ਰਾਗ ਆਸਾ – ਬਾਣੀ ਸ਼ਬਦ-Part 7 – Raag Asa – Bani

ਰਾਗ ਆਸਾ – ਬਾਣੀ ਸ਼ਬਦ-Part 7 – Raag Asa – Bani

ਆਸਾ ਮਹਲਾ ੩ ॥
ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥

(ਪਰਮਾਤਮਾ ਦਾ ਨਾਮ-ਰਸ ਚੱਖਣ ਨਾਲ) ਮਨੁੱਖ ਆਪਣੇ ਆਪ ਹੀ ਆਤਮਕ ਜੀਵਨ ਨੂੰ ਪੜਤਾਲਣ ਲੱਗ ਪੈਂਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਨਾਮ-ਰਸ ਦਾ ਸੁਆਦ ਮਿੱਠਾ ਲਗਣਾ ਸ਼ੁਰੂ ਹੋ ਜਾਂਦਾ ਹੈ।

ਹਰਿ ਰਸਿ ਚਾਖਿਐ ਮੁਕਤੁ ਭਏ ਜਿਨ੍ਹਾ ਸਾਚੋ ਭਾਈ ॥੧॥

(ਨਾਮ-ਰਸ ਦੀ ਬਰਕਤਿ ਨਾਲ) ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ ॥੧॥

ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ ॥

ਪਰਮਾਤਮਾ ਨਿਰੋਲ ਪਵਿਤ੍ਰ ਹੈ, ਉਸ ਦਾ ਨਿਵਾਸ ਪਵਿਤ੍ਰ ਮਨ ਵਿਚ ਹੀ ਹੋ ਸਕਦਾ ਹੈ।

ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥

ਜੇ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੀਏ ਤਾਂ ਮਾਇਆ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਹੋ ਸਕੀਦਾ ਹੈ ॥੧॥ ਰਹਾਉ ॥

ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥

ਗੁਰੂ ਦੇ ਸ਼ਬਦ ਤੋਂ ਬਿਨਾ ਆਪਣੇ ਆਤਮਕ ਜੀਵਨ ਨੂੰ ਪਰਖਿਆ ਨਹੀਂ ਜਾ ਸਕਦਾ (ਸ਼ਬਦ ਤੋਂ ਬਿਨਾ) ਸਾਰੀ ਲੁਕਾਈ (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਰਹਿੰਦੀ ਹੈ।

ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥੨॥

ਗੁਰੂ ਦੀ ਮਤਿ ਦੀ ਰਾਹੀਂ ਹਿਰਦੇ ਵਿਚ (ਵਸਾਇਆ ਹੋਇਆ ਨਾਮ ਆਤਮਕ ਜੀਵਨ ਲਈ) ਚਾਨਣ ਦੇਂਦਾ ਹੈ, ਅੰਤ ਵੇਲੇ ਭੀ ਹਰਿ-ਨਾਮ ਹੀ ਸਾਥੀ ਬਣਦਾ ਹੈ ॥੨॥

ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥

ਨਾਮ ਜਪਣ ਵਾਲੇ ਮਨੁੱਖ, ਨਾਮ ਵਿਚ ਲੀਨ ਰਹਿੰਦਿਆਂ ਹੀ ਸਦਾ ਦੁਨੀਆ ਦੀ ਕਿਰਤਕਾਰ ਕਰਦੇ ਹਨ ਤੇ ਉਹਨਾਂ ਦੇ ਹਿਰਦੇ ਵਿਚ ਨਾਮ ਟਿਕਿਆ ਰਹਿੰਦਾ ਹੈ।

ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥੩॥

ਉਹਨਾਂ ਦੇ ਮੂੰਹ ਵਿਚ ਨਾਮ ਵੱਸਦਾ ਹੈ, ਉਹ ਗੁਰ-ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ ॥੩॥

ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥

ਹਰ ਵੇਲੇ ਹਰਿ-ਨਾਮ ਸੁਣਨਾ ਚਾਹੀਦਾ ਹੈ, ਹਰਿ-ਨਾਮ ਵਿਚ ਮਨ ਗਿਝਾਣਾ ਚਾਹੀਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ।

ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥੪॥

ਜੇਹੜਾ ਮਨੁੱਖ ਸਦਾ ਹਰ ਵੇਲੇ ਹਰੀ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਹਰਿ-ਨਾਮ ਦੀ ਰਾਹੀਂ ਹਰਿ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ॥੪॥

ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥

ਹਰਿ-ਨਾਮ ਦੀ ਰਾਹੀਂ ਹੀ ਹਿਰਦੇ ਵਿਚ (ਆਤਮਕ ਜੀਵਨ ਲਈ) ਚਾਨਣ ਪੈਦਾ ਹੁੰਦਾ ਹੈ, (ਹਰ ਥਾਂ) ਸੋਭਾ ਮਿਲਦੀ ਹੈ।

ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥੫॥

ਹਰਿ-ਨਾਮ ਦੀ ਰਾਹੀਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਤੇ ਹਰੀ ਦੀ ਹੀ ਸਰਨ ਪਏ ਰਹੀਦਾ ਹੈ ॥੫॥

ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥

ਨਾਮ ਸਿਮਰਨ ਤੋਂ ਬਿਨਾ ਕਿਸੇ ਭੀ ਮਨੁੱਖ ਨੂੰ ਦਰਗਾਹ ਵਿਚ ਆਦਰ ਨਹੀਂ ਮਿਲਦਾ, ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ (ਦਰਗਾਹ ਵਿਚ) ਇੱਜ਼ਤ ਗਵਾ ਬੈਠਦਾ ਹੈ।

ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥੬॥

ਇਹੋ ਜਿਹੇ ਮਨੁੱਖ ਜਮ ਦੀ ਪੁਰੀ ਵਿਚ ਬੱਝੇ ਮਾਰ ਖਾਂਦੇ ਹਨ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੬॥

ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥

ਸਾਰੀ ਲੁਕਾਈ ਹਰਿ-ਨਾਮ (ਜਪਣ ਵਾਲੇ) ਦੀ ਸੇਵਾ ਕਰਦੀ ਹੈ ਤੇ ਨਾਮ ਜਪਣ ਦੀ ਸੂਝ ਗੁਰੂ ਬਖ਼ਸ਼ਦਾ ਹੈ।

ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥੭॥

(ਹਰ ਥਾਂ) ਨਾਮ (ਜਪਣ ਵਾਲੇ) ਨੂੰ ਹੀ ਆਦਰ ਮਿਲਦਾ ਹੈ, ਨਾਮ ਦੀ ਬਰਕਤਿ ਨਾਲ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੭॥

ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥

ਪਰ, ਹਰਿ-ਨਾਮ ਸਿਰਫ਼ ਉਸੇ ਨੂੰ ਮਿਲਦਾ ਹੈ ਜਿਸ ਨੂੰ ਹਰੀ ਆਪ ਦੇਂਦਾ ਹੈ, ਜਿਸ ਨੂੰ ਗੁਰੂ ਦੀ ਮਤਿ ਉਤੇ ਤੋਰ ਕੇ ਨਾਮ (ਸਿਮਰਨ ਦੀ) ਸੂਝ ਬਖ਼ਸ਼ਦਾ ਹੈ।

ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥੮॥੭॥੨੯॥

ਹੇ ਨਾਨਕ! ਹਰੇਕ (ਆਦਰ-ਮਾਣ) ਹਰਿ-ਨਾਮ ਦੇ ਵੱਸ ਵਿਚ ਹੈ। ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਹਰਿ-ਨਾਮ ਪ੍ਰਾਪਤ ਕਰਦਾ ਹੈ ॥੮॥੭॥੨੯॥


ਆਸਾ ਮਹਲਾ ੩ ॥
ਦੋਹਾਗਣੀ ਮਹਲੁ ਨ ਪਾਇਨ੍ਰੀ ਨ ਜਾਣਨਿ ਪਿਰ ਕਾ ਸੁਆਉ ॥

ਮੰਦੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਜਾਣ ਸਕਦੀਆਂ।

ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥

ਉਹ ਖਰ੍ਹਵਾ ਬੋਲਦੀਆਂ ਹਨ, ਲਿਫਣਾ ਨਹੀਂ ਜਾਣਦੀਆਂ, ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ ॥੧॥

ਇਹੁ ਮਨੂਆ ਕਿਉ ਕਰਿ ਵਸਿ ਆਵੈ ॥

ਇਹ ਮਨ ਕਿਸ ਤਰ੍ਹਾਂ ਕਾਬੂ ਵਿਚ ਆਉਂਦਾ ਹੈ?

ਗੁਰਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥

ਗੁਰੂ ਦੀ ਕਿਰਪਾ ਨਾਲ ਹੀ ਮਨ (ਵਿਕਾਰਾਂ ਵਲੋਂ) ਰੋਕਿਆ ਜਾ ਸਕਦਾ ਹੈ ਤੇ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ ਮਤਿ ਦੇ ਆਸਰੇ ਹੀ ਇਹ ਅੰਤਰ ਆਤਮੇ ਆ ਟਿਕਦਾ ਹੈ ॥੧॥ ਰਹਾਉ ॥

ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ ॥

ਚੰਗੇ ਭਾਗਾਂ ਵਾਲੀਆਂ ਨੂੰ ਆਪਣੇ ਪ੍ਰੇਮ ਪਿਆਰ ਦੀ ਦਾਤ ਦੇ ਕੇ ਪਰਮਾਤਮਾ ਨੇ ਆਪ ਸੋਹਣੇ ਜੀਵਨ ਵਾਲੀਆਂ ਬਣਾ ਦਿੱਤਾ ਹੈ।

ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥

ਉਹ ਸਦਾ ਗੁਰੂ ਦੀ ਰਜ਼ਾ ਵਿਚ ਜੀਵਨ ਬਿਤਾਂਦੀਆਂ ਹਨ ਤੇ ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਹੀ ਉਹਨਾਂ ਦੇ ਆਤਮਕ ਜੀਵਨ ਦਾ ਸ਼ਿੰਗਾਰ ਹੈ ॥੨॥

ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥

ਉਹ ਜੀਵ-ਇਸਤ੍ਰੀਆਂ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਪ੍ਰੇਮ ਦੀ ਬਰਕਤਿ ਨਾਲ (ਉਹਨਾਂ ਦਾ ਹਿਰਦਾ ਪ੍ਰਭੂ-ਪਤੀ ਵਾਸਤੇ) ਸਦਾ ਟਿਕੀ ਰਹਿਣ ਵਾਲੀ ਸੇਜ ਬਣਿਆ ਰਹਿੰਦਾ ਹੈ,

ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥੩॥

(ਇਸ ਤਰ੍ਹਾਂ) ਆਤਮਕ ਆਨੰਦ ਪ੍ਰਾਪਤ ਕਰ ਕੇ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਪ੍ਰਭੂ-ਪਤੀ ਦੇ ਪ੍ਰੇਮ ਵਿਚ ਮਸਤ ਰਹਿੰਦੀਆਂ ਹਨ ॥੩॥

ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥

ਜਿਸ ਜੀਵ-ਇਸਤ੍ਰੀ ਦਾ ਸ਼ਿੰਗਾਰ ਆਤਮਕ ਗਿਆਨ ਹੈ ਉਸ ਕੋਲ ਬੇਅੰਤ ਖ਼ਜਾਨਾ ਹੈ ਤੇ ਐਸੀ ਜੀਵ-ਇਸਤ੍ਰੀ ਸ਼ੋਭਾ ਖੱਟਦੀ ਹੈ।

ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥

ਪ੍ਰਭੂ-ਪਤੀ ਦੇ ਪ੍ਰੇਮ-ਪਿਆਰ ਦੀ ਬਰਕਤਿ ਨਾਲ ਉਹ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਹ ਪ੍ਰਭੂ-ਪਾਤਿਸ਼ਾਹ ਦੀ ਪਟਰਾਣੀ ਬਣ ਜਾਂਦੀ ਹੈ ॥੪॥

ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥

ਸਦਾ-ਥਿਰ ਅਲੱਖ ਤੇ ਅਪਾਰ ਪ੍ਰਭੂ ਨੇ ਸੋਹਾਗਣ (ਜੀਵ-ਇਸਤ੍ਰੀਆਂ ਦੇ ਹਿਰਦੇ) ਵਿਚ ਆਪਣਾ ਪਿਆਰ ਆਪ ਟਿਕਾ ਰੱਖਿਆ ਹੈ,

ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ ॥੫॥

ਉਹ ਗੁਰੂ ਦੀ ਦੱਸੀ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਵਿਚ ਪਿਆਰ ਵਿਚ (ਮਸਤ ਰਹਿੰਦੀਆਂ ਹਨ) ॥੫॥

ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥

ਜਿਨ੍ਹਾਂ ਜੀਵ-ਇਸਤ੍ਰੀਆਂ ਦੇ ਸਿਰ ਉੱਤੇ ਖਸਮ-ਪ੍ਰਭੂ ਦਾ ਹੱਥ ਹੈ ਉਹਨਾਂ ਨੇ ਪ੍ਰਭੂ-ਪਤੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਇਆ ਹੋਇਆ ਹੈ, ਪ੍ਰਭੂ ਦੇ ਗੁਣਾਂ ਦਾ ਹਾਰ ਬਣਾ ਕੇ ਆਪਣੇ ਗਲ ਵਿਚ ਪਾਇਆ ਹੋਇਆ ਹੈ।

ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥

ਉਹ ਪ੍ਰਭੂ-ਪਤੀ ਦੇ ਪਿਆਰ ਦੀ ਸੁਗੰਧੀ ਨੂੰ ਆਪਣੇ ਸਰੀਰ ਉਤੇ ਲਾਂਦੀਆਂ ਹਨ, ਉਹ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣਾਂ ਦੀ ਵਿਚਾਰ ਦਾ ਰਤਨ ਸਾਂਭ ਰੱਖਦੀਆਂ ਹਨ ॥੬॥

ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥

ਜੇਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿਚ ਰੰਗੇ ਜਾਂਦੇ ਹਨ ਉਹੀ ਉੱਚੀ ਜਾਤ ਵਾਲੇ ਹਨ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉੱਚੀ ਜਾਤ ਬਣਦੀ ਹੈ ਉੱਚੀ ਕੁਲ ਬਣਦੀ ਹੈ।

ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥

ਪ੍ਰਭੂ ਦੇ ਨਾਮ ਤੋਂ ਸੱਖਣੀ ਸਾਰੀ ਲੁਕਾਈ ਹੀ ਨੀਵੀਂ ਜਾਤਿ ਵਾਲੀ ਹੈ। (ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਦ ਵਿਚ ਟਿਕੀ ਰਹਿੰਦੀ ਹੈ, ਜਿਵੇਂ) ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਮਗਨ ਰਹਿੰਦਾ ਹੈ ॥੭॥

ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥

(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਸਾਰੀ ਲੁਕਾਈ ਹਉਮੈ ਅਹੰਕਾਰ ਵਿਚ ਆਫਰੀ ਫਿਰਦੀ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਇਹ ਹਉਮੈ ਦੂਰ ਨਹੀਂ ਹੋ ਸਕਦੀ।

ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੮॥੩੦॥

ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੮॥੮॥੩੦॥


ਆਸਾ ਮਹਲਾ ੩ ॥
ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥

ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ,

ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥

ਇਸ ਦੁਨੀਆ ਵਿਚ ਉਹ ਹਰੇਕ ਘਰ ਵਿਚ ਉੱਘੇ ਹੋ ਜਾਂਦੇ ਹਨ, ਅਗਾਂਹ ਪਰਲੋਕ ਵਿਚ ਭੀ ਉਹਨਾਂ ਦੀ ਸੋਭਾ ਸਦਾ ਲਈ ਉਜਾਗਰ ਹੋ ਜਾਂਦੀ ਹੈ ॥੧॥

ਏ ਮਨ ਰੂੜ੍ਰੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥

ਹੇ ਸੋਹਣੇ ਮਨ! ਹੇ ਰੰਗੀਲੇ ਮਨ! (ਤੂੰ ਆਪਣੇ ਉੱਤੇ) ਸਦਾ ਕਾਇਮ ਰਹਿਣ ਵਾਲਾ ਨਾਮ-ਰੰਗ ਚਾੜ੍ਹ।

ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥

ਜੇ (ਇਹ ਮਨ) ਸੋਹਣੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਏ, ਤਾਂ (ਇਸ ਦਾ) ਇਹ ਰੰਗ ਕਦੇ ਨਹੀਂ ਉਤਰਦਾ ਕਦੇ ਦੂਰ ਨਹੀਂ ਹੁੰਦਾ ॥੧॥ ਰਹਾਉ ॥

ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥

ਮਾਇਆ ਦੇ ਪਿਆਰ ਵਿਚ ਵਿਕਾਰਾਂ ਵਿਚ ਫਸ ਕੇ ਅਸੀਂ ਜੀਵ ਨੀਵੇਂ ਗੰਦੇ ਆਚਰਨ ਵਾਲੇ ਤੇ ਅਹੰਕਾਰੀ ਬਣ ਜਾਂਦੇ ਹਾਂ।

ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥

ਪਾਰਸ-ਗੁਰੂ ਦੇ ਮਿਲਿਆਂ ਅਸੀਂ ਸੋਨਾ ਬਣ ਜਾਂਦੇ ਹਾਂ, ਸਾਡੇ ਅੰਦਰ ਬੇਅੰਤ ਪ੍ਰਭੂ ਦੀ ਪਵਿਤ੍ਰ ਜੋਤਿ ਜਗ ਪੈਂਦੀ ਹੈ ॥੨॥

ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥

ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਨਾਮ-ਰੰਗ ਨਾਲ) ਰੰਗਿਆ ਨਹੀਂ ਜਾ ਸਕਦਾ, ਜੇ ਗੁਰੂ ਮਿਲ ਪਏ ਤਾਂ ਹੀ ਨਾਮ-ਰੰਗ ਚੜ੍ਹਦਾ ਹੈ।

ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥

ਜੇਹੜੇ ਮਨੁੱਖ ਗੁਰੂ ਦੇ ਡਰ-ਅਦਬ ਦੀ ਰਾਹੀਂ ਗੁਰੂ ਦੇ ਪ੍ਰੇਮ ਦੀ ਰਾਹੀਂ ਰੰਗੇ ਜਾਂਦੇ ਹਨ, ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ ॥੩॥

ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥

ਡਰ-ਅਦਬ ਤੋਂ ਬਿਨਾ (ਮਨ-ਕੱਪੜੇ ਨੂੰ) ਪਾਹ ਨਹੀਂ ਲੱਗ ਸਕਦੀ (ਪਾਹ ਤੋਂ ਬਿਨਾ ਮਨ-ਕੱਪੜੇ ਨੂੰ ਪੱਕਾ ਪ੍ਰੇਮ-ਰੰਗ ਨਹੀਂ ਚੜ੍ਹਦਾ) ਮਨ ਸਾਫ਼-ਸੁਥਰਾ ਨਹੀਂ ਹੋ ਸਕਦਾ।

ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥

ਇਸ ਡਰ-ਅਦਬ ਤੋਂ ਬਿਨਾ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਭੀ ਜਾਣ ਤਾਂ ਭੀ (ਮਨੁੱਖ ਝੂਠ ਦਾ ਪ੍ਰੇਮੀ ਹੀ ਰਹਿੰਦਾ ਹੈ, ਤੇ ਝੂਠੇ ਨੂੰ (ਪ੍ਰਭੂ ਦੀ ਹਜ਼ੂਰੀ ਵਿਚ) ਥਾਂ ਨਹੀਂ ਮਿਲਦੀ ॥੪॥

ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥

ਸਾਧ ਸੰਧਤਿ ਵਿਚ ਲਿਆ ਕੇ ਜਿਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਆਪ ਹੀ ਨਾਮ-ਰੰਗ ਚਾੜ੍ਹਦਾ ਹੈ ਉਹੀ ਰੰਗਿਆ ਜਾਇਗਾ।

ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥

ਸਾਧ ਸੰਗਤਿ ਪੂਰੇ ਗੁਰੂ ਦੀ ਰਾਹੀਂ ਮਿਲਦੀ ਹੈ (ਜਿਸ ਨੂੰ ਮਿਲਦੀ ਹੈ ਉਹ) ਆਤਮਕ ਅਡੋਲਤਾ ਵਿਚ, ਸਦਾ-ਥਿਰ ਪ੍ਰਭੂ ਵਿਚ, ਪ੍ਰਭੂ-ਪ੍ਰੇਮ ਵਿਚ (ਮਸਤ ਰਹਿੰਦਾ ਹੈ) ॥੫॥

ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥

ਸਾਧ ਸੰਗਤਿ ਤੋਂ ਬਿਨਾ ਸਾਰੇ ਮਨੁੱਖ ਪਸ਼ੂਆਂ ਵਾਂਗ ਤੁਰੇ ਫਿਰਦੇ ਹਨ,

ਜਿਨਿ੍ ਕੀਤੇ ਤਿਸੈ ਨ ਜਿਨਿ੍ ਬਿਨੁ ਨਾਵੈ ਸਭਿ ਚੋਰ ॥੬॥

ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦੇ, ਉਸ ਦੇ ਨਾਮ ਤੋਂ ਬਿਨਾ ਸਾਰੇ ਉਸ ਦੇ ਚੋਰ ਹਨ ॥੬॥

ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥

ਕਈ ਮਨੁੱਖ ਐਸੇ ਭੀ ਹਨ ਜੇਹੜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕਦੇ ਹਨ, ਪ੍ਰਭੂ-ਪ੍ਰੇਮ ਵਿਚ ਜੁੜਦੇ ਹਨ, ਉਹ ਪਰਮਾਤਮਾ ਦੇ ਗੁਣ ਖ਼ਰੀਦਦੇ ਹਨ (ਗੁਣਾਂ ਦੇ ਵੱਟੇ) ਉਹਨਾਂ ਦੇ ਔਗੁਣ ਵਿਕ ਜਾਂਦੇ ਹਨ (ਦੂਰ ਹੋ ਜਾਂਦੇ ਹਨ)।

ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥

ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਹ ਪ੍ਰਭੂ ਦਾ ਨਾਮ-ਸੌਦਾ ਪ੍ਰਾਪਤ ਕਰ ਲੈਂਦੇ ਹਨ, ਪਰਮਾਤਮਾ ਉਹਨਾਂ ਦੇ ਅੰਦਰ ਆ ਵੱਸਦਾ ਹੈ ॥੭॥

ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥

ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਸਭ ਕੁਝ ਦੇਣ ਵਾਲਾ ਹੈ, ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ।

ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥

ਹੇ ਨਾਨਕ! ਉਸ ਨੇ ਆਪ ਹੀ ਆਪਣੇ ਨਾਮ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾਏ ਹਨ ਉਸ ਨੇ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ ॥੮॥੯॥੩੧॥


ਆਸਾ ਮਹਲਾ ੩ ॥
ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥

ਸਾਰੀ ਲੁਕਾਈ ਹਰਿ-ਨਾਮ ਵਾਸਤੇ ਤਾਂਘ ਕਰਦੀ ਹੈ, ਪਰ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਕਰਦਾ ਹੈ।

ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥

ਹਰਿ-ਨਾਮ ਤੋਂ ਖੁੰਝਿਆਂ (ਜਗਤ ਵਿਚ) ਨਿਰਾ ਦੁੱਖ ਹੀ ਦੁੱਖ ਹੈ, ਸੁਖ ਸਿਰਫ਼ ਉਸ ਨੂੰ ਹੈ ਜਿਸ ਦੇ ਮਨ ਵਿਚ ਪ੍ਰਭੂ ਆਪਣਾ ਨਾਮ ਵਸਾਂਦਾ ਹੈ ॥੧॥

ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥

ਹੇ ਪ੍ਰਭੂ! ਤੂੰ ਬੇਅੰਤ ਹੈਂ, ਤੂੰ ਦਇਆ ਦਾ ਸੋਮਾ ਹੈਂ, ਮੈਂ ਤੇਰੀ ਸਰਨ ਆਇਆ ਹਾਂ।

ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥

ਤੇਰਾ ਨਾਮ ਪੂਰੇ ਗੁਰੂ ਪਾਸੋਂ ਮਿਲਦਾ ਹੈ ਤੇ ਤੇਰੇ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੧॥ ਰਹਾਉ ॥

ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥

ਪਰਮਾਤਮਾ ਨੇ ਇਹ ਕਈ ਰੰਗਾਂ ਦੀ ਦੁਨੀਆ ਪੈਦਾ ਕੀਤੀ ਹੋਈ ਹੈ, ਹਰੇਕ ਦੇ ਅੰਦਰ ਤੇ ਸਾਰੀ ਦੁਨੀਆ ਵਿਚ ਉਹ ਆਪ ਹੀ ਵੱਸਦਾ ਹੈ।

ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥

ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਸਭ ਜੀਵਾਂ ਪਾਸੋਂ ਕੰਮ ਕਰਾਂਦਾ ਹੈ, ਕੋਈ ਹੋਰ ਅਜੇਹੀ ਸਮਰਥਾ ਵਾਲਾ ਨਹੀਂ ਹੈ ॥੨॥

ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥

ਹੇ ਪ੍ਰਭੂ! ਸਮਝ ਤੇ ਬੇ-ਸਮਝੀ ਇਹ ਖੇਡ ਤੂੰ ਹੀ ਰਚੀ ਹੈ, ਹਰੇਕ ਜੀਵ ਦੇ ਸਿਰ ਉਤੇ ਤੇਰੀ ਹੀ ਫ਼ੁਰਮਾਈ ਹੋਈ ਕਰਨ-ਜੋਗ ਕਾਰ ਹੈ (ਤੇਰੇ ਹੀ ਹੁਕਮ ਵਿਚ ਕੋਈ ਸਮਝ ਵਾਲਾ ਤੇ ਕੋਈ ਬੇ-ਸਮਝੀ ਵਾਲਾ ਕੰਮ ਕਰਦਾ ਹੈ)।

ਇਕਨ੍ਰਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥

ਕਈ ਜੀਵਾਂ ਉਤੇ ਤੂੰ ਬਖ਼ਸ਼ਸ਼ ਕਰਦਾ ਹੈਂ (ਤੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਕਈ ਮਾਇਆ-ਵੇੜ੍ਹੇ ਜੀਵਾਂ ਨੂੰ ਆਪਣੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਬਾਹਰ ਕੱਢ ਦੇਂਦਾ ਹੈਂ ॥੩॥

ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥

ਹੇ ਪ੍ਰਭੂ! ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਧੁਰੋਂ ਹੀ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ ਹੈ, ਤੂੰ ਉਹਨਾਂ ਨੂੰ ਆਪਣੇ ਨਾਮ ਵਿਚ ਜੋੜਿਆ ਹੋਇਆ ਹੈ।

ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥

ਗੁਰੂ ਦੀ ਦੱਸੀ ਸੇਵਾ ਤੋਂ ਉਹਨਾਂ ਨੂੰ ਆਤਮਕ ਆਨੰਦ ਮਿਲਦਾ ਹੈ। ਗੁਰੂ ਉਹਨਾਂ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੋੜ ਕੇ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ ॥੪॥

ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥

ਕਈ ਐਸੇ ਮਨੁੱਖ ਹਨ ਜੋ ਕੁਚੱਲਣੇ ਹਨ ਗੰਦੇ ਹਨ ਦੁਰਾਚਾਰੀ ਹਨ, ਜਿਹਨਾਂ ਨੂੰ ਪਰਮਾਤਮਾ ਨੇ ਆਪਣੇ ਨਾਮ ਵਲੋਂ ਖੁੰਝਾ ਰੱਖਿਆ ਹੈ,

ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥

ਉਹਨਾਂ ਜ਼ਿੰਦਗੀ ਵਿਚ ਕਾਮਯਾਬੀ ਨਹੀਂ ਖੱਟੀ, ਚੰਗੀ ਅਕਲ ਨਹੀਂ ਸਿੱਖੀ, ਉਹ ਚੰਗੀ ਰਹਿਣੀ ਵਾਲੇ ਨਹੀਂ ਬਣੇ, ਡਾਵਾਂ ਡੋਲ ਭਟਕਦੇ ਫਿਰਦੇ ਹਨ ॥੫॥

ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥

ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰ ਆਪਣੇ ਨਾਮ ਦੀ ਸਰਧਾ ਪੈਦਾ ਕਰਦਾ ਹੈ,

ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥

ਉਸ ਨੂੰ (ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਦਾ) ਪਵਿਤ੍ਰ ਸ਼ਬਦ ਸੁਣਾਂਦਾ ਹੈ ਜਿਸ ਨਾਲ ਉਹ ਸੇਵਾ ਕਰਨ ਤੇ ਸੰਤੋਖ ਧਾਰਨ ਵਾਲੀ ਰਹਿਣੀ ਵਾਲਾ ਬਣ ਜਾਂਦਾ ਹੈ ॥੬॥

ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥

ਹਿਸਾਬ ਕਰ ਕੇ (ਪ੍ਰਭੂ ਦੇ ਗੁਣਾਂ ਦੇ ਅਖ਼ੀਰ ਤਕ) ਪਹੁੰਚ ਨਹੀਂ ਸਕੀਦਾ, ਉਸ ਦੇ ਗੁਣ ਗਿਣ ਗਿਣ ਕੇ ਬਿਆਨ ਕਰ ਕਰ ਕੇ ਗੁਣਾਂ ਦੀ ਗਿਣਤੀ ਮੁਕਾ ਨਹੀਂ ਸਕੀਦੀ।

ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥

ਉਸ ਪ੍ਰਭੂ ਦੀ ਕਦਰ-ਕੀਮਤਿ ਗੁਰੂ ਪਾਸੋਂ ਮਿਲਦੀ ਹੈ (ਕਿ ਉਹ ਬੇਅੰਤ ਹੈ ਬੇਅੰਤ ਹੈ)। ਗੁਰੂ ਆਪਣੇ ਸ਼ਬਦ ਵਿਚ ਜੋੜਦਾ ਹੈ, ਗੁਰੂ ਸਦਾ-ਥਿਰ ਹਰਿ-ਨਾਮ ਵਿਚ ਜੋੜਦਾ ਹੈ, ਤੇ ਸੂਝ ਬਖ਼ਸ਼ਦਾ ਹੈ ॥੭॥

ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥

ਤੂੰ ਆਪਣੇ ਇਸ ਮਨ ਨੂੰ ਖੋਜ, ਆਪਣੇ ਸਰੀਰ ਨੂੰ ਖੋਜ, ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰ ਕਰ!

ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥

ਹੇ ਨਾਨਕ! ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਰੀਰ ਦੇ ਵਿਚ ਹੀ ਹੈ। ਗੁਰੂ ਦੀ ਅਪਾਰ ਮੇਹਰ ਨਾਲ ਹੀ ਮਿਲਦਾ ਹੈ ॥੮॥੧੦॥੩੨॥


ਆਸਾ ਮਹਲਾ ੩ ॥
ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥

ਜਿਨ੍ਹਾਂ ਸੁਹਾਗਣ ਜੀਵ-ਇਸਤ੍ਰੀਆਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੋਹਣਾ ਬਣਾ ਲਿਆ, ਉਹ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀਆਂ ਗਈਆਂ;

ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥੧॥

ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਨੂੰ) ਵਿਚਾਰ ਕੇ ਉਹਨਾਂ ਨੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ॥੧॥

ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ ॥

ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲਈ ਉਸ ਨੇ ਆਪਣੇ (ਪਹਿਲੇ ਕੀਤੇ) ਔਗੁਣ ਗੁਣਾਂ ਦੀ ਬਰਕਤ ਨਾਲ ਬਖ਼ਸ਼ਵਾ ਲਏ,

ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ ॥੧॥ ਰਹਾਉ ॥

ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ, ਗੁਰੂ ਨੇ ਉਸ ਨੂੰ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ॥੧॥ ਰਹਾਉ ॥

ਇਕਿ ਪਿਰੁ ਹਦੂਰਿ ਨ ਜਾਣਨ੍ਰੀ ਦੂਜੈ ਭਰਮਿ ਭੁਲਾਇ ॥

ਜੇਹੜੀਆਂ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਪ੍ਰਭੂ-ਪਤੀ ਨੂੰ ਅੰਗ-ਸੰਗ ਵੱਸਦਾ ਨਹੀਂ ਸਮਝਦੀਆਂ,

ਕਿਉ ਪਾਇਨਿ੍ ਡੋਹਾਗਣੀ ਦੁਖੀ ਰੈਣਿ ਵਿਹਾਇ ॥੨॥

ਉਹ ਮੰਦ-ਭਾਗਣਾਂ ਪ੍ਰਭੂ-ਪਤੀ ਨੂੰ ਨਹੀਂ ਮਿਲ ਸਕਦੀਆਂ, ਉਹਨਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਦੁੱਖਾਂ ਵਿਚ ਹੀ ਬੀਤ ਜਾਂਦੀ ਹੈ ॥੨॥

ਜਿਨ ਕੈ ਮਨਿ ਸਚੁ ਵਸਿਆ ਸਚੀ ਕਾਰ ਕਮਾਇ ॥

ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਕਾਰ ਕਮਾ ਕੇ ਜਿਨ੍ਹਾਂ ਦੇ ਮਨ ਵਿਚ ਸਦਾ-ਥਿਰ ਹਰੀ ਆ ਵੱਸਦਾ ਹੈ,

ਅਨਦਿਨੁ ਸੇਵਹਿ ਸਹਜ ਸਿਉ ਸਚੇ ਮਾਹਿ ਸਮਾਇ ॥੩॥

ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਕੇ ਆਤਮਕ ਅਡੋਲਤਾ ਨਾਲ ਹਰ ਵੇਲੇ ਉਸ ਪ੍ਰਭੂ ਦੀ ਸੇਵਾ-ਭਗਤੀ ਕਰਦੀਆਂ ਰਹਿੰਦੀਆਂ ਹਨ ॥੩॥

ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ ॥

ਮੰਦ-ਭਾਗਣ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਜਾਂਦੀਆਂ ਹਨ ਉਹ (ਮਾਇਆ ਦੇ ਮੋਹ ਵਾਲਾ ਹੀ) ਵਿਅਰਥ-ਬੋਲ ਬੋਲ ਕੇ (ਮਾਇਆ ਦੇ ਮੋਹ ਦਾ) ਜ਼ਹਰ ਖਾਂਦੀਆਂ ਰਹਿੰਦੀਆਂ ਹਨ (ਜੋ ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।

ਪਿਰੁ ਨ ਜਾਣਨਿ ਆਪਣਾ ਸੁੰਞੀ ਸੇਜ ਦੁਖੁ ਪਾਹਿ ॥੪॥

ਉਹ ਕਦੇ ਆਪਣੇ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਂਦੀਆਂ, ਉਹਨਾਂ ਦੇ ਹਿਰਦੇ ਦੀ ਸੇਜ ਸਦਾ ਖ਼ਾਲੀ ਪਈ ਰਹਿੰਦੀ ਹੈ, ਇਸ ਵਾਸਤੇ ਉਹ ਦੁੱਖ ਹੀ ਪਾਂਦੀਆਂ ਰਹਿੰਦੀਆਂ ਹਨ ॥੪॥

ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ ॥

ਹੇ ਮੇਰੇ ਮਨ! ਮਤਾਂ ਕਿਤੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਏਂ (ਚੇਤਾ ਰੱਖ) ਸਦਾ ਕਾਇਮ ਰਹਿਣ ਵਾਲਾ ਸਿਰਫ਼ ਮਾਲਕ-ਪ੍ਰਭੂ ਹੀ ਹੈ।

ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ ॥੫॥

ਜੇ ਤੂੰ ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਸੇਵਾ-ਭਗਤੀ ਕਰੇਂਗਾ, ਤਾਂ ਉਸ ਸਦਾ-ਥਿਰ ਪਵਿਤ੍ਰ ਪ੍ਰਭੂ ਨੂੰ ਆਪਣੇ ਅੰਦਰ ਵਸਾ ਲਏਂਗਾ ॥੫॥

ਸੋਹਾਗਣੀ ਸਦਾ ਪਿਰੁ ਪਾਇਆ ਹਉਮੈ ਆਪੁ ਗਵਾਇ ॥

ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਗਵਾ ਕੇ ਸਦਾ-ਥਿਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ,

ਪਿਰ ਸੇਤੀ ਅਨਦਿਨੁ ਗਹਿ ਰਹੀ ਸਚੀ ਸੇਜ ਸੁਖੁ ਪਾਇ ॥੬॥

ਉਹ ਹਰ ਵੇਲੇ ਪ੍ਰਭੂ-ਪਤੀ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ (ਦੇ ਹਿਰਦੇ) ਦੀ ਸੇਜ ਅਡੋਲ ਹੋ ਜਾਂਦੀ ਹੈ ਉਹ ਸਦਾ ਆਤਮਕ ਆਨੰਦ ਮਾਣਦੀ ਹੈ ॥੬॥

ਮੇਰੀ ਮੇਰੀ ਕਰਿ ਗਏ ਪਲੈ ਕਿਛੁ ਨ ਪਾਇ ॥

ਜੇਹੜੇ ਬੰਦੇ ਇਹੀ ਆਖਦੇ ਆਖਦੇ ਜਗਤ ਤੋਂ ਚਲੇ ਗਏ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਮਲਕੀਅਤ ਹੈ ਉਹਨਾਂ ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ।

ਮਹਲੁ ਨਾਹੀ ਡੋਹਾਗਣੀ ਅੰਤਿ ਗਈ ਪਛੁਤਾਇ ॥੭॥

ਮੰਦ-ਭਾਗਣ ਜੀਵ-ਇਸਤ੍ਰੀ ਨੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ, ਉਹ ਦੁਨੀਆ ਤੋਂ ਆਖ਼ਰ ਹੱਥ ਮਲਦੀ ਹੀ ਜਾਂਦੀ ਹੈ ॥੭॥

ਸੋ ਪਿਰੁ ਮੇਰਾ ਏਕੁ ਹੈ ਏਕਸੁ ਸਿਉ ਲਿਵ ਲਾਇ ॥

ਹੇ ਜੀਵ-ਇਸਤ੍ਰੀ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਸਿਰਫ਼ ਇੱਕ ਹੀ ਹੈ, ਉਸ ਇੱਕ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖ।

ਨਾਨਕ ਜੇ ਸੁਖੁ ਲੋੜਹਿ ਕਾਮਣੀ ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥

ਹੇ ਨਾਨਕ! (ਆਖ-) ਹੇ ਜੀਵ-ਇਸਤ੍ਰੀ! ਜੇ ਤੂੰ ਸੁਖ ਹਾਸਲ ਕਰਨਾ ਚਾਹੁੰਦੀ ਹੈਂ ਤਾਂ ਉਸ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖ ॥੮॥੧੧॥੩੩॥


ਆਸਾ ਮਹਲਾ ੩ ॥
ਅੰਮ੍ਰਿਤੁ ਜਿਨ੍ਹਾ ਚਖਾਇਓਨੁ ਰਸੁ ਆਇਆ ਸਹਜਿ ਸੁਭਾਇ ॥

ਜਿਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਰਮਾਤਮਾ ਨੇ (ਗੁਰੂ ਦੀ ਰਾਹੀਂ) ਆਪ ਚਖਾਇਆ, ਉਹਨਾਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ ਉਸ ਦਾ ਸੁਆਦ ਆ ਗਿਆ,

ਸਚਾ ਵੇਪਰਵਾਹੁ ਹੈ ਤਿਸ ਨੋ ਤਿਲੁ ਨ ਤਮਾਇ ॥੧॥

(ਉਹਨਾਂ ਨੂੰ ਇਹ ਭੀ ਸਮਝ ਆ ਗਈ ਕਿ) ਉਹ ਸਦਾ-ਥਿਰ ਪ੍ਰਭੂ ਬੇ-ਮੁਥਾਜ ਹੈ ਉਸ ਨੂੰ ਰਤਾ ਭਰ ਭੀ (ਕਿਸੇ ਕਿਸਮ ਦਾ ਕੋਈ) ਲਾਲਚ ਨਹੀਂ ਹੈ ॥੧॥

ਅੰਮ੍ਰਿਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ ॥

ਸਦਾ-ਥਿਰ ਰਹਿਣ ਵਾਲਾ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹਰ ਥਾਂ) ਵਰ੍ਹ ਰਿਹਾ ਹੈ, ਪਰ ਇਹ ਪੈਂਦਾ ਹੈ ਉਹਨਾਂ ਮਨੁੱਖਾਂ ਦੇ ਮੂੰਹ ਵਿਚ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ।

ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥੧॥ ਰਹਾਉ ॥

ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾ ਗਾ ਕੇ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ॥੧॥ ਰਹਾਉ ॥

ਮਨਮੁਖਿ ਸਦਾ ਦੋਹਾਗਣੀ ਦਰਿ ਖੜੀਆ ਬਿਲਲਾਹਿ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਸਦਾ ਮੰਦ-ਭਾਗਣਾਂ ਰਹਿੰਦੀਆਂ ਹਨ ਉਹ ਪ੍ਰਭੂ ਦੇ ਦਰ ਤੇ ਖਲੋਤੀਆਂ (ਭੀ) ਵਿਲਕਦੀਆਂ ਹੀ ਹਨ।

ਜਿਨ੍ਹਾ ਪਿਰ ਕਾ ਸੁਆਦੁ ਨ ਆਇਓ ਜੋ ਧੁਰਿ ਲਿਖਿਆ ਸੁੋ ਕਮਾਹਿ ॥੨॥

ਜਿਨ੍ਹਾਂ ਨੂੰ ਪ੍ਰਭੂ-ਪਤੀ ਦੇ ਮਿਲਾਪ ਦਾ ਕਦੇ ਸੁਆਦ ਨਹੀਂ ਆਇਆ ਉਹ ਉਹੀ ਮਨਮੁਖਤਾ ਵਾਲੇ ਕਰਮ ਕਮਾਂਦੀਆਂ ਰਹਿੰਦੀਆਂ ਹਨ ਜੋ ਧੁਰ ਦਰਗਾਹ ਤੋਂ ਉਹਨਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਉਹਨਾਂ ਦੇ ਮੱਥੇ ਤੇ ਲਿਖੇ ਪਏ ਹਨ ॥੨॥

ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਹਰਿ-ਨਾਮ (ਆਪਣਾ ਹਿਰਦਾ-ਖੇਤ ਵਿਚ) ਬੀਜਦਾ ਹੈ ਇਹ ਨਾਮ ਹੀ ਉਥੇ ਹੀ ਉੱਗਦਾ ਹੈ, ਸਦਾ-ਥਿਰ ਨਾਮ ਨੂੰ ਹੀ ਉਹ ਆਪਣਾ ਵਣਜ-ਵਪਾਰ ਬਣਾਂਦਾ ਹੈ।

ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥੩॥

ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਇਸ ਲਾਭਵੰਦੇ ਕੰਮ ਵਿਚ ਲਾਇਆ ਹੈ ਉਹਨਾਂ ਨੂੰ ਆਪਣੀ ਭਗਤੀ ਦੇ ਖ਼ਜ਼ਾਨੇ ਦੇ ਦੇਂਦਾ ਹੈ ॥੩॥

ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ ॥

ਗੁਰੂ ਦੇ ਸਨਮੁਖ ਰਹਿਣ ਵਾਲੀਆਂ ਜੀਵ-ਇਸਤ੍ਰੀਆਂ ਸਦਾ ਚੰਗੇ ਭਾਗਾਂ ਵਾਲੀਆਂ ਹਨ, ਉਹ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੀ ਭਗਤੀ ਦੀ ਰਾਹੀਂ ਆਪਣਾ ਆਤਮਕ ਜੀਵਨ ਸੋਹਣਾ ਬਣਾਂਦੀਆਂ ਹਨ,

ਅਨਦਿਨੁ ਰਾਵਹਿ ਪਿਰੁ ਆਪਣਾ ਸਚੁ ਰਖਹਿ ਉਰ ਧਾਰਿ ॥੪॥

ਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀਆਂ ਹਨ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਦੀਆਂ ਹਨ ॥੪॥

ਜਿਨ੍ਹਾ ਪਿਰੁ ਰਾਵਿਆ ਆਪਣਾ ਤਿਨ੍ਰਾ ਵਿਟਹੁ ਬਲਿ ਜਾਉ ॥

ਮੈਂ ਕੁਰਬਾਨ ਜਾਂਦਾ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਪ੍ਰਭੂ-ਪਤੀ ਦੇ ਮਿਲਾਪ ਨੂੰ ਸਦਾ ਮਾਣਿਆ ਹੈ,

ਸਦਾ ਪਿਰ ਕੈ ਸੰਗਿ ਰਹਹਿ ਵਿਚਹੁ ਆਪੁ ਗਵਾਇ ॥੫॥

ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ ॥੫॥

ਤਨੁ ਮਨੁ ਸੀਤਲੁ ਮੁਖ ਉਜਲੇ ਪਿਰ ਕੈ ਭਾਇ ਪਿਆਰਿ ॥

ਪ੍ਰਭੂ-ਪਤੀ ਦੇ ਪ੍ਰੇਮ ਵਿਚ ਪਿਆਰ ਵਿਚ ਰਹਿਣ ਵਾਲੀਆਂ ਦਾ ਮਨ ਤੇ ਹਿਰਦਾ ਠੰਢਾ-ਠਾਰ ਰਹਿੰਦਾ ਹੈ ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਜਾਂਦੇ ਹਨ।

