ਰਾਗ ਮਾਰੂ – ਬਾਣੀ ਸ਼ਬਦ-Part 5 – Raag Maru – Bani

ਰਾਗ ਮਾਰੂ – ਬਾਣੀ ਸ਼ਬਦ-Part 5 – Raag Maru – Bani

ਮਾਰੂ ਮਹਲਾ ੧ ॥
ਕਾਮੁ ਕ੍ਰੋਧੁ ਪਰਹਰੁ ਪਰ ਨਿੰਦਾ ॥

(ਆਪਣੇ ਅੰਦਰੋਂ) ਕਾਮ ਕ੍ਰੋਧ ਤੇ ਪਰਾਈ ਨਿੰਦਿਆ ਦੂਰ ਕਰ,

ਲਬੁ ਲੋਭੁ ਤਜਿ ਹੋਹੁ ਨਿਚਿੰਦਾ ॥

ਲੱਬ ਅਤੇ ਲੋਭ ਤਿਆਗ ਕੇ ਨਿਸਚਿੰਤ ਹੋ ਜਾ (ਭਾਵ, ਜੇ ਤੂੰ ਕਾਮ, ਕ੍ਰੋਧ, ਪਰਾਈ ਨਿੰਦਿਆ, ਲੱਬ ਅਤੇ ਲੋਭ ਦੂਰ ਕਰ ਲਏਂਗਾ, ਤਾਂ ਤੇਰਾ ਮਨ ਹਰ ਵੇਲੇ ਸ਼ਾਂਤ ਰਹੇਗਾ)।

ਭ੍ਰਮ ਕਾ ਸੰਗਲੁ ਤੋੜਿ ਨਿਰਾਲਾ ਹਰਿ ਅੰਤਰਿ ਹਰਿ ਰਸੁ ਪਾਇਆ ॥੧॥

ਜੇਹੜਾ ਮਨੁੱਖ (ਇਹਨਾਂ ਵਿਕਾਰਾਂ ਕਈ ਕਿਸਮਾਂ ਦੀਆਂ) ਭਟਕਣਾਂ ਦਾ ਜ਼ੰਜੀਰ ਤੋੜ ਕੇ ਨਿਰਲੇਪ ਹੋ ਜਾਂਦਾ ਹੈ ਉਹ ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲੈਂਦਾ ਹੈ, ਉਹ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰਦਾ ਹੈ ॥੧॥

ਨਿਸਿ ਦਾਮਨਿ ਜਿਉ ਚਮਕਿ ਚੰਦਾਇਣੁ ਦੇਖੈ ॥

ਜਿਵੇਂ ਰਾਤ ਵੇਲੇ ਬਿਜਲੀ ਦੀ ਚਮਕ ਨਾਲ ਮਨੁੱਖ (ਹਨੇਰੇ ਵਿਚ) ਚਾਨਣ ਵੇਖ ਲੈਂਦਾ ਹੈ,

ਅਹਿਨਿਸਿ ਜੋਤਿ ਨਿਰੰਤਰਿ ਪੇਖੈ ॥

ਇਸੇ ਤਰ੍ਹਾਂ (ਗੁਰੂ ਦੀ ਸਰਨ ਪੈ ਕੇ ਸਿਮਰਨ ਦੀ ਬਰਕਤਿ ਨਾਲ) ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਜੋਤਿ ਨੂੰ ਹਰ ਥਾਂ ਵਿਆਪਕ ਦੇਖ ਸਕਦਾ ਹੈ।

ਆਨੰਦ ਰੂਪੁ ਅਨੂਪੁ ਸਰੂਪਾ ਗੁਰਿ ਪੂਰੈ ਦੇਖਾਇਆ ॥੨॥

ਉਹ ਆਨੰਦ-ਰੂਪ ਤੇ ਸੁੰਦਰ-ਸਰੂਪ ਪ੍ਰਭੂ (ਜਿਸ ਕਿਸੇ ਨੇ ਵੇਖਿਆ ਹੈ) ਪੂਰੇ ਗੁਰੂ ਨੇ ਹੀ ਵਿਖਾਇਆ ਹੈ ॥੨॥

ਸਤਿਗੁਰ ਮਿਲਹੁ ਆਪੇ ਪ੍ਰਭੁ ਤਾਰੇ ॥

ਸਤਿਗੁਰੂ ਦੀ ਸਰਨ ਪਵੋ (ਜੇਹੜਾ ਮਨੁੱਖ ਗੁਰੂ ਨੂੰ ਮਿਲਦਾ ਹੈ ਉਸ ਨੂੰ) ਪਰਮਾਤਮਾ ਆਪ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਸਸਿ ਘਰਿ ਸੂਰੁ ਦੀਪਕੁ ਗੈਣਾਰੇ ॥

ਉਸ ਦੇ ਸਾਂਤ ਹਿਰਦੇ ਵਿਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸ ਦੇ ਹਿਰਦੇ-ਆਕਾਸ਼ ਵਿਚ (ਮਾਨੋ) ਦੀਵਾ ਜਗ ਪੈਂਦਾ ਹੈ।

ਦੇਖਿ ਅਦਿਸਟੁ ਰਹਹੁ ਲਿਵ ਲਾਗੀ ਸਭੁ ਤ੍ਰਿਭਵਣਿ ਬ੍ਰਹਮੁ ਸਬਾਇਆ ॥੩॥

(ਆਪਣੇ ਅੰਦਰ) ਅਦ੍ਰਿਸ਼ਟ ਪ੍ਰਭੂ ਨੂੰ ਵੇਖ ਕੇ ਉਸ ਵਿਚ ਸੁਰਤ ਜੋੜੀ ਰੱਖੋ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਨੂੰ) ਹਰ ਥਾਂ ਸਾਰੇ ਤ੍ਰਿਭਵਣੀ ਜਗਤ ਵਿਚ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ ॥੩॥

ਅੰਮ੍ਰਿਤ ਰਸੁ ਪਾਏ ਤ੍ਰਿਸਨਾ ਭਉ ਜਾਏ ॥

ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰਦਾ ਹੈ ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਉਸ ਦਾ ਸਹਿਮ ਦੂਰ ਹੋ ਜਾਂਦਾ ਹੈ।

ਅਨਭਉ ਪਦੁ ਪਾਵੈ ਆਪੁ ਗਵਾਏ ॥

ਉਸ ਨੂੰ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਥੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਉਹ ਆਪਾ-ਭਾਵ ਦੂਰ ਕਰ ਲੈਂਦਾ ਹੈ।

ਊਚੀ ਪਦਵੀ ਊਚੋ ਊਚਾ ਨਿਰਮਲ ਸਬਦੁ ਕਮਾਇਆ ॥੪॥

ਉਹ ਬੜੀ ਉੱਚੀ ਆਤਮਕ ਅਵਸਥਾ ਪਾ ਲੈਂਦਾ ਹੈ, ਉੱਚੇ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਦਾ ਹੈ, ਜੀਵਨ ਨੂੰ ਪਵਿੱਤ੍ਰ ਕਰਨ ਵਾਲਾ ਗੁਰ-ਸ਼ਬਦ ਉਹ ਮਨੁੱਖ ਆਪਣੇ ਅੰਦਰ ਕਮਾਂਦਾ ਹੈ (ਭਾਵ, ਗੁਰ-ਸ਼ਬਦ ਅਨੁਸਾਰ ਜੀਵਨ-ਘਾੜਤ ਘੜਦਾ ਹੈ) ॥੪॥

ਅਦ੍ਰਿਸਟ ਅਗੋਚਰੁ ਨਾਮੁ ਅਪਾਰਾ ॥

ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਨਾਮ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ,

ਅਤਿ ਰਸੁ ਮੀਠਾ ਨਾਮੁ ਪਿਆਰਾ ॥

ਪਰ ਉਹ ਨਾਮ ਬੜਾ ਹੀ ਰਸੀਲਾ ਬੜਾ ਹੀ ਮਿੱਠਾ ਤੇ ਬੜਾ ਹੀ ਪਿਆਰਾ ਹੈ।

ਨਾਨਕ ਕਉ ਜੁਗਿ ਜੁਗਿ ਹਰਿ ਜਸੁ ਦੀਜੈ ਹਰਿ ਜਪੀਐ ਅੰਤੁ ਨ ਪਾਇਆ ॥੫॥

(ਮੇਰੀ ਨਾਨਕ ਦੀ ਅਰਦਾਸ ਹੈ ਕਿ, ਹੇ ਪ੍ਰਭੂ! ਮੈਨੂੰ) ਨਾਨਕ ਨੂੰ ਸਦਾ ਹੀ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਹ। (ਜਿਉਂ ਜਿਉਂ) ਪ੍ਰਭੂ ਦਾ ਨਾਮ ਜਪੀਏ (ਤਿਉਂ ਤਿਉਂ ਉਹ ਬੇਅੰਤ ਦਿੱਸਦਾ ਹੈ ਉਸ ਦੀਆਂ ਤਾਕਤਾਂ ਦਾ) ਅੰਤ ਨਹੀਂ ਲੱਭਿਆ ਜਾ ਸਕਦਾ ॥੫॥

ਅੰਤਰਿ ਨਾਮੁ ਪਰਾਪਤਿ ਹੀਰਾ ॥

ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ਜਿਸ ਨੂੰ ਨਾਮ-ਹੀਰਾ ਲੱਭ ਜਾਂਦਾ ਹੈ,

ਹਰਿ ਜਪਤੇ ਮਨੁ ਮਨ ਤੇ ਧੀਰਾ ॥

ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦਾ ਮਨ ਅੰਦਰੋਂ ਹੀ ਧੀਰਜ-ਸ਼ਾਂਤੀ ਹਾਸਲ ਕਰ ਲੈਂਦਾ ਹੈ।

ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ ॥੬॥

(ਸਿਮਰਨ ਦੀ ਬਰਕਤਿ ਨਾਲ) ਔਖੇ ਜੀਵਨ-ਪੰਧ ਦਾ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ (ਜਿਸ ਨੂੰ ਮਿਲ ਪੈਂਦਾ ਹੈ) ਉਹ ਮੁੜ ਜਨਮ ਵਿਚ ਨਹੀਂ ਆਉਂਦਾ ਉਹ ਮੁੜ ਜੰਮਣ-ਮਰਨ ਵਿਚ ਨਹੀਂ ਪੈਂਦਾ ॥੬॥

ਭਗਤਿ ਹੇਤਿ ਗੁਰ ਸਬਦਿ ਤਰੰਗਾ ॥

ਹੇ ਪ੍ਰਭੂ! ਮੈਂ ਇਹ ਮੰਗਦਾ ਹਾਂ ਕਿ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੀ ਭਗਤੀ ਕਰਨ ਵਾਸਤੇ ਮੇਰੇ ਅੰਦਰ ਉਤਸ਼ਾਹ ਪੈਦਾ ਹੋਵੇ।

ਹਰਿ ਜਸੁ ਨਾਮੁ ਪਦਾਰਥੁ ਮੰਗਾ ॥

ਮੈਂ (ਤੇਰੇ ਦਰ ਤੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ, ਤੇਰੇ ਨਾਮ (ਦਾ) ਸਰਮਾਇਆ ਮੰਗਦਾ ਹਾਂ।

ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ ॥੭॥

(ਜੇਹੜਾ ਵਡ-ਭਾਗੀ ਜੀਵ) ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਸ ਨੂੰ ਉਹ ਗੁਰੂ ਦੀ ਸੰਗਤ ਵਿਚ ਮਿਲਾਂਦਾ ਹੈ। ਪਰਮਾਤਮਾ (ਚਾਹੇ ਤਾਂ) ਸਾਰੇ ਜਗਤ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੭॥

ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ ॥

ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਹੈ ਸਤਿਗੁਰੂ ਦੀ ਸਿੱਖਿਆ ਨੇ (ਸਮਝੋ) ਉਸ ਦੇ ਅੰਦਰ ਘਰ ਕਰ ਲਿਆ ਹੈ।

ਜਮਕੰਕਰ ਕਾਲੁ ਸੇਵਕ ਪਗ ਤਾ ਕੇ ॥

ਕਾਲ ਅਤੇ ਜਮ ਦੇ ਸੇਵਕ ਉਸ ਦੇ ਚਰਨਾਂ ਦੇ ਦਾਸ ਬਣ ਗਏ ਹਨ।

ਊਤਮ ਸੰਗਤਿ ਗਤਿ ਮਿਤਿ ਊਤਮ ਜਗੁ ਭਉਜਲੁ ਪਾਰਿ ਤਰਾਇਆ ॥੮॥

ਉਸ ਦੀ ਸੰਗਤ (ਹੋਰਨਾਂ ਨੂੰ ਭੀ) ਸ੍ਰੇਸ਼ਟ ਬਣਾ ਦੇਂਦੀ ਹੈ, ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਉਸ ਦੀ ਰਹਿਣੀ-ਬਹਿਣੀ ਉੱਚੀ ਹੋ ਜਾਂਦੀ ਹੈ। ਉਹ ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥

ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ ॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।

ਅੰਤਰ ਕੀ ਦੁਬਿਧਾ ਅੰਤਰਿ ਜਰੀਐ ॥

(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੀ) ਅੰਦਰਲੀ ਅਸ਼ਾਂਤੀ ਅੰਦਰ ਹੀ ਸੜ ਜਾਂਦੀ ਹੈ।

ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ ॥੯॥

ਉਹ ਮਨੁੱਖ ਆਪਣੇ ਚਿੱਤ-ਆਕਾਸ਼ ਵਿਚ (ਗੁਰੂ ਦੇ ਸ਼ਬਦ ਰੂਪ) ਧਨੁਖ ਨੂੰ ਅਜੇਹਾ ਕੱਸਦਾ ਹੈ ਕਿ (ਸਤ, ਸੰਤੋਖ, ਦਇਆ, ਧਰਮ, ਧੀਰਜ ਦੇ) ਪੰਜ ਤੀਰ ਲੈ ਕੇ ਜਮ ਨੂੰ (ਮੌਤ ਦੇ ਡਰ ਨੂੰ, ਆਤਮਕ ਮੌਤ ਨੂੰ) ਮਾਰ ਲੈਂਦਾ ਹੈ ॥੯॥

ਸਾਕਤ ਨਰਿ ਸਬਦ ਸੁਰਤਿ ਕਿਉ ਪਾਈਐ ॥

ਪਰ ਮਾਇਆ-ਵੇੜ੍ਹੇ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਦੀ ਲਗਨ ਹੀ ਪੈਦਾ ਨਹੀਂ ਹੁੰਦੀ,

ਸਬਦੁ ਸੁਰਤਿ ਬਿਨੁ ਆਈਐ ਜਾਈਐ ॥

ਸ਼ਬਦ ਦੀ ਲਗਨ ਤੋਂ ਬਿਨਾ (ਮਾਇਆ ਦੇ ਮੋਹ ਵਿਚ ਫਸ ਕੇ) ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਨਾਨਕ ਗੁਰਮੁਖਿ ਮੁਕਤਿ ਪਰਾਇਣੁ ਹਰਿ ਪੂਰੈ ਭਾਗਿ ਮਿਲਾਇਆ ॥੧੦॥

ਹੇ ਨਾਨਕ! ਗੁਰੂ ਦੀ ਸਰਨ ਪੈਣਾ ਹੀ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਵਸੀਲਾ ਹੈ, ਤੇ ਪਰਮਾਤਮਾ ਪੂਰੀ ਕਿਸਮਤ ਨਾਲ ਹੀ ਗੁਰੂ ਮਿਲਾਂਦਾ ਹੈ ॥੧੦॥

ਨਿਰਭਉ ਸਤਿਗੁਰੁ ਹੈ ਰਖਵਾਲਾ ॥

ਨਿਰਭਉ (ਪਰਮਾਤਮਾ ਦਾ ਰੂਪ) ਸਤਿਗੁਰੂ (ਜਿਸ ਮਨੁੱਖ ਦਾ) ਰਾਖਾ ਬਣਦਾ ਹੈ।

ਭਗਤਿ ਪਰਾਪਤਿ ਗੁਰ ਗੋਪਾਲਾ ॥

ਉਸ ਨੂੰ ਗੁਰੂ ਪਾਸੋਂ ਪਰਮਾਤਮਾ ਦੀ ਭਗਤੀ (ਦੀ ਦਾਤਿ) ਮਿਲ ਜਾਂਦੀ ਹੈ।

ਧੁਨਿ ਅਨੰਦ ਅਨਾਹਦੁ ਵਾਜੈ ਗੁਰ ਸਬਦਿ ਨਿਰੰਜਨੁ ਪਾਇਆ ॥੧੧॥

ਉਸ ਮਨੁੱਖ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਚੱਲ ਪੈਂਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਉਸ ਪਰਮਾਤਮਾ ਨੂੰ ਮਿਲ ਪੈਂਦਾ ਹੈ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੧੧॥

ਨਿਰਭਉ ਸੋ ਸਿਰਿ ਨਾਹੀ ਲੇਖਾ ॥

ਪਰਮਾਤਮਾ ਨੂੰ ਕੋਈ ਡਰ ਵਿਆਪ ਨਹੀਂ ਸਕਦਾ ਕਿਉਂਕਿ ਉਸ ਦੇ ਸਿਰ ਉਤੇ ਕਿਸੇ ਹੋਰ ਦਾ ਹੁਕਮ ਨਹੀਂ ਹੈ।

ਆਪਿ ਅਲੇਖੁ ਕੁਦਰਤਿ ਹੈ ਦੇਖਾ ॥

ਉਹ ਪ੍ਰਭੂ ਆਪ ਅਲੇਖ ਹੈ (ਭਾਵ, ਕੋਈ ਹੋਰ ਵਿਅਕਤੀ ਉਸ ਪਾਸੋਂ ਕੀਤੇ ਕਰਮਾਂ ਦਾ ਹਿਸਾਬ ਨਹੀਂ ਮੰਗ ਸਕਦਾ)। ਆਪਣੀ ਰਚੀ ਸਾਰੀ ਕੁਦਰਤਿ ਵਿਚ ਉਹ ਹੀ ਵਿਆਪਕ ਦਿੱਸ ਰਿਹਾ ਹੈ।

ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ॥੧੨॥

(ਸਾਰੀ ਕੁਦਰਤਿ ਵਿਚ ਵਿਆਪਕ ਹੁੰਦਿਆਂ ਭੀ) ਉਹ ਨਿਰਲੇਪ ਹੈ, ਜੂਨਾਂ ਤੋਂ ਰਹਿਤ ਹੈ, ਤੇ ਆਪਣੇ ਆਪ ਤੋਂ ਹੀ ਪਰਗਟ ਹੋਣ ਦੀ ਤਾਕਤ ਰੱਖਦਾ ਹੈ। ਹੇ ਨਾਨਕ! ਗੁਰੂ ਦੀ ਮੱਤ ਤੇ ਤੁਰਿਆਂ ਹੀ ਉਹ ਪਰਮਾਤਮਾ ਲੱਭਦਾ ਹੈ ॥੧੨॥

ਅੰਤਰ ਕੀ ਗਤਿ ਸਤਿਗੁਰੁ ਜਾਣੈ ॥

ਜੇਹੜਾ ਮਨੁੱਖ ਸਤਿਗੁਰੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਹ ਆਪਣੀ ਅੰਦਰਲੀ ਆਤਮਕ ਹਾਲਤ ਨੂੰ ਸਮਝਣ ਲੱਗ ਪੈਂਦਾ ਹੈ।

ਸੋ ਨਿਰਭਉ ਗੁਰ ਸਬਦਿ ਪਛਾਣੈ ॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਨਿਰਭਉ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਪਛਾਣ ਲੈਂਦਾ ਹੈ।

ਅੰਤਰੁ ਦੇਖਿ ਨਿਰੰਤਰਿ ਬੂਝੈ ਅਨਤ ਨ ਮਨੁ ਡੋਲਾਇਆ ॥੧੩॥

ਉਹ ਮਨੁੱਖ ਆਪਣਾ ਅੰਦਰਲਾ (ਹਿਰਦਾ) ਪਰਖ ਕੇ ਪ੍ਰਭੂ ਨੂੰ ਇਕ-ਰਸ ਸਭ ਥਾਂ ਵਿਆਪਕ ਸਮਝਦਾ ਹੈ, (ਇਸ ਵਾਸਤੇ) ਉਸ ਦਾ ਮਨ ਕਿਸੇ ਹੋਰ (ਆਸਰੇ ਦੀ ਝਾਕ) ਵਲ ਨਹੀਂ ਡੋਲਦਾ ॥੧੩॥

ਨਿਰਭਉ ਸੋ ਅਭ ਅੰਤਰਿ ਵਸਿਆ ॥

ਨਿਰਭਉ ਪਰਮਾਤਮਾ ਉਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ,

ਅਹਿਨਿਸਿ ਨਾਮਿ ਨਿਰੰਜਨ ਰਸਿਆ ॥

ਜਿਸ ਮਨੁੱਖ ਦਾ ਹਿਰਦਾ ਦਿਨ ਰਾਤ ਮਾਇਆ-ਰਹਿਤ ਪ੍ਰਭੂ ਦੇ ਨਾਮ ਵਿਚ ਰਸਿਆ ਰਹਿੰਦਾ ਹੈ।

ਨਾਨਕ ਹਰਿ ਜਸੁ ਸੰਗਤਿ ਪਾਈਐ ਹਰਿ ਸਹਜੇ ਸਹਜਿ ਮਿਲਾਇਆ ॥੧੪॥

ਹੇ ਨਾਨਕ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸੰਗਤ (ਵਿਚ ਬੈਠਿਆਂ) ਮਿਲਦੀ ਹੈ। (ਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ) ਪਰਮਾਤਮਾ ਅਡੋਲ ਆਤਮਕ ਅਵਸਥਾ ਵਿਚ ਮਿਲਾਈ ਰੱਖਦਾ ਹੈ ॥੧੪॥

ਅੰਤਰਿ ਬਾਹਰਿ ਸੋ ਪ੍ਰਭੁ ਜਾਣੈ ॥

(ਸਿਫ਼ਤ-ਸਾਲਾਹ ਕਰਨ ਵਾਲਾ ਬੰਦਾ) ਉਸ ਪਰਮਾਤਮਾ ਨੂੰ ਆਪਣੇ ਅੰਦਰ ਤੇ ਬਾਹਰ (ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਸਮਝਦਾ ਹੈ।

ਰਹੈ ਅਲਿਪਤੁ ਚਲਤੇ ਘਰਿ ਆਣੈ ॥

ਉਹ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ (ਮਾਇਆ ਵਲ) ਦੌੜਦੇ (ਮਨ) ਨੂੰ (ਮੋੜ ਕੇ ਆਪਣੇ) ਅੰਦਰ ਹੀ ਲੈ ਆਉਂਦਾ ਹੈ।

ਊਪਰਿ ਆਦਿ ਸਰਬ ਤਿਹੁ ਲੋਈ ਸਚੁ ਨਾਨਕ ਅੰਮ੍ਰਿਤ ਰਸੁ ਪਾਇਆ ॥੧੫॥੪॥੨੧॥

ਹੇ ਨਾਨਕ! ਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਸਭ ਜੀਵਾਂ ਉਤੇ ਰਾਖਾ ਸਭ ਦਾ ਮੂਲ ਤੇ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸਦਾ ਹੈ। ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰ ਲੈਂਦਾ ਹੈ ॥੧੫॥੪॥੨੧॥


ਮਾਰੂ ਮਹਲਾ ੧ ॥
ਕੁਦਰਤਿ ਕਰਨੈਹਾਰ ਅਪਾਰਾ ॥

ਇਸ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਪਰਮਾਤਮਾ ਬੇਅੰਤ ਹੈ (ਉਸ ਦੀਆਂ ਤਾਕਤਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਕੀਤੇ ਕਾ ਨਾਹੀ ਕਿਹੁ ਚਾਰਾ ॥

ਕੋਈ ਜੀਵ ਉਸ ਦੀ ਤਾਕਤ ਦੇ ਅੱਗੇ ਅੜਨਾ ਚਾਹੇ, ਤਾਂ) ਉਸ ਦੇ ਪੈਦਾ ਕੀਤੇ ਹੋਏ ਜੀਵ ਦੀ ਪੇਸ਼ ਨਹੀਂ ਜਾ ਸਕਦੀ।

ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ ॥੧॥

ਉਹ ਪਰਮਾਤਮਾ ਸਾਰੇ ਜੀਵ ਪੈਦਾ ਕਰ ਕੇ ਆਪ ਹੀ (ਸਭਨਾਂ ਨੂੰ) ਰਿਜ਼ਕ ਦੇਂਦਾ ਹੈ ਤੇ ਆਪ ਹੀ ਹਰੇਕ ਉਤੇ ਆਪਣਾ ਹੁਕਮ ਚਲਾ ਰਿਹਾ ਹੈ (ਹਰੇਕ ਨੂੰ ਆਪਣੇ ਹੁਕਮ ਵਿਚ ਤੋਰ ਰਿਹਾ ਹੈ) ॥੧॥

ਹੁਕਮੁ ਚਲਾਇ ਰਹਿਆ ਭਰਪੂਰੇ ॥

ਪਰਮਾਤਮਾ (ਸਾਰੀ ਸ੍ਰਿਸ਼ਟੀ ਵਿਚ ਆਪਣਾ) ਹੁਕਮ ਵਰਤਾ ਰਿਹਾ ਹੈ, ਤੇ ਸਾਰੀ ਹੀ ਸ੍ਰਿਸ਼ਟੀ ਵਿਚ ਪੂਰਨ ਤੌਰ ਤੇ ਵਿਆਪਕ ਹੈ।

ਕਿਸੁ ਨੇੜੈ ਕਿਸੁ ਆਖਾਂ ਦੂਰੇ ॥

ਮੈਂ ਕੀਹ ਦੱਸਾਂ ਕਿ ਕਿਸ ਤੋਂ ਉਹ ਨੇੜੇ ਹੈ ਤੇ ਕਿਸ ਤੋਂ ਦੂਰ? (ਭਾਵ, ਪਰਮਾਤਮਾ ਹਰੇਕ ਜੀਵ ਦੇ ਅੰਦਰ ਭੀ ਵੱਸ ਰਿਹਾ ਹੈ ਤੇ ਨਿਰਲੇਪ ਭੀ ਹੈ)।

ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥੨॥

ਹਰੇਕ ਸਰੀਰ ਵਿਚ ਹਰੀ ਨੂੰ ਗੁਪਤ ਭੀ ਤੇ ਪਰਗਟ ਭੀ ਵੱਸਦਾ ਵੇਖੋ। ਉਹ ਸਾਰੀ ਰਚਨਾ ਵਿਚ ਇਕ ਆਪ ਹੀ ਆਪ ਮੌਜੂਦ ਹੈ ॥੨॥

ਜਿਸ ਕਉ ਮੇਲੇ ਸੁਰਤਿ ਸਮਾਏ ॥

ਜਿਸ ਜੀਵ ਨੂੰ ਪਰਮਾਤਮਾ ਆਪਣੇ ਨਾਲ ਮਿਲਾਂਦਾ ਹੈ ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜਦੀ ਹੈ,

ਗੁਰਸਬਦੀ ਹਰਿ ਨਾਮੁ ਧਿਆਏ ॥

ਉਹ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ।

ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥੩॥

ਉਹ ਨੂੰ ਹਰ ਥਾਂ ਉਹ ਪਰਮਾਤਮਾ ਦਿੱਸਦਾ ਹੈ ਜੋ ਆਨੰਦ-ਸਰੂਪ ਹੈ ਜੋ ਬੇ-ਮਿਸਾਲ ਹੈ ਤੇ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰੂ ਦੀ ਸਰਨ ਪੈਣ ਕਰਕੇ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੩॥

