ਰਾਗ ਮਾਰੂ – ਬਾਣੀ ਸ਼ਬਦ-Part 6 – Raag Maru – Bani
ਰਾਗ ਮਾਰੂ – ਬਾਣੀ ਸ਼ਬਦ-Part 6 – Raag Maru – Bani
ਮਾਰੂ ਮਹਲਾ ੩ ॥
ਸਤਿਗੁਰੁ ਸੇਵਨਿ ਸੇ ਵਡਭਾਗੀ ॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ;
ਅਨਦਿਨੁ ਸਾਚਿ ਨਾਮਿ ਲਿਵ ਲਾਗੀ ॥
ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਹਰ ਵੇਲੇ ਲੱਗੀ ਰਹਿੰਦੀ ਹੈ।
ਸਦਾ ਸੁਖਦਾਤਾ ਰਵਿਆ ਘਟ ਅੰਤਰਿ ਸਬਦਿ ਸਚੈ ਓਮਾਹਾ ਹੇ ॥੧॥
ਸਾਰੇ ਸੁਖਾਂ ਦਾ ਦਾਤਾ ਪਰਮਾਤਮਾ ਹਰ ਵੇਲੇ ਉਹਨਾਂ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਅੰਦਰ ਆਤਮਕ ਜੀਵਨ ਦਾ ਹੁਲਾਰਾ ਬਣਿਆ ਰਹਿੰਦਾ ਹੈ ॥੧॥
ਨਦਰਿ ਕਰੇ ਤਾ ਗੁਰੂ ਮਿਲਾਏ ॥
ਪਰ, ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ (ਹੀ) ਗੁਰੂ ਮਿਲਾਂਦਾ ਹੈ,
ਹਰਿ ਕਾ ਨਾਮੁ ਮੰਨਿ ਵਸਾਏ ॥
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਉਹ ਮਨੁੱਖ) ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ।
ਹਰਿ ਮਨਿ ਵਸਿਆ ਸਦਾ ਸੁਖਦਾਤਾ ਸਬਦੇ ਮਨਿ ਓਮਾਹਾ ਹੇ ॥੨॥
ਸਾਰੇ ਸੁਖਾਂ ਦਾ ਦਾਤਾ ਪ੍ਰਭੂ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ, ਸ਼ਬਦ ਦੀ ਬਰਕਤਿ ਨਾਲ ਉਸ ਦੇ ਮਨ ਵਿਚ ਜੀਵਨ-ਹੁਲਾਰਾ ਟਿਕਿਆ ਰਹਿੰਦਾ ਹੈ ॥੨॥
ਕ੍ਰਿਪਾ ਕਰੇ ਤਾ ਮੇਲਿ ਮਿਲਾਏ ॥
ਜਦੋਂ ਪ੍ਰਭੂ ਕਿਰਪਾ ਕਰਦਾ ਹੈ ਤਦੋਂ (ਜੀਵ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਨਾਲ) ਮਿਲਾ ਲੈਂਦਾ ਹੈ।
ਹਉਮੈ ਮਮਤਾ ਸਬਦਿ ਜਲਾਏ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਅਤੇ ਮਮਤਾ ਨੂੰ ਸਾੜ ਲੈਂਦਾ ਹੈ।
ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ ॥੩॥
ਸਿਰਫ਼ ਪਰਮਾਤਮਾ ਦੇ ਪ੍ਰੇਮ-ਰੰਗ ਦਾ ਸਦਕਾ ਉਹ ਮਨੁੱਖ (ਹਉਮੈ ਮਮਤਾ ਤੋਂ) ਸਦਾ ਆਜ਼ਾਦ ਰਹਿੰਦਾ ਹੈ, ਉਸ ਦਾ ਕਿਸੇ ਨਾਲ ਭੀ ਵੈਰ-ਵਿਰੋਧ ਨਹੀਂ ਹੁੰਦਾ ॥੩॥
ਬਿਨੁ ਸਤਿਗੁਰ ਸੇਵੇ ਘੋਰ ਅੰਧਾਰਾ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਦੇ ਜੀਵਨ-ਰਾਹ ਵਿਚ ਹਉਮੈ ਮਮਤਾ ਆਦਿਕ ਦਾ) ਘੁੱਪ ਹਨੇਰਾ ਬਣਿਆ ਰਹਿੰਦਾ ਹੈ,
ਬਿਨੁ ਸਬਦੈ ਕੋਇ ਨ ਪਾਵੈ ਪਾਰਾ ॥
ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ (ਇਸ ਘੁੱਪ ਹਨੇਰੇ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ।
ਜੋ ਸਬਦਿ ਰਾਤੇ ਮਹਾ ਬੈਰਾਗੀ ਸੋ ਸਚੁ ਸਬਦੇ ਲਾਹਾ ਹੇ ॥੪॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ, ਉਹ ਵੱਡੇ ਤਿਆਗੀ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਹਰਿ-ਨਾਮ ਹੀ (ਉਹਨਾਂ ਵਾਸਤੇ ਅਸਲ) ਖੱਟੀ ਹੈ ॥੪॥
ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ ॥
ਕਰਤਾਰ ਨੇ ਆਪਣੇ ਹੁਕਮ ਨਾਲ ਹੀ ਦੁੱਖ ਅਤੇ ਸੁਖ (ਭੋਗਣਾ ਜੀਵਾਂ ਦੇ ਭਾਗਾਂ ਵਿਚ) ਲਿਖ ਕੇ ਪਾ ਦਿੱਤਾ ਹੈ।
ਦੂਜਾ ਭਾਉ ਆਪਿ ਵਰਤਾਇਆ ॥
ਮਾਇਆ ਦਾ ਮੋਹ ਭੀ ਪਰਮਾਤਮਾ ਨੇ ਆਪ ਹੀ ਵਰਤਾਇਆ ਹੋਇਆ ਹੈ।
ਗੁਰਮੁਖਿ ਹੋਵੈ ਸੁ ਅਲਿਪਤੋ ਵਰਤੈ ਮਨਮੁਖ ਕਾ ਕਿਆ ਵੇਸਾਹਾ ਹੇ ॥੫॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ; ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ (ਕਿ ਕਿਹੜੇ ਵੇਲੇ ਮਾਇਆ ਦੇ ਮੋਹ ਵਿਚ ਫਸ ਜਾਏ) ॥੫॥
ਸੇ ਮਨਮੁਖ ਜੋ ਸਬਦੁ ਨ ਪਛਾਣਹਿ ॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਆਪਣੇ ਮਨ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ,
ਗੁਰ ਕੇ ਭੈ ਕੀ ਸਾਰ ਨ ਜਾਣਹਿ ॥
ਉਹ ਮਨੁੱਖ ਗੁਰੂ ਦੇ ਡਰ-ਅਦਬ ਦੀ ਕਦਰ ਨਹੀਂ ਜਾਣਦੇ।
ਭੈ ਬਿਨੁ ਕਿਉ ਨਿਰਭਉ ਸਚੁ ਪਾਈਐ ਜਮੁ ਕਾਢਿ ਲਏਗਾ ਸਾਹਾ ਹੇ ॥੬॥
ਜਿਤਨਾ ਚਿਰ ਗੁਰੂ ਦੇ ਡਰ-ਅਦਬ ਵਿਚ ਨਾਹ ਰਹੀਏ, ਉਨਾ ਚਿਰ ਸਦਾ-ਥਿਰ ਨਿਰਭਉ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, (ਸਦਾ ਇਹ ਸਹਮ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ) ਜਮਰਾਜ (ਕਦੋਂ ਆ ਕੇ) ਜਿੰਦ ਕੱਢ ਲਏਗਾ ॥੬॥
ਅਫਰਿਓ ਜਮੁ ਮਾਰਿਆ ਨ ਜਾਈ ॥
ਜਮਰਾਜ ਨੂੰ ਰੋਕਿਆ ਨਹੀਂ ਜਾ ਸਕਦਾ, ਜਮਰਾਜ ਨੂੰ ਮਾਰਿਆ ਨਹੀਂ ਜਾ ਸਕਦਾ।
ਗੁਰ ਕੈ ਸਬਦੇ ਨੇੜਿ ਨ ਆਈ ॥
ਪਰ ਗੁਰੂ ਦੇ ਸ਼ਬਦ ਵਿਚ ਜੁੜਿਆਂ (ਜਮਰਾਜ ਦਾ ਸਹਮ ਮਨੁੱਖ ਦੇ) ਨੇੜੇ ਨਹੀਂ ਢੁਕਦਾ।
ਸਬਦੁ ਸੁਣੇ ਤਾ ਦੂਰਹੁ ਭਾਗੈ ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ ॥੭॥
ਜਦੋਂ ਉਹ ਗੁਰੂ ਦਾ ਸ਼ਬਦ (ਗੁਰਮੁਖ ਦੇ ਮੂੰਹੋਂ) ਸੁਣਦਾ ਹੈ, ਤਾਂ ਦੂਰੋਂ ਹੀ (ਉਸ ਦੇ ਕੋਲੋਂ) ਭੱਜ ਜਾਂਦਾ ਹੈ ਕਿ ਮਤਾਂ ਵੇਪਰਵਾਹ ਪ੍ਰਭੂ (ਇਸ ਖੁਨਾਮੀ ਪਿੱਛੇ) ਸਜ਼ਾ ਹੀ ਨ ਦੇਵੇ (ਜਮਰਾਜ ਗੁਰਮੁਖ ਮਨੁੱਖ ਨੂੰ ਮੌਤ ਦਾ ਡਰ ਦੇ ਹੀ ਨਹੀਂ ਸਕਦਾ) ॥੭॥
ਹਰਿ ਜੀਉ ਕੀ ਹੈ ਸਭ ਸਿਰਕਾਰਾ ॥
ਸਾਰੀ ਹੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਵਿਚ ਹੈ (ਜਮਰਾਜ ਭੀ ਪਰਮਾਤਮਾ ਦਾ ਹੀ ਰਈਅਤ ਹੈ),
ਏਹੁ ਜਮੁ ਕਿਆ ਕਰੇ ਵਿਚਾਰਾ ॥
(ਪਰਮਾਤਮਾ ਦੇ ਹੁਕਮ ਤੋਂ ਬਿਨਾ) ਜਮਰਾਜ ਵਿਚਾਰਾ ਕੁਝ ਨਹੀਂ ਕਰ ਸਕਦਾ।
ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥੮॥
ਜਮਰਾਜ ਭੀ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਹੀ ਕਾਰ ਕਰਦਾ ਹੈ, ਹੁਕਮ ਅਨੁਸਾਰ ਹੀ ਜਿੰਦ ਕੱਢਦਾ ਹੈ ॥੮॥
ਗੁਰਮੁਖਿ ਸਾਚੈ ਕੀਆ ਅਕਾਰਾ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸਮਝਦਾ ਹੈ ਕਿ) ਸਾਰਾ ਜਗਤ ਸਦਾ-ਥਿਰ ਪਰਮਾਤਮਾ ਨੇ ਪੈਦਾ ਕੀਤਾ ਹੈ,
ਗੁਰਮੁਖਿ ਪਸਰਿਆ ਸਭੁ ਪਾਸਾਰਾ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ ਸਮਝਦਾ ਹੈ ਕਿ) ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਦਾ ਹੀ ਖਿਲਾਰਿਆ ਹੋਇਆ ਹੈ।
ਗੁਰਮੁਖਿ ਹੋਵੈ ਸੋ ਸਚੁ ਬੂਝੈ ਸਬਦਿ ਸਚੈ ਸੁਖੁ ਤਾਹਾ ਹੇ ॥੯॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੯॥
ਗੁਰਮੁਖਿ ਜਾਤਾ ਕਰਮਿ ਬਿਧਾਤਾ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਸਿਰਜਣਹਾਰ ਪ੍ਰਭੂ ਨਾਲ ਸਾਂਝ ਪਾਂਦਾ ਹੈ।
ਜੁਗ ਚਾਰੇ ਗੁਰ ਸਬਦਿ ਪਛਾਤਾ ॥
ਚੌਹਾਂ ਜੁਗਾਂ ਵਿਚ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਨਾਲ ਸਾਂਝ ਬਣਦੀ ਆਈ ਹੈ।
ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ ॥੧੦॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ ॥੧੦॥
ਗੁਰਮੁਖਿ ਨਾਮਿ ਸਬਦਿ ਸਾਲਾਹੇ ॥
ਗੁਰਮੁਖ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,
ਅਗਮ ਅਗੋਚਰ ਵੇਪਰਵਾਹੇ ॥
ਗੁਰੂ ਦੇ ਸ਼ਬਦ ਦੀ ਰਾਹੀਂ ਅਗਮ ਅਗੋਚਰ ਵੇਪਰਵਾਹ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ॥੧੧॥
(ਗੁਰਮੁਖ ਜਾਣਦਾ ਹੈ ਕਿ) ਪਰਾਮਤਮਾ ਦੇ ਨਾਮ ਨੇ ਹੀ ਚੌਹਾਂ ਜੁਗਾਂ ਦੇ ਜੀਵਾਂ ਦਾ ਪਾਰ-ਉਤਾਰਾ ਕੀਤਾ ਹੈ, ਤੇ ਗੁਰ-ਸ਼ਬਦ ਦੀ ਰਾਹੀਂ ਨਾਮ ਦਾ ਵਣਜ ਕੀਤਾ ਜਾ ਸਕਦਾ ਹੈ ॥੧੧॥
ਗੁਰਮੁਖਿ ਸਾਂਤਿ ਸਦਾ ਸੁਖੁ ਪਾਏ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਆਤਮਕ ਠੰਢ ਤੇ ਆਨੰਦ ਮਾਣਦਾ ਹੈ,
ਗੁਰਮੁਖਿ ਹਿਰਦੈ ਨਾਮੁ ਵਸਾਏ ॥
ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖਦਾ ਹੈ।
ਗੁਰਮੁਖਿ ਹੋਵੈ ਸੋ ਨਾਮੁ ਬੂਝੈ ਕਾਟੇ ਦੁਰਮਤਿ ਫਾਹਾ ਹੇ ॥੧੨॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਹਰਿ-ਨਾਮ ਨਾਲ ਸਾਂਝ ਪਾਂਦਾ ਹੈ, (ਤੇ ਇਸ ਤਰ੍ਹਾਂ) ਖੋਟੀ ਮੱਤ ਦੀ ਫਾਹੀ ਕੱਟ ਲੈਂਦਾ ਹੈ ॥੧੨॥
ਗੁਰਮੁਖਿ ਉਪਜੈ ਸਾਚਿ ਸਮਾਵੈ ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ,
ਨਾ ਮਰਿ ਜੰਮੈ ਨ ਜੂਨੀ ਪਾਵੈ ॥
(ਇਸ ਵਾਸਤੇ) ਉਹ ਮੁੜ ਮੁੜ ਮਰਦਾ ਜੰਮਦਾ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ।
ਗੁਰਮੁਖਿ ਸਦਾ ਰਹਹਿ ਰੰਗਿ ਰਾਤੇ ਅਨਦਿਨੁ ਲੈਦੇ ਲਾਹਾ ਹੇ ॥੧੩॥
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਵੇਲੇ ਇਹ ਲਾਭ ਖੱਟਦੇ ਹਨ ॥੧੩॥
ਗੁਰਮੁਖਿ ਭਗਤ ਸੋਹਹਿ ਦਰਬਾਰੇ ॥
ਗੁਰੂ ਦੇ ਸਨਮੁਖ ਰਹਿਣ ਵਾਲੇ ਭਗਤ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ।
ਸਚੀ ਬਾਣੀ ਸਬਦਿ ਸਵਾਰੇ ॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਜੀਵਨ ਸੁਧਰ ਜਾਂਦੇ ਹਨ।
ਅਨਦਿਨੁ ਗੁਣ ਗਾਵੈ ਦਿਨੁ ਰਾਤੀ ਸਹਜ ਸੇਤੀ ਘਰਿ ਜਾਹਾ ਹੇ ॥੧੪॥
ਜਿਹੜਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਆਤਮਕ ਅਡੋਲਤਾ ਨਾਲ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਬਾਹਰ ਨਹੀਂ ਭਟਕਦਾ) ॥੧੪॥
ਸਤਿਗੁਰੁ ਪੂਰਾ ਸਬਦੁ ਸੁਣਾਏ ॥
ਪੂਰਾ ਗੁਰੂ ਸ਼ਬਦ ਸੁਣਾਂਦਾ ਹੈ (ਤੇ ਆਖਦਾ ਹੈ ਕਿ)
ਅਨਦਿਨੁ ਭਗਤਿ ਕਰਹੁ ਲਿਵ ਲਾਏ ॥
ਹਰ ਵੇਲੇ ਸੁਰਤ ਜੋੜ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ।
ਹਰਿ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤਿਸਾਹਾ ਹੇ ॥੧੫॥
ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ, ਪ੍ਰਭੂ-ਪਾਤਿਸ਼ਾਹ ਦੇ ਪਵਿੱਤਰ ਗੁਣ ਗਾਂਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧੫॥
ਗੁਣ ਕਾ ਦਾਤਾ ਸਚਾ ਸੋਈ ॥
ਪਰ, (ਆਪਣੇ) ਗੁਣਾਂ (ਦੇ ਗਾਣ) ਦੀ ਦਾਤ ਦੇਣ ਵਾਲਾ ਉਹ ਸਦਾ-ਥਿਰ ਪਰਮਾਤਮਾ ਆਪ ਹੀ ਹੈ।
ਗੁਰਮੁਖਿ ਵਿਰਲਾ ਬੂਝੈ ਕੋਈ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।
ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੋ ਨਾਮੁ ਬੇਪਰਵਾਹਾ ਹੇ ॥੧੬॥੨॥੧੧॥
ਹੇ ਨਾਨਕ! ਪਰਮਾਤਮਾ ਦਾ ਜਿਹੜਾ ਸੇਵਕ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦਾ ਹੈ, ਵੇਪਰਵਾਹ ਪ੍ਰਭੂ ਦਾ ਨਾਮ ਜਪਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ ॥੧੬॥੨॥੧੧॥
ਮਾਰੂ ਮਹਲਾ ੩ ॥
ਹਰਿ ਜੀਉ ਸੇਵਿਹੁ ਅਗਮ ਅਪਾਰਾ ॥
ਬੇਅੰਤ ਅਤੇ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ।
ਤਿਸ ਦਾ ਅੰਤੁ ਨ ਪਾਈਐ ਪਾਰਾਵਾਰਾ ॥
ਉਸ (ਦੇ ਗੁਣਾਂ) ਦਾ ਅੰਤ ਨਹੀਂ ਪਾਇਆ ਜਾ ਸਕਦਾ, (ਉਸ ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।
ਗੁਰਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥੧॥
ਗੁਰੂ ਦੀ ਕਿਰਪਾ ਨਾਲ ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਹਿਰਦੇ ਵਿਚ ਬੜੀ ਉੱਚੀ ਮੱਤ ਪਰਗਟ ਹੋ ਜਾਂਦੀ ਹੈ ॥੧॥
ਸਭ ਮਹਿ ਵਰਤੈ ਏਕੋ ਸੋਈ ॥
ਸਿਰਫ਼ ਉਹ ਪਰਮਾਤਮਾ ਹੀ ਸਭ ਜੀਵਾਂ ਵਿਚ ਵਿਆਪਕ ਹੈ,
ਗੁਰਪਰਸਾਦੀ ਪਰਗਟੁ ਹੋਈ ॥
ਪਰ ਗੁਰੂ ਦੀ ਕਿਰਪਾ ਨਾਲ ਹੀ ਉਹ ਪਰਗਟ ਹੁੰਦਾ ਹੈ।
ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥
ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਰਿਜ਼ਕ ਦੇਂਦਾ ਹੈ, ਸਭਨਾਂ ਨੂੰ ਰਿਜ਼ਕ ਅਪੜਾਂਦਾ ਹੈ ॥੨॥
ਪੂਰੈ ਸਤਿਗੁਰਿ ਬੂਝਿ ਬੁਝਾਇਆ ॥
ਪੂਰੇ ਗੁਰੂ ਨੇ (ਆਪ) ਸਮਝ ਕੇ (ਜਗਤ ਨੂੰ) ਸਮਝਾਇਆ ਹੈ,
ਹੁਕਮੇ ਹੀ ਸਭੁ ਜਗਤੁ ਉਪਾਇਆ ॥
ਕਿ ਪਰਮਾਤਮਾ ਨੇ ਆਪਣੇ ਹੁਕਮ ਵਿਚ ਹੀ ਸਾਰਾ ਜਗਤ ਪੈਦਾ ਕੀਤਾ ਹੈ।
ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥
ਜਿਹੜਾ ਮਨੁੱਖ ਉਸ ਦੇ ਹੁਕਮ ਨੂੰ (ਮਿੱਠਾ ਕਰਕੇ) ਮੰਨਦਾ ਹੈ, ਉਹੀ ਆਤਮਕ ਆਨੰਦ ਮਾਣਦਾ ਹੈ। ਉਸ ਦਾ ਹੁਕਮ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਚੱਲ ਰਿਹਾ ਹੈ (ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ) ॥੩॥
ਸਚਾ ਸਤਿਗੁਰੁ ਸਬਦੁ ਅਪਾਰਾ ॥
ਗੁਰੂ ਅਭੁੱਲ ਹੈ, ਉਸ ਦਾ ਉਪਦੇਸ਼ ਭੀ ਬਹੁਤ ਡੂੰਘਾ ਹੈ।
ਤਿਸ ਦੈ ਸਬਦਿ ਨਿਸਤਰੈ ਸੰਸਾਰਾ ॥
ਉਸ ਦੇ ਸ਼ਬਦ ਦੀ ਰਾਹੀਂ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ।
ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ ॥੪॥
(ਗੁਰੂ ਇਹ ਦੱਸਦਾ ਹੈ ਕਿ) ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰਦਾ ਹੈ, (ਸਭਨਾਂ ਨੂੰ) ਸਾਹ (ਜਿੰਦ) ਭੀ ਦੇਂਦਾ ਹੈ ਰੋਜ਼ੀ ਭੀ ਦੇਂਦਾ ਹੈ ॥੪॥
ਕੋਟਿ ਮਧੇ ਕਿਸਹਿ ਬੁਝਾਏ ॥
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ (ਪਰਮਾਤਮਾ ਸਹੀ ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ।
ਗੁਰ ਕੈ ਸਬਦਿ ਰਤੇ ਰੰਗੁ ਲਾਏ ॥
ਜਿਹੜੇ ਮਨੁੱਖ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ,
ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਲਾਹਾ ਹੇ ॥੫॥
ਅਤੇ ਸਾਰੇ ਸੁਖਾਂ ਦੇ ਦਾਤੇ ਹਰੀ ਦੀ ਸਦਾ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਉਹਨਾਂ ਨੂੰ ਭਗਤੀ ਅਤੇ ਸਿਫ਼ਤ-ਸਾਲਾਹ ਦੀ (ਹੋਰ) ਦਾਤ ਬਖ਼ਸ਼ਦਾ ਹੈ ॥੫॥
ਸਤਿਗੁਰੁ ਸੇਵਹਿ ਸੇ ਜਨ ਸਾਚੇ ॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ।
ਜੋ ਮਰਿ ਜੰਮਹਿ ਕਾਚਨਿ ਕਾਚੇ ॥
ਪਰ ਜਿਹੜੇ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹ ਬਹੁਤ ਹੀ ਕਮਜ਼ੋਰ ਆਤਮਕ ਜੀਵਨ ਵਾਲੇ ਹਨ।
ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥੬॥
ਅਪਹੁੰਚ ਅਗੋਚਰੁ ਵੇਪਰਵਾਹ ਅਤੇ ਬੇਅੰਤ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ ਹੈ ॥੬॥
ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥
ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਪੱਕਾ ਕਰਦਾ ਹੈ,
ਸਚੈ ਸਬਦਿ ਸਦਾ ਗੁਣ ਗਾਏ ॥
ਉਹ ਮਨੁੱਖ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ,
ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥
ਉਸ ਨੂੰ ਇਉਂ ਦਿੱਸਦਾ ਹੈ ਕਿ ਗੁਣ-ਦਾਤਾ ਪ੍ਰਭੂ ਸਭ ਜੀਵਾਂ ਵਿਚ ਵੱਸ ਰਿਹਾ ਹੈ, ਅਤੇ ਹਰੇਕ ਦੇ ਸਿਰ ਉੱਤੇ ਉਹ ਸਮਾ (ਸਾਹਾ) ਲਿਖਦਾ ਹੈ (ਜਦੋਂ ਜਿੰਦ-ਵਹੁਟੀ ਨੇ ਪਰਲੋਕ ਸਹੁਰੇ-ਘਰ ਤੁਰ ਪੈਣਾ ਹੈ) ॥੭॥
ਸਦਾ ਹਦੂਰਿ ਗੁਰਮੁਖਿ ਜਾਪੈ ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ।
ਸਬਦੇ ਸੇਵੈ ਸੋ ਜਨੁ ਧ੍ਰਾਪੈ ॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਾ-ਭਗਤੀ ਕਰਦਾ ਹੈ ਉਹ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ।
ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥੮॥
ਜਿਹੜੇ ਮਨੁੱਖ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਹਰ ਵੇਲੇ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥
ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥
(ਆਤਮਕ ਜੀਵਨ ਤੋਂ) ਬੇ-ਸਮਝ (ਅਤੇ ਮਾਇਆ ਦੇ ਮੋਹ ਵਿਚ) ਅੰਨ੍ਹਾਂ (ਹੋਇਆ) ਮਨੁੱਖ (ਹਰਿ-ਨਾਮ ਭੁਲਾ ਕੇ ਤੀਰਥ-ਇਸ਼ਨਾਨ ਆਦਿਕ ਹੋਰ ਹੋਰ) ਅਨੇਕਾਂ (ਮਿੱਥੇ ਹੋਏ ਧਾਰਮਿਕ) ਕਰਮਾਂ ਉੱਤੇ ਜ਼ੋਰ ਦੇਂਦਾ ਹੈ।
ਮਨਹਠਿ ਕਰਮ ਫਿਰਿ ਜੋਨੀ ਪਾਏ ॥
ਪਰ ਜਿਹੜਾ ਮਨੁੱਖ ਮਨ ਦੇ ਹਠ ਨਾਲ (ਅਜਿਹੇ) ਕਰਮ (ਕਰਦਾ ਰਹਿੰਦਾ ਹੈ, ਉਹ) ਮੁੜ ਮੁੜ ਜੂਨੀਆਂ ਵਿਚ ਪੈਂਦਾ ਹੈ।
ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥
ਜਿਹੜੇ ਮਨੁੱਖ ਮਾਇਆ (ਕਮਾਣ) ਦੀ ਖ਼ਾਤਰ ਲੱਬ ਲੋਭ (ਨੂੰ ਚਮਕਾਣ ਵਾਲੇ) ਕਰਮ ਕਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਖੋਟੀ ਮੱਤ ਦਾ ਦੁ-ਚਿੱਤਾ-ਪਨ ਆ ਜਾਂਦਾ ਹੈ ॥੯॥
ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥
ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਕਰਨ ਦਾ ਵਿਸ਼ਵਾਸ ਪੈਦਾ ਕਰਦਾ ਹੈ,
ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ।
ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥
ਉਸ ਦੇ ਮਨ ਵਿਚ ਤਨ ਵਿਚ ਹਿਰਦੇ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ। (ਪਰਮਾਤਮਾ ਵਿਚ) ਮਨ ਭਿੱਜਿਆਂ ਮਨੁੱਖ ਉਸ ਦੀ ਭਗਤੀ ਤੇ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੦॥
ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥
ਮੇਰਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਮਨੁੱਖ ਦੇ ਅੰਦਰੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ,
ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥
ਗੁਰੂ ਦੇ ਸ਼ਬਦ ਵਿਚ (ਜੋੜ ਕੇ) (ਆਪਣੀ) ਭਗਤੀ ਵਿਚ (ਲਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ।
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥
ਮੇਰਾ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਤਾਂ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉੱਤੇ (ਭੀ ਹੁਕਮ ਚਲਾਣ ਵਾਲਾ) ਹੈ ॥੧੧॥
ਸੇ ਭਗਤ ਸਚੇ ਤੇਰੈ ਮਨਿ ਭਾਏ ॥
ਹੇ ਪ੍ਰਭੂ! ਉਹੀ ਭਗਤ ਅਡੋਲ ਆਤਮਕ ਜੀਵਨ ਵਾਲੇ ਬਣਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ;
ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥
ਉਹ ਤੇਰੇ ਦਰ ਤੇ (ਟਿਕ ਕੇ) ਤੇਰ ਸਿਫ਼ਤ-ਸਾਲਾਹ ਕਰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।
ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥
ਉਹ ਭਗਤ ਜਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਗਾਂਦੇ ਹਨ। ਪਰਮਾਤਮਾ ਦਾ ਨਾਮ (ਨਾਮ-) ਧਨ ਤੋਂ ਸੱਖਣੇ ਮਨੁੱਖਾਂ ਲਈ ਸਰਮਾਇਆ ਹੈ ॥੧੨॥
ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥
ਹੇ ਪ੍ਰਭੂ! ਤੂੰ ਆਪ ਹੀ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਕੇ (ਫਿਰ) ਵਿਛੋੜਦਾ ਨਹੀਂ ਹੈਂ,
ਗੁਰ ਕੈ ਸਬਦਿ ਸਦਾ ਸਾਲਾਹੀ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥
ਹੇ ਪ੍ਰਭੂ! ਸਭ ਜੀਵਾਂ ਦੇ ਸਿਰ ਉੱਤੇ ਤੂੰ ਆਪ ਹੀ ਮਾਲਕ ਹੈਂ। (ਤੇਰੀ ਮਿਹਰ ਨਾਲ ਹੀ ਜੀਵ ਗੁਰੂ ਦੇ) ਸ਼ਬਦ ਵਿਚ (ਜੁੜ ਕੇ ਤੇਰਾ) ਨਾਮ (ਜਪ ਸਕਦੇ ਹਨ ਅਤੇ ਤੇਰੀ) ਸਿਫ਼ਤ-ਸਾਲਾਹ ਕਰ ਸਕਦੇ ਹਨ ॥੧੩॥
ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥
ਹੇ ਪ੍ਰਭੂ! ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਤੇਰੇ ਨਾਲ ਸਾਂਝ ਨਹੀਂ ਪਾ ਸਕਦਾ,
ਤੁਧੁ ਆਪੇ ਕਥੀ ਅਕਥ ਕਹਾਣੀ ॥
(ਗੁਰੂ ਦੇ ਸ਼ਬਦ ਦੀ ਰਾਹੀਂ) ਤੂੰ ਆਪ ਹੀ ਆਪਣੇ ਅਕੱਥ ਸਰੂਪ ਦਾ ਬਿਆਨ ਕਰਦਾ ਹੈਂ।
ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥
ਤੂੰ ਆਪ ਹੀ ਗੁਰੂ-ਰੂਪ ਹੋ ਕੇ ਸਦਾ ਸ਼ਬਦ ਦੀ ਦਾਤ ਦੇਂਦਾ ਆਇਆ ਹੈਂ, ਗੁਰੂ-ਰੂਪ ਹੋ ਕੇ ਤੂੰ ਆਪ ਹੀ ਹਰਿ-ਨਾਮ ਜਪ ਕੇ (ਜੀਵਾਂ ਨੂੰ ਭੀ ਇਹ ਦਾਤਿ) ਦੇਂਦਾ ਆ ਰਿਹਾ ਹੈਂ ॥੧੪॥
ਤੂ ਆਪੇ ਕਰਤਾ ਸਿਰਜਣਹਾਰਾ ॥
ਹੇ ਪ੍ਰਭੂ! ਤੂੰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰ ਸਕਣ ਵਾਲਾ ਕਰਤਾਰ ਹੈਂ।
ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥
ਕੋਈ ਜੀਵ ਤੇਰੇ ਲਿਖੇ ਲੇਖ ਨੂੰ ਮਿਟਾਣ-ਜੋਗਾ ਨਹੀਂ ਹੈ।
ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥
ਗੁਰੂ ਦੀ ਸਰਨ ਪਾ ਕੇ ਤੂੰ ਆਪ ਹੀ ਆਪਣਾ ਨਾਮ ਦੇਂਦਾ ਹੈਂ, (ਤੇ, ਜਿਸ ਨੂੰ ਤੂੰ ਨਾਮ ਦੀ ਦਾਤ ਦੇਂਦਾ ਹੈਂ) ਉਸ ਨੂੰ ਕੋਈ ਸਹਮ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ ॥੧੫॥
ਭਗਤ ਸਚੇ ਤੇਰੈ ਦਰਵਾਰੇ ॥
ਹੇ ਪ੍ਰਭੂ! ਤੇਰੇ ਦਰਬਾਰ ਵਿਚ ਤੇਰੇ ਭਗਤ ਸੁਰਖ਼ਰੂ ਰਹਿੰਦੇ ਹਨ,
ਸਬਦੇ ਸੇਵਨਿ ਭਾਇ ਪਿਆਰੇ ॥
ਕਿਉਂਕਿ ਉਹ ਤੇਰੇ ਪ੍ਰੇਮ-ਪਿਆਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸੇਵਾ-ਭਗਤੀ ਕਰਦੇ ਹਨ।
ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥
ਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ (ਅਸਲ) ਤਿਆਗੀ ਹਨ, ਨਾਮ ਦੀ ਬਰਕਤਿ ਨਾਲ ਉਹਨਾਂ ਦਾ ਹਰੇਕ ਕੰਮ ਸਫਲ ਹੋ ਜਾਂਦਾ ਹੈ ॥੧੬॥੩॥੧੨॥
ਮਾਰੂ ਮਹਲਾ ੩ ॥
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥
ਸਦਾ-ਥਿਰ ਰਹਿਣ ਵਾਲੇ ਮੇਰੇ ਪ੍ਰਭੂ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ,
ਕੋਇ ਨ ਕਿਸ ਹੀ ਜੇਹਾ ਉਪਾਇਆ ॥
(ਇਸ ਵਿਚ ਉਸ ਨੇ) ਕੋਈ ਜੀਵ ਕਿਸੇ ਦੂਜੇ ਵਰਗਾ ਨਹੀਂ ਬਣਾਇਆ।
ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥
ਆਪ ਹੀ (ਜੀਵਾਂ ਵਿਚ) ਫ਼ਰਕ ਪੈਦਾ ਕਰਦਾ ਹੈ, ਤੇ (ਇਹ ਫ਼ਰਕ) ਵੇਖ ਕੇ ਖ਼ੁਸ਼ ਹੁੰਦਾ ਹੈ। (ਫਿਰ ਉਸ ਨੇ) ਸਰੀਰ ਦੇ ਵਿਚ ਸਾਰੇ ਹੀ ਚਸਕੇ ਪੈਦਾ ਕਰ ਦਿੱਤੇ ਹਨ ॥੧॥
ਵਾਜੈ ਪਉਣੁ ਤੈ ਆਪਿ ਵਜਾਏ ॥
ਹੇ ਪ੍ਰਭੂ! (ਤੇਰੀ ਆਪਣੀ ਕਲਾ ਨਾਲ ਹਰੇਕ ਸਰੀਰ ਵਿਚ) ਸੁਆਸਾਂ ਦਾ ਵਾਜਾ ਵੱਜ ਰਿਹਾ ਹੈ (ਸੁਆਸ ਚੱਲ ਰਿਹਾ ਹੈ), ਤੂੰ ਆਪ ਹੀ ਇਹ ਸੁਆਸਾਂ ਦੇ ਵਾਜੇ ਵਜਾ ਰਿਹਾ ਹੈਂ।
ਸਿਵ ਸਕਤੀ ਦੇਹੀ ਮਹਿ ਪਾਏ ॥
ਪਰਮਾਤਮਾ ਨੇ ਸਰੀਰ ਵਿਚ ਜੀਵਾਤਮਾ ਤੇ ਮਾਇਆ (ਦੋਵੇਂ ਹੀ) ਪਾ ਦਿੱਤੇ ਹਨ।
ਗੁਰਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥੨॥
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਸੁਰਤ ਮਾਇਆ ਵਲੋਂ ਪਰਤਦੀ ਹੈ, ਉਸ ਨੂੰ ਆਤਮਕ ਜੀਵਨ ਵਾਲਾ ਸ੍ਰੇਸ਼ਟ ਗੁਰ ਸ਼ਬਦ ਪ੍ਰਾਪਤ ਹੋ ਜਾਂਦਾ ਹੈ ॥੨॥
ਅੰਧੇਰਾ ਚਾਨਣੁ ਆਪੇ ਕੀਆ ॥
(ਮਾਇਆ ਦੇ ਮੋਹ ਦਾ) ਹਨੇਰਾ ਅਤੇ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪ੍ਰਭੂ ਨੇ ਆਪ ਹੀ ਬਣਾਇਆ ਹੈ।
ਏਕੋ ਵਰਤੈ ਅਵਰੁ ਨ ਬੀਆ ॥
(ਸਾਰੇ ਜਗਤ ਵਿਚ ਪਰਮਾਤਮਾ) ਆਪ ਹੀ ਵਿਆਪਕ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।
ਗੁਰਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਹਿਰਦਾ-ਕੌਲ-ਫੁੱਲ ਖਿੜਿਆ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੀ ਪਰਖ ਕਰਨ ਵਾਲੀ) ਅਕਲ ਪ੍ਰਾਪਤ ਹੋਈ ਰਹਿੰਦੀ ਹੈ ॥੩॥
ਅਪਣੀ ਗਹਣ ਗਤਿ ਆਪੇ ਜਾਣੈ ॥
ਆਪਣੀ ਡੂੰਘੀ ਆਤਮਕ ਅਵਸਥਾ ਪਰਮਾਤਮਾ ਆਪ ਹੀ ਜਾਣਦਾ ਹੈ।
ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ ॥
ਜਗਤ ਤਾਂ (ਦੂਜਿਆਂ ਪਾਸੋਂ) ਸੁਣ ਸੁਣ ਕੇ (ਫਿਰ) ਆਖ ਕੇ (ਹੋਰਨਾਂ ਨੂੰ) ਸੁਣਾਂਦਾ ਹੈ।
ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥੪॥
ਜਿਹੜਾ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ, ਉਹ ਗੁਰੂ ਦੇ ਸਨਮੁਖ ਰਹਿ ਕੇ (ਇਸ ਭੇਤ ਨੂੰ) ਸਮਝਦਾ ਹੈ, ਤੇ, ਉਹ ਪ੍ਰਭੂ ਦੀ ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੪॥
ਦੇਹੀ ਅੰਦਰਿ ਵਸਤੁ ਅਪਾਰਾ ॥
ਮਨੁੱਖ ਦੇ ਸਰੀਰ ਵਿਚ (ਹੀ) ਬੇਅੰਤ ਪਰਮਾਤਮਾ ਦਾ ਨਾਮ-ਪਦਾਰਥ (ਮੌਜੂਦ) ਹੈ,
ਆਪੇ ਕਪਟ ਖੁਲਾਵਣਹਾਰਾ ॥
(ਪਰ ਮਨੁੱਖ ਦੀ ਮੱਤ ਦੇ ਦੁਆਲੇ ਮਾਇਆ ਦੇ ਮੋਹ ਦੇ ਭਿੱਤ ਵੱਜੇ ਰਹਿੰਦੇ ਹਨ), ਪਰਮਾਤਮਾ ਆਪ ਹੀ ਇਹਨਾਂ ਕਿਵਾੜਾਂ ਨੂੰ ਖੋਲ੍ਹਣ ਦੇ ਸਮਰੱਥ ਹੈ।
ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥
ਜਿਹੜਾ ਮਨੁੱਖ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ ॥੫॥
ਸਭਿ ਰਸ ਦੇਹੀ ਅੰਦਰਿ ਪਾਏ ॥
ਪਰਮਾਤਮਾ ਨੇ ਮਨੁੱਖ ਦੇ ਸਰੀਰ ਵਿਚ ਹੀ ਸਾਰੇ ਚਸਕੇ ਭੀ ਪਾ ਦਿੱਤੇ ਹੋਏ ਹਨ (ਨਾਮ-ਵਸਤੂ ਨੂੰ ਇਹ ਕਿਵੇਂ ਲੱਭੇ?)।
ਵਿਰਲੇ ਕਉ ਗੁਰੁ ਸਬਦੁ ਬੁਝਾਏ ॥
ਕਿਸੇ ਵਿਰਲੇ ਨੂੰ ਗੁਰੂ (ਆਪਣੇ) ਸ਼ਬਦ ਦੀ ਸੂਝ ਬਖ਼ਸ਼ਦਾ ਹੈ।
ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥
ਉਹ ਮਨੁੱਖ ਆਪਣਾ ਅੰਦਰ ਖੋਜਦਾ ਹੈ, ਸ਼ਬਦ (ਨੂੰ ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਹੈ, ਫਿਰ ਉਹ ਬਾਹਰ ਭਟਕਦਾ ਨਹੀਂ ॥੬॥
ਵਿਣੁ ਚਾਖੇ ਸਾਦੁ ਕਿਸੈ ਨ ਆਇਆ ॥
(ਨਾਮ-ਅੰਮ੍ਰਿਤ ਮਨੁੱਖ ਦੇ ਅੰਦਰ ਹੀ ਹੈ, ਪਰ) ਚੱਖਣ ਤੋਂ ਬਿਨਾ ਕਿਸੇ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ।
ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥
ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਇਹ ਅੰਮ੍ਰਿਤ ਪਿਲਾਂਦਾ ਹੈ,
ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਉਹ ਨਾਮ-ਜਲ ਪੀ ਕੇ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿਥੇ ਆਤਮਕ ਮੌਤ ਆਪਣਾ ਅਸਰ ਨਹੀਂ ਪਾ ਸਕਦੀ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ (ਨਾਮ-ਅੰਮ੍ਰਿਤ ਦਾ) ਸੁਆਦ ਆ ਜਾਂਦਾ ਹੈ ॥੭॥
ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥
ਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਸਾਰੇ (ਰੱਬੀ) ਗੁਣਾਂ ਨਾਲ ਸਾਂਝ ਪਾਂਦਾ ਹੈ।
ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।
ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, (ਤੇ, ਇਸ ਤਰ੍ਹਾਂ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੮॥
ਗੁਰ ਸੇਵਾ ਤੇ ਸਭੁ ਕਿਛੁ ਪਾਏ ॥
ਗੁਰੂ ਦੀ ਸਰਨ ਪੈਣ ਨਾਲ ਮਨੁੱਖ ਹਰੇਕ ਚੀਜ਼ ਹਾਸਲ ਕਰ ਲੈਂਦਾ ਹੈ,
ਹਉਮੈ ਮੇਰਾ ਆਪੁ ਗਵਾਏ ॥
ਉਹ ਮਨੁੱਖ ਹਉਮੈ ਮਮਤਾ ਆਪਾ-ਭਾਵ ਦੂਰ ਕਰ ਲੈਂਦਾ ਹੈ।
ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥
ਜਿਸ ਮਨੁੱਖ ਉੱਤੇ ਸੁਖਾਂ ਦਾ ਦਾਤਾ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਆਤਮਕ ਜੀਵਨ ਸੋਹਣਾ ਬਣਾ ਲੈਂਦਾ ਹੈ ॥੯॥
ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥
ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲੀ ਬਾਣੀ ਹੈ,
ਅਨਦਿਨੁ ਹਰਿ ਕਾ ਨਾਮੁ ਵਖਾਣੀ ॥
(ਇਸ ਵਿਚ ਜੁੜ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ।
ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦਾ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ॥੧੦॥
ਸੇਵਕ ਸੇਵਹਿ ਸਬਦਿ ਸਲਾਹਹਿ ॥
(ਪ੍ਰਭੂ ਦੇ) ਸੇਵਕ (ਗੁਰੂ ਦੇ) ਸ਼ਬਦ ਦੀ ਰਾਹੀਂ (ਪ੍ਰਭੂ ਦੀ) ਸੇਵਾ-ਭਗਤੀ ਕਰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ,
ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥
ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਸਦਾ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।
ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ, ਉਸ ਮਨੁੱਖ ਦੇ ਮਨ ਵਿਚ (ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ ॥੧੧॥
ਸਬਦੇ ਅਕਥੁ ਕਥੇ ਸਾਲਾਹੇ ॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਅਕੱਥ ਪ੍ਰਭੂ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ,
ਮੇਰੇ ਪ੍ਰਭ ਸਾਚੇ ਵੇਪਰਵਾਹੇ ॥
ਸਦਾ-ਥਿਰ ਵੇਪਰਵਾਹ ਮੇਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ,
ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥
ਗੁਣਾਂ ਦੀ ਦਾਤ ਕਰਨ ਵਾਲਾ ਪ੍ਰਭੂ ਆਪ ਹੀ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ, ਉਸ ਨੂੰ ਸ਼ਬਦ ਦਾ ਆਨੰਦ ਆਉਣ ਲੱਗ ਪੈਂਦਾ ਹੈ ॥੧੨॥
ਮਨਮੁਖੁ ਭੂਲਾ ਠਉਰ ਨ ਪਾਏ ॥
ਮਨ ਦਾ ਮੁਰੀਦ ਮਨੁੱਖ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ (ਭਟਕਦਾ ਫਿਰਦਾ ਹੈ, ਉਸ ਨੂੰ ਕੋਈ) ਟਿਕਾਣਾ ਨਹੀਂ ਮਿਲਦਾ।
ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥
(ਪਰ ਉਸ ਦੇ ਭੀ ਕੀਹ ਵੱਸ? ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਕੁਝ ਧੁਰੋਂ ਉਸ ਦੇ ਮੱਥੇ ਤੇ ਲਿਖਿਆ ਗਿਆ ਹੈ ਉਹ ਕਰਮ ਉਹ ਹੁਣ ਕਰ ਰਿਹਾ ਹੈ।
ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥
ਮਾਇਆ (ਦੇ ਰੰਗ ਵਿਚ) ਮਸਤ ਹੋਣ ਕਰਕੇ ਉਹ (ਹੁਣ ਭੀ) ਮਾਇਆ ਦੀ ਭਾਲ ਹੀ ਕਰਦਾ ਫਿਰਦਾ ਹੈ, ਕਦੇ ਮਰਦਾ ਹੈ ਕਦੇ ਜੰਮਦਾ ਹੈ (ਕਦੇ ਹਰਖ ਕਦੇ ਸੋਗ), ਇਹ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ ॥੧੩॥
ਆਪੇ ਆਪਿ ਆਪਿ ਸਾਲਾਹੇ ॥
(ਜੇ ਕੋਈ ਵਡਭਾਗੀ ਸਿਫ਼ਤ-ਸਾਲਾਹ ਕਰ ਰਿਹਾ ਹੈ, ਤਾਂ ਉਸ ਵਿਚ ਬੈਠਾ ਭੀ ਪ੍ਰਭੂ) ਆਪ ਹੀ ਆਪ ਸਿਫ਼ਤ-ਸਾਲਾਹ ਕਰ ਰਿਹਾ ਹੈ।
ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥
ਹੇ ਪ੍ਰਭੂ! ਤੇਰੇ ਗੁਣ ਤੇਰੇ ਵਿਚ ਹੀ ਹਨ (ਤੇਰੇ ਵਰਗਾ ਹੋਰ ਕੋਈ ਨਹੀਂ)।
ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥
ਹੇ ਪ੍ਰਭੂ! ਤੂੰ ਆਪ ਅਟੱਲ ਹੈਂ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੂੰ ਆਪ ਹੀ ਅਲੱਖ ਤੇ ਅਥਾਹ ਹੈਂ ॥੧੪॥
ਬਿਨੁ ਗੁਰ ਦਾਤੇ ਕੋਇ ਨ ਪਾਏ ॥
ਸਿਫ਼ਤ-ਸਾਲਾਹ ਦੀ ਦਾਤ ਦੇਣ ਵਾਲੇ ਗੁਰੂ ਤੋਂ ਬਿਨਾ ਉਹ ਨਾਮ ਦੀ ਦਾਤ ਹਾਸਲ ਨਹੀਂ ਕਰ ਸਕਦਾ,
ਲਖ ਕੋਟੀ ਜੇ ਕਰਮ ਕਮਾਏ ॥
ਜੇ (ਕੋਈ ਮਨਮੁਖ ਨਾਮ ਤੋਂ ਬਿਨਾ ਹੋਰ ਹੋਰ ਧਾਰਮਿਕ ਮਿਥੇ ਹੋਏ) ਲੱਖਾਂ ਕ੍ਰੋੜਾਂ ਕਰਮ ਕਰਦਾ ਫਿਰੇ (ਤਾਂ ਵੀ ਆਪਣੇ ਜਤਨ ਨਾਲ ਨਾਮ ਦੀ ਦਾਤ ਪ੍ਰਾਪਤ ਨਹੀਂ ਕਰ ਸਕਦਾ)।
ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੫॥
ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥
ਜਿਨ੍ਹਾਂ ਮਨੁੱਖਾਂ ਨੂੰ ਧੁਰੋਂ ਆਪਣੇ ਹੁਕਮ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਂਦਾ ਹੈ ਉਹੀ ਮਿਲਦੇ ਹਨ।
ਸਾਚੀ ਬਾਣੀ ਸਬਦਿ ਸੁਹਾਏ ॥
ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਹਨ।
ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥
ਹੇ ਨਾਨਕ! ਪ੍ਰਭੂ ਦਾ ਸੇਵਕ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ। ਆਓ, ਅਸੀਂ ਭੀ ਗੁਣ ਗਾਵੀਏ। (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਹ) ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੬॥੪॥੧੩॥
ਮਾਰੂ ਮਹਲਾ ੩ ॥
ਨਿਹਚਲੁ ਏਕੁ ਸਦਾ ਸਚੁ ਸੋਈ ॥
ਸਦਾ ਕਾਇਮ ਰਹਿਣ ਵਾਲਾ ਅਟੱਲ ਸਿਰਫ਼ ਉਹ ਪਰਮਾਤਮਾ ਹੀ ਹੈ।
ਪੂਰੇ ਗੁਰ ਤੇ ਸੋਝੀ ਹੋਈ ॥
ਪੂਰੇ ਗੁਰੂ ਪਾਸੋਂ ਜਿਨ੍ਹਾਂ ਮਨੁੱਖਾਂ ਨੂੰ ਇਹ ਸਮਝ ਆ ਜਾਂਦੀ ਹੈ,
ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥
ਉਹ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਸਦਾ ਪਰਮਾਤਮਾ ਦਾ ਸਿਮਰਨ ਕਰਦੇ ਹਨ, ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਮਨੁੱਖ ਚੰਗੇ ਆਚਰਨ ਦਾ ਸੰਜੋਅ (ਪਹਿਨੀ ਰੱਖਦੇ ਹਨ, ਜਿਸ ਕਰਕੇ ਕੋਈ ਵਿਕਾਰ ਉਹਨਾਂ ਉਤੇ ਹੱਲਾ ਨਹੀਂ ਕਰ ਸਕਦੇ) ॥੧॥
ਅੰਦਰਿ ਰੰਗੁ ਸਦਾ ਸਚਿਆਰਾ ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਹੈ, ਉਹ ਸਦਾ ਸੁਰਖ਼ਰੂ ਹੈ।
ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਪ੍ਰਭੂ ਦੇ ਨਾਮ ਵਿਚ ਪ੍ਰੇਮ ਬਣਾਈ ਰੱਖਦਾ ਹੈ।
ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥
ਉਸ ਦੇ ਹਿਰਦੇ ਵਿਚ ਸਾਰੇ ਹੀ ਸੁਖਾਂ ਤੇ ਪਦਾਰਥਾਂ ਦਾ ਖ਼ਜ਼ਾਨਾ ਹਰਿ-ਨਾਮ ਵੱਸਦਾ ਹੈ, ਉਹ ਮਾਇਆ ਨੂੰ ਅਸਲ ਖੱਟੀ ਮੰਨਣਾ ਛੱਡ ਦੇਂਦਾ ਹੈ ॥੨॥
ਰਈਅਤਿ ਰਾਜੇ ਦੁਰਮਤਿ ਦੋਈ ॥
ਖੋਟੀ ਮੱਤ ਦੇ ਕਾਰਨ ਹਾਕਮ ਤੇ ਪਰਜਾ ਸਭ ਦੁਬਿਧਾ ਵਿਚ ਫਸੇ ਰਹਿੰਦੇ ਹਨ।
ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਦੇ ਅੰਦਰ ਇਕ ਪਰਮਾਤਮਾ ਦਾ ਪਰਕਾਸ਼ ਨਹੀਂ ਹੁੰਦਾ।
ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥
ਜਿਹੜੇ ਮਨੁੱਖ ਸਿਰਫ਼ ਪਰਮਾਤਮਾ ਨੂੰ ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ। ਉਹਨਾਂ ਨੂੰ ਅਟੱਲ (ਆਤਮਕ) ਰਾਜ ਮਿਲਿਆ ਰਹਿੰਦਾ ਹੈ ॥੩॥
ਆਵਣੁ ਜਾਣਾ ਰਖੈ ਨ ਕੋਈ ॥
(ਪਰਮਾਤਮਾ ਤੋਂ ਬਿਨਾ ਹੋਰ) ਕੋਈ ਜਨਮ ਮਰਨ ਦੇ ਗੇੜ ਤੋਂ ਬਚਾ ਨਹੀਂ ਸਕਦਾ।
ਜੰਮਣੁ ਮਰਣੁ ਤਿਸੈ ਤੇ ਹੋਈ ॥
ਇਹ ਜਨਮ ਮਰਨ (ਦਾ ਚੱਕਰ) ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।
ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥
ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਿੱਤ ਸਿਮਰਨ ਕਰਦੇ ਰਹੋ। ਉੱਚੀ ਆਤਮਕ ਅਵਸਥਾ ਤੇ ਵਿਕਾਰਾਂ ਤੋਂ ਖ਼ਲਾਸੀ ਉਸ ਪਰਮਾਤਮਾ ਪਾਸੋਂ ਹੀ ਮਿਲਦੀ ਹੈ ॥੪॥
