ਰਾਗ ਆਸਾ – ਬਾਣੀ ਸ਼ਬਦ-Part 6 – Raag Asa – Bani
ਰਾਗ ਆਸਾ – ਬਾਣੀ ਸ਼ਬਦ-Part 6 – Raag Asa – Bani
ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਲੇਖ ਅਸੰਖ ਲਿਖਿ ਲਿਖਿ ਮਾਨੁ ॥
(ਪਰਮਾਤਮਾ ਦੇ ਸਰੂਪ ਬਾਰੇ) ਅਣਗਿਣਤ (ਵਿਚਾਰ-ਭਰੇ) ਲੇਖ ਲਿਖ ਲਿਖ ਕੇ (ਲਿਖਣ ਵਾਲਿਆਂ ਦੇ ਮਨ ਵਿਚ ਆਪਣੀ ਵਿਦਿਆ ਤੇ ਵਿਚਾਰ-ਸ਼ਕਤੀ ਦਾ) ਮਾਣ ਹੀ (ਪੈਦਾ ਹੁੰਦਾ ਹੈ)।
ਮਨਿ ਮਾਨਿਐ ਸਚੁ ਸੁਰਤਿ ਵਖਾਨੁ ॥
ਬੇਸ਼ੱਕ ਅਣਗਿਣਤ ਲੇਖ ਲਿਖੇ ਜਾਣ, ਪਰਮਾਤਮਾ ਦਾ ਸਰੂਪ ਬਿਆਨ ਤੋਂ, ਲੇਖ ਤੋਂ ਪਰੇ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਕਥਨੀ ਬਦਨੀ ਪੜਿ ਪੜਿ ਭਾਰੁ ॥
ਉਸ ਦੇ ਗੁਣ ਕਹਣ ਨਾਲ ਬੋਲਣ ਨਾਲ ਤੇ ਮੁੜ ਮੁੜ ਪੜ੍ਹ ਕੇ ਭੀ (ਮਨ ਉਤੇ ਹਉਮੈ ਦਾ) ਭਾਰ (ਹੀ ਵਧਦਾ) ਹੈ।
ਲੇਖ ਅਸੰਖ ਅਲੇਖੁ ਅਪਾਰੁ ॥੧॥
(ਪਰ ਹਾਂ) ਜੇ ਮਨੁੱਖ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਗਿੱਝ ਜਾਏ, ਜੇ (ਮਨੁੱਖ ਦੀ) ਸੁਰਤਿ ਵਿਚ ਸਦਾ-ਥਿਰ ਪ੍ਰਭੂ (ਟਿਕ ਜਾਏ) ਤਾਂ ਬੱਸ! ਇਹੀ ਹੈ ਅਸਲ ਲੇਖ (ਜੋ ਉਸ ਨੂੰ ਪਰਵਾਨ ਹੈ) ॥੧॥
ਐਸਾ ਸਾਚਾ ਤੂੰ ਏਕੋ ਜਾਣੁ ॥
ਇਹੋ ਜਿਹਾ (ਅਲੇਖ) ਤੇ ਸਦਾ ਕਾਇਮ ਰਹਿਣ ਵਾਲਾ ਤੂੰ ਸਿਰਫ਼ ਇਕ ਪ੍ਰਭੂ ਨੂੰ ਹੀ ਜਾਣ (ਬਾਕੀ ਸਾਰਾ ਜਗਤ ਜੰਮਣ ਮਰਨ ਦੇ ਗੇੜ ਵਿਚ ਹੈ, ਤੇ ਇਹ),
ਜੰਮਣੁ ਮਰਣਾ ਹੁਕਮੁ ਪਛਾਣੁ ॥੧॥ ਰਹਾਉ ॥
ਜੰਮਣਾ ਮਰਨਾ ਭੀ ਤੂੰ ਉਸ ਪਰਮਾਤਮਾ ਦਾ ਹੁਕਮ ਹੀ ਸਮਝ ॥੧॥ ਰਹਾਉ ॥
ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥
(ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਦੇ ਕਾਰਨ ਜਗਤ ਮੌਤ ਦੇ ਸਹਮ ਵਿਚ ਬੱਝਾ ਪਿਆ ਹੈ,
ਬਾਂਧਾ ਛੂਟੈ ਨਾਮੁ ਸਮ੍ਰਾਲਿ ॥
ਤੇ ਪਰਮਾਤਮਾ ਦੇ ਨਾਮ ਨੂੰ ਹੀ ਸੰਭਾਲ ਕੇ ਬੱਝਾ ਛੁਟ ਸਕਦਾ ਹੈ।
ਗੁਰੁ ਸੁਖਦਾਤਾ ਅਵਰੁ ਨ ਭਾਲਿ ॥
ਗੁਰੂ ਹੀ (ਨਾਮ ਦੀ ਦਾਤ ਦੇ ਕੇ) ਆਤਮਕ ਸੁਖ ਦੇਣ ਵਾਲਾ ਹੈ, (ਗੁਰੂ ਤੋਂ ਬਿਨਾ ਇਹ ਦਾਤ ਦੇਣ ਵਾਲਾ) ਕੋਈ ਹੋਰ ਨਹੀਂ ਲੱਭਦਾ।
ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥੨॥
ਇਹ ਨਾਮ ਹੀ ਇਸ ਲੋਕ ਤੇ ਪਰਲੋਕ ਵਿਚ ਤੇਰੇ ਨਾਲ ਨਿਭ ਸਕਦਾ ਹੈ ॥੨॥
ਸਬਦਿ ਮਰੈ ਤਾਂ ਏਕ ਲਿਵ ਲਾਏ ॥
ਮਨੁੱਖ ਤਦੋਂ ਹੀ ਇਕ ਪਰਮਾਤਮਾ ਵਿਚ ਸੁਰਤਿ ਜੋੜ ਸਕਦਾ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਮੋਹ ਵਲੋਂ) ਮਰ ਜਾਏ (ਮੋਹ ਦਾ ਪ੍ਰਭਾਵ ਆਪਣੇ ਉਤੇ ਪੈਣ ਨ ਦੇਵੇ)।
ਅਚਰੁ ਚਰੈ ਤਾਂ ਭਰਮੁ ਚੁਕਾਏ ॥
ਤਦੋਂ ਹੀ ਜੀਵ ਮਾਇਆ ਵਲ ਮਨ ਦੀ ਭਟਕਣਾ ਦੂਰ ਕਰ ਸਕਦਾ ਹੈ, ਜੇ (ਗੁਰੂ ਦੇ ਸ਼ਬਦ ਦੀ ਰਾਹੀਂ ਕਾਮਾਦਿਕ ਪੰਜਾਂ ਦੇ) ਨਾਹ ਮੁਕਾਏ ਜਾ ਸਕਣ ਵਾਲੇ ਟੋਲੇ (ਦੇ ਪ੍ਰਭਾਵ ਨੂੰ) ਮੁਕਾ ਦੇਵੇ।
ਜੀਵਨ ਮੁਕਤੁ ਮਨਿ ਨਾਮੁ ਵਸਾਏ ॥
ਜੇਹੜਾ ਮਨੁੱਖ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ ਉਹ ਇਸੇ ਜ਼ਿੰਦਗੀ ਦੇ ਵਿਚ ਹੀ (ਇਹਨਾਂ ਪੰਜਾਂ ਦੇ ਪ੍ਰਭਾਵ ਤੋਂ) ਆਜ਼ਾਦ ਹੋ ਜਾਂਦਾ ਹੈ,
ਗੁਰਮੁਖਿ ਹੋਇ ਤ ਸਚਿ ਸਮਾਏ ॥੩॥
ਤੇ ਉਹ ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ਲੀਨ ਹੁੰਦਾ ਹੈ ਗੁਰੂ ਦੇ ਸਨਮੁਖ ਰਹਿਕੇ ॥੩॥
ਜਿਨਿ ਧਰ ਸਾਜੀ ਗਗਨੁ ਅਕਾਸੁ ॥
(ਪ੍ਰਭੂ) ਜਿਸ ਨੇ ਇਹ ਧਰਤੀ ਤੇ ਅਕਾਸ਼ ਆਦਿਕ ਰਚੇ ਹਨ,
ਜਿਨਿ ਸਭ ਥਾਪੀ ਥਾਪਿ ਉਥਾਪਿ ॥
ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜੋ ਰਚ ਕੇ ਨਾਸ ਕਰਨ ਦੇ ਭੀ ਸਮਰੱਥ ਹੈ।
ਸਰਬ ਨਿਰੰਤਰਿ ਆਪੇ ਆਪਿ ॥
ਫਿਰ ਉਹ ਆਪ ਹੀ ਆਪ ਸਭ ਦੇ ਅੰਦਰ ਇਕ-ਰਸ ਮੌਜੂਦ ਹੈ,
ਕਿਸੈ ਨ ਪੂਛੇ ਬਖਸੇ ਆਪਿ ॥੪॥
ਆਪ ਹੀ (ਸਭ ਜੀਵਾਂ ਉਤੇ) ਬਖ਼ਸ਼ਸ਼ ਕਰਦਾ ਹੈ (ਇਹ ਬਖ਼ਸ਼ਸ਼ ਵਾਸਤੇ) ਤੇ ਇਸ ਲਈ ਉਹ ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ ॥੪॥
ਤੂ ਪੁਰੁ ਸਾਗਰੁ ਮਾਣਕ ਹੀਰੁ ॥
ਹੇ ਪ੍ਰਭੂ! ਤੂੰ ਆਪ ਹੀ ਭਰਿਆ ਹੋਇਆ ਇਹ (ਸੰਸਾਰ-) ਸਮੁੰਦਰ ਹੈਂ, ਤੂੰ ਆਪ ਹੀ ਇਸ ਵਿਚ ਮਾਣਕ-ਹੀਰਾ ਹੈਂ,
ਤੂ ਨਿਰਮਲੁ ਸਚੁ ਗੁਣੀ ਗਹੀਰੁ ॥
ਤੂੰ ਪਵਿਤ੍ਰ-ਸਰੂਪ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।
ਸੁਖੁ ਮਾਨੈ ਭੇਟੈ ਗੁਰ ਪੀਰੁ ॥
ਜਿਸ ਮਨੁੱਖ ਨੂੰ (ਤੇਰੀ ਮੇਹਰ ਨਾਲ) ਗੁਰੂ-ਪੀਰ ਮਿਲ ਪੈਂਦਾ ਹੈ, ਉਹ (ਤੇਰੇ ਮਿਲਾਪ ਦਾ ਆਤਮਕ) ਆਨੰਦ ਮਾਣਦਾ ਹੈ।
ਏਕੋ ਸਾਹਿਬੁ ਏਕੁ ਵਜੀਰੁ ॥੫॥
ਤੂੰ ਆਪ ਹੀ ਆਪ ਬਾਦਸ਼ਾਹ ਹੈਂ ਤੇ ਆਪ ਹੀ ਆਪਣਾ (ਸਲਾਹਕਾਰ) ਵਜ਼ੀਰ ਹੈਂ ॥੫॥
ਜਗੁ ਬੰਦੀ ਮੁਕਤੇ ਹਉ ਮਾਰੀ ॥
ਹਉਮੈ ਦੀ ਕੈਦ ਵਿਚੋਂ ਆਜ਼ਾਦ ਉਹੀ ਹਨ (ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਸ) ਹਉਮੈ ਨੂੰ ਮਾਰਿਆ ਹੈ।
ਜਗਿ ਗਿਆਨੀ ਵਿਰਲਾ ਆਚਾਰੀ ॥
ਜਗਤ ਵਿਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ ਅਨੁਸਾਰ ਹੈ,
ਜਗਿ ਪੰਡਿਤੁ ਵਿਰਲਾ ਵੀਚਾਰੀ ॥
ਜਗਤ ਵਿਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾ (ਵਿੱਦਿਆ ਦੇ ਅਨੁਸਾਰ ਹੀ) ਵਿਚਾਰਵਾਨ ਭੀ ਹੈ,
ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ ॥੬॥
ਗੁਰੂ ਨੂੰ ਮਿਲਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਅਹੰਕਾਰ ਵਿਚ ਭਟਕਦੀ ਫਿਰਦੀ ਹੈ ॥੬॥
ਜਗੁ ਦੁਖੀਆ ਸੁਖੀਆ ਜਨੁ ਕੋਇ ॥
ਜਗਤ ਦੁਖੀ ਹੋ ਰਿਹਾ ਹੈ, ਕੋਈ ਵਿਰਲਾ ਮਨੁੱਖ ਸੁਖੀ ਹੈ।
ਜਗੁ ਰੋਗੀ ਭੋਗੀ ਗੁਣ ਰੋਇ ॥
ਜਗਤ (ਵਿਕਾਰਾਂ ਦੇ ਕਾਰਨ ਆਤਮਕ ਤੌਰ ਤੇ) ਰੋਗੀ ਹੋ ਰਿਹਾ ਹੈ, ਭੋਗਾਂ ਵਿਚ ਪਰਵਿਰਤ ਹੈ ਤੇ ਆਤਮਕ ਗੁਣਾਂ ਲਈ ਤਰਸਦਾ ਹੈ।
ਜਗੁ ਉਪਜੈ ਬਿਨਸੈ ਪਤਿ ਖੋਇ ॥
(ਪ੍ਰਭੂ ਨੂੰ ਭੁਲਾ ਕੇ) ਜਗਤ ਇੱਜ਼ਤ ਗਵਾ ਕੇ ਜੰਮਦਾ ਹੈ ਮਰਦਾ ਹੈ, ਮਰਦਾ ਹੈ ਜੰਮਦਾ ਹੈ।
ਗੁਰਮੁਖਿ ਹੋਵੈ ਬੂਝੈ ਸੋਇ ॥੭॥
ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਹ ਇਸ ਭੇਦ ਨੂੰ ਸਮਝਦਾ ਹੈ ॥੭॥
ਮਹਘੋ ਮੋਲਿ ਭਾਰਿ ਅਫਾਰੁ ॥
ਜੇ ਕੋਈ ਮੁੱਲ ਦੇ ਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ (ਉਸ ਦਾ ਮੁਲ ਦਿੱਤਾ ਨਹੀਂ ਜਾ ਸਕਦਾ) ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਉਸ ਦੇ ਬਰਾਬਰ ਦੀ ਨਹੀਂ ਹੈ।
ਅਟਲ ਅਛਲੁ ਗੁਰਮਤੀ ਧਾਰੁ ॥
ਗੁਰੂ ਦੀ ਮਤਿ ਲੈ ਕੇ ਉਸ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ।
ਭਾਇ ਮਿਲੈ ਭਾਵੈ ਭਇਕਾਰੁ ॥
ਉਹ ਪ੍ਰਭੂ ਪ੍ਰੇਮ ਦੀ ਰਾਹੀਂ (ਪ੍ਰੇਮ ਦੇ ਮੁੱਲ) ਮਿਲਦਾ ਹੈ ਤੇ ਜੀਵ ਦਾ ਉਸ ਦੇ ਡਰ-ਅਦਬ ਵਿਚ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ।
ਨਾਨਕੁ ਨੀਚੁ ਕਹੈ ਬੀਚਾਰੁ ॥੮॥੩॥
ਦਾਸ ਨਾਨਕ ਇਹ ਵਿਚਾਰ ਦਸਦਾ ਹੈ ॥੮॥੩॥
ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਏਕੁ ਮਰੈ ਪੰਚੇ ਮਿਲਿ ਰੋਵਹਿ ॥
ਇਕ (ਪ੍ਰਾਣੀ) ਮਰਦਾ ਹੈ ਉਸ ਦੇ ਸਾਕ ਸੰਬੰਧੀ ਮਿਲ ਕੇ ਰੋਂਦੇ ਹਨ,
ਹਉਮੈ ਜਾਇ ਸਬਦਿ ਮਲੁ ਧੋਵਹਿ ॥
ਪਰ ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੋਹ ਦੀ ਮੈਲ ਨੂੰ ਆਪਣੇ ਮਨ ਤੋਂ ਧੋ ਲੈਂਦੇ ਹਨ, ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ,
ਸਮਝਿ ਸੂਝਿ ਸਹਜ ਘਰਿ ਹੋਵਹਿ ॥
ਉਹ ਇਹ ਸਮਝ ਵਿਚ ਕੇ (ਕਿ ਸਭ ਵਿਚ ਪ੍ਰਭੂ ਦੀ ਹੀ ਜੋਤਿ ਹੈ, ਕਿਸੇ ਸੰਬੰਧੀ ਦਾ ਸਰੀਰ ਨਾਸ ਹੋਣ ਤੇ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।
ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥
ਇਸ ਬੇਸਮਝੀ ਵਿਚ (ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਆਪਣਾ ਹੈ ਹੀ ਨਹੀਂ) (ਰੋਣ ਵਾਲੇ ਉਸ ਪਰਮਾਤਮਾ ਦੀ ਨਜ਼ਰ ਵਿਚ ਆਪਣੀ) ਸਾਰੀ ਇੱਜ਼ਤ ਗਵਾ ਲੈਂਦੇ ਹਨ ॥੧॥
ਕਉਣੁ ਮਰੈ ਕਉਣੁ ਰੋਵੈ ਓਹੀ ॥
ਕੌਣ ਮਰਦਾ ਹੈ, ਤੇ ਕੌਣ (ਮਰੇ ਨੂੰ) ‘ਉਹ, ਉਹ’ ਆਖ ਕੇ ਰੋਂਦਾ ਹੈ,
ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥
(ਜਿਸ ਦਾ ਸਰੀਰ ਬਿਨਸਦਾ ਹੈ ਉਹ ਭੀ ਤੂੰ ਆਪ ਹੀ ਹੈਂ ਤੇ ਰੋਣ ਵਾਲਾ ਭੀ ਤੂੰ ਆਪ ਹੀ ਹੈਂ) ਹੇ ਪ੍ਰਭੂ! ਹੇ ਸਾਰੇ ਜਗਤ ਦੇ ਕਰਤਾਰ! ਹਰੇਕ ਜੀਵ ਦੇ ਸਿਰ ਉਤੇ ਤੂੰ ਆਪ ਹੀ ਹੈਂ ॥੧॥ ਰਹਾਉ ॥
ਮੂਏ ਕਉ ਰੋਵੈ ਦੁਖੁ ਕੋਇ ॥
ਜੋ ਕੋਈ ਮੋਏ ਨੂੰ ਰੋਂਦਾ ਹੈ ਉਹ (ਅਸਲ ਵਿਚ ਆਪਣਾ) ਦੁੱਖ-ਔਖ ਫਰੋਲਦਾ ਹੈ,
ਸੋ ਰੋਵੈ ਜਿਸੁ ਬੇਦਨ ਹੋਇ ॥
ਉਹ ਹੀ ਰੋਂਦਾ ਹੈ ਜਿਸ ਨੂੰ (ਕਿਸੇ ਦੇ ਮਰਨ ਤੇ ਕੋਈ) ਬਿਪਤਾ ਆ ਵਾਪਰਦੀ ਹੈ।
ਜਿਸੁ ਬੀਤੀ ਜਾਣੈ ਪ੍ਰਭ ਸੋਇ ॥
ਪਰ ਜਿਸ ਜੀਵ ਉਤੇ (ਮੌਤ ਦੀ) ਇਹ ਘਟਨਾ ਵਰਤਦੀ ਹੈ, ਉਹ ਪ੍ਰਭੂ ਦੀ ਇਹ ਰਜ਼ਾ ਸਮਝ ਲੈਂਦਾ ਹੈ,
ਆਪੇ ਕਰਤਾ ਕਰੇ ਸੁ ਹੋਇ ॥੨॥
ਕਿ ਉਹੀ ਕੁਝ ਹੋ ਰਿਹਾ ਹੈ ਜੋ ਕਰਤਾਰ ਆਪ ਕਰਦਾ ਹੈ ॥੨॥
ਜੀਵਤ ਮਰਣਾ ਤਾਰੇ ਤਰਣਾ ॥
(ਅਸਲ ਵਿਚ ਜੀਊਣ ਦੀ ਤਾਂਘ ਮਨੁੱਖ ਨੂੰ ਸੰਸਾਰ ਦੇ ਮੋਹ ਵਿਚ ਫਸਾਂਦੀ ਹੈ) ਜੀਊਣ ਦੀ ਲਾਲਸਾ ਤੋਂ ਮਨ ਦਾ ਮਰ ਜਾਣਾ (ਮੋਹ-ਸਾਗਰ ਤੋਂ) ਤਰਨ ਲਈ, ਮਾਨੋ, ਬੇੜੀ ਹੈ।
ਜੈ ਜਗਦੀਸ ਪਰਮ ਗਤਿ ਸਰਣਾ ॥
ਇਹ ਉੱਚੀ ਆਤਮਕ ਅਵਸਥਾ ਜਗਤ ਦੇ ਮਾਲਕ-ਪ੍ਰਭੂ ਦੀ ਸਰਨ ਪਿਆਂ ਲੱਭਦੀ ਹੈ।
ਹਉ ਬਲਿਹਾਰੀ ਸਤਿਗੁਰ ਚਰਣਾ ॥
(ਪ੍ਰਭੂ ਦੀ ਸਰਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਮੈਂ ਗੁਰੂ ਦੇ ਚਰਨਾਂ ਤੋਂ ਸਦਕੇ ਹਾਂ।
ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥
ਗੁਰੂ ਮਾਨੋ, ਜਹਾਜ਼ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਭਵ-ਸਾਗਰ ਤੋਂ ਪਾਰ ਲੰਘ ਸਕੀਦਾ ਹੈ ॥੩॥
ਨਿਰਭਉ ਆਪਿ ਨਿਰੰਤਰਿ ਜੋਤਿ ॥
ਪਰਮਾਤਮਾ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਆਪ ਇਕ-ਰਸ ਹਰੇਕ ਦੇ ਅੰਦਰ ਆਪਣੀ ਜੋਤਿ ਦਾ ਪਰਕਾਸ਼ ਕਰ ਰਿਹਾ ਹੈ,
ਬਿਨੁ ਨਾਵੈ ਸੂਤਕੁ ਜਗਿ ਛੋਤਿ ॥
ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿਚ ਕਿਤੇ ਸੂਤਕ (ਦਾ ਭਰਮ) ਹੈ ਕਿਤੇ ਛੂਤ ਹੈ।
ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥
ਦੁਰਮਤਿ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ, (ਇਸ ਬਾਰੇ) ਕੀਹ ਆਖ ਕੇ ਕੋਈ ਰੋਵੇ?
ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥
ਪਰਮਾਤਮਾ ਦੀ ਭਗਤੀ ਤੋਂ ਬਿਨਾ, ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨ ਤੋਂ ਬਿਨਾ, ਜੀਵ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ ॥੪॥
ਮੂਏ ਕਉ ਸਚੁ ਰੋਵਹਿ ਮੀਤ ॥
ਆਪਾ-ਭਾਵ ਤੋਂ ਮਰੇ ਹੋਏ ਨੂੰ ਸਚ ਮੁਚ ਉਸ ਦੇ (ਪਹਿਲੇ) ਮਿੱਤਰ ਰੋਂਦੇ ਹਨ,
ਤ੍ਰੈ ਗੁਣ ਰੋਵਹਿ ਨੀਤਾ ਨੀਤ ॥
ਮਾਇਆ ਦੇ ਤਿੰਨ ਗੁਣ (ਕਿ ਸਾਡਾ ਸਾਥ ਛੱਡ ਗਿਆ ਹੈ) ਵੀ ਨਿੱਤ ਰੋਂਦੇ ਹਨ,
ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥
ਕਿਉਂਕਿ ਉਹ ਦੁਖ ਸੁਖ (ਦਾ ਅਹਿਸਾਸ) ਤਿਆਗ ਕੇ ਅਡੋਲ ਅਵਸਥਾ ਵਿਚ ਸੁਚੇਤ ਹੋ ਗਿਆ ਹੈ,
ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥
ਤੇ ਉਸ ਨੇ ਆਪਣਾ ਤਨ ਤੇ ਮਨ ਪਰਮਾਤਮਾ ਦੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ ॥੫॥
ਭੀਤਰਿ ਏਕੁ ਅਨੇਕ ਅਸੰਖ ॥
ਸਭ ਦੇ ਅੰਦਰ ਇਕੋ ਪਰਮਾਤਮਾ ਵੱਸ ਰਿਹਾ ਹੈ, ਉਹ ਅਨੇਕਾਂ ਅਸੰਖਾਂ ਰੂਪਾਂ ਵਿਚ ਦਿਖਾਈ ਦੇ ਰਿਹਾ ਹੈ,
ਕਰਮ ਧਰਮ ਬਹੁ ਸੰਖ ਅਸੰਖ ॥
(ਪਰ ਜੀਵਾਂ ਨੇ ਉਸ ਨੂੰ ਵਿਸਾਰ ਕੇ) ਹੋਰ ਹੋਰ ਬੇਅੰਤ ਧਰਮ ਕਰਮ ਰਚ ਲਏ ਹਨ।
ਬਿਨੁ ਭੈ ਭਗਤੀ ਜਨਮੁ ਬਿਰੰਥ ॥
ਪਰਮਾਤਮਾ ਦੇ ਡਰ-ਅਦਬ ਵਿਚ ਰਹਿਣ ਤੋਂ ਬਿਨਾ, ਪ੍ਰਭੂ ਦੀ ਭਗਤੀ ਤੋਂ ਬਿਨਾ, ਜੀਵਾਂ ਦਾ ਮਨੁੱਖਾ ਜਨਮ ਵਿਅਰਥ ਜਾਂਦਾ ਹੈ।
ਹਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥
ਜੇਹੜੇ ਮਿਲ ਕੇ ਹਰੀ ਦੇ ਗੁਣ ਗਾਂਦੇ ਹਨ, ਉਹ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲੈਂਦੇ ਹਨ ॥੬॥
ਆਪਿ ਮਰੈ ਮਾਰੇ ਭੀ ਆਪਿ ॥
(ਜੀਵਾਂ ਦਾ ਰਚਨਹਾਰ ਕਰਤਾਰ ਸਭ ਜੀਵਾਂ ਦੇ ਅੰਦਰ ਆਪ ਮੌਜੂਦ ਹੈ, ਸੋ ਜਦੋਂ ਕੋਈ ਜੀਵ ਮਰਦਾ ਹੈ ਤਾਂ) ਪਰਮਾਤਮਾ (ਉਸ ਵਿਚ ਬੈਠਾ ਆਪ ਹੀ, ਮਾਨੋ) ਮਰਦਾ ਹੈ, ਉਸ ਜੀਵ ਨੂੰ ਮਾਰਦਾ ਭੀ ਆਪ ਹੀ ਹੈ।
ਆਪਿ ਉਪਾਏ ਥਾਪਿ ਉਥਾਪਿ ॥
ਪ੍ਰਭੂ ਆਪ ਹੀ ਪੈਦਾ ਕਰਦਾ ਹੈ, ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ।
ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥
ਹੇ ਜੋਤਿ-ਰੂਪ ਪ੍ਰਭੂ! ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, ਤੂੰ ਆਪ ਹੀ ਅਨੇਕਾਂ ਜਾਤੀਆਂ ਪੈਦਾ ਕਰ ਦਿੱਤੀਆਂ ਹਨ।
ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਸਾਰ ਕੇ (ਮਨ ਵਿਚ ਟਿਕਾ ਕੇ) ਜੀਵ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ, ਜੀਵ ਨੂੰ (ਸੂਤਕ ਛੂਤ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ ॥੭॥
ਸੂਤਕੁ ਅਗਨਿ ਭਖੈ ਜਗੁ ਖਾਇ ॥
(ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੋ ਕੇ ਜੰਮਦਾ ਮਰਦਾ ਹੈ), ਸਰਬ-ਵਿਆਪਕ ਪ੍ਰਭੂ ਤੋਂ ਵਿਛੁੜਿਆਂ ਨੂੰ ਸੂਤਕ ਦਾ ਭਰਮ ਖ਼ੁਆਰ ਕਰਦਾ ਹੈ।
ਸੂਤਕੁ ਜਲਿ ਥਲਿ ਸਭ ਹੀ ਥਾਇ ॥
(ਸੂਤਕ ਦਾ ਭਰਮ ਕਿਥੇ ਕਿਥੇ ਕੀਤਾ ਜਾਵੇਗਾ?) ਸੂਤਕ ਅੱਗ, ਸਮੁੰਦਰ ਤੇ ਧਰਤੀ ਵਿਚ ਹੈ, ਹਰ ਥਾਂ ਹੈ, ਕਿਉਂਕ,
ਨਾਨਕ ਸੂਤਕਿ ਜਨਮਿ ਮਰੀਜੈ ॥
ਹੇ ਨਾਨਕ! ਸੂਤਕ (ਦੇ ਭਰਮ) ਵਿਚ ਪੈ ਕੇ (ਪਰਮਾਤਮਾ ਦੀ ਹੋਂਦ ਤੋਂ ਖੁੰਝ ਕੇ) ਜਗਤ ਜਨਮ ਮਰਨ ਦੇ ਗੇੜ ਵਿਚ ਪੈ ਰਿਹਾ ਹੈ।
ਗੁਰਪਰਸਾਦੀ ਹਰਿ ਰਸੁ ਪੀਜੈ ॥੮॥੪॥
(ਸਹੀ ਰਸਤਾ ਇਹ ਹੈ ਕਿ ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਮੇਹਰ ਪ੍ਰਾਪਤ ਕਰ ਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ-ਰਸ ਪੀਣਾ ਚਾਹੀਦਾ ਹੈ ॥੮॥੪॥
ਰਾਗੁ ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਆਪੁ ਵੀਚਾਰੈ ਸੁ ਪਰਖੇ ਹੀਰਾ ॥
ਉਹ ਮਨੁੱਖ ਆਪਣੇ ਆਪ ਨੂੰ (ਆਪਣੇ ਜੀਵਨ ਨੂੰ) ਵਿਚਾਰਦਾ ਤੇ ਪਰਮਾਤਮਾ ਦੇ ਸ੍ਰੇਸ਼ਟ ਨਾਮ ਦੀ ਕਦਰ ਪਛਾਣਦਾ ਹੈ,
ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥
ਜੋ ਪੂਰੇ ਗੁਰੂ ਇਕ (ਮੇਹਰ ਦੀ) ਨਿਗਾਹ ਨਾਲ (ਮੋਹ ਦੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ,
ਗੁਰੁ ਮਾਨੈ ਮਨ ਤੇ ਮਨੁ ਧੀਰਾ ॥੧॥
ਐਸਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ (ਮਾਇਆ-ਮੋਹ ਵਿਚ) ਡੋਲਦਾ ਨਹੀਂ ॥੧॥
ਐਸਾ ਸਾਹੁ ਸਰਾਫੀ ਕਰੈ ॥
ਗੁਰੂ ਇਹੋ ਜਿਹਾ ਸ਼ਾਹ (ਸਰਾਫ਼) ਹੈ, ਤੇ ਇਹੋ ਜਿਹੀ ਸਰਾਫ਼ੀ ਕਰਦਾ ਹੈ (ਕਿ ਉਹ ਜੀਵਾਂ ਨੂੰ ਤੁਰਤ ਪਰਖ ਲੈਂਦਾ ਹੈ, ਤੇ),
ਸਾਚੀ ਨਦਰਿ ਏਕ ਲਿਵ ਤਰੈ ॥੧॥ ਰਹਾਉ ॥
ਉਸ ਦੀ ਕਦੇ ਉਕਾਈ ਨਾਹ ਖਾਣ ਵਾਲੀ ਮਿਹਰ ਦੀ ਨਿਗਾਹ ਨਾਲ ਜੀਵ ਇਕ ਪਰਮਾਤਮਾ ਵਿਚ ਸੁਰਤਿ ਜੋੜ ਕੇ (ਮੋਹ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
ਪੂੰਜੀ ਨਾਮੁ ਨਿਰੰਜਨ ਸਾਰੁ ॥
(ਗੁਰੂ ਦੀ ਕਿਰਪਾ ਨਾਲ) ਜੇਹੜਾ ਮਨੁੱਖ ਨਿਰੰਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਰਾਸਿ-ਪੂੰਜੀ ਬਣਾਂਦਾ ਹੈ,
ਨਿਰਮਲੁ ਸਾਚਿ ਰਤਾ ਪੈਕਾਰੁ ॥
ਜੋ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਹ ਨਿਆਰੀਏ ਵਾਂਗ ਪਾਰਖੂ ਬਣ ਜਾਂਦਾ ਹੈ,
ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥੨॥
ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਹ ਗੁਰੂ ਕਰਤਾਰ ਨੂੰ ਆਪਣੇ ਅਡੋਲ ਹਿਰਦੇ-ਘਰ ਵਿਚ ਵਸਾਂਦਾ ਹੈ ॥੨॥
ਆਸਾ ਮਨਸਾ ਸਬਦਿ ਜਲਾਏ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਕ ਆਸਾ ਤੇ ਮਾਇਕ ਫੁਰਨਾ ਸਾੜ ਦੇਂਦਾ ਹੈ,
ਰਾਮ ਨਰਾਇਣੁ ਕਹੈ ਕਹਾਏ ॥
ਅਤੇ ਉਹ ਆਪ ਪਰਮਾਤਮਾ ਦਾ ਭਜਨ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ,
ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥
ਜੋ ਗੁਰੂ ਤੋਂ (ਜ਼ਿੰਦਗੀ ਦਾ ਸਹੀ) ਰਸਤਾ ਲੱਭ ਲੈਂਦਾ ਹੈ, ਪਰਮਾਤਮਾ ਦਾ ਮਹਲ ਘਰ ਲੱਭ ਲੈਂਦਾ ਹੈ ॥੩॥
ਕੰਚਨ ਕਾਇਆ ਜੋਤਿ ਅਨੂਪੁ ॥
ਜੇਹੜਾ ਪਰਮਾਤਮਾ (ਸੁੱਧ) ਸੋਨੇ ਵਰਗੀ ਪਵਿਤ੍ਰ ਹਸਤੀ ਵਾਲਾ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ,
ਤ੍ਰਿਭਵਣ ਦੇਵਾ ਸਗਲ ਸਰੂਪੁ ॥
ਜਿਸ ਵਰਗਾ ਹੋਰ ਕੋਈ ਨਹੀਂ ਹੈ, ਜੋ ਤਿੰਨਾਂ ਭਵਨਾਂ ਦਾ ਮਾਲਕ ਹੈ,
ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥
ਇਹ ਸਾਰਾ ਆਕਾਰ ਜਿਸ ਦਾ (ਸਰਗੁਣ) ਸਰੂਪ ਹੈ, ਉਸ ਪਰਮਾਤਮਾ ਦਾ ਸਦਾ-ਥਿਰ ਤੇ ਕਦੇ ਨਾਹ ਮੁੱਕਣ ਵਾਲਾ ਨਾਮ-ਧਨ ਮੈਨੂੰ (ਗੁਰੂ-ਸਰਾਫ਼ ਤੋਂ) ਮਿਲਿਆ ਹੈ ॥੪॥
ਪੰਚ ਤੀਨਿ ਨਵ ਚਾਰਿ ਸਮਾਵੈ ॥
ਜੋ ਪਰਮਾਤਮਾ ਪੰਜਾਂ ਤੱਤਾਂ ਵਿਚ, ਮਾਇਆ ਦੇ ਤਿੰਨ ਗੁਣਾਂ ਵਿਚ, ਨੌ ਖੰਡਾਂ ਵਿਚ ਅਤੇ ਚਾਰ ਕੂਟਾਂ ਵਿਚ ਵਿਆਪਕ ਹੈ,
ਧਰਣਿ ਗਗਨੁ ਕਲ ਧਾਰਿ ਰਹਾਵੈ ॥
ਜੋ ਧਰਤੀ ਤੇ ਆਕਾਸ਼ ਨੂੰ ਆਪਣੀ ਸੱਤਿਆ ਦੇ ਆਸਰੇ (ਥਾਂ ਸਿਰ) ਟਿਕਾਈ ਰਖਦਾ ਹੈ;
ਬਾਹਰਿ ਜਾਤਉ ਉਲਟਿ ਪਰਾਵੈ ॥੫॥
ਗੁਰੂ-ਸਰਾਫ਼ ਮਨੁੱਖ ਦੇ ਬਾਹਰ ਦਿੱਸਦੇ ਆਕਾਰ ਵਲ ਦੌੜਦੇ ਮਨ ਨੂੰ ਉਸ ਪਰਮਾਤਮਾ ਵਲ ਪਰਤਾ ਕੇ ਲਿਆਉਂਦਾ ਹੈ ॥੫॥
ਮੂਰਖੁ ਹੋਇ ਨ ਆਖੀ ਸੂਝੈ ॥
(ਗੁਰੂ-ਸਰਾਫ਼ ਦੱਸਦਾ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ, ਪਰ) ਉਹ ਮਨੁੱਖ ਮੂਰਖ ਹੈ ਜਿਸ ਨੂੰ ਅੱਖਾਂ ਨਾਲ (ਪ੍ਰਭੂ) ਨਹੀਂ ਦਿੱਸਦਾ,
ਜਿਹਵਾ ਰਸੁ ਨਹੀ ਕਹਿਆ ਬੂਝੈ ॥
ਜਿਸ ਦੀ ਜੀਭ ਵਿਚ (ਪ੍ਰਭੂ ਦਾ) ਨਾਮ-ਰਸ ਨਹੀਂ ਆਇਆ, ਜੋ ਗੁਰੂ ਦੇ ਦੱਸੇ ਉਪਦੇਸ਼ ਨੂੰ ਨਹੀਂ ਸਮਝਦਾ।
ਬਿਖੁ ਕਾ ਮਾਤਾ ਜਗ ਸਿਉ ਲੂਝੈ ॥੬॥
ਉਹ ਮਨੁੱਖ ਵਿਹੁਲੀ ਮਾਇਆ ਵਿਚ ਮਸਤ ਹੋ ਕੇ ਜਗਤ ਨਾਲ ਝਗੜੇ ਸਹੇੜਦਾ ਹੈ ॥੬॥
ਊਤਮ ਸੰਗਤਿ ਊਤਮੁ ਹੋਵੈ ॥
ਗੁਰੂ ਦੀ ਸ੍ਰੇਸ਼ਟ ਸੰਗਤਿ ਦੀ ਬਰਕਤਿ ਨਾਲ ਮਨੁੱਖ ਸ੍ਰੇਸ਼ਟ ਜੀਵਨ ਵਾਲਾ ਬਣ ਜਾਂਦਾ ਹੈ,
ਗੁਣ ਕਉ ਧਾਵੈ ਅਵਗਣ ਧੋਵੈ ॥
ਆਤਮਕ ਗੁਣਾਂ ਦੀ ਪ੍ਰਾਪਤੀ ਲਈ ਦੌੜ-ਭੱਜ ਕਰਦਾ ਹੈ ਤੇ (ਆਪਣੇ ਅੰਦਰੋਂ ਨਾਮ-ਅੰਮ੍ਰਿਤ ਦੀ ਸਹਾਇਤਾ ਨਾਲ) ਔਗੁਣ ਧੋ ਦੇਂਦਾ ਹੈ।
ਬਿਨੁ ਗੁਰ ਸੇਵੇ ਸਹਜੁ ਨ ਹੋਵੈ ॥੭॥
(ਇਹ ਗੱਲ ਯਕੀਨੀ ਹੈ ਕਿ) ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ (ਔਗੁਣਾਂ ਤੋਂ ਖ਼ਲਾਸੀ ਨਹੀਂ ਹੁੰਦੀ, ਤੇ) ਅਡੋਲ ਆਤਮਕ ਅਵਸਥਾ ਨਹੀਂ ਮਿਲਦੀ ॥੭॥
ਹੀਰਾ ਨਾਮੁ ਜਵੇਹਰ ਲਾਲੁ ॥
ਪ੍ਰਭੂ ਨਾਮ ਕੀਮਤੀ ਹੀਰੇ ਤੇ ਲਾਲਾਂ ਦੇ ਵਾਂਗ ਹੈ,
ਮਨੁ ਮੋਤੀ ਹੈ ਤਿਸ ਕਾ ਮਾਲੁ ॥
ਜੋ ਮੋਤੀ (ਵਰਗੇ ਸੁੱਚਾ) ਮਨ ਵਾਲੇ ਮਨੁੱਖ ਦੀ ਰਾਸਿ-ਪੂੰਜੀ ਬਣ ਜਾਂਦਾ ਹੈ।
ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥
ਹੇ ਨਾਨਕ! ਗੁਰੂ-ਸਰਾਫ਼ ਜਿਸ ਮਨੁੱਖ ਨੂੰ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ਉਹ ਨਿਹਾਲ ਹੋ ਜਾਂਦਾ ਹੈ ॥੮॥੫॥
ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥
(ਹੇ ਮਨੁੱਖ! ਤੂੰ) ਗੁਰੂ ਦੇ ਸਨਮੁਖ ਹੋ ਕੇ ਆਪਣੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਅਤੇ ਪਰਮਾਤਮਾ ਵਿਚ ਜੁੜੀ ਸੁਰਤਿ (ਦਾ ਆਨੰਦ) ਮਾਣ,
ਗੁਰਮੁਖਿ ਮਹਲੀ ਮਹਲੁ ਪਛਾਨੁ ॥
ਗੁਰੂ ਦੀ ਸਰਨ ਪੈ ਕੇ ਤੂੰ ਆਪਣੇ ਅੰਦਰ ਪ੍ਰਭੂ ਦਾ ਟਿਕਾਣਾ ਪਛਾਣ।
ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥੧॥
ਗੁਰੂ ਦੇ ਸਨਮੁਖ ਰਹਿ ਕੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, (ਇਹ ਤੇਰੇ ਜੀਵਨ-ਸਫ਼ਰ ਲਈ) ਰਾਹਦਾਰੀ ਹੈ ॥੧॥
ਐਸੇ ਪ੍ਰੇਮ ਭਗਤਿ ਵੀਚਾਰੀ ॥
ਇਸ ਤਰ੍ਹਾਂ ਪ੍ਰਭੂ-ਚਰਨਾਂ ਨਾਲ ਪ੍ਰੇਮ ਅਤੇ ਪਰਮਾਤਮਾ ਦੀ ਭਗਤੀ ਕਰ ਕੇ ਉਹ ਉੱਚੀ ਵਿਚਾਰ ਦਾ ਮਾਲਕ ਬਣ ਜਾਂਦਾ ਹੈ।
ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੧॥ ਰਹਾਉ ॥
ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥
(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ) ਦਿਨ ਰਾਤ ਆਪਣੇ ਹਿਰਦੇ-ਥਾਂ ਵਿਚ ਪਰਮਾਤਮਾ ਦਾ ਪਵਿਤ੍ਰ ਸ੍ਰੇਸ਼ਟ ਡੇਰਾ ਬਣਾਈ ਰੱਖਦਾ ਹੈ,
ਤੀਨ ਭਵਨ ਨਿਹਕੇਵਲ ਗਿਆਨੁ ॥
ਤਿੰਨਾਂ ਭਵਨਾਂ ਵਿਚ ਵਿਆਪਕ ਤੇ ਵਾਸ਼ਨਾ-ਰਹਿਤ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਪੈ ਜਾਂਦੀ ਹੈ।
ਸਾਚੇ ਗੁਰ ਤੇ ਹੁਕਮੁ ਪਛਾਨੁ ॥੨॥
(ਤੂੰ ਭੀ) ਅਭੁੱਲ ਗੁਰੂ ਤੋਂ (ਭਾਵ, ਸਰਨ ਪੈ ਕੇ) ਪਰਮਾਤਮਾ ਦੀ ਰਜ਼ਾ ਨੂੰ ਸਮਝ ॥੨॥
ਸਾਚਾ ਹਰਖੁ ਨਾਹੀ ਤਿਸੁ ਸੋਗੁ ॥
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ) ਅੰਦਰ ਟਿਕਵਾਂ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ;
ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥
ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਸ੍ਰੇਸ਼ਟ ਰਸ ਵਾਲਾ ਨਾਮ ਤੇ ਪਰਮਾਤਮਾ ਨਾਲ ਡੂੰਘੀ ਸਾਂਝ ਉਸ ਮਨੁੱਖ ਦਾ ਆਤਮਕ ਭੋਜਨ ਬਣ ਜਾਂਦਾ ਹੈ।
ਪੰਚ ਸਮਾਈ ਸੁਖੀ ਸਭੁ ਲੋਗੁ ॥੩॥
(ਜੇ ਗੁਰੂ ਦੀ ਸਰਨ ਪੈ ਕੇ) ਜਗਤ ਕਾਮਾਦਿਕ ਪੰਜਾਂ ਨੂੰ ਮੁਕਾ ਦੇਵੇ ਤਾਂ ਸਾਰਾ ਜਗਤ ਹੀ ਸੁਖੀ ਹੋ ਜਾਏ ॥੩॥
ਸਗਲੀ ਜੋਤਿ ਤੇਰਾ ਸਭੁ ਕੋਈ ॥
(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਉਂ ਅਰਦਾਸ ਕਰਦਾ ਹੈ: ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਵਿਚ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ ਹੈ), ਤੇ ਹਰੇਕ ਜੀਵ ਤੇਰਾ ਹੀ ਪੈਦਾ ਕੀਤਾ ਹੋਇਆ ਹੈ।
ਆਪੇ ਜੋੜਿ ਵਿਛੋੜੇ ਸੋਈ ॥
ਪਰਮਾਤਮਾ ਆਪ ਹੀ ਜੀਵਾਂ ਦੇ ਸੰਜੋਗ ਬਣਾਂਦਾ ਹੈ, ਤੇ ਆਪ ਹੀ ਫਿਰ ਵਿਛੋੜਾ ਪਾ ਦੇਂਦਾ ਹੈ।
ਆਪੇ ਕਰਤਾ ਕਰੇ ਸੁ ਹੋਈ ॥੪॥
ਜੋ ਕੁਝ ਕਰਤਾਰ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ ॥੪॥
ਢਾਹਿ ਉਸਾਰੇ ਹੁਕਮਿ ਸਮਾਵੈ ॥
ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਢਾਹ ਕੇ ਆਪ ਹੀ ਮੁੜ ਉਸਾਰਦਾ ਹੈ, ਉਸ ਦੇ ਹੁਕਮ ਅਨੁਸਾਰ ਹੀ ਜਗਤ ਮੁੜ ਉਸ ਵਿਚ ਲੀਨ ਹੋ ਜਾਂਦਾ ਹੈ।
ਹੁਕਮੋ ਵਰਤੈ ਜੋ ਤਿਸੁ ਭਾਵੈ ॥
ਜੋ ਉਸ ਨੂੰ ਚੰਗਾ ਲਗਦਾ ਹੈ ਉਸ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ।
ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥
ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਜੀਵ ਪੂਰਨ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ॥੫॥
ਬਾਲਕ ਬਿਰਧਿ ਨ ਸੁਰਤਿ ਪਰਾਨਿ ॥
ਜਿਸ ਪ੍ਰਾਣੀ ਦੀ ਸੁਰਤ ਬਚਪਨ ਜਾਂ ਬੁਢੇਪੇ ਵਿੱਚ (ਤੇ ਨਾਹ ਹੀ ਜਵਾਨੀ ਸਮੇ) ਕਦੇ ਭੀ ਪਰਮਾਤਮਾ ਵਿਚ ਨਹੀਂ ਜੁੜਦੀ,
ਭਰਿ ਜੋਬਨਿ ਬੂਡੈ ਅਭਿਮਾਨਿ ॥
(ਸਗੋਂ) ਭਰ-ਜਵਾਨੀ ਵਿਚ ਉਹ (ਜਵਾਨੀ ਦੇ) ਅਹੰਕਾਰ ਵਿਚ ਡੁੱਬਾ ਰਹਿੰਦਾ ਹੈ,
ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥੬॥
ਉਹ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਆਖ਼ਰ (ਇਥੋਂ) ਕੀਹ ਖੱਟੇਗਾ? ॥੬॥
ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥
ਜਿਸ ਪਰਮਾਤਮਾ ਦਾ ਦਿੱਤਾ ਅੰਨ ਤੇ ਧਨ ਜੀਵ ਵਰਤਦਾ ਰਹਿੰਦਾ ਹੈ, ਜੇ ਅਡੋਲ ਅਵਸਥਾ ਵਿਚ ਟਿਕ ਕੇ ਉਸ ਨਾਲ ਕਦੇ ਭੀ ਸਾਂਝ ਭੀ ਨਹੀਂ ਪਾਂਦਾ,
ਭਰਮਿ ਭੁਲਾਨਾ ਫਿਰਿ ਪਛੁਤਾਨਾ ॥
ਤੇ ਮਾਇਆ ਦੀ ਭਟਕਣਾ ਵਿਚ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਤਾਂ ਆਖ਼ਰ ਪਛਤਾਂਦਾ ਹੈ।
ਗਲਿ ਫਾਹੀ ਬਉਰਾ ਬਉਰਾਨਾ ॥੭॥
ਉਸ ਦੇ ਗਲ ਵਿਚ ਮੋਹ ਦੀ ਫਾਹੀ ਪਈ ਰਹਿੰਦੀ ਹੈ, ਮੋਹ ਵਿਚ ਹੀ ਉਹ ਸਦਾ ਝੱਲਾ ਹੋਇਆ ਫਿਰਦਾ ਹੈ ॥੭॥
ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥
ਉਹ ਜਗਤ ਨੂੰ (ਮੋਹ ਵਿਚ) ਡੁੱਬਦਾ ਵੇਖ ਕੇ (ਮੋਹ ਤੋਂ) ਡਰ ਕੇ ਭੱਜ ਜਾਂਦੇ ਹਨ,
ਸਤਿਗੁਰਿ ਰਾਖੇ ਸੇ ਵਡਭਾਗੇ ॥
ਉਹ ਬੜੇ ਭਾਗਾਂ ਵਾਲੇ ਹਨ ਤੇ ਸਤਿਗੁਰੂ ਨੇ ਉਹਨਾਂ ਨੂੰ (ਮੋਹ ਦੀ ਕੈਦ ਤੋਂ) ਬਚਾ ਲਿਆ ਹੈ,
ਨਾਨਕ ਗੁਰ ਕੀ ਚਰਣੀ ਲਾਗੇ ॥੮॥੬॥
ਜੇਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ (ਸ਼ਰਨ ਪੈਂਦੇ) ਹਨ, ਹੇ ਨਾਨਕ! ॥੮॥੬॥
ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਗਾਵਹਿ ਗੀਤੇ ਚੀਤਿ ਅਨੀਤੇ ॥
ਜੇਹੜੇ ਮਨੁੱਖ (ਦੂਜਿਆਂ ਨੂੰ ਹੀ ਸੁਣਾਣ ਵਾਸਤੇ ਭਗਤੀ ਦੇ) ਗੀਤ ਗਾਂਦੇ ਹਨ, ਪਰ ਉਹਨਾਂ ਦੇ ਚਿੱਤ ਵਿਚ ਮੰਦੇ ਖ਼ਿਆਲ (ਮੌਜੂਦ) ਹਨ;
ਰਾਗ ਸੁਣਾਇ ਕਹਾਵਹਿ ਬੀਤੇ ॥