ਮਨ ਤਨ ਧਨ ਤੇ ਨਾਮੁ ਪਿਆਰਾ ॥

ਜਿਸ ਮਨੁੱਖ ਨੂੰ ਆਪਣੇ ਮਨ ਨਾਲੋਂ ਆਪਣੇ ਸਰੀਰ ਨਾਲੋਂ ਆਪਣੇ ਧਨ-ਪਦਾਰਥ ਨਾਲੋਂ ਪਰਮਾਤਮਾ ਦਾ ਨਾਮ ਵਧੀਕ ਪਿਆਰਾ ਲੱਗਦਾ ਹੈ,

ਅੰਤਿ ਸਖਾਈ ਚਲਣਵਾਰਾ ॥

ਪਰਮਾਤਮਾ ਉਸ ਦਾ ਅਖ਼ੀਰ ਤਕ ਸਾਥੀ ਬਣਦਾ ਹੈ ਉਸ ਦੇ ਨਾਲ ਜਾਂਦਾ ਹੈ।

ਮੋਹ ਪਸਾਰ ਨਹੀ ਸੰਗਿ ਬੇਲੀ ਬਿਨੁ ਹਰਿ ਗੁਰ ਕਿਨਿ ਸੁਖੁ ਪਾਇਆ ॥੪॥

ਜਗਤ ਦੇ ਮੋਹ ਦੇ ਖਿਲਾਰੇ ਕਿਸੇ ਮਨੁੱਖ ਦੇ ਨਾਲ ਸਾਥੀ ਨਹੀਂ ਬਣ ਸਕਦੇ। ਪਰਮਾਤਮਾ ਦੇ ਨਾਮ ਤੋਂ ਬਿਨਾ ਗੁਰੂ ਦੀ ਸਰਨ ਤੋਂ ਬਿਨਾ ਕਦੇ ਕਿਸੇ ਨੇ ਸੁਖ ਪ੍ਰਾਪਤ ਨਹੀਂ ਕੀਤਾ ॥੪॥

ਜਿਸ ਕਉ ਨਦਰਿ ਕਰੇ ਗੁਰੁ ਪੂਰਾ ॥

ਜਿਸ ਮਨੁੱਖ ਉਤੇ ਪੂਰਾ ਗੁਰੂ ਮੇਹਰ ਦੀ ਨਜ਼ਰ ਕਰਦਾ ਹੈ,

ਸਬਦਿ ਮਿਲਾਏ ਗੁਰਮਤਿ ਸੂਰਾ ॥

ਉਸ ਨੂੰ ਆਪਣੇ ਸ਼ਬਦ ਵਿਚ ਜੋੜਦਾ ਹੈ, ਉਹ ਮਨੁੱਖ ਗੁਰੂ ਦੀ ਮੱਤ ਦੇ ਆਸਰੇ (ਵਿਕਾਰਾਂ ਦਾ ਟਾਕਰਾ ਕਰਨ ਲਈ) ਸੂਰਮਾ ਹੋ ਜਾਂਦਾ ਹੈ।

ਨਾਨਕ ਗੁਰ ਕੇ ਚਰਨ ਸਰੇਵਹੁ ਜਿਨਿ ਭੂਲਾ ਮਾਰਗਿ ਪਾਇਆ ॥੫॥

ਹੇ ਨਾਨਕ! ਜਿਸ ਗੁਰੂ ਨੇ ਭੁੱਲੇ ਹੋਏ ਜੀਵ ਨੂੰ ਸਹੀ ਜੀਵਨ-ਰਸਤੇ ਉਤੇ ਪਾਇਆ ਹੈ (ਭਾਵ, ਜੇਹੜਾ ਗੁਰੂ ਭਟਕਦੇ ਜੀਵ ਨੂੰ ਠੀਕ ਰਾਹ ਤੇ ਪਾ ਦੇਂਦਾ ਹੈ) ਉਸ ਗੁਰੂ ਦੇ ਚਰਨ ਪੂਜੋ (ਭਾਵ, ਆਪਾ-ਭਾਵ ਗਵਾ ਕੇ ਉਸ ਗੁਰੂ ਦਾ ਪੱਲਾ ਫੜੋ) ॥੫॥

ਸੰਤ ਜਨਾਂ ਹਰਿ ਧਨੁ ਜਸੁ ਪਿਆਰਾ ॥

ਸੰਤ ਜਨਾਂ ਨੂੰ ਇਹ ਨਾਮ-ਧਨ ਪਿਆਰਾ ਲੱਗਦਾ ਹੈ। ਉਹਨਾਂ ਨੂੰ ਤੇਰੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ।

ਗੁਰਮਤਿ ਪਾਇਆ ਨਾਮੁ ਤੁਮਾਰਾ ॥

ਹੇ ਪ੍ਰਭੂ! ਤੇਰਾ ਨਾਮ ਗੁਰੂ ਦੀ ਮੱਤ ਤੇ ਤੁਰਿਆਂ ਹੀ ਮਿਲਦਾ ਹੈ।

ਜਾਚਿਕੁ ਸੇਵ ਕਰੇ ਦਰਿ ਹਰਿ ਕੈ ਹਰਿ ਦਰਗਹ ਜਸੁ ਗਾਇਆ ॥੬॥

ਪ੍ਰਭੂ ਦੇ ਦਰ ਦਾ ਮੰਗਤਾ ਪ੍ਰਭੂ ਦੇ ਦਰ ਤੇ ਟਿਕ ਕੇ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ (ਜੁੜ ਕੇ ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦਾ ਹੈ ॥੬॥

ਸਤਿਗੁਰੁ ਮਿਲੈ ਤ ਮਹਲਿ ਬੁਲਾਏ ॥

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ (ਭਾਵ, ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ)।

ਸਾਚੀ ਦਰਗਹ ਗਤਿ ਪਤਿ ਪਾਏ ॥

ਉਹ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ।

ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ ॥੭॥

ਪਰ ਮਾਇਆ-ਵੇੜ੍ਹੇ ਬੰਦੇ ਨੂੰ ਪਰਮਾਤਮਾ ਦੇ ਮਹਲ ਦਾ ਟਿਕਾਣਾ ਨਹੀਂ ਲੱਭਦਾ, ਉਹ ਜਨਮਾਂ ਦੇ ਗੇੜ ਵਿਚ ਪੈ ਕੇ ਮਰਦਾ ਤੇ ਦੁੱਖ ਸਹਾਰਦਾ ਹੈ ॥੭॥

ਸੇਵਹੁ ਸਤਿਗੁਰ ਸਮੁੰਦੁ ਅਥਾਹਾ ॥

ਸਤਿਗੁਰੂ ਅਥਾਹ ਸਮੁੰਦਰ ਹੈ।

ਪਾਵਹੁ ਨਾਮੁ ਰਤਨੁ ਧਨੁ ਲਾਹਾ ॥

(ਉਸ ਵਿਚ ਪ੍ਰਭੂ ਦੇ ਗੁਣਾਂ ਦੇ ਰਤਨ ਭਰੇ ਪਏ ਹਨ), ਗੁਰੂ ਦੀ ਸੇਵਾ ਕਰੋ। ਗੁਰੂ ਪਾਸੋਂ ਨਾਮ-ਰਤਨ ਨਾਮ-ਧਨ ਹਾਸਲ ਕਰ ਲਵੋਗੇ (ਇਹੀ ਮਨੁੱਖਾ ਜੀਵਨ ਦਾ) ਲਾਭ (ਹੈ)।

ਬਿਖਿਆ ਮਲੁ ਜਾਇ ਅੰਮ੍ਰਿਤ ਸਰਿ ਨਾਵਹੁ ਗੁਰ ਸਰ ਸੰਤੋਖੁ ਪਾਇਆ ॥੮॥

(ਗੁਰੂ ਦੀ ਸਰਨ ਪੈ ਕੇ) ਨਾਮ-ਅੰਮ੍ਰਿਤ ਦੇ ਸਰੋਵਰ ਵਿਚ (ਆਤਮਕ) ਇਸ਼ਨਾਨ ਕਰੋ, (ਇਸ ਤਰ੍ਹਾਂ) ਮਾਇਆ (ਦੇ ਮੋਹ) ਦੀ ਮੈਲ (ਮਨ ਤੋਂ) ਧੁਪ ਜਾਇਗੀ (ਤ੍ਰਿਸ਼ਨਾ ਮੁੱਕ ਜਾਇਗੀ ਤੇ) ਗੁਰੂ-ਸਰੋਵਰ ਦਾ ਸੰਤੋਖ (-ਜਲ) ਪ੍ਰਾਪਤ ਹੋ ਜਾਇਗਾ ॥੮॥

ਸਤਿਗੁਰ ਸੇਵਹੁ ਸੰਕ ਨ ਕੀਜੈ ॥

(ਪੂਰੀ ਸਰਧਾ ਨਾਲ) ਗੁਰੂ ਦੀ ਦੱਸੀ ਸੇਵਾ ਕਰੋ, (ਗੁਰੂ ਦੇ ਹੁਕਮ ਵਿਚ ਰਤਾ ਭੀ) ਸ਼ੱਕ ਨਾਹ ਕਰੋ।

ਆਸਾ ਮਾਹਿ ਨਿਰਾਸੁ ਰਹੀਜੈ ॥

(ਗੁਰੂ ਦੇ ਦੱਸੇ ਰਸਤੇ ਤੇ ਤੁਰਿਆਂ) ਦੁਨੀਆ ਦੀਆਂ ਆਸਾਂ ਵਿਚ ਨਿਰਲੇਪ ਰਹਿ ਕੇ ਜਿਊ ਸਕੀਦਾ ਹੈ।

ਸੰਸਾ ਦੂਖ ਬਿਨਾਸਨੁ ਸੇਵਹੁ ਫਿਰਿ ਬਾਹੁੜਿ ਰੋਗੁ ਨ ਲਾਇਆ ॥੯॥

ਪਰਮਾਤਮਾ (ਦਾ ਨਾਮ) ਸਿਮਰੋ ਜੋ ਸਾਰੇ ਸਹਮ ਤੇ ਦੁੱਖ ਨਾਸ ਕਰਨ ਵਾਲਾ ਹੈ। ਜੇਹੜਾ ਮਨੁੱਖ ਸਿਮਰਦਾ ਹੈ ਉਸ ਨੂੰ ਮੁੜ (ਮੋਹ ਦਾ) ਰੋਗ ਨਹੀਂ ਵਿਆਪਦਾ ॥੯॥

ਸਾਚੇ ਭਾਵੈ ਤਿਸੁ ਵਡੀਆਏ ॥

ਜੇਹੜਾ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਉਹ (ਗੁਰੂ ਦੀ ਰਾਹੀਂ ਆਪਣੇ ਨਾਮ ਦੀ ਦਾਤ ਦੇ ਕੇ) ਇੱਜ਼ਤ ਬਖ਼ਸ਼ਦਾ ਹੈ।

ਕਉਨੁ ਸੁ ਦੂਜਾ ਤਿਸੁ ਸਮਝਾਏ ॥

ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਜੋ ਸਹੀ ਰਸਤਾ ਦੱਸ ਸਕੇ।

ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ ॥੧੦॥

ਗੁਰੂ ਤੇ ਪਰਮਾਤਮਾ ਦੋਹਾਂ ਦੀ ਇਕੋ ਹੀ ਹਸਤੀ ਹੈ ਜੋ ਜਗਤ ਵਿਚ ਕੰਮ ਕਰ ਰਹੀ ਹੈ। ਹੇ ਨਾਨਕ! ਜੋ ਹਰੀ ਨੂੰ ਚੰਗਾ ਲੱਗਦਾ ਹੈ ਉਹ ਗੁਰੂ ਨੂੰ ਚੰਗਾ ਲੱਗਦਾ ਹੈ, ਤੇ ਜੋ ਗੁਰੂ ਨੂੰ ਭਾਉਂਦਾ ਹੈ ਉਹ ਹਰੀ-ਪ੍ਰਭੂ ਨੂੰ ਪਸੰਦ ਹੈ ॥੧੦॥

ਵਾਚਹਿ ਪੁਸਤਕ ਵੇਦ ਪੁਰਾਨਾਂ ॥

(ਗੁਰੂ ਤੋਂ ਖੁੰਝ ਕੇ ਪੰਡਿਤ ਲੋਕ) ਵੇਦ ਪੁਰਾਣ ਆਦਿਕ (ਧਰਮ-) ਪੁਸਤਕਾਂ ਪੜ੍ਹਦੇ ਹਨ,

ਇਕ ਬਹਿ ਸੁਨਹਿ ਸੁਨਾਵਹਿ ਕਾਨਾਂ ॥

ਜੋ ਕੁਝ ਉਹ ਸੁਣਾਂਦੇ ਹਨ ਉਸ ਨੂੰ ਅਨੇਕਾਂ ਬੰਦੇ ਬਹਿ ਕੇ ਧਿਆਨ ਨਾਲ ਸੁਣਦੇ ਹਨ।

ਅਜਗਰ ਕਪਟੁ ਕਹਹੁ ਕਿਉ ਖੁਲ੍ਰੈ  ਬਿਨੁ ਸਤਿਗੁਰ ਤਤੁ ਨ ਪਾਇਆ ॥੧੧॥

ਪਰ ਇਸ ਤਰ੍ਹਾਂ (ਮਨ ਨੂੰ ਕਾਬੂ ਰੱਖਣ ਵਾਲਾ ਮਾਇਆ ਦੇ ਮੋਹ ਦਾ) ਕਰੜਾ ਕਵਾੜ ਕਿਸੇ ਭੀ ਹਾਲਤ ਵਿਚ ਖੁਲ੍ਹ ਨਹੀਂ ਸਕਦਾ, (ਕਿਉਂਕਿ) ਗੁਰੂ ਦੀ ਸਰਨ ਤੋਂ ਬਿਨਾ ਅਸਲੀਅਤ ਨਹੀਂ ਲੱਭਦੀ ॥੧੧॥

ਕਰਹਿ ਬਿਭੂਤਿ ਲਗਾਵਹਿ ਭਸਮੈ ॥

(ਇਕ ਉਹ ਭੀ ਹਨ ਜੋ ਤਿਆਗੀ ਬਣ ਕੇ ਜੰਗਲਾਂ ਵਿਚ ਜਾ ਬੈਠਦੇ ਹਨ, ਲੱਕੜਾਂ ਬਾਲ ਕੇ) ਸੁਆਹ ਤਿਆਰ ਕਰਦੇ ਹਨ ਤੇ ਉਹ ਸੁਆਹ (ਆਪਣੇ ਪਿੰਡੇ ਉਤੇ) ਮਲ ਲੈਂਦੇ ਹਨ।

ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ॥

ਪਰ ਉਹਨਾਂ ਦੇ ਅੰਦਰ (ਹਿਰਦੇ ਵਿਚ) ਚੰਡਾਲ ਕ੍ਰੋਧ ਵੱਸਦਾ ਹੈ ਹਉਮੈ ਵੱਸਦੀ ਹੈ।

ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ ॥੧੨॥

(ਸੋ, ਤਿਆਗ ਦੇ ਇਹ) ਪਾਖੰਡ ਕਰਨ ਨਾਲ ਪਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਅਦ੍ਰਿਸ਼ਟ ਪ੍ਰਭੂ ਨਹੀਂ ਲੱਭਦਾ ॥੧੨॥

ਤੀਰਥ ਵਰਤ ਨੇਮ ਕਰਹਿ ਉਦਿਆਨਾ ॥

(ਤਿਆਗੀ ਬਣ ਕੇ) ਜੰਗਲਾਂ ਵਿਚ ਨਿਵਾਸ ਕਰਦੇ ਹਨ ਤੀਰਥਾਂ ਤੇ ਇਸ਼ਨਾਨ ਕਰਦੇ ਹਨ ਵਰਤਾਂ ਦੇ ਨੇਮ ਧਾਰਦੇ ਹਨ,

ਜਤੁ ਸਤੁ ਸੰਜਮੁ ਕਥਹਿ ਗਿਆਨਾ ॥

ਗਿਆਨ ਦੀਆਂ ਗੱਲਾਂ ਕਰਦੇ ਹਨ ਜਤ ਸਤ ਸੰਜਮ ਦੇ ਸਾਧਨ ਕਰਦੇ ਹਨ,

ਰਾਮ ਨਾਮ ਬਿਨੁ ਕਿਉ ਸੁਖੁ ਪਾਈਐ ਬਿਨੁ ਸਤਿਗੁਰ ਭਰਮੁ ਨ ਜਾਇਆ ॥੧੩॥

ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਪ੍ਰਾਪਤ ਨਹੀਂ ਹੁੰਦਾ, ਸਤਿਗੁਰੂ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ॥੧੩॥

ਨਿਉਲੀ ਕਰਮ ਭੁਇਅੰਗਮ ਭਾਠੀ ॥

(ਇਹ ਲੋਕ) ਨਿਉਲੀ ਕਰਮ ਕਰਦੇ ਹਨ, ਕੁੰਡਲਨੀ ਨੂੰ ਦਸਮ ਦੁਆਰ ਵਿਚ ਖੋਹਲਣਾ ਦੱਸਦੇ ਹਨ,

ਰੇਚਕ ਕੁੰਭਕ ਪੂਰਕ ਮਨ ਹਾਠੀ ॥

ਮਨ ਦੇ ਹਠ ਨਾਲ (ਪ੍ਰਾਣਾਯਮ ਦੇ ਅੱਭਿਆਸ ਵਿਚ) ਪ੍ਰਾਣ ਉਤਾਂਹ ਚਾੜ੍ਹਦੇ ਹਨ, ਸੁਖਮਨਾ ਵਿਚ ਰੋਕ ਕੇ ਰੱਖਦੇ ਹਨ ਤੇ ਫਿਰ ਹੇਠਾਂ ਉਤਾਰਦੇ ਹਨ,

ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰਸਬਦ ਮਹਾ ਰਸੁ ਪਾਇਆ ॥੧੪॥

ਪਰ ਇਹ ਧਾਰਮਿਕ ਕੰਮ ਨਿਰਾ ਪਾਖੰਡ-ਧਰਮ ਹੀ ਹੈ, ਇਸ ਦੀ ਰਾਹੀਂ ਪਰਮਾਤਮਾ ਨਾਲ ਪ੍ਰੀਤ ਨਹੀਂ ਬਣ ਸਕਦੀ, ਗੁਰ-ਸ਼ਬਦ ਵਾਲਾ ਮਹਾਨ (ਆਨੰਦ ਦੇਣ ਵਾਲਾ) ਰਸ ਨਹੀਂ ਮਿਲਦਾ ॥੧੪॥

ਕੁਦਰਤਿ ਦੇਖਿ ਰਹੇ ਮਨੁ ਮਾਨਿਆ ॥

(ਇਕ ਉਹ ਹਨ ਜੇਹੜੇ) ਕੁਦਰਤਿ ਵਿਚ ਵੱਸਦੇ ਪ੍ਰਭੂ ਨੂੰ ਵੇਖਦੇ ਹਨ ਉਹਨਾਂ ਦਾ ਮਨ ਉਸ ਦੀਦਾਰ ਵਿਚ ਪ੍ਰਸੰਨ ਹੁੰਦਾ ਹੈ,

ਗੁਰਸਬਦੀ ਸਭੁ ਬ੍ਰਹਮੁ ਪਛਾਨਿਆ ॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਹਰ ਥਾਂ ਪ੍ਰਭੂ ਨੂੰ ਵੱਸਦਾ ਪਛਾਣਦੇ ਹਨ।

ਨਾਨਕ ਆਤਮ ਰਾਮੁ ਸਬਾਇਆ ਗੁਰ ਸਤਿਗੁਰ ਅਲਖੁ ਲਖਾਇਆ ॥੧੫॥੫॥੨੨॥

ਹੇ ਨਾਨਕ! ਉਹਨਾਂ ਨੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਪਰਮਾਤਮਾ ਦਿੱਸਦਾ ਹੈ। ਗੁਰੂ ਹੀ ਅਦ੍ਰਿਸ਼ਟ ਪਰਮਾਤਮਾ ਦਾ ਦੀਦਾਰ ਕਰਾਂਦਾ ਹੈ ॥੧੫॥੫॥੨੨॥


ਮਾਰੂ ਸੋਲਹੇ ਮਹਲਾ ੩ ॥

ਰਾਗ ਮਾਰੂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹੁਕਮੀ ਸਹਜੇ ਸ੍ਰਿਸਟਿ ਉਪਾਈ ॥

ਪਰਮਾਤਮਾ ਨੇ ਬਿਨਾ ਕਿਸੇ ਉਚੇਚੇ ਜਤਨ ਦੇ ਆਪਣੇ ਹੁਕਮ ਦੀ ਰਾਹੀਂ ਇਹ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ।

ਕਰਿ ਕਰਿ ਵੇਖੈ ਅਪਣੀ ਵਡਿਆਈ ॥

(ਜਗਤ-ਉਤਪਤੀ ਦੇ ਕੰਮ) ਕਰ ਕਰ ਕੇ ਆਪਣੀ ਵਡਿਆਈ (ਆਪ ਹੀ) ਵੇਖ ਰਿਹਾ ਹੈ।

ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ ॥੧॥

ਆਪ ਹੀ ਸਭ ਕੁਝ ਕਰ ਰਿਹਾ ਹੈ, (ਜੀਵਾਂ ਪਾਸੋਂ) ਆਪ ਹੀ ਕਰਾ ਰਿਹਾ ਹੈ, ਆਪਣੀ ਰਜ਼ਾ ਅਨੁਸਾਰ (ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਹੋ ਰਿਹਾ ਹੈ ॥੧॥

ਮਾਇਆ ਮੋਹੁ ਜਗਤੁ ਗੁਬਾਰਾ ॥

(ਸ੍ਰਿਸ਼ਟੀ ਵਿਚ ਪ੍ਰਭੂ ਆਪ ਹੀ) ਮਾਇਆ ਦਾ ਮੋਹ ਪੈਦਾ ਕਰਨ ਵਾਲਾ ਹੈ (ਜਿਸ ਨੇ) ਜਗਤ ਘੁੱਪ ਹਨੇਰਾ ਬਣਾ ਰੱਖਿਆ ਹੈ।

ਗੁਰਮੁਖਿ ਬੂਝੈ ਕੋ ਵੀਚਾਰਾ ॥

ਇਸ ਵਿਚਾਰ ਨੂੰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਸਮਝਦਾ ਹੈ।

ਆਪੇ ਨਦਰਿ ਕਰੇ ਸੋ ਪਾਏ ਆਪੇ ਮੇਲਿ ਮਿਲਾਈ ਹੇ ॥੨॥

ਜਿਸ ਜੀਵ ਉਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਹੀ, ਇਹ ਸੂਝ ਪ੍ਰਾਪਤ ਕਰਦਾ ਹੈ ਕਿ ਪ੍ਰਭੂ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੨॥

ਆਪੇ ਮੇਲੇ ਦੇ ਵਡਿਆਈ ॥

ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਨਾਲ) ਮਿਲਾਂਦਾ ਹੈ ਤੇ ਇੱਜ਼ਤ ਬਖ਼ਸ਼ਦਾ ਹੈ।

ਗੁਰਪਰਸਾਦੀ ਕੀਮਤਿ ਪਾਈ ॥

ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ ਇਸ ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ।

ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥੩॥

ਮਨ ਦੀ ਮੁਰੀਦ ਲੁਕਾਈ ਮਾਇਆ ਦੇ ਪਿਆਰ ਦੇ ਕਾਰਨ (ਸਹੀ ਜੀਵਨ-ਰਾਹ ਤੋਂ) ਖੁੰਝੀ ਹੋਈ ਬਹੁਤ ਵਿਲਕਦੀ ਫਿਰਦੀ ਹੈ ॥੩॥

ਹਉਮੈ ਮਾਇਆ ਵਿਚੇ ਪਾਈ ॥

(ਇਹ ਸ੍ਰਿਸ਼ਟੀ ਪੈਦਾ ਕਰ ਕੇ ਪ੍ਰਭੂ ਨੇ ਆਪ ਹੀ) ਇਸ ਦੇ ਵਿਚ ਹੀ ਹਉਮੈ ਤੇ ਮਾਇਆ ਪੈਦਾ ਕਰ ਦਿੱਤੀ ਹੈ।

ਮਨਮੁਖ ਭੂਲੇ ਪਤਿ ਗਵਾਈ ॥

ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਨੇ (ਹਉਮੈ ਮਾਇਆ ਦੇ ਕਾਰਨ) ਕੁਰਾਹੇ ਪੈ ਕੇ ਆਪਣੀ ਇੱਜ਼ਤ ਗਵਾ ਲਈ ਹੈ।

ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥੪॥

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ (ਤੇ ਨਾਮ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥

ਗੁਰ ਤੇ ਗਿਆਨੁ ਨਾਮ ਰਤਨੁ ਪਾਇਆ ॥

ਜਿਹੜਾ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਅਤੇ ਪਰਮਾਤਮਾ ਦਾ ਕੀਮਤੀ ਨਾਮ ਹਾਸਲ ਕਰ ਲੈਂਦਾ ਹੈ,

ਮਨਸਾ ਮਾਰਿ ਮਨ ਮਾਹਿ ਸਮਾਇਆ ॥

ਉਹ ਆਪਣੇ ਮਨ ਦੇ ਫੁਰਨੇ ਨੂੰ ਮਾਰ ਕੇ ਅੰਤਰ-ਆਤਮੇ ਹੀ ਲੀਨ ਰਹਿੰਦਾ ਹੈ।

ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥੫॥

ਉਸ ਨੂੰ ਪਰਮਾਤਮਾ ਆਪ ਹੀ ਇਹ ਸਮਝ ਬਖ਼ਸ਼ ਦੇਂਦਾ ਹੈ ਕਿ ਸਾਰੇ ਖੇਲ ਪਰਮਾਤਮਾ ਆਪ ਹੀ ਕਰ ਰਿਹਾ ਹੈ ॥੫॥

ਸਤਿਗੁਰੁ ਸੇਵੇ ਆਪੁ ਗਵਾਏ ॥

ਜਿਹੜਾ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦਾ ਹੈ,

ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥

ਉਹ ਮਨੁੱਖ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਆਨੰਦ ਮਾਣਦਾ ਹੈ।

ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥੬॥

ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਰੰਗਿਆ ਰਹਿੰਦਾ ਹੈ। ਆਤਮਕ ਅਡੋਲਤਾ ਵਾਲੀ ਬੁੱਧੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਪ੍ਰਤੀਤ ਬਣੀ ਰਹਿੰਦੀ ਹੈ ॥੬॥

ਦੂਖ ਨਿਵਾਰਣੁ ਗੁਰ ਤੇ ਜਾਤਾ ॥

ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ,

ਆਪਿ ਮਿਲਿਆ ਜਗਜੀਵਨੁ ਦਾਤਾ ॥

ਸਭ ਦਾਤਾਂ ਦੇਣ ਵਾਲਾ ਤੇ ਜਗਤ ਦਾ ਆਸਰਾ ਪ੍ਰਭੂ ਆਪ ਉਸ ਨੂੰ ਆ ਮਿਲਿਆ।

ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ ॥੭॥

ਉਹੀ ਮਨੁੱਖ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ, ਜਿਸ ਨੂੰ ਪ੍ਰਭੂ ਆਪ ਭਗਤੀ ਵਿਚ ਜੋੜਦਾ ਹੈ। ਉਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਡਰ ਹਰੇਕ ਭਰਮ ਦੂਰ ਹੋ ਜਾਂਦਾ ਹੈ ॥੭॥

ਆਪੇ ਗੁਰਮੁਖਿ ਆਪੇ ਦੇਵੈ ॥

ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਗੁਰੂ ਦੇ ਸਨਮੁਖ ਰੱਖਦਾ ਹੈ ਜਿਸ ਨੂੰ ਆਪ ਹੀ ਭਗਤੀ ਦੀ ਦਾਤ ਦੇਂਦਾ ਹੈ, ਉਹ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ।