ਸਚੁ ਸੰਜਮੁ ਸਤਿਗੁਰੂ ਦੁਆਰੈ ॥
ਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੇ (ਪ੍ਰਾਪਤ ਹੁੰਦਾ ਹੈ),
ਹਉਮੈ ਕ੍ਰੋਧੁ ਸਬਦਿ ਨਿਵਾਰੈ ॥
(ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ।
ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥
ਗੁਰੂ ਦੀ ਸਰਨ ਪਿਆਂ ਹੀ ਸਦਾ ਆਤਮਕ ਆਨੰਦ ਮਿਲਦਾ ਹੈ। ਚੰਗਾ ਆਚਰਨ, ਸੰਤੋਖ-ਇਹ ਸਭ ਕੁਝ ਗੁਰੂ ਦੇ ਦਰ ਤੇ ਹੀ ਹੈ ॥੫॥
ਹਉਮੈ ਮੋਹੁ ਉਪਜੈ ਸੰਸਾਰਾ ॥
ਸੰਸਾਰ ਵਿਚ ਖਚਿਤ ਰਿਹਾਂ (ਮਨੁੱਖ ਦੇ ਅੰਦਰ) ਹਉਮੈ ਪੈਦਾ ਹੋ ਜਾਂਦੀ ਹੈ, ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ,
ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥
(ਇਹਨਾਂ ਦੇ ਕਾਰਨ) ਪਰਮਾਤਮਾ ਦਾ ਨਾਮ ਭੁਲਾ ਕੇ ਸਾਰਾ ਜਗਤ ਆਤਮਕ ਮੌਤ ਸਹੇੜ ਲੈਂਦਾ ਹੈ।
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਹਰਿ-ਨਾਮ ਹੀ ਜਗਤ ਵਿਚ ਸਦਾ ਕਾਇਮ ਰਹਿਣ ਵਾਲੀ ਖੱਟੀ ਹੈ ॥੬॥
ਸਚਾ ਅਮਰੁ ਸਬਦਿ ਸੁਹਾਇਆ ॥
ਗੁਰੂ ਦੇ ਸ਼ਬਦ ਦੀ ਰਾਹੀਂ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਅਟੱਲ ਹੁਕਮ ਮਿੱਠਾ ਲੱਗਣ ਲੱਗ ਪੈਂਦਾ ਹੈ,
ਪੰਚ ਸਬਦ ਮਿਲਿ ਵਾਜਾ ਵਾਇਆ ॥
(ਉਸ ਦੇ ਅੰਦਰ ਇਉਂ ਆਨੰਦ ਬਣਿਆ ਰਹਿੰਦਾ ਹੈ, ਜਿਵੇਂ) ਪੰਜ ਹੀ ਕਿਸਮਾਂ ਦੇ ਸਾਜ਼ਾਂ ਨੇ ਮਿਲ ਕੇ ਸੁੰਦਰ ਰਾਗ ਪੈਦਾ ਕੀਤਾ ਹੋਇਆ ਹੈ।
ਸਦਾ ਕਾਰਜੁ ਸਚਿ ਨਾਮਿ ਸੁਹੇਲਾ ਬਿਨੁ ਸਬਦੈ ਕਾਰਜੁ ਕੇਹਾ ਹੇ ॥੭॥
ਪਰਮਾਤਮਾ ਦੇ ਸਦਾ-ਥਿਰ ਨਾਮ ਵਿਚ ਜੁੜਿਆਂ ਜਨਮ-ਮਨੋਰਥ ਸਫਲ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਕਾਹਦਾ ਜਨਮ-ਮਨੋਰਥ? (ਜੀਵਨ ਨਿਸਫਲ ਹੀ ਜਾਂਦਾ ਹੈ) ॥੭॥
ਖਿਨ ਮਹਿ ਹਸੈ ਖਿਨ ਮਹਿ ਰੋਵੈ ॥
(ਪਰਮਾਤਮਾ ਦੇ ਨਾਮ ਤੋਂ ਖੁੰਝਿਆਂ ਮਨੁੱਖ) ਘੜੀ ਵਿਚ ਹੱਸ ਪੈਂਦਾ ਹੈ ਘੜੀ ਵਿਚ ਰੋ ਪੈਂਦਾ ਹੈ (ਹਰਖ ਸੋਗ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ, ਸੋ)
ਦੂਜੀ ਦੁਰਮਤਿ ਕਾਰਜੁ ਨ ਹੋਵੈ ॥
ਮਾਇਆ ਦੇ ਮੋਹ ਵਿਚ ਫਸਾ ਰੱਖਣ ਵਾਲੀ ਖੋਟੀ ਮੱਤ ਦੀ ਰਾਹੀਂ ਜੀਵਨ-ਮਨੋਰਥ ਸਫਲ ਨਹੀਂ ਹੁੰਦਾ।
ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥੮॥
(ਪਰ, ਜੀਵਾਂ ਦੇ ਕੀਹ ਵੱਸ?) (ਹਰਿ-ਨਾਮ ਵਿਚ) ਜੁੜਨਾ ਤੇ (ਹਰਿ-ਨਾਮ ਤੋਂ) ਵਿਛੁੜ ਜਾਣਾ-(ਪਿਛਲੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਆਪ (ਜੀਵਾਂ ਦੇ ਮੱਥੇ ਉਤੇ) ਲਿਖ ਰੱਖੇ ਹਨ, ਇਹ ਪੂਰਬਲੀ ਕਰਮ-ਕਮਾਈ (ਜੀਵ ਪਾਸੋਂ) ਮਿਟਾਇਆਂ ਮਿਟਦੀ ਨਹੀਂ ॥੮॥
ਜੀਵਨ ਮੁਕਤਿ ਗੁਰਸਬਦੁ ਕਮਾਏ ॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜੀਊਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਨਿਰਲੇਪ ਹੈ,
ਹਰਿ ਸਿਉ ਸਦ ਹੀ ਰਹੈ ਸਮਾਏ ॥
ਉਹ ਸਦਾ ਹੀ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ।
ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗੁ ਨ ਤਾਹਾ ਹੇ ॥੯॥
ਗੁਰੂ ਦੀ ਕਿਰਪਾ ਨਾਲ ਉਸ ਨੂੰ (ਇਸ ਲੋਕ ਤੇ ਪਰਲੋਕ ਵਿਚ) ਆਦਰ ਮਿਲਦਾ ਹੈ, ਉਸ ਦੇ ਅੰਦਰ ਹਉਮੈ ਦਾ ਰੋਗ ਨਹੀਂ ਹੁੰਦਾ ॥੯॥
ਰਸ ਕਸ ਖਾਏ ਪਿੰਡੁ ਵਧਾਏ ॥
(ਦੂਜੇ ਪਾਸੇ ਵੇਖ ਤਿਆਗੀਆਂ ਦਾ ਹਾਲ। ਜਿਹੜਾ ਮਨੁੱਖ ਆਪਣੇ ਵੱਲੋਂ ‘ਤਿਆਗ’ ਕਰ ਕੇ ਖੱਟੇ ਮਿੱਠੇ ਕਸੈਲੇ ਆਦਿਕ) ਸਾਰੇ ਰਸਾਂ ਵਾਲੇ ਖਾਣੇ ਖਾਂਦਾ ਰਹਿੰਦਾ ਹੈ, ਤੇ, ਆਪਣੇ ਸਰੀਰ ਨੂੰ ਮੋਟਾ ਕਰੀ ਜਾਂਦਾ ਹੈ,
ਭੇਖ ਕਰੈ ਗੁਰਸਬਦੁ ਨ ਕਮਾਏ ॥
(ਤਿਆਗੀਆਂ ਵਾਲਾ) ਧਾਰਮਿਕ ਪਹਿਰਾਵਾ ਪਹਿਨਦਾ ਹੈ, ਗੁਰੂ ਦੇ ਸ਼ਬਦ ਅਨੁਸਾਰ ਜੀਵਨ ਨਹੀਂ ਬਿਤਾਂਦਾ,
ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ ॥੧੦॥
ਉਸ ਦੇ ਅੰਦਰ (ਚਸਕਿਆਂ ਦਾ) ਰੋਗ ਹੈ, ਇਹ ਉਸ ਨੂੰ ਵੱਡਾ ਭਾਰੀ ਦੁੱਖ ਵਾਪਰਿਆ ਹੋਇਆ ਹੈ, ਉਹ ਹਰ ਵੇਲੇ ਵਿਕਾਰਾਂ ਦੇ ਗੰਦ ਵਿਚ ਲੀਨ ਰਹਿੰਦਾ ਹੈ ॥੧੦॥
ਬੇਦ ਪੜਹਿ ਪੜਿ ਬਾਦੁ ਵਖਾਣਹਿ ॥
(ਪੰਡਿਤ ਲੋਕ ਭੀ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਇਹਨਾਂ ਨੂੰ) ਪੜ੍ਹ ਕੇ ਨਿਰੀ ਚਰਚਾ ਦਾ ਸਿਲਸਿਲਾ ਛੇੜੀ ਰੱਖਦੇ ਹਨ,
ਘਟ ਮਹਿ ਬ੍ਰਹਮੁ ਤਿਸੁ ਸਬਦਿ ਨ ਪਛਾਣਹਿ ॥
ਜਿਹੜਾ ਪਰਮਾਤਮਾ ਹਿਰਦੇ ਵਿਚ ਹੀ ਵੱਸ ਰਿਹਾ ਹੈ, ਉਸ ਨਾਲ ਗੁਰ-ਸ਼ਬਦ ਦੀ ਰਾਹੀਂ ਸਾਂਝ ਨਹੀਂ ਪਾਂਦੇ।
ਗੁਰਮੁਖਿ ਹੋਵੈ ਸੁ ਤਤੁ ਬਿਲੋਵੈ ਰਸਨਾ ਹਰਿ ਰਸੁ ਤਾਹਾ ਹੇ ॥੧੧॥
ਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੱਤ ਨੂੰ ਵਿਚਾਰਦਾ ਹੈ, ਉਸ ਦੀ ਜੀਭ ਵਿਚ ਹਰਿ-ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ ॥੧੧॥
ਘਰਿ ਵਥੁ ਛੋਡਹਿ ਬਾਹਰਿ ਧਾਵਹਿ ॥
ਜਿਹੜੇ ਮਨੁੱਖ ਹਿਰਦੇ-ਘਰ ਵਿਚ ਵੱਸ ਰਹੇ ਨਾਮ-ਪਦਾਰਥ ਨੂੰ ਛੱਡ ਦੇਂਦੇ ਹਨ, ਤੇ, ਬਾਹਰ ਭਟਕਦੇ ਹਨ,
ਮਨਮੁਖ ਅੰਧੇ ਸਾਦੁ ਨ ਪਾਵਹਿ ॥
ਉਹ ਮਨ ਦੇ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਹਰਿ-ਨਾਮ ਦਾ ਸੁਆਦ ਨਹੀਂ ਮਾਣ ਸਕਦੇ।
ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰਿ ਰਸੁ ਮੂਲਿ ਨ ਤਾਹਾ ਹੇ ॥੧੨॥
ਹੋਰ ਹੋਰ ਸੁਆਦਾਂ ਵਿਚ ਮਸਤ ਉਹਨਾਂ ਦੀ ਜੀਭ ਫਿੱਕੇ ਬੋਲ ਬੋਲਦੀ ਰਹਿੰਦੀ ਹੈ, ਪਰਮਾਤਮਾ ਦੇ ਨਾਮ ਦਾ ਸੁਆਦ ਉਹਨਾਂ ਨੂੰ ਬਿਲਕੁਲ ਹਾਸਲ ਨਹੀਂ ਹੁੰਦਾ ॥੧੨॥
ਮਨਮੁਖ ਦੇਹੀ ਭਰਮੁ ਭਤਾਰੋ ॥
ਮਾਇਆ ਦੀ ਭਟਕਣ ਮਨ ਦੇ ਮੁਰੀਦ ਮਨੁੱਖ ਦੇ ਸਰੀਰ ਦੀ ਅਗਵਾਈ ਕਰਦੀ ਹੈ,
ਦੁਰਮਤਿ ਮਰੈ ਨਿਤ ਹੋਇ ਖੁਆਰੋ ॥
(ਇਸ) ਖੋਟੀ ਮੱਤ ਦੇ ਕਾਰਨ ਮਨਮੁਖ ਆਤਮਕ ਮੌਤ ਸਹੇੜ ਲੈਂਦਾ ਹੈ, ਤੇ, ਸਦਾ ਖ਼ੁਆਰ ਹੁੰਦਾ ਹੈ।
ਕਾਮਿ ਕ੍ਰੋਧਿ ਮਨੁ ਦੂਜੈ ਲਾਇਆ ਸੁਪਨੈ ਸੁਖੁ ਨ ਤਾਹਾ ਹੇ ॥੧੩॥
ਮਨਮੁਖ ਆਪਣੇ ਮਨ ਨੂੰ ਕਾਮ ਵਿਚ, ਕ੍ਰੋਧ ਵਿਚ, ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ, (ਇਸ ਵਾਸਤੇ) ਉਸ ਨੂੰ ਕਦੇ ਭੀ ਆਤਮਕ ਆਨੰਦ ਨਹੀਂ ਮਿਲਦਾ ॥੧੩॥
ਕੰਚਨ ਦੇਹੀ ਸਬਦੁ ਭਤਾਰੋ ॥
ਗੁਰੂ ਦਾ ਸ਼ਬਦ ਜਿਸ ਮਨੁੱਖ ਦੇ ਸੋਨੇ ਵਰਗੇ ਪਵਿੱਤਰ ਸਰੀਰ ਦਾ ਆਗੂ ਬਣਿਆ ਰਹਿੰਦਾ ਹੈ,
ਅਨਦਿਨੁ ਭੋਗ ਭੋਗੇ ਹਰਿ ਸਿਉ ਪਿਆਰੋ ॥
ਉਹ ਮਨੁੱਖ ਪਰਮਾਤਮਾ ਨਾਲ ਪਿਆਰ ਬਣਾਈ ਰੱਖਦਾ ਹੈ ਤੇ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ।
ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥੧੪॥
ਉਹ ਮਨੁੱਖ ਉਸ ਲਾ-ਮਕਾਨ ਪਰਮਾਤਮਾ ਨੂੰ ਸਭ ਸਰੀਰਾਂ ਵਿਚ (ਵੱਸਦਾ) ਵੇਖ ਲੈਂਦਾ ਹੈ, ਉਸ ਦੀ ਰਜ਼ਾ ਨੂੰ ਮਿੱਠਾ ਮੰਨ ਕੇ ਉਸ ਵਿਚ ਲੀਨ ਰਹਿੰਦਾ ਹੈ ॥੧੪॥
ਆਪੇ ਦੇਵੈ ਦੇਵਣਹਾਰਾ ॥
ਪਰ, (ਇਹ ਸ਼ਬਦ ਦੀ ਦਾਤਿ) ਦੇ ਸਕਣ ਵਾਲਾ ਪਰਮਾਤਮਾ ਆਪ ਹੀ ਦੇਂਦਾ ਹੈ,
ਤਿਸੁ ਆਗੈ ਨਹੀ ਕਿਸੈ ਕਾ ਚਾਰਾ ॥
ਉਸ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ।
ਆਪੇ ਬਖਸੇ ਸਬਦਿ ਮਿਲਾਏ ਤਿਸ ਦਾ ਸਬਦੁ ਅਥਾਹਾ ਹੇ ॥੧੫॥
ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ। ਉਸ ਮਾਲਕ-ਪ੍ਰਭੂ ਦਾ ਹੁਕਮ ਬਹੁਤ ਗੰਭੀਰ ਹੈ ॥੧੫॥
ਜੀਉ ਪਿੰਡੁ ਸਭੁ ਹੈ ਤਿਸੁ ਕੇਰਾ ॥
ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ।
ਸਚਾ ਸਾਹਿਬੁ ਠਾਕੁਰੁ ਮੇਰਾ ॥
ਮੇਰਾ ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ।
ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ ॥੧੬॥੫॥੧੪॥
ਹੇ ਨਾਨਕ! (ਕੋਈ ਭਾਗਾਂ ਵਾਲਾ ਮਨੁੱਖ) ਗੁਰੂ ਦੀ ਬਾਣੀ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਸ ਹਰੀ ਦੇ ਨਾਮ ਦਾ ਜਾਪ ਜਪ ਕੇ ਉਸ ਵਿਚ ਸਮਾਇਆ ਰਹਿੰਦਾ ਹੈ ॥੧੬॥੫॥੧੪॥
ਮਾਰੂ ਮਹਲਾ ੩ ॥
ਗੁਰਮੁਖਿ ਨਾਦ ਬੇਦ ਬੀਚਾਰੁ ॥
(ਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਪਰ) ਹਰਿ-ਨਾਮ ਨੂੰ ਮਨ ਵਿਚ ਵਸਾਣਾ ਹੀ ਗੁਰਮੁਖ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਵਾਸਤੇ ਨਾਦ (ਦਾ ਵਜਾਣਾ ਅਤੇ) ਵੇਦ (ਦਾ ਪਾਠ) ਹੈ।
ਗੁਰਮੁਖਿ ਗਿਆਨੁ ਧਿਆਨੁ ਆਪਾਰੁ ॥
ਬੇਅੰਤ ਪ੍ਰਭੂ ਦਾ ਸਿਮਰਨ ਹੀ ਗੁਰਮੁਖ ਲਈ ਗਿਆਨ (-ਚਰਚਾ) ਅਤੇ ਸਮਾਧੀ ਹੈ।
ਗੁਰਮੁਖਿ ਕਾਰ ਕਰੇ ਪ੍ਰਭ ਭਾਵੈ ਗੁਰਮੁਖਿ ਪੂਰਾ ਪਾਇਦਾ ॥੧॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਕਾਰ ਕਰਦਾ ਹੈ ਜੋ ਪ੍ਰਭੂ ਨੂੰ ਚੰਗੀ ਲੱਗਦੀ ਹੈ (ਗੁਰਮੁਖ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ)। (ਇਸ ਤਰ੍ਹਾਂ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੧॥
ਗੁਰਮੁਖਿ ਮਨੂਆ ਉਲਟਿ ਪਰਾਵੈ ॥
ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ (ਆਪਣੇ) ਮਨ ਨੂੰ (ਮਾਇਆ ਦੇ ਮੋਹ ਵੱਲੋਂ) ਰੋਕ ਰੱਖਦਾ ਹੈ।
ਗੁਰਮੁਖਿ ਬਾਣੀ ਨਾਦੁ ਵਜਾਵੈ ॥
ਉਹ ਗੁਰਬਾਣੀ ਨੂੰ ਹਿਰਦੇ ਵਿਚ ਵਸਾਂਦਾ ਹੈ (ਮਾਨੋ, ਜੋਗੀ ਵਾਂਗ) ਨਾਦ ਵਜਾ ਰਿਹਾ ਹੈ।
ਗੁਰਮੁਖਿ ਸਚਿ ਰਤੇ ਬੈਰਾਗੀ ਨਿਜ ਘਰਿ ਵਾਸਾ ਪਾਇਦਾ ॥੨॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, (ਇਸ ਤਰ੍ਹਾਂ) ਮਾਇਆ ਵਲੋਂ ਨਿਰਲੇਪ ਰਹਿ ਕੇ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ ॥੨॥
ਗੁਰ ਕੀ ਸਾਖੀ ਅੰਮ੍ਰਿਤ ਭਾਖੀ ॥
ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ,
ਸਚੈ ਸਬਦੇ ਸਚੁ ਸੁਭਾਖੀ ॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਸਿਮਰਦਾ ਰਹਿੰਦਾ ਹੈ,
ਸਦਾ ਸਚਿ ਰੰਗਿ ਰਾਤਾ ਮਨੁ ਮੇਰਾ ਸਚੇ ਸਚਿ ਸਮਾਇਦਾ ॥੩॥
ਉਸ ਦਾ ਮਮਤਾ ਵਿਚ ਫਸਣ ਵਾਲਾ ਮਨ ਸਦਾ ਹਰਿ-ਨਾਮ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੩॥
ਗੁਰਮੁਖਿ ਮਨੁ ਨਿਰਮਲੁ ਸਤ ਸਰਿ ਨਾਵੈ ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹ ਸੰਤੋਖ ਦੇ ਸਰੋਵਰ (ਹਰਿ-ਨਾਮ) ਵਿਚ ਇਸ਼ਨਾਨ ਕਰਦਾ ਹੈ;
ਮੈਲੁ ਨ ਲਾਗੈ ਸਚਿ ਸਮਾਵੈ ॥
ਉਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਚੰਬੜਦੀ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ।
ਸਚੋ ਸਚੁ ਕਮਾਵੈ ਸਦ ਹੀ ਸਚੀ ਭਗਤਿ ਦ੍ਰਿੜਾਇਦਾ ॥੪॥
ਉਹ ਮਨੁੱਖ ਹਰ ਵੇਲੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਹੀ ਕਮਾਈ ਕਰਦਾ ਹੈ, ਉਹ ਮਨੁੱਖ ਸਦਾ ਨਾਲ ਨਿਭਣ ਵਾਲੀ ਭਗਤੀ (ਆਪਣੇ ਹਿਰਦੇ ਵਿਚ) ਪੱਕੇ ਤੌਰ ਤੇ ਟਿਕਾਈ ਰੱਖਦਾ ਹੈ ॥੪॥
ਗੁਰਮੁਖਿ ਸਚੁ ਬੈਣੀ ਗੁਰਮੁਖਿ ਸਚੁ ਨੈਣੀ ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਬਚਨਾਂ ਵਿਚ ਪ੍ਰਭੂ ਵੱਸਦਾ ਹੈ, ਉਸ ਦੀਆਂ ਅੱਖਾਂ ਵਿਚ ਪ੍ਰਭੂ ਵੱਸਦਾ ਹੈ, (ਉਹ ਹਰ ਵੇਲੇ ਨਾਮ ਸਿਮਰਦਾ ਹੈ, ਹਰ ਪਾਸੇ ਪਰਮਾਤਮਾ ਨੂੰ ਹੀ ਵੇਖਦਾ ਹੈ)।
ਗੁਰਮੁਖਿ ਸਚੁ ਕਮਾਵੈ ਕਰਣੀ ॥
ਉਹ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਇਹੀ ਉਸ ਵਾਸਤੇ ਕਰਨ-ਜੋਗ ਕੰਮ ਹੈ।
ਸਦ ਹੀ ਸਚੁ ਕਹੈ ਦਿਨੁ ਰਾਤੀ ਅਵਰਾ ਸਚੁ ਕਹਾਇਦਾ ॥੫॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦਿਨ ਰਾਤ ਸਦਾ ਹੀ ਸਿਮਰਨ ਕਰਦਾ ਹੈ, ਤੇ, ਹੋਰਨਾਂ ਨੂੰ ਸਿਮਰਨ ਕਰਨ ਲਈ ਪ੍ਰੇਰਦਾ ਹੈ ॥੫॥
ਗੁਰਮੁਖਿ ਸਚੀ ਊਤਮ ਬਾਣੀ ॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਉੱਤਮ ਬਾਣੀ ਹੀ ਗੁਰਮੁਖ (ਸਦਾ ਉਚਾਰਦਾ ਹੈ),
ਗੁਰਮੁਖਿ ਸਚੋ ਸਚੁ ਵਖਾਣੀ ॥
ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਚਾਰਦਾ ਹੈ।
ਗੁਰਮੁਖਿ ਸਦ ਸੇਵਹਿ ਸਚੋ ਸਚਾ ਗੁਰਮੁਖਿ ਸਬਦੁ ਸੁਣਾਇਦਾ ॥੬॥
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਹੀ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਹੋਰਨਾਂ ਨੂੰ ਭੀ) ਬਾਣੀ ਹੀ ਸੁਣਾਂਦਾ ਹੈ ॥੬॥
ਗੁਰਮੁਖਿ ਹੋਵੈ ਸੁ ਸੋਝੀ ਪਾਏ ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦਾ ਹੈ,
ਹਉਮੈ ਮਾਇਆ ਭਰਮੁ ਗਵਾਏ ॥
ਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ।
ਗੁਰ ਕੀ ਪਉੜੀ ਊਤਮ ਊਚੀ ਦਰਿ ਸਚੈ ਹਰਿ ਗੁਣ ਗਾਇਦਾ ॥੭॥
ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਇਹੀ ਹੈ ਗੁਰੂ ਦੀ (ਦੱਸੀ ਹੋਈ) ਉੱਚੀ ਤੇ ਉੱਤਮ ਪੌੜੀ (ਜਿਸ ਦੀ ਰਾਹੀਂ ਮਨੁੱਖ ਉੱਚੇ ਆਤਮਕ ਮੰਡਲਾਂ ਵਿਚ ਚੜ੍ਹ ਕੇ ਪ੍ਰਭੂ ਨੂੰ ਜਾ ਮਿਲਦਾ ਹੈ) ॥੭॥
ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ-ਇਹੀ ਹੈ ਉਸ ਦਾ ਕਰਨ-ਜੋਗ ਕੰਮ, ਇਹੀ ਹੈ ਉਸ ਦੇ ਵਾਸਤੇ (ਵਿਕਾਰਾਂ ਤੋਂ ਬਚਣ ਲਈ) ਵਧੀਆ ਜੀਵਨ-ਜੁਗਤਿ।
ਗੁਰਮੁਖਿ ਪਾਏ ਮੋਖ ਦੁਆਰੁ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ (ਇਹ) ਦਰਵਾਜ਼ਾ ਲੱਭ ਲੈਂਦਾ ਹੈ।
ਭਾਇ ਭਗਤਿ ਸਦਾ ਰੰਗਿ ਰਾਤਾ ਆਪੁ ਗਵਾਇ ਸਮਾਇਦਾ ॥੮॥
ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਪ੍ਰਭੂ ਦੇ ਨਾਮ-ਰੰਗ ਵਿਚ ਸਦਾ ਰੰਗਿਆ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ॥੮॥
ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਆਪਣੇ) ਮਨ ਨੂੰ ਖੋਜ ਕੇ (ਇਹ ਨਿਸ਼ਚਾ ਬਣਾਂਦਾ ਹੈ, ਤੇ ਹੋਰਨਾਂ ਨੂੰ ਭੀ ਇਹ) ਸੁਣਾਂਦਾ ਹੈ,
ਸਚੈ ਨਾਮਿ ਸਦਾ ਲਿਵ ਲਾਏ ॥
ਉਹ ਸਦਾ-ਥਿਰ ਹਰਿ-ਨਾਮ ਵਿਚ ਸਦਾ ਆਪਣੀ ਸੁਰਤ ਜੋੜੀ ਰੱਖੋ,
ਜੋ ਤਿਸੁ ਭਾਵੈ ਸੋਈ ਕਰਸੀ ਜੋ ਸਚੇ ਮਨਿ ਭਾਇਦਾ ॥੯॥
ਜੋ ਕੁਝ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਕਰਦਾ ਹੈ, (ਜਗਤ ਵਿਚ ਉਹੀ ਕੁਝ ਉਹ ਹੈ) ਜੋ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਭਾ ਜਾਂਦਾ ਹੈ ॥੯॥
ਜਾ ਤਿਸੁ ਭਾਵੈ ਸਤਿਗੁਰੂ ਮਿਲਾਏ ॥
(ਗੁਰਮੁਖਿ ਮਨੁੱਖ ਹੋਰਨਾਂ ਨੂੰ ਭੀ ਇਹੀ ਸੁਣਾਂਦਾ ਹੈ ਕਿ) ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਮਨੁੱਖ ਨੂੰ ਗੁਰੂ ਮਿਲਾਂਦਾ ਹੈ,
ਜਾ ਤਿਸੁ ਭਾਵੈ ਤਾ ਮੰਨਿ ਵਸਾਏ ॥
ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਦੋਂ ਉਸ ਦੇ ਮਨ ਵਿਚ (ਆਪਣਾ ਨਾਮ) ਵਸਾਂਦਾ ਹੈ।
ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ ॥੧੦॥
ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਰਜ਼ਾ ਵਿਚ ਰੱਖਦਾ ਹੈ, ਉਹ ਮਨੁੱਖ ਸਦਾ ਉਸ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। (ਗੁਰਮੁਖ ਇਹ ਯਕੀਨ ਬਣਾਂਦਾ ਹੈ ਕਿ) ਪ੍ਰਭੂ ਆਪਣੀ ਰਜ਼ਾ ਅਨੁਸਾਰ ਹੀ (ਆਪਣਾ ਨਾਮ) ਮਨੁੱਖ ਦੇ ਮਨ ਵਿਚ ਵਸਾਂਦਾ ਹੈ ॥੧੦॥
ਮਨਹਠਿ ਕਰਮ ਕਰੇ ਸੋ ਛੀਜੈ ॥
ਜਿਹੜਾ ਮਨੁੱਖ ਮਨ ਦੇ ਹਠ ਨਾਲ (ਹੀ ਮਿਥੇ ਹੋਏ ਧਾਰਮਿਕ) ਕਰਮ ਕਰਦਾ ਹੈ ਉਹ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦਾ ਜਾਂਦਾ ਹੈ।
ਬਹੁਤੇ ਭੇਖ ਕਰੇ ਨਹੀ ਭੀਜੈ ॥
(ਅਜਿਹਾ ਮਨੁੱਖ) ਧਾਰਮਿਕ ਪਹਿਰਾਵੇ ਤਾਂ ਬਥੇਰੇ ਕਰਦਾ ਹੈ, ਪਰ (ਇਸ ਤਰ੍ਹਾਂ ਉਸ ਦਾ ਮਨ ਪ੍ਰਭੂ ਦੇ ਪਿਆਰ ਵਿਚ) ਭਿੱਜਦਾ ਨਹੀਂ ਹੈ।
ਬਿਖਿਆ ਰਾਤੇ ਦੁਖੁ ਕਮਾਵਹਿ ਦੁਖੇ ਦੁਖਿ ਸਮਾਇਦਾ ॥੧੧॥
ਮਾਇਆ ਦੇ ਮੋਹ ਵਿਚ ਮਸਤ ਮਨੁੱਖ (ਜਿਹੜੇ ਭੀ ਕਰਮ ਕਰਨ, ਉਹ ਉਹਨਾਂ ਵਿਚੋਂ) ਦੁੱਖ (ਹੀ) ਖੱਟਦੇ ਹਨ। (ਮਾਇਆ ਦੇ ਮੋਹ ਦੇ ਕਾਰਨ ਮਨੁੱਖ) ਹਰ ਵੇਲੇ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ ॥੧੧॥
ਗੁਰਮੁਖਿ ਹੋਵੈ ਸੁ ਸੁਖੁ ਕਮਾਏ ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਉੱਦਮਾਂ ਦੀ ਰਾਹੀਂ) ਆਤਮਕ ਆਨੰਦ ਖੱਟਦਾ ਹੈ,
ਮਰਣ ਜੀਵਣ ਕੀ ਸੋਝੀ ਪਾਏ ॥
ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਆਤਮਕ ਮੌਤ ਕੀਹ ਹੈ ਤੇ ਆਤਮਕ ਜੀਵਨ ਕੀਹ ਹੈ।
ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ ॥੧੨॥
ਜਿਹੜਾ ਮਨੁੱਖ ਮੌਤ ਅਤੇ ਜੀਵਨ ਨੂੰ (ਪਰਮਾਤਮਾ ਦੀ ਰਜ਼ਾ ਵਿਚ ਵਰਤਦਾ ਵੇਖ ਕੇ) ਇਕੋ ਜਿਹਾ ਸਮਝਦਾ ਹੈ (ਨਾਹ ਜੀਵਨ ਦੀ ਲਾਲਸਾ, ਨਾਹ ਮੌਤ ਤੋਂ ਡਰ), ਉਹ ਮਨੁੱਖ ਮੇਰੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ॥੧੨॥
ਗੁਰਮੁਖਿ ਮਰਹਿ ਸੁ ਹਹਿ ਪਰਵਾਣੁ ॥
ਗੁਰੂ ਦੇ ਸਨਮੁਖ ਹੋ ਕੇ ਜਿਹੜੇ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦੇ ਹਨ (ਉਹ ਜੰਮਣ ਮਰਨ ਨੂੰ ਪਰਮਾਤਮਾ ਦਾ ਹੁਕਮ ਸਮਝਦੇ ਹਨ)।
ਆਵਣ ਜਾਣਾ ਸਬਦੁ ਪਛਾਣੁ ॥
ਹੇ ਭਾਈ! ਤੂੰ ਭੀ ਜੰਮਣ ਮਰਨ ਨੂੰ ਪ੍ਰਭੂ ਦਾ ਹੁਕਮ ਹੀ ਸਮਝ।
