ਰਾਗ ਮਾਰੂ – ਬਾਣੀ ਸ਼ਬਦ-Part 7 – Raag Maru – Bani
ਰਾਗ ਮਾਰੂ – ਬਾਣੀ ਸ਼ਬਦ-Part 7 – Raag Maru – Bani
ਮਾਰੂ ਮਹਲਾ ੩ ॥
ਅਗਮ ਅਗੋਚਰ ਵੇਪਰਵਾਹੇ ॥
ਹੇ ਅਪਹੁੰਚ ਪ੍ਰਭੂ! ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! ਹੇ ਬੇ-ਮੁਥਾਜ ਪ੍ਰਭੂ!
ਆਪੇ ਮਿਹਰਵਾਨ ਅਗਮ ਅਥਾਹੇ ॥
ਹੇ (ਆਪਣੇ ਵਰਗੇ) ਆਪ ਹੀ ਆਪ! ਹੇ ਮਿਹਰਵਾਨ! ਹੇ ਅਪਹੁੰਚ! ਹੇ ਡੂੰਘੇ ਜਿਗਰੇ ਵਾਲੇ!
ਅਪੜਿ ਕੋਇ ਨ ਸਕੈ ਤਿਸ ਨੋ ਗੁਰਸਬਦੀ ਮੇਲਾਇਆ ॥੧॥
ਜਿਸ ਮਨੁੱਖ ਨੂੰ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਨਾਲ ਮਿਲਾ ਲੈਂਦਾ ਹੈਂ, ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ॥੧॥
ਤੁਧੁਨੋ ਸੇਵਹਿ ਜੋ ਤੁਧੁ ਭਾਵਹਿ ॥
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਉਹ ਮਨੁੱਖ ਕਰਦੇ ਹਨ ਜਿਹੜੇ ਤੈਨੂੰ ਪਿਆਰੇ ਲੱਗਦੇ ਹਨ।
ਗੁਰ ਕੈ ਸਬਦੇ ਸਚਿ ਸਮਾਵਹਿ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ) ਸਦਾ-ਥਿਰ ਨਾਮ ਵਿਚ ਲੀਨ ਰਹਿੰਦੇ ਹਨ,
ਅਨਦਿਨੁ ਗੁਣ ਰਵਹਿ ਦਿਨੁ ਰਾਤੀ ਰਸਨਾ ਹਰਿ ਰਸੁ ਭਾਇਆ ॥੨॥
ਹਰ ਵੇਲੇ ਦਿਨ ਰਾਤ ਉਹ ਤੇਰੇ ਗੁਣ ਗਾਂਦੇ ਹਨ। ਹੇ ਹਰੀ! ਉਹਨਾਂ ਦੀ ਜੀਭ ਨੂੰ ਤੇਰੇ ਨਾਮ-ਅੰਮ੍ਰਿਤ ਦਾ ਸੁਆਦ ਚੰਗਾ ਲੱਗਦਾ ਹੈ ॥੨॥
ਸਬਦਿ ਮਰਹਿ ਸੇ ਮਰਣੁ ਸਵਾਰਹਿ ॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ, ਆਪਾ-ਭਾਵ ਵਲੋਂ) ਮਰਦੇ ਹਨ, ਉਹ ਆਪਣੀ ਇਹ ਮੌਤ ਹੋਰਨਾਂ ਵਾਸਤੇ ਸੋਹਣੀ ਬਣਾ ਲੈਂਦੇ ਹਨ (ਭਾਵ, ਲੋਕਾਂ ਨੂੰ ਉਹਨਾਂ ਦਾ ਇਹ ਆਤਮਕ ਜੀਵਨ ਚੰਗਾ ਲੱਗਦਾ ਹੈ)।
ਹਰਿ ਕੇ ਗੁਣ ਹਿਰਦੈ ਉਰ ਧਾਰਹਿ ॥
ਉਹ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕਾਈ ਰੱਖਦੇ ਹਨ।
ਜਨਮੁ ਸਫਲੁ ਹਰਿ ਚਰਣੀ ਲਾਗੇ ਦੂਜਾ ਭਾਉ ਚੁਕਾਇਆ ॥੩॥
ਪਰਮਾਤਮਾ ਦੇ ਚਰਨਾਂ ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਕਾਮਯਾਬ ਬਣਾ ਲੈਂਦੇ ਹਨ, ਉਹ (ਆਪਣੇ ਅੰਦਰੋਂ) ਮਾਇਆ ਦਾ ਪਿਆਰ ਮੁਕਾ ਲੈਂਦੇ ਹਨ ॥੩॥
ਹਰਿ ਜੀਉ ਮੇਲੇ ਆਪਿ ਮਿਲਾਏ ॥
ਪਰਮਾਤਮਾ ਉਹਨਾਂ ਮਨੁੱਖਾਂ ਨੂੰ ਆਪ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ,
ਗੁਰ ਕੈ ਸਬਦੇ ਆਪੁ ਗਵਾਏ ॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ।
ਅਨਦਿਨੁ ਸਦਾ ਹਰਿ ਭਗਤੀ ਰਾਤੇ ਇਸੁ ਜਗ ਮਹਿ ਲਾਹਾ ਪਾਇਆ ॥੪॥
ਉਹ ਹਰ ਵੇਲੇ ਸਦਾ ਪਰਮਾਤਮਾ ਦੀ ਭਗਤੀ ਵਿਚ ਮਸਤ ਰਹਿੰਦੇ ਹਨ, ਇਸ ਜਗਤ ਵਿਚ ਉਹ (ਭਗਤੀ ਦਾ) ਲਾਭ ਖੱਟਦੇ ਹਨ ॥੪॥
ਤੇਰੇ ਗੁਣ ਕਹਾ ਮੈ ਕਹਣੁ ਨ ਜਾਈ ॥
ਹੇ ਪ੍ਰਭੂ! (ਮੇਰਾ ਜੀ ਕਰਦਾ ਹੈ ਕਿ) ਮੈਂ ਤੇਰੇ ਗੁਣਾਂ ਦਾ ਕਥਨ ਕਰਾਂ, ਪਰ ਮੈਥੋਂ ਬਿਆਨ ਨਹੀਂ ਕੀਤੇ ਜਾ ਸਕਦੇ।
ਅੰਤੁ ਨ ਪਾਰਾ ਕੀਮਤਿ ਨਹੀ ਪਾਈ ॥
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੁੱਲ ਨਹੀਂ ਪੈ ਸਕਦਾ।
ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ॥੫॥
ਸਾਰੇ ਸੁਖਾਂ ਦਾ ਦੇਣ ਵਾਲਾ (ਪ੍ਰਭੂ ਜਦੋਂ) ਆਪ ਹੀ ਦਇਆ ਕਰਦਾ ਹੈ, ਤਾਂ ਗੁਣ ਗਾਣ ਵਾਲੇ ਨੂੰ ਆਪਣੇ ਗੁਣਾਂ ਵਿਚ ਲੀਨ ਕਰ ਲੈਂਦਾ ਹੈ ॥੫॥
ਇਸੁ ਜਗ ਮਹਿ ਮੋਹੁ ਹੈ ਪਾਸਾਰਾ ॥
ਇਸ ਜਗਤ ਵਿਚ (ਹਰ ਪਾਸੇ) ਮੋਹ ਪਸਰਿਆ ਹੋਇਆ ਹੈ।
ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਮੋਹ ਦੇ ਕਾਰਨ) ਆਤਮਕ ਜੀਵਨ ਵਲੋਂ ਬੇ-ਸਮਝ ਰਹਿੰਦਾ ਹੈ, (ਮੋਹ ਵਿਚ) ਬਿਲਕੁਲ ਅੰਨ੍ਹਾ ਹੋਇਆ ਰਹਿੰਦਾ ਹੈ,
ਧੰਧੈ ਧਾਵਤੁ ਜਨਮੁ ਗਵਾਇਆ ਬਿਨੁ ਨਾਵੈ ਦੁਖੁ ਪਾਇਆ ॥੬॥
(ਮੋਹ ਦੇ) ਧੰਧੇ ਵਿਚ ਭਟਕਦਾ ਭਟਕਦਾ (ਮਨੁੱਖਾ) ਜਨਮ ਜਾਇਆ ਕਰ ਲੈਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾਂਦਾ ਹੈ ॥੬॥
ਕਰਮੁ ਹੋਵੈ ਤਾ ਸਤਿਗੁਰੁ ਪਾਏ ॥
(ਜਦੋਂ ਕਿਸੇ ਮਨੁੱਖ ਉਤੇ) ਪਰਮਾਤਮਾ ਦੀ ਮਿਹਰ ਹੁੰਦੀ ਹੈ, ਤਦੋਂ ਉਸ ਨੂੰ ਗੁਰੂ ਮਿਲਦਾ ਹੈ।
ਹਉਮੈ ਮੈਲੁ ਸਬਦਿ ਜਲਾਏ ॥
ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਆਪਣੇ ਅੰਦਰੋਂ) ਹਉਮੈ ਦੀ ਮੈਲ ਸਾੜਦਾ ਹੈ।
ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥੭॥
ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, (ਉਸ ਨੂੰ ਆਪਣੇ ਅੰਦਰੋਂ) ਗਿਆਨ ਰਤਨ (ਲੱਭ ਪੈਂਦਾ ਹੈ, ਜੋ ਉਸ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਕਰ ਦੇਂਦਾ ਹੈ, ਇਸ ਤਰ੍ਹਾਂ ਉਹ (ਆਪਣੇ ਅੰਦਰੋਂ) ਅਗਿਆਨ-ਹਨੇਰਾ ਦੂਰ ਕਰ ਲੈਂਦਾ ਹੈ ॥੭॥
ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥
ਹੇ ਪ੍ਰਭੂ! (ਤੇਰੇ ਗੁਣਾਂ ਦੇ ਆਧਾਰ ਤੇ) ਤੇਰੇ ਅਨੇਕਾਂ ਹੀ ਨਾਮ ਹਨ, ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰਾ ਨਾਮ ਪ੍ਰਾਪਤ ਨਹੀਂ ਹੋ ਸਕਦਾ)।
ਸਚੁ ਨਾਮੁ ਹਰਿ ਹਿਰਦੈ ਵਸਾਈ ॥
(ਜੇ ਤੂੰ ਮਿਹਰ ਕਰੇਂ, ਤਾਂ) ਮੈਂ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਆਪਣੇ ਹਿਰਦੇ ਵਿਚ ਵਸਾਵਾਂ।
ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ ॥੮॥
ਹੇ ਪ੍ਰਭੂ! ਕੌਣ ਤੇਰਾ ਮੁੱਲ ਪਾ ਸਕਦਾ ਹੈ? (ਜਿਸ ਉਤੇ ਤੂੰ ਦਇਆ ਕਰਦਾ ਹੈਂ, ਉਸ ਨੂੰ) ਤੂੰ ਆਪ ਹੀ ਆਤਮਕ ਅਡੋਲਤਾ ਵਿਚ ਲੀਨ ਰੱਖਦਾ ਹੈਂ ॥੮॥
ਨਾਮੁ ਅਮੋਲਕੁ ਅਗਮ ਅਪਾਰਾ ॥
ਅਪਹੁੰਚ ਤੇ ਬੇਅੰਤ ਪਰਮਾਤਮਾ ਦੇ ਨਾਮ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।
ਨਾ ਕੋ ਹੋਆ ਤੋਲਣਹਾਰਾ ॥
ਕੋਈ ਭੀ ਜੀਵ (ਹਰਿ-ਨਾਮ ਦਾ) ਮੁੱਲ ਪਾਣ-ਜੋਗਾ ਨਹੀਂ ਹੋ ਸਕਿਆ।
ਆਪੇ ਤੋਲੇ ਤੋਲਿ ਤੋਲਾਏ ਗੁਰਸਬਦੀ ਮੇਲਿ ਤੋਲਾਇਆ ॥੯॥
ਉਹ ਪ੍ਰਭੂ ਆਪ ਹੀ ਆਪਣੇ ਨਾਮ ਦੀ ਕਦਰ ਜਾਣਦਾ ਹੈ। ਆਪ ਕਦਰ ਜਾਣ ਕੇ ਜੀਵਾਂ ਨੂੰ ਕਦਰ ਕਰਨੀ ਸਿਖਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਨਾਲ) ਮੇਲ ਕੇ ਕਦਰ ਸਿਖਾਂਦਾ ਹੈ ॥੯॥
ਸੇਵਕ ਸੇਵਹਿ ਕਰਹਿ ਅਰਦਾਸਿ ॥
ਹੇ ਪ੍ਰਭੂ! ਤੇਰੇ ਭਗਤ ਤੇਰੀ ਸੇਵਾ-ਭਗਤੀ ਕਰਦੇ ਹਨ, (ਤੇਰੇ ਦਰ ਤੇ) ਅਰਦਾਸ ਕਰਦੇ ਹਨ।
ਤੂ ਆਪੇ ਮੇਲਿ ਬਹਾਲਹਿ ਪਾਸਿ ॥
ਤੂੰ ਆਪ ਹੀ ਉਹਨਾਂ ਨੂੰ (ਆਪਣੇ ਨਾਮ ਵਿਚ) ਜੋੜ ਕੇ ਆਪਣੇ ਪਾਸ ਬਿਠਾਂਦਾ ਹੈਂ।
ਸਭਨਾ ਜੀਆ ਕਾ ਸੁਖਦਾਤਾ ਪੂਰੈ ਕਰਮਿ ਧਿਆਇਆ ॥੧੦॥
ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈਂ। ਤੇਰੀ ਪੂਰੀ ਮਿਹਰ ਨਾਲ (ਹੀ ਤੇਰੇ ਸੇਵਕ) ਤੇਰਾ ਸਿਮਰਨ ਕਰਦੇ ਹਨ ॥੧੦॥
ਜਤੁ ਸਤੁ ਸੰਜਮੁ ਜਿ ਸਚੁ ਕਮਾਵੈ ॥
ਕਾਮ-ਵਾਸਨਾ ਨੂੰ ਰੋਕਣਾ, ਵਿਕਾਰ-ਰਹਿਤ ਜੀਵਨ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ (ਉਹ ਮਨੁੱਖ ਮਾਨੋ ਇਹ ਸਾਰੇ ਹੀ ਕਰਮ ਕਰ ਲੈਂਦਾ ਹੈ) ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।
ਇਹੁ ਮਨੁ ਨਿਰਮਲੁ ਜਿ ਹਰਿ ਗੁਣ ਗਾਵੈ ॥
ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ।
ਇਸੁ ਬਿਖੁ ਮਹਿ ਅੰਮ੍ਰਿਤੁ ਪਰਾਪਤਿ ਹੋਵੈ ਹਰਿ ਜੀਉ ਮੇਰੇ ਭਾਇਆ ॥੧੧॥
ਆਤਮਕ ਮੌਤ ਲਿਆਉਣ ਵਾਲੀ ਇਸ ਮਾਇਆ-ਜ਼ਹਰ ਦੇ ਵਿਚ ਵਰਤਦਿਆਂ ਹੀ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲ ਜਾਂਦਾ ਹੈ। ਮੇਰੇ ਪ੍ਰਭੂ ਨੂੰ ਇਹੀ ਮਰਯਾਦਾ ਭਾਂਦੀ ਹੈ ॥੧੧॥
ਜਿਸ ਨੋ ਬੁਝਾਏ ਸੋਈ ਬੂਝੈ ॥
ਜਿਸ ਮਨੁੱਖ ਨੂੰ ਪਰਮਾਤਮਾ ਆਪ ਆਤਮਕ ਜੀਵਨ ਦੀ ਸਮਝ ਦੇਂਦਾ ਹੈ, ਉਹੀ ਮਨੁੱਖ ਸਮਝਦਾ ਹੈ।
ਹਰਿ ਗੁਣ ਗਾਵੈ ਅੰਦਰੁ ਸੂਝੈ ॥
(ਜਿਉਂ ਜਿਉਂ) ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਸੂਝ ਵਾਲਾ ਹੁੰਦਾ ਜਾਂਦਾ ਹੈ।
ਹਉਮੈ ਮੇਰਾ ਠਾਕਿ ਰਹਾਏ ਸਹਜੇ ਹੀ ਸਚੁ ਪਾਇਆ ॥੧੨॥
ਉਹ ਮਨੁੱਖ ਹਉਮੈ ਅਤੇ ਮਮਤਾ ਨੂੰ (ਪ੍ਰਭਾਵ ਪਾਣ ਤੋਂ) ਰੋਕ ਰੱਖਦਾ ਹੈ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ ॥੧੨॥
ਬਿਨੁ ਕਰਮਾ ਹੋਰ ਫਿਰੈ ਘਨੇਰੀ ॥
ਪਰਮਾਤਮਾ ਦੀ ਮਿਹਰ ਤੋਂ ਬਿਨਾ (ਨਾਮ ਤੋਂ ਖੁੰਝੀ ਹੋਈ) ਹੋਰ ਬਥੇਰੀ ਲੁਕਾਈ ਭਟਕਦੀ ਫਿਰਦੀ ਹੈ।
ਮਰਿ ਮਰਿ ਜੰਮੈ ਚੁਕੈ ਨ ਫੇਰੀ ॥
ਉਹ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕਦਾ ਨਹੀਂ।
ਬਿਖੁ ਕਾ ਰਾਤਾ ਬਿਖੁ ਕਮਾਵੈ ਸੁਖੁ ਨ ਕਬਹੂ ਪਾਇਆ ॥੧੩॥
ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਲੱਟੂ ਹੋਇਆ ਰਹਿੰਦਾ ਹੈ, ਉਹ ਇਹ ਜ਼ਹਰ ਹੀ ਵਿਹਾਝਦਾ ਫਿਰਦਾ ਹੈ, ਉਹ ਕਦੇ ਆਤਮਕ ਆਨੰਦ ਨਹੀਂ ਮਾਣ ਸਕਦਾ ॥੧੩॥
ਬਹੁਤੇ ਭੇਖ ਕਰੇ ਭੇਖਧਾਰੀ ॥
(ਤਿਆਗੀਆਂ ਵਾਲਾ ਪਹਿਰਾਵਾ ਪਾਈ ਫਿਰਦਿਆਂ ਨੂੰ ਵੇਖ ਕੇ ਭੀ ਨਾਹ ਭੁੱਲ ਜਾਣਾ ਕਿ ਇਹ ਇਸ ਜ਼ਹਰ ਤੋਂ ਬਚੇ ਹੋਏ ਹਨ। ਜੋਗ ਸੰਨਿਆਸ ਆਦਿਕ ਵਾਲਾ) ਧਾਰਮਿਕ ਪਹਿਰਾਵਾ ਪਾਣ ਵਾਲਾ ਮਨੁੱਖ ਬਥੇਰੇ (ਇਹੋ ਜਿਹੇ) ਭੇਖ ਕਰਦਾ ਹੈ,
ਬਿਨੁ ਸਬਦੈ ਹਉਮੈ ਕਿਨੈ ਨ ਮਾਰੀ ॥
ਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਨਹੀਂ ਕਰ ਸਕਿਆ।
ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥੧੪॥
ਜਦੋਂ ਮਨੁੱਖ ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ ਆਪਾ-ਭਾਵ ਛੱਡਦਾ ਹੈ, ਤਦੋਂ ਉਹ (ਹਉਮੈ ਤੋਂ) ਖ਼ਲਾਸੀ ਪਾ ਲੈਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੧੪॥
ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥
ਆਤਮਕ ਜੀਵਨ ਵਲੋਂ ਬੇ-ਸਮਝੀ (ਇਸ ਨੂੰ) ਮਾਇਆ ਦੀ ਤ੍ਰਿਸ਼ਨਾ (ਕਹਿ ਲਵੋ, ਇਹ ਮਾਇਆ ਦੀ ਤ੍ਰਿਸ਼ਨਾ ਮਨੁੱਖ ਦੇ) ਇਸ ਸਰੀਰ ਨੂੰ (ਅੰਦਰੇ ਅੰਦਰ) ਸਾੜਦੀ ਰਹਿੰਦੀ ਹੈ।
ਤਿਸ ਦੀ ਬੂਝੈ ਜਿ ਗੁਰਸਬਦੁ ਕਮਾਏ ॥
ਇਹ ਤ੍ਰਿਸ਼ਨਾ-ਅੱਗ ਉਸ ਮਨੁੱਖ ਦੀ ਬੁੱਝਦੀ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ।
ਤਨੁ ਮਨੁ ਸੀਤਲੁ ਕ੍ਰੋਧੁ ਨਿਵਾਰੇ ਹਉਮੈ ਮਾਰਿ ਸਮਾਇਆ ॥੧੫॥
ਉਸ ਦਾ ਤਨ ਵਿਕਾਰਾਂ ਦੀ ਅੱਗ ਤੋਂ ਬਚਿਆ ਰਹਿੰਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਹਉਮੈ ਨੂੰ ਮਾਰ ਕੇ ਉਹ ਮਨੁੱਖ (ਗੁਰ-ਸ਼ਬਦ ਵਿਚ) ਲੀਨ ਰਹਿੰਦਾ ਹੈ ॥੧੫॥
ਸਚਾ ਸਾਹਿਬੁ ਸਚੀ ਵਡਿਆਈ ॥
ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।
ਗੁਰਪਰਸਾਦੀ ਵਿਰਲੈ ਪਾਈ ॥
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਮਾਲਕ ਪ੍ਰਭੂ ਦੀ ਵਡਿਆਈ ਕਰਨ ਦੀ ਦਾਤਿ) ਪ੍ਰਾਪਤ ਕੀਤੀ ਹੈ।
ਨਾਨਕੁ ਏਕ ਕਹੈ ਬੇਨੰਤੀ ਨਾਮੇ ਨਾਮਿ ਸਮਾਇਆ ॥੧੬॥੧॥੨੩॥
ਨਾਨਕ ਇਕ ਬੇਨਤੀ ਕਰਦਾ ਹੈ (ਕਿ ਜਿਸ ਨੇ ਪ੍ਰਾਪਤ ਕੀਤੀ ਹੈ ਉਹ) ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੬॥੧॥੨੩॥
ਮਾਰੂ ਮਹਲਾ ੩ ॥
ਨਦਰੀ ਭਗਤਾ ਲੈਹੁ ਮਿਲਾਏ ॥
ਹੇ ਕਰਤਾਰ! ਆਪਣੇ ਭਗਤਾਂ ਨੂੰ ਤੂੰ ਮਿਹਰ ਦੀ ਨਿਗਾਹ ਨਾਲ (ਆਪਣੇ ਚਰਨਾਂ ਵਿਚ) ਜੋੜ ਰੱਖਦਾ ਹੈਂ,
ਭਗਤ ਸਲਾਹਨਿ ਸਦਾ ਲਿਵ ਲਾਏ ॥
(ਇਸ ਵਾਸਤੇ) ਭਗਤ (ਤੇਰੇ ਚਰਨਾਂ ਵਿਚ) ਸੁਰਤ ਜੋੜ ਕੇ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
ਤਉ ਸਰਣਾਈ ਉਬਰਹਿ ਕਰਤੇ ਆਪੇ ਮੇਲਿ ਮਿਲਾਇਆ ॥੧॥
ਤੇਰੀ ਸਰਨ ਵਿਚ ਰਹਿ ਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਤੂੰ ਆਪ ਹੀ ਉਹਨਾਂ ਨੂੰ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਜੋੜੀ ਰੱਖਦਾ ਹੈਂ ॥੧॥
ਪੂਰੈ ਸਬਦਿ ਭਗਤਿ ਸੁਹਾਈ ॥
ਹੇ ਕਰਤਾਰ! ਪੂਰੇ (ਗੁਰੂ ਦੇ) ਸ਼ਬਦ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰ ਤੇਰੀ) ਭਗਤੀ ਨਿਖਰ ਆਉਂਦੀ ਹੈ,
ਅੰਤਰਿ ਸੁਖੁ ਤੇਰੈ ਮਨਿ ਭਾਈ ॥
ਉਸ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ, (ਉਸ ਮਨੁੱਖ ਦੀ ਭਗਤੀ) ਤੇਰੇ ਮਨ ਵਿਚ ਪਿਆਰੀ ਲੱਗਦੀ ਹੈ।
ਮਨੁ ਤਨੁ ਸਚੀ ਭਗਤੀ ਰਾਤਾ ਸਚੇ ਸਿਉ ਚਿਤੁ ਲਾਇਆ ॥੨॥
ਉਸ ਮਨੁੱਖ ਦਾ ਮਨ ਉਸ ਦਾ ਤਨ ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਵਿਚ ਰੰਗਿਆ ਰਹਿੰਦਾ ਹੈ, ਉਹ ਤੇਰੇ ਸਦਾ-ਥਿਰ ਨਾਮ ਨਾਲ ਆਪਣਾ ਚਿੱਤ ਜੋੜ ਰੱਖਦਾ ਹੈ ॥੨॥
ਹਉਮੈ ਵਿਚਿ ਸਦ ਜਲੈ ਸਰੀਰਾ ॥
ਹਉਮੈ (ਦੀ ਅੱਗ) ਵਿਚ (ਮਨੁੱਖ ਦਾ) ਸਰੀਰ (ਅੰਦਰੇ ਅੰਦਰ) ਸਦਾ ਸੜਦਾ ਰਹਿੰਦਾ ਹੈ।
ਕਰਮੁ ਹੋਵੈ ਭੇਟੇ ਗੁਰੁ ਪੂਰਾ ॥
(ਜਦੋਂ ਪ੍ਰਭੂ ਦੀ) ਮਿਹਰ ਹੁੰਦੀ ਹੈ ਤਾਂ ਇਸ ਨੂੰ ਪੂਰਾ ਗੁਰੂ ਮਿਲਦਾ ਹੈ।
ਅੰਤਰਿ ਅਗਿਆਨੁ ਸਬਦਿ ਬੁਝਾਏ ਸਤਿਗੁਰ ਤੇ ਸੁਖੁ ਪਾਇਆ ॥੩॥