ਸੇਜ ਸੁਖਾਲੀ ਪਿਰੁ ਰਵੈ ਹਉਮੈ ਤ੍ਰਿਸਨਾ ਮਾਰਿ ॥੬॥

ਆਪਣੇ ਅੰਦਰੋਂ ਹਉਮੈ ਨੂੰ ਤ੍ਰਿਸ਼ਨਾ ਨੂੰ ਮਾਰ ਕੇ ਉਹਨਾਂ ਦੀ ਹਿਰਦਾ-ਸੇਜ ਸੁਖਦਾਈ ਹੋ ਜਾਂਦੀ ਹੈ, ਪ੍ਰਭੂ-ਪਤੀ (ਉਸ ਸੇਜ ਉਤੇ) ਸਦਾ ਟਿਕਿਆ ਰਹਿੰਦਾ ਹੈ ॥੬॥

ਕਰਿ ਕਿਰਪਾ ਘਰਿ ਆਇਆ ਗੁਰ ਕੈ ਹੇਤਿ ਅਪਾਰਿ ॥

ਗੁਰੂ ਦੀ ਅਪਾਰ ਮੇਹਰ ਦੀ ਬਰਕਤਿ ਨਾਲ ਪ੍ਰਭੂ ਕਿਰਪਾ ਕਰ ਕੇ ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਆ ਵੱਸਦਾ ਹੈ,

ਵਰੁ ਪਾਇਆ ਸੋਹਾਗਣੀ ਕੇਵਲ ਏਕੁ ਮੁਰਾਰਿ ॥੭॥

ਉਹ ਸੁਭਾਗਣ ਉਸ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ਜੋ ਆਪਣੇ ਵਰਗਾ ਇਕ ਆਪ ਹੀ ਹੈ ॥੭॥

ਸਭੇ ਗੁਨਹ ਬਖਸਾਇ ਲਇਓਨੁ ਮੇਲੇ ਮੇਲਣਹਾਰਿ ॥

ਮੇਲਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ (ਪਿਛਲੇ ਕੀਤੇ ਆਪਣੇ) ਸਾਰੇ ਪਾਪ ਬਖ਼ਸ਼ਵਾ ਲਏ ਤੇ ਆਪਣੇ ਚਰਨਾਂ ਵਿਚ ਮਿਲਾ ਲਿਆ (ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਦੇ ਕਾਰਨ)।

ਨਾਨਕ ਆਖਣੁ ਆਖੀਐ ਜੇ ਸੁਣਿ ਧਰੇ ਪਿਆਰੁ ॥੮॥੧੨॥੩੪॥

ਹੇ ਨਾਨਕ! ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਬੋਲ ਹੀ ਬੋਲਣਾ ਚਾਹੀਦਾ ਹੈ ਜਿਸ ਨੂੰ ਸੁਣ ਕੇ ਉਹ ਪ੍ਰਭੂ (ਸਾਡੇ ਨਾਲ) ਪਿਆਰ ਕਰੇ ॥੮॥੧੨॥੩੪॥


ਆਸਾ ਮਹਲਾ ੩ ॥
ਸਤਿਗੁਰ ਤੇ ਗੁਣ ਊਪਜੈ ਜਾ ਪ੍ਰਭੁ ਮੇਲੈ ਸੋਇ ॥

ਜਦੋਂ ਪ੍ਰਭੂ ਉਸ ਗੁਰੂ ਨਾਲ ਮਿਲਾ ਦੇਂਦਾ ਹੈ ਤਦੋਂ ਗੁਰੂ ਪਾਸੋਂ ਗੁਣਾਂ ਦੀ ਦਾਤ ਮਿਲਦੀ ਹੈ,

ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥੧॥

ਤਾਂ ਆਤਮਕ ਅਡੋਲਤਾ ਵਿਚ ਟਿਕ ਕੇ ਹਰਿ-ਨਾਮ ਦਾ ਸਿਮਰਨ ਕੀਤਾ ਜਾ ਸਕਦਾ ਹੈ, ਤੇ, ਅੰਦਰ ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ ॥੧॥

ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥

ਹੇ ਮੇਰੇ ਮਨ! ਕਿਤੇ ਇਹ ਨਾਹ ਸਮਝ ਲਈਂ ਕਿ ਪਰਮਾਤਮਾ (ਤੈਥੋਂ) ਦੂਰ ਵੱਸਦਾ ਹੈ, ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖ।

ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥

ਉਹ ਸਦਾ ਸ਼ਭ-ਕੁਝ ਸੁਣ ਰਿਹਾ ਹੈ ਤੇ ਵੇਖ ਰਿਹਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਵਿਆਪਕ ਦਿੱਸ ਪਏਗਾ ॥੧॥ ਰਹਾਉ ॥

ਗੁਰਮੁਖਿ ਆਪੁ ਪਛਾਣਿਆ ਤਿਨ੍ਰੀ ਇਕ ਮਨਿ ਧਿਆਇਆ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ ਤੇ ਸੁਰਤ ਜੋੜ ਕੇ ਸਿਮਰਨ ਕਰਦੇ ਹਨ।

ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥੨॥

ਐਸੇ ਜੀਵ ਸਦਾ ਆਪਣੇ ਪ੍ਰਭੂ-ਪਤੀ ਦਾ ਮਿਲਾਪ ਮਾਣਦੇ ਹਨ, ਤੇ ਸਦਾ-ਥਿਰ ਪ੍ਰਭੂ ਨਾਮ ਵਿਚ ਜੁੜ ਕੇ ਆਤਮਕ ਆਨੰਦ ਹਾਸਲ ਕਰਦੇ ਹਨ ॥੨॥

ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥

ਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਵੇਖ (ਪ੍ਰਭੂ ਤੋਂ ਬਿਨਾ) ਤੇਰਾ ਕੋਈ (ਸੱਚਾ) ਸਾਥੀ ਨਹੀਂ ਹੈ,

ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥੩॥

ਦੌੜ ਕੇ ਪ੍ਰਭੂ ਦੀ ਸਰਨ ਆ ਪਉ, (ਇਸ ਤਰ੍ਹਾਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭ ਲਏਂਗਾ ॥੩॥

ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥

ਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਨਾਮ ਸੁਣਿਆ ਜਾ ਸਕਦਾ ਹੈ ਤੇ ਸ਼ਬਦ ਦੀ ਰਾਹੀਂ ਹੀ (ਸਹੀ ਜੀਵਨ-ਰਾਹ) ਸਮਝਿਆ ਜਾ ਸਕਦਾ ਹੈ। (ਜੇਹੜਾ ਮਨੁੱਖ ਗੁਰ-ਸ਼ਬਦ ਵਿਚ ਚਿੱਤ ਜੋੜਦਾ ਹੈ ਉਹ) ਸਦਾ-ਥਿਰ ਹਰੀ ਵਿਚ ਸੁਰਤਿ ਜੋੜੀ ਰੱਖਦਾ ਹੈ;

ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥੪॥

ਸ਼ਬਦ ਦੀ ਬਰਕਤਿ ਨਾਲ ਹੀ (ਅੰਦਰੋਂ) ਹਉਮੈ ਮੁਕਾਈ ਜਾ ਸਕਦੀ ਹੈ (ਜੇਹੜਾ ਮਨੁੱਖ ਗੁਰ-ਸ਼ਬਦ ਦਾ ਆਸਰਾ ਲੈਂਦਾ ਹੈ ਉਹ) ਸਦਾ-ਥਿਰ ਰਹਿਣ ਵਾਲੇ ਹਰੀ ਦੇ ਚਰਨਾਂ ਵਿਚ ਆਨੰਦ ਮਾਣਦਾ ਹੈ ॥੪॥

ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥

ਹੇ ਮਨ! ਜਗਤ ਵਿਚ ਨਾਮ ਦੀ ਬਰਕਤਿ ਨਾਲ ਹੀ ਸੋਭਾ ਮਿਲਦੀ ਹੈ, ਹਰਿ-ਨਾਮ ਤੋਂ ਬਿਨਾ ਮਿਲੀ ਹੋਈ ਸੋਭਾ ਅਸਲ ਸੋਭਾ ਨਹੀਂ।

ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥੫॥

ਮਾਇਆ ਦੇ ਪ੍ਰਤਾਪ ਨਾਲ ਮਿਲੀ ਹੋਈ ਸੋਭਾ ਚਾਰ ਦਿਨ ਹੀ ਰਹਿੰਦੀ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੫॥

ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥

ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਭੁਲਾ ਦਿੱਤਾ ਉਹਨਾਂ ਆਤਮਕ ਮੌਤ ਸਹੇੜ ਲਈ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ,

ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥੬॥

ਜਿਨ੍ਹਾਂ ਨੂੰ ਹਰਿ-ਨਾਮ ਦੇ ਰਸ ਦਾ ਸੁਆਦ ਨਾਹ ਆਇਆ ਉਹ ਵਿਕਾਰਾਂ ਦੇ ਗੰਦ ਵਿਚ ਮਸਤ ਹੁੰਦੇ ਹਨ, ਜਿਵੇਂ ਗੰਦ ਦੇ ਕੀੜੇ ਗੰਦ ਵਿਚ ॥੬॥

ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥

ਕਈ ਐਸੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਹਰ ਵੇਲੇ ਆਪਣੇ ਨਾਮ ਵਿਚ ਲਾ ਕੇ ਮੇਹਰ ਕਰ ਕੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।

ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥੭॥

ਉਹ ਸਦਾ-ਥਿਰ ਨਾਮ-ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਨਾਮ ਵਿਚ ਟਿਕੇ ਰਹਿੰਦੇ ਹਨ, ਹਰ ਵੇਲੇ ਸਦਾ-ਥਿਰ ਹਰੀ ਵਿਚ ਹੀ ਲੀਨ ਰਹਿੰਦੇ ਹਨ ॥੭॥

ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨ੍ਹਾ ਭਰਮਾਇ ॥

ਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਹਰਿ-ਨਾਮ ਸੁਣਿਆ ਨਹੀਂ ਜਾ ਸਕਦਾ ਤੇ ਪ੍ਰਭੂ ਵੇਖਿਆ ਨਹੀਂ ਜਾ ਸਕਦਾ। ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਤੇ ਬੋਲਾ ਹੋ ਰਿਹਾ ਹੈ ਤੇ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ।

ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥੮॥

ਨਾਮ ਤੋਂ ਖੁੰਝ ਕੇ ਜਗਤ ਦੁੱਖ ਹੀ ਸਹਾਰਦਾ ਰਹਿੰਦਾ ਹੈ। ਤੇ ਹਰਿ-ਨਾਮ ਉਸ ਹਰੀ ਦੀ ਰਜ਼ਾ ਨਾਲ ਹੀ ਮਿਲ ਸਕਦਾ ਹੈ ॥੮॥

ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਬਾਣੀ ਨਾਲ ਆਪਣਾ ਚਿੱਤ ਜੋੜਿਆ ਹੈ ਉਹ ਮਨੁੱਖ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਂਦੇ ਹਨ।

ਨਾਨਕ ਨਾਮੁ ਤਿਨ੍ਰਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥੯॥੧੩॥੩੫॥

ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹ ਉੱਘੇ ਹਨ ॥੯॥੧੩॥੩੫॥


ਆਸਾ ਮਹਲਾ ੩ ॥
ਸਬਦੌ ਹੀ ਭਗਤ ਜਾਪਦੇ ਜਿਨ੍ਰ ਕੀ ਬਾਣੀ ਸਚੀ ਹੋਇ ॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਭਗਤ (ਜਗਤ ਵਿਚ) ਉਜਾਗਰ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦਾ ਹਰ ਵੇਲੇ ਦਾ ਬੋਲ-ਚਾਲ ਹੋ ਜਾਂਦਾ ਹੈ।

ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥

(ਨਾਮ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਆਪਾ-ਭਾਵ ਦੂਰ ਹੋ ਜਾਂਦਾ ਹੈ, ਉਹਨਾਂ ਦਾ ਮਨ ਨਾਮ ਨੂੰ ਕਬੂਲ ਕਰ ਲੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ॥੧॥

ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥

ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਇੱਜ਼ਤ ਹੈ,

ਸਫਲੁ ਤਿਨ੍ਰਾ ਕਾ ਜਨਮੁ ਹੈ ਤਿਨ੍ਰ ਮਾਨੈ ਸਭੁ ਕੋਇ ॥੧॥ ਰਹਾਉ ॥

(ਨਾਮ ਜਪ ਕੇ) ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਹਰੇਕ ਜੀਵ ਉਹਨਾਂ ਦਾ ਆਦਰ-ਮਾਣ ਕਰਦਾ ਹੈ ॥੧॥ ਰਹਾਉ ॥

ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ ॥

‘ਮੈਂ ਮੈਂ, ਮੇਰੀ ਮੇਰੀ’-ਇਹ ਹੀ ਪਰਮਾਤਮਾ ਨਾਲੋਂ ਮਨੁੱਖ ਦਾ ਵਖੇਵਾਂ ਬਣਾ ਦੇਂਦਾ ਹੈ, ਇਸੇ ਕਾਰਨ ਮਨੁੱਖ ਦੇ ਅੰਦਰ ਕ੍ਰੋਧ ਅਤੇ ਅਹੰਕਾਰ ਪੈਦਾ ਹੋਇਆ ਰਹਿੰਦਾ ਹੈ।

ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥

ਜਦੋਂ ਗੁਰ-ਸ਼ਬਦ ਦੀ ਰਾਹੀਂ ‘ਮੈਂ ਮੇਰੀ’ ਦਾ ਅਭਾਵ ਹੋ ਜਾਂਦਾ ਹੈ ਤਾਂ ਵੱਖਰਾ-ਪਨ ਮੁੱਕ ਜਾਂਦਾ ਹੈ, ਹਰਿ-ਜੋਤਿ ਵਿਚ ਸੁਰਤਿ ਲੀਨ ਹੋ ਜਾਂਦੀ ਹੈ, ਰੱਬ ਮਿਲ ਪੈਂਦਾ ਹੈ ॥੨॥

ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ ॥

ਜਦੋਂ (ਸਾਨੂੰ ਜੀਵਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਸਾਡੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ,

ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥

ਸਾਨੂੰ ਹਰਿ-ਨਾਮ ਮਿਲ ਜਾਂਦਾ ਹੈ ਜੋ ਜਗਤ ਦੇ ਨੌ ਹੀ ਖ਼ਜ਼ਾਨੇ ਹੈ, ਨਾਮ-ਧਨ ਨਾਲ ਸਾਡੇ (ਹਿਰਦੇ ਦੇ) ਖ਼ਜ਼ਾਨੇ ਭਰ ਜਾਂਦੇ ਹਨ, ਇਹ ਖ਼ਜ਼ਾਨੇ ਕਦੀ ਖ਼ਾਲੀ ਨਹੀਂ ਹੋ ਸਕਦੇ ॥੩॥

ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨ੍ਰਾ ਨਾਮੁ ਪਿਆਰਾ ॥

ਇਸ ਨਾਮ-ਧਨ ਦੇ ਉਹੀ ਵਣਜਾਰੇ (ਗੁਰੂ ਦੇ ਕੋਲ) ਆਉਂਦੇ ਹਨ ਜਿਨ੍ਹਾਂ ਨੂੰ ਇਹ ਨਾਮ (-ਧਨ) ਪਿਆਰਾ ਲੱਗਦਾ ਹੈ।

ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨ੍ਰਾ ਅੰਤਰਿ ਸਬਦੁ ਵੀਚਾਰਾ ॥੪॥

ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਹ ਨਾਮ-ਧਨ ਹਾਸਿਲ ਕਰ ਲੈਂਦਾ ਹੈ। ਅਜਿਹੇ ਮਨੁੱਖਾਂ ਦੇ ਅੰਦਰ ਗੁਰ-ਸ਼ਬਦ ਵੱਸ ਪੈਂਦਾ ਹੈ, ਪ੍ਰਭੂ ਦੇ ਗੁਣਾਂ ਦੀ ਵਿਚਾਰ ਆ ਵੱਸਦੀ ਹੈ ॥੪॥

ਭਗਤੀ ਸਾਰ ਨ ਜਾਣਨ੍ਰੀ ਮਨਮੁਖ ਅਹੰਕਾਰੀ ॥

(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਹੰਕਾਰੀ ਹੋ ਜਾਂਦੇ ਹਨ ਉਹ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ,

ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥

ਐਸੇ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਧੁਰੋਂ ਆਪਣੇ ਹੁਕਮ ਨਾਲ ਕੁਰਾਹੇ ਪਾ ਦਿੱਤਾ ਹੈ, ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ (ਜਿਵੇਂ ਕੋਈ ਜੁਆਰੀਆ) ਜੂਏ ਵਿਚ (ਹਾਰ ਖਾਂਦਾ ਹੈ) ॥੫॥

ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ ॥

ਜੇ ਹਿਰਦੇ ਵਿਚ ਪ੍ਰਭੂ ਵਾਸਤੇ ਪਿਆਰ ਨਾਹ ਹੋਵੇ ਤਾਂ ਉਸ ਦੀ ਭਗਤੀ ਨਹੀਂ ਕੀਤੀ ਜਾ ਸਕਦੀ, (ਭਗਤੀ ਤੋਂ ਬਿਨਾ) ਸਰੀਰ ਨੂੰ ਆਤਮਕ ਆਨੰਦ ਭੀ ਨਹੀਂ ਮਿਲਦਾ।

ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥

ਪ੍ਰੇਮ ਦੀ ਦਾਤ (ਗੁਰੂ ਪਾਸੋਂ) ਮਿਲਦੀ ਹੈ, ਗੁਰੂ ਦੀ ਦੱਸੀ ਹੋਈ ਭਗਤੀ ਦੀ ਬਰਕਤਿ ਨਾਲ ਮਨ ਵਿਚ ਸ਼ਾਂਤੀ ਆ ਟਿਕਦੀ ਹੈ ॥੬॥

ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰਸਬਦ ਵੀਚਾਰਿ ॥

ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕੇ ਉਹੀ ਮਨੁੱਖ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਜਿਸ ਪਾਸੋਂ ਪ੍ਰਭੂ ਆਪ ਭਗਤੀ ਕਰਾਂਦਾ ਹੈ,

ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥

ਤਦ ਅੰਦਰੋਂ ਹਉਮੈ ਤੇ ਮੇਰ-ਤੇਰ ਮੁਕਾ ਜਾਂਦਾ ਹੈ ਤੇ ਹਿਰਦੇ ਵਿਚ ਇਕ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੭॥

ਭਗਤਾ ਕੀ ਜਤਿ ਪਤਿ ਏਕੁੋ ਨਾਮੁ ਹੈ ਆਪੇ ਲਏ ਸਵਾਰਿ ॥

ਪਰਮਾਤਮਾ ਦਾ ਨਾਮ ਭਗਤਾਂ ਵਾਸਤੇ ਨਾਮ ਹੀ ਉੱਚੀ ਜਾਤ ਤੇ ਕੁਲ ਹੈ, ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ।

ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥

ਭਗਤ ਸਦਾ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਉਹਨਾਂ ਦਾ ਹਰੇਕ ਕੰਮ ਸਿਰੇ ਚਾੜ੍ਹ ਦੇਂਦਾ ਹੈ ॥੮॥

ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥

ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਦੀ ਭਗਤੀ ਅਨੋਖੀ ਹੀ ਬਰਕਤਿ ਦੇਣ ਵਾਲੀ ਹੈ।

ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥

ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਨਾਮ ਵਿਚ ਜੋੜੀ ਰੱਖ ਕੇ ਉਸ ਦੇ ਆਤਮਕ ਜੀਵਨ ਨੂੰ ਸੋਹਣਾ ਬਣਾ ਦੇਂਦੀ ਹੈ ॥੯॥੧੪॥੩੬॥


ਆਸਾ ਮਹਲਾ ੩ ॥
ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥

ਮਨੁੱਖ ਹੋਰ ਹੋਰ ਪਦਾਰਥਾਂ ਦੇ ਸੁਆਦਾਂ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ, ਨਾਮ ਤੋਂ ਖੁੰਝ ਕੇ ਦੁੱਖ ਸਹਿੰਦਾ ਰਹਿੰਦਾ ਹੈ,

ਸਤਿਗੁਰੁ ਪੁਰਖੁ ਨ ਭੇਟਿਓ ਜਿ ਸਚੀ ਬੂਝ ਬੁਝਾਇ ॥੧॥

ਉਸ ਨੂੰ ਮਹਾ ਪੁਰਖ ਗੁਰੂ ਨਹੀਂ ਮਿਲਦਾ ਜੇਹੜਾ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਅਕਲ ਦੇਂਦਾ ਹੈ ॥੧॥

ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ ॥

ਹੇ ਮੇਰੇ ਝੱਲੇ ਮਨ! ਪਰਮਾਤਮਾ ਦੇ ਨਾਮ ਦਾ ਰੱਸ ਚੱਖ, ਪਰਮਾਤਮਾ ਦੇ ਨਾਮ ਦਾ ਸੁਆਦ ਲੈ।

ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ ॥

ਤੂੰ ਆਪਣਾ ਜੀਵਨ ਵਿਅਰਥ ਗਵਾ ਗਵਾ ਕੇ ਹੋਰ ਪਦਾਰਥਾਂ ਦੇ ਸੁਆਦ ਵਿਚ ਫਸਿਆ ਹੋਇਆ ਭਟਕ ਰਿਹਾ ਹੈਂ ॥੧॥ ਰਹਾਉ ॥

ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥

ਦੁਨੀਆ ਵਿਚ ਉਹੀ ਮਨੁੱਖ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ ਜੇਹੜੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਸ ਸਦਾ-ਥਿਰ ਹਰੀ ਵਿਚ ਸੁਰਤਿ ਜੋੜ ਕੇ ਉਸ ਦੇ ਨਾਮ ਵਿਚ ਲੀਨ ਰਹਿੰਦੇ ਹਨ।

ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥

ਪਰ ਕੀਹ ਆਖਿਆ ਜਾਏ? ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਕੁਝ ਨਹੀਂ ਮਿਲਦਾ ॥੨॥

ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥

(ਜਿਨ੍ਹਾਂ ਉਤੇ ਬਖ਼ਸ਼ਸ਼ ਹੁੰਦੀ ਹੈ ਉਹ) ਆਪਣਾ ਜੀਵਨ ਪੜਤਾਲਦੇ ਹਨ, ਗੁਰ-ਸ਼ਬਦ ਦੀ ਰਾਹੀਂ ਮਨ ਵਿਚੋਂ ਵਿਕਾਰ ਦੂਰ ਕਰ ਕੇ ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ।

ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥

ਉਹ ਗੁਰੂ ਦੀ ਸਰਨ ਹੀ ਪਏ ਰਹਿੰਦੇ ਹਨ, ਬਖ਼ਸ਼ਸ਼ਾਂ ਕਰਨ ਵਾਲਾ ਬਖ਼ਸ਼ਿੰਦ ਹਰੀ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ॥੩॥

ਬਿਨੁ ਨਾਵੈ ਸੁਖੁ ਨ ਪਾਈਐ ਨਾ ਦੁਖੁ ਵਿਚਹੁ ਜਾਇ ॥

ਹਰਿ-ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ, ਅੰਦਰੋਂ ਦੁੱਖ-ਕਲੇਸ਼ ਦੂਰ ਨਹੀਂ ਹੁੰਦਾ।

ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥

ਪਰ ਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਨਾਮ ਭੁਲ ਕੇ) ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ॥੪॥

ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥

ਛੁੱਟੜਾਂ (ਭੈੜੀਆਂ ਜੀਵ-ਇਸਤ੍ਰੀਆਂ) ਆਪਣੇ ਪਤੀ ਦੇ ਮਿਲਾਪ ਦੀ ਕਦਰ ਨਹੀਂ ਜਾਣਦੀਆਂ, ਵਿਅਰਥ ਹੀ ਸਰੀਰਕ ਸਿੰਗਾਰ ਕਰਦੀਆਂ ਹਨ,

ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ ॥੫॥

ਹਰ ਵੇਲੇ ਸਦਾ ਹੀ (ਅੰਦਰੇ ਅੰਦਰ) ਸੜਦੀਆਂ ਫਿਰਦੀਆਂ ਹਨ, ਤੇ ਉਹਨਾਂ ਲਈ ਖਸਮ ਕਦੇ ਸੇਜ ਉਤੇ ਆਉਂਦਾ ਹੀ ਨਹੀਂ ॥੫॥

ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ ॥

ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਲੱਭ ਲੈਂਦੀਆਂ ਹਨ,

ਗੁਰਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਂਦੀਆਂ ਹਨ, ਖਸਮ-ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ॥੬॥

ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ ॥

ਮਾਇਆ ਦਾ ਮੋਹ ਘੁੱਪ ਹਨੇਰਾ ਹੈ ਜਿਸ ਕਾਰਨ ਲੋਕ ਮੌਤ ਨੂੰ ਮਨ ਤੋਂ ਭੁਲਾ ਦੇਂਦੇ ਹਨ।

ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤੇ ਮਰ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਜਮ ਦੇ ਦਰ ਤੇ ਖ਼ੁਆਰ ਹੁੰਦੇ ਹਨ ॥੭॥

ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ॥

ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵੀਚਾਰ ਕਰ ਕੇ ਪ੍ਰਭੂ-ਚਰਨਾਂ ਵਿਚ ਲੀਨ ਹੋ ਗਏ।

ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥

ਹੇ ਨਾਨਕ! ਜੇਹੜੇ ਮਨੁੱਖ ਹਰਿ-ਨਾਮ ਵਿਚ ਰਹਿੰਦੇ ਹਨ ਉਹ ਸਦਾ-ਥਿਰ ਪਰਮਾਤਮਾ ਦੇ ਦਰਬਾਰ ਵਿਚ ਸੁਰਖ਼-ਰੂ ਹੋ ਜਾਂਦੇ ਹਨ ॥੮॥੨੨॥੧੫॥੩੭॥


ਆਸਾ ਮਹਲਾ ੫ ਅਸਟਪਦੀਆ ਘਰੁ ੨ ॥

ਰਾਗ ਆਸਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪੰਚ ਮਨਾਏ ਪੰਚ ਰੁਸਾਏ ॥

(ਆਤਮਕ ਗਿਆਨ ਦੀ ਰਾਹੀਂ) ਮਨੁੱਖ ਨੇ ਆਪਣੇ ਸਰੀਰ-ਨਗਰ ਵਿਚ ਸਤ ਸੰਤੋਖ ਦਇਆ ਧਰਮ ਧੀਰਜ-ਇਹ) ਪੰਜੇ ਪ੍ਰਫੁਲਤ ਕਰ ਲਏ, ਤੇ ਕਾਮਾਦਿਕ ਪੰਜੇ ਨਾਰਾਜ਼ ਕਰ ਲਏ,

ਪੰਚ ਵਸਾਏ ਪੰਚ ਗਵਾਏ ॥੧॥

(ਸਤ ਸੰਤੋਖ ਆਦਿਕ) ਪੰਜ (ਆਪਣੇ ਸਰੀਰ ਨਗਰ ਵਿਚ) ਵਸਾ ਲਏ, ਤੇ, ਕਾਮਾਦਿਕ ਪੰਜੇ (ਨਗਰ ਵਿਚੋਂ) ਕੱਢ ਦਿੱਤੇ ॥੧॥

ਇਨ੍ਰ ਬਿਧਿ ਨਗਰੁ ਵੁਠਾ ਮੇਰੇ ਭਾਈ ॥

ਹੇ ਮੇਰੇ ਵੀਰ! ਇਸ ਤਰੀਕੇ ਨਾਲ ਉਸ ਮਨੁੱਖ ਦਾ ਸਰੀਰ-ਨਗਰ ਵੱਸ ਪਿਆ,

ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥

ਤੇ ਉਸ ਦੇ ਅੰਦਰੋਂ ਵਿਕਾਰ-ਪਾਪ ਦੂਰ ਹੋ ਗਿਆ, ਜਦੋਂ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਤਰ੍ਹਾਂ ਦੇ ਦਿੱਤੀ ॥੧॥ ਰਹਾਉ ॥

ਸਾਚ ਧਰਮ ਕੀ ਕਰਿ ਦੀਨੀ ਵਾਰਿ ॥

ਗੁਰੂ ਨੇ (ਗਿਆਨ ਰਾਹੀਂ) ਸਦਾ-ਥਿਰ ਪ੍ਰਭੂ ਦੇ ਨਿੱਤ ਦੇ ਸਿਮਰਨ ਦੀ ਵਾੜ ਦੇ ਦਿੱਤੀ,

ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥

ਤੇ ਗਿਆਨ ਨੂੰ ਸੋਚ-ਮੰਡਲ ਵਿਚ ਟਿਕਾ ਕੇ ਉਸ ਨੇ ਆਪਣੇ ਖਿੜਕ (ਗਿਆਨ-ਇੰਦ੍ਰੇ) ਪੱਕੇ ਕਰ ਲਏ ॥੨॥

ਨਾਮੁ ਖੇਤੀ ਬੀਜਹੁ ਭਾਈ ਮੀਤ ॥

ਹੇ ਮੇਰੇ ਮਿੱਤਰ! ਹੇ ਮੇਰੇ ਭਾਈ! ਤੁਸੀਂ ਵੀ ਸਦਾ ਪਰਮਾਤਮਾ ਦਾ ਨਾਮ ਸਰੀਰ-ਪੈਲੀ ਵਿੱਚ ਬੀਜਿਆ ਕਰੋ,

ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥

ਗੁਰੂ ਦੀ ਸਰਨ ਲਵੋ ਤੇ ਸਰੀਰ-ਨਗਰ ਵਿਚ ਨਾਮ ਸਿਮਰਨ ਦਾ ਸੌਦਾ ਕਰਦੇ ਰਹੋ! ॥੩॥

ਸਾਂਤਿ ਸਹਜ ਸੁਖ ਕੇ ਸਭਿ ਹਾਟ ॥

ਉਹਨਾਂ ਦੇ ਸਾਰੇ ਹੱਟ (ਸਾਰੇ ਗਿਆਨ-ਇੰਦ੍ਰੇ) ਸ਼ਾਂਤੀ, ਆਤਮਕ ਅਡੋਲਤਾ, ਤੇ ਆਤਮਕ ਆਨੰਦ ਦੇ ਹੱਟ ਬਣ ਜਾਂਦੇ ਹਨ,

ਸਾਹ ਵਾਪਾਰੀ ਏਕੈ ਥਾਟ ॥੪॥

ਜੇਹੜੇ (ਸਿੱਖ-) ਵਣਜਾਰੇ (ਗੁਰੂ-) ਸ਼ਾਹ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ ॥੪॥

ਜੇਜੀਆ ਡੰਨੁ ਕੋ ਲਏ ਨ ਜਗਾਤਿ ॥

ਕੋਈ (ਪਾਪ ਵਿਕਾਰ ਉਹਨਾਂ ਦੇ ਹਰਿ-ਨਾਮ ਸੌਦੇ ਉਤੇ) ਜਜ਼ੀਆ ਡੰਨ ਮਸੂਲ ਨਹੀਂ ਲਾ ਸਕਦਾ (ਕੋਈ ਵਿਕਾਰ ਉਹਨਾਂ ਦੇ ਆਤਮਕ ਜੀਵਨ ਵਿਚ ਕੋਈ ਖ਼ਰਾਬੀ ਪੈਦਾ ਨਹੀਂ ਕਰ ਸਕਦਾ),

ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥੫॥

ਜਿਨ੍ਹਾਂ ਨੂੰ ਗੁਰੂ ਨੇ ਪ੍ਰਭੂ-ਦਰ ਤੋਂ ਪਰਵਾਨ ਹੋਈ ਹੋਈ ਮਾਫ਼ੀ ਦੀ ਮੋਹਰ ਬਖ਼ਸ਼ ਦਿੱਤੀ ॥੫॥

ਵਖਰੁ ਨਾਮੁ ਲਦਿ ਖੇਪ ਚਲਾਵਹੁ ॥

ਗੁਰੂ ਦੀ ਸਰਨ ਪੈ ਕੇ ਤੁਸੀ ਭੀ ਹਰਿ-ਨਾਮ ਸਿਮਰਨ ਦਾ ਸੌਦਾ ਲੱਦ ਕੇ (ਆਤਮਕ ਜੀਵਨ ਦਾ) ਵਪਾਰ ਕਰੋ,

ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥

(ਉੱਚੇ ਆਤਮਕ ਜੀਵਨ ਦਾ) ਲਾਭ ਖੱਟੋ ਤੇ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰੋ ॥੬॥

ਸਤਿਗੁਰੁ ਸਾਹੁ ਸਿਖ ਵਣਜਾਰੇ ॥

ਗੁਰੂ (ਹੀ ਇਸ ਸਰਮਾਏ ਦਾ) ਸਾਹੂਕਾਰ ਹੈ (ਜਿਸ ਪਾਸੋਂ ਆਤਮਕ ਜੀਵਨ ਦਾ) ਵਣਜ ਕਰਨ ਵਾਲੇ ਸਿੱਖ ਹਰਿ-ਨਾਮ ਦਾ ਸਰਮਾਇਆ ਹਾਸਲ ਕਰਦੇ ਹਨ,

ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥੭॥

ਐਸੇ ਸਿਖ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦੇ ਹਨ ਤੇ ਇਹੀ ਹੈ ਲੇਖਾ-ਹਿਸਾਬ ਉਹਨਾਂ ਲਈ ॥੭॥

ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥

ਉਹ ਇਸ (ਐਸੇ ਹਿਰਦੇ-) ਘਰ ਵਿਚ ਵੱਸਦਾ ਰਹਿੰਦਾ ਹੈ ਜਿਸ ਨੂੰ ਪੂਰਾ ਗੁਰੂ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤ ਬਖ਼ਸ਼ਦਾ ਹੈ,

ਅਬਿਚਲ ਨਗਰੀ ਨਾਨਕ ਦੇਵ ॥੮॥੧॥

ਤੇ ਜੋ ਪਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾਹ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ, ਹੇ ਨਾਨਕ! ॥੮॥੧॥


ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ ॥

ਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਬਿਰਹੜੇ ਛੰਤਾਂ ਕੀ ਜਤਿ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥੧॥

ਹੇ ਪਿਆਰੇ! ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਮੈਂ ਉਸ ਪਰਮਾਤਮਾ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ ॥੧॥

ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥

ਹੇ ਪਿਆਰੇ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ, ਉਸ ਨੂੰ ਛੱਡਣਾ ਨਹੀਂ ਚਾਹੀਦਾ ॥੨॥

ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ ॥੩॥

ਹੇ ਪਿਆਰੇ! ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਜਿਹੜਾ ਪ੍ਰੀਤਮ-ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥

ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥੪॥

ਹੇ ਮੇਰੀ ਮਾਂ! ਮੈਂ ਮਾਇਆ ਦੇ ਸੁਖ ਮਾਇਆ ਦੇ ਸੁਹਜ ਸਭ ਛੱਡ ਦਿੱਤੇ ਹਨ (ਨਾਮ-ਰਸ ਦੇ ਟਾਕਰੇ ਤੇ ਇਹ ਸਾਰੇ) ਬੇ-ਸੁਆਦੇ ਹਨ ॥੪॥

ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ ਸਤਿਗੁਰ ਚਰਨੀ ਪਾਇ ॥੫॥

ਹੇ ਪਿਆਰੇ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਜਾ ਪਿਆ ਹਾਂ, ਕਾਮ ਕ੍ਰੋਧ ਲੋਭ ਆਦਿਕ ਸਾਰੇ ਮੇਰਾ ਖਹਿੜਾ ਛੱਡ ਗਏ ਹਨ ॥੫॥

ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥੬॥

ਹੇ ਪਿਆਰੇ! ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੇ ਜਾਂਦੇ ਹਨ (ਪਰਮਾਤਮਾ ਨੂੰ ਛੱਡ ਕੇ ਉਹਨਾਂ ਵਿਚੋਂ ਕੋਈ ਭੀ) ਕਿਸੇ ਹੋਰ ਥਾਂ ਨਹੀਂ ਜਾਂਦਾ ॥੬॥

ਹਰਿ ਰਸੁ ਜਿਨ੍ਰੀ ਚਾਖਿਆ ਪਿਆਰੇ ਤ੍ਰਿਪਤਿ ਰਹੇ ਆਘਾਇ ॥੭॥

ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲੈਂਦੇ ਹਨ ਉਹ (ਮਾਇਕ ਪਦਾਰਥਾਂ ਵਲੋਂ) ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ ॥੭॥

ਅੰਚਲੁ ਗਹਿਆ ਸਾਧ ਕਾ ਨਾਨਕ ਭੈ ਸਾਗਰੁ ਪਾਰਿ ਪਰਾਇ ॥੮॥੧॥੩॥

ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜ ਲਿਆ ਉਹ ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੮॥੧॥੩॥

ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ॥੧॥

ਹੇ ਪਿਆਰੇ! ਜਦੋਂ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ ॥੧॥

ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ॥੨॥

(ਮੇਰਾ) ਪ੍ਰਭੂ (-ਪਾਤਿਸ਼ਾਹ) ਸੋਹਣਾ ਹੈ ਸੁਚੱਜਾ ਹੈ ਸਿਆਣਾ ਹੈ, ਜਦੋਂ ਉਹ ਮੈਨੂੰ ਦੀਦਾਰ ਦੇਂਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ (ਪ੍ਰਭੂ ਦਾ ਦੀਦਾਰ ਹੀ ਮੇਰੀ ਜ਼ਿੰਦਗੀ ਹੈ) ॥੨॥

ਜੋ ਜੀਅ ਤੁਝ ਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ ॥੩॥

ਹੇ ਪਿਆਰੇ ਪ੍ਰਭੂ! ਜੇਹੜੇ ਜੀਵ ਤੈਥੋਂ ਵਿਛੁੜ ਜਾਂਦੇ ਹਨ ਉਹ (ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਮਨੁੱਖਾ ਜਨਮ ਵਿਚ ਆਏ ਹੋਏ ਭੀ ਆਤਮਕ ਮੌਤੇ ਮਰ ਜਾਂਦੇ ਹਨ ॥੩॥

ਜਿਸੁ ਤੂੰ ਮੇਲਹਿ ਸੋ ਮਿਲੈ ਪਿਆਰੇ ਤਿਸ ਕੈ ਲਾਗਉ ਪਾਇ ॥੪॥

(ਪਰ,) ਹੇ ਪਿਆਰੇ ਜੀਵ! (ਜੀਵਾਂ ਦੇ ਕੀਹ ਵੱਸ?) ਜਿਸ ਜੀਵ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ਉਹੀ ਤੈਨੂੰ ਮਿਲਦਾ ਹੈ। ਮੈਂ ਉਸ (ਵਡ-ਭਾਗੀ) ਦੇ ਚਰਨੀਂ ਲੱਗਦਾ ਹਾਂ ॥੪॥

ਜੋ ਸੁਖੁ ਦਰਸਨੁ ਪੇਖਤੇ ਪਿਆਰੇ ਮੁਖ ਤੇ ਕਹਣੁ ਨ ਜਾਇ ॥੫॥

ਹੇ ਪਿਆਰੇ (ਪ੍ਰਭੂ)! ਤੇਰਾ ਦਰਸਨ ਕੀਤਿਆਂ ਜੇਹੜਾ ਆਨੰਦ (ਅਨੁਭਵ ਹੁੰਦਾ ਹੈ) ਉਹ ਮੂੰਹੋਂ ਦੱਸਿਆ ਨਹੀਂ ਜਾ ਸਕਦਾ ॥੫॥

ਸਾਚੀ ਪ੍ਰੀਤਿ ਨ ਤੁਟਈ ਪਿਆਰੇ ਜੁਗੁ ਜੁਗੁ ਰਹੀ ਸਮਾਇ ॥੬॥

ਹੇ ਪਿਆਰੇ! ਜਿਸ ਨੇ ਸਦਾ-ਥਿਰ ਪ੍ਰਭੂ ਨਾਲ ਪੱਕਾ ਪਿਆਰ ਪਾ ਲਿਆ, ਉਸ ਦਾ ਉਹ ਪਿਆਰ ਕਦੇ ਟੁੱਟ ਨਹੀਂ ਸਕਦਾ, ਉਹ ਪਿਆਰ ਤਾਂ ਜੁਗਾਂ ਪ੍ਰਯੰਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ ॥੬॥

ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥

ਹੇ ਪਿਆਰੇ (ਪ੍ਰਭੂ)! ਤੇਰਾ ਹੁਕਮ ਅਮਿੱਟ ਹੈ, ਜੀਵਾਂ ਵਾਸਤੇ ਉਹੀ ਕੰਮ ਭਲਾਈ ਵਾਲਾ ਹੈ ਜੇਹੜਾ ਤੈਨੂੰ ਚੰਗਾ ਲੱਗਦਾ ਹੈ ॥੭॥

ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥

ਹੇ ਨਾਨਕ! (ਆਖ-) ਹੇ ਪਿਆਰੇ! ਜੇਹੜੇ ਮਨੁੱਖ ਨਾਰਾਇਣ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ਉਹ ਉਸ ਪ੍ਰੇਮ ਵਿਚ ਮਸਤ ਰਹਿੰਦੇ ਹਨ ॥੮॥੨॥੪॥

ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥

ਹੇ ਪਿਆਰੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਦਾਤਾਂ ਦੇਣ ਦੇ) ਸਾਰੇ ਤਰੀਕੇ ਤੂੰ ਆਪ ਹੀ ਜਾਣਦਾ ਹੈਂ। ਮੈਂ ਹੋਰ ਕਿਸ ਨੂੰ ਸੁਣਾ ਕੇ ਆਖਾਂ? ॥੧॥

ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥

ਹੇ ਪ੍ਰਭੂ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੀ ਹੈਂ। (ਸਾਰੇ ਜੀਵ ਤੇਰੇ ਦਿੱਤੇ ਬਸਤ੍ਰ ਪਹਿਨਦੇ ਹਨ, (ਹਰੇਕ ਜੀਵ ਤੇਰਾ ਦਿੱਤਾ ਅੰਨ) ਖਾਂਦਾ ਹੈ ॥੨॥

ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥

ਹੇ ਪਿਆਰੇ ਪ੍ਰਭੂ! ਤੇਰੇ ਹੁਕਮ ਵਿਚ ਹੀ (ਜੀਵ ਨੂੰ) ਕਦੇ ਸੁਖ ਮਿਲਦਾ ਹੈ ਕਦੇ ਦੁੱਖ। (ਤੈਥੋਂ ਬਿਨਾ ਜੀਵ ਵਾਸਤੇ) ਕੋਈ ਹੋਰ (ਆਸਰੇ ਦੀ) ਥਾਂ ਨਹੀਂ ਹੈ ॥੩॥

ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥

ਹੇ ਪਿਆਰੇ ਪ੍ਰਭੂ! ਮੈਂ ਉਹੀ ਕੁਝ ਕਰ ਸਕਦਾ ਹਾਂ ਜੋ ਤੂੰ ਮੈਥੋਂ ਕਰਾਂਦਾ ਹੈਂ (ਤੈਥੋਂ ਆਕੀ ਹੋ ਕੇ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ ॥੪॥

ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥

ਹੇ ਪਿਆਰੇ ਹਰੀ! ਉਹ ਹਰੇਕ ਦਿਨ ਰਾਤ ਸਾਰੇ ਸੋਹਣੇ ਲੱਗਦੇ ਹਨ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ॥੫॥

ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥

ਹੇ ਪਿਆਰੇ ਪ੍ਰਭੂ! ਤੇਰੀ ਧੁਰ ਦਰਗਾਹ ਤੋਂ (ਆਪ ਆਪਣੇ) ਮੱਥੇ (ਕਰਮਾਂ ਦਾ ਜੇਹੜਾ) ਲੇਖਾ ਲਿਖਾ ਕੇ (ਅਸੀਂ ਜੀਵ ਆਏ ਹਾਂ, ਉਸ ਲੇਖ ਅਨੁਸਾਰ) ਉਹੀ ਕੰਮ (ਅਸੀਂ ਜੀਵ) ਕਰ ਸਕਦੇ ਹਾਂ ॥੬॥

ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥

ਹੇ ਪਿਆਰੇ ਪ੍ਰਭੂ! ਤੂੰ ਇਕ ਆਪ ਹੀ (ਸਾਰੇ ਜਗਤ ਵਿਚ) ਮੌਜੂਦ ਹੈਂ, ਹਰੇਕ ਸਰੀਰ ਵਿਚ ਤੂੰ ਆਪ ਹੀ ਟਿਕਿਆ ਹੋਇਆ ਹੈਂ ॥੭॥

ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥

ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ਮੈਨੂੰ (ਮਾਇਆ ਦੇ ਮੋਹ-ਭਰੇ) ਸੰਸਾਰ-ਖੂਹ ਵਿਚੋਂ ਕੱਢ ਲੈ ॥੮॥੩॥੨੨॥੧੫॥੨॥੪੨॥


ਰਾਗੁ ਆਸਾ ਮਹਲਾ ੧ ਪਟੀ ਲਿਖੀ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਪਟੀ ਲਿਖੀ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥

ਉਹੀ ਇਕ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ ਜਿਸ ਨੇ ਇਹ ਜਗਤ-ਰਚਨਾ ਕੀਤੀ ਹੈ।

ਸੇਵਤ ਰਹੇ ਚਿਤੁ ਜਿਨ੍ਰ ਕਾ ਲਾਗਾ ਆਇਆ ਤਿਨ੍ਰ ਕਾ ਸਫਲੁ ਭਇਆ ॥੧॥

ਜੇਹੜੇ ਬੰਦੇ ਉਸ ਪ੍ਰਭੂ ਨੂੰ ਸਦਾ ਸਿਮਰਦੇ ਰਹੇ, ਜਿਨ੍ਹਾਂ ਦਾ ਮਨ (ਉਸ ਦੇ ਚਰਨਾਂ ਵਿਚ) ਜੁੜਿਆ ਰਿਹਾ, ਉਹਨਾਂ ਦਾ ਜਗਤ ਵਿਚ ਆਉਣਾ ਸਫਲ ਹੋ ਗਿਆ (ਭਾਵ, ਉਹਨਾਂ ਜਗਤ ਵਿਚ ਜਨਮ ਲੈ ਕੇ ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕਰ ਲਿਆ) ॥੧॥

ਮਨ ਕਾਹੇ ਭੂਲੇ ਮੂੜ ਮਨਾ ॥

ਹੇ (ਮੇਰੇ) ਮਨ! ਹੇ ਮੂਰਖ ਮਨ! ਅਸਲ ਜੀਵਨ-ਰਾਹ ਤੋਂ ਕਿਉਂ, ਲਾਂਭੇ ਜਾ ਰਿਹਾ ਹੈਂ?

ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥

ਜਦੋਂ ਤੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਵੇਂਗਾ (ਤੇ ਹਿਸਾਬ ਵਿਚ ਸੁਰਖ਼ਰੂ ਮੰਨਿਆ ਜਾਵੇਂਗਾ) ਤਦੋਂ ਹੀ ਤੂੰ ਪੜ੍ਹਿਆ ਹੋਇਆ (ਵਿਦਵਾਨ) ਸਮਝਿਆ ਜਾ ਸਕੇਂਗਾ ॥੧॥ ਰਹਾਉ ॥

ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥

ਜੇਹੜਾ ਵਿਆਪਕ ਪ੍ਰਭੂ ਸਾਰੀ ਰਚਨਾ ਦਾ ਮੂਲ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ, ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥

(ਵਿਦਵਾਨ ਉਹੀ ਮਨੁੱਖ ਹੈ) ਜੋ ਗੁਰੂ ਦੀ ਸਰਨ ਪੈ ਕੇ ਆਪਣੀ ਵਿੱਦਿਆ ਦੀ ਰਾਹੀਂ ਉਸ (ਪ੍ਰਭੂ ਦੇ ਅਸਲੇ) ਨੂੰ ਸਮਝ ਲੈਂਦਾ ਹੈ (ਤੇ ਫਿਰ ਜੀਵਨ-ਰਾਹ ਤੋਂ ਲਾਂਭੇ ਨਹੀਂ ਜਾਂਦਾ)। ਉਸ ਮਨੁੱਖ ਦੇ ਸਿਰ ਉਤੇ (ਵਿਕਾਰਾਂ ਦਾ ਕੋਈ) ਕਰਜ਼ਾ ਇਕੱਠਾ ਨਹੀਂ ਹੁੰਦਾ ॥੨॥

ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥

ਜਿਸ ਪਰਮਾਤਮਾ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭ ਨਹੀਂ ਸਕੀਦਾ, (ਮਨੁੱਖਾ ਜਨਮ ਪਾ ਕੇ) ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਇਹ ਇਕ ਕਮਾਈ ਹੈ ਜੋ ਮਨੁੱਖ ਦੇ ਸਦਾ ਨਾਲ ਨਿਭ ਸਕਦੀ ਹੈ)।

ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨ੍ਰੀ ਸਚੁ ਕਮਾਇਆ ॥੩॥

ਜਿਨ੍ਹਾਂ ਬੰਦਿਆਂ ਨੇ ਇਹ ਸਦਾ ਨਾਲ ਨਿਭਣ ਵਾਲੀ ਕਮਾਈ ਕੀਤੀ ਹੈ, ਜੋ (ਸਦਾ ਪ੍ਰਭੂ ਦਾ) ਸਿਮਰਨ ਕਰਦੇ ਹਨ, ਉਹੀ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰਦੇ ਹਨ ॥੩॥

ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥

ਉਹੀ ਬੰਦਾ ਪੜ੍ਹਿਆ ਹੋਇਆ ਹੈ ਉਹੀ ਪੰਡਿਤ ਹੈ, ਜੋ ਪਰਮਾਤਮਾ ਨਾਲ ਜਾਣ-ਪਛਾਣ (ਪਾਉਣੀ) ਸਮਝ ਲਏ, ਜੋ ਇਹ ਸਮਝ ਲਏ ਕਿ ਸਿਰਫ਼ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ।

ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥

(ਜੇਹੜਾ ਬੰਦਾ ਇਹ ਭੇਦ ਸਮਝ ਲੈਂਦਾ ਹੈ, ਉਸ ਦੀ ਪਛਾਣ ਇਹ ਹੈ ਕਿ) ਉਹ ਫਿਰ ਇਹ ਨਹੀਂ ਆਖਦਾ ਕਿ ਮੈਂ ਹੀ ਹੋਵਾਂ (ਭਾਵ, ਉਹ ਬੰਦਾ ਸੁਆਰਥੀ ਨਹੀਂ ਰਹਿ ਸਕਦਾ) ॥੪॥

ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥

(ਪਰ ਇਹ ਕਾਹਦੀ ਪੰਡਿਤਾਈ ਹੈ ਕਿ) ਜਦੋਂ ਸਿਰ ਦੇ ਕੇਸ ਚਿੱਟੇ ਕੌਲ ਫੁੱਲ ਵਰਗੇ ਹੋ ਜਾਣ, ਸਾਬਣ ਵਰਤਣ ਤੋਂ ਬਿਨਾ ਹੀ ਸੁਫ਼ੈਦ ਹੋ ਜਾਣ,

ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥

ਤੇ ਜਮਰਾਜ ਦੇ ਭੇਜੇ ਹੋਏ (ਮੌਤ ਦਾ ਵੇਲਾ) ਤੱਕਣ ਵਾਲੇ (ਦੂਤ) ਆ ਖਲੋਣ, ਤੇ ਇਧਰ ਅਜੇ ਭੀ ਇਸ ਨੂੰ ਮਾਇਆ ਦੇ (ਮੋਹ ਦੇ) ਸੰਗਲ ਨੇ ਬੰਨ੍ਹ ਰੱਖਿਆ ਹੋਵੇ? ॥੫॥

ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥

ਜੋ ਖ਼ੁਦਾ ਸਾਰੀ ਦੁਨੀਆ ਦਾ ਪਾਤਿਸ਼ਾਹ ਹੈ; ਤੇ (ਜਿਸ ਨੇ ਸਾਰੇ ਜਗਤ ਨੂੰ) ਰੋਜ਼ੀ ਅਪੜਾਈ ਹੋਈ ਹੈ, (ਹੇ ਭਾਈ! ਜੇ ਤੂੰ ਸਚਮੁੱਚ ਪੰਡਿਤ ਹੈਂ, ਤਾਂ) ਉਸੇ ਦੀ ਸਿਫ਼ਤ-ਸਾਲਾਹ ਦਾ ਸੌਦਾ ਵਿਹਾਝ।

ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥੬॥

ਜਿਸ ਦੇ ਹੁਕਮ ਵਿਚ ਸਾਰਾ ਜਗਤ ਨੱਥਿਆ ਹੋਇਆ ਹੈ ਤੇ (ਜਿਸ ਤੋਂ ਬਿਨਾ) ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ (ਉਸੇ ਦੀ ਸਿਫ਼ਤ ਸਲਾਹ ਕਰ) ॥੬॥

ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥

ਜਿਸ ਨੇ ਸਿਮਰਨ ਨਹੀਂ ਕੀਤਾ ਤੇ ਪ੍ਰਭੂ ਬਾਰੇ ਨਿਰੀਆਂ ਵਿਦਵਤਾ ਦੀਆਂ ਗੱਲਾਂ ਕੀਤੀਆਂ ਹਨ, ਉਹ ਅਹੰਕਾਰੀ ਬਣਦਾ ਹੈ।

ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥੭॥

ਜਿਸ (ਗੋਬਿੰਦ) ਨੇ ਜੀਵ-ਭਾਂਡੇ ਬਣਾ ਕੇ ਸੰਸਾਰ-ਰੂਪੀ ਆਵੀ ਤਿਆਰ ਕੀਤੀ ਹੈ, ਉਸ ਨੇ ਜਨਮ ਮਰਨ (ਦਾ ਗੇੜ) ਵੀ ਤਿਆਰ ਕੀਤਾ ਹੋਇਆ ਹੈ ॥੭॥

ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥

ਜੇ ਮਨੁੱਖ ਸੇਵਕ (-ਸੁਭਾਉ) ਬਣ ਕੇ (ਸੇਵਕਾਂ ਵਾਲੀ) ਕਰੜੀ ਮੇਹਨਤ ਕਰੇ, ਜੇ ਆਪਣੀ ਸੁਰਤਿ ਗੁਰੂ ਦੇ ਸ਼ਬਦ ਵਿਚ ਜੋੜੀ ਰੱਖੇ,

ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥

ਤੇ ਬੁਰਾਈ ਭੁਲਾਈ ਨੂੰ ਇਕੋ ਜੇਹਾ ਜਾਣੇ, ਤਾਂ ਇਹੀ ਤਰੀਕਾ ਹੈ ਜਿਸ ਨਾਲ ਪ੍ਰਭੂ ਨੂੰ (ਸਹੀ ਤਰ੍ਹਾਂ) ਸਿਮਰ ਸਕਦਾ ਹੈ ॥੮॥

ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥

ਜਿਸ ਪਰਮਾਤਮਾ ਨੇ (ਅੰਡਜ ਜੇਰਜ ਸੇਤਜ ਉਤਭੁਜ) ਚੌਹਾਂ ਹੀ ਖਾਣੀਆਂ ਦੇ ਜੀਵ ਆਪ ਹੀ ਪੈਦਾ ਕੀਤੇ ਹਨ ਜਿਸ ਪ੍ਰਭੂ ਨੇ (ਜਗਤ-ਰਚਨਾ ਕਰ ਕੇ, ਸੂਰਜ ਚੰਦ ਆਦਿਕ ਬਣਾ ਕੇ, ਸਮੇ ਦੀ ਹੋਂਦ ਕਰ ਕੇ) ਚਾਰੇ ਜੁਗ ਆਪ ਹੀ ਬਣਾਏ ਹਨ, ਜਿਸ ਪ੍ਰਭੂ ਨੇ (ਆਪਣੇ ਪੈਦਾ ਕੀਤੇ ਰਿਸ਼ੀਆਂ ਦੀ ਰਾਹੀਂ) ਚਾਰ ਵੇਦ ਰਚੇ ਹਨ,

ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥

ਜੋ ਹਰੇਕ ਜੁਗ ਵਿਚ ਮੌਜੂਦ ਹੈ, ਜੋ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਵਿਆਪਕ ਹੋ ਕੇ ਆਪੇ ਰਚੇ ਸਾਰੇ ਪਦਾਰਥ ਆਪ ਹੀ ਭੋਗ ਰਿਹਾ ਹੈ, ਫਿਰ ਨਿਰਲੇਪ ਭੀ ਹੈ, ਉਹ ਆਪ ਹੀ (ਵਿੱਦਿਆ ਦੀ ਉਤਪੱਤੀ ਦਾ ਮੂਲ ਹੈ, ਤੇ) ਪੜ੍ਹਿਆ ਹੋਇਆ ਹੈ, ਆਪ ਹੀ ਪੰਡਿਤ ਹੈ ॥੯॥

ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥

ਜੋ ਅਵਿੱਦਿਆ ਸਭ ਜੀਵਾਂ ਦੇ ਅੰਦਰ ਪ੍ਰਬਲ ਹੋ ਰਹੀ ਹੈ, ਤੇ ਮਨ ਵਿੱਚ ਭਟਕਣਾ ਹੈ, ਇਹ ਤੇਰੀ ਹੀ ਬਣਾਈ ਹੋਈ ਹੈ।

ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ਰ ਗੁਰੂ ਮਿਲਿਆ ॥੧੦॥

(ਹੇ ਮਨ!) ਪ੍ਰਭੂ ਨੇ ਆਪ ਹੀ ਭਟਕਣਾ ਪੈਦਾ ਕਰ ਕੇ ਸ੍ਰਿਸ਼ਟੀ ਨੂੰ ਕੁਰਾਹੇ ਪਾਇਆ ਹੋਇਆ ਹੈ ਤੇ ਜਿਨ੍ਹਾਂ ਉਤੇ ਉਸ ਦੀ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ ॥੧੦॥

ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥

(ਹੇ ਮਨ!) ਉਸ ਪ੍ਰਭੂ ਨਾਲ ਸਾਂਝ ਪਾ ਜਿਸ ਤੋਂ ਹਰੇਕ ਜੀਵ ਚੌਰਾਸੀ ਲੱਖ ਜੂਨਾਂ ਵਿੱਚ ਭਟਕਦਾ ਹੋਇਆ ਮੰਗਤਾ ਬਣ ਕੇ ਦਾਨ ਮੰਗਦਾ ਹੈ।

ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥੧੧॥

ਇਕ ਹੈ ਪ੍ਰਭੂ ਦੇਣ ਵਾਲਾ ਹੈ ਤੇ ਉਹ ਹੀ ਲੈਣ ਵਾਲਾ ਹੈ ਮੈਂ ਅਜੇ ਤਕ ਨਹੀਂ ਸੁਣਿਆ ਕਿ ਉਸ ਤੋਂ ਬਿਨਾ ਕੋਈ ॥੧੧॥

ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥

ਹੇ ਪ੍ਰਾਣੀ! (ਰੋਜ਼ੀ ਦੀ ਖ਼ਾਤਰ) ਚਿੰਤਾ ਕਰ ਕਰ ਕੇ ਕਿਉਂ ਆਤਮਕ ਮੌਤ ਸਹੇੜਦਾ ਹੈਂ? ਜੋ ਕੁਝ ਪ੍ਰਭੂ ਨੇ ਤੈਨੂੰ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ, ਉਹ (ਤੇਰੇ ਚਿੰਤਾ-ਫ਼ਿਕਰ ਤੋਂ ਬਿਨਾ ਭੀ) ਆਪ ਹੀ ਦੇ ਰਿਹਾ ਹੈ।

ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥੧੨॥

ਜਿਵੇਂ ਜਿਵੇਂ ਜੀਵਾਂ ਦਾ ਰਿਜ਼ਕ ਮੁਕਰਰ ਹੈ, ਉਹ ਸਭ ਨੂੰ ਦੇ ਰਿਹਾ ਹੈ, ਸੰਭਾਲ ਭੀ ਕਰ ਰਿਹਾ ਹੈ, ਤੇ (ਰਿਜ਼ਕ ਵੰਡਣ ਵਾਲਾ ਆਪਣਾ) ਹੁਕਮ ਵਰਤੋਂ ਵਿਚ ਲਿਆ ਰਿਹਾ ਹੈ ॥੧੨॥

ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥

ਮੈਂ ਜਦੋਂ ਭੀ ਗਹੁ ਨਾਲ ਵੇਖਦਾ ਹਾਂ, ਮੈਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ (ਕਿਤੇ ਭੀ) ਨਹੀਂ ਦਿੱਸਦਾ।

ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥੧੩॥

ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿਚ ਪ੍ਰਭੂ ਆਪ ਹੀ ਵੱਸ ਰਿਹਾ ਹੈ ॥੧੩॥

ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥

ਵਿਅਰਥ ਧੰਧੇ ਕਰਨ ਦਾ ਕੋਈ ਲਾਭ ਨਹੀਂ ਹੈ, (ਕਿਉਂਕਿ ਇਸ ਜਗਤ ਤੋਂ) ਥੋੜੇ ਹੀ ਸਮੇ ਵਿਚ ਉਠ ਕੇ ਚਲੇ ਜਾਣਾ ਹੈ।

ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥੧੪॥

(ਪ੍ਰਭੂ ਦੀ ਯਾਦ ਭੁਲਾ ਕੇ) ਆਪਣਾ ਮਨੁੱਖਾ ਜਨਮ ਜੂਏ ਵਿਚ ਕਿਉਂ ਹਾਰਦੇ ਹੋ? ਤੂੰ ਛੇਤੀ ਪਰਮਾਤਮਾ ਦੀ ਸਰਨ ਪੈ ਜਾ ॥੧੪॥

ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍ਰ ਕਾ ਚਿਤੁ ਲਾਗਾ ॥

ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਹਨਾਂ ਦੇ ਮਨ ਵਿਚ ਠੰਡ-ਸ਼ਾਂਤੀ ਬਣੀ ਰਹਿੰਦੀ ਹੈ।

ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥

ਜਿਨ੍ਹਾਂ ਦਾ ਮਨ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ, ਤੇਰੀ ਮਿਹਰ ਨਾਲ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋਇਆ ਰਹਿੰਦਾ ਹੈ ॥੧੫॥

ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥

ਹੇ ਜੀਵ ਵਿਖਾਵਾ ਕਿਉਂ ਕਰਦਾ ਹੈਂ? ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ ਸਭ ਇਥੋਂ ਚਲੇ ਜਾਣ ਵਾਲਾ ਹੈ (ਨਾਸਵੰਤ ਹੈ)।

ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥

ਆਤਮਕ ਆਨੰਦ ਤਦੋਂ ਹੀ ਮਿਲੇਗਾ ਜੇ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਜੋ ਸਭ ਜੀਵਾਂ ਦੇ ਅੰਦਰ ਇਕ-ਰਸ ਵਿਆਪਕ ਹੈ ॥੧੬॥

ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ॥

ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਨਾਸ ਕਰਦਾ ਹੈ, ਆਪ ਹੀ ਬਣਾਂਦਾ ਹੈ, ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਤਿਵੇਂ ਕਰਦਾ ਹੈ।

ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ ॥੧੭॥

ਪ੍ਰਭੂ ਜੀਵ ਪੈਦਾ ਕਰ ਕੇ (ਸਭ ਦੀ) ਸੰਭਾਲ ਕਰਦਾ ਹੈ, (ਹਰ ਥਾਂ) ਆਪਣਾ ਹੁਕਮ ਵਰਤੋਂ ਵਿਚ ਲਿਆ ਰਿਹਾ ਹੈ। ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਨਾਸਵੰਤ ਸੰਸਾਰ ਦੇ ਮੋਹ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੭॥

ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆਪਣਾ ਆਪ ਪਰਗਟ ਕਰ ਦੇਵੇ, ਉਹ ਮਨੁੱਖ ਉਸ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦਾ ਹੈ।

ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥੧੮॥

ਕਰਤਾਰ ਆਪ ਹੀ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਫਿਰ ਉਸ ਨੂੰ ਮੁੜ ਮੁੜ ਜਨਮ ਨਹੀਂ ਮਿਲਦਾ ॥੧੮॥

ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥

ਇਹ ਸੰਸਾਰ-ਸਮੁੰਦਰ (ਜਿਸ ਵਿਚ ਵਿਕਾਰਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੈ) ਬਹੁਤ ਹੀ ਡੂੰਘਾ ਹੈ, ਇਸ ਦਾ ਪਾਰਲਾ ਬੰਨਾ ਭੀ ਨਹੀਂ ਲੱਭਦਾ।

ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥

(ਇਸ ਵਿਚੋਂ ਪਾਰ ਲੰਘਣ ਲਈ) ਸਾਡੇ ਪਾਸ ਨਾਹ ਕੋਈ ਬੇੜੀ ਹੈ ਨਾ ਕੋਈ ਤੁਲਹਾ ਹੈ, ਅਸੀਂ ਡੁੱਬ ਜਾਵਾਂਗੇ। ਹੇ ਤਾਰਣ ਦੇ ਸਮਰੱਥ ਪ੍ਰਭੂ,ਸਾਨੂੰ ਪਾਰ ਲੰਘਾ ਲੈ! ॥੧੯॥

ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥

ਜਿਸ ਪਰਮਾਤਮਾ ਦਾ ਬਣਾਇਆ ਹੋਇਆ ਇਹ ਸਾਰਾ ਜਗਤ ਹੈ, ਉਹੀ (ਇਸ ਜਗਤ ਦੇ) ਹਰੇਕ ਥਾਂ ਵਿਚ ਮੌਜੂਦ ਹੈ।

ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦॥

ਸੰਦੇਹ ਜਾਂ ਮਾਇਆ ਦਾ ਕੀ ਕਹੀਏ? ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ (ਜਗਤ ਵਿਚ ਹੋ ਰਿਹਾ ਹੈ, ਤੇ ਜੀਵਾਂ ਵਾਸਤੇ) ਚੰਗਾ ਹੋ ਰਿਹਾ ਹੈ ॥੨੦॥

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥

ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਦੋਸ਼ ਤਾਂ ਪਿਛਲੇ ਕੀਤੇ ਸੰਸਾਰਾਂ ਦਾ ਹੈ।

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥

ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, ਦੂਜਿਆਂ ਨੂੰ ਦੋਸ਼ ਨਾ ਦੇਹ! ॥੨੧॥

ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥

ਜਿਸ ਹਰੀ ਨੇ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਸੱਤਿਆ ਟਿਕਾ ਰੱਖੀ ਹੈ ਜਿਸ ਕੌਤਕੀ ਪ੍ਰਭੂ ਨੇ ਇਹ ਰੰਗਾ ਰੰਗ ਦੀ ਰਚਨਾ ਰੱਚ ਦਿੱਤੀ ਹੈ,

ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥੨੨॥

ਸਾਰੇ ਜੀਵ ਉਸੇ ਦੀਆਂ ਬਖ਼ਸ਼ੀਆਂ ਦਾਤਾਂ ਵਰਤ ਰਹੇ ਹਨ, ਪਰ (ਇਹਨਾਂ ਦਾਤਾਂ ਦੇ ਬਖ਼ਸ਼ਣ ਵਿਚ) ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ ॥੨੨॥

ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ ॥

ਜਿਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤ ਰਿਹਾ ਹੈ, ਉਸ ਦਾ ਅਜੇ ਤਕ ਮੈਂ ਕਦੇ ਦਰਸਨ ਨਹੀਂ ਕੀਤਾ, ਉਸ ਨੂੰ ਕਦੇ ਹਿਰਦੇ ਵਿਚ ਨਹੀਂ ਟਿਕਾਇਆ।

ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥੨੩॥

(ਵਿੱਦਿਆ ਦੇ ਆਸਰੇ) ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੋਹਾਗਣਿ ਆਖਦੀ ਰਹੀ, ਪਰ ਕੰਤ-ਪ੍ਰਭੂ ਮੈਨੂੰ ਅਜੇ ਤਕ ਕਦੇ ਨਹੀਂ ਮਿਲਿਆ ॥੨੩॥


ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥

ਪਰਮੇਸਰ ਪਾਤਿਸ਼ਾਹ ਹੈ, ਉਸ ਨੇ ਆਪ ਇਹ ਸੰਸਾਰ ਰਚਿਆ ਹੈ, ਕਿ ਜੀਵ ਇਸ ਵਿਚ ਉਸ ਦਾ ਦੀਦਾਰ ਕਰਨ।

ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥

ਰਚਨਹਾਰ ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਹਰੇਕ ਦੇ ਦਿਲ ਦੀ ਸਮਝਦਾ ਜਾਣਦਾ ਹੈ, ਉਹ ਸਾਰੇ ਸੰਸਾਰ ਵਿਚ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੨੪॥

ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥

ਸਾਰਾ ਸੰਸਾਰ (ਮਾਇਆ ਦੀ ਕਿਸੇ ਨ ਕਿਸੇ) ਫਾਹੀ ਵਿਚ ਫਸਿਆ ਹੋਇਆ ਹੈ, ਜਮ ਦੇ ਫਾਹੇ ਨੇ ਬੰਨ੍ਹ ਰੱਖਿਆ ਹੈ (ਭਾਵ, ਮਾਇਆ ਦੇ ਪ੍ਰਭਾਵ ਵਿਚ ਆ ਕੇ ਸੰਸਾਰ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿਚ ਆਉਂਦਾ ਜਾਂਦਾ ਹੈ)।

ਗੁਰਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥

ਇਸ ਫਾਹੇ ਵਿਚੋਂ ਗੁਰੂ ਦੀ ਕਿਰਪਾ ਨਾਲ ਸਿਰਫ਼ ਉਹੀ ਬੰਦੇ ਬਚੇ ਹਨ, ਜਿਹੜੇ ਦੌੜ ਕੇ ਪਰਮਾਤਮਾ ਦੀ ਸਰਨ ਜਾ ਪਏ ਹਨ ॥੨੫॥

ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ ॥

ਪਰਮਾਤਮਾ ਆਪ (ਚੌਪੜ ਦੀ) ਖੇਡ ਖੇਡ ਰਿਹਾ ਹੈ, ਚਾਰ ਜੁਗਾਂ ਨੂੰ ਉਸ ਨੇ (ਚੌਪੜ ਦੇ) ਚਾਰ ਪੱਲੇ ਬਣਾਇਆ ਹੈ,

ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥

ਉਸ ਨੇ ਇੰਜ ਸਾਰੇ ਜੀਵ ਜੰਤੂ ਨਰਦਾਂ ਬਣਾਈਆਂ ਹੋਈਆਂ ਹਨ ਤੇ ਪ੍ਰਭੂ ਆਪ ਹੀ ਪਾਸੇ ਸੁੱਟਦਾ ਹੈ (ਇੰਜ ਕਈ ਨਰਦਾਂ ਪੁੱਗਦੀਆਂ ਜਾਂਦੀਆਂ ਹਨ, ਕਈ ਉਹਨਾਂ ਚੌਹਾਂ ਖ਼ਾਨਿਆਂ ਦੇ ਗੇੜ ਵਿਚ ਹੀ ਪਈਆਂ ਰਹਿੰਦੀਆਂ ਹਨ) ॥੨੬॥

ਭਭੈ ਭਾਲਹਿ ਸੇ ਫਲੁ ਪਾਵਹਿ ਗੁਰਪਰਸਾਦੀ ਜਿਨ੍ਰ ਕਉ ਭਉ ਪਇਆ ॥

ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਟਿਕ ਜਾਂਦਾ ਹੈ ਉਹ ਪ੍ਰਭੂ ਨੂੰ ਢੂੰਡਦੇ ਹਨ ਤੇ (ਆਪਣੇ ਜਤਨਾਂ ਦਾ) ਫਲ ਹਾਸਲ ਕਰ ਲੈਂਦੇ ਹਨ।

ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥

ਪਰ (ਪੜ੍ਹੀ ਹੋਈ ਵਿੱਦਿਆ ਦੇ ਆਸਰੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ) ਜੇਹੜੇ ਮੂਰਖ ਬੰਦੇ ਆਪਣੇ ਮਨ ਦੇ ਪਿਛੇ ਤੁਰਦੇ ਹਨ, ਉਹ ਹੋਰ ਹੋਰ ਪਾਸੇ ਭਟਕਦੇ ਹਨ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਨਸੀਬ ਹੁੰਦਾ ਹੈ ॥੨੭॥

ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ॥

ਮਾਇਆ ਦਾ ਮੋਹ ਮਨੁੱਖ ਦੀ ਆਤਮਕ ਮੌਤ (ਦਾ ਮੂਲ ਹੁੰਦਾ) ਹੈ ਜਦੋਂ ਮੌਤ ਸਿਰ ਤੇ ਆਉਂਦੀ ਹੈ, ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਉਂਦਾ ਹੈ।

ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥੨੮॥

ਜਿਤਨਾ ਚਿਰ ਜੀਉਂਦਾ ਰਿਹਾ ਹੋਰ ਗੱਲਾਂ ਹੀ ਪੜ੍ਹਦਾ ਰਿਹਾ, ਨਾਹ ਮੌਤ ਚੇਤੇ ਆਈ ਨਾਹ ਮਧੁਸੂਦਨੁ (ਪਰਮਾਤਮਾ) ਚੇਤੇ ਆਇਆ ॥੨੮॥

ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥

ਉਸ ਮਨੁੱਖ ਨੂੰ ਮੁੜ ਕਦੇ ਜਨਮ-ਮਰਨ ਦਾ ਗੇੜ ਨਹੀਂ ਮਿਲਦਾ, ਜੋ ਅਸਲੀਅਤ ਸਮਝ ਜਾਵੇ,

ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ ॥੨੯॥

ਤੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਹਰ ਥਾਂ ਵੇਖੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੇ, ਪਰਮਾਤਮਾ ਨੂੰ ਸਰਬ-ਵਿਆਪਕ ਸਮਝੇ, ਅਤੇ ਪਰਮਾਤਮਾ ਨਾਲ ਹੀ ਡੂੰਘੀ ਜਾਣ-ਪਛਾਣ ਪਾਏ ॥੨੯॥

ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ॥

ਜਿਤਨੇ ਭੀ ਜੀਵ (ਸ੍ਰਿਸ਼ਟੀ ਵਿਚ ਪਰਮਾਤਮਾ ਨੇ) ਪੈਦਾ ਕੀਤੇ ਹੋਏ ਹਨ, ਉਹਨਾਂ ਸਭਨਾਂ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ।

ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ ॥੩੦॥

ਜੀਵ ਪੈਦਾ ਕਰ ਕੇ ਸਭਨਾਂ ਨੂੰ ਪਰਮਾਤਮਾ ਨੇ ਮਾਇਆ ਦੀ ਕਿਰਤ-ਕਾਰ ਵਿਚ ਲਾਇਆ ਹੋਇਆ ਹੈ। ਜਿਨ੍ਹਾਂ ਉਤੇ ਉਸ ਦੀ ਮੇਹਰ ਹੁੰਦੀ ਹੈ, ਉਹੀ ਉਸ ਦਾ ਨਾਮ ਸਿਮਰਦੇ ਹਨ ॥੩੦॥

ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥

ਜਿਸ ਪਰਮਾਤਮਾ ਨੇ (ਆਪਣੀ ਰਚੀ ਸ੍ਰਿਸ਼ਟੀ) ਮਾਇਆ ਦੀ ਕਿਰਤ-ਕਾਰ ਵਿਚ ਲਾਈ ਹੋਈ ਹੈ, ਜਿਸ ਨੇ (ਜੀਵਾਂ ਵਾਸਤੇ) ਮਾਇਆ ਦਾ ਮੋਹ ਮਿੱਠਾ ਬਣਾ ਦਿੱਤਾ ਹੈ,

ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥੩੧॥

ਉਸੇ ਦੀ ਹੀ ਰਜ਼ਾ ਵਿਚ ਉਸ ਦਾ ਹੁਕਮ ਵਰਤਦਾ ਹੈ, ਤੇ ਜੀਵਾਂ ਨੂੰ ਖਾਣ ਪੀਣ ਦੇ ਪਦਾਰਥ (ਭਾਵ, ਸੁਖ) ਅਤੇ ਉਸੇ ਤਰ੍ਹਾਂ ਦੁਖ ਭੀ ਸਹਣ ਨੂੰ ਮਿਲਦੇ ਹਨ ॥੩੧॥

ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥

ਪਰਮਾਤਮਾ ਪਰਮੇਸਰ ਆਪ ਹੀ ਹੈ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਿਆ ਹੈ,

ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੩੨॥

ਹਰੇਕ ਜੀਵ ਦੀ ਚੰਗੀ ਸੰਭਾਲ ਕਰਦਾ ਹੈ, (ਹਰੇਕ ਦੇ ਦਿਲ ਦੀ) ਸਭ ਗੱਲ ਜਾਣਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੩੨॥

ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥

ਹੇ ਪ੍ਰਾਣੀ! ਤੂੰ ਝਗੜੇ ਆਦਿਕ ਵਿੱਚ ਕਿਉਂ ਲਗਾ ਹੋਇਆ ਹੈਂ, ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ!

ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥

ਉਸੇ ਨੂੰ ਸਿਮਰੋ, ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹੋ! (ਉਹੀ ਮਨੁੱਖ ਅਸਲੀ ਪੜ੍ਹਿਆ ਪੰਡਿਤ ਹੈ ਜਿਸ ਨੇ) ਉਸ ਪਰਮਾਤਮਾ (ਦੀ ਯਾਦ) ਤੋਂ (ਆਪਣੀ ਹਉਮੈ ਨੂੰ) ਸਦਕੇ ਕਰ ਦਿੱਤਾ ਹੈ ॥੩੩॥

ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥

ਜਿਸ ਪਰਮਾਤਮਾ ਨੇ (ਸ੍ਰਿਸ਼ਟੀ ਦੇ) ਜੀਵ ਪੈਦਾ ਕਰ ਕੇ ਸਭਨਾਂ ਨੂੰ ਰਿਜ਼ਕ ਅਪੜਾਇਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦਾਤਾਂ ਦੇਣ ਵਾਲਾ ਨਹੀਂ ਹੈ।

ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥

(ਹੇ ਮਨ!) ਉਸੇ ਹਰੀ ਦਾ ਨਾਮ ਸਿਮਰਦੇ ਰਹੋ, ਉਸ ਹਰੀ ਦੇ ਨਾਮ ਵਿਚ ਸਦਾ ਟਿਕੇ ਰਹੋ। (ਉਹੀ ਹੈ ਪੜ੍ਹਿਆ ਪੰਡਿਤ ਜਿਸ ਨੇ) ਹਰ ਵੇਲੇ ਹਰੀ-ਨਾਮ ਸਿਮਰਨ ਦਾ ਲਾਭ ਖੱਟਿਆ ਹੈ ॥੩੪॥

ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥

ਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਆਪ ਪੈਦਾ ਕੀਤੀ ਹੋਈ ਹੈ, ਉਹ ਜੋ ਕੁਝ ਕਰਨਾ ਠੀਕ ਸਮਝਦਾ ਹੈ ਉਹੀ ਕੁਝ ਕਰੀ ਜਾ ਰਿਹਾ ਹੈ।

ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥

ਪਰਮਾਤਮਾ ਆਪ ਸਭ ਕੁਝ ਕਰਦਾ ਹੈ, ਆਪ ਹੀ ਸਭ ਕੁਝ ਜੀਵਾਂ ਪਾਸੋਂ ਕਰਾਂਦਾ ਹੈ, (ਹਰੇਕ ਦੇ ਦਿਲ ਦੀ ਭਾਵਨਾ) ਆਪ ਹੀ ਜਾਣਦਾ ਹੈ; ਕਵੀ ਨਾਨਕ ਇਹ ਕਹਿੰਦਾ ਹੈ ॥੩੫॥੧॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥

ਸਾਰਾ ਜਗਤ (ਜੋ) ਹੋਂਦ ਵਿਚ ਆਇਆ ਹੋਇਆ ਹੈ, (ਇਸ ਦੇ ਸਿਰ ਉਤੇ) ਮੌਤ (ਭੀ) ਮੌਜੂਦ ਹੈ,

ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥

ਪਰ ਜੀਵ (ਮੌਤ ਨੂੰ ਭੁਲਾ ਕੇ) ਔਗੁਣ ਪੈਦਾ ਕਰਨ ਵਾਲੀਆਂ ਗੱਲਾਂ ਪੜ੍ਹ ਕੇ ਗੁਣ ਵਿਸਾਰ ਦੇਂਦੇ ਹਨ, ਤੇ ਪਾਪ ਕਮਾਂਦੇ ਰਹਿੰਦੇ ਹਨ ॥੧॥

ਮਨ ਐਸਾ ਲੇਖਾ ਤੂੰ ਕੀ ਪੜਿਆ ॥

ਹੇ ਮਨ! (ਸਿਰਫ਼) ਅਜੇਹਾ ਲੇਖਾ ਪੜ੍ਹਨ ਦਾ ਤੈਨੂੰ ਕੋਈ ਲਾਭ ਨਹੀਂ ਹੋ ਸਕਦਾ,

ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥

ਜਿਸ ਵਿਚ ਰੁੱਝਣ ਨਾਲ ਕੀਤੇ ਅਮਲਾਂ ਦਾ ਹਿਸਾਬ ਦੇਣਾ ਤੇਰੇ ਸਿਰ ਉਤੇ ਟਿਕਿਆ ਹੀ ਰਿਹਾ ॥੧॥ ਰਹਾਉ ॥

ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥

(ਹੇ ਮਨ!) ਤੂੰ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਤੇ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ।

ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥

ਹੇ ਮੂਰਖ! (ਪ੍ਰਭੂ ਨੂੰ ਭੁਲਾ ਕੇ) ਦਿਨ ਰਾਤ ਤੂੰ (ਆਤਮਕ ਜੀਵਨ ਵਿਚ) ਕਮਜ਼ੋਰ ਹੋ ਰਿਹਾ ਹੈਂ, ਜਦੋਂ ਜਮ ਨੇ (ਇਸ ਖੁਨਾਮੀ ਦੇ ਕਾਰਨ) ਫੜ ਲਿਆ, ਤਾਂ ਉਸ ਤੋਂ ਖ਼ਲਾਸੀ ਕਿਵੇਂ ਹੋਵੇਗੀ? ॥੨॥

ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ ॥

ਤੂੰ (ਜੀਵਨ ਦਾ ਸਹੀ ਰਸਤਾ) ਨਹੀਂ ਸਮਝਦਾ, ਇਸੇ ਭੁਲੇਖੇ ਵਿਚ ਕੁਰਾਹੇ ਪੈ ਕੇ ਤੂੰ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਰਿਹਾ ਹੈਂ।

ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥੩॥

(ਆਤਮਕ ਜੀਵਨ ਦਾ ਰਸਤਾ ਦੱਸਣ ਵਾਲੇ ਪਾਂਧੇ ਦੇ) ਗੁਣ ਤੇਰੇ ਵਿਚ ਨਹੀਂ ਹਨ, (ਫਿਰ ਭੀ) ਤੂੰ ਆਪਣਾ ਨਾਮ ਪਾਂਧਾ ਰਖਾਇਆ ਹੋਇਆ ਹੈ ਤੇ ਤੂੰ ਆਪਣੇ ਚਾਟੜਿਆਂ ਨੂੰ ਜੀਵਨ-ਰਾਹ ਸਿਖਾਣ ਦੀ ਜ਼ਿੰਮੇਵਾਰੀ ਦਾ ਭਾਰ ਆਪਣੇ ਉਤੇ ਚੁੱਕਿਆ ਹੋਇਆ ਹੈ ॥੩॥

ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥

ਹੇ ਮੂਰਖ! (ਨਿਰੇ ਮਾਇਕ ਲੇਖੇ ਪਤ੍ਰੇ ਨੇ ਆਤਮਕ ਜੀਵਨ ਸਿਖਲਾਣ ਵਾਲੀ) ਤੇਰੀ ਅਕਲ ਖੋਹ ਲਈ ਹੈ, ਅਖ਼ੀਰ ਵੇਲੇ ਜਦੋਂ ਇਥੋਂ ਤੁਰਨ ਲਗੋਂ, ਤਾਂ ਅਫ਼ਸੋਸ ਕਰੇਂਗਾ।

ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥

(ਹੁਣ ਇਸ ਵੇਲੇ) ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝ ਨਹੀਂ ਪਾਂਦਾ, (ਸਿੱਟਾ ਇਹ ਨਿਕਲੇਗਾ ਕਿ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੪॥

ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥

ਹੇ ਪੰਡਿਤ! ਤੇਰੇ ਆਪਣੇ ਮੱਥੇ ਉਤੇ ਜੋ (ਮਾਇਆ ਵਾਲਾ) ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ ਤੇ ਹੋਰਨਾਂ (ਚਾਟੜਿਆਂ) ਨੂੰ ਭੀ ਨਿਰੀ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ।

ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥

(ਨਿਰੀ ਮਾਇਆ ਦਾ ਲੇਖਾ ਪੜ੍ਹਾਨ ਵਾਲੇ) ਪਾਂਧੇ ਨੇ ਪਹਿਲਾਂ ਆਪਣੇ ਗਲ ਵਿਚ (ਮਾਇਆ ਦੀ) ਫਾਹੀ ਪਾਈ ਹੋਈ ਹੈ, ਫਿਰ ਉਹੀ ਫਾਹੀ ਆਪਣੇ ਵਿਦਿਆਰਥੀਆਂ ਦੇ ਗਲ ਵਿਚ ਪਾ ਦੇਂਦਾ ਹੈ ॥੫॥

ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ ॥

ਹੇ ਮੂਰਖ (ਪੰਡਤ)! (ਨਿਰੀ ਮਾਇਆ ਦੀ ਖ਼ਾਤਰ ਪੜ੍ਹਣ ਪੜ੍ਹਾਨ ਦੇ ਕਾਰਨ ਲਾਲਚ-ਵੱਸ ਹੋ ਕੇ) ਤੂੰ ਜੀਵਨ-ਜੁਗਤਿ ਭੀ ਗਵਾ ਬੈਠਾ ਹੈਂ ਤੇ (ਪਰੋਹਤ ਹੋਣ ਕਰਕੇ) ਤੂੰ ਆਪਣੇ ਜਜਮਾਨ ਪਾਸੋਂ ਹਰ ਦਿਨ-ਦਿਹਾਰ ਤੇ ਦਾਨ ਲੈਂਦਾ ਹੈਂ, (ਪਰ) ਇਕ ਦਾਨ ਤੂੰ ਆਪਣੇ ਜਜਮਾਨ ਤੋਂ ਗ਼ਲਤ ਥਾਂ ਲੈਂਦਾ ਹੈਂ।

ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥੬॥

ਜਜਮਾਨ ਦੀ ਧੀ ਤੇਰੀ ਹੀ ਧੀ ਹੈ (ਭਾਵ, ਧੀ ਦੇ ਵਿਆਹ ਤੇ ਜਜਮਾਨ ਪਾਸੋਂ ਦਾਨ ਲੈਣਾ ਧੀ ਦਾ ਪੈਸਾ ਖਾਣਾ ਹੈ) ਇਹ ਅੰਨ ਖਾਣ ਨਾਲ (ਇਹ ਪੈਸਾ ਖਾਣ ਨਾਲ) ਤੂੰ ਆਪਣਾ ਆਤਮਕ ਜੀਵਨ ਗਵਾ ਲੈਂਦਾ ਹੈਂ ॥੬॥

ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ ॥

ਹੇ ਮੂਰਖ! (ਇਕ ਪਾਸੇ ਮਾਇਆ ਦੇ ਲਾਲਚ ਨੇ) ਤੇਰੀ ਅਕਲ ਮਾਰੀ ਹੋਈ ਹੈ (ਤੈਨੂੰ ‘ਕੁਥਾਇ ਦਾਨ’ ਲੈਣ ਤੋਂ ਭੀ ਸੰਕੋਚ ਨਹੀਂ ਹੈ। ਦੂਜੇ ਪਾਸੇ) ਤੈਨੂੰ ਇਹ ਵੱਡਾ (ਆਤਮਕ) ਰੋਗ ਚੰਬੜਿਆ ਹੋਇਆ ਹੈ ਕਿ ਮੈਂ (ਵਿਦਵਾਨ) ਹਾਂ, ਮੈਂ (ਵਿਦਵਾਨ) ਹਾਂ।

ਅੰਤਰ ਆਤਮੈ ਬ੍ਰਹਮੁ ਨ ਚੀਨਿ੍ਆ ਮਾਇਆ ਕਾ ਮੁਹਤਾਜੁ ਭਇਆ ॥੭॥

ਤੂੰ ਆਪਣੇ ਅੰਦਰ (ਵੱਸਦੇ) ਪਰਮਾਤਮਾ ਨੂੰ ਪਛਾਣ ਨਹੀਂ ਸਕਿਆ, (ਇਸੇ ਵਾਸਤੇ ਤੇਰਾ ਆਪਾ) ਮਾਇਆ (ਦੇ ਲਾਲਚ) ਦੇ ਅਧੀਨ ਹੈ ॥੭॥

ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ ॥

ਹੇ ਮੂਰਖ! (ਹੋਰਨਾਂ ਨੂੰ ਮੱਤਾਂ ਦੇਂਦਾ) ਤੂੰ ਆਪ ਕਾਮ ਵਾਸਨਾ ਵਿਚ ਕ੍ਰੋਧ ਵਿਚ (ਫਸ ਕੇ) ਕੁਰਾਹੇ ਪਿਆ ਹੋਇਆ ਹੈਂ।

ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ ॥੮॥

ਤੂੰ (ਧਰਮ ਪੁਸਤਕ) ਪੜ੍ਹਦਾ ਹੈਂ, ਅਰਥ ਵਿਚਾਰਦਾ ਹੈਂ, ਤੇ ਹੋਰਨਾਂ ਨੂੰ ਸੁਣਾਂਦਾ ਭੀ ਹੈਂ, ਪਰ (ਸਹੀ ਜੀਵਨ-ਰਾਹ) ਸਮਝਣ ਤੋਂ ਬਿਨਾ ਤੂੰ (ਲਾਲਚ ਦੇ ਹੜ੍ਹ ਵਿਚ) ਡੁੱਬ ਕੇ ਆਤਮਕ ਮੌਤੇ ਮਰ ਚੁਕਾ ਹੈਂ ॥੮॥

ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ ॥

ਹੇ ਮੂਰਖ (ਪੰਡਿਤ!) ਤੂੰ (ਅੰਦਰੋਂ) ਕ੍ਰੋਧ ਨਾਲ ਸੜਿਆ ਹੋਇਆ ਹੈਂ, ਤੇਰਾ ਹਿਰਦਾ-ਥਾਂ (ਲਾਲਚ ਨਾਲ) ਗੰਦਾ ਹੋਇਆ ਪਿਆ ਹੈ।

ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨੁ ਨ ਤੁਧੁ ਲਇਆ ॥੯॥

ਹੇ ਮੂਰਖ! ਤੂੰ ਹਰੇਕ (ਜਜਮਾਨ ਦੇ) ਘਰ ਵਿਚ (ਮਾਇਕ ਦੱਛਣਾ ਵਾਸਤੇ ਤਾਂ) ਤੁਰਿਆ ਫਿਰਦਾ ਹੈਂ, ਪਰ ਪ੍ਰਭੂ ਦੇ ਨਾਮ ਦੀ ਦੱਛਣਾ ਤੂੰ ਅਜੇ ਤਕ ਕਿਸੇ ਪਾਸੋਂ ਨਹੀਂ ਲਈ ॥੯॥

ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥

ਹੇ ਮੂਰਖ! ਤੂੰ ਸੰਸਾਰ (ਦੇ ਮੋਹ-ਜਾਲ) ਵਿਚ (ਇਤਨਾ) ਉਲਝ ਰਿਹਾ ਹੈਂ ਕਿ ਇਸ ਵਿਚੋਂ ਪਾਰਲੇ ਪਾਸੇ ਨਹੀਂ ਲੰਘ ਸਕਦਾ।

ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥

ਹੇ ਮੂਰਖ! (ਤੇਰੇ ਆਪਣੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਤੈਨੂੰ (ਉਸੇ) ਕੁਰਾਹੇ ਪਾ ਦਿੱਤਾ ਹੈ (ਜਿਧਰ ਤੇਰੀ ਰੁਚੀ ਬਣੀ ਹੋਈ ਹੈ, ਤੇ) ਉਹਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਇਕੱਠ ਦਾ ਲੇਖ ਤੇਰੇ ਮੱਥੇ ਉਤੇ (ਇਤਨਾ) ਉਕਰਿਆ ਪਿਆ ਹੈ (ਕਿ ਤੈਨੂੰ ਸਹੀ ਰਸਤੇ ਦੀ ਸੂਝ ਨਹੀਂ ਪੈਂਦੀ, ਪਰ ਤੂੰ ਹੋਰਨਾਂ ਨੂੰ ਮੱਤਾਂ ਦੇਂਦਾ ਫਿਰਦਾ ਹੈਂ) ॥੧੦॥

ਭਭੈ ਭਵਜਲਿ ਡੁਬੋਹੁ ਮੂੜੇ ਮਾਇਆ ਵਿਚਿ ਗਲਤਾਨੁ ਭਇਆ ॥

ਹੇ ਮੂਰਖ! ਤੂੰ ਮਾਇਆ (ਦੇ ਮੋਹ) ਵਿਚ ਇਤਨਾ ਮਸਤ ਹੈਂ ਕਿ ਤੈਨੂੰ ਹੋਰ ਕੁਝ ਸੁੱਝਦਾ ਹੀ ਨਹੀਂ, ਤੂੰ ਸੰਸਾਰ-ਸਮੁੰਦਰ (ਦੀਆਂ ਮੋਹ ਦੀਆਂ ਲਹਰਾਂ) ਵਿਚ ਗੋਤੇ ਖਾ ਰਿਹਾ ਹੈਂ (ਆਪਣੇ ਬਚਾਉ ਵਾਸਤੇ ਤੂੰ ਕੋਈ ਉੱਦਮ ਨਹੀਂ ਕਰਦਾ)।

ਗੁਰਪਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰਿ ਪਇਆ ॥੧੧॥

(ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਕਿਰਪਾ ਨਾਲ ਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਇਸ ਸੰਸਾਰ-ਸਮੁੰਦਰ ਤੋਂ ਇਕ ਪਲ ਵਿਚ ਪਾਰ ਲੰਘ ਜਾਂਦਾ ਹੈ ॥੧੧॥

ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ ॥

ਹੇ ਮੂਰਖ (ਭਾਗਾਂ ਨਾਲ) ਮਨੁੱਖਾਂ ਜਨਮ (ਮਿਲਣ) ਦੀ ਵਾਰੀ ਆਈ ਸੀ, ਪਰ (ਇਸ ਅਮੋਲਕ ਜਨਮ ਵਿਚ ਭੀ) ਤੈਨੂੰ ਪਰਮਾਤਮਾ ਭੁੱਲਿਆ ਹੀ ਰਿਹਾ।

ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥

ਹੇ ਮੂਰਖ! (ਜੇ ਖੁੰਝਿਆ ਹੀ ਰਿਹੋਂ ਤਾਂ) ਇਹ ਸਮਾਂ ਮੁੜ ਨਹੀਂ ਲੱਭ ਸਕੇਂਗਾ (ਤੇ ਮਾਇਆ ਦੇ ਮੋਹ ਵਿਚ ਫਸਿਆ ਰਹਿ ਕੇ) ਤੂੰ ਜਮ ਦੇ ਵੱਸ ਪੈ ਜਾਹਿਂਗਾ (ਜਨਮ ਮਰਨ ਦੇ ਗੇੜ ਵਿਚ ਜਾ ਪਏਂਗਾ) ॥੧੨॥

ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥

ਹੇ ਮੂਰਖ! ਤੂੰ ਪੂਰੇ ਗੁਰੂ ਦਾ ਉਪਦੇਸ਼ ਧਾਰਨ ਕਰ ਕੇ ਵੇਖ ਲੈ, (ਮਾਇਆ ਆਦਿਕ ਦੀ ਖ਼ਾਤਰ) ਤੈਨੂੰ ਕਦੇ ਹਾਹੁਕੇ ਨਹੀਂ ਲੈਣੇ ਪੈਣਗੇ (ਕਿਉਂਕਿ ਮਾਇਆ-ਮੋਹ ਦਾ ਜਾਲ ਹੀ ਟੁੱਟ ਜਾਇਗਾ),

ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥੧੩॥

ਪਰ ਜੇ ਪੂਰੇ ਗੁਰੂ ਦੀ ਸਰਨ ਨਹੀਂ ਪਏਂਗਾ ਤਾਂ ਕੋਈ (ਰਸਮੀ) ਗੁਰੂ (ਇਹਨਾਂ ਹਾਹੁਕਿਆਂ ਤੋਂ ਬਚਾ) ਨਹੀਂ (ਸਕਦਾ)। ਜੇਹੜਾ ਮਨੁੱਖ ਪੂਰੇ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, (ਕੁਰਾਹੇ ਪੈਣ ਕਰ ਕੇ) ਉਹ ਬਦਨਾਮੀ ਹੀ ਖੱਟਦਾ ਹੈ ॥੧੩॥

ਧਧੈ ਧਾਵਤ ਵਰਜਿ ਰਖੁ ਮੂੜੇ ਅੰਤਰਿ ਤੇਰੈ ਨਿਧਾਨੁ ਪਇਆ ॥

ਹੇ ਮੂਰਖ! ਆਤਮਕ ਸੁਖ ਦਾ ਖ਼ਜ਼ਾਨਾ ਪਰਮਾਤਮਾ ਤੇਰੇ ਅੰਦਰ ਵੱਸ ਰਿਹਾ ਹੈ (ਪਰ ਤੂੰ ਸੁਖ ਲੱਭਣ ਵਾਸਤੇ ਬਾਹਰ ਭਟਕਦਾ ਫਿਰਦਾ ਹੈਂ) ਬਾਹਰ ਭਟਕਦੇ ਮਨ ਨੂੰ ਰੋਕ ਕੇ ਰੱਖ!

ਗੁਰਮੁਖਿ ਹੋਵਹਿ ਤਾ ਹਰਿ ਰਸੁ ਪੀਵਹਿ ਜੁਗਾ ਜੁਗੰਤਰਿ ਖਾਹਿ ਪਇਆ ॥੧੪॥

ਜੇ ਤੂੰ ਗੁਰੂ ਦੇ ਦੱਸੇ ਰਸਤੇ ਉਤੇ ਤੁਰੇਂ ਤਾਂ (ਅੰਦਰ ਵੱਸਦੇ) ਪਰਮਾਤਮਾ ਦੇ ਨਾਮ ਦਾ ਰਸ ਪੀਵੇਂਗਾ, ਸਦਾ ਲਈ ਇਹ ਨਾਮ-ਰਸ ਵਰਤਦਾ ਰਹੇਂਗਾ (ਕਦੇ ਮੁੱਕੇਗਾ ਨਹੀਂ) ॥੧੪॥

ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥

ਹੇ ਮੂਰਖ! ਪਰਮਾਤਮਾ (ਦੇ ਨਾਮ) ਨੂੰ ਆਪਣੇ ਚਿੱਤ ਵਿਚ ਵਸਾ ਲੈ (ਤਦੋਂ ਹੀ ਉਸ ਨਾਲ ਮਿਲਾਪ ਹੋਵੇਗਾ), ਨਿਰੀਆਂ ਗੱਲਾਂ ਨਾਲ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।

ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥

ਹੇ ਮੂਰਖ! ਗੁਰੂ ਦੇ ਚਰਨ ਹਿਰਦੇ ਵਿਚ ਟਿਕਾਈ ਰੱਖ, ਪਿਛਲੇ ਕੀਤੇ ਹੋਏ ਸਾਰੇ ਪਾਪ ਬਖ਼ਸ਼ੇ ਜਾਣਗੇ ॥੧੫॥

ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥

ਹੇ ਮੂਰਖ! ਜੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸਿੱਖ ਲਏਂ ਤਾਂ ਤੈਨੂੰ ਸਦਾ ਆਤਮਕ ਅਨੰਦ ਮਿਲਿਆ ਰਹੇ।

ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਿਤਨਾ ਹੀ (ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਮਾਇਆ ਸੰਬੰਧੀ ਹੋਰ ਹੋਰ ਲੇਖੇ) ਪੜ੍ਹਦੇ ਹਨ, ਉਤਨੀ ਹੀ ਵਧੀਕ ਅਸ਼ਾਂਤੀ ਖੱਟਦੇ ਹਨ, ਤੇ ਗੁਰੂ ਦੀ ਸਰਨ ਤੋਂ ਬਿਨਾ (ਇਸ ਅਸ਼ਾਂਤੀ ਤੋਂ) ਖ਼ਲਾਸੀ ਨਹੀਂ ਹੁੰਦੀ ॥੧੬॥

ਰਾਰੈ ਰਾਮੁ ਚਿਤਿ ਕਰਿ ਮੂੜੇ ਹਿਰਦੈ ਜਿਨ੍ਰ ਕੈ ਰਵਿ ਰਹਿਆ ॥

ਹੇ ਮੂਰਖ! ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ! ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਸਦਾ ਵੱਸਦਾ ਰਹਿੰਦਾ ਹੈ,

ਗੁਰਪਰਸਾਦੀ ਜਿਨ੍ਰੀ ਰਾਮੁ ਪਛਾਤਾ ਨਿਰਗੁਣ ਰਾਮੁ ਤਿਨ੍ਰੀ ਬੂਝਿ ਲਹਿਆ ॥੧੭॥

(ਜਿਨ੍ਹਾਂ ਨੂੰ ਪ੍ਰਭੂ ਸਦਾ ਯਾਦ ਹੈ, ਉਹਨਾਂ ਦੀ ਸੰਗਤਿ ਵਿਚ ਰਹਿ ਕੇ) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ (ਹੋਰ) ਬੰਦਿਆਂ ਨੇ ਪਰਮਾਤਮਾ ਨਾਲ ਸਾਂਝ ਪਾਈ, ਉਹਨਾਂ ਮਾਇਆ ਤੋਂ ਨਿਰਲੇਪ ਪ੍ਰਭੂ (ਦਾ ਅਸਲਾ) ਸਮਝ ਕੇ ਉਸ ਨਾਲ ਮਿਲਾਪ ਪ੍ਰਾਪਤ ਕਰ ਲਿਆ ॥੧੭॥

ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥

ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਨਹੀਂ ਕੀਤਾ ਜਾ ਸਕਦਾ।

ਨਾਨਕ ਜਿਨ੍ਰ ਕਉ ਸਤਿਗੁਰੁ ਮਿਲਿਆ ਤਿਨ੍ਰ ਕਾ ਲੇਖਾ ਨਿਬੜਿਆ ॥੧੮॥੧॥੨॥

ਹੇ ਨਾਨਕ! ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ (ਉਹ ਨਿਰੀ ਮਾਇਆ ਦੇ ਲੇਖੇ ਲਿਖਣ ਪੜ੍ਹਨ ਦੇ ਥਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦੇ ਹਨ, ਇਸ ਤਰ੍ਹਾਂ) ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰਾਂ ਦਾ ਹਿਸਾਬ ਮੁੱਕ ਜਾਂਦਾ ਹੈ ॥੧੮॥੧॥੨॥


ਰਾਗੁ ਆਸਾ ਮਹਲਾ ੧ ਛੰਤ ਘਰੁ ੧ ॥

ਰਾਗ ਆਸਾ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥

ਹੇ ਜੋਬਨ ਵਿਚ ਮੱਤੀ ਅੰਞਾਣ ਇਸਤ੍ਰੀਏ! (ਆਪਣੇ ਪਤੀ-ਪ੍ਰਭੂ ਨੂੰ ਹਿਰਦੇ ਵਿਚ ਵਸਾ ਲੈ) ਪਿਆਰਾ ਪ੍ਰਭੂ ਹੀ ਆਨੰਦ ਦਾ ਸੋਮਾ ਹੈ।

ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥

ਜਿਸ ਜੀਵ-ਇਸਤ੍ਰੀ ਨਾਲ ਪ੍ਰਭੂ-ਪਤੀ ਦਾ ਬਹੁਤਾ ਪ੍ਰੇਮ ਬਣਦਾ ਹੈ ਉਹ ਬੜੇ ਚਾਉ ਨਾਲ ਦਇਆਲ ਪ੍ਰਭੂ ਨੂੰ ਪਿਆਰ ਕਰਦੀ ਹੈ।

ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥

ਪ੍ਰਭੂ ਸੁਆਮੀ ਆਪ ਕਿਰਪਾ ਕਰਦਾ ਹੈ ਤਦੋਂ ਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ।

ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥

ਪਤੀ-ਪ੍ਰਭੂ ਦੀ ਸੰਗਤਿ ਵਿਚ ਉਸ ਦਾ ਹਿਰਦਾ-ਸੇਜ ਸੋਹਣਾ ਬਣ ਜਾਂਦਾ ਹੈ, ਉਸ ਦੇ ਪੰਜ ਗਿਆਨ-ਇੰਦ੍ਰੇ ਉਸ ਦਾ ਮਨ ਤੇ ਉਸ ਦੀ ਬੁੱਧੀ ਇਹ ਸਾਰੇ ਨਾਮ-ਅੰਮ੍ਰਿਤ ਨਾਲ ਭਰਪੂਰ ਹੋ ਜਾਂਦੇ ਹਨ।

ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ ॥

ਹੇ ਸਦਾ-ਥਿਰ ਰਹਿਣ ਵਾਲੇ ਦਇਆਲ ਪ੍ਰਭੂ! ਮੇਰੇ ਉਤੇ ਮੇਹਰ ਕਰ ਕਿਰਪਾ ਕਰ, ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੇ ਗੁਣ ਗਾਵਾਂ।

ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥੧॥

ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਪਤੀ ਦੇ ਮਿਲਾਪ ਦਾ ਚਾਉ ਪੈਦਾ ਹੁੰਦਾ ਹੈ ਉਹ ਹਰੀ-ਖਸਮ ਦਾ ਦੀਦਾਰ ਕਰ ਕੇ (ਅੰਤਰ ਆਤਮੇ) ਪ੍ਰਸੰਨ ਹੁੰਦੀ ਹੈ ॥੧॥

ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥

ਹੇ ਆਤਮਕ ਅਡੋਲਤਾ ਵਿਚ ਟਿਕੀ ਸੁੰਦਰ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! ਮੇਰੀ ਇਕ ਪਿਆਰ-ਭਰੀ ਬੇਨਤੀ ਸੁਣ।

ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ ॥

(ਮੈਨੂੰ ਭੀ ਰਾਹੇ ਪਾ ਕਿ) ਮੈਨੂੰ ਭਗਤੀ ਵਿਚ ਪ੍ਰਭੂ ਪਿਆਰਾ ਲੱਗੇ ਤੇ ਮੈਂ ਪ੍ਰਭੂ ਦੇ ਨਾਲ ਰੱਤੀ ਜਾਵਾਂ।

ਪ੍ਰਭ ਪ੍ਰੇਮਿ ਰਾਤੀ ਹਰਿ ਬਿਨੰਤੀ ਨਾਮਿ ਹਰਿ ਕੈ ਸੁਖਿ ਵਸੈ ॥

ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੱਤੀ ਰਹਿੰਦੀ ਹੈ ਤੇ ਉਸ ਦੇ ਦਰ ਤੇ ਬੇਨਤੀਆਂ ਕਰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜ ਕੇ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦੀ ਹੈ।

ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥

ਹੇ ਪ੍ਰਭੂ! ਜੇਹੜੀਆਂ ਜੀਵ ਇਸਤ੍ਰੀਆਂ ਜਦੋਂ ਤੇਰੇ ਗੁਣ ਪਛਾਣਦੀਆਂ ਹਨ ਤਦੋਂ ਉਹ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੀਆਂ ਹਨ, ਉਹਨਾਂ ਦੇ ਹਿਰਦੇ ਵਿਚ ਗੁਣ ਆ ਟਿਕਦੇ ਹਨ ਤੇ ਔਗੁਣ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦੇ ਹਨ।

ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ ॥

ਹੇ ਪ੍ਰਭੂ! ਮੈਂ ਤੈਥੋਂ ਬਿਨਾ ਇਕ ਤਿਲ ਜਿਤਨਾ ਸਮਾ ਭੀ ਜੀਊ ਨਹੀਂ ਸਕਦੀ (ਮੇਰੀ ਜਿੰਦ ਵਿਆਕੁਲ ਹੋ ਪੈਂਦੀ ਹੈ) ਤੇ (ਤੇਰੇ ਨਾਮ ਤੋਂ ਬਿਨਾ ਕੁਝ ਹੋਰ) ਆਖਣ ਨਾਲ ਜਾਂ ਸੁਣਨ ਨਾਲ ਮੇਰਾ ਮਨ ਧੀਰਜ ਨਹੀਂ ਫੜਦਾ।

ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥੨॥

ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪ੍ਰਭੂ ਨੂੰ ‘ਹੇ ਪਿਆਰੇ! ਹੇ ਪਿਆਰੇ!’ ਆਖ ਆਖ ਕੇ ਯਾਦ ਕਰਦੀ ਰਹਿੰਦੀ ਹੈ ਉਸ ਦੀ ਜੀਭ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਂਦਾ ਹੈ ॥੨॥

ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ ॥

ਹੇ (ਸਤਸੰਗੀ) ਸਹੇਲੀਹੋ! ਪਰਮਾਤਮਾ ਪ੍ਰੇਮ ਦਾ ਵਪਾਰੀ ਹੈ।

ਹਰਿ ਨਾਮੁੋ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥

ਜਿਸ ਨੇ ਉਸ ਦਾ ਨਾਮ ਵਿਹਾਝਿਆ ਹੈ ਉਹ ਉਸ ਦੇ ਨਾਮ-ਰਸ ਵਿਚ ਭਿੱਜ ਕੇ ਇਤਨੇ ਉੱਚੇ ਆਤਮਕ-ਜੀਵਨ ਵਾਲੀ ਹੋ ਜਾਂਦੀ ਹੈ ਕਿ ਉਸ ਦਾ ਮੁੱਲ ਨਹੀਂ ਪੈ ਸਕਦਾ।

ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ ॥

ਉਹ ਜੀਵ-ਸਖੀ ਬੇਅੰਤ ਮੁੱਲ ਵਾਲੀ ਹੋ ਜਾਂਦੀ ਹੈ, ਪਿਆਰੇ-ਪ੍ਰਭੂ ਦੇ ਸਦਾ-ਥਿਰ ਚਰਨਾਂ ਵਿਚ ਉਹ ਜੁੜੀ ਰਹਿੰਦੀ ਹੈ। ਉਹੀ ਜੀਵ-ਇਸਤ੍ਰੀ ਚੰਗੀ ਸਮਝੋ ਜੋ ਪਤੀ-ਪ੍ਰਭੂ ਨੂੰ ਪਿਆਰੀ ਲੱਗਦੀ ਹੈ।

ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ ॥

ਅਨੇਕਾਂ ਹੀ ਹਨ ਜੋ ਪ੍ਰਭੂ ਦੀ ਯਾਦ ਵਿਚ ਜੁੜ ਕੇ ਆਤਮਕ ਆਨੰਦ ਮਾਣਦੀਆਂ ਹਨ, ਮੈਂ ਉਹਨਾਂ ਦੇ ਦਰ ਤੇ ਖਲੋ ਕੇ ਬੇਨਤੀ ਕਰਦੀ ਹਾਂ (ਕਿ ਮੇਰੀ ਸਹਾਇਤਾ ਕਰੋ ਮੈਂ ਭੀ ਪ੍ਰਭੂ ਨੂੰ ਯਾਦ ਕਰ ਸਕਾਂ)।

ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ ॥

ਪਰਮਾਤਮਾ ਹੀ ਸਾਰੇ ਜਗਤ ਦਾ ਮੂਲ ਹੈ ਜੋ ਸਭ ਕੁਝ ਕਰਨ-ਯੋਗ ਹੈ ਜੋ ਮਾਇਆ ਦਾ ਪਤੀ ਹੈ ਤੇ ਉਸ ਜੀਵ-ਇਸਤ੍ਰੀ ਦੇ ਮਨੁੱਖਾ ਜਨਮ ਦੇ ਮਨੋਰਥ ਨੂੰ ਸਫਲ ਕਰਦਾ ਹੈ।

ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥੩॥

ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਹੁੰਦੀ ਹੈ ਉਹ ਭਾਗਾਂ ਵਾਲੀ ਹੈ, ਗੁਰੂ ਦਾ ਸ਼ਬਦ ਉਸ ਦੇ ਹਿਰਦੇ ਨੂੰ ਸਹਾਰਾ ਦੇਈ ਰੱਖਦਾ ਹੈ ॥੩॥

ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥

ਹੇ ਸਹੇਲੀਹੋ! ਮੇਰੇ ਹਿਰਦੇ-ਘਰ ਵਿਚ, ਮਾਨੋ, ਅਟੱਲ ਖ਼ੁਸ਼ੀਆਂ-ਭਰਿਆ ਗੀਤ ਹੋਣ ਲੱਗ ਪਿਆ ਹੈ, ਕਿਉਂਕਿ ਮਿਤ੍ਰ-ਪ੍ਰਭੂ ਮੇਰੇ ਅੰਦਰ ਆ ਵੱਸਿਆ ਹੈ।

ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ ॥

ਉਹ ਪ੍ਰਭੂ ਉਹਨਾਂ ਜੀਵਾਂ ਨੂੰ ਮਿਲ ਪੈਂਦਾ ਹੈ ਜੋ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਪਣਾ ਮਨ ਉਸ ਦੇ ਹਵਾਲੇ ਕਰਦੇ ਹਨ ਤੇ ਉਹ ਨਾਮ ਹਾਸਲ ਕਰਦੇ ਹਨ।

ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ ॥

ਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਪ੍ਰਭੂ-ਖਸਮ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਫਿਰ ਆਪਣੀ ਰਜ਼ਾ ਅਨੁਸਾਰ ਪ੍ਰਭੂ ਉਸ ਜੀਵ ਇਸਤ੍ਰੀ ਨਾਲ ਮਿਲਿਆ ਰਹਿੰਦਾ ਹੈ।

ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥

ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣਾ ਮਨ ਤੇ ਆਪਣਾ ਹਿਰਦਾ ਪ੍ਰਭੂ-ਪਤੀ ਦੇ ਭੇਟ ਕਰਦੀ ਹੈ ਉਹ ਆਪਣੇ ਭਾਗਾਂ ਵਾਲੇ ਹਿਰਦੇ-ਘਰ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪਾ ਲੈਂਦੀ ਹੈ।

ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ ॥

ਪ੍ਰਭੂ ਕਿਸੇ ਸਿਆਣਪ ਨਾਲ ਕਿਸੇ ਅਕਲ ਨਾਲ ਕਿਸੇ (ਧਾਰਮਿਕ ਪੁਸਤਕਾਂ ਦੇ) ਪਾਠ ਨਾਲ ਨਹੀਂ ਮਿਲਦਾ, ਉਹ ਤਾਂ ਪ੍ਰੇਮ ਦੀ ਰਾਹੀਂ ਮਿਲਦਾ ਹੈ, ਉਸ ਨੂੰ ਮਿਲਦਾ ਹੈ ਜਿਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਹੈ।

ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥੪॥੧॥

ਹੇ ਨਾਨਕ! (ਆਖ-) ਹੇ ਮੇਰੇ ਠਾਕੁਰ! ਹੇ ਮੇਰੇ ਮਿੱਤਰ! (ਮੇਹਰ ਕਰ ਮੈਨੂੰ ਆਪਣਾ ਬਣਾਈ ਰੱਖ) ਮੈਂ (ਤੈਥੋਂ ਬਿਨਾ) ਕਿਸੇ ਹੋਰ ਦਾ ਨਾਹ ਬਣਾਂ ॥੪॥੧॥


ਆਸਾ ਮਹਲਾ ੧ ॥

ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥
ਹੁਣ ਮੇਰੇ ਅੰਦਰ (ਮਾਨੋ) ਘੁੰਘਰੂਆਂ ਝਾਂਜਰਾਂ ਦੀ ਛਣਕਾਰ ਦੇਣ ਵਾਲਾ (ਵਾਜਾ) ਇਕ-ਰਸ ਵੱਜ ਰਿਹਾ ਹੈ,

ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ ॥

ਕਿਉਂ ਕਿ ਮੇਰਾ ਮਨ ਪਿਆਰੇ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਗਿਆ ਹੈ।

ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥

ਮੇਰਾ ਮਨ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਮਤਵਾਲਾ ਰਹਿੰਦਾ ਹੈ, ਮਸਤ ਰਹਿੰਦਾ ਹੈ, ਮੈਂ ਹੁਣ ਅਜੇਹੇ ਉੱਚੇ ਮੰਡਲ ਵਿਚ ਟਿਕਾਣਾ ਲੱਭ ਲਿਆ ਹੈ ਜਿਥੇ ਕੋਈ ਮਾਇਕ ਫੁਰਨਾ ਨਹੀਂ ਉਠਦਾ।

ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ ॥

ਸਤਿਗੁਰੂ ਨੇ ਮੈਨੂੰ ਉਹ ਅਦ੍ਰਿਸ਼ਟ ਪ੍ਰਭੂ ਵਿਖਾ ਦਿੱਤਾ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਦਾ ਪਿਆਰਾ ਹੈ ਤੇ ਜਿਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ।

ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥

ਮੇਰਾ ਮਨ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਉਸ ਨਾਰਾਇਣ ਵਿਚ ਮਸਤ ਰਹਿੰਦਾ ਹੈ ਜੋ ਆਪਣੇ ਆਸਣ ਉਤੇ ਆਪਣੇ ਤਖ਼ਤ ਉਤੇ ਸਦਾ ਅਡੋਲ ਰਹਿੰਦਾ ਹੈ।

ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥੧॥

ਹੇ ਨਾਨਕ! ਜਿਨ੍ਹਾਂ ਬੰਦਿਆਂ ਦੇ ਮਨ ਪ੍ਰਭੂ ਦਾ ਨਾਮ ਵਿੱਚ ਰੰਗੇ ਜਾਂਦੇ ਹਨ (ਪ੍ਰਭੂ-ਨਾਮ ਦੇ) ਮਤਵਾਲੇ ਹੋ ਜਾਂਦੇ ਹਨ, ਉਹਨਾਂ ਦੇ ਅੰਦਰ, (ਮਾਨੋ) ਝਾਂਜਰਾਂ ਘੁੰਘਰੂਆਂ ਦੀ ਛਣਕਾਰ ਦੇਣ ਵਾਲਾ (ਵਾਜਾ) ਇਕ-ਰਸ ਵੱਜਦਾ ਹੈ ॥੧॥

ਤਿਤੁ ਅਗਮ ਤਿਤੁ ਅਗਮ ਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ ॥

(ਹੇ ਸਹੇਲੀਏ!) ਦੱਸ, ਉਸ ਅਪਹੁੰਚ ਪਰਮਾਤਮਾ ਦੇ ਸ਼ਹਰ ਵਿਚ ਕਿਸ ਤਰੀਕੇ ਨਾਲ ਜਾਈਦਾ ਹੈ।

ਸਚੁ ਸੰਜਮੋ ਸਾਰਿ ਗੁਣਾ ਗੁਰਸਬਦੁ ਕਮਾਈਐ ਰਾਮ ॥

(ਸਹੇਲੀ ਉੱਤਰ ਦੇਂਦੀ ਹੈ-ਹੇ ਭੈਣ!) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ, (ਸਿਮਰਨ ਦੀ ਬਰਕਤਿ ਨਾਲ) ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕ ਕੇ, ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਸਤਿਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ।

ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ ॥

ਸਦਾ-ਥਿਰ ਪ੍ਰਭੂ ਨਾਲ ਮਿਲਾਣ ਵਾਲਾ ਗੁਰ-ਸ਼ਬਦ ਕਮਾਇਆਂ ਆਪਣੇ ਘਰ ਵਿਚ (ਸ੍ਵੈ-ਸਰੂਪ ਵਿਚ) ਅੱਪੜ ਜਾਈਦਾ ਹੈ, ਤੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਈਦਾ ਹੈ।

ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥

ਉਸ ਪ੍ਰਭੂ ਦਾ ਆਸਰਾ ਲੈ ਕੇ ਉਸ ਦੀਆਂ ਟਹਣੀਆਂ ਡਾਲੀਆਂ ਜੜ੍ਹ ਪੱਤਰ (ਆਦਿਕ, ਭਾਵ, ਉਸ ਦੇ ਰਚੇ ਜਗਤ) ਦਾ ਆਸਰਾ ਲੈਣ ਦੀ ਲੋੜ ਨਹੀਂ ਪੈਂਦੀ (ਕਿਉਂਕਿ) ਉਹ ਪਰਮਾਤਮਾ ਸਭਨਾਂ ਦੇ ਸਿਰ ਉਤੇ ਪਰਧਾਨ ਹੈ।

ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥

ਇਹ ਲੁਕਾਈ ਜਪ ਕਰ ਕੇ ਤਪ ਸਾਧ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਹਾਰ ਗਈ ਹੈ, (ਇਸ ਕਿਸਮ ਦੇ) ਹਠ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ।

ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥੨॥

ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਜਗਤ ਦੇ ਆਸਰੇ ਪ੍ਰਭੂ ਨੂੰ ਮਿਲ ਪੈਂਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ (ਦਿੱਤੀ) ਮਤਿ ਨੇ (ਸਹੀ ਜੀਵਨ-ਰਾਹ) ਸਮਝਾ ਦਿੱਤਾ ਹੈ ॥੨॥

ਗੁਰੁ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ ॥

ਗੁਰੂ (ਇਕ) ਸਮੁੰਦਰ ਹੈ, ਗੁਰੂ ਰਤਨਾਂ ਦੀ ਖਾਣ ਹੈ, ਉਸ ਵਿਚ (ਸੁਚੱਜੀ ਜੀਵਨ-ਸਿੱਖਿਆ ਦੇ), ਅਨੇਕਾਂ ਰਤਨ ਹਨ।

ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥

(ਹੇ ਸਹੇਲੀਏ! ਉਸ ਵਿਚ) ਪੰਜੇ ਗਿਆਨ-ਇੰਦ੍ਰਿਆਂ ਮਨ ਤੇ ਬੁੱਧੀ ਸਮੇਤ ਇਸ਼ਨਾਨ ਕਰ, ਤੇਰਾ ਮਨ ਪਵਿਤ੍ਰ ਹੋ ਜਾਇਗਾ।

ਨਿਰਮਲ ਜਲਿ ਨ੍ਰਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥

ਜੀਵ (ਗੁਰ-ਸ਼ਬਦ ਰੂਪ) ਪਵਿਤ੍ਰ ਜਲ ਵਿਚ ਤਦੋਂ ਹੀ ਇਸ਼ਨਾਨ ਕਰ ਸਕਦਾ ਹੈ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, (ਗੁਰੂ ਦੇ ਸ਼ਬਦ ਦੀ) ਵਿਚਾਰ ਦੀ ਬਰਕਤਿ ਨਾਲ ਇਸ ਨੂੰ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਪੰਜੇ ਹੀ ਪ੍ਰਾਪਤ ਹੋ ਜਾਂਦੇ ਹਨ,

ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥

ਅਤੇ ਕਾਮ ਕ੍ਰੋਧ ਖੋਟ (ਮਾਇਆ ਦਾ ਮੋਹ ਆਦਿਕ) ਤਿਆਗ ਕੇ ਜੀਵ ਸਦਾ-ਥਿਰ ਪ੍ਰਭੂ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ।

ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥

ਜੇਹੜਾ ਮਨੁੱਖ ਦੀਨਾਂ ਤੇ ਦਇਆ ਕਰਨ ਵਾਲੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਅੰਦਰੋਂ ਹਉਮੈ, ਲੋਭ ਦੀ ਲਹਰ, ਤੇ ਲੱਬ (ਆਦਿਕ) ਮੁੱਕ ਜਾਂਦੇ ਹਨ।

ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥

ਹੇ ਨਾਨਕ! ਗੁਰੂ ਸਦਾ-ਥਿਰ ਪ੍ਰਭੂ ਗੋਪਾਲ ਦਾ ਰੂਪ ਹੈ, ਗੁਰੂ ਵਰਗਾ ਹੋਰ ਕੋਈ ਤੀਰਥ ਨਹੀਂ ਹੈ ॥੩॥

ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥

ਹੇ ਪ੍ਰਭੂ! ਮੈਂ ਹਰੇਕ ਜੰਗਲ ਵੇਖ ਚੁਕੀ ਹਾਂ, ਸਾਰੀ ਬਨਸਪਤੀ ਨੂੰ ਤੱਕ ਚੁਕੀ ਹਾਂ,

ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥

(ਮੈਨੂੰ ਯਕੀਨ ਆ ਗਿਆ ਹੈ ਕਿ) ਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਇਹ ਤਿੰਨੇ ਭਵਨ ਤੇਰੇ ਹੀ ਬਣਾਏ ਹੋਏ ਹਨ।

ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥

ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ, (ਭਾਵੇਂ ਇਹ ਸੰਸਾਰ ਤਾਂ ਨਾਸਵੰਤ ਹੈ, ਪਰ) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥

ਸਾਰੇ ਜੀਵ ਤੇਰੇ (ਦਰ ਦੇ) ਮੰਗਤੇ ਹਨ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਮੈਂ ਤੇਰੇ ਬਿਨਾ ਹੋਰ ਕਿਸ ਦੀ ਸਿਫ਼ਤ-ਸਾਲਾਹ ਕਰਾਂ?

ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥

ਹੇ ਦਾਤਾਰ! ਤੂੰ ਤਾਂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ (ਮੈਨੂੰ ਆਪਣੀ ਭਗਤੀ ਦੀ ਦਾਤ ਦੇਹ) ਭਗਤੀ ਦੀ ਦਾਤ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ।

ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ ॥੪॥੨॥

ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ (ਲੱਭ ਲੋਭ ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਮਿਲ ਸਕਦੀ ॥੪॥੨॥


ਆਸਾ ਮਹਲਾ ੧ ॥
ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥

(ਗੁਰੂ ਦੀ ਸਰਨ ਪੈ ਕੇ ਸ਼ਬਦ ਵਿਚ ਜੁੜ ਕੇ) ਮੇਰਾ ਮਨ ਉਸ ਪਿਆਰੇ ਪ੍ਰਭੂ ਦੇ ਨਾਮ-ਰੰਗ ਨਾਲ ਰੰਗਿਆ ਗਿਆ ਹੈ,

ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥

ਜੋ ਸਦਾ-ਥਿਰ ਰਹਿਣ ਵਾਲਾ ਹੈ, ਜੋ ਸਭ ਦਾ ਮਾਲਕ ਹੈ ਜੋ ਸਭ ਦਾ ਮੁੱਢ ਹੈ, ਜੋ ਸਭ ਵਿਚ ਵਿਆਪਕ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ ਤੇ ਜੋ ਸਭ ਨੂੰ ਆਸਰਾ ਦੇਂਦਾ ਹੈ।

ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥

ਉਹ ਪਰਮਾਤਮਾ ਅਪਹੁੰਚ ਹੈ, ਮੁਨੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਤੋਂ ਪਰੇ ਹੋਰ ਕੋਈ ਨਹੀਂ, ਬੇਅੰਤ ਹੈ ਤੇ ਸਭ ਤੋਂ ਵੱਡਾ ਹੈ।

ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥

ਸ੍ਰਿਸ਼ਟੀ ਦੇ ਸ਼ੁਰੂ ਤੋਂ ਜੁਗਾਂ ਦੇ ਸ਼ਰੂ ਤੋਂ ਚਲਿਆ ਆ ਰਿਹਾ ਹੈ, ਹੁਣ ਭੀ ਮੌਜੂਦ ਹੈ ਸਦਾ ਲਈ ਮੌਜੂਦ ਰਹੇਗਾ। ਹੋਰ ਸਾਰੇ ਸੰਸਾਰ ਨੂੰ ਨਾਸਵੰਤ ਜਾਣੋ।

ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥

ਮੇਰਾ ਮਨ ਸ਼ਾਸਤ੍ਰਾਂ ਦੇ ਦੱਸੇ ਹੋਏ ਧਾਰਮਿਕ ਕਰਮਾਂ ਦੀ ਸਾਰ ਨਹੀਂ ਜਾਣਦਾ, ਮੇਰੇ ਮਨ ਨੂੰ ਇਹ ਸੁਰਤਿ ਭੀ ਨਹੀਂ ਹੈ ਕਿ ਮੁਕਤੀ ਕਿਵੇਂ ਮਿਲਦੀ ਹੈ।

ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥੧॥

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੇਰਾ ਮਨ ਇਹੀ ਪਛਾਣਦਾ ਹੈ ਕਿ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥

ਮੇਰਾ ਮਨੋ ਮੇਰਾ ਮਨੁ ਮਾਨਿਆ ਨਾਮੁ ਸਖਾਈ ਰਾਮ ॥

(ਗੁਰੂ ਦੀ ਸਰਨ ਪੈ ਕੇ) ਮੇਰਾ ਮਨ, ਮੇਰਾ ਮਨ ਮੰਨ ਚੁਕਾ ਹੈ ਕਿ ਪਰਮਾਤਮਾ ਦਾ ਨਾਮ ਹੀ (ਅਸਲ) ਸਾਥੀ ਹੈ,

ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥

ਮਾਇਆ ਦੀ ਮਮਤਾ ਤੇ ਹਉਮੈ ਮਨੁੱਖ ਦੇ ਨਾਲ ਨਹੀਂ ਜਾਂਦੇ,ਹੇ ਪ੍ਰਭੂ!

ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥

ਮਾਂ, ਪਿਉ, ਭਰਾ, ਪੁੱਤਰ, ਧਨ, ਇਸਤ੍ਰੀ, ਦੁਨੀਆ ਵਾਲੀ ਚਤੁਰਾਈ (ਸਦਾ ਲਈ) ਸਾਥੀ ਨਹੀਂ ਬਣ ਸਕਦੇ।

ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਣ ਤਲੈ ਵੀਚਾਰੇ ॥

(ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ) ਮੈਂ (ਸਮੁੰਦਰ ਦੀ ਪੁਤ੍ਰੀ) ਮਾਇਆ ਦਾ ਮੋਹ ਉੱਕਾ ਤਿਆਗ ਦਿੱਤਾ ਹੈ, ਤੇ ਇਸ ਨੂੰ ਆਪਣੇ ਪੈਰਾਂ ਹੇਠ ਰੱਖਿਆ ਹੋਇਆ ਹੈ (ਭਾਵ, ਆਪਣੇ ਉਤੇ ਇਸ ਦਾ ਪ੍ਰਭਾਵ ਨਹੀਂ ਪੈਣ ਦੇਂਦਾ)।

ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥

(ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਆਦਿ ਪੁਰਖ ਨੇ (ਜਗਤ-ਰੂਪ) ਇਕ ਤਮਾਸ਼ਾ ਵਿਖਾਲ ਦਿੱਤਾ ਹੈ, ਮੈਂ ਜਿਧਰ ਵੇਖਦਾ ਹਾਂ ਉਧਰ ਉਹ ਪਰਮਾਤਮਾ ਹੀ ਮੈਨੂੰ ਦਿੱਸਦਾ ਹੈ।

ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥੨॥

ਹੇ ਨਾਨਕ! (ਆਖ-) ਮੈਂ ਪਰਮਾਤਮਾ ਦੀ ਭਗਤੀ (ਕਦੇ) ਨਹੀਂ ਵਿਸਾਰਦਾ (ਮੈਨੂੰ ਯਕੀਨ ਹੈ ਕਿ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸੁਤੇ ਹੀ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥

ਮੇਰਾ ਮਨੋ ਮੇਰਾ ਮਨੁ ਨਿਰਮਲੁ ਸਾਚੁ ਸਮਾਲੇ ਰਾਮ ॥

ਸਦਾ-ਥਿਰ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਸੰਭਾਲ ਕੇ ਮੇਰਾ ਮਨ, ਮੇਰਾ ਮਨ ਪਵਿਤ੍ਰ ਹੋ ਗਿਆ ਹੈ।

ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥

(ਜੀਵਨ-ਪੰਧ ਵਿਚ) ਮੈਂ ਔਗੁਣ (ਆਪਣੇ ਅੰਦਰੋਂ) ਮਿਟਾ ਕੇ ਤੁਰ ਰਿਹਾ ਹਾਂ, ਮੇਰੇ ਨਾਲ ਗੁਣਾਂ ਦਾ ਸਾਥ ਬਣ ਗਿਆ ਹੈ।

ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥

ਜੇਹੜਾ ਮਨੁੱਖ ਗੁਰੂ ਦੀ ਰਾਹੀਂ ਔਗੁਣ ਤਿਆਗ ਕੇ (ਨਾਮ-ਸਿਮਰਨ ਦੀ) ਸ੍ਰੇਸ਼ਟ ਕਰਣੀ ਕਰਦਾ ਹੈ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੱਚਾ ਮੰਨਿਆ ਜਾਂਦਾ ਹੈ।

ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥

ਉਹ ਮਨੁੱਖ ਆਪਣਾ ਜਨਮ ਮਰਣ ਦਾ ਗੇੜ ਮੁਕਾ ਲੈਂਦਾ ਹੈ, ਉਹ ਜਗਤ ਦੇ ਮੂਲ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ।

ਸਾਜਨੁ ਮੀਤੁ ਸੁਜਾਣੁ ਸਖਾ ਤੂੰ ਸਚਿ ਮਿਲੈ ਵਡਿਆਈ ॥

ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਮਿੱਤਰ ਹੈਂ ਤੂੰ ਹੀ ਮੇਰੇ ਦਿਲ ਦੀ ਜਾਣਨ ਵਾਲਾ ਸਾਥੀ ਹੈਂ। ਤੇਰੇ ਸਦਾ-ਥਿਰ ਨਾਮ ਵਿਚ ਜੁੜਿਆਂ (ਤੇਰੇ ਦਰ ਤੇ) ਆਦਰ ਮਿਲਦਾ ਹੈ।

ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥੩॥

ਹੇ ਨਾਨਕ! (ਆਖ-) ਮੈਨੂੰ ਗੁਰੂ ਦੀ ਅਜੇਹੀ ਮਤਿ ਪ੍ਰਾਪਤ ਹੋਈ ਹੈ ਕਿ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਗਟ ਹੋ ਗਿਆ ਹੈ ॥੩॥

ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ ॥

(ਪ੍ਰਭੂ ਦੇ ਗਿਆਨ ਦਾ) ਸੁਰਮਾ ਪਾ ਕੇ ਮੇਰਾ ਮਨ ਮਾਇਆ-ਰਹਿਤ ਪਰਮਾਤਮਾ ਦੇ ਨਾਮ ਵਿਚ ਰੰਗਿਆ ਗਿਆ ਹੈ।

ਮਨਿ ਤਨਿ ਰਵਿ ਰਹਿਆ ਜਗਜੀਵਨੋ ਦਾਤਾ ਰਾਮ ॥

ਜਗਤ ਦਾ ਜੀਵਨ ਤੇ ਸਭ ਦਾਤਾਂ ਦੇਣ ਵਾਲਾ ਪ੍ਰਭੂ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰ ਵੇਲੇ ਮੌਜੂਦ ਰਹਿੰਦਾ ਹੈ।

ਜਗਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ॥

(ਗੁਰੂ ਦੀ ਰਾਹੀਂ) ਜਗਤ ਦਾ ਜੀਵਨ ਤੇ ਸਭ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪੈਂਦਾ ਹੈ, ਮਨ ਉਸ ਦੇ ਨਾਮ-ਰੰਗ ਨਾਲ ਰੰਗਿਆ ਜਾਂਦਾ ਹੈ ਤੇ ਮਨ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ।

ਸਾਧ ਸਭਾ ਸੰਤਾ ਕੀ ਸੰਗਤਿ ਨਦਰਿ ਪ੍ਰਭੂ ਸੁਖੁ ਪਾਇਆ ॥

ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।

ਹਰਿ ਕੀ ਭਗਤਿ ਰਤੇ ਬੈਰਾਗੀ ਚੂਕੇ ਮੋਹ ਪਿਆਸਾ ॥

ਜਿਨ੍ਹਾਂ ਦੇ ਅੰਦਰੋਂ ਮੋਹ ਤੇ ਤ੍ਰਿਸ਼ਨਾ ਮੁੱਕ ਜਾਂਦੇ ਹਨ, ਜੋ ਹਉਮੈ ਨੂੰ ਮਾਰ ਕੇ ਪਰਮਾਤਮਾ ਦੇ ਨਾਮ ਵਿਚ ਹੀ ਸਦਾ ਗਿੱਝੇ ਰਹਿੰਦੇ ਹਨ,

ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ ॥੪॥੩॥

ਤੇ ਜੇਹੜੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗੀਜ ਕੇ ਮਾਇਆ ਦੇ ਮੋਹ ਨਾਲੋਂ ਨਿਰਲੇਪ ਰਹਿੰਦੇ ਹਨ, ਜਗਤ ਵਿਚ ਅਜੇਹੇ ਵਿਰਲੇ ਬੰਦੇ ਹਨ, ਹੇ ਨਾਨਕ! ॥੪॥੩॥

1
2
3
4
5
6
7
8
9
10
11
12