ਜੇਹੜੇ (ਹੋਰਨਾਂ ਨੂੰ) ਰਾਗ (ਦ੍ਵੈਖ ਤੋਂ ਬਚਣ ਦੀਆਂ ਗੱਲਾਂ) ਸੁਣਾ ਕੇ ਅਖਵਾਂਦੇ ਹਨ ਕਿ ਅਸੀਂ ਰਾਗ ਦ੍ਵੈਖ ਤੋਂ ਬਚੇ ਹੋਏ ਹਾਂ,
ਬਿਨੁ ਨਾਵੈ ਮਨਿ ਝੂਠੁ ਅਨੀਤੇ ॥੧॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਝੂਠ (ਵੱਸਦਾ) ਹੈ, ਉਹਨਾਂ ਦੇ ਮਨ ਵਿਚ ਕੁਕਰਮ (ਟਿਕੇ ਹੋਏ) ਹਨ ॥੧॥
ਕਹਾ ਚਲਹੁ ਮਨ ਰਹਹੁ ਘਰੇ ॥
(ਹੋਰਨਾਂ ਨੂੰ ਮੱਤਾਂ ਦੇਣ ਵਾਲੇ) ਹੇ ਮਨ! ਤੂੰ (ਕੁਕਰਮਾਂ ਵਿਚ) ਕਿਉਂ ਭਟਕ ਰਿਹਾ ਹੈਂ? ਆਪਣੇ ਅੰਦਰ ਹੀ ਟਿਕਿਆ ਰਹੁ।
ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਵਿਕਾਰਾਂ ਵਲੋਂ) ਹਟ ਜਾਂਦੇ ਹਨ। ਹੇ ਮਨ! ਤੂੰ ਭੀ ਗੁਰੂ ਦੀ ਰਾਹੀਂ ਭਾਲ ਕਰ ਕੇ ਸਹਜ ਅਵਸਥਾ ਵਿਚ ਟਿਕ ਕੇ ਪਰਮਾਤਮਾ ਨੂੰ ਲੱਭ ਲਏਂਗਾ ॥੧॥ ਰਹਾਉ ॥
ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥
ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਕਾਮ ਹੈ ਕ੍ਰੋਧ ਹੈ ਮੋਹ ਹੈ,
ਲਬੁ ਲੋਭੁ ਅਹੰਕਾਰੁ ਸੁ ਪੀਰਾ ॥
ਜਿਸ ਦੇ ਅੰਦਰ ਲੱਬ ਹੈ ਲੋਭ ਹੈ ਅਹੰਕਾਰ ਹੈ, (ਜਿਸ ਦੇ ਅੰਦਰ ਇਹਨਾਂ ਵਿਕਾਰਾਂ ਦਾ) ਕਲੇਸ਼ ਹੈ,
ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥੨॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਸ ਦਾ ਮਨ (ਇਹਨਾਂ ਦਾ ਟਾਕਰਾ ਕਰਨ ਦਾ) ਕਿਵੇਂ ਹੌਸਲਾ ਕਰ ਸਕਦਾ ਹੈ? ॥੨॥
ਅੰਤਰਿ ਨਾਵਣੁ ਸਾਚੁ ਪਛਾਣੈ ॥
ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਉਹ ਆਪਣੇ ਆਤਮਾ ਵਿਚ (ਤੀਰਥ-) ਇਸ਼ਨਾਨ ਕਰ ਰਿਹਾ ਹੈ,
ਅੰਤਰ ਕੀ ਗਤਿ ਗੁਰਮੁਖਿ ਜਾਣੈ ॥
ਐਸਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੀ ਅੰਦਰਲੀ ਆਤਮਕ ਹਾਲਤ ਸਮਝ ਲੈਂਦਾ ਹੈ।
ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥੩॥
(ਪਰ ਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਟਿਕਾਣਾ ਕੋਈ ਮਨੁੱਖ ਨਹੀਂ ਪਛਾਣ ਸਕਦਾ ॥੩॥
ਨਿਰੰਕਾਰ ਮਹਿ ਆਕਾਰੁ ਸਮਾਵੈ ॥
ਜੇਹੜਾ ਮਨੁੱਖ ਦਿੱਸਦੇ ਸੰਸਾਰ ਨੂੰ ਅਦ੍ਰਿਸ਼ਟ ਪ੍ਰਭੂ ਵਿਚ ਲੀਨ ਕਰ ਲੈਂਦਾ ਹੈ (ਭਾਵ, ਆਪਣੀ ਬ੍ਰਿਤੀ ਨੂੰ ਬਾਹਰ ਵਲੋਂ ਰੋਕ ਕੇ ਅੰਦਰ ਲੈ ਆਉਂਦਾ ਹੈ;)
ਅਕਲ ਕਲਾ ਸਚੁ ਸਾਚਿ ਟਿਕਾਵੈ ॥
ਜਿਸ ਪ੍ਰਭੂ ਦੀ ਸੱਤਿਆ-ਗਿਣਤੀ ਮਿਣਤੀ ਤੋਂ ਪਰੇ ਹੈ ਉਸ ਸਦਾ-ਥਿਰ ਪ੍ਰਭੂ ਨੂੰ ਜੇਹੜਾ ਮਨੁੱਖ ਸਿਮਰਨ ਦੀ ਰਾਹੀਂ ਆਪਣੇ ਹਿਰਦੇ ਵਿਚ ਟਿਕਾਂਦਾ ਹੈ,
ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੪॥
ਜਹਾਂ ਨਾਮੁ ਮਿਲੈ ਤਹ ਜਾਉ ॥
(ਇਸ ਵਾਸਤੇ ਮੇਰੀ ਇਹ ਅਰਦਾਸ ਹੈ ਕਿ) ਜਿਥੋਂ (ਗੁਰ-ਸੰਗਤਿ ਵਿਚੋਂ) ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਮੈਂ ਉਥੇ ਹੀ ਜਾਵਾਂ,
ਗੁਰਪਰਸਾਦੀ ਕਰਮ ਕਮਾਉ ॥
ਗੁਰੂ ਦੀ ਕਿਰਪਾ ਨਾਲ ਮੈਂ ਉਹੀ ਕੰਮ ਕਰਾਂ (ਜਿਨ੍ਹਾਂ ਕਰਕੇ ਮੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋਵੇ),
ਨਾਮੇ ਰਾਤਾ ਹਰਿ ਗੁਣ ਗਾਉ ॥੫॥
ਤੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਮੈਂ ਪਰਮਾਤਮਾ ਦਾ ਗੁਣ ਗਾਂਦਾ ਰਹਾਂ ॥੫॥
ਗੁਰ ਸੇਵਾ ਤੇ ਆਪੁ ਪਛਾਤਾ ॥
ਗੁਰੂ ਦੀ ਦੱਸੀ ਹੋਈ ਸੇਵਾ ਦੀ ਰਾਹੀਂ ਜਿਸ ਮਨੁੱਖ ਨੇ ਆਪਣਾ ਅੰਦਰਲਾ ਆਤਮਕ ਜੀਵਨ ਪਛਾਣ ਲਿਆ,
ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥
ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਆਤਮਕ ਆਨੰਦ ਦੇਣ ਵਾਲਾ ਹਰੀ-ਨਾਮ ਵੱਸ ਪਿਆ (ਸਮਝੋ)।
ਅਨਦਿਨੁ ਬਾਣੀ ਨਾਮੇ ਰਾਤਾ ॥੬॥
ਉਹ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹਰ ਰੋਜ਼ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੬॥
ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥
(ਪਰ ਇਹ ਖੇਡ ਜੀਵ ਦੇ ਵੱਸ ਦੀ ਨਹੀਂ) ਜਦੋਂ ਪਿਆਰਾ ਪ੍ਰਭੂ ਕਿਸੇ ਜੀਵ ਨੂੰ ਆਪਣੇ ਨਾਮ ਵਿਚ ਲਗਾਂਦਾ ਹੈ ਤਦੋਂ ਹੀ ਕੋਈ ਲੱਗਦਾ ਹੈ,
ਹਉਮੈ ਮਾਰੇ ਸਬਦੇ ਜਾਗੈ ॥
ਤਦੋਂ ਹੀ ਗੁਰ-ਸ਼ਬਦ ਦੀ ਰਾਹੀਂ ਉਹ ਹਉਮੈ ਨੂੰ ਮਾਰ ਕੇ (ਇਸ ਵਲੋਂ ਸਦਾ) ਸੁਚੇਤ ਰਹਿੰਦਾ ਹੈ।
ਐਥੈ ਓਥੈ ਸਦਾ ਸੁਖੁ ਆਗੈ ॥੭॥
ਫਿਰ ਲੋਕ ਪਰਲੋਕ ਵਿਚ ਸਦਾ ਆਤਮਕ ਆਨੰਦ ਉਸ ਦੇ ਸਾਹਮਣੇ ਮੌਜੂਦ ਰਹਿੰਦਾ ਹੈ ॥੭॥
ਮਨੁ ਚੰਚਲੁ ਬਿਧਿ ਨਾਹੀ ਜਾਣੈ ॥
ਪਰ ਚੰਚਲ ਮਨ (ਹਉਮੈ ਨੂੰ ਮਾਰਨ ਦਾ) ਤਰੀਕਾ ਨਹੀਂ ਜਾਣ ਸਕਦਾ,
ਮਨਮੁਖਿ ਮੈਲਾ ਸਬਦੁ ਨ ਪਛਾਣੈ ॥
ਕਿਉਂਕਿ ਮਨਮੁਖਿ ਦਾ ਮਨ (ਵਿਕਾਰਾਂ ਨਾਲ ਸਦਾ) ਮੈਲਾ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾ ਸਕਦਾ।
ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਹੁੰਦਾ ਹੈ ॥੮॥
ਹਰਿ ਜੀਉ ਆਗੈ ਕਰੀ ਅਰਦਾਸਿ ॥
ਮੈਂ ਪ੍ਰਭੂ ਜੀ ਅੱਗੇ ਇਹ ਅਰਦਾਸਿ ਕਰਦਾ ਹਾਂ ਕਿ,
ਸਾਧੂ ਜਨ ਸੰਗਤਿ ਹੋਇ ਨਿਵਾਸੁ ॥
ਗੁਰਮੁਖਾਂ ਦੀ ਸੰਗਤਿ ਵਿਚ ਮੇਰਾ ਨਿਵਾਸ ਬਣਿਆ ਰਹੇ,
ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥
ਤੇ ਮੇਰੇ ਅੰਦਰ ਪਰਮਾਤਮਾ ਦਾ ਨਾਮ ਚਮਕ ਪਏ, ਤੇ ਉਹ ਨਾਮ ਮੇਰੇ ਪਾਪ ਕਲੇਸ਼ ਕੱਟ ਦੇਵੇ ॥੯॥
ਕਰਿ ਬੀਚਾਰੁ ਆਚਾਰੁ ਪਰਾਤਾ ॥
ਜਿਹੜਾ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚੰਗਾ ਆਚਰਨ ਬਣਾਣਾ ਸਮਝ ਲੈਂਦਾ ਹੈ,
ਸਤਿਗੁਰ ਬਚਨੀ ਏਕੋ ਜਾਤਾ ॥
ਤੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ,
ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥
ਉਸ ਦਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਨਾਨਕ! ॥੧੦॥੭॥
ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਮਨੁ ਮੈਗਲੁ ਸਾਕਤੁ ਦੇਵਾਨਾ ॥
ਗੁਰ-ਸ਼ਬਦ ਤੋਂ ਖੁੰਝ ਕੇ (ਮਾਇਆ-ਵੇੜ੍ਹਿਆ) ਮਨ ਪਾਗਲ ਹਾਥੀ (ਸਮਾਨ) ਹੈ,
ਬਨ ਖੰਡਿ ਮਾਇਆ ਮੋਹਿ ਹੈਰਾਨਾ ॥
ਤੇ ਮਾਇਆ ਦੇ ਮੋਹ ਦੇ ਕਾਰਨ (ਸੰਸਾਰ-) ਜੰਗਲ ਵਿਚ ਭਟਕਦਾ ਫਿਰਦਾ ਹੈ।
ਇਤ ਉਤ ਜਾਹਿ ਕਾਲ ਕੇ ਚਾਪੇ ॥
(ਮਾਇਆ ਦੇ ਮੋਹ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਦਬਾ ਲੈਂਦੀ ਹੈ ਉਹ ਇਧਰ ਉਧਰ ਭਟਕਦੇ ਫਿਰਦੇ ਹਨ।
ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥
ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਭਾਲ ਕੇ ਆਪਣੇ ਅੰਦਰ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ (ਤੇ ਭਟਕਣਾ ਵਿਚ ਨਹੀਂ ਪੈਂਦਾ) ॥੧॥
ਬਿਨੁ ਗੁਰਸਬਦੈ ਮਨੁ ਨਹੀ ਠਉਰਾ ॥
ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਮਨ ਇਕ ਥਾਂ ਟਿਕਿਆ ਨਹੀਂ ਰਹਿ ਸਕਦਾ।
ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥੧॥ ਰਹਾਉ ॥
(ਇਸ ਮਨ ਨੂੰ ਟਿਕਾਣ ਵਾਸਤੇ ਗੁਰ-ਸ਼ਬਦ ਦੀ ਰਾਹੀਂ) ਪਰਮਾਤਮਾ ਦਾ ਨਾਮ ਸਿਮਰੋ ਜੋ ਬਹੁਤ ਹੀ ਪਵਿਤ੍ਰ ਹੈ, ਅਤੇ ਹੋਰ ਰਸ ਛੱਡੋ ਜੋ ਕੌੜੇ ਭੀ ਹਨ ਤੇ ਹਉਮੈ ਨੂੰ ਵਧਾਂਦੇ ਹਨ ॥੧॥ ਰਹਾਉ ॥
ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਆਪਣੀ ਸੂਝ ਗਵਾ ਲੈਂਦਾ ਹੈ, ਫਿਰ ਦੱਸੋ, ਇਹ ਭਟਕਣੋਂ ਕਿਵੇਂ ਰਹਿ ਸਕਦਾ ਹੈ?
ਬਿਨੁ ਸਮਝੇ ਜਮ ਕਾ ਦੁਖੁ ਸਹਸੀ ॥
ਆਪਣੇ ਅਸਲੇ ਦੀ ਸੂਝ ਤੋ ਬਿਨਾ ਇਹ ਮਨ ਆਤਮਕ ਮੌਤ ਦਾ ਦੁੱਖ ਸਹਾਰੇਗਾ ਹੀ।
ਆਪੇ ਬਖਸੇ ਸਤਿਗੁਰੁ ਮੇਲੈ ॥
ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ,
ਕਾਲੁ ਕੰਟਕੁ ਮਾਰੇ ਸਚੁ ਪੇਲੈ ॥੨॥
ਉਹ ਦੁਖਦਾਈ ਆਤਮਕ ਮੌਤ ਨੂੰ ਸਹਾਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਉਸ ਨੂੰ ਆਤਮਕ ਜੀਵਨ ਵਲ) ਪ੍ਰੇਰਦਾ ਹੈ ॥੨॥
ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਹੋਰ ਹੋਰ ਧਾਰਮਿਕ ਰਸਮਾਂ ਰੀਵਾਜ ਕਰਦਾ ਫਿਰਦਾ ਹੈ,
ਇਹੁ ਮਨੁ ਪੰਚ ਤਤੁ ਤੇ ਜਨਮਾ ॥
ਤੇ ਇਹ ਮਨ ਪੰਜਾਂ ਤੱਤਾਂ ਤੋਂ ਜੰਮਿਆ ਹੋਇਆ ਹੈ (ਭਾਵ, ਜਨਮ ਮਰਨ ਦੇ ਗੇੜ ਵਿਚ ਲਈ ਫਿਰਦਾ ਹੈ)।
ਸਾਕਤੁ ਲੋਭੀ ਇਹੁ ਮਨੁ ਮੂੜਾ ॥
ਮਾਇਆ-ਵੇੜ੍ਹਿਆ ਇਹ ਮਨ ਲਾਲਚੀ ਬਣ ਜਾਂਦਾ ਹੈ, ਮੂਰਖ ਹੋ ਜਾਂਦਾ ਹੈ।
ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥੩॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਸ ਦਾ ਮਨ ਸੁੰਦਰ (ਘਾੜਤ ਵਾਲਾ ਬਣ ਜਾਂਦਾ) ਹੈ ॥੩॥
ਗੁਰਮੁਖਿ ਮਨੁ ਅਸਥਾਨੇ ਸੋਈ ॥
ਗੁਰੂ ਦੇ ਸਨਮੁਖ ਹੋਏ ਮਨੁੱਖ ਦਾ ਮਨ ਪਰਮਾਤਮਾ ਨੂੰ (ਆਪਣੇ ਅੰਦਰ) ਥਾਂ ਦੇਂਦਾ ਹੈ,
ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥
ਉਸ ਨੂੰ ਉਸ ਪ੍ਰਭੂ ਦੀ ਸੂਝ ਹੋ ਜਾਂਦੀ ਹੈ ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ।
ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਜੋਗ-ਸਾਧਨ ਕਰਦਾ ਹੈ ਕਦੇ ਮਾਇਆ ਦੇ ਭੋਗ ਭੋਗਦਾ ਹੈ ਕਦੇ ਤਪਾਂ ਨਾਲ ਸਰੀਰ ਨੂੰ ਕਸ਼ਟ ਦੇਂਦਾ ਹੈ (ਪਰ ਆਤਮਕ ਆਨੰਦ ਉਸ ਨੂੰ ਕਿਤੇ ਨਹੀਂ ਲੱਭਦਾ)।
ਗੁਰਮੁਖਿ ਚੀਨ੍ਰੈ ਹਰਿ ਪ੍ਰਭੁ ਆਪੈ ॥੪॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਹਰੀ ਪਰਮਾਤਮਾ ਨੂੰ ਆਪਣੇ ਅੰਦਰ ਖੋਜ ਲੈਂਦਾ ਹੈ ॥੪॥
ਮਨੁ ਬੈਰਾਗੀ ਹਉਮੈ ਤਿਆਗੀ ॥
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ (ਆਪਣੇ ਵਲੋਂ) ਹਉਮੈ ਤਿਆਗ ਕੇ (ਦੁਨੀਆ ਛੱਡ ਕੇ) ਵੈਰਾਗਵਾਨ ਬਣ ਜਾਂਦਾ ਹੈ,
ਘਟਿ ਘਟਿ ਮਨਸਾ ਦੁਬਿਧਾ ਲਾਗੀ ॥
ਕਦੇ ਹਰੇਕ ਸਰੀਰ ਵਿਚ (ਮਾਇਆ-ਵੇੜ੍ਹੇ ਮਨ ਨੂੰ) ਮਾਇਕ ਫੁਰਨਾ ਤੇ ਦੁਬਿਧਾ ਆ ਚੰਬੜਦੇ ਹਨ।
ਰਾਮ ਰਸਾਇਣੁ ਗੁਰਮੁਖਿ ਚਾਖੈ ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਰਸਾਂ ਦਾ ਘਰ ਨਾਮ-ਰਸ ਚੱਖਦਾ ਹੈ,
ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥੫॥
ਉਸ ਨੂੰ ਅੰਦਰ ਬਾਹਰ ਮਹਲ ਦਾ ਮਾਲਕ-ਪ੍ਰਭੂ (ਦਿੱਸਦਾ ਹੈ) ਜੋ (ਮਾਇਆ ਦੇ ਮੋਹ ਤੋਂ ਬਚਾ ਕੇ) ਉਸ ਦੀ ਇੱਜ਼ਤ ਰੱਖਦਾ ਹੈ ॥੫॥
ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਰਣ-ਭੂਮੀ ਵਿਚ ਰਾਜਾ ਤੇ ਸੂਰਮਾ ਬਣਿਆ ਪਿਆ ਹੈ।
ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥
ਪਰ ਜਦੋਂ ਇਹ ਮਨ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ ਤਾਂ (ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਜਾਂਦਾ ਹੈ,
ਮਾਰੇ ਪੰਚ ਅਪੁਨੈ ਵਸਿ ਕੀਏ ॥
ਕਾਮਾਦਿਕ ਪੰਜਾਂ (ਵੈਰੀਆਂ) ਨੂੰ ਮਾਰ ਦੇਂਦਾ ਹੈ, ਆਪਣੇ ਵੱਸ ਵਿਚ ਕਰ ਲੈਂਦਾ ਹੈ,
ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥੬॥
ਹਉਮੈ ਨੂੰ ਮੁਕਾ ਕੇ ਇਹਨਾਂ ਸਭਨਾਂ ਨੂੰ ਇਕੋ ਥਾਂ ਵਿਚ (ਕਾਬੂ) ਕਰ ਲੈਂਦਾ ਹੈ ॥੬॥
ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥
ਗੁਰੂ ਦੇ ਸਨਮੁਖ ਹੋਇਆ ਇਹ ਮਨ ਰਾਗ (ਦ੍ਵੈਖ) ਤੇ ਹੋਰ ਹੋਰ ਸੁਆਦ ਤਿਆਗ ਦੇਂਦਾ ਹੈ,
ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥
ਗੁਰੂ ਦੀ ਸਰਨ ਪੈ ਕੇ ਇਹ ਮਨ ਪਰਮਾਤਮਾ ਦੀ ਭਗਤੀ ਵਿਚ ਜੁੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਜਾਂਦਾ ਹੈ।
ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ, ਉਹ (ਅੰਦਰਲੇ ਆਤਮਕ ਖੇੜੇ ਦੇ) ਇਕ-ਰਸ (ਹੋ ਰਹੇ ਗੀਤ) ਨੂੰ ਸੁਣ ਸੁਣ ਕੇ (ਉਸ ਵਿਚ) ਗਿੱਝ ਜਾਂਦਾ ਹੈ,
ਆਤਮੁ ਚੀਨਿ੍ ਭਏ ਨਿਰੰਕਾਰੀ ॥੭॥
ਆਪਣੇ ਆਪੇ ਨੂੰ ਖੋਜ ਕੇ ਪਰਮਾਤਮਾ ਰੂਪ ਹੋ ਜਾਂਦਾ ਹੈ ॥੭॥
ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥
(ਜਦੋਂ) ਇਹ ਮਨ (ਗੁਰੂ ਦੇ ਸਨਮੁਖ ਹੁੰਦਾ ਹੈ ਤਦੋਂ) ਪਵਿਤ੍ਰ ਹੋ ਜਾਂਦਾ ਹੈ, ਇਸ ਨੂੰ ਅੰਦਰ ਬਾਹਰ ਉਹ ਪਰਮਾਤਮਾ ਹੀ ਦਿੱਸਦਾ ਹੈ।
ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥
ਗੁਰੂ ਦੇ ਸਨਮੁਖ ਹੋ ਕੇ (ਇਸ ਮਨ ਦੇ ਅੰਦਰ) ਭਗਤੀ ਦੀ ਲਗਨ ਲੱਗ ਪੈਂਦੀ ਹੈ, (ਇਸ ਦੇ ਅੰਦਰ ਪ੍ਰਭੂ ਦਾ) ਪਿਆਰ (ਜਾਗ ਪੈਂਦਾ ਹੈ),
ਅਹਿਨਿਸਿ ਹਰਿ ਜਸੁ ਗੁਰਪਰਸਾਦਿ ॥
ਗੁਰੂ ਦੀ ਕ੍ਰਿਪਾ ਨਾਲ ਇਹ ਮਨ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ।
ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ ॥੮॥
ਜੋ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਜੋ ਪਰਮਾਤਮਾ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਉਹ ਇਸ ਮਨ ਨੂੰ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ ॥੮॥
ਰਾਮ ਰਸਾਇਣਿ ਇਹੁ ਮਨੁ ਮਾਤਾ ॥
ਗੁਰੂ ਦੇ ਸਨਮੁਖ ਹੋ ਕੇ ਇਹ ਮਨ ਰਸਾਂ ਦੇ ਘਰ ਨਾਮ-ਰਸ ਵਿਚ ਮਸਤ ਹੋ ਜਾਂਦਾ ਹੈ,
ਸਰਬ ਰਸਾਇਣੁ ਗੁਰਮੁਖਿ ਜਾਤਾ ॥
ਗੁਰੂ ਦੇ ਸਨਮੁਖ ਹੋਇਆ ਇਹ ਮਨ ਸਭ ਰਸਾਂ ਦੇ ਸੋਮੇ ਪ੍ਰਭੂ ਨੂੰ ਪਛਾਣ ਲੈਂਦਾ ਹੈ।
ਭਗਤਿ ਹੇਤੁ ਗੁਰ ਚਰਣ ਨਿਵਾਸਾ ॥
ਜਦੋਂ ਗੁਰੂ ਦੇ ਚਰਨਾਂ ਵਿਚ (ਇਸ ਮਨ ਦਾ) ਨਿਵਾਸ ਹੁੰਦਾ ਹੈ ਤਾਂ (ਇਸ ਦੇ ਅੰਦਰ ਪਰਮਾਤਮਾ ਦੀ) ਭਗਤੀ ਦਾ ਪ੍ਰੇਮ (ਜਾਗ ਪੈਂਦਾ ਹੈ)।
ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥੯॥੮॥
ਹੇ ਨਾਨਕ! ਤਦੋਂ ਇਹ ਮਨ ਗੁਰਮੁਖਾਂ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ॥੯॥੮॥
ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਤਨੁ ਬਿਨਸੈ ਧਨੁ ਕਾ ਕੋ ਕਹੀਐ ॥
ਜਦੋਂ ਮਨੁੱਖ ਦਾ ਸਰੀਰ ਬਿਨਸ ਜਾਂਦਾ ਹੈ ਤਦੋਂ (ਉਸ ਦਾ ਕਮਾਇਆ ਹੋਇਆ) ਧਨ ਉਸ ਦਾ ਨਹੀਂ ਕਿਹਾ ਜਾ ਸਕਦਾ (ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਮਨੁੱਖਾ ਸਰੀਰ ਦੇ ਨਾਸ ਹੋਣ ਪਿਛੋਂ ਭੀ ਆਪਣੇ ਨਾਲ ਲੈ ਜਾ ਸਕਦਾ ਹੈ, ਪਰ),
ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥
ਪਰਮਾਤਮਾ ਦਾ ਨਾਮ-ਧਨ ਗੁਰੂ ਤੋਂ ਬਿਨਾ ਕਿਸੇ ਹੋਰ ਪਾਸੋਂ ਨਹੀਂ ਮਿਲ ਸਕਦਾ।
ਰਾਮ ਨਾਮ ਧਨੁ ਸੰਗਿ ਸਖਾਈ ॥
ਪਰਮਾਤਮਾ ਦਾ ਨਾਮ-ਧਨ ਹੀ ਮਨੁੱਖ ਦੇ ਨਾਲ ਅਸਲ ਸਾਥੀ ਹੈ।
ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥
ਜੇਹੜਾ ਮਨੁੱਖ ਦਿਨ ਰਾਤ ਆਪਣੀ ਸੁਰਤਿ ਪ੍ਰਭੂ (-ਚਰਨਾਂ) ਵਿਚ ਜੋੜਦਾ ਹੈ ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ ॥੧॥
ਰਾਮ ਨਾਮ ਬਿਨੁ ਕਵਨੁ ਹਮਾਰਾ ॥
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ (ਜੀਵਾਂ ਦਾ) ਹੋਰ ਕੇਹੜਾ (ਸਦੀਵੀ ਮਿੱਤਰ) ਹੋ ਸਕਦਾ ਹੈ?
ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥
(ਸੁਖ ਤੇ ਦੁਖ ਉਸੇ ਪ੍ਰਭੂ ਦੀ ਰਜ਼ਾ ਵਿਚ ਆਉਂਦੇ ਹਨ, ਇਸ ਵਾਸਤੇ) ਸੁਖ ਤੇ ਦੁਖ ਨੂੰ ਇਕੋ ਜਿਹਾ (ਉਸ ਦੀ ਰਜ਼ਾ ਸਮਝ ਕੇ) ਮੈਂ (ਕਦੇ) ਉਸ ਦਾ ਨਾਮ ਨਹੀਂ ਛੱਡਾਂਗਾ। (ਮੈਨੂੰ ਨਿਸਚਾ ਹੈ ਕਿ) ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜਨ ਵਾਲਾ ਹੈ ॥੧॥ ਰਹਾਉ ॥
ਕਨਿਕ ਕਾਮਨੀ ਹੇਤੁ ਗਵਾਰਾ ॥
ਉਹ ਮੂਰਖ ਹਨ ਜੋ ਸੋਨੇ ਤੇ ਇਸਤ੍ਰੀ ਨਾਲ ਹੀ ਮੋਹ ਵਧਾ ਰਹੇ ਹਨ,
ਦੁਬਿਧਾ ਲਾਗੇ ਨਾਮੁ ਵਿਸਾਰਾ ॥
ਤੇ ਪਰਮਾਤਮਾ ਦਾ ਨਾਮ ਭੁਲਾ ਕੇ ਭਟਕਣਾ ਵਿਚ ਪਏ ਹੋਏ ਹਨ।
ਜਿਸੁ ਤੂੰ ਬਖਸਹਿ ਨਾਮੁ ਜਪਾਇ ॥
ਜਿਸ ਜੀਵ ਨੂੰ ਤੂੰ ਆਪਣਾ ਨਾਮ ਜਪਾ ਕੇ (ਨਾਮ ਦੀ ਦਾਤਿ) ਬਖ਼ਸ਼ਦਾ ਹੈਂ, ਉਹ ਤੇਰੇ ਗੁਣ ਗਾਂਦਾ ਹੈ,
ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥
ਤੇ ਜਮਦੂਤ ਉਸ ਦੇ ਨੇੜੇ ਨਹੀਂ ਢੁਕ ਸਕਦਾ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ (‘ਕਨਿਕ ਕਾਮਨੀ ਹੇਤੁ’ ਉਸ ਦੇ ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ) ॥੨॥
ਹਰਿ ਗੁਰੁ ਦਾਤਾ ਰਾਮ ਗੁਪਾਲਾ ॥
ਹੇ ਰਾਮ! ਹੇ ਹਰੀ! ਹੇ ਗੁਪਾਲ! ਤੂੰ ਹੀ ਸਭ ਤੋਂ ਵੱਡਾ ਦਾਤਾ ਹੈਂ।
ਜਿਉ ਭਾਵੈ ਤਿਉ ਰਾਖੁ ਦਇਆਲਾ ॥
ਜਿਵੇਂ ਤੈਨੂੰ ਚੰਗਾ ਲਗੇ ਤਿਵੇਂ, ਹੇ ਦਇਆਲ! ਮੈਨੂੰ (‘ਕਨਿਕ ਕਾਮਨੀ ਹੇਤ’ ਤੋਂ) ਬਚਾ ਲੈ।
ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥
ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦਾ ਨਾਮ) ਮੇਰੇ ਮਨ ਵਿਚ ਪਿਆਰਾ ਲੱਗਾ ਹੈ,
ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥
ਮੇਰੇ (ਆਤਮਕ) ਰੋਗ ਮਿਟ ਗਏ ਹਨ (ਆਤਮਕ ਮੌਤ ਵਾਲਾ) ਦੁੱਖ ਮੈਂ ਰੋਕ ਲਿਆ ਹੈ ॥੩॥
ਅਵਰੁ ਨ ਅਉਖਧੁ ਤੰਤ ਨ ਮੰਤਾ ॥
(‘ਕਨਿਕ ਕਾਮਨੀ ਹੇਤ’ ਦੇ ਰੋਗ ਤੋਂ ਬਚਾਣ ਵਾਲਾ ਪ੍ਰਭੂ-ਨਾਮ ਤੋਂ ਬਿਨਾ) ਹੋਰ ਕੋਈ ਦਾਰੂ ਨਹੀਂ ਹੈ, ਕੋਈ ਮੰਤ੍ਰ ਨਹੀਂ ਹੈ।
ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥
ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।
ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥
ਹੇ ਪ੍ਰਭੂ! (ਅਸੀਂ ਜੀਵ ਕੀਹ ਕਰ ਸਕਦੇ ਹਾਂ?) ਤੂੰ ਆਪ ਸਾਡੇ ਮਨਾਂ ਤੋਂ (ਆਪਣਾ) ਨਾਮ ਭੁਲਾ ਕੇ ਸਾਨੂੰ ਕੁਰਾਹੇ ਪਾਂਦਾ ਹੈਂ,
ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥
ਤੇ ਤੂੰ ਆਪ ਹੀ ਮੇਹਰ ਕਰ ਕੇ ਸਾਨੂੰ ਵਿਕਾਰਾਂ ਤੋਂ ਬਚਾਂਦਾ ਹੈਂ ॥੪॥
ਰੋਗੁ ਭਰਮੁ ਭੇਦੁ ਮਨਿ ਦੂਜਾ ॥
ਉਹਨਾਂ ਨੂੰ ਇਹ ਰੋਗ ਹੈ, ਭਟਕਣਾ ਹੈ, ਪ੍ਰਭੂ ਨਾਲੋਂ ਵਿੱਥ ਹੈ, ਮੇਰ-ਤੇਰ ਹੈ,
ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ ॥
ਜੋ ਗੁਰੂ ਦੀ ਸਰਨ ਤੋਂ ਬਿਨਾ ਜੇਹੜੇ ਮਨੁੱਖ ਕੁਰਾਹੇ ਪੈ ਕੇ ਦੂਜਾ ਜਪ ਜਪਦੇ ਹਨ।
ਆਦਿ ਪੁਰਖ ਗੁਰ ਦਰਸ ਨ ਦੇਖਹਿ ॥
ਜੇਹੜੇ ਮਨੁੱਖ ਕਦੇ ਗੁਰੂ ਦਾ ਦਰਸ਼ਨ ਨਹੀਂ ਕਰਦੇ ਸਭ ਦੇ ਮੁੱਢ ਸਰਬ-ਵਿਆਪਕ ਦਾ ਦਰਸ਼ਨ ਨਹੀਂ ਕਰਦੇ,
ਵਿਣੁ ਗੁਰਸਬਦੈ ਜਨਮੁ ਕਿ ਲੇਖਹਿ ॥੫॥
ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਬਿਨਾ ਉਹਨਾਂ ਦਾ ਜਨਮ ਕਿਸੇ ਭੀ ਲੇਖੇ ਵਿਚ ਨਹੀਂ ਰਹਿ ਜਾਂਦਾ ॥੫॥
ਦੇਖਿ ਅਚਰਜੁ ਰਹੇ ਬਿਸਮਾਦਿ ॥
(ਹੇ ਪ੍ਰਭੂ!) ਤੈਨੂੰ ਅਚਰਜ-ਰੂਪ ਨੂੰ ਵੇਖ ਕੇ ਅਸੀਂ ਜੀਵ ਹੈਰਾਨ ਹੁੰਦੇ ਹਾਂ।
ਘਟਿ ਘਟਿ ਸੁਰ ਨਰ ਸਹਜ ਸਮਾਧਿ ॥
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਦੇਵਤਿਆਂ ਵਿਚ ਮਨੁੱਖਾਂ ਵਿਚ ਹਰੇਕ ਵਿਚ ਸੁਤੇ ਹੀ ਅਡੋਲ ਟਿਕਿਆ ਹੋਇਆ ਹੈਂ।
ਭਰਿਪੁਰਿ ਧਾਰਿ ਰਹੇ ਮਨ ਮਾਹੀ ॥
ਤੂੰ ਹਰੇਕ ਜੀਵ ਦੇ ਮਨ ਵਿਚ ਭਰਪੂਰ ਹੈਂ, ਤੇ ਹਰੇਕ ਨੂੰ ਸਹਾਰਾ ਦੇ ਰਿਹਾ ਹੈਂ।
ਤੁਮ ਸਮਸਰਿ ਅਵਰੁ ਕੋ ਨਾਹੀ ॥੬॥
ਤੇਰੇ ਬਰਾਬਰ ਹੋਰ ਕੋਈ ਨਹੀਂ ਹੈ ॥੬॥
ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥
ਪਰਮਾਤਮਾ ਉਹਨਾਂ ਸੰਤਾਂ ਭਗਤਾਂ ਦੀ ਸੰਗਤਿ ਵਿਚ ਮਿਲਦਾ ਹੈ ਜਿਨ੍ਹਾਂ ਦੇ ਮੂੰਹ ਵਿਚ (ਸਦਾ ਉਸ ਦਾ) ਨਾਮ ਟਿਕਿਆ ਰਹਿੰਦਾ ਹੈ।
ਸੰਤ ਭਗਤ ਕੀ ਸੰਗਤਿ ਰਾਮੁ ॥
ਉਹਨਾਂ ਸੰਤ ਜਨਾਂ ਦੇ ਹਿਰਦੇ ਵਿਚ ਉਸ ਪ੍ਰਭੂ ਦੀ ਭਗਤੀ ਵਾਸਤੇ ਪ੍ਰੇਮ ਹੈ ਖਿੱਚ ਹੈ।
ਬੰਧਨ ਤੋਰੇ ਸਹਜਿ ਧਿਆਨੁ ॥
ਅਡੋਲ ਅਵਸਥਾ ਵਿਚ (ਟਿਕ ਕੇ, ਪ੍ਰਭੂ ਦਾ) ਧਿਆਨ (ਧਰ ਕੇ ਸੰਤ ਜਨ ‘ਕਨਿਕ ਕਾਮਨੀ’ ਵਾਲੇ) ਬੰਧਨ ਤੋੜ ਲੈਂਦੇ ਹਨ।
ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਜਿਸ ਦੇ ਅੰਦਰ ਗੁਰੂ ਦਾ ਦਿੱਤਾ ਰੱਬੀ ਗਿਆਨ ਪਰਗਟ ਹੁੰਦਾ ਹੈ ਉਹ ਭੀ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੭॥
ਨਾ ਜਮਦੂਤ ਦੂਖੁ ਤਿਸੁ ਲਾਗੈ ॥
ਉਹ ਮਨੁੱਖ ਨੂੰ ਜਮਦੂਤਾਂ ਦਾ ਦੁੱਖ ਪੋਹ ਨਹੀਂ ਸਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ),
ਜੋ ਜਨੁ ਰਾਮ ਨਾਮਿ ਲਿਵ ਜਾਗੈ ॥
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਲਿਵ ਲਾ ਲਵੇ।
ਭਗਤਿ ਵਛਲੁ ਭਗਤਾ ਹਰਿ ਸੰਗਿ ॥
ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਆਪਣੇ ਭਗਤਾਂ ਦੇ ਅੰਗ-ਸੰਗ ਰਹਿੰਦਾ ਹੈ।
ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥
ਹੇ ਨਾਨਕ! ਪ੍ਰਭੂ ਦੇ ਭਗਤ ਪ੍ਰਭੂ ਦੇ ਪਿਆਰ-ਰੰਗ ਵਿਚ (ਰੰਗੀਜ ਕੇ, ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੮॥੯॥
ਆਸਾ ਮਹਲਾ ੧ ਇਕਤੁਕੀ ॥
ਗੁਰੁ ਸੇਵੇ ਸੋ ਠਾਕੁਰ ਜਾਨੈ ॥
ਜੇਹੜਾ ਮਨੁੱਖ ਗੁਰੂ ਦੇ ਦੱਸੇ ਅਨੁਸਾਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਜਾਣ ਲੈਂਦਾ ਹੈ,
ਦੂਖੁ ਮਿਟੈ ਸਚੁ ਸਬਦਿ ਪਛਾਨੈ ॥੧॥
ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਹਰ ਥਾਂ) ਪਛਾਣ ਲੈਂਦਾ ਹੈ, ਤੇ (ਇਸ ਤਰ੍ਹਾਂ ਉਸ ਦਾ ਮੋਹ ਦਾ) ਦੁੱਖ ਮਿਟ ਜਾਂਦਾ ਹੈ ॥੧॥
ਰਾਮੁ ਜਪਹੁ ਮੇਰੀ ਸਖੀ ਸਖੈਨੀ ॥
ਹੇ ਮੇਰੀ ਸਹੇਲੀਹੋ! (ਹੇ ਮੇਰੇ ਸਤਸੰਗੀਓ!) ਪਰਮਾਤਮਾ ਦਾ ਨਾਮ ਜਪੋ,
ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥
ਗੁਰੂ ਦੀ ਦੱਸੀ ਹੋਈ (ਇਹ) ਸੇਵਾ ਕਰ ਕੇ (ਭਾਵ, ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਦਾ ਭਜਨ ਕਰ ਕੇ) ਤੁਸੀ (ਹਰ ਥਾਂ) ਪਰਮਾਤਮਾ ਦਾ ਦਰਸ਼ਨ ਕਰੋਗੇ ॥੧॥ ਰਹਾਉ ॥
ਬੰਧਨ ਮਾਤ ਪਿਤਾ ਸੰਸਾਰਿ ॥
(ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ) ਸੰਸਾਰ ਵਿਚ ਮਾਂ, ਪਿਉ, ਬੰਧਨਾਂ ਦਾ ਕਾਰਣ ਬਣ ਜਾਂਦੇ ਹਨ,
ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥
ਤੇ ਪੁੱਤਰ, ਧੀ ਅਤੇ ਵਹੁਟੀ (ਮੋਹ ਦੇ) ਵੀ ਬੰਧਨਾਂ ਦਾ ਕਾਰਣ ਬਣ ਜਾਂਦੇ ਹਨ ॥੨॥
ਬੰਧਨ ਕਰਮ ਧਰਮ ਹਉ ਕੀਆ ॥
(ਸਿਮਰਨ ਤੋਂ ਬਿਨਾ) ਧਾਰਮਿਕ ਰਸਮਾਂ ਬੰਧਨ ਬਣ ਜਾਂਦੀਆਂ ਹਨ, (ਮਨੁੱਖ ਮਾਣ ਕਰਦਾ ਹੈ ਕਿ ਇਹ ਸਭ ਕੁਝ) ‘ਮੈਂ ਕੀਤਾ ਹੈ, ਮੈਂ ਕੀਤਾ ਹੈ’।
ਬੰਧਨ ਪੁਤੁ ਕਲਤੁ ਮਨਿ ਬੀਆ ॥੩॥
ਜੇ ਮਨ ਵਿਚ (ਪਰਮਾਤਮਾ ਤੋਂ ਬਿਨਾ ਕੋਈ ਹੋਰ) ਦੂਜਾ ਪ੍ਰੇਮ ਹੈ, ਤਾਂ ਪੁੱਤਰ ਵਹੁਟੀ (ਦਾ ਰਿਸ਼ਤਾ ਭੀ) ਬੰਧਨਾਂ (ਦਾ ਮੂਲ ਹੋ ਜਾਂਦਾ) ਹੈ ॥੩॥
ਬੰਧਨ ਕਿਰਖੀ ਕਰਹਿ ਕਿਰਸਾਨ ॥
ਕਿਸਾਨ (ਆਜੀਵਕਾ ਵਾਸਤੇ) ਖੇਤੀ-ਵਾਹੀ ਕਰਦੇ ਹਨ (ਕਰਨੀ ਭੀ ਚਾਹੀਦੀ ਹੈ, ਪਰ ਸਿਮਰਨ ਤੋਂ ਬਿਨਾ ਇਹ ਖੇਤੀ-ਵਾਹੀ) ਬੰਧਨ ਬਣ ਜਾਂਦੀ ਹੈ।
ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥
ਰਾਜਾ (ਕਿਸਾਨਾਂ ਪਾਸੋਂ) ਮਾਮਲਾ ਲੈਂਦਾ ਹੈ, (ਪਰ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਰਾਜਾ) ਹਉਮੈ ਦੀ ਸਜ਼ਾ ਭੁਗਤਦਾ ਹੈ ॥੪॥
ਬੰਧਨ ਸਉਦਾ ਅਣਵੀਚਾਰੀ ॥
ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਵਪਾਰੀ ਦਾ ਵਪਾਰ ਬੰਧਨਾਂ ਦਾ ਮੂਲ ਹੈ,
ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥
(ਕਿਉਂਕਿ ਸਿਮਰਨ ਤੋਂ ਬਿਨਾ ਮਨੁੱਖ) ਮਾਇਆ ਦੇ ਮੋਹ ਦੇ ਖਿਲਾਰੇ ਵਿਚ (ਇਤਨਾ ਫਸਦਾ ਹੈ ਕਿ ਮਾਇਆ ਵਲੋਂ) ਰੱਜਦਾ ਨਹੀਂ ॥੫॥
ਬੰਧਨ ਸਾਹ ਸੰਚਹਿ ਧਨੁ ਜਾਇ ॥
ਸ਼ਾਹ-ਸੌਦਾਗਰ (ਸੌਦਾਗਰੀ ਕਰ ਕੇ) ਧਨ ਇਕੱਠਾ ਕਰਦੇ ਹਨ, ਧਨ (ਆਖ਼ਰ) ਸਾਥ ਛੱਡ ਜਾਂਦਾ ਹੈ (ਪਰ ਨਾਮ ਸਿਮਰਨ ਤੋਂ ਬਿਨਾ ਧਨ) ਬੰਧਨ ਬਣ ਜਾਂਦਾ ਹੈ।
ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥
ਪਰਮਾਤਮਾ ਦੀ ਭਗਤੀ ਤੋਂ ਬਿਨਾ (ਉਹਨਾਂ ਦਾ ਕੋਈ ਉੱਦਮ ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ ॥੬॥
ਬੰਧਨ ਬੇਦੁ ਬਾਦੁ ਅਹੰਕਾਰ ॥
(ਸਿਮਰਨ ਤੋਂ ਬਿਨਾ) ਵੇਦ-ਪਾਠ ਤੇ ਵੇਦ-ਰਚਨਾ ਭੀ ਅਹੰਕਾਰ ਪੈਦਾ ਕਰਦਾ ਹਨ ਤੇ ਬੰਧਨਾਂ ਦਾ ਮੂਲ ਹਨ।
ਬੰਧਨਿ ਬਿਨਸੈ ਮੋਹ ਵਿਕਾਰ ॥੭॥
ਮੋਹ ਦੇ ਬੰਧਨ ਵਿਚ ਵਿਕਾਰਾਂ ਦੇ ਬੰਧਨ ਵਿਚ (ਫਸ ਕੇ) ਮਨੁੱਖ ਦੀ ਆਤਮਕ ਮੌਤ ਹੋ ਜਾਂਦੀ ਹੈ ॥੭॥
ਨਾਨਕ ਰਾਮ ਨਾਮ ਸਰਣਾਈ ॥
ਹੇ ਨਾਨਕ! ਜੇਹੜੇ ਮਨੁੱਖ (ਦੁਨੀਆ ਦੀ ਹਰੇਕ ਕਿਸਮ ਦੀ ਕਿਰਤ-ਕਾਰ ਵਿਚ) ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦੇ ਹਨ,
ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥
ਸਤਿਗੁਰੂ ਨੇ ਉਹਨਾਂ ਨੂੰ ਮੋਹ ਦੇ ਬੰਧਨਾਂ ਤੋਂ ਰੱਖ ਲਿਆ (ਸਮਝੋ) ਉਹਨਾਂ ਨੂੰ ਕੋਈ ਬੰਧਨ ਨਹੀਂ ਪੈਂਦਾ ॥੮॥੧੦॥
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ॥
ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
ਜਿਨ੍ਹਾਂ (ਸੁੰਦਰੀਆਂ) ਦੇ ਸਿਰ ਉਤੇ ਕੇਸਾਂ ਦੇ ਵਿਚਕਾਰਲੇ ਚੀਰ ਵਿਚ ਸੰਧੂਰ ਪਾ ਕੇ (ਕਾਲੇ ਕੇਸਾਂ ਦੀਆਂ) ਪੱਟੀਆਂ (ਹੁਣ ਤਕ) ਸੋਭਦੀਆਂ ਆ ਰਹੀਆਂ ਸਨ,
ਸੇ ਸਿਰ ਕਾਤੀ ਮੁੰਨੀਅਨਿ੍ ਗਲ ਵਿਚਿ ਆਵੈ ਧੂੜਿ ॥
ਉਹਨਾਂ ਦੇ ਸਿਰ ਕੈਂਚੀ ਨਾਲ ਮੁਨੇ ਜਾ ਰਹੇ ਹਨ ਤੇ ਉਹਨਾਂ ਦੇ ਗਲ ਵਿੱਚ ਮਿੱਟੀ ਪੈ ਰਹੀ ਹੈ।
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ੍ ਹਦੂਰਿ ॥੧॥
ਜੇਹੜੀਆਂ ਪਹਿਲਾਂ ਆਪਣੇ ਮਹਲਾਂ ਵਿਚ ਵੱਸਦੀਆਂ ਸਨ, ਹੁਣ ਉਹਨਾਂ ਨੂੰ ਉਹਨਾਂ ਮਹਲਾਂ ਦੇ ਕਿਤੇ ਨੇੜੇ ਭੀ ਢੁਕਣ ਨਹੀਂ ਦਿੱਤਾ ਜਾਂਦਾ ॥੧॥
ਆਦੇਸੁ ਬਾਬਾ ਆਦੇਸੁ ॥
ਹੇ ਅਕਾਲ ਪੁਰਖ! ਨਮਸਕਾਰ ਤੈਨੂੰ ਨਮਸਕਾਰ ਹੈ!
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥
ਹੇ ਆਦਿ ਪੁਰਖ! (ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ। ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ ਹੈਂ ॥੧॥ ਰਹਾਉ ॥
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥
ਜਦੋਂ ਉਹ ਸੁੰਦਰੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ,
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥
ਉਹ ਪਾਲਕੀਆਂ ਵਿਚ ਚੜ੍ਹ ਕੇ ਆਈਆਂ ਸਨ, (ਉਹਨਾਂ ਦੀਆਂ ਬਾਹਾਂ ਉਤੇ) ਹਾਥੀ-ਦੰਦ ਦੇ ਚੂੜੇ ਸਜੇ ਹੋਏ ਸਨ।
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥
(ਸਹੁਰੇ-ਘਰ ਆਈਆਂ ਦੇ) ਉਤੋਂ ਦੀ (ਸਗਨਾਂ ਦਾ) ਪਾਣੀ ਵਾਰਿਆ ਜਾਂਦਾ ਸੀ, (ਸ਼ੀਸ਼ਿਆਂ-ਜੜੇ) ਪੱਖੇ ਉਹਨਾਂ ਦੇ ਕੋਲ (ਉਹਨਾਂ ਦੇ ਹੱਥਾਂ ਵਿਚ) ਲਿਸ਼ਕ ਰਹੇ ਸਨ ॥੨॥
ਇਕੁ ਲਖੁ ਲਹਨਿ੍ ਬਹਿਠੀਆ ਲਖੁ ਲਹਨਿ੍ ਖੜੀਆ ॥
(ਸਹੁਰੇ-ਘਰ ਆ ਕੇ) ਬੈਠੀਆਂ ਉਹ ਇਕ ਇਕ ਲੱਖ ਰੁਪਈਆ (ਸਗਨਾਂ ਦਾ) ਲੈਂਦੀਆਂ ਸਨ, ਖਲੋਤੀਆਂ ਭੀ ਲੈਂਦੀਆਂ ਸਨ।
ਗਰੀ ਛੁਹਾਰੇ ਖਾਂਦੀਆ ਮਾਣਨਿ੍ ਸੇਜੜੀਆ ॥
ਗਰੀ-ਛੁਹਾਰੇ ਖਾਂਦੀਆਂ ਸਨ, ਤੇ ਸੋਹਣੀਆਂ ਸੇਜਾਂ ਮਾਣਦੀਆਂ ਸਨ।
ਤਿਨ੍ਰ ਗਲਿ ਸਿਲਕਾ ਪਾਈਆ ਤੁਟਨਿ੍ ਮੋਤਸਰੀਆ ॥੩॥
(ਅੱਜ) ਉਹਨਾਂ ਦੇ ਗਲ ਵਿਚ (ਜ਼ਾਲਮਾਂ ਨੇ) ਰੱਸੀਆਂ ਪਾਈਆਂ ਹੋਈਆਂ ਹਨ, ਉਹਨਾਂ ਦੇ (ਗਲ ਪਏ) ਮੋਤੀਆਂ ਦੇ ਹਾਰ ਟੁੱਟ ਰਹੇ ਹਨ ॥੩॥
ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਰੀ ਰਖੇ ਰੰਗੁ ਲਾਇ ॥
(ਉਹਨਾਂ ਦਾ) ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਸੁੰਦਰੀਆਂ ਨੂੰ ਨਸ਼ਾ ਚਾੜ੍ਹਿਆ ਹੋਇਆ ਸੀ, ਅੱਜ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ।
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥
(ਬਾਬਰ ਨੇ) ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ, ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ।
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥
(ਜੀਵਾਂ ਦੇ ਕੁਝ ਵੱਸ ਨਹੀਂ) ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਆਪਣੇ ਪੈਦਾ ਕੀਤੇ ਜੀਵਾਂ ਨੂੰ) ਵਡਿਆਈ-ਆਦਰ ਦੇਂਦਾ ਹੈ, ਜੇ ਉਸ ਦੀ ਰਜ਼ਾ ਹੋਵੇ ਤਾਂ ਸਜ਼ਾ ਦੇਂਦਾ ਹੈ ॥੪॥
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
ਜੇ ਪਹਿਲਾਂ ਹੀ (ਆਪੋ ਆਪਣੇ ਫ਼ਰਜ਼ ਨੂੰ) ਚੇਤੇ ਕਰਦੇ ਰਹੀਏ (ਚੇਤੇ ਰੱਖੀਏ) ਤਾਂ (ਅਜੇਹੀ) ਸਜ਼ਾ ਕਿਉਂ ਮਿਲੇ?
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥
(ਇਥੋਂ ਦੇ) ਹਾਕਮਾਂ ਨੇ ਐਸ਼ ਵਿਚ, ਤਮਾਸ਼ਿਆਂ ਦੇ ਚਾਅ ਵਿਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ।
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥
(ਹੁਣ ਜਦੋਂ) ਬਾਬਰ ਦੀ (ਦੁਹਾਈ) ਫਿਰੀ ਹੈ ਤਾਂ (ਹੋਰ ਪਰਜਾ ਤਾਂ ਕਿਤੇ ਰਹੀ, ਕੋਈ) ਪਠਾਣ-ਸ਼ਾਹਜ਼ਾਦਾ ਭੀ (ਕਿਤੋਂ ਮੰਗ-ਪਿੰਨ ਕੇ) ਰੋਟੀ ਨਹੀਂ ਖਾ ਸਕਦਾ ॥੫॥
ਇਕਨਾ ਵਖਤ ਖੁਆਈਅਹਿ ਇਕਨ੍ਰਾ ਪੂਜਾ ਜਾਇ ॥
(ਸੈਦਪੁਰ ਦੀਆਂ ਇਸਤ੍ਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਮਾਂ ਦੇ ਪੰਜੇ ਵਿਚ ਆ ਕੇ) ਮੁਸਲਮਾਨੀਆਂ ਦੇ ਨਿਮਾਜ਼ ਦੇ ਵਕਤ ਖੁੰਝ ਰਹੇ ਹਨ, ਹਿੰਦਵਾਣੀਆਂ ਦਾ ਪੂਜਾ ਦਾ ਸਮਾ ਜਾ ਰਿਹਾ ਹੈ,
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥
(ਜੇਹੜੀਆਂ ਅੱਗੇ ਨ੍ਹਾ ਕੇ, ਟਿੱਕੇ ਲਾ ਕੇ ਸੁੱਚੇ ਚੌਕੇ ਵਿਚ ਬੈਠਦੀਆਂ ਸਨ, ਹੁਣ) ਨਾਹ ਉਹ ਇਸ਼ਨਾਨ ਕਰ ਕੇ ਟਿੱਕੇ ਲਾ ਸਕਦੀਆਂ ਹਨ, ਨਾਹ ਹੀ ਉਹਨਾਂ ਦੇ ਸੁੱਚੇ ਚੌਕੇ ਰਹਿ ਗਏ ਹਨ।
ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥
(ਜਿਨ੍ਹਾਂ ਨੇ ਅੱਗੇ ਧਨ ਜੋਬਨ ਦੇ ਨਸ਼ੇ ਵਿਚ) ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ, ਹੁਣ (ਜ਼ਾਲਮ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ) ਉਹਨਾਂ ਨੂੰ ਖ਼ੁਦਾ ਖ਼ੁਦਾ ਭੀ ਆਖਣਾ ਨਹੀਂ ਮਿਲਦਾ ॥੬॥
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥
(ਬਾਬਰ ਦੀ ਕਤਲਾਮ ਤੇ ਕੈਦ ਵਿਚੋਂ) ਜੇਹੜੇ ਕੋਈ ਵਿਰਲੇ ਵਿਰਲੇ ਮਨੁੱਖ (ਬਚ ਕੇ) ਆਪੋ ਆਪਣੇ ਘਰ ਵਿਚ ਆਉਂਦੇ ਹਨ, ਉਹ ਇਕ ਦੂਜੇ ਨੂੰ ਮਿਲ ਮਿਲ ਕੇ ਇਕ ਦੂਜੇ ਦੀ ਸੁਖ-ਸਾਂਦ ਪੁਛਦੇ ਹਨ।
ਇਕਨ੍ਰਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥
(ਅਨੇਕਾਂ ਦੇ ਸਾਕ ਸਬੰਧੀ ਮਾਰੇ ਤੇ ਕੈਦ ਕੀਤੇ ਗਏ) ਉਹਨਾਂ ਦੀ ਕਿਸਮਤ ਵਿਚ ਇਹੀ ਬਿਪਤਾ ਲਿਖੀ ਪਈ ਸੀ; ਉਹ ਇਕ ਦੂਜੇ ਪਾਸ ਬੈਠ ਬੈਠ ਕੇ ਆਪੋ ਆਪਣੇ ਦੁਖ ਰੋਂਦੇ ਹਨ (ਰੋ ਰੋ ਕੇ ਆਪਣੇ ਦੁਖ ਦੱਸਦੇ ਹਨ)।
ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥
(ਪਰ) ਹੇ ਨਾਨਕ! ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ? ਉਹੀ ਕੁਝ ਵਾਪਰਦਾ ਹੈ ਜੋ ਉਸ (ਸਿਰਜਣਹਾਰ ਕਰਤਾਰ) ਨੂੰ ਭਾਉਂਦਾ ਹੈ ॥੭॥੧੧॥
ਆਸਾ ਮਹਲਾ ੧ ॥
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥
(ਅਜੇ ਕੱਲ ਦੀ ਹੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ?
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥
ਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ?
ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥
ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ ॥੧॥
ਇਹੁ ਜਗੁ ਤੇਰਾ ਤੂ ਗੋਸਾਈ ॥
ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ।
ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥
(ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ ॥੧॥ ਰਹਾਉ ॥
ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥
ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ?
ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥
ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ?
ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥
ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ ॥੨॥
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ।
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ।
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥
(ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ ॥੩॥
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ।
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥
(ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ ਤੇ ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ।
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥
(ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ ॥੪॥
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥
ਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ।
ਓਨ੍ਰੀ ਤੁਪਕ ਤਾਣਿ ਚਲਾਈ ਓਨ੍ਰੀ ਹਸਤਿ ਚਿੜਾਈ ॥
ਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ।
ਜਿਨ੍ਰ ਕੀ ਚੀਰੀ ਦਰਗਹ ਪਾਟੀ ਤਿਨ੍ਰ ਮਰਣਾ ਭਾਈ ॥੫॥
ਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ ॥੫॥
ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥
ਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ,
ਇਕਨ੍ਰਾ ਪੇਰਣ ਸਿਰ ਖੁਰ ਪਾਟੇ ਇਕਨ੍ਰਾ ਵਾਸੁ ਮਸਾਣੀ ॥
ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ।
ਜਿਨ੍ਰ ਕੇ ਬੰਕੇ ਘਰੀ ਨ ਆਇਆ ਤਿਨ੍ਰ ਕਿਉ ਰੈਣਿ ਵਿਹਾਣੀ ॥੬॥
(ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ? ॥੬॥
ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥
ਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ।
ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥
ਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ। ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ?
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥
ਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ ॥੭॥੧੨॥
ਆਸਾ ਮਹਲਾ ੧ ॥
ਚਾਰੇ ਕੁੰਡਾ ਢੂਢੀਆ ਕੋ ਨੀਮ੍ਰੀ ਮੈਡਾ ॥
ਮੈਂ ਸਾਰੀ ਸ੍ਰਿਸ਼ਟੀ ਭਾਲ ਵੇਖੀ ਹੈ, ਮੈਨੂੰ ਕੋਈ ਭੀ ਆਪਣਾ (ਸੱਚਾ ਦਰਦੀ) ਨਹੀਂ ਲੱਭਾ।
ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥੧॥
ਹੇ ਮੇਰੇ ਸਾਹਿਬ! ਜੇ ਤੈਨੂੰ (ਮੇਰੀ ਬੇਨਤੀ) ਪਸੰਦ ਆਵੇ (ਤਾਂ ਮੇਹਰ ਕਰ) ਤੂੰ ਮੇਰਾ (ਰਾਖਾ ਬਣ), ਮੈਂ ਤੇਰਾ (ਸੇਵਕ) ਬਣਿਆ ਰਹਾਂ ॥੧॥
ਦਰੁ ਬੀਭਾ ਮੈ ਨੀਮਿ੍ ਕੋ ਕੈ ਕਰੀ ਸਲਾਮੁ ॥
ਮੈਨੂੰ (ਤੇਰੇ ਦਰ ਤੋਂ ਬਿਨਾ) ਕੋਈ ਹੋਰ ਦਰ ਨਹੀਂ ਲੱਭਦਾ, ਹੋਰ ਕਿਸ ਦੇ ਅੱਗੇ ਮੈਂ ਸਲਾਮ ਕਰਾਂ?
ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ ॥੧॥ ਰਹਾਉ ॥
ਸਿਰਫ਼ ਇਕ ਤੂੰ ਹੀ ਮੇਰਾ ਮਾਲਕ ਹੈਂ (ਮੈਂ ਤੈਥੋਂ ਹੀ ਇਹ ਦਾਨ ਮੰਗਦਾ ਹਾਂ ਕਿ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮੇਰੇ ਮੂੰਹ ਵਿਚ (ਟਿਕਿਆ ਰਹੇ) ॥੧॥ ਰਹਾਉ ॥
ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥
(ਲੋਕ) ਸਿੱਧ ਤੇ ਪੀਰ (ਬਣਨ ਲਈ) ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਹਨ, ਤੇ ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ (ਦੀ ਤਾਕਤ) ਮੰਗਦੇ ਹਨ।
ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥
(ਮੇਰੀ ਇਕ ਤੇਰੇ ਅੱਗੇ ਹੀ ਇਹ ਅਰਦਾਸਿ ਹੈ ਕਿ) ਅਭੁੱਲ ਗੁਰੂ ਦੀ ਬਖ਼ਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾਹ ਭੁੱਲੇ! ॥੨॥
ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥
ਜੋਗੀ ਤੇ ਲੀਰਾਂ ਪਹਿਨਣ ਵਾਲੇ ਫ਼ਕੀਰ ਵਿਅਰਥ ਹੀ ਦੇਸ ਦੇਸ ਦਾ ਰਟਨ ਕਰਦੇ ਹਨ।
ਗੁਰ ਕਾ ਸਬਦੁ ਨ ਚੀਨ੍ਰਹੀ ਤਤੁ ਸਾਰੁ ਨਿਰੰਤਰ ॥੩॥
ਉਹ ਸਤਿਗੁਰ ਦੇ ਸ਼ਬਦ ਨੂੰ ਖੋਜਦੇ ਨਹੀਂ, ਉਹ ਇਕ-ਰਸ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ ॥੩॥
ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥
ਪੰਡਿਤ ਪਾਂਧੇ ਤੇ ਜੋਤਸ਼ੀ ਨਿੱਤ ਪੁਰਾਣ ਆਦਿਕ ਪੁਸਤਕਾਂ ਹੀ ਪੜ੍ਹਦੇ ਰਹਿੰਦੇ ਹਨ।
ਅੰਤਰਿ ਵਸਤੁ ਨ ਜਾਣਨ੍ਰੀ ਘਟਿ ਬ੍ਰਹਮੁ ਲੁਕਾਣਾ ॥੪॥
ਪਰਮਾਤਮਾ ਹਿਰਦੇ ਵਿਚ ਲੁਕਿਆ ਪਿਆ ਹੈ, ਇਹ ਲੋਕ ਅੰਦਰ-ਵੱਸਦੀ ਨਾਮ-ਵਸਤੂ ਨੂੰ ਨਹੀਂ ਪਛਾਣਦੇ ॥੪॥
ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥
ਅਨੇਕਾਂ ਬੰਦੇ ਤਪੀ ਬਣੇ ਹੋਏ ਹਨ, ਜੰਗਲਾਂ ਵਿਚ (ਜਾ ਕੇ) ਤਪ ਸਾਧ ਰਹੇ ਹਨ, ਤੇ ਸਦਾ ਤੀਰਥਾਂ ਉਤੇ ਨਿਵਾਸ ਰੱਖਦੇ ਹਨ।
ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥
(ਤਪਾਂ ਦੇ ਕਾਰਨ ਉਹ) ਕ੍ਰੋਧ ਨਾਲ ਭਰੇ ਰਹਿੰਦੇ ਹਨ, ਆਪਣੇ ਆਤਮਕ ਜੀਵਨ ਨੂੰ ਨਹੀਂ ਖੋਜਦੇ ਤੇ ਤਿਆਗੀ ਬਣਨ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ॥੫॥
ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥
ਅਨੇਕਾਂ ਬੰਦੇ ਐਸੇ ਹਨ ਜੋ ਜਤਨ ਕਰ ਕੇ ਵੀਰਜ ਨੂੰ ਰੋਕ ਰੱਖਦੇ ਹਨ, ਤੇ ਆਪਣੇ ਆਪ ਨੂੰ ਜਤੀ ਸਦਾਂਦੇ ਹਨ।
ਬਿਨੁ ਗੁਰਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥
ਪਰ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਭੀ (ਕ੍ਰੋਧ ਆਦਿਕ ਤਾਮਸੀ ਸੁਭਾਵ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰਦੇ ਤੇ (ਜਤੀ ਹੋਣ ਦੀ ਹੀ) ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੬
ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥
(ਪਰ) ਅਨੇਕਾਂ ਗ੍ਰਿਹਸਤੀ ਐਸੇ ਹਨ ਜੋ ਸੇਵਾ ਕਰਦੇ ਹਨ ਸੇਵਾ ਦੇ ਸਾਧਨ ਕਰਦੇ ਹਨ, ਤੇ ਗੁਰੂ ਦੀ ਦਿੱਤੀ ਮਤਿ ਉਤੇ ਤੁਰਦੇ ਹਨ।
ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥
ਉਹ ਨਾਮ ਜਪਦੇ ਹਨ, ਹੋਰਨਾਂ ਨੂੰ ਨਾਮ ਜਪਣ ਲਈ ਪ੍ਰੇਰਦੇ ਹਨ, ਆਪਣਾ ਆਚਰਨ ਪਵਿਤ੍ਰ ਰੱਖਦੇ ਹਨ ਤੇ ਉਹ ਪਰਮਾਤਮਾ ਦੀ ਭਗਤੀ ਵਿਚ ਆਪਣੇ ਆਪ ਨੂੰ ਦ੍ਰਿੜ੍ਹ ਕਰ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੭॥
ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ ॥
ਜੋ ਗੁਰੂ ਦੇ ਪਾਸ ਜਾਂਦਾ ਹੈ ਉਹ ਹੀ ਪਰਮਾਤਮਾ ਦਾ ਦਰ ਘਰ ਗੁਰੂ ਪਾਸੋਂ (ਗੁਰੂ ਦੀ ਸਰਨ ਪਿਆਂ) ਪਛਾਣਦਾ ਹੈ।
ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ ॥੮॥੧੪॥
ਹੇ ਨਾਨਕ! ਐਸਾ ਮਨੁਖ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਤੇ ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ ॥੮॥੧੪॥
ਆਸਾ ਮਹਲਾ ੧ ॥
ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥
ਮਾਇਕ ਫੁਰਨਾ ਮਨ ਵਿਚ ਹੀ ਲੀਨ ਕਰ ਦੇਹ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।
ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥
ਹੇ ਸ੍ਰਿਸ਼ਟੀ ਦੇ ਮੁੱਢ ਪ੍ਰਭੂ! ਹੇ ਜੁਗਾਂ ਤੋਂ ਭੀ ਪਹਿਲਾਂ ਦੇ ਪ੍ਰਭੂ! ਹੇ ਸਭ ਦੇ ਪਾਲਣ ਵਾਲੇ ਪ੍ਰਭੂ! ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ। ਮੈਂ ਤੇਰੀ ਸਰਨ ਆਇਆ ਹਾਂ! ॥੧॥
ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥
ਹੇ ਹਰੀ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਅਸੀਂ ਜੀਵ (ਤੇਰੇ ਦਰ ਦੇ) ਮੰਗਤੇ ਹਾਂ, (ਸਾਨੂੰ) ਦਰਸਨ ਦੇਹ।
ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ ਰਹਾਉ ॥
ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, (ਜੋ ਸਿਮਰਦਾ ਹੈ, ਉਸ ਦੇ) ਮਨ ਦਾ ਮੰਦਰ (ਹਰਿ-ਨਾਮ ਨਾਲ) ਭਿੱਜ ਜਾਂਦਾ ਹੈ ॥੧॥ ਰਹਾਉ ॥
ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥
ਭੈੜਾ ਲਾਲਚ ਛੱਡਣ ਨਾਲ ਹੀ ਸਦਾ-ਥਿਰ ਪ੍ਰਭੂ ਨਾਲ ਸਾਂਝ ਪੈਂਦੀ ਹੈ।
ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥੨॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਕੇ ਉਹ ਜੀਵਨ ਦੇ ਸਭ ਤੋਂ ਉੱਚੇ ਮਨੋਰਥ ਨੂੰ ਸਮਝ ਲਈਦਾ ਹੈ ॥੨॥
ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥
ਇਹ (ਮਾਇਆ ਦਾ) ਲੋਭੀ ਮਨ (ਸਰੀਰ-ਨਗਰ ਦਾ) ਰਾਜਾ (ਬਣ ਬੈਠਦਾ ਹੈ) ਲੋਭ ਵਿਚ ਫਸਿਆ ਹੋਇਆ (ਸਦਾ) ਮਾਇਆ ਦਾ ਲੋਭ ਕਰਦਾ ਰਹਿੰਦਾ ਹੈ।
ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥੩॥
ਗੁਰੂ ਦੀ ਸਰਨ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ (ਜੇਹੜਾ ਮਨੁੱਖ ਲੋਭ ਦੂਰ ਕਰ ਲੈਂਦਾ ਹੈ, ਉਸ ਦੀ) ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ ॥੩॥
ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥
ਜੇ ਕੱਲਰ ਵਿਚ ਖੇਤੀ ਬੀਜੀ ਜਾਏ, ਤਾਂ (ਬੀਜਣ ਵਾਲਾ) ਉਸ ਵਿਚੋਂ ਲਾਭ ਨਹੀਂ ਖੱਟ ਸਕਦਾ।
ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥੪॥
ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਰਚ-ਮਿਚ ਨਹੀਂ ਸਕਦਾ ਤੇ ਝੂਠ ਝੂਠ ਵਿਚ ਹੀ ਰਲਦਾ ਹੈ ॥੪॥
ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥
ਹੇ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵੋ! ਮਾਇਆ ਦਾ ਲਾਲਚ ਛੱਡ ਦੇਵਹੁ! ਲਾਲਚ ਵਿਚ (ਫਸਿਆਂ) ਭਾਰੀ ਦੁੱਖ ਸਹਿਣਾ ਪੈਂਦਾ ਹੈ।
ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥੫॥
ਜਿਸ ਮਨੁੱਖ ਦੇ ਮਨ ਵਿਚ (ਲਾਲਚ ਦੇ ਥਾਂ) ਸਦਾ-ਥਿਰ ਮਾਲਕ ਵੱਸ ਪੈਂਦਾ ਹੈ, ਉਹ ਹਉਮੈ ਦੀ ਜ਼ਹਰ ਨੂੰ ਮਾਰ ਲੈਂਦਾ ਹੈ (ਉਸ ਹਉਮੈ ਨੂੰ ਮਾਰ ਮੁਕਾਂਦਾ ਹੈ ਜੋ ਆਤਮਕ ਮੌਤ ਦਾ ਕਾਰਨ ਬਣਦੀ ਹੈ) ॥੫॥
ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥
ਦੁਬਿਧਾ ਛੱਡ ਦੇਵਹੁ, ਇਹ ਗ਼ਲਤ ਰਸਤੇ ਤੇ ਪੈ ਕੇ ਲੁੱਟੇ ਜਾਵੋਗੇ!
ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥੬॥
ਸਤਿਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੬॥
ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥
ਮਨ ਦਾ ਮੁਰੀਦ ਮਨੁੱਖ ਪੱਥਰ ਦੀ ਚਟਾਨ ਹੈ (ਚਟਾਨ ਪੱਥਰ ਵਾਂਗ ਕੁਰਖ਼ਤ ਹੈ), ਜਿਸ ਦਾ ਜੀਵਨ ਬੇ-ਸੁਆਦ ਰਹਿੰਦਾ ਹੈ ਤੇ ਫਿਟਕਾਰ-ਜੋਗ ਹੈ।
ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥
ਪੱਥਰ ਨੂੰ ਕਿਤਨਾ ਹੀ ਸਮਾ ਪਾਣੀ ਵਿਚ ਰੱਖਿਆ ਜਾਏ, ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ ॥੭॥
ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥
ਪਰਮਾਤਮਾ ਦਾ ਨਾਮ (ਸਾਰੇ ਆਤਮਕ ਗੁਣਾਂ ਦਾ) ਖ਼ਜ਼ਾਨਾ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਨਾਮ ਦੇ ਦਿੱਤਾ,
ਨਾਨਕ ਨਾਮੁ ਨ ਵੀਸਰੈ ਮਥਿ ਅੰਮ੍ਰਿਤੁ ਪੀਆ ॥੮॥੧੫॥
ਉਹ ਹੇ ਨਾਨਕ! ਸਦਾ ਜਪ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ ॥੮॥੧੫॥
ਆਸਾ ਮਹਲਾ ੧ ॥
ਚਲੇ ਚਲਣਹਾਰ ਵਾਟ ਵਟਾਇਆ ॥
ਪਰਦੇਸੀ ਜੀਊੜੇ ਜੀਵਨ ਦਾ ਸਹੀ ਰਸਤਾ ਖੁੰਝ ਕੇ ਤੁਰੇ ਜਾ ਰਹੇ ਹਨ,
ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥੧॥
ਉਹ ਕੰਮ ਔਖਾ ਹੋ ਹੋ ਕੇ ਗਲ ਵਿਚ ਮਾਇਆ ਦੇ ਜੰਜਾਲ ਪਾਈ ਰਖਦੇ ਹਨ ਤੇ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਨਹੀਂ ਲੱਗਦਾ ॥੧॥
ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥
ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨੂੰ ਵੇਖ ਲਿਆ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਨੂੰ ਕਿਸੇ ਹੋਰ ਥਾਂ ਸੁਖ ਭਾਲਣ ਦੀ ਲੋੜ ਨਹੀਂ ਪੈਂਦੀ।
ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥੧॥ ਰਹਾਉ ॥
ਉਹ ਆਪਣੇ ਅੰਦਰੋਂ ਮਮਤਾ ਤੇ ਮਾਇਆ ਦੀ ਮੋਹ ਦੂਰ ਕਰ ਦੇਂਦਾ ਹੈ, ਤੇ ਉਹ ਆਪਣੇ ਅਸਲੀ ਘਰ (ਪ੍ਰਭੂ) ਵਿਚ ਸਦਾ ਲਈ ਟਿਕ ਜਾਂਦਾ ਹੈ ॥੧॥ ਰਹਾਉ ॥
ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥
ਸੱਚ ਦਾ ਵਪਾਰੀ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜ ਕੇ (ਪ੍ਰਭੂ ਨੂੰ) ਮਿਲ ਪੈਂਦਾ ਹੈ, ਝੂਠੇ ਪਦਾਰਥਾਂ ਦੇ ਮੋਹ ਵਿਚ ਲੱਗਿਆਂ ਪ੍ਰਭੂ ਨਹੀਂ ਮਿਲਦਾ।
ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥
ਸਦਾ-ਥਿਰ ਪਰਮਾਤਮਾ ਵਿਚ ਚਿੱਤ ਜੋੜਿਆਂ ਮੁੜ ਮੁੜ ਜਨਮ ਵਿਚ ਨਹੀਂ ਆਵੀਦਾ ॥੨॥
ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ ॥
ਤੁਸੀਂ ਮਰੇ ਸੰਬੰਧੀਆਂ ਨੂੰ ਰੋਂਦੇ ਹੋ (ਉਹਨਾਂ ਦੀ ਖ਼ਾਤਰ ਵੈਰਾਗ ਕਰਦੇ ਹੋ) ਇਹ ਵਿਅਰਥ ਕੰਮ ਹੈ, ਅਸਲ ਵੈਰਾਗ ਵਿਚ ਆਉਣ ਦੀ ਤੁਹਾਨੂੰ ਜਾਚ ਨਹੀਂ।
ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ ॥੩॥
ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਵੈਰਾਗ ਵਿੱਚ ਆਵੋ ਤੇ ਸਮਝੋ ਕਿ ਇਹ (ਕਿ ਜੰਮਣਾ ਮਰਨਾ) ਪਰਮਾਤਮਾ ਦਾ ਹੁਕਮ ਹੈ ॥੩॥
ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥
ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਜੀਵ ਪਰਮਾਤਮਾ ਦੀ ਰਜ਼ਾ ਵਿਚ ਹੀ ਰੋਜ਼ੀ ਲਿਖਾ ਕੇ ਜਗਤ ਵਿਚ ਆਉਂਦਾ ਹੈ।
ਲਾਹਾ ਪਲੈ ਪਾਇ ਹੁਕਮੁ ਸਿਞਾਣੀਐ ॥੪॥
ਉਸ ਦੀ ਰਜ਼ਾ ਨੂੰ ਪਛਾਨਣਾ ਚਾਹੀਦਾ ਹੈ, ਇਸ ਤਰ੍ਹਾਂ ਹੀ ਜੀਵਨ ਲਾਭ ਮਿਲਦਾ ਹੈ ॥੪॥
ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥
ਪਰਮਾਤਮਾ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਸਾਰ ਕੇ) ਜੀਵ ਇਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਭੀ ਆਦਰ ਪਾਂਦਾ ਹੈ,
ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ ॥੫॥
ਪ੍ਰਭੂ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਚ ਫਸਣ ਕਰਕੇ) ਜੀਵਾਂ ਨੂੰ ਸਿਰ ਉਤੇ ਮਾਰ ਪੈਂਦੀ ਹੈ ਤੇ (ਜਨਮ ਮਰਨ ਦੀ) ਰੱਬੀ ਕੈਦ ਵਿਚ ਜੀਵ ਪੈਂਦੇ ਹਨ ॥੫॥
ਲਾਹਾ ਸਚੁ ਨਿਆਉ ਮਨਿ ਵਸਾਈਐ ॥
ਜੇ ਇਹ ਗੱਲ ਮਨ ਵਿਚ ਵਸਾ ਲਈਏ ਕਿ (ਹਰ ਥਾਂ) ਪਰਮਾਤਮਾ ਦਾ ਨਿਆਂ ਹੀ ਵਰਤ ਰਿਹਾ ਹੈ, ਤਾਂ ਸਦਾ-ਥਿਰ ਪ੍ਰਭੂ ਦਾ ਨਾਮ-ਲਾਭ ਖੱਟ ਲਈਦਾ ਹੈ।
ਲਿਖਿਆ ਪਲੈ ਪਾਇ ਗਰਬੁ ਵਞਾਈਐ ॥੬॥
ਮਾਣ ਦੂਰ ਕਰ ਦੇਣਾ ਚਾਹੀਦਾ ਹੈ, (ਪ੍ਰਭੂ ਦੀ ਰਜ਼ਾ ਵਿਚ ਹੀ) ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਾਪਤੀ ਕਰਦਾ ਹੈ ॥੬॥
ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ ॥
ਜੇਹੜੀ ਜੀਵ-ਇਸਤ੍ਰੀ ਆਪਣੇ ਮਨ ਦੀ ਅਗਵਾਈ ਵਿਚ ਤੁਰਦੀ ਹੈ ਉਸ ਦੇ ਸਿਰ ਉਤੇ (ਜਨਮ ਮਰਨ ਦੇ ਗੇੜ ਦੀ) ਮਾਰ ਹੈ, ਉਹ (ਮਮਤਾ ਮੋਹ ਦੇ) ਝਗੜੇ ਵਿਚ ਹੀ ਖ਼ੁਆਰ ਹੁੰਦੀ ਹੈ।
ਠਗਿ ਮੁਠੀ ਕੂੜਿਆਰ ਬੰਨਿ੍ ਚਲਾਈਐ ॥੭॥
ਕੂੜ ਦੀ ਵਪਾਰਨ ਜੀਵ-ਇਸਤ੍ਰੀ (ਮਮਤਾ ਮੋਹ ਵਿਚ ਹੀ) ਠੱਗੀ ਜਾਂਦੀ ਹੈ ਲੁੱਟੀ ਜਾਂਦੀ ਹੈ, (ਮੋਹ ਦੀ ਫਾਹੀ ਵਿਚ ਬੱਝੀ ਹੋਈ ਹੀ ਇਥੋਂ ਪਰਲੋਕ ਵਲ ਤੋਰੀ ਜਾਂਦੀ ਹੈ) ॥੭॥
ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥
ਮਾਲਕ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ, (ਅੰਤ ਨੂੰ) ਪਛੁਤਾਉਣਾ ਨਹੀਂ ਪਏਗਾ।
ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥੮॥
ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰ, ਉਹ ਸਾਰੇ ਗੁਨਾਹ ਬਖ਼ਸ਼ਣ ਵਾਲਾ ਹੈ ॥੮॥
ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ ॥
ਹੇ ਪ੍ਰਭੂ! ਨਾਨਕ ਤੇਰਾ ਸਦਾ-ਥਿਰ ਨਾਮ ਮੰਗਦਾ ਹੈ, (ਤੇਰੀ ਮੇਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਮੈਂ ਇਹ ਘਾਲ-ਕਮਾਈ ਕਰਾਂ।
ਮੈ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਲੀਐ ॥੯॥੧੬॥
ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ, ਮੇਰੇ ਵਲ ਆਪਣੀ ਮੇਹਰ ਦੀ ਨਿਗਾਹ ਨਾਲ ਵੇਖ ॥੯॥੧੬॥
ਆਸਾ ਮਹਲਾ ੧ ॥
ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥
ਜੰਗਲ ਨੂੰ ਢੰਡਣ ਦੀ ਕੀ ਲੋੜ ਹੈ? ਜਿਸ ਮਨੁੱਖ ਨੂੰ ਪਰਮਾਤਮਾ ਹਰ ਥਾਂ ਦਿੱਸ ਪਏ ਉਸ ਦੇ ਘਰ ਵਿਚ ਹੀ ਹਰੀਆਵਲਾ ਜੰਗਲ ਹੈ।
ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ ॥੧॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕਦਾ ਹੈ, ਪਰਮਾਤਮਾ ਤੁਰਤ ਉਸ ਦੇ ਹਿਰਦੇ-ਘਰ ਆ ਵੱਸਦਾ ਹੈ ॥੧॥
ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥
ਮੈਂ ਜਿਧਰ ਵੇਖਦਾ ਹਾਂ, ਮੈਨੂੰ ਉਧਰ ਉਹ (ਪਰਮਾਤਮਾ) ਹੀ ਦਿੱਸਦਾ ਹੈ ਤੇ ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਹੈ।
ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥੧॥ ਰਹਾਉ ॥
ਗੁਰੂ ਦੀ ਦੱਸੀ ਕਾਰ ਕਮਾ ਕੇ (ਹਰ ਥਾਂ ਪਰਮਾਤਮਾ ਦਾ) ਟਿਕਾਣਾ (ਨਿਵਾਸ) ਪਛਾਣ ਲਈਦਾ ਹੈ ॥੧॥ ਰਹਾਉ ॥
ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥
ਜਦੋਂ ਸਦਾ-ਥਿਰ ਪ੍ਰਭੂ ਆਪ (ਕਿਸੇ ਜੀਵ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ਤਦੋਂ ਉਹ ਉਸ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।
ਚਲੈ ਸਦਾ ਰਜਾਇ ਅੰਕਿ ਸਮਾਵਈ ॥੨॥
ਉਹ ਜੀਵ ਸਦਾ ਉਸ ਦੀ ਰਜ਼ਾ ਵਿਚ ਤੁਰਦਾ ਹੈ, ਤੇ ਉਸ ਦੀ ਗੋਦ ਵਿਚ ਲੀਨ ਹੋ ਜਾਂਦਾ ਹੈ ॥੨॥
ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ ॥
ਸਦਾ-ਥਿਰ ਮਾਲਕ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਮਨੁੱਖ ਨੂੰ ਆਪਣੇ ਮਨ ਵਿਚ ਵੱਸਿਆ ਹੋਇਆ ਉਹੀ ਪ੍ਰਭੂ (ਹਰ ਥਾਂ ਦਿੱਸਦਾ ਹੈ)।
ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥੩॥
(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ (ਤੇ ਉਸ ਦੇ ਖ਼ਜ਼ਾਨੇ ਵਿਚ ਇਤਨੀਆਂ ਵਡਿਆਈਆਂ ਹਨ ਕਿ) ਦੇਂਦਿਆਂ ਉਹ ਘਟਦੀਆਂ ਨਹੀਂ ॥੩॥
ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥
(ਗੁਰੂ ਦੀ ਦੱਸੀ ਕਾਰ ਕਮਾਣੀ ਛੱਡ ਕੇ) ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ।
ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥
(ਧਿਰ ਧਿਰ ਦੀ ਖ਼ੁਸ਼ਾਮਦ ਕਰਨਾ ਇਉਂ ਹੈ, ਜਿਵੇਂ ਪੱਥਰ ਦੀ ਬੇੜੀ ਵਿਚ ਸਵਾਰ ਹੋਣਾ, ਤੇ ਜੋ ਮਨੁੱਖ ਇਸ) ਪੱਥਰ ਦੀ ਬੇੜੀ ਵਿਚ ਸਵਾਰ ਹੁੰਦਾ ਹੈ, ਉਹ (ਸੰਸਾਰ-) ਸਮੁੰਦਰ ਵਿਚ ਡੁੱਬ ਜਾਂਦਾ ਹੈ ॥੪॥
ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥
ਜੇ ਆਪਣਾ ਮਨ (ਗੁਰੂ ਅੱਗੇ) ਵੇਚ ਦੇਈਏ, ਤੇ ਆਪਣਾ ਸਿਰ ਭੀ ਦੇਈਏ (ਭਾਵ, ਆਪਣੇ ਮਨ ਦੇ ਪਿਛੇ ਤੁਰਨ ਦੇ ਥਾਂ ਗੁਰੂ ਦੀ ਮਤਿ ਤੇ ਤੁਰੀਏ ਅਤੇ ਆਪਣੀ ਅਕਲ ਦਾ ਮਾਣ ਭੀ ਛੱਡ ਦੇਈਏ),
ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥੫॥
ਤਾਂ ਗੁਰੂ ਦੀ ਰਾਹੀਂ ਆਪਣਾ ਹਿਰਦਾ-ਘਰ ਭਾਲ ਕੇ (ਆਪਣੇ ਅੰਦਰ ਹੀ) ਨਾਮ-ਪਦਾਰਥ ਪਛਾਣ ਲਈਦਾ ਹੈ ॥੫॥
ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥
ਹਰ ਕੋਈ ਜਨਮ ਮਰਨ ਦੇ ਗੇੜ ਦਾ ਜ਼ਿਕਰ ਕਰਦਾ ਹੈ, ਇਹ ਕਰਤਾਰ ਨੇ ਆਪ ਹੀ ਬਣਾਇਆ ਹੈ।
ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥੬॥
ਜੇਹੜੇ ਜੀਵ ਆਪਾ-ਭਾਵ ਗਵਾ ਕੇ (ਮਾਇਆ ਦੇ ਮੋਹ ਵਲੋਂ) ਮਰ ਜਾਂਦੇ ਹਨ, ਉਹਨਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ॥੬॥
ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥
ਧੁਰੋਂ ਹੀ (ਪ੍ਰਭੂ ਦੇ ਹੁਕਮ ਅਨੁਸਾਰ) ਜੀਵ ਨੂੰ ਜੇਹੜੀ ਕਾਰ ਕਰਨ ਦਾ ਹੁਕਮ ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ,
ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥੭॥
ਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਪ੍ਰਭੂ-ਚਰਨਾਂ ਵਿਚ ਟਿਕ ਜਾਏ (ਤਾਂ ਇਸ ਦਾ ਇਤਨਾ ਉੱਚਾ ਆਤਮਕ ਜੀਵਨ ਬਣ ਜਾਂਦਾ ਹੈ ਕਿ) ਕੋਈ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ ॥੭॥
ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ ਪਾਈ ॥
ਉਹ ਮਾਲਕ ਆਪ ਹੀ ਇਹਨਾਂ (ਆਪ ਦੇ ਬਣਾਏ ਹੋਏ) ਰਤਨਾਂ ਦੀ ਪਰਖ ਕਰਦਾ ਹੈ ਤੇ (ਪਰਖ ਪਰਖ ਕੇ) ਆਪ ਹੀ ਇਹਨਾਂ ਦਾ ਮੁੱਲ ਪਾਂਦਾ ਹੈ।
ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ ॥੮॥੧੭॥
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਮਾਲਕ-ਪ੍ਰਭੂ ਵੱਸ ਪੈਂਦਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੀ ਇਜ਼ਤ ਬਖ਼ਸ਼ਦਾ ਹੈ ॥੮॥੧੭॥
ਆਸਾ ਮਹਲਾ ੧ ॥
ਜਿਨ੍ਰੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥
ਜਿਨ੍ਹਾਂ ਬੰਦਿਆਂ ਨੇ ਹੋਰ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ) ਖੁੰਝ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ,
ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥੧॥
ਉਹ (ਸੰਸਾਰ-ਰੁੱਖ ਦੇ) ਮੂਲ (-ਪ੍ਰਭੂ) ਨੂੰ ਛੱਡ ਕੇ (ਸੰਸਾਰ-ਰੁੱਖ ਦੀਆਂ) ਡਾਲੀਆਂ (ਮਾਇਆ ਦੇ ਪਸਾਰੇ) ਵਿਚ ਲੱਗ ਗਏ ਤੇ ਉਹਨਾਂ ਨੂੰ (ਆਤਮਕ ਜੀਵਨ ਵਿਚੋਂ) ਕੁਝ ਭੀ ਨਹੀਂ ਮਿਲਿਆ ॥੧॥
ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ॥
ਜੇ ਕੋਈ ਮਨੁੱਖ ਸਮਝ ਲਏ ਕਿ ਪਰਮਾਤਮਾ ਦੇ ਨਾਮ (ਵਿਚ ਜੁੜਨ) ਤੋਂ ਬਿਨਾ (ਮਾਇਆ ਦੇ ਮੋਹ ਤੋਂ) ਬਚ ਨਹੀਂ ਸਕੀਦਾ,
ਗੁਰਮੁਖਿ ਹੋਇ ਤ ਛੂਟੀਐ ਮਨਮੁਖਿ ਪਤਿ ਖੋਈ ॥੧॥ ਰਹਾਉ ॥
ਤਾਂ ਉਹ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ (ਮਾਇਆ ਦੇ ਮੋਹ ਤੋਂ) ਖ਼ਲਾਸੀ ਕਰ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ-ਮੋਹ-ਵਿਚ ਫਸ ਕੇ) ਆਪਣੀ ਇੱਜ਼ਤ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਗਵਾ ਲੈਂਦਾ ਹੈ ॥੧॥ ਰਹਾਉ ॥
ਜਿਨ੍ਰੀ ਏਕੋ ਸੇਵਿਆ ਪੂਰੀ ਮਤਿ ਭਾਈ ॥
ਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੀ ਅਕਲ (ਮਾਇਆ ਦੇ ਮੋਹ ਵਿਚ) ਉਕਾਈ ਨਹੀਂ ਖਾਂਦੀ।
ਆਦਿ ਜੁਗਾਦਿ ਨਿਰੰਜਨਾ ਜਨ ਹਰਿ ਸਰਣਾਈ ॥੨॥
ਪ੍ਰਭੂ ਦੇ ਉਹ ਸੇਵਕ ਉਸ ਪ੍ਰਭੂ ਦੀ ਹੀ ਸਰਨ ਵਿਚ ਟਿਕੇ ਰਹਿੰਦੇ ਹਨ ਜੋ ਸਾਰੇ ਜਗਤ ਦਾ ਮੂਲ ਹੈ ਜੋ ਜੁਗਾਂ ਦੇ ਭੀ ਸ਼ੁਰੂ ਤੋਂ ਹੈ ਅਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੨॥
ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥
ਹੇ ਭਾਈ! ਸਾਡਾ ਮਾਲਕ-ਪ੍ਰਭੂ ਬੇ-ਮਿਸਾਲ ਹੈ, ਉਸ ਵਰਗਾ ਹੋਰ ਕੋਈ ਨਹੀਂ।
ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥੩॥
ਜੇ ਉਸ ਸਦਾ-ਥਿਰ ਪ੍ਰਭੂ ਦੇ ਆਸਰੇ-ਪਰਨੇ ਟਿਕੇ ਰਹੀਏ, ਤਾਂ ਉਸ ਦੀ ਮੇਹਰ ਨਾਲ ਆਤਮਕ ਆਨੰਦ ਮਿਲਦਾ ਹੈ ॥੩॥
ਗੁਰ ਬਿਨੁ ਕਿਨੈ ਨ ਪਾਇਓ ਕੇਤੀ ਕਹੈ ਕਹਾਏ ॥
ਬਥੇਰੀ ਲੋਕਾਈ ਹੋਰ ਹੋਰ ਰਸਤੇ ਦੱਸਦੀ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ।
ਆਪਿ ਦਿਖਾਵੈ ਵਾਟੜੀਂ ਸਚੀ ਭਗਤਿ ਦ੍ਰਿੜਾਏ ॥੪॥
(ਗੁਰੂ ਦੀ ਸਰਨ ਪਿਆਂ) ਪਰਮਾਤਮਾ (ਆਪਣੇ ਮਿਲਾਪ ਦਾ) ਸਹੀ ਰਸਤਾ ਆਪ ਹੀ ਵਿਖਾ ਦੇਂਦਾ ਹੈ, (ਜੀਵ ਦੇ ਹਿਰਦੇ ਵਿਚ) ਸਦਾ-ਥਿਰ ਰਹਿਣ ਵਾਲੀ ਭਗਤੀ ਪੱਕੀ ਕਰ ਦੇਂਦਾ ਹੈ ॥੪॥
ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ ॥
ਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਜੇ (ਸਹੀ ਰਸਤਾ) ਸਮਝਾਣ ਦੀ ਕੋਸ਼ਿਸ਼ ਭੀ ਕਰੀਏ, ਤਾਂ ਭੀ ਉਹ ਕੁਰਾਹੇ ਹੀ ਜਾਂਦਾ ਹੈ।
ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ ॥੫॥
ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਇਸ (ਕੁਰਾਹ ਤੋਂ) ਬਚ ਨਹੀਂ ਸਕਦਾ, (ਕੁਰਾਹੇ ਪਿਆ ਹੋਇਆ) ਉਹ ਆਤਮਕ ਮੌਤ ਸਹੇੜ ਲੈਂਦਾ ਹੈ, (ਮਾਨੋ,) ਨਰਕਾਂ ਵਿਚ ਪਿਆ ਰਹਿੰਦਾ ਹੈ ॥੫॥
ਜਨਮਿ ਮਰੈ ਭਰਮਾਈਐ ਹਰਿ ਨਾਮੁ ਨ ਲੇਵੈ ॥
ਜੇਹੜਾ ਮਨੁੱਖ ਹਰੀ ਦਾ ਨਾਮ ਨਹੀਂ ਸਿਮਰਦਾ ਉਹ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸੇ ਗੇੜ ਵਿਚ ਪਿਆ ਰਹਿੰਦਾ ਹੈ।
ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ ॥੬॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਪੈ ਸਕਦੀ ॥੬॥
ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥
(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਨੇ ਜਿਹੋ ਜਿਹੀ ਕਾਰੇ ਜੀਵ ਨੂੰ ਲਾਉਣਾ ਹੈ, ਜੀਵ ਨੇ ਉਸੇ ਕਾਰੇ ਲੱਗਣਾ ਹੈ।
ਆਪਿ ਕਰੇ ਕਿਸੁ ਆਖੀਐ ਵੇਖੈ ਵਡਿਆਈ ॥੭॥
ਪਰਮਾਤਮਾ ਆਪ ਹੀ (ਸ੍ਰਿਸ਼ਟੀ) ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਇਹ ਉਸ ਦੀ ਆਪਣੀ ਹੀ ਬਜ਼ੁਰਗੀ ਹੈ। (ਉਸ ਤੋਂ ਬਿਨਾ) ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ ॥੭॥
ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ॥
ਗੁਰੂ ਦੀ ਦੱਸੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਪਾਸੋਂ ਪਰਮਾਤਮਾ ਆਪ ਹੀ ਕਰਾਂਦਾ ਹੈ।
ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ ॥੮॥੧੮॥
ਹੇ ਨਾਨਕ! ਜੇਹੜਾ ਮਨੁੱਖ ਆਪਣਾ ਸਿਰ (ਗੁਰੂ ਦੇ) ਹਵਾਲੇ ਕਰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰਦਾ ਹੈ ॥੮॥੧੮॥
ਆਸਾ ਮਹਲਾ ੧ ॥
ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ॥
ਹੇ ਠਾਕੁਰ! ਤੂੰ ਸੁੰਦਰ ਹੈਂ, ਤੂੰ ਸਿਆਣਾ ਹੈਂ! ਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ (ਤੇਰੀ ਪ੍ਰਾਪਤੀ ਹੋ ਸਕਦੀ ਹੈ)।
ਵਡੈ ਭਾਗਿ ਸਤਿਗੁਰੁ ਮਿਲੈ ਪਾਈਐ ਪਦੁ ਨਿਰਬਾਣੀ ॥੧॥
ਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ, (ਤੇ ਗੁਰੂ ਦੇ ਮਿਲਣ ਦੇ ਨਾਲ) ਵਾਸਨਾ-ਰਹਿਤ ਆਤਮਕ ਅਵਸਥਾ ਮਿਲਦੀ ਹੈ ॥੧॥
ਮੈ ਓਲ੍ਰਗੀਆ ਓਲ੍ਰਗੀ ਹਮ ਛੋਰੂ ਥਾਰੇ ॥
(ਹੇ ਪ੍ਰਭੂ!) ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰਾ ਛੋਟਾ ਜਿਹਾ ਸੇਵਕ ਹਾਂ।
ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ ॥੧॥ ਰਹਾਉ ॥
(ਮੇਹਰ ਕਰ) ਮੈਂ ਉਸੇ ਤਰ੍ਹਾਂ ਜੀਵਾਂ ਜਿਵੇਂ ਤੇਰੀ ਰਜ਼ਾ ਹੋਵੇ। ਮੇਰੇ ਮੂੰਹ ਵਿਚ ਆਪਣਾ ਨਾਮ ਦੇਹ! ॥੧॥ ਰਹਾਉ ॥
ਦਰਸਨ ਕੀ ਪਿਆਸਾ ਘਣੀ ਭਾਣੈ ਮਨਿ ਭਾਈਐ ॥
ਪ੍ਰਭੂ ਦੀ ਰਜ਼ਾ ਵਿਚ (ਜੀਵ ਦੇ ਅੰਦਰ) ਉਸ ਦੇ ਦਰਸ਼ਨ ਦੀ ਤੀਬਰ ਤਾਂਘ ਪੈਦਾ ਹੁੰਦੀ ਹੈ, ਉਸ ਦੀ ਰਜ਼ਾ ਅਨੁਸਾਰ ਹੀ ਉਹ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।
ਮੇਰੇ ਠਾਕੁਰ ਹਾਥਿ ਵਡਿਆਈਆ ਭਾਣੈ ਪਤਿ ਪਾਈਐ ॥੨॥
ਪਿਆਰੇ ਠਾਕੁਰ ਦੇ ਹੱਥ ਵਿਚ ਹੀ ਸਾਰੀਆਂ ਵਡਿਆਈਆਂ ਹਨ, ਉਸ ਦੀ ਰਜ਼ਾ ਅਨੁਸਾਰ ਹੀ (ਜੀਵ ਨੂੰ ਉਸ ਦੇ ਦਰ ਤੇ) ਇੱਜ਼ਤ ਮਿਲਦੀ ਹੈ ॥੨॥
ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਕਿਤੇ) ਦੂਰ (ਬੈਠਾ) ਨਹੀਂ ਸਮਝਣਾ ਚਾਹੀਦਾ, ਹਰੇਕ ਜੀਵ ਦੇ ਅੰਦਰ ਉਹ ਆਪ ਹੀ (ਵੱਸ ਰਿਹਾ) ਹੈ।
ਜਹ ਦੇਖਾ ਤਹ ਰਵਿ ਰਹੇ ਕਿਨਿ ਕੀਮਤਿ ਹੋਈ ॥੩॥
ਮੈਂ ਜਿੱਧਰ ਤੱਕਦਾ ਹਾਂ, ਉਧਰ ਹੀ ਪ੍ਰਭੂ ਭਰਪੂਰ ਹੈ। ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ॥੩॥
ਆਪਿ ਕਰੇ ਆਪੇ ਹਰੇ ਵੇਖੈ ਵਡਿਆਈ ॥
ਪਰਮਾਤਮਾ ਆਪ ਹੀ ਉਸਾਰਦਾ ਹੈ ਆਪ ਹੀ ਢਾਂਹਦਾ ਹੈ, (ਆਪਣੀ ਇਹ) ਤਾਕਤ ਉਹ ਆਪ ਹੀ ਵੇਖ ਰਿਹਾ ਹੈ।
ਗੁਰਮੁਖਿ ਹੋਇ ਨਿਹਾਲੀਐ ਇਉ ਕੀਮਤਿ ਪਾਈ ॥੪॥
ਗੁਰੂ ਦੇ ਸਨਮੁਖ ਹੋ ਕੇ ਉਸ ਦਾ ਦਰਸ਼ਨ ਕਰ ਸਕੀਦਾ ਹੈ, ਤੇ ਇਸ ਤਰ੍ਹਾਂ ਉਸ ਦਾ ਮੁੱਲ ਪੈ ਸਕਦਾ ਹੈ (ਕਿ ਉਹ ਹਰ ਥਾਂ ਮੌਜੂਦ ਹੈ) ॥੪॥
ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ ॥
ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ ਉਸ ਨੂੰ ਇਸੇ ਜੀਵਨ ਵਿਚ ਪਰਮਾਤਮਾ ਦਾ ਨਾਮ-ਲਾਭ ਮਿਲ ਜਾਂਦਾ ਹੈ।
ਪੂਰਬਿ ਹੋਵੈ ਲਿਖਿਆ ਤਾ ਸਤਿਗੁਰੁ ਪਾਵੈ ॥੫॥
ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰ (ਅੰਦਰ) ਮੌਜੂਦ ਹੋਣ ॥੫॥
ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਆਤਮਕ ਗੁਣਾਂ ਵਿਚ ਨਿੱਤ ਕਮੀ ਹੁੰਦੀ ਰਹਿੰਦੀ ਹੈ, (ਮਾਇਆ ਦੇ) ਭਟਕਾਏ ਹੋਏ ਉਹ (ਨਿੱਤ) ਭਟਕਦੇ ਰਹਿੰਦੇ ਹਨ।
ਮਨਮੁਖੁ ਅੰਧੁ ਨ ਚੇਤਈ ਕਿਉ ਦਰਸਨੁ ਪਾਏ ॥੬॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਵਿਚ) ਅੰਨ੍ਹਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਉਸ ਨੂੰ ਪਰਮਾਤਮਾ ਦਾ ਦਰਸ਼ਨ ਕਿਵੇਂ ਹੋਵੇ? ॥੬॥
ਤਾ ਜਗਿ ਆਇਆ ਜਾਣੀਐ ਸਾਚੈ ਲਿਵ ਲਾਏ ॥
ਤਦੋਂ ਹੀ ਕਿਸੇ ਨੂੰ ਜਗਤ ਵਿਚ ਜਨਮਿਆ ਸਮਝੋ, ਜੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜਦਾ ਹੋਵੇ।
ਗੁਰ ਭੇਟੇ ਪਾਰਸੁ ਭਏ ਜੋਤੀ ਜੋਤਿ ਮਿਲਾਏ ॥੭॥
ਜੇਹੜੇ ਮਨੁੱਖ ਗੁਰੂ ਨੂੰ ਮਿਲ ਪੈਂਦੇ ਹਨ ਉਹ ਪਾਰਸ ਬਣ ਜਾਂਦੇ ਹਨ, ਉਹਨਾਂ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥
ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ ਕਰਣੀ ॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜੇ ਹੋਏ ਬੰਦੇ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਹਨ, ਉਸ ਪਰਮਾਤਮਾ ਦੇ ਚਰਨਾਂ ਵਿਚ ਰੰਗੇ ਰਹਿੰਦੇ ਹਨ।
ਨਾਨਕ ਨਾਮਿ ਸੰਤੋਖੀਆ ਰਾਤੇ ਹਰਿ ਚਰਣੀ ॥੮॥੧੯॥
ਜੇਹੜਾ ਜੇਹੜਾ ਮਨੁੱਖ ਧੁਰੋਂ ਮਿਲੀ (ਸਿਮਰਨ ਦੀ) ਕਾਰ ਕਰਦਾ ਹੈ ਉਹ ਸਦਾ ਨਿਰਲੇਪ ਰਹਿੰਦਾ ਹੈ ॥੮॥੧੯॥
ਆਸਾ ਮਹਲਾ ੧ ॥
ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥
(ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ) ਉਸ ਦੇ ਗੁਣਾਂ ਦਾ ਭਾਵੇਂ ਕਿਤਨਾ ਹੀ ਬਿਆਨ ਕੀਤਾ ਜਾਏ, ਮੈਂ ਅੰਤ ਜਾਣ ਨਹੀਂ ਸਕਦਾ।
ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ ॥੧॥
(ਹੇ ਪ੍ਰਭੂ! ਮੇਰੀ ਤਾਂ ਨਿੱਤ ਇਹੀ ਅਰਦਾਸ ਹੈ) ਮੈਂ ਨਿਆਸਰੇ ਦਾ ਸਿਰਫ਼ ਤੂੰ ਹੀ ਆਸਰਾ ਹੈਂ, ਤੇ ਤੂੰ ਮੇਰਾ (ਨਿਤਾਣੇ ਦਾ) ਤਕੜਾ ਤਾਣ ਹੈਂ ॥੧॥
ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥
ਨਾਨਕ ਦੀ ਇਹ ਅਰਦਾਸ ਹੈ ਕਿ ਮੈਂ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੁਖੀ ਰਹਾਂ (ਭਾਵ, ਮੈਂ ਪਰਮਾਤਮਾ ਦੀ ਯਾਦ ਵਿਚ ਰਹਿ ਕੇ ਆਤਮਕ ਆਨੰਦ ਹਾਸਲ ਕਰਾਂ)।
ਆਪੁ ਗਇਆ ਸੋਝੀ ਪਈ ਗੁਰਸਬਦੀ ਮੇਲਾ ॥੧॥ ਰਹਾਉ ॥
ਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦਾ ਹੈ ਉਸ ਨੂੰ (ਇਸ ਤਰ੍ਹਾਂ ਦੀ ਅਰਦਾਸ ਕਰਨ ਦੀ) ਸਮਝ ਪੈਂਦੀ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ ਉਸ ਦਾ) ਮਿਲਾਪ ਹੋ ਜਾਂਦਾ ਹੈ ॥੧॥ ਰਹਾਉ ॥
ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ ॥
ਜਦੋਂ ਇਹ ਅਹੰਕਾਰ ਕਿ ‘ਮੈਂ ਵੱਡਾ, ਮੈਂ ਵੱਡਾ’ (ਆਪਣੇ ਅੰਦਰੋਂ) ਦੂਰ ਕਰੀਏ, ਤਦੋਂ (ਪਰਮਾਤਮਾ ਦੇ ਦਰ ਤੇ ਅਰਦਾਸ ਕਰਨ ਦੀ) ਸਮਝ ਪੈਂਦੀ ਹੈ।
ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥੨॥
ਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਮਨ ਪਰਚ ਜਾਂਦਾ ਹੈ, ਤਦੋਂ ਉਹ ਪ੍ਰਭੂ ਉਸ ਨੂੰ ਆਪਣਾ ਸਦਾ-ਥਿਰ ਨਾਮ (ਜੀਵਨ ਵਾਸਤੇ) ਆਸਰਾ ਦੇ ਦੇਂਦਾ ਹੈ ॥੨॥
ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥
ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੰਤੋਖ ਵਾਲਾ ਜੀਵਨ ਬਣਾਂਦਾ ਹੈ, ਉਸ ਦੀ ਇਹ ਸੇਵਾ ਸਦਾ-ਥਿਰ ਪ੍ਰਭੂ ਕਬੂਲ ਕਰਦਾ ਹੈ।
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥੩॥
ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ ਮਾਇਆ ਦੇ ਮੋਹ ਆਦਿਕ ਦੀ) ਕੋਈ ਰੋਕ ਨਹੀਂ ਪੈਂਦੀ ॥੩॥
ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥
ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪਰਮਾਤਮਾ ਦੇ ਹੁਕਮ ਵਿਚ ਤੁਰਦਾ ਹੈ ਉਹ (ਖਰਾ ਸਿੱਕਾ ਬਣ ਕੇ) ਪ੍ਰਭੂ ਖ਼ਜ਼ਾਨੇ ਵਿਚ ਪੈਂਦਾ ਹੈ,
ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥੪॥
ਖੋਟੇ ਸਿੱਕਿਆਂ ਨੂੰ (ਖੋਟੇ ਜੀਵਨ ਵਾਲਿਆਂ ਨੂੰ ਪ੍ਰਭੂ ਦੇ ਖ਼ਜ਼ਾਨੇ ਵਿਚ) ਢੋਈ ਨਹੀਂ ਮਿਲਦੀ, ਉਹ ਤਾਂ ਖੋਟਿਆਂ ਵਿਚ ਹੀ ਰਲੇ ਰਹਿੰਦੇ ਹਨ ॥੪॥
ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥
ਸਦਾ ਹੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖੋ ਜਿਸ ਨੂੰ ਮਾਇਆ ਦੇ ਮੋਹ ਦੀ ਰਤਾ ਭੀ ਮੈਲ ਨਹੀਂ ਹੈ, ਇਸ ਤਰ੍ਹਾਂ ਉਹ ਸੌਦਾ (ਖਰੀਦ) ਲਈਦਾ ਹੈ ਜੋ ਸਦਾ ਲਈ ਹੈ ਜੋ ਸਦਾ ਲਈ ਮਿਲਿਆ ਰਹਿੰਦਾ ਹੈ।
ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥੫॥
ਖੋਟੇ ਸਿੱਕੇ ਪਰਮਾਤਮਾ ਦੀ ਨਜ਼ਰੇ ਹੀ ਨਹੀਂ ਚੜ੍ਹਦੇ, ਖੋਟੇ ਸਿੱਕਿਆਂ ਨੂੰ ਉਹਨਾਂ ਦੀ ਮਿਲਾਵਟ ਆਦਿਕ ਦੀ ਮੈਲ ਸਾੜਨ ਲਈ ਅੱਗ ਵਿਚ ਪਾ ਕੇ ਤਪਾਈਦਾ ਹੈ ॥੫॥
ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥
ਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਕ ਜੀਵਨ ਨੂੰ ਪਰਖਿਆ ਪਛਾਣਿਆ ਹੈ ਉਹੀ ਬੰਦੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ।
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥
(ਉਹ ਸਮਝ ਲੈਂਦੇ ਹਨ ਕਿ) ਇਕ ਪਰਮਾਤਮਾ ਹੀ ਆਤਮਕ ਜੀਵਨ-ਰੂਪ ਫਲ ਦੇਣ ਵਾਲਾ ਰੁੱਖ ਹੈ, ਉਸ ਪ੍ਰਭੂ-ਰੁੱਖ ਦਾ ਫਲ ਸਦਾ ਅੰਮ੍ਰਿਤ ਰੂਪ ਹੈ। {ਨੋਟ: ਜਿਵੇਂ ਫਲ ਤੋਂ ਰੁੱਖ, ਤੇ ਰੁੱਖ ਤੋਂ ਫਲ ਦੀ ਪਛਾਣ ਕਰ ਲਈਦੀ ਹੈ, ਤਿਵੇਂ ਜਿਸ ਨੂੰ ਆਤਮਾ ਦਾ ਗਿਆਨ ਹੋ ਜਾਏ ਉਸ ਨੂੰ ਪਰਮਾਤਮਾ ਦਾ ਭੀ ਗਿਆਨ ਹੋ ਜਾਂਦਾ ਹੈ} ॥੬॥
ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥
ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਚੱਖ ਲਿਆ, ਉਹ (ਸਦਾ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਹੋਰ ਸੁਆਦਾਂ ਵਲੋਂ) ਰੱਜੇ ਰਹਿੰਦੇ ਹਨ।
ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥੭॥
ਉਹਨਾਂ ਨੂੰ (ਮਾਇਆ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ, ਉਹਨਾਂ ਦੀ ਪਰਮਾਤਮਾ ਨਾਲੋਂ ਕੋਈ ਵਿੱਥ ਨਹੀਂ ਰਹਿੰਦੀ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ ॥੭॥
ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥
(ਹੇ ਜੀਵ!) ਤੂੰ ਪਰਮਾਤਮਾ ਦੇ ਹੁਕਮ ਵਿਚ (ਆਪਣੇ ਕੀਤੇ ਕਰਮਾਂ ਦੇ) ਸੰਜੋਗਾਂ ਅਨੁਸਾਰ (ਜਗਤ ਵਿਚ) ਆਇਆ ਹੈਂ, ਸਦਾ ਉਸ ਦੀ ਰਜ਼ਾ ਵਿਚ ਹੀ ਤੁਰ!
ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥੮॥੨੦॥
(ਮੈਨੂੰ) ਗੁਣ-ਹੀਣ ਨਾਨਕ ਨੂੰ ਸਦਾ-ਥਿਰ ਪ੍ਰਭੂ (ਦਾ ਸਿਮਰਨ-ਰੂਪ) ਗੁਣ ਮਿਲ ਜਾਏ (ਮੈਂ ਨਾਨਕ ਇਸੇ ਬਖ਼ਸ਼ਸ਼ ਨੂੰ ਸਭ ਤੋਂ ਉੱਚੀ) ਵਡਿਆਈ ਸਮਝਦਾ ਹਾਂ ॥੮॥੨੦॥
ਆਸਾ ਮਹਲਾ ੧ ॥
ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ)।
ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥
(ਤੇ, ਹੇ ਪ੍ਰਭੂ!) ਜਦੋਂ (ਤੇਰੀ ਸੇਵਾ-ਭਗਤੀ ਦੇ ਕਾਰਨ ਕੋਈ ਵਡਭਾਗੀ ਜੀਵ) ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿਚ ਲੋਕਾਂ ਦਾ ਕੁਝ ਨਹੀਂ ਵਿਗੜਦਾ ॥੧॥
ਜਉ ਲਗੁ ਜੀਉ ਪਰਾਣ ਸਚੁ ਧਿਆਈਐ ॥
ਜਦੋਂ ਤਕ (ਸਰੀਰ ਵਿਚ) ਜਿੰਦ ਹੈ ਤੇ ਸੁਆਸ ਹਨ (ਤਦ ਤਕ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ।
ਲਾਹਾ ਹਰਿ ਗੁਣ ਗਾਇ ਮਿਲੈ ਸੁਖੁ ਪਾਈਐ ॥੧॥ ਰਹਾਉ ॥
ਜਿਹੜਾ ਸਿਮਰਦਾ ਹੈ ਉਸ ਨੂੰ ਪ੍ਰਭੂ ਦੇ ਗੁਣ ਗਾ ਕੇ (ਸਿਫ਼ਤ-ਸਾਲਾਹ ਕਰ ਕੇ) ਆਤਮਕ ਆਨੰਦ-ਰੂਪ ਲਾਭ ਮਿਲਦਾ ਹੈ ॥੧॥ ਰਹਾਉ ॥
ਸਚੀ ਤੇਰੀ ਕਾਰ ਦੇਹਿ ਦਇਆਲ ਤੂੰ ॥
ਹੇ ਦਇਆਲ ਪ੍ਰਭੂ! ਤੂੰ ਮੈਨੂੰ ਆਪਣੀ (ਭਗਤੀ ਦੀ) ਕਾਰ ਬਖ਼ਸ਼ (ਇਹ ਕਾਰ ਐਸੀ ਹੈ ਕਿ) ਇਸ ਵਿਚ ਕੋਈ ਉਕਾਈ ਨਹੀਂ ਹੈ।
ਹਉ ਜੀਵਾ ਤੁਧੁ ਸਾਲਾਹਿ ਮੈ ਟੇਕ ਅਧਾਰੁ ਤੂੰ ॥੨॥
ਜਿਉਂ ਜਿਉਂ ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਹੇ ਪ੍ਰਭੂ! ਤੂੰ ਮੇਰੇ ਜੀਵਨ ਦੀ ਟੇਕ ਹੈਂ, ਤੂੰ ਮੇਰਾ ਆਸਰਾ ਹੈਂ ॥੨॥
ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ ॥
ਹੇ ਪ੍ਰਭੂ! ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮੱਲਦਾ ਹੈ, ਤੂੰ ਉਸ (ਦੇ ਦਿਲ) ਦਾ ਦੁਖ-ਦਰਦ ਜਾਣਦਾ ਹੈਂ।
ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ ॥੩॥
ਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜੇਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁਖ-ਦਰਦ ਦੂਰ ਕਰ ਦੇਂਦਾ ਹੈਂ ॥੩॥
ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ ॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਦਰਗਾਹ ਵਿਚ ਹਜ਼ੂਰੀ ਵਿਚ ਉਸ ਦਾ ਨਾਮ (-ਸਿਮਰਨ) ਹੀ ਪਰਵਾਨ ਹੁੰਦਾ ਹੈ।
ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ ॥੪॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ ॥੪॥
ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ ॥
ਜੋ ਮਨੁਖ ਸਤ ਸੰਤੋਖ ਤੇ ਪ੍ਰਭੂ ਪ੍ਰੇਮ ਨੂੰ ਆਪਣੇ ਜੀਵਨ ਦੇ ਰਸਤੇ ਦਾ ਖ਼ਰਚ ਬਣਾ ਕੇ ਹਰਿ-ਨਾਮ ਜਪਦੇ ਹਨ,
ਮਨਹੁ ਛੋਡਿ ਵਿਕਾਰ ਸਚਾ ਸਚੁ ਦੇਇ ॥੫॥
ਤੇ ਉਹ ਆਪਣੇ ਮਨ ਵਿਚੋਂ ਵਿਕਾਰ ਛੱਡ ਦਿੰਦੇ ਹਨ, ਉਹਨਾਂ ਨੂੰ ਪ੍ਰਭੂ ਆਪਣਾ ਸਦਾ-ਥਿਰ ਨਾਮ ਦੇਂਦਾ ਹੈ ॥੫॥
ਸਚੇ ਸਚਾ ਨੇਹੁ ਸਚੈ ਲਾਇਆ ॥
(ਜੇ ਕਿਸੇ ਜੀਵ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਪ੍ਰੇਮ ਲੱਗਾ ਹੈ (ਤਾਂ ਇਹ ਪ੍ਰੇਮ) ਸਦਾ-ਥਿਰ ਪ੍ਰਭੂ ਨੇ ਆਪ ਹੀ ਲਾਇਆ ਹੈ।
ਆਪੇ ਕਰੇ ਨਿਆਉ ਜੋ ਤਿਸੁ ਭਾਇਆ ॥੬॥
ਉਹ ਆਪ ਹੀ ਨਿਆਂ ਕਰਦਾ ਹੈ (ਕਿ ਕਿਸ ਨੂੰ ਪ੍ਰੇਮ ਦੀ ਦਾਤ ਦੇਣੀ ਹੈ), ਜੋ ਉਸ ਨੂੰ ਪਸੰਦ ਆਉਂਦਾ ਹੈ (ਉਹੀ ਨਿਆਂ ਹੈ) ॥੬॥
ਸਚੇ ਸਚੀ ਦਾਤਿ ਦੇਹਿ ਦਇਆਲੁ ਹੈ ॥
ਮੈਂ (ਭੀ) ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਹੈ ਜੋ ਸਦਾ ਜੀਵਾਂ ਉਤੇ ਦਇਆ ਕਰਦਾ ਹੈ।
ਤਿਸੁ ਸੇਵੀ ਦਿਨੁ ਰਾਤਿ ਨਾਮੁ ਅਮੋਲੁ ਹੈ ॥੭॥
(ਮੈਂ ਉਸ ਦੇ ਦਰ ਤੇ ਅਰਦਾਸ ਕਰਦਾ ਹਾਂ-) ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਮੈਨੂੰ ਆਪਣੇ ਨਾਮ ਦੀ ਦਾਤ ਦੇਹ, ਇਹ ਦਾਤ ਸਦਾ ਕਾਇਮ ਰਹਿਣ ਵਾਲੀ ਹੈ ॥੭॥
ਤੂੰ ਉਤਮੁ ਹਉ ਨੀਚੁ ਸੇਵਕੁ ਕਾਂਢੀਆ ॥
ਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ।
ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ ॥੮॥੨੧॥
ਹੇ ਨਾਨਕ! (ਪ੍ਰਭੂ-ਦਰ ਤੇ ਸਦਾ ਇਉਂ ਅਰਦਾਸ ਕਰ-ਹੇ ਪ੍ਰਭੂ!) ਮੇਰੇ ਉੱਤੇ ਮੇਹਰ ਦੀ ਨਜ਼ਰ ਕਰ, (ਤਾਂ ਕਿ) ਮੈਨੂੰ (ਤੇਰੇ ਚਰਨਾਂ ਤੋਂ) ਵਿਛੁੜੇ ਹੋਏ ਨੂੰ ਤੇਰਾ ਸਦਾ-ਥਿਰ ਨਾਮ ਮਿਲ ਜਾਏ ॥੮॥੨੧॥
ਆਸਾ ਮਹਲਾ ੧ ॥
ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥
(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ,
ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥੧॥
ਜਨਮ ਮਰਨ ਦਾ ਭਾਰਾ ਕਲੇਸ਼ ਬਣਿਆ ਰਹਿੰਦਾ ਹੈ ਤੇ ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ (ਜਿੰਦ ਨੂੰ) ਨਿੱਤ ਸਹਮ (ਖਾਂਦਾ ਰਹਿੰਦਾ) ਹੈ ॥੧॥
ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ ॥
ਜੋ (ਸਾਰੀ ਉਮਰ) ਪਰਮਾਤਮਾ ਦੇ ਨਾਮ ਤੋਂ ਵਾਂਜਿਆ ਰਿਹਾ, ਉਸ ਦਾ ਜੀਊਣਾ ਅਸਲ ਜੀਊਣ ਨਹੀਂ ਹੈ, (ਜੇ ਉਹ ਮਨੁੱਖ ਦੁਨੀਆਦਾਰੀ ਵਾਲੀ ਕੋਈ ਸਿਆਣਪ ਵਿਖਾ ਰਿਹਾ ਹੈ ਤਾਂ ਉਸ ਦੀ) ਐਸੀ ਸਿਆਣਪ ਫਿਟਕਾਰਜੋਗ ਹੈ,
ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ ॥੧॥ ਰਹਾਉ ॥
ਜੇ ਮਨੁੱਖ ਨੇ ਸਾਧੂ ਗੁਰੂ ਦੀ (ਦੱਸੀ) ਸੇਵਾ ਨਹੀਂ ਕੀਤੀ, ਤੇ ਜਿਸ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ ॥੧॥ ਰਹਾਉ ॥
ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ ॥
ਜਨਮ ਮਰਨ ਦਾ ਚੱਕਰ ਤਦੋਂ ਹੀ ਮੁੱਕਦਾ ਹੈ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ।
ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮੁ ਕੂਰਾ ॥੨॥
ਗੁਰੂ ਪਰਮਾਤਮਾ ਦਾ ਨਾਮ-ਧਨ (ਰੂਪ) ਸਰਮਾਇਆ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਝੂਠੀ ਮਾਇਆ ਦੀ ਖ਼ਾਤਰ ਭਟਕਣਾ ਮੁੱਕ ਜਾਂਦੀ ਹੈ ॥੨॥
ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥
ਜੋ ਗੁਰੂ ਦੀ ਸਰਨ ਪੈ ਕੇ, ਸਾਧ ਸੰਗਤਿ ਵਿਚ ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ,
ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥੩॥
ਉਹ ਜਗਤ ਦੇ ਮੂਲ ਸਰਬ ਵਿਆਪਕ ਬੇਅੰਤ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੩॥
ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ॥
ਇਹ ਸੰਸਾਰ ਮਦਾਰੀ ਦੇ ਨਾਟਕ ਵਾਂਗ ਇਕ ਖੇਡ (ਹੀ) ਹੈ,
ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ ॥੪॥
ਜਿਸ ਵਿੱਚ ਜੀਵਨ ਘੜੀ ਪਲ ਹੀ ਹੈ ਤੇ ਇਸ ਦੇ ਉਜੜਦਿਆਂ ਚਿਰ ਨਹੀਂ ਲੱਗਦਾ ॥੪॥
ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥
ਮਨੁੱਖ (ਮੈਂ ਵੱਡਾ, ਮੈਂ ਵੱਡਾ ਬਣ ਜਾਵਾਂ-ਇਸ) ਹਉਮੈ ਦੀ ਖੇਡ, ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ ਖੇਡ ਰਿਹਾ ਹੈ,
ਸਭੁ ਜਗੁ ਹਾਰੈ ਸੋ ਜਿਣੈ ਗੁਰਸਬਦੁ ਵੀਚਾਰਾ ॥੫॥
ਤੇ ਇੰਜ ਸਾਰਾ ਸੰਸਾਰ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਰਿਹਾ ਹੈ; ਸਿਰਫ਼ ਉਹ ਮਨੁੱਖ ਜਿੱਤਦਾ ਹੈ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਂਦਾ ਹੈ ॥੫॥
ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ ॥
ਜਿਵੇਂ ਕਿਸੇ ਅੰਨ੍ਹੇ ਮਨੁੱਖ ਦੇ ਹੱਥ ਵਿਚ ਡੰਗੋਰੀ ਹੁੰਦੀ ਹੈ, (ਜਿਸ ਨਾਲ ਟੋਹ ਟੋਹ ਕੇ ਉਹ ਰਾਹ-ਖਹਿੜਾ ਲੱਭਦਾ ਹੈ), ਇਸ ਤਰ੍ਹਾਂ ਜੀਵਾਂ ਪਾਸ ਪਰਮਾਤਮਾ ਦਾ ਨਾਮ ਹੀ ਹੈ (ਜੋ ਸਾਨੂੰ ਸਹੀ ਜੀਵਨ ਰਾਹ ਵਿਖਾਂਦਾ ਹੈ)।
ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥੬॥
ਪਰਮਾਤਮਾ ਦਾ ਨਾਮ (ਇਕ ਐਸਾ) ਸਹਾਰਾ ਹੈ ਜੋ ਜੀਵਨ-ਰਾਤ (ਆਤਮਕ ਅਗਿਆਨਤਾ) ਲਈ ਸਵੇਰ ਦਾ ਚਾਨਣ ਬਣਦਾ ਹੈ (ਹਰ ਵੇਲੇ ਸਾਡੀ ਸਹਾਇਤਾ ਕਰਦਾ ਹੈ) ॥੬॥
ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ ॥
ਹੇ ਪ੍ਰਭੂ! ਨਾਮ ਦੇ ਆਸਰੇ ਨਾਲ ਮੈਂ ਉਸੇ ਹਾਲਤ ਵਿਚ ਹੀ ਰਹਿ ਸਕਦਾ ਹਾ, ਜਿਸ ਹਾਲਤ ਵਿਚ ਤੂੰ ਮੈਨੂੰ ਰੱਖੇਂ।
ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ ॥੭॥
ਜਿਨ੍ਹਾਂ ਨੇ ਅੰਤ ਵੇਲੇ ਤਕ ਨਾਲ ਨਿਭਣ ਵਾਲਾ ਇਹ ਸਾਥੀ ਲੱਭ ਲਿਆ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਦਾ ਰਾਹ ਮਿਲ ਜਾਂਦਾ ਹੈ ॥੭॥
ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥
ਪਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਿਟਾਇਆ ਜਾ ਸਕਦਾ ਹੈ।
ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ ॥੮॥੨੨॥
ਹੇ ਨਾਨਕ! ਜਿਨ੍ਹਾਂ ਨੂੰ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਹਨਾਂ ਨੂੰ ਪੂਰਾ ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥੨੨॥
ਆਸਾ ਮਹਲਾ ੩ ਅਸਟਪਦੀਆ ਘਰੁ ੨ ॥
ਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਾਸਤੁ ਬੇਦੁ ਸਿੰਮ੍ਰਿਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ ॥
ਹੇ ਪ੍ਰਭੂ! ਤੇਰਾ ਨਾਮ-ਸਰੋਵਰ (ਮੇਰੇ ਵਾਸਤੇ) ਸ਼ਾਸਤ੍ਰ ਵੇਦ ਸਿੰਮ੍ਰਿਤੀਆਂ (ਦੀ ਵਿਚਾਰ) ਹੈ, ਤੇਰੇ ਚਰਨਾਂ ਵਿਚ ਲੀਨਤਾ (ਮੇਰੇ ਵਾਸਤੇ) ਗੰਗਾ (ਆਦਿਕ ਤੀਰਥ ਦਾ ਇਸ਼ਨਾਨ) ਹੈ।
ਸਾਖਾ ਤੀਨਿ ਮੂਲੁ ਮਤਿ ਰਾਵੈ ਤੂੰ ਤਾਂ ਸਰਬ ਵਿਡਾਣੀ ॥੧॥
ਹੇ ਪ੍ਰਭੂ! ਤੂੰ ਇਸ ਸਾਰੇ ਅਸਚਰਜ ਜਗਤ ਦਾ ਮਾਲਕ ਹੈਂ, ਤੂੰ ਤ੍ਰਿਗੁਣੀ ਮਾਇਆ ਦਾ ਕਰਤਾ ਹੈਂ। ਮੇਰੀ ਬੁੱਧੀ (ਤੇਰੀ ਯਾਦ ਦੇ ਅਨੰਦ ਨੂੰ ਹੀ) ਮਾਣਦੀ ਰਹਿੰਦੀ ਹੈ ॥੧॥
ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ ॥੧॥ ਰਹਾਉ ॥
(ਪ੍ਰਭੂ ਦਾ) ਦਾਸ ਨਾਨਕ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੀ ਰੱਖਦਾ ਹੈ, ਆਤਮਕ ਜੀਵਨ ਦੇਣ ਵਾਲੀ ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥
ਤੇਤੀਸ ਕਰੋੜੀ ਦਾਸ ਤੁਮ੍ਰਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥
(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਤੇਤੀ ਕ੍ਰੋੜ ਦੇਵਤੇ ਵੀ ਤੇਰੇ ਦਾਸ ਹਨ ਤੇ ਰਿੱਧੀਆਂ ਸਿੱਧੀਆਂ ਤੇ ਪ੍ਰਾਣਾਂ ਦਾ ਵੀ ਤੂੰ ਹੀ ਆਸਰਾ ਹੈਂ।
ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥
ਉਸ ਪਰਮਾਤਮਾ ਦੇ ਅਨੇਕਾਂ ਹੀ ਰੂਪਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਮੈਂ ਕੀਹ ਆਖ ਕੇ ਉਹਨਾਂ ਦਾ ਕੋਈ ਵਿਚਾਰ ਦੱਸਾਂ? ॥੨॥
ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥
ਹੇ ਪ੍ਰਭੂ! ਇਸ ਜਗਤ ਵਿਚ (ਮਾਇਆ ਦੇ) ਤਿੰਨ ਗੁਣ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੇ (ਜਗਤ-ਉਤਪੱਤੀ ਦੀਆਂ) ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ।
ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥
ਤੇਰੀ ਮੇਹਰ ਹੋਵੇ ਤਦੋਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ, ਤਦੋਂ ਹੀ ਕੋਈ ਤੇਰੇ ਅਕੱਥ ਸਰੂਪ ਦੀਆਂ ਕੋਈ ਗੱਲਾਂ ਕਰ ਸਕਦਾ ਹੈ ॥੩॥
ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥
ਹੇ ਪ੍ਰਭੂ! ਤੂੰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਤੇਰੇ ਹੁਕਮ ਤੋਂ ਬਿਨਾ ਕੋਈ ਜੀਵ ਕੁਝ ਨਹੀਂ ਕਰ ਸਕਦਾ।
ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥
ਜਿਸ ਜੀਵ-ਇਸਤ੍ਰੀ ਉੱਤੇ ਤੂੰ ਮੇਹਰ ਦੀ ਨਜ਼ਰ ਕਰਦਾ ਹੈਂ ਉਹ ਤੇਰੇ ਸਦਾ-ਥਿਰ ਨਾਮ ਵਿਚ ਲੀਨ ਰਹਿੰਦੀ ਹੈ ॥੪॥
ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥
ਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿਚ ਹਰੇਕ ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ,
ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥
ਪਰ ਜਦੋਂ ਤੈਨੂੰ ਚੰਗਾ ਲੱਗਦਾ ਤਾਂ ਗੁਰੂ ਦੀ ਸਰਨ ਪਿਆ ਹੋਇਆ ਜੀਵ (ਇਸ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿਛੇ ਤੁਰਨ ਵਾਲੀ ਹੋਰ ਮੂਰਖ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ ॥੫॥
ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥
(ਬ੍ਰਹਮਾ ਇਤਨਾ ਵੱਡਾ ਦੇਵਤਾ ਮੰਨਿਆ ਗਿਆ ਹੈ, ਕਹਿੰਦੇ ਹਨ ਪਰਮਾਤਮਾ ਨੇ) ਚਾਰੇ ਵੇਦ ਬ੍ਰਹਮਾ ਨੂੰ ਦਿੱਤੇ (ਬ੍ਰਹਮਾ ਨੇ ਚਾਰੇ ਵੇਦ ਰਚੇ, ਉਹ ਇਹਨਾਂ ਨੂੰ) ਮੁੜ ਮੁੜ ਪੜ੍ਹਕੇ ਇਹਨਾਂ ਦੀ ਹੀ ਵਿਚਾਰ ਕਰਦਾ ਰਿਹਾ।
ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥
ਉਹ ਵਿਚਾਰਾ ਇਹ ਨਾਹ ਸਮਝ ਸਕਿਆ ਕਿ ਪ੍ਰਭੂ ਦਾ ਹੁਕਮ ਮੰਨਣਾ ਸਹੀ ਜੀਵਨ-ਰਾਹ ਹੈ, ਉਹ ਨਰਕ ਸੁਰਗ ਦੀਆਂ ਵਿਚਾਰਾਂ ਵਿਚ ਹੀ ਟਿਕਿਆ ਰਿਹਾ ॥੬॥
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥
(ਪਰਮਾਤਮਾ ਨੇ ਰਾਮ ਕ੍ਰਿਸ਼ਨ ਆਦਿਕ) ਆਪੋ ਆਪਣੇ ਜੁਗ ਦੇ ਮਹਾਂ ਪੁਰਖ ਪੈਦਾ ਕੀਤੇ, ਲੋਕ ਉਹਨਾਂ ਨੂੰ (ਪਰਮਾਤਮਾ ਦਾ) ਅਵਤਾਰ ਮੰਨ ਕੇ ਸਲਾਹੁੰਦੇ ਚਲੇ ਆ ਰਹੇ ਹਨ।
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥
ਉਹਨਾਂ ਨੇ ਭੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ, ਮੈਂ (ਵਿਚਾਰਾ) ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ? ॥੭॥
ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰਾ ਪੈਦਾ ਕੀਤਾ ਹੋਇਆ ਜਗਤ ਤੇਰੀ ਸਦਾ-ਥਿਰ ਹਸਤੀ ਦਾ ਸਰੂਪ ਹੈ। ਜੇ ਤੂੰ ਆਪ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਮੈਂ ਤੇਰਾ ਸਦਾ-ਥਿਰ ਨਾਮ ਉਚਾਰ ਸਕਦਾ ਹਾਂ।
ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਸਦਾ-ਥਿਰ ਨਾਮ ਜਪਣ ਦੀ ਸੂਝ ਬਖ਼ਸ਼ਦਾ ਹੈਂ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੧॥੨੩॥
ਆਸਾ ਮਹਲਾ ੩ ॥
ਸਤਿਗੁਰ ਹਮਰਾ ਭਰਮੁ ਗਵਾਇਆ ॥
ਗੁਰੂ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ,
ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥
ਤੇ ਨਿਰਲੇਪ ਪ੍ਰਭੂ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ।
ਸਬਦੁ ਚੀਨਿ ਸਦਾ ਸੁਖੁ ਪਾਇਆ ॥੧॥
ਹੁਣ ਮੈਂ ਗੁਰੂ ਦੇ ਸ਼ਬਦ ਨੂੰ ਪਛਾਣ ਕੇ (ਸ਼ਬਦ ਦੀ ਕਦਰ ਸਮਝ ਕੇ) ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣ ਰਿਹਾ ਹਾਂ ॥੧॥
ਸੁਣਿ ਮਨ ਮੇਰੇ ਤਤੁ ਗਿਆਨੁ ॥
ਹੇ ਮੇਰੇ ਮਨ! (ਪਰਮਾਤਮਾ ਬਾਰੇ ਇਹ) ਇਹ ਅਸਲੀਅਤ ਦੀ ਗਲ ਸੁਣ,
ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥
ਕਿ ਪ੍ਰਭੂ ਜੋ ਸਾਰੇ ਪਦਾਰਥ ਦੇਣ ਦੀ ਸਮਰੱਥਾ ਵਾਲਾ ਹੈ ਤੇ ਹਰੇਕ ਢੰਗ ਜਾਣਦਾ ਹੈ। (ਸਾਰੇ ਸੁਖਾਂ ਦਾ) ਖ਼ਜ਼ਾਨਾ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ ॥੧॥ ਰਹਾਉ ॥
ਸਤਿਗੁਰ ਭੇਟੇ ਕੀ ਵਡਿਆਈ ॥
ਇਹ ਗੁਰੂ ਨੂੰ ਮਿਲਣ ਦੀ ਹੀ ਬਰਕਤ ਹੈ ਕਿ,
ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਾਈ ॥
ਮੇਰੀ ਮੋਹ ਤੇ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ,
ਸਹਜੇ ਮਾਤਾ ਹਰਿ ਗੁਣ ਗਾਈ ॥੨॥
ਤੇ ਹੁਣ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥
ਵਿਣੁ ਗੁਰ ਪੂਰੇ ਕੋਇ ਨ ਜਾਣੀ ॥
ਪੂਰੇ ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਬਾਰੇ ਤੱਤ-ਗਿਆਨ) ਨਹੀਂ ਜਾਣ ਸਕਦਾ,
ਮਾਇਆ ਮੋਹਿ ਦੂਜੈ ਲੋਭਾਣੀ ॥
(ਕਿਉਂਕਿ ਗੁਰੂ ਦੀ ਸਰਨ ਤੋਂ ਬਿਨਾਂ) ਮਨੁੱਖ ਮਾਇਆ ਦੇ ਮੋਹ ਵਿਚ ਹੋਰ ਹੋਰ ਲੋਭ ਵਿਚ ਫਸਿਆ ਰਹਿੰਦਾ ਹੈ।
ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥
ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਕਦਰ) ਪੈਂਦੀ ਹੈ ॥੩॥
ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥
(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਹੀ ਸਭ ਤੋਂ ਸ੍ਰੇਸ਼ਟ ਤਪ ਹੈ,
ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥
ਜਿਸ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ,
ਦਰਿ ਸਾਚੈ ਦੀਸੈ ਸਚਿਆਰੁ ॥੪॥
ਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਦਿੱਸਦਾ ਹੈ ॥੪॥
ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥
(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪ੍ਰਾਪਤ ਹੁੰਦੀ ਹੈ,
ਆਪੁ ਪਛਾਣਿ ਹਰਿ ਪਾਵੈ ਸੋਇ ॥
ਤੇ ਉਹ ਮਨੁੱਖ ਆਪਣਾ ਆਤਮਕ ਜੀਵਨ ਪੜਤਾਲ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥੫॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲ ਜਾਂਦੀ ਹੈ ॥੫॥
ਗੁਰ ਸੇਵਾ ਤੇ ਸਭ ਕੁਲ ਉਧਾਰੇ ॥
(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦਾ ਸਦਕਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਵਿਕਾਰਾਂ ਤੋਂ ਬਚਾ ਲੈਂਦਾ ਹੈ,
ਨਿਰਮਲ ਨਾਮੁ ਰਖੈ ਉਰਿ ਧਾਰੇ ॥
ਮਨੁੱਖ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ,
ਸਾਚੀ ਸੋਭਾ ਸਾਚਿ ਦੁਆਰੇ ॥੬॥
ਤੇ ਉਸ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸਦਾ-ਟਿਕਵੀਂ ਵਡਿਆਈ ਮਿਲ ਜਾਂਦੀ ਹੈ ॥੬॥
ਸੇ ਵਡਭਾਗੀ ਜਿ ਗੁਰਿ ਸੇਵਾ ਲਾਏ ॥
(ਹੇ ਮੇਰੇ ਮਨ!) ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੀ ਸੇਵਾ ਭਗਤੀ ਵਿਚ ਜੋੜ ਦਿੱਤਾ ਹੈ।
ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ ॥
ਗੁਰੂ ਉਹਨਾਂ ਦੇ ਹਿਰਦੇ ਵਿਚ ਹਰ ਵੇਲੇ ਪਰਮਾਤਮਾ ਦੀ ਭਗਤੀ ਤੇ ਸਦਾ-ਥਿਰ ਨਾਮ ਦਾ ਸਿਮਰਨ ਪੱਕਾ ਕਰ ਦੇਂਦਾ ਹੈ।
ਨਾਮੇ ਉਧਰੇ ਕੁਲ ਸਬਾਏ ॥੭॥
(ਹੇ ਮਨ!) ਹਰਿ-ਨਾਮ ਦੀ ਬਰਕਤਿ ਨਾਲ, ਉਹਨਾਂ ਦੇ ਸਾਰੇ ਕੁਲ ਭੀ ਵਿਕਾਰਾਂ ਤੋਂ ਬਚ ਜਾਂਦੇ ਹਨ ॥੭॥
ਨਾਨਕੁ ਸਾਚੁ ਕਹੈ ਵੀਚਾਰੁ ॥
ਨਾਨਕ (ਤੈਨੂੰ) ਅਟੱਲ (ਨਿਯਮ ਦੀ) ਵਿਚਾਰ ਦੱਸਦਾ ਹੈ,
ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥
(ਉਹ ਵਿਚਾਰ ਇਹ ਹੈ ਕਿ) ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਟਿਕਾਈ ਰੱਖ।
ਹਰਿ ਭਗਤੀ ਰਾਤੇ ਮੋਖ ਦੁਆਰੁ ॥੮॥੨॥੨੪॥
ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥੨੪॥
ਆਸਾ ਮਹਲਾ ੩ ॥
ਆਸਾ ਆਸ ਕਰੇ ਸਭੁ ਕੋਈ ॥
(ਦੁਨੀਆ ਵਿਚ) ਹਰੇਕ ਜੀਵ ਆਸਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ।
ਹੁਕਮੈ ਬੂਝੈ ਨਿਰਾਸਾ ਹੋਈ ॥
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ।
ਆਸਾ ਵਿਚਿ ਸੁਤੇ ਕਈ ਲੋਈ ॥
ਬੇਅੰਤ ਲੁਕਾਈ ਆਸਾਂ (ਦੇ ਜਾਲ) ਵਿਚ (ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਪਈ ਹੈ।
ਸੋ ਜਾਗੈ ਜਾਗਾਵੈ ਸੋਈ ॥੧॥
ਉਹੀ ਮਨੁੱਖ (ਇਸ ਨੀਂਦ ਵਿਚੋਂ) ਜਾਗਦਾ ਹੈ ਜਿਸ ਨੂੰ (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਜਗਾਂਦਾ ਹੈ ॥੧॥
ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥
ਗੁਰੂ ਨੇ (ਜਿਸ ਨੂੰ) ਹਰਿ-ਨਾਮ (ਸਿਮਰਨਾ) ਸਿਖਾ ਦਿੱਤਾ (ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ)। ਹਰਿ-ਨਾਮ ਤੋਂ ਬਿਨਾ (ਮਾਇਆ ਵਾਲੀ) ਭੁੱਖ ਦੂਰ ਨਹੀਂ ਹੁੰਦੀ।
ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥
(ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬੁੱਝਦੀ ਹੈ, ਤੇ ਇਹ ਨਾਮ ਉਸ ਮਾਲਕ ਦੀ ਰਜ਼ਾ ਅਨੁਸਾਰ ਮਿਲਦਾ ਹੈ (ਗੁਰੂ ਦੀ ਰਾਹੀਂ) ॥੧॥ ਰਹਾਉ ॥
ਕਲਿ ਕੀਰਤਿ ਸਬਦੁ ਪਛਾਨੁ ॥
ਇਸ ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤੇ ਗੁਰੂ ਦੇ ਸ਼ਬਦ ਨਾਲ ਜਾਣ-ਪਛਾਣ ਪਾਈ ਰੱਖ।
ਏਹਾ ਭਗਤਿ ਚੂਕੈ ਅਭਿਮਾਨੁ ॥
ਇਹ ਪਰਮਾਤਮਾ ਦੀ ਭਗਤੀ ਹੀ ਹੈ ਜਿਸ ਨਾਲ ਮਨ ਵਿਚੋਂ ਅਹੰਕਾਰ ਦੂਰ ਹੁੰਦਾ ਹੈ,
ਸਤਿਗੁਰੁ ਸੇਵਿਐ ਹੋਵੈ ਪਰਵਾਨੁ ॥
ਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।
ਜਿਨਿ ਆਸਾ ਕੀਤੀ ਤਿਸ ਨੋ ਜਾਨੁ ॥੨॥
ਉਸ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਜਿਸ ਨੇ ਆਸਾ (ਮਨੁੱਖ ਦੇ ਮਨ ਵਿਚ) ਪੈਦਾ ਕੀਤੀ ਹੈ ॥੨॥
ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥
ਉਸ ਨੂੰ ਕੇਹੜੀ ਭੇਟਾ ਦੇਣੀ ਚਾਹੀਦੀ ਹੈ, ਜੇਹੜਾ (ਗੁਰੂ) ਆਪਣਾ ਸ਼ਬਦ ਸੁਣਾਂਦਾ ਹੈ,
ਕਰਿ ਕਿਰਪਾ ਨਾਮੁ ਮੰਨਿ ਵਸਾਏ ॥
ਤੇ ਮੇਹਰ ਕਰ ਕੇ ਪਰਮਾਤਮਾ ਦਾ ਨਾਮ (ਸਾਡੇ) ਮਨ ਵਿਚ ਵਸਾਂਦਾ ਹੈ?
