ਰਾਗ ਆਸਾ – ਬਾਣੀ ਸ਼ਬਦ-Part 4 – Raag Asa – Bani

ਰਾਗ ਆਸਾ – ਬਾਣੀ ਸ਼ਬਦ-Part 4 – Raag Asa – Bani

ਆਸਾ ਮਹਲਾ ੫ ॥
ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮ੍ਰਾਰਿਆ ॥

(ਹੇ ਭਾਈ! ਗੁਰੂ ਦੀ ਸਰਨ ਆਏ ਸਿੱਖਾਂ ਦੇ ਮਾਇਆ ਦੇ) ਬੰਧਨ ਕੱਟ ਕੇ ਪਰਮਾਤਮਾ (ਉਹਨਾਂ ਦੇ ਪਿਛਲੇ ਕੀਤੇ) ਔਗੁਣਾਂ ਨੂੰ ਭੁਲਾ ਦੇਂਦਾ ਹੈ (ਤੇ ਇਸ ਤਰ੍ਹਾਂ) ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਚੇਤੇ ਰੱਖਦਾ ਹੈ,

ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥੧॥

ਮਾਂ ਪਿਉ ਵਾਂਗ ਉਹਨਾਂ ਉਤੇ ਦਇਆਵਾਨ ਹੁੰਦਾ ਹੈ ਅਤੇ ਬੱਚਿਆਂ ਵਾਂਗ ਉਹਨਾਂ ਨੂੰ ਪਾਲਦਾ ਹੈ ॥੧॥

ਗੁਰਸਿਖ ਰਾਖੇ ਗੁਰ ਗੋਪਾਲਿ ॥

(ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲੇ (ਵਡ-ਭਾਗੀ) ਸਿੱਖਾਂ ਨੂੰ ਸਭ ਤੋਂ ਵੱਡਾ ਜਗਤ-ਪਾਲਕ ਪ੍ਰਭੂ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥

ਆਪਣੀ ਮੇਹਰ ਦੀ ਨਜ਼ਰ ਨਾਲ ਤੱਕ ਕੇ ਉਹਨਾਂ ਨੂੰ ਵੱਡੇ ਸੰਸਾਰ-ਸਮੁੰਦਰ ਵਿਚੋਂ ਕੱਢ ਲੈਂਦਾ ਹੈ ॥੧॥ ਰਹਾਉ ॥

ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥

ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਜਮਾਂ ਤੋਂ (ਆਤਮਕ ਮੌਤ ਤੋਂ) ਖ਼ਲਾਸੀ ਪਾਈਦੀ ਹੈ, ਇਸ ਲੋਕ ਤੇ ਪਰਲੋਕ ਵਿਚ ਸੁਖ ਮਾਣੀਦਾ ਹੈ,

ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥੨॥

(ਹੇ ਭਾਈ!) ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਉਸ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰੋ। ਆਉ, ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹੀਏ ॥੨॥

ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥

ਹੇ ਭਾਈ! ਪਰਮਾਤਮਾ ਦੇ ਪ੍ਰੇਮ ਤੇ ਭਗਤੀ ਦੀ ਬਰਕਤਿ ਨਾਲ (ਗੁਰੂ ਦੀ ਸਰਨ ਆਉਣ ਵਾਲੇ) ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਸਾਧ ਸੰਗਤਿ ਵਿਚ ਆ ਕੇ (ਉਹਨਾਂ ਗੁਰਸਿੱਖਾਂ ਦੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ।

ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥੩॥

ਉਨ੍ਹਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਪਵਿਤ੍ਰ ਧਨ ਇਕੱਠਾ ਹੋ ਜਾਂਦਾ ਹੈ। (ਉਸ ਧਨ ਨੂੰ ਕਿਸੇ ਚੋਰ ਆਦਿਕ ਦਾ) ਡਰ ਨਹੀਂ ਵਿਆਪਦਾ, ਉਹ ਧਨ ਘਟਦਾ ਨਹੀਂ, ਉਹ ਧਨ ਗੁਆਚਦਾ ਨਹੀਂ ॥੩॥

ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥

(ਹੇ ਭਾਈ!) ਪ੍ਰਭੂ ਜੀ (ਗੁਰਸਿੱਖਾਂ ਦੇ) ਅੰਤ ਸਮੇਂ ਭੀ ਮਦਦਗਾਰ ਬਣਦੇ ਹਨ, ਇਸ ਲੋਕ ਤੇ ਪਰਲੋਕ ਵਿਚ ਰੱਖਿਆ ਕਰਦੇ ਹਨ।

ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥੪॥੬॥੪੫॥

ਹੇ ਨਾਨਕ! (ਆਖ-) ਮੈਂ ਪਰਮਾਤਮਾ ਤੋਂ ਸਦਾ ਕੁਰਬਾਨ ਜਾਂਦਾ ਹਾਂ ਉਸ ਦਾ ਨਾਮ ਹੀ ਮੇਰੇ ਪਾਸ ਐਸਾ ਧਨ ਹੈ ਜੋ ਮੇਰੀ ਜਿੰਦ ਦਾ ਹਿਤੂ ਤੇ ਮੇਰਾ ਮਿੱਤਰ ਹੈ ॥੪॥੬॥੪੫॥


ਆਸਾ ਮਹਲਾ ੫ ॥
ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥

ਹੇ ਪ੍ਰਭੂ! ਜੇ ਤੂੰ ਮਾਲਕ (ਮੇਰੇ ਸਿਰ ਉਤੇ ਹੱਥ ਰੱਖੀ ਰੱਖੇਂ, ਤਾਂ ਮੈਨੂੰ ਮਾਇਆ-ਜ਼ਹਰ ਤੋਂ) ਕੋਈ ਡਰ-ਖ਼ਤਰਾ ਨਹੀਂ ਹੋ ਸਕਦਾ, ਮੈਂ ਤੈਥੋਂ ਬਿਨਾ ਕਿਸੇ ਹੋਰ ਦੀ ਸ਼ਲਾਘਾ ਨਹੀਂ ਕਰਦਾ (ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਮਾਇਆ-ਜ਼ਹਰ ਤੋਂ ਬਚਾਣ ਦੇ ਸਮਰਥ ਨਹੀਂ ਸਮਝਦਾ)।

ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥੧॥

ਹੇ ਪ੍ਰਭੂ! ਜੇ ਇਕ ਤੂੰ ਹੀ ਮੇਰੇ ਵੱਲ ਰਹੇਂ ਤਾਂ ਹਰੇਕ ਲੋੜੀਂਦੀ ਸ਼ੈ ਮੇਰੇ ਪਾਸ ਹੈ, ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਈ ਨਹੀਂ ਹੈ ॥੧॥

ਬਾਬਾ ਬਿਖੁ ਦੇਖਿਆ ਸੰਸਾਰੁ ॥

ਹੇ ਪ੍ਰਭੂ! ਮੈਂ ਵੇਖ ਲਿਆ ਹੈ ਕਿ ਸੰਸਾਰ (ਦਾ ਮੋਹ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।

ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥

ਹੇ ਮੇਰੇ ਖਸਮ-ਪ੍ਰਭੂ! (ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ ॥੧॥ ਰਹਾਉ ॥

ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥

ਹੇ ਪ੍ਰਭੂ! ਤੂੰ ਹੀ (ਹਰੇਕ ਜੀਵ ਦੇ) ਮਨ ਦੀ ਸਾਰੀ ਪੀੜਾ ਜਾਣਦਾ ਹੈਂ, ਤੈਥੋਂ ਬਿਨਾ ਕਿਸੇ ਹੋਰ ਨੂੰ ਆਪਣੇ ਮਨ ਦਾ ਦੁੱਖ-ਦਰਦ ਦੱਸਣਾ ਵਿਅਰਥ ਹੈ।

ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥

(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ। ਜੇ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਤਾਂ ਆਤਮਕ ਆਨੰਦ ਮਾਣੀਦਾ ਹੈ ॥੨॥

ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥

(ਹੇ ਭਾਈ! ਆਪਣੇ ਮਨ ਦਾ ਦੁੱਖ-ਦਰਦ) ਜੋ ਕੁਝ ਭੀ ਆਖਣਾ ਹੋਵੇ ਪਰਮਾਤਮਾ ਦੇ ਕੋਲ ਹੀ ਆਖਣਾ ਚਾਹੀਦਾ ਹੈ, ਉਸ ਤੋਂ ਬਿਨਾ ਕਿਸੇ ਹੋਰ ਨੂੰ ਕੁਝ ਨਹੀਂ ਕਹਿਣਾ ਚਾਹੀਦਾ (ਕਿਉਂਕਿ ਪਰਮਾਤਮਾ ਹੀ ਸਾਡੇ ਦੁੱਖ ਦੂਰ ਕਰਨ ਜੋਗਾ ਹੈ)।

ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥੩॥

ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ। ਅਸਾਨੂੰ ਜੀਵਾਂ ਨੂੰ ਸਦਾ ਤੇਰੀ ਸਹਾਇਤਾ ਦੀ ਹੀ ਆਸ ਹੋ ਸਕਦੀ ਹੈ ॥੩॥

ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥

ਹੇ ਪ੍ਰਭੂ! ਜੇ ਤੂੰ ਮੈਨੂੰ ਕੋਈ ਮਾਣ-ਵਡਿਆਈ ਬਖ਼ਸ਼ਦਾ ਹੈਂ ਤਾਂ ਇਸ ਨਾਲ ਭੀ ਤੇਰੀ ਹੀ ਸੋਭਾ ਖਿਲਰਦੀ ਹੈ ਕਿਉਂਕਿ ਮੈਂ ਤਾਂ ਇਸ ਲੋਕ ਤੇ ਪਰਲੋਕ ਵਿਚ ਸਦਾ ਹੀ ਤੇਰਾ ਹੀ ਧਿਆਨ ਧਰਦਾ ਹਾਂ।

ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥

ਹੇ ਨਾਨਕ ਦੇ ਪ੍ਰਭੂ! ਹੇ ਸਦਾ ਸੁਖ ਦੇਣ ਵਾਲੇ ਪ੍ਰਭੂ! ਤੇਰਾ ਨਾਮ ਹੀ ਮੇਰੇ ਵਾਸਤੇ ਸਹਾਰਾ ਹੈ ॥੪॥੭॥੪੬॥


ਆਸਾ ਮਹਲਾ ੫ ॥
ਅੰਮ੍ਰਿਤੁ ਨਾਮੁ ਤੁਮ੍ਰਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ ॥

ਹੇ ਠਾਕੁਰ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਗੁਰੂ ਦੀ ਸਹਾਇਤਾ ਨਾਲ) ਇਹ ਸ੍ਰੇਸ਼ਟ-ਰਸ ਤੇਰੇ ਕਿਸੇ ਦਾਸ ਨੇ ਹੀ ਪੀਤਾ ਹੈ।

ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥੧॥

(ਜਿਸ ਨੇ ਪੀਤਾ ਉਸ ਦੇ) ਜਨਮਾਂ ਜਨਮਾਂਤਰਾਂ ਦੇ ਡਰ ਤੇ (ਕੀਤੇ ਵਿਕਾਰਾਂ ਦੇ) ਭਾਰ ਮੁੱਕ ਗਏ, (ਉਸ ਦੇ ਅੰਦਰੋਂ) ਪਾਪ ਨਾਸ ਹੋ ਗਿਆ (ਉਸ ਦੇ ਅੰਦਰੋਂ) ਦੂਜੀ ਭਟਕਣਾ (ਮਾਇਆ ਦੀ ਭਟਕਣਾ) ਦੂਰ ਹੋ ਗਈ ॥੧॥

ਦਰਸਨੁ ਪੇਖਤ ਮੈ ਜੀਓ ॥

ਹੇ ਸਤਿਗੁਰੂ! ਤੇਰਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ,

ਸੁਨਿ ਕਰਿ ਬਚਨ ਤੁਮ੍ਰਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥

ਤੇਰੇ ਬਚਨ ਸੁਣ ਕੇ ਮੇਰਾ ਮਨ ਮੇਰਾ ਤਨ ਠੰਡਾ-ਠਾਰ ਹੋ ਜਾਂਦਾ ਹੈ ॥੧॥ ਰਹਾਉ ॥

ਤੁਮ੍ਰਾਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮ੍ਰ ਆਪਿ ਕੀਓ ॥

ਹੇ ਪ੍ਰਭੂ! ਤੇਰੀ ਮੇਹਰ ਨਾਲ (ਮੈਨੂੰ) ਗੁਰੂ ਦੀ ਸੰਗਤਿ ਹਾਸਲ ਹੋਈ, ਇਹ (ਸੋਹਣਾ) ਕੰਮ ਤੂੰ ਆਪ ਹੀ ਕੀਤਾ,

ਦਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਰਰੇ ਸਹਜੇ ਬਿਖਿਆ ਭਈ ਖੀਓ ॥੨॥

(ਗੁਰੂ ਦੀ ਸਿੱਖਿਆ ਨਾਲ) ਮੈਂ, ਹੇ ਪ੍ਰਭੂ! ਤੇਰੇ ਚਰਨ ਘੁੱਟ ਕੇ ਫੜ ਲਏ, ਮੈਂ ਆਤਮਕ ਅਡੋਲਤਾ ਵਿਚ ਟਿਕ ਗਿਆ ਤੇ (ਮੇਰੇ ਅੰਦਰੋਂ) ਮਾਇਆ ਦਾ ਜ਼ੋਰ ਖ਼ਤਮ ਹੋ ਗਿਆ ਹੈ ॥੨॥

ਸੁਖ ਨਿਧਾਨ ਨਾਮੁ ਪ੍ਰਭ ਤੁਮਰਾ ਏਹੁ ਅਬਿਨਾਸੀ ਮੰਤ੍ਰੁ ਲੀਓ ॥

ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਕਦੇ ਨਾਹ ਨਾਸ ਹੋਣ ਵਾਲਾ ਤੇਰਾ ਨਾਮ-ਮੰਤ੍ਰ ਮੈਂ ਜਪਣਾ ਸ਼ੁਰੂ ਕਰ ਦਿੱਤਾ,

ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥

ਤੇਰਾ ਇਹ ਨਾਮ-ਮੰਤ੍ਰ ਮੇਹਰ ਕਰ ਕੇ ਮੈਨੂੰ ਸਤਿਗੁਰੂ ਨੇ ਦਿੱਤਾ (ਜਿਸ ਦੀ ਬਰਕਤਿ ਨਾਲ) ਮੇਰੇ ਅੰਦਰੋਂ (ਹਰੇਕ ਕਿਸਮ ਦਾ) ਦੁੱਖ ਕਲੇਸ਼ ਤੇ ਵੈਰ-ਵਿਰੋਧ ਦੂਰ ਹੋ ਗਿਆ ॥੩॥

ਧੰਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥

ਹੇ ਨਾਨਕ! (ਆਖ-) ਮੈਨੂੰ ਭਾਗਾਂ ਵਾਲਾ ਮਨੁੱਖਾ ਸਰੀਰ ਮਿਲਿਆ ਜਿਸ ਦੀ ਬਰਕਤਿ ਨਾਲ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ।

ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥੪॥੮॥੪੭॥

(ਲੋਕ ਕਲਿਜੁਗ ਨੂੰ ਨਿੰਦਦੇ ਹਨ, ਪਰ) ਇਹ ਕਲਿਜੁਗ ਭੀ ਮੁਬਾਰਿਕ ਹੈ ਜੇ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਕੀਰਤਨ ਕੀਤਾ ਜਾਏ ਤੇ ਜੇ ਪਰਮਾਤਮਾ ਦਾ ਨਾਮ ਹਿਰਦੇ ਦਾ ਆਸਰਾ ਬਣਿਆ ਰਹੇ ॥੪॥੮॥੪੭॥?


ਆਸਾ ਮਹਲਾ ੫ ॥
ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥

ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ-ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ?

ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥

ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ ॥੧॥

ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥

(ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ।

ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥

(ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ ॥੧॥ ਰਹਾਉ ॥

ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥

(ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ ਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ।

ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥

ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ ॥੨॥

ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥

(ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ।

ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥

ਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ ॥੩॥

ਗੁਣ ਨਿਧਾਨ ਸਾਹਿਬ ਮਨਿ ਮੇਲਾ ॥

ਹੇ ਨਾਨਕ! (ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ।

ਸਰਣਿ ਪਇਆ ਨਾਨਕ ਸੁੋਹੇਲਾ ॥੪॥੯॥੪੮॥

(ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ, ਮੈਂ ਸੌਖਾ ਹੋ ਗਿਆ ਹਾਂ ॥੪॥੯॥੪੮॥


ਆਸਾ ਮਹਲਾ ੫ ॥
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥

ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚੋਂ ਭੁੱਲ ਜਾਏਂ ਤਾਂ ਹਰੇਕ ਜੀਵ ਮੈਨੂੰ ਵੈਰੀ ਜਾਪਦਾ ਹੈ, ਪਰ ਜੇ ਤੂੰ ਮੇਰੇ ਚਿੱਤ ਵਿਚ ਆ ਵੱਸੇਂ ਤਾਂ ਹਰ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ।

ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥

ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਅਭੇਵ ਪ੍ਰਭੂ! ਮੈਨੂੰ (ਜਗਤ ਵਿਚ) ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੧॥

ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਉਸ ਉਤੇ ਪਰਮਾਤਮਾ ਸਦਾ ਦਇਆਵਾਨ ਰਹਿੰਦਾ ਹੈ, ਦੁਨੀਆ ਦੇ ਵਿਚਾਰੇ ਲੋਕ ਉਸ ਦਾ ਕੁਝ ਵਿਗਾੜ ਨਹੀਂ ਸਕਦੇ।

ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਰਾਰੇ ॥੧॥ ਰਹਾਉ ॥

ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ। ਫਿਰ ਦੱਸ, ਕਿਸ ਨੂੰ ਚੰਗਾ ਆਖਿਆ ਜਾ ਸਕਦਾ ਹੈ ਤੇ ਕਿਸ ਨੂੰ ਮੰਦਾ ਕਿਹਾ ਜਾ ਸਕਦਾ ਹੈ? (ਭਾਵ, ਪਰਮਾਤਮਾ ਦੀ ਯਾਦ ਮਨ ਵਿਚ ਵਸਾਣ ਵਾਲੇ ਮਨੁੱਖ ਨੂੰ ਸਭ ਜੀ ਪਰਮਾਤਮਾ ਦੇ ਪੈਦਾ ਕੀਤੇ ਦਿੱਸਦੇ ਹਨ, ਉਹ ਕਿਸੇ ਨੂੰ ਮਾੜਾ ਨਹੀਂ ਸਮਝਦਾ) ॥੧॥ ਰਹਾਉ ॥

ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥

ਹੇ ਪ੍ਰਭੂ! ਮੈਨੂੰ ਤੇਰੀ ਹੀ ਓਟ ਹੈ, ਤੇਰਾ ਹੀ ਆਸਰਾ ਹੈ, ਤੂੰ ਆਪਣਾ ਹੱਥ ਦੇ ਕੇ ਆਪ (ਸਾਡੀ) ਰੱਖਿਆ ਕਰਦਾ ਹੈਂ।

ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥

ਜਿਸ ਮਨੁੱਖ ਉਤੇ ਤੇਰੀ (ਮੇਹਰ ਦੀ) ਨਜ਼ਰ ਹੋਵੇ ਉਸ ਨੂੰ ਕੋਈ ਮਨੁੱਖ ਮੰਦਾ ਬਚਨ ਨਹੀਂ ਆਖਦਾ ॥੨॥

ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥

ਹੇ ਪ੍ਰਭੂ ਜੀ! ਜੇਹੜੀ ਗੱਲ ਤੈਨੂੰ ਆਪਣੇ ਮਨ ਵਿਚ ਚੰਗੀ ਲੱਗਦੀ ਹੈ ਉਹੀ ਮੇਰੇ ਵਾਸਤੇ ਸੁਖ ਹੈ, ਉਹੀ ਮੇਰੇ ਵਾਸਤੇ ਆਦਰ ਸਤਕਾਰ ਹੈ।

ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥

ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਸਭ ਜੀਵਾਂ ਤੇ ਦਇਆਵਾਨ ਰਹਿੰਦਾ ਹੈਂ। ਮੈਂ ਤਦੋਂ ਹੀ ਅਨੰਦ ਪ੍ਰਤੀਤ ਕਰ ਸਕਦਾ ਹਾਂ ਜਦੋਂ ਮੈਨੂੰ ਤੇਰਾ ਨਾਮ ਮਿਲਿਆ ਰਹੇ ॥੩॥

ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥

ਹੇ ਪ੍ਰਭੂ! ਤੇਰੇ ਅੱਗੇ ਮੇਰੀ ਅਰਦਾਸ ਹੈ-ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।

ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥

ਨਾਨਕ ਆਖਦਾ ਹੈ- (ਜੇ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ ਤਾਂ) ਇਹ ਤੇਰੀ ਹੀ ਬਖ਼ਸ਼ੀ ਹੋਈ ਵਡਿਆਈ ਹੈ। (ਜੇ ਮੈਂ ਤੈਨੂੰ ਭੁਲਾ ਬੈਠਾਂ ਤਾਂ) ਕੋਈ ਜੀਵ ਮੇਰਾ ਨਾਮ ਪਤਾ ਕਰਨ ਦੀ ਭੀ ਪਰਵਾਹ ਨਾਹ ਕਰੇ ॥੪॥੧੦॥੪੯॥


ਆਸਾ ਮਹਲਾ ੫ ॥
ਕਰਿ ਕਿਰਪਾ ਪ੍ਰਭ ਅੰਤਰਜਾਮੀ ਸਾਧਸੰਗਿ ਹਰਿ ਪਾਈਐ ॥

ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੇਹਰ ਕਰ (ਤੇ ਮੈਨੂੰ ਗੁਰੂ ਦੀ ਸੰਗਤਿ ਮਿਲਾ)।

ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥੧॥

(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ, ਸਾਡੇ (ਮਾਇਆ ਦੇ ਮੋਹ ਦੇ ਵੱਜੇ ਹੋਏ) ਭਿੱਤ ਖੋਲ੍ਹ ਕੇ ਆਪਣਾ ਦਰਸ਼ਨ ਕਰਾਂਦਾ ਹੈ, ਤੇ ਫਿਰ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ ॥੧॥

ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉ ਰੇ ॥

ਹੇ ਭਾਈ! (ਜੇ ਮੇਰੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ਤਾਂ) ਮੈਂ ਆਪਣੇ ਪਿਆਰੇ ਖਸਮ-ਪ੍ਰਭੂ ਨੂੰ ਮਿਲ ਪਵਾਂ ਤੇ ਆਪਣੇ ਸਾਰੇ ਦੁੱਖ ਦੂਰ ਕਰ ਲਵਾਂ।

ਪਾਰਬ੍ਰਹਮੁ ਜਿਨਿ੍ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥

ਹੇ ਭਾਈ! ਜਿਸ ਮਨੁੱਖ ਨੇ ਪਾਰਬ੍ਰਹਮ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਿਮਰਿਆ ਹੈ, ਮੈਂ ਭੀ ਉਸ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ ॥੧॥ ਰਹਾਉ ॥

ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥

(ਹੇ ਭਾਈ! ਪ੍ਰਭੂ ਤੋਂ ਵਿਛੁੜਿਆਂ ਇਹ ਜਗਤ ਮਨੁੱਖ ਵਾਸਤੇ) ਇਕ ਵੱਡਾ ਜੰਗਲ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਭਟਕਦਾ ਫਿਰਦਾ ਹੈ) ਅੱਗ ਦਾ ਸਮੁੰਦਰ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਸੜਦਾ ਰਹਿੰਦਾ ਹੈ) ਕਦੇ ਖ਼ੁਸ਼ੀ ਵਿਚ ਵੱਸਦਾ ਹੈ, ਕਦੇ ਗ਼ਮੀ ਵਿਚ ਵੱਸਦਾ ਹੈ।

ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ ॥੨॥

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜੀਭ ਨਾਲ ਜਪ ਕੇ ਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ॥੨॥

ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥

(ਹੇ ਭਾਈ!) ਇਸ ਸਰੀਰ ਨੂੰ ਆਪਣਾ ਮਿਥ ਕੇ, ਇਸ ਧਨ ਨੂੰ ਆਪਣਾ ਮੰਨ ਕੇ ਜੀਵ (ਮਾਇਆ ਦੇ ਮੋਹ ਦੇ) ਮਿੱਠੇ ਮਿੱਠੇ ਬੰਧਨਾਂ ਨਾਲ ਬੱਝੇ ਰਹਿੰਦੇ ਹਨ,

ਗੁਰਪਰਸਾਦਿ ਭਏ ਜਨ ਮੁਕਤੇ ਹਰਿ ਹਰਿ ਨਾਮੁ ਅਰਾਧਿਆ ॥੩॥

ਪਰ ਜੇਹੜੇ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਆਰਾਧਨ ਕੀਤਾ ਉਹ ਗੁਰੂ ਦੀ ਕਿਰਪਾ ਨਾਲ (ਇਹਨਾਂ ਕੋਮਲ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੩॥

ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪ੍ਰਭ ਅਪੁਨੇ ਭਾਣੇ ॥

(ਹੇ ਭਾਈ!) ਜੇਹੜੇ ਮਨੁੱਖ, ਪਿਆਰੇ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ (ਮਾਇਆ ਦੇ ਕੋਮਲ ਬੰਧਨਾਂ ਤੋਂ) ਬਚਾਣ ਦੀ ਤਾਕਤ ਵਾਲੇ ਪ੍ਰਭੂ ਨੇ ਬਚਾ ਲਿਆ।

ਜੀਉ ਪਿੰਡੁ ਸਭੁ ਤੁਮ੍ਰਰਾ ਦਾਤੇ ਨਾਨਕ ਸਦ ਕੁਰਬਾਣੇ ॥੪॥੧੧॥੫੦॥

ਹੇ ਨਾਨਕ! (ਆਖ-) ਹੇ ਦਾਤਾਰ! ਇਹ ਜਿੰਦ ਤੇ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਮੇਹਰ ਕਰ, ਮੈਂ ਇਹਨਾਂ ਨੂੰ ਆਪਣਾ ਹੀ ਨਾਹ ਮਿਥਦਾ ਰਹਾਂ)। ਹੇ ਦਾਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ॥੪॥੧੧॥੫੦॥


ਆਸਾ ਮਹਲਾ ੫ ॥
ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥

ਹੇ ਸਹੇਲੀ! ਤੂੰ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਤੋਂ ਬਚ ਗਈ ਹੈਂ, ਤੇਰੇ ਉਤੇ ਕੇਹੜੀ ਕਿਰਪਾ ਹੋਈ ਹੈ?

ਮਹਾ ਮੋਹਨੀ ਤੁਧੁ ਨ ਵਿਆਪੈ ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥

(ਜੀਵਾਂ ਦੇ ਮਨ ਨੂੰ) ਮੋਹ ਲੈਣ ਵਾਲੀ ਬਲੀ ਮਾਇਆ ਭੀ ਤੇਰੇ ਉਤੇ ਜ਼ੋਰ ਨਹੀਂ ਪਾ ਸਕਦੀ, ਤੇਰਾ ਆਲਸ ਭੀ ਸਦਾ ਲਈ ਮੁੱਕ ਗਿਆ ਹੈ ॥੧॥ ਰਹਾਉ ॥

ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ ॥

ਹੇ ਭੈਣ! ਇਹ ਕਾਮ ਕ੍ਰੋਧ, ਇਹ ਅਹੰਕਾਰ (ਜੀਵਾਂ ਨੂੰ ਇਹ ਹਰੇਕ) ਬੜੀ ਔਖਿਆਈ ਦੇਣ ਵਾਲਾ ਹੈ, (ਤੇਰੇ ਅੰਦਰੋਂ) ਕਿਸ ਜੁਗਤਿ ਨਾਲ ਇਹਨਾਂ ਦਾ ਨਾਸ ਹੋਇਆ ਹੈ?

ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ ॥੧॥

ਹੇ ਭੈਣ! ਭਲੇ ਮਨੁੱਖ, ਦੇਵਤੇ, ਦੈਂਤ, ਸਾਰੇ ਤ੍ਰੈ-ਗੁਣੀ ਜੀਵ-ਸਾਰਾ ਜਗਤ ਹੀ ਇਨ੍ਹਾਂ ਨੇ ਲੁੱਟ ਲਿਆ ਹੈ (ਸਾਰੇ ਜਗਤ ਦਾ ਆਤਮਕ ਜੀਵਨ ਦਾ ਸਰਮਾਇਆ ਇਹਨਾਂ ਲੁੱਟ ਲਿਆ ਹੈ) ॥੧॥

ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥

ਹੇ ਸਹੇਲੀ! ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਬਹੁਤ ਸਾਰਾ ਘਾਹ-ਬੂਟ ਸੜ ਜਾਂਦਾ ਹੈ, ਕੋਈ ਵਿਰਲਾ ਹਰਾ ਰੁੱਖ ਬਚਦਾ ਹੈ।

ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥੨॥

(ਜਗਤ-ਜੰਗਲ ਨੂੰ ਤ੍ਰਿਸ਼ਨਾ ਦੀ ਅੱਗ ਸਾੜ ਰਹੀ ਹੈ, ਕੋਈ ਵਿਰਲਾ ਆਤਮਕ ਬਲੀ ਮਨੁੱਖ ਬਚ ਸਕਦਾ ਹੈ, ਜੇਹੜਾ ਇਸ ਤ੍ਰਿਸ਼ਨਾ-ਅੱਗ ਦੀ ਸੜਨ ਤੋਂ ਬਚਿਆ ਹੈ।) ਐਸੇ ਬਲੀ ਮਨੁੱਖ ਦੀ ਆਤਮਕ ਅਵਸਥਾ ਮੈਂ ਬਿਆਨ ਨਹੀਂ ਕਰ ਸਕਦੀ, ਮੈਂ ਦੱਸ ਨਹੀਂ ਸਕਦੀ ਕਿ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ ॥੨॥

ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ ॥

(ਨੋਟ: ਉਪਰਲੇ ਪ੍ਰਸ਼ਨ ਦਾ ਉੱਤਰ-) ਹੇ ਭੈਣ! ਕੱਜਲ-ਭਰੀ ਕੋਠੜੀ (ਸੰਸਾਰ ਵਿਚ ਰਹਿੰਦਿਆਂ ਭੀ) ਮੈਂ ਵਿਕਾਰਾਂ ਦੀ (ਕਾਲਖ ਨਾਲ) ਕਾਲੀ ਨਹੀਂ ਹੋਈ, ਮੇਰਾ ਸਾਫ਼-ਸੁਥਰਾ ਰੰਗ ਹੀ ਟਿਕਿਆ ਰਿਹਾ ਹੈ,

ਮਹਾ ਮੰਤ੍ਰੁ ਗੁਰ ਹਿਰਦੈ ਬਸਿਓ ਅਚਰਜ ਨਾਮੁ ਸੁਨਿਓ ਰੀ ॥੩॥

(ਕਿਉਂਕਿ) ਮੇਰੇ ਹਿਰਦੇ ਵਿਚ ਸਤਿਗੁਰੂ ਦਾ (ਸ਼ਬਦ-ਰੂਪ) ਬੜਾ ਬਲੀ ਮੰਤਰ ਵੱਸ ਰਿਹਾ ਹੈ, ਮੈਂ ਅਸਚਰਜ (ਤਾਕਤ ਵਾਲੇ) ਪ੍ਰਭੂ ਦਾ ਨਾਮ ਸੁਣਦੀ ਰਹਿੰਦੀ ਹਾਂ ॥੩॥

ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ ਅਪੁਨੈ ਚਰਣਿ ਲਗਾਈ ॥

ਹੇ ਭੈਣ! ਪ੍ਰਭੂ ਨੇ ਕਿਰਪਾ ਕਰ ਕੇ ਆਪਣੀ (ਮੇਹਰ ਦੀ) ਨਿਗਾਹ ਨਾਲ ਮੈਨੂੰ ਤੱਕਿਆ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਿਆ,

ਪ੍ਰੇਮ ਭਗਤਿ ਨਾਨਕ ਸੁਖੁ ਪਾਇਆ ਸਾਧੂ ਸੰਗਿ ਸਮਾਈ ॥੪॥੧੨॥੫੧॥

ਮੈਨੂੰ ਉਸ ਦਾ ਪ੍ਰੇਮ ਪ੍ਰਾਪਤ ਹੋਇਆ। ਹੇ ਨਾਨਕ! (ਆਖ-) ਮੈਨੂੰ ਉਸ ਦੀ ਭਗਤੀ (ਦੀ ਦਾਤਿ) ਮਿਲੀ, ਮੈਂ (ਤ੍ਰਿਸ਼ਨਾ-ਅੱਗ ਵਿਚ ਸੜ ਰਹੇ ਸੰਸਾਰ ਵਿਚ ਭੀ) ਆਤਮਕ ਆਨੰਦ ਮਾਣ ਰਹੀ ਹਾਂ, ਮੈਂ ਸਾਧ ਸੰਗਤਿ ਵਿਚ ਲੀਨ ਰਹਿੰਦੀ ਹਾਂ ॥੪॥੧੨॥੫੧॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਆਸਾ ਘਰੁ ੭ ਮਹਲਾ ੫ ॥

ਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ।

ਲਾਲੁ ਚੋਲਨਾ ਤੈ ਤਨਿ ਸੋਹਿਆ ॥

(ਹੇ ਭੈਣ!) ਤੇਰੇ ਸਰੀਰ ਉਤੇ ਲਾਲ ਰੰਗ ਦਾ ਚੋਲਾ ਸੋਹਣਾ ਲੱਗ ਰਿਹਾ ਹੈ।

ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥੧॥

(ਤੇਰੇ ਮੂੰਹ ਦੀ ਲਾਲੀ ਸੋਹਣੀ ਡਲ੍ਹਕ ਮਾਰ ਰਹੀ ਹੈ ਸ਼ਾਇਦ) ਤੂੰ ਸੱਜਣ-ਹਰੀ ਨੂੰ ਪਿਆਰੀ ਲੱਗ ਰਹੀ ਹੈਂ, ਤਾਹੀਏਂ ਤੂੰ ਮੇਰਾ ਮਨ (ਭੀ) ਮੋਹ ਲਿਆ ਹੈ ॥੧॥

ਕਵਨ ਬਨੀ ਰੀ ਤੇਰੀ ਲਾਲੀ ॥

ਹੇ ਭੈਣ! (ਦੱਸ,) ਤੇਰੇ ਚੇਹਰੇ ਉਤੇ ਲਾਲੀ ਕਿਵੇਂ ਆ ਬਣੀ ਹੈ?

ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ ॥

ਕਿਸ ਰੰਗ ਦੀ ਬਰਕਤਿ ਨਾਲ ਤੂੰ ਸੋਹਣੇ ਗੂੜ੍ਹੇ ਰੰਗ ਵਾਲੀ ਬਣ ਗਈ ਹੈਂ? ॥੧॥ ਰਹਾਉ ॥

ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥

ਹੇ ਭੈਣ! ਤੂੰ ਬੜੀ ਸੋਹਣੀ ਦਿੱਸ ਰਹੀ ਹੈਂ, ਤੇਰਾ ਸੁਹਾਗ-ਭਾਗ ਉੱਘੜ ਆਇਆ ਹੈ।

ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥੨॥

(ਇਉਂ ਜਾਪਦਾ ਹੈ ਕਿ) ਤੇਰੇ ਹਿਰਦੇ-ਘਰ ਵਿਚ ਪ੍ਰੀਤਮ-ਪ੍ਰਭੂ ਆ ਵੱਸਿਆ ਹੈ; ਤੇਰੇ ਹਿਰਦੇ-ਘਰ ਵਿਚ ਕਿਸਮਤ ਜਾਗ ਪਈ ਹੈ ॥੨॥

ਤੂੰ ਸਤਵੰਤੀ ਤੂੰ ਪਰਧਾਨਿ ॥

ਹੇ ਭੈਣ! ਤੂੰ ਸੁੱਚੇ ਆਚਰਨ ਵਾਲੀ ਹੋ ਗਈ ਹੈਂ ਤੂੰ ਹੁਣ ਸਭ ਥਾਂ ਆਦਰ-ਮਾਣ ਪਾ ਰਹੀ ਹੈਂ।

ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥੩॥

(ਜੇ) ਤੂੰ ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਰਹੀ ਹੈਂ (ਤਾਂ) ਤੂੰ ਸ੍ਰੇਸ਼ਟ ਗਿਆਨ ਵਾਲੀ ਬਣ ਗਈ ਹੈਂ ॥੩॥

ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ ॥

(ਹੇ ਭੈਣ! ਮੈਂ) ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਗਈ ਹਾਂ, ਤਾਹੀਏਂ, ਮੈਂ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀ ਗਈ ਹਾਂ।

ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥

ਨਾਨਕ ਆਖਦਾ ਹੈ- ਉਹ ਪ੍ਰੀਤਮਪ੍ਰਭੂ ਮੈਨੂੰ ਚੰਗੀ (ਪਿਆਰ-ਭਰੀ) ਨਿਗਾਹ ਨਾਲ ਤੱਕਦਾ ਹੈ ॥੪॥

ਸੁਨਿ ਰੀ ਸਖੀ ਇਹ ਹਮਰੀ ਘਾਲ ॥

(ਪਰ) ਹੇ ਸਹੇਲੀ! ਤੂੰ ਪੁੱਛਦੀ ਹੈਂ (ਮੈਂ ਕੇਹੜੀ ਮੇਹਨਤ ਕੀਤੀ, ਬੱਸ!) ਇਹੀ ਹੈ ਮੇਹਨਤ ਜੋ ਮੈਂ ਕੀਤੀ,

ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥

ਕਿ ਉਸ ਸੁੰਦਰਤਾ ਦੀ ਦਾਤਿ ਦੇਣ ਵਾਲੇ ਪ੍ਰਭੂ ਨੇ ਆਪ ਹੀ ਮੈਨੂੰ (ਆਪਣੇ ਪਿਆਰ ਦੀ ਦਾਤਿ ਦੇ ਕੇ) ਸੋਹਣੀ ਬਣਾ ਲਿਆ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥੫੨॥


ਆਸਾ ਮਹਲਾ ੫ ॥
ਦੂਖੁ ਘਨੋ ਜਬ ਹੋਤੇ ਦੂਰਿ ॥

ਹੇ ਸਖੀ! ਹੇ ਸਹੇਲੀ! ਜਦੋਂ ਮੈਂ ਪ੍ਰਭੂ-ਚਰਨਾਂ ਤੋਂ ਦੂਰ ਰਹਿੰਦੀ ਸਾਂ ਮੈਨੂੰ ਬਹੁਤ ਦੁੱਖ (ਵਾਪਰਦਾ ਰਹਿੰਦਾ ਸੀ।)

ਅਬ ਮਸਲਤਿ ਮੋਹਿ ਮਿਲੀ ਹਦੂਰਿ ॥੧॥

ਹੁਣ (ਗੁਰੂ ਦੀ) ਸਿੱਖਿਆ ਦੀ ਬਰਕਤਿ ਨਾਲ ਮੈਨੂੰ (ਪ੍ਰਭੂ ਦੀ) ਹਜ਼ੂਰੀ ਪ੍ਰਾਪਤ ਹੋ ਗਈ ਹੈ (ਮੈਂ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹਾਂ, ਇਸ ਵਾਸਤੇ ਕੋਈ ਦੁੱਖ-ਕਲੇਸ਼ ਮੈਨੂੰ ਪੋਹ ਨਹੀਂ ਸਕਦਾ) ॥੧॥

ਚੁਕਾ ਨਿਹੋਰਾ ਸਖੀ ਸਹੇਰੀ ॥

ਹੇ ਸਖੀ! ਹੇ ਸਹੇਲੀ! (ਪ੍ਰਭੂ-ਚਰਨਾਂ ਤੋਂ ਪਹਿਲੇ ਵਿਛੋੜੇ ਦੇ ਕਾਰਨ ਪੈਦਾ ਹੋਏ ਦੁੱਖਾਂ ਕਲੇਸ਼ਾਂ ਦਾ) ਉਲਾਹਮਾ ਦੇਣਾ ਮੁੱਕ ਗਿਆ ਹੈ।

ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ ॥

ਹੁਣ ਮੇਰੀ ਭਟਕਣਾ ਦੂਰ ਹੋ ਗਈ ਹੈ। ਮੈਨੂੰ ਗੁਰੂ ਨੇ ਪਤੀ-ਪ੍ਰਭੂ ਦੇ ਨਾਲ ਮਿਲਾ ਦਿੱਤਾ ਹੈ ॥੧॥ ਰਹਾਉ ॥

ਨਿਕਟਿ ਆਨਿ ਪ੍ਰਿਅ ਸੇਜ ਧਰੀ ॥

ਹੇ ਸਖੀ! (ਗੁਰੂ ਨੇ) ਮੈਨੂੰ ਪ੍ਰਭੂ-ਚਰਨਾਂ ਦੇ ਨੇੜੇ ਲਿਆ ਕੇ ਪਿਆਰੇ ਪ੍ਰਭੂ-ਪਤੀ ਦੀ ਸੇਜ ਉਤੇ ਬਿਠਾਲ ਦਿੱਤਾ ਹੈ (ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ)।

ਕਾਣਿ ਕਢਨ ਤੇ ਛੂਟਿ ਪਰੀ ॥੨॥

ਹੁਣ (ਧਿਰ ਧਿਰ ਦੀ) ਮੁਥਾਜੀ ਕਰਨ ਤੋਂ ਮੈਂ ਬਚ ਗਈ ਹਾਂ ॥੨॥

ਮੰਦਰਿ ਮੇਰੈ ਸਬਦਿ ਉਜਾਰਾ ॥

(ਹੇ ਸਖੀ! ਹੇ ਸਹੇਲੀ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੇਰੇ ਹਿਰਦੇ-ਮੰਦਰ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ।

ਅਨਦ ਬਿਨੋਦੀ ਖਸਮੁ ਹਮਾਰਾ ॥੩॥

ਸਾਰੇ ਆਨੰਦਾਂ ਤੇ ਚੋਜ-ਤਮਾਸ਼ਿਆਂ ਦਾ ਮਾਲਕ ਮੇਰਾ ਖਸਮ-ਪ੍ਰਭੂ (ਮੈਨੂੰ ਮਿਲ ਗਿਆ ਹੈ) ॥੩॥

ਮਸਤਕਿ ਭਾਗੁ ਮੈ ਪਿਰੁ ਘਰਿ ਆਇਆ ॥

(ਹੇ ਸਖੀ!) ਮੇਰੇ ਮੱਥੇ ਉਤੇ (ਦਾ) ਭਾਗ ਜਾਗ ਪਿਆ ਹੈ (ਕਿਉਂਕਿ) ਮੇਰਾ ਪਤੀ-ਪ੍ਰਭੂ ਮੇਰੇ (ਹਿਰਦੇ-) ਘਰ ਵਿਚ ਆ ਗਿਆ ਹੈ,

ਥਿਰੁ ਸੋਹਾਗੁ ਨਾਨਕ ਜਨ ਪਾਇਆ ॥੪॥੨॥੫੩॥

ਹੇ ਦਾਸ ਨਾਨਕ! (ਆਖ) ਮੈਂ ਹੁਣ ਉਹ ਸੁਹਾਗ ਲੱਭ ਲਿਆ ਹੈ ॥੪॥੨॥੫੩॥


ਆਸਾ ਮਹਲਾ ੫ ॥

ਸਾਚਿ ਨਾਮਿ ਮੇਰਾ ਮਨੁ ਲਾਗਾ ॥
(ਹੇ ਭਾਈ!) ਮੇਰਾ ਮਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਸਦਾ) ਜੁੜਿਆ ਰਹਿੰਦਾ ਹੈ,

ਲੋਗਨ ਸਿਉ ਮੇਰਾ ਠਾਠਾ ਬਾਗਾ ॥੧॥

ਦੁਨੀਆ ਦੇ ਲੋਕਾਂ ਨਾਲ ਮੇਰਾ ਉਤਨਾ ਕੁ ਹੀ ਵਰਤਣ-ਵਿਹਾਰ ਹੈ ਜਿਤਨੇ ਦੀ ਅੱਤ ਜ਼ਰੂਰੀ ਲੋੜ ਪੈਂਦੀ ਹੈ ॥੧॥

ਬਾਹਰਿ ਸੂਤੁ ਸਗਲ ਸਿਉ ਮਉਲਾ ॥

(ਹੇ ਭਾਈ!) ਦੁਨੀਆ ਨਾਲ ਵਰਤਣ-ਵਿਹਾਰ ਸਮੇ ਮੈਂ ਸਭਨਾਂ ਨਾਲ ਪਿਆਰ ਵਾਲਾ ਸੰਬੰਧ ਰੱਖਦਾ ਹਾਂ,

ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥੧॥ ਰਹਾਉ ॥

(ਪਰ ਦੁਨੀਆ ਨਾਲ ਵਰਤਦਾ ਹੋਇਆ ਭੀ ਦੁਨੀਆ ਨਾਲ ਇਉਂ) ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਵਿਚ (ਟਿਕਿਆ ਹੋਇਆ ਭੀ) ਕੌਲ-ਫੁੱਲ (ਪਾਣੀ ਤੋਂ ਨਿਰਲੇਪ ਰਹਿੰਦਾ ਹੈ) ॥੧॥ ਰਹਾਉ ॥

ਮੁਖ ਕੀ ਬਾਤ ਸਗਲ ਸਿਉ ਕਰਤਾ ॥

(ਹੇ ਭਾਈ!) ਮੈਂ ਸਭ ਲੋਕਾਂ ਨਾਲ (ਲੋੜ ਅਨੁਸਾਰ) ਮੂੰਹੋਂ ਤਾਂ ਗੱਲਾਂ ਕਰਦਾ ਹਾਂ,

ਜੀਅ ਸੰਗਿ ਪ੍ਰਭੁ ਅਪੁਨਾ ਧਰਤਾ ॥੨॥

(ਪਰ ਕਿਤੇ ਮੋਹ ਵਿਚ ਆਪਣੇ ਮਨ ਨੂੰ ਫਸਣ ਨਹੀਂ ਦੇਂਦਾ) ਆਪਣੇ ਹਿਰਦੇ ਵਿਚ ਮੈਂ ਸਿਰਫ਼ ਆਪਣੇ ਪਰਮਾਤਮਾ ਨੂੰ ਹੀ ਟਿਕਾਈ ਰੱਖਦਾ ਹਾਂ ॥੨॥

ਦੀਸਿ ਆਵਤ ਹੈ ਬਹੁਤੁ ਭੀਹਾਲਾ ॥

(ਹੇ ਭਾਈ! ਮੇਰੇ ਇਸ ਤਰ੍ਹਾਂ ਦੇ ਆਤਮਕ ਜੀਵਨ ਦੇ ਅੱਭਿਆਸ ਦੇ ਕਾਰਨ ਲੋਕਾਂ ਨੂੰ ਮੇਰਾ ਮਨ) ਬੜਾ ਰੁੱਖਾ ਕੋਰਾ ਦਿੱਸਦਾ ਹੈ;

ਸਗਲ ਚਰਨ ਕੀ ਇਹੁ ਮਨੁ ਰਾਲਾ ॥੩॥

ਪਰ (ਅਸਲ ਵਿਚ ਮੇਰਾ) ਇਹ ਮਨ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ॥੩॥

ਨਾਨਕ ਜਨਿ ਗੁਰੁ ਪੂਰਾ ਪਾਇਆ ॥

ਹੇ ਨਾਨਕ! ਜਿਸ (ਭੀ) ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ,

ਅੰਤਰਿ ਬਾਹਰਿ ਏਕੁ ਦਿਖਾਇਆ ॥੪॥੩॥੫੪॥

(ਗੁਰੂ ਨੇ ਉਸ ਨੂੰ) ਉਸ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇੱਕ ਪਰਮਾਤਮਾ ਹੀ ਵੱਸਦਾ ਵਿਖਾ ਦਿੱਤਾ ਹੈ (ਇਸ ਵਾਸਤੇ ਉਹ ਦੁਨੀਆ ਨਾਲ ਪਿਆਰ ਵਾਲਾ ਸਲੂਕ ਭੀ ਰੱਖਦਾ ਹੈ ਤੇ ਨਿਰਮੋਹ ਰਹਿ ਕੇ ਸੁਰਤਿ ਅੰਦਰ-ਵੱਸਦੇ ਪ੍ਰਭੂ ਵਿਚ ਹੀ ਜੋੜੀ ਰੱਖਦਾ ਹੈ) ॥੪॥੩॥੫੪॥


ਆਸਾ ਮਹਲਾ ੫ ॥

ਪਾਵਤੁ ਰਲੀਆ ਜੋਬਨਿ ਬਲੀਆ ॥
(ਹੇ ਭਾਈ! ਜਿਤਨਾ ਚਿਰ) ਜੁਆਨੀ ਵਿਚ (ਸਰੀਰਕ) ਤਾਕਤ ਮਿਲੀ ਹੋਈ ਹੈ (ਮਨੁੱਖ ਬੇਪ੍ਰਵਾਹ ਹੋ ਕੇ) ਮੌਜਾਂ ਮਾਣਦਾ ਰਹਿੰਦਾ ਹੈ,

ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥

ਸਰੀਰ ਆਖ਼ਿਰ ਮਿੱਟੀ ਨਾਲ ਮਿਲ ਜਾਂਦਾ ਹੈ, (ਤੇ ਜੀਵਾਤਮਾ) ਪਰਮਾਤਮਾ ਦੇ ਨਾਮ ਤੋਂ ਬਿਨਾ (ਖ਼ਾਲੀ ਹੱਥ) ਹੀ ਰਹਿ ਜਾਂਦਾ ਹੈ ॥੧॥

ਕਾਨ ਕੁੰਡਲੀਆ ਬਸਤ੍ਰ ਓਢਲੀਆ ॥

(ਹੇ ਭਾਈ! ਮਨੁੱਖ) ਕੰਨਾਂ ਵਿਚ (ਸੋਨੇ ਦੇ) ਕੁੰਡਲ ਪਾ ਕੇ (ਸੋਹਣੇ ਸੋਹਣੇ) ਕੱਪੜੇ ਪਹਿਨਦਾ ਹੈ,

ਸੇਜ ਸੁਖਲੀਆ ਮਨਿ ਗਰਬਲੀਆ ॥੧॥ ਰਹਾਉ ॥

ਨਰਮ ਨਰਮ ਬਿਸਤ੍ਰਿਆਂ ਉਤੇ (ਸੌਂਦਾ ਹੈ), (ਤੇ ਇਹਨਾਂ ਮਿਲੇ ਹੋਏ ਸੁਖਾਂ ਦਾ ਆਪਣੇ) ਮਨ ਵਿਚ ਮਾਣ ਕਰਦਾ ਹੈ (ਪਰ ਇਹ ਨਹੀਂ ਸਮਝਦਾ ਕਿ ਇਹ ਸਰੀਰ ਆਖ਼ਿਰ ਮਿੱਟੀ ਹੋ ਜਾਣਾ ਹੈ, ਇਹ ਪਦਾਰਥ ਇਥੇ ਹੀ ਰਹਿ ਜਾਣੇ ਹਨ। ਸਦਾ ਦਾ ਸਾਥ ਨਿਬਾਹੁਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ) ॥੧॥ ਰਹਾਉ ॥

ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ ॥

(ਹੇ ਭਾਈ! ਮਨੁੱਖ ਨੂੰ ਜੇ ਸਵਾਰੀ ਕਰਨ ਵਾਸਤੇ ਆਪਣੇ) ਹੇਠ ਹਾਥੀ (ਭੀ ਮਿਲਿਆ ਹੋਇਆ ਹੈ, ਤੇ ਉਸ ਦੇ) ਸਿਰ ਉਤੇ ਸੋਨੇ ਦਾ ਛਤਰ ਝੁੱਲ ਰਿਹਾ ਹੈ,

ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ ॥੨॥

(ਤਾਂ ਭੀ ਸਰੀਰ ਆਖ਼ਿਰ) ਧਰਤੀ ਵਿਚ ਹੀ ਮਿਲਾਇਆ ਜਾਂਦਾ ਹੈ (ਇਹਨਾਂ ਪਦਾਰਥਾਂ ਦੇ ਮਾਣ ਵਿਚ ਮਨੁੱਖ) ਪਰਮਾਤਮਾ ਦੀ ਭਗਤੀ ਤੋਂ ਵਾਂਜਿਆ ਹੀ ਰਹਿ ਜਾਂਦਾ ਹੈ ॥੨॥

ਰੂਪ ਸੁੰਦਰੀਆ ਅਨਿਕ ਇਸਤਰੀਆ ॥

(ਹੇ ਭਾਈ! ਜੇ) ਸੋਹਣੇ ਰੂਪ ਵਾਲੀਆਂ ਅਨੇਕਾਂ ਇਸਤ੍ਰੀਆਂ (ਭੀ ਮਿਲੀਆਂ ਹੋਈਆਂ ਹਨ ਤਾਂ ਭੀ ਕੀਹ ਹੋਇਆ?)

ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ ॥੩॥

ਪਰਮਾਤਮਾ ਦੇ ਨਾਮ ਦੇ ਸੁਆਦ ਦੇ ਟਾਕਰੇ ਤੇ (ਦੁਨੀਆ ਵਾਲੇ ਇਹ) ਸਾਰੇ ਸੁਆਦ ਫਿੱਕੇ ਹਨ ॥੩॥

ਮਾਇਆ ਛਲੀਆ ਬਿਕਾਰ ਬਿਖਲੀਆ ॥

(ਹੇ ਭਾਈ! ਚੇਤਾ ਰੱਖੋ ਕਿ) ਮਾਇਆ ਠੱਗਣ ਵਾਲੀ ਹੀ ਹੈ (ਆਤਮਕ ਜੀਵਨ ਦਾ ਸਰਮਾਇਆ ਲੁੱਟ ਲੈਂਦੀ ਹੈ), (ਦੁਨੀਆ ਦੇ ਵਿਸ਼ੇ-) ਵਿਕਾਰ ਜ਼ਹਰ-ਭਰੇ ਹਨ (ਆਤਮਕ ਮੌਤ ਦਾ ਕਾਰਨ ਬਣਦੇ ਹਨ)।

ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ ॥੪॥੪॥੫੫॥

ਹੇ ਨਾਨਕ! (ਆਖ-) ਹੇ ਪ੍ਰਭੂ! ਹੇ ਦਇਆਲ ਪੁਰਖ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਇਸ ਮਾਇਆ ਤੋਂ ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੪॥੪॥੫੫॥


ਆਸਾ ਮਹਲਾ ੫ ॥
ਏਕੁ ਬਗੀਚਾ ਪੇਡ ਘਨ ਕਰਿਆ ॥

ਹੇ ਭਾਈ! ਇਹ ਜਗਤ ਇਕ ਬਗ਼ੀਚਾ ਹੈ ਜਿਸ ਵਿਚ (ਸਿਰਜਣਹਾਰ-ਮਾਲੀ ਨੇ) ਬੇਅੰਤ ਬੂਟੇ ਲਾਏ ਹੋਏ ਹਨ।

ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥

(ਰੰਗਾ ਰੰਗ ਦੇ ਜੀਵ ਪੈਦਾ ਕੀਤੇ ਹੋਏ ਹਨ, ਇਹਨਾਂ ਵਿਚੋਂ ਜਿਨ੍ਹਾਂ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੰਜਿਆ ਜਾ ਰਿਹਾ) ਹੈ, ਉਹਨਾਂ ਵਿਚ (ਉੱਚੇ ਆਤਮਕ ਜੀਵਨ ਦਾ) ਫ਼ਲ ਲੱਗ ਰਿਹਾ ਹੈ ॥੧॥

ਐਸਾ ਕਰਹੁ ਬੀਚਾਰੁ ਗਿਆਨੀ ॥

ਹੇ ਗਿਆਨਵਾਨ ਮਨੁੱਖ! ਕੋਈ ਇਹੋ ਜਿਹੀ ਵਿਚਾਰ ਕਰ,

ਜਾ ਤੇ ਪਾਈਐ ਪਦੁ ਨਿਰਬਾਨੀ ॥

ਜਿਸ ਦੀ ਬਰਕਤਿ ਨਾਲ ਉਹ (ਆਤਮਕ) ਦਰਜਾ ਪ੍ਰਾਪਤ ਹੋ ਜਾਏ ਜਿਥੇ ਕੋਈ ਵਾਸਨਾ ਨਾਹ ਪੋਹ ਸਕੇ।

ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥

ਹੇ ਭਾਈ! ਤੇਰੇ ਚੁਫੇਰੇ (ਮਾਇਆ ਦੇ ਮੋਹ ਦੇ) ਜ਼ਹਰ ਦੇ ਚਸ਼ਮੇ (ਚੱਲ ਰਹੇ ਹਨ ਜੋ ਆਤਮਕ ਮੌਤ ਲੈ ਆਉਂਦੇ ਹਨ; ਪਰ ਤੇਰੇ) ਅੰਦਰ (ਨਾਮ-) ਅੰਮ੍ਰਿਤ (ਦਾ ਚਸ਼ਮਾ ਚੱਲ ਰਿਹਾ) ਹੈ ॥੧॥ ਰਹਾਉ ॥

ਸਿੰਚਨਹਾਰੇ ਏਕੈ ਮਾਲੀ ॥

(ਹੇ ਭਾਈ! ਆਤਮਕ ਜੀਵਨ ਵਾਸਤੇ ਨਾਮ-ਜਲ) ਸਿੰਜਣ ਵਾਲੇ ਉਸ ਇਕ (ਸਿਰਜਣਹਾਰ-) ਮਾਲੀ ਨੂੰ (ਆਪਣੇ ਹਿਰਦੇ ਵਿਚ ਸੰਭਾਲ ਰੱਖੋ)

ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥

ਜੋ ਹਰੇਕ ਬੂਟੇ ਦੇ ਪੱਤਰ ਪੱਤਰ ਡਾਲੀ ਡਾਲੀ ਦੀ ਸੰਭਾਲ ਕਰਦਾ ਹੈ (ਜੋ ਹਰੇਕ ਜੀਵ ਦੇ ਆਤਮਕ ਜੀਵਨ ਦੇ ਹਰੇਕ ਪਹਿਲੂ ਦਾ ਖ਼ਿਆਲ ਰੱਖਦਾ ਹੈ) ॥੨॥

ਸਗਲ ਬਨਸਪਤਿ ਆਣਿ ਜੜਾਈ ॥

(ਹੇ ਭਾਈ! ਉਸ ਮਾਲੀ ਨੇ ਇਸ ਜਗਤ-ਬਗ਼ੀਚੇ ਵਿਚ) ਸਾਰੀ ਬਨਸਪਤੀ ਲਿਆ ਕੇ ਸਜਾ ਦਿੱਤੀ ਹੈ (ਰੰਗਾ ਰੰਗ ਦੇ ਜੀਵ ਪੈਦਾ ਕਰ ਕੇ ਸੰਸਾਰ-ਬਗ਼ੀਚੇ ਨੂੰ ਸੋਹਣਾ ਬਣਾ ਦਿੱਤਾ ਹੈ)।

ਸਗਲੀ ਫੂਲੀ ਨਿਫਲ ਨ ਕਾਈ ॥੩॥

ਸਾਰੀ ਬਨਸਪਤੀ ਫੁੱਲ ਦੇ ਰਹੀ ਹੈ, ਕੋਈ ਬੂਟਾ ਫਲ ਤੋਂ ਖ਼ਾਲੀ ਨਹੀਂ (ਹਰੇਕ ਜੀਵ ਮਾਇਆ ਦੇ ਆਹਰੇ ਲੱਗਾ ਹੋਇਆ ਹੈ) ॥੩॥

ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥

(ਪਰ) ਜਿਸ ਮਨੁੱਖ ਨੇ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ ਹੈ,

ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥

ਹੇ ਦਾਸ ਨਾਨਕ! (ਆਖ-) ਉਸ ਨੇ ਮਾਇਆ (ਦੀ ਨਦੀ) ਪਾਰ ਕਰ ਲਈ ਹੈ ॥੪॥੫॥੫੬॥


ਆਸਾ ਮਹਲਾ ੫ ॥
ਰਾਜ ਲੀਲਾ ਤੇਰੈ ਨਾਮਿ ਬਨਾਈ ॥

ਹੇ ਪ੍ਰਭੂ! ਤੇਰੇ ਨਾਮ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ,

ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥

ਜਦੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ (ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ) ॥੧॥

ਸਰਬ ਸੁਖਾ ਬਨੇ ਤੇਰੈ ਓਲ੍ਰੈ ॥

ਹੇ ਪ੍ਰਭੂ! (ਉਦੋਂ ਤੋਂ) ਤੇਰੇ ਆਸਰੇ-ਪਰਨੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ,

ਭ੍ਰਮ ਕੇ ਪਰਦੇ ਸਤਿਗੁਰ ਖੋਲ੍ਰੇ ॥੧॥ ਰਹਾਉ ॥

(ਜਦੋਂ ਤੋਂ) ਸਤਿਗੁਰੂ ਨੇ (ਮੇਰੇ ਅੰਦਰੋਂ ਮਾਇਆ ਦੀ ਖ਼ਾਤਰ) ਭਟਕਣਾ ਪੈਦਾ ਕਰਨ ਵਾਲੇ ਪੜਦੇ ਖੋਹਲ ਦਿੱਤੇ ਹਨ (ਤੇ ਤੇਰੇ ਨਾਲੋਂ ਮੇਰੀ ਵਿੱਥ ਮੁੱਕ ਗਈ ਹੈ) ॥੧॥ ਰਹਾਉ ॥

ਹੁਕਮੁ ਬੂਝਿ ਰੰਗ ਰਸ ਮਾਣੇ ॥

ਹੇ ਪ੍ਰਭੂ! ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸਾਰੇ ਆਤਮਕ ਆਨੰਦ ਮਾਣ ਰਿਹਾ ਹਾਂ,

ਸਤਿਗੁਰ ਸੇਵਾ ਮਹਾ ਨਿਰਬਾਣੇ ॥੨॥

ਸਤਿਗੁਰੂ ਦੀ (ਦੱਸੀ) ਸੇਵਾ ਦੀ ਬਰਕਤਿ ਨਾਲ ਮੈਨੂੰ ਬੜੀ ਉੱਚੀ ਵਾਸਨਾ-ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ ॥੨॥

ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥

ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ ਉਹ ਚਾਹੇ ਗ੍ਰਿਹਸਤੀ ਹੈ ਚਾਹੇ ਤਿਆਗੀ ਉਹ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ।

ਨਾਮਿ ਰਤਾ ਸੋਈ ਨਿਰਬਾਣੁ ॥੩॥

ਜੇਹੜਾ ਮਨੁੱਖ, ਹੇ ਪ੍ਰਭੂ! ਤੇਰੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ ਉਹੀ ਸਦਾ ਦੁਨੀਆ ਦੀਆਂ ਵਾਸਨਾ ਤੋਂ ਬਚਿਆ ਰਹਿੰਦਾ ਹੈ ॥੩॥

ਜਾ ਕਉ ਮਿਲਿਓ ਨਾਮੁ ਨਿਧਾਨਾ ॥

ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਨਾਮ-ਖ਼ਜ਼ਾਨਾ ਮਿਲ ਗਿਆ ਹੈ,

ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥

ਨਾਨਕ ਆਖਦਾ ਹੈ-ਉਸ ਦਾ (ਉੱਚੇ ਆਤਮਕ ਜੀਵਨ ਦੇ ਗੁਣਾਂ ਦਾ) ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ ॥੪॥੬॥੫੭॥


ਆਸਾ ਮਹਲਾ ੫ ॥
ਤੀਰਥਿ ਜਾਉ ਤ ਹਉ ਹਉ ਕਰਤੇ ॥

ਹੇ ਮਿੱਤਰ! ਜੇ ਮੈਂ (ਕਿਸੇ) ਤੀਰਥ ਉਥੇ ਜਾਂਦਾ ਹਾਂ ਤਾਂ ਉਥੇ ਮੈਂ ‘ਮੈਂ (ਧਰਮੀ) ਮੈਂ (ਧਰਮੀ)’ ਆਖਦੇ ਵੇਖਦਾ ਹਾਂ,

ਪੰਡਿਤ ਪੂਛਉ ਤ ਮਾਇਆ ਰਾਤੇ ॥੧॥

ਜੇ ਮੈਂ (ਜਾ ਕੇ) ਪੰਡਿਤਾਂ ਨੂੰ ਪੁੱਛਦਾ ਹਾਂ ਤਾਂ ਉਹ ਭੀ ਮਾਇਆ ਦੇ ਰੰਗ ਵਿਚ ਰੰਗੇ ਹੋਏ ਹਨ ॥੧॥

ਸੋ ਅਸਥਾਨੁ ਬਤਾਵਹੁ ਮੀਤਾ ॥

ਹੇ ਮਿੱਤਰ! ਨੂੰ ਮੈਨੂੰ ਉਹ ਥਾਂ ਦੱਸ,

ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥

ਜਿੱਥੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੋਵੇ ॥੧॥ ਰਹਾਉ ॥

ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥

(ਹੇ ਮਿੱਤਰ!) ਸ਼ਾਸਤ੍ਰ ਤੇ ਬੇਦ ਪੁੰਨਾਂ ਤੇ ਪਾਪਾਂ ਦੇ ਵਿਚਾਰ ਹੀ ਦੱਸਦੇ ਹਨ (ਇਹ ਦੱਸਦੇ ਹਨ ਕਿ ਫਲਾਣੇ ਕੰਮ ਪਾਪ ਹਨ ਫਲਾਣੇ ਕੰਮ ਪੁੰਨ ਹਨ,

ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥

ਜਿਨ੍ਹਾਂ ਦੇ ਕਰਨ ਨਾਲ) ਮੁੜ ਮੁੜ (ਕਦੇ) ਨਰਕ ਵਿਚ (ਤੇ ਕਦੇ) ਸੁਰਗ ਵਿਚ ਪੈ ਜਾਈਦਾ ਹੈ ॥੨॥

ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥

(ਹੇ ਮਿੱਤਰ!) ਗ੍ਰਿਹਸਤ ਵਿਚ ਰਹਿਣ ਵਾਲਿਆਂ ਨੂੰ ਚਿੰਤਾ ਦਬਾ ਰਹੀ ਹੈ, (ਗ੍ਰਿਹਸਤ ਦਾ) ਤਿਆਗ ਕਰਨ ਵਾਲੇ ਅਹੰਕਾਰ (ਨਾਲ ਆਫਰੇ ਹੋਏ ਹਨ),

ਕਰਮ ਕਰਤ ਜੀਅ ਕਉ ਜੰਜਾਰ ॥੩॥

(ਨਿਰੇ) ਕਰਮ-ਕਾਂਡ ਕਰਨ ਵਾਲਿਆਂ ਦੀ ਜਿੰਦ ਨੂੰ (ਮਾਇਆ ਦੇ) ਜੰਜਾਲ (ਪਏ ਹੋਏ ਹਨ) ॥੩॥

ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥

ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਵੱਸ ਵਿਚ ਆ ਜਾਂਦਾ ਹੈ,

ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥

ਹੇ ਨਾਨਕ! (ਆਖ-) ਉਸ ਨੇ ਗੁਰੂ ਦੀ ਸਰਨ ਪੈ ਕੇ ਮਾਇਆ (ਦੀ ਸ਼ੂਕਦੀ ਨਦੀ) ਪਾਰ ਕਰ ਲਈ ਹੈ ॥੪॥

ਸਾਧਸੰਗਿ ਹਰਿ ਕੀਰਤਨੁ ਗਾਈਐ ॥

(ਹੇ ਮਿੱਤਰ!) ਸਾਧ ਸੰਗਤਿ ਵਿਚ ਰਹਿ ਕੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ (ਇਸ ਦੀ ਬਰਕਤਿ ਨਾਲ ਹਉਮੈ, ਮਾਇਆ ਦਾ ਮੋਹ, ਚਿੰਤਾ, ਅਹੰਕਾਰ ਦੇ ਜੰਜਾਲ ਆਦਿਕ ਕੋਈ ਭੀ ਪੋਹ ਨਹੀਂ ਸਕਦਾ)

ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥

ਪਰ ਇਹ ਥਾਂ ਗੁਰੂ ਪਾਸੋਂ ਲੱਭਦਾ ਹੈ ॥੧॥ਰਹਾਉ ਦੂਜਾ॥੭॥੫੮॥


ਆਸਾ ਮਹਲਾ ੫ ॥
ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ॥

(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਨੂੰ ਆਪਣੇ) ਹਿਰਦੇ-ਘਰ ਵਿਚ ਆਨੰਦ ਪ੍ਰਤੀਤ ਹੁੰਦਾ ਰਹਿੰਦਾ ਹੈ, ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਦਿਆਂ ਭੀ ਉਸ ਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ,

ਹਰਿ ਸਿਮਰਤ ਸਗਲ ਬਿਨਾਸੇ ਦੂਖਾ ॥੧॥

(ਕਿਉਂਕਿ, ਹੇ ਭਾਈ!) ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥

ਸਗਲ ਸੂਖ ਜਾਂ ਤੂੰ ਚਿਤਿ ਆਂਵੈਂ ॥

ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਸਾਰੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ।

ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥੧॥ ਰਹਾਉ ॥

(ਪਰ) ਉਹੀ ਮਨੁੱਖ ਤੇਰਾ ਨਾਮ ਜਪਦਾ ਹੈ ਜੇਹੜਾ ਤੈਨੂੰ ਪਿਆਰਾ ਲੱਗਦਾ ਹੈ (ਜਿਸ ਉੱਤੇ ਤੇਰੀ ਮੇਹਰ ਹੁੰਦੀ ਹੈ) ॥੧॥ ਰਹਾਉ ॥

ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ ॥

ਹੇ ਪ੍ਰਭੂ! ਤੇਰਾ ਨਾਮ ਜਪ ਕੇ ਮਨ ਸ਼ਾਂਤ ਹੋ ਜਾਂਦਾ ਹੈ। ਸਰੀਰ (ਭੀ, ਹਰੇਕ ਗਿਆਨ-ਇੰਦ੍ਰਾ ਭੀ) ਸ਼ਾਂਤ ਹੋ ਜਾਂਦਾ ਹੈ।

ਹਰਿ ਹਰਿ ਜਪਤ ਢਹੈ ਦੁਖ ਡੇਰਾ ॥੨॥

ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਦੁੱਖਾਂ ਦਾ ਡੇਰਾ ਹੀ ਚੁੱਕਿਆ ਜਾਂਦਾ ਹੈ ॥੨॥

ਹੁਕਮੁ ਬੂਝੈ ਸੋਈ ਪਰਵਾਨੁ ॥

(ਹੇ ਭਾਈ! ਨਾਮ ਦੀ ਬਰਕਤਿ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਖਿੜੇ-ਮੱਥੇ ਰਾਜ਼ੀ ਰਹਿੰਦਾ ਹੈ) ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ,

ਸਾਚੁ ਸਬਦੁ ਜਾ ਕਾ ਨੀਸਾਨੁ ॥੩॥

ਕਿਉਂਕਿ ਉਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹਦਾਰੀ ਹੈ ॥੩॥

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥

(ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,

ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥

ਨਾਨਕ ਆਖਦਾ ਹੈ- (ਤਦੋਂ ਤੋਂ) ਮੇਰੇ ਮਨ ਨੇ (ਸਦਾ) ਸੁਖ ਹੀ ਅਨੁਭਵ ਕੀਤਾ ਹੈ ॥੪॥੮॥੫੯॥


ਆਸਾ ਮਹਲਾ ੫ ॥
ਜਹਾ ਪਠਾਵਹੁ ਤਹ ਤਹ ਜਾਈਂ ॥

(ਹੇ ਗੋਵਿੰਦ! ਇਹ ਤੇਰੀ ਹੀ ਮੇਹਰ ਹੈ ਕਿ) ਜਿਧਰ ਤੂੰ ਮੈਨੂੰ ਭੇਜਦਾ ਹੈਂ, ਮੈਂ ਉਧਰ ਉਧਰ ਹੀ (ਖ਼ੁਸ਼ੀ ਨਾਲ) ਜਾਂਦਾ ਹਾਂ,

ਜੋ ਤੁਮ ਦੇਹੁ ਸੋਈ ਸੁਖੁ ਪਾਈਂ ॥੧॥

(ਸੁਖ ਹੋਵੇ ਚਾਹੇ ਦੁੱਖ ਹੋਵੇ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਸ ਨੂੰ (ਸਿਰ-ਮੱਥੇ ਉਤੇ) ਸੁਖ (ਜਾਣ ਕੇ) ਮੰਨਦਾ ਹਾਂ ॥੧॥

ਸਦਾ ਚੇਰੇ ਗੋਵਿੰਦ ਗੋਸਾਈ ॥

ਹੇ ਗੋਵਿੰਦ! ਹੇ ਗੋਸਾਈਂ! (ਮੇਹਰ ਕਰ, ਮੈਂ) ਸਦਾ ਤੇਰਾ ਦਾਸ ਬਣਿਆ ਰਹਾਂ,

ਤੁਮ੍ਰਰੀ ਕ੍ਰਿਪਾ ਤੇ ਤ੍ਰਿਪਤਿ ਅਘਾਈਂ ॥੧॥ ਰਹਾਉ ॥

(ਕਿਉਂਕਿ) ਤੇਰੀ ਕਿਰਪਾ ਨਾਲ ਹੀ ਮੈਂ ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ ਰੱਜਿਆ ਰਹਿੰਦਾ ਹਾਂ ॥੧॥ ਰਹਾਉ ॥

ਤੁਮਰਾ ਦੀਆ ਪੈਨ੍ਰਉ ਖਾਈਂ ॥

ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ (ਪਹਿਨਣ ਨੂੰ, ਖਾਣ ਨੂੰ,) ਦੇਂਦਾ ਹੈਂ ਉਹੀ ਮੈਂ (ਸੰਤੋਖ ਨਾਲ) ਪਹਿਨਦਾ ਤੇ ਖਾਂਦਾ ਹਾਂ,

ਤਉ ਪ੍ਰਸਾਦਿ ਪ੍ਰਭ ਸੁਖੀ ਵਲਾਈਂ ॥੨॥

ਤੇਰੀ ਕਿਰਪਾ ਨਾਲ ਮੈਂ (ਆਪਣਾ ਜੀਵਨ) ਸੁਖ-ਆਨੰਦ ਨਾਲ ਬਿਤੀਤ ਕਰ ਰਿਹਾ ਹਾਂ ॥੨॥

ਮਨ ਤਨ ਅੰਤਰਿ ਤੁਝੈ ਧਿਆਈਂ ॥

ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ,

ਤੁਮ੍ਰਰੈ ਲਵੈ ਨ ਕੋਊ ਲਾਈਂ ॥੩॥

ਤੇਰੇ ਬਰਾਬਰ ਦਾ ਮੈਂ ਹੋਰ ਕਿਸੇ ਨੂੰ ਨਹੀਂ ਸਮਝਦਾ ॥੩॥

ਕਹੁ ਨਾਨਕ ਨਿਤ ਇਵੈ ਧਿਆਈਂ ॥

ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰਦਾ ਰਹੁ ਤੇ) ਆਖ-(ਹੇ ਪ੍ਰਭੂ! ਮੇਹਰ ਕਰ) ਮੈਂ ਇਸੇ ਤਰ੍ਹਾਂ ਸਦਾ ਤੈਨੂੰ ਸਿਮਰਦਾ ਰਹਾਂ।

ਗਤਿ ਹੋਵੈ ਸੰਤਹ ਲਗਿ ਪਾਈਂ ॥੪॥੯॥੬੦॥

(ਤੇਰੀ ਮੇਹਰ ਹੋਵੇ ਤਾਂ ਤੇਰੇ) ਸੰਤ ਜਨਾਂ ਦੀ ਚਰਨੀਂ ਲੱਗ ਕੇ ਮੈਨੂੰ ਉੱਚੀ ਆਤਮਕ ਅਵਸਥਾ ਮਿਲੀ ਰਹੇ ॥੪॥੯॥੬੦॥


ਆਸਾ ਮਹਲਾ ੫ ॥
ਊਠਤ ਬੈਠਤ ਸੋਵਤ ਧਿਆਈਐ ॥

(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ (ਜਾਗਦਿਆਂ ਹਰ ਵੇਲੇ) ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ,

ਮਾਰਗਿ ਚਲਤ ਹਰੇ ਹਰਿ ਗਾਈਐ ॥੧॥

ਰਸਤੇ ਤੁਰਦਿਆਂ ਭੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਰਹਿਣਾ ਚਾਹੀਦਾ ਹੈ ॥੧॥

ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥

(ਹੇ ਭਾਈ!) ਕੰਨਾਂ ਨਾਲ (ਪਰਮਾਤਮਾ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਸੁਣਦੇ ਰਹਿਣਾ ਚਾਹੀਦਾ ਹੈ,

ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥

ਜਿਸ ਦੇ ਸੁਣਿਆਂ ਮਨ ਵਿਚ ਆਤਮਕ ਆਨੰਦ ਪੈਦਾ ਹੁੰਦਾ ਹੈ ਤੇ ਮਨ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਕਾਰਜਿ ਕਾਮਿ ਬਾਟ ਘਾਟ ਜਪੀਜੈ ॥

(ਹੇ ਭਾਈ!) ਹਰੇਕ ਕੰਮ ਕਾਜ ਕਰਦਿਆਂ, ਰਾਹੇ ਤੁਰਦਿਆਂ, ਪੱਤਣ ਲੰਘਦਿਆਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ,

ਗੁਰਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥

ਤੇ ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦੇ ਰਹਿਣਾ ਚਾਹੀਦਾ ਹੈ ॥੨॥

ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥

(ਹੇ ਭਾਈ!) ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ।

ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥

(ਜੇਹੜਾ ਇਹ ਕੰਮ ਕਰਦਾ ਰਹਿੰਦਾ ਹੈ) ਜ਼ਿੰਦਗੀ ਦੇ ਸਫ਼ਰ ਵਿਚ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ ॥੩॥

ਆਠ ਪਹਰ ਜਿਸੁ ਵਿਸਰਹਿ ਨਾਹੀ ॥

(ਹੇ ਪ੍ਰਭੂ!) ਜਿਸ ਮਨੁੱਖ ਨੂੰ ਅੱਠੇ ਪਹਰ ਕਿਸੇ (ਵੇਲੇ ਭੀ) ਤੂੰ ਨਹੀਂ ਵਿਸਰਦਾ,

ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥

ਹੇ ਨਾਨਕ! (ਆਖ-) ਉਸ ਦੀ ਚਰਨੀਂ ਲੱਗ ਕੇ (ਹੋਰ ਮਨੁੱਖਾਂ ਨੂੰ ਭੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੪॥੧੦॥੬੧॥


ਆਸਾ ਮਹਲਾ ੫ ॥
ਜਾ ਕੈ ਸਿਮਰਨਿ ਸੂਖ ਨਿਵਾਸੁ ॥

(ਹੇ ਭਾਈ! ਗੁਰੂ ਦੇ ਕਹੇ ਅਨੁਸਾਰ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ) ਜਿਸ ਦੇ ਸਿਮਰਨ ਦੀ ਬਰਕਤਿ ਨਾਲ (ਮਨ ਵਿਚ) ਸੁਖ ਦਾ ਵਾਸ ਹੋ ਜਾਂਦਾ ਹੈ,

ਭਈ ਕਲਿਆਣ ਦੁਖ ਹੋਵਤ ਨਾਸੁ ॥੧॥

ਸਦਾ ਸੁਖ-ਸਾਂਦ ਬਣੀ ਰਹਿੰਦੀ ਹੈ ਤੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੧॥

ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥

(ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਤੁਰ ਕੇ) ਸਦਾ ਹੀ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਰਹੋ।

ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥੧॥ ਰਹਾਉ ॥

(ਗੁਰੂ ਦੇ ਹੁਕਮ ਅਨੁਸਾਰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਿਹਾ ਕਰੋ (ਇਸ ਦਾ ਨਤੀਜਾ ਇਹ ਹੋਵੇਗਾ ਕਿ ਸਦਾ) ਆਤਮਕ ਆਨੰਦ ਮਾਣਦੇ ਰਹੋਗੇ ॥੧॥ ਰਹਾਉ ॥

ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥

(ਹੇ ਭਾਈ!) ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਨੂੰ ਹਰ ਵੇਲੇ ਹਿਰਦੇ ਵਿਚ ਰੱਖੋ (ਸ਼ਬਦ ਅਨੁਸਾਰ ਆਪਣਾ ਜੀਵਨ ਘੜਦੇ ਰਹੋ।

ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥੨॥

ਇਸ ਸ਼ਬਦ ਦੀ ਬਰਕਤਿ ਨਾਲ ਆਪਣੇ) ਹਿਰਦੇ-ਘਰ ਵਿਚ ਅਡੋਲ ਟਿਕੇ ਰਹੋਗੇ (ਭਟਕਣਾ ਮੁੱਕ ਜਾਏਗੀ) ਤੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲਵੋਗੇ ॥੨॥

ਪਰ ਕਾ ਬੁਰਾ ਨ ਰਾਖਹੁ ਚੀਤ ॥

ਹੇ ਵੀਰ! ਹੇ ਮਿੱਤਰ! ਕਦੇ ਕਿਸੇ ਦਾ ਬੁਰਾ ਨਾਹ ਚਿਤਵਿਆ ਕਰੋ।

ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥

(ਕਦੇ ਮਨ ਵਿਚ ਇਹ ਇੱਛਾ ਪੈਦਾ ਨਾਹ ਹੋਣ ਦਿਓ ਕਿ ਕਿਸੇ ਦਾ ਨੁਕਸਾਨ ਹੋਵੇ। ਇਸ ਦਾ ਸਿੱਟਾ ਇਹ ਹੋਵੇਗਾ ਕਿ) ਤੁਹਾਨੂੰ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ ॥੩॥

ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਰਾ ॥

ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਟੂਣਾ ਦਿੱਤਾ ਹੈ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ,

ਇਹੁ ਸੁਖੁ ਨਾਨਕ ਅਨਦਿਨੁ ਚੀਨ੍ਰਾ ॥੪॥੧੧॥੬੨॥

ਹੇ ਨਾਨਕ! (ਉਹ ਮੰਤਰਾਂ ਟੂਣਿਆਂ ਦੀ ਰਾਹੀਂ ਹੋਰਨਾਂ ਦਾ ਬੁਰਾ ਚਿਤਵਨ ਦੇ ਥਾਂ, ਆਪਣੇ ਅੰਦਰ) ਹਰ ਵੇਲੇ (ਪਰਮਾਤਮਾ ਦੇ ਨਾਮ ਤੋਂ ਪੈਦਾ ਹੋਇਆ) ਆਤਮਕ ਆਨੰਦ ਵੱਸਦਾ ਪਛਾਣ ਲੈਂਦਾ ਹੈ ॥੪॥੧੧॥੬੨॥


ਆਸਾ ਮਹਲਾ ੫ ॥
ਜਿਸੁ ਨੀਚ ਕਉ ਕੋਈ ਨ ਜਾਨੈ ॥

ਹੇ ਪ੍ਰਭੂ! ਜਿਸ ਮਨੁੱਖ ਨੂੰ ਨੀਵੀਂ ਜਾਤਿ ਦਾ ਸਮਝ ਕੇ ਕੋਈ ਜਾਣਦਾ-ਪਛਾਣਦਾ ਭੀ ਨਹੀਂ,

ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥

ਤੇਰਾ ਨਾਮ ਜਪਣ ਦੀ ਬਰਕਤਿ ਨਾਲ ਸਾਰੇ ਜਗਤ ਵਿਚ ਉਸ ਦਾ ਆਦਰ-ਮਾਣ ਹੋਣ ਲੱਗ ਪੈਂਦਾ ਹੈ ॥੧॥

ਦਰਸਨੁ ਮਾਗਉ ਦੇਹਿ ਪਿਆਰੇ ॥

ਹੇ ਪਿਆਰੇ ਪ੍ਰਭੂ! ਮੈਂ ਤੇਰਾ ਦਰਸਨ ਮੰਗਦਾ ਹਾਂ (ਮੈਨੂੰ ਆਪਣੇ ਦਰਸਨ ਦੀ ਦਾਤਿ) ਦੇਹ।

ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥

ਜਿਸ ਜਿਸ ਨੇ ਤੇਰੀ ਸੇਵਾ-ਭਗਤੀ ਕੀਤੀ ਉਸ ਉਸ ਨੂੰ (ਤੂੰ ਆਪਣਾ ਦਰਸਨ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧॥ ਰਹਾਉ ॥

ਜਾ ਕੈ ਨਿਕਟਿ ਨ ਆਵੈ ਕੋਈ ॥

ਹੇ ਪ੍ਰਭੂ! (ਕੰਗਾਲ ਜਾਣ ਕੇ) ਜਿਸ ਮਨੁੱਖ ਦੇ ਨੇੜੇ ਭੀ ਕੋਈ ਨਹੀਂ ਸੀ ਢੁਕਦਾ,

ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥

(ਤੇਰਾ ਨਾਮ ਜਪਣ ਦੀ ਬਰਕਤਿ ਨਾਲ ਫਿਰ) ਸਾਰੀ ਲੋਕਾਈ ਉਸ ਦੇ ਪੈਰ ਮਲ ਮਲ ਕੇ ਧੋਣ ਲੱਗ ਪੈਂਦੀ ਹੈ ॥੨॥

ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥

ਹੇ ਪ੍ਰਭੂ! ਜੇਹੜਾ ਮਨੁੱਖ (ਪਹਿਲਾਂ) ਕਿਸੇ ਦਾ ਕੋਈ ਕੰਮ ਸਵਾਰਨ ਜੋਗਾ ਨਹੀਂ ਸੀ,

ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥

(ਹੁਣ) ਗੁਰੂ ਦੀ ਕਿਰਪਾ ਨਾਲ (ਤੇਰਾ ਨਾਮ ਜਪਣ ਕਰਕੇ) ਉਸ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ ॥੩॥

ਸਾਧਸੰਗਿ ਮਨ ਸੋਵਤ ਜਾਗੇ ॥

ਹੇ ਮਨ! ਸਾਧ ਸੰਗਤਿ ਵਿਚ ਆ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਲੋਕ ਜਾਗ ਪੈਂਦੇ ਹਨ (ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦੇ ਹਨ, ਤੇ)

ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥

ਹੇ ਨਾਨਕ! (ਆਖ-) ਤਦੋਂ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ ॥੪॥੧੨॥੬੩॥


ਆਸਾ ਮਹਲਾ ੫ ॥
ਏਕੋ ਏਕੀ ਨੈਨ ਨਿਹਾਰਉ ॥

(ਹੇ ਭਾਈ! ਗੁਰੂ ਦੇ ਪ੍ਰਤਾਪ ਦਾ ਸਦਕਾ ਹੀ) ਮੈਂ ਹਰ ਥਾਂ ਪਰਮਾਤਮਾ ਨੂੰ ਹੀ ਵੱਸਦਾ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ,

ਸਦਾ ਸਦਾ ਹਰਿ ਨਾਮੁ ਸਮ੍ਰਾਰਉ ॥੧॥

ਤੇ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹਾਂ ॥੧॥

ਰਾਮ ਰਾਮਾ ਰਾਮਾ ਗੁਨ ਗਾਵਉ ॥

ਹੇ ਭਾਈ! ਮੈਂ ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਹਿੰਦਾ ਹਾਂ,

ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥

ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਗੁਰੂ ਦੀ ਸੰਗਤਿ ਵਿਚ ਰਹਿ ਕੇ ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ ॥੧॥ ਰਹਾਉ ॥

ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥

(ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਹੁਣ ਮੈਨੂੰ ਇਹ ਨਿਸਚਾ ਹੈ ਕਿ) ਜਿਸ (ਪਰਮਾਤਮਾ ਦੀ ਰਜ਼ਾ) ਦੇ ਧਾਗੇ ਵਿਚ ਸਾਰੇ ਪਦਾਰਥ ਪ੍ਰੋਤੇ ਹੋਏ ਹਨ,

ਘਟ ਘਟ ਅੰਤਰਿ ਰਵਿਆ ਸੋਈ ॥੨॥

ਉਹ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ ॥੨॥

ਓਪਤਿ ਪਰਲਉ ਖਿਨ ਮਹਿ ਕਰਤਾ ॥

(ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਸਦਕਾ ਹੁਣ ਮੈਂ ਜਾਣਦਾ ਹਾਂ ਕਿ) ਪਰਮਾਤਮਾ ਇਕ ਖਿਨ ਵਿਚ ਸਾਰੇ ਜਗਤ ਦੀ ਉਤਪੱਤੀ ਤੇ ਨਾਸ ਕਰ ਸਕਦਾ ਹੈ,

