਜਹਾਜ਼ ਵਿਚ ਚੜ੍ਹ ਕੇ (ਸੰਸਾਰ-ਦਰੀਆ ਤੋਂ) ਪਾਰ ਅੱਪੜੇ ਹੋਏ (ਅਨੇਕਾਂ ਹੀ ਪ੍ਰਾਣੀ) ਮੈਂ (ਆਪ) ਵੇਖੇ ਹਨ ॥੬॥

ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ ॥

(ਸਤਿਗੁਰੂ ਦਾ ਹੋਕਾ ਸੁਣ ਕੇ) ਅਨੇਕਾਂ ਜੀਵਾਂ ਨੇ (ਸੰਸਾਰ-ਦਰੀਆ ਤੋਂ ਪਾਰ ਲੰਘਣ ਲਈ ਪ੍ਰਭੂ-ਨਾਮ ਦਾ ਵੱਖਰ ਗੁਰੂ ਦੇ ਜਹਾਜ਼ ਵਿਚ) ਲੱਦ ਲਿਆ ਹੈ, ਅਨੇਕਾਂ ਹੀ ਲੱਦ ਕੇ ਪਾਰ ਪਹੁੰਚ ਗਏ ਹਨ, ਪਰ ਅਨੇਕਾਂ ਹੀ (ਐਸੇ ਭੀ ਮੰਦਭਾਗੀ ਹਨ ਜਿਨ੍ਹਾਂ ਗੁਰੂ ਦੀ ਪੁਕਾਰ ਦੀ ਪਰਵਾਹ ਨਹੀਂ ਕੀਤੀ, ਤੇ ਉਹ ਵਿਕਾਰਾਂ ਦੇ ਭਾਰ ਨਾਲ) ਭਾਰੇ ਹੋ ਕੇ ਸੰਸਾਰ-ਸਮੁੰਦਰ ਦੇ ਵਿਚ (ਡੁੱਬ ਗਏ ਹਨ)।

ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥

ਜਿਨ੍ਹਾਂ ਨੇ (ਗੁਰੂ ਦਾ ਉਪਦੇਸ਼ ਸੁਣ ਕੇ) ਸਦਾ-ਥਿਰ ਰਹਿਣ ਵਾਲਾ ਨਾਮ-ਵੱਖਰ ਖ਼ਰੀਦਿਆ ਹੈ ਉਹ (ਸਦਾ-ਥਿਰ ਪ੍ਰਭੂ ਦੇ) ਚਰਨਾਂ ਵਿਚ ਲੀਨ ਹੋ ਗਏ ਹਨ ॥੭॥

ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥

(ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਦੂਰ ਕੀਤੀ ਉਹ ਭਾਗਾਂ ਵਾਲੇ ਬੰਦੇ ਇਹ ਨਿਸ਼ਚਾ ਰੱਖਦੇ ਹਨ ਕਿ) ਅਸੀਂ (ਸਭ ਤੋਂ) ਚੰਗੇ ਨਹੀਂ ਆਖੇ ਜਾ ਸਕਦੇ, ਤੇ ਸਾਥੋਂ ਭੈੜਾ ਕੋਈ ਮਨੁੱਖ (ਜਗਤ ਵਿਚ) ਨਹੀਂ ਦਿੱਸਦਾ।
ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥੮॥੨॥੧੦॥

ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਇਕ-ਮਿਕ ਹੋਣ ਵਾਸਤੇ) ਹਉਮੈ ਦੂਰ ਕਰਨੀ ਚਾਹੀਦੀ ਹੈ (ਜਿਸ ਮਨੁੱਖ ਨੇ ਹਉਮੈ ਦੂਰ ਕੀਤੀ) ਉਹ ਸਦਾ-ਥਿਰ ਪ੍ਰਭੂ ਵਰਗਾ ਹੀ ਬਣ ਗਿਆ ॥੮॥੨॥੧੦॥


Raag Maru Bani Page 3

ਮਾਰੂ ਮਹਲਾ ੧ ॥
ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥

ਮੈਂ ਨਹੀਂ ਸਮਝ ਸਕਦਾ ਕਿ ਜੇਹੜਾ (ਬੰਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ) ਉਹ ਮੂਰਖ (ਕਿਵੇਂ) ਹੈ, ਤੇ ਜੇਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੈ।

ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥

(ਅਸਲ ਸਿਆਣਪ ਨਾਮ ਸਿਮਰਨ ਵਿਚ ਹੈ, ਇਸ ਵਾਸਤੇ) ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਮਾਲਕ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹਾਂ ॥੧॥

ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥

ਹੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। (ਤੇਰੇ ਨਾਮ ਤੋਂ ਖੁੰਝ ਕੇ) ਮੈਂ ਮੱਤ-ਹੀਨ ਰਹਿੰਦਾ ਹਾਂ,

ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥

(ਕਿਉਂਕਿ ਮੈਨੂੰ ਇਹ ਸਮਝ ਨਹੀਂ ਹੁੰਦੀ ਕਿ ਇਸ ਸੰਸਾਰ-ਸਮੁੰਦਰ ਤੋਂ) ਮੈਂ ਤੇਰੇ ਨਾਮ ਵਿਚ ਜੁੜ ਕੇ ਹੀ ਪਾਰ ਲੰਘ ਸਕਦਾ ਹਾਂ। (ਤੇਰੇ ਨਾਮ ਦੀ ਬਰਕਤਿ ਨਾਲ ਹੀ ਮੈਨੂੰ ਸਮਝ ਆਉਂਦੀ ਹੈ ਕਿ) ਤੂੰ ਸਾਡਾ ਸਿਰਜਨਹਾਰ ਹੈਂ, ਤੂੰ ਸਾਡੇ ਦਿਲ ਦੀ ਜਾਣਦਾ ਹੈਂ, ਤੂੰ ਸਾਡੇ ਕੰਮਾਂ ਨੂੰ ਹਰ ਵੇਲੇ ਵੇਖਦਾ ਹੈਂ ॥੧॥ ਰਹਾਉ ॥

ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥

ਪਰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹੈ (ਹਰੇਕ ਵਿਚ) ਇਕੋ ਪਰਮਾਤਮਾ ਹੀ ਵੱਸਦਾ ਹੈ। ਮੂਰਖ ਤੇ ਸਿਆਣਾ ਦੋ ਵਖ ਵਖ ਨਾਮ ਹਨ ਜੋਤਿ ਦੋਹਾਂ ਵਿਚ ਇਕੋ ਹੀ ਹੈ।

ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥

ਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾ ਮੂਰਖ ਹੈ ॥੨॥

ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥

ਪਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ-ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥

ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਮਨੁੱਖ ਦੇ ਮਨ ਵਿਚ ਨਾਮ ਵੱਸ ਪਏ, ਤਾਂ ਉਹ ਦਿਨ ਰਾਤ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੩॥

ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥

ਜੇਹੜੇ ਬੰਦੇ ਰਾਜ, ਰੰਗ-ਤਮਾਸ਼ੇ, ਰੂਪ, ਮਾਲ-ਧਨ ਤੇ ਜਵਾਨੀ-ਸਿਰਫ਼ ਇਹੀ ਵਿਹਾਝਦੇ ਰਹਿੰਦੇ ਹਨ ਉਹਨਾਂ ਨੂੰ ਜੁਆਰੀਏ ਸਮਝੋ।

ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥

(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੇ ਹੁਕਮ ਵਿਚ ਬੱਝੇ ਹੋਏ ਉਹ (ਮਾਇਕ ਪਦਾਰਥਾਂ ਦੀ) ਚਉਪੜ ਖੇਡ ਖੇਡਦੇ ਰਹਿੰਦੇ ਹਨ, ਇਕੋ ਮਾਇਆ ਦੀ ਤ੍ਰਿਸ਼ਨਾ ਹੀ ਉਹਨਾਂ ਦੀ ਨਰਦ ਹੈ ॥੪॥

ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥

ਜੇਹੜਾ ਬੰਦਾ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਜਾ ਰਿਹਾ ਹੈ ਉਹੀ ਜਗਤ ਵਿਚ ਚਾਤੁਰ ਤੇ ਸਿਆਣਾ ਮੰਨਿਆ ਜਾਂਦਾ ਹੈ; ਪੜ੍ਹਦੇ ਹਨ (ਮਾਇਆ ਕਮਾਣ ਵਾਲੀ) ਮੂਰਖਾਂ ਦੀ ਵਿੱਦਿਆ, ਪਰ ਆਪਣਾ ਨਾਮ ਸਦਾਂਦੇ ਹਨ ‘ਪੰਡਿਤ’।

ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥

(ਇਹ ਪੰਡਿਤ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ; ਤੇ ਆਪਣੇ ਵਲੋਂ ਵੇਦ (ਆਦਿਕ ਧਰਮ ਪੁਸਤਕਾਂ) ਨੂੰ ਸੰਭਾਲ ਰਹੇ ਹਨ, ਇਹ ਵਿਦਵਾਨ ਆਤਮਕ ਜੀਵਨ ਦੀ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਵਿਚ ਭੁੱਲੇ ਪਏ ਹਨ ॥੫॥

ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥

ਕੱਲਰ ਵਿਚ ਖੇਤੀ ਬੀਜ ਕੇ ਫ਼ਸਲ ਦੀ ਆਸ ਵਿਅਰਥ ਹੈ, ਦਰਿਆ ਕੰਢੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਨਾਣਾ ਭੁੱਲ ਹੈ, ਜਿਥੇ ਕਾਲਖ ਉਡ ਉਡ ਕੇ ਪੈਂਦੀ ਹੋਵੇ ਉਥੇ ਜੇਹੜੇ ਬੰਦੇ ਚਿੱਟੇ ਕੱਪੜੇ ਪਹਿਨਦੇ ਹਨ (ਤੇ ਉਹਨਾਂ ਉਤੇ ਕਾਲਖ ਨਾਹ ਲੱਗਣ ਦੀ ਆਸ ਰੱਖਦੇ ਹਨ ਉਹ ਭੁੱਲੇ ਹੋਏ ਹਨ)।

ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥

(ਇਸ ਤਰ੍ਹਾਂ) ਇਹ ਜਗਤ ਤ੍ਰਿਸ਼ਨਾ ਦੀ ਕੋਠੀ ਹੈ ਇਸ ਵਿਚ ਜੇਹੜਾ ਫਸ ਜਾਂਦਾ ਹੈ (ਉਹ ਨਿਕਲ ਨਹੀਂ ਸਕਦਾ) ਉਹ ਅਹੰਕਾਰ ਵਿਚ (ਗ਼ਰਕ ਹੁੰਦਾ ਹੈ, ਉਸ ਦਾ ਆਤਮਕ ਜੀਵਨ ਤ੍ਰਿਸ਼ਨਾ-ਅੱਗ ਵਿਚ) ਸੜ ਜਾਂਦਾ ਹੈ ॥੬॥

ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥

ਰਾਜੇ ਤੇ (ਰਾਜਿਆਂ ਦੀ) ਪਰਜਾ-ਇਹ ਸਭ ਕਿੱਥੇ ਹਨ? (ਸਭ ਆਪੋ ਆਪਣੀ ਵਾਰੀ ਕੂਚ ਕਰ ਜਾਂਦੇ ਹਨ)। ਇਸ ਦੁਨੀਆ ਵਿਚ ਜੋ ਜੰਮਦਾ ਹੈ ਉਹ ਅੰਤ ਇਥੋਂ ਚਲਾ ਜਾਂਦਾ ਹੈ) ਪਰ ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਜਨਮ ਮਰਨ ਦਾ ਗੇੜ ਭੀ ਸਹੇੜ ਲੈਂਦਾ ਹੈ)।

ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥

ਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਅਭੁੱਲ ਗੁਰੂ ਦੀ ਪਉੜੀ ਦਾ ਆਸਰਾ ਲੈਂਦਾ ਹੈ (ਭਾਵ, ਜੋ ਨਾਮ ਸਿਮਰਦਾ ਹੈ, ਤੇ ਸਿਮਰਨ ਦੀ ਪਉੜੀ ਦੀ ਰਾਹੀਂ) ਅਲੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੭॥੩॥੧੧॥


Raag Maru Bani Page 3

ਮਾਰੂ ਮਹਲਾ ੩ ਘਰੁ ੫ ਅਸਟਪਦੀ ॥

ਰਾਗ ਮਾਰੂ, ਘਰ ੫ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਿਸ ਨੋ ਪ੍ਰੇਮੁ ਮੰਨਿ ਵਸਾਏ ॥

(ਪਰਮਾਤਮਾ) ਜਿਸ ਮਨੁੱਖ ਦੇ ਮਨ ਵਿਚ (ਆਪਣਾ) ਪਿਆਰ ਵਸਾਂਦਾ ਹੈ,

ਸਾਚੈ ਸਬਦਿ ਸਹਜਿ ਸੁਭਾਏ ॥

ਉਹ ਮਨੁੱਖ ਪ੍ਰਭੂ ਦੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਜੁੜਿਆ ਰਹਿੰਦਾ ਹੈ), ਆਤਮਕ ਅਡੋਲਤਾ ਵਿਚ (ਟਿਕਿਆ ਰਹਿੰਦਾ ਹੈ) ਪ੍ਰਭੂ-ਪਿਆਰ ਵਿਚ (ਲੀਨ ਰਹਿੰਦਾ ਹੈ) (ਪ੍ਰੇਮ ਦੀ ਚੋਭ ਦਾ ਇਹੀ ਇਲਾਜ ਹੈ)।

ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥

ਉਹੀ ਮਨੁੱਖ ਇਸ ਚੋਭ ਨੂੰ ਸਮਝਦਾ ਹੈ, ਕੋਈ ਹੋਰ ਮਨੁੱਖ (ਜਿਸ ਦੇ ਅੰਦਰ ਇਹ ਚੋਭ ਨਹੀਂ ਹੈ, ਇਸ ਚੋਭ ਦਾ) ਇਲਾਜ ਨਹੀਂ ਜਾਣਦਾ ॥੧॥

ਆਪੇ ਮੇਲੇ ਆਪਿ ਮਿਲਾਏ ॥

ਪਰਮਾਤਮਾ ਆਪ (ਜੀਵ ਨੂੰ ਆਪਣੇ ਚਰਨਾਂ ਨਾਲ) ਜੋੜਦਾ ਹੈ, ਆਪ ਹੀ ਮਿਲਾਂਦਾ ਹੈ।

ਆਪਣਾ ਪਿਆਰੁ ਆਪੇ ਲਾਏ ॥

(ਜੀਵ ਦੇ ਹਿਰਦੇ ਵਿਚ) ਆਪਣਾ ਪਿਆਰ ਪਰਮਾਤਮਾ ਆਪ ਹੀ ਪੈਦਾ ਕਰਦਾ ਹੈ।

ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥

ਹੇ ਪ੍ਰਭੂ! (ਤੇਰੇ) ਪਿਆਰ ਦੀ ਕਦਰ (ਭੀ) ਉਹੀ ਜੀਵ ਜਾਣ ਸਕਦਾ ਹੈ, ਜਿਸ ਉਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ ॥੧॥ ਰਹਾਉ ॥

ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥

(ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਆਪਣਾ ਪਿਆਰ ਵਸਾਂਦਾ ਹੈ ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਦੇਣ ਵਾਲੀ ਨਿਗਾਹ ਜਾਗ ਪੈਂਦੀ ਹੈ (ਅਤੇ ਉਹ ਨਿਗਾਹ ਉਸ ਦੀ) ਭਟਕਣਾ ਦੂਰ ਕਰ ਦੇਂਦੀ ਹੈ।

ਗੁਰਪਰਸਾਦਿ ਪਰਮ ਪਦੁ ਪਾਏ ॥

ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਸਭ ਤੋਂ ਉੱਚਾ ਆਤਮਕ ਜੀਵਨ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ।

ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥

(ਜਿਹੜਾ ਮਨੁੱਖ) ਇਸ ਜੁਗਤਿ ਨੂੰ ਸਮਝ ਲੈਂਦਾ ਹੈ ਉਹ (ਸਹੀ ਅਰਥਾਂ ਵਿਚ) ਜੋਗੀ ਹੈ; ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੨॥

ਸੰਜੋਗੀ ਧਨ ਪਿਰ ਮੇਲਾ ਹੋਵੈ ॥

ਚੰਗੇ ਭਾਗਾਂ ਨਾਲ ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ,

ਗੁਰਮਤਿ ਵਿਚਹੁ ਦੁਰਮਤਿ ਖੋਵੈ ॥

ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਆਪਣੇ ਅੰਦਰੋਂ ਖੋਟੀ ਮੱਤ ਨਾਸ ਕਰ ਦੇਂਦੀ ਹੈ,

ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥

ਉਹ ਪ੍ਰੇਮ ਦਾ ਸਦਕਾ ਪ੍ਰਭੂ ਪਤੀ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੀ ਹੈ, ਉਹ ਆਪਣੇ ਪ੍ਰਭੂ-ਪਤੀ ਦੀ ਲਾਡਲੀ ਬਣ ਜਾਂਦੀ ਹੈ ॥੩॥

ਸਤਿਗੁਰ ਬਾਝਹੁ ਵੈਦੁ ਨ ਕੋਈ ॥

(ਪ੍ਰੇਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ।

ਆਪੇ ਆਪਿ ਨਿਰੰਜਨੁ ਸੋਈ ॥

(ਜਿਸ ਦਾ ਇਲਾਜ ਗੁਰੂ ਕਰ ਦੇਂਦਾ ਹੈ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਉਹ ਨਿਰਲੇਪ ਪਰਮਾਤਮਾ ਆਪ ਹੀ ਆਪ (ਹਰ ਥਾਂ ਮੌਜੂਦ ਹੈ)।

ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥

ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਭੈੜ ਮਿਟ ਜਾਂਦਾ ਹੈ, ਮਨੁੱਖ ਉੱਚੇ ਆਤਮਕ ਜੀਵਨ ਦੀ ਵਿਚਾਰ ਕਰਨ ਜੋਗਾ ਹੋ ਜਾਂਦਾ ਹੈ ॥੪॥

ਏਹੁ ਸਬਦੁ ਸਾਰੁ ਜਿਸ ਨੋ ਲਾਏ ॥

ਹੇ ਭਾਈ ! ਗੁਰੂ ਦਾ ਇਹ ਸ੍ਰੇਸ਼ਟ ਸ਼ਬਦ ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸਾ ਦੇਂਦਾ ਹੈ,

ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥

(ਉਸ ਨੂੰ) ਗੁਰੂ ਦੀ ਸਰਨ ਪਾ ਕੇ (ਉਸ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਦੂਰ ਕਰ ਦੇਂਦਾ ਹੈ।

ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥

ਆਪਣੀ ਅਕਲ ਦੇ ਜ਼ੋਰ (ਆਤਮਕ ਜੀਵਨ ਦਾ) ਕੁਝ ਭੀ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਸੱਤਾ (ਮਨੁੱਖ ਦੇ ਅੰਦਰ) ਪਾਂਦਾ ਹੈ ॥੫॥

ਅਗਮ ਨਿਗਮੁ ਸਤਿਗੁਰੂ ਦਿਖਾਇਆ ॥

(ਹੇ ਜੋਗੀ! ਇਹ ਨਿਸ਼ਚਾ ਕਿ (ਆਪਣ… ਧਾਰੀ ਜੀਉ)-ਇਹੀ ਹੈ ਸਾਡੇ ਵਾਸਤੇ ‘ਅਗਮ ਨਿਗਮੁ’,

ਕਰਿ ਕਿਰਪਾ ਅਪਨੈ ਘਰਿ ਆਇਆ ॥

ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਦੀ ਰਾਹੀਂ (ਜਿਸ ਮਨੁੱਖ ਨੂੰ ਇਹ) ‘ਅਗਮ ਨਿਗਮੁ’ ਵਿਖਾ ਦਿੱਤਾ, ਉਹ ਮਨੁੱਖ ਆਪਣੇ ਅਸਲ ਘਰ ਵਿਚ ਆ ਟਿਕਦਾ ਹੈ।

ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥

ਹੇ ਪ੍ਰਭੂ! ਜਿਨ੍ਹਾਂ ਉੱਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ ਇਸ ਮਾਇਆ ਦੇ ਪਸਾਰੇ ਵਿਚ ਤੈਨੂੰ ਨਿਰਲੇਪ ਨੂੰ ਵੱਸਦਾ ਪਛਾਣ ਲੈਂਦੇ ਹਨ ॥੬॥

ਗੁਰਮੁਖਿ ਹੋਵੈ ਸੋ ਤਤੁ ਪਾਏ ॥

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਇਹ) ਅਸਲੀਅਤ ਲੱਭ ਲੈਂਦਾ ਹੈ,

ਆਪਣਾ ਆਪੁ ਵਿਚਹੁ ਗਵਾਏ ॥

ਉਹ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦੇਂਦਾ ਹੈ।

ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥

ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ ਹਰੇਕ ਜੀਵ ਮਾਇਆ ਦੇ ਮੋਹ ਵਿਚ ਫਸਾਣ ਵਾਲੀ ਦੌੜ-ਭੱਜ ਹੀ ਕਰ ਰਿਹਾ ਹੈ ॥੭॥

ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥

ਕਈ ਐਸੇ ਹਨ ਜੋ ਭੁਲੇਖੇ ਵਿਚ ਪੈ ਕੇ ਕੁਰਾਹੇ ਪਏ ਹੋਏ (ਆਪਣੇ ਇਸ ਗ਼ਲਤ ਤਿਆਗ ਤੇ ਹੀ) ਮਾਣ ਕਰਦੇ ਫਿਰਦੇ ਹਨ।

ਇਕਨਾ ਗੁਰਮੁਖਿ ਹਉਮੈ ਮਾਰੀ ॥

ਕਈ ਐਸੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ ਹੈ।

ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥

ਅਸਲ ਬੈਰਾਗੀ ਉਹ ਹਨ ਜਿਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਹੋਏ ਹਨ, ਬਾਕੀ ਦੇ ਮੂਰਖ (ਆਪਣੇ ਤਿਆਗ ਦੇ) ਭੁਲੇਖੇ ਵਿਚ ਕੁਰਾਹੇ ਪਏ ਹੋਏ ਹਨ ॥੮॥

ਗੁਰਮੁਖਿ ਜਿਨੀ ਨਾਮੁ ਨ ਪਾਇਆ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕੀਤਾ,

ਮਨਮੁਖਿ ਬਿਰਥਾ ਜਨਮੁ ਗਵਾਇਆ ॥

ਉਹਨਾਂ ਮਨ ਦੇ ਮੁਰੀਦਾਂ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ।

ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥

ਪਰਲੋਕ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਹਾਈ ਨਹੀਂ ਹੈ। ਪਰ ਇਸ ਗੱਲ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ (ਕੋਈ ਵਿਰਲਾ ਮਨੁੱਖ) ਸਮਝਦਾ ਹੈ ॥੯॥

ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥

ਹੇ ਨਾਨਕ! ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਅਨੰਦ ਦੇਣ ਵਾਲਾ ਹੈ।

ਗੁਰਿ ਪੂਰੈ ਜੁਗ ਚਾਰੇ ਜਾਤਾ ॥

ਸਦਾ ਤੋਂ ਪੂਰੇ ਗੁਰੂ ਦੀ ਰਾਹੀਂ ਹੀ (ਤੇਰੇ ਇਸ ਨਾਮ ਨਾਲ) ਸਾਂਝ ਪੈਂਦੀ ਆ ਰਹੀ ਹੈ।

ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥

ਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ (ਇਹ ਦਾਤਿ) ਦੇਂਦਾ ਹੈਂ। ਉਹੀ ਮਨੁੱਖ ਅਸਲ ਜੀਵਨ-ਭੇਦ ਨੂੰ ਸਮਝਣ ਜੋਗਾ ਹੁੰਦਾ ਹੈ ॥੧੦॥੧॥


Raag Maru Bani Page 3

ਮਾਰੂ ਮਹਲਾ ੫ ਘਰੁ ੩ ਅਸਟਪਦੀਆ ॥

ਰਾਗ ਮਾਰੂ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥੧॥

ਹੇ ਮੂਰਖ! ਚੌਰਾਸੀ ਲੱਖ ਜੂਨਾਂ ਵਿਚ ਭੌਂਦਿਆਂ ਭੌਦਿਆਂ ਹੁਣ ਤੈਨੂੰ ਕੀਮਤੀ ਮਨੁੱਖਾ ਜਨਮ ਮਿਲਿਆ ਹੈ ॥੧॥

ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥

ਹੇ ਮੂਰਖ! ਤੂੰ ਨਾਸਵੰਤ (ਪਦਾਰਥਾਂ ਦੇ) ਸੁਆਦ ਵਿਚ ਫਸਿਆ ਰਹਿੰਦਾ ਹੈਂ।

ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥

ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤੇਰੇ ਅੰਦਰ ਵੱਸਦਾ ਹੈ (ਤੂੰ ਉਸ ਨੂੰ ਛੱਡ ਕੇ ਆਤਮਕ ਮੌਤ ਲਿਆਉਣ ਵਾਲੀ) ਮਾਇਆ ਦੇ ਨਾਲ ਚੰਬੜਿਆ ਹੋਇਆ ਹੈਂ ॥੧॥ ਰਹਾਉ ॥

ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਚਲਾਇਓ ॥੨॥

ਹੇ ਮੂਰਖ! ਤੂੰ ਆਇਆ ਸੈਂ ਰਤਨ ਤੇ ਜਵਾਹਰ ਖ਼ਰੀਦਣ ਲਈ, ਪਰ ਤੂੰ ਇੱਥੋਂ ਕੱਲਰ ਲੱਦ ਕੇ ਹੀ ਤੁਰ ਪਿਆ ਹੈਂ ॥੨॥

ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥

ਹੇ ਮੂਰਖ! ਜਿਸ ਘਰ ਵਿਚ ਤੂੰ ਸਦਾ ਰਹਿਣਾ-ਵੱਸਣਾ ਹੈ, ਉਹ ਘਰ ਕਦੇ ਤੇਰੇ ਚਿੱਤ-ਚੇਤੇ ਹੀ ਨਹੀਂ ਆਇਆ ॥੩॥

ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀ ਤੁਝੁ ਗਾਇਓ ॥੪॥

ਹੇ ਮੂਰਖ! ਤੂੰ ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਕਦੇ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਅਬਿਨਾਸੀ ਹੈ, ਜੋ ਜਿੰਦ ਦੇਣ ਵਾਲਾ ਹੈ ਤੇ ਜੋ ਸਾਰੇ ਸੁਖ ਦੇਣ ਵਾਲਾ ਹੈ ॥੪॥

ਜਹਾ ਜਾਣਾ ਸੋ ਥਾਨੁ ਵਿਸਾਰਿਓ ਇਕ ਨਿਮਖ ਨਹੀ ਮਨੁ ਲਾਇਓ ॥੫॥

ਹੇ ਮੂਰਖ! ਜਿਸ ਥਾਂ ਆਖ਼ਰ ਜ਼ਰੂਰ ਜਾਣਾ ਹੈ ਉਸ ਵਲ ਤਾਂ ਤੂੰ ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ ਕਦੇ ਧਿਆਨ ਨਹੀਂ ਦਿੱਤਾ ॥੫॥

ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ ਇਸ ਹੀ ਮਹਿ ਉਰਝਾਇਓ ॥੬॥

ਹੇ ਮੂਰਖ! ਪੁੱਤਰ, ਇਸਤ੍ਰੀ ਤੇ ਘਰ ਦਾ ਸਾਮਾਨ ਵੇਖ ਕੇ ਇਸ ਦੇ ਮੋਹ ਵਿਚ ਹੀ ਤੂੰ ਫਸਿਆ ਪਿਆ ਹੈਂ ॥੬॥

ਜਿਤੁ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ॥੭॥

(ਪਰ ਜੀਵ ਦੇ ਭੀ ਕੀਹ ਵੱਸ!) ਜਿਸ (ਕੰਮ) ਵਿਚ ਕੋਈ ਜੀਵ (ਪਰਮਾਤਮਾ ਵੱਲੋਂ) ਲਾਇਆ ਜਾਂਦਾ ਹੈ ਉਸ ਵਿਚ ਉਹ ਲੱਗਾ ਰਹਿੰਦਾ ਹੈ, ਉਹੋ ਜਿਹੇ ਕੰਮ ਹੀ ਉਹ ਕਰਦਾ ਰਹਿੰਦਾ ਹੈ ॥੭॥

ਜਉ ਭਇਓ ਕ੍ਰਿਪਾਲੁ ਤਾ ਸਾਧਸੰਗੁ ਪਾਇਆ ਜਨ ਨਾਨਕ ਬ੍ਰਹਮੁ ਧਿਆਇਓ ॥੮॥੧॥

ਹੇ ਦਾਸ ਨਾਨਕ! ਜਦੋਂ ਪਰਮਾਤਮਾ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਦਾ ਸਾਥ ਪ੍ਰਾਪਤ ਹੁੰਦਾ ਹੈ, ਤੇ, ਉਹ ਪਰਮਾਤਮਾ ਵਿਚ ਸੁਰਤ ਜੋੜਦਾ ਹੈ ॥੮॥੧॥


Raag Maru Bani Page 3

ਮਾਰੂ ਮਹਲਾ ੫ ॥
ਕਰਿ ਅਨੁਗ੍ਰਹੁ ਰਾਖਿ ਲੀਨੋ ਭਇਓ ਸਾਧੂ ਸੰਗੁ ॥

ਦਇਆ ਕਰ ਕੇ ਜਿਸ ਮਨੁੱਖ ਦੀ ਰੱਖਿਆ ਪਰਮਾਤਮਾ ਕਰਦਾ ਹੈ, ਉਸ ਨੂੰ ਗੁਰੂ ਦਾ ਮਿਲਾਪ ਹੁੰਦਾ ਹੈ।

ਹਰਿ ਨਾਮ ਰਸੁ ਰਸਨਾ ਉਚਾਰੈ ਮਿਸਟ ਗੂੜਾ ਰੰਗੁ ॥੧॥

ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ। ਉਹ ਆਪਣੀ ਜੀਭ ਨਾਲ ਪ੍ਰਭੂ ਦਾ ਨਾਮ ਜਪਦਾ ਹੈ, (ਉਸ ਦੇ ਮਨ ਉਤੇ ਪਰਮਾਤਮਾ ਦੇ ਪਿਆਰ ਦਾ) ਮਿੱਠਾ ਗੂੜ੍ਹਾ ਰੰਗ ਚੜ੍ਹਿਆ ਰਹਿੰਦਾ ਹੈ ॥੧॥