ਇਹੁ ਸਿਰੁ ਦੀਜੈ ਆਪੁ ਗਵਾਏ ॥
ਉਸ (ਗੁਰੂ) ਅਗੇ ਇਹ ਸਿਰ ਭੇਟਾ ਕਰਕੇ (ਹੰਕਾਰ ਨੂੰ ਮਾਰ ਕੇ) ਆਪਾ-ਭਾਵ ਦੂਰ ਕਰਨਾ ਚਾਹਿਦਾ ਹੈ।
ਹੁਕਮੈ ਬੂਝੇ ਸਦਾ ਸੁਖੁ ਪਾਏ ॥੩॥
ਤੇ ਜੋ ਇਸ ਤਰ੍ਹਾਂ ਹੰਕਾਰ ਨੂੰ ਮਾਰਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੩॥
ਆਪਿ ਕਰੇ ਤੈ ਆਪਿ ਕਰਾਏ ॥
ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ, ਅਤੇ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ।
ਆਪੇ ਗੁਰਮੁਖਿ ਨਾਮੁ ਵਸਾਏ ॥
ਉਹ ਆਪ ਹੀ ਗੁਰੂ ਦੀ ਰਾਹੀਂ (ਮਨੁੱਖ ਦੇ ਮਨ ਵਿਚ ਆਪਣਾ) ਨਾਮ ਵਸਾਂਦਾ ਹੈ।
ਆਪਿ ਭੁਲਾਵੈ ਆਪਿ ਮਾਰਗਿ ਪਾਏ ॥
ਪਰਮਾਤਮਾ ਆਪ ਹੀ ਕੁਰਾਹੇ ਪਾਂਦਾ ਹੈ ਆਪ ਹੀ ਸਹੀ ਰਸਤੇ ਪਾਂਦਾ ਹੈ।
ਸਚੈ ਸਬਦਿ ਸਚਿ ਸਮਾਏ ॥੪॥
(ਜਿਸ ਮਨੁੱਖ ਨੂੰ ਸਹੀ ਰਸਤੇ ਪਾਂਦਾ ਹੈ ਉਹ ਮਨੁੱਖ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥
ਸਚਾ ਸਬਦੁ ਸਚੀ ਹੈ ਬਾਣੀ ॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ,
ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ ॥
ਜੋ ਹਰੇਕ ਜੁਗ ਵਿਚ ਲੁਕਾਈ ਗੁਰੂ ਦੀ ਰਾਹੀਂ ਉਚਾਰਦੀ ਆਈ ਹੈ (ਤੇ ਮਾਇਆ ਦੇ ਮੋਹ ਭਰਮ ਤੋਂ ਬਚਦੀ ਆਈ ਹੈ)।
ਮਨਮੁਖਿ ਮੋਹਿ ਭਰਮਿ ਭੋਲਾਣੀ ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਹਰੇਕ ਜੁਗ ਵਿਚ ਹੀ) ਮਾਇਆ ਦੇ ਮੋਹ ਵਿਚ ਫਸਿਆ ਰਿਹਾ, ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਿਹਾ।
ਬਿਨੁ ਨਾਵੈ ਸਭ ਫਿਰੈ ਬਉਰਾਣੀ ॥੫॥
ਪਰਮਾਤਮਾ ਦੇ ਨਾਮ ਤੋਂ ਖੁੰਝ ਕੇ (ਹਰੇਕ ਜੁਗ ਵਿਚ ਹੀ) ਝੱਲੀ ਲੁਕਾਈ ਭਟਕਦੀ ਰਹੀ ਹੈ ॥੫॥
ਤੀਨਿ ਭਵਨ ਮਹਿ ਏਕਾ ਮਾਇਆ ॥
ਤਿੰਨਾਂ ਹੀ ਭਵਨਾਂ ਵਿਚ ਇਕ ਮਾਇਆ ਦਾ ਹੀ ਪ੍ਰਭਾਵ ਚਲਿਆ ਆ ਰਿਹਾ ਹੈ।
ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ ॥
ਮੂਰਖ ਮਨੁੱਖ ਨੇ (ਗੁਰੂ ਤੋਂ ਖੁੰਝ ਕੇ ਸਿੰਮ੍ਰਿਤੀਆਂ ਸ਼ਾਸਤਰ ਆਦਿਕ) ਪੜ੍ਹ ਪੜ੍ਹ ਕੇ (ਆਪਣੇ ਅੰਦਰ ਸਗੋਂ) ਮਾਇਆ ਦਾ ਪਿਆਰ ਹੀ ਪੱਕਾ ਕੀਤਾ।
ਬਹੁ ਕਰਮ ਕਮਾਵੈ ਦੁਖੁ ਸਬਾਇਆ ॥
ਮੂਰਖ ਮਨੁੱਖ (ਗੁਰੂ ਤੋਂ ਖੁੰਝ ਕੇ ਸ਼ਾਸਤ੍ਰਾਂ ਅਨੁਸਾਰ ਮਿਥੇ) ਅਨੇਕਾਂ ਧਾਰਮਿਕ ਕੰਮ ਕਰਦਾ ਹੈ ਤੇ ਨਿਰਾ ਦੁੱਖ ਹੀ ਸਹੇੜਦਾ ਹੈ।
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥੬॥
ਗੁਰੂ ਦੀ ਦੱਸੀ ਸੇਵਾ ਕਰ ਕੇ ਹੀ ਮਨੁੱਖ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੬॥
ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥
ਗੁਰੂ ਦਾ ਸ਼ਬਦ (ਮਤ) ਮਿੱਠਾ ਅੰਮ੍ਰਿਤ ਹੈ ਜਿਸ ਨੂੰ ਵਿਚਾਰ ਕੇ,
ਅਨਦਿਨੁ ਭੋਗੇ ਹਉਮੈ ਮਾਰਿ ॥
ਤੇ ਹਉਮੈ ਦੂਰ ਕਰ ਕੇ (ਵਡ-ਭਾਗੀ ਮਨੁੱਖ) ਆਤਮਕ ਜੀਵਨ ਦੇਣ ਵਾਲਾ ਸੁਆਦਲਾ ਨਾਮ-ਰਸ ਹਰ ਵੇਲੇ ਮਾਣ ਸਕਦਾ ਹੈ।
ਸਹਜਿ ਅਨੰਦਿ ਕਿਰਪਾ ਧਾਰਿ ॥
ਇੰਜ (ਗੁਰੂ) ਦੀ ਕਿਰਪਾ ਨਾਲ ਮਨੁੱਖ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਲੈਂਦਾ ਹੈ।
ਨਾਮਿ ਰਤੇ ਸਦਾ ਸਚਿ ਪਿਆਰਿ ॥੭॥
ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ-ਪਿਆਰ ਵਿਚ ਮਗਨ ਰਹਿੰਦੇ ਹਨ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੭॥
ਹਰਿ ਜਪਿ ਪੜੀਐ ਗੁਰਸਬਦੁ ਵੀਚਾਰਿ ॥
ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ (ਤੇ ਅੰਦਰੋਂ) ਪਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ।
ਹਰਿ ਜਪਿ ਪੜੀਐ ਹਉਮੈ ਮਾਰਿ ॥
ਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਹੀ ਪੜ੍ਹਨਾ ਚਾਹੀਦਾ ਹੈ।
ਹਰਿ ਜਪੀਐ ਭਇ ਸਚਿ ਪਿਆਰਿ ॥
ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਸਦਾ-ਥਿਰ ਹਰੀ ਦੇ ਪ੍ਰੇਮ ਵਿਚ ਮਸਤ ਹੋ ਕੇ ਹਰੀ-ਨਾਮ ਦਾ ਜਾਪ ਹੀ ਕਰਨਾ ਚਾਹੀਦਾ ਹੈ।
ਨਾਨਕ ਨਾਮੁ ਗੁਰਮਤਿ ਉਰ ਧਾਰਿ ॥੮॥੩॥੨੫॥
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੮॥੩॥੨੫॥
ਆਸਾ ਮਹਲਾ ੩ ॥
ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥
ਹੇ ਮੇਰੇ ਮਨ! (ਮੇਰੀ ਗੱਲ) ਸੁਣ; ਤੂੰ ਆਪਣੇ ਅੰਦਰ (ਪਰਮਾਤਮਾ ਦਾ ਨਾਮ) ਟਿਕਾਈ ਰੱਖ। ਹੇ ਮੇਰੇ ਵੀਰ! (ਇਸ ਤਰ੍ਹਾਂ ਉਹ ਪਰਮਾਤਮਾ) ਆਪ ਹੀ ਆ ਮਿਲਦਾ ਹੈ।
ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥
ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਰਹੁ, ਇਹੀ ਸਦਾ-ਥਿਰ ਰਹਿਣ ਵਾਲੀ ਚੀਜ਼ ਹੈ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣਾ ਚਿੱਤ ਜੋੜੀ ਰੱਖ! ॥੧॥
ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥
ਹੇ ਮੇਰੇ ਵੀਰ! ਇਕ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਸੁਖ ਹਾਸਲ ਕਰੇਂਗਾ,
ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥
ਆਪਣੇ ਅੰਦਰੋਂ ਅਹੰਕਾਰ ਅਤੇ ਮਾਇਆ ਦਾ ਪਿਆਰ ਦੂਰ ਕਰਨ ਨਾਲ (ਲੋਕ ਪਰਲੋਕ ਵਿਚ) ਤੈਨੂੰ ਬਹੁਤ ਆਦਰ ਮਿਲੇਗਾ ॥੧॥ ਰਹਾਉ ॥
ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥
ਦੇਵਤੇ ਤੇ ਰਿਸ਼ੀ-ਮੁਨੀ ਭੀ ਇਹ ਹਰਿ-ਭਗਤੀ ਕਰਨ ਦੀ ਤਾਂਘ ਕਰਦੇ ਹਨ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਦਾਤ ਮਿਲਦੀ ਨਹੀਂ।
ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥੨॥
ਪੰਡਿਤ ਲੋਕ (ਵੇਦ ਸ਼ਾਸਤ੍ਰ ਆਦਿਕ) ਪੜ੍ਹਦੇ ਰਹੇ, ਜੋਤਿਸ਼ੀ (ਜੋਤਿਸ਼ ਦੇ ਗ੍ਰੰਥ) ਪੜ੍ਹਦੇ ਰਹੇ, ਪਰ ਹਰਿ-ਭਗਤੀ ਦੀ ਸੂਝ ਉਹਨਾਂ ਨੂੰ ਭੀ ਨਾਹ ਪਈ ॥੨॥
ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥
ਪਰ, ਪਰਮਾਤਮਾ ਨੇ ਇਹ ਸਭ ਕੁਝ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ, ਕੁਝ ਕਿਹਾ ਨਹੀਂ ਜਾ ਸਕਦਾ (ਕਿ ਉਹ ਭਗਤੀ ਦੀ ਦਾਤ ਕਿਸ ਨੂੰ ਦੇਂਦਾ ਹੈ ਤੇ ਕਿਸ ਨੂੰ ਨਹੀਂ ਦੇਂਦਾ),
ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥੩॥
ਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਜੋ ਕੁਝ ਉਹ ਪ੍ਰਭੂ ਆਪ ਹੀ ਦੇਂਦਾ ਹੈ ਉਹੀ ਸਾਨੂੰ ਮਿਲ ਸਕਦਾ ਹੈ ॥੩॥
ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥
ਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ, ਉਹ ਆਪ ਹੀ ਸਭਨਾਂ ਦਾ ਖ਼ਸਮ ਹੈ,
ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥
ਕਿਸੇ ਜੀਵ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ (ਭੈੜਾ ਤਦੋਂ ਹੀ ਕਿਹਾ ਜਾਏ, ਜੇ ਪਰਮਾਤਮਾ ਤੋਂ ਬਿਨਾ ਉਹਨਾਂ ਵਿਚ) ਕੋਈ ਹੋਰ ਵੱਸਦਾ ਹੋਵੇ ॥੪॥
ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥
ਜਗਤ ਵਿਚ ਇਕ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ, ਹਰੇਕ ਨੇ ਉਹੀ ਕਾਰ ਕਰਨੀ ਹੈ ਜੋ ਪਰਮਾਤਮਾ ਵਲੋਂ ਉਸ ਦੇ ਸਿਰ ਤੇ (ਲਿਖੀ ਗਈ) ਹੈ।
ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥
ਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਨੇ ਆਪ (ਮਾਇਆ ਦੇ ਮੋਹ ਦੀ) ਭਵਾਟਣੀ ਦਿੱਤੀ, ਉਹਨਾਂ ਦੇ ਅੰਦਰ ਲੋਭ ਆਦਿਕ ਵਿਕਾਰ ਜ਼ੋਰ ਫੜ ਗਏ ॥੫॥
ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥
ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਬਣਾ ਦਿੱਤਾ ਉਹ (ਸਹੀ ਆਤਮਕ ਜੀਵਨ ਦੀ) ਵਿਚਾਰ ਸਮਝਣ ਲੱਗ ਪਏ।
ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥
ਉਹਨਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਦੀ ਦਾਤ ਭੀ ਦੇ ਦਿੱਤੀ, ਉਹਨਾਂ ਦੇ ਅੰਦਰ ਨਾਮ-ਧਨ ਦੇ ਖ਼ਜ਼ਾਨੇ ਭਰ ਗਏ ॥੬॥
ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥
ਸਹੀ ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਪ੍ਰਭੂ ਦੀ ਮੇਹਰ ਨਾਲ ਉਹਨਾਂ ਨੂੰ) ਇਹੀ ਸਮਝ ਆ ਜਾਂਦੀ ਹੈ।
ਓਇ ਭੁਲਾਏ ਕਿਸੈ ਦੇ ਨ ਭੁਲਨ੍ਰੀ ਸਚੁ ਜਾਣਨਿ ਸੋਈ ॥੭॥
ਜੇ ਕੋਈ ਮਨੁੱਖ ਉਹਨਾਂ ਨੂੰ (ਇਸ ਨਿਸ਼ਚੇ ਵਲੋਂ) ਟਪਲਾ ਲਾਣਾ ਚਾਹੇ ਤਾਂ ਉਹ ਗ਼ਲਤੀ ਨਹੀਂ ਖਾਂਦੇ, ਉਹ (ਹਰ ਥਾਂ) ਸਦਾ-ਥਿਰ ਪ੍ਰਭੂ ਨੂੰ ਹੀ ਵੱਸਦਾ ਸਮਝਦੇ ਹਨ ॥੭॥
ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥
(ਕਾਮਾਦਿਕ) ਪੰਜੇ ਉਹਨਾਂ ਗਿਆਨੀਆਂ ਦੇ ਹਿਰਦੇ ਵਿਚ ਭੀ ਵੱਸਦੇ ਹਨ, ਪਰ ਉਹ ਪੰਜੇ ਗਿਆਨਵਾਨ ਹੋ ਜਾਂਦੇ ਹਨ (ਆਪਣੀ ਯੋਗ ਹੱਦ ਤੋਂ ਬਾਹਰ ਨਹੀਂ ਜਾਂਦੇ)।
ਨਾਨਕ ਬਿਨੁ ਸਤਿਗੁਰ ਵਸਿ ਨ ਆਵਨ੍ਰੀ ਨਾਮਿ ਹਉਮੈ ਮਾਰੀ ॥੮॥੫॥੨੭॥
ਹੇ ਨਾਨਕ! (ਇਹ ਪੰਜੇ ਕਾਮਾਦਿਕ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕਾਬੂ ਵਿਚ ਨਹੀਂ ਆਉਂਦੇ ਤੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਹਉਮੈ ਦੂਰ ਕੀਤੀ ਜਾ ਸਕਦੀ ਹੈ ॥੮॥੫॥੨੭॥
ਆਸਾ ਮਹਲਾ ੩ ॥
ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥
(ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ।
ਗੁਰਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥
ਪਰ ਇਹ (ਨਾਮ-ਖ਼ਜ਼ਾਨਾ) ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। (ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ ॥੧॥
ਸਤਿਗੁਰ ਤੇ ਹਰਿ ਪਾਈਐ ਭਾਈ ॥
ਗੁਰੂ ਪਾਸੋਂ ਹੀ ਪਰਮਾਤਮਾ ਲੱਭਦਾ ਹੈ,
ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥
(ਉਂਝ ਤਾਂ) ਹਰੇਕ ਮਨੁੱਖ ਦੇ ਅੰਦਰ (ਪਰਮਾਤਮਾ ਦਾ) ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਹੀ (ਇਹ ਖ਼ਜ਼ਾਨਾ) ਵਿਖਾਉਂਦਾ ਹੈ ॥੧॥ ਰਹਾਉ ॥
ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ,
ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥
ਉਸ ਦਾ ਹਿਰਦਾ ਖੁਲ੍ਹ ਜਾਂਦਾ ਹੈ ਤੇ ਉਹ ਆਤਮ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ-ਧਨ ਦੇ ਖ਼ਜ਼ਾਨੇ ਭਰੇ ਪਏ ਹਨ ॥੨॥
ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥
ਮਨੁੱਖ ਦੇ ਹਿਰਦੇ ਵਿਚ ਨਾਮ-ਧਨ ਦੇ ਅਨੇਕਾਂ ਖ਼ਜ਼ਾਨੇ ਮੌਜੂਦ ਹਨ, ਜੀਵਾਤਮਾ ਭੀ ਅੰਦਰ ਹੀ ਵੱਸਦਾ ਹੈ,
ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥
(ਗੁਰੂ ਦੀ ਮੇਹਰ ਨਾਲ ਹੀ) ਮਨੁੱਖ ਮਨ-ਇੱਛਤ ਫਲ ਹਾਸਲ ਕਰਦਾ ਹੈ, ਤੇ ਮੁੜ ਇਸ ਨੂੰ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ ॥੩॥
ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥
ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹਨਾਂ ਆਤਮਕ ਜੀਵਨ ਦੀ ਪਰਖ ਕਰਨ ਵਾਲਿਆਂ ਨੇ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ ਸਾਂਭ ਲਿਆ।
ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥
ਪ੍ਰਭੂ ਦਾ ਨਾਮ-ਖ਼ਜ਼ਾਨਾ ਬੇ-ਮੁਲਾ ਹੈ ਜੋ ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਲੱਭ ਸਕਦਾ ਹੈ ॥੪॥
ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥
ਨਾਮ-ਖ਼ਜ਼ਾਨਾ ਹਿਰਦੇ ਦੇ ਅੰਦਰ ਹੀ ਹੈ, ਜੇਹੜਾ ਮਨੁੱਖ ਜੰਗਲ ਆਦਿਕ ਢੂੰਢਦਾ ਫਿਰਦਾ ਹੈ ਉਸ ਨੂੰ ਕੁਝ ਨਹੀਂ ਲੱਭਦਾ।
ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥
ਭੁਲੇਖੇ ਵਿਚ ਕੁਰਾਹੇ ਪਿਆ ਹੋਇਆ ਸਾਰਾ ਜਗਤ ਭਾਲਦਾ ਫਿਰਦਾ ਹੈ, ਤੇ ਇੰਜ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੀ ਸਮਝ ਦੇ) ਤੇ ਇੱਜ਼ਤ ਗਵਾ ਲੈਂਦਾ ਹੈ ॥੫॥
ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥
ਜਿਵੇਂ ਕੋਈ ਝੂਠਾ (ਠੱਗ) ਮਨੁੱਖ ਆਪਣਾ ਘਰ-ਘਾਟ ਛੱਡ ਦੇਂਦਾ ਹੈ (ਤੇ ਧਨ ਆਦਿਕ ਦੀ ਖ਼ਾਤਰ) ਪਰਾਏ ਘਰ ਵਿਚ ਜਾਂਦਾ ਹੈ,
ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥
ਉਹ ਚੋਰ ਵਾਂਗ ਫੜਿਆ ਜਾਂਦਾ ਹੈ (ਇਸੇ ਤਰ੍ਹਾਂ) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਸੱਟਾਂ ਖਾਂਦਾ ਹੈ ॥੬॥
ਜਿਨ੍ਰੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥
ਜਿਨ੍ਹਾਂ ਮਨੁੱਖਾਂ ਨੇ ਆਪਣਾ (ਹਿਰਦਾ-) ਘਰ ਚੰਗੀ ਤਰ੍ਹਾਂ ਸਮਝ ਲਿਆ ਹੈ (ਭਾਵ, ਜਿਨ੍ਹਾਂ ਨੇ) ਇਹ ਪਛਾਣ ਲਿਆ ਹੈ ਕਿ ਪਰਮਾਤਮਾ (ਸਾਡੇ) ਅੰਦਰ ਹੀ ਵੱਸਦਾ ਹੈ, ਉਹ ਸੁਖੀ ਜੀਵਨ ਬਿਤਾਂਦੇ ਹਨ।
ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥
(ਪਰ, ਹੇ ਭਾਈ!) ਇਹ ਸਤਿਗੁਰੂ ਦੀ ਹੀ ਮੇਹਰ ਹੈ (ਗੁਰੂ ਕਿਰਪਾ ਕਰੇ ਤਦੋਂ ਹੀ ਇਹ ਸਮਝ ਪੈਂਦੀ ਹੈ) ॥੭॥
ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥
ਪਰਮਾਤਮਾ ਆਪ ਹੀ ਨਾਮ ਦੀ ਦਾਤ ਕਰਦਾ ਹੈ, ਹੋਰ ਕੋਈ ਨਹੀਂ, ਤੇ ਉਹ ਆਪ ਹੀ (ਨਾਮ ਦੀ) ਸਮਝ ਬਖ਼ਸ਼ਦਾ ਹੈ।
ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥
ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ ਤੇ ਇਸ ਤਰ੍ਹਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੋਭਾ ਹਾਸਲ ਕਰ ॥੮॥੬॥੨੮॥