ਮਰੈ ਨ ਜੰਮੈ ਨਾ ਦੁਖੁ ਪਾਏ ਮਨ ਹੀ ਮਨਹਿ ਸਮਾਇਦਾ ॥੧੩॥
(ਜਿਹੜਾ ਮਨੁੱਖ ਇਉਂ ਯਕੀਨ ਬਣਾਂਦਾ ਹੈ) ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਹ) ਦੁੱਖ ਨਹੀਂ ਪਾਂਦਾ, ਉਹ (ਬਾਹਰ ਭਟਕਣ ਦੇ ਥਾਂ) ਸਦਾ ਹੀ ਅੰਤਰ ਆਤਮੇ ਟਿਕਿਆ ਰਹਿੰਦਾ ਹੈ ॥੧੩॥
ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ ॥
ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਗੁਰੂ ਮਿਲ ਪਿਆ।
ਹਉਮੈ ਵਿਚਹੁ ਮੋਹੁ ਚੁਕਾਇਆ ॥
ਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।
ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਦਰਿ ਸਚੈ ਸੋਭਾ ਪਾਇਦਾ ॥੧੪॥
ਜਿਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ, ਜਿਸ ਦੇ ਮਨ ਨੂੰ ਮੁੜ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੧੪॥
ਆਪੇ ਕਰੇ ਕਰਾਏ ਆਪੇ ॥
ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
ਆਪੇ ਵੇਖੈ ਥਾਪਿ ਉਥਾਪੇ ॥
ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ ਪੈਦਾ ਕਰ ਕੇ ਨਾਸ ਕਰਦਾ ਹੈ।
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ ਸਚੁ ਸੁਣਿ ਲੇਖੈ ਪਾਇਦਾ ॥੧੫॥
ਗੁਰੂ ਦੇ ਸਨਮੁਖ ਹੋ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ, (ਜੀਵ ਪਾਸੋਂ) ਹਰਿ-ਨਾਮ ਦਾ ਸਿਮਰਨ ਸੁਣ ਕੇ ਪਰਮਾਤਮਾ (ਉਸ ਦੀ ਇਹ ਮਿਹਨਤ ਪਰਵਾਨ ਕਰਦਾ ਹੈ ॥੧੫॥
ਗੁਰਮੁਖਿ ਸਚੋ ਸਚੁ ਕਮਾਵੈ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।
ਗੁਰਮੁਖਿ ਨਿਰਮਲੁ ਮੈਲੁ ਨ ਲਾਵੈ ॥
ਉਸ ਦਾ ਮਨ ਪਵਿਤਰ ਹੋ ਜਾਂਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।
ਨਾਨਕ ਨਾਮਿ ਰਤੇ ਵੀਚਾਰੀ ਨਾਮੇ ਨਾਮਿ ਸਮਾਇਦਾ ॥੧੬॥੧॥੧੫॥
ਹੇ ਨਾਨਕ! ਜਿਹੜੇ ਮਨੁੱਖ ਹਰਿ-ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਤਮਕ ਜੀਵਨ ਦੀ ਸੂਝ ਵਾਲੇ ਹੋ ਜਾਂਦੇ ਹਨ। (ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ) ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੬॥੧॥੧੫॥
ਮਾਰੂ ਮਹਲਾ ੩ ॥
ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥
ਪਰਮਾਤਮਾ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਨਾਲ ਪੈਦਾ ਕੀਤੀ ਹੋਈ ਹੈ।
ਆਪੇ ਥਾਪਿ ਉਥਾਪਿ ਨਿਵਾਜੀ ॥
ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਆਪ ਹੀ) ਨਾਸ ਕਰਦਾ ਹੈ (ਆਪ ਹੀ ਜੀਵਾਂ ਉਤੇ) ਮਿਹਰ ਕਰਦਾ ਹੈ।
ਆਪੇ ਨਿਆਉ ਕਰੇ ਸਭੁ ਸਾਚਾ ਸਾਚੇ ਸਾਚਿ ਮਿਲਾਇਦਾ ॥੧॥
ਪ੍ਰਭੂ ਆਪ ਹੀ ਇਹ ਸਾਰਾ ਆਪਣਾ ਅਟੱਲ ਨਿਆਂ ਕਰਦਾ ਹੈ, ਆਪ ਹੀ (ਜੀਵ ਨੂੰ ਆਪਣੇ) ਸਦਾ-ਥਿਰ ਨਾਮ ਵਿਚ ਜੋੜੀ ਰੱਖਦਾ ਹੈ ॥੧॥
ਕਾਇਆ ਕੋਟੁ ਹੈ ਆਕਾਰਾ ॥
(ਇਹ ਮਨੁੱਖਾ) ਸਰੀਰ (ਮਾਨੋ ਇਕ) ਕਿਲ੍ਹਾ ਹੈ, ਇਹ ਪਰਮਾਤਮਾ ਦਾ ਦਿੱਸਦਾ-ਸਰੂਪ ਹੈ,
ਮਾਇਆ ਮੋਹੁ ਪਸਰਿਆ ਪਾਸਾਰਾ ॥
(ਪਰ ਜੇ ਇਸ ਵਿਚ) ਮਾਇਆ ਦਾ ਮੋਹ (ਹੀ ਪ੍ਰਬਲ ਹੈ, ਜੇ ਇਸ ਵਿਚ ਮਾਇਆ ਦੇ ਮੋਹ ਦਾ ਹੀ) ਖਿਲਾਰਾ ਖਿਲਰਿਆ ਹੋਇਆ ਹੈ,
ਬਿਨੁ ਸਬਦੈ ਭਸਮੈ ਕੀ ਢੇਰੀ ਖੇਹੂ ਖੇਹ ਰਲਾਇਦਾ ॥੨॥
ਤਾਂ ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਬਿਨਾ (ਇਹ ਸਰੀਰ) ਸੁਆਹ ਦੀ ਢੇਰੀ ਹੀ ਹੈ, (ਮਨੁੱਖ ਹਰਿ-ਨਾਮ ਤੋਂ ਵਾਂਜਿਆ ਰਹਿ ਕੇ ਇਸ ਸਰੀਰ ਨੂੰ) ਮਿੱਟੀ-ਖੇਹ ਵਿਚ ਹੀ ਰੋਲ ਦੇਂਦਾ ਹੈ ॥੨॥
ਕਾਇਆ ਕੰਚਨ ਕੋਟੁ ਅਪਾਰਾ ॥
ਉਹ (ਮਨੁੱਖਾ) ਸਰੀਰ ਬੇਅੰਤ ਪਰਮਾਤਮਾ ਦੇ ਰਹਿਣ ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਹੈ,
ਜਿਸੁ ਵਿਚਿ ਰਵਿਆ ਸਬਦੁ ਅਪਾਰਾ ॥
ਜਿਸ ਸਰੀਰ ਵਿਚ ਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਮੌਜੂਦ ਹੈ।
ਗੁਰਮੁਖਿ ਗਾਵੈ ਸਦਾ ਗੁਣ ਸਾਚੇ ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ ਸਰੀਰ ਦੀ ਰਾਹੀਂ) ਸਦਾ-ਥਿਰ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ, ਉਹ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ ॥੩॥
ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥
ਇਹ ਮਨੁੱਖਾ ਸਰੀਰ ਪਰਮਾਤਮਾ ਦਾ (ਪਵਿੱਤਰ) ਘਰ ਹੈ, ਪਰਮਾਤਮਾ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ,
ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥
ਇਸ ਵਿਚ ਵਿਚਾਰ-ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵੱਸਦਾ ਹੈ।
ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ ॥੪॥
ਜਿਹੜੇ ਜੀਵ-ਵਣਜਾਰੇ (ਇਸ ਸਰੀਰ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਵਣਜ ਕਰਦੇ ਹਨ, ਪ੍ਰਭੂ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ (ਆਪਣੇ ਨਾਲ) ਮਿਲਾ ਲੈਂਦਾ ਹੈ ॥੪॥
ਸੋ ਸੂਚਾ ਜਿ ਕਰੋਧੁ ਨਿਵਾਰੇ ॥
ਜਿਹੜਾ ਮਨੁੱਖ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਉਹ ਪਵਿੱਤਰ ਹਿਰਦੇ ਵਾਲਾ ਬਣ ਜਾਂਦਾ ਹੈ।
ਸਬਦੇ ਬੂਝੈ ਆਪੁ ਸਵਾਰੇ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ, ਤੇ, ਆਪਣੇ ਜੀਵਨ ਨੂੰ ਸੰਵਾਰ ਲੈਂਦਾ ਹੈ।
ਆਪੇ ਕਰੇ ਕਰਾਏ ਕਰਤਾ ਆਪੇ ਮੰਨਿ ਵਸਾਇਦਾ ॥੫॥
(ਪਰ, ਇਹ ਉਸ ਦੀ ਆਪਣੀ ਹੀ ਮਿਹਰ ਹੈ) ਪ੍ਰਭੂ ਆਪ ਹੀ (ਜੀਵ ਦੇ ਅੰਦਰ ਬੈਠਾ ਇਹ ਉੱਦਮ) ਕਰਦਾ ਹੈ, (ਜੀਵ ਪਾਸੋਂ) ਕਰਤਾਰ ਆਪ ਹੀ (ਇਹ ਕੰਮ) ਕਰਾਂਦਾ ਹੈ, ਆਪ ਹੀ (ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ ॥੫॥
ਨਿਰਮਲ ਭਗਤਿ ਹੈ ਨਿਰਾਲੀ ॥
ਪਰਮਾਤਮਾ ਦੀ ਭਗਤੀ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਇਕ) ਅਨੋਖੀ (ਦਾਤਿ) ਹੈ।
ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ (ਭਗਤੀ ਦੇ ਅੰਮ੍ਰਿਤ ਨਾਲ ਜਿਹੜੇ ਮਨੁੱਖ ਆਪਣਾ) ਮਨ ਤਨ ਧੋਂਦੇ ਹਨ, ਉਹ ਸੁੰਦਰ ਵਿਚਾਰ ਦੇ ਮਾਲਕ ਬਣ ਜਾਂਦੇ ਹਨ।
ਅਨਦਿਨੁ ਸਦਾ ਰਹੈ ਰੰਗਿ ਰਾਤਾ ਕਰਿ ਕਿਰਪਾ ਭਗਤਿ ਕਰਾਇਦਾ ॥੬॥
(ਇਸ ਭਗਤੀ ਦੀ ਰਾਹੀਂ) ਮਨੁੱਖ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿ ਸਕਦਾ ਹੈ। (ਪਰ ਇਹ ਉਸ ਦੀ ਮਿਹਰ ਹੀ ਹੈ) ਪਰਮਾਤਮਾ ਕਿਰਪਾ ਕਰ ਕੇ (ਆਪ ਹੀ ਜੀਵ ਪਾਸੋਂ ਆਪਣੀ) ਭਗਤੀ ਕਰਾਂਦਾ ਹੈ ॥੬॥
ਇਸੁ ਮਨ ਮੰਦਰ ਮਹਿ ਮਨੂਆ ਧਾਵੈ ॥
(ਮਨੁੱਖ ਦੇ) ਇਸ ਸਰੀਰ ਵਿਚ (ਰਹਿਣ ਵਾਲਾ) ਚੰਚਲ ਮਨ (ਹਰ ਵੇਲੇ) ਭਟਕਦਾ ਫਿਰਦਾ ਹੈ,
ਸੁਖੁ ਪਲਰਿ ਤਿਆਗਿ ਮਹਾ ਦੁਖੁ ਪਾਵੈ ॥
(ਵਿਕਾਰਾਂ ਦੀ) ਪਰਾਲੀ ਦੀ ਖ਼ਾਤਰ ਆਤਮਕ ਆਨੰਦ ਨੂੰ ਤਿਆਗ ਕੇ ਬੜਾ ਦੁੱਖ ਪਾਂਦਾ ਹੈ।
ਬਿਨੁ ਸਤਿਗੁਰ ਭੇਟੇ ਠਉਰ ਨ ਪਾਵੈ ਆਪੇ ਖੇਲੁ ਕਰਾਇਦਾ ॥੭॥
ਗੁਰੂ ਨੂੰ ਮਿਲਣ ਤੋਂ ਬਿਨਾ ਇਸ ਨੂੰ ਸ਼ਾਂਤੀ ਵਾਲਾ ਥਾਂ ਨਹੀਂ ਲੱਭਦਾ; (ਪਰ ਜੀਵ ਦੇ ਕੀਹ ਵੱਸ? ਉਸ ਪਾਸੋਂ ਇਹ) ਖੇਡ ਪਰਮਾਤਮਾ ਆਪ ਹੀ ਕਰਾਂਦਾ ਹੈ ॥੭॥
ਆਪਿ ਅਪਰੰਪਰੁ ਆਪਿ ਵੀਚਾਰੀ ॥
ਬੇਅੰਤ ਪਰਮਾਤਮਾ ਆਪ ਹੀ ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ ਹੈ,
ਆਪੇ ਮੇਲੇ ਕਰਣੀ ਸਾਰੀ ॥
(ਨਾਮ ਜਪਣ ਦੀ) ਸ੍ਰੇਸ਼ਟ ਕਰਣੀ ਦੇ ਕੇ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।
ਕਿਆ ਕੋ ਕਾਰ ਕਰੇ ਵੇਚਾਰਾ ਆਪੇ ਬਖਸਿ ਮਿਲਾਇਦਾ ॥੮॥
ਜੀਵ ਵਿਚਾਰਾ ਆਪਣੇ ਆਪ ਕੋਈ (ਚੰਗਾ ਮੰਦਾ) ਕੰਮ ਨਹੀਂ ਕਰ ਸਕਦਾ। ਪਰਮਾਤਮਾ ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਚਰਨਾਂ ਵਿਚ ਜੀਵ ਨੂੰ) ਜੋੜਦਾ ਹੈ ॥੮॥
ਆਪੇ ਸਤਿਗੁਰੁ ਮੇਲੇ ਪੂਰਾ ॥
(ਪਰਮਾਤਮਾ) ਆਪ ਹੀ (ਮਨੁੱਖ ਨੂੰ) ਪੂਰਾ ਗੁਰੂ ਮਿਲਾਂਦਾ ਹੈ,
ਸਚੈ ਸਬਦਿ ਮਹਾਬਲ ਸੂਰਾ ॥
ਤੇ, ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਜੋੜ ਕੇ (ਵਿਕਾਰਾਂ ਦੇ ਟਾਕਰੇ ਤੇ) ਆਤਮਕ ਬਲ ਵਾਲਾ ਸੂਰਮਾ ਬਣਾ ਦੇਂਦਾ ਹੈ।
ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ ਲਾਇਦਾ ॥੯॥
ਪ੍ਰਭੂ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਦੇਂਦਾ ਹੈ। (ਜਿਸ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਮਨੁੱਖ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖਦਾ ਹੈ ॥੯॥
ਘਰ ਹੀ ਅੰਦਰਿ ਸਾਚਾ ਸੋਈ ॥
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰੇਕ ਮਨੁੱਖ ਦੇ) ਹਿਰਦੇ ਘਰ ਵਿਚ ਹੀ ਵੱਸਦਾ ਹੈ,
ਗੁਰਮੁਖਿ ਵਿਰਲਾ ਬੂਝੈ ਕੋਈ ॥
ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਹ ਭੇਤ) ਸਮਝਦਾ ਹੈ।
ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਨਾਮੁ ਧਿਆਇਦਾ ॥੧੦॥
(ਜਿਹੜਾ ਇਹ ਭੇਤ ਸਮਝ ਲੈਂਦਾ ਹੈ) ਉਸ ਦੇ ਹਿਰਦੇ ਵਿਚ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਟਿਕਿਆ ਰਹਿੰਦਾ ਹੈ, ਉਹ ਮਨੁੱਖ ਆਪਣੀ ਜੀਭ ਨਾਲ ਹਰਿ-ਨਾਮ ਜਪਦਾ ਰਹਿੰਦਾ ਹੈ ॥੧੦॥
ਦਿਸੰਤਰੁ ਭਵੈ ਅੰਤਰੁ ਨਹੀ ਭਾਲੇ ॥
(ਜਿਹੜਾ ਮਨੁੱਖ ਤਿਆਗ ਆਦਿਕ ਵਾਲਾ ਭੇਖ ਧਾਰ ਕੇ ਤੀਰਥ ਆਦਿਕ) ਹੋਰ ਹੋਰ ਥਾਂ ਭੌਂਦਾ ਫਿਰਦਾ ਹੈ,
ਮਾਇਆ ਮੋਹਿ ਬਧਾ ਜਮਕਾਲੇ ॥
ਪਰ ਆਪਣੇ ਹਿਰਦੇ ਨੂੰ ਨਹੀਂ ਖੋਜਦਾ, ਉਹ ਮਨੁੱਖ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ, ਉਹ ਮਨੁੱਖ ਆਤਮਕ ਮੌਤ ਦੇ ਕਾਬੂ ਆਇਆ ਰਹਿੰਦਾ ਹੈ।
ਜਮ ਕੀ ਫਾਸੀ ਕਬਹੂ ਨ ਤੂਟੈ ਦੂਜੈ ਭਾਇ ਭਰਮਾਇਦਾ ॥੧੧॥
ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ, ਉਹ ਮਨੁੱਖ ਹੋਰ ਹੋਰ ਪਿਆਰ ਵਿਚ ਫਸ ਕੇ ਭਟਕਦਾ ਫਿਰਦਾ ਹੈ ॥੧੧॥
ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥
ਕੋਈ ਜਪ ਕੋਈ ਤਪ ਕੋਈ ਸੰਜਮ (ਇਸ ਜੀਵਨ-ਸਫ਼ਰ ਵਿਚ) ਹੋਰ ਕੋਈ ਭੀ ਉੱਦਮ ਉਹਨਾਂ ਦੀ ਸਹਾਇਤਾ ਨਹੀਂ ਕਰਦਾ,
ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥
ਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਦੇ (ਹਿਰਦੇ ਵਿਚ ਵਸਾਣ ਦੀ) ਕਮਾਈ ਨਹੀਂ ਕਰਦੇ।
ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥੧੨॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੧੨॥
ਕਾਮ ਕਰੋਧੁ ਸਬਲ ਸੰਸਾਰਾ ॥
ਕਾਮ ਅਤੇ ਕ੍ਰੋਧ ਜਗਤ ਵਿਚ ਬੜੇ ਬਲੀ ਹਨ,
ਬਹੁ ਕਰਮ ਕਮਾਵਹਿ ਸਭੁ ਦੁਖ ਕਾ ਪਸਾਰਾ ॥
(ਜੀਵ ਇਹਨਾਂ ਦੇ ਪ੍ਰਭਾਵ ਵਿਚ ਫਸੇ ਰਹਿੰਦੇ ਹਨ, ਪਰ ਦੁਨੀਆ ਨੂੰ ਪਤਿਆਉਣ ਦੀ ਖ਼ਾਤਰ ਤੀਰਥ-ਜਾਤ੍ਰਾ ਆਦਿਕ ਧਾਰਮਿਕ ਮਿਥੇ ਹੋਏ) ਅਨੇਕਾਂ ਕਰਮ (ਭੀ) ਕਰਦੇ ਹਨ। ਇਹ ਸਾਰਾ ਦੁੱਖਾਂ ਦਾ ਹੀ ਖਿਲਾਰਾ (ਬਣਿਆ ਰਹਿੰਦਾ) ਹੈ।
ਸਤਿਗੁਰ ਸੇਵਹਿ ਸੇ ਸੁਖੁ ਪਾਵਹਿ ਸਚੈ ਸਬਦਿ ਮਿਲਾਇਦਾ ॥੧੩॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, (ਗੁਰੂ ਉਹਨਾਂ ਨੂੰ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੋੜਦਾ ਹੈ ॥੧੩॥
ਪਉਣੁ ਪਾਣੀ ਹੈ ਬੈਸੰਤਰੁ ॥
(ਉਂਞ ਤਾਂ ਇਸ ਸਰੀਰ ਦੇ) ਹਵਾ, ਪਾਣੀ, ਅੱਗ (ਆਦਿਕ ਸਾਦਾ ਜਿਹੇ ਹੀ ਤੱਤ ਹਨ, ਪਰ)
ਮਾਇਆ ਮੋਹੁ ਵਰਤੈ ਸਭ ਅੰਤਰਿ ॥
ਸਭ ਜੀਵਾਂ ਦੇ ਅੰਦਰ ਮਾਇਆ ਦਾ ਮੋਹ (ਆਪਣਾ) ਜ਼ੋਰ ਬਣਾਈ ਰੱਖਦਾ ਹੈ।
ਜਿਨਿ ਕੀਤੇ ਜਾ ਤਿਸੈ ਪਛਾਣਹਿ ਮਾਇਆ ਮੋਹੁ ਚੁਕਾਇਦਾ ॥੧੪॥
ਜਦੋਂ (ਕੋਈ ਵਡ-ਭਾਗੀ) ਉਸ ਪਰਮਾਤਮਾ ਨਾਲ ਸਾਂਝ ਪਾਂਦੇ ਹਨ ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ ਹੈ, ਤਾਂ (ਉਹ ਪਰਮਾਤਮਾ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਦੇਂਦਾ ਹੈ ॥੧੪॥
ਇਕਿ ਮਾਇਆ ਮੋਹਿ ਗਰਬਿ ਵਿਆਪੇ ॥
ਕਈ (ਜੀਵ ਐਸੇ ਹਨ ਜੋ ਹਰ ਵੇਲੇ) ਮਾਇਆ ਦੇ ਮੋਹ ਵਿਚ ਅਹੰਕਾਰ ਵਿਚ ਗ੍ਰਸੇ ਰਹਿੰਦੇ ਹਨ,
ਹਉਮੈ ਹੋਇ ਰਹੇ ਹੈ ਆਪੇ ॥
ਹਉਮੈ ਦਾ ਪੁਤਲਾ ਹੀ ਬਣੇ ਰਹਿੰਦੇ ਹਨ।
ਜਮਕਾਲੈ ਕੀ ਖਬਰਿ ਨ ਪਾਈ ਅੰਤਿ ਗਇਆ ਪਛੁਤਾਇਦਾ ॥੧੫॥
(ਪਰ ਜਿਸ ਭੀ ਅਜਿਹੇ ਮਨੁੱਖ ਨੂੰ ਇਸ) ਆਤਮਕ ਮੌਤ ਦੀ ਸਮਝ ਨਹੀਂ ਪੈਂਦੀ, ਉਹ ਅੰਤ ਵੇਲੇ ਇੱਥੋਂ ਹੱਥ ਮਲਦਾ ਹੀ ਜਾਂਦਾ ਹੈ ॥੧੫॥
ਜਿਨਿ ਉਪਾਏ ਸੋ ਬਿਧਿ ਜਾਣੈ ॥
ਪਰ, (ਜੀਵਾਂ ਦੇ ਭੀ ਕੀਹ ਵੱਸ?) ਜਿਸ ਪਰਮਾਤਮਾ ਨੇ (ਜੀਵ) ਪੈਦਾ ਕੀਤੇ ਹਨ ਉਹ ਹੀ (ਇਸ ਆਤਮਕ ਮੌਤ ਤੋਂ ਬਚਾਣ ਦਾ) ਢੰਗ ਜਾਣਦਾ ਹੈ।
ਗੁਰਮੁਖਿ ਦੇਵੈ ਸਬਦੁ ਪਛਾਣੈ ॥
(ਉਹ ਇਹ ਸੂਝ ਜਿਸ ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ।
ਨਾਨਕ ਦਾਸੁ ਕਹੈ ਬੇਨੰਤੀ ਸਚਿ ਨਾਮਿ ਚਿਤੁ ਲਾਇਦਾ ॥੧੬॥੨॥੧੬॥
ਨਾਨਕ ਦਾਸ ਬੇਨਤੀ ਕਰਦਾ ਹੈ-ਉਹ ਮਨੁੱਖ ਆਪਣਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਜੋੜੀ ਰੱਖਦਾ ਹੈ ॥੧੬॥੨॥੧੬॥
ਮਾਰੂ ਮਹਲਾ ੩ ॥
ਆਦਿ ਜੁਗਾਦਿ ਦਇਆਪਤਿ ਦਾਤਾ ॥
ਹੇ ਪ੍ਰਭੂ! ਤੂੰ (ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਦਇਆ ਦਾ ਮਾਲਕ ਹੈਂ (ਸਾਰੇ ਸੁਖ ਪਦਾਰਥ) ਦੇਣ ਵਾਲਾ ਹੈਂ।
ਪੂਰੇ ਗੁਰ ਕੈ ਸਬਦਿ ਪਛਾਤਾ ॥
ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਨਾਲ ਜਾਣ-ਪਛਾਣ ਬਣ ਸਕਦੀ ਹੈ।
ਤੁਧੁਨੋ ਸੇਵਹਿ ਸੇ ਤੁਝਹਿ ਸਮਾਵਹਿ ਤੂ ਆਪੇ ਮੇਲਿ ਮਿਲਾਇਦਾ ॥੧॥
ਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰੇ (ਚਰਨਾਂ) ਵਿਚ ਲੀਨ ਰਹਿੰਦੇ ਹਨ। ਤੂੰ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈਂ ॥੧॥
ਅਗਮ ਅਗੋਚਰੁ ਕੀਮਤਿ ਨਹੀ ਪਾਈ ॥
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਗਿਆਨ ਇੰਦ੍ਰਿਆਂ ਦੀ ਰਾਹੀਂ ਤੇਰੀ ਸੂਝ ਨਹੀਂ ਪੈ ਸਕਦੀ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)।
ਜੀਅ ਜੰਤ ਤੇਰੀ ਸਰਣਾਈ ॥
ਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ।
ਜਿਉ ਤੁਧੁ ਭਾਵੈ ਤਿਵੈ ਚਲਾਵਹਿ ਤੂ ਆਪੇ ਮਾਰਗਿ ਪਾਇਦਾ ॥੨॥
ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੂੰ ਜੀਵਾਂ ਨੂੰ ਕਾਰੇ ਲਾਂਦਾ ਹੈਂ, ਤੂੰ ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਉਤੇ ਤੋਰਦਾ ਹੈਂ ॥੨॥
ਹੈ ਭੀ ਸਾਚਾ ਹੋਸੀ ਸੋਈ ॥
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇਸ ਵੇਲੇ ਭੀ ਮੌਜੂਦ ਹੈ, ਉਹ ਸਦਾ ਕਾਇਮ ਰਹੇਗਾ।
ਆਪੇ ਸਾਜੇ ਅਵਰੁ ਨ ਕੋਈ ॥
ਉਹ ਆਪ ਹੀ (ਸ੍ਰਿਸ਼ਟੀ) ਪੈਦਾ ਕਰਦਾ ਹੈ, (ਉਸ ਤੋਂ ਬਿਨਾ ਪੈਦਾ ਕਰਨ ਵਾਲਾ) ਕੋਈ ਹੋਰ ਨਹੀਂ ਹੈ।
ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥੩॥
ਉਹ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਉਹ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ ॥੩॥
ਅਗਮ ਅਗੋਚਰੁ ਅਲਖ ਅਪਾਰਾ ॥
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਗੋਚਰ ਹੈਂ, ਤੂੰ ਅਲੱਖ ਹੈਂ, ਤੂੰ ਬੇਅੰਤ ਹੈਂ।
ਕੋਇ ਨ ਜਾਣੈ ਤੇਰਾ ਪਰਵਾਰਾ ॥
ਕੋਈ ਭੀ ਜਾਣ ਨਹੀਂ ਸਕਦਾ ਕਿ ਤੇਰਾ ਕੇਡਾ ਵੱਡਾ ਪਰਵਾਰ ਹੈ।
ਆਪਣਾ ਆਪੁ ਪਛਾਣਹਿ ਆਪੇ ਗੁਰਮਤੀ ਆਪਿ ਬੁਝਾਇਦਾ ॥੪॥
ਆਪਣੇ ਆਪ ਨੂੰ (ਆਪਣੀ ਬਜ਼ੁਰਗੀ ਨੂੰ) ਤੂੰ ਆਪ ਹੀ ਸਮਝਦਾ ਹੈਂ, ਗੁਰੂ ਦੀ ਮੱਤ ਦੇ ਕੇ ਤੂੰ ਆਪ ਹੀ (ਜੀਵਾਂ ਨੂੰ ਸਹੀ ਜੀਵਨ-ਰਸਤਾ) ਸਮਝਾਂਦਾ ਹੈਂ ॥੪॥
ਪਾਤਾਲ ਪੁਰੀਆ ਲੋਅ ਆਕਾਰਾ ॥
(ਅਨੇਕਾਂ) ਪਾਤਾਲ, (ਅਨੇਕਾਂ) ਪੁਰੀਆਂ, (ਅਨੇਕਾਂ) ਮੰਡਲ-ਇਹ ਸਾਰਾ ਦਿੱਸਦਾ ਜਗਤ (ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ),
ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥
ਇਸ ਵਿਚ ਪਰਮਾਤਮਾ ਦਾ ਕਰੜਾ ਹੁਕਮ ਜਗਤ ਦੀ ਕਾਰ ਚਲਾ ਰਿਹਾ ਹੈ।
ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥
(ਇਸ ਸਾਰੇ ਜਗਤ ਨੂੰ ਪਰਮਾਤਮਾ ਆਪਣੇ) ਹੁਕਮ ਵਿਚ ਪੈਦਾ ਕਰਦਾ ਹੈ, ਹੁਕਮ ਵਿਚ ਹੀ ਢਾਹੁੰਦਾ ਹੈ। ਹੁਕਮ ਅਨੁਸਾਰ ਹੀ (ਜੀਵਾਂ ਨੂੰ ਗੁਰੂ ਨਾਲ) ਮੇਲ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੫॥
ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥
(ਹੇ ਪ੍ਰਭੂ!) ਜਿਹੜਾ ਮਨੁੱਖ ਤੇਰੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਉਸ ਹੁਕਮ ਦੀ ਸੋਭਾ ਕਰਦਾ ਹੈ।
ਅਗਮ ਅਗੋਚਰ ਵੇਪਰਵਾਹੇ ॥
ਹੇ ਅਪਹੁੰਚ! ਹੇ ਅਗੋਚਰ! ਹੇ ਵੇ-ਪਰਵਾਹ!
ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥੬॥
ਤੂੰ ਜਿਹੋ ਜਿਹੀ ਮੱਤ (ਕਿਸੇ ਮਨੁੱਖ ਨੂੰ) ਦੇਂਦਾ ਹੈਂ, ਉਹ ਉਹੋ ਜਿਹਾ ਬਣ ਜਾਂਦਾ ਹੈ। ਤੂੰ ਆਪ ਹੀ ਗੁਰੂ ਦੇ ਸ਼ਬਦ ਵਿਚ (ਮਨੁੱਖ ਨੂੰ ਜੋੜ ਕੇ ਉਸ ਨੂੰ ਆਪਣੇ ਹੁਕਮ ਦੀ) ਸੂਝ ਬਖ਼ਸ਼ਦਾ ਹੈਂ ॥੬॥
ਅਨਦਿਨੁ ਆਰਜਾ ਛਿਜਦੀ ਜਾਏ ॥
ਹਰ ਰੋਜ਼ ਹਰ ਵੇਲੇ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ,
ਰੈਣਿ ਦਿਨਸੁ ਦੁਇ ਸਾਖੀ ਆਏ ॥
ਰਾਤ ਅਤੇ ਦਿਨ ਇਹ ਦੋਵੇਂ ਇਸ ਗੱਲ ਦੇ ਗਵਾਹ ਹਨ (ਜਿਹੜਾ ਦਿਨ ਰਾਤ ਲੰਘ ਜਾਂਦਾ ਹੈ, ਉਹ ਵਾਪਸ ਉਮਰ ਵਿਚ ਨਹੀਂ ਆ ਸਕਦਾ)।
ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥੭॥
ਪਰ ਮਨ ਦਾ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮੂਰਖ ਮਨੁੱਖ (ਇਸ ਗੱਲ ਨੂੰ) ਚੇਤੇ ਨਹੀਂ ਕਰਦਾ। (ਉਧਰੋਂ) ਮੌਤ (ਦਾ ਨਗਾਰਾ) ਸਿਰ ਉੱਤੇ ਗੱਜਦਾ ਰਹਿੰਦਾ ਹੈ ॥੭॥
ਮਨੁ ਤਨੁ ਸੀਤਲੁ ਗੁਰ ਚਰਣੀ ਲਾਗਾ ॥
ਜਿਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ ਉਸ ਦਾ ਤਨ ਸ਼ਾਂਤ ਰਹਿੰਦਾ ਹੈ।
ਅੰਤਰਿ ਭਰਮੁ ਗਇਆ ਭਉ ਭਾਗਾ ॥
ਉਸ ਦੇ ਅੰਦਰ (ਟਿਕੀ ਹੋਈ) ਭਟਕਣਾ ਦੂਰ ਹੋ ਜਾਂਦੀ ਹੈ, ਉਸ ਦਾ ਹਰੇਕ ਕਿਸਮ ਦਾ ਡਰ ਮੁੱਕ ਜਾਂਦਾ ਹੈ।
ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥
ਜਿਹੜੇ ਮਨੁੱਖ (ਗੁਰੂ ਦੀ ਕਿਰਪਾ ਨਾਲ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਇਹ ਸਿਫ਼ਤ-ਸਾਲਾਹ ਦੀ ਬਾਣੀ ਭੀ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ) ਉਚਾਰਨ ਲਈ ਪ੍ਰੇਰਦਾ ਹੈ ॥੮॥
ਜਿਨਿ ਤੂ ਜਾਤਾ ਕਰਮ ਬਿਧਾਤਾ ॥
ਹੇ ਪ੍ਰਭੂ! ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ। ਜਿਸ (ਮਨੁੱਖ) ਨੇ ਤੇਰੇ ਨਾਲ ਸਾਂਝ ਪਾ ਲਈ,
ਪੂਰੈ ਭਾਗਿ ਗੁਰ ਸਬਦਿ ਪਛਾਤਾ ॥
ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਤੈਨੂੰ (ਹਰ ਥਾਂ ਵੱਸਦਾ) ਪਛਾਣ ਲਿਆ।
ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥੯॥
ਜਿਸ ਮਨੁੱਖ ਦੀ ਹਉਮੈ ਮਾਰ ਕੇ ਸਦਾ-ਥਿਰ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਸ ਦੀ ਜਾਤਿ ਉਹ ਆਪ ਬਣ ਜਾਂਦਾ ਹੈ, ਉਸ ਦੀ ਕੁਲ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਬਣ ਜਾਂਦਾ ਹੈ ॥੯॥
ਮਨੁ ਕਠੋਰੁ ਦੂਜੈ ਭਾਇ ਲਾਗਾ ॥
ਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਸ ਦਾ ਮਨ ਕਠੋਰ ਟਿਕਿਆ ਰਹਿੰਦਾ ਹੈ,
ਭਰਮੇ ਭੂਲਾ ਫਿਰੈ ਅਭਾਗਾ ॥
ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।
ਕਰਮੁ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥੧੦॥
ਜਦੋਂ ਉਸ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਤਦੋਂ ਉਹ ਗੁਰੂ ਦੀ ਸਰਨ ਪੈਂਦਾ ਹੈ, ਤੇ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੧੦॥
ਲਖ ਚਉਰਾਸੀਹ ਆਪਿ ਉਪਾਏ ॥
ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੇ) ਆਪ ਪੈਦਾ ਕੀਤੇ ਹਨ,
ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥
(ਉਸ ਦੀ ਮਿਹਰ ਨਾਲ ਹੀ) ਮਨੁੱਖਾ ਜਨਮ ਵਿਚ ਗੁਰੂ ਜੀਵ ਦੇ ਅੰਦਰ ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ।
ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥੧੧॥
ਭਗਤੀ ਤੋਂ ਬਿਨਾ ਜੀਵ ਦਾ ਨਿਵਾਸ ਵਿਕਾਰਾਂ ਦੇ ਗੰਦ ਵਿਚ ਰਹਿੰਦਾ ਹੈ, ਤੇ, ਮੁੜ ਮੁੜ ਵਿਕਾਰਾਂ ਦੇ ਗੰਦ ਵਿਚ ਹੀ ਪਾਇਆ ਜਾਂਦਾ ਹੈ ॥੧੧॥
ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥
ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ।
ਵਿਣੁ ਕਰਮਾ ਕਿਉ ਪਾਇਆ ਜਾਏ ॥
ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ।
ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ ॥੧੨॥
(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ, ਤਿਵੇਂ ਜੀਵਾਂ ਨੂੰ ਤੋਰਦਾ ਹੈ ॥੧੨॥
ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥
ਸਿੰਮ੍ਰਿਤੀਆਂ ਸ਼ਾਸਤ੍ਰਾਂ (ਦੇ ਦੱਸੇ ਕਰਮ-ਕਾਂਡ) ਦੀ ਰਾਹੀਂ ਮਨੁੱਖ (ਪ੍ਰਭੂ ਦੇ ਮਿਲਾਪ ਦਾ) ਭੇਤ ਨਹੀਂ ਜਾਣ ਸਕਦਾ।
ਮੂਰਖੁ ਅੰਧਾ ਤਤੁ ਨ ਪਛਾਣੈ ॥
(ਕਰਮ-ਕਾਂਡ ਵਿਚ ਹੀ ਫਸਿਆ) ਅੰਨ੍ਹਾ ਮੂਰਖ ਮਨੁੱਖ ਅਸਲੀਅਤ ਨਹੀਂ ਸਮਝ ਸਕਦਾ।
ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ॥੧੩॥
(ਪਰ ਇਸ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਸਭ ਕੁਝ ਕਰਦਾ ਕਰਾਂਦਾ ਹੈ, ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਈ ਰੱਖਦਾ ਹੈ ॥੧੩॥
ਸਭੁ ਕਿਛੁ ਆਪੇ ਆਪਿ ਕਰਾਏ ॥
ਪਰਮਾਤਮਾ ਆਪ ਹੀ ਆਪ (ਜੀਵਾਂ ਪਾਸੋਂ) ਸਭ ਕੁਝ ਕਰਾਂਦਾ ਹੈ,
ਆਪੇ ਸਿਰਿ ਸਿਰਿ ਧੰਧੈ ਲਾਏ ॥
ਹਰੇਕ ਜੀਵ ਦੇ ਸਿਰ ਉਤੇ ਲਿਖੇ ਲੇਖ ਅਨੁਸਾਰ ਪ੍ਰਭੂ ਆਪ ਹੀ ਹਰੇਕ ਨੂੰ ਮਾਇਆ ਵਾਲੀ ਦੌੜ-ਭੱਜ ਵਿਚ ਲਾਈ ਰੱਖਦਾ ਹੈ।
ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥੧੪॥
ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਗੁਰੂ ਦੀ ਸਰਨ ਪਾ ਕੇ ਆਪ ਹੀ (ਸਹੀ ਜੀਵਨ-ਰਾਹ ਦੀ) ਸੋਝੀ ਦੇਂਦਾ ਹੈ ॥੧੪॥
ਸਚਾ ਸਾਹਿਬੁ ਗਹਿਰ ਗੰਭੀਰਾ ॥
ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਅਥਾਹ ਹੈ, ਵੱਡੇ ਜਿਗਰੇ ਵਾਲਾ ਹੈ।
ਸਦਾ ਸਲਾਹੀ ਤਾ ਮਨੁ ਧੀਰਾ ॥
ਜਦੋਂ ਮੈਂ ਸਦਾ ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਤਾਂ ਮੇਰਾ ਮਨ ਧੀਰਜ ਵਾਲਾ ਰਹਿੰਦਾ ਹੈ।
ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥੧੫॥
ਉਸ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਉਹ ਮਿਲ ਨਹੀਂ ਸਕਦਾ)। ਗੁਰੂ ਦੀ ਸਰਨ ਪਾ ਕੇ (ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ॥੧੫॥
ਆਪਿ ਨਿਰਾਲਮੁ ਹੋਰ ਧੰਧੈ ਲੋਈ ॥
ਪਰਮਾਤਮਾ ਆਪ ਨਿਰਲੇਪ ਹੈ, ਹੋਰ ਸਾਰੀ ਲੁਕਾਈ ਮਾਇਆ ਦੀ ਦੌੜ-ਭੱਜ ਵਿਚ ਖਚਿਤ ਰਹਿੰਦੀ ਹੈ।
ਗੁਰਪਰਸਾਦੀ ਬੂਝੈ ਕੋਈ ॥
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਦੀ ਰਾਹੀਂ (ਉਸ ਨਾਲ) ਸਾਂਝ ਪਾਂਦਾ ਹੈ।
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥
ਹੇ ਨਾਨਕ! (ਜਿਸ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ) ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਦੀ ਮੱਤ ਵਿਚ ਜੋੜ ਕੇ (ਪ੍ਰਭੂ ਮਨੁੱਖ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੧੬॥੩॥੧੭॥
ਮਾਰੂ ਮਹਲਾ ੩ ॥
ਜੁਗ ਛਤੀਹ ਕੀਓ ਗੁਬਾਰਾ ॥
ਹੇ ਪ੍ਰਭੂ! (ਜਗਤ-ਰਚਨਾ ਤੋਂ ਪਹਿਲਾਂ) ਬੇਅੰਤ ਸਮਾ ਤੂੰ ਅਜਿਹੀ ਹਾਲਤ ਬਣਾਈ ਰੱਖੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ।
ਤੂ ਆਪੇ ਜਾਣਹਿ ਸਿਰਜਣਹਾਰਾ ॥
ਹੇ ਸਿਰਜਣਹਾਰ! ਤੂੰ ਆਪ ਹੀ ਜਾਣਦਾ ਹੈਂ (ਕਿ ਉਹ ਹਾਲਤ ਕੀਹ ਸੀ)।
ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ ॥੧॥
(ਉਸ ਗੁਬਾਰ ਦੀ ਬਾਬਤ) ਕੋਈ ਜੀਵ ਕੁਝ ਭੀ ਨਹੀਂ ਕਹਿ ਸਕਦਾ, ਕੋਈ ਜੀਵ ਆਖ ਕੇ ਕੁਝ ਭੀ ਨਹੀਂ ਬਿਆਨ ਕਰ ਸਕਦਾ। ਤੂੰ ਆਪ ਹੀ ਉਸ ਦੀ ਅਸਲੀਅਤ ਜਾਣਦਾ ਹੈਂ ॥੧॥
ਓਅੰਕਾਰਿ ਸਭ ਸ੍ਰਿਸਟਿ ਉਪਾਈ ॥
ਪਰਮਾਤਮਾ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ।
ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥
ਹੇ ਪ੍ਰਭੂ! (ਤੇਰਾ ਰਚਿਆ ਇਹ ਜਗਤ) ਸਾਰਾ ਤੇਰਾ ਖੇਲ-ਤਮਾਸ਼ਾ ਹੈ, ਤੇਰੀ ਹੀ ਵਡਿਆਈ ਹੈ।
ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥੨॥
ਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਵਖ ਵਖ ਕਿਸਮ ਦੇ ਬਣਾਂਦਾ ਹੈ, ਆਪ ਹੀ ਨਾਸ ਕਰ ਕੇ ਆਪ ਹੀ ਪੈਦਾ ਕਰਦਾ ਹੈ ॥੨॥
ਬਾਜੀਗਰਿ ਇਕ ਬਾਜੀ ਪਾਈ ॥
(ਪ੍ਰਭੂ-) ਬਾਜੀਗਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ।
ਪੂਰੇ ਗੁਰ ਤੇ ਨਦਰੀ ਆਈ ॥
ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਆ ਗਈ,
ਸਦਾ ਅਲਿਪਤੁ ਰਹੈ ਗੁਰਸਬਦੀ ਸਾਚੇ ਸਿਉ ਚਿਤੁ ਲਾਇਦਾ ॥੩॥
ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਇਸ ਜਗਤ-ਤਮਾਸ਼ੇ ਵਿਚ) ਨਿਰਲੇਪ ਰਹਿੰਦਾ ਹੈ, ਉਹ ਮਨੁੱਖ ਸਦਾ-ਥਿਰ ਪਰਮਾਤਮਾ ਨਾਲ ਆਪਣਾ ਮਨ ਜੋੜੀ ਰੱਖਦਾ ਹੈ ॥੩॥
ਬਾਜਹਿ ਬਾਜੇ ਧੁਨਿ ਆਕਾਰਾ ॥
ਇਹ ਸਾਰੇ ਦਿੱਸ ਰਹੇ ਸਰੀਰ (ਮਿੱਠੀ ਸੁਰ) ਨਾਲ (ਮਾਨੋ) ਵਾਜੇ ਵੱਜ ਰਹੇ ਹਨ।
ਆਪਿ ਵਜਾਏ ਵਜਾਵਣਹਾਰਾ ॥
ਵਜਾਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਇਹ (ਸਰੀਰ-) ਵਾਜੇ ਵਜਾ ਰਿਹਾ ਹੈ।
ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥੪॥
ਹਰੇਕ ਸਰੀਰ ਵਿਚ ਉਸ ਸਦਾ ਇਕ-ਰੰਗ ਰਹਿਣ ਵਾਲੇ ਪਰਮਾਤਮਾ ਦਾ ਬਣਾਇਆ ਹੋਇਆ ਸੁਆਸ ਚੱਲ ਰਿਹਾ ਹੈ, (ਉਸ ਆਪਣੇ ਪੈਦਾ ਕੀਤੇ) ਪਉਣ ਵਿਚ ਮਿਲ ਕੇ ਪਰਮਾਤਮਾ ਇਹ ਸਾਰੇ ਵਾਜੇ ਵਜਾ ਰਿਹਾ ਹੈ ॥੪॥
ਕਰਤਾ ਕਰੇ ਸੁ ਨਿਹਚਉ ਹੋਵੈ ॥
(ਉਸ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਕਰਦਾ ਹੈ ਉਹ ਜ਼ਰੂਰ ਹੁੰਦਾ ਹੈ,
ਗੁਰ ਕੈ ਸਬਦੇ ਹਉਮੈ ਖੋਵੈ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ,
ਗੁਰਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥
(ਜਿਸ) ਕਿਸੇ (ਵਿਰਲੇ ਮਨੁੱਖ) ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਵਡਿਆਈ ਦੇਂਦਾ ਹੈ। ਉਹ ਮਨੁੱਖ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੫॥
ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥
ਗੁਰੂ ਦੀ ਸਰਨ ਪੈਣ ਦੇ ਬਰਾਬਰ (ਜਗਤ ਵਿਚ) ਹੋਰ ਕੋਈ ਲਾਭ ਨਹੀਂ ਹੈ।
ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥
(ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ) ਮਨ ਵਿਚ (ਪਰਮਾਤਮਾ ਦਾ) ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਹਰਿ-ਨਾਮ ਦੀ ਸਿਫ਼ਤ ਕਰਦੇ ਹਨ।
ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥
ਪਰਮਾਤਮਾ ਦਾ ਨਾਮ ਹੀ ਸਦਾ ਸੁਖ ਦੇਣ ਵਾਲਾ ਹੈ। ਹਰਿ-ਨਾਮ ਹੀ (ਅਸਲ) ਲਾਭ ਮਨੁੱਖ ਖੱਟਦਾ ਹੈ ॥੬॥
ਬਿਨੁ ਨਾਵੈ ਸਭ ਦੁਖੁ ਸੰਸਾਰਾ ॥
ਹਰਿ-ਨਾਮ ਤੋਂ ਖੁੰਝਿਆਂ ਜਗਤ ਵਿਚ ਹਰ ਪਾਸੇ ਦੁੱਖ ਹੀ ਦੁੱਖ ਹੈ।
ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥
(ਜਿਹੜੇ ਮਨੁੱਖ ਨਾਮ ਨੂੰ ਭੁਲਾ ਕੇ ਧਾਰਮਿਕ ਮਿਥੇ ਹੋਏ ਹੋਰ) ਅਨੇਕਾਂ ਕਰਮ ਕਰਦੇ ਹਨ (ਉਹਨਾਂ ਦੇ ਅੰਦਰ ਸਗੋਂ) ਵਿਕਾਰ ਵਧਦੇ ਹਨ।
ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥
ਜੇ ਮਨੁੱਖ ਨਾਮ ਨਹੀਂ ਸਿਮਰਦੇ ਤਾਂ ਆਤਮਕ ਆਨੰਦ ਕਿਵੇਂ ਮਿਲ ਸਕਦਾ ਹੈ? ਨਾਮ ਤੋਂ ਖੁੰਝ ਕੇ ਮਨੁੱਖ ਦੁੱਖ ਹੀ ਸਹੇੜਦਾ ਹੈ ॥੭॥
ਆਪਿ ਕਰੇ ਤੈ ਆਪਿ ਕਰਾਏ ॥
ਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਅਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।
ਗੁਰਪਰਸਾਦੀ ਕਿਸੈ ਬੁਝਾਏ ॥
ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ) ਨੂੰ ਪਰਮਾਤਮਾ ਇਹ ਸਮਝ ਦੇਂਦਾ ਹੈ।
ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥
ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹ (ਆਪਣੇ ਅੰਦਰੋਂ ਮਾਇਆ ਦੇ ਮੋਹ ਦੇ) ਬੰਧਨ ਤੋੜ ਲੈਂਦੇ ਹਨ। ਗੁਰੂ ਉਹਨਾਂ ਨੂੰ ਉਸ ਆਤਮਕ ਟਿਕਾਣੇ ਵਿਚ ਰੱਖਦਾ ਹੈ ਜਿੱਥੇ ਉਹਨਾਂ ਨੂੰ ਵਿਕਾਰਾਂ ਵੱਲੋਂ ਖ਼ਲਾਸੀ ਮਿਲੀ ਰਹਿੰਦੀ ਹੈ ॥੮॥
ਗਣਤ ਗਣੈ ਸੋ ਜਲੈ ਸੰਸਾਰਾ ॥
ਜਿਹੜਾ ਮਨੁੱਖ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਦਾ ਰਹਿੰਦਾ ਹੈ, ਉਹ ਜਗਤ ਵਿਚ ਸਦਾ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ,
ਸਹਸਾ ਮੂਲਿ ਨ ਚੁਕੈ ਵਿਕਾਰਾ ॥
ਉਸ ਦਾ ਇਹ ਵਿਅਰਥ ਸਹਮ ਕਦੇ ਭੀ ਨਹੀਂ ਮੁੱਕਦਾ।
ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਦੁਨੀਆ ਵਾਲੇ ਚਿੰਤਾ-ਫ਼ਿਕਰ ਮੁਕਾਈ ਰੱਖਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੯॥
ਜੇ ਸਚੁ ਦੇਇ ਤ ਪਾਏ ਕੋਈ ॥
ਪਰ, ਜੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ ਇਹ ਬੇ-ਫ਼ਿਕਰੀ) ਬਖ਼ਸ਼ੇ, ਤਦੋਂ ਹੀ ਕੋਈ ਮਨੁੱਖ ਇਸ ਨੂੰ ਪ੍ਰਾਪਤ ਕਰਦਾ ਹੈ।
ਗੁਰਪਰਸਾਦੀ ਪਰਗਟੁ ਹੋਈ ॥
ਗੁਰੂ ਦੀ ਕਿਰਪਾ ਨਾਲ (ਪ੍ਰਭੂ ਉਸ ਦੇ ਅੰਦਰ) ਪਰਗਟ ਹੋ ਜਾਂਦਾ ਹੈ।
ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰੇਮ-ਰੰਗ ਵਿਚ ਮਸਤ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ, ਤੇ, ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੧੦॥
ਜਪੁ ਤਪੁ ਸੰਜਮੁ ਨਾਮੁ ਪਿਆਰਾ ॥
ਪਰਮਾਤਮਾ ਦਾ ਮਿੱਠਾ ਨਾਮ (ਜਪਣਾ ਹੀ) ਜਪ ਹੈ ਤਪ ਹੈ ਸੰਜਮ ਹੈ।
ਕਿਲਵਿਖ ਕਾਟੇ ਕਾਟਣਹਾਰਾ ॥
(ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ ਸਾਰੇ) ਪਾਪ (ਪਾਪ) ਕੱਟਣ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ ਕੱਟ ਦੇਂਦਾ ਹੈ।
ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥
ਪਰਮਾਤਮਾ ਦੇ ਨਾਮ ਵਿਚ ਜੁੜਨ ਦੀ ਬਰਕਤਿ ਨਾਲ ਉਸ ਦਾ ਤਨ ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ ਸਦਾ ਹੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੧॥
ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥
ਜਿਸ ਮਨੁੱਖ ਦੇ ਅੰਦਰ (ਮਾਇਆ ਦਾ) ਲਾਲਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ),
ਮੈਲੇ ਕਰਮ ਕਰੇ ਦੁਖੁ ਪਾਏ ॥
ਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ (ਆਪਣੇ ਮਨ ਨੂੰ) ਲਾਂਦਾ ਰਹਿੰਦਾ ਹੈ।
ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥
(ਜਿਉਂ ਜਿਉਂ ਲਾਲਚ ਦੇ ਅਧੀਨ ਉਹ) ਮੈਲੇ ਕਰਮ ਕਰਦਾ ਹੈ, ਉਹ (ਆਤਮਕ) ਦੁੱਖ ਪਾਂਦਾ ਹੈ। ਉਹ ਸਦਾ ਨਾਸਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ ਹੀ ਕਰਦਾ ਹੈ, ਤੇ ਝੂਠ ਬੋਲ ਬੋਲ ਕੇ ਦੁੱਖ ਸਹਿੰਦਾ ਹੈ ॥੧੨॥
