ਰਾਗ ਆਸਾ – ਬਾਣੀ ਸ਼ਬਦ-Part 2 – Raag Asa – Bani
ਰਾਗ ਆਸਾ – ਬਾਣੀ ਸ਼ਬਦ-Part 2 – Raag Asa – Bani
ਆਸਾ ਮਹਲਾ ੧ ਪੰਚਪਦੇ ॥
ਮੋਹੁ ਕੁਟੰਬੁ ਮੋਹੁ ਸਭ ਕਾਰ ॥
(ਹੇ ਭਾਈ!) ਮੋਹ (ਮਨੁੱਖ ਦੇ ਮਨ ਵਿਚ) ਪਰਵਾਰ ਦੀ ਮਮਤਾ ਪੈਦਾ ਕਰਦਾ ਹੈ, ਮੋਹ (ਜਗਤ ਦੀ) ਸਾਰੀ ਕਾਰ ਚਲਾ ਰਿਹਾ ਹੈ,
ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥
(ਪਰ ਮੋਹ ਹੀ) ਵਿਕਾਰ ਪੈਦਾ ਕਰਦਾ ਹੈ, (ਇਸ ਵਾਸਤੇ) ਮੋਹ ਨੂੰ ਛੱਡ ॥੧॥
ਮੋਹੁ ਅਰੁ ਭਰਮੁ ਤਜਹੁ ਤੁਮ੍ਰ ਬੀਰ ॥
ਹੇ ਭਾਈ! (ਦੁਨੀਆ ਦਾ) ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰ।
ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥
(ਮੋਹ ਤਿਆਗਿਆਂ ਹੀ) ਮਨੁੱਖ ਪਰਮਾਤਮਾ ਦਾ ਅਟੱਲ ਨਾਮ ਹਿਰਦੇ ਵਿਚ ਸਿਮਰ ਸਕਦਾ ਹੈ ॥੧॥ ਰਹਾਉ ॥
ਸਚੁ ਨਾਮੁ ਜਾ ਨਵ ਨਿਧਿ ਪਾਈ ॥
ਜਦੋਂ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ (-ਰੂਪ) ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ,
ਰੋਵੈ ਪੂਤੁ ਨ ਕਲਪੈ ਮਾਈ ॥੨॥
(ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ, ਫਿਰ) ਮਨ ਮਾਇਆ ਦੀ ਖ਼ਾਤਰ ਰੋਂਦਾ ਨਹੀਂ ਕਲਪਦਾ ਨਹੀਂ ॥੨॥
ਏਤੁ ਮੋਹਿ ਡੂਬਾ ਸੰਸਾਰੁ ॥
ਇਹ ਮੋਹ ਵਿਚ ਸਾਰਾ ਜਗਤ ਡੁੱਬਾ ਪਿਆ ਹੈ,
ਗੁਰਮੁਖਿ ਕੋਈ ਉਤਰੈ ਪਾਰਿ ॥੩॥
ਕੋਈ ਵਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ (ਮੋਹ ਦੇ ਸਮੁੰਦਰ ਵਿਚੋਂ) ਪਾਰ ਲੰਘਦਾ ਹੈ ॥੩॥
ਏਤੁ ਮੋਹਿ ਫਿਰਿ ਜੂਨੀ ਪਾਹਿ ॥
(ਹੇ ਭਾਈ!) ਇਸ ਮੋਹ ਵਿਚ (ਫਸਿਆ ਹੋਇਆ) ਤੂੰ ਮੁੜ ਮੁੜ ਜੂਨਾਂ ਵਿਚ ਪਏਂਗਾ,
ਮੋਹੇ ਲਾਗਾ ਜਮ ਪੁਰਿ ਜਾਹਿ ॥੪॥
ਮੋਹ ਵਿਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ ਵਿਚ ਜਾਵੇਂਗਾ ॥੪॥
ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥
ਜੇਹੜੇ ਬੰਦੇ (ਰਿਵਾਜੀ) ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਂਦੇ ਹਨ,
ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥
ਉਹਨਾਂ ਦਾ ਮੋਹ ਟੁੱਟਦਾ ਨਹੀਂ, (ਇਹਨਾਂ ਜਪਾਂ ਤਪਾਂ ਨਾਲ) ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ ॥੫॥
ਨਦਰਿ ਕਰੇ ਤਾ ਏਹੁ ਮੋਹੁ ਜਾਇ ॥
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦਾ ਇਹ ਮੋਹ ਦੂਰ ਹੁੰਦਾ ਹੈ।
ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥
ਹੇ ਨਾਨਕ! ਉਹ ਸਦਾ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੬॥੨੩॥
ਆਸਾ ਮਹਲਾ ੧ ॥
ਆਪਿ ਕਰੇ ਸਚੁ ਅਲਖ ਅਪਾਰੁ ॥
(ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਪਰਮਾਤਮਾ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਕਰ ਰਿਹਾ ਹੈ।
ਹਉ ਪਾਪੀ ਤੂੰ ਬਖਸਣਹਾਰੁ ॥੧॥
(ਹੇ ਪ੍ਰਭੂ! ਇਹ ਅਟੱਲ ਨਿਯਮ ਭੁਲਾ ਕੇ) ਮੈਂ ਗੁਨਹਗਾਰ ਹਾਂ (ਪਰ ਫਿਰ ਭੀ) ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ ॥੧॥
ਤੇਰਾ ਭਾਣਾ ਸਭੁ ਕਿਛੁ ਹੋਵੈ ॥
ਜਗਤ ਵਿਚ ਜੋ ਕੁਝ ਹੁੰਦਾ ਹੈ ਸਭ ਕੁਝ ਉਹੀ ਹੁੰਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ।
ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥
(ਪਰ ਇਹ ਅਟੱਲ ਸਚਾਈ ਵਿਸਾਰ ਕੇ) ਮਨੁੱਖ ਨਿਰੇ ਆਪਣੇ ਮਨ ਦੇ ਹਠ ਨਾਲ (ਭਾਵ, ਨਿਰੀ ਆਪਣੀ ਅਕਲ ਦਾ ਆਸਰਾ ਲੈ ਕੇ) ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ ॥੧॥ ਰਹਾਉ ॥
ਮਨਮੁਖ ਕੀ ਮਤਿ ਕੂੜਿ ਵਿਆਪੀ ॥
(ਨਿਰੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ,
ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥
(ਇਸ ਤਰ੍ਹਾਂ) ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ (ਮਾਇਆ ਦੇ ਲਾਲਚ ਵਿਚ ਕੀਤੇ) ਕਿਸੇ ਮੰਦ-ਕਰਮ ਦੇ ਕਾਰਨ ਦੁਖੀ ਹੁੰਦੀ ਹੈ ॥੨॥
ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥
(ਹੇ ਭਾਈ! ਮਾਇਆ ਦੇ ਮੋਹ ਵਿਚ ਫਸੀ) ਭੈੜੀ ਮਤਿ ਤਿਆਗ ਕੇ ਕੁਝ ਆਤਮਕ ਲਾਭ ਭੀ ਖੱਟੋ,
ਜੋ ਉਪਜੈ ਸੋ ਅਲਖ ਅਭੇਵਹੁ ॥੩॥
(ਇਹ ਯਕੀਨ ਲਿਆਵੋ ਕਿ) ਜੋ ਕੁਝ ਪੈਦਾ ਹੋਇਆ ਹੈ, ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ (ਭਾਵ, ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ) ॥੩॥
ਐਸਾ ਹਮਰਾ ਸਖਾ ਸਹਾਈ ॥
(ਅਸੀਂ ਜੀਵ ਮੁੜ ਮੁੜ ਭੁੱਲਦੇ ਹਾਂ ਤੇ ਆਪਣੀ ਅਕਲ ਤੇ ਮਾਣ ਕਰਦੇ ਹਾਂ, ਪਰ) ਸਾਡਾ ਮਿੱਤ੍ਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ।
ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥
(ਉਸ ਦੀ ਮੇਹਰ ਨਾਲ) ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੀ ਭਗਤੀ ਦੀ ਹੀ ਤਾਕੀਦ ਕਰਦਾ ਹੈ ॥੪॥
ਸਗਲੀਂ ਸਉਦੀਂ ਤੋਟਾ ਆਵੈ ॥
(ਪ੍ਰਭੂ ਦਾ ਸਿਮਰਨ ਵਿਸਾਰ ਕੇ) ਸਾਰੇ ਦੁਨਿਆਵੀ ਸੌਦਿਆਂ ਵਿਚ ਘਾਟਾ ਹੀ ਘਾਟਾ ਹੈ (ਉਮਰ ਵਿਅਰਥ ਗੁਜ਼ਰਦੀ ਜਾਂਦੀ ਹੈ);
ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥
ਹੇ ਨਾਨਕ! (ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ) ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ॥੫॥੨੪॥
ਆਸਾ ਮਹਲਾ ੧ ਚਉਪਦੇ ॥
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
(ਵਿਦਿਆ ਪ੍ਰਾਪਤ ਕਰ ਕੇ) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥
ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ, ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ ॥੧॥
ਘੁੰਘਰੂ ਵਾਜੈ ਜੇ ਮਨੁ ਲਾਗੈ ॥
ਜੇ ਮੇਰਾ ਮਨ ਪ੍ਰਭੂ-ਚਰਨਾਂ ਵਿਚ ਜੁੜਨਾ ਸਿੱਖ ਗਿਆ ਹੈ ਤਦੋਂ ਹੀ (ਭਗਤੀਆ ਬਣ ਕੇ) ਘੁੰਘਰੂ ਵਜਾਣੇ ਸਫਲ ਹਨ।
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥
ਫਿਰ ਪਰਲੋਕ ਵਿਚ ਜਮ ਮੇਰਾ ਕੁਝ ਭੀ ਨਹੀਂ ਵਿਗਾੜ ਸਕਦਾ ॥੧॥ ਰਹਾਉ ॥
ਆਸ ਨਿਰਾਸੀ ਤਉ ਸੰਨਿਆਸੀ ॥
ਜੇ ਸਭ ਮਾਇਕ-ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ।
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥
ਜੇ (ਗ੍ਰਿਹਸਤੀ ਹੁੰਦਿਆਂ) ਜੋਗੀ ਵਾਲਾ ਜਤ (ਕਾਇਮ) ਹੈ ਤਾਂ ਉਸ ਨੂੰ ਅਸਲ ਗ੍ਰਿਹਸਤੀ ਜਾਣੋ ॥੨॥
ਦਇਆ ਦਿਗੰਬਰੁ ਦੇਹ ਬੀਚਾਰੀ ॥
ਜੇ (ਹਿਰਦੇ ਵਿਚ) ਦਇਆ ਹੈ, ਜੇ ਸਰੀਰ ਨੂੰ (ਵਿਕਾਰਾਂ ਵਲੋਂ ਪਵਿੱਤ੍ਰ ਰੱਖਣ ਦੀ) ਵਿਚਾਰ ਵਾਲਾ ਭੀ ਹੈ, ਤਾਂ ਉਹ ਅਸਲ ਦਿਗੰਬਰ (ਨਾਂਗਾ ਜੈਨੀ);
ਆਪਿ ਮਰੈ ਅਵਰਾ ਨਹ ਮਾਰੀ ॥੩॥
ਜੋ ਮਨੁੱਖ ਆਪ (ਵਿਕਾਰਾਂ ਵਲੋਂ) ਮਰਿਆ ਹੋਇਆ ਹੈ ਉਹੀ ਹੈ (ਅਸਲ ਅਹਿੰਸਾ-ਵਾਦੀ) ਜੋ ਹੋਰਨਾਂ ਨੂੰ ਨਹੀਂ ਮਾਰਦਾ ॥੩॥
ਏਕੁ ਤੂ ਹੋਰਿ ਵੇਸ ਬਹੁਤੇਰੇ ॥
(ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ, ਹੇ ਪ੍ਰਭੂ!) ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ, ਹਰੇਕ ਵੇਸ ਵਿਚ ਤੂੰ ਆਪ ਮੌਜੂਦ ਹੈਂ।
ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥
ਨਾਨਕ (ਵਿਚਾਰਾ) ਤੇਰੇ ਕੌਤਕ-ਤਮਾਸ਼ੇ ਸਮਝ ਨਹੀਂ ਸਕਦਾ ॥੪॥੨੫॥
ਆਸਾ ਮਹਲਾ ੧ ॥
ਏਕ ਨ ਭਰੀਆ ਗੁਣ ਕਰਿ ਧੋਵਾ ॥
ਮੈਂ ਕਿਸੇ ਸਿਰਫ਼ ਇੱਕ ਔਗੁਣ ਨਾਲ ਲਿੱਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰ ਕੇ ਉਸ ਇੱਕ ਔਗੁਣ ਨੂੰ ਧੋ ਸਕਾਂ (ਮੇਰੇ ਅੰਦਰ ਤਾਂ ਬੇਅੰਤ ਔਗੁਣ ਹਨ ਕਿਉਂਕਿ)
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥
ਮੈਂ ਤਾਂ ਸਾਰੀ ਉਮਰ-ਰਾਤ ਹੀ (ਮੋਹ ਦੀ ਨੀਂਦ ਵਿਚ ਸੁੱਤੀ ਰਹੀ ਹਾਂ, ਤੇ ਮੇਰਾ ਖਸਮ-ਪ੍ਰਭੂ ਜਾਗਦਾ ਰਹਿੰਦਾ ਹੈ (ਉਸ ਦੇ ਨੇੜੇ ਮੋਹ ਢੁਕ ਹੀ ਨਹੀਂ ਸਕਦਾ) ॥੧॥
ਇਉ ਕਿਉ ਕੰਤ ਪਿਆਰੀ ਹੋਵਾ ॥
ਅਜੇਹੀ ਹਾਲਤ ਵਿਚ ਮੈਂ ਖਸਮ-ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ?
ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥
ਖਸਮ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ ॥੧॥ ਰਹਾਉ ॥
ਆਸ ਪਿਆਸੀ ਸੇਜੈ ਆਵਾ ॥
ਮੈਂ ਸੇਜ ਤੇ ਆਉਂਦੀ ਹਾਂ (ਮੈਂ ਹਿਰਦੇ-ਸੇਜ ਵਲ ਪਰਤਦੀ ਹਾਂ, ਪਰ ਅਜੇ ਭੀ) ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਮੈਂ ਵਿਆਕੁਲ ਹਾਂ।
ਆਗੈ ਸਹ ਭਾਵਾ ਕਿ ਨ ਭਾਵਾ ॥੨॥
(ਅਜੇਹੀ ਆਤਮਕ ਦਸ਼ਾ ਨਾਲ ਕਿਵੇਂ ਯਕੀਨ ਬਣੇ ਕਿ) ਮੈਂ ਖਸਮ-ਪ੍ਰਭੂ ਨੂੰ ਪਸੰਦ ਆਵਾਂ ਕਿ ਨਾਹ ਪਸੰਦ ਆਵਾਂ ॥੨॥
ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥
ਹੇ ਮਾਂ! (ਸਾਰੀ ਉਮਰ ਮਾਇਆ ਦੀ ਨੀਂਦ ਵਿਚ ਸੁੱਤੀ ਰਹਿਣ ਕਰ ਕੇ) ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕੀਹ ਬਣੇਗਾ,
ਹਰਿ ਦਰਸਨ ਬਿਨੁ ਰਹਨੁ ਨ ਜਾਈ ॥੧॥ ਰਹਾਉ ॥
(ਮੈਨੂੰ ਪਤੀ-ਪ੍ਰਭੂ ਪਰਵਾਨ ਕਰੇਗਾ ਕਿ ਨਹੀਂ, ਪਰ ਹੁਣ) ਪ੍ਰਭੂ-ਪਤੀ ਦੇ ਦਰਸ਼ਨ ਤੋਂ ਬਿਨਾ ਮੈਨੂੰ ਧਰਵਾਸ ਭੀ ਨਹੀਂ ਬੱਝਦਾ ॥੧॥ ਰਹਾਉ ॥
ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥
(ਹੇ ਮਾਂ! ਸਾਰੀ ਉਮਰ) ਮੈਂ ਪ੍ਰਭੂ-ਪਤੀ ਦੇ ਪ੍ਰੇਮ ਦਾ ਸੁਆਦ ਨ ਚੱਖਿਆ; ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ (ਦੀ ਅੱਗ) ਨਹੀਂ ਬੁੱਝ ਸਕੀ।
ਗਇਆ ਸੁ ਜੋਬਨੁ ਧਨ ਪਛੁਤਾਨੀ ॥੩॥
ਮੇਰੀ ਜਵਾਨੀ ਲੰਘ ਗਈ ਹੈ, ਹੁਣ ਮੇਰੀ ਜਿੰਦ ਪਛਤਾਵਾ ਕਰ ਰਹੀ ਹੈ ॥੩॥
ਅਜੈ ਸੁ ਜਾਗਉ ਆਸ ਪਿਆਸੀ ॥
(ਹੇ ਮਾਂ! ਜਵਾਨੀ ਤਾਂ ਲੰਘ ਗਈ ਹੈ, ਪਰ ਅਰਦਾਸ ਕਰ) ਅਜੇ ਭੀ ਮੈਂ ਮਾਇਆ ਦੀਆਂ ਆਸਾਂ ਦੀ ਪਿਆਸ ਵਲੋਂ-
ਭਈਲੇ ਉਦਾਸੀ ਰਹਉ ਨਿਰਾਸੀ ॥੧॥ ਰਹਾਉ ॥
ਉਪਰਾਮ ਹੋ ਕੇ ਮਾਇਆ ਦੀਆਂ ਆਸਾਂ ਲਾਹ ਕੇ ਜੀਵਨ ਗੁਜ਼ਾਰਾਂ (ਸ਼ਾਇਦ ਮੇਹਰ ਕਰ ਹੀ ਦੇਵੇ) ॥੧॥ ਰਹਾਉ ॥
ਹਉਮੈ ਖੋਇ ਕਰੇ ਸੀਗਾਰੁ ॥
ਜਦੋਂ ਜੀਵ-ਇਸਤ੍ਰੀ ਹਉਮੈ ਗਵਾਂਦੀ ਹੈ ਜਦੋਂ ਜਿੰਦ ਨੂੰ ਸੁੰਦਰ ਬਣਾਨ ਦਾ ਇਹ ਉੱਦਮ ਕਰਦੀ ਹੈ,
ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥
ਤਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਉਸ ਦੀ ਹਿਰਦਾ-ਸੇਜ ਤੇ ਆ ਕੇ ਮਿਲਦਾ ਹੈ ॥੪॥
ਤਉ ਨਾਨਕ ਕੰਤੈ ਮਨਿ ਭਾਵੈ ॥
ਹੇ ਨਾਨਕ! ਤਦੋਂ ਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਮਨ ਵਿਚ ਚੰਗੀ ਲੱਗਦੀ ਹੈ,
ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥
ਜਦੋਂ ਮਾਣ-ਵਡਿਆਈ ਛੱਡ ਕੇ ਆਪਣੇ ਖਸਮ ਦੀ ਰਜ਼ਾ ਵਿਚ ਲੀਨ ਹੁੰਦੀ ਹੈ ॥੧॥ ਰਹਾਉ ॥੨੬॥
ਆਸਾ ਮਹਲਾ ੧ ॥
ਪੇਵਕੜੈ ਧਨ ਖਰੀ ਇਆਣੀ ॥
ਪਰ ਜਗਤ ਦੇ ਮੋਹ ਵਿਚ ਫਸ ਕੇ ਜੀਵ-ਇਸਤ੍ਰੀ ਬਹੁਤ ਮੂਰਖ ਰਹਿੰਦੀ ਹੈ।
ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥
(ਇਸ ਮੋਹ ਵਿਚ ਫਸ ਕੇ ਹੀ) ਮੈਂ ਉਸ ਖਸਮ-ਪ੍ਰਭੂ (ਦੀ ਮੇਹਰ ਦੀ ਨਜ਼ਰ) ਦੀ ਕਦਰ ਨਹੀਂ ਸਮਝ ਸਕੀ (ਤੇ ਉਸ ਦੇ ਚਰਨਾਂ ਤੋਂ ਵਿਛੁੜੀ ਰਹੀ) ॥੧॥
ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥
ਮੇਰਾ ਖਸਮ-ਪ੍ਰਭੂ ਹਰ ਵੇਲੇ ਇਕ-ਰਸ ਰਹਿੰਦਾ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ।
ਨਦਰਿ ਕਰੇ ਮੇਲਾਵਾ ਹੋਈ ॥੧॥ ਰਹਾਉ ॥
ਉਹ ਸਦਾ ਮੇਹਰ ਦੀ ਨਜ਼ਰ ਕਰਦਾ ਹੈ (ਉਸ ਦੀ ਮੇਹਰ ਦੀ ਨਜ਼ਰ ਨਾਲ ਹੀ) ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥ ਰਹਾਉ ॥
ਸਾਹੁਰੜੈ ਧਨ ਸਾਚੁ ਪਛਾਣਿਆ ॥
ਜੇਹੜੀ ਜੀਵ-ਇਸਤ੍ਰੀ ਜਗਤ ਦੇ ਮੋਹ ਤੋਂ ਨਿਕਲ ਕੇ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਹ (ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ) ਉਸ ਸਦਾ-ਥਿਰ ਪ੍ਰਭੂ (ਦੀ ਕਦਰ) ਪਛਾਣ ਲੈਂਦੀ ਹੈ;
ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥
ਅਡੋਲ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਉਹ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ॥੨॥
ਗੁਰਪਰਸਾਦੀ ਐਸੀ ਮਤਿ ਆਵੈ ॥
ਜਦੋਂ ਗੁਰੂ ਦੀ ਕਿਰਪਾ ਨਾਲ (ਜੀਵ-ਇਸਤ੍ਰੀ ਨੂੰ) ਅਜੇਹੀ ਅਕਲ ਆ ਜਾਂਦੀ ਹੈ (ਕਿ ਉਹ ਜਗਤ ਦਾ ਮੋਹ ਛੱਡ ਕੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਕਰਦੀ ਹੈ)
ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥
ਤਦੋਂ ਜੀਵ-ਇਸਤ੍ਰੀ ਕੰਤ-ਪ੍ਰਭੂ ਦੇ ਮਨ ਵਿਚ ਚੰਗੀ ਲੱਗਣ ਲੱਗ ਪੈਂਦੀ ਹੈ ॥੩॥
ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥
ਨਾਨਕ ਆਖਦਾ ਹੈ- ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਡਰ ਦਾ ਤੇ ਪ੍ਰੇਮ ਦਾ ਸਿੰਗਾਰ ਬਣਾਂਦੀ ਹੈ,
ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥
ਉਸ ਦੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਸਦਾ ਟਿਕਿਆ ਰਹਿੰਦਾ ਹੈ ॥੪॥੨੭॥
ਆਸਾ ਮਹਲਾ ੧ ॥
ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥
ਅਸਲ ਵਿਚ ਨਾਹ ਮਾਂ ਨਾਹ ਪੁੱਤਰ ਕੋਈ ਭੀ ਕਿਸੇ ਦਾ ਪੱਕਾ ਸਾਥੀ ਨਹੀਂ ਹੈ।
ਝੂਠੈ ਮੋਹਿ ਭਰਮਿ ਭੁਲਾਈ ॥੧॥
(ਪਰ) ਝੂਠੇ ਮੋਹ ਦੇ ਕਾਰਨ ਦੁਨੀਆ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਹੋਈ ਹੈ (ਮਾਂ ਪਿਉ ਪੁਤ੍ਰ ਆਦਿਕ ਨੂੰ ਹੀ ਆਪਣਾ ਸਦਾ ਸਾਥੀ ਜਾਣ ਕੇ ਜੀਵ ਪਰਮਾਤਮਾ ਨੂੰ ਵਿਸਾਰੀ ਬੈਠਾ ਹੈ) ॥੧॥
ਮੇਰੇ ਸਾਹਿਬ ਹਉ ਕੀਤਾ ਤੇਰਾ ॥
ਹੇ ਮੇਰੇ ਮਾਲਿਕ-ਪ੍ਰਭੂ! ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ (ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਤੂੰ ਹੀ ਜਾਣਦਾ ਹੈਂ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ।
ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥੧॥ ਰਹਾਉ ॥
ਮੇਰੇ ਆਤਮਕ ਜੀਵਨ ਦੀ ਖ਼ਾਤਰ) ਜਦੋਂ ਤੂੰ ਮੈਨੂੰ ਆਪਣਾ ਨਾਮ ਦੇਂਦਾ ਹੈਂ, ਤਦੋਂ ਹੀ ਮੈਂ ਜਪ ਸਕਦਾ ਹਾਂ ॥੧॥ ਰਹਾਉ ॥
ਬਹੁਤੇ ਅਉਗਣ ਕੂਕੈ ਕੋਈ ॥
ਅਨੇਕਾਂ ਹੀ ਪਾਪ ਕੀਤੇ ਹੋਏ ਹੋਣ, ਫਿਰ ਭੀ ਜੇ ਕੋਈ ਮਨੁੱਖ (ਪਰਮਾਤਮਾ ਦੇ ਦਰ ਤੇ) ਅਰਜ਼ੋਈ ਕਰਦਾ ਹੈ (ਪਰਮਾਤਮਾ ਪੈਦਾ ਕੀਤੇ ਦੀ ਲਾਜ ਰੱਖਦਾ ਹੈ)
ਜਾ ਤਿਸੁ ਭਾਵੈ ਬਖਸੇ ਸੋਈ ॥੨॥
ਜਦੋਂ ਉਸ ਨੂੰ (ਉਸ ਅੱਤ ਵਿਕਾਰੀ ਦੀ ਭੀ ਅਰਜ਼ੋਈ) ਪਸੰਦ ਆਉਂਦੀ ਹੈ ਤਾਂ ਉਹ ਬਖ਼ਸ਼ਸ਼ ਕਰਦਾ ਹੈ (ਤੇ ਉਸ ਦੇ ਆਤਮਕ ਜੀਵਨ ਵਾਸਤੇ ਉਸ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ) ॥੨॥
ਗੁਰਪਰਸਾਦੀ ਦੁਰਮਤਿ ਖੋਈ ॥
ਗੁਰੂ ਦੀ ਕਿਰਪਾ ਨਾਲ ਸਾਡੀ ਖੋਟੀ ਮਤਿ ਨਾਸ ਹੁੰਦੀ ਹੈ।
ਜਹ ਦੇਖਾ ਤਹ ਏਕੋ ਸੋਈ ॥੩॥
(ਹੁਣ) ਮੈਂ ਜਿਧਰ ਵੇਖਦਾ ਹਾਂ ਉਧਰ (ਸਭ ਜੀਵਾਂ ਨੂੰ ਪੈਦਾ ਕਰਨ ਵਾਲਾ) ਉਹ ਪਰਮਾਤਮਾ ਹੀ ਵਿਆਪਕ ਵੇਖਦਾ ਹਾਂ ॥੩॥
ਕਹਤ ਨਾਨਕ ਐਸੀ ਮਤਿ ਆਵੈ ॥
ਨਾਨਕ ਆਖਦਾ ਹੈ- ਜਦੋਂ (ਪ੍ਰਭੂ ਦੀ ਆਪਣੀ ਹੀ ਮੇਹਰ ਨਾਲ ਗੁਰੂ ਦੀ ਰਾਹੀਂ) ਜੀਵ ਨੂੰ ਅਜੇਹੀ ਅਕਲ ਆ ਜਾਵੇ,
ਤਾਂ ਕੋ ਸਚੇ ਸਚਿ ਸਮਾਵੈ ॥੪॥੨੮॥
ਕਿ ਹਰ ਪਾਸੇ ਉਸ ਨੂੰ ਪਰਮਾਤਮਾ ਹੀ ਦਿੱਸੇ, ਤਾਂ ਜੀਵ ਸਦਾ ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੪॥੨੮॥
ਆਸਾ ਮਹਲਾ ੧ ॥
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
(ਹੇ ਭਾਈ! ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ।
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥
(ਅਤੇ ਉਸ ਭਿਆਨਕ ਸਰੀਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ)। ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ ॥੧॥
