ਰਾਗ ਮਾਰੂ – ਬਾਣੀ ਸ਼ਬਦ-Part 8 – Raag Maru – Bani

ਰਾਗ ਮਾਰੂ – ਬਾਣੀ ਸ਼ਬਦ-Part 8 – Raag Maru – Bani

ਮਾਰੂ ਮਹਲਾ ੫ ॥
ਪ੍ਰਭ ਸਮਰਥ ਸਰਬ ਸੁਖ ਦਾਨਾ ॥

ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਹੇ ਸਾਰੇ ਸੁਖ ਦੇਣ ਵਾਲੇ!

ਸਿਮਰਉ ਨਾਮੁ ਹੋਹੁ ਮਿਹਰਵਾਨਾ ॥

(ਮੇਰੇ ਉਤੇ) ਮਿਹਰਵਾਨ ਹੋ, ਮੈਂ ਤੇਰਾ ਨਾਮ ਸਿਮਰਦਾ ਰਹਾਂ।

ਹਰਿ ਦਾਤਾ ਜੀਅ ਜੰਤ ਭੇਖਾਰੀ ਜਨੁ ਬਾਂਛੈ ਜਾਚੰਗਨਾ ॥੧॥

ਪਰਮਾਤਮਾ ਦਾਤਾਂ ਦੇਣ ਵਾਲਾ ਹੈ, ਸਾਰੇ ਜੀਵ (ਉਸ ਦੇ ਦਰ ਦੇ) ਮੰਗਤੇ ਹਨ। (ਨਾਨਕ ਉਸ ਦਾ) ਦਾਸ ਮੰਗਤਾ ਬਣ ਕੇ (ਉਸ ਪਾਸੋਂ ਨਾਮ ਦੀ ਦਾਤਿ) ਮੰਗਦਾ ਹੈ ॥੧॥

ਮਾਗਉ ਜਨ ਧੂਰਿ ਪਰਮ ਗਤਿ ਪਾਵਉ ॥

(ਪ੍ਰਭੂ ਦੇ ਦਰ ਤੋਂ) ਮੈਂ (ਉਸ ਦੇ) ਸੇਵਕਾਂ ਦੀ ਚਰਨ-ਧੂੜ ਮੰਗਦਾ ਹਾਂ ਤਾ ਕਿ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ,

ਜਨਮ ਜਨਮ ਕੀ ਮੈਲੁ ਮਿਟਾਵਉ ॥

ਅਤੇ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਦੂਰ ਕਰ ਸਕਾਂ।

ਦੀਰਘ ਰੋਗ ਮਿਟਹਿ ਹਰਿ ਅਉਖਧਿ ਹਰਿ ਨਿਰਮਲਿ ਰਾਪੈ ਮੰਗਨਾ ॥੨॥

ਹਰਿ-ਨਾਮ ਦੀ ਦਵਾਈ ਨਾਲ ਵੱਡੇ-ਵੱਡੇ ਰੋਗ ਦੂਰ ਹੋ ਜਾਂਦੇ ਹਨ। ਮੈਂ ਭੀ (ਉਸ ਦੇ ਦਰ ਤੋਂ) ਮੰਗਦਾ ਹਾਂ ਕਿ ਉਸ ਦੇ ਪਵਿੱਤਰ ਨਾਮ ਵਿਚ (ਮੇਰਾ ਮਨ) ਰੰਗਿਆ ਰਹੇ ॥੨॥

ਸ੍ਰਵਣੀ ਸੁਣਉ ਬਿਮਲ ਜਸੁ ਸੁਆਮੀ ॥

ਹੇ ਸੁਆਮੀ! (ਮਿਹਰ ਕਰ) ਮੈਂ (ਆਪਣੇ) ਕੰਨਾਂ ਨਾਲ ਤੇਰਾ ਪਵਿੱਤਰ ਜਸ ਸੁਣਦਾ ਰਹਾਂ।

ਏਕਾ ਓਟ ਤਜਉ ਬਿਖੁ ਕਾਮੀ ॥

ਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ, (ਮਿਹਰ ਕਰ) ਮੈਂ ਆਤਮਕ ਮੌਤ ਲਿਆਉਣ ਵਾਲੀ ਕਾਮ-ਵਾਸਨਾ ਤਿਆਗ ਦਿਆਂ,

ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ ॥੩॥

ਮੈਂ ਨਿਊਂ ਨਿਊਂ ਕੇ ਤੇਰੇ ਸੇਵਕਾਂ ਦੀ ਚਰਨੀਂ ਲੱਗਦਾ ਰਹਾਂ। ਇਹ ਨੇਕ ਕਮਾਈ ਕਰਦਿਆਂ ਮੈਨੂੰ ਕਦੇ ਝਾਕਾ ਨਾਹ ਲੱਗੇ ॥੩॥

ਰਸਨਾ ਗੁਣ ਗਾਵੈ ਹਰਿ ਤੇਰੇ ॥

ਹੇ ਸੁਆਮੀ! ਹੇ ਹਰੀ! (ਮਿਹਰ ਕਰ) ਮੇਰੀ ਜੀਭ ਤੇਰੇ ਗੁਣ ਗਾਂਦੀ ਰਹੇ,

ਮਿਟਹਿ ਕਮਾਤੇ ਅਵਗੁਣ ਮੇਰੇ ॥

ਤੇ, ਮੇਰੇ (ਪਿਛਲੇ) ਕੀਤੇ ਹੋਏ ਔਗੁਣ ਮਿਟ ਜਾਣ।

ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ ॥੪॥

(ਮਿਹਰ ਕਰ) ਤੇਰਾ ਨਾਮ ਸਿਮਰ ਸਿਮਰ ਕੇ (ਤੇ, ਸਿਮਰਨ ਦੀ ਬਰਕਤਿ ਨਾਲ) ਦੁਖੀ ਕਰਨ ਵਾਲੇ ਕਾਮਾਦਿਕ ਪੰਜ ਵੈਰੀਆਂ ਦਾ ਸਾਥ ਛੱਡ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰ ਲਏ ॥੪॥

ਚਰਨ ਕਮਲ ਜਪਿ ਬੋਹਿਥਿ ਚਰੀਐ ॥

(ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਪਰਮਾਤਮਾ ਦੇ) ਸੋਹਣੇ ਚਰਨਾਂ ਦਾ ਧਿਆਨ ਧਰ ਕੇ (ਨਾਮ-) ਜਹਾਜ਼ ਵਿਚ ਚੜ੍ਹਨਾ ਚਾਹੀਦਾ ਹੈ,

ਸੰਤਸੰਗਿ ਮਿਲਿ ਸਾਗਰੁ ਤਰੀਐ ॥

ਗੁਰੂ ਦੀ ਸੰਗਤ ਵਿਚ ਮਿਲ ਕੇ (ਸੰਸਾਰ-) ਸਮੁੰਦਰ ਤੋਂ ਪਾਰ ਲੰਘਿਆ ਜਾ ਸਕੀਦਾ ਹੈ।

ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾਹੁੜਿ ਜੋਨਿ ਨ ਨੰਗਨਾ ॥੫॥

ਪਰਮਾਤਮਾ ਨੂੰ ਸਭ ਜੀਵਾਂ ਵਿਚ ਇਕ-ਸਮਾਨ ਵੱਸਦਾ ਜਾਣ ਲੈਣਾ-ਇਹੀ ਹੈ ਉਸ ਦੀ ਅਰਚਾ-ਪੂਜਾ, ਇਹੀ ਹੈ ਉਸ ਅੱਗੇ ਬੰਦਨਾ। (ਇਸ ਤਰ੍ਹਾਂ) ਮੁੜ ਮੁੜ ਜੂਨਾਂ ਵਿਚ ਪੈ ਕੇ ਖ਼ੁਆਰ ਨਹੀਂ ਹੋਈਦਾ ॥੫॥

ਦਾਸ ਦਾਸਨ ਕੋ ਕਰਿ ਲੇਹੁ ਗੁੋਪਾਲਾ ॥

ਹੇ ਗੋਪਾਲ! ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ।

ਕ੍ਰਿਪਾ ਨਿਧਾਨ ਦੀਨ ਦਇਆਲਾ ॥

ਹੇ ਕਿਰਪਾ ਦੇ ਖ਼ਜ਼ਾਨੇ! ਹੇ ਦੀਨਾਂ ਉਤੇ ਦਇਆ ਕਰਨ ਵਾਲੇ!

ਸਖਾ ਸਹਾਈ ਪੂਰਨ ਪਰਮੇਸੁਰ ਮਿਲੁ ਕਦੇ ਨ ਹੋਵੀ ਭੰਗਨਾ ॥੬॥

ਹੇ ਸਰਬ-ਵਿਆਪਕ ਪਰਮੇਸਰ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰਾ ਮਦਦਗਾਰ ਹੈਂ। ਮੈਨੂੰ ਮਿਲ, ਤੈਥੋਂ ਮੇਰਾ ਕਦੇ ਵਿਛੋੜਾ ਨਾਹ ਹੋਵੇ ॥੬॥

ਮਨੁ ਤਨੁ ਅਰਪਿ ਧਰੀ ਹਰਿ ਆਗੈ ॥

ਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਪਰਮਾਤਮਾ ਅੱਗੇ ਭੇਟਾ ਕਰ ਦਿੱਤਾ,

ਜਨਮ ਜਨਮ ਕਾ ਸੋਇਆ ਜਾਗੈ ॥

ਉਹ ਮਨੁੱਖ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ (ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ)।

ਜਿਸ ਕਾ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ ॥੭॥

ਜਿਸ ਪਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਸੀ, ਉਹੀ ਉਸ ਦਾ ਰਾਖਾ ਬਣ ਜਾਂਦਾ ਹੈ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਹਉਮੈ ਨੂੰ ਸਦਾ ਲਈ ਤਿਆਗ ਦੇਂਦਾ ਹੈ ॥੭॥

ਜਲਿ ਥਲਿ ਪੂਰਨ ਅੰਤਰਜਾਮੀ ॥

ਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਭੂ ਜਲ ਵਿਚ ਧਰਤੀ ਵਿਚ ਸਭ ਥਾਂ ਵਿਆਪਕ ਹੈ,

ਘਟਿ ਘਟਿ ਰਵਿਆ ਅਛਲ ਸੁਆਮੀ ॥

ਮਾਇਆ ਪਾਸੋਂ ਨਾਹ ਛਲਿਆ ਜਾ ਸਕਣ ਵਾਲਾ ਹਰੀ ਹਰੇਕ ਸਰੀਰ ਵਿਚ ਮੌਜੂਦ ਹੈ

ਭਰਮ ਭੀਤਿ ਖੋਈ ਗੁਰਿ ਪੂਰੈ ਏਕੁ ਰਵਿਆ ਸਰਬੰਗਨਾ ॥੮॥

ਪੂਰੇ ਗੁਰੂ ਨੇ (ਜਿਸ ਮਨੁੱਖ ਦੀ ਪਰਮਾਤਮਾ ਨਾਲੋਂ ਵਿਛੋੜਾ ਪਾਣ ਵਾਲੀ) ਭਟਕਣਾ ਦੀ ਕੰਧ ਦੂਰ ਕਰ ਦਿੱਤੀ, ਉਸ ਨੂੰ ਪਰਮਾਤਮਾ ਸਭਨਾਂ ਵਿਚ ਵਿਆਪਕ ਦਿੱਸ ਪੈਂਦਾ ਹੈ ॥੮॥

ਜਤ ਕਤ ਪੇਖਉ ਪ੍ਰਭ ਸੁਖ ਸਾਗਰ ॥

ਮੈਂ ਜਿਸ ਭੀ ਪਾਸੇ ਵੇਖਦਾ ਹਾਂ, ਸੁਖਾਂ ਦਾ ਸਮੁੰਦਰ ਪਰਮਾਤਮਾ ਹੀ (ਵੱਸ ਰਿਹਾ ਹੈ)।

ਹਰਿ ਤੋਟਿ ਭੰਡਾਰ ਨਾਹੀ ਰਤਨਾਗਰ ॥

ਰਤਨਾਂ ਦੀ ਖਾਣ ਉਸ ਪਰਮਾਤਮਾ ਦੇ ਖ਼ਜ਼ਾਨਿਆਂ ਵਿਚ ਕਦੇ ਕਮੀ ਨਹੀਂ ਆਉਂਦੀ।

ਅਗਹ ਅਗਾਹ ਕਿਛੁ ਮਿਤਿ ਨਹੀ ਪਾਈਐ ਸੋ ਬੂਝੈ ਜਿਸੁ ਕਿਰਪੰਗਨਾ ॥੯॥

ਉਸ ਪਰਮਾਤਮਾ ਦੀ ਹਸਤੀ ਦਾ ਕੋਈ ਹੱਦ-ਬੰਨਾ ਨਹੀਂ ਲੱਭ ਸਕਦਾ ਜੋ ਹਰੇਕ ਕਿਸਮ ਦੀ ਜਕੜ ਤੋਂ ਪਰੇ ਹੈ ਜਿਸ ਦੀ ਹਾਥ ਨਹੀਂ ਪਾਈ ਜਾ ਸਕਦੀ। ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਉਤੇ ਉਸ ਦੀ ਕਿਰਪਾ ਹੋਵੇ ॥੯॥

ਛਾਤੀ ਸੀਤਲ ਮਨੁ ਤਨੁ ਠੰਢਾ ॥

ਉਹਨਾਂ (ਵਡ-ਭਾਗੀਆਂ) ਦਾ ਹਿਰਦਾ ਸ਼ਾਂਤ ਹੋ ਗਿਆ ਹੈ, ਉਹਨਾਂ ਦਾ ਮਨ ਉਹਨਾਂ ਦਾ ਤਨ ਸ਼ਾਂਤ ਹੋ ਗਿਆ ਹੈ,

ਜਨਮ ਮਰਣ ਕੀ ਮਿਟਵੀ ਡੰਝਾ ॥

ਉਹਨਾਂ ਦੀ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਸੜਨ ਮਿਟ ਗਈ ਹੈ,

ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ ਅਮਿਓ ਧਾਰਿ ਦ੍ਰਿਸਟੰਗਨਾ ॥੧੦॥

ਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਪਿਆਰੇ ਪ੍ਰਭੂ ਨੇ (ਸੰਸਾਰ-ਸਮੁੰਦਰ ਵਿਚੋਂ) ਕੱਢ ਲਿਆ ਹੈ ॥੧੦॥

ਏਕੋ ਏਕੁ ਰਵਿਆ ਸਭ ਠਾਈ ॥

(ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ ਭਟਕਣਾ ਮੁੱਕ ਜਾਂਦੀ ਹੈ।

ਤਿਸੁ ਬਿਨੁ ਦੂਜਾ ਕੋਈ ਨਾਹੀ ॥

(ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਹੀ ਪਰਮਾਤਮਾ ਸਭਨੀਂ ਥਾਈਂ ਵੱਸ ਰਿਹਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ,

ਆਦਿ ਮਧਿ ਅੰਤਿ ਪ੍ਰਭੁ ਰਵਿਆ ਤ੍ਰਿਸਨ ਬੁਝੀ ਭਰਮੰਗਨਾ ॥੧੧॥

ਉਹ ਪਰਮਾਤਮਾ ਹੀ ਜਗਤ-ਰਚਨਾ ਦੇ ਸ਼ੁਰੂ ਵਿਚ ਸੀ, ਉਹ ਪਰਮਾਤਮਾ ਹੀ ਹੁਣ ਮੌਜੂਦ ਹੈ, ਉਹ ਪਰਮਾਤਮਾ ਹੀ ਜਗਤ ਦੇ ਅੰਤ ਵਿਚ ਹੋਵੇਗਾ ॥੧੧॥

ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥

ਗੁਰੂ ਪਰਮੇਸਰ (ਦਾ ਰੂਪ) ਹੈ ਗੁਰੂ ਗੋਬਿੰਦ (ਦਾ ਰੂਪ) ਹੈ,

ਗੁਰੁ ਕਰਤਾ ਗੁਰੁ ਸਦ ਬਖਸੰਦੁ ॥

ਗੁਰੂ ਕਰਤਾਰ (ਦਾ ਰੂਪ ਹੈ) ਗੁਰੂ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈ।

ਗੁਰ ਜਪੁ ਜਾਪਿ ਜਪਤ ਫਲੁ ਪਾਇਆ ਗਿਆਨ ਦੀਪਕੁ ਸੰਤ ਸੰਗਨਾ ॥੧੨॥

ਸਾਧ ਸੰਗਤ ਵਿਚ ਟਿਕ ਕੇ ਗੁਰੂ ਦਾ ਦੱਸਿਆ ਹਰਿ-ਨਾਮ ਦਾ ਜਾਪ ਜਪਦਿਆਂ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਦੀਵਾ ਜਗ ਪੈਂਦਾ ਹੈ ॥੧੨॥

ਜੋ ਪੇਖਾ ਸੋ ਸਭੁ ਕਿਛੁ ਸੁਆਮੀ ॥

(ਸੰਸਾਰ ਵਿਚ) ਮੈਂ ਜੋ ਕੁਝ ਵੇਖਦਾ ਹਾਂ ਸਭ ਕੁਝ ਮਾਲਕ-ਪ੍ਰਭੂ (ਦਾ ਹੀ ਰੂਪ) ਹੈ,

ਜੋ ਸੁਨਣਾ ਸੋ ਪ੍ਰਭ ਕੀ ਬਾਨੀ ॥

ਜੋ ਕੁਝ ਮੈਂ ਸੁਣਦਾ ਹਾਂ, ਪ੍ਰਭੂ ਹੀ ਹਰ ਥਾਂ ਆਪ ਬੋਲ ਰਿਹਾ ਹੈ।

ਜੋ ਕੀਨੋ ਸੋ ਤੁਮਹਿ ਕਰਾਇਓ ਸਰਣਿ ਸਹਾਈ ਸੰਤਹ ਤਨਾ ॥੧੩॥

ਹੇ ਪ੍ਰਭੂ! ਜੋ ਕੁਝ ਜੀਵ ਕਰਦੇ ਹਨ, ਉਹ ਤੂੰ ਹੀ ਕਰਾ ਰਿਹਾ ਹੈਂ। ਤੂੰ ਸਰਨ-ਪਿਆਂ ਦੀ ਸਹਾਇਤਾ ਕਰਨ ਵਾਲਾ ਹੈਂ, ਤੂੰ (ਆਪਣੇ) ਸੰਤਾਂ ਦਾ ਸਹਾਰਾ ਹੈਂ ॥੧੩॥

ਜਾਚਕੁ ਜਾਚੈ ਤੁਮਹਿ ਅਰਾਧੈ ॥

(ਤੇਰੇ ਦਰ ਦਾ) ਮੰਗਤਾ (ਦਾਸ) ਤੈਥੋਂ ਹੀ ਮੰਗਦਾ ਹੈ ਤੈਨੂੰ ਹੀ ਆਰਾਧਦਾ ਹੈ।

ਪਤਿਤ ਪਾਵਨ ਪੂਰਨ ਪ੍ਰਭ ਸਾਧੈ ॥

ਹੇ ਪਤਿਤ-ਪਾਵਨ ਪ੍ਰਭੂ! ਹੇ ਪੂਰਨ ਸਾਧ ਪ੍ਰਭੂ! (ਆਪਣੇ ਦਾਸ ਨੂੰ ਨਾਮ ਦਾ ਦਾਨ ਦੇਹ)।

ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹਕਿੰਚਨਾ ॥੧੪॥

ਹੇ ਸਾਰੇ ਸੁਖ ਦੇਣ ਵਾਲੇ ਪ੍ਰਭੂ! ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ ਤੈਥੋਂ) ਸਿਰਫ਼ (ਤੇਰੇ ਨਾਮ ਦਾ) ਦਾਨ (ਹੀ ਮੰਗਦਾ ਹੈ), ਹੋਰ ਮੰਗਾਂ ਮੰਗਣੀਆਂ ਨਿਕੰਮੀਆਂ ਹਨ ॥੧੪॥

ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥

ਸਮਰੱਥ ਪ੍ਰਭੂ ਉਸ ਮਨੁੱਖ ਦੇ ਸਰੀਰ ਨੂੰ (ਨਾਮ ਦੀ ਦਾਤ ਹਾਸਲ ਕਰਨ ਲਈ) ਯੋਗ ਭਾਂਡਾ ਬਣਾ ਦੇਂਦਾ ਹੈ,

ਲਗੀ ਲਾਗਿ ਸੰਤ ਸੰਗਾਰਾ ॥

ਜਿਸ ਨੂੰ ਸਾਧ ਸੰਗਤ ਵਿਚ ਛੁਹ ਲੱਗ ਜਾਂਦੀ ਹੈ।

ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ ॥੧੫॥

ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਉਸ ਮਨੁੱਖ ਦੀ ਚੰਗੀ ਸੋਭਾ ਬਣ ਜਾਂਦੀ ਹੈ, ਉਸ ਦਾ ਮਨ ਮਜੀਠ (ਦੇ ਪੱਕੇ ਰੰਗ ਵਰਗੇ) ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ॥੧੫॥

ਸੋਲਹ ਕਲਾ ਸੰਪੂਰਨ ਫਲਿਆ ॥

ਉਸ ਮਨੁੱਖ ਦਾ ਜੀਵਨ ਮੁਕੰਮਲ ਤੌਰ ਤੇ ਸਫਲ ਹੋ ਜਾਂਦਾ ਹੈ,

ਅਨਤ ਕਲਾ ਹੋਇ ਠਾਕੁਰੁ ਚੜਿਆ ॥

ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ ਬੇਅੰਤ ਤਾਕਤਾਂ ਵਾਲਾ ਪ੍ਰਭੂ-ਸੂਰਜ ਚੜ੍ਹ ਪੈਂਦਾ ਹੈ (ਪ੍ਰਭੂ ਪਰਗਟ ਹੋ ਜਾਂਦਾ ਹੈ)।

ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥

ਹੇ ਨਾਨਕ! ਹਰਿ-ਨਾਮ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਆਨੰਦ ਖ਼ੁਸ਼ੀਆਂ ਤੇ ਸੁਖ ਬਣੇ ਰਹਿੰਦੇ ਹਨ, ਉਹ ਮਨੁੱਖ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਮਾਣਦਾ ਰਹਿੰਦਾ ਹੈ ॥੧੬॥੨॥੯॥


ਮਾਰੂ ਸੋਲਹੇ ਮਹਲਾ ੫ ॥

ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤੂ ਸਾਹਿਬੁ ਹਉ ਸੇਵਕੁ ਕੀਤਾ ॥

ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈਂ, ਮੈਂ ਤੇਰਾ (ਪੈਦਾ) ਕੀਤਾ ਹੋਇਆ ਸੇਵਕ ਹਾਂ।

ਜੀਉ ਪਿੰਡੁ ਸਭੁ ਤੇਰਾ ਦੀਤਾ ॥

ਇਹ ਜਿੰਦ ਇਹ ਸਰੀਰ ਸਭ ਕੁਝ ਤੇਰਾ ਦਿੱਤਾ ਹੋਇਆ ਹੈ।

ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥੧॥

ਹੇ ਪ੍ਰਭੂ! (ਜਗਤ ਵਿਚ) ਸਭ ਕੁਝ ਕਰਨ ਵਾਲਾ ਤੂੰ ਹੀ ਹੈਂ (ਜੀਵਾਂ ਪਾਸੋਂ) ਕਰਾਣ ਵਾਲਾ ਭੀ ਤੂੰ ਹੀ ਹੈਂ। ਅਸਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੧॥

ਤੁਮਹਿ ਪਠਾਏ ਤਾ ਜਗ ਮਹਿ ਆਏ ॥

ਹੇ ਪ੍ਰਭੂ! ਤੂੰ ਹੀ (ਜੀਵਾਂ ਨੂੰ) ਭੇਜਦਾ ਹੈਂ, ਤਾਂ (ਇਹ) ਜਗਤ ਵਿਚ ਆਉਂਦੇ ਹਨ।

ਜੋ ਤੁਧੁ ਭਾਣਾ ਸੇ ਕਰਮ ਕਮਾਏ ॥

ਜੋ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਦੇ ਕਰਮ ਜੀਵ ਕਰਦੇ ਹਨ।

ਤੁਝ ਤੇ ਬਾਹਰਿ ਕਿਛੂ ਨ ਹੋਆ ਤਾ ਭੀ ਨਾਹੀ ਕਿਛੁ ਕਾੜਾ ॥੨॥

ਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਕੁਝ ਭੀ ਨਹੀਂ ਹੋ ਸਕਦਾ। ਇਤਨਾ ਖਲਜਗਨ ਹੁੰਦਿਆਂ ਭੀ ਤੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਹੈ ॥੨॥

ਊਹਾ ਹੁਕਮੁ ਤੁਮਾਰਾ ਸੁਣੀਐ ॥

ਹੇ ਪ੍ਰਭੂ! ਪਰਲੋਕ ਵਿਚ ਭੀ ਤੇਰਾ (ਹੀ) ਹੁਕਮ (ਚੱਲ ਰਿਹਾ) ਸੁਣਿਆ ਜਾ ਰਿਹਾ ਹੈ,

ਈਹਾ ਹਰਿ ਜਸੁ ਤੇਰਾ ਭਣੀਐ ॥

ਇਸ ਲੋਕ ਵਿਚ ਭੀ ਤੇਰੀ ਹੀ ਸਿਫ਼ਤ-ਸਾਲਾਹ ਉਚਾਰੀ ਜਾ ਰਹੀ ਹੈ।

ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥੩॥

ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਦੇ ਕੀਤੇ ਕਰਮਾਂ ਦੇ) ਲੇਖੇ (ਲਿਖਣ ਵਾਲਾ ਹੈਂ), ਤੂੰ ਆਪ ਹੀ ਲੇਖੇ ਤੋਂ ਬਾਹਰ ਹੈਂ। ਤੇਰੇ ਨਾਲ (ਜੀਵ) ਕੋਈ ਝਗੜਾ ਨਹੀਂ ਪਾ ਸਕਦੇ ॥੩॥