ਆਪਿ ਅਲੇਪਾ ਨਿਰਗੁਨੁ ਰਹਤਾ ॥੩॥

(ਸਾਰੇ ਜਗਤ ਵਿਚ ਵਿਆਪਕ ਹੁੰਦਾ ਹੋਇਆ ਭੀ) ਪ੍ਰਭੂ ਆਪ ਸਭ ਤੋਂ ਵੱਖਰਾ ਰਹਿੰਦਾ ਹੈ ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਅਛੋਹ ਰਹਿੰਦਾ ਹੈ ॥੩॥

ਕਰਨ ਕਰਾਵਨ ਅੰਤਰਜਾਮੀ ॥

(ਹੇ ਭਾਈ! ਗੁਰੂ ਦੇ ਪ੍ਰਤਾਪ ਦੀ ਬਰਕਤਿ ਨਾਲ ਮੈਨੂੰ ਇਹ ਯਕੀਨ ਬਣਿਆ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ (ਸਭ ਵਿਚ ਵਿਆਪਕ ਹੋ ਕੇ) ਸਭ ਕੁਝ ਕਰਨ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈ।

ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥

(ਇਤਨੇ ਖਲਜਗਨ ਵਾਲਾ ਹੁੰਦਾ ਹੋਇਆ ਭੀ) ਮੈਂ ਨਾਨਕ ਦਾ ਖਸਮ-ਪ੍ਰਭੂ ਸਦਾ ਪ੍ਰਸੰਨ ਰਹਿੰਦਾ ਹੈ ॥੪॥੧੩॥੬੪॥


ਆਸਾ ਮਹਲਾ ੫ ॥
ਕੋਟਿ ਜਨਮ ਕੇ ਰਹੇ ਭਵਾਰੇ ॥

(ਹੇ ਭਾਈ! ਜਿਨ੍ਹਾਂ ਨੂੰ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਹੋਈ, ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਗੇੜ ਮੁੱਕ ਗਏ,

ਦੁਲਭ ਦੇਹ ਜੀਤੀ ਨਹੀ ਹਾਰੇ ॥੧॥

ਉਹਨਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ, (ਉਹਨਾਂ ਮਾਇਆ ਦੇ ਹੱਥੋਂ) ਹਾਰ ਨਹੀਂ ਖਾਧੀ ॥੧॥

ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥

(ਹੇ ਭਾਈ! (ਉਹਨਾਂ ਦੇ ਸਾਰੇ) ਪਾਪ ਨਸ਼ਟ ਹੋ ਗਏ, ਦੁਖ ਕਲੇਸ਼ ਦੂਰ ਹੋ ਗਏ,

ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥

ਉਹ ਪਵਿਤ੍ਰ ਜੀਵਨ ਵਾਲੇ ਹੋ ਗਏ, ਜਿਨ੍ਹਾਂ ਵਡ-ਭਾਗੀ ਮਨੁੱਖਾਂ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਗਈ ॥੧॥ ਰਹਾਉ ॥

ਪ੍ਰਭ ਕੇ ਸੰਤ ਉਧਾਰਨ ਜੋਗ ॥

(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਸੰਤ ਜਨ ਹੋਰਨਾਂ ਨੂੰ ਭੀ ਵਿਕਾਰਾਂ ਤੋਂ ਬਚਾਣ ਦੀ ਸਮਰੱਥਾ ਰੱਖਦੇ ਹਨ,

ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥

ਪਰ ਸੰਤ ਜਨ ਮਿਲਦੇ ਸਿਰਫ਼ ਉਸ ਮਨੁੱਖ ਨੂੰ ਹੀ ਹਨ ਜਿਸ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੨॥

ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥

(ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਨੇ ਉਪਦੇਸ਼ ਦੇ ਦਿੱਤਾ ਉਸ ਦੇ ਮਨ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ।

ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥

(ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, ਉਸ ਦਾ ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਡੋਲਣੋਂ ਹਟ ਜਾਂਦਾ ਹੈ ॥੩॥

ਨਾਮੁ ਪਦਾਰਥੁ ਨਉ ਨਿਧਿ ਸਿਧਿ ॥

ਉਸ ਮਨੁੱਖ ਨੂੰ ਸਭ ਤੋਂ ਕੀਮਤੀ ਪਦਾਰਥ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ, ਮਾਨੋ, ਦੁਨੀਆ ਦੇ ਸਾਰੇ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਉਸ ਨੂੰ ਕਰਾਮਤੀ ਤਾਕਤਾਂ ਪ੍ਰਾਪਤ ਹੋ ਜਾਂਦੀਆਂ ਹਨ (ਭਾਵ, ਉਸ ਨੂੰ ਦੁਨੀਆ ਦੇ ਧਨ-ਪਦਾਰਥ ਅਤੇ ਰਿੱਧੀਆਂ ਸਿੱਧੀਆਂ ਦੀ ਲਾਲਸਾ ਨਹੀਂ ਰਹਿ ਜਾਂਦੀ),

ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥

ਹੇ ਨਾਨਕ! ਜਿਸ ਨੇ ਗੁਰੂ ਪਾਸੋਂ (ਸਹੀ ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ ॥੪॥੧੪॥੬੫॥


ਆਸਾ ਮਹਲਾ ੫ ॥
ਮਿਟੀ ਤਿਆਸ ਅਗਿਆਨ ਅੰਧੇਰੇ ॥

(ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਸੁਣਦੇ ਹਨ ਉਹਨਾਂ ਦੇ ਅੰਦਰੋਂ ਪਹਿਲੇ) ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਸਾਧ ਸੇਵਾ ਅਘ ਕਟੇ ਘਨੇਰੇ ॥੧॥

ਗੁਰੂ ਦੀ (ਦੱਸੀ) ਸੇਵਾ ਦੇ ਕਾਰਨ ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ ॥੧॥

ਸੂਖ ਸਹਜ ਆਨੰਦੁ ਘਨਾ ॥

(ਹੇ ਭਾਈ! ਉਹਨਾਂ ਮਨੁੱਖਾਂ ਨੂੰ ਬੜਾ ਸੁਖ ਅਨੰਦ ਪ੍ਰਾਪਤ ਹੁੰਦਾ ਹੈ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਬਣੀ ਰਹਿੰਦੀ ਹੈ,

ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥

ਗੁਰੂ ਦੀ ਦੱਸੀ (ਇਸ) ਸੇਵਾ ਦੀ ਬਰਕਤਿ ਨਾਲ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ, (ਜੇਹੜੇ ਮਨੁੱਖ) ਸਦਾ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ (ਸਿਫ਼ਤਿ-ਸਾਲਾਹ ਕਰਦੇ ਸੁਣਦੇ ਰਹਿੰਦੇ ਹਨ) ॥੧॥ ਰਹਾਉ ॥

ਬਿਨਸਿਓ ਮਨ ਕਾ ਮੂਰਖੁ ਢੀਠਾ ॥

(ਹੇ ਭਾਈ! ਹਰਿ-ਨਾਮ ਸੁਣਨ ਵਾਲਿਆਂ ਦੇ) ਮਨ ਦਾ ਮੂਰਖ-ਪੁਣਾ ਤੇ ਅਮੋੜ-ਪਨ ਨਾਸ ਹੋ ਜਾਂਦੇ ਹਨ।

ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥

ਉਹਨਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ (ਫਿਰ ਉਹ ਉਸ ਰਜ਼ਾ ਦੇ ਅੱਗੇ ਅੜਦੇ ਨਹੀਂ, ਜਿਵੇਂ ਪਹਿਲਾਂ ਮੂਰਖਪੁਣੇ ਕਾਰਨ ਅੜਦੇ ਸਨ) ॥੨॥

ਗੁਰ ਪੂਰੇ ਕੇ ਚਰਣ ਗਹੇ ॥

(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ,

ਕੋਟਿ ਜਨਮ ਕੇ ਪਾਪ ਲਹੇ ॥੩॥

ਉਹਨਾਂ ਦੇ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਪਾਪ ਲਹਿ ਜਾਂਦੇ ਹਨ ॥੩॥

ਰਤਨ ਜਨਮੁ ਇਹੁ ਸਫਲ ਭਇਆ ॥

ਉਹਨਾਂ ਮਨੁੱਖਾਂ ਦਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ,

ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥

ਨਾਨਕ ਆਖਦਾ ਹੈ- (ਜਿਨ੍ਹਾਂ ਉਤੇ) ਪਰਮਾਤਮਾ ਨੇ (ਆਪਣੇ ਨਾਮ ਦੀ ਦਾਤਿ ਦੀ) ਮੇਹਰ ਕੀਤੀ ॥੪॥੧੫॥੬੬॥


ਆਸਾ ਮਹਲਾ ੫ ॥
ਸਤਿਗੁਰੁ ਅਪਨਾ ਸਦ ਸਦਾ ਸਮ੍ਰਾਰੇ ॥

ਹੇ ਮਨ! ਆਪਣੇ ਸਤਿਗੁਰੂ ਨੂੰ ਸਦਾ ਹੀ (ਆਪਣੇ ਅੰਦਰ) ਸਾਂਭ ਰੱਖ।

ਗੁਰ ਕੇ ਚਰਨ ਕੇਸ ਸੰਗਿ ਝਾਰੇ ॥੧॥

(ਹੇ ਭਾਈ!) ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਨਾਲ ਝਾੜਿਆ ਕਰ (ਗੁਰੂ-ਦਰ ਤੇ ਨਿਮ੍ਰਤਾ ਨਾਲ ਪਿਆ ਰਹੁ) ॥੧॥

ਜਾਗੁ ਰੇ ਮਨ ਜਾਗਨਹਾਰੇ ॥

ਹੇ ਜਾਗਣ ਜੋਗੇ ਮਨ! (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋਹੁ।

ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਪਦਾਰਥ) ਤੇਰੇ ਕੰਮ ਨਹੀਂ ਆਵੇਗਾ, (ਪਰਵਾਰ ਦਾ) ਮੋਹ ਤੇ (ਮਾਇਆ ਦਾ) ਖਿਲਾਰਾ ਇਹ ਕੋਈ ਭੀ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੧॥ ਰਹਾਉ ॥

ਗੁਰ ਕੀ ਬਾਣੀ ਸਿਉ ਰੰਗੁ ਲਾਇ ॥

(ਹੇ ਭਾਈ!) ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ।

ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥੨॥

ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ॥੨॥

ਗੁਰ ਬਿਨੁ ਦੂਜਾ ਨਾਹੀ ਥਾਉ ॥

(ਹੇ ਭਾਈ!) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿਥੇ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਮਨ ਨੂੰ ਜਗਾਇਆ ਜਾ ਸਕੇ)।

ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥

ਗੁਰੂ (ਪਰਮਾਤਮਾ ਦਾ) ਨਾਮ ਬਖ਼ਸ਼ਦਾ ਹੈ, ਗੁਰੂ ਨਾਮ ਦੀ ਦਾਤਿ ਦੇਣ-ਜੋਗਾ ਹੈ (ਨਾਮ ਦੀ ਦਾਤਿ ਦੇ ਕੇ ਸੁੱਤੇ ਮਨ ਨੂੰ ਜਗਾ ਦੇਂਦਾ ਹੈ) ॥੩॥

ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥

(ਹੇ ਭਾਈ!) ਗੁਰੂ ਪਾਰਬ੍ਰਹਮ (ਦਾ ਰੂਪ) ਹੈ ਗੁਰੂ ਪਰਮੇਸਰ (ਦਾ ਰੂਪ) ਹੈ।

ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥

ਹੇ ਨਾਨਕ! (ਆਖ-) ਅੱਠੇ ਪਹਰ (ਹਰ ਵੇਲੇ) ਗੁਰੂ ਨੂੰ ਚੇਤੇ ਰੱਖ ॥੪॥੧੬॥੬੭॥


ਆਸਾ ਮਹਲਾ ੫ ॥
ਆਪੇ ਪੇਡੁ ਬਿਸਥਾਰੀ ਸਾਖ ॥

(ਹੇ ਭਾਈ! ਇਹ ਜਗਤ, ਮਾਨੋ ਇਕ ਵੱਡੇ ਖਿਲਾਰ ਵਾਲਾ ਰੁੱਖ ਹੈ) ਪਰਮਾਤਮਾ ਆਪ ਹੀ (ਇਸ ਜਗਤ-ਰੁੱਖ ਨੂੰ ਸਹਾਰਾ ਦੇਣ ਵਾਲਾ) ਵੱਡਾ ਤਨਾ ਹੈ (ਜਗਤ-ਪਸਾਰਾ ਉਸ ਰੁੱਖ ਦੀਆਂ) ਸ਼ਾਖ਼ਾਂ ਦਾ ਖਿਲਾਰ ਖਿਲਰਿਆ ਹੋਇਆ ਹੈ।

ਅਪਨੀ ਖੇਤੀ ਆਪੇ ਰਾਖ ॥੧॥

(ਹੇ ਭਾਈ! ਇਹ ਜਗਤ) ਪਰਮਾਤਮਾ ਦਾ (ਬੀਜਿਆ ਹੋਇਆ) ਫ਼ਸਲ ਹੈ, ਆਪ ਹੀ ਇਸ ਫ਼ਸਲ ਦਾ ਉਹ ਰਾਖਾ ਹੈ ॥੧॥

ਜਤ ਕਤ ਪੇਖਉ ਏਕੈ ਓਹੀ ॥

(ਹੇ ਭਾਈ!) ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਇਕ ਪਰਮਾਤਮਾ ਹੀ ਦਿੱਸਦਾ ਹੈ,

ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥

ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ ॥੧॥ ਰਹਾਉ ॥

ਆਪੇ ਸੂਰੁ ਕਿਰਣਿ ਬਿਸਥਾਰੁ ॥

(ਹੇ ਭਾਈ!) ਪਰਮਾਤਮਾ ਆਪ ਹੀ ਸੂਰਜ ਹੈ (ਤੇ ਇਹ ਜਗਤ, ਮਾਨੋ, ਉਸ ਦੀਆਂ) ਕਿਰਨਾਂ ਦਾ ਖਲਾਰਾ ਹੈ,

ਸੋਈ ਗੁਪਤੁ ਸੋਈ ਆਕਾਰੁ ॥੨॥

ਉਹ ਆਪ ਹੀ ਅਦ੍ਰਿਸ਼ਟ (ਰੂਪ ਵਿਚ) ਹੈ ਤੇ ਆਪ ਹੀ ਇਹ ਦਿੱਸਦਾ ਪਸਾਰਾ ਹੈ ॥੨॥

ਸਰਗੁਣ ਨਿਰਗੁਣ ਥਾਪੈ ਨਾਉ ॥

(ਹੇ ਭਾਈ! ਆਪਣੇ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਰੂਪਾਂ ਦਾ) ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਹੈ।

ਦੁਹ ਮਿਲਿ ਏਕੈ ਕੀਨੋ ਠਾਉ ॥੩॥

(ਦੋਹਾਂ ਵਿਚ ਫ਼ਰਕ ਨਾਮ-ਮਾਤ੍ਰ ਹੀ ਹੈ, ਕਹਿਣ ਨੂੰ ਹੀ ਹੈ), ਇਹਨਾਂ ਦੋਹਾਂ (ਰੂਪਾਂ) ਨੇ ਮਿਲ ਕੇ ਇਕ ਪਰਮਾਤਮਾ ਵਿਚ ਹੀ ਟਿਕਾਣਾ ਬਣਾਇਆ ਹੋਇਆ ਹੈ (ਇਹਨਾਂ ਦੋਹਾਂ ਦਾ ਟਿਕਾਣਾ ਪਰਮਾਤਮਾ ਆਪ ਹੀ ਹੈ) ॥੩॥

ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥

ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ) ਭਟਕਣਾ ਤੇ ਡਰ ਦੂਰ ਕਰ ਦਿੱਤਾ,

ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥

ਉਸ ਨੇ ਹਰ ਥਾਂ ਉਸ ਪਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ ਜੋ ਸਦਾ ਹੀ ਆਨੰਦ ਵਿਚ ਰਹਿੰਦਾ ਹੈ ॥੪॥੧੭॥੬੮॥


ਆਸਾ ਮਹਲਾ ੫ ॥
ਉਕਤਿ ਸਿਆਨਪ ਕਿਛੂ ਨ ਜਾਨਾ ॥

ਹੇ ਪ੍ਰਭੂ! ਮੈਂ ਕੋਈ ਦਲੀਲ (ਦੇਣੀ) ਨਹੀਂ ਜਾਣਦਾ ਮੈਂ ਕੋਈ ਸਿਆਣਪ (ਦੀ ਗੱਲ ਕਰਨੀ) ਨਹੀਂ ਜਾਣਦਾ,

ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥੧॥

(ਜਿਸ ਨਾਲ ਮੈਂ ਤੈਨੂੰ ਖ਼ੁਸ਼ ਕਰ ਸਕਾਂ, ਪਰ ਤੇਰੀ ਹੀ ਮੇਹਰ ਨਾਲ) ਮੈਂ ਦਿਨ ਰਾਤ ਤੇਰਾ (ਹੀ) ਨਾਮ ਉਚਾਰਦਾ ਹਾਂ ॥੧॥

ਮੈ ਨਿਰਗੁਨ ਗੁਣੁ ਨਾਹੀ ਕੋਇ ॥

ਹੇ ਪ੍ਰਭੂ! ਮੈਂ ਗੁਣ-ਹੀਣ ਹਾਂ, ਮੇਰੇ ਵਿਚ ਕੋਈ ਗੁਣ ਨਹੀਂ (ਜਿਸ ਦੇ ਆਸਰੇ ਮੈਂ ਤੈਨੂੰ ਪ੍ਰਸੰਨ ਕਰਨ ਦੀ ਆਸ ਕਰ ਸਕਾਂ, ਪਰ)

ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥

ਹੇ ਪ੍ਰਭੂ ਉਹ ਤੂੰ ਹੀ ਹੈਂ ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ ਤੇ (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ ਹੈਂ (ਮੈਨੂੰ ਭੀ ਆਪ ਹੀ ਆਪਣੇ ਚਰਨਾਂ ਵਿਚ ਜੋੜੀ ਰੱਖ) ॥੧॥ ਰਹਾਉ ॥

ਮੂਰਖ ਮੁਗਧ ਅਗਿਆਨ ਅਵੀਚਾਰੀ ॥

ਹੇ ਪ੍ਰਭੂ! ਮੈਂ ਮੂਰਖ ਹਾਂ, ਮੈਂ ਮਤਿ-ਹੀਣ ਹਾਂ, ਮੈਂ ਗਿਆਨ-ਹੀਣ ਹਾਂ, ਮੈਂ ਬੇ-ਸਮਝ ਹਾਂ (ਪਰ ਤੂੰ ਆਪਣੇ ਬਿਰਦ ਦੀ ਲਾਜ ਰੱਖਣ ਵਾਲਾ ਹੈਂ),

ਨਾਮ ਤੇਰੇ ਕੀ ਆਸ ਮਨਿ ਧਾਰੀ ॥੨॥

ਮੈਂ ਤੇਰੇ (ਬਿਰਦ-ਪਾਲ) ਨਾਮ ਦੀ ਆਸ ਮਨ ਵਿਚ ਰੱਖੀ ਹੋਈ ਹੈ (ਕਿ ਤੂੰ ਸਰਨ-ਆਏ ਦੀ ਲਾਜ ਰੱਖੇਂਗਾ) ॥੨॥

ਜਪੁ ਤਪੁ ਸੰਜਮੁ ਕਰਮ ਨ ਸਾਧਾ ॥

ਹੇ ਭਾਈ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ (ਮੈਨੂੰ ਕਿਸੇ ਜਪ ਤਪ ਸੰਜਮ ਦਾ ਸਹਾਰਾ ਨਹੀਂ, ਮਾਣ ਨਹੀਂ)

ਨਾਮੁ ਪ੍ਰਭੂ ਕਾ ਮਨਹਿ ਅਰਾਧਾ ॥੩॥

ਮੈਂ ਤਾਂ ਪਰਮਾਤਮਾ ਦਾ ਨਾਮ ਹੀ ਆਪਣੇ ਮਨ ਵਿਚ ਯਾਦ ਕਰਦਾ ਰਹਿੰਦਾ ਹਾਂ ॥੩॥

ਕਿਛੂ ਨ ਜਾਨਾ ਮਤਿ ਮੇਰੀ ਥੋਰੀ ॥

ਹੇ ਪ੍ਰਭੂ! (ਕੋਈ ਉਕਤਿ, ਕੋਈ ਸਿਆਣਪ, ਕੋਈ ਜਪ, ਕੋਈ ਤਪ, ਕੋਈ ਸੰਜਮ) ਕੁਝ ਭੀ ਕਰਨਾ ਨਹੀਂ ਜਾਣਦਾ, ਮੇਰੀ ਅਕਲ ਬਹੁਤ ਮਾੜੀ ਜਿਹੀ ਹੈ।

ਬਿਨਵਤਿ ਨਾਨਕ ਓਟ ਪ੍ਰਭ ਤੋਰੀ ॥੪॥੧੮॥੬੯॥

ਨਾਨਕ ਬੇਨਤੀ ਕਰਦਾ ਹੈ- ਮੈਂ ਸਿਰਫ਼ ਤੇਰਾ ਹੀ ਆਸਰਾ ਲਿਆ ਹੈ ॥੪॥੧੮॥੬੯॥


ਆਸਾ ਮਹਲਾ ੫ ॥
ਹਰਿ ਹਰਿ ਅਖਰ ਦੁਇ ਇਹ ਮਾਲਾ ॥

(ਹੇ ਭਾਈ! ਮੇਰੇ ਪਾਸ ਤਾਂ) ‘ਹਰਿ ਹਰਿ’-ਇਹ ਦੋ ਲਫ਼ਜ਼ਾਂ ਦੀ ਮਾਲਾ ਹੈ,

ਜਪਤ ਜਪਤ ਭਏ ਦੀਨ ਦਇਆਲਾ ॥੧॥

ਇਸ ਹਰਿ-ਨਾਮ-ਮਾਲਾ ਨੂੰ ਜਪਦਿਆਂ ਜਪਦਿਆਂ ਕੰਗਾਲਾਂ ਉੱਤੇ ਭੀ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ॥੧॥

ਕਰਉ ਬੇਨਤੀ ਸਤਿਗੁਰ ਅਪੁਨੀ ॥

ਹੇ ਸਤਿਗੁਰੂ! ਮੈਂ ਤੇਰੇ ਅੱਗੇ ਆਪਣੀ ਇਹ ਅਰਜ਼ ਕਰਦਾ ਹਾਂ,

ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥੧॥ ਰਹਾਉ ॥

ਕਿ ਕਿਰਪਾ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖ ਤੇ ਮੈਨੂੰ ‘ਹਰਿ ਹਰਿ’ ਨਾਮ ਦੀ ਮਾਲਾ ਦੇਹ ॥੧॥ ਰਹਾਉ ॥

ਹਰਿ ਮਾਲਾ ਉਰ ਅੰਤਰਿ ਧਾਰੈ ॥

ਜੇਹੜਾ ਮਨੁੱਖ ਹਰਿ-ਨਾਮ ਦੀ ਮਾਲਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਦਾ ਹੈ,

ਜਨਮ ਮਰਣ ਕਾ ਦੂਖੁ ਨਿਵਾਰੈ ॥੨॥

ਉਹ ਆਪਣੇ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਕਰ ਲੈਂਦਾ ਹੈ ॥੨॥

ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥

ਜੇਹੜਾ ਮਨੁੱਖ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ ਤੇ ਮੂੰਹ ਨਾਲ ਹਰਿ-ਹਰਿ ਨਾਮ ਉਚਾਰਦਾ ਰਹਿੰਦਾ ਹੈ,

ਸੋ ਜਨੁ ਇਤ ਉਤ ਕਤਹਿ ਨ ਡੋਲੈ ॥੩॥

ਉਹ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ ਕਿਤੇ ਭੀ (ਕਿਸੇ ਗੱਲੇ ਭੀ) ਨਹੀਂ ਡੋਲਦਾ ॥੩॥

ਕਹੁ ਨਾਨਕ ਜੋ ਰਾਚੈ ਨਾਇ ॥

ਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ,

ਹਰਿ ਮਾਲਾ ਤਾ ਕੈ ਸੰਗਿ ਜਾਇ ॥੪॥੧੯॥੭੦॥

ਹਰਿ-ਨਾਮ ਦੀ ਮਾਲਾ ਉਸ ਦੇ ਨਾਲ (ਪਰਲੋਕ ਵਿਚ ਭੀ) ਜਾਂਦੀ ਹੈ ॥੪॥੧੯॥੭੦॥


ਆਸਾ ਮਹਲਾ ੫ ॥
ਜਿਸ ਕਾ ਸਭੁ ਕਿਛੁ ਤਿਸ ਕਾ ਹੋਇ ॥

(ਹੇ ਭਾਈ! ਜੇਹੜਾ ਮਨੁੱਖ) ਉਸ ਪਰਮਾਤਮਾ ਦਾ (ਸੇਵਕ) ਬਣਿਆ ਰਹਿੰਦਾ ਹੈ ਜਿਸ ਦਾ ਇਹ ਸਾਰਾ ਜਗਤ ਰਚਿਆ ਹੋਇਆ ਹੈ,

ਤਿਸੁ ਜਨ ਲੇਪੁ ਨ ਬਿਆਪੈ ਕੋਇ ॥੧॥

ਉਸ ਮਨੁੱਖ ਉਤੇ ਮਾਇਆ ਦਾ ਕਿਸੇ ਤਰ੍ਹਾਂ ਦਾ ਭੀ ਪ੍ਰਭਾਵ ਨਹੀਂ ਪੈ ਸਕਦਾ ॥੧॥

ਹਰਿ ਕਾ ਸੇਵਕੁ ਸਦ ਹੀ ਮੁਕਤਾ ॥

(ਹੇ ਭਾਈ!) ਪਰਮਾਤਮਾ ਦਾ ਭਗਤ ਸਦਾ ਹੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਆਜ਼ਾਦ ਰਹਿੰਦਾ ਹੈ,

ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥

ਪਰਮਾਤਮਾ ਜੋ ਕੁਝ ਕਰਦਾ ਹੈ ਸੇਵਕ ਨੂੰ ਉਹ ਸਦਾ ਭਲਾਈ ਹੀ ਭਲਾਈ ਪ੍ਰਤੀਤ ਹੁੰਦੀ ਹੈ, ਸੇਵਕ ਦੀ ਜੀਵਨ-ਰਹਿਤ ਬਹੁਤ ਹੀ ਪਵਿਤ੍ਰ ਹੁੰਦੀ ਹੈ ॥੧॥ ਰਹਾਉ ॥

ਸਗਲ ਤਿਆਗਿ ਹਰਿ ਸਰਣੀ ਆਇਆ ॥

(ਹੇ ਭਾਈ! ਜੇਹੜਾ ਮਨੁੱਖ ਹੋਰ) ਸਾਰੇ (ਆਸਰੇ) ਛੱਡ ਕੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ,

ਤਿਸੁ ਜਨ ਕਹਾ ਬਿਆਪੈ ਮਾਇਆ ॥੨॥

ਮਾਇਆ ਉਸ ਮਨੁੱਖ ਉਤੇ ਕਦੇ ਭੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੨॥

ਨਾਮੁ ਨਿਧਾਨੁ ਜਾ ਕੇ ਮਨ ਮਾਹਿ ॥

(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਟਿਕਿਆ ਰਹਿੰਦਾ ਹੈ,

ਤਿਸ ਕਉ ਚਿੰਤਾ ਸੁਪਨੈ ਨਾਹਿ ॥੩॥

ਉਸ ਨੂੰ ਕਦੇ ਭੀ ਕੋਈ ਚਿੰਤਾ ਪੋਹ ਨਹੀਂ ਸਕਦੀ ॥੩॥

ਕਹੁ ਨਾਨਕ ਗੁਰੁ ਪੂਰਾ ਪਾਇਆ ॥

ਨਾਨਕ ਆਖਦਾ ਹੈ- ਜੇਹੜਾ ਮਨੁੱਖ ਪੂਰਾ ਗੁਰੂ ਲੱਭ ਲੈਂਦਾ ਹੈ,

ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥

ਉਸ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੂਰ ਹੋ ਜਾਂਦੀ ਹੈ (ਉਸ ਦੇ ਮਨ ਵਿਚੋਂ ਮਾਇਆ ਦਾ) ਸਾਰਾ ਮੋਹ ਦੂਰ ਹੋ ਜਾਂਦਾ ਹੈ ॥੪॥੨੦॥੭੧॥


ਆਸਾ ਮਹਲਾ ੫ ॥
ਜਉ ਸੁਪ੍ਰਸੰਨ ਹੋਇਓ ਪ੍ਰਭੁ ਮੇਰਾ ॥

(ਹੇ ਭਾਈ!) ਜਦੋਂ ਮੇਰਾ ਪ੍ਰਭੂ (ਕਿਸੇ ਮਨੁੱਖ ਉਤੇ) ਬਹੁਤ ਪ੍ਰਸੰਨ ਹੁੰਦਾ ਹੈ,

ਤਾਂ ਦੂਖੁ ਭਰਮੁ ਕਹੁ ਕੈਸੇ ਨੇਰਾ ॥੧॥

ਤਦੋਂ ਦੱਸੋ, ਕੋਈ ਦੁਖ ਭਰਮ ਉਸ ਮਨੁੱਖ ਦੇ ਨੇੜੇ ਕਿਵੇਂ ਆ ਸਕਦਾ ਹੈ? ॥੧॥

ਸੁਨਿ ਸੁਨਿ ਜੀਵਾ ਸੋਇ ਤੁਮ੍ਰਾਰੀ॥

(ਹੇ ਮੇਰੇ ਪ੍ਰਭੂ)! ਤੇਰੀ ਸੋਭਾ (-ਵਡਿਆਈ) ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।