ਮਨ ਏਕੁ ਨ ਚੇਤਸਿ ਮੂੜ ਮਨਾ ॥
ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ।
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
(ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।
ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥
ਸੋ, ਨਾਨਕ ਬੇਨਤੀ ਕਰਦਾ ਹੈ (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ), ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੩॥
ਰਾਗੁ ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
(ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।
ਗੁਰੁ ਗੁਰੁ ਏਕੋ ਵੇਸ ਅਨੇਕ ॥੧॥
ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ) ॥੧॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤ-ਸਾਲਾਹ ਹੁੰਦੀ ਹੈ,
ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥
ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ) ਇਸੇ ਵਿਚ ਤੇਰੀ ਭਲਾਈ ਹੈ ॥੧॥ ਰਹਾਉ ॥
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ),
ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥
ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ ॥੨॥੨॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਸਾ ਘਰੁ ੩ ਮਹਲਾ ੧ ॥
ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥
(ਹੇ ਭਾਈ!) ਜੇ ਤੇਰੀਆਂ ਫ਼ੌਜਾਂ ਲੱਖਾਂ ਦੀ ਗਿਣਤੀ ਵਿਚ ਹੋਣ, ਉਹਨਾਂ ਵਿਚ ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ, ਲੱਖਾਂ ਨੇਜ਼ਾ-ਬਰਦਾਰ ਹੋਣ, ਲੱਖਾਂ ਹੀ ਆਦਮੀ ਉੱਠ ਕੇ ਨਿੱਤ ਤੈਨੂੰ ਸਲਾਮ ਕਰਦੇ ਹੋਣ,
ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ ॥
(ਹੇ ਭਾਈ!) ਜੇ ਲੱਖਾਂ ਬੰਦਿਆਂ ਉਤੇ ਤੇਰੀ ਹਕੂਮਤ ਹੋਵੇ, ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ,
ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥੧॥
(ਤਾਂ ਭੀ ਕੀਹ ਹੋਇਆ) ਜੇ ਤੇਰੀ ਇਹ ਇੱਜ਼ਤ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਪਏ, ਤਾਂ ਤੇਰੇ ਇਥੇ ਜਗਤ ਵਿਚ ਕੀਤੇ ਸਾਰੇ ਹੀ ਕੰਮ ਵਿਅਰਥ ਗਏ ॥੧॥
ਹਰਿ ਕੇ ਨਾਮ ਬਿਨਾ ਜਗੁ ਧੰਧਾ ॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਮੋਹ (ਮਨੁੱਖ ਵਾਸਤੇ) ਉਲਝਣ ਹੀ ਉਲਝਣ ਬਣ ਜਾਂਦਾ ਹੈ।
ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥੧॥ ਰਹਾਉ ॥
(ਇਸ ਉਲਝਣ ਵਿਚ ਜੀਵ ਇਤਨਾ ਫਸਦਾ ਹੈ ਕਿ) ਭਾਵੇਂ ਕਿਤਨਾ ਹੀ ਸਮਝਾਂਦੇ ਰਹੋ, ਮਨ ਅੰਨ੍ਹਾ ਹੀ ਅੰਨ੍ਹਾ ਰਹਿੰਦਾ ਹੈ (ਭਾਵ, ਮਨੁੱਖ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕੁਰਾਹੇ ਪਿਆ ਹਾਂ) ॥੧॥ ਰਹਾਉ ॥
ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ ॥
ਜੇ ਲੱਖਾਂ ਰੁਪਏ ਖੱਟੇ ਜਾਣ, ਲੱਖਾਂ ਰੁਪਏ ਜੋੜੇ ਜਾਣ, ਲੱਖਾਂ ਰੁਪਏ ਖ਼ਰਚੇ ਭੀ ਜਾਣ, ਲੱਖਾਂ ਹੀ ਰੁਪਏ ਆਉਣ, ਤੇ ਲੱਖਾਂ ਹੀ ਚਲੇ ਜਾਣ,
ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥੨॥
ਪਰ ਜੇ ਪ੍ਰਭੂ ਦੀ ਨਜ਼ਰ ਵਿਚ ਇਹ ਇੱਜ਼ਤ ਪਰਵਾਨ ਨਾਹ ਹੋਵੇ, ਤਾਂ (ਇਹਨਾਂ ਲੱਖਾਂ ਰੁਪਇਆਂ ਦੇ ਮਾਲਕ ਭੀ ਅੰਦਰੋਂ) ਦੁੱਖੀ ਹੀ ਰਹਿੰਦੇ ਹਨ ॥੨॥
ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ ॥
ਲੱਖਾਂ ਵਾਰੀ ਸ਼ਾਸਤ੍ਰਾਂ ਦੀ ਵਿਆਖਿਆ ਕੀਤੀ ਜਾਏ, ਵਿਦਵਾਨ ਲੋਕ ਲੱਖਾਂ ਵਾਰੀ ਪੁਰਾਨ ਪੜ੍ਹਨ (ਤੇ ਦੁਨੀਆ ਵਿਚ ਆਪਣੀ ਵਿੱਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ),
ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥੩॥
ਤਾਂ ਭੀ ਜੇ ਇਹ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨ ਹੋਵੇ ਤਾਂ ਇਹ ਸਾਰੇ ਪੜ੍ਹਨੇ ਪੜ੍ਹਾਨੇ ਵਿਅਰਥ ਗਏ ॥੩॥
ਸਚ ਨਾਮਿ ਪਤਿ ਊਪਜੈ ਕਰਮਿ ਨਾਮੁ ਕਰਤਾਰੁ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਪ੍ਰਭੂ ਦੇ ਦਰ ਤੇ) ਇੱਜ਼ਤ ਮਿਲਦੀ ਹੈ, ਤੇ ਕਰਤਾਰ (ਦਾ ਇਹ) ਨਾਮ ਮਿਲਦਾ ਹੈ ਉਸ ਦੀ ਆਪਣੀ ਮੇਹਰ ਨਾਲ।
ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥੪॥੧॥੩੧॥
ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਦਿਨ ਰਾਤ ਵੱਸਦਾ ਰਹੇ ਤਾਂ ਪਰਮਾਤਮਾ ਦੀ ਮੇਹਰ ਨਾਲ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ ॥੪॥੧॥੩੧॥
ਆਸਾ ਮਹਲਾ ੧ ॥
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ।
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥
ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ {ਨੋਟ: ਸੰਬੰਧਕ ‘ਵਿਚਿ’ ਦਾ ਸੰਬੰਧ ਲਫ਼ਜ਼ ‘ਦੁਖੁ’ ਨਾਲ ਨਹੀਂ ਹੈ। “ਦੀਵੇ ਵਿਚਿ ਦੁਖੁ ਤੇਲੁ ਪਾਇਆ”-ਇਉਂ ਅਰਥ ਕਰਨਾ ਹੈ} ॥੧॥
ਲੋਕਾ ਮਤ ਕੋ ਫਕੜਿ ਪਾਇ ॥
ਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾਓ।
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥
ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ) ॥੧॥ ਰਹਾਉ ॥
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥
ਪੱਤਲਾਂ ਉਤੇ ਪਿੰਡ ਭਰਾਣੇ (ਮਣਸਾਣੇ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ) ਹੀ ਹੈ, ਮੇਰੇ ਵਾਸਤੇ ਕਿਰਿਆ ਭੀ ਕਰਤਾਰ (ਦਾ) ਸੱਚਾ ਨਾਮ ਹੀ ਹੈ।
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥
ਇਹ ਨਾਮ ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ ॥੨॥
ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥
(ਹੇ ਪ੍ਰਭੂ!) ਤੇਰੀ ਸਿਫ਼ਤਿ-ਸਾਲਾਹ ਹੀ ਮੇਰੇ ਵਾਸਤੇ ਗੰਗਾ ਤੇ ਕਾਂਸ਼ੀ (ਆਦਿਕ ਤੀਰਥਾਂ ਦਾ ਇਸ਼ਨਾਨ ਹੈ, ਤੇਰੀ ਸਿਫ਼ਤਿ-ਸਾਲਾਹ ਵਿਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ।
ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥
ਸੱਚਾ ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿਚ ਪ੍ਰੇਮ ਬਣਿਆ ਰਹੇ ॥੩॥
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥
ਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ ਵੱਟ ਕੇ ਇਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ (ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ।
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥
(ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ ਹੋਇਆ ਇਹ ਪਿੰਨ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ ਨਹੀਂ ॥੪॥੨॥੩੨॥
ਆਸਾ ਘਰੁ ੪ ਮਹਲਾ ੧ ॥
ਰਾਗ ਆਸਾ, ਘਰ ੪ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥
ਦੇਵਤਿਆਂ ਨੇ ਭੀ ਤੇਰਾ ਦਰਸ਼ਨ ਕਰਨ ਵਾਸਤੇ ਦੁੱਖ ਸਹਾਰੇ, ਭੁੱਖਾਂ ਸਹਾਰੀਆਂ ਤੇ ਤੀਰਥ-ਰਟਨ ਕੀਤੇ।
ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥
ਅਨੇਕਾਂ ਜੋਗੀ ਤੇ ਜਤੀ (ਆਪੋ ਆਪਣੀ) ਮਰਯਾਦਾ ਵਿਚ ਰਹਿੰਦੇ ਹੋਏ ਗੇਰੂਏ ਰੰਗ ਦੇ ਕੱਪੜੇ ਪਾਂਦੇ ਰਹੇ ॥੧॥
ਤਉ ਕਾਰਣਿ ਸਾਹਿਬਾ ਰੰਗਿ ਰਤੇ ॥
ਹੇ ਮੇਰੇ ਮਾਲਿਕ! ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ।
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ ॥
ਤੇਰੇ ਅਨੇਕਾਂ ਨਾਮ ਹਨ, ਤੇਰੇ ਬੇਅੰਤ ਰੂਪ ਹਨ, ਤੇਰੇ ਬੇਅੰਤ ਹੀ ਗੁਣ ਹਨ, ਕਿਸੇ ਭੀ ਪਾਸੋਂ ਬਿਆਨ ਨਹੀਂ ਕੀਤੇ ਜਾ ਸਕਦੇ ॥੧॥ ਰਹਾਉ ॥
ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥
(ਤੇਰਾ ਦਰਸ਼ਨ ਕਰਨ ਵਾਸਤੇ ਹੀ ਰਾਜ-ਮਿਲਖ ਦੇ ਮਾਲਿਕ) ਆਪਣੇ ਮਹਲ-ਮਾੜੀਆਂ ਆਪਣੇ ਘਰ-ਬੂਹੇ ਹਾਥੀ ਘੋੜੇ ਆਪਣੇ ਦੇਸ ਵਤਨ ਛੱਡ ਕੇ (ਜੰਗਲੀਂ) ਚਲੇ ਗਏ।
ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥
ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ ॥੨॥
ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥
ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ, ਕੱਪੜੇ ਛੱਡ ਕੇ ਚਮੜਾ ਪਹਿਨਿਆ।
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥
ਅਨੇਕਾਂ ਬੰਦੇ ਦੁਖੀਆਂ ਵਾਂਗ ਦਰਦਵੰਦਾਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮ ਵਿਚ ਰੰਗੇ ਰਹਿਣ ਲਈ (ਗ੍ਰਿਹਸਤ ਛੱਡ ਕੇ) ਫ਼ਕੀਰ ਹੋ ਗਏ ॥੩॥
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਰੀ ॥
ਕਿਸੇ ਨੇ (ਭੰਗ ਆਦਿਕ ਪਾਣ ਲਈ) ਚੰਮ ਦੀ ਝੋਲੀ ਲੈ ਲਈ, ਕਿਸੇ ਨੇ (ਘਰ ਘਰ ਮੰਗਣ ਲਈ) ਖੱਪਰ (ਹੱਥ ਵਿਚ) ਫੜ ਲਿਆ, ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਨੀ ਹੋਇਆ।
ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥
ਪਰ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੂੰ ਮੇਰਾ ਮਾਲਿਕ ਹੈਂ, ਮੈਂ ਸਿਰਫ਼ ਤੇਰਾ ਸਾਂਗੀ ਹਾਂ (ਭਾਵ, ਮੈਂ ਸਿਰਫ਼ ਤੇਰਾ ਅਖਵਾਂਦਾ ਹਾਂ, ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਰਹਿੰਦਾ ਹਾਂ) ਕਿਸੇ ਖ਼ਾਸ ਸ਼੍ਰੇਣੀ ਵਿਚ ਹੋਣ ਦਾ ਮੈਨੂੰ ਕੋਈ ਮਾਣ ਨਹੀਂ ॥੪॥੧॥੩੩॥
ਆਸਾ ਘਰੁ ੫ ਮਹਲਾ ੧ ॥
ਰਾਗ ਆਸਾ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਭੀਤਰਿ ਪੰਚ ਗੁਪਤ ਮਨਿ ਵਾਸੇ ॥
ਮੇਰੇ ਮਨ ਵਿਚ ਧੁਰ ਅੰਦਰ ਪੰਜ ਕਾਮਾਦਿਕ ਲੁਕੇ ਪਏ ਹਨ,
ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥
ਉਹ ਠਠੰਬਰੇ ਹੋਇਆਂ ਵਾਂਗ ਭੱਜੇ ਫਿਰਦੇ ਹਨ, ਨਾਹ ਉਹ ਆਪ ਟਿਕਦੇ ਹਨ (ਨਾਹ ਮੇਰੇ ਮਨ ਨੂੰ ਟਿਕਣ ਦੇਂਦੇ ਹਨ) ॥੧॥
ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥
ਮੇਰਾ ਮਨ ਦਿਆਲ ਪਰਮਾਤਮਾ ਦੀ ਯਾਦ ਵਿਚ ਜੁੜਦਾ ਨਹੀਂ ਹੈ।
ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥
ਇਸ ਉਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ। ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ ॥੧॥ ਰਹਾਉ ॥
ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥
(ਮੇਰਾ ਸਰੀਰ ਉਸ ਨਾਰ ਵਾਂਗ ਆਪਣੇ ਸਿੰਗਾਰ ਦੇ ਆਹਰਾਂ ਵਿਚ ਰਹਿੰਦਾ ਹੈ ਜੋ ਆਪਣੇ ਪਤੀ ਦੀ ਉਡੀਕ ਵਿਚ ਹੈ ਤੇ ਆਖਦੀ ਹੈ-) ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ,
ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥
ਮੇਰਾ ਪਤੀ ਮਿਲੇਗਾ ਤਾਂ ਮੈਂ ਸਿੰਗਾਰ ਕਰਾਂਗੀ ॥੨॥
ਪੰਚ ਸਖੀ ਹਮ ਏਕੁ ਭਤਾਰੋ ॥
ਮੇਰੀਆਂ ਪੰਜੇ ਸਹੇਲੀਆਂ ਭੀ (ਗਿਆਨ-ਇੰਦ੍ਰੇ ਭੀ) ਜਿਨ੍ਹਾਂ ਦਾ ਜੀਵਾਤਮਾ ਹੀ ਖਸਮ ਹੈ (ਭਾਵ, ਜਿਨ੍ਹਾਂ ਦਾ ਸੁਖ ਦੁਖ ਜੀਵਾਤਮਾ ਦੇ ਸੁਖ ਦੁਖ ਨਾਲ ਸਾਂਝਾ ਹੈ)
ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥
(ਜੀਵਾਤਮਾ ਦੀ ਮਦਦ ਕਰਨ ਦੇ ਥਾਂ) ਸਰੀਰ ਦੇ ਭੋਗ ਵਿਚ ਹੀ ਲੱਗੀਆਂ ਹੋਈਆਂ ਹਨ (ਉਹਨਾਂ ਨੂੰ ਚਿੱਤ ਚੇਤੇ ਹੀ ਨਹੀਂ ਕਿ ਇਸ ਸਰੀਰ ਨਾਲੋਂ ਇਸ ਜੀਵਾਤਮਾ ਦਾ ਵਿਛੋੜਾ ਹੋ ਜਾਣਾ ਹੈ) ਜੀਵਾਤਮਾ ਨੇ ਚਲੇ ਜਾਣਾ ਹੈ ॥੩॥
ਪੰਚ ਸਖੀ ਮਿਲਿ ਰੁਦਨੁ ਕਰੇਹਾ ॥
(ਆਖ਼ਰ ਵਿਛੋੜੇ ਦਾ ਵੇਲਾ ਆ ਜਾਂਦਾ ਹੈ) ਪੰਜੇ ਸਹੇਲੀਆਂ ਰਲ ਕੇ ਸਿਰਫ਼ ਰੋ ਹੀ ਛਡਦੀਆਂ ਹਨ (ਭਾਵ, ਪੰਜੇ ਗਿਆਨ-ਇੰਦ੍ਰੇ ਜੀਵਾਤਮਾ ਦਾ ਸਾਥ ਛੱਡ ਦੇਂਦੇ ਹਨ, ਤੇ)
ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥
ਨਾਨਕ ਆਖਦਾ ਹੈ- ਜੀਵਾਤਮਾ (ਇਕੱਲਾ) ਲੇਖਾ ਦੇਣ ਲਈ ਫੜਿਆ ਜਾਂਦਾ ਹੈ ॥੪॥੧॥੩੪॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਸਾ ਘਰੁ ੬ ਮਹਲਾ ੧ ॥
ਰਾਗ ਆਸਾ, ਘਰ ੬ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥
ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ,
ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥
ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤ੍ਰੀ ਸਿੰਗਾਰ ਬਣਾ ਕੇ ਆਪਣੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ ॥੧॥
ਲਾਲ ਬਹੁ ਗੁਣਿ ਕਾਮਣਿ ਮੋਹੀ ॥
ਹੇ ਬਹੁ-ਗੁਣੀ ਲਾਲ ਪ੍ਰਭੂ! ਜੇਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿਚ ਸੁਰਤਿ ਜੋੜਦੀ ਹੈ,
ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥
ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ) ॥੧॥ ਰਹਾਉ ॥
ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥
ਜੇ ਜੀਵ-ਇਸਤ੍ਰੀ ਪਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ,
ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥
ਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੨॥
ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥
ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ,
ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥
(ਸਿਮਰਨ ਦੀ ਬਰਕਤਿ ਨਾਲ ਪ੍ਰਾਪਤ ਕੀਤੀ) ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ ॥੩॥
ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥
ਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ,
ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥
ਹੇ ਨਾਨਕ! (ਉਸ ਦੇ ਇਸ ਸਾਰੇ ਆਤਮਕ ਸਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩੫॥
ਆਸਾ ਮਹਲਾ ੧ ॥
ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥
(ਪਰ) ਹੇ ਭਾਈ! ਜੀਵ ਦੇ ਕੀਹ ਵੱਸ? ਜੀਵ ਉਹੀ ਕੁਝ ਕਰਦਾ ਹੈ ਜੋ ਪਰਮਾਤਮਾ ਉਸ ਤੋਂ ਕਰਾਂਦਾ ਹੈ।
ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥
ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ, ਜੋ ਕੁਝ ਅਕਾਲ ਪੁਰਖ ਕਰਨਾ ਚਾਹੁੰਦਾ ਹੈ, ਉਹੀ ਕਰ ਰਿਹਾ ਹੈ ॥੧॥
ਤੇਰਾ ਹੁਕਮੁ ਭਲਾ ਤੁਧੁ ਭਾਵੈ ॥
(ਹੇ ਪ੍ਰਭੂ!) ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ।
ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥
(ਸੋ) ਹੇ ਨਾਨਕ! (ਪ੍ਰਭੂ ਦੇ ਦਰ ਤੋਂ) ਉਸ ਜੀਵ ਨੂੰ ਆਦਰ ਮਿਲਦਾ ਹੈ ਜੋ (ਉਸ ਦੀ ਰਜ਼ਾ ਵਿਚ ਰਹਿ ਕੇ) ਉਸ ਸਦਾ-ਥਿਰ ਮਾਲਕ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥
ਸਾਡੇ ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਵਿਚ ਉਕਰਿਆ ਪਿਆ ਹੁੰਦਾ ਹੈ, ਉਸ ਦੇ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ।
ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥
ਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇਕ ਤਰੀਕਾ ਹੈ-ਰਜ਼ਾ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ) ॥੨॥
ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥
ਜੇ ਕੋਈ ਜੀਵ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੀ ਜਾਏ (ਹੁਕਮ ਅਨੁਸਾਰ ਤੁਰਨ ਦੀ ਜਾਚ ਨ ਸਿੱਖੇ, ਉਸ ਦਾ ਸੰਵਰਦਾ ਕੁਝ ਨਹੀਂ, ਸਗੋਂ) ਉਸ ਦਾ ਨਾਮ ਬੜਬੋਲਾ ਹੀ ਪੈ ਸਕਦਾ ਹੈ।
ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥
(ਜੀਵਨ ਦੀ ਬਾਜ਼ੀ) ਸ਼ਤਰੰਜ (ਚੌਪੜ) ਦੀ ਬਾਜ਼ੀ (ਵਰਗੀ) ਹੈ, (ਰਜ਼ਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜ਼ੀ) ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ (ਪੁੱਗਦੀਆਂ ਸਿਰਫ਼ ਉਹੀ ਹਨ ਜੋ) ਪੁੱਗਣ ਵਾਲੇ ਘਰ ਵਿਚ ਜਾ (ਪਹੁੰਚਦੀਆਂ ਹਨ) ॥੩॥
ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥
ਇਸ ਰਸਤੇ ਵਿਚ ਨਾਹ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾਹ ਕੋਈ (ਅਨਪੜ੍ਹ) ਮੂਰਖ ਭੈੜਾ ਮੰਨਿਆ ਜਾ ਸਕਦਾ ਹੈ (ਜੀਵਨ ਦੇ ਸਹੀ ਰਸਤੇ ਵਿਚ ਨਾਹ ਨਿਰੀ ਵਿੱਦਵਤਾ ਸਫਲਤਾ ਦਾ ਵਸੀਲਾ ਹੈ, ਨਾਹ ਅਨਪੜ੍ਹਤਾ ਵਾਸਤੇ ਅਸਫਲਤਾ ਜ਼ਰੂਰੀ ਹੈ)।
ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥
ਉਹ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤਿ-ਸਾਲਾਹ ਕਰਾਂਦਾ ਹੈ ॥੪॥੨॥੩੬॥
ਆਸਾ ਮਹਲਾ ੧ ॥
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥
(ਹੇ ਜੋਗੀ!) ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ ਇਹ ਹਨ ਮੁੰਦ੍ਰਾਂ (ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਪਾਈਆਂ ਹੋਈਆਂ ਹਨ)। ਮੈਂ ਖਿਮਾ ਦਾ ਸੁਭਾਉ (ਪਕਾ ਰਿਹਾ ਹਾਂ, ਇਹ ਮੈਂ) ਗੋਦੜੀ ਪਹਿਨਦਾ ਹਾਂ।
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮੈਂ ਜੀਵਾਂ ਦੀ ਭਲਾਈ ਵਾਸਤੇ ਹੀ ਮੰਨਦਾ ਹਾਂ, ਇਸ ਤਰ੍ਹਾਂ ਮੇਰਾ ਮਨ ਡੋਲਣੋਂ ਬਚਿਆ ਰਹਿੰਦਾ ਹੈ-ਇਹ ਹੈ ਜੋਗ-ਸਾਧਨਾਂ ਦਾ ਖ਼ਜ਼ਾਨਾ, ਜੋ ਮੈਂ ਇਕੱਠਾ ਕਰ ਰਿਹਾ ਹਾਂ ॥੧॥
ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥
ਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ।
ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥
ਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿਚ (ਸਦਾ) ਮਾਣਦਾ ਹੈ ॥੧॥ ਰਹਾਉ ॥
ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥
(ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ)।
ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥
ਹੇ ਜੋਗੀ! ਤੂੰ ਸਿੰਙੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ ॥੨॥
ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥
(ਹੇ ਜੋਗੀ! ਤੂੰ ਹੱਥ ਵਿਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ)। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ।
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥
ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ ॥੩॥
ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥
ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ-ਇਹ ਹੈ ਸਾਡੀ ਬੈਰਾਗਣ-
ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥
ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਸੁਣ, ਜੋ ਸਾਨੂੰ ਪ੍ਰਭੂ-ਚਰਨਾਂ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ ॥੪॥੩॥੩੭॥
ਆਸਾ ਮਹਲਾ ੧ ॥
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥
(ਹੇ ਜੋਗੀ!) ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ।
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥
ਸਰੀਰਕ ਮੋਹ ਨੂੰ ਸਾੜ-ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ-ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਕ ਜੀਵਨ ਦਾਤਾ) ਅੰਮ੍ਰਿਤ ਨਿਕਲੇਗਾ ॥੧॥
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥
ਜੇ ਜੋਗੀ! (ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤਿ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਆਨੰਦ ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ,
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥
ਜਿਸ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ ॥੧॥ ਰਹਾਉ ॥
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥
(ਹੇ ਜੋਗੀ!) ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਪਿਲਾਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ।
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥
ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ) ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ॥੨॥
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥
ਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ,
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥
ਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾਹ ਮੁਕਤੀ ਦੀ ਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ ॥੩॥
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥
ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗਿਆ ਗਿਆ ਹੈ ਉਹ ਸਦਾ (ਮਾਇਆ ਦੇ ਮੋਹ ਤੋਂ) ਵਿਰਕਤ ਰਹਿੰਦਾ ਹੈ, ਉਹ ਆਤਮਕ ਮਨੁੱਖਾ ਜੀਵਨ ਜੂਏ ਵਿਚ (ਭਾਵ, ਅਜਾਈਂ) ਨਹੀਂ ਗਵਾਂਦਾ,
ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥
ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਉਹ ਤਾਂ ਅਟੱਲ ਆਤਮਕ ਜੀਵਨ ਦਾਤੇ ਆਨੰਦ ਵਿਚ ਮਸਤ ਰਹਿੰਦਾ ਹੈ ॥੪॥੪॥੩੮॥
ਆਸਾ ਮਹਲਾ ੧ ॥
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
(ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥
(ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? ॥੧॥
ਕਰਤਾ ਤੂੰ ਸਭਨਾ ਕਾ ਸੋਈ ॥
ਹੇ ਕਰਤਾਰ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ।
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਵੇਖਣ ਵਾਲਿਆਂ ਦੇ) ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ) ॥੧॥ ਰਹਾਉ ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
ਪਰ ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ)।
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ ॥
(ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ-ਰੂਪ ਮੁਗ਼ਲ) ਕੁੱਤਿਆਂ ਨੇ (ਤੇਰੇ ਬਣਾਏ) ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ।
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥
(ਹੇ ਕਰਤਾਰ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ। ਵੇਖ! ਹੇ ਕਰਤਾਰ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ ॥੨॥
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ,
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ)।
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥
ਹੇ ਨਾਨਕ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ ॥੩॥੫॥੩੯॥
ਰਾਗੁ ਆਸਾ ਘਰੁ ੨ ਮਹਲਾ ੩ ॥
ਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਦਰਸਨੁ ਪਾਵੈ ਵਡਭਾਗਿ ॥
ਮਨੁੱਖ ਵੱਡੀ ਕਿਸਮਤਿ ਨਾਲ ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ ਗੁਰ-) ਸ਼ਾਸਤ੍ਰ ਪ੍ਰਾਪਤ ਕਰਦਾ ਹੈ।
ਗੁਰ ਕੈ ਸਬਦਿ ਸਚੈ ਬੈਰਾਗਿ ॥
ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਕੇ (ਇਸ ਦੀ ਪ੍ਰਾਪਤੀ ਹੁੰਦੀ ਹੈ।)
ਖਟੁ ਦਰਸਨੁ ਵਰਤੈ ਵਰਤਾਰਾ ॥
(ਜਗਤ ਵਿਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਕਾਰ) ਦਾ ਰਿਵਾਜ ਚੱਲ ਰਿਹਾ ਹੈ,
ਗੁਰ ਕਾ ਦਰਸਨੁ ਅਗਮ ਅਪਾਰਾ ॥੧॥
ਪਰ ਗੁਰੂ ਦਾ (ਦਿੱਤਾ ਹੋਇਆ) ਸ਼ਾਸਤ੍ਰ (ਇਹਨਾਂ ਛੇ ਸ਼ਾਸਤ੍ਰਾਂ ਦੀ) ਪਹੁੰਚ ਤੋਂ ਪਰੇ ਹੈ (ਇਹ ਛੇ ਸ਼ਾਸਤ੍ਰ ਗੁਰੂ ਦੇ ਸ਼ਾਸਤ੍ਰ ਦਾ) ਅੰਤ ਨਹੀਂ ਪਾ ਸਕਦੇ ॥੧॥
ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥
ਗੁਰੂ ਦੇ (ਦਿੱਤੇ ਹੋਏ) ਸ਼ਾਸਤ੍ਰ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹੋ ਜਾਂਦੀ ਹੈ,
ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥
ਗੁਰ ਦਰਸਨਿ ਉਧਰੈ ਸੰਸਾਰਾ ॥
ਜਗਤ ਗੁਰੂ ਦੇ ਸ਼ਾਸਤ੍ਰ ਦੀ ਬਰਕਤਿ ਨਾਲ (ਵਿਕਾਰਾਂ ਤੋਂ) ਬਚ ਜਾਂਦਾ ਹੈ।
ਜੇ ਕੋ ਲਾਏ ਭਾਉ ਪਿਆਰਾ ॥
(ਪਰ ਤਾਂ) ਜੇ ਕੋਈ ਮਨੁੱਖ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਜੋੜੇ।
ਭਾਉ ਪਿਆਰਾ ਲਾਏ ਵਿਰਲਾ ਕੋਇ ॥
ਪਰ ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਪੈਦਾ ਕਰਦਾ ਹੈ।
ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥
(ਹੇ ਭਾਈ!) ਗੁਰੂ ਦੇ ਸ਼ਾਸਤ੍ਰ ਵਿਚ (ਚਿੱਤ ਜੋੜਿਆਂ) ਸਦਾ ਆਤਮਕ ਆਨੰਦ ਮਿਲਦਾ ਹੈ ॥੨॥
ਗੁਰ ਕੈ ਦਰਸਨਿ ਮੋਖ ਦੁਆਰੁ ॥
ਗੁਰੂ ਦੇ ਸ਼ਾਸਤ੍ਰ ਵਿਚ (ਸੁਰਤਿ ਟਿਕਾਇਆਂ) ਵਿਕਾਰਾਂ ਤੋਂ ਖ਼ਲਾਸੀ ਪਾਣ ਵਾਲਾ ਰਾਹ ਲੱਭ ਪੈਂਦਾ ਹੈ।
ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਪਰਵਾਰ ਵਾਸਤੇ ਭੀ (ਵਿਕਾਰਾਂ ਤੋਂ ਬਚਣ ਲਈ) ਸਹਾਰਾ ਬਣ ਜਾਂਦਾ ਹੈ।
ਨਿਗੁਰੇ ਕਉ ਗਤਿ ਕਾਈ ਨਾਹੀ ॥
ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਸ ਨੂੰ ਕੋਈ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ।
ਅਵਗਣਿ ਮੁਠੇ ਚੋਟਾ ਖਾਹੀ ॥੩॥
(ਹੇ ਭਾਈ!) ਜਿਹੜੇ ਮਨੁੱਖ ਪਾਪ (-ਕਰਮ) ਵਿਚ (ਫਸ ਕੇ ਆਤਮਕ ਜੀਵਨ ਵਲੋਂ) ਲੁੱਟੇ ਜਾ ਰਹੇ ਹਨ, ਉਹ (ਜੀਵਨ-ਸਫ਼ਰ ਵਿਚ) (ਵਿਕਾਰਾਂ ਦੀਆਂ) ਸੱਟਾਂ ਖਾਂਦੇ ਹਨ ॥੩॥
ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜਿਆਂ (ਮਨੁੱਖ ਦੇ) ਸਰੀਰ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ,
ਗੁਰਮੁਖਿ ਤਾ ਕਉ ਲਗੈ ਨ ਪੀਰ ॥
ਗੁਰੂ ਦੀ ਸਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।
ਜਮਕਾਲੁ ਤਿਸੁ ਨੇੜਿ ਨ ਆਵੈ ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ।
ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥
ਹੇ ਨਾਨਕ! ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ ॥੪॥੧॥੪੦॥
ਆਸਾ ਮਹਲਾ ੩ ॥
ਸਬਦਿ ਮੁਆ ਵਿਚਹੁ ਆਪੁ ਗਵਾਇ ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਨਿਰਲੇਪ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ।
ਸਤਿਗੁਰੁ ਸੇਵੇ ਤਿਲੁ ਨ ਤਮਾਇ ॥
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ (ਮਾਇਆ ਦਾ) ਰਤਾ ਭਰ ਭੀ ਲਾਲਚ ਨਹੀਂ ਰਹਿੰਦਾ।
ਨਿਰਭਉ ਦਾਤਾ ਸਦਾ ਮਨਿ ਹੋਇ ॥
ਉਸ ਮਨੁੱਖ ਦੇ ਮਨ ਵਿਚ ਉਹ ਦਾਤਾਰ ਸਦਾ ਵੱਸਿਆ ਰਹਿੰਦਾ ਹੈ ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ।
ਸਚੀ ਬਾਣੀ ਪਾਏ ਭਾਗਿ ਕੋਇ ॥੧॥
ਪਰ ਕੋਈ ਵਿਰਲਾ ਮਨੁੱਖ ਹੀ ਚੰਗੀ ਕਿਸਮਤਿ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਨੂੰ ਮਿਲ ਸਕਦਾ ਹੈ ॥੧॥
ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥
(ਹੇ ਭਾਈ! ਆਪਣੇ ਅੰਦਰ ਪਰਮਾਤਮਾ ਦੇ) ਗੁਣ ਇਕੱਠੇ ਕਰੋ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ।
ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥
ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ (ਸਿਫ਼ਤਿ-ਸਾਲਾਹ ਕਰ ਕੇ ਤੂੰ ਗੁਣਾਂ ਦੇ ਮਾਲਕ ਪ੍ਰਭੂ ਵਿਚ) ਟਿਕਿਆ ਰਹੇਂਗਾ ॥੧॥ ਰਹਾਉ ॥
ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਵਿਹਾਝਦਾ ਹੈ ਉਹ ਉਸ ਸਿਫ਼ਤਿ-ਸਾਲਾਹ ਦੀ ਕਦਰ ਸਮਝਦਾ ਹੈ;
ਅੰਮ੍ਰਿਤ ਸਬਦਿ ਨਾਮੁ ਵਖਾਣੈ ॥
ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।
ਸਾਚੀ ਬਾਣੀ ਸੂਚਾ ਹੋਇ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।
ਗੁਣ ਤੇ ਨਾਮੁ ਪਰਾਪਤਿ ਹੋਇ ॥੨॥
ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੌਦਾ ਮਿਲ ਜਾਂਦਾ ਹੈ ॥੨॥
ਗੁਣ ਅਮੋਲਕ ਪਾਏ ਨ ਜਾਹਿ ॥
ਪਰਮਾਤਮਾ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਕਿਸੇ ਭੀ ਕੀਮਤਿ ਤੋਂ ਮਿਲ ਨਹੀਂ ਸਕਦੇ,
ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥
(ਹਾਂ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ (ਇਹ ਗੁਣ) ਪਵਿਤ੍ਰ ਹੋਏ ਮਨ ਵਿਚ ਆ ਵੱਸਦੇ ਹਨ।
ਸੇ ਵਡਭਾਗੀ ਜਿਨ੍ਰ ਨਾਮੁ ਧਿਆਇਆ ॥
(ਹੇ ਭਾਈ!) ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ
ਸਦਾ ਗੁਣਦਾਤਾ ਮੰਨਿ ਵਸਾਇਆ ॥੩॥
ਅਤੇ ਆਪਣੇ ਗੁਣਾਂ ਦੀ ਦਾਤਿ ਦੇਣ ਵਾਲਾ ਪ੍ਰਭੂ ਆਪਣੇ ਮਨ ਵਿਚ ਵਸਾਇਆ ਹੈ ॥੩॥
ਜੋ ਗੁਣ ਸੰਗ੍ਰਹੈ ਤਿਨ੍ਰ ਬਲਿਹਾਰੈ ਜਾਉ ॥
(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਗੁਣ (ਆਪਣੇ ਅੰਦਰ) ਇਕੱਠੇ ਕਰਦਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਦਰਿ ਸਾਚੈ ਸਾਚੇ ਗੁਣ ਗਾਉ ॥
(ਉਹਨਾਂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕ ਕੇ) ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਂਦਾ ਹਾਂ।
ਆਪੇ ਦੇਵੈ ਸਹਜਿ ਸੁਭਾਇ ॥
(ਗੁਣਾਂ ਦੀ ਦਾਤਿ ਜਿਸ ਮਨੁੱਖ ਨੂੰ) ਪ੍ਰਭੂ ਆਪ ਹੀ ਦੇਂਦਾ ਹੈ (ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰੇਮ ਵਿਚ ਜੁੜਿਆ ਰਹਿੰਦਾ ਹੈ।
ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥
ਹੇ ਨਾਨਕ! (ਉਸ ਦੇ ਉੱਚੇ ਜੀਵਨ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ॥੪॥੨॥੪੧॥
ਆਸਾ ਮਹਲਾ ੩ ॥
ਸਤਿਗੁਰ ਵਿਚਿ ਵਡੀ ਵਡਿਆਈ ॥
(ਹੇ ਭਾਈ!) ਸਤਿਗੁਰੂ ਵਿਚ ਇਹ ਵੱਡਾ ਭਾਰਾ ਗੁਣ ਹੈ,
ਚਿਰੀ ਵਿਛੁੰਨੇ ਮੇਲਿ ਮਿਲਾਈ ॥
ਕਿ ਉਹ ਅਨੇਕਾਂ ਜਨਮਾਂ ਦੇ ਵਿਛੁੜੇ ਹੋਏ ਜੀਵਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ।
ਆਪੇ ਮੇਲੇ ਮੇਲਿ ਮਿਲਾਏ ॥
ਪ੍ਰਭੂ ਆਪ ਹੀ (ਗੁਰੂ) ਮਿਲਾਂਦਾ ਹੈ, ਗੁਰੂ ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ,
ਆਪਣੀ ਕੀਮਤਿ ਆਪੇ ਪਾਏ ॥੧॥
ਤੇ (ਇਸ ਤਰ੍ਹਾਂ ਜੀਵਾਂ ਦੇ ਹਿਰਦੇ ਵਿਚ) ਆਪਣੇ ਨਾਮ ਦੀ ਕਦਰ ਆਪ ਹੀ ਪੈਦਾ ਕਰਦਾ ਹੈ ॥੧॥
ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥
(ਹੇ ਭਾਈ!) ਕਿਸ ਤਰੀਕੇ ਨਾਲ (ਮਨੁੱਖ ਦੇ ਮਨ ਵਿਚ) ਪਰਮਾਤਮਾ (ਦੇ ਨਾਮ) ਦੀ ਕਦਰ ਪੈਦਾ ਹੋਵੇ?
ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥
ਪਰਮਾਤਮਾ ਪਰੇ ਤੋਂ ਪਰੇ ਹੈ, ਪਰਮਾਤਮਾ ਅਪਹੁੰਚ ਹੈ, ਪਰਮਾਤਮਾ ਤਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਹੀਂ ਹੋ ਸਕਦੀ। (ਬੱਸ!) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਕੋਈ ਵਿਰਲਾ ਮਨੁੱਖ ਪ੍ਰਭੂ ਨੂੰ ਮਿਲਦਾ ਹੈ (ਤੇ ਉਸ ਦੇ ਅੰਦਰ ਪ੍ਰਭੂ ਦੇ ਨਾਮ ਦੀ ਕਦਰ ਪੈਦਾ ਹੁੰਦੀ ਹੈ) ॥੧॥ ਰਹਾਉ ॥
ਗੁਰਮੁਖਿ ਕੀਮਤਿ ਜਾਣੈ ਕੋਇ ॥
ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦੀ ਕਦਰ ਸਮਝਦਾ ਹੈ।
ਵਿਰਲੇ ਕਰਮਿ ਪਰਾਪਤਿ ਹੋਇ ॥
ਕਿਸੇ ਵਿਰਲੇ ਨੂੰ ਪਰਮਾਤਮਾ ਦੀ ਮੇਹਰ ਨਾਲ (ਪਰਮਾਤਮਾ ਦਾ ਨਾਮ) ਮਿਲਦਾ ਹੈ।
ਊਚੀ ਬਾਣੀ ਊਚਾ ਹੋਇ ॥
ਸਭ ਤੋਂ ਉੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ।
ਗੁਰਮੁਖਿ ਸਬਦਿ ਵਖਾਣੈ ਕੋਇ ॥੨॥
ਕੋਈ (ਵਿਰਲਾ ਭਾਗਾਂ ਵਾਲਾ ਮਨੁੱਖ) ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੨॥
ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੇ ਸਰੀਰ ਵਿਚ (ਵਿਕਾਰਾਂ ਦਾ) ਦੁੱਖ ਰੋਗ ਪੈਦਾ ਹੋਇਆ ਰਹਿੰਦਾ ਹੈ,
ਸਤਿਗੁਰੁ ਭੇਟੇ ਤਾ ਉਤਰੈ ਪੀਰ ॥
ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਤਦੋਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ।
ਬਿਨੁ ਗੁਰ ਭੇਟੇ ਦੁਖੁ ਕਮਾਇ ॥
ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਉਹੀ ਕਰਮ ਕਮਾਂਦਾ ਹੈ ਜੋ ਦੁੱਖ ਪੈਦਾ ਕਰਨ,
ਮਨਮੁਖਿ ਬਹੁਤੀ ਮਿਲੈ ਸਜਾਇ ॥੩॥
(ਇਸ ਤਰ੍ਹਾਂ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਬਹੁਤ ਸਜ਼ਾ ਮਿਲਦੀ ਰਹਿੰਦੀ ਹੈ ॥੩॥
ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥
(ਹੇ ਭਾਈ!) ਪਰਮਾਤਮਾ ਦਾ ਨਾਮ (ਇਕ ਐਸਾ ਅੰਮ੍ਰਿਤ ਹੈ ਜੋ) ਮਿੱਠਾ ਹੈ, ਬੜੇ ਰਸ ਵਾਲਾ ਹੈ।
ਪੀਵਤ ਰਹੈ ਪੀਆਏ ਸੋਇ ॥
ਪਰ ਉਹੀ ਮਨੁੱਖ ਇਹ ਨਾਮ-ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਉਹ ਪਰਮਾਤਮਾ ਆਪ ਪਿਲਾਏ।
ਗੁਰ ਕਿਰਪਾ ਤੇ ਹਰਿ ਰਸੁ ਪਾਏ ॥
ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਨਾਮ-ਜਲ ਦਾ ਆਨੰਦ ਮਾਣਦਾ ਹੈ।
ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥
ਹੇ ਨਾਨਕ! ਨਾਮ-ਰੰਗਿ ਵਿਚ ਰੰਗੀਜ ਕੇ ਮਨੁੱਖ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੪॥੩॥੪੨॥
ਗੁਰਪਰਸਾਦਿ ਵਸੈ ਮਨਿ ਆਇ ॥੩॥
ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ ॥੩॥
ਆਸਾ ਮਹਲਾ ੩ ॥
ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥
(ਹੇ ਭਾਈ!) ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਵੱਡੇ ਜਿਗਰੇ ਵਾਲਾ ਹੈ।
ਸੇਵਤ ਹੀ ਸੁਖੁ ਸਾਂਤਿ ਸਰੀਰ ॥
ਉਸ ਦਾ ਸਿਮਰਨ ਕੀਤਿਆਂ ਸਰੀਰ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ।
ਸਬਦਿ ਤਰੇ ਜਨ ਸਹਜਿ ਸੁਭਾਇ ॥
(ਜੇਹੜੇ ਮਨੁੱਖ) ਗੁਰੂ ਦੀ ਰਾਹੀਂ (ਸਿਮਰਨ ਕਰਦੇ ਹਨ ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ,
ਤਿਨ ਕੈ ਹਮ ਸਦ ਲਾਗਹ ਪਾਇ ॥੧॥
ਅਸੀਂ (ਮੈਂ) ਸਦਾ ਉਹਨਾਂ ਦੀ ਚਰਨੀਂ ਲੱਗਦੇ (ਲੱਗਦਾ) ਹਾਂ ॥੧॥
ਜੋ ਮਨਿ ਰਾਤੇ ਹਰਿ ਰੰਗੁ ਲਾਇ ॥
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦਾ ਪ੍ਰੇਮ-ਰੰਗ ਵਰਤ ਵਰਤ ਕੇ ਆਪਣੇ ਮਨ ਵਿਚ (ਪ੍ਰੇਮ-ਰੰਗ ਨਾਲ) ਰੰਗੇ ਜਾਂਦੇ ਹਨ,
ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥
ਉਹਨਾਂ ਮਨੁੱਖਾਂ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ, ਪ੍ਰੇਮ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ ॥
ਸਬਦੁ ਚਾਖੈ ਸਾਚਾ ਸਾਦੁ ਪਾਏ ॥
(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦਾ ਰਸ ਚੱਖਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ (ਆਤਮਕ) ਆਨੰਦ ਮਾਣਦਾ ਹੈ,
ਹਰਿ ਕਾ ਨਾਮੁ ਮੰਨਿ ਵਸਾਏ ॥
(ਕਿਉਂਕਿ) ਉਹ ਪਰਮਾਤਮਾ ਦੇ ਨਾਮ ਨੂੰ (ਸਦਾ ਆਪਣੇ) ਮਨ ਵਿਚ ਵਸਾਈ ਰੱਖਦਾ ਹੈ।
ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥
(ਉਸ ਨੂੰ ਫਿਰ ਪ੍ਰਤੱਖ ਇਉਂ ਦਿੱਸਦਾ ਹੈ ਕਿ) ਪਰਮਾਤਮਾ ਸਦਾ ਹਰ ਥਾਂ ਵਿਆਪ ਰਿਹਾ ਹੈ,
ਆਪੇ ਨੇੜੈ ਆਪੇ ਦੂਰਿ ॥੨॥
ਉਹ ਆਪ ਹੀ (ਹਰੇਕ ਜੀਵ ਦੇ) ਅੰਗ-ਸੰਗ ਹੈ ਤੇ ਆਪ ਹੀ ਦੂਰ (ਅਪਹੁੰਚ) ਭੀ ਹੈ ॥੨॥
ਆਖਣਿ ਆਖੈ ਬਕੈ ਸਭੁ ਕੋਇ ॥
(ਹੇ ਭਾਈ!) ਰਿਵਾਜੀ ਤੌਰ ਤੇ ਹਰੇਕ ਮਨੁੱਖ ਆਖਦਾ ਹੈ, ਸੁਣਾਂਦਾ ਹੈ ਕਿ (ਪਰਮਾਤਮਾ) ਹਰੇਕ ਦੇ ਨੇੜੇ ਵੱਸਦਾ ਹੈ,
ਆਪੇ ਬਖਸਿ ਮਿਲਾਏ ਸੋਇ ॥
ਪਰ ਜਿਸ ਕਿਸੇ ਨੂੰ ਉਹ ਆਪਣੇ ਚਰਨਾਂ ਵਿਚ ਮਿਲਾਂਦਾ ਹੈ, ਉਹ ਆਪ ਹੀ ਮੇਹਰ ਕਰ ਕੇ ਮਿਲਾਂਦਾ ਹੈ।
ਕਹਣੈ ਕਥਨਿ ਨ ਪਾਇਆ ਜਾਇ ॥
ਜ਼ਬਾਨੀ ਆਖਣ ਨਾਲ ਗੱਲਾਂ ਕਰਨ ਨਾਲ ਪਰਮਾਤਮਾ ਮਿਲਦਾ ਨਹੀਂ,
ਗੁਰਮੁਖਿ ਵਿਚਹੁ ਆਪੁ ਗਵਾਇ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ,
ਹਰਿ ਰੰਗਿ ਰਾਤੇ ਮੋਹੁ ਚੁਕਾਇ ॥
ਤੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ (ਆਪਣੇ ਅੰਦਰੋਂ ਮਾਇਆ ਦਾ) ਮੋਹ ਮੁਕਾਂਦਾ ਹੈ।
ਅਤਿ ਨਿਰਮਲੁ ਗੁਰਸਬਦ ਵੀਚਾਰ ॥
ਗੁਰੂ ਦੇ ਸ਼ਬਦ ਦੀ ਵਿਚਾਰ ਮਨੁੱਖ ਨੂੰ ਬਹੁਤ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ,
ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥
ਹੇ ਨਾਨਕ! ਪ੍ਰਭੂ-ਨਾਮ ਵਿਚ ਜੁੜ ਕੇ ਮਨੁੱਖ ਹੋਰਨਾਂ ਦਾ ਜੀਵਨ ਸੰਵਾਰਨ ਜੋਗਾ ਭੀ ਹੋ ਜਾਂਦਾ ਹੈ ॥੪॥੪॥੪੩॥
ਆਸਾ ਮਹਲਾ ੩ ॥
ਦੂਜੈ ਭਾਇ ਲਗੇ ਦੁਖੁ ਪਾਇਆ ॥
(ਜੇਹੜੇ ਮਨੁੱਖ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੇ ਪਿਆਰ ਵਿਚ ਮੱਤੇ ਰਹਿੰਦੇ ਹਨ ਉਹਨਾਂ ਨੇ ਦੁੱਖ ਹੀ ਦੁੱਖ ਸਹੇੜਿਆ,
ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥
ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿ ਕੇ ਉਹਨਾਂ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ।
ਸਤਿਗੁਰੁ ਸੇਵੈ ਸੋਝੀ ਹੋਇ ॥
ਜੇਹੜਾ ਕੋਈ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਸ ਨੂੰ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ,
ਦੂਜੈ ਭਾਇ ਨ ਲਾਗੈ ਕੋਇ ॥੧॥
ਉਹ ਫਿਰ ਮਾਇਆ ਦੇ ਪਿਆਰ ਵਿਚ ਨਹੀਂ ਲੱਗਦਾ ॥੧॥
ਮੂਲਿ ਲਾਗੇ ਸੇ ਜਨ ਪਰਵਾਣੁ ॥
(ਹੇ ਭਾਈ! ਜੇਹੜੇ ਮਨੁੱਖ) ਜਗਤ ਦੇ ਰਚਨਹਾਰ ਪਰਮਾਤਮਾ (ਦੀ ਯਾਦ) ਵਿਚ ਜੁੜਦੇ ਹਨ, ਉਹ ਮਨੁੱਖ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦੇ ਹਨ।
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਹਰ ਵੇਲੇ ਆਪਣੇ ਹਿਰਦੇ ਵਿਚ ਜਪ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੧॥ ਰਹਾਉ ॥
ਡਾਲੀ ਲਾਗੈ ਨਿਹਫਲੁ ਜਾਇ ॥
(ਜੇਹੜਾ ਮਨੁੱਖ ਜਗਤ ਦੇ ਮੂਲ-ਪ੍ਰਭੂ-ਰੁੱਖ ਨੂੰ ਛੱਡ ਕੇ ਉਸ ਦੀ ਰਚੀ ਮਾਇਆ-ਰੂਪ) ਟਹਣੀ ਨੂੰ ਚੰਬੜਿਆ ਰਹਿੰਦਾ ਹੈ ਉਹ ਅੱਫਲ ਹੀ ਜਾਂਦਾ ਹੈ (ਜੀਵਨ-ਫਲ ਪ੍ਰਾਪਤ ਨਹੀਂ ਕਰ ਸਕਦਾ।)
ਅੰਧੀਂ ਕੰਮੀ ਅੰਧ ਸਜਾਇ ॥
ਬੇ-ਸਮਝੀ ਦੇ ਕੰਮਾਂ ਵਿਚ ਪੈ ਕੇ-
ਮਨਮੁਖੁ ਅੰਧਾ ਠਉਰ ਨ ਪਾਇ ॥
(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ (ਮਾਇਆ ਦੀ ਭਟਕਣਾ ਤੋਂ ਬਚਣ ਦਾ) ਟਿਕਾਣਾ ਨਹੀਂ ਲੱਭ ਸਕਦਾ।
ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥
(ਉਹ ਮਨੁੱਖ ਮਾਇਆ ਦੇ ਮੋਹ ਵਿਚ ਇਉਂ ਹੀ) ਖ਼ੁਆਰ ਹੁੰਦਾ ਹੈ (ਜਿਵੇਂ) ਗੰਦ ਦਾ ਕੀੜਾ ਗੰਦ ਵਿਚ ॥੨॥
ਗੁਰ ਕੀ ਸੇਵਾ ਸਦਾ ਸੁਖੁ ਪਾਏ ॥
ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਸਦਾ ਆਤਮਕ ਆਨੰਦ ਮਾਣਦਾ ਹੈ,
ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥
(ਕਿਉਂਕਿ) ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ)।
ਨਾਮੇ ਨਾਮਿ ਕਰੇ ਵੀਚਾਰੁ ॥
ਉਹ ਸਦਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।
ਆਪਿ ਤਰੈ ਕੁਲ ਉਧਰਣਹਾਰੁ ॥੩॥
(ਇਸ ਤਰ੍ਹਾਂ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਪਾਰ ਲੰਘਾਣ ਜੋਗਾ ਹੋ ਜਾਂਦਾ ਹੈ ॥੩॥
ਗੁਰ ਕੀ ਬਾਣੀ ਨਾਮਿ ਵਜਾਏ ॥
ਪਰਮਾਤਮਾ ਦੇ ਨਾਮ ਵਿਚ ਜੁੜ ਕੇ ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ (ਦਾ ਵਾਜਾ) ਵਜਾਂਦਾ ਹੈ (ਆਪਣੇ ਅੰਦਰ ਗੁਰੂ ਦੀ ਬਾਣੀ ਦਾ ਪੂਰਨ ਪ੍ਰਭਾਵ ਪਾਈ ਰੱਖਦਾ ਹੈ),
ਨਾਨਕ ਮਹਲੁ ਸਬਦਿ ਘਰੁ ਪਾਏ ॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਘਰ ਮਹਲ ਹਾਸਲ ਕਰ ਲੈਂਦਾ ਹੈ।
ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥
ਗੁਰੂ ਦੀ ਮਤਿ ਲੈ ਕੇ ਜਿਸ ਮਨੁੱਖ ਨੇ ਸਤਸੰਗ-ਸਰੋਵਰ ਵਿਚ ਪਰਮਾਤਮਾ ਦੇ ਨਾਮ-ਜਲ ਨਾਲ ਇਸ਼ਨਾਨ ਕੀਤਾ,
ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥
ਉਸ ਨੇ ਭੈੜੀ ਖੋਟੀ ਮਤਿ ਦੀ ਮੈਲ ਧੋ ਲਈ ਉਸ ਨੇ (ਆਪਣੇ ਅੰਦਰੋਂ) ਸਾਰਾ ਪਾਪ ਦੂਰ ਕਰ ਲਿਆ ॥੪॥੫॥੪੪॥
ਆਸਾ ਮਹਲਾ ੩ ॥
ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਤਮਕ ਮੌਤੇ) ਮਰਦੇ ਹਨ (ਇਸ ਤਰ੍ਹਾਂ) ਮਰ ਕੇ ਉਹ ਆਪਣੀ ਮੌਤ ਖ਼ਰਾਬ ਕਰਦੇ ਹਨ,
ਦੂਜੈ ਭਾਇ ਆਤਮ ਸੰਘਾਰਹਿ ॥
ਕਿਉਂਕਿ ਮਾਇਆ ਦੇ ਮੋਹ ਵਿਚ ਪੈ ਕੇ ਉਹ ਆਪਣਾ ਆਤਮਕ ਜੀਵਨ ਤਬਾਹ ਕਰ ਲੈਂਦੇ ਹਨ।
ਮੇਰਾ ਮੇਰਾ ਕਰਿ ਕਰਿ ਵਿਗੂਤਾ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਹ ਧਨ) ਮੇਰਾ ਹੈ (ਇਹ ਪਰਵਾਰਾ) ਮੇਰਾ ਹੈ-ਨਿੱਤ ਇਹੀ ਆਖ ਆਖ ਕੇ ਖ਼ੁਆਰ ਹੁੰਦਾ ਰਹਿੰਦਾ ਹੈ,
ਆਤਮੁ ਨ ਚੀਨੈ੍ ਭਰਮੈ ਵਿਚਿ ਸੂਤਾ ॥੧॥
ਕਦੇ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ, ਮਾਇਆ ਦੀ ਭਟਕਣਾ ਵਿਚ ਪੈ ਕੇ (ਆਤਮਕ ਜੀਵਨ) ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ ॥੧॥
ਮਰੁ ਮੁਇਆ ਸਬਦੇ ਮਰਿ ਜਾਇ ॥
ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਰਖਰੂਈ ਮੌਤ ਮਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਮੋਹ ਵਲੋਂ) ਅਛੋਹ ਰਹਿੰਦਾ ਹੈ,
ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥
ਗੁਰੂ ਨੇ ਜਿਸ ਮਨੁੱਖ ਨੂੰ ਇਹ ਸੂਝ ਬਖ਼ਸ਼ ਦਿੱਤੀ ਹੈ, ਕਿ ਭਾਵੇਂ ਕੋਈ ਚੰਗਾ ਆਖੇ, ਕੋਈ ਮੰਦਾ ਆਖੇ, ਇਸ ਨੂੰ ਇਕੋ ਜਿਹਾ ਸਹਾਰਨਾ ਹੈ। ਉਹ ਮਨੁੱਖ ਇਸ ਜੀਵਨ ਵਿਚ ਪਰਮਾਤਮਾ ਦਾ ਨਾਮ ਜਪ ਕੇ (ਜਗਤ ਤੋਂ) ਖੱਟੀ ਖੱਟ ਕੇ ਜਾਂਦਾ ਹੈ ॥੧॥ ਰਹਾਉ ॥
ਨਾਮ ਵਿਹੂਣ ਗਰਭ ਗਲਿ ਜਾਇ ॥
ਨਾਮ ਤੋਂ ਵਾਂਜਿਆ ਰਹਿ ਕੇ ਮਨੁੱਖ ਜਨਮ ਮਰਨ ਦੇ ਗੇੜਾਂ ਵਿਚ ਆਤਮਕ ਜੀਵਨ ਨਾਸ ਕਰ ਲੈਂਦਾ ਹੈ,
ਬਿਰਥਾ ਜਨਮੁ ਦੂਜੈ ਲੋਭਾਇ ॥
ਉਹ ਸਦਾ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਇਸ ਵਾਸਤੇ) ਉਸ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।
ਨਾਮ ਬਿਹੂਣੀ ਦੁਖਿ ਜਲੈ ਸਬਾਈ ॥
ਨਾਮ ਤੋਂ ਸੱਖਣੀ ਰਹਿ ਕੇ ਸਾਰੀ ਲੁਕਾਈ ਦੁੱਖ ਵਿਚ ਸੜਦੀ ਰਹਿੰਦੀ ਹੈ।
ਸਤਿਗੁਰਿ ਪੂਰੈ ਬੂਝ ਬੁਝਾਈ ॥੨॥
ਪਰ ਇਹ ਸਮਝ ਪੂਰੇ ਗੁਰੂ ਨੇ (ਕਿਸੇ ਵਿਰਲੇ ਨੂੰ) ਬਖ਼ਸ਼ੀ ਹੈ ॥੨॥
ਮਨੁ ਚੰਚਲੁ ਬਹੁ ਚੋਟਾ ਖਾਇ ॥
ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ ਵਿਚ ਭਟਕਦਾ ਹੈ ਉਹ ਮੋਹ ਦੀਆਂ ਸੱਟਾਂ ਖਾਂਦਾ ਰਹਿੰਦਾ ਹੈ।
ਏਥਹੁ ਛੁੜਕਿਆ ਠਉਰ ਨ ਪਾਇ ॥
ਇਸ ਮਨੁੱਖਾ ਜੀਵਨ ਵਿਚ (ਸਿਮਰਨ ਵਲੋਂ) ਖੁੰਝਿਆ ਹੋਇਆ ਫਿਰ ਆਤਮਕ ਆਨੰਦ ਦੀ ਥਾਂ ਨਹੀਂ ਪ੍ਰਾਪਤ ਕਰ ਸਕਦਾ।
ਗਰਭ ਜੋਨਿ ਵਿਸਟਾ ਕਾ ਵਾਸੁ ॥
ਜਨਮ ਮਰਨ ਦਾ ਗੇੜ (ਮਾਨੋ) ਗੰਦ ਦਾ ਘਰ ਹੈ,
ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥
ਇਸ ਘਰ ਵਿਚ ਉਸ ਮਨੁੱਖ ਦਾ ਨਿਵਾਸ ਹੋਇਆ ਰਹਿੰਦਾ ਹੈ ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ ॥੩॥
ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥
(ਹੇ ਭਾਈ!) ਮੈਂ ਆਪਣੇ ਸਤਿਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ।
ਗੁਰਮੁਖਿ ਜੋਤੀ ਜੋਤਿ ਮਿਲਾਈ ॥
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੀ ਸੁਰਤਿ ਨੂੰ ਗੁਰੂ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ।
ਨਿਰਮਲ ਬਾਣੀ ਨਿਜ ਘਰਿ ਵਾਸਾ ॥
ਗੁਰੂ ਦੀ ਪਵਿਤ੍ਰ ਬਾਣੀ ਦੀ ਬਰਕਤਿ ਨਾਲ ਆਪਣੇ ਅਸਲ ਘਰ ਵਿਚ (ਪ੍ਰਭੂ-ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ,
ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥
ਹੇ ਨਾਨਕ! (ਗੁਰੂ ਦੀ ਮੇਹਰ ਨਾਲ ਮਨੁੱਖ) ਹਉਮੈ ਨੂੰ ਮੁਕਾ ਲੈਂਦਾ ਹੈ ਤੇ (ਮਾਇਆ ਦੇ ਮੋਹ ਵਲੋਂ) ਸਦਾ ਉਪਰਾਮ ਰਹਿੰਦਾ ਹੈ ॥੪॥੬॥੪੫॥
ਆਸਾ ਮਹਲਾ ੩ ॥
ਲਾਲੈ ਆਪਣੀ ਜਾਤਿ ਗਵਾਈ ॥
ਸੇਵਕ ਨੇ ਆਪਣੀ (ਵੱਖਰੀ) ਹਸਤੀ ਮਿਟਾ ਲਈ ਹੁੰਦੀ ਹੈ,
ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥
ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਕੇ ਤੇ ਗੁਰੂ ਦੀ ਸਰਨ ਪੈ ਜਾਂਦਾ ਹੈ।