ਉਹ ਮਨੁੱਖ ਆਪਣੇ ਅੰਦਰ-ਵੱਸਦੇ ਅਗਿਆਨ ਨੂੰ ਗੁਰੂ ਦੇ ਸ਼ਬਦ ਨਾਲ ਦੂਰ ਕਰ ਲੈਂਦਾ ਹੈ, ਗੁਰੂ ਪਾਸੋਂ ਉਹ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੩॥
ਮਨਮੁਖੁ ਅੰਧਾ ਅੰਧੁ ਕਮਾਏ ॥
ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਹੈ (ਔਝੜੇ ਪਿਆ ਰਹਿੰਦਾ ਹੈ)।
ਬਹੁ ਸੰਕਟ ਜੋਨੀ ਭਰਮਾਏ ॥
(ਜੀਵਨ-ਸਫ਼ਰ ਵਿਚ ਸਹੀ ਰਸਤੇ ਤੋਂ ਖੁੰਝ ਕੇ) ਉਹ ਅਨੇਕਾਂ ਕਸ਼ਟ ਸਹਾਰਦਾ ਹੈ, ਤੇ, ਅਨੇਕਾਂ ਜੂਨਾਂ ਵਿਚ ਭਟਕਦਾ ਫਿਰਦਾ ਹੈ।
ਜਮ ਕਾ ਜੇਵੜਾ ਕਦੇ ਨ ਕਾਟੈ ਅੰਤੇ ਬਹੁ ਦੁਖੁ ਪਾਇਆ ॥੪॥
(ਉਹ ਮਨੁੱਖ ਆਪਣੇ ਗਲੋਂ) ਆਤਮਕ ਮੌਤ ਦੀ ਫਾਹੀ ਕਦੇ ਨਹੀਂ ਕੱਟ ਸਕਦਾ। ਅੰਤ ਵੇਲੇ ਭੀ ਉਹ ਬਹੁਤ ਦੁੱਖ ਪਾਂਦਾ ਹੈ ॥੪॥
ਆਵਣ ਜਾਣਾ ਸਬਦਿ ਨਿਵਾਰੇ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਨਮ ਮਰਨ ਦਾ ਗੇੜ ਦੂਰ ਕਰ ਲੈਂਦਾ ਹੈ,
ਸਚੁ ਨਾਮੁ ਰਖੈ ਉਰ ਧਾਰੇ ॥
ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
ਗੁਰ ਕੈ ਸਬਦਿ ਮਰੈ ਮਨੁ ਮਾਰੇ ਹਉਮੈ ਜਾਇ ਸਮਾਇਆ ॥੫॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਹ ਆਪਣੇ ਮਨ ਨੂੰ ਵੱਸ ਵਿਚ ਕਰ ਲੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੫॥
ਆਵਣ ਜਾਣੈ ਪਰਜ ਵਿਗੋਈ ॥
ਸ੍ਰਿਸ਼ਟੀ ਜਨਮ ਮਰਨ ਦੇ ਗੇੜ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ।
ਬਿਨੁ ਸਤਿਗੁਰ ਥਿਰੁ ਕੋਇ ਨ ਹੋਈ ॥
ਗੁਰੂ ਦੀ ਸਰਨ ਤੋਂ ਬਿਨਾ (ਇਸ ਚੱਕਰ ਵਿਚੋਂ) ਕਿਸੇ ਨੂੰ ਭੀ ਖੁਲ੍ਹੀਰ ਨਹੀਂ ਹੁੰਦੀ।
ਅੰਤਰਿ ਜੋਤਿ ਸਬਦਿ ਸੁਖੁ ਵਸਿਆ ਜੋਤੀ ਜੋਤਿ ਮਿਲਾਇਆ ॥੬॥
ਜਿਸ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ ਜੋਤਿ ਪਰਗਟ ਹੋ ਪੈਂਦੀ ਹੈ, ਉਸ ਦੇ ਅੰਦਰ ਆਤਮਕ ਆਨੰਦ ਆ ਵੱਸਦਾ ਹੈ, ਉਸ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥
ਪੰਚ ਦੂਤ ਚਿਤਵਹਿ ਵਿਕਾਰਾ ॥
(ਕਾਮਾਦਿਕ) ਪੰਜ ਵੈਰੀਆਂ ਦੇ (ਪ੍ਰਭਾਵ ਦੇ) ਕਾਰਨ (ਜੀਵ ਹਰ ਵੇਲੇ) ਵਿਕਾਰ ਚਿਤਵਦੇ ਰਹਿੰਦੇ ਹਨ।
ਮਾਇਆ ਮੋਹ ਕਾ ਏਹੁ ਪਸਾਰਾ ॥
ਹਰ ਪਾਸੇ ਮਾਇਆ ਦੇ ਮੋਹ ਦਾ ਪ੍ਰਭਾਵ ਬਣਿਆ ਹੋਇਆ ਹੈ।
ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ ॥੭॥
ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ (ਇਸ ਮੋਹ ਦੇ ਦਬਾਅ ਤੋਂ) ਸੁਤੰਤਰ ਹੁੰਦਾ ਹੈ, (ਕਾਮਾਦਿਕ) ਪੰਜੇ ਵੈਰੀ ਉਸ ਦੇ ਵੱਸ ਵਿਚ ਆ ਜਾਂਦੇ ਹਨ ॥੭॥
ਬਾਝੁ ਗੁਰੂ ਹੈ ਮੋਹੁ ਗੁਬਾਰਾ ॥
ਗੁਰੂ ਤੋਂ ਬਿਨਾ (ਮਾਇਆ ਦਾ) ਮੋਹ (ਇਤਨਾ ਪ੍ਰਬਲ ਰਹਿੰਦਾ) ਹੈ (ਕਿ ਮਨੁੱਖ ਦੇ ਜੀਵਨ-ਰਾਹ ਵਿਚ ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ) ਰਹਿੰਦਾ ਹੈ।
ਫਿਰਿ ਫਿਰਿ ਡੁਬੈ ਵਾਰੋ ਵਾਰਾ ॥
ਮਨੁੱਖ ਮੁੜ ਮੁੜ ਅਨੇਕਾਂ ਵਾਰੀ (ਮੋਹ ਦੇ ਸਮੁੰਦਰ ਵਿਚ) ਡੁੱਬਦਾ ਹੈ।
ਸਤਿਗੁਰ ਭੇਟੇ ਸਚੁ ਦ੍ਰਿੜਾਏ ਸਚੁ ਨਾਮੁ ਮਨਿ ਭਾਇਆ ॥੮॥
ਜਦੋਂ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਤਾਂ ਗੁਰੂ ਸਦਾ-ਥਿਰ ਹਰਿ-ਨਾਮ ਇਸ ਦੇ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। (ਤਾਂ ਫਿਰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਇਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ॥੮॥
ਸਾਚਾ ਦਰੁ ਸਾਚਾ ਦਰਵਾਰਾ ॥
ਪਰਮਾਤਮਾ ਦਾ ਦਰ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ ਭੀ ਸਦਾ-ਥਿਰ ਹੈ।
ਸਚੇ ਸੇਵਹਿ ਸਬਦਿ ਪਿਆਰਾ ॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਪਿਆਰ ਪਾਂਦੇ ਹਨ ਉਹ ਹੀ ਉਸ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ।
ਸਚੀ ਧੁਨਿ ਸਚੇ ਗੁਣ ਗਾਵਾ ਸਚੇ ਮਾਹਿ ਸਮਾਇਆ ॥੯॥
(ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ ਤਾਂ) ਮੈਂ (ਭੀ) ਟਿਕਵੀਂ ਲਗਨ ਨਾਲ ਉਸ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਾਂ। (ਜਿਹੜੇ ਮਨੁੱਖ ਗੁਣ ਗਾਂਦੇ ਹਨ ਉਹ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੯॥
ਘਰੈ ਅੰਦਰਿ ਕੋ ਘਰੁ ਪਾਏ ॥
ਜਿਹੜਾ ਕੋਈ ਮਨੁੱਖ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ,
ਗੁਰ ਕੈ ਸਬਦੇ ਸਹਜਿ ਸੁਭਾਏ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ।
ਓਥੈ ਸੋਗੁ ਵਿਜੋਗੁ ਨ ਵਿਆਪੈ ਸਹਜੇ ਸਹਜਿ ਸਮਾਇਆ ॥੧੦॥
ਉਸ ਅਡੋਲ ਅਵਸਥਾ ਵਿਚ ਟਿਕਿਆਂ ਸੋਗ ਜ਼ੋਰ ਨਹੀਂ ਪਾ ਸਕਦਾ, (ਪ੍ਰਭੂ-ਚਰਨਾਂ ਤੋਂ) ਵਿਛੋੜਾ ਜ਼ੋਰ ਨਹੀਂ ਪਾ ਸਕਦਾ। ਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧੦॥
ਦੂਜੈ ਭਾਇ ਦੁਸਟਾ ਕਾ ਵਾਸਾ ॥
ਕੁਕਰਮੀ ਬੰਦੇ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ ਪਿਆਰ ਵਿਚ ਮਨ ਨੂੰ ਜੋੜੀ ਰੱਖਦੇ ਹਨ,
ਭਉਦੇ ਫਿਰਹਿ ਬਹੁ ਮੋਹ ਪਿਆਸਾ ॥
ਬੜੇ ਮੋਹ ਬੜੀ ਤ੍ਰਿਸ਼ਨਾ ਦੇ ਕਾਰਨ ਉਹ ਭਟਕਦੇ ਫਿਰਦੇ ਹਨ।
ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥੧੧॥
(ਕੁਕਰਮੀ ਬੰਦੇ) ਸਦਾ ਭੈੜੀ ਸੁਹਬਤ ਵਿਚ ਬੈਠਦੇ ਹਨ ਤੇ ਦੁੱਖ ਪਾਂਦੇ ਹਨ। ਉਹ ਸਦਾ ਉਹੀ ਕਰਮ ਕਮਾਂਦੇ ਹਨ ਜਿਨ੍ਹਾਂ ਵਿਚੋਂ ਨਿਰਾ ਦੁੱਖ ਹੀ ਦੁੱਖ ਨਿਕਲੇ ॥੧੧॥
ਸਤਿਗੁਰ ਬਾਝਹੁ ਸੰਗਤਿ ਨ ਹੋਈ ॥
ਗੁਰੂ ਦੀ ਸਰਨ ਤੋਂ ਬਿਨਾ ਭਲੀ ਸੁਹਬਤ ਨਹੀਂ ਮਿਲ ਸਕਦੀ।
ਬਿਨੁ ਸਬਦੇ ਪਾਰੁ ਨ ਪਾਏ ਕੋਈ ॥
ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਕੁਕਰਮਾਂ (ਦੀ ਨਦੀ) ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥੧੨॥
ਜਿਹੜੇ ਮਨੁੱਖ ਦਿਨ ਰਾਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧੨॥
ਕਾਇਆ ਬਿਰਖੁ ਪੰਖੀ ਵਿਚਿ ਵਾਸਾ ॥
(ਜਿਵੇਂ ਰਾਤ-ਬਸੇਰੇ ਲਈ ਪੰਛੀ ਕਿਸੇ ਰੁੱਖ ਉਤੇ ਆ ਟਿਕਦੇ ਹਨ, ਇਸੇ ਤਰ੍ਹਾਂ ਇਹ) ਸਰੀਰ (ਮਾਨੋ) ਰੁੱਖ ਹੈ, (ਇਸ ਸਰੀਰ) ਵਿਚ (ਜੀਵ) ਪੰਛੀ ਦਾ ਨਿਵਾਸ ਹੈ।
ਅੰਮ੍ਰਿਤੁ ਚੁਗਹਿ ਗੁਰ ਸਬਦਿ ਨਿਵਾਸਾ ॥
ਜਿਹੜੇ ਜੀਵ-ਪੰਛੀ ਗੁਰੂ ਦੇ ਸ਼ਬਦ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲੀ ਨਾਮ-ਚੋਗ ਚੁਗਦੇ ਹਨ,
ਉਡਹਿ ਨ ਮੂਲੇ ਨ ਆਵਹਿ ਨ ਜਾਹੀ ਨਿਜ ਘਰਿ ਵਾਸਾ ਪਾਇਆ ॥੧੩॥
ਉਹ ਬਿਲਕੁਲ ਬਾਹਰ ਨਹੀਂ ਭਟਕਦੇ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਸਦਾ ਪ੍ਰਭੂ-ਚਰਨਾਂ ਵਿਚ ਨਿਵਾਸ ਰੱਖਦੇ ਹਨ ॥੧੩॥
ਕਾਇਆ ਸੋਧਹਿ ਸਬਦੁ ਵੀਚਾਰਹਿ ॥
ਜਿਹੜੇ ਮਨੁੱਖ (ਆਪਣੇ) ਸਰੀਰ ਦੀ ਪੜਤਾਲ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਵਸਾਈ ਰੱਖਦੇ ਹਨ,
ਮੋਹ ਠਗਉਰੀ ਭਰਮੁ ਨਿਵਾਰਹਿ ॥
ਉਹ ਮਨੁੱਖ ਮੋਹ ਦੀ ਠੱਗ-ਬੂਟੀ ਨਹੀਂ ਖਾਂਦੇ, ਉਹ ਮਨੁੱਖ (ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦੇ ਹਨ।
ਆਪੇ ਕ੍ਰਿਪਾ ਕਰੇ ਸੁਖਦਾਤਾ ਆਪੇ ਮੇਲਿ ਮਿਲਾਇਆ ॥੧੪॥
ਪਰ, (ਇਹ) ਕਿਰਪਾ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਕਰਦਾ ਹੈ, ਉਹ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੧੪॥
ਸਦ ਹੀ ਨੇੜੈ ਦੂਰਿ ਨ ਜਾਣਹੁ ॥
ਪਰਮਾਤਮਾ ਸਦਾ ਹੀ (ਸਾਡੇ) ਨੇੜੇ ਰਹਿੰਦਾ ਹੈ, ਉਸ ਨੂੰ (ਕਦੇ ਭੀ ਆਪਣੇ ਤੋਂ) ਦੂਰ ਨਾਹ ਸਮਝੋ।
ਗੁਰ ਕੈ ਸਬਦਿ ਨਜੀਕਿ ਪਛਾਣਹੁ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖੋ।
ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ ॥੧੫॥
(ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਵੇਖਦਾ ਹੈ ਉਸ ਦਾ ਹਿਰਦਾ) ਕੌਲ-ਫੁੱਲ ਖਿੜਿਆ ਰਹਿੰਦਾ ਹੈ, (ਉਸ ਦੇ ਅੰਦਰ ਰੱਬੀ ਜੋਤਿ ਦੀ) ਕਿਰਨ (ਆਤਮਕ ਜੀਵਨ ਦਾ) ਚਾਨਣ ਕਰ ਦੇਂਦੀ ਹੈ। (ਗੁਰੂ ਉਸ ਮਨੁੱਖ ਨੂੰ ਪਰਮਾਤਮਾ) ਪਰਤੱਖ ਕਰ ਕੇ ਵਿਖਾ ਦੇਂਦਾ ਹੈ ॥੧੫॥
ਆਪੇ ਕਰਤਾ ਸਚਾ ਸੋਈ ॥
ਹੇ ਨਾਨਕ! ਉਹ ਕਰਤਾਰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ,
ਆਪੇ ਮਾਰਿ ਜੀਵਾਲੇ ਅਵਰੁ ਨ ਕੋਈ ॥
ਉਹ ਆਪ ਹੀ ਮਾਰ ਕੇ ਜਿਵਾਲਦਾ ਹੈ (ਭਾਵ, ਮਾਰਦਾ ਭੀ ਆਪ ਹੀ ਹੈ, ਪੈਦਾ ਭੀ ਕਰਦਾ ਆਪ ਹੀ ਹੈ)।
ਨਾਨਕ ਨਾਮੁ ਮਿਲੈ ਵਡਿਆਈ ਆਪੁ ਗਵਾਇ ਸੁਖੁ ਪਾਇਆ ॥੧੬॥੨॥੨੪॥
ਉਸ ਤੋਂ ਬਿਨਾ ਕੋਈ ਹੋਰ ਇਸ ਸਮਰਥਾ ਵਾਲਾ ਨਹੀਂ ਹੈ। ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਸੋਭਾ ਮਿਲ ਜਾਂਦੀ ਹੈ। ਉਹ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੧੬॥੨॥੨੪॥
ਮਾਰੂ ਸੋਲਹੇ ਮਹਲਾ ੪ ॥
ਰਾਗ ਮਾਰੂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਚਾ ਆਪਿ ਸਵਾਰਣਹਾਰਾ ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।
ਅਵਰ ਨ ਸੂਝਸਿ ਬੀਜੀ ਕਾਰਾ ॥
ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਦੂਜੀ ਕਾਰ ਨਹੀਂ ਸੁੱਝਦੀ।
ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥
ਪਰ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਉਸ ਦਾ ਜੀਵਨ ਸੋਹਣਾ ਬਣਾਣ ਦੀ ਸਮਰਥਾ ਰੱਖਦਾ ਹੈ ॥੧॥
ਸਭਨਾ ਸਚੁ ਵਸੈ ਮਨ ਮਾਹੀ ॥
(ਉਂਞ ਤਾਂ) ਸਦਾ-ਥਿਰ ਪ੍ਰਭੂ ਸਭ ਜੀਵਾਂ ਦੇ ਮਨ ਵਿਚ ਵੱਸਦਾ ਹੈ,
ਗੁਰਪਰਸਾਦੀ ਸਹਜਿ ਸਮਾਹੀ ॥
ਪਰ ਗੁਰੂ ਦੀ ਕਿਰਪਾ ਦੀ ਰਾਹੀਂ ਹੀ (ਜੀਵ) ਆਤਮਕ ਅਡੋਲਤਾ ਵਿਚ (ਟਿਕ ਕੇ ਪ੍ਰਭੂ ਵਿਚ) ਲੀਨ ਹੁੰਦੇ ਹਨ।
ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੇ ॥੨॥
ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਮਨੁੱਖ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ॥੨॥
ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥
ਗੁਰੂ ਆਤਮਕ ਜੀਵਨ ਦੀ ਸੂਝ (ਦੇਣ ਵਾਲਾ) ਹੈ, ਗੁਰੂ (ਪਰਮਾਤਮਾ ਦੀ) ਭਗਤੀ (ਸਿਖਾਣ ਵਾਲਾ) ਹੈ।
ਸਤਿਗੁਰੁ ਸੇਵੀ ਅਵਰੁ ਨ ਦੂਜਾ ॥
ਮੈਂ ਤਾਂ ਗੁਰੂ ਦੀ ਹੀ ਸਰਨ ਪੈਂਦਾ ਹਾਂ, ਕੋਈ ਹੋਰ ਦੂਜਾ (ਮੈਂ ਆਪਣੇ ਮਨ ਵਿਚ) ਨਹੀਂ (ਲਿਆਉਂਦਾ)।
ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥੩॥
ਮੈਂ ਗੁਰੂ ਪਾਸੋਂ ਸ੍ਰੇਸ਼ਟ ਨਾਮ-ਧਨ ਲੱਭਾ ਹੈ, ਮੈਨੂੰ ਗੁਰੂ ਦੀ (ਦੱਸੀ) ਸੇਵਾ ਹੀ ਪਿਆਰੀ ਲੱਗਦੀ ਹੈ ॥੩॥
ਬਿਨੁ ਸਤਿਗੁਰ ਜੋ ਦੂਜੈ ਲਾਗੇ ॥
ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਹਨ,
ਆਵਹਿ ਜਾਹਿ ਭ੍ਰਮਿ ਮਰਹਿ ਅਭਾਗੇ ॥
ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਆਤਮਕ ਮੌਤ ਸਹੇੜਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
ਨਾਨਕ ਤਿਨ ਕੀ ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥
ਹੇ ਨਾਨਕ! ਉਹਨਾਂ ਮਨੁੱਖਾਂ ਦੀ ਹੀ ਫਿਰ ਉੱਚੀ ਆਤਮਕ ਅਵਸਥਾ ਬਣਦੀ ਹੈ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ ॥੪॥
ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੀ ਪ੍ਰਭੂ ਨਾਲ ਪ੍ਰੀਤ ਪੱਕੀ ਹੁੰਦੀ ਹੈ।
ਸਤਿਗੁਰ ਤੇ ਮਾਗਉ ਨਾਮੁ ਅਜਾਚੀ ॥
(ਉਹ ਹਰ ਵੇਲੇ ਇਉਂ ਅਰਦਾਸ ਕਰਦਾ ਰਹਿੰਦਾ ਹੈ-) ਮੈਂ ਗੁਰੂ ਪਾਸੋਂ (ਤੇਰਾ) ਅਮੋਲਕ ਨਾਮ ਮੰਗਦਾ ਹਾਂ।
ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਰਖਿ ਲੇਵਹੁ ਗੁਰ ਸਰਣਾਈ ਹੇ ॥੫॥
ਹੇ ਹਰੀ! ਦਇਆਵਾਨ ਹੋ, ਕਿਰਪਾ ਕਰ। ਮੈਨੂੰ ਸਦਾ ਗੁਰੂ ਦੀ ਸਰਨ ਵਿਚ ਰੱਖ ॥੫॥
ਅੰਮ੍ਰਿਤ ਰਸੁ ਸਤਿਗੁਰੂ ਚੁਆਇਆ ॥
ਗੁਰੂ (ਜਿਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਦਾ ਕਰਦਾ ਹੈ,
ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥
(ਪਰਮਾਤਮਾ) ਉਸ ਦੇ ਸੋਚ-ਮੰਡਲ ਵਿਚ ਪਰਗਟ ਹੋ ਜਾਂਦਾ ਹੈ।
ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥੬॥
ਉਸ ਅਵਸਥਾ ਵਿਚ ਉਸ ਮਨੁੱਖ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਇਉਂ) ਆਤਮਕ ਆਨੰਦ ਪੈਦਾ ਹੁੰਦਾ ਹੈ (ਜਿਵੇਂ, ਮਾਨੋ, ਉਥੇ) ਪੰਜ ਕਿਸਮਾਂ ਦੇ ਸਾਜ਼ ਵੱਜ ਰਹੇ ਹਨ। ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੬॥
ਜਿਨ ਕਉ ਕਰਤੈ ਧੁਰਿ ਲਿਖਿ ਪਾਈ ॥
