ਰਾਗ ਆਸਾ – ਬਾਣੀ ਸ਼ਬਦ-Part 8 – Raag Asa – Bani

ਰਾਗ ਆਸਾ – ਬਾਣੀ ਸ਼ਬਦ-Part 8 – Raag Asa – Bani

ਰਾਗੁ ਆਸਾ ਮਹਲਾ ੧ ਛੰਤ ਘਰੁ ੨ ॥

ਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥

ਹੇ ਪ੍ਰਭੂ! ਮੈਂ ਜਿੱਥੇ ਭੀ ਜਾਂਦਾ ਹਾਂ ਤੂੰ ਸਭ ਥਾਂਈਂ ਮੌਜੂਦ ਹੈਂ, ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈਂ।

ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥

ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ ਤੇ ਸਭ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ।

ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥

ਜਿਸ ਪ੍ਰਭੂ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਉਹ ਸਭ ਦਾ ਮਾਲਕ ਹੈ ਉਹ ਸਭ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ।

ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥

ਜੀਵਾਂ ਦੇ ਪਾਪਾਂ ਦੇ ਢੇਰਾਂ ਦੇ ਢੇਰ ਇਕ ਪਲਕ ਵਿਚ ਨਾਸ ਕਰ ਦੇਂਦਾ ਹੈ।

ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥

ਜੀਵ ਭਾਵੇਂ ਸ੍ਰੇਸ਼ਟ ਤੋਂ ਸ੍ਰੇਸ਼ਟ ਹੋਣ ਭਾਵੇਂ ਨਿਖਿੱਧ ਤੋਂ ਨਿਖਿੱਧ ਹੋਣ, ਪ੍ਰਭੂ ਹਰੇਕ ਦੀ ਸੰਭਾਲ ਕਰਦਾ ਹੈ।

ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥੧॥

ਹੇ ਪ੍ਰਭੂ! ਮੈਂ ਜਿਥੇ ਭੀ ਜਾਂਦਾ ਹਾਂ, ਤੂੰ ਹਰ ਥਾਂ ਮੌਜੂਦ ਹੈਂ ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੧॥

ਜਿਨ੍ਰ ਇਕ ਮਨਿ ਧਿਆਇਆ ਤਿਨ੍ਰ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥

ਜਿਨ੍ਹਾਂ ਮਨੁੱਖਾਂ ਨੇ ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ, ਪਰ ਅਜੇਹੇ ਬੰਦੇ ਸੰਸਾਰ ਵਿਚ ਵਿਰਲੇ ਵਿਰਲੇ ਹਨ।

ਤਿਨ ਜਮੁ ਨੇੜਿ ਨ ਆਵੈ ਗੁਰਸਬਦੁ ਕਮਾਵੈ ਕਬਹੁ ਨ ਆਵਹਿ ਹਾਰਿ ਜੀਉ ॥

ਜੇਹੜਾ ਜੇਹੜਾ ਬੰਦਾ ਗੁਰੂ ਦਾ ਸ਼ਬਦ ਕਮਾਂਦਾ ਹੈ (ਭਾਵ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾਂਦਾ ਹੈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਉਹਨਾਂ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ) ਉਹ ਕਦੇ ਭੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਨਹੀਂ ਆਉਂਦੇ।

ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ੍ਰ ਜਮੁ ਨੇੜਿ ਨ ਆਵੈ ॥

ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਹਿਰਦੇ ਵਿਚ ਵਸਾਂਦੇ ਹਨ, ਉਹ (ਵਿਕਾਰਾਂ ਦੇ ਟਾਕਰੇ ਤੇ) ਕਦੇ ਹਾਰਦੇ ਨਹੀਂ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ।

ਜੰਮਣੁ ਮਰਣੁ ਤਿਨ੍ਰਾ ਕਾ ਚੂਕਾ ਜੋ ਹਰਿ ਲਾਗੇ ਪਾਵੈ ॥

ਜੇਹੜੇ ਬੰਦੇ ਪਰਮਾਤਮਾ ਦੀ ਚਰਨੀਂ ਲੱਗਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਗੁਰਮਤਿ ਹਰਿ ਰਸੁ ਹਰਿ ਫਲੁ ਪਾਇਆ ਹਰਿ ਹਰਿ ਨਾਮੁ ਉਰ ਧਾਰਿ ਜੀਉ ॥

ਗੁਰੂ ਦੀ ਮਤਿ ਲੈ ਕੇ ਜਿਨ੍ਹਾਂ ਨੇ ਪ੍ਰਭੂ-ਨਾਮ ਦਾ ਰਸ ਚੱਖਿਆ ਹੈ, ਨਾਮ-ਫਲ ਪ੍ਰਾਪਤ ਕੀਤਾ ਹੈ, ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ,

ਤਿਨ੍ਰਾ ਇਕ ਮਨਿ ਧਿਆਇਆ ਤਿਨ੍ਰ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥੨॥

ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ। ਪਰ ਅਜੇਹੇ ਬੰਦੇ ਜਗਤ ਵਿਚ ਵਿਰਲੇ ਵਿਰਲੇ ਹੀ ਹਨ ॥੨॥

ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ॥

ਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿਤਾ ਹੈ।

ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥

ਉਸ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਇਹੀ ਲਾਭ ਜਗਤ ਵਿਚੋਂ ਖੱਟਣਾ ਚਾਹੀਦਾ ਹੈ, (ਇਸ ਤਰ੍ਹਾਂ) ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲਦਾ ਹੈ।

ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਏਕੁ ਪਛਾਣੈ ॥

ਉਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ਜੇਹੜਾ ਇਕ ਪਰਮਾਤਮਾ ਨੂੰ (ਆਪਣੇ ਅੰਗ-ਸੰਗ) ਪਛਾਣਦਾ ਹੈ।

ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ॥

ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ (ਮਾਨੋ) ਜਗਤ ਦੇ ਨੌ ਹੀ ਖ਼ਜ਼ਾਨੇ ਹਾਸਲ ਕਰਦਾ ਹੈ।

ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥

ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੋ ਸਭ ਤੋਂ ਸ੍ਰੇਸ਼ਟ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਤੋਂ ਵੱਡਾ ਹੈ।

ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ॥੩॥

ਮੈਂ ਉਸ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਰੱਖਿਆ ਹੈ ॥੩॥

ਨਾਮੁ ਲੈਨਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥

ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ (ਲੋਕ ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ।

ਤਿਨ ਫਲ ਤੋਟਿ ਨ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ॥

ਉਹਨਾਂ ਨੂੰ (ਆਤਮਕ ਸੁਖ ਦਾ) ਫਲ ਇਤਨਾ ਮਿਲਦਾ ਹੈ ਕਿ ਪਰਮਾਤਮਾ ਦੀ ਰਜ਼ਾ ਅਨੁਸਾਰ ਉਹ ਕਦੇ ਭੀ ਘਟਦਾ ਨਹੀਂ ਚਾਹੇ ਅਨੇਕਾਂ ਜੁਗ ਬੀਤ ਜਾਣ।

ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਨ ਆਵੈ ॥

ਹੇ ਪ੍ਰਭੂ-ਸੁਆਮੀ! ਚਾਹੇ ਅਨੇਕਾਂ ਹੀ ਜੁਗ ਬੀਤ ਜਾਣ ਸਿਮਰਨ ਕਰਨ ਵਾਲਿਆਂ ਨੂੰ ਆਤਮਕ ਆਨੰਦ ਦਾ ਮਿਲਿਆ ਫਲ ਕਦੇ ਭੀ ਘਟਦਾ ਨਹੀਂ।

ਤਿਨ੍ਰ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥

ਜੇਹੜਾ ਜੇਹੜਾ ਬੰਦਾ ਹਰੀ ਦਾ ਨਾਮ ਸਿਮਰਦਾ ਹੈ ਉਹਨਾਂ ਨੂੰ ਪ੍ਰਾਪਤ ਹੋਈ ਉੱਚੀ ਆਤਮਕ ਅਵਸਥਾ ਨੂੰ ਨਾਹ ਬੁਢੇਪਾ ਆਉਂਦਾ ਹੈ ਨਾਹ ਮੌਤ ਆਉਂਦੀ ਹੈ, ਉਹ ਕਦੇ ਨਰਕ ਵਿਚ ਨਹੀਂ ਪੈਂਦੇ।

ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥

ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਕਦੇ ਸੁੱਕਦੇ ਨਹੀਂ ਹਨ (ਭਾਵ, ਉਹਨਾਂ ਦਾ ਅੰਦਰਲਾ ਆਤਮਕ ਖੇੜਾ ਕਦੇ ਸੁੱਕਦਾ ਨਹੀਂ) ਉਹ ਕਦੇ ਦੁੱਖੀ ਨਹੀਂ ਹੁੰਦੇ।

ਨਾਮੁ ਲੈਨਿ੍ ਸਿ ਸੋਹਹਿ ਤਿਨ੍ਰ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥

ਜੇਹੜੇ ਮਨੁੱਖ ਨਾਮ ਸਿਮਰਦੇ ਹਨ ਉਹ (ਲੋਕ- ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, ਉਹ (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ ॥੪॥੧॥੪॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਮਹਲਾ ੧ ਛੰਤ ਘਰੁ ੩ ॥

ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਛੰਤ’।

ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥

ਹੇ ਕਾਲੇ ਹਰਣ! (ਹੇ ਕਾਲੇ ਹਰਣ ਵਾਂਗ ਸੰਸਾਰ-ਬਨ ਵਿਚ ਬੇ-ਪਰਵਾਹ ਹੋ ਕੇ ਚੁੰਗੀਆਂ ਮਾਰਨ ਵਾਲੇ ਮਨ!) ਤੂੰ (ਮੇਰੀ ਗੱਲ) ਸੁਣ! ਤੂੰ ਇਸ (ਜਗਤ-) ਫੁਲਵਾੜੀ ਵਿਚ ਕਿਉਂ ਮਸਤ ਹੋ ਰਿਹਾ ਹੈਂ?

ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥

(ਇਸ ਫੁਲਵਾੜੀ ਦਾ) ਫਲ ਜ਼ਹਰ ਹੈ, (ਭਾਵ, ਆਤਮਕ ਮੌਤ ਪੈਦਾ ਕਰਦਾ ਹੈ) ਇਹ ਥੋੜੇ ਦਿਨ ਹੀ ਸੁਆਦਲਾ ਲੱਗਦਾ ਹੈ, ਫਿਰ ਇਹ ਦੁਖਦਾਈ ਬਣ ਜਾਂਦਾ ਹੈ।

ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥

ਜਿਸ ਵਿਚ ਤੂੰ ਇਤਨਾ ਮਸਤ ਹੈਂ ਇਹ ਆਖ਼ਰ ਦੁੱਖਦਾਈ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦੇਂਦਾ ਹੈ।

ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥

(ਉਂਝ ਹੈ ਭੀ ਇਹ ਥੋੜਾ ਸਮਾ ਰਹਿਣ ਵਾਲਾ) ਜਿਵੇਂ ਸਮੁੰਦਰ ਲਹਿਰਾਂ ਮਾਰਦਾ ਹੈ ਜਾਂ ਜਿਵੇਂ ਬਿਜਲੀ ਲਿਸ਼ਕ ਮਾਰਦੀ ਹੈ।

ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥

ਪਰਮਾਤਮਾ (ਦੇ ਨਾਮ) ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ) ਰਾਖਾ ਨਹੀਂ (ਹੇ ਹਰਨ ਵਾਂਗ ਚੁੰਗੀਆਂ ਮਾਰਨ ਵਾਲੇ ਮਨ!) ਉਸ ਨੂੰ ਤੂੰ ਭੁਲਾਈ ਬੈਠਾ ਹੈਂ।

ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥

ਨਾਨਕ ਆਖਦਾ ਹੈ-ਹੇ ਕਾਲੇ ਹਰਨ! ਹੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ (ਇਸ ਜਗਤ-ਫੁਲਵਾੜੀ ਵਿਚ ਮਸਤ ਹੋ ਕੇ) ਤੂੰ ਆਪਣੀ ਆਤਮਕ ਮੌਤ ਸਹੇੜ ਲਏਂਗਾ ॥੧॥

ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥

ਹੇ (ਹਰੇਕ) ਫੁੱਲ ਉੱਤੇ ਉੱਡਣ ਵਾਲੇ ਭੌਰੇ (ਮਨ!) (ਫੁੱਲ ਫੁੱਲ ਦੀ ਸੁਗੰਧੀ ਲੈਂਦੇ ਫਿਰਨ ਵਿਚੋਂ) ਬੜਾ ਭਾਰੀ ਦੁੱਖ ਨਿਕਲਦਾ ਹੈ।

ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥

ਮੈਂ ਆਪਣੇ ਗੁਰੂ ਪਾਸੋਂ ਪੁੱਛਿਆ ਹੈ ਜੇਹੜਾ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਵਿਚਾਰ-ਮੰਡਲ ਵਿਚ ਟਿਕਾਈ ਰੱਖਦਾ ਹੈ।

ਬੀਚਾਰਿ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ ॥

(ਹੇ ਭੌਰੇ ਮਨ! ਤੇਰੀ ਇਹ ਹਾਲਤ) ਵਿਚਾਰ ਕੇ ਮੈਂ ਗੁਰੂ ਤੋਂ ਪੁੱਛਿਆ ਹੈ ਕਿ ਇਹ ਮਨ-ਭੌਰਾ ਤਾਂ ਵੇਲਾਂ ਫੁੱਲਾਂ ਉਤੇ (ਦੁਨੀਆ ਦੇ ਸੁੰਦਰ ਪਦਾਰਥਾਂ ਦੇ ਰਸਾਂ ਵਿਚ) ਮਸਤ ਹੋ ਰਿਹਾ ਹੈ (ਇਸ ਦਾ ਕੀਹ ਬਣੇਗਾ?

ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥

ਮੈਨੂੰ ਗੁਰੂ ਨੇ ਮਤਿ ਦਿੱਤੀ ਹੈ ਕਿ) ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ (ਜਦੋਂ ਦਿਨ ਚੜ੍ਹ ਪੈਂਦਾ ਹੈ) ਇਹ ਸਰੀਰ ਢਹਿ ਢੇਰੀ ਹੋ ਜਾਂਦਾ ਹੈ (ਵਿਕਾਰਾਂ ਵਿਚ ਫਸੇ ਰਹਿਣ ਕਰਕੇ ਜੀਵ ਇਉਂ ਦੁਖੀ ਹੁੰਦਾ ਹੈਂ ਜਿਵੇਂ) ਤੇਲ ਤਾਉੜੀ ਵਿਚ ਪਾ ਕੇ ਡਾਇਆ ਜਾਂਦਾ ਹੈ।

ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥

ਹੇ (ਦੁਨੀਆ ਦੇ ਪਦਾਰਥਾਂ ਵਿਚ ਮਸਤ ਹੋਏ) ਭੂਤ! ਸਤਿਗੁਰੂ ਦੇ ਸ਼ਬਦ ਤੋਂ ਖੁੰਝ ਕੇ ਤੂੰ ਜਮਰਾਜ ਦੇ ਰਸਤੇ ਵਿਚ ਬੱਝਾ ਹੋਇਆ ਚੋਟਾਂ ਖਾਵੇਂਗਾ।

ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥੨॥

ਨਾਨਕ ਆਖਦਾ ਹੈ-ਹੇ ਮੇਰੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ ਭੌਰੇ (ਵਾਂਗ ਫੁੱਲਾਂ ਦੇ ਮਸਤ ਹੋਏ ਮਨ!) ਆਤਮਕ ਮੌਤ ਸਹੇੜ ਲਏਂਗਾ ॥੨॥

ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥

ਹੇ ਮੇਰੇ ਪਰਦੇਸੀ ਜੀਵਾਤਮਾ! ਤੂੰ ਕਿਉਂ (ਮਾਇਆ ਦੇ) ਜੰਜਾਲ ਵਿਚ ਫਸ ਰਿਹਾ ਹੈਂ?

ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥

ਜੇ ਸਦਾ-ਥਿਰ ਰਹਿਣ ਵਾਲਾ ਮਾਲਕ ਤੇਰੇ ਮਨ ਵਿਚ ਵੱਸਦਾ ਹੋਵੇ ਤਾਂ ਤੂੰ (ਮਾਇਆ ਦੇ ਮੋਹ-ਰੂਪ) ਜਮ ਦੇ ਖਿਲਾਰੇ ਹੋਏ ਜਾਲ ਵਿਚ ਕਿਉਂ ਫਸੇਂ?

ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥

(ਹੇ ਮੇਰੀ ਜਿੰਦੇ! ਵੇਖ) ਜਦੋਂ ਸ਼ਿਕਾਰੀ ਨੇ (ਪਾਣੀ ਵਿਚ) ਜਾਲ ਪਾਇਆ ਹੁੰਦਾ ਹੈ ਤੇ ਮੱਛੀ (ਭਿੱਤੀ ਦੇ ਲੱਬ ਵਿਚ ਫਸ ਕੇ ਜਾਲ ਵਿਚ ਫਸ ਜਾਂਦੀ ਹੈ ਤੇ ਪਾਣੀ ਤੋਂ) ਵਿਛੁੜ ਜਾਂਦੀ ਹੈ ਤਦੋਂ ਅੱਖਾਂ ਭਰ ਕੇ ਰੋਂਦੀ ਹੈ,

ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥

(ਇਸੇ ਤਰ੍ਹਾਂ ਜੀਵ ਨੂੰ) ਇਹ ਜਗਤ ਮਿੱਠਾ ਲੱਗਦਾ ਹੈ, ਮਾਇਆ ਦਾ ਮੋਹ ਮਿੱਠਾ ਲੱਗਦਾ ਹੈ, ਪਰ (ਫਸ ਕੇ) ਅੰਤ ਵੇਲੇ ਇਹ ਭੁਲੇਖਾ ਦੂਰ ਹੁੰਦਾ ਹੈ (ਜਦੋਂ ਜਿੰਦ ਦੁੱਖਾਂ ਦੇ ਮੂੰਹ ਆਉਂਦੀ ਹੈ ਤੇ ਮਾਇਕ ਪਦਾਰਥ ਭੀ ਸਾਥ ਛੱਡ ਜਾਂਦੇ ਹਨ)।

ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ ॥

ਹੇ ਮੇਰੀ ਜਿੰਦੇ! ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ ਭਗਤੀ ਕਰ ਕੇ ਇਸ ਤਰ੍ਹਾਂ ਆਪਣੇ ਮਨ ਵਿਚੋਂ ਫ਼ਿਕਰ-ਅੰਦੇਸ਼ੇ ਦੂਰ ਕਰ ਲੈ।

ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥੩॥

ਨਾਨਕ ਆਖਦਾ ਹੈ-ਹੇ ਮੇਰੇ ਪਰਦੇਸੀ ਜੀਊੜੇ! ਹੇ ਮੇਰੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ ॥੩॥

ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥

ਨਦੀਆਂ ਤੋਂ ਵਿਛੁੜੇ ਹੋਏ ਵਹਣਾਂ ਦਾ (ਨਦੀਆਂ ਨਾਲ ਮੁੜ) ਮੇਲ ਭਾਗਾਂ ਨਾਲ ਹੀ ਹੁੰਦਾ ਹੈ (ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਨਾਲੋਂ ਵਿਛੁੜੇ ਜੀਵ ਮੁੜ ਭਾਗਾਂ ਨਾਲ ਹੀ ਮਿਲਦੇ ਹਨ)।

ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥

ਜੇਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਉਹ ਸਮਝ ਲੈਂਦਾ ਹੈ ਕਿ ਮਾਇਆ ਦਾ ਮੋਹ ਹੈ ਤਾਂ ਮਿੱਠਾ ਪਰ ਸਦਾ ਜ਼ਹਰ ਨਾਲ ਭਰਿਆ ਰਹਿੰਦਾ ਹੈ (ਤੇ ਜੀਵ ਨੂੰ ਆਤਮਕ ਮੌਤੇ ਮਾਰ ਦੇਂਦਾ ਹੈ)।

ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥

ਅਜੇਹਾ ਕੋਈ ਵਿਰਲਾ ਬੰਦਾ ਜਿਸ ਨੇ ਆਪਣੇ ਗੁਰੂ ਨੂੰ ਚੇਤੇ ਰੱਖਿਆ ਹੈ ਆਤਮਕ ਅਡੋਲਤਾ ਵਿਚ ਟਿਕ ਕੇ ਇਸੇ ਅਸਲੀਅਤ ਨੂੰ ਸਮਝਦਾ ਹੈ ਤੇ ਪਰਮਾਤਮਾ ਨਾਲ ਸਾਂਝ ਪਾਂਦਾ ਹੈ।

ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਦੀ ਭਟਕਣਾ ਵਿਚ ਕੁਰਾਹੇ ਪੈ ਕੇ ਅਨੇਕਾਂ ਮੂਰਖ ਗ਼ਾਫ਼ਿਲ ਜੀਵ ਖ਼ੁਆਰ ਹੁੰਦੇ ਹਨ।

ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥

ਜੇਹੜੇ ਬੰਦੇ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਪ੍ਰਭੂ ਦੀ ਭਗਤੀ ਨਹੀਂ ਕਰਦੇ, ਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਨਹੀਂ ਵਸਾਂਦੇ, ਉਹ ਆਖ਼ਰ ਢਾਹਾਂ ਮਾਰ ਮਾਰ ਕੇ ਰੋਂਦੇ ਹਨ।

ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥੪॥੧॥੫॥

ਨਾਨਕ ਆਖਦਾ ਹੈ-ਸਦਾ-ਥਿਰ ਪ੍ਰਭੂ ਆਪਣੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੋੜ ਕੇ ਚਿਰਾਂ ਤੋਂ ਵਿਛੁੜੇ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥੧॥੫॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਮਹਲਾ ੩ ਛੰਤ ਘਰੁ ੧ ॥

ਰਾਗ ਆਸਾ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਛੰਤ’।

ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥

(ਹੇ ਸਖੀ!) ਮੇਰੇ (ਹਿਰਦੇ-) ਘਰ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਹੋ ਰਿਹਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਨੇ (ਮੇਰੇ ਹਿਰਦੇ-ਘਰ ਨੂੰ) ਸੋਹਣਾ ਬਣਾ ਦਿੱਤਾ ਹੈ।

ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥

(ਹੇ ਸਖੀ! ਉਸ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ ਜਿਸ ਨੂੰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ।

ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ ॥

ਪ੍ਰਭੂ ਨੇ ਜਿਸ ਜੀਵ-ਇਸਤ੍ਰੀ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਿਆ, ਆਪਣਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵਸਾ ਦਿੱਤਾ, ਉਹ ਜੀਵ-ਇਸਤ੍ਰੀ (ਫਿਰ) ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।

ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥

ਗੁਰੂ ਦੇ ਸ਼ਬਦ ਨੇ (ਉਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਸਿੰਗਾਰ ਦਿੱਤਾ, ਸਦਾ-ਥਿਰ ਹਰਿ-ਨਾਮ ਨੇ (ਉਸ ਦੇ ਜੀਵਨ ਨੂੰ) ਸੋਹਣਾ ਬਣਾ ਦਿੱਤਾ, ਉਹ (ਫਿਰ) ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਸਦਾ ਹੀ (ਪ੍ਰਭੂ-ਮਿਲਾਪ ਦਾ ਆਨੰਦ) ਮਾਣਦੀ ਹੈ।

ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥

(ਜਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ) ਹਉਮੈ ਦੂਰ ਕਰਦੀ ਹੈ (ਤੇ ਆਪਣੇ ਅੰਦਰ) ਪ੍ਰਭੂ-ਪਤੀ ਨੂੰ ਲੱਭ ਲੈਂਦੀ ਹੈ ਤਦੋਂ ਉਹ ਪ੍ਰਭੂ ਦੇ ਨਾਮ ਦਾ ਸੁਆਦ ਆਪਣੇ ਮਨ ਵਿਚ (ਸਦਾ ਲਈ) ਵਸਾ ਲੈਂਦੀ ਹੈ।

ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥

ਨਾਨਕ ਆਖਦਾ ਹੈ- ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ਉਸ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ॥੧॥

ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ ॥

(ਹੇ ਸਖੀ!) ਜੇਹੜੀ ਜੀਵ-ਇਸਤ੍ਰੀ (ਪ੍ਰਭੂ ਤੋਂ ਬਿਨਾ ਮਾਇਆ ਆਦਿਕ ਦੀ) ਹੋਰ ਹੋਰ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੀ ਹੈ ਉਸ ਨੂੰ ਪ੍ਰਭੂ-ਪਤੀ ਦਾ ਮਿਲਾਪ ਨਹੀਂ ਹੁੰਦਾ।

ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥

ਉਹ ਜੀਵ-ਇਸਤ੍ਰੀ (ਆਪਣੇ ਅੰਦਰ ਕੋਈ ਆਤਮਕ) ਗੁਣ ਪੈਦਾ ਨਹੀਂ ਕਰਦੀ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਜਾਂਦੀ ਹੈ।

ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੂਰਖ ਜੀਵ-ਇਸਤ੍ਰੀ ਜੀਵਨ ਅਜਾਈਂ ਗਵਾ ਜਾਂਦੀ ਹੈ ਔਗੁਣਾਂ ਨਾਲ ਭਰੀ ਹੋਣ ਕਰਕੇ ਉਹ ਆਪਣੇ ਅੰਦਰ ਹੀ ਅੰਦਰ ਦੁੱਖੀ ਹੁੰਦੀ ਰਹਿੰਦੀ ਹੈ।

ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥

ਪਰ ਜਦੋਂ ਉਸ ਨੇ ਆਪਣੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਲੱਭਾ ਤਦੋਂ ਉਸ ਨੂੰ ਪ੍ਰਭੂ-ਪਤੀ ਅੰਗ ਸੰਗ ਵੱਸਦਾ ਹੀ ਮਿਲ ਪਿਆ।

ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥

(ਆਪਣੇ ਅੰਦਰ) ਪ੍ਰਭੂ-ਪਤੀ ਨੂੰ ਵੇਖ ਕੇ ਉਹ ਖਿੜ ਪਈ, ਉਹ ਅੰਤਰ-ਆਤਮੇ ਆਨੰਦ-ਮਗਨ ਹੋ ਗਈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਪ੍ਰਭੂ-ਪ੍ਰੇਮ ਵਿਚ ਲੀਨ ਹੋ ਗਈ।

ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਖੁੰਝ ਕੇ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ ॥੨॥

ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥

(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਪ੍ਰਭੂ ਚਰਨਾਂ ਵਿਚ ਜੋੜ ਦਿੱਤਾ ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਪਛਾਣ ਲਿਆ,

ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥

ਉਹ ਅੰਤਰ-ਆਤਮੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਇਕ-ਮਿਕ ਹੋ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ (ਆਪਣੇ ਅੰਦਰੋਂ ਵਿਕਾਰਾਂ ਵਾਲੀ) ਤਪਸ਼ ਬੁਝਾ ਲਈ।

ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥

(ਹੇ ਸਖੀ! ਜਿਸ ਜੀਵ-ਇਸਤ੍ਰੀ ਨੇ) ਗੁਰ-ਸ਼ਬਦ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਵਿਕਾਰਾਂ ਵਾਲੀ ਤਪਸ਼ ਬੁਝਾ ਲਈ, ਉਸ ਦੇ ਅੰਦਰ ਠੰਡ ਪੈ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ।

ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥

ਆਪਣੇ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਪ੍ਰੇਮ-ਰੰਗ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਜੁੜ ਕੇ ਉਸ ਦੀ ਬੋਲੀ ਮਿੱਠੀ ਹੋ ਜਾਂਦੀ ਹੈ।

ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥

(ਹੇ ਸਖੀ!) ਪੰਡਿਤ (ਧਾਰਮਿਕ ਪੁਸਤਕ) ਪੜ੍ਹ ਪੜ੍ਹ ਕੇ, ਮੋਨ-ਧਾਰੀ (ਸਮਾਧੀਆਂ ਲਾ ਲਾ ਕੇ) (ਜੋਗੀ ਜੰਗਮ ਆਦਿਕ ਸਾਧੂ) ਭੇਖ ਧਾਰ ਧਾਰ ਕੇ ਥੱਕ ਗਏ (ਇਹਨਾਂ ਤਰੀਕਿਆਂ ਨਾਲ ਕਿਸੇ ਨੇ ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਨਾਹ ਕੀਤੀ।

ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥

ਹੇ ਨਾਨਕ! ਪਰਮਾਤਮਾ ਦੀ ਭਗਤੀ ਤੋਂ ਬਿਨਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਮਿਲਾਪ ਹਾਸਲ ਕਰ ਲੈਂਦਾ ਹੈ ॥੩॥

ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ ॥

(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਹਰਿ-ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਲਿਆ ਉਸ ਦੇ ਮਨ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ,

ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ ॥

ਉਹ ਜੀਵ-ਇਸਤ੍ਰੀ ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜੀ ਰਹਿੰਦੀ ਹੈ।

ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥

ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਮਿਲ ਪੈਂਦੀ ਹੈ, ਸਦਾ ਉਸ ਦੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਦੀ ਹੈ,

ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥

ਪ੍ਰਭੂ ਦੇ ਗੁਣ ਉਸ ਦੇ ਮਨ ਵਿਚ ਟਿਕੇ ਰਹਿੰਦੇ ਹਨ, ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਉਸ (ਦੇ ਹਿਰਦੇ) ਦੀ ਸੇਜ ਸੋਹਣੀ ਬਣ ਗਈ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰੋਂ ਸਾਰੇ ਔਗੁਣ ਦੂਰ ਹੋ ਗਏ।

ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ॥

(ਹੇ ਸਖੀ!) ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦਾ ਨਾਮ ਸਦਾ ਸਿਮਰਿਆ ਜਾਂਦਾ ਹੈ ਉਥੇ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ।

ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥

ਹੇ ਨਾਨਕ! ਜੇਹੜੇ ਜੀਵ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪ੍ਰਭੂ-ਚਰਨਾਂ ਵਿਚ ਮਿਲ ਕੇ ਉਹ ਆਪਣੇ ਸਾਰੇ ਕੰਮ ਸੰਵਾਰ ਲੈਂਦੇ ਹਨ ॥੪॥੧॥੬॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਮਹਲਾ ੩ ਛੰਤ ਘਰੁ ੩ ॥

ਰਾਗ ਆਸਾ, ਘਰ ੩ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਛੰਤ’।

ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ ॥

ਹੇ ਮੇਰੇ (ਸਤਸੰਗੀ) ਸੱਜਣੋ ਪਿਆਰਿਓ! ਤੁਸੀ ਪ੍ਰਭੂ-ਪਤੀ ਦੀ ਭਗਤੀ ਸਦਾ ਕਰਦੇ ਰਿਹਾ ਕਰੋ,

ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ ॥

ਸਦਾ ਆਪਣੇ ਗੁਰੂ ਦੀ ਸਰਨ ਪਏ ਰਹੋ (ਤੇ ਗੁਰੂ ਪਾਸੋਂ) ਸਭ ਤੋਂ ਕੀਮਤੀ ਚੀਜ਼ ਹਰਿ-ਨਾਮ ਹਾਸਲ ਕਰੋ।

ਭਗਤਿ ਕਰਹੁ ਤੁਮ ਸਹੈ ਕੇਰੀ ਜੋ ਸਹ ਪਿਆਰੇ ਭਾਵਏ ॥

(ਹੇ ਸੱਜਣੋ!) ਤੁਸੀ ਪ੍ਰਭੂ-ਪਤੀ ਦੀ ਹੀ ਭਗਤੀ ਕਰਦੇ ਰਹੋ, ਇਹ ਭਗਤੀ ਪਿਆਰੇ ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ।

ਆਪਣਾ ਭਾਣਾ ਤੁਮ ਕਰਹੁ ਤਾ ਫਿਰਿ ਸਹ ਖੁਸੀ ਨ ਆਵਏ ॥

ਜੇ (ਇਸ ਜੀਵਨ-ਸਫ਼ਰ ਵਿਚ) ਤੁਸੀ ਆਪਣੀ ਹੀ ਮਰਜ਼ੀ ਕਰਦੇ ਰਹੋਗੇ ਤਾਂ ਪ੍ਰਭੂ-ਪਤੀ ਦੀ ਪ੍ਰਸੰਨਤਾ ਤੁਹਾਨੂੰ ਨਹੀਂ ਮਿਲੇਗੀ।

ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ ॥

(ਪਰ, ਹੇ ਪਿਆਰਿਓ!) ਭਗਤੀ ਦਾ ਤੇ ਪ੍ਰੇਮ ਦਾ ਇਹ ਰਸਤਾ ਬਹੁਤ ਔਕੜਾਂ-ਭਰਿਆ ਹੈ, ਕੋਈ ਵਿਰਲਾ ਮਨੁੱਖ ਇਹ ਰਸਤਾ ਲੱਭਦਾ ਹੈ ਜੋ ਗੁਰੂ ਦੇ ਦਰ ਤੇ ਆ ਡਿੱਗਦਾ ਹੈ।

ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ ॥੧॥

ਨਾਨਕ ਆਖਦਾ ਹੈ-ਜਿਸ ਮਨੁੱਖ ਉਤੇ ਪ੍ਰਭੂ (ਆਪ) ਕਿਰਪਾ ਕਰਦਾ ਹੈ ਉਹ ਮਨੁੱਖ ਆਪਣਾ ਮਨ ਪ੍ਰਭੂ ਦੀ ਭਗਤੀ ਵਿਚ ਜੋੜਦਾ ਹੈ ॥੧॥

ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥

ਹੇ ਵੈਰਾਗ ਵਿਚ ਆਏ ਹੋਏ ਮੇਰੇ ਮਨ! ਤੂੰ ਵੈਰਾਗ ਕਰ ਕੇ ਕਿਸ ਨੂੰ ਵਿਖਾਂਦਾ ਹੈਂ? (ਇਸ ਉਪਰੋਂ ਉਪਰੋਂ ਵਿਖਾਏ ਹੋਏ ਵੈਰਾਗ ਨਾਲ ਤੇਰੇ ਅੰਦਰ ਆਤਮਕ ਆਨੰਦ ਨਹੀਂ ਬਣ ਸਕੇਗਾ)।

ਹਰਿ ਸੋਹਿਲਾ ਤਿਨ੍ਰ ਸਦ ਸਦਾ ਜੋ ਹਰਿ ਗੁਣ ਗਾਵਹਿ ॥

ਹੇ ਮਨ! ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਹੀ ਖਿੜਾਉ ਤੇ ਚਾਉ ਬਣਿਆ ਰਹਿੰਦਾ ਹੈ।

ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ ॥

ਹੇ ਮੇਰੇ ਮਨ! (ਬਾਹਰਲੇ ਵਿਖਾਵੇ ਵਾਲੇ ਵੈਰਾਗ ਦਾ) ਪਖੰਡ ਛੱਡ ਦੇ (ਤੇ, ਆਪਣੇ ਅੰਦਰ) ਮਿਲਣ ਦੀ ਤਾਂਘ ਪੈਦਾ ਕਰ (ਕਿਉਂਕਿ) ਉਹ ਖਸਮ-ਪ੍ਰਭੂ (ਅੰਦਰ ਦੀ) ਹਰੇਕ ਗੱਲ ਜਾਣਦਾ ਹੈ,

ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ ॥

ਉਹ ਪ੍ਰਭੂ ਆਪ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ ਸਮਾਇਆ ਹੋਇਆ ਹੈ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪ੍ਰਭੂ ਦੀ ਰਜ਼ਾ ਨੂੰ ਸਮਝਦਾ ਹੈ।

ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ ॥

ਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਸਮਝ ਲਈ ਉਹੀ ਸਾਰੇ ਆਨੰਦ ਪ੍ਰਾਪਤ ਕਰਦਾ ਹੈ,

ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ ॥੨॥

ਨਾਨਕ (ਤੈਨੂੰ) ਇਉਂ ਦੱਸਦਾ ਹੈ ਕਿ ਇਹੋ ਜਿਹਾ ਮਿਲਾਪ ਦੀ ਤਾਂਘ ਰੱਖਣ ਵਾਲਾ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ॥੨॥

ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ ॥

ਹੇ ਮੇਰੇ ਮਨ! ਜਿੱਥੇ ਜਿੱਥੇ ਤੂੰ ਦੌੜਦਾ ਫਿਰਦਾ ਹੈਂ ਉਥੇ ਉਥੇ ਹੀ ਪਰਮਾਤਮਾ ਤੇਰੇ ਨਾਲ ਹੀ ਰਹਿੰਦਾ ਹੈ,

ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ ॥

ਹੇ ਮਨ! ਆਪਣੀ ਚਤੁਰਾਈ (ਦਾ ਆਸਰਾ) ਛੱਡ ਦੇ ਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਸੰਭਾਲ ਕੇ ਰੱਖ!

ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ ॥

(ਫਿਰ ਤੈਨੂੰ ਦਿੱਸ ਪਏਗਾ ਕਿ) ਉਹ ਖਸਮ-ਪ੍ਰਭੂ ਸਦਾ ਤੇਰੇ ਨਾਲ ਰਹਿੰਦਾ ਹੈ। (ਹੇ ਮਨ!) ਜੇ ਤੂੰ ਇਕ ਖਿਨ ਵਾਸਤੇ ਭੀ ਪਰਮਾਤਮਾ ਦਾ ਨਾਮ ਆਪਣੇ ਅੰਦਰ ਵਸਾਏਂ,

ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ ॥

ਤਾਂ ਤੇਰੇ ਅਨੇਕਾਂ ਜਨਮਾਂ ਦੇ ਪਾਪ ਕੱਟੇ ਜਾਣ, ਤੇ, ਆਖ਼ਰ ਤੂੰ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਏਂ।

ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥

(ਹੇ ਮਨ!) ਗੁਰੂ ਦੀ ਸਰਨ ਪੈ ਕੇ ਤੂੰ ਸਦਾ ਪਰਮਾਤਮਾ ਨੂੰ ਆਪਣੇ ਅੰਦਰ ਵਸਾਈ ਰੱਖ, (ਇਸ ਤਰ੍ਹਾਂ ਉਸ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਤੇਰਾ ਪੱਕਾ ਪਿਆਰ ਬਣ ਜਾਏਗਾ।

ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥੩॥

ਨਾਨਕ ਤੈਨੂੰ ਇਉਂ ਦੱਸਦਾ ਹੈ ਕਿ ਹੇ ਮਨ! ਜਿੱਥੇ ਜਿੱਥੇ ਤੂੰ ਭਟਕਦਾ ਫਿਰਦਾ ਹੈਂ ਉੱਥੇ ਉੱਥੇ ਪਰਮਾਤਮਾ ਸਦਾ ਤੇਰੇ ਨਾਲ ਹੀ ਰਹਿੰਦਾ ਹੈ ॥੩॥

ਸਤਿਗੁਰ ਮਿਲਿਐ ਧਾਵਤੁ ਥੰਮਿ੍ਆ ਨਿਜ ਘਰਿ ਵਸਿਆ ਆਏ ॥

ਜੇ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣਾ ਵਲੋਂ) ਰੁਕ ਜਾਂਦਾ ਹੈ, ਤੇ ਫਿਰ ਪ੍ਰਭੂ ਹੀ ਮਨ ਵਿੱਚ ਰਹਿੰਦਾ ਹੈ।

ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥

(ਫਿਰ ਇਹ) ਪਰਮਾਤਮਾ ਦੇ ਨਾਮ ਦਾ ਸੌਦਾ ਕਰਦਾ ਹੈ (ਭਾਵ,) ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ।

ਧਾਵਤੁ ਥੰਮਿ੍ਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥

(ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ (ਇਹੀ ਆਤਮਕ ਅਵਸਥਾ ਹੈ ਉਹ) ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ (ਜੋ ਗਿਆਨ-ਇੰਦ੍ਰਿਆਂ ਤੇ ਕਰਮ-ਇੰਦ੍ਰਿਆਂ ਤੋਂ ਉੱਚਾ ਰਹਿੰਦਾ ਹੈ)।

ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮਿ੍ ਰਹਾਇਆ ॥

ਉਸ ਆਤਮਕ ਅਵਸਥਾ ਵਿਚ (ਪਹੁੰਚ ਕੇ ਇਹ ਮਨ) ਆਤਮਕ ਜੀਵਨ ਦੇਣ ਵਾਲੇ ਨਾਮ ਦੀ ਖ਼ੁਰਾਕ ਖਾਂਦਾ ਹੈ; (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਸ ਆਤਮਕ ਅਵਸਥਾ ਵਿਚ (ਇਹ ਮਨ) ਗੁਰ-ਸ਼ਬਦ ਦੀ ਬਰਕਤਿ ਨਾਲ ਦੁਨੀਆ ਦੇ ਮੋਹ ਨੂੰ ਰੋਕ ਰੱਖਦਾ ਹੈ।

ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥

(ਜਿਵੇਂ ਅਨੇਕਾਂ ਕਿਸਮਾਂ ਦੇ ਸਾਜ ਵੱਜਣ ਨਾਲ ਬੜਾ ਸੁੰਦਰ ਰਾਗ ਪੈਦਾ ਹੁੰਦਾ ਹੈ, ਤਿਵੇਂ) ਉਸ ਆਤਮਕ ਅਵਸਥਾ ਵਿਚ (ਮਨ ਦੇ ਅੰਦਰ, ਮਾਨੋ) ਅਨੇਕਾਂ ਸੰਗੀਤਕ ਸਾਜ ਵੱਜਣ ਲੱਗ ਪੈਂਦੇ ਹਨ, ਇਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।

ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮਿ੍ਆ ਨਿਜ ਘਰਿ ਵਸਿਆ ਆਏ ॥੪॥

ਨਾਨਕ ਇਉਂ ਦੱਸਦਾ ਹੈ ਕਿ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ, ਤੇ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ ॥੪॥

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥

ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ!) ਆਪਣੇ ਉਸ ਅਸਲੇ ਨਾਲ ਸਾਂਝ ਬਣਾ।

ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥

ਹੇ ਮਨ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ।

ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥

ਹੇ ਮਨ! ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਭੀ ਆ ਜਾਇਗੀ ਕਿ ਆਤਮਕ ਮੌਤ ਕੀਹ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀਹ ਹੈ।

ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥

ਹੇ ਮਨ! ਜੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ।

ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥

ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।

ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥

ਨਾਨਕ ਇਉਂ ਦੱਸਦਾ ਹੈ-ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ (ਹੇ ਮਨ! ਆਪਣੇ ਉਸ ਅਸਲੇ ਨਾਲ ਸਾਂਝ ਬਣਾ ॥੫॥

ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥

ਹੇ ਮਨ! ਤੂੰ (ਹੁਣ) ਅਹੰਕਾਰ ਨਾਲ ਲਿਬੜਿਆ ਪਿਆ ਹੈਂ, ਅਹੰਕਾਰ ਨਾਲ ਲੱਦਿਆ ਹੋਇਆ ਹੀ (ਜਗਤ ਤੋਂ) ਚਲਾ ਜਾਵੇਂਗਾ,

ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥

(ਵੇਖਣ ਨੂੰ) ਸੋਹਣੀ ਮਾਇਆ ਨੇ ਤੈਨੂੰ (ਆਪਣੇ) ਮੋਹ ਵਿਚ ਫਸਾਇਆ ਹੋਇਆ ਹੈ (ਇਸ ਦਾ ਨਤੀਜਾ ਇਹ ਨਿਕਲੇਗਾ ਕਿ) ਤੈਨੂੰ ਮੁੜ ਮੁੜ ਅਨੇਕਾਂ ਜੂਨਾਂ ਵਿਚ ਪਾਇਆ ਜਾਇਗਾ।

ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥

ਹੇ ਮੂਰਖ ਮਨ! ਜਦੋਂ ਤੂੰ ਅਹੰਕਾਰ ਵਿਚ ਫਸਿਆ ਹੋਇਆ ਹੀ (ਇਥੋਂ) ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਂਗਾ,

ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥

ਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ (ਇਹ ਮਨੁੱਖਾ) ਜਨਮ ਵਿਅਰਥ ਗਵਾ ਰਿਹਾ ਹੈਂ।

ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥

ਹੇ ਆਪ-ਹੁਦਰੇ ਮੂਰਖ ਮਨ! ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ, ਪਰਲੋਕ ਜਾ ਕੇ ਅਫਸੋਸ ਕਰੇਂਗਾ।

ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥

(ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਅਹੰਕਾਰ ਨਾਲ ਭਰਿਆ ਹੋਇਆ ਹੈਂ (ਜਗਤ ਤੋਂ ਤੁਰਨ ਵੇਲੇ ਭੀ) ਅਹੰਕਾਰ ਨਾਲ ਲੱਦਿਆ ਹੋਇਆ ਹੀ ਜਾਵੇਂਗਾ ॥੬॥

ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥

ਹੇ ਮਨ! ਵੇਖੀਂ, ਕਿਤੇ ਇਹ ਮਾਣ ਨਾਹ ਕਰ ਬੈਠੀਂ ਕਿ ਮੈਂ ਸਿਆਣਾ ਹਾਂ, ਗੁਰੂ ਦੀ ਸਰਨ ਪੈ ਕੇ ਮਾਣ ਤਿਆਗੀ ਰੱਖ।

ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥

(ਹੇ ਮਨ!) ਤੇਰੇ ਅੰਦਰ ਪਰਮਾਤਮਾ ਤੋਂ ਵਿੱਥ ਹੈ, ਤੇਰੇ ਅੰਦਰ ‘ਮੈਂ, ਮੈਂ’ ਕਰਨ ਵਾਲੀ ਅਕਲ ਹੈ, ਇਸ ਮੈਲ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੁੜ ਕੇ ਗੁਰੂ ਦੇ ਸ਼ਬਦ ਵਿਚ ਟਿਕ ਕੇ ਦੂਰ ਕਰ।

ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥

ਹੇ ਮਨ! ਨਿਰਮਾਣ ਹੋ ਕੇ ਗੁਰੂ ਦੇ ਚਰਨਾਂ ਵਿਚ ਢਹਿ ਪਉ। ਵੇਖੀਂ, ਕਿਤੇ ਆਪਣਾ ਆਪ ਜਤਾਣ ਨਾਹ ਲੱਗ ਪਈਂ।

ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥

ਜਗਤ ਆਪਣੇ ਹੀ ਅਹੰਕਾਰ ਵਿਚ ਸੜ ਰਿਹਾ ਹੈ, ਵੇਖੀਂ ਕਿਤੇ ਤੂੰ ਭੀ (ਅਹੰਕਾਰ ਵਿਚ ਪੈ ਕੇ) ਆਪਣੇ ਆਪ ਦਾ ਨਾਸ ਨਾ ਕਰ ਲਈਂ।

ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ ॥

(ਇਸ ਖ਼ਤਰੇ ਤੋਂ ਤਾਂ ਹੀ ਬਚੇਂਗਾ, ਜੇ) ਤੂੰ ਗੁਰੂ ਦੇ ਹੁਕਮ ਵਿਚ ਤੁਰ ਕੇ ਕੰਮ ਕਰੇਂਗਾ। (ਸੋ, ਹੇ ਮਨ!) ਗੁਰੂ ਦੇ ਹੁਕਮ ਵਿਚ ਟਿਕਿਆ ਰਹੁ।

ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥੭॥

(ਹੇ ਮਨ! ਤੈਨੂੰ) ਨਾਨਕ ਇਉਂ ਸਮਝਾਂਦਾ ਹੈ-ਹੇ ਮਨ! ਅਹੰਕਾਰ ਛੱਡ ਦੇ, ਅਹੰਕਾਰ ਛੱਡ ਕੇ ਸੁਖ ਪਾਵੇਂਗਾ ॥੭॥

ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥

ਉਹ ਵੇਲਾ ਭਾਗਾਂ ਵਾਲਾ ਸੀ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ (ਤੇ, ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ;

ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ ॥

ਮੇਰੇ ਅੰਦਰ ਬੜਾ ਆਨੰਦ ਪੈਦਾ ਹੋਇਆ, ਮੇਰੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਗਈ, ਮੇਰੇ ਮਨ ਨੇ ਮੇਰੇ ਹਿਰਦੇ ਨੇ ਸੁਖ ਅਨੁਭਵ ਕੀਤਾ।

ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ ॥

(ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ, (ਗੁਰੂ ਨੇ ਪ੍ਰਭੂ ਨੂੰ) ਮੇਰੇ ਮਨ ਵਿਚ ਵਸਾ ਦਿੱਤਾ, ਤੇ ਮੇਰੇ ਸਾਰੇ ਹੀ ਔਗੁਣ ਭੁਲਾ ਦਿੱਤੇ।

ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ ॥

ਜਦੋਂ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਉਸ ਦੇ ਗੁਣ ਮਨੁੱਖ ਦੇ ਅੰਦਰ ਰੌਸ਼ਨ ਹੋ ਜਾਂਦੇ ਹਨ, ਗੁਰੂ ਆਪ ਉਸ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ।

ਸੇ ਜਨ ਪਰਵਾਣੁ ਹੋਏ ਜਿਨ੍ਰੀ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ ॥

ਜੇਹੜੇ ਮਨੁੱਖ ਸਿਰਫ਼ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਕਰ ਲੈਂਦੇ ਹਨ, ਤੇ ਮਾਇਆ ਦਾ ਮੋਹ ਅੰਦਰੋਂ ਦੂਰ ਕਰ ਲੈਂਦੇ ਹਨ ਉਹ ਪਰਮਾਤਮਾ ਦੀ ਦਰਗਹ ਵਿਚ ਕਬੂਲ ਹੋ ਜਾਂਦੇ ਹਨ।

ਇਉ ਕਹੈ ਨਾਨਕੁ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥੮॥

ਨਾਨਕ ਇਉਂ ਆਖਦਾ ਹੈ-ਭਾਗਾਂ ਵਾਲਾ ਸੀ ਉਹ ਵੇਲਾ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ ਤੇ (ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ ਸੀ ॥੮॥

ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ ॥

ਅਨੇਕਾਂ ਜੀਵ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ, (ਉਸ ਪੈਦਾ ਕਰਨ ਵਾਲੇ) ਖਸਮ-ਪ੍ਰਭੂ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ,

ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥

ਅਜੇਹੇ ਜੀਵ ਹਉਮੈ ਦੇ ਆਸਰੇ ਕੰਮ ਕਰ ਕਰ ਕੇ ਮਾਇਆ ਦੇ ਮੋਹ ਵਿਚ ਭਟਕਦੇ ਹਨ।

ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥

ਉਸ ਖਸਮ ਪ੍ਰਭੂ ਨੇ ਆਪ (ਉਹਨਾਂ ਨੂੰ) ਸਹੀ ਰਸਤੇ ਤੋਂ ਖੁੰਝਾਇਆ ਹੋਇਆ ਹੈ ਤੇ ਕੁਰਾਹੇ ਪਾਇਆ ਹੋਇਆ ਹੈ, ਉਹਨਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲਦਾ (ਕਿ ਆਪਣੇ ਉੱਦਮ ਨਾਲ ਕੁਮਾਰਗ ਛੱਡ ਦੇਣ)।

ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥

ਹੇ ਪ੍ਰਭੂ! ਜਿਸ ਤੈਂ ਨੇ ਇਹ ਜਗਤ-ਰਚਨਾ ਰਚੀ ਹੋਈ ਹੈ ਤੂੰ ਆਪ ਹੀ (ਕੁਰਾਹੇ ਪਏ ਹੋਏ) ਉਹਨਾਂ ਜੀਵਾਂ ਦੀ ਚੰਗੀ ਮੰਦੀ ਆਤਮਕ ਹਾਲਤ ਜਾਣਦਾ ਹੈਂ (ਜਿਸ ਅਨੁਸਾਰ ਤੂੰ ਉਹਨਾਂ ਨੂੰ ਕੁਰਾਹੇ ਪਾਇਆ ਹੈ)।

ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥

ਤੇਰਾ ਹੁਕਮ ਬੜਾ ਡਾਢਾ ਹੈ (ਜਿਸ ਕਰ ਕੇ ਜੀਵ ਕੁਰਾਹੇ ਪਏ ਹੋਏ ਹਨ)। ਕਿਸੇ ਵਿਰਲੇ ਭਾਗਾਂ ਵਾਲੇ ਨੂੰ ਖਸਮ-ਪ੍ਰਭੂ ਗੁਰੂ ਦੀ ਸਰਨ ਪਾ ਕੇ ਆਪਣਾ ਹੁਕਮ ਸਮਝਾਂਦਾ ਹੈ।

ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥

ਨਾਨਕ ਇਉਂ ਆਖਦਾ ਹੈ-ਹੇ ਪ੍ਰਭੂ! ਜੇ ਤੂੰ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਕੇ ਜ਼ਿੰਦਗੀ ਦੇ ਮੰਦੇ ਰਸਤੇ ਪਾਇਆ ਹੋਇਆ ਹੈ, ਤਾਂ ਇਹ ਵਿਚਾਰੇ ਜੀਵ ਕੀਹ ਕਰ ਸਕਦੇ ਹਨ? ॥੯॥

ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥

ਹੇ ਮੇਰੇ ਸਦਾ-ਥਿਰ ਮਾਲਕ! ਤੇਰਾ ਵਡੱਪਣ ਭੀ ਸਦਾ ਕਾਇਮ ਰਹਿਣ ਵਾਲਾ ਹੈ।

ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥

ਤੂੰ ਬੇਅੰਤ ਮਾਲਕ ਹੈਂ, ਤੂੰ ਪਾਰਬ੍ਰਹਮ ਹੈਂ ਤੇਰੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ।

ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥

ਹੇ ਪ੍ਰਭੂ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਤੂੰ ਇਹ ਵਡਿਆਈ ਵਸਾ ਦਿੱਤੀ ਹੈ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।

ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥

ਪਰ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ, ਫਿਰ ਉਹ ਤੇਰੇ ਸਦਾ-ਥਿਰ ਸਰੂਪ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ।

ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈਂ ਉਹ ਗੁਰੂ ਦੀ ਸਰਨ ਪੈ ਕੇ ਤੇਰੀ ਯਾਦ ਵਿਚ ਲੀਨ ਰਹਿੰਦਾ ਹੈ।

ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥

(ਤੇਰਾ ਦਾਸ) ਨਾਨਕ ਇਉਂ ਆਖਦਾ ਹੈ-ਹੇ ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ ॥੧੦॥੨॥੭॥੫॥੨॥੭॥


ਰਾਗੁ ਆਸਾ ਛੰਤ ਮਹਲਾ ੪ ਘਰੁ ੧ ॥

ਰਾਗ ਆਸਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥

ਮੈਨੂੰ ਆਤਮਕ ਜੀਵਨ ਲੱਭ ਪਿਆ ਮੈਨੂੰ ਆਤਮਕ ਜੀਵਨ ਲੱਭ ਪਿਆ, ਜਦੋਂ ਗੁਰੂ ਦੀ ਸਰਨ ਪਿਆਂ ਮੈਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪਏ।

ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥

ਹੁਣ ਗੁਰੂ ਮੈਨੂੰ ਹਰ ਵੇਲੇ ਹਰੀ ਦਾ ਨਾਮ ਹੀ ਦੇਈ ਜਾਂਦਾ ਹੈ, ਗੁਰੂ ਨੇ ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ।

ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥

(ਜਦੋਂ ਦਾ ਗੁਰੂ ਨੇ) ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ ਮੈਂ ਆਪਣਾ ਹਰੇਕ ਸਹਮ ਹਰੇਕ ਦੁੱਖ ਮੁਕਾ ਬੈਠਾ ਹਾਂ।

ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਂ ਉਸ ਪਰਮਾਤਮਾ ਨੂੰ ਸਿਮਰਿਆ ਹੈ ਜੇਹੜਾ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ ਜੇਹੜਾ ਮਨੁੱਖੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਿਮਰਨ ਦਾ ਸਦਕਾ) ਮੈਂ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਮਰਤਬਾ ਹਾਸਲ ਕਰ ਲਿਆ ਹੈ,

ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥

ਜਦੋਂ ਤੋਂ ਮੈਂ ਸਤਿਗੁਰੂ ਦੀ ਬਾਣੀ ਗਾਣੀ ਸ਼ੁਰੂ ਕੀਤੀ ਹੈ (ਮੇਰੇ ਅੰਦਰ ਆਤਮਕ ਆਨੰਦ ਦੀ ਇਕ ਅਤੁੱਟ ਲਹਰ ਚੱਲ ਪਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ) ਕਦੇ ਨਾਹ ਮੁੱਕਣ ਵਾਲੀ ਸੁਰ ਨਾਲ ਸੰਗੀਤਕ ਸਾਜ ਸਦਾ ਵੱਜਦੇ ਰਹਿੰਦੇ ਹਨ।

ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥੧॥

ਹੇ ਨਾਨਕ! ਦਾਤਾਰ ਪ੍ਰਭੂ ਨੇ ਇਹ ਬਖ਼ਸ਼ਸ਼ ਕੀਤੀ ਹੈ, ਹੁਣ ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਟਿਕੀ ਰਹਿੰਦੀ ਹੈ ॥੧॥

ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਪ-ਹੁਦਰੇ ਮਨੁੱਖ ‘ਮੇਰੀ ਮਾਇਆ, ਮੇਰੀ ਮਾਇਆ’ ਆਖ ਆਖ ਕੇ ਹੀ ਆਤਮਕ ਮੌਤੇ ਮਰ ਗਏ,

ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥

ਉਹਨਾਂ ਦਾ ਮਨ (ਮਾਇਆ ਦੇ ਲਾਭ ਵੇਲੇ) ਇਕ ਖਿਨ ਵਿਚ ਮੱਚ ਪੈਂਦਾ ਹੈ (ਮਾਇਆ ਦੀ ਹਾਨੀ ਵੇਲੇ) ਇਕ ਖਿਨ ਵਿਚ ਹੀ ਢਹਿ ਪੈਂਦਾ ਹੈ, ਉਹ ਆਪਣੇ ਮਨ ਨੂੰ ਸਦਾ ਇਸ ਬਦ-ਬੋ ਭਰੇ ਸਰੀਰ ਦੇ ਮੋਹ ਵਿਚ ਜੋੜੀ ਰੱਖਦੇ ਹਨ।

ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁਰਗੰਧ-ਭਰੇ ਸਰੀਰ ਦੇ ਮੋਹ ਵਿਚ ਹੀ ਆਪਣੇ ਚਿੱਤ ਨੂੰ ਲਾਈ ਰੱਖਦੇ ਹਨ। ਉਹਨਾਂ ਦਾ ਚਿੱਤ ਸਰੀਰਕ ਮੋਹ ਵਿਚ ਲੱਗਾ ਰਹਿੰਦਾ ਹੈ (ਪਰ ਇਹ ਸਰੀਰਕ ਸੁਖ ਦੁੱਖ ਇਉਂ ਹੈ) ਜਿਵੇਂ ਕਸੁੰਭੇ ਦੇ ਫੁੱਲ ਦਾ ਰੰਗ ਵੇਖੀਦਾ ਹੈ (ਵੇਖਣ ਨੂੰ ਸ਼ੋਖ, ਪਰ ਝਬਦੇ ਹੀ ਫਿੱਕਾ ਪੈ ਜਾਣ ਵਾਲਾ),

ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮਿ੍ਆਰਿ ਭਵਾਇਆ ॥

ਜਿਵੇਂ ਪਰਛਾਵਾਂ (ਸੂਰਜ ਦੇ ਚੜ੍ਹਨ ਢਲਣ ਦੇ ਆਸਰੇ) ਕਦੇ ਚੜ੍ਹਦੇ ਪਾਸੇ ਹੋ ਜਾਂਦਾ ਹੈ ਕਦੇ ਲਹਿੰਦੇ ਪਾਸੇ ਹੋ ਜਾਂਦਾ ਹੈ, ਜਿਵੇਂ ਉਹ ਚੱਕ ਹੈ, ਜਿਸ ਨੂੰ ਕੁਮ੍ਹਿਆਰ ਨੇ ਚੱਕਰ ਦਿੱਤਾ ਹੋਇਆ ਹੈ।

ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁੱਖ ਸਹਾਰਦੇ ਹਨ ਦੁੱਖ ਇਕੱਠੇ ਕਰਦੇ ਰਹਿੰਦੇ ਹਨ ਦੁੱਖ ਭੋਗਦੇ ਰਹਿੰਦੇ ਹਨ, ਉਹਨਾਂ ਨੇ ਆਪਣੇ ਜੀਵਨ ਵਿਚ ਦੁੱਖਾਂ ਦਾ ਹੀ ਵਾਧਾ ਵਧਾਇਆ ਹੁੰਦਾ ਹੈ।

ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥੨॥

ਪਰ, ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਤਦੋਂ ਇਹ ਔਖਾ ਤਰਿਆ ਜਾਣ ਵਾਲਾ ਸੰਸਾਰ-ਸਮੁੰਦਰ ਸੌਖਾ ਤਰਿਆ ਜਾ ਸਕਦਾ ਹੈ ॥੨॥

ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥

ਮੇਰਾ ਮਾਲਕ ਸੋਹਣਾ ਹੈ, ਮੇਰਾ ਮਾਲਕ-ਪ੍ਰਭੂ ਸੋਹਣਾ ਹੈ, (ਪਰ ਮੇਰੀ ਸਮਝ-ਸਿਆਣਪ ਦੀ) ਪਹੁੰਚ ਤੋਂ ਪਰੇ ਹੈ, ਉਹ ਇਕ ਐਸਾ ਸਮੁੰਦਰ ਹੈ ਜਿਸ ਦੀ ਹਾਥ ਨਹੀਂ ਲੱਭਦੀ।

ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥

(ਤਾਂਹੀਏਂ) ਹੇ ਮੇਰੇ ਸ਼ਾਹ! ਹੇ ਮੇਰੇ ਸਤਿਗੁਰੂ! ਮੈਂ (ਤੇਰੇ ਪਾਸੋਂ) ਹਰਿ-ਨਾਮ ਦੀ ਪੂੰਜੀ ਮੰਗਦਾ ਹਾਂ।

ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥

ਜੇਹੜਾ ਮਨੁੱਖ ਹਰਿ-ਨਾਮ-ਸਰਮਾਏ ਦੀ ਭਾਲ ਕਰਦਾ ਹੈ, ਹਰਿ-ਨਾਮ ਦਾ ਵਣਜ ਕਰਦਾ ਹੈ ਉਹ ਸਦਾ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ, ਗੁਣਾਂ ਦੇ ਕਾਰਨ ਉਹ ਹਰੀ ਨੂੰ ਪਿਆਰਾ ਲੱਗਦਾ ਹੈ।

ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥

ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਮਾਇਆ ਦੀ ਭੁੱਖ ਉੱਕਾ ਹੀ ਤਿਆਗ ਦੇਂਦਾ ਹੈ, ਉਹ ਤਾਂ ਸਦਾ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦੇ ਅੰਦਰ ਕਦੇ ਮਾਇਆ ਦੇ ਫੁਰਨੇ ਉੱਠਦੇ ਹੀ ਨਹੀਂ।

ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ ॥

ਜਦੋਂ ਇਕ ਹਰਿ-ਨਾਮ ਦਾ ਵਣਜ ਕਰਨ ਵਾਲੇ ਸਤਸੰਗੀ ਰਲ ਬੈਠਦੇ ਹਨ, ਤਾਂ ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟ ਕੇ (ਜਗਤ ਤੋਂ) ਲੈ ਜਾਂਦੇ ਹਨ।

ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥੩॥

ਹੇ ਨਾਨਕ! ਤੂੰ ਭੀ ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਦੇਹ (ਤੇ ਹਰਿ-ਨਾਮ ਦਾ ਸੌਦਾ ਗੁਰੂ ਪਾਸੋਂ ਹਾਸਲ ਕਰ) ਪਰ ਇਹ ਹਰਿ-ਨਾਮ ਦਾ ਸੌਦਾ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੁੰਦਾ ਹੈ ॥੩॥

ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥

(ਇਹ ਮਨੁੱਖਾ ਸਰੀਰ, ਮਾਨੋ, ਇਕ) ਸਮੁੰਦਰ (ਹੈ, ਜੋ ਆਤਮਕ ਜੀਵਨ ਦੇ ਸ੍ਰੇਸ਼ਟ ਗੁਣਾਂ-ਰੂਪ) ਅਨੇਕਾਂ ਰਤਨਾਂ ਨਾਲ ਨਕਾ-ਨੱਕ ਭਰਿਆ ਪਿਆ ਹੈ।

ਬਾਣੀ ਗੁਰਬਾਣੀ ਲਾਗੇ ਤਿਨ੍ਰ ਹਥਿ ਚੜਿਆ ਰਾਮ ॥

ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਆਪਣਾ ਮਨ ਜੋੜੀ ਰੱਖਦੇ ਹਨ, ਉਹਨਾਂ ਨੂੰ ਇਹ ਰਤਨ ਮਿਲ ਜਾਂਦੇ ਹਨ।

ਗੁਰਬਾਣੀ ਲਾਗੇ ਤਿਨ੍ਰ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥

ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਬੇਅੰਤ ਪਰਮਾਤਮਾ ਦਾ ਉਹ ਨਾਮ-ਰਤਨ ਮਿਲ ਜਾਂਦਾ ਹੈ ਜਿਸ ਦੇ ਬਰਾਬਰ ਦੀ ਕੀਮਤਿ ਦਾ ਹੋਰ ਕੋਈ ਪਦਾਰਥ ਨਹੀਂ ਹੈ।

ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ ॥

ਹੇ ਪ੍ਰਭੂ! ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ਉਹ ਮਨੁੱਖ ਤੇਰਾ ਉਹ ਨਾਮ-ਰਤਨ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ।

ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥

ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਸਰੀਰ-ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ (ਸਰੀਰ ਦੇ ਅੰਦਰ ਵੱਸਦਾ ਹੀ ਪਰਮਾਤਮਾ ਦਾ ਨਾਮ-ਰੂਪ) ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ।

ਗੁਰ ਗੋਵਿੰਦੁ ਗੁੋਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥

ਹੇ ਨਾਨਕ! ਗੁਰੂ ਪਰਮਾਤਮਾ ਹੈ ਪਰਮਾਤਮਾ ਗੁਰੂ ਹੈ, ਦੋਹਾਂ ਵਿਚ ਕੋਈ ਫ਼ਰਕ ਨਹੀਂ ਹੈ, ਹੇ ਭਾਈ! ॥੪॥੧॥੮॥


ਆਸਾ ਮਹਲਾ ੪ ॥
ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥

(ਜਿਵੇਂ ਵਰਖਾ ਰੁੱਤੇ ਜਦੋਂ ਮਿਠੀ ਮਿਠੀ ਫੁਹਾਰ ਪੈਂਦੀ ਹੈ ਤਾਂ ਬੜੀ ਸੁਹਾਵਣੀ ਠੰਡ ਮਹਿਸੂਸ ਕਰੀਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਸ ਦੇ ਹਿਰਦੇ ਦੀ ਧਰਤੀ ਉਤੇ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮਠੀ ਮਠੀ ਵਰਖਾ ਕਰਦੀ ਹੈ ਅਤੇ ਆਤਮਕ ਸ਼ਾਂਤੀ ਬਖ਼ਸ਼ਦੀ ਹੈ।

ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ ॥

ਜਿਸ ਮਨੁੱਖ ਨੇ ਗੁਰੂ ਦੀ ਬਾਣੀ ਸੁਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਨੂੰ (ਮਨੁੱਖਾ ਜਨਮ-ਮਨੋਰਥ ਵਿਚ) ਕਾਮਯਾਬੀ ਹਾਸਲ ਹੋ ਗਈ, ਉਸ ਦੇ ਸਾਰੇ ਕੰਮ ਸਫਲ ਹੋ ਗਏ।

ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥

(ਇਸ ਨਾਮ-ਵਰਖਾ ਦੀ ਬਰਕਤਿ ਨਾਲ) ਗੁਰੂ ਦੇ ਸਨਮੁਖ ਰਹਿਣ ਵਾਲੇ ਉਸ (ਵਡ-ਭਾਗੀ) ਮਨੁੱਖ ਨੂੰ ਪਿਆਰਾ ਪਰਮਾਤਮਾ ਦਿੱਸ ਪੈਂਦਾ ਹੈ।

ਰਾਮ ਨਾਮੁ ਪਿਆਰਾ ਜਗਤ ਨਿਸਤਾਰਾ ਰਾਮ ਨਾਮਿ ਵਡਿਆਈ ॥

ਸਾਰੇ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਪਰਮਾਤਮਾ ਦਾ ਨਾਮ ਉਸ ਮਨੁੱਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਸ ਨੂੰ (ਲੋਕ-ਪਰਲੋਕ ਵਿਚ) ਆਦਰ-ਮਾਣ ਮਿਲ ਜਾਂਦਾ ਹੈ।

ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ ॥

ਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵੇਲੇ ਪਰਮਾਤਮਾ ਦਾ ਨਾਮ ਜਹਾਜ਼ (ਦਾ ਕੰਮ ਦੇਂਦਾ ਹੈ) ਹੈ, ਗੁਰੂ ਦੀ ਸਰਨ ਪਾ ਕੇ (ਪਰਮਾਤਮਾ ਜੀਵ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥

ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ ਇਸ ਲੋਕ ਤੇ ਪਰਲੋਕ ਵਿਚ ਸੁਖੀ ਰਹਿੰਦੇ ਹਨ। ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ।

ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥੧॥

ਹੇ ਨਾਨਕ! ਮੇਹਰ ਕਰ ਕੇ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਸ ਨੂੰ ਨਾਮ ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥

ਰਾਮੋ ਰਾਮ ਨਾਮੁ ਜਪਿਆ ਦੁਖ ਕਿਲਵਿਖ ਨਾਸ ਗਵਾਇਆ ਰਾਮ ॥

(ਜਿਨ੍ਹਾਂ ਮਨੁੱਖਾਂ ਨੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਨੇ ਆਪਣੇ ਸਾਰੇ ਦੁੱਖ ਤੇ ਪਾਪ ਨਾਸ ਕਰ ਲਏ।

ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ ਰਾਮੁ ਰਵਾਇਆ ਰਾਮ ॥

ਗੁਰੂ ਦੀ ਰਾਹੀਂ ਹਰ ਵੇਲੇ ਆਹਰੇ ਲੱਗ ਕੇ ਮੈਂ ਹਰਿ-ਨਾਮ ਸਿਮਰਨਾ ਸ਼ੁਰੂ ਕੀਤਾ, ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ।

ਰਵਿਆ ਰਾਮੁ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ॥

ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ, ਤਾਂ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ।

ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ ॥

ਜਦੋਂ (ਕਿਸੇ ਵਡ-ਭਾਗੀ ਦੇ ਹਿਰਦੇ ਵਿਚ) ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਵਸਾ ਦਿੱਤਾ, ਤਾਂ ਲੋਭ ਆਦਿਕ ਵਿਕਾਰਾਂ (ਦੇ ਹੜ੍ਹ) ਵਿਚ ਡੁੱਬ ਰਹੀ ਉਸ ਦੀ (ਜ਼ਿੰਦਗੀ ਦੀ) ਬੇੜੀ ਬਾਹਰ ਨਿਕਲ ਆਈ।

ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥

ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਬਖ਼ਸ਼ੀ, ਉਸ ਨੇ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜ ਲਿਆ।

ਆਪਿ ਕ੍ਰਿਪਾਲੁ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ ॥੨॥

ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਦਰਿਆ ਦਾ ਘਰ ਪਰਮਾਤਮਾ ਆਪ ਹੀ ਕਿਰਪਾ ਕਰ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ ॥੨॥

ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ ॥

ਮੈਂ ਭੀ ਗੁਰੂ ਦੀ ਸਰਨ ਪੈ ਕੇ ਰੋਮ ਰੋਮ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ।

ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ ॥

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਪਵਿਤ੍ਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਦਾ ਕੋਈ ਖਾਸ ਚਿਹਨ-ਚਕ੍ਰ ਨਹੀਂ ਬਿਆਨ ਕੀਤਾ ਜਾ ਸਕਦਾ।

ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥

ਜਿਸ ਮਨੁੱਖ ਨੇ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ (ਆਪਣੇ ਅੰਦਰੋਂ) ਮਾਇਆ ਦੀ ਭੁੱਖ ਤ੍ਰੇਹ ਦੂਰ ਕਰ ਲਈ,

ਮਨੁ ਤਨੁ ਸੀਤਲੁ ਸੀਗਾਰੁ ਸਭੁ ਹੋਆ ਗੁਰਮਤਿ ਰਾਮੁ ਪ੍ਰਗਾਸਾ ॥

ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਸ ਦੇ ਆਤਮਕ ਜੀਵਨ ਨੂੰ ਹਰੇਕ ਕਿਸਮ ਦਾ ਸਹਜ ਹਾਸਲ ਹੋ ਗਿਆ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਗਿਆ।

ਨਾਨਕ ਆਪਿ ਅਨੁਗ੍ਰਹੁ ਕੀਆ ਹਮ ਦਾਸਨਿ ਦਾਸਨਿ ਦਾਸਾ ॥੩॥

ਹੇ ਨਾਨਕ! (ਆਖ-) ਜਦੋਂ ਤੋਂ ਪਰਮਾਤਮਾ ਨੇ ਆਪ ਮੇਰੇ ਉੱਤੇ ਮੇਹਰ ਕੀਤੀ ਹੈ ਮੈਂ ਉਸ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਗਿਆ ਹਾਂ ॥੩॥

ਜਿਨੀ ਰਾਮੋ ਰਾਮ ਨਾਮੁ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ ਮੂਰਖ ਬਦ-ਕਿਸਮਤ ਹੀ ਰਹੇ।

ਤਿਨ ਅੰਤਰੇ ਮੋਹੁ ਵਿਆਪੈ ਖਿਨੁ ਖਿਨੁ ਮਾਇਆ ਲਾਗੀ ਰਾਮ ॥

ਉਹਨਾਂ ਦੇ ਅੰਦਰ ਮੋਹ ਜੋਰ ਪਾਈ ਰੱਖਦਾ ਹੈ, ਉਹਨਾਂ ਨੂੰ ਹਰ ਵੇਲੇ ਮਾਇਆ ਚੰਬੜੀ ਰਹਿੰਦੀ ਹੈ।

ਮਾਇਆ ਮਲੁ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮੁ ਨਹ ਭਾਇਆ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਹ ਮੂਰਖ ਬਦ-ਕਿਸਮਤ ਹੀ ਰਹਿੰਦੇ ਹਨ, ਉਹਨਾਂ ਨੂੰ ਸਦਾ ਮਾਇਆ (ਦੇ ਮੋਹ) ਦੀ ਮੈਲ ਲੱਗੀ ਰਹਿੰਦੀ ਹੈ।

ਅਨੇਕ ਕਰਮ ਕਰਹਿ ਅਭਿਮਾਨੀ ਹਰਿ ਰਾਮੋ ਨਾਮੁ ਚੋਰਾਇਆ ॥

(ਨਾਮ ਭੁਲਾ ਕੇ ਜਿਉਂ ਜਿਉਂ ਉਹ ਹੋਰ ਹੋਰ) ਧਾਰਮਿਕ ਰਸਮਾਂ ਕਰਦੇ ਹਨ (ਵਧੀਕ) ਅਹੰਕਾਰੀ ਹੁੰਦੇ ਜਾਂਦੇ ਹਨ (ਇਹ ਕੀਤੀਆਂ ਧਾਰਮਿਕ ਰਸਮਾਂ ਉਹਨਾਂ ਦੇ ਅੰਦਰੋਂ, ਸਗੋਂ) ਪਰਮਾਤਮਾ ਦਾ ਨਾਮ ਚੁਰਾ ਲੈ ਜਾਂਦੀਆਂ ਹਨ।

ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥

(ਜੀਵਨ-ਸਫ਼ਰ ਵਿਚ ਉਹ) ਜਮਾਂ ਵਾਲਾ ਰਸਤਾ (ਫੜੀ ਰੱਖਦੇ ਹਨ ਜੋ) ਬੜਾ ਔਖਾ ਹੈ ਜੋ ਦੁੱਖਾਂ-ਭਰਿਆ ਹੈ ਅਤੇ ਜਿਥੇ ਮਾਇਆ ਦੇ ਮੋਹ ਦੀ ਕਾਲਖ ਦੇ ਕਾਰਨ (ਆਤਮਕ ਜੀਵਨ ਵਲੋਂ) ਹਨੇਰਾ ਹੀ ਹਨੇਰਾ ਹੈ।

ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ ॥੪॥

ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਦਾ ਰਸਤਾ ਲੱਭ ਲੈਂਦਾ ਹੈ ॥੪॥

ਰਾਮੋ ਰਾਮ ਨਾਮੁ ਗੁਰੂ ਰਾਮੁ ਗੁਰਮੁਖੇ ਜਾਣੈ ਰਾਮ ॥

(ਜੇਹੜਾ ਮਨੁੱਖ) ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,

ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥

ਉਹ ਆਪਣੇ ਇਸ ਮਨ ਨੂੰ ਪ੍ਰਭੂ-ਚਰਨਾਂ ਵਿਚ ਲਿਆ ਟਿਕਾਂਦਾ ਹੈ ਜੇਹੜਾ ਹਰ ਵੇਲੇ ਕਦੇ ਅਹੰਕਾਰ ਵਿਚ ਤੇ ਕਦੇ ਢਹਿੰਦੀ ਕਲਾ ਵਿਚ ਭਟਕਦਾ ਫਿਰਦਾ ਹੈ।

ਮਨੁ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ ਹਰਿ ਰਾਮੋ ਨਾਮੁ ਰਸਾਏ ॥

ਉਹ ਮਨੁੱਖ ਆਪਣੇ ਮਨ ਨੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਟਿਕਾ ਲੈਂਦਾ ਹੈ, ਉਹ ਆਤਮਕ ਜੀਵਨ ਦੀ ਹਰੇਕ ਮਰਯਾਦਾ ਨੂੰ ਸਮਝ ਲੈਂਦਾ ਹੈ ਤੇ ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹਿੰਦਾ ਹੈ।

ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਿ ਤਰਾਏ ॥

ਪਰਮਾਤਮਾ ਦਾ ਨਾਮ ਇਹੋ ਜਿਹੇ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜਿਵੇਂ ਪਰਮਾਤਮਾ ਨੇ ਪ੍ਰਹਿਲਾਦ ਆਦਿਕ ਭਗਤ (ਔਖਿਆਈਆਂ ਤੋਂ) ਬਚਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ।

ਰਾਮੋ ਰਾਮੁ ਰਮੋ ਰਮੁ ਊਚਾ ਗੁਣ ਕਹਤਿਆ ਅੰਤੁ ਨ ਪਾਇਆ ॥

ਪਰਮਾਤਮਾ ਸਭ ਤੋਂ ਉੱਚਾ ਹੈ, ਸੋਹਣਾ ਹੀ ਸੋਹਣਾ ਹੈ, ਬਿਆਨ ਕਰਦਿਆਂ ਕਰਦਿਆਂ ਉਸ ਦੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕੀਦਾ।

ਨਾਨਕ ਰਾਮ ਨਾਮੁ ਸੁਣਿ ਭੀਨੇ ਰਾਮੈ ਨਾਮਿ ਸਮਾਇਆ ॥੫॥

ਹੇ ਨਾਨਕ! ਪਰਮਾਤਮਾ ਦਾ ਨਾਮ ਸੁਣ ਕੇ (ਜਿਨ੍ਹਾਂ ਦੇ ਹਿਰਦੇ) ਪਸੀਜ ਜਾਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੫॥

ਜਿਨ ਅੰਤਰੇ ਰਾਮ ਨਾਮੁ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਆਪਣੀ ਹਰੇਕ ਕਿਸਮ ਦੀ ਚਿੰਤਾ ਦੂਰ ਕਰ ਲੈਂਦੇ ਹਨ,

ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥

ਉਹਨਾਂ ਨੂੰ ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਮਨੁੱਖ ਜੋ ਕੁਝ ਆਪਣੇ ਮਨ ਵਿਚ ਚਿਤਵਦੇ ਹਨ ਉਹੀ ਫਲ ਉਹਨਾਂ ਨੂੰ ਮਿਲ ਜਾਂਦਾ ਹੈ।

ਮਨ ਚਿੰਦਿਆ ਫਲੁ ਪਾਇਆ ਰਾਮ ਨਾਮੁ ਧਿਆਇਆ ਰਾਮ ਨਾਮ ਗੁਣ ਗਾਏ ॥

ਉਹ ਮਨ-ਇੱਜ਼ਤ ਫਲ ਹਾਸਲ ਕਰਦੇ ਰਹਿੰਦੇ ਹਨ, ਉਹ ਪਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿੰਦੇ ਹਨ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।

ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ ॥

ਉਹਨਾਂ ਦੇ ਅੰਦਰੋਂ ਖੋਟੀ ਮਤਿ ਭੈੜੀ ਅਕਲ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ, ਉਹ ਪਰਮਾਤਮਾ ਦੇ ਨਾਮ ਵਿਚ ਆਪਣਾ ਮਨ ਜੋੜੀ ਰੱਖਦੇ ਹਨ।

ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥

ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ।

ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥

ਹੇ ਨਾਨਕ! ਤੂੰ ਭੀ ਸਦਾ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਿਆਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲੀ ਰਹਿੰਦੀ ਹੈ ॥੬॥

ਜਿਨ ਸਰਧਾ ਰਾਮ ਨਾਮਿ ਲਗੀ ਤਿਨ੍ਰ ਦੂਜੈ ਚਿਤੁ ਨ ਲਾਇਆ ਰਾਮ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਵਿਚ ਨਿਸ਼ਚਾ ਪੱਕਾ ਕਰ ਲਿਆ, ਉਹ (ਹਰਿ-ਨਾਮ ਦਾ ਪਿਆਰ ਛੱਡ ਕੇ) ਕਿਸੇ ਹੋਰ ਪਦਾਰਥ ਵਿਚ ਆਪਣਾ ਚਿੱਤ ਨਹੀਂ ਜੋੜਦੇ।

ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥

ਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ ਰੱਖ ਦੇਈਏ, ਤਾਂ ਭੀ ਪਰਮਾਤਮਾ ਦੇ ਨਾਮ ਤੋਂ ਛੁਟ ਹੋਰ ਕੋਈ ਪਦਾਰਥ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ।

ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥

ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ (ਨਾਮ ਦੀ ਬਰਕਤਿ ਨਾਲ) ਉਹ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਮਾਣਦੇ ਹਨ, ਅਖ਼ੀਰ ਵੇਲੇ ਦੁਨੀਆ ਤੋਂ ਤੁਰਨ ਲੱਗਿਆਂ ਭੀ ਇਹ ਹਰਿ-ਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ।

ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥

ਉਹ ਸਦਾ ਪਰਮਾਤਮਾ ਦਾ ਨਾਮ-ਧਨ ਨਾਮ-ਸਰਮਾਇਆ ਇਕੱਠਾ ਕਰਦੇ ਰਹਿੰਦੇ ਹਨ, ਇਹ ਧਨ ਇਹ ਸਰਮਾਇਆ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਗਵਾਚਦਾ ਹੈ।

ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥

(ਸੰਸਾਰ-ਨਦੀ ਤੋਂ ਪਾਰ ਲੰਘਣ ਲਈ) ਪਰਮਾਤਮਾ ਦਾ ਨਾਮ ਇਸ ਜਗਤ ਵਿਚ (ਮਾਨੋ) ਤੁਲਹਾ ਹੈ, ਜਿਸ ਰਾਹੀਂ (ਜੇਹੜਾ ਮਨੁੱਖ ਨਾਮ ਸਿਮਰਦਾ ਰਹਿੰਦਾ ਹੈ) ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ।

ਨਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥

ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਪਰਮਾਤਮਾ ਮੇਹਰ ਕਰ ਕੇ ਆਪ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੭॥

ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥

ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ।

ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥

(ਪਰ) ਉਹੀ (ਮਨੁੱਖ) ਸੇਵਕ (ਬਣ ਕੇ) ਗੁਰੂ ਦੀ ਦੱਸੀ ਸੇਵਾ ਵਿਚ ਰੁੱਝਦਾ ਹੈ ਜਿਸ ਨੇ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਚੜ੍ਹਾਵੇ ਦੇ ਤੌਰ ਤੇ (ਗੁਰੂ ਅੱਗੇ) ਰੱਖ ਦਿੱਤਾ ਹੈ।

ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥

ਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿੱਤਾ, ਉਸ ਦੇ ਮਨ ਵਿਚ ਗੁਰੂ ਵਾਸਤੇ ਬਹੁਤ ਸਰਧਾ ਪੈਦਾ ਹੋ ਜਾਂਦੀ ਹੈ (ਗੁਰੂ ਉਸ ਨੂੰ) ਉਸ ਪ੍ਰੇਮ ਦੀ ਬਰਕਤਿ ਨਾਲ (ਪ੍ਰਭੂ-ਚਰਨਾਂ ਵਿਚ) ਮਿਲਾ ਦੇਂਦਾ ਹੈ (ਜੇਹੜਾ ਪ੍ਰੇਮ) ਗੁਰੂ ਦੇ ਸੇਵਕ ਦੇ ਹਿਰਦੇ ਵਿਚ ਹੋਣਾ ਚਾਹੀਦਾ ਹੈ।

ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥

ਪਰਮਾਤਮਾ ਗਰੀਬਾਂ ਦਾ ਖਸਮ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ।

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥

(ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ।

ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥

ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ ॥੮॥੨॥੯॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਛੰਤ ਮਹਲਾ ੪ ਘਰੁ ੨ ॥

ਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’।

ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥

ਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ।

ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥

ਜਿਸ ਮਨੁੱਖ ਨੂੰ ਪਰਮਾਤਮਾ ਦੀ ਸੇਵਾ-ਭਗਤੀ ਪਿਆਰੀ ਲੱਗਦੀ ਹੈ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਹਰਿ-ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ।

ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥

ਪਰਮਾਤਮਾ ਦਾ ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ (ਜੇਹੜਾ ਮਨੁੱਖ ਹਰਿ-ਨਾਮ ਸਿਮਰਦਾ ਹੈ ਉਹ ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ।

ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥

ਉਹ ਮਨੁੱਖ ਜਨਮਾਂ ਦੇ ਗੇੜ ਦਾ ਦੁੱਖ ਆਤਮਕ ਮੌਤ ਦਾ ਦੁੱਖ-ਇਹ ਦੋਵੇਂ ਦੁੱਖ ਮਿਟਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।

ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥

ਹੇ ਹਰੀ! ਹੇ ਮਾਲਕ! ਕਿਰਪਾ ਕਰ! (ਜੇ ਪਰਮਾਤਮਾ ਕਿਰਪਾ ਕਰੇ ਤਾਂ) ਉਸ ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਜਪਿਆ ਜਾ ਸਕਦਾ ਹੈ।

ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥

ਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਜੋਗਾ ਹੈ ॥੧॥

ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥

ਇਸ ਮਾਇਆ-ਗ੍ਰਸੇ ਜਗਤ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪ੍ਰੇਮ ਵਿਚ ਟਿਕ ਕੇ ਹੀ ਜਪਿਆ ਜਾ ਸਕਦਾ ਹੈ।

ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥

ਗੁਰੁ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਪੜ੍ਹੀ ਜਾ ਸਕਦੀ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾ ਸਕਦੀ ਹੈ। ਪਰਮਾਤਮਾ ਦਾ ਨਾਮ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ।

ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਉਸ ਦਾ ਦੁੱਖ ਨਾਸ ਹੋ ਗਿਆ, ਜਿਸ ਨੇ ਹਰਿ-ਨਾਮ (ਧਨ ਪ੍ਰਾਪਤ ਕੀਤਾ) ਉਸ ਨੇ ਸਭ ਤੋਂ ਉੱਚਾ ਆਨੰਦ ਮਾਣਿਆ।

ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥

ਗੁਰੂ ਦੀ ਦਿੱਤੀ ਆਤਮਕ ਜੀਵਨ ਦੀ ਸੂਝ ਜਿਸ ਮਨੁੱਖ ਦੇ ਅੰਦਰ ਚਮਕ ਪਈ ਉਸ ਦੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਪਿਆ, ਉਸ ਨੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲਿਆ।

ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥

ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦਾ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ।

ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥

ਇਸ ਮਾਇਆ-ਗ੍ਰਸੇ ਸੰਸਾਰ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪਿਆਰ ਵਿਚ ਜੁੜ ਕੇ ਹੀ ਜਪਿਆ ਜਾ ਸਕਦਾ ਹੈ ॥੨॥

ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥

ਜਿਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਸ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ।

ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥

ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੀ, ਹਰਿ-ਨਾਮ ਉਸ ਦਾ ਸਦਾ ਲਈ ਸਾਥੀ ਬਣ ਗਿਆ, ਉਸ ਦੀ (ਮਾਇਆ ਵਾਲੀ) ਭਟਕਣਾ ਮੁੱਕ ਗਈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ।

ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਦਾ ਜਨਮ ਮਰਨ, ਉਹਨਾਂ ਦੀ ਭਟਕਣਾ ਉਹਨਾਂ ਦਾ (ਹਰੇਕ ਕਿਸਮ ਦਾ) ਡਰ ਦੂਰ ਹੋ ਗਿਆ,

ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥

ਤੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਉਹਨਾਂ ਦੇ ਪਾਪ ਤੇ ਦੁੱਖ ਲਹਿ ਗਏ, ਉਹ ਸਦਾ ਲਈ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਏ।

ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥

ਜਿਨ੍ਹਾਂ ਨੇ ਧੁਰ ਦਰਗਾਹ ਤੋਂ ਲਿਖੇ ਭਾਗਾਂ ਅਨੁਸਾਰ ਨਾਮ ਦੀ ਦਾਤ ਪ੍ਰਾਪਤ ਕਰ ਲਈ ਤੇ ਹਰਿ-ਨਾਮ ਸਿਮਰਿਆ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਉਹ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਗਏ।

ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਹਨਾਂ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਹਨਾਂ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥

ਜਿਨ੍ਰ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ।

ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਗੁਰਸਬਦੀ ਹਰਿ ਰਸ ਭੋਗ ਜੀਉ ॥

ਪਰਮਾਤਮਾ ਦਾ ਨਾਮ (ਉਹਨਾਂ ਵਾਸਤੇ) ਇੱਜ਼ਤ-ਮਾਣ ਹੈ, ਪਰਮਾਤਮਾ ਦਾ ਨਾਮ ਉਹਨਾਂ ਦਾ (ਸਦਾ ਲਈ) ਸਾਥੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦੇ ਹਨ।

ਹਰਿ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰਿ ਰਸੁ ਪਾਇਆ ॥

ਉਹ ਮਨੁੱਖ ਸਦਾ ਹਰਿ-ਨਾਮ-ਰਸ ਮਾਣਦੇ ਹਨ, ਜਿਸ ਦੀ ਬਰਕਤਿ ਨਾਲ ਉਹ ਬੜੇ ਨਿਰਲੇਪ ਰਹਿੰਦੇ ਹਨ, ਵੱਡੀ ਕਿਸਮਤ ਨਾਲ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਗਿਆ ਹੁੰਦਾ ਹੈ।

ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ ਬਣ ਗਏ ਉਹ ਉੱਚੇ ਤੇ ਪੂਰੇ ਆਤਮਕ ਜੀਵਨ ਵਾਲੇ ਬਣ ਗਏ।

ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ ਮਨਿ ਚੂਕਾ ਸੋਗੁ ਵਿਜੋਗੁ ਜੀਉ ॥

ਦਾਸ ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ (ਜਿਨ੍ਹਾਂ ਨੂੰ ਇਹ ਚਰਨ-ਧੂੜ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੇ) ਮਨ ਵਿਚ ਵੱਸ ਰਿਹਾ ਚਿੰਤਾ ਫ਼ਿਕਰ ਦੂਰ ਹੋ ਜਾਂਦਾ ਹੈ ਉਹਨਾਂ ਦੇ ਮਨ ਵਿਚ ਵੱਸਦਾ ਪ੍ਰਭੂ-ਚਰਨਾਂ ਤੋਂ ਵਿਛੋੜਾ ਦੂਰ ਹੋ ਜਾਂਦਾ ਹੈ।

ਜਿਨ੍ਰ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥੪॥੩॥੧੦॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ ॥੪॥੩॥੧੦॥


ਆਸਾ ਮਹਲਾ ੪ ॥

ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥
ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ) ਦੇਈ ਰੱਖਦਾ ਹੈ, ਹਰ ਵੇਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਹੁੰਦਾ ਹੈ।

ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥

(ਸਤਜੁਗੀ) ਆਤਮਕ ਅਵਸਥਾ ਵਿਚ ਟਿਕੇ ਹੋਏ (ਮਨੁੱਖ) ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਤੇ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਟਿਕੀ ਰਹਿੰਦੀ ਹੈ।

ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥

ਸਤਜੁਗੀ ਆਤਮਕ ਅਵਸਥਾ ਵਿਚ ਟਿਕਿਆ ਹੋਇਆ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਨੂੰ ਕੀਮਤੀ ਚੀਜ਼ ਜਾਣਦਾ ਹੈ, ਹਰਿ-ਨਾਮ ਸਿਮਰਨ ਵਿਚ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ (ਹਰ ਥਾਂ) ਸੋਭਾ ਮਿਲਦੀ ਹੈ।

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥

ਉਸ ਨੂੰ ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ।

ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥

ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ, ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।

ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥

ਅਜੇਹੀ ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ ਦੇਈ ਰੱਖਦਾ ਹੈ) ਹਰ ਗੱਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ ॥੧॥

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥

ਉਸ ਦੇ ਅੰਦਰ ਮਾਨੋ ਤ੍ਰੇਤਾ ਜੁਗ ਵਾਪਰ ਰਿਹਾ ਹੈ, ਜਿਸ ਮਨੁੱਖ ਦੇ ਅੰਦਰ (ਦੂਜਿਆਂ ਉਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ, (ਉਹ ਮਨੁੱਖ ਪਰਮਾਤਮਾ ਦਾ ਸਿਮਰਨ ਭੁਲਾ ਕੇ) ਵੀਰਜ ਨੂੰ ਰੋਕਣਾ (ਹੀ ਧਰਮ ਸਮਝ ਲੈਂਦਾ ਹੈ) ਉਹ ਮਨੁੱਖ ਇੰਦ੍ਰਿਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦਾ ਹੈ।

ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥

ਉਸ ਮਨੁੱਖ ਦੇ ਅੰਦਰੋਂ (ਧਰਮ-ਬਲਦ ਦਾ) ਚੌਥਾ ਪੈਰ ਤਿਲਕ ਜਾਂਦਾ ਹੈ (ਉਸ ਦੇ ਅੰਦਰ ਧਰਮ-ਬਲਦ) ਤਿੰਨਾਂ ਪੈਰਾਂ ਦੇ ਸਹਾਰੇ ਖਲੋਂਦਾ ਹੈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਕ੍ਰੋਧ ਪੈਦਾ ਹੁੰਦਾ ਹੈ ਜੋ ਉਸ (ਦੇ ਆਤਮਕ ਜੀਵਨ) ਨੂੰ ਸਾੜਦਾ ਹੈ।

ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥

ਉਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਕ੍ਰੋਧ ਪੈਦਾ ਹੋਇਆ ਰਹਿੰਦਾ ਹੈ ਜੋ, ਮਾਨੋ, ਇਕ ਵੱਡਾ ਵਿਹੁਲਾ ਰੁੱਖ (ਉੱਗਾ ਹੋਇਆ) ਹੈ। (ਧੱਕਾ ਕਰਨ ਦੇ ਸੁਭਾਵ ਤੋਂ ਪੈਦਾ ਹੋਏ ਇਸ ਕ੍ਰੋਧ ਦੇ ਕਾਰਨ ਹੀ) ਰਾਜੇ ਇਕ ਦੂਜੇ ਉਤੇ ਹਮਲੇ ਕਰਦੇ ਹਨ, ਆਪੋ ਵਿਚ ਲੜ ਲੜ ਕੇ ਦੁੱਖ ਪਾਂਦੇ ਹਨ।

ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥

ਜਿਸ ਮਨੁੱਖ ਦੇ ਅੰਦਰ ਮਮਤਾ ਦਾ ਰੋਗ ਲੱਗ ਜਾਂਦਾ ਹੈ ਉਸ ਦੇ ਅੰਦਰ ਹਉਮੈ ਵਧਦੀ ਹੈ ਅਹੰਕਾਰ ਵਧਦਾ ਹੈ,

ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥

ਪਰ ਜਿਸ ਮਨੁੱਖ ਉੱਤੇ ਮੇਰੇ ਮਾਲਕ ਪ੍ਰਭੂ ਨੇ ਮੇਹਰ ਕੀਤੀ, ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਇਹ ਜ਼ਹਰ ਉਤਰ ਜਾਂਦੀ ਹੈ।

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥

ਜਿਸ ਮਨੁੱਖ ਦੇ ਅੰਦਰ (ਦੂਜਿਆਂ ਉੱਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ ਉਸ ਦੇ ਅੰਦਰ, ਮਾਨੋ, ਤ੍ਰੇਤਾ ਜੁਗ ਵਾਪਰ ਰਿਹਾ ਹੈ ॥੨॥

ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਰੂ ਉਪਾਇ ਜੀਉ ॥

ਇਹ ਸਾਰੇ ਇਸਤ੍ਰੀ ਮਰਦ ਜੋ ਹਰੀ ਨੇ ਪੈਦਾ ਕੀਤੇ ਹਨ, ਇਹਨਾਂ ਵਿਚੋਂ ਜੇਹੜਾ (ਮਾਇਆ ਦੀ) ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ।

ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥

(ਅਜੇਹੇ ਲੋਕ ਭਟਕਣਾ ਵਿਚ ਪੈ ਕੇ) ਤਪ ਸਾਧਦੇ ਹਨ, ਧੂਣੀਆਂ ਤਪਾਣ ਦੇ ਕਸ਼ਟ ਸਹਾਰਦੇ ਹਨ, ਜੱਗ ਆਦਿਕ (ਮਿਥੇ ਹੋਏ) ਪੁੰਨ ਕਰਮ ਕਰਦੇ ਹਨ।

ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥

(ਜੇਹੜਾ ਭੀ ਮਨੁੱਖ ਪਰਮਾਤਮਾ ਦਾ ਸਿਮਰਨ ਛੱਡ ਕੇ ਹੋਰ ਹੋਰ ਧਾਰਮਿਕ ਮਿਥਿਆ ਹੋਇਆ) ਕਿਰਿਆ ਕਰਮ ਕਰਦਾ ਹੈ (ਉਸ ਦੇ ਅੰਦਰੋਂ ਧਰਮ-ਬਲਦ ਆਪਣੇ ਦੋਵੇਂ) ਪੈਰ ਖਿਸਕਾ ਲੈਂਦਾ ਹੈ ਜਿਸ ਦੋ ਪੈਰਾਂ ਦੇ ਆਸਰੇ ਉਹ ਟਿਕਿਆ ਸਮਝਿਆ ਜਾਂਦਾ ਹੈ।

ਮਹਾ ਜੁਧ ਜੋਧ ਬਹੁ ਕੀਨ੍ਰੇ ਵਿਚਿ ਹਉਮੈ ਪਚੈ ਪਚਾਇ ਜੀਉ ॥

(ਇਹ ਦੁਆਪੁਰ ਜੁਗ ਦਾ ਪ੍ਰਭਾਵ ਹੀ ਸਮਝੋ ਕਿ ਮਾਇਆ ਦੀ ਭਟਕਣਾ ਵਿਚ ਫਸ ਕੇ) ਬੜੇ ਬੜੇ ਸੂਰਮੇ ਵੱਡੇ ਜੁੱਧ ਮਚਾ ਦੇਂਦੇ ਹਨ, (ਮਾਇਆ ਦੀ ਭਟਕਣਾ ਦੇ ਕਾਰਨ ਹੀ ਮਨੁੱਖ ਆਪ) ਹਉਮੈ ਵਿਚ ਸੜਦਾ ਹੈ ਤੇ ਹੋਰਨਾਂ ਨੂੰ ਸਾੜਦਾ ਹੈ।

ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥

ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਾ ਦਿੱਤਾ, ਗੁਰੂ ਨੂੰ ਮਿਲ ਕੇ (ਉਸ ਦੇ ਅੰਦਰੋਂ ਮਾਇਆ ਦੀ) ਮੈਲ ਲਹਿ ਜਾਂਦੀ ਹੈ।

ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਰੂ ਉਪਾਇ ਜੀਉ ॥੩॥

ਜੋ ਜੋ ਇਸਤ੍ਰੀ ਮਰਦ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇਹੜਾ ਜੇਹੜਾ ਮਾਇਆ ਦੀ ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ ॥੩॥

ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥

(ਜਿਸ ਮਨੁੱਖ ਦੇ ਅੰਦਰੋਂ ਧਰਮ-ਬਲਦ ਦੇ) ਤਿੰਨ ਪੈਰ ਤਿਲਕ ਗਏ (ਜਿਸ ਮਨੁੱਖ ਦੇ ਅੰਦਰ ਧਰਮ-ਬਲਦ ਸਿਰਫ਼) ਚੌਥਾ ਪੈਰ ਟਿਕਾਈ ਰੱਖਦਾ ਹੈ (ਜਿਸ ਦੇ ਅੰਦਰ ਸਿਰਫ਼ ਨਾਮ-ਮਾਤ੍ਰ ਧਰਮ ਰਹਿ ਜਾਂਦਾ ਹੈ, ਉਸ ਦੇ ਵਾਸਤੇ) ਪਰਮਾਤਮਾ ਨੇ (ਮਾਨੋ) ਕਲਿਜੁਗ ਬਣਾ ਦਿੱਤਾ।

ਗੁਰਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਕਮਾਂਦਾ ਹੈ (ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ) ਉਹ ਹਰਿ-ਨਾਮ ਦਵਾਈ ਹਾਸਲ ਕਰ ਲੈਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਪਰਮਾਤਮਾ (ਉਸ ਦੇ ਅੰਦਰ) ਸ਼ਾਂਤੀ ਪੈਦਾ ਕਰ ਦੇਂਦਾ ਹੈ।

ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥

(ਉਸ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਇਹ ਮਨੁੱਖਾ ਜਨਮ ਦੀ) ਰੁੱਤ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਸਤੇ ਮਿਲੀ ਹੈ, ਪਰਮਾਤਮਾ ਦਾ ਨਾਮ ਹੀ (ਲੋਕ-ਪਰਲੋਕ ਵਿਚ) ਆਦਰ-ਮਾਣ ਦੇਂਦਾ ਹੈ (ਉਹ ਮਨੁੱਖ ਆਪਣੇ ਅੰਦਰ) ਪਰਮਾਤਮਾ ਦੇ ਨਾਮ (ਦਾ) ਫਸਲ ਬੀਜਦਾ ਹੈ।

ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥

ਪਰ ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਛੱਡ ਕੇ (ਕਰਮ ਕਾਂਡ ਆਦਿਕ ਕੋਈ ਹੋਰ) ਬੀਜ ਬੀਜਦਾ ਹੈ ਉਹ (ਮਾਨੋ) ਕਲਿਜੁਗ (ਦੇ ਪ੍ਰਭਾਵ) ਵਿਚ ਹੈ ਉਹ ਸਰਮਾਇਆ ਭੀ ਗਵਾ ਲੈਂਦਾ ਹੈ ਤੇ ਲਾਭ ਭੀ ਕੋਈ ਨਹੀਂ ਖੱਟਦਾ।

ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥

(ਪਰਮਾਤਮਾ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪੂਰਾ ਗੁਰੂ ਲੱਭ ਲਿਆ ਹੈ, ਗੁਰੂ ਨੇ (ਨਾਨਕ ਦੇ) ਮਨ ਵਿਚ ਹਿਰਦੇ ਵਿਚ ਪ੍ਰਭੂ ਨਾਮ ਪਟਗਟ ਕਰ ਦਿੱਤਾ ਹੈ।

ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥

(ਜਿਸ ਮਨੁੱਖ ਦੇ ਅੰਦਰੋਂ ਧਰਮ-ਬਲਦ ਦੇ) ਤਿੰਨ ਪੈਰ ਤਿਲਕ ਗਏ (ਜਿਸ ਮਨੁੱਖ ਦੇ ਅੰਦਰ ਧਰਮ-ਬਲਦ ਸਿਰਫ਼) ਚੌਥਾ ਪੈਰ ਟਿਕਾਈ ਰੱਖਦਾ ਹੈ (ਜਿਸ ਦੇ ਅੰਦਰ ਸਿਰਫ਼-ਨਾਮ-ਮਾਤ੍ਰ ਧਰਮ ਰਹਿ ਜਾਂਦਾ ਹੈ, ਉਸ ਦੇ ਵਾਸਤੇ) ਪਰਮਾਤਮਾ ਨੇ (ਮਾਨੋ) ਕਲਿਜੁਗ ਬਣਾ ਦਿੱਤਾ ਹੈ ॥੪॥੪॥੧੧॥


ਆਸਾ ਮਹਲਾ ੪ ॥
ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥

ਜਿਸ ਨੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗ ਗਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ।

ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥

ਜਿਸ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਸਿਮਰਨ ਕੀਤਾ, ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖੇ ਹੋਏ ਪਹਿਲੇ ਭਾਗ ਜਾਗ ਪਏ।

ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥

ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ, ਹਰਿ-ਨਾਮ ਵਿਚ ਜੁੜ ਕੇ ਉਸ ਨੇ ਖਸਮ-ਪ੍ਰਭੂ ਨੂੰ ਲੱਭ ਲਿਆ, ਉਹ ਸਦਾ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਸਦਾ ਹੀ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ।

ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥

ਉਸ ਦੇ ਮੱਥੇ ਉਤੇ ਪ੍ਰਭੂ-ਚਰਨਾਂ ਦੀ ਪ੍ਰੀਤ ਦੀ ਮਣੀ ਚਮਕ ਉਠਦੀ ਹੈ।

ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥

ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ।

ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥

ਜਿਸ ਨੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਣ ਲੱਗ ਪਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ ॥੧॥

ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥

ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ।

ਤਿਨ੍ਰ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ, ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਅਸੀਂ ਉਹਨਾਂ ਦੇ ਹਰ ਵੇਲੇ ਪੈਰ ਧੋਂਦੇ ਹਾਂ।

ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥

ਜਿਨ੍ਹਾਂ ਨੂੰ ਪਰਮਾਤਮਾ ਪਿਆਰਾ ਲੱਗਾ, ਉਹਨਾਂ ਸਭ ਤੋਂ ਉੱਚਾ ਆਤਮਕ ਆਨੰਦ ਮਾਣਿਆ, ਉਹਨਾਂ ਦੇ ਮੂੰਹ ਉਤੇ ਚੰਗੇ ਭਾਗਾਂ ਦੀ ਸੁੰਦਰ ਮਣੀ ਚਮਕ ਪਈ।

ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥

ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਪਰਮਾਤਮਾ ਦੇ ਗੁਣਾਂ ਦਾ ਪਰਮਾਤਮਾ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਦਾ ਹੈ ਆਪਣੇ ਗਲ ਵਿਚ ਪਾਂਦਾ ਹੈ,

ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥

ਉਹ ਸਾਰੀ ਲੁਕਾਈ ਨੂੰ ਇਕ (ਪਿਆਰ-) ਨਿਗਾਹ ਨਾਲ ਇਕੋ ਜਿਹਾ ਸਮਝ ਕੇ ਵੇਖਦਾ ਹੈ, ਉਹ ਹਰ ਥਾਂ ਸਰਬ-ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣਦਾ ਹੈ।

ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥

ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ ॥੨॥

ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥

ਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ।

ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥

ਉਹ ਮਨੁੱਖ ਜਿਉਂ ਜਿਉਂ ਪਰਮਾਤਮਾ ਦਾ ਨਾਮ ਆਰਾਧਦਾ ਹੈ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦਾ ਹਿਰਦਾ) ਖਿੜ ਆਉਂਦਾ ਹੈ ਉਸ ਨੂੰ ਕਿਤੇ ਭੀ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।

ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥

ਉਸ ਨੂੰ ਕਿਤੇ ਭੀ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਉਹ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਰਹਿੰਦਾ ਹੈ। ਜੇਹੜਾ ਮਨੁੱਖ ਇਹ ਨਾਮ-ਅੰਮ੍ਰਿਤ ਪੀਂਦਾ ਹੈ ਉਹੀ ਆਪਣੀ ਆਤਮਕ ਦਸ਼ਾ ਨੂੰ ਜਾਣਦਾ ਹੈ।

ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥

ਉਹ ਮਨੁੱਖ ਹਰ ਵੇਲੇ ਪੂਰੇ ਗੁਰੂ ਦਾ ਧੰਨਵਾਦ ਕਰਦਾ ਹੈ ਕਿਉਂਕਿ ਗੁਰੂ ਦੀ ਰਾਹੀਂ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ ਗੁਰੂ ਦੀ ਸੰਗਤਿ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾਂਦਾ ਹੈ।

ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥

ਉਹ ਮਨੁੱਖ ਸਦਾ ਹਰਿ-ਨਾਮ ਹੀ ਸਿਮਰਦਾ ਹੈ ਹਰਿ-ਨਾਮ ਹੀ ਆਰਾਧਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਨੂੰ ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗਦੀ।

ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥

ਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ-ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ ॥੩॥

ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥

ਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ।

ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥

ਹੇ ਹਰੀ! ਅਸੀਂ (ਮਾਇਆ ਦੇ) ਮੋਹ ਦੇ ਚਿੱਕੜ ਵਿਚ ਫਸੇ ਹੋਏ ਹਾਂ, ਆਤਮਕ ਜੀਵਨ ਵਲੋਂ ਅਸੀਂ ਡਿੱਗਦੇ ਜਾ ਰਹੇ ਹਾਂ, ਹੇ ਪ੍ਰਭੂ! ਸਾਨੂੰ ਆਪਣੀ ਬਾਂਹ ਫੜਾ।

ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥

(ਜਿਸ ਮਨੁੱਖ ਨੂੰ) ਪ੍ਰਭੂ ਨੇ ਆਪਣੀ ਬਾਂਹ ਫੜਾ ਦਿੱਤੀ ਉਸ ਨੇ ਸ੍ਰੇਸ਼ਟ ਮਤਿ ਪ੍ਰਾਪਤ ਕਰ ਲਈ, ਉਹ ਮਨੁੱਖ ਗੁਰੂ ਦੀ ਸਰਨ ਜਾ ਪਿਆ,

ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥

ਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਰਿ-ਨਾਮ ਸਿਮਰਨ ਲੱਗ ਪਿਆ, ਉਸ ਦੇ ਮੂੰਹ ਉਤੇ ਉਸ ਦੇ ਮੱਥੇ ਉੱਤੇ ਚੰਗਾ ਭਾਗ ਜਾਗ ਪਿਆ।

ਜਨ ਨਾਨਕ ਹਰਿ ਕਿਰਪਾ ਧਾਰੀ ਮਨਿ ਹਰਿ ਹਰਿ ਮੀਠਾ ਲਾਇ ਜੀਉ ॥

ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।

ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥

ਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ, ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ ॥੪॥੫॥੧੨॥


ਆਸਾ ਮਹਲਾ ੪ ॥
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥

ਭਗਤ ਜਨ ਆਪਣੇ ਮਨ ਵਿਚ ਸਦਾ ਹਰਿ-ਨਾਮਿ ਜਪਦੇ ਹਨ, ਹਰਿ-ਨਾਮ ਉਹਨਾਂ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਜਪਣ ਦਾ ਉਹਨਾਂ ਦੇ ਮਨ ਵਿਚ ਚਾਉ ਬਣਿਆ ਰਹਿੰਦਾ ਹੈ।

ਜੋ ਜਨ ਮਰਿ ਜੀਵੇ ਤਿਨ੍ਰ ਅੰਮ੍ਰਿਤੁ ਪੀਵੇ ਮਨਿ ਲਾਗਾ ਗੁਰਮਤਿ ਭਾਉ ਜੀਉ ॥

ਜੇਹੜੇ ਮਨੁੱਖ ਆਪਾ-ਭਾਵ ਮਿਟਾ ਕੇ ਆਤਮਕ ਜੀਵਨ ਜੀਊਂਦੇ ਹਨ ਉਹ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚ ਪ੍ਰਭੂ ਵਾਸਤੇ ਪਿਆਰ ਬਣਿਆ ਰਹਿੰਦਾ ਹੈ।

ਮਨਿ ਹਰਿ ਹਰਿ ਭਾਉ ਗੁਰੁ ਕਰੇ ਪਸਾਉ ਜੀਵਨ ਮੁਕਤੁ ਸੁਖੁ ਹੋਈ ॥

ਜਿਸ ਮਨੁੱਖ ਉਤੇ ਗੁਰੂ ਕਿਰਪਾ ਕਰਦਾ ਹੈ ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਲਈ ਪਿਆਰ ਪੈਦਾ ਹੋ ਜਾਂਦਾ ਹੈ ਉਹ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਛੁਟ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।

ਜੀਵਣਿ ਮਰਣਿ ਹਰਿ ਨਾਮਿ ਸੁਹੇਲੇ ਮਨਿ ਹਰਿ ਹਰਿ ਹਿਰਦੈ ਸੋਈ ॥

ਆਤਮਕ ਜੀਵਨ ਜੀਊਣ ਦੇ ਕਾਰਨ ਤੇ ਆਪਾ-ਭਾਵ ਵਲੋਂ ਮਰਨ ਦੇ ਕਾਰਨ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿਣ ਵਾਲੇ ਮਨੁੱਖ ਸਦਾ ਸੌਖੇ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਉਹਨਾਂ ਦੇ ਹਿਰਦੇ ਵਿਚ ਸਦਾ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ।

ਮਨਿ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ ਜੀਉ ॥

ਗੁਰੂ ਦੀ ਮਤਿ ਦਾ ਸਦਕਾ ਉਹਨਾਂ ਦੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ ਵੱਸਿਆ ਰਹਿੰਦਾ ਹੈ, ਹਰਿ-ਨਾਮ ਉਹਨਾਂ ਦੇ ਅੰਦਰ ਰਚ ਜਾਂਦਾ ਹੈ, ਉਹ ਹਰਿ-ਨਾਮ-ਜਲ, ਮਾਨੋ, ਗਟ ਗਟ ਗਟ ਕਰ ਕੇ ਪੀਂਦੇ ਰਹਿੰਦੇ ਹਨ।

ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥੧॥

ਭਗਤ ਜਨ ਆਪਣੇ ਮਨ ਵਿਚ ਸਦਾ ਹਰਿ-ਨਾਮ ਜਪਦੇ ਹਨ, ਹਰਿ-ਨਾਮ ਉਹਨਾਂ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਜਪਣ ਦਾ ਉਹਨਾਂ ਦੇ ਮਨ ਵਿਚ ਚਾਉ ਬਣਿਆ ਰਹਿੰਦਾ ਹੈ ॥੧॥

ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥

ਜਗਤ ਵਿਚ (ਕਿਸੇ ਨੂੰ ਭੀ) ਮੌਤ ਪਸੰਦ ਨਹੀਂ ਆਉਂਦੀ, (ਹਰ ਕੋਈ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ।

ਹਰਿ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਇਹੁ ਜੀਅੜਾ ਰਖਿਆ ਨ ਜਾਇ ਜੀਉ ॥

ਪਰ ਪਰਮਾਤਮਾ ਹਰੇਕ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿੱਚ ਭੀ ਵੱਸਦਾ ਹੈ, ਉਸ ਪਾਸੋਂ ਲੁਕਾ ਕੇ ਇਹ ਜਿੰਦ (ਮੌਤ ਤੋਂ) ਬਚਾਈ ਨਹੀਂ ਜਾ ਸਕਦੀ।

ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ ਵਸਤੁ ਸੋ ਲੈ ਜਾਇ ਜੀਉ ॥

ਇਹ ਜਿੰਦ ਕਿਸੇ ਤਰ੍ਹਾਂ ਭੀ (ਮੌਤ ਤੋਂ) ਬਚਾ ਕੇ ਰੱਖੀ ਨਹੀਂ ਜਾ ਸਕਦੀ, ਹਰਿ-ਪ੍ਰਭੂ ਇਸ (ਜਿੰਦ-) ਵਸਤ ਨੂੰ ਲੱਭ ਹੀ ਲੈਂਦਾ ਹੈ। ਪਰਮਾਤਮਾ ਦੀ ਇਹ ਚੀਜ਼ ਹੈ ਉਹ ਇਸ ਨੂੰ ਲੈ ਹੀ ਜਾਂਦਾ ਹੈ।

ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਤਰਲੇ ਕਰ ਕਰ ਕੇ ਹਰੇਕ ਕਿਸਮ ਦਾ ਦਵਾ-ਦਾਰੂ ਵਰਤ ਕੇ ਭਟਕਦੇ ਫਿਰਦੇ ਹਨ, ਪਰ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਚੀਜ਼ ਹੈ ਉਹ ਮਾਲਕ-ਪ੍ਰਭੂ ਇਸ ਨੂੰ ਲੈ ਹੀ ਲੈਂਦਾ ਹੈ।

ਜਿਸ ਕੀ ਵਸਤੁ ਪ੍ਰਭੁ ਲਏ ਸੁਆਮੀ ਜਨ ਉਬਰੇ ਸਬਦੁ ਕਮਾਇ ਜੀਉ ॥

ਪਰਮਾਤਮਾ ਦੇ ਸੇਵਕ ਗੁਰੂ ਦਾ ਸ਼ਬਦ ਕਮਾ ਕੇ (ਸ਼ਬਦ ਅਨੁਸਾਰ ਆਪਣਾ ਆਤਮਕ ਜੀਵਨ ਬਣਾ ਕੇ, ਮੌਤ ਦੇ ਸਹਮ ਤੋਂ) ਬਚ ਜਾਂਦੇ ਹਨ।

ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥੨॥

ਜਗਤ ਵਿਚ (ਕਿਸੇ ਨੂੰ ਭੀ) ਮੌਤ ਚੰਗੀ ਨਹੀਂ ਲੱਗਦੀ (ਹਰੇਕ ਜੀਵ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ ॥੨॥

ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥

ਗੁਰੂ ਦੀ ਸਰਨ ਪਏ ਰਹਿਣ ਵਾਲੇ ਮਨੁੱਖਾਂ ਨੂੰ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਮੌਤ ਭੀ ਸੋਹਣੀ ਲੱਗਦੀ ਹੈ, ਉਹ ਗੁਰਮੁਖਿ-ਜਨ ਪਰਮਾਤਮਾ ਦੇ ਚਰਨਾਂ ਦੇ ਧਿਆਨ ਵਿਚ ਜੁੜ ਕੇ (ਮੌਤ ਦੇ ਸਹਮ ਵਲੋਂ) ਬਚੇ ਰਹਿੰਦੇ ਹਨ

ਹਰਿ ਸੋਭਾ ਪਾਈ ਹਰਿ ਨਾਮਿ ਵਡਿਆਈ ਹਰਿ ਦਰਗਹ ਪੈਧੇ ਜਾਨਿ ਜੀਉ ॥

ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਉਹ ਗੁਰਮੁਖ) (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਖੱਟਦੇ ਹਨ, ਜਗਤ ਤੋਂ ਇੱਜ਼ਤ-ਵਡਿਆਈ ਲੈ ਕੇ ਉਹ ਪਰਮਾਤਮਾ ਦੀ ਦਰਗਾਹ ਵਿਚ ਜਾਂਦੇ ਹਨ।

ਹਰਿ ਦਰਗਹ ਪੈਧੇ ਹਰਿ ਨਾਮੈ ਸੀਧੇ ਹਰਿ ਨਾਮੈ ਤੇ ਸੁਖੁ ਪਾਇਆ ॥

(ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਹਾਸਲ ਕਰਦੇ ਹਨ, ਹਰਿ-ਨਾਮ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਕਾਮਯਾਬ ਬਣਾ ਲੈਂਦੇ ਹਨ, ਪਰਮਾਤਮਾ ਦੇ ਨਾਮ ਤੋਂ ਉਹ ਆਤਮਕ ਆਨੰਦ ਪ੍ਰਾਪਤ ਕਰਦੇ ਹਨ।

ਜਨਮ ਮਰਣ ਦੋਵੈ ਦੁਖ ਮੇਟੇ ਹਰਿ ਰਾਮੈ ਨਾਮਿ ਸਮਾਇਆ ॥

(ਗੁਰੂ ਦੇ ਦਰ ਤੇ ਟਿਕੇ ਰਹਿਣ ਵਾਲੇ ਮਨੁੱਖ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਤੇ ਇਸ ਤਰ੍ਹਾਂ ਉਹ ਜੂਨਾਂ ਦਾ ਗੇੜ ਅਤੇ ਮੌਤ-ਇਹਨਾਂ ਦੋਹਾਂ ਦੁੱਖਾਂ ਨੂੰ ਮਿਟਾ ਲੈਂਦੇ ਹਨ।

ਹਰਿ ਜਨ ਪ੍ਰਭੁ ਰਲਿ ਏਕੋ ਹੋਏ ਹਰਿ ਜਨ ਪ੍ਰਭੁ ਏਕ ਸਮਾਨਿ ਜੀਉ ॥

ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਮਿਲ ਕੇ ਇੱਕ-ਰੂਪ ਹੋ ਜਾਂਦੇ ਹਨ, ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਇਕੋ ਜਿਹੇ ਹੋ ਜਾਂਦੇ ਹਨ।

ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥੩॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਮੌਤ ਭੀ ਸੋਹਣੀ ਲੱਗਦੀ ਹੈ, ਉਹ ਗੁਰਮੁਖਿ ਬੰਦੇ ਪਰਮਾਤਮਾ ਦੇ ਧਿਆਨ ਵਿਚ ਲੀਨ ਹੋ ਕੇ (ਮੌਤ ਦੇ ਸਹਮ ਵਲੋਂ) ਬਚੇ ਰਹਿੰਦੇ ਹਨ ॥੩॥

ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥

(ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ।

ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ ॥

ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਨਾਮ-ਮੰਤਰ ਪੱਕਾ ਕਰਦਾ ਹੈ ਜਿਸ ਮਨੁੱਖ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਂਦਾ ਹੈ ਉਹ ਮਨੁੱਖ ਹਰਿ-ਨਾਮ-ਰਸ ਨੂੰ ਸੁਆਦ ਨਾਲ (ਆਪਣੇ ਅੰਦਰ) ਰਚਾਂਦਾ ਹੈ।

ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥

ਜਦੋਂ ਉਹ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ (ਪਹਿਲਾਂ ਆਤਮਕ ਮੌਤੇ) ਮੋਇਆ ਹੋਇਆ ਉਹ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਮੁੜ ਉਸ ਨੂੰ ਇਹ ਮੌਤ ਨਹੀਂ ਵਿਆਪਦੀ।

ਹਰਿ ਹਰਿ ਨਾਮੁ ਅਮਰ ਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ ॥

ਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਉਹ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।

ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ ॥

ਹੇ ਦਾਸ ਨਾਨਕ! ਪਰਮਾਤਮਾ ਦਾ ਨਾਮ (ਉਸ ਮਨੁੱਖ ਦੀ ਜ਼ਿੰਦਗੀ ਦਾ) ਆਸਰਾ ਸਹਾਰਾ ਬਣ ਜਾਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਪਦਾਰਥ ਉਸ ਦੇ ਆਤਮਕ ਜੀਵਨ ਦਾ ਸਹਾਰਾ ਨਹੀਂ ਬਣ ਸਕਦਾ।

ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥

(ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ॥੪॥੬॥੧੩॥


ਆਸਾ ਮਹਲਾ ੪ ਛੰਤ ॥
ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥

ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ।

ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥

ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ, ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ।

ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥

ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ, ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ।

ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥

ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ)? (ਹੇ ਪ੍ਰਭੂ! ਕੋਈ ਭੀ ਐਸਾ ਜੀਵ ਨਹੀਂ ਹੈ) ਜੋ ਤੇਰੀ ਹਸਤੀ ਨੂੰ ਬਿਆਨ ਕਰ ਕੇ ਸਮਝਾ ਸਕੇ।

ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥

ਹੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਆਪਣੀ ਮੇਹਰ ਦੀ ਨਿਗਾਹ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ (ਤੇਰੇ ਗੁਣਾਂ ਦੀ) ਵਿਚਾਰ ਕਰਦਾ ਹੈ।

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥

ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ॥੧॥

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ।

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥

ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਇਕ-ਰਸ ਸਭਨਾਂ ਵਿਚ ਸਮਾ ਰਿਹਾ ਹੈਂ।

ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥

ਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ।

ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥

ਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ ॥੨॥

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੂੰ ਸਭ ਤੋਂ ਵੱਡਾ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।

ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥

ਹੇ ਹਰੀ! ਤੂੰ ਹੀ ਇਕੋ ਇਕ ਮਾਲਕ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਆਪ ਹੀ ਸਭ ਦੇ ਅੰਦਰ ਮੌਜੂਦ ਹੈਂ, ਤੂੰ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ।

ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥

ਹੇ ਹਰੀ! ਤੂੰ ਸਭ ਵਿਚ ਵਿਆਪਕ ਹੈਂ, ਤੂੰ ਘਟ ਘਟ ਦੀ ਜਾਣਨ ਵਾਲਾ ਹੈਂ, ਤੂੰ ਸਭ ਤੋਂ ਸ਼ਿਰੋਮਣੀ ਹੈਂ, ਤੇਰੇ ਜੇਡਾ ਹੋਰ ਕੋਈ ਨਹੀਂ ਹੈ।

ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥

ਹਰ ਥਾਂ ਤੇਰਾ ਹੀ ਹੁਕਮ ਚੱਲ ਰਿਹਾ ਹੈ, ਹਰ ਥਾਂ ਤੂੰ ਹੀ ਤੂੰ ਮੌਜੂਦ ਹੈਂ, ਜਗਤ ਵਿਚ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।

ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥

ਸਾਰੀ ਸ੍ਰਿਸ਼ਟੀ ਵਿਚ ਇਕ ਉਹ ਪਰਮਾਤਮਾ ਹੀ ਰਮ ਰਿਹਾ ਹੈ, ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਦੇ ਨਾਮ ਦੀ ਸੂਝ ਪੈਂਦੀ ਹੈ।

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਭ ਤੋਂ ਵੱਡਾ ਹਾਕਮ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ॥੩॥

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥

ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ, (ਆਪਣੀ ਇਸ ਰਚਨਾ ਨੂੰ ਆਪਣੇ ਹੁਕਮ ਵਿਚ) ਤੋਰ।

ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥

ਹੇ ਕਰਤਾਰ! ਜਿਵੇਂ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸ੍ਰਿਸ਼ਟੀ ਨੂੰ ਕਾਰੇ ਲਾ ਰਿਹਾ ਹੈਂ, ਸਾਰੀ ਲੁਕਾਈ ਤੇਰੇ ਹੀ ਹੁਕਮ ਦੇ ਅਨੁਸਾਰ ਹੋ ਕੇ ਤੁਰਦੀ ਹੈ।

ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥

ਸਾਰੀ ਲੁਕਾਈ ਤੇਰੇ ਹੁਕਮ ਵਿਚ ਹੀ ਟਿਕੀ ਰਹਿੰਦੀ ਹੈ, ਜਦੋਂ ਤੈਨੂੰ ਚੰਗਾ ਲੱਗਦਾ ਹੈ, ਤਾਂ ਤੇਰੇ ਹੁਕਮ ਅਨੁਸਾਰ ਹੀ (ਜੀਵਾਂ ਨੂੰ) ਆਦਰ-ਮਾਣ ਮਿਲਦਾ ਹੈ।

ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥

ਜੇ ਗੁਰੂ ਦੀ ਸਰਨ ਪੈ ਕੇ ਚੰਗੀ ਅਕਲ ਹਾਸਲ ਕਰ ਲਈਏ, ਜੇ (ਆਪਣੇ ਅੰਦਰੋਂ) ਹਉਮੈ-ਅਹੰਕਾਰ ਦੂਰ ਕਰ ਲਈਏ, ਤਾਂ ਗੁਰ-ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਹਰ ਥਾਂ ਵਿਆਪਕ ਦਿੱਸਦਾ ਹੈ।

ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥

ਹੇ ਨਾਨਕ! (ਆਖ-ਹੇ ਕਰਤਾਰ!) ਤੇਰਾ ਹੁਕਮ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਤੇਰੇ ਹੁਕਮ ਦੀ ਸਮਝ) ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ, (ਜਿਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਤੇਰੇ) ਨਾਮ ਵਿਚ ਲੀਨ ਹੋ ਜਾਂਦਾ ਹੈ।

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥

ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਆਪਣੀ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ) ਤੋਰ ॥੪॥੭॥੧੪॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਮਹਲਾ ੪ ਛੰਤ ਘਰੁ ੪ ॥

ਰਾਗ ਆਸਾ, ਘਰ ੪ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’।

ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

ਮੇਰੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਜਲ ਨਾਲ ਸਰੂਰ ਵਿਚ ਆ ਗਈਆਂ ਹਨ, ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ ਹੈ।

ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥

ਪਰਮਾਤਮਾ ਨੇ ਮੇਰੇ ਮਨ ਨੂੰ (ਆਪਣੇ ਨਾਮ ਦੀ) ਕਸਵੱਟੀ ਉਤੇ ਘਸਾਇਆ ਹੈ, ਤੇ ਇਹ ਸੁੱਧ ਸੋਨਾ ਬਣ ਗਿਆ ਹੈ।

ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥

ਗੁਰੂ ਦੀ ਸਰਨ ਪਿਆਂ ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਗੂੜ੍ਹਾ ਲਾਲ ਹੋ ਗਿਆ ਹੈ, ਮੇਰਾ ਮਨ ਤਰੋ-ਤਰ ਹੋ ਗਿਆ ਹੈ, ਮੇਰਾ ਹਿਰਦਾ ਤਰੋ-ਤਰ ਹੋ ਗਿਆ ਹੈ।

ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥

(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ (ਪ੍ਰਭੂ ਦੇ ਨਾਮ ਦੀ) ਕਸਤੂਰੀ ਨਾਲ ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ, (ਦਾਸ ਨਾਨਕ ਦਾ) ਸਾਰਾ ਜੀਵਨ ਹੀ ਭਾਗਾਂ ਵਾਲਾ ਬਣ ਗਿਆ ਹੈ ॥੧॥

ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥

ਪ੍ਰਭੂ-ਚਰਨਾਂ ਵਿਚ ਪ੍ਰੇਮ ਪੈਦਾ ਕਰਨ ਵਾਲੀ ਗੁਰਬਾਣੀ ਨੇ ਮੇਰਾ ਮਨ ਵਿੰਨ੍ਹ ਲਿਆ ਹੈ ਜਿਵੇਂ ਤ੍ਰਿੱਖੀ ਨੋਕ ਵਾਲੇ ਤੀਰ (ਕਿਸੇ ਚੀਜ਼ ਨੂੰ) ਵਿੰਨ੍ਹ ਲੈਂਦੇ ਹਨ।

ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥

ਜਿਸ ਮਨੁੱਖ ਦੇ ਅੰਦਰ ਪ੍ਰਭੂ ਪ੍ਰੇਮ ਦੀ ਪੀੜ ਉੱਠਦੀ ਹੈ ਉਹੀ ਜਾਣਦਾ ਹੈ ਕਿ ਉਸ ਨੂੰ ਕਿਵੇਂ ਸਹਾਰਿਆ ਜਾ ਸਕਦਾ ਹੈ।

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥

ਜੇਹੜਾ ਮਨੁੱਖ ਮਾਇਆ ਦੇ ਮੋਹ ਵਲੋਂ ਅਛੋਹ ਹੋ ਕੇ ਆਤਮਕ ਜੀਵਨ ਜੀਊਂਦਾ ਹੈ ਉਹ ਦੁਨੀਆ ਦੀ ਕਿਰਤ ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ।

ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥

ਹੇ ਦਾਸ ਨਾਨਕ! (ਆਖ-) ਹੇ ਹਰੀ! ਮੈਨੂੰ ਗੁਰੂ ਮਿਲਾ, ਤਾ ਕਿ ਮੈਂ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਸਕਾਂ ਜਿਸ ਨੂੰ ਤਰਨਾ ਔਖਾ ਹੈ ॥੨॥

ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥

ਹੇ ਬੇਅੰਤ ਕੌਤਕਾਂ ਦੇ ਮਾਲਕ ਗੋਵਿੰਦ! (ਸਾਨੂੰ) ਮਿਲ, ਅਸੀਂ ਮੂਰਖ ਬੇ-ਸਮਝ ਤੇਰੀ ਸਰਨ ਆਏ ਹਾਂ।

ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥

ਮੈਂ (ਗੁਰੂ ਪਾਸੋਂ) ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦਾ ਹਾਂ (ਕਿਉਂਕਿ) ਪੂਰੇ ਗੁਰੂ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ।

ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥

ਗੁਰੂ ਦੇ ਸ਼ਬਦ ਦੀ ਰਾਹੀਂ ਬੇਅੰਤ ਲਹਰਾਂ ਵਾਲੇ (ਸਮੁੰਦਰ-ਪ੍ਰਭੂ) ਨੂੰ ਸਿਮਰ ਕੇ ਮੇਰਾ ਮਨ ਖਿੜ ਪਿਆ ਹੈ, ਮੇਰਾ ਹਿਰਦਾ ਪ੍ਰਫੁਲਤ ਹੋ ਗਿਆ ਹੈ।

ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥

ਹੇ ਨਾਨਕ! (ਆਖ-) ਸੰਤ ਜਨਾਂ ਨੂੰ ਮਿਲ ਕੇ ਸੰਤਾਂ ਦੀ ਸੰਗਤਿ ਵਿਚ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ ॥੩॥

ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਹਰੀ! ਹੇ ਪ੍ਰਭੂ! ਹੇ ਪ੍ਰਭੂ ਪਾਤਿਸ਼ਾਹ! ਮੇਰੀ ਬੇਨਤੀ ਸੁਣ।

ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥

ਹੇ ਹਰੀ! ਮੈਂ ਤੇਰੇ ਨਾਮ ਦਾ ਆਸਰਾ ਮੰਗਦਾ ਹਾਂ। ਹੇ ਹਰੀ! (ਤੇਰੀ ਮੇਹਰ ਹੋਵੇ ਤਾਂ ਮੈਂ ਤੇਰਾ ਨਾਮ) ਆਪਣੇ ਮੂੰਹ ਵਿਚ ਪਾ ਸਕਦਾ ਹਾਂ (ਮੂੰਹ ਨਾਲ ਜਪ ਸਕਦਾ ਹਾਂ)।

ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥

ਪਰਮਾਤਮਾ ਦਾ ਇਹ ਮੁੱਢ ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ ਨਾਲ ਪਿਆਰ ਕਰਦਾ ਹੈ (ਜੇਹੜਾ ਉਸ ਦੀ ਸਰਨ ਪਏ, ਉਸ ਦੀ) ਇੱਜ਼ਤ ਰੱਖ ਲੈਂਦਾ ਹੈ।

ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥

ਦਾਸ ਨਾਨਕ (ਭੀ) ਉਸ ਹਰੀ ਦੀ ਸਰਨ ਆ ਪਿਆ ਹੈ (ਸਰਨ ਆਏ ਮਨੁੱਖ ਨੂੰ) ਹਰੀ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੮॥੧੫॥


ਆਸਾ ਮਹਲਾ ੪ ॥

ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥
ਗੁਰੂ ਦੀ ਸਰਨ ਪੈ ਕੇ ਭਾਲ ਕਰਦਿਆਂ ਕਰਦਿਆਂ ਮੈਂ ਮਿੱਤਰ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ।

ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥

ਮੇਰਾ ਇਹ ਸਰੀਰ ਕਿਲ੍ਹਾ (ਮਾਨੋ) ਸੋਨੇ ਦਾ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਇਸ ਵਿਚ ਪਰਮਾਤਮਾ ਪਰਗਟ ਹੋ ਗਿਆ ਹੈ।

ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥

(ਮੈਨੂੰ ਆਪਣੇ ਅੰਦਰ ਹੀ) ਪਰਮਾਤਮਾ ਦਾ ਨਾਮ-ਰਤਨ, ਪਰਮਾਤਮਾ ਦਾ ਨਾਮ-ਹੀਰਾ (ਮਿਲ ਪਿਆ) ਹੈ (ਜਿਸ ਨਾਲ ਮੇਰਾ ਕਠੋਰ) ਮਨ (ਮੇਰਾ ਕਠੋਰ) ਹਿਰਦਾ ਵਿੰਨ੍ਹਿਆ ਗਿਆ ਹੈ (ਨਰਮ ਹੋ ਗਿਆ ਹੈ)।

ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥

ਹੇ ਨਾਨਕ! (ਆਖ-ਹੇ ਭਾਈ!) ਧੁਰ ਪ੍ਰਭੂ ਦੀ ਹਜ਼ੂਰੀ ਤੋਂ ਵੱਡੇ ਭਾਗਾਂ ਨਾਲ ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰਾ ਆਪਾ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਿਆ ਹੈ ॥੧॥

ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥

ਹੇ ਸਤਿਗੁਰੂ! ਮੈਂ ਜੋਬਨ-ਮੱਤੀ ਅੰਞਾਣ ਜੀਵ-ਇਸਤ੍ਰੀ (ਤੇਰੇ ਦਰ ਤੇ) ਸਦਾ ਖਲੋਤੀ ਹੋਈ (ਤੈਥੋਂ ਪਤੀ-ਪ੍ਰਭੂ ਦੇ ਦੇਸ ਦਾ) ਰਾਹ ਪੁਛਦੀ ਹਾਂ।

ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥

ਹੇ ਸਤਿਗੁਰੂ! ਮੈਨੂੰ ਪ੍ਰਭੂ-ਪਤੀ ਦਾ ਨਾਮ ਚੇਤੇ ਕਰਾਂਦਾ ਰਹੁ (ਮੇਹਰ ਕਰ) ਮੈਂ ਪਰਮਾਤਮਾ ਦੇ (ਦੇਸ ਪਹੁੰਚਣ ਵਾਲੇ) ਰਸਤੇ ਉਤੇ ਤੁਰਾਂ।

ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ ॥

ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪ੍ਰਭੂ ਦਾ ਨਾਮ ਹੀ ਸਹਾਰਾ ਹੈ (ਜੇ ਤੇਰੀ ਕਿਰਪਾ ਹੋਵੇ ਤਾਂ ਇਸ ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਮੈਂ ਹਉਮੈ-ਜ਼ਹਰ ਨੂੰ ਸਾੜ ਦਿਆਂ।

ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥੨॥

ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮੈਨੂੰ) ਗੁਰੂ ਮਿਲਾ! ਜੇਹੜਾ ਭੀ ਕੋਈ ਪਰਮਾਤਮਾ ਨੂੰ ਮਿਲਿਆ ਹੈ ਗੁਰੂ ਦੀ ਰਾਹੀਂ ਹੀ ਮਿਲਿਆ ਹੈ ॥੨॥

ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥

ਹੇ ਪਿਆਰੇ ਹਰੀ! ਮੈਨੂੰ ਚਿਰ ਦੇ ਵਿਛੁੜੇ ਹੋਏ ਨੂੰ ਗੁਰੂ ਦੀ ਰਾਹੀਂ ਆ ਮਿਲ।

ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥

ਹੇ ਹਰੀ! ਮੇਰਾ ਮਨ ਮੇਰਾ ਹਿਰਦਾ ਬਹੁਤ ਓਦਰਿਆ ਹੋਇਆ ਹੈ, ਮੇਰੀਆਂ ਅੱਖਾਂ (ਵਿਛੋੜੇ ਦੇ ਕਾਰਨ ਤੇਰੇ) ਪ੍ਰੇਮ-ਜਲ ਨਾਲ ਭਿੱਜੀਆਂ ਹੋਈਆਂ ਹਨ।

ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥

ਹੇ ਹਰੀ! ਮੈਨੂੰ ਪਿਆਰੇ ਗੁਰੂ ਦੀ ਦੱਸ ਪਾ, ਗੁਰੂ ਨੂੰ ਮਿਲ ਕੇ ਮੇਰਾ ਮਨ ਤੇਰੀ ਯਾਦ ਵਿਚ ਗਿੱਝ ਜਾਏ।

ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥

ਹੇ ਨਾਨਕ! (ਆਖ-) ਹੇ ਹਰੀ! ਮੈਂ ਮੂਰਖ ਹਾਂ, ਮੈਨੂੰ ਆਪਣੇ (ਨਾਮ ਸਿਮਰਨ ਦੇ) ਕੰਮ ਵਿਚ ਜੋੜ ॥੩॥

ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥

ਗੁਰੂ ਦਾ ਸੋਹਣਾ ਹਿਰਦਾ ਸਦਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜਾ ਰਹਿੰਦਾ ਹੈ, ਉਹ (ਗੁਰੂ ਹੋਰਨਾਂ ਦੇ ਹਿਰਦੇ ਵਿਚ ਭੀ ਇਹ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਦਾ ਰਹਿੰਦਾ ਹੈ।

ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥

ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮਨ ਵਿਚ ਸਤਿਗੁਰੂ ਦੀ ਬਾਣੀ ਪਿਆਰੀ ਲੱਗ ਪੈਂਦੀ ਹੈ, ਬਾਣੀ ਦਾ ਰਸ ਮਾਣ ਮਾਣ ਕੇ ਉਹਨਾਂ ਦੇ ਹਿਰਦੇ ਭੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਜਾਂਦੇ ਹਨ।

ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ ॥

ਗੁਰਾਂ ਦੇ ਪ੍ਰਸੰਨ ਹੋਣ ਤੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਹੁਣ ਮੈਨੂੰ ਧੱਕੇ ਨਹੀਂ ਪੈਣਗੇ।

ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥੪॥੯॥੧੬॥

ਹੇ ਨਾਨਕ! ਪਰਮਾਤਮਾ ਤੇ ਪਰਮਾਤਮਾ ਦਾ ਸੇਵਕ ਇਕ-ਰੂਪ ਹੋ ਜਾਂਦੇ ਹਨ, ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੪॥੯॥੧੬॥


ਆਸਾ ਮਹਲਾ ੪ ॥
ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥

ਆਤਮਕ ਜੀਵਨ ਦੇਣ ਵਾਲੀ ਪ੍ਰਭੂ ਭਗਤੀ ਦੇ ਖ਼ਜ਼ਾਨੇ ਗੁਰੂ ਸਤਿਗੁਰੂ ਦੇ ਕੋਲ ਹੀ ਹਨ।

ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥

ਇਸ ਸਦਾ-ਥਿਰ ਹਰਿ-ਭਗਤੀ ਦੇ ਖ਼ਜ਼ਾਨੇ ਦਾ ਸਾਹੂਕਾਰ ਗੁਰੂ ਸਤਿਗੁਰੂ ਹੀ ਹੈ, ਉਹ ਆਪਣੇ ਸਿੱਖਾਂ ਨੂੰ ਇਹ ਭਗਤੀ-ਸਰਮਾਇਆ ਦੇਂਦਾ ਹੈ।

ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥

(ਪ੍ਰਭੂ-ਭਗਤੀ ਦਾ ਵਣਜ) ਸ੍ਰੇਸ਼ਟ ਵਣਜ ਹੈ, ਭਾਗਾਂ ਵਾਲਾ ਹੈ ਉਹ ਮਨੁੱਖ ਜੋ ਇਹ ਵਣਜ ਕਰਦਾ ਹੈ, ਨਾਮ-ਧਨ ਦਾ ਸ਼ਾਹ ਗੁਰੂ ਉਸ ਮਨੁੱਖ ਨੂੰ ਸ਼ਾਬਾਸ਼ ਦੇਂਦਾ ਹੈ।

ਜਨੁ ਨਾਨਕੁ ਗੁਰੁ ਤਿਨ੍ਰੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥

ਦਾਸ ਨਾਨਕ ਆਖਦਾ ਹੈ, ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ (ਇਸ ਸਰਮਾਏ ਦੀ ਪ੍ਰਾਪਤੀ ਦਾ) ਲੇਖ ਲਿਖਿਆ ਹੈ ਉਹਨਾਂ ਨੂੰ ਹੀ ਮਿਲਦਾ ਹੈ ॥੧॥

ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥

ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ (ਤੇਰਾ ਪੈਦਾ ਕੀਤਾ ਹੋਇਆ ਇਹ) ਸਾਰਾ ਜਗਤ ਇਥੇ ਤੇਰੇ ਦਿੱਤੇ ਨਾਮ-ਸਰਮਾਏ ਨਾਲ ਨਾਮ ਦਾ ਵਣਜ ਕਰਨ ਆਇਆ ਹੋਇਆ ਹੈ।

ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥

ਹੇ ਪ੍ਰਭੂ! ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ, ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ-ਵਸਤ ਮੌਜੂਦ ਹੈ।

ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥

ਕੋਈ ਵਿਚਾਰਾ ਜੀਵ (ਆਪਣੇ ਉੱਦਮ ਨਾਲ) ਕੁਝ ਭੀ ਨਹੀਂ ਕਰ ਸਕਦਾ, ਜੇਹੜਾ ਕੋਈ (ਗੁਣ ਔਗੁਣ) ਪਦਾਰਥ ਤੂੰ ਇਹਨਾਂ ਸਰੀਰਾਂ ਵਿਚ ਪਾਂਦਾ ਹੈ ਉਹੀ ਉੱਘੜਦਾ ਹੈ।

ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥

ਹੇ ਹਰੀ! ਆਪਣੇ ਦਾਸ ਨਾਨਕ ਨੂੰ ਭੀ ਤੂੰ ਹੀ (ਮੇਹਰ ਕਰ ਕੇ) ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੈ ॥੨॥

ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥

ਹੇ ਮੇਰੇ ਮਾਲਕ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਅਸੀਂ ਤੇਰੇ ਕੇਹੜੇ ਕੇਹੜੇ ਗੁਣ ਗਿਣ ਕੇ ਦੱਸ ਸਕਦੇ ਹਾਂ? ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ।

ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥

ਹੇ ਸੁਆਮੀ! ਅਸੀਂ ਤਾਂ ਦਿਨੇ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ, ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ।

ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥

ਹੇ ਪ੍ਰਭੂ! ਅਸੀਂ ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ?

ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥

ਦਾਸ ਨਾਨਕ ਤਾਂ ਪਰਮਾਤਮਾ ਦਾ ਦਾਸ ਹੈ, ਪਰਮਾਤਮਾ ਦੇ ਦਾਸਾਂ ਦਾ ਦਾਸ ਹੈ ॥੩॥

ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥

ਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ, ਹੁਣ ਜਿਵੇਂ ਤੇਰੀ ਮਰਜ਼ੀ ਹੋਵੇ ਤਿਵੇਂ ਸਾਨੂੰ (ਮੰਦੇ ਕੰਮਾਂ ਤੋਂ) ਬਚਾ ਲੈ।

ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥

ਅਸੀਂ ਦਿਨ ਰਾਤ (ਜੀਵਨ-ਰਾਹ ਤੋਂ) ਖੁੰਝ ਕੇ (ਆਪਣੇ ਆਤਮਕ ਜੀਵਨ ਨੂੰ) ਖ਼ਰਾਬ ਕਰਦੇ ਰਹਿੰਦੇ ਹਾਂ। ਹੇ ਹਰੀ! ਸਾਡੀ ਇੱਜ਼ਤ ਰੱਖ।

ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥

ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਗੁਰੂ ਹੈਂ ਤੂੰ ਸਾਡਾ ਪਿਤਾ ਹੈਂ, ਸਾਨੂੰ ਮਤਿ ਦੇ ਕੇ ਚੰਗੀ ਸਮਝ ਬਖ਼ਸ਼।

ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥

ਹੇ ਹਰੀ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ, (ਮੇਹਰ ਕਰ, ਆਪਣੇ ਦਾਸ ਦੀ) ਇੱਜ਼ਤ ਰੱਖ ॥੪॥੧੦॥੧੭॥


ਆਸਾ ਮਹਲਾ ੪ ॥
ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥

ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਪਰਮਾਤਮਾ (ਗੁਰੂ-ਮਿਲਾਪ ਦਾ ਲੇਖ) ਲਿਖ ਦੇਂਦਾ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ,

ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥

(ਉਹਨਾਂ ਦੇ ਮਨ ਵਿਚੋਂ, ਗੁਰੂ ਦੀ ਮੇਹਰ ਨਾਲ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤੇ, ਉਹਨਾਂ ਦੇ ਹਿਰਦੇ ਵਿਚ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਚਮਕ ਪੈਂਦੀ ਹੈ।

ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥

ਉਹਨਾਂ ਨੂੰ ਪਰਮਾਤਮਾ ਦਾ ਨਾਮ ਕੀਮਤੀ ਰਤਨ ਲੱਭ ਪੈਂਦਾ ਹੈ ਜੇਹੜਾ ਮੁੜ (ਉਹਨਾਂ ਪਾਸੋਂ ਕਦੇ) ਗੁਆਚਦਾ ਨਹੀਂ।

ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥

ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਨਾਮ ਸਿਮਰ ਕੇ ਉਹ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੇ ਹਨ ॥੧॥

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥

(ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਜੰਮੇ?

ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥

ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ।

ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥

ਜੇਹੜਾ ਮਨੁੱਖਾ ਜਨਮ ਵਿਚ ਢੁਕਵੇਂ ਸਮੇ (ਆਪਣੇ ਹਿਰਦੇ ਦੀ ਖੇਤੀ ਵਿਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਆਤਮਕ ਜੀਵਨ ਆਤਮ-ਜੀਵਨ ਦੀ ਭੁਖ ਕਿਵੇਂ ਮੇਟੇਗਾ?

ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥

ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਜਨਮਾਂ ਦਾ ਚੱਕਰ ਮਿਲਦਾ ਹੈ (ਉਹਨਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ॥੨॥

ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥

ਹੇ ਹਰੀ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ), ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ।

ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥

ਕਿਸੇ ਜੀਵ ਦੇ ਆਪਣੇ ਵੱਸ ਵਿਚ ਕੁਝ ਨਹੀਂ, ਜਿਵੇਂ ਤੂੰ ਤੋਰਦਾ ਹੈਂ ਤਿਵੇਂ ਸਾਰੇ ਜੀਵ ਤੁਰਦੇ ਹਨ।

ਜਿਨ੍ਰ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥

ਹੇ ਪਿਆਰੇ! ਜਿਨ੍ਹਾਂ ਜੀਵਾਂ ਨੂੰ ਤੂੰ ਆਪਣੇ ਨਾਲ ਮਿਲਾਂਦਾ ਹੈਂ, ਜੇਹੜੇ ਤੈਨੂੰ ਆਪਣੇ ਮਨ ਵਿਚ ਚੰਗੇ ਲੱਗਦੇ ਉਹ ਤੇਰੇ ਚਰਨਾਂ ਵਿਚ ਜੁੜੇ ਰਹਿੰਦੇ ਹਨ।

ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਹਨਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥

ਕੋਈ ਮਨੁੱਖ ਰਾਗ ਗਾ ਕੇ, ਕੋਈ ਸੰਖ ਆਦਿਕ ਸਾਜ ਵਜਾ ਕੇ, ਕੋਈ ਧਰਮ ਪੁਸਤਕਾਂ ਪੜ੍ਹ ਕੇ ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ਪਰ ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ।

ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥

ਜਿਨ੍ਹਾਂ ਦੇ ਅੰਦਰ ਫ਼ਰੇਬ ਅਤੇ ਪਾਪ ਹੈ, ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ?

ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥

ਕਰਤਾਰ (ਹਰੇਕ ਮਨੁੱਖ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ, ਅੰਦਰਲੇ ਰੋਗਾਂ ਉਤੇ ਬੇਸ਼ੱਕ ਹੱਥ ਦਿੱਤਾ ਜਾਏ (ਭਾਵੇਂ ਅੰਦਰਲੇ ਵਿਕਾਰਾਂ ਨੂੰ ਲੁਕਾਣ ਦਾ ਜਤਨ ਕੀਤਾ ਜਾਏ)।

ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਹੀ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹੀ ਹਰੀ ਦਾ ਨਾਮ ਲੈਂਦੇ ਹਨ ॥੪॥੧੧॥੧੮॥

1
2
3
4
5
6
7
8
9
10
11
12