ਹਿਰਦੈ ਨਾਮੁ ਵਡੀ ਵਡਿਆਈ ॥
(ਪ੍ਰਭੂ ਤੋਂ ਵਿਕਿਆ ਹੋਏ ਦਾਸ ਵਾਸਤੇ) ਇਹੀ ਸਭ ਤੋਂ ਵੱਡੀ ਇੱਜ਼ਤ ਹੈ ਕਿ ਉਹ ਉਸ ਪ੍ਰਭੂ ਦਾ ਨਾਮ ਦਾਸ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,
ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥
ਜੇਹੜਾ ਪਰਮਾਤਮਾ ਸਭ ਦਾ ਪਿਆਰਾ ਹੈ ਤੇ ਸਭ ਦਾ ਸਾਥੀ-ਮਿੱਤਰ ਹੈ ॥੧॥
ਸੋ ਲਾਲਾ ਜੀਵਤੁ ਮਰੈ ॥
(ਹੇ ਭਾਈ!) ਅਸਲੀ ਦਾਸ ਉਹ ਹੈ (ਅਸਲੀ ਵਿਕਿਆ ਹੋਇਆ ਉਹ ਮਨੁੱਖ ਹੈ) ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਦੀਆਂ ਵਾਸਨਾਂ ਵਲੋਂ ਮਰਿਆ ਹੋਇਆ ਹੈ।
ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰਪਰਸਾਦੀ ਸਬਦਿ ਉਧਰੈ ॥੧॥ ਰਹਾਉ ॥
(ਅਜੇਹਾ ਦਾਸ) ਖ਼ੁਸ਼ੀ ਗ਼ਮੀ ਦੋਹਾਂ ਨੂੰ ਇਕੋ ਜਿਹਾ ਸਮਝਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਦੁਨੀਆ ਦੀਆਂ ਵਾਸਨਾਂ ਤੋਂ) ਬਚਿਆ ਰਹਿੰਦਾ ਹੈ ॥੧॥ ਰਹਾਉ ॥
ਕਰਣੀ ਕਾਰ ਧੁਰਹੁ ਫੁਰਮਾਈ ॥
ਪਰਮਾਤਮਾ ਨੇ ਆਪਣੇ ਦਾਸ ਨੂੰ ਸਿਮਰਨ ਦੀ ਹੀ ਕਰਨ-ਜੋਗ ਕਾਰ ਆਪਣੀ ਹਜ਼ੂਰੀ ਤੋਂ ਦੱਸੀ ਹੋਈ ਹੈ।
ਬਿਨੁ ਸਬਦੈ ਕੋ ਥਾਇ ਨ ਪਾਈ ॥
(ਪਰਮਾਤਮਾ ਨੇ ਉਸ ਨੂੰ ਹੁਕਮ ਕੀਤਾ ਹੋਇਆ ਹੈ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ (ਉਸ ਦੇ ਦਰ ਤੇ) ਕਬੂਲ ਨਹੀਂ ਹੋ ਸਕਦਾ।
ਕਰਣੀ ਕੀਰਤਿ ਨਾਮੁ ਵਸਾਈ ॥
ਇਸ ਵਾਸਤੇ ਸੇਵਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ ਨਾਮ (ਆਪਣੇ ਮਨ ਵਿਚ) ਵਸਾਈ ਰੱਖਦਾ ਹੈ-ਇਹੀ ਉਸ ਦੇ ਵਾਸਤੇ ਕਰਨ-ਜੋਗ ਕਾਰ ਹੈ।
ਆਪੇ ਦੇਵੈ ਢਿਲ ਨ ਪਾਈ ॥੨॥
(ਪਰ ਇਹ ਦਾਤਿ ਪ੍ਰਭੂ) ਆਪ ਹੀ (ਆਪਣੇ ਦਾਸ ਨੂੰ) ਦੇਂਦਾ ਹੈ (ਤੇ ਦੇਂਦਿਆਂ) ਚਿਰ ਨਹੀਂ ਲਾਂਦਾ ॥੨॥
ਮਨਮੁਖਿ ਭਰਮਿ ਭੁਲੈ ਸੰਸਾਰੁ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ,
ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥
(ਜਿਵੇਂ ਕੋਈ ਵਪਾਰੀ) ਸਰਮਾਏ ਤੋਂ ਬਿਨਾ ਠੱਗੀ ਦਾ ਹੀ ਵਪਾਰ ਕਰਦਾ ਹੈ।
ਵਿਣੁ ਰਾਸੀ ਵਖਰੁ ਪਲੈ ਨ ਪਾਇ ॥
ਜਿਸ ਦੇ ਪਾਸ ਸਰਮਾਇਆ ਨਹੀਂ ਉਸ ਨੂੰ ਸੌਦਾ ਨਹੀਂ ਮਿਲ ਸਕਦਾ।
ਮਨਮੁਖਿ ਭੁਲਾ ਜਨਮੁ ਗਵਾਇ ॥੩॥
(ਇਸੇ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝਾ ਹੋਇਆ ਆਪਣੀ ਜ਼ਿੰਦਗੀ ਬਰਬਾਦ ਕਰਦਾ ਹੈ ॥੩॥
ਸਤਿਗੁਰੁ ਸੇਵੇ ਸੁ ਲਾਲਾ ਹੋਇ ॥
(ਪ੍ਰਭੂ ਦੇ ਦਰ ਤੇ ਵਿੱਕਿਆ ਹੋਇਆ ਅਸਲੀ) ਦਾਸ ਉਹੀ ਹੈ ਜੋ ਸਤਿਗੁਰੂ ਦੀ ਸਰਨ ਪੈਂਦਾ ਹੈ,
ਊਤਮ ਜਾਤੀ ਊਤਮੁ ਸੋਇ ॥
ਉਹੀ ਉੱਚੀ ਹਸਤੀ ਵਾਲਾ ਬਣ ਜਾਂਦਾ ਹੈ ਉਹੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ,
ਗੁਰ ਪਉੜੀ ਸਭ ਦੂ ਊਚਾ ਹੋਇ ॥
ਗੁਰੂ ਦੀ (ਦਿੱਤੀ ਹੋਈ ਨਾਮ-ਸਿਮਰਨ ਦੀ) ਪਉੜੀ ਦਾ ਆਸਰਾ ਲੈ ਕੇ ਉਹ ਸਭਨਾਂ ਨਾਲੋਂ ਉੱਚਾ ਹੋ ਜਾਂਦਾ ਹੈ।
ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਵਿਚ ਹੀ ਇੱਜ਼ਤ ਹੈ ॥੪॥੭॥੪੬॥
ਆਸਾ ਮਹਲਾ ੩ ॥
ਮਨਮੁਖਿ ਝੂਠੋ ਝੂਠੁ ਕਮਾਵੈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਉਹੀ ਕੁਝ ਕਰਦੀ ਹੈ ਜੋ ਉਸ ਦੇ (ਆਤਮਕ ਜੀਵਨ ਦੇ) ਕਿਸੇ ਕੰਮ ਨਹੀਂ ਆ ਸਕਦਾ,
ਖਸਮੈ ਕਾ ਮਹਲੁ ਕਦੇ ਨ ਪਾਵੈ ॥
(ਉਹਨਾਂ ਉੱਦਮਾਂ ਨਾਲ ਉਹ ਜੀਵ-ਇਸਤ੍ਰੀ) ਖਸਮ-ਪ੍ਰਭੂ ਦਾ ਟਿਕਾਣਾ ਕਦੇ ਭੀ ਨਹੀਂ ਲੱਭ ਸਕਦੀ।
ਦੂਜੈ ਲਗੀ ਭਰਮਿ ਭੁਲਾਵੈ ॥
ਮਾਇਆ ਦੇ ਮੋਹ ਵਿਚ ਫਸੀ ਹੋਈ ਮਾਇਆ ਦੀ ਭਟਕਣਾ ਵਿਚ ਪੈ ਕੇ ਉਹ ਕੁਰਾਹੇ ਪਈ ਰਹਿੰਦੀ ਹੈ।
ਮਮਤਾ ਬਾਧਾ ਆਵੈ ਜਾਵੈ ॥੧॥
(ਹੇ ਮਨ!) ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੧॥
ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥
ਹੇ ਮਨ! (ਖਸਮ ਦੀ ਛੱਡੀ ਹੋਈ) ਮੰਦ-ਕਰਮਣ ਇਸਤ੍ਰੀ ਦਾ ਸਿੰਗਾਰ ਵੇਖ, ਨਿਰਾ ਪਖੰਡ ਹੈ ਨਿਰਾ ਵਿਕਾਰ ਹੈ।
ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥
(ਇਸੇ ਤਰ੍ਹਾਂ) ਜੇਹੜਾ ਮਨੁੱਖ ਪੁੱਤਰਾਂ ਵਿਚ ਇਸਤ੍ਰੀ ਵਿਚ ਧਨ ਵਿਚ ਮਾਇਆ ਵਿਚ ਚਿੱਤ ਜੋੜਦਾ ਹੈ ਉਸ ਦਾ ਇਹ ਸਾਰਾ ਮੋਹ ਵਿਅਰਥ ਹੈ ॥੧॥ ਰਹਾਉ ॥
ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਉਹ ਸਦਾ ਚੰਗੇ ਭਾਗਾਂ ਵਾਲੀ ਹੈ।
ਗੁਰਸਬਦੀ ਸੀਗਾਰੁ ਬਣਾਵੈ ॥
ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਮਿਲਾਪ ਨੂੰ ਆਪਣਾ ਆਤਮਕ) ਸੋਹਜ ਬਣਾਂਦੀ ਹੈ,
ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥
ਉਸ ਦੇ ਹਿਰਦੇ ਦੀ ਸੇਜ ਸੁਖਦਾਈ ਹੋ ਜਾਂਦੀ ਹੈ ਕਿਉਂਕਿ ਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ,
ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥
ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਆਤਮਕ ਆਨੰਦ ਮਾਣਦੀ ਹੈ ॥੨॥
ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥
(ਹੇ ਮਨ!) ਜਿਸ ਜੀਵ-ਇਸਤ੍ਰੀ ਦਾ ਪਿਆਰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਪੈ ਜਾਂਦਾ ਹੈ ਉਹ ਸਦਾ ਲਈ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ,
ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥
ਉਹ ਆਪਣੇ ਪਤੀ-ਪ੍ਰਭੂ ਨੂੰ ਹਮੇਸ਼ਾ ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ,
ਨੇੜੈ ਵੇਖੈ ਸਦਾ ਹਦੂਰਿ ॥
ਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਆਪਣੇ ਅੰਗ-ਸੰਗ ਵੇਖਦੀ ਹੈ,
ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥
ਉਸ ਨੂੰ ਪਿਆਰਾ ਪ੍ਰਭੂ ਸਭਨਾਂ ਵਿਚ ਵਿਆਪਕ ਦਿੱਸਦਾ ਹੈ ॥੩॥
ਆਗੈ ਜਾਤਿ ਰੂਪੁ ਨ ਜਾਇ ॥
(ਹੇ ਮਨ! ਉੱਚੀ ਜਾਤਿ ਤੇ ਸੋਹਣੇ ਰੂਪ ਦਾ ਕੀਹ ਮਾਣ?) ਪਰਲੋਕ ਵਿਚ ਨਾਹ ਇਹ (ਉੱਚੀ) ਜਾਤਿ ਜਾਂਦੀ ਹੈ ਨਾਹ ਇਹ (ਸੋਹਣਾ) ਰੂਪ ਜਾਂਦਾ ਹੈ।
ਤੇਹਾ ਹੋਵੈ ਜੇਹੇ ਕਰਮ ਕਮਾਇ ॥
(ਇਸ ਲੋਕ ਵਿਚ ਮਨੁੱਖ) ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਉਸ ਦਾ ਜੀਵਨ ਬਣ ਜਾਂਦਾ ਹੈ (ਬੱਸ! ਇਹੀ ਹੈ ਮਨੁੱਖ ਦੀ ਜਾਤਿ ਤੇ ਇਹੀ ਹੈ ਮਨੁੱਖ ਦਾ ਰੂਪ)।
ਸਬਦੇ ਊਚੋ ਊਚਾ ਹੋਇ ॥
(ਜਿਉਂ ਜਿਉਂ ਮਨੁੱਖ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਵਿਚ) ਹੋਰ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ,
ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥
ਹੇ ਨਾਨਕ! ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੁੰਦਾ ਜਾਂਦਾ ਹੈ ॥੪॥੮॥੪੭॥
ਆਸਾ ਮਹਲਾ ੩ ॥
ਭਗਤਿ ਰਤਾ ਜਨੁ ਸਹਜਿ ਸੁਭਾਇ ॥
ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ,
ਗੁਰ ਕੈ ਭੈ ਸਾਚੈ ਸਾਚਿ ਸਮਾਇ ॥
ਗੁਰੂ ਦੇ ਅਦਬ ਵਿਚ ਰਹਿ ਕੇ ਸਦਾ-ਥਿਰ ਪਰਮਾਤਮਾ ਦੇ ਡਰ ਵਿਚ ਰਹਿ ਕੇ ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।
ਬਿਨੁ ਗੁਰ ਪੂਰੇ ਭਗਤਿ ਨ ਹੋਇ ॥
(ਪਰ) ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥
ਜੇਹੜੇ ਮਨੁੱਖ (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਆਪਣੇ ਮਨ ਦੇ ਪਿਛੇ ਤੁਰਦੇ ਹਨ ਉਹ (ਅੰਤ) ਆਪਣੀ ਇੱਜ਼ਤ ਗਵਾ ਕੇ ਪਛੁਤਾਂਦੇ ਹਨ ॥੧॥
ਮੇਰੇ ਮਨ ਹਰਿ ਜਪਿ ਸਦਾ ਧਿਆਇ ॥
ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਚੇਤੇ ਕਰ, ਸਦਾ ਪਰਮਾਤਮਾ ਦਾ ਧਿਆਨ ਧਰ।
ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥
(ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਅੰਦਰ) ਦਿਨ ਰਾਤ ਸਦਾ ਆਤਮਕ ਚਾਉ ਬਣਿਆ ਰਹਿੰਦਾ ਹੈ, ਉਹ ਜਿਸ ਫਲ ਦੀ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
ਗੁਰ ਪੂਰੇ ਤੇ ਪੂਰਾ ਪਾਏ ॥
ਪੂਰੇ ਗੁਰੂ ਪਾਸੋਂ ਹੀ ਸਾਰੇ ਗੁਣਾਂ ਦਾ ਮਾਲਕ ਪਰਮਾਤਮਾ ਲੱਭਦਾ ਹੈ,
ਹਿਰਦੈ ਸਬਦੁ ਸਚੁ ਨਾਮੁ ਵਸਾਏ ॥
(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ, ਪ੍ਰਭੂ ਦਾ ਸਦਾ-ਥਿਰ ਨਾਮ ਵਸਾਂਦਾ ਹੈ,
ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥
(ਜਿਉਂ ਜਿਉਂ) ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਸ ਦਾ ਹਿਰਦਾ ਪਵਿਤ੍ਰ ਹੁੰਦਾ ਜਾਂਦਾ ਹੈ।
ਸਦਾ ਸੂਚੇ ਸਾਚਿ ਸਮਾਏ ॥੨॥
(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਹੋ ਕੇ ਮਨੁੱਖ ਸਦਾ ਲਈ ਪਵਿਤ੍ਰ ਹੋ ਜਾਂਦੇ ਹਨ ॥੨॥
ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥
(ਹੇ ਮੇਰੇ ਮਨ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ) ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਵੇਖਦਾ ਹੈ,
ਗੁਰਪਰਸਾਦਿ ਰਹਿਆ ਭਰਪੂਰਿ ॥
ਗੁਰੂ ਦੀ ਕਿਰਪਾ ਨਾਲ ਉਸ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ।
ਜਹਾ ਜਾਉ ਤਹ ਵੇਖਾ ਸੋਇ ॥
(ਹੇ ਮੇਰੇ ਮਨ! ਮੇਰੇ ਤੇ ਭੀ ਗੁਰੂ ਨੇ ਮੇਹਰ ਕੀਤੀ ਹੈ, ਤੇ) ਮੈਂ ਜਿਧਰ ਜਾਂਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।
ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥
(ਪਰ) ਗੁਰੂ ਤੋਂ ਬਿਨਾ ਕੋਈ ਹੋਰ ਇਹ (ਉੱਚੀ) ਦਾਤਿ ਦੇਣ ਜੋਗਾ ਨਹੀਂ ਹੈ ॥੩॥
ਗੁਰੁ ਸਾਗਰੁ ਪੂਰਾ ਭੰਡਾਰ ॥
ਗੁਰੂ ਸਮੁੰਦਰ ਹੈ ਅਤੇ ਉਸ ਦਾ ਖ਼ਜ਼ਾਨਾ ਅਖੁੱਟ ਹੈ,
ਊਤਮ ਰਤਨ ਜਵਾਹਰ ਅਪਾਰ ॥
ਜਿਸ ਵਿਚ ਪਰਮਾਤਮਾ ਤੇ ਸਿਫ਼ਤਿ-ਸਾਲਾਹ ਦੇ ਬੇਅੰਤ ਕੀਮਤੀ ਰਤਨ ਜਵਾਹਰ ਭਰੇ ਪਏ ਹਨ।
ਗੁਰਪਰਸਾਦੀ ਦੇਵਣਹਾਰੁ ॥
ਗੁਰੂ ਦੀ ਕਿਰਪਾ ਦੀ ਰਾਹੀਂ ਉਹ ਪ੍ਰਭੂ-ਦਾਤਾਰ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨ ਜਵਾਹਰ ਦੇਂਦਾ ਹੈ।
ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥
ਹੇ ਨਾਨਕ! ਜੀਵਾਂ ਦੀ ਬਖ਼ਸ਼ਸ਼ ਕਰਨ ਵਾਲਾ ਪਰਮਾਤਮਾ ਬਖ਼ਸ਼ਸ਼ ਕਰਦਾ ਹੈ (ਤੇ ਇਹ ਕੀਮਤੀ ਖ਼ਜ਼ਾਨੇ ਦੇਂਦਾ ਹੈ) ॥੪॥੯॥੪੮॥
ਆਸਾ ਮਹਲਾ ੩ ॥
ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥
(ਹੇ ਭਾਈ!) ਗੁਰੂ (ਗੁਣਾਂ ਦਾ) ਸਮੁੰਦਰ ਹੈ, ਗੁਰੂ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੈ,
ਪੂਰੈ ਭਾਗਿ ਗੁਰ ਸੇਵਾ ਹੋਇ ॥
ਵੱਡੀ ਕਿਸਮਤਿ ਨਾਲ ਹੀ ਗੁਰੂ ਦੀ (ਦੱਸੀ) ਸੇਵਾ ਹੋ ਸਕਦੀ ਹੈ।
ਸੋ ਬੂਝੈ ਜਿਸੁ ਆਪਿ ਬੁਝਾਏ ॥
(ਇਸ ਭੇਤ ਨੂੰ) ਉਹ ਮਨੁੱਖ ਸਮਝਦਾ ਹੈ ਜਿਸ ਨੂੰ (ਪਰਮਾਤਮਾ) ਆਪ ਸਮਝਾਂਦਾ ਹੈ,
ਗੁਰਪਰਸਾਦੀ ਸੇਵ ਕਰਾਏ ॥੧॥
ਤੇ (ਉਸ ਪਾਸੋਂ) ਗੁਰੂ ਦੀ ਕਿਰਪਾ ਨਾਲ (ਆਪਣੀ) ਸੇਵਾ-ਭਗਤੀ ਕਰਾਂਦਾ ਹੈ ॥੧॥
ਗਿਆਨ ਰਤਨਿ ਸਭ ਸੋਝੀ ਹੋਇ ॥
(ਹੇ ਭਾਈ!) ਗੁਰੂ ਦੇ ਬਖ਼ਸ਼ੇ ਹੋਏ ਗਿਆਨ-ਰਤਨ ਦੀ ਬਰਕਤਿ ਨਾਲ (ਮਨੁੱਖ ਨੂੰ ਸਹੀ ਜੀਵਨ-ਜੁਗਤਿ ਬਾਰੇ) ਹਰੇਕ ਕਿਸਮ ਦੀ ਸਮਝ ਆ ਜਾਂਦੀ ਹੈ।
ਗੁਰਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ ॥
ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦਾ) ਅਗਿਆਨ ਦੂਰ ਹੋ ਜਾਂਦਾ ਹੈ ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ (ਹਰ ਥਾਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ (ਹੀ) ਵੇਖਦਾ ਹੈ ॥੧॥ ਰਹਾਉ ॥
ਮੋਹੁ ਗੁਮਾਨੁ ਗੁਰ ਸਬਦਿ ਜਲਾਏ ॥
(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮੋਹ ਅਤੇ ਅਹੰਕਾਰ ਸਾੜ ਦੇਂਦਾ ਹੈ,
ਪੂਰੇ ਗੁਰ ਤੇ ਸੋਝੀ ਪਾਏ ॥
ਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਹੀ ਜੀਵਨ-ਜੁਗਤਿ) ਸਮਝ ਲੈਂਦਾ ਹੈ,
ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥
ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰ (ਵੱਸਦੇ ਪਰਮਾਤਮਾ ਦਾ) ਟਿਕਾਣਾ ਪਛਾਣ ਲੈਂਦਾ ਹੈ;
ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥
ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਟਿਕਿਆ ਰਹਿੰਦਾ ਹੈ ਤੇ ਅਡੋਲ-ਚਿੱਤ ਹੋ ਜਾਂਦਾ ਹੈ ॥੨॥
ਜੰਮਣੁ ਮਰਣਾ ਹੈ ਸੰਸਾਰੁ ॥
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜਗਤ ਜਨਮ ਮਰਨ (ਦਾ ਗੇੜ ਹੀ) ਹੈ।
ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀ ਯਾਦ ਵਲੋਂ) ਗ਼ਾਫ਼ਿਲ ਰਹਿੰਦਾ ਹੈ, ਮਾਇਆ ਦਾ ਮੋਹ-ਰੂਪ ਘੁੱਪ ਹਨੇਰਾ (ਉਸ ਨੂੰ ਕੁਝ ਸੁੱਝਣ ਨਹੀਂ ਦੇਂਦਾ।)
ਪਰ ਨਿੰਦਾ ਬਹੁ ਕੂੜੁ ਕਮਾਵੈ ॥
ਉਹ ਸਦਾ ਪਰਾਈ ਨਿੰਦਾ ਕਰਦਾ ਰਹਿੰਦਾ ਹੈ, ਉਹ ਨਿਰਾ ਝੂਠ-ਫ਼ਰੇਬ ਹੀ ਕਮਾਂਦਾ ਰਹਿੰਦਾ ਹੈ,
ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥
(ਪਰਾਈ ਨਿੰਦਾ ਕੂੜ-ਠੱਗੀ ਵਿਚ ਹੀ ਉਹ ਇਉਂ ਮਸਤ ਰਹਿੰਦਾ ਹੈ ਜਿਵੇਂ) ਗੰਦ ਦਾ ਕੀੜਾ ਗੰਦ ਵਿਚ ਹੀ ਟਿਕਿਆ ਰਹਿੰਦਾ ਹੈ (ਤੇ ਉਸ ਵਿਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦਾ) ॥੩॥
ਸਤਸੰਗਤਿ ਮਿਲਿ ਸਭ ਸੋਝੀ ਪਾਏ ॥
ਜੇਹੜਾ ਮਨੁੱਖ ਸਾਧ ਸੰਗਤ ਵਿਚ ਮਿਲ ਕੇ (ਸਹੀ ਜੀਵਨ ਦੀ) ਸਾਰੀ ਸੂਝ ਹਾਸਲ ਕਰਦਾ ਹੈ,
ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥
ਜੇਹੜਾ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ) ਪਰਮਾਤਮਾ ਦੀ ਭਗਤੀ ਨੂੰ (ਆਪਣੇ ਅੰਦਰ) ਪੱਕੀ ਤਰ੍ਹਾਂ ਟਿਕਾਂਦਾ ਹੈ,