ਸਚੈ ਸਬਦਿ ਸਤਿਗੁਰੁ ਸੇਵੈ ॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ।

ਜਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ ॥੮॥

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਉਸ ਦੀ ਅਜਿਹੀ ਪ੍ਰੀਤ ਬਣ ਜਾਂਦੀ ਹੈ ਕਿ ਉਸ ਪ੍ਰੀਤ ਨੂੰ ਨਾਹ ਬੁਢੇਪਾ ਤੇ ਨਾਹ ਹੀ ਆਤਮਕ ਮੌਤ ਤੱਕ ਸਕਦੇ ਹਨ (ਭਾਵ, ਨਾਹ ਉਹ ਪ੍ਰੀਤ ਕਦੇ ਕਮਜ਼ੋਰ ਹੁੰਦੀ ਹੈ ਤੇ ਨਾਹ ਹੀ ਉਥੇ ਵਿਕਾਰਾਂ ਨੂੰ ਆਉਣ ਦਾ ਮੌਕਾ ਮਿਲਦਾ ਹੈ) ॥੮॥

ਤ੍ਰਿਸਨਾ ਅਗਨਿ ਜਲੈ ਸੰਸਾਰਾ ॥

ਜਗਤ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ,

ਜਲਿ ਜਲਿ ਖਪੈ ਬਹੁਤੁ ਵਿਕਾਰਾ ॥

ਵਿਕਾਰਾਂ ਵਿਚ ਸੜ ਸੜ ਕੇ ਬਹੁਤ ਦੁੱਖੀ ਹੋ ਰਿਹਾ ਹੈ।

ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੇ ॥੯॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅੱਗ ਤੋਂ ਬਚਾਉ ਦਾ) ਥਾਂ ਕਦੇ ਭੀ ਨਹੀਂ ਲੱਭ ਸਕਦਾ। (ਉਹੀ ਮਨੁੱਖ ਬਚਾਉ ਦਾ ਥਾਂ ਲੱਭਦਾ ਹੈ ਜਿਸ ਨੂੰ) ਗੁਰੂ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈ ॥੯॥

ਸਤਿਗੁਰੁ ਸੇਵਨਿ ਸੇ ਵਡਭਾਗੀ ॥

ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਹੜੇ ਗੁਰੂ ਦੀ ਸਰਨ ਪੈਂਦੇ ਹਨ,

ਸਾਚੈ ਨਾਮਿ ਸਦਾ ਲਿਵ ਲਾਗੀ ॥

ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਸੁਰਤ ਸਦਾ ਜੁੜੀ ਰਹਿੰਦੀ ਹੈ।

ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ ॥੧੦॥

ਉਹਨਾਂ ਦੇ ਅੰਦਰ ਪਰਮਾਤਮਾ ਦਾ ਪਵਿੱਤਰ ਕਰਨ ਵਾਲਾ ਨਾਮ ਸਦਾ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਨੇ ਆਪਣੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁਝਾ ਲਈ ਹੁੰਦੀ ਹੈ ॥੧੦॥

ਸਚਾ ਸਬਦੁ ਸਚੀ ਹੈ ਬਾਣੀ ॥

ਸਦਾ-ਥਿਰ ਪਦਾਰਥ ਗੁਰ-ਸ਼ਬਦ ਹੀ ਹੈ, ਸਦਾ-ਥਿਰ ਵਸਤ ਸਿਫ਼ਤ-ਸਾਲਾਹ ਦੀ ਬਾਣੀ ਹੀ ਹੈ।

ਗੁਰਮੁਖਿ ਵਿਰਲੈ ਕਿਨੈ ਪਛਾਣੀ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ।

ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥੧੧॥

ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਤੋਂ ਉਪਰਾਮ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੧੧॥

ਸਬਦੁ ਬੁਝੈ ਸੋ ਮੈਲੁ ਚੁਕਾਏ ॥

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝ ਲੈਂਦਾ ਹੈ (ਭਾਵ, ਆਪਣੀ ਬੁੱਧੀ ਦਾ ਹਿੱਸਾ ਬਣਾ ਲੈਂਦਾ ਹੈ) ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ।

ਨਿਰਮਲ ਨਾਮੁ ਵਸੈ ਮਨਿ ਆਏ ॥

ਪਰਮਾਤਮਾ ਦਾ ਪਵਿੱਤਰ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।

ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥੧੨॥

ਜਿਹੜੇ ਮਨੁੱਖ ਸਦਾ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ॥੧੨॥

ਗੁਰ ਤੇ ਬੂਝੈ ਤਾ ਦਰੁ ਸੂਝੈ ॥

ਜਦੋਂ ਮਨੁੱਖ ਗੁਰੂ ਪਾਸੋਂ (ਸਹੀ ਜੀਵਨ-ਰਾਹ ਦਾ ਉਪਦੇਸ਼) ਸਮਝ ਲੈਂਦਾ ਹੈ, ਤਦੋਂ ਉਸ ਨੂੰ ਪਰਮਾਤਮਾ ਦਾ ਦਰ ਦਿੱਸ ਪੈਂਦਾ ਹੈ (ਭਾਵ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਹਰਿ-ਨਾਮ ਹੀ ਪ੍ਰਭੂ-ਮਿਲਾਪ ਦਾ ਵਸੀਲਾ ਹੈ)।

ਨਾਮ ਵਿਹੂਣਾ ਕਥਿ ਕਥਿ ਲੂਝੈ ॥

ਪਰ ਜਿਹੜਾ ਮਨੁੱਖ ਨਾਮ ਤੋਂ ਸੱਖਣਾ ਹੈ ਉਹ (ਹੋਰਨਾਂ ਨੂੰ) ਵਖਿਆਨ ਕਰ ਕਰ ਕੇ (ਆਪ ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ।

ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ ॥੧੩॥

ਗੁਰੂ ਦੀ ਸਰਨ ਪੈਣ ਦੀ ਬਰਕਤਿ ਇਹ ਹੈ ਕਿ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਦੂਰ ਕਰ ਲੈਂਦਾ ਹੈ ॥੧੩॥

ਆਪੇ ਆਪਿ ਮਿਲੈ ਤਾ ਬੂਝੈ ॥

ਪਰ, (ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਜੀਵ ਨੂੰ ਮਿਲ ਪਏ, ਤਦੋਂ ਹੀ ਉਹ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ।

ਗਿਆਨ ਵਿਹੂਣਾ ਕਿਛੂ ਨ ਸੂਝੈ ॥

ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਨੂੰ (ਮਾਇਆ ਦੀ ਤ੍ਰਿਸ਼ਨਾ ਭੁੱਖ ਤੋਂ ਬਿਨਾ ਹੋਰ) ਕੁਝ ਨਹੀਂ ਸੁੱਝਦਾ।

ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥੧੪॥

ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਬਖ਼ਸ਼ੀ (ਆਤਮਕ ਜੀਵਨ ਦੀ ਸੂਝ ਦੀ) ਦਾਤ ਸਦਾ ਵੱਸਦੀ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਪ੍ਰਭਾਵ ਆਪਣੇ ਅੰਦਰ ਬਣਾਈ ਰੱਖਦਾ ਹੈ (ਜਿਵੇਂ ਵੱਜ ਰਹੇ ਵਾਜਿਆਂ ਦੇ ਕਾਰਨ ਕੋਈ ਹੋਰ ਨਿੱਕੀ-ਮੋਟੀ ਆਵਾਜ਼ ਨਹੀਂ ਸੁਣੀ ਜਾਂਦੀ) ॥੧੪॥

ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥

(ਸਾਰੀ ਖੇਡ ਪਰਮਾਤਮਾ ਦੀ ਰਜ਼ਾ ਵਿਚ ਹੋ ਰਹੀ ਹੈ) ਧੁਰ ਦਰਗਾਹ ਤੋਂ (ਰਜ਼ਾ ਅਨੁਸਾਰ ਜੀਵ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹੀ ਕਰਮ ਜੀਵ ਕਮਾਂਦਾ ਰਹਿੰਦਾ ਹੈ।

ਕੋਇ ਨ ਮੇਟੈ ਧੁਰਿ ਫੁਰਮਾਇਆ ॥

ਧੁਰੋਂ ਹੋਏ ਹੁਕਮ ਨੂੰ ਕੋਈ ਜੀਵ ਮਿਟਾ ਨਹੀਂ ਸਕਦਾ।

ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥੧੫॥

ਸਾਧ ਸੰਗਤ ਵਿਚ ਉਹਨਾਂ ਮਨੁੱਖਾਂ ਨੂੰ ਹੀ ਬਹਿਣ ਦਾ ਅਵਸਰ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਲਿਖ ਕੇ ਇਹ ਬਖ਼ਸ਼ਸ਼ ਸੌਂਪੀ ਜਾਂਦੀ ਹੈ ॥੧੫॥

ਅਪਣੀ ਨਦਰਿ ਕਰੇ ਸੋ ਪਾਏ ॥

(ਸਾਧ ਸੰਗਤ ਵਿਚ ਟਿਕਣ ਦੀ ਦਾਤਿ) ਉਹ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।

ਸਚੈ ਸਬਦਿ ਤਾੜੀ ਚਿਤੁ ਲਾਏ ॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਆਪਣਾ ਮਨ ਜੋੜਦਾ ਹੈ-ਇਹੀ ਹੈ (ਉਸ ਦੀ ਜੋਗੀਆਂ ਵਾਲੀ) ਸਮਾਧੀ।

ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ ॥੧੬॥੧॥

(ਪ੍ਰਭੂ ਦਾ) ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਉਹ ਮਨੁੱਖ ਪ੍ਰਭੂ ਦੇ) ਦਰ ਤੇ (ਹਾਜ਼ਰ ਰਹਿ ਕੇ) ਪ੍ਰਭੂ ਦਾ ਨਾਮ-ਭਿੱਛਿਆ ਪ੍ਰਾਪਤ ਕਰ ਲੈਂਦਾ ਹੈ ॥੧੬॥੧॥


ਮਾਰੂ ਮਹਲਾ ੩ ॥
ਏਕੋ ਏਕੁ ਵਰਤੈ ਸਭੁ ਸੋਈ ॥

ਸਿਰਫ਼ ਇਕ ਉਹ ਪਰਮਾਤਮਾ ਹੀ ਹਰ ਥਾਂ ਮੌਜੂਦ ਹੈ।

ਗੁਰਮੁਖਿ ਵਿਰਲਾ ਬੂਝੈ ਕੋਈ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ,

ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ ॥੧॥

ਕਿ ਸਭ ਜੀਵਾਂ ਦੇ ਅੰਦਰ ਇਕ ਪਰਮਾਤਮਾ ਹੀ ਵਿਆਪਕ ਹੈ, ਉਸ (ਪਰਾਮਤਮਾ) ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ॥੧॥

ਲਖ ਚਉਰਾਸੀਹ ਜੀਅ ਉਪਾਏ ॥

(ਉਸ ਪਰਮਾਤਮਾ ਨੇ ਹੀ) ਚੌਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ।

ਗਿਆਨੀ ਧਿਆਨੀ ਆਖਿ ਸੁਣਾਏ ॥

ਸਿਆਣੇ ਮਨੁੱਖ ਤੇ ਸਮਾਧੀਆਂ ਲਾਣ ਵਾਲੇ ਭੀ (ਇਹੀ ਗੱਲ) ਆਖ ਕੇ ਸੁਣਾ ਗਏ ਹਨ।

ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ ॥੨॥

ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ। ਉਸ ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਨਹੀਂ ਹੈ ॥੨॥

ਮਾਇਆ ਮੋਹੁ ਅੰਧੁ ਅੰਧਾਰਾ ॥

(ਜਗਤ ਵਿਚ ਹਰ ਥਾਂ) ਮਾਇਆ ਦਾ ਮੋਹ (ਭੀ ਪ੍ਰਬਲ) ਹੈ, (ਮੋਹ ਦੇ ਕਾਰਨ ਜਗਤ) ਘੁੱਪ ਹਨੇਰਾ ਬਣਿਆ ਪਿਆ ਹੈ।

ਹਉਮੈ ਮੇਰਾ ਪਸਰਿਆ ਪਾਸਾਰਾ ॥

(ਹਰ ਪਾਸੇ) ਹਉਮੈ ਤੇ ਮਮਤਾ ਦਾ ਖਿਲਾਰਾ ਖਿਲਰਿਆ ਹੋਇਆ ਹੈ।

ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਨ ਹੋਈ ਹੇ ॥੩॥

ਜਗਤ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਰਿਹਾ ਹੈ। ਗੁਰੂ ਦੀ ਸਰਨ ਤੋਂ ਬਿਨਾ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ॥੩॥

ਆਪੇ ਜੋੜਿ ਵਿਛੋੜੇ ਆਪੇ ॥

ਪਰਮਾਤਮਾ ਆਪ ਹੀ (ਜੀਵਾਂ ਨੂੰ) ਜੋੜ ਕੇ (ਇਥੇ ਪਰਵਾਰਾਂ ਵਿਚ ਇਕੱਠੇ ਕਰ ਕੇ) ਆਪ ਹੀ (ਇਹਨਾਂ ਨੂੰ ਆਪੋ ਵਿਚੋਂ) ਵਿਛੋੜ ਦੇਂਦਾ ਹੈ।

ਆਪੇ ਥਾਪਿ ਉਥਾਪੇ ਆਪੇ ॥

ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ।

ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ ॥੪॥

ਪਰਮਾਤਮਾ ਦਾ ਹੁਕਮ ਅਟੱਲ ਹੈ, (ਉਸ ਦੇ ਹੁਕਮ ਵਿਚ ਪੈਦਾ ਹੋਇਆ ਇਹ) ਜਗਤ-ਪਸਾਰਾ ਭੀ ਸਚ-ਮੁਚ ਹੋਂਦ ਵਾਲਾ ਹੈ। ਕਿਸੇ ਹੋਰ ਪਾਸੋਂ (ਅਜਿਹਾ) ਹੁਕਮ ਨਹੀਂ ਚਲਾਇਆ ਜਾ ਸਕਦਾ ॥੪॥

ਆਪੇ ਲਾਇ ਲਏ ਸੋ ਲਾਗੈ ॥

ਜਿਸ ਮਨੁੱਖ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ (ਪ੍ਰਭੂ ਦੀ ਭਗਤੀ ਵਿਚ) ਲੱਗਦਾ ਹੈ।

ਗੁਰਪਰਸਾਦੀ ਜਮ ਕਾ ਭਉ ਭਾਗੈ ॥

ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) ਮੌਤ ਦਾ ਡਰ ਦੂਰ ਹੋ ਜਾਂਦਾ ਹੈ।

ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ ॥੫॥

ਉਸ ਦੇ ਅੰਦਰ ਸਦਾ ਆਤਮਕ ਆਨੰਦ ਦੇਣ ਵਾਲਾ ਗੁਰ-ਸ਼ਬਦ ਵੱਸਿਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਹੀ ਕੋਈ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ ॥੫॥

ਆਪੇ ਮੇਲੇ ਮੇਲਿ ਮਿਲਾਏ ॥

ਪਰਮਾਤਮਾ ਆਪ ਹੀ (ਪੂਰਬਲੇ ਲਿਖੇ ਅਨੁਸਾਰ ਜੀਵ ਨੂੰ ਗੁਰੂ-ਚਰਨਾਂ ਵਿਚ) ਜੋੜ ਕੇ (ਆਪਣੇ ਨਾਲ) ਮਿਲਾਂਦਾ ਹੈ।

ਪੁਰਬਿ ਲਿਖਿਆ ਸੋ ਮੇਟਣਾ ਨ ਜਾਏ ॥

ਪੂਰਬਲੇ ਕੀਤੇ ਕਰਮਾਂ ਅਨੁਸਾਰ ਜੋ ਲੇਖ (ਮੱਥੇ ਤੇ) ਲਿਖਿਆ ਜਾਂਦਾ ਹੈ, ਉਹ (ਜੀਵ ਪਾਸੋਂ) ਮਿਟਾਇਆ ਨਹੀਂ ਜਾ ਸਕਦਾ।

ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ ॥੬॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਭਗਤੀ ਹੋ ਸਕਦੀ ਹੈ ॥੬॥

ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥

ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਿਆ ਜਾ ਸਕਦਾ ਹੈ,

ਆਪੇ ਆਇ ਮਿਲਿਆ ਸਭਨਾ ਕਾ ਦਾਤਾ ॥

ਸਭਨਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਭੀ (ਗੁਰੂ ਦੀ ਸਰਨ ਪਿਆਂ) ਆਪ ਹੀ ਆ ਮਿਲਦਾ ਹੈ।

ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ ॥੭॥

(ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਅੰਦਰੋਂ) ਹਉਮੈ ਮਾਰ ਕੇ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ। ਗੁਰੂ ਦੇ ਸ਼ਬਦ ਨੂੰ ਪਛਾਣਿਆਂ ਹੀ ਸੁਖ ਮਿਲ ਸਕਦਾ ਹੈ ॥੭॥

ਕਾਇਆ ਕੁਟੰਬੁ ਮੋਹੁ ਨ ਬੂਝੈ ॥

(ਜਿਸ ਮਨੁੱਖ ਨੂੰ) ਸਰੀਰ ਦਾ ਮੋਹ (ਗ੍ਰਸ ਰਿਹਾ ਹੈ) ਪਰਵਾਰ (ਦਾ ਮੋਹ ਗ੍ਰਸ ਰਿਹਾ ਹੈ) (ਉਹ ਮਨੁੱਖ ਆਤਮਕ ਜੀਵਨ ਦੀ ਖੇਡ ਨੂੰ) ਨਹੀਂ ਸਮਝਦਾ।

ਗੁਰਮੁਖਿ ਹੋਵੈ ਤ ਆਖੀ ਸੂਝੈ ॥

ਜੇ ਮਨੁੱਖ ਗੁਰੂ ਦੀ ਸਰਨ ਪੈ ਜਾਏ, ਤਾਂ ਇਸ ਨੂੰ ਇਹਨਾਂ ਅੱਖਾਂ ਨਾਲ ਸਭ ਕੁਝ ਦਿੱਸ ਪੈਂਦਾ ਹੈ।

ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥

ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥

ਮਨਮੁਖ ਧਾਤੁ ਦੂਜੈ ਹੈ ਲਾਗਾ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਮਾਇਆ (ਗ੍ਰਸੀ ਰੱਖਦੀ ਹੈ, ਉਹ ਮਨੁੱਖ) ਮਾਇਆ (ਦੇ ਆਹਰ) ਵਿਚ ਰੁੱਝਾ ਰਹਿੰਦਾ ਹੈ।

ਜਨਮਤ ਕੀ ਨ ਮੂਓ ਆਭਾਗਾ ॥

ਪਰ ਉਹ ਬਦ-ਨਸੀਬ ਜੰਮਦਾ ਹੀ ਕਿਉਂ ਨ ਮਰ ਗਿਆ?

ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ ॥੯॥

ਉਹ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਵਿਅਰਥ ਜਨਮ ਗਵਾ ਜਾਂਦਾ ਹੈ। ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ ॥੯॥

ਕਾਇਆ ਕੁਸੁਧ ਹਉਮੈ ਮਲੁ ਲਾਈ ॥

ਉਹ ਸਰੀਰ ਅਪਵਿੱਤਰ ਹੈ ਜਿਸ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ।

ਜੇ ਸਉ ਧੋਵਹਿ ਤਾ ਮੈਲੁ ਨ ਜਾਈ ॥

ਜੇ (ਅਜੇਹੇ ਸਰੀਰ ਨੂੰ ਤੀਰਥ ਆਦਿਕਾਂ ਉਤੇ ਲੋਕ) ਸੌ ਵਾਰੀ ਭੀ ਧੋਂਦੇ ਰਹਿਣ, ਤਾਂ ਭੀ ਇਹ ਮੈਲ ਦੂਰ ਨਹੀਂ ਹੁੰਦੀ।

ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥੧੦॥

(ਜੇ ਮਨੁੱਖ ਦਾ ਹਿਰਦਾ) ਗੁਰੂ ਦੇ ਸ਼ਬਦ ਨਾਲ ਧੋਤਾ ਜਾਏ, ਤਾਂ ਸਰੀਰ ਪਵਿੱਤਰ ਹੋ ਜਾਂਦਾ ਹੈ, ਮੁੜ ਸਰੀਰ (ਹਉਮੈ ਦੀ ਮੈਲ ਨਾਲ) ਕਦੇ ਗੰਦਾ ਨਹੀਂ ਹੁੰਦਾ ॥੧੦॥

ਪੰਚ ਦੂਤ ਕਾਇਆ ਸੰਘਾਰਹਿ ॥

ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਸਰੀਰ ਨੂੰ ਗਾਲਦੇ ਰਹਿੰਦੇ ਹਨ,

ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ ॥

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ। ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।

ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ ॥੧੧॥

ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਪਿਆ ਰਹਿੰਦਾ ਹੈ, ਉਹਨਾਂ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਹ ਇਉਂ ਹਨ ਜਿਵੇਂ ਸੁਪਨੇ ਵਿਚ ਹਨ ॥੧੧॥

ਇਕਿ ਪੰਚਾ ਮਾਰਿ ਸਬਦਿ ਹੈ ਲਾਗੇ ॥

ਉਹ ਮਨੁੱਖ ਕਾਮਾਦਿਕ ਪੰਜਾਂ ਨੂੰ ਮਾਰ ਕੇ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ;

ਸਤਿਗੁਰੁ ਆਇ ਮਿਲਿਆ ਵਡਭਾਗੇ ॥

ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਆ ਮਿਲਿਆ ਹੈ।

ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ ॥੧੨॥

ਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹਨ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। (ਜਿਹੜਾ ਮਨੁੱਖ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ) ਉਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧੨॥

ਗੁਰ ਕੀ ਚਾਲ ਗੁਰੂ ਤੇ ਜਾਪੈ ॥

ਗੁਰੂ ਵਾਲੀ ਜੀਵਨ-ਜੁਗਤਿ ਗੁਰੂ ਪਾਸੋਂ ਹੀ ਸਿੱਖੀ ਜਾ ਸਕਦੀ ਹੈ।

ਪੂਰਾ ਸੇਵਕੁ ਸਬਦਿ ਸਿਞਾਪੈ ॥

ਗੁਰੂ ਦੇ ਸ਼ਬਦ ਵਿਚ ਜੁੜਿਆ ਹੋਇਆ ਮਨੁੱਖ ਹੀ ਪੂਰਨ ਸੇਵਕ ਸਿੰਞਾਣਿਆ ਜਾਂਦਾ ਹੈ;

ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸੁ ਚਾਖੈ ਸਚੁ ਸੋਈ ਹੇ ॥੧੩॥

ਉਹੀ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਨਾਮ-ਰਸ ਚੱਖਦਾ ਰਹਿੰਦਾ ਹੈ ਅਤੇ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਸਦਾ ਵਸਾਈ ਰੱਖਦਾ ਹੈ ॥੧੩॥

ਹਉਮੈ ਮਾਰੇ ਸਬਦਿ ਨਿਵਾਰੇ ॥

(ਪੂਰਨ ਸੇਵਕ) ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਹਉਮੈ ਮਾਰ ਮੁਕਾਂਦਾ ਹੈ, ਆਪਾ-ਭਾਵ ਦੂਰ ਕਰ ਦੇਂਦਾ ਹੈ,

ਹਰਿ ਕਾ ਨਾਮੁ ਰਖੈ ਉਰਿ ਧਾਰੇ ॥

ਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।

ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ ॥੧੪॥

(ਪੂਰਨ ਸੇਵਕ ਇਹੀ ਯਕੀਨ ਰੱਖਦਾ ਹੈ-) ਇਕ ਪਰਮਾਤਮਾ ਤੋਂ ਬਿਨਾ ਮੈਂ ਹੋਰ ਕਿਸੇ ਨੂੰ (ਉਸ ਵਰਗਾ) ਨਹੀਂ ਸਮਝਦਾ, ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹੀ ਠੀਕ ਹੋ ਰਿਹਾ ਹੈ ॥੧੪॥

ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ ॥

ਗੁਰੂ ਦੀ ਸਰਨ ਤੋਂ ਬਿਨਾ ਕਿਸੇ ਮਨੁੱਖ ਨੇ ਆਤਮਕ ਅਡੋਲਤਾ ਪ੍ਰਾਪਤ ਨਹੀਂ ਕੀਤੀ।

ਗੁਰਮੁਖਿ ਬੂਝੈ ਸਚਿ ਸਮਾਇਆ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਇਸ ਨੂੰ ਸਮਝਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।

ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ ॥੧੫॥

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੱਤੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ ਦੂਰ ਕਰ ਲੈਂਦੇ ਹਨ ॥੧੫॥

ਆਪੇ ਗੁਣਦਾਤਾ ਬੀਚਾਰੀ ॥

ਹੇ ਪ੍ਰਭੂ! ਤੂੰ ਆਪ ਹੀ (ਯੋਗ ਪਾਤ੍ਰ) ਵਿਚਾਰ ਕੇ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤ ਦੇਣ ਵਾਲਾ ਹੈਂ;

ਗੁਰਮੁਖਿ ਦੇਵਹਿ ਪਕੀ ਸਾਰੀ ॥

ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ (ਆਪਣੇ ਗੁਣਾਂ ਦੀ ਦਾਤਿ) ਦੇਂਦਾ ਹੈਂ ਉਹ ਇਸ ਜੀਵਨ-ਖੇਡ ਵਿਚ ਪੁੱਗ ਜਾਂਦੇ ਹਨ।

ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ ॥੧੬॥੨॥

ਹੇ ਨਾਨਕ! ਉਹ ਮਨੁੱਖ ਨਾਮ ਵਿਚ ਲੀਨ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਤੋਂ ਹੀ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ॥੧੬॥੨॥


ਮਾਰੂ ਮਹਲਾ ੩ ॥
ਜਗਜੀਵਨੁ ਸਾਚਾ ਏਕੋ ਦਾਤਾ ॥

ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਅਤੇ (ਸਾਰੇ) ਜਗਤ ਦਾ ਸਹਾਰਾ ਹੈ, ਉਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।

ਗੁਰ ਸੇਵਾ ਤੇ ਸਬਦਿ ਪਛਾਤਾ ॥

ਗੁਰੂ ਦੀ ਸਰਨ ਪਿਆਂ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ।

ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥

ਉਸੇ ਦਾ ਹੀ (ਜਗਤ ਵਿਚ) ਹੁਕਮ ਚੱਲ ਰਿਹਾ ਹੈ, ਉਸੇ ਦਾ ਹੀ (ਜਗਤ ਵਿਚ) ਰਾਜ ਹੈ। ਹਰੇਕ ਜੁਗ ਵਿਚ ਹਰੇਕ ਜੀਵ ਦੇ ਸਿਰ ਉਤੇ ਉਹੀ ਪਰਮਾਤਮਾ ਕਰਨ-ਜੋਗ ਕਾਰ ਮੁਕਰਰ ਕਰਦਾ ਆ ਰਿਹਾ ਹੈ ॥੧॥

ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥

ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਗਿਆ;

ਆਪੇ ਆਇ ਮਿਲਿਆ ਸੁਖਦਾਤਾ ॥

ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਉਸ ਮਨੁੱਖ ਨੂੰ ਆ ਮਿਲਦਾ ਹੈ।

ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥੨॥

ਗੁਰੂ ਦੇ ਸ਼ਬਦ ਵਿਚ ਰੱਤੀ ਹੋਈ ਉਸ ਮਨੁੱਖ ਦੀ ਜੀਭ ਸਦਾ ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਇੱਜ਼ਤ ਪ੍ਰਾਪਤ ਕਰਦਾ ਹੈ ॥੨॥

ਗੁਰਮੁਖਿ ਨਾਮਿ ਮਿਲੈ ਵਡਿਆਈ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਨਾਮਣਾ ਖੱਟਦਾ ਹੈ।

ਮਨਮੁਖਿ ਨਿੰਦਕਿ ਪਤਿ ਗਵਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿੰਦਕ ਮਨੁੱਖ ਨੇ (ਸਭ ਥਾਈਂ ਆਪਣੀ) ਇੱਜ਼ਤ ਗਵਾ ਲਈ।

