ਰਾਗ ਆਸਾ – ਬਾਣੀ ਸ਼ਬਦ-Part 5 – Raag Asa – Bani

ਰਾਗ ਆਸਾ – ਬਾਣੀ ਸ਼ਬਦ-Part 5 – Raag Asa – Bani

ਆਸਾ ਮਹਲਾ ੫ ਦੁਪਦਾ ੧ ॥
ਸਾਧੂ ਸੰਗਿ ਸਿਖਾਇਓ ਨਾਮੁ ॥

(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਪਣੀ ਸੰਗਤਿ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਿਖਾਂਦਾ ਹੈ,

ਸਰਬ ਮਨੋਰਥ ਪੂਰਨ ਕਾਮ ॥

ਉਹਨਾਂ ਦੇ ਸਾਰੇ ਮਨੋਰਥ, ਸਾਰੇ ਕੰਮ ਸਫਲ ਹੋ ਜਾਂਦੇ ਹਨ।

ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ ॥

(ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ (ਮਾਇਆ ਵਲੋਂ) ਰੱਜੇ ਰਹਿੰਦੇ ਹਨ।

ਜਪਿ ਜਪਿ ਜੀਵਾ ਸਾਰਿਗਪਾਨੇ ॥੧॥

(ਹੇ ਭਾਈ!) ਮੈਂ ਭੀ ਜਿਉਂ ਜਿਉਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥

ਕਰਨ ਕਰਾਵਨ ਸਰਨਿ ਪਰਿਆ ॥

(ਹੇ ਭਾਈ! ਜੇਹੜਾ ਭੀ ਮਨੁੱਖ) ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਸਰਨ ਪੈ ਜਾਂਦਾ ਹੈ ਜੋ ਸਭ ਕੁਝ ਕਰਨ ਤੇ ਸਭ ਕੁਝ ਕਰਾਣ ਦੀ ਤਾਕਤ ਵਾਲਾ ਹੈ,

ਗੁਰਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥

ਉਹ ਮਨੁੱਖ ਉਹ ਆਤਮਕ ਟਿਕਾਣਾ ਲੱਭ ਲੈਂਦਾ ਹੈ, ਜਿਥੇ ਉਸ ਨੂੰ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ। (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਅੰਦਰ ਮਾਨੋ) ਚੰਦ ਚੜ੍ਹ ਪੈਂਦਾ ਹੈ (ਆਤਮਕ ਜੀਵਨ ਦੀ ਰੋਸ਼ਨੀ ਹੋ ਜਾਂਦੀ ਹੈ) ॥੧॥ ਰਹਾਉ ॥

ਲਾਲ ਜਵੇਹਰ ਭਰੇ ਭੰਡਾਰ ॥

(ਉੱਚੇ ਆਤਮਕ ਜੀਵਨ ਵਾਲੇ ਗੁਣ, ਮਾਨੋ) ਹੀਰੇ ਜਵਾਹਰ ਹਨ, ਮਨੁੱਖ ਦੇ ਅੰਦਰ ਇਹਨਾਂ ਦੇ ਖ਼ਜ਼ਾਨੇ ਭਰ ਜਾਂਦੇ ਹਨ।

ਤੋਟਿ ਨ ਆਵੈ ਜਪਿ ਨਿਰੰਕਾਰ ॥

ਪਰਮਾਤਮਾ ਦਾ ਨਾਮ ਜਪ ਕੇ ਕਦੇ ਇਹਨਾਂ ਦੀ ਥੁੜ ਨਹੀਂ ਹੁੰਦੀ।

ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥

ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਜਲ ਹੈ, ਜੇਹੜਾ ਭੀ ਮਨੁੱਖ ਇਹ ਨਾਮ-ਜਲ ਪੀਂਦਾ ਹੈ,

ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥

ਹੇ ਨਾਨਕ! ਉਸ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੨॥੪੧॥੯੨॥


ਆਸਾ ਘਰੁ ੭ ਮਹਲਾ ੫ ॥
ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥

(ਹੇ ਭਾਈ! ਅੰਗ-ਸੰਗ ਵੱਸਦੇ ਗੁਰੂ ਦੀ ਹੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਧਿਆਉਂਦਾ ਹਾਂ।

ਸੰਗੀ ਸਾਥੀ ਸਗਲ ਤਰਾਂਈ ॥੧॥

(ਇਸ ਤਰ੍ਹਾਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਰਿਹਾ ਹਾਂ) ਆਪਣੇ ਸੰਗੀਆਂ ਸਾਥੀਆਂ (ਗਿਆਨ-ਇੰਦ੍ਰਿਆਂ) ਨੂੰ ਪਾਰ ਲੰਘਾਣ ਜੋਗਾ ਬਣ ਰਿਹਾ ਹਾਂ ॥੧॥

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥

(ਹੇ ਭਾਈ! ਮੇਰਾ) ਗੁਰੂ ਸਦਾ ਮੇਰੇ ਨਾਲ ਵੱਸਦਾ ਹੈ ਮੇਰੇ ਅੰਗ-ਸੰਗ ਰਹਿੰਦਾ ਹੈ।

ਸਿਮਰਿ ਸਿਮਰਿ ਤਿਸੁ ਸਦਾ ਸਮ੍ਰਾਲੇ ॥੧॥ ਰਹਾਉ ॥

(ਗੁਰੂ ਦੀ ਹੀ ਕਿਰਪਾ ਨਾਲ) ਮੈਂ ਉਸ (ਪਰਮਾਤਮਾ) ਨੂੰ ਸਦਾ ਸਿਮਰ ਕੇ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ॥੧॥ ਰਹਾਉ ॥

ਤੇਰਾ ਕੀਆ ਮੀਠਾ ਲਾਗੈ ॥

(ਹੇ ਪ੍ਰਭੂ! ਇਹ ਤੇਰੇ ਮਿਲਾਏ ਹੋਏ ਗੁਰੂ ਦੀ ਮੇਹਰ ਹੈ ਕਿ) ਮੈਨੂੰ ਤੇਰਾ ਕੀਤਾ ਹੋਇਆ ਹਰੇਕ ਕੰਮ ਚੰਗਾ ਲੱਗ ਰਿਹਾ ਹੈ,

ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥

ਤੇ (ਤੇਰਾ ਦਾਸ) ਨਾਨਕ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ ॥੨॥੪੨॥੯੩॥


ਆਸਾ ਮਹਲਾ ੫ ॥
ਸਾਧੂ ਸੰਗਤਿ ਤਰਿਆ ਸੰਸਾਰੁ ॥

ਹੇ ਭਾਈ! (ਜੇਹੜਾ ਭੀ ਮਨੁੱਖ ਨਿਮ੍ਰਤਾ ਧਾਰ ਕੇ ਗੁਰੂ ਦੀ ਸੰਗਤਿ ਕਰਦਾ ਹੈ) ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ,

ਹਰਿ ਕਾ ਨਾਮੁ ਮਨਹਿ ਆਧਾਰੁ ॥੧॥

(ਕਿਉਂਕਿ) ਪਰਮਾਤਮਾ ਦਾ ਨਾਮ ਉਸ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ ॥੧॥

ਚਰਨ ਕਮਲ ਗੁਰਦੇਵ ਪਿਆਰੇ ॥

(ਹੇ ਭਾਈ!) ਪਿਆਰੇ ਗੁਰਦੇਵ ਦੇ ਸੋਹਣੇ ਕੋਮਲ ਚਰਨ-

ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥੧॥ ਰਹਾਉ ॥

ਹਰੀ ਦੇ ਸੰਤ ਜਨ ਪ੍ਰੀਤਿ ਨਾਲ, ਪਿਆਰ ਨਾਲ ਪੂਜਦੇ ਰਹਿੰਦੇ ਹਨ ॥੧॥ ਰਹਾਉ ॥

ਜਾ ਕੈ ਮਸਤਕਿ ਲਿਖਿਆ ਭਾਗੁ ॥

ਜਿਸ ਮਨੁੱਖ ਦੇ ਮੱਥੇ ਤੇ (ਪੂਰਬਲੇ ਜਨਮਾਂ ਦੇ ਕਰਮਾਂ ਦਾ) ਲਿਖਿਆ ਲੇਖ ਜਾਗ ਪੈਂਦਾ ਹੈ,

ਕਹੁ ਨਾਨਕ ਤਾ ਕਾ ਥਿਰੁ ਸੋਹਾਗੁ ॥੨॥੪੩॥੯੪॥

ਹੇ ਨਾਨਕ! ਉਸ ਨੂੰ ਮਿਲੀ ਇਹ ਸੁਭਾਗਤਾ (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਦਾ ਲਈ ਕਾਇਮ ਰਹਿੰਦੀ ਹੈ ॥੨॥੪੩॥੯੪॥


ਆਸਾ ਮਹਲਾ ੫ ॥
ਮੀਠੀ ਆਗਿਆ ਪਿਰ ਕੀ ਲਾਗੀ ॥

(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਪ੍ਰਭੂ-ਪਤੀ ਦੀ ਰਜ਼ਾ ਮਿੱਠੀ ਲੱਗ ਰਹੀ ਹੈ,

ਸਉਕਨਿ ਘਰ ਕੀ ਕੰਤਿ ਤਿਆਗੀ ॥

(ਤਦੋਂ ਤੋਂ) ਪ੍ਰਭੂ-ਪਤੀ ਨੇ ਮੇਰਾ ਹਿਰਦਾ-ਘਰ ਮੱਲ ਕੇ ਬੈਠੀ ਮੇਰੀ ਸੌਂਕਣ (ਮਾਇਆ) ਤੋਂ ਖ਼ਲਾਸੀ ਕਰਾ ਦਿੱਤੀ ਹੈ।

ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥

ਪਿਆਰੇ ਨੇ ਸੁਹਾਗਣ ਬਣਾ ਕੇ ਮੈਨੂੰ (ਮੇਰੇ ਆਤਮਕ ਜੀਵਨ ਨੂੰ) ਸੁੰਦਰ ਬਣਾ ਦਿੱਤਾ ਹੈ,

ਮਨ ਮੇਰੇ ਕੀ ਤਪਤਿ ਹਰੀ ॥੧॥

ਤੇ ਮੇਰੇ ਮਨ ਦੀ (ਤ੍ਰਿਸ਼ਨਾ ਦੀ) ਤਪਸ਼ ਦੂਰ ਕਰ ਦਿੱਤੀ ਹੈ ॥੧॥

ਭਲੋ ਭਇਓ ਪ੍ਰਿਅ ਕਹਿਆ ਮਾਨਿਆ ॥

(ਹੇ ਸਖੀ!) ਮੇਰੇ ਭਾਗ ਜਾਗ ਪਏ ਹਨ (ਕਿ ਗੁਰੂ ਦੀ ਕਿਰਪਾ ਨਾਲ) ਮੈਂ ਪਿਆਰੇ (ਪ੍ਰਭੂ-ਪਤੀ) ਦੀ ਰਜ਼ਾ (ਮਿੱਠੀ ਕਰ ਕੇ) ਮੰਨਣੀ ਸ਼ੁਰੂ ਕਰ ਦਿੱਤੀ ਹੈ,

ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥

ਹੁਣ ਮੇਰੇ ਇਸ ਹਿਰਦੇ-ਘਰ ਵਿਚ ਵੱਸਦੇ ਸੁਖ ਤੇ ਆਤਮਕ ਅਡੋਲਤਾ ਨਾਲ ਮੇਰੀ ਡੂੰਘੀ ਸਾਂਝ ਬਣ ਗਈ ਹੈ ਰਹਾਉ॥

ਹਉ ਬੰਦੀ ਪ੍ਰਿਅ ਖਿਜਮਤਦਾਰ ॥

(ਹੇ ਸਖੀ! ਹੁਣ) ਮੈਂ ਪਿਆਰੇ ਪ੍ਰਭੂ-ਪਤੀ ਦੀ ਦਾਸੀ ਬਣ ਗਈ ਹਾਂ ਸੇਵਾਦਾਰਨੀ ਬਣ ਗਈ ਹਾਂ।

ਓਹੁ ਅਬਿਨਾਸੀ ਅਗਮ ਅਪਾਰ ॥

(ਹੇ ਸਖੀ! ਮੇਰਾ) ਉਹ (ਪਤੀ) ਕਦੇ ਮਰਨ ਵਾਲਾ ਨਹੀਂ, ਅਪਹੁੰਚ ਤੇ ਬੇਅੰਤ ਹੈ।

ਲੇ ਪਖਾ ਪ੍ਰਿਅ ਝਲਉ ਪਾਏ ॥

(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਪੱਖਾ (ਹੱਥ ਵਿਚ) ਫੜ ਕੇ ਉਸ ਦੇ ਪੈਰਾਂ ਵਿਚ ਖਲੋ ਕੇ ਮੈਂ ਉਸ ਪਿਆਰੇ ਨੂੰ ਝੱਲਦੀ ਰਹਿੰਦੀ ਹਾਂ,

ਭਾਗਿ ਗਏ ਪੰਚ ਦੂਤ ਲਾਵੇ ॥੨॥

(ਤਦੋਂ ਤੋਂ ਮੇਰੇ ਆਤਮਕ ਜੀਵਨ ਦੀਆਂ ਜੜ੍ਹਾਂ) ਕੱਟਣ ਵਾਲੇ ਕਾਮਾਦਿਕ ਪੰਜੇ ਵੈਰੀ ਭੱਜ ਗਏ ਹਨ ॥੨॥

ਨਾ ਮੈ ਕੁਲੁ ਨਾ ਸੋਭਾਵੰਤ ॥

(ਹੇ ਸਖੀ!) ਨਾਹ ਮੇਰਾ ਕੋਈ ਉੱਚਾ ਖ਼ਾਨਦਾਨ ਹੈ, ਨਾਹ (ਕਿਸੇ ਗੁਣਾਂ ਦੀ ਬਰਕਤਿ ਨਾਲ) ਮੈਂ ਸੋਭਾ ਦੀ ਮਾਲਕ ਹਾਂ,

ਕਿਆ ਜਾਨਾ ਕਿਉ ਭਾਨੀ ਕੰਤ ॥

ਮੈਨੂੰ ਪਤਾ ਨਹੀਂ ਮੈਂ ਕਿਵੇਂ ਪ੍ਰਭੂ-ਪਤੀ ਨੂੰ ਚੰਗੀ ਲੱਗ ਰਹੀ ਹਾਂ।

ਮੋਹਿ ਅਨਾਥ ਗਰੀਬ ਨਿਮਾਨੀ ॥

(ਹੇ ਸਖੀ! ਇਹ ਗੁਰੂ ਪਾਤਿਸ਼ਾਹ ਦੀ ਹੀ ਮੇਹਰ ਹੈ ਕਿ) ਮੈਨੂੰ ਅਨਾਥ ਨੂੰ ਗ਼ਰੀਬਣੀ ਨੂੰ ਨਿਮਾਣੀ ਨੂੰ-

ਕੰਤ ਪਕਰਿ ਹਮ ਕੀਨੀ ਰਾਨੀ ॥੩॥

ਕੰਤ-ਪ੍ਰਭੂ ਨੇ (ਬਾਹੋਂ) ਫੜ ਕੇ ਆਪਣੀ ਰਾਣੀ ਬਣਾ ਲਿਆ ਹੈ ॥੩॥

ਜਬ ਮੁਖਿ ਪ੍ਰੀਤਮੁ ਸਾਜਨੁ ਲਾਗਾ ॥

(ਹੇ ਸਹੇਲੀਏ! ਜਦੋਂ ਤੋਂ) ਮੈਨੂੰ ਮੇਰਾ ਸੱਜਣ ਪ੍ਰੀਤਮ ਮਿਲਿਆ ਹੈ,

ਸੂਖ ਸਹਜ ਮੇਰਾ ਧਨੁ ਸੋਹਾਗਾ ॥

ਮੇਰੇ ਅੰਦਰ ਆਨੰਦ ਬਣ ਰਿਹਾ ਹੈ ਆਤਮਕ ਅਡੋਲਤਾ ਪੈਦਾ ਹੋ ਗਈ ਹੈ, ਮੇਰੇ ਭਾਗ ਜਾਗ ਪਏ ਹਨ।

ਕਹੁ ਨਾਨਕ ਮੋਰੀ ਪੂਰਨ ਆਸਾ ॥

ਨਾਨਕ ਆਖਦਾ ਹੈ- (ਹੇ ਸਹੇਲੀਏ! ਪ੍ਰਭੂ-ਪਤੀ ਦੇ ਮਿਲਾਪ ਦੀ) ਮੇਰੀ ਆਸ ਪੂਰੀ ਹੋ ਗਈ ਹੈ,

ਸਤਿਗੁਰ ਮੇਲੀ ਪ੍ਰਭ ਗੁਣਤਾਸਾ ॥੪॥੧॥੯੫॥

ਸਤਿਗੁਰੂ ਨੇ ਹੀ ਮੈਨੂੰ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਨਾਲ ਮਿਲਾਇਆ ਹੈ ॥੪॥੧॥੯੫॥


ਆਸਾ ਮਹਲਾ ੫ ॥
ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥

(ਹੇ ਭਾਈ! ਉਸ ਮਾਇਆ-ਇਸਤ੍ਰੀ ਦੇ) ਮੱਥੇ ਉਤੇ ਤ੍ਰਿਊੜੀ (ਪਈ ਰਹਿੰਦੀ) ਹੈ ਉਸ ਦੀ ਨਿਗਾਹ ਗੁੱਸੇ ਨਾਲ ਭਰੀ ਰਹਿੰਦੀ ਹੈ,

ਬੋਲੈ ਕਉੜਾ ਜਿਹਬਾ ਕੀ ਫੂੜਿ ॥

ਉਹ (ਸਦਾ) ਕੌੜਾ ਬੋਲਦੀ ਹੈ, ਜੀਭ ਦੀ ਖਰ੍ਹਵੀ ਹੈ।

ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥

(ਸਾਰੇ ਜਗਤ ਦੇ ਆਤਮਕ ਜੀਵਨ ਨੂੰ ਹੜੱਪ ਕਰ ਕੇ ਭੀ) ਉਹ ਭੁੱਖੀ ਟਿਕੀ ਰਹਿੰਦੀ ਹੈ (ਜਗਤ ਵਿਚ ਆ ਰਹੇ ਸਭ ਜੀਵਾਂ ਨੂੰ ਹੜੱਪ ਕਰਨ ਲਈ ਤਿਆਰ ਰਹਿੰਦੀ ਹੈ) ਉਹ (ਮਾਇਆ-ਇਸਤ੍ਰੀ) ਪ੍ਰਭੂ-ਪਤੀ ਨੂੰ ਕਿਤੇ ਦੂਰ-ਵੱਸਦਾ ਸਮਝਦੀ ਹੈ (ਪ੍ਰਭੂ-ਪਤੀ ਦੀ ਪਰਵਾਹ ਨਹੀਂ ਕਰਦੀ) ॥੧॥

ਐਸੀ ਇਸਤ੍ਰੀ ਇਕ ਰਾਮਿ ਉਪਾਈ ॥

ਹੇ ਮੇਰੇ ਵੀਰ! ਪਰਮਾਤਮਾ ਨੇ (ਮਾਇਆ) ਇਕ ਅਜੇਹੀ ਇਸਤ੍ਰੀ ਪੈਦਾ ਕੀਤੀ ਹੋਈ ਹੈ,

ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥

ਕਿ ਉਸ ਨੇ ਸਾਰੇ ਜਗਤ ਨੂੰ ਖਾ ਲਿਆ ਹੈ (ਆਪਣੇ ਕਾਬੂ ਵਿਚ ਕੀਤਾ ਹੋਇਆ ਹੈ), ਮੈਨੂੰ ਤਾਂ ਗੁਰੂ ਨੇ (ਉਸ ਮਾਇਆ-ਇਸਤ੍ਰੀ ਤੋਂ) ਬਚਾ ਰੱਖਿਆ ਹੈ ਰਹਾਉ॥

ਪਾਇ ਠਗਉਲੀ ਸਭੁ ਜਗੁ ਜੋਹਿਆ ॥

(ਹੇ ਭਾਈ! ਮਾਇਆ-ਇਸਤ੍ਰੀ ਨੇ) ਠਗਬੂਟੀ ਖਵਾ ਕੇ ਸਾਰੇ ਜਗਤ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।

ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥

(ਜੀਵਾਂ ਦੀ ਕੀਹ ਪਾਇਆਂ ਹੈ? ਉਸ ਨੇ ਤਾਂ) ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵ ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ।

ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥

ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ ਉਹ (ਉਸ ਤੋਂ ਬਚ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣੇ ਰਹਿੰਦੇ ਹਨ ॥੨॥

ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥

(ਹੇ ਭਾਈ! ਅਨੇਕਾਂ ਲੋਕ) ਵਰਤ ਰੱਖ ਰੱਖ ਕੇ ਧਾਰਮਿਕ ਨੇਮ ਨਿਬਾਹ ਨਿਬਾਹ ਕੇ ਤੇ (ਕੀਤੇ ਪਾਪਾਂ ਦਾ ਪ੍ਰਭਾਵ ਮਿਟਾਣ ਲਈ) ਪਛੁਤਾਵੇ ਵਜੋਂ ਧਾਰਮਿਕ ਰਸਮਾਂ ਕਰ ਕਰ ਕੇ ਥੱਕ ਗਏ,

ਤਟ ਤੀਰਥ ਭਵੇ ਸਭ ਧਰਨਾ ॥

ਅਨੇਕਾਂ ਤੀਰਥਾਂ ਉਤੇ ਸਾਰੀ ਧਰਤੀ ਉਤੇ ਭਉਂ ਚੁਕੇ (ਪਰ ਇਸ ਮਾਇਆ-ਇਸਤ੍ਰੀ ਤੋਂ ਨਾਹ ਬਚ ਸਕੇ)।

ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥

(ਹੇ ਭਾਈ!) ਸਿਰਫ਼ ਉਹੀ ਬੰਦੇ ਬਚਦੇ ਹਨ ਜੇਹੜੇ ਗੁਰੂ ਦੀ ਸਰਨ ਪੈਂਦੇ ਹਨ ॥੩॥

ਮਾਇਆ ਮੋਹਿ ਸਭੋ ਜਗੁ ਬਾਧਾ ॥

(ਹੇ ਭਾਈ!) ਸਾਰਾ ਜਗਤ ਮਾਇਆ ਦੇ ਮੋਹ ਵਿਚ ਬੱਝਾ ਪਿਆ ਹੈ,

ਹਉਮੈ ਪਚੈ ਮਨਮੁਖ ਮੂਰਾਖਾ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਹਉਮੈ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ।

ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥

ਹੇ ਨਾਨਕ! (ਆਖ-) ਹੇ ਗੁਰੂ! ਮੈਨੂੰ ਤੂੰ ਹੀ ਮੇਰੀ ਬਾਂਹ ਫੜ ਕੇ (ਇਸ ਦੇ ਪੰਜੇ ਤੋਂ) ਬਚਾਇਆ ਹੈ ॥੪॥੨॥੯੬॥


ਆਸਾ ਮਹਲਾ ੫ ॥
ਸਰਬ ਦੂਖ ਜਬ ਬਿਸਰਹਿ ਸੁਆਮੀ ॥

ਹੇ ਮਾਲਕ-ਪ੍ਰਭੂ! ਜਦੋਂ (ਕਿਸੇ ਜੀਵ ਦੇ ਮਨ ਵਿਚੋਂ) ਤੂੰ ਵਿਸਰ ਜਾਂਦਾ ਹੈਂ ਤਾਂ ਉਸ ਨੂੰ ਸਾਰੇ ਦੁੱਖ ਆ ਘੇਰਦੇ ਹਨ,

ਈਹਾ ਊਹਾ ਕਾਮਿ ਨ ਪ੍ਰਾਨੀ ॥੧॥

ਉਹ ਜੀਵ ਲੋਕ ਪਰਲੋਕ ਵਿਚ ਕਿਸੇ ਕੰਮ ਨਹੀਂ ਆਉਂਦਾ (ਉਸ ਦਾ ਜੀਵਨ ਵਿਅਰਥ ਹੋ ਜਾਂਦਾ ਹੈ) ॥੧॥

ਸੰਤ ਤ੍ਰਿਪਤਾਸੇ ਹਰਿ ਹਰਿ ਧ੍ਹਾਇ ॥

ਹੇ ਪ੍ਰਭੂ! ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ।

ਕਰਿ ਕਿਰਪਾ ਅਪੁਨੈ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਇ ॥ ਰਹਾਉ ॥

ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜੀ ਰੱਖਦਾ ਹੈਂ ਉਹ (ਤੇਰੇ) ਸੰਤ ਜਨ ਤੇਰਾ ਹਰਿ-ਨਾਮ ਸਿਮਰ ਸਿਮਰ ਕੇ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜੇ ਰਹਿੰਦੇ ਹਨ ਰਹਾਉ॥

ਸੰਗਿ ਹੋਵਤ ਕਉ ਜਾਨਤ ਦੂਰਿ ॥

(ਹੇ ਭਾਈ!) ਜੇਹੜਾ ਮਨੁੱਖ ਆਪਣੇ ਅੰਗ-ਸੰਗ ਵੱਸਦੇ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ,

ਸੋ ਜਨੁ ਮਰਤਾ ਨਿਤ ਨਿਤ ਝੂਰਿ ॥੨॥

ਉਹ ਸਦਾ (ਮਾਇਆ ਦੀ ਤ੍ਰਿਸ਼ਨਾ ਦੇ ਅਧੀਨ) ਖਿੱਝ ਖਿੱਝ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ ॥੨॥

ਜਿਨਿ ਸਭੁ ਕਿਛੁ ਦੀਆ ਤਿਸੁ ਚਿਤਵਤ ਨਾਹਿ ॥

(ਹੇ ਭਾਈ!) ਜਿਸ ਪਰਮਾਤਮਾ ਨੇ ਹਰੇਕ ਚੀਜ਼ ਦਿੱਤੀ ਹੈ ਜੇਹੜਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ,

