ਰਾਗ ਆਸਾ – ਬਾਣੀ ਸ਼ਬਦ-Part 3 – Raag Asa – Bani

ਰਾਗ ਆਸਾ – ਬਾਣੀ ਸ਼ਬਦ-Part 3 – Raag Asa – Bani

ਆਸਾ ਮਹਲਾ ੪ ॥
ਜਨਮੁ ਪਦਾਰਥੁ ਪਾਇ ਨਾਮੁ ਧਿਆਇਆ ॥

(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ,

ਗੁਰਪਰਸਾਦੀ ਬੁਝਿ ਸਚਿ ਸਮਾਇਆ ॥੧॥

ਗੁਰੂ ਦੀ ਕਿਰਪਾ ਨਾਲ (ਉਹ ਮਨੁੱਖਾ ਜਨਮ ਦੀ ਕਦਰ) ਸਮਝ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਏ ॥੧॥

ਜਿਨ੍ਹ ਧੁਰਿ ਲਿਖਿਆ ਲੇਖੁ ਤਿਨ੍ਰੀ ਨਾਮੁ ਕਮਾਇਆ ॥

(ਹੇ ਭਾਈ!) ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦੇ ਨਾਮ ਸਿਮਰਨ ਦਾ ਕਮਾਈ ਕੀਤੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਇਹ ਕਮਾਈ ਕਰਨ ਦਾ ਲੇਖ ਲਿਖਿਆ ਹੋਇਆ ਹੈ (ਜਿਨ੍ਹਾਂ ਦੇ ਅੰਦਰ ਸਿਮਰਨ ਕਰਨ ਦੇ ਸੰਸਕਾਰ ਮੌਜੂਦ ਹਨ)।

ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥੧॥ ਰਹਾਉ ॥

ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦਿਆ ਜਾਂਦਾ ਹੈ (ਆਦਰ ਮਿਲਦਾ ਹੈ) ॥੧॥ ਰਹਾਉ ॥

ਅੰਤਰਿ ਨਾਮੁ ਨਿਧਾਨੁ ਗੁਰਮੁਖਿ ਪਾਈਐ ॥

(ਹੇ ਭਾਈ!) ਨਾਮ-ਖ਼ਜ਼ਾਨਾ ਹਰੇਕ ਮਨੁੱਖ ਦੇ ਅੰਦਰ ਮੌਜੂਦ ਹੈ, ਪਰ ਇਹ ਲੱਭਦਾ ਹੈ ਗੁਰੂ ਦੀ ਸਰਨ ਪਿਆਂ।

ਅਨਦਿਨੁ ਨਾਮੁ ਧਿਆਇ ਹਰਿ ਗੁਣ ਗਾਈਐ ॥੨॥

(ਇਸ ਵਾਸਤੇ) ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ ਕੇ (ਆਉ, ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਗਾਂਦੇ ਰਹੀਏ ॥੨॥

ਅੰਤਰਿ ਵਸਤੁ ਅਨੇਕ ਮਨਮੁਖਿ ਨਹੀ ਪਾਈਐ ॥

(ਹੇ ਭਾਈ!) ਨਾਮ-ਪਦਾਰਥ ਹਰੇਕ ਦੇ ਅੰਦਰ ਹੈ (ਪਰਮਾਤਮਾ ਵਾਲੇ) ਅਨੇਕਾਂ (ਗੁਣ) ਹਰੇਕ ਦੇ ਅੰਦਰ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਕੁਝ ਭੀ ਨਹੀਂ ਲੱਭਦਾ।

ਹਉਮੈ ਗਰਬੈ ਗਰਬੁ ਆਪਿ ਖੁਆਈਐ ॥੩॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀ ਹਉਮੈ ਦੇ ਕਾਰਨ (ਆਪਣੀ ਸੂਝ-ਬੂਝ ਦਾ ਹੀ) ਅਹੰਕਾਰ ਕਰਦਾ ਰਹਿੰਦਾ ਹੈ, (ਤੇ ਇਸ ਤਰ੍ਹਾਂ) ਆਪ ਹੀ (ਪਰਮਾਤਮਾ ਤੋਂ) ਵਿਛੁੜਿਆ ਰਹਿੰਦਾ ਹੈ ॥੩॥

ਨਾਨਕ ਆਪੇ ਆਪਿ ਆਪਿ ਖੁਆਈਐ ॥

ਹੇ ਨਾਨਕ! ਮਨਮੁਖ ਮਨੁੱਖ ਸਦਾ ਆਪ ਹੀ (ਆਪਣੀ ਹੀ ਮਨਮੁਖਤਾ ਦੇ ਕਾਰਨ) ਪਰਮਾਤਮਾ ਤੋਂ ਵਿੱਛੁੜਿਆ ਰਹਿੰਦਾ ਹੈ।

ਗੁਰਮਤਿ ਮਨਿ ਪਰਗਾਸੁ ਸਚਾ ਪਾਈਐ ॥੪॥੧੩॥੬੫॥

ਗੁਰੂ ਦੀ ਮਤਿ ਤੇ ਤੁਰਿਆਂ ਮਨ ਵਿਚ ਚਾਨਣ ਹੋ ਜਾਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ ॥੪॥੧੩॥੬੫॥


ਰਾਗੁ ਆਸਾ ਘਰੁ ੨ ਮਹਲਾ ੫ ॥

ਰਾਗ ਆਸਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥

ਜਿਸ ਮਨੁੱਖ ਨੇ (ਇਸ ਮਾਇਆ ਨਾਲ) ਪਿਆਰ ਪਾਇਆ, ਉਹੀ ਪਰਤ ਕੇ ਖਾਧਾ ਗਿਆ (ਮਾਇਆ ਨੇ ਉਸੇ ਨੂੰ ਹੀ ਖਾ ਲਿਆ)।

ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ ॥

ਜਿਸ ਨੇ (ਇਸ ਨੂੰ) ਆਦਰ ਦੇ ਕੇ ਆਪਣੇ ਕੋਲ ਬਿਠਾਇਆ ਉਸ ਨੂੰ (ਇਸ ਮਾਇਆ ਨੇ) ਬੜਾ ਡਰ ਵਿਖਾਲਿਆ।

ਭਾਈ ਮੀਤ ਕੁਟੰਬ ਦੇਖਿ ਬਿਬਾਦੇ ॥

ਭਰਾ ਮਿੱਤਰ ਪਰਵਾਰ (ਦੇ ਜੀਵ, ਸਾਰੇ ਹੀ ਇਸ ਮਾਇਆ ਨੂੰ) ਵੇਖ ਕੇ (ਆਪੋ ਵਿਚ) ਲੜ ਪੈਂਦੇ ਹਨ।

ਹਮ ਆਈ ਵਸਗਤਿ ਗੁਰ ਪਰਸਾਦੇ ॥੧॥

ਗੁਰੂ ਦੀ ਕਿਰਪਾ ਨਾਲ ਇਹ ਸਾਡੇ ਵੱਸ ਵਿਚ ਆ ਗਈ ਹੈ ॥੧॥

ਐਸਾ ਦੇਖਿ ਬਿਮੋਹਿਤ ਹੋਏ ॥

(ਮਾਇਆ ਨੂੰ) ਵੇਖ ਕੇ ਇਹ ਸਾਰੇ ਬਹੁਤ ਮਸਤ ਹੋ ਜਾਂਦੇ ਹਨ-

ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ ॥੧॥ ਰਹਾਉ ॥

ਸਾਧਨ ਕਰਨ ਵਾਲੇ ਜੋਗੀ, ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਦੇਵਤੇ, ਮਨੁੱਖ (ਸਭ ਦੀ ਇਹ ਹਾਲਤ ਹੈ।) ਗੁਰੂ ਤੋਂ ਬਿਨਾ ਹੋਰ ਇਹ ਸਾਰੇ ਠਗਣੀ (ਮਾਇਆ) ਦੇ ਹੱਥੀਂ ਠੱਗੇ ਜਾਂਦੇ ਹਨ ॥੧॥ ਰਹਾਉ ॥

ਇਕਿ ਫਿਰਹਿ ਉਦਾਸੀ ਤਿਨ੍ਰ ਕਾਮਿ ਵਿਆਪੈ ॥

ਅਨੇਕਾਂ ਬੰਦੇ ਤਿਆਗੀ ਬਣ ਕੇ ਤੁਰੇ ਫਿਰਦੇ ਹਨ (ਪਰ) ਉਹਨਾਂ ਨੂੰ (ਇਹ ਮਾਇਆ) ਕਾਮ-ਵਾਸ਼ਨਾ ਦੀ ਸ਼ਕਲ ਵਿਚ ਆ ਦਬਾਂਦੀ ਹੈ।

ਇਕਿ ਸੰਚਹਿ ਗਿਰਹੀ ਤਿਨ੍ਰ ਹੋਇ ਨ ਆਪੈ ॥

ਇੱਕ ਗ੍ਰਿਹਸਤੀ ਹੋ ਕੇ (ਮਾਇਆ) ਇਕੱਠੀ ਕਰਦੇ ਹਨ, ਪਰ (ਇਹ ਮਾਇਆ) ਉਨ੍ਹਾਂ ਦੀ ਆਪਣੀ ਨਹੀਂ ਬਣਦੀ।

ਇਕਿ ਸਤੀ ਕਹਾਵਹਿ ਤਿਨ੍ਰ ਬਹੁਤੁ ਕਲਪਾਵੈ ॥

ਅਨੇਕਾਂ ਬੰਦੇ (ਆਪਣੇ ਆਪ ਨੂੰ) ਦਾਨੀ ਅਖਵਾਂਦੇ ਹਨ, ਉਹਨਾਂ ਨੂੰ (ਭੀ) ਇਹ ਬਹੁਤ ਦੁਖੀ ਕਰਦੀ ਹੈ।

ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ ॥੨॥

ਸਤਿਗੁਰੂ ਦੇ ਚਰਨੀ ਲਗਣ ਕਰ ਕੇ ਸਾਨੂੰ ਪਰਮਾਤਮਾ ਨੇ (ਇਸ ਮਾਇਆ ਦੇ ਪੰਜੇ ਤੋਂ) ਬਚਾ ਲਿਆ ਹੈ ॥੨॥

ਤਪੁ ਕਰਤੇ ਤਪਸੀ ਭੂਲਾਏ ॥

ਤਪ ਕਰ ਰਹੇ ਤਪਸ੍ਵੀਆਂ ਨੂੰ (ਇਸ ਮਾਇਆ ਨੇ) ਕੁਰਾਹੇ ਪਾ ਦਿੱਤਾ ਹੈ।

ਪੰਡਿਤ ਮੋਹੇ ਲੋਭਿ ਸਬਾਏ ॥

ਸਾਰੇ ਵਿਦਵਾਨ ਪੰਡਿਤ ਲੋਕ ਲੋਭ ਵਿਚ ਫਸ ਕੇ (ਮਾਇਆ ਦੀ ਹੱਥੀਂ) ਠੱਗੇ ਗਏ।

ਤ੍ਰੈ ਗੁਣ ਮੋਹੇ ਮੋਹਿਆ ਆਕਾਸੁ ॥

ਸਾਰੇ ਤ੍ਰੈ-ਗੁਣੀ ਜੀਵ ਠੱਗੇ ਜਾ ਰਹੇ ਹਨ, ਦੇਵਤੇ ਭੀ ਠੱਗੇ ਜਾ ਰਹੇ ਹਨ।

ਹਮ ਸਤਿਗੁਰ ਰਾਖੇ ਦੇ ਕਰਿ ਹਾਥੁ ॥੩॥

ਸਾਨੂੰ ਤਾਂ ਗੁਰੂ ਨੇ ਆਪਣਾ ਹੱਥ ਦੇ ਕੇ (ਇਸ ਪਾਸੋਂ) ਬਚਾ ਲਿਆ ਹੈ ॥੩॥

ਗਿਆਨੀ ਕੀ ਹੋਇ ਵਰਤੀ ਦਾਸਿ ॥

ਜੇਹੜਾ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ (ਇਹ ਮਾਇਆ) ਉਸ ਦੀ ਦਾਸੀ ਬਣ ਕੇ ਕਾਰ ਕਰਦੀ ਹੈ,