ਨਾਮਿ ਰਤੇ ਪਰਮ ਹੰਸ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੩॥

ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿਣ ਵਾਲੇ ਮਨੁੱਖ ਪਰਮ ਹੰਸ ਹਨ, (ਅਸਲ) ਬੈਰਾਗੀ ਹਨ, ਉਹ ਹਰ ਵੇਲੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ ॥੩॥

ਸਬਦਿ ਮਰੈ ਸੋਈ ਜਨੁ ਪੂਰਾ ॥

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ, (ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ, ਵਿਕਾਰਾਂ ਦੇ ਭਾ ਦਾ ਮਰਿਆ ਹੋਇਆ ਹੈ), ਉਹੀ ਮਨੁੱਖ ਪੂਰਨ ਹੈ।

ਸਤਿਗੁਰੁ ਆਖਿ ਸੁਣਾਏ ਸੂਰਾ ॥

(ਇਹ ਗੱਲ ਵਿਕਾਰਾਂ ਦਾ ਟਾਕਰਾ ਸਫਲਤਾ ਨਾਲ ਕਰਨ ਵਾਲੇ) ਸੂਰਮੇ ਗੁਰੂ ਨੇ ਆਖ ਕੇ (ਹਰੇਕ ਪ੍ਰਾਣੀ ਨੂੰ) ਸੁਣਾ ਦਿੱਤੀ ਹੈ।

ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥੪॥

ਉਸ ਮਨੁੱਖ ਦੇ ਸਰੀਰ ਦੇ ਵਿਚ ਹੀ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਚਸ਼ਮਾ ਹੈ (ਜਿਸ ਵਿਚੋਂ) ਉਸ ਦਾ ਮਨ ਬੜੇ ਪ੍ਰੇਮ-ਪਿਆਰ ਨਾਲ (ਨਾਮ-ਜਲ) ਪੀਂਦਾ ਰਹਿੰਦਾ ਹੈ ॥੪॥

ਪੜਿ ਪੰਡਿਤੁ ਅਵਰਾ ਸਮਝਾਏ ॥

ਪੰਡਿਤ (ਧਰਮ ਪੁਸਤਕਾਂ) ਪੜ੍ਹ ਕੇ ਹੋਰਨਾਂ ਨੂੰ ਮੱਤਾਂ ਦੇਂਦਾ ਹੈ,

ਘਰ ਜਲਤੇ ਕੀ ਖਬਰਿ ਨ ਪਾਏ ॥

ਪਰ (ਮਾਇਆ ਦੀ ਤ੍ਰਿਸ਼ਨਾ-ਅੱਗ ਨਾਲ ਆਪਣਾ ਹਿਰਦਾ-) ਘਰ ਸੜ ਰਹੇ ਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ।

ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥

ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ (ਨਾਮ ਤੋਂ ਬਿਨਾ ਹਿਰਦੇ ਵਿਚ ਠੰਢ ਨਹੀਂ ਪੈ ਸਕਦੀ)। ਪੰਡਿਤ ਲੋਕ (ਹੋਰਨਾਂ ਨੂੰ ਉਪਦੇਸ਼ ਕਰਨ ਲਈ ਧਰਮ ਪੁਸਤਕ) ਪੜ੍ਹ ਪੜ੍ਹ ਕੇ ਥੱਕ ਗਏ, ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਨਾਹ ਹੋਈ ॥੫॥

ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥

ਕਈ ਐਸੇ ਹਨ ਜੋ ਸਾਧੂਆਂ ਵਾਲਾ ਬਾਣਾ ਪਾ ਕੇ (ਪਿੰਡੇ ਉਤੇ) ਸੁਆਹ ਮਲ ਕੇ ਤੁਰੇ ਫਿਰਦੇ ਹਨ।

ਬਿਨੁ ਸਬਦੈ ਹਉਮੈ ਕਿਨਿ ਮਾਰੀ ॥

ਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ ਹਉਮੈ ਨੂੰ ਮੁਕਾ ਨਹੀਂ ਸਕਿਆ।

ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥

(ਸਾਧ-ਬਾਣੇ ਵਿਚ ਹੁੰਦਿਆਂ ਭੀ) ਉਹ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਰਹਿੰਦੇ ਹਨ, ਉਹ ਭਰਮ ਵਿਚ ਭੇਖ ਦੇ ਭੁਲੇਖੇ ਵਿਚ ਭਟਕਦੇ ਫਿਰਦੇ ਹਨ ॥੬॥

ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥

ਪਰ, ਕਈ ਐਸੇ ਹਨ ਜੋ ਗ੍ਰਿਹਸਤ ਵਿਚ ਪਰਵਾਰ ਵਿਚ (ਰਹਿੰਦੇ ਹੋਏ ਹੀ) ਸਦਾ ਨਿਰਮੋਹ ਹਨ,

ਸਬਦਿ ਮੁਏ ਹਰਿ ਨਾਮਿ ਨਿਵਾਸੀ ॥

ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਾਇਆ ਦੇ ਮੋਹ ਵਲੋਂ ਮਰੇ ਹੋਏ ਹਨ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ।

ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥

ਉਹ ਹਰ ਵੇਲੇ ਸਦਾ ਹੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ; ਪ੍ਰਭੂ ਦੇ ਅਦਬ ਤੇ ਪਿਆਰ ਦਾ ਸਦਕਾ ਉਹ ਪ੍ਰਭੂ ਦੀ ਭਗਤੀ ਵਿਚ ਚਿੱਤ ਜੋੜੀ ਰੱਖਦੇ ਹਨ ॥੭॥

ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥

ਮਨ ਦਾ ਮੁਰੀਦ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ ਦੁੱਖੀ ਹੁੰਦਾ ਰਹਿੰਦਾ ਹੈ,

ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥

ਉਸ ਦੇ ਅੰਦਰ ਲੋਭ ਜ਼ੋਰ ਪਾਈ ਰੱਖਦਾ ਹੈ, ਜਿਵੇਂ ਕੁੱਤਾ (ਨਿੱਤ) ਭੌਂਕਦਾ ਰਹਿੰਦਾ ਹੈ।

ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥

ਆਤਮਕ ਮੌਤ ਅਜਿਹੇ ਮਨੁੱਖ ਦੀ ਕਦੇ ਖ਼ਲਾਸੀ ਨਹੀਂ ਕਰਦੀ, ਅਖ਼ੀਰ ਮਰਨ ਵੇਲੇ ਭੀ ਉਹ ਇਥੋਂ ਹੱਥ ਮਲਦਾ ਹੀ ਜਾਂਦਾ ਹੈ ॥੮॥

ਸਚੈ ਸਬਦਿ ਸਚੀ ਪਤਿ ਹੋਈ ॥

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲ ਜਾਂਦੀ ਹੈ,

ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥

ਤੇ, ਨਾਮ (ਜਪਣ) ਤੋਂ ਬਿਨਾ ਕੋਈ ਮਨੁੱਖ (ਲੋਭ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਪਾ ਸਕਦਾ।

ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥

ਪ੍ਰਭੂ ਨੇ ਅਜਿਹੀ ਮਰਯਾਦਾ ਬਣਾ ਰੱਖੀ ਹੈ ਕਿ ਗੁਰੂ (ਦੀ ਸਰਨ ਪੈਣ) ਤੋਂ ਬਿਨਾ ਕੋਈ ਮਨੁੱਖ ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ ॥੯॥

ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥

ਕਈ (ਐਸੇ ਹਨ ਜੋ) ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ (ਅਖਵਾਂਦੇ) ਹਨ, ਕਈ (ਅਜੇ) ਜੋਗ-ਸਾਧਨ ਕਰ ਰਹੇ ਹਨ, ਕਈ ਚਰਚਾ (ਆਦਿਕ) ਕਰਨ ਵਾਲੇ ਹਨ।

ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥

ਕਈ ਦਿਨ ਰਾਤ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ।

ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥

ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ। ਪ੍ਰਭੂ ਦੀ ਭਗਤੀ ਤੇ ਪ੍ਰਭੂ-ਪ੍ਰੇਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ॥੧੦॥

ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥

ਅਨੇਕਾਂ ਪ੍ਰਾਣੀ ਤੀਰਥਾਂ ਦੇ ਇਸ਼ਨਾਨ ਕਰਦੇ ਹਨ, ਦਾਨ ਕਰਦੇ ਹਨ (ਪਰ ਇਹਨਾਂ ਕਰਮਾਂ ਨਾਲ ਉਹ ਸਹੀ ਜੀਵਨ-ਰਾਹ) ਨਹੀਂ ਸਮਝ ਸਕਦੇ।

ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ ॥

ਕਈ ਐਸੇ ਹਨ ਜੋ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਮਾਰ ਕੇ ਸਦਾ ਮਨ ਨਾਲ ਹੀ ਜੰਗ ਕਰਦੇ ਰਹਿੰਦੇ ਹਨ।

ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥

ਉਹ ਇਕ ਪ੍ਰਭੂ ਦੇ ਪ੍ਰੇਮ-ਰੰਗ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੀ ਰੱਤੇ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਉਹਨਾਂ ਦਾ ਮੇਲ ਹੋਇਆ ਰਹਿੰਦਾ ਹੈ ॥੧੧॥

ਆਪੇ ਸਿਰਜੇ ਦੇ ਵਡਿਆਈ ॥

(ਪਰ, ਜੀਵਾਂ ਦੇ ਵੱਸ ਦੀ ਗੱਲ ਨਹੀਂ)। ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਇੱਜ਼ਤ ਦੇਂਦਾ ਹੈ;

ਆਪੇ ਭਾਣੈ ਦੇਇ ਮਿਲਾਈ ॥

ਆਪ ਹੀ ਆਪਣੀ ਰਜ਼ਾ ਅਨੁਸਾਰ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।

ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥

ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤੇ ਜੀਵ ਦੇ ਮਨ ਵਿਚ ਆ ਵੱਸਦਾ ਹੈ-ਪ੍ਰਭੂ ਨੇ ਇਹੋ ਜਿਹਾ ਹੀ ਹੁਕਮ ਵਰਤਾਇਆ ਹੋਇਆ ਹੈ ॥੧੨॥

ਸਤਿਗੁਰੁ ਸੇਵਹਿ ਸੇ ਜਨ ਸਾਚੇ ॥

ਜਿਹੜੇ ਮਨੁੱਖ ਗੁਰੂ ਦਾ ਦਰ ਮੱਲਦੇ ਹਨ, ਉਹ ਮਨੁੱਖ ਟਿਕਵੇਂ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।

ਮਨਮੁਖ ਸੇਵਿ ਨ ਜਾਣਨਿ ਕਾਚੇ ॥

ਪਰ ਮਨ ਦੇ ਮੁਰੀਦ ਗੁਰੂ ਦਾ ਦਰ ਮੱਲਣਾ ਨਹੀਂ ਜਾਣਦੇ, ਉਹ ਕਮਜ਼ੋਰ ਜੀਵਨ ਵਾਲੇ ਰਹਿ ਜਾਂਦੇ ਹਨ।

ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥

(ਪਰ, ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ ਇਹ ਕੌਤਕ ਕਰ ਕਰ ਕੇ ਵੇਖ ਰਿਹਾ ਹੈ। ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਹ ਤਿਵੇਂ ਹੀ ਜੀਵਾਂ ਨੂੰ ਕਾਰੇ ਲਾ ਰਿਹਾ ਹੈ ॥੧੩॥

ਜੁਗਿ ਜੁਗਿ ਸਾਚਾ ਏਕੋ ਦਾਤਾ ॥

ਹਰੇਕ ਜੁਗ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ (ਨਾਮ ਦੀ ਦਾਤਿ) ਦੇਣ ਵਾਲਾ ਹੈ।

ਪੂਰੈ ਭਾਗਿ ਗੁਰਸਬਦੁ ਪਛਾਤਾ ॥

(ਜਿਸ ਨੂੰ ਇਹ ਦਾਤ ਦੇਂਦਾ ਹੈ ਉਹ ਮਨੁੱਖ) ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਸਮਝ ਲੈਂਦਾ ਹੈ।

ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ਉਹ ਉਥੋਂ ਫਿਰ ਵਿੱਛੁੜਦੇ ਨਹੀਂ। ਪ੍ਰਭੂ ਉਹਨਾਂ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਆਤਮਕ ਅਡੋਲਤਾ ਵਿਚ ਮਿਲਾਈ ਰੱਖਦਾ ਹੈ ॥੧੪॥

ਹਉਮੈ ਮਾਇਆ ਮੈਲੁ ਕਮਾਇਆ ॥

ਜਿਹੜੇ ਮਨੁੱਖ ਮਾਇਆ ਦੀ ਹਉਮੈ ਦੇ ਕਾਰਨ ਵਿਕਾਰਾਂ ਦੀ ਮੈਲ ਹੀ ਇਕੱਠੀ ਕਰਦੇ ਹਨ,

ਮਰਿ ਮਰਿ ਜੰਮਹਿ ਦੂਜਾ ਭਾਇਆ ॥

ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਉਹਨਾਂ ਨੂੰ ਉਹ ਦੂਜਾ ਪਾਸਾ ਹੀ ਪਿਆਰਾ ਲੱਗਦਾ ਹੈ।

ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥

ਪਰ ਤੁਸੀਂ ਬੇ-ਸ਼ੱਕ ਆਪਣੇ ਮਨ ਵਿਚ ਡੂੰਘੀ ਵਿਚਾਰ ਕਰ ਕੇ ਵੇਖ ਲਵੋ, ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਮੈਲ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੧੫॥

ਜੋ ਤਿਸੁ ਭਾਵੈ ਸੋਈ ਕਰਸੀ ॥

(ਇਹ ਸਾਰੀ ਜਗਤ-ਖੇਡ ਪ੍ਰਭੂ ਦੇ ਹੱਥ ਵਿਚ ਹੈ) ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਉਹ ਕਰੇਗਾ।

ਆਪਹੁ ਹੋਆ ਨਾ ਕਿਛੁ ਹੋਸੀ ॥

ਜੀਵ ਦੇ ਆਪਣੇ ਉੱਦਮ ਨਾਲ ਨਾਹ ਹੁਣ ਤਕ ਕੁਝ ਹੋ ਸਕਿਆ ਹੈ ਨਾਹ ਹੀ ਅਗਾਂਹ ਨੂੰ ਕੁਝ ਹੋ ਸਕੇਗਾ।

ਨਾਨਕ ਨਾਮੁ ਮਿਲੈ ਵਡਿਆਈ ਦਰਿ ਸਾਚੈ ਪਤਿ ਪਾਈ ਹੇ ॥੧੬॥੩॥

ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ॥੧੬॥੩॥


ਮਾਰੂ ਮਹਲਾ ੩ ॥
ਜੋ ਆਇਆ ਸੋ ਸਭੁ ਕੋ ਜਾਸੀ ॥

ਜਿਹੜਾ ਭੀ ਜੀਵ (ਜਗਤ ਵਿਚ) ਜੰਮਦਾ ਹੈ ਉਹ ਹਰੇਕ ਹੀ (ਜ਼ਰੂਰ ਇਸ ਜਗਤ ਤੋਂ) ਕੂਚ (ਭੀ) ਕਰ ਜਾਂਦਾ ਹੈ,

ਦੂਜੈ ਭਾਇ ਬਾਧਾ ਜਮ ਫਾਸੀ ॥

(ਪਰ) ਮਾਇਆ ਦੇ ਮੋਹ ਦੇ ਕਾਰਨ (ਜੀਵ) ਆਤਮਕ ਮੌਤ ਦੀ ਫਾਹੀ ਵਿਚ ਬੱਝ ਜਾਂਦਾ ਹੈ।

ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ ॥੧॥

ਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ; ਉਹ ਸਦਾ ਹੀ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੧॥

ਆਪੇ ਕਰਤਾ ਕਰਿ ਕਰਿ ਵੇਖੈ ॥

(ਇਹ ਸਾਰਾ ਖੇਲ) ਕਰਤਾਰ ਆਪ ਹੀ ਕਰ ਕਰ ਕੇ ਵੇਖ ਰਿਹਾ ਹੈ;

ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥

ਜਿਸ ਮਨੁੱਖ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ ਉਸ ਦੀ ਪਰਵਾਨਗੀ ਵਿਚ ਹੈ।

ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੂਝੈ ਅਗਿਆਨੀ ਅੰਧੁ ਕਮਾਈ ਹੇ ॥੨॥

ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ ਉਸ ਨੂੰ (ਆਤਮਕ ਜੀਵਨ ਬਾਰੇ) ਹਰੇਕ ਗੱਲ ਦੀ ਸਮਝ ਆ ਜਾਂਦੀ ਹੈ। ਗਿਆਨ ਤੋਂ ਸੱਖਣਾ ਮਨੁੱਖ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ ॥੨॥

ਮਨਮੁਖ ਸਹਸਾ ਬੂਝ ਨ ਪਾਈ ॥

ਮਨ ਦੇ ਮੁਰੀਦ ਮਨੁੱਖ ਨੂੰ (ਹਰ ਵੇਲੇ ਕੋਈ ਨ ਕੋਈ) ਸਹਮ (ਖਾਈ ਜਾਂਦਾ ਹੈ, ਕਿਉਂਕਿ) ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਹੁੰਦੀ।

ਮਰਿ ਮਰਿ ਜੰਮੈ ਜਨਮੁ ਗਵਾਈ ॥

ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਉਹ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ।

ਗੁਰਮੁਖਿ ਨਾਮਿ ਰਤੇ ਸੁਖੁ ਪਾਇਆ ਸਹਜੇ ਸਾਚਿ ਸਮਾਈ ਹੇ ॥੩॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, ਉਹ ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਵਿਚ ਹਰ ਵੇਲੇ ਟਿਕੇ ਰਹਿੰਦੇ ਹਨ ॥੩॥

ਧੰਧੈ ਧਾਵਤ ਮਨੁ ਭਇਆ ਮਨੂਰਾ ॥

ਦੁਨੀਆ ਦੇ ਖਲਜਗਨ ਵਿਚ ਦੌੜ-ਭੱਜ ਕਰਦਿਆਂ ਮਨੁੱਖ ਦਾ ਮਨ ਸੜਿਆ ਹੋਇਆ ਲੋਹਾ ਬਣ ਜਾਂਦਾ ਹੈ (ਇਉਂ ਸੜਿਆ ਰਹਿੰਦਾ ਹੈ ਜਿਵੇਂ ਸੜਿਆ ਹੋਇਆ ਲੋਹਾ),

ਫਿਰਿ ਹੋਵੈ ਕੰਚਨੁ ਭੇਟੈ ਗੁਰੁ ਪੂਰਾ ॥

ਪਰ ਜਦੋਂ ਉਸ ਨੂੰ ਪੂਰਾ ਗੁਰੂ ਮਿਲਦਾ ਹੈ, ਤਦੋਂ ਉਹ ਮੁੜ (ਸੁੱਧ) ਸੋਨਾ ਬਣ ਜਾਂਦਾ ਹੈ।

ਆਪੇ ਬਖਸਿ ਲਏ ਸੁਖੁ ਪਾਏ ਪੂਰੈ ਸਬਦਿ ਮਿਲਾਈ ਹੇ ॥੪॥

ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ, ਉਹ ਪੂਰਨ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹਿੰਦਾ ਹੈ ॥੪॥

ਦੁਰਮਤਿ ਝੂਠੀ ਬੁਰੀ ਬੁਰਿਆਰਿ ॥

ਖੋਟੀ ਮੱਤ ਵਾਲੀ ਜੀਵ-ਇਸਤ੍ਰੀ ਝੂਠ ਵਿਚ ਭੈੜ ਵਿਚ ਮਸਤ ਰਹਿੰਦੀ ਹੈ, ਉਹ ਭੈੜ ਦਾ ਅੱਡਾ ਬਣੀ ਰਹਿੰਦੀ ਹੈ,

ਅਉਗਣਿਆਰੀ ਅਉਗਣਿਆਰਿ ॥

ਉਹ ਸਦਾ ਹੀ ਔਗੁਣਾਂ ਨਾਲ ਭਰੀ ਰਹਿੰਦੀ ਹੈ।

ਕਚੀ ਮਤਿ ਫੀਕਾ ਮੁਖਿ ਬੋਲੈ ਦੁਰਮਤਿ ਨਾਮੁ ਨ ਪਾਈ ਹੇ ॥੫॥

ਉਸ ਦੀ ਮੱਤ ਸਦਾ (ਵਿਕਾਰਾਂ ਵਿਚ) ਥਿੜਕਦੀ ਹੈ ਉਹ ਮੂੰਹੋਂ ਖਰ੍ਹਵਾ ਬੋਲਦੀ ਹੈ, ਖੋਟੀ ਮੱਤ ਦੇ ਕਾਰਨ ਉਸ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੁੰਦਾ ॥੫॥

ਅਉਗਣਿਆਰੀ ਕੰਤ ਨ ਭਾਵੈ ॥

ਔਗੁਣਾਂ-ਭਰੀ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ,

ਮਨ ਕੀ ਜੂਠੀ ਜੂਠੁ ਕਮਾਵੈ ॥

ਮਨ ਦੀ ਗੰਦੀ ਉਹ ਜੀਵ-ਇਸਤ੍ਰੀ ਸਦਾ ਗੰਦਾ ਕੰਮ ਹੀ ਕਰਦੀ ਹੈ।

ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ ॥੬॥

ਉਹ ਮੂਰਖ ਜੀਵ-ਇਸਤ੍ਰੀ ਪਤੀ-ਰੂਪ ਦੇ ਮਿਲਾਪ ਦਾ ਆਨੰਦ ਨਹੀਂ ਜਾਣਦੀ। ਗੁਰੂ ਤੋਂ ਬਿਨਾ ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ॥੬॥

ਦੁਰਮਤਿ ਖੋਟੀ ਖੋਟੁ ਕਮਾਵੈ ॥

ਖੋਟੀ ਮੱਤ ਵਾਲੀ ਜੀਵ-ਇਸਤ੍ਰੀ ਸਦਾ ਖੋਟ ਨਾਲ ਭਰੀ ਰਹਿੰਦੀ ਹੈ ਸਦਾ ਖੋਟ ਕਮਾਂਦੀ ਹੈ (ਖੋਟਾ ਕੰਮ ਕਰਦੀ ਹੈ)।

ਸੀਗਾਰੁ ਕਰੇ ਪਿਰ ਖਸਮ ਨ ਭਾਵੈ ॥

(ਦੁਰਾਚਾਰਨ ਇਸਤ੍ਰੀ ਵਾਂਗ ਉਹ ਬਾਹਰੋਂ ਧਾਰਮਿਕ) ਸਜਾਵਟ ਕਰਦੀ ਹੈ, ਪਰ ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦੀ।

ਗੁਣਵੰਤੀ ਸਦਾ ਪਿਰੁ ਰਾਵੈ ਸਤਿਗੁਰਿ ਮੇਲਿ ਮਿਲਾਈ ਹੇ ॥੭॥

ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਸਦਾ ਮਿਲਿਆ ਰਹਿੰਦਾ ਹੈ, ਉਸ ਨੂੰ ਗੁਰੂ (-ਚਰਨਾਂ) ਵਿਚ ਮਿਲਾ ਕੇ (ਆਪਣੇ ਨਾਲ) ਮਿਲਾਈ ਰੱਖਦਾ ਹੈ ॥੭॥

ਆਪੇ ਹੁਕਮੁ ਕਰੇ ਸਭੁ ਵੇਖੈ ॥

(ਪਰ, ਜੀਵਾਂ ਦੇ ਕੀਹ ਵੱਸ?) ਪਰਮਾਤਮਾ ਹਰ ਥਾਂ ਆਪ ਹੀ ਹੁਕਮ ਕਰ ਕੇ (ਆਪਣੇ ਪ੍ਰੇਰੇ ਹੋਏ ਜੀਵਾਂ ਦਾ ਹਰੇਕ ਕੰਮ) ਵੇਖ ਰਿਹਾ ਹੈ।

ਇਕਨਾ ਬਖਸਿ ਲਏ ਧੁਰਿ ਲੇਖੈ ॥

ਧੁਰੋਂ ਆਪਣੇ ਹੁਕਮ ਵਿਚ ਹੀ ਕਈ ਜੀਵਾਂ ਨੂੰ ਲੇਖੇ ਵਿਚ ਬਖ਼ਸ਼ ਲੈਂਦਾ ਹੈ।

ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ ॥੮॥

ਉਹ ਜੀਵ ਹਰ ਵੇਲੇ ਉਸ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਉਹ ਸਦਾ-ਥਿਰ ਪ੍ਰਭੂ ਮਿਲਿਆ ਰਹਿੰਦਾ ਹੈ। ਪ੍ਰਭੂ ਆਪ ਹੀ ਉਹਨਾਂ ਨੂੰ (ਗੁਰੂ ਨਾਲ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ ॥੮॥

ਹਉਮੈ ਧਾਤੁ ਮੋਹ ਰਸਿ ਲਾਈ ॥

ਮਾਇਆ (ਜੀਵ ਨੂੰ) ਹਉਮੈ ਵਿਚ ਮੋਹ ਦੇ ਰਸ ਵਿਚ ਲਾਈ ਰੱਖਦੀ ਹੈ।

ਗੁਰਮੁਖਿ ਲਿਵ ਸਾਚੀ ਸਹਜਿ ਸਮਾਈ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪ੍ਰਭੂ-ਚਰਨਾਂ ਦੀ ਸਦਾ-ਥਿਰ ਲਗਨ ਆਤਮਕ ਅਡੋਲਤਾ ਵਿਚ ਟਿਕਾਈ ਰੱਖਦੀ ਹੈ।

ਆਪੇ ਮੇਲੈ ਆਪੇ ਕਰਿ ਵੇਖੈ ਬਿਨੁ ਸਤਿਗੁਰ ਬੂਝ ਨ ਪਾਈ ਹੇ ॥੯॥

ਪਰ, ਪ੍ਰਭੂ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਇਹ ਖੇਲ ਕਰ ਕੇ ਵੇਖ ਰਿਹਾ ਹੈ-ਇਹ ਸਮਝ ਗੁਰੂ ਤੋਂ ਬਿਨਾ ਨਹੀਂ ਪੈਂਦੀ ॥੯॥

ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ ॥

ਕਈ ਐਸੇ ਮਨੁੱਖ ਹਨ ਜਿਹੜੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,

ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ ॥

ਕਈ ਐਸੇ ਮੰਦ-ਭਾਗੀ ਹਨ ਜੋ ਸਦਾ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਪਏ ਰਹਿੰਦੇ ਹਨ।

ਆਪੇ ਕਰੇ ਕਰਾਏ ਆਪੇ ਹੋਰੁ ਕਰਣਾ ਕਿਛੂ ਨ ਜਾਈ ਹੇ ॥੧੦॥

(ਪਰ, ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ (ਉਸ ਦੀ ਰਜ਼ਾ ਦੇ ਵਿਰੁੱਧ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ ॥੧੦॥

ਕਾਲੁ ਮਾਰਿ ਗੁਰ ਸਬਦਿ ਨਿਵਾਰੇ ॥

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਮੌਤ ਨੂੰ ਮਾਰ ਕੇ (ਆਪਣੇ ਅੰਦਰੋਂ ਆਪਾ-ਭਾਵ) ਦੂਰ ਕਰਦਾ ਹੈ,

ਹਰਿ ਕਾ ਨਾਮੁ ਰਖੈ ਉਰ ਧਾਰੇ ॥

ਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,

ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ ॥੧੧॥

ਉਹ ਮਨੁੱਖ ਗੁਰੂ ਦੀ ਸਰਨ ਦੀ ਬਰਕਤਿ ਨਾਲ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦੇ ਨਾਮ ਵਿਚ ਸਦਾ ਟਿਕਿਆ ਰਹਿੰਦਾ ਹੈ ॥੧੧॥