ਮੇਰੇ ਮਾਨ ਕੋ ਅਸਥਾਨੁ ॥

ਪਰਮਾਤਮਾ ਹੀ ਸਦਾ ਮੇਰੇ ਮਨ ਦਾ ਸਹਾਰਾ ਹੈ।

ਮੀਤ ਸਾਜਨ ਸਖਾ ਬੰਧਪੁ ਅੰਤਰਜਾਮੀ ਜਾਨੁ ॥੧॥ ਰਹਾਉ ॥

ਸਭ ਦੇ ਦਿਲ ਦੀ ਜਾਣਨ ਵਾਲਾ ਸੁਜਾਨ ਪਰਮਾਤਮਾ ਮੇਰਾ ਮਿੱਤਰ ਹੈ, ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਸਾਥੀ ਹੈ, ਉਹੀ ਮੇਰਾ ਰਿਸ਼ਤੇਦਾਰ ਹੈ ॥੧॥ ਰਹਾਉ ॥

ਸੰਸਾਰ ਸਾਗਰੁ ਜਿਨਿ ਉਪਾਇਓ ਸਰਣਿ ਪ੍ਰਭ ਕੀ ਗਹੀ ॥

(ਜਿਸ ਮਨੁੱਖ ਨੇ) ਉਸ ਪ੍ਰਭੂ ਦਾ ਆਸਰਾ ਲਿਆ ਹੈ ਜਿਸ ਨੇ ਇਹ ਸੰਸਾਰ-ਸਮੁੰਦਰ ਪੈਦਾ ਕੀਤਾ ਹੈ,

ਗੁਰਪ੍ਰਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਨ ਕਹੀ ॥੨॥

ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਜਮਦੂਤ ਭੀ ਕੁਝ ਨਹੀਂ ਆਖਦਾ ॥੨॥

ਮੋਖ ਮੁਕਤਿ ਦੁਆਰਿ ਜਾ ਕੈ ਸੰਤ ਰਿਦਾ ਭੰਡਾਰੁ ॥

ਜਿਸ ਪਰਮਾਤਮਾ ਦੇ ਦਰ ਤੇ ਮੁਕਤੀ ਟਿਕੀ ਰਹਿੰਦੀ ਹੈ, ਜਿਸ ਦਾ ਖ਼ਜ਼ਾਨਾ ਸੰਤ ਜਨਾਂ ਦਾ ਹਿਰਦਾ ਹੈ (ਜੋ ਸੰਤ ਜਨਾਂ ਦੇ ਹਿਰਦੇ ਵਿਚ ਸਦਾ ਵੱਸਦਾ ਹੈ),

ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ ॥੩॥

ਉਹੀ ਮਾਲਕ-ਪ੍ਰਭੂ ਸਦਾ ਰੱਖਿਆ ਕਰਨ ਦੀ ਸਮਰਥਾ ਵਾਲਾ ਹੈ। ਉਹ ਸੁਜਾਨ ਪ੍ਰਭੂ ਹੀ ਆਤਮਕ ਜੀਵਨ ਜੀਊਣ ਦੀ ਜਾਚ ਸਿਖਾਂਦਾ ਹੈ ॥੩॥

ਦੂਖ ਦਰਦ ਕਲੇਸ ਬਿਨਸਹਿ ਜਿਸੁ ਬਸੈ ਮਨ ਮਾਹਿ ॥

ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ਉਸ ਦੇ ਸਾਰੇ ਦੁੱਖ ਦਰਦ ਤੇ ਕਲੇਸ਼ ਮਿਟ ਜਾਂਦੇ ਹਨ।

ਮਿਰਤੁ ਨਰਕੁ ਅਸਥਾਨ ਬਿਖੜੇ ਬਿਖੁ ਨ ਪੋਹੈ ਤਾਹਿ ॥੪॥

ਆਤਮਕ ਮੌਤ, ਨਰਕ, ਹੋਰ ਔਖੇ ਥਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ-ਇਹਨਾਂ ਵਿਚੋਂ ਕੋਈ ਭੀ ਉਸ ਉਤੇ ਆਪਣਾ ਅਸਰ ਨਹੀਂ ਪਾ ਸਕਦਾ ॥੪॥

ਰਿਧਿ ਸਿਧਿ ਨਵ ਨਿਧਿ ਜਾ ਕੈ ਅੰਮ੍ਰਿਤਾ ਪਰਵਾਹ ॥

ਜਿਸ ਪਰਮਾਤਮਾ ਦੇ ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਹਨ, ਤੇ ਸਾਰੇ ਹੀ ਖ਼ਜ਼ਾਨੇ ਹਨ, ਜਿਸ ਦੇ ਘਰ ਵਿਚ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਚਸ਼ਮੇ ਚੱਲ ਰਹੇ ਹਨ,

ਆਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ ॥੫॥

ਉਹੀ ਪਰਮਾਤਮਾ ਜਗਤ ਦੇ ਸ਼ੁਰੂ ਵਿਚ, ਅੰਤ ਵਿਚ, ਵਿਚਕਾਰਲੇ ਸਮੇ ਵਿਚ ਹਰ ਵੇਲੇ ਮੌਜੂਦ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਤੇ ਅਥਾਹ ਹੈ ॥੫॥

ਸਿਧ ਸਾਧਿਕ ਦੇਵ ਮੁਨਿ ਜਨ ਬੇਦ ਕਰਹਿ ਉਚਾਰੁ ॥

ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਦੇਵਤੇ, ਮੋਨ-ਧਾਰੀ ਸਾਧੂ, (ਉਹ ਪੰਡਿਤ ਜੋ) ਵੇਦਾਂ ਦਾ ਪਾਠ ਕਰਦੇ ਰਹਿੰਦੇ ਹਨ-

ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ ਨਹੀ ਅੰਤੁ ਪਾਰਾਵਾਰੁ ॥੬॥

(ਕੋਈ ਭੀ ਹੋਣ) ਮਾਲਕ-ਪ੍ਰਭੂ (ਦਾ ਨਾਮ) ਸਿਮਰ ਕੇ (ਹੀ) ਆਤਮਕ ਅਡੋਲਤਾ ਵਿਚ ਆਨੰਦ ਮਾਣ ਸਕਦੇ ਹਨ, (ਐਸਾ ਆਨੰਦ ਜਿਸ ਦਾ) ਅੰਤ ਨਹੀਂ (ਜੋ ਕਦੇ ਮੁੱਕਦਾ ਨਹੀਂ) ਜਿਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੬॥

ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ ॥

ਹਿਰਦੇ ਵਿਚ ਭਗਵਾਨ (ਦਾ ਨਾਮ) ਜਪ ਕੇ ਇਕ ਛਿਨ ਵਿਚ ਹੀ ਅਨੇਕਾਂ ਪਾਪ ਮਿਟ ਜਾਂਦੇ ਹਨ।

ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ ॥੭॥

ਭਗਵਾਨ (ਦਾ ਨਾਮ ਹੀ) ਸਭ ਤੋਂ ਵਧੀਕ ਪਵਿੱਤਰ ਹੈ, ਨਾਮ-ਸਿਮਰਨ ਹੀ ਕ੍ਰੋੜਾਂ ਦਾਨ ਹਨ ਤੇ ਕ੍ਰੋੜਾਂ ਤੀਰਥ-ਇਸ਼ਨਾਨ ਹਨ ॥੭॥

ਬਲ ਬੁਧਿ ਸੁਧਿ ਪਰਾਣ ਸਰਬਸੁ ਸੰਤਨਾ ਕੀ ਰਾਸਿ ॥

ਪਰਮਾਤਮਾ ਦਾ ਨਾਮ ਹੀ ਸੰਤ ਜਨਾਂ ਦਾ ਸਰਮਾਇਆ ਹੈ, ਬਲ ਹੈ, ਬੁੱਧੀ ਹੈ, ਸੂਝ-ਬੂਝ ਹੈ, ਜਿੰਦ ਹੈ, ਇਹੀ ਉਹਨਾਂ ਦਾ ਸਭ ਕੁਝ ਹੈ।

ਬਿਸਰੁ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸਿ ॥੮॥੨॥

ਨਾਨਕ ਦੀ ਭੀ ਇਹੀ ਬੇਨਤੀ ਹੈ-ਹੇ ਪ੍ਰਭੂ! ਮੇਰੇ ਮਨ ਤੋਂ ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲ ॥੮॥੨॥


Raag Maru Bani Page 3

ਮਾਰੂ ਮਹਲਾ ੫ ॥
ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥

(ਹੇ ਮੇਰੇ ਮਨ! ਜਿਸ ਮਨੁੱਖ ਨੇ ਰੁੱਖ ਨੂੰ ਕਿਸੇ) ਤੇਜ਼ ਹਥਿਆਰ ਨਾਲ ਕੱਟ ਸੁੱਟਿਆ (ਰੁੱਖ ਨੇ ਆਪਣੇ) ਮਨ ਵਿਚ (ਉਸ ਉੱਤੇ) ਗੁੱਸਾ ਨਾਹ ਕੀਤਾ,

ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥੧॥

(ਸਗੋਂ ਰੁੱਖ ਨੇ) ਉਸ ਦਾ ਕੰਮ ਸਵਾਰ ਦਿੱਤਾ, ਤੇ, (ਉਸ ਨੂੰ) ਰਤਾ ਭਰ ਭੀ ਕੋਈ ਦੋਸ਼ ਨਾਹ ਦਿੱਤਾ ॥੧॥

ਮਨ ਮੇਰੇ ਰਾਮ ਰਉ ਨਿਤ ਨੀਤਿ ॥

ਹੇ ਮੇਰੇ ਮਨ! ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦਾ ਰਹੁ।

ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ ॥

ਦਇਆਲ, ਪ੍ਰਕਾਸ਼-ਰੂਪ, ਕਿਰਪਾਲ ਗੋਬਿੰਦ ਦੇ (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਣ ਗਾ)। (ਉਹ ਸੰਤ ਜਨ ਕਿਹੋ ਜਿਹੇ ਹੁੰਦੇ ਹਨ? ਉਹਨਾਂ) ਸੰਤ ਜਨਾਂ ਦੀ ਜੀਵਨ-ਮਰਯਾਦਾ ਸੁਣ ॥੧॥ ਰਹਾਉ ॥

ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥

(ਹੇ ਮੇਰੇ ਮਨ! ਜਿਹੜਾ ਮਨੁੱਖ ਬੇੜੀ ਨੂੰ) ਪੈਰਾਂ ਹੇਠ ਨੱਪ ਕੇ (ਉਸ ਵਿਚ) ਬਹਿ ਗਿਆ, (ਉਸ ਮਨੁੱਖ ਦੇ) ਸਰੀਰ ਵਿਚ (ਪੈਂਡੇ ਦਾ) ਥਕੇਵਾਂ ਨਾਹ ਰਿਹਾ।

ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥੨॥

ਭਿਆਨਕ ਸਮੁੰਦਰ (ਦਰੀਆ ਭੀ) ਉਸ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ, (ਬੇੜੀ ਵਿਚ ਬੈਠ ਕੇ ਉਹ) ਇਕ ਖਿਨ ਵਿਚ ਹੀ (ਉਸ ਦਰੀਆ ਤੋਂ) ਪਾਰਲੇ ਕੰਢੇ ਜਾ ਉਤਰਿਆ ॥੨॥

ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ ॥

(ਹੇ ਮੇਰੇ ਮਨ! ਜਿਹੜਾ ਮਨੁੱਖ ਧਰਤੀ ਉੱਤੇ) ਚੰਦਨ ਅਗਰ ਕਪੂਰ ਨਾਲ ਲੇਪਨ (ਕਰਦਾ ਹੈ, ਧਰਤੀ) ਉਸ (ਮਨੁੱਖ) ਨਾਲ (ਕੋਈ ਖ਼ਾਸ) ਪਿਆਰ ਨਹੀਂ ਕਰਦੀ;

ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥੩॥

ਤੇ (ਜਿਹੜਾ ਮਨੁੱਖ ਧਰਤੀ ਉੱਤੇ) ਗੂੰਹ ਮੂਤਰ (ਸੁੱਟਦਾ ਹੈ, ਧਰਤੀ ਨੂੰ) ਪੁੱਟ ਕੇ ਰਤਾ ਰਤਾ (ਕਰਦਾ ਹੈ, ਉਸ ਮਨੁੱਖ ਦੇ ਵਿਰੁੱਧ ਆਪਣੇ) ਮਨ ਵਿਚ (ਧਰਤੀ) ਬੁਰਾ ਨਹੀਂ ਮਨਾਂਦੀ ॥੩॥

ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥

(ਹੇ ਮੇਰੇ ਮਨ!) ਕੋਈ ਉੱਚਾ ਹੋਵੇ ਨੀਵਾਂ ਹੋਵੇ, ਕੋਈ ਬੁਰਾਈ ਕਰੇ ਕੋਈ ਭਲਾਈ ਕਰੇ (ਆਕਾਸ਼ ਸਭਨਾਂ ਨਾਲ) ਇਕੋ ਜਿਹਾ ਲੱਗਾ ਰਹਿੰਦਾ ਹੈ, ਸਭਨਾਂ ਵਾਸਤੇ ਸੁਖਾਂ ਦਾ ਛਤਰ (ਬਣਿਆ ਰਹਿੰਦਾ) ਹੈ।

ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥੪॥

(ਆਕਾਸ਼) ਨਾਹ ਕਿਸੇ ਨੂੰ ਮਿੱਤਰ ਸਮਝਦਾ ਹੈ ਨਾਹ ਕਿਸੇ ਨੂੰ ਵੈਰੀ, (ਆਕਾਸ਼) ਸਾਰੇ ਜੀਵਾਂ ਵਾਸਤੇ ਇੱਕ-ਸਮਾਨ ਹੈ ॥੪॥

ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ॥

(ਹੇ ਮੇਰੇ ਮਨ! ਸੂਰਜ) ਤੇਜ਼ ਰੌਸ਼ਨੀ ਕਰ ਕੇ (ਆਕਾਸ਼ ਵਿਚ) ਪਰਗਟ ਹੁੰਦਾ ਹੈ ਅਤੇ ਹਨੇਰੇ ਦਾ ਨਾਸ ਕਰਦਾ ਹੈ।

ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ ਮਨਿ ਨ ਭਇਓ ਬਿਖਾਦੁ ॥੫॥

ਚੰਗੇ ਮੰਦੇ ਸਭ ਜੀਵਾਂ ਨੂੰ ਉਸ ਦੀਆਂ ਕਿਰਣਾਂ ਲੱਗਦੀਆਂ ਹਨ, (ਸੂਰਜ ਦੇ) ਮਨ ਵਿਚ (ਇਸ ਗੱਲੋਂ) ਦੁੱਖ ਨਹੀਂ ਹੁੰਦਾ ॥੫॥

ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ॥

ਹੇ ਮੇਰੇ ਮਨ! ਠੰਢੀ (ਹਵਾ) ਸੁਗੰਧੀ-ਭਰੀ (ਹਵਾ) ਮੱਠੀ ਮੱਠੀ ਸਭਨਾਂ ਥਾਂਵਾਂ ਵਿਚ ਇਕੋ ਜਿਹੀ ਚੱਲਦੀ ਹੈ;

ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ ਮਾਨ ॥੬॥

ਜਿੱਥੇ ਭੀ ਕੋਈ ਚੀਜ਼ ਹੋਵੇ (ਚੰਗੀ ਹੋਵੇ ਚਾਹੇ ਮੰਦੀ) ਉੱਥੇ ਹੀ (ਸਭ ਨੂੰ) ਲੱਗਦੀ ਹੈ, ਰਤਾ ਭੀ ਝਿਜਕ ਨਹੀਂ ਕਰਦੀ ॥੬॥

ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ ॥

(ਹੇ ਮੇਰੇ ਮਨ!) ਜਿਹੜਾ ਭੀ ਮਨੁੱਖ ਚੰਗੀ ਭਾਵਨਾ ਨਾਲ ਜਾਂ ਮੰਦੀ ਭਾਵਨਾ ਨਾਲ (ਅੱਗ ਦੇ) ਨੇੜੇ ਆਉਂਦਾ ਹੈ, ਉਸ ਦਾ ਪਾਲਾ ਦੂਰ ਹੋ ਜਾਂਦਾ ਹੈ।

ਆਪ ਪਰ ਕਾ ਕਛੁ ਨ ਜਾਣੈ ਸਦਾ ਸਹਜਿ ਸੁਭਾਇ ॥੭॥

(ਅੱਗ) ਇਹ ਗੱਲ ਬਿਲਕੁਲ ਨਹੀਂ ਜਾਣਦੀ ਕਿ ਇਹ ਆਪਣਾ ਹੈ ਇਹ ਪਰਾਇਆ ਹੈ, (ਅੱਗ) ਅਡੋਲਤਾ ਵਿਚ ਰਹਿੰਦੀ ਹੈ ਆਪਣੇ ਸੁਭਾਵ ਵਿਚ ਰਹਿੰਦੀ ਹੈ ॥੭॥

ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ ॥

(ਹੇ ਮੇਰੇ ਮਨ! ਇਸੇ ਤਰ੍ਹਾਂ ਪਰਮਾਤਮਾ ਦੇ ਸੰਤ ਜਨ) ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਖਸਮ ਵਾਲੇ ਬਣ ਜਾਂਦੇ ਹਨ, ਉਹ ਸੋਹਣੇ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹਨਾਂ ਦਾ ਇਹ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗਿਆ ਰਹਿੰਦਾ ਹੈ)।

ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ॥੮॥੩॥

(ਹੇ ਮੇਰੇ ਮਨ! ਤੂੰ ਭੀ) ਗੋਪਾਲ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ। ਹੇ ਨਾਨਕ! (ਜਿਹੜੇ ਗੁਣ ਗਾਂਦੇ ਹਨ, ਉਹਨਾਂ ਉੱਤੇ) ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ ॥੮॥੩॥


Raag Maru Bani Page 3

ਮਾਰੂ ਮਹਲਾ ੫ ਘਰੁ ੪ ਅਸਟਪਦੀਆ ॥

ਰਾਗ ਮਾਰੂ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ ॥੧॥

(ਲੋਕ ਖ਼ੁਸ਼ੀ ਆਦਿਕ ਦੇ ਮੌਕੇ ਤੇ ਘਰਾਂ ਵਿਚ ਦੀਵੇ ਆਦਿਕ ਬਾਲ ਕੇ ਚਾਨਣ ਕਰਦੇ ਹਨ, ਪਰ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਣਾ-ਇਹ ਵਿਹੜੇ ਵਿਚ ਹੋਰ ਸਭ ਚਾਨਣਾਂ ਨਾਲੋਂ ਵਧੀਆ ਚਾਨਣ ਹੈ ॥੧॥

ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥੨॥

ਸਦਾ ਪਰਮਾਤਮਾ ਦਾ ਹੀ ਨਾਮ ਸਿਮਰਨਾ-ਇਹ ਹੋਰ ਸਾਰੇ ਸਿਮਰਨਾਂ ਨਾਲੋਂ ਸੋਹਣਾ ਸਿਮਰਨ ਹੈ ॥੨॥

ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥

(ਮਾਇਆ ਦੇ ਮੋਹ ਵਿਚੋਂ ਨਿਕਲਣ ਲਈ ਲੋਕ ਗ੍ਰਿਹਸਤ ਤਿਆਗ ਜਾਂਦੇ ਹਨ, ਪਰ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ ਨੂੰ ਹਿਰਦੇ ਵਿਚੋਂ) ਤਿਆਗ ਦੇਣਾ-ਇਹ ਹੋਰ ਸਾਰੇ ਤਿਆਗਾਂ ਨਾਲੋਂ ਸ੍ਰੇਸ਼ਟ ਤਿਆਗ ਹੈ ॥੩॥

ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥੪॥

ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਖ਼ੈਰ ਮੰਗਣਾ-ਇਹ ਹੋਰ ਸਾਰੀਆਂ ਮੰਗਾਂ ਨਾਲੋਂ ਵਧੀਆ ਮੰਗ ਹੈ ॥੪॥

ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥੫॥

(ਦੇਵੀ ਆਦਿਕ ਦੀ ਪੂਜਾ ਵਾਸਤੇ ਲੋਕ ਜਾਗਰੇ ਕਰਦੇ ਹਨ, ਪਰ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜਾਗਣਾ-ਇਹ ਹੋਰ ਜਾਗਰਿਆਂ ਨਾਲੋਂ ਉੱਤਮ ਜਾਗਰਾ ਹੈ ॥੫॥

ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ ॥੬॥

ਗੁਰੂ ਦੇ ਚਰਨਾਂ ਵਿਚ ਮਨ ਦਾ ਪਿਆਰ ਬਣ ਜਾਣਾ-ਇਹ ਹੋਰ ਸਾਰੀਆਂ ਲਗਨਾਂ ਨਾਲੋਂ ਵਧੀਆ ਲਗਨ ਹੈ ॥੬॥

ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ ॥੭॥

ਪਰ, ਇਹ ਜੁਗਤਿ ਉਸੇ ਹੀ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਜਿਸ ਦੇ ਮੱਥੇ ਉੱਤੇ ਭਾਗ ਜਾਗ ਪੈਣ ॥੭॥

ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ॥੮॥੧॥੪॥

ਨਾਨਕ ਆਖਦਾ ਹੈ- ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਜਾਂਦਾ ਹੈ, ਉਸ ਨੂੰ ਹਰੇਕ ਸੋਹਣਾ ਗੁਣ ਪ੍ਰਾਪਤ ਹੋ ਜਾਂਦਾ ਹੈ ॥੮॥੧॥੪॥


Raag Maru Bani Page 3

ਮਾਰੂ ਮਹਲਾ ੫ ॥

ਹੇ ਪਿਆਰੇ ਗੁਰੂ! ਆ।

ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉ ॥

ਮੇਰੇ ਹਿਰਦੇ-ਘਰ ਵਿਚ ਆ ਵੱਸ, ਤੇ, ਮੇਰੇ ਕੰਨਾਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਾ ॥੧॥ ਰਹਾਉ ॥

ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥੧॥

ਹੇ ਪਿਆਰੇ ਗੁਰੂ! ਤੇਰੇ ਆਇਆਂ ਮੇਰਾ ਮਨ ਮੇਰਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਹੇ ਸਤਿਗੁਰੂ! ਤੇਰੇ ਚਰਨਾਂ ਵਿਚ ਰਹਿ ਕੇ ਹੀ ਪਰਮਾਤਮਾ ਦਾ ਜਸ ਗਾਇਆ ਜਾ ਸਕਦਾ ਹੈ ॥੧॥

ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ॥੨॥

ਗੁਰੂ ਦੀ ਮਿਹਰ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ, ਤੇ ਮਾਇਆ ਦਾ ਮੋਹ ਦੂਰ ਕੀਤਾ ਜਾ ਸਕਦਾ ਹੈ ॥੨॥

ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ॥੩॥

ਪਰਮਾਤਮਾ ਦੇ ਭਗਤ ਦੀ ਕਿਰਪਾ ਨਾਲ ਬੁੱਧੀ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਖੋਟੀ ਮੱਤ ਦੇ ਸਾਰੇ ਵਿਕਾਰ ਤਿਆਗੇ ਜਾਂਦੇ ਹਨ ॥੩॥

ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥੪॥

ਗੁਰੂ ਦਾ ਦਰਸਨ ਕਰਦਿਆਂ ਜੀਵਨ ਪਵਿੱਤਰ ਹੋ ਜਾਂਦਾ ਹੈ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ ॥੪॥

ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥੫॥

ਹੇ ਪ੍ਰਭੂ! ਜਿਹੜਾ (ਵਡਭਾਗੀ) ਮਨੁੱਖ ਤੇਰੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ, (ਮਾਨੋ) ਦੁਨੀਆ ਦੇ ਸਾਰੇ ਹੀ ਨੌ ਖ਼ਜ਼ਾਨੇ ਅਤੇ ਕਰਾਮਾਤੀ ਤਾਕਤਾਂ ਹਾਸਲ ਕਰ ਲੈਂਦਾ ਹੈ ॥੫॥

ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ॥੬॥

ਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ, ਕਿਸੇ ਹੋਰ ਥਾਂ ਜਾਣਾ ਮੈਨੂੰ ਨਹੀਂ ਸੁੱਝਦਾ ॥੬॥

ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ॥੭॥

ਮੇਰੀ ਗੁਣ-ਹੀਨ ਦੀ (ਗੁਰੂ ਤੋਂ ਬਿਨਾ) ਹੋਰ ਕੋਈ ਬਾਂਹ ਨਹੀਂ ਫੜਦਾ। ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋਈਦਾ ਹੈ ॥੭॥

ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥੮॥੨॥੫॥

ਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਅਚਰਜ ਤਮਾਸ਼ਾ ਵਿਖਾ ਦਿੱਤਾ ਹੈ। ਮੈਂ ਆਪਣੇ ਮਨ ਵਿਚ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹਾਂ ॥੮॥੨॥੫॥


Raag-Maru-Bani-Page-3

ਮਾਰੂ ਮਹਲਾ ੫ ॥
ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥੧॥ ਰਹਾਉ ॥

ਜੀਊਣ ਵਿਚੋਂ ਉਸ ਮਨੁੱਖ ਦਾ ਜੀਊਣਾ ਕਾਮਯਾਬ ਹੈ ਜਿਹੜਾ ਹਰਿ-ਨਾਮ ਸੁਣ ਕੇ ਸਦਾ ਹਰਿ-ਨਾਮ ਜਪ ਕੇ ਜੀਊਂਦਾ ਹੈ ॥੧॥ ਰਹਾਉ ॥

ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ ॥੧॥

ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ, ਇਹ ਪੀਣ ਐਸਾ ਹੈ ਕਿ ਇਸ ਦੀ ਰਾਹੀਂ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ ॥੧॥

ਖਾਵਨਾ ਜਿਤੁ ਭੂਖ ਨ ਲਾਗੈ ਸੰਤੋਖਿ ਸਦਾ ਤ੍ਰਿਪਤੀਵਨਾ ॥੨॥

ਨਾਮ-ਭੋਜਨ ਨੂੰ ਹੀ ਜਿੰਦ ਦੀ ਖ਼ੁਰਾਕ ਬਣਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਬਰਕਤਿ ਨਾਲ ਮਾਇਆ ਵਾਲੀ ਭੁੱਖ ਨਹੀਂ ਲੱਗਦੀ, ਸੰਤੋਖ ਵਿਚ ਸਦਾ ਰੱਜੇ ਰਹੀਦਾ ਹੈ ॥੨॥

ਪੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ ਨਹੀ ਥੀਵਨਾ ॥੩॥

ਹੇ ਜਿੰਦੇ! ਪਤੀ-ਪਰਮੇਸਰ ਦਾ ਨਾਮ-ਕੱਪੜਾ ਹੀ ਸਿਰ ਉੱਤੇ ਰੱਖ, ਫਿਰ ਕਦੇ ਸਿਰੋਂ ਨੰਗੇ ਨਹੀਂ ਹੋ ਸਕੀਦਾ ਹੈ ॥੩॥

ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ ਲੀਵਨਾ ॥੪॥

ਮਨ ਵਿਚ ਹਰਿ-ਨਾਮ ਰਸ ਨੂੰ ਹੀ ਮਾਣਨਾ ਚਾਹੀਦਾ ਹੈ, ਸੰਤਾਂ ਦੀ ਸੰਗਤ ਵਿਚ ਰਹਿ ਕੇ ਨਾਮ-ਰਸ ਹੀ ਪੀਣਾ ਚਾਹੀਦਾ ਹੈ ॥੪॥

ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥੫॥

(ਕਿਸੇ ਸੂਈ ਦੀ ਲੋੜ ਨਹੀਂ ਪੈਂਦੀ, ਕਿਸੇ ਧਾਗੇ ਦੀ ਲੋੜ ਨਹੀਂ ਪੈਂਦੀ; ਜਿਉਂ ਜਿਉਂ ਨਾਮ ਜਪਦੇ ਰਹੀਏ) ਬਿਨਾ ਸੂਈ ਧਾਗਾ ਲਿਆਉਣ ਦੇ ਮਨ ਪਰਮਾਤਮਾ ਦੀ ਭਗਤੀ ਵਿਚ ਸੀਤਾ ਜਾਂਦਾ ਹੈ ॥੫॥

ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ ॥੬॥

ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਂਦੇ ਹਨ ਉਹ ਅਸਲ ਨਸ਼ੇ ਵਿਚ ਮਸਤ ਹਨ; ਇਹ ਨਸ਼ਾ ਮੁੜ ਕਦੇ ਭੀ ਘਟਦਾ ਨਹੀਂ ॥੬॥

ਮਿਲਿਓ ਤਿਸੁ ਸਰਬ ਨਿਧਾਨਾ ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥੭॥

ਪਰ, ਕਿਰਪਾਲ ਪ੍ਰਭੂ ਨੇ ਆਪ ਜਿਸ ਜੀਵ ਨੂੰ ਇਹ ਨਾਮ- ਦਾਤ ਦਿੱਤੀ ਉਸ ਨੂੰ ਹੀ ਸਾਰੇ ਖ਼ਜ਼ਾਨਿਆਂ ਦਾ ਮਾਲਕ (ਪ੍ਰਭੂ) ਮਿਲ ਪਿਆ ॥੭॥

ਸੁਖੁ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਧੋਇ ਪੀਵਨਾ ॥੮॥੩॥੬॥

ਹੇ ਨਾਨਕ! ਅਸਲ ਆਤਮਕ ਆਨੰਦ ਸੰਤ ਜਨਾਂ ਦੀ ਸੇਵਾ ਕਰਨ ਵਿਚ ਹੀ ਹੈ, ਸੰਤਾਂ ਦੇ ਚਰਨ ਧੋ ਕੇ ਪੀਣ ਵਿਚ ਹੈ (ਭਾਵ, ਗ਼ਰੀਬੀ-ਭਾਵ ਨਾਲ ਸੰਤਾਂ ਦੀ ਸੇਵਾ ਵਿਚ ਹੀ ਸੁਖ ਹੈ) ॥੮॥੩॥੬॥