ਤੂ ਪਿਤਾ ਸਭਿ ਬਾਰਿਕ ਥਾਰੇ ॥

ਹੇ ਪ੍ਰਭੂ! ਤੂੰ (ਸਭ ਜੀਵਾਂ ਦਾ) ਪਿਤਾ ਹੈਂ, ਸਾਰੇ (ਜੀਵ) ਤੇਰੇ ਬੱਚੇ ਹਨ।

ਜਿਉ ਖੇਲਾਵਹਿ ਤਿਉ ਖੇਲਣਹਾਰੇ ॥

ਜਿਵੇਂ ਤੂੰ (ਇਹਨਾਂ ਬੱਚਿਆਂ ਨੂੰ) ਖਿਡਾਂਦਾ ਹੈਂ, ਤਿਵੇਂ ਹੀ ਇਹ ਖੇਡ ਸਕਦੇ ਹਨ।

ਉਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ ॥੪॥

ਹੇ ਪ੍ਰਭੂ! ਗ਼ਲਤ ਰਸਤਾ ਤੇ ਠੀਕ ਰਸਤਾ ਸਭ ਕੁਝ ਤੂੰ ਆਪ ਹੀ ਬਣਾਇਆ ਹੋਇਆ ਹੈ। ਕੋਈ ਭੀ ਜੀਵ (ਆਪਣੇ ਆਪ) ਗ਼ਲਤ ਰਸਤੇ ਉੱਤੇ ਤੁਰ ਨਹੀਂ ਸਕਦਾ ॥੪॥

ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥

ਹੇ ਪ੍ਰਭੂ! ਕਈ ਜੀਵ ਐਸੇ ਹਨ ਜਿਨ੍ਹਾਂ ਨੂੰ ਤੂੰ ਘਰ ਵਿਚ ਬਿਠਾਲ ਰੱਖਿਆ ਹੈ।

ਇਕਿ ਪਠਾਏ ਦੇਸ ਦਿਸੰਤਰਿ ॥

ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਹੋਰ ਹੋਰ ਦੇਸਾਂ ਵਿਚ ਭੇਜਦਾ ਹੈਂ।

ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥੫॥

ਕਈ ਜੀਵਾਂ ਨੂੰ ਤੂੰ ਘਾਹ ਖੋਤਰਨ ਤੇ ਲਾ ਦਿੱਤਾ ਹੈ, ਕਈਆਂ ਨੂੰ ਤੂੰ ਰਾਜੇ ਬਣਾ ਦਿੱਤਾ ਹੈ। ਤੇਰੇ ਇਹਨਾਂ ਕੰਮਾਂ ਵਿਚੋਂ ਕਿਸੇ ਕੰਮ ਨੂੰ ਗ਼ਲਤ ਨਹੀਂ ਆਖਿਆ ਜਾ ਸਕਦਾ ॥੫॥

ਕਵਨ ਸੁ ਮੁਕਤੀ ਕਵਨ ਸੁ ਨਰਕਾ ॥

ਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਨਾਹ ਕੋਈ ਮੁਕਤੀ ਹੈ ਨਾਹ ਕੋਈ ਨਰਕ ਹੈ।

ਕਵਨੁ ਸੈਸਾਰੀ ਕਵਨੁ ਸੁ ਭਗਤਾ ॥

ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਗ੍ਰਿਹਸਤੀ ਹੈ ਨਾਹ ਕੋਈ ਭਗਤ ਬਣ ਸਕਦਾ ਹੈ।

ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥੬॥

ਨਾਹ ਕੋਈ ਵੱਡੇ ਜਿਗਰੇ ਵਾਲਾ ਹੈ ਨਾਹ ਕੋਈ ਹੋਛੇ ਸੁਭਾਉ ਵਾਲਾ ਹੈ। ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਉੱਚੀ ਸੂਝ ਵਾਲਾ ਹੈ ਤੇ ਨਾਹ ਕੋਈ ਮੂਰਖ ਹੈ ॥੬॥

ਹੁਕਮੇ ਮੁਕਤੀ ਹੁਕਮੇ ਨਰਕਾ ॥

ਹੇ ਪ੍ਰਭੂ! ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਮੁਕਤੀ (ਮਿਲਦੀ) ਹੈ, ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਨਰਕ (ਮਿਲਦਾ) ਹੈ।

ਹੁਕਮਿ ਸੈਸਾਰੀ ਹੁਕਮੇ ਭਗਤਾ ॥

ਤੇਰੇ ਹੀ ਹੁਕਮ ਵਿਚ ਕੋਈ ਗ੍ਰਿਹਸਤੀ ਹੈ ਤੇ ਕੋਈ ਭਗਤ ਹੈ।

ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ ॥੭॥

ਹੇ ਪ੍ਰਭੂ! ਤੇਰੇ ਹੀ ਹੁਕਮ ਵਿਚ ਕੋਈ ਕਾਹਲੇ ਸੁਭਾਉ ਵਾਲਾ ਹੈ ਤੇ ਕੋਈ ਗੰਭੀਰ ਸੁਭਾਉ ਵਾਲਾ ਹੈ। ਤੇਰੇ ਟਾਕਰੇ ਤੇ ਹੋਰ ਕੋਈ ਧੜਾ ਹੈ ਹੀ ਨਹੀਂ ॥੭॥

ਸਾਗਰੁ ਕੀਨਾ ਅਤਿ ਤੁਮ ਭਾਰਾ ॥

ਹੇ ਪ੍ਰਭੂ! ਇਹ ਬੇਅੰਤ ਵੱਡਾ ਸੰਸਾਰ-ਸਮੁੰਦਰ ਤੂੰ ਆਪ ਹੀ ਬਣਾਇਆ ਹੈ।

ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ ॥

(ਇਥੇ) ਕਈ ਜੀਵਾਂ ਨੂੰ ਮਨ ਦੇ ਮੁਰੀਦ-ਮੂਰਖ ਬਣਾ ਕੇ ਤੂੰ ਆਪ ਹੀ ਨਰਕ ਵਿਚ ਪਾਂਦਾ ਹੈਂ।

ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥

ਕਈ ਜੀਵਾਂ ਨੂੰ ਤੂੰ ਆਪ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ। ਜਿਨ੍ਹਾਂ ਵਾਸਤੇ ਤੂੰ ਗੁਰੂ ਨੂੰ ਸਦਾ ਕਾਇਮ ਰਹਿਣ ਵਾਲਾ ਜਹਾਜ਼ ਬਣਾ ਦੇਂਦਾ ਹੈਂ ॥੮॥

ਕਉਤਕੁ ਕਾਲੁ ਇਹੁ ਹੁਕਮਿ ਪਠਾਇਆ ॥

ਇਹ ਕਾਲ (ਮੌਤ, ਜੋ ਪ੍ਰਭੂ ਦਾ ਬਣਾਇਆ ਇਕ) ਖਿਡੌਣਾ (ਹੀ ਹੈ, ਉਸ ਨੇ ਆਪਣੇ) ਹੁਕਮ ਅਨੁਸਾਰ (ਜਗਤ ਵਿਚ) ਭੇਜਿਆ ਹੈ।

ਜੀਅ ਜੰਤ ਓਪਾਇ ਸਮਾਇਆ ॥

(ਪ੍ਰਭੂ ਆਪ ਹੀ) ਸਾਰੇ ਜੀਵਾਂ ਨੂੰ ਪੈਦਾ ਕਰ ਕੇ ਮੁਕਾ ਦੇਂਦਾ ਹੈ।

ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ ॥੯॥

(ਪ੍ਰਭੂ ਆਪ ਹੀ ਇਸ ਤਮਾਸ਼ੇ ਨੂੰ) ਵੇਖ ਰਿਹਾ ਹੈ (ਤੇ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਰੰਗ ਮਾਣ ਰਿਹਾ ਹੈ। ਇਸ ਜਗਤ-ਰਚਨਾ ਨੂੰ ਉਸ ਨੇ ਇਕ ਅਖਾੜਾ ਬਣਾਇਆ ਹੋਇਆ ਹੈ ॥੯॥

ਵਡਾ ਸਾਹਿਬੁ ਵਡੀ ਨਾਈ ॥

ਉਹ ਮਾਲਕ-ਪ੍ਰਭੂ (ਬਹੁਤ) ਵੱਡਾ ਹੈ, ਉਸ ਦੀ ਵਡਿਆਈ (ਭੀ ਬਹੁਤ) ਵੱਡੀ ਹੈ,

ਵਡ ਦਾਤਾਰੁ ਵਡੀ ਜਿਸੁ ਜਾਈ ॥

ਉਹ ਬੜਾ ਵੱਡਾ ਦਾਤਾ ਹੈ, ਉਸ ਦੀ ਥਾਂ (ਜਿਥੇ ਉਹ ਰਹਿੰਦਾ ਹੈ ਬਹੁਤ) ਵੱਡੀ ਹੈ।

ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥੧੦॥

ਉਹ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਤੋਲਿਆ ਨਹੀਂ ਜਾ ਸਕਦਾ। ਉਸ ਦੇ ਤੋਲਣ ਲਈ ਕੋਈ ਭੀ ਮਾਪ-ਤੋਲ ਨਹੀਂ ਹੈ ॥੧੦॥

ਕੀਮਤਿ ਕੋਇ ਨ ਜਾਣੈ ਦੂਜਾ ॥

ਹੋਰ ਕੋਈ ਭੀ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ,

ਆਪੇ ਆਪਿ ਨਿਰੰਜਨ ਪੂਜਾ ॥

ਉਹ ਨਿਰਲੇਪ ਪ੍ਰਭੂ ਆਪਣੇ ਬਰਾਬਰ ਦਾ ਆਪ ਹੀ ਹੈ।

ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥੧੧॥

ਉਹ ਆਪ ਹੀ ਆਪਣੇ ਆਪ ਨੂੰ ਜਾਣਨ ਵਾਲਾ ਹੈ, ਆਪ ਹੀ ਆਪਣੇ ਆਪ ਵਿਚ ਸਮਾਧੀ ਲਾਣ ਵਾਲਾ ਹੈ। ਉਹ ਬਹੁਤ ਹੀ ਉੱਚੇ ਆਚਰਨ ਵਾਲਾ ਹੈ ॥੧੧॥

ਕੇਤੜਿਆ ਦਿਨ ਗੁਪਤੁ ਕਹਾਇਆ ॥

(ਹੁਣ ਜਗਤ ਬਣਨ ਤੇ ਸਿਆਣੇ) ਆਖਦੇ ਹਨ ਕਿ ਬੇਅੰਤ ਸਮਾ ਉਹ ਗੁਪਤ ਹੀ ਰਿਹਾ,

ਕੇਤੜਿਆ ਦਿਨ ਸੁੰਨਿ ਸਮਾਇਆ ॥

ਬੇਅੰਤ ਸਮਾ ਉਹ ਅਫੁਰ ਅਵਸਥਾ ਵਿਚ ਟਿਕਿਆ ਰਿਹਾ।

ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥

ਬੇਅੰਤ ਸਮਾ ਇਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਫਿਰ ਉਸ ਨੇ ਆਪ ਹੀ ਆਪਣੇ ਆਪ ਨੂੰ (ਜਗਤ-ਰੂਪ ਵਿਚ) ਪਰਗਟ ਕਰ ਲਿਆ ॥੧੨॥

ਆਪੇ ਸਕਤੀ ਸਬਲੁ ਕਹਾਇਆ ॥

ਬਲਵਾਨ ਪਰਮਾਤਮਾ ਆਪ ਹੀ (ਆਪਣੇ ਆਪ ਨੂੰ) ਮਾਇਆ ਅਖਵਾ ਰਿਹਾ ਹੈ।

ਆਪੇ ਸੂਰਾ ਅਮਰੁ ਚਲਾਇਆ ॥

ਉਹ ਸੂਰਮਾ ਪ੍ਰਭੂ ਆਪ ਹੀ (ਸਾਰੇ ਜਗਤ ਵਿਚ) ਹੁਕਮ ਚਲਾ ਰਿਹਾ ਹੈ।

ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ ॥੧੩॥

(ਸਭ ਜੀਵਾਂ ਦੇ) ਅੰਦਰ ਉਸਨੇ ਆਪ ਹੀ ਸੁਖ-ਸ਼ਾਂਤੀ ਵਰਤਾਈ ਹੋਈ ਹੈ, (ਕਿਉਂਕਿ) ਉਹ ਆਪ ਹੀ ਗੜੇ ਵਰਗਾ ਸੀਤਲ ਠੰਢਾ-ਠਾਰ ਹੈ ॥੧੩॥

ਜਿਸਹਿ ਨਿਵਾਜੇ ਗੁਰਮੁਖਿ ਸਾਜੇ ॥

ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਪਾ ਕੇ ਉਸ ਦੀ ਨਵੀਂ ਆਤਮਕ ਘਾੜਤ ਘੜਦਾ ਹੈ।

ਨਾਮੁ ਵਸੈ ਤਿਸੁ ਅਨਹਦ ਵਾਜੇ ॥

ਉਸ (ਮਨੁੱਖ) ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ (ਮਾਨੋ) ਉਸ ਦੇ ਅੰਦਰ ਇਕ-ਰਸ ਵਾਜੇ (ਵੱਜ ਪੈਂਦੇ ਹਨ)।

ਤਿਸ ਹੀ ਸੁਖੁ ਤਿਸ ਹੀ ਠਕੁਰਾਈ ਤਿਸਹਿ ਨ ਆਵੈ ਜਮੁ ਨੇੜਾ ॥੧੪॥

ਉਸੇ ਮਨੁੱਖ ਨੂੰ (ਸਦਾ) ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ, ਉਸੇ ਨੂੰ (ਲੋਕ ਪਰਲੋਕ ਵਿਚ) ਆਤਮਕ ਉੱਚਤਾ ਮਿਲ ਜਾਂਦੀ ਹੈ। ਜਮਰਾਜ ਉਸ ਦੇ ਨੇੜੇ ਨਹੀਂ ਢੁਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਉਤੇ ਅਸਰ ਨਹੀਂ ਪਾ ਸਕਦੀ) ॥੧੪॥

ਕੀਮਤਿ ਕਾਗਦ ਕਹੀ ਨ ਜਾਈ ॥

ਕਾਗ਼ਜ਼ਾਂ ਉਤੇ (ਲਿਖ ਕੇ) ਉਸ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਕਹੁ ਨਾਨਕ ਬੇਅੰਤ ਗੁਸਾਈ ॥

ਨਾਨਕ ਆਖਦਾ ਹੈ- ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਬੇਅੰਤ ਹੈ।

ਆਦਿ ਮਧਿ ਅੰਤਿ ਪ੍ਰਭੁ ਸੋਈ ਹਾਥਿ ਤਿਸੈ ਕੈ ਨੇਬੇੜਾ ॥੧੫॥

ਜਗਤ ਦੇ ਸ਼ੁਰੂ ਵਿਚ, ਹੁਣ ਅੰਤ ਵਿਚ ਭੀ ਉਹੀ ਕਾਇਮ ਰਹਿਣ ਵਾਲਾ ਹੈ। ਜੀਵਾਂ ਦੇ ਕਰਮਾਂ ਦਾ ਫ਼ੈਸਲਾ ਉਸੇ ਦੇ ਹੱਥ ਵਿਚ ਹੈ ॥੧੫॥

ਤਿਸਹਿ ਸਰੀਕੁ ਨਾਹੀ ਰੇ ਕੋਈ ॥

ਹੇ ਭਾਈ! ਕੋਈ ਭੀ ਜੀਵ ਉਸ (ਪਰਮਾਤਮਾ) ਦੇ ਬਰਾਬਰ ਦਾ ਨਹੀਂ ਹੈ।

ਕਿਸ ਹੀ ਬੁਤੈ ਜਬਾਬੁ ਨ ਹੋਈ ॥

ਉਸ ਦੇ ਕਿਸੇ ਭੀ ਕੰਮ ਵਿਚ ਕਿਸੇ ਪਾਸੋਂ ਇਨਕਾਰ ਨਹੀਂ ਹੋ ਸਕਦਾ।

ਨਾਨਕ ਕਾ ਪ੍ਰਭੁ ਆਪੇ ਆਪੇ ਕਰਿ ਕਰਿ ਵੇਖੈ ਚੋਜ ਖੜਾ ॥੧੬॥੧॥੧੦॥

ਨਾਨਕ ਦਾ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ। ਉਹ ਆਪ ਹੀ ਤਮਾਸ਼ੇ ਕਰ ਕਰ ਕੇ ਖੜਾ ਆਪ ਹੀ ਵੇਖ ਰਿਹਾ ਹੈ ॥੧੬॥੧॥੧੦॥


ਮਾਰੂ ਮਹਲਾ ੫ ॥
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥

ਹੇ ਕਰਤਾਰ! ਤੂੰ ਅਬਿਨਾਸੀ ਹੈਂ, ਤੂੰ ਪਾਰਬ੍ਰਹਮ ਹੈਂ, ਤੂੰ ਪਰਮੇਸੁਰ ਹੈਂ, ਤੂੰ ਅੰਤਰਜਾਮੀ ਹੈਂ।

ਮਧੁਸੂਦਨ ਦਾਮੋਦਰ ਸੁਆਮੀ ॥

ਹੇ ਸੁਆਮੀ! ਮਧੁਸੂਦਨ ਤੇ ਦਾਮੋਦਰ ਭੀ ਤੂੰ ਹੀ ਹੈਂ।

ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥

ਹੇ ਹਰੀ! ਤੂੰ ਹੀ ਰਿਖੀਕੇਸ਼ ਗੋਵਰਧਨਧਾਰੀ ਤੇ ਮਨੋਹਰ ਮੁਰਲੀ ਵਾਲਾ ਹੈਂ। ਤੂੰ ਅਨੇਕਾਂ ਰੰਗ-ਤਮਾਸ਼ੇ ਕਰ ਰਿਹਾ ਹੈਂ ॥੧॥

ਮੋਹਨ ਮਾਧਵ ਕ੍ਰਿਸ੍ਨ ਮੁਰਾਰੇ ॥

(ਹੇ ਹਰੀ!) ਮੋਹਨ, ਮਾਧਵ, ਕ੍ਰਿਸ਼ਨ, ਮੁਰਾਰੀ ਤੂੰ ਹੀ ਹੈਂ।

ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥

ਹੇ ਹਰੀ ਜੀਉ! ਤੂੰ ਹੀ ਹੈਂ ਜਗਤ ਦਾ ਮਾਲਕ, ਤੂੰ ਹੀ ਹੈਂ ਦੈਂਤਾਂ ਦਾ ਨਾਸ ਕਰਨ ਵਾਲਾ।

ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥

ਹੇ ਜਗਜੀਵਨ! ਹੇ ਅਬਿਨਾਸੀ ਠਾਕੁਰ! ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ, ਤੂੰ ਸਭਨਾਂ ਦੇ ਨਾਲ ਵੱਸਦਾ ਹੈਂ ॥੨॥

ਧਰਣੀਧਰ ਈਸ ਨਰਸਿੰਘ ਨਾਰਾਇਣ ॥

ਹੇ ਧਰਤੀ ਦੇ ਆਸਰੇ! ਹੇ ਈਸ਼੍ਵਰ! ਤੂੰ ਹੀ ਹੈਂ ਨਰਸਿੰਘ ਅਵਤਾਰ, ਤੂੰ ਹੀ ਹੈਂ ਵਿਸ਼ਨੂ ਜਿਸ ਦਾ ਨਿਵਾਸ ਸਮੁੰਦਰ ਵਿਚ ਹੈ।

ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥

(ਵਰਾਹ ਅਵਤਾਰ ਧਾਰ ਕੇ) ਧਰਤੀ ਨੂੰ ਆਪਣੀਆਂ ਦਾੜ੍ਹਾਂ ਉੱਤੇ ਚੁੱਕਣ ਵਾਲਾ ਭੀ ਤੂੰ ਹੀ ਹੈਂ।

ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥

ਹੇ ਕਰਤਾਰ! (ਰਾਜਾ ਬਲ ਨੂੰ ਛਲਣ ਲਈ) ਤੂੰ ਹੀ ਵਾਮਨ-ਰੂਪ ਧਾਰਿਆ ਸੀ। ਤੂੰ ਸਭ ਜੀਵਾਂ ਦੇ ਨਾਲ ਵੱਸਦਾ ਹੈਂ, (ਫਿਰ ਭੀ ਤੂੰ ਸਭ ਤੋਂ) ਉੱਤਮ ਹੈਂ ॥੩॥

ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ ॥

ਹੇ ਪ੍ਰਭੂ! ਤੂੰ ਉਹ ਸ੍ਰੀ ਰਾਮਚੰਦਰ ਹੈਂ ਜਿਸ ਦਾ ਨਾਹ ਕੋਈ ਰੂਪ ਹੈ ਨਾਹ ਰੇਖ।

ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥

ਤੂੰ ਹੀ ਹੈਂ ਬਨਵਾਲੀ ਤੇ ਸੁਦਰਸ਼ਨ-ਚੱਕ੍ਰ-ਧਾਰੀ। ਤੂੰ ਬੇ-ਮਿਸਾਲ ਸਰੂਪ ਵਾਲਾ ਹੈਂ।

ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥੪॥

ਤੇਰੇ ਹਜ਼ਾਰਾਂ ਨੇਤਰ ਹਨ, ਤੇਰੀਆਂ ਹਜ਼ਾਰਾਂ ਮੂਰਤੀਆਂ ਹਨ। ਤੂੰ ਹੀ ਇਕੱਲਾ ਦਾਤਾ ਹੈਂ, ਸਾਰੀ ਦੁਨੀਆ ਤੈਥੋਂ ਮੰਗਣ ਵਾਲੀ ਹੈ ॥੪॥

ਭਗਤਿ ਵਛਲੁ ਅਨਾਥਹ ਨਾਥੇ ॥

ਹੇ ਅਨਾਥਾਂ ਦੇ ਨਾਥ! ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ।

ਗੋਪੀ ਨਾਥੁ ਸਗਲ ਹੈ ਸਾਥੇ ॥

ਤੂੰ ਹੀ ਗੋਪੀਆਂ ਦਾ ਨਾਥ ਹੈਂ। ਤੂੰ ਸਭ ਜੀਵਾਂ ਦੇ ਨਾਲ ਰਹਿਣ ਵਾਲਾ ਹੈਂ।

ਬਾਸੁਦੇਵ ਨਿਰੰਜਨ ਦਾਤੇ ਬਰਨਿ ਨ ਸਾਕਉ ਗੁਣ ਅੰਗਾ ॥੫॥

ਹੇ ਵਾਸੁਦੇਵ! ਹੇ ਨਿਰਲੇਪ ਦਾਤਾਰ! ਮੈਂ ਤੇਰੇ ਅਨੇਕਾਂ ਗੁਣ ਬਿਆਨ ਨਹੀਂ ਕਰ ਸਕਦਾ ॥੫॥

ਮੁਕੰਦ ਮਨੋਹਰ ਲਖਮੀ ਨਾਰਾਇਣ ॥

ਹੇ ਮੁਕਤੀ ਦਾਤੇ! ਹੇ ਸੋਹਣੇ ਪ੍ਰਭੂ! ਹੇ ਲੱਛਮੀ ਦੇ ਪਤੀ ਨਾਰਾਇਣ!

ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥

ਹੇ ਦ੍ਰੋਪਤੀ ਨੂੰ ਬੇਪਤੀ ਤੋਂ ਬਚਾ ਕੇ ਉਸ ਦੀ ਇੱਜ਼ਤ ਰੱਖਣ ਵਾਲੇ!

ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥੬॥

ਹੇ ਲੱਛਮੀ ਦੇ ਪਤੀ! ਤੂੰ ਅਨੇਕਾਂ ਕੌਤਕ ਕਰਦਾ ਹੈਂ। ਤੂੰ ਸਾਰੇ ਆਨੰਦ ਮਾਣਨ ਵਾਲਾ ਹੈਂ, ਤੇ ਨਿਰਲੇਪ ਭੀ ਹੈਂ ॥੬॥

ਅਮੋਘ ਦਰਸਨ ਆਜੂਨੀ ਸੰਭਉ ॥

ਹੇ ਫਲ ਦੇਣ ਤੋਂ ਕਦੇ ਨਾਹ ਉੱਕਣ ਵਾਲੇ ਦਰਸਨ ਵਾਲੇ ਪ੍ਰਭੂ! ਹੇ ਜੂਨਾਂ-ਰਹਿਤ ਪ੍ਰਭੂ! ਹੇ ਆਪਣੇ ਆਪ ਤੋਂ ਪਰਕਾਸ਼ ਕਰਨ ਵਾਲੇ ਪ੍ਰਭੂ!

ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ ॥

ਹੇ ਮੌਤ-ਰਹਿਤ ਸਰੂਪ ਵਾਲੇ! ਹੇ (ਅਜਿਹੇ) ਪ੍ਰਭੂ ਜਿਸ ਦਾ ਕਦੇ ਨਾਸ ਨਹੀਂ ਹੋ ਸਕਦਾ!

ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ ॥੭॥

ਹੇ ਅਬਿਨਾਸੀ! ਹੇ ਅਦ੍ਰਿਸ਼ਟ! ਹੇ ਅਗੋਚਰ! (ਜਗਤ ਦੀ) ਹਰੇਕ ਸ਼ੈ ਤੇਰੇ ਹੀ ਆਸਰੇ ਹੈ ॥੭॥

ਸ੍ਰੀਰੰਗ ਬੈਕੁੰਠ ਕੇ ਵਾਸੀ ॥

ਹੇ ਲੱਛਮੀ ਦੇ ਪਤੀ! ਹੇ ਬੈਕੁੰਠ ਦੇ ਰਹਿਣ ਵਾਲੇ!