ਦੂਜੈ ਭਾਇ ਫਿਰੈ ਦੇਵਾਨੀ ॥

ਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਝੱਲੀ ਹੋਈ ਭਟਕਦੀ ਫਿਰਦੀ ਹੈ,

ਮਾਇਆ ਮੋਹਿ ਦੁਖ ਮਾਹਿ ਸਮਾਨੀ ॥

ਉਹ ਮਾਇਆ ਦੇ ਮੋਹ ਵਿਚ ਅਤੇ ਦੁੱਖਾਂ ਵਿਚ ਗ੍ਰਸੀ ਰਹਿੰਦੀ ਹੈ।

ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ ॥੧੨॥

ਜੇ ਉਹ ਬਹੁਤੇ ਧਾਰਮਿਕ ਪਹਿਰਾਵੇ ਭੀ ਧਾਰਨ ਕਰੇ, ਉਹ ਸੁਖ ਪ੍ਰਾਪਤ ਨਹੀਂ ਕਰ ਸਕਦੀ, ਗੁਰੂ ਦੀ ਸਰਨ ਪੈਣ ਤੋਂ ਬਿਨਾ ਸੁਖ ਨਹੀਂ ਮਿਲਦਾ ॥੧੨॥

ਕਿਸ ਨੋ ਕਹੀਐ ਜਾ ਆਪਿ ਕਰਾਏ ॥

ਜਦੋਂ (ਪਰਮਾਤਮਾ) ਆਪ (ਹੀ ਜੀਵਾਂ ਪਾਸੋਂ ਸਭ ਕੁਝ) ਕਰਾ ਰਿਹਾ ਹੈ, ਤਾਂ ਉਸ ਤੋਂ ਬਿਨਾ ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ।

ਜਿਤੁ ਭਾਵੈ ਤਿਤੁ ਰਾਹਿ ਚਲਾਏ ॥

ਜਿਸ ਰਾਹ ਉਤੇ ਤੋਰਨਾ ਉਸ ਨੂੰ ਚੰਗਾ ਲੱਗਦਾ ਹੈ ਉਸ ਰਾਹ ਉੱਤੇ ਹੀ (ਜੀਵਾਂ ਨੂੰ) ਤੋਰਦਾ ਹੈ।

ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ ॥੧੩॥

ਸਭਨਾ ਉਪਰ ਮਿਹਰ ਕਰਨ ਵਾਲਾ ਸੁਖਾਂ ਦਾ ਦਾਤਾ ਪਰਮਾਤਮਾ ਆਪ ਹੀ ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ (ਜੀਵਾਂ ਨੂੰ ਜੀਵਨ ਪੰਧ ਉਤੇ) ਤੋਰ ਰਿਹਾ ਹੈ ॥੧੩॥

ਆਪੇ ਕਰਤਾ ਆਪੇ ਭੁਗਤਾ ॥

ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਵਿਚ ਬੈਠ ਕੇ ਪਦਾਰਥਾਂ ਨੂੰ) ਭੋਗਣ ਵਾਲਾ ਹੈ।

ਆਪੇ ਸੰਜਮੁ ਆਪੇ ਜੁਗਤਾ ॥

ਪ੍ਰਭੂ ਆਪ ਹੀ (ਪਦਾਰਥਾਂ ਦੇ ਭੋਗਣ ਵੱਲੋਂ) ਪਰਹੇਜ਼ (ਕਰਨ ਵਾਲਾ ਹੈ), ਆਪ ਹੀ ਸਭ ਜੀਵਾਂ ਤੇ ਪਦਾਰਥਾਂ ਵਿਚ ਵਿਆਪਕ ਹੈ।

ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਦਾ ਹੁਕਮੁ ਨ ਮੇਟਿਆ ਜਾਈ ਹੇ ॥੧੪॥

ਉਹ ਆਪ ਹੀ ਪਵਿੱਤਰ ਹੈ, ਆਪ ਹੀ ਦਇਆ ਕਰਨ ਵਾਲਾ ਹੈ, ਆਪ ਹੀ ਵਿਕਾਰੀਆਂ ਦਾ ਨਾਸ ਕਰਨ ਵਾਲਾ ਹੈ, (ਉਹ ਐਸਾ ਹੈ) ਜਿਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ ॥੧੪॥

ਸੇ ਵਡਭਾਗੀ ਜਿਨੀ ਏਕੋ ਜਾਤਾ ॥

ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਉਸ ਇੱਕ ਪਰਮਾਤਮਾ ਨੂੰ (ਹਰ ਥਾਂ) ਜਾਣਿਆ ਹੈ,

ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥

(ਜਿਨ੍ਹਾਂ ਇਹ ਸਮਝਿਆ ਹੈ ਕਿ) ਜਗਤ ਦਾ ਸਹਾਰਾ ਦਾਤਾਰ ਹਰੇਕ ਸਰੀਰ ਵਿਚ ਵੱਸ ਰਿਹਾ ਹੈ।

ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ ॥੧੫॥

ਕਿਸੇ ਥਾਂ ਉਹ ਲੁਕਿਆ ਹੋਇਆ (ਵੱਸਦਾ) ਹੈ, ਕਿਸੇ ਥਾਂ ਪਰਤੱਖ ਦਿੱਸ ਰਿਹਾ ਹੈ-ਗੁਰੂ ਦੀ ਰਾਹੀਂ (ਇਹ ਨਿਸਚਾ ਕਰ ਕੇ ਮਨੁੱਖ ਦਾ) ਭਰਮ ਤੇ ਡਰ ਦੂਰ ਹੋ ਜਾਂਦਾ ਹੈ (ਫਿਰ ਨਾਹ ਕੋਈ ਵੈਰੀ ਦਿੱਸਦਾ ਹੈ ਤੇ ਨਾ ਹੀ ਕਿਸੇ ਤੋਂ ਡਰ ਆਉਂਦਾ ਹੈ) ॥੧੫॥

ਗੁਰਮੁਖਿ ਹਰਿ ਜੀਉ ਏਕੋ ਜਾਤਾ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ।

ਅੰਤਰਿ ਨਾਮੁ ਸਬਦਿ ਪਛਾਤਾ ॥

ਉਸ ਦੇ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨੂੰ (ਹਰ ਥਾਂ) ਪਛਾਣਦਾ ਹੈ।

ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥੧੬॥੪॥

ਹੇ ਨਾਨਕ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਦੇਂਦਾ ਹੈਂ, ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ। ਨਾਮ ਦੀ ਰਾਹੀਂ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਪ੍ਰਾਪਤ ਹੁੰਦੀ ਹੈ ॥੧੬॥੪॥


ਮਾਰੂ ਮਹਲਾ ੩ ॥
ਸਚੁ ਸਾਲਾਹੀ ਗਹਿਰ ਗੰਭੀਰੈ ॥

ਮੈਂ ਤਾਂ ਉਸ ਅਥਾਹ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ,

ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥

ਜੋ ਸਦਾ ਕਾਇਮ ਰਹਿਣ ਵਾਲਾ ਹੈ, ਸਾਰਾ ਜਗਤ ਜਿਸ ਦੇ ਹੁਕਮ ਵਿਚ ਤੁਰ ਰਿਹਾ ਹੈ,

ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ ॥੧॥

ਜੋ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਜੋ ਆਪ ਹੀ ਸਾਰੇ ਸੁਖਾਂ ਦਾ ਸੋਮਾ ਹੈ ॥੧॥

ਸਚਾ ਸਾਹਿਬੁ ਸਚੀ ਨਾਈ ॥

ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।

ਗੁਰਪਰਸਾਦੀ ਮੰਨਿ ਵਸਾਈ ॥

ਗੁਰੂ ਦੀ ਕਿਰਪਾ ਨਾਲ ਉਸ ਨੂੰ ਮਨ ਵਿਚ ਵਸਾਇਆ ਜਾ ਸਕਦਾ ਹੈ।

ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ ॥੨॥

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪੇ ਹੀ (ਮਿਹਰ ਕਰ ਕੇ) ਆ ਵੱਸਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੨॥

ਕਿਸੁ ਸੇਵੀ ਤੈ ਕਿਸੁ ਸਾਲਾਹੀ ॥

(ਜੇ ਤੂੰ ਪੁੱਛੇਂ ਕਿ) ਮੈਂ ਕਿਸ ਦੀ ਸੇਵਾ ਕਰਦਾ ਹਾਂ ਅਤੇ ਕਿਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,

ਸਤਿਗੁਰੁ ਸੇਵੀ ਸਬਦਿ ਸਾਲਾਹੀ ॥

(ਤਾਂ ਇਸ ਦਾ ਉੱਤਰ ਇਹ ਹੈ ਕਿ) ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ ਅਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਹਾਂ।

ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥੩॥

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਦੀ ਬੁੱਧੀ ਸਦਾ ਸ੍ਰੇਸ਼ਟ ਰਹਿੰਦੀ ਹੈ ਅਤੇ ਮਨੁੱਖ ਦੇ ਅੰਦਰ ਉਸ ਦਾ ਹਿਰਦਾ-ਕੌਲ ਫੁੱਲ ਖਿੜਿਆ ਰਹਿੰਦਾ ਹੈ ॥੩॥

ਦੇਹੀ ਕਾਚੀ ਕਾਗਦ ਮਿਕਦਾਰਾ ॥

ਮਨੁੱਖ ਦਾ ਇਹ ਸਰੀਰ ਕਾਗ਼ਜ਼ ਵਾਂਗ ਨਾਸਵੰਤ ਹੈ,

ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ ॥

(ਜਿਵੇਂ ਕਾਗ਼ਜ਼ ਉਤੇ ਪਾਣੀ ਦੀ ਇਕ) ਬੂੰਦ ਪੈ ਜਾਏ ਤਾਂ (ਕਾਗ਼ਜ਼) ਗਲ ਜਾਂਦਾ ਹੈ (ਇਸੇ ਤਰ੍ਹਾਂ ਇਸ ਸਰੀਰ ਦਾ) ਨਾਸ ਹੁੰਦਿਆਂ ਭੀ ਚਿਰ ਨਹੀਂ ਲੱਗਦਾ।

ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥

ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦਾ ਇਹ ਸਰੀਰ (ਵਿਕਾਰਾਂ ਤੋਂ ਬਚਿਆ ਰਹਿ ਕੇ) ਸੁੱਧ ਸੋਨਾ ਬਣਿਆ ਰਹਿੰਦਾ ਹੈ ॥੪॥

ਸਚਾ ਚਉਕਾ ਸੁਰਤਿ ਕੀ ਕਾਰਾ ॥

ਉਹ ਹਿਰਦਾ ਸਦਾ ਪਵਿੱਤਰ ਹੈ, ਉਹ ਹਿਰਦਾ ਹੀ ਸਦਾ (ਸੁੱਚਾ) ਰਹਿਣ ਵਾਲਾ ਚੌਂਕਾ ਹੈ, ਪ੍ਰਭੂ-ਚਰਨਾਂ ਵਿਚ ਬਣੀ ਹੋਈ ਲਗਨ ਉਸ ਚੌਂਕੇ ਦੀਆਂ ਲਕੀਰਾਂ ਹਨ (ਜੋ ਵਿਕਾਰਾਂ ਨੂੰ, ਬਾਹਰੋਂ ਆ ਕੇ ਚੌਂਕਾ ਭਿੱਟਣ ਤੋਂ ਰੋਕਦੀਆਂ ਹਨ)

ਹਰਿ ਨਾਮੁ ਭੋਜਨੁ ਸਚੁ ਆਧਾਰਾ ॥

ਜਿਸ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ, ਉਹ ਹਿਰਦਾ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ।

ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥

ਅਜਿਹੇ ਹਿਰਦੇ ਦੀ ਖ਼ੁਰਾਕ ਪਰਮਾਤਮਾ ਦਾ ਨਾਮ ਹੈ, ਸਦਾ-ਥਿਰ ਪਰਮਾਤਮਾ ਹੀ ਉਸ ਹਿਰਦੇ ਦੀ ਖ਼ੁਰਾਕ ਪਰਮਾਤਮਾ ਹੈ ॥੫॥

ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ॥

ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ,

ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥

ਜਿਹੜੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।

ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥੬॥

ਉਹਨਾਂ ਦੇ ਅੰਦਰ ਸਦਾ ਟਿਕਿਆ ਰਹਿਣ ਵਾਲਾ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜੀਭ ਪ੍ਰਭੂ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ ॥੬॥

ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥

ਮੈਂ ਤਾਂ ਪਰਮਾਤਮਾ ਦਾ ਨਾਮ (ਹੀ) ਸਦਾ ਯਾਦ ਕਰਦਾ ਹਾਂ, ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ।

ਏਕੋ ਸੇਵੀ ਅਵਰੁ ਨ ਦੂਜਾ ॥

ਮੈਂ ਇਕ ਪਰਾਮਤਮਾ ਦੀ ਹੀ ਸੇਵਾ-ਭਗਤੀ ਕਰਦਾ ਹਾਂ; ਕਿਸੇ ਹੋਰ ਦੂਜੇ ਦੀ ਸੇਵਾ ਮੈਂ ਨਹੀਂ ਕਰਦਾ।

ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥੭॥

(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਸਦਾ ਕਾਇਮ ਰਹਿਣ ਵਾਲਾ ਹਰੀ ਪਰਮਾਤਮਾ ਹਰ ਥਾਂ ਵਿਖਾ ਦਿੱਤਾ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥

ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ ॥

ਜੀਵ ਭਟਕ ਭਟਕ ਕੇ ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ।

ਆਪਿ ਭੂਲਾ ਜਾ ਖਸਮਿ ਭੁਲਾਇਆ ॥

(ਜੀਵ ਦੇ ਕੀਹ ਵੱਸ?) ਜਦੋਂ ਮਾਲਕ-ਪ੍ਰਭੂ ਨੇ ਇਸ ਨੂੰ ਕੁਰਾਹੇ ਪਾ ਦਿੱਤਾ, ਤਾਂ ਇਹ ਜੀਵ ਭੀ ਕੁਰਾਹੇ ਪੈ ਗਿਆ।

ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ ॥੮॥

ਜਦੋਂ ਪਰਮਾਤਮਾ ਇਸ ਨੂੰ ਮਿਲਦਾ ਹੈ (ਇਸ ਉਤੇ ਦਇਆ ਕਰਦਾ ਹੈ) ਤਦੋਂ ਗੁਰੂ ਦੀ ਸਰਨ ਪੈ ਕੇ ਇਹ (ਸਹੀ ਜੀਵਨ-ਰਾਹ) ਸਮਝਦਾ ਹੈ, ਤਦੋਂ ਅਬਿਨਾਸੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ (ਆਪਣੇ ਹਿਰਦੇ ਵਿਚ) ਤੋਲਦਾ ਹੈ ॥੮॥

ਕਾਮਿ ਕ੍ਰੋਧਿ ਭਰੇ ਹਮ ਅਪਰਾਧੀ ॥

ਹੇ ਪ੍ਰਭੂ! ਅਸੀਂ ਭੁੱਲਣਹਾਰ ਜੀਵ ਕਾਮ ਕ੍ਰੋਧ (ਦੇ ਚਿੱਕੜ) ਨਾਲ ਲਿੱਬੜੇ ਰਹਿੰਦੇ ਹਾਂ।

ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ ॥

ਤੇਰੇ ਅੱਗੇ ਅਰਜ਼ ਕਰਦਿਆਂ ਭੀ ਸ਼ਰਮ ਆਉਂਦੀ ਹੈ। ਨਾਹ ਸਾਡੇ ਅੰਦਰ ਕੋਈ ਗੁਣ ਹਨ, ਨਾਹ ਅਸਾਂ ਕੋਈ ਸੇਵਾ-ਭਗਤੀ ਕੀਤੀ ਹੈ।

ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥੯॥

(ਪਰ ਤੂੰ ਸਦਾ ਦਇਆਲ ਹੈਂ, ਮਿਹਰ ਕਰ) ਤੂੰ ਆਪ ਹੀ ਸਾਨੂੰ ਡੁੱਬ ਰਹੇ ਪੱਥਰਾਂ ਨੂੰ (ਵਿਕਾਰਾਂ ਵਿਚ ਡੁੱਬ ਰਹੇ ਪੱਥਰ-ਦਿਲਾਂ ਨੂੰ) ਆਪਣੇ ਨਾਮ ਵਿਚ ਲਾ ਲੈ। ਤੇਰਾ ਨਾਮ ਹੀ ਸਦਾ ਅਟੱਲ ਹੈ ਤੇ ਨਾਸ-ਰਹਿਤ ਹੈ ॥੯॥

ਨਾ ਕੋਈ ਕਰੇ ਨ ਕਰਣੈ ਜੋਗਾ ॥

ਹੇ ਪ੍ਰਭੂ! (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਜੀਵ ਕੁਝ ਨਹੀਂ ਕਰਦਾ, ਕਰਨ ਦੀ ਸਮਰਥਾ ਭੀ ਨਹੀਂ ਰੱਖਦਾ।

ਆਪੇ ਕਰਹਿ ਕਰਾਵਹਿ ਸੁ ਹੋਇਗਾ ॥

ਜਗਤ ਵਿਚ ਉਹੀ ਕੁਝ ਹੋ ਸਕਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ ਤੇ (ਜੀਵਾਂ ਪਾਸੋਂ) ਕਰਾਂਦਾ ਹੈਂ।

ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੦॥

ਜਿਸ ਮਨੁੱਖ ਉਤੇ ਤੂੰ ਆਪ ਹੀ ਦਇਆਵਾਨ ਹੁੰਦਾ ਹੈਂ, ਉਹ ਆਤਮਕ ਆਨੰਦ ਮਾਣਦਾ ਹੈ ਅਤੇ ਸਦਾ ਹੀ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ॥੧੦॥

ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥

(ਆਪਣੇ) ਇਸ ਸਰੀਰ ਨੂੰ ਧਰਤੀ ਬਣਾ, ਇਸ ਵਿਚ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਬੀਜ ਪਾ।

ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਹੀ (ਉਸ ਦੇ ਨਾਮ ਦਾ) ਵਣਜ ਵਪਾਰ ਕਰਿਆ ਕਰ।

ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥੧੧॥

(ਇਸ ਤਰ੍ਹਾਂ) ਸਦਾ ਕਾਇਮ ਰਹਿਣ ਵਾਲਾ (ਨਾਮ-) ਧਨ ਪੈਦਾ ਹੁੰਦਾ ਹੈ, ਉਸ ਵਿਚ ਕਦੇ ਕਮੀ ਨਹੀਂ ਹੁੰਦੀ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ) ਅੰਦਰ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ ॥੧੧॥

ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ ॥

ਹੇ ਪ੍ਰਭੂ ਜੀ! ਗੁਣ-ਹੀਨ ਜੀਵ ਵਿਚ ਗੁਣ ਪੈਦਾ ਕਰ,

ਆਪੇ ਬਖਸਿ ਲੈਹਿ ਨਾਮੁ ਦੀਜੈ ॥

ਤੂੰ ਆਪ ਹੀ ਮਿਹਰ ਕਰ ਤੇ ਇਸ ਨੂੰ ਆਪਣਾ ਨਾਮ ਬਖ਼ਸ਼।

ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ ॥੧੨॥

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ; ਉਹ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੨॥

ਅੰਤਰਿ ਹਰਿ ਧਨੁ ਸਮਝ ਨ ਹੋਈ ॥

ਹਰੇਕ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ, ਪਰ ਮਨੁੱਖ ਨੂੰ ਇਹ ਸਮਝ ਨਹੀਂ ਹੈ।

ਗੁਰਪਰਸਾਦੀ ਬੂਝੈ ਕੋਈ ॥

ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ।

ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੩॥

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਅੰਦਰ ਇਹ) ਧਨ ਲੱਭ ਲੈਂਦਾ ਹੈ, ਫਿਰ ਉਹ ਸਦਾ ਹੀ ਨਾਮ ਵਿਚ ਟਿਕਿਆ ਰਹਿੰਦਾ ਹੈ ॥੧੩॥

ਅਨਲ ਵਾਉ ਭਰਮਿ ਭੁਲਾਈ ॥

(ਜਗਤ ਵਿਚ ਤ੍ਰਿਸ਼ਨਾ ਦੀ) ਅੱਗ (ਬਲ ਰਹੀ ਹੈ), (ਤ੍ਰਿਸ਼ਨਾ ਦਾ) ਝੱਖੜ (ਝੁੱਲ ਰਿਹਾ ਹੈ), ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ।

ਮਾਇਆ ਮੋਹਿ ਸੁਧਿ ਨ ਕਾਈ ॥

ਮਾਇਆ ਦੇ ਮੋਹ ਦੇ ਕਾਰਨ ਮਨੁੱਖ ਨੂੰ ਰਤਾ ਭਰ ਭੀ (ਇਸ ਗ਼ਲਤੀ ਦੀ) ਸੂਝ ਨਹੀਂ ਹੁੰਦੀ।

ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖ ਨੂੰ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੁੱਝਦਾ। ਜਿਹੜਾ ਮਨੁੱਖ ਗੁਰੂ ਦੀ ਮੱਤ ਲੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ ॥੧੪॥

ਮਨਮੁਖ ਹਉਮੈ ਮਾਇਆ ਸੂਤੇ ॥

ਮਨ ਦੇ ਮੁਰੀਦ ਮਨੁੱਖ ਹਉਮੈ ਵਿਚ ਮਾਇਆ (ਦੇ ਮੋਹ) ਵਿਚ (ਸਹੀ ਜੀਵਨ ਵਲੋਂ) ਗ਼ਾਫ਼ਿਲ ਹੋਏ ਰਹਿੰਦੇ ਹਨ,

ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ ॥

(ਵਿਕਾਰਾਂ ਵੱਲੋਂ) ਹੋ ਰਹੇ ਹੱਲਿਆਂ ਤੋਂ ਉਹ ਆਪਣਾ ਹਿਰਦਾ-ਘਰ ਨਹੀਂ ਬਚਾਂਦੇ, ਆਖ਼ਿਰ ਖ਼ੁਆਰ ਹੁੰਦੇ ਹਨ।

ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥੧੫॥

(ਮਨ ਦੇ ਮੁਰੀਦ ਮਨੁੱਖ) ਦੂਜਿਆਂ ਦੀ ਨਿੰਦਾ ਕਰਦੇ ਹਨ (ਆਪਣੇ ਅੰਦਰ ਦੀ) ਚਿੰਤਾ ਉਹਨਾਂ ਨੂੰ ਬਹੁਤ ਸਾੜਦੀ ਰਹਿੰਦੀ ਹੈ, ਉਹ ਸਦਾ ਹੀ ਦੁੱਖਾਂ ਵਿਚ ਪਏ ਰਹਿੰਦੇ ਹਨ ॥੧੫॥

ਆਪੇ ਕਰਤੈ ਕਾਰ ਕਰਾਈ ॥

(ਪਰ, ਮਨਮੁਖਾਂ ਦੇ ਭੀ ਕੀਹ ਵੱਸ?) ਕਰਤਾਰ ਨੇ ਆਪ ਹੀ ਉਹਨਾਂ ਪਾਸੋਂ (ਇਹ ਨਿੰਦਾ ਦੀ) ਕਾਰ ਸਦਾ ਕਰਾਈ ਹੈ।

ਆਪੇ ਗੁਰਮੁਖਿ ਦੇਇ ਬੁਝਾਈ ॥

ਕਰਤਾਰ ਆਪ ਹੀ ਗੁਰੂ ਦੇ ਸਨਮੁਖ ਕਰ ਕੇ ਮਨੁੱਖ ਨੂੰ (ਸਹੀ ਆਤਮਕ ਜੀਵਨ ਦੀ) ਸਮਝ ਬਖ਼ਸਦਾ ਹੈ।

ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ ॥੧੬॥੫॥

ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਹ ਸਦਾ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੧੬॥੫॥


ਮਾਰੂ ਮਹਲਾ ੩ ॥
ਏਕੋ ਸੇਵੀ ਸਦਾ ਥਿਰੁ ਸਾਚਾ ॥

ਮੈਂ ਸਿਰਫ਼ ਉਸ ਪਰਮਾਤਮਾ ਦੀ ਹੀ ਸੇਵਾ-ਭਗਤੀ ਕਰਦਾ ਹਾਂ, ਜੋ ਇਕੋ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਦੂਜੈ ਲਾਗਾ ਸਭੁ ਜਗੁ ਕਾਚਾ ॥

ਜਗਤ (ਉਸ ਪ੍ਰਭੂ ਦੀ ਭਗਤੀ ਛੱਡ ਕੇ) ਮਾਇਆ ਦੇ ਮੋਹ ਵਿਚ ਲੱਗਾ ਰਹਿੰਦਾ ਹੈ ਤੇ ਕਮਜ਼ੋਰ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।

ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੇ ॥੧॥

ਮੈਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, (ਮੇਰਾ ਮਨ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਗਿੱਝਿਆ ਰਹਿੰਦਾ ਹੈ ॥੧॥

ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥

ਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ (ਉਪਕਾਰ) ਹਨ, ਮੈਂ ਤਾਂ ਤੇਰੇ ਇੱਕ ਉਪਕਾਰ ਨੂੰ ਭੀ ਸਮਝ ਨਹੀਂ ਸਕਿਆ (ਕਦਰ ਨਹੀਂ ਪਾਈ)।

ਆਪੇ ਲਾਇ ਲਏ ਜਗਜੀਵਨੁ ਦਾਤਾ ॥

ਜਗਤ ਦਾ ਜੀਵਨ ਦਾਤਾਰ ਪ੍ਰਭੂ ਆਪ ਹੀ (ਮਿਹਰ ਕਰ ਕੇ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ।

ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੇ ॥੨॥

ਜਿਸ ਮਨੁੱਖ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ (ਨਾਮ ਦੀ) ਵਡਿਆਈ ਦੇਂਦਾ ਹੈ, ਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਭਿੱਜ ਜਾਂਦਾ ਹੈ ॥੨॥

ਮਾਇਆ ਲਹਰਿ ਸਬਦਿ ਨਿਵਾਰੀ ॥

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੀ ਲਹਰ ਦੂਰ ਕਰ ਲਈ,

ਇਹੁ ਮਨੁ ਨਿਰਮਲੁ ਹਉਮੈ ਮਾਰੀ ॥

ਹਉਮੈ ਨੂੰ ਮਾਰ ਕੇ ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ।

ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੇ ॥੩॥

ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਜੀਭ ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ ॥੩॥

ਮੇਰੀ ਮੇਰੀ ਕਰਤ ਵਿਹਾਣੀ ॥

(ਮਨਮੁਖ ਦੀ ਸਾਰੀ ਉਮਰ) ‘ਮੇਰੀ ਮਾਇਆ’ ‘ਮੇਰੀ ਮਾਇਆ’ ਕਰਦਿਆਂ ਬੀਤ ਜਾਂਦੀ ਹੈ।

ਮਨਮੁਖਿ ਨ ਬੂਝੈ ਫਿਰੈ ਇਆਣੀ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬੇ-ਸਮਝ ਜੀਵ-ਇਸਤ੍ਰੀ (ਸਹੀ ਜੀਵਨ-ਰਾਹ ਨੂੰ) ਨਹੀਂ ਸਮਝਦੀ, (ਮਾਇਆ ਦੀ ਖ਼ਾਤਰ) ਭਟਕਦੀ ਫਿਰਦੀ ਹੈ।

ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ ॥੪॥

ਆਤਮਕ ਮੌਤ ਉਸ ਦੀ ਜ਼ਿੰਦਗੀ ਦੀ ਹਰੇਕ ਘੜੀ ਹਰੇਕ ਪਲ ਨੂੰ ਗਹੁ ਨਾਲ ਤੱਕਦੀ ਰਹਿੰਦੀ ਹੈ (ਭਾਵ, ਅਜਿਹੀ ਜੀਵ-ਇਸਤ੍ਰੀ ਸਦਾ ਆਤਮਕ ਮੌਤੇ ਮਰੀ ਰਹਿੰਦੀ ਹੈ) ਉਸ ਦੀ ਉਮਰ ਇਕ ਇਕ ਦਿਨ ਕਰ ਕੇ (ਵਿਅਰਥ ਹੀ) ਘਟਦੀ ਜਾਂਦੀ ਹੈ ॥੪॥