ਮੋਹਿ ਨਿਰਗੁਨ ਕਉ ਲੇਹੁ ਉਧਾਰੀ ॥੧॥ ਰਹਾਉ ॥

(ਹੇ ਮੇਰੇ ਪ੍ਰਭੂ! ਮੇਹਰ ਕਰ) ਮੈਨੂੰ ਗੁਣ-ਹੀਨ ਨੂੰ (ਦੁੱਖਾਂ-ਭਰਮਾਂ ਤੋਂ) ਬਚਾਈ ਰੱਖ ॥੧॥ ਰਹਾਉ ॥

ਮਿਟਿ ਗਇਆ ਦੂਖੁ ਬਿਸਾਰੀ ਚਿੰਤਾ ॥

(ਹੇ ਭਾਈ! ਮੇਰੇ) ਅੰਦਰੋਂ ਹਰੇਕ ਕਿਸਮ ਦਾ ਦੁਖ ਦੂਰ ਹੋ ਗਿਆ ਹੈ, ਮੈਂ (ਹਰੇਕ ਕਿਸਮ ਦੀ) ਚਿੰਤਾ ਭੁਲਾ ਦਿੱਤੀ ਹੈ

ਫਲੁ ਪਾਇਆ ਜਪਿ ਸਤਿਗੁਰ ਮੰਤਾ ॥੨॥

ਸਤਿਗੁਰੂ ਦੀ ਬਾਣੀ ਜਪ ਕੇ ਮੈਂ ਇਹ ਫਲ ਪ੍ਰਾਪਤ ਕਰ ਲਿਆ ਹੈ ॥੨॥

ਸੋਈ ਸਤਿ ਸਤਿ ਹੈ ਸੋਇ ॥

(ਹੇ ਭਾਈ!) ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ ਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ,

ਸਿਮਰਿ ਸਿਮਰਿ ਰਖੁ ਕੰਠਿ ਪਰੋਇ ॥੩॥

ਉਸ ਨੂੰ ਸਦਾ ਸਿਮਰਦਾ ਰਹੁ ਉਸ (ਦੇ ਨਾਮ) ਨੂੰ ਆਪਣੇ ਗਲੇ ਵਿਚ ਪ੍ਰੋ ਕੇ ਰੱਖ (ਜਿਵੇਂ ਫੁੱਲਾਂ ਦਾ ਹਾਰ ਪ੍ਰੋ ਕੇ ਗਲ ਵਿਚ ਪਾਈਦਾ ਹੈ) ॥੩॥

ਕਹੁ ਨਾਨਕ ਕਉਨ ਉਹ ਕਰਮਾ ॥

ਨਾਨਕ ਆਖਦਾ ਹੈ- (ਉਸ ਮਨੁੱਖ ਲਈ) ਹੋਰ ਉਹ ਕੇਹੜਾ (ਮਿਥਿਆ ਹੋਇਆ ਧਾਰਮਿਕ) ਕੰਮ (ਰਹਿ ਜਾਂਦਾ ਹੈ ਜੇਹੜਾ ਉਸ ਨੂੰ ਕਰਨਾ ਚਾਹੀਦਾ ਹੈ),

ਜਾ ਕੈ ਮਨਿ ਵਸਿਆ ਹਰਿ ਨਾਮਾ ॥੪॥੨੧॥੭੨॥

ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸੇ ॥੪॥੨੧॥੭੨॥


ਆਸਾ ਮਹਲਾ ੫ ॥
ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ ॥

(ਹੇ ਭਾਈ! ਮਾਇਆ-ਗ੍ਰਸੇ ਜੀਵ) ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ (ਫਸ ਕੇ) ਖ਼ੁਆਰ ਹੁੰਦੇ ਰਹਿੰਦੇ ਹਨ।

ਹਰਿ ਸਿਮਰਨੁ ਕਰਿ ਹਰਿ ਜਨ ਛੂਟੇ ॥੧॥

ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ (ਕਾਮ ਕ੍ਰੋਧ ਅਹੰਕਾਰ ਆਦਿਕ ਤੋਂ) ਬਚੇ ਰਹਿੰਦੇ ਹਨ ॥੧॥

ਸੋਇ ਰਹੇ ਮਾਇਆ ਮਦ ਮਾਤੇ ॥

(ਹੇ ਭਾਈ! ਮਾਇਆ ਵੇੜ੍ਹੇ ਜੀਵ) ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ (ਆਤਮਕ ਜੀਵਨ ਵਲੋਂ) ਸੁੱਤੇ ਰਹਿੰਦੇ ਹਨ (ਬੇ-ਪਰਵਾਹ ਟਿਕੇ ਰਹਿੰਦੇ ਹਨ)।

ਜਾਗਤ ਭਗਤ ਸਿਮਰਤ ਹਰਿ ਰਾਤੇ ॥੧॥ ਰਹਾਉ ॥

ਪਰ ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦੇ ਹੋਏ (ਹਰਿ-ਨਾਮ-ਰੰਗ ਵਿਚ) ਰੰਗੀਜ ਕੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ ॥੧॥ ਰਹਾਉ ॥

ਮੋਹ ਭਰਮਿ ਬਹੁ ਜੋਨਿ ਭਵਾਇਆ ॥

(ਹੇ ਭਾਈ! ਮਾਇਆ ਦੇ) ਮੋਹ ਦੀ ਭਟਕਣਾ ਵਿਚ ਪੈ ਕੇ ਮਨੁੱਖ ਅਨੇਕਾਂ ਜੂਨਾਂ ਵਿਚ ਭਵਾਏ ਜਾਂਦੇ ਹਨ,

ਅਸਥਿਰੁ ਭਗਤ ਹਰਿ ਚਰਣ ਧਿਆਇਆ ॥੨॥

ਪਰ ਭਗਤ ਜਨ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦੇ ਹਨ ਉਹ (ਜਨਮ ਮਰਨ ਦੇ ਗੇੜ ਵਲੋਂ) ਅਡੋਲ ਰਹਿੰਦੇ ਹਨ ॥੨॥

ਬੰਧਨ ਅੰਧ ਕੂਪ ਗ੍ਰਿਹ ਮੇਰਾ ॥

(ਹੇ ਭਾਈ!) ਇਹ ਘਰ ਮੇਰਾ ਹੈ, ਇਹ ਘਰ ਮੇਰਾ ਹੈ-ਇਸ ਮੋਹ ਦੇ ਅੰਨ੍ਹੇ ਖੂਹ ਦੇ ਬੰਧਨਾਂ ਤੋਂ-

ਮੁਕਤੇ ਸੰਤ ਬੁਝਹਿ ਹਰਿ ਨੇਰਾ ॥੩॥

ਉਹ ਸੰਤ ਜਨ ਆਜ਼ਾਦ ਰਹਿੰਦੇ ਹਨ ਜੇਹੜੇ ਪਰਮਾਤਮਾ ਨੂੰ (ਹਰ ਵੇਲੇ) ਆਪਣੇ ਨੇੜੇ ਵੱਸਦਾ ਸਮਝਦੇ ਹਨ ॥੩॥

ਕਹੁ ਨਾਨਕ ਜੋ ਪ੍ਰਭ ਸਰਣਾਈ ॥

ਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ,

ਈਹਾ ਸੁਖੁ ਆਗੈ ਗਤਿ ਪਾਈ ॥੪॥੨੨॥੭੩॥

ਉਹ ਇਸ ਲੋਕ ਵਿਚ ਆਤਮਕ ਆਨੰਦ ਮਾਣਦਾ ਹੈ, ਪਰਲੋਕ ਵਿਚ ਭੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰੀ ਰੱਖਦਾ ਹੈ ॥੪॥੨੨॥੭੩॥


ਆਸਾ ਮਹਲਾ ੫ ॥
ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥

ਹੇ ਮਾਲਕ-ਪ੍ਰਭੂ! ਤੂੰ ਮੇਰਾ ਦਰੀਆ ਹੈਂ! ਮੈਂ ਤੇਰੀ ਮੱਛੀ ਹਾਂ (ਮੱਛੀ ਵਾਂਗ ਮੈਂ ਜਿਤਨਾ ਚਿਰ ਤੇਰੇ ਵਿਚ ਟਿਕਿਆ ਰਹਿੰਦਾ ਹਾਂ ਉਤਨਾ ਚਿਰ ਮੈਨੂੰ ਆਤਮਕ ਜੀਵਨ ਮਿਲਿਆ ਰਹਿੰਦਾ ਹੈ)।

ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥

ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰੇ ਦਰ ਤੇ (ਆ ਡਿੱਗਾ) ਹਾਂ ॥੧॥

ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥

ਹੇ ਪ੍ਰਭੂ! ਤੂੰ ਮੇਰਾ ਪੈਦਾ ਕਰਨ ਵਾਲਾ ਹੈਂ, ਮੈਂ ਤੇਰਾ ਦਾਸ ਹਾਂ।

ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥

ਹੇ ਸਾਰੇ ਗੁਣਾਂ ਦੇ ਡੂੰਘੇ ਸਮੁੰਦਰ ਪ੍ਰਭੂ! ਮੈਂ ਤੇਰੀ ਸਰਨ ਫੜੀ ਹੈ ॥੧॥ ਰਹਾਉ ॥

ਤੂ ਮੇਰਾ ਜੀਵਨੁ ਤੂ ਆਧਾਰੁ ॥

ਹੇ ਪ੍ਰਭੂ! ਤੂੰ ਹੀ ਮੇਰੀ ਜ਼ਿੰਦਗੀ (ਦਾ ਮੂਲ) ਹੈਂ ਤੂੰ ਹੀ ਮੇਰਾ ਆਸਰਾ ਹੈਂ,

ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥

ਤੈਨੂੰ ਵੇਖ ਕੇ (ਮੇਰਾ ਹਿਰਦਾ ਇਉਂ) ਖਿੜਦਾ ਹੈ (ਜਿਵੇਂ) ਕੌਲ-ਫੁੱਲ (ਸੂਰਜ ਨੂੰ ਵੇਖ ਕੇ ਖਿੜਦਾ ਹੈ) ॥੨॥

ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥

ਹੇ ਪ੍ਰਭੂ! ਤੂੰ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ (ਲੋਕ ਪਰਲੋਕ ਦੀ) ਇੱਜ਼ਤ (ਦਾ ਰਾਖਾ) ਹੈਂ, (ਜੋ ਕੁਝ) ਤੂੰ (ਕਰਦਾ ਹੈਂ ਉਹ) ਮੈਂ ਖਿੜੇ-ਮੱਥੇ ਮੰਨਦਾ ਹਾਂ।

ਤੂ ਸਮਰਥੁ ਮੈ ਤੇਰਾ ਤਾਣੁ ॥੩॥

ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ ॥੩॥

ਅਨਦਿਨੁ ਜਪਉ ਨਾਮ ਗੁਣਤਾਸਿ ॥

ਹੇ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ! ਮੈਂ ਸਦਾ ਹਰ ਵੇਲੇ ਤੇਰਾ ਨਾਮ ਹੀ ਜਪਦਾ ਰਹਾਂ,

ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥

(ਮੇਹਰ ਕਰ) ਨਾਨਕ ਦੀ ਤੇਰੇ ਪਾਸ ਇਹ ਬੇਨਤੀ ਹੈ ॥੪॥੨੩॥੭੪॥


ਆਸਾ ਮਹਲਾ ੫ ॥
ਰੋਵਨਹਾਰੈ ਝੂਠੁ ਕਮਾਨਾ ॥

(ਹੇ ਭਾਈ! ਜਿੱਥੇ ਕੋਈ ਮਰਦਾ ਹੈ ਤੇ ਉਸ ਨੂੰ ਕੋਈ ਸੰਬੰਧੀ ਰੋਂਦਾ ਹੈ ਉਹ) ਰੋਣ ਵਾਲਾ ਭੀ (ਆਪਣੇ ਦੁੱਖਾਂ ਨੂੰ ਰੋਂਦਾ ਹੈ ਤੇ ਇਸ ਤਰ੍ਹਾਂ) ਝੂਠਾ ਰੋਣ ਹੀ ਰੋਂਦਾ ਹੈ।

ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥

ਜੇਹੜਾ ਕੋਈ ਓਪਰਾ ਮਨੁੱਖ (ਉਸ ਦੇ ਮਰਨ ਤੇ ਅਫ਼ਸੋਸ ਕਰਨ ਆਉਂਦਾ ਹੈ ਉਹ) ਹੱਸ ਹੱਸ ਕੇ ਅਫ਼ਸੋਸ ਕਰਦਾ ਹੈ ॥੧॥

ਕੋ ਮੂਆ ਕਾ ਕੈ ਘਰਿ ਗਾਵਨੁ ॥

(ਹੇ ਭਾਈ!) ਜਗਤ ਵਿਚ ਸੁਖ ਦੁਖ ਦਾ ਚੱਕਰ ਚਲਦਾ ਹੀ ਰਹਿੰਦਾ ਹੈ, ਜਿੱਥੇ ਕੋਈ ਮਰਦਾ ਹੈ (ਉੱਥੇ ਰੋਣ-ਪਿੱਟਣ ਹੋ ਰਿਹਾ ਹੈ), ਤੇ ਕਿਸੇ ਦੇ ਘਰ ਵਿਚ (ਕਿਸੇ ਖ਼ੁਸ਼ੀ ਆਦਿਕ ਦੇ ਕਾਰਨ) ਗਾਉਣ ਹੋ ਰਿਹਾ ਹੈ।

ਕੋ ਰੋਵੈ ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥

ਕੋਈ ਰੋਂਦਾ ਹੈ ਕੋਈ ਹੱਸ ਹੱਸ ਪੈਂਦਾ ਹੈ ॥੧॥ ਰਹਾਉ ॥

ਬਾਲ ਬਿਵਸਥਾ ਤੇ ਬਿਰਧਾਨਾ ॥

ਬਾਲ ਉਮਰ ਤੋਂ ਲੈ ਕੇ ਬੁੱਢਾ ਹੋਣ ਤਕ-

ਪਹੁਚਿ ਨ ਮੂਕਾ ਫਿਰਿ ਪਛੁਤਾਨਾ ॥੨॥

(ਮਨੁੱਖ ਅਗਾਂਹ ਅਗਾਂਹ ਆਉਣ ਵਾਲੀ ਉਮਰ ਵਿਚ ਸੁਖ ਦੀ ਆਸ ਧਾਰਦਾ ਹੈ, ਪਰ ਅਗਲੀ ਅਵਸਥਾ ਤੇ) ਮਸਾਂ ਪਹੁੰਚਦਾ ਹੀ ਹੈ (ਕਿ ਉਥੇ ਹੀ ਦੁੱਖ ਭੀ ਵੇਖ ਕੇ ਸੁਖ ਦੀ ਆਸ ਲਾਹ ਬੈਠਦਾ ਹੈ, ਤੇ) ਫਿਰ ਪਛਤਾਂਦਾ ਹੈ (ਕਿ ਆਸਾਂ ਐਵੇਂ ਹੀ ਬਣਾਂਦਾ ਰਿਹਾ) ॥੨॥

ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥

(ਹੇ ਭਾਈ!) ਜਗਤ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿਚ ਹੀ ਦੌੜ-ਭੱਜ ਕਰ ਰਿਹਾ ਹੈ,

ਨਰਕ ਸੁਰਗ ਫਿਰਿ ਫਿਰਿ ਅਉਤਾਰਾ ॥੩॥

ਤੇ ਮੁੜ ਮੁੜ (ਕਦੇ) ਨਰਕਾਂ (ਦੁੱਖਾਂ) ਵਿਚ (ਕਦੇ) ਸੁਰਗ (ਸੁਖਾਂ) ਵਿਚ ਪੈਂਦਾ ਹੈ (ਕਦੇ ਸੁਖ ਮਾਣਦਾ ਹੈ ਕਦੇ ਦੁੱਖ ਭੋਗਦਾ ਹੈ) ॥੩॥

ਕਹੁ ਨਾਨਕ ਜੋ ਲਾਇਆ ਨਾਮ ॥

ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਵਿਚ ਜੋੜਦਾ ਹੈ,

ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥

ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ ॥੪॥੨੪॥੭੫॥


ਆਸਾ ਮਹਲਾ ੫ ॥
ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥

ਹੇ ਸਖੀ! (ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ (ਆਤਮਕ ਜੀਵਨ ਵਲੋਂ ਬੇ-ਪਰਵਾਹ ਟਿਕੀ ਰਹਿੰਦੀ ਹੈ) ਉਹ ਪ੍ਰਭੂ (ਦੇ ਮਿਲਾਪ) ਦੀ ਕਿਸੇ ਸਿੱਖਿਆ ਨੂੰ ਨਹੀਂ ਸਮਝਦੀ।

ਭੋਰੁ ਭਇਆ ਬਹੁਰਿ ਪਛੁਤਾਨੀ ॥੧॥

ਪਰ ਜਦੋਂ ਦਿਨ ਚੜ੍ਹ ਆਉਂਦਾ ਹੈ (ਜ਼ਿੰਦਗੀ ਦੀ ਰਾਤ ਮੁੱਕ ਕੇ ਮੌਤ ਦਾ ਸਮਾ ਆ ਜਾਂਦਾ ਹੈ) ਤਦੋਂ ਉਹ ਪਛੁਤਾਂਦੀ ਹੈ ॥੧॥

ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥

ਹੇ ਸਖੀ! ਪਿਆਰੇ (ਪ੍ਰਭੂ) ਦੇ ਪ੍ਰੇਮ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਆਪਣੇ ਮਨ ਵਿਚ (ਉਸ ਦੇ ਦਰਸਨ ਦੀ ਤਾਂਘ ਦਾ) ਆਨੰਦ ਟਿਕਾਈ ਰੱਖਦੀ ਹਾਂ।

ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ ॥

ਹੇ ਸਖੀ! (ਮੇਰੇ ਅੰਦਰ ਹਰ ਵੇਲੇ) ਪ੍ਰਭੂ ਦੇ ਮਿਲਾਪ ਦੀ ਤਾਂਘ ਬਣੀ ਰਹਿੰਦੀ ਹੈ, ਇਸ ਵਾਸਤੇ (ਉਸ ਨੂੰ ਯਾਦ ਰੱਖਣ ਵਲੋਂ) ਮੈਂ ਕਦੇ ਭੀ ਆਲਸ ਨਹੀਂ ਕਰ ਸਕਦੀ ॥੧॥ ਰਹਾਉ ॥

ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥

ਹੇ ਸਖੀ! (ਮਨੁੱਖਾ ਜਨਮ ਦੇ ਕੇ ਪਰਮਾਤਮਾ ਨੇ) ਸਾਡੇ ਹੱਥਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲਿਆ ਕੇ ਪਾਇਆ ਸੀ (ਸਾਨੂੰ ਨਾਮ-ਅੰਮ੍ਰਿਤ ਪੀਣ ਦਾ ਮੌਕਾ ਦਿੱਤਾ ਸੀ।

ਖਿਸਰਿ ਗਇਓ ਭੂਮ ਪਰਿ ਡਾਰਿਓ ॥੨॥

ਪਰ ਜੇਹੜੀ ਜੀਵ-ਇਸਤ੍ਰੀ ਸਾਰੀ ਉਮਰ ਮੋਹ ਦੀ ਨੀਂਦ ਵਿਚ ਸੁੱਤੀ ਰਹਿੰਦੀ ਹੈ, ਉਸ ਦੇ ਹੱਥਾਂ ਵਿਚ ਉਹ ਅੰਮ੍ਰਿਤ) ਤਿਲਕ ਜਾਂਦਾ ਹੈ ਤੇ ਮਿੱਟੀ ਵਿਚ ਜਾ ਰਲਦਾ ਹੈ ॥੨॥

ਸਾਦਿ ਮੋਹਿ ਲਾਦੀ ਅਹੰਕਾਰੇ ॥

ਹੇ ਸਖੀ! (ਜੀਵ-ਇਸਤ੍ਰੀ ਆਪ ਹੀ) ਪਦਾਰਥਾਂ ਦੇ ਸੁਆਦ ਵਿਚ ਮਾਇਆ ਦੇ ਮੋਹ ਵਿਚ, ਅਹੰਕਾਰ ਵਿਚ ਦੱਬੀ ਰਹਿੰਦੀ ਹੈ

ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥

(ਇਸ ਦੀ ਇਸ ਮੰਦ-ਭਾਗਤਾ ਬਾਰੇ) ਸਿਰਜਣਹਾਰ ਪ੍ਰਭੂ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ ॥੩॥

ਸਾਧਸੰਗਿ ਮਿਟੇ ਭਰਮ ਅੰਧਾਰੇ ॥

ਸਾਧ ਸੰਗਤਿ ਵਿਚ ਆ ਕੇ (ਜਿਸ ਜੀਵ-ਇਸਤ੍ਰੀ ਦੇ ਅੰਦਰੋਂ) ਮਾਇਆ ਦੀ ਭਟਕਣ ਦੇ ਹਨੇਰੇ ਮਿਟ ਜਾਂਦੇ ਹਨ,

ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥

ਹੇ ਨਾਨਕ! ਸਿਰਜਣਹਾਰ ਪ੍ਰਭੂ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੪॥੨੫॥੭੬॥


ਆਸਾ ਮਹਲਾ ੫ ॥
ਚਰਨ ਕਮਲ ਕੀ ਆਸ ਪਿਆਰੇ ॥

ਹੇ ਪਿਆਰੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੋਹਣੇ ਚਰਨਾਂ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਂਦੀ ਹੈ,

ਜਮਕੰਕਰ ਨਸਿ ਗਏ ਵਿਚਾਰੇ ॥੧॥

ਜਮ-ਦੂਤ ਭੀ ਉਸ ਉੱਤੇ ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ਉਸ ਪਾਸੋਂ ਦੂਰ ਭੱਜ ਜਾਂਦੇ ਹਨ ॥੧॥

ਤੂ ਚਿਤਿ ਆਵਹਿ ਤੇਰੀ ਮਇਆ ॥

ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੇਰੀ ਮਿਹਰ ਹੁੰਦੀ ਹੈ ਉਸ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ,

ਸਿਮਰਤ ਨਾਮ ਸਗਲ ਰੋਗ ਖਇਆ ॥੧॥ ਰਹਾਉ ॥

ਤੇਰਾ ਨਾਮ ਸਿਮਰਿਆਂ ਉਸ ਦੇ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥ ਰਹਾਉ ॥

ਅਨਿਕ ਦੂਖ ਦੇਵਹਿ ਅਵਰਾ ਕਉ ॥

ਹੇ ਪ੍ਰਭੂ! ਹੋਰਨਾਂ ਨੂੰ ਤਾਂ (ਇਹ ਜਮ-ਦੂਤ) ਅਨੇਕਾਂ ਕਿਸਮਾਂ ਦੇ ਦੁੱਖ ਦੇਂਦੇ ਹਨ,

ਪਹੁਚਿ ਨ ਸਾਕਹਿ ਜਨ ਤੇਰੇ ਕਉ ॥੨॥

ਪਰ ਸੇਵਕ ਦੇ ਇਹ ਨੇੜੇ ਭੀ ਨਹੀਂ ਢੁੱਕ ਸਕਦੇ ॥੨॥

ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥

ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ,

ਸਹਜ ਅਨੰਦ ਬਸੈ ਬੈਰਾਗੀ ॥੩॥

ਉਹ ਮਾਇਆ ਵਲੋਂ ਵੈਰਾਗਵਾਨ ਹੋ ਕੇ ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੩॥

ਨਾਨਕ ਕੀ ਅਰਦਾਸਿ ਸੁਣੀਜੈ ॥

ਹੇ ਪ੍ਰਭੂ! (ਆਪਣੇ ਸੇਵਕ) ਨਾਨਕ ਦੀ ਭੀ ਅਰਜ਼ੋਈ ਸੁਣ,

ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥

(ਨਾਨਕ ਨੂੰ ਆਪਣਾ) ਸਿਰਫ਼ ਨਾਮ ਹਿਰਦੇ ਵਿਚ (ਵਸਾਣ ਲਈ) ਦੇਹ ॥੪॥੨੬॥੭੭॥


ਆਸਾ ਮਹਲਾ ੫ ॥
ਮਨੁ ਤ੍ਰਿਪਤਾਨੋ ਮਿਟੇ ਜੰਜਾਲ ॥

(ਹੇ ਭਾਈ!) ਉਸ ਮਨੁੱਖ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ ਉਸ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ,

ਪ੍ਰਭੁ ਅਪੁਨਾ ਹੋਇਆ ਕਿਰਪਾਲ ॥੧॥

ਜਿਸ ਉੱਤੇ ਪਿਆਰਾ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੧॥

ਸੰਤ ਪ੍ਰਸਾਦਿ ਭਲੀ ਬਨੀ ॥

(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮੇਰਾ ਭਾਗ ਜਾਗ ਪਿਆ ਹੈ,

ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥

ਮੈਨੂੰ ਉਹ ਮਾਲਕ ਮਿਲ ਪਿਆ ਹੈ ਜਿਸ ਨੂੰ ਕਿਸੇ ਪਾਸੋਂ ਕੋਈ ਡਰ ਨਹੀਂ ਤੇ ਜਿਸ ਦੇ ਘਰ ਵਿਚ ਹਰੇਕ ਚੀਜ਼ ਅਮੁੱਕ ਹੈ ॥੧॥ ਰਹਾਉ ॥

ਨਾਮੁ ਦ੍ਰਿੜਾਇਆ ਸਾਧ ਕ੍ਰਿਪਾਲ ॥

(ਹੇ ਭਾਈ!) ਦਇਆ-ਸਰੂਪ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਪੱਕਾ ਕਰ ਦਿੱਤਾ,

ਮਿਟਿ ਗਈ ਭੂਖ ਮਹਾ ਬਿਕਰਾਲ ॥੨॥

(ਉਸ ਦੇ ਅੰਦਰੋਂ) ਬੜੀ ਡਰਾਉਣੀ (ਮਾਇਆ ਦੀ) ਭੁੱਖ ਦੂਰ ਹੋ ਗਈ ॥੨॥

ਠਾਕੁਰਿ ਅਪੁਨੈ ਕੀਨੀ ਦਾਤਿ ॥

(ਹੇ ਭਾਈ!) ਠਾਕੁਰ-ਪ੍ਰਭੂ ਨੇ ਜਿਸ ਨੂੰ ਆਪਣੇ ਸੇਵਕ ਨਾਮ ਦੀ ਦਾਤਿ ਬਖ਼ਸ਼ੀ,

ਜਲਨਿ ਬੁਝੀ ਮਨਿ ਹੋਈ ਸਾਂਤਿ ॥੩॥

(ਉਸ ਦੇ ਮਨ ਵਿਚੋਂ ਤ੍ਰਿਸ਼ਨਾ ਦੀ) ਸੜਨ ਬੁੱਝ ਗਈ ਉਸ ਦੇ ਮਨ ਵਿਚ ਠੰਢ ਪੈ ਗਈ ॥੩॥

ਮਿਟਿ ਗਈ ਭਾਲ ਮਨੁ ਸਹਜਿ ਸਮਾਨਾ ॥

(ਦੁਨੀਆ ਦੇ ਖ਼ਜ਼ਾਨਿਆਂ ਵਾਸਤੇ ਉਸ ਮਨੁੱਖ ਦੀ) ਢੂੰਢ ਦੂਰ ਹੋ ਗਈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕ ਗਿਆ,

ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥

ਹੇ ਨਾਨਕ! (ਜਿਸ ਨੇ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ ॥੪॥੨੭॥੭੮॥


ਆਸਾ ਮਹਲਾ ੫ ॥
ਠਾਕੁਰ ਸਿਉ ਜਾ ਕੀ ਬਨਿ ਆਈ ॥

(ਹੇ ਭਾਈ!) ਜਿਸ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ ਨਾਲ ਪੱਕੀ ਬਣ ਜਾਂਦੀ ਹੈ,

ਭੋਜਨ ਪੂਰਨ ਰਹੇ ਅਘਾਈ ॥੧॥

ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ) ਰੱਜਿਆ ਰਹਿੰਦਾ ਹੈ ॥੧॥

ਕਛੂ ਨ ਥੋਰਾ ਹਰਿ ਭਗਤਨ ਕਉ ॥

(ਹੇ ਭਾਈ! ਹਰੀ ਦੇ ਭਗਤਾਂ ਪਾਸ ਇਤਨਾ ਅਮੁੱਕ ਨਾਮ-ਖ਼ਜ਼ਾਨਾ ਹੁੰਦਾ ਹੈ ਕਿ) ਭਗਤ ਜਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਹੁੰਦੀ,

ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ ॥

ਉਹ ਉਸ ਖ਼ਜ਼ਾਨੇ ਨੂੰ ਆਪ ਵਰਤਦੇ ਹਨ ਹੋਰਨਾਂ ਨੂੰ ਵੰਡਦੇ ਹਨ, ਆਪ ਆਨੰਦ ਮਾਣਦੇ ਹਨ, ਤੇ ਹੋਰਨਾਂ ਨੂੰ ਭੀ ਆਨੰਦ ਦੇਣ-ਜੋਗੇ ਹੁੰਦੇ ਹਨ ॥੧॥ ਰਹਾਉ ॥