ਭਾਣਾ ਮੰਨੇ ਸਦਾ ਸੁਖੁ ਹੋਇ ॥
ਜੇਹੜਾ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ,
ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥
ਹੇ ਨਾਨਕ! ਉਸ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥੧੦॥੪੯॥
ਆਸਾ ਮਹਲਾ ੩ ਪੰਚਪਦੇ ॥
ਸਬਦਿ ਮਰੈ ਤਿਸੁ ਸਦਾ ਅਨੰਦ ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਮਰਦਾ ਹੈ ਉਸ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।
ਸਤਿਗੁਰ ਭੇਟੇ ਗੁਰ ਗੋਬਿੰਦ ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਪਰਮਾਤਮਾ ਦਾ ਆਸਰਾ ਲੈਂਦਾ ਹੈ,
ਨਾ ਫਿਰਿ ਮਰੈ ਨ ਆਵੈ ਜਾਇ ॥
ਉਹ ਮੁੜ ਆਤਮਕ ਮੌਤੇ ਨਹੀਂ ਮਰਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।
ਪੂਰੇ ਗੁਰ ਤੇ ਸਾਚਿ ਸਮਾਇ ॥੧॥
ਪੂਰੇ ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥
ਜਿਨ੍ਰ ਕਉ ਨਾਮੁ ਲਿਖਿਆ ਧੁਰਿ ਲੇਖੁ ॥
(ਹੇ ਭਾਈ! ਪਿਛਲੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੇ) ਜਿਨ੍ਹਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਲੇਖ ਲਿਖ ਦਿੱਤਾ,
ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥
ਉਹ ਮਨੁੱਖ ਹਰ ਵੇਲੇ, ਸਦਾ ਹੀ ਨਾਮ ਸਿਮਰਦੇ ਹਨ, ਪੂਰੇ ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ-ਭਗਤੀ ਦਾ ਟਿੱਕਾ (ਮੱਥੇ ਉਤੇ) ਮਿਲਦਾ ਹੈ ॥੧॥ ਰਹਾਉ ॥
ਜਿਨ੍ਰ ਕਉ ਹਰਿ ਪ੍ਰਭੁ ਲਏ ਮਿਲਾਇ ॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ,
ਤਿਨ੍ਰ ਕੀ ਗਹਣ ਗਤਿ ਕਹੀ ਨ ਜਾਇ ॥
ਉਹਨਾਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।
ਪੂਰੈ ਸਤਿਗੁਰ ਦਿਤੀ ਵਡਿਆਈ ॥
ਜਿਨ੍ਹਾਂ ਨੂੰ ਪੂਰੇ ਗੁਰੂ ਨੇ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਇਹ) ਵਡਿਆਈ ਬਖ਼ਸ਼ੀ ਉਹਨਾਂ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਗਈ,
ਊਤਮ ਪਦਵੀ ਹਰਿ ਨਾਮਿ ਸਮਾਈ ॥੨॥
ਪਰਮਾਤਮਾ ਦੇ ਨਾਮ ਵਿਚ ਉਹਨਾਂ ਦੀ ਹਰ ਵੇਲੇ ਲੀਨਤਾ ਹੋ ਗਈ ॥੨॥
ਜੋ ਕਿਛੁ ਕਰੇ ਸੁ ਆਪੇ ਆਪਿ ॥
‘ਜੋ ਕੁਝ ਕਰਦਾ ਹੈ ਪਰਮਾਤਮਾ ਆਪੇ ਹੀ ਕਰਦਾ ਹੈ।
ਏਕ ਘੜੀ ਮਹਿ ਥਾਪਿ ਉਥਾਪਿ ॥
ਪਰਮਾਤਮਾ ਇਕ ਘੜੀ ਵਿਚ ਪੈਦਾ ਕਰ ਕੇ ਤੁਰਤ ਨਾਸ ਭੀ ਕਰ ਸਕਦਾ ਹੈ’-
ਕਹਿ ਕਹਿ ਕਹਣਾ ਆਖਿ ਸੁਣਾਏ ॥
ਜੇਹੜਾ ਮਨੁੱਖ ਮੁੜ ਮੁੜ ਇਹੀ ਆਖ ਕੇ ਲੋਕਾਂ ਨੂੰ ਸੁਣਾ ਦੇਂਦਾ ਹੈ (ਪਰ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਦੇ ਨਹੀਂ ਕਰਦਾ, ਅਜੇਹਾ ਮਨੁੱਖ)
ਜੇ ਸਉ ਘਾਲੇ ਥਾਇ ਨ ਪਾਏ ॥੩॥
ਜੇ ਇਹੋ ਜਿਹੀ (ਨਿਰੀ ਹੋਰਨਾਂ ਨੂੰ ਕਹਣ ਦੀ) ਸੌ ਘਾਲਣਾ ਭੀ ਘਾਲੇ ਤਾਂ ਭੀ ਉਸ ਦੀ ਅਜੇਹੀ ਕੋਈ ਮੇਹਨਤ (ਪਰਮਾਤਮਾ ਦੇ ਦਰ ਤੇ) ਕਬੂਲ ਨਹੀਂ ਪੈਂਦੀ ॥੩॥
ਜਿਨ੍ਰ ਕੈ ਪੋਤੈ ਪੁੰਨੁ ਤਿਨ੍ਰਾ ਗੁਰੂ ਮਿਲਾਏ ॥
(ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਨ੍ਹਾਂ ਦੇ ਪੱਲੇ (ਸਿਮਰਨ ਦੇ) ਚੰਗੇ ਸੰਸਕਾਰ ਹਨ, ਉਹਨਾਂ ਨੂੰ ਪਰਮਾਤਮਾ ਗੁਰੂ ਮਿਲਾਂਦਾ ਹੈ,
ਸਚੁ ਬਾਣੀ ਗੁਰੁ ਸਬਦੁ ਸੁਣਾਏ ॥
ਗੁਰੂ ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਸੁਣਾਂਦਾ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਸੁਣਾਂਦਾ ਹੈ, ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ।
ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥
(ਹੇ ਭਾਈ!) ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ।
ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥
ਗੁਰੂ ਦੇ ਬਖ਼ਸ਼ੇ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੪॥
ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥
(ਹੇ ਭਾਈ!) ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਧਨ ਨਹੀਂ ਹੈ
ਜਿਸ ਨੋ ਬਖਸੇ ਸਾਚਾ ਸੋਇ ॥
(ਪਰ ਇਹ ਧਨ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਬਖ਼ਸ਼ਦਾ ਹੈ।
ਪੂਰੈ ਸਬਦਿ ਮੰਨਿ ਵਸਾਏ ॥
ਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ (ਸਦਾ) ਆਤਮਕ ਆਨੰਦ ਮਾਣਦਾ ਹੈ ॥੫॥੧੧॥੫੦॥
ਆਸਾ ਮਹਲਾ ੩ ॥
ਨਿਰਤਿ ਕਰੇ ਬਹੁ ਵਾਜੇ ਵਜਾਏ ॥
(ਮਨੁੱਖ ਜੇ ਭਗਤੀ ਵਜੋਂ) ਨਾਚ ਕਰਦਾ ਹੈ ਤੇ ਕਈ ਸਾਜ ਭੀ ਵਜਾਂਦਾ ਹੈ,
ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥
ਤਾਂ ਭੀ ਉਹ ਕਿਸੇ ਨੂੰ ਭੀ ਆਖ ਕੇ ਨਹੀਂ ਸੁਣਾ ਰਿਹਾ (ਕਿਉਂਕਿ ਉਹ ਤਾਂ ਆਪ ਹੀ ਨਹੀਂ ਸੁਣ ਰਿਹਾ)। ਉਸ ਦਾ ਆਪਣਾ ਮਨ ਹੀ (ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਬੋਲਾ ਹੋਇਆ ਪਿਆ ਹੈ।
ਅੰਤਰਿ ਲੋਭੁ ਭਰਮੁ ਅਨਲ ਵਾਉ ॥
(ਅਜੇਹੀ ਹਾਲਤ ਵਿਚ ਉਸ ਦੇ ਅੰਦਰ ਗਿਆਨ ਦਾ) ਦੀਵਾ ਨਹੀਂ ਜਗ ਸਕਦਾ,
ਦੀਵਾ ਬਲੈ ਨ ਸੋਝੀ ਪਾਇ ॥੧॥
ਉਹ (ਸਹੀ ਜੀਵਨ ਦੀ) ਸਮਝ ਨਹੀਂ ਹਾਸਲ ਕਰ ਸਕਦਾ ॥੧॥
ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥
(ਹੇ ਭਾਈ!) ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤਿ ਨਾਲ ਹਿਰਦੇ ਵਿਚ (ਆਤਮਕ ਗਿਆਨ ਦਾ) ਚਾਨਣ ਹੋ ਜਾਂਦਾ ਹੈ।
ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥
(ਇਸ ਭਗਤੀ ਨਾਲ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ (ਤੇ ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥
ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥
ਗੁਰੂ ਦੇ ਸਨਮੁਖ ਰਹਿਣਾ ਹੀ ਨਾਚ ਹੈ (ਇਸ ਤਰ੍ਹਾਂ) ਪਰਮਾਤਮਾ ਨਾਲ ਪਿਆਰ ਬਣਦਾ ਹੈ,
ਪੂਰੇ ਤਾਲ ਵਿਚਹੁ ਆਪੁ ਗਵਾਇ ॥
(ਇਸ ਤਰ੍ਹਾਂ ਮਨੁੱਖ ਆਪਣੇ) ਅੰਦਰੋਂ ਹਉਮੈ ਦੂਰ ਕਰਦਾ ਹੈ ਇਹੀ ਹੈ ਤਾਲ ਸਿਰ ਨਾਚ ਕਰਨਾ।
ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥
(ਜੋ ਮਨੁੱਖ ਇਹ ਨਾਚ ਨੱਚਦਾ ਹੈ) ਸਦਾ-ਥਿਰ ਪ੍ਰਭੂ ਆਪ ਹੀ ਉਸ ਦਾ ਮਿੱਤਰ ਬਣ ਜਾਂਦਾ ਹੈ,
ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਵੱਸਦਾ ਪ੍ਰਭੂ ਉਸ ਦਾ ਪਛਾਣੂ ਹੋ ਜਾਂਦਾ ਹੈ ॥੨॥
ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਭਗਤੀ ਨਾਲ ਮਨੁੱਖ ਦੇ ਅੰਦਰ ਪ੍ਰੀਤਿ ਪੈਦਾ ਹੁੰਦੀ ਹੈ ਪਿਆਰ ਪੈਦਾ ਹੁੰਦਾ ਹੈ।
ਗੁਰ ਕਾ ਸਬਦੁ ਸਹਜਿ ਵੀਚਾਰੁ ॥
ਗੁਰੂ ਦਾ ਸ਼ਬਦ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੈ ਜਾਂਦਾ ਹੈ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਬਖ਼ਸ਼ਦਾ ਹੈ।
ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਹੀ (ਸਹੀ) ਤਰੀਕਾ ਹੈ (ਜਿਸ ਨਾਲ) ਉਹ ਪਰਮਾਤਮਾ ਮਿਲਦਾ ਹੈ।
ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥
ਵਿਖਾਵੇ ਦੀ ਭਗਤੀ ਦੇ ਨਾਚ ਦੀ ਰਾਹੀਂ ਦੁੱਖ ਹੁੰਦਾ ਹੈ ॥੩॥
ਏਹਾ ਭਗਤਿ ਜਨੁ ਜੀਵਤ ਮਰੈ ॥
ਅਸਲ ਭਗਤੀ ਇਹੀ ਹੈ ਕਿ (ਜਿਸ ਦੀ ਬਰਕਤਿ ਨਾਲ) ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ,
ਗੁਰਪਰਸਾਦੀ ਭਵਜਲੁ ਤਰੈ ॥
ਤੇ ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ (ਦੀਆਂ ਵਿਕਾਰਾਂ ਦੀਆਂ ਲਹਿਰਾਂ) ਤੋਂ ਪਾਰ ਲੰਘ ਜਾਂਦਾ ਹੈ।
ਗੁਰ ਕੈ ਬਚਨਿ ਭਗਤਿ ਥਾਇ ਪਾਇ ॥
ਗੁਰੂ ਦੇ ਉਪਦੇਸ਼ ਅਨੁਸਾਰ ਕੀਤੀ ਹੋਈ ਭਗਤੀ (ਪ੍ਰਭੂ ਦੇ ਦਰ ਤੇ) ਪਰਵਾਨ ਹੁੰਦੀ ਹੈ,
ਹਰਿ ਜੀਉ ਆਪਿ ਵਸੈ ਮਨਿ ਆਇ ॥੪॥
ਪ੍ਰਭੂ ਆਪ ਹੀ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੪॥
ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥
(ਪਰ ਜੀਵ ਦੇ ਕੀਹ ਵੱਸ? ਜਿਸ ਮਨੁੱਖ ਉਤੇ) ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ।
ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥
(ਗੁਰੂ ਦੀ ਸਹਾਇਤਾ ਨਾਲ) ਉਹ ਨਾਹ ਡੋਲਣ ਵਾਲੀ ਭਗਤੀ ਕਰਦਾ ਹੈ ਤੇ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ।
ਭਗਤਿ ਰਤੇ ਤਿਨ੍ਰ ਸਚੀ ਸੋਇ ॥
ਜੇਹੜੇ ਮਨੁੱਖ (ਪਰਮਾਤਮਾ ਦੀ) ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।
ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥
ਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਹੋਇਆਂ ਨੂੰ ਆਤਮਕ ਆਨੰਦ ਮਿਲਦਾ ਹੈ ॥੫॥੧੨॥੫੧॥
ਆਸਾ ਮਹਲਾ ੪ ॥
ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
(ਹੇ ਪ੍ਰਭੂ!) ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰਾ ਖਸਮ ਹੈਂ।
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥
(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ। ਜੋ ਕੁਝ ਤੂੰ ਦੇਵੇਂ, ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥
ਸਭ ਤੇਰੀ ਤੂੰ ਸਭਨੀ ਧਿਆਇਆ ॥
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੇਰੀ (ਬਣਾਈ ਹੋਈ) ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ।
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
ਜਿਸ ਉੱਤੇ ਤੂੰ ਦਇਆ ਕਰਦਾ ਹੈਂ ਉਸੇ ਨੇ ਤੇਰਾ ਰਤਨ ਵਰਗਾ (ਕੀਮਤੀ) ਨਾਮ ਲੱਭਾ ਹੈ।
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
ਜੋ ਮਨੁੱਖ ਗੁਰੂ ਦੇ ਸਨਮੁਖ ਹੋਇਆ ਉਸ ਨੇ (ਇਹ ਰਤਨ) ਲੱਭ ਲਿਆ। ਜੋ ਆਪਣੇ ਮਨ ਦੇ ਪਿੱਛੇ ਤੁਰਿਆ, ਉਸ ਨੇ ਗਵਾ ਲਿਆ।
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥
(ਪਰ ਕਿਸੇ ਜੀਵ ਦੇ ਕੀਹ ਵੱਸ? ਹੇ ਪ੍ਰਭੂ!) ਜੀਵ ਨੂੰ ਤੂੰ ਆਪ ਹੀ (ਆਪਣੇ ਨਾਲੋਂ) ਵਿਛੋੜਦਾ ਹੈਂ, ਆਪ ਹੀ ਆਪਣੇ ਨਾਲ ਮਿਲਾਂਦਾ ਹੈਂ ॥੧॥
ਤੂੰ ਦਰੀਆਉ ਸਭ ਤੁਝ ਹੀ ਮਾਹਿ ॥
(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ, ਮਾਨੋ, ਇਕ) ਦਰੀਆ ਹੈਂ, ਸਾਰੇ ਜੀਵ ਤੇਰੇ ਵਿਚ ਹੀ (ਮਾਨੋ, ਲਹਿਰਾਂ) ਹਨ।
ਤੁਝ ਬਿਨੁ ਦੂਜਾ ਕੋਈ ਨਾਹਿ ॥
ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
ਜੀਅ ਜੰਤ ਸਭਿ ਤੇਰਾ ਖੇਲੁ ॥
ਇਹ ਸਾਰੇ ਜੀਆ ਜੰਤ ਤੇਰੀ (ਰਚੀ ਹੋਈ) ਖੇਡ ਹੈ।
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥
ਜਿਨ੍ਹਾਂ ਦੇ ਮੱਥੇ ਉਤੇ ਵਿਛੋੜੇ ਦਾ ਲੇਖ ਹੈ, ਉਹ ਮਨੁੱਖਾ ਜਨਮ ਪ੍ਰਾਪਤ ਕਰ ਕੇ ਭੀ ਤੈਥੋਂ ਵਿਛੁੜੇ ਹੋਏ ਹਨ। (ਪਰ ਤੇਰੀ ਰਜ਼ਾ ਅਨੁਸਾਰ) ਸੰਜੋਗਾਂ ਦੇ ਲੇਖ ਨਾਲ (ਫਿਰ ਤੇਰੇ ਨਾਲ) ਮਿਲਾਪ ਹੋ ਜਾਂਦਾ ਹੈ ॥੨॥
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥
(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ।
ਹਰਿ ਗੁਣ ਸਦ ਹੀ ਆਖਿ ਵਖਾਣੈ ॥
ਉਹ ਮਨੁੱਖ, ਹੇ ਹਰੀ! ਸਦਾ ਤੇਰੇ ਗੁਣ ਗਾਂਦਾ ਹੈ, ਅਤੇ (ਹੋਰਨਾਂ ਨੂੰ) ਉਚਾਰ ਉਚਾਰ ਕੇ ਸੁਣਾਂਦਾ ਹੈ।
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸੁਖ ਹਾਸਲ ਕੀਤਾ ਹੈ।
ਸਹਜੇ ਹੀ ਹਰਿ ਨਾਮਿ ਸਮਾਇਆ ॥੩॥
ਉਹ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੩॥
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
(ਹੇ ਪ੍ਰਭੂ!) ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈਂ, ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ।
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਜੀਵ ਪੈਦਾ ਕਰ ਕੇ ਉਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ, ਤੇ, ਹਰੇਕ (ਦੇ ਦਿਲ) ਦੀ ਸਾਰ ਜਾਣਦਾ ਹੈਂ।
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥
ਹੇ ਦਾਸ ਨਾਨਕ! ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ ॥੪॥੨॥{11-12}
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਆਸਾ ਘਰੁ ੨ ਮਹਲਾ ੪ ॥
ਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ ਪੁੱਤਰ ਨਾਲ ਭਰਾ ਨਾਲ ਸਾਥ ਗੰਢਿਆ ਹੋਇਆ ਹੈ,
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
ਕਿਸੇ ਨੇ ਆਪਣੇ ਸੱਕੇ ਕੁੜਮ ਨਾਲ ਜਵਾਈ ਨਾਲ ਧੜਾ ਬਣਾਇਆ ਹੋਇਆ ਹੈ,
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
ਕਿਸੇ ਮਨੁੱਖ ਨੇ ਆਪਣੀ ਗ਼ਰਜ਼ ਦੀ ਖ਼ਾਤਰ (ਪਿੰਡ ਦੇ) ਸਰਦਾਰ ਨਾਲ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ;
ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥
ਪਰ ਮੇਰਾ ਸਾਥੀ ਉਹ ਪਰਮਾਤਮਾ ਹੈ ਜੋ ਸਭ ਥਾਈਂ ਮੌਜੂਦ ਹੈ ॥੧॥
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
ਅਸਾਂ ਪਰਮਾਤਮਾ ਨਾਲ ਸਾਥ ਬਣਾਇਆ ਹੈ, ਪਰਮਾਤਮਾ ਹੀ ਮੇਰਾ ਆਸਰਾ ਹੈ।
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