ਨਿਰਮਲ ਬਾਣੀ ਕੋ ਮੰਨਿ ਵਸਾਏ ॥
ਜਿਹੜਾ ਕੋਈ ਮਨੁੱਖ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਗੁਰ-) ਬਾਣੀ (ਆਪਣੇ) ਮਨ ਵਿਚ ਵਸਾਂਦਾ ਹੈ,
ਗੁਰਪਰਸਾਦੀ ਸਹਸਾ ਜਾਏ ॥
ਗੁਰੂ ਦੀ ਕਿਰਪਾ ਨਾਲ (ਉਸ ਦਾ) ਸਹਮ ਦੂਰ ਹੋ ਜਾਂਦਾ ਹੈ।
ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥
ਉਹ ਮਨੁੱਖ ਦਿਨ ਰਾਤ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਹਰਿ-ਨਾਮ ਨੂੰ ਸਿਮਰ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੧੩॥
ਆਪਿ ਸਿਰੰਦਾ ਸਚਾ ਸੋਈ ॥
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ,
ਆਪਿ ਉਪਾਇ ਖਪਾਏ ਸੋਈ ॥
ਆਪ ਪੈਦਾ ਕਰ ਕੇ ਉਹ ਆਪ ਹੀ ਨਾਸ ਕਰਦਾ ਹੈ।
ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੧੪॥
ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥
(ਗੁਰੂ ਦੀ ਸਰਨ ਤੋਂ ਬਿਨਾ) ਹੋਰ ਅਨੇਕਾਂ ਜਤਨ ਭੀ ਮਨੁੱਖ ਕਰੇ ਤਾਂ ਭੀ ਕਾਮ-ਵਾਸਨਾ ਕਾਬੂ ਵਿਚ ਨਹੀਂ ਆ ਸਕਦੀ।
ਕਾਮਿ ਕਰੋਧਿ ਜਲੈ ਸਭੁ ਕੋਈ ॥
(ਧਿਆਨ ਮਾਰ ਕੇ ਵੇਖੋ) ਹਰੇਕ ਜੀਵ ਕਾਮ ਵਿਚ ਕ੍ਰੋਧ ਵਿਚ ਸੜ ਰਿਹਾ ਹੈ।
ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥
ਗੁਰੂ ਦੀ ਸਰਨ ਪਿਆਂ ਹੀ ਮਨ ਕਾਬੂ ਵਿਚ ਆਉਂਦਾ ਹੈ। ਜੇ ਮਨ (ਵਿਕਾਰਾਂ ਵਲੋਂ) ਰੋਕ ਲਿਆ ਜਾਏ ਤਾਂ ਮਨੁੱਖ ਅੰਤਰ ਆਤਮੇ ਟਿਕਿਆ ਰਹਿੰਦਾ ਹੈ (ਵਿਕਾਰਾਂ ਵਲ ਨਹੀਂ ਭਟਕਦਾ) ॥੧੫॥
ਮੇਰਾ ਤੇਰਾ ਤੁਧੁ ਆਪੇ ਕੀਆ ॥
ਹੇ ਪ੍ਰਭੂ! (ਜੀਵਾਂ ਦੇ ਮਨ ਵਿਚ) ਮੇਰ-ਤੇਰ ਤੂੰ ਆਪ ਹੀ ਪੈਦਾ ਕੀਤੀ ਹੈ।
ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥
ਸਾਰੇ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ।
ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥
ਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਯਾਦ ਕਰਦਾ ਰਹੁ। ਗੁਰੂ ਦੀ ਮੱਤ ਉਤੇ ਤੁਰਿਆਂ (ਪ੍ਰਭੂ ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ॥੧੬॥੪॥੧੮॥
ਮਾਰੂ ਮਹਲਾ ੩ ॥
ਹਰਿ ਜੀਉ ਦਾਤਾ ਅਗਮ ਅਥਾਹਾ ॥
ਪਰਮਾਤਮਾ ਸਭ ਪਦਾਰਥ ਦੇਣ ਵਾਲਾ ਹੈ, ਅਪਹੁੰਚ ਹੈ, ਬਹੁਤ ਹੀ ਡੂੰਘਾ (ਮਾਨੋ ਬੇਅੰਤ ਖ਼ਜ਼ਾਨਿਆਂ ਵਾਲਾ ਸਮੁੰਦਰ) ਹੈ।
ਓਸੁ ਤਿਲੁ ਨ ਤਮਾਇ ਵੇਪਰਵਾਹਾ ॥
(ਉਹ ਸਭ ਨੂੰ ਦਾਤਾਂ ਦੇਈ ਜਾਂਦਾ ਹੈ, ਪਰ) ਉਸ ਵੇਪਰਵਾਹ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।
ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥
ਕੋਈ ਜੀਵ (ਆਪਣੇ ਉੱਦਮ ਨਾਲ) ਉਸ ਪਰਮਾਤਮਾ ਤਕ ਪਹੁੰਚ ਨਹੀਂ ਸਕਦਾ। ਉਹ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ ਆਪਣੇ ਨਾਲ ਮਿਲਾਂਦਾ ਹੈ ॥੧॥
ਜੋ ਕਿਛੁ ਕਰੈ ਸੁ ਨਿਹਚਉ ਹੋਈ ॥
(ਉਹ ਪਰਮਾਤਮਾ) ਜੋ ਕੁਝ ਕਰਦਾ ਹੈ, ਉਹ ਜ਼ਰੂਰ ਹੁੰਦਾ ਹੈ।
ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥
ਉਸ ਤੋਂ ਬਿਨਾ ਕੋਈ ਹੋਰ ਕੁਝ ਦੇਣ-ਜੋਗਾ ਨਹੀਂ ਹੈ।
ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰਸਬਦੀ ਮੇਲਾਇਦਾ ॥੨॥
ਜਿਸ ਮਨੁੱਖ ਨੂੰ ਪਰਮਾਤਮਾ ਨਾਮਿ ਦੀ ਦਾਤ ਦੇਂਦਾ ਹੈ, ਉਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ। (ਉਸ ਨੂੰ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ ॥੨॥
ਚਉਦਹ ਭਵਣ ਤੇਰੇ ਹਟਨਾਲੇ ॥
ਹੇ ਪ੍ਰਭੂ! ਇਹ ਚੌਦਾਂ ਲੋਕ ਤੇਰੇ ਬਾਜ਼ਾਰ ਹਨ (ਜਿੱਥੇ ਤੇਰੇ ਪੈਦਾ ਕੀਤੇ ਬੇਅੰਤ ਜੀਵ ਤੇਰੀ ਦੱਸੀ ਕਾਰ ਕਰ ਰਹੇ ਹਨ। ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)।
ਸਤਿਗੁਰਿ ਦਿਖਾਏ ਅੰਤਰਿ ਨਾਲੇ ॥
ਜਿਸ ਮਨੁੱਖ ਨੂੰ ਗੁਰੂ ਨੇ ਤੇਰਾ ਇਹ ਸਰਬ-ਵਿਆਪਕ ਸਰੂਪ ਉਸ ਦੇ ਅੰਦਰ ਵੱਸਦਾ ਹੀ ਵਿਖਾ ਦਿੱਤਾ ਹੈ,
ਨਾਵੈ ਕਾ ਵਾਪਾਰੀ ਹੋਵੈ ਗੁਰਸਬਦੀ ਕੋ ਪਾਇਦਾ ॥੩॥
ਉਹ ਮਨੁੱਖ ਤੇਰੇ ਨਾਮ ਦਾ ਵਣਜਾਰਾ ਬਣ ਜਾਂਦਾ ਹੈ। (ਇਹ ਦਾਤਿ) ਜਿਹੜਾ ਕੋਈ ਪ੍ਰਾਪਤ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਾਪਤ ਕਰਦਾ ਹੈ) ॥੩॥
ਸਤਿਗੁਰਿ ਸੇਵਿਐ ਸਹਜ ਅਨੰਦਾ ॥
ਜੇ ਗੁਰੂ ਦੀ ਸਰਨ ਪੈ ਜਾਈਏ ਤਾਂ ਆਤਮਕ ਅਡੋਲਤਾ ਦਾ ਆਨੰਦ ਮਿਲ ਜਾਂਦਾ ਹੈ।
ਹਿਰਦੈ ਆਇ ਵੁਠਾ ਗੋਵਿੰਦਾ ॥
(ਗੁਰੂ ਦੇ ਸਨਮੁਖ ਹੋਣ ਵਾਲੇ ਮਨੁੱਖ ਦੇ) ਹਿਰਦੇ ਵਿਚ ਗੋਬਿੰਦ-ਪ੍ਰਭੂ ਆ ਵੱਸਦਾ ਹੈ।
ਸਹਜੇ ਭਗਤਿ ਕਰੇ ਦਿਨੁ ਰਾਤੀ ਆਪੇ ਭਗਤਿ ਕਰਾਇਦਾ ॥੪॥
ਉਹ ਮਨੁੱਖ ਦਿਨ ਗਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ। ਪਰਮਾਤਮਾ ਆਪ ਹੀ (ਆਪਣੀ) ਭਗਤੀ ਕਰਾਂਦਾ ਹੈ ॥੪॥
ਸਤਿਗੁਰ ਤੇ ਵਿਛੁੜੇ ਤਿਨੀ ਦੁਖੁ ਪਾਇਆ ॥
ਜਿਹੜੇ ਮਨੁੱਖ ਗੁਰੂ (ਦੇ ਚਰਨਾਂ) ਤੋਂ ਵਿਛੁੜੇ ਹੋਏ ਹਨ, ਉਹਨਾਂ ਨੇ (ਆਪਣੇ ਵਾਸਤੇ) ਦੁੱਖ ਹੀ ਦੁੱਖ ਸਹੇੜਿਆ ਹੋਇਆ ਹੈ।
ਅਨਦਿਨੁ ਮਾਰੀਅਹਿ ਦੁਖੁ ਸਬਾਇਆ ॥
ਉਹ ਹਰ ਵੇਲੇ ਦੁੱਖਾਂ ਦੀਆਂ ਚੋਟਾਂ ਖਾਂਦੇ ਹਨ, ਉਹਨਾਂ ਨੂੰ ਹਰੇਕ ਕਿਸਮ ਦਾ ਦੁੱਖ ਵਾਪਰਿਆ ਰਹਿੰਦਾ ਹੈ।
ਮਥੇ ਕਾਲੇ ਮਹਲੁ ਨ ਪਾਵਹਿ ਦੁਖ ਹੀ ਵਿਚਿ ਦੁਖੁ ਪਾਇਦਾ ॥੫॥
(ਵਿਕਾਰਾਂ ਦੀ ਕਾਲਖ਼ ਨਾਲ ਉਹਨਾਂ ਦੇ) ਮੂੰਹ ਕਾਲੇ ਹੋਏ ਰਹਿੰਦੇ ਹਨ (ਉਹਨਾਂ ਦੇ ਮਨ ਮਲੀਨ ਰਹਿੰਦੇ ਹਨ) ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ। (ਗੁਰੂ-ਚਰਨਾਂ ਤੋਂ ਵਿਛੁੜਿਆ ਹੋਇਆ ਮਨੁੱਖ) ਸਦਾ ਦੁੱਖ ਵਿਚ ਹੀ ਗ੍ਰਸਿਆ ਰਹਿੰਦਾ ਹੈ, ਸਦਾ ਦੁੱਖ ਸਹਾਰਦਾ ਹੈ ॥੫॥
ਸਤਿਗੁਰੁ ਸੇਵਹਿ ਸੇ ਵਡਭਾਗੀ ॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੜੇ ਭਾਗਾਂ ਵਾਲੇ ਹੋ ਜਾਂਦੇ ਹਨ।
ਸਹਜ ਭਾਇ ਸਚੀ ਲਿਵ ਲਾਗੀ ॥
ਕਿਸੇ ਖ਼ਾਸ ਜਤਨ ਤੋਂ ਬਿਨਾ ਹੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ।
ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥੬॥
ਉਹ ਮਨੁੱਖ ਸਦਾ ਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ। (ਗੁਰੂ ਉਹਨਾਂ ਨੂੰ ਆਪਣੇ ਨਾਲ) ਮਿਲਾ ਕੇ ਸਦਾ-ਥਿਰ ਹਰਿ-ਨਾਮ ਵਿਚ ਮਿਲਾ ਦੇਂਦਾ ਹੈ ॥੬॥
ਜਿਸ ਨੋ ਸਚਾ ਦੇਇ ਸੁ ਪਾਏ ॥
ਪਰ, ਉਹ ਮਨੁੱਖ (ਹੀ ਸਦਾ-ਥਿਰ ਹਰਿ-ਨਾਮ ਦੀ ਦਾਤਿ) ਪ੍ਰਾਪਤ ਕਰਦਾ ਹੈ ਜਿਸ ਨੂੰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਦੇਂਦਾ ਹੈ।
ਅੰਤਰਿ ਸਾਚੁ ਭਰਮੁ ਚੁਕਾਏ ॥
ਉਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ, (ਨਾਮ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦਾ ਹੈ।
ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥੭॥
ਸਦਾ-ਥਿਰ ਪ੍ਰਭੂ ਆਪਣੇ ਸਦਾ-ਥਿਰ ਨਾਮ ਦੀ ਦਾਤ ਦੇਣ ਵਾਲਾ ਆਪ ਹੀ ਹੈ। ਜਿਸ ਨੂੰ ਦੇਂਦਾ ਹੈ, ਉਹ ਮਨੁੱਖ ਸਦਾ-ਥਿਰ ਨਾਮ ਹਾਸਲ ਕਰ ਲੈਂਦਾ ਹੈ ॥੭॥
ਆਪੇ ਕਰਤਾ ਸਭਨਾ ਕਾ ਸੋਈ ॥
ਉਹ ਕਰਤਾਰ ਆਪ ਹੀ ਸਭ ਜੀਵਾਂ ਦਾ (ਮਾਲਕ) ਹੈ।
ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥
ਇਹ ਗੱਲ ਕੋਈ ਉਹ ਮਨੁੱਖ ਹੀ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ।
ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ ॥੮॥
ਕਰਤਾਰ ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਵਡਿਆਈ ਦੇਂਦਾ ਹੈ, ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੮॥
ਹਉਮੈ ਕਰਦਿਆ ਜਨਮੁ ਗਵਾਇਆ ॥
ਜਿਹੜਾ ਮਨੁੱਖ ‘ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ’-ਇਹਨਾਂ ਹੀ ਸੋਚਾਂ ਵਿਚ ਆਪਣੀ ਜ਼ਿੰਦਗੀ ਵਿਅਰਥ ਗੁਜ਼ਾਰ ਦੇਂਦਾ ਹੈ,
ਆਗੈ ਮੋਹੁ ਨ ਚੂਕੈ ਮਾਇਆ ॥
ਉਸ ਦੇ ਜੀਵਨ-ਸਫ਼ਰ ਵਿਚ (ਉਸ ਦੇ ਅੰਦਰੋਂ) ਮਾਇਆ ਦਾ ਮੋਹ (ਕਦੇ) ਨਹੀਂ ਮੁੱਕਦਾ।
ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥੯॥
(ਜਦੋਂ) ਪਰਲੋਕ ਵਿਚ ਧਰਮ ਰਾਜ (ਉਸ ਪਾਸੋਂ ਮਨੁੱਖਾ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਤਦੋਂ ਉਹ ਇਉਂ) ਪੀੜਿਆ ਜਾਂਦਾ ਹੈ ਜਿਵੇਂ (ਕੋਲ੍ਹੂ ਵਿਚ ਪਾਈ) ਘਾਣੀ ਦੇ ਤਿਲ ਪੀੜੇ ਜਾਂਦੇ ਹਨ ॥੯॥
ਪੂਰੈ ਭਾਗਿ ਗੁਰ ਸੇਵਾ ਹੋਈ ॥
ਗੁਰੂ ਦੀ ਦੱਸੀ (ਨਾਮ-ਸਿਮਰਨ ਦੀ) ਕਾਰ ਵੱਡੀ ਕਿਸਮਤ ਨਾਲ (ਹੀ ਕਿਸੇ ਪਾਸੋਂ) ਹੋ ਸਕਦੀ ਹੈ।
ਨਦਰਿ ਕਰੇ ਤਾ ਸੇਵੇ ਕੋਈ ॥
ਜਦੋਂ ਪਰਮਾਤਮਾ ਦੀ ਨਿਗਾਹ ਕਰਦਾ ਹੈ ਤਦੋਂ ਹੀ ਕੋਈ ਮਨੁੱਖ ਕਰ ਸਕਦਾ ਹੈ।
ਜਮਕਾਲੁ ਤਿਸੁ ਨੇੜਿ ਨ ਆਵੈ ਮਹਲਿ ਸਚੈ ਸੁਖੁ ਪਾਇਦਾ ॥੧੦॥
ਆਤਮਕ ਮੌਤ ਉਸ ਮਨੁੱਖ ਦੇ ਨੇੜੇ ਨਹੀਂ ਆਉਂਦੀ। ਉਹ ਮਨੁੱਖ ਸਦਾ-ਥਿਰ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੧੦॥
ਤਿਨ ਸੁਖੁ ਪਾਇਆ ਜੋ ਤੁਧੁ ਭਾਏ ॥
ਹੇ ਪ੍ਰਭੂ! ਜਿਹੜੇ ਮਨੁੱਖ ਤੈਨੂੰ ਚੰਗੇ ਲੱਗੇ ਉਹਨਾਂ ਨੇ ਹੀ ਆਤਮਕ ਆਨੰਦ ਮਾਣਿਆ।
ਪੂਰੈ ਭਾਗਿ ਗੁਰ ਸੇਵਾ ਲਾਏ ॥
ਉਹਨਾਂ ਦੀ ਵੱਡੀ ਕਿਸਮਤ ਕਿ ਤੂੰ ਉਹਨਾਂ ਨੂੰ ਗੁਰੂ ਦੀ ਦੱਸੀ ਕਾਰੇ ਲਾਈ ਰਖਿਆ।
ਤੇਰੈ ਹਥਿ ਹੈ ਸਭ ਵਡਿਆਈ ਜਿਸੁ ਦੇਵਹਿ ਸੋ ਪਾਇਦਾ ॥੧੧॥
ਸਾਰੀ (ਲੋਕ ਪਰਲੋਕ ਦੀ) ਇੱਜ਼ਤ ਤੇਰੇ ਹੱਥ ਵਿਚ ਹੈ, ਜਿਸ ਨੂੰ ਤੂੰ (ਇਹ ਇੱਜ਼ਤ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ ॥੧੧॥
ਅੰਦਰਿ ਪਰਗਾਸੁ ਗੁਰੂ ਤੇ ਪਾਏ ॥
(ਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਉਹ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ,
ਨਾਮੁ ਪਦਾਰਥੁ ਮੰਨਿ ਵਸਾਏ ॥
ਉਹ (ਤੇਰਾ) ਸ੍ਰੇਸ਼ਟ ਨਾਮ ਆਪਣੇ ਮਨ ਵਿਚ ਵਸਾਂਦਾ ਹੈ।
ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥੧੨॥
ਉਸ ਦੇ ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਦਾ ਸ੍ਰੇਸ਼ਟ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ॥੧੨॥
ਅਗਿਆਨੀ ਅੰਧੇ ਦੂਜੈ ਲਾਗੇ ॥
ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਤੇ ਆਤਮਕ ਜੀਵਨ ਤੋਂ ਬੇ-ਸਮਝ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਵਿਚ ਲੱਗੇ ਰਹਿੰਦੇ ਹਨ,
ਬਿਨੁ ਪਾਣੀ ਡੁਬਿ ਮੂਏ ਅਭਾਗੇ ॥
ਉਹ ਬਦ-ਕਿਸਮਤ ਮਨੁੱਖ ਪਾਣੀ ਤੋਂ ਬਿਨਾ (ਵਿਕਾਰਾਂ ਦੇ ਪਾਣੀ ਵਿਚ) ਡੁੱਬ ਕੇ ਆਤਮਕ ਮੌਤੇ ਮਰ ਜਾਂਦੇ ਹਨ।
ਚਲਦਿਆ ਘਰੁ ਦਰੁ ਨਦਰਿ ਨ ਆਵੈ ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥
ਜ਼ਿੰਦਗੀ ਦੇ ਸਫ਼ਰ ਵਿਚ ਪਿਆਂ ਆਪਣਾ ਅਸਲੀ ਘਰ-ਬਾਰ ਨਹੀਂ ਦਿੱਸਦਾ। (ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ ਦੁੱਖ ਪਾਂਦਾ ਹੈ ॥੧੩॥
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ,
ਗਿਆਨੀ ਧਿਆਨੀ ਪੂਛਹੁ ਕੋਈ ॥
ਬੇਸ਼ੱਕ ਕੋਈ ਮਨੁੱਖ ਉਹਨਾਂ ਨੂੰ ਪੁੱਛ ਵੇਖੇ ਜੋ ਧਾਰਮਿਕ ਪੁਸਤਕਾਂ ਪੜ੍ਹ ਕੇ ਨਿਰੀ ਕਥਾ-ਵਾਰਤਾ ਚਰਚਾ ਕਰਨ ਵਾਲੇ ਹਨ, ਜਾਂ ਜੋ, ਸਮਾਧੀਆਂ ਲਾਈ ਰੱਖਦੇ ਹਨ।
ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ ਦਰਿ ਸਚੈ ਸੋਭਾ ਪਾਇਦਾ ॥੧੪॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ॥੧੪॥
ਸਤਿਗੁਰ ਨੋ ਸੇਵੇ ਤਿਸੁ ਆਪਿ ਮਿਲਾਏ ॥
ਜਿਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।
ਮਮਤਾ ਕਾਟਿ ਸਚਿ ਲਿਵ ਲਾਏ ॥
ਉਹ ਮਨੁੱਖ (ਆਪਣੇ ਅੰਦਰੋਂ) ਮਾਇਕ ਪਦਾਰਥਾਂ ਦੇ ਕਬਜ਼ੇ ਦੀ ਲਾਲਸਾ ਛੱਡ ਕੇ ਸਦਾ-ਥਿਰ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।
ਸਦਾ ਸਚੁ ਵਣਜਹਿ ਵਾਪਾਰੀ ਨਾਮੋ ਲਾਹਾ ਪਾਇਦਾ ॥੧੫॥
ਜਿਹੜੇ ਵਣਜਾਰੇ-ਜੀਵ ਸਦਾ-ਥਿਰ ਹਰਿ-ਨਾਮ ਦਾ ਵਣਜ ਸਦਾ ਕਰਦੇ ਹਨ, ਉਹਨਾਂ ਨੂੰ ਹਰੀ-ਨਾਮ ਦਾ ਲਾਭ ਮਿਲਦਾ ਹੈ ॥੧੫॥
ਆਪੇ ਕਰੇ ਕਰਾਏ ਕਰਤਾ ॥
ਪਰ, ਕਰਤਾਰ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
ਸਬਦਿ ਮਰੈ ਸੋਈ ਜਨੁ ਮੁਕਤਾ ॥
(ਉਸ ਦੀ ਮਿਹਰ ਨਾਲ) ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਤਿਆਗਦਾ ਹੈ, ਉਹੀ (ਵਿਕਾਰਾਂ ਤੋਂ) ਸੁਤੰਤਰ ਹੋ ਜਾਂਦਾ ਹੈ।
ਨਾਨਕ ਨਾਮੁ ਵਸੈ ਮਨ ਅੰਤਰਿ ਨਾਮੋ ਨਾਮੁ ਧਿਆਇਦਾ ॥੧੬॥੫॥੧੯॥
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ ॥੧੬॥੫॥੧੯॥
ਮਾਰੂ ਮਹਲਾ ੩ ॥
ਜੋ ਤੁਧੁ ਕਰਣਾ ਸੋ ਕਰਿ ਪਾਇਆ ॥
ਹੇ ਪ੍ਰਭੂ! ਜਿਹੜਾ ਕੰਮ ਤੂੰ ਕਰਨਾ (ਚਾਹੁੰਦਾ) ਹੈਂ, ਉਹ ਕੰਮ ਤੂੰ ਜ਼ਰੂਰ ਕਰ ਦੇਂਦਾ ਹੈਂ,
ਭਾਣੇ ਵਿਚਿ ਕੋ ਵਿਰਲਾ ਆਇਆ ॥
(ਇਹ ਪਤਾ ਹੁੰਦਿਆਂ ਭੀ) ਕੋਈ ਵਿਰਲਾ ਮਨੁੱਖ ਤੇਰੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਦਾ ਹੈ।
ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥
ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨਦਾ ਹੈ, ਉਹ ਆਤਮਕ ਸੁਖ ਹਾਸਲ ਕਰਦਾ ਹੈ, ਤੇਰੀ ਰਜ਼ਾ ਵਿਚ ਵਿਚ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੧॥
ਗੁਰਮੁਖਿ ਤੇਰਾ ਭਾਣਾ ਭਾਵੈ ॥
ਹੇ ਪ੍ਰਭੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਤੇਰੀ ਰਜ਼ਾ ਚੰਗੀ ਲੱਗਦੀ ਹੈ।
ਸਹਜੇ ਹੀ ਸੁਖੁ ਸਚੁ ਕਮਾਵੈ ॥
ਉਹ ਆਤਮਕ ਅਡੋਲਤਾ ਵਿਚ ਰਹਿ ਕੇ ਸੁਖ ਪਾਂਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ।
ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥
ਪ੍ਰਭੂ ਦੇ ਕੀਤੇ ਨੂੰ ਮਿੱਠਾ ਮੰਨਣ ਦੀ ਤਾਂਘ ਬਥੇਰੀ ਲੁਕਾਈ ਕਰਦੀ ਹੈ, ਪਰ ਆਪਣੀ ਰਜ਼ਾ ਉਹ ਆਪ ਹੀ (ਕਿਸੇ ਵਿਰਲੇ ਤੋਂ) ਮਨਾਂਦਾ ਹੈ ॥੨॥
ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥
ਹੇ ਪ੍ਰਭੂ! ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਮੰਨਦਾ ਹੈ, ਉਹ ਤੈਨੂੰ ਆ ਮਿਲਦਾ ਹੈ।
ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥
ਜਿਸ ਮਨੁੱਖ ਨੂੰ ਤੇਰਾ ਭਾਣਾ ਭਾ ਜਾਂਦਾ ਹੈ, ਉਹ ਤੇਰੇ (ਚਰਨਾਂ) ਵਿਚ ਲੀਨ ਹੋ ਜਾਂਦਾ ਹੈ।
ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥੩॥
ਪਰਮਾਤਮਾ ਦੀ ਰਜ਼ਾ ਵਿਚ ਰਿਹਾਂ ਬੜੀ ਇੱਜ਼ਤ ਮਿਲਦੀ ਹੈ। ਪਰ ਕਿਸੇ ਵਿਰਲੇ ਨੂੰ ਰਜ਼ਾ ਵਿਚ ਤੋਰਦਾ ਹੈ ॥੩॥
ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥
ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਦੋਂ ਉਹ (ਕਿਸੇ ਵਡਭਾਗੀ ਨੂੰ) ਗੁਰੂ ਮਿਲਾਂਦਾ ਹੈ।
ਗੁਰਮੁਖਿ ਨਾਮੁ ਪਦਾਰਥੁ ਪਾਏ ॥
ਤੇ, ਗੁਰੂ ਦੇ ਸਨਮੁਖ ਹੋਇਆ ਮਨੁੱਖ ਪਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਾਪਤ ਕਰ ਲੈਂਦਾ ਹੈ।