ਜਾ ਕਾ ਧਨੀ ਅਗਮ ਗੁਸਾਈ ॥

ਜਗਤ ਦਾ ਖਸਮ ਅਪਹੁੰਚ ਮਾਲਕ ਜਿਸ ਮਨੁੱਖ ਦਾ (ਰਾਖਾ) ਬਣ ਜਾਂਦਾ ਹੈ।

ਮਾਨੁਖ ਕੀ ਕਹੁ ਕੇਤ ਚਲਾਈ ॥੨॥

(ਹੇ ਭਾਈ!) ਦੱਸ, ਕਿਸੇ ਮਨੁੱਖ ਦਾ ਉਸ ਉੱਤੇ ਕੀਹ ਜ਼ੋਰ ਚੜ੍ਹ ਸਕਦਾ ਹੈ? ॥੨॥

ਜਾ ਕੀ ਸੇਵਾ ਦਸ ਅਸਟ ਸਿਧਾਈ ॥

(ਹੇ ਭਾਈ!) ਜਿਸ ਦੀ ਸੇਵਾ-ਭਗਤੀ ਕੀਤਿਆਂ ਤੇ ਅਠਾਰਾਂ (ਹੀ) ਕਰਾਮਾਤੀ ਤਾਕਤਾਂ ਮਿਲ ਜਾਂਦੀਆਂ ਹਨ,

ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥

ਜਿਸ ਦੀ ਮੇਹਰ ਦੀ ਨਿਗਾਹ ਨਾਲ (ਇਹ ਸਭ ਪ੍ਰਾਪਤ ਹੁੰਦਾ ਹੈ) ਸਦਾ ਉਸ ਦੀ ਚਰਨੀਂ ਲੱਗੇ ਰਹੋ ॥੩॥

ਜਾ ਕਉ ਦਇਆ ਕਰਹੁ ਮੇਰੇ ਸੁਆਮੀ ॥

ਹੇ ਮੇਰੇ ਸੁਆਮੀ! ਜਿਨ੍ਹਾਂ ਮਨੁੱਖਾਂ ਉਤੇ ਤੂੰ ਮੇਹਰ ਕਰਦਾ ਹੈਂ,

ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥

ਨਾਨਕ ਆਖਦਾ ਹੈ- ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ ॥੪॥੨੮॥੭੯॥


ਆਸਾ ਮਹਲਾ ੫ ॥
ਜਉ ਮੈ ਅਪੁਨਾ ਸਤਿਗੁਰੁ ਧਿਆਇਆ ॥

(ਹੇ ਭਾਈ!) ਜਦੋਂ ਦਾ ਮੈਂ ਆਪਣੇ ਗੁਰੂ ਨੂੰ ਆਪਣੇ ਮਨ ਵਿਚ ਵਸਾ ਲਿਆ ਹੈ,

ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥੧॥

ਤਦੋਂ ਤੋਂ ਮੇਰੇ ਮਨ ਨੇ ਬੜਾ ਆਨੰਦ ਪ੍ਰਾਪਤ ਕੀਤਾ ਹੈ ॥੧॥

ਮਿਟਿ ਗਈ ਗਣਤ ਬਿਨਾਸਿਉ ਸੰਸਾ ॥

(ਹੇ ਭਾਈ!) ਉਹਨਾਂ ਦੀ ਹਰੇਕ ਚਿੰਤਾ ਮਿਟ ਜਾਂਦੀ ਹੈ ਉਹਨਾਂ ਦਾ ਹਰੇਕ ਸਹਮ ਦੂਰ ਹੋ ਜਾਂਦਾ ਹੈ,

ਨਾਮਿ ਰਤੇ ਜਨ ਭਏ ਭਗਵੰਤਾ ॥੧॥ ਰਹਾਉ ॥

ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥

ਜਉ ਮੈ ਅਪੁਨਾ ਸਾਹਿਬੁ ਚੀਤਿ ॥

ਜਦੋਂ ਦਾ ਮੈਂ ਆਪਣੇ ਮਾਲਕ ਨੂੰ ਆਪਣੇ ਚਿੱਤ ਵਿਚ (ਵਸਾਇਆ ਹੈ)

ਤਉ ਭਉ ਮਿਟਿਓ ਮੇਰੇ ਮੀਤ ॥੨॥

ਹੇ ਮੇਰੇ ਮਿੱਤਰ! ਤਦੋਂ ਤੋਂ ਮੇਰਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੨॥

ਜਉ ਮੈ ਓਟ ਗਹੀ ਪ੍ਰਭ ਤੇਰੀ ॥

ਹੇ ਪ੍ਰਭੂ! ਜਦੋਂ ਤੋਂ ਮੈਂ ਤੇਰੀ ਓਟ ਪਕੜੀ ਹੈ,

ਤਾਂ ਪੂਰਨ ਹੋਈ ਮਨਸਾ ਮੇਰੀ ॥੩॥

ਤਦੋਂ ਤੋਂ ਮੇਰੀ ਹਰੇਕ ਮਨੋ-ਕਾਮਨਾ ਪੂਰੀ ਹੋ ਰਹੀ ਹੈ ॥੩॥

ਦੇਖਿ ਚਲਿਤ ਮਨਿ ਭਏ ਦਿਲਾਸਾ ॥

ਤੇਰੇ ਚਰਿਤ੍ਰ ਵੇਖ ਵੇਖ ਕੇ ਮੇਰੇ ਮਨ ਵਿਚ ਸਹਾਰਾ ਬਣਦਾ ਜਾਂਦਾ ਹੈ (ਕਿ ਸਰਨ ਪਿਆਂ ਦੀ ਤੂੰ ਸਹਾਇਤਾ ਕਰਦਾ ਹੈਂ।)

ਨਾਨਕ ਦਾਸ ਤੇਰਾ ਭਰਵਾਸਾ ॥੪॥੨੯॥੮੦॥

ਹੇ ਨਾਨਕ! (ਆਖ-ਹੇ ਪ੍ਰਭੂ! ਮੈਨੂੰ ਤੇਰੇ) ਦਾਸ ਨੂੰ ਤੇਰਾ ਹੀ ਭਰਵਾਸਾ ਹੈ ॥੪॥੨੯॥੮੦॥


ਆਸਾ ਮਹਲਾ ੫ ॥
ਅਨਦਿਨੁ ਮੂਸਾ ਲਾਜੁ ਟੁਕਾਈ ॥

(ਹੇ ਭਾਈ! ਤੂੰ ਮਾਇਆ ਦੇ ਮੋਹ ਦੇ ਖੂਹ ਵਿਚ ਲਮਕਿਆ ਪਿਆ ਹੈਂ, ਜਿਸ ਲੱਜ ਦੇ ਆਸਰੇ ਤੂੰ ਲਮਕਿਆ ਹੋਇਆ ਹੈਂ ਉਸ) ਲੱਜ ਨੂੰ ਹਰ ਰੋਜ਼ ਚੂਹਾ ਟੁੱਕ ਰਿਹਾ ਹੈ।

ਗਿਰਤ ਕੂਪ ਮਹਿ ਖਾਹਿ ਮਿਠਾਈ ॥੧॥

(ਉਮਰ ਦੀ ਲੱਜ ਨੂੰ ਜਮ-ਚੂਹਾ ਟੁੱਕਦਾ ਜਾ ਰਿਹਾ ਹੈ, ਪਰ) ਤੂੰ ਖੂਹ ਵਿਚ ਡਿੱਗਾ ਹੋਇਆ ਭੀ ਮਠਿਆਈ ਖਾਈ ਜਾ ਰਿਹਾ ਹੈਂ (ਦੁਨੀਆ ਦੇ ਪਦਾਰਥ ਮਾਣਨ ਵਿਚ ਰੁੱਝਾ ਪਿਆ ਹੈਂ) ॥੧॥

ਸੋਚਤ ਸਾਚਤ ਰੈਨਿ ਬਿਹਾਨੀ ॥

ਮਾਇਆ ਦੀਆਂ ਸੋਚਾਂ ਸੋਚਦਿਆਂ ਹੀ ਮਨੁੱਖ ਦੀ (ਜ਼ਿੰਦਗੀ ਦੀ ਸਾਰੀ) ਰਾਤ ਬੀਤ ਜਾਂਦੀ ਹੈ,

ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥

ਮਨੁੱਖ ਮਾਇਆ ਦੇ ਹੀ ਅਨੇਕਾਂ ਰੰਗ ਤਮਾਸ਼ੇ ਸੋਚਦਾ ਰਹਿੰਦਾ ਹੈ ਤੇ ਪਰਮਾਤਮਾ ਨੂੰ ਕਦੇ ਭੀ ਨਹੀਂ ਸਿਮਰਦਾ ॥੧॥ ਰਹਾਉ ॥

ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥

(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਇਤਨਾ ਮੂਰਖ ਹੋ ਜਾਂਦਾ ਹੈ ਕਿ) ਰੁੱਖ ਦੀ ਛਾਂ ਨੂੰ ਪੱਕਾ ਘਰ ਮੰਨ ਬੈਠਦਾ ਹੈ,

ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥੨॥

ਮਨੁੱਖ ਕਾਲ (ਆਤਮਕ ਮੌਤ) ਦੀ ਫਾਹੀ ਵਿਚ ਫਸਿਆ ਹੋਇਆ ਹੈ ਉਤੋਂ ਮਾਇਆ ਨੇ ਤ੍ਰਿੱਖਾ (ਮੋਹ ਦਾ) ਤੀਰ ਕੱਸਿਆ ਹੋਇਆ ਹੈ ॥੨॥

ਬਾਲੂ ਕਨਾਰਾ ਤਰੰਗ ਮੁਖਿ ਆਇਆ ॥

(ਇਹ ਜਗਤ-ਵਾਸਾ, ਮਾਨੋ,) ਰੇਤ ਦਾ ਕੰਢਾ (ਦਰਿਆ ਦੀਆਂ) ਲਹਰਾਂ ਦੇ ਮੂੰਹ ਵਿਚ ਆਇਆ ਹੋਇਆ ਹੈ,

ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥

(ਪਰ ਮਾਇਆ ਦੇ ਮੋਹ ਵਿਚ ਫਸੇ ਹੋਏ) ਮੂਰਖ ਨੇ ਇਸ ਥਾਂ ਨੂੰ ਪੱਕਾ ਸਮਝਿਆ ਹੋਇਆ ਹੈ ॥੩॥

ਸਾਧਸੰਗਿ ਜਪਿਓ ਹਰਿ ਰਾਇ ॥

ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ-ਪਾਤਿਸ਼ਾਹ ਦਾ ਜਾਪ ਜਪਿਆ ਹੈ,

ਨਾਨਕ ਜੀਵੈ ਹਰਿ ਗੁਣ ਗਾਇ ॥੪॥੩੦॥੮੧॥

ਹੇ ਨਾਨਕ! ਉਹ ਪਰਮਾਤਮਾ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੪॥੩੦॥੮੧॥


ਆਸਾ ਮਹਲਾ ੫ ਦੁਤੁਕੇ ੯ ॥
ਉਨ ਕੈ ਸੰਗਿ ਤੂ ਕਰਤੀ ਕੇਲ ॥

ਹੇ ਕਾਂਇਆਂ! ਜੀਵਾਤਮਾ ਦੀ ਸੰਗਤਿ ਵਿਚ ਰਹਿ ਕੇ ਤੂੰ (ਕਈ ਤਰ੍ਹਾਂ ਦੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈਂ,

ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥

ਸਭਨਾਂ ਨਾਲ ਤੇਰਾ ਮੇਲ-ਮਿਲਾਪ ਬਣਿਆ ਰਹਿੰਦਾ ਹੈ,

ਉਨ੍ਰ ਕੈ ਸੰਗਿ ਤੁਮ ਸਭੁ ਕੋਊ ਲੋਰੈ ॥

ਹਰ ਕੋਈ ਤੈਨੂੰ ਮਿਲਣਾ ਚਾਹੁੰਦਾ ਹੈ,

ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥੧॥

ਪਰ ਉਸ ਜੀਵਾਤਮਾ ਦੇ ਮਿਲਾਪ ਤੋਂ ਬਿਨਾ ਤੈਨੂੰ ਕੋਈ ਮੂੰਹ ਨਹੀਂ ਲਾਂਦਾ ॥੧॥

ਤੇ ਬੈਰਾਗੀ ਕਹਾ ਸਮਾਏ ॥

ਪਤਾ ਨਹੀਂ ਲੱਗਦਾ ਉਹ ਜੀਵਾਤਮਾ ਤੈਥੋਂ ਉਪਰਾਮ ਹੋ ਕੇ ਕਿੱਥੇ ਚਲਾ ਜਾਂਦਾ ਹੈ।

ਤਿਸੁ ਬਿਨੁ ਤੁਹੀ ਦੁਹੇਰੀ ਰੀ ॥੧॥ ਰਹਾਉ ॥

ਹੇ ਕਾਂਇਆਂ! ਉਸ (ਜੀਵਾਤਮਾ) ਤੋਂ ਬਿਨਾ ਤੂੰ ਦੁੱਖੀ ਹੋ ਜਾਂਦੀ ਹੈਂ ॥੧॥ ਰਹਾਉ ॥

ਉਨ੍ਰ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥

ਹੇ ਕਾਂਇਆਂ! ਜਿਤਨਾ ਚਿਰ ਤੂੰ ਜੀਵਾਤਮਾ ਦੇ ਨਾਲ ਸੈਂ ਤੂੰ ਸਿਆਣੀ (ਸਮਝੀ ਜਾਂਦੀ ਹੈ।)

ਉਨ੍ਰ ਕੈ ਸੰਗਿ ਤੂ ਹੋਈ ਹੈ ਜਾਹਰਿ ॥

ਜੀਵਾਤਮਾ ਦੇ ਨਾਲ ਹੁੰਦਿਆਂ (ਹਰ ਥਾਂ) ਤੂੰ ਉਜਾਗਰ ਹੁੰਦੀ ਹੈਂ,

ਉਨ੍ਰ ਕੈ ਸੰਗਿ ਤੂ ਰਖੀ ਪਪੋਲਿ ॥

ਜੀਵਾਤਮਾ ਦੇ ਨਾਲ ਹੁੰਦਿਆਂ ਤੈਨੂੰ ਪਾਲ-ਪੋਸ ਕੇ ਰੱਖੀਦਾ ਹੈ।

ਓਸੁ ਬਿਨਾ ਤੂੰ ਛੁਟਕੀ ਰੋਲਿ ॥੨॥

ਪਰ ਜਦੋਂ ਉਹ ਜੀਵਾਤਮਾ ਚਲਾ ਜਾਂਦਾ ਹੈ ਤਾਂ ਤੂੰ ਛੁੱਟੜ ਹੋ ਜਾਂਦੀ ਹੈਂ ਰੁਲ ਜਾਂਦੀ ਹੈਂ ॥੨॥

ਉਨ੍ਰ ਕੈ ਸੰਗਿ ਤੇਰਾ ਮਾਨੁ ਮਹਤੁ ॥

ਹੇ ਕਾਂਇਆਂ! ਜੀਵਾਤਮਾ ਦੇ ਨਾਲ ਹੁੰਦਿਆਂ ਤੇਰਾ ਆਦਰ-ਮਾਣ ਹੁੰਦਾ ਹੈ,

ਉਨ੍ਰ ਕੈ ਸੰਗਿ ਤੁਮ ਸਾਕੁ ਜਗਤੁ ॥

ਜੀਵਾਤਮਾ ਦੇ ਨਾਲ ਹੁੰਦਿਆਂ ਤੈਨੂੰ ਵਡਿਆਈ ਮਿਲਦੀ ਹੈ,

ਉਨ੍ਰ ਕੈ ਸੰਗਿ ਤੇਰੀ ਸਭ ਬਿਧਿ ਥਾਟੀ ॥

ਜੀਵਾਤਮਾ ਦੇ ਨਾਲ ਹੁੰਦਿਆਂ ਸਾਰਾ ਜਗਤ ਤੇਰਾ ਸਾਕ-ਸਨਬੰਧੀ ਜਾਪਦਾ ਹੈ, ਤੇਰੀ ਹਰ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ।

ਓਸੁ ਬਿਨਾ ਤੂੰ ਹੋਈ ਹੈ ਮਾਟੀ ॥੩॥

ਪਰ ਜਦੋਂ ਉਸ ਜੀਵਾਤਮਾ ਤੋਂ ਤੂੰ ਵਿਛੁੜ ਜਾਂਦੀ ਹੈਂ ਤਦੋਂ ਤੂੰ ਮਿੱਟੀ ਵਿਚ ਰੁਲ ਜਾਂਦੀ ਹੈਂ ॥੩॥

ਓਹੁ ਬੈਰਾਗੀ ਮਰੈ ਨ ਜਾਇ ॥

ਕਾਂਇਆਂ ਵਿਚੋਂ ਉਪਰਾਮ ਹੋ ਕੇ ਤੁਰ ਜਾਣ ਵਾਲਾ ਜੀਵਾਤਮਾ (ਆਪਣੇ ਆਪ) ਨਾਹ ਮਰਦਾ ਹੈ ਨਾਹ ਜੰਮਦਾ ਹੈ।

ਹੁਕਮੇ ਬਾਧਾ ਕਾਰ ਕਮਾਇ ॥

(ਉਹ ਤਾਂ ਪਰਮਾਤਮਾ ਦੇ) ਹੁਕਮ ਵਿਚ ਬੱਝਾ ਹੋਇਆ (ਕਾਂਇਆਂ ਵਿਚ ਆਉਣ ਤੇ ਫਿਰ ਇਸ ਵਿਚੋਂ ਚਲੇ ਜਾਣ ਦੀ) ਕਾਰ ਕਰਦਾ ਹੈ।

ਜੋੜਿ ਵਿਛੋੜੇ ਨਾਨਕ ਥਾਪਿ ॥

ਹੇ ਨਾਨਕ! (ਆਖ-ਜੀਵਾਤਮਾ ਦੇ ਕੀਹ ਵੱਸ? ਪਰਮਾਤਮਾ) ਮਨੁੱਖ ਸਰੀਰ ਬਣਾ ਕੇ (ਜੀਵਾਤਮਾ ਤੇ ਕਾਂਇਆਂ ਦਾ ਜੋੜ ਜੋੜਦਾ ਹੈ) ਜੋੜ ਕੇ ਫਿਰ ਵਿਛੋੜ ਵੀ ਦੇਂਦਾ ਹੈ।

ਅਪਨੀ ਕੁਦਰਤਿ ਜਾਣੈ ਆਪਿ ॥੪॥੩੧॥੮੨॥

(ਜੀਵਾਤਮਾ ਤੇ ਕਾਂਇਆਂ ਨੂੰ ਜੋੜਨ ਵਿਛੋੜਨ ਦੀ) ਆਪਣੀ ਅਜਬ ਖੇਡ ਨੂੰ ਪਰਮਾਤਮਾ ਆਪ ਹੀ ਜਾਣਦਾ ਹੈ ॥੪॥੩੧॥੮੨॥


ਆਸਾ ਮਹਲਾ ੫ ॥
ਨਾ ਓਹੁ ਮਰਤਾ ਨਾ ਹਮ ਡਰਿਆ ॥

(ਹੇ ਭਾਈ! ਅਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ। ਉਹ ਆਪ ਹੀ ਜੀਵਾਤਮਾ-ਰੂਪ ਵਿਚ ਸਰੀਰਾਂ ਦੇ ਅੰਦਰ ਵਰਤ ਰਿਹਾ ਹੈ) ਉਹ ਪਰਮਾਤਮਾ ਕਦੇ ਮਰਦਾ ਨਹੀਂ (ਸਾਡੇ ਅੰਦਰ ਭੀ ਉਹ ਆਪ ਹੀ ਹੈ) ਸਾਨੂੰ ਭੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ।

ਨਾ ਓਹੁ ਬਿਨਸੈ ਨਾ ਹਮ ਕੜਿਆ ॥

ਉਹ ਪਰਮਾਤਮਾ ਕਦੇ ਨਾਸ ਨਹੀਂ ਹੁੰਦਾ, ਸਾਨੂੰ ਭੀ (ਵਿਨਾਸ਼ ਦੀ) ਕੋਈ ਚਿੰਤਾ ਨਹੀਂ ਹੋਣੀ ਚਾਹੀਦੀ।

ਨਾ ਓਹੁ ਨਿਰਧਨੁ ਨਾ ਹਮ ਭੂਖੇ ॥

ਉਹ ਪ੍ਰਭੂ ਕੰਗਾਲ ਨਹੀਂ ਹੈ, ਅਸੀਂ ਭੀ ਆਪਣੇ ਆਪ ਨੂੰ ਭੁੱਖੇ-ਗਰੀਬ ਨਾਹ ਸਮਝੀਏ।

ਨਾ ਓਸੁ ਦੂਖੁ ਨ ਹਮ ਕਉ ਦੂਖੇ ॥੧॥

ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਸਾਨੂੰ ਭੀ ਕੋਈ ਦੁੱਖ ਨਹੀਂ ਪੋਹਣਾ ਚਾਹੀਦਾ ॥੧॥

ਅਵਰੁ ਨ ਕੋਊ ਮਾਰਨਵਾਰਾ ॥

(ਹੇ ਭਾਈ!) ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਸਾਨੂੰ ਮਾਰਨ ਦੀ ਤਾਕਤ ਨਹੀਂ ਰੱਖਦਾ।

ਜੀਅਉ ਹਮਾਰਾ ਜੀਉ ਦੇਨਹਾਰਾ ॥੧॥ ਰਹਾਉ ॥

ਜੀਊਂਦਾ ਰਹੇ ਸਾਨੂੰ ਜਿੰਦ ਦੇਣ ਵਾਲਾ ਪਰਮਾਤਮਾ (ਪਰਮਾਤਮਾ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਹੀ ਸਾਨੂੰ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ।) ॥੧॥ ਰਹਾਉ ॥

ਨਾ ਉਸੁ ਬੰਧਨ ਨਾ ਹਮ ਬਾਧੇ ॥

ਉਸ ਪਰਮਾਤਮਾ ਨੂੰ ਮਾਇਆ ਦੇ ਬੰਧਨ ਜਕੜ ਨਹੀਂ ਸਕਦੇ (ਇਸ ਵਾਸਤੇ ਅਸਲ ਵਿਚ) ਅਸੀਂ ਭੀ ਮਾਇਆ ਦੇ ਮੋਹ ਵਿਚ ਬੱਝੇ ਹੋਏ ਨਹੀਂ ਹਾਂ।

ਨਾ ਉਸੁ ਧੰਧਾ ਨਾ ਹਮ ਧਾਧੇ ॥

ਉਸ ਨੂੰ ਕੋਈ ਮਾਇਕ ਦੌੜ-ਭੱਜ ਗ੍ਰਸ ਨਹੀਂ ਸਕਦੀ, ਅਸੀਂ ਭੀ ਧੰਧਿਆਂ ਵਿਚ ਗ੍ਰਸੇ ਹੋਏ ਨਹੀਂ ਹਾਂ।

ਨਾ ਉਸੁ ਮੈਲੁ ਨ ਹਮ ਕਉ ਮੈਲਾ ॥

(ਸਾਡੇ ਅਸਲੇ) ਉਸ ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ, ਸਾਨੂੰ ਭੀ ਮੈਲ ਨਹੀਂ ਲੱਗਣੀ ਚਾਹੀਦੀ।

ਓਸੁ ਅਨੰਦੁ ਤ ਹਮ ਸਦ ਕੇਲਾ ॥੨॥

ਉਸ ਨੂੰ ਸਦਾ ਆਨੰਦ ਹੀ ਆਨੰਦ ਹੈ, ਅਸੀਂ ਭੀ ਸਦਾ ਖਿੜੇ ਹੀ ਰਹੀਏ ॥੨॥

ਨਾ ਉਸੁ ਸੋਚੁ ਨ ਹਮ ਕਉ ਸੋਚਾ ॥

(ਹੇ ਭਾਈ!) ਉਸ ਪਰਮਾਤਮਾ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ (ਸਾਡੇ ਅੰਦਰ ਉਹ ਆਪ ਹੀ ਹੈ) ਸਾਨੂੰ ਭੀ ਕੋਈ ਫ਼ਿਕਰ ਨਹੀਂ ਪੋਹਣਾ ਚਾਹੀਦਾ।

ਨਾ ਉਸੁ ਲੇਪੁ ਨ ਹਮ ਕਉ ਪੋਚਾ ॥

ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸਾਡੇ ਉੱਤੇ ਭੀ ਕਿਉਂ ਪਏ?

ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ ॥

ਉਸ ਪਰਮਾਤਮਾ ਨੂੰ ਮਾਇਆ ਦਾ ਮਾਲਕ ਨਹੀਂ ਦਬਾ ਸਕਦਾ, ਸਾਨੂੰ ਭੀ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਣੀ ਚਾਹੀਦੀ।

ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥੩॥

ਜਦੋਂ ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ (ਉਹੀ ਸਾਡੇ ਅੰਦਰ ਮੌਜੂਦ ਹੈ) ਤਾਂ ਅਸੀਂ ਭੀ ਸੁੱਧ-ਸਰੂਪ ਹੀ ਰਹਿਣੇ ਚਾਹੀਦੇ ਹਾਂ ॥੩॥

ਹਮ ਕਿਛੁ ਨਾਹੀ ਏਕੈ ਓਹੀ ॥

(ਹੇ ਭਾਈ!) ਸਾਡੀ ਕੋਈ ਵੱਖਰੀ ਹੋਂਦ ਨਹੀਂ ਹੈ (ਸਭਨਾਂ ਵਿਚ) ਉਹ ਪਰਮਾਤਮਾ ਆਪ ਹੀ ਆਪ ਹੈ।

ਆਗੈ ਪਾਛੈ ਏਕੋ ਸੋਈ ॥

ਇਸ ਲੋਕ ਵਿਚ ਤੇ ਪਰਲੋਕ ਵਿਚ ਹਰ ਥਾਂ ਉਹ ਪਰਮਾਤਮਾ ਆਪ ਹੀ ਆਪ ਹੈ।

ਨਾਨਕ ਗੁਰਿ ਖੋਏ ਭ੍ਰਮ ਭੰਗਾ ॥

ਹੇ ਨਾਨਕ! ਜਦੋਂ ਗੁਰੂ ਨੇ (ਸਾਡੇ ਅੰਦਰੋਂ ਸਾਡੀ ਮਿਥੀ ਹੋਈ ਵੱਖਰੀ ਹਸਤੀ ਦੇ) ਭਰਮ ਦੂਰ ਕਰ ਦਿੱਤੇ ਜੋ (ਸਾਡੇ ਉਸ ਨਾਲ ਇੱਕ-ਰੂਪ ਹੋਣ ਦੇ ਰਾਹ ਵਿਚ) ਵਿਘਨ (ਪਾ ਰਹੇ ਸਨ),

ਹਮ ਓਇ ਮਿਲਿ ਹੋਏ ਇਕ ਰੰਗਾ ॥੪॥੩੨॥੮੩॥

ਤਦੋਂ ਅਸੀਂ ਉਸ (ਪਰਮਾਤਮਾ) ਨੂੰ ਮਿਲ ਕੇ ਉਸ ਨਾਲ ਇੱਕ-ਮਿਕ ਹੋ ਜਾਂਦੇ ਹਾਂ ॥੪॥੩੨॥੮੩॥


ਆਸਾ ਮਹਲਾ ੫ ॥
ਅਨਿਕ ਭਾਂਤਿ ਕਰਿ ਸੇਵਾ ਕਰੀਐ ॥

ਹੇ ਮਾਂ! (ਪ੍ਰਭੂ ਨੂੰ ਪਿਆਰੀ ਹੋ ਚੁਕੀ ਸਤ-ਸੰਗਣ ਜੀਵ-ਇਸਤ੍ਰੀ ਦੀ) ਸੇਵਾ ਅਨੇਕਾਂ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ।

ਜੀਉ ਪ੍ਰਾਨ ਧਨੁ ਆਗੈ ਧਰੀਐ ॥

ਇਹ ਜਿੰਦ ਇਹ ਪ੍ਰਾਣ ਤੇ (ਆਪਣਾ) ਧਨ (ਸਭ ਕੁਝ) ਉਸ ਦੇ ਅੱਗੇ ਰੱਖ ਦੇਣਾ ਚਾਹੀਦਾ ਹੈ।

ਪਾਨੀ ਪਖਾ ਕਰਉ ਤਜਿ ਅਭਿਮਾਨੁ ॥

(ਹੇ! ਮਾਂ ਜੇ ਮੇਰੇ ਉਤੇ ਕਿਰਪਾ ਹੋਵੇ ਤਾਂ) ਮੈਂ ਭੀ ਅਹੰਕਾਰ ਤਿਆਗ ਕੇ ਉਸ ਦਾ ਪਾਣੀ ਢੋਣ ਤੇ ਉਸ ਨੂੰ ਪੱਖਾ ਝੱਲਣ ਦੀ ਸੇਵਾ ਕਰਾਂ।

ਅਨਿਕ ਬਾਰ ਜਾਈਐ ਕੁਰਬਾਨੁ ॥੧॥

(ਉਸ ਜੀਵ-ਇਸਤ੍ਰੀ ਤੋਂ) ਅਨੇਕਾਂ ਵਾਰੀ ਸਦਕੇ ਹੋਣਾ ਚਾਹੀਦਾ ਹੈ ॥੧॥

ਸਾਈ ਸੁਹਾਗਣਿ ਜੋ ਪ੍ਰਭ ਭਾਈ ॥

ਹੇ ਮੇਰੀ ਮਾਂ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗ ਪੈਂਦੀ ਹੈ ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ।

ਤਿਸ ਕੈ ਸੰਗਿ ਮਿਲਉ ਮੇਰੀ ਮਾਈ ॥੧॥ ਰਹਾਉ ॥

(ਜੇ ਮੇਰੇ ਉਤੇ ਮੇਹਰ ਹੋਵੇ, ਜੇ ਮੇਰੇ ਭਾਗ ਜਾਗਣ ਤਾਂ) ਮੈਂ ਭੀ ਉਸ ਸੁਹਾਗਣ ਦੀ ਸੰਗਤਿ ਵਿਚ ਮਿਲ ਬੈਠਾਂ ॥੧॥ ਰਹਾਉ ॥