ਮਾਰੂ ਮਹਲਾ ੫ ਘਰੁ ੮ ਅੰਜੁਲੀਆ ॥

ਰਾਗ ਮਾਰੂ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਅੰਜੁਲੀਆਂ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥

ਜਿਸ ਮਨੁੱਖ ਦੇ ਘਰ ਵਿਚ ਬਹੁਤ ਮਾਇਆ ਹੁੰਦੀ ਹੈ, ਉਸ ਮਨੁੱਖ ਦੇ (ਹਿਰਦੇ-) ਘਰ ਵਿਚ (ਹਰ ਵੇਲੇ) ਚਿੰਤਾ ਰਹਿੰਦੀ ਹੈ (ਕਿ ਕਿਤੇ ਖੁੱਸ ਨਾਹ ਜਾਏ)।

ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥

ਜਿਸ ਮਨੁੱਖ ਦੇ ਘਰ ਵਿਚ ਥੋੜੀ ਮਾਇਆ ਹੈ ਉਹ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ।

ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥

ਜਿਹੜਾ ਮਨੁੱਖ ਇਹਨਾਂ ਦੋਹਾਂ ਹਾਲਤਾਂ ਤੋਂ ਬਚਿਆ ਰਹਿੰਦਾ ਹੈ, ਉਹੀ ਮਨੁੱਖ ਸੌਖਾ ਵੇਖੀਦਾ ਹੈ ॥੧॥

ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥

ਜਿਹੜਾ ਮਨੁੱਖ ਗ੍ਰਿਹਸਤ ਦੇ ਐਸ਼੍ਵਰਜ ਵਿਚ ਰੁੱਝਾ ਹੋਇਆ ਹੈ, ਉਹ (ਅਸਲ ਵਿਚ) ਨਰਕ (ਭੋਗ ਰਿਹਾ ਹੈ); ਜਿਹੜਾ ਮਨੁੱਖ (ਗ੍ਰਿਹਸਤ ਦੇ ਜੰਜਾਲਾਂ ਦਾ) ਤਿਆਗ ਕਰ ਗਿਆ ਹੈ ਉਹ ਸਦਾ ਕ੍ਰੋਧ ਦਾ ਸ਼ਿਕਾਰ ਹੋਇਆ ਰਹਿੰਦਾ ਹੈ,

ਬਹੁ ਬਿਧਿ ਬੇਦ ਪਾਠ ਸਭਿ ਸੋਧਾ ॥

ਭਾਵੇਂ ਉਸ ਨੇ ਕਈ ਤਰੀਕਿਆਂ ਨਾਲ ਸਾਰੇ ਵੇਦ-ਪਾਠ ਸੋਧੇ ਹੋਣ।

ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥੨॥

ਉਸ ਮਨੁੱਖ ਦੀ ਹੀ ਮਿਹਨਤ ਸਿਰੇ ਚੜ੍ਹਦੀ ਹੈ ਜੋ ਸਰੀਰ ਦੀ ਖ਼ਾਤਰ ਕਿਰਤ-ਕਾਰ ਕਰਦਿਆਂ ਹੀ (ਮਾਇਆ ਵਲੋਂ) ਨਿਰਲੇਪ ਰਹਿੰਦਾ ਹੈ ॥੨॥

ਜਾਗਤ ਸੂਤਾ ਭਰਮਿ ਵਿਗੂਤਾ ॥

(ਜਿਹੜਾ ਮਨੁੱਖ ਹਉਮੈ ਦੇ ਬੰਧਨਾਂ ਨਾਲ ਬੱਝਾ ਪਿਆ ਹੈ ਉਹ) ਜਾਗਦਾ ਸੁੱਤਾ ਹਰ ਵੇਲੇ ਹੀ ਭਟਕਣਾ ਵਿਚ ਪੈ ਕੇ ਖ਼ੁਆਰ ਹੁੰਦਾ ਹੈ।

ਬਿਨੁ ਗੁਰ ਮੁਕਤਿ ਨ ਹੋਈਐ ਮੀਤਾ ॥

ਹੇ ਮਿੱਤਰ! ਗੁਰੂ ਦੀ ਸਰਨ ਤੋਂ ਬਿਨਾ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।

ਸਾਧਸੰਗਿ ਤੁਟਹਿ ਹਉ ਬੰਧਨ ਏਕੋ ਏਕੁ ਨਿਹਾਲੀਐ ॥੩॥

ਜਿਸ ਮਨੁੱਖ ਦੇ ਹਉਮੈ ਦੇ ਬੰਧਨ ਗੁਰੂ ਦੀ ਸੰਗਤ ਵਿਚ ਟਿਕ ਕੇ ਟੁੱਟ ਜਾਂਦੇ ਹਨ, ਉਹ ਹਰ ਥਾਂ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੩॥

ਕਰਮ ਕਰੈ ਤ ਬੰਧਾ ਨਹ ਕਰੈ ਤ ਨਿੰਦਾ ॥

(ਜਿਹੜਾ ਮਨੁੱਖ ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ ਉਹ ਇਹਨਾਂ ਕਰਮਾਂ ਦੇ ਜਾਲ ਵਿਚ ਜਕੜਿਆ ਰਹਿੰਦਾ ਹੈ, ਤੇ, ਜੇ ਉਹ ਕਿਸੇ ਵੇਲੇ ਇਹ ਕਰਮ ਨਹੀਂ ਕਰਦਾ, ਤਾਂ ਕਰਮ-ਕਾਂਡੀ ਲੋਕ ਉਸ ਦੀ ਨਿੰਦਾ ਕਰਦੇ ਹਨ।

ਮੋਹ ਮਗਨ ਮਨੁ ਵਿਆਪਿਆ ਚਿੰਦਾ ॥

ਸੋ, ਉਸ ਦਾ ਮਨ ਮੋਹ ਵਿਚ ਡੁੱਬਾ ਰਹਿੰਦਾ ਹੈ ਚਿੰਤਾ ਨਾਲ ਨੱਪਿਆ ਰਹਿੰਦਾ ਹੈ।

ਗੁਰਪ੍ਰਸਾਦਿ ਸੁਖੁ ਦੁਖੁ ਸਮ ਜਾਣੈ ਘਟਿ ਘਟਿ ਰਾਮੁ ਹਿਆਲੀਐ ॥੪॥

ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸੁਖ ਅਤੇ ਦੁੱਖ ਨੂੰ ਇਕੋ ਜਿਹਾ ਸਮਝਦਾ ਹੈ ਉਹ ਹਰੇਕ ਸਰੀਰ ਵਿਚ ਇਕੋ ਪ੍ਰਭੂ ਨੂੰ ਵੱਸਦਾ ਵੇਖਦਾ ਹੈ ॥੪॥

ਸੰਸਾਰੈ ਮਹਿ ਸਹਸਾ ਬਿਆਪੈ ॥

ਜਗਤ (ਦੇ ਧੰਧਿਆਂ) ਵਿਚ (ਮਨੁੱਖ ਨੂੰ ਕੋਈ ਨ ਕੋਈ) ਸਹਮ ਨੱਪੀ ਹੀ ਰੱਖਦਾ ਹੈ;

ਅਕਥ ਕਥਾ ਅਗੋਚਰ ਨਹੀ ਜਾਪੈ ॥

ਉਸ ਨੂੰ ਅਕੱਥ ਅਗੋਚਰ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁੱਝਦੀ ਹੀ ਨਹੀਂ।

ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥੫॥

(ਪਰ ਜੀਵ ਦੇ ਕੀਹ ਵੱਸ?) ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਬਖ਼ਸ਼ਦਾ ਹੈ। ਉਸ ਮਨੁੱਖ ਨੂੰ ਪਰਮਾਤਮਾ ਬੱਚੇ ਵਾਂਗ ਪਾਲਦਾ ਹੈ ॥੫॥

ਛੋਡਿ ਬਹੈ ਤਉ ਛੂਟੈ ਨਾਹੀ ॥

(ਜਦੋਂ ਕੋਈ ਮਨੁੱਖ ਤਿਆਗੀ ਬਣ ਕੇ ਮਾਇਆ ਨੂੰ ਆਪਣੇ ਵੱਲੋਂ) ਛੱਡ ਬੈਠਦਾ ਹੈ ਤਦੋਂ (ਭੀ ਮਾਇਆ) ਖ਼ਲਾਸੀ ਨਹੀਂ ਕਰਦੀ।

ਜਉ ਸੰਚੈ ਤਉ ਭਉ ਮਨ ਮਾਹੀ ॥

ਜਦੋਂ ਕੋਈ ਮਨੁੱਖ ਮਾਇਆ ਇਕੱਠੀ ਕਰਦਾ ਜਾਂਦਾ ਹੈ ਤਦੋਂ (ਇਕੱਠੀ ਕਰਨ ਵਾਲੇ ਦੇ) ਮਨ ਵਿਚ ਡਰ ਬਣਿਆ ਰਹਿੰਦਾ ਹੈ (ਕਿ ਕਿਤੇ ਹੱਥੋਂ ਚਲੀ ਨਾਹ ਜਾਏ)।

ਇਸ ਹੀ ਮਹਿ ਜਿਸ ਕੀ ਪਤਿ ਰਾਖੈ ਤਿਸੁ ਸਾਧੂ ਚਉਰੁ ਢਾਲੀਐ ॥੬॥

ਇਸ ਮਾਇਆ ਦੇ ਵਿਚ ਰਹਿੰਦਿਆਂ ਹੀ ਪਰਮਾਤਮਾ ਆਪ ਜਿਸ ਮਨੁੱਖ ਦੀ ਇੱਜ਼ਤ ਰੱਖਦਾ ਹੈ, ਉਸ ਗੁਰਮੁਖ ਦੇ ਸਿਰ ਉਤੇ ਚੰਵਰ ਝੁਲਾਇਆ ਜਾਂਦਾ ਹੈ ॥੬॥

ਜੋ ਸੂਰਾ ਤਿਸ ਹੀ ਹੋਇ ਮਰਣਾ ॥

ਜਿਹੜਾ ਮਨੁੱਖ ਮਾਇਆ ਦੇ ਟਾਕਰੇ ਤੇ ਸੂਰਮਾ ਬਣਦਾ ਹੈ ਉਸੇ ਨੂੰ ਹੀ ਮਾਇਆ ਵਲੋਂ ਉਪਰਾਮਤਾ ਮਿਲਦੀ ਹੈ;

ਜੋ ਭਾਗੈ ਤਿਸੁ ਜੋਨੀ ਫਿਰਣਾ ॥

ਪਰ ਜਿਹੜਾ ਮਨੁੱਖ (ਮਾਇਆ ਤੋਂ) ਭਾਂਜ ਖਾ ਜਾਂਦਾ ਹੈ ਉਸ ਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ।

ਜੋ ਵਰਤਾਏ ਸੋਈ ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥

(ਸੂਰਮਾ ਮਨੁੱਖ) ਉਸੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਿਹੜਾ ਭਾਣਾ ਪਰਮਾਤਮਾ ਵਰਤਾਂਦਾ ਹੈ; ਉਹ ਮਨੁੱਖ ਰਜ਼ਾ ਨੂੰ ਸਮਝ ਕੇ (ਆਪਣੇ ਅੰਦਰੋਂ) ਖੋਟੀ ਮੱਤ ਨੂੰ ਸਾੜ ਦੇਂਦਾ ਹੈ ॥੭॥

ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥

ਹੇ ਪ੍ਰਭੂ! ਤੂੰ ਜਿਸ ਜਿਸ ਕੰਮ ਵਿਚ ਜੀਵਾਂ ਨੂੰ ਲਾਂਦਾ ਹੈਂ, ਉਸੇ ਉਸੇ ਕੰਮ ਵਿਚ ਜੀਵ ਲੱਗਦੇ ਹਨ।

ਕਰਿ ਕਰਿ ਵੇਖੈ ਅਪਣੇ ਜਚਨਾ ॥

ਪਰਮਾਤਮਾ ਆਪਣੀ ਮਰਜ਼ੀ ਦੇ ਕੰਮ ਕਰ ਕਰ ਕੇ ਆਪ ਹੀ ਉਹਨਾਂ ਨੂੰ ਵੇਖਦਾ ਹੈ।

ਨਾਨਕ ਕੇ ਪੂਰਨ ਸੁਖਦਾਤੇ ਤੂ ਦੇਹਿ ਤ ਨਾਮੁ ਸਮਾਲੀਐ ॥੮॥੧॥੭॥

ਹੇ ਨਾਨਕ ਨੂੰ ਸਾਰੇ ਸੁਖ ਦੇਣ ਵਾਲੇ ਪ੍ਰਭੂ! ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਤੇਰਾ ਨਾਮ ਹਿਰਦੇ ਵਿਚ ਵਸਾਇਆ ਜਾ ਸਕਦਾ ਹੈ ॥੮॥੧॥੭॥


Raag Maru Bani Page 3

ਮਾਰੂ ਮਹਲਾ ੫ ॥
ਬਿਰਖੈ ਹੇਠਿ ਸਭਿ ਜੰਤ ਇਕਠੇ ॥

(ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ ਤਰ੍ਹਾਂ) ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ,

ਇਕਿ ਤਤੇ ਇਕਿ ਬੋਲਨਿ ਮਿਠੇ ॥

ਕਈ ਖਰ੍ਹਵੇ ਬੋਲਦੇ ਹਨ ਕਈ ਮਿੱਠੇ ਬੋਲ ਬੋਲਦੇ ਹਨ।

ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥

ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿਚ ਮੁੜ ਚੜ੍ਹ ਪੈਂਦਾ ਹੈ ਤਾਂ (ਪੰਛੀ ਰੁੱਖ ਉਤੋਂ) ਉੱਠ ਕੇ ਉੱਡ ਜਾਂਦੇ ਹਨ (ਤਿਵੇਂ ਹੀ) ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ (ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ) ॥੧॥

ਪਾਪ ਕਰੇਦੜ ਸਰਪਰ ਮੁਠੇ ॥

ਇਥੇ ਪਾਪ ਕਰਨ ਵਾਲੇ ਜੀਵ (ਆਪਣੇ ਆਤਮਕ ਜੀਵਨ ਦਾ ਸਰਮਾਇਆ) ਜ਼ਰੂਰ ਲੁਟਾ ਜਾਂਦੇ ਹਨ,

ਅਜਰਾਈਲਿ ਫੜੇ ਫੜਿ ਕੁਠੇ ॥

ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫ਼ਰਿਸ਼ਤਾ ਫੜ ਫੜ ਕੇ ਕੁਹੀ ਜਾਂਦਾ ਹੈ।

ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥

(ਇਹ ਯਕੀਨ ਜਾਣੋ ਕਿ ਅਜਿਹਾਂ ਨੂੰ) ਸਿਰਜਣਹਾਰ ਨੇ ਦੋਜ਼ਕ ਵਿਚ ਪਾ ਰੱਖਿਆ ਹੈ, ਉਹਨਾਂ ਪਾਸੋਂ ਧਰਮਰਾਜ (ਉਹਨਾਂ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ॥੨॥

ਸੰਗਿ ਨ ਕੋਈ ਭਈਆ ਬੇਬਾ ॥

(ਜਗਤ ਤੋਂ ਕੂਚ ਕਰਨ ਵੇਲੇ) ਨਾਹ ਕੋਈ ਭਰਾ ਨਾਹ ਕੋਈ ਭੈਣ ਕੋਈ ਭੀ ਜੀਵ ਦੇ ਨਾਲ ਨਹੀਂ ਜਾਂਦਾ।

ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥

ਮਾਲ, ਧਨ, ਜਵਾਨੀ-ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਇਗਾ।

ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥

ਜਿਨ੍ਹਾਂ ਮਨੁੱਖਾਂ ਨੇ ਜਗਤ ਰਚਨਹਾਰ ਬਖ਼ਸ਼ਿੰਦਾ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਈ, ਉਹ (ਦੁੱਖਾਂ ਵਿਚ) ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਾਂ ਦੀ ਘਾਣੀ ॥੩॥

ਖੁਸਿ ਖੁਸਿ ਲੈਦਾ ਵਸਤੁ ਪਰਾਈ ॥

ਤੂੰ ਪਰਾਇਆ ਮਾਲ-ਧਨ ਖੋਹ ਖੋਹ ਕੇ ਇਕੱਠਾ ਕਰਦਾ ਰਹਿੰਦਾ ਹੈਂ,

ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥

ਤੇਰੇ ਨਾਲ ਵੱਸਦਾ ਰੱਬ (ਤੇਰੀ ਹਰੇਕ ਕਰਤੂਤ ਨੂੰ) ਵੇਖਦਾ ਹੈ (ਤੇਰੇ ਹਰੇਕ ਬੋਲ ਨੂੰ) ਸੁਣਦਾ ਹੈ।

ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥

ਤੂੰ ਦੁਨੀਆ (ਦੇ ਸੁਆਦਾਂ) ਦੇ ਚਸਕੇ ਵਿਚ ਫਸਿਆ ਪਿਆ ਹੈਂ (ਮਾਨੋ ਡੂੰਘੇ) ਟੋਏ ਵਿਚ ਡਿੱਗਾ ਹੋਇਆ ਹੈਂ। ਅਗਾਂਹ ਵਾਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ ॥੪॥

ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥

(ਮਾਇਆ ਦੇ ਮੋਹ ਵਿਚ) ਇਹ ਜੀਵ ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।

ਬਹੁਤੁ ਸਜਾਇ ਪਇਆ ਦੇਸਿ ਲੰਮੈ ॥

ਇਸ ਨੂੰ ਬਹੁਤ ਸਜ਼ਾ ਮਿਲਦੀ ਹੈ, ਇਹ (ਜਨਮ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ ਪੈ ਜਾਂਦਾ ਹੈ।

ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥

ਜਦੋਂ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋ ਕੇ) ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤਦੋਂ ਇਹ (ਜਨਮ ਮਰਨ ਦੇ ਗੇੜ ਦਾ) ਦੁੱਖ ਸਹਿੰਦਾ ਹੈ ॥੫॥

ਖਾਲਕ ਥਾਵਹੁ ਭੁਲਾ ਮੁਠਾ ॥

ਉਹ ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ ਹੈ;

ਦੁਨੀਆ ਖੇਲੁ ਬੁਰਾ ਰੁਠ ਤੁਠਾ ॥

ਇਹ ਜਗਤ-ਤਮਾਸ਼ਾ ਉਸ ਨੂੰ ਬੁਰਾ (ਖ਼ੁਆਰ ਕਰਦਾ ਹੈ), ਕਦੇ (ਮਾਇਆ ਗੁਆਚਣ ਤੇ ਇਹ) ਘਬਰਾ ਜਾਂਦਾ ਹੈ, ਕਦੇ ਮਾਇਆ ਮਿਲਣ ਤੇ) ਇਹ ਖ਼ੁਸ਼ ਹੋ ਹੋ ਬਹਿੰਦਾ ਹੈ।

ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥

ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ, ਉਹ ਆਪਣੇ ਮਨ ਦਾ ਮੁਰੀਦ ਹੋ ਕੇ ਭਟਕਦਾ ਫਿਰਦਾ ਹੈ। ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਸਬਰ ॥੬॥

ਮਉਲਾ ਖੇਲ ਕਰੇ ਸਭਿ ਆਪੇ ॥

(ਪਰ, ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਸਾਰੇ ਖੇਲ ਕਰ ਰਿਹਾ ਹੈ।

ਇਕਿ ਕਢੇ ਇਕਿ ਲਹਰਿ ਵਿਆਪ ॥

ਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿਚ ਫਸੇ ਹੋਏ ਹਨ, ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿਚੋਂ ਕੱਢ ਲਿਆ ਹੈ।

ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥

ਪਰਮਾਤਮਾ ਜਿਵੇਂ ਜਿਵੇਂ ਜੀਵਾਂ ਨੂੰ (ਮਾਇਆ ਦੇ ਹੱਥਾਂ ਤੇ) ਨਚਾਂਦਾ ਹੈ; ਤਿਵੇਂ ਤਿਵੇਂ ਜੀਵ ਨੱਚਦੇ ਹਨ। ਹਰੇਕ ਜੀਵ ਦੇ ਸਿਰ ਉੱਤੇ (ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ ਅਸਰ ਪਾ ਰਹੀ ਹੈ ॥੭॥

ਮਿਹਰ ਕਰੇ ਤਾ ਖਸਮੁ ਧਿਆਈ ॥

ਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ ਹਾਂ।

ਸੰਤਾ ਸੰਗਤਿ ਨਰਕਿ ਨ ਪਾਈ ॥

(ਜਿਹੜਾ ਮਨੁੱਖ ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਨਰਕ ਵਿਚ ਨਹੀਂ ਪੈਂਦਾ।

ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥

ਹੇ ਪ੍ਰਭੂ! ਨਾਨਕ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ) ਤੇਰੀ ਸਿਫ਼ਤ-ਸਾਲਾਹ ਦੇ ਗੀਤ ਸਦਾ ਗਾਂਦਾ ਰਹਾਂ ॥੮॥੨॥੮॥੧੨॥੨੦॥


Raag Maru Bani Page 3

ਮਾਰੂ ਸੋਲਹੇ ਮਹਲਾ ੧ ॥

ਰਾਗ ਮਾਰੂ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਾਚਾ ਸਚੁ ਸੋਈ ਅਵਰੁ ਨ ਕੋਈ ॥

ਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਸਦਾ ਅਟੱਲ ਰਹਿਣ ਵਾਲਾ ਹੈ। ਕੋਈ ਹੋਰ ਉਸ ਵਰਗਾ ਨਹੀਂ ਹੈ।

ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥

ਜਿਸ (ਪ੍ਰਭੂ) ਨੇ (ਇਹ ਰਚਨਾ) ਰਚੀ ਹੈ ਉਸੇ ਨੇ ਹੀ ਮੁੜ ਨਾਸ ਕੀਤਾ ਹੈ (ਉਹੀ ਇਸ ਨੂੰ ਨਾਸ ਕਰਨ ਵਾਲਾ ਹੈ)।

ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥

ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਸਾਨੂੰ ਜੀਵਾਂ ਨੂੰ ਤੂੰ ਰੱਖਦਾ ਹੈਂ, ਤਿਵੇਂ ਹੀ ਅਸੀਂ ਰਹਿ ਸਕਦੇ ਹਾਂ। ਅਸੀਂ ਜੀਵ ਤੇਰੇ (ਹੁਕਮ) ਅੱਗੇ ਕੋਈ ਨਹਿ-ਨੁੱਕਰ ਨਹੀਂ ਕਰ ਸਕਦੇ ॥੧॥

ਆਪਿ ਉਪਾਏ ਆਪਿ ਖਪਾਏ ॥

ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਮਾਰਦਾ ਹੈ।

ਆਪੇ ਸਿਰਿ ਸਿਰਿ ਧੰਧੈ ਲਾਏ ॥

ਆਪ ਹੀ ਹਰੇਕ ਜੀਵ ਨੂੰ ਉਸ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦੁਨੀਆ ਦੇ ਧੰਧੇ ਵਿਚ ਲਾਂਦਾ ਹੈ।

ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥

ਪ੍ਰਭੂ ਆਪ ਹੀ ਜੀਵਾਂ ਦੇ ਕਰਮਾਂ ਨੂੰ ਵਿਚਾਰਨ ਵਾਲਾ ਹੈ, ਆਪ ਹੀ (ਜੀਵਾਂ ਦੇ ਅੰਦਰ) ਗੁਣ ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਸਤੇ ਉਤੇ ਲਾਂਦਾ ਹੈ ॥੨॥

ਆਪੇ ਦਾਨਾ ਆਪੇ ਬੀਨਾ ॥

ਪਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ,

ਆਪੇ ਆਪੁ ਉਪਾਇ ਪਤੀਨਾ ॥

ਆਪ ਹੀ ਜੀਵਾਂ ਦੇ ਕੀਤੇ ਕਰਮਾਂ ਨੂੰ ਵੇਖਣ ਵਾਲਾ ਹੈ। ਪ੍ਰਭੂ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕਰ ਕੇ (ਆਪ ਹੀ ਇਸ ਨੂੰ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ।

ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥

ਪਰਮਾਤਮਾ ਆਪ ਹੀ (ਆਪਣੇ ਆਪ ਤੋਂ) ਹਵਾ ਪਾਣੀ ਅੱਗ (ਆਦਿਕ ਤੱਤ ਪੈਦਾ ਕਰਨ ਵਾਲਾ) ਹੈ, ਪ੍ਰਭੂ ਨੇ ਆਪ ਹੀ (ਇਹਨਾਂ ਤੱਤਾਂ ਨੂੰ) ਇਕੱਠਾ ਕਰ ਕੇ ਜਗਤ-ਰਚਨਾ ਕੀਤੀ ਹੈ ॥੩॥

ਆਪੇ ਸਸਿ ਸੂਰਾ ਪੂਰੋ ਪੂਰਾ ॥

ਹਰ ਥਾਂ ਚਾਨਣ ਦੇਣ ਵਾਲਾ ਪਰਮਾਤਮਾ ਆਪ ਹੀ ਸੂਰਜ ਹੈ ਆਪ ਹੀ ਚੰਦ੍ਰਮਾ ਹੈ,

ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥

ਪ੍ਰਭੂ ਆਪ ਹੀ ਗਿਆਨ ਦਾ ਮਾਲਕ ਤੇ ਸੁਰਤ ਦਾ ਮਾਲਕ ਸੂਰਮਾ ਗੁਰੂ ਹੈ।

ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥

ਜਿਸ ਭੀ ਜੀਵ ਨੇ ਉਸ ਸਦਾ-ਥਿਰ ਪ੍ਰਭੂ ਨਾਲ ਪ੍ਰੇਮ-ਲਗਨ ਲਾਈ ਹੈ ਜਮ-ਰਾਜ ਉਸ ਵਲ ਤੱਕ ਭੀ ਨਹੀਂ ਸਕਦਾ ॥੪॥

ਆਪੇ ਪੁਰਖੁ ਆਪੇ ਹੀ ਨਾਰੀ ॥

(ਹਰੇਕ) ਮਰਦ ਭੀ ਪ੍ਰਭੂ ਆਪ ਹੀ ਹੈ ਤੇ (ਹਰੇਕ) ਇਸਤ੍ਰੀ ਭੀ ਆਪ ਹੀ ਹੈ,

ਆਪੇ ਪਾਸਾ ਆਪੇ ਸਾਰੀ ॥

ਪ੍ਰਭੂ ਆਪ ਹੀ (ਇਹ ਜਗਤ-ਰੂਪ) ਚਉਪੜ (ਦੀ ਖੇਡ) ਹੈ ਤੇ ਆਪ ਹੀ (ਚਉਪੜ ਦੀਆਂ ਜੀਵ-) ਨਰਦਾਂ ਹੈ।

ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥

ਪਰਮਾਤਮਾ ਨੇ ਆਪ ਹੀ ਇਹ ਜਗਤ (ਚਉਪੜ ਦੀ ਖੇਡ-ਰੂਪ) ਪਿੜ ਤਿਆਰ ਕੀਤਾ ਹੈ, ਆਪ ਹੀ ਇਸ ਖੇਡ ਨੂੰ ਪਰਖ ਰਿਹਾ ਹੈ ॥੫॥

ਆਪੇ ਭਵਰੁ ਫੁਲੁ ਫਲੁ ਤਰਵਰੁ ॥

(ਹੇ ਪ੍ਰਭੂ!) ਤੂੰ ਆਪ ਹੀ ਭੌਰਾ ਹੈਂ, ਆਪ ਹੀ ਫੁੱਲ ਹੈਂ, ਤੂੰ ਆਪ ਹੀ ਫਲ ਹੈਂ, ਤੇ ਆਪ ਹੀ ਰੁੱਖ ਹੈਂ।

ਆਪੇ ਜਲੁ ਥਲੁ ਸਾਗਰੁ ਸਰਵਰੁ ॥

ਤੂੰ ਆਪ ਹੀ ਪਾਣੀ ਹੈਂ, ਆਪ ਹੀ ਸੁੱਕੀ ਧਰਤੀ ਹੈਂ, ਤੂੰ ਆਪ ਹੀ ਸਮੁੰਦਰ ਹੈਂ ਆਪ ਹੀ ਤਲਾਬ ਹੈਂ।

ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥

ਤੂੰ ਆਪ ਹੀ ਮੱਛ ਹੈਂ ਆਪ ਹੀ ਕੱਛੂ ਹੈਂ। (ਹੇ ਪ੍ਰਭੂ!) ਤੇਰਾ ਸਹੀ ਸਰੂਪ ਕੀਹ ਹੈ-ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਆਪ ਹੀ (ਆਪਣੇ ਆਪ ਤੋਂ) ਸਾਰੀ ਰਚਨਾ ਰਚਣ ਵਾਲਾ ਹੈਂ ॥੬॥

ਆਪੇ ਦਿਨਸੁ ਆਪੇ ਹੀ ਰੈਣੀ ॥

ਪਰਮਾਤਮਾ ਆਪ ਹੀ ਦਿਨ ਹੈ ਆਪ ਹੀ ਰਾਤ ਹੈ,

ਆਪਿ ਪਤੀਜੈ ਗੁਰ ਕੀ ਬੈਣੀ ॥

ਉਹ ਆਪ ਹੀ ਗੁਰੂ ਦੇ ਬਚਨਾਂ ਦੀ ਰਾਹੀਂ ਖ਼ੁਸ਼ ਹੋ ਰਿਹਾ ਹੈ।

ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥

ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਭੀ ਆਦਿ ਤੋਂ ਹੈ, ਉਸ ਦਾ ਕਦੇ ਨਾਸ ਨਹੀਂ ਹੋ ਸਕਦਾ, ਹਰ ਵੇਲੇ ਹਰੇਕ ਸਰੀਰ ਵਿਚ ਉਸੇ ਰਜ਼ਾ ਦੇ ਮਾਲਕ ਦੀ ਜੀਵਨ-ਰੌ ਰੁਮਕ ਰਹੀ ਹੈ ॥੭॥

