ਰਾਗ ਆਸਾ – ਬਾਣੀ ਸ਼ਬਦ-Part 9 – Raag Asa – Bani

ਰਾਗ ਆਸਾ – ਬਾਣੀ ਸ਼ਬਦ-Part 9 – Raag Asa – Bani

ਆਸਾ ਮਹਲਾ ੪ ॥
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥

ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ।

ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥

ਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ।

ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥

ਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ।

ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥

ਹੇ ਨਾਨਕ! ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ-ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ ॥੧॥

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥

ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ।

ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥

ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ।

ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥

ਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ।

ਜਿਨ੍ਰ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥

ਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥੨॥

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥

ਹੇ ਹਰੀ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ,

ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥

ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ (ਜਿਸ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚੋਂ) ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ,

ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥

ਗੁਰੂ ਦੇ ਸ਼ਰਨ ਲਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ, ਤੇ ਉਹਨਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੁਕਾਈ ਨਾਮ ਸਿਮਰਨ ਦੀ ਆਤਮਕ ਖ਼ੁਰਾਕ ਖਾਂਦੀ ਹੈ।

ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥

ਹੇ ਦਾਸ ਨਾਨਕ! ਜੇਹੜੇ ਮਨੁੱਖ (ਆਪਣੇ ਹਿਰਦੇ-ਖੇਤ ਵਿਚ) ਹਰਿ-ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ, ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ ॥੩॥

ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥

ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ, ਉਹਨਾਂ ਦੇ ਮਨ ਵਿਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ।

ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥

ਜੇ ਕੋਈ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।

ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਰਾ ਮੇਰਾ ਸਤਿਗੁਰੁ ਤੁਠਾ ॥

ਜਿਨ੍ਹਾਂ ਗੁਰਸਿੱਖਾਂ ਉਤੇ ਪਿਆਰਾ ਸਤਿਗੁਰੂ ਮੇਹਰਬਾਨ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਮਾਣ ਮਿਲਦਾ ਹੈ।

ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥

ਨਾਨਕ ਆਖਦਾ ਹੈ- ਉਹ ਗੁਰਸਿੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ ॥੪॥੧੨॥੧੯॥


ਆਸਾ ਮਹਲਾ ੪ ॥
ਜਿਨ੍ਰਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥

ਜਿਨ੍ਹਾਂ ਮਨੁੱਖਾਂ ਨੇ ਪਿਆਰੇ ਗੁਰੂ ਦਾ ਪੱਲਾ ਫੜ ਲਿਆ, ਗੁਰੂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ।

ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥

ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਮਨੁੱਖ ਦੀ ਮਾਇਆ ਵਾਲੀ ਭੁੱਖ-ਤ੍ਰੇਹ ਸਾਰੀ ਦੂਰ ਹੋ ਜਾਂਦੀ ਹੈ।

ਜੋ ਹਰਿ ਹਰਿ ਨਾਮੁ ਧਿਆਇਦੇ ਤਿਨ੍ਰ ਜਮੁ ਨੇੜਿ ਨ ਆਵੈ ॥

ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।

ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥

ਹੇ ਦਾਸ ਨਾਨਕ! ਜਿਸ ਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਸਦਾ ਉਸ ਦਾ ਨਾਮ ਜਪਦਾ ਹੈ, ਤੇ, ਪਰਮਾਤਮਾ ਉਸ ਨੂੰ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥

ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥

ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਮੁੜ (ਵਿਕਾਰਾਂ ਆਦਿਕ ਦੀ) ਕੋਈ ਰੁਕਾਵਟ ਨਹੀਂ ਪੈਂਦੀ।

ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥

ਜੇਹੜੇ ਮਨੁੱਖ (ਆਪਣਾ ਜੀਵਨ ਸੁੱਚਾ ਬਣਾ ਕੇ) ਸਮਰਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਹਨ, ਹਰੇਕ ਜੀਵ ਉਹਨਾਂ ਦਾ ਆਦਰ-ਸਤਕਾਰ ਕਰਦਾ ਹੈ।

ਜਿਨ੍ਰੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਰਾ ਸੁਖੁ ਸਦ ਹੋਈ ॥

ਜੇਹੜੇ ਮਨੁੱਖ ਪਿਆਰੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ (ਗੁਰੂ ਦਾ ਆਸਰਾ ਲੈਂਦੇ ਹਨ) ਉਹਨਾਂ ਨੂੰ ਸਦਾ ਹੀ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ।

ਜਿਨ੍ਰਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਰਾ ਮਿਲਿਆ ਹਰਿ ਸੋਈ ॥੨॥

ਨਾਨਕ (ਆਖਦਾ ਹੈ) ਜੇਹੜੇ ਮਨੁੱਖ ਗੁਰੂ ਦਾ ਪੱਲਾ ਫੜਦੇ ਹਨ ਉਹਨਾਂ ਨੂੰ ਪਰਮਾਤਮਾ ਆਪ ਆ ਮਿਲਦਾ ਹੈ ॥੨॥

ਜਿਨ੍ਰਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨ੍ਰ ਹਰਿ ਰਖਣਹਾਰਾ ਰਾਮ ਰਾਜੇ ॥

ਗੁਰੂ ਦੇ ਦੱਸੇ ਰਸਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਬਚਾਣ ਦੀ ਸਮਰਥਾ ਵਾਲਾ ਪਰਮਾਤਮਾ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ।)

ਤਿਨ੍ਰ ਕੀ ਨਿੰਦਾ ਕੋਈ ਕਿਆ ਕਰੇ ਜਿਨ੍ਰ ਹਰਿ ਨਾਮੁ ਪਿਆਰਾ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਕੋਈ ਮਨੁੱਖ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਕੋਈ ਨਿੰਦਣ-ਜੋਗ ਭੈੜ ਉਹਨਾਂ ਦੇ ਜੀਵਨ ਵਿਚ ਰਹਿ ਹੀ ਨਹੀਂ ਜਾਂਦਾ।

ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥

ਸੋ ਜਿਨ੍ਹਾਂ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ, ਭੈੜੇ ਮਨੁੱਖ (ਉਹਨਾਂ ਨੂੰ ਬਦਨਾਮ ਕਰਨ ਲਈ ਐਵੇਂ) ਵਿਅਰਥ ਟੱਕਰਾਂ ਮਾਰਦੇ ਹਨ।

ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥

ਹੇ ਦਾਸ ਨਾਨਕ! (ਆਖ-) ਜੇਹੜੇ ਮਨੁੱਖ ਹਰਿ-ਨਾਮ ਸਿਮਰਦੇ ਹਨ, ਬਚਾਣ ਦੀ ਸਮਰਥਾ ਵਾਲਾ ਹਰੀ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ॥੩॥

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥

ਪਰਮਾਤਮਾ ਹਰੇਕ ਜੁਗ ਵਿਚ ਹੀ ਭਗਤ ਪੈਦਾ ਕਰਦਾ ਹੈ, ਤੇ, (ਭੀੜਾ ਸਮੇ) ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ।

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥

(ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ।

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥

(ਜਿਵੇਂ ਕਿ, ਮੰਦਰ ਵਿਚੋਂ ਧੱਕੇ ਦੇਣ ਵਾਲੇ) ਨਿੰਦਕਾਂ ਤੇ (ਜਾਤਿ-) ਅਭਿਮਾਨੀਆਂ ਨੂੰ (ਪਰਮਾਤਮਾ ਨੇ) ਪਿੱਠ ਦੇ ਕੇ (ਆਪਣੇ ਭਗਤ) ਨਾਮਦੇਵ ਨੂੰ ਦਰਸ਼ਨ ਦਿੱਤਾ।

ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥

ਹੇ ਦਾਸ ਨਾਨਕ! ਜੇਹੜਾ ਭੀ ਮਨੁੱਖ ਇਹੋ ਜਿਹੀ ਸਮਰਥਾ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਪਰਮਾਤਮਾ ਉਸ ਨੂੰ (ਦੋਖੀਆਂ ਵਲੋਂ ਦਿੱਤੇ ਜਾ ਰਹੇ ਸਭ ਕਸ਼ਟਾਂ ਤੋਂ) ਆਖ਼ਰ ਬਚਾ ਲੈਂਦਾ ਹੈ ॥੪॥੧੩॥੨੦॥


ਆਸਾ ਮਹਲਾ ੪ ਛੰਤ ਘਰੁ ੫ ॥

ਰਾਗ ਆਸਾ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥

ਹੇ ਥਾਂ ਥਾਂ ਭਟਕ ਰਹੇ ਮਨ! ਹੇ ਪਿਆਰੇ ਮਨ! ਕਦੇ ਤਾਂ ਪ੍ਰਭੂ-ਚਰਨਾਂ ਵਿਚ ਜੁੜ।

ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥

ਹੇ ਮੇਰੇ ਪਿਆਰੇ ਮਨ! ਹਰਿ-ਰੂਪ ਗੁਰੂ ਨੂੰ ਮਿਲ (ਤੈਨੂੰ ਸਮਝ ਪੈ ਜਾਇਗੀ ਕਿ ਸਭ ਸੁਖਾਂ ਦਾ ਦਾਤਾ) ਪਰਮਾਤਮਾ ਤੇਰੇ ਅੰਦਰ ਹੀ ਵੱਸ ਰਿਹਾ ਹੈ।

ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥

ਹੇ ਮੇਰੇ ਪਿਆਰੇ ਮਨ! ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਆਤਮਕ ਆਨੰਦ ਮਾਣ (ਅਰਦਾਸ ਕਰਦਾ ਰਹੁ ਕਿ ਤੇਰੇ ਉਤੇ) ਪ੍ਰਭੂ ਇਹ ਮੇਹਰ (ਦੀ ਦਾਤਿ) ਕਰੇ।

ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥

ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ ਮਨ! ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਨੂੰ ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੧॥

ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥

ਹੇ ਮੇਰੇ ਪਿਆਰੇ! ਮੈਂ (ਪ੍ਰਭੂ-ਚਰਨਾਂ ਵਿਚ) ਪ੍ਰੇਮ ਜੋੜ ਕੇ ਉਸ ਦੇ ਪਿਆਰ ਦਾ ਸੁਆਦ (ਕਦੇ ਭੀ) ਨਹੀਂ ਚੱਖਿਆ,

ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥

(ਕਿਉਂਕਿ) ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਵੱਸ ਰਹੀ ਮਾਇਆ ਦੀ) ਤ੍ਰਿਸ਼ਨਾ ਕਦੇ ਮੁੱਕੀ ਹੀ ਨਹੀਂ, (ਮੇਰਾ ਮਨ) ਸਦਾ (ਮਾਇਆ ਦੀਆਂ ਹੀ) ਆਸਾਂ ਬਣਾਂਦਾ ਰਹਿੰਦਾ ਹੈ।

ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥

ਹੇ ਮੇਰੇ ਪਿਆਰੇ! ਸਦਾ (ਇਸੇ ਹਾਲਤ ਵਿਚ ਹੀ) ਮੇਰੀ ਜਵਾਨੀ ਲੰਘਦੀ ਜਾ ਰਹੀ ਹੈ ਤੇ ਮੌਤ ਦਾ ਦੇਵਤਾ ਮੇਰੇ ਸੁਆਸਾਂ ਨੂੰ (ਗਹੁ ਨਾਲ) ਤੱਕ ਰਿਹਾ ਹੈ (ਕਿ ਸੁਆਸ ਪੂਰੇ ਹੋਣ ਤੇ ਇਸ ਨੂੰ ਆ ਫੜਾਂ)।

ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥

ਹੇ ਨਾਨਕ! (ਆਖ-) ਹੇ ਮੇਰੇ ਪਿਆਰੇ! ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਬਣਦੀ ਹੈ ਉਸ ਦੇ ਮੱਥੇ ਉਤੇ ਭਾਗਾਂ ਦੀ ਮਣੀ ਚਮਕਦੀ ਹੈ ਜੇਹੜੀ ਪਰਮਾਤਮਾ (ਦੀ ਯਾਦ) ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ ॥੨॥

ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ ॥

ਹੇ ਮੇਰੇ ਪਿਆਰੇ! ਮੇਰੀਆਂ ਅੱਖਾਂ ਪ੍ਰਭੂ-ਪਤੀ ਦੇ ਦਰਸ਼ਨ ਵਿਚ ਮਸਤ ਹਨ ਜਿਵੇਂ ਪਪੀਹਾ (ਸ੍ਵਾਂਤੀ ਵਰਖਾ ਦੀ) ਬੂੰਦ (ਲਈ ਤਾਂਘਦਾ ਹੈ)।

ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ ॥

ਹੇ ਮੇਰੇ ਪਿਆਰੇ! ਜਦੋਂ ਮੇਰਾ ਮਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਪੀਂਦਾ ਹੈ ਤਾਂ ਠੰਢਾ-ਠਾਰ ਹੋ ਜਾਂਦਾ ਹੈ।

ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਦ ਨ ਪਵੈ ਕਿਵੈ ॥

ਹੇ ਮੇਰੇ ਪਿਆਰੇ! ਮੇਰੇ ਸਰੀਰ ਵਿਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ, ਕਿਸੇ ਤਰ੍ਹਾਂ ਭੀ ਮੈਨੂੰ ਨੀਂਦ ਨਹੀਂ ਪੈਂਦੀ।

ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ॥੩॥

ਹੇ ਨਾਨਕ! (ਆਖ-) ਹੇ ਮੇਰੇ ਪਿਆਰੇ! ਗੁਰੂ ਦੀ ਬਖ਼ਸ਼ੀ ਲਗਨ ਦੀ ਬਰਕਤਿ ਨਾਲ ਮੈਂ ਸੱਜਣ ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੩॥

ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥

ਹੇ ਮੇਰੇ ਪਿਆਰੇ! ਚੇਤ (ਦਾ ਮਹੀਨਾ) ਚੜ੍ਹਦਾ ਹੈ, ਬਸੰਤ (ਦਾ ਮੌਸਮ) ਆਉਂਦਾ ਹੈ, (ਸਾਰਾ ਸੰਸਾਰ ਆਖਦਾ ਹੈ ਕਿ ਇਹ) ਸੋਹਣੀ ਰੁੱਤ (ਆ ਗਈ ਹੈ, ਪਰ)

ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥

ਹੇ ਮੇਰੇ ਪਿਆਰੇ! ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ (ਮੇਰੇ ਹਿਰਦੇ ਦੇ) ਵੇਹੜੇ ਵਿਚ ਧੂੜ ਉੱਡ ਰਹੀ ਹੈ।

ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ ॥

ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਉੱਠ ਰਹੀ ਹੈ, (ਮੈਂ ਦੁਨੀਆ ਦੇ ਭਾ ਦੀ ਸੋਹਣੀ ਬਸੰਤ ਰੁੱਤ ਵਲੋਂ) ਉਦਾਸ ਹਾਂ, ਮੇਰੀਆਂ ਦੋਵੇਂ ਅੱਖਾਂ (ਬਸੰਤ ਦੇ ਖੇੜੇ ਨੂੰ ਵੇਖਣ ਦੇ ਥਾਂ ਪ੍ਰਭੂ-ਪਤੀ ਦੇ ਦਰਸਨ ਦੀ ਉਡੀਕ ਵਿਚ) ਜੁੜੀਆਂ ਪਈਆਂ ਹਨ।

ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥੪॥

ਨਾਨਕ (ਆਖਦਾ ਹੈ-ਹੁਣ) ਹੇ ਮੇਰੇ ਪਿਆਰੇ! ਗੁਰੂ ਨਾਨਕ ਨੂੰ ਵੇਖ ਕੇ (ਮੇਰੀ ਜਿੰਦ ਇਉਂ) ਖਿੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖਿੜ ਪੈਂਦੀ ਹੈ ॥੪॥

ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਈਆ ॥

ਹੇ ਮੇਰੇ ਪਿਆਰੇ! ਮੈਨੂੰ ਗੁਰੂ ਨੇ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ,

ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ ॥

ਮੈਂ ਉਸ ਗੁਰੂ ਤੋਂ ਸਦਕੇ ਜਾਂਦੀ ਹਾਂ ਜਿਸ ਨੇ ਮੈਨੂੰ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ।

ਸਭਿ ਆਸਾ ਹਰਿ ਪੂਰੀਆ ਮੇਰੇ ਪਿਆਰੇ ਮਨਿ ਚਿੰਦਿਅੜਾ ਫਲੁ ਪਾਇਆ ॥

ਹੇ ਮੇਰੇ ਪਿਆਰੇ! ਪ੍ਰਭੂ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ, ਪ੍ਰਭੂ ਪਾਸੇ ਮੈਂ ਮਨ-ਚਿਤਵਿਆ ਫਲ ਪਾ ਲਿਆ ਹੈ।

ਹਰਿ ਤੁਠੜਾ ਮੇਰੇ ਪਿਆਰੇ ਜਨੁ ਨਾਨਕੁ ਨਾਮਿ ਸਮਾਇਆ ॥੫॥

ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! ਜਿਸ (ਵਡ-ਭਾਗੀ ਮਨੁੱਖ ਉਤੇ) ਪਰਮਾਤਮਾ ਦਇਆਵਾਨ ਹੁੰਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੫॥

ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ ॥

ਹੇ ਪਿਆਰੇ! ਪਰਮਾਤਮਾ ਤੋਂ ਬਿਨਾ (ਕਿਸੇ ਹੋਰ ਨਾਲ) ਮੈਂ ਪ੍ਰੇਮ (ਦੀ ਖੇਡ) ਨਹੀਂ ਖੇਡਾਂਗੀ।

ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ ॥

(ਹੇ ਪਿਆਰੇ! ਦੱਸ) ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੀ ਰਾਹੀਂ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ।

ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ ॥

ਹੇ ਪਿਆਰੇ ਦਾਤਾਰ ਹਰੀ! ਮੈਨੂੰ ਗੁਰੂ ਮਿਲਾ, ਗੁਰੂ ਦੀ ਰਾਹੀਂ ਹੀ ਮੈਂ ਤੇਰਾ ਦਰਸਨ ਕਰ ਸਕਾਂਗੀ।

ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥

ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! (ਜਿਸ ਵਡ-ਭਾਗੀ ਦੇ) ਮੱਥੇ ਉਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ॥੬॥੧੪॥੨੧॥


ੴ ਸਤਿਗੁਰ ਪ੍ਰਸਾਦਿ ॥

ਰਾਗ ਆਸਾ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’।

ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥

(ਮੇਰੇ ਹਿਰਦੇ-ਘਰ ਵਿਚ) ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ) ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ (ਜੋ ਆਨੰਦ ਦਾ ਸੋਮਾ ਹੈ),

ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥

ਅਤੇ ਮੈਂ ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਚੱਖ ਲਿਆ ਹੈ।

ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥

ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿਚ ਆ ਵੱਸਿਆ ਹੈ (ਕਿਉਂਕਿ) ਸਤਿਗੁਰੂ (ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਗੁਰੂ ਦੀ ਮੇਹਰ ਨਾਲ ਮੇਰੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਗਈ ਹੈ।

ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥

ਹੁਣ ਮੇਰਾ (ਹਿਰਦਾ) ਘਰ ਵੱਸ ਪਿਆ ਹੈ (ਮੇਰੇ ਗਿਆਨ-ਇੰਦ੍ਰੇ) ਖ਼ੁਸ਼ੀ ਦਾ ਗੀਤ ਗਾ ਰਹੇ ਹਨ (ਮੇਰੇ ਹਿਰਦੇ-ਘਰ ਵਿਚੋਂ) ਉਹ (ਕਾਮਾਦਿਕ) ਪੰਜ ਵੈਰੀ ਨੱਸ ਗਏ ਹਨ।

ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥

(ਜਦੋਂ ਦਾ) ਮਿੱਤਰ ਗੁਰੂ (ਪਰਮਾਤਮਾ ਨਾਲ ਮਿਲਾਣ ਵਾਸਤੇ) ਵਕੀਲ ਬਣਿਆ ਹੈ, ਉਸ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੇਰੇ ਗਿਆਨ-ਇੰਦ੍ਰੇ ਠੰਢੇ-ਠਾਰ ਹੋ ਗਏ ਹਨ (ਮਾਇਕ ਪਦਾਰਥਾਂ ਵਲੋਂ) ਰੱਜ ਗਏ ਹਨ।

ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥

ਨਾਨਕ ਆਖਦਾ ਹੈ- ਮੇਰਾ ਮਨ ਹੁਣ ਪਰਮਾਤਮਾ ਨਾਲ ਗਿੱਝ ਗਿਆ ਹੈ, ਮੈਂ ਉਸ ਪਰਮਾਤਮਾ ਨੂੰ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ ॥੧॥

ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥

(ਹੇ ਸਖੀ! ਮੇਰੇ ਹਿਰਦੇ-ਘਰ ਦੇ ਸਾਰੇ ਦਰਵਾਜ਼ੇ) ਮੇਰੇ ਗਿਆਨ-ਇੰਦ੍ਰੇ ਸੋਹਣੇ ਹੋ ਗਏ ਹਨ ਸੋਭਨੀਕ ਹੋ ਗਏ ਹਨ,

ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥

(ਕਿਉਂਕਿ ਮੇਰੇ ਹਿਰਦੇ-ਘਰ ਵਿਚ) ਮੇਰੀ ਜਿੰਦ ਦੇ ਸਾਈਂ ਮੇਰੇ ਸੰਤ-ਪ੍ਰਭੂ ਜੀ ਆ ਬਿਰਾਜੇ ਹਨ।

ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥

ਮੇਰੇ ਪਿਆਰੇ ਸੰਤ-ਪ੍ਰਭੂ ਜੀ ਮੇਰੇ ਕੰਮ ਸਾਰੇ ਸੰਵਾਰ ਰਹੇ ਹਨ (ਮੇਰੇ ਸਾਰੇ ਗਿਆਨ-ਇ੍ਰੰਦੇ ਉਸ ਸੰਤ-ਪ੍ਰਭੂ ਨੂੰ) ਨਮਸਕਾਰ ਕਰ ਕੇ ਉਸ ਦੀ ਸੇਵਾ-ਭਗਤੀ ਵਿਚ ਲੱਗ ਗਏ ਹਨ।

ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥

ਉਹ ਆਪ ਹੀ ਜਾਂਞੀ ਹੈ ਉਹ ਆਪ ਹੀ ਮੇਲ ਹੈ ਉਹ ਆਪ ਹੀ ਮਾਲਕ ਹੈ ਉਹ ਆਪ ਹੀ ਇਸ਼ਟ-ਦੇਵ ਹੈ।

ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥

(ਮੇਰੀ ਜਿੰਦ ਦਾ ਮਾਲਕ-ਪ੍ਰਭੂ ਮੇਰੀ ਜਿੰਦ ਨੂੰ ਆਪਣੇ ਚਰਨਾਂ ਵਿਚ ਜੋੜਨ ਦਾ ਇਹ) ਆਪਣਾ ਕੰਮ ਆਪ ਹੀ ਸਿਰੇ ਚਾੜ੍ਹਦਾ ਹੈ।

ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥

ਨਾਨਕ ਆਖਦਾ ਹੈ- ਮੇਰਾ ਖਸਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਬੈਠਦਾ ਹੈ, ਮੇਰੇ ਸਾਰੇ ਗਿਆਨ-ਇੰਦ੍ਰੇ ਸੋਹਣੇ ਬਣ ਗਏ ਹਨ ॥੨॥

ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥

ਸ੍ਰਿਸ਼ਟੀ ਦੇ ਸਾਰੇ ਹੀ ਨੌ ਖ਼ਜ਼ਾਨੇ ਮੇਰੇ ਹਿਰਦੇ-ਘਰ ਵਿਚ ਆ ਟਿਕੇ ਹਨ,

ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥

(ਕਿਉਂਕਿ) ਹੁਣ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਮੈਨੂੰ ਹਰੇਕ ਪਦਾਰਥ ਮਿਲ ਗਿਆ ਹੈ, ਮੈਂ ਸਭ ਕੁਝ ਲੱਭ ਲਿਆ ਹੈ।

ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥

ਮੈਂ ਉਸ ਗੋਬਿੰਦ ਦਾ ਨਾਮ ਸਦਾ ਸਿਮਰਦਾ ਹਾਂ ਜੋ ਮੇਰਾ ਸਦਾ ਲਈ ਸਾਥੀ ਬਣ ਗਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ ਆਤਮਕ ਅਡੋਲਤਾ ਤੇ ਪ੍ਰੇਮ ਪੈਦਾ ਹੋ ਗਿਆ ਹੈ।

ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥

ਮੈਂ, ਆਪਣੇ ਅੰਦਰ ਚਿੰਤਾ-ਫ਼ਿਕਰ ਮਿਟਾ ਲਿਆ ਹੈ, ਮੇਰੀ ਭਟਕਣਾ ਮੁੱਕ ਗਈ ਹੈ, ਕੋਈ ਚਿੰਤਾ ਮੇਰੇ ਮਨ ਉਤੇ ਕਦੇ ਜੋਰ ਨਹੀਂ ਪਾ ਸਕਦੀ।

ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥

ਮੇਰੇ ਅੰਦਰ ਗੋਬਿੰਦ ਗੱਜ ਰਿਹਾ ਹੈ (ਪ੍ਰਭੂ ਦੇ ਸਿਮਰਨ ਦਾ ਆਨੰਦ ਪੂਰੇ ਜੋਬਨ ਵਿਚ ਹੈ। ਇਉਂ ਆਨੰਦ ਬਣਿਆ ਹੋਇਆ ਹੈ, ਮਾਨੋ, ਸਾਰੇ ਸੰਗੀਤਕ ਸਾਜ) ਇੱਕ-ਰਸ (ਮੇਰੇ ਅੰਦਰ) ਵੱਜ ਰਹੇ ਹਨ। (ਪਰਮਾਤਮਾ ਨੇ ਮੇਰੇ ਅੰਦਰ) ਹੈਰਾਨ ਕਰ ਦੇਣ ਵਾਲੀ ਆਤਮਕ ਸੁੰਦਰਤਾ ਪੈਦਾ ਕਰ ਦਿੱਤੀ।

ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥

ਨਾਨਕ ਆਖਦਾ ਹੈ- ਪ੍ਰਭੂ-ਪਤੀ ਮੇਰੇ ਅੰਗ-ਸੰਗ ਵੱਸ ਰਿਹਾ ਹੈ, ਤਾਹੀਏਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਲੱਭ ਲਏ ਹਨ ॥੩॥

ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥

ਹੁਣ ਮੇਰੇ ਸਾਰੇ ਮਿੱਤਰ ਭਰਾ (ਸਾਰੇ ਗਿਆਨ-ਇੰਦ੍ਰੇ) ਆਨੰਦ-ਪੂਰਤਿ ਹੋ ਰਹੇ ਹਨ।

ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥

ਗੁਰੂ ਨੂੰ ਮਿਲ ਕੇ ਮੈਂ ਇਹ ਬੜਾ ਔਖਾ ਸੰਸਾਰ-ਅਖਾੜਾ ਜਿੱਤ ਲਿਆ ਹੈ।

ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥

ਗੁਰੂ ਦੀ ਸਰਨ ਪੈ ਕੇ ਮੈਂ ਸੰਸਾਰ-ਅਖਾੜਾ ਜਿੱਤਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਂ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਹਾਂ (ਮੈਂ ਪਹਿਲਾਂ ਮਾਇਆ ਦੀ ਭਟਕਣਾ ਦੇ ਕਿਲ੍ਹੇ ਵਿਚ ਕੈਦ ਸਾਂ, ਹੁਣ ਉਹ) ਭਟਕਣਾ ਦੇ ਕਿਲ੍ਹੇ ਦੀ ਕੰਧ ਢਹਿ ਪਈ ਹੈ।

ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥

ਮੈਂ ਹਰਿ-ਨਾਮ ਦਾ ਖ਼ਜ਼ਾਨਾ ਲੱਭ ਲਿਆ ਹੈ, ਇਕ ਵੱਡਾ ਖ਼ਜ਼ਾਨਾ ਲੱਭ ਲਿਆ ਹੈ, ਮੇਰੀ ਸਹਾਇਤਾ ਉਤੇ ਪ੍ਰਭੂ ਆਪ (ਮੇਰੇ ਸਿਰ ਉਤੇ) ਆ ਖਲੋਤਾ ਹੈ।

ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥

ਉਹੀ ਮਨੁੱਖ ਚੰਗੀ ਸੂਝ ਵਾਲਾ ਹੈ ਉਹੀ ਮਨੁੱਖ ਹਰ ਥਾਂ ਮੰਨਿਆ-ਪ੍ਰਮੰਨਿਆ ਹੋਇਆ ਹੈ ਜਿਸ ਨੂੰ ਪ੍ਰਭੂ ਨੇ ਆਪਣਾ (ਸੇਵਕ) ਬਣਾ ਲਿਆ ਹੈ।

ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥

ਹੇ ਨਾਨਕ! ਜਦੋਂ ਖਸਮ-ਪ੍ਰਭੂ ਪੱਖ ਤੇ ਹੋਵੇ ਤਾਂ ਸਾਰੇ ਮਿੱਤਰ ਭਰਾ ਭੀ ਖ਼ੁਸ਼ ਹੋ ਜਾਂਦੇ ਹਨ ॥੪॥੧॥


ਆਸਾ ਮਹਲਾ ੫ ॥
ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥

ਹੇ ਭਾਈ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੀ ਹਉਮੈ ਚਤੁਰਾਈ ਦੇ ਆਧਾਰ ਤੇ) ਨਹੀਂ ਕੀਤੀ ਜਾ ਸਕਦੀ, (ਸਿਆਣਪ-ਚਤੁਰਾਈ ਦੇ ਆਸਰੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਜਾਣ-ਪਛਾਣ ਨਹੀਂ ਪਾਈ ਜਾ ਸਕਦੀ।

ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ ॥

ਦੈਵੀ ਸੁਭਾਵ ਵਾਲੇ ਸ਼ਾਂਤ-ਚਿੱਤ ਰਹਿਣ ਵਾਲੇ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹੀ ਸਿਫ਼ਤਿ-ਸਾਲਾਹ ਕਰਦੇ ਹਨ।

ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥

ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਉਹਨਾਂ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾ ਲਿਆ,

ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ ॥

ਉਸ ਇੱਕ ਅਦ੍ਰਿਸ਼ਟ ਤੇ ਨਿਰਲੇਪ ਪ੍ਰਭੂ ਨੂੰ ਸਿਮਰ ਕੇ ਉਹਨਾਂ ਨੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲਿਆ।

ਤਜਿ ਮਾਨੁ ਮੋਹੁ ਵਿਕਾਰੁ ਦੂਜਾ ਜੋਤੀ ਜੋਤਿ ਸਮਾਣੀ ॥

(ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ) ਅਹੰਕਾਰ ਮੋਹ ਵਿਕਾਰ ਮਾਇਆ ਦਾ ਪਿਆਰ ਦੂਰ ਕਰ ਕੇ ਆਪਣੀ ਸੁਰਤਿ ਰੱਬੀ ਨੂਰ ਵਿਚ ਜੋੜ ਲਈ,

ਬਿਨਵੰਤਿ ਨਾਨਕ ਗੁਰਪ੍ਰਸਾਦੀ ਸਦਾ ਹਰਿ ਰੰਗੁ ਮਾਣੀ ॥੧॥

ਨਾਨਕ ਬੇਨਤੀ ਕਰਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ॥੧॥

ਹਰਿ ਸੰਤਾ ਹਰਿ ਸੰਤ ਸਜਨ ਮੇਰੇ ਮੀਤ ਸਹਾਈ ਰਾਮ ॥

ਪਰਮਾਤਮਾ ਦੇ ਸੰਤ ਜਨ ਮੇਰੇ ਮਿੱਤਰ ਹਨ ਮੇਰੇ ਸੱਜਣ ਹਨ ਮੇਰੇ ਸਾਥੀ ਹਨ।

ਵਡਭਾਗੀ ਵਡਭਾਗੀ ਸਤਸੰਗਤਿ ਪਾਈ ਰਾਮ ॥

ਉਹਨਾਂ ਦੀ ਸੰਗਤਿ ਮੈਂ ਵੱਡੇ ਭਾਗਾਂ ਨਾਲ ਬੜੀ ਉੱਚੀ ਕਿਸਮਤ ਨਾਲ ਪ੍ਰਾਪਤ ਕੀਤੀ ਹੈ।

ਵਡਭਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ ॥

ਜੇਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਖ਼ੁਸ਼-ਕਿਸਮਤੀ ਨਾਲ ਹਾਸਲ ਕਰ ਲੈਂਦਾ ਹੈ ਉਹ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਸਾਰੇ ਦੁੱਖ ਉਸ ਦੇ ਸਾਰੇ ਕਲੇਸ਼ ਮੁੱਕ ਜਾਂਦੇ ਹਨ।

ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪੁ ਮਿਟਾਇਆ ਆਪੈ ॥

ਜੇਹੜਾ ਬੰਦਾ ਸਤਿਗੁਰੂ ਦੀ ਚਰਨੀਂ ਲੱਗਦਾ ਹੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਹਰੇਕ ਡਰ-ਸਹਮ ਖ਼ਤਮ ਹੋ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਅਹੰਕਾਰ) ਦੂਰ ਕਰ ਲੈਂਦਾ ਹੈ।

ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ ਵਿਛੁੜਿ ਕਤਹਿ ਨ ਜਾਈ ॥

ਜਿਸ ਮਨੁੱਖ ਨੂੰ ਪਿਆਰੇ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਚਰਨਾਂ ਵਿਚ ਜੋੜ ਲਿਆ, ਉਹ ਪ੍ਰਭੂ ਤੋਂ ਵਿਛੁੜ ਕੇ ਹੋਰ ਕਿਧਰੇ ਭੀ ਨਹੀਂ ਜਾਂਦਾ।

ਬਿਨਵੰਤਿ ਨਾਨਕ ਦਾਸੁ ਤੇਰਾ ਸਦਾ ਹਰਿ ਸਰਣਾਈ ॥੨॥

ਨਾਨਕ ਬੇਨਤੀ ਕਰਦਾ ਹੈ-ਹੇ ਹਰੀ! ਮੈਂ ਤੇਰਾ ਦਾਸ ਹਾਂ, ਮੈਨੂੰ ਭੀ ਆਪਣੀ ਸਰਨ ਵਿਚ ਰੱਖ ॥੨॥

ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ ॥

ਹੇ ਹਰੀ! ਤੇਰੇ ਦਰ ਤੇ, ਤੇਰੇ ਬੂਹੇ ਤੇ (ਖਲੋਤੇ) ਤੇਰੇ ਪਿਆਰੇ ਭਗਤ ਸੋਹਣੇ ਲੱਗ ਰਹੇ ਹਨ।

ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ॥

ਮੈਂ (ਤੇਰੇ) ਉਹਨਾਂ (ਭਗਤਾਂ) ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।

ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ ॥

ਮੈਂ ਉਹਨਾਂ ਭਗਤਾਂ ਅੱਗੇ ਸਿਰ ਨਿਵਾ ਕੇ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਮਿਲਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ,

ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ ॥

(ਤੇ ਇਹ ਸਮਝ ਆ ਜਾਂਦੀ ਹੈ ਕਿ) ਸਰਬ-ਵਿਆਪਕ ਸਿਰਜਣਹਾਰ ਹਰੇਕ ਸਰੀਰ ਵਿਚ ਹਰ ਥਾਂ ਮੌਜੂਦ ਹੈ।

ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਨ ਹਾਰੇ ॥

ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ (ਜੁਆਰੀਏ ਵਾਂਗ) ਜੂਏ ਵਿਚ (ਮਨੁੱਖਾ) ਜਨਮ (ਦੀ ਬਾਜ਼ੀ) ਨਹੀਂ ਹਾਰਦਾ।

ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥੩॥

ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਕਿਰਪਾ ਕਰ ਕੇ (ਮੈਨੂੰ ਭੀ ਜੂਏ ਵਿਚ ਜੀਵਨ-ਬਾਜ਼ੀ ਹਾਰਨ ਤੋਂ) ਬਚਾ ਲੈ ॥੩॥

ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥

ਹੇ ਪ੍ਰਭੂ! ਤੇਰੇ ਬੇਅੰਤ ਗੁਣ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੈਂ ਤੇਰੇ ਕਿਤਨੇ ਕੁ ਗੁਣ ਗਾ ਸਕਦਾ ਹਾਂ?

ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ ॥

ਹੇ ਪ੍ਰਭੂ! ਜੇ ਮੇਰੇ ਵੱਡੇ ਭਾਗ ਹੋਣ ਤਾਂ ਹੀ ਤੇਰੇ ਚਰਨਾਂ ਦੀ ਤੇਰੇ (ਸੋਹਣੇ) ਚਰਨਾਂ ਦੀ ਧੂੜ ਮੈਨੂੰ ਮਿਲ ਸਕਦੀ ਹੈ।

ਹਰਿ ਧੂੜੀ ਨ੍ਰਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ ॥

ਪ੍ਰਭੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ (ਇਸ ਤਰ੍ਹਾਂ ਮਨ ਵਿਚੋਂ ਵਿਕਾਰਾਂ) ਦੀ ਮੈਲ ਦੂਰ ਹੋ ਜਾਂਦੀ ਹੈ, ਤੇ, ਜਨਮ ਮਰਨ ਦੇ (ਸਾਰੀ ਉਮਰ ਦੇ) ਦੁੱਖ ਲਹਿ ਜਾਂਦੇ ਹਨ।

ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ ॥

(ਇਹ ਨਿਸ਼ਚਾ ਭੀ ਆ ਜਾਂਦਾ ਹੈ ਕਿ) ਪਰਮੇਸਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿਚ ਸਦਾ ਸਾਡੇ ਅੰਗ-ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ।

ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ ॥

(ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦੇ ਅੰਦਰ ਸੁਖ-ਆਨੰਦ ਬਣ ਜਾਂਦੇ ਹਨ ਉਸ ਦੇ ਦੁੱਖ ਮਿਟ ਜਾਂਦੇ ਹਨ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦਾ।

ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ ॥੪॥੨॥

ਨਾਨਕ ਬੇਨਤੀ ਕਰਦਾ ਹੈ-ਗੁਰੂ ਦੀ ਸਰਨ ਪਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। (ਜੇ ਮੈਨੂੰ ਭੀ ਗੁਰੂ ਮਿਲ ਪਏ ਤਾਂ ਮੈਂ ਭੀ) ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਵਾਂ ॥੪॥੨॥


ਆਸਾ ਛੰਤ ਮਹਲਾ ੫ ਘਰੁ ੪ ॥

ਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥

(ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿਚ ਪ੍ਰੋਤਾ ਜਾਂਦਾ ਹੈ, ਉਸ ਨੂੰ (ਪਰਮਾਤਮਾ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ।

ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥

ਸਾਧ ਸੰਗਤਿ ਵਿਚ ਮਿਲ ਕੇ ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ।

ਹਰਿ ਘਟਿ ਘਟੇ ਡੀਠਾ ਅੰਮ੍ਰਿਤੁੋ ਵੂਠਾ ਜਨਮ ਮਰਨ ਦੁਖ ਨਾਠੇ ॥

(ਉਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਜਨਮ ਮਰਨ ਦੇ ਦੁੱਖ (ਜ਼ਿੰਦਗੀ ਦੇ ਸਾਰੇ ਦੁੱਖ) ਦੂਰ ਹੋ ਜਾਂਦੇ ਹਨ।

ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥

ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਆਪਣੇ ਸਾਰੇ ਦੁੱਖ ਮਿਟਾ ਲੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦੀ (ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ।

ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥

ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ, ਉਸ ਦੇ ਮਨ ਵਿਚ (ਪ੍ਰਭੂ-ਪ੍ਰੇਮ ਦਾ ਪੱਕਾ) ਰੰਗ ਚੜ੍ਹ ਜਾਂਦਾ ਹੈ (ਜਿਵੇਂ) ਮਜੀਠ (ਦਾ ਪੱਕਾ ਰੰਗ)।

ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥

ਹੇ ਨਾਨਕ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿਚ ਵਿੱਝ ਗਿਆ, ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ॥੧॥

ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥

ਉਹ ਮਨੁੱਖ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ (ਡੂੰਘੇ) ਪਾਣੀ ਵਿਚ ਮੱਛੀ ਖ਼ੁਸ਼ ਰਹਿੰਦੀ ਹੈ,

ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥

(ਜਿਨ੍ਹਾਂ ਨੂੰ) ਪੂਰੇ ਗੁਰੂ ਨੇ (ਹਰਿ-ਨਾਮ ਸਿਮਰਨ ਦਾ) ਉਪਦੇਸ਼ ਦੇ ਦਿੱਤਾ, ਉਹ ਮਨੁੱਖ ਆਤਮਕ-ਜੀਵਨ-ਦਾਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ।

ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥

ਆਤਮਕ ਜੀਵਨ ਦੇਣ ਵਾਲਾ ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਲੈਂਦਾ ਹੈ,

ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥

ਉਹ ਸਰਬ-ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ-ਰਤਨ ਪਰਗਟ ਕਰ ਦੇਂਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ।

ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥

ਹੇ ਨਾਨਕ! ਪਰਮਾਤਮਾ ਸੋਹਣੀ ਆਤਮਕ ਘਾੜਤ ਵਾਲਾ ਹੈ, ਸੋਹਣੇ ਰੂਪ ਵਾਲਾ ਹੈ, ਸਿਆਣਾ ਹੈ, (ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਉਪਦੇਸ਼ ਦਿੰਦਾ ਹੈ ਉਹਨਾਂ ਉਤੇ ਹੋਈ ਹੋਈ) ਉਸ ਪਰਮਾਤਮਾ ਦੀ ਬਖਸ਼ਸ਼ ਕਦੇ ਮਿਟਦੀ ਨਹੀਂ।

ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥

(ਇਸ ਵਾਸਤੇ ਉਹ ਮਨੁੱਖ) ਹਰਿ-ਨਾਮ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ ਮੱਛੀ (ਡੂੰਘੇ) ਪਾਣੀ ਦੀ ਸੰਗਤਿ ਵਿਚ ॥੨॥

ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥

ਜਿਵੇਂ ਪਪੀਹਾ (ਸ੍ਵਾਂਤ ਨਛੱਤ੍ਰ ਦੀ ਵਰਖਾ ਦੀ) ਕਣੀ ਮੰਗਦਾ ਹੈ, (ਤਿਵੇਂ ਸੰਤ ਜਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਮੰਗਦੇ ਹਨ, ਤਿਵੇਂ ਸੰਤ ਜਨਾਂ ਵਾਸਤੇ) ਪਰਮਾਤਮਾ ਦਾ ਨਾਮ-ਜਲ ਜ਼ਿੰਦਗੀ ਦਾ ਸਹਾਰਾ;

ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥

ਦੁਨੀਆ ਦਾ ਧਨ-ਪਦਾਰਥ, ਖ਼ਜ਼ਾਨੇ, ਪੁੱਤਰ, ਭਰਾ, ਮਿੱਤਰ-ਇਹਨਾਂ ਸਭਨਾਂ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ।

ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥

ਜਿਸ ਪਰਮਾਤਮਾ ਦੀ ਉੱਚੀ ਆਤਮਕ ਅਵਸਥਾ ਜਾਣੀ ਨਹੀਂ ਜਾ ਸਕਦੀ ਉਹ (ਸਾਰੇ ਸੰਸਾਰ ਤੋਂ) ਨਿਰਾਲਾ ਤੇ ਸਰਬ-ਵਿਆਪਕ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ;

ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰਸਬਦੀ ਰੰਗੁ ਮਾਣੀਐ ॥

ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ-ਕਦੇ ਭੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ। (ਪਰ, ਹੇ ਭਾਈ!) ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਮਾਣਿਆ ਜਾ ਸਕਦਾ ਹੈ।

ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥

ਜੇਹੜਾ ਪਰਮਾਤਮਾ ਸਰਬ-ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ, ਸੰਤ ਜਨ ਉਸ ਦੇ ਨਾਮ-ਜਲ ਦਾ ਰਸ ਪੀਂਦੇ ਹਨ, ਉਸ ਦਾ ਨਾਮ ਜਪ ਜਪ ਕੇ ਉਹ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੇ ਦੁੱਖ ਦੂਰ ਕਰ ਲੈਂਦੇ ਹਨ।

ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥

ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ-ਜਲ ਜੀਵਨ ਦਾ ਆਸਰਾ ਹੈ ॥੩॥

ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥

ਜੇਹੜੇ ਮਨੁੱਖ ਆਪਣੇ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ (ਪ੍ਰਭੂ-ਚਰਨਾਂ ਵਿਚ ਲੀਨ ਹੋਣਾ ਹੀ ਇਨਸਾਨੀ ਜੀਵਨ ਦਾ ਮਨੋਰਥ ਹੈ।)

ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥

ਸੂਰਮੇ ਗੁਰੂ ਨੂੰ ਮਿਲਿਆਂ (ਉਹਨਾਂ ਦੇ ਅੰਦਰੋਂ) ਭਟਕਣਾ ਦੀ ਕੰਧ ਢਹਿ ਜਾਂਦੀ ਹੈ (ਜੇਹੜੀ ਪਰਮਾਤਮਾ ਨਾਲੋਂ ਵਿਛੋੜੀ ਰੱਖਦੀ ਸੀ)।

ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥

(ਪਰ, ਹੇ ਭਾਈ!) ਪੂਰਨ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਪੂਰਬਲੇ ਜੀਵਨ ਅਨੁਸਾਰ ਸਾਰੇ ਸਾਰੇ ਗੁਣਾਂ ਦੇ ਖ਼ਜ਼ਾਨੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ (ਗੁਰੂ-ਮਿਲਾਪ ਦਾ ਲੇਖ) ਲਿਖਿਆ ਹੋਇਆ ਹੈ।

ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥

(ਅਜੇਹੇ ਵਡ-ਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ (ਅਟੱਲ) ਸੀ, ਜਗਤ-ਰਚਨਾ ਦੇ ਵਿਚਕਾਰ (ਅਟੱਲ) ਹੈ, ਤੇ ਅਖ਼ੀਰ ਵਿਚ ਭੀ (ਅਟੱਲ) ਰਹੇਗਾ।

ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥

ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਗੁਰੂ ਦੀ ਚਰਨ-ਧੂੜ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਦੇ ਅਨੇਕਾਂ ਸੁੱਖ-ਆਨੰਦ ਮਿਲ ਜਾਂਦੇ ਹਨ।

ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੁੋ ਪੂਰਾ ॥੪॥੧॥੩॥

ਹੇ ਨਾਨਕ! (ਆਖ-) ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਂਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੪॥੧॥੩॥


ਆਸਾ ਮਹਲਾ ੫ ਛੰਤ ਘਰੁ ੬ ॥

ਰਾਗ ਆਸਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ॥

ਸਲੋਕੁ।

ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥

ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਉਹੀ ਮਨੁੱਖ ਪਰਮਾਤਮਾ ਦਾ ਨਾਮ ਸਦਾ ਜਪਦੇ ਹਨ।

ਨਾਨਕ ਪ੍ਰੀਤਿ ਲਗੀ ਤਿਨ੍ਰ ਰਾਮ ਸਿਉ ਭੇਟਤ ਸਾਧ ਸੰਗਾਤ ॥੧॥

ਪਰ, ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਮਿਲਿਆਂ ਹੀ ਉਹਨਾਂ ਦੀ ਪ੍ਰੀਤਿ ਪਰਮਾਤਮਾ ਨਾਲ ਬਣਦੀ ਹੈ ॥੧॥


ਛੰਤੁ ॥

ਛੰਤੁ।

ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥

ਪਰਮਾਤਮਾ ਤੇ ਜੀਵਾਤਮਾ ਦੇ ਪਿਆਰ ਦੀ ਮਰਯਾਦਾ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ। (ਜਦੋਂ ਪਾਣੀ ਦੁੱਧ ਨਾਲ ਇੱਕ-ਰੂਪ ਹੋ ਜਾਂਦਾ ਹੈ) ਤਦੋਂ (ਪਾਣੀ) ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ। ਹੇ ਮਨ! ਪਰਮਾਤਮਾ ਦਾ ਪਿਆਰ ਇਹੋ ਜਿਹਾ ਹੀ ਹੈ (ਉਹ ਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ)।

ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥

(ਜਦੋਂ ਕੌਲ-ਫੁੱਲ ਖਿੜਦਾ ਹੈ ਆਪਣੀ ਸੁਗੰਧੀ ਖਿਲਾਰਦਾ ਹੈ) ਤਦੋਂ ਭੌਰਾ ਕੌਲ-ਫੁੱਲ਼ ਦੀ ਸੁਗੰਧੀ ਵਿਚ ਮਸਤ ਹੋ ਜਾਂਦਾ ਹੈ (ਕੌਲ-ਫੁੱਲ ਤੋਂ) ਇਕ ਖਿਨ ਵਾਸਤੇ ਭੀ ਪਰੇ ਨਹੀਂ ਹਟਦਾ ਤੇ (ਫੁੱਲ ਦੀਆਂ ਪੱਤੀਆਂ ਵਿਚ) ਫਸ ਜਾਂਦਾ ਹੈ।

ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥

(ਇਸੇ ਤਰ੍ਹਾਂ ਹੇ ਭਾਈ!) ਪਰਮਾਤਮਾ ਦੀ ਪ੍ਰੀਤਿ ਤੋਂ ਇਕ ਖਿਨ ਲਈ ਭੀ ਪਰੇ ਨਹੀਂ ਹਟਣਾ ਚਾਹੀਦਾ, ਸਾਰੇ ਸਰੀਰਕ ਸੁਹਜ ਸਾਰੇ ਮਾਇਕ ਸੁਆਦ (ਉਸ ਪ੍ਰੀਤਿ ਤੋਂ) ਸਦਕੇ ਕਰ ਦੇਣੇ ਚਾਹੀਦੇ ਹਨ।

ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥

(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜਿੱਥੇ ਜਮਾਂ (ਦੇ ਦੇਸ) ਦਾ ਰਸਤਾ ਦੱਸਿਆ ਜਾਂਦਾ ਹੈ ਜਿੱਥੇ ਸੁਣੀਦਾ ਹੈ (ਕਿ ਜਮਾਂ ਪਾਸੋਂ) ਦੁੱਖ (ਮਿਲਦਾ ਹੈ) ਉਥੇ ਗੁਰੂ ਦੀ ਸੰਗਤਿ ਕਰਨ ਦੀ ਬਰਕਤਿ ਨਾਲ ਕੋਈ ਡਰ ਨਹੀਂ ਆਉਂਦਾ।

ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥

ਸੋ, ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਉਹ ਪਰਮਾਤਮਾ ਸਾਰੇ ਪਛੁਤਾਵੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ।

ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥

ਨਾਨਕ ਆਖਦਾ ਹੈ- (ਹੇ ਮਨ! ਗੋਬਿੰਦ ਹਰੀ ਦੀਆਂ ਸਿਫ਼ਤਾਂ ਦੇ ਗੀਤ ਗਾਂਦਾ ਰਹੁ। ਪਰਮਾਤਮਾ ਨਾਲ ਪਿਆਰ ਬਣਾਈ ਰੱਖ। ਹੇ ਮਨ! ਪਰਮਾਤਮਾ ਦੀ ਪ੍ਰੀਤਿ ਇਹੋ ਜਿਹੀ ਹੈ (ਕਿ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦੀ, ਤੇ ਜਮਾਂ ਦੇ ਵੱਸ ਪੈਣ ਨਹੀਂ ਦੇਂਦੀ) ॥੧॥

ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥

ਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੋ ਜਿਹਾ ਪ੍ਰੇਮ ਬਣਾ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ;

ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥

ਜਿਹੋ ਜਿਹਾ (ਪਪੀਹੇ ਦਾ ਪ੍ਰੇਮ ਵਰਖਾ-ਬੂੰਦ ਨਾਲ ਹੈ), ਪਪੀਹਾ ਤਿਹਾਇਆ ਹੈ (ਪਰ ਹੋਰ ਪਾਣੀ ਨਹੀਂ ਪੀਂਦਾ, ਉਹ) ਮੁੜ ਮੁੜ ਵਰਖਾ ਦੀ ਕਣੀ ਮੰਗਦਾ ਹੈ, ਤੇ ਬੱਦਲ ਨੂੰ ਆਖਦਾ ਹੈ-ਹੇ ਸੋਹਣੇ (ਮੇਘ)! ਵਰਖਾ ਕਰ।

ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥

ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ (ਪਿਆਰ ਦੇ ਵੱਟੇ ਆਪਣਾ) ਇਹ ਮਨ ਉਸ ਦੇ ਹਵਾਲੇ ਕਰਨਾ ਚਾਹੀਦਾ ਹੈ (ਤੇ ਇਸ ਤਰ੍ਹਾਂ) ਮਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜਨਾ ਚਾਹੀਦਾ ਹੈ;

ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥

ਅਹੰਕਾਰ ਨਹੀਂ ਕਰਨਾ ਚਾਹੀਦਾ, ਪਰਮਾਤਮਾ ਦੀ ਸਰਨ ਪੈਣਾ ਚਾਹੀਦਾ ਹੈ, ਉਸ ਦੇ ਦਰਸਨ ਦੀ ਖ਼ਾਤਰ ਆਪਣਾ ਆਪ ਸਦਕੇ ਕਰਨਾ ਚਾਹੀਦਾ ਹੈ।

ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥

ਜਿਸ ਜੀਵ-ਇਸਤ੍ਰੀ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈ ਕਰਦੀ ਹੈ-ਹੇ ਵਿਛੁੜੇ ਹੋਏ ਪ੍ਰਭੂ-ਪਤੀ! ਮੈਨੂੰ (ਆ ਕੇ) ਮਿਲ।

ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥

ਹੇ ਨਾਨਕ! ਤੂੰ ਭੀ ਬੇਅੰਤ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ। ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ, ਅਜੇਹਾ ਪਿਆਰ (ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ ਜਿਹੋ ਜਿਹਾ ਪਪੀਹੇ ਦਾ ਵਰਖਾ ਬੂੰਦ ਨਾਲ ਹੈ) ॥੨॥

ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥

ਹੇ (ਮੇਰੇ) ਮਨ! (ਤੈਨੂੰ) ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ (ਉਹੋ ਜਿਹਾ ਪਿਆਰ ਜਿਹੋ ਜਿਹਾ ਚਕਵੀ ਸੂਰਜ ਨਾਲ ਕਰਦੀ ਹੈ ਤੇ ਕੋਇਲ ਅੰਬ ਨਾਲ ਕਰਦੀ ਹੈ)। ਚਕਵੀ ਦਾ ਸੂਰਜ ਨਾਲ ਪਿਆਰ ਹੈ, ਉਹ (ਸਾਰੀ ਰਾਤ ਸੂਰਜ ਦਾ ਹੀ) ਚੇਤਾ ਕਰਦੀ ਰਹਿੰਦੀ ਹੈ, ਬੜੀ ਤਾਂਘ ਕਰਦੀ ਹੈ ਕਿ ਕਦੋਂ ਸੂਰਜ ਦਾ ਦੀਦਾਰ ਹੋਵੇਗਾ।

ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥

(ਉਹੋ ਜਿਹਾ ਪਿਆਰ ਜਿਹੋ ਜਿਹਾ ਕੋਇਲ ਅੰਬ ਨਾਲ ਕਰਦੀ ਹੈ) ਕੋਇਲ ਦਾ ਅੰਬ ਨਾਲ ਪਿਆਰ ਹੈ (ਉਹ ਅੰਬ ਦੇ ਰੁੱਖ ਉਤੇ ਬੈਠ ਕੇ) ਸੋਹਣਾ ਬੋਲਦੀ ਹੈ। ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ।

ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥

(ਆਪਣੇ ਕਿਸੇ ਧਨ-ਪਦਾਰਥ ਆਦਿਕ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਥੇ ਅਸੀ) ਸਾਰੇ ਇਕ ਰਾਤ ਦੇ ਪ੍ਰਾਹੁਣੇ (ਹੀ) ਹਾਂ।

ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥

ਫਿਰ ਭੀ ਤੂੰ ਕਿਉਂ (ਜਗਤ ਨਾਲ) ਪਿਆਰ ਪਾਇਆ ਹੈ, ਮਾਇਆ ਨਾਲ ਮੋਹ ਬਣਾਇਆ ਹੋਇਆ ਹੈ, (ਇਥੇ ਸਭ) ਨੰਗੇ (ਖ਼ਾਲੀ-ਹੱਥ) ਆਉਂਦੇ ਹਨ ਤੇ (ਇਥੋਂ) ਨੰਗੇ (ਖ਼ਾਲੀ-ਹੱਥ) ਹੀ ਚਲੇ ਜਾਂਦੇ ਹਨ।

ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥

ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ, ਗੁਰੂ ਦੇ ਚਰਨੀਂ ਪੈਣਾ ਚਾਹੀਦਾ ਹੈ (ਗੁਰੂ ਦੀ ਸਰਨ ਪਿਆਂ ਹੀ ਮਨ) ਅਡੋਲ ਹੋ ਸਕਦਾ ਹੈ, ਤੇ ਤਦੋਂ ਹੀ ਇਹ ਮੋਹ ਟੁੱਟੇਗਾ ਜੇਹੜਾ ਤੂੰ (ਮਾਇਆ ਨਾਲ) ਬਣਾਇਆ ਹੋਇਆ ਹੈ।

ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥

ਹੇ ਨਾਨਕ! ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, ਆਪਣੇ ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ (ਉਸੇ ਤਰ੍ਹਾਂ ਜਿਵੇਂ ਚਕਵੀ ਸਾਰੀ ਰਾਤ ਤਾਂਘ ਕਰਦੀ ਰਹਿੰਦੀ ਹੈ ਕਿ) ਕਦੋਂ ਸੂਰਜ ਦਾ ਦਰਸਨ ਹੋਵੇਗਾ ॥੩॥

ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥

ਹੇ (ਮੇਰੇ) ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਪਾਣਾ ਚਾਹੀਦਾ ਹੈ ਜਿਹੋ ਜਿਹਾ ਪਿਆਰ ਹਰਨ ਪਾਂਦਾ ਹੈ, ਰਾਤ ਵੇਲੇ ਹਰਨ ਘੰਡੇ ਹੇੜੇ ਦੀ ਆਵਾਜ਼ ਆਪਣੇ ਕੰਨੀਂ ਸੁਣ ਕੇ ਆਪਣਾ ਹਿਰਦਾ (ਉਸ ਆਵਾਜ਼ ਦੇ) ਹਵਾਲੇ ਕਰ ਦੇਂਦਾ ਹੈ।

ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥

ਜਿਵੇਂ ਜਵਾਨ ਇਸਤ੍ਰੀ ਆਪਣੇ ਪਤੀ ਦੇ ਪਿਆਰ ਵਿਚ ਬੱਝੀ ਹੋਈ ਪਤੀ ਦੀ ਸੇਵਾ ਕਰਦੀ ਹੈ, (ਉਸੇ ਤਰ੍ਹਾਂ ਹੇ ਭਾਈ!) ਆਪਣਾ ਇਹ ਮਨ ਸੋਹਣੇ ਪ੍ਰਭੂ ਨੂੰ ਦੇਣਾ ਚਾਹੀਦਾ ਹੈ, ਤੇ ਉਸ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ।

ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥

(ਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਉਸ) ਦੇ ਮਿਲਾਪ ਦੀਆਂ ਸਾਰੀਆਂ ਖ਼ੁਸ਼ੀਆਂ ਮਿਲਾਪ ਦੇ ਸਾਰੇ ਆਨੰਦ ਮਾਣਦੀ ਹੈ।

ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥

ਉਹ ਆਪਣੇ ਪ੍ਰਭੂ-ਪਤੀ ਨੂੰ (ਆਪਣੇ ਅੰਦਰ ਹੀ) ਲੱਭ ਲੈਂਦੀ ਹੈ, ਉਹ ਆਪਣੀ ਆਤਮਾ ਨੂੰ ਗੂੜ੍ਹਾ ਪ੍ਰੇਮ-ਰੰਗ ਚਾੜ੍ਹ ਲੈਂਦੀ ਹੈ (ਜਿਵੇਂ ਸੁਹਾਗਣ ਲਾਲ ਕੱਪੜਾ ਪਹਿਨਦੀ ਹੈ) ਉਹ ਮੁੱਢ ਕਦੀਮਾਂ ਦੇ ਮਿੱਤਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ।

ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥

(ਹੇ ਸਖੀ! ਜਦੋਂ ਤੋਂ) ਗੁਰੂ ਮੇਰਾ ਵਿਚੋਲਾ ਬਣਿਆ ਹੈ, ਮੈਂ ਪ੍ਰਭੂ-ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ, ਮੈਨੂੰ ਪ੍ਰਭੂ-ਪਤੀ ਵਰਗਾ ਹੋਰ ਕੋਈ ਨਹੀਂ ਦਿੱਸਦਾ।

ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥

ਹੇ ਨਾਨਕ! (ਆਖ-) ਹੇ ਮੇਰੇ ਮਨ! ਦਇਆ ਦੇ ਘਰ, ਤੇ ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੁ। ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਪਾਣਾ ਚਾਹੀਦਾ ਹੈ (ਜਿਹੋ ਜਿਹਾ ਹਰਨ ਨਾਦ ਨਾਲ ਪਾਂਦਾ ਹੈ ਜਿਹੋ ਜਿਹਾ ਜਵਾਨ ਇਸਤ੍ਰੀ ਆਪਣੇ ਪਤੀ ਨਾਲ ਪਾਂਦੀ ਹੈ) ॥੪॥੧॥੪॥


ਆਸਾ ਮਹਲਾ ੫ ॥
ਸਲੋਕੁ ॥
ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥

(ਸਾਰੀ ਲੁਕਾਈ ਪਰਮਾਤਮਾ ਦੀ ਪ੍ਰਾਪਤੀ ਵਾਸਤੇ) ਹਰੇਕ ਜੰਗਲ ਖੋਜਦੀ ਫਿਰੀ, (ਜੰਗਲਾਂ ਵਿਚ) ਭਾਲ ਕਰ ਕਰ ਥੱਕ ਗਈ (ਪਰ ਪਰਮਾਤਮਾ ਨਾਹ ਲੱਭਾ)।

ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥੧॥

ਹੇ ਨਾਨਕ! (ਜਿਸ ਵਡ-ਭਾਗੀ ਨੂੰ) ਜਦੋਂ ਗੁਰੂ ਮਿਲ ਪਿਆ, ਉਸ ਨੇ ਆਪਣੇ ਮਨ ਵਿਚ (ਪਰਮਾਤਮਾ ਨੂੰ) ਲੱਭ ਲਿਆ ॥੧॥


ਛੰਤ ॥

ਛੰਤ।

ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ ॥

ਜਿਸ ਪਰਮਾਤਮਾ ਨੂੰ ਬੇਅੰਤ ਸਮਾਧੀ-ਇਸਥਿਤ ਰਿਸ਼ੀ ਅਤੇ ਅਨੇਕਾਂ ਧੂਣੀਆਂ ਤਪਾਣ ਵਾਲੇ ਸਾਧੂ ਲੱਭਦੇ ਹਨ,

ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥

ਕ੍ਰੋੜਾਂ ਹੀ ਬ੍ਰਹਮਾ ਅਤੇ ਧਰਮ-ਪੁਸਤਕਾਂ ਦੇ ਵਿਦਵਾਨ ਜਿਸ ਦਾ ਜਾਪ ਜਪ ਕੇ ਆਰਾਧਨ ਕਰਦੇ ਹਨ।

ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥

ਜਿਸ ਨਿਰਲੇਪ ਪ੍ਰਭੂ ਨੂੰ ਮਿਲਣ ਵਾਸਤੇ ਲੋਕ ਕਈ ਕਿਸਮ ਦੇ ਜਪ ਤਪ ਕਰਦੇ ਹਨ, ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦੇ ਹਨ, ਅਨੇਕਾਂ (ਮਿਥੀਆਂ) ਧਾਰਮਿਕ ਰਸਮਾਂ ਤੇ ਪੂਜਾ ਕਰਦੇ ਹਨ, ਆਪਣੇ ਸਰੀਰ ਨੂੰ ਪਵਿਤ੍ਰ ਕਰਨ ਦੇ ਸਾਧਨ ਅਤੇ (ਡੰਡਉਤ) ਬੰਦਨਾ ਕਰਦੇ ਹਨ,

ਕਰਿ ਗਵਨੁ ਬਸੁਧਾ ਤੀਰਥਹ ਮਜਨੁ ਮਿਲਨ ਕਉ ਨਿਰੰਜਨਾ ॥

(ਤਿਆਗੀ ਬਣ ਕੇ) ਸਾਰੀ ਧਰਤੀ ਦਾ ਚੱਕਰ ਲਾਂਦੇ ਹਨ (ਸਾਰੇ) ਤੀਰਥਾਂ ਦੇ ਇਸ਼ਨਾਨ ਕਰਦੇ ਹਨ (ਉਹ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਸਾਧ ਸੰਗਤਿ ਵਿਚ ਮਿਲ ਪੈਂਦਾ ਹੈ)।

ਮਾਨੁਖ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ ॥

ਹੇ ਦਇਆ ਦੇ ਸੋਮੇ ਗੋਬਿੰਦ! ਹੇ ਮੇਰੇ ਪਿਆਰੇ ਪ੍ਰਭੂ! ਮਨੁੱਖ, ਜੰਗਲ, ਬਨਸਪਤੀ, ਪਸ਼ੂ, ਪੰਛੀ-ਇਹ ਸਾਰੇ ਹੀ ਤੇਰਾ ਆਰਾਧਨ ਕਰਦੇ ਹਨ।

ਦਇਆਲ ਲਾਲ ਗੋਬਿੰਦ ਨਾਨਕ ਮਿਲੁ ਸਾਧਸੰਗਤਿ ਹੋਇ ਗਤੇ ॥੧॥

(ਮੈਂ ਨਾਨਕ ਉਤੇ ਦਇਆ ਕਰ, ਮੈਨੂੰ) ਨਾਨਕ ਨੂੰ ਗੁਰੂ ਦੀ ਸੰਗਤਿ ਵਿਚ ਮਿਲਾ, ਤਾ ਕਿ ਮੈਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਏ ॥੧॥

ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥

ਹੇ ਦਇਆਲ ਹਰੀ! ਵਿਸ਼ਨੂੰ ਦੇ ਕ੍ਰੋੜਾਂ ਅਵਤਾਰ ਅਤੇ ਕ੍ਰੋੜਾਂ ਜਟਾਧਾਰੀ ਸ਼ਿਵ ਤੈਨੂੰ (ਮਿਲਣਾ) ਲੋਚਦੇ ਹਨ,

ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥

ਉਹਨਾਂ ਦੇ ਮਨ ਵਿਚ ਉਹਨਾਂ ਦੇ ਹਿਰਦੇ ਵਿਚ (ਤੇਰੇ ਮਿਲਣ ਦੀ) ਤਾਂਘ ਰਹਿੰਦੀ ਹੈ।

ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥

ਹੇ ਬੇਅੰਤ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਗੋਬਿੰਦ! ਹੇ ਠਾਕੁਰ! ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਹੇ ਸਭ ਦੇ ਮਾਲਕ!

ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ ॥

ਦੇਵਤੇ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸ਼ਿਵ ਦੇ ਗਣ, ਦੇਵਤਿਆਂ ਦੇ ਰਾਗੀ, ਜੱਖ, ਕਿੰਨਰ (ਆਦਿਕ ਸਾਰੇ) ਤੇਰਾ ਸਿਮਰਨ ਕਰਦੇ ਹਨ, ਤੇ ਗੁਣ ਉਚਾਰਦੇ ਹਨ।

ਕੋਟਿ ਇੰਦ੍ਰ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ ॥

ਕ੍ਰੋੜਾਂ ਇੰਦਰ, ਅਨੇਕਾਂ ਦੇਵਤੇ, ਮਾਲਕ-ਪ੍ਰਭੂ ਦੀ ਜੈਕਾਰ ਜਪਦੇ ਰਹਿੰਦੇ ਹਨ।

ਅਨਾਥ ਨਾਥ ਦਇਆਲ ਨਾਨਕ ਸਾਧਸੰਗਤਿ ਮਿਲਿ ਉਧਾਰ ॥੨॥

ਹੇ ਨਾਨਕ! ਉਸ ਨਿਖਸਮਿਆਂ ਦੇ ਖਸਮ ਪ੍ਰਭੂ ਨੂੰ, ਦਇਆ ਦੇ ਸੋਮੇ ਪ੍ਰਭੂ ਨੂੰ ਸਾਧ ਸੰਗਤਿ ਦੀ ਰਾਹੀਂ (ਹੀ) ਮਿਲ ਕੇ (ਸੰਸਾਰ-ਸਮੁੰਦਰ ਤੋਂ) ਬੇੜਾ ਪਾਰ ਹੁੰਦਾ ਹੈ ॥੨॥

ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥

ਕ੍ਰੋੜਾਂ ਦੇਵੀਆਂ ਜਿਸ ਪਰਮਾਤਮਾ ਦੀ ਸੇਵਾ-ਭਗਤੀ ਕਰਦੀਆਂ ਹਨ, ਧਨ ਦੀ ਦੇਵੀ ਲਛਮੀ ਅਨੇਕਾਂ ਤਰੀਕਿਆਂ ਨਾਲ ਜਿਸ ਦੀ ਸੇਵਾ ਕਰਦੀ ਹੈ,

ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥

ਦਿੱਸਦੇ ਅਣਦਿੱਸਦੇ ਸਾਰੇ ਜੀਵ-ਜੰਤੂ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਹਨ, ਹਵਾ ਪਾਣੀ ਦਿਨ ਰਾਤ ਜਿਸ ਨੂੰ ਧਿਆਉਂਦੇ ਹਨ;

ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥

(ਬੇਅੰਤ) ਤਾਰੇ ਚੰਦਰਮਾ ਅਤੇ ਸੂਰਜ ਜਿਸ ਪਰਮਾਤਮਾ ਦਾ ਧਿਆਨ ਧਰਦੇ ਹਨ, ਧਰਤੀ ਜਿਸ ਦੀ ਸਿਫ਼ਤਿ-ਸਾਲਾਹ ਕਰਦੀ ਹੈ,

ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ ॥

ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ ਧਿਆਨ ਧਰ ਰਿਹਾ ਹੈ,

ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ਰ ਜਾ ਕਉ ਜਪਾਤਿ ॥

ਸਤਾਈ ਸਿਮ੍ਰਿਤੀਆਂ, ਅਠਾਰਾਂ ਪੁਰਾਣ, ਚਾਰ ਵੇਦ, ਛੇ ਸ਼ਾਸਤ੍ਰ ਜਿਸ ਪਰਮਾਤਮਾ ਨੂੰ ਜਪਦੇ ਰਹਿੰਦੇ ਹਨ,

ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ ॥੩॥

ਉਸ ਪਤਿਤ-ਪਾਵਨ ਪ੍ਰਭੂ ਨੂੰ ਉਸ ਭਗਤਿ-ਵਛਲ ਹਰੀ ਨੂੰ, ਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਸਾਧ ਸੰਗਤਿ ਦੀ ਰਾਹੀਂ ਹੀ ਮਿਲ ਸਕੀਦਾ ਹੈ ॥੩॥

ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥

ਜਿਤਨੀ ਸ੍ਰਿਸ਼ਟੀ ਦੀ ਸੂਝ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਤਨੀ ਮੇਰੀ ਜੀਭ ਨੇ ਬਿਆਨ ਕਰ ਦਿੱਤੀ ਹੈ (ਕਿ ਇਤਨੀ ਸ੍ਰਿਸ਼ਟੀ ਪਰਮਾਤਮਾ ਦੀ ਸੇਵਾ-ਭਗਤੀ ਕਰ ਰਹੀ ਹੈ)।

ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥

ਪਰ ਹੋਰ ਜਿਤਨੀ ਲੁਕਾਈ ਦਾ ਮੈਨੂੰ ਪਤਾ ਨਹੀਂ ਜੇਹੜੀ ਉਹ ਲੁਕਾਈ ਪ੍ਰਭੂ ਦੀ ਸੇਵਾ-ਭਗਤੀ ਕਰਦੀ ਹੈ ਉਹ ਮੈਥੋਂ ਗਿਣੀ ਨਹੀਂ ਜਾ ਸਕਦੀ।

ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥

ਉਹ ਪਰਮਾਤਮਾ ਅਦ੍ਰਿਸ਼ਟ ਹੈ, ਉਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ (ਮਾਨੋ) ਬੇਅੰਤ ਡੂੰਘਾ ਸਮੁੰਦਰ ਹੈ, ਉਹ ਸਭ ਦਾ ਮਾਲਕ ਹੈ, ਸਭ ਜੀਵਾਂ ਦੇ ਅੰਦਰ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ।

ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥

ਸਾਰੇ ਜੀਵ-ਜੰਤ ਉਸ (ਦੇ ਦਰ) ਦੇ ਮੰਗਤੇ ਹਨ, ਉਹ ਇਕ ਸਭ ਨੂੰ ਦਾਤਾਂ ਦੇਣ ਵਾਲਾ ਹੈ, ਉਹ ਕਿਸੇ ਵੀ ਜੀਵ ਤੋਂ ਦੂਰ ਨਹੀਂ ਹੈ ਉਹ ਸਭ ਦੇ ਨਾਲ ਵੱਸਦਾ ਹੈ ਤੇ ਪਰਤੱਖ ਹੈ।

ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥

ਉਹ ਪਰਮਾਤਮਾ ਆਪਣੇ ਭਗਤਾਂ ਦੇ ਵੱਸ ਵਿੱਚ ਹੈ, ਜੇਹੜੇ ਜੀਵ ਉਸ ਨੂੰ ਮਿਲ ਪੈਂਦੇ ਹਨ ਉਹਨਾਂ ਦੀ ਵਡਿਆਈ ਮੈਂ ਕਿਤਨੀ ਕੁ ਬਿਆਨ ਕਰਾਂ? (ਬਿਆਨ ਨਹੀਂ ਕੀਤੀ ਜਾ ਸਕਦੀ)।

ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥

(ਜੇ ਉਸ ਦੀ ਮੇਹਰ ਹੋਵੇ ਤਾਂ) ਨਾਨਕ (ਉਸ ਦੇ ਭਗਤ-ਜਨਾਂ ਦੇ) ਚਰਨਾਂ ਉੱਤੇ ਆਪਣਾ ਸਿਰ ਰੱਖੀ ਰੱਖੇ ॥੪॥੨॥੫॥


ਆਸਾ ਮਹਲਾ ੫ ॥
ਸਲੋਕ ॥
ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥

ਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ,

ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥

ਹੇ ਨਾਨਕ! (ਆਖ-) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ ॥੧॥


ਛੰਤੁ ॥

ਛੰਤ।

ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥

ਹੇ ਵਡਭਾਗੀਹੋ! ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ,

ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥

ਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ-ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ।

ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥

ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ।

ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥

ਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ।

ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ॥

ਹੇ ਕਿਰਪਾ ਦੇ ਸੋਮੇ! ਹੇ ਦਇਆ ਦੇ ਘਰ! ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਮੇਰੇ ਉਤੇ) ਦਇਆ ਕਰ (ਮੈਨੂੰ ਨਾਨਕ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜ।

ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥੧॥

ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੧॥

ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥

ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ।

ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥

ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ (ਇਕ ਐਸਾ) ਸੁਰਮਾ ਹੈ (ਜੋ ਮਨ ਦੀ) ਭਟਕਣਾ ਦੇ ਹਨੇਰੇ ਦਾ ਨਾਸ ਕਰ ਦੇਂਦਾ ਹੈ।

ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥

ਗੁਰੂ ਦੇ ਦਿੱਤੇ ਗਿਆਨ ਦਾ ਸੁਰਮਾ (ਇਹ ਸਮਝ ਪੈਦਾ ਕਰ ਦੇਂਦਾ ਹੈ ਕਿ) ਪਰਮਾਤਮਾ ਨਿਰਲੇਪ (ਹੁੰਦਿਆਂ ਭੀ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ।

ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ ॥

ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਅੱਖ ਦੇ ਫਰਕਣ ਜਿੰਨੇ ਸਮੇਂ ਲਈ ਭੀ ਵੱਸਦਾ ਹੈ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।

ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ ॥

ਪਰਮਾਤਮਾ ਅਥਾਹ ਗਿਆਨ ਦਾ ਮਾਲਕ ਹੈ, ਸਭ ਕੁਝ ਕਰਨ ਜੋਗਾ ਹੈ, ਸਭ ਦਾ ਮਾਲਕ ਹੈ, ਸਭ ਦਾ ਡਰ ਨਾਸ ਕਰਨ ਵਾਲਾ ਹੈ।

ਨਾਨਕੁ ਪਇਅੰਪੈ ਚਰਣ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥੨॥

ਨਾਨਕ ਬੇਨਤੀ ਕਰਦਾ ਹੈ ਉਸ ਦੇ ਚਰਨਾਂ ਦਾ ਧਿਆਨ ਧਰਦਾ ਹੈ (ਤੇ ਆਖਦਾ ਹੈ ਕਿ) ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿੱਚ ਡੁੱਬੇ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ ॥੨॥

ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥

ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਦਇਆ ਦੇ ਸੋਮੇ! ਹੇ ਕਿਰਪਾ ਦੇ ਖ਼ਜ਼ਾਨੇ! ਮੈਂ ਤੇਰੀ ਓਟ ਲਈ ਹੈ।

ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ ॥

ਮੈਨੂੰ ਤੇਰੇ ਹੀ ਚਰਨਾਂ ਦਾ ਸਹਾਰਾ ਹੈ। ਤੇਰੀ ਸਰਨ ਵਿਚ ਹੀ ਰਹਿਣਾ ਮੇਰੇ ਜੀਵਨ ਦੀ ਕਾਮਯਾਬੀ ਹੈ।

ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ ॥

ਹੇ ਹਰੀ! ਹੇ ਸੁਆਮੀ! ਹੇ ਜਗਤ ਦੇ ਮੂਲ! ਤੇਰੇ ਚਰਨਾਂ ਦਾ ਆਸਰਾ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਬਚਾਣ-ਜੋਗਾ ਹੈ, ਸੰਸਾਰ-ਸਮੁੰਦਰ ਦੇ ਜਨਮ-ਮਰਨ ਦੇ ਘੁੰਮਣ-ਘੇਰ ਵਿਚੋਂ ਪਾਰ ਲੰਘਾਣ ਜੋਗਾ ਹੈ।

ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ ॥

ਤੇਰਾ ਨਾਮ ਸਿਮਰ ਕੇ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਰਹੇ ਹਨ।

ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤਸੰਗ ਬਿਧੇ ॥

ਹੇ ਪ੍ਰਭੂ! ਜਗਤ-ਰਚਨਾ ਦੇ ਆਰੰਭ ਵਿਚ ਭੀ ਤੂੰ ਹੀ ਹੈਂ, ਅੰਤ ਵਿਚ ਭੀ ਤੂੰ ਹੀ (ਅਸਥਿਰ) ਹੈਂ। ਬੇਅੰਤ ਜੀਵ ਤੇਰੀ ਭਾਲ ਕਰ ਰਹੇ ਹਨ। ਤੇਰੇ ਸੰਤ ਜਨਾਂ ਦੀ ਸੰਗਤਿ ਹੀ ਇਕ ਐਸਾ ਤਰੀਕਾ ਹੈ ਜਿਸ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਬਚ ਸਕੀਦਾ ਹੈ।

ਨਾਨਕੁ ਪਇਅੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥੩॥

ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਹੇ ਗੋਪਾਲ! ਹੇ ਦਇਆਲ! ਹੇ ਕ੍ਰਿਪਾ ਦੇ ਖ਼ਜ਼ਾਨੇ! ਮੈਂ ਤੇਰਾ ਪੱਲਾ ਫੜਿਆ ਹੈ ॥੩॥

ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥

ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ।

ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ ॥

ਜਿੱਥੇ ਜਿੱਥੇ (ਉਸ ਦੇ) ਸੰਤ (ਉਸ ਦਾ) ਆਰਾਧਨ ਕਰਦੇ ਹਨ ਉੱਥੇ ਉੱਥੇ ਉਹ ਜਾ ਦਰਸ਼ਨ ਦੇਂਦਾ ਹੈ।

ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ ਭਗਤ ਕਾਰਜ ਸਾਰਿਆ ॥

ਪਰਮਾਤਮਾ ਨੇ ਆਪ ਹੀ (ਆਪਣੇ ਭਗਤ ਆਪਣੇ ਚਰਨਾਂ ਵਿਚ) ਲੀਨ ਕੀਤੇ ਹੋਏ ਹਨ, ਆਤਮਕ ਅਡੋਲਤਾ ਵਿਚ ਤੇ ਪ੍ਰੇਮ ਵਿਚ ਟਿਕਾਏ ਹੋਏ ਹਨ, ਆਪਣੇ ਭਗਤਾਂ ਦੇ ਸਾਰੇ ਕੰਮ ਪ੍ਰਭੂ ਆਪ ਹੀ ਸਵਾਰਦਾ ਹੈ।

ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥

ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਹਰਿ-ਮਿਲਾਪ ਦੀ ਖ਼ੁਸ਼ੀ ਦੇ ਗੀਤ ਗਾਂਦੇ ਹਨ, ਆਤਮਕ ਆਨੰਦ ਮਾਣਦੇ ਹਨ, ਤੇ ਆਪਣੇ ਸਾਰੇ ਦੁੱਖ ਭੁਲਾ ਲੈਂਦੇ ਹਨ।

ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥

ਜਿਸ ਪਰਮਾਤਮਾ ਦੇ ਨੂਰ ਦੀ ਝਲਕ ਜੋਤਿ ਦਾ ਚਾਨਣ ਦਸੀਂ ਪਾਸੀਂ (ਸਾਰੇ ਹੀ ਸੰਸਾਰ ਵਿਚ) ਹੋ ਰਿਹਾ ਹੈ ਉਹੀ ਪਰਮਾਤਮਾ ਭਗਤ ਜਨਾਂ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।

ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥

ਨਾਨਕ ਬੇਨਤੀ ਕਰਦਾ ਹੈ, ਪ੍ਰਭੂ-ਚਰਨਾਂ ਦਾ ਧਿਆਨ ਧਰਦਾ ਹੈ, (ਤੇ ਆਖਦਾ ਹੈ ਕਿ) ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ ॥੪॥੩॥੬॥


ਆਸਾ ਮਹਲਾ ੫ ॥
ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥

(ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ ਉਹਨਾਂ ਦੇ) ਸਿਰ ਦਾ ਸਾਂਈ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ।

ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥

ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਵੱਸੇ, ਉਹ ਸਦਾ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣਦੀ ਹੈ।

ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥

ਉਹ ਪਰਮਾਤਮਾ ਨਾਸ ਤੋਂ ਰਹਿਤ ਹੈ, ਅਦ੍ਰਿਸ਼ਟ ਹੈ, ਸਦਾ ਨਵੇਂ ਪਿਆਰ ਵਾਲਾ ਹੈ, ਪਵਿਤ੍ਰ-ਸਰੂਪ ਹੈ।

ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥

ਉਹ ਮਾਲਕ ਕਿਸੇ ਤੋਂ ਭੀ ਦੂਰ ਨਹੀਂ ਹੈ, ਸਦਾ ਹਰੇਕ ਦੇ ਅੰਗ-ਸੰਗ ਵੱਸਦਾ ਹੈ, ਦਸੀਂ ਹੀ ਪਾਸੀਂ ਉਹ ਸਦਾ ਹੀ ਸਦਾ ਹੀ ਵਿਆਪਕ ਰਹਿੰਦਾ ਹੈ।

ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥

ਸਭ ਜੀਵਾਂ ਦੀ ਜਿੰਦ ਦਾ ਮਾਲਕ ਉਹ ਪਰਮਾਤਮਾ ਐਸਾ ਹੈ ਜਿਸ ਪਾਸੋਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲਦੀ ਹੈ, ਚੰਗੀ ਅਕਲ ਪ੍ਰਾਪਤ ਹੁੰਦੀ ਹੈ। ਜਿਉਂ ਜਿਉਂ ਉਸ ਪਿਆਰੇ ਨਾਲ ਪ੍ਰੀਤਿ ਵਧਾਈਏ, ਤਿਉਂ ਤਿਉਂ ਉਹ ਪ੍ਰੀਤਮ-ਪ੍ਰਭੂ ਪਿਆਰਾ ਲੱਗਦਾ ਹੈ।

ਨਾਨਕੁ ਵਖਾਣੈ ਗੁਰ ਬਚਨਿ ਜਾਣੈ ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥੧॥

ਨਾਨਕ ਆਖਦਾ ਹੈ-ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਪ੍ਰਭੂ-ਪ੍ਰੀਤਮ ਨਾਲ) ਡੂੰਘੀ ਸਾਂਝ ਪੈਂਦੀ ਹੈ। (ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ) ਉਹਨਾਂ ਦਾ ਖਸਮ-ਪ੍ਰਭੂ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ ॥੧॥

ਜਾ ਕਉ ਰਾਮ ਭਤਾਰੁ ਤਾ ਕੈ ਅਨਦੁ ਘਣਾ ॥

ਜਿਸ (ਜੀਵ-ਇਸਤ੍ਰੀ) ਨੂੰ ਪ੍ਰਭੂ ਪਤੀ (ਮਿਲ ਪੈਂਦਾ ਹੈ) ਉਸ ਦੇ ਹਿਰਦੇ ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ,

ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥

ਉਹ ਸੁਖੀ ਜੀਵਨ ਬਿਤਾਂਦੀ ਹੈ, ਹਰ ਥਾਂ ਉਸ ਦੀ ਸੋਭਾ ਵਡਿਆਈ ਬਣੀ ਰਹਿੰਦੀ ਹੈ।

ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥

ਉਸ ਜੀਵ-ਇਸਤ੍ਰੀ ਨੂੰ ਹਰ ਥਾਂ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਸੁਖ ਮਿਲਦਾ ਹੈ (ਕਿਉਂਕਿ ਉਸ ਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਹੋਈ ਰਹਿੰਦੀ ਹੈ। ਦੈਵੀ ਗੁਣਾਂ ਦਾ ਮਾਲਕ-ਪ੍ਰਭੂ ਸਦਾ ਉਸ ਦੇ ਅੰਗ-ਸੰਗ ਵੱਸਦਾ ਹੈ।

ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ ਨਹੀ ਊਨਾ ਸਭੁ ਕਛੂ ॥

ਉਸ (ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਸਾਰੇ ਹੀ ਨੌ ਖ਼ਜ਼ਾਨੇ ਵੱਸ ਪੈਂਦੇ ਹਨ, ਉਸ ਨੂੰ ਕੋਈ ਘਾਟ ਨਹੀਂ ਰਹਿੰਦੀ, ਉਸ ਨੂੰ ਸਭ ਕੁਝ ਪ੍ਰਾਪਤ ਰਹਿੰਦਾ ਹੈ।

ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥

ਉਸ ਜੀਵ-ਇਸਤ੍ਰੀ ਦੇ ਬੋਲ ਮਿੱਠੇ ਹੋ ਜਾਂਦੇ ਹਨ, ਪ੍ਰਭੂ-ਪਤੀ ਨੇ ਉਸ ਨੂੰ ਆਦਰ-ਮਾਣ ਦੇ ਰੱਖਿਆ ਹੁੰਦਾ ਹੈ। ਉਸ ਦਾ ਚੰਗਾ ਭਾਗ ਸਦਾ ਲਈ ਬਣਿਆ ਰਹਿੰਦਾ ਹੈ।

ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੋ ਰਾਮੁ ਭਤਾਰੁ ਤਾ ਕੈ ਅਨਦੁ ਘਣਾ ॥੨॥

ਨਾਨਕ ਆਖਦਾ ਹੈ-ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਸਰਬ-ਵਿਆਪਕ ਪਰਮਾਤਮਾ ਜਿਸ ਜੀਵ-ਇਸਤ੍ਰੀ ਦਾ ਖਸਮ ਬਣ ਜਾਂਦਾ ਹੈ ਉਸ ਦੇ ਹਿਰਦੇ-ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ ॥੨॥

ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥

ਹੇ ਸਹੇਲੀ! ਆ, ਗੁਰੂ ਦੇ ਪਾਸ ਚੱਲੀਏ। (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ।

ਪੀਸਉ ਚਰਣ ਪਖਾਰਿ ਆਪੁ ਤਿਆਗੀਐ ॥

ਹੇ ਸਖੀ! (ਮੇਰਾ ਜੀ ਕਰਦਾ ਹੈ) ਮੈਂ (ਗੁਰੂ ਕੇ ਲੰਗਰ ਵਾਸਤੇ ਚੱਕੀ) ਪੀਹਾਂ, ਮੈਂ (ਗੁਰੂ ਦੇ) ਚਰਨ ਧੋਵਾਂ। ਹੇ ਸਖੀ! ਗੁਰੂ ਦੇ ਦਰ ਤੇ ਜਾ ਕੇ ਅਹੰਕਾਰ ਤਿਆਗ ਦੇਣਾ ਚਾਹੀਦਾ ਹੈ।

ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ ॥

ਹੇ ਸਖੀ! ਅਹੰਕਾਰ ਤਿਆਗ ਕੇ (ਮਨ ਦਾ) ਕਲੇਸ਼ ਮਿਟ ਜਾਂਦਾ ਹੈ। ਹੇ ਸਖੀ! ਕਦੇ ਭੀ ਆਪਣਾ ਆਪ ਜਤਾਣਾ ਨਹੀਂ ਚਾਹੀਦਾ।

ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ ॥

ਗੁਰੂ ਦਾ ਪੱਲਾ ਫੜ ਲੈਣਾ ਚਾਹੀਦਾ ਹੈ (ਜੋ ਗੁਰੂ ਹੁਕਮ ਕਰੇ ਉਹ) ਮੰਨ ਲੈਣਾ ਚਾਹੀਦਾ ਹੈ, ਜੋ ਕੁਝ ਗੁਰੂ ਕਰੇ ਉਸੇ ਨੂੰ ਸੁਖ (ਜਾਣ ਕੇ) ਲੈ ਲੈਣਾ ਚਾਹੀਦਾ ਹੈ।

ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ ਜਾਗੀਐ ॥

ਹੇ ਸਖੀ! ਆਪਣੇ ਆਪ ਨੂੰ ਉਸ ਗੁਰੂ ਦੇ ਦਾਸਾਂ ਦੀ ਦਾਸੀ ਬਣਾ ਕੇ, (ਮਨ ਵਿਚੋਂ) ਉਪਰਾਮਤਾ ਤਿਆਗ ਕੇ ਦੋਵੇਂ ਹੱਥ ਜੋੜ ਕੇ ਦਿਨ ਰਾਤ (ਸੇਵਾ ਵਿਚ) ਸੁਚੇਤ ਰਹਿਣਾ ਚਾਹੀਦਾ ਹੈ।

ਨਾਨਕੁ ਵਖਾਣੈ ਗੁਰ ਬਚਨਿ ਜਾਣੈ ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥

ਨਾਨਕ ਆਖਦਾ ਹੈ-(ਹੇ ਸਖੀ! ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਸਕਦਾ ਹੈ। (ਸੋ,) ਹੇ ਸਖੀ! ਆ, ਗੁਰੂ ਪਾਸ ਚੱਲੀਏ। (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ ॥੩॥

ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥

ਜਿਨ੍ਹਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ ਉਹਨਾਂ ਨੂੰ (ਗੁਰੂ ਪਰਮਾਤਮਾ ਦੀ) ਸੇਵਾ-ਭਗਤੀ ਵਿਚ ਜੋੜਦਾ ਹੈ।

ਤਾ ਕੀ ਪੂਰਨ ਆਸ ਜਿਨ੍ਰ ਸਾਧਸੰਗੁ ਪਾਇਆ ॥

ਜਿਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ।

ਸਾਧਸੰਗਿ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ ॥

ਸਾਧ ਸੰਗਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ ਪਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ।

ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ ॥

ਮਾਇਆ ਦੀ ਖ਼ਾਤਰ ਭਟਕਣਾ, ਦੁਨੀਆ ਦਾ ਮੋਹ, ਵਿਕਾਰ, ਮੇਰ-ਤੇਰ-ਇਹ ਸਾਰੇ ਔਗੁਣ ਉਹ ਤਿਆਗ ਦੇਂਦੇ ਹਨ।

ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ ॥

ਉਹਨਾਂ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਤੇ, ਆਤਮਕ ਆਨੰਦ ਮਾਣਦੇ ਹਨ।

ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥੪॥੪॥੭॥

ਨਾਨਕ ਆਖਦਾ ਹੈ-ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜਦਾ ਹੈ ॥੪॥੪॥੭॥


ਆਸਾ ਮਹਲਾ ੫ ॥
ਸਲੋਕੁ ॥
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥

ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ (ਆਤਮਕ ਮੌਤ ਨੇੜੇ ਨਹੀਂ ਆ ਸਕਦੀ)।

ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥

ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) ਮਨ ਸੁਖੀ ਰਹਿੰਦਾ ਹੈ ਹਿਰਦਾ ਸੁਖੀ ਹੋ ਜਾਂਦਾ ਹੈ, ਤੇ, ਆਖ਼ਰ ਪਰਮਾਤਮਾ ਭੀ ਮਿਲ ਪੈਂਦਾ ਹੈ ॥੧॥


ਛੰਤ ॥

ਛੰਤ।

ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥

ਹੇ ਹਰੀ! ਮੈਨੂੰ (ਵਿਕਾਰਾਂ ਤੋਂ) ਬਚਾਈ ਰੱਖ (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹਾਂ।

ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥

ਮੈਂ ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼।

ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ੍ਰ ਦਇਆ ॥

ਹੇ ਹਰੀ! ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ। ਜੇ ਤੂੰ ਮੇਹਰ ਕਰੇਂ ਤਾਂ ਮੈਂ ਤੇਰੀ ਚਰਨੀਂ ਲੱਗਾ ਰਹਾਂ, (ਅਤੇ ਆਪਣੇ ਅੰਦਰੋਂ) ਅਹੰਕਾਰ ਤਿਆਗ ਦਿਆਂ।

ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥

ਹੇ ਤਰਸ-ਸਰੂਪ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੀ ਸਰਨ ਪਿਆ ਰਹਾਂ, ਤੇ (ਤੇਰਾ ਆਸਰਾ ਛੱਡ ਕੇ) ਕਿਸੇ ਹੋਰ ਪਾਸੇ ਨਾਹ ਦੌੜਾਂ।

ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥

ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਹੇ ਪਵਿਤ੍ਰ-ਸਰੂਪ ਸੁਆਮੀ! ਮੇਰੀ ਇਹ ਅਰਦਾਸ ਸੁਣ।

ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥੧॥

ਤੇਰਾ ਦਾਸ ਨਾਨਕ ਤੈਥੋਂ ਇਹ ਦਾਨ ਮੰਗਦਾ ਹੈ ਕਿ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ ॥੧॥

ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ ॥

ਹੇ ਪ੍ਰਭੂ! ਮੈਂ ਗੁਨਾਹਗਾਰ ਹਾਂ, ਅਕਲੋਂ ਸੱਖਣਾ ਹਾਂ, ਗੁਣ-ਹੀਣ ਹਾਂ, ਨਿਆਸਰਾ ਹਾਂ, ਮੰਦੇ ਸੁਭਾਵ ਵਾਲਾ ਹਾਂ।

ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥

ਹੇ ਪ੍ਰਭੂ! ਮੈਂ ਵਿਕਾਰੀ ਹਾਂ, ਬੇ-ਤਰਸ ਹਾਂ, ਨੀਵੀਂ ਕੁਲ ਵਾਲਾ ਹਾਂ, ਮੋਹ ਦਾ ਚਿੱਕੜ ਮੇਰੇ ਉਤੇ ਆਪਣਾ ਦਬਾਉ ਪਾ ਰਿਹਾ ਹੈ।

ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ ॥

ਹੇ ਪ੍ਰਭੂ! ਭਟਕਣਾ ਵਿਚ ਪੈਣ ਵਾਲੇ ਕਰਮਾਂ ਦੀ ਮੈਲ ਮੈਨੂੰ ਲੱਗੀ ਹੋਈ ਹੈ, ਮੇਰੇ ਅੰਦਰ ਅਹੰਕਾਰ ਹੈ, ਮਮਤਾ ਹੈ, (ਇਸ ਵਾਸਤੇ) ਮੌਤ ਮੈਨੂੰ ਚੇਤੇ ਨਹੀਂ ਆਉਂਦੀ।

ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ ॥

ਮੈਂ ਇਸਤ੍ਰੀ ਦੇ ਚੋਜ-ਤਮਾਸ਼ਿਆਂ ਵਿਚ ਮਾਇਆ ਦੇ ਮੌਜ-ਮੇਲਿਆਂ ਵਿਚ (ਗ਼ਰਕ ਹਾਂ), ਮੈਨੂੰ ਅਗਿਆਨਤਾ ਚੰਬੜੀ ਹੋਈ ਹੈ।

ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ ॥

ਹੇ ਪ੍ਰਭੂ! ਮੇਰੀ ਜਵਾਨੀ ਢਲ ਰਹੀ ਹੈ, ਬੁਢੇਪਾ ਵਧ ਰਿਹਾ ਹੈ, ਮੌਤ (ਮੇਰੇ) ਨਾਲ (ਮੇਰੀ ਜ਼ਿੰਦਗੀ ਦੇ) ਦਿਨ ਤੱਕ ਰਹੀ ਹੈ।

ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ ॥੨॥

ਤੇਰਾ ਦਾਸ ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਮੈਨੂੰ ਤੇਰੀ ਹੀ ਆਸ ਹੈ, ਮੈਨੂੰ ਨੀਚ ਨੂੰ ਗੁਰੂ ਦੀ ਸਰਨ ਰੱਖ ॥੨॥

ਭਰਮੇ ਜਨਮ ਅਨੇਕ ਸੰਕਟ ਮਹਾ ਜੋਨ ॥

ਹੇ ਪ੍ਰਭੂ! ਹੇ ਮੁਰਾਰੀ! ਮੈਂ ਅਨੇਕਾਂ ਜਨਮਾਂ ਵਿਚ ਭਟਕਿਆ ਹਾਂ, ਮੈਂ ਕਈ ਜੂਨਾਂ ਦੇ ਵੱਡੇ ਦੁੱਖ ਸਹਾਰੇ ਹਨ।

ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ ॥

ਧਨ ਤੇ ਪਦਾਰਥਾਂ ਦੇ ਭੋਗ ਮੈਨੂੰ ਮਿੱਠੇ ਲੱਗ ਰਹੇ ਹਨ, ਮੈਂ ਇਹਨਾਂ ਨਾਲ ਹੀ ਚੰਬੜਿਆ ਰਹਿੰਦਾ ਹਾਂ।

ਭ੍ਰਮਤ ਭਾਰ ਅਗਨਤ ਆਇਓ ਬਹੁ ਪ੍ਰਦੇਸਹ ਧਾਇਓ ॥

ਅਨੇਕਾਂ ਪਾਪਾਂ ਦਾ ਭਾਰ ਚੁੱਕ ਕੇ ਮੈਂ ਭਟਕਦਾ ਆ ਰਿਹਾ ਹਾਂ, ਅਨੇਕਾਂ ਪਰਦੇਸਾਂ ਵਿਚ (ਜੂਨਾਂ ਵਿਚ) ਦੌੜ ਚੁਕਿਆ ਹਾਂ (ਦੁੱਖ ਹੀ ਦੁੱਖ ਵੇਖੇ ਹਨ)।

ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ ਨਾਇਓ ॥

ਹੁਣ ਮੈਂ ਤੇਰਾ ਪੱਲਾ ਫੜਿਆ ਹੈ, ਤੇ, ਹੇ ਹਰੀ! ਤੇਰੇ ਨਾਮ ਵਿਚ ਮੈਨੂੰ ਸਾਰੇ ਸੁਖ ਮਿਲ ਗਏ ਹਨ।

ਰਾਖਨਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨ ਹੋਆ ਹੋਨ ॥

ਹੇ ਰੱਖਿਆ ਕਰਨ ਦੇ ਸਮਰਥ ਪਿਆਰੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਥੋਂ ਹੁਣ ਤਕ ਕੁਝ ਨਹੀਂ ਹੋ ਸਕਿਆ, ਅਗਾਂਹ ਨੂੰ ਭੀ ਕੁਝ ਨਹੀਂ ਹੋ ਸਕੇਗਾ।

ਸੂਖ ਸਹਜ ਆਨੰਦ ਨਾਨਕ ਕ੍ਰਿਪਾ ਤੇਰੀ ਤਰੈ ਭਉਨ ॥੩॥

ਹੇ ਨਾਨਕ! (ਆਖ-ਹੇ ਪ੍ਰਭੂ!) ਜਿਸ ਮਨੁੱਖ ਉਤੇ ਤੇਰੀ ਕਿਰਪਾ ਹੋ ਜਾਂਦੀ ਹੈ, ਉਸ ਨੂੰ ਆਤਮਕ ਅਡੋਲਤਾ ਤੇ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥

ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ॥

ਪਰਮਾਤਮਾ ਨੇ ਤਾਂ ਉਹ ਬੰਦੇ ਭੀ (ਵਿਕਾਰਾਂ ਤੋਂ) ਬਚਾ ਲਏ ਜਿਨ੍ਹਾਂ ਨੇ ਸਿਰਫ਼ ਆਪਣਾ ਨਾਮ ਹੀ ਭਗਤ ਰਖਾਇਆ ਹੋਇਆ ਸੀ। (ਸੱਚੇ) ਭਗਤਾਂ ਨੂੰ (ਤਾਂ ਸੰਸਾਰ-ਸਮੁੰਦਰ ਦਾ) ਕੋਈ ਸਹਮ ਨਹੀਂ ਰਹਿ ਸਕਦਾ।

ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥

(ਸੋ, ਹੇ ਭਾਈ!) ਜਿਸ ਤਰ੍ਹਾਂ ਭੀ ਹੋ ਸਕੇ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦੇ ਰਿਹਾ ਕਰੋ।

ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥

ਹੇ ਗਿਆਨਵਾਨ ਬੰਦੇ! ਆਪਣੇ ਕੰਨਾਂ ਨਾਲ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ (ਇਸ ਤਰ੍ਹਾਂ ਤੂੰ) ਮਨ ਵਿਚ ਨਾਮ-ਖ਼ਜ਼ਾਨਾ ਲੱਭ ਲਏਂਗਾ।

ਹਰਿ ਰੰਗਿ ਰਾਤੇ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹੇ ॥

(ਭਾਗਾਂ ਵਾਲੇ ਹਨ ਉਹ ਮਨੁੱਖ ਜੇਹੜੇ) ਸਿਰਜਣਹਾਰ ਹਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਉਸ ਦੇ ਗੁਣ ਗਾਂਦੇ ਹਨ।

ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥

ਜੇ ਸਾਰੀ ਧਰਤੀ ਕਾਗ਼ਜ਼ ਬਣ ਜਾਏ, ਜੇ ਸਾਰੀ ਬਨਸਪਤੀ ਕਲਮ ਬਣ ਜਾਏ, ਤੇ ਜੇ ਹਵਾ ਲਿਖਣ ਵਾਸਤੇ (ਲਿਖਾਰੀ) ਬਣ ਜਾਏ,

ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥੪॥੫॥੮॥

ਤਾਂ ਭੀ ਬੇਅੰਤ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਨਾਨਕ! (ਆਖ-ਮੈਂ ਉਸ ਪਰਮਾਤਮਾ ਦੇ) ਚਰਨਾਂ ਦਾ ਆਸਰਾ ਲਿਆ ਹੈ ॥੪॥੫॥੮॥


ਆਸਾ ਮਹਲਾ ੫ ॥
ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ ॥

ਜੇਹੜਾ ਭਗਵਾਨ ਸਭ ਜੀਵਾਂ ਦਾ ਖਸਮ ਹੈ ਜਿਨ੍ਹਾਂ ਸੰਤ ਜਨਾਂ ਨੇ ਉਸ ਦਾ ਆਸਰਾ ਲਿਆ ਹੋਇਆ ਹੈ,

ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥

(ਉਸ ਆਸਰੇ ਦੀ ਬਰਕਤਿ ਨਾਲ) ਉਹਨਾਂ ਦੀ ਜਿੰਦ (ਦੁਨੀਆ ਦੇ) ਡਰਾਂ ਤੋਂ ਰਹਿਤ ਹੋ ਗਈ ਹੈ, ਉਹਨਾਂ ਦੀ ਹਰੇਕ ਕਿਸਮ ਦੀ ਚਿੰਤਾ ਦੂਰ ਹੋ ਗਈ ਹੈ।

ਮਾਤ ਪਿਤਾ ਸੁਤ ਮੀਤ ਸੁਰਿਜਨ ਇਸਟ ਬੰਧਪ ਜਾਣਿਆ ॥

ਉਹਨਾਂ ਨੇ ਭਗਵਾਨ ਨੂੰ ਹੀ ਆਪਣੇ ਮਾਂ ਪਿਉ ਪੁੱਤਰ ਮਿੱਤਰ ਸੱਜਣ ਪਿਆਰੇ ਰਿਸ਼ਤੇਦਾਰ ਸਮਝ ਰੱਖਿਆ ਹੈ।

ਗਹਿ ਕੰਠਿ ਲਾਇਆ ਗੁਰਿ ਮਿਲਾਇਆ ਜਸੁ ਬਿਮਲ ਸੰਤ ਵਖਾਣਿਆ ॥

ਗੁਰੂ ਨੇ ਉਹਨਾਂ ਨੂੰ ਭਗਵਾਨ ਦੇ ਚਰਨਾਂ ਵਿਚ ਜੋੜ ਦਿੱਤਾ ਹੈ, (ਭਗਵਾਨ ਨੇ ਉਹਨਾਂ ਦੀ ਬਾਂਹ) ਫੜ ਕੇ ਉਹਨਾਂ ਨੂੰ ਆਪਣੇ ਗਲ ਲਾ ਲਿਆ ਹੈ। ਉਹ ਸੰਤ ਜਨ ਪਰਮਾਤਮਾ ਦੀ ਸਿਫ਼ਤਿ ਉਚਾਰਦੇ ਰਹਿੰਦੇ ਹਨ।

ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥

ਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਅਨੇਕਾਂ ਵਡਿਆਈਆਂ ਹਨ, ਉਸ (ਦੀ ਬਜ਼ੁਰਗੀ) ਦਾ ਰਤਾ ਭਰ ਭੀ ਮੁੱਲ ਨਹੀਂ ਦੱਸਿਆ ਜਾ ਸਕਦਾ।

ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥੧॥

ਉਹ ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕ-ਰੂਪ ਬਣਿਆ ਹੋਇਆ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਭ ਦਾ ਮਾਲਕ ਹੈ। ਹੇ ਨਾਨਕ! (ਆਖ-ਸੰਤ ਜਨਾਂ ਨੇ) ਉਸ ਪਰਮਾਤਮਾ ਦਾ ਆਸਰਾ ਲਿਆ ਹੋਇਆ ਹੈ ॥੧॥

ਅੰਮ੍ਰਿਤ ਬਨੁ ਸੰਸਾਰੁ ਸਹਾਈ ਆਪਿ ਭਏ ॥

ਪਰਮਾਤਮਾ ਆਪ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ, ਉਸ ਦੇ ਵਾਸਤੇ ਸੰਸਾਰ-ਸਮੁੰਦਰ ਆਤਮਕ ਜੀਵਨ ਦੇਣ ਵਾਲਾ ਜਲ ਬਣ ਜਾਂਦਾ ਹੈ।

ਰਾਮ ਨਾਮੁ ਉਰ ਹਾਰੁ ਬਿਖੁ ਕੇ ਦਿਵਸ ਗਏ ॥

ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦਾ ਹਾਰ ਬਣਾ ਲੈਂਦਾ ਹੈ, ਉਸ ਦੇ ਵਾਸਤੇ (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦਾ) ਜ਼ਹਰ ਖਾਣ ਵਾਲੇ ਦਿਨ ਬੀਤ ਜਾਂਦੇ ਹਨ।

ਗਤੁ ਭਰਮ ਮੋਹ ਬਿਕਾਰ ਬਿਨਸੇ ਜੋਨਿ ਆਵਣ ਸਭ ਰਹੇ ॥

ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਦੇ ਅੰਦਰੋਂ ਮੋਹ ਤੇ ਵਿਕਾਰ ਨਾਸ ਹੋ ਜਾਂਦੇ ਹਨ, ਉਸ ਦੇ ਜਨਮਾਂ ਦੇ ਗੇੜ ਮੁੱਕ ਜਾਂਦੇ ਹਨ।

ਅਗਨਿ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ॥

ਜੇਹੜਾ ਮਨੁੱਖ ਗੁਰੂ ਦਾ ਪੱਲਾ ਫੜੀ ਰੱਖਦਾ ਹੈ, ਵਿਕਾਰਾਂ ਦੀ ਅੱਗ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਉਸ ਦੇ ਵਾਸਤੇ ਠੰਢਾ-ਠਾਰ ਹੋ ਜਾਂਦਾ ਹੈ।

ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਏ ॥

ਗੁਰੂ ਦੀ ਸਰਨ ਪੈ ਕੇ ਗੋਵਿੰਦ ਗੁਪਾਲ ਦਇਆਲ ਸਮਰੱਥ ਪਰਮਾਤਮਾ ਦੀ ਜੈ ਜੈਕਾਰ ਕਰਦਾ ਰਿਹਾ ਕਰ।

ਨਾਨਕ ਨਾਮੁ ਧਿਆਇ ਪੂਰਨ ਸਾਧਸੰਗਿ ਪਾਈ ਪਰਮ ਗਤੇ ॥੨॥

ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪੂਰਨ ਪਰਮਾਤਮਾ ਦਾ ਨਾਮ ਸਿਮਰ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ ॥੨॥

ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ ॥

ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਮੇਰੇ ਨਾਲ ਮੈਨੂੰ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ,

ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ ॥

ਉਹ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਰੱਖਦਾ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ।

ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥

ਉਹ ਵਿਆਪਕ ਪ੍ਰਭੂ ਪਾਣੀ ਵਿਚ ਧਰਤੀ ਵਿਚ ਪੁਲਾੜ ਵਿਚ ਹਰ ਥਾਂ ਵੱਸ ਰਿਹਾ ਹੈ, ਕੀੜੀ ਵਿਚ ਹਾਥੀ ਵਿਚ ਇਕੋ ਜਿਹਾ।

ਆਦਿ ਅੰਤੇ ਮਧਿ ਸੋਈ ਗੁਰਪ੍ਰਸਾਦੀ ਜਾਨਿਆ ॥

ਜਗਤ-ਰਚਨਾ ਦੇ ਸ਼ੁਰੂ ਵਿਚ ਉਹ ਆਪ ਹੀ ਸੀ, ਰਚਨਾ ਦੇ ਅੰਤ ਵਿੱਚ ਵੀ ਉਹ ਆਪ ਹੀ ਹੋਵੇਗਾ, ਹੁਣ ਭੀ ਉਹ ਆਪ ਹੀ ਆਪ ਹੈ। ਗੁਰੂ ਦੀ ਕਿਰਪਾ ਨਾਲ ਹੀ ਇਸ ਗੱਲ ਦੀ ਸਮਝ ਆਉਂਦੀ ਹੈ।

ਬ੍ਰਹਮੁ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ ॥

ਹਰ ਪਾਸੇ ਪਰਮਾਤਮਾ ਦਾ ਹੀ ਪਸਾਰਾ ਹੈ, ਪਰਮਾਤਮਾ ਦੀ ਹੀ ਰਚੀ ਹੋਈ ਖੇਡ ਹੋ ਰਹੀ ਹੈ, ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕਿਸੇ ਵਿਰਲੇ ਸੇਵਕ ਨੇ ਉਸ ਨੂੰ ਜਪਿਆ ਹੈ।

ਸਿਮਰਿ ਸੁਆਮੀ ਅੰਤਰਜਾਮੀ ਹਰਿ ਏਕੁ ਨਾਨਕ ਰਵਿ ਰਹਿਆ ॥੩॥

ਹੇ ਨਾਨਕ! ਹਰੇਕ ਦੇ ਦਿਲ ਦੀ ਜਾਣਨ ਵਾਲੇ ਉਸ ਮਾਲਕ ਨੂੰ ਸਿਮਰਦਾ ਰਹੁ, ਉਹ ਹਰੀ ਆਪ ਹੀ ਹਰ ਥਾਂ ਮੌਜੂਦ ਹੈ ॥੩॥

ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ ॥

ਮਨੁੱਖ ਲਈ ਉਹ ਦਿਨ ਸੋਹਣਾ ਆਉਂਦਾ ਹੈ ਉਹ ਰਾਤ ਸੋਹਣੀ ਆਉਂਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ।

ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥

ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਜਿਸ ਮਨੁੱਖ ਦੀ ਪ੍ਰੀਤਿ ਬਣ ਜਾਂਦੀ ਹੈ ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ।

ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥

ਜਿਸ ਮਨੁੱਖ ਨੂੰ (ਗੁਰੂ ਨੇ ਜੀਵਨ ਦਾ) ਸਿੱਧਾ ਰਾਹ ਵਿਖਾ ਦਿੱਤਾ, ਉਸ ਦੇ ਦੁੱਖ ਉਸ ਦੀ ਭੁੱਖ ਉਸ ਦੀ ਗ਼ਰੀਬੀ ਸਭ ਦੂਰ ਹੋ ਗਏ।

ਮਿਲਿ ਸਾਧਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥

ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦੇ ਪ੍ਰੇਮ ਵਿਚ ਮਗਨ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਫਲ ਪਾ ਲੈਂਦਾ ਹੈ।

ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥

ਪਰਮਾਤਮਾ ਦਾ ਦਰਸ਼ਨ ਕਰਕੇ ਮਨੁੱਖ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ, ਉਸ ਦੀਆਂ ਸਾਰੀਆਂ ਕੁਲਾਂ ਭੀ ਤਰ ਜਾਂਦੀਆਂ ਹਨ।

ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥

ਹੇ ਨਾਨਕ! ਜੇਹੜੇ ਮਨੁੱਖ ਸਦਾ ਹਰਿ-ਨਾਮ ਵਿਚ ਸਿਮਰਦੇ ਰਹਿੰਦੇ ਹਨ, ਉਹਨਾਂ ਦੀ ਹਰੇਕ ਰਾਤ ਉਹਨਾਂ ਦਾ ਹਰੇਕ ਦਿਨ ਹਰ ਵੇਲੇ ਆਨੰਦ ਵਿਚ ਲੰਘਦਾ ਹੈ ॥੪॥੬॥੯॥


ਆਸਾ ਮਹਲਾ ੫ ਛੰਤ ਘਰੁ ੭ ॥

ਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ॥

ਸਲੋਕ।

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥

ਹੇ ਭਗਵਾਨ! ਮੈਂ ਸਦਾ ਭਲੀਆਂ ਸੋਚਾਂ ਸੋਚਦਾ ਰਹਾਂ, ਮੈਂ ਗੋਬਿੰਦ ਦਾ ਨਾਮ ਜਪਦਾ ਰਹਾਂ, ਮੈਂ ਗੁਰੂ ਦੀ ਪਵਿਤ੍ਰ ਸੰਗਤਿ ਕਰਦਾ ਰਹਾਂ।

ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥

ਹੇ ਨਾਨਕ! (ਆਖ-) ਹੇ ਭਗਵਾਨ! (ਮੇਰੇ ਉਤੇ) ਮੇਹਰ ਕਰ, ਮੈਂ ਇਕ ਘੜੀ ਵਾਸਤੇ ਭੀ ਤੇਰਾ ਨਾਮ ਨਾਹ ਭੁੱਲਾਂ ॥੧॥


ਛੰਤ ॥
ਭਿੰਨੀ ਰੈਨੜੀਐ ਚਾਮਕਨਿ ਤਾਰੇ ॥

ਤ੍ਰੇਲ ਭਿੱਜੀ ਰਾਤ ਵਿਚ (ਆਕਾਸ਼ ਵਿਚ) ਤਾਰੇ ਡਲ੍ਹਕਦੇ ਹਨ (ਤਿਵੇਂ, ਪਰਮਾਤਮਾ ਦੇ ਪ੍ਰੇਮ ਵਿਚ ਭਿੱਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ-ਆਕਾਸ਼ ਵਿਚ ਸੋਹਣੇ ਆਤਮਕ ਗੁਣ ਲਿਸ਼ਕਾਂ ਮਾਰਦੇ ਹਨ)।

ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥

ਮੇਰੇ ਰਾਮ ਦੇ ਪਿਆਰੇ ਸੰਤ ਜਨ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।

ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥

ਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ, ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ।

ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥

ਸੰਤ ਜਨ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਦੇ ਹਨ (ਤੇ, ਉਸ ਦੇ ਦਰ ਤੇ ਅਰਦਾਸ ਕਰਦੇ ਹਨ-) ਹੇ ਪ੍ਰਭੂ ਰਤਾ ਜਿਤਨੇ ਸਮੇ ਲਈ ਭੀ ਸਾਡੇ ਦਿਲ ਤੋਂ ਦੂਰ ਨਾਹ ਹੋ।

ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥

ਸੰਤ ਜਨ ਆਪਣੇ ਮਨ ਦਾ ਮਾਣ ਛੱਡ ਕੇ, ਮੋਹ ਤੇ ਵਿਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਹਨ।

ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥

ਨਾਨਕ ਬੇਨਤੀ ਕਰਦਾ ਹੈ: ਪਰਮਾਤਮਾ ਦੇ ਪਿਆਰੇ ਸੰਤ ਪਰਮਾਤਮਾ ਦੇ ਦਾਸ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੧॥

ਮੇਰੀ ਸੇਜੜੀਐ ਆਡੰਬਰੁ ਬਣਿਆ ॥

ਹੇ ਸਖੀ! ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਸਜਾਵਟ ਬਣ ਗਈ,

ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥

ਜਦੋਂ ਮੈਂ ਪ੍ਰਭੂ ਨੂੰ (ਆਪਣੇ ਵਲ) ਆਉਂਦਾ ਸੁਣਿਆ, ਤਾਂ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ।

ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥

ਹੇ ਸਖੀ! ਜਿਨ੍ਹਾਂ ਵਡ-ਭਾਗੀਆਂ ਨੂੰ ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਚਾਵਾਂ ਨਾਲ ਖ਼ੁਸ਼ੀਆਂ ਨਾਲ ਆਨੰਦ ਨਾਲ ਭਰ ਜਾਂਦੇ ਹਨ।

ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥

ਉਹ ਪ੍ਰਭੂ ਦੇ ਅੰਗ (ਚਰਨਾਂ) ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੇ ਦੁੱਖ ਦੂਰ ਜੋ ਜਾਂਦੇ ਹਨ, ਉਹਨਾਂ ਦੀ ਜਿੰਦ ਉਹਨਾਂ ਦਾ ਮਨ ਉਹਨਾਂ ਦਾ ਸਰੀਰ-ਸਾਰੇ ਹੀ (ਆਤਮਕ ਜੀਵਨ ਨਾਲ) ਹਰੇ ਹੋ ਜਾਂਦੇ ਹਨ।

ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥

(ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਪ੍ਰਭੂ ਦਾ ਧਿਆਨ ਧਰਦੇ ਹਨ, ਉਹਨਾਂ ਦੇ ਮਨ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ (ਗੁਰੂ ਪਰਮਾਤਮਾ ਨਾਲ ਉਹਨਾਂ ਦਾ ਮਿਲਾਪ ਕਰਾਣ ਲਈ) ਭਲਾ ਸੰਜੋਗ ਬਣਾ ਦੇਂਦਾ ਹੈ, ਚੰਗਾ ਮੁਹੂਰਤ ਕੱਢ ਦੇਂਦਾ ਹੈ।

ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥

ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸਾਰੇ ਆਨੰਦ ਬਣ ਜਾਂਦੇ ਹਨ, ਹੁਲਾਰਾ ਬਣਿਆ ਰਹਿੰਦਾ ਹੈ ॥੨॥

ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥

ਸਹੇਲੀਆਂ ਮਿਲ ਕੇ (ਮੈਨੂੰ) ਪੁੱਛਦੀਆਂ ਹਨ ਕਿ ਖਸਮ-ਪ੍ਰਭੂ ਦੀ ਕੋਈ ਨਿਸ਼ਾਨੀ ਦੱਸ।

ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥

ਮੈਂ ਉਸ ਦੇ ਮਿਲਾਪ ਦੇ ਆਨੰਦ ਵਿਚ ਮਗਨ ਤਾਂ ਹਾਂ, ਉਸ ਦੇ ਪ੍ਰੇਮ ਨਾਲ ਮੇਰਾ ਹਿਰਦਾ ਭਰਿਆ ਹੋਇਆ ਭੀ ਹੈ, ਪਰ ਮੈਂ ਉਸ ਦੀ ਕੋਈ ਨਿਸ਼ਾਨੀ ਦੱਸਣਾ ਨਹੀਂ ਜਾਣਦੀ।

ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥

(ਮੇਰੇ ਉਸ) ਕਰਤਾਰ ਦੇ ਗੁਣ ਡੂੰਘੇ ਹਨ ਗੁੱਝੇ ਹਨ ਬੇਅੰਤ ਹਨ, ਵੇਦ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।

ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥

(ਉਸ ਦੇ ਸੇਵਕ) ਉਸ ਦੀ ਭਗਤੀ ਦੇ ਰੰਗ ਵਿਚ ਉਸਦੇ ਪ੍ਰੇਮ ਵਿਚ ਜੁੜ ਕੇ ਉਸ ਦਾ ਧਿਆਨ ਧਰ ਕੇ ਸਦਾ ਉਸ ਮਾਲਕ ਦੇ ਗੁਣ ਗਾਂਦੇ ਰਹਿੰਦੇ ਹਨ।

ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥

ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਸ੍ਰੇਸ਼ਟ ਗਿਆਨ ਵਾਲਾ ਹੈ ਜੋ ਸਭ ਵਿਚ ਵਿਆਪਕ ਹੈ,

ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥

ਨਾਨਕ ਬੇਨਤੀ ਕਰਦਾ ਹੈ-ਜੇਹੜੀ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਪ੍ਰੇਮ ਦੇ ਰੰਗ ਵਿਚ ਰੰਗੀ ਜਾਂਦੀ ਹੈ ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੩॥

ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥

ਪਰਮਾਤਮਾ ਦੇ ਭਗਤ (ਹਰਿ-ਜਨ) ਜਦੋਂ ਪਰਮਾਤਮਾ ਦੇ ਸੁਖਦਾਈ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਗਾਣ ਲੱਗ ਪੈਂਦੇ ਹਨ,

ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥

ਤਾਂ (ਉਹਨਾਂ ਦੇ ਅੰਦਰ ਸ਼ੁਭ ਗੁਣ) ਮਿੱਤਰ ਵਧਦੇ ਫੁੱਲਦੇ ਹਨ, ਉਹਨਾਂ ਦੇ ਦੁੱਖ (ਤੇ ਕਾਮਾਦਿਕ) ਵੈਰੀ ਨੱਸ ਜਾਂਦੇ ਹਨ।

ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥

ਆਤਮਕ ਅਡੋਲਤਾ ਦੇ ਸੁਖ ਉਹਨਾਂ ਦੇ ਅੰਤਰ ਮੌਲਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹ ਪ੍ਰਸੰਨ-ਚਿੱਤ ਰਹਿੰਦੇ ਹਨ, ਪਰ ਇਹ ਸਾਰੀ ਮੇਹਰ ਪ੍ਰਭੂ ਨੇ ਆਪ ਹੀ ਕੀਤੀ ਹੁੰਦੀ ਹੈ।

ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥

(ਆਪਣੇ ਸੇਵਕਾਂ ਤੇ ਪ੍ਰਭੂ ਮੇਹਰ ਕਰਦਾ ਹੈ) ਉਹ ਸੇਵਕ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਤੇ ਜਗਤ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ।

ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥

ਸੰਤ ਜਨਾਂ ਵਾਸਤੇ (ਜੀਵਨ ਦੇ ਇਹ) ਭਲੇ ਦਿਨ ਆਏ ਹੁੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਚਰਨ ਪਰਸਦੇ ਰਹਿੰਦੇ ਹਨ।

ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥

ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦੇ ਸੇਵਕ ਮਾਲਕ-ਪ੍ਰਭੂ ਦੀ ਸਰਨ ਆ ਕੇ ਸਦਾ ਲਈ ਉਸ ਨਾਲ ਪ੍ਰੀਤਿ ਨਿਬਾਹੁੰਦੇ ਹਨ ॥੪॥੧॥੧੦॥


ਆਸਾ ਮਹਲਾ ੫ ॥
ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥

ਹੇ ਭੋਲੇ ਰਾਹੀ (ਜੀਵ)! ਉੱਠ, ਤੁਰ (ਤਿਆਰ ਹੋ)। ਤੂੰ ਕਿਉਂ ਚਿਰ ਲਾ ਰਿਹਾ ਹੈਂ?

ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥

ਤੈਨੂੰ ਮਿਲਿਆ ਹੋਇਆ ਉਮਰ ਦਾ ਸਮਾ ਪੂਰਾ ਹੋ ਰਿਹਾ ਹੈ। ਤੂੰ ਕਿਸ ਠੱਗੀ ਵਿਚ ਫਸਿਆ ਹੋਇਆ ਹੈਂ?

ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥

(ਧਿਆਨ ਕਰ, ਇਹ) ਮਾਇਆ (ਨਿਰਾ) ਧੋਖਾ ਹੈ (ਤੂੰ ਇਸ ਦੀ) ਠੱਗੀ ਵਿਚ ਫਸਿਆ ਹੋਇਆ ਹੈਂ, ਤੇ ਬੇਅੰਤ ਪਾਪ ਕਰੀ ਜਾ ਰਿਹਾ ਹੈਂ।

ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥

ਇਹ ਸਰੀਰ (ਆਖ਼ਰ) ਮਿੱਟੀ ਦੀ ਢੇਰੀ (ਹੋ ਜਾਏਗਾ), ਜਮ ਨੇ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।

ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥

(ਪਰ ਜੀਵ ਵਿਚਾਰਾ ਭੀ ਕੀਹ ਕਰੇ? ਇਸ) ਵਿਚਾਰੇ ਨੂੰ ਆਤਮਕ ਮੌਤ ਨੇ ਆਪਣੇ ਕਾਬੂ ਵਿਚ ਕੀਤਾ ਹੋਇਆ ਹੈ (ਇਹ ਨਹੀਂ ਸਮਝਦਾ ਕਿ ਇਹ) ਧਨ ਜਵਾਨੀ ਸਭ ਕੁਝ ਛੱਡ ਕੇ ਤੁਰ ਜਾਏਗਾ, ਤਦੋਂ ਇਸ ਦਾ ਖਾਣਾ ਪਹਿਨਣਾ ਮੁੱਕ ਜਾਏਗਾ।

ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥

ਹੇ ਨਾਨਕ! (ਜਦੋਂ ਜੀਵ ਇਥੋਂ ਤੁਰਦਾ ਹੈ, ਤਾਂ) ਕਮਾਇਆ ਹੋਇਆ ਚੰਗਾ ਮੰਦਾ ਕਰਮ ਇਸ ਦੇ ਨਾਲ ਤੁਰ ਪੈਂਦਾ ਹੈ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੧॥

ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥

ਹੇ ਜੀਵ! ਜਿਵੇਂ ਹਰਨ ਰਾਤ ਵੇਲੇ (ਸ਼ਿਕਾਰ ਦਾ ਕੀਤਾ ਹੋਇਆ) ਚੰਦ ਵਰਗਾ ਚਾਨਣ ਵੇਖ ਕੇ (ਸ਼ਿਕਾਰੀ ਦੇ ਜਾਲ ਵਿਚ) ਫਸਦਾ ਹੈ,

ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥

(ਤਿਵੇਂ ਤੂੰ ਮਾਇਕ ਪਦਾਰਥਾਂ ਦੀ ਲਿਸ਼ਕ ਵੇਖ ਕੇ ਮਾਇਆ ਦੇ ਜਾਲ ਵਿਚ) ਫਸ ਰਿਹਾ ਹੈਂ, (ਜਿਨ੍ਹਾਂ ਸੁਖਾਂ ਦੀ ਖ਼ਾਤਰ ਤੂੰ ਫਸਦਾ ਹੈਂ ਉਹਨਾਂ) ਸੁਖਾਂ ਤੋਂ ਦੁੱਖ ਪੈਦਾ ਹੋ ਰਹੇ ਹਨ, (ਫਿਰ ਭੀ) ਤੂੰ ਸਦਾ ਪਾਪ ਕਮਾ ਰਿਹਾ ਹੈਂ।

ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ ॥

ਹੇ ਜੀਵ! ਤੂੰ ਪਾਪ ਕਰਨੇ ਛੱਡਦਾ ਨਹੀਂ ਹੈਂ (ਤੈਨੂੰ ਇਹ ਭੀ ਚੇਤਾ ਨਹੀਂ ਰਿਹਾ ਕਿ ਜਮਦੂਤ ਤੇਰੇ ਗਲ ਵਿਚ) ਗਲਾਵਾਂ ਪਾ ਕੇ (ਛੇਤੀ ਹੀ) ਲੈ ਜਾਣ ਵਾਲੇ ਹਨ।

ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥

ਤੂੰ ਅਕਾਸ਼ ਦੀ ਖ਼ਿਆਲੀ ਨਗਰੀ (ਵਰਗੀ ਮਾਇਆ) ਨੂੰ ਵੇਖ ਕੇ ਠੱਗਿਆ ਜਾ ਰਿਹਾ ਹੈਂ, ਤੂੰ ਇਸ ਠੱਗੀ-ਰੂਪ ਸੇਜ ਨੂੰ (ਆਨੰਦ ਨਾਲ) ਮਾਣ ਰਿਹਾ ਹੈਂ।

ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥

ਹੇ ਜੀਵ! ਤੂੰ ਜੀਭ ਦੇ ਚਸਕੇ ਵਿਚ, ਮਾਇਆ ਦੇ ਲੋਭ ਵਿਚ, ਅਹੰਕਾਰ ਵਿਚ ਮਸਤ ਹੈਂ, ਤੂੰ ਸਦਾ ਹਉਮੈ ਵਿਚ ਲੀਨ ਟਿਕਿਆ ਰਹਿੰਦਾ ਹੈਂ।

ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥

ਹੇ ਨਾਨਕ! (ਆਖ-) ਇਹ ਜੀਵ-ਹਰਨ ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ ਆਤਮਕ ਮੌਤੇ ਮਰ ਰਹੇ ਹਨ ਇਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕ ਸਕਦਾ ॥੨॥

ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥

(ਜਿਵੇਂ, ਗੁੜ ਆਦਿਕ) ਮਿੱਠੇ ਉੱਤੇ (ਬੈਠ ਕੇ) ਮੱਖੀ (ਗੁੜ ਨਾਲ ਚੰਬੜਦੀ ਜਾਂਦੀ ਹੈ) ਉੱਡ ਨਹੀਂ ਸਕਦੀ, (ਤੇ ਉੱਥੇ ਹੀ) ਮਰ ਜਾਂਦੀ ਹੈ, (ਤਿਵੇਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ, ਤੇ ਜੀਵਨ ਉੱਚਾ ਨਹੀਂ ਕਰ ਸਕਦਾ)।

ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥

(ਕਾਮ-ਵੱਸ ਹੋਇਆ) ਹਾਥੀ (ਉਸ) ਟੋਏ ਵਿਚ ਡਿੱਗ ਪੈਂਦਾ ਹੈ (ਜੋ ਹਾਥੀ ਨੂੰ ਫੜਨ ਵਾਸਤੇ ਪੁੱਟਿਆ ਜਾਂਦਾ ਹੈ ਤੇ ਉਸ ਵਿਚ ਕਾਗਜ਼ ਦੀ ਹਥਣੀ ਖੜੀ ਕੀਤੀ ਹੁੰਦੀ ਹੈ) ਇਸੇ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੇ ਟੋਏ ਵਿਚ ਡਿੱਗ ਪੈਂਦਾ ਹੈ। (ਵਿਕਾਰਾਂ ਵਿਚ ਡਿੱਗੇ ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ।

ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥

(ਵਿਕਾਰਾਂ ਦੇ ਕਾਰਨ) ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੋ ਜਾਂਦਾ ਹੈ, ਕਦੇ ਮਾਲਕ-ਪ੍ਰਭੂ ਚਿੱਤ ਵਿਚ ਨਹੀਂ ਵੱਸ ਸਕਦਾ।

ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥

ਇਤਨੇ ਦੁੱਖ ਵਾਪਰਦੇ ਹਨ, ਇਤਨੀ ਸਜ਼ਾ ਮਿਲਦੀ ਹੈ ਕਿ ਲੇਖਾ ਨਹੀਂ ਕੀਤਾ ਜਾ ਸਕਦਾ, ਮਨਮੁਖ ਆਪਣਾ ਕੀਤਾ ਭੁਗਤਦਾ ਹੈ।

ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥

ਜੇਹੜਾ ਜੇਹੜਾ ਪਾਪ ਕਰਮ ਲੁਕ ਕੇ ਕਰਦਾ ਹੈ ਉਹ ਆਖ਼ਰ ਉੱਘੜ ਪੈਂਦਾ ਹੈ, ਮਨਮੁਖ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬੇ-ਇੱਜ਼ਤੀ ਕਰਾਂਦਾ ਹੈ।

ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥

ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਹੰਕਾਰਿਆ ਹੋਇਆ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਹੱਥੀਂ ਆਤਮਕ ਜੀਵਨ) ਲੁਟਾ ਬੈਠਦਾ ਹੈ ॥੩॥

ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥

ਪਰਮਾਤਮਾ ਦੇ ਦਾਸ ਪਰਮਾਤਮਾ ਦੀ ਚਰਨੀਂ ਪੈ ਕੇ ਉੱਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,

ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ ॥

ਉਸ ਮਾਲਕ-ਪ੍ਰਭੂ ਦੀ ਸਰਨ ਪੈਂਦੇ ਹਨ, ਤੇ ਉਹ ਪ੍ਰਭੂ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ।

ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥

ਪਰਮਾਤਮਾ ਉਹਨਾਂ ਨੂੰ ਆਪਣਾ ਆਤਮਕ ਬਲ ਦੇਂਦਾ ਹੈ, ਉੱਚੀ ਅਕਲ ਦੇਂਦਾ ਹੈ, ਆਪਣੇ ਨਾਲ ਡੂੰਘੀ ਸਾਂਝ ਬਖ਼ਸ਼ਦਾ ਹੈ, ਆਪਣੇ ਵਿਚ ਉਹਨਾਂ ਦੀ ਸੁਰਤਿ ਜੋੜੀ ਰੱਖਦਾ ਹੈ, ਤੇ, ਉਹਨਾਂ ਪਾਸੋਂ ਆਪਣਾ ਨਾਮ ਜਪਾਂਦਾ ਹੈ।

ਸਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ ॥

ਸਾਧ ਸੰਗਤਿ ਵਿਚ ਆਪ ਉਹਨਾਂ ਦੇ ਹਿਰਦੇ ਅੰਦਰ ਪਰਗਟ ਹੁੰਦਾ ਹੈ ਤੇ ਉਹਨਾਂ ਨੂੰ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।

ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ ॥

ਰੱਖਣਹਾਰ ਪਰਮਾਤਮਾ ਆਪਣੇ ਸੰਤਾਂ ਨੂੰ (ਵਿਕਾਰਾਂ ਤੋਂ) ਆਪ ਬਚਾਂਦਾ ਹੈ, (ਤਾਈਏਂ ਸੰਤ ਜਨਾਂ ਦਾ) ਆਚਰਨ ਸਦਾ ਪਵਿਤ੍ਰ ਰਹਿੰਦਾ ਹੈ,

ਨਾਨਕ ਨਰਕਿ ਨ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥

ਹੇ ਨਾਨਕ! ਪਰਮਾਤਮਾ ਦੇ ਸੰਤ ਉਸ ਦੀ ਸਰਨ ਪਏ ਰਹਿਣ ਕਰਕੇ ਨਰਕ ਵਿਚ ਨਹੀਂ ਪੈਂਦੇ ॥੪॥੨॥੧੧॥


ਆਸਾ ਮਹਲਾ ੫ ॥
ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥

ਹੇ ਮੇਰੇ ਆਲਸ! ਚਲਾ ਜਾ (ਮੇਰੀ ਖ਼ਲਾਸੀ ਕਰ, ਮੈਂ ਪ੍ਰਭੂ-ਪਤੀ ਦਾ ਸਿਮਰਨ ਕਰਾਂ)। (ਹੇ ਸਖੀ!) ਮੈਂ ਪਰਮਾਤਮਾ ਪਾਸ ਬੇਨਤੀ ਕਰਦੀ ਹਾਂ (ਕਿ ਮੇਰਾ ਆਲਸ ਦੂਰ ਹੋ ਜਾਏ)।

ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥

(ਹੇ ਸਖੀ! ਜਿਉਂ ਜਿਉਂ) ਮੈਂ ਆਪਣੇ ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹਾਂ (ਤਿਉਂ ਤਿਉਂ) ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੇਰਾ ਜੀਵਨ ਸੋਹਣਾ ਬਣਦਾ ਜਾ ਰਿਹਾ ਹੈ।

ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥

ਹੇ ਸਖੀ! ਉਸ ਖਸਮ-ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੇਹੜੀ ਜੀਵ-ਇਸਤ੍ਰੀ ਸੁਆਮੀ ਕੰਤ ਦੇ ਚਰਨਾਂ ਵਿਚ ਜੁੜਦੀ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।

ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥

ਹੇ ਸਖੀ! ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰ ਕੇ ਤੇ ਪ੍ਰਭੂ ਦਾ ਦਰਸਨ ਕਰਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ! ਹੇ ਸਖੀ! ਉਸ ਹਰੀ ਦੇ ਗੁਣ ਸਦਾ ਗਾਣੇ ਚਾਹੀਦੇ ਹਨ।

ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥

(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਨੇ ਆਪਣੀ) ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜਿਆ ਉਸ ਨੇ ਪ੍ਰਭੂ-ਪਤੀ ਦਾ ਦਰਸ਼ਨ ਕਰ ਲਿਆ ਉਸ ਦੇ ਅੰਦਰੋਂ (ਪ੍ਰਭੂ-ਚਰਨਾਂ ਤੋਂ) ਵਿਛੋੜਾ ਦੂਰ ਹੋ ਗਿਆ।

ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥

ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਸਖੀ!) ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ, ਮੈਨੂੰ ਉਹ ਪ੍ਰਭੂ ਮਿਲ ਪਿਆ ਹੈ ਜਿਸ ਨੂੰ ਮੈਂ ਭਾਲ ਰਹੀ ਸਾਂ ॥੧॥

ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥

ਹੇ ਪਾਪੋ! (ਮੇਰੇ ਹਿਰਦੇ-) ਘਰ ਵਿਚ (ਮੇਰਾ) ਕਰਤਾਰ ਆ ਵੱਸਿਆ ਹੈ (ਹੁਣ ਤੁਸੀ ਮੇਰੇ ਹਿਰਦੇ ਵਿਚੋਂ) ਚਲੇ ਜਾਵੋ।

ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥

ਜਿਸ ਹਿਰਦੇ ਵਿਚ ਗੋਵਿੰਦ ਪਰਗਟ ਹੋ ਜਾਏ, ਉਸ ਵਿਚੋਂ ਵਿਕਾਰ-ਵੈਰੀਆਂ ਦਾ ਨਾਸ ਹੋ ਜਾਂਦਾ ਹੈ,

ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥

ਤੇ ਪਿਆਰੇ ਗੋਪਾਲ ਗੋਵਿੰਦ ਜੀ (ਉਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦੇ ਹਨ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਗੋਵਿੰਦ ਦੀ ਸਿਫ਼ਤਿ-ਸਾਲਾਹ ਕਰਦਾ ਹੈ।

ਆਚਰਜੁ ਡੀਠਾ ਅਮਿਉ ਵੂਠਾ ਗੁਰਪ੍ਰਸਾਦੀ ਜਾਣਿਆ ॥

ਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਗੋਬਿੰਦ ਨਾਲ ਡੂੰਘੀ ਸਾਂਝ ਪਾਂਦਾ ਹੈ ਉਹ (ਆਪਣੇ ਅੰਦਰ ਇਕ) ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ (ਕਿ ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ।

ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥

ਉਸ ਦੇ ਮਨ ਵਿਚ ਬੇਅੰਤ ਠੰਡ ਪੈ ਜਾਂਦੀ ਹੈ ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ।

ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥

ਨਾਨਕ ਬੇਨਤੀ ਕਰਦਾ ਹੈ, (ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਸ ਨੂੰ) ਪ੍ਰਭੂ ਆਪ ਹੀ ਆਨੰਦ-ਮਈ ਆਤਮਕ ਅਡੋਲਤਾ ਵਿਚ ਟਿਕਾਂਦਾ ਹੈ, ਪ੍ਰਭੂ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾਂਦਾ ਹੈ ॥੨॥

ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥

ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ।

ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥

ਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ।

ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥

ਸਾਧ ਸੰਗਤਿ ਵਿਚ ਪਰਮਾਤਮਾ ਦਾ ਭਜਨ ਕਰ ਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ ਧੀਰਜ ਪ੍ਰਾਪਤ ਹੋ ਜਾਂਦੀ ਹੈ ਆਤਮਕ ਅਡੋਲਤਾ ਮਿਲ ਜਾਂਦੀ ਹੈ।

ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥

ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ (ਮੋਹ ਮਮਤਾ ਆਦਿਕ ਵਿਕਾਰਾਂ ਤੋਂ) ਬਚਾ ਲੈਂਦਾ ਹੈ, ਉਹ ਮਨੁੱਖ ਮੋਹ ਮਮਤਾ ਆਦਿਕ ਸਭ ਤਿਆਗ ਦੇਂਦੇ ਹਨ।

ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥

ਜਿਨ੍ਹਾਂ ਨੂੰ ਪਰਮਾਤਮਾ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ਉਹਨਾਂ ਨੂੰ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ। ਪਰਮਾਤਮਾ ਦਾ ਨਾਮ ਜਪ ਕੇ ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ।

ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥

ਨਾਨਕ ਬੇਨਤੀ ਕਰਦਾ ਹੈ-ਉਹ ਮਨੁੱਖ ਮਾਲਕ-ਪ੍ਰਭੂ ਦਾ ਸਿਮਰਨ ਕਰ ਕੇ ਆਪਣੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਲੈਂਦੇ ਹਨ ॥੩॥

ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥

ਜਦੋਂ ਕਿਸੇ ਮਨੁੱਖ ਨੇ ਉਸ ਪਰਮਾਤਮਾ ਦੇ ਚਰਨ ਫੜ ਲਏ ਜੋ ਸਾਰੀਆਂ ਨਿਧੀਆਂ ਦਾ ਸਾਰੀਆਂ ਸਿੱਧੀਆਂ ਦਾ ਮਾਲਕ ਹੈ ਉਸ ਨੂੰ ਤਦੋਂ ਕੋਈ ਚਿੰਤਾ-ਫਿਕਰ ਨਹੀਂ ਰਹਿ ਜਾਂਦਾ,

ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥

(ਕਿਉਂਕਿ, ਹੇ ਭਾਈ!) ਸਾਡੇ ਸਿਰ ਉਤੇ ਉਹ ਪਰਮਾਤਮਾ ਰਾਖਾ ਹੈ ਜਿਸ ਦੇ ਵੱਸ ਵਿਚ ਹਰੇਕ ਚੀਜ਼ ਹੈ।

ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥

(ਜਿਸ ਮਨੁੱਖ ਨੂੰ) ਬਾਹੋਂ ਫੜ ਕੇ (ਪਰਮਾਤਮਾ ਆਪਣੇ ਵਿਚ) ਲੀਨ ਕਰ ਲੈਂਦਾ ਹੈ, ਜਿਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਸ ਦੇ ਮੱਥੇ ਉਤੇ ਹੱਥ ਰੱਖ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥

(ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਰਸ ਦਾ ਸੁਆਦ ਚੱਖ ਲਿਆ, ਉਸ ਉਤੇ ਸੰਸਾਰ-ਸਮੁੰਦਰ (ਆਪਣਾ) ਜੋਰ ਨਹੀਂ ਪਾ ਸਕਦਾ।

ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥

ਉਸ ਨੇ ਸਾਧ ਸੰਗਤਿ ਵਿਚ ਟਿਕ ਕੇ, ਹਰਿ-ਨਾਮ ਦੇ ਪ੍ਰੇਮ ਵਿਚ ਲੀਨ ਹੋ ਕੇ ਇਹ ਰਣ ਜਿੱਤ ਲਿਆ ਇਹ ਵੱਡਾ ਪਿੜ ਜਿੱਤ ਲਿਆ (ਜਿੱਥੇ ਕਾਮਾਦਿਕ ਪਹਲਵਾਨਾਂ ਨਾਲ ਸਦਾ ਘੋਲ ਹੁੰਦਾ ਰਹਿੰਦਾ ਹੈ)।

ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥

ਨਾਨਕ ਬੇਨਤੀ ਕਰਦਾ ਹੈ-ਜੇਹੜਾ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੂੰ (ਇਸ ਜੀਵਨ-ਘੋਲ ਵਿਚ) ਮੁੜ ਕਦੇ ਜਮ ਪੈਰਾਂ ਤੋਂ ਉਖੇੜ ਨਹੀਂ ਸਕਦਾ ॥੪॥੩॥੧੨॥


ਆਸਾ ਮਹਲਾ ੫ ॥
ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥

ਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿਚ ਉੱਕਰਿਆ ਗਿਆ ਹੈ।

ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥

ਜਿਸ ਪਾਸੋਂ ਤੂੰ (ਆਪਣੇ ਕੀਤੇ ਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ।

ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ ॥

ਸਿਰਜਣਹਾਰ (ਹਰੇਕ ਜੀਵ ਦੇ) ਨਾਲ (ਬੈਠਾ ਹਰੇਕ ਦੇ ਕੀਤੇ ਕੰਮ) ਵੇਖਦਾ ਰਹਿੰਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ,

ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥

(ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮ ਦੀ ਬਰਕਤਿ ਨਾਲ) ਨਰਕ ਵਿਚ ਕਦੇ ਭੀ ਨਹੀਂ ਪਈਦਾ।

ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥

ਅੱਠੇ ਪਹਰ ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਪਰਮਾਤਮਾ ਦਾ ਨਾਮ ਤੇਰੇ ਨਾਲ ਸਾਥ ਕਰੇਗਾ।

ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥

ਹੇ ਨਾਨਕ! (ਆਖ-ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ ਪਿਛਲੇ) ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ ॥੧॥

ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥

ਹੇ ਮੂਰਖ! ਹੇ ਗੰਵਾਰ! ਤੂੰ (ਹੋਰਨਾਂ ਨਾਲ) ਵਲ-ਛਲ ਕਰ ਕੇ (ਆਪਣਾ) ਪੇਟ ਭਰਦਾ ਹੈਂ (ਰੋਜ਼ੀ ਕਮਾਂਦਾ ਹੈਂ।

ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ ॥

ਤੈਨੂੰ ਇਹ ਗੱਲ ਭੁੱਲ ਚੁਕੀ ਹੋਈ ਹੈ ਕਿ) ਹਰੀ ਦਾਤਾਰ (ਸਭਨਾਂ ਜੀਵਾਂ ਨੂੰ) ਹਰੇਕ ਚੀਜ਼ ਦੇ ਰਿਹਾ ਹੈ।

ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ ॥

ਸਭ ਦਾਤਾਂ ਦੇਣ ਵਾਲਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ, ਉਸ ਨੂੰ ਕਦੇ ਭੀ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।

ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ ॥

ਸਾਧ ਸੰਗਤਿ ਵਿਚ ਮਿਲ (-ਬੈਠ), ਝਾਕਾ ਲਾਹ ਕੇ ਉਸ ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ ਆਪਣੀਆਂ) ਸਾਰੀਆਂ ਕੁਲਾਂ ਤਾਰ ਲਈਦੀਆਂ ਹਨ।

ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ ॥

ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਜੋਗ-ਸਾਧਨ ਕਰਨ ਵਾਲੇ, ਦੇਵਤੇ, ਸਮਾਧੀਆਂ ਲਾਣ ਵਾਲੇ, ਭਗਤ-ਸਭਨਾਂ ਦੀ ਜ਼ਿੰਦਗੀ ਦਾ ਹਰਿ-ਨਾਮ ਹੀ ਸਹਾਰਾ ਬਣਿਆ ਚਲਿਆ ਆ ਰਿਹਾ ਹੈ।

ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥

ਨਾਨਕ ਬੇਨਤੀ ਕਰਦਾ ਹੈ, ਸਦਾ ਉਸ ਪਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾ ਪੈਦਾ ਕਰਨ ਵਾਲਾ ਹੈ ॥੨॥

ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥

(ਕਦੇ ਕਿਸੇ ਨਾਲ) ਧੋਖਾ ਨਹੀਂ ਕਰਨਾ ਚਾਹੀਦਾ, (ਪਰਮਾਤਮਾ ਖਰੇ ਖੋਟੇ ਦੀ) ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ।

ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ ॥

ਜੇਹੜੇ ਮਨੁੱਖ (ਹੋਰਨਾਂ ਨੂੰ ਠੱਗਣ ਵਾਸਤੇ) ਝੂਠ ਬੋਲਦੇ ਹਨ, ਉਹ ਸੰਸਾਰ ਵਿਚ (ਮੁੜ ਮੁੜ) ਜੰਮਦੇ (ਮਰਦੇ) ਰਹਿੰਦੇ ਹਨ।

ਸੰਸਾਰੁ ਸਾਗਰੁ ਤਿਨ੍ਰ੍ਰੀ ਤਰਿਆ ਜਿਨ੍ਰ੍ਰੀ ਏਕੁ ਧਿਆਇਆ ॥

ਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ।

ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥

ਜੇਹੜੇ ਕਾਮ ਕ੍ਰੋਧ ਤਿਆਗ ਕੇ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸਰਨ ਆ ਗਏ ਹਨ, (ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ।)

ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ ॥

(ਹੇ ਭਾਈ!) ਜੇਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ, ਜੋ ਸਭ ਤੋਂ ਉੱਚਾ ਹੈ, ਜੋ ਅਪਹੁੰਚ ਹੈ ਤੇ ਬੇਅੰਤ ਹੈ,

ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ ॥੩॥

ਨਾਨਕ ਬੇਨਤੀ ਕਰਦਾ ਹੈ, ਉਹ ਆਪਣੇ ਸੇਵਕਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ, ਉਸ ਦੇ ਸੋਹਣੇ ਕੋਮਲ ਚਰਨ ਉਸ ਦੇ ਸੇਵਕਾਂ ਲਈ ਆਸਰਾ ਹਨ ॥੩॥

ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥

(ਇਹ ਸਾਰਾ ਸੰਸਾਰ ਜੋ ਦਿੱਸ ਰਿਹਾ ਹੈ ਇਸ ਨੂੰ) ਧੂਏਂ ਦਾ ਪਹਾੜ (ਕਰ ਕੇ) ਵੇਖ (ਇਸ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ।

ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥

ਮਾਇਆ ਦੇ ਜਿਤਨੇ ਭੀ ਮੌਜ-ਮੇਲੇ ਹਨ ਉਹ ਸਾਰੇ (ਕਿਸੇ ਦੇ) ਨਾਲ ਨਹੀਂ ਜਾਂਦੇ।

ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥

ਪਰਮਾਤਮਾ ਹੀ ਸਦਾ ਤੇਰੇ ਨਾਲ ਨਿਭਣ ਵਾਲਾ ਸਾਥੀ ਹੈ, ਦਿਨ ਰਾਤ ਹਰ ਵੇਲੇ ਉਸ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ।

ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥

ਇਕ ਪਰਮਾਤਮਾ ਤੋਂ ਬਿਨਾ ਹੋਰ ਕੁਝ ਭੀ (ਸਦਾ ਟਿਕੇ ਰਹਿਣ ਵਾਲਾ) ਨਹੀਂ (ਇਸ ਵਾਸਤੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਿਆਰ (ਮਨ ਵਿਚੋਂ) ਸਾੜ ਦੇਣਾ ਚਾਹੀਦਾ ਹੈ।

ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥

ਮਿੱਤਰ, ਜਵਾਨੀ, ਧਨ, ਆਪਣਾ ਹੋਰ ਸਭ ਕੁਝ-ਇਹ ਸਭ ਕੁਝ ਇਕ ਪਰਮਾਤਮਾ ਨੂੰ ਹੀ ਆਪਣੇ ਮਨ ਵਿਚ ਸਮਝ।

ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥

ਨਾਨਕ ਬੇਨਤੀ ਕਰਦਾ ਹੈ (-ਹੇ ਭਾਈ!) ਪਰਮਾਤਮਾ ਵੱਡੀ ਕਿਸਮਤਿ ਨਾਲ ਮਿਲਦਾ ਹੈ (ਜਿਨ੍ਹਾਂ ਨੂੰ ਮਿਲਦਾ ਹੈ ਉਹ ਸਦਾ) ਆਨੰਦ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੪॥੧੩॥


ਆਸਾ ਮਹਲਾ ੫ ਛੰਤ ਘਰੁ ੮ ॥

ਰਾਗ ਆਸਾ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥

ਮਾਇਆ ਭਟਕਣਾ ਵਿਚ ਪਾਣ ਵਾਲੀ ਕੰਧ ਹੈ (ਜਿਸ ਨੇ ਪਰਮਾਤਮਾ ਨਾਲੋਂ ਜੀਵਾਂ ਦੀ ਵਿੱਥ ਬਣਾ ਰੱਖੀ ਹੈ), ਮਾਇਆ ਭਟਕਣਾ ਵਿਚ ਪਾਣ ਵਾਲੀ (ਤੇ ਪ੍ਰਭੂ ਨਾਲੋਂ ਉਹਲਾ ਬਣਾਣ ਵਾਲੀ) ਕੰਧ ਹੈ। ਇਸ ਮਾਇਆ ਦਾ ਨਸ਼ਾ ਤ੍ਰਿੱਖਾ ਹੈ, ਪਰ (ਜੀਵਨ-ਰਾਹ ਤੋਂ) ਉਲਟੇ ਪਾਸੇ ਲੈ ਜਾਣ ਵਾਲਾ ਹੈ। (ਮਾਇਆ ਵਿਚ ਫਸਿਆਂ) ਮਨੁੱਖ ਦੀ ਉਮਰ ਵਿਅਰਥ ਚਲੀ ਜਾਂਦੀ ਹੈ।

ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥

(ਇਹ ਸੰਸਾਰ ਇਕ) ਭਿਆਨਕ ਸੰਘਣਾ ਜੰਗਲ ਹੈ; ਭਿਆਨਕ ਸੰਘਣਾ ਜੰਗਲ ਹੈ, (ਇਥੇ ਮਨੁੱਖ ਦੇ ਹਿਰਦੇ-) ਘਰ ਨੂੰ (ਮਨੁੱਖ ਦਾ ਆਪਣਾ ਹੀ) ਚੋਰ-ਮਨ ਲੁੱਟੀ ਜਾ ਰਿਹਾ ਹੈ, ਤੇ, ਸੂਰਜ (ਭਾਵ, ਸਮਾ) ਹਰ ਵੇਲੇ (ਇਸ ਦੀ ਉਮਰ ਨੂੰ) ਮੁਕਾਈ ਜਾ ਰਿਹਾ ਹੈ।

ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥

(ਗੁਜ਼ਰਦੇ ਜਾ ਰਹੇ) ਦਿਨ (ਮਨੁੱਖ ਦੀ ਉਮਰ ਨੂੰ) ਖਾਈ ਜਾਂਦੇ ਹਨ, ਪਰਮਾਤਮਾ ਦੇ ਭਜਨ ਤੋਂ ਬਿਨਾ (ਮਨੁੱਖ ਦੀ ਉਮਰ ਵਿਅਰਥ) ਬੀਤਦੀ ਜਾ ਰਹੀ ਹੈ। ਹੇ ਪ੍ਰਭੂ! ਹੇ ਤਰਸ-ਸਰੂਪ ਪਤੀ! (ਮੇਰੇ ਉੱਤੇ ਤਰਸ ਕਰ, ਤੇ ਮੈਨੂੰ) ਮਿਲ।

ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥

ਜਨਮ ਮਰਨ ਦੇ ਅਨੇਕਾਂ ਗੇੜ ਲੰਘ ਗਏ ਹਨ, ਪਰ ਪਿਆਰੇ ਪ੍ਰਭੂ ਦੀ ਸੰਗਤਿ ਤੋਂ ਬਿਨਾ ਮੇਰਾ ਕੋਈ ਚੰਗਾ ਹਾਲ ਨਹੀਂ ਹੈ।

ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥

(ਹੇ ਪਿਆਰੇ ਪ੍ਰਭੂ!) ਮੇਰੀ ਕੋਈ ਚੰਗੀ ਕੁਲ ਨਹੀਂ, ਮੇਰਾ ਸੁੰਦਰ ਰੂਪ ਨਹੀਂ, ਅੰਦਰ (ਗੁਣਾਂ ਦੀ) ਸੁਗੰਧੀ ਨਹੀਂ, ਮੈਨੂੰ ਆਤਮਕ ਜੀਵਨ ਦੀ ਕੋਈ ਸੂਝ-ਬੂਝ ਨਹੀਂ (ਹੇ ਪਿਆਰੇ!) ਤੈਥੋਂ ਬਿਨਾ ਮੇਰਾ ਹੋਰ ਕੋਈ ਰਾਖਾ ਨਹੀਂ।

ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥

(ਤੇਰਾ ਸੇਵਕ) ਨਾਨਕ (ਦੋਵੇਂ) ਹੱਥ ਜੋੜ ਕੇ ਤੇਰੀ ਸਰਨ ਪਿਆ ਹੈ, ਹੇ ਪਿਆਰੇ! ਹੇ ਨਾਥ! ਹੇ ਪ੍ਰਭੂ! ਮੇਰੀ ਆਤਮਕ ਅਵਸਥਾ ਉੱਚੀ ਬਣਾ ॥੧॥

ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥

ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਪਾਣੀ ਤੋਂ ਵਿਛੁੜਿਆਂ ਉਸ ਦਾ ਮਨ ਉਸ ਦਾ ਸਰੀਰ ਲਿੱਸਾ ਹੋ ਜਾਂਦਾ ਹੈ। ਪਿਆਰੇ (ਪਾਣੀ) ਤੋਂ ਬਿਨਾ ਉਹ ਕਿਵੇਂ ਜੀਊ ਸਕਦੀ ਹੈ?

ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥

ਹਰਨ ਆਤਮਕ ਜੀਵਨ ਦੇਣ ਵਾਲੀ (ਘੰਡੇ ਹੇੜੇ ਦੀ ਆਵਾਜ਼) ਸੁਣ ਕੇ ਆਪਣਾ ਮਨ ਆਪਣਾ ਸਰੀਰ ਆਪਣੀ ਜਿੰਦ (ਸਭ ਕੁਝ ਉਸ ਮਿੱਠੀ ਸੁਰ ਤੋਂ) ਸਦਕੇ ਕਰ ਦੇਂਦਾ ਹੈ, ਸਿੱਧਾ ਮੂੰਹ ਉਤੇ ਉਹ (ਸ਼ਿਕਾਰੀ ਦਾ) ਤੀਰ ਸਹਾਰਦਾ ਹੈ, ਸਾਹਮਣੇ ਮੂੰਹ ਰੱਖ ਕੇ ਤੀਰ ਸਹਾਰਦਾ ਹੈ।

ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥

ਹੇ ਪਿਆਰੇ! ਮੇਰੀ ਪ੍ਰੀਤਿ (ਤੇਰੇ ਚਰਨਾਂ ਵਿਚ) ਲੱਗ ਗਈ ਹੈ। (ਹੇ ਪ੍ਰਭੂ! ਮੈਨੂੰ) ਮਿਲ, ਮੇਰਾ ਚਿੱਤ (ਦੁਨੀਆ ਵਲੋਂ) ਉਦਾਸ ਹੈ। ਉਸ ਪਿਆਰੇ ਦੇ ਮਿਲਾਪ ਤੋਂ ਬਿਨਾ ਜੇ ਇਹ ਸਰੀਰ ਇਕ ਖਿਨ ਭੀ ਟਿਕਿਆ ਰਹਿ ਸਕੇ ਤਾਂ ਇਹ ਸਰੀਰ ਫਿਟਕਾਰ-ਜੋਗ ਹੈ।

ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥

ਹੇ ਪਿਆਰੇ ਪ੍ਰਭੂ! ਮੈਨੂੰ ਨੀਂਦ ਨਹੀਂ ਪੈਂਦੀ, ਤੇਰੇ ਚਰਨਾਂ ਵਿਚ ਮੇਰੀ ਪ੍ਰੀਤ ਲੱਗੀ ਹੋਈ ਹੈ, ਮੇਰਾ ਮਨ ਹਰ ਵੇਲੇ ਤੈਨੂੰ ਹੀ ਚਿਤਾਰ ਰਿਹਾ ਹੈ।

ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥

ਜੇਹੜੇ ਵਡ-ਭਾਗੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਜੇਹੜੇ ਉਸ ਦੇ ਨਾਮ ਵਿਚ ਮਸਤ ਹੋ ਜਾਂਦੇ ਹਨ, ਉਹ ਦੁਨੀਆ ਦੇ ਸਾਰੇ ਡਰ ਮਾਇਆ ਦੀ ਭਟਕਣਾ ਇਹ ਸਭ ਕੁਝ ਦੂਰ ਕਰ ਲੈਂਦੇ ਹਨ।

ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥

ਹੇ ਨਾਨਕ! (ਆਖ-) ਹੇ ਸਰਬ-ਵਿਆਪਕ ਦਇਆਲ ਹਰੀ! ਮੇਰੇ ਉਤੇ ਮੇਹਰ ਕਰ, ਤਰਸ ਕਰ, ਮੈਂ ਸਦਾ ਤੇਰੇ ਪਿਆਰ ਵਿਚ ਮਸਤ ਰਹਾਂ ॥੨॥

ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥

(ਕੌਲ-ਫੁੱਲਾਂ ਦੇ ਦੁਆਲੇ) ਭੌਰੇ ਗੁੰਜਾਰ ਪਾਂਦੇ ਹਨ, ਭੌਰੇ ਨਿੱਤ ਗੁੰਜਾਰ ਪਾਂਦੇ ਹਨ, ਕੌਲ-ਫੁੱਲਾਂ ਦੀ ਧੂੜੀ ਦੇ ਰਸ ਦੀ ਸੁਗੰਧੀ ਵਿਚ ਮਸਤ ਹੁੰਦੇ ਹਨ, ਪ੍ਰੀਤੀ ਦੇ ਖਿੱਚੇ ਹੋਏ ਉਹ ਆਪਣੇ ਆਪ ਨੂੰ ਕੌਲ-ਫੁੱਲਾਂ ਵਿਚ ਬੰਨ੍ਹਾ ਲੈਂਦੇ ਹਨ।

ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥

(ਭਾਵੇਂ ਸਰ ਤੇ ਟੋਭੇ ਪਾਣੀ ਨਾਲ ਭਰੇ ਪਏ ਹਨ, ਪਰ) ਪਪੀਹੇ ਦੇ ਚਿੱਤ ਨੂੰ (ਬੱਦਲਾਂ ਦੀ ਬੂੰਦ ਦੀ) ਪਿਆਸ ਹੈ, ਪਪੀਹੇ ਦੇ ਚਿੱਤ ਨੂੰ (ਸਿਰਫ਼ ਬੱਦਲਾਂ ਦੀ ਬੂੰਦ ਦੀ) ਤ੍ਰੇਹ ਹੈ, ਉਸ ਦੇ ਮਨ ਵਿਚ ਬੱਦਲਾਂ ਦੀ ਬੂੰਦ ਦੀ ਹੀ ਤਾਂਘ ਹੈ। ਜਦੋਂ ਪਪੀਹਾ ਉਸ ਮਸਤ ਕਰਾ ਦੇਣ ਵਾਲੀ ਬੂੰਦ ਨੂੰ ਪੀਂਦਾ ਹੈ, ਤਾਂ ਉਸ ਦੀ ਤਪਸ਼ ਮਿਟਦੀ ਹੈ।

ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥

ਹੇ ਜੀਵਾਂ ਦੇ ਦੁੱਖ-ਕਲੇਸ਼ ਨਾਸ ਕਰਨ ਵਾਲੇ! ਤਾਪ ਨਾਸ ਕਰਨ ਵਾਲੇ! (ਮੇਰੀ ਤੇਰੇ ਦਰ ਤੇ ਬੇਨਤੀ ਹੈ, ਮੈਨੂੰ) ਮਿਲ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਤੇਰੇ ਚਰਨਾਂ ਦਾ) ਬਹੁਤ ਡੂੰਘਾ ਪ੍ਰੇਮ ਹੈ।

ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥

ਤੂੰ ਮੇਰਾ ਸੋਹਣਾ ਚਤੁਰ ਸਿਆਣਾ ਮਾਲਕ ਹੈਂ। ਮੈਂ (ਆਪਣੀ) ਜੀਭ ਨਾਲ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰਾਂ?

ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥

ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਹਰੀ! ਮੈਨੂੰ ਬਾਹੋਂ ਫੜ ਕੇ ਆਪਣੀ ਚਰਨੀਂ ਲਾ ਲਵੋ, ਮੈਨੂੰ ਆਪਣਾ ਨਾਮ ਬਖ਼ਸ਼ੋ, ਤੇਰੀ ਨਿਗਾਹ ਮੇਰੇ ਉਤੇ ਪੈਂਦਿਆਂ ਹੀ ਮੇਰੇ ਸਾਰੇ ਪਾਪ ਮਿਟ ਜਾਂਦੇ ਹਨ।

ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥

ਨਾਨਕ ਬੇਨਤੀ ਕਰਦਾ ਹੈ-ਹੇ ਹਰੀ! ਤੇਰਾ ਦਰਸਨ ਕੀਤਿਆਂ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੩॥

ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥

ਹੇ ਮੇਰੇ ਖਸਮ-ਪ੍ਰਭੂ! ਮੈਂ ਚਿੱਤ (ਵਿਚ ਤੈਨੂੰ ਹੀ) ਚਿਤਾਰਦਾ ਹਾਂ, ਹੇ ਨਾਥ! ਮੈਂ ਚਿੱਤ ਵਿਚ ਤੈਨੂੰ ਹੀ ਯਾਦ ਕਰਦਾ ਹਾਂ। ਮੈਨੂੰ ਅਨਾਥ ਨੂੰ ਆਪਣੀ ਸਰਨ ਵਿਚ ਰੱਖ ਲੈ। (ਹੇ ਨਾਥ! ਮੈਨੂੰ) ਮਿਲ (ਤੈਨੂੰ ਮਿਲਣ ਲਈ ਮੇਰੇ ਅੰਦਰ) ਚਾਉ ਹੈ, ਮੇਰੀ ਜਿੰਦ ਤੇਰੇ ਦਰਸਨ ਲਈ ਉਤਸ਼ਾਹ ਵਿਚ ਆਈ ਹੋਈ ਹੈ।

ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥

ਹੇ ਪ੍ਰਭੂ! ਤੇਰੇ ਸੋਹਣੇ ਸਰੂਪ ਵਿਚ ਮੇਰੀ ਸੁਰਤਿ ਜੁੜੀ ਹੋਈ ਹੈ, ਤੇਰੇ ਸੋਹਣੇ ਸਰੀਰ ਵਲ ਮੇਰਾ ਧਿਆਨ ਲੱਗਾ ਹੋਇਆ ਹੈ। ਹੇ ਗੋਪਾਲ! ਮੇਰਾ ਮਨ ਤੇਰੇ ਨਾਲ ਡੂੰਘੀ ਸਾਂਝ ਪਾਣ ਵਾਸਤੇ ਲਲਚਾ ਰਿਹਾ ਹੈ। ਤੂੰ ਉਹਨਾਂ (ਵਡ-ਭਾਗੀਆਂ) ਦਾ ਮਾਣ ਰੱਖਦਾ ਹੈਂ ਜੇਹੜੇ ਤੇਰੇ ਦਰ ਦੇ ਮੰਗਤੇ ਬਣਦੇ ਹਨ।

ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥

ਹੇ ਪ੍ਰਭੂ! ਆਪਣੇ ਦਰ ਦੇ ਮੰਗਤਿਆਂ ਦਾ ਆਦਰ-ਮਾਣ ਕਰਦਾ ਹੈਂ, ਤੂੰ ਉਹਨਾਂ ਦੇ ਦੁੱਖਾਂ ਦਾ ਨਾਸ ਕਰਦਾ ਹੈਂ, (ਤੇਰੀ ਮੇਹਰ ਨਾਲ ਉਹਨਾਂ ਦੀਆਂ) ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ।

ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥

ਜੇਹੜੇ (ਵਡ-ਭਾਗੀ ਮਨੁੱਖ) ਪ੍ਰਭੂ-ਪਤੀ ਦੇ ਗਲ ਨਾਲ ਲੱਗਦੇ ਹਨ, ਉਹਨਾਂ (ਦੀ ਜ਼ਿੰਦਗੀ) ਦੇ ਦਿਨ ਭਾਗਾਂ ਵਾਲੇ ਹੋ ਜਾਂਦੇ ਹਨ, ਖਸਮ-ਪ੍ਰਭੂ ਨੂੰ ਮਿਲ ਕੇ ਉਹਨਾਂ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ।

ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥

ਜਿਨ੍ਹਾਂ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਜਿਨ੍ਹਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਨਾਸ ਹੋ ਜਾਂਦੇ ਹਨ।

ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥

ਨਾਨਕ ਬੇਨਤੀ ਕਰਦਾ ਹੈ (-ਹੇ ਭਾਈ!) ਲੱਛਮੀ-ਪਤੀ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ-ਪ੍ਰਭੂ ਮੈਨੂੰ ਮਿਲ ਪਿਆ ਹੈ, ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ ॥੪॥੧॥੧੪॥


ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ; ਜਿਸ ਦਾ ਨਾਮ ‘ਹੋਂਦ ਵਾਲਾ’ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ) ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ। ‘ਵਾਰ’ ਸਲੋਕਾਂ ਸਮੇਤ, ਵਾਰ ਤੇ ਸਲੋਕ ਵੀ ਗੁਰੂ ਨਾਨਕ ਦੇ ਹਨ।

ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥

(ਇਹ ਵਾਰ) ਟੁੰਡੇ (ਰਾਜਾ) ਅਸਰਾਜ ਦੀ (ਵਾਰ ਦੀ) ਸੁਰ ਉਤੇ (ਗਾਉਣੀ ਹੈ)।

ਸਲੋਕੁ ਮ : ੧ ॥
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥

ਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿਚ ਸੌ ਵਾਰੀ ਸਦਕੇ ਹੁੰਦਾ ਹਾਂ,

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥

ਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ ॥੧॥


ਮਹਲਾ ੨ ॥
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥

ਜੇ (ਇਕ) ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰ ਸੂਰਜ ਚੜ੍ਹਨ,

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥

ਜੇ ਇਤਨੇ ਭੀ ਚਾਨਣ ਹੋ ਜਾਣ (ਭਾਵ, ਚਾਨਣ ਕਰਨ ਵਾਲੇ ਜੇ ਇਤਨੇ ਭੀ ਚੰਦ੍ਰਮਾ ਸੂਰਜ ਆਦਿਕ ਗ੍ਰਹਿ ਅਕਾਸ਼ ਵਿਚ ਚੜ੍ਹ ਪੈਣ), ਗੁਰੂ ਤੋਂ ਬਿਨਾ (ਫੇਰ ਭੀ) ਘੁੱਪ ਹਨੇਰਾ ਹੈ ॥੨॥


ਮ : ੧ ॥
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥

ਹੇ ਨਾਨਕ! (ਜੋ ਮਨੁੱਖ) ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ ਚਤਰ (ਬਣੇ ਹੋਏ) ਹਨ,

ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥

ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ।

ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥

ਹੇ ਨਾਨਕ! (ਬੇਸ਼ਕ) ਆਖ ਕਿ ਪੈਲੀ ਵਿਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ,

ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥

ਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਹਨਾਂ ਨੂੰ ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿਚ (ਭਾਵ, ਉਹਨਾਂ ਦੀ ਫਲੀ ਵਿਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ ॥੩॥


ਪਉੜੀ ॥
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥

ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ।

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥

ਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿਚ ਵਿਆਪਕ ਹੋ ਕੇ, ਇਸ ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ।

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥

(ਹੇ ਪ੍ਰਭੂ!) ਤੂੰ ਆਪ ਹੀ (ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ (ਇਹਨਾਂ ਦੇ) ਸਾਜਣ ਵਾਲਾ ਹੈਂ। (ਤੂੰ ਆਪ ਹੀ ਤ੍ਰੁੱਠ ਕੇ (ਜੀਵਾਂ ਨੂੰ) ਦੇਂਦਾ ਹੈਂ ਅਤੇ ਬਖ਼ਸ਼ਸ਼ ਕਰਦਾ ਹੈਂ।

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥

ਤੂੰ ਸਭਨਾਂ ਜੀਆਂ ਦੀ ਜਾਣਨਹਾਰ ਹੈਂ। ਜਿੰਦ ਅਤੇ ਸਰੀਰ ਦੇ ਕੇ (ਤੂੰ ਆਪ ਹੀ) ਲੈ ਲਵੇਂਗਾ (ਭਾਵ, ਤੂੰ ਆਪ ਹੀ ਜਿੰਦ ਤੇ ਸਰੀਰ ਦੇਂਦਾ ਹੈਂ, ਆਪ ਹੀ ਮੁੜ ਲੈ ਲੈਂਦਾ ਹੈਂ)।

ਕਰਿ ਆਸਣੁ ਡਿਠੋ ਚਾਉ ॥੧॥

ਤੂੰ (ਕੁਦਰਤ ਵਿਚ) ਆਸਣ ਜਮਾ ਕੇ ਤਮਾਸ਼ਾ ਵੇਖ ਰਿਹਾ ਹੈਂ ॥੧॥

1
2
3
4
5
6
7
8
9
10
11
12