ਦਾਸਨਿ ਦਾਸੀ ਕੀ ਪਨਿਹਾਰਿ ॥

ਹੇ ਮਾਂ! ਉਹਨਾਂ ਦੀਆਂ ਦਾਸੀਆਂ ਦੀ ਪਾਣੀ ਢੋਣ ਵਾਲੀ ਬਣਾਂ,

ਉਨ੍ਰ ਕੀ ਰੇਣੁ ਬਸੈ ਜੀਅ ਨਾਲਿ ॥

ਉਹਨਾਂ ਸੁਹਾਗਣਾਂ ਦੀ ਚਰਨ-ਧੂੜ ਮੇਰੀ ਜਿੰਦ ਦੇ ਨਾਲ ਟਿਕੀ ਰਹੇ।

ਮਾਥੈ ਭਾਗੁ ਤ ਪਾਵਉ ਸੰਗੁ ॥

ਮੇਰੇ ਮੱਥੇ ਉੱਤੇ (ਪੂਰਬਲੇ ਕਰਮਾਂ ਦਾ) ਭਾਗ ਜਾਗ ਪਏ ਤਾਂ ਮੈਂ ਉਹਨਾਂ ਸੁਹਾਗਣਾਂ ਦੀ ਸੰਗਤਿ ਹਾਸਲ ਕਰਾਂ,

ਮਿਲੈ ਸੁਆਮੀ ਅਪੁਨੈ ਰੰਗਿ ॥੨॥

(ਹੇ ਮਾਂ! ਸੁਹਾਗਣਾਂ ਦੀ ਸੰਗਤਿ ਦਾ ਸਦਕਾ ਹੀ) ਖਸਮ-ਪ੍ਰਭੂ ਆਪਣੇ ਪ੍ਰੇਮ-ਰੰਗ ਵਿਚ ਆ ਕੇ ਮਿਲ ਪੈਂਦਾ ਹੈ ॥੨॥

ਜਾਪ ਤਾਪ ਦੇਵਉ ਸਭ ਨੇਮਾ ॥

(ਲੋਕ ਦੇਵਤਿਆਂ ਆਦਿਕ ਨੂੰ ਵੱਸ ਕਰਨ ਲਈ ਕਈ ਮੰਤ੍ਰਾਂ ਦੇ ਜਾਪ ਕਰਦੇ ਹਨ। ਕਈ ਜੰਗਲਾਂ ਵਿਚ ਜਾ ਕੇ ਧੂਣੀਆਂ ਤਪਾਂਦੇ ਹਨ, ਤੇ ਹੋਰ ਅਨੇਕਾਂ ਸਾਧਨ ਕਰਦੇ ਹਨ। ਕਈ ਲੋਕ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਹਨ, ਜੱਗ-ਹੋਮ ਆਦਿਕ ਕਰਦੇ ਹਨ। ਪਰ, ਹੇ ਮਾਂ! ਉਹਨਾਂ ਸੁਹਾਗਣਾਂ ਦੀ ਸੰਗਤਿ ਦੇ ਵੱਟੇ ਵਿਚ) ਮੈਂ ਸਾਰੇ ਜਾਪ ਸਾਰੇ ਤਪ ਹੋਰ ਸਾਰੇ ਸਾਧਨ ਦੇਣ ਨੂੰ ਤਿਆਰ ਹਾਂ,

ਕਰਮ ਧਰਮ ਅਰਪਉ ਸਭ ਹੋਮਾ ॥

ਸਾਰੇ (ਮਿਥੇ ਹੋਏ) ਧਾਰਮਿਕ ਕਰਮ ਸਾਰੇ ਜੱਗ-ਹੋਮ ਭੇਟਾ ਕਰਨ ਨੂੰ ਤਿਆਰ ਹਾਂ।

ਗਰਬੁ ਮੋਹੁ ਤਜਿ ਹੋਵਉ ਰੇਨ ॥

(ਮੇਰੀ ਇਹ ਤਾਂਘ ਹੈ ਕਿ) ਅਹੰਕਾਰ ਛੱਡ ਕੇ ਮੋਹ ਤਿਆਗ ਕੇ ਮੈਂ ਉਹਨਾਂ ਸੁਹਾਗਣਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ,

ਉਨ੍ਰ ਕੈ ਸੰਗਿ ਦੇਖਉ ਪ੍ਰਭੁ ਨੈਨ ॥੩॥

(ਕਿਉਂਕਿ, ਹੇ ਮਾਂ!) ਉਹਨਾਂ ਸੁਹਾਗਣਾਂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ ਪ੍ਰਭੂ-ਪਤੀ ਨੂੰ ਇਹਨਾਂ ਅੱਖਾਂ ਨਾਲ ਵੇਖ ਸਕਾਂਗੀ ॥੩॥

ਨਿਮਖ ਨਿਮਖ ਏਹੀ ਆਰਾਧਉ ॥

(ਹੇ ਮਾਂ!) ਮੈਂ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਾਧਨ ਕਰਦੀ ਰਹਾਂ।

ਦਿਨਸੁ ਰੈਣਿ ਏਹ ਸੇਵਾ ਸਾਧਉ ॥

ਮੈਂ ਪਲ ਪਲ ਇਹੀ ਸੁੱਖਣਾ ਸੁੱਖਦੀ ਹਾਂ (ਕਿ ਮੈਨੂੰ ਉਹਨਾਂ ਸੁਹਾਗਣਾਂ ਦੀ ਸੰਗਤਿ ਮਿਲੇ।)

ਭਏ ਕ੍ਰਿਪਾਲ ਗੁਪਾਲ ਗੋਬਿੰਦ ॥

ਬਖ਼ਸ਼ਣਹਾਰ ਗੁਪਾਲ ਗੋਬਿੰਦ-ਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ,

ਸਾਧਸੰਗਿ ਨਾਨਕ ਬਖਸਿੰਦ ॥੪॥੩੩॥੮੪॥

ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਸਾਧ ਸੰਗਤਿ ਵਿਚ ਜਾ ਪਹੁੰਚਦੀ ਹੈ ॥੪॥੩੩॥੮੪॥


ਆਸਾ ਮਹਲਾ ੫ ॥
ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ ॥

ਹੇ ਮਿੱਤਰ! (ਜੇਹੜਾ ਮਨੁੱਖ) ਪਰਮਾਤਮਾ ਦੀ ਪ੍ਰੀਤਿ (ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ,

ਪ੍ਰਭ ਕੀ ਪ੍ਰੀਤਿ ਦੁਖੁ ਲਗੈ ਨ ਕੋਇ ॥

ਪ੍ਰਭੂ ਦੀ ਪ੍ਰੀਤ ਦਾ ਸਦਕਾ (ਉਸ ਨੂੰ) ਕੋਈ ਦੁੱਖ ਪੋਹ ਨਹੀਂ ਸਕਦਾ,

ਪ੍ਰਭ ਕੀ ਪ੍ਰੀਤਿ ਹਉਮੈ ਮਲੁ ਖੋਇ ॥

ਪ੍ਰਭੂ ਦੀ ਪ੍ਰੀਤ ਦਾ ਸਦਕਾ (ਉਹ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ,

ਪ੍ਰਭ ਕੀ ਪ੍ਰੀਤਿ ਸਦ ਨਿਰਮਲ ਹੋਇ ॥੧॥

(ਪ੍ਰਭੂ ਦੀ ਇਹ ਪ੍ਰੀਤਿ ਉਸ ਨੂੰ) ਸਦਾ ਪਵਿਤ੍ਰ ਜੀਵਨ ਵਾਲਾ ਬਣਾਈ ਰੱਖਦੀ ਹੈ ॥੧॥

ਸੁਨਹੁ ਮੀਤ ਐਸਾ ਪ੍ਰੇਮ ਪਿਆਰੁ ॥

ਹੇ ਮਿੱਤਰ! ਸੁਣੋ, (ਪਰਮਾਤਮਾ ਨਾਲ ਪਾਇਆ ਹੋਇਆ) ਪ੍ਰੇਮ-ਪਿਆਰ ਐਸੀ ਦਾਤਿ ਹੈ,

ਜੀਅ ਪ੍ਰਾਨ ਘਟ ਘਟ ਆਧਾਰੁ ॥੧॥ ਰਹਾਉ ॥

ਕਿ ਇਹ ਹਰੇਕ ਜੀਵ ਦੀ ਜਿੰਦ ਦਾ ਹਰੇਕ ਜੀਵ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ ॥੧॥ ਰਹਾਉ ॥

ਪ੍ਰਭ ਕੀ ਪ੍ਰੀਤਿ ਭਏ ਸਗਲ ਨਿਧਾਨ ॥

ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸੀ ਉਸ ਨੂੰ, ਮਾਨੋ) ਸਾਰੇ ਖ਼ਜ਼ਾਨੇ (ਪ੍ਰਾਪਤ) ਹੋ ਗਏ,

ਪ੍ਰਭ ਕੀ ਪ੍ਰੀਤਿ ਰਿਦੈ ਨਿਰਮਲ ਨਾਮ ॥

ਪ੍ਰਭੂ ਦੀ ਪ੍ਰੀਤ ਦਾ ਦੁਆਰਾ ਉਸ ਦੇ ਹਿਰਦੇ ਵਿਚ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਹਰਿ-ਨਾਮ (ਆ ਵੱਸਦਾ ਹੈ),

ਪ੍ਰਭ ਕੀ ਪ੍ਰੀਤਿ ਸਦ ਸੋਭਾਵੰਤ ॥

ਪ੍ਰਭੂ ਦੀ ਪ੍ਰੀਤ ਦਾ ਸਦਕਾ (ਉਹ ਲੋਕ ਪਰਲੋਕ ਵਿਚ) ਸਦਾ ਸੋਭਾ-ਵਡਿਆਈ ਵਾਲਾ ਬਣਿਆ ਰਹਿੰਦਾ ਹੈ,

ਪ੍ਰਭ ਕੀ ਪ੍ਰੀਤਿ ਸਭ ਮਿਟੀ ਹੈ ਚਿੰਤ ॥੨॥

ਪ੍ਰਭੂ ਦੀ ਪ੍ਰੀਤ ਦਾ ਸਦਕਾ ਉਸ ਦੀ ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ॥੨॥

ਪ੍ਰਭ ਕੀ ਪ੍ਰੀਤਿ ਇਹੁ ਭਵਜਲੁ ਤਰੈ ॥

ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸਦੀ ਹੈ) ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ,

ਪ੍ਰਭ ਕੀ ਪ੍ਰੀਤਿ ਜਮ ਤੇ ਨਹੀ ਡਰੈ ॥

ਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਜਮ-ਦੂਤਾਂ ਤੋਂ ਭੈ ਨਹੀਂ ਖਾਂਦਾ (ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ।

ਪ੍ਰਭ ਕੀ ਪ੍ਰੀਤਿ ਸਗਲ ਉਧਾਰੈ ॥

ਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਆਪ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ) ਹੋਰ ਸਭਨਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪ੍ਰਭ ਕੀ ਪ੍ਰੀਤਿ ਚਲੈ ਸੰਗਾਰੈ ॥੩॥

(ਹੇ ਮਿੱਤਰ!) ਪਰਮਾਤਮਾ ਦੀ ਪ੍ਰੀਤਿ (ਹੀ ਇਕ ਐਸੀ ਰਾਸਿ-ਪੂੰਜੀ ਹੈ ਜੋ) ਸਦਾ ਮਨੁੱਖ ਦੇ ਨਾਲ ਸਾਥ ਕਰਦੀ ਹੈ ॥੩॥

ਆਪਹੁ ਕੋਈ ਮਿਲੈ ਨ ਭੂਲੈ ॥

(ਪਰ, ਹੇ ਮਿੱਤਰ! ਪਰਮਾਤਮਾ ਨਾਲ ਪ੍ਰੀਤਿ ਜੋੜਨੀ ਕਿਸੇ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ) ਆਪਣੇ ਉੱਦਮ ਨਾਲ ਨਾਹ ਕੋਈ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ ਤੇ ਨਾਹ ਕੋਈ (ਵਿਛੁੜ ਕੇ) ਕੁਰਾਹੇ ਪੈਂਦਾ ਹੈ।

ਜਿਸੁ ਕ੍ਰਿਪਾਲੁ ਤਿਸੁ ਸਾਧਸੰਗਿ ਘੂਲੈ ॥

ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ, ਸਾਧ ਸੰਗਤਿ ਵਿਚ ਟਿਕ ਕੇ ਉਹ ਪਰਮਾਤਮਾ ਨਾਲ ਪਿਆਰ ਪਾਣਾ ਸਿੱਖ ਲੈਂਦਾ ਹੈ)।

ਕਹੁ ਨਾਨਕ ਤੇਰੈ ਕੁਰਬਾਣੁ ॥

ਨਾਨਕ ਆਖਦਾ ਹੈ- ਮੈਂ ਤੈਥੋਂ ਕੁਰਬਾਨ ਜਾਂਦਾ ਹਾਂ,

ਸੰਤ ਓਟ ਪ੍ਰਭ ਤੇਰਾ ਤਾਣੁ ॥੪॥੩੪॥੮੫॥

ਹੇ ਪ੍ਰਭੂ!ਤੂੰ ਹੀ ਸੰਤਾਂ ਦੀ ਓਟ ਹੈਂ ਤੂੰ ਹੀ ਸੰਤਾਂ ਦਾ ਤਾਣ-ਬਲ ਹੈਂ ॥੪॥੩੪॥੮੫॥


ਆਸਾ ਮਹਲਾ ੫ ॥
ਭੂਪਤਿ ਹੋਇ ਕੈ ਰਾਜੁ ਕਮਾਇਆ ॥

(ਹੇ ਭਾਈ! ਜੇ ਕਿਸੇ ਨੇ) ਰਾਜਾ ਬਣ ਕੇ ਰਾਜ (ਦਾ ਅਨੰਦ ਭੀ) ਮਾਣ ਲਿਆ,

ਕਰਿ ਕਰਿ ਅਨਰਥ ਵਿਹਾਝੀ ਮਾਇਆ ॥

(ਲੋਕਾਂ ਉਤੇ) ਵਧੀਕੀਆਂ ਕਰ ਕਰ ਕੇ ਮਾਲ-ਧਨ ਭੀ ਜੋੜ ਲਿਆ,

ਸੰਚਤ ਸੰਚਤ ਥੈਲੀ ਕੀਨ੍ਰੀ ॥

ਜੋੜਦਿਆਂ ਜੋੜਦਿਆਂ (ਜੇ ਉਸ ਨੇ) ਖ਼ਜ਼ਾਨਾ (ਭੀ) ਬਣਾ ਲਿਆ,

ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਰੀ ॥੧॥

(ਤਾਂ ਭੀ ਕੀਹ ਹੋਇਆ?) ਪਰਮਾਤਮਾ ਨੇ (ਆਖ਼ਰ) ਉਸ ਪਾਸੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤਾ (ਮੌਤ ਵੇਲੇ ਉਹ ਆਪਣੇ ਨਾਲ ਤਾਂ ਨਾਹ ਲੈ ਜਾ ਸਕਿਆ) ॥੧॥

ਕਾਚ ਗਗਰੀਆ ਅੰਭ ਮਝਰੀਆ ॥

(ਹੇ ਭਾਈ! ਇਹ ਮਨੁੱਖਾ ਸਰੀਰ ਪਾਣੀ ਵਿਚ ਪਈ ਹੋਈ) ਕੱਚੀ ਮਿੱਟੀ ਦੀ ਗਾਗਰ (ਵਾਂਗ ਹੈ ਜੋ ਹਵਾ ਨਾਲ ਉਛਲ-ਉਛਲ ਕੇ) ਪਾਣੀ ਵਿਚ ਹੀ (ਗਲ ਜਾਂਦੀ ਹੈ।

ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥

ਇਸੇ ਤਰ੍ਹਾਂ ਮਨੁੱਖ) ਅਹੰਕਾਰ ਕਰ ਕਰ ਕੇ ਉਸੇ (ਸੰਸਾਰ-ਸਮੁੰਦਰ) ਵਿਚ ਹੀ ਡੁੱਬ ਜਾਂਦਾ ਹੈ (ਆਪਣਾ ਆਤਮਕ ਜੀਵਨ ਗ਼ਰਕ ਕਰ ਲੈਂਦਾ ਹੈ) ॥੧॥ ਰਹਾਉ ॥

ਨਿਰਭਉ ਹੋਇਓ ਭਇਆ ਨਿਹੰਗਾ ॥

(ਹੇ ਭਾਈ! ਰਾਜ ਦੇ ਮਾਣ ਵਿਚ ਜੇ ਉਹ ਮੌਤ ਵਲੋਂ) ਨਿਡਰ ਹੋ ਗਿਆ ਨਿਧੜਕ ਹੋ ਗਿਆ,

ਚੀਤਿ ਨ ਆਇਓ ਕਰਤਾ ਸੰਗਾ ॥

(ਜੇ ਉਸ ਨੂੰ) ਹਰ ਵੇਲੇ ਨਾਲ-ਵੱਸਦਾ ਕਰਤਾਰ ਕਦੇ ਯਾਦ ਨਾਹ ਆਇਆ,

ਲਸਕਰ ਜੋੜੇ ਕੀਆ ਸੰਬਾਹਾ ॥

(ਜੇ ਉਸ ਨੇ) ਫ਼ੌਜਾਂ ਜਮ੍ਹਾਂ ਕਰ ਕਰ ਕੇ ਬੜਾ ਲਸ਼ਕਰ ਬਣਾ ਲਿਆ (ਤਾਂ ਭੀ ਕੀਹ ਹੋਇਆ?)

ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥

ਜਦੋਂ (ਅੰਤ ਵੇਲੇ) ਉਸ ਦੇ ਸੁਆਸ ਨਿਕਲ ਗਏ ਤਾਂ (ਉਸ ਦਾ ਸਰੀਰ) ਮਿੱਟੀ ਹੋ ਗਿਆ ॥੨॥

ਊਚੇ ਮੰਦਰ ਮਹਲ ਅਰੁ ਰਾਨੀ ॥

(ਹੇ ਭਾਈ! ਜੇ ਉਸ ਨੂੰ) ਉੱਚੇ ਮਹਲ ਮਾੜੀਆਂ (ਰਹਿਣ ਲਈ ਮਿਲ ਗਏ) ਅਤੇ (ਸੁੰਦਰ) ਰਾਣੀ (ਮਿਲ ਗਈ।)

ਹਸਤਿ ਘੋੜੇ ਜੋੜੇ ਮਨਿ ਭਾਨੀ ॥

(ਜੇ ਉਸ ਨੇ) ਹਾਥੀ ਘੋੜੇ (ਵਧੀਆ) ਮਨ-ਭਾਉਂਦੇ ਕੱਪੜੇ (ਇਕੱਠੇ ਕਰ ਲਏ।

ਵਡ ਪਰਵਾਰੁ ਪੂਤ ਅਰੁ ਧੀਆ ॥

ਜੇ ਉਹ) ਪੁੱਤਰਾਂ ਧੀਆਂ ਵਾਲਾ ਵੱਡੇ ਪਰਵਾਰ ਵਾਲਾ ਬਣ ਗਿਆ,

ਮੋਹਿ ਪਚੇ ਪਚਿ ਅੰਧਾ ਮੂਆ ॥੩॥

ਤਾਂ ਭੀ ਤਾਂ (ਮਾਇਆ ਦੇ) ਮੋਹ ਵਿਚ ਖ਼ੁਆਰ ਹੋ ਹੋ ਕੇ (ਉਹ ਮਾਇਆ ਦੇ) ਮੋਹ ਵਿਚ (ਅੰਨ੍ਹਾ ਹੋਇਆ ਹੋਇਆ) ਆਤਮਕ ਮੌਤ ਹੀ ਸਹੇੜ ਬੈਠਾ ॥੩॥

ਜਿਨਹਿ ਉਪਾਹਾ ਤਿਨਹਿ ਬਿਨਾਹਾ ॥

(ਹੇ ਭਾਈ!) ਜਿਸ ਪਰਮਾਤਮਾ ਨੇ (ਉਸ ਨੂੰ) ਪੈਦਾ ਕੀਤਾ ਸੀ ਉਸੇ ਨੇ ਉਸ ਨੂੰ ਨਾਸ ਭੀ ਕਰ ਦਿੱਤਾ,

ਰੰਗ ਰਸਾ ਜੈਸੇ ਸੁਪਨਾਹਾ ॥

ਉਸ ਦੇ ਮਾਣੇ ਹੋਏ ਰੰਗ-ਤਮਾਸ਼ੇ ਤੇ ਮੌਜ ਮੇਲੇ ਸੁਪਨੇ ਵਾਂਗ ਹੋ ਗਏ।

ਸੋਈ ਮੁਕਤਾ ਤਿਸੁ ਰਾਜੁ ਮਾਲੁ ॥

ਉਹੀ ਮਨੁੱਖ (ਮਾਇਆ ਦੇ ਮੋਹ ਤੋਂ) ਬਚਿਆ ਰਹਿੰਦਾ ਹੈ ਉਸ ਦੇ ਪਾਸ (ਸਦਾ ਕਾਇਮ ਰਹਿਣ ਵਾਲਾ) ਰਾਜ ਤੇ ਧਨ ਹੈ,

ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥

ਹੇ ਦਾਸ ਨਾਨਕ! (ਆਖ-) ਜਿਸ ਉੱਤੇ ਖਸਮ ਪ੍ਰਭੂ ਦਇਆਵਾਨ ਹੁੰਦਾ ਹੈ (ਤੇ ਜਿਸ ਨੂੰ ਆਪਣੇ ਨਾਮ ਦਾ ਖ਼ਜ਼ਾਨਾ ਬਖ਼ਸ਼ਦਾ ਹੈ) ॥੪॥੩੫॥੮੬॥


ਆਸਾ ਮਹਲਾ ੫ ॥
ਇਨ੍ਰ ਸਿਉ ਪ੍ਰੀਤਿ ਕਰੀ ਘਨੇਰੀ ॥

(ਹੇ ਭਾਈ!) ਜੇ ਇਸ (ਮਾਇਆ) ਨਾਲ ਬਹੁਤੀ ਪ੍ਰੀਤਿ ਕਰੀਏ,

ਜਉ ਮਿਲੀਐ ਤਉ ਵਧੈ ਵਧੇਰੀ ॥

ਤਾਂ ਜਿਉਂ ਜਿਉਂ ਇਸ ਨਾਲ ਸਾਥ ਬਣਾਈਦਾ ਹੈ, ਤਿਉਂ ਤਿਉਂ ਇਸ ਨਾਲ ਮੋਹ ਵਧਦਾ ਜਾਂਦਾ ਹੈ।

ਗਲਿ ਚਮੜੀ ਜਉ ਛੋਡੈ ਨਾਹੀ ॥

(ਆਖ਼ਰ) ਜਦੋਂ ਇਹ ਗਲ ਨਾਲ ਚੰਬੜੀ ਹੋਈ ਛੱਡਦੀ ਹੀ ਨਹੀਂ,

ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥

ਤਦੋਂ ਸਤਿਗੁਰੂ ਦੀ ਚਰਨੀਂ ਲੱਗ ਕੇ ਹੀ ਇਸ ਤੋਂ ਖ਼ਲਾਸੀ ਪਾਈਦੀ ਹੈ ॥੧॥

ਜਗ ਮੋਹਨੀ ਹਮ ਤਿਆਗਿ ਗਵਾਈ ॥

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਂ ਸਾਰੇ ਜਗਤ ਨੂੰ ਮੋਹਣ ਵਾਲੀ ਮਾਇਆ (ਦੇ ਮੋਹ) ਨੂੰ ਤਿਆਗ ਕੇ ਪਰੇ ਸੁੱਟ ਦਿੱਤਾ ਹੈ,

ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥

ਮੈਨੂੰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿਣ ਵਾਲਾ ਪਰਮਾਤਮਾ ਮਿਲਿਆ ਹੈ ਮੇਰੇ ਅੰਦਰ ਉਤਸ਼ਾਹ-ਭਰੀ ਅਵਸਥਾ ਪ੍ਰਬਲ ਹੋ ਗਈ ਹੈ ॥੧॥ ਰਹਾਉ ॥

ਐਸੀ ਸੁੰਦਰਿ ਮਨ ਕਉ ਮੋਹੈ ॥

(ਹੇ ਭਾਈ! ਇਹ ਮਾਇਆ) ਐਸੀ ਸੋਹਣੀ ਹੈ ਕਿ (ਮਨੁੱਖ ਦੇ) ਮਨ ਨੂੰ (ਤੁਰਤ) ਮੋਹ ਲੈਂਦੀ ਹੈ।

ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥

ਰਸਤੇ ਵਿਚ (ਤੁਰਦਿਆਂ) ਪੱਤਣ ਉਤੇ (ਲੰਘਦਿਆਂ) ਘਰ ਵਿਚ (ਬੈਠਿਆਂ) ਜੰਗਲ ਜੰਗਲ ਵਿਚ (ਭੌਂਦਿਆਂ ਇਹ ਮਨ ਨੂੰ ਮੋਹਣ ਵਾਸਤੇ) ਤੱਕ ਲਾਈ ਰੱਖਦੀ ਹੈ।

ਮਨਿ ਤਨਿ ਲਾਗੈ ਹੋਇ ਕੈ ਮੀਠੀ ॥

ਮਿੱਠੀ ਬਣ ਕੇ ਇਹ ਮਨ ਵਿਚ ਤਨ ਵਿਚ ਆ ਚੰਬੜਦੀ ਹੈ।

ਗੁਰਪ੍ਰਸਾਦਿ ਮੈ ਖੋਟੀ ਡੀਠੀ ॥੨॥

ਪਰ ਮੈਂ ਗੁਰੂ ਦੀ ਕਿਰਪਾ ਨਾਲ ਵੇਖ ਲਿਆ ਹੈ ਕਿ ਇਹ ਬੜੀ ਖੋਟੀ ਹੈ ॥੨॥

ਅਗਰਕ ਉਸ ਕੇ ਵਡੇ ਠਗਾਊ ॥

(ਹੇ ਭਾਈ! ਕਾਮਾਦਿਕ) ਉਸ ਮਾਇਆ ਦੇ ਮੁਸਾਹਬ (ਵੀ) ਵੱਡੇ ਠੱਗ ਹਨ,

ਛੋਡਹਿ ਨਾਹੀ ਬਾਪ ਨ ਮਾਊ ॥

ਮਾਂ ਹੋਵੇ ਪਿਉ ਹੋਵੇ ਕਿਸੇ ਨੂੰ ਠੱਗਣੋਂ ਛੱਡਦੇ ਨਹੀਂ।

ਮੇਲੀ ਅਪਨੇ ਉਨਿ ਲੇ ਬਾਂਧੇ ॥

ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨਾਲ ਮੇਲ-ਮੁਲਾਕਾਤ ਪਾਈ, ਉਹਨਾਂ ਨੂੰ ਇਹਨਾਂ ਮੁਸਾਹਬਾਂ ਨੇ ਚੰਗੀ ਤਰ੍ਹਾਂ ਬੰਨ੍ਹ ਲਿਆ,

ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥

ਪਰ ਮੈਂ ਗੁਰੂ ਦੀ ਕਿਰਪਾ ਨਾਲ ਇਹਨਾਂ ਸਾਰਿਆਂ ਨੂੰ ਕਾਬੂ ਕਰ ਲਿਆ ਹੈ ॥੩॥

ਅਬ ਮੋਰੈ ਮਨਿ ਭਇਆ ਅਨੰਦ ॥

ਹੁਣ ਮੇਰੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਭਉ ਚੂਕਾ ਟੂਟੇ ਸਭਿ ਫੰਦ ॥

(ਮੇਰੇ ਅੰਦਰੋਂ ਇਹਨਾਂ ਕਾਮਾਦਿਕ ਮੁਸਾਹਬਾਂ ਦਾ) ਡਰ-ਭਉ ਲਹਿ ਗਿਆ ਹੈ ਇਹਨਾਂ ਦੇ ਪਾਏ ਹੋਏ ਸਾਰੇ ਫਾਹੇ ਟੁਟ ਗਏ ਹਨ।

ਕਹੁ ਨਾਨਕ ਜਾ ਸਤਿਗੁਰੁ ਪਾਇਆ ॥

ਹੇ ਨਾਨਕ! ਜਦੋਂ ਦਾ ਮੈਨੂੰ ਸਤਿਗੁਰੂ ਮਿਲ ਪਿਆ ਹੈ,

ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥

ਤਦੋਂ ਤੋਂ ਮੈਂ ਆਪਣਾ ਸਾਰਾ ਘਰ ਸੁਖੀ ਵਸਾ ਲਿਆ ਹੈ (ਮੇਰੇ ਸਾਰੇ ਗਿਆਨ-ਇੰਦ੍ਰਿਆਂ ਵਾਲਾ ਪਰਵਾਰ ਇਹਨਾਂ ਦੀ ਮਾਰ ਤੋਂ ਬਚ ਕੇ ਆਤਮਕ ਆਨੰਦ ਮਾਣ ਰਿਹਾ ਹੈ) ॥੪॥੩੬॥੮੭॥


ਆਸਾ ਮਹਲਾ ੫ ॥
ਆਠ ਪਹਰ ਨਿਕਟਿ ਕਰਿ ਜਾਨੈ ॥

ਪਰਮਾਤਮਾ ਦਾ ਭਗਤ ਪਰਮਾਤਮਾ ਨੂੰ ਅੱਠੇ ਪਹਿਰ ਆਪਣੇ ਨੇੜੇ ਵੱਸਦਾ ਸਮਝਦਾ ਹੈ,

ਪ੍ਰਭ ਕਾ ਕੀਆ ਮੀਠਾ ਮਾਨੈ ॥

ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮਿੱਠਾ ਕਰ ਕੇ ਮੰਨਦਾ ਹੈ।

ਏਕੁ ਨਾਮੁ ਸੰਤਨ ਆਧਾਰੁ ॥

(ਹੇ ਵੀਰ!) ਪਰਮਾਤਮਾ ਦਾ ਨਾਮ ਹੀ ਸੰਤ ਜਨਾਂ (ਦੀ ਜ਼ਿੰਦਗੀ) ਦਾ ਆਸਰਾ (ਬਣਿਆ ਰਹਿੰਦਾ) ਹੈ।

ਹੋਇ ਰਹੇ ਸਭ ਕੀ ਪਗ ਛਾਰੁ ॥੧॥

ਸੰਤ ਜਨ ਸਭਨਾਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਹਨ ॥੧॥

ਸੰਤ ਰਹਤ ਸੁਨਹੁ ਮੇਰੇ ਭਾਈ ॥

ਹੇ ਮੇਰੇ ਵੀਰ! (ਪਰਮਾਤਮਾ ਦੇ) ਸੰਤ ਦੀ ਜੀਵਨ-ਜੁਗਤੀ ਸੁਣ,

ਉਆ ਕੀ ਮਹਿਮਾ ਕਥਨੁ ਨ ਜਾਈ ॥੧॥ ਰਹਾਉ ॥

(ਉਸ ਦਾ ਜੀਵਨ ਇਤਨਾ ਉੱਚਾ ਹੈ ਕਿ) ਉਸ ਦਾ ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ ॥੧॥ ਰਹਾਉ ॥