ਕਰ ਜੋੜੇ ਸੇਵਾ ਕਰੇ ਅਰਦਾਸਿ ॥

ਉਸ ਦੇ ਅੱਗੇ (ਦੋਵੇਂ) ਹੱਥ ਜੋੜਦੀ ਹੈ ਉਸ ਦੀ ਸੇਵਾ ਕਰਦੀ ਹੈ, ਉਸ ਅੱਗੇ ਬੇਨਤੀ ਕਰਦੀ ਹੈ,

ਜੋ ਤੂੰ ਕਹਹਿ ਸੁ ਕਾਰ ਕਮਾਵਾ ॥

(ਤੇ ਆਖਦੀ ਹੈ-) ਮੈਂ ਉਹੀ ਕਾਰ ਕਰਾਂਗੀ ਜੇਹੜੀ ਤੂੰ ਆਖੇਂ।

ਜਨ ਨਾਨਕ ਗੁਰਮੁਖ ਨੇੜਿ ਨ ਆਵਾ ॥੪॥੧॥

ਹੇ ਦਾਸ ਨਾਨਕ! (ਮਾਇਆ ਆਖਦੀ ਹੈ) ਮੈਂ ਉਸ ਮਨੁੱਖ ਦੇ ਨੇੜੇ ਨਹੀਂ ਢੁਕਾਂਗੀ (ਮੈਂ ਉਸ ਮਨੁੱਖ ਉਤੇ ਆਪਣਾ ਦਬਾਉ ਨਹੀਂ ਪਾਵਾਂਗੀ) ਜਿਹੜਾ ਗੁਰੂ ਦੀ ਸਰਨ ਪੈਂਦਾ ਹੈ ॥੪॥੧॥


ਆਸਾ ਮਹਲਾ ੫ ॥
ਸਸੂ ਤੇ ਪਿਰਿ ਕੀਨੀ ਵਾਖਿ ॥

(ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ) ਪਤੀ ਨੇ ਮੈਨੂੰ (ਆਗਿਆਨਤਾ) ਸੱਸ ਤੋਂ ਵੱਖ ਕਰ ਲਿਆ ਹੈ,

ਦੇਰ ਜਿਠਾਣੀ ਮੁਈ ਦੂਖਿ ਸੰਤਾਪਿ ॥

ਮੇਰੀ ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ, ਇਸ) ਦੁੱਖ ਕਲੇਸ਼ ਨਾਲ ਮਰ ਗਈ ਹੈ (ਕਿ ਮੈਨੂੰ ਪਤੀ ਮਿਲ ਪਿਆ ਹੈ)।

ਘਰ ਕੇ ਜਿਠੇਰੇ ਕੀ ਚੂਕੀ ਕਾਣਿ ॥

(ਮੇਰੇ ਉਤੇ) ਜੇਠ (ਧਰਮ-ਰਾਜ) ਦੀ ਭੀ ਧੌਂਸ ਨਹੀਂ ਰਹੀ।

ਪਿਰਿ ਰਖਿਆ ਕੀਨੀ ਸੁਘੜ ਸੁਜਾਣਿ ॥੧॥

ਸੁਚੱਜੇ ਸਿਆਣੇ ਪਤੀ ਨੇ ਮੈਨੂੰ (ਇਹਨਾਂ ਸਭਨਾਂ ਤੋਂ) ਬਚਾ ਲਿਆ ਹੈ ॥੧॥

ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥

ਹੇ ਲੋਕੋ! ਸੁਣੋ, (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ,

ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ ॥੧॥ ਰਹਾਉ ॥

ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਦਿੱਤੀ ਹੈ (ਉਸ ਦੀ ਬਰਕਤਿ ਨਾਲ) ਮੈਂ ਭੈੜੇ ਭਾਵ ਮਾਰ ਲਏ ਹਨ (ਕਾਮਾਦਿਕ) ਵੈਰੀ ਮੁਕਾ ਲਏ ਹਨ ॥੧॥ ਰਹਾਉ ॥

ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ॥

(ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ, ਤਾਂ ਸਭ ਤੋਂ) ਪਹਿਲਾਂ ਮੈਂ ਹਉਮੈ ਨੂੰ ਪਿਆਰਨਾ ਛੱਡ ਦਿੱਤਾ,

ਦੁਤੀਆ ਤਿਆਗੀ ਲੋਗਾ ਰੀਤਿ ॥

ਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ,

ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ ॥

ਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਸਮਝ ਲਏ।

ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥੨॥

ਗੁਰੂ ਨੂੰ ਮਿਲ ਕੇ ਮੈਂ ਉਸ ਗੁਣ ਨਾਲ ਸਾਂਝ ਪਾ ਲਈ ਜੇਹੜਾ (ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੇ ਆਤਮਕ ਦਰਜੇ ਤੇ ਅਪੜਾਂਦਾ ਹੈ ॥੨॥

ਸਹਜ ਗੁਫਾ ਮਹਿ ਆਸਣੁ ਬਾਧਿਆ ॥

(ਜੋਗੀ ਗੁਫਾ ਵਿਚ ਬੈਠ ਕੇ ਆਸਣ ਲਾਂਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਮੈਂ) ਆਤਮਕ ਅਡੋਲਤਾ (ਦੀ) ਗੁਫਾ ਵਿਚ ਆਪਣਾ ਆਸਣ ਜਮਾ ਲਿਆ।

ਜੋਤਿ ਸਰੂਪ ਅਨਾਹਦੁ ਵਾਜਿਆ ॥

ਮੇਰੇ ਅੰਦਰ ਨਿਰੇ ਨੂਰ ਹੀ ਨੂਰ-ਰੂਪ ਪਰਮਾਤਮਾ ਦੇ ਮਿਲਾਪ ਦਾ ਇਕ-ਰਸ ਵਾਜਾ ਵੱਜਣ ਲੱਗ ਪਿਆ।

ਮਹਾ ਅਨੰਦੁ ਗੁਰਸਬਦੁ ਵੀਚਾਰਿ ॥

ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਕ ਆਨੰਦ ਪੈਦਾ ਹੋ ਰਿਹਾ ਹੈ।

ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥੩॥

(ਹੇ ਲੋਕੋ!) ਧੰਨ ਹੈ ਉਹ (ਜੀਵ-) ਇਸਤ੍ਰੀ, ਭਾਗਾਂ ਵਾਲੀ ਹੈ ਉਹ (ਜੀਵ-) ਇਸਤ੍ਰੀ ਜੇਹੜੀ (ਪ੍ਰਭੂ-) ਪਤੀ ਦੇ ਪਿਆਰ-ਰੰਗ ਨਾਲ ਰੰਗੀ ਗਈ ਹੈ ॥੩॥

ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥

(ਹੇ ਭਾਈ!) ਦਾਸ ਨਾਨਕ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ।

ਜੋ ਸੁਣੇ ਕਮਾਵੈ ਸੁ ਉਤਰੈ ਪਾਰਿ ॥

ਜੇਹੜਾ ਭੀ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਉੱਚਾ ਕਰਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

ਜਨਮਿ ਨ ਮਰੈ ਨ ਆਵੈ ਨ ਜਾਇ ॥

ਉਹ (ਮੁੜ ਮੁੜ) ਨਾਹ ਜੰਮਦਾ ਹੈ ਨਾਹ ਮਰਦਾ ਹੈ ਉਹ (ਜਗਤ ਵਿਚ ਮੁੜ ਮੁੜ) ਨਾਹ ਆਉਂਦਾ ਹੈ ਨਾਹ (ਇਥੋਂ ਮੁੜ ਮੁੜ) ਜਾਂਦਾ ਹੈ।

ਹਰਿ ਸੇਤੀ ਓਹੁ ਰਹੈ ਸਮਾਇ ॥੪॥੨॥

ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੪॥੨॥


ਆਸਾ ਮਹਲਾ ੫ ॥
ਨਿਜ ਭਗਤੀ ਸੀਲਵੰਤੀ ਨਾਰਿ ॥

ਆਤਮਾ ਦੇ ਕੰਮ ਆਉਣ ਵਾਲੀ (ਪਰਮਾਤਮਾ ਦੀ) ਭਗਤੀ (ਮਾਨੋ) ਮਿੱਠੇ ਸੁਭਾਵ ਵਾਲੀ ਇਸਤ੍ਰੀ ਹੈ,

ਰੂਪਿ ਅਨੂਪ ਪੂਰੀ ਆਚਾਰਿ ॥

(ਜੋ) ਰੂਪ ਵਿਚ ਬੇਮਿਸਾਲ ਹੈ (ਜੋ) ਆਚਰਣ ਵਿਚ ਮੁਕੰਮਲ ਹੈ।

ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥

ਜਿਸ (ਹਿਰਦੇ-) ਘਰ ਵਿਚ (ਇਹ ਇਸਤ੍ਰੀ) ਵੱਸਦੀ ਹੈ ਉਹ ਘਰ ਸੋਭਾ ਵਾਲਾ ਬਣ ਜਾਂਦਾ ਹੈ,

ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥

ਪਰ ਕਿਸੇ ਵਿਰਲੇ ਜੀਵ ਨੇ ਗੁਰੂ ਦੀ ਸਰਨ ਪੈ ਕੇ (ਇਹ ਇਸਤ੍ਰੀ) ਪ੍ਰਾਪਤ ਕੀਤੀ ਹੈ ॥੧॥

ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥

(ਹੇ ਭਾਈ!) ਗੁਰੂ ਨੂੰ ਮਿਲ ਕੇ ਮੈਂ ਸ੍ਰੇਸ਼ਟ ਕਰਣੀ (-ਰੂਪ) ਇਸਤ੍ਰੀ ਹਾਸਲ ਕੀਤੀ ਹੈ,

ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥

ਜੇਹੜੀ ਵਿਆਹ ਸ਼ਾਦੀਆਂ ਵਿਚ ਹਰ ਥਾਂ ਸੋਹਣੀ ਲੱਗਦੀ ਹੈ ॥੧॥ ਰਹਾਉ ॥

ਜਿਚਰੁ ਵਸੀ ਪਿਤਾ ਕੈ ਸਾਥਿ ॥

(ਇਹ ਭਗਤੀ-ਰੂਪ ਇਸਤ੍ਰੀ) ਜਿਤਨਾ ਚਿਰ ਗੁਰੂ ਦੇ ਪਾਸ ਹੀ ਰਹਿੰਦੀ ਹੈ,

ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥

ਉਤਨਾ ਚਿਰ ਜੀਵ ਬਹੁਤ ਭਟਕਦਾ ਫਿਰਦਾ ਹੈ।

ਕਰਿ ਸੇਵਾ ਸਤ ਪੁਰਖੁ ਮਨਾਇਆ ॥

ਜਦੋਂ (ਗੁਰੂ ਦੀ ਰਾਹੀਂ ਜੀਵ ਨੇ) ਸੇਵਾ ਕਰ ਕੇ ਪਰਮਾਤਮਾ ਨੂੰ ਪ੍ਰਸੰਨ ਕੀਤਾ,

ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥

ਤਦੋਂ ਗੁਰੂ ਨੇ (ਇਸ ਦੇ ਹਿਰਦੇ-) ਘਰ ਵਿਚ ਲਿਆ ਬਿਠਾਈ ਤੇ ਇਸ ਨੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ॥੨॥

ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥

(ਇਹ ਭਗਤੀ-ਰੂਪ ਇਸਤ੍ਰੀ ਦਇਆ, ਨਿਮ੍ਰਤਾ, ਲੱਜਾ ਆਦਿਕ) ਬੱਤੀ ਸੋਹਣੇ ਲੱਛਣਾਂ ਵਾਲੀ ਹੈ, ਸਦਾ-ਥਿਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ, ਪੁੱਤਰ ਹਨ,

ਆਗਿਆਕਾਰੀ ਸੁਘੜ ਸਰੂਪ ॥

(ਇਹ ਇਸਤ੍ਰੀ) ਆਗਿਆ ਵਿਚ ਤੁਰਨ ਵਾਲੀ ਹੈ, ਸੁਚੱਜੀ ਹੈ, ਸੋਹਣੇ ਰੂਪ ਵਾਲੀ ਹੈ।

ਇਛ ਪੂਰੇ ਮਨ ਕੰਤ ਸੁਆਮੀ ॥

ਜੀਵ-ਕੰਤ ਖਸਮ ਦੀ (ਹਰੇਕ) ਇੱਛਾ ਇਹ ਪੂਰੀ ਕਰਦੀ ਹੈ,

ਸਗਲ ਸੰਤੋਖੀ ਦੇਰ ਜੇਠਾਨੀ ॥੩॥

ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ) ਨੂੰ ਇਹ ਹਰ ਤਰ੍ਹਾਂ ਸੰਤੋਖ ਦੇਂਦੀ ਹੈ (ਸ਼ਾਂਤ ਕਰਦੀ ਹੈ) ॥੩॥

ਸਭ ਪਰਵਾਰੈ ਮਾਹਿ ਸਰੇਸਟ ॥

(ਮਿੱਠਾ ਬੋਲ, ਨਿਮ੍ਰਤਾ, ਸੇਵਾ, ਦਾਨ, ਦਇਆ) ਸਾਰੇ (ਆਤਮਕ) ਪਰਵਾਰ ਵਿਚ (ਭਗਤੀ) ਸਭ ਤੋਂ ਉੱਤਮ ਹੈ,

ਮਤੀ ਦੇਵੀ ਦੇਵਰ ਜੇਸਟ ॥

ਸਾਰੇ ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ ਮੱਤਾਂ ਦੇਣ ਵਾਲੀ ਹੈ (ਚੰਗੇ ਰਾਹੇ ਪਾਣ ਵਾਲੀ ਹੈ)।

ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥

ਉਹ ਹਿਰਦਾ-ਘਰ ਭਾਗਾਂ ਵਾਲਾ ਹੈ, ਜਿਸ ਘਰ ਵਿਚ (ਇਹ ਭਗਤੀ-ਇਸਤ੍ਰੀ) ਆ ਦਰਸ਼ਨ ਦੇਂਦੀ ਹੈ,

ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥

ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦੀ ਹੈ ਉਸ ਦੀ ਉਮਰ) ਸੁਖ ਆਨੰਦ ਵਿਚ ਬੀਤਦੀ ਹੈ ॥੪॥੩॥


ਆਸਾ ਮਹਲਾ ੫ ॥
ਮਤਾ ਕਰਉ ਸੋ ਪਕਨਿ ਨ ਦੇਈ ॥

(ਆਤਮਕ ਅਡੋਲਤਾ ਵਾਸਤੇ) ਮੈਂ ਜੇਹੜੀ ਭੀ ਸਲਾਹ ਕਰਦਾ ਹਾਂ ਉਸ ਨੂੰ (ਇਹ ਮਾਇਆ) ਸਿਰੇ ਨਹੀਂ ਚੜ੍ਹਨ ਦੇਂਦੀ,

ਸੀਲ ਸੰਜਮ ਕੈ ਨਿਕਟਿ ਖਲੋਈ ॥

ਮਿੱਠੇ ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ ਕੇ) ਖਲੋਤੀ ਰਹਿੰਦੀ ਹੈ (ਇਸ ਵਾਸਤੇ ਮੈਂ ਨਾਹ ਸੀਲ ਹਾਸਲ ਕਰ ਸਕਦਾ ਹਾਂ, ਨਾਹ ਸੰਜਮ)।

ਵੇਸ ਕਰੇ ਬਹੁ ਰੂਪ ਦਿਖਾਵੈ ॥

(ਇਹ ਮਾਇਆ) ਅਨੇਕਾਂ ਵੇਸ ਕਰਦੀ ਹੈ ਅਨੇਕਾਂ ਰੂਪ ਵਿਖਾਂਦੀ ਹੈ,

ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥

ਹਿਰਦੇ-ਘਰ ਵਿਚ ਇਹ ਮੈਨੂੰ ਟਿਕਣ ਨਹੀਂ ਦੇਂਦੀ, ਕਈ ਤਰੀਕਿਆਂ ਨਾਲ ਭਟਕਾਂਦੀ ਫਿਰਦੀ ਹੈ ॥੧॥

ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥

(ਇਹ ਮਾਇਆ ਮੇਰੇ) ਹਿਰਦੇ-ਘਰ ਦੀ ਮਾਲਕ ਬਣ ਬੈਠੀ ਹੈ, ਮੈਨੂੰ ਘਰ ਦਾ ਵਸੇਬਾ ਦੇਂਦੀ ਹੀ ਨਹੀਂ (ਮੈਨੂੰ ਆਤਮਕ ਅਡੋਲਤਾ ਨਹੀਂ ਮਿਲਣ ਦੇਂਦੀ)।

ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥

ਜੇ ਮੈਂ (ਆਤਮਕ ਅਡੋਲਤਾ ਲਈ) ਜਤਨ ਕਰਦਾ ਹਾਂ, ਤਾਂ ਸਗੋਂ ਵਧੀਕ ਉਲਝਣਾਂ ਪਾ ਦੇਂਦੀ ਹੈ ॥੧॥ ਰਹਾਉ ॥

ਧੁਰ ਕੀ ਭੇਜੀ ਆਈ ਆਮਰਿ ॥

(ਇਹ ਮਾਇਆ) ਧੁਰ ਦਰਗਾਹ ਤੋਂ ਤਾਂ ਸੇਵਕਾ ਬਣਾ ਕੇ ਭੇਜੀ ਹੋਈ (ਜਗਤ ਵਿਚ) ਆਈ ਹੈ,

ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥

(ਪਰ ਇਥੇ ਆ ਕੇ ਇਸ ਨੇ) ਨੌ ਖੰਡਾਂ ਵਾਲੀ ਸਾਰੀ ਧਰਤੀ ਜਿੱਤ ਲਈ ਹੈ, ਸਾਰੇ ਹੀ ਥਾਂ ਜਿੱਤ ਲਏ ਹਨ,

ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥

ਨਦੀਆਂ ਦੇ ਕੰਢੇ ਉਤੇ ਹਰੇਕ ਤੀਰਥ ਉਤੇ ਬੈਠੇ ਜੋਗ-ਸਾਧਨ ਕਰਨ ਵਾਲੇ ਤੇ ਸੰਨਿਆਸ ਧਾਰਨ ਵਾਲੇ ਭੀ (ਇਸ ਮਾਇਆ ਨੇ) ਨਹੀਂ ਛੱਡੇ।

ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥

ਸਿੰਮ੍ਰਿਤੀਆਂ ਪੜ੍ਹ ਪੜ੍ਹ ਕੇ, ਤੇ ਵੇਦਾਂ ਦੇ (ਪਾਠਾਂ ਦੇ) ਅਭਿਆਸ ਕਰ ਕਰ ਕੇ ਪੰਡਿਤ ਲੋਕ ਭੀ (ਇਸ ਦੇ ਸਾਹਮਣੇ) ਹਾਰ ਗਏ ਹਨ ॥੨॥

ਜਹ ਬੈਸਉ ਤਹ ਨਾਲੇ ਬੈਸੈ ॥

ਮੈਂ ਜਿਥੇ ਭੀ (ਜਾ ਕੇ) ਬੈਠਦਾ ਹਾਂ (ਇਹ ਮਾਇਆ) ਮੇਰੇ ਨਾਲ ਹੀ ਆ ਬੈਠਦੀ ਹੈ,

ਸਗਲ ਭਵਨ ਮਹਿ ਸਬਲ ਪ੍ਰਵੇਸੈ ॥

ਇਹ ਬੜੇ ਬਲ ਵਾਲੀ ਹੈ, ਸਾਰੇ ਹੀ ਭਵਨਾਂ ਵਿਚ ਜਾ ਪਹੁੰਚਦੀ ਹੈ,

ਹੋਛੀ ਸਰਣਿ ਪਇਆ ਰਹਣੁ ਨ ਪਾਈ ॥

ਕਿਸੇ ਕਮਜ਼ੋਰ ਦੀ ਸਰਨ ਪਿਆਂ ਇਹ ਮੈਥੋਂ ਪਰੇ ਨਹੀਂ ਹਟਦੀ।

ਕਹੁ ਮੀਤਾ ਹਉ ਕੈ ਪਹਿ ਜਾਈ ॥੩॥

ਸੋ, ਹੇ ਮਿੱਤਰ! ਦੱਸ, (ਇਸ ਮਾਇਆ ਤੋਂ ਖਹਿੜਾ ਛੁਡਾਣ ਲਈ) ਮੈਂ ਕਿਸ ਦੇ ਜਾਵਾਂ ॥੩॥

ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥

(ਸਤਸੰਗੀ ਮਿੱਤਰ ਪਾਸੋਂ) ਉਪਦੇਸ਼ ਸੁਣ ਕੇ ਮੈਂ ਗੁਰੂ ਦੇ ਪਾਸ ਆਇਆ,

ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥

ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਮੈਨੂੰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਦੇ ਦਿੱਤਾ।

ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥

(ਉਸ ਨਾਮ-ਮੰਤ੍ਰ ਦੀ ਬਰਕਤਿ ਨਾਲ) ਬੇਅੰਤ ਪਰਮਾਤਮਾ ਦੇ ਗੁਣ ਗਾ ਗਾ ਕੇ ਮੈਂ ਹੁਣ ਆਪਣੇ ਹਿਰਦੇ ਵਿਚ ਆ ਵੱਸਿਆ ਹਾਂ।

ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥

ਹੇ ਨਾਨਕ! (ਆਖ-ਹੁਣ ਮੈਨੂੰ) ਪਰਮਾਤਮਾ ਮਿਲ ਪਿਆ ਹੈ, ਤੇ ਮੈਂ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹੋ ਗਿਆ ਹਾਂ ॥੪॥

ਘਰੁ ਮੇਰਾ ਇਹ ਨਾਇਕਿ ਹਮਾਰੀ ॥

(ਹੁਣ ਇਹ ਹਿਰਦਾ-ਘਰ) ਮੇਰਾ ਆਪਣਾ ਘਰ ਬਣ ਗਿਆ ਹੈ (ਇਹ ਮਾਇਆ) ਮਾਲਕਾ ਭੀ ਮੇਰੀ (ਦਾਸੀ) ਬਣ ਗਈ ਹੈ।

ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥

ਗੁਰੂ ਨੇ ਇਸ ਨੂੰ ਮੇਰੀ ਸੇਵਕਾ ਬਣਾ ਦਿੱਤਾ ਹੈ ਤੇ ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲਾ ਬਣਾ ਦਿੱਤਾ ਹੈ ॥੧॥ ਰਹਾਉ ਦੂਜਾ ॥੪॥੪॥


ਆਸਾ ਮਹਲਾ ੫ ॥
ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥

ਪਹਿਲਾਂ ਮੈਨੂੰ ਸਲਾਹ ਦਿੱਤੀ ਗਈ ਕਿ (ਵੈਰੀ ਬਣ ਕੇ ਆ ਰਹੇ ਨੂੰ) ਚਿੱਠੀ ਲਿਖ ਭੇਜਾਂ,

ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥

ਫਿਰ ਸਲਾਹ ਮਿਲੀ ਕਿ ਮੈਂ (ਉਸ ਪਾਸ) ਦੋ ਮਨੁੱਖ ਅਪੜਾਵਾਂ,

ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥

ਤੀਜੀ ਸਲਾਹ ਮਿਲੀ ਕਿ ਮੈਂ ਕੋਈ ਨ ਕੋਈ ਉਪਾਉ ਜ਼ਰੂਰ ਕਰਾਂ,

ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥

ਪਰ ਹੇ ਪ੍ਰਭੂ! ਹੋਰ ਸਾਰੇ ਜਤਨ ਛੱਡ ਕੇ ਮੈਂ ਸਿਰਫ਼ ਤੈਨੂੰ ਹੀ ਸਿਮਰਿਆ ॥੧॥

ਮਹਾ ਅਨੰਦ ਅਚਿੰਤ ਸਹਜਾਇਆ ॥

(ਪਰਮਾਤਮਾ ਦਾ ਆਸਰਾ ਲਿਆਂ) ਬੜਾ ਆਤਮਕ ਆਨੰਦ ਮਿਲਦਾ ਹੈ, ਨਿਸਚਿੰਤਤਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ,

ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥

ਸਾਰੇ ਵੈਰੀ ਦੁਸ਼ਮਨ ਮੁੱਕ ਜਾਂਦੇ ਹਨ (ਕੋਈ ਦੁਸ਼ਮਨ ਨਹੀਂ ਜਾਪਦਾ, ਕੋਈ ਵੈਰੀ ਨਹੀਂ ਜਾਪਦਾ), (ਇਸ ਤਰ੍ਹਾਂ) ਅੰਤਰ ਆਤਮੇ ਸੁਖ ਮਿਲਦਾ ਹੈ ॥੧॥ ਰਹਾਉ ॥

ਸਤਿਗੁਰਿ ਮੋ ਕਉ ਦੀਆ ਉਪਦੇਸੁ ॥

ਸਤਿਗੁਰੂ ਨੇ ਮੈਨੂੰ ਸਿੱਖਿਆ ਦਿੱਤੀ,

ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥

ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪਰਮਾਤਮਾ ਦੇ ਰਹਿਣ ਲਈ ਥਾਂ ਹੈ।

ਜੋ ਕਿਛੁ ਕਰੀ ਸੁ ਤੇਰਾ ਤਾਣੁ ॥

(ਇਸ ਵਾਸਤੇ ਹੇ ਪ੍ਰਭੂ!) ਮੈਂ ਜੋ ਕੁਝ ਭੀ ਕਰਦਾ ਹਾਂ ਤੇਰਾ ਸਹਾਰਾ ਲੈ ਕੇ ਕਰਦਾ ਹਾਂ,

ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥

ਤੂੰ ਹੀ ਮੇਰੀ ਓਟ ਹੈਂ ਤੂੰ ਹੀ ਆਸਰਾ ਹੈਂ ॥੨॥

ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥

ਹੇ ਪ੍ਰਭੂ! ਤੈਨੂੰ ਛੱਡ ਕੇ ਹੋਰ ਜਾਈਏ ਭੀ ਕਿਹੜੇ ਪਾਸੇ?

ਆਨ ਨ ਬੀਆ ਤੇਰੀ ਸਮਸਰਿ ॥

(ਕਿਉਂਕਿ) ਤੇਰੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ।

ਤੇਰੇ ਸੇਵਕ ਕਉ ਕਿਸ ਕੀ ਕਾਣਿ ॥

(ਜਿਸ ਨੂੰ ਨਿਸ਼ਚਾ ਹੋਵੇ ਉਸ) ਤੇਰੇ ਸੇਵਕ ਨੂੰ ਹੋਰ ਕਿਸ ਦੀ ਮੁਥਾਜੀ ਹੋ ਸਕਦੀ ਹੈ?

ਸਾਕਤੁ ਭੂਲਾ ਫਿਰੈ ਬੇਬਾਣਿ ॥੩॥

(ਪਰ ਹੇ ਪ੍ਰਭੂ!) ਤੈਥੋਂ ਟੁੱਟਾ ਹੋਇਆ ਮਨੁੱਖ ਕੁਰਾਹੇ ਪੈ ਕੇ (ਮਾਨੋ) ਉਜਾੜ ਵਿਚ ਭਟਕਦਾ ਫਿਰਦਾ ਹੈ ॥੩॥

ਤੇਰੀ ਵਡਿਆਈ ਕਹੀ ਨ ਜਾਇ ॥

ਹੇ ਪ੍ਰਭੂ! ਤੂੰ ਕੇਡਾ ਵੱਡਾ ਹੈਂ ਇਹ ਗੱਲ ਮੈਥੋਂ ਬਿਆਨ ਨਹੀਂ ਕੀਤੀ ਜਾ ਸਕਦੀ,

ਜਹ ਕਹ ਰਾਖਿ ਲੈਹਿ ਗਲਿ ਲਾਇ ॥

ਤੂੰ ਹਰ ਥਾਂ (ਮੈਨੂੰ ਆਪਣੇ) ਗਲ ਨਾਲ ਲਾ ਕੇ ਬਚਾ ਲੈਂਦਾ ਹੈਂ।

ਨਾਨਕ ਦਾਸ ਤੇਰੀ ਸਰਣਾਈ ॥

ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੀ ਸਰਨ ਹੀ ਪਿਆ ਰਹਿੰਦਾ ਹਾਂ।

ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥

(ਹੇ ਭਾਈ!) ਪ੍ਰਭੂ ਨੇ ਮੇਰੀ ਇੱਜ਼ਤ ਰੱਖ ਲਈ ਹੈ (ਮੁਸੀਬਤਾਂ ਦੇ ਵੇਲੇ ਭੀ ਉਸ ਦੀ ਮੇਹਰ ਨਾਲ) ਮੇਰੇ ਅੰਦਰ ਚੜ੍ਹਦੀ ਕਲਾ ਪ੍ਰਬਲ ਰਹਿੰਦੀ ਹੈ ॥੪॥੫॥


ਆਸਾ ਮਹਲਾ ੫ ॥
ਪਰਦੇਸੁ ਝਾਗਿ ਸਉਦੇ ਕਉ ਆਇਆ ॥

ਹੇ ਸ਼ਾਹ! (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ ਬੜੀਆਂ ਔਖਿਆਈਆਂ ਨਾਲ ਲੰਘ ਕੇ ਮੈਂ (ਤੇਰੇ ਦਰ ਤੇ ਨਾਮ ਦਾ) ਸੌਦਾ ਕਰਨ ਆਇਆ ਹਾਂ,

ਵਸਤੁ ਅਨੂਪ ਸੁਣੀ ਲਾਭਾਇਆ ॥

ਮੈਂ ਸੁਣਿਆ ਹੈ ਕਿ ਨਾਮ ਵਸਤ ਬੜੀ ਸੁੰਦਰ ਹੈ ਤੇ ਲਾਭ ਦੇਣ ਵਾਲੀ ਹੈ।

ਗੁਣ ਰਾਸਿ ਬੰਨਿ੍ ਪਲੈ ਆਨੀ ॥

ਹੇ ਗੁਰੂ! ਮੈਂ ਗੁਣਾਂ ਦਾ ਸਰਮਾਇਆ ਪੱਲੇ ਬੰਨ੍ਹ ਕੇ ਲਿਆਂਦਾ ਹੈ,

ਦੇਖਿ ਰਤਨੁ ਇਹੁ ਮਨੁ ਲਪਟਾਨੀ ॥੧॥

ਪ੍ਰਭੂ ਦਾ ਨਾਮ-ਰਤਨ ਵੇਖ ਕੇ ਮੇਰਾ ਇਹ ਮਨ (ਇਸ ਨੂੰ ਖਰੀਦਣ ਵਾਸਤੇ) ਰੀਝ ਪਿਆ ਹੈ ॥੧॥

ਸਾਹ ਵਾਪਾਰੀ ਦੁਆਰੈ ਆਏ ॥

ਹੇ ਸ਼ਾਹ! ਹੇ ਸਤਿਗੁਰੂ! ਤੇਰੇ ਦਰ ਤੇ (ਨਾਮ ਦਾ ਵਣਜ ਕਰਨ ਵਾਲੇ) ਜੀਵ-ਵਪਾਰੀ ਆਏ ਹਨ।

ਵਖਰੁ ਕਾਢਹੁ ਸਉਦਾ ਕਰਾਏ ॥੧॥ ਰਹਾਉ ॥

(ਤੂੰ ਆਪਣੇ ਖ਼ਜ਼ਾਨੇ ਵਿਚੋਂ ਨਾਮ ਦਾ) ਸੌਦਾ ਕੱਢ ਕੇ ਇਹਨਾਂ ਨੂੰ ਸੌਦਾ ਕਰਨ ਦੀ ਜਾਚ ਸਿਖਾ ॥੧॥ ਰਹਾਉ ॥

ਸਾਹਿ ਪਠਾਇਆ ਸਾਹੈ ਪਾਸਿ ॥

(ਹੇ ਭਾਈ!) ਪਰਮਾਤਮਾ-ਸ਼ਾਹ ਨੇ ਮੈਨੂੰ ਗੁਰੂ ਦੇ ਪਾਸ ਭੇਜਿਆ।

ਅਮੋਲ ਰਤਨ ਅਮੋਲਾ ਰਾਸਿ ॥

(ਗੁਰੂ ਦੇ ਦਰ ਤੋਂ ਮੈਨੂੰ ਉਹ) ਰਤਨ ਮਿਲ ਪਿਆ ਹੈ ਉਹ ਸਰਮਾਇਆ ਮਿਲ ਪਿਆ ਹੈ, ਦੁਨੀਆ ਵਿਚ ਜਿਸ ਦੇ ਬਰਾਬਰ ਦੀ ਕੀਮਤ ਦਾ ਕੋਈ ਪਦਾਰਥ ਨਹੀਂ ਹੈ।