ਪਰਮਾਤਮਾ ਤੋਂ ਬਿਨਾ ਮੇਰਾ ਹੋਰ ਕੋਈ ਪੱਖ ਨਹੀਂ ਕੋਈ ਧੜਾ ਨਹੀਂ। ਮੈਂ ਪਰਮਾਤਮਾ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਂਦਾ ਰਹਿੰਦਾ ਹਾਂ ॥੧॥ ਰਹਾਉ ॥
ਜਿਨ੍ਰ ਸਿਉ ਧੜੇ ਕਰਹਿ ਸੇ ਜਾਹਿ ॥
ਲੋਕ ਜਿਨ੍ਹਾਂ ਬੰਦਿਆਂ ਨਾਲ ਧੜੇ ਗੰਢਦੇ ਹਨ ਉਹ (ਆਖ਼ਰ ਜਗਤ ਤੋਂ) ਕੂਚ ਕਰ ਜਾਂਦੇ ਹਨ,
ਝੂਠੁ ਧੜੇ ਕਰਿ ਪਛੋਤਾਹਿ ॥
(ਧੜੇ ਬਣਾਣ ਵਾਲੇ ਇਹ) ਝੂਠਾ ਅਡੰਬਰ ਕਰ ਕੇ ਇਹ ਧੜੇ ਬਣਾ ਕੇ (ਉਹਨਾਂ ਦੇ ਮਰਨ ਤੇ) ਪਛੁਤਾਂਦੇ ਹਨ।
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥
(ਧੜੇ ਬਣਾਣ ਵਾਲੇ ਆਪ ਭੀ) ਸਦਾ (ਦੁਨੀਆ ਵਿਚ) ਟਿਕੇ ਨਹੀਂ ਰਹਿੰਦੇ, (ਵਿਅਰਥ ਹੀ ਧੜਿਆਂ ਦੀ ਖ਼ਾਤਰ ਆਪਣੇ) ਮਨ ਵਿਚ ਠੱਗੀ-ਫ਼ਰੇਬ ਕਰਦੇ ਰਹਿੰਦੇ ਹਨ।
ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
ਪਰ ਮੈਂ ਤਾਂ ਉਸ ਪਰਮਾਤਮਾ ਨਾਲ ਆਪਣਾ ਸਾਥ ਬਣਾਇਆ ਹੈ ਜਿਸ ਦੇ ਬਰਾਬਰ ਦੀ ਤਾਕਤ ਰੱਖਣ ਵਾਲਾ ਹੋਰ ਕੋਈ ਨਹੀਂ ਹੈ ॥੨॥
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥
(ਹੇ ਭਾਈ! ਦੁਨੀਆ ਦੇ) ਇਹ ਸਾਰੇ ਧੜੇ ਮਾਇਆ ਦਾ ਖਿਲਾਰਾ ਹਨ ਮੋਹ ਦਾ ਖਿਲਾਰਾ ਹਨ।
ਮਾਇਆ ਕਉ ਲੂਝਹਿ ਗਾਵਾਰੀ ॥
(ਧੜੇ ਬਣਾਣ ਵਾਲੇ) ਮੂਰਖ ਲੋਕ ਮਾਇਆ ਦੀ ਖ਼ਾਤਰ ਹੀ (ਆਪੋ ਵਿਚ) ਲੜਦੇ ਰਹਿੰਦੇ ਹਨ।
ਜਨਮਿ ਮਰਹਿ ਜੂਐ ਬਾਜੀ ਹਾਰੀ ॥
(ਇਸ ਕਾਰਨ ਉਹ ਮੁੜ ਮੁੜ) ਜੰਮਦੇ ਹਨ ਮਰਦੇ ਹਨ, ਉਹ (ਮਾਨੋ) ਜੂਏ ਵਿਚ ਹੀ (ਮਨੁੱਖਾ ਜੀਵਨ ਦੀ) ਬਾਜ਼ੀ ਹਾਰ ਕੇ ਚਲੇ ਜਾਂਦੇ ਹਨ (ਜਿਸ ਵਿਚੋਂ ਹਾਸਲ ਕੁਝ ਨਹੀਂ ਹੁੰਦਾ)।
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
ਪਰ ਮੇਰੇ ਨਾਲ ਤਾਂ ਸਾਥੀ ਹੈ ਪਰਮਾਤਮਾ ਜੋ ਮੇਰਾ ਲੋਕ ਤੇ ਪਰਲੋਕ ਸਭ ਕੁਝ ਸਵਾਰਨ ਵਾਲਾ ਹੈ ॥੩॥
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥
ਪਰਮਾਤਮਾ ਨਾਲੋਂ ਵਿਛੜ ਕੇ (ਕਲਿਜੁਗੀ ਸੁਭਾਵ ਵਿਚ ਫਸ ਕੇ) ਮਨੁੱਖਾਂ ਦੇ ਧੜੇ ਬਣਦੇ ਹਨ,
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
ਕਾਮਾਦਿਕ ਪੰਜਾਂ ਚੋਰਾਂ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ, (ਪਰਮਾਤਮਾ ਨਾਲੋਂ ਵਿਛੋੜਾ ਮਨੁੱਖਾਂ ਦੇ ਅੰਦਰ) ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਨੂੰ ਵਧਾਂਦਾ ਹੈ।
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥
ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ ਉਹ ਇਹਨਾਂ ਪੰਜਾਂ ਚੋਰਾਂ ਦੀ ਮਾਰ ਤੋਂ ਬਚਦਾ ਹੈ)।
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
(ਹੇ ਭਾਈ!) ਮੇਰੀ ਮਦਦ ਤੇ ਪਰਮਾਤਮਾ ਆਪ ਹੈ ਜਿਸ ਨੇ (ਮੇਰੇ ਅੰਦਰੋਂ) ਇਹ ਸਾਰੇ ਧੜੇ ਮੁਕਾ ਦਿੱਤੇ ਹੋਏ ਹਨ ॥੪॥
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥
(ਪਰਮਾਤਮਾ ਨੂੰ ਛੱਡ ਕੇ) ਮਾਇਆ ਦਾ ਝੂਠਾ ਪਿਆਰ (ਮਨੁੱਖ ਦੇ ਅੰਦਰ) ਟਿਕ ਕੇ ਧੜੇ (-ਬਾਜ਼ੀਆਂ) ਪੈਦਾ ਕਰਦਾ ਹੈ।
ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥
(ਮਾਇਆ ਦੇ ਮੋਹ ਦੇ ਪ੍ਰਭਾਵ ਹੇਠ ਮਨੁੱਖ) ਹੋਰਨਾਂ ਦਾ ਐਬ ਜਾਚਦਾ ਫਿਰਦਾ ਹੈ ਤੇ (ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਸਮਝ ਕੇ) ਆਪਣਾ ਅਹੰਕਾਰ ਵਧਾਂਦਾ ਹੈ।
ਜੈਸਾ ਬੀਜੈ ਤੈਸਾ ਖਾਵੈ ॥
(ਹੋਰਨਾਂ ਦੇ ਐਬ ਫਰੋਲ ਕੇ ਤੇ ਆਪਣੇ ਆਪ ਨੂੰ ਨੇਕ ਮਿਥ ਮਿਥ ਕੇ ਮਨੁੱਖ ਆਪਣੇ ਆਤਮਕ ਜੀਵਨ ਵਾਸਤੇ) ਜਿਹੋ ਜਿਹਾ ਬੀ ਬੀਜਦਾ ਹੈ ਉਹੋ ਜਿਹਾ ਫਲ ਹਾਸਲ ਕਰਦਾ ਹੈ।
ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥
ਦਾਸ ਨਾਨਕ ਦਾ ਪੱਖ ਕਰਨ ਵਾਲਾ ਸਾਥੀ ਤਾਂ ਪਰਮਾਤਮਾ ਹੈ (ਪਰਮਾਤਮਾ ਦਾ ਆਸਰਾ ਹੀ ਨਾਨਕ ਦਾ) ਧਰਮ ਹੈ (ਜਿਸ ਦੀ ਬਰਕਤਿ ਨਾਲ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਜਿੱਤ ਕੇ ਆ ਸਕਦਾ ਹੈ ॥੫॥੨॥੫੪॥
ਆਸਾ ਮਹਲਾ ੪ ॥
ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥
(ਹੇ ਭੈਣੋ!) ਗੁਰੂ ਦੀ ਬਾਣੀ ਸੁਣ ਕੇ ਜਿਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਆਰਾ ਲੱਗਣ ਲੱਗ ਪੈਂਦਾ ਹੈ।
ਗੁਰਬਾਣੀ ਹਰਿ ਅਲਖੁ ਲਖਾਇਆ ॥੧॥
ਗੁਰਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਅਦ੍ਰਿਸ਼ਟ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ ॥੧॥
ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥
ਹੇ ਮੇਰੀ ਭੈਣੋ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਦਾ ਨਾਮ ਸੁਣਿਆ ਕਰੋ,
ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥
ਜੋ ਆਪ ਹੀ ਹਰੇਕ ਜੀਵ ਦੇ ਸਰੀਰ ਵਿਚ ਮੌਜੂਦ ਹੈ। (ਹੇ ਮੇਰੀ ਭੈਣੋ!) ਮੂੰਹ ਨਾਲ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਸ਼ਬਦ ਬੋਲਿਆ ਕਰੋ ॥੧॥ ਰਹਾਉ ॥
ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥
(ਹੇ ਭੈਣੋ!) ਮੇਰੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ਪਰਮਾਤਮਾ ਵਾਸਤੇ ਬੜੀ ਲਗਨ ਪੈਦਾ ਹੋ ਗਈ ਹੈ।
ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥੨॥
ਪਰਮਾਤਮਾ ਦਾ ਰੂਪ ਤੇ ਵੱਡੇ ਭਾਗਾਂ ਵਾਲਾ ਸਤਿਗੁਰੂ ਮੈਨੂੰ ਭੀ ਮਿਲ ਪਿਆ ਹੈ (ਜਿਸ ਦੀ ਮੇਹਰ ਨਾਲ) ਮੇਰੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ॥੨॥
ਦੂਜੈ ਭਾਇ ਭਵਹਿ ਬਿਖੁ ਮਾਇਆ ॥
(ਪਰ, ਹੇ ਭੈਣੋ!) ਜਿਹੜੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ ਜੋ ਉਹਨਾਂ ਲਈ ਆਤਮਕ ਮੌਤ ਦਾ ਕਾਰਨ ਬਣਦੀ ਹੈ,
ਭਾਗਹੀਨ ਨਹੀ ਸਤਿਗੁਰੁ ਪਾਇਆ ॥੩॥
ਉਹ ਮਨੁੱਖ ਬਦ-ਨਸੀਬ ਹਨ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ॥੩॥
ਅੰਮ੍ਰਿਤੁ ਹਰਿ ਰਸੁ ਹਰਿ ਆਪਿ ਪੀਆਇਆ ॥
(ਜੀਵ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਨੇ ਆਪ ਹੀ ਜਿਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਰਿ-ਨਾਮ-ਰਸ ਪਿਲਾ ਦਿੱਤਾ,
ਗੁਰਿ ਪੂਰੈ ਨਾਨਕ ਹਰਿ ਪਾਇਆ ॥੪॥੩॥੫੫॥
ਹੇ ਨਾਨਕ! ਉਸ ਨੇ ਪੂਰੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲਿਆ ॥੪॥੩॥੫੫॥
ਆਸਾ ਮਹਲਾ ੪ ॥
ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥
(ਹੇ ਮੇਰੇ ਸੱਜਣੋਂ ਮਿੱਤਰੋ!) ਪਰਮਾਤਮਾ ਦਾ ਪਿਆਰ ਤੇ ਪਰਮਾਤਮਾ ਦਾ ਨਾਮ (ਹੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਸਰਾ ਹੈ।
ਨਾਮੁ ਜਪੀ ਨਾਮੋ ਸੁਖ ਸਾਰੁ ॥੧॥
ਮੈਂ (ਸਦਾ ਪ੍ਰਭੂ ਦਾ) ਨਾਮ ਜਪਦਾ ਰਹਿੰਦਾ ਹਾਂ, ਨਾਮ ਹੀ (ਮੇਰੇ ਵਾਸਤੇ ਸਾਰੇ) ਸੁਖਾਂ ਦਾ ਨਿਚੋੜ ਹੈ ॥੧॥
ਨਾਮੁ ਜਪਹੁ ਮੇਰੇ ਸਾਜਨ ਸੈਨਾ ॥
ਹੇ ਮੇਰੇ ਸਜਣੋਂ! ਹੇ ਮੇਰੇ ਮਿੱਤਰੋ! ਪਰਮਾਤਮਾ ਦਾ ਨਾਮ ਜਪਿਆ ਕਰੋ।
ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥
ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਜ਼ਿੰਦਗੀ ਦਾ) ਹੋਰ ਕੋਈ (ਆਸਰਾ) ਨਹੀਂ ਦਿੱਸਦਾ। ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲ ਸਕਦਾ ਹੈ ॥੧॥ ਰਹਾਉ ॥
ਨਾਮ ਬਿਨਾ ਨਹੀ ਜੀਵਿਆ ਜਾਇ ॥
(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ।
ਵਡੈ ਭਾਗਿ ਗੁਰਮੁਖਿ ਹਰਿ ਪਾਇ ॥੨॥
ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੨॥
ਨਾਮਹੀਨ ਕਾਲਖ ਮੁਖਿ ਮਾਇਆ ॥
(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜੀਊਣਾ ਫਿਟਕਾਰ-ਜੋਗ ਹੈ।
ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥੩॥
ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਾਇਆ ਦੇ (ਮੋਹ ਦੇ) ਕਾਰਨ ਮੂੰਹ ਉਤੇ ਕਾਲਖ ਲੱਗਦੀ ਹੈ ॥੩॥
ਵਡਾ ਵਡਾ ਹਰਿ ਭਾਗ ਕਰਿ ਪਾਇਆ ॥
ਉਹ ਮਨੁੱਖ ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਵੱਡੀ ਕਿਸਮਤਿ ਨਾਲ ਮਿਲ ਪੈਂਦਾ ਹੈ,
ਨਾਨਕ ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥
ਹੇ ਨਾਨਕ! ਗੁਰੂ ਦੀ ਰਾਹੀਂ (ਜਿਸ ਨੂੰ ਪਰਮਾਤਮਾ) ਆਪਣੇ ਨਾਮ ਦੀ ਦਾਤਿ ਦਿਵਾਂਦਾ ਹੈ ॥੪॥੪॥੫੬॥
ਆਸਾ ਮਹਲਾ ੪ ॥
ਗੁਣ ਗਾਵਾ ਗੁਣ ਬੋਲੀ ਬਾਣੀ ॥
(ਹੇ ਭਾਈ!) ਮੈਂ ਭੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹਾਂ,
ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥੧॥
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂ ॥੧॥
ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥
(ਹੇ ਭਾਈ!) ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ।
ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥੧॥ ਰਹਾਉ ॥
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਤਿਨਾਮੁ ਸਤਿਨਾਮੁ ਸਤਿਨਾਮੁ ਪੱਕਾ ਕਰ ਦਿੱਤਾ, ਉਸ ਨੇ ਬੜੇ ਪ੍ਰੇਮ ਨਾਲ ਪਰਮਾਨੰਦ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ॥੧॥ ਰਹਾਉ ॥
ਹਰਿ ਗੁਣ ਗਾਵੈ ਹਰਿ ਜਨ ਲੋਗਾ ॥
(ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਾ ਹੈ,
ਵਡੈ ਭਾਗਿ ਪਾਏ ਹਰਿ ਨਿਰਜੋਗਾ ॥੨॥
ਤੇ ਵੱਡੀ ਕਿਸਮਤਿ ਨਾਲ ਉਸ ਨਿਰਲੇਪ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥
ਗੁਣ ਵਿਹੂਣ ਮਾਇਆ ਮਲੁ ਧਾਰੀ ॥
(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਵਾਂਜੇ ਹੋਏ ਮਨੁੱਖ ਮਾਇਆ ਦੇ ਮੋਹ ਦੀ ਮੈਲ (ਆਪਣੇ ਮਨ ਵਿਚ) ਟਿਕਾਈ ਰੱਖਦੇ ਹਨ।
ਵਿਣੁ ਗੁਣ ਜਨਮਿ ਮੁਏ ਅਹੰਕਾਰੀ ॥੩॥
ਸਿਫ਼ਤਿ-ਸਾਲਾਹ ਤੋਂ ਬਿਨਾ ਅਹੰਕਾਰ ਵਿਚ ਮੱਤੇ ਹੋਏ ਜੀਵ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੩॥
ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥
(ਹੇ ਭਾਈ! ਮਨੁੱਖ ਦੇ) ਇਸ ਸਰੀਰ ਸਰੋਵਰ ਵਿਚ (ਪਰਮਾਤਮਾ ਦੇ ਗੁਣ ਗੁਰੂ ਨੇ ਹੀ) ਪਰਗਟ ਕੀਤੇ ਹਨ।
ਨਾਨਕ ਗੁਰਮੁਖਿ ਮਥਿ ਤਤੁ ਕਢੀਏ ॥੪॥੫॥੫੭॥
ਹੇ ਨਾਨਕ! (ਜਿਵੇਂ ਦੁੱਧ ਰਿੜਕ ਕੇ ਮੱਖਣ ਕੱਢੀਦਾ ਹੈ, ਤਿਵੇਂ) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ (ਜੀਵਨ ਦਾ) ਨਿਚੋੜ (ਉੱਚਾ ਸੁੱਚਾ ਜੀਵਨ) ਪ੍ਰਾਪਤ ਕਰ ਲੈਂਦਾ ਹੈ ॥੪॥੫॥੫੭॥
ਆਸਾ ਮਹਲਾ ੪ ॥
ਨਾਮੁ ਸੁਣੀ ਨਾਮੋ ਮਨਿ ਭਾਵੈ ॥
(ਹੇ ਭਾਈ!) ਮੈਂ (ਸਦਾ ਪਰਮਾਤਮਾ ਦਾ) ਨਾਮ ਸੁਣਦਾ ਰਹਿੰਦਾ ਹਾਂ, ਨਾਮ ਹੀ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ।
ਵਡੈ ਭਾਗਿ ਗੁਰਮੁਖਿ ਹਰਿ ਪਾਵੈ ॥੧॥
ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਵੱਡੀ ਕਿਸਮਤਿ ਨਾਲ ਇਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧॥
ਨਾਮੁ ਜਪਹੁ ਗੁਰਮੁਖਿ ਪਰਗਾਸਾ ॥
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ (ਨਾਮ ਸਿਮਰਨ ਦੀ ਬਰਕਤਿ ਨਾਲ ਅੰਦਰ ਉਚੇ ਆਤਮਕ ਜੀਵਨ ਦਾ) ਚਾਨਣ ਹੋ ਜਾਇਗਾ।
ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ ॥
ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਆਤਮਕ ਜੀਵਨ ਵਾਸਤੇ) ਹੋਰ ਕੋਈ ਆਸਰਾ ਨਹੀਂ ਦਿੱਸਦਾ (ਇਸ ਵਾਸਤੇ) ਮੈਂ ਹਰੇਕ ਸਾਹ ਨਾਲ, ਹਰੇਕ ਗਿਰਾਹੀ ਨਾਲ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹਾਂ ॥੧॥ ਰਹਾਉ ॥
ਨਾਮੈ ਸੁਰਤਿ ਸੁਨੀ ਮਨਿ ਭਾਈ ॥
(ਹੇ ਭਾਈ!) ਜਦੋਂ ਤੋਂ ਮੈਂ ਹਰਿ-ਨਾਮ ਦੀ ਸ੍ਰੋਤ ਸੁਣੀ ਹੈ (ਤਦੋਂ ਤੋਂ ਮੇਰੇ) ਮਨ ਵਿਚ ਪਿਆਰੀ ਲੱਗ ਰਹੀ ਹੈ।
ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥੨॥
ਉਹੀ ਮਨੁੱਖ ਮੇਰਾ ਮਿੱਤਰ ਹੈ, ਮੇਰਾ ਸਾਥੀ ਹੈ ਜੇਹੜਾ ਮੈਨੂੰ ਪਰਮਾਤਮਾ ਦਾ ਨਾਮ ਸੁਣਾਂਦਾ ਹੈ ॥੨॥
ਨਾਮਹੀਣ ਗਏ ਮੂੜ ਨੰਗਾ ॥
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਏ ਮੂਰਖ ਮਨੁੱਖ (ਇਥੋਂ) ਖ਼ਾਲੀ ਹੱਥ ਚਲੇ ਜਾਂਦੇ ਹਨ,
ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥੩॥
(ਜਿਵੇਂ) ਪਤੰਗ (ਬਲਦੇ ਦੀਵੇ ਨੂੰ) ਵੇਖ ਕੇ (ਸੜ ਮਰਦਾ ਹੈ, ਤਿਵੇਂ ਨਾਮ-ਹੀਨ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ) ਜ਼ਹਰ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰਦੇ ਹਨ ॥੩॥
ਆਪੇ ਥਾਪੇ ਥਾਪਿ ਉਥਾਪੇ ॥
(ਜੀਵਾਂ ਦੇ ਭੀ ਕੀਹ ਵੱਸ?) ਜੇਹੜਾ ਪਰਮਾਤਮਾ ਆਪ ਹੀ ਜਗਤ-ਰਚਨਾ ਰਚਦਾ ਹੈ ਜੇਹੜਾ ਆਪ ਹੀ ਰਚ ਕੇ ਨਾਸ ਭੀ ਕਰਦਾ ਹੈ,
ਨਾਨਕ ਨਾਮੁ ਦੇਵੈ ਹਰਿ ਆਪੇ ॥੪॥੬॥੫੮॥
ਹੇ ਨਾਨਕ! ਉਹ ਪਰਮਾਤਮਾ ਆਪ ਹੀ ਹਰਿ-ਨਾਮ ਦੀ ਦਾਤਿ ਦੇਂਦਾ ਹੈ ॥੪॥੬॥੫੮॥
ਆਸਾ ਮਹਲਾ ੪ ॥
ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥
(ਹੇ ਭਾਈ! ਪਰਮਾਤਮਾ ਦਾ ਨਾਮ, ਮਾਨੋ, ਵੇਲ ਹੈ) ਗੁਰੂ ਦੀ ਸਰਨ ਪੈਣ ਵਾਲੇ ਮਨੁੱਖਾਂ ਨੇ ਇਸ ਹਰਿ-ਨਾਮ-ਵੇਲ ਨੂੰ (ਸਿਮਰਨ ਦਾ ਜਲ ਸਿੰਜ ਸਿੰਜ ਕੇ ਆਪਣੇ ਅੰਦਰ) ਵਡੀ ਕਰ ਲਿਆ ਹੈ,
ਫਲ ਲਾਗੇ ਹਰਿ ਰਸਕ ਰਸਾਈ ॥੧॥
(ਉਹਨਾਂ ਦੇ ਅੰਦਰ ਉਹਨਾਂ ਦੇ ਆਤਮਕ ਜੀਵਨ ਵਿਚ ਇਸ ਵੇਲ ਨੂੰ) ਰਸ ਦੇਣ ਵੇਲੇ ਸੁਆਦਲੇ (ਆਤਮਕ ਗੁਣਾਂ ਦੇ) ਫਲ ਲੱਗਦੇ ਹਨ ॥੧॥
ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥
(ਹੇ ਭਾਈ! ਜਗਤ ਦੇ ਅਨੇਕਾਂ ਜੀਆ-ਜੰਤ-ਰੂਪ) ਬੇਅੰਤ ਲਹਰਾਂ ਦੇ ਮਾਲਕ ਪਰਮਾਤਮਾ ਦਾ ਨਾਮ ਸਿਮਰ।
ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥
ਗੁਰੂ ਦੀ ਮਤਿ ਲੈ ਕੇ ਮੁੜ ਮੁੜ ਹਰਿ-ਨਾਮ ਸਿਮਰ ਤੇ ਸਿਫ਼ਤਿ-ਸਾਲਾਹ ਕਰਦਾ ਰਹੁ। (ਜਿਸ ਮਨੁੱਖ ਨੇ ਨਾਮ ਜਪਿਆ, ਜਿਸ ਨੇ ਸਿਫ਼ਤਿ-ਸਾਲਾਹ ਕੀਤੀ ਉਸ ਨੇ ਮਨ-) ਸੱਪ ਨੂੰ ਮਾਰ ਲਿਆ, ਉਸ ਨੇ ਮੌਤ ਦੇ ਡਰ ਨੂੰ ਮੁਕਾ ਲਿਆ, ਉਸ ਨੇ ਜਮਦੂਤਾਂ ਨੂੰ ਮਾਰ ਲਿਆ। ਜਮਦੂਤ ਉਸ ਦੇ ਨੇੜੇ ਨਹੀਂ ਢੁਕਦੇ ॥੧॥ ਰਹਾਉ ॥
ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥
ਹੇ ਮੇਰੇ ਭਾਈ! ਪਰਮਾਤਮਾ ਨੇ (ਆਪਣੀ) ਭਗਤੀ ਗੁਰੂ ਵਿਚ ਟਿਕਾ ਰੱਖੀ ਹੈ,
ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ॥੨॥
ਤੇ ਗੁਰੂ ਪ੍ਰਸੰਨ ਹੋ ਕੇ (ਭਗਤੀ ਦੀ ਇਹ ਦਾਤਿ) ਸਿੱਖ ਨੂੰ ਦੇਂਦਾ ਹੈ ॥੨॥
ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥
(ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ ਤੇ ਆਪਣੀ) ਹਉਮੈ ਵਿਚ ਹੀ (ਆਪਣੇ ਵਲੋਂ ਧਾਰਮਿਕ) ਕੰਮ (ਭੀ ਕਰਦਾ ਹੈ, ਉਹ ਪਰਮਾਤਮਾ ਦੀ) ਭਗਤੀ ਦੀ ਰਤਾ ਭੀ ਸਾਰ ਨਹੀਂ ਜਾਣਦਾ।
ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ॥੩॥
(ਹਉਮੈ ਦੇ ਆਸਰੇ ਕੀਤੇ ਹੋਏ ਉਸ ਦੇ ਧਾਰਮਿਕ ਕੰਮ ਇਉਂ ਹਨ) ਜਿਵੇਂ ਹਾਥੀ ਨ੍ਹਾ ਕੇ ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ ॥੩॥
ਜੇ ਵਡ ਭਾਗ ਹੋਵਹਿ ਵਡ ਊਚੇ ॥
ਜੇ ਵੱਡੇ ਭਾਗ ਹੋਣ, ਜੇ ਬੜੇ ਉਚੇ ਭਾਗ ਹੋਣ ਤਾਂ ਮਨੁੱਖ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਜਪਦੇ ਹਨ।
ਨਾਨਕ ਨਾਮੁ ਜਪਹਿ ਸਚਿ ਸੂਚੇ ॥੪॥੭॥੫੯॥
(ਇਸ ਤਰ੍ਹਾਂ) ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜ ਕੇ ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ ॥੪॥੭॥੫੯॥
ਆਸਾ ਮਹਲਾ ੪ ॥
ਹਰਿ ਹਰਿ ਨਾਮ ਕੀ ਮਨਿ ਭੂਖ ਲਗਾਈ ॥
ਹੇ ਮੇਰੇ ਵੀਰ! (ਮੇਰੇ) ਮਨ ਵਿਚ ਸਦਾ ਪਰਮਾਤਮਾ ਦੀ ਭੁੱਖ ਲੱਗੀ ਰਹਿੰਦੀ ਹੈ।
ਨਾਮਿ ਸੁਨਿਐ ਮਨੁ ਤ੍ਰਿਪਤੈ ਮੇਰੇ ਭਾਈ ॥੧॥
(ਇਸ ਭੁੱਖ ਦੀ ਬਰਕਤਿ ਨਾਲ ਮਾਇਆ ਦੀ ਭੁੱਖ ਨਹੀਂ ਲੱਗਦੀ, ਕਿਉਂਕਿ) ਜੇ ਪਰਮਾਤਮਾ ਦਾ ਨਾਮ ਸੁਣਦੇ ਰਹੀਏ ਤਾਂ ਮਨ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ ॥੧॥
ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥
ਹੇ ਮੇਰੇ ਗੁਰੂ ਦੇ ਸਿੱਖੋ! ਹੇ ਮੇਰੇ ਮਿੱਤਰੋ! (ਸਦਾ ਪਰਮਾਤਮਾ ਦਾ) ਨਾਮ ਜਪਦੇ ਰਹੋ, ਨਾਮ ਜਪਦੇ ਰਹੋ।
ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥੧॥ ਰਹਾਉ ॥
ਨਾਮ ਵਿਚ ਜੁੜ ਕੇ ਆਤਮਕ ਆਨੰਦ ਮਾਣੋ, ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ, ਆਪਣੇ ਚਿਤ ਵਿਚ ਟਿਕਾਈ ਰੱਖੋ ॥੧॥ ਰਹਾਉ ॥
ਨਾਮੋ ਨਾਮੁ ਸੁਣੀ ਮਨੁ ਸਰਸਾ ॥
(ਹੇ ਮੇਰੇ ਵੀਰ!) ਸਦਾ ਪਰਮਾਤਮਾ ਦਾ ਨਾਮ ਹੀ ਨਾਮ ਸੁਣ ਕੇ ਮਨ (ਪ੍ਰੇਮ ਦਇਆ ਆਦਿਕ ਗੁਣਾਂ ਨਾਲ) ਹਰਾ ਹੋਇਆ ਰਹਿੰਦਾ ਹੈ।
ਨਾਮੁ ਲਾਹਾ ਲੈ ਗੁਰਮਤਿ ਬਿਗਸਾ ॥੨॥
ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਖੱਟ ਖੱਟ ਕੇ ਮਨ ਖੁਸ਼ ਟਿਕਿਆ ਰਹਿੰਦਾ ਹੈ ॥੨॥
ਨਾਮ ਬਿਨਾ ਕੁਸਟੀ ਮੋਹ ਅੰਧਾ ॥
(ਜਿਵੇਂ ਕੋਈ ਕੋਹੜਾ, ਕੋਹੜ ਦੇ ਦਰਦਾਂ ਨਾਲ ਵਿਲਕਦਾ ਹੈ, ਤਿਵੇਂ) ਪਰਮਾਤਮਾ ਦੇ ਨਾਮ ਤੋਂ ਵਿੱਛੁੜਿਆ ਹੋਇਆ ਮਨੁੱਖ ਆਤਮਕ ਰੋਗਾਂ ਨਾਲ ਗ੍ਰਸਿਆ ਹੋਇਆ ਦੁਖੀ ਹੁੰਦਾ ਰਹਿੰਦਾ ਹੈ, ਮਾਇਆ ਦਾ ਮੋਹ ਉਸ ਨੂੰ (ਸਹੀ ਜੀਵਨ-ਜੁਗਤ ਵਲੋਂ) ਅੰਨ੍ਹਾ ਕਰੀ ਰੱਖਦਾ ਹੈ।
ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ॥੩॥
ਹੋਰ ਜਿਤਨੇ ਭੀ ਕੰਮ ਉਹ ਕਰਦਾ ਹੈ, ਸਭ ਵਿਅਰਥ ਜਾਂਦੇ ਹਨ, ਉਹ ਕੰਮ ਉਸ ਨੂੰ (ਆਤਮਕ) ਦੁੱਖ ਹੀ ਦੇਂਦੇ ਹਨ, ਉਸ ਲਈ ਮਾਇਆ ਦਾ ਜਾਲ ਹੀ ਬਣੇ ਰਹਿੰਦੇ ਹਨ ॥੩॥
ਹਰਿ ਹਰਿ ਹਰਿ ਜਸੁ ਜਪੈ ਵਡਭਾਗੀ ॥
ਵੱਡੇ ਭਾਗਾਂ ਵਾਲਾ ਹੈ ਉਹ ਮਨੁੱਖ ਜੇਹੜਾ (ਗੁਰੂ ਦੀ ਮਤਿ ਲੈ ਕੇ) ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ।
ਨਾਨਕ ਗੁਰਮਤਿ ਨਾਮਿ ਲਿਵ ਲਾਗੀ ॥੪॥੮॥੬੦॥
ਹੇ ਨਾਨਕ! ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਲਗਨ ਬਣੀ ਰਹਿੰਦੀ ਹੈ ॥੪॥੮॥੬੦॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਹਲਾ ੪ ਰਾਗੁ ਆਸਾ ਘਰੁ ੬ ਕੇ ੩ ॥
ਰਾਗ ਆਸਾ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥
ਜੋਗੀ (ਕਿੰਗੁਰੀ) ਹੱਥ ਵਿਚ ਫੜ ਕੇ ਤਾਰ ਵਜਾਂਦਾ ਹੈ, ਪਰ ਉਸ ਦੀ ਕਿੰਗੁਰੀ ਬੇਅਸਰ ਹੀ ਵੱਜਦੀ ਹੈ (ਕਿਉਂਕਿ ਮਨ ਹਰਿ-ਨਾਮ ਤੋਂ ਸੁੰਞਾ ਟਿਕਿਆ ਰਹਿੰਦਾ ਹੈ)।
ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥੧॥
ਹੇ ਜੋਗੀ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਰਿਹਾ ਕਰ (ਇਸ ਤਰ੍ਹਾਂ) ਇਹ (ਅਮੋੜ) ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜਿਆ ਰਹਿੰਦਾ ਹੈ ॥੧॥
ਜੋਗੀ ਹਰਿ ਦੇਹੁ ਮਤੀ ਉਪਦੇਸੁ ॥
ਹੇ ਜੋਗੀ! ਤੁਸੀ (ਆਪਣੇ ਮਨ ਨੂੰ) ਹਰਿ-ਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ।
ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥੧॥ ਰਹਾਉ ॥
ਉਹ ਪਰਮਾਤਮਾ ਹਰੇਕ ਜੁਗ ਵਿਚ ਆਪ ਹੀ ਆਪ ਸਭ ਕੁਝ ਕਰਦਾ ਰਹਿੰਦਾ ਹੈ। ਮੈਂ ਤਾਂ ਉਸ ਪਰਮਾਤਮਾ ਅੱਗੇ ਹੀ ਸਦਾ ਸਿਰ ਨਿਵਾਂਦਾ ਹਾਂ ॥੧॥ ਰਹਾਉ ॥
ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ ॥
ਜੋਗੀ ਲੋਕ ਰਾਗ ਗਾਂਦੇ ਹਨ, ਹੋਰ ਭੀ ਕਈ ਕਿਸਮ ਦੇ ਬੋਲ ਬੋਲਦੇ ਹਨ, ਪਰ ਉਹਨਾਂ ਦਾ ਇਹ ਅਮੋੜ ਮਨ ਹੋਰ ਖੇਡਾਂ ਹੀ ਖੇਡਦਾ ਰਹਿੰਦਾ ਹੈ।
ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥੨॥
(ਕਿੰਗੁਰੀ ਆਦਿਕ ਦਾ ਮਨ ਤੇ ਅਸਰ ਨਹੀਂ ਪੈਂਦਾ, ਉਹਨਾਂ ਦੀ ਹਾਲਤ ਇਉਂ ਹੀ ਹੁੰਦੀ ਹੈ, ਜਿਵੇਂ ਕਿਸਾਨ) ਪੈਲੀ ਸਿੰਜਣ ਵਾਸਤੇ ਖੂਹ ਜੋਂਦੇ ਹਨ, ਪਰ ਉਹਨਾਂ ਦੇ (ਆਪਣੇ) ਬੈਲ (ਹੀ) ਉੱਠ ਕੇ ਵੇਲਾਂ ਆਦਿਕ ਖਾ ਜਾਂਦੇ ਹਨ ॥੨॥
ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ ॥
(ਹੇ ਜੋਗੀ!) ਇਸ ਸਰੀਰ-ਨਗਰ ਵਿਚ ਹਰਿ-ਨਾਮ ਸਿਮਰਨ ਦੇ ਕਰਮ ਬੀਜੋ; (ਜੇਹੜਾ ਮਨੁੱਖ ਆਪਣੇ ਹਿਰਦੇ-ਖੇਤ ਵਿਚ ਹਰਿ-ਨਾਮ ਬੀਜ ਬੀਜਦਾ ਹੈ, ਉਸ ਦੇ ਅੰਦਰ) ਹਰਿ-ਨਾਮ ਦਾ ਸੋਹਣਾ ਹਰਾ ਖੇਤ ਉੱਗ ਪੈਂਦਾ ਹੈ।
ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥੩॥
(ਹੇ ਜੋਗੀ! ਸਿਮਰਨ ਦੀ ਬਰਕਤਿ ਨਾਲ) ਇਸ ਮਨ ਨੂੰ ਡੋਲਣ ਤੋਂ ਰੋਕੋ, ਇਸ ਟਿਕੇ ਹੋਏ ਮਨ-ਬੈਲ ਨੂੰ ਜੋਵੋ, ਜਿਸ ਨਾਲ ਗੁਰੂ ਦੀ ਮਤਿ ਦੀ ਰਾਹੀਂ (ਆਪਣੇ ਅੰਦਰ) ਹਰਿ-ਨਾਮ ਜਲ ਸਿੰਜੋ ॥੩॥
ਜੋਗੀ ਜੰਗਮ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ ॥
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋਗੀ, ਜੰਗਮ ਆਦਿਕ ਇਹ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਆਪ ਜੇਹੜੀ ਮਤਿ ਇਸ ਸ੍ਰਿਸ਼ਟੀ ਨੂੰ ਦੇਂਦਾ ਹੈਂ ਉਧਰ ਹੀ ਇਹ ਤੁਰਦੀ ਹੈ।
ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ ॥੪॥੯॥੬੧॥
ਦਾਸ ਨਾਨਕ ਦੇ ਹੇ ਅੰਤਰਜਾਮੀ ਪ੍ਰਭੂ! ਸਾਡੇ ਮਨ ਨੂੰ ਪ੍ਰੇਰ ਕੇ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ॥੪॥੯॥੬੧॥
ਆਸਾ ਮਹਲਾ ੪ ॥
ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥
ਕਿਉਂ ਕੋਈ ਤਾਲ ਦੇਣ ਵਾਸਤੇ ਘੁੰਘਰੂ ਲੱਭਦਾ ਫਿਰੇ? (ਭਾਵ, ਮੈਨੂੰ ਘੁੰਘਰੂਆਂ ਦੀ ਲੋੜ ਨਹੀਂ), ਕਿਉਂ ਕੋਈ ਰਬਾਬ (ਆਦਿਕ ਸਾਜ) ਵਜਾਂਦਾ ਫਿਰੇ?
ਆਵਤ ਜਾਤ ਬਾਰ ਖਿਨੁ ਲਾਗੈ ਹਉ ਤਬ ਲਗੁ ਸਮਾਰਉ ਨਾਮੁ ॥੧॥
(ਇਹ ਘੁੰਘਰੂ ਰਬਾਬ ਆਦਿਕ ਲਿਆਉਣ ਵਾਸਤੇ) ਆਉਂਦਿਆਂ ਜਾਂਦਿਆਂ ਕੁਝ ਨ ਕੁਝ ਸਮਾ ਲੱਗਦਾ ਹੈ। ਪਰ ਮੈਂ ਤਾਂ ਉਤਨਾ ਸਮਾ ਭੀ ਪਰਮਾਤਮਾ ਦਾ ਨਾਮ ਹੀ ਯਾਦ ਕਰਾਂਗਾ ॥੧॥
ਮੇਰੈ ਮਨਿ ਐਸੀ ਭਗਤਿ ਬਨਿ ਆਈ ॥
(ਹੇ ਭਾਈ!) ਮੇਰੇ ਮਨ ਵਿਚ ਪਰਮਾਤਮਾ ਦੀ ਭਗਤੀ ਇਹੋ ਜਿਹੀ ਬਣੀ ਪਈ ਹੈ,
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥੧॥ ਰਹਾਉ ॥
ਕਿ ਮੈਂ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਪਲ ਭੀ ਰਹਿ ਨਹੀਂ ਸਕਦਾ (ਮੈਨੂੰ ਯਾਦ ਤੋਂ ਬਿਨਾ ਆਤਮਕ ਮੌਤ ਜਾਪਣ ਲੱਗ ਪੈਂਦੀ ਹੈ) ਜਿਵੇਂ ਪਾਣੀ ਤੋਂ ਵਿਛੁੜ ਕੇ ਮੱਛੀ ਮਰ ਜਾਂਦੀ ਹੈ ॥੧॥ ਰਹਾਉ ॥
ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥
(ਹੇ ਭਾਈ!) ਗਾਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਤੇ ਸੱਤ ਸੁਰਾਂ ਮਿਲਾਂਦਾ ਫਿਰੇ? ਕਿਉਂ ਕੋਈ ਰਾਗ ਦੀ ਸੁਰ ਚੁੱਕਦਾ ਫਿਰੇ?
ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ॥੨॥
ਇਹ ਤਾਰਾਂ ਸੁਰਾਂ ਮਿਲਾਂਦਿਆਂ ਤੇ ਸੁਰ ਚੁੱਕਦਿਆਂ ਕੁਝ ਨ ਕੁਝ ਸਮਾ ਜ਼ਰੂਰ ਲੱਗਦਾ ਹੈ। ਮੇਰਾ ਮਨ ਤਾਂ ਉਤਨਾ ਸਮਾ ਭੀ ਪਰਮਾਤਮਾ ਦੇ ਗੁਣ ਗਾਂਦਾ ਰਹੇਗਾ ॥੨॥
ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ॥
(ਹੇ ਭਾਈ!) ਕਿਉਂ ਕੋਈ ਨੱਚਦਾ ਫਿਰੇ? (ਨੱਚਣ ਵਾਸਤੇ) ਕਿਉਂ ਕੋਈ ਪੈਰ ਖਿਲਾਰੇ? ਕਿਉਂ ਕੋਈ ਹੱਥ ਖਿਲਾਰੇ? ਇਹਨਾਂ ਹੱਥਾਂ ਪੈਰਾਂ ਨੂੰ ਖਿਲਾਰਦਿਆਂ ਭੀ ਥੋੜਾ-ਬਹੁਤ ਸਮਾ ਲੱਗਦਾ ਹੀ ਹੈ।
ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮ੍ਰਾਰੈ ॥੩॥
ਮੇਰਾ ਮਨ ਤਾਂ ਉਤਨਾ ਸਮਾਂ ਭੀ ਪਰਮਾਤਮਾ ਨੂੰ ਹਿਰਦੇ ਵਿਚ ਵਸਾਂਦਾ ਰਹੇਗਾ ॥੩॥
ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥
(ਹੇ ਭਾਈ! ਆਪਣੇ ਆਪ ਨੂੰ ਭਗਤ ਜ਼ਾਹਰ ਕਰਨ ਵਾਸਤੇ) ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਂਦਾ ਫਿਰੇ? ਜੇ ਲੋਕਾਂ ਦੀ ਤਸੱਲੀ ਹੋ ਭੀ ਜਾਵੇ ਤਾਂ ਭੀ (ਪ੍ਰਭੂ-ਦਰ ਤੇ) ਇੱਜ਼ਤ ਨਹੀਂ ਮਿਲੇਗੀ।
ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ ॥੪॥੧੦॥੬੨॥
ਹੇ ਦਾਸ ਨਾਨਕ! (ਆਖ-ਹੇ ਭਾਈ!) ਸਦਾ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਸਿਮਰਦੇ ਰਹੋ, ਇਸ ਤਰ੍ਹਾਂ ਹਰੇਕ ਜੀਵ ਆਦਰ-ਸਤਕਾਰ ਕਰਦਾ ਹੈ ॥੪॥੧੦॥੬੨॥
ਆਸਾ ਮਹਲਾ ੪ ॥
ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ ॥
(ਹੇ ਮੇਰੇ ਵੀਰ!) ਪ੍ਰਭੂ ਦੀ ਗੁਰੂ ਦੀ ਸਾਧ ਸੰਗਤਿ ਵਿਚ ਮਿਲਣਾ ਚਾਹੀਦਾ ਹੈ। (ਹੇ ਵੀਰ!) ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ।
ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ ॥੧॥
(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਸ ਦੇ ਅੰਦਰ ਗੁਰੂ ਦੇ ਬਖ਼ਸ਼ੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਸ ਦੇ ਹਿਰਦੇ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ॥੧॥
ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥
ਹੇ ਹਰੀ ਦੇ ਸੇਵਕੋ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਨੱਚੋ (ਨਾਮ ਸਿਮਰੋ-ਇਹੀ ਨਾਚ ਨੱਚੋ। ਸਿਮਰਨ ਕਰੋ, ਮਨ ਨੱਚ ਉੱਠੇਗਾ, ਮਨ ਚਾਉ-ਭਰਪੂਰ ਹੋ ਜਾਇਗਾ)।
ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥੧॥ ਰਹਾਉ ॥
ਹੇ ਮੇਰੇ ਵੀਰ! ਜੇ ਮੈਨੂੰ ਇਹੋ ਜਿਹੇ ਸੰਤ-ਜਨ ਮਿਲ ਪੈਣ, ਤਾਂ ਮੈਂ ਉਹਨਾਂ ਦੇ ਪੈਰ ਧੋਵਾਂ (ਅਸੀਂ ਉਹਨਾਂ ਦੇ ਪੈਰ ਧੋਵੀਏ-ਲਫ਼ਜ਼ੀ) ॥੧॥ ਰਹਾਉ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਅਨਦਿਨੁ ਹਰਿ ਲਿਵ ਲਾਇ ॥
ਹੇ ਮੇਰੇ ਮਨ! ਹਰ ਰੋਜ਼ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਜਪਿਆ ਕਰ,
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਭੂਖ ਨ ਲਾਗੈ ਆਇ ॥੨॥
ਜੇਹੜੇ ਫਲ ਦੀ ਇੱਛਾ ਕਰੇਂਗਾ ਉਹੀ ਫਲ ਹਾਸਲ ਕਰ ਲਏਂਗਾ, ਤੇ ਮੁੜ ਤੈਨੂੰ ਕਦੇ ਮਾਇਆ ਦੀ ਭੁੱਖ ਨਹੀਂ ਲੱਗੇਗੀ ॥੨॥
ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥
(ਪਰ ਸਿਮਰਨ ਕਰਨਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ) ਸਿਰਜਣਹਾਰ ਬੇਅੰਤ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੋਲਦਾ ਹੈ ਤੇ ਆਪ ਹੀ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।
ਸੇਈ ਸੰਤ ਭਲੇ ਤੁਧੁ ਭਾਵਹਿ ਜਿਨ੍ਰ ਕੀ ਪਤਿ ਪਾਵਹਿ ਥਾਇ ॥੩॥
ਹੇ ਪ੍ਰਭੂ! ਉਹੀ ਮਨੁੱਖ ਚੰਗੇ ਹਨ ਸੰਤ ਹਨ ਜੋ ਤੈਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਦੀ ਇੱਜ਼ਤ ਤੇਰੇ ਦਰ ਤੇ ਕਬੂਲ ਹੁੰਦੀ ਹੈ ॥੩॥
ਨਾਨਕੁ ਆਖਿ ਨ ਰਾਜੈ ਹਰਿ ਗੁਣ ਜਿਉ ਆਖੈ ਤਿਉ ਸੁਖੁ ਪਾਇ ॥
(ਹੇ ਭਾਈ! ਪ੍ਰਭੂ ਦਾ ਦਾਸ) ਨਾਨਕ ਪਰਮਾਤਮਾ ਦੇ ਗੁਣ ਬਿਆਨ ਕਰ ਕਰ ਕੇ ਰੱਜਦਾ ਨਹੀਂ ਹੈ ਜਿਉਂ ਜਿਉਂ ਨਾਨਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤਿਉਂ ਤਿਉਂ ਆਤਮਕ ਆਨੰਦ ਮਾਣਦਾ ਹੈ।
ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ ॥੪॥੧੧॥੬੩॥
(ਹੇ ਭਾਈ!) ਪਰਮਾਤਮਾ ਨੇ (ਜੀਵਾਂ ਨੂੰ) ਆਪਣੀ ਭਗਤੀ ਦੇ ਖ਼ਜ਼ਾਨੇ ਦਿੱਤੇ ਹੋਏ ਹਨ, ਪਰ ਇਹਨਾਂ ਗੁਣਾਂ ਦਾ ਗਾਹਕ ਹੀ ਖ਼ਰੀਦ ਕੇ (ਇਸ ਜਗਤ ਤੋਂ ਆਪਣੇ ਨਾਲ) ਲੈ ਜਾਂਦਾ ਹੈ ॥੪॥੧੧॥੬੩॥