ਵਰਤਣਿ ਜਾ ਕੈ ਕੇਵਲ ਨਾਮ ॥

(ਹੇ ਭਾਈ! ਸੰਤ ਉਹ ਹੈ) ਜਿਸ ਦੇ ਹਿਰਦੇ ਵਿਚ ਸਿਰਫ਼ ਹਰਿ ਸਿਮਰਨ ਦਾ ਹੀ ਆਹਰ ਟਿਕਿਆ ਰਹਿੰਦਾ ਹੈ,

ਅਨਦ ਰੂਪ ਕੀਰਤਨੁ ਬਿਸ੍ਰਾਮ ॥

ਸਦਾ ਆਨੰਦ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਹੀ (ਸੰਤ ਦੀ ਜ਼ਿੰਦਗੀ ਦਾ) ਸਹਾਰਾ ਹੈ।

ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥

(ਹੇ ਭਾਈ! ਸੰਤ ਉਹ ਹੈ) ਜਿਸ ਦੇ ਮਨ ਵਿਚ ਮਿੱਤਰ ਤੇ ਵੈਰੀ ਇਕੋ ਜਿਹੇ (ਮਿੱਤਰ ਹੀ) ਲੱਗਦੇ ਹਨ,

ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥

(ਕਿਉਂਕਿ ਸੰਤ ਸਭ ਜੀਵਾਂ ਵਿਚ) ਆਪਣੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਸਦਾ) ਨਹੀਂ ਸਮਝਦਾ ॥੨॥

ਕੋਟਿ ਕੋਟਿ ਅਘ ਕਾਟਨਹਾਰਾ ॥

(ਹੇ ਭਾਈ! ਪਰਮਾਤਮਾ ਦਾ ਸੰਤ ਹੋਰਨਾਂ ਦੇ) ਕ੍ਰੋੜਾਂ ਹੀ ਪਾਪ ਦੂਰ ਕਰਨ ਦੀ ਤਾਕਤ ਰੱਖਦਾ ਹੈ।

ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥

(ਹੇ ਭਾਈ!) ਪਰਮਾਤਮਾ ਦੇ ਸੰਤ (ਦੂਜਿਆਂ ਦੇ) ਦੁੱਖ ਦੂਰ ਕਰਨ ਜੋਗੇ ਹੋ ਜਾਂਦੇ ਹਨ ਉਹ (ਲੋਕਾਂ ਨੂੰ) ਆਤਮਕ ਜੀਵਨ ਦੇਣ ਦੀ ਸਮਰਥਾ ਰੱਖਦੇ ਹਨ।

ਸੂਰਬੀਰ ਬਚਨ ਕੇ ਬਲੀ ॥

(ਪ੍ਰਭੂ ਦੇ ਸੰਤ ਵਿਕਾਰਾਂ ਦੇ ਟਾਕਰੇ ਤੇ) ਸੂਰਮੇ ਹੁੰਦੇ ਹਨ, ਕੀਤੇ ਬਚਨਾਂ ਦੀ ਪਾਲਣਾ ਕਰਦੇ ਹਨ।

ਕਉਲਾ ਬਪੁਰੀ ਸੰਤੀ ਛਲੀ ॥੩॥

(ਸੰਤਾਂ ਦੀ ਨਿਗਾਹ ਵਿਚ ਇਹ ਮਾਇਆ ਭੀ ਨਿਮਾਣੀ ਜਿਹੀ ਜਾਪਦੀ ਹੈ) ਇਸ ਨਿਮਾਣੀ ਮਾਇਆ ਨੂੰ ਸੰਤਾਂ ਨੇ ਆਪਣੇ ਵੱਸ ਵਿਚ ਕਰ ਲਿਆ ਹੁੰਦਾ ਹੈ ॥੩॥

ਤਾ ਕਾ ਸੰਗੁ ਬਾਛਹਿ ਸੁਰਦੇਵ ॥

(ਹੇ ਭਾਈ!) ਪਰਮਾਤਮਾ ਦੇ ਸੰਤ ਦਾ ਮਿਲਾਪ ਆਕਾਸ਼ੀ ਦੇਵਤੇ ਭੀ ਲੋੜਦੇ ਰਹਿੰਦੇ ਹਨ।

ਅਮੋਘ ਦਰਸੁ ਸਫਲ ਜਾ ਕੀ ਸੇਵ ॥

ਸੰਤ ਦਾ ਦਰਸ਼ਨ ਵਿਅਰਥ ਨਹੀਂ ਜਾਂਦਾ, ਸੰਤ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ।

ਕਰ ਜੋੜਿ ਨਾਨਕੁ ਕਰੇ ਅਰਦਾਸਿ ॥

(ਹੇ ਭਾਈ!) ਨਾਨਕ (ਦੋਵੇਂ) ਹੱਥ ਜੋੜ ਕੇ ਅਰਜ਼ੋਈ ਕਰਦਾ ਹੈ-

ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਸੰਤ ਜਨਾਂ ਦੀ ਸੇਵਾ ਦੀ ਦਾਤਿ ਬਖ਼ਸ਼ ॥੪॥੩੭॥੮੮॥


ਆਸਾ ਮਹਲਾ ੫ ॥
ਸਗਲ ਸੂਖ ਜਪਿ ਏਕੈ ਨਾਮ ॥

(ਗੁਰੂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਜਪਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।

ਸਗਲ ਧਰਮ ਹਰਿ ਕੇ ਗੁਣ ਗਾਮ ॥

(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਿਚ ਹੀ ਹੋਰ ਸਾਰੇ ਧਰਮ ਆ ਜਾਂਦੇ ਹਨ।

ਮਹਾ ਪਵਿਤ੍ਰ ਸਾਧ ਕਾ ਸੰਗੁ ॥

ਗੁਰੂ ਦੀ ਸੰਗਤਿ ਬਹੁਤ ਪਵਿਤ੍ਰ ਕਰਨ ਵਾਲੀ ਹੈ,

ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥੧॥

ਗੁਰੂ ਨੂੰ ਮਿਲਿਆਂ ਪਰਮਾਤਮਾ ਦਾ ਪ੍ਰੇਮ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ ॥੧॥

ਗੁਰਪ੍ਰਸਾਦਿ ਓਇ ਆਨੰਦ ਪਾਵੈ ॥

(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ-ਨਾਮ ਸਿਮਰਿਆਂ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,

ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥੧॥ ਰਹਾਉ ॥

ਉਸ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਦੀ ਆਤਮਕ ਵਡੱਪਣ ਦੱਸੀ ਨਹੀਂ ਜਾ ਸਕਦੀ, ਉਹ ਮਨੁੱਖ ਅਨੇਕਾਂ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥

ਵਰਤ ਨੇਮ ਮਜਨ ਤਿਸੁ ਪੂਜਾ ॥

(ਹੇ ਭਾਈ!) ਉਸ ਦੇ ਭਾ ਦੇ, ਮਾਨੋ, ਸਾਰੇ ਵਰਤ ਨੇਮ, ਸਾਰੇ ਤੀਰਥ ਇਸ਼ਨਾਨ ਅਤੇ ਸਾਰੀਆਂ ਪੂਜਾ ਹੋ ਗਈਆਂ,

ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥

ਉਸ ਨੇ, ਮਾਨੋ, ਵੇਦ ਪੁਰਾਣ ਸਿੰਮ੍ਰਤੀਆਂ ਆਦਿਕ ਸਾਰੇ ਧਰਮ-ਪੁਸਤਕ ਸੁਣ ਲਏ,

ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥

ਜਿਸ ਮਨੁੱਖ ਦਾ ਹਿਰਦਾ-ਥਾਂ (ਨਾਮ ਦੀ ਬਰਕਤਿ ਨਾਲ) ਬਹੁਤ ਪਵਿਤ੍ਰ ਨਿਰਮਲ ਹੋ ਜਾਂਦਾ ਹੈ

ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥

ਅਤੇ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੨॥

ਪ੍ਰਗਟਿਓ ਸੋ ਜਨੁ ਸਗਲੇ ਭਵਨ ॥

(ਹੇ ਭਾਈ!) ਉਹ ਮਨੁੱਖ ਸਾਰੇ ਭਵਨਾਂ ਵਿਚ ਉੱਘਾ ਹੋ ਜਾਂਦਾ ਹੈ,

ਪਤਿਤ ਪੁਨੀਤ ਤਾ ਕੀ ਪਗ ਰੇਨ ॥

ਉਸ ਮਨੁੱਖ ਦੇ ਚਰਨਾਂ ਦੀ ਧੂੜ ਵਿਕਾਰਾਂ ਵਿਚ ਡਿੱਗੇ ਹੋਏ ਅਨੇਕਾਂ ਬੰਦਿਆਂ ਨੂੰ ਪਵਿਤ੍ਰ ਕਰਨ ਦੀ ਸਮਰੱਥਾ ਰੱਖਦੀ ਹੈ,

ਜਾ ਕਉ ਭੇਟਿਓ ਹਰਿ ਹਰਿ ਰਾਇ ॥

(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਪ੍ਰਭੂ-ਪਾਤਸ਼ਾਹ ਮਿਲ ਪੈਂਦਾ ਹੈ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ,

ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥੩॥

ਉਸ ਮਨੁੱਖ ਦੀ ਆਤਮਕ ਵਡੱਪਣ ਬਿਆਨ ਨਹੀਂ ਕੀਤੀ ਜਾ ਸਕਦੀ ॥੩॥

ਆਠ ਪਹਰ ਕਰ ਜੋੜਿ ਧਿਆਵਉ ॥

ਹੇ ਪ੍ਰਭੂ! ਮੈਂ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਧਰਦਾ ਰਹਾਂ,

ਉਨ ਸਾਧਾ ਕਾ ਦਰਸਨੁ ਪਾਵਉ ॥

ਉਹਨਾਂ ਸਾਧੂਆਂ ਦਾ ਦਰਸਨ ਕਰਦਾ ਰਹਾਂ.

ਮੋਹਿ ਗਰੀਬ ਕਉ ਲੇਹੁ ਰਲਾਇ ॥

ਮੈਨੂੰ ਗ਼ਰੀਬ ਨੂੰ ਉਹਨਾਂ ਦੀ ਸੰਗਤਿ ਵਿਚ ਰਲਾ ਦੇ,

ਨਾਨਕ ਆਇ ਪਏ ਸਰਣਾਇ ॥੪॥੩੮॥੮੯॥

ਹੇ ਨਾਨਕ! (ਆਖ- ਜੇਹੜੇ ਗੁਰਮੁਖਿ ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਆ ਪਏ ਹਨ ॥੪॥੩੮॥੮੯॥ਆਸਾ ਮਹਲਾ ੫ ॥

ਸਗਲ ਸੂਖ ਜਪਿ ਏਕੈ ਨਾਮ ॥

(ਗੁਰੂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਜਪਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।

ਸਗਲ ਧਰਮ ਹਰਿ ਕੇ ਗੁਣ ਗਾਮ ॥

(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਿਚ ਹੀ ਹੋਰ ਸਾਰੇ ਧਰਮ ਆ ਜਾਂਦੇ ਹਨ।

ਮਹਾ ਪਵਿਤ੍ਰ ਸਾਧ ਕਾ ਸੰਗੁ ॥

ਗੁਰੂ ਦੀ ਸੰਗਤਿ ਬਹੁਤ ਪਵਿਤ੍ਰ ਕਰਨ ਵਾਲੀ ਹੈ,

ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥੧॥

ਗੁਰੂ ਨੂੰ ਮਿਲਿਆਂ ਪਰਮਾਤਮਾ ਦਾ ਪ੍ਰੇਮ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ ॥੧॥

ਗੁਰਪ੍ਰਸਾਦਿ ਓਇ ਆਨੰਦ ਪਾਵੈ ॥

(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ-ਨਾਮ ਸਿਮਰਿਆਂ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,

ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥੧॥ ਰਹਾਉ ॥

ਉਸ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਦੀ ਆਤਮਕ ਵਡੱਪਣ ਦੱਸੀ ਨਹੀਂ ਜਾ ਸਕਦੀ, ਉਹ ਮਨੁੱਖ ਅਨੇਕਾਂ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥

ਵਰਤ ਨੇਮ ਮਜਨ ਤਿਸੁ ਪੂਜਾ ॥

(ਹੇ ਭਾਈ!) ਉਸ ਦੇ ਭਾ ਦੇ, ਮਾਨੋ, ਸਾਰੇ ਵਰਤ ਨੇਮ, ਸਾਰੇ ਤੀਰਥ ਇਸ਼ਨਾਨ ਅਤੇ ਸਾਰੀਆਂ ਪੂਜਾ ਹੋ ਗਈਆਂ,

ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥

ਉਸ ਨੇ, ਮਾਨੋ, ਵੇਦ ਪੁਰਾਣ ਸਿੰਮ੍ਰਤੀਆਂ ਆਦਿਕ ਸਾਰੇ ਧਰਮ-ਪੁਸਤਕ ਸੁਣ ਲਏ,

ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥

ਜਿਸ ਮਨੁੱਖ ਦਾ ਹਿਰਦਾ-ਥਾਂ (ਨਾਮ ਦੀ ਬਰਕਤਿ ਨਾਲ) ਬਹੁਤ ਪਵਿਤ੍ਰ ਨਿਰਮਲ ਹੋ ਜਾਂਦਾ ਹੈ

ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥

ਅਤੇ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੨॥

ਪ੍ਰਗਟਿਓ ਸੋ ਜਨੁ ਸਗਲੇ ਭਵਨ ॥

(ਹੇ ਭਾਈ!) ਉਹ ਮਨੁੱਖ ਸਾਰੇ ਭਵਨਾਂ ਵਿਚ ਉੱਘਾ ਹੋ ਜਾਂਦਾ ਹੈ,

ਪਤਿਤ ਪੁਨੀਤ ਤਾ ਕੀ ਪਗ ਰੇਨ ॥

ਉਸ ਮਨੁੱਖ ਦੇ ਚਰਨਾਂ ਦੀ ਧੂੜ ਵਿਕਾਰਾਂ ਵਿਚ ਡਿੱਗੇ ਹੋਏ ਅਨੇਕਾਂ ਬੰਦਿਆਂ ਨੂੰ ਪਵਿਤ੍ਰ ਕਰਨ ਦੀ ਸਮਰੱਥਾ ਰੱਖਦੀ ਹੈ,

ਜਾ ਕਉ ਭੇਟਿਓ ਹਰਿ ਹਰਿ ਰਾਇ ॥

(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਪ੍ਰਭੂ-ਪਾਤਸ਼ਾਹ ਮਿਲ ਪੈਂਦਾ ਹੈ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ,

ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥੩॥

ਉਸ ਮਨੁੱਖ ਦੀ ਆਤਮਕ ਵਡੱਪਣ ਬਿਆਨ ਨਹੀਂ ਕੀਤੀ ਜਾ ਸਕਦੀ ॥੩॥

ਆਠ ਪਹਰ ਕਰ ਜੋੜਿ ਧਿਆਵਉ ॥

ਹੇ ਪ੍ਰਭੂ! ਮੈਂ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਧਰਦਾ ਰਹਾਂ,

ਉਨ ਸਾਧਾ ਕਾ ਦਰਸਨੁ ਪਾਵਉ ॥

ਉਹਨਾਂ ਸਾਧੂਆਂ ਦਾ ਦਰਸਨ ਕਰਦਾ ਰਹਾਂ.

ਮੋਹਿ ਗਰੀਬ ਕਉ ਲੇਹੁ ਰਲਾਇ ॥

ਮੈਨੂੰ ਗ਼ਰੀਬ ਨੂੰ ਉਹਨਾਂ ਦੀ ਸੰਗਤਿ ਵਿਚ ਰਲਾ ਦੇ,

ਨਾਨਕ ਆਇ ਪਏ ਸਰਣਾਇ ॥੪॥੩੮॥੮੯॥

ਹੇ ਨਾਨਕ! (ਆਖ- ਜੇਹੜੇ ਗੁਰਮੁਖਿ ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਆ ਪਏ ਹਨ ॥੪॥੩੮॥੮੯॥


ਆਸਾ ਮਹਲਾ ੫ ॥
ਆਠ ਪਹਰ ਉਦਕ ਇਸਨਾਨੀ ॥

(ਹੇ ਪੰਡਿਤ!) ਉਹ (ਜਲਾਂ ਥਲਾਂ ਵਿਚ ਹਰ ਥਾਂ ਵੱਸਣ ਵਾਲਾ ਹਰਿ ਸਾਲਗਿਰਾਮ) ਜੋ ਅੱਠੇ ਪਹਰ ਹੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹੈ,

ਸਦ ਹੀ ਭੋਗੁ ਲਗਾਇ ਸੁਗਿਆਨੀ ॥

ਹਰੇਕ ਦੇ ਦਿਲ ਦੀ ਚੰਗੀ ਤਰ੍ਹਾਂ ਜਾਣਨ ਵਾਲਾ ਉਹ ਹਰਿ ਸਾਲਗਿਰਾਮ (ਸਭ ਜੀਵਾਂ ਦੇ ਅੰਦਰ ਬੈਠ ਕੇ) ਸਦਾ ਹੀ ਭੋਗ ਲਾਂਦਾ ਰਹਿੰਦਾ ਹੈ (ਪਦਾਰਥ ਛਕਦਾ ਰਹਿੰਦਾ ਹੈ),

ਬਿਰਥਾ ਕਾਹੂ ਛੋਡੈ ਨਾਹੀ ॥

ਜੋ ਕਿਸੇ ਦੀ ਭੀ ਦਰਦ-ਪੀੜਾ ਨਹੀਂ ਰਹਿਣ ਦੇਂਦਾ,

ਬਹੁਰਿ ਬਹੁਰਿ ਤਿਸੁ ਲਾਗਹ ਪਾਈ ॥੧॥

ਅਸੀਂ ਉਸ (ਹਰਿ ਸਾਲਗਿਰਾਮ) ਦੀ ਪੈਰੀਂ ਮੁੜ ਮੁੜ ਲੱਗਦੇ ਹਾਂ ॥੧॥

ਸਾਲਗਿਰਾਮੁ ਹਮਾਰੈ ਸੇਵਾ ॥

(ਹੇ ਪੰਡਿਤ!) ਪਰਮਾਤਮਾ-ਦੇਵ ਦੀ ਸੇਵਾ ਭਗਤੀ ਹੀ ਸਾਡੇ ਘਰ ਵਿਚ ਸਾਲਗਿਰਾਮ (ਦੀ ਪੂਜਾ) ਹੈ।

ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ ॥

(ਹਰਿ-ਨਾਮ-ਸਿਮਰਨ ਹੀ ਸਾਡੇ ਵਾਸਤੇ ਸਾਲਗਿਰਾਮ ਦੀ) ਪੂਜਾ, ਸੁਗੰਧੀ-ਭੇਟ ਤੇ ਨਮਸਕਾਰ ਹੈ ॥੧॥ ਰਹਾਉ ॥

ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥

(ਹੇ ਪੰਡਿਤ!) ਉਸ (ਹਰਿ-ਸਾਲਗਿਰਾਮ ਦੀ ਰਜ਼ਾ) ਦਾ ਘੰਟਾ (ਸਿਰਫ਼ ਮੰਦਰ ਵਿਚ ਸੁਣੇ ਜਾਣ ਦੀ ਥਾਂ) ਸਾਰੇ ਜਗਤ ਵਿਚ ਹੀ ਸੁਣਿਆ ਜਾਂਦਾ ਹੈ।

ਆਸਨੁ ਜਾ ਕਾ ਸਦਾ ਬੈਕੁੰਠ ॥

(ਸਾਧ ਸੰਗਤਿ-ਰੂਪ) ਬੈਕੁੰਠ ਵਿਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ।

ਜਾ ਕਾ ਚਵਰੁ ਸਭ ਊਪਰਿ ਝੂਲੈ ॥

ਸਭ ਜੀਵਾਂ ਉਤੇ ਉਸ ਦਾ (ਪਵਣ)-ਚਵਰ ਝੁਲ ਰਿਹਾ ਹੈ।

ਤਾ ਕਾ ਧੂਪੁ ਸਦਾ ਪਰਫੁਲੈ ॥੨॥

(ਸਾਰੀ ਬਨਸਪਤੀ) ਸਦਾ ਫੁੱਲ ਦੇ ਰਹੀ ਹੈ ਇਹੀ ਹੈ ਉਸ ਦੇ ਵਾਸਤੇ ਧੂਪ ॥੨॥

ਘਟਿ ਘਟਿ ਸੰਪਟੁ ਹੈ ਰੇ ਜਾ ਕਾ ॥

(ਹੇ ਪੰਡਿਤ!) ਹਰੇਕ ਸਰੀਰ ਵਿਚ ਉਹ ਵੱਸ ਰਿਹਾ ਹੈ, ਹਰੇਕ ਦਾ ਹਿਰਦਾ ਹੀ ਉਸ ਦਾ (ਠਾਕੁਰਾਂ ਵਾਲਾ) ਡੱਬਾ ਹੈ,

ਅਭਗ ਸਭਾ ਸੰਗਿ ਹੈ ਸਾਧਾ ॥

ਉਸ ਦੀ ਸੰਤ-ਸਭਾ ਕਦੇ ਮੁੱਕਣ ਵਾਲੀ ਨਹੀਂ ਹੈ, ਸਾਧ ਸੰਗਤਿ ਵਿਚ ਉਹ ਹਰ ਵੇਲੇ ਵੱਸਦਾ ਹੈ,

ਆਰਤੀ ਕੀਰਤਨੁ ਸਦਾ ਅਨੰਦ ॥

ਜਿਥੇ ਉਸ ਦੀ ਸਦਾ ਆਨੰਦ ਦੇਣ ਵਾਲੀ ਸਿਫ਼ਤਿ-ਸਾਲਾਹ ਹੋ ਰਹੀ ਹੈ, ਇਹ ਸਿਫ਼ਤਿ-ਸਾਲਾਹ ਉਸ ਦੀ ਆਰਤੀ ਹੈ,

ਮਹਿਮਾ ਸੁੰਦਰ ਸਦਾ ਬੇਅੰਤ ॥੩॥

ਉਸ ਬੇਅੰਤ ਤੇ ਸੁੰਦਰ (ਹਰਿ-ਸਾਲਗਿਰਾਮ) ਦੀ ਸਦਾ ਮਹਿਮਾ ਹੋ ਰਹੀ ਹੈ ॥੩॥

ਜਿਸਹਿ ਪਰਾਪਤਿ ਤਿਸ ਹੀ ਲਹਨਾ ॥

ਪਰ, ਹੇ ਪੰਡਿਤ!) ਜਿਸ ਮਨੁੱਖ ਦੇ ਭਾਗਾਂ ਵਿਚ ਉਸ (ਹਰਿ-ਸਾਲਗਿਰਾਮ) ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਉਹ ਮਿਲਦਾ ਹੈ।

ਸੰਤ ਚਰਨ ਓਹੁ ਆਇਓ ਸਰਨਾ ॥

ਉਹ ਮਨੁੱਖ ਸੰਤਾਂ ਦੀ ਚਰਨੀਂ ਲੱਗਦਾ ਹੈ ਉਹ ਸੰਤਾਂ ਦੀ ਸਰਨ ਪਿਆ ਰਹਿੰਦਾ ਹੈ।

ਹਾਥਿ ਚੜਿਓ ਹਰਿ ਸਾਲਗਿਰਾਮੁ ॥

ਉਸ ਮਨੁੱਖ ਨੂੰ ਹਰਿ-ਸਾਲਗਿਰਾਮ ਮਿਲ ਪੈਂਦਾ ਹੈ,

ਕਹੁ ਨਾਨਕ ਗੁਰਿ ਕੀਨੋ ਦਾਨੁ ॥੪॥੩੯॥੯੦॥

ਨਾਨਕ ਆਖਦਾ ਹੈ- ਜਿਸ ਨੂੰ ਗੁਰੂ ਨੇ (ਨਾਮ ਦੀ) ਦਾਤਿ ਬਖ਼ਸ਼ੀ ॥੪॥੩੯॥੯੦॥


ਆਸਾ ਮਹਲਾ ੫ ਪੰਚਪਦਾ ॥
ਜਿਹ ਪੈਡੈ ਲੂਟੀ ਪਨਿਹਾਰੀ ॥

(ਹੇ ਭਾਈ!) ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ ਜਿਸ ਜੀਵਨ-ਰਸਤੇ ਵਿਚ (ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੀ ਹੈ,

ਸੋ ਮਾਰਗੁ ਸੰਤਨ ਦੂਰਾਰੀ ॥੧॥

ਉਹ ਰਸਤਾ ਸੰਤ ਜਨਾਂ ਤੋਂ ਦੁਰੇਡਾ ਰਹਿ ਜਾਂਦਾ ਹੈ ॥੧॥

ਸਤਿਗੁਰ ਪੂਰੈ ਸਾਚੁ ਕਹਿਆ ॥

ਹੇ ਪ੍ਰਭੂ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ-ਥਿਰ ਨਾਮ ਉਪਦੇਸ਼ ਦੇ ਦਿੱਤਾ,

ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥

ਜਮ-ਦੂਤਾਂ (ਆਤਮਕ ਮੌਤ) ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਉਸ ਨੂੰ ਤੇਰੇ ਨਾਮ ਦੀ ਬਰਕਤਿ ਨਾਲ ਜੀਵਨ-ਸਫ਼ਰ ਵਿਚ ਖੁਲ੍ਹਾ ਰਸਤਾ ਲੱਭ ਪੈਂਦਾ ਹੈ ॥੧॥ ਰਹਾਉ ॥

ਜਹ ਲਾਲਚ ਜਾਗਾਤੀ ਘਾਟ ॥

(ਹੇ ਭਾਈ!) ਜਿਥੇ ਲਾਲਚੀ ਮਸੂਲੀਆਂ ਦਾ ਪੱਤਣ ਹੈ (ਜਿਥੇ ਜਮ-ਮਸੂਲੀਏ ਕੀਤੇ ਮੰਦ-ਕਰਮਾਂ ਬਾਰੇ ਤਾੜਨਾ ਕਰਦੇ ਹਨ),

ਦੂਰਿ ਰਹੀ ਉਹ ਜਨ ਤੇ ਬਾਟ ॥੨॥

ਉਹ ਰਸਤਾ ਸੰਤ ਜਨਾਂ ਤੋਂ ਦੂਰ ਪਰੇ ਰਹਿ ਜਾਂਦਾ ਹੈ ॥੨॥

ਜਹ ਆਵਟੇ ਬਹੁਤ ਘਨ ਸਾਥ ॥

(ਹੇ ਭਾਈ!) ਜਿਸ ਜੀਵਨ-ਸਫ਼ਰ ਵਿਚ (ਮਾਇਆ-ਵੇੜ੍ਹੇ ਜੀਵਾਂ ਦੇ) ਅਨੇਕਾਂ ਹੀ ਕਾਫ਼ਲੇ (ਕੀਤੇ ਮੰਦ ਕਰਮਾਂ ਦੇ ਕਾਰਨ) ਦੁਖੀ ਹੁੰਦੇ ਰਹਿੰਦੇ ਹਨ,

ਪਾਰਬ੍ਰਹਮ ਕੇ ਸੰਗੀ ਸਾਧ ॥੩॥

ਗੁਰਮੁਖਿ ਮਨੁੱਖ (ਉਸ ਸਫ਼ਰ ਵਿਚ) ਪਰਮਾਤਮਾ ਦੇ ਸਤਸੰਗੀ ਬਣੇ ਰਹਿੰਦੇ ਹਨ (ਇਸ ਕਰਕੇ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਪੋਂਹਦਾ) ॥੩॥

ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥

(ਹੇ ਭਾਈ! ਮਾਇਆ-ਵੇੜ੍ਹੇ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਲੇ) ਚਿਤ੍ਰ ਗੁਪਤ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ,

ਭਗਤ ਜਨਾ ਕਉ ਦ੍ਰਿਸਟਿ ਨ ਪੇਖਾ ॥੪॥

ਪਰ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਵਲ ਉਹ ਅੱਖ ਪੁੱਟ ਕੇ ਭੀ ਨਹੀਂ ਤੱਕ ਸਕਦੇ ॥੪॥

ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥

ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ,

ਵਾਜੇ ਤਾ ਕੈ ਅਨਹਦ ਤੂਰਾ ॥੫॥੪੦॥੯੧॥

ਉਸ ਦੇ ਹਿਰਦੇ ਵਿਚ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ (ਇਸ ਵਾਸਤੇ) ਉਸ ਨੂੰ ਵਿਕਾਰਾਂ ਦੀ ਪ੍ਰੇਰਨਾ ਸੁਣੀ ਹੀ ਨਹੀਂ ਜਾਂਦੀ) ॥੫॥੪੦॥੯੧॥

1
2
3
4
5
6
7
8
9
10
11
12