ਆਪੇ ਰਤਨੁ ਅਨੂਪੁ ਅਮੋਲੋ ॥

ਪ੍ਰਭੂ ਆਪ ਹੀ ਇਕ ਐਸਾ ਰਤਨ ਹੈ ਜਿਸ ਵਰਗਾ ਹੋਰ ਕੋਈ ਨਹੀਂ ਤੇ ਜਿਸ ਦਾ ਮੁੱਲ ਨਹੀਂ ਪੈ ਸਕਦਾ।

ਆਪੇ ਪਰਖੇ ਪੂਰਾ ਤੋਲੋ ॥

ਪ੍ਰਭੂ ਆਪ ਹੀ ਉਸ ਰਤਨ ਨੂੰ ਪਰਖਦਾ ਹੈ, ਤੇ ਠੀਕ ਤਰ੍ਹਾਂ ਤੋਲਦਾ ਹੈ।

ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥

ਪ੍ਰਭੂ ਆਪ ਹੀ ਕਿਸੇ ਰਤਨ-ਜੀਵ ਨੂੰ ਕਸਵੱਟੀ ਤੇ ਲਾ ਕੇ ਪਰਵਾਨ ਕਰਦਾ ਹੈ, ਤੇ, ਪ੍ਰਭੂ ਆਪ ਹੀ ਜਗਤ ਦੀ ਵਣਜ-ਵਪਾਰ ਦੀ ਕਾਰ ਚਲਾ ਰਿਹਾ ਹੈ (ਰਤਨ ਦੇਂਦਾ ਹੈ ਤੇ ਰਤਨ ਲੈਂਦਾ ਹੈ) ॥੮॥

ਆਪੇ ਧਨਖੁ ਆਪੇ ਸਰਬਾਣਾ ॥

ਪਰਮਾਤਮਾ ਆਪ ਹੀ ਧਨਖ ਹੈ (ਆਪ ਹੀ ਤੀਰ ਹੈ) ਆਪ ਹੀ ਤੀਰ-ਅੰਦਾਜ਼ ਹੈ।

ਆਪੇ ਸੁਘੜੁ ਸਰੂਪੁ ਸਿਆਣਾ ॥

ਆਪ ਹੀ ਸੁਚੱਜਾ ਸੋਹਣਾ ਤੇ ਸਿਆਣਾ ਹੈ।

ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥

ਹਰ ਥਾਂ ਬੋਲਣ ਵਾਲਾ ਸੁਣਨ ਵਾਲਾ ਉਹੀ ਆਪ ਹੀ ਹੈ ਜਿਸ ਨੇ ਇਹ ਜਗਤ-ਰਚਨਾ ਰਚੀ ਹੈ ॥੯॥

ਪਉਣੁ ਗੁਰੂ ਪਾਣੀ ਪਿਤ ਜਾਤਾ ॥

ਹਵਾ (ਜੋ ਸਰੀਰਾਂ ਲਈ ਇਉਂ ਹੈ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਵਾਸਤੇ ਹੈ) ਪ੍ਰਭੂ ਆਪ ਹੀ ਹੈ।

ਉਦਰ ਸੰਜੋਗੀ ਧਰਤੀ ਮਾਤਾ ॥

ਪਾਣੀ (ਜੋ ਸਭ ਜੀਵਾਂ ਦਾ) ਪਿਉ (ਹੈ, ਇਹ ਭੀ) ਪ੍ਰਭੂ ਆਪ ਹੀ ਹੈ। ਧਰਤੀ (ਜੇਹੜੀ ਇਸ ਵਾਸਤੇ ਜੀਵਾਂ ਦੀ) ਮਾਂ ਅਖਵਾਣ-ਜੋਗ ਹੈ ਕਿ ਇਹ ਮਾਂ ਵਾਂਗ ਸਭ ਚੀਜ਼ਾਂ ਨੂੰ ਆਪਣੇ ਪੇਟ ਵਿਚ ਰਖਦੀ ਹੈ ਤੇ ਪੇਟ ਵਿਚੋਂ ਪੈਦਾ ਕਰਦੀ ਹੈ-ਇਹ ਭੀ ਪਰਮਾਤਮਾ ਆਪ ਹੀ ਹੈ (ਕਿਉਂਕਿ ਸਭ ਕੁਝ ਪਰਮਾਤਮਾ ਨੇ ਆਪਣੇ ਆਪ ਤੋਂ ਪਰਗਟ ਕੀਤਾ ਹੈ)।

ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥

ਦਿਨ ਤੇ ਰਾਤ (ਜੋ ਜੀਵਾਂ ਵਾਸਤੇ) ਦੋਵੇਂ ਖਿਡਾਵੀ ਤੇ ਖਿਡਾਵਾ ਹਨ (ਤੇ ਇਹਨਾਂ ਦੇ ਪ੍ਰਭਾਵ ਵਿਚ) ਜਗਤ ਖੇਡ ਰਿਹਾ ਹੈ, ਇਹ ਭੀ ਉਹ ਆਪ ਹੀ ਹੈ, ਇਹ ਸਾਰੀ ਖੇਡ ਉਹ ਆਪ ਹੀ ਖੇਡ ਰਿਹਾ ਹੈ ॥੧੦॥

ਆਪੇ ਮਛੁਲੀ ਆਪੇ ਜਾਲਾ ॥

ਹੇ ਪ੍ਰਭੂ! ਤੂੰ ਆਪ ਹੀ ਮੱਛੀ ਹੈਂ ਤੇ ਆਪ ਹੀ (ਮੱਛੀ ਨੂੰ ਫਸਾਣ ਵਾਲਾ) ਜਾਲ ਹੈਂ;

ਆਪੇ ਗਊ ਆਪੇ ਰਖਵਾਲਾ ॥

ਤੂੰ ਆਪ ਹੀ ਗਾਂ ਹੈ ਤੇ ਆਪ ਹੀ ਗਾਈਆਂ ਦਾ ਰਾਖਾ ਹੈਂ।

ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥੧੧॥

ਸਾਰੇ ਜੀਵਾਂ ਵਿਚ ਸਾਰੇ ਜਗਤ ਵਿਚ ਤੇਰੀ ਹੀ ਜੋਤਿ ਮੌਜੂਦ ਹੈ। ਜਗਤ ਵਿਚ ਉਹੀ ਕੁਝ ਵਰਤ ਰਿਹਾ ਹੈ ਜਿਵੇਂ ਪ੍ਰਭੂ ਨੇ ਹੁਕਮ ਕੀਤਾ ਹੈ (ਹੁਕਮ ਕਰ ਰਿਹਾ ਹੈ) ॥੧੧॥

ਆਪੇ ਜੋਗੀ ਆਪੇ ਭੋਗੀ ॥

(ਮਾਇਆ ਤੋਂ ਨਿਰਲੇਪ ਹੋਣ ਕਰਕੇ) ਪ੍ਰਭੂ ਆਪ ਹੀ ਜੋਗੀ ਹੈ, (ਤੇ ਸਾਰੇ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ (ਸਾਰੇ ਪਦਾਰਥਾਂ ਨੂੰ) ਭੋਗਣ ਵਾਲਾ ਹੈ।

ਆਪੇ ਰਸੀਆ ਪਰਮ ਸੰਜੋਗੀ ॥

ਸਭ ਤੋਂ ਵੱਡੇ ਸੰਜੋਗ (ਮਿਲਾਪ) ਦੇ ਕਾਰਨ (ਸਭ ਜੀਵਾਂ ਵਿਚ ਰਮਿਆ ਹੋਣ ਕਰਕੇ) ਪ੍ਰਭੂ ਆਪ ਹੀ ਸਾਰੇ ਰਸ ਮਾਣ ਰਿਹਾ ਹੈ।

ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥

ਪ੍ਰਭੂ ਆਪ ਹੀ ਉਜਾੜ ਵਿਚ ਰਹਿਣ ਵਾਲਾ ਹੈ, ਪ੍ਰਭੂ ਆਪ ਨਿਰ-ਆਕਾਰ ਹੈ, ਉਸ ਨੂੰ ਕਿਸੇ ਤੋਂ ਡਰ ਨਹੀਂ। ਉਹ ਆਪ ਹੀ ਆਪਣੇ ਸਰੂਪ ਵਿਚ ਸੁਰਤ ਜੋੜਨ ਵਾਲਾ ਹੈ ॥੧੨॥

ਖਾਣੀ ਬਾਣੀ ਤੁਝਹਿ ਸਮਾਣੀ ॥

ਹੇ ਪ੍ਰਭੂ! ਚੌਹਾਂ ਖਾਣੀਆਂ ਦੇ ਜੀਵ ਤੇ ਉਹਨਾਂ ਦੀਆਂ ਬੋਲੀਆਂ ਭੀ ਤੇਰੇ ਵਿਚ ਹੀ ਸਮਾ ਜਾਂਦੀਆਂ ਹਨ।

ਜੋ ਦੀਸੈ ਸਭ ਆਵਣ ਜਾਣੀ ॥

ਜਗਤ ਵਿਚ ਜੋ ਕੁਝ ਦਿੱਸ ਰਿਹਾ ਹੈ ਉਹ ਜੰਮਣ ਮਰਨ ਦੇ ਗੇੜ ਵਿਚ ਹੈ।

ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ ॥੧੩॥

ਜਿਨ੍ਹਾਂ ਬੰਦਿਆਂ ਨੂੰ ਸਤਿਗੁਰੂ ਨੇ (ਸਹੀ ਜੀਵਨ ਦੀ) ਸੂਝ ਦਿੱਤੀ ਹੈ ਉਹੀ ਕਦੇ ਘਾਟਾ ਨਾਹ ਖਾਣ ਵਾਲੇ ਸ਼ਾਹ ਹਨ ਤੇ ਵਪਾਰੀ ਹਨ ॥੧੩॥

ਸਬਦੁ ਬੁਝਾਏ ਸਤਿਗੁਰੁ ਪੂਰਾ ॥

ਹੇ ਪ੍ਰਭੂ! (ਤੇਰਾ ਰੂਪ) ਪੂਰਾ ਸਤਿਗੁਰੂ (ਤੇਰੀ ਸਿਫ਼ਤ-ਸਾਲਾਹ ਦੀ) ਬਾਣੀ (ਤੇਰੇ ਪੈਦਾ ਕੀਤੇ ਜੀਵਾਂ ਨੂੰ) ਸਮਝਾਂਦਾ ਹੈ।

ਸਰਬ ਕਲਾ ਸਾਚੇ ਭਰਪੂਰਾ ॥

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ (ਆਪਣੀ ਸਾਰੀ ਰਚਨਾ ਵਿਚ) ਹਰ ਥਾਂ ਮੌਜੂਦ ਹੈਂ।

ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥

ਕੋਈ ਜੀਵ ਤੇਰੇ ਹੁਕਮ ਨੂੰ ਮੋੜ ਨਹੀਂ ਸਕਦਾ, (ਇਤਨੇ ਵੱਡੇ ਖਲਜਗਨ ਦਾ ਮਾਲਕ ਹੋ ਕੇ ਭੀ) ਤੂੰ ਸਦਾ ਬੇ-ਫ਼ਿਕਰ ਹੈਂ। (ਪਰਮਾਤਮਾ ਆਪਣੇ ਪੈਦਾ ਕੀਤੇ ਜੀਵਾਂ ਵਾਸਤੇ ਸਭ ਕੁਝ ਕਰਦਾ ਹੈ, ਪਰ) ਉਸ ਨੂੰ (ਆਪਣੇ ਵਾਸਤੇ) ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੧੪॥

ਕਾਲੁ ਬਿਕਾਲੁ ਭਏ ਦੇਵਾਨੇ ॥

ਜਨਮ ਤੇ ਮਰਨ ਉਸ ਮਨੁੱਖ ਦੇ ਨੇੜੇ ਨਹੀਂ ਢੁਕਦੇ (ਉਸ ਨੂੰ ਵੇਖ ਕੇ ਝੱਲੇ ਹੋ ਜਾਂਦੇ ਹਨ, ਸਹਮ ਜਾਂਦੇ ਹਨ),

ਸਬਦੁ ਸਹਜ ਰਸੁ ਅੰਤਰਿ ਮਾਨੇ ॥

(ਜੇਹੜਾ ਮਨੁੱਖ) ਆਪਣੇ ਹਿਰਦੇ ਵਿਚ ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦਾ ਹੈ ਤੇ ਆਤਮਕ ਅਡੋਲਤਾ ਦਾ ਰਸ ਮਾਣਦਾ ਹੈ।

ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥

(ਪ੍ਰਭੂ ਦੀ ਬਖ਼ਸ਼ੀ ਹੋਈ ਪ੍ਰਭੂ-ਚਰਨਾਂ ਦੀ) ਪ੍ਰੀਤ ਦੀ ਰਾਹੀਂ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਭਗਤੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਸ ਨੂੰ ਪ੍ਰਭੂ (ਆਪ ਹੀ ਵਿਕਾਰਾਂ ਤੋਂ) ਖ਼ਲਾਸੀ ਦੇਣ ਵਾਲਾ ਹੈ ਆਪ ਹੀ (ਮਾਇਆ ਦੀ ਤ੍ਰਿਸ਼ਨਾ ਤੋਂ) ਤ੍ਰਿਪਤੀ ਦੇਣ ਵਾਲਾ ਹੈ, ਤੇ ਆਪ ਹੀ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧੫॥

ਆਪਿ ਨਿਰਾਲਮੁ ਗੁਰ ਗਮ ਗਿਆਨਾ ॥

ਹੇ ਪ੍ਰਭੂ! (ਇਤਨਾ ਬੇਅੰਤ ਜਗਤ ਰਚ ਕੇ) ਤੂੰ ਆਪ (ਇਸ ਦੇ ਮੋਹ ਤੋਂ) ਨਿਰਲੇਪ ਹੈਂ। ਹੇ ਪ੍ਰਭੂ! (ਤੇਰੇ ਰੂਪ) ਗੁਰੂ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਹੋ ਸਕਦੀ ਹੈ।

ਜੋ ਦੀਸੈ ਤੁਝ ਮਾਹਿ ਸਮਾਨਾ ॥

(ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਸਭ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ।

ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥

ਗ਼ਰੀਬ ਨਾਨਕ ਤੇਰੇ ਦਰ ਤੋਂ (ਨਾਮ ਦਾ) ਖ਼ੈਰ ਮੰਗਦਾ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਦੇਹ, ਇਹੀ ਮੇਰੇ ਵਾਸਤੇ ਸਭ ਤੋਂ ਉੱਚੀ ਇੱਜ਼ਤ ਹੈ ॥੧੬॥੧॥


Raag Maru Bani Page 3

ਮਾਰੂ ਮਹਲਾ ੧ ॥
ਆਪੇ ਧਰਤੀ ਧਉਲੁ ਅਕਾਸੰ ॥

(ਸਾਰਾ ਜਗਤ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਇਆ ਹੈ, ਇਸ ਵਾਸਤੇ ਪ੍ਰਭੂ) ਆਪ ਹੀ ਧਰਤੀ ਹੈ ਆਪ ਹੀ ਧਰਤੀ ਦਾ ਆਸਰਾ ਹੈ, ਆਪ ਹੀ ਅਕਾਸ਼ ਹੈ।

ਆਪੇ ਸਾਚੇ ਗੁਣ ਪਰਗਾਸੰ ॥

ਪ੍ਰਭੂ ਆਪ ਹੀ ਆਪਣੇ ਸਦਾ-ਥਿਰ ਰਹਿਣ ਵਾਲੇ ਗੁਣਾਂ ਦਾ ਪਰਕਾਸ਼ ਕਰਨ ਵਾਲਾ ਹੈ।

ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥

ਆਪ ਹੀ ਜਤੀ ਹੈ, ਆਪ ਹੀ ਦਾਨੀ ਹੈ, ਆਪ ਹੀ ਸੰਤੋਖੀ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜਤ ਸਤ ਸੰਤੋਖ ਦੇ ਅਭਿਆਸ ਦੀ) ਕਾਰ ਕਮਾਣ ਵਾਲਾ ਹੈ ॥੧॥

ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥

ਜਿਸ ਕਰਤਾਰ ਦਾ ਇਹ ਰਚਿਆ ਸੰਸਾਰ ਹੈ ਉਹ ਇਸ ਨੂੰ ਰਚ ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ।

ਕੋਇ ਨ ਮੇਟੈ ਸਾਚੇ ਲੇਖੈ ॥

ਕੋਈ ਜੀਵ ਉਸ ਪਰਮਾਤਮਾ ਦੇ ਸਦਾ-ਥਿਰ ਰਹਿਣ ਵਾਲੇ ਹੁਕਮ ਨੂੰ ਉਲੰਘ ਨਹੀਂ ਸਕਦਾ।

ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥

(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ (ਆਪਣੇ ਹੁਕਮ ਅਨੁਸਾਰ ਕੰਮ) ਕਰਵਾ ਰਿਹਾ ਹੈ। ਆਪ ਹੀ (ਜਿਨ੍ਹਾਂ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹਨਾਂ ਨੂੰ) ਆਦਰ ਦੇ ਰਿਹਾ ਹੈ ॥੨॥

ਪੰਚ ਚੋਰ ਚੰਚਲ ਚਿਤੁ ਚਾਲਹਿ ॥

(ਪ੍ਰਭੂ ਦੀ ਆਪਣੀ ਰਜ਼ਾ ਵਿਚ ਹੀ) ਭਰਮਾ ਦੇਣ ਵਾਲੇ ਪੰਜ ਕਾਮਾਦਿਕ ਚੋਰ (ਜੀਵਾਂ ਦੇ) ਮਨ ਮੋਹ ਲੈਂਦੇ ਹਨ।

ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥

(ਜਿਨ੍ਹਾਂ ਦੇ ਮਨ ਕਾਮਾਦਿਕ ਮੋਹ ਲੈਂਦੇ ਹਨ) ਉਹ ਪਰਾਏ ਘਰ ਤੱਕਦੇ ਹਨ, ਆਪਣੇ ਹਿਰਦੇ-ਘਰ ਨੂੰ ਨਹੀਂ ਖੋਜਦੇ।

ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥

(ਵਿਕਾਰਾਂ ਵਿਚ ਫਸੇ ਹੋਇਆਂ ਦਾ ਆਖ਼ਰ) ਸਰੀਰ ਸ਼ਹਿਰ ਢਹਿ ਪੈਂਦਾ ਹੈ, ਢਹਿ ਕੇ ਢੇਰੀ ਹੋ ਜਾਂਦਾ ਹੈ; ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਦੀ ਇੱਜ਼ਤ ਖੋਹੀ ਜਾਂਦੀ ਹੈ ॥੩॥

ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥

(ਹੇ ਪ੍ਰਭੂ! ਤੇਰੀ ਮੇਹਰ ਨਾਲ ਜੇਹੜਾ ਮਨੁੱਖ) ਗੁਰੂ ਤੋਂ ਗਿਆਨ ਹਾਸਲ ਕਰਦਾ ਹੈ ਉਸ ਨੂੰ ਤੂੰ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸ ਪੈਂਦਾ ਹੈਂ,

ਮਨਸਾ ਮਾਰਿ ਮਨੈ ਸਿਉ ਲੂਝੈ ॥

ਉਹ ਮਨੁੱਖ ਮਨ ਦੇ ਮਾਇਕ ਫੁਰਨੇ ਮਾਰ ਕੇ ਮਨ ਨਾਲ ਹੀ ਟਾਕਰਾ ਕਰਦਾ ਹੈ (ਤੇ ਇਸ ਨੂੰ ਵੱਸ ਵਿਚ ਰੱਖਦਾ ਹੈ)।

ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥

ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ, ਤੂੰ ਕਿਸੇ ਤੋਂ ਨਾ ਡਰਨ ਵਾਲਾ ਉਹਨਾਂ ਦਾ ਸਦਾ ਦਾ ਸਾਥੀ ਬਣ ਜਾਂਦਾ ਹੈਂ ॥੪॥

ਆਪੇ ਸੁਰਗੁ ਮਛੁ ਪਇਆਲਾ ॥

(ਸਾਰੀ ਸ੍ਰਿਸ਼ਟੀ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਣ ਕਰਕੇ) ਪ੍ਰਭੂ ਆਪ ਹੀ ਸੁਰਗ-ਲੋਕ ਹੈ, ਆਪ ਹੀ ਮਾਤ-ਲੋਕ ਹੈ, ਆਪ ਹੀ ਪਤਾਲ-ਲੋਕ ਹੈ।

ਆਪੇ ਜੋਤਿ ਸਰੂਪੀ ਬਾਲਾ ॥

ਆਪ ਹੀ ਨਿਰਾ ਚਾਨਣ ਹੀ ਚਾਨਣ ਹੈ ਤੇ ਸਭ ਦਾ ਵੱਡਾ ਹੈ।

ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥

ਭਿਆਨਕ ਤੇ ਡਰਾਉਣੀਆਂ ਜਟਾਂ ਧਾਰਨ ਵਾਲਾ ਭੀ ਆਪ ਹੀ ਹੈ। ਫਿਰ ਭੀ ਉਸ ਦਾ ਨਾਹ ਕੋਈ ਖ਼ਾਸ ਰੂਪ ਹੈ ਨਾਹ ਕੋਈ ਖ਼ਾਸ ਚਿਹਨ-ਚੱਕ੍ਰ ਹੈ ॥੫॥

ਬੇਦ ਕਤੇਬੀ ਭੇਦੁ ਨ ਜਾਤਾ ॥

ਨਾਹ ਹੀ ਹਿੰਦੂ ਧਰਮ ਦੀਆਂ ਵੇਦ ਆਦਿਕ ਧਰਮ-ਪੁਸਤਕਾਂ ਨੇ ਤੇ ਨਾਹ ਹੀ ਸ਼ਾਮੀ ਮਤਾਂ ਦੀਆਂ ਕੁਰਾਨ ਆਦਿਕ ਕਿਤਾਬਾਂ ਨੇ ਪਰਮਾਤਮਾ ਦੀ ਹਸਤੀ ਦੀ ਡੂੰਘਾਈ ਨੂੰ ਸਮਝਿਆ ਹੈ।

ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥

ਉਸ ਪਰਮਾਤਮਾ ਦੀ ਨਾਹ ਕੋਈ ਮਾਂ, ਨਾਹ ਉਸ ਦੇ ਕੋਈ ਖ਼ਾਸ ਪੁੱਤਰ ਤੇ ਨਾਹ ਕੋਈ ਭਰਾ ਹਨ।

ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥

ਵੱਡੇ ਵੱਡੇ ਪਹਾੜ ਆਦਿਕ ਪੈਦਾ ਕਰ ਕੇ (ਜਦੋਂ ਚਾਹੇ) ਸਾਰੇ ਹੀ ਆਪਣੇ ਵਿਚ ਲੀਨ ਕਰ ਲੈਂਦਾ ਹੈ। ਉਸ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਕੀਤਾ ਨਹੀਂ ਜਾ ਸਕਦਾ ॥੬॥

ਕਰਿ ਕਰਿ ਥਾਕੀ ਮੀਤ ਘਨੇਰੇ ॥

(ਪਰਮਾਤਮਾ ਤੋਂ ਖੁੰਝ ਕੇ) ਅਨੇਕਾਂ (ਦੇਵੀ ਦੇਵਤਿਆਂ ਨੂੰ) ਮੈਂ ਆਪਣੇ ਮਿੱਤਰ ਬਣਾ ਬਣਾ ਕੇ ਹਾਰ ਗਈ ਹਾਂ,

ਕੋਇ ਨ ਕਾਟੈ ਅਵਗੁਣ ਮੇਰੇ ॥

(ਮੇਰੇ ਅੰਦਰੋਂ) ਕੋਈ (ਅਜੇਹਾ ਮਿੱਤਰ) ਮੇਰੇ ਔਗੁਣ ਦੂਰ ਨਹੀਂ ਕਰ ਸਕਿਆ।

ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥

ਉਹ ਪਰਮਾਤਮਾ ਹੀ ਸਾਰੇ ਦੇਵਤਿਆਂ ਤੇ ਮਨੁੱਖਾਂ ਦਾ ਖਸਮ ਹੈ, ਉਹੀ ਸਭਨਾਂ ਜੀਵਾਂ ਦੇ ਸਿਰ ਉਤੇ ਮਾਲਕ ਹੈ। ਪਿਆਰ ਦੀ ਰਾਹੀਂ ਜਿਸ ਬੰਦੇ ਨੂੰ ਉਹ ਮਿਲ ਪੈਂਦਾ ਹੈ ਉਸ ਦਾ (ਪਾਪਾਂ ਵਿਕਾਰਾਂ ਦਾ ਸਾਰਾ) ਸਹਮ ਦੂਰ ਹੋ ਜਾਂਦਾ ਹੈ ॥੭॥

ਭੂਲੇ ਚੂਕੇ ਮਾਰਗਿ ਪਾਵਹਿ ॥

ਹੇ ਪ੍ਰਭੂ! ਔਝੜੇ ਕੁਰਾਹੇ ਪਏ ਬੰਦਿਆਂ ਨੂੰ ਤੂੰ ਆਪ ਹੀ ਸਹੀ ਜੀਵਨ-ਰਾਹ ਤੇ ਪਾਂਦਾ ਹੈਂ।

ਆਪਿ ਭੁਲਾਇ ਤੂਹੈ ਸਮਝਾਵਹਿ ॥

ਤੂੰ ਆਪ ਹੀ ਕੁਰਾਹੇ ਪਾ ਕੇ ਫਿਰ ਆਪ ਹੀ (ਸਿੱਧੇ ਰਾਹ ਦੀ) ਸਮਝ ਬਖ਼ਸ਼ਦਾ ਹੈਂ।

ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥

(ਔਝੜ ਤੋਂ ਬਚਣ ਲਈ) ਤੇਰੇ ਨਾਮ ਤੋਂ ਬਿਨਾ ਮੈਨੂੰ ਕੋਈ ਹੋਰ ਵਸੀਲਾ ਦਿੱਸਦਾ ਨਹੀਂ। ਤੇਰਾ ਨਾਮ ਸਿਮਰਿਆਂ ਹੀ ਪਤਾ ਲੱਗਦਾ ਹੈ ਕਿ ਤੂੰ ਕਿਹੋ ਜਿਹਾ (ਦਇਆਲ) ਹੈਂ, ਅਤੇ ਕੇਡਾ ਵੱਡਾ (ਬੇਅੰਤ) ਹੈਂ ॥੮॥

ਗੰਗਾ ਜਮੁਨਾ ਕੇਲ ਕੇਦਾਰਾ ॥

ਗੰਗਾ, ਜਮੁਨਾ, ਬਿੰਦ੍ਰਾਬਨ, ਕੇਦਾਰ,

ਕਾਸੀ ਕਾਂਤੀ ਪੁਰੀ ਦੁਆਰਾ ॥

ਕਾਂਸ਼ੀ, ਕਾਂਤੀ, ਦੁਆਰਕਾ ਪੁਰੀ,

ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ ॥੯॥

ਸਾਗਰ-ਗੰਗਾ, ਤ੍ਰਿਬੇਣੀ ਦਾ ਸੰਗਮ ਆਦਿਕ ਅਠਾਹਠ ਤੀਰਥ ਉਸ ਕਰਤਾਰ-ਪ੍ਰਭੂ ਦੀ ਆਪਣੀ ਹੀ ਗੋਦ ਵਿਚ ਟਿਕੇ ਹੋਏ ਹਨ ॥੯॥

ਆਪੇ ਸਿਧ ਸਾਧਿਕੁ ਵੀਚਾਰੀ ॥

(ਪ੍ਰਭੂ ਦੇ ਆਪਣੇ ਆਪੇ ਤੋਂ ਪੈਦਾ ਹੋਈ ਇਸ ਸ੍ਰਿਸ਼ਟੀ ਵਿਚ ਕਿਤੇ ਤਿਆਗੀ ਹਨ ਤੇ ਕਿਤੇ ਰਾਜੇ ਹਨ, ਸੋ,) ਪ੍ਰਭੂ ਆਪ ਹੀ ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ ਹੈ, ਆਪ ਹੀ ਜੋਗ-ਸਾਧਨ ਕਰਨ ਵਾਲਾ ਹੈ, ਆਪ ਹੀ ਜੋਗ-ਸਾਧਨਾਂ ਦੀ ਵਿਚਾਰ ਕਰਨ ਵਾਲਾ ਹੈ।

ਆਪੇ ਰਾਜਨੁ ਪੰਚਾ ਕਾਰੀ ॥

ਪ੍ਰਭੂ ਆਪ ਹੀ ਰਾਜਾ ਹੈ ਆਪ ਹੀ (ਆਪਣੇ ਰਾਜ ਵਿਚ) ਪੈਂਚ ਚੌਧਰੀ ਬਣਾਣ ਵਾਲਾ ਹੈ।

ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥੧੦॥

ਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ, (ਉਸ ਦੀ ਆਪਣੀ ਹੀ ਮੇਹਰ ਨਾਲ ਜਗਤ ਵਿਚੋਂ) ਭਟਕਣਾ, (ਪਰਸਪਰ) ਵਿੱਥ ਤੇ ਡਰ-ਸਹਮ ਦੂਰ ਹੁੰਦਾ ਹੈ ॥੧੦॥

ਆਪੇ ਕਾਜੀ ਆਪੇ ਮੁਲਾ ॥

(ਸਭ ਜੀਵਾਂ ਵਿਚ ਆਪ ਹੀ ਵਿਆਪਕ ਹੋਣ ਕਰਕੇ) ਪ੍ਰਭੂ ਆਪ ਹੀ ਕਾਜ਼ੀ ਹੈ ਆਪ ਹੀ ਮੁੱਲਾਂ ਹੈ।

ਆਪਿ ਅਭੁਲੁ ਨ ਕਬਹੂ ਭੁਲਾ ॥

(ਜੀਵ ਤਾਂ ਮਾਇਆ ਦੇ ਮੋਹ ਵਿਚ ਫਸ ਕੇ ਭੁੱਲਾਂ ਕਰਦੇ ਰਹਿੰਦੇ ਹਨ, ਪਰ ਸਭ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ) ਆਪ ਅਭੁੱਲ ਹੈ, ਉਹ ਕਦੇ ਉਕਾਈ ਨਹੀਂ ਖਾਂਦਾ।

ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥੧੧॥

ਉਹ ਕਿਸੇ ਨਾਲ ਵੈਰ ਭੀ ਨਹੀਂ ਕਰਦਾ, ਉਹ ਸਦਾ ਮੇਹਰ ਦਾ ਮਾਲਕ ਹੈ ਦਇਆ ਦਾ ਸੋਮਾ ਹੈ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ॥੧੧॥