ਮਛੁ ਕਛੁ ਕੂਰਮੁ ਆਗਿਆ ਅਉਤਰਾਸੀ ॥

ਮੱਛ ਤੇ ਕੱਛੂਕੁੰਮਾ (ਆਦਿਕ) ਤੇਰੀ ਹੀ ਆਗਿਆ ਵਿਚ ਅਵਤਾਰ ਹੋਇਆ।

ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ ॥੮॥

ਹੇ ਸੋਹਣੇ ਲੰਮੇ ਕੇਸਾਂ ਵਾਲੇ! ਤੂੰ (ਸਦਾ) ਅਨੋਖੇ ਕੌਤਕ ਕਰਦਾ ਹੈਂ। ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ ਜ਼ਰੂਰ ਉਹੀ ਹੁੰਦਾ ਹੈ ॥੮॥

ਨਿਰਾਹਾਰੀ ਨਿਰਵੈਰੁ ਸਮਾਇਆ ॥

ਹੇ ਪ੍ਰਭੂ! ਤੂੰ ਅੰਨ ਖਾਣ ਤੋਂ ਬਿਨਾ ਜੀਊਂਦਾ ਰਹਿਣ ਵਾਲਾ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੂੰ ਸਭ ਵਿਚ ਵਿਆਪਕ ਹੈਂ।

ਧਾਰਿ ਖੇਲੁ ਚਤੁਰਭੁਜੁ ਕਹਾਇਆ ॥

ਇਹ ਜਗਤ-ਖੇਡ ਰਚ ਕੇ (ਤੂੰ ਹੀ ਆਪਣੇ ਆਪ ਨੂੰ) ਬ੍ਰਹਮਾ ਅਖਵਾਇਆ ਹੈ।

ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ ਮੋਹੈਗਾ ॥੯॥

ਹੇ ਪ੍ਰਭੂ! (ਕ੍ਰਿਸ਼ਨ ਵਰਗੇ) ਅਨੇਕਾਂ ਸਾਂਵਲੇ ਸੋਹਣੇ ਰੂਪ ਤੂੰ ਬਣਾਂਦਾ ਰਹਿੰਦਾ ਹੈਂ। ਤੇਰੀ ਬੰਸਰੀ ਸੁਣਦਿਆਂ ਸਾਰੀ ਸ੍ਰਿਸ਼ਟੀ ਮੋਹੀ ਜਾਂਦੀ ਹੈ ॥੯॥

ਬਨਮਾਲਾ ਬਿਭੂਖਨ ਕਮਲ ਨੈਨ ॥

ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ ਤੇਰੇ ਗਹਿਣੇ ਹਨ। ਹੇ ਕੌਲ-ਫੁੱਲਾਂ ਵਰਗੀਆਂ ਅੱਖਾਂ ਵਾਲੇ!

ਸੁੰਦਰ ਕੁੰਡਲ ਮੁਕਟ ਬੈਨ ॥

ਹੇ ਸੋਹਣੇ ਕੁੰਡਲਾਂ ਵਾਲੇ! ਹੇ ਮੁਕਟ-ਧਾਰੀ! ਹੇ ਬੰਸਰੀ ਵਾਲੇ!

ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥੧੦॥

ਹੇ ਸੰਖ-ਧਾਰੀ! ਹੇ ਚੱਕ੍ਰ-ਧਾਰੀ! ਹੇ ਗਦਾ-ਧਾਰੀ! ਤੂੰ ਸਤਸੰਗੀਆਂ ਦਾ ਸਭ ਤੋਂ ਵੱਡਾ ਰਥਵਾਹੀ (ਆਗੂ) ਹੈਂ ॥੧੦॥

ਪੀਤ ਪੀਤੰਬਰ ਤ੍ਰਿਭਵਣ ਧਣੀ ॥

ਹੇ ਪੀਲੇ ਬਸਤ੍ਰਾਂ ਵਾਲੇ! ਹੇ ਤਿੰਨਾਂ ਭਵਨਾਂ ਦੇ ਮਾਲਕ!

ਜਗੰਨਾਥੁ ਗੋਪਾਲੁ ਮੁਖਿ ਭਣੀ ॥

ਤੂੰ ਹੀ ਸਾਰੇ ਜਗਤ ਦਾ ਨਾਥ ਹੈਂ, ਸ੍ਰਿਸ਼ਟੀ ਦਾ ਪਾਲਣਹਾਰ ਹੈਂ। ਮੈਂ (ਆਪਣੇ) ਮੂੰਹ ਨਾਲ (ਤੇਰੇ ਨਾਮ) ਉਚਾਰਦਾ ਹਾਂ।

ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ ॥੧੧॥

ਹੇ ਧਨੁਖ-ਧਾਰੀ! ਹੇ ਭਗਵਾਨ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ ॥੧੧॥

ਨਿਹਕੰਟਕੁ ਨਿਹਕੇਵਲੁ ਕਹੀਐ ॥

ਪਰਮਾਤਮਾ ਦਾ ਕੋਈ ਵੈਰੀ ਨਹੀਂ ਹੈ, ਉਸ ਨੂੰ ਵਾਸਨਾ-ਰਹਿਤ ਆਖਿਆ ਜਾਂਦਾ ਹੈ,

ਧਨੰਜੈ ਜਲਿ ਥਲਿ ਹੈ ਮਹੀਐ ॥

ਉਹੀ (ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ) ਧਨੰਜੈ ਹੈ। ਉਹ ਜਲ ਵਿਚ ਹੈ ਥਲ ਵਿਚ ਹੈ ਧਰਤੀ ਉੱਤੇ (ਹਰ ਥਾਂ) ਹੈ।

ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥

ਮਾਤ ਲੋਕ ਵਿਚ, ਪਤਾਲ ਵਿਚ (ਸਭ ਜੀਵਾਂ ਦੇ) ਨੇੜੇ ਹੈ। ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ, ਕਦੇ ਟੁੱਟਣ ਵਾਲਾ ਨਹੀਂ ॥੧੨॥

ਪਤਿਤ ਪਾਵਨ ਦੁਖ ਭੈ ਭੰਜਨੁ ॥

ਪਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਜੀਵਾਂ ਦੇ) ਸਾਰੇ ਦੁੱਖ ਸਾਰੇ ਡਰ ਦੂਰ ਕਰਨ ਵਾਲਾ ਹੈ,

ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥

ਅਹੰਕਾਰ ਦੂਰ ਕਰਨ ਵਾਲਾ ਹੈ ਅਤੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲਾ ਹੈ।

ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ ॥੧੩॥

ਦੀਨਾਂ ਉੱਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖ਼ੁਸ਼ ਹੁੰਦਾ ਹੈ, ਕਿਸੇ ਭੀ ਹੋਰ ਗੁਣ ਨਾਲ ਨਹੀਂ ਪਤੀਜਦਾ ॥੧੩॥

ਨਿਰੰਕਾਰੁ ਅਛਲ ਅਡੋਲੋ ॥

ਆਕਾਰ-ਰਹਿਤ ਪਰਮਾਤਮਾ ਨੂੰ ਮਾਇਆ ਛਲ ਨਹੀਂ ਸਕਦੀ, (ਮਾਇਆ ਦੇ ਹੱਲਿਆਂ ਅੱਗੇ) ਉਹ ਡੋਲਣ ਵਾਲਾ ਨਹੀਂ ਹੈ।

ਜੋਤਿ ਸਰੂਪੀ ਸਭੁ ਜਗੁ ਮਉਲੋ ॥

ਉਹ ਨਿਰਾ ਨੂਰ ਹੀ ਨੂਰ ਹੈ (ਉਸ ਦੇ ਨੂਰ ਨਾਲ) ਸਾਰਾ ਜਗਤ ਖਿੜ ਰਿਹਾ ਹੈ।

ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥੧੪॥

(ਉਸ ਪਰਮਾਤਮਾ ਨੂੰ ਉਹੀ ਮਨੁੱਖ (ਹੀ) ਮਿਲ ਸਕਦਾ ਹੈ, ਜਿਸ ਨੂੰ ਉਹ ਆਪ ਮਿਲਾਂਦਾ ਹੈ। (ਉਸ ਦੀ ਮਿਹਰ ਤੋਂ ਬਿਨਾ ਨਿਰੇ) ਆਪਣੇ ਉੱਦਮ ਨਾਲ ਕੋਈ ਭੀ ਮਨੁੱਖ ਉਸ ਨੂੰ ਮਿਲ ਨਹੀਂ ਸਕਦਾ ॥੧੪॥

ਆਪੇ ਗੋਪੀ ਆਪੇ ਕਾਨਾ ॥

ਪਰਮਾਤਮਾ ਆਪ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ।

ਆਪੇ ਗਊ ਚਰਾਵੈ ਬਾਨਾ ॥

ਪ੍ਰਭੂ ਆਪ ਹੀ ਗਊਆਂ ਨੂੰ ਬਿੰਦ੍ਰਾਬਨ ਵਿਚ ਚਾਰਦਾ ਹੈ।

ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥

ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈਂ, ਆਪ ਹੀ ਨਾਸ ਕਰਦਾ ਹੈਂ। ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਤੇਰੇ ਉਤੇ ਰਤਾ ਭੀ ਅਸਰ ਨਹੀਂ ਹੁੰਦਾ ॥੧੫॥

ਏਕ ਜੀਹ ਗੁਣ ਕਵਨ ਬਖਾਨੈ ॥

ਹੇ ਪ੍ਰਭੂ! (ਮੇਰੀ) ਇੱਕ ਜੀਭ (ਤੇਰੇ) ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹੈ?

ਸਹਸ ਫਨੀ ਸੇਖ ਅੰਤੁ ਨ ਜਾਨੈ ॥

ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ (ਭੀ) (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣਦਾ।

ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥

ਉਹ ਦਿਨ ਰਾਤ (ਤੇਰੇ) ਨਵੇਂ ਨਵੇਂ ਨਾਮ ਜਪਦਾ ਹੈ, ਪਰ, ਹੇ ਪ੍ਰਭੂ! ਉਹ ਤੇਰਾ ਇੱਕ ਭੀ ਗੁਣ ਬਿਆਨ ਨਹੀਂ ਕਰ ਸਕਦਾ ॥੧੬॥

ਓਟ ਗਹੀ ਜਗਤ ਪਿਤ ਸਰਣਾਇਆ ॥

ਹੇ ਜਗਤ ਦੇ ਪਿਤਾ! ਮੈਂ ਤੇਰੀ ਓਟ ਲਈ ਹੈ, ਮੈਂ ਤੇਰੀ ਸਰਨ ਆਇਆ ਹਾਂ।

ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥

ਜਮਦੂਤ ਬੜੇ ਡਰਾਉਣੇ ਹਨ, ਬੜੇ ਡਰ ਦੇ ਰਹੇ ਹਨ। ਮਾਇਆ (ਇਕ ਅਜਿਹਾ ਸਮੁੰਦਰ ਹੈ ਜਿਸ) ਵਿਚੋਂ ਪਾਰ ਲੰਘਣਾ ਔਖਾ ਹੈ।

ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥੧੭॥

ਹੇ ਪ੍ਰਭੂ! ਦਇਆਵਾਨ ਹੋਹੁ, ਮੈਨੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖ ॥੧੭॥

ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥

ਹੇ ਗੋਬਿੰਦ! ਇਹ ਦਿੱਸਦਾ ਪਸਾਰਾ ਸਭ ਨਾਸਵੰਤ ਹੈ।

ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥

ਮੈਂ (ਤੇਰੇ ਪਾਸੋਂ) ਇਕ (ਇਹ) ਦਾਨ ਮੰਗਦਾ ਹਾਂ (ਕਿ ਮੈਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲੇ)।

ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥

(ਇਹ ਧੂੜ) ਮੈਂ (ਆਪਣੇ) ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਾਂ। ਜਿਸ ਦੇ ਭਾਗਾਂ ਵਿਚ ਤੂੰ ਜਿਸ ਚਰਨ-ਧੂੜ ਦੀ ਪ੍ਰਾਪਤੀ ਲਿਖੀ ਹੈ ਉਹੀ ਹਾਸਲ ਕਰ ਸਕਦਾ ਹੈ ॥੧੮॥

ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥

ਹੇ ਸੁਖਾਂ ਦੇ ਦੇਣ ਵਾਲੇ! ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ,

ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥

ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਪ੍ਰੋ ਲੈਂਦੇ ਹਨ।

ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥੧੯॥

ਉਹਨਾਂ ਨੂੰ ਸਾਰੇ ਖ਼ਜ਼ਾਨਿਆਂ ਤੋਂ ਸ੍ਰੇਸ਼ਟ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ। ਉਹਨਾਂ ਦੇ ਮਨ ਵਿਚ (ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪੈਂਦੇ ਹਨ ॥੧੯॥

ਕਿਰਤਮ ਨਾਮ ਕਥੇ ਤੇਰੇ ਜਿਹਬਾ ॥

ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ।

ਸਤਿ ਨਾਮੁ ਤੇਰਾ ਪਰਾ ਪੂਰਬਲਾ ॥

ਪਰ ‘ਸਤਿਨਾਮੁ’ ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ ‘ਹੋਂਦ ਵਾਲਾ’ ਹੈਂ, ਤੇਰੀ ਇਹ ‘ਹੋਂਦ’ ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।

ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥

ਨਾਨਕ ਆਖਦਾ ਹੈ- (ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ, ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੨੦॥

ਤੇਰੀ ਗਤਿ ਮਿਤਿ ਤੂਹੈ ਜਾਣਹਿ ॥

ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ।

ਤੂ ਆਪੇ ਕਥਹਿ ਤੈ ਆਪਿ ਵਖਾਣਹਿ ॥

ਆਪਣੀ ‘ਗਤਿ ਮਿਤਿ’ ਤੂੰ ਦੱਸ ਸਕਦਾ ਹੈਂ ਤੇ ਆਪ ਹੀ ਬਿਆਨ ਕਰ ਸਕਦਾ ਹੈਂ।

ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥

ਹੇ ਪ੍ਰਭੂ! ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ। ਤੇ, ਹੇ ਹਰੀ! ਜੇ ਤੇਰੀ ਮਿਹਰ ਹੋਵੇ ਤਾਂ (ਨਾਨਕ ਨੂੰ) ਆਪਣੇ ਦਾਸਾਂ ਦੀ ਸੰਗਤ ਵਿਚ ਰੱਖ ॥੨੧॥੨॥੧੧॥


ਮਾਰੂ ਮਹਲਾ ੫ ॥
ਅਲਹ ਅਗਮ ਖੁਦਾਈ ਬੰਦੇ ॥

ਹੇ ਅੱਲਾ ਦੇ ਬੰਦੇ! ਹੇ ਅਪਹੁੰਚ ਰੱਬ ਦੇ ਬੰਦੇ! ਹੇ ਖ਼ੁਦਾ ਦੇ ਬੰਦੇ!

ਛੋਡਿ ਖਿਆਲ ਦੁਨੀਆ ਕੇ ਧੰਧੇ ॥

(ਨਿਰੇ) ਦੁਨੀਆ ਵਾਲੇ ਖ਼ਿਆਲ ਛੱਡ ਦੇਹ, (ਨਿਰੇ) ਦੁਨੀਆ ਦੇ ਝੰਬੇਲੇ ਛੱਡ ਦੇਹ।

ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥੧॥

ਰੱਬ ਦੇ ਫ਼ਕੀਰਾਂ ਦੇ ਪੈਰਾਂ ਦੀ ਖ਼ਾਕ ਹੋ ਕੇ (ਦੁਨੀਆ ਵਿਚ) ਮੁਸਾਫ਼ਰ ਬਣਿਆ ਰਹੁ। ਇਹੋ ਜਿਹਾ ਫ਼ਕੀਰ ਰੱਬ ਦੇ ਦਰ ਤੇ ਕਬੂਲ ਹੋ ਜਾਂਦਾ ਹੈ ॥੧॥

ਸਚੁ ਨਿਵਾਜ ਯਕੀਨ ਮੁਸਲਾ ॥

ਹੇ ਖ਼ੁਦਾ ਦੇ ਬੰਦੇ! ਸਦਾ ਕਾਇਮ ਰਹਿਣ ਵਾਲੇ ਰੱਬ ਦੇ ਨਾਮ (ਦੀ ਯਾਦ) ਨੂੰ (ਆਪਣੀ) ਨਿਮਾਜ਼ ਬਣਾ। ਰੱਬ ਉਤੇ ਭਰੋਸਾ-ਇਹ ਤੇਰਾ ਮੁਸੱਲਾ ਹੋਵੇ।

ਮਨਸਾ ਮਾਰਿ ਨਿਵਾਰਿਹੁ ਆਸਾ ॥

ਹੇ ਖ਼ੁਦਾ ਦੇ ਫ਼ਕੀਰ! (ਆਪਣੇ ਅੰਦਰੋਂ) ਮਨ ਦਾ ਫੁਰਨਾ ਮਾਰ ਕੇ ਮੁਕਾ ਦੇਹ-ਇਸ ਨੂੰ ਸੋਟਾ ਬਣਾ।

ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥

(ਤੇਰਾ ਇਹ) ਸਰੀਰ (ਤੇਰੀ) ਮਸੀਤ ਹੋਵੇ, (ਤੇਰਾ) ਮਨ (ਉਸ ਮਸੀਤ ਵਿਚ) ਮੁੱਲਾਂ (ਬਣਿਆ ਰਹੇ)। (ਇਸ ਮਨ ਨੂੰ ਸਦਾ) ਪਵਿੱਤਰ ਤੇ ਸਾਫ਼ ਰੱਖ-ਇਹ ਤੇਰੇ ਵਾਸਤੇ ਖ਼ੁਦਾਈ ਕਲਮਾ ਹੈ ॥੨॥

ਸਰਾ ਸਰੀਅਤਿ ਲੇ ਕੰਮਾਵਹੁ ॥

ਹੇ ਖ਼ੁਦਾ ਦੇ ਬੰਦੇ! (ਖ਼ੁਦਾ ਦਾ ਨਾਮ) ਲੈ ਕੇ ਬੰਦਗੀ ਦੀ ਕਮਾਈ ਕਰਿਆ ਕਰ-ਇਹ ਹੈ ਅਸਲ ਸ਼ਰਹ ਸ਼ਰੀਅਤਿ (ਬਾਹਰਲੀ ਧਾਰਮਿਕ ਰਹਿਣੀ)।

ਤਰੀਕਤਿ ਤਰਕ ਖੋਜਿ ਟੋਲਾਵਹੁ ॥

ਹੇ ਰੱਬ ਦੇ ਬੰਦੇ! (ਆਪਾ-ਭਾਵ) ਤਿਆਗ ਕੇ (ਆਪਣੇ ਅੰਦਰ-ਵੱਸਦੇ ਰੱਬ ਨੂੰ) ਖੋਜ ਕੇ ਲੱਭ-ਇਹ ਹੈ ਮਨ ਨੂੰ ਸਾਫ਼ ਰੱਖਣ ਦਾ ਤਰੀਕਾ।

ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥੩॥

ਹੇ ਅਬਦਾਲ ਫ਼ਕੀਰ! ਆਪਣੇ ਮਨ ਨੂੰ ਵੱਸ ਵਿਚ ਰੱਖ-ਇਹ ਹੈ ਮਾਰਫ਼ਤਿ (ਆਤਮਕ ਜੀਵਨ ਦੀ ਸੂਝ)। ਰੱਬ ਨਾਲ ਮਿਲਿਆ ਰਹੁ-ਇਹ ਹੈ ਹਕੀਕਤਿ (ਚੌਥਾ ਪਦ)। (ਇਹ ਹਕੀਕਤਿ ਐਸੀ ਹੈ ਕਿ) ਇਸ ਦੀ ਰਾਹੀਂ ਮੁੜ ਆਤਮਕ ਮੌਤ ਨਹੀਂ ਹੁੰਦੀ ॥੩॥

ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥

ਹੇ ਖ਼ੁਦਾ ਦੇ ਬੰਦੇ! ਆਪਣੇ ਦਿਲ ਵਿਚ ਖ਼ੁਦਾ ਦੇ ਨਾਮ ਦੀ ਯਾਦ ਦੀ ਕਮਾਈ ਕਰਦਾ ਰਹੁ-ਇਹ ਹੈ ਕੁਰਾਨ, ਹੈ ਇਹ ਹੈ ਕਤੇਬਾਂ ਦੀ ਤਾਲੀਮ।

ਦਸ ਅਉਰਾਤ ਰਖਹੁ ਬਦ ਰਾਹੀ ॥

ਹੇ ਖ਼ੁਦਾ ਦੇ ਬੰਦੇ! ਆਪਣੇ ਦਸ ਹੀ ਇੰਦ੍ਰਿਆਂ ਨੂੰ ਭੈੜੇ ਰਸਤੇ ਤੋਂ ਰੋਕ ਰੱਖ।

ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥੪॥

ਸਿਦਕ ਦੀ ਮਦਦ ਨਾਲ ਪੰਜ ਕਾਮਾਦਿਕ ਸੂਰਮਿਆਂ ਨੂੰ ਫੜ ਕੇ ਬੰਨ੍ਹ ਰੱਖ। ਸੰਤੋਖ ਦੇ ਖ਼ੈਰ ਦੀ ਬਰਕਤਿ ਨਾਲ ਤੂੰ ਖ਼ੁਦਾ ਦੇ ਦਰ ਤੇ ਕਬੂਲ ਹੋ ਜਾਹਿਂਗਾ ॥੪॥

ਮਕਾ ਮਿਹਰ ਰੋਜਾ ਪੈ ਖਾਕਾ ॥

ਹੇ ਖ਼ੁਦਾ ਦੇ ਬੰਦੇ! (ਦਿਲ ਵਿਚ ਸਭਨਾਂ ਵਾਸਤੇ) ਤਰਸ ਨੂੰ (ਹੱਜ-ਅਸਥਾਨ) ਮੱਕਾ (ਸਮਝ)। (ਸਭ ਦੇ) ਪੈਰਾਂ ਦੀ ਖ਼ਾਕ ਹੋਏ ਰਹਿਣਾ (ਅਸਲ) ਰੋਜ਼ਾ ਹੈ।

ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥

ਗੁਰੂ ਦੇ ਬਚਨਾਂ ਉਤੇ ਪੂਰੇ ਤੌਰ ਤੇ ਤੁਰਨਾ-ਇਹ ਹੈ ਬਹਿਸ਼ਤ।

ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥੫॥

ਖ਼ੁਦਾ ਦੇ ਨੂਰ ਦਾ ਜ਼ਹੂਰ ਹੀ ਹੂਰਾਂ ਹਨ, ਖ਼ੁਦਾ ਦੀ ਬੰਦਗੀ ਹੀ ਕਸਤੂਰੀ ਹੈ। ਖ਼ੁਦਾ ਦੀ ਬੰਦਗੀ ਹੀ ਸਭ ਤੋਂ ਵਧੀਆ ਹੁਜਰਾ ਹੈ (ਜਿੱਥੇ ਮਨ ਵਿਕਾਰਾਂ ਵੱਲੋਂ ਹਟ ਕੇ ਇੱਕ ਟਿਕਾਣੇ ਤੇ ਰਹਿ ਸਕਦਾ ਹੈ) ॥੫॥

ਸਚੁ ਕਮਾਵੈ ਸੋਈ ਕਾਜੀ ॥

ਹੇ ਖ਼ੁਦਾ ਦੇ ਬੰਦੇ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਅੱਲਾ ਦੀ ਬੰਦਗੀ ਕਰਦਾ ਹੈ ਉਹ ਹੈ (ਅਸਲ) ਕਾਜ਼ੀ।

ਜੋ ਦਿਲੁ ਸੋਧੈ ਸੋਈ ਹਾਜੀ ॥

ਜਿਹੜਾ ਮਨੁੱਖ ਆਪਣੇ ਦਿਲ ਨੂੰ ਪਵਿੱਤਰ ਰੱਖਣ ਦਾ ਜਤਨ ਕਰਦਾ ਰਹਿੰਦਾ ਹੈ ਉਹੀ ਹੈ (ਅਸਲ) ਹੱਜ ਕਰਨ ਵਾਲਾ।

ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥

ਜਿਹੜਾ ਮਨੁੱਖ (ਆਪਣੇ ਅੰਦਰੋਂ) ਵਿਕਾਰਾਂ ਨੂੰ ਦੂਰ ਕਰਦਾ ਹੈ ਉਹ (ਅਸਲ) ਮੁੱਲਾਂ ਹੈ। ਜਿਸ ਮਨੁੱਖ ਨੂੰ ਖ਼ੁਦਾ ਦੀ ਸਿਫ਼ਤ-ਸਾਲਾਹ ਦਾ ਸਹਾਰਾ ਹੈ ਉਹ ਹੈ (ਅਸਲ) ਫ਼ਕੀਰ ॥੬॥

ਸਭੇ ਵਖਤ ਸਭੇ ਕਰਿ ਵੇਲਾ ॥

ਹੇ ਖ਼ੁਦਾ ਦੇ ਬੰਦੇ! ਹਰ ਵਕਤ ਹਰ ਵੇਲੇ ਖ਼ਾਲਕ ਨੂੰ ਮੌਲਾ ਨੂੰ ਆਪਣੇ ਦਿਲ ਵਿਚ ਯਾਦ ਕਰਦਾ ਰਹੁ।

ਖਾਲਕੁ ਯਾਦਿ ਦਿਲੈ ਮਹਿ ਮਉਲਾ ॥

ਹਰ ਵੇਲੇ ਖ਼ੁਦਾ ਨੂੰ ਯਾਦ ਕਰਦੇ ਰਹੋ-ਇਹੀ ਹੈ ਤਸਬੀ।

ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥੭॥

ਉਹ ਖ਼ੁਦਾ ਹੀ ਦਸਾਂ ਇੰਦ੍ਰਿਆਂ ਨੂੰ ਵੱਸ ਵਿਚ ਲਿਆ ਸਕਦਾ ਹੈ। ਹੇ ਖ਼ੁਦਾ ਦੇ ਬੰਦੇ! ਚੰਗਾ ਸੁਭਾਉ ਅਤੇ (ਵਿਕਾਰਾਂ ਵਲੋਂ) ਤਕੜਾ ਪਰਹੇਜ਼ ਹੀ ਸੁੰਨਤਿ (ਸਮਝ) ॥੭॥