ਪਰ, (ਆਤਮਕ ਆਨੰਦ ਦੀ ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਦੇ ਭਾਗਾਂ ਵਿਚ ਕਰਤਾਰ ਨੇ ਧੁਰ ਦਰਗਾਹੋਂ ਲਿਖ ਕੇ ਰੱਖ ਦਿੱਤੀ ਹੈ।
ਅਨਦਿਨੁ ਗੁਰੁ ਗੁਰੁ ਕਰਤ ਵਿਹਾਈ ॥
ਉਹਨਾਂ ਦੀ ਉਮਰ ਸਦਾ ਗੁਰੂ ਨੂੰ ਯਾਦ ਕਰਦਿਆਂ ਬੀਤਦੀ ਹੈ।
ਬਿਨੁ ਸਤਿਗੁਰ ਕੋ ਸੀਝੈ ਨਾਹੀ ਗੁਰ ਚਰਣੀ ਚਿਤੁ ਲਾਈ ਹੇ ॥੭॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦਾ। ਤੂੰ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖ ॥੭॥
ਜਿਸੁ ਭਾਵੈ ਤਿਸੁ ਆਪੇ ਦੇਇ ॥
ਜਿਹੜਾ ਜੀਵ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਉਹ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ।
ਗੁਰਮੁਖਿ ਨਾਮੁ ਪਦਾਰਥੁ ਲੇਇ ॥
ਉਹ ਮਨੁੱਖ ਗੁਰੂ ਦੀ ਰਾਹੀਂ ਇਹ ਕੀਮਤੀ ਨਾਮ ਹਾਸਲ ਕਰਦਾ ਹੈ।
ਆਪੇ ਕ੍ਰਿਪਾ ਕਰੇ ਨਾਮੁ ਦੇਵੈ ਨਾਨਕ ਨਾਮਿ ਸਮਾਈ ਹੇ ॥੮॥
ਹੇ ਨਾਨਕ! ਜਿਸ ਉਤੇ ਉਹ ਪ੍ਰਭੂ ਕਿਰਪਾ ਕਰਦਾ ਹੈ ਉਸ ਨੂੰ ਆਪਣਾ ਨਾਮ ਦੇਂਦਾ ਹੈ। ਉਹ ਮਨੁੱਖ ਨਾਮ ਵਿਚ ਲੀਨ ਰਹਿੰਦਾ ਹੈ ॥੮॥
ਗਿਆਨ ਰਤਨੁ ਮਨਿ ਪਰਗਟੁ ਭਇਆ ॥
ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਉੱਘੜ ਪਈ,
ਨਾਮੁ ਪਦਾਰਥੁ ਸਹਜੇ ਲਇਆ ॥
ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਕੀਮਤੀ ਨਾਮ ਲੱਭ ਲਿਆ।
ਏਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥
ਪਰ ਇਹ ਵਡਿਆਈ ਗੁਰੂ ਪਾਸੋਂ (ਹੀ) ਮਿਲਦੀ ਹੈ। ਮੈਂ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੯॥
ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ ॥
(ਜਿਵੇਂ ਜਦੋਂ) ਸੂਰਜ ਚੜ੍ਹਦਾ ਹੈ (ਤਦੋਂ) ਰਾਤ ਦਾ ਹਨੇਰਾ ਮਿਟ ਜਾਂਦਾ ਹੈ,
ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ ॥
(ਇਸੇ ਤਰ੍ਹਾਂ) ਗੁਰੂ ਦੇ ਬੇਅੰਤ ਕੀਮਤੀ ਗਿਆਨ-ਰਤਨ ਨਾਲ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ।
ਸਤਿਗੁਰ ਗਿਆਨੁ ਰਤਨੁ ਅਤਿ ਭਾਰੀ ਕਰਮਿ ਮਿਲੈ ਸੁਖੁ ਪਾਈ ਹੇ ॥੧੦॥
ਗੁਰੂ ਦਾ (ਦਿੱਤਾ ਹੋਇਆ) ‘ਗਿਆਨ ਰਤਨ’ ਬਹੁਤ ਹੀ ਕੀਮਤੀ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਇਹ ਮਿਲਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੧੦॥
ਗੁਰਮੁਖਿ ਨਾਮੁ ਪ੍ਰਗਟੀ ਹੈ ਸੋਇ ॥
ਗੁਰੂ ਦੀ ਰਾਹੀਂ ਜਿਸ ਨੂੰ ਹਰਿ-ਨਾਮ ਪ੍ਰਾਪਤ ਹੁੰਦਾ ਹੈ, ਉਸ ਦੀ ਸੋਭਾ ਖਿੱਲਰ ਜਾਂਦੀ ਹੈ,
ਚਹੁ ਜੁਗਿ ਨਿਰਮਲੁ ਹਛਾ ਲੋਇ ॥
ਉਹ ਸਦਾ ਲਈ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਾਰੇ ਜਗਤ ਵਿਚ ਹੱਛਾ ਮੰਨਿਆ ਜਾਂਦਾ ਹੈ।
ਨਾਮੇ ਨਾਮਿ ਰਤੇ ਸੁਖੁ ਪਾਇਆ ਨਾਮਿ ਰਹਿਆ ਲਿਵ ਲਾਈ ਹੇ ॥੧੧॥
ਹਰ ਵੇਲੇ ਹਰਿ-ਨਾਮ ਵਿਚ ਰੰਗੇ ਰਹਿਣ ਕਰਕੇ ਉਹ ਸੁਖ ਮਾਣਦਾ ਹੈ, ਉਹ ਹਰਿ-ਨਾਮ ਵਿਚ ਹਰ ਵੇਲੇ ਸੁਰਤ ਜੋੜੀ ਰੱਖਦਾ ਹੈ ॥੧੧॥
ਗੁਰਮੁਖਿ ਨਾਮੁ ਪਰਾਪਤਿ ਹੋਵੈ ॥
ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਹਰਿ-ਨਾਮ ਹਾਸਲ ਹੁੰਦਾ ਹੈ,
ਸਹਜੇ ਜਾਗੈ ਸਹਜੇ ਸੋਵੈ ॥
ਉਹ ਜਾਗਦਾ ਸੁੱਤਾ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਆਤਮਕ ਅਡੋਲਤਾ ਵਿਚ ਜਾਗਦਾ ਹੈ ਆਤਮਕ ਅਡੋਲਤਾ ਵਿਚ ਸੌਂਦਾ ਹੈ)।
ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥
ਹੇ ਨਾਨਕ! ਗੁਰੂ ਦੀ ਰਾਹੀਂ ਨਾਮ ਵਿਚ ਲੀਨ ਹੋ ਕੇ ਉਹ ਮਨੁੱਖ (ਪਰਮਾਤਮਾ ਵਿਚ) ਲੀਨ ਰਹਿੰਦਾ ਹੈ, ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੧੨॥
ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥
ਭਗਤਾਂ ਦੇ ਮੂੰਹ ਵਿਚ (ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਟਿਕੀ ਰਹਿੰਦੀ ਹੈ।
ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ (ਆਪ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ।
ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥
ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਦਾ ਹੈ ॥੧੩॥
ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥
ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, ਸਾਨੂੰ ਆਤਮਕ ਜੀਵਨ ਦੀ ਕੁਝ ਭੀ ਸੂਝ ਨਹੀਂ ਹੈ।
ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥
ਗੁਰੂ ਪਾਸੋਂ (ਇਹ) ਸਮਝ ਮਨ ਵਿਚ ਪੈਂਦੀ ਹੈ।
ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥
ਹੇ ਪ੍ਰਭੂ! ਦਇਆਵਾਨ ਹੋ, ਮਿਹਰ ਕਰ, (ਸਾਨੂੰ) ਗੁਰੂ ਦੀ ਸੇਵਾ ਵਿਚ ਲਾਈ ਰੱਖ ॥੧੪॥
ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ ॥
ਜਿਸ ਮਨੁੱਖ ਨੇ ਗੁਰੂ ਨਾਲ ਸਾਂਝ ਪਾ ਲਈ, ਉਸ ਨੇ ਇਕ ਪਰਮਾਤਮਾ ਨੂੰ (ਇਉਂ) ਪਛਾਣ ਲਿਆ,
ਸਰਬੇ ਰਵਿ ਰਹਿਆ ਸੁਖਦਾਤਾ ॥
ਕਿ ਉਹ ਸੁਖਦਾਤਾ ਪ੍ਰਭੂ ਸਭਨਾਂ ਵਿਚ ਵੱਸ ਰਿਹਾ ਹੈ।
ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥
ਉਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਿਆ। ਉਸ ਦੀ ਸੁਰਤ ਪਰਮਾਤਮਾ ਦੀ ਸੇਵਾ-ਭਗਤੀ ਵਿਚ ਟਿਕੀ ਰਹਿੰਦੀ ਹੈ ॥੧੫॥
ਜਿਨ ਕਉ ਆਦਿ ਮਿਲੀ ਵਡਿਆਈ ॥
ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਇੱਜ਼ਤ ਮਿਲਦੀ ਹੈ,
ਸਤਿਗੁਰੁ ਮਨਿ ਵਸਿਆ ਲਿਵ ਲਾਈ ॥
ਉਹਨਾਂ ਦੇ ਮਨ ਵਿਚ ਗੁਰੂ ਵੱਸਿਆ ਰਹਿੰਦਾ ਹੈ।
ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥
ਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ। ਹੇ ਨਾਨਕ! ਉਹਨਾਂ ਨੂੰ ਜਗਤ ਦਾ ਸਹਾਰਾ ਦਾਤਾਰ ਆਪ ਆ ਮਿਲਦਾ ਹੈ, ਉਹ ਪ੍ਰਭੂ ਦੀ ਗੋਦ ਵਿਚ (ਪ੍ਰਭੂ-ਚਰਨਾਂ ਵਿਚ) ਸਮਾਏ ਰਹਿੰਦੇ ਹਨ ॥੧੬॥੧॥
ਮਾਰੂ ਮਹਲਾ ੪ ॥
ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥
ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਦਾ ਹੀ ਨਾਸ ਰਹਿਤ ਹੈ,
ਸਰਬੇ ਰਵਿ ਰਹਿਆ ਘਟ ਵਾਸੀ ॥
ਸਭ ਜੀਵਾਂ ਵਿਚ ਵਿਆਪਕ ਹੈ, ਸਭ ਸਰੀਰਾਂ ਵਿਚ ਵੱਸਣ ਵਾਲਾ ਹੈ।
ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥
ਉਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਹੇ ਪ੍ਰਾਣੀ! ਉਸੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੧॥
ਜਾ ਕਉ ਰਾਖੈ ਹਰਿ ਰਾਖਣਹਾਰਾ ॥
ਬਚਾਣ ਦੀ ਸਮਰਥਾ ਵਾਲਾ ਪਰਮਾਤਮਾ ਜਿਸ (ਮਨੁੱਖ) ਦੀ ਰੱਖਿਆ ਕਰਦਾ ਹੈ,
ਤਾ ਕਉ ਕੋਇ ਨ ਸਾਕਸਿ ਮਾਰਾ ॥
ਉਸ ਨੂੰ ਕੋਈ ਮਾਰ ਨਹੀਂ ਸਕਦਾ।
ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥
ਹੇ ਸੰਤ ਜਨੋ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ। ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਜੀਵਨ ਨੂੰ ਉੱਚਾ ਕਰ ਦੇਂਦੀ ਹੈ ॥੨॥
ਜਾ ਜਾਪੈ ਕਿਛੁ ਕਿਥਾਊ ਨਾਹੀ ॥
ਜਦੋਂ ਇਹ ਸਮਝ ਆ ਜਾਂਦੀ ਹੈ ਕਿ ਕਿਤੇ ਭੀ ਕੋਈ ਚੀਜ਼ (ਸਦਾ-ਥਿਰ) ਨਹੀਂ ਹੈ,
ਤਾ ਕਰਤਾ ਭਰਪੂਰਿ ਸਮਾਹੀ ॥
ਤਦੋਂ ਕਰਤਾਰ ਨੂੰ ਹੀ ਹਰ ਥਾਂ ਵਿਆਪਕ ਸਮਝੋ (ਜੋ ਸਦਾ ਕਾਇਮ ਰਹਿਣ ਵਾਲਾ ਹੈ)।
ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥
ਉਹ ਕਰਤਾਰ ਸੁੱਕੇ ਤੋਂ ਹਰਾ ਕਰਨ ਵਾਲਾ ਹੈ। ਉਸ ਹਰੀ ਦਾ ਸਿਮਰਨ ਕਰਦੇ ਰਹੋ, ਉਹ ਅਸਚਰਜ ਕੌਤਕ ਕਰਨ ਵਾਲਾ ਹੈ ॥੩॥
ਜੋ ਜੀਆ ਕੀ ਵੇਦਨ ਜਾਣੈ ॥
ਹੇ ਭਾਈ! ਜੋ ਸਭ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈ,
ਤਿਸੁ ਸਾਹਿਬ ਕੈ ਹਉ ਕੁਰਬਾਣੈ ॥
ਮੈਂ ਤਾਂ ਉਸ ਮਾਲਕ ਤੋਂ ਸਦਾ ਸਦਕੇ ਜਾਂਦਾ ਹਾਂ।
ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥
ਹੇ ਭਾਈ! ਉਸ ਪਰਮਾਤਮਾ ਦੀ ਹਜ਼ੂਰੀ ਵਿਚ ਅਰਦਾਸ ਕਰਿਆ ਕਰ, ਜਿਹੜਾ ਸਾਰੇ ਸੁਖਾਂ ਦਾ ਦੇਣ ਵਾਲਾ ਹੈ ॥੪॥
ਜੋ ਜੀਐ ਕੀ ਸਾਰ ਨ ਜਾਣੈ ॥
ਜਿਹੜਾ ਮਨੁੱਖ (ਕਿਸੇ ਹੋਰ ਦੀ) ਜਿੰਦ ਦਾ ਦੁੱਖ-ਦਰਦ ਨਹੀਂ ਸਮਝ ਸਕਦਾ,
ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥
ਉਸ ਮੂਰਖ ਨਾਲ (ਆਪਣੇ ਦੁੱਖ-ਦਰਦ ਦੀ) ਕੋਈ ਗੱਲ ਨਹੀਂ ਕਰਨੀ ਚਾਹੀਦੀ।
ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥
ਹੇ ਪ੍ਰਾਣੀ! ਉਸ ਮੂਰਖ ਨਾਲ ਕੋਈ ਝੇੜਾ ਨਾਹ ਕਰ। ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਹੀ ਵਾਸਨਾ-ਰਹਿਤ ਆਤਮਕ ਦਰਜਾ ਦੇਣ ਵਾਲਾ ਹੈ ॥੫॥
ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥
(ਰੋਜ਼ੀ ਦੀ ਖ਼ਾਤਰ) ਚਿੰਤਾ-ਫ਼ਿਕਰ ਨਾਹ ਕਰ, ਇਹ ਫ਼ਿਕਰ ਕਰਤਾਰ ਨੂੰ ਹੈ।
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥
ਉਹ ਕਰਤਾਰ ਜਲ ਵਿਚ ਧਰਤੀ ਵਿਚ (ਵੱਸਣ ਵਾਲੇ) ਸਭ ਜੀਵਾਂ ਨੂੰ (ਰਿਜ਼ਕ) ਦੇਂਦਾ ਹੈ।
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥
ਮੇਰਾ ਪ੍ਰਭੂ ਉਹ ਉਹ ਦਾਤ ਦੇਂਦਾ ਹੈ ਜਿਸ ਦਾ ਸਾਨੂੰ ਚਿੱਤ-ਚੇਤਾ ਭੀ ਨਹੀਂ ਹੁੰਦਾ। ਪੱਥਰਾਂ ਵਿਚ ਵੱਸਣ ਵਾਲੇ ਕੀੜਿਆਂ ਨੂੰ ਭੀ (ਰਿਜ਼ਕ) ਦੇਂਦਾ ਹੈ ॥੬॥
ਨਾ ਕਰਿ ਆਸ ਮੀਤ ਸੁਤ ਭਾਈ ॥
ਮਿੱਤਰ ਦੀ, ਪੁੱਤਰ ਦੀ, ਭਰਾ ਦੀ-ਕਿਸੇ ਦੀ ਭੀ ਆਸ ਨਾਹ ਕਰ।
ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥
ਕਿਸੇ ਸ਼ਾਹ ਦੀ, ਕਿਸੇ ਵਿਹਾਰ ਦੀ-ਕੋਈ ਭੀ ਪਰਾਈ ਆਸ ਨਾਹ ਕਰ।
ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਮਦਦਗਾਰ ਨਹੀਂ। ਉਸ ਪਰਮਾਤਮਾ ਦਾ ਹੀ ਨਾਮ ਜਪਣਾ ਚਾਹੀਦਾ ਹੈ ॥੭॥
ਅਨਦਿਨੁ ਨਾਮੁ ਜਪਹੁ ਬਨਵਾਰੀ ॥
ਹਰ ਵੇਲੇ ਪਰਮਾਤਮਾ ਦਾ ਹੀ ਨਾਮ ਜਪਦੇ ਰਹੋ।
ਸਭ ਆਸਾ ਮਨਸਾ ਪੂਰੈ ਥਾਰੀ ॥
ਉਹੀ ਤੇਰੀ ਹਰੇਕ ਆਸ ਪੂਰੀ ਕਰਦਾ ਹੈ, ਤੇਰਾ ਹਰੇਕ ਫੁਰਨਾ ਪੂਰਾ ਕਰਦਾ ਹੈ।
ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥
ਹੇ ਦਾਸ ਨਾਨਕ! ਸਦਾ ਹਰਿ-ਨਾਮ ਜਪਦੇ ਰਹੋ। ਹਰਿ-ਨਾਮ ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ ਹੈ। (ਜਿਹੜਾ ਮਨੁੱਖ ਜਪਦਾ ਹੈ ਉਸ ਦੀ) ਉਮਰ-ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਦੀ ਹੈ ॥੮॥
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਕੀਤੀ ਉਸ ਨੇ ਸੁਖ ਪ੍ਰਾਪਤ ਕੀਤਾ।
ਸਹਜੇ ਹੀ ਹਰਿ ਨਾਮਿ ਸਮਾਇਆ ॥
ਉਹ ਬਿਨਾ ਕਿਸੇ (ਤਪ ਆਦਿਕ) ਜਤਨ ਦੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।
ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥
ਬੇਸ਼ੱਕ ਵੇਦਾਂ ਪੁਰਾਣਾਂ (ਦੇ ਪੜ੍ਹਨ ਵਾਲਿਆਂ) ਪਾਸੋਂ ਜਾ ਕੇ ਪੁੱਛ ਲਵੋ। ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ, ਪਰਮਾਤਮਾ ਉਸ ਦੀ ਲਾਜ ਰੱਖਦਾ ਹੈ ॥੯॥
ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥
ਪਰ, ਉਹੀ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਲੱਗਦਾ ਹੈ, ਜਿਸ ਨੂੰ ਪਰਮਾਤਮਾ ਆਪ ਲਾਂਦਾ ਹੈ।
ਗੁਰ ਕੈ ਸਬਦਿ ਭਰਮ ਭਉ ਭਾਗੈ ॥
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਮਨੁੱਖ ਦੀ ਭਟਕਣਾ ਉਸ ਦਾ ਡਰ ਦੂਰ ਹੋ ਜਾਂਦਾ ਹੈ।
ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥
ਜਿਵੇਂ ਕੌਲ ਫੁੱਲ ਪਾਣੀ ਵਿਚ (ਪਾਣੀ ਤੋਂ) ਨਿਰਲੇਪ ਰਹਿੰਦਾ ਹੈ, ਤਿਵੇਂ ਉਹ ਮਨੁੱਖ ਗ੍ਰਿਹਸਤ ਦੇ ਵਿਚ ਹੀ (ਮਾਇਆ ਤੋਂ) ਸਦਾ ਉਪਰਾਮ ਰਹਿੰਦਾ ਹੈ ॥੧੦॥
ਵਿਚਿ ਹਉਮੈ ਸੇਵਾ ਥਾਇ ਨ ਪਾਏ ॥
ਹਉਮੈ-ਅਹੰਕਾਰ ਵਿਚ ਕੀਤੀ ਹੋਈ ਸੇਵਾ-ਭਗਤੀ ਪਰਵਾਨ ਨਹੀਂ ਹੁੰਦੀ,
ਜਨਮਿ ਮਰੈ ਫਿਰਿ ਆਵੈ ਜਾਏ ॥
ਉਹ ਮਨੁੱਖ (ਤਾਂ ਸਗੋਂ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥
ਉਹੀ ਹੈ ਪੂਰਾ ਤਪ, ਉਹੀ ਹੈ ਸੇਵਾ-ਭਗਤੀ, ਜਿਹੜੀ ਮੇਰੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਹੀ ਸਹੀ ਰਸਤਾ ਹੈ) ॥੧੧॥
ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥
ਹੇ ਮੇਰੇ ਮਾਲਕ! ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?