ਅੰਤਰਿ ਲੋਭੁ ਕਰੈ ਨਹੀ ਬੂਝੈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਪਣੇ ਅੰਦਰ ਲੋਭ ਕਰਦੀ ਰਹਿੰਦੀ ਹੈ, ਉਸ ਨੂੰ (ਸਹੀ ਜੀਵਨ-ਰਾਹ) ਨਹੀਂ ਸੁੱਝਦਾ।

ਸਿਰ ਊਪਰਿ ਜਮਕਾਲੁ ਨ ਸੂਝੈ ॥

ਉਸ ਦੇ ਸਿਰ ਉਤੇ ਮੌਤ ਖੜੀ ਰਹਿੰਦੀ ਹੈ, ਪਰ ਉਸ ਨੂੰ ਇਸ ਦੀ ਸਮਝ ਨਹੀਂ ਪੈਂਦੀ।

ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ ॥੫॥

ਇਸ ਜੀਵਨ ਵਿਚ ਜੀਵ-ਇਸਤ੍ਰੀ ਜੋ ਕੁਝ ਕਰਮ ਕਮਾਂਦੀ ਹੈ (ਉਸ ਦਾ ਫਲ) ਭੁਗਤਣਾ ਪੈਂਦਾ ਹੈ (ਸਾਰੀ ਉਮਰ ਲੋਭ-ਲਾਲਚ ਵਿਚ ਗਵਾਇਆਂ) ਅੰਤ ਸਮੇ ਕੁਝ ਨਹੀਂ ਕੀਤਾ ਜਾ ਸਕਦਾ ॥੫॥

ਜੋ ਸਚਿ ਲਾਗੇ ਤਿਨ ਸਾਚੀ ਸੋਇ ॥

ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।

ਦੂਜੈ ਲਾਗੇ ਮਨਮੁਖਿ ਰੋਇ ॥

ਪਰ ਮਾਇਆ ਦੇ ਮੋਹ ਵਿਚ ਲੱਗ ਕੇ ਮਨ ਦਾ ਮੁਰੀਦ ਜੀਵ ਦੁੱਖੀ ਰਹਿੰਦਾ ਹੈ।

ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ॥੬॥

(ਪਰ ਜੀਵਾਂ ਦੇ ਕੀਹ ਵੱਸ? ਕੋਈ ਨਾਮ ਵਿਚ ਜੁੜਦਾ ਹੈ, ਕੋਈ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ-) ਇਹਨਾਂ ਦੋਹਾਂ ਸਿਰਿਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ। ਉਹ ਆਪ ਹੀ ਆਪਣੇ ਗੁਣਾਂ ਵਿਚ ਪਤੀਜਦਾ ਹੈ ॥੬॥

ਗੁਰ ਕੈ ਸਬਦਿ ਸਦਾ ਜਨੁ ਸੋਹੈ ॥

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੋਹਣਾ ਬਣਾਂਦਾ ਹੈ,

ਨਾਮ ਰਸਾਇਣਿ ਇਹੁ ਮਨੁ ਮੋਹੈ ॥

ਉਸ ਦਾ ਇਹ ਮਨ ਸਭ ਤੋਂ ਸ੍ਰੇਸ਼ਟ ਨਾਮ-ਰਸ ਵਿਚ ਮਸਤ ਰਹਿੰਦਾ ਹੈ,

ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥

ਉਸ ਨੂੰ ਮਾਇਆ ਦੇ ਮੋਹ ਦੀ ਮੈਲ ਰਤਾ ਭੀ ਨਹੀਂ ਲੱਗਦੀ, ਗੁਰੂ ਦੀ ਮੱਤ ਦੀ ਬਰਕਤਿ ਨਾਲ (ਉਸ ਦਾ ਮਨ) ਪਰਮਾਤਮਾ ਦੇ ਨਾਮ ਵਿਚ ਭਿੱਜਿਆ ਰਹਿੰਦਾ ਹੈ ॥੭॥

ਸਭਨਾ ਵਿਚਿ ਵਰਤੈ ਇਕੁ ਸੋਈ ॥

ਇਕ ਉਹੀ ਪਰਮਾਤਮਾ ਸਭ ਜੀਵਾਂ ਵਿਚ ਮੌਜੂਦ ਹੈ,

ਗੁਰਪਰਸਾਦੀ ਪਰਗਟੁ ਹੋਈ ॥

ਪਰ ਗੁਰੂ ਦੀ ਕਿਰਪਾ ਨਾਲ ਹੀ ਉਹ (ਕਿਸੇ ਵਡਭਾਗੀ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ।

ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥

ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ ਆਤਮਕ ਆਨੰਦ ਮਾਣਦਾ ਹੈ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ ॥੮॥

ਕਿਲਬਿਖ ਦੂਖ ਨਿਵਾਰਣਹਾਰਾ ॥

ਜਿਹੜਾ ਪਰਮਾਤਮਾ (ਸਾਰੇ) ਪਾਪ ਅਤੇ ਦੁੱਖ ਦੂਰ ਕਰਨ ਦੇ ਸਮਰੱਥ ਹੈ,

ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥

ਉਸ ਦੀ ਸੇਵਾ-ਭਗਤੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਹੀ ਕੀਤੀ ਜਾ ਸਕਦੀ ਹੈ।

ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਤਨ ਅਤੇ ਮਨ (ਪਰਮਾਤਮਾ ਦੀ ਭਗਤੀ ਵਿਚ) ਰਸਿਆ ਰਹਿੰਦਾ ਹੈ। (ਗੁਰਮੁਖ ਮਨੁੱਖ ਨੂੰ ਹੀ ਇਹ ਨਿਸਚਾ ਆਉਂਦਾ ਹੈ ਕਿ) ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ; ਹਰ ਥਾਂ ਆਪ ਹੀ ਮੌਜੂਦ ਹੈ ॥੯॥

ਮਾਇਆ ਅਗਨਿ ਜਲੈ ਸੰਸਾਰੇ ॥

ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਜਗਤ ਵਿਚ ਭੜਕ ਰਹੀ ਹੈ,

ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ (ਇਸ ਤ੍ਰਿਸ਼ਨਾ-ਅੱਗ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦਾ ਹੈ।

ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥੧੦॥

ਉਸ ਦੇ ਅੰਦਰ ਸਦਾ ਠੰਢ ਬਣੀ ਰਹਿੰਦੀ ਹੈ, ਉਹ ਆਤਮਕ ਆਨੰਦ ਮਾਣਦਾ ਹੈ। ਗੁਰੂ ਦੀ ਮੱਤ ਉੱਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧੦॥

ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ ॥

(ਲੋਕਾਂ ਦੇ ਮਿਥੇ ਹੋਏ ਦੇਵਤਿਆਂ ਦੇ ਰਾਜੇ) ਇੰਦਰ ਵਰਗੇ ਭੀ ਆਪਣੇ ਤਖ਼ਤ ਉੱਤੇ ਬੈਠੇ ਹੋਏ (ਇਸ ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਆਤਮਕ ਮੌਤ ਦਾ ਸਹਮ ਸਹਾਰ ਰਹੇ ਹਨ।

ਜਮੁ ਨ ਛੋਡੈ ਬਹੁ ਕਰਮ ਕਮਾਵਹਿ ॥

(ਜਿਹੜੇ ਲੋਕ ਨਾਮ ਨਹੀਂ ਸਿਮਰਦੇ, ਪਰ ਹੋਰ ਹੋਰ ਮਿਥੇ ਹੋਏ ਅਨੇਕਾਂ ਧਾਰਮਿਕ) ਕਰਮ ਕਰਦੇ ਹਨ, ਆਤਮਕ ਮੌਤ (ਉਹਨਾਂ ਨੂੰ ਭੀ) ਨਹੀਂ ਛੱਡਦੀ।

ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ ॥੧੧॥

ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ (ਇਸ ਆਤਮਕ ਮੌਤ ਤੋਂ) ਖ਼ਲਾਸੀ ਮਿਲਦੀ ਹੈ। (ਗੁਰੂ ਦੀ ਰਾਹੀਂ ਹੀ) ਜੀਭ ਨਾਲ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ॥੧੧॥

ਮਨਮੁਖਿ ਅੰਤਰਿ ਭਗਤਿ ਨ ਹੋਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਪੈਦਾ ਨਹੀਂ ਹੋ ਸਕਦੀ।

ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦੇ ਅੰਦਰ ਪਰਮਾਤਮਾ ਦੀ ਯਾਦ ਹੈ, ਉਸ ਦੇ ਅੰਦਰ ਠੰਢ ਹੈ, ਉਸ ਦੇ ਅੰਦਰ ਆਤਮਕ ਆਨੰਦ ਹੈ।

ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੇ ॥੧੨॥

ਗੁਰੂ ਦੀ ਬਾਣੀ ਸਦਾ ਮਨੁੱਖ ਦੇ ਮਨ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ। ਗੁਰੂ ਦੀ ਮੱਤ ਉਤੇ ਤੁਰਿਆਂ ਹੀ ਹਿਰਦਾ ਪਤੀਜਦਾ ਹੈ ॥੧੨॥

ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥

ਵਿਚਾਰ ਕੇ ਵੇਖ ਲਵੋ-ਬ੍ਰਹਮਾ ਹੋਵੇ, ਵਿਸ਼ਨੂ ਹੋਵੇ, ਸ਼ਿਵ ਹੋਵੇ-

ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥

(ਕੋਈ ਭੀ ਹੋਵੇ, ਜਿਹੜੇ ਪ੍ਰਾਣੀ) ਮਾਇਆ ਦੇ ਤਿੰਨ ਗੁਣਾਂ ਵਿਚ ਬੱਝੇ ਪਏ ਹਨ (ਆਤਮਕ ਮੌਤ ਤੋਂ) ਖ਼ਲਾਸੀ (ਉਹਨਾਂ ਤੋਂ) ਲਾਂਭੇ ਰਹਿ ਜਾਂਦੀ ਹੈ।

ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥੧੩॥

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਰਫ਼ ਇਹੀ ਆਤਮਕ ਜੀਵਨ ਦੀ ਸੂਝ ਹਾਸਲ ਕਰਦਾ ਹੈ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੧੩॥

ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥

(ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਪਰ ਜੇ ਉਹ) ਪਰਮਾਤਮਾ ਦੇ ਨਾਮ ਨੂੰ (ਜੀਵਨ-ਮਨੋਰਥ) ਨਹੀਂ ਸਮਝਦੇ,

ਮਾਇਆ ਕਾਰਣਿ ਪੜਿ ਪੜਿ ਲੂਝਹਿ ॥

ਤਾਂ ਉਹ ਮਾਇਆ (ਕਮਾਣ) ਵਾਸਤੇ ਹੀ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਮਾਇਆ ਦੇ ਘੱਟ ਚੜ੍ਹਾਵੇ ਤੇ ਅੰਦਰੇ ਅੰਦਰ) ਖਿੱਝਦੇ ਹਨ।

ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥

ਜਿਸ ਮਨੁੱਖ ਦੇ ਅੰਦਰ (ਮਾਇਆ ਦੇ ਮੋਹ ਦੀ) ਮੈਲ ਹੈ (ਉਹ ਵੇਦ-ਪਾਠੀ ਪੰਡਿਤ ਭੀ ਹੋਵੇ, ਤਾਂ ਭੀ) ਉਹ ਅੰਨ੍ਹਾ ਬੇ-ਸਮਝ ਹੈ, ਇਸ ਤਰ੍ਹਾਂ ਇਹ ਦੁੱਤਰ ਸੰਸਾਰ-ਸਮੁੰਦਰ ਤਰਿਆ ਨਹੀਂ ਜਾ ਸਕਦਾ ॥੧੪॥

ਬੇਦ ਬਾਦ ਸਭਿ ਆਖਿ ਵਖਾਣਹਿ ॥

ਸਾਰੇ (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਦੀਆਂ ਚਰਚਾ ਉਚਾਰ ਕੇ (ਹੋਰਨਾਂ ਦੇ ਸਾਹਮਣੇ) ਵਿਆਖਿਆ ਕਰਦੇ ਹਨ,

ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥

(ਇਸ ਤਰ੍ਹਾਂ) ਨਾਹ (ਉਹਨਾਂ ਦਾ ਆਪਣਾ) ਹਿਰਦਾ ਭਿੱਜਦਾ ਹੈ, ਨਾਹ ਉਹ ਸਿਫ਼ਤ-ਸਾਲਾਹ ਦੀ ਬਾਣੀ ਦੀ ਕਦਰ ਸਮਝਦੇ ਹਨ।

ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥

ਵੇਦ ਨੇ ਤਾਂ ਮੁੜ ਮੁੜ ਇਸ ਗੱਲ ਵਲ ਧਿਆਨ ਦਿਵਾਇਆ ਹੈ ਕਿ ਕਿਹੜਾ ਪੁੰਨ-ਕਰਮ ਹੈ ਤੇ ਕਿਹੜਾ ਪਾਪ-ਕਰਮ ਹੈ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤਾਂ ਗੁਰੂ ਦੀ ਸਰਨ ਪਿਆਂ ਹੀ ਪੀਤਾ ਜਾ ਸਕਦਾ ਹੈ ॥੧੫॥

ਆਪੇ ਸਾਚਾ ਏਕੋ ਸੋਈ ॥

(ਆਪਣੇ ਵਰਗਾ) ਸਿਰਫ਼ ਉਹ ਪਰਮਾਤਮਾ ਆਪ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ,

ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥

ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।

ਨਾਨਕ ਨਾਮਿ ਰਤੇ ਮਨੁ ਸਾਚਾ ਸਚੋ ਸਚੁ ਰਵੀਜੈ ਹੇ ॥੧੬॥੬॥

ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਗਏ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ। (ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ ॥੧੬॥੬॥


ਮਾਰੂ ਮਹਲਾ ੩ ॥
ਸਚੈ ਸਚਾ ਤਖਤੁ ਰਚਾਇਆ ॥

ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣੇ ‘ਨਿਜ ਘਰ’ ਵਿਚ ਬੈਠਣ ਵਾਸਤੇ) ਸਦਾ ਕਾਇਮ ਰਹਿਣ ਵਾਲਾ ਤਖ਼ਤ ਬਣਾ ਰੱਖਿਆ ਹੈ,

ਨਿਜ ਘਰਿ ਵਸਿਆ ਤਿਥੈ ਮੋਹੁ ਨ ਮਾਇਆ ॥

ਉਸ ਸ੍ਵੈ-ਸਰੂਪ ਵਿਚ ਉਹ ਅਡੋਲ ਬੈਠਾ ਹੈ, ਉਥੇ ਮਾਇਆ ਦਾ ਮੋਹ ਅਸਰ ਨਹੀਂ ਕਰ ਸਕਦਾ।

ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥੧॥

ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ (ਹਰਿ-ਨਾਮ ਜਪਣ ਦਾ) ਸ੍ਰੇਸ਼ਟ ਕਰਨ-ਜੋਗ ਕੰਮ ਕਰਦਾ ਹੈ, ਉਸ ਦੇ ਹਿਰਦੇ ਵਿਚ ਉਹ ਸਦਾ-ਥਿਰ ਪ੍ਰਭੂ ਸਦਾ ਵੱਸਦਾ ਹੈ ॥੧॥

ਸਚਾ ਸਉਦਾ ਸਚੁ ਵਾਪਾਰਾ ॥

ਨਾਮ-ਧਨ ਖੱਟਣਾ ਹੀ ਸਦਾ-ਥਿਰ ਸੌਦਾ ਹੈ ਸਦਾ-ਥਿਰ ਵਪਾਰ ਹੈ,

ਨ ਤਿਥੈ ਭਰਮੁ ਨ ਦੂਜਾ ਪਸਾਰਾ ॥

ਉਸ ਸੌਦੇ-ਵਪਾਰ ਵਿਚ ਕੋਈ ਭਟਕਣਾ ਨਹੀਂ, ਕੋਈ ਮਾਇਆ ਦਾ ਖਲ-ਜਗਨ ਨਹੀਂ।

ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥

ਇਹ ਸਦਾ-ਥਿਰ ਨਾਮ-ਧਨ ਖੱਟਿਆਂ ਕਦੇ ਘਾਟਾ ਨਹੀਂ ਪੈਂਦਾ। ਪਰ ਇਸ ਗੱਲ ਨੂੰ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ ॥੨॥

ਸਚੈ ਲਾਏ ਸੇ ਜਨ ਲਾਗੇ ॥

(ਇਸ ਨਾਮ-ਧਨ ਦੇ ਵਪਾਰ ਵਿਚ) ਉਹੀ ਮਨੁੱਖ ਲੱਗਦੇ ਹਨ, ਜਿਨ੍ਹਾਂ ਨੂੰ ਸਦਾ-ਥਿਰ ਪਰਮਾਤਮਾ ਨੇ ਆਪ ਲਾਇਆ ਹੈ।

ਅੰਤਰਿ ਸਬਦੁ ਮਸਤਕਿ ਵਡਭਾਗੇ ॥

ਉਹਨਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਂਦੇ ਹਨ।

ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥੩॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ ਹਰਿ-ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਗੁਰ-ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉੱਚੀ ਵੀਚਾਰ ਦੇ ਮਾਲਕ ਬਣ ਜਾਂਦੇ ਹਨ ॥੩॥

ਸਚੋ ਸਚਾ ਸਚੁ ਸਾਲਾਹੀ ॥

ਮੈਂ ਤਾਂ ਸਦਾ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।

ਏਕੋ ਵੇਖਾ ਦੂਜਾ ਨਾਹੀ ॥

ਮੈਂ ਤਾਂ (ਹਰ ਥਾਂ) ਸਿਰਫ਼ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਮੈਨੂੰ ਉਸ ਤੋਂ ਬਿਨਾ) ਕੋਈ ਹੋਰ ਨਹੀਂ (ਦਿੱਸਦਾ)।

ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥

ਗੁਰੂ ਦੀ ਮੱਤ ਉਤੇ ਤੁਰ ਕੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਹੀ ਪਰਮਾਤਮਾ ਦੇ ਚਰਨਾਂ ਤਕ ਪਹੁੰਚਣ ਲਈ) ਸਭ ਤੋਂ ਉੱਚੀ ਪੌੜੀ ਹੈ। ਇਸ ਸ੍ਰੇਸ਼ਟ ਗਿਆਨ ਦੀ ਬਰਕਤਿ ਨਾਲ ਮਨੁੱਖ (ਆਪਣੇ ਅੰਦਰੋਂ) ਹਉਮੈ ਮਾਰ ਮੁਕਾਂਦਾ ਹੈ ॥੪॥

ਮਾਇਆ ਮੋਹੁ ਸਬਦਿ ਜਲਾਇਆ ॥

ਹੇ ਪ੍ਰਭੂ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦਿੱਤਾ,

ਸਚੁ ਮਨਿ ਵਸਿਆ ਜਾ ਤੁਧੁ ਭਾਇਆ ॥

ਜਦੋਂ ਉਹ ਮਨੁੱਖ ਤੈਨੂੰ ਚੰਗਾ ਲੱਗ ਪਿਆ ਤਦੋਂ ਤੇਰਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵੱਸ ਪਿਆ।

ਸਚੇ ਕੀ ਸਭ ਸਚੀ ਕਰਣੀ ਹਉਮੈ ਤਿਖਾ ਨਿਵਾਰੀ ਹੇ ॥੫॥

ਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ, ਉਸ ਨੂੰ ਅਭੁੱਲ ਪਰਮਾਤਮਾ ਦੀ ਸਾਰੀ ਕਾਰ ਅਭੁੱਲ ਜਾਪਣ ਲੱਗ ਪਈ ॥੫॥

ਮਾਇਆ ਮੋਹੁ ਸਭੁ ਆਪੇ ਕੀਨਾ ॥

ਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ,

ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥

ਪਰ ਇਹ ਗੱਲ ਕਿਸੇ ਉਸ ਵਿਰਲੇ ਨੇ ਹੀ ਪਛਾਣੀ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।

ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥੬॥</h5
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਉਸ ਨੂੰ ਨਾਮ ਸਿਮਰਨ ਵਾਲੀ ਕਾਰ ਹੀ ਸ੍ਰੇਸ਼ਟ ਲੱਗਦੀ ਹੈ ॥੬॥
ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ॥

ਜਿਸ ਮਨੁੱਖ ਨੇ ਉਹ ਕਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਮੇਰੇ ਪ੍ਰਭੂ ਨੂੰ ਪਸੰਦ ਆਉਂਦੀ ਹੈ (ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸ਼ੁਰੂ ਕਰ ਦਿੱਤਾ),

ਹਉਮੈ ਤ੍ਰਿਸਨਾ ਸਬਦਿ ਬੁਝਾਈ ॥

ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਮਿਟਾ ਦਿੱਤੀ,

ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥੭॥

ਜਿਸ ਨੇ ਹਉਮੈ ਮਾਰ ਕੇ ਮੁਕਾ ਦਿੱਤੀ, ਗੁਰੂ ਦੀ ਮੱਤ ਉੱਤੇ ਤੁਰ ਕੇ ਉਸ ਦਾ ਹਿਰਦਾ ਸਦਾ ਹੀ ਸ਼ਾਂਤ ਰਹਿੰਦਾ ਹੈ ॥੭॥

ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥

ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਪਰਮਾਤਮਾ ਦਾ ਕੀਤਾ ਹੋਇਆ ਹਰੇਕ ਕੰਮ ਭਲਾ ਜਾਪਦਾ ਹੈ।

ਸਚੈ ਸਬਦੇ ਸਚਿ ਸੁਹਾਵੈ ॥

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਮਨੁੱਖ ਆਪਣਾ ਜੀਵਨ ਸੋਹਣਾ ਬਣਾ ਲੈਂਦਾ ਹੈ।

ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥੮॥

(ਸਿਮਰਨ ਦੀ ਬਰਕਤਿ ਨਾਲ ਜਿਹੜੇ ਮਨੁੱਖ) ਇਸ ਲੋਕ ਵਿਚ ਸੁਰਖ਼ਰੂ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਭੀ ਸੁਰਖ਼ਰੂ ਹੋ ਜਾਂਦੇ ਹਨ। ਮਿਹਰ ਦੀ ਨਿਗਾਹ ਵਾਲੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਉਹਨਾਂ ਦਾ ਜੀਵਨ ਸੰਵਾਰ ਦੇਂਦੀ ਹੈ ॥੮॥

ਬਿਨੁ ਸਾਚੇ ਜੋ ਦੂਜੈ ਲਾਇਆ ॥

ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਖੁੰਝ ਕੇ ਜਿਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ,

ਮਾਇਆ ਮੋਹ ਦੁਖ ਸਬਾਇਆ ॥

ਉਸ ਨੂੰ ਮਾਇਆ ਦੇ ਮੋਹ ਦੇ ਸਾਰੇ ਦੁੱਖ (ਚੰਬੜੇ ਰਹਿੰਦੇ ਹਨ),

ਬਿਨੁ ਗੁਰ ਦੁਖੁ ਸੁਖੁ ਜਾਪੈ ਨਾਹੀ ਮਾਇਆ ਮੋਹ ਦੁਖੁ ਭਾਰੀ ਹੇ ॥੯॥

ਮਾਇਆ ਦੇ ਮੋਹ ਦਾ ਭਾਰੀ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਇਹ ਸਮਝ ਨਹੀਂ ਪੈਂਦੀ ਕਿ ਦੁੱਖ ਕਿਵੇਂ ਦੂਰ ਹੋਵੇ ਅਤੇ ਸੁਖ ਕਿਵੇਂ ਮਿਲੇ ॥੯॥

ਸਾਚਾ ਸਬਦੁ ਜਿਨਾ ਮਨਿ ਭਾਇਆ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪਿਆਰੀ ਲੱਗਣ ਲੱਗ ਪੈਂਦੀ ਹੈ,

ਪੂਰਬਿ ਲਿਖਿਆ ਤਿਨੀ ਕਮਾਇਆ ॥

ਉਹੀ ਮਨੁੱਖ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਨਾਮ ਸਿਮਰਨ ਦੀ) ਕਮਾਈ ਕਰਦੇ ਹਨ।

ਸਚੋ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥੧੦॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਤੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ॥੧੦॥

ਗੁਰ ਕੀ ਸੇਵਾ ਮੀਠੀ ਲਾਗੀ ॥

ਜਿਸ ਮਨੁੱਖ ਨੂੰ ਗੁਰੂ ਦੀ (ਦੱਸੀ) ਸੇਵਾ ਪਿਆਰੀ ਲੱਗਦੀ ਹੈ,

ਅਨਦਿਨੁ ਸੂਖ ਸਹਜ ਸਮਾਧੀ ॥

ਉਹ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਉਸ ਦੀ ਆਮਤਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ।

ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥੧੧॥

ਪਰਮਾਤਮਾ ਦਾ ਨਾਮ ਜਪਦਿਆਂ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਸਰਨ ਵਿਚ ਪਏ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ ॥੧੧॥

ਸੇ ਜਨ ਸੁਖੀਏ ਸਤਿਗੁਰਿ ਸਚੇ ਲਾਏ ॥

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ, ਉਹ ਸੁਖੀ ਜੀਵਨ ਬਿਤੀਤ ਕਰਦੇ ਹਨ,

ਆਪੇ ਭਾਣੇ ਆਪਿ ਮਿਲਾਏ ॥

(ਇਹ ਪਰਮਾਤਮਾ ਦੀ ਆਪਣੀ ਹੀ ਮਿਹਰ ਹੈ, ਪ੍ਰਭੂ ਨੂੰ) ਆਪ ਹੀ (ਅਜਿਹੇ ਮਨੁੱਖ) ਚੰਗੇ ਲੱਗੇ, ਤੇ, ਆਪ ਹੀ ਉਸ ਨੇ (ਆਪਣੇ ਚਰਨਾਂ ਵਿਚ) ਜੋੜ ਲਏ।

ਸਤਿਗੁਰਿ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਹੇ ॥੧੨॥

ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਗਏ, ਹੋਰ ਲੁਕਾਈ ਮਾਇਆ ਦੇ ਮੋਹ ਦੀ ਖ਼ੁਆਰੀ (ਸਾਰੀ ਉਮਰ) ਝੱਲਦੀ ਰਹੀ ॥੧੨॥

ਗੁਰਮੁਖਿ ਸਾਚਾ ਸਬਦਿ ਪਛਾਤਾ ॥

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪਰਮਾਤਮਾ ਨਾਲ ਸਾਂਝ ਪਾ ਲਈ,

ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥

(ਉਸ ਨੂੰ ਇਹ ਸਮਝ ਆ ਗਈ ਕਿ) ਉਸ (ਪਰਮਾਤਮਾ) ਦਾ ਨਾਹ ਕੋਈ (ਖ਼ਾਸ) ਪਰਵਾਰ ਹੈ ਨਾਹ ਉਸ ਦੀ ਮਾਂ ਹੈ,

ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ ॥੧੩॥

ਉਹ ਆਪ ਹੀ ਆਪ ਸਭ ਜੀਵਾਂ ਵਿਚ ਵਿਆਪਕ ਹੈ ਅਤੇ ਸਭ ਜੀਵਾਂ ਦਾ ਆਸਰਾ ਹੈ ॥੧੩॥

ਹਉਮੈ ਮੇਰਾ ਦੂਜਾ ਭਾਇਆ ॥

(ਕਈ ਐਸੇ ਹਨ ਜਿਨ੍ਹਾਂ ਨੂੰ) ਹਉਮੈ ਚੰਗੀ ਲੱਗਦੀ ਹੈ, ਮਮਤਾ ਪਿਆਰੀ ਲੱਗਦੀ ਹੈ, ਮਾਇਆ ਦਾ ਮੋਹ ਪਸੰਦ ਹੈ;

ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥

ਪਰ ਮਾਲਕ-ਪ੍ਰਭੂ ਨੇ ਧੁਰੋਂ ਹੀ ਇਹ ਮਰਯਾਦਾ ਚਲਾ ਰੱਖੀ ਹੈ ਕਿ ਕੋਈ ਭੀ ਚੀਜ਼ (ਕਿਸੇ ਦੇ ਨਾਲ) ਨਹੀਂ ਜਾਂਦੀ।

ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥੧੪॥

ਅਭੁੱਲ ਗੁਰੂ ਤੋਂ (ਸਿੱਖਿਆ ਲੈ ਕੇ) ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਪਰਮਾਤਮਾ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ॥੧੪॥

ਜਾ ਤੂ ਦੇਹਿ ਸਦਾ ਸੁਖੁ ਪਾਏ ॥

ਹੇ ਪ੍ਰਭੂ! ਜਦੋਂ (ਕਿਸੇ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ (ਉਹ ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ।

ਸਾਚੈ ਸਬਦੇ ਸਾਚੁ ਕਮਾਏ ॥

ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਸਦਾ-ਥਿਰ ਸਰੂਪ ਵਿਚ ਟਿਕ ਕੇ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ।

ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥੧੫॥

ਉਸ ਮਨੁੱਖ ਦਾ ਹਿਰਦਾ ਅਡੋਲ ਹੋ ਜਾਂਦਾ ਹੈ, ਉਸ ਦਾ ਮਨ ਅਡੋਲ ਹੋ ਜਾਂਦਾ ਹੈ, ਉਸ ਦਾ ਸਰੀਰ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ, (ਉਸ ਦੇ ਅੰਦਰ) ਭਗਤੀ ਦੇ ਭੰਡਾਰੇ ਭਰ ਜਾਂਦੇ ਹਨ ॥੧੫॥

ਆਪੇ ਵੇਖੈ ਹੁਕਮਿ ਚਲਾਏ ॥

ਪਰਮਾਤਮਾ ਆਪ ਹੀ (ਸਭ ਜੀਵਾਂ ਦੀ) ਸੰਭਾਲ ਕਰ ਰਿਹਾ ਹੈ (ਸਭ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ,

ਅਪਣਾ ਭਾਣਾ ਆਪਿ ਕਰਾਏ ॥

ਆਪਣੀ ਰਜ਼ਾ (ਜੀਵਾਂ ਪਾਸੋਂ) ਆਪ ਕਰਾਂਦਾ ਹੈ।

ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥

ਹੇ ਨਾਨਕ! ਜਿਹੜੇ ਮਨੁੱਖ ਉਸ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਨੇ ਸੋਹਣੇ ਬਣਾ ਦਿੱਤੇ ਹੁੰਦੇ ਹਨ ॥੧੬॥੭॥


ਮਾਰੂ ਮਹਲਾ ੩ ॥
ਆਪੇ ਆਪੁ ਉਪਾਇ ਉਪੰਨਾ ॥

ਪਰਮਾਤਮਾ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ,

ਸਭ ਮਹਿ ਵਰਤੈ ਏਕੁ ਪਰਛੰਨਾ ॥

ਪਰਮਾਤਮਾ ਆਪ ਹੀ ਸਭ ਅੰਦਰ ਗੁਪਤ ਰੂਪ ਵਿਚ ਵਿਆਪਕ ਹੈ[

ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥

ਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਹੈ (ਉਹ ਜਾਣਦਾ ਹੈ ਕਿ) ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ॥੧॥

ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥

ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ ਪੈਦਾ ਕੀਤੇ,

ਸਿਰਿ ਸਿਰਿ ਧੰਧੈ ਆਪੇ ਲਾਏ ॥

ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ।

ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹਰ ਥਾਂ ਵੱਸਦਾ ਜਾਣ ਲਿਆ (ਉਹ ਸਮਝਦਾ ਹੈ ਕਿ) ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੨॥

ਆਵਾ ਗਉਣੁ ਹੈ ਸੰਸਾਰਾ ॥

ਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ।

ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥

ਇਥੇ ਮਾਇਆ ਦਾ ਮੋਹ ਪ੍ਰਬਲ ਹੈ (ਜਿਸ ਦੇ ਕਾਰਨ ਜੀਵ) ਵਿਕਾਰ ਚਿਤਵਦਾ ਰਹਿੰਦਾ ਹੈ।

ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ (ਉਹ ਜਾਣਦਾ ਹੈ ਕਿ) (ਇਥੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਦਾ ਸਾਲਾਹਣ-ਜੋਗ ਹੈ ॥੩॥

ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥

ਕਈ ਐਸੇ ਹਨ ਜੋ ਜਗਤ ਦੇ ਰਚਨਹਾਰ ਪ੍ਰਭੂ ਦੀ ਯਾਦ ਵਿਚ ਜੁੜੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ।

ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥

ਪਰ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿਚ ਲੱਗੇ ਰਹਿੰਦੇ ਹਨ, ਉਹਨਾਂ ਆਪਣਾ ਜੀਵਨ ਗਵਾ ਲਿਆ ਹੈ।

ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥

ਆਤਮਕ ਜੀਵਨ ਦੇਣ ਵਾਲੇ ਫਲ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਆਤਮਕ ਜੀਵਨ ਦੇਣ ਵਾਲੇ (ਸਿਫ਼ਤ-ਸਾਲਾਹ ਦੇ) ਬੋਲ ਬੋਲਦੇ ਹਨ ॥੪॥

ਹਮ ਗੁਣ ਨਾਹੀ ਕਿਆ ਬੋਲਹ ਬੋਲ ॥

ਹੇ ਪ੍ਰਭੂ! ਅਸੀਂ ਜੀਵ ਗੁਣ-ਹੀਨ ਹਾਂ, (ਆਪਣੇ ਮੰਦ ਕਰਮਾਂ ਦੇ ਕਾਰਨ) ਅਸੀਂ ਬੋਲਣ-ਜੋਗੇ ਨਹੀਂ ਹਾਂ।

ਤੂ ਸਭਨਾ ਦੇਖਹਿ ਤੋਲਹਿ ਤੋਲ ॥

ਤੂੰ ਸਭ ਜੀਵਾਂ (ਦੇ ਕਰਮਾਂ) ਨੂੰ ਵੇਖਦਾ ਹੈਂ ਅਤੇ ਪਰਖਦਾ ਹੈਂ।

ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥

ਜਿਵੇਂ ਤੇਰੀ ਰਜ਼ਾ ਹੁੰਦੀ ਹੈ ਤੂੰ ਸਾਨੂੰ ਰੱਖਦਾ ਹੈਂ, ਅਸੀਂ ਉਸੇ ਤਰ੍ਹਾਂ ਰਹਿ ਸਕਦੇ ਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਤੇਰੇ ਨਾਲ ਹੀ ਸਾਂਝ ਪਾਂਦਾ ਹੈ ॥੫॥

ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥

ਹੇ ਪ੍ਰਭੂ! ਜਦੋਂ ਤੈਨੂੰ ਚੰਗਾ ਲੱਗੇ, ਤਦੋਂ ਤੂੰ (ਜੀਵਾਂ ਨੂੰ) ਸੱਚੀ ਕਾਰ ਵਿਚ ਲਾਂਦਾ ਹੈਂ, (ਜਿਨ੍ਹਾਂ ਨੂੰ ਲਾਂਦਾ ਹੈਂ, ਉਹ)

ਅਵਗਣ ਛੋਡਿ ਗੁਣ ਮਾਹਿ ਸਮਾਏ ॥

ਔਗੁਣ ਛੱਡ ਕੇ ਤੇਰੇ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ।

ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥

ਪ੍ਰਭੂ ਦੇ ਗੁਣਾਂ ਵਿਚ ਚਿੱਤ ਜੋੜਿਆਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਵਿੱਤਰ ਅਬਿਨਾਸੀ ਪ੍ਰਭੂ ਹੀ (ਹਰ ਥਾਂ) ਦਿੱਸਦਾ ਹੈ ॥੬॥

ਜਹ ਦੇਖਾ ਤਹ ਏਕੋ ਸੋਈ ॥

ਮੈਂ ਜਿੱਧਰ ਵੇਖਦਾ ਹਾਂ, ਉਧਰ ਸਿਰਫ਼ ਉਹ ਪਰਮਾਤਮਾ ਹੀ ਦਿੱਸ ਰਿਹਾ ਹੈ।

ਦੂਜੀ ਦੁਰਮਤਿ ਸਬਦੇ ਖੋਈ ॥

ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਵੇਖਣ ਲਈ ਖੋਟੀ ਮੱਤ ਗੁਰੂ ਦੇ ਸ਼ਬਦ ਦੀ ਰਾਹੀਂ ਨਾਸ ਹੋ ਜਾਂਦੀ ਹੈ।

ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥

(ਸ਼ਬਦ ਦੀ ਬਰਕਤਿ ਨਾਲ ਇਉਂ ਦਿੱਸ ਪੈਂਦਾ ਹੈ ਕਿ) ਆਪਣੇ ਆਪ ਵਿਚ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ, ਉਹ ਸਦਾ ਆਪਣੀ ਮੌਜ ਵਿਚ ਮਸਤ ਰਹਿੰਦਾ ਹੈ ॥੭॥

ਕਾਇਆ ਕਮਲੁ ਹੈ ਕੁਮਲਾਣਾ ॥

(ਮਨਮੁਖ ਦੇ) ਸਰੀਰ ਵਿਚ ਉਸ ਦਾ ਹਿਰਦਾ-ਕੌਲ ਫੁੱਲ ਕੁਮਲਾਇਆ ਰਹਿੰਦਾ ਹੈ,

ਮਨਮੁਖੁ ਸਬਦੁ ਨ ਬੁਝੈ ਇਆਣਾ ॥

ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ।

ਗੁਰਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥

ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਸਰੀਰ ਨੂੰ ਖੋਜਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਜਗਤ ਦੇ ਸਹਾਰੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੮॥

ਕੋਟ ਗਹੀ ਕੇ ਪਾਪ ਨਿਵਾਰੇ ॥

ਉਹ ਮਨੁੱਖ (ਆਪਣੇ ਅੰਦਰੋਂ) ਸਰੀਰ ਨੂੰ ਗ੍ਰਸਣ ਵਾਲੇ ਪਾਪ ਦੂਰ ਕਰ ਲੈਂਦਾ ਹੈ,

ਸਦਾ ਹਰਿ ਜੀਉ ਰਾਖੈ ਉਰ ਧਾਰੇ ॥

ਜਿਹੜਾ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।

ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥

ਉਹ ਮਨੁੱਖ ਜਿਸ (ਫਲ) ਦੀ ਇੱਛਾ ਕਰਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ, ਉਸ ਦਾ ਮਨ ਨਾਮ-ਰੰਗ ਨਾਲ ਇਉਂ ਰੰਗਿਆ ਰਹਿੰਦਾ ਹੈ ਜਿਵੇਂ ਮਜੀਠ ਦਾ (ਪੱਕਾ) ਰੰਗ ਹੈ ॥੯॥

ਮਨਮੁਖੁ ਗਿਆਨੁ ਕਥੇ ਨ ਹੋਈ ॥

ਮਨ ਦਾ ਮੁਰੀਦ ਮਨੁੱਖ ਗਿਆਨ ਦੀਆਂ ਗੱਲਾਂ ਤਾਂ ਕਰਦਾ ਹੈ, (ਪਰ ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ) ਨਹੀਂ ਹੈ।

ਫਿਰਿ ਫਿਰਿ ਆਵੈ ਠਉਰ ਨ ਕੋਈ ॥

ਉਹ ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ, ਕਿਤੇ ਉਸ ਨੂੰ ਟਿਕਾਣਾ ਨਹੀਂ ਮਿਲਦਾ।

ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ (ਪ੍ਰਾਪਤ ਕਰ ਕੇ) ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਹਰੇਕ ਜੁਗ ਵਿਚ ਇਕੋ ਪਰਮਾਤਮਾ ਵੱਸਦਾ ਸਮਝ ਆਉਂਦਾ ਹੈ ॥੧੦॥

ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥

ਮਨ ਦਾ ਮੁਰੀਦ ਮਨੁੱਖ ਉਹੀ ਕਾਰ ਕਰਦਾ ਹੈ ਜਿਸ ਤੋਂ ਸਾਰੇ ਦੁੱਖ ਹੀ ਦੁੱਖ ਵਾਪਰਨ।

ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥

ਉਸ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵੱਸਦਾ, ਉਹ ਪਰਮਾਤਮਾ ਦੇ ਦਰ ਤੇ ਨਹੀਂ ਪਹੁੰਚ ਸਕਦਾ।

ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਸਦਾ-ਥਿਰ ਪ੍ਰਭੂ ਵੱਸਦਾ ਹੈ, ਉਹ ਸਦਾ ਸੁਖਾਂ ਦੇ ਦਾਤੇ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ॥੧੧॥

ਜਹ ਦੇਖਾ ਤੂ ਸਭਨੀ ਥਾਈ ॥

ਹੇ ਪ੍ਰਭੂ! ਮੈਂ ਜਿੱਧਰ ਵੇਖਦਾ ਹਾਂ, ਤੂੰ ਸਭ ਥਾਵਾਂ ਵਿਚ ਵੱਸਦਾ ਮੈਨੂੰ ਦਿੱਸਦਾ ਹੈਂ,

ਪੂਰੈ ਗੁਰਿ ਸਭ ਸੋਝੀ ਪਾਈ ॥

ਮੈਨੂੰ ਇਹ ਸਾਰੀ ਸੂਝ ਪੂਰੇ ਗੁਰੂ ਤੋਂ ਮਿਲੀ ਹੈ।

ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥

ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਹੀ ਨਾਮ ਸਿਮਰਨਾ ਚਾਹੀਦਾ ਹੈ। (ਜਿਹੜਾ ਮਨੁੱਖ ਸਿਮਰਦਾ ਹੈ ਉਸ ਦਾ) ਇਹ ਮਨ ਨਾਮ ਵਿਚ ਹੀ ਰੰਗਿਆ ਜਾਂਦਾ ਹੈ ॥੧੨॥

ਨਾਮੇ ਰਾਤਾ ਪਵਿਤੁ ਸਰੀਰਾ ॥

ਜਿਹੜਾ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਸਰੀਰ (ਵਿਕਾਰਾਂ ਦੀ ਮੈਲ ਤੋਂ) ਪਵਿੱਤਰ ਰਹਿੰਦਾ ਹੈ;

ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥

ਪਰ ਜਿਹੜੇ ਮਨੁੱਖ ਨਾਮ ਤੋਂ ਸੁੰਞੇ ਰਹਿੰਦੇ ਹਨ, ਉਹ (ਵਿਕਾਰਾਂ ਵਿਚ) ਡੁੱਬ ਕੇ (ਆਤਮਕ ਮੌਤੇ) ਮਰੇ ਰਹਿੰਦੇ ਹਨ, ਉਹ ਵਿਕਾਰਾਂ ਦਾ ਰਤਾ ਭਰ ਭੀ ਟਾਕਰਾ ਨਹੀਂ ਕਰ ਸਕਦੇ।

ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥

ਜਿਹੜੇ ਮਨੁੱਖ ਹਰਿ-ਨਾਮ ਦੀ ਕਦਰ ਨਹੀਂ ਸਮਝਦੇ, ਉਹ ਜਗਤ ਵਿਚ ਆਉਂਦੇ ਹਨ ਤੇ (ਖ਼ਾਲੀ ਹੀ) ਚਲੇ ਜਾਂਦੇ ਹਨ। ਪਰ ਕਈ ਐਸੇ ਹਨ ਜਿਹੜੇ ਗੁਰੂ ਦੀ ਸਰਨ ਪੈ ਕੇ ਗੁਰ-ਸ਼ਬਦ ਨਾਲ ਸਾਂਝ ਪਾਂਦੇ ਹਨ ॥੧੩॥

ਪੂਰੈ ਸਤਿਗੁਰਿ ਬੂਝ ਬੁਝਾਈ ॥

ਪੂਰੇ ਗੁਰੂ ਨੇ (ਸਾਨੂੰ ਇਹ) ਸਮਝ ਬਖ਼ਸ਼ੀ ਹੈ,

ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥

ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਕੀਤੀ।

ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥

ਜਿਹੜਾ ਮਨੁੱਖ ਹਰ ਵੇਲੇ ਨਾਮ ਵਿਚ ਲੀਨ ਰਹਿੰਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੧੪॥

ਕਾਇਆ ਨਗਰੁ ਢਹੈ ਢਹਿ ਢੇਰੀ ॥

ਇਹ ਸਰੀਰ-ਨਗਰ (ਆਖ਼ਿਰ) ਢਹਿ ਪੈਂਦਾ ਹੈ, ਤੇ ਢਹਿ ਕੇ ਢੇਰੀ ਹੋ ਜਾਂਦਾ ਹੈ।

ਬਿਨੁ ਸਬਦੈ ਚੂਕੈ ਨਹੀ ਫੇਰੀ ॥

ਪਰ ਗੁਰ-ਸ਼ਬਦ (ਨੂੰ ਮਨ ਵਿਚ ਵਸਾਣ) ਤੋਂ ਬਿਨਾ (ਜੀਵਾਤਮਾ ਦਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ।

ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥

ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨਾਲ ਹੀ ਸਾਂਝ ਪਾਂਦਾ ਹੈ ਉਹ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧੫॥

ਜਿਸ ਨੋ ਨਦਰਿ ਕਰੇ ਸੋ ਪਾਏ ॥

ਉਹੀ ਮਨੁੱਖ (ਸਿਫ਼ਤ-ਸਾਲਾਹ ਦੀ ਦਾਤਿ) ਹਾਸਲ ਕਰਦਾ ਹੈ, ਜਿਸ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ,

ਸਾਚਾ ਸਬਦੁ ਵਸੈ ਮਨਿ ਆਏ ॥

ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਉਸ ਦੇ ਮਨ ਵਿਚ ਆ ਵੱਸਦਾ ਹੈ।

ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥

ਹੇ ਨਾਨਕ! ਜਿਹੜੇ ਮਨੁੱਖ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਜਿਹੜੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦੇ ਹਨ, ਉਹ ਉਸ ਸਦਾ-ਥਿਰ ਦੇ ਦਰ ਤੇ (ਕਬੂਲ ਹੋ ਜਾਂਦੇ ਹਨ) ॥੧੬॥੮॥


ਮਾਰੂ ਸੋਲਹੇ ੩ ॥
ਆਪੇ ਕਰਤਾ ਸਭੁ ਜਿਸੁ ਕਰਣਾ ॥

ਹੇ ਪ੍ਰਭੂ! ਤੂੰ ਆਪ ਹੀ ਉਹ ਕਰਤਾਰ ਹੈਂ ਜਿਸ ਦਾ (ਰਚਿਆ ਹੋਇਆ ਇਹ) ਸਾਰਾ ਜਗਤ ਹੈ।

ਜੀਅ ਜੰਤ ਸਭਿ ਤੇਰੀ ਸਰਣਾ ॥

ਸਾਰੇ ਜੀਵ ਤੇਰੀ ਹੀ ਸਰਨ ਵਿਚ ਹਨ।

ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥੧॥

ਪ੍ਰਭੂ ਆਪ ਹੀ ਸਭ ਜੀਵਾਂ ਦੇ ਅੰਦਰ ਗੁਪਤ ਰੂਪ ਵਿਚ ਮੌਜੂਦ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨਾਲ ਸਾਂਝ ਪੈ ਸਕਦੀ ਹੈ ॥੧॥

ਹਰਿ ਕੇ ਭਗਤਿ ਭਰੇ ਭੰਡਾਰਾ ॥

ਹਰੀ ਦੇ ਖ਼ਜ਼ਾਨੇ ਵਿਚ ਭਗਤੀ ਦੇ ਭੰਡਾਰੇ ਭਰੇ ਪਏ ਹਨ।

ਆਪੇ ਬਖਸੇ ਸਬਦਿ ਵੀਚਾਰਾ ॥

ਗੁਰੂ ਦੇ ਸ਼ਬਦ ਦੀ ਰਾਹੀਂ ਆਪ ਹੀ ਪ੍ਰਭੂ ਇਹ ਸੂਝ ਬਖ਼ਸ਼ਦਾ ਹੈ।

ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥੨॥

ਹੇ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੁਝ ਜੀਵ ਕਰਦੇ ਹਨ। (ਪ੍ਰਭੂ ਦੀ ਰਜ਼ਾ ਨਾਲ ਹੀ) ਜੀਵ ਦਾ ਮਨ ਉਸ ਸਦਾ-ਥਿਰ ਪ੍ਰਭੂ ਨਾਲ ਜੁੜ ਸਕਦਾ ਹੈ ॥੨॥

ਆਪੇ ਹੀਰਾ ਰਤਨੁ ਅਮੋਲੋ ॥

ਪ੍ਰਭੂ ਆਪ ਹੀ (ਕੀਮਤੀ) ਹੀਰਾ ਹੈ ਆਪ ਹੀ ਅਮੋਲਕ ਰਤਨ ਹੈ।

ਆਪੇ ਨਦਰੀ ਤੋਲੇ ਤੋਲੋ ॥

ਪ੍ਰਭੂ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ (ਇਸ ਹੀਰੇ ਦੀ) ਪਰਖ ਕਰਦਾ ਹੈ।

ਜੀਅ ਜੰਤ ਸਭਿ ਸਰਣਿ ਤੁਮਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥੩॥

ਹੇ ਪ੍ਰਭੂ! ਸਾਰੇ ਹੀ ਜੀਵ ਤੇਰੀ ਹੀ ਸਰਨ ਵਿਚ ਹਨ। ਤੂੰ ਆਪ ਹੀ ਕਿਰਪਾ ਕਰ ਕੇ (ਆਪਣੇ ਨਾਲ) ਡੂੰਘੀ ਸਾਂਝ ਪੈਦਾ ਕਰਦਾ ਹੈਂ ॥੩॥

ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥

ਹੇ ਪ੍ਰਭੂ! ਜਿਸ ਮਨੁੱਖ ਉੱਤੇ ਧੁਰੋਂ ਤੇਰੀ ਹਜ਼ੂਰੀ ਤੋਂ ਤੇਰੀ ਮਿਹਰ ਦੀ ਨਿਗਾਹ ਹੋਵੇ,

ਮਰੈ ਨ ਜੰਮੈ ਚੂਕੈ ਫੇਰੀ ॥

ਉਹ ਮੁੜ ਮੁੜ ਜੰਮਦਾ ਮਰਦਾ ਨਹੀਂ, ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ।

ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥੪॥

(ਜਿਸ ਉੱਤੇ ਉਸ ਦੀ ਨਿਗਾਹ ਹੋਵੇ, ਉਹ) ਦਿਨ ਰਾਤ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ, ਹਰੇਕ ਜੁਗ ਵਿਚ ਉਹ ਉਸ ਪ੍ਰਭੂ ਨੂੰ ਹੀ (ਵੱਸਦਾ) ਸਮਝਦਾ ਹੈ ॥੪॥

ਮਾਇਆ ਮੋਹਿ ਸਭੁ ਜਗਤੁ ਉਪਾਇਆ ॥

ਇਹ ਸਾਰਾ ਹੀ ਜਗਤ ਤੂੰ ਮਾਇਆ ਦੇ ਮੋਹ ਵਿਚ (ਹੀ) ਪੈਦਾ ਕੀਤਾ ਹੈ।

ਬ੍ਰਹਮਾ ਬਿਸਨੁ ਦੇਵ ਸਬਾਇਆ ॥

ਹੇ ਪ੍ਰਭੂ! ਬ੍ਰਹਮਾ, ਵਿਸ਼ਨੂ, ਸਾਰੇ ਹੀ ਦੇਵਤੇ (ਜੋ ਭੀ ਜਗਤ ਵਿਚ ਪੈਦਾ ਹੋਇਆ ਹੈ, ਸਭਨਾਂ ਉਤੇ ਮਾਇਆ ਦਾ ਪ੍ਰਭਾਵ ਹੈ)।

ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥੫॥

ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਤੇਰੇ ਨਾਮ ਵਿਚ ਜੁੜਦੇ ਹਨ। ਆਤਮਕ ਜੀਵਨ ਦੀ ਸੂਝ ਵਾਲੀ ਮੱਤ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਬਣਦੀ ਹੈ ॥੫॥

ਪਾਪ ਪੁੰਨ ਵਰਤੈ ਸੰਸਾਰਾ ॥

ਸਾਰੇ ਜਗਤ ਵਿਚ (ਮਾਇਆ ਦੇ ਪ੍ਰਭਾਵ ਹੇਠ ਹੀ) ਪਾਪਾਂ ਤੇ ਪੁੰਨਾਂ ਦਾ ਵਰਤਾਰਾ ਹੋ ਰਿਹਾ ਹੈ।

ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥

(ਮਾਇਆ ਦੇ ਮੋਹ ਵਿਚ ਹੀ) ਹਰ ਥਾਂ ਕਿਤੇ ਖ਼ੁਸ਼ੀ ਹੈ ਅਤੇ ਗ਼ਮੀ ਹੈ (ਮਾਇਆ ਦੇ ਮੋਹ ਦਾ) ਭਾਰਾ ਦੁੱਖ (ਜਗਤ ਨੂੰ ਵਿਆਪ ਰਿਹਾ ਹੈ)।

ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਹਰਿ ਨਾਮ ਨਾਲ ਸਾਂਝ ਪਾਈ ਹੈ, ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ ਆਤਮਕ ਆਨੰਦ ਮਾਣਦਾ ਹੈ ॥੬॥

ਕਿਰਤੁ ਨ ਕੋਈ ਮੇਟਣਹਾਰਾ ॥

ਕੋਈ ਮਨੁੱਖ ਪਿਛਲੇ ਕੀਤੇ ਕਰਮਾਂ ਦੀ ਕਮਾਈ ਮਿਟਾ ਨਹੀਂ ਸਕਦਾ।

ਗੁਰ ਕੈ ਸਬਦੇ ਮੋਖ ਦੁਆਰਾ ॥

(ਪਿਛਲੇ ਕੀਤੇ ਕਰਮਾਂ ਤੋਂ) ਖ਼ਲਾਸੀ ਦਾ ਰਸਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਦਾ ਹੈ।

ਪੂਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥੭॥

ਜਿਸ ਮਨੁੱਖ ਨੇ ਆਪਾ-ਭਾਵ ਮਿਟਾ ਕੇ (ਹਰਿ-ਨਾਮ ਨਾਲ) ਸਾਂਝ ਪਾ ਲਈ, ਉਸ ਨੇ ਭੀ ਜੋ ਕੁਝ ਪੂਰਬਲੇ ਜਨਮ ਵਿਚ ਕਮਾਈ ਕੀਤੀ, ਉਹੀ ਫਲ ਹੁਣ ਪ੍ਰਾਪਤ ਕੀਤਾ ॥੭॥

ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥

ਮਾਇਆ ਦੇ ਮੋਹ ਦੇ ਕਾਰਨ ਪਰਮਾਤਮਾ ਨਾਲ ਮਨ ਜੁੜ ਨਹੀਂ ਸਕਦਾ।

ਦੂਜੈ ਭਾਇ ਘਣਾ ਦੁਖੁ ਆਗੈ ॥

ਮਾਇਆ ਦੇ ਮੋਹ ਵਿਚ ਫਸੇ ਰਿਹਾਂ ਜੀਵਨ-ਸਫ਼ਰ ਵਿਚ ਬਹੁਤ ਦੁੱਖ ਵਾਪਰਦਾ ਹੈ।

ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ ॥੮॥

ਮਨ ਦੇ ਮੁਰੀਦ ਮਨੁੱਖ ਧਾਰਮਿਕ ਪਹਿਰਾਵਾ ਪਾ ਕੇ ਭੀ ਭਟਕਣਾ ਦੇ ਕਾਰਨ ਕੁਰਾਹੇ ਹੀ ਪਏ ਰਹਿੰਦੇ ਹਨ। ਆਖ਼ਰ ਵੇਲੇ ਪਛੁਤਾਣਾ ਪੈਂਦਾ ਹੈ ॥੮॥