ਮਹਾ ਬਿਖਿਆ ਮਹਿ ਦਿਨੁ ਰੈਨਿ ਜਾਹਿ ॥੩॥

ਉਸ ਦੇ (ਜ਼ਿੰਦਗੀ ਦੇ) ਸਾਰੇ ਰਾਤ ਦਿਨ ਡਾਢੀ ਮਾਇਆ (ਦੇ ਮੋਹ) ਵਿਚ (ਫਸਿਆਂ ਹੀ) ਗੁਜ਼ਰਦੇ ਹਨ ॥੩॥

ਕਹੁ ਨਾਨਕ ਪ੍ਰਭੁ ਸਿਮਰਹੁ ਏਕ ॥

ਨਾਨਕ ਆਖਦਾ ਹੈ- (ਹੇ ਭਾਈ!) ਪੂਰੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਯਾਦ ਕਰਦੇ ਰਿਹਾ ਕਰੋ।

ਗਤਿ ਪਾਈਐ ਗੁਰ ਪੂਰੇ ਟੇਕ ॥੪॥੩॥੯੭॥

(ਇਸ ਤਰ੍ਹਾਂ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤੇ ਮਾਇਆ ਦੀ ਤ੍ਰਿਸ਼ਨਾ ਵਿਚ ਨਹੀਂ ਫਸੀਦਾ) ॥੪॥੩॥੯੭॥


ਆਸਾ ਮਹਲਾ ੫ ॥
ਨਾਮੁ ਜਪਤ ਮਨੁ ਤਨੁ ਸਭੁ ਹਰਿਆ ॥

(ਹੇ ਭਾਈ! ਜਿਵੇਂ ਪਾਣੀ ਮਿਲਣ ਨਾਲ ਰੁੱਖ ਹਰਾ ਹੋ ਜਾਂਦਾ ਹੈ, ਰੁੱਖ ਵਿਚ, ਮਾਨੋ, ਜਿੰਦ ਰੁਮਕ ਪੈਂਦੀ ਹੈ ਤਿਵੇਂ) ਪਰਮਾਤਮਾ ਦਾ ਨਾਮ ਜਪਣ ਨਾਲ (ਨਾਮ-ਜਲ ਨਾਲ) ਮਨੁੱਖ ਦਾ ਮਨ ਮਨੁੱਖ ਦਾ ਹਿਰਦਾ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।

ਕਲਮਲ ਦੋਖ ਸਗਲ ਪਰਹਰਿਆ ॥੧॥

(ਉਸ ਦੇ ਅੰਦਰੋਂ) ਸਾਰੇ ਪਾਪ ਐਬ ਦੂਰ ਹੋ ਜਾਂਦੇ ਹਨ ॥੧॥

ਸੋਈ ਦਿਵਸੁ ਭਲਾ ਮੇਰੇ ਭਾਈ ॥

ਹੇ ਮੇਰੇ ਵੀਰ! ਸਿਰਫ਼ ਉਹੀ ਦਿਨ (ਮਨੁੱਖ ਵਾਸਤੇ) ਸੁਲੱਖਣਾ ਹੁੰਦਾ ਹੈ,

ਹਰਿ ਗੁਨ ਗਾਇ ਪਰਮ ਗਤਿ ਪਾਈ ॥ ਰਹਾਉ ॥

ਜਦੋਂ ਉਹ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ ਰਹਾਉ॥

ਸਾਧ ਜਨਾ ਕੇ ਪੂਜੇ ਪੈਰ ॥

ਜੇਹੜਾ ਮਨੁੱਖ ਗੁਰਮੁਖਾਂ ਦੇ ਪੈਰ ਪੂਜਦਾ ਹੈ,

ਮਿਟੇ ਉਪਦ੍ਰਹ ਮਨ ਤੇ ਬੈਰ ॥੨॥

ਉਸ ਦੇ ਮਨ ਵਿਚੋਂ ਸਾਰੀਆਂ ਛੇੜ-ਖ਼ਾਨੀਆਂ ਸਾਰੇ ਵੈਰ-ਵਿਰੋਧ ਮਿੱਟ ਜਾਂਦੇ ਹਨ ॥੨॥

ਗੁਰ ਪੂਰੇ ਮਿਲਿ ਝਗਰੁ ਚੁਕਾਇਆ ॥

(ਹੇ ਭਾਈ!) ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ ਵਿਕਾਰਾਂ ਦਾ) ਰੌਲਾ ਮੁਕਾ ਲਿਆ,

ਪੰਚ ਦੂਤ ਸਭਿ ਵਸਗਤਿ ਆਇਆ ॥੩॥

ਕਾਮਾਦਿਕ ਪੰਜੇ ਵੈਰੀ ਸਾਰੇ ਉਸ ਦੇ ਕਾਬੂ ਵਿਚ ਆ ਜਾਂਦੇ ਹਨ ॥੩॥

ਜਿਸੁ ਮਨਿ ਵਸਿਆ ਹਰਿ ਕਾ ਨਾਮੁ ॥

ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ,

ਨਾਨਕ ਤਿਸੁ ਊਪਰਿ ਕੁਰਬਾਨ ॥੪॥੪॥੯੮॥

ਹੇ ਨਾਨਕ! (ਆਖ-) ਉਸ ਤੋਂ ਸਦਾ ਸਦਕੇ ਹੋਣਾ ਚਾਹੀਦਾ ਹੈ ॥੪॥੪॥੯੮॥


ਆਸਾ ਮਹਲਾ ੫ ॥
ਗਾਵਿ ਲੇਹਿ ਤੂ ਗਾਵਨਹਾਰੇ ॥

ਹੇ ਭਾਈ! ਜਦ ਤਕ ਗਾਵਣ ਦੀ ਸਮਰਥਾ ਹੈ ਉਸ ਪਰਮਾਤਮਾ ਦੇ ਗੁਣ ਗਾਂਦਾ ਰਹੁ,

ਜੀਅ ਪਿੰਡ ਕੇ ਪ੍ਰਾਨ ਅਧਾਰੇ ॥

ਜੋ ਤੇਰੀ ਜਿੰਦ ਦਾ ਆਸਰਾ ਹੈ ਜੋ ਤੇਰੇ ਸਰੀਰ ਦਾ ਆਸਰਾ ਹੈ ਜੋ ਤੇਰੇ ਪ੍ਰਾਣਾਂ ਦਾ ਆਸਰਾ ਹੈ,

ਜਾ ਕੀ ਸੇਵਾ ਸਰਬ ਸੁਖ ਪਾਵਹਿ ॥

ਜਿਸ ਦੀ ਸੇਵਾ-ਭਗਤੀ ਕਰ ਕੇ ਤੂੰ ਸਾਰੇ ਸੁਖ ਹਾਸਲ ਕਰ ਲਏਂਗਾ,

ਅਵਰ ਕਾਹੂ ਪਹਿ ਬਹੁੜਿ ਨ ਜਾਵਹਿ ॥੧॥

(ਤੇ ਸੁਖਾਂ ਦੀ ਭਾਲ ਵਿਚ) ਕਿਸੇ ਹੋਰ ਪਾਸ ਮੁੜ ਜਾਣ ਦੀ ਲੋੜ ਨਹੀਂ ਪਏਗੀ ॥੧॥

ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ ॥

(ਹੇ ਭਾਈ!) ਉਸ ਮਾਲਕ-ਪ੍ਰਭੂ (ਦੇ ਨਾਮ) ਨੂੰ ਸਦਾ ਹੀ ਜਪਣਾ ਚਾਹੀਦਾ ਹੈ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਜੋ ਸਦਾ ਆਨੰਦ ਦਾ ਸੋਮਾ ਹੈ।

ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥

(ਹੇ ਭਾਈ!) ਉਸ ਪਿਆਰੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਜਿਸ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਨ ਵਿਚ ਵਸਾ ਸਕੀਦਾ ਹੈ ਰਹਾਉ॥

ਜਾ ਕਾ ਦਾਨੁ ਨਿਖੂਟੈ ਨਾਹੀ ॥

ਹੇ ਭਾਈ! ਜਿਸ ਦੀ ਦਿੱਤੀ ਹੋਈ ਦਾਤਿ ਕਦੇ ਮੁੱਕਦੀ ਨਹੀਂ,

ਭਲੀ ਭਾਤਿ ਸਭ ਸਹਜਿ ਸਮਾਹੀ ॥

(ਤੇ ਜੋ ਜੋ ਉਸ ਨੂੰ ਮਨ ਵਿਚ ਵਸਾਂਦੇ ਹਨ ਉਹ) ਸਾਰੇ ਚੰਗੀ ਤਰ੍ਹਾਂ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ,

ਜਾ ਕੀ ਬਖਸ ਨ ਮੇਟੈ ਕੋਈ ॥

ਜਿਸ ਦੀ ਕੀਤੀ ਬਖ਼ਸ਼ਸ਼ ਦੇ ਰਾਹ ਵਿਚ ਕੋਈ ਰੋਕ ਨਹੀਂ ਪਾ ਸਕਦਾ,

ਮਨਿ ਵਾਸਾਈਐ ਸਾਚਾ ਸੋਈ ॥੨॥

ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਦਾ ਆਪਣੇ ਮਨ ਵਿਚ ਵਸਾਣਾ ਚਾਹੀਦਾ ਹੈ ॥੨॥

ਸਗਲ ਸਮਗ੍ਰੀ ਗ੍ਰਿਹ ਜਾ ਕੈ ਪੂਰਨ ॥

ਹੇ ਭਾਈ! ਜਿਸ (ਪ੍ਰਭੂ) ਦੇ ਘਰ ਵਿਚ (ਜੀਵਾਂ ਵਾਸਤੇ) ਸਾਰੇ ਪਦਾਰਥ ਭਰੇ ਪਏ ਰਹਿੰਦੇ ਹਨ,

ਪ੍ਰਭ ਕੇ ਸੇਵਕ ਦੂਖ ਨ ਝੂਰਨ ॥

ਜਿਸ ਦੇ ਸੇਵਕਾਂ ਨੂੰ ਕੋਈ ਦੁੱਖ ਕੋਈ ਝੋਰੇ ਪੋਹ ਨਹੀਂ ਸਕਦੇ,

ਓਟਿ ਗਹੀ ਨਿਰਭਉ ਪਦੁ ਪਾਈਐ ॥

ਤੇ ਜਿਸ ਦਾ ਆਸਰਾ ਲਿਆਂ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਕੋਈ ਡਰ ਦਬਾ ਨਹੀਂ ਪਾ ਸਕਦਾ,

ਸਾਸਿ ਸਾਸਿ ਸੋ ਗੁਨ ਨਿਧਿ ਗਾਈਐ ॥੩॥

ਹਰੇਕ ਸਾਹ ਦੇ ਨਾਲ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਦੇ ਗੁਣ ਗਾਂਦੇ ਰਹਿਣਾ ਚਾਹੀਦਾ ਹੈ ॥੩॥

ਦੂਰਿ ਨ ਹੋਈ ਕਤਹੂ ਜਾਈਐ ॥

ਹੇ ਭਾਈ! ਉਹ ਪਰਮਾਤਮਾ ਸਾਥੋਂ ਦੂਰ ਨਹੀਂ ਵੱਸਦਾ, ਕਿਤੇ (ਦੂਰ) ਲੱਭਣ ਜਾਣ ਦੀ ਲੋੜ ਨਹੀਂ,

ਨਦਰਿ ਕਰੇ ਤਾ ਹਰਿ ਹਰਿ ਪਾਈਐ ॥

ਉਸ ਦੀ ਪ੍ਰਾਪਤੀ ਤਦੋਂ ਹੀ ਹੋ ਸਕਦੀ ਹੈ ਜਦੋਂ ਉਹ ਆਪ ਮੇਹਰ ਦੀ ਨਜ਼ਰ ਕਰੇ।

ਅਰਦਾਸਿ ਕਰੀ ਪੂਰੇ ਗੁਰ ਪਾਸਿ ॥

ਹੇ ਭਾਈ! ਮੈਂ ਤਾਂ ਪੂਰੇ ਗੁਰੂ ਕੋਲ ਹੀ ਅਰਦਾਸ ਕਰਦਾ ਹਾਂ,

ਨਾਨਕੁ ਮੰਗੈ ਹਰਿ ਧਨੁ ਰਾਸਿ ॥੪॥੫॥੯੯॥

(ਤੇ ਆਖਦਾ ਹਾਂ-ਹੇ ਗੁਰੂ! ਤੇਰੇ ਪਾਸੋਂ) ਨਾਨਕ ਹਰਿ-ਨਾਮ-ਧਨ ਮੰਗਦਾ ਹੈ ਹਰਿ-ਨਾਮ ਦਾ ਸਰਮਾਇਆ ਮੰਗਦਾ ਹੈ ॥੪॥੫॥੯੯॥


ਆਸਾ ਮਹਲਾ ੫ ॥
ਪ੍ਰਥਮੇ ਮਿਟਿਆ ਤਨ ਕਾ ਦੂਖ ॥

(ਹੇ ਭਾਈ! ਗੁਰੂ ਨੂੰ ਮਿਲਿਆਂ ਸਭ ਤੋਂ) ਪਹਿਲਾਂ ਮੇਰੇ ਸਰੀਰ ਦਾ ਹਰੇਕ ਦੁੱਖ ਮਿਟ ਗਿਆ,

ਮਨ ਸਗਲ ਕਉ ਹੋਆ ਸੂਖੁ ॥

ਫਿਰ ਮੇਰੇ ਮਨ ਨੂੰ ਪੂਰਨ ਆਨੰਦ ਪ੍ਰਾਪਤ ਹੋਇਆ।

ਕਰਿ ਕਿਰਪਾ ਗੁਰ ਦੀਨੋ ਨਾਉ ॥

ਗੁਰੂ ਨੇ ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ।

ਬਲਿ ਬਲਿ ਤਿਸੁ ਸਤਿਗੁਰ ਕਉ ਜਾਉ ॥੧॥

(ਹੇ ਭਾਈ!) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ॥੧॥

ਗੁਰੁ ਪੂਰਾ ਪਾਇਓ ਮੇਰੇ ਭਾਈ ॥

ਹੇ ਮੇਰੇ ਵੀਰ! ਜਦੋਂ ਦਾ ਮੈਨੂੰ ਪੂਰਾ ਗੁਰੂ ਮਿਲਿਆ ਹੈ,

ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ॥ ਰਹਾਉ ॥

ਗੁਰੂ ਦੀ ਸਰਨ ਪਿਆਂ ਮੇਰੇ ਸਾਰੇ ਰੋਗ ਸਾਰੇ ਚਿੰਤਾ ਫ਼ਿਕਰ ਸਾਰੇ ਦੁੱਖ ਨਾਸ ਹੋ ਗਏ ਹਨ ਰਹਾਉ॥

ਗੁਰ ਕੇ ਚਰਨ ਹਿਰਦੈ ਵਸਾਏ ॥

(ਹੇ ਭਾਈ! ਜਦੋਂ ਤੋਂ) ਮੈਂ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ,

ਮਨ ਚਿੰਤਤ ਸਗਲੇ ਫਲ ਪਾਏ ॥

ਮੈਨੂੰ ਸਾਰੇ ਮਨ-ਇੱਛਤ ਫਲ ਮਿਲ ਰਹੇ ਹਨ।

ਅਗਨਿ ਬੁਝੀ ਸਭ ਹੋਈ ਸਾਂਤਿ ॥

(ਮੇਰੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ ਹੈ (ਮੇਰੇ ਅੰਦਰ) ਪੂਰੀ ਠੰਢ ਪੈ ਗਈ ਹੈ।

ਕਰਿ ਕਿਰਪਾ ਗੁਰਿ ਕੀਨੀ ਦਾਤਿ ॥੨॥

ਇਹ ਸਾਰੀ ਦਾਤਿ ਗੁਰੂ ਨੇ ਹੀ ਮੇਹਰ ਕਰ ਕੇ ਦਿੱਤੀ ਹੈ ॥੨॥

ਨਿਥਾਵੇ ਕਉ ਗੁਰਿ ਦੀਨੋ ਥਾਨੁ ॥

ਮੈਨੂੰ ਪਹਿਲਾਂ ਕਿਤੇ ਢੋਈ ਨਹੀਂ ਸੀ ਮਿਲਦੀ ਗੁਰੂ ਨੇ ਮੈਨੂੰ (ਆਪਣੇ ਚਰਨਾਂ ਵਿੱਚ) ਥਾਂ ਦਿੱਤਾ,

ਨਿਮਾਨੇ ਕਉ ਗੁਰਿ ਕੀਨੋ ਮਾਨੁ ॥

ਮੈਨੂੰ ਨਿਮਾਣੇ ਨੂੰ ਗੁਰੂ ਨੇ ਆਦਰ ਦਿੱਤਾ ਹੈ,

ਬੰਧਨ ਕਾਟਿ ਸੇਵਕ ਕਰਿ ਰਾਖੇ ॥

ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਮੈਨੂੰ ਗੁਰੂ ਨੇ ਆਪਣਾ ਸੇਵਕ ਬਣਾ ਕੇ ਆਪਣੇ ਚਰਨਾਂ ਵਿਚ ਟਿਕਾ ਲਿਆ,

ਅੰਮ੍ਰਿਤ ਬਾਨੀ ਰਸਨਾ ਚਾਖੇ ॥੩॥

ਹੁਣ ਮੇਰੀ ਜੀਭ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ (ਦਾ ਰਸ) ਚੱਖਦੀ ਰਹਿੰਦੀ ਹੈ ॥੩॥

ਵਡੈ ਭਾਗਿ ਪੂਜ ਗੁਰ ਚਰਨਾ ॥

(ਹੇ ਭਾਈ!) ਵੱਡੀ ਕਿਸਮਤਿ ਨਾਲ ਮੈਨੂੰ ਗੁਰੂ ਦੇ ਚਰਨਾਂ ਦੀ ਪੂਜਾ (ਦਾ ਅਵਸਰ ਮਿਲਿਆ)

ਸਗਲ ਤਿਆਗਿ ਪਾਈ ਪ੍ਰਭ ਸਰਨਾ ॥

(ਜਿਸ ਦੀ ਬਰਕਤਿ ਨਾਲ) ਮੈਂ ਹੋਰ ਸਾਰੇ ਆਸਰੇ ਛੱਡ ਕੇ ਪ੍ਰਭੂ ਦੀ ਸਰਨ ਆ ਪਿਆ ਹਾਂ।

ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥

ਹੇ ਨਾਨਕ! (ਆਖ-) ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੋ ਜਾਂਦਾ ਹੈ,

ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥

ਉਹ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੬॥੧੦੦॥


ਆਸਾ ਮਹਲਾ ੫ ॥
ਸਤਿਗੁਰ ਸਾਚੈ ਦੀਆ ਭੇਜਿ ॥

(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ (ਨਾਨਕ) ਨੂੰ (ਜਗਤ ਵਿਚ) ਘੱਲਿਆ ਹੈ।

ਚਿਰੁ ਜੀਵਨੁ ਉਪਜਿਆ ਸੰਜੋਗਿ ॥

ਉਸ ਦੀ ਸੰਗਤਿ (ਦੀ ਬਰਕਤਿ) ਨਾਲ (ਸਿੱਖਾਂ ਦੇ ਹਿਰਦੇ ਵਿਚ) ਅਟੱਲ ਆਤਮਕ ਜੀਵਨ ਪੈਦਾ ਹੋ ਰਿਹਾ ਹੈ।

ਉਦਰੈ ਮਾਹਿ ਆਇ ਕੀਆ ਨਿਵਾਸੁ ॥

(ਹੇ ਭਾਈ! ਜਿਵੇਂ ਜਦੋਂ ਮਾਂ ਦੇ) ਪੇਟ ਵਿਚ (ਬੱਚਾ) ਆ ਨਿਵਾਸ ਕਰਦਾ ਹੈ,

ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥

ਤਾਂ ਮਾਂ ਦੇ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ (ਤਿਵੇਂ ਸਿੱਖ ਦੇ ਅੰਦਰ ਅਟੱਲ ਆਤਮਕ ਜੀਵਨ ਆਨੰਦ ਪੈਦਾ ਕਰਦਾ ਹੈ) ॥੧॥

ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥

(ਹੇ ਭਾਈ! ਗੁਰੂ ਨਾਨਕ) ਪਰਮਾਤਮਾ ਦਾ ਭਗਤ ਜੰਮਿਆ (ਪਰਮਾਤਮਾ ਦਾ) ਪੁੱਤਰ ਜੰਮਿਆ।

ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥

(ਉਸ ਦੀ ਬਰਕਤਿ ਨਾਲ ਉਸ ਦੀ ਸਰਨ ਆਉਣ ਵਾਲੇ) ਸਾਰੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ (ਸੇਵਾ-ਭਗਤੀ ਦਾ) ਲੇਖ ਉੱਘੜ ਰਿਹਾ ਹੈ ਰਹਾਉ॥

ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥

(ਹੇ ਭਾਈ! ਜਿਵੇਂ ਜਿਸ ਘਰ ਵਿਚ) ਪਰਮਾਤਮਾ ਦੇ ਹੁਕਮ ਅਨੁਸਾਰ ਦਸੀਂ ਮਹੀਨੀਂ ਪੁੱਤਰ ਜੰਮਦਾ ਹੈ,

ਮਿਟਿਆ ਸੋਗੁ ਮਹਾ ਅਨੰਦੁ ਥੀਆ ॥

(ਤਾਂ ਉਸ ਘਰ ਵਿਚੋਂ) ਗ਼ਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ;

ਗੁਰਬਾਣੀ ਸਖੀ ਅਨੰਦੁ ਗਾਵੈ ॥

(ਤਿਵੇਂ ਜੇਹੜੀ ਸਤ-ਸੰਗਣ) ਸਹੇਲੀ ਗੁਰੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੀ ਹੈ,

ਸਾਚੇ ਸਾਹਿਬ ਕੈ ਮਨਿ ਭਾਵੈ ॥੨॥

ਉਹ ਆਤਮਕ ਆਨੰਦ ਮਾਣਦੀ ਹੈ ਤੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ ॥੨॥

ਵਧੀ ਵੇਲਿ ਬਹੁ ਪੀੜੀ ਚਾਲੀ ॥

(ਹੇ ਭਾਈ! ਉਹ ਗੁਰਸਿੱਖ ਹੀ (ਗੁਰੂ ਦੀ ਪਰਮਾਤਮਾ ਦੀ) ਵਧ-ਰਹੀ ਵੇਲ ਹਨ ਚੱਲ-ਰਹੀ ਪੀੜ੍ਹੀ ਹਨ,

ਧਰਮ ਕਲਾ ਹਰਿ ਬੰਧਿ ਬਹਾਲੀ ॥

ਜਿਹਨਾਂ ਗੁਰਸਿੱਖਾਂ ਵਿਚ ਗੁਰੂ ਪਰਮਾਤਮਾ ਦੀ ਧਰਮ-ਸੱਤਿਆ ਪੱਕੀ ਕਰ ਕੇ ਟਿਕਾ ਦੇਂਦਾ ਹੈ।

ਮਨ ਚਿੰਦਿਆ ਸਤਿਗੁਰੂ ਦਿਵਾਇਆ ॥

ਸਤਿਗੁਰੂ ਉਹਨਾਂ ਨੂੰ ਮਨ-ਇੱਛਤ ਫਲ ਦੇਂਦਾ ਹੈ,

ਭਏ ਅਚਿੰਤ ਏਕ ਲਿਵ ਲਾਇਆ ॥੩॥

ਜੇਹੜੇ ਵਡ-ਭਾਗੀ ਮਨੁੱਖ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਇਕ ਪਰਮਾਤਮਾ ਵਿਚ ਸੁਰਤਿ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ ॥੩॥

ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥

(ਹੇ ਭਾਈ!) ਜਿਵੇਂ ਕੋਈ ਪੁੱਤਰ ਆਪਣੇ ਪਿਉ ਉੱਤੇ ਮਾਣ ਕਰਦਾ ਹੈ (ਉਹ ਸਿੱਖ ਗੁਰੂ ਉੱਤੇ ਇਉਂ ਫ਼ਖ਼ਰ ਕਰਦਾ ਹੈ, ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਉਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਉ ਪਾਸੋਂ)

ਬੁਲਾਇਆ ਬੋਲੈ ਗੁਰ ਕੈ ਭਾਣਿ ॥

ਉਹ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਵਿਚ ਹੀ ਬੋਲਦਾ ਹੈ।

ਗੁਝੀ ਛੰਨੀ ਨਾਹੀ ਬਾਤ ॥

ਹੁਣ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ,

ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥

(ਹਰ ਕੋਈ ਜਾਣਦਾ ਹੈ ਕਿ ਜਿਸ ਮਨੁੱਖ ਉੱਤੇ) ਗੁਰੂ ਨਾਨਕ ਦਇਆਵਾਨ ਹੁੰਦਾ ਹੈ (ਉਸ ਨੂੰ) ਦਾਤਿ ਦੇਂਦਾ ਹੈ ॥੪॥੭॥੧੦੧॥


ਆਸਾ ਮਹਲਾ ੫ ॥
ਗੁਰ ਪੂਰੇ ਰਾਖਿਆ ਦੇ ਹਾਥ ॥

(ਹੇ ਭਾਈ!) ਜਿਸ ਸੇਵਕ ਨੂੰ ਪੂਰਾ ਗੁਰੂ ਆਪਣਾ ਹੱਥ ਦੇ ਕੇ (ਵਿਕਾਰ ਆਦਿਕ ਤੋਂ ਬਚਾ ਕੇ) ਰੱਖਦਾ ਹੈ,

ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥

ਉਸ ਦੀ ਸੋਭਾ-ਵਡਿਆਈ (ਸਾਰੇ ਜਗਤ ਵਿਚ) ਉੱਘੜ ਪੈਂਦੀ ਹੈ ॥੧॥

ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥

(ਹੇ ਭਾਈ!) ਮੈਂ ਸਦਾ ਗੁਰੂ ਨੂੰ ਹੀ ਯਾਦ ਕਰਦਾ ਹਾਂ; ਸਦਾ ਗੁਰੂ ਦਾ ਹੀ ਧਿਆਨ ਧਰਦਾ ਹਾਂ।

ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥ ਰਹਾਉ ॥

ਗੁਰੂ ਪਾਸੋਂ ਹੀ ਮੈਂ ਆਪਣੇ ਮਨ ਦੀ ਮੰਗੀ ਹੋਈ ਲੋੜ ਹਾਸਲ ਕਰਦਾ ਹਾਂ ਰਹਾਉ॥

ਸਰਨਿ ਪਰੇ ਸਾਚੇ ਗੁਰਦੇਵ ॥

(ਹੇ ਭਾਈ!) ਜੇਹੜੇ ਸੇਵਕ ਸਦਾ-ਥਿਰ ਪ੍ਰਭੂ ਦੇ ਰੂਪ ਸਤਿਗੁਰੂ ਦਾ ਆਸਰਾ ਲੈਂਦੇ ਹਨ,

ਪੂਰਨ ਹੋਈ ਸੇਵਕ ਸੇਵ ॥੨॥

ਉਹਨਾਂ ਦੀ ਸੇਵਾ (ਦੀ ਘਾਲ) ਸਿਰੇ ਚੜ੍ਹ ਜਾਂਦੀ ਹੈ ॥੨॥

ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥

(ਹੇ ਭਾਈ!) (ਗੁਰੂ ਸਰਨ ਪਏ ਸੇਵਕ ਦੀ) ਜਿੰਦ ਨੂੰ, ਸਰੀਰ ਨੂੰ, ਜੋਬਨ ਨੂੰ ਪ੍ਰਾਣਾਂ ਨੂੰ (ਵਿਕਾਰ ਆਦਿਕ ਤੋਂ) ਬਚਾ ਕੇ ਰੱਖਦਾ ਹੈ।

ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥

ਨਾਨਕ ਆਖਦਾ ਹੈ- (ਉਸ ਸੇਵਕ ਨੂੰ) ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ॥੩॥੮॥੧੦੨॥


ਆਸਾ ਘਰੁ ੯ ਮਹਲਾ ੫ ॥

ਰਾਗ ਆਸਾ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥

ਮੈਂ (ਸਦਾ) ਚਾਹੁੰਦਾ (ਤਾਂ ਇਹ) ਹਾਂ ਕਿ ਪਰਮਾਤਮਾ ਦਾ ਸਿਮਰਨ ਕਰ ਕੇ (ਉਸ ਪਾਸੋਂ) ਮੈਂ ਸਾਰੇ ਸੁਖ ਹਾਸਲ ਕਰਾਂ (ਪਰ ਮੈਨੂੰ ਇਹ ਪਤਾ ਨਹੀਂ ਹੈ ਕਿ ਇਹ ਤਾਂਘ ਕਰ ਕੇ) ਮੈਂ ਪ੍ਰਭੂ ਦੀ ਹਜ਼ੂਰੀ ਵਿਚ ਚੰਗਾ ਲੱਗ ਰਿਹਾ ਜਾਂ ਨਹੀਂ।

ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥੧॥

(ਕੋਈ ਸੁਖ ਆਦਿਕ ਮੰਗਣ ਵਾਸਤੇ) ਮੈਂ ਕਿਸੇ ਹੋਰ ਪਾਸ ਜਾ ਭੀ ਨਹੀਂ ਸਕਦਾ, ਕਿਉਂਕਿ ਦਾਤਾਂ ਦੇਣ ਵਾਲਾ ਸਿਰਫ਼ ਇਕ ਪਰਮਾਤਮਾ ਹੈ ਤੇ ਸ੍ਰਿਸ਼ਟੀ (ਉਸ ਦੇ ਦਰ ਤੋਂ) ਮੰਗਣ ਵਾਲੀ ਹੈ ॥੧॥

ਹਉ ਮਾਗਉ ਆਨ ਲਜਾਵਉ ॥

ਜਦੋਂ ਮੈਂ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਪਾਸੋਂ ਮੰਗਦਾ ਹਾਂ ਤਾਂ ਸ਼ਰਮਾਂਦਾ ਹਾਂ,

ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥੧॥ ਰਹਾਉ ॥

(ਕਿਉਂਕਿ) ਇਕ ਮਾਲਕ-ਪ੍ਰਭੂ ਹੀ ਸਭ ਜੀਵਾਂ ਦਾ ਰਾਜਾ ਹੈ, ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਖ਼ਿਆਲ ਨਹੀਂ ਕਰ ਸਕਦਾ ॥੧॥ ਰਹਾਉ ॥

ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ ॥

(ਪਰਮਾਤਮਾ ਦਾ ਦਰਸ਼ਨ ਕਰਨ ਲਈ) ਮੈਂ ਉੱਠਦਾ ਹਾਂ (ਹੰਭਲਾ ਮਾਰਦਾ ਹਾਂ, ਫਿਰ) ਬਹਿ ਜਾਂਦਾ ਹਾਂ, (ਪਰ ਦਰਸ਼ਨ ਕਰਨ ਤੋਂ ਬਿਨਾ) ਰਹਿ ਭੀ ਨਹੀਂ ਸਕਦਾ, ਮੁੜ ਖੋਜ ਖੋਜ ਕੇ ਦਰਸ਼ਨ ਭਾਲਦਾ ਹਾਂ।

ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ੍ਰ ਕਉ ਮਹਲੁ ਦੁਲਭਾਵਉ ॥੨॥

(ਮੈਂ ਕਿਸ ਦਾ ਵਿਚਾਰਾ ਹਾਂ?) ਪਰਮਾਤਮਾ ਦਾ ਟਿਕਾਣਾ ਤਾਂ ਉਹਨਾਂ ਵਾਸਤੇ ਭੀ ਦੁਰਲੱਭ ਹੀ ਰਿਹਾ ਜੋ ਬ੍ਰਹਮਾ ਵਰਗੇ (ਵੱਡੇ ਵੱਡੇ ਦੇਵਤਾ ਮੰਨੇ ਗਏ) ਜੋ ਸਨਕ ਵਰਗੇ-ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ (ਬ੍ਰਹਮਾ ਦੇ ਪੁੱਤਰ ਅਖਵਾਏ) ॥੨॥

ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥

ਪਰਮਾਤਮਾ ਅਪਹੁੰਚ ਹੈ, ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਉਹ ਇਕ ਅਥਾਹ ਸਮੁੰਦਰ ਹੈ ਜਿਸ ਦੀ ਡੂੰਘਾਈ ਦੀ ਸੂਝ ਨਹੀਂ ਪੈ ਸਕਦੀ, ਉਸ ਦੀ ਕੀਮਤ ਨਹੀਂ ਪੈ ਸਕਦੀ, ਮੈਂ ਉਸ ਦਾ ਮੁੱਲ ਨਹੀਂ ਪਾ ਸਕਦਾ।

ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥੩॥

(ਉਸ ਦੇ ਦਰਸ਼ਨ ਦੀ ਖ਼ਾਤਰ) ਮੈਂ ਗੁਰੂ ਮਹਾਪੁਰਖ ਦੀ ਸਰਨ ਤੱਕੀ ਹੈ, ਮੈਂ ਸਤਿਗੁਰੂ ਦਾ ਆਰਾਧਨ ਕਰਦਾ ਹਾਂ ॥੩॥

ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥

ਜਿਸ ਮਨੁੱਖ ਉਤੇ ਠਾਕੁਰ-ਪ੍ਰਭੂ ਦਇਆਵਾਨ ਹੁੰਦਾ ਹੈ ਉਸ ਦੇ ਗਲੋਂ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ।

ਕਹੁ ਨਾਨਕ ਜਉ ਸਾਧਸੰਗੁ ਪਾਇਓ ਤਉ ਫਿਰਿ ਜਨਮਿ ਨ ਆਵਉ ॥੪॥੧॥੧੨੧॥

ਨਾਨਕ ਆਖਦਾ ਹੈ- ਜੇ ਮੈਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਏ, ਤਦੋਂ ਹੀ ਮੈਂ ਮੁੜ ਮੁੜ ਜਨਮ ਵਿਚ ਨਹੀਂ ਆਵਾਂਗਾ (ਜਨਮਾਂ ਦੇ ਗੇੜ ਤੋਂ ਬਚ ਸਕਾਂਗਾ) ॥੪॥੧॥੧੨੧॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥

ਹੁਣ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਂਦਾ ਹਾਂ, ਬਾਹਰ ਦੁਨੀਆ ਨਾਲ ਵਰਤਨ-ਵਿਹਾਰ ਕਰਦਾ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਰੱਖਦਾ ਹਾਂ, ਸੌਣ ਵੇਲੇ ਭੀ ਤੇ ਜਾਗ ਕੇ ਭੀ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ।੧।

ਸੰਗਿ ਚਲਨ ਕਉ ਤੋਸਾ ਦੀਨ੍ਰਾ ਗੋਬਿੰਦ ਨਾਮ ਕੇ ਬਿਉਹਾਰੀ ॥੧॥

ਪਰਮਾਤਮਾ ਦੇ ਨਾਮ ਦੇ ਵਣਜਾਰੇ ਸਤਸੰਗੀਆਂ ਨੇ ਮੇਰੇ ਨਾਲ ਸਾਥ ਕਰਨ ਵਾਸਤੇ ਮੈਨੂੰ (ਪਰਮਾਤਮਾ ਦਾ ਨਾਮ) ਸਫ਼ਰ-ਖ਼ਰਚ (ਵਜੋਂ) ਦਿੱਤਾ ਹੈ ॥੧॥

ਅਵਰ ਬਿਸਾਰੀ ਬਿਸਾਰੀ ॥

(ਪਰਮਾਤਮਾ ਤੋਂ ਬਿਨਾ) ਕੋਈ ਹੋਰ ਓਟ ਮੈਂ ਉੱਕਾ ਹੀ ਭੁਲਾ ਦਿੱਤੀ ਹੈ।

ਨਾਮ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥੧॥ ਰਹਾਉ ॥

ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ (ਦੀ) ਦਾਤ ਦਿੱਤੀ ਹੈ, ਮੈਂ ਇਸੇ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ ॥੧॥ ਰਹਾਉ ॥

ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਰਾਰੀ ॥

ਹੁਣ ਮੈਂ ਦੁੱਖਾਂ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਸੁਖ ਵਿਚ ਭੀ ਗਾਂਦਾ ਹਾਂ, ਰਸਤੇ ਤੁਰਦਾ ਭੀ (ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿਚ) ਸੰਭਾਲੀ ਰੱਖਦਾ ਹਾਂ।੨।

ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥੨॥

ਗੁਰੂ ਨੇ ਮੇਰੇ ਮਨ ਵਿਚ ਪ੍ਰਭੂ-ਨਾਮ ਦੀ ਦ੍ਰਿੜ੍ਹਤਾ ਕਰ ਦਿੱਤੀ ਹੈ (ਉਸ ਨਾਮ ਨੇ) ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ ॥੨॥

ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥

ਹੁਣ ਮੈਂ ਦਿਨ ਵੇਲੇ ਭੀ ਤੇ ਰਾਤ ਨੂੰ ਭੀ, ਤੇ ਹਰੇਕ ਸੁਆਸ ਦੇ ਨਾਲ ਭੀ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ,

ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥੩॥

(ਇਹ ਸਾਰੀ ਬਰਕਤਿ ਸਾਧ ਸੰਗਤਿ ਦੀ ਹੈ) ਸਾਧ ਸੰਗਤਿ ਵਿਚ ਟਿਕਿਆਂ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ ਜਿਊਂਦਿਆਂ ਮਰਦਿਆਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ॥੩॥

ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥

ਹੇ ਪ੍ਰਭੂ! ਆਪਣੇ ਦਾਸ ਨਾਨਕ ਨੂੰ ਇਹ ਦਾਨ ਦਿਉ ਕਿ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਕਰਾਂ।

ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥੪॥੨॥੧੨੨॥

ਤੇਰੀ ਯਾਦ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ, ਤੇਰੀ ਸਿਫ਼ਤ-ਸਾਲਾਹ ਆਪਣੇ ਕੰਨਾਂ ਨਾਲ ਸੁਣਦਾ ਰਹਾਂ, ਤੇਰਾ ਦਰਸ਼ਨ ਆਪਣੀਆਂ ਅੱਖਾਂ ਨਾਲ ਕਰਦਾ ਰਹਾਂ, ਤੇ ਆਪਣਾ ਮੱਥਾ ਗੁਰੂ ਦੇ ਚਰਨਾਂ ਉਤੇ ਰੱਖੀ ਰੱਖਾਂ ॥੪॥੨॥੧੨੨॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਘਰੁ ੧੦ ਮਹਲਾ ੫ ॥

ਰਾਗ ਆਸਾ, ਘਰ ੧੦ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥

ਹੇ ਮਨ! ਜਿਸ ਪੁੱਤਰ ਨੂੰ ਜਿਸ ਇਸਤ੍ਰੀ ਨੂੰ ਜਿਸ ਘਰੋਗੇ ਸਾਮਾਨ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ, ਇਹ ਸਾਰੇ ਤਾਂ ਦੋ ਦਿਨਾਂ ਦੇ ਪ੍ਰਾਹੁਣੇ ਹਨ।

ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥੧॥

ਪੁੱਤਰ, ਇਸਤ੍ਰੀ, ਘਰ ਦਾ ਸਾਰਾ ਸਾਮਾਨ-ਇਹਨਾਂ ਨਾਲ ਮੋਹ ਸਾਰਾ ਝੂਠਾ ਹੈ ॥੧॥

ਰੇ ਮਨ ਕਿਆ ਕਰਹਿ ਹੈ ਹਾ ਹਾ ॥

ਹੇ ਮੇਰੇ ਮਨ! (ਮਾਇਆ ਦਾ ਪਸਾਰਾ ਵੇਖ ਕੇ ਕੀਹ ਖ਼ੁਸ਼ੀਆਂ ਮਨਾ ਰਿਹਾ ਹੈਂ ਤੇ) ਕੀਹ ਆਹਾ ਆਹਾ ਕਰਦਾ ਹੈਂ? ਧਿਆਨ ਨਾਲ ਵੇਖ, ਇਹ ਸਾਰਾ ਪਸਾਰਾ ਧੂੰਏਂ ਦੇ ਪਹਾੜ ਵਾਂਗ ਹੈ।

ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥੧॥ ਰਹਾਉ ॥

ਪਰਮਾਤਮਾ ਦਾ ਭਜਨ ਕਰਿਆ ਕਰ, ਸਿਰਫ਼ ਇਹੀ (ਮਨੁੱਖਾ ਜੀਵਨ ਵਿਚ) ਲਾਭ (ਖੱਟਿਆ ਜਾ ਸਕਦਾ ਹੈ) ॥੧॥ ਰਹਾਉ ॥

ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥

ਹੇ ਮਨ! (ਇਹ ਜਗਤ-ਪਸਾਰਾ ਇਉਂ ਹੀ ਹੈ) ਜਿਵੇਂ ਸਰੀਰ ਉਤੇ ਪਹਿਨੇ ਹੋਏ ਕੱਪੜੇ ਦੋ ਚਾਰ ਦਿਨਾਂ ਵਿਚ ਪੁਰਾਣੇ ਹੋ ਜਾਂਦੇ ਹਨ।

ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥੨॥

ਹੇ ਮਨ! ਕੰਧ ਉਤੇ ਕਿਥੋਂ ਤਕ ਦੌੜ ਸਕੀਦਾ ਹੈ? ਆਖ਼ਰ ਉਸ ਦਾ ਅਖ਼ੀਰਲਾ ਸਿਰਾ ਆ ਹੀ ਜਾਂਦਾ ਹੈ (ਜ਼ਿੰਦਗੀ ਦੇ ਗਿਣੇ-ਮਿਥੇ ਸੁਆਸ ਜ਼ਰੂਰ ਮੁੱਕ ਹੀ ਜਾਂਦੇ ਹਨ) ॥੨॥

ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥

ਹੇ ਮਨ! (ਇਹ ਉਮਰ ਇਉਂ ਹੀ ਹੈ) ਜਿਵੇਂ ਪਾਣੀ ਦਾ ਹੌਜ਼ਾ ਬਣਾ ਰੱਖਿਆ ਹੋਵੇ, ਤੇ ਲੂਣ ਉਸ ਵਿਚ ਪੈਂਦਿਆਂ ਹੀ ਗਲ ਜਾਂਦਾ ਹੈ।

ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ ॥੩॥

ਹੇ ਮਨ! ਜਦੋਂ (ਜਿਸ ਨੂੰ) ਪਰਮਾਤਮਾ ਦਾ ਹੁਕਮ (ਸੱਦਾ) ਆਵੇਗਾ, ਉਹ ਉਸੇ ਵੇਲੇ ਉਠ ਕੇ ਤੁਰ ਪਏਗਾ ॥੩॥

ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥

ਹੇ ਮੇਰੇ ਮਨ! ਤੂੰ ਆਪਣੇ ਗਿਣੇ-ਮਿਥੇ ਮਿਲੇ ਸੁਆਸਾਂ ਦੇ ਅੰਦਰ ਹੀ ਜਗਤ ਵਿਚ ਤੁਰਿਆ ਫਿਰਦਾ ਹੈਂ ਤੇ ਬੈਠਦਾ ਹੈਂ (ਗਿਣੇ-ਮਿਥੇ) ਲੇਖੇ ਅਨੁਸਾਰ ਹੀ ਤੂੰ ਸਾਹ ਲੈਂਦਾ ਹੈਂ, (ਇਹ ਆਖ਼ਰ ਮੁੱਕ ਜਾਣੇ ਹਨ)।

ਸਦਾ ਕੀਰਤਿ ਕਰਿ ਨਾਨਕ ਹਰਿ ਕੀ ਉਬਰੇ ਸਤਿਗੁਰ ਚਰਣ ਓਟਾਹਾ ॥੪॥੧॥੧੨੩॥

ਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ। ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ (ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ) ਉਹ (ਮਾਇਆ ਦੇ ਮੋਹ ਵਿਚ ਫਸਣੋਂ) ਬਚ ਜਾਂਦੇ ਹਨ ॥੪॥੧॥੧੨੩॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ ॥

(ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਹਰੇਕ) ਪੁੱਠੀ ਗੱਲ ਸੋਹਣੀ ਸਿੱਧੀ ਹੋ ਗਈ (ਮੇਰੇ ਪਹਿਲੇ) ਚੰਦਰੇ ਵੈਰੀ (ਹੁਣ) ਸੱਜਣ-ਮਿੱਤਰ ਬਣ ਗਏ,

ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥੧॥

(ਮੇਰੇ ਮਨ ਦੇ) ਘੁੱਪ ਹਨੇਰੇ ਵਿਚ (ਗੁਰੂ ਦਾ ਬਖ਼ਸ਼ਿਆ ਗਿਆਨ-) ਰਤਨ ਚਮਕ ਪਿਆ (ਵਿਕਾਰਾਂ ਨਾਲ) ਮੈਲੀ ਹੋ ਚੁਕੀ ਮੇਰੀ ਅਕਲ ਸਾਫ਼-ਸੁਥਰੀ ਹੋ ਗਈ ॥੧॥

ਜਉ ਕਿਰਪਾ ਗੋਬਿੰਦ ਭਈ ॥

ਜਦੋਂ ਮੇਰੇ ਉਤੇ ਗੋਬਿੰਦ ਦੀ ਕਿਰਪਾ ਹੋਈ,

ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥੧॥ ਰਹਾਉ ॥

ਮੈਂ ਸਤਿਗੁਰੂ ਨੂੰ ਮਿਲ ਪਿਆ (ਤੇ ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਫਲ (ਵਜੋਂ) ਮੈਨੂੰ ਆਤਮਕ ਆਨੰਦ ਦੀ ਦੌਲਤ ਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ ॥੧॥ ਰਹਾਉ ॥

ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ ॥

(ਗੁਰੂ ਦੇ ਮਿਲਾਪ ਤੋਂ ਪਹਿਲਾਂ) ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ; ਹੁਣ ਮੈਂ ਸਾਰੇ ਭਵਨਾਂ ਵਿਚ ਉੱਘਾ ਹੋ ਗਿਆ।

ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥੨॥

(ਪਹਿਲਾਂ) ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ, ਹੁਣ ਸਾਰੀ ਲੁਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ ॥੨॥

ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ ॥

(ਗੁਰ-ਮਿਲਾਪ ਤੋਂ ਪਹਿਲਾਂ ਤ੍ਰਿਸ਼ਨਾ-ਅਧੀਨ ਹੋ ਕੇ) ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਫਿਰਦਾ ਸਾਂ (ਗੁਰੂ ਦੀ ਬਰਕਤਿ ਨਾਲ) ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ।

ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥੩॥

ਪਹਿਲਾਂ ਮੈਂ (ਕਿਸੇ ਦਾ) ਇੱਕ ਭੀ (ਖਰ੍ਹਵਾ) ਬੋਲ ਸਹਾਰ ਨਹੀਂ ਸਾਂ ਸਕਦਾ, ਸਾਧ ਸੰਗਤਿ ਦਾ ਸਦਕਾ ਹੁਣ ਮੇਰਾ ਮਨ ਠੰਡਾ-ਠਾਰ ਹੋ ਗਿਆ ਹੈ ॥੩॥

ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥

(ਗੋਬਿੰਦ ਦੀ ਅਪਾਰ ਕਿਰਪਾ ਨਾਲ ਮੈਨੂੰ ਸਤਿਗੁਰੂ ਮਿਲਿਆ, ਉਸ ਗੋਬਿੰਦ ਦੇ) ਕੇਹੜੇ ਕੇਹੜੇ ਗੁਣ (ਉਪਕਾਰ) ਮੇਰੀ ਇੱਕ ਜੀਭ ਬਿਆਨ ਕਰੇ? ਉਹ ਅਪਹੁੰਚ ਹੈ ਅਪਹੁੰਚ ਹੈ ਅਪਹੁੰਚ ਹੈ (ਉਸ ਦੇ ਸਾਰੇ ਗੁਣ ਉਪਕਾਰ ਦੱਸੇ ਨਹੀਂ ਜਾ ਸਕਦੇ)।

ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ ॥੪॥੨॥੧੨੪॥

ਹੇ ਨਾਨਕ! (ਸਿਰਫ਼ ਇਹੀ ਆਖਦਾ ਰਹੁ-) ਹੇ ਹਰੀ! ਮੈਂ ਦਾਸ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾਈ ਰੱਖ ॥੪॥੨॥੧੨੪॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥

ਹੇ (ਮੇਰੇ) ਮੂਰਖ (ਮਨ)! (ਆਤਮਕ ਜੀਵਨ ਦੇ) ਲਾਭ ਵਲੋਂ ਤੂੰ ਬਹੁਤ ਆਲਸੀ ਹੈਂ ਪਰ (ਆਤਮਕ ਜੀਵਨ ਦੀ ਰਾਸਿ ਦੇ) ਘਾਟੇ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈਂ!

ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥੧॥

ਹੇ ਪਾਪੀ! ਤੂੰ ਸਸਤਾ ਸੌਦਾ ਨਹੀਂ ਲੈਂਦਾ, (ਵਿਕਾਰਾਂ ਦੇ) ਕਰਜ਼ੇ ਨਾਲ ਬੱਝਾ ਪਿਆ ਹੈਂ ॥੧॥

ਸਤਿਗੁਰ ਤੇਰੀ ਆਸਾਇਆ ॥

ਹੇ ਗੁਰੂ! ਮੈਨੂੰ ਤੇਰੀ (ਸਹਾਇਤਾ ਦੀ) ਆਸ ਹੈ।

ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥੧॥ ਰਹਾਉ ॥

ਹੇ ਪਰਮਾਤਮਾ! (ਮੈਂ ਵਿਕਾਰੀ ਤਾਂ ਬਹੁਤ ਹਾਂ, ਪਰ) ਮੈਨੂੰ ਇਹੀ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ਹੈ ॥੧॥ ਰਹਾਉ ॥

ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ ॥

ਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈਂ ਤੇ (ਸੁਣ ਕੇ) ਮਸਤ ਹੁੰਦਾ ਹੈਂ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈਂ,

ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥੨॥

ਕਿਸੇ ਦੀ ਨਿੰਦਾ ਦੇ ਖ਼ਿਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ। ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ ॥੨॥

ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ ॥

ਹੇ ਮੂਰਖ! ਤੂੰ ਪਰਾਇਆ ਧਨ (ਚੁਰਾਂਦਾ ਹੈਂ), ਪਰਾਇਆ ਰੂਪ (ਮੰਦੀ ਨਿਗਾਹ ਨਾਲ ਤੱਕਦਾ ਹੈਂ), ਪਰਾਈ ਨਿੰਦਾ (ਕਰਦਾ ਹੈਂ ਤੂੰ ਲੋਭ ਨਾਲ) ਹਲਕਾ ਹੋਇਆ ਪਿਆ ਹੈਂ ਉਹੀ ਚੀਜ਼ਾਂ ਖਾਂਦਾ ਹੈਂ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ।

ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ ॥੩॥

ਹੇ ਮੂਰਖ! ਸਦਾ ਨਾਲ ਨਿਭਣ-ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ, ਸੱਚ-ਉਪਦੇਸ਼ ਸੁਣਨ ਤੋਂ ਤੈਨੂੰ ਖਿੱਝ ਲੱਗਦੀ ਹੈ ॥੩॥

ਦੀਨ ਦਇਆਲ ਕ੍ਰਿਪਾਲ ਪ੍ਰਭ ਠਾਕੁਰ ਭਗਤ ਟੇਕ ਹਰਿ ਨਾਇਆ ॥

ਹੇ ਨਾਨਕ! (ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ ਠਾਕੁਰ! ਹੇ ਕਿਰਪਾ ਦੇ ਘਰ ਪ੍ਰਭੂ! ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ।

ਨਾਨਕ ਆਹਿ ਸਰਣ ਪ੍ਰਭ ਆਇਓ ਰਾਖੁ ਲਾਜ ਅਪਨਾਇਆ ॥੪॥੩॥੧੨੫॥

ਹੇ ਪ੍ਰਭੂ! ਮੈਂ ਚਾਹ ਕਰ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣਾ ਦਾਸ ਬਣਾ ਕੇ ਮੇਰੀ ਲਾਜ ਰੱਖ (ਮੈਨੂੰ ਮੰਦ ਕਰਮਾਂ ਤੋਂ ਬਚਾਈ ਰੱਖ) ॥੪॥੩॥੧੨੫॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ ॥

(ਮੰਦ-ਭਾਗੀ ਮਨੁੱਖ) ਝੂਠੇ ਸਾਥੀਆਂ ਦੀ ਸੰਗਤਿ ਵਿਚ ਮਸਤ ਰਹਿੰਦਾ ਹੈ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ,

ਜਹ ਜਾਨੋ ਸੋ ਚੀਤਿ ਨ ਆਵੈ ਅਹੰਬੁਧਿ ਭਏ ਆਂਧੇ ॥੧॥

(ਇਹ ਜਗਤ ਛੱਡ ਕੇ) ਜਿੱਥੇ (ਆਖ਼ਰ) ਚਲੇ ਜਾਣਾ ਹੈ ਉਹ ਥਾਂ (ਇਸ ਦੇ) ਚਿੱਤ ਵਿਚ ਕਦੇ ਨਹੀਂ ਆਉਂਦਾ, ਹਉਮੈ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ॥੧॥

ਮਨ ਬੈਰਾਗੀ ਕਿਉ ਨ ਅਰਾਧੇ ॥

ਹੇ ਮੇਰੇ ਮਨ! ਤੂੰ ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ਪਰਮਾਤਮਾ ਦਾ ਆਰਾਧਨ ਕਿਉਂ ਨਹੀਂ ਕਰਦਾ?

ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥੧॥ ਰਹਾਉ ॥

(ਤੇਰਾ ਇਹ ਸਰੀਰ) ਕੱਚੀ ਕੋਠੜੀ ਹੈ ਜਿਸ ਵਿਚ ਤੂੰ ਵੱਸ ਰਿਹਾ ਹੈਂ, ਤੇਰੇ ਨਾਲ ਸਾਰੇ ਵਿਸ਼ੇ-ਵਿਕਾਰਾਂ ਦੇ ਰੋਗ ਚੰਬੜੇ ਪਏ ਹਨ ॥੧॥ ਰਹਾਉ ॥

ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ ॥

‘ਇਹ ਮੇਰੀ ਮਲਕੀਅਤ ਹੈ ਇਹ ਮੇਰੀ ਜਾਇਦਾਦ ਹੈ’-ਇਹ ਆਖਦਿਆਂ ਹੀ (ਮੰਦ-ਭਾਗੀ ਮਨੁੱਖ ਦਾ) ਦਿਨ ਗੁਜ਼ਰ ਜਾਂਦਾ ਹੈ (ਇਸ ਤਰ੍ਹਾਂ ਹੀ ਫਿਰ) ਰਾਤ ਲੰਘ ਜਾਂਦੀ ਹੈ, ਪਲ ਪਲ ਛਿਨ ਛਿਨ ਕਰ ਕੇ ਇਸ ਦੀ ਉਮਰ ਘਟਦੀ ਜਾਂਦੀ ਹੈ।

ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥

ਜਿਵੇਂ ਮਿੱਠੇ ਦੇ ਸੁਆਦ ਵਿਚ (ਮੱਖੀ) ਫਸ ਜਾਂਦੀ ਹੈ ਤਿਵੇਂ (ਮੰਦ-ਭਾਗੀ ਮਨੁੱਖ) ਝੂਠੇ ਧੰਧੇ ਵਿਚ ਦੁਰਗੰਧ ਵਿਚ ਫਸਿਆ ਰਹਿੰਦਾ ਹੈ ॥੨॥

ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥

ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰਾਂ ਵਿਚ) ਇੰਦ੍ਰਿਆਂ ਦੇ ਰਸ ਵਿਚ (ਮਨੁੱਖ) ਗ਼ਲਤਾਨ ਰਹਿੰਦਾ ਹੈ।

ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥

(ਇਹਨਾਂ ਕੁਕਰਮਾਂ ਦੇ ਕਾਰਨ ਜਦੋਂ) ਸਿਰਜਨਹਾਰ ਅਕਾਲ ਪੁਰਖ ਨੇ (ਇਸ ਨੂੰ ਚੌਰਾਸੀ ਲੱਖ ਜੂਨਾਂ ਵਾਲੀ) ਭਵਾਟਣੀ ਦੇ ਦਿੱਤੀ ਤਾਂ ਇਹ ਮੁੜ ਮੁੜ ਜੂਨਾਂ ਵਿਚ ਭਟਕਦਾ ਫਿਰਦਾ ਹੈ ॥੩॥

ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥

ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਇਸ ਉਤੇ) ਦਇਆਵਾਨ ਹੁੰਦਾ ਹੈ ਤਦੋਂ ਗੁਰੂ ਨੂੰ ਮਿਲ ਕੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ।

ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥

ਨਾਨਕ ਆਖਦਾ ਹੈ- (ਪਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ) ਮੈਂ ਦਿਨ ਰਾਤ (ਹਰ ਵੇਲੇ ਪਰਮਾਤਮਾ ਦਾ) ਧਿਆਨ ਧਰਦਾ ਹਾਂ, ਉਸ ਨੇ ਮੇਰੇ ਅੰਦਰੋਂ ਸਾਰੇ ਵਿਕਾਰ ਮਾਰ ਮੁਕਾਏ ਹਨ ॥੪॥

ਇਉ ਜਪਿਓ ਭਾਈ ਪੁਰਖੁ ਬਿਧਾਤੇ ॥

ਇਸ ਤਰ੍ਹਾਂ ਹੀ (ਪਰਮਾਤਮਾ ਦੀ ਮੇਹਰ ਨਾਲ ਗੁਰੂ ਨੂੰ ਮਿਲ ਕੇ ਹੀ, ਮਨੁੱਖ) ਸਿਰਜਨਹਾਰ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ।

ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥

ਜਿਸ ਮਨੁੱਖ ਉਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਦਇਆਵਾਨ ਹੁੰਦਾ ਹੈ ਉਸ ਦੇ ਜਨਮ ਮਰਨ (ਦੇ ਗੇੜ) ਦੇ ਦੁੱਖ ਲਹਿ ਜਾਂਦੇ ਹਨ ॥੧॥ਰਹਾਉ ਦੂਜਾ॥੪॥੪॥੧੨੬॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥

ਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ।

ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥

ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ ॥੧॥

ਅੰਧੇ ਚੇਤਿ ਹਰਿ ਹਰਿ ਰਾਇਆ ॥

ਹੇ ਕਾਮ-ਵਾਸਨਾ ਵਿਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ।

ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥

ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ) ॥੧॥ ਰਹਾਉ ॥

ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥

ਹੇ ਅੰਨ੍ਹੇ ਮਨੁੱਖ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ।

ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥

ਹੇ ਅੰਨ੍ਹੇ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ ॥੨॥

ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥

ਹੇ ਅੰਨ੍ਹੇ! (ਅੰਤ) ਵੈਰ ਕਮਾਣ ਵਾਲੀ (ਮਾਇਆ) ਦੀ ਖ਼ਾਤਰ ਤੂੰ (ਅਨੇਕਾਂ) ਪਾਪ ਕਰਦਾ ਰਹਿੰਦਾ ਹੈਂ, ਅਸਲ ਚੀਜ਼ (ਜੋ ਤੇਰੇ ਨਾਲ ਨਿਭਣੀ ਹੈ) ਲਾਂਭੇ ਹੀ ਪਈ ਰਹਿ ਜਾਂਦੀ ਹੈ।

ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥

ਜਿਨ੍ਹਾਂ ਨੂੰ ਤੂੰ ਆਖ਼ਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ, ਹੇ ਮਿੱਤਰ (-ਪ੍ਰਭੂ) ਨਾਲ ਵੈਰ ਪਾਇਆ ਹੋਇਆ ਹੈ ॥੩॥

ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥

ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ, ਇਸ ਵਿਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ।

ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥

ਨਾਨਕ ਆਖਦਾ ਹੈ- ਐਸਾ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ) ॥੪॥੫॥੧੨੭॥


ਆਸਾ ਮਹਲਾ ੫ ਦੁਪਦੇ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾ ਵਿਲੀ ਬਾਣੀ।

ਲੂਕਿ ਕਮਾਨੋ ਸੋਈ ਤੁਮ੍ਰ ਪੇਖਿਓ ਮੂੜ ਮੁਗਧ ਮੁਕਰਾਨੀ ॥

ਹੇ ਪ੍ਰਭੂ! ਜੇਹੜਾ ਜੇਹੜਾ (ਮੰਦਾ) ਕੰਮ ਮਨੁੱਖ ਲੁਕ ਕੇ (ਭੀ) ਕਰਦੇ ਹਨ ਤੂੰ ਵੇਖ ਲੈਂਦਾ ਹੈਂ, ਪਰ ਮੂਰਖ ਬੇ-ਸਮਝ ਮਨੁੱਖ (ਫਿਰ ਭੀ) ਮੁੱਕਰਦੇ ਹਨ।

ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥

ਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ (ਤੇਰੀ ਹਜ਼ੂਰੀ ਵਿਚ ਉਹ ਵਿਕਾਰ ਉੱਘੜਨ ਤੇ) ਫਿਰ ਪਿਛੋਂ ਉਹ ਪਛੁਤਾਂਦੇ ਹਨ ॥੧॥

ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥

(ਹੇ ਮੂਰਖ ਮਨੁੱਖ! ਤੂੰ ਇਸ ਭੁਲੇਖੇ ਵਿਚ ਰਹਿੰਦਾ ਹੈਂ ਕਿ ਤੇਰੀਆਂ ਕਾਲੀਆਂ ਕਰਤੂਤਾਂ ਨੂੰ ਪਰਮਾਤਮਾ ਨਹੀਂ ਜਾਣਦਾ, ਪਰ) ਮੇਰਾ ਮਾਲਕ-ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ।

ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥

ਹੇ ਭੁਲੇਖੇ ਵਿਚ ਆਤਮਕ ਜੀਵਨ ਲੁਟਾ ਰਹੇ ਜੀਵ! ਤੂੰ ਪਰਮਾਤਮਾ ਪਾਸੋਂ ਉਹਲਾ ਕਰਦਾ ਹੈਂ, ਤੇ, ਲੁਕ ਕੇ ਮਨ-ਮੰਨੀਆਂ ਕਰਦਾ ਹੈਂ ॥੧॥ ਰਹਾਉ ॥

ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ ॥

(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਜਿਸ ਪਾਸੇ ਪਰਮਾਤਮਾ ਜੀਵਾਂ ਨੂੰ ਲਾਂਦਾ ਹੈ ਉਧਰ ਉਧਰ ਉਹ ਵਿਚਾਰੇ ਲੱਗ ਪੈਂਦੇ ਹਨ। ਕੋਈ ਜੀਵ (ਪਰਮਾਤਮਾ ਦੀ ਪ੍ਰੇਰਨਾ ਅੱਗੇ) ਕੋਈ ਹੀਲ-ਹੁੱਜਤ ਨਹੀਂ ਕਰ ਸਕਦਾ।

ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥

ਨਾਨਕ ਆਖਦਾ ਹੈ- ਹੇ ਪਰਮਾਤਮਾ! ਹੇ ਜੀਵਾਂ ਦੇ ਖਸਮ! ਤੂੰ ਆਪ ਜੀਵਾਂ ਉਤੇ ਬਖ਼ਸ਼ਸ਼ ਕਰ, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੨॥੬॥੧੨੮॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥

ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ।

ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥

ਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ (ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ ॥੧॥

ਸੇਵਕ ਕਉ ਨਿਕਟੀ ਹੋਇ ਦਿਖਾਵੈ ॥

ਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ),

ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥

ਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ ॥੧॥ ਰਹਾਉ ॥

ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥

ਹੇ ਨਾਨਕ! (ਆਖ-) ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।

ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥

ਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ ॥੨॥੭॥੧੨੯॥


ਆਸਾ ਘਰੁ ੧੧ ਮਹਲਾ ੫ ॥

ਰਾਗ ਆਸਾ, ਘਰ ੧੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥

ਬਹੁ-ਰੂਪੀਆ ਕਈ ਕਿਸਮ ਦੇ ਸਾਂਗ (ਬਣਾ ਕੇ ਲੋਕਾਂ ਨੂੰ) ਵਿਖਾਂਦਾ ਹੈ (ਪਰ ਆਪਣੇ ਅੰਦਰੋਂ) ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ (ਜੇ ਉਹ ਰਾਜਿਆਂ ਰਾਣਿਆਂ ਦੇ ਸਾਂਗ ਭੀ ਬਣਾ ਵਿਖਾਏ ਤਾਂ ਭੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ)।

ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥

ਇਸੇ ਤਰ੍ਹਾਂ ਜੀਵ (ਮਾਇਆ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ (ਅੰਤਰ-ਆਤਮੇ ਸਦਾ ਦੁੱਖੀ ਹੀ ਰਹਿੰਦਾ ਹੈ) ਸੁਖ ਵਿਚ ਉਸ ਦਾ ਪਰਵੇਸ਼ ਨਹੀਂ ਹੁੰਦਾ ॥੧॥

ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥

ਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਿਤਰੋ! (ਜਗਤ ਵਿਚ ਜੋ ਕੁਝ ਭੀ ਦਿੱਸ ਰਿਹਾ ਹੈ) ਪਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਵੰਤ ਹੈ (ਦਿੱਸਦੇ ਪਸਾਰੇ ਨਾਲ ਮੋਹ ਪਾਇਆਂ ਦੁੱਖ ਹੀ ਪ੍ਰਾਪਤ ਹੋਵੇਗਾ)।

ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥

ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ (ਸਫਲ ਕਰ ਲਿਆ) ॥੧॥ ਰਹਾਉ ॥

ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨ੍ਰੀ ਕਹਹੁ ਕਵਨ ਬਿਧਿ ਤਰੀਐ ਰੇ ॥

ਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰਿ-ਗੁਣੀ ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ ਵਿਚੋਂ) ਦੱਸੋ, ਕਿਸ ਤਰ੍ਹਾਂ ਪਾਰ ਲੰਘ ਸਕੀਏ?

ਘੂਮਨ ਘੇਰ ਅਗਾਹ ਗਾਖਰੀ ਗੁਰਸਬਦੀ ਪਾਰਿ ਉਤਰੀਐ ਰੇ ॥੨॥

(ਇਸ ਵਿਚ ਅਨੇਕਾਂ ਵਿਕਾਰਾਂ ਦੀਆਂ) ਘੁੰਮਣ ਘੇਰੀਆਂ ਪੈ ਰਹੀਆਂ ਹਨ ਇਹ ਅਥਾਹ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ। (ਹਾਂ, ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਇਸ ਵਿਚੋਂ ਪਾਰ ਲੰਘ ਸਕੀਦਾ ਹੈ ॥੨॥

ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ ॥

ਹੇ ਨਾਨਕ! ਜਿਸ ਮਨੁੱਖ ਨੇ (ਸਾਧ ਸੰਗਤਿ ਵਿਚ ਮਿਲ ਕੇ) ਖੋਜ ਕਰਦਿਆਂ ਵਿਚਾਰ ਕੀਤੀ ਉਸ ਨੇ ਇਹ ਅਸਲੀਅਤ ਸਮਝ ਲਈ ਕਿ ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,

ਸਿਮਰਤ ਨਾਮੁ ਨਿਧਾਨੁ ਨਿਰਮੋਲਕੁ ਮਨੁ ਮਾਣਕੁ ਪਤੀਆਨਾ ਰੇ ॥੩॥੧॥੧੩੦॥

ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਸ਼ੈ ਨਹੀਂ, ਸਿਮਰਿਆ ਮਨ ਮੋਤੀ (ਵਰਗਾ ਕੀਮਤੀ) ਬਣ ਜਾਂਦਾ ਹੈ (ਤੇ ਪਰਮਾਤਮਾ ਦੇ ਸਿਮਰਨ ਵਿਚ) ਗਿੱਝ ਜਾਂਦਾ ਹੈ ॥੩॥੧॥੧੩੦॥


ਆਸਾ ਮਹਲਾ ੫ ਦੁਪਦੇ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾਂ ਵਾਲੀ ਬਾਣੀ।

ਗੁਰਪਰਸਾਦਿ ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ ॥

ਜਦੋਂ ਗੁਰੂ ਦੇ ਕਿਰਪਾ ਨਾਲ ਮੇਰਾ ਉਹ ਮਾਲਕ-ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ ਤਦੋਂ ਤੋਂ ਮੈਂ (ਉਸ ਪਾਸੋਂ) ਜੋ ਕੁਝ ਮੰਗਦਾ ਹਾਂ ਉਹੀ ਪ੍ਰਾਪਤ ਕਰ ਲੈਂਦਾ ਹਾਂ।

ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ ॥੧॥

(ਮੇਰੇ ਮਾਲਕ-ਪ੍ਰਭੂ ਦੇ) ਨਾਮ ਦੇ ਪ੍ਰੇਮ-ਰੰਗ ਨਾਲ ਮੇਰਾ ਇਹ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਚੁਕਾ ਹੈ (ਤਦੋਂ ਤੋਂ) ਮੈਂ ਮੁੜ ਕਿਸੇ ਹੋਰ ਪਾਸੇ ਭਟਕਦਾ ਨਹੀਂ ਫਿਰਦਾ ॥੧॥

ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥

ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਸਭ ਨਾਲੋਂ ਉੱਚਾ ਹੈ, ਮੈਂ ਰਾਤ ਦਿਨ ਉਸ ਦੀ (ਹੀ) ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ।

ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ ॥੧॥ ਰਹਾਉ ॥

ਮੇਰਾ ਉਹ ਮਾਲਕ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਭੀ ਤਾਕਤ ਰੱਖਣ ਵਾਲਾ ਹੈ। ਮੈਂ, (ਹੇ ਮਨ!) ਤੈਨੂੰ ਉਸ ਦੇ ਡਰ-ਅਦਬ ਵਿਚ ਰੱਖਣਾ ਚਾਹੁੰਦਾ ਹਾਂ ॥੧॥ ਰਹਾਉ ॥

ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ ॥

ਜਦੋਂ ਮੈਂ ਆਪਣੇ ਖਸਮ-ਪ੍ਰਭੂ ਨੂੰ (ਆਪਣੇ ਅੰਦਰ ਵੱਸਦਾ) ਵੇਖ ਲੈਂਦਾ ਹਾਂ ਤਦੋਂ ਮੈਂ ਕਿਸੇ ਹੋਰ (ਓਟ ਆਸਰੇ) ਨੂੰ ਆਪਣੇ ਚਿੱਤ ਵਿਚ ਥਾਂ ਨਹੀਂ ਦੇਂਦਾ।

ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ ॥੨॥੨॥੧੩੧॥

ਜਦੋਂ ਤੋਂ ਪ੍ਰਭੂ ਨੇ ਆਪਣੇ ਦਾਸ ਨਾਨਕ ਨੂੰ ਆਪ ਨਿਵਾਜਿਆ ਹੈ ਤਦੋਂ ਤੋਂ ਮੈਂ ਹੋਰ ਹਰੇਕ ਕਿਸਮ ਦਾ ਡਰ ਭਟਕਣਾ ਦੂਰ ਕਰ ਕੇ (ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਦੇ ਨਾਮ ਨੂੰ) ਉੱਕਰਦਾ ਰਹਿੰਦਾ ਹਾਂ ॥੨॥੨॥੧੩੧॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥

(ਸਾਡੇ ਦੇਸ ਵਿਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਇਹ) ਚਾਰ ਵਰਨ (ਪ੍ਰਸਿੱਧ) ਹਨ, (ਕਾਮਾਦਿਕ ਇਹਨਾਂ) ਚੌਹਾਂ ਵਰਨਾਂ (ਦੇ ਬੰਦਿਆਂ) ਨੂੰ ਮਲ ਦੇਣ ਵਾਲੇ ਹਨ। ਛੇ ਭੇਖਾਂ (ਦੇ ਸਾਧੂਆਂ) ਨੂੰ ਭੀ ਇਹ ਹੱਥਾਂ ਦੀ ਤਲੀਆਂ ਤੇ (ਨਚਾਂਦੇ ਹਨ)।

ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥੧॥

ਸੋਹਣੇ, ਸੁਨੱਖੇ, ਬਾਂਕੇ, ਸਿਆਣੇ (ਕੋਈ ਭੀ ਹੋਣ, ਕਾਮਾਦਿਕ) ਪੰਜਾਂ ਨੇ ਸਭਨਾਂ ਨੂੰ ਮੋਹ ਕੇ ਛਲ ਲਿਆ ਹੈ ॥੧॥

ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥

ਕੋਈ ਵਿਰਲਾ ਹੀ ਐਸਾ ਬਲਵਾਨ ਮਨੁੱਖ ਹੈ ਜਿਸ ਨੇ (ਗੁਰੂ ਨੂੰ) ਮਿਲ ਕੇ ਕਾਮਾਦਿਕ ਪੰਜਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ।

ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥੧॥ ਰਹਾਉ ॥

ਜਗਤ ਵਿਚ ਉਹੀ ਮਨੁੱਖ ਪੂਰਨ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾਂ ਲੀਰਾਂ ਕਰ ਦਿੱਤਾ ਹੈ ॥੧॥ ਰਹਾਉ ॥

ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥

(ਇਹਨਾਂ ਕਾਮਾਦਿਕਾਂ ਦਾ ਬੜਾ) ਡਾਢਾ ਕੋੜਮਾ ਹੈ, ਨਾਹ ਇਹ ਕਿਸੇ ਦੇ ਕਾਬੂ ਵਿਚ ਆਉਂਦੇ ਹਨ ਨਾਹ ਇਹ ਕਿਸੇ ਪਾਸੋਂ ਡਰ ਕੇ ਭੱਜਦੇ ਹਨ; ਇਹਨਾਂ ਦੀ ਫ਼ੌਜ ਬੜੀ ਮਜ਼ਬੂਤ ਹੈ, ਹਠ ਵਾਲੀ ਹੈ।

ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥

ਨਾਨਕ ਆਖ! ਸਿਰਫ਼ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ ਹੈ ਜੇਹੜਾ ਸਾਧ ਸੰਗਤਿ ਦੇ ਆਸਰੇ ਵਿਚ ਰਹਿੰਦਾ ਹੈ ॥੨॥੩॥੧੩੨॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥੧॥ ਰਹਾਉ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਜਿੰਦ ਵਾਸਤੇ ਇਹ ਸ੍ਰੇਸ਼ਟ ਤੇ ਸੋਹਣੀ ਚੀਜ਼ ਹੈ। (ਦੁਨੀਆ ਦੇ) ਹੋਰ ਸਾਰੇ ਪਰਾਰਥਾਂ ਦੇ ਸੁਆਦ (ਇਸ ਦੇ ਟਾਕਰੇ ਤੇ) ਫਿੱਕੇ ਹਨ ॥੧॥ ਰਹਾਉ ॥

ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ॥੧॥

ਇਹ ਹਰਿ-ਕਥਾ ਬਹੁਤ ਗੁਣਾਂ ਵਾਲੀ ਹੈ (ਜੀਵ ਦੇ ਅੰਦਰ ਗੁਣ ਪੈਦਾ ਕਰਨ ਵਾਲੀ ਹੈ) ਮਿਠਾਸ-ਭਰੀ ਹੈ, ਛੇ ਸ਼ਾਸਤਰਾਂ ਨੂੰ ਜਾਣਨ ਵਾਲੇ ਰਿਸ਼ੀ ਲੋਕ (ਹੀ ਹਰਿ-ਕਥਾ ਤੋਂ ਬਿਨਾ) ਕਿਸੇ ਹੋਰ ਉੱਦਮ ਨੂੰ (ਜਿੰਦ ਵਾਸਤੇ) ਲਾਭਦਾਇਕ ਨਹੀਂ ਮੰਨਦੇ ॥੧॥

ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ ॥੨॥੪॥੧੩੩॥

ਇਹ ਹਰਿ-ਕਥਾ (ਮਾਨੋ, ਅੰਮ੍ਰਿਤ ਦੀ ਧਾਰ ਹੈ ਜੋ) ਵਿਸ਼ਿਆਂ ਦੇ ਜ਼ਹਰ ਦੇ ਅਸਰ ਨੂੰ ਨਾਸ ਕਰਦੀ ਹੈ, ਅਨੋਖੇ ਸੁਆਦ ਵਾਲੀ ਹੈ, ਅਕੱਥ ਹੈ, ਆਤਮਕ ਅਡੋਲਤਾ ਪੈਦਾ ਕਰਦੀ ਹੈ। ਹੇ ਨਾਨਕ! (ਇਹ ਹਰਿ-ਕਥਾ, ਇਹ ਅੰਮ੍ਰਿਤ ਦੀ ਧਾਰ) ਸਾਧ ਸੰਗਤਿ ਵਿਚ (ਟਿਕ ਕੇ ਹੀ) ਪੀਤੀ ਜਾ ਸਕਦੀ ਹੈ ॥੨॥੪॥੧੩੩॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥੧॥ ਰਹਾਉ ॥

ਗੁਰੂ ਨੇ (ਕਿਰਪਾ ਕਰ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਆਪਣੀ ਬਾਣੀ) ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਕਦੇ ਮੇਰੇ ਮਨ ਤੋਂ ਭੁੱਲਣ ਨਹੀਂ ਦਿੱਤੀ, ਇਹ ਬਾਣੀ ਮੈਨੂੰ ਮਿੱਠੀ ਲੱਗਦੀ ਹੈ, ਇਹ ਬਾਣੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮੇਰੇ ਅੰਦਰ ਜਾਰੀ ਰੱਖਦੀ ਹੈ ॥੧॥ ਰਹਾਉ ॥

ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥੧॥

ਇਹ ਬਾਣੀ ਕਰਤਾਰ ਦੇ ਪ੍ਰੇਮ ਵਿਚ ਰੰਗਣ ਵਾਲੀ ਹੈ, ਇਸ ਦੀ ਬਰਕਤਿ ਨਾਲ ਕਰਤਾਰ ਦਾ ਦਰਸਨ ਹੁੰਦਾ ਹੈ ਕਰਤਾਰ ਦੇ ਚਰਨਾਂ ਦੀ ਛੋਹ ਮਿਲਦੀ ਹੈ ਮਨ ਵਿਚ ਆਨੰਦ ਤੇ ਖਿੜਾਉ ਪੈਦਾ ਹੁੰਦਾ ਹੈ ॥੧॥

ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿ ਹਾਰੀ ਰੇ ॥੨॥੫॥੧੩੪॥

ਇਸ ਬਾਣੀ ਨੂੰ ਇਕ ਖਿਨ ਵਾਸਤੇ ਭੀ ਹਿਰਦੇ ਵਿਚ ਵਸਾਇਆਂ ਗੁਰੂ ਦੇ ਚਰਨਾਂ ਤਕ ਪਹੁੰਚ ਬਣ ਜਾਂਦੀ ਹੈ, ਇਸ ਨੂੰ ਸੁਆਸ ਸੁਆਸ ਹਿਰਦੇ ਵਿਚ ਵਸਾਇਆਂ ਜਮਾਂ ਦਾ ਡਰ ਨਹੀਂ ਪੋਹ ਸਕਦਾ। ਹੇ ਨਾਨਕ! ਇਸ ਹਰਿ-ਕਥਾ ਨੂੰ ਆਪਣੇ ਗਲੇ ਵਿਚ ਪ੍ਰੋ ਰੱਖ ਇਸ ਨੂੰ ਆਪਣੇ ਹਿਰਦੇ ਵਿਚ ਹਾਰ (ਬਣਾ ਕੇ) ਰੱਖ ॥੨॥੫॥੧੩੪॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਨੀਕੀ ਸਾਧ ਸੰਗਾਨੀ ॥ ਰਹਾਉ ॥

ਸਾਧ ਸੰਗਤਿ (ਮਨੁੱਖ ਵਾਸਤੇ ਇਕ) ਸੋਹਣੀ ਬਰਕਤਿ ਹੈ। ਰਹਾਉ॥

ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ॥੧॥

(ਸਾਧ ਸੰਗਤਿ ਵਿਚ) ਅੱਠੇ ਪਹਰ, ਪਲ ਪਲ, ਘੜੀ ਘੜੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੁੰਦੀਆਂ ਹਨ ॥੧॥

ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥੨॥

(ਸਾਧ ਸੰਗਤਿ ਦੀ ਬਰਕਤਿ ਨਾਲ) ਤੁਰਦਿਆਂ ਬੈਠਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ (ਕਰਨ ਦਾ ਸੁਭਾਉ ਬਣ ਜਾਂਦਾ ਹੈ) ਮਨ ਵਿਚ ਪਰਮਾਤਮਾ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਹਰ ਵੇਲੇ ਮੇਲ ਬਣਿਆ ਰਹਿੰਦਾ ਹੈ ॥੨॥

ਹਂਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥੩॥੬॥੧੩੫॥

ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਗੁਣ-ਹੀਨ ਹਾਂ, ਤੂੰ ਮੇਰਾ ਮਾਲਕ ਗੁਣਾਂ ਨਾਲ ਭਰਪੂਰ ਹੈਂ (ਸਾਧ ਸੰਗਤਿ ਦਾ ਸਦਕਾ) ਮੈਨੂੰ ਤੇਰੀ ਸਰਨ ਪੈਣ ਦੀ ਸੂਝ ਆਈ ਹੈ ॥੩॥੬॥੧੩੫॥


ਰਾਗੁ ਆਸਾ ਮਹਲਾ ੫ ਘਰੁ ੧੨ ॥

ਰਾਗ ਆਸਾ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥

(ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇ, ਪਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ।

ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥

ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਸੰਬੰਧੀ ਹੋਰ) ਹਰੇਕ ਸਿਆਣਪ ਨਿਕੰਮੀ (ਸਾਬਤ ਹੁੰਦੀ) ਹੈ ॥੧॥

ਸੋ ਪ੍ਰਭੁ ਜਾਣੀਐ ਸਦ ਸੰਗਿ ॥

(ਜੇ ਸੰਸਾਰ-ਸਮੁੰਦਰ ਵਿਚੋਂ ਆਪਣੀ ਜੀਵਨ-ਬੇੜੀ ਸਹੀ-ਸਲਾਮਤ ਪਾਰ ਲੰਘਾਣੀ ਹੈ, ਤਾਂ) ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਣਾ ਚਾਹੀਦਾ ਹੈ,

ਗੁਰਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥੧॥ ਰਹਾਉ ॥

ਇਹ ਸਮਝ ਭੀ ਤਦੋਂ ਹੀ ਪੈ ਸਕਦੀ ਹੈ ਜੇ ਗੁਰੂ ਕਿਰਪਾ ਨਾਲ ਇਕ ਪਰਮਾਤਮਾ ਦੇ ਪਿਆਰ ਵਿਚ ਹੀ ਟਿਕੇ ਰਹੀਏ ॥੧॥ ਰਹਾਉ ॥

ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥

(ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਦੀ) ਤਾਕਤ ਰੱਖਣ ਵਾਲੀ ਸਿਰਫ਼ ਇਕ ਪਰਮਾਤਮਾ ਦੀ ਓਟ ਹੈ, ਇਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ,

ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ ॥੨॥

(ਇਸ ਵਾਸਤੇ, ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ ਤਾਂ ਹੀ ਇਸ ਬਿਖੜੇ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕੇਗਾ ॥੨॥

ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥

(ਜੇ ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਪਛਾਣ ਲਈਏ ਤਾਂ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਜਮਾਂ ਦੇ ਸ਼ਹਰ ਵਿਚ ਨਿਵਾਸ ਨਹੀਂ ਹੁੰਦਾ (ਆਤਮਕ ਮੌਤ ਨੇੜੇ ਨਹੀਂ ਢੁਕਦੀ) ਕੋਈ ਦੁੱਖ ਪੋਹ ਨਹੀਂ ਸਕਦਾ।

ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥੩॥

(ਪਰ ਸਾਰੇ ਗੁਣਾਂ ਦਾ) ਖ਼ਜ਼ਾਨਾ ਇਹ ਹਰਿ-ਨਾਮ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ ॥੩॥

ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ ॥

ਇਕ ਪਰਮਾਤਮਾ ਦੀ ਹੀ ਓਟ ਇਕ ਪਰਮਾਤਮਾ ਦਾ ਹੀ ਆਸਰਾ ਇਕ ਪਰਮਾਤਮਾ ਦਾ ਹੀ ਮਨ ਵਿਚ ਤਕੀਆ (ਜਮ-ਪੁਰੀ ਤੋਂ ਬਚਾ ਸਕਦਾ) ਹੈ।

ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ ॥੪॥੧॥੧੩੬॥

(ਇਸ ਵਾਸਤੇ) ਹੇ ਨਾਨਕ! ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜਮਪੁਰੀ ਤੋਂ ਬਚਾ ਸਕੇ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕੇ) ॥੪॥੧॥੧੩੬॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ ਭੋਗ ॥

(ਹੇ ਭਾਈ।) ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ, ਸਾਰੇ ਸੁਆਦਲੇ ਪਦਾਰਥ-ਇਹ ਸਭ ਪਰਮਾਤਮਾ ਦੇ ਦਿੱਤੇ ਹੋਏ ਹਨ।

ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ ॥੧॥

ਪਰਮਾਤਮਾ ਹੀ ਗਰੀਬਾਂ ਦਾ (ਅਸਲ) ਸਨਬੰਧੀ ਹੈ, ਪਰਮਾਤਮਾ ਹੀ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਹੀ ਸਰਨ ਪਏ ਦੀ ਰਾਖੀ ਕਰਨ ਦੀ ਸਮਰਥਾ ਵਾਲਾ ਹੈ ॥੧॥

ਮੇਰੇ ਮਨ ਧਿਆਇ ਹਰਿ ਹਰਿ ਨਾਉ ॥

ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ।

ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥੧॥ ਰਹਾਉ ॥

ਪਰਮਾਤਮਾ ਹੀ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਨਾਲ ਰਹਿਣ ਵਾਲਾ ਹੈ। ਇਕ ਪਰਮਾਤਮਾ ਦੇ ਨਾਲ ਹੀ ਸੁਰਤਿ ਜੋੜੀ ਰੱਖ ॥੧॥ ਰਹਾਉ ॥

ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥

ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਲੋਕ ਵੇਦਾਂ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ (ਅਤੇ ਉਹਨਾਂ ਦੇ ਦੱਸੇ ਅਨੁਸਾਰ ਮਿਥੇ ਹੋਏ) ਅਨੇਕਾਂ ਧਾਰਮਿਕ ਕੰਮ ਤੇ ਹੋਰ ਸਾਧਨ ਕਰਦੇ ਹਨ।

ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥੨॥

ਪਰ ਪਰਮਾਤਮਾ ਦਾ ਨਾਮ-ਸਿਮਰਨ ਇਕ ਐਸਾ ਧਾਰਮਿਕ ਉੱਦਮ ਹੈ ਜੋ ਉਹਨਾਂ ਮਿਥੇ ਹੋਏ ਸਭਨਾਂ ਧਾਰਮਿਕ ਕੰਮਾਂ ਨਾਲੋਂ ਉੱਚਾ ਹੈ ਸ੍ਰੇਸ਼ਟ ਹੈ ॥੨॥

ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ ॥

ਜੇਹੜਾ ਮਨੁੱਖ ਗੁਰੂ-ਦੇਵ ਨੂੰ ਮਿਲ ਪੈਂਦਾ ਹੈ (ਤੇ ਉਸ ਦੀ ਸਿੱਖਿਆ ਅਨੁਸਾਰ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਮਨ ਵਿਚੋਂ) ਕਾਮ-ਵਾਸਨਾ ਦੂਰ ਹੋ ਜਾਂਦੀ ਹੈ ਕ੍ਰੋਧ ਮਿਟ ਜਾਂਦਾ ਹੈ ਅਹੰਕਾਰ ਖ਼ਤਮ ਹੋ ਜਾਂਦਾ ਹੈ।

ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭ ਕੀ ਸੇਵ ॥੩॥

(ਤੂੰ ਭੀ ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਰੱਖ, ਪਰਮਾਤਮਾ ਦੀ ਭਗਤੀ ਕਰ, ਪਰਮਾਤਮਾ ਦੀ ਸੇਵਾ-ਭਗਤੀ ਹੀ ਚੰਗੀ ਕਾਰ ਹੈ ॥੩॥

ਚਰਣ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣੁ ॥

ਹੇ ਦਇਆ ਦੇ ਘਰ ਪ੍ਰਭੂ! ਮੈਂ ਤੇਰੇ ਚਰਨਾਂ ਦੀ ਓਟ ਲਈ ਹੈ, ਤੂੰ ਹੀ ਮੈਨੂੰ ਨਿਮਾਣੇ ਨੂੰ ਆਦਰ ਦੇਣ ਵਾਲਾ ਹੈਂ।

ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥

ਹੇ ਪ੍ਰਭੂ! ਮੈਨੂੰ ਆਪਣੀ ਜਿੰਦ ਵਾਸਤੇ ਪ੍ਰਾਣਾਂ ਵਾਸਤੇ ਤੇਰਾ ਹੀ ਸਹਾਰਾ ਹੈ। (ਦਾਸ) ਨਾਨਕ ਦਾ ਆਸਰਾ ਪਰਮਾਤਮਾ ਹੀ ਹੈ ॥੪॥੨॥੧੩੭॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਡੋਲਿ ਡੋਲਿ ਮਹਾ ਦੁਖੁ ਪਾਇਆ ਬਿਨਾ ਸਾਧੂ ਸੰਗ ॥

(ਹੇ ਮਨ!) ਗੁਰੂ ਨੂੰ ਸੰਗਤਿ ਤੋਂ ਵਾਂਜਿਆ ਰਹਿ ਕੇ (ਅਸਲ ਸਹਾਈ ਪਰਮਾਤਮਾ ਵਲੋਂ) ਸਿਦਕ-ਹੀਣ ਹੋ ਹੋ ਕੇ ਤੂੰ ਬੜਾ ਦੁੱਖ ਸਹਾਰਦਾ ਰਿਹਾ।

ਖਾਟਿ ਲਾਭੁ ਗੋਬਿੰਦ ਹਰਿ ਰਸੁ ਪਾਰਬ੍ਰਹਮ ਇਕ ਰੰਗ ॥੧॥

ਹੁਣ ਤਾਂ ਹਰਿ-ਨਾਮ ਦਾ ਸੁਆਦ ਚੱਖ, ਇਕ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ (ਇਹੀ ਹੈ ਜੀਵਨ ਦਾ) ਲਾਭ (ਇਹ) ਖੱਟ ਲੈ ॥੧॥

ਹਰਿ ਕੋ ਨਾਮੁ ਜਪੀਐ ਨੀਤਿ ॥

ਪਰਮਾਤਮਾ ਦਾ ਨਾਮ ਸਦਾ ਜਪਦੇ ਰਹਿਣਾ ਚਾਹੀਦਾ ਹੈ।

ਸਾਸਿ ਸਾਸਿ ਧਿਆਇ ਸੋ ਪ੍ਰਭੁ ਤਿਆਗਿ ਅਵਰ ਪਰੀਤਿ ॥੧॥ ਰਹਾਉ ॥

ਹਰੇਕ ਸਾਹ ਦੇ ਨਾਲ ਉਸ ਪਰਮਾਤਾਮਾ ਨੂੰ ਸਿਮਰਦਾ ਰਹੁ, ਹੋਰ ਦੀ ਪ੍ਰੀਤ ਤਿਆਗ ਦੇ ॥੧॥ ਰਹਾਉ ॥

ਕਰਣ ਕਾਰਣ ਸਮਰਥ ਸੋ ਪ੍ਰਭੁ ਜੀਅ ਦਾਤਾ ਆਪਿ ॥

ਉਹ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ, (ਦੁੱਖ ਦੂਰ ਕਰਨ ਦੇ) ਸਮਰੱਥ ਹੈ, ਉਹ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ।੨।

ਤਿਆਗਿ ਸਗਲ ਸਿਆਣਪਾ ਆਠ ਪਹਰ ਪ੍ਰਭੁ ਜਾਪਿ ॥੨॥

(ਦੁੱਖਾਂ ਤੋਂ ਛੁਟਕਾਰਾ ਪਾਣ ਲਈ) ਹੋਰ ਸਾਰੀਆਂ ਚਤੁਰਾਈਆਂ ਛੱਡ, ਅੱਠੇ ਪਹਰ ਪ੍ਰਭੂ ਨੂੰ ਯਾਦ ਕਰਦਾ ਰਹੁ ॥੨॥

ਮੀਤੁ ਸਖਾ ਸਹਾਇ ਸੰਗੀ ਊਚ ਅਗਮ ਅਪਾਰੁ ॥

ਉਹ ਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪਰਮਾਤਮਾ ਹੀ ਤੇਰਾ ਅਸਲ ਮਿੱਤਰ ਹੈ ਦੋਸਤ ਹੈ ਸਹਾਈ ਹੈ ਸਾਥੀ ਹੈ,

ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥੩॥

ਉਸ ਦੇ ਸੋਹਣੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾਈ ਰੱਖ, ਉਹੀ ਜਿੰਦ ਦਾ (ਅਸਲ) ਸਹਾਰਾ ਹੈ ॥੩॥

ਕਰਿ ਕਿਰਪਾ ਪ੍ਰਭ ਪਾਰਬ੍ਰਹਮ ਗੁਣ ਤੇਰਾ ਜਸੁ ਗਾਉ ॥

ਹੇ ਪ੍ਰਭੂ! ਹੇ ਪਾਰਬ੍ਰਹਮ! ਮੇਹਰ ਕਰ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ।

ਸਰਬ ਸੂਖ ਵਡੀ ਵਡਿਆਈ ਜਪਿ ਜੀਵੈ ਨਾਨਕੁ ਨਾਉ ॥੪॥੩॥੧੩੮॥

(ਤੇਰੀ ਸਿਫ਼ਤ-ਸਾਲਾਹ ਵਿਚ ਹੀ) ਸਾਰੇ ਸੁਖ ਹਨ ਤੇ ਵੱਡੀ ਇੱਜ਼ਤ ਹੈ। (ਤੇਰਾ ਦਾਸ) ਨਾਨਕ ਤੇਰਾ ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੩॥੧੩੮॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥

ਹੇ ਮੇਰੇ ਮਾਲਕ! (ਮੈਥੋਂ ਇਹ ਉੱਦਮ) ਕਰਾਂਦਾ ਰਹੁ, ਗੁਰੂ ਦੀ ਸੰਗਤਿ ਵਿਚ ਤੇਰਾ ਦਰਸਨ ਕਰਦਾ ਹੋਇਆ ਮੈਂ ਤੇਰਾ ਨਾਮ ਜਪਣ ਦਾ ਆਹਰ ਕਰਦਾ ਰਹਾਂ।

ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ ॥੧॥

ਹੇ ਪ੍ਰਭੂ! ਮੇਰੇ ਮਨ ਉੱਤੇ ਤੂੰ ਆਪਣੇ ਨਾਮ ਦੀ ਰੰਗਣ ਚਾੜ੍ਹ ਦੇ, ਤੂੰ ਆਪ ਹੀ (ਮੇਰੇ ਮਨ ਨੂੰ ਆਪਣੇ ਪ੍ਰੇਮ ਦੇ ਰੰਗ ਵਿਚ) ਰੰਗ ਦੇ ॥੧॥

ਮਨ ਮਹਿ ਰਾਮ ਨਾਮਾ ਜਾਪਿ ॥

ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਤੇਰਾ ਰਾਮ-ਨਾਮ ਜਪਦਾ ਰਹਾਂ,

ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ ॥੧॥ ਰਹਾਉ ॥

ਜੇ ਤੂੰ ਮੇਰਾ ਮਦਦਗਾਰ ਬਣੇਂ ਤੇ (ਮੇਰੇ ਉਤੇ) ਕਿਰਪਾ ਕਰਕੇ, ਮੇਰੇ ਹਿਰਦੇ ਵਿਚ ਆ ਵੱਸੇਂ ॥੧॥ ਰਹਾਉ ॥

ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ ॥

ਹੇ ਮੇਰੇ ਪਿਆਰੇ! ਕਿ ਤੇਰਾ ਨਾਮ ਸੁਣ ਸੁਣ ਕੇ ਮੇਰੇ ਅੰਦਰ ਤੇਰੇ ਦਰਸਨ ਦਾ ਚਾਉ ਬਣਿਆ ਰਹੇ,

ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ ॥੨॥

ਆਪਣੇ ਇਸ ਨਾਚੀਜ਼ ਸੇਵਕ ਉਤੇ ਮੇਹਰ ਕਰ ਕੇ ਮੇਰਾ ਇਹ ਮਨੋਰਥ ਪੂਰਾ ਕਰ, ਮੇਰੀ ਇਹ ਲੋੜ ਪੂਰੀ ਕਰ ॥੨॥

ਤਨੁ ਧਨੁ ਤੇਰਾ ਤੂੰ ਪ੍ਰਭੁ ਮੇਰਾ ਹਮਰੈ ਵਸਿ ਕਿਛੁ ਨਾਹਿ ॥

(ਹੇ ਪ੍ਰਭੂ! ਮੇਰਾ ਇਹ ਸਰੀਰ ਮੇਰਾ ਇਹ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੂੰ ਹੀ ਮੇਰਾ ਮਾਲਕ ਹੈਂ (ਅਸੀਂ ਜੀਵ ਆਪਣੇ ਉੱਦਮ ਨਾਲ ਤੇਰਾ ਨਾਮ ਜਪਣ ਜੋਗੇ ਨਹੀਂ ਹਾਂ) ਸਾਡੇ ਵੱਸ ਵਿਚ ਕੁਝ ਨਹੀਂ ਹੈ।

ਜਿਉ ਜਿਉ ਰਾਖਹਿ ਤਿਉ ਤਿਉ ਰਹਣਾ ਤੇਰਾ ਦੀਆ ਖਾਹਿ ॥੩॥

ਤੂੰ ਸਾਨੂੰ ਜੀਵਾਂ ਨੂੰ ਜਿਸ ਜਿਸ ਹਾਲ ਵਿਚ ਰੱਖਦਾ ਹੈਂ ਉਸੇ ਤਰ੍ਹਾਂ ਹੀ ਅਸੀਂ ਜੀਵਨ ਬਿਤਾਂਦੇ ਹਾਂ, ਅਸੀਂ ਤੇਰਾ ਹੀ ਦਿੱਤਾ ਹੋਇਆ ਹਰੇਕ ਪਦਾਰਥ ਖਾਂਦੇ ਹਾਂ ॥੩॥

ਜਨਮ ਜਨਮ ਕੇ ਕਿਲਵਿਖ ਕਾਟੈ ਮਜਨੁ ਹਰਿ ਜਨ ਧੂਰਿ ॥

ਹੇ ਨਾਨਕ! (ਆਖ-) ਪਰਮਾਤਮਾ ਦੇ ਸੇਵਕਾਂ (ਦੇ ਚਰਨਾਂ) ਦੀ ਧੂੜ ਵਿਚ (ਕੀਤਾ ਹੋਇਆ) ਇਸ਼ਨਾਨ (ਮਨੁੱਖ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਦੇਂਦਾ ਹੈ,

ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ ਸਦਾ ਹਜੂਰਿ ॥੪॥੪॥੧੩੯॥

ਪ੍ਰਭੂ-ਪ੍ਰੇਮ ਦੀ ਰਾਹੀਂ ਭਗਤੀ ਦੀ ਬਰਕਤਿ ਨਾਲ (ਮਨੁੱਖ ਦਾ) ਹਰੇਕ ਕਿਸਮ ਦਾ ਡਰ ਵਹਮ ਨਾਸ ਹੋ ਜਾਂਦਾ ਹੈ, ਤੇ ਪਰਮਾਤਮਾ ਸਦਾ ਅੰਗ-ਸੰਗ ਪ੍ਰਤੀਤ ਹੋਣ ਲੱਗ ਪੈਂਦਾ ਹੈ ॥੪॥੪॥੧੩੯॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਅਗਮ ਅਗੋਚਰੁ ਦਰਸੁ ਤੇਰਾ ਸੋ ਪਾਏ ਜਿਸੁ ਮਸਤਕਿ ਭਾਗੁ ॥

ਹੇ ਅਪਹੁੰਚ ਪ੍ਰਭੂ! ਤੂੰ ਮਨੁੱਖਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੇਰਾ ਦਰਸਨ ਓਹੀ ਮਨੁੱਖ ਕਰਦਾ ਹੈ, ਜਿਸ ਦੇ ਮੱਥੇ ਉਤੇ ਕਿਸਮਤ ਜਾਗ ਪੈਂਦੀ ਹੈ।

ਆਪਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਸਤਿਗੁਰਿ ਬਖਸਿਆ ਹਰਿ ਨਾਮੁ ॥੧॥

(ਜਿਸ ਮਨੁੱਖ ਉਤੇ) ਕਿਰਪਾ ਦੇ ਘਰ ਪਰਮਾਤਮਾ ਨੇ ਕਿਰਪਾ ਦੀ ਨਿਗਾਹ ਕੀਤੀ ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦੀ ਨਾਮ (-ਸਿਮਰਨ ਦੀ ਦਾਤਿ) ਬਖ਼ਸ਼ ਦਿੱਤੀ ॥੧॥

ਕਲਿਜੁਗੁ ਉਧਾਰਿਆ ਗੁਰਦੇਵ ॥

ਹੇ ਸਤਿਗੁਰੂ! ਤੂੰ (ਤਾਂ) ਕਲਿਜੁਗ ਨੂੰ ਭੀ ਬਚਾ ਲਿਆ ਹੈ (ਜਿਸ ਨੂੰ ਹੋਰ ਜੁਗਾਂ ਨਾਲੋਂ ਭੈੜਾ ਸਮਝਿਆ ਜਾਂਦਾ ਹੈ),

ਮਲ ਮੂਤ ਮੂੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ ਸੇਵ ॥੧॥ ਰਹਾਉ ॥

(ਜੇਹੜੇ ਭੀ) ਪਹਿਲਾਂ) ਗੰਦੇ ਤੇ ਮੂਰਖ (ਸਨ ਉਹ) ਸਾਰੇ ਤੇਰੀ ਸੇਵਾ ਵਿਚ ਆ ਲੱਗੇ ਹਨ (ਤੇਰੀ ਦੱਸੀ ਪ੍ਰਭੂ ਦੀ ਸੇਵਾ-ਭਗਤੀ ਕਰਨ ਲੱਗ ਪਏ ਹਨ) ॥੧॥ ਰਹਾਉ ॥

ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥

ਹੇ ਪ੍ਰਭੂ! ਤੂੰ ਆਪ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ਤੂੰ ਆਪ (ਹੀ) ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ,

ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ ॥੨॥

(ਫਿਰ ਕੋਈ ਜੁਗ ਚੰਗਾ ਕਿਵੇਂ? ਤੇ, ਕੋਈ ਜੁਗ ਮਾੜਾ ਕਿਵੇਂ? ਭਾਵੇਂ ਇਸ ਕਲਿਜੁਗ ਨੂੰ ਚੌਹਾਂ ਜੁਗਾਂ ਵਿਚੋਂ ਭੈੜਾ ਕਿਹਾ ਜਾਂਦਾ ਹੈ, ਫਿਰ ਭੀ) ਧਰਮ ਰਾਜ ਹੈਰਾਨ ਹੋ ਰਿਹਾ ਹੈ (ਕਿ ਗੁਰੂ ਦੀ ਕਿਰਪਾ ਨਾਲ ਵਿਕਾਰਾਂ ਵਲੋਂ ਹਟ ਕੇ) ਸਾਰੀ ਲੁਕਾਈ ਤੇਰੀ ਚਰਨੀਂ ਲੱਗ ਰਹੀ ਹੈ। (ਸੋ, ਜੇ ਪੁਰਾਣੇ ਖ਼ਿਆਲਾਂ ਵਲ ਜਾਈਏ ਤਾਂ ਭੀ ਇਹ ਕਲਿਜੁਗ ਮਾੜਾ ਜੁਗ ਨਹੀਂ, ਤੇ ਇਹ ਜੁਗ ਜੀਵਾਂ ਨੂੰ ਮੰਦ-ਕਰਮਾਂ ਵਲ ਨਹੀਂ ਪ੍ਰੇਰਦਾ) ॥੨॥

ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥੩॥

(ਕਿਉਂਕਿ ਇਸ ਜੁਗ ਵਿਚ) ਜੇਹੜਾ ਹੱਥ ਕੋਈ ਕਰਮ ਕਰਦਾ ਹੈ, ਉਹੀ ਹੱਥ ਉਸ ਦਾ ਫ਼ਲ ਭੁਗਤਦਾ ਹੈ। ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ (ਵਿਕਾਰਾਂ ਦੇ ਕਾਰਨ) ਫੜਿਆ ਨਹੀਂ ਜਾਂਦਾ ॥੩॥

ਹਰਿ ਜੀਉ ਸੋਈ ਕਰਹਿ ਜਿ ਭਗਤ ਤੇਰੇ ਜਾਚਹਿ ਏਹੁ ਤੇਰਾ ਬਿਰਦੁ ॥

(ਕੋਈ ਭੀ ਜੁਗ ਹੋਵੇ, ਤੂੰ ਆਪਣੇ ਭਗਤਾਂ ਦੀ ਲਾਜ ਸਦਾ ਰੱਖਦਾ ਆਇਆ ਹੈਂ) ਤੂੰ ਓਹੀ ਕੁਝ ਕਰਦਾ ਹੈਂ ਜੋ ਤੇਰੇ ਭਗਤ ਤੇਰੇ ਪਾਸੋਂ ਮੰਗਦੇ ਹਨ, ਇਹ ਤੇਰਾ ਮੁਢ ਕਦੀਮਾਂ ਦਾ ਸੁਭਾਉ ਹੈ।

ਕਰ ਜੋੜਿ ਨਾਨਕ ਦਾਨੁ ਮਾਗੈ ਅਪਣਿਆ ਸੰਤਾ ਦੇਹਿ ਹਰਿ ਦਰਸੁ ॥੪॥੫॥੧੪੦॥

ਹੇ ਹਰੀ! (ਤੇਰਾ ਦਾਸ ਨਾਨਕ ਭੀ ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੋਂ) ਦਾਨ ਮੰਗਦਾ ਹੈ ਕਿ ਨਾਨਕ ਨੂੰ ਆਪਣੇ ਸੰਤ ਜਨਾਂ ਦਾ ਦਰਸਨ ਦੇਹ ॥੪॥੫॥੧੪੦॥


ਰਾਗੁ ਆਸਾ ਮਹਲਾ ੫ ਘਰੁ ੧੩ ॥

ਰਾਗ ਆਸਾ, ਘਰ ੧੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਤਿਗੁਰ ਬਚਨ ਤੁਮ੍ਰਾਰੇ ॥

ਹੇ ਸਤਿਗੁਰੂ! ਤੇਰੇ ਬਚਨਾਂ ਨੇ,

ਨਿਰਗੁਣ ਨਿਸਤਾਰੇ ॥੧॥ ਰਹਾਉ ॥

(ਤੇਰੀ ਸਰਨ ਪਏ ਅਨੇਕਾਂ) ਗੁਣ-ਹੀਣ ਬੰਦਿਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੧॥ ਰਹਾਉ ॥

ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ ॥੧॥

ਹੇ ਸਤਿਗੁਰੂ! ਤੇਰੀ ਸੰਗਤਿ ਵਿਚ ਰਹਿ ਕੇ ਉਹ ਬੰਦੇ ਭੀ ਪਵਿਤ੍ਰ ਆਚਰਣ ਵਾਲੇ ਬਣ ਗਏ ਜੇਹੜੇ ਪਹਿਲਾਂ ਬੜੇ ਖਰ੍ਹਵੇ ਸੁਭਾਵ ਵਾਲੇ ਸਨ, ਭੈੜੇ ਆਚਰਨ ਵਾਲੇ ਸਨ ਤੇ ਮੰਦੇ ਬੋਲ ਬੋਲਣ ਵਾਲੇ ਸਨ ॥੧॥

ਜਨਮ ਭਵੰਤੇ ਨਰਕਿ ਪੜੰਤੇ ਤਿਨ੍ਰ ਕੇ ਕੁਲ ਉਧਾਰੇ ॥੨॥

ਹੇ ਸਤਿਗੁਰੂ! ਤੂੰ ਉਹਨਾਂ ਬੰਦਿਆਂ ਦੀਆਂ ਕੁਲਾਂ ਦੀਆਂ ਕੁਲਾਂ (ਵਿਕਾਰਾਂ ਵਿਚ ਡਿੱਗਣ ਤੋਂ) ਬਚਾ ਲਈਆਂ, ਜੇਹੜੇ ਅਨੇਕਾਂ ਜੂਨਾਂ ਵਿਚ ਭਟਕਦੇ ਆ ਰਹੇ ਸਨ ਤੇ (ਜਨਮ ਮਰਨ ਦੇ ਗੇੜ ਦੇ) ਨਰਕ ਵਿਚ ਪਏ ਆ ਰਹੇ ਸਨ ॥੨॥

ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ ॥੩॥

ਹੇ ਸਤਿਗੁਰੂ! ਤੇਰੀ ਮੇਹਰ ਨਾਲ ਉਹ ਮਨੁੱਖ ਭੀ ਪ੍ਰਭੂ ਦੇ ਦਰ ਤੇ ਆਦਰ-ਮਾਣ ਹਾਸਲ ਕਰਨ ਜੋਗੇ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਕੋਈ ਜਾਣਦਾ-ਪਛਾਣਦਾ ਨਹੀਂ ਸੀ ਜਿਨ੍ਹਾਂ ਨੂੰ (ਜਗਤ ਵਿਚ) ਕੋਈ ਆਦਰ ਨਹੀਂ ਸੀ ਦੇਂਦਾ ॥੩॥

ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ ॥੪॥੧॥੧੪੧॥

ਹੇ ਨਾਨਕ! (ਆਖ-ਹੇ ਸਤਿਗੁਰੂ!) ਮੈਂ ਤੇਰੇ ਵਰਗਾ ਹੋਰ ਕਿਸ ਨੂੰ ਆਖਾਂ? ਮੈਂ ਤੇਰੀ ਕੀਹ ਸਿਫ਼ਤਿ ਕਰਾਂ? ਮੈਂ ਤੈਥੋਂ ਹਰੇਕ ਖਿਨ ਸਦਕੇ ਜਾਂਦਾ ਹਾਂ ॥੪॥੧॥੧੪੧॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਬਾਵਰ ਸੋਇ ਰਹੇ ॥੧॥ ਰਹਾਉ ॥

(ਮਾਇਆ ਦੇ ਮੋਹ ਵਿਚ) ਝੱਲੇ ਹੋਏ ਮਨੁੱਖ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ ॥੧॥ ਰਹਾਉ ॥

ਮੋਹ ਕੁਟੰਬ ਬਿਖੈ ਰਸ ਮਾਤੇ ਮਿਥਿਆ ਗਹਨ ਗਹੇ ॥੧॥

(ਅਜੇਹੇ ਬੰਦੇ) ਪਰਵਾਰ ਦੇ ਮੋਹ ਅਤੇ ਵਿਸ਼ਿਆਂ ਦੇ ਸੁਆਦਾਂ ਵਿਚ ਮਸਤ ਹੋ ਕੇ ਕੂੜੀਆਂ ਮੱਲਾਂ ਮੱਲਦੇ ਰਹਿੰਦੇ ਹਨ ॥੧॥

ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿ ਮੁਖਿ ਸਤਿ ਕਹੇ ॥੨॥

(ਮਾਇਆ ਦੇ ਮੋਹ ਵਿਚ ਪਾਗਲ ਹੋਏ ਮਨ) ਉਹਨਾਂ ਪਦਾਰਥਾਂ ਦੀ ਲਾਲਸਾ ਕਰਦੇ ਰਹਿੰਦੇ ਹਨ ਜਿਨ੍ਹਾਂ ਨਾਲ ਸਾਥ ਨਹੀਂ ਨਿਭਣਾ ਜੋ ਸੁਪਨਿਆਂ ਵਿਚ ਪ੍ਰਤੀਤ ਹੋ ਰਹੇ ਮੌਜ-ਮੇਲਿਆਂ ਵਾਂਗ ਹਨ, (ਅਜੇਹੇ ਬੰਦੇ) ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸਮਝਦੇ ਹਨ, ਮੂੰਹੋਂ ਭੀ ਉਹਨਾਂ ਨੂੰ ਹੀ ਪੱਕੇ ਸਾਥੀ ਆਖਦੇ ਹਨ ॥੨॥

ਅੰਮ੍ਰਿਤੁ ਨਾਮੁ ਪਦਾਰਥੁ ਸੰਗੇ ਤਿਲੁ ਮਰਮੁ ਨ ਲਹੇ ॥੩॥

ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਸਦਾ ਸਾਥ ਦੇਣ ਵਾਲਾ ਪਦਾਰਥ ਹੈ, ਪਰ ਮਾਇਆ ਦੇ ਮੋਹ ਵਿਚ ਝੱਲੇ ਹੋਏ ਮਨੁੱਖ ਇਸ ਹਰਿ-ਨਾਮ ਦਾ ਭੇਤ ਰਤਾ ਭੀ ਨਹੀਂ ਸਮਝਦੇ ॥੩॥

ਕਰਿ ਕਿਰਪਾ ਰਾਖੇ ਸਤਸੰਗੇ ਨਾਨਕ ਸਰਣਿ ਆਹੇ ॥੪॥੨॥੧੪੨॥

(ਜੀਵਾਂ ਦੇ ਭੀ ਕੀਹ ਵੱਸ?) ਹੇ ਨਾਨਕ! ਪ੍ਰਭੂ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਸਾਧ ਸੰਗਤਿ ਵਿਚ ਰੱਖਦਾ ਹੈ ਉਹੀ ਉਸ ਪ੍ਰਭੂ ਦੀ ਸਰਨ ਆਏ ਰਹਿੰਦੇ ਹਨ ॥੪॥੨॥੧੪੨॥


ਆਸਾ ਮਹਲਾ ੫ ਤਿਪਦੇ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ ਬੰਦਾਂ ਵਾਲੀ ਬਾਣੀ।

ਓਹਾ ਪ੍ਰੇਮ ਪਿਰੀ ॥੧॥ ਰਹਾਉ ॥

(ਮੈਨੂੰ ਤਾਂ) ਪਿਆਰੇ (ਪ੍ਰਭੂ) ਦਾ ਉਹ ਪ੍ਰੇਮ ਹੀ (ਚਾਹੀਦਾ ਹੈ) ॥੧॥ ਰਹਾਉ ॥

ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥

(ਪ੍ਰਭੂ ਦੇ ਪਿਆਰ ਦੇ ਟਾਕਰੇ ਤੇ) ਸੋਨਾ, ਮੋਤੀ, ਵੱਡੇ ਵੱਡੇ ਮੋਤੀ, ਹੀਰੇ-ਲਾਲ-ਮੈਨੂੰ ਇਹਨਾਂ ਵਿਚੋਂ ਕੋਈ ਭੀ ਚੀਜ਼ ਨਹੀਂ ਚਾਹੀਦੀ, ਨਹੀਂ ਚਾਹੀਦੀ ॥੧॥

ਰਾਜ ਨ ਭਾਗ ਨ ਹੁਕਮ ਨ ਸਾਦਨ ॥ ਕਿਛੁ ਕਿਛੁ ਨ ਚਾਹੀ ॥੨॥

(ਪ੍ਰਭੂ-ਪਿਆਰ ਦੇ ਥਾਂ) ਨਾਹ ਰਾਜ, ਨਾਹ ਧਨ-ਪਦਾਰਥ, ਨਾਹ ਹੁਕੂਮਤ ਨਾਹ ਸੁਆਦਲੇ ਖਾਣੇ, ਮੈਨੂੰ ਕਿਸੇ ਚੀਜ਼ ਦੀ ਭੀ ਲੋੜ ਨਹੀਂ ॥੨॥

ਚਰਨਨ ਸਰਨਨ ਸੰਤਨ ਬੰਦਨ ॥ ਸੁਖੋ ਸੁਖੁ ਪਾਹੀ ॥ ਨਾਨਕ ਤਪਤਿ ਹਰੀ ॥ ਮਿਲੇ ਪ੍ਰੇਮ ਪਿਰੀ ॥੩॥੩॥੧੪੩॥

ਸੰਤ ਜਨਾਂ ਦੇ ਚਰਨਾਂ ਦੀ ਸਰਨ, ਸੰਤ ਜਨਾਂ ਦੇ ਚਰਨਾਂ ਤੇ ਨਮਸਕਾਰ, ਇਸ ਵਿਚ ਮੈਂ ਸੁਖ ਹੀ ਸੁਖ ਅਨੁਭਵ ਕਰਦਾ ਹਾਂ। ਹੇ ਨਾਨਕ! ਉਹ ਮਨ ਵਿਚੋਂ ਤ੍ਰਿਸ਼ਨਾ ਦੀ ਸੜਨ ਦੂਰ ਕਰ ਦੇਂਦਾ ਹੈ, ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ ॥੩॥੩॥੧੪੩॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥

(ਹੇ ਮੋਹਨ-ਪ੍ਰਭੂ!) ਗੁਰੂ ਨੇ ਮੈਨੂੰ ਇਹਨਾਂ ਅੱਖਾਂ ਨਾਲ ਤੇਰਾ ਦਰਸਨ ਕਰਾ ਦਿੱਤਾ ਹੈ ॥੧॥ ਰਹਾਉ ॥

ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥

(ਹੁਣ) ਹੇ ਮੋਹਨ! ਇਸ ਲੋਕ ਵਿਚ, ਪਰਲੋਕ ਵਿਚ, ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ (ਮੈਨੂੰ) ਤੂੰ ਹੀ ਦਿੱਸ ਰਿਹਾ ਹੈਂ ॥੧॥

ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥੨॥

(ਹੁਣ) ਹੇ ਸੋਹਣੇ ਪ੍ਰਭੂ! (ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਇਕ ਤੂੰ ਹੀ ਸਾਰੇ ਜਗਤ ਦਾ ਮੂਲ ਰਚਨ ਵਾਲਾ ਹੈਂ, ਇਕ ਤੂੰ ਹੀ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲਾ ਹੈਂ ॥੨॥

ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ ॥੩॥੪॥੧੪੪॥

ਹੇ ਨਾਨਕ! (ਆਖ-ਹੇ ਮੋਹਨ ਪ੍ਰਭੂ!) ਮੈਂ ਤੇਰੇ ਸੰਤਾਂ ਦੇ ਚਰਨ ਛੁੰਹਦਾ ਹਾਂ ਉਹਨਾਂ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ (ਸੰਤਾਂ ਦੀ ਕਿਰਪਾ ਨਾਲ ਹੀ ਤੇਰਾ ਮਿਲਾਪ ਹੁੰਦਾ ਹੈ, ਤੇ) ਸਦਾ ਲਈ ਆਤਮਕ ਆਨੰਦ ਵਿਚ ਲੀਨਤਾ ਪ੍ਰਾਪਤ ਹੁੰਦੀ ਹੈ ॥੩॥੪॥੧੪੪॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਹਰਿ ਹਰਿ ਨਾਮੁ ਅਮੋਲਾ ॥

ਜਿਸ ਮਨੁੱਖ ਨੂੰ ਪਰਮਾਤਮਾ ਦਾ ਅਮੋਲਕ ਨਾਮ ਪ੍ਰਾਪਤ ਹੋ ਜਾਂਦਾ ਹੈ,

ਓਹੁ ਸਹਜਿ ਸੁਹੇਲਾ ॥੧॥ ਰਹਾਉ ॥

ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਸੌਖਾ ਜੀਵਨ ਬਿਤੀਤ ਕਰਦਾ ਹੈ ॥੧॥ ਰਹਾਉ ॥

ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥

ਪਰਮਾਤਮਾ ਹੀ ਸਦਾ ਨਾਲ ਰਹਿਣ ਵਾਲਾ ਸਾਥੀ ਹੈ, ਉਹ ਕਦੇ ਛੱਡ ਨਹੀਂ ਜਾਂਦਾ, ਪਰ ਉਹ (ਕਿਸੇ ਚਤੁਰਾਈ ਸਿਆਣਪ ਨਾਲ) ਵੱਸ ਵਿਚ ਨਹੀਂ ਆਉਂਦਾ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥

ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਰਾ ॥੨॥

ਉਹ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ ਮੇਰਾ ਭਰਾ ਹੈ ਮੇਰਾ ਪਿਉ ਹੈ ਤੇ ਮੇਰੀ ਮਾਂ ਹੈ, ਉਹ ਪਰਮਾਤਮਾ ਹੀ ਆਪਣੇ ਭਗਤਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ ॥੨॥

ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਰਾ ॥੩॥੫॥੧੪੫॥

ਹੇ ਨਾਨਕ! (ਆਖ-ਹੇ ਭਾਈ!) ਉਸ ਪਰਮਾਤਮਾ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਗੁਰੂ ਨੇ ਮੈਨੂੰ ਉਸ ਦੀ ਸਮਝ ਬਖ਼ਸ਼ ਦਿੱਤੀ ਹੈ, ਗੁਰੂ ਪਾਸੋਂ ਮੈਂ ਉਸ ਦਾ ਮਿਲਾਪ ਹਾਸਲ ਕੀਤਾ ਹੈ। ਇਹ ਉਸ ਪਰਮਾਤਮਾ ਦਾ ਇਕ ਅਜਬ ਤਮਾਸ਼ਾ ਹੈ (ਕਿ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ) ॥੩॥੫॥੧੪੫॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਆਪੁਨੀ ਭਗਤਿ ਨਿਬਾਹਿ ॥

ਮੈਨੂੰ ਆਪਣੀ ਭਗਤੀ ਸਦਾ ਦੇਈ ਰੱਖ!

ਠਾਕੁਰ ਆਇਓ ਆਹਿ ॥੧॥ ਰਹਾਉ ॥

ਹੇ ਮੇਰੇ ਮਾਲਕ! ਮੈਂ ਤਾਂਘ ਕਰ ਕੇ (ਤੇਰੀ ਸਰਨ) ਆਇਆ ਹਾਂ੧ ॥੧॥ ਰਹਾਉ ॥

ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥

ਹੇ ਮੇਰੇ ਮਾਲਕ! ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ, ਮੈਨੂੰ ਆਪਣਾ ਕੀਮਤੀ ਨਾਮ ਦੇਈ ਰੱਖ, ਤਾਕਿ ਮੇਰਾ ਜੀਵਨ ਸਫਲ ਹੋ ਜਾਏ ॥੧॥

ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥੨॥

ਹੇ ਮੇਰੇ ਮਾਲਕ! ਮੈਨੂੰ ਆਪਣੇ ਸੰਤਾਂ ਦੀ ਸੰਗਤਿ ਵਿਚ ਰੱਖੀ ਰੱਖ, ਇਹੀ ਮੇਰੇ ਵਾਸਤੇ ਮੁਕਤੀ ਹੈ, ਤੇ ਇਹੀ ਮੇਰੇ ਵਾਸਤੇ ਜੀਵਨ-ਚੱਜ ਹੈ ॥੨॥

ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥੩॥੬॥੧੪੬॥

ਹੇ ਨਾਨਕ! (ਆਖ-) ਹੇ ਹਰੀ! (ਮੇਹਰ ਕਰ) ਤੇਰੇ ਗੁਣਾਂ ਵਿਚ ਚੁੱਭੀ ਲਾ ਕੇ ਮੈਂ ਤੇਰਾ ਨਾਮ ਸਿਮਰਦਾ ਰਹਾਂ ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਾਂ ॥੩॥੬॥੧੪੬॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਠਾਕੁਰ ਚਰਣ ਸੁਹਾਵੇ ॥

ਮਾਲਕ-ਪ੍ਰਭੂ ਦੇ ਚਰਨ ਸੋਹਣੇ ਹਨ,

ਹਰਿ ਸੰਤਨ ਪਾਵੇ ॥੧॥ ਰਹਾਉ ॥

ਤੇ ਪ੍ਰਭੂ ਦੇ ਸੰਤਾਂ ਨੂੰ ਇਹਨਾਂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ॥੧॥ ਰਹਾਉ ॥

ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥੧॥

(ਪਰਮਾਤਮਾ ਦੇ ਸੰਤ) ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ ਤੇ ਉਸ ਦੇ ਗੁਣ ਬੜੇ ਆਨੰਦ ਨਾਲ ਗਾਂਦੇ ਰਹਿੰਦੇ ਹਨ ॥੧॥

ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ ॥੨॥

(ਪਰਮਾਤਮਾ ਦੇ ਸੰਤਾਂ ਨੂੰ) ਇਕ ਪਰਮਾਤਮਾ ਦੀ (ਸਹਾਇਤਾ ਦੀ) ਹੀ ਆਸਾ ਟਿਕੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਲੱਗੀ ਰਹਿੰਦੀ ਹੈ (ਇਸ ਤੋਂ ਬਿਨਾ) ਕੋਈ ਹੋਰ (ਦੁਨੀਆ ਵਾਲੀ ਆਸ) ਚੰਗੀ ਨਹੀਂ ਲੱਗਦੀ ॥੨॥

ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੇ ॥੩॥੭॥੧੪੭॥

ਹੇ ਨਾਨਕ! (ਆਖ-ਹੇ ਪ੍ਰਭੂ! ਤੇਰੇ ਸੰਤਾਂ ਦੇ ਹਿਰਦੇ ਵਿਚ ਤੇਰੇ ਚਰਨਾਂ ਦਾ ਪ੍ਰੇਮ ਹੋਣਾ-ਇਹ) ਤੇਰੀ ਹੀ ਮੇਹਰ ਹੈ (ਨਹੀਂ ਤਾਂ) ਵਿਚਾਰੇ ਜੀਵਾਂ ਦਾ ਕੀਹ ਜ਼ੋਰ ਹੈ। ਹੇ ਪ੍ਰਭੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ॥੩॥੭॥੧੪੭॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਏਕੁ ਸਿਮਰਿ ਮਨ ਮਾਹੀ ॥੧॥ ਰਹਾਉ ॥

(ਆਪਣੇ) ਮਨ ਵਿਚ ਇਕ ਪਰਮਾਤਮਾ ਨੂੰ ਸਿਮਰਦਾ ਰਹੁ ॥੧॥ ਰਹਾਉ ॥

ਨਾਮੁ ਧਿਆਵਹੁ ਰਿਦੈ ਬਸਾਵਹੁ ਤਿਸੁ ਬਿਨੁ ਕੋ ਨਾਹੀ ॥੧॥

ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ। ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਹਾਈ) ਨਹੀਂ ਹੈ ॥੧॥

ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ॥੨॥

ਆਓ ਪਰਮਾਤਮਾ ਦੀ ਸਰਨ ਪਏ ਰਹੀਏ (ਤੇ ਪਰਮਾਤਮਾ ਪਾਸੋਂ) ਸਾਰੇ ਫਲ ਹਾਸਲ ਕਰੀਏ। (ਪਰਮਾਤਮਾ ਦੀ ਸਰਨ ਪਿਆਂ) ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥

ਜੀਅਨ ਕੋ ਦਾਤਾ ਪੁਰਖੁ ਬਿਧਾਤਾ ਨਾਨਕ ਘਟਿ ਘਟਿ ਆਹੀ ॥੩॥੮॥੧੪੮॥

ਹੇ ਨਾਨਕ! (ਆਖ-) ਸਿਰਜਨਹਾਰ ਅਕਾਲ ਪੁਰਖ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਹਰੇਕ ਸਰੀਰ ਵਿਚ ਮੌਜੂਦ ਹੈ ॥੩॥੮॥੧੪੮॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਹਰਿ ਬਿਸਰਤ ਸੋ ਮੂਆ ॥੧॥ ਰਹਾਉ ॥

ਜਿਸ ਮਨੁੱਖ ਨੂੰ ਪਰਮਾਤਮਾ ਦੀ ਯਾਦ ਭੁੱਲ ਗਈ ਉਹ ਆਤਮਕ ਮੌਤੇ ਮਰ ਗਿਆ ॥੧॥ ਰਹਾਉ ॥

ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੂਆ ॥੧॥

ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਸਾਰੇ (ਮਨ-ਇੱਛਤ) ਫਲ ਹਾਸਲ ਕਰ ਲੈਂਦਾ ਹੈ ਤੇ ਸੌਖਾ ਜੀਵਨ ਗੁਜ਼ਾਰਦਾ ਹੈ ॥੧॥

ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥੨॥

(ਪਰ, ਪਰਮਾਤਮਾ ਦਾ ਨਾਮ ਵਿਸਾਰ ਕੇ ਜੇਹੜਾ ਮਨੁੱਖ ਆਪਣੇ ਆਪ ਨੂੰ) ਰਾਜਾ (ਭੀ) ਅਖਵਾਂਦਾ ਹੈ ਉਹ ਅਹੰਕਾਰ ਪੈਦਾ ਕਰਨ ਵਾਲੇ ਕੰਮ (ਹੀ) ਕਰਦਾ ਹੈ ਉਹ (ਰਾਜ ਦੇ ਮਾਣ ਵਿਚ ਇਉਂ) ਬੱਝਾ ਰਹਿੰਦਾ ਹੈ ਜਿਵੇਂ (ਡੁੱਬਣ ਤੋਂ ਬਚੇ ਰਹਿਣ ਦੇ) ਵਹਿਮ ਵਿਚ ਤੋਤਾ ਨਲਕੀ ਨਾਲ ਚੰਬੜਿਆ ਰਹਿੰਦਾ ਹੈ ॥੨॥

ਕਹੁ ਨਾਨਕ ਜਿਸੁ ਸਤਿਗੁਰੁ ਭੇਟਿਆ ਸੋ ਜਨੁ ਨਿਹਚਲੁ ਥੀਆ ॥੩॥੯॥੧੪੯॥

ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੩॥੯॥੧੪੯॥


ਆਸਾ ਮਹਲਾ ੫ ਘਰੁ ੧੪ ॥

ਰਾਗ ਆਸਾ, ਘਰ ੧੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਓਹੁ ਨੇਹੁ ਨਵੇਲਾ ॥ ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥੧॥ ਰਹਾਉ ॥