ਤੁਧੁ ਆਪਣੈ ਭਾਣੈ ਸਭ ਸ੍ਰਿਸਟਿ ਉਪਾਈ ਜਿਸ ਨੋ ਭਾਣਾ ਦੇਹਿ ਤਿਸੁ ਭਾਇਦਾ ॥੪॥
ਇਹ ਸਾਰੀ ਸ੍ਰਿਸ਼ਟੀ ਤੂੰ ਆਪਣੀ ਰਜ਼ਾ ਵਿਚ ਪੈਦਾ ਕੀਤੀ ਹੈ। ਜਿਸ ਮਨੁੱਖ ਨੂੰ ਤੂੰ ਆਪਣੀ ਰਜ਼ਾ ਮੰਨਣ ਦੀ ਤਾਕਤ ਦੇਂਦਾ ਹੈਂ, ਉਸ ਨੂੰ ਤੇਰੀ ਰਜ਼ਾ ਪਿਆਰੀ ਲੱਗਦੀ ਹੈ ॥੪॥
ਮਨਮੁਖੁ ਅੰਧੁ ਕਰੇ ਚਤੁਰਾਈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਚੁਕਾ ਮਨੁੱਖ (ਆਪਣੇ ਵਲੋਂ ਬਥੇਰੀ) ਸਿਆਣਪ ਕਰਦਾ ਹੈ,
ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥
(ਪਰ ਜਦ ਤਕ ਉਹ ਪਰਮਾਤਮਾ ਦੇ) ਕੀਤੇ ਨੂੰ ਮਿੱਠਾ ਕਰ ਕੇ ਨਹੀਂ ਮੰਨਦਾ (ਉਤਨਾ ਚਿਰ ਉਹ) ਬਹੁਤ ਦੁੱਖ ਪਾਂਦਾ ਹੈ।
ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ ॥੫॥
ਮਨ ਦਾ ਮੁਰੀਦ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ, ਉਹ ਕਦੇ ਭੀ (ਇਸ ਤਰ੍ਹਾਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੱਭ ਸਕਦਾ ॥੫॥
ਸਤਿਗੁਰੁ ਮੇਲੇ ਦੇ ਵਡਿਆਈ ॥
(ਜਿਸ ਮਨੁੱਖ ਨੂੰ ਪਰਮਾਤਮਾ) ਗੁਰੂ ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ।
ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥
ਗੁਰੂ ਦੀ ਦੱਸੀ ਕਾਰ ਕਰਨ ਦਾ ਹੁਕਮ ਧੁਰੋਂ ਹੀ ਪ੍ਰਭੂ ਨੇ ਦਿੱਤਾ ਹੋਇਆ ਹੈ।
ਸਤਿਗੁਰ ਸੇਵੇ ਤਾ ਨਾਮੁ ਪਾਏ ਨਾਮੇ ਹੀ ਸੁਖੁ ਪਾਇਦਾ ॥੬॥
ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ, ਤੇ, ਨਾਮ ਵਿਚ ਜੁੜ ਕੇ ਹੀ ਆਤਮਕ ਆਨੰਦ ਪਾਂਦਾ ਹੈ ॥੬॥
ਸਭ ਨਾਵਹੁ ਉਪਜੈ ਨਾਵਹੁ ਛੀਜੈ ॥
ਨਾਮ (ਸਿਮਰਨ) ਤੋਂ ਹਰੇਕ (ਗੁਣ ਮਨੁੱਖ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਤੋਂ (ਹਰੇਕ ਔਗੁਣ ਮਨੁੱਖ ਦੇ ਅੰਦਰੋਂ) ਨਾਸ ਹੋ ਜਾਂਦਾ ਹੈ।
ਗੁਰ ਕਿਰਪਾ ਤੇ ਮਨੁ ਤਨੁ ਭੀਜੈ ॥
ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦਾ) ਮਨ (ਮਨੁੱਖ ਦਾ) ਤਨ (ਨਾਮ-ਰਸ ਵਿਚ) ਭਿੱਜਦਾ ਹੈ।
ਰਸਨਾ ਨਾਮੁ ਧਿਆਏ ਰਸਿ ਭੀਜੈ ਰਸ ਹੀ ਤੇ ਰਸੁ ਪਾਇਦਾ ॥੭॥
(ਜਦੋਂ ਮਨੁੱਖ ਆਪਣੀ) ਜੀਭ ਨਾਲ ਹਰਿ-ਨਾਮ ਸਿਮਰਦਾ ਹੈ, ਉਹ ਅਨੰਦ ਵਿਚ ਭਿੱਜ ਜਾਂਦਾ ਹੈ, ਉਸ ਆਨੰਦ ਤੋਂ ਹੀ ਮਨੁੱਖ ਹੋਰ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੭॥
ਮਹਲੈ ਅੰਦਰਿ ਮਹਲੁ ਕੋ ਪਾਏ ॥
ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ) ਸਰੀਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ,
ਗੁਰ ਕੈ ਸਬਦਿ ਸਚਿ ਚਿਤੁ ਲਾਏ ॥
ਉਹ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜੀ ਰੱਖਦਾ ਹੈ।
ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ ॥੮॥
ਪਰ, ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਹਰਿ-ਨਾਮ ਦੇਂਦਾ ਹੈ, ਉਹੀ ਇਹ ਹਰਿ-ਨਾਮ ਹਾਸਲ ਕਰਦਾ ਹੈ, ਤੇ, ਉਹ ਹਰ ਵੇਲੇ ਇਸ ਸਦਾ-ਥਿਰ ਹਰਿ-ਨਾਮ ਵਿਚ ਇਕ-ਮਿਕ ਹੋਇਆ ਰਹਿੰਦਾ ਹੈ ॥੮॥
ਨਾਮੁ ਵਿਸਾਰਿ ਮਨਿ ਤਨਿ ਦੁਖੁ ਪਾਇਆ ॥
ਪਰਮਾਤਮਾ ਦਾ ਨਾਮ ਭੁਲਾ ਕੇ ਉਸ ਮਨੁੱਖ ਆਪਣੇ ਮਨ ਵਿਚ ਤਨ ਵਿਚ ਦੁਖ ਹੀ ਪਾਇਆ ਹੈ,
ਮਾਇਆ ਮੋਹੁ ਸਭੁ ਰੋਗੁ ਕਮਾਇਆ ॥
(ਜਿਸਦੇ ਮਨ ਵਿਚ ਹਰ ਵੇਲੇ) ਮਾਇਆ ਦਾ ਮੋਹ (ਪ੍ਰਬਲ ਹੈ। ਉਸ ਨੇ) ਨਿਰਾ (ਆਤਮਕ) ਰੋਗ ਹੀ ਖੱਟਿਆ ਹੈ।
ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ ॥੯॥
ਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦਾ) ਮਨ ਭੀ ਰੋਗੀ, ਤਨ (ਭਾਵ, ਗਿਆਨ-ਇੰਦ੍ਰੇ) ਭੀ ਰੋਗੀ (ਵਿਕਾਰੀ), ਉਹ ਨਰਕ ਵਿਚ ਹੀ ਪਿਆ ਰਹਿੰਦਾ ਹੈ ॥੯॥
ਨਾਮਿ ਰਤੇ ਤਿਨ ਨਿਰਮਲ ਦੇਹਾ ॥
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਸਰੀਰ ਵਿਕਾਰਾਂ ਤੋਂ ਬਚੇ ਰਹਿੰਦੇ ਹਨ,
ਨਿਰਮਲ ਹੰਸਾ ਸਦਾ ਸੁਖੁ ਨੇਹਾ ॥
ਉਹਨਾਂ ਦਾ ਆਤਮਾ ਪਵਿੱਤਰ ਰਹਿੰਦਾ ਹੈ, ਉਹ (ਪ੍ਰਭੂ-ਚਰਨਾਂ ਨਾਲ) ਪਿਆਰ (ਜੋੜ ਕੇ) ਸਦਾ ਆਤਮਕ ਆਨੰਦ ਮਾਣਦੇ ਹਨ।
ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ ॥੧੦॥
ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਮਨੁੱਖ ਸਦਾ ਸੁਖ ਪਾਂਦਾ ਹੈ, ਪ੍ਰਭੂ-ਚਰਨਾਂ ਵਿਚ ਉਸ ਦਾ ਨਿਵਾਸ ਬਣਿਆ ਰਹਿੰਦਾ ਹੈ ॥੧੦॥
ਸਭੁ ਕੋ ਵਣਜੁ ਕਰੇ ਵਾਪਾਰਾ ॥
(ਜਗਤ ਵਿਚ ਆ ਕੇ) ਹਰੇਕ ਜੀਵ ਵਣਜ ਵਾਪਾਰ (ਆਦਿਕ ਕੋਈ ਨਾ ਕੋਈ ਕਾਰ-ਵਿਹਾਰ) ਕਰਦਾ ਹੈ,
ਵਿਣੁ ਨਾਵੈ ਸਭੁ ਤੋਟਾ ਸੰਸਾਰਾ ॥
ਪਰ ਪ੍ਰਭੂ ਦੇ ਨਾਮ ਤੋਂ ਸੱਖਣੇ ਰਹਿ ਕੇ ਜਗਤ ਵਿਚ ਨਿਰਾ ਘਾਟਾ (ਹੀ ਘਾਟਾ) ਹੈ,
ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ ॥੧੧॥
(ਕਿਉਂਕਿ ਜਗਤ ਵਿਚ ਜੀਵ) ਨੰਗਾ ਹੀ ਆਉਂਦਾ ਹੈ (ਤੇ ਇਥੋਂ) ਨੰਗਾ ਹੀ ਤੁਰ ਜਾਇਗਾ (ਦੁਨੀਆ ਵਾਲੀ ਕਮਾਈ ਇਥੇ ਹੀ ਰਹਿ ਜਾਇਗੀ)। ਪ੍ਰਭੂ ਦੇ ਨਾਮ ਤੋਂ ਵਾਂਝਿਆ ਹੋਇਆ ਦੁੱਖ ਹੀ ਸਹਾਰਦਾ ਹੈ ॥੧੧॥
ਜਿਸ ਨੋ ਨਾਮੁ ਦੇਇ ਸੋ ਪਾਏ ॥
ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਉਹ (ਹੀ ਇਹ ਦਾਤਿ) ਹਾਸਲ ਕਰਦਾ ਹੈ।
ਗੁਰ ਕੈ ਸਬਦਿ ਹਰਿ ਮੰਨਿ ਵਸਾਏ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।
ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ ॥੧੨॥
ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਰਹਿੰਦਾ ਹੈ ॥੧੨॥
ਨਾਵੈ ਨੋ ਲੋਚੈ ਜੇਤੀ ਸਭ ਆਈ ॥
ਜਿਤਨੀ ਭੀ ਲੁਕਾਈ (ਜਗਤ ਵਿਚ) ਪੈਦਾ ਹੁੰਦੀ ਹੈ (ਉਹ ਸਾਰੀ) ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਦੀ ਤਾਂਘ ਕਰਦੀ ਹੈ,
ਨਾਉ ਤਿਨਾ ਮਿਲੈ ਧੁਰਿ ਪੁਰਬਿ ਕਮਾਈ ॥
ਪਰ ਪਰਮਾਤਮਾ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਪ੍ਰਭੂ ਦੀ ਰਜ਼ਾ ਅਨੁਸਾਰ ਪਹਿਲੇ ਜਨਮ ਵਿਚ (ਨਾਮ ਜਪਣ ਦੀ) ਕਮਾਈ ਕੀਤੀ ਹੁੰਦੀ ਹੈ।
ਜਿਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸਬਦਿ ਮਿਲਾਇਦਾ ॥੧੩॥
ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ। (ਅਜਿਹੇ ਵਡਭਾਗੀਆਂ ਨੂੰ ਪਰਮਾਤਮਾ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਨਾਲ) ਮਿਲਾ ਲੈਂਦਾ ਹੈ ॥੧੩॥
ਕਾਇਆ ਕੋਟੁ ਅਤਿ ਅਪਾਰਾ ॥
(ਮਨੁੱਖ ਦਾ ਇਹ) ਸਰੀਰ ਉਸ ਬਹੁਤ ਬੇਅੰਤ ਪਰਮਾਤਮਾ (ਦੇ ਰਹਿਣ) ਲਈ ਕਿਲ੍ਹਾ ਹੈ।
ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥
ਇਸ ਕਿਲ੍ਹੇ ਵਿਚ ਬੈਠ ਕੇ ਪਰਮਾਤਮਾ (ਕਈ ਕਿਸਮ ਦੇ) ਵਿਚਾਰ ਕਰਦਾ ਰਹਿੰਦਾ ਹੈ।
ਸਚਾ ਨਿਆਉ ਸਚੋ ਵਾਪਾਰਾ ਨਿਹਚਲੁ ਵਾਸਾ ਪਾਇਦਾ ॥੧੪॥
ਉਸ ਪਰਮਾਤਮਾ ਦਾ ਨਿਆਂ ਸਦਾ ਕਾਇਮ ਰਹਿਣ ਵਾਲਾ ਹੈ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦਾ ਵਾਪਾਰ ਕਰਦਾ ਹੈ, ਉਹ (ਇਸ ਕਿਲ੍ਹੇ ਵਿਚ) ਭਟਕਣਾ ਤੋਂ ਰਹਿਤ ਨਿਵਾਸ ਪ੍ਰਾਪਤ ਕਰੀ ਰੱਖਦਾ ਹੈ ॥੧੪॥
ਅੰਤਰ ਘਰ ਬੰਕੇ ਥਾਨੁ ਸੁਹਾਇਆ ॥
(ਨਾਮ ਸਿਮਰਨ ਦੀ ਬਰਕਤਿ ਨਾਲ ਸਰੀਰ ਦੇ ਮਨ ਬੁੱਧੀ ਆਦਿਕ) ਅੰਦਰਲੇ ਘਰ ਸੋਹਣੇ ਬਣੇ ਰਹਿੰਦੇ ਹਨ, ਹਿਰਦਾ-ਥਾਂ ਭੀ ਸੋਹਣਾ ਬਣਿਆ ਰਹਿੰਦਾ ਹੈ।
ਗੁਰਮੁਖਿ ਵਿਰਲੈ ਕਿਨੈ ਥਾਨੁ ਪਾਇਆ ॥
ਕਿਸੇ ਉਸ ਵਿਰਲੇ ਮਨੁੱਖ ਨੂੰ ਇਹ ਥਾਂ ਪ੍ਰਾਪਤ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।
ਇਤੁ ਸਾਥਿ ਨਿਬਹੈ ਸਾਲਾਹੇ ਸਚੇ ਹਰਿ ਸਚਾ ਮੰਨਿ ਵਸਾਇਦਾ ॥੧੫॥
ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ਤੇ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਸ ਮਨੁੱਖ ਦੀ ਪ੍ਰਭੂ ਨਾਲ ਪ੍ਰੀਤ ਇਸ (ਮਨ ਬੁੱਧੀ ਆਦਿਕ ਵਾਲੇ) ਸਾਥ ਵਿਚ ਤੋੜ ਪੂਰੀ ਉਤਰਦੀ ਹੈ ॥੧੫॥
ਮੇਰੈ ਕਰਤੈ ਇਕ ਬਣਤ ਬਣਾਈ ॥
ਮੇਰੇ ਕਰਤਾਰ ਨੇ ਇਹ ਇਕ (ਅਜੀਬ) ਵਿਓਂਤ ਬਣਾ ਦਿੱਤੀ ਹੈ,
ਇਸੁ ਦੇਹੀ ਵਿਚਿ ਸਭ ਵਥੁ ਪਾਈ ॥
ਕਿ ਉਸ ਨੇ ਮਨੁੱਖ ਦੇ ਸਰੀਰ ਵਿਚ (ਹੀ ਉਸ ਦੇ ਆਤਮਕ ਜੀਵਨ ਦੀ) ਸਾਰੀ ਰਾਸਿ-ਪੂੰਜੀ ਪਾ ਰੱਖੀ ਹੈ।
ਨਾਨਕ ਨਾਮੁ ਵਣਜਹਿ ਰੰਗਿ ਰਾਤੇ ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥
ਹੇ ਨਾਨਕ! ਜਿਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਰਹਿੰਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਕੋਈ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧੬॥੬॥੨੦॥
ਮਾਰੂ ਮਹਲਾ ੩ ॥
ਕਾਇਆ ਕੰਚਨੁ ਸਬਦੁ ਵੀਚਾਰਾ ॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, (ਸ਼ਬਦ ਦੀ ਬਰਕਤ ਨਾਲ ਵਿਕਾਰਾਂ ਤੋਂ ਬਚ ਸਕਣ ਨਾਲ ਉਸ ਦਾ) ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ।
ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ ॥
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ, ਉਹ ਪਰਮਾਤਮਾ ਉਸ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ।
ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥੧॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਿਹਾ ਕਰੋ। ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੧॥
ਹਰਿ ਚੇਤਹਿ ਤਿਨ ਬਲਿਹਾਰੈ ਜਾਉ ॥
ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਗੁਰ ਕੈ ਸਬਦਿ ਤਿਨ ਮੇਲਿ ਮਿਲਾਉ ॥
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਹਨਾਂ ਦੀ ਸੰਗਤ ਵਿਚ ਮਿਲਦਾ ਹਾਂ।
ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ ॥੨॥
ਜਿਹੜੇ ਮਨੁੱਖ ਸਾਧ ਸੰਗਤ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਆਪਣੇ ਮੂੰਹ ਉਤੇ ਆਪਣੇ ਮੱਥੇ ਉਤੇ ਲਾਂਦਾ ਹਾਂ ॥੨॥
ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ ॥
ਮੈਂ ਪਰਮਾਤਮਾ ਦੇ ਗੁਣ ਤਦੋਂ ਹੀ ਗਾ ਸਕਦਾ ਹਾਂ ਜੇ ਮੈਂ ਉਸ ਨੂੰ ਚੰਗਾ ਲੱਗਾਂ (ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ)।
ਅੰਤਰਿ ਹਰਿ ਨਾਮੁ ਸਬਦਿ ਸੁਹਾਵਾ ॥
ਜੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪਏ, ਤਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰਾ ਜੀਵਨ ਸੋਹਣਾ ਬਣ ਜਾਂਦਾ ਹੈ।
ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥੩॥
ਜਿਹੜਾ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ, ਉਹ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ। ਨਾਮ ਵਿਚ ਲੀਨ ਰਿਹਾਂ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ॥੩॥
ਸੋ ਜਨੁ ਸਾਚਾ ਜਿ ਅੰਤਰੁ ਭਾਲੇ ॥
ਜਿਹੜਾ ਮਨੁੱਖ ਆਪਣੇ ਹਿਰਦੇ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ (ਵਿਕਾਰਾਂ ਵਲੋਂ) ਅਡੋਲ ਜੀਵਨ ਵਾਲਾ ਬਣ ਜਾਂਦਾ ਹੈ।
ਗੁਰ ਕੈ ਸਬਦਿ ਹਰਿ ਨਦਰਿ ਨਿਹਾਲੇ ॥
ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ।
ਗਿਆਨ ਅੰਜਨੁ ਪਾਏ ਗੁਰਸਬਦੀ ਨਦਰੀ ਨਦਰਿ ਮਿਲਾਇਦਾ ॥੪॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਵਰਤਦਾ ਹੈ, ਮਿਹਰ ਦਾ ਮਾਲਕ ਪਰਮਾਤਮਾ ਉਸ ਨੂੰ ਆਪਣੀ ਮਿਹਰ ਨਾਲ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥
ਵਡੈ ਭਾਗਿ ਇਹੁ ਸਰੀਰੁ ਪਾਇਆ ॥
ਇਹ ਮਨੁੱਖਾ ਸਰੀਰ ਬੜੀ ਕਿਸਮਤ ਨਾਲ ਮਿਲਦਾ ਹੈ,
ਮਾਣਸ ਜਨਮਿ ਸਬਦਿ ਚਿਤੁ ਲਾਇਆ ॥
(ਪਰ ਉਸੇ ਨੂੰ ਹੀ ਮਿਲਿਆ ਜਾਣੋ, ਜਿਸ ਨੇ) ਮਨੁੱਖਾ ਜਨਮ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਆਪਣਾ ਮਨ ਜੋੜਿਆ।
ਬਿਨੁ ਸਬਦੈ ਸਭੁ ਅੰਧ ਅੰਧੇਰਾ ਗੁਰਮੁਖਿ ਕਿਸਹਿ ਬੁਝਾਇਦਾ ॥੫॥
ਕਿਸੇ ਵਿਰਲੇ ਨੂੰ ਹੀ ਗੁਰੂ ਦੀ ਰਾਹੀਂ ਪਰਮਾਤਮਾ ਇਹ ਸਮਝ ਬਖ਼ਸ਼ਦਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾ (ਜੀਵਨ-ਸਫ਼ਰ ਵਿਚ ਮਨੁੱਖ ਵਾਸਤੇ) ਹਰ ਥਾਂ ਘੁੱਪ ਹਨੇਰਾ ਹੈ ॥੫॥
ਇਕਿ ਕਿਤੁ ਆਏ ਜਨਮੁ ਗਵਾਏ ॥
ਕਈ ਮਨੁੱਖ ਮਨੁੱਖਾ ਜਨਮ ਗਵਾ ਕੇ ਜਗਤ ਵਿਚ ਵਿਅਰਥ ਹੀ ਆਏ (ਜਾਣੋ)
ਮਨਮੁਖ ਲਾਗੇ ਦੂਜੈ ਭਾਏ ॥
ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਬੰਦੇ ਮਾਇਆ ਦੇ ਪਿਆਰ ਵਿਚ ਹੀ ਲੱਗੇ ਰਹੇ।
ਏਹ ਵੇਲਾ ਫਿਰਿ ਹਾਥਿ ਨ ਆਵੈ ਪਗਿ ਖਿਸਿਐ ਪਛੁਤਾਇਦਾ ॥੬॥
ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲਦਾ (ਇਸ ਨੂੰ ਵਿਕਾਰਾਂ ਵਿਚ ਗਵਾ ਕੇ) ਮੌਤ ਆਉਣ ਤੇ ਮਨੁੱਖ ਪਛੁਤਾਂਦਾ ਹੈ ॥੬॥
ਗੁਰ ਕੈ ਸਬਦਿ ਪਵਿਤ੍ਰੁ ਸਰੀਰਾ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ (ਜਿਸ ਮਨੁੱਖ ਦਾ) ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ,
ਤਿਸੁ ਵਿਚਿ ਵਸੈ ਸਚੁ ਗੁਣੀ ਗਹੀਰਾ ॥
ਉਸ ਮਨੁੱਖ ਦੇ ਇਸ ਸਰੀਰ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਅਤੇ ਜੋ ਵੱਡੇ ਜਿਗਰੇ ਵਾਲਾ ਹੈ।
ਸਚੋ ਸਚੁ ਵੇਖੈ ਸਭ ਥਾਈ ਸਚੁ ਸੁਣਿ ਮੰਨਿ ਵਸਾਇਦਾ ॥੭॥
ਉਹ ਮਨੁੱਖ (ਫਿਰ) ਹਰ ਥਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਨੂੰ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੭॥
ਹਉਮੈ ਗਣਤ ਗੁਰ ਸਬਦਿ ਨਿਵਾਰੇ ॥
ਹਉਮੈ ਦੀਆਂ ਗਿਣਤੀਆਂ (ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਦੂਰ ਕਰ ਸਕਦਾ ਹੈ।
ਹਰਿ ਜੀਉ ਹਿਰਦੈ ਰਖਹੁ ਉਰ ਧਾਰੇ ॥
(ਤਾਂ ਤੇ, ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ।
ਗੁਰ ਕੈ ਸਬਦਿ ਸਦਾ ਸਾਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੮॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੮॥
ਸੋ ਚੇਤੇ ਜਿਸੁ ਆਪਿ ਚੇਤਾਏ ॥
ਪਰਮਾਤਮਾ ਦਾ ਨਾਮ ਉਹ ਮਨੁੱਖ (ਹੀ) ਸਿਮਰਦਾ ਹੈ ਜਿਸ ਨੂੰ ਪਰਮਾਤਮਾ ਆਪ ਸਿਮਰਨ ਦੀ ਪ੍ਰੇਰਨਾ ਕਰਦਾ ਹੈ।
ਗੁਰ ਕੈ ਸਬਦਿ ਵਸੈ ਮਨਿ ਆਏ ॥
ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਉਸ ਦੇ ਮਨ ਵਿਚ ਵੱਸਦਾ ਹੈ।
ਆਪੇ ਵੇਖੈ ਆਪੇ ਬੂਝੈ ਆਪੈ ਆਪੁ ਸਮਾਇਦਾ ॥੯॥
(ਹਰੇਕ ਵਿਚ ਵਿਆਪਕ ਪਰਮਾਤਮਾ) ਆਪ ਹੀ (ਉਸ ਮਨੁੱਖ ਦੇ ਹਰੇਕ ਕੰਮ ਨੂੰ) ਵੇਖਦਾ ਹੈ, ਆਪ ਹੀ (ਉਸ ਦੇ ਦਿਲ ਦੀ) ਸਮਝਦਾ ਹੈ, ਅਤੇ (ਆਪ ਹੀ ਉਸ ਮਨੁੱਖ ਵਿਚ ਵੱਸਦਾ ਹੋਇਆ) ਆਪਣੇ ਆਪ ਨੂੰ ਆਪਣੇ ਆਪੇ ਵਿਚ ਲੀਨ ਕਰਦਾ ਹੈ ॥੯॥
ਜਿਨਿ ਮਨ ਵਿਚਿ ਵਥੁ ਪਾਈ ਸੋਈ ਜਾਣੈ ॥
(ਪਰਮਾਤਮਾ ਦੀ ਕਿਰਪਾ ਨਾਲ) ਜਿਸ (ਮਨੁੱਖ) ਨੇ ਪਰਮਾਤਮਾ ਦਾ ਨਾਮ-ਪਦਾਰਥ (ਆਪਣੇ) ਮਨ ਵਿਚ ਲੱਭ ਲਿਆ, ਉਹ ਹੀ (ਉਸ ਦੀ ਕਦਰ) ਸਮਝਦਾ ਹੈ।