ਵਿਸਟੁ ਸੁਭਾਈ ਪਾਇਆ ਮੀਤ ॥

(ਪਰਮਾਤਮਾ ਦੀ ਮੇਹਰ ਨਾਲ ਮੈਨੂੰ) ਪਿਆਰ-ਭਰੇ ਹਿਰਦੇ ਵਾਲਾ ਵਿਚੋਲਾ ਮਿੱਤਰ ਮਿਲ ਪਿਆ ਹੈ,

ਸਉਦਾ ਮਿਲਿਆ ਨਿਹਚਲ ਚੀਤ ॥੨॥

ਉਸ ਪਾਸੋਂ ਪਰਮਾਤਮਾ ਦੇ ਨਾਮ ਦਾ ਸੌਦਾ ਲੱਭਾ ਹੈ ਤੇ ਮੇਰਾ ਮਨ ਦੁਨੀਆ ਦੇ ਪਦਾਰਥਾਂ ਵਲ ਡੋਲਣੋਂ ਹਟ ਗਿਆ ਹੈ ॥੨॥

ਭਉ ਨਹੀ ਤਸਕਰ ਪਉਣ ਨ ਪਾਨੀ ॥

(ਹੇ ਭਾਈ! ਇਸ ਰਤਨ ਨੂੰ ਇਸ ਸਰਮਾਏ ਨੂੰ) ਚੋਰਾਂ ਤੋਂ ਖ਼ਤਰਾ ਨਹੀਂ, ਹਵਾ ਤੋਂ ਡਰ ਨਹੀਂ, ਪਾਣੀ ਤੋਂ ਡਰ ਨਹੀਂ (ਨਾਹ ਚੋਰ ਚੁਰਾ ਸਕਦੇ ਹਨ ਨਾਹ ਝੱਖੜ ਉਡਾ ਸਕਦੇ ਹਨ ਨਾਹ ਪਾਣੀ ਡੋਬ ਸਕਦਾ ਹੈ)।

ਸਹਜਿ ਵਿਹਾਝੀ ਸਹਜਿ ਲੈ ਜਾਨੀ ॥

ਆਤਮਕ ਅਡੋਲਤਾ ਦੀ ਬਰਕਤਿ ਨਾਲ ਇਹ ਰਤਨ ਮੈਂ (ਗੁਰੂ ਪਾਸੋਂ) ਖਰੀਦਿਆ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਇਹ ਰਤਨ ਮੈਂ ਆਪਣੇ ਨਾਲ ਲੈ ਜਾਵਾਂਗਾ।

ਸਤ ਕੈ ਖਟਿਐ ਦੁਖੁ ਨਹੀ ਪਾਇਆ ॥

ਈਮਾਨਦਾਰੀ ਨਾਲ ਖੱਟਣ ਕਰਕੇ ਇਹ ਰਤਨ ਹਾਸਲ ਕਰਨ ਵਿਚ ਮੈਨੂੰ ਕੋਈ ਦੁੱਖ ਨਹੀਂ ਸਹਾਰਨਾ ਪਿਆ,

ਸਹੀ ਸਲਾਮਤਿ ਘਰਿ ਲੈ ਆਇਆ ॥੩॥

ਤੇ ਇਹ ਨਾਮ-ਸੌਦਾ ਮੈਂ ਸਹੀ ਸਲਾਮਤਿ ਸਾਂਭ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ ॥੩॥

ਮਿਲਿਆ ਲਾਹਾ ਭਏ ਅਨੰਦ ॥

(ਹੇ ਪ੍ਰਭੂ! ਤੇਰੀ ਮੇਹਰ ਨਾਲ ਮੈਨੂੰ ਤੇਰੇ ਨਾਮ ਦਾ) ਲਾਭ ਮਿਲਿਆ ਹੈ ਤੇ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਹੈ।

ਧੰਨੁ ਸਾਹ ਪੂਰੇ ਬਖਸਿੰਦ ॥

ਹੇ ਪੂਰੀਆਂ ਬਖ਼ਸ਼ਸ਼ਾਂ ਕਰਨ ਵਾਲੇ ਸ਼ਾਹ-ਪ੍ਰਭੂ! ਮੈਂ ਤੈਨੂੰ ਹੀ ਸਲਾਹੁੰਦਾ ਹਾਂ।

ਇਹੁ ਸਉਦਾ ਗੁਰਮੁਖਿ ਕਿਨੈ ਵਿਰਲੈ ਪਾਇਆ ॥

ਹੇ ਭਾਈ! ਕਿਸੇ ਵਿਰਲੇ ਭਾਗਾਂ ਵਾਲੇ ਨੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੇ ਨਾਮ ਦਾ) ਸੌਦਾ ਪ੍ਰਾਪਤ ਕੀਤਾ ਹੈ।

ਸਹਲੀ ਖੇਪ ਨਾਨਕੁ ਲੈ ਆਇਆ ॥੪॥੬॥

(ਗੁਰੂ ਦੀ ਸਰਨ ਪੈ ਕੇ ਹੀ) ਨਾਨਕ ਭੀ ਇਹ ਲਾਹੇਵੰਦਾ ਸੌਦਾ ਖੱਟ ਸਕਿਆ ਹੈ ॥੪॥੬॥


ਆਸਾ ਮਹਲਾ ੫ ॥
ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥

(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਔਗੁਣ ਨਹੀਂ ਤੱਕਿਆ।

ਨਹ ਦੇਖਿਓ ਰੂਪ ਰੰਗ ਸੀਂਗਾਰੋ ॥

ਉਸ ਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ,

ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥

ਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ।

ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥

ਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ ॥੧॥

ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥

ਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ,

ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ ॥

(ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ। ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ? ॥੧॥ ਰਹਾਉ ॥

ਸੁਹਾਗੁ ਹਮਾਰੋ ਅਬ ਹੁਣਿ ਸੋਹਿਓ ॥

(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ,

ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥

ਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ।

ਆਂਗਨਿ ਮੇਰੈ ਸੋਭਾ ਚੰਦ ॥

ਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ।

ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥

ਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ ॥੨॥

ਬਸਤ੍ਰ ਹਮਾਰੇ ਰੰਗਿ ਚਲੂਲ ॥

ਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ,

ਸਗਲ ਆਭਰਣ ਸੋਭਾ ਕੰਠਿ ਫੂਲ ॥

ਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ।

ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥

(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ। (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ।

ਦੁਸਟ ਦੂਤ ਕੀ ਚੂਕੀ ਕਾਨਿ ॥੩॥

ਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ ॥੩॥

ਸਦ ਖੁਸੀਆ ਸਦਾ ਰੰਗ ਮਾਣੇ ॥

(ਹੇ ਸਹੇਲੀਏ! ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ।

ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥

(ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤ੍ਰਿਸਨਾ ਮੁੱਕ ਗਈ ਹੈ।

ਕਹੁ ਨਾਨਕ ਜਉ ਪਿਰਹਿ ਸੀਗਾਰੀ ॥

ਹੇ ਨਾਨਕ! (ਆਖ-) ਜਦੋਂ (ਕਿਸੇ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ,

ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥

ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ ॥੪॥੭॥


ਆਸਾ ਮਹਲਾ ੫ ॥
ਦਾਨੁ ਦੇਇ ਕਰਿ ਪੂਜਾ ਕਰਨਾ ॥

(ਹੇ ਭਾਈ! ਵੇਖੋ ਅਜੇਹੇ ਬ੍ਰਾਹਮਣਾਂ ਦਾ ਹਾਲ! ਜਜਮਾਨ ਤਾਂ) ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਪੂਜਾ-ਮਾਨਤਾ ਕਰਦੇ ਹਨ,

ਲੈਤ ਦੇਤ ਉਨ੍ਰ ਮੂਕਰਿ ਪਰਨਾ ॥

ਪਰ ਉਹ ਬ੍ਰਾਹਮਣ ਲੈਂਦੇ ਦੇਂਦੇ ਭੀ (ਸਭ ਕੁਝ ਹਾਸਲ ਕਰਦੇ ਹੋਏ ਭੀ) ਸਦਾ ਮੁੱਕਰੇ ਰਹਿੰਦੇ ਹਨ (ਕਦੇ ਆਪਣੇ ਜਜਮਾਨਾਂ ਦਾ ਧੰਨਵਾਦ ਤਕ ਨਹੀਂ ਕਰਦੇ। ਸਗੋਂ ਦਾਨ ਲੈ ਕੇ ਭੀ ਇਹੀ ਜ਼ਾਹਰ ਕਰਦੇ ਹਨ ਕਿ ਅਸੀਂ ਜਜਮਾਨਾਂ ਦਾ ਪਰਲੋਕ ਸਵਾਰ ਰਹੇ ਹਾਂ)।

ਜਿਤੁ ਦਰਿ ਤੁਮ੍ਰ ਹੈ ਬ੍ਰਾਹਮਣ ਜਾਣਾ ॥

ਪਰ, ਹੇ ਬ੍ਰਾਹਮਣ! (ਇਹ ਚੇਤਾ ਰੱਖ) ਜਿਸ ਪ੍ਰਭੂ-ਦਰ ਤੇ (ਆਖ਼ਿਰ) ਤੂੰ ਪਹੁੰਚਣਾ ਹੈ,

ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥੧॥

ਉਸ ਦਰ ਤੇ ਤੂੰ ਹੀ (ਆਪਣੀਆਂ ਇਹਨਾਂ ਕਰਤੂਤਾਂ ਦੇ ਕਾਰਨ) ਪਛੁਤਾਵੇਂਗਾ ॥੧॥

ਐਸੇ ਬ੍ਰਾਹਮਣ ਡੂਬੇ ਭਾਈ ॥

ਹੇ ਭਾਈ! ਇਹੋ ਜਿਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਣੋ,

ਨਿਰਾਪਰਾਧ ਚਿਤਵਹਿ ਬੁਰਿਆਈ ॥੧॥ ਰਹਾਉ ॥

ਜੇਹੜੇ ਨਿਦੋਸੇ ਬੰਦਿਆਂ ਨੂੰ ਭੀ ਨੁਕਸਾਨ ਅਪੜਾਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ (ਉਚੀ ਜਾਤਿ ਦਾ ਹੋਣਾ, ਜਾਂ ਵੇਦ ਸ਼ਾਸਤ੍ਰ ਪੜ੍ਹੇ ਹੋਣਾ ਭੀ ਉਹਨਾਂ ਦੇ ਆਤਮਕ ਜੀਵਨ ਨੂੰ ਗ਼ਰਕ ਹੋਣੋਂ ਨਹੀਂ ਬਚਾ ਸਕਦਾ, ਜੇ ਉਹ ਦੂਜਿਆਂ ਦਾ ਬੁਰਾ ਤੱਕਦੇ ਰਹਿੰਦੇ ਹਨ) ॥੧॥ ਰਹਾਉ ॥

ਅੰਤਰਿ ਲੋਭੁ ਫਿਰਹਿ ਹਲਕਾਏ ॥

ਹੇ ਭਾਈ! ਉਂਞ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ-ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ, ਪਰ ਇਹਨਾਂ ਦੇ ਮਨ ਵਿਚ ਲੋਭ (ਠਾਠਾਂ ਮਾਰ ਰਿਹਾ ਹੈ, ਇਹ ਲੋਭ ਨਾਲ) ਹਲਕੇ ਹੋਏ ਫਿਰਦੇ ਹਨ।

ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥

ਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਭੀ ਇਹ (ਦੂਜਿਆਂ ਦੀ) ਨਿੰਦਾ ਕਰਦੇ ਫਿਰਦੇ ਹਨ, ਆਪਣੇ ਸਿਰ ਉਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ।

ਮਾਇਆ ਮੂਠਾ ਚੇਤੈ ਨਾਹੀ ॥

(ਹੇ ਭਾਈ!) ਮਾਇਆ (ਦੇ ਮੋਹ) ਦੇ ਹੱਥੋਂ ਆਪਣੇ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ (ਇਸ ਪਾਸੇ) ਧਿਆਨ ਨਹੀਂ ਦੇਂਦਾ।