ਉਹ ਪਿਆਰ ਸਦਾ ਨਵਾਂ ਰਹਿੰਦਾ ਹੈ (ਦੁਨੀਆ ਵਾਲੇ ਪਿਆਰ ਛੇਤੀ ਹੀ ਫਿੱਕੇ ਪੈ ਜਾਂਦੇ ਹਨ), ਜੇਹੜਾ ਪਿਆਰ ਪਿਆਰੇ ਪ੍ਰੀਤਮ ਪ੍ਰਭੂ ਨਾਲ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਜੋ ਪ੍ਰਭ ਭਾਵੈ ਜਨਮਿ ਨ ਆਵੈ ॥ ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥੧॥

ਜੇਹੜਾ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ (ਉਹ ਉਸ ਪਿਆਰ ਦੀ ਬਰਕਤਿ ਨਾਲ ਮੁੜ ਮੁੜ) ਜਨਮ ਵਿਚ ਨਹੀਂ ਆਉਂਦਾ। ਜਿਸ ਮਨੁੱਖ ਨੂੰ ਹਰੀ ਦਾ ਪ੍ਰੇਮ ਪ੍ਰਾਪਤ ਹੋ ਜਾਂਦਾ ਹੈ ਹਰੀ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਉਹ (ਸਦਾ) ਹਰੀ ਦੀ ਪ੍ਰੀਤ ਵਿਚ ਮਸਤ ਰਹਿੰਦਾ ਹੈ ॥੧॥

ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥ ਨਾਨਕ ਨਾਮੁ ਮਿਲੈ ਅਪਨੀ ਦਇਆ ਕਰਹੁ ॥੨॥੧॥੧੫੦॥

(ਪਰ, ਇਸ ਪਿਆਰ ਦਾ ਮੁੱਲ ਭੀ ਦੇਣਾ ਪੈਂਦਾ ਹੈ) ਪ੍ਰਭੂ (ਦੇ ਚਰਨਾਂ) ਵਿਚ (ਤਦੋਂ ਹੀ) ਮਿਲ ਸਕੀਦਾ ਹੈ ਜੇ (ਆਪਣਾ) ਇਹ ਮਨ ਹਵਾਲੇ ਕਰ ਦੇਈਏ, (ਇਹ ਗੱਲ ਪਰਮਾਤਮਾ ਦੀ ਮੇਹਰ ਨਾਲ ਹੀ ਹੋ ਸਕਦੀ ਹੈ, ਤਾਂ ਤੇ) ਹੇ ਨਾਨਕ! (ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਆਪਣੀ ਮੇਹਰ ਕਰ (ਤਾ ਕਿ ਤੇਰੇ ਦਾਸ) ਨਾਨਕ ਨੂੰ ਤੇਰਾ ਨਾਮ (ਤੇਰੇ ਨਾਮ ਦਾ ਪਿਆਰ) ਪ੍ਰਾਪਤ ਹੋ ਜਾਏ ॥੨॥੧॥੧੫੦॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਮਿਲੁ ਰਾਮ ਪਿਆਰੇ ਤੁਮ ਬਿਨੁ ਧੀਰਜੁ ਕੋ ਨ ਕਰੈ ॥੧॥ ਰਹਾਉ ॥

ਹੇ ਮੇਰੇ ਪਿਆਰੇ ਰਾਮ! (ਮੈਨੂੰ) ਮਿਲ! ਤੇਰੇ ਮਿਲਾਪ ਤੋਂ ਬਿਨਾ ਹੋਰ ਕੋਈ ਭੀ (ਉੱਦਮ) ਮੇਰੇ ਮਨ ਵਿਚ ਸ਼ਾਂਤੀ ਪੈਦਾ ਨਹੀਂ ਕਰ ਸਕਦਾ ॥੧॥ ਰਹਾਉ ॥

ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨੁ ਸੁਖੁ ਨਾਹੀ ॥੧॥

ਹੇ ਪਿਆਰੇ ਰਾਮ! ਅਨੇਕਾਂ ਲੋਕਾਂ ਨੇ ਸ਼ਾਸਤ੍ਰਾਂ ਸਿਮ੍ਰਿਤੀਆਂ ਦੇ ਲਿਖੇ ਅਨੁਸਾਰ (ਮਿਥੇ ਹੋਏ ਧਾਰਮਿਕ) ਕੰਮ ਕੀਤੇ, ਪਰ, ਹੇ ਪ੍ਰਭੂ! (ਇਹਨਾਂ ਕਰਮਾਂ ਨਾਲ ਤੇਰਾ ਦਰਸਨ ਨਸੀਬ ਨਾਹ ਹੋਇਆ, ਤੇ) ਤੇਰੇ ਦਰਸਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ॥੧॥

ਵਰਤ ਨੇਮ ਸੰਜਮ ਕਰਿ ਥਾਕੇ ਨਾਨਕ ਸਾਧ ਸਰਨਿ ਪ੍ਰਭ ਸੰਗਿ ਵਸੈ ॥੨॥੨॥੧੫੧॥

ਹੇ ਪ੍ਰਭੂ! (ਸ਼ਾਸਤ੍ਰਾਂ ਦੇ ਕਹੇ ਅਨੁਸਾਰ) ਅਨੇਕਾਂ ਲੋਕ ਵਰਤ ਰੱਖਦੇ ਰਹੇ, ਕਈ ਨੇਮ ਨਿਬਾਹੁੰਦੇ ਰਹੇ, ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦੇ ਰਹੇ, ਪਰ ਇਹ ਸਭ ਕੁਝ ਕਰ ਕੇ ਥੱਕ ਗਏ (ਤੇਰਾ ਦਰਸਨ ਪ੍ਰਾਪਤ ਨਾਹ ਹੋਇਆ)। ਹੇ ਨਾਨਕ! ਗੁਰੂ ਦੀ ਸਰਨ ਪਿਆਂ (ਮਨੁੱਖ ਦਾ ਮਨ) ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦਾ ਹੈ (ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ) ॥੨॥੨॥੧੫੧॥


ਆਸਾ ਮਹਲਾ ੫ ਘਰੁ ੧੫ ਪੜਤਾਲ ॥

ਰਾਗ ਆਸਾ, ਘਰ ੧੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਪੜਤਾਲ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਬਿਕਾਰ ਮਾਇਆ ਮਾਦਿ ਸੋਇਓ ਸੂਝ ਬੂਝ ਨ ਆਵੈ ॥

ਵਿਕਾਰਾਂ ਵਿਚ ਮਾਇਆ ਦੇ ਨਸ਼ੇ ਵਿਚ ਮਨੁੱਖ ਸੁੱਤਾ ਰਹਿੰਦਾ ਹੈ, ਇਸ ਨੂੰ (ਸਹੀ ਜੀਵਨ-ਰਾਹ ਦੀ) ਅਕਲ ਨਹੀਂ ਆਉਂਦੀ।

ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ ॥੧॥

(ਜਦੋਂ ਅੰਤ ਵੇਲੇ) ਜਮ ਨੇ ਇਸ ਨੂੰ ਕੇਸਾਂ ਤੋਂ ਫੜ ਕੇ ਉਠਾਇਆ (ਜਦੋਂ ਮੌਤ ਸਿਰ ਤੇ ਆ ਪਹੁੰਚੀ) ਤਦੋਂ ਹੀ ਇਸ ਨੂੰ ਹੋਸ਼ ਆਉਂਦੀ ਹੈ (ਕਿ ਸਾਰੀ ਉਮਰ ਕੁਰਾਹੇ ਪਿਆ ਰਿਹਾ) ॥੧॥

ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ ॥

ਮਾਇਆ ਦੇ ਲੋਭ ਅਤੇ ਵਿਸ਼ਿਆਂ ਵਿਚ ਲੱਗੇ ਹੋਏ (ਪਰਾਇਆ) ਧਨ ਚੁਰਾ ਕੇ (ਦੂਜਿਆਂ ਦੇ) ਦਿਲ ਦੁਖਾਂਦੇ ਹਨ,

ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ ॥੧॥ ਰਹਾਉ ॥

ਪਲ ਵਿਚ ਸਾਥ ਛੱਡ ਜਾਣ ਵਾਲੀ ਮਾਇਆ ਦੇ ਮਾਣ ਵਿਚ ਮਸਤ ਨਿਰਦਈ ਮਨੁੱਖ ਸਮਝਦੇ ਨਹੀਂ (ਕਿ ਇਹ ਗ਼ਲਤ ਜੀਵਨ-ਰਾਹ ਹੈ) ॥੧॥ ਰਹਾਉ ॥

ਬੇਦ ਸਾਸਤ੍ਰ ਜਨ ਪੁਕਾਰਹਿ ਸੁਨੈ ਨਾਹੀ ਡੋਰਾ ॥

ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ ਉਪਦੇਸ਼ ਕਰਦੇ ਹਨ) ਸੰਤ ਜਨ (ਭੀ) ਪੁਕਾਰ ਕੇ ਆਖਦੇ ਹਨ ਪਰ (ਮਾਇਆ ਦੇ ਨਸ਼ੇ ਦੇ ਕਾਰਨ) ਬੋਲਾ ਹੋ ਚੁਕਾ ਮਨੁੱਖ (ਉਹਨਾਂ ਦੇ ਉਪਦੇਸ਼ ਨੂੰ) ਸੁਣਦਾ ਨਹੀਂ।

ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ ॥੨॥

ਜਦੋਂ ਉੱਕਾ ਹੀ ਜੀਵਨ-ਬਾਜ਼ੀ ਹਾਰ ਕੇ ਅੰਤ ਸਮੇ ਤੇ ਆ ਪਹੁੰਚਦਾ ਹੈ ਤਦੋਂ ਇਹ ਮੂਰਖ ਆਪਣੇ ਮਨ ਵਿਚ ਪਛੁਤਾਂਦਾ ਹੈ ॥੨॥

ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ ॥

(ਮਾਇਆ ਦੇ ਨਸ਼ੇ ਵਿਚ ਮਸਤ ਮਨੁੱਖ ਵਿਕਾਰਾਂ ਵਿਚ ਲੱਗਾ ਹੋਇਆ) ਵਿਅਰਥ ਹੀ ਡੰਨ ਭਰਦਾ ਰਹਿੰਦਾ ਹੈ (ਆਤਮਕ ਸਜ਼ਾ ਭੁਗਤਦਾ ਰਹਿੰਦਾ ਹੈ, ਅਜੇਹੇ ਕੰਮ ਹੀ ਕਰਦਾ ਹੈ ਜਿਨ੍ਹਾਂ ਦੇ ਕਾਰਨ) ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ।

ਜੇਂਹ ਕਾਰਜਿ ਰਹੈ ਓਲ੍ਰਾ ਸੋਇ ਕਾਮੁ ਨ ਕਰਿਆ ॥੩॥

ਜਿਸ ਕੰਮ ਦੇ ਕਰਨ ਨਾਲ ਪਰਮਾਤਮਾ ਦੇ ਦਰ ਤੇ ਇੱਜ਼ਤ ਬਣੇ ਉਹ ਕੰਮ ਇਹ ਕਦੇ ਭੀ ਨਹੀਂ ਕਰਦਾ ॥੩॥

ਐਸੋ ਜਗੁ ਮੋਹਿ ਗੁਰਿ ਦਿਖਾਇਓ ਤਉ ਏਕ ਕੀਰਤਿ ਗਾਇਆ ॥

ਜਦੋਂ ਗੁਰੂ ਨੇ ਮੈਨੂੰ ਇਹੋ ਜਿਹਾ (ਮਾਇਆ-ਗ੍ਰਸਿਆ) ਜਗਤ ਵਿਖਾ ਦਿੱਤਾ ਤਦੋਂ ਮੈਂ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ,

ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ ॥੪॥੧॥੧੫੨॥

ਤਦੋਂ ਮਾਣ ਤਿਆਗ ਕੇ (ਹੋਰ) ਆਸਰਾ ਛੱਡ ਕੇ, ਚੁਤਰਾਈਆਂ ਤਜ ਕੇ (ਮੈਂ ਦਾਸ) ਨਾਨਕ ਪਰਮਾਤਮਾ ਦੀ ਸਰਨ ਆ ਪਿਆ ॥੪॥੧॥੧੫੨॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਬਾਪਾਰਿ ਗੋਵਿੰਦ ਨਾਏ ॥

ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਵਪਾਰ ਵਿਚ ਲੱਗ ਪੈਂਦਾ ਹੈ,

ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥੧॥ ਰਹਾਉ ॥

ਪਰਮਾਤਮਾ ਦੇ ਗੁਣ ਗਾਂਦਾ ਹੈ ਸੰਤ ਜਨਾਂ ਦੀ ਪ੍ਰਸੰਨਤਾ ਹਾਸਲ ਕਰ ਲੈਂਦਾ ਹੈ, ਉਸ ਨੂੰ ਪਿਆਰੇ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਅੰਦਰ, ਮਾਨੋ, ਪੰਜ ਕਿਸਮਾਂ ਦੇ ਸਾਜ ਵੱਜਣ ਲੱਗ ਪੈਂਦੇ ਹਨ ॥੧॥ ਰਹਾਉ ॥

ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ ॥

ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਪਰਮਾਤਮਾ ਦਾ ਦਰਸਨ ਹੋ ਜਾਂਦਾ ਹੈ ਉਹ ਸਦਾ ਲਈ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਜਾਂਦਾ ਹੈ।

ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲਨ ਲਾਏ ॥੧॥

ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਸ ਨੂੰ ਖਸਮ-ਪ੍ਰਭੂ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ; ਲਾਲ ਪਿਆਰੇ ਦਾ ਪਿਆਰ-ਰੰਗ ਚੜ੍ਹ ਜਾਂਦਾ ਹੈ ॥੧॥

ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ ॥

ਜੇਹੜਾ ਮਨੁੱਖ ਆਪਣੇ ਮਨ ਵਿਚ ਗੁਰੂ ਦੇ ਦਿੱਤੇ ਗਿਆਨ ਨੂੰ ਪੱਕਾ ਕਰ ਲੈਂਦਾ ਹੈ, ਉਸ ਦੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਹ ਆਪਣੇ ਮਨ ਵਿਚ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ।

ਸਭ ਤਜੀ ਮਨੈ ਕੀ ਕਾਮ ਕਰਾ ॥

ਉਹ ਆਪਣੇ ਮਨ ਦੀਆਂ ਸਾਰੀਆਂ ਵਾਸ਼ਨਾਂ ਤਿਆਗ ਦੇਂਦਾ ਹੈ।

ਚਿਰੁ ਚਿਰੁ ਚਿਰੁ ਚਿਰੁ ਭਇਆ ਮਨਿ ਬਹੁਤੁ ਪਿਆਸ ਲਾਗੀ ॥

(ਤੇਰਾ ਦਰਸਨ ਕੀਤਿਆਂ ਮੈਨੂੰ) ਬਹੁਤ ਚਿਰ ਹੋ ਚੁਕਾ ਹੈ, ਮੇਰੇ ਮਨ ਵਿਚ ਤੇਰੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ,

ਹਰਿ ਦਰਸਨੋ ਦਿਖਾਵਹੁ ਮੋਹਿ ਤੁਮ ਬਤਾਵਹੁ ॥

ਹੇ ਹਰੀ! ਮੈਨੂੰ ਆਪਣਾ ਦਰਸਨ ਦੇਹ, ਤੂੰ ਆਪ ਹੀ ਮੈਨੂੰ ਦੱਸ (ਕਿ ਮੈਂ ਕਿਵੇਂ ਤੇਰਾ ਦਰਸਨ ਕਰਾਂ)।

ਨਾਨਕ ਦੀਨ ਸਰਣਿ ਆਏ ਗਲਿ ਲਾਏ ॥੨॥੨॥੧੫੩॥

ਹੇ ਨਾਨਕ! (ਤੂੰ ਭੀ ਅਰਜ਼ੋਈ ਕਰ, ਤੇ ਆਖ-ਹੇ ਪ੍ਰਭੂ!) ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਗਲ ਨਾਲ ਲਾ ॥੨॥੨॥੧੫੩॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਕੋਊ ਬਿਖਮ ਗਾਰ ਤੋਰੈ ॥

(ਜਗਤ ਵਿਚ) ਕੋਈ ਵਿਰਲਾ ਮਨੁੱਖ ਹੈ, ਜੇਹੜਾ ਸਖ਼ਤ ਕਿਲ੍ਹੇ ਨੂੰ ਤੋੜਦਾ ਹੈ (ਜਿਸ ਵਿਚ ਜਿੰਦ ਕੈਦ ਕੀਤੀ ਪਈ ਹੈ, ਕੋਈ ਵਿਰਲਾ ਹੈ, ਜੇਹੜਾ ਆਪਣੇ ਮਨ ਨੂੰ),

ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ ॥੧॥ ਰਹਾਉ ॥

ਦੁਨੀਆ ਦੀਆਂ ਆਸਾਂ, ਮਾਇਆ ਦੀ ਤ੍ਰਿਸ਼ਨਾ, ਠੱਗੀ-ਫ਼ਰੇਬ, ਮੋਹ ਅਤੇ ਭਟਕਣਾ ਤੋਂ ਰੋਕਦਾ ਹੈ ॥੧॥ ਰਹਾਉ ॥

ਕਾਮ ਕ੍ਰੋਧ ਲੋਭ ਮਾਨ ਇਹ ਬਿਆਧਿ ਛੋਰੈ ॥੧॥

(ਜਗਤ ਵਿਚ ਕੋਈ ਵਿਰਲਾ ਮਨੁੱਖ ਹੈ ਜੇਹੜਾ) ਕਾਮ ਕ੍ਰੋਧ ਲੋਭ ਅਹੰਕਾਰ ਆਦਿਕ ਬੀਮਾਰੀਆਂ (ਆਪਣੇ ਅੰਦਰੋਂ) ਦੂਰ ਕਰਦਾ ਹੈ ॥੧॥

ਸੰਤਸੰਗਿ ਨਾਮ ਰੰਗਿ ਗੁਨ ਗੋਵਿੰਦ ਗਾਵਉ ॥

ਮੈਂ ਤਾਂ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ,

ਅਨਦਿਨੋ ਪ੍ਰਭ ਧਿਆਵਉ ॥

ਮੈਂ ਤਾਂ ਹਰ ਵੇਲੇ ਪਰਮਾਤਮਾ ਦਾ ਧਿਆਨ ਧਰਦਾ ਹਾਂ,

ਭ੍ਰਮ ਭੀਤਿ ਜੀਤਿ ਮਿਟਾਵਉ ॥

ਤੇ ਇਸ ਤਰ੍ਹਾਂ ਭਟਕਣਾ ਦੀ ਕੰਧ ਨੂੰ ਜਿੱਤ ਕੇ (ਪਰਮਾਤਮਾ ਨਾਲੋਂ ਬਣੀ ਵਿੱਥ) ਮਿਟਾਂਦਾ ਹਾਂ।

ਨਿਧਿ ਨਾਮੁ ਨਾਨਕ ਮੋਰੈ ॥੨॥੩॥੧੫੪॥

ਹੇ ਨਾਨਕ! ਇਹਨਾਂ ਰੋਗਾਂ ਤੋਂ ਬਚਣ ਵਾਸਤੇ, ਮੇਰੇ ਪਾਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹੀ ਹੈ (ਜੋ ਮੈਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ) ॥੨॥੩॥੧੫੪॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਕਾਮੁ ਕ੍ਰੋਧੁ ਲੋਭੁ ਤਿਆਗੁ ॥

ਕਾਮ ਕ੍ਰੋਧ ਅਤੇ ਲੋਭ ਦੂਰ ਕਰ ਲੈ।

ਮਨਿ ਸਿਮਰਿ ਗੋਬਿੰਦ ਨਾਮ ॥

(ਆਪਣੇ) ਮਨ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਰਹੁ,

ਹਰਿ ਭਜਨ ਸਫਲ ਕਾਮ ॥੧॥ ਰਹਾਉ ॥

ਪਰਮਾਤਮਾ ਦੇ ਸਿਮਰਨ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥

ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥

ਅਹੰਕਾਰ ਮੋਹ ਵਿਕਾਰ ਝੂਠ ਤਿਆਗ ਦੇਹ, ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ,

ਮਨ ਸੰਤਨਾ ਕੈ ਚਰਨਿ ਲਾਗੁ ॥੧॥

ਹੇ ਮਨ! ਤੇ ਸੰਤ ਜਨਾਂ ਦੀ ਸਰਨ ਪਿਆ ਰਹੁ ॥੧॥

ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ ॥

ਉਸ ਹਰੀ-ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੁ ਜੋ ਧਰਤੀ ਦਾ ਰਾਖਾ ਹੈ ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਜੋ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਪਵ੍ਰਿਤ ਕਰਨ ਵਾਲਾ ਹੈ।

ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦੀ ਭਗਤੀ ਕਰ, ਤੇਰੀ ਕਿਸਮਤ ਜਾਗ ਪਏਗੀ ॥੨॥੪॥੧੫੫॥


ਆਸਾ ਮਹਲਾ ੫ ॥

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥੧॥ ਰਹਾਉ ॥

ਹੇ ਸਹੇਲੀ! (ਹੇ ਸਤਸੰਗੀ!) ਆਨੰਦ-ਰੂਪ ਪਰਮਾਤਮਾ ਨੇ ਮੈਨੂੰ ਇਹ ਜਗਤ-ਤਮਾਸ਼ਾ ਵਿਖਾ ਦਿੱਤਾ ਹੈ (ਇਸ ਜਗਤ-ਤਮਾਸ਼ੇ ਦੀ ਅਸਲੀਅਤ ਵਿਖਾ ਦਿਤੀ ਹੈ)। (ਇਸ ਵਿਚ ਕਿਤੇ) ਖ਼ੁਸ਼ੀ ਹੈ (ਕਿਤੇ) ਗ਼ਮੀ ਹੈ (ਕਿਤੇ) ਵੈਰਾਗ ਹੈ ॥੧॥ ਰਹਾਉ ॥

ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥

(ਹੇ ਸਤਸੰਗੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਇਕ ਪਲ ਵਿਚ ਅਨੇਕਾਂ ਡਰ (ਆ ਘੇਰਦੇ ਹਨ, ਕਿਤੇ) ਨਿਡਰਤਾ ਹੈ (ਕਿਤੇ ਕੋਈ ਦੁਨੀਆ ਦੇ ਪਦਾਰਥਾਂ ਵਲ) ਉਠ ਭੱਜਦਾ ਹੈ,

ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥੧॥

ਕਿਤੇ ਇਕ ਪਲ ਵਿਚ ਸੁਆਦਲੇ ਪਦਾਰਥ ਭੋਗੇ ਜਾ ਰਹੇ ਹਨ ਕਿਤੇ ਕੋਈ ਇਕ ਪਲ ਵਿਚ ਇਹਨਾਂ ਭੋਗਾਂ ਨੂੰ ਤਿਆਗ ਜਾਂਦਾ ਹੈ ॥੧॥

ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥

(ਹੇ ਸਖੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਜੋਗ-ਸਾਧਨ ਕੀਤੇ ਜਾ ਰਹੇ ਹਨ ਕਿਤੇ ਧੂਣੀਆਂ ਤਪਾਈਆਂ ਜਾ ਰਹੀਆਂ ਹਨ ਕਿਤੇ ਅਨੇਕਾਂ ਦੇਵ-ਪੂਜਾ ਹੋ ਰਹੀਆਂ ਹਨ, ਕਿਤੇ ਹੋਰ ਹੋਰ ਭਟਕਣਾ ਭਟਕੀਆਂ ਜਾ ਰਹੀਆਂ ਹਨ।

ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥੨॥੫॥੧੫੬॥

ਹੇ ਨਾਨਕ! (ਆਖ-ਹੇ ਸਖੀ!) ਕਿਤੇ ਸਾਧ ਸੰਗਤਿ ਵਿਚ ਰੱਖ ਕੇ ਇਕ ਪਲ ਵਿਚ ਪਰਮਾਤਮਾ ਦੀ ਮੇਹਰ ਹੋ ਰਹੀ ਹੈ, ਤੇ ਪਰਮਾਤਮਾ ਦਾ ਪ੍ਰੇਮ-ਰੰਗ ਬਖ਼ਸ਼ਿਆ ਜਾ ਰਿਹਾ ਹੈ ॥੨॥੫॥੧੫੬॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਆਸਾ ਮਹਲਾ ੯ ॥

ਰਾਗ ਆਸਾ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।

ਬਿਰਥਾ ਕਹਉ ਕਉਨ ਸਿਉ ਮਨ ਕੀ ॥

ਮੈਂ ਇਸ (ਮਨੁੱਖੀ) ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ (ਹਰੇਕ ਮਨੁੱਖ ਦਾ ਇਹੀ ਹਾਲ ਹੈ),

ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥

ਲੋਭ ਵਿਚ ਫਸਿਆ ਹੋਇਆ ਇਹ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ ॥੧॥ ਰਹਾਉ ॥

ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥

ਸੁਖ ਹਾਸਲ ਕਰਨ ਵਾਸਤੇ (ਇਹ ਮਨ) ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ (ਤੇ ਇਸ ਤਰ੍ਹਾਂ ਸੁਖ ਦੇ ਥਾਂ ਸਗੋਂ) ਦੁੱਖ ਸਹਾਰਦਾ ਹੈ।

ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥

ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ ॥੧॥

ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥

(ਲੋਭ ਵਿਚ ਫਸਿਆ ਹੋਇਆ) ਇਹ ਜੀਵ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ, (ਇਸ ਦੇ ਲਾਲਚ ਦੇ ਕਾਰਨ) ਲੋਕਾਂ ਵਲੋਂ ਹੋ ਰਹੇ ਹਾਸੇ-ਮਖ਼ੌਲ ਦੀ ਭੀ ਇਸ ਨੂੰ ਸ਼ਰਮ ਨਹੀਂ ਆਉਂਦੀ।

ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥

ਹੇ ਨਾਨਕ! (ਆਖ-ਹੇ ਜੀਵ!) ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਿਉਂ ਨਹੀਂ ਕਰਦਾ? (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ) ਤੇਰੀ ਇਹ ਖੋਟੀ ਮਤਿ ਦੂਰ ਹੋ ਸਕੇਗੀ ॥੨॥੧॥੨੩੩॥


ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨ ॥

ਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਉਤਰਿ ਅਵਘਟਿ ਸਰਵਰਿ ਨ੍ਰਾਵੈ ॥

(ਭਰਥਰੀ ਜੋਗੀ ਕਿਸੇ ਪਹਾੜ ਦੇ ਟਿੱਲੇ ਤੋਂ ਉਤਰ ਕੇ ਕਿਸੇ ਤੀਰਥ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਤੇ ਇਸ ਨੂੰ ਪੁੰਨ ਕਰਮ ਸਮਝਦਾ ਹੈ) ਜੇਹੜਾ ਮਨੁੱਖ ਅਹੰਕਾਰ ਆਦਿਕ ਦੀ ਔਖੀ ਘਾਟੀ ਤੋਂ ਉਤਰ ਕੇ ਸਤਸੰਗ ਸਰੋਵਰ ਵਿਚ ਆਤਮਕ ਇਸ਼ਨਾਨ ਕਰਦਾ ਹੈ,

ਬਕੈ ਨ ਬੋਲੈ ਹਰਿ ਗੁਣ ਗਾਵੈ ॥

ਅਤੇ ਜੋ ਬਹੁਤਾ ਵਿਅਰਥ ਨਹੀਂ ਬੋਲਦਾ ਤੇ ਪਰਮਾਤਮਾ ਦੇ ਗੁਣ ਗਾਂਦਾ ਹੈ,

ਜਲੁ ਆਕਾਸੀ ਸੁੰਨਿ ਸਮਾਵੈ ॥

ਉਹ ਮਨੁੱਖ ਉੱਚੀ ਆਤਮਕ ਅਵਸਥਾ ਵਿਚ ਪਹੁੰਚਦਾ ਹੈ, ਜਿਵੇਂ (ਸਮੁੰਦਰ ਦਾ) ਜਲ (ਸੂਰਜ ਦੀ ਮਦਦ ਨਾਲ ਉੱਚਾ ਉਠ ਕੇ) ਆਕਾਸ਼ਾਂ ਵਿਚ (ਉਡਾਰੀਆਂ ਲਾਂਦਾ) ਹੈ,

ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥੧॥

ਉਹ ਮਨੁੱਖ ਸ਼ਾਂਤੀ ਰਸ ਨੂੰ ਹਲਾ ਕੇ (ਮਾਣ ਕੇ) ਨਾਮ ਮਹਾ ਰਸ ਪੀਂਦਾ ਹੈ ॥੧॥

ਐਸਾ ਗਿਆਨੁ ਸੁਨਹੁ ਅਭ ਮੋਰੇ ॥

ਹੇ ਮੇਰੇ ਮਨ! ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ ਇਹ ਗੱਲ ਸੁਣ,

ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥੧॥ ਰਹਾਉ ॥

(ਕਿ) ਪਰਮਾਤਮਾ ਹਰ ਥਾਂ ਭਰਪੂਰ ਹੈ, ਤੇ ਹਰ ਥਾਂ ਸਹਾਰਾ ਦੇ ਰਿਹਾ ਹੈ ॥੧॥ ਰਹਾਉ ॥

ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥

(ਹੇ ਜੋਗੀ!) ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣਾ ਨਿੱਤ ਦਾ ਪ੍ਰਣ ਬਣਾ ਲਿਆ ਹੈ, ਨਿੱਤ ਦੀ ਕਾਰ ਬਣਾ ਲਿਆ ਹੈ,

ਸਤਿਗੁਰ ਸਬਦਿ ਕਰੋਧੁ ਜਲਾਵੈ ॥

ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਕ੍ਰੋਧ ਸਾੜ ਲੈਂਦਾ ਹੈ,

ਗਗਨਿ ਨਿਵਾਸਿ ਸਮਾਧਿ ਲਗਾਵੈ ॥

ਉਹ ਉੱਚੇ ਆਤਮਕ ਮੰਡਲ ਵਿਚ ਨਿਵਾਸ ਦੀ ਰਾਹੀਂ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਸਮਾਧੀ ਲਾਈ ਰੱਖਦਾ ਹੈ)।

ਪਾਰਸੁ ਪਰਸਿ ਪਰਮ ਪਦੁ ਪਾਵੈ ॥੨॥

(ਹੇ ਜੋਗੀ! ਗੁਰੂ-) ਪਾਰਸ (ਦੇ ਚਰਨਾਂ) ਨੂੰ ਛੁਹ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੨॥

ਸਚੁ ਮਨ ਕਾਰਣਿ ਤਤੁ ਬਿਲੋਵੈ ॥

(ਹੇ ਜੋਗੀ!) ਜੇਹੜਾ ਮਨੁੱਖ ਆਪਣੇ ਮਨ ਨੂੰ ਵੱਸ ਕਰਨ ਵਾਸਤੇ ਸਦਾ-ਥਿਰ ਪ੍ਰਭੂ ਨੂੰ (ਚੇਤੇ ਰੱਖਦਾ ਹੈ) ਮੁੜ ਮੁੜ ਯਾਦ ਕਰਦਾ ਹੈ (ਜਿਵੇਂ ਦੁੱਧ ਰਿੜਕੀਦਾ ਹੈ),

ਸੁਭਰ ਸਰਵਰਿ ਮੈਲੁ ਨ ਧੋਵੈ ॥

ਅਤੇ ਜੋ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਹੋਏ ਸਰੋਵਰ ਵਿਚ (ਜਿਥੇ ਕੋਈ ਵਿਕਾਰ ਆਦਿਕਾਂ ਦੀ) ਮੈਲ ਨਹੀਂ ਹੈ ਆਪਣੇ ਆਪ ਨੂੰ ਧੋਂਦਾ ਹੈ,

ਜੈ ਸਿਉ ਰਾਤਾ ਤੈਸੋ ਹੋਵੈ ॥

ਉਹ ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹੇ ਪ੍ਰਭੂ ਨਾਲ ਉਹ ਪਿਆਰ ਪਾਂਦਾ ਹੈ।

ਆਪੇ ਕਰਤਾ ਕਰੇ ਸੁ ਹੋਵੈ ॥੩॥

(ਉਸ ਨੂੰ ਫਿਰ ਇਹ ਸੂਝ ਆ ਜਾਂਦੀ ਹੈ ਕਿ) ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰ ਰਿਹਾ ਹੈ ॥੩॥

ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥

(ਹੇ ਜੋਗੀ!) ਜੋ ਮਨੁੱਖ ਬਰਫ਼ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਂਦਾ ਹੈ,

ਸੇਵਾ ਸੁਰਤਿ ਬਿਭੂਤ ਚੜਾਵੈ ॥

ਅਤੇ ਗੁਰੂ ਦੀ ਦੱਸੀ ਹੋਈ ਸੇਵਾ ਵਿਚ ਆਪਣੀ ਸੁਰਤਿ ਰੱਖਦਾ ਹੈ, ਤੇ, ਮਾਨੋ, ਐਸੀ ਸੁਆਹ ਪਿੰਡੇ ਤੇ ਮਲਦਾ ਹੈ,

ਦਰਸਨੁ ਆਪਿ ਸਹਜ ਘਰਿ ਆਵੈ ॥

ਉਹ ਸਦਾ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਮਝੋ ਉਸ ਨੇ (ਅਸਲ) ਭੇਖ ਧਾਰਨ ਕਰ ਲਿਆ ਹੈ।

ਨਿਰਮਲ ਬਾਣੀ ਨਾਦੁ ਵਜਾਵੈ ॥੪॥

ਐਸਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਭਰਪੂਰ ਗੁਰੂ ਦੀ ਪਵਿਤ੍ਰ ਬਾਣੀ ਦਾ ਇਹ ਵਾਜਾ ਵਜਾਂਦਾ ਰਹਿੰਦਾ ਹੈ ॥੪॥

ਅੰਤਰਿ ਗਿਆਨੁ ਮਹਾ ਰਸੁ ਸਾਰਾ ॥

(ਹੇ ਜੋਗੀ!) ਜਿਸ ਮਨੁੱਖ ਨੇ ਆਪਣੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ, ਜੋ ਸਦਾ ਸ੍ਰੇਸ਼ਟ ਨਾਮ ਮਹਾ ਰਸ ਪੀ ਰਿਹਾ ਹੈ,

ਤੀਰਥ ਮਜਨੁ ਗੁਰ ਵੀਚਾਰਾ ॥

ਜਿਸ ਨੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਨੂੰ (ਅਠਾਹਠ) ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ,

ਅੰਤਰਿ ਪੂਜਾ ਥਾਨੁ ਮੁਰਾਰਾ ॥

ਜਿਸ ਨੇ ਆਪਣੇ ਹਿਰਦੇ ਨੂੰ ਪਰਮਾਤਮਾ ਦੇ ਰਹਿਣ ਲਈ ਮੰਦਰ ਬਣਾਇਆ ਹੈ, ਤੇ ਅੰਤਰ ਆਤਮੇ ਉਸ ਦੀ ਪੂਜਾ ਕਰਦਾ ਹੈ,

ਜੋਤੀ ਜੋਤਿ ਮਿਲਾਵਣਹਾਰਾ ॥੫॥

ਉਹ ਆਪਣੀ ਜੋਤਿ ਨੂੰ ਪਰਮਾਤਮਾ ਦੀ ਜੋਤਿ ਵਿੱਚ ਮਿਲਾ ਲੈਂਦਾ ਹੈ ॥੫॥

ਰਸਿ ਰਸਿਆ ਮਤਿ ਏਕੈ ਭਾਇ ॥

(ਹੇ ਜੋਗੀ!) ਜਿਸ ਮਨੁੱਖ ਦਾ ਮਨ ਨਾਮ-ਰਸ ਵਿਚ ਭਿੱਜ ਜਾਂਦਾ ਹੈ;

ਤਖਤ ਨਿਵਾਸੀ ਪੰਚ ਸਮਾਇ ॥

ਜਿਸ ਦੀ ਮਤਿ ਇੱਕ ਪ੍ਰਭੂ ਦੇ ਪ੍ਰੇਮ ਵਿਚ ਭਿੱਜ ਜਾਂਦੀ ਹੈ, ਉਹ ਕਾਮਾਦਿਕ ਪੰਜਾਂ ਨੂੰ ਮੁਕਾ ਕੇ ਅੰਤਰ ਆਤਮੇ ਅਡੋਲ ਹੋ ਜਾਂਦਾ ਹੈ,

ਕਾਰ ਕਮਾਈ ਖਸਮ ਰਜਾਇ ॥

ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਉਸ ਦੀ ਨਿੱਤ ਦੀ ਕਾਰ ਨਿੱਤ ਦੀ ਕਮਾਈ ਹੋ ਜਾਂਦੀ ਹੈ,

ਅਵਿਗਤ ਨਾਥੁ ਨ ਲਖਿਆ ਜਾਇ ॥੬॥

ਉਹ ਮਨੁੱਖ ਉਸ ‘ਨਾਥ’ ਦਾ ਰੂਪ ਹੋ ਜਾਂਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ॥੬॥

ਜਲ ਮਹਿ ਉਪਜੈ ਜਲ ਤੇ ਦੂਰਿ ॥

(ਹੇ ਜੋਗੀ! ਸੂਰਜ ਜਾਂ ਚੰਦ੍ਰਮਾ ਸਰੋਵਰ ਆਦਿਕ ਦੇ) ਪਾਣੀ ਵਿਚ ਚਮਕਦਾ ਹੈ, ਪਰ ਉਸ ਪਾਣੀ ਤੋਂ ਉਹ ਬਹੁਤ ਹੀ ਦੂਰ ਹੈ,

ਜਲ ਮਹਿ ਜੋਤਿ ਰਹਿਆ ਭਰਪੂਰਿ ॥

ਤੇ ਪਾਣੀ ਵਿਚ ਉਸ ਦੀ ਜੋਤਿ ਲਿਸ਼ਕਾਂ ਮਾਰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਜੋਤਿ ਸਭ ਜੀਵਾਂ ਵਿਚ ਹਰ ਥਾਂ ਵਿਆਪਕ ਹੈ,

ਕਿਸੁ ਨੇੜੈ ਕਿਸੁ ਆਖਾ ਦੂਰਿ ॥

(ਪਰ ਉਹ ਪਰਮਾਤਮਾ ਨਿਰਲੇਪ ਭੀ ਹੈ, ਸਭ ਦੇ ਨੇੜੇ ਭੀ ਹੈ ਤੇ ਦੂਰ ਭੀ ਹੈ) ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ।

ਨਿਧਿ ਗੁਣ ਗਾਵਾ ਦੇਖਿ ਹਦੂਰਿ ॥੭॥

ਉਸ ਨੂੰ ਹਰ ਥਾਂ ਹਾਜ਼ਰ ਵੇਖ ਕੇ ਮੈਂ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹਾਂ ॥੭॥

ਅੰਤਰਿ ਬਾਹਰਿ ਅਵਰੁ ਨ ਕੋਇ ॥

ਹਰ ਥਾਂ ਜੀਵਾਂ ਦੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ,

ਜੋ ਤਿਸੁ ਭਾਵੈ ਸੋ ਫੁਨਿ ਹੋਇ ॥

ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥

ਹੇ ਭਰਥਰੀ ਜੋਗੀ! ਸੁਣ, ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦੱਸਦਾ ਹੈ,

ਨਿਰਮਲ ਨਾਮੁ ਮੇਰਾ ਆਧਾਰੁ ॥੮॥੧॥

ਉਸ (ਸਰਬ-ਵਿਆਪਕ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਹੈ ॥੮॥੧॥


ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਸਭਿ ਜਪ ਸਭਿ ਤਪ ਸਭ ਚਤੁਰਾਈ ॥

ਜੇਹੜਾ ਮਨੁੱਖ ਸਾਰੇ ਜਪ ਕਰਦਾ ਹੈ ਸਾਰੇ ਤਪ ਸਾਧਦਾ ਹੈ (ਸ਼ਾਸਤ੍ਰ ਆਦਿਕ ਸਮਝਣ ਬਾਰੇ) ਹਰੇਕ ਕਿਸਮ ਦੀ ਸਿਆਣਪ-ਅਕਲ ਭੀ ਵਿਖਾਂਦਾ ਹੈ,

ਊਝੜਿ ਭਰਮੈ ਰਾਹਿ ਨ ਪਾਈ ॥

ਪਰ ਜੇ ਉਹ (ਪਰਮਾਤਮਾ ਦਾ ਦਾਸ ਬਣਨ ਦੀ ਜੁਗਤਿ) ਨਹੀਂ ਸਮਝਦਾ, ਤਾਂ ਉਸ ਦਾ (ਜਪ ਤਪ ਆਦਿਕ ਦਾ) ਕੋਈ ਭੀ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।

ਬਿਨੁ ਬੂਝੇ ਕੋ ਥਾਇ ਨ ਪਾਈ ॥

ਉਹ ਗ਼ਲਤ ਰਸਤੇ ਤੇ ਭਟਕ ਰਿਹਾ ਹੈ, ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ।

ਨਾਮ ਬਿਹੂਣੈ ਮਾਥੇ ਛਾਈ ॥੧॥

ਪਰਮਾਤਮਾ ਦੇ ਨਾਮ ਤੋਂ ਸੱਖਣੇ ਮਨੁੱਖ ਦੇ ਸਿਰ ਸੁਆਹ ਹੀ ਪੈਂਦੀ ਹੈ ॥੧॥

ਸਾਚ ਧਣੀ ਜਗੁ ਆਇ ਬਿਨਾਸਾ ॥

ਜਗਤ ਜੰਮਦਾ ਮਰਦਾ ਰਹਿੰਦਾ ਹੈ, (ਪਰ) ਜਗਤ ਦਾ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ।

ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥੧॥ ਰਹਾਉ ॥

ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਦਾਸ (ਭਗਤ) ਬਣ ਜਾਂਦਾ ਹੈ ਉਹ (ਜਨਮ ਮਰਨ ਦੇ ਗੇੜ ਤੋਂ) ਬਚ ਜਾਂਦਾ ਹੈ ॥੧॥ ਰਹਾਉ ॥

ਜਗੁ ਮੋਹਿ ਬਾਧਾ ਬਹੁਤੀ ਆਸਾ ॥

ਜਗਤ ਮਾਇਆ ਦੇ ਮੋਹ ਵਿਚ ਬੱਝਾ ਹੋਇਆ ਬਹੁਤੀਆਂ ਆਸਾਂ ਵਿਚ ਬੱਝਾ ਹੋਇਆ (ਜੰਮਦਾ ਮਰਦਾ ਰਹਿੰਦਾ) ਹੈ।

ਗੁਰਮਤੀ ਇਕਿ ਭਏ ਉਦਾਸਾ ॥

ਪਰ ਕਈ (ਵਡ-ਭਾਗੀ ਮਨੁੱਖ) ਗੁਰੂ ਦੀ ਸਿੱਖਿਆ ਤੇ ਤੁਰ ਕੇ ਮੋਹ ਤੋਂ ਨਿਰਲੇਪ ਰਹਿੰਦੇ ਹਨ,

ਅੰਤਰਿ ਨਾਮੁ ਕਮਲੁ ਪਰਗਾਸਾ ॥

ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ-) ਕਮਲ ਖਿੜਿਆ ਰਹਿੰਦਾ ਹੈ।

ਤਿਨ੍ਰ ਕਉ ਨਾਹੀ ਜਮ ਕੀ ਤ੍ਰਾਸਾ ॥੨॥

ਅਜੇਹੇ ਬੰਦਿਆਂ ਨੂੰ ਜਨਮ ਮਰਨ ਦੇ ਗੇੜ ਦਾ ਡਰ ਨਹੀਂ ਰਹਿੰਦਾ ॥੨॥

ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ ॥

(ਗੁਰੂ ਦੀ ਸਰਨ ਤੋਂ ਖੁੰਝ ਕੇ) ਜਗਤ ਕਾਮਾਤੁਰ ਹੋ ਰਿਹਾ ਹੈ, ਇਸਤ੍ਰੀ ਦੇ ਮੋਹ ਵਿਚ ਫਸਿਆ ਹੋਇਆ ਹੈ;

ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ ॥

ਪੁੱਤਰ ਵਹੁਟੀ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਰਿਹਾ ਹੈ।

ਬਿਰਥਾ ਜਨਮੁ ਗਵਾਇਆ ਬਾਜੀ ਹਾਰੀ ॥

ਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾਂਦਾ ਹੈ ਤੇ ਮਨੁੱਖਾ ਜਨਮ ਦੀ ਖੇਡ ਹਾਰ ਕੇ ਜਾਂਦਾ ਹੈ।

ਸਤਿਗੁਰੁ ਸੇਵੇ ਕਰਣੀ ਸਾਰੀ ॥੩॥

ਪਰ ਜੇਹੜਾ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਉਸ ਦਾ ਨਿੱਤ-ਕਰਮ ਸ੍ਰੇਸ਼ਟ ਹੋ ਜਾਂਦਾ ਹੈ ॥੩॥

ਬਾਹਰਹੁ ਹਉਮੈ ਕਹੈ ਕਹਾਏ ॥

ਉਹ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਪੈਂਦਾ, ਉਂਞ ਦੁਨੀਆ ਦੀ ਕਿਰਤ ਕਾਰ ਕਰਦਾ ਉਹ ਵੇਖਣ ਨੂੰ ਆਪਾ ਜਤਾਂਦਾ ਹੈ,

ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥

ਤੇ ਅੰਤਰ ਆਤਮੇ ਮਾਇਆ ਦੇ ਮੋਹ ਤੋਂ ਆਜ਼ਾਦ ਰਹਿੰਦਾ ਹੈ,

ਮਾਇਆ ਮੋਹੁ ਗੁਰ ਸਬਦਿ ਜਲਾਏ ॥

ਜੋ ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ,

ਨਿਰਮਲ ਨਾਮੁ ਸਦ ਹਿਰਦੈ ਧਿਆਏ ॥੪॥

ਤੇ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਯਾਦ ਰੱਖਦਾ ਹੈ ॥੪॥

ਧਾਵਤੁ ਰਾਖੈ ਠਾਕਿ ਰਹਾਏ ॥

ਉਹ ਆਪਣੇ ਭਟਕਦੇ ਮਨ ਦੀ ਰਾਖੀ ਕਰਦਾ ਹੈ (ਮਾਇਆ ਦੇ ਮੋਹ ਵਲੋਂ) ਰੋਕ ਕੇ ਰੱਖਦਾ ਹੈ,

ਸਿਖ ਸੰਗਤਿ ਕਰਮਿ ਮਿਲਾਏ ॥

(ਗੁਰੂ ਦੇ) ਜਿਸ ਸਿੱਖ ਨੂੰ (ਪਰਮਾਤਮਾ ਆਪਣੀ) ਮੇਹਰ ਨਾਲ, ਸੰਗਤਿ ਵਿਚ ਮਿਲਾਂਦਾ ਹੈ।

ਗੁਰ ਬਿਨੁ ਭੂਲੋ ਆਵੈ ਜਾਏ ॥

ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਤੋਂ) ਖੁੰਝ ਜਾਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।

ਨਦਰਿ ਕਰੇ ਸੰਜੋਗਿ ਮਿਲਾਏ ॥੫॥

ਜਿਸ ਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਸੰਗਤਿ ਵਿਚ ਰਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੫॥

ਰੂੜੋ ਕਹਉ ਨ ਕਹਿਆ ਜਾਈ ॥

(ਹੇ ਪ੍ਰਭੂ!) ਤੂੰ ਸੁੰਦਰ ਹੈਂ, ਪਰ ਜੇ ਮੈਂ ਦੱਸਣ ਦਾ ਜਤਨ ਕਰਾਂ ਕਿ ਤੂੰ ਕਿਹੋ ਜਿਹਾ ਸੁੰਦਰ ਹੈਂ ਤਾਂ ਦੱਸਿਆ ਨਹੀਂ ਜਾ ਸਕਦਾ।

ਅਕਥ ਕਥਉ ਨਹ ਕੀਮਤਿ ਪਾਈ ॥

ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਹੋ ਸਕਦੇ, ਜੇ ਮੈਂ ਬਿਆਨ ਕਰਨ ਦਾ ਜਤਨ ਕਰਾਂ, ਤਾਂ ਭੀ ਤੇਰੇ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਸਭ ਦੁਖ ਤੇਰੇ ਸੂਖ ਰਜਾਈ ॥

(ਤੈਥੋਂ ਵਿਛੁੜਿਆਂ ਦੁੱਖ ਵਾਪਰਦੇ ਹਨ, ਪਰ) ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਦੁੱਖ ਸੁਖ ਬਣ ਜਾਂਦੇ ਹਨ।

ਸਭਿ ਦੁਖ ਮੇਟੇ ਸਾਚੈ ਨਾਈ ॥੬॥

ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਹੀ ਦੁੱਖ ਮਿਟ ਜਾਂਦੇ ਹਨ ॥੬॥

ਕਰ ਬਿਨੁ ਵਾਜਾ ਪਗ ਬਿਨੁ ਤਾਲਾ ॥

ਮਨੁੱਖ ਦੇ ਅੰਦਰ ਅਜੇਹੀ ਆਤਮਕ ਅਵਸਥਾ ਬਣ ਜਾਂਦੀ ਹੈ ਕਿ, ਮਾਨੋ, ਬਿਨਾ ਹੱਥੀਂ ਵਜਾਏ ਵਾਜਾ ਵੱਜਦਾ ਹੈ ਤੇ ਬਿਨਾ ਪੈਰੀਂ ਨੱਚਿਆਂ ਤਾਲ ਪੂਰੀਦਾ ਹੈ,

ਜੇ ਸਬਦੁ ਬੁਝੈ ਤਾ ਸਚੁ ਨਿਹਾਲਾ ॥

ਜਦੋਂ ਉਹ (ਗੁਰੂ ਦੇ) ਸ਼ਬਦ ਨੂੰ ਸਮਝ ਕੇ ਉਹ ਆਪਣੇ ਅੰਦਰ ਸਦਾ-ਥਿਰ ਪ੍ਰਭੂ ਦਾ ਦੀਦਾਰ ਵੀ ਕਰ ਲਵੇ।

ਅੰਤਰਿ ਸਾਚੁ ਸਭੇ ਸੁਖ ਨਾਲਾ ॥

ਉਸ ਨੂੰ ਫਿਰ ਆਪਣੇ ਅੰਤਰ ਆਤਮੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ,

ਨਦਰਿ ਕਰੇ ਰਾਖੈ ਰਖਵਾਲਾ ॥੭॥

ਤੇ ਉਸ ਮਨੁੱਖ ਦੇ ਅੰਦਰ ਪ੍ਰਭੂ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ ॥੭॥

ਤ੍ਰਿਭਵਣ ਸੂਝੈ ਆਪੁ ਗਵਾਵੈ ॥

ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਦਾਸ ਬਣ ਕੇ) ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਪਰਮਾਤਮਾ ਤਿੰਨਾਂ ਭਵਨਾਂ ਵਿਚ ਵੱਸਦਾ ਦਿੱਸ ਪੈਂਦਾ ਹੈ,

ਬਾਣੀ ਬੂਝੈ ਸਚਿ ਸਮਾਵੈ ॥

ਉਸ ਨੂੰ ਗੁਰੂ ਦੀ ਬਾਣੀ ਦੀ ਰਾਹੀਂ ਸਹੀ ਗਿਆਨ ਹੋ ਜਾਂਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।

ਸਬਦੁ ਵੀਚਾਰੇ ਏਕ ਲਿਵ ਤਾਰਾ ॥

ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਇਕ-ਰਸ ਸੁਰਤਿ ਪ੍ਰਭੂ ਵਿਚ ਜੋੜਦਾ ਹੈ।

ਨਾਨਕ ਧੰਨੁ ਸਵਾਰਣਹਾਰਾ ॥੮॥੨॥

ਹੇ ਨਾਨਕ! ਉਸ ਮਨੁੱਖ ਦਾ ਮਨੁੱਖਾ ਜਨਮ ਮੁਬਾਰਿਕ ਹੈ ਉਹ ਹੋਰਨਾਂ ਦਾ ਜੀਵਨ ਭੀ ਸੋਹਣਾ ਬਣਾ ਦੇਂਦਾ ਹੈ ॥੮॥੨॥

1
2
3
4
5
6
7
8
9
10
11
12