ਜਿਸੁ ਬਖਸੇ ਤਿਸੁ ਦੇ ਵਡਿਆਈ ॥

ਪ੍ਰਭੂ ਜਿਸ ਜੀਵ ਉਤੇ ਬਖ਼ਸ਼ਸ਼ ਕਰਦਾ ਹੈ ਉਸ ਨੂੰ ਵਡਿਆਈ ਦੇਂਦਾ ਹੈ।

ਸਭਸੈ ਦਾਤਾ ਤਿਲੁ ਨ ਤਮਾਈ ॥

ਹਰੇਕ ਜੀਵ ਨੂੰ ਦਾਤਾਂ ਦੇਣ ਵਾਲਾ ਹੈ (ਉਸ ਨੂੰ ਕਿਸੇ ਜੀਵ ਪਾਸੋਂ ਕਿਸੇ ਕਿਸਮ ਦਾ) ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।

ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥

ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਨੂੰ ਆਸਰਾ ਦੇ ਰਿਹਾ ਹੈ (ਸਭ ਵਿਚ ਹੁੰਦਾ ਹੋਇਆ ਭੀ ਆਪ) ਪਵਿਤ੍ਰ ਹਸਤੀ ਵਾਲਾ ਹੈ। ਦਿੱਸਦਾ ਜਗਤ ਹੋਵੇ ਚਾਹੇ ਅਣਦਿੱਸਦਾ, ਪ੍ਰਭੂ ਹਰ ਥਾਂ ਮੌਜੂਦ ਹੈ ॥੧੨॥

ਕਿਆ ਸਾਲਾਹੀ ਅਗਮ ਅਪਾਰੈ ॥

ਮੈਂ ਉਸ ਦੀ ਕੇਹੜੀ ਕੇਹੜੀ ਸਿਫ਼ਤ ਦੱਸ ਸਕਦਾ ਹਾਂ? ਪਰਮਾਤਮਾ ਅਪਹੁੰਚ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਸਾਚੇ ਸਿਰਜਣਹਾਰ ਮੁਰਾਰੈ ॥

ਉਹ ਸਦਾ-ਥਿਰ ਰਹਿਣ ਵਾਲਾ ਹੈ, ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਤੇ ਦੈਂਤਾਂ ਦਾ ਨਾਸ ਕਰਨ ਵਾਲਾ ਹੈ।

ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥੧੩॥

ਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹ ਜੀਵ ਪ੍ਰਭੂ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਪ੍ਰਭੂ ਆਪ ਹੀ ਮਿਲਾਈ ਰੱਖਦਾ ਹੈ ॥੧੩॥

ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥

(ਵੱਡੇ ਵੱਡੇ ਦੇਵਤੇ ਭੀ ਪ੍ਰਭੂ ਦੇ) ਦਰ ਤੇ ਕੀਹ ਬ੍ਰਹਮਾ, ਕੀਹ ਵਿਸ਼ਨੂੰ ਤੇ ਕੀਹ ਸ਼ਿਵ-

ਊਭੇ ਸੇਵਹਿ ਅਲਖ ਅਪਾਰੈ ॥

ਸਾਰੇ ਉਸ ਅਲੱਖ ਤੇ ਅਪਾਰ (ਪ੍ਰਭੂ ਦੇ ਦਰ ਤੇ) ਖਲੋਤੇ ਸੇਵਾ ਵਿਚ ਹਾਜ਼ਰ ਰਹਿੰਦੇ ਹਨ।

ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥੧੪॥

ਹੋਰ ਭੀ ਇਤਨੀ ਬੇਅੰਤ ਲੋਕਾਈ ਉਸ ਦੇ ਦਰ ਤੇ ਤਰਲੇ ਲੈਂਦੀ ਦਿੱਸ ਰਹੀ ਹੈ ਕਿ ਮੈਥੋਂ ਕੋਈ ਗਿਣਤੀ ਨਹੀਂ ਹੋ ਸਕਦੀ ॥੧੪॥

ਸਾਚੀ ਕੀਰਤਿ ਸਾਚੀ ਬਾਣੀ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਸਿਫ਼ਤ-ਸਾਲਾਹ ਦੀ ਬਾਣੀ ਹੀ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ।

ਹੋਰ ਨ ਦੀਸੈ ਬੇਦ ਪੁਰਾਣੀ ॥

ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਵਿਚ ਭੀ ਇਸ ਰਾਸਿ-ਪੂੰਜੀ ਤੋਂ ਬਿਨਾ ਕੋਈ ਹੋਰ ਸਦਾ-ਥਿਰ ਰਹਿਣ ਵਾਲਾ ਪਦਾਰਥ ਨਹੀਂ ਦਿੱਸਦਾ।

ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ ॥੧੫॥

ਪ੍ਰਭੂ ਦਾ ਨਾਮ ਹੀ ਅਟੱਲ ਪੂੰਜੀ ਹੈ, ਮੈਂ ਉਸ ਸਦਾ ਅਟੱਲ ਪ੍ਰਭੂ ਦੇ ਗੁਣ ਗਾਂਦਾ ਹਾਂ, ਮੈਨੂੰ ਉਸ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਦਿੱਸਦਾ ॥੧੫॥

ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥

ਪ੍ਰਭੂ ਹਰੇਕ ਜੁਗ ਵਿਚ ਕਾਇਮ ਰਹਿਣ ਵਾਲਾ ਹੈ, ਹੁਣ ਭੀ ਮੌਜੂਦ ਹੈ, ਸਦਾ ਹੀ ਕਾਇਮ ਰਹੇਗਾ।

ਕਉਣੁ ਨ ਮੂਆ ਕਉਣੁ ਨ ਮਰਸੀ ॥

ਜਗਤ ਵਿਚ ਹੋਰ ਜੇਹੜਾ ਭੀ ਜੀਵ ਆਇਆ ਉਹ (ਆਖ਼ਰ) ਮਰ ਗਿਆ, ਜੇਹੜਾ ਭੀ ਆਵੇਗਾ ਉਹ (ਜ਼ਰੂਰ) ਮਰੇਗਾ।

ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥

ਗਰੀਬ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੂੰ ਆਪਣੇ ਦਰਬਾਰ ਵਿਚ ਬੈਠਾ ਸਭ ਜੀਵਾਂ ਦੀ ਬੜੇ ਧਿਆਨ ਨਾਲ ਸੰਭਾਲ ਕਰ ਰਿਹਾ ਹੈਂ ॥੧੬॥੨॥


Raag Maru Bani Page 3

ਮਾਰੂ ਮਹਲਾ ੧ ॥
ਦੂਜੀ ਦੁਰਮਤਿ ਅੰਨੀ ਬੋਲੀ ॥

ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਐਸੀ ਭੈੜੀ ਮੱਤ ਹੈ ਕਿ ਇਸ ਵਿਚ ਫਸੀ ਹੋਈ ਜੀਵ-ਇਸਤ੍ਰੀ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ (ਨਾਹ ਉਹ ਅੱਖਾਂ ਨਾਲ ਪਰਮਾਤਮਾ ਨੂੰ ਵੇਖ ਸਕਦੀ ਹੈ, ਨਾਹ ਉਹ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਸਕਦੀ ਹੈ)।

ਕਾਮ ਕ੍ਰੋਧ ਕੀ ਕਚੀ ਚੋਲੀ ॥

ਉਸ ਦਾ ਸਰੀਰ ਕਾਮ ਕ੍ਰੋਧ ਆਦਿਕ ਵਿਚ ਗਲਦਾ ਰਹਿੰਦਾ ਹੈ।

ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥੧॥

ਪਤੀ-ਪ੍ਰਭੂ ਉਸ ਦੇ ਹਿਰਦੇ-ਘਰ ਵਿਚ ਵੱਸਦਾ ਹੈ, ਪਰ ਉਹ ਅੰਞਾਣ ਜੀਵ-ਇਸਤ੍ਰੀ ਉਸ ਨੂੰ ਪਛਾਣ ਨਹੀਂ ਸਕਦੀ, ਆਤਮਕ ਅਡੋਲਤਾ ਉਸ ਦੇ ਅੰਦਰ ਹੀ ਹੈ ਪਰ ਉਹ ਸਮਝ ਨਹੀਂ ਸਕਦੀ। ਪਤੀ-ਪ੍ਰਭੂ ਤੋਂ ਵਿਛੁੜੀ ਹੋਈ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ ॥੧॥

ਅੰਤਰਿ ਅਗਨਿ ਜਲੈ ਭੜਕਾਰੇ ॥

ਉਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜ ਭੜ ਕਰ ਕੇ ਬਲਦੀ ਹੈ।

ਮਨਮੁਖੁ ਤਕੇ ਕੁੰਡਾ ਚਾਰੇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ) ਦੀ ਖ਼ਾਤਰ ਚੌਹੀਂ ਪਾਸੀਂ ਭਟਕਦਾ ਹੈ।

ਬਿਨੁ ਸਤਿਗੁਰ ਸੇਵੇ ਕਿਉ ਸੁਖੁ ਪਾਈਐ ਸਾਚੇ ਹਾਥਿ ਵਡਾਈ ਹੇ ॥੨॥

ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ, ਇਹ ਵਡਿਆਈ ਸਦਾ-ਥਿਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ (ਜਿਸ ਉਤੇ ਮੇਹਰ ਕਰੇ ਉਸੇ ਨੂੰ ਦੇਂਦਾ ਹੈ) ॥੨॥

ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥

(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨੂੰ ਦੂਰ ਕਰਦਾ ਹੈ,

ਤਸਕਰ ਪੰਚ ਸਬਦਿ ਸੰਘਾਰੇ ॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਕਾਮਾਦਿਕ ਪੰਜ ਚੋਰਾਂ ਨੂੰ ਮਾਰਦਾ ਹੈ,

ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥

ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਸ ਦੇ ਮਨ ਦਾ ਮਾਇਕ ਫੁਰਨਾ ਮਨ ਦੇ ਵਿਚ ਹੀ ਮੁੱਕ ਜਾਂਦਾ ਹੈ (ਭਾਵ, ਮਨ ਵਿਚ ਮਾਇਕ ਫੁਰਨੇ ਉੱਠਦੇ ਹੀ ਨਹੀਂ) ॥੩॥

ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥

ਮਾਂ ਦਾ ਲਹੂ ਤੇ ਪਿਉ ਦਾ ਵੀਰਜ ਦੀ ਬੂੰਦ ਨੂੰ ਰਲਾ ਕੇ-

ਮੂਰਤਿ ਸੂਰਤਿ ਕਰਿ ਆਪਾਰਾ ॥

ਹੇ ਅਪਾਰ ਪ੍ਰਭੂ! ਤੂੰ ਮਨੁੱਖ ਦਾ ਬੁੱਤ ਬਣਾ ਦਿੱਤਾ ਸੋਹਣੀ ਸ਼ਕਲ ਬਣਾ ਦਿੱਤੀ।

ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥੪॥

ਹਰੇਕ ਜੀਵ ਦੇ ਅੰਦਰ ਤੇਰੀ ਹੀ ਜੋਤਿ ਹੈ, ਜਿਹੜੀ ਭੀ ਪਦਾਰਥਾਂ ਦੀ ਬਖ਼ਸ਼ਸ਼ ਹੈ ਸਭ ਤੇਰੀ ਹੀ ਹੈ, ਤੂੰ ਸਿਰਜਣਹਾਰ ਹਰ ਥਾਂ ਮੌਜੂਦ ਹੈਂ ॥੪॥

ਤੁਝ ਹੀ ਕੀਆ ਜੰਮਣ ਮਰਣਾ ॥

ਹੇ ਪ੍ਰਭੂ! ਜਨਮ ਤੇ ਮਰਨ (ਦਾ ਸਿਲਸਿਲਾ) ਤੂੰ ਹੀ ਬਣਾਇਆ ਹੈ,

ਗੁਰ ਤੇ ਸਮਝ ਪੜੀ ਕਿਆ ਡਰਣਾ ॥

ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਪੈ ਜਾਏ ਉਹ ਫਿਰ ਮੌਤ ਤੋਂ ਨਹੀਂ ਡਰਦਾ।

ਤੂ ਦਇਆਲੁ ਦਇਆ ਕਰਿ ਦੇਖਹਿ ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥

ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ, ਜਿਸ ਮਨੁੱਖ ਵਲ ਤੂੰ ਮੇਹਰ ਦੀ ਨਿਗਾਹ ਕਰ ਕੇ ਵੇਖਦਾ ਹੈਂ ਉਸ ਦੇ ਸਰੀਰ ਵਿਚੋਂ ਦੁਖ ਦਰਦ ਦੂਰ ਹੋ ਜਾਂਦਾ ਹੈ ॥੫॥

ਨਿਜ ਘਰਿ ਬੈਸਿ ਰਹੇ ਭਉ ਖਾਇਆ ॥

(ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਆਪਣੇ ਹਿਰਦੇ (ਵਿਚ ਵੱਸਦੇ ਪਰਮਾਤਮਾ ਦੀ ਯਾਦ) ਵਿਚ ਟਿਕੇ ਰਹਿੰਦੇ ਹਨ ਉਹ ਮੌਤ ਦਾ ਡਰ ਮੁਕਾ ਲੈਂਦੇ ਹਨ,

ਧਾਵਤ ਰਾਖੇ ਠਾਕਿ ਰਹਾਇਆ ॥

ਉਹ ਆਪਣੇ ਮਨ ਨੂੰ ਮਾਇਆ ਦੇ ਪਿੱਛੇ ਦੌੜਨੋਂ ਬਚਾ ਲੈਂਦੇ ਹਨ ਤੇ (ਮਾਇਆ ਵਲੋਂ) ਰੋਕ ਕੇ (ਪ੍ਰਭੂ-ਚਰਨਾਂ ਵਿਚ) ਟਿਕਾਂਦੇ ਹਨ।

ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮੁ ਸਖਾਈ ਹੇ ॥੬॥

ਉਹਨਾਂ ਦੇ ਹਿਰਦੇ ਕਮਲ ਖਿੜ ਪੈਂਦੇ ਹਨ, ਹਰੇ ਹੋ ਜਾਂਦੇ ਹਨ, ਉਹਨਾਂ ਦੇ (ਗਿਆਨ ਇੰਦ੍ਰੇ-ਰੂਪ) ਤਲਾਬ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਰਹਿੰਦੇ ਹਨ, ਸਰਬ-ਵਿਆਪਕ ਪਰਮਾਤਮਾ ਉਹਨਾਂ ਦਾ (ਸਦਾ ਲਈ) ਮਿੱਤਰ ਬਣ ਜਾਂਦਾ ਹੈ ॥੬॥

ਮਰਣੁ ਲਿਖਾਇ ਮੰਡਲ ਮਹਿ ਆਏ ॥

ਜੇਹੜੇ ਭੀ ਜੀਵ ਜਗਤ ਵਿਚ ਆਉਂਦੇ ਹਨ ਉਹ ਮੌਤ (ਦਾ ਪਰਵਾਨਾ ਆਪਣੇ ਸਿਰ ਉਤੇ) ਲਿਖਾ ਕੇ ਹੀ ਆਉਂਦੇ ਹਨ।

ਕਿਉ ਰਹੀਐ ਚਲਣਾ ਪਰਥਾਏ ॥

ਕਿਸੇ ਭੀ ਹਾਲਤ ਵਿਚ ਕੋਈ ਜੀਵ ਇਥੇ ਸਦਾ ਨਹੀਂ ਰਹਿ ਸਕਦਾ, ਹਰੇਕ ਨੇ ਪਰਲੋਕ ਵਿਚ ਜ਼ਰੂਰ ਹੀ ਜਾਣਾ ਹੈ।

ਸਚਾ ਅਮਰੁ ਸਚੇ ਅਮਰਾ ਪੁਰਿ ਸੋ ਸਚੁ ਮਿਲੈ ਵਡਾਈ ਹੇ ॥੭॥

ਪਰਮਾਤਮਾ ਦਾ ਇਹ ਸਦਾ-ਕਾਇਮ ਰਹਿਣ ਵਾਲਾ ਹੁਕਮ (ਅਮਰ) ਹੈ। ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਦਾ-ਥਿਰ ਪੁਰੀ ਵਿਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਹਨਾਂ ਨੂੰ (ਪ੍ਰਭੂ-ਮਿਲਾਪ ਦੀ ਇਹ) ਵਡਿਆਈ ਮਿਲਦੀ ਹੈ ॥੭॥

ਆਪਿ ਉਪਾਇਆ ਜਗਤੁ ਸਬਾਇਆ ॥

ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ।

ਜਿਨਿ ਸਿਰਿਆ ਤਿਨਿ ਧੰਧੈ ਲਾਇਆ ॥

ਜਿਸ (ਪ੍ਰਭੂ) ਨੇ (ਜਗਤ) ਪੈਦਾ ਕੀਤਾ ਹੈ ਉਸ ਨੇ (ਆਪ ਹੀ) ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿੱਤਾ ਹੈ।

ਸਚੈ ਊਪਰਿ ਅਵਰ ਨ ਦੀਸੈ ਸਾਚੇ ਕੀਮਤਿ ਪਾਈ ਹੇ ॥੮॥

ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਸਿਰ) ਉਤੇ ਕੋਈ ਹੋਰ (ਤਾਕਤ) ਨਹੀਂ ਦਿੱਸਦੀ ਜੋ ਉਸ ਸਦਾ-ਥਿਰ (ਦੀ ਸਮਰਥਾ) ਦਾ ਮੁੱਲ ਪਾ ਸਕੇ ॥੮॥

ਐਥੈ ਗੋਇਲੜਾ ਦਿਨ ਚਾਰੇ ॥

(ਜਿਵੇਂ ਔੜ ਦੇ ਦਿਨੀਂ ਦਰਿਆਵਾਂ ਦੇ ਕੰਢੇ ਮਾਲ ਡੰਗਰ ਚਾਰਨ ਆਏ ਲੋਕਾਂ ਦਾ ਉਥੇ ਥੋੜੇ ਹੀ ਦਿਨਾਂ ਲਈ ਟਿਕਾਣਾ ਹੁੰਦਾ ਹੈ, ਤਿਵੇਂ) ਇਥੇ ਜਗਤ ਵਿਚ ਜੀਵਾਂ ਦਾ ਚਾਰ ਦਿਨਾਂ ਦਾ ਹੀ ਵਸੇਬਾ ਹੈ।

ਖੇਲੁ ਤਮਾਸਾ ਧੁੰਧੂਕਾਰੇ ॥

ਇਹ ਜਗਤ ਇਕ ਖੇਡ ਹੈ, ਇਕ ਤਮਾਸ਼ਾ ਹੈ, ਪਰ (ਜੀਵ ਮਾਇਆ ਦੇ ਮੋਹ ਦੇ ਕਾਰਨ ਅਗਿਆਨਤਾ ਦੇ) ਘੁੱਪ ਹਨੇਰੇ ਵਿਚ ਫਸੇ ਪਏ ਹਨ।

ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥

ਬਾਜੀਗਰਾਂ ਵਾਂਗ ਜੀਵ (ਮਾਇਆ ਦੀ) ਬਾਜੀ ਖੇਡ ਕੇ ਚਲੇ ਜਾਂਦੇ ਹਨ, (ਇਸ ਖੇਡ ਵਿਚੋਂ ਕਿਸੇ ਦੇ ਹੱਥ-ਪੱਲੇ ਕੁਝ ਨਹੀਂ ਪੈਂਦਾ) ਜਿਵੇਂ ਰਾਤ ਨੂੰ ਸੁਪਨੇ ਵਿਚ ਕੋਈ ਬੰਦਾ (ਧਨ ਲੱਭ ਕੇ) ਬਰੜਾਂਦਾ ਹੈ (ਪਰ ਸੁਪਨਾ ਟੁੱਟਿਆਂ ਕੁਝ ਭੀ ਨਹੀਂ ਰਹਿੰਦਾ) ॥੯॥

ਤਿਨ ਕਉ ਤਖਤਿ ਮਿਲੀ ਵਡਿਆਈ ॥

(ਉਹ ਮਨੁੱਖ ਮਾਨੋ, ਆਤਮਕ ਮੰਡਲ ਵਿਚ ਬਾਦਸ਼ਾਹ ਬਣ ਜਾਂਦੇ ਹਨ) ਉਹਨਾਂ ਨੂੰ ਤਖ਼ਤ ਉਤੇ ਬੈਠਣ ਦੀ ਵਡਿਆਈ ਮਿਲਦੀ ਹੈ (ਉਹ ਸਦਾ ਆਪਣੇ ਹਿਰਦੇ-ਤਖ਼ਤ ਉਤੇ ਬੈਠਦੇ ਹਨ),

ਨਿਰਭਉ ਮਨਿ ਵਸਿਆ ਲਿਵ ਲਾਈ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਨਿਰਭਉ ਪ੍ਰਭੂ ਵੱਸ ਪੈਂਦਾ ਹੈ, ਜੇਹੜੇ ਮਨੁੱਖ ਉਸ ਪ੍ਰਭੂ ਦੀ ਯਾਦ ਵਿਚ ਜੁੜਦੇ ਹਨ।

ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥੧੦॥

ਉਹ ਪਰਮਾਤਮਾ ਸਾਰੇ ਖੰਡਾਂ ਬ੍ਰਹਮੰਡਾਂ ਪਾਤਾਲਾਂ ਮੰਡਲਾਂ ਵਿਚ ਤਿੰਨਾਂ ਹੀ ਭਵਨਾਂ ਵਿਚ ਗੁਪਤ ਰੂਪ ਵਿਚ ਵਿਆਪਕ ਹੈ ॥੧੦॥

ਸਾਚੀ ਨਗਰੀ ਤਖਤੁ ਸਚਾਵਾ ॥

ਉਸ ਮਨੁੱਖ ਦਾ ਇਹ ਸਰੀਰ ਉਸ ਦਾ ਇਹ ਹਿਰਦਾ-ਤਖ਼ਤ ਸਦਾ-ਥਿਰ ਪ੍ਰਭੂ ਦਾ ਨਿਵਾਸ-ਥਾਂ ਬਣ ਜਾਂਦਾ ਹੈ,

ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥

ਜਿਸ ਮਨੁੱਖ ਨੂੰ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।

ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥੧੧॥

ਉਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦੇ ਸਦਾ-ਥਿਰ ਤਖ਼ਤ ਉਤੇ (ਮਾਇਆ ਵਲੋਂ ਸਦਾ ਅਡੋਲ ਰਹਿਣ ਵਾਲੇ ਹਿਰਦੇ-ਤਖ਼ਤ ਉਤੇ ਬੈਠਣ ਦੀ) ਵਡਿਆਈ ਮਿਲਦੀ ਹੈ। ਉਹ ਮਨੁੱਖ ਹਉਮੈ ਤੇ ਮਾਇਆ ਦੀਆਂ ਸੋਚਾਂ ਦੂਰ ਕਰ ਲੈਂਦਾ ਹੈ ॥੧੧॥

ਗਣਤ ਗਣੀਐ ਸਹਸਾ ਜੀਐ ॥

ਜਿਤਨਾ ਚਿਰ ਮਾਇਆ ਦੀਆਂ ਸੋਚਾਂ ਸੋਚਦੇ ਰਹੀਏ ਜਿੰਦ ਵਿਚ ਸਹਮ ਬਣਿਆ ਹੀ ਰਹਿੰਦਾ ਹੈ,

ਕਿਉ ਸੁਖੁ ਪਾਵੈ ਦੂਐ ਤੀਐ ॥

ਨਾਹ ਹੀ ਪ੍ਰਭੂ ਤੋਂ ਬਿਨਾ ਕਿਸੇ ਹੋਰ ਝਾਕ ਵਿਚ ਤੇ ਨਾਹ ਹੀ ਤ੍ਰਿਗੁਣੀ ਮਾਇਆ ਦੀ ਲਗਨ ਵਿਚ-ਸੁਖ ਕਿਤੇ ਨਹੀਂ ਮਿਲਦਾ।

ਨਿਰਮਲੁ ਏਕੁ ਨਿਰੰਜਨੁ ਦਾਤਾ ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥

ਜਿਸ ਮਨੁੱਖ ਨੇ ਪੂਰੇ ਗੁਰੂ ਦੀ ਸਰਨ ਪੈ ਕੇ ਇੱਜ਼ਤ ਖੱਟ ਲਈ (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਸਭ ਦਾਤਾਂ ਦੇਣ ਵਾਲਾ ਇਕ ਪਰਮਾਤਮਾ ਹੀ ਹੈ ਜੋ ਪਵਿਤ੍ਰ-ਸਰੂਪ ਹੈ ਤੇ ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈਂਦਾ ॥੧੨॥

ਜੁਗਿ ਜੁਗਿ ਵਿਰਲੀ ਗੁਰਮੁਖਿ ਜਾਤਾ ॥

ਹਰੇਕ ਜੁਗ ਵਿਚ (ਭਾਵ, ਜੁਗ ਭਾਵੇਂ ਕੋਈ ਹੋਵੇ) ਕਿਸੇ ਉਸ ਵਿਰਲੇ ਨੇ ਹੀ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਈ ਹੈ ਜੋ ਗੁਰੂ ਦੀ ਸਰਨ ਪਿਆ ਹੈ।

ਸਾਚਾ ਰਵਿ ਰਹਿਆ ਮਨੁ ਰਾਤਾ ॥

ਉਹ ਸਦਾ-ਥਿਰ ਪ੍ਰਭੂ ਸਭ ਥਾਂ ਮੌਜੂਦ ਹੈ। (ਗੁਰੂ ਦੀ ਰਾਹੀਂ ਜਿਸ ਦਾ) ਮਨ (ਉਸ ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗਿਆ ਗਿਆ ਹੈ।

ਤਿਸ ਕੀ ਓਟ ਗਹੀ ਸੁਖੁ ਪਾਇਆ ਮਨਿ ਤਨਿ ਮੈਲੁ ਨ ਕਾਈ ਹੇ ॥੧੩॥

ਜਿਸ ਨੇ ਉਸ ਸਦਾ-ਥਿਰ ਪ੍ਰਭੂ ਦਾ ਪੱਲਾ ਫੜਿਆ ਹੈ ਉਸ ਨੂੰ ਆਤਮਕ ਆਨੰਦ ਮਿਲ ਗਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ (ਵਿਕਾਰਾਂ ਦੀ) ਕੋਈ ਮੈਲ ਨਹੀਂ ਰਹਿ ਜਾਂਦੀ ॥੧੩॥

ਜੀਭ ਰਸਾਇਣਿ ਸਾਚੈ ਰਾਤੀ ॥

ਜਿਸ ਮਨੁੱਖ ਦੀ ਜੀਭ ਸਭ ਰਸਾਂ ਦੇ ਸੋਮੇ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਜਾਂਦੀ ਹੈ,

ਹਰਿ ਪ੍ਰਭੁ ਸੰਗੀ ਭਉ ਨ ਭਰਾਤੀ ॥

ਹਰੀ ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਸ ਨੂੰ ਕੋਈ ਡਰ ਨਹੀਂ ਵਿਆਪਦਾ, ਉਸ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ।

ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ॥੧੪॥

ਸਤਿਗੁਰੂ ਦੀ ਬਾਣੀ ਸੁਣਨ ਵਿਚ ਉਸ ਦੇ ਕੰਨ ਸਦਾ ਮਸਤ ਰਹਿੰਦੇ ਹਨ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੧੪॥

ਰਖਿ ਰਖਿ ਪੈਰ ਧਰੇ ਪਉ ਧਰਣਾ ॥

ਜਿਸ ਮਨੁੱਖ ਦੀ ਪ੍ਰੀਤ ਸਿਰਫ਼ ਤੇਰੇ ਨਾਲ ਹੀ ਨਿਭ ਰਹੀ ਹੈ (ਭਾਵ, ਜਿਸ ਨੇ ਹੋਰ ਆਸਰੇ ਛੱਡ ਕੇ ਇਕ ਤੇਰਾ ਆਸਰਾ ਫੜਿਆ ਹੈ) ਉਹ ਮਨੁੱਖ ਧਰਤੀ ਉਤੇ ਆਪਣਾ ਜੀਵਨ-ਪੰਧ ਮੁਕਾਂਦਿਆਂ ਬੜੇ ਗਹੁ ਨਾਲ ਪੈਰ ਰੱਖਦਾ ਹੈ (ਵਿਕਾਰਾਂ ਵਾਲੇ ਪਾਸੇ ਉੱਕਾ ਹੀ ਪੈਰ ਨਹੀਂ ਪਾਂਦਾ)।

ਜਤ ਕਤ ਦੇਖਉ ਤੇਰੀ ਸਰਣਾ ॥

ਹੇ ਪ੍ਰਭੂ! ਮੈਂ ਜਿਧਰ ਤੱਕਦਾ ਹਾਂ ਉਧਰ ਸਭ ਜੀਵ ਤੇਰੀ ਹੀ ਸਰਨ ਪੈਂਦੇ ਹਨ।

ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ ਤੁਝ ਹੀ ਸਿਉ ਬਣਿ ਆਈ ਹੇ ॥੧੫॥

ਤੂੰ ਹੀ ਉਸ ਦੇ ਮਨ ਵਿਚ ਪਿਆਰਾ ਲੱਗਦਾ ਹੈਂ, (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਤੂੰ ਹੀ ਸੁਖ ਦੇਂਦਾ ਹੈਂ ਤੂੰ ਹੀ ਦੁੱਖ ਦੇਂਦਾ ਹੈਂ ॥੧੫॥

ਅੰਤ ਕਾਲਿ ਕੋ ਬੇਲੀ ਨਾਹੀ ॥

ਜਗਤ ਵਿਚ ਅਖ਼ੀਰਲੇ ਵੇਲੇ ਕੋਈ (ਸਾਕ ਅੰਗ) ਸਾਥੀ ਨਹੀਂ ਬਣ ਸਕਦਾ।

ਗੁਰਮੁਖਿ ਜਾਤਾ ਤੁਧੁ ਸਾਲਾਹੀ ॥

ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਇਸ ਗੱਲ ਨੂੰ) ਸਮਝ ਕੇ ਤੇਰੀ ਹੀ ਸਿਫ਼ਤ-ਸਾਲਾਹ ਕਰਦੇ ਹਨ।

ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੧੬॥੩॥

ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦੇ ਹਨ, ਉਹ ਸਦਾ ਆਪਣੇ ਹਿਰਦੇ-ਘਰ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ ॥੧੬॥੩॥


Raag Maru Bani Page 3

ਮਾਰੂ ਮਹਲਾ ੧ ॥
ਆਦਿ ਜੁਗਾਦੀ ਅਪਰ ਅਪਾਰੇ ॥

ਹੇ ਜੁਗਾਂ ਦੇ ਸ਼ੁਰੂ ਤੋਂ ਮੌਜੂਦ ਪ੍ਰਭੂ! ਹੇ ਅਪਰ ਤੇ ਅਪਾਰ ਹਰੀ!