ਭਰਮੇ ਭੂਲਾ ਬਹੁਤੀ ਰਾਹੀ ॥੨॥

ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਬ੍ਰਾਹਮਣ ਕਈ ਪਾਸੀਂ ਖ਼ੁਆਰ ਹੁੰਦਾ ਫਿਰਦਾ ਹੈ ॥੨॥

ਬਾਹਰਿ ਭੇਖ ਕਰਹਿ ਘਨੇਰੇ ॥

(ਹੇ ਭਾਈ!) ਅਜੇਹੇ ਬ੍ਰਾਹਮਣ ਬਾਹਰ (ਲੋਕਾਂ ਨੂੰ ਪਤਿਆਉਣ ਵਾਸਤੇ, ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ) ਕਈ (ਧਾਰਮਿਕ) ਭੇਖ ਕਰਦੇ ਹਨ,

ਅੰਤਰਿ ਬਿਖਿਆ ਉਤਰੀ ਘੇਰੇ ॥

ਪਰ ਉਨ੍ਹਾਂ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ।

ਅਵਰ ਉਪਦੇਸੈ ਆਪਿ ਨ ਬੂਝੈ ॥

(ਹੇ ਭਾਈ! ਜੇਹੜਾ ਬ੍ਰਾਹਮਣ) ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ ਕਰਦਾ ਹੈ, ਪਰ ਆਪ (ਉਸ ਧਰਮ ਨੂੰ) ਨਹੀਂ ਸਮਝਦਾ,

ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥

ਅਜੇਹਾ ਬ੍ਰਾਹਮਣ (ਲੋਕ ਪਰਲੋਕ) ਕਿਤੇ ਭੀ ਕਾਮਯਾਬ ਨਹੀਂ ਹੁੰਦਾ ॥੩॥

ਮੂਰਖ ਬਾਮਣ ਪ੍ਰਭੂ ਸਮਾਲਿ ॥

ਹੇ ਮੂਰਖ ਬ੍ਰਾਹਮਣ! ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ) ਯਾਦ ਕਰਿਆ ਕਰ,

ਦੇਖਤ ਸੁਨਤ ਤੇਰੈ ਹੈ ਨਾਲਿ ॥

ਉਹ ਪਰਮਾਤਮਾ (ਤੇਰੇ ਸਾਰੇ ਕੰਮ) ਵੇਖਦਾ (ਤੇਰੀਆਂ ਸਾਰੀਆਂ ਗੱਲਾਂ) ਸੁਣਦਾ (ਸਦਾ) ਤੇਰੇ ਨਾਲ ਰਹਿੰਦਾ ਹੈ।

ਕਹੁ ਨਾਨਕ ਜੇ ਹੋਵੀ ਭਾਗੁ ॥

ਹੇ ਨਾਨਕ! (ਅਜੇਹੇ ਬ੍ਰਾਹਮਣ ਨੂੰ ਆਖ-) ਜੇ ਤੇਰੇ ਭਾਗ ਜਾਗਣ,

ਮਾਨੁ ਛੋਡਿ ਗੁਰ ਚਰਣੀ ਲਾਗੁ ॥੪॥੮॥

ਤਾਂ (ਆਪਣੀ ਉੱਚੀ ਜਾਤਿ ਤੇ ਵਿੱਦਵਤਾ ਦਾ) ਮਾਣ ਛੱਡ ਕੇ ਗੁਰੂ ਦੀ ਸਰਨ ਪਉ ॥੪॥੮॥


ਆਸਾ ਮਹਲਾ ੫ ॥
ਦੂਖ ਰੋਗ ਭਏ ਗਤੁ ਤਨ ਤੇ ਮਨੁ ਨਿਰਮਲੁ ਹਰਿ ਹਰਿ ਗੁਣ ਗਾਇ ॥

(ਹੇ ਮਾਂ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਮੇਰਾ ਮਨ ਪਵਿੱਤਰ ਹੋ ਗਿਆ ਹੈ, ਮੇਰੇ ਸਰੀਰ ਤੋਂ ਸਾਰੇ ਦੁੱਖ ਤੇ ਰੋਗ ਦੂਰ ਹੋ ਗਏ ਹਨ।

ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥੧॥

ਗੁਰੂ ਦੀ ਸੰਗਤ ਵਿਚ ਮਿਲ ਕੇ ਮੇਰੇ ਅੰਦਰ ਆਨੰਦ ਹੀ ਆਨੰਦ ਬਣਿਆ ਪਿਆ ਹੈ। ਹੁਣ ਮੇਰਾ ਮਨ ਕਿਸੇ ਭੀ ਪਾਸੇ ਨਹੀਂ ਭਟਕਦਾ ॥੧॥

ਤਪਤਿ ਬੁਝੀ ਗੁਰਸਬਦੀ ਮਾਇ ॥

ਹੇ ਮਾਂ! ਗੁਰੂ ਦੇ ਸਬਦ ਦੀ ਬਰਕਤਿ ਨਾਲ (ਮੇਰੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ ਹੈ।

ਬਿਨਸਿ ਗਇਓ ਤਾਪ ਸਭ ਸਹਸਾ ਗੁਰੁ ਸੀਤਲੁ ਮਿਲਿਓ ਸਹਜਿ ਸੁਭਾਇ ॥੧॥ ਰਹਾਉ ॥

ਮੇਰੇ ਸਾਰੇ ਦੁੱਖ ਕਲੇਸ਼ ਤੇ ਸਹਮ ਨਾਸ ਹੋ ਗਏ ਹਨ। ਆਤਮਕ ਠੰਡ ਦੇਣ ਵਾਲਾ ਗੁਰੂ ਮੈਨੂੰ ਮਿਲ ਪਿਆ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹਾਂ, ਹੁਣ ਮੈਂ ਪ੍ਰਭੂ-ਪ੍ਰੇਮ ਵਿਚ ਮਗਨ ਹਾਂ ॥੧॥ ਰਹਾਉ ॥

ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥

(ਹੇ ਮਾਂ!) ਜਦੋਂ ਦੀ ਮੈਂ ਸਿਰਫ਼ ਇਕ ਪਰਮਾਤਮਾ ਨਾਲ ਸਾਂਝ ਪਾਈ ਹੈ ਮੇਰੀਆਂ ਸਾਰੀਆ ਭਟਕਣਾਂ ਮੁੱਕ ਗਈਆਂ ਹਨ, ਹੁਣ ਮੈਂ ਅਡੋਲ-ਚਿੱਤ ਹੋ ਕੇ ਪ੍ਰਭੂ ਚਰਨਾਂ ਵਿਚ ਆ ਟਿਕਿਆ ਹਾਂ।

ਜਗਤੁ ਉਧਾਰਨ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ॥੨॥

(ਹੇ ਪ੍ਰਭੂ!) ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਤੇਰੇ ਸੰਤ ਜਨਾਂ ਦਾ ਦਰਸ਼ਨ ਕਰ ਕੇ ਮੇਰੀ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ ॥੨॥

ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲੁ ਸਾਧੂ ਪਾਇ ॥

(ਹੇ ਮਾਂ!) ਹੁਣ ਮੈਂ ਅਡੋਲ-ਚਿੱਤ ਹੋ ਕੇ ਗੁਰੂ ਦੇ ਪੈਰ ਫੜ ਲਏ ਹਨ, ਮੇਰੇ ਅਨੇਕਾਂ ਜਨਮਾਂ ਦੇ ਪਾਪ ਮੇਰੀ ਖ਼ਲਾਸੀ ਕਰ ਗਏ ਹਨ।

ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ ॥੩॥

ਮੇਰਾ ਮਨ ਆਤਮਕ ਅਡੋਲਤਾ ਦੀ ਸੁਰ ਵਿਚ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਹੁਣ ਇਸ ਮਨ ਨੂੰ ਕਦੇ ਆਤਮਕ ਮੌਤ ਹੜੱਪ ਨਹੀਂ ਕਰਦੀ ॥੩॥

ਕਰਨ ਕਾਰਨ ਸਮਰਥ ਹਮਾਰੇ ਸੁਖਦਾਈ ਮੇਰੇ ਹਰਿ ਹਰਿ ਰਾਇ ॥

ਹੇ ਮੇਰੇ ਪ੍ਰਭੂ ਪਾਤਸ਼ਾਹ! ਹੇ ਸੁਖਾਂ ਦੇ ਬਖ਼ਸ਼ਣ ਵਾਲੇ! ਹੇ ਸਭ ਕੁਝ ਕਰਨ ਤੇ ਕਰਾਣ ਦੀ ਸ਼ਕਤੀ ਰੱਖਣ ਵਾਲੇ!

ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ ॥੪॥੯॥

(ਤੇਰਾ ਦਾਸ) ਨਾਨਕ ਤੇਰਾ ਨਾਮ ਯਾਦ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹੈ, ਤੂੰ ਮੇਰੇ ਨਾਲ (ਇਉਂ ਹਰ ਵੇਲੇ ਦਾ) ਸਾਥੀ ਹੈਂ, (ਜਿਵੇਂ) ਤਾਣੇ ਪੇਟੇ ਵਿਚ (ਸੂਤਰ ਮਿਲਿਆ ਹੋਇਆ ਹੁੰਦਾ ਹੈ) ॥੪॥੯॥


ਆਸਾ ਮਹਲਾ ੫ ॥
ਅਰੜਾਵੈ ਬਿਲਲਾਵੈ ਨਿੰਦਕੁ ॥

(ਹੇ ਭਾਈ! ਭਗਤ ਜਨਾਂ ਦੀ) ਨਿੰਦਾ ਕਰਨ ਵਾਲਾ (ਆਪਣੇ ਅੰਦਰ) ਬੜਾ ਦੁੱਖੀ ਹੁੰਦਾ ਰਹਿੰਦਾ ਹੈ ਬੜਾ ਵਿਲਕਦਾ ਹੈ।

ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥੧॥ ਰਹਾਉ ॥

(ਨਿੰਦਾ ਵਿਚ ਫਸੇ ਹੋਏ ਉਸ ਨੂੰ) ਪਾਰਬ੍ਰਹਮ ਪਰਮਾਤਮਾ ਭੁੱਲਿਆ ਹੁੰਦਾ ਹੈ, (ਇਸ ਕਰਕੇ) ਨਿੰਦਾ ਕਰਨ ਵਾਲਾ ਮਨੁੱਖ (ਗੁਰਮੁਖਾਂ ਦੀ) ਕੀਤੀ ਨਿੰਦਾ ਦਾ (ਦੁੱਖ-ਰੂਪ) ਫਲ ਭੋਗਦਾ ਰਹਿੰਦਾ ਹੈ ॥੧॥ ਰਹਾਉ ॥

ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ ॥

(ਹੇ ਭਾਈ!) ਜੇ ਕੋਈ ਮਨੁੱਖ ਉਸ ਨਿੰਦਕ ਦਾ ਸਾਥੀ ਬਣੇ (ਨਿੰਦਕ ਨਾਲ ਮੇਲ-ਜੋਲ ਰੱਖਣਾ ਸ਼ੁਰੂ ਕਰੇ, ਤਾਂ ਨਿੰਦਕ) ਉਸ ਨੂੰ ਭੀ ਆਪਣੇ ਨਾਲ ਲੈ ਤੁਰਦਾ ਹੈ (ਨਿੰਦਾ ਕਰਨ ਦੀ ਵਾਦੀ ਪਾ ਦੇਂਦਾ ਹੈ)।

ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ ॥੧॥

ਨਿੰਦਕ (ਨਿੰਦਾ ਦਾ) ਮਨੋ-ਕਲਪਤ ਹੀ ਬੇਅੰਤ ਭਾਰ (ਆਪਣੇ ਸਿਰ ਉਤੇ) ਚੁੱਕੀ ਫਿਰਦਾ ਹੈ, ਤੇ ਆਪਣੇ ਆਪ ਨੂੰ ਨਿੰਦਾ ਦੀ ਅੱਗ ਵਿਚ ਸਾੜਦਾ ਰਹਿੰਦਾ ਹੈ ॥੧॥

ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥

(ਹੇ ਭਾਈ! ਆਤਮਕ ਜੀਵਨ ਬਾਰੇ) ਜੇਹੜਾ ਨਿਯਮ ਪਰਮਾਤਮਾ ਦੇ ਦਰ ਤੇ ਸਦਾ ਵਰਤਦਾ ਹੈ, ਨਾਨਕ ਉਹ ਨਿਯਮ (ਤੁਹਾਨੂੰ) ਖੋਲ੍ਹ ਕੇ ਸੁਣਾਂਦਾ ਹੈ (ਕਿ ਭਗਤ) ਜਨਾਂ ਦਾ ਨਿੰਦਕ ਤਾਂ ਨਿੰਦਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ,

ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥੨॥੧੦॥

(ਪਰ) ਭਗਤ ਜਨਾਂ ਨੂੰ (ਭਗਤੀ ਦਾ ਸਦਕਾ) ਸਦਾ ਆਨੰਦ ਪ੍ਰਾਪਤ ਰਹਿੰਦਾ ਹੈ। ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਖ਼ੁਸ਼ ਰਹਿੰਦਾ ਹੈ ॥੨॥੧੦॥


ਆਸਾ ਮਹਲਾ ੫ ॥
ਜਉ ਮੈ ਕੀਓ ਸਗਲ ਸੀਗਾਰਾ ॥

ਜੇ ਮੈਂ ਹਰੇਕ ਕਿਸਮ ਦਾ ਸਿੰਗਾਰ ਕੀਤਾ,

ਤਉ ਭੀ ਮੇਰਾ ਮਨੁ ਨ ਪਤੀਆਰਾ ॥

ਤਾਂ ਭੀ ਮੇਰਾ ਮਨ ਸੰਤੁਸ਼ਟ ਨਾਹ ਹੋਇਆ।

ਅਨਿਕ ਸੁਗੰਧਤ ਤਨ ਮਹਿ ਲਾਵਉ ॥

ਜੇ ਮੈਂ ਆਪਣੇ ਸਰੀਰ ਉਤੇ ਅਨੇਕਾਂ ਸੁਗੰਧੀਆਂ ਵਰਤਦੀ ਹਾਂ,

ਓਹੁ ਸੁਖੁ ਤਿਲੁ ਸਮਾਨਿ ਨਹੀ ਪਾਵਉ ॥

ਤਾਂ ਭੀ ਮੈਂ ਤਿਲ ਜਿਤਨਾ ਭੀ ਉਹ ਸੁਖ ਨਹੀਂ ਹਾਸਲ ਕਰ ਸਕਦੀ (ਜੋ ਸੁਖ ਪਿਆਰੇ ਪ੍ਰਭੂ-ਪਤੀ ਦੇ ਦਰਸ਼ਨ ਤੋਂ ਮਿਲਦਾ ਹੈ)।

ਮਨ ਮਹਿ ਚਿਤਵਉ ਐਸੀ ਆਸਾਈ ॥

ਹੇ ਮੇਰੀ ਮਾਂ! ਹੁਣ ਮੈਂ ਇਹੋ ਜਿਹੀਆਂ ਆਸਾਂ ਹੀ ਬਣਾਂਦੀ ਰਹਿੰਦੀ ਹਾਂ,

ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥੧॥

(ਕਿ ਕਿਵੇਂ ਪ੍ਰਭੂ-ਪਤੀ ਮਿਲੇ), ਪਿਆਰੇ ਪ੍ਰਭੂ-ਪਤੀ ਦਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ ॥੧॥

ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥

ਹੇ ਮਾਂ! ਮੈਂ ਕੀਹ ਕਰਾਂ? (ਪਿਆਰੇ ਤੋਂ ਬਿਨਾ) ਮੇਰਾ ਮਨ ਖਲੋਂਦਾ ਨਹੀਂ।

ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥੧॥ ਰਹਾਉ ॥

ਪਿਆਰੇ ਪ੍ਰੀਤਮ ਦਾ ਪ੍ਰੇਮ ਖਿੱਚ ਪਾ ਰਿਹਾ ਹੈ ॥੧॥ ਰਹਾਉ ॥

ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥

(ਸੋਹਣੇ) ਕੱਪੜੇ, ਗਹਣੇ, ਉਚੇਚੇ ਅਨੇਕਾਂ ਸੁਖ-

ਓਇ ਭੀ ਜਾਨਉ ਕਿਤੈ ਨ ਲੇਖੈ ॥

ਮੈਂ ਸਮਝਦੀ ਹਾਂ ਕਿ ਉਹ ਸਾਰੇ ਭੀ (ਪ੍ਰਭੂ-ਪਤੀ ਤੋਂ ਬਿਨਾ) ਕਿਸੇ ਕੰਮ ਨਹੀਂ।

ਪਤਿ ਸੋਭਾ ਅਰੁ ਮਾਨੁ ਮਹਤੁ ॥

ਇੱਜ਼ਤ, ਸੋਭਾ, ਆਦਰ, ਵਡਿਆਈ (ਭੀ ਮਿਲ ਜਾਏ),

ਆਗਿਆਕਾਰੀ ਸਗਲ ਜਗਤੁ ॥

ਸਾਰਾ ਜਗਤ ਮੇਰੀ ਆਗਿਆ ਵਿਚ ਤੁਰਨ ਲੱਗ ਪਏ,

ਗ੍ਰਿਹੁ ਐਸਾ ਹੈ ਸੁੰਦਰ ਲਾਲ ॥

ਬੜਾ ਸੋਹਣਾ ਤੇ ਕੀਮਤੀ ਘਰ (ਰਹਿਣ ਵਾਸਤੇ ਮਿਲਿਆ ਹੋਵੇ, ਤਾਂ ਭੀ)

ਪ੍ਰਭ ਭਾਵਾ ਤਾ ਸਦਾ ਨਿਹਾਲ ॥੨॥

ਤਦੋਂ ਹੀ ਮੈਂ ਸਦਾ ਲਈ ਖ਼ੁਸ਼ ਰਹਿ ਸਕਦੀ ਹਾਂ ਜੇ ਪ੍ਰਭੂ-ਪਤੀ ਨੂੰ ਪਿਆਰੀ ਲੱਗਾਂ ॥੨॥

ਬਿੰਜਨ ਭੋਜਨ ਅਨਿਕ ਪਰਕਾਰ ॥

(ਹੇ ਮਾਂ!) ਜੇ ਅਨੇਕਾਂ ਕਿਸਮ ਦੇ ਸੁਆਦਲੇ ਖਾਣੇ ਮਿਲ ਜਾਣ,

ਰੰਗ ਤਮਾਸੇ ਬਹੁਤੁ ਬਿਸਥਾਰ ॥

ਜੇ ਬਹੁਤ ਤਰ੍ਹਾਂ ਦੇ ਰੰਗ ਤਮਾਸ਼ੇ (ਵੇਖਣ ਨੂੰ ਹੋਣ),

ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥

ਜੇ ਰਾਜ ਮਿਲ ਜਾਏ, ਭੁਇਂ ਦੀ ਮਾਲਕੀ ਹੋ ਜਾਏ ਅਤੇ ਬਹੁਤ ਹਕੂਮਤ ਮਿਲ ਜਾਏ,

ਮਨੁ ਨਹੀ ਧ੍ਰਾਪੈ ਤ੍ਰਿਸਨਾ ਨ ਜਾਇਸਿ ॥

ਤਾਂ ਭੀ ਇਹ ਮਨ ਕਦੇ ਰੱਜਦਾ ਨਹੀਂ, ਇਸ ਦੀ ਤ੍ਰਿਸ਼ਨਾ ਮੁੱਕਦੀ ਨਹੀਂ।

ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥

(ਇਹ ਸਭ ਕੁਝ ਹੁੰਦਿਆਂ ਭੀ, ਹੇ ਮਾਂ! ਪ੍ਰਭੂ-ਪਤੀ ਨੂੰ) ਮਿਲਣ ਤੋਂ ਬਿਨਾ ਮੇਰਾ ਇਹ ਦਿਨ (ਸੁਖ ਨਾਲ) ਨਹੀਂ ਲੰਘਦਾ।

ਮਿਲੈ ਪ੍ਰਭੂ ਤਾ ਸਭ ਸੁਖ ਪਾਵੈ ॥੩॥

ਜਦੋਂ (ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਮਿਲ ਪਏ ਤਾਂ ਉਹ (ਮਾਨੋ) ਸਾਰੇ ਸੁਖ ਹਾਸਲ ਕਰ ਲੈਂਦੀ ਹੈ ॥੩॥

ਖੋਜਤ ਖੋਜਤ ਸੁਨੀ ਇਹ ਸੋਇ ॥

ਭਾਲ ਕਰਦਿਆਂ ਕਰਦਿਆਂ (ਹੇ ਮਾਂ!) ਮੈਂ ਇਹ ਖ਼ਬਰ ਸੁਣ ਲਈ,

ਸਾਧਸੰਗਤਿ ਬਿਨੁ ਤਰਿਓ ਨ ਕੋਇ ॥

ਕਿ ਸਾਧ ਸੰਗਤਿ ਤੋਂ ਬਿਨਾ (ਤ੍ਰਿਸ਼ਨਾ ਦੇ ਹੜ੍ਹ ਤੋਂ) ਕੋਈ ਜੀਵ ਕਦੇ ਪਾਰ ਨਹੀਂ ਲੰਘ ਸਕਿਆ।

ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ ॥

ਜਿਸ ਦੇ ਮੱਥੇ ਉਤੇ ਚੰਗਾ ਭਾਗ ਜਾਗਿਆ ਉਸ ਨੇ ਗੁਰੂ ਲੱਭ ਲਿਆ,

ਪੂਰੀ ਆਸਾ ਮਨੁ ਤ੍ਰਿਪਤਾਇਆ ॥

ਉਸ ਦੀ ਹਰੇਕ ਆਸ ਪੂਰੀ ਹੋ ਗਈ,

ਪ੍ਰਭ ਮਿਲਿਆ ਤਾ ਚੂਕੀ ਡੰਝਾ ॥

ਉਸ ਦਾ ਮਨ ਰੱਜ ਗਿਆ।

ਨਾਨਕ ਲਧਾ ਮਨ ਤਨ ਮੰਝਾ ॥੪॥੧੧॥

ਹੇ ਨਾਨਕ! ਜਦੋਂ ਜੀਵ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਨੂੰ ਮਿਲ ਪਿਆ ਉਸ ਦੀ (ਅੰਦਰਲੀ ਤ੍ਰਿਸ਼ਨਾ ਦੀ) ਭੜਕੀ ਮੁੱਕ ਗਈ, ਉਸ ਨੇ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਵੱਸਦਾ) ਪ੍ਰਭੂ ਲੱਭ ਲਿਆ ॥੪॥੧੧॥