ਹਰਿ ਕੈ ਭਾਣੈ ਹਰਿ ਗੁਣ ਗਾਏ ॥

ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,

ਸਭਿ ਕਿਲਬਿਖ ਕਾਟੇ ਦੂਖ ਸਬਾਏ ॥

ਉਹ ਆਪਣੇ ਸਾਰੇ ਪਾਪ ਸਾਰੇ ਦੁੱਖ (ਆਪਣੇ ਅੰਦਰੋਂ) ਕੱਟ ਦੇਂਦਾ ਹੈ।

ਹਰਿ ਨਿਰਮਲੁ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥੯॥

ਉਸ ਦਾ ਮਨ ਉਸ ਪ੍ਰਭੂ ਨਾਲ ਰੱਤਾ ਰਹਿੰਦਾ ਹੈ, ਜੋ ਵਿਕਾਰਾਂ ਦੀ ਮੈਲ ਤੋਂ ਰਹਿਤ ਹੈ ਅਤੇ ਜਿਸ ਦੀ ਸਿਫ਼ਤ-ਸਾਲਾਹ ਦੀ ਬਾਣੀ ਭੀ ਪਵਿੱਤਰ ਹੈ ॥੯॥

ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥

ਪਰਮਾਤਮਾ ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦਾ ਮਿਲਾਪ ਹਾਸਲ ਕਰ ਲੈਂਦਾ ਹੈ।

ਹਉਮੈ ਮੇਰਾ ਠਾਕਿ ਰਹਾਏ ॥

ਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਮਤਾ (ਦੇ ਪ੍ਰਭਾਵ) ਨੂੰ ਰੋਕ ਦੇਂਦਾ ਹੈ।

ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥

ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲਿਆਂ ਨੇ ਇਹ ਸਮਝਿਆ ਹੈ ਕਿ ਗੁਣ ਦੇਣ ਵਾਲਾ ਅਤੇ ਔਗੁਣ ਪੈਦਾ ਕਰਨ ਵਾਲਾ ਸਿਰਫ਼ ਪਰਮਾਤਮਾ ਹੀ ਹੈ ॥੧੦॥

ਮੇਰਾ ਪ੍ਰਭੁ ਨਿਰਮਲੁ ਅਤਿ ਅਪਾਰਾ ॥

ਮੇਰਾ ਪ੍ਰਭੂ ਬੜਾ ਬੇਅੰਤ ਹੈ ਅਤੇ ਵਿਕਾਰਾਂ ਦੇ ਪ੍ਰਭਾਵ ਤੋਂ ਪਰੇ ਹੈ।

ਆਪੇ ਮੇਲੈ ਗੁਰ ਸਬਦਿ ਵੀਚਾਰਾ ॥

ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਗੁਣਾਂ ਦੀ) ਵਿਚਾਰ ਬਖ਼ਸ਼ ਕੇ ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।

ਆਪੇ ਬਖਸੇ ਸਚੁ ਦ੍ਰਿੜਾਏ ਮਨੁ ਤਨੁ ਸਾਚੈ ਰਾਤਾ ਹੇ ॥੧੧॥

ਜਿਸ ਉਤੇ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਆਪਣਾ ਸਦਾ-ਥਿਰ ਨਾਮ ਪੱਕਾ ਕਰ ਦੇਂਦਾ ਹੈ; ਉਸ ਮਨੁੱਖ ਦਾ ਮਨ ਉਸ ਦਾ ਤਨ ਸਦਾ-ਥਿਰ ਹਰਿ-ਨਾਮ ਵਿਚ ਰੰਗਿਆ ਜਾਂਦਾ ਹੈ ॥੧੧॥

ਮਨੁ ਤਨੁ ਮੈਲਾ ਵਿਚਿ ਜੋਤਿ ਅਪਾਰਾ ॥

(ਵਿਕਾਰਾਂ ਦੇ ਕਾਰਨ ਮਨੁੱਖ ਦਾ) ਮਨ ਅਤੇ ਤਨ ਗੰਦਾ ਹੋਇਆ ਰਹਿੰਦਾ ਹੈ, (ਫਿਰ ਭੀ ਉਸ ਦੇ) ਅੰਦਰ ਬੇਅੰਤ ਪਰਮਾਤਮਾ ਦੀ ਜੋਤਿ ਮੌਜੂਦ ਹੈ।

ਗੁਰਮਤਿ ਬੂਝੈ ਕਰਿ ਵੀਚਾਰਾ ॥

ਜਦੋਂ ਗੁਰੂ ਦੀ ਮੱਤ ਦੀ ਰਾਹੀਂ ਉਹ ਵਿਚਾਰ ਕਰ ਕੇ (ਆਤਮਕ ਜੀਵਨ ਦੇ ਭੇਤ ਨੂੰ) ਸਮਝਦਾ ਹੈ,

ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥੧੨॥

ਤਦੋਂ ਹਉਮੈ ਨੂੰ ਦੂਰ ਕਰ ਕੇ, ਅਤੇ ਜੀਭ ਨਾਲ ਸੁਖਾਂ ਦੇ ਦਾਤੇ ਪ੍ਰਭੂ ਦਾ ਨਾਮ ਜਪ ਕੇ, ਉਸ ਦਾ ਮਨ ਸਦਾ ਲਈ ਪਵਿੱਤਰ ਹੋ ਜਾਂਦਾ ਹੈ ॥੧੨॥

ਗੜ ਕਾਇਆ ਅੰਦਰਿ ਬਹੁ ਹਟ ਬਾਜਾਰਾ ॥

ਇਸ ਸਰੀਰ-ਕਿਲ੍ਹੇ ਵਿਚ (ਮਨ ਗਿਆਨ-ਇੰਦ੍ਰੇ ਆਦਿਕ) ਕਈ ਹੱਟ ਹਨ ਕਈ ਬਜ਼ਾਰ ਹਨ (ਜਿੱਥੇ ਪਰਮਾਤਮਾ ਦੇ ਨਾਮ-ਵੱਖਰ ਦਾ ਸੌਦਾ ਕੀਤਾ ਜਾ ਸਕਦਾ ਹੈ)।

ਤਿਸੁ ਵਿਚਿ ਨਾਮੁ ਹੈ ਅਤਿ ਅਪਾਰਾ ॥

ਇਸ (ਸਰੀਰ-ਕਿਲ੍ਹੇ) ਦੇ ਵਿਚ (ਹੀ) ਪਰਮਾਤਮਾ ਦਾ ਬਹੁਤ ਕੀਮਤੀ ਨਾਮ-ਪਦਾਰਥ ਹੈ।

ਗੁਰ ਕੈ ਸਬਦਿ ਸਦਾ ਦਰਿ ਸੋਹੈ ਹਉਮੈ ਮਾਰਿ ਪਛਾਤਾ ਹੇ ॥੧੩॥

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਵੱਖਰ ਖ਼ਰੀਦਦਾ ਹੈ, ਉਹ ਮਨੁੱਖ) ਪਰਮਾਤਮਾ ਦੇ ਦਰ ਤੇ ਸਦਾ ਆਦਰ ਪਾਂਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਉਹ ਮਨੁੱਖ ਇਸ ਨਾਮ-ਰਤਨ ਦੀ) ਕਦਰ ਸਮਝਦਾ ਹੈ ॥੧੩॥

ਰਤਨੁ ਅਮੋਲਕੁ ਅਗਮ ਅਪਾਰਾ ॥

ਕੋਈ ਭੀ ਦੁਨੀਆਵੀ ਪਦਾਰਥ ਅਪਹੁੰਚ ਤੇ ਬੇਅੰਤ ਪਰਮਾਤਮਾ ਦੇ ਨਾਮ-ਰਤਨ ਦੀ ਬਰਾਬਰ ਦੀ ਕੀਮਤ ਦਾ ਨਹੀਂ ਹੈ।

ਕੀਮਤਿ ਕਵਣੁ ਕਰੇ ਵੇਚਾਰਾ ॥

ਜੀਵ ਵਿਚਾਰਾ ਇਸ ਨਾਮ-ਰਤਨ ਦਾ ਮੁੱਲ ਪਾ ਹੀ ਨਹੀਂ ਸਕਦਾ।

ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ ਪਛਾਤਾ ਹੇ ॥੧੪॥

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਇਸ ਨਾਮ-ਰਤਨ ਨੂੰ ਪਰਖ ਕੇ ਖ਼ਰੀਦਦਾ ਹੈ, ਉਹ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰ ਹੀ ਇਸ ਨੂੰ ਲੱਭ ਲੈਂਦਾ ਹੈ ॥੧੪॥

ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ ॥

ਸਿਮ੍ਰਿਤੀਆਂ ਸ਼ਾਸਤਰ (ਆਦਿਕ ਧਰਮ ਪੁਸਤਕ ਹਰਿ-ਨਾਮ ਤੋਂ ਬਿਨਾ ਹੋਰ) ਬਹੁਤ ਵਿਚਾਰ-ਖਿਲਾਰਾ ਖਿਲਾਰਦੇ ਹਨ,

ਮਾਇਆ ਮੋਹੁ ਪਸਰਿਆ ਪਾਸਾਰਾ ॥

(ਪਰ ਉਹਨਾਂ ਵਿਚ) ਮਾਇਆ ਦਾ ਮੋਹ ਹੀ ਹੈ (ਕਰਮ ਕਾਂਡ ਦਾ ਹੀ) ਖਿਲਾਰਾ ਖਿਲਾਰਿਆ ਹੋਇਆ ਹੈ।

ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ ॥੧੫॥

(ਨਾਮ ਵਲੋਂ ਖੁੰਝੇ ਹੋਏ) ਮੂਰਖ (ਉਹਨਾਂ ਪੁਸਤਕਾਂ ਨੂੰ) ਪੜ੍ਹਦੇ ਹਨ, ਪਰ ਸਿਫ਼ਤ-ਸਾਲਾਹ ਦੀ ਬਾਣੀ ਦੀ ਕਦਰ ਨਹੀਂ ਸਮਝਦੇ। ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲੇ ਮਨੁੱਖ ਨੇ (ਸ਼ਬਦ ਦੀ ਕਦਰ) ਸਮਝ ਲਈ ਹੈ ॥੧੫॥

ਆਪੇ ਕਰਤਾ ਕਰੇ ਕਰਾਏ ॥

(ਪਰ ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।

ਸਚੀ ਬਾਣੀ ਸਚੁ ਦ੍ਰਿੜਾਏ ॥

(ਜਿਸ ਉਤੇ ਮਿਹਰ ਕਰਦਾ ਹੈ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਉਸ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਪੱਕਾ ਕਰ ਦੇਂਦਾ ਹੈ।

ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ ॥੧੬॥੯॥

ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ। ਉਹ ਮਨੁੱਖ ਹਰੇਕ ਜੁਗ ਵਿਚ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਦਾ ਹੈ ॥੧੬॥੯॥


ਮਾਰੂ ਮਹਲਾ ੩ ॥
ਸੋ ਸਚੁ ਸੇਵਿਹੁ ਸਿਰਜਣਹਾਰਾ ॥

ਉਸ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਸਿਮਰਨ ਕਰਿਆ ਕਰੋ,

ਸਬਦੇ ਦੂਖ ਨਿਵਾਰਣਹਾਰਾ ॥

ਉਹ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ ਸਾਰੇ) ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।

ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥

ਉਹ ਅਪਹੁੰਚ ਅਗੋਚਰ ਤੇ ਅਥਾਹ ਪ੍ਰਭੂ (ਆਪਣੇ ਵਰਗਾ) ਆਪ ਹੀ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥

ਆਪੇ ਸਚਾ ਸਚੁ ਵਰਤਾਏ ॥

ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਆਪਣਾ ਅਟੱਲ ਹੁਕਮ ਵਰਤਾ ਰਿਹਾ ਹੈ।

ਇਕਿ ਜਨ ਸਾਚੈ ਆਪੇ ਲਾਏ ॥

ਕਈ ਭਗਤ-ਜਨ ਐਸੇ ਹਨ ਜਿਨ੍ਹਾਂ ਨੂੰ ਉਸ ਸਦਾ-ਥਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।

ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥

ਉਹ ਭਗਤ-ਜਨ ਸਦਾ-ਥਿਰ ਦਾ ਹੀ ਸਿਮਰਨ ਕਰਦੇ ਰਹਿੰਦੇ ਹਨ, ਸਦਾ-ਥਿਰ ਨਾਮ (ਸਿਮਰਨ) ਦੀ ਕਮਾਈ ਕਰਦੇ ਹਨ, ਨਾਮ (ਸਿਮਰਨ ਦੀ ਬਰਕਤਿ) ਨਾਲ ਉਹ ਉਸ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੨॥

ਧੁਰਿ ਭਗਤਾ ਮੇਲੇ ਆਪਿ ਮਿਲਾਏ ॥

ਧੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ,

ਸਚੀ ਭਗਤੀ ਆਪੇ ਲਾਏ ॥

ਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿਚ ਜੋੜਦਾ ਹੈ।

ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥੩॥

(ਉਸ ਦੀ ਆਪਣੀ ਮਿਹਰ ਨਾਲ ਹੀ ਮਨੁੱਖ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ ਉਸ ਦੇ ਗੁਣ ਗਾਂਦਾ ਹੈ-ਇਹ ਸਿਫ਼ਤ-ਸਾਲਾਹ ਹੀ ਇਸ ਮਨੁੱਖਾ ਜਨਮ ਦੀ ਖੱਟੀ ਹੈ ॥੩॥

ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ ॥

ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਨਾਮ ਜਪਣ ਦਾ) ਵਣਜ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਕਿਸੇ) ਪਰਾਏ ਨੂੰ ਤੇ ਕਿਸੇ ਆਪਣੇ ਨੂੰ (ਇਉਂ) ਪਛਾਣਦੇ ਹਨ,

ਏਕਸ ਬਿਨੁ ਕੋ ਅਵਰੁ ਨ ਜਾਣਹਿ ॥

(ਕਿ ਇਹਨਾਂ ਵਿਚ) ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵੱਸਦਾ ਉਹ ਨਹੀਂ ਜਾਣਦੇ।

ਸਚਾ ਸਾਹੁ ਸਚੇ ਵਣਜਾਰੇ ਪੂੰਜੀ ਨਾਮੁ ਵਿਸਾਹਾ ਹੇ ॥੪॥

(ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਕ ਜੀਵਨ ਦੀ ਪੂੰਜੀ ਦੇਣ ਵਾਲਾ) ਸ਼ਾਹ-ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜੀਵ ਉਸ ਦੇ ਸਦਾ-ਥਿਰ ਨਾਮ ਦਾ ਵਣਜ ਕਰਨ ਵਾਲੇ ਹਨ, (ਪਰਮਾਤਮਾ ਪਾਸੋਂ) ਪੂੰਜੀ (ਲੈ ਕੇ ਉਸ ਦਾ) ਨਾਮ-ਸੌਦਾ ਖ਼ਰੀਦਦੇ ਹਨ ॥੪॥

ਆਪੇ ਸਾਜੇ ਸ੍ਰਿਸਟਿ ਉਪਾਏ ॥

ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਰਚਦਾ ਹੈ।

ਵਿਰਲੇ ਕਉ ਗੁਰਸਬਦੁ ਬੁਝਾਏ ॥

(ਕਿਸੇ) ਵਿਰਲੇ (ਭਾਗਾਂ ਵਾਲੇ) ਨੂੰ ਗੁਰੂ ਦੇ ਸ਼ਬਦ ਦੀ ਸੂਝ ਭੀ ਆਪ ਹੀ ਬਖ਼ਸ਼ਦਾ ਹੈ।

ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥

(ਉਸ ਦੀ ਮਿਹਰ ਨਾਲ ਜਿਹੜੇ ਮਨੁੱਖ) ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਆਪ ਹੀ ਉਹਨਾਂ ਦੀ ਜਮ (ਆਤਮਕ ਮੌਤ) ਦੀ ਫਾਹੀ ਕੱਟਦਾ ਹੈ ॥੫॥

ਭੰਨੈ ਘੜੇ ਸਵਾਰੇ ਸਾਜੇ ॥

(ਜੀਵਾਂ ਦੇ ਸਰੀਰ-ਭਾਂਡੇ) ਘੜ ਕੇ (ਆਪ ਹੀ) ਭੰਨਦਾ ਹੈ, ਆਪ ਹੀ ਪੈਦਾ ਕਰਦਾ ਤੇ ਸੰਵਾਰਦਾ ਹੈ।

ਮਾਇਆ ਮੋਹਿ ਦੂਜੈ ਜੰਤ ਪਾਜੇ ॥

ਮਾਇਆ ਦੇ ਮੋਹ ਵਿਚ, ਮੇਰ-ਤੇਰ ਵਿਚ ਭੀ ਜੀਵ (ਉਸ ਨੇ ਆਪ ਹੀ) ਪਾਏ ਹੋਏ ਹਨ।

ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮੋਹ ਵਿਚ) ਭਟਕਦੇ ਫਿਰਦੇ ਹਨ, ਸਦਾ ਅੰਨ੍ਹਿਆਂ ਵਾਲਾ ਕੰਮ ਕਰਦੇ ਰਹਿੰਦੇ ਹਨ, ਉਹਨਾਂ ਦੇ ਗਲ ਵਿਚ ਆਤਮਕ ਮੌਤ ਦੀ ਰੱਸੀ ਫਾਹੀ ਪਈ ਰਹਿੰਦੀ ਹੈ ॥੬॥

ਆਪੇ ਬਖਸੇ ਗੁਰ ਸੇਵਾ ਲਾਏ ॥

ਪ੍ਰਭੂ ਆਪ (ਜਿਨ੍ਹਾਂ ਉੱਤੇ) ਬਖ਼ਸ਼ਸ਼ ਕਰਦਾ ਹੈ (ਉਹਨਾਂ ਨੂੰ) ਗੁਰੂ ਦੀ ਸੇਵਾ ਵਿਚ ਜੋੜਦਾ ਹੈ,

ਗੁਰਮਤੀ ਨਾਮੁ ਮੰਨਿ ਵਸਾਏ ॥

ਗੁਰੂ ਦੀ ਮੱਤ ਦੇ ਕੇ (ਆਪਣਾ) ਨਾਮ (ਉਹਨਾਂ ਦੇ) ਮਨ ਵਿਚ ਵਸਾਂਦਾ ਹੈ।

ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥

ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਸਿਮਰਦਾ ਹੈ, ਉਹ ਅਡੋਲ ਜੀਵਨ ਵਾਲਾ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਇਸ ਜਗਤ ਵਿਚ ਖੱਟੀ ਹੈ ॥੭॥

ਆਪੇ ਸਚਾ ਸਚੀ ਨਾਈ ॥

ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।

ਗੁਰਮੁਖਿ ਦੇਵੈ ਮੰਨਿ ਵਸਾਈ ॥

ਗੁਰੂ ਦੇ ਸਨਮੁਖ ਰੱਖ ਕੇ (ਜੀਵ ਨੂੰ ਆਪਣੀ ਵਡਿਆਈ) ਦੇਂਦਾ ਹੈ (ਜੀਵ ਦੇ) ਮਨ ਵਿਚ ਵਸਾਂਦਾ ਹੈ।

ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥੮॥

ਜਿਨ੍ਹਾਂ ਦੇ ਮਨ ਵਿਚ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਸੋਭਦੇ ਹਨ, ਉਹਨਾਂ ਦੇ ਸਿਰ ਉੱਤੇ (ਪਿਆ) ਭਾਰਾ ਮੁੱਕ ਜਾਂਦਾ ਹੈ ॥੮॥

ਅਗਮ ਅਗੋਚਰੁ ਕੀਮਤਿ ਨਹੀ ਪਾਈ ॥

ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।

ਗੁਰਪਰਸਾਦੀ ਮੰਨਿ ਵਸਾਈ ॥

ਮੈਂ ਤਾਂ ਉਸ ਨੂੰ ਗੁਰੂ ਦੀ ਕਿਰਪਾ ਨਾਲ (ਆਪਣੇ) ਮਨ ਵਿਚ ਵਸਾਂਦਾ ਹਾਂ।

ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥੯॥

ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸਦਾ ਉਸ ਗੁਣਾਂ ਦੇ ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹਾਂ। (ਜਿਹੜਾ ਉਸ ਗੁਣ-ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹੈ) ਉਸ (ਦੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ ॥੯॥

ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ ॥

ਬ੍ਰਹਮਾ ਵਿਸ਼ਨੂ ਸ਼ਿਵ (ਇਹ ਸਾਰੇ) ਉਸ (ਪਰਮਾਤਮਾ) ਦੀ ਹੀ ਸਰਨ ਵਿਚ ਰਹਿੰਦੇ ਹਨ।

ਅੰਤੁ ਨ ਪਾਵਹਿ ਅਲਖ ਅਭੇਵਾ ॥

(ਇਹ ਵੱਡੇ ਵੱਡੇ ਦੇਵਤੇ ਭੀ ਉਸ) ਅਲੱਖ ਅਤੇ ਅਭੇਵ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪਾ ਸਕਦੇ।

ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥੧੦॥

ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਉਹਨਾਂ ਨੂੰ ਗੁਰੂ ਦੀ ਸਰਨ ਪਾ ਕੇ ਤੂੰ ਆਪਣਾ ਅਲੱਖ ਸਰੂਪ ਸਮਝਾ ਦੇਂਦਾ ਹੈ ॥੧੦॥

ਪੂਰੈ ਸਤਿਗੁਰਿ ਸੋਝੀ ਪਾਈ ॥

ਪੂਰੇ ਸਤਿਗੁਰੂ ਨੇ (ਮੈਨੂੰ ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ,

ਏਕੋ ਨਾਮੁ ਮੰਨਿ ਵਸਾਈ ॥

ਹੁਣ ਮੈਂ ਪਰਮਾਤਮਾ ਦਾ ਹੀ ਨਾਮ ਆਪਣੇ ਮਨ ਵਿਚ ਵਸਾਂਦਾ ਹਾਂ।

ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥੧੧॥

ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ, ਅਤੇ ਉਸ ਦਾ ਨਾਮ ਧਿਆਉਂਦਾ ਹਾਂ, (ਨਾਮ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਣਾ ਪ੍ਰਾਪਤ ਕਰ ਕੇ ਮੈਂ ਉਸ ਦੇ ਗੁਣਾਂ ਵਿਚ ਚੁੱਭੀ ਲਾ ਰਿਹਾ ਹਾਂ ॥੧੧॥

ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ ॥

ਪਰਮਾਤਮਾ ਦੇ ਭਗਤ ਤਾਂ ਉਸ ਬੇਅੰਤ ਪ੍ਰਭੂ ਦਾ ਹੁਕਮ ਮੰਨ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,

ਮਨਮੁਖ ਹੁਕਮੁ ਨ ਜਾਣਹਿ ਸਾਰਾ ॥

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਦੇ ਹੁਕਮ ਦੀ ਕਦਰ ਨਹੀਂ ਸਮਝਦੇ।

ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥

ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ, ਉਹ ਪ੍ਰਭੂ ਹੁਕਮ (ਮੰਨਣ) ਦੀ ਰਾਹੀਂ (ਲੋਕ ਪਰਲੋਕ ਦੀ) ਵਡਿਆਈ ਪ੍ਰਾਪਤ ਕਰਦਾ ਹੈ, ਉਹ ਵੇਪਰਵਾਹ ਪ੍ਰਭੂ ਦੇ ਹੁਕਮ ਵਿਚ ਹੀ ਲੀਨ ਰਹਿੰਦਾ ਹੈ ॥੧੨॥

ਗੁਰਪਰਸਾਦੀ ਹੁਕਮੁ ਪਛਾਣੈ ॥

ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ,

ਧਾਵਤੁ ਰਾਖੈ ਇਕਤੁ ਘਰਿ ਆਣੈ ॥

ਉਹ ਆਪਣੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਉਹ (ਆਪਣੇ ਮਨ ਨੂੰ) ਇੱਕ ਘਰ ਵਿਚ ਹੀ ਲੈ ਆਉਂਦਾ ਹੈ।

ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥੧੩॥

ਉਹ ਮਨੁੱਖ ਹਰਿ-ਨਾਮ ਵਿਚ ਰੰਗਿਆ ਰਹਿੰਦਾ ਹੈ, ਉਹ (ਵਿਕਾਰਾਂ ਤੋਂ) ਸਦਾ ਨਿਰਲੇਪ ਰਹਿੰਦਾ ਹੈ, ਪਰਮਾਤਮਾ ਦਾ ਰਤਨ-ਨਾਮ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ ॥੧੩॥

ਸਭ ਜਗ ਮਹਿ ਵਰਤੈ ਏਕੋ ਸੋਈ ॥

ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਹੈ,

ਗੁਰਪਰਸਾਦੀ ਪਰਗਟੁ ਹੋਈ ॥

ਪਰ ਉਹ ਗੁਰੂ ਦੀ ਕਿਰਪਾ ਨਾਲ ਦਿੱਸਦਾ ਹੈ।

ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦਾ ਨਿਵਾਸ ਸਦਾ ਸ੍ਵੈ-ਸਰੂਪ ਵਿਚ ਹੋਇਆ ਰਹਿੰਦਾ ਹੈ ॥੧੪॥

ਸਦਾ ਭਗਤ ਤੇਰੀ ਸਰਣਾਈ ॥

ਹੇ ਪ੍ਰਭੂ! ਤੇਰੇ ਭਗਤ ਸਦਾ ਤੇਰੀ ਸਰਨ ਵਿਚ ਰਹਿੰਦੇ ਹਨ।

ਅਗਮ ਅਗੋਚਰ ਕੀਮਤਿ ਨਹੀ ਪਾਈ ॥

ਹੇ ਪ੍ਰਭੂ! ਹੇ ਅਪਹੁੰਚ ਤੇ ਅਗੋਚਰ! ਕੋਈ ਤੇਰਾ ਮੁੱਲ ਨਹੀਂ ਪਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੂੰ ਮਿਲ ਨਹੀਂ ਸਕਦਾ)।

ਜਿਉ ਤੁਧੁ ਭਾਵਹਿ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥

ਹੇ ਪ੍ਰਭੂ! ਤੂੰ (ਆਪਣੇ ਭਗਤਾਂ ਨੂੰ) ਉਵੇਂ ਹੀ ਰੱਖਦਾ ਹੈਂ, ਜਿਵੇਂ ਉਹ ਤੈਨੂੰ ਪਿਆਰੇ ਲੱਗਦੇ ਹਨ। (ਤੇਰੇ ਭਗਤ) ਗੁਰੂ ਦੀ ਸਰਨ ਪੈ ਕੇ ਤੇਰਾ ਨਾਮ ਧਿਆਉਂਦੇ ਹਨ ॥੧੫॥

ਸਦਾ ਸਦਾ ਤੇਰੇ ਗੁਣ ਗਾਵਾ ॥

ਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ,

ਸਚੇ ਸਾਹਿਬ ਤੇਰੈ ਮਨਿ ਭਾਵਾ ॥

ਤਾਂ ਕਿ, ਹੇ ਸਦਾ-ਥਿਰ ਮਾਲਕ! ਮੈਂ ਤੇਰੇ ਮਨ ਵਿਚ ਪਿਆਰਾ ਲੱਗਦਾ ਰਹਾਂ।

ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥

(ਤੇਰਾ ਦਾਸ) ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਨੂੰ ਆਪਣਾ ਸਦਾ-ਥਿਰ ਨਾਮ ਦੇਹ, ਮੈਂ ਤੇਰੇ ਸਦਾ-ਥਿਰ ਨਾਮ ਵਿਚ ਲੀਨ ਹੋਇਆ ਰਹਾਂ ॥੧੬॥੧॥੧੦॥

1
2
3
4
5
6
7
8
9
10