ਆਦਿ ਨਿਰੰਜਨ ਖਸਮ ਹਮਾਰੇ ॥

ਹੇ ਸਾਰੀ ਰਚਨਾ ਦੇ ਮੂਲ! ਹੇ ਨਿਰੰਜਨ! ਹੇ ਸਾਡੇ ਖਸਮ!

ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ ॥੧॥

ਹੇ ਸਦਾ-ਥਿਰ ਪ੍ਰਭੂ! ਹੇ ਮਿਲਾਪ ਦੀ ਜੁਗਤਿ ਨੂੰ ਵਿਚਾਰਨ ਵਾਲੇ! (ਜਦੋਂ ਤੂੰ ਸੰਸਾਰ ਦੀ ਰਚਨਾ ਨਹੀਂ ਕੀਤੀ ਸੀ) ਤੂੰ ਆਪਣੇ ਆਪ ਵਿਚ ਸਮਾਧੀ ਲਾਈ ਹੋਈ ਸੀ ॥੧॥

ਕੇਤੜਿਆ ਜੁਗ ਧੁੰਧੂਕਾਰੈ ॥

(ਜਗਤ-ਰਚਨਾ ਤੋਂ ਪਹਿਲਾਂ) ਧੁੰਧੂਕਾਰ ਵਿਚ, ਇਕ-ਰਸ ਘੁੱਪ ਹਨੇਰੇ ਵਿਚ ਕਿਤਨੇ ਹੀ ਜੁਗ-

ਤਾੜੀ ਲਾਈ ਸਿਰਜਣਹਾਰੈ ॥

ਉਸ ਸਿਰਜਣਹਾਰ ਨੇ ਸਮਾਧੀ ਲਾ ਰੱਖੀ ਸੀ।

ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥੨॥

ਉਸ ਸਿਰਜਣਹਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਉਹ ਵਡਿਆਈ ਦਾ ਮਾਲਕ ਪ੍ਰਭੂ ਸਦਾ ਟਿਕੇ ਰਹਿਣ ਵਾਲੇ ਤਖ਼ਤ ਉਤੇ ਸਦਾ ਬੈਠਾ ਹੋਇਆ ਹੈ ॥੨॥

ਸਤਜੁਗਿ ਸਤੁ ਸੰਤੋਖੁ ਸਰੀਰਾ ॥

ਜਿਨ੍ਹਾਂ ਪ੍ਰਾਣੀਆਂ ਦੇ ਅੰਦਰ (ਉਸ ਸਿਰਜਣਹਾਰ ਦੀ ਮੇਹਰ ਦਾ ਸਦਕਾ) ਸਤ ਅਤੇ ਸੰਤੋਖ (ਵਾਲਾ ਜੀਵਨ ਉੱਘੜਦਾ) ਹੈ ਉਹ, ਮਾਨੋ, ਸਤਜੁਗ ਵਿਚ (ਵੱਸ ਰਹੇ ਹਨ)।

ਸਤਿ ਸਤਿ ਵਰਤੈ ਗਹਿਰ ਗੰਭੀਰਾ ॥

(ਜਗਤ-ਰਚਨਾ ਕਰ ਕੇ) ਉਹ ਸਦਾ-ਥਿਰ ਰਹਿਣ ਵਾਲਾ, ਡੂੰਘਾ ਤੇ ਵੱਡੇ ਜਿਗਰੇ ਵਾਲਾ ਪ੍ਰਭੂ (ਹਰ ਥਾਂ) ਵਿਆਪਕ ਹੋ ਰਿਹਾ ਹੈ।

ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥੩॥

ਸਦਾ-ਥਿਰ ਰਹਿਣ ਵਾਲਾ ਮਾਲਕ (ਸਭ ਜੀਵਾਂ ਦੀ) ਸਹੀ ਪਰਖ ਕਰਦਾ ਹੈ, ਉਹ ਸ੍ਰਿਸ਼ਟੀ ਦੀ ਕਾਰ ਨੂੰ ਆਪਣੇ ਅਟੱਲ ਹੁਕਮ ਵਿਚ ਚਲਾ ਰਿਹਾ ਹੈ ॥੩॥

ਸਤ ਸੰਤੋਖੀ ਸਤਿਗੁਰੁ ਪੂਰਾ ॥

ਪੂਰਾ ਗੁਰੂ (ਭੀ) ਸਤ ਤੇ ਸੰਤੋਖ ਦਾ ਮਾਲਕ ਹੈ।

ਗੁਰ ਕਾ ਸਬਦੁ ਮਨੇ ਸੋ ਸੂਰਾ ॥

ਜੇਹੜਾ ਮਨੁੱਖ ਗੁਰੂ ਦਾ ਸ਼ਬਦ ਮੰਨਦਾ ਹੈ (ਆਪਣੇ ਹਿਰਦੇ ਵਿਚ ਟਿਕਾਂਦਾ ਹੈ) ਉਹ ਸੂਰਮਾ (ਬਣ ਜਾਂਦਾ) ਹੈ (ਵਿਕਾਰ ਉਸ ਨੂੰ ਜਿੱਤ ਨਹੀਂ ਸਕਦੇ)।

ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥੪॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਸਦਾ ਦਾ ਨਿਵਾਸ ਪ੍ਰਾਪਤ ਕਰ ਲੈਂਦਾ ਹੈ, ਉਹ ਉਸ ਰਜ਼ਾ ਦੇ ਮਾਲਕ ਪ੍ਰਭੂ ਦਾ ਹੁਕਮ ਮੰਨਦਾ ਹੈ ॥੪॥

ਸਤਜੁਗਿ ਸਾਚੁ ਕਹੈ ਸਭੁ ਕੋਈ ॥

ਜੇਹੜਾ ਜੇਹੜਾ ਬੰਦਾ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ, ਮਾਨੋ, ਸਤਜੁਗ ਵਿਚ ਹੈ।

ਸਚਿ ਵਰਤੈ ਸਾਚਾ ਸੋਈ ॥

ਉਹ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਿਆ ਹੋਇਆ ਹੀ ਜਗਤ ਦੀ ਕਾਰ ਕਰਦਾ ਹੈ, ਉਸ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ।

ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥੫॥

ਉਸ ਦੇ ਮਨ ਵਿਚ ਉਸ ਦੇ ਮੂੰਹ ਵਿਚ ਸਦਾ-ਥਿਰ ਪ੍ਰਭੂ (ਦੀ ਯਾਦ) ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਭਟਕਣਾ ਤੇ ਸਹਮ ਦੂਰ ਕਰਨ ਵਾਲਾ ਸਦਾ-ਥਿਰ ਪ੍ਰਭੂ ਉਸ ਦਾ ਸਦਾ ਦਾ ਸਾਥੀ ਬਣ ਜਾਂਦਾ ਹੈ ॥੫॥

ਤ੍ਰੇਤੈ ਧਰਮ ਕਲਾ ਇਕ ਚੂਕੀ ॥

ਜਿਸ ਮਨੁੱਖ ਦੇ ਅੰਦਰੋਂ ਧਰਮ ਦੀ ਇਕ ਤਾਕਤ ਮੁੱਕ ਜਾਂਦੀ ਹੈ,

ਤੀਨਿ ਚਰਣ ਇਕ ਦੁਬਿਧਾ ਸੂਕੀ ॥

ਜਿਸ ਦੇ ਅੰਦਰ ਧਰਮ ਦੇ ਤਿੰਨ ਪੈਰ ਰਹਿ ਜਾਂਦੇ ਹਨ ਤੇ ਮੇਰ-ਤੇਰ ਜ਼ੋਰ ਪਾ ਲੈਂਦੀ ਹੈ ਉਹ, ਮਾਨੋ, ਤ੍ਰੇਤੇ ਜੁਗ ਵਿਚ ਵੱਸ ਰਿਹਾ ਹੈ।

ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥੬॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਮੇਰ-ਤੇਰ ਦੇ) ਅਵੈੜਾ-ਪਨ ਵਿਚ ਖ਼ੁਆਰ ਹੁੰਦਾ ਹੈ, ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ (ਤੇ, ਉਹ, ਮਾਨੋ, ਸਤਜੁਗ ਵਿਚ ਹੈ) ॥੬॥

ਮਨਮੁਖਿ ਕਦੇ ਨ ਦਰਗਹ ਸੀਝੈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਕਦੇ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਹੀਂ ਪਾਂਦਾ,

ਬਿਨੁ ਸਬਦੈ ਕਿਉ ਅੰਤਰੁ ਰੀਝੈ ॥

ਉਸ ਦਾ ਅੰਤਰ ਆਤਮਾ ਕਦੇ ਭੀ (ਸਿਮਰਨ ਦੇ) ਉਤਸ਼ਾਹ ਵਿਚ ਨਹੀਂ ਆਉਂਦਾ।

ਬਾਧੇ ਆਵਹਿ ਬਾਧੇ ਜਾਵਹਿ ਸੋਝੀ ਬੂਝ ਨ ਕਾਈ ਹੇ ॥੭॥

ਅਜੇਹੇ ਬੰਦੇ ਆਪਣੇ ਮਨ ਦੀਆਂ ਵਾਸਨਾ ਵਿਚ ਬੱਝੇ ਹੋਏ ਜਗਤ ਵਿਚ ਆਉਂਦੇ ਹਨ ਤੇ ਬੱਝੇ ਹੋਏ ਹੀ ਇਥੋਂ ਚਲੇ ਜਾਂਦੇ ਹਨ, ਉਹਨਾਂ ਨੂੰ (ਸਹੀ ਜੀਵਨ-ਮਾਰਗ ਦੀ) ਕੋਈ ਸੂਝ ਨਹੀਂ ਹੁੰਦੀ ॥੭॥

ਦਇਆ ਦੁਆਪੁਰਿ ਅਧੀ ਹੋਈ ॥

ਜਿਨ੍ਹਾਂ ਬੰਦਿਆਂ ਦੇ ਅੰਦਰ ਦਇਆ ਅੱਧੀ ਰਹਿ ਗਈ (ਦਇਆ ਦਾ ਪ੍ਰਭਾਵ ਕਮਜ਼ੋਰ ਹੋ ਗਿਆ) ਉਹ, ਮਾਨੋ, ਦੁਆਪੁਰ ਵਿਚ ਵੱਸਦੇ ਹਨ।

ਗੁਰਮੁਖਿ ਵਿਰਲਾ ਚੀਨੈ ਕੋਈ ॥

ਪਰ ਜੇਹੜਾ ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈਂਦਾ ਹੈ ਉਹ (ਜੀਵਨ ਦੇ ਸਹੀ ਰਾਹ ਨੂੰ) ਪਛਾਣਦਾ ਹੈ।

ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥੮॥

ਉਹ ਉਸੇ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਸਦਾ-ਥਿਰ ਪ੍ਰਭੂ ਉਸ ਦੇ ਅੰਦਰ ਪ੍ਰਤੱਖ ਵੱਸਦਾ ਹੈ। (ਨਹੀਂ ਤਾਂ ਦੁਆਪੁਰ ਵਾਲੇ) ਮਨੁੱਖ ਦੇ ਹਿਰਦੇ ਵਿਚ ਧਰਤੀ ਦਾ ਆਸਰਾ ਧਰਮ ਸਿਰਫ਼ ਦੋ ਪੈਰ ਟਿਕਾਂਦਾ ਹੈ (ਭਾਵ, ਉਨ੍ਹਾਂ ਦੇ ਅੰਦਰ ਦੈਵੀ ਸੰਪਤਾ ਤੇ ਆਸੁਰੀ ਸੰਪਤਾ ਇਕੋ ਜਿਹੀ ਹੋ ਗਈ) ॥੮॥

ਰਾਜੇ ਧਰਮੁ ਕਰਹਿ ਪਰਥਾਏ ॥

ਰਾਜੇ ਲੋਕ ਕਿਸੇ ਗ਼ਰਜ਼ ਦੀ ਖ਼ਾਤਰ ਧਰਮ ਕਮਾਂਦੇ ਹਨ,

ਆਸਾ ਬੰਧੇ ਦਾਨੁ ਕਰਾਏ ॥

ਦੁਨੀਆਵੀ ਆਸਾਂ ਦੇ ਬੱਝੇ ਹੋਏ ਦਾਨ-ਪੁੰਨ ਕਰਦੇ ਹਨ (ਇਹ ਸਭ ਕੁਝ ਉਸ ਲਕ-ਟੁੱਟੀ ਦਇਆ ਦੇ ਕਾਰਨ ਹੀ ਕਰਦੇ ਹਨ, ਇਹ ਲੋਕ ਤੇ ਪਰਲੋਕ ਦੋਹਾਂ ਦੇ ਸੁਖ ਹੀ ਭਾਲਦੇ ਹਨ)।

ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥੯॥

(ਦਾਨ-ਪੁੰਨ ਆਦਿਕ ਦੇ) ਕਰਮ ਕਰ ਕੇ ਥੱਕ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਦੇ ਸੁਖਾਂ ਦੀਆਂ ਆਸਾਂ ਤੋਂ) ਉਹਨਾਂ ਨੂੰ ਖ਼ਲਾਸੀ ਨਹੀਂ ਮਿਲਦੀ (ਇਸ ਵਾਸਤੇ ਆਤਮਕ ਆਨੰਦ ਨਹੀਂ ਮਿਲਦਾ) ॥੯॥

ਕਰਮ ਧਰਮ ਕਰਿ ਮੁਕਤਿ ਮੰਗਾਹੀ ॥

(ਦੁਆਪੁਰ ਵਾਲੇ ਮਨੁੱਖ ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ।

ਮੁਕਤਿ ਪਦਾਰਥੁ ਸਬਦਿ ਸਲਾਹੀ ॥

ਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਹੀ ਮਿਲਦਾ ਹੈ।

ਬਿਨੁ ਗੁਰਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥੧੦॥

(ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ। ਪਰ ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ (ਦੁਆਪੁਰ ਵਾਲੇ) ਜੀਵਾਂ ਨੂੰ ਅਜਬ ਭੁਲੇਖੇ ਵਿਚ ਪਾਇਆ ਹੋਇਆ ਹੈ ॥੧੦॥

ਮਾਇਆ ਮਮਤਾ ਛੋਡੀ ਨ ਜਾਈ ॥

(ਸਮਾ ਕੋਈ ਭੀ ਹੋਵੇ) ਮਾਇਆ ਦੀ ਅਪਣੱਤ ਛੱਡੀ ਨਹੀਂ ਜਾ ਸਕਦੀ।

ਸੇ ਛੂਟੇ ਸਚੁ ਕਾਰ ਕਮਾਈ ॥

ਸਿਰਫ਼ ਉਹੀ ਬੰਦੇ (ਇਸ ਮਮਤਾ ਦੇ ਪੰਜੇ ਵਿਚੋਂ) ਖ਼ਲਾਸੀ ਪਾਂਦੇ ਹਨ ਜੇਹੜੇ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ,

ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥੧੧॥

ਜੇਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਜੇਹੜੇ ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਤੇ (ਇਸ ਤਰ੍ਹਾਂ) ਜਿਨ੍ਹਾਂ ਦੀ ਪ੍ਰੀਤ ਮਾਲਕ-ਪ੍ਰਭੂ ਨਾਲ ਬਣੀ ਰਹਿੰਦੀ ਹੈ ॥੧੧॥

ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥

ਹੇ ਪ੍ਰਭੂ! ਅਨੇਕਾਂ ਬੰਦੇ ਐਸੇ ਹਨ ਜੋ ਜਪ ਕਰਦੇ ਹਨ ਤਪ ਤਾਪਦੇ ਹਨ ਤੀਰਥਾਂ ਤੇ ਜਾਂਦੇ ਹਨ (ਤੇ ਇਸ ਤਰ੍ਹਾਂ ਇਸ ਲੋਕ ਵਿਚ ਤੇ ਪਰਲੋਕ ਵਿਚ ਇੱਜ਼ਤ ਹਾਸਲ ਕਰਨੀ ਚਾਹੁੰਦੇ ਹਨ)।

ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥

(ਪਰ ਹੇ ਪ੍ਰਭੂ! ਉਹਨਾਂ ਦੇ ਭੀ ਕੀਹ ਵੱਸ?) ਜਿਵੇਂ ਤੇਰੀ ਰਜ਼ਾ ਹੈ ਤੂੰ ਉਹਨਾਂ ਨੂੰ ਇਸ ਰਾਹੇ ਤੋਰ ਰਿਹਾ ਹੈਂ।

ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥੧੨॥

(ਉਹ ਵਿਚਾਰੇ ਨਹੀਂ ਸਮਝਦੇ ਕਿ) ਧੱਕੇ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ ਕੀਤਿਆਂ ਇਹ ਕਦੇ ਨ ਪਤੀਜਣ ਵਾਲਾ ਮਨ ਤੇਰੇ ਨਾਮ-ਰਸ ਵਿਚ ਗਿੱਝ ਨਹੀਂ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਕਦੇ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਨਹੀਂ ਪ੍ਰਾਪਤ ਕੀਤੀ (ਸਮੇ ਤੇ ਜੁਗ ਦਾ ਨਾਮ ਚਾਹੇ ਕੁਝ ਪਿਆ ਹੋਵੇ) ॥੧੨॥

ਕਲੀ ਕਾਲ ਮਹਿ ਇਕ ਕਲ ਰਾਖੀ ॥

(ਜੇ ਧਰਮ-ਸੱਤਿਆ ਦੇ ਚਾਰ ਹਿੱਸੇ ਕਰ ਦਿੱਤੇ ਜਾਣ ਤੇ ਜੇ ਕਿਸੇ ਮਨੁੱਖ ਦੇ ਅੰਦਰ) ਧਰਮ ਦੀ ਇਕੋ ਸਤਿਆ ਰਹਿ ਜਾਏ ਤਾਂ ਉਹ ਮਨੁੱਖ, ਮਾਨੋ, ਕਲਿਜੁਗ ਵਿਚ ਵੱਸਦਾ ਹੈ,

ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥

ਪਰ ਪੂਰੇ ਗੁਰੂ ਤੋਂ ਬਿਨਾ ਕਦੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ।

ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥੧੩॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਹੀ ਆਪਣਾ ਜ਼ੋਰ ਪਾਈ ਰੱਖਦਾ ਹੈ (ਉਸ ਦੇ ਅੰਦਰ ਸਦਾ ਮਾਇਆ ਦੀ ਭਟਕਣਾ ਬਣੀ ਰਹਿੰਦੀ ਹੈ) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧੩॥

ਸਤਿਗੁਰੁ ਵੇਪਰਵਾਹੁ ਸਿਰੰਦਾ ॥

ਸਤਿਗੁਰੂ ਸਿਰਜਣਹਾਰ ਦਾ ਰੂਪ ਹੈ, ਗੁਰੂ ਦੁਨੀਆ ਦੀਆਂ ਗ਼ਰਜ਼ਾਂ ਤੋਂ ਬਹੁਤ ਉੱਚਾ ਹੈ,

ਨਾ ਜਮ ਕਾਣਿ ਨ ਛੰਦਾ ਬੰਦਾ ॥

ਗੁਰੂ ਨੂੰ ਜਮ ਦਾ ਡਰ ਨਹੀਂ, ਗੁਰੂ ਨੂੰ ਦੁਨੀਆ ਦੇ ਬੰਦਿਆਂ ਦੀ ਮੁਥਾਜੀ ਨਹੀਂ।

ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥੧੪॥

ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਨਾਸ-ਰਹਿਤ ਹੋ ਜਾਂਦਾ ਹੈ (ਉਸ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ) ਮੌਤ ਦਾ ਡਰ ਉਸ ਨੂੰ ਕਦੇ ਨਹੀਂ ਸਤਾਂਦਾ ॥੧੪॥

ਗੁਰ ਮਹਿ ਆਪੁ ਰਖਿਆ ਕਰਤਾਰੇ ॥

ਕਰਤਾਰ ਨੇ ਆਪਣਾ ਆਪ ਗੁਰੂ ਵਿਚ ਲੁਕਾ ਰੱਖਿਆ ਹੈ,

ਗੁਰਮੁਖਿ ਕੋਟਿ ਅਸੰਖ ਉਧਾਰੇ ॥

ਉਹ ਕਰਤਾਰ ਗੁਰੂ ਦੀ ਰਾਹੀਂ ਕ੍ਰੋੜਾਂ ਤੇ ਅਸੰਖਾਂ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।

ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥੧੫॥

ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ (ਮਾਇਆ-ਮੋਹ ਆਦਿਕ ਦੀ) ਕੋਈ ਮੈਲ ਨਹੀਂ ਲੱਗ ਸਕਦੀ ॥੧੫॥

ਸਗਲੇ ਜਾਚਹਿ ਗੁਰ ਭੰਡਾਰੀ ॥

ਸਾਰੇ ਜੀਵ ਗੁਰੂ ਦੇ ਖ਼ਜ਼ਾਨੇ ਵਿਚੋਂ (ਉਸ ਪ੍ਰਭੂ ਦਾ ਨਾਮ) ਮੰਗਦੇ ਹਨ,

ਆਪਿ ਨਿਰੰਜਨੁ ਅਲਖ ਅਪਾਰੀ ॥

ਜੋ ਆਪ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਜੋ ਅਲੱਖ ਹੈ ਤੇ ਬੇਅੰਤ ਹੈ।

ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥

ਹੇ ਰਜ਼ਾ ਦੇ ਮਾਲਕ ਪ੍ਰਭੂ! ਨਾਨਕ (ਭੀ ਗੁਰੂ ਦੇ ਦਰ ਤੇ ਪੈ ਕੇ) ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ ਤੇ ਮੰਗਦਾ ਹੈ ਕਿ ਮੈਨੂੰ ਆਪਣੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਦਾਤ ਦੇਹ ॥੧੬॥੪॥


Raag Maru Bani Page 3

ਮਾਰੂ ਮਹਲਾ ੧ ॥
ਸਾਚੈ ਮੇਲੇ ਸਬਦਿ ਮਿਲਾਏ ॥

ਸਦਾ-ਥਿਰ ਪ੍ਰਭੂ ਨੇ ਜਿਨ੍ਹਾਂ ਬੰਦਿਆਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜਿਆ,

ਜਾ ਤਿਸੁ ਭਾਣਾ ਸਹਜਿ ਸਮਾਏ ॥

ਤਾਂ ਜਦੋਂ ਉਸ ਨੂੰ ਚੰਗਾ ਲੱਗਾ, ਉਹ ਬੰਦੇ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਏ।

ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥੧॥

ਪਰਮੇਸਰ ਨੇ ਆਪਣੀ ਜੋਤਿ ਤਿੰਨਾਂ ਭਵਨਾਂ ਵਿਚ ਟਿਕਾ ਰੱਖੀ ਹੈ; ਹੇ ਭਾਈ! ਕੋਈ ਹੋਰ ਉਸ ਪ੍ਰਭੂ ਵਰਗਾ ਨਹੀਂ ਹੈ ॥੧॥

ਜਿਸ ਕੇ ਚਾਕਰ ਤਿਸ ਕੀ ਸੇਵਾ ॥

ਜਦੋਂ ਉਸ ਪ੍ਰਭੂ ਦੇ ਸੇਵਕ ਬਣ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,

ਸਬਦਿ ਪਤੀਜੈ ਅਲਖ ਅਭੇਵਾ ॥

ਜਦੋਂ (ਭਗਤ ਜਨ) ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹ ਅਲੱਖ ਅਤੇ ਅਭੇਵ ਪ੍ਰਭੂ (ਉਹਨਾਂ ਦੀ ਇਸ ਘਾਲ ਤੇ) ਪ੍ਰਸੰਨ ਹੁੰਦਾ ਹੈ।

ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥੨॥

ਕਰਤਾਰ ਆਪਣੇ ਭਗਤਾਂ ਵਿਚ ਆਤਮਕ ਗੁਣ ਪੈਦਾ ਕਰਦਾ ਹੈ, ਆਪ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ ਵਡਿਆਈ ਦੇਂਦਾ ਹੈ ॥੨॥

ਦੇਦੇ ਤੋਟਿ ਨ ਆਵੈ ਸਾਚੇ ॥

(ਜੀਵਾਂ ਨੂੰ ਦਾਤਾਂ) ਦੇ ਦੇ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਭੰਡਾਰਿਆਂ ਵਿਚ) ਘਾਟਾ ਨਹੀਂ ਪੈਂਦਾ,

ਲੈ ਲੈ ਮੁਕਰਿ ਪਉਦੇ ਕਾਚੇ ॥

ਪਰ ਥੋੜ੍ਹ-ਵਿਤੇ ਜੀਵ ਦਾਤਾਂ ਲੈ ਲੈ ਕੇ (ਭੀ) ਮੁੱਕਰ ਜਾਂਦੇ ਹਨ,

ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ ॥੩॥

(ਆਪਣੇ ਜੀਵਨ ਦੇ) ਮੂਲ-ਪ੍ਰਭੂ (ਦੇ ਖੁਲ੍ਹ-ਦਿਲੇ ਸੁਭਾਉ) ਨੂੰ ਨਹੀਂ ਸਮਝਦੇ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਨ ਲਈ ਜੀਵਾਂ ਨੂੰ ਰੀਝ ਪੈਦਾ ਨਹੀਂ ਹੁੰਦੀ, ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਭਟਕ ਕੇ ਕੁਰਾਹੇ ਪਏ ਰਹਿੰਦੇ ਹਨ ॥੩॥

ਗੁਰਮੁਖਿ ਜਾਗਿ ਰਹੇ ਦਿਨ ਰਾਤੀ ॥

ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਹਰ ਵੇਲੇ ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ।

ਸਾਚੇ ਕੀ ਲਿਵ ਗੁਰਮਤਿ ਜਾਤੀ ॥

ਗੁਰੂ ਦੀ ਸਿੱਖਿਆ ਲੈ ਕੇ ਉਹ ਸਦਾ-ਥਿਰ ਪ੍ਰਭੂ ਦੀ ਲਗਨ (ਦਾ ਆਨੰਦ) ਪਛਾਣ ਲੈਂਦੇ ਹਨ।

ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥੪॥

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਆਪਣੇ ਆਤਮਕ ਜੀਵਨ ਦੀ ਪੂੰਜੀ ਨੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਕੇ ਰੱਖਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਟਿਕੇ ਰਹਿੰਦੇ ਹਨ, ਤੇ ਆਤਮਕ ਗੁਣਾਂ ਦਾ ਸਰਮਾਇਆ ਲੁਟਾ ਬੈਠਦੇ ਹਨ ॥੪॥

ਕੂੜੇ ਆਵੈ ਕੂੜੇ ਜਾਵੈ ॥

ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਗ੍ਰਸੀ ਹੀ ਜੰਮਦੀ ਹੈ, ਮਾਇਆ ਦੇ ਮੋਹ ਵਿਚ ਫਸੀ ਹੀ ਦੁਨੀਆ ਤੋਂ ਚਲੀ ਜਾਂਦੀ ਹੈ,

ਕੂੜੇ ਰਾਤੀ ਕੂੜੁ ਕਮਾਵੈ ॥

ਜੇਹੜੀ ਮਾਇਆ ਦੇ ਮੋਹ ਦੇ ਰੰਗ ਵਿਚ ਰੰਗੀ ਰਹਿੰਦੀ ਹੈ। ਉਹ ਇਥੇ ਸਦਾ ਮਾਇਆ ਦੇ ਮੋਹ ਦਾ ਹੀ ਵਣਜ ਕਰਦੀ ਹੈ।

ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ ॥੫॥

ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਦੀ ਸੁਰਤ (ਪ੍ਰਭੂ ਦੀ ਯਾਦ ਵਿਚ) ਟਿਕੀ ਰਹਿੰਦੀ ਹੈ ॥੫॥

ਕੂੜਿ ਮੁਠੀ ਠਗੀ ਠਗਵਾੜੀ ॥

ਜੇਹੜੀ ਜੀਵ-ਇਸਤ੍ਰੀ ਮਾਇਆ ਦੀ ਤ੍ਰਿਸ਼ਨਾ ਵਿਚ ਮੋਹੀ ਰਹਿੰਦੀ ਹੈ ਉਸ ਦੇ ਆਤਮਕ ਜੀਵਨ ਦੀ ਬਗ਼ੀਚੀ ਨੂੰ ਕਾਮਾਦਿਕ ਠੱਗ ਠੱਗ ਲੈਂਦੇ ਹਨ,

ਜਿਉ ਵਾੜੀ ਓਜਾੜਿ ਉਜਾੜੀ ॥

ਜਿਵੇਂ ਕੋਈ ਫੁਲਵਾੜੀ ਕਿਤੇ ਉਜਾੜ ਵਿਚ (ਨਿਖਸਮੀ ਹੋਣ ਕਰਕੇ) ਉੱਜੜ ਜਾਂਦੀ ਹੈ।

ਨਾਮ ਬਿਨਾ ਕਿਛੁ ਸਾਦਿ ਨ ਲਾਗੈ ਹਰਿ ਬਿਸਰਿਐ ਦੁਖੁ ਪਾਈ ਹੇ ॥੬॥

(ਭਾਵੇਂ ਉਹ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, ਫਿਰ ਭੀ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਖਿੱਚ ਸੁਆਦਲੀ ਨਹੀਂ ਲੱਗ ਸਕਦੀ, ਪ੍ਰਭੂ ਦਾ ਨਾਮ ਭੁੱਲਣ ਕਰਕੇ ਉਹ ਸਦਾ ਦੁੱਖ ਹੀ ਪਾਂਦੀ ਹੈ ॥੬॥