ਆਸਾ ਮਹਲਾ ੫ ਪੰਚਪਦੇ ॥
ਪ੍ਰਥਮੇ ਤੇਰੀ ਨੀਕੀ ਜਾਤਿ ॥

(ਹੇ ਜੀਵ-ਇਸਤ੍ਰੀ! ਵੇਖ) ਪਹਿਲਾਂ ਤਾਂ ਤੇਰੀ (ਮਨੁੱਖਾ ਜਨਮ ਵਾਲੀ) ਚੰਗੀ ਜਾਤਿ ਹੈ;

ਦੁਤੀਆ ਤੇਰੀ ਮਨੀਐ ਪਾਂਤਿ ॥

ਦੂਜੇ, ਤੇਰੀ ਖ਼ਾਨਦਾਨੀ ਭੀ ਮੰਨੀ ਜਾਂਦੀ ਹੈ;

ਤ੍ਰਿਤੀਆ ਤੇਰਾ ਸੁੰਦਰ ਥਾਨੁ ॥

ਤੀਜੇ, ਤੇਰਾ ਸੋਹਣਾ ਸਰੀਰ ਹੈ,

ਬਿਗੜ ਰੂਪੁ ਮਨ ਮਹਿ ਅਭਿਮਾਨੁ ॥੧॥

ਪਰ ਤੇਰਾ ਰੂਪ ਕੋਝਾ ਹੀ ਰਿਹਾ (ਕਿਉਂਕਿ) ਤੇਰੇ ਮਨ ਵਿਚ ਅਹੰਕਾਰ ਹੈ ॥੧॥

ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥

(ਹੇ ਜੀਵ-ਇਸਤ੍ਰੀ!) ਤੂੰ (ਵੇਖਣ ਨੂੰ) ਸੋਹਣੀ ਹੈਂ, ਰੂਪ ਵਾਲੀ ਹੈਂ, ਸਿਆਣੀ ਹੈਂ, ਚਤੁਰ ਹੈਂ।

ਅਤਿ ਗਰਬੈ ਮੋਹਿ ਫਾਕੀ ਤੂੰ ॥੧॥ ਰਹਾਉ ॥

ਪਰ ਤੂੰ ਬੜੇ ਅਹੰਕਾਰ ਅਤੇ ਮੋਹ ਵਿਚ ਫਸੀ ਪਈ ਹੈਂ ॥੧॥ ਰਹਾਉ ॥

ਅਤਿ ਸੂਚੀ ਤੇਰੀ ਪਾਕਸਾਲ ॥

(ਹੇ ਜੀਵ-ਇਸਤ੍ਰੀ!) ਤੇਰੀ ਬੜੀ ਸੁੱਚੀ (ਸੁਥਰੀ) ਰਸੋਈ ਹੈ (ਜਿਸ ਵਿਚ ਤੂੰ ਆਪਣਾ ਭੋਜਨ ਤਿਆਰ ਕਰਦੀ ਹੈਂ। ਬਾਕੀ ਪਸ਼ੂ ਪੰਛੀ ਤਾਂ ਵਿਚਾਰੇ ਗੰਦੇ ਮੰਦੇ ਥਾਵਾਂ ਤੋਂ ਹੀ ਢਿੱਡ ਭਰ ਲੈਂਦੇ ਹਨ)।

ਕਰਿ ਇਸਨਾਨੁ ਪੂਜਾ ਤਿਲਕੁ ਲਾਲ ॥

ਤੂੰ ਇਸ਼ਨਾਨ ਕਰ ਕੇ ਪੂਜਾ ਭੀ ਕਰ ਸਕਦੀ ਹੈਂ ਮੱਥੇ ਉਤੇ ਲਾਲ ਤਿਲਕ ਲਾ ਲੈਂਦੀ ਹੈਂ।

ਗਲੀ ਗਰਬਹਿ ਮੁਖਿ ਗੋਵਹਿ ਗਿਆਨ ॥

ਤੂੰ ਗੱਲਾਂ ਨਾਲ ਆਪਣਾ ਆਪ ਭੀ ਜਤਾ ਲੈਂਦੀ ਹੈਂ (ਪਸ਼ੂਆਂ ਪੰਛੀਆਂ ਨੂੰ ਤਾਂ ਇਹ ਦਾਤਿ ਨਹੀਂ ਮਿਲੀ) ਮੂੰਹ ਨਾਲ ਗਿਆਨ ਦੀਆਂ ਗੱਲਾਂ ਭੀ ਕਰ ਸਕਦੀ ਹੈਂ।

ਸਭਿ ਬਿਧਿ ਖੋਈ ਲੋਭਿ ਸੁਆਨ ॥੨॥

ਪਰ ਕੁੱਤੇ ਲੋਭ ਨੇ ਤੇਰੀ ਇਹ ਹਰੇਕ ਕਿਸਮ ਦੀ ਵਡਿਆਈ ਗਵਾ ਦਿੱਤੀ ਹੈ ॥੨॥

ਕਾਪਰ ਪਹਿਰਹਿ ਭੋਗਹਿ ਭੋਗ ॥

(ਹੇ ਜੀਵ-ਇਸਤ੍ਰੀ!) ਤੂੰ (ਸੋਹਣੇ) ਕੱਪੜੇ ਪਹਿਨਦੀ ਹੈਂ (ਦੁਨੀਆ ਦੇ ਸਾਰੇ) ਭੋਗ ਭੋਗਦੀ ਹੈਂ,

ਆਚਾਰ ਕਰਹਿ ਸੋਭਾ ਮਹਿ ਲੋਗ ॥

ਜਗਤ ਵਿਚ ਸੋਭਾ ਖੱਟਣ ਲਈ ਤੂੰ ਮਿਥੇ ਹੋਏ ਧਾਰਮਿਕ ਕਰਮ ਵੀ ਕਰਦੀ ਹੈਂ,

ਚੋਆ ਚੰਦਨ ਸੁਗੰਧ ਬਿਸਥਾਰ ॥

ਅਤਰ ਚੰਦਨ ਤੇ ਹੋਰ ਅਨੇਕਾਂ ਸੁਗੰਧੀਆਂ ਵਰਤਦੀ ਹੈਂ,

ਸੰਗੀ ਖੋਟਾ ਕ੍ਰੋਧੁ ਚੰਡਾਲ ॥੩॥

ਪਰ ਚੰਡਾਲ ਕ੍ਰੋਧ ਤੇਰਾ ਭੈੜਾ ਸਾਥੀ ਹੈ ॥੩॥

ਅਵਰ ਜੋਨਿ ਤੇਰੀ ਪਨਿਹਾਰੀ ॥

(ਹੇ ਜੀਵ-ਇਸਤ੍ਰੀ!) ਹੋਰ ਸਾਰੀਆਂ ਜੂਨਾਂ ਤੇਰੀਆਂ ਸੇਵਕ ਹਨ,

ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥

ਇਸ ਧਰਤੀ ਉਤੇ ਤੇਰੀ ਹੀ ਸਰਦਾਰੀ ਹੈ।

ਸੁਇਨਾ ਰੂਪਾ ਤੁਝ ਪਹਿ ਦਾਮ ॥

ਤੇਰੇ ਪਾਸ ਸੋਨਾ ਹੈ ਚਾਂਦੀ ਹੈ ਧਨ-ਪਦਾਰਥ ਹੈ (ਹੋਰ ਜੂਨਾਂ ਪਾਸ ਇਹ ਚੀਜ਼ਾਂ ਨਹੀਂ ਹਨ)

ਸੀਲੁ ਬਿਗਾਰਿਓ ਤੇਰਾ ਕਾਮ ॥੪॥

ਪਰ ਕਾਮ-ਵਾਸਨਾ ਨੇ ਤੇਰਾ ਸੁਭਾਉ (ਜੋ ਸਭ ਤੋਂ ਉੱਚੀ ਸ਼੍ਰੇਣੀ ਵਾਲਿਆਂ ਨੂੰ ਫਬਦਾ ਹੈ) ਵਿਗਾੜ ਦਿੱਤਾ ਹੋਇਆ ਹੈ ॥੪॥

ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ॥

ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ-ਪਾਤਿਸ਼ਾਹ ਦੀ ਮੇਹਰ ਦੀ ਨਜ਼ਰ ਪੈਂਦੀ ਹੈ,

ਸਾ ਬੰਦੀ ਤੇ ਲਈ ਛਡਾਇ ॥

ਉਸ ਨੂੰ ਉਹ (ਲੋਭ ਕ੍ਰੋਧ ਕਾਮ ਆਦਿਕ ਦੀ) ਕੈਦ ਤੋਂ ਛਡਾ ਲੈਂਦਾ ਹੈ।

ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥

ਜਿਸ ਸਰੀਰ ਨੇ (ਜੀਵ ਨੇ ਮਨੁੱਖਾ ਸਰੀਰ ਪ੍ਰਾਪਤ ਕਰ ਕੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ,

ਕਹੁ ਨਾਨਕ ਸਫਲ ਓਹ ਕਾਇਆ ॥੫॥

ਹੇ ਨਾਨਕ! ਉਹ ਸਰੀਰ ਹੀ ਕਾਮਯਾਬ ਹੈ ॥੫॥

ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ॥

(ਹੇ ਜੀਵ-ਇਸਤ੍ਰੀ!) ਜੇ ਤੂੰ ਪ੍ਰਭੂ-ਪਤੀ ਵਾਲੀ ਬਣ ਜਾਏਂ ਤਾਂ ਸਾਰੇ ਸੋਹਜ ਤੇ ਸਾਰੇ ਸੁਖ (ਜੋ ਤੈਨੂੰ ਮਿਲੇ ਹੋਏ ਹਨ) ਤੈਨੂੰ ਫਬ ਜਾਣ;

ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥

ਤੂੰ (ਸਚ-ਮੁਚ) ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਏਂ ॥੧॥ ਰਹਾਉ ਦੂਜਾ ॥੧੨॥


ਆਸਾ ਮਹਲਾ ੫ ਇਕਤੁਕੇ ੨ ॥
ਜੀਵਤ ਦੀਸੈ ਤਿਸੁ ਸਰਪਰ ਮਰਣਾ ॥

(ਹੇ ਭਾਈ!) ਜੇਹੜਾ ਮਨੁੱਖ (ਮਾਇਆ ਦੇ ਮਾਣ ਦੇ ਆਸਰੇ) ਜੀਊਂਦਾ ਦਿੱਸਦਾ ਹੈ ਉਸ ਨੂੰ ਜ਼ਰੂਰ ਆਤਮਕ ਮੌਤ ਹੜੱਪ ਕਰੀ ਰੱਖਦੀ ਹੈ;

ਮੁਆ ਹੋਵੈ ਤਿਸੁ ਨਿਹਚਲੁ ਰਹਣਾ ॥੧॥

ਪਰ ਜੇਹੜਾ ਮਨੁੱਖ (ਮਾਇਆ ਦੇ ਮਾਣ ਵਲੋਂ) ਅਛੋਹ ਹੈ ਉਸ ਨੂੰ ਅਟੱਲ ਆਤਮਕ ਜੀਵਨ ਮਿਲਿਆ ਰਹਿੰਦਾ ਹੈ ॥੧॥

ਜੀਵਤ ਮੁਏ ਮੁਏ ਸੇ ਜੀਵੇ ॥

(