ਤੂ ਸਰਬ ਜੀਆ ਕਾ ਅੰਤਰਜਾਮੀ ॥
ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ।
ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥
ਹੇ ਕਰਤਾਰ! ਮੈਂ ਤੇਰੇ ਹੀ ਪਾਸੋਂ ਇਹ ਦਾਨ ਮੰਗਦਾ ਹਾਂ ਕਿ ਮੈਂ ਹਰ ਵੇਲੇ ਤੇਰਾ ਨਾਮ ਉਚਾਰਦਾ ਰਹਾਂ ॥੧੨॥
ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥
ਕਿਸੇ ਦੇ ਅੰਦਰ ਚੰਗਾ ਬੋਲ ਸਕਣ ਦੇ ਅਹੰਕਾਰ ਦਾ ਤਾਣ ਹੈ।
ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥
ਕਿਸੇ ਨੂੰ ਮਾਇਆ ਦੇ ਆਸਰੇ ਦਾ ਤਾਣ ਹੈ।
ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥
ਮੈਨੂੰ ਪਰਮਾਤਮਾ ਤੋਂ ਬਿਨਾ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ। ਹੇ ਕਰਤਾਰ! ਮੇਰੀ ਨਿਮਾਣੀ ਦੀ ਰੱਖਿਆ ਤੂੰ ਹੀ ਕਰ ॥੧੩॥
ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥
ਹੇ ਸੁਆਮੀ! ਤੂੰ ਨਿਮਾਣੇ ਦਾ ਮਾਣ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਤੂੰ ਕਰਦਾ ਹੈਂ।
ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥
(ਤੇਰੀ ਰਜ਼ਾ ਤੋਂ ਲਾਂਭੇ ਜਾਣ ਦਾ ਜਤਨ ਕਰ ਕੇ) ਬੇਅੰਤ ਲੁਕਾਈ ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈਂਦੀ ਹੈ।
ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥
ਹੇ ਸੁਆਮੀ! ਤੂੰ ਜਿਨ੍ਹਾਂ ਦਾ ਪੱਖ ਕਰਦਾ ਹੈਂ, ਉਹਨਾਂ ਦੀ ਗੱਲ ਹਰ ਥਾਂ ਮੰਨੀ ਜਾਂਦੀ ਹੈ ॥੧੪॥
ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥
ਜਿਨ੍ਹਾਂ ਮਨੁੱਖਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ,
ਤਿਨੀ ਗੁਰਪਰਸਾਦਿ ਪਰਮ ਪਦੁ ਪਾਇਆ ॥
ਉਹਨਾਂ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥
ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ, ਉਸ ਨੇ ਸੁਖ ਮਾਣਿਆ। ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਲੁਕਾਈ ਪਛੁਤਾਂਦੀ ਹੈ ॥੧੫॥
ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥
ਹੇ ਹਰੀ! ਤੂੰ ਜਗਤ ਦਾ ਨਾਥ ਹੈਂ। ਤੂੰ ਸਭ ਵਿਚ ਵਿਆਪਕ ਹੈਂ।
ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥
ਉਹੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਜਿਸ ਦੇ ਮੱਥੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ।
ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥
(ਮੈਂ ਭੀ) ਹਰੀ ਦੀ ਸਰਨ ਪਿਆ ਹਾਂ, ਮੈਂ ਭੀ ਹਰੀ ਦਾ ਨਾਮ ਜਪਦਾ ਹਾਂ। ਦਾਸ ਨਾਨਕ ਹਰੀ ਦੇ ਦਾਸਾਂ ਦਾ ਦਾਸ ਹੈ ॥੧੬॥੨॥
ਮਾਰੂ ਸੋਲਹੇ ਮਹਲਾ ੫ ॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਲਾ ਉਪਾਇ ਧਰੀ ਜਿਨਿ ਧਰਣਾ ॥
ਜਿਸ ਪਰਮਾਤਮਾ ਨੇ (ਆਪਣੇ ਹੀ ਅੰਦਰੋਂ) ਸ਼ਕਤੀ ਪੈਦਾ ਕਰ ਕੇ ਧਰਤੀ ਸਾਜੀ ਹੈ,
ਗਗਨੁ ਰਹਾਇਆ ਹੁਕਮੇ ਚਰਣਾ ॥
ਜਿਸ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ੍ਹ ਰੱਖਿਆ ਹੈ,
ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥
ਜਿਸ ਨੇ ਅੱਗ ਪੈਦਾ ਕਰ ਕੇ ਇਸ ਨੂੰ ਲੱਕੜਾਂ ਵਿਚ ਬੰਨ੍ਹ ਰੱਖਿਆ ਹੈ, ਉਹੀ ਪਰਮਾਤਮਾ (ਸਭ ਜੀਵਾਂ ਦੀ) ਰੱਖਿਆ ਕਰਦਾ ਹੈ ॥੧॥
ਜੀਅ ਜੰਤ ਕਉ ਰਿਜਕੁ ਸੰਬਾਹੇ ॥
ਜਿਹੜਾ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ,
ਕਰਣ ਕਾਰਣ ਸਮਰਥ ਆਪਾਹੇ ॥
ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਨਿਰਲੇਪ ਹੈ,
ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥
ਜੋ ਇਕ ਛਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ, ਉਹੀ ਪਰਮਾਤਮਾ (ਹਰ ਵੇਲੇ) ਤੇਰਾ ਭੀ ਮਦਦਗਾਰ ਹੈ ॥੨॥
ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥
ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ (ਤੇਰੀ) ਪਾਲਣਾ ਕੀਤੀ,
ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥
ਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਿਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਤੇਰੀ ਸੰਭਾਲ ਕੀਤੀ,
ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥
ਜਿਸ ਪਰਮਾਤਮਾ ਦੀ ਇਤਨੀ ਵੱਡੀ ਵਡਿਆਈ ਹੈ, ਉਸ ਪ੍ਰੀਤਮ ਪ੍ਰਭੂ ਨੂੰ ਸਦਾ ਹੀ ਸਦਾ ਹੀ ਜਪਣਾ ਚਾਹੀਦਾ ਹੈ ॥੩॥
ਸੁਲਤਾਨ ਖਾਨ ਕਰੇ ਖਿਨ ਕੀਰੇ ॥
ਉਹ ਪਰਮਾਤਮਾ ਪਾਤਿਸ਼ਾਹਾਂ ਤੇ ਖ਼ਾਨਾਂ ਨੂੰ ਇਕ ਛਿਨ ਵਿਚ ਕੀੜੇ (ਕੰਗਾਲ) ਬਣਾ ਦੇਂਦਾ ਹੈ,
ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥
ਗ਼ਰੀਬਾਂ ਨੂੰ ਉੱਚੇ ਕਰ ਕੇ ਅਮੀਰ ਬਣਾ ਦੇਂਦਾ ਹੈ।
ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥੪॥
ਉਹ ਪਰਮਾਤਮਾ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ, ਉਹ ਪਰਮਾਤਮਾ ਸਭ ਦਾ ਆਸਰਾ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੪॥
ਸੋ ਪਤਿਵੰਤਾ ਸੋ ਧਨਵੰਤਾ ॥
ਉਹੀ (ਅਸਲ) ਇੱਜ਼ਤ-ਦਾਰ ਹੈ ਉਹੀ (ਅਸਲ) ਧਨਾਢ ਹੈ।
ਜਿਸੁ ਮਨਿ ਵਸਿਆ ਹਰਿ ਭਗਵੰਤਾ ॥
ਜਿਸ ਮਨੁੱਖ ਦੇ ਮਨ ਵਿਚ ਹਰੀ ਭਗਵਾਨ ਆ ਵੱਸਦਾ ਹੈ।
ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥
ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਹੈ ਮਾਂ ਪਿਉ, ਉਹੀ ਹੈ ਪੁੱਤਰ ਰਿਸ਼ਤੇਦਾਰ ਤੇ ਭਰਾ (ਉਹੀ ਹੈ ਸਦਾ ਨਾਲ ਨਿਭਣ ਵਾਲਾ ਸਨਬੰਧੀ) ॥੫॥
ਪ੍ਰਭ ਆਏ ਸਰਣਾ ਭਉ ਨਹੀ ਕਰਣਾ ॥
ਪ੍ਰਭੂ ਦੀ ਸਰਨ ਪਿਆਂ ਕਿਸੇ ਕਿਸਮ ਦਾ ਡਰ ਕਰਨ ਦੀ ਲੋੜ ਨਹੀਂ ਰਹਿੰਦੀ।
ਸਾਧਸੰਗਤਿ ਨਿਹਚਉ ਹੈ ਤਰਣਾ ॥
ਗੁਰੂ ਦੀ ਸੰਗਤ ਵਿਚ ਰਿਹਾਂ ਜ਼ਰੂਰ (ਸਾਰੇ ਡਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।
ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥
ਜਿਹੜਾ ਮਨੁੱਖ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਕੰਮਾਂ ਦੀ ਰਾਹੀਂ ਕਰਤਾਰ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਕਦੇ ਕੋਈ ਕਸ਼ਟ ਨਹੀਂ ਪੋਹ ਸਕਦਾ ॥੬॥
ਗੁਣ ਨਿਧਾਨ ਮਨ ਤਨ ਮਹਿ ਰਵਿਆ ॥
ਜਿਹੜਾ ਮਨੁੱਖ ਆਪਣੇ ਮਨ ਵਿਚ ਆਪਣੇ ਤਨ ਵਿਚ ਪਰਮਾਤਮਾ ਨੂੰ ਯਾਦ ਰੱਖਦਾ ਹੈ,
ਜਨਮ ਮਰਣ ਕੀ ਜੋਨਿ ਨ ਭਵਿਆ ॥
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਭਟਕਦਾ।
ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥
ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਉਹ ਸਦਾ ਲਈ ਆਤਮਕ ਆਨੰਦ ਵਿਚ ਟਿਕਾਣਾ ਬਣਾ ਲੈਂਦਾ ਹੈ, ਕਿਉਂਕਿ ਉਹ (ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜਿਆ ਰਹਿੰਦਾ ਹੈ ॥੭॥
ਮੀਤੁ ਹਮਾਰਾ ਸੋਈ ਸੁਆਮੀ ॥
ਉਹੀ ਮਾਲਕ-ਪ੍ਰਭੂ ਅਸਾਂ ਜੀਵਾਂ ਦਾ (ਅਸਲ) ਮਿੱਤਰ ਹੈ।
ਥਾਨ ਥਨੰਤਰਿ ਅੰਤਰਜਾਮੀ ॥
ਉਸ ਪੂਰਨ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।
ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥
ਸਭ ਦੇ ਪਰਮੇਸਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ-ਫ਼ਿਕਰ ਮਿਟਾ ਲੈਂਦਾ ਹੈ ॥੮॥
ਹਰਿ ਕਾ ਨਾਮੁ ਕੋਟਿ ਲਖ ਬਾਹਾ ॥
(ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ) ਲੱਖਾਂ ਕ੍ਰੋੜਾਂ ਬਾਹਾਂ ਹੈ,
ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥
ਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ।
ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥
ਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ ॥੯॥
ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥
ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ, ਇਹੀ ਜਪਣ-ਜੋਗ ਜਪ ਹੈ।
ਜੀਤਿ ਆਵਹੁ ਵਸਹੁ ਘਰਿ ਅਪਨੇ ॥
(ਇਸ ਜਪ ਦੀ ਬਰਕਤਿ ਨਾਲ ਕਾਮਾਦਿਕ ਵੈਰੀਆਂ ਨੂੰ) ਜਿੱਤ ਕੇ ਆਪਣੇ ਅਸਲ ਘਰ ਵਿਚ ਟਿਕੇ ਰਹੋਗੇ।
ਲਖ ਚਉਰਾਸੀਹ ਨਰਕ ਨ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥
ਚੌਰਾਸੀ ਲੱਖ ਜੂਨਾਂ ਦੇ ਨਰਕ ਵੇਖਣੇ ਨਹੀਂ ਪੈਣਗੇ। (ਜਿਹੜਾ ਮਨੁੱਖ) ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ (ਉਸ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ ॥੧੦॥
ਖੰਡ ਬ੍ਰਹਮੰਡ ਉਧਾਰਣਹਾਰਾ ॥
ਪਰਮਾਤਮਾ ਖੰਡਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ-ਜੋਗ ਹੈ।
ਊਚ ਅਥਾਹ ਅਗੰਮ ਅਪਾਰਾ ॥
ਉਹ ਪ੍ਰਭੂ ਉੱਚਾ ਹੈ ਅਥਾਹ ਹੈ ਅਪਹੁੰਚ ਹੈ ਬੇਅੰਤ ਹੈ।
ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥
ਜਿਸ ਮਨੁੱਖ ਉਤੇ ਉਹ ਆਪਣੀ ਕਿਰਪਾ ਕਰਦਾ ਹੈ ਉਹ ਮਨੁੱਖ ਉਸੇ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹੈ ॥੧੧॥
ਬੰਧਨ ਤੋੜਿ ਲੀਏ ਪ੍ਰਭਿ ਮੋਲੇ ॥
ਜਿਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਪ੍ਰਭੂ ਨੇ ਉਸ ਨੂੰ ਆਪਣਾ ਬਣਾ ਲਿਆ,
ਕਰਿ ਕਿਰਪਾ ਕੀਨੇ ਘਰ ਗੋਲੇ ॥
ਮਿਹਰ ਕਰ ਕੇ ਜਿਸ ਨੂੰ ਉਸ ਨੇ ਆਪਣੇ ਘਰ ਦਾ ਦਾਸ ਬਣਾ ਲਿਆ,
ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਤਾਰ ਬੱਝੀ ਰਹਿੰਦੀ ਹੈ, ਉਸ ਦੇ ਅੰਦਰ ਸਿਫ਼ਤ-ਸਾਲਾਹ ਦਾ (ਮਾਨੋ) ਲਗਾਤਾਰ ਮਿੱਠਾ ਸੁਰੀਲਾ ਰਾਗ ਹੁੰਦਾ ਰਹਿੰਦਾ ਹੈ ॥੧੨॥
ਮਨਿ ਪਰਤੀਤਿ ਬਨੀ ਪ੍ਰਭ ਤੇਰੀ ॥
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੀ ਸਰਧਾ ਬਣ ਜਾਂਦੀ ਹੈ,
ਬਿਨਸਿ ਗਈ ਹਉਮੈ ਮਤਿ ਮੇਰੀ ॥
ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਮਤਾ ਵਾਲੀ ਬੁੱਧੀ ਨਾਸ ਹੋ ਜਾਂਦੀ ਹੈ।
ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥
ਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ ॥੧੩॥
ਜੈ ਜੈ ਕਾਰੁ ਜਪਹੁ ਜਗਦੀਸੈ ॥
ਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਹੋ।
ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ ॥
ਮੈਂ ਤਾਂ ਆਪਣੇ ਈਸ਼੍ਵਰ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ।
ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥੧੪॥
ਉਸ ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਦਿੱਸਦਾ। ਸਾਰੇ ਜਗਤ ਵਿਚ ਉਹ ਇਕ ਆਪ ਹੀ ਆਪ ਹੈ ॥੧੪॥
ਸਤਿ ਸਤਿ ਸਤਿ ਪ੍ਰਭੁ ਜਾਤਾ ॥
ਜਿਸ ਮਨੁੱਖ ਨੇ ਪਰਮਾਤਮਾ ਨੂੰ ਸਦਾ-ਥਿਰ ਸਦਾ-ਥਿਰ ਜਾਣ ਲਿਆ ਹੈ,
ਗੁਰਪਰਸਾਦਿ ਸਦਾ ਮਨੁ ਰਾਤਾ ॥
ਉਸ ਦਾ ਮਨ ਗੁਰੂ ਦੀ ਕਿਰਪਾ ਨਾਲ ਉਸ ਵਿਚ ਰੰਗਿਆ ਰਹਿੰਦਾ ਹੈ।
ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥
ਹੇ ਪ੍ਰਭੂ! ਤੇਰੇ ਸੇਵਕ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹ ਸਦਾ ਤੇਰੇ ਸਰਬ-ਵਿਆਪਕ ਸਰੂਪ ਵਿਚ ਲੀਨ ਰਹਿੰਦੇ ਹਨ ॥੧੫॥
ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥
ਸਾਡਾ ਮਾਲਕ-ਪ੍ਰਭੂ ਆਪਣੇ ਭਗਤਾਂ ਦਾ ਪਿਆਰਾ ਹੈ,
ਸਭੈ ਉਧਾਰਣੁ ਖਸਮੁ ਹਮਾਰਾ ॥
ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।
ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥
ਉਸ ਦਾ ਨਾਮ ਸਿਮਰ ਸਿਮਰ ਕੇ ਉਸ ਦੇ ਭਗਤਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਹੈ ॥੧੬॥੧॥
ਮਾਰੂ ਸੋਲਹੇ ਮਹਲਾ ੫ ॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੰਗੀ ਜੋਗੀ ਨਾਰਿ ਲਪਟਾਣੀ ॥
(ਇਹ ਜੀਵਾਤਮਾ ਅਸਲ ਵਿਚ ਵਿਰਕਤ) ਜੋਗੀ (ਹੈ, ਇਹ ਕਾਇਆਂ-) ਇਸਤ੍ਰੀ ਦਾ ਸਾਥੀ (ਜਦੋਂ ਬਣ ਜਾਂਦਾ ਹੈ, ਤਾਂ ਕਾਇਆਂ-) ਇਸਤ੍ਰੀ (ਇਸ ਨਾਲ) ਲਪਟੀ ਰਹਿੰਦੀ ਹੈ, ਇਸ ਨੂੰ ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ,
ਉਰਝਿ ਰਹੀ ਰੰਗ ਰਸ ਮਾਣੀ ॥
(ਤੇ ਇਸ ਨਾਲ ਮਾਇਆ ਦੇ) ਰੰਗ ਰਸ ਮਾਣਦੀ ਰਹਿੰਦੀ ਹੈ।
ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥
ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਇਹ ਜੀਵਾਤਮਾ ਅਤੇ ਕਾਇਆਂ) ਇਕੱਠੇ ਹੁੰਦੇ ਹਨ, ਤੇ, (ਦੁਨੀਆ ਦੇ) ਭੋਗ ਬਿਲਾਸ ਕਰਦੇ ਰਹਿੰਦੇ ਹਨ ॥੧॥
ਜੋ ਪਿਰੁ ਕਰੈ ਸੁ ਧਨ ਤਤੁ ਮਾਨੈ ॥
ਜੋ ਕੁਝ ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਆਖਦਾ ਹੈ ਉਹ ਤੁਰਤ ਮੰਨਦੀ ਹੈ।
ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ ॥
ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਸਜਾ-ਸੰਵਾਰ ਕੇ ਆਪਣੇ ਨਾਲ ਰੱਖਦਾ ਹੈ।
ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥
ਮਿਲ ਕੇ ਦਿਨ ਰਾਤ ਇਹ ਇਕੱਠੇ ਵੱਸਦੇ ਹਨ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ (ਕਈ ਤਰ੍ਹਾਂ ਦਾ) ਹੌਸਲਾ ਦੇਂਦਾ ਰਹਿੰਦਾ ਹੈ ॥੨॥
ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥
ਕਾਇਆਂ-ਇਸਤ੍ਰੀ (ਭੀ ਜੋ ਕੁਝ) ਮੰਗਦੀ ਹੈ, (ਉਹ ਹਾਸਲ ਕਰਨ ਵਾਸਤੇ) ਜੀਵਾਤਮਾ-ਪਤੀ ਕਈ ਤਰ੍ਹਾਂ ਦੀ ਦੌੜ-ਭੱਜ ਕਰਦਾ ਫਿਰਦਾ ਹੈ।
ਜੋ ਪਾਵੈ ਸੋ ਆਣਿ ਦਿਖਾਵੈ ॥
ਜੋ ਕੁਝ ਉਸ ਨੂੰ ਲੱਭਦਾ ਹੈ, ਉਹ ਲਿਆ ਕੇ (ਆਪਣੀ ਕਾਇਆਂ-ਇਸਤ੍ਰੀ ਨੂੰ) ਵਿਖਾ ਦੇਂਦਾ ਹੈ।
ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥
(ਪਰ ਇਸ ਦੌੜ-ਭੱਜ ਵਿਚ ਇਸ ਨੂੰ) ਨਾਮ-ਪਦਾਰਥ ਨਹੀਂ ਲੱਭ ਸਕਦਾ, (ਨਾਮ-ਪਦਾਰਥ ਤੋਂ ਬਿਨਾ) ਕਾਇਆਂ-ਇਸਤ੍ਰੀ ਦੀ (ਮਾਇਆ ਵਾਲੀ) ਭੁੱਖ ਤ੍ਰੇਹ ਟਿਕੀ ਰਹਿੰਦੀ ਹੈ ॥੩॥
ਧਨ ਕਰੈ ਬਿਨਉ ਦੋਊ ਕਰ ਜੋਰੈ ॥
ਕਾਇਆਂ-ਇਸਤ੍ਰੀ ਦੋਵੇਂ ਹੱਥ ਜੋੜਦੀ ਹੈ ਤੇ (ਜੀਵਾਤਮਾ-ਪਤੀ ਅੱਗੇ) ਬੇਨਤੀ ਕਰਦੀ ਰਹਿੰਦੀ ਹੈ-
ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥
ਹੇ ਪਿਆਰੇ! (ਮੈਨੂੰ ਛੱਡ ਕੇ) ਕਿਸੇ ਹੋਰ ਦੇਸ ਵਿਚ ਨਾਹ ਤੁਰ ਜਾਈਂ, ਮੇਰੇ ਹੀ ਇਸ ਘਰ ਵਿਚ ਟਿਕਿਆ ਰਹੀਂ।
ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥
ਇਸੇ ਘਰ ਵਿਚ ਕੋਈ ਐਸਾ ਵਣਜ ਕਰਦਾ ਰਹੁ, ਜਿਸ ਨਾਲ ਮੇਰੀ ਭੁੱਖ ਤ੍ਰੇਹ ਮਿਟਦੀ ਰਹੇ (ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ) ॥੪॥
ਸਗਲੇ ਕਰਮ ਧਰਮ ਜੁਗ ਸਾਧਾ ॥
ਪਰ, ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ।
ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ ॥
ਹਰਿ-ਨਾਮ ਦੇ ਸੁਆਦ ਤੋਂ ਬਿਨਾ ਕਿਸੇ ਨੂੰ ਭੀ ਰਤਾ ਭਰ ਸੁਖ ਨਹੀਂ ਲੱਭਾ।
ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥
ਹੇ ਨਾਨਕ! ਜਦੋਂ ਸਾਧ ਸੰਗਤ ਵਿਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵਾਤਮਾ ਤੇ ਕਾਇਆਂ ਮਿਲ ਕੇ (ਨਾਮ ਦੀ ਬਰਕਤਿ ਨਾਲ) ਆਤਮਕ ਆਨੰਦ ਮਾਣਦੇ ਹਨ ॥੫॥
ਧਨ ਅੰਧੀ ਪਿਰੁ ਚਪਲੁ ਸਿਆਨਾ ॥
ਮਾਇਆ-ਗ੍ਰਸੀ ਕਾਇਆਂ ਦੀ ਸੰਗਤ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ-
ਪੰਚ ਤਤੁ ਕਾ ਰਚਨੁ ਰਚਾਨਾ ॥
ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ।
ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥
ਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ ॥੬॥
ਧਨ ਕਹੈ ਤੂ ਵਸੁ ਮੈ ਨਾਲੇ ॥
ਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ- ਤੂੰ ਸਦਾ ਮੇਰੇ ਨਾਲ ਵੱਸਦਾ ਰਹੁ।
ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥
ਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ! (ਕਿਤੇ ਮੈਨੂੰ ਛੱਡ ਨਾ ਜਾਈਂ)।
ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥
ਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ। (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ॥੭॥
ਪਿਰਿ ਕਹਿਆ ਹਉ ਹੁਕਮੀ ਬੰਦਾ ॥
(ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ-ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ।
ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥
ਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ।
ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥
ਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ। ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ ॥੮॥
ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥
ਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ,
ਧਨ ਕਛੂ ਨ ਸਮਝੈ ਚੰਚਲਿ ਕਾਚੇ ॥
ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ।
ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥
ਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ ॥੯॥
ਆਈ ਆਗਿਆ ਪਿਰਹੁ ਬੁਲਾਇਆ ॥
ਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ,
ਨਾ ਧਨ ਪੁਛੀ ਨ ਮਤਾ ਪਕਾਇਆ ॥
ਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ।
ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥
ਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ। ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ ॥੧੦॥
ਰੇ ਮਨ ਲੋਭੀ ਸੁਣਿ ਮਨ ਮੇਰੇ ॥
ਹੇ ਮੇਰੇ ਲੋਭੀ ਮਨ! (ਮੇਰੀ ਗੱਲ) ਸੁਣ!
ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥
ਦਿਨ ਰਾਤ ਸਦਾ ਹੀ ਗੁਰੂ ਦੀ ਸਰਨ ਪਿਆ ਰਹੁ।
ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥
ਗੁਰੂ ਦੀ ਸਰਨ ਤੋਂ ਬਿਨਾ ਸਾਕਤ ਨਿਗੁਰੇ ਮਨੁੱਖ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ। ਉਹਨਾਂ ਦੇ ਗਲ ਵਿਚ ਜਮਰਾਜ ਦਾ (ਇਹ) ਫਾਹਾ ਪਿਆ ਰਹਿੰਦਾ ਹੈ ॥੧੧॥
ਮਨਮੁਖਿ ਆਵੈ ਮਨਮੁਖਿ ਜਾਵੈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ,
ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥
ਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ।
ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥
ਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ ॥੧੨॥
ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥
ਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਗਿਆ।
ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥
ਜਿਸ (ਅਜਿਹੇ) ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ-ਸਤਕਾਰ ਦਿੱਤਾ, ਉਸ ਦੀ ਇਸ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ।
ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥
ਜਿਸ ਮਨੁੱਖ ਦੇ ਗਲ ਵਿਚ ਕਰਤਾਰ ਵੱਲੋਂ ਸੋਹਣਾ ਸਿਰੋਪਾਉ ਪੈ ਗਿਆ, ਉਹ ਆਨੰਦ-ਸਰੂਪ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੧੩॥
ਹਉ ਬਲਿਹਾਰੀ ਸਤਿਗੁਰ ਪੂਰੇ ॥
ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ।
ਸਰਣਿ ਕੇ ਦਾਤੇ ਬਚਨ ਕੇ ਸੂਰੇ ॥
ਗੁਰੂ ਸਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ, ਗੁਰੂ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ।
ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥
(ਪੂਰੇ ਗੁਰੂ ਦੀ ਮਿਹਰ ਨਾਲ ਮੈਨੂੰ) ਅਜਿਹਾ ਸੁਖਾਂ ਦਾ ਦਾਤਾ ਪਰਮਾਤਮਾ ਮਿਲ ਗਿਆ ਹੈ, ਕਿ ਉਸ ਦੇ ਚਰਨਾਂ ਤੋਂ ਵਿੱਛੁੜ ਕੇ ਮੈਂ ਹੋਰ ਕਿਤੇ ਭੀ ਨਹੀਂ ਜਾਵਾਂਗਾ ॥੧੪॥
ਗੁਣ ਨਿਧਾਨ ਕਿਛੁ ਕੀਮ ਨ ਪਾਈ ॥
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰੀ ਕੀਮਤ ਨਹੀਂ ਪੈ ਸਕਦੀ।
ਘਟਿ ਘਟਿ ਪੂਰਿ ਰਹਿਓ ਸਭ ਠਾਈ ॥
ਤੂੰ ਸਭਨੀਂ ਥਾਈਂ ਹਰੇਕ ਸਰੀਰ ਵਿਚ ਵਿਆਪਕ ਹੈਂ।
ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥
ਹੇ ਨਾਨਕ! ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮਿਹਰ ਕਰ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਬਣਿਆ ਰਹਾਂ ਜੋ ਤੇਰੇ ਦਾਸ ਹਨ ॥੧੫॥੧॥੨॥
ਮਾਰੂ ਸੋਲਹੇ ਮਹਲਾ ੫ ॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਰੈ ਅਨੰਦੁ ਅਨੰਦੀ ਮੇਰਾ ॥
ਖ਼ੁਸ਼ੀਆਂ ਦਾ ਮਾਲਕ ਮੇਰਾ ਪ੍ਰਭੂ (ਆਪ ਹੀ ਹਰ ਥਾਂ) ਖ਼ੁਸ਼ੀ ਮਾਣ ਰਿਹਾ ਹੈ।
ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥
ਹਰੇਕ ਸਰੀਰ ਵਿਚ ਉਹ ਵਿਆਪਕ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਫ਼ੈਸਲਾ ਕਰਦਾ ਹੈ।
ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥
(ਦੁਨੀਆ ਦੇ) ਬਾਦਸ਼ਾਹਾਂ ਦੇ ਭੀ ਸਿਰ ਉੱਤੇ ਉਹ ਸਦਾ-ਥਿਰ ਪਰਮਾਤਮਾ ਹੈ। ਕੋਈ ਹੋਰ (ਉਸ ਦੇ ਬਰਾਬਰ ਦਾ) ਨਹੀਂ ਹੈ ॥੧॥
ਹਰਖਵੰਤ ਆਨੰਤ ਦਇਆਲਾ ॥
ਬੇਅੰਤ ਪਰਮਾਤਮਾ ਖ਼ੁਸ਼ੀਆਂ ਦਾ ਮਾਲਕ ਹੈ, ਦਇਆ ਦਾ ਘਰ ਹੈ।
ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥
ਹਰ ਥਾਂ ਪਰਗਟ ਹੋ ਰਿਹਾ ਹੈ, ਸਭਨਾਂ ਵਿਚ ਉਹ ਹੀ (ਆਪਣੀ ਜੋਤਿ ਦਾ) ਚਾਨਣ ਕਰ ਰਿਹਾ ਹੈ।
ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥
ਅਨੇਕਾਂ ਹੀ ਰੂਪ ਬਣਾ ਬਣਾ ਕੇ (ਸਭਨਾਂ ਦੀ) ਸੰਭਾਲ ਕਰ ਰਿਹਾ ਹੈ, ਤੇ ਖ਼ੁਸ਼ ਹੋ ਰਿਹਾ ਹੈ, (ਸਭ ਵਿਚ ਵਿਆਪਕ ਹੈ) ਆਪ ਹੀ (ਆਪਣੀ) ਪੂਜਾ ਕਰ ਰਿਹਾ ਹੈ ॥੨॥
ਆਪੇ ਕੁਦਰਤਿ ਕਰੇ ਵੀਚਾਰਾ ॥
ਪਰਮਾਤਮਾ ਆਪ ਹੀ ਇਹ ਕੁਦਰਤਿ ਰਚਦਾ ਹੈ ਆਪ ਹੀ ਇਸ ਦੀ ਸੰਭਾਲ ਕਰਦਾ ਹੈ।
ਆਪੇ ਹੀ ਸਚੁ ਕਰੇ ਪਸਾਰਾ ॥
ਉਹ ਸਦਾ-ਥਿਰ ਪ੍ਰਭੂ ਆਪ ਹੀ ਜਗਤ-ਖਿਲਾਰਾ ਬਣਾ ਰਿਹਾ ਹੈ।
ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥
ਦਿਨ ਰਾਤ ਹਰ ਵੇਲੇ ਉਹ ਆਪ ਹੀ (ਜੀਵਾਂ ਨੂੰ) ਖੇਡਾਂ ਖਿਡਾ ਰਿਹਾ ਹੈ। ਆਪ ਹੀ (ਜੀਵਾਂ ਦੀਆਂ ਅਰਜ਼ੋਈਆਂ) ਸੁਣ ਸੁਣ ਕੇ ਖ਼ੁਸ਼ ਹੁੰਦਾ ਹੈ ॥੩॥
ਸਾਚਾ ਤਖਤੁ ਸਚੀ ਪਾਤਿਸਾਹੀ ॥
ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਾਹਨਸ਼ਾਹ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ।
ਸਚੁ ਖਜੀਨਾ ਸਾਚਾ ਸਾਹੀ ॥
ਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ।
ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥੪॥
ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਜਗਤ ਨੂੰ ਉਹ ਆਪ ਹੀ ਸਹਾਰਾ ਦੇਣ ਵਾਲਾ ਹੈ। ਆਪਣੇ ਸਦਾ-ਥਿਰ (ਨਿਯਮਾਂ ਦੀ) ਰਾਹੀਂ ਉਹ ਆਪ ਹੀ ਜਗਤ ਵਿਚ ਵਰਤਾਰਾ ਵਰਤ ਰਿਹਾ ਹੈ ॥੪॥
ਸਚੁ ਤਪਾਵਸੁ ਸਚੇ ਕੇਰਾ ॥
ਸਦਾ-ਥਿਰ ਪਰਮਾਤਮਾ ਦਾ ਨਿਆਂ ਭੀ ਅਟੱਲ (ਅਭੁੱਲ) ਹੈ।
ਸਾਚਾ ਥਾਨੁ ਸਦਾ ਪ੍ਰਭ ਤੇਰਾ ॥
ਹੇ ਪ੍ਰਭੂ! ਤੇਰਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ।
ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ ॥੫॥
ਹੇ ਸਾਹਿਬ! ਤੇਰੀ ਰਚੀ ਹੋਈ ਕੁਦਰਤਿ ਤੇ (ਉਸ ਦੀ) ਬਣਤਰ ਅਟੱਲ ਨਿਯਮਾਂ ਵਾਲੀ ਹੈ। ਤੂੰ ਆਪ ਹੀ (ਇਸ ਕੁਦਰਤਿ ਵਿਚ) ਅਟੱਲ ਸੁਖ ਪੈਦਾ ਕੀਤਾ ਹੋਇਆ ਹੈ ॥੫॥
ਏਕੋ ਆਪਿ ਤੂਹੈ ਵਡ ਰਾਜਾ ॥
ਹੇ ਪ੍ਰਭੂ! ਸਿਰਫ਼ ਤੂੰ ਆਪ ਹੀ ਸਭ ਤੋਂ ਵੱਡਾ ਰਾਜਾ ਹੈਂ।
ਹੁਕਮਿ ਸਚੇ ਕੈ ਪੂਰੇ ਕਾਜਾ ॥
ਸਦਾ-ਥਿਰ ਪ੍ਰਭੂ ਦੇ ਹੁਕਮ ਅਨੁਸਾਰ ਸਭ ਜੀਵਾਂ ਦੇ ਕੰਮ ਸਿਰੇ ਚੜ੍ਹਦੇ ਹਨ।
ਅੰਤਰਿ ਬਾਹਰਿ ਸਭੁ ਕਿਛੁ ਜਾਣੈ ਆਪੇ ਹੀ ਆਪਿ ਪਤੀਜਾ ਹੇ ॥੬॥
ਜੋ ਕੁਝ ਜੀਵਾਂ ਦੇ ਅੰਦਰ ਵਰਤਦਾ ਹੈ ਜੋ ਕੁਝ ਬਾਹਰ ਸਾਰੇ ਜਗਤ ਵਿਚ ਹੋ ਰਿਹਾ ਹੈ ਇਹ ਸਭ ਕੁਝ ਉਹ ਆਪ ਹੀ ਜਾਣਦਾ ਹੈ, ਤੇ ਸੰਤੁਸ਼ਟ ਹੁੰਦਾ ਹੈ ॥੬॥
ਤੂ ਵਡ ਰਸੀਆ ਤੂ ਵਡ ਭੋਗੀ ॥
ਹੇ ਪ੍ਰਭੂ! (ਸਭ ਵਿਚ ਵਿਆਪਕ ਹੋ ਕੇ) ਤੂੰ ਸਭ ਤੋਂ ਵੱਡਾ ਰਸ ਮਾਣਨ ਵਾਲਾ ਤੇ ਭੋਗ ਭੋਗਣ ਵਾਲਾ ਹੈਂ।
ਤੂ ਨਿਰਬਾਣੁ ਤੂਹੈ ਹੀ ਜੋਗੀ ॥
(ਨਿਰਾਕਾਰ ਹੁੰਦਾ ਹੋਇਆ) ਤੂੰ ਆਪ ਹੀ ਵਾਸਨਾ-ਰਹਿਤ ਜੋਗੀ ਹੈਂ।
ਸਰਬ ਸੂਖ ਸਹਜ ਘਰਿ ਤੇਰੈ ਅਮਿਉ ਤੇਰੀ ਦ੍ਰਿਸਟੀਜਾ ਹੇ ॥੭॥
ਹੇ ਪ੍ਰਭੂ! ਆਤਮਕ ਅਡੋਲਤਾ ਦੇ ਸਾਰੇ ਆਨੰਦ ਤੇਰੇ ਘਰ ਵਿਚ ਮੌਜੂਦ ਹਨ, ਤੇਰੀ ਮਿਹਰ ਦੀ ਨਿਗਾਹ ਵਿਚ ਅੰਮ੍ਰਿਤ ਵੱਸ ਰਿਹਾ ਹੈ ॥੭॥
ਤੇਰੀ ਦਾਤਿ ਤੁਝੈ ਤੇ ਹੋਵੈ ॥
ਹੇ ਪ੍ਰਭੂ! ਜਿਤਨੀ ਦਾਤ ਤੂੰ ਦੇ ਰਿਹਾ ਹੈਂ ਇਹ ਤੂੰ ਹੀ ਦੇ ਸਕਦਾ ਹੈਂ।
ਦੇਹਿ ਦਾਨੁ ਸਭਸੈ ਜੰਤ ਲੋਐ ॥
ਤੂੰ ਤਾਂ ਸਾਰੇ ਲੋਕਾਂ ਵਿਚ ਸਭ ਜੀਵਾਂ ਨੂੰ ਦਾਨ ਦੇ ਰਿਹਾ ਹੈਂ।
ਤੋਟਿ ਨ ਆਵੈ ਪੂਰ ਭੰਡਾਰੈ ਤ੍ਰਿਪਤਿ ਰਹੇ ਆਘੀਜਾ ਹੇ ॥੮॥
ਤੇਰੇ ਭਰੇ ਹੋਏ ਖ਼ਜ਼ਾਨੇ ਵਿਚ ਕਦੇ ਘਾਟਾ ਨਹੀਂ ਪੈ ਸਕਦਾ। ਸਾਰੇ ਹੀ ਜੀਵ (ਤੇਰੀਆਂ ਦਾਤਾਂ ਦੀ ਬਰਕਤਿ ਨਾਲ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ ॥੮॥
ਜਾਚਹਿ ਸਿਧ ਸਾਧਿਕ ਬਨਵਾਸੀ ॥
ਹੇ ਪ੍ਰਭੂ! ਜੰਗਲਾਂ ਦੇ ਵਾਸੀ ਸਿੱਧ ਤੇ ਸਾਧਿਕ (ਤੇਰੇ ਦਰ ਤੋਂ ਹੀ) ਮੰਗਦੇ ਹਨ।
ਜਾਚਹਿ ਜਤੀ ਸਤੀ ਸੁਖਵਾਸੀ ॥
ਸੁਖ-ਰਹਿਣੇ ਜਤੀ ਤੇ ਸਤੀ (ਭੀ ਤੇਰੇ ਦਰ ਤੋਂ) ਮੰਗਦੇ ਹਨ।
ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ ॥੯॥
ਤੂੰ ਇਕ ਦਾਤਾ ਹੈਂ, ਹੋਰ ਸਾਰੀ ਲੁਕਾਈ (ਤੇਰੇ ਦਰ ਤੋਂ) ਮੰਗਣ ਵਾਲੀ ਹੈ। ਤੂੰ ਸਾਰੀ ਸ੍ਰਿਸ਼ਟੀ ਨੂੰ ਦਾਨ ਦੇਂਦਾ ਹੈਂ ॥੯॥
ਕਰਹਿ ਭਗਤਿ ਅਰੁ ਰੰਗ ਅਪਾਰਾ ॥
(ਅਨੇਕਾਂ ਭਗਤ) ਬੇਅੰਤ ਪ੍ਰਭੂ ਦੀ ਭਗਤੀ ਕਰਦੇ ਹਨ ਅਤੇ ਆਤਮਕ ਆਨੰਦ ਮਾਣਦੇ ਹਨ।
ਖਿਨ ਮਹਿ ਥਾਪਿ ਉਥਾਪਨਹਾਰਾ ॥
ਪਰਮਾਤਮਾ ਪੈਦਾ ਕਰ ਕੇ ਇਕ ਛਿਨ ਵਿਚ ਨਾਸ ਕਰਨ ਦੀ ਸਮਰਥਾ ਰੱਖਦਾ ਹੈ।
ਭਾਰੋ ਤੋਲੁ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ ਹੇ ॥੧੦॥
ਉਹ ਮਾਲਕ ਬੇਅੰਤ ਤਾਕਤ ਵਾਲਾ ਹੈ ਬੇਅੰਤ ਹੈ। (ਜੀਵ) ਉਸ ਦਾ ਹੁਕਮ ਮੰਨ ਕੇ ਉਸ ਦੇ ਭਗਤ ਬਣਦੇ ਹਨ ॥੧੦॥
ਜਿਸੁ ਦੇਹਿ ਦਰਸੁ ਸੋਈ ਤੁਧੁ ਜਾਣੈ ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਦਰਸਨ ਦੇਂਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ।
ਓਹੁ ਗੁਰ ਕੈ ਸਬਦਿ ਸਦਾ ਰੰਗ ਮਾਣੈ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਆਤਮਕ ਆਨੰਦ ਮਾਣਦਾ ਹੈ।
ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੈ ਭਾਵੀਜਾ ਹੇ ॥੧੧॥
ਉਹੀ ਮਨੁੱਖ (ਅਸਲ) ਸਿਆਣਾ ਹੈ ਸੋਹਣਾ ਹੈ ਅਕਲ ਵਾਲਾ ਹੈ, ਜਿਹੜਾ ਤੇਰੇ ਮਨ ਵਿਚ ਚੰਗਾ ਲੱਗਦਾ ਹੈ ॥੧੧॥
ਜਿਸੁ ਚੀਤਿ ਆਵਹਿ ਸੋ ਵੇਪਰਵਾਹਾ ॥
ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,
ਜਿਸੁ ਚੀਤਿ ਆਵਹਿ ਸੋ ਸਾਚਾ ਸਾਹਾ ॥
ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਹ ਸਦਾ ਕਾਇਮ ਰਹਿਣ ਵਾਲੇ (ਨਾਮ-) ਧਨ ਦਾ ਮਾਲਕ ਬਣ ਜਾਂਦਾ ਹੈ।
ਜਿਸੁ ਚੀਤਿ ਆਵਹਿ ਤਿਸੁ ਭਉ ਕੇਹਾ ਅਵਰੁ ਕਹਾ ਕਿਛੁ ਕੀਜਾ ਹੇ ॥੧੨॥
ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕੋਈ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੧੨॥
ਤ੍ਰਿਸਨਾ ਬੂਝੀ ਅੰਤਰੁ ਠੰਢਾ ॥
ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁੱਝ ਗਈ ਉਸ ਦਾ ਹਿਰਦਾ ਸ਼ਾਂਤ ਹੋ ਗਿਆ,
ਗੁਰਿ ਪੂਰੈ ਲੈ ਤੂਟਾ ਗੰਢਾ ॥
(ਪ੍ਰਭੂ ਨਾਲੋਂ) ਟੁੱਟੇ ਹੋਏ ਜਿਸ ਮਨੁੱਖ ਨੂੰ ਫੜ ਕੇ ਪੂਰੇ ਗੁਰੂ ਨੇ (ਮੁੜ ਪ੍ਰਭੂ ਨਾਲ) ਜੋੜ ਦਿੱਤਾ।
ਸੁਰਤਿ ਸਬਦੁ ਰਿਦ ਅੰਤਰਿ ਜਾਗੀ ਅਮਿਉ ਝੋਲਿ ਝੋਲਿ ਪੀਜਾ ਹੇ ॥੧੩॥
ਗੁਰੂ ਦੇ ਸ਼ਬਦ ਨੂੰ ਸੁਰਤ ਵਿਚ (ਟਿਕਾਣ ਦੀ ਸੂਝ ਉਸ ਮਨੁੱਖ ਦੇ) ਹਿਰਦੇ ਵਿਚ ਜਾਗ ਪਈ। ਉਹ ਮਨੁੱਖ ਬੜੇ ਸੁਆਦ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ॥੧੩॥
ਮਰੈ ਨਾਹੀ ਸਦ ਸਦ ਹੀ ਜੀਵੈ ॥
ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ।
ਅਮਰੁ ਭਇਆ ਅਬਿਨਾਸੀ ਥੀਵੈ ॥
ਉਹ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਉਸ ਨੂੰ ਮੌਤ ਦਾ ਸਹਮ ਨਹੀਂ ਵਿਆਪਦਾ।
ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ ॥੧੪॥
ਗੁਰੂ ਨੇ ਜਿਸ ਮਨੁੱਖ ਦੀ ਭਟਕਣਾ ਦੂਰ ਕਰ ਦਿੱਤੀ, ਅਜਿਹਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ॥੧੪॥
ਪੂਰੇ ਗੁਰ ਕੀ ਪੂਰੀ ਬਾਣੀ ॥
ਜਿਹੜਾ ਮਨੁੱਖ ਪੂਰੇ ਗੁਰੂ ਦੀ ਪੂਰੀ ਬਾਣੀ ਦੀ ਰਾਹੀਂ-
ਪੂਰੈ ਲਾਗਾ ਪੂਰੇ ਮਾਹਿ ਸਮਾਣੀ ॥
ਪੂਰਨ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ, ਉਹ ਉਸ ਵਿਚ ਸਮਾਇਆ ਰਹਿੰਦਾ ਹੈ।
ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ ॥੧੫॥
ਪਰਮਾਤਮਾ ਦੇ ਪ੍ਰੇਮ ਦਾ ਰੰਗ (ਉਸ ਦੇ ਹਿਰਦੇ ਵਿਚ) ਸਦਾ ਹੀ ਵਧਦਾ ਰਹਿੰਦਾ ਹੈ, ਪੜਤਾਲ ਕੀਤਿਆਂ ਉਹ ਕਦੇ ਭੀ ਘੱਟ ਨਹੀਂ ਹੁੰਦਾ ॥੧੫॥
ਬਾਰਹਾ ਕੰਚਨੁ ਸੁਧੁ ਕਰਾਇਆ ॥
ਉਹ ਮਨੁੱਖ ਬਾਰਾਂ ਵੰਨੀ ਦੇ ਸੋਨੇ ਵਰਗਾ ਖਰਾ ਹੋ ਜਾਂਦਾ ਹੈ,
ਨਦਰਿ ਸਰਾਫ ਵੰਨੀ ਸਚੜਾਇਆ ॥
ਉਹ ਸੋਹਣੇ ਰੰਗ ਵਾਲਾ (ਸੋਹਣੇ ਆਤਮਕ ਜੀਵਨ ਵਾਲਾ) ਗੁਰੂ-ਸਰਾਫ਼ ਦੀਆਂ ਨਜ਼ਰਾਂ ਵਿਚ ਪਰਵਾਨ ਹੋ ਜਾਂਦਾ ਹੈ।
ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ ॥੧੬॥
(ਜਿਵੇਂ ਸੁੱਧ ਸੋਨੇ ਨੂੰ) ਸਰਾਫ਼ ਪਰਖ ਕੇ ਖ਼ਜ਼ਾਨੇ ਵਿਚ ਪਾ ਲੈਂਦੇ ਹਨ, ਤੇ ਉਸ ਨੂੰ ਫਿਰ ਪਰਖਣ ਲਈ ਤਾਇਆ ਨਹੀਂ ਜਾਂਦਾ (ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ) ॥੧੬॥
ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥
ਹੇ ਮੇਰੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।
ਨਾਨਕ ਦਾਸ ਸਦਾ ਕੁਰਬਾਨੀ ॥੮॥੪॥
ਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ ॥੮॥੪॥
ਸੰਤਸੰਗਿ ਮਹਾ ਸੁਖੁ ਪਾਇਆ ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥੧੭॥੧॥੩॥
ਗੁਰੂ ਦੀ ਸੰਗਤ ਵਿਚ ਰਹਿ ਕੇ ਉਹ ਬਹੁਤ ਆਤਮਕ ਆਨੰਦ ਮਾਣਦੇ ਹਨ, (ਤੇਰਾ) ਦਰਸਨ ਕਰ ਕੇ ਉਹਨਾਂ ਦਾ ਇਹ ਮਨ (ਤੇਰੇ ਨਾਮ-ਰਸ ਵਿਚ) ਭਿੱਜਾ ਰਹਿੰਦਾ ਹੈ ॥੧੭॥੧॥੩॥
ਮਾਰੂ ਮਹਲਾ ੫ ਸੋਲਹੇ ॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੁ ਗੋਪਾਲੁ ਗੁਰੁ ਗੋਵਿੰਦਾ ॥
(ਗੁਰੂ ਦੇ ਸੇਵਕ ਵਾਸਤੇ) ਗੁਰੂ ਗੋਪਾਲ (ਦਾ ਰੂਪ) ਹੈ, ਗੁਰੂ ਗੋਵਿੰਦ (ਦਾ ਰੂਪ) ਹੈ।
ਗੁਰੁ ਦਇਆਲੁ ਸਦਾ ਬਖਸਿੰਦਾ ॥
ਗੁਰੂ ਦਰਿਆ ਦਾ ਸੋਮਾ ਹੈ, ਗੁਰੂ ਸਦਾ ਬਖ਼ਸ਼ਸ਼ ਕਰਨ ਵਾਲਾ ਹੈ।
ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥
(ਸੇਵਕ ਵਾਸਤੇ) ਗੁਰੂ (ਹੀ ਸ਼ਾਸਤ੍ਰ ਹੈ, ਸਿਮ੍ਰਿਤੀ ਹੈ, ਛੇ ਧਾਰਮਿਕ ਕਰਮ ਹੈ; ਗੁਰੂ ਹੀ ਪਵਿੱਤਰ ਤੀਰਥ ਹੈ ॥੧॥
ਗੁਰੁ ਸਿਮਰਤ ਸਭਿ ਕਿਲਵਿਖ ਨਾਸਹਿ ॥
ਗੁਰੂ ਨੂੰ (ਹਰ ਵੇਲੇ) ਯਾਦ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ,
ਗੁਰੁ ਸਿਮਰਤ ਜਮ ਸੰਗਿ ਨ ਫਾਸਹਿ ॥
ਗੁਰੂ ਨੂੰ ਯਾਦ ਕਰਦਿਆਂ (ਜੀਵ) ਜਮ ਦੀ ਫਾਹੀ ਵਿਚ ਨਹੀਂ ਫਸਦੇ (ਆਤਮਕ ਮੌਤ ਤੋਂ ਬਚੇ ਰਹਿੰਦੇ ਹਨ)।
ਗੁਰੁ ਸਿਮਰਤ ਮਨੁ ਨਿਰਮਲੁ ਹੋਵੈ ਗੁਰੁ ਕਾਟੇ ਅਪਮਾਨਾ ਹੇ ॥੨॥
ਗੁਰੂ ਨੂੰ ਯਾਦ ਕਰਦਿਆਂ ਮਨ ਪਵਿੱਤਰ ਹੋ ਜਾਂਦਾ ਹੈ, (ਤੇ ਇਸ ਤਰ੍ਹਾਂ) ਗੁਰੂ ਮਨੁੱਖ ਨੂੰ (ਲੋਕ ਪਰਲੋਕ ਦੀ) ਨਿਰਾਦਰੀ ਤੋਂ ਬਚਾ ਲੈਂਦਾ ਹੈ ॥੨॥