ਦਿਲ ਮਹਿ ਜਾਨਹੁ ਸਭ ਫਿਲਹਾਲਾ ॥

ਹੇ ਅੱਲਾ ਦੇ ਬੰਦੇ! ਸਾਰੀ ਰਚਨਾ ਨੂੰ ਆਪਣੇ ਦਿਲ ਵਿਚ ਨਾਸਵੰਤ ਜਾਣ।

ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥

ਹੇ ਭਾਈ! ਇਹ ਟੱਬਰ-ਟੋਰ (ਦਾ ਮੋਹ) ਸਭ ਫਾਹੀਆਂ (ਵਿਚ ਫਸਾਣ ਵਾਲਾ ਹੀ) ਹੈ।

ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥੮॥

ਸ਼ਾਹ, ਪਾਤਿਸ਼ਾਹ, ਅਮੀਰ ਲੋਕ ਸਭ ਨਾਸਵੰਤ ਹਨ। ਸਿਰਫ਼ ਖ਼ੁਦਾ ਦਾ ਦਰ ਹੀ ਸਦਾ ਕਾਇਮ ਰਹਿਣ ਵਾਲਾ ਹੈ ॥੮॥

ਅਵਲਿ ਸਿਫਤਿ ਦੂਜੀ ਸਾਬੂਰੀ ॥

ਹੇ ਖ਼ੁਦਾ ਦੇ ਬੰਦੇ! (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ (ਜੇ ਤੂੰ) ਪਹਿਲੇ ਵਕਤ ਵਿਚ ਰੱਬ ਦੀ ਸਿਫ਼ਤ-ਸਾਲਾਹ ਕਰਦਾ ਰਹੇਂ, ਜੇ ਸੰਤੋਖ ਤੇਰੀ ਦੂਜੀ ਨਿਮਾਜ਼ ਹੋਵੇ,

ਤੀਜੈ ਹਲੇਮੀ ਚਉਥੈ ਖੈਰੀ ॥

ਨਿਮਾਜ਼ ਦੇ ਤੀਜੇ ਵਕਤ ਵਿਚ ਤੂੰ ਨਿਮ੍ਰਤਾ ਧਾਰਨ ਕਰੇਂ, ਜੇ ਚੌਥੇ ਵਕਤ ਵਿਚ ਤੂੰ ਸਭ ਦਾ ਭਲਾ ਮੰਗੇਂ,

ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥

ਜੇ ਪੰਜਵੇਂ ਵਕਤ ਵਿਚ ਤੂੰ ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖੇਂ (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ। (ਭਾਵ, ਰੱਬ ਦੀ ਸਿਫ਼ਤ-ਸਾਲਾਹ, ਸੰਤੋਖ, ਨਿਮ੍ਰਤਾ, ਸਭ ਦਾ ਭਲਾ ਮੰਗਣਾ, ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖਣਾ-ਇਹ ਪੰਜ ਹਨ ਆਤਮਕ ਜੀਵਨ ਦੀਆਂ ਪੰਜ ਨਿਮਾਜ਼ਾਂ, ਤੇ, ਇਹ ਜੀਵਨ ਨੂੰ ਬਹੁਤ ਉੱਚਾ ਕਰਦੀਆਂ ਹਨ) ॥੯॥

ਸਗਲੀ ਜਾਨਿ ਕਰਹੁ ਮਉਦੀਫਾ ॥

ਹੇ ਅੱਲਾ ਦੇ ਬੰਦੇ! ਸਾਰੀ ਸ੍ਰਿਸ਼ਟੀ ਵਿਚ ਇਕੋ ਖ਼ੁਦਾ ਨੂੰ ਵੱਸਦਾ ਜਾਣ-ਇਸ ਨੂੰ ਤੂੰ ਆਪਣਾ ਹਰ ਵੇਲੇ ਦਾ ਰੱਬੀ ਸਲਾਮ ਦਾ ਪਾਠ ਬਣਾਈ ਰੱਖ।

ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥

ਮੰਦੇ ਕਰਮ ਕਰਨੇ ਛੱਡ ਦੇ-ਇਹ ਪਾਣੀ ਦਾ ਲੋਟਾ ਤੂੰ ਆਪਣੇ ਹੱਥ ਵਿਚ ਫੜ (ਸਰੀਰਕ ਸੁਅੱਛਤਾ ਵਾਸਤੇ)।

ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥੧੦॥

ਇਹ ਯਕੀਨ ਬਣਾ ਕਿ ਸਾਰੀ ਹੀ ਖ਼ਲਕਤ ਦਾ ਇਕੋ ਖ਼ੁਦਾ ਹੈ-ਇਹ ਸਦਾ ਬਾਂਗ ਦਿਆ ਕਰ। ਹੇ ਫ਼ਕੀਰ ਸਾਈਂ! ਖ਼ੁਦਾ ਦਾ ਚੰਗਾ ਪੁੱਤਰ ਬਣਨ ਦਾ ਜਤਨ ਕਰਿਆ ਕਰ-ਇਹ ਸਿੰਙ ਵਜਾਇਆ ਕਰ ॥੧੦॥

ਹਕੁ ਹਲਾਲੁ ਬਖੋਰਹੁ ਖਾਣਾ ॥

ਹੇ ਖ਼ੁਦਾ ਦੇ ਬੰਦੇ! ਹੱਕ ਦੀ ਕਮਾਈ ਕਰਿਆ ਕਰ-ਇਹ ਹੈ ‘ਹਲਾਲ’, ਇਹ, ਖਾਣਾ ਖਾਇਆ ਕਰ।

ਦਿਲ ਦਰੀਆਉ ਧੋਵਹੁ ਮੈਲਾਣਾ ॥

(ਦਿਲ ਵਿਚੋਂ ਵਿਤਕਰੇ ਕੱਢ ਕੇ) ਦਿਲ ਨੂੰ ਦਰੀਆ ਬਣਾਣ ਦਾ ਜਤਨ ਕਰ, (ਇਸ ਤਰ੍ਹਾਂ) ਦਿਲ ਦੀ (ਵਿਕਾਰਾਂ ਦੀ) ਮੈਲ ਧੋਇਆ ਕਰ।

ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥੧੧॥

ਹੇ ਅੱਲਾ ਦੇ ਬੰਦੇ! ਜਿਹੜਾ ਮਨੁੱਖ ਆਪਣੇ ਗੁਰੂ-ਪੀਰ (ਦੇ ਹੁਕਮ) ਨੂੰ ਪਛਾਣਦਾ ਹੈ, ਉਹ ਬਹਿਸ਼ਤ ਦਾ ਹੱਕਦਾਰ ਬਣ ਜਾਂਦਾ ਹੈ, ਅਜ਼ਰਾਈਲ ਉਸ ਨੂੰ ਦੋਜ਼ਕ ਵਿਚ ਨਹੀਂ ਸੁੱਟਦਾ ॥੧੧॥

ਕਾਇਆ ਕਿਰਦਾਰ ਅਉਰਤ ਯਕੀਨਾ ॥

ਹੇ ਖ਼ੁਦਾ ਦੇ ਬੰਦੇ! ਆਪਣੇ ਇਸ ਸਰੀਰ ਨੂੰ, ਜਿਸ ਦੀ ਰਾਹੀਂ ਸਦਾ ਚੰਗੇ ਮੰਦੇ ਕਰਮ ਕੀਤੇ ਜਾਂਦੇ ਹਨ ਆਪਣੀ ਵਫ਼ਾਦਾਰ ਔਰਤ (ਪਤਿਬ੍ਰਤਾ ਇਸਤ੍ਰੀ) ਬਣਾ,

ਰੰਗ ਤਮਾਸੇ ਮਾਣਿ ਹਕੀਨਾ ॥

(ਤੇ, ਵਿਕਾਰਾਂ ਦੇ ਰੰਗ-ਤਮਾਸ਼ੇ ਮਾਣਨ ਦੇ ਥਾਂ, ਇਸ ਪਤਿਬ੍ਰਤਾ ਇਸਤ੍ਰੀ ਦੀ ਰਾਹੀਂ) ਰੱਬੀ ਮਿਲਾਪ ਦੇ ਰੰਗ-ਤਮਾਸ਼ੇ ਮਾਣਿਆ ਕਰ।

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥

ਹੇ ਅੱਲਾ ਦੇ ਬੰਦੇ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ-ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ। (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ-ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ ॥੧੨॥

ਮੁਸਲਮਾਣੁ ਮੋਮ ਦਿਲਿ ਹੋਵੈ ॥

ਹੇ ਖ਼ੁਦਾ ਦੇ ਬੰਦੇ! (ਅਸਲ) ਮੁਸਲਮਾਨ ਉਹ ਹੈ ਜੋ ਮੋਮ ਵਰਗੇ ਨਰਮ ਦਿਲ ਵਾਲਾ ਹੁੰਦਾ ਹੈ,

ਅੰਤਰ ਕੀ ਮਲੁ ਦਿਲ ਤੇ ਧੋਵੈ ॥

ਅਤੇ ਜੋ ਆਪਣੇ ਦਿਲ ਤੋਂ ਅੰਦਰਲੀ (ਵਿਕਾਰਾਂ ਦੀ) ਮੈਲ ਧੋ ਦੇਂਦਾ ਹੈ।

ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥

(ਉਹ ਮੁਸਲਮਾਨ) ਦੁਨੀਆ ਦੇ ਰੰਗ-ਤਮਾਸ਼ਿਆਂ ਦੇ ਨੇੜੇ ਨਹੀਂ ਢੁਕਦਾ (ਜੋ ਇਉਂ ਪਵਿੱਤਰ ਰਹਿੰਦਾ ਹੈ) ਜਿਵੇਂ ਫੁੱਲ ਰੇਸ਼ਮ ਘਿਉ ਅਤੇ ਮ੍ਰਿਗਛਾਲਾ ਪਵਿੱਤਰ (ਰਹਿੰਦੇ ਹਨ) ॥੧੩॥

ਜਾ ਕਉ ਮਿਹਰ ਮਿਹਰ ਮਿਹਰਵਾਨਾ ॥

ਹੇ ਖ਼ੁਦਾ ਦੇ ਬੰਦੇ! ਜਿਸ ਮਨੁੱਖ ਉੱਤੇ ਮਿਹਰਵਾਨ (ਮੌਲਾ) ਦੀ ਹਰ ਵੇਲੇ ਮਿਹਰ ਰਹਿੰਦੀ ਹੈ,

ਸੋਈ ਮਰਦੁ ਮਰਦੁ ਮਰਦਾਨਾ ॥

(ਵਿਕਾਰਾਂ ਦੇ ਟਾਕਰੇ ਤੇ) ਉਹੀ ਮਨੁੱਖ ਸੂਰਮਾ ਮਰਦ (ਸਾਬਤ ਹੁੰਦਾ) ਹੈ।

ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥੧੪॥

ਉਹੀ ਹੈ (ਅਸਲ) ਸ਼ੇਖ਼ ਮਸਾਇਕ ਤੇ ਹਾਜੀ, ਉਹੀ ਹੈ (ਅਸਲ) ਖ਼ੁਦਾ ਦਾ ਬੰਦਾ ਜਿਸ ਉੱਤੇ ਖ਼ੁਦਾ ਦੀ ਮਿਹਰ ਦੀ ਨਿਗਾਹ ਰਹਿੰਦੀ ਹੈ ॥੧੪॥

ਕੁਦਰਤਿ ਕਾਦਰ ਕਰਣ ਕਰੀਮਾ ॥

ਹੇ ਨਾਨਕ! ਹੇ ਖ਼ੁਦਾ ਦੇ ਬੰਦੇ! ਕਾਦਰ ਦੀ ਕੁਦਰਤਿ ਨੂੰ, ਬਖ਼ਸ਼ਿੰਦ ਮਾਲਕ ਦੇ ਰਚੇ ਜਗਤ ਨੂੰ,

ਸਿਫਤਿ ਮੁਹਬਤਿ ਅਥਾਹ ਰਹੀਮਾ ॥

ਬੇਅੰਤ ਡੂੰਘੇ ਰਹਿਮ-ਦਿਲ ਖ਼ੁਦਾ ਦੀ ਮੁਹੱਬਤ ਤੇ ਸਿਫ਼ਤ-ਸਾਲਾਹ ਨੂੰ,

ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥੧੫॥੩॥੧੨॥

ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਹੁਕਮ ਨੂੰ, ਸਦਾ ਕਾਇਮ ਰਹਿਣ ਵਾਲੇ ਖ਼ੁਦਾ ਨੂੰ ਸਮਝ ਕੇ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੧੫॥੩॥੧੨॥


ਮਾਰੂ ਮਹਲਾ ੫ ॥
ਪਾਰਬ੍ਰਹਮ ਸਭ ਊਚ ਬਿਰਾਜੇ ॥

ਪਰਮਾਤਮਾ ਸਭ ਤੋਂ ਉੱਚੇ (ਆਤਮਕ) ਟਿਕਾਣੇ ਉੱਤੇ ਟਿਕਿਆ ਰਹਿੰਦਾ ਹੈ,

ਆਪੇ ਥਾਪਿ ਉਥਾਪੇ ਸਾਜੇ ॥

ਉਹ ਆਪ ਹੀ (ਸਭ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਉਹ ਆਪ ਹੀ ਰਚਨਾ ਰਚਦਾ ਹੈ।

ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲਕਾ ॥੧॥

ਉਸ ਪਰਮਾਤਮਾ ਦਾ ਆਸਰਾ ਲਿਆਂ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ, ਮਾਇਆ ਦੇ ਮੋਹ ਦਾ ਡਰ ਰਤਾ ਵੀ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥

ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥

ਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਿਆ,

ਰਕਤ ਕਿਰਮ ਮਹਿ ਨਹੀ ਸੰਘਾਰਿਆ ॥

ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿਚ (ਜੀਵ ਨੂੰ) ਮਰਨ ਨਾਹ ਦਿੱਤਾ,

ਅਪਨਾ ਸਿਮਰਨੁ ਦੇ ਪ੍ਰਤਿਪਾਲਿਆ ਓਹੁ ਸਗਲ ਘਟਾ ਕਾ ਮਾਲਕਾ ॥੨॥

ਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ। ਉਹ ਪ੍ਰਭੂ ਸਾਰੇ ਜੀਵਾਂ ਦਾ ਮਾਲਕ ਹੈ ॥੨॥

ਚਰਣ ਕਮਲ ਸਰਣਾਈ ਆਇਆ ॥

ਜਿਹੜਾ ਮਨੁੱਖ ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ,

ਸਾਧਸੰਗਿ ਹੈ ਹਰਿ ਜਸੁ ਗਾਇਆ ॥

ਜਿਹੜਾ ਮਨੁੱਖ ਸਾਧ ਸੰਗਤ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,

ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲ ਕਾ ॥੩॥

ਪਰਮਾਤਮਾ ਉਸ ਦੇ ਸਾਰੀ ਉਮਰ ਦੇ ਦੁੱਖ ਦੂਰ ਕਰ ਦੇਂਦਾ ਹੈ। ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਨੂੰ (ਆਤਮਕ) ਮੌਤ ਦਾ ਡਰ ਨਹੀਂ ਰਹਿ ਜਾਂਦਾ ॥੩॥

ਸਮਰਥ ਅਕਥ ਅਗੋਚਰ ਦੇਵਾ ॥

ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਉਸ ਦਾ ਸਰੂਪ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਨੂਰ ਹੀ ਨੂਰ ਹੈ।

ਜੀਅ ਜੰਤ ਸਭਿ ਤਾ ਕੀ ਸੇਵਾ ॥

ਸਾਰੇ ਜੀਆ-ਜੰਤਾਂ ਨੂੰ ਉਸੇ ਦਾ ਹੀ ਆਸਰਾ ਹੈ।

ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥੪॥

ਅੰਡਜ ਜੇਰਜ ਸੇਤਜ ਉਤਭੁਜ-ਇਹਨਾਂ ਚੌਹਾਂ ਹੀ ਖਾਣੀਆਂ ਦੇ ਜੀਵਾਂ ਨੂੰ ਉਹ ਕਈ ਤਰੀਕਿਆਂ ਨਾਲ ਪਾਲਣ ਵਾਲਾ ਹੈ ॥੪॥

ਤਿਸਹਿ ਪਰਾਪਤਿ ਹੋਇ ਨਿਧਾਨਾ ॥

ਉਸ ਉਸ ਮਨੁੱਖ ਨੂੰ ਹੀ (ਨਾਮ ਦਾ) ਖ਼ਜ਼ਾਨਾ ਮਿਲਦਾ ਹੈ,

ਰਾਮ ਨਾਮ ਰਸੁ ਅੰਤਰਿ ਮਾਨਾ ॥

ਉਹੀ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਅੰਦਰ ਮਾਣਦੇ ਹਨ,

ਕਰੁ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ॥੫॥

ਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ (ਪਰਮਾਤਮਾ ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ। ਪਰ, ਅਜਿਹੇ ਕੋਈ ਵਿਰਲੇ ਹੀ ਸੰਤ ਹੁੰਦੇ ਹਨ ॥੫॥

ਆਦਿ ਅੰਤਿ ਮਧਿ ਪ੍ਰਭੁ ਸੋਈ ॥

ਉਹਨਾਂ ਮਨੁੱਖਾਂ ਨੂੰ (ਜਗਤ ਦੇ) ਆਦਿ ਵਿਚ ਹੁਣ ਅਖ਼ੀਰ ਵਿਚ (ਕਾਇਮ ਰਹਿਣ ਵਾਲਾ) ਉਹ ਪਰਮਾਤਮਾ ਹੀ ਦਿੱਸਦਾ ਹੈ,

ਆਪੇ ਕਰਤਾ ਕਰੇ ਸੁ ਹੋਈ ॥

(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ) ਕਰਤਾਰ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ,

ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ ॥੬॥

ਸਾਧ ਸੰਗਤ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਦੀ ਹਰੇਕ ਭਟਕਣਾ ਜਿਨ੍ਹਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ। ਕੋਈ ਭੀ ਦੁੱਖ-ਕਲੇਸ਼ ਉਹਨਾਂ ਦੀ ਆਤਮਕ ਮੌਤ ਨਹੀਂ ਲਿਆ ਸਕਦੇ ॥੬॥

ਊਤਮ ਬਾਣੀ ਗਾਉ ਗੁੋਪਾਲਾ ॥

ਜੀਵਨ ਨੂੰ ਉੱਚਾ ਕਰਨ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ,

ਸਾਧਸੰਗਤਿ ਕੀ ਮੰਗਹੁ ਰਵਾਲਾ ॥

(ਹਰ ਵੇਲੇ) ਸਾਧ ਸੰਗਤ ਦੀ ਚਰਨ-ਧੂੜ ਮੰਗਿਆ ਕਰੋ,

ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥

(ਇਸ ਤਰ੍ਹਾਂ ਆਪਣੇ ਅੰਦਰ ਦੀਆਂ) ਸਾਰੀਆਂ ਵਾਸਨਾਂ ਮਿਟਾ ਕੇ ਵਾਸਨਾ-ਰਹਿਤ ਹੋ ਜਾਈਦਾ ਹੈ, ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ ॥੭॥

ਸੰਤਾ ਕੀ ਇਹ ਰੀਤਿ ਨਿਰਾਲੀ ॥

ਸੰਤ ਜਨਾਂ ਦੀ (ਦੁਨੀਆ ਦੇ ਲੋਕਾਂ ਨਾਲੋਂ) ਇਹ ਵੱਖਰੀ ਹੀ ਜੀਵਨ-ਚਾਲ ਹੈ,

ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥

ਕਿ ਉਹ ਪਰਮਾਤਮਾ ਨੂੰ (ਸਦਾ ਆਪਣੇ) ਨਾਲ ਹੀ ਵੱਸਦਾ ਵੇਖਦੇ ਹਨ।

ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥

ਸੰਤ ਜਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ (ਉਹ ਜਾਣਦੇ ਹਨ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੮॥

ਜਹ ਦੇਖਾ ਤਹ ਅੰਤਰਜਾਮੀ ॥

ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਮੈਂ ਜਿਧਰ ਵੇਖਦਾ ਹਾਂ, ਉਧਰ (ਮੈਨੂੰ ਤੂੰ ਹੀ ਦਿੱਸਦਾ ਹੈਂ)।

ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥

ਹੇ ਮੇਰੇ ਮਾਲਕ-ਪ੍ਰਭੂ! (ਮਿਹਰ ਕਰ, ਮੈਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਵਿਸਰ।

ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥

ਹੇ ਪ੍ਰਭੂ! ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ। ਹੇ ਪ੍ਰਭੂ! ਤੂੰ ਜੰਗਲ ਵਿਚ ਜਲ ਵਿਚ ਥਲ ਵਿਚ (ਹਰ ਥਾਂ ਵੱਸਦਾ ਹੈਂ) ॥੯॥

ਤਤੀ ਵਾਉ ਨ ਤਾ ਕਉ ਲਾਗੈ ॥

ਉਸ ਮਨੁੱਖ ਨੂੰ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ,

ਸਿਮਰਤ ਨਾਮੁ ਅਨਦਿਨੁ ਜਾਗੈ ॥

ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਿਆਂ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।

ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥੧੦॥

ਉਹ ਮਨੁੱਖ (ਜਿਉਂ ਜਿਉਂ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ (ਤਿਉਂ ਤਿਉਂ) ਆਤਮਕ ਆਨੰਦ ਮਾਣਦਾ ਹੈ, ਉਸ ਦਾ ਮਾਇਆ ਦੇ ਨਾਲ ਡੂੰਘਾ ਸੰਬੰਧ ਨਹੀਂ ਬਣਦਾ ॥੧੦॥

ਰੋਗ ਸੋਗ ਦੂਖ ਤਿਸੁ ਨਾਹੀ ॥

ਉਸ ਉਸ ਮਨੁੱਖ ਨੂੰ ਕੋਈ ਰੋਗ ਸੋਗ ਦੁੱਖ ਪੋਹ ਨਹੀਂ ਸਕਦੇ,

ਸਾਧਸੰਗਿ ਹਰਿ ਕੀਰਤਨੁ ਗਾਹੀ ॥

ਜਿਹੜੇ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।

ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥

ਹੇ ਪ੍ਰੀਤਮ ਪ੍ਰਭੂ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! (ਮੇਰੀ ਭੀ) ਬੇਨਤੀ ਸੁਣ, (ਮੈਨੂੰ ਭੀ) ਆਪਣਾ ਨਾਮ ਦੇਹ ॥੧੧॥

ਨਾਮ ਰਤਨੁ ਤੇਰਾ ਹੈ ਪਿਆਰੇ ॥

ਹੇ ਪਿਆਰੇ! ਤੇਰਾ ਨਾਮ ਬਹੁਤ ਹੀ ਕੀਮਤੀ ਪਦਾਰਥ ਹੈ।

ਰੰਗਿ ਰਤੇ ਤੇਰੈ ਦਾਸ ਅਪਾਰੇ ॥

ਹੇ ਬੇਅੰਤ ਪ੍ਰਭੂ! ਤੇਰੇ ਦਾਸ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।

ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥

ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਤੇਰੇ ਵਰਗੇ ਹੋ ਜਾਂਦੇ ਹਨ। ਪਰ ਅਜਿਹੇ ਬੰਦੇ ਬਹੁਤ ਵਿਰਲੇ ਲੱਭਦੇ ਹਨ ॥੧੨॥

ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥

ਹੇ ਪ੍ਰਭੂ! ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ,

ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥

ਜਿਨ੍ਹਾਂ ਮਨੁੱਖਾਂ ਨੂੰ ਤੂੰ ਕਿਸੇ ਭੀ ਵੇਲੇ ਭੁੱਲਦਾ ਨਹੀਂ।

ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥

(ਅਜਿਹੇ) ਉਹਨਾਂ ਮਨੁੱਖਾਂ ਦੀ ਸੰਗਤ ਵਿਚ ਮੈਂ ਭੀ (ਉਸ ਪ੍ਰਭੂ ਦੀ ਮਿਹਰ ਨਾਲ) ਉੱਚਾ ਆਤਮਕ ਦਰਜਾ ਹਾਸਲ ਕਰ ਸਕਾਂਗਾ, ਅਤੇ ਪਰਮਾਤਮਾ (ਮੇਰਾ) ਸਦਾ ਸਾਥੀ ਬਣਿਆ ਰਹੇਗਾ ॥੧੩॥

ਸਾਜਨੁ ਮੀਤੁ ਪਿਆਰਾ ਸੋਈ ॥

ਉਹੀ ਮਨੁੱਖ ਮੇਰਾ ਪਿਆਰਾ ਸਜਣ ਹੈ ਮਿੱਤਰ ਹੈ,

ਏਕੁ ਦ੍ਰਿੜਾਏ ਦੁਰਮਤਿ ਖੋਈ ॥

ਜਿਹੜਾ ਮੇਰੀ ਖੋਟੀ ਮੱਤ ਦੂਰ ਕਰ ਕੇ (ਮੇਰੇ ਹਿਰਦੇ ਵਿਚ) ਇਕ (ਪਰਮਾਤਮਾ ਦੀ ਯਾਦ) ਨੂੰ ਪੱਕਾ ਕਰ ਦੇਵੇ,

ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥

ਜਿਹੜਾ ਮੇਰੇ ਪਾਸੋਂ ਕਾਮ ਕ੍ਰੋਧ ਅਹੰਕਾਰ (ਦਾ ਖਹਿੜਾ) ਛਡਾ ਦੇਵੇ। ਉਸ ਮਨੁੱਖ ਨੂੰ ਅਜਿਹਾ ਉਪਦੇਸ਼ (ਫੁਰਦਾ ਹੈ ਜੋ ਸੁਣਨ ਵਾਲਿਆਂ ਨੂੰ) ਪਵਿੱਤਰ ਕਰ ਦੇਂਦਾ ਹੈ ॥੧੪॥

ਤੁਧੁ ਵਿਣੁ ਨਾਹੀ ਕੋਈ ਮੇਰਾ ॥

ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ (ਸਹਾਰਾ) ਨਹੀਂ।

ਗੁਰਿ ਪਕੜਾਏ ਪ੍ਰਭ ਕੇ ਪੈਰਾ ॥

ਗੁਰੂ ਨੇ ਮੈਨੂੰ ਪ੍ਰਭੂ ਦੇ ਪੈਰ ਫੜਾਏ ਹਨ।

ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥

ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੀ ਭਟਕਣਾ ਨਾਸ ਕੀਤੀ ਹੈ, ਜਿਸ ਨੇ ਵਿਕਾਰਾਂ ਦਾ ਝੱਖੜ ਥੰਮ੍ਹ ਲਿਆ ਹੈ ॥੧੫॥

ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥

(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਹਰੇਕ ਸਾਹ ਦੇ ਨਾਲ (ਉਸ ਨੂੰ ਸਿਮਰਦਾ ਰਹਾਂ, ਮੈਨੂੰ ਕਿਸੇ ਭੀ ਵੇਲੇ ਉਹ) ਭੁੱਲੇ ਨਾਹ।

ਆਠ ਪਹਰ ਹਰਿ ਹਰਿ ਕਉ ਧਿਆਈ ॥

ਮੈਂ ਅੱਠੇ ਪਹਰ ਪ੍ਰਭੂ ਦਾ ਧਿਆਨ ਧਰਦਾ ਰਹਾਂ।

ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥

ਹੇ ਨਾਨਕ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਹੈਂ, ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਸਦਾ ਰੰਗੇ ਰਹਿੰਦੇ ਹਨ ॥੧੬॥੪॥੧੩॥


ਮਾਰੂ ਮਹਲਾ ੫ ॥

ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਚਰਨ ਕਮਲ ਹਿਰਦੈ ਨਿਤ ਧਾਰੀ ॥

(ਜੇ ਪ੍ਰਭੂ ਮਿਹਰ ਕਰੇ ਤਾਂ) ਮੈਂ (ਗੁਰੂ ਦੇ) ਸੋਹਣੇ ਚਰਣ ਸਦਾ (ਆਪਣੇ) ਹਿਰਦੇ ਵਿਚ ਟਿਕਾਈ ਰੱਖਾਂ,

ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥

ਪੂਰੇ ਗੁਰੂ ਨੂੰ ਹਰੇਕ ਖਿਨ ਨਮਸਕਾਰ ਕਰਦਾ ਰਹਾਂ,

ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥

ਆਪਣਾ ਤਨ ਆਪਣਾ ਮਨ ਸਭ ਕੁਝ (ਗੁਰੂ ਦੇ) ਅੱਗੇ ਭੇਟਾ ਕਰ ਕੇ ਰੱਖ ਦਿਆਂ (ਕਿਉਂਕਿ ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਤੇ) ਨਾਮ ਹੀ ਜਗਤ ਵਿਚ (ਜੀਵ ਨੂੰ) ਸੋਹਣਾ ਬਣਾਂਦਾ ਹੈ ॥੧॥

ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥

ਹੇ ਭਾਈ! ਤੂੰ ਉਸ ਮਾਲਕ-ਪ੍ਰਭੂ ਨੂੰ (ਆਪਣੇ) ਮਨ ਤੋਂ ਕਿਉਂ ਭੁਲਾਂਦਾ ਹੈਂ,

ਜੀਉ ਪਿੰਡੁ ਦੇ ਸਾਜਿ ਸਵਾਰੇ ॥

ਜਿਹੜਾ ਜਿੰਦ ਦੇ ਕੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾਂਦਾ ਹੈ?

ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥

ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਖਾਂਦਿਆਂ ਸਾਹ ਲੈਂਦਿਆਂ) ਕਰਤਾਰ ਨੂੰ ਆਪਣੇ ਹਿਰਦੇ ਵਿਚ ਸੰਭਾਲ ਰੱਖ। ਆਪਣੀ ਹੀ ਕੀਤੀ ਕਮਾਈ ਦਾ ਫਲ ਮਿਲਦਾ ਹੈ ॥੨॥

ਜਾ ਤੇ ਬਿਰਥਾ ਕੋਊ ਨਾਹੀ ॥

ਜਿਸ (ਕਰਤਾਰ ਦੇ ਦਰ) ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ,

ਆਠ ਪਹਰ ਹਰਿ ਰਖੁ ਮਨ ਮਾਹੀ ॥

ਉਸ ਨੂੰ ਅੱਠੇ ਪਹਰ ਮਨ ਵਿਚ ਸਾਂਭ ਰੱਖ।

ਸਾਧਸੰਗਿ ਭਜੁ ਅਚੁਤ ਸੁਆਮੀ ਦਰਗਹ ਸੋਭਾ ਪਾਵਣਾ ॥੩॥

ਉਸ ਅਬਿਨਾਸ਼ੀ ਮਾਲਕ-ਪ੍ਰਭੂ ਦਾ ਨਾਮ ਗੁਰੂ ਦੀ ਸੰਗਤ ਵਿਚ (ਰਹਿ ਕੇ) ਜਪਿਆ ਕਰ। ਪ੍ਰਭੂ ਦੀ ਹਜ਼ੂਰੀ ਵਿਚ (ਇਸ ਤਰ੍ਹਾਂ) ਇੱਜ਼ਤ ਮਿਲਦੀ ਹੈ ॥੩॥

ਚਾਰਿ ਪਦਾਰਥ ਅਸਟ ਦਸਾ ਸਿਧਿ ॥

ਜੇ ਤੂੰ ਚਾਰ ਪਦਾਰਥ ਲੋੜਦਾ ਹੈਂ, ਜੇ ਤੂੰ ਆਠਾਰਾਂ ਸਿੱਧੀਆਂ ਲੋੜਦਾ ਹੈਂ,

ਨਾਮੁ ਨਿਧਾਨੁ ਸਹਜ ਸੁਖੁ ਨਉ ਨਿਧਿ ॥

ਜੇ ਤੂੰ ਦੁਨੀਆ ਦੇ ਨੌ ਹੀ ਖ਼ਜ਼ਾਨੇ ਲੋੜਦਾ ਹੈਂ, ਤਾਂ (ਯਕਰਨ ਕਰ ਕਿ) ਹਰਿ-ਨਾਮ ਹੀ (ਅਸਲ) ਖ਼ਜ਼ਾਨਾ ਹੈ, ਇਹ ਨਾਮ ਹੀ ਆਤਮਕ ਅਡੋਲਤਾ ਦਾ ਸੁਖ ਹੈ। (ਇਹ ਨਾਮ ਹੀ ਚਾਰ ਪਦਾਰਥ ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਹੈ)।

ਸਰਬ ਕਲਿਆਣ ਜੇ ਮਨ ਮਹਿ ਚਾਹਹਿ ਮਿਲਿ ਸਾਧੂ ਸੁਆਮੀ ਰਾਵਣਾ ॥੪॥

ਜੇ ਤੂੰ ਆਪਣੇ ਮਨ ਵਿਚ ਸਾਰੇ ਸੁਖ ਲੋੜਦਾ ਹੈਂ, ਤਾਂ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਦਾ ਸਿਮਰਨ ਕਰਿਆ ਕਰ ॥੪॥

ਸਾਸਤ ਸਿੰਮ੍ਰਿਤਿ ਬੇਦ ਵਖਾਣੀ ॥

ਸ਼ਾਸਤ੍ਰਾਂ ਨੇ, ਸਿੰਮ੍ਰਿਤੀਆਂ ਨੇ, ਵੇਦਾਂ ਨੇ ਆਖਿਆ ਹੈ,

ਜਨਮੁ ਪਦਾਰਥੁ ਜੀਤੁ ਪਰਾਣੀ ॥

ਕਿ ਹੇ ਪ੍ਰਾਣੀ! ਆਪਣੇ ਕੀਮਤੀ ਮਨੁੱਖਾ ਜਨਮ ਨੂੰ ਸਫਲਾ ਕਰ।

ਕਾਮੁ ਕ੍ਰੋਧੁ ਨਿੰਦਾ ਪਰਹਰੀਐ ਹਰਿ ਰਸਨਾ ਨਾਨਕ ਗਾਵਣਾ ॥੫॥

ਹੇ ਨਾਨਕ! (ਇਹ ਸਫਲਾ ਤਾਂ ਹੀ ਹੋ ਸਕਦਾ ਹੈ ਜੇ) ਜੀਭ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਈ ਜਾਏ। ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ ਕਾਮ ਛੱਡਿਆ ਜਾ ਸਕਦਾ ਹੈ ਕ੍ਰੋਧ ਤਿਆਗਿਆ ਜਾ ਸਕਦਾ ਹੈ ਨਿੰਦਾ ਛੱਡੀ ਜਾ ਸਕਦੀ ਹੈ (ਤੇ ਇਹਨਾਂ ਵਿਕਾਰਾਂ ਨੂੰ ਤਿਆਗਣ ਵਿਚ ਹੀ ਜਨਮ ਦੀ ਸਫਲਤਾ ਹੈ) ॥੫॥

ਜਿਸੁ ਰੂਪੁ ਨ ਰੇਖਿਆ ਕੁਲੁ ਨਹੀ ਜਾਤੀ ॥

ਜਿਸ ਪਰਮਾਤਮਾ ਦਾ (ਕੀਹ) ਰੂਪ, ਰੇਖ, ਕੁਲ ਅਤੇ ਜਾਤਿ (ਹੈ-ਇਹ ਗੱਲ) ਦੱਸੀ ਨਹੀਂ ਜਾ ਸਕਦੀ,

ਪੂਰਨ ਪੂਰਿ ਰਹਿਆ ਦਿਨੁ ਰਾਤੀ ॥

ਜਿਹੜਾ ਪਰਮਾਤਮਾ ਦਿਨ ਰਾਤ ਹਰ ਵੇਲੇ ਸਭ ਥਾਈਂ ਮੌਜੂਦ ਹੈ,

ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ ॥੬॥

ਉਸ ਪਰਮਾਤਮਾ ਦਾ ਨਾਮ ਜਿਹੜਾ ਜਿਹੜਾ ਮਨੁੱਖ ਜਪਦਾ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ, ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ ॥੬॥

ਜਿਸ ਨੋ ਬਿਸਰੈ ਪੁਰਖੁ ਬਿਧਾਤਾ ॥

ਜਿਸ ਮਨੁੱਖ ਨੂੰ ਸਰਬ-ਵਿਆਪਕ ਸਿਰਜਣਹਾਰ ਵਿਸਰਿਆ ਰਹਿੰਦਾ ਹੈ,

ਜਲਤਾ ਫਿਰੈ ਰਹੈ ਨਿਤ ਤਾਤਾ ॥

ਉਹ ਸਦਾ (ਵਿਕਾਰਾਂ ਵਿਚ) ਸੜਦਾ ਫਿਰਦਾ ਹੈ, ਉਹ ਸਦਾ (ਕ੍ਰੋਧ ਨਾਲ) ਸੜਿਆ ਭੁੱਜਿਆ ਰਹਿੰਦਾ ਹੈ।

ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ ॥੭॥

ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਭੁਲਾਣ ਵਾਲੇ ਉਸ ਮਨੁੱਖ ਨੂੰ (ਇਸ ਭੈੜੀ ਆਤਮਕ ਦਸ਼ਾ ਤੋਂ) ਕੋਈ ਬਚਾ ਨਹੀਂ ਸਕਦਾ। ਉਹ ਮਨੁੱਖ (ਸਦਾ ਇਸ) ਭਿਆਨਕ ਨਰਕ ਵਿਚ ਪਿਆ ਰਹਿੰਦਾ ਹੈ ॥੭॥

ਜੀਉ ਪ੍ਰਾਣ ਤਨੁ ਧਨੁ ਜਿਨਿ ਸਾਜਿਆ ॥

ਹੇ ਨਾਨਕ! ਜਿਸ ਪਰਮਾਤਮਾ ਨੇ ਜਿੰਦ ਦਿੱਤੀ, ਪ੍ਰਾਣ ਦਿੱਤੇ, ਸਰੀਰ ਬਣਾਇਆ, ਧਨ ਦਿੱਤਾ,

ਮਾਤ ਗਰਭ ਮਹਿ ਰਾਖਿ ਨਿਵਾਜਿਆ ॥

ਮਾਂ ਦੇ ਪੇਟ ਵਿਚ ਰੱਖਿਆ ਕਰ ਕੇ ਬੜੀ ਦਇਆ ਕੀਤੀ,

ਤਿਸ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥੮॥

ਜਿਹੜਾ ਮਨੁੱਖ ਉਸ ਪਰਮਾਤਮਾ ਨਾਲ ਪਿਆਰ ਛੱਡ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਕਿਸੇ ਪਾਸੇ ਭੀ ਨੇਪਰੇ ਨਹੀਂ ਚੜ੍ਹਦਾ ॥੮॥

ਧਾਰਿ ਅਨੁਗ੍ਰਹੁ ਸੁਆਮੀ ਮੇਰੇ ॥

ਹੇ ਮੇਰੇ ਮਾਲਕ-ਪ੍ਰਭੂ! (ਅਸਾਂ ਜੀਵਾਂ ਉੱਤੇ) ਦਇਆ ਕਰੀ ਰੱਖ,

ਘਟਿ ਘਟਿ ਵਸਹਿ ਸਭਨ ਕੈ ਨੇਰੇ ॥

ਤੂੰ ਹਰੇਕ ਸਰੀਰ ਵਿਚ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈਂ।

ਹਾਥਿ ਹਮਾਰੈ ਕਛੂਐ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥

ਅਸਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਹੈ। ਜਿਸ ਮਨੁੱਖ ਨੂੰ ਤੂੰ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈਂ, ਉਹੀ ਮਨੁੱਖ ਇਹ ਸਮਝ ਹਾਸਲ ਕਰਦਾ ਹੈ ॥੯॥

ਜਾ ਕੈ ਮਸਤਕਿ ਧੁਰਿ ਲਿਖਿ ਪਾਇਆ ॥

ਧੁਰ ਹਜ਼ੂਰੀ ਵਿਚੋਂ ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ ਨੇ ਚੰਗੇ ਭਾਗਾਂ ਦਾ ਲੇਖ) ਲਿਖ ਕੇ ਪਾਇਆ ਹੁੰਦਾ ਹੈ,

ਤਿਸ ਹੀ ਪੁਰਖ ਨ ਵਿਆਪੈ ਮਾਇਆ ॥

ਸਿਰਫ਼ ਉਸ ਮਨੁੱਖ ਉਤੇ ਹੀ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।

ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ ॥੧੦॥

ਹੇ ਨਾਨਕ! ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹ ਕਿਸੇ ਹੋਰ ਨੂੰ ਪਰਮਾਤਮਾ ਦੇ ਬਰਾਬਰ ਦਾ ਨਹੀਂ ਸਮਝਦੇ ॥੧੦॥

ਆਗਿਆ ਦੂਖ ਸੂਖ ਸਭਿ ਕੀਨੇ ॥

(ਜਗਤ ਦੇ) ਸਾਰੇ ਦੁੱਖ ਸਾਰੇ ਸੁਖ (ਪਰਮਾਤਮਾ ਨੇ ਆਪਣੇ) ਹੁਕਮ ਵਿਚ (ਆਪ ਹੀ) ਬਣਾਏ ਹਨ।

ਅੰਮ੍ਰਿਤ ਨਾਮੁ ਬਿਰਲੈ ਹੀ ਚੀਨੇ ॥

(ਇਹਨਾਂ ਦੁੱਖਾਂ ਤੋਂ ਬਚਣ ਲਈ) ਕਿਸੇ ਵਿਰਲੇ ਮਨੁੱਖ ਨੇ ਹੀ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਸਾਂਝ ਪਾਈ ਹੈ।

ਤਾ ਕੀ ਕੀਮਤਿ ਕਹਣੁ ਨ ਜਾਈ ਜਤ ਕਤ ਓਹੀ ਸਮਾਵਣਾ ॥੧੧॥

ਉਸ ਪਰਮਾਤਮਾ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਉਹ ਪਰਮਾਤਮਾ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ, ਉਂਞ) ਹਰ ਥਾਂ ਉਹ ਆਪ ਹੀ ਸਮਾਇਆ ਹੋਇਆ ਹੈ ॥੧੧॥

ਸੋਈ ਭਗਤੁ ਸੋਈ ਵਡ ਦਾਤਾ ॥

ਉਹ ਪਰਮਾਤਮਾ ਆਪ ਹੀ (ਆਪਣੇ ਸੇਵਕ ਵਿਚ ਬੈਠਾ ਆਪਣੀ) ਭਗਤੀ ਕਰਨ ਵਾਲਾ ਹੈ, ਉਹ ਆਪ ਹੀ ਸਭ ਤੋਂ ਵੱਡਾ ਦਾਤਾਰ ਹੈ,

ਸੋਈ ਪੂਰਨ ਪੁਰਖੁ ਬਿਧਾਤਾ ॥

ਉਹ ਆਪ ਹੀ ਸਭ ਵਿਚ ਵਿਆਪਕ ਸਿਰਜਣਹਾਰ ਹੈ।

ਬਾਲ ਸਹਾਈ ਸੋਈ ਤੇਰਾ ਜੋ ਤੇਰੈ ਮਨਿ ਭਾਵਣਾ ॥੧੨॥

ਹੇ ਪ੍ਰਭੂ! ਜਿਹੜਾ (ਤੇਰਾ ਭਗਤ) ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ, ਉਹੀ ਤੇਰਾ ਬਾਲ-ਸਖਾਈ ਹੈ (ਉਹੀ ਤੈਨੂੰ ਇਉਂ ਪਿਆਰਾ ਹੈ ਜਿਵੇਂ ਛੋਟੀ ਉਮਰ ਤੋਂ ਇਕੱਠੇ ਰਹਿਣ ਵਾਲੇ ਬਾਲਕ ਇਕ ਦੂਜੇ ਨੂੰ ਸਾਰੀ ਉਮਰ ਪਿਆਰ ਕਰਨ ਵਾਲੇ ਹੁੰਦੇ ਹਨ) ॥੧੨॥

ਮਿਰਤੁ ਦੂਖ ਸੂਖ ਲਿਖਿ ਪਾਏ ॥

ਮੌਤ ਦੁੱਖ ਸੁਖ ਕਰਤਾਰ ਨੇ ਆਪ ਹੀ (ਜੀਵਾਂ ਦੇ ਲੇਖਾਂ ਵਿਚ) ਲਿਖ ਕੇ ਰੱਖ ਦਿੱਤੇ ਹਨ।

ਤਿਲੁ ਨਹੀ ਬਧਹਿ ਘਟਹਿ ਨ ਘਟਾਏ ॥

ਨਾਹ ਇਹ ਵਧਾਇਆਂ ਰਤਾ ਭੀ ਵਧਦੇ ਹਨ, ਨਾਹ ਇਹ ਘਟਾਇਆਂ ਰਤਾ ਭਰ ਘਟਦੇ ਹਨ।

ਸੋਈ ਹੋਇ ਜਿ ਕਰਤੇ ਭਾਵੈ ਕਹਿ ਕੈ ਆਪੁ ਵਞਾਵਣਾ ॥੧੩॥

ਜੋ ਕੁਝ ਕਰਤਾਰ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। (ਇਹ) ਆਖ ਕੇ (ਕਿ ਅਸੀਂ ਆਪਣੇ ਆਪ ਕੁਝ ਕਰ ਸਕਦੇ ਹਾਂ) ਆਪਣੇ ਆਪ ਨੂੰ ਖ਼ੁਆਰ ਹੀ ਕਰਨਾ ਹੁੰਦਾ ਹੈ ॥੧੩॥

ਅੰਧ ਕੂਪ ਤੇ ਸੇਈ ਕਾਢੇ ॥

ਉਹਨਾਂ ਮਨੁੱਖਾਂ ਨੂੰ ਪਰਮਾਤਮਾ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਖੂਹ ਵਿਚੋਂ ਕੱਢ ਲੈਂਦਾ ਹੈ,

ਜਨਮ ਜਨਮ ਕੇ ਟੂਟੇ ਗਾਂਢੇ ॥

ਤੇ, ਕਈ ਜਨਮਾਂ ਦੇ (ਆਪਣੇ ਨਾਲੋਂ) ਟੁੱਟਿਆਂ ਹੋਇਆਂ ਨੂੰ (ਮੁੜ ਆਪਣੇ ਨਾਲ) ਜੋੜ ਲੈਂਦਾ ਹੈ,

ਕਿਰਪਾ ਧਾਰਿ ਰਖੇ ਕਰਿ ਅਪੁਨੇ ਮਿਲਿ ਸਾਧੂ ਗੋਬਿੰਦੁ ਧਿਆਵਣਾ ॥੧੪॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਕਿਰਪਾ ਕਰ ਕੇ ਆਪਣੇ ਬਣਾ ਲੈਂਦਾ ਹੈ, ਜਿਹੜੇ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ ॥੧੪॥

ਤੇਰੀ ਕੀਮਤਿ ਕਹਣੁ ਨ ਜਾਈ ॥

(ਹੇ ਪ੍ਰਭੂ) ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ।

ਅਚਰਜ ਰੂਪੁ ਵਡੀ ਵਡਿਆਈ ॥

ਤੇਰਾ ਸਰੂਪ ਹੈਰਾਨ ਕਰ ਦੇਣ ਵਾਲਾ ਹੈ, ਤੇ ਵਡਿਆਈ ਵੱਡੀ ਹੈ।

ਭਗਤਿ ਦਾਨੁ ਮੰਗੈ ਜਨੁ ਤੇਰਾ ਨਾਨਕ ਬਲਿ ਬਲਿ ਜਾਵਣਾ ॥੧੫॥੧॥੧੪॥੨੨॥੨੪॥੨॥੧੪॥੬੨॥

ਹੇ ਨਾਨਕ! ਤੇਰਾ ਸੇਵਕ (ਤੇਰੇ ਦਰ ਤੋਂ) ਤੇਰੀ ਭਗਤੀ ਦਾ ਖ਼ੈਰ ਮੰਗਦਾ ਹੈ, ਤੇ ਤੈਥੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ॥੧੫॥੧॥੧੪॥੨੨॥੨੪॥੨॥੧੪॥੬੨॥


ਮਾਰੂ ਵਾਰ ਮਹਲਾ ੩ ॥

ਰਾਗ ਮਾਰੂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ਮ : ੧ ॥
ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥

ਜੇ ਕੋਈ ਗਾਹਕ ਨਾਹ ਹੋਵੇ ਤੇ (ਕੋਈ) ਗੁਣ (ਭਾਵ, ਕੋਈ ਕੀਮਤੀ ਪਦਾਰਥ) ਵੇਚੀਏ ਤਾਂ ਉਹ ਗੁਣ ਸਸਤੇ-ਭਾ ਵਿਕ ਜਾਂਦਾ ਹੈ, (ਭਾਵ, ਉਸ ਦੀ ਕਦਰ ਨਹੀਂ ਪੈਂਦੀ)।

ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥

ਪਰ ਜੇ ਗੁਣ ਦਾ ਗਾਹਕ ਮਿਲ ਪਏ ਤਾਂ ਉਹ ਬਹੁਤ ਕੀਮਤ ਨਾਲ ਵਿਕਦਾ ਹੈ।

ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥

(ਪਰ ਜੇ ਕੋਈ ਕਦਰ ਜਾਣਨ ਵਾਲਾ ਮਨੁੱਖ) ਗੁਰੂ ਵਿਚ ‘ਆਪਾ’ ਲੀਨ ਕਰ ਦੇਵੇ, ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ (ਪ੍ਰਭੂ ਦਾ ‘ਨਾਮ’-ਰੂਪ ਕੀਮਤੀ ਪਦਾਰਥ) ਮਿਲਦਾ ਹੈ।

ਮੁੋਲਿ ਅਮੁੋਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥

‘ਨਾਮ’ ਪਦਾਰਥ ਹੈ, ਕਿਸੇ ਕੀਮਤ ਨਾਲ ਨਹੀਂ ਮਿਲ ਸਕਦਾ, ਕਿਸੇ ਹੱਟ ਤੋਂ ਖ਼ਰੀਦ ਕੇ ਨਹੀਂ ਲਿਆ ਜਾ ਸਕਦਾ।

ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥

ਹੇ ਨਾਨਕ! (‘ਨਾਮ’ ਦੇ ਮੁੱਲ ਦਾ) ਤੋਲ ਤਾਂ ਬੱਝਵਾਂ ਹੈ, ਉਹ ਕਦੇ ਘਟ ਨਹੀਂ ਸਕਦਾ (ਭਾਵ, ‘ਆਪਾ ਗੁਰੂ ਵਿਚ ਲੀਨ ਕਰਨਾ’-ਇਹ ਬੱਝਵਾਂ ਮੁੱਲ ਹੈ, ਤੇ ਇਸ ਤੋਂ ਘਟ ਕੋਈ ਹੋਰ ਉੱਦਮ ‘ਨਾਮ’ ਦੀ ਪ੍ਰਾਪਤੀ ਲਈ ਕਾਫ਼ੀ ਨਹੀਂ ਹੈ) ॥੧॥


ਮ : ੪ ॥
ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ ॥

ਜੋ ਮਨੁੱਖ ‘ਨਾਮ’ ਤੋਂ ਸੱਖਣੇ ਹਨ ਉਹ ਭਟਕਦੇ ਹਨ (ਭਟਕਣਾ ਦੇ ਕਾਰਨ) ਨਿੱਤ ਜੰਮਦੇ ਤੇ ਮਰਦੇ ਹਨ (ਭਾਵ, ‘ਵਾਸਨਾ’ ਪੂਰੀਆਂ ਕਰਨ ਲਈ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)।

ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥

ਸੋ, ਕਈ ਜੀਵ (ਇਹਨਾਂ ‘ਵਾਸਨਾ’ ਨਾਲ) ਬੱਝੇ ਪਏ ਹਨ, ਕਈਆਂ ਨੇ ਬੰਧਨ ਕੁਝ ਢਿੱਲੇ ਕਰ ਲਏ ਹਨ ਤੇ ਕਈ ਪ੍ਰਭੂ ਦੇ ਪਿਆਰ ਵਿਚ ਰਹਿ ਕੇ (ਬਿਲਕੁਲ) ਸੁਖੀ ਹੋ ਗਏ ਹਨ।

ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥

ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ, ਸਦਾ-ਥਿਰ ਨਾਮ ਉਸ ਵਾਸਤੇ ਕਰਨ-ਜੋਗ ਕੰਮ ਹੈ ਸਦਾ-ਥਿਰ ਨਾਮ ਹੀ ਉਸ ਦੀ ਜੀਵਨ-ਜੁਗਤਿ ਹੋ ਜਾਂਦਾ ਹੈ ॥੨॥


ਪਉੜੀ ॥
ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥

(ਗਿਆਨ, ਮਾਨੋ) ਬੜਾ ਤੇਜ਼ ਖੰਡਾ ਹੈ, ਇਹ ਗਿਆਨ ਗੁਰੂ ਤੋਂ ਮਿਲਦਾ ਹੈ।

ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥

(ਜਿਸ ਨੂੰ ਮਿਲਿਆ ਹੈ ਉਸ ਦਾ) ਮਾਇਆ ਦੀ ਖ਼ਾਤਰ ਭਟਕਣਾ, ਮੋਹ, ਲੋਭ ਤੇ ਅਹੰਕਾਰ-ਰੂਪ ਕਿਲ੍ਹਾ (ਜਿਸ ਵਿਚ ਉਹ ਘਿਰਿਆ ਪਿਆ ਸੀ, ਇਸ ਗਿਆਨ-ਖੜਗ ਨਾਲ) ਕੱਟਿਆ ਜਾਂਦਾ ਹੈ।

ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥

ਗੁਰੂ ਦੇ ਸ਼ਬਦ ਵਿਚ ਸੁਰਤ ਜੋੜਿਆਂ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ।

ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ ॥

ਸਿਮਰਨ ਦੇ ਸੰਜਮ ਨਾਲ ਉਸ ਦੀ ਮੱਤ ਚੰਗੀ ਹੋ ਜਾਂਦੀ ਹੈ, ਰੱਬ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।

ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥

(ਆਖ਼ਰ ਉਸ ਦੀ ਇਹ ਹਾਲਤ ਹੋ ਜਾਂਦੀ ਹੈ ਕਿ) ਸਦਾ-ਥਿਰ ਸਿਰਜਣਹਾਰ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ ॥੧॥


ਸਲੋਕੁ ਮ : ੩ ॥
ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ ॥

ਹੇ ਭਾਈ! ਕੇਦਾਰਾ ਰਾਗ ਨੂੰ (ਹੋਰ ਬਾਕੀ ਦੇ) ਰਾਗਾਂ ਵਿਚ ਤਾਂ ਹੀ ਜਾਣੋ (ਭਾਵ, ਕੇਦਾਰਾ ਰਾਗ ਨੂੰ ਤਾਂ ਹੀ ਵਡਿਆਈਏ, ਜੇ ਇਸ ਨੂੰ ਗਾਉਣ ਵਾਲਾ) ਗੁਰੂ ਦੇ ਸ਼ਬਦ ਵਿਚ ਪਿਆਰ ਕਰਨ ਲੱਗ ਪਏ,

ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ ॥

ਸਤਸੰਗਤਿ ਕਰਦਾ ਰਹੇ ਅਤੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਪਿਆਰ ਧਾਰਨ ਕਰੇ।

ਵਿਚਹੁ ਮਲੁ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ ॥

ਅੰਦਰੋਂ ਆਪਣੀ ਮੈਲ ਭੀ ਕੱਟੇ ਤੇ ਆਪਣੀਆਂ ਕੁਲਾਂ ਨੂੰ ਭੀ ਤਾਰ ਲਏ,

ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਢੈ ਵਿਡਾਰਿ ॥

ਗੁਣਾਂ ਦੀ ਪੂੰਜੀ ਇਕੱਠੀ ਕਰੇ ਤੇ ਔਗੁਣ ਮਾਰ ਕੇ ਕੱਢ ਦੇਵੇ।

ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ ॥੧॥

ਹੇ ਨਾਨਕ! (ਕੇਦਾਰਾ ਰਾਗ ਦੀ ਰਾਹੀਂ ਰੱਬ ਵਿਚ) ਜੁੜਿਆ ਉਸ ਨੂੰ ਸਮਝੋ ਜੋ ਕਦੇ ਆਪਣੇ ਗੁਰੂ ਦਾ ਆਸਰਾ ਨਾਹ ਛੱਡੇ ਤੇ ਮਾਇਆ ਵਿਚ ਮੋਹ ਨਾਹ ਪਾਏ ॥੧॥


ਮ : ੪ ॥
ਸਾਗਰੁ ਦੇਖਉ ਡਰਿ ਮਰਉ ਭੈ ਤੇਰੈ ਡਰੁ ਨਾਹਿ ॥

(ਹੇ ਪ੍ਰਭੂ!) ਜਦੋਂ ਮੈਂ (ਇਸ ਸੰਸਾਰ-) ਸਮੁੰਦਰ ਨੂੰ ਵੇਖਦਾ ਹਾਂ ਤਾਂ ਡਰ ਨਾਲ ਸਹਿਮ ਜਾਂਦਾ ਹਾਂ (ਕਿ ਕਿਵੇਂ ਇਸ ਵਿਚੋਂ ਬਚ ਕੇ ਲੰਘਾਂਗਾ, ਪਰ) ਤੇਰੇ ਡਰ ਵਿਚ ਰਿਹਾਂ (ਇਸ ਸੰਸਾਰ-ਸਮੁੰਦਰ ਦਾ ਕੋਈ) ਡਰ ਨਹੀਂ ਰਹਿ ਜਾਂਦਾ;

ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥੨॥

ਕਿਉਂਕਿ, ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸੰਤੋਖ ਵਾਲਾ ਬਣ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਮੈਂ ਖਿੜਦਾ ਹਾਂ ॥੨॥


ਮ : ੪ ॥
ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ ॥

(ਸੰਸਾਰ-) ਸਮੁੰਦਰ (ਤਾਂ ਵਿਕਾਰਾਂ ਦੀਆਂ) ਠਾਠਾਂ ਮਾਰ ਰਿਹਾ ਹੈ ਪਰ ਮੈਂ (ਗੁਰ-ਸ਼ਬਦ-ਰੂਪ) ਜਹਾਜ਼ ਵਿਚ ਚੜ੍ਹ ਕੇ (ਇਸ ਸਮੁੰਦਰ ਵਿਚੋਂ) ਲੰਘਾਂਗਾ।

ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ ॥

ਜੇ ਸਤਿਗੁਰ ਹੌਸਲਾ ਦੇਵੇ ਤਾਂ ਇਸ ਸੱਚੇ ਜਹਾਜ਼ ਵਿਚ ਚੜ੍ਹਿਆਂ (ਸਫ਼ਰ ਵਿਚ) ਕੋਈ ਰੋਕ ਨਹੀਂ ਪਏਗੀ।

ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ ॥

ਮੈਨੂੰ ਆਪਣਾ ਗੁਰੂ ਸੁਚੇਤ ਦਿੱਸ ਰਿਹਾ ਹੈ (ਮੈਨੂੰ ਨਿਸ਼ਚਾ ਹੈ ਕਿ ਗੁਰੂ ਮੈਨੂੰ) ਉਸ (ਪ੍ਰਭੂ ਦੇ) ਦਰ ਤੇ ਜਾ ਉਤਾਰੇਗਾ।

ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ ॥੩॥

ਹੇ ਨਾਨਕ! (ਇਹ ਗੁਰ-ਸ਼ਬਦ ਦਾ ਜਹਾਜ਼) ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ (ਇਸ ਦੀ ਬਰਕਤਿ ਨਾਲ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੩॥


ਪਉੜੀ ॥
ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ ॥

ਗੁਰੂ ਦੇ ਸਨਮੁਖ ਹੋ ਕੇ ਸਿਮਰਨ ਦੀ ਕਮਾਈ ਕਰ (ਤੇ ਇਸ ਤਰ੍ਹਾਂ) ਨਿਰਚੋਭ ਰਾਜ ਮਾਣ,

ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ ॥

(ਕਿਉਂਕਿ) ਜੋ ਪ੍ਰਭੂ ਸਦਾ-ਥਿਰ ਤਖ਼ਤ ਤੇ ਬਹਿ ਕੇ ਨਿਆਂ ਕਰ ਰਿਹਾ ਹੈ ਉਹ ਤੈਨੂੰ ਸਤਸੰਗ ਵਿਚ ਮਿਲਾ ਦੇਵੇਗਾ,

ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ ॥

ਓਥੇ ਨਾਮ-ਸਿਮਰਨ ਦੀ ਸੱਚੀ ਸਿੱਖਿਆ ਕਮਾਇਆਂ ਤੇਰੀ ਪ੍ਰਭੂ ਨਾਲ ਬਣ ਆਵੇਗੀ।

ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ ॥

ਇਸ ਜੀਵਨ ਵਿਚ ਸੁਖਦਾਤਾ ਰੱਬ ਮਨ ਵਿਚ ਵੱਸੇਗਾ ਤੇ ਅੰਤ ਵੇਲੇ ਭੀ ਸਾਥੀ ਬਣੇਗਾ।

ਹਰਿ ਸਿਉ ਪ੍ਰੀਤਿ ਊਪਜੀ ਗੁਰਿ ਸੋਝੀ ਪਾਈ ॥੨॥

ਜਿਸ ਮਨੁੱਖ ਨੂੰ ਸਤਿਗੁਰੂ ਨੇ ਸਮਝ ਬਖ਼ਸ਼ੀ ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ॥੨॥


ਸਲੋਕੁ ਮ : ੧ ॥
ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥

ਬਥੇਰੇ ਚਿਰ ਤੋਂ ਖੁੰਝੀ ਹੋਈ ਮੈਂ ਭਟਕ ਰਹੀ ਹਾਂ, ਮੈਨੂੰ ਕੋਈ ਪੱਧਰਾ ਰਾਹ ਨਹੀਂ ਦੱਸਦਾ,

ਪੂਛਹੁ ਜਾਇ ਸਿਆਣਿਆ ਦੁਖੁ ਕਾਟੈ ਮੇਰਾ ਕੋਇ ॥

ਕੋਈ ਧਿਰ ਜਾ ਕੇ ਕਿਸੇ ਸਿਆਣੇ ਬੰਦਿਆਂ ਨੂੰ ਪੁੱਛੋ, ਭਲਾ ਜੇ ਕੋਈ ਮੇਰਾ ਕਸ਼ਟ ਕੱਟ ਦੇਵੇ।

ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥

ਹੇ ਨਾਨਕ! ਜੇ ਸੱਚਾ ਗੁਰੂ ਮਨ ਵਿਚ ਆ ਵੱਸੇ ਤਾਂ ਸੱਜਣ ਪ੍ਰਭੂ ਭੀ ਓਸੇ ਥਾਂ (ਭਾਵ, ਹਿਰਦੇ ਵਿਚ ਹੀ ਮਿਲ ਪੈਂਦਾ ਹੈ),

ਨਾਨਕ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ ॥੧॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਤੇ ਪ੍ਰਭੂ ਦਾ ਨਾਮ ਸਿਮਰਿਆਂ ਮਨ ਭਟਕਣੋਂ ਹਟ ਜਾਂਦਾ ਹੈ ॥੧॥


ਮ : ੩ ॥
ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥

ਪ੍ਰਭੂ ਆਪਣੀ ਰਜ਼ਾ ਵਿਚ ਆਪ ਹੀ ਕਰਨ-ਜੋਗ ਕਾਰ ਕਰਦਾ ਹੈ,

ਆਪੇ ਕਿਸ ਹੀ ਬਖਸਿ ਲਏ ਆਪੇ ਕਾਰ ਕਮਾਇ ॥

ਆਪ ਹੀ ਜੀਵ ਨੂੰ ਬਖ਼ਸ਼ਦਾ ਹੈ ਆਪ ਹੀ (ਜਿਸ ਤੇ ਮਿਹਰ ਕਰੇ ਉਸ ਵਿਚ ਪ੍ਰਤੱਖ ਹੋ ਕੇ ਭਗਤੀ ਦੀ) ਕਾਰ ਕਮਾਂਦਾ ਹੈ।

ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥੨॥

ਹੇ ਨਾਨਕ! ਗੁਰੂ ਨੂੰ ਮਿਲ ਕੇ ਜਿਸ ਦੇ ਹਿਰਦੇ ਵਿਚ ਪ੍ਰਕਾਸ਼ ਹੁੰਦਾ ਹੈ ਉਹ ‘ਨਾਮ’ ਸਿਮਰ ਕੇ ਵਿਹੁ-ਰੂਪ ਮਾਇਆ ਤੋਂ ਪੈਦਾ ਹੋਏ ਦੁੱਖ ਸਾੜ ਦੇਂਦਾ ਹੈ ॥੨॥


ਪਉੜੀ ॥
ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ ॥

ਹੇ ਮੂਰਖ! ਹੇ ਮਨ ਦੇ ਗ਼ੁਲਾਮ! ਮਾਇਆ ਨੂੰ ਵੇਖ ਕੇ ਉਕਾਈ ਨਾਹ ਖਾਹ,

ਚਲਦਿਆ ਨਾਲਿ ਨ ਚਲਈ ਸਭੁ ਝੂਠੁ ਦਰਬੁ ਲਖਾ ॥

ਇਹ (ਏਥੋਂ) ਤੁਰਨ ਵੇਲੇ ਕਿਸੇ ਦੇ ਨਾਲ ਨਹੀਂ ਤੁਰਦੀ, ਸੋ, ਸਾਰੇ ਧਨ ਨੂੰ ਝੂਠਾ (ਸਾਥੀ) ਜਾਣ।

ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥

(ਪਰ ਇਸ ਮਾਇਆ ਨੂੰ ਵੇਖ ਕੇ) ਮੂਰਖ ਅੰਨ੍ਹਾ ਮਨੁੱਖ ਨਹੀਂ ਸਮਝਦਾ ਕਿ ਸਿਰ ਉਤੇ ਜਮ ਦੀ ਮੌਤ ਦੀ ਤਲਵਾਰ ਭੀ ਹੈ (ਤੇ ਇਸ ਮਾਇਆ ਨਾਲੋਂ ਸਾਥ ਟੁੱਟਣਾ ਹੈ)।

ਗੁਰਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥

ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦਾ ਰਸ ਚੱਖਿਆ ਹੈ ਉਹ ਗੁਰੂ ਦੀ ਮਿਹਰ ਨਾਲ (ਮਾਇਆ ਵਿਚ ਮੋਹ ਪਾਣ ਦੀ ਉਕਾਈ ਤੋਂ) ਬਚ ਜਾਂਦੇ ਹਨ।

ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥

ਇਹ (ਉੱਦਮ) ਪ੍ਰਭੂ ਆਪ ਹੀ (ਜੀਵ ਪਾਸੋਂ) ਕਰਾਂਦਾ ਹੈ (ਜੀਵ ਵਿਚ ਬੈਠ ਕੇ, ਮਾਨੋ) ਆਪ ਹੀ ਕਰਦਾ ਹੈ, ਆਪ ਹੀ ਜੀਵ ਦਾ ਰਾਖਾ ਹੈ ॥੩॥


ਸਲੋਕੁ ਮ : ੩ ॥
ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥

ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਜਿਨ੍ਹਾਂ ਦੇ ਅੰਦਰ ਰੱਬ ਦਾ ਰਤਾ ਭੀ ਡਰ ਨਹੀਂ,

ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥

ਉਹਨਾਂ ਨੂੰ ਜੰਮਣ ਮਰਨ (ਦਾ) ਡਾਢਾ ਦੁੱਖ ਲੱਗਾ ਰਹਿੰਦਾ ਹੈ, ਉਹਨਾਂ ਦੀ ਚਿੰਤਾ ਕਦੇ ਮੁੱਕਦੀ ਨਹੀਂ।

ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥

ਜਿਵੇਂ (ਧੋਣ ਵੇਲੇ) ਕੱਪੜਾ (ਪਟੜੇ ਤੇ) ਪਟਕਾਈਦਾ ਹੈ, ਜਿਵੇਂ ਘੜਿਆਲ ਮੁੜ ਮੁੜ (ਚੋਟਾਂ ਖਾਂਦਾ ਹੈ)

ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥

ਹੇ ਨਾਨਕ! ਤਿਵੇਂ ਪ੍ਰਭੂ-ਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਸਿਰ ਤੋਂ (ਭੀ) ਸਹਸਾ ਨਹੀਂ ਮੁੱਕਦਾ ॥੧॥


ਮ : ੩ ॥
ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥

ਹੇ ਸੱਜਣ (ਪ੍ਰਭੂ!) ਮੈਂ ਤਿੰਨਾਂ ਹੀ ਭਵਨਾਂ ਵਿਚ ਭਾਲ ਵੇਖਿਆ ਹੈ ਕਿ ਜਗਤ ਵਿਚ ‘ਹਉਮੈ’ ਚੰਦਰੀ (ਬਲਾ ਚੰਬੜੀ ਹੋਈ) ਹੈ।

ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥

(ਪਰ) ਹੇ ਨਾਨਕ ਦੇ ਦਿਲ! (ਇਸ ‘ਹਉਮੈ’ ਤੋਂ ਘਾਬਰ ਕੇ) ਚਿੰਤਾ ਨਾਹ ਕਰ, ਤੇ ਪ੍ਰਭੂ ਦਾ ਨਾਮ ਸਿਮਰ ਜੋ ਸਦਾ ਹੀ ਥਿਰ ਰਹਿਣ ਵਾਲਾ ਹੈ ॥੨॥


ਪਉੜੀ ॥
ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥

ਜੋ ਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਬਖ਼ਸ਼ਦਾ ਹੈ (ਭਾਵ, ਮਾਇਆ ਦੇ ਅਸਰ ਤੋਂ ਬਚਾਂਦਾ ਹੈ; ਵੇਖੋ ਪਉੜੀ ੩), ਉਹ ਮਨੁੱਖ ਪ੍ਰਭੂ ਦੇ ਨਾਮ ਵਿਚ ਜੁੜਦੇ ਹਨ।

ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥

ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਾਇਆ ਦੇ ਅਸਰ ਤੋਂ ਨਿਖੇੜਨ ਵਾਲਾ) ਨਿਸ਼ਾਨ ਲਾ ਕੇ ਆਪ ਹੀ ਉਸ ਨੇ (ਗੁਰਮੁਖ ਨੂੰ) ਭਗਤੀ ਵਿਚ ਲਾਇਆ ਹੈ।

ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥

ਜੋ ਮਨੁੱਖ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਭੂ ਦੇ ਦਰ ਤੇ ਅੱਖਾਂ ਨੀਵੀਆਂ ਨਹੀਂ ਕਰਨੀਆਂ ਪੈਂਦੀਆਂ, (ਕਿਉਂਕਿ ਭਗਤੀ ਕਰਨ ਕਰਕੇ) ਉਹਨਾਂ ਦੇ ਮੂੰਹ ਸੋਹਣੇ ਲੱਗਦੇ ਹਨ, ਪ੍ਰਭੂ-ਦਰ ਤੇ ਆਦਰ ਮਿਲਦਾ ਹੈ।

ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥

ਜਿਨ੍ਹਾਂ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ ਉਹ ਲੋਕ ਪਰਲੋਕ ਵਿਚ (ਮਾਇਆ ਦੇ ਪ੍ਰਭਾਵ ਤੋਂ) ਆਜ਼ਾਦ ਰਹਿੰਦੇ ਹਨ।

ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥

ਭਾਗਾਂ ਵਾਲੇ ਹਨ ਉਹ ਬੰਦੇ ਜਿਨ੍ਹਾਂ ਪ੍ਰਭੂ ਦੀ ਬੰਦਗੀ ਕੀਤੀ ਹੈ, ਮੈਂ ਉਹਨਾਂ ਤੋਂ ਸਦਕੇ ਹਾਂ ॥੪॥


ਸਲੋਕੁ ਮ : ੧ ॥
ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥

ਉਸ (ਜੀਵ-) ਇਸਤ੍ਰੀ ਨੂੰ ਕੋਈ ਚੱਜ ਨਹੀਂ ਜੋ ਨਿਰਾ ਆਪਣੇ ਸਰੀਰ ਨਾਲ ਪਿਆਰ ਕਰਦੀ ਹੈ, ਉਹ ਅੰਦਰੋਂ ਕਾਲੀ ਹੈ, ਮੈਲੀ ਹੈ।

ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥

ਹੇ ਨਾਨਕ! (ਜੀਵ-ਇਸਤ੍ਰੀ) ਖਸਮ ਪ੍ਰਭੂ ਨੂੰ ਤਾਂ ਹੀ ਮਿਲ ਸਕਦੀ ਹੈ ਜੇ (ਉਸ ਦੇ) ਅੰਦਰ ਗੁਣ ਹੋਣ, (ਪਰ ਕੁਚੱਜੀ) ਇਸਤ੍ਰੀ ਦੇ ਪਾਸ ਹੋਏ ਨਿਰੇ ਔਗੁਣ ਹੀ ॥੧॥


ਮ : ੧ ॥
ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥

ਉਹੀ ਜੀਵ-ਇਸਤ੍ਰੀ ਚੰਗੇ ਆਚਰਨ ਵਾਲੀ ਤੇ ਜੁਗਤਿ ਵਾਲੀ ਹੈ, ਉਹੀ ਪਰਵਾਰ ਵਿਚ ਮੰਨੀ-ਪ੍ਰਮੰਨੀ ਹੈ,

ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥

ਹੇ ਨਾਨਕ! ਜੋ ਇਸਤ੍ਰੀ ਪਤੀ ਦੇ ਹਿਤ ਵਿਚ ਪਿਆਰ ਵਿਚ ਰਹਿੰਦੀ ਹੈ। ਉਹ ਦਿਨੇ ਰਾਤ ਹਰ ਵੇਲੇ ਚੰਗੀ ਹੈ ॥੨॥


ਪਉੜੀ ॥
ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥

ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ (ਸਦਾ) ਪੜਤਾਲਿਆ ਹੈ ਉਸ ਨੂੰ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ,

ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥

ਪ੍ਰਭੂ ਆਪਣੀ ਮਿਹਰ ਕਰ ਕੇ ਉਸ ਨੂੰ ਸਤਿਗੁਰੂ ਦੇ ਸ਼ਬਦ ਵਿਚ ਜੋੜਦਾ ਹੈ,

ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥

ਤੇ, ਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਨੂੰ ਆਪਣੇ ਨਾਮ ਦਾ ਰਸ ਪਿਲਾਂਦਾ ਹੈ।

ਹਰਿ ਰਸੁ ਜਿਨੀ ਚਾਖਿਆ ਅਨ ਰਸ ਠਾਕਿ ਰਹਾਇਆ ॥

ਜਿਨ੍ਹਾਂ ਨੇ ਨਾਮ-ਰਸ ਚੱਖਿਆ ਹੈ ਉਹ ਹੋਰ ਰਸਾਂ ਨੂੰ ਵਰਜ ਰੱਖਦੇ ਹਨ (ਭਾਵ, ਦੁਨੀਆ ਦੇ ਚਸਕਿਆਂ ਨੂੰ ਆਪਣੇ ਨੇੜੇ ਨਹੀਂ ਢੁਕਣ ਦੇਂਦੇ)।

ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥

ਨਾਮ-ਰਸ ਪੀ ਕੇ ਉਹ ਸਦਾ ਰੱਜੇ ਰਹਿੰਦੇ ਹਨ ਤੇ ਮਾਇਆ ਦੀ ਤ੍ਰਿਸ਼ਨਾ ਤੇ ਭੁੱਖ ਨਾਸ ਕਰ ਲੈਂਦੇ ਹਨ ॥੫॥


ਸਲੋਕੁ ਮ : ੩ ॥
ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥

ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ‘ਨਾਮ’-ਸਿੰਗਾਰ ਹੈ ਉਸ ਨੂੰ ਪ੍ਰਭੂ-ਪਤੀ ਖ਼ੁਸ਼ੀ ਨਾਲ ਆਪਣੇ ਨਾਲ ਮਿਲਾਂਦਾ ਹੈ।

ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥

ਹੇ ਨਾਨਕ! ਜੋ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਹਜ਼ੂਰੀ ਵਿਚ ਖਲੋਤੀ ਰਹਿੰਦੀ ਹੈ ਉਸ ਨੂੰ ਸੋਭਾ ਮਿਲਦੀ ਹੈ ॥੧॥


ਮ : ੧ ॥
ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

ਪ੍ਰਭੂ-ਖਸਮ ਅਪਹੁੰਚ ਹੈ ਤੇ ਬਹੁਤ ਡੂੰਘਾ ਹੈ; ਜੋ ਜੀਵ-ਇਸਤ੍ਰੀਆਂ ਸਹੁਰੇ-ਘਰ ਤੇ ਪੇਕੇ-ਘਰ (ਦੋਹੀਂ ਥਾਈਂ, ਭਾਵ ਲੋਕ ਪਰਲੋਕ ਵਿਚ ਉਸ) ਖਸਮ ਦੀਆਂ ਹੋ ਕੇ ਰਹਿੰਦੀਆਂ ਹਨ,

ਨਾਨਕ ਧੰਨੁ ਸੁੋਹਾਗਣੀ ਜੋ ਭਾਵਹਿ ਵੇਪਰਵਾਹ ॥੨॥

ਤੇ (ਇਸ ਤਰ੍ਹਾਂ) ਉਸ ਬੇਪਰਵਾਹ ਨੂੰ ਪਿਆਰੀਆਂ ਲੱਗਦੀਆਂ ਹਨ, ਉਹ ਭਾਗਾਂ ਵਾਲੀਆਂ ਹਨ ॥੨॥


ਪਉੜੀ ॥
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥

ਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ ‘ਤ੍ਰਿਸ਼ਨਾ ਭੁਖ’ ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ)।

ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥

ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ।

ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥

ਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ (ਇਕ ਤਾਂ) ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ,

ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥

(ਦੂਜੇ) ਉਸ ਨੂੰ ਕੀਹ ਵਡਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।

ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥

ਅਟੱਲ ਰਾਜ ਵਾਲਾ ਇਕ ਪ੍ਰਭੂ ਹੀ ਹੈ। ਜੋ ਗੁਰੂ ਦੇ ਸਨਮੁਖ ਹੋ ਕੇ ਇਹ ਗੱਲ ਸਮਝ ਲੈਂਦਾ ਹੈ, ਉਹ ਭੀ (“ਤ੍ਰਿਸ਼ਨਾ ਭੁਖ” ਵਲੋਂ) ਅਡੋਲ ਹੋ ਜਾਂਦਾ ਹੈ ॥੬॥


ਸਲੋਕੁ ਮ : ੩ ॥
ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥

ਸਭ ਜੀਵ ਇਸਤ੍ਰੀਆਂ ਦਾ ਖਸਮ ਇਕ ਪ੍ਰਭੂ ਹੈ, ਕੋਈ ਐਸੀ ਨਹੀਂ ਜਿਸ ਦੇ ਸਿਰ ਉਤੇ ਖਸਮ ਨਾਹ ਹੋਵੇ।

ਨਾਨਕ ਸੇ ਸੋਹਾਗਣੀ ਜਿ ਸਤਿਗੁਰ ਮਾਹਿ ਸਮਾਹਿ ॥੧॥

ਪਰ, ਹੇ ਨਾਨਕ! ਸੁਹਾਗ-ਭਾਗ ਵਾਲੀਆਂ ਉਹ ਹਨ ਜੋ ਸਤਿਗੁਰੂ ਵਿਚ ਲੀਨ ਹਨ ॥੧॥


ਮ : ੩ ॥
ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥

(ਜਿਤਨਾ ਚਿਰ) ਮਨ ਦੀਆਂ ਕਈ ਲਹਿਰਾਂ ਹਨ (ਭਾਵ, ਤ੍ਰਿਸ਼ਨਾ ਦੀਆਂ ਕਈ ਲਹਿਰਾਂ ਮਨ ਵਿਚ ਉੱਠ ਰਹੀਆਂ ਹਨ, ਉਤਨਾ ਚਿਰ) ਮਾਲਕ ਦੀ ਹਜ਼ੂਰੀ ਵਿਚ ਸੁਰਖ਼ਰੂ ਨਹੀਂ ਹੋ ਸਕੀਦਾ।

ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥

ਜੇ ਬੇਅੰਤ ਪ੍ਰਭੂ ਦੇ ਗੂੜ੍ਹੇ ਪਿਆਰ ਵਿਚ, ਸਦਾ-ਥਿਰ ਰਹਿਣ ਵਾਲੇ ਰੰਗ ਵਿਚ ਮਨ ਮਸਤ ਰਹੇ,

ਨਾਨਕ ਗੁਰਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥

ਜੇ ਚਿੱਤ ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹੇ, ਤਾਂ, ਹੇ ਨਾਨਕ! ਗੁਰੂ ਦੀ ਮਿਹਰ ਨਾਲ ਸੁਰਖ਼ਰੂ ਹੋਈਦਾ ਹੈ ॥੨॥


ਪਉੜੀ ॥
ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥

(ਧਰਤੀ ਦੇ ਮਾਲਕ ਰਾਜਿਆਂ ਦੇ ਟਾਕਰੇ ਤੇ) ਪ੍ਰਭੂ ਦਾ ਨਾਮ ਇਕ ਐਸੀ ਵਸਤ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ, ਜਿਸ ਦੇ ਸਾਵੇਂ ਮੁੱਲ ਦੀ ਕੋਈ ਚੀਜ਼ ਨਹੀਂ ਦੱਸੀ ਜਾ ਸਕਦੀ,

ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥

(ਪ੍ਰਭੂ ਦੇ ਨਾਮ ਦੇ ਸਾਵੇਂ ਮੁੱਲ ਦੀ ਚੀਜ਼ ਹੋਵੇ ਭੀ ਕਿਵੇਂ? ਕਿਉਂਕਿ) ਉਸ ਨੇ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ।

ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥

(ਹਾਂ) ਗੁਰੂ ਦੇ ਸਨਮੁਖ ਹੋ ਕੇ ਸਦਾ ਸਿਫ਼ਤ-ਸਾਲਾਹ ਕਰੀਏ (ਬੱਸ, ਇਹ) ਸਿਮਰਨ ਹੀ (‘ਨਾਮ’ ਦੀ ਪ੍ਰਾਪਤੀ ਲਈ) ਮੁੱਲ ਕੀਤਾ ਜਾ ਸਕਦਾ ਹੈ,

ਗੁਰਸਬਦੀ ਕਮਲੁ ਬਿਗਾਸਿਆ ਇਵ ਹਰਿ ਰਸੁ ਪੀਜੈ ॥

(ਕਿਉਂਕਿ) ਗੁਰੂ ਦੇ ਸਬਦ ਦੀ ਰਾਹੀਂ ਹਿਰਦਾ-ਕੌਲ ਖਿੜਦਾ ਹੈ ਤੇ ਇਸ ਤਰ੍ਹਾਂ ਨਾਮ-ਰਸ ਪੀਵੀਦਾ ਹੈ,

ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ ॥੭॥

(ਜਗਤ ਵਿਚ) ਆਉਣ ਜਾਣ ਦਾ ਗੇੜ ਮੁੱਕ ਜਾਂਦਾ ਹੈ ਤੇ ਸੁਖ ਵਿਚ ਅਡੋਲ ਅਵਸਥਾ ਵਿਚ ਲੀਨ ਹੋ ਜਾਈਦਾ ਹੈ ॥੭॥


ਸਲੋਕੁ ਮ : ੧ ॥
ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥

(ਉਸ ਮਨੁੱਖ ਦਾ ਮਨ) ਵਿਕਾਰਾਂ ਨਾਲ ਨਹੀਂ ਲਿੱਬੜਦਾ, ਉਸ ਦੀ ਨਿਗਾਹ ਧੁੰਧਲੀ ਨਹੀਂ ਹੁੰਦੀ (ਭਾਵ, ਉਸ ਨੂੰ ਹਰ ਥਾਂ ਪਰਮਾਤਮਾ ਸਾਫ਼ ਪਿਆ ਦਿੱਸਦਾ ਹੈ) ਉਸ ਨੂੰ ਕਿਸੇ ਭੇਖ ਆਦਿਕ ਦੀ ਤਾਂਘ ਨਹੀਂ ਹੁੰਦੀ, ਨਾਸਵੰਤ ਜਗਤ ਦਾ ਮੋਹ ਭੀ ਉਸ ਨੂੰ ਨਹੀਂ ਵਿਆਪਦਾ।

ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥

ਹੇ ਨਾਨਕ! (ਆਖ-ਜਿਹੜਾ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ ਰੰਗਿਆ ਰਹਿੰਦਾ ਹੈ ਉਹ ਸਦਾ-ਥਿਰ ਪ੍ਰਭੂ (ਦਾ ਰੂਪ ਹੀ) ਹੋ ਜਾਂਦਾ ਹੈ, (ਉਸ ਦਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਰੰਗਿਆ ਜਾਂਦਾ ਹੈ ॥੧॥


ਮ : ੩ ॥
ਸਹਜਿ ਵਣਸਪਤਿ ਫੁਲੁ ਫਲੁ ਭਵਰੁ ਵਸੈ ਭੈ ਖੰਡਿ ॥

ਉਹ ਜੀਵ-ਭੌਰਾ (ਦੁਨੀਆ ਦੇ) ਸਾਰੇ ਡਰ ਨਾਸ ਕਰ ਕੇ (ਸਦਾ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਬਨਸਪਤੀ ਦਾ ਹਰੇਕ ਫੁੱਲ ਹਰੇਕ ਫਲ (ਜਗਤ ਦਾ ਹਰੇਕ ਮਨ-ਮੋਹਣਾ ਪਦਾਰਥ ਉਸ ਨੂੰ ਮਾਇਆ ਦੀ ਭਟਕਣਾ ਵਿਚ ਪਾਣ ਦੇ ਥਾਂ) ਆਤਮਕ ਅਡੋਲਤਾ ਵਿਚ ਟਿਕਾਂਦਾ ਹੈ।

ਨਾਨਕ ਤਰਵਰੁ ਏਕੁ ਹੈ ਏਕੋ ਫੁਲੁ ਭਿਰੰਗੁ ॥੨॥

ਹੇ ਨਾਨਕ! (ਜਿਵੇਂ ਪੰਛੀਆਂ ਦੇ ਰੈਣ-ਬਸੇਰੇ ਵਾਸਤੇ ਰੁੱਖ ਆਸਰਾ ਹੈ, ਤਿਵੇਂ ਜਿਹੜਾ ਜੀਵ-) ਭੌਰਾ ਸਿਰਫ਼ ਪਰਮਾਤਮਾ ਨੂੰ ਹੀ ਆਸਰਾ-ਸਹਾਰਾ ਸਮਝਦਾ ਹੈ (ਜੋ ਭੌਰਿਆਂ ਵਾਂਗ ਹਰੇਕ ਫੁੱਲ ਦੀ ਸੁਗੰਧੀ ਨਹੀਂ ਲੈਂਦਾ ਫਿਰਦਾ, ਸਗੋਂ ਪਰਮਾਤਮਾ ਦੀ ਸਿਫ਼ਤ ਸਾਲਾਹ-ਰੂਪ) ਫੁੱਲ (ਦੀ ਸੁਗੰਧੀ ਹੀ) ਮਾਣਦਾ ਹੈ ॥੨॥


ਪਉੜੀ ॥
ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥

ਜੋ ਮਨੁੱਖ (ਆਪਣੇ) ਮਨ ਨਾਲ ਲੜਦੇ ਹਨ ਉਹ ਸੂਰਮੇ ਇਨਸਾਨ ਬਣਦੇ ਹਨ ਉਹ ਮੰਨੇ-ਪ੍ਰਮੰਨੇ ਜਾਂਦੇ ਹਨ;

ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥

ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਹੈ ਉਹ ਸਦਾ ਰੱਬ ਨਾਲ ਮਿਲੇ ਰਹਿੰਦੇ ਹਨ।

ਗਿਆਨੀਆ ਕਾ ਇਹੁ ਮਹਤੁ ਹੈ ਮਨ ਮਾਹਿ ਸਮਾਨਾ ॥

ਗਿਆਨਵਾਨ ਬੰਦਿਆਂ ਦੀ ਵਡਿਆਈ ਹੀ ਇਹ ਹੈ (ਭਾਵ, ਇਸੇ ਗੱਲ ਵਿਚ ਵਡਿਆਈ ਹੈ) ਕਿ ਉਹ ਮਨ ਵਿਚ ਟਿਕੇ ਰਹਿੰਦੇ ਹਨ (ਭਾਵ, ਮਾਇਆ ਦੇ ਪਿੱਛੇ ਭਟਕਣ ਦੇ ਥਾਂ ਅੰਦਰ ਵਲ ਪਰਤੇ ਰਹਿੰਦੇ ਹਨ)।

ਹਰਿ ਜੀਉ ਕਾ ਮਹਲੁ ਪਾਇਆ ਸਚੁ ਲਾਇ ਧਿਆਨਾ ॥

(ਇਸ ਤਰ੍ਹਾਂ) ਸੁਰਤ ਜੋੜ ਕੇ ਉਹਨਾਂ ਨੂੰ ਰੱਬ ਦਾ ਘਰ ਲੱਭ ਪੈਂਦਾ ਹੈ, ਰੱਬ ਮਿਲ ਪੈਂਦਾ ਹੈ।

ਜਿਨ ਗੁਰਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ ॥੮॥

(ਸੋ) ਜਿਨ੍ਹਾਂ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਨੂੰ ਜਿੱਤਿਆ ਹੈ ਉਹਨਾਂ ਨੇ ਜਗਤ ਜਿੱਤ ਲਿਆ ਹੈ ॥੮॥


ਸਲੋਕੁ ਮ : ੩ ॥
ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਉ ॥

ਜੇ ਮੈਂ ਜੋਗੀ ਬਣ ਜਾਵਾਂ, ਜਗਤ ਵਿਚ ਭੌਂਦਾ ਫਿਰਾਂ ਤੇ ਘਰ ਘਰ ਤੋਂ (ਨਿਰਾ) ਖੈਰ ਹੀ ਲੈਂਦਾ ਰਹਾਂ

ਦਰਗਹ ਲੇਖਾ ਮੰਗੀਐ ਕਿਸੁ ਕਿਸੁ ਉਤਰੁ ਦੇਉ ॥

(ਤੇ ਆਪਣੀਆਂ ਕਰਤੂਤਾਂ ਵਲ ਵੇਖਾਂ ਹੀ ਨਾਹ, ਤਾਂ) ਪ੍ਰਭੂ ਦੀ ਹਜ਼ੂਰੀ ਵਿਚ (ਤਾਂ ਅਮਲਾਂ ਦਾ) ਲੇਖਾ ਮੰਗੀਦਾ ਹੈ ਮੈਂ ਕਿਸ ਕਿਸ ਕਰਤੂਤ ਦਾ ਜਵਾਬ ਦਿਆਂਗਾ?

ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ ॥

(ਜਿਸ ਮਨੁੱਖ ਨੇ) ਪ੍ਰਭੂ ਦੇ ਨਾਮ ਨੂੰ ਭਿੱਛਿਆ ਬਣਾਇਆ ਹੈ ਸੰਤੋਖ ਨੂੰ ਕੁਟੀਆ ਬਣਾਇਆ ਹੈ ਰੱਬ ਸਦਾ ਉਸ ਦੇ ਨਾਲ ਵੱਸਦਾ ਹੈ।

ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ ॥

ਭੇਖਾਂ ਨਾਲ ਕਦੇ ਕਿਸੇ ਨੂੰ ਅਸਲੀਅਤ ਨਹੀਂ ਲੱਭੀ, ਸਾਰੀ ਸ੍ਰਿਸ਼ਟੀ ਜਮਕਾਲ ਨੇ ਬੰਨ੍ਹ ਰੱਖੀ ਹੈ।

ਨਾਨਕ ਗਲਾ ਝੂਠੀਆ ਸਚਾ ਨਾਮੁ ਸਮਾਲਿ ॥੧॥

ਹੇ ਨਾਨਕ! ਪ੍ਰਭੂ ਦਾ ਨਾਮ ਹੀ ਯਾਦ ਕਰ, ਇਸ ਤੋਂ ਛੁਟ ਹੋਰ ਗੱਲਾਂ ਕੂੜੀਆਂ ਹਨ ॥੧॥


ਮ : ੩ ॥
ਜਿਤੁ ਦਰਿ ਲੇਖਾ ਮੰਗੀਐ ਸੋ ਦਰੁ ਸੇਵਿਹੁ ਨ ਕੋਇ ॥

ਜਿਸ ਬੂਹੇ ਤੇ (ਬੈਠਿਆਂ, ਕੀਤੇ ਕਰਮਾਂ ਦਾ) ਲੇਖਾ (ਫਿਰ ਭੀ) ਮੰਗਿਆ ਜਾਣਾ ਹੈ ਉਹ ਬੂਹਾ ਕੋਈ ਨਾਹ ਮੱਲਿਓ।

ਐਸਾ ਸਤਿਗੁਰੁ ਲੋੜਿ ਲਹੁ ਜਿਸੁ ਜੇਵਡੁ ਅਵਰੁ ਨ ਕੋਇ ॥

ਐਸਾ ਗੁਰੂ ਲੱਭੋ ਜਿਸ ਵਰਗਾ ਹੋਰ ਨਾਹ ਲੱਭ ਸਕੇ।

ਤਿਸੁ ਸਰਣਾਈ ਛੂਟੀਐ ਲੇਖਾ ਮੰਗੈ ਨ ਕੋਇ ॥

ਉਸ ਗੁਰੂ ਦੀ ਸਰਨ ਪਿਆਂ (ਕਰਮਾਂ ਦੇ ਗੇੜ ਤੋਂ) ਮੁਕਤ ਹੋਈਦਾ ਹੈ। (ਫਿਰ ਕਿਸੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ (ਕਿਉਂਕਿ)

ਸਚੁ ਦ੍ਰਿੜਾਏ ਸਚੁ ਦ੍ਰਿੜੁ ਸਚਾ ਓਹੁ ਸਬਦੁ ਦੇਇ ॥

ਉਹ ਗੁਰੂ ਆਪ ਪ੍ਰਭੂ ਦਾ ਨਾਮ ਪੱਲੇ ਬੰਨ੍ਹਦਾ ਹੈ (ਸਰਨ ਆਇਆਂ ਦੇ) ਪੱਲੇ ਬੰਨ੍ਹਾਂਦਾ ਹੈ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੇਂਦਾ ਹੈ।

ਹਿਰਦੈ ਜਿਸ ਦੈ ਸਚੁ ਹੈ ਤਨੁ ਮਨੁ ਭੀ ਸਚਾ ਹੋਇ ॥

ਜਿਸ ਮਨੁੱਖ ਦੇ ਹਿਰਦੇ ਵਿਚ ਰੱਬ ਆ ਵੱਸਦਾ ਹੈ ਉਸ ਦਾ ਸਰੀਰ ਭੀ ਉਸ ਦਾ ਮਨ ਭੀ ਰੱਬ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ।

ਨਾਨਕ ਸਚੈ ਹੁਕਮਿ ਮੰਨਿਐ ਸਚੀ ਵਡਿਆਈ ਦੇਇ ॥

ਹੇ ਨਾਨਕ! ਜੇ ਪ੍ਰਭੂ ਦੀ ਰਜ਼ਾ ਮੰਨ ਲਈਏ ਤਾਂ ਉਹ ਸੱਚੀ ਵਡਿਆਈ ਬਖ਼ਸ਼ਦਾ ਹੈ;

ਸਚੇ ਮਾਹਿ ਸਮਾਵਸੀ ਜਿਸ ਨੋ ਨਦਰਿ ਕਰੇਇ ॥੨॥

ਪਰ, ਉਹੀ ਮਨੁੱਖ ਆਪਣਾ ਆਪ ਪ੍ਰਭੂ ਵਿਚ ਲੀਨ ਕਰਦਾ ਹੈ ਜਿਸ ਉਤੇ ਉਹ ਆਪ ਮਿਹਰ ਦੀ ਨਜ਼ਰ ਕਰਦਾ ਹੈ ॥੨॥


ਪਉੜੀ ॥
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥

ਜੋ ਮਨੁੱਖ ਅਹੰਕਾਰ ਵਿਚ ਮਰਦੇ ਹਨ (ਖਪਦੇ ਹਨ) ਤੇ ਦੁੱਖ ਪਾਂਦੇ ਹਨ ਉਹਨਾਂ ਨੂੰ ਸੂਰਮੇ ਨਹੀਂ ਆਖੀਦਾ,

ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥

ਉਹ (ਅਹੰਕਾਰੀ) ਅੰਨ੍ਹੇ ਆਪਣਾ ਅਸਲਾ ਨਹੀਂ ਪਛਾਣਦੇ ਤੇ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ।

ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥

ਬੜੇ ਕ੍ਰੋਧ ਵਿਚ ਆ ਕੇ (ਦੂਜਿਆਂ ਨਾਲ) ਲੜਦੇ ਹਨ ਤੇ ਇਸ ਲੋਕ ਤੇ ਪਰਲੋਕ ਵਿਚ ਦੁੱਖ ਹੀ ਪਾਂਦੇ ਹਨ।

ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥

ਵੇਦ ਆਦਿਕ ਧਰਮ-ਪੁਸਤਕ ਭੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ।

ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥੯॥

ਜੋ ਮਨੁੱਖ ਅਹੰਕਾਰ ਵਿਚ ਹੀ ਮਰਦੇ ਰਹੇ ਉਹ ਬੇ-ਗਤੇ ਹੀ ਗਏ (ਉਹਨਾਂ ਦਾ ਜੀਵਨ ਨਾਹ ਸੁਧਰਿਆ), ਉਹ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ ॥੯॥


ਸਲੋਕੁ ਮ : ੩ ॥
ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ ॥

ਕਾਂ ਤੋਂ ਚਿੱਟਾ (ਹੰਸ) ਨਹੀਂ ਬਣ ਸਕਦਾ, ਲੋਹੇ ਦੀ ਬੇੜੀ (ਨਦੀ ਦਾ) ਪਾਰਲਾ ਕੰਢਾ ਨਹੀਂ ਲੱਭ ਸਕਦੀ;

ਪਿਰਮ ਪਦਾਰਥੁ ਮੰਨਿ ਲੈ ਧੰਨੁ ਸਵਾਰਣਹਾਰੁ ॥

ਪਰ ਸ਼ਾਬਾਸੇ ਉਸ ਸਵਾਰਨ ਵਾਲੇ (ਗੁਰੂ) ਨੂੰ (ਜਿਸ ਦੀ ਮੱਤ ਲੈ ਕੇ ਕਾਂ ਵਰਗੇ ਕਾਲੇ ਮਨ ਵਾਲਾ ਭੀ) ਪਰਮਾਤਮਾ ਦਾ ਨਾਮ ਅੰਗੀਕਾਰ ਕਰਦਾ ਹੈ,

ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ ॥

ਹੁਕਮ ਪਛਾਣਦਾ ਹੈ ਤਾਂ (ਕਾਂ ਤੋਂ) ਹੰਸ ਬਣ ਜਾਂਦਾ ਹੈ (ਜਿਵੇਂ) ਲੱਕੜ ਦੇ ਆਸਰੇ ਲੋਹਾ (ਨਦੀ ਦੇ) ਪਾਰਲੇ ਕੰਢੇ ਜਾ ਲੱਗਦਾ ਹੈ।

ਤ੍ਰਿਸਨਾ ਛੋਡੈ ਭੈ ਵਸੈ ਨਾਨਕ ਕਰਣੀ ਸਾਰੁ ॥੧॥

(ਗੁਰੂ ਦੇ ਆਸਰੇ) ਹੇ ਨਾਨਕ! ਉਹ ਤ੍ਰਿਸ਼ਨਾ ਤਿਆਗਦਾ ਹੈ ਤੇ ਰੱਬ ਦੇ ਡਰ ਵਿਚ ਜੀਊਂਦਾ ਹੈ, (ਬੱਸ!) ਇਹੀ ਕਰਣੀ ਸਭ ਤੋਂ ਚੰਗੀ ਹੈ ॥੧॥


ਮ : ੩ ॥
ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ ॥

ਜੋ ਮੂਰਖ ਬਾਹਰ ਜੰਗਲਾਂ ਵਿਚ ਮਨ ਨੂੰ ਮਾਰਨ ਵਾਸਤੇ ਗਏ ਉਹ ਮਾਰ ਨ ਸਕੇ;

ਨਾਨਕ ਜੇ ਇਹੁ ਮਾਰੀਐ ਗੁਰਸਬਦੀ ਵੀਚਾਰਿ ॥

ਹੇ ਨਾਨਕ! ਜੇ ਇਹ ਮਨ ਵੱਸ ਕੀਤਾ ਜਾ ਸਕਦਾ ਹੈ ਤਾਂ ਗੁਰੂ ਦੇ ਸ਼ਬਦ ਵਿਚ ਵਿਚਾਰ ਕੀਤਿਆਂ ਹੀ ਵੱਸ ਕੀਤਾ ਜਾ ਸਕਦਾ ਹੈ,

ਏਹੁ ਮਨੁ ਮਾਰਿਆ ਨਾ ਮਰੈ ਜੇ ਲੋਚੈ ਸਭੁ ਕੋਇ ॥

(ਨਹੀਂ ਤਾਂ ਉਂਞ) ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ਇਹ ਮਨ ਜਤਨ ਕੀਤਿਆਂ ਵੱਸ ਵਿਚ ਨਹੀਂ ਆਉਂਦਾ।

ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ ॥੨॥

ਹੇ ਨਾਨਕ! ਜੇ ਸਮਰੱਥ ਗੁਰੂ ਮਿਲ ਪਏ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ (ਭਾਵ, ਗੁਰੂ ਦੀ ਸਹੈਤਾ ਨਾਲ ਅੰਦਰ ਵਲ ਪਰਤਿਆਂ ਮਨ ਵੱਸ ਵਿਚ ਆ ਜਾਂਦਾ ਹੈ) ॥੨॥


ਪਉੜੀ ॥
ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥

ਇਸ ਸ੍ਰਿਸ਼ਟੀ ਵਿਚ ਮਾਇਆ ਤੇ ਆਤਮਾ (ਦੋਹਾਂ ਦਾ) ਵਾਸ ਹੈ (ਇਹਨਾਂ ਦੇ ਅਸਰ ਹੇਠ ਕੋਈ ਅਹੰਕਾਰ ਵਿਚ ਦੂਜਿਆਂ ਨਾਲ ਲੜਦੇ ਹਨ ਤੇ ਕੋਈ ਨਾਮ ਦੇ ਧਨੀ ਹਨ) ਇਹ ਦੋਵੇਂ ਪਾਸੇ ਪ੍ਰਭੂ ਨੇ ਆਪ ਹੀ ਬਣਾਏ ਹਨ।

ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥

ਮਾਇਆ ਦੇ ਅਸਰ ਵਿਚ ਰਹਿ ਕੇ ਕਿਸੇ ਨੇ (ਰੱਬ) ਨਹੀਂ ਲੱਭਾ, ਮੁੜ ਮੁੜ ਜੰਮਦਾ ਮਰਦਾ ਹੈ।

ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥

ਪਰ ਗੁਰੂ ਦੇ ਹੁਕਮ ਵਿਚ ਤੁਰਿਆਂ ਖਾਂਦਿਆਂ ਪੀਂਦਿਆਂ ਨਾਮ ਜਪ ਕੇ (ਹਿਰਦੇ ਵਿਚ) ਠੰਢ ਪੈਂਦੀ ਹੈ।

ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥

ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਆਦਿਕ ਸਾਰੇ ਧਰਮ-ਪੁਸਤਕਾਂ ਨੂੰ ਬੇਸ਼ਕ) ਖੋਜ ਕੇ ਵੇਖ ਲਉ, ਚੰਗੇ ਮਨੁੱਖ ਉਹ ਹਨ ਜੋ ਪ੍ਰਭੂ ਦੇ ਸੇਵਕ ਹਨ।

ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥

ਹੇ ਨਾਨਕ! ‘ਨਾਮ’ ਤੋਂ ਬਿਨਾ ਕੋਈ ਸ਼ੈ ਥਿਰ ਰਹਿਣ ਵਾਲੀ ਨਹੀਂ; ਮੈਂ ਸਦਕੇ ਹਾਂ ਪ੍ਰਭੂ ਦੇ ਨਾਮ ਤੋਂ ॥੧੦॥


ਸਲੋਕੁ ਮ : ੩ ॥
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥

ਜੇ ਮੈਂ (ਧਰਮ-ਪੁਸਤਕਾਂ ਦਾ) ਵਿਦਵਾਨ ਬਣ ਜਾਵਾਂ, ਜੋਤਸ਼ੀ ਬਣ ਜਾਵਾਂ, ਚਾਰੇ ਵੇਦ ਮੂੰਹ-ਜ਼ਬਾਨੀ ਪੜ੍ਹ ਸਕਾਂ;

ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥

ਜੇ ਆਪਣੇ ਆਚਰਨ ਦੇ ਕਾਰਨ ਆਪਣੀ ਚੰਗੀ ਅਕਲ ਦੇ ਕਾਰਨ ਸਾਰੀ ਹੀ ਧਰਤੀ ਵਿਚ ਮੇਰੀ ਇੱਜ਼ਤ ਹੋਵੇ;

ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥

(ਜੇ ਮੈਂ ਬੜੀ ਸੁੱਚ ਰੱਖਾਂ ਤੇ ਖ਼ਿਆਲ ਰੱਖਾਂ ਕਿ) ਕਿਤੇ ਕੋਈ (ਨੀਵੀਂ ਜਾਤਿ ਵਾਲਾ ਮਨੁੱਖ ਮੇਰੇ) ਚੌਂਕੇ ਨੂੰ ਭਿੱਟ ਨ ਜਾਏ (ਤਾਂ ਇਹ ਸਭ ਕੁਝ ਵਿਅਰਥ ਹੀ ਹੈ। (ਧਿਆਨ ਇਸ ਗੱਲ ਦਾ ਰਹਿਣਾ ਚਾਹੀਦਾ ਹੈ ਕਿ) ਕਿਤੇ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ (ਮਨ ਤੋਂ) ਭੁੱਲ ਨਾਹ ਜਾਏ।

ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥

ਹੇ ਨਾਨਕ! ਸਾਰੇ ਚੌਂਕੇ ਨਾਸਵੰਤ ਹਨ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ ॥੧॥


ਮ : ੩ ॥
ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥

ਪ੍ਰਭੂ ਆਪ ਹੀ (ਜੀਆਂ ਨੂੰ) ਪੈਦਾ ਕਰਦਾ ਹੈ (ਸਭ ਕਾਰਜ) ਆਪ ਹੀ ਕਰਦਾ ਹੈ, ਆਪ ਹੀ (ਜੀਆਂ ਤੇ) ਮਿਹਰ ਦੀ ਨਜ਼ਰ ਕਰਦਾ ਹੈ,

ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥

ਆਪ ਹੀ ਵਡਿਆਈਆਂ ਦੇਂਦਾ ਹੈ; ਆਖ, ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ (ਸਭ ਕੁਝ ਕਰਨ ਦੇ ਸਮਰੱਥ) ਹੈ ॥੨॥


ਪਉੜੀ ॥
ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥

(ਮਨੁੱਖ ਲਈ) ਮੌਤ (ਦਾ ਡਰ ਹੀ) ਇਕ (ਐਸਾ) ਕੰਡਾ ਹੈ (ਜੋ ਹਰ ਵੇਲੇ ਦਿਲ ਵਿਚ ਚੁੱਭਦਾ ਹੈ) ਕੋਈ ਹੋਰ ਕੰਡਾ (ਭਾਵ, ਸਹਿਮ) ਇਸ ਵਰਗਾ ਨਹੀਂ ਹੈ।

ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥

(ਇਹ ਮੌਤ) ਸਾਰੇ ਜਗਤ ਵਿਚ ਵਰਤ ਰਹੀ ਹੈ ਕੋਈ ਇਸ ਨੂੰ ਰੋਕ ਨਹੀਂ ਸਕਦਾ, (ਮੌਤ ਦਾ ਸਹਿਮ) ਵਿਕਾਰੀ ਬੰਦਿਆਂ ਨੂੰ (ਖ਼ਾਸ ਤੌਰ ਤੇ) ਅੜਦਾ ਹੈ (ਭਾਵ, ਦਬਾ ਪਾਂਦਾ ਹੈ)।

ਗੁਰਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥

ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਨਾਮ ਵਿਚ ਪ੍ਰੋਤਾ ਜਾਂਦਾ ਹੈ ਉਹ ਸਿਮਰਨ ਕਰ ਕੇ (ਅਸਲੀਅਤ ਨੂੰ) ਸਮਝ ਲੈਂਦਾ ਹੈ।

ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥

ਜੋ ਆਪਣੇ ਮਨ ਦੇ ਨਾਲ ਟਾਕਰਾ ਲਾਂਦਾ ਹੈ ਉਹ ਪ੍ਰਭੂ ਦੀ ਸਰਨ ਪੈ ਕੇ (ਮੌਤ ਦੇ ਸਹਿਮ ਤੋਂ) ਬਚ ਜਾਂਦਾ ਹੈ।

ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥

ਜੋ ਮਨੁੱਖ ਆਪਣੇ ਮਨ ਵਿਚ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰ ਕੇ ਬੰਦਗੀ ਕਰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਪਰਵਾਨ ਹੁੰਦਾ ਹੈ ॥੧੧॥


ਸਲੋਕੁ ਮ : ੧ ॥
ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥

ਪਰਮਾਤਮਾ ਦੇ ਹੁਕਮ ਵਿਚ ਤੁਰਿਆਂ ਪਰਮਾਤਮਾ ਨਾਲ ਬਣ ਆਉਂਦੀ ਹੈ, ਪ੍ਰਭੂ ਦੀ ਹਜ਼ੂਰੀ ਵਿਚ ਸੱਚ (ਭਾਵ, ਸਿਮਰਨ) ਪ੍ਰਵਾਨ ਹੈ।

ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥

ਦੁਨੀਆ ਨੂੰ ਵੇਖ ਕੇ (ਸਿਮਰਨ ਨੂੰ ਭੁੱਲਣ ਦੀ) ਗ਼ਲਤੀ ਨਾਹ ਖਾਹ, ਮਾਲਕ (ਤੇਰੇ ਅਮਲਾਂ ਦਾ) ਲੇਖਾ ਮੰਗੇਗਾ।

ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥

ਜੋ ਮਨੁੱਖ ਦਿਲ ਦੀ ਰਾਖੀ ਕਰਦਾ ਹੈ, ਦਿਲ ਨੂੰ ਸਿੱਧੇ ਰਾਹ ਤੇ ਰੱਖਣ ਦੀ ਫ਼ਕੀਰੀ ਕਮਾਂਦਾ ਹੈ,

ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥

ਹੇ ਨਾਨਕ! ਉਸ ਦੇ ਪਿਆਰ ਮੁਹੱਬਤ ਦਾ ਹਿਸਾਬ ਕਰਤਾਰ ਦੇ ਪਾਸ ਹੈ (ਭਾਵ, ਪ੍ਰਭੂ ਉਸ ਦੇ ਪਿਆਰ ਨੂੰ ਜਾਣਦਾ ਹੈ) ॥੧॥


ਮ : ੧ ॥
ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥

(ਜੋ ਜੀਵ-) ਭੌਰਾ ਨਿਰਲੇਪ ਰਹਿ ਕੇ ਹਰ ਥਾਂ ਪਰਮਾਤਮਾ ਨੂੰ ਤੱਕਦਾ ਹੈ,

ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥

ਜਿਸ ਦੀ ਆਤਮਾ ਪਰਮਾਤਮਾ ਵਿਚ ਪ੍ਰੋਤੀ ਹੋਈ ਹੈ, ਹੇ ਨਾਨਕ! ਉਹ ਪ੍ਰਭੂ-ਪ੍ਰੇਮ ਦੀ ਰਾਹੀਂ ਪ੍ਰਭੂ ਦੇ ਗਲ ਨਾਲ (ਲੱਗਾ ਹੋਇਆ) ਹੈ ॥੨॥


ਪਉੜੀ ॥
ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥

ਮਨ ਦੇ ਗ਼ੁਲਾਮ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਮੌਤ (ਦਾ ਸਹਿਮ) ਦਬਾਈ ਰੱਖਦਾ ਹੈ।

ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥

ਜੋ ਮਨੁੱਖ ਮਾਇਆ ਦੇ ਮੋਹ ਵਿਚ ਲੁੱਟੇ ਜਾ ਰਹੇ ਹਨ ਉਹਨਾਂ ਨੂੰ (ਇਹ ਸਹਿਮ) ਪਲ ਵਿਚ ਮਾਰ ਕੇ ਨਾਸ ਕਰਦਾ ਹੈ।

ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥

ਜਿਸ ਵੇਲੇ ਮੌਤ ਦਾ ਡੰਡਾ ਆ ਹੀ ਵੱਜਦਾ ਹੈ (ਮੌਤ ਸਿਰ ਤੇ ਆ ਜਾਂਦੀ ਹੈ) ਤਦੋਂ (ਇਸ ਮੋਹ ਵਿਚੋਂ ਨਿਕਲਣ ਲਈ) ਸਮਾ ਨਹੀਂ ਮਿਲਦਾ।

ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥

ਜੋ ਮਨੁੱਖ ਪਰਮਾਤਮਾ ਦੀ ਯਾਦ ਵਿਚ ਸੁਚੇਤ ਰਹਿੰਦੇ ਹਨ ਉਹਨਾਂ ਨੂੰ ਜਮ ਦਾ ਡੰਡਾ ਨਹੀਂ ਲੱਗਦਾ (ਸਹਿਮ ਨਹੀਂ ਮਾਰਦਾ)।

ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥

ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੀ ਹੀ ਹੈ, ਤੂੰ ਹੀ ਇਸ ਨੂੰ ਮਾਇਆ ਦੇ ਮੋਹ ਤੋਂ ਛਡਾਣਾ ਹੈ, ਸਾਰਿਆਂ ਦਾ ਤੂੰ ਹੀ ਆਸਰਾ ਹੈਂ ॥੧੨॥


ਸਲੋਕੁ ਮ : ੧ ॥
ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥

(ਜੋ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਨਾਹ ਨਾਸ ਹੋਣ ਵਾਲੀ ਵੇਖਦਾ ਹੈ ਉਸ ਨੂੰ ਬੜਾ ਦੁੱਖ ਵਿਆਪਦਾ ਹੈ,

ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥

ਉਹ (ਮਾਨੋ) ਕੱਲਰ ਲੱਦ ਰਿਹਾ ਹੈ (ਪਰ ਉਸ ਨੇ) ਸਮੁੰਦਰ ਲੰਘਣਾ ਹੈ, ਉਸ ਦੇ ਪੱਲੇ ਨਾਹ ਮੂਲ ਹੈ ਤੇ ਨਾਹ ਖੱਟੀ ॥੧॥


ਮ : ੧ ॥
ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥

(ਜਿਸ ਮਨੁੱਖ ਦੇ ਪਾਸ) ਪ੍ਰਭੂ ਦਾ ਨਾਮ ਪੂੰਜੀ ਹੈ, ਜਿਸ ਪਾਸ (ਹੇ ਪ੍ਰਭੂ!) ਤੂੰ ਨਾਹ ਮੁੱਕਣ ਵਾਲਾ ਤੇ ਬੇਅੰਤ ਧਨ ਹੈਂ,

ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥

ਜਿਸ ਪਾਸ ਇਹ ਪਵਿਤ੍ਰ ਸੌਦਾ ਹੈ, ਹੇ ਨਾਨਕ! ਉਹ ਸ਼ਾਹ ਧੰਨ ਹੈ ਤੇ ਉਸ ਦਾ ਵਣਜ ਧੰਨ ਹੈ ॥੨॥


ਮ : ੧ ॥
ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥

(ਹੇ ਜੀਵ!) ਪ੍ਰਭੂ ਨਾਲ ਮੁੱਢਲੀ ਪ੍ਰੀਤ ਪਛਾਣ, ਉਸ ਵੱਡੇ ਮਾਲਕ ਨੂੰ ਯਾਦ ਕਰ।

ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਨਾ ਜਮ ਨੂੰ (ਭਾਵ, ਮੌਤ ਦੇ ਸਹਿਮ ਨੂੰ) ਮੂੰਹ-ਭਾਰ ਮਾਰਦਾ ਹੈ ॥੩॥


ਪਉੜੀ ॥
ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥

ਪਰਮਾਤਮਾ ਨੇ ਆਪ ਹੀ ਇਹ ਮਨੁੱਖਾ ਸਰੀਰ ਸੰਵਾਰਿਆ ਹੈ ਤੇ ਆਪ ਹੀ ਇਸ ਵਿਚ ਆਪਣਾ ਨਾਮ (ਮਾਨੋ) ਨੌ ਖ਼ਜ਼ਾਨੇ ਪਾ ਦਿੱਤੇ ਹਨ।

ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥

ਪਰ ਕਈ ਜੀਵ ਉਸ ਨੇ ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਏ ਹੋਏ ਹਨ, ਉਹਨਾਂ ਦਾ (ਸਾਰਾ) ਉੱਦਮ ਅਸਫਲ ਜਾਂਦਾ ਹੈ।

ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥

ਕਈ ਜੀਵਾਂ ਨੇ ਗੁਰੂ ਦੇ ਸਨਮੁਖ ਹੋ ਕੇ (ਸਭ ਥਾਂ) ਪਰਮਾਤਮਾ ਦੀ ਜੋਤਿ (ਵਿਆਪਕ) ਸਮਝੀ ਹੈ,

ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥

ਕਈ ਜੀਵਾਂ ਨੇ ‘ਨਾਮ’ ਸੁਣ ਕੇ ਮੰਨ ਲਿਆ ਹੈ (ਭਾਵ, ‘ਨਾਮ’ ਵਿਚ ਮਨ ਗਿਝਾ ਲਿਆ ਹੈ) ਉਹਨਾਂ ਦਾ ਇਹ ਉੱਦਮ ਚੰਗਾ ਹੈ।

ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥

ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ‘ਨਾਮ’ ਸਿਮਰਦੇ ਹਨ ਉਹਨਾਂ ਦੇ ਮਨ ਵਿਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ ॥੧੩॥


ਸਲੋਕੁ ਮ : ੧ ॥
ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥

ਉਹੀ ਇਕ ਹਿਰਦਾ ਸਰਲ ਹੈ ਜਿਸ ਹਿਰਦੇ ਵਿਚ ਭੋਲਾ-ਪਨ ਤੇ (ਰੱਬੀ) ਡਰ ਦੇ ਕਾਰਨ (ਰੱਬ ਆਪ) ਵੱਸਦਾ ਹੈ।

ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ ॥੧॥

ਪਰ ਸਾੜੇ ਈਰਖਾ ਦੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ, ਮਨ ਬਾਣੀ ਤੇ ਸਰੀਰ ਤਿੰਨੇ ਹੀ ਭਰਿਸ਼ਟੇ ਰਹਿੰਦੇ ਹਨ ॥੧॥


ਮ : ੧ ॥
ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥

ਘਣਾ ਧੜਾ (ਭਾਵ, ਬਹੁਤੀ ਲੁਕਾਈ) ਤੱਕਦਾ ਹੈ ਉਸ ਢੋਲ ਨੂੰ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ}।

ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥੨॥

ਹੇ ਨਾਨਕ! ਤੂੰ ‘ਨਾਮ’ ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ ॥੨॥


ਮ : ੧ ॥
ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥

(ਇਹ) ਤ੍ਰੈ-ਗੁਣੀ (ਸੰਸਾਰ) (ਮਾਨੋ) ਇਕ ਅੱਤ ਡੂੰਘਾ ਸਮੁੰਦਰ ਹੈ, ਇਸ ਦੀ ਹਾਥ ਕਿਸ ਨੇ ਲੱਭੀ ਹੈ?

ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥

ਜੇ ਸਤਿਗੁਰੂ (ਜੋ ਇਸ ਤ੍ਰਿਗੁਣੀ ਸੰਸਾਰ ਵਲੋਂ) ਬੜਾ ਬੇ-ਪਰਵਾਹ (ਹੈ) ਮਿਲ ਪਏ ਤਾਂ ਮੈਂ ਭੀ ਇਸ ਤੋਂ ਪਾਰ ਲੰਘ ਜਾਵਾਂ।

ਮਝ ਭਰਿ ਦੁਖ ਬਦੁਖ ॥

ਇਸ ਸੰਸਾਰ-ਸਮੁੰਦਰ ਦਾ ਵਿਚਲਾ ਹਿੱਸਾ ਦੁੱਖਾਂ ਨਾਲ ਹੀ ਭਰਿਆ ਹੋਇਆ ਹੈ।

ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਦੀ ਭੀ (ਤ੍ਰਿਗੁਣੀ ਮਾਇਆ ਬਾਰੇ) ਭੁੱਖ ਨਹੀਂ ਉਤਰਦੀ ॥੩॥


ਪਉੜੀ ॥

ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥
ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਨੇ ਆਪਣਾ ਮਨ ਖੋਜਿਆ ਹੈ,

ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥

ਉਹ ਹਰਿ-ਨਾਮ ਸਿਮਰਦੇ ਹਨ ਤੇ ਮਨ-ਇੱਛਤ ਫਲ ਪਾਂਦੇ ਹਨ।

ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥

ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਪ੍ਰਭੂ ਦੇ ਗੁਣ ਗਾਂਦਾ ਹੈ।

ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥

ਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਂਦਾ।

ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥

ਉਹ ਦਿਨ ਰਾਤ ਹਰਿ-ਨਾਮ ਸਿਮਰਦੇ ਹਨ ਤੇ ਹਰਿ-ਨਾਮ ਵਿਚ ਜੁੜੇ ਰਹਿੰਦੇ ਹਨ ॥੧੪॥


ਸਲੋਕੁ ਮ : ੧ ॥
ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥

ਇਹੀ ਗੱਲ ਸੁਣੀਦੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸੁਰਗ ਵਿਚ ਧਰਤੀ ਤੇ ਪਾਤਾਲ ਵਿਚ (ਤਿੰਨਾਂ ਹੀ ਲੋਕਾਂ ਵਿਚ) ਪ੍ਰਭੂ ਇਕ ਆਪ ਹੀ ਆਪ ਹੈ,

ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥

ਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ, (ਜੀਆਂ ਦਾ) ਜੋ ਜੋ ਲੇਖ ਉਸ ਨੇ ਲਿਖਿਆ ਹੈ ਉਹੀ (ਹਰੇਕ ਜੀਵ ਨੂੰ) ਤੋਰ ਰਿਹਾ ਹੈ।

ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥

(ਸੋ,) ਨਾਹ ਕੋਈ ਮਰਦਾ ਹੈ ਨਾਹ ਕੋਈ ਮਾਰਦਾ ਹੈ, ਨਾਹ ਕੋਈ ਜੰਮਦਾ ਹੈ ਨਾਹ ਕੋਈ ਮਰਦਾ ਹੈ।

ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥

ਹੇ ਨਾਨਕ! ਉਹ ਆਪ ਹੀ ਆਨੰਦ ਲੈਣ ਵਾਲਾ ਹੈ, ਉਸ ਦੀ ਆਪਣੀ ਹੀ ਸੁਰਤ (ਆਪਣੇ ਆਪ ਵਿਚ) ਟਿਕੀ ਹੋਈ ਹੈ ॥੧॥


ਮ : ੧ ॥
ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥

ਜਿਤਨਾ ਚਿਰ ਜੀਵ ‘ਹਉਮੈ’ ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਹੈ।

ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥

ਪਰ, ਹੇ ਨਾਨਕ! ਜਦੋਂ ਮਨ ‘ਨਾਮ’ ਵਿਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥

ਅੱਖਾਂ ਆਪਣੇ ਆਪ ਵਿਚ ਰੱਤੀਆਂ ਜਾਂਦੀਆਂ ਹਨ, (ਨਿੰਦਾ ਆਦਿਕ) ਸੁਣਨ ਦੀ ਤਾਂਘ ਕੰਨਾਂ ਵਿਚ ਹੀ ਲੀਨ ਹੋ ਜਾਂਦੀ ਹੈ।

ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥

ਜੀਭ ‘ਨਾਮ’ ਸਿਮਰ ਕੇ ਨਾਮ-ਰਸੈਣ ਵਿਚ ਰੰਗੀਜ ਕੇ ਸੋਹਣਾ ਲਾਲ ਬਣ ਜਾਂਦੀ ਹੈ।

ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥੨॥

ਮਨ (‘ਨਾਮ’ ਵਿਚ) ਮਹਕ ਕੇ ਲਪਟਾਂ ਦੇਂਦਾ ਹੈ। (ਐਸੇ ਜੀਵਨ ਵਾਲੇ ਦਾ) ਮੁੱਲ ਨਹੀਂ ਪੈ ਸਕਦਾ ॥੨॥


ਪਉੜੀ ॥
ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥

ਮਨੁੱਖਾ ਜਨਮ ਵਿਚ (ਜੀਵ ਲਈ ਪਰਮਾਤਮਾ ਦਾ) ਨਾਮ ਹੀ (ਅਸਲ) ਖ਼ਜ਼ਾਨਾ ਹੈ, ‘ਨਾਮ’ ਹੀ (ਇਥੋਂ ਮਨੁੱਖ ਦੇ) ਨਾਲ ਜਾਂਦਾ ਹੈ,

ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥

ਇਹ ਨਾਮ-ਖ਼ਜ਼ਾਨਾ ਅਮੁੱਕ ਹੈ ਕਦੇ ਮੁੱਕਦਾ ਨਹੀਂ, ਬੇਸ਼ਕ ਖਾਓ ਖਰਚੋ ਤੇ ਪੱਲੇ ਬੰਨ੍ਹੋ।

ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥

(ਫਿਰ, ਇਸ ਖ਼ਜ਼ਾਨੇ ਵਾਲੇ) ਭਗਤ ਜਨ ਦੇ ਨੇੜੇ ਜਮਕਾਲ ਜਮਦੂਤ ਭੀ ਨਹੀਂ ਆਉਂਦੇ।

ਸੇ ਸਾਹ ਸਚੇ ਵਣਜਾਰਿਆ ਜਿਨ ਹਰਿ ਧਨੁ ਪਲੈ ॥

ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੈ ਉਹੀ ਸੱਚੇ ਸ਼ਾਹ ਹਨ ਉਹੀ ਸੱਚੇ ਵਪਾਰੀ ਹਨ।

ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥੧੫॥

ਇਹ ਨਾਮ-ਧਨ ਪਰਮਾਤਮਾ ਦੀ ਮਿਹਰ ਨਾਲ ਮਿਲਦਾ ਹੈ ਜਦੋਂ ਉਹ ਆਪ (ਗੁਰੂ ਨੂੰ ਜਗਤ ਵਿਚ) ਭੇਜਦਾ ਹੈ ॥੧੫॥


ਸਲੋਕੁ ਮ : ੩ ॥
ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਅਸਲ) ਵਪਾਰ ਦੀ ਕਦਰ ਨਹੀਂ ਜਾਣਦੇ, ਉਹ ਮਾਇਆ ਦਾ ਸੌਦਾ ਕਰਦੇ ਹਨ, ਮਾਇਆ ਜੋੜਦੇ ਹਨ ਤੇ ਮਾਇਆ ਨਾਲ ਹੀ ਪਿਆਰ ਕਰਦੇ ਹਨ;

ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥

ਉਹ ਬਾਹਰੋਂ ਤਾਂ ਵਿਦਵਾਨ ਅਖਵਾਂਦੇ ਹਨ ਪਰ ਅਸਲ ਵਿਚ ਮੂਰਖ ਹਨ ਗੰਵਾਰ ਹਨ,

ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥

(ਕਿਉਂਕਿ) ਉਹ ਪ੍ਰਭੂ ਨਾਲ ਤਾਂ ਮਨ ਨਹੀਂ ਲਾਂਦੇ (ਵਿੱਦਿਆ ਦੇ ਆਸਰੇ) ਚਰਚਾ ਵਿਚ ਪਿਆਰ ਕਰਦੇ ਹਨ,

ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥

ਚਰਚਾ ਦੀਆਂ ਹੀ ਨਿੱਤ ਗੱਲਾਂ ਕਰਦੇ ਹਨ; ਤੇ ਰੋਜ਼ੀ ਕਮਾਂਦੇ ਹਨ ਕੂੜ ਬੋਲ ਕੇ।

ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥

(ਅਸਲ ਗੱਲ ਇਹ ਹੈ ਕਿ) ਨਾਮ ਸਿਮਰਨਾ ਹੀ ਜਗਤ ਵਿਚ (ਪਵਿਤ੍ਰ ਕੰਮ) ਹੈ, ਹੋਰ ਜੋ ਕੁਝ ਦਿੱਸ ਰਿਹਾ ਹੈ (ਇਸ ਦਾ ਆਹਰ) ਮੈਲ ਪੈਦਾ ਕਰਦਾ ਹੈ।

ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥੧॥

ਹੇ ਨਾਨਕ! ਜੋ ‘ਨਾਮ’ ਨਹੀਂ ਸਿਮਰਦੇ ਉਹ ਮੂਰਖ ਨੀਵੇਂ ਜੀਵਨ ਵਾਲੇ ਹੋ ਕੇ ਆਤਮਕ ਮੌਤ ਸਹੇੜਦੇ ਹਨ ॥੧॥

1
2
3
4
5
6
7
8
9
10