ਭੋਜਨੁ ਸਾਚੁ ਮਿਲੈ ਆਘਾਈ ॥

ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ (ਆਤਮਕ ਜ਼ਿੰਦਗੀ ਵਾਸਤੇ) ਭੋਜਨ ਮਿਲਦਾ ਹੈ, ਉਹ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।

ਨਾਮ ਰਤਨੁ ਸਾਚੀ ਵਡਿਆਈ ॥

ਜਿਸ ਨੂੰ ਪਰਮਾਤਮਾ ਦਾ ਨਾਮ-ਰਤਨ ਲੱਭ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਸਦਾ-ਥਿਰ ਰਹਿਣ ਵਾਲੀ ਇੱਜ਼ਤ ਮਿਲਦੀ ਹੈ।

ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥

ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹੀ (ਆਪਣੇ ਜੀਵਨ-ਮਨੋਰਥ ਨੂੰ) ਪਛਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥

ਨਾਵਹੁ ਭੁਲੀ ਚੋਟਾ ਖਾਏ ॥

ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਖੁੰਝੀ ਰਹਿੰਦੀ ਹੈ ਉਹ ਦੁੱਖ ਸਹਾਰਦੀ ਹੈ।

ਬਹੁਤੁ ਸਿਆਣਪ ਭਰਮੁ ਨ ਜਾਏ ॥

(ਦੁਨੀਆ ਦੇ ਕੰਮਾਂ ਵਿਚ ਭਾਵੇਂ ਉਹ) ਬਹੁਤ ਸਿਆਣਪ (ਵਿਖਾਵੇ), ਉਸ ਦੀ (ਮਾਇਆ ਦੀ) ਭਟਕਣਾ ਦੂਰ ਨਹੀਂ ਹੁੰਦੀ।

ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥

ਜੇਹੜੇ ਬੰਦੇ ਪਰਮਾਤਮਾ ਦੀ ਯਾਦ ਵਲੋਂ ਅਵੇਸਲੇ ਰਹਿੰਦੇ ਹਨ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, (ਉਹ ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਹਨ, ਉਹ (ਮੋਹ ਦੇ) ਬਹੁਤ ਹੀ ਭਾਰੇ ਬੋਝ ਹੇਠ ਲੱਦੇ ਰਹਿੰਦੇ ਹਨ ॥੮॥

ਬਿਨੁ ਬਾਦ ਬਿਰੋਧਹਿ ਕੋਈ ਨਾਹੀ ॥

(ਮਾਇਆ ਦੇ ਮੋਹ ਵਿਚ ਫਸਿਆਂ ਦਾ ਜਿਧਰ ਕਿਧਰ ਭੀ ਹਾਲ ਵੇਖੋ) ਝਗੜਿਆਂ ਤੋਂ ਵਿਰੋਧ ਤੋਂ ਕੋਈ ਭੀ ਖ਼ਾਲੀ ਨਹੀਂ ਹੈ,

ਮੈ ਦੇਖਾਲਿਹੁ ਤਿਸੁ ਸਾਲਾਹੀ ॥

(ਤੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ) ਮੈਨੂੰ ਕੋਈ ਐਸਾ ਵਿਖਾਓ, ਮੈਂ ਉਸ ਦਾ ਸਤਕਾਰ ਕਰਦਾ ਹਾਂ।

ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ ॥੯॥

ਆਪਣਾ ਮਨ ਤੇ ਸਰੀਰ ਭੇਟਾ ਕੀਤਿਆਂ ਹੀ (ਭਾਵ, ਆਪਣੇ ਮਨ ਦੀ ਅਗਵਾਈ ਤੇ ਗਿਆਨ-ਇੰਦ੍ਰਿਆਂ ਦੀ ਭਟਕਣਾ ਛੱਡਿਆਂ ਹੀ) ਜਗਤ ਦਾ ਜੀਵਨ ਪਰਮਾਤਮਾ ਮਿਲਦਾ ਹੈ, ਤਦੋਂ ਹੀ ਉਸ ਨਾਲ ਸਾਂਝ ਬਣਦੀ ਹੈ ॥੯॥

ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ ॥

ਕੋਈ ਆਦਮੀ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ।

ਜੇ ਕੋ ਵਡਾ ਕਹਾਇ ਵਡਾਈ ਖਾਵੈ ॥

ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਕੇ (ਇਹ ਮਾਣ ਕਰੇ ਕਿ ਮੈਂ ਪ੍ਰਭੂ ਦੀ ਗਤਿ ਮਿਤਿ ਲੱਭ ਸਕਦਾ ਹਾਂ ਤਾਂ ਇਹ) ਮਾਣ ਉਸ ਦੇ ਆਤਮਕ ਜੀਵਨ ਨੂੰ ਤਬਾਹ ਕਰ ਦੇਂਦਾ ਹੈ।

ਸਾਚੇ ਸਾਹਿਬ ਤੋਟਿ ਨ ਦਾਤੀ ਸਗਲੀ ਤਿਨਹਿ ਉਪਾਈ ਹੇ ॥੧੦॥

ਸਾਰੀ ਸ੍ਰਿਸ਼ਟੀ ਸਦਾ-ਥਿਰ ਰਹਿਣ ਵਾਲੇ ਮਾਲਕ ਨੇ ਪੈਦਾ ਕੀਤੀ ਹੈ (ਸਭ ਨੂੰ ਦਾਤਾਂ ਦੇਂਦਾ ਹੈ, ਪਰ ਉਸ ਦੀਆਂ) ਦਾਤਾਂ ਵਿਚ ਕਮੀ ਨਹੀਂ ਹੁੰਦੀ ॥੧੦॥

ਵਡੀ ਵਡਿਆਈ ਵੇਪਰਵਾਹੇ ॥

(ਪਰਮਾਤਮਾ ਦੀ ਇਹ ਇਕ) ਬੜੀ ਭਾਰੀ ਸਿਫ਼ਤ ਹੈ ਕਿ (ਇਤਨੇ ਵੱਡੇ ਜਗਤ-ਪਰਵਾਰ ਦਾ ਮਾਲਕ-ਖਸਮ ਹੋ ਕੇ ਭੀ) ਬੇ-ਪਰਵਾਹ ਹੈ (ਪ੍ਰਬੰਧ ਕਰਨ ਵਿਚ ਘਬਰਾਂਦਾ ਨਹੀਂ),

ਆਪਿ ਉਪਾਏ ਦਾਨੁ ਸਮਾਹੇ ॥

ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ।

ਆਪਿ ਦਇਆਲੁ ਦੂਰਿ ਨਹੀ ਦਾਤਾ ਮਿਲਿਆ ਸਹਜਿ ਰਜਾਈ ਹੇ ॥੧੧॥

ਸਭ ਦਾਤਾਂ ਦਾ ਮਾਲਕ ਪ੍ਰਭੂ ਦਇਆ ਦਾ ਸੋਮਾ ਹੈ, ਕਿਸੇ ਭੀ ਜੀਵ ਤੋਂ ਦੂਰ ਨਹੀਂ ਹੈ, ਉਹ ਰਜ਼ਾ ਦਾ ਮਾਲਕ ਜਿਸ ਜੀਵ ਨੂੰ ਮਿਲ ਪੈਂਦਾ ਹੈ ਉਹ (ਭੀ) ਆਤਮਕ ਅਡਲੋਤਾ ਵਿਚ ਟਿਕ ਜਾਂਦਾ ਹੈ ॥੧੧॥

ਇਕਿ ਸੋਗੀ ਇਕਿ ਰੋਗਿ ਵਿਆਪੇ ॥

(ਸ੍ਰਿਸ਼ਟੀ ਦੇ) ਅਨੇਕਾਂ ਜੀਵ ਸੋਗ ਵਿਚ ਗ੍ਰਸੇ ਰਹਿੰਦੇ ਹਨ, ਅਨੇਕਾਂ ਜੀਵ ਰੋਗ ਹੇਠ ਦਬਾਏ ਰਹਿੰਦੇ ਹਨ।

ਜੋ ਕਿਛੁ ਕਰੇ ਸੁ ਆਪੇ ਆਪੇ ॥

ਜੋ ਕੁਝ ਕਰਦਾ ਹੈ ਪ੍ਰਭੂ ਆਪ ਹੀ ਆਪ ਕਰਦਾ ਹੈ।

ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥੧੨॥

ਜੋ ਮਨੁੱਖ ਗੁਰੂ ਦੀ ਪੂਰੀ ਮੱਤ ਦੀ ਰਾਹੀਂ ਪਰਮਾਤਮਾ ਦੀ ਭਗਤੀ ਕਰਦਾ ਹੈ ਪਰਮਾਤਮਾ ਨਾਲ ਪ੍ਰੇਮ ਗੰਢਦਾ ਹੈ, ਉਹ ਉਸ ਅਮਰ ਪ੍ਰਭੂ ਵਿਚ ਲੀਨ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਉਸ ਨੂੰ ਆਪਣਾ ਆਪ ਲਖਾ ਦੇਂਦਾ ਹੈ (ਤੇ ਉਸ ਨੂੰ ਕੋਈ ਸੋਗ ਕੋਈ ਰੋਗ ਨਹੀਂ ਵਿਆਪਦਾ) ॥੧੨॥

ਇਕਿ ਨਾਗੇ ਭੂਖੇ ਭਵਹਿ ਭਵਾਏ ॥

ਅਨੇਕਾਂ ਬੰਦੇ (ਜਗਤ ਤਿਆਗ ਕੇ) ਨੰਗੇ ਰਹਿੰਦੇ ਹਨ, ਭੁੱਖਾਂ ਕੱਟਦੇ ਹਨ (ਤਿਆਗ ਦੇ ਭੁਲੇਖੇ ਦੇ) ਭਟਕਾਏ ਹੋਏ (ਥਾਂ ਥਾਂ) ਭੌਂਦੇ ਫਿਰਦੇ ਹਨ।

ਇਕਿ ਹਠੁ ਕਰਿ ਮਰਹਿ ਨ ਕੀਮਤਿ ਪਾਏ ॥

ਅਨੇਕਾਂ ਬੰਦੇ (ਕਿਸੇ ਮਿਥੀ ਆਤਮਕ ਉੱਨਤੀ ਦੀ ਪ੍ਰਾਪਤੀ ਦੀ ਖ਼ਾਤਰ) ਆਪਣੇ ਸਰੀਰ ਉਤੇ ਧੱਕਾ-ਜ਼ੋਰ ਕਰ ਕੇ ਮਰਦੇ ਹਨ। ਪਰ ਅਜੇਹਾ ਕੋਈ ਮਨੁੱਖ (ਮਨੁੱਖਾ ਜੀਵਨ ਦੀ) ਕਦਰ ਨਹੀਂ ਸਮਝਦਾ।

ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ ॥੧੩॥

ਅਜੇਹੇ ਕਿਸੇ ਬੰਦੇ ਨੂੰ ਚੰਗੇ ਮੰਦੇ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ। ਉਹੀ ਬੰਦਾ ਸਮਝਦਾ ਹੈ ਜੋ ਗੁਰੂ ਦਾ ਸ਼ਬਦ ਕਮਾਂਦਾ ਹੈ (ਜੋ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ) ॥੧੩॥

ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥

ਅਨੇਕਾਂ ਬੰਦੇ (ਜਗਤ ਤਿਆਗ ਕੇ) ਤੀਰਥ (ਤੀਰਥਾਂ) ਉਤੇ ਇਸ਼ਨਾਨ ਕਰਦੇ ਹਨ, ਤੇ ਅੰਨ ਨਹੀਂ ਖਾਂਦੇ (ਦੁਧਾਧਾਰੀ ਬਣਦੇ ਹਨ)।

ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥

ਅਨੇਕਾਂ ਬੰਦੇ (ਤਿਆਗੀ ਬਣ ਕੇ) ਅੱਗ ਬਾਲਦੇ ਹਨ (ਧੂਣੀਆਂ ਤਪਾਂਦੇ ਹਨ ਤੇ) ਆਪਣੇ ਸਰੀਰ ਨੂੰ (ਤਪਾਂ ਦਾ) ਕਸ਼ਟ ਦੇਂਦੇ ਹਨ।

ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥

ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਮਿਲਦੀ। ਸਿਮਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ ॥੧੪॥

ਗੁਰਮਤਿ ਛੋਡਹਿ ਉਝੜਿ ਜਾਈ ॥

(ਕਈ ਬੰਦੇ ਐਸੇ ਹਨ ਜੋ) ਔਝੜੇ ਜਾ ਕੇ ਗੁਰੂ ਦੀ ਮੱਤ ਤੇ ਤੁਰਨਾ ਛੱਡ ਦੇਂਦੇ ਹਨ।

ਮਨਮੁਖਿ ਰਾਮੁ ਨ ਜਪੈ ਅਵਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਵੈੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ।

ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥੧੫॥

ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਬੰਦੇ (ਨਿਰਾ) ਮਾਇਆ ਦਾ ਧੰਧਾ ਹੀ ਕਰਦੇ ਰਹਿੰਦੇ ਹਨ, ਅਜੇਹੇ ਬੰਦੇ ਖ਼ੁਆਰ ਹੋ ਹੋ ਕੇ (ਮਾਇਆ ਦੇ ਮੋਹ ਦੇ ਸਮੁੰਦਰ ਵਿਚ ਹੀ) ਗੋਤੇ ਖਾਂਦੇ ਰਹਿੰਦੇ ਹਨ (ਮਾਇਆ ਦੇ ਮੋਹ ਦੇ) ਝੂਠੇ ਧੰਧੇ ਵਿਚ (ਫਸੇ ਰਹਿਣ ਕਰਕੇ) ਆਤਮਕ ਮੌਤ ਉਹਨਾਂ ਦੀ ਵੈਰਨ ਬਣ ਜਾਂਦੀ ਹੈ ॥੧੫॥

ਹੁਕਮੇ ਆਵੈ ਹੁਕਮੇ ਜਾਵੈ ॥

ਹਰੇਕ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਹੀ (ਜਗਤ ਵਿਚ) ਆਉਂਦਾ ਹੈ, ਉਸ ਦੇ ਹੁਕਮ ਅਨੁਸਾਰ (ਇਥੋਂ) ਚਲਾ ਜਾਂਦਾ ਹੈ।

ਬੂਝੈ ਹੁਕਮੁ ਸੋ ਸਾਚਿ ਸਮਾਵੈ ॥

ਜੇਹੜਾ ਜੀਵ ਉਸ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।

ਨਾਨਕ ਸਾਚੁ ਮਿਲੈ ਮਨਿ ਭਾਵੈ ਗੁਰਮੁਖਿ ਕਾਰ ਕਮਾਈ ਹੇ ॥੧੬॥੫॥

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ) ਕਾਰ ਕਰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ॥੧੬॥੫॥


Raag Maru Bani Page 3

ਮਾਰੂ ਮਹਲਾ ੧ ॥
ਆਪੇ ਕਰਤਾ ਪੁਰਖੁ ਬਿਧਾਤਾ ॥

ਕਰਤਾਰ ਆਪ ਹੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਇਸ ਵਿਚ ਵਿਆਪਕ ਹੈ।

ਜਿਨਿ ਆਪੇ ਆਪਿ ਉਪਾਇ ਪਛਾਤਾ ॥

ਉਸ ਕਰਤਾਰ ਨੇ ਆਪ ਹੀ ਜਗਤ ਪੈਦਾ ਕਰ ਕੇ ਇਸ ਦੀ ਸੰਭਾਲ ਦਾ ਫ਼ਰਜ਼ ਭੀ ਪਛਾਣਿਆ ਹੈ।

ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸਟਿ ਉਪਾਈ ਹੇ ॥੧॥

ਪ੍ਰਭੂ ਆਪ ਹੀ ਸਤਿਗੁਰੂ ਹੈ ਆਪ ਹੀ ਸੇਵਕ ਹੈ, ਪ੍ਰਭੂ ਨੇ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ॥੧॥

ਆਪੇ ਨੇੜੈ ਨਾਹੀ ਦੂਰੇ ॥

(ਸਰਬ-ਵਿਆਪਕ ਹੋਣ ਕਰਕੇ ਪ੍ਰਭੂ) ਆਪ ਹੀ (ਹਰੇਕ ਜੀਵ ਦੇ) ਨੇੜੇ ਹੈ ਕਿਸੇ ਤੋਂ ਭੀ ਦੂਰ ਨਹੀਂ।

ਬੂਝਹਿ ਗੁਰਮੁਖਿ ਸੇ ਜਨ ਪੂਰੇ ॥

ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਭੇਦ ਸਮਝ ਲੈਂਦੇ ਹਨ ਉਹ ਅਭੁੱਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।

ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ ॥੨॥

ਗੁਰੂ ਦੀ ਸੰਗਤ ਕਰਨ ਕਰਕੇ ਉਹਨਾਂ ਨੂੰ ਇਹ ਮਹੱਤਤਾ ਮਿਲਦੀ ਹੈ ਕਿ ਉਹਨਾਂ ਦੀ ਸੰਗਤ ਤੋਂ ਭੀ ਦਿਨ ਰਾਤ ਲਾਭ ਹੀ ਲਾਭ ਮਿਲਦਾ ਹੈ ॥੨॥

ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥

ਹੇ ਪ੍ਰਭੂ! ਹਰੇਕ ਜੁਗ ਵਿਚ ਤੇਰੇ ਸੰਤ ਨੇਕ ਬੰਦੇ ਹੁੰਦੇ ਹਨ,

ਹਰਿ ਗੁਣ ਗਾਵਹਿ ਰਸਨ ਰਸੇਰੇ ॥

ਉਹ ਜੀਭ ਨਾਲ ਰਸ ਲੈ ਕੇ ਤੇਰੇ ਗੁਣ ਗਾਂਦੇ ਹਨ।

ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ ਜਿਨ ਨਾਹੀ ਚਿੰਤ ਪਰਾਈ ਹੇ ॥੩॥

ਤੈਥੋਂ ਬਿਨਾ ਉਹਨਾਂ ਨੂੰ ਕਿਸੇ ਹੋਰ ਦੀ ਆਸ ਨਹੀਂ ਹੁੰਦੀ, ਹੇ ਪ੍ਰਭੂ! ਉਹ ਤੇਰੀ ਸਿਫ਼ਤ-ਸਾਲਾਹ ਕਰਦੇ ਹਨ (ਆਪਣੇ ਅੰਦਰੋਂ) ਦੁੱਖ ਦਰਿੱਦ੍ਰ ਦੂਰ ਕਰ ਲੈਂਦੇ ਹਨ ॥੩॥

ਓਇ ਜਾਗਤ ਰਹਹਿ ਨ ਸੂਤੇ ਦੀਸਹਿ ॥

ਉਹ (ਸੰਤ ਜਨ ਮਾਇਆ ਦੇ ਹੱਲਿਆਂ ਵਲੋਂ ਸਦਾ) ਸੁਚੇਤ ਰਹਿੰਦੇ ਹਨ, ਉਹ ਗ਼ਫ਼ਲਤ ਦੀ ਨੀਂਦ ਵਿਚ ਕਦੇ ਭੀ ਸੁੱਤੇ ਨਹੀਂ ਦਿੱਸਦੇ।

ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥

ਉਹਨਾਂ ਦੀ ਸੰਗਤ ਅਨੇਕਾਂ ਕੁਲਾਂ ਤਾਰ ਦੇਂਦੀ ਹੈ ਕਿਉਂਕਿ ਉਹ ਸਭ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਵੰਡਦੇ ਹਨ।

ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥

(ਉਹਨਾਂ ਦੇ ਅੰਦਰ) ਪਾਪਾਂ ਦੀ ਮੈਲ (ਰਤਾ ਭੀ) ਨਹੀਂ ਹੁੰਦੀ, ਉਹ ਪਵਿੱਤ੍ਰ ਜੀਵਨ ਵਾਲੇ ਹੁੰਦੇ ਹਨ, ਉਹ ਪ੍ਰਭੂ ਦੀ ਭਗਤੀ ਵਿਚ ਰੁੱਝੇ ਰਹਿੰਦੇ ਹਨ, ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ ॥੪॥

ਬੂਝਹੁ ਹਰਿ ਜਨ ਸਤਿਗੁਰ ਬਾਣੀ ॥

ਹੇ ਪ੍ਰਾਣੀਹੋ! ਹਰੀ-ਜਨਾਂ ਦੀ ਸੰਗਤ ਵਿਚ ਰਹਿ ਕੇ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ (ਇਹ ਪੱਕੀ ਗੱਲ) ਸਮਝ ਲਵੋ,

ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥

ਕਿ ਇਹ ਜੁਆਨੀ ਇਹ ਸੁਆਸ ਇਹ ਸਰੀਰ ਸਭ ਪੁਰਾਣੇ ਹੋ ਜਾਣ ਵਾਲੇ ਹਨ।

ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥

ਹੇ ਪ੍ਰਾਣੀ! (ਜੇਹੜਾ ਭੀ ਜੰਮਿਆ ਹੈ ਉਸ ਨੇ) ਥੋੜੇ ਹੀ ਸਮੇ ਵਿਚ ਮੌਤ ਦੇ ਵੱਸ ਆ ਜਾਣਾ ਹੈ, (ਇਸ ਵਾਸਤੇ) ਪਰਮਾਤਮਾ ਦਾ ਨਾਮ ਜਪੋ ਤੇ ਹਿਰਦੇ ਵਿਚ ਉਸ ਦਾ ਧਿਆਨ ਧਰੋ ॥੫॥

ਛੋਡਹੁ ਪ੍ਰਾਣੀ ਕੂੜ ਕਬਾੜਾ ॥

ਹੇ ਪ੍ਰਾਣੀ! ਨਿਰੇ ਮਾਇਆ ਦੇ ਮੋਹ ਦੀਆਂ ਗੱਲਾਂ ਛੱਡੋ।

ਕੂੜੁ ਮਾਰੇ ਕਾਲੁ ਉਛਾਹਾੜਾ ॥

ਜਿਸ ਮਨੁੱਖ ਦੇ ਅੰਦਰ ਨਿਰਾ ਮਾਇਆ ਦਾ ਮੋਹ ਹੀ ਹੈ ਉਸ ਨੂੰ ਆਤਮਕ ਮੌਤ ਪਹੁੰਚ ਪਹੁੰਚ ਕੇ ਮਾਰਦੀ ਹੈ।

ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥੬॥

ਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ। ਜਿਸ ਮਨੁੱਖ ਦੇ ਮਨ ਵਿਚ ਹਉਮੈ ਹੈ ਉਹ ਮੇਰ-ਤੇਰ ਦੇ ਰਸਤੇ ਪੈ ਕੇ ਖ਼ੁਆਰ ਹੁੰਦਾ ਹੈ, ਹਉਮੈ ਉਸ ਨੂੰ ਖ਼ੁਆਰ ਕਰਦੀ ਹੈ ॥੬॥

ਛੋਡਿਹੁ ਨਿੰਦਾ ਤਾਤਿ ਪਰਾਈ ॥

ਪਰਾਈ ਈਰਖਾ ਤੇ ਪਰਾਈ ਨਿੰਦਿਆ ਛੱਡ ਦਿਉ।

ਪੜਿ ਪੜਿ ਦਝਹਿ ਸਾਤਿ ਨ ਆਈ ॥

(ਜੇਹੜੇ ਨਿੰਦਿਆ ਤੇ ਈਰਖਾ ਕਰਦੇ ਹਨ ਉਹ ਨਿੰਦਿਆ ਤੇ ਈਰਖਾ ਦੀ ਸੜਨ ਵਿਚ) ਪੈ ਪੈ ਕੇ ਸੜਦੇ ਹਨ (ਉਹਨਾਂ ਨੂੰ ਆਪਣੇ ਆਪ ਨੂੰ ਭੀ) ਆਤਮਕ ਸ਼ਾਂਤੀ ਨਹੀਂ ਮਿਲਦੀ।

ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ ॥੭॥

ਸਤ ਸੰਗਤ ਵਿਚ ਮਿਲ ਕੇ ਪ੍ਰਭੂ ਦੇ ਨਾਮ ਦੀ ਸਿਫ਼ਤ-ਸਾਲਾਹ ਕਰੋ (ਜੇਹੜੇ ਬੰਦੇ ਸਿਫ਼ਤ-ਸਾਲਾਹ ਕਰਦੇ ਹਨ) ਪਰਮਾਤਮਾ ਉਹਨਾਂ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ ॥੭॥

ਛੋਡਹੁ ਕਾਮ ਕ੍ਰੋਧੁ ਬੁਰਿਆਈ ॥

ਕਾਮ ਕ੍ਰੋਧ ਆਦਿਕ ਮੰਦ ਕਰਮ ਤਿਆਗੋ,

ਹਉਮੈ ਧੰਧੁ ਛੋਡਹੁ ਲੰਪਟਾਈ ॥

ਹਉਮੈ ਦੀ ਉਲਝਣ ਛੱਡੋ, (ਵਿਕਾਰਾਂ ਵਿਚ) ਖਚਿਤ ਹੋਣ ਤੋਂ ਬਚੋ।

ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥੮॥

(ਪਰ ਇਹਨਾਂ ਵਿਕਾਰਾਂ ਤੋਂ) ਤਦੋਂ ਹੀ ਬਚ ਸਕੋਗੇ ਜੇ ਸਤਿਗੁਰੂ ਦਾ ਆਸਰਾ ਲਵੋਗੇ। ਇਸੇ ਤਰ੍ਹਾਂ ਹੀ (ਭਾਵ, ਗੁਰੂ ਦੀ ਸਰਨ ਪਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੮॥

ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ ॥

ਨਿੰਦਾ ਤਾਤਿ ਪਰਾਈ ਕਾਮ ਕ੍ਰੋਧ ਬੁਰਿਆਈ ਵਾਲੇ ਜੀਵਨ ਵਿਚ ਪਿਆਂ ਨਿਰੋਲ ਅੱਗ ਦੀ ਨਦੀ ਵਿਚੋਂ ਦੀ ਜੀਵਨ-ਪੰਧ ਬਣ ਜਾਂਦਾ ਹੈ ਜਿਥੇ ਉਹ ਲਾਟਾਂ ਨਿਕਲਦੀਆਂ ਹਨ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦੀਆਂ ਹਨ।

ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥

ਉਸ ਆਤਮਕ ਬਿਪਤਾ ਵਿਚ ਕੋਈ ਹੋਰ ਸਾਥੀ ਨਹੀਂ ਬਣਦਾ, ਇਕੱਲੀ ਆਪਣੀ ਜਿੰਦ ਹੀ ਦੁੱਖ ਸਹਾਰਦੀ ਹੈ।

ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥੯॥

ਨਿੰਦਿਆ ਈਰਖਾ ਕਾਮ ਕ੍ਰੋਧ ਆਦਿਕ ਦੀ) ਅੱਗ ਦਾ ਸਮੁੰਦਰ ਇਤਨਾ ਭਾਂਬੜ ਬਾਲਦਾ ਹੈ ਤੇ ਇਤਨੀਆਂ ਲਾਟਾਂ ਛੱਡਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਉਸ ਵਿਚ ਪੈ ਕੇ ਸੜਦੇ ਹਨ (ਆਤਮਕ ਜੀਵਨ ਤਬਾਹ ਕਰ ਲੈਂਦੇ ਹਨ ਤੇ ਦੁਖੀ ਹੁੰਦੇ ਹਨ) ॥੯॥

ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥

(ਇਸ ਅੱਗ ਦੇ ਸਮੁੰਦਰ ਤੋਂ) ਖ਼ਲਾਸੀ (ਦਾ ਵਸੀਲਾ) ਗੁਰੂ ਦੇ ਪਾਸ ਹੀ ਹੈ, ਗੁਰੂ ਆਪਣੀ ਰਜ਼ਾ ਵਿਚ (ਪਰਮਾਤਮਾ ਦੇ ਨਾਮ ਦੀ) ਖੈਰ ਪਾਂਦਾ ਹੈ।

ਜਿਨਿ ਪਾਇਆ ਸੋਈ ਬਿਧਿ ਜਾਣੈ ॥

ਜਿਸ ਨੇ ਇਹ ਖੈਰ ਪ੍ਰਾਪਤ ਕੀਤੀ ਉਹ (ਇਸ ਸਮੁੰਦਰ ਵਿਚੋਂ ਬਚ ਨਿਕਲਣ ਦਾ) ਭੇਤ ਸਮਝ ਲੈਂਦਾ ਹੈ।

ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ ॥੧੦॥

ਜਿਨ੍ਹਾਂ ਨੂੰ ਗੁਰੂ ਤੋਂ ਨਾਮ-ਦਾਨ ਮਿਲਦਾ ਹੈ, ਉਹਨਾਂ ਤੋਂ ਪੁੱਛ ਕੇ ਵੇਖ ਲਵੋ (ਉਹ ਦੱਸਦੇ ਹਨ ਕਿ) ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਆਤਮਕ ਆਨੰਦ ਮਿਲਦਾ ਹੈ ॥੧੦॥

ਗੁਰ ਬਿਨੁ ਉਰਝਿ ਮਰਹਿ ਬੇਕਾਰਾ ॥

ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਵਿਕਾਰਾਂ ਵਿਚ ਫਸ ਕੇ ਆਤਮਕ ਮੌਤ ਸਹੇੜ ਲੈਂਦੇ ਹਨ।

ਜਮੁ ਸਿਰਿ ਮਾਰੇ ਕਰੇ ਖੁਆਰਾ ॥

(ਆਤਮਕ) ਮੌਤ (ਉਹਨਾਂ ਦੇ) ਸਿਰ ਉਤੇ (ਮੁੜ ਮੁੜ) ਚੋਟ ਮਾਰਦੀ ਹੈ ਤੇ (ਉਹਨਾਂ ਨੂੰ) ਖ਼ੁਆਰ ਕਰਦੀ (ਰਹਿੰਦੀ ਹੈ)।

ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ ॥੧੧॥

(ਨਿੰਦਿਆ ਦੀ ਫਾਹੀ ਵਿਚ) ਬੱਝੇ ਹੋਏ ਨਿੰਦਕ ਬੰਦਿਆਂ ਨੂੰ (ਨਿੰਦਿਆ ਦੀ ਵਾਦੀ ਵਿਚੋਂ) ਖ਼ਲਾਸੀ ਨਸੀਬ ਨਹੀਂ ਹੁੰਦੀ, ਪਰਾਈ ਨਿੰਦਿਆ (ਦੇ ਸਮੁੰਦਰ ਵਿਚ) ਸਦਾ ਗੋਤੇ ਖਾਂਦੇ ਰਹਿੰਦੇ ਹਨ ॥੧੧॥