ਗੁਰ ਕਾ ਸੇਵਕੁ ਨਰਕਿ ਨ ਜਾਏ ॥
ਗੁਰੂ ਦਾ ਸੇਵਕ ਨਰਕ ਵਿਚ ਨਹੀਂ ਪੈਂਦਾ,
ਗੁਰ ਕਾ ਸੇਵਕੁ ਪਾਰਬ੍ਰਹਮੁ ਧਿਆਏ ॥
(ਕਿਉਂਕਿ) ਗੁਰੂ ਦਾ ਸੇਵਕ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।
ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥੩॥
ਗੁਰੂ ਦਾ ਸੇਵਕ ਸਾਧ ਸੰਗਤ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, (ਸਾਧ ਸੰਗਤ ਵਿਚ) ਗੁਰੂ ਉਸ ਨੂੰ ਸਦਾ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ॥੩॥
ਗੁਰ ਦੁਆਰੈ ਹਰਿ ਕੀਰਤਨੁ ਸੁਣੀਐ ॥
ਗੁਰੂ ਦੇ ਦਰ ਤੇ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ ਚਾਹੀਦੀ ਹੈ,
ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ ॥
ਹਰੀ ਦਾ ਜਸ ਮੂੰਹੋਂ ਉਚਾਰਨਾ ਚਾਹੀਦਾ ਹੈ (ਜਿਸ ਨੂੰ) ਗੁਰੂ ਮਿਲ ਪੈਂਦਾ ਹੈ (ਉਹ ਮਨੁੱਖ ਸਦਾ ਇਹ ਉੱਦਮ ਕਰਦਾ ਹੈ)।
ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ ॥੪॥
ਗੁਰੂ (ਮਨੁੱਖ ਦੇ) ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੇਂਦਾ ਹੈ ॥੪॥
ਅਗਮੁ ਅਗੋਚਰੁ ਗੁਰੂ ਦਿਖਾਇਆ ॥
ਗੁਰੂ ਨੇ ਹੀ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਦਰਸਨ ਕਰਾਇਆ ਹੈ।
ਭੂਲਾ ਮਾਰਗਿ ਸਤਿਗੁਰਿ ਪਾਇਆ ॥
ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ ਹੀ (ਸਦਾ) ਸਹੀ ਜੀਵਨ-ਰਾਹ ਤੇ ਪਾਇਆ ਹੈ।
ਗੁਰ ਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ ਦਿ੍ੜ੍ਰਾਇਆ ਗਿਆਨਾਂ ਹੇ ॥੫॥
ਭਗਤੀ ਦੀ ਬਰਕਤਿ ਨਾਲ ਗੁਰੂ ਦੇ ਸੇਵਕ ਦੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ਗੁਰੂ ਹੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਸੇਵਕ ਦੇ ਹਿਰਦੇ ਵਿਚ ਪੱਕੀ ਕਰਦਾ ਹੈ ॥੫॥
ਗੁਰਿ ਦ੍ਰਿਸਟਾਇਆ ਸਭਨੀ ਠਾਂਈ ॥
ਗੁਰੂ ਨੇ (ਹੀ ਸੇਵਕ ਨੂੰ ਪਰਮਾਤਮਾ) ਸਭਨੀਂ ਥਾਈਂ ਵੱਸਦਾ ਵਿਖਾਇਆ ਹੈ (ਤੇ ਦੱਸਿਆ ਹੈ ਕਿ)
ਜਲਿ ਥਲਿ ਪੂਰਿ ਰਹਿਆ ਗੋਸਾਈ ॥
ਸ੍ਰਿਸ਼ਟੀ ਦਾ ਮਾਲਕ ਜਲ ਵਿਚ ਧਰਤੀ ਵਿਚ (ਹਰ ਥਾਂ) ਵਿਆਪਕ ਹੈ, ਉੱਚੇ ਤੇ ਖ਼ਾਲੀ ਸਭ ਥਾਈਂ ਇਕੋ ਜਿਹਾ ਵਿਆਪਕ ਹੈ।
ਊਚ ਊਨ ਸਭ ਏਕ ਸਮਾਨਾਂ ਮਨਿ ਲਾਗਾ ਸਹਜਿ ਧਿਆਨਾ ਹੇ ॥੬॥
(ਗੁਰੂ ਦੀ ਰਾਹੀਂ ਹੀ ਸੇਵਕ ਦੇ) ਮਨ ਵਿਚ ਆਤਮਕ ਅਡੋਲਤਾ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ ॥੬॥
ਗੁਰਿ ਮਿਲਿਐ ਸਭ ਤ੍ਰਿਸਨ ਬੁਝਾਈ ॥
ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ (ਮਨੁੱਖ ਦੇ ਅੰਦਰੋਂ) ਸਾਰੀ ਤ੍ਰਿਸ਼ਨਾ (ਦੀ ਅੱਗ) ਬੁਝਾ ਦੇਂਦਾ ਹੈ,
ਗੁਰਿ ਮਿਲਿਐ ਨਹ ਜੋਹੈ ਮਾਈ ॥
ਮਨੁੱਖ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
ਸਤੁ ਸੰਤੋਖੁ ਦੀਆ ਗੁਰਿ ਪੂਰੈ ਨਾਮੁ ਅੰਮ੍ਰਿਤੁ ਪੀ ਪਾਨਾਂ ਹੇ ॥੭॥
(ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਤ ਅਤੇ ਸੰਤੋਖ ਬਖ਼ਸ਼ਿਆ, ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪ ਪੀਂਦਾ ਹੈ ਤੇ ਹੋਰਨਾਂ ਨੂੰ ਪਿਲਾਂਦਾ ਹੈ ॥੭॥
ਗੁਰ ਕੀ ਬਾਣੀ ਸਭ ਮਾਹਿ ਸਮਾਣੀ ॥
ਗੁਰੂ ਦੀ ਬਾਣੀ ਸਭ ਜੀਵਾਂ ਦੇ ਹਿਰਦੇ ਵਿਚ ਟਿਕਣ-ਜੋਗ ਹੈ,
ਆਪਿ ਸੁਣੀ ਤੈ ਆਪਿ ਵਖਾਣੀ ॥
ਗੁਰੂ ਨੇ (ਪਰਮਾਤਮਾ ਪਾਸੋਂ) ਆਪ ਸੁਣੀ ਅਤੇ (ਦੁਨੀਆ ਦੇ ਜੀਵਾਂ ਨੂੰ) ਆਪ ਸੁਣਾਈ ਹੈ।
ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ ॥੮॥
ਜਿਸ ਜਿਸ ਮਨੁੱਖ ਨੇ ਇਹ ਬਾਣੀ ਹਿਰਦੇ ਵਿਚ ਵਸਾਈ ਹੈ, ਉਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਨੇ ਉਹ ਆਤਮਕ ਟਿਕਾਣਾ ਹਾਸਲ ਕਰ ਲਿਆ ਹੈ ਜੋ (ਮਾਇਆ ਦੇ ਪ੍ਰਭਾਵ ਹੇਠ) ਡੋਲਦਾ ਨਹੀਂ ਹੈ ॥੮॥
ਸਤਿਗੁਰ ਕੀ ਮਹਿਮਾ ਸਤਿਗੁਰੁ ਜਾਣੈ ॥
ਗੁਰੂ ਦੀ ਉੱਚ-ਆਤਮਕਤਾ ਗੁਰੂ (ਹੀ) ਜਾਣਦਾ ਹੈ।
ਜੋ ਕਿਛੁ ਕਰੇ ਸੁ ਆਪਣ ਭਾਣੈ ॥
(ਗੁਰੂ ਹੀ ਜਾਣਦਾ ਹੈ ਕਿ ਪਰਮਾਤਮਾ) ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ ਕਰਦਾ ਹੈ।
ਸਾਧੂ ਧੂਰਿ ਜਾਚਹਿ ਜਨ ਤੇਰੇ ਨਾਨਕ ਸਦ ਕੁਰਬਾਨਾਂ ਹੇ ॥੯॥੧॥੪॥
ਹੇ ਨਾਨਕ! ਪ੍ਰਭੂ ਦੇ ਸੇਵਕ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ ਤੇ (ਗੁਰੂ ਤੋਂ) ਸਦਾ ਸਦਕੇ ਜਾਂਦੇ ਹਨ ॥੯॥੧॥੪॥
ਮਾਰੂ ਸੋਲਹੇ ਮਹਲਾ ੫ ॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ ॥
ਉਹ ਪਰਮਾਤਮਾ, ਜੋ ਸਭ ਦਾ ਮੂਲ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ,
ਸਭ ਮਹਿ ਵਰਤੈ ਆਪਿ ਨਿਰਾਰਾ ॥
ਸਭ ਜੀਵਾਂ ਵਿਚ ਮੌਜੂਦ ਹੈ, ਤੇ ਫਿਰ ਭੀ ਨਿਰਲੇਪ ਰਹਿੰਦਾ ਹੈ।
ਵਰਨੁ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ ॥੧॥
ਉਸ ਦਾ ਕੋਈ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਨਹੀਂ, ਕੋਈ ਜਾਤਿ ਨਹੀਂ, ਕੋਈ ਚਿਹਨ ਨਹੀਂ। ਉਹ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ॥੧॥
ਲਖ ਚਉਰਾਸੀਹ ਜੋਨਿ ਸਬਾਈ ॥
ਸਾਰੀਆਂ ਚੌਰਾਸੀ ਲੱਖ ਜੂਨਾਂ ਵਿਚੋਂ-
ਮਾਣਸ ਕਉ ਪ੍ਰਭਿ ਦੀਈ ਵਡਿਆਈ ॥
ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ।
ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥
ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਹੈ ॥੨॥
ਕੀਤਾ ਹੋਵੈ ਤਿਸੁ ਕਿਆ ਕਹੀਐ ॥
ਪਰਮਾਤਮਾ ਦੇ ਪੈਦਾ ਕੀਤੇ ਹੋਏ ਦੀ ਵਡਿਆਈ ਕਰਦੇ ਰਹਿਣਾ ਵਿਅਰਥ ਹੈ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ)
ਗੁਰਮੁਖਿ ਨਾਮੁ ਪਦਾਰਥੁ ਲਹੀਐ ॥
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਕੀਮਤੀ ਨਾਮ ਪ੍ਰਾਪਤ ਕਰਨਾ ਚਾਹੀਦਾ ਹੈ।
ਜਿਸੁ ਆਪਿ ਭੁਲਾਏ ਸੋਈ ਭੂਲੈ ਸੋ ਬੂਝੈ ਜਿਸਹਿ ਬੁਝਾਇਦਾ ॥੩॥
(ਪਰ ਜੀਵ ਦੇ ਵੱਸ ਦੀ ਇਹ ਗੱਲ ਨਹੀਂ ਹੈ) ਜਿਸ ਮਨੁੱਖ ਨੂੰ ਪਰਮਾਤਮਾ ਆਪ ਕੁਰਾਹੇ ਪਾ ਦੇਂਦਾ ਹੈ, ਉਹ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ। ਉਹ ਮਨੁੱਖ ਹੀ ਸਹੀ ਜੀਵਨ-ਰਸਤਾ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ ॥੩॥
ਹਰਖ ਸੋਗ ਕਾ ਨਗਰੁ ਇਹੁ ਕੀਆ ॥
ਪਰਮਾਤਮਾ ਨੇ ਇਸ ਮਨੁੱਖਾ ਸਰੀਰ ਨੂੰ ਖ਼ੁਸ਼ੀ ਗ਼ਮੀ ਦਾ ਨਗਰ ਬਣਾ ਦਿੱਤਾ ਹੈ।
ਸੇ ਉਬਰੇ ਜੋ ਸਤਿਗੁਰ ਸਰਣੀਆ ॥
ਉਹ ਮਨੁੱਖ ਹੀ (ਇਹਨਾਂ ਦੇ ਪ੍ਰਭਾਵ ਤੋਂ) ਬਚਦੇ ਹਨ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ।
ਤ੍ਰਿਹਾ ਗੁਣਾ ਤੇ ਰਹੈ ਨਿਰਾਰਾ ਸੋ ਗੁਰਮੁਖਿ ਸੋਭਾ ਪਾਇਦਾ ॥੪॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਾਲਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੪॥
ਅਨਿਕ ਕਰਮ ਕੀਏ ਬਹੁਤੇਰੇ ॥
(ਨਾਮ-ਸਿਮਰਨ ਤੋਂ ਬਿਨਾ ਤੀਰਥ-ਇਸ਼ਨਾਨ ਆਦਿਕ ਭਾਵੇਂ) ਅਨੇਕਾਂ ਬਥੇਰੇ (ਮਿਥੇ ਹੋਏ ਧਾਰਮਿਕ) ਕਰਮ ਕੀਤੇ ਜਾਣ,
ਜੋ ਕੀਜੈ ਸੋ ਬੰਧਨੁ ਪੈਰੇ ॥
ਜਿਹੜਾ ਭੀ ਅਜਿਹਾ ਕਰਮ ਕੀਤਾ ਜਾਂਦਾ ਹੈ, ਉਹ ਇਸ ਜੀਵਨ-ਸਫ਼ਰ ਵਿਚ ਮਨੁੱਖ ਦੇ ਪੈਰਾਂ ਵਿਚ ਫਾਹੀ ਬਣਦਾ ਹੈ।
ਕੁਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥੫॥
(ਮਨੁੱਖ ਦੇ ਆਤਮਕ ਜੀਵਨ ਵਾਸਤੇ ਹਰਿ-ਨਾਮ ਦੇ ਸਿਮਰਨ ਦੀ ਲੋੜ ਹੈ। ਹੋਰ ਹੋਰ ਕਰਮ ਇਉਂ ਹੀ ਵਿਅਰਥ ਹਨ, ਜਿਵੇਂ,) ਬੇ-ਬਹਾਰਾ ਬੀਜਿਆ ਹੋਇਆ ਬੀਜ ਉੱਗਦਾ ਨਹੀਂ। ਮਨੁੱਖ ਖੱਟੀ ਭੀ ਗਵਾਂਦਾ ਹੈ ਤੇ ਰਾਸ-ਪੂੰਜੀ ਭੀ ਗਵਾਂਦਾ ਹੈ ॥੫॥
ਕਲਜੁਗ ਮਹਿ ਕੀਰਤਨੁ ਪਰਧਾਨਾ ॥
(ਜੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਭੀ) ਕਲਜੁਗ ਵਿਚ ਕੀਰਤਨ ਹੀ ਪਰਧਾਨ ਕਰਮ ਹੈ।
ਗੁਰਮੁਖਿ ਜਪੀਐ ਲਾਇ ਧਿਆਨਾ ॥
(ਉਂਞ ਤਾਂ ਸਦਾ ਹੀ) ਗੁਰੂ ਦੀ ਸਰਨ ਪੈ ਕੇ ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥੬॥
(ਜਿਹੜਾ ਮਨੁੱਖ ਜਪਦਾ ਹੈ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ ਲੈਂਦਾ ਹੈ, ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੬॥
ਖੰਡ ਪਤਾਲ ਦੀਪ ਸਭਿ ਲੋਆ ॥
ਇਹ ਜਿਤਨੇ ਭੀ ਖੰਡ ਮੰਡਲ ਪਾਤਾਲ ਤੇ ਦੀਪ ਹਨ,
ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ ॥
ਇਹ ਸਾਰੇ ਪਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ।
ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥੭॥
ਨਾਸ-ਰਹਿਤ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਭੀ ਅਟੱਲ ਜੀਵਨ ਵਾਲਾ ਹੋ ਜਾਂਦਾ ਹੈ (ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ) ॥੭॥
ਹਰਿ ਕਾ ਸੇਵਕੁ ਸੋ ਹਰਿ ਜੇਹਾ ॥
ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ।
ਭੇਦੁ ਨ ਜਾਣਹੁ ਮਾਣਸ ਦੇਹਾ ॥
ਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ।
ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥
(ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੮॥
ਇਕੁ ਜਾਚਿਕੁ ਮੰਗੈ ਦਾਨੁ ਦੁਆਰੈ ॥
(ਪ੍ਰਭੂ ਦਾ ਦਾਸ) ਇਕ ਮੰਗਤਾ (ਬਣ ਕੇ ਉਸ ਦੇ) ਦਰ ਤੇ (ਖੜਾ ਉਸ ਦੇ ਦਰਸਨ ਦਾ) ਖ਼ੈਰ ਮੰਗਦਾ ਹੈ।
ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ ॥
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਕਿਰਪਾ ਕਰਦਾ ਹੈ।
ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ ॥੯॥
(ਮੰਗਤਾ ਇਉਂ ਮੰਗੀ ਜਾਂਦਾ ਹੈ-ਹੇ ਪ੍ਰਭੂ!) ਆਪਣਾ ਦਰਸ਼ਨ ਦੇਹ, ਜਿਸ ਦੀ ਬਰਕਤਿ ਨਾਲ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਿਫ਼ਤ-ਸਾਲਾਹ ਵਿਚ ਟਿਕ ਜਾਂਦਾ ਹੈ ॥੯॥
ਰੂੜੋ ਠਾਕੁਰੁ ਕਿਤੈ ਵਸਿ ਨ ਆਵੈ ॥
ਸੋਹਣਾ ਪ੍ਰਭੂ ਕਿਸੇ ਤਰੀਕੇ ਨਾਲ ਵੱਸ ਵਿਚ ਨਹੀਂ ਆਉਂਦਾ,
ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ ॥
ਪਰ ਜੋ ਕੁਝ ਉਸ ਦੇ ਸੰਤ ਚਾਹੁੰਦੇ ਹਨ ਉਹ ਕੁਝ ਕਰ ਦੇਂਦਾ ਹੈ।
ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ ॥੧੦॥
(ਪ੍ਰਭੂ ਦੇ ਸੰਤ ਜਨ ਜੋ ਕੁਝ) ਕਰਨਾ ਚਾਹੁੰਦੇ ਹਨ ਉਹੀ ਕੁਝ ਪ੍ਰਭੂ ਪਾਸੋਂ ਕਰਾ ਲੈਂਦੇ ਹਨ। ਪ੍ਰਭੂ ਦੇ ਦਰ ਤੇ ਉਹਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ॥੧੦॥
ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ ॥
ਹੇ ਪ੍ਰਾਣੀ! (ਜੀਵਨ-ਸਫ਼ਰ ਵਿਚ) ਜਿਥੇ ਭੀ ਕੋਈ ਔਖਿਆਈ ਆ ਬਣਦੀ ਹੈ,
ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥
ਉੱਥੇ ਹੀ ਧਨੁਖ-ਧਾਰੀ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।
ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ ॥੧੧॥
ਜਿੱਥੇ ਨਾਹ ਪੁੱਤਰ ਨਾਹ ਇਸਤ੍ਰੀ ਕੋਈ ਭੀ ਸਾਥੀ ਨਹੀਂ ਬਣ ਸਕਦਾ, ਉਥੇ ਪ੍ਰਭੂ ਆਪ (ਔਖਿਆਈ ਤੋਂ) ਛੁਡਾ ਲੈਂਦਾ ਹੈ ॥੧੧॥
ਵਡਾ ਸਾਹਿਬੁ ਅਗਮ ਅਥਾਹਾ ॥
ਪਰਮਾਤਮਾ ਅਪਹੁੰਚ ਹੈ, ਅਥਾਹ ਹੈ, ਵੱਡਾ ਮਾਲਕ ਹੈ।
ਕਿਉ ਮਿਲੀਐ ਪ੍ਰਭ ਵੇਪਰਵਾਹਾ ॥
ਉਸ ਬੇ-ਮੁਥਾਜ ਨੂੰ ਜੀਵ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ।
ਕਾਟਿ ਸਿਲਕ ਜਿਸੁ ਮਾਰਗਿ ਪਾਏ ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥
ਉਹ ਪ੍ਰਭੂ ਆਪ ਹੀ ਜਿਸ ਮਨੁੱਖ ਨੂੰ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਸਹੀ ਜੀਵਨ-ਰਾਹ ਤੇ ਪਾਂਦਾ ਹੈ, ਉਹ ਮਨੁੱਖ ਸਾਧ ਸੰਗਤ ਵਿਚ ਆ ਟਿਕਦਾ ਹੈ ॥੧੨॥
ਹੁਕਮੁ ਬੂਝੈ ਸੋ ਸੇਵਕੁ ਕਹੀਐ ॥
ਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ, ਜਿਹੜਾ (ਹਰੇਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ) ਸਮਝਦਾ ਹੈ,
ਬੁਰਾ ਭਲਾ ਦੁਇ ਸਮਸਰਿ ਸਹੀਐ ॥
(ਤੇ, ਇਹ ਨਿਸ਼ਚਾ ਰੱਖਦਾ ਹੈ ਕਿ) ਦੁਖ (ਆਵੇ ਚਾਹੇ) ਸੁਖ, ਦੋਹਾਂ ਨੂੰ ਇਕੋ ਜਿਹਾ ਸਹਾਰਨਾ ਚਾਹੀਦਾ ਹੈ।
ਹਉਮੈ ਜਾਇ ਤ ਏਕੋ ਬੂਝੈ ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥
ਪਰ ਮਨੁੱਖ ਤਦੋਂ ਹੀ ਸਿਰਫ਼ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੩॥
ਹਰਿ ਕੇ ਭਗਤ ਸਦਾ ਸੁਖਵਾਸੀ ॥
ਪਰਮਾਤਮਾ ਦੇ ਭਗਤ ਸਦਾ ਆਤਮਕ ਆਨੰਦ ਮਾਣਦੇ ਹਨ।
ਬਾਲ ਸੁਭਾਇ ਅਤੀਤ ਉਦਾਸੀ ॥
ਉਹ ਸਦਾ ਵੈਰ-ਵਿਰੋਧ ਤੋਂ ਪਰੇ ਰਹਿੰਦੇ ਹਨ, ਵਿਰਕਤ ਅਤੇ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦੇ ਹਨ।
ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ॥੧੪॥
ਜਿਵੇਂ ਪਿਉ ਆਪਣੇ ਪੁੱਤਰ ਨੂੰ ਕਈ ਲਾਡ ਲਡਾਂਦਾ ਹੈ, (ਤਿਵੇਂ ਭਗਤ ਪ੍ਰਭੂ-ਪਿਤਾ ਦੀ ਗੋਦ ਵਿਚ ਰਹਿ ਕੇ) ਕਈ ਤਰ੍ਹਾਂ ਦੇ ਅਨੇਕਾਂ ਆਤਮਕ ਰੰਗ ਮਾਣਦੇ ਹਨ ॥੧੪॥
ਅਗਮ ਅਗੋਚਰੁ ਕੀਮਤਿ ਨਹੀ ਪਾਈ ॥
ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਉਹ ਕਿਸੇ ਭੀ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ।
ਤਾ ਮਿਲੀਐ ਜਾ ਲਏ ਮਿਲਾਈ ॥
ਉਸ ਨੂੰ ਤਦੋਂ ਹੀ ਮਿਲ ਸਕੀਦਾ ਹੈ, ਜਦੋਂ ਉਹ ਆਪ ਹੀ ਮਿਲਾਂਦਾ ਹੈ।
ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥
ਗੁਰੂ ਦੀ ਰਾਹੀਂ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੧੫॥
ਤੂ ਆਪੇ ਕਰਤਾ ਕਾਰਣ ਕਰਣਾ ॥
ਹੇ ਪ੍ਰਭੂ! ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ, ਤੂੰ ਆਪ ਹੀ ਜਗਤ ਦਾ ਮੂਲ ਹੈਂ।
ਸ੍ਰਿਸਟਿ ਉਪਾਇ ਧਰੀ ਸਭ ਧਰਣਾ ॥
ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕਰ ਕੇ ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ।
ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥
ਦਾਸ ਨਾਨਕ ਉਸੇ ਪ੍ਰਭੂ ਦੇ ਦਰ ਤੇ (ਡਿੱਗਾ ਹੋਇਆ ਹੈ, ਉਸੇ ਦੀ) ਸਰਨ ਪਿਆ ਹੋਇਆ ਹੈ। ਉਸ ਦੀ ਆਪਣੀ ਰਜ਼ਾ ਹੁੰਦੀ ਹੈ ਤਾਂ (ਲੋਕ ਪਰਲੋਕ ਵਿਚ ਜੀਵ ਦੀ) ਇੱਜ਼ਤ ਰੱਖ ਲੈਂਦਾ ਹੈ ॥੧੬॥੧॥੫॥
ਮਾਰੂ ਸੋਲਹੇ ਮਹਲਾ ੫ ॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੋ ਦੀਸੈ ਸੋ ਏਕੋ ਤੂਹੈ ॥
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਸਿਰਫ਼ ਤੂੰ ਹੀ ਤੂੰ ਹੈਂ।
ਬਾਣੀ ਤੇਰੀ ਸ੍ਰਵਣਿ ਸੁਣੀਐ ॥
(ਸਭ ਜੀਵਾਂ ਵਿਚ ਤੂੰ ਹੀ ਬੋਲ ਰਿਹਾ ਹੈਂ) ਤੇਰਾ ਹੀ ਬੋਲ ਕੰਨੀਂ ਸੁਣਿਆ ਜਾ ਰਿਹਾ ਹੈ।
ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ ॥੧॥
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਕੋਈ ਭੀ ਸ਼ੈ ਤੈਥੋਂ ਵੱਖਰੀ ਨਹੀਂ ਦਿੱਸ ਰਹੀ ॥੧॥
ਆਪਿ ਚਿਤਾਰੇ ਅਪਣਾ ਕੀਆ ॥
ਆਪਣੇ ਪੈਦਾ ਕੀਤੇ ਜਗਤ ਦੀ ਪ੍ਰਭੂ ਆਪ ਹੀ ਸੰਭਾਲ ਕਰ ਰਿਹਾ ਹੈ,
ਆਪੇ ਆਪਿ ਆਪਿ ਪ੍ਰਭੁ ਥੀਆ ॥
ਹਰ ਥਾਂ ਪ੍ਰਭੂ ਆਪ ਹੀ ਆਪ ਹੈ।
ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥੨॥
ਪ੍ਰਭੂ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕਰ ਕੇ ਇਹ ਜਗਤ-ਪਸਾਰਾ ਰਚਿਆ ਹੈ। ਹਰੇਕ ਸਰੀਰ ਵਿਚ ਆਪ ਹੀ (ਵਿਆਪਕ ਹੋ ਕੇ ਸਭ ਦੀ) ਸਾਰ ਲੈਂਦਾ ਹੈ ॥੨॥
ਇਕਿ ਉਪਾਏ ਵਡ ਦਰਵਾਰੀ ॥
ਹੇ ਪ੍ਰਭੂ! ਤੂੰ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ,
ਇਕਿ ਉਦਾਸੀ ਇਕਿ ਘਰ ਬਾਰੀ ॥
ਕਈ ਤਿਆਗੀ ਤੇ ਕਈ ਗ੍ਰਿਹਸਤੀ ਬਣਾ ਦਿੱਤੇ ਹਨ।
ਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ ਪਾਰਣਾ ॥੩॥
ਤੂੰ ਕਈ ਤਾਂ ਅਜਿਹੇ ਪੈਦਾ ਕੀਤੇ ਹਨ ਜੋ ਸਦਾ ਤ੍ਰਿਸ਼ਨਾ ਦੇ ਅਧੀਨ ਰਹਿੰਦੇ ਹਨ, ਤੇ ਕਈ ਪੂਰਨ ਤੌਰ ਤੇ ਰੱਜੇ ਹੋਏ ਹਨ। ਹਰੇਕ ਜੀਵ ਨੂੰ ਤੇਰਾ ਹੀ ਸਹਾਰਾ ਹੈ ॥੩॥
ਆਪੇ ਸਤਿ ਸਤਿ ਸਤਿ ਸਾਚਾ ॥
ਪਰਮਾਤਮਾ ਸਿਰਫ਼ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ।
ਓਤਿ ਪੋਤਿ ਭਗਤਨ ਸੰਗਿ ਰਾਚਾ ॥
ਤਾਣੇ ਪੇਟੇ ਵਾਂਗ ਆਪਣੇ ਭਗਤਾਂ ਨਾਲ ਰਚਿਆ-ਮਿਚਿਆ ਰਹਿੰਦਾ ਹੈ।
ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ ॥੪॥
(ਜੀਵਾਤਮਾ ਦੇ ਰੂਪ ਵਿਚ ਹਰੇਕ ਜੀਵ ਦੇ ਅੰਦਰ) ਆਪ ਹੀ ਲੁਕਿਆ ਹੋਇਆ ਹੈ, ਇਹ ਦਿੱਸਦਾ ਪਸਾਰਾ ਭੀ ਉਹ ਆਪ ਹੀ ਹੈ। (ਜਗਤ-ਰੂਪ ਵਿਚ) ਉਸ ਨੇ ਆਪਣੇ ਆਪ ਨੂੰ ਆਪ ਹੀ ਖਿਲਾਰਿਆ ਹੋਇਆ ਹੈ ॥੪॥
ਸਦਾ ਸਦਾ ਸਦ ਹੋਵਣਹਾਰਾ ॥
ਪਰਮਾਤਮਾ ਸਦਾ ਹੀ ਸਦਾ ਹੀ ਜੀਊਂਦਾ ਰਹਿਣ ਵਾਲਾ ਹੈ,
ਊਚਾ ਅਗਮੁ ਅਥਾਹੁ ਅਪਾਰਾ ॥
(ਆਤਮਕ ਅਵਸਥਾ ਵਿਚ) ਉਹ ਬਹੁਤ ਉੱਚਾ ਹੈ, ਅਪਹੁੰਚ ਹੈ, ਅਥਾਹ ਹੈ, ਬੇਅੰਤ ਹੈ।
ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥੫॥
ਉਸ ਮਾਲਕ-ਪ੍ਰਭੂ ਦੇ ਇਹ ਕੌਤਕ ਤਮਾਸ਼ੇ ਹਨ ਕਿ ਸੱਖਣੇ (ਭਾਂਡੇ) ਭਰ ਦੇਂਦਾ ਹੈ, ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ ॥੫॥
ਮੁਖਿ ਸਾਲਾਹੀ ਸਚੇ ਸਾਹਾ ॥
ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮਿਹਰ ਕਰ) ਮੈਂ ਮੂੰਹੋਂ ਤੇਰੀ ਸਿਫ਼ਤ-ਕਰਦਾ ਰਹਾਂ।
ਨੈਣੀ ਪੇਖਾ ਅਗਮ ਅਥਾਹਾ ॥
ਹੇ ਅਪਹੁੰਚ ਤੇ ਅਥਾਹ ਪ੍ਰਭੂ! (ਕਿਰਪਾ ਕਰ, ਹਰ ਥਾਂ) ਮੈਂ (ਤੈਨੂੰ) ਅੱਖਾਂ ਨਾਲ ਵੇਖਾਂ।
ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ॥੬॥
ਕੰਨਾਂ ਨਾਲ ਤੇਰੀ ਸਿਫ਼ਤ-ਸਾਲਾਹ ਸੁਣ ਸੁਣ ਕੇ ਮੇਰਾ ਮਨ ਮੇਰਾ ਤਨ (ਆਤਮਕ ਜੀਵਨ ਨਾਲ) ਹਰਿਆ-ਭਰਿਆ ਹੋਇਆ ਰਹੇ। ਹੇ ਮੇਰੇ ਮਾਲਕ! ਤੂੰ ਸਭਨਾਂ ਜੀਵਾਂ ਦਾ ਬੇੜਾ ਪਾਰ ਕਰਨ ਵਾਲਾ ਹੈਂ ॥੬॥
ਕਰਿ ਕਰਿ ਵੇਖਹਿ ਕੀਤਾ ਅਪਣਾ ॥
ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰ ਕਰ ਕੇ ਆਪਣੇ ਪੈਦਾ ਕੀਤਿਆਂ ਦੀ ਸੰਭਾਲ ਕਰਦਾ ਹੈਂ।
ਜੀਅ ਜੰਤ ਸੋਈ ਹੈ ਜਪਣਾ ॥
ਸਾਰੇ ਜੀਅ ਜੰਤ ਉਸੇ ਸਿਰਜਣਹਾਰ ਨੂੰ ਜਪਦੇ ਹਨ।
ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ ॥੭॥
ਆਪਣੀ ਕੁਦਰਤ (ਪੈਦਾ ਕਰਨ ਦੀ ਤਾਕਤ) ਨੂੰ ਆਪ ਹੀ ਜਾਣਦਾ ਹੈ। ਮਿਹਰ ਦਾ ਮਾਲਕ ਪ੍ਰਭੂ ਮਿਹਰ ਦੀ ਨਿਗਾਹ ਨਾਲ ਸਭ ਵਲ ਤੱਕਦਾ ਹੈ ॥੭॥
ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥
ਜਿਸ ਸਾਧ ਸੰਗਤ ਵਿਚ (ਸੰਤ ਜਨ) ਪ੍ਰਭੂ ਦੇ ਚਰਨਾਂ ਵਿਚ ਬੈਠਦੇ ਹਨ,
ਅਨੰਦ ਮੰਗਲ ਹਰਿ ਚਲਤ ਤਮਾਸੇ ॥
ਪ੍ਰਭੂ ਦੇ ਕੌਤਕ ਤਮਾਸ਼ਿਆਂ ਦਾ ਜ਼ਿਕਰ ਕਰ ਕੇ ਆਤਮਕ ਆਨੰਦ ਖ਼ੁਸ਼ੀਆਂ ਮਾਣਦੇ ਹਨ,
ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ ॥੮॥
ਅਤੇ ਇਕ-ਰਸ ਸੁਰ ਵਿਚ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਦੇ ਹਨ, (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਸ ਸਾਧ ਸੰਗਤ ਵਿਚ ਦਾਸ ਨਾਨਕ ਭੀ ਉਸ ਦੇ ਗੁਣ ਆਪਣੇ ਹਿਰਦੇ ਵਿਚ ਵਸਾਏ ॥੮॥
ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥
ਹੇ ਪ੍ਰਭੂ! (ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਸਾਰਾ ਤੇਰਾ (ਰਚਿਆ) ਖੇਲ ਹੈ।
ਕਰਿ ਕਰਿ ਦੇਖੈ ਖੇਲੁ ਅਪਾਰਾ ॥
ਬੇਅੰਤ ਪ੍ਰਭੂ ਇਹ ਖੇਲ ਕਰ ਕਰ ਕੇ ਵੇਖ ਰਿਹਾ ਹੈ।
ਆਪਿ ਉਪਾਏ ਉਪਾਵਣਹਾਰਾ ਅਪਣਾ ਕੀਆ ਪਾਲਣਾ ॥੯॥
ਪੈਦਾ ਕਰਨ ਦੀ ਸਮਰਥਾ ਵਾਲਾ ਪ੍ਰਭੂ ਆਪ (ਜੀਵਾਂ ਨੂੰ) ਪੈਦਾ ਕਰਦਾ ਹੈ। ਆਪਣੇ ਪੈਦਾ ਕੀਤੇ (ਜੀਵਾਂ) ਨੂੰ (ਆਪ ਹੀ) ਪਾਲਦਾ ਹੈ ॥੯॥
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥
ਹੇ ਪ੍ਰਭੂ! ਤੇਰੀ ਸੋਭਾ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ,
ਸਦਾ ਸਦਾ ਜਾਈ ਬਲਿਹਾਰੀ ॥
ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ।
ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ॥੧੦॥
ਹੇ ਮੇਰੇ ਅਪਹੁੰਚ ਤੇ ਬੇਅੰਤ ਮਾਲਕ! (ਜਦੋਂ ਤੇਰੀ ਮਿਹਰ ਹੁੰਦੀ ਹੈ) ਮੈਂ ਦੋਵੇਂ ਹੱਥ ਜੋੜ ਕੇ ਦਿਨ ਰਾਤ ਤੈਨੂੰ ਸਿਮਰਦਾ ਹਾਂ ॥੧੦॥
ਤੁਧੁ ਬਿਨੁ ਦੂਜੇ ਕਿਸੁ ਸਾਲਾਹੀ ॥
ਹੇ ਪ੍ਰਭੂ! ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦੀ ਸਿਫ਼ਤ-ਸਾਲਾਹ ਨਹੀਂ ਕਰ ਸਕਦਾ।
ਏਕੋ ਏਕੁ ਜਪੀ ਮਨ ਮਾਹੀ ॥
ਮੈਂ ਆਪਣੇ ਮਨ ਵਿਚ ਸਿਰਫ਼ ਇਕ ਤੈਨੂੰ ਹੀ ਜਪਦਾ ਹਾਂ।
ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥੧੧॥
ਤੇਰੇ ਸੇਵਕ ਤੇਰੀ ਰਜ਼ਾ ਨੂੰ ਸਮਝ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ-ਇਹ ਹੈ ਤੇਰਿਆਂ ਭਗਤਾਂ ਦੀ ਘਾਲ ਕਮਾਈ ॥੧੧॥
ਗੁਰ ਉਪਦੇਸਿ ਜਪੀਐ ਮਨਿ ਸਾਚਾ ॥
ਗੁਰੂ ਦੇ ਉਪਦੇਸ਼ ਦੀ ਰਾਹੀਂ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ।
ਗੁਰ ਉਪਦੇਸਿ ਰਾਮ ਰੰਗਿ ਰਾਚਾ ॥
ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਿਚਿਆ ਰਹਿੰਦਾ ਹੈ।
ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥੧੨॥
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੇ) ਸਾਰੇ ਬੰਧਨ ਟੁੱਟ ਜਾਂਦੇ ਹਨ। ਮਨੁੱਖ ਦੀ ਇਹ ਭਟਕਣਾ, ਮਨੁੱਖ ਦਾ ਇਹ ਮੋਹ ਚੰਗੀ ਤਰ੍ਹਾਂ ਸੜ ਜਾਂਦਾ ਹੈ ॥੧੨॥
ਜਹ ਰਾਖੈ ਸੋਈ ਸੁਖ ਥਾਨਾ ॥
(‘ਐਸਾ ਕੋ ਵਡਭਾਗੀ ਆਇਆ’ ਜਿਹੜਾ ਇਹ ਨਿਸ਼ਚਾ ਰੱਖਦਾ ਹੈ ਕਿ) ਜਿੱਥੇ (ਪਰਮਾਤਮਾ ਸਾਨੂੰ) (ਸਾਡੇ ਵਾਸਤੇ) ਸੁਖ ਦੇਣ ਵਾਲਾ ਥਾਂ ਹੈ,
ਸਹਜੇ ਹੋਇ ਸੋਈ ਭਲ ਮਾਨਾ ॥
(ਜਿਹੜਾ ਮਨੁੱਖ) ਜੋ ਕੁਝ ਰਜ਼ਾ ਵਿਚ ਹੋ ਰਿਹਾ ਹੈ ਉਸ ਨੂੰ ਭਲਾਈ ਵਾਸਤੇ ਹੋ ਰਿਹਾ ਮੰਨਦਾ ਹੈ,
ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥੧੩॥
(ਜਿਸ ਮਨੁੱਖ ਦੇ ਅੰਦਰੋਂ) ਸਾਰੇ ਵੈਰ-ਵਿਰੋਧ ਮਿਟ ਜਾਂਦੇ ਹਨ, (ਜਿਸ ਨੂੰ ਜਗਤ ਵਿਚ) ਕੋਈ ਵੈਰੀ ਨਹੀਂ ਦਿੱਸਦਾ, (ਜਿਹੜਾ) ਹਰ ਥਾਂ ਸਿਰਫ਼ ਪਰਮਾਤਮਾ ਨੂੰ ਹੀ ਵੇਖਦਾ ਹੈ ॥੧੩॥
ਡਰ ਚੂਕੇ ਬਿਨਸੇ ਅੰਧਿਆਰੇ ॥
(‘ਐਸਾ ਕੋ ਵਡਭਾਗੀ ਆਇਆ’, ਜਿਸ ਦੇ ਅੰਦਰੋਂ) ਸਾਰੇ ਡਰ ਮੁੱਕ ਜਾਂਦੇ ਹਨ, ਆਤਮਕ ਜੀਵਨ ਦੇ ਰਸਤੇ ਦੇ ਸਾਰੇ ਹਨੇਰੇ ਦੂਰ ਹੋ ਜਾਂਦੇ ਹਨ,
ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ॥
(ਜਿਸ ਦੇ ਅੰਦਰ) ਨਿਰਲੇਪ ਪ੍ਰਭੂ ਪਰਗਟ ਹੋ ਜਾਂਦਾ ਹੈ,
ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥੧੪॥
(ਜਿਹੜਾ ਮਨੁੱਖ) ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਸਰਨੀਂ ਪੈਂਦਾ ਹੈ, ਜਿਸ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਉਸੇ (ਦੇ ਸਿਮਰਨ) ਦੀ ਘਾਲ-ਕਮਾਈ ਕਰਦਾ ਹੈ ॥੧੪॥
ਐਸਾ ਕੋ ਵਡਭਾਗੀ ਆਇਆ ॥
ਕੋਈ ਵਿਰਲਾ ਹੀ ਅਜਿਹਾ ਭਾਗਾਂ ਵਾਲਾ ਮਨੁੱਖ ਜੰਮਦਾ ਹੈ,
ਆਠ ਪਹਰ ਜਿਨਿ ਖਸਮੁ ਧਿਆਇਆ ॥
ਜਿਹੜਾ ਅੱਠੇ ਪਹਰ ਮਾਲਕ-ਪ੍ਰਭੂ ਦਾ ਨਾਮ ਯਾਦ ਕਰਦਾ ਹੈ।
ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥
ਉਸ ਮਨੁੱਖ ਦੀ ਸੰਗਤ ਵਿਚ (ਰਹਿ ਕੇ) ਹਰੇਕ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ ਮਨੁੱਖ ਆਪਣੇ ਪਰਵਾਰ ਵਾਸਤੇ ਸਹਾਰਾ ਬਣ ਜਾਂਦਾ ਹੈ ॥੧੫॥
ਇਹ ਬਖਸੀਸ ਖਸਮ ਤੇ ਪਾਵਾ ॥
(ਜੇ ਮੇਰੇ ਮਾਲਕ ਦੀ ਮੇਰੇ ਉਤੇ ਮਿਹਰ ਹੋਵੇ ਤਾਂ) ਮੈਂ ਉਸ ਮਾਲਕ ਪਾਸੋਂ ਇਹ ਦਾਤ ਹਾਸਿਲ ਕਰਾਂ
ਆਠ ਪਹਰ ਕਰ ਜੋੜਿ ਧਿਆਵਾ ॥
ਕਿ ਅੱਠੇ ਪਹਰ ਦੋਵੇਂ ਹੱਥ ਜੋੜ ਕੇ ਉਸ ਦਾ ਨਾਮ ਸਿਮਰਦਾ ਰਹਾਂ,
ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥੧੬॥੧॥੬॥
ਹੇ ਨਾਨਕ! (ਆਖ-) ਉਸ ਦਾ ਨਾਮ ਜਪਦਾ ਰਹਾਂ, ਉਸ ਦੇ ਨਾਮ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਾਂ, ਮੈਨੂੰ ਉਸ ਦਾ ਨਾਮ ਜਪਣ ਦੀ ਦਾਤ ਮਿਲੀ ਰਹੇ ॥੧੬॥੧॥੬॥
ਮਾਰੂ ਮਹਲਾ ੫ ॥
ਸੂਰਤਿ ਦੇਖਿ ਨ ਭੂਲੁ ਗਵਾਰਾ ॥
ਹੇ ਮੂਰਖ! (ਜਗਤ ਦੇ ਪਦਾਰਥਾਂ ਦੀ) ਸ਼ਕਲ ਵੇਖ ਕੇ ਗ਼ਲਤੀ ਨਾਹ ਖਾਹ।
ਮਿਥਨ ਮੋਹਾਰਾ ਝੂਠੁ ਪਸਾਰਾ ॥
ਇਹ ਸਾਰਾ ਝੂਠੇ ਮੋਹ ਦਾ ਝੂਠਾ ਖਿਲਾਰਾ ਹੈ।
ਜਗ ਮਹਿ ਕੋਈ ਰਹਣੁ ਨ ਪਾਏ ਨਿਹਚਲੁ ਏਕੁ ਨਾਰਾਇਣਾ ॥੧॥
ਜਗਤ ਵਿਚ ਕੋਈ ਭੀ ਸਦਾ ਲਈ ਟਿਕਿਆ ਨਹੀਂ ਰਹਿ ਸਕਦਾ, ਸਿਰਫ਼ ਇਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ॥੧॥
ਗੁਰ ਪੂਰੇ ਕੀ ਪਉ ਸਰਣਾਈ ॥
ਪੂਰੇ ਗੁਰੂ ਦੀ ਸਰਨ ਪਿਆ ਰਹੁ।
ਮੋਹੁ ਸੋਗੁ ਸਭੁ ਭਰਮੁ ਮਿਟਾਈ ॥
ਗੁਰੂ (ਸਰਨ ਪਏ ਮਨੁੱਖ ਦਾ) ਮੋਹ ਸੋਗ ਤੇ ਸਾਰਾ ਭਰਮ ਮਿਟਾ ਦੇਂਦਾ ਹੈ।
ਏਕੋ ਮੰਤ੍ਰੁ ਦ੍ਰਿੜਾਏ ਅਉਖਧੁ ਸਚੁ ਨਾਮੁ ਰਿਦ ਗਾਇਣਾ ॥੨॥
ਗੁਰੂ ਇਕੋ ਉਪਦੇਸ਼ ਹਿਰਦੇ ਵਿਚ ਕਰਦਾ ਹੈ ਇਕੋ ਦਵਾਈ ਦੇਂਦਾ ਹੈ ਕਿ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਸਿਮਰਨਾ ਚਾਹੀਦਾ ਹੈ ॥੨॥
ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ ॥
ਜਿਸ ਪਰਮਾਤਮਾ ਦੇ ਨਾਮ ਨੂੰ ਅਨੇਕਾਂ ਦੇਵਤੇ ਤਰਸਦੇ ਹਨ,
ਸਗਲ ਭਗਤ ਜਾ ਕੀ ਕਰਦੇ ਸੇਵਾ ॥
ਸਾਰੇ ਹੀ ਭਗਤ ਜਿਸ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ,
ਅਨਾਥਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ ਪਾਇਣਾ ॥੩॥
ਜਿਹੜਾ ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਜਿਹੜਾ ਪਰਮਾਤਮਾ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਮਿਲਦਾ ਹੈ ॥੩॥
ਹੋਰੁ ਦੁਆਰਾ ਕੋਇ ਨ ਸੂਝੈ ॥
ਹੋਰ ਕੋਈ ਦਰ (ਐਸਾ) ਨਹੀਂ ਸੁੱਝਦਾ (ਜਿਥੋਂ ਨਾਮ-ਰਤਨ ਮਿਲ ਸਕੇ)।
ਤ੍ਰਿਭਵਣ ਧਾਵੈ ਤਾ ਕਿਛੂ ਨ ਬੂਝੈ ॥
ਜੇ ਮਨੁੱਖ ਤਿੰਨਾਂ ਭਵਨਾਂ ਵਿਚ ਦੌੜ-ਭੱਜ ਕਰਦਾ ਫਿਰੇ ਤਾਂ ਭੀ ਉਸ ਨੂੰ ਨਾਮ-ਰਤਨ ਦੀ ਕੋਈ ਸਮਝ ਨਹੀਂ ਪੈ ਸਕਦੀ।
ਸਤਿਗੁਰੁ ਸਾਹੁ ਭੰਡਾਰੁ ਨਾਮ ਜਿਸੁ ਇਹੁ ਰਤਨੁ ਤਿਸੈ ਤੇ ਪਾਇਣਾ ॥੪॥
ਇਕ ਗੁਰੂ ਹੀ ਐਸਾ ਸ਼ਾਹ ਹੈ ਜਿਸ ਦੇ ਪਾਸ ਨਾਮ ਦਾ ਖ਼ਜ਼ਾਨਾ ਹੈ। ਉਸ ਗੁਰੂ ਪਾਸੋਂ ਨਾਮ-ਰਤਨ ਮਿਲ ਸਕਦਾ ਹੈ ॥੪॥
ਜਾ ਕੀ ਧੂਰਿ ਕਰੇ ਪੁਨੀਤਾ ॥
ਜਿਸ (ਪ੍ਰਭੂ) ਦੀ ਚਰਨ-ਧੂੜ ਪਵਿੱਤਰ ਕਰ ਦੇਂਦੀ ਹੈ,
ਸੁਰਿ ਨਰ ਦੇਵ ਨ ਪਾਵਹਿ ਮੀਤਾ ॥
ਹੇ ਮਿੱਤਰ! ਉਸ ਨੂੰ ਦੇਵਤੇ ਮਨੁੱਖ ਪ੍ਰਾਪਤ ਨਹੀਂ ਕਰ ਸਕਦੇ।
ਸਤਿ ਪੁਰਖੁ ਸਤਿਗੁਰੁ ਪਰਮੇਸਰੁ ਜਿਸੁ ਭੇਟਤ ਪਾਰਿ ਪਰਾਇਣਾ ॥੫॥
ਸਿਰਫ਼ ਹਰੀ-ਰੂਪ ਗੁਰੂ ਪੁਰਖ ਹੀ ਹੈ ਜਿਸ ਨੂੰ ਮਿਲਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੫॥
ਪਾਰਜਾਤੁ ਲੋੜਹਿ ਮਨ ਪਿਆਰੇ ॥
ਹੇ ਪਿਆਰੇ ਮਨ! ਜੇ ਤੂੰ (ਸੁਰਗ ਦਾ) ਪਾਰਜਾਤ (ਰੁੱਖ) ਹਾਸਲ ਕਰਨਾ ਚਾਹੁੰਦਾ ਹੈਂ,
ਕਾਮਧੇਨੁ ਸੋਹੀ ਦਰਬਾਰੇ ॥
ਜੇ ਤੂੰ ਚਾਹੁੰਦਾ ਹੈਂ ਕਿ ਕਾਮਧੇਨ ਤੇਰੇ ਬੂਹੇ ਉਤੇ ਸੋਭ ਰਹੀ ਹੋਵੇ,
ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ ॥੬॥
ਤਾਂ ਪੂਰੇ ਗੁਰੂ ਦੀ ਸਰਨ ਪਿਆ ਰਹੁ, ਗੁਰੂ ਪਾਸੋਂ ਪੂਰਨ ਸੰਤੋਖ ਪ੍ਰਾਪਤ ਕਰ, (ਗੁਰੂ ਦੇ ਰਾਹੇ ਤੁਰ ਕੇ) ਨਾਮ-ਸਿਮਰਨ ਦੀ ਕਮਾਈ ਕਰ, ਹਰਿ-ਨਾਮ ਹੀ ਸਾਰੇ ਰਸਾਂ ਦਾ ਸੋਮਾ ਹੈ ॥੬॥
ਗੁਰ ਕੈ ਸਬਦਿ ਮਰਹਿ ਪੰਚ ਧਾਤੂ ॥
ਹੇ ਪਿਆਰੇ ਮਨ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵਿਸ਼ੇ ਮਰ ਜਾਂਦੇ ਹਨ,
ਭੈ ਪਾਰਬ੍ਰਹਮ ਹੋਵਹਿ ਨਿਰਮਲਾ ਤੂ ॥
(ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਤੂੰ ਪਵਿੱਤਰ ਹੋ ਜਾਇਂਗਾ।
ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ ॥੭॥
(ਹੇ ਮਨ! ਗੁਰੂ ਹੀ) ਪਾਰਸ ਹੈ। ਜਦੋਂ ਪੂਰਾ ਗੁਰੂ-ਪਾਰਸ ਮਿਲ ਪੈਂਦਾ ਹੈ, ਤਾਂ ਉਸ ਪਾਰਸ ਨੂੰ ਛੁਹਿਆਂ (ਪਰਮਾਤਮਾ ਹਰ ਥਾਂ) ਦਿੱਸ ਪੈਂਦਾ ਹੈ ॥੭॥
ਕਈ ਬੈਕੁੰਠ ਨਾਹੀ ਲਵੈ ਲਾਗੇ ॥
ਅਨੇਕਾਂ ਬੈਕੁੰਠ (ਗੁਰੂ ਦੇ ਦਰਸਨ ਦੀ) ਬਰਾਬਰੀ ਨਹੀਂ ਕਰ ਸਕਦੇ।
ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥
ਜਿਹੜਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਮੁਕਤੀ ਨੂੰ ਭੀ ਇਕ ਨਿਮਾਣੀ ਜਿਹੀ ਚੀਜ਼ ਸਮਝ ਕੇ (ਇਸ ਦੀ ਲਾਲਸਾ) ਛਡ ਦੇਂਦਾ ਹੈ।
ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ ॥੮॥
ਗੁਰੂ ਦੀ ਰਾਹੀਂ ਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਮੈਂ ਤਾਂ ਗੁਰੂ ਦੇ ਦਰਸਨ ਤੋਂ ਸਦਾ ਸਦਕੇ ਹਾਂ ਸਦਾ ਸਦਕੇ ਹਾਂ ॥੮॥
ਗੁਰ ਕੀ ਸੇਵ ਨ ਜਾਣੈ ਕੋਈ ॥
ਗੁਰੂ ਦੀ ਸਰਨ (ਪੈਣ ਦਾ ਕੀਹ ਮਹਾਤਮ ਹੈ?-ਇਹ ਭੇਤ ਨਿਰੇ ਦਿਮਾਗ਼ੀ ਤੌਰ ਤੇ) ਕੋਈ ਮਨੁੱਖ ਸਮਝ ਨਹੀਂ ਸਕਦਾ (ਸਰਨ ਪਿਆਂ ਹੀ ਸਮਝ ਪੈਂਦੀ ਹੈ)।
ਗੁਰੁ ਪਾਰਬ੍ਰਹਮੁ ਅਗੋਚਰੁ ਸੋਈ ॥
ਗੁਰੂ (ਆਤਮਕ ਜੀਵਨ ਵਿਚ) ਉਹੀ ਪਰਮਾਤਮਾ ਹੈ ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।
ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭਾਗ ਮਥਾਇਣਾ ॥੯॥
ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਪੈਣ, ਜਿਸ ਨੂੰ (ਪਰਮਾਤਮਾ ਆਪ ਗੁਰੂ ਦੀ ਚਰਨੀਂ) ਲਾਂਦਾ ਹੈ ਉਹ ਗੁਰੂ ਦਾ ਸੇਵਕ ਬਣਦਾ ਹੈ ॥੯॥
ਗੁਰ ਕੀ ਮਹਿਮਾ ਬੇਦ ਨ ਜਾਣਹਿ ॥
ਗੁਰੂ ਦੀ ਉੱਚ-ਆਤਮਕਤਾ ਵੇਦ (ਭੀ) ਨਹੀਂ ਜਾਣਦੇ,
ਤੁਛ ਮਾਤ ਸੁਣਿ ਸੁਣਿ ਵਖਾਣਹਿ ॥
ਉਹ (ਹੋਰਨਾਂ ਪਾਸੋਂ) ਸੁਣ ਸੁਣ ਕੇ ਰਤਾ-ਮਾਤ੍ਰ ਹੀ ਬਿਆਨ ਕਰ ਸਕੇ ਹਨ।
ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ ॥੧੦॥
ਗੁਰੂ (ਉੱਚ-ਆਤਮਕਤਾ ਵਿਚ) ਉਹ ਪਰਮਾਤਮਾ ਹੀ ਹੈ ਜੋ ਪਰੇ ਤੋਂ ਪਰੇ ਹੈ ਅਤੇ ਜਿਸ ਦਾ ਨਾਮ ਸਿਮਰਦਿਆਂ ਮਨ ਸੀਤਲ ਹੋ ਜਾਂਦਾ ਹੈ ॥੧੦॥
ਜਾ ਕੀ ਸੋਇ ਸੁਣੀ ਮਨੁ ਜੀਵੈ ॥
ਜਿਸ (ਗੁਰੂ) ਦੀ ਸੋਭਾ ਸੁਣ ਕੇ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ,
ਰਿਦੈ ਵਸੈ ਤਾ ਠੰਢਾ ਥੀਵੈ ॥
ਜੇ ਗੁਰੂ (ਮਨੁੱਖ ਦੇ) ਹਿਰਦੇ ਵਿਚ ਆ ਵੱਸੇ, ਤਾਂ ਹਿਰਦਾ ਸ਼ਾਂਤ ਹੋ ਜਾਂਦਾ ਹੈ।
ਗੁਰੁਮੁਖਹੁ ਅਲਾਏ ਤਾ ਸੋਭਾ ਪਾਏ ਤਿਸੁ ਜਮ ਕੈ ਪੰਥਿ ਨ ਪਾਇਣਾ ॥੧੧॥
ਜੇ ਮਨੁੱਖ ਗੁਰੂ ਦੇ ਰਸਤੇ ਉੱਤੇ ਤੁਰ ਕੇ ਹਰਿ-ਨਾਮ ਸਿਮਰੇ, ਤਾਂ ਮਨੁੱਖ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ, ਗੁਰੂ ਉਸ ਮਨੁੱਖ ਨੂੰ ਜਮਰਾਜ ਦੇ ਰਸਤੇ ਨਹੀਂ ਪੈਣ ਦੇਂਦਾ ॥੧੧॥
ਸੰਤਨ ਕੀ ਸਰਣਾਈ ਪੜਿਆ ॥
ਹੇ ਪ੍ਰਭੂ! ਮੈਂ ਭੀ ਤੇਰੇ ਸੰਤ ਜਨਾਂ ਦੀ ਸਰਨ ਆ ਪਿਆ ਹਾਂ,
ਜੀਉ ਪ੍ਰਾਣ ਧਨੁ ਆਗੈ ਧਰਿਆ ॥
ਮੈਂ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸੰਤ ਜਨਾਂ ਦੇ ਅੱਗੇ ਲਿਆ ਰੱਖਿਆ ਹੈ।
ਸੇਵਾ ਸੁਰਤਿ ਨ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ ॥੧੨॥
ਮੈਂ ਸੇਵਾ-ਭਗਤੀ ਕਰਨ ਦੀ ਕੋਈ ਸੂਝ ਨਹੀਂ ਜਾਣਦਾ। ਮੈਂ ਨਿਮਾਣੇ ਉੱਤੇ ਤੂੰ ਆਪ ਹੀ ਕਿਰਪਾ ਕਰ ॥੧੨॥
ਨਿਰਗੁਣ ਕਉ ਸੰਗਿ ਲੇਹੁ ਰਲਾਏ ॥
ਹੇ ਪ੍ਰਭੂ! ਮੈਨੂੰ ਗੁਣ-ਹੀਣ ਨੂੰ ਗੁਰੂ ਦੀ ਸੰਗਤ ਵਿਚ ਰਲਾਈ ਰੱਖ।
ਕਰਿ ਕਿਰਪਾ ਮੋਹਿ ਟਹਲੈ ਲਾਏ ॥
ਮੈਨੂੰ ਗੁਰੂ ਦੀ ਸੇਵਾ-ਟਹਲ ਵਿਚ ਜੋੜੀ ਰੱਖ।
ਪਖਾ ਫੇਰਉ ਪੀਸਉ ਸੰਤ ਆਗੈ ਚਰਣ ਧੋਇ ਸੁਖੁ ਪਾਇਣਾ ॥੧੩॥
ਮੈਂ ਗੁਰੂ ਦੇ ਦਰ ਤੇ ਪੱਖਾ ਝੱਲਦਾ ਰਹਾਂ, (ਚੱਕੀ) ਪੀਂਹਦਾ ਰਹਾਂ, ਤੇ ਗੁਰੂ ਦੇ ਚਰਨ ਧੋ ਕੇ ਆਨੰਦ ਮਾਣਦਾ ਰਹਾਂ ॥੧੩॥
ਬਹੁਤੁ ਦੁਆਰੇ ਭ੍ਰਮਿ ਭ੍ਰਮਿ ਆਇਆ ॥
ਹੇ ਪ੍ਰਭੂ! ਮੈਂ ਦਰਵਾਜ਼ਿਆਂ ਤੇ ਭਟਕ ਭਟਕ ਕੇ ਆਇਆ ਹਾਂ।
ਤੁਮਰੀ ਕ੍ਰਿਪਾ ਤੇ ਤੁਮ ਸਰਣਾਇਆ ॥
ਤੇਰੀ ਹੀ ਕਿਰਪਾ ਨਾਲ (ਹੁਣ) ਤੇਰੀ ਸਰਨ ਆਇਆ ਹਾਂ।
ਸਦਾ ਸਦਾ ਸੰਤਹ ਸੰਗਿ ਰਾਖਹੁ ਏਹੁ ਨਾਮ ਦਾਨੁ ਦੇਵਾਇਣਾ ॥੧੪॥
ਮੈਨੂੰ ਸਦਾ ਹੀ ਆਪਣੇ ਸੰਤ ਜਨਾਂ ਦੀ ਸੰਗਤ ਵਿਚ ਰੱਖ, ਅਤੇ ਉਹਨਾਂ ਪਾਸੋਂ ਆਪਣੇ ਨਾਮ ਦਾ ਖ਼ੈਰ ਪਵਾ ॥੧੪॥
ਭਏ ਕ੍ਰਿਪਾਲ ਗੁਸਾਈ ਮੇਰੇ ॥
ਜਦੋਂ (ਹੁਣ) ਮੇਰਾ ਮਾਲਕ-ਪ੍ਰਭੂ ਦਇਆਵਾਨ ਹੋਇਆ,
ਦਰਸਨੁ ਪਾਇਆ ਸਤਿਗੁਰ ਪੂਰੇ ॥5>
ਤਾਂ ਮੈਨੂੰ ਪੂਰੇ ਗੁਰੂ ਦਾ ਦਰਸਨ ਹੋਇਆ।
ਸੂਖ ਸਹਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ ॥੧੫॥੨॥੭॥
ਹੇ ਨਾਨਕ! ਹੁਣ ਮੇਰੇ ਅੰਦਰ ਸਦਾ ਆਤਮਕ ਅਡੋਲਤਾ ਤੇ ਸੁਖ-ਆਨੰਦ ਬਣੇ ਰਹਿੰਦੇ ਹਨ। ਮੈਂ ਉਸ ਦੇ ਦਾਸਾਂ ਦਾ ਦਾਸ ਬਣਿਆ ਰਹਿੰਦਾ ਹਾਂ ॥੧੫॥੨॥੭॥
ਮਾਰੂ ਸੋਲਹੇ ਮਹਲਾ ੫ ॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਿਮਰੈ ਧਰਤੀ ਅਰੁ ਆਕਾਸਾ ॥
ਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ ਆਕਾਸ਼ ਉਸ ਦੀ ਰਜ਼ਾ ਵਿਚ ਹੈ।
ਸਿਮਰਹਿ ਚੰਦ ਸੂਰਜ ਗੁਣਤਾਸਾ ॥
ਚੰਦ ਅਤੇ ਸੂਰਜ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ।
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥
ਹਵਾ ਪਾਣੀ ਅੱਗ (ਆਦਿਕ ਤੱਤ) ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ ॥੧॥
ਸਿਮਰਹਿ ਖੰਡ ਦੀਪ ਸਭਿ ਲੋਆ ॥
ਸਾਰੇ ਖੰਡਾਂ ਦੀਪਾਂ ਮੰਡਲਾਂ (ਦੇ ਜੀਵ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰ ਰਹੇ ਹਨ।
ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
ਪਾਤਾਲ ਅਤੇ ਸਾਰੀਆਂ ਪੁਰੀਆਂ (ਦੇ ਵਾਸੀ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥
ਸਾਰੀਆਂ ਖਾਣੀਆਂ ਅਤੇ ਬਾਣੀਆਂ (ਦੇ ਜੀਵ), ਸਾਰੇ ਪ੍ਰਭੂ ਦੇ ਸੇਵਕ ਸਦਾ-ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ ॥੨॥
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥
ਅਨੇਕਾਂ ਬ੍ਰਹਮੇ ਵਿਸ਼ਨੂ ਅਤੇ ਸ਼ਿਵ ਪ੍ਰਭੂ ਨੂੰ ਯਾਦ ਕਰ ਰਹੇ ਹਨ।
ਸਿਮਰਹਿ ਦੇਵਤੇ ਕੋੜਿ ਤੇਤੀਸਾ ॥
ਤੇਤੀ ਕ੍ਰੋੜ ਦੇਵਤੇ ਵੀ ਪ੍ਰਭੂ ਨੂੰ ਹੀ ਯਾਦ ਕਰ ਰਹੇ ਹਨ।
ਸਿਮਰਹਿ ਜਖ੍ਹਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥
ਸਾਰੇ ਜੱਖ੍ਯ੍ਯ ਅਤੇ ਦੈਂਤ ਉਸ ਅਗਣਤ ਪ੍ਰਭੂ ਨੂੰ ਹਰ ਵੇਲੇ ਯਾਦ ਕਰ ਰਹੇ ਹਨ। ਉਸ ਦੀ ਸਿਫ਼ਤ-ਸਾਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੩॥
ਸਿਮਰਹਿ ਪਸੁ ਪੰਖੀ ਸਭਿ ਭੂਤਾ ॥
ਸਾਰੇ ਪਸ਼ੂ ਪੰਛੀ ਆਦਿਕ ਜੀਵ ਪ੍ਰਭੂ ਨੂੰ ਯਾਦ ਕਰ ਰਹੇ ਹਨ।
ਸਿਮਰਹਿ ਬਨ ਪਰਬਤ ਅਉਧੂਤਾ ॥
ਜੰਗਲ ਅਤੇ ਅਡੋਲ ਟਿਕੇ ਹੋਏ ਪਹਾੜ ਪ੍ਰਭੂ ਦੀ ਰਜ਼ਾ ਵਿੱਚ ਟਿਕੇ ਹੋਏ ਹਨ।
ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥
ਵੇਲਾਂ ਰੁੱਖਾਂ ਦੀਆਂ ਸ਼ਾਖਾਂ, ਸਭ ਪਰਮਾਤਮਾ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਮਾਲਕ-ਪ੍ਰਭੂ ਸਭ ਜੀਵਾਂ ਦੇ ਮਨਾਂ ਵਿਚ ਵੱਸ ਰਿਹਾ ਹੈ ॥੪॥
ਸਿਮਰਹਿ ਥੂਲ ਸੂਖਮ ਸਭਿ ਜੰਤਾ ॥
ਬਹੁਤ ਵੱਡੇ ਸਰੀਰਾਂ ਤੋਂ ਲੈ ਕੇ ਬਹੁਤ ਹੀ ਨਿੱਕੇ ਸਰੀਰਾਂ ਵਾਲੇ ਸਾਰੇ ਜੀਵ, ਪ੍ਰਭੂ ਨੂੰ ਯਾਦ ਕਰ ਰਹੇ ਹਨ)।
ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥
ਸਿੱਧ ਅਤੇ ਸਾਧਿਕ ਪਰਮਾਤਮਾ ਦੇ ਮੰਤ੍ਰ ਨੂੰ ਸਿਮਰ ਰਹੇ ਹਨ।
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥
ਹੇ ਮੇਰੇ ਪ੍ਰਭੂ! ਦਿੱਸਦੇ ਅਣਦਿੱਸਦੇ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਤੂੰ ਸਾਰੇ ਭਵਨਾਂ ਦਾ ਮਾਲਕ ਹੈਂ ॥੫॥
ਸਿਮਰਹਿ ਨਰ ਨਾਰੀ ਆਸਰਮਾ ॥
ਚੌਹਾਂ ਆਸ਼੍ਰਮਾਂ ਦੇ ਨਰ ਤੇ ਨਾਰੀਆਂ ਪ੍ਰਭੂ ਦਾ ਸਿਮਰਨ ਕਰ ਰਹੇ ਹਨ।
ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥
ਸਭ ਜਾਤਾਂ ਤੇ ਵਰਨਾਂ ਦੇ ਸਾਰੇ ਪ੍ਰਾਣੀਪ੍ਰਭੂ ਦਾ ਸਿਮਰਨ ਕਰ ਰਹੇ ਹਨ।
ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥
ਗੁਣਵਾਨ ਚਤੁਰ ਸਿਆਣੇ ਸਾਰੇ ਜੀਵ ਪਰਮਾਤਮਾ ਨੂੰ ਹੀ ਸਿਮਰਦੇ ਹਨ। (ਸਾਰੇ ਜੀਵ) ਰਾਤ ਅਤੇ ਦਿਨ ਹਰ ਵੇਲੇ ਉਸੇ ਪ੍ਰਭੂ ਨੂੰ ਸਿਮਰਦੇ ਹਨ ॥੬॥
ਸਿਮਰਹਿ ਘੜੀ ਮੂਰਤ ਪਲ ਨਿਮਖਾ ॥
ਘੜੀ ਮੁਹੂਰਤ, ਪਲ, ਨਿਮਖ (ਆਦਿਕ ਸਮੇ ਦੀਆਂ ਵੰਡਾਂ) ਪ੍ਰਭੂ ਦੇ ਹੁਕਮ-ਨਿਯਮ ਵਿਚ ਲੰਘਦੇ ਜਾ ਰਹੇ ਹਨ।
ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥
ਮੌਤ ਪ੍ਰਭੂ ਦੇ ਹੁਕਮ ਵਿਚ ਤੁਰ ਰਹੀ ਹੈ, ਜਨਮ ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ। ਸੁੱਚ ਅਤੇ ਸਰੀਰਕ ਕ੍ਰਿਆ-ਇਹ ਭੀ ਹੁਕਮ ਵਿਚ ਹੀ ਕਾਰ ਚੱਲ ਰਹੀ ਹੈ।
ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥
ਸੰਜੋਗ ਆਦਿਕ ਦੱਸਣ ਵਾਲੇ ਜੋਤਿਸ਼ ਅਤੇ ਹੋਰ ਸ਼ਾਸਤ੍ਰ ਉਸ ਦੇ ਹੁਕਮ ਵਿਚ ਹੀ ਚੱਲ ਪਏ ਹਨ। ਪਰ ਪ੍ਰਭੂ ਆਪ ਐਸਾ ਹੈ ਕਿ ਉਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ, ਰਤਾ ਭਰ ਭੀ ਬਿਆਨ ਨਹੀਂ ਕੀਤਾ ਜਾ ਸਕਦਾ ॥੭॥
ਕਰਨ ਕਰਾਵਨਹਾਰ ਸੁਆਮੀ ॥
ਹੇ ਸਭ ਕੁਝ ਆਪ ਕਰ ਸਕਣ ਵਾਲੇ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲੇ ਸੁਆਮੀ!
ਸਗਲ ਘਟਾ ਕੇ ਅੰਤਰਜਾਮੀ ॥
ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ!
ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥੮॥
ਤੂੰ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਵਿਚ ਲਾਂਦਾ ਹੈਂ, ਉਹ ਇਸ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਜਾਂਦਾ ਹੈ ॥੮॥
ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥
ਜਿਸ ਮਨੁੱਖ ਦੇ ਮਨ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,
ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥
ਉਹ (ਪ੍ਰਭੂ ਦੀ) ਪੂਰੀ ਮਿਹਰ ਨਾਲ ਗੁਰੂ ਦਾ (ਦੱਸਿਆ) ਨਾਮ-ਜਾਪ ਜਪਦਾ ਹੈ।
ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥੯॥
ਉਹ ਮਨੁੱਖ ਉਸ ਪ੍ਰਭੂ ਨੂੰ ਸਭਨਾਂ ਦੇ ਅੰਦਰ ਵੱਸਦਾ ਪਛਾਣ ਲੈਂਦਾ ਹੈ, ਉਹ ਮਨੁੱਖ ਮੁੜ ਜੂਨਾਂ ਦੀ ਭਟਕਣਾ ਵਿਚ ਦੁਖੀ ਨਹੀਂ ਹੁੰਦਾ ॥੯॥
ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥
ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ,
ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥
ਉਸ ਦਾ ਦੁੱਖ ਉਸ ਦਾ ਦਰਦ ਦੂਰ ਹੋ ਜਾਂਦਾ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ।
ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥
ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਗੁਰਬਾਣੀ ਦੀ ਬਰਕਤਿ ਨਾਲ ਉਸ ਦੇ ਅੰਦਰ ਇਕ-ਰਸ ਆਤਮਕ ਅਡੋਲਤਾ ਦੀ ਰੌ ਚੱਲੀ ਰਹਿੰਦੀ ਹੈ ॥੧੦॥
ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥
ਜਿਸ ਮਨੁੱਖ ਨੇ ਪ੍ਰਭੂ ਦਾ ਧਿਆਨ ਧਰਿਆ ਉਹ ਨਾਮ-ਖ਼ਜ਼ਾਨੇ ਦਾ ਮਾਲਕ ਬਣ ਗਿਆ,
ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ ॥
ਜਿਸ ਮਨੁੱਖ ਨੇ ਗੁਰੂ ਦਾ ਸਾਥ ਹਾਸਲ ਕਰ ਲਿਆ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਗਿਆ।
ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਿਆ, ਉਹ ਵੱਡੀ ਕਿਸਮਤ ਵਾਲਾ ਹੋ ਗਿਆ ਉਹ (ਜਗਤ ਵਿਚ) ਉੱਘਾ ਹੋ ਗਿਆ ॥੧੧॥
ਜਲਿ ਥਲਿ ਮਹੀਅਲਿ ਸੁਆਮੀ ਸੋਈ ॥
ਉਹੀ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵੱਸਦਾ ਹੈ,
ਅਵਰੁ ਨ ਕਹੀਐ ਦੂਜਾ ਕੋਈ ॥
ਉਸ ਤੋਂ ਬਿਨਾ ਕੋਈ ਦੂਜਾ ਦੱਸਿਆ ਹੀ ਨਹੀਂ ਜਾ ਸਕਦਾ।
ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥੧੨॥
ਗੁਰੂ ਦੇ ਗਿਆਨ ਦੇ ਸੁਰਮੇ ਨੇ (ਜਿਸ ਮਨੁੱਖ ਦੀਆਂ ਅੱਖਾਂ ਦਾ) ਸਾਰਾ ਭਰਮ (-ਜਾਲਾ) ਕੱਟ ਦਿੱਤਾ, ਉਸ ਨੂੰ ਇਕ ਪਰਮਾਤਮਾ ਤੋਂ ਬਿਨਾ (ਕਿਤੇ ਕੋਈ) ਹੋਰ ਨਹੀਂ ਦਿੱਸਦਾ ॥੧੨॥
ਊਚੇ ਤੇ ਊਚਾ ਦਰਬਾਰਾ ॥
ਹੇ ਪ੍ਰਭੂ! ਤੇਰਾ ਦਰਬਾਰ ਸਭ (ਦਰਬਾਰਾਂ) ਨਾਲੋਂ ਉੱਚਾ ਹੈ,
ਕਹਣੁ ਨ ਜਾਈ ਅੰਤੁ ਨ ਪਾਰਾ ॥
ਉਸ ਦਾ ਅਖ਼ੀਰ ਉਸ ਦਾ ਪਾਰਲਾ ਬੰਨਾ ਦੱਸਿਆ ਨਹੀਂ ਜਾ ਸਕਦਾ।
ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ ॥੧੩॥
ਹੇ ਡੂੰਘੇ ਤੇ ਅਥਾਹ (ਸਮੁੰਦਰ)! ਹੇ ਵੱਡੇ ਜਿਗਰੇ ਵਾਲੇ! ਹੇ ਮਾਲਕ! ਤੂੰ ਅਤੁੱਲ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੈਨੂੰ ਮਿਣਿਆ ਨਹੀਂ ਜਾ ਸਕਦਾ ॥੧੩॥
ਤੂ ਕਰਤਾ ਤੇਰਾ ਸਭੁ ਕੀਆ ॥
ਹੇ ਪ੍ਰਭੂ! ਤੂੰ ਪੈਦਾ ਕਰਨ ਵਾਲਾ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ।
ਤੁਝੁ ਬਿਨੁ ਅਵਰੁ ਨ ਕੋਈ ਬੀਆ ॥
ਤੈਥੋਂ ਬਿਨਾ (ਤੇਰੇ ਵਰਗਾ) ਕੋਈ ਹੋਰ ਦੂਜਾ ਨਹੀਂ ਹੈ।
ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥੧੪॥
ਜਗਤ ਦੇ ਸ਼ੁਰੂ ਤੋਂ ਅਖ਼ੀਰ ਤਕ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਇਹ ਸਾਰਾ ਜਗਤ-ਖਿਲਾਰਾ ਤੇਰੇ ਹੀ ਆਪਣੇ ਆਪ ਦਾ ਹੈ ॥੧੪॥
ਜਮਦੂਤੁ ਤਿਸੁ ਨਿਕਟਿ ਨ ਆਵੈ ॥
ਜਮਦੂਤ ਵੀ ਉਸ ਮਨੁੱਖ ਦੇ ਨੇੜੇ ਨਹੀਂ ਆ ਸਕਦਾ (ਮੌਤ ਉਸ ਨੂੰ ਡਰਾ ਨਹੀਂ ਸਕਦੀ)
ਸਾਧਸੰਗਿ ਹਰਿ ਕੀਰਤਨੁ ਗਾਵੈ ॥
ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ।
ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥
ਜਿਹੜਾ ਮਨੁੱਖ ਆਪਣੇ ਕੰਨਾਂ ਨਾਲ ਪ੍ਰਭੂ ਦਾ ਜਸ ਸੁਣਦਾ ਰਹਿੰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੧੫॥
ਤੂ ਸਭਨਾ ਕਾ ਸਭੁ ਕੋ ਤੇਰਾ ॥
ਹੇ ਪ੍ਰਭੂ! ਤੂੰ ਸਾਰੇ ਜੀਵਾਂ ਦਾ (ਖਸਮ) ਹੈਂ। ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।
ਸਾਚੇ ਸਾਹਿਬ ਗਹਿਰ ਗੰਭੀਰਾ ॥
(ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!)
ਕਹੁ ਨਾਨਕ ਸੇਈ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਮਨਾ ॥੧੬॥੧॥੮॥
ਨਾਨਕ ਆਖਦਾ ਹੈ- ਉਹੀ ਮਨੁੱਖ ਸ੍ਰੇਸ਼ਟ ਹਨ ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਹਨ ॥੧੬॥੧॥੮॥