ਗੁਰ ਕੈ ਸਬਦੇ ਆਪੁ ਪਛਾਣੈ ॥
ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ।
ਆਪੁ ਪਛਾਣੈ ਸੋਈ ਜਨੁ ਨਿਰਮਲੁ ਬਾਣੀ ਸਬਦੁ ਸੁਣਾਇਦਾ ॥੧੦॥
(ਜਿਹੜਾ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਹੈ ਉਹੀ ਮਨੁੱਖ ਜੀਵਨ ਵਾਲਾ ਹੋ ਜਾਂਦਾ ਹੈ, (ਉਹ ਫਿਰ ਹੋਰਨਾਂ ਨੂੰ ਭੀ) ਸਿਫ਼ਤ-ਸਾਲਾਹ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ ॥੧੦॥
ਏਹ ਕਾਇਆ ਪਵਿਤੁ ਹੈ ਸਰੀਰੁ ॥
ਉਸ ਮਨੁੱਖ ਦਾ ਇਹ ਸਰੀਰ (ਵਿਕਾਰਾਂ ਤੋਂ ਬਚ ਕੇ) ਪਵਿੱਤਰ ਹੋ ਜਾਂਦਾ ਹੈ,
ਗੁਰਸਬਦੀ ਚੇਤੈ ਗੁਣੀ ਗਹੀਰੁ ॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ।
ਅਨਦਿਨੁ ਗੁਣ ਗਾਵੈ ਰੰਗਿ ਰਾਤਾ ਗੁਣ ਕਹਿ ਗੁਣੀ ਸਮਾਇਦਾ ॥੧੧॥
ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ। ਪਰਮਾਤਮਾ ਦੇ ਗੁਣ ਉਚਾਰ ਕੇ ਉਹ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੧॥
ਏਹੁ ਸਰੀਰੁ ਸਭ ਮੂਲੁ ਹੈ ਮਾਇਆ ॥
ਪਰ ਉਸ ਮਨੁੱਖ ਦਾ ਇਹ ਸਰੀਰ ਨਿਰਾ ਮਾਇਆ ਦੇ ਮੋਹ ਦਾ ਕਾਰਨ ਬਣ ਜਾਂਦਾ ਹੈ,
ਦੂਜੈ ਭਾਇ ਭਰਮਿ ਭੁਲਾਇਆ ॥
ਜਿਹੜਾ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਪਿਆਰ ਵਿਚ ਫਸਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।
ਹਰਿ ਨ ਚੇਤੈ ਸਦਾ ਦੁਖੁ ਪਾਏ ਬਿਨੁ ਹਰਿ ਚੇਤੇ ਦੁਖੁ ਪਾਇਦਾ ॥੧੨॥
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਸਦਾ ਦੁੱਖ ਪਾਂਦਾ ਹੈ, (ਇਹ ਪੱਕੀ ਗੱਲ ਹੈ ਕਿ) ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੁੱਖ ਪਾਂਦਾ ਹੈ ॥੧੨॥
ਜਿ ਸਤਿਗੁਰੁ ਸੇਵੇ ਸੋ ਪਰਵਾਣੁ ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਆਦਰ-ਜੋਗ ਹੋ ਜਾਂਦਾ ਹੈ।
ਕਾਇਆ ਹੰਸੁ ਨਿਰਮਲੁ ਦਰਿ ਸਚੈ ਜਾਣੁ ॥
ਉਸ ਦਾ ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ, ਉਸ ਦੀ ਆਤਮਾ ਪਵਿੱਤਰ ਰਹਿੰਦੀ ਹੈ। ਸਦਾ-ਥਿਰ ਪਰਮਾਤਮਾ ਦੇ ਦਰ ਤੇ ਉਹ ਜਾਣੂ-ਪਛਾਣੂ ਹੋ ਜਾਂਦਾ ਹੈ (ਸਤਕਾਰ ਪ੍ਰਾਪਤ ਕਰਦਾ ਹੈ)।
ਹਰਿ ਸੇਵੇ ਹਰਿ ਮੰਨਿ ਵਸਾਏ ਸੋਹੈ ਹਰਿ ਗੁਣ ਗਾਇਦਾ ॥੧੩॥
ਉਹ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ, ਪਰਮਾਤਮਾ ਨੂੰ ਮਨ ਵਿਚ ਵਸਾਈ ਰੱਖਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧੩॥
ਬਿਨੁ ਭਾਗਾ ਗੁਰੁ ਸੇਵਿਆ ਨ ਜਾਇ ॥
ਪਰ, ਕਿਸਮਤ ਤੋਂ ਬਿਨਾ ਗੁਰੂ ਦੀ ਸਰਨ ਨਹੀਂ ਪਿਆ ਜਾ ਸਕਦਾ।
ਮਨਮੁਖ ਭੂਲੇ ਮੁਏ ਬਿਲਲਾਇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, ਬੜੇ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ।
ਜਿਨ ਕਉ ਨਦਰਿ ਹੋਵੈ ਗੁਰ ਕੇਰੀ ਹਰਿ ਜੀਉ ਆਪਿ ਮਿਲਾਇਦਾ ॥੧੪॥
ਜਿਨ੍ਹਾਂ ਮਨੁੱਖਾਂ ਉਤੇ ਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹਨਾਂ ਨੂੰ ਪਰਮਾਤਮਾ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈ ॥੧੪॥
ਕਾਇਆ ਕੋਟੁ ਪਕੇ ਹਟਨਾਲੇ ॥
(ਉਸ ਮਨੁੱਖ ਦਾ) ਸਰੀਰ (ਇਕ ਐਸਾ) ਕਿਲ੍ਹਾ (ਬਣ ਜਾਂਦਾ) ਹੈ (ਜਿਸ ਦੇ) ਬਾਜ਼ਾਰ (ਗਿਆਨ-ਇੰਦ੍ਰੇ ਵਿਕਾਰਾਂ ਦੇ ਮੁਕਾਬਲੇ ਤੇ) ਅਡੋਲ (ਹੋ ਜਾਂਦੇ) ਹਨ,
ਗੁਰਮੁਖਿ ਲੇਵੈ ਵਸਤੁ ਸਮਾਲੇ ॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਆਪਣੇ ਅੰਦਰ) ਨਾਮ-ਪਦਾਰਥ ਸਾਂਭ ਲੈਂਦਾ ਹੈ।
ਹਰਿ ਕਾ ਨਾਮੁ ਧਿਆਇ ਦਿਨੁ ਰਾਤੀ ਊਤਮ ਪਦਵੀ ਪਾਇਦਾ ॥੧੫॥
ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰ ਕੇ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧੫॥
ਆਪੇ ਸਚਾ ਹੈ ਸੁਖਦਾਤਾ ॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਰੇ) ਸੁਖ ਦੇਣ ਵਾਲਾ ਹੈ।
ਪੂਰੇ ਗੁਰ ਕੈ ਸਬਦਿ ਪਛਾਤਾ ॥
ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨਾਲ ਸਾਂਝ ਪਾਈ ਜਾ ਸਕਦੀ ਹੈ।
ਨਾਨਕ ਨਾਮੁ ਸਲਾਹੇ ਸਾਚਾ ਪੂਰੈ ਭਾਗਿ ਕੋ ਪਾਇਦਾ ॥੧੬॥੭॥੨੧॥
ਪੂਰੀ ਕਿਸਮਤ ਨਾਲ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ ਕਿ ਸਦਾ-ਥਿਰ ਹਰਿ-ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੬॥੭॥੨੧॥
ਮਾਰੂ ਮਹਲਾ ੩ ॥
ਨਿਰੰਕਾਰਿ ਆਕਾਰੁ ਉਪਾਇਆ ॥
ਆਕਾਰ-ਰਹਿਤ ਪਰਮਾਤਮਾ ਨੇ (ਆਪਣੇ ਆਪ ਤੋਂ ਪਹਿਲਾਂ) ਇਹ ਦਿੱਸਦਾ ਜਗਤ ਪੈਦਾ ਕੀਤਾ,
ਮਾਇਆ ਮੋਹੁ ਹੁਕਮਿ ਬਣਾਇਆ ॥
ਮਾਇਆ ਦਾ ਮੋਹ ਭੀ ਉਸ ਨੇ ਆਪਣੇ ਹੁਕਮ ਵਿਚ ਹੀ ਬਣਾ ਦਿੱਤਾ।
ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥੧॥
ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (ਗੁਰੂ ਪਾਸੋਂ) ਸੁਣ ਕੇ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਕਰਤਾਰ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ ॥੧॥
ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥
(ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਣ ਵਾਲਾ ਮਨੁੱਖ ਇਹ ਨਿਸ਼ਚਾ ਰੱਖਦਾ ਹੈ ਕਿ) (ਜਗਤ ਦੀ) ਮਾਂ ਮਾਇਆ ਤੋਂ (ਜਗਤ ਦੇ ਪਿਤਾ ਪਰਮਾਤਮਾ ਨੇ ਸਾਰੇ) ਤ੍ਰੈਗੁਣੀ ਜੀਵ ਪੈਦਾ ਕੀਤੇ (ਬ੍ਰਹਮਾ ਸ਼ਿਵ ਆਦਿਕ ਭੀ ਉਸੇ ਨੇ ਪੈਦਾ ਕੀਤੇ),
ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥
ਬ੍ਰਹਮਾ ਨੂੰ ਉਸ ਨੇ ਚਾਰੇ ਵੇਦ (ਰਚਣ ਲਈ) ਹੁਕਮ ਕੀਤਾ।
ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥੨॥
ਵਰ੍ਹੇ ਮਹੀਨੇ ਵਾਰ ਥਿੱਤਾਂ (ਆਦਿਕ) ਬਣਾ ਕੇ ਇਸ ਜਗਤ ਵਿਚ (ਸਮੇ ਆਦਿਕ ਦੀ) ਸੂਝ ਭੀ ਉਹ ਪਰਮਾਤਮਾ ਹੀ ਪੈਦਾ ਕਰਨ ਵਾਲਾ ਹੈ ॥੨॥
ਗੁਰ ਸੇਵਾ ਤੇ ਕਰਣੀ ਸਾਰ ॥
(ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਿਆ) ਗੁਰੂ ਦੀ ਸਰਨ ਪੈਣ ਤੋਂ ਉਸ ਨੂੰ ਇਹ ਸ੍ਰੇਸ਼ਟ ਕਰਨ-ਜੋਗ ਕੰਮ ਮਿਲ ਗਿਆ,
ਰਾਮ ਨਾਮੁ ਰਾਖਹੁ ਉਰਿ ਧਾਰ ॥
ਕਿ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ।
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥
ਸੋ, ਇਸ ਜਗਤ ਵਿਚ (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਬਾਣੀ ਆ ਵੱਸਦੀ ਹੈ, ਉਹ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ॥੩॥
ਵੇਦੁ ਪੜੈ ਅਨਦਿਨੁ ਵਾਦ ਸਮਾਲੇ ॥
(ਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਵੇਦ (ਆਦਿਕ ਹੀ) ਪੜ੍ਹਦਾ ਹੈ, ਤੇ, ਹਰ ਵੇਲੇ ਚਰਚਾ ਆਦਿਕ ਹੀ ਕਰਦਾ ਹੈ,
ਨਾਮੁ ਨ ਚੇਤੈ ਬਧਾ ਜਮਕਾਲੇ ॥
ਪਰਮਾਤਮਾ ਦਾ ਨਾਮ ਸਿਮਰਦਾ ਨਹੀਂ ਉਹ ਆਤਮਕ ਮੌਤ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ।
ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ ਭੁਲਾਇਦਾ ॥੪॥
ਹੋਰ ਹੋਰ ਪਿਆਰ ਵਿਚ ਫਸ ਕੇ ਉਹ ਸਦਾ ਦੁੱਖ ਪਾਂਦਾ ਹੈ। ਮਾਇਆ ਦੇ ਤਿੰਨ ਗੁਣਾਂ ਦੀ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਗ਼ਲਤ ਰਸਤੇ ਤੇ ਪਿਆ ਰਹਿੰਦਾ ਹੈ ॥੪॥
ਗੁਰਮੁਖਿ ਏਕਸੁ ਸਿਉ ਲਿਵ ਲਾਏ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਿਰਫ਼ ਪਰਮਾਤਮਾ ਨਾਲ ਪਿਆਰ ਪਾਂਦਾ ਹੈ,
ਤ੍ਰਿਬਿਧਿ ਮਨਸਾ ਮਨਹਿ ਸਮਾਏ ॥
(ਇਸ ਤਰ੍ਹਾਂ ਉਹ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਪੈਦਾ ਹੋਣ ਵਾਲੇ ਫੁਰਨੇ ਨੂੰ ਆਪਣੇ ਮਨ ਦੇ ਵਿਚ ਹੀ ਮੁਕਾ ਦੇਂਦਾ ਹੈ।
ਸਾਚੈ ਸਬਦਿ ਸਦਾ ਹੈ ਮੁਕਤਾ ਮਾਇਆ ਮੋਹੁ ਚੁਕਾਇਦਾ ॥੫॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ (ਵਿਕਾਰਾਂ ਤੋਂ) ਸਦਾ ਬਚਿਆ ਰਹਿੰਦਾ ਹੈ, (ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੫॥
ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥
ਪਰ, ਇਸ ਮਨੁੱਖਾ ਜਨਮ ਵਿਚ ਉਹ ਮਨੁੱਖ ਹੀ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਜਿਹੜੇ (ਪਹਿਲੀ ਕੀਤੀ ਕਮਾਈ ਅਨੁਸਾਰ) ਧੁਰ ਦਰਗਾਹ ਤੋਂ ਰੰਗੇ ਹੋਏ ਹੁੰਦੇ ਹਨ।
ਗੁਰਪਰਸਾਦੀ ਸਹਜੇ ਮਾਤੇ ॥
ਉਹ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ।
ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ ਆਪੈ ਆਪੁ ਮਿਲਾਇਦਾ ॥੬॥
ਗੁਰੂ ਦੀ ਸਰਨ ਪੈ ਕੇ ਮਨੁੱਖ ਸਦਾ ਪ੍ਰਭੂ ਦਾ ਮਿਲਾਪ ਪ੍ਰਾਪਤ ਕਰੀ ਰੱਖਦਾ ਹੈ, ਉਹ ਆਪਣੇ ਆਪ ਨੂੰ (ਪ੍ਰਭੂ ਦੇ) ਆਪੇ ਵਿਚ ਮਿਲਾ ਲੈਂਦਾ ਹੈ ॥੬॥
ਮਾਇਆ ਮੋਹਿ ਭਰਮਿ ਨ ਪਾਏ ॥
ਮਾਇਆ ਦੇ ਮੋਹ ਵਿਚ, ਭਟਕਣਾ ਵਿਚ ਫਸਿਆ ਹੋਇਆ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
ਦੂਜੈ ਭਾਇ ਲਗਾ ਦੁਖੁ ਪਾਏ ॥
ਹੋਰ ਹੋਰ ਪਿਆਰ ਵਿਚ ਲੱਗਾ ਹੋਇਆ ਮਨੁੱਖ ਦੁੱਖ (ਹੀ) ਸਹਾਰਦਾ ਹੈ।
ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥੭॥
(ਕਸੁੰਭੇ ਦੇ ਰੰਗ ਵਾਂਗ ਮਾਇਆ ਦਾ) ਸ਼ੋਖ਼ ਰੰਗ ਥੋੜੇ ਦਿਨ ਹੀ ਰਹਿੰਦਾ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੭॥
ਏਹੁ ਮਨੁ ਭੈ ਭਾਇ ਰੰਗਾਏ ॥
ਜਿਹੜਾ ਮਨੁੱਖ (ਆਪਣੇ) ਇਸ ਮਨ ਨੂੰ ਪਰਮਾਤਮਾ ਦੇ ਡਰ-ਅਦਬ ਵਿਚ ਪਿਆਰ ਵਿਚ ਰੰਗਦਾ ਹੈ,
ਇਤੁ ਰੰਗਿ ਸਾਚੇ ਮਾਹਿ ਸਮਾਏ ॥
ਉਹ ਇਸ ਰੰਗ ਵਿਚ (ਰੰਗੀਜ ਕੇ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।
ਪੂਰੈ ਭਾਗਿ ਕੋ ਇਹੁ ਰੰਗੁ ਪਾਏ ਗੁਰਮਤੀ ਰੰਗੁ ਚੜਾਇਦਾ ॥੮॥
ਪਰ ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਇਹ ਪ੍ਰੇਮ-ਰੰਗ ਹਾਸਲ ਕਰਦਾ ਹੈ। ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਇਹ ਰੰਗ (ਆਪਣੇ ਮਨ ਨੂੰ) ਚਾੜ੍ਹਦਾ ਹੈ ॥੮॥
ਮਨਮੁਖੁ ਬਹੁਤੁ ਕਰੇ ਅਭਿਮਾਨੁ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬੜਾ ਅਹੰਕਾਰ ਕਰਦਾ ਹੈ,
ਦਰਗਹ ਕਬ ਹੀ ਨ ਪਾਵੈ ਮਾਨੁ ॥
ਪਰ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਦੇ ਭੀ ਆਦਰ ਨਹੀਂ ਪਾਂਦਾ।
ਦੂਜੈ ਲਾਗੇ ਜਨਮੁ ਗਵਾਇਆ ਬਿਨੁ ਬੂਝੇ ਦੁਖੁ ਪਾਇਦਾ ॥੯॥
ਹੋਰ ਹੋਰ (ਮੋਹ) ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਗੰਵਾ ਲੈਂਦਾ ਹੈ, ਸਹੀ ਜੀਵਨ ਦੀ ਸੂਝ ਤੋਂ ਬਿਨਾ ਉਹ ਸਦਾ ਦੁੱਖ ਪਾਂਦਾ ਹੈ ॥੯॥
ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥
ਮੇਰੇ ਪ੍ਰਭੂ ਨੇ ਆਪਣੇ ਆਪ ਨੂੰ (ਹਰੇਕ ਜੀਵ ਦੇ) ਅੰਦਰ ਗੁਪਤ ਰੱਖਿਆ ਹੋਇਆ ਹੈ,
ਗੁਰਪਰਸਾਦੀ ਹਰਿ ਮਿਲੈ ਮਿਲਾਇਆ ॥
(ਫਿਰ ਭੀ) ਗੁਰੂ ਦੀ ਕਿਰਪਾ ਨਾਲ ਹੀ ਮਿਲਾਇਆ ਮਿਲਦਾ ਹੈ।
ਸਚਾ ਪ੍ਰਭੁ ਸਚਾ ਵਾਪਾਰਾ ਨਾਮੁ ਅਮੋਲਕੁ ਪਾਇਦਾ ॥੧੦॥
(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਹ ਸਮਝ ਲੈਂਦਾ ਹੈ ਕਿ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਨਾਮ ਜਪਣਾ ਹੀ ਸਹੀ ਵਣਜ-ਵਪਾਰ ਹੈ। (ਗੁਰੂ ਦੀ ਕਿਰਪਾ ਨਾਲ ਉਹ) ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧੦॥
ਇਸੁ ਕਾਇਆ ਕੀ ਕੀਮਤਿ ਕਿਨੈ ਨ ਪਾਈ ॥
(ਆਪਣੀ ਅਕਲ ਦੇ ਆਸਰੇ) ਕਿਸੇ ਮਨੁੱਖ ਨੇ ਇਸ (ਮਨੁੱਖਾ) ਸਰੀਰ ਦੀ ਕਦਰ ਨਹੀਂ ਸਮਝੀ।
ਮੇਰੈ ਠਾਕੁਰਿ ਇਹ ਬਣਤ ਬਣਾਈ ॥
ਮੇਰੇ ਮਾਲਕ-ਪ੍ਰਭੂ ਨੇ ਇਹੀ ਮਰਯਾਦਾ ਬਣਾ ਰੱਖੀ ਹੈ,
ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ ॥੧੧॥
ਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ (ਆਪਣੇ) ਸਰੀਰ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ, ਅਤੇ ਆਪਾ-ਭਾਵ ਨੂੰ ਆਪਣੇ ਵਿਚ ਹੀ ਲੀਨ ਕਰ ਦੇਂਦਾ ਹੈ ॥੧੧॥
ਕਾਇਆ ਵਿਚਿ ਤੋਟਾ ਕਾਇਆ ਵਿਚਿ ਲਾਹਾ ॥
(ਹਰਿ-ਨਾਮ ਤੋਂ ਖੁੰਝਿਆਂ) ਸਰੀਰ ਦੇ ਅੰਦਰ (ਆਤਮਕ ਜੀਵਨ ਦਾ) ਘਾਟਾ ਪੈਂਦਾ ਜਾਂਦਾ ਹੈ (ਨਾਮ ਵਿਚ ਜੁੜਿਆਂ) ਸਰੀਰ ਅੰਦਰ (ਆਤਮਕ ਜੀਵਨ ਦਾ) ਲਾਭ ਪ੍ਰਾਪਤ ਹੁੰਦਾ ਹੈ।
ਗੁਰਮੁਖਿ ਖੋਜੇ ਵੇਪਰਵਾਹਾ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਵੇਪਰਵਾਹ ਪ੍ਰਭੂ ਨੂੰ (ਆਪਣੇ ਸਰੀਰ ਵਿਚ) ਭਾਲਦਾ ਹੈ।
ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥੧੨॥
ਨਾਮ-ਵਣਜ ਕਰ ਕੇ ਉਹ ਸਦਾ ਸੁਖ ਮਾਣਦਾ ਹੈ, ਅਤੇ ਹਰ ਵੇਲੇ ਆਪਣੇ ਆਪ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੨॥
ਸਚਾ ਮਹਲੁ ਸਚੇ ਭੰਡਾਰਾ ॥
ਪਰਮਾਤਮਾ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਖ਼ਜ਼ਾਨੇ (ਭੀ) ਸਦਾ ਕਾਇਮ ਰਹਿਣ ਵਾਲੇ ਹਨ।
ਆਪੇ ਦੇਵੈ ਦੇਵਣਹਾਰਾ ॥
ਸਭ ਕੁਝ ਦੇਣ ਦੀ ਸਮਰਥਾ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ ਇਹ ਖ਼ਜ਼ਾਨੇ) ਦੇਂਦਾ ਹੈ।
ਗੁਰਮੁਖਿ ਸਾਲਾਹੇ ਸੁਖਦਾਤੇ ਮਨਿ ਮੇਲੇ ਕੀਮਤਿ ਪਾਇਦਾ ॥੧੩॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਆਪਣੇ ਮਨ ਵਿਚ ਸਾਂਭ ਰੱਖਦਾ ਹੈ, ਉਸ (ਦੇ ਨਾਮ) ਦੀ ਕਦਰ ਸਮਝਦਾ ਹੈ ॥੧੩॥
ਕਾਇਆ ਵਿਚਿ ਵਸਤੁ ਕੀਮਤਿ ਨਹੀ ਪਾਈ ॥
ਮਨੁੱਖ ਦੇ ਸਰੀਰ ਦੇ ਵਿਚ ਹੀ ਨਾਮ-ਪਦਾਰਥ ਹੈ, ਪਰ ਮਨੁੱਖ ਇਸ ਦੀ ਕਦਰ ਨਹੀਂ ਸਮਝਦਾ।
ਗੁਰਮੁਖਿ ਆਪੇ ਦੇ ਵਡਿਆਈ ॥
ਗੁਰੂ ਦੇ ਸਨਮੁਖ ਕਰ ਕੇ (ਪਰਮਾਤਮਾ) ਆਪ ਹੀ (ਆਪਣੇ ਨਾਮ ਦੀ ਕਦਰ ਕਰਨ ਦੀ) ਵਡਿਆਈ ਬਖ਼ਸ਼ਦਾ ਹੈ।
ਜਿਸ ਦਾ ਹਟੁ ਸੋਈ ਵਥੁ ਜਾਣੈ ਗੁਰਮੁਖਿ ਦੇਇ ਨ ਪਛੋਤਾਇਦਾ ॥੧੪॥
ਇਸ ਪਰਮਾਤਮਾ ਦਾ (ਬਣਾਇਆ ਹੋਇਆ ਇਹ ਮਨੁੱਖਾ ਸਰੀਰ-) ਹੱਟ ਹੈ, ਉਹ (ਇਸ ਵਿਚ ਰਖੇ ਹੋਏ ਨਾਮ-) ਪਦਾਰਥ (ਦੀ ਕਦਰ) ਨੂੰ ਜਾਣਦਾ ਹੈ। (ਉਹ ਪ੍ਰਭੂ ਇਹ ਦਾਤਿ) ਗੁਰੂ ਦੀ ਰਾਹੀਂ ਦੇਂਦਾ ਹੈ, (ਦੇ ਕੇ) ਪਛੁਤਾਂਦਾ ਨਹੀਂ ॥੧੪॥
ਹਰਿ ਜੀਉ ਸਭ ਮਹਿ ਰਹਿਆ ਸਮਾਈ ॥
ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ,
ਗੁਰਪਰਸਾਦੀ ਪਾਇਆ ਜਾਈ ॥
(ਪਰ ਉਹ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਪੇ ਮੇਲਿ ਮਿਲਾਏ ਆਪੇ ਸਬਦੇ ਸਹਜਿ ਸਮਾਇਦਾ ॥੧੫॥
ਉਹ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੫॥
ਆਪੇ ਸਚਾ ਸਬਦਿ ਮਿਲਾਏ ॥
ਸਦਾ-ਥਿਰ ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ,
ਸਬਦੇ ਵਿਚਹੁ ਭਰਮੁ ਚੁਕਾਏ ॥
ਸ਼ਬਦ ਦੀ ਰਾਹੀਂ ਹੀ (ਉਸ ਦੇ) ਅੰਦਰੋਂ ਭਟਕਣਾ ਦੂਰ ਕਰਦਾ ਹੈ।
ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥
ਹੇ ਨਾਨਕ! ਹਰਿ-ਨਾਮ ਵਿਚ ਜੁੜਿਆਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਨਾਮ ਦੀ ਰਾਹੀਂ ਹੀ (ਮਨੁੱਖ) ਆਤਮਕ ਆਨੰਦ ਮਾਣਦਾ ਹੈ ॥੧੬॥੮॥੨੨॥