ਬੋਲਹੁ ਸਾਚੁ ਪਛਾਣਹੁ ਅੰਦਰਿ ॥

ਸਦਾ-ਥਿਰ ਪ੍ਰਭੂ ਦਾ ਨਾਮ ਜਪੋ, ਉਸ ਨੂੰ ਆਪਣੇ ਅੰਦਰ ਵੱਸਦਾ ਪ੍ਰਤੀਤ ਕਰੋ।

ਦੂਰਿ ਨਾਹੀ ਦੇਖਹੁ ਕਰਿ ਨੰਦਰਿ ॥

ਧਿਆਨ ਲਾ ਕੇ ਵੇਖੋ, ਉਹ ਤੁਹਾਥੋਂ ਦੂਰ ਨਹੀਂ ਹੈ।

ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ ਇਉ ਭਵਜਲੁ ਪਾਰਿ ਲੰਘਾਈ ਹੇ ॥੧੨॥

ਗੁਰੂ ਦੀ ਸਰਨ ਪੈ ਕੇ (ਨਾਮ ਜਪੋ, ਨਾਮ ਸਿਮਰਨ ਦੀ) ਤਾਰੀ ਤਰੋ (ਜੀਵਨ-ਸਫ਼ਰ ਵਿਚ ਕੋਈ) ਰੁਕਾਵਟ ਨਹੀਂ ਆਵੇਗੀ। ਗੁਰੂ ਇਸ ਤਰ੍ਹਾਂ (ਭਾਵ, ਨਾਮ ਜਪਾ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧੨॥

ਦੇਹੀ ਅੰਦਰਿ ਨਾਮੁ ਨਿਵਾਸੀ ॥

ਪਰਮਾਤਮਾ ਦਾ ਨਾਮ ਹਰੇਕ ਜੀਵ ਦੇ ਸਰੀਰ ਦੇ ਅੰਦਰ ਨਿਵਾਸ ਰੱਖਦਾ ਹੈ,

ਆਪੇ ਕਰਤਾ ਹੈ ਅਬਿਨਾਸੀ ॥

ਅਬਿਨਾਸ਼ੀ ਕਰਤਾਰ ਆਪ ਹੀ (ਹਰੇਕ ਦੇ ਅੰਦਰ ਮੌਜੂਦ) ਹੈ।

ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥੧੩॥

(ਜੀਵ ਉਸ ਪਰਮਾਤਮਾ ਦੀ ਹੀ ਅੰਸ ਹੈ, ਇਸ ਵਾਸਤੇ) ਜੀਵਾਤਮਾ ਨਾਹ ਮਰਦਾ ਹੈ, ਨਾਹ ਇਸ ਨੂੰ ਕੋਈ ਮਾਰ ਸਕਦਾ ਹੈ। ਰਜ਼ਾ ਦਾ ਮਾਲਕ ਕਰਤਾਰ (ਜੀਵ) ਪੈਦਾ ਕਰ ਕੇ ਆਪਣੇ ਹੁਕਮ ਵਿਚ (ਸਭ ਦੀ) ਸੰਭਾਲ ਕਰਦਾ ਹੈ ॥੧੩॥

ਓਹੁ ਨਿਰਮਲੁ ਹੈ ਨਾਹੀ ਅੰਧਿਆਰਾ ॥

ਉਹ ਪਰਮਾਤਮਾ ਸੁੱਧ-ਸਰੂਪ ਹੈ, ਉਸ ਵਿਚ (ਮਾਇਆ ਦੇ ਮੋਹ ਆਦਿਕ ਦਾ) ਰਤਾ ਭੀ ਹਨੇਰਾ ਨਹੀਂ ਹੈ।

ਓਹੁ ਆਪੇ ਤਖਤਿ ਬਹੈ ਸਚਿਆਰਾ

ਉਹ ਸੱਚ-ਸਰੂਪ ਪ੍ਰਭੂ ਆਪ ਹੀ (ਹਰੇਕ ਦੇ) ਹਿਰਦੇ ਤਖ਼ਤ ਉਤੇ ਬੈਠਾ ਹੋਇਆ ਹੈ।

ਸਾਕਤ ਕੂੜੇ ਬੰਧਿ ਭਵਾਈਅਹਿ ਮਰਿ ਜਨਮਹਿ ਆਈ ਜਾਈ ਹੇ ॥੧੪॥

ਪਰ ਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਬੱਝ ਕੇ ਭਟਕਣਾ ਵਿਚ ਪਏ ਹੋਏ ਹਨ, ਮਰਦੇ ਹਨ ਜੰਮਦੇ ਹਨ, ਉਹਨਾਂ ਦਾ ਇਹ ਆਵਾਗਵਨ ਦਾ ਗੇੜ ਬਣਿਆ ਰਹਿੰਦਾ ਹੈ ॥੧੪॥

ਗੁਰ ਕੇ ਸੇਵਕ ਸਤਿਗੁਰ ਪਿਆਰੇ ॥

ਗੁਰੂ ਨਾਲ ਪਿਆਰ ਕਰਨ ਵਾਲੇ ਗੁਰੂ ਦੇ ਸੇਵਕ (ਮਾਇਆ-ਮੋਹ ਤੋਂ ਨਿਰਲੇਪ ਰਹਿ ਕੇ)

ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ ॥

ਹਿਰਦੇ-ਤਖ਼ਤ ਉਤੇ ਬੈਠੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਦੇ ਮੰਡਲ ਵਿਚ ਟਿਕਾਂਦੇ ਹਨ।

ਤਤੁ ਲਹਹਿ ਅੰਤਰ ਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ ॥੧੫॥

ਉਹ ਜਗਤ ਦੇ ਮੂਲ ਪ੍ਰਭੂ ਨੂੰ ਲੱਭ ਲੈਂਦੇ ਹਨ, ਆਪਣੇ ਅੰਦਰ ਵੱਸਦਾ ਪਛਾਣ ਲੈਂਦੇ ਹਨ, ਸਾਧ ਸੰਗਤ ਵਿਚ ਟਿਕ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਤੇ ਆਦਰ ਪਾਂਦੇ ਹਨ ॥੧੫॥

ਆਪਿ ਤਰੈ ਜਨੁ ਪਿਤਰਾ ਤਾਰੇ ॥

(ਜੇਹੜਾ ਮਨੁੱਖ ਨਾਮ ਸਿਮਰਦਾ ਹੈ) ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ (ਪਿਉ ਦਾਦਾ ਆਦਿਕ ਬਜ਼ੁਰਗਾਂ ਨੂੰ) ਭੀ ਪਾਰ ਲੰਘਾ ਲੈਂਦਾ ਹੈ।

ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥

ਉਸ ਦੀ ਸੰਗਤ ਵਿਚ ਆਉਣ ਵਾਲਿਆਂ ਨੂੰ ਭੀ ਮਾਇਆ ਦੇ ਬੰਧਨਾਂ ਤੋਂ ਸੁਤੰਤ੍ਰਤਾ ਮਿਲ ਜਾਂਦੀ ਹੈ। ਉਹ ਸੇਵਕ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈ।

ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬॥੬॥

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਹੈ ਨਾਨਕ (ਭੀ) ਉਸ (ਵਡ-ਭਾਗੀ) ਦਾ ਸੇਵਕ ਹੈ ਗ਼ੁਲਾਮ ਹੈ ॥੧੬॥੬॥


Raag Maru Bani Page 3

ਮਾਰੂ ਮਹਲਾ ੧ ॥
ਕੇਤੇ ਜੁਗ ਵਰਤੇ ਗੁਬਾਰੈ ॥

ਅਨੇਕਾਂ ਹੀ ਜੁਗ ਘੁੱਪ ਹਨੇਰੇ ਵਿਚ ਲੰਘ ਗਏ (ਭਾਵ, ਸ੍ਰਿਸ਼ਟੀ-ਰਚਨਾ ਤੋਂ ਪਹਿਲਾਂ ਬੇਅੰਤ ਸਮਾ ਅਜੇਹੀ ਹਾਲਤ ਸੀ ਜਿਸ ਬਾਰੇ ਕੁਝ ਭੀ ਸਮਝ ਨਹੀਂ ਆ ਸਕਦੀ)।

ਤਾੜੀ ਲਾਈ ਅਪਰ ਅਪਾਰੈ ॥

ਤਦੋਂ ਅਪਰ ਅਪਾਰ ਪਰਮਾਤਮਾ ਨੇ (ਆਪਣੇ ਆਪ ਵਿਚ) ਸਮਾਧੀ ਲਾਈ ਹੋਈ ਸੀ।

ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ ॥੧॥

ਉਸ ਘੁੱਪ ਹਨੇਰੇ ਵਿਚ ਪ੍ਰਭੂ ਆਪ ਨਿਰਲੇਪ ਬੈਠਾ ਹੋਇਆ ਸੀ, ਤਦੋਂ ਨਾਹ ਜਗਤ ਦਾ ਖਿਲਾਰਾ ਸੀ ਤੇ ਨਾਹ ਮਾਇਆ ਵਾਲੀ ਦੌੜ-ਭੱਜ ਸੀ ॥੧॥

ਜੁਗ ਛਤੀਹ ਤਿਨੈ ਵਰਤਾਏ ॥

(ਘੁੱਪ ਹਨੇਰੇ ਦੇ) ਛੱਤੀ ਜੁਗ ਉਸ ਪਰਮਾਤਮਾ ਨੇ ਹੀ ਵਰਤਾਈ ਰੱਖੇ,

ਜਿਉ ਤਿਸੁ ਭਾਣਾ ਤਿਵੈ ਚਲਾਏ ॥

ਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ (ਉਸ ਘੁੱਪ ਹਨੇਰੇ ਵਾਲੀ ਕਾਰ ਹੀ) ਚਲਾਂਦਾ ਰਿਹਾ।

ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ ॥੨॥

ਉਹ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ, ਉਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਕੋਈ ਭੀ ਉਸ ਦੇ ਬਰਾਬਰ ਦਾ ਨਹੀਂ ਦਿੱਸਦਾ ॥੨॥

ਗੁਪਤੇ ਬੂਝਹੁ ਜੁਗ ਚਤੁਆਰੇ ॥

(ਹੁਣ ਜਦੋਂ ਉਸ ਨੇ ਜਗਤ-ਰਚਨਾ ਰਚ ਲਈ ਹੈ, ਤਾਂ ਭੀ, ਉਸੇ ਨੂੰ) ਚੌਹਾਂ ਜੁਗਾਂ ਵਿਚ (ਜਗਤ ਦੇ ਅੰਦਰ) ਗੁਪਤ ਵਿਆਪਕ ਜਾਣੋ।

ਘਟਿ ਘਟਿ ਵਰਤੈ ਉਦਰ ਮਝਾਰੇ ॥

ਉਹ ਹਰੇਕ ਸਰੀਰ ਦੇ ਅੰਦਰ ਹਰੇਕ ਦੇ ਹਿਰਦੇ ਵਿਚ ਮੌਜੂਦ ਹੈ।

ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥੩॥

ਉਹ ਇਕੱਲਾ ਆਪ ਹੀ ਹਰੇਕ ਜੁਗ ਵਿਚ (ਸਾਰੀ ਸ੍ਰਿਸ਼ਟੀ ਦੇ ਅੰਦਰ) ਰਮ ਰਿਹਾ ਹੈ-ਇਸ ਭੇਤ ਨੂੰ ਕੋਈ ਉਹ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ (ਦੀ ਬਾਣੀ) ਦੀ ਵਿਚਾਰ ਕਰਦਾ ਹੈ ॥੩॥

ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥

(ਉਸ ਪਰਮਾਤਮਾ ਦੇ ਹੁਕਮ ਵਿਚ ਹੀ) ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ (ਮਨੁੱਖਾ) ਸਰੀਰ ਬਣਾ ਦਿੱਤਾ।

ਪਉਣੁ ਪਾਣੀ ਅਗਨੀ ਮਿਲਿ ਜੀਆ ॥

ਹਵਾ ਪਾਣੀ ਅੱਗ (ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ।

ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ ॥੪॥

ਹਰੇਕ ਸਰੀਰ ਵਿਚ ਬੈਠਾ ਪਰਮਾਤਮਾ ਆਪ ਹੀ ਸਭ ਚੋਜ ਤਮਾਸ਼ੇ ਕਰ ਰਿਹਾ ਹੈ, ਉਸ ਨੇ ਆਪ ਹੀ ਮਾਇਆ ਦੇ ਮੋਹ ਦਾ ਖਿਲਾਰਾ ਖਿਲਾਰਿਆ ਹੈ ॥੪॥

ਗਰਭ ਕੁੰਡਲ ਮਹਿ ਉਰਧ ਧਿਆਨੀ ॥

(ਉਸ ਪ੍ਰਭੂ ਦੇ ਹੁਕਮ ਅਨੁਸਾਰ ਹੀ) ਜੀਵ ਮਾਂ ਦੇ ਪੇਟ ਵਿਚ ਪੁੱਠਾ (ਲਟਕ ਕੇ) ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।

ਆਪੇ ਜਾਣੈ ਅੰਤਰਜਾਮੀ ॥

ਪ੍ਰਭੂ ਅੰਤਰਜਾਮੀ ਆਪ ਹੀ (ਜੀਵ ਦੇ ਦਿਲ ਦੀ) ਜਾਣਦਾ ਹੈ।

ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ ॥੫॥

ਜੀਵ ਮਾਂ ਦੇ ਪੇਟ ਦੇ ਅੰਦਰ ਸੁਆਸ ਸੁਆਸ ਸਦਾ-ਥਿਰ ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹਿੰਦਾ ਹੈ ॥੫॥

ਚਾਰਿ ਪਦਾਰਥ ਲੈ ਜਗਿ ਆਇਆ ॥

(ਪਰਮਾਤਮਾ ਪਾਸੋਂ) ਚਾਰ ਪਦਾਰਥ ਲੈ ਕੇ ਜੀਵ ਜਗਤ ਵਿਚ ਆਇਆ ਹੈ,

ਸਿਵ ਸਕਤੀ ਘਰਿ ਵਾਸਾ ਪਾਇਆ ॥

(ਪਰ ਇਥੇ ਆ ਕੇ) ਪ੍ਰਭੂ ਦੀ ਰਚੀ ਮਾਇਆ ਦੇ ਘਰ ਵਿਚ ਟਿਕਾਣਾ ਬਣਾ ਬੈਠਾ ਹੈ।

ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ ॥੬॥

(ਭਾਵ, ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ, ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ। ਜੇਹੜਾ ਜੀਵ ਨਾਮ ਭੁਲਾਂਦਾ ਹੈ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ॥੬॥

ਬਾਲਕੁ ਮਰੈ ਬਾਲਕ ਕੀ ਲੀਲਾ ॥

(ਵੇਖੋ ਮਾਇਆ ਦੇ ਮੋਹ ਦਾ ਪ੍ਰਭਾਵ! ਜਦੋਂ ਕਿਸੇ ਘਰ ਵਿਚ ਕੋਈ) ਬਾਲਕ ਮਰਦਾ ਹੈ,

ਕਹਿ ਕਹਿ ਰੋਵਹਿ ਬਾਲੁ ਰੰਗੀਲਾ ॥

ਤਾਂ (ਮਾਂ ਪਿਉ ਭੈਣ ਭਰਾ ਆਦਿਕ ਸੰਬੰਧੀ) ਉਸ ਬਾਲਕ ਦੀਆਂ ਪਿਆਰ-ਭਰੀਆਂ ਖੇਡਾਂ ਚੇਤੇ ਕਰਦੇ ਹਨ, ਤੇ ਇਹ ਆਖ ਆਖ ਕੇ ਰੋਂਦੇ ਹਨ ਕਿ ਬਾਲਕ ਬੜਾ ਹਸ-ਮੁਖਾ ਸੀ।

ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥੭॥

ਜਿਸ ਪ੍ਰਭੂ ਦਾ ਭੇਜਿਆ ਹੋਇਆ ਉਹ ਬਾਲਕ ਸੀ ਉਸ ਨੇ ਉਹ ਵਾਪਸ ਲੈ ਲਿਆ (ਉਸ ਨੂੰ ਯਾਦ ਕਰ ਕਰ ਕੇ) ਰੋਣ ਵਾਲਾ (ਮਾਇਆ ਦੇ ਮੋਹ ਵਿਚ ਫਸ ਕੇ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੭॥

ਭਰਿ ਜੋਬਨਿ ਮਰਿ ਜਾਹਿ ਕਿ ਕੀਜੈ ॥

ਜਦੋਂ ਕੋਈ ਭਰ-ਜਵਾਨੀ ਵੇਲੇ ਮਰ ਜਾਂਦੇ ਹਨ ਤਦੋਂ ਭੀ ਕੀਹ ਕੀਤਾ ਜਾ ਸਕਦਾ ਹੈ?

ਮੇਰਾ ਮੇਰਾ ਕਰਿ ਰੋਵੀਜੈ ॥

ਇਹ ਆਖ ਆਖ ਕੇ ਰੋਵੀਦਾ ਹੀ ਹੈ ਕਿ ਉਹ ਮੇਰਾ (ਪਿਆਰਾ) ਸੀ ਮੇਰਾ (ਪਿਆਰਾ) ਸੀ।

ਮਾਇਆ ਕਾਰਣਿ ਰੋਇ ਵਿਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ ॥੮॥

(ਜੇਹੜੇ ਰੋਂਦੇ ਭੀ ਹਨ ਉਹ ਭੀ ਆਪਣੀਆਂ ਥੁੜਾਂ ਚੇਤੇ ਕਰ ਕਰ ਕੇ) ਮਾਇਆ ਦੀ ਖ਼ਾਤਰ ਰੋ ਰੋ ਕੇ ਦੁਖੀ ਹੁੰਦੇ ਹਨ। ਜਗਤ ਵਿਚ ਅਜੇਹਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ ॥੮॥

ਕਾਲੀ ਹੂ ਫੁਨਿ ਧਉਲੇ ਆਏ ॥

(ਜਵਾਨੀ ਲੰਘ ਜਾਂਦੀ ਹੈ) ਕਾਲੇ ਕੇਸਾਂ ਤੋਂ ਫਿਰ ਧੌਲੇ ਆ ਜਾਂਦੇ ਹਨ।

ਵਿਣੁ ਨਾਵੈ ਗਥੁ ਗਇਆ ਗਵਾਏ ॥

(ਇਸ ਉਮਰ ਤਕ ਭੀ) ਪ੍ਰਭੂ ਦੇ ਨਾਮ ਤੋਂ ਖੁੰਝਿਆ ਰਹਿ ਕੇ ਮਨੁੱਖ ਆਪਣਾ ਆਤਮਕ ਜੀਵਨ ਦਾ ਸਰਮਾਇਆ ਗਵਾਈ ਜਾਂਦਾ ਹੈ।

ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ ॥੯॥

ਭੈੜੀ ਮੱਤੇ ਲੱਗ ਕੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਆਤਮਕ ਮੌਤ ਸਹੇੜ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ। ਮਾਇਆ ਦਾ ਠੱਗਿਆ ਹੋਇਆ ਮਾਇਆ ਦੀ ਖ਼ਾਤਰ ਹੀ ਰੋ ਰੋ ਕੇ ਪੁਕਾਰਦਾ ਹੈ (ਉਸ ਉਮਰ ਤਕ ਭੀ ਮਾਇਆ ਦੇ ਰੋਣੇ ਰੋਂਦਾ ਰਹਿੰਦਾ ਹੈ) ॥੯॥

ਆਪੁ ਵੀਚਾਰਿ ਨ ਰੋਵੈ ਕੋਈ ॥

ਜੇਹੜਾ ਕੋਈ ਮਨੁੱਖ ਆਪਣੇ ਆਪ ਨੂੰ ਵਿਚਾਰਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਪਛੁਤਾਂਦਾ ਨਹੀਂ ਹੈ।

ਸਤਿਗੁਰੁ ਮਿਲੈ ਤ ਸੋਝੀ ਹੋਈ ॥

ਪਰ ਇਹ ਸੋਝੀ ਕਿਸੇ ਨੂੰ ਤਦੋਂ ਹੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਮਿਲ ਪਏ।

ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ ॥੧੦॥

(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਅਕਲ ਤੇ ਪੜਦਾ ਪਿਆ ਰਹਿੰਦਾ ਹੈ; ਅਕਲ, ਮਾਨੋ, ਕਰੜੇ ਕਵਾੜਾਂ ਵਿਚ ਬੰਦ ਰਹਿੰਦੀ ਹੈ) ਗੁਰੂ ਤੋਂ ਬਿਨਾ (ਉਹ) ਕਰੜੇ ਕਵਾੜ ਖੁਲ੍ਹਦੇ ਨਹੀਂ ਹਨ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਹ (ਇਸ ਕੈਦ ਵਿਚੋਂ) ਖ਼ਲਾਸੀ ਹਾਸਲ ਕਰ ਲੈਂਦਾ ਹੈ ॥੧੦॥

ਬਿਰਧਿ ਭਇਆ ਤਨੁ ਛੀਜੈ ਦੇਹੀ ॥

ਮਨੁੱਖ ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਭੀ ਕਮਜ਼ੋਰ ਹੋ ਜਾਂਦਾ ਹੈ,

ਰਾਮੁ ਨ ਜਪਈ ਅੰਤਿ ਸਨੇਹੀ ॥

(ਪਰ ਮਾਇਆ ਦਾ ਮੋਹ ਇਤਨਾ ਪ੍ਰਬਲ ਹੈ ਕਿ ਅਜੇ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਜੋ (ਸਭ ਸਾਕਾਂ ਅੰਗਾਂ ਦੇ ਸਾਥ ਛੱਡ ਜਾਣ ਤੇ ਭੀ) ਅੰਤ ਨੂੰ ਪਿਆਰਾ ਸਾਥੀ ਬਣਦਾ ਹੈ।

ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥੧੧॥

ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਬਦਨਾਮੀ ਦਾ ਟਿੱਕਾ ਮੱਥੇ ਉਤੇ ਲਾ ਕੇ ਇਥੋਂ ਤੁਰ ਪੈਂਦਾ ਹੈ, ਪੱਲੇ ਝੂਠ ਹੀ ਹੈ (ਪੱਲੇ ਮਾਇਆ ਦਾ ਮੋਹ ਹੀ ਹੈ, ਇਸ ਵਾਸਤੇ) ਪ੍ਰਭੂ ਦੀ ਹਜ਼ੂਰੀ ਵਿਚ ਖ਼ੁਆਰ ਹੀ ਹੁੰਦਾ ਹੈ ॥੧੧॥

ਨਾਮੁ ਵਿਸਾਰਿ ਚਲੈ ਕੂੜਿਆਰੋ ॥

(ਸਾਰੀ ਉਮਰ) ਕੂੜ ਦਾ ਵਣਜ ਕਰਨ ਵਾਲਾ ਬੰਦਾ ਪਰਮਾਤਮਾ ਦਾ ਨਾਮ ਭੁਲਾ ਕੇ (ਇਥੋਂ ਆਤਮਕ ਗੁਣਾਂ ਵਲੋਂ ਖ਼ਾਲੀ-ਹੱਥ) ਤੁਰ ਪੈਂਦਾ ਹੈ।

ਆਵਤ ਜਾਤ ਪੜੈ ਸਿਰਿ ਛਾਰੋ ॥

ਜਨਮ ਮਰਨ ਦੇ ਗੇੜ ਵਿਚ ਪਏ ਦੇ ਸਿਰ ਉਤੇ ਸੁਆਹ ਪੈਂਦੀ ਹੈ (ਫਿਟਕਾਰ ਪੈਂਦੀ ਹੈ)।

ਸਾਹੁਰੜੈ ਘਰਿ ਵਾਸੁ ਨ ਪਾਏ ਪੇਈਅੜੈ ਸਿਰਿ ਮਾਰਾ ਹੇ ॥੧੨॥

(ਇਥੋਂ ਗਏ ਨੂੰ) ਪਰਮਾਤਮਾ ਦੇ ਦਰ ਤੇ ਢੋਈ ਨਹੀਂ ਮਿਲਦੀ, (ਜਿਤਨਾ ਚਿਰ) ਜਗਤ ਵਿਚ (ਰਿਹਾ ਇਥੇ) ਭੀ ਸਿਰ ਉਤੇ ਸੱਟਾਂ ਹੀ ਖਾਂਦਾ ਰਿਹਾ ॥੧੨॥

ਖਾਜੈ ਪੈਝੈ ਰਲੀ ਕਰੀਜੈ ॥

(ਚੰਗਾ) ਖਾਈਦਾ ਹੈ, (ਚੰਗਾ) ਪਹਿਨੀਦਾ ਹੈ, (ਦੁਨੀਆ ਦੀ) ਮੌਜ ਮਾਣੀਦੀ ਹੈ।

ਬਿਨੁ ਅਭ ਭਗਤੀ ਬਾਦਿ ਮਰੀਜੈ ॥

(ਇਹਨਾਂ ਹੀ ਰੁਝੇਵਿਆਂ ਵਿਚ) ਹਿਰਦਾ ਪਰਮਾਤਮਾ ਦੀ ਭਗਤੀ ਤੋਂ ਸੁੰਞਾ ਰਹਿਣ ਕਰਕੇ ਵਿਅਰਥ ਹੀ ਆਤਮਕ ਮੌਤ ਸਹੇੜ ਲਈਦੀ ਹੈ।

ਸਰ ਅਪਸਰ ਕੀ ਸਾਰ ਨ ਜਾਣੈ ਜਮੁ ਮਾਰੇ ਕਿਆ ਚਾਰਾ ਹੇ ॥੧੩॥

ਜੇਹੜਾ ਬੰਦਾ (ਇਸ ਤਰ੍ਹਾਂ ਅੰਨ੍ਹਾ ਹੋ ਕੇ) ਚੰਗੇ ਮੰਦੇ ਸਮੇ ਦੀ ਸੂਝ ਨਹੀਂ ਜਾਣਦਾ, ਉਸ ਨੂੰ ਜਮ ਖ਼ੁਆਰ ਕਰਦਾ ਹੈ, ਤੇ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧੩॥

ਪਰਵਿਰਤੀ ਨਰਵਿਰਤਿ ਪਛਾਣੈ ॥

ਜੇਹੜਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਤੋਂ ਉਪਰਾਮ ਰਹਿਣਾ ਜਾਣਦਾ ਹੈ,

ਗੁਰ ਕੈ ਸੰਗਿ ਸਬਦਿ ਘਰੁ ਜਾਣੈ ॥

ਜੇਹੜਾ ਗੁਰੂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ-ਅਵਸਥਾ ਨਾਲ ਸਾਂਝ ਪਾਈ ਰੱਖਦਾ ਹੈ,

ਕਿਸ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ ॥੧੪॥

ਜੀਵਨ-ਸਫ਼ਰ ਵਿਚ ਕਿਸੇ ਨੂੰ ਮੰਦਾ ਨਹੀਂ ਆਖੀਦਾ, ਸਦਾ-ਥਿਰ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਉਹ ਸੱਚ ਦਾ ਵਪਾਰੀ ਬੰਦਾ (ਪ੍ਰਭੂ ਦੀ ਹਜ਼ੂਰੀ ਵਿਚ) ਖਰਾ (ਸਿੱਕਾ ਮੰਨਿਆ ਜਾਂਦਾ) ਹੈ ॥੧੪॥

ਸਾਚ ਬਿਨਾ ਦਰਿ ਸਿਝੈ ਨ ਕੋਈ ॥

ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਦੇ) ਦਰ ਤੇ (ਜ਼ਿੰਦਗੀ ਦੀ ਪੜਤਾਲ ਵਿਚ) ਕਾਮਯਾਬ ਨਹੀਂ ਹੁੰਦਾ।

ਸਾਚ ਸਬਦਿ ਪੈਝੈ ਪਤਿ ਹੋਈ ॥

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਰੋਪਾ ਮਿਲਦਾ ਹੈ ਇੱਜ਼ਤ ਮਿਲਦੀ ਹੈ।

ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ ॥੧੫॥

(ਪਰ ਜੀਵਾਂ ਦੇ ਕੀਹ ਵੱਸ?) ਜਿਸ ਉਤੇ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਹ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਤੇ ਉਹ ਹਉਮੈ ਅਹੰਕਾਰ (ਆਪਣੇ ਅੰਦਰੋਂ) ਦੂਰ ਕਰਦਾ ਹੈ ॥੧੫॥

ਗੁਰ ਕਿਰਪਾ ਤੇ ਹੁਕਮੁ ਪਛਾਣੈ ॥

ਗੁਰੂ ਦੀ ਮੇਹਰ ਨਾਲ ਹੀ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਪਛਾਣਦਾ ਹੈ,

ਜੁਗਹ ਜੁਗੰਤਰ ਕੀ ਬਿਧਿ ਜਾਣੈ ॥

ਤੇ ਜੁਗਾਂ ਜੁਗਾਂਤਰਾਂ ਤੋਂ ਚਲੀ ਆ ਰਹੀ ਉਸ ਵਿਧੀ ਨਾਲ ਸਾਂਝ ਪਾਂਦਾ ਹੈ (ਜਿਸ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਸਹੀ-ਸਲਾਮਤ ਪਾਰ ਲੰਘ ਸਕੀਦਾ ਹੈ। ਉਹ ਵਿਧੀ ਹੈ ਪਰਮਾਤਮਾ ਦਾ ਨਾਮ ਸਿਮਰਨਾ)।

ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥੧੬॥੧॥੭॥

ਹੇ ਨਾਨਕ! (ਆਖ ਕਿ ਪਰਮਾਤਮਾ ਦਾ) ਨਾਮ ਜਪੋ (ਨਾਮ ਸਿਮਰਨ ਦੀ) ਤਾਰੀ ਤਰੋ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਤੇ ਤਾਰਣ ਦੇ ਸਮਰੱਥ ਪ੍ਰਭੂ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੬॥੧॥੭॥

Raag-Maru-Bani-Page-3

1
2
3
4
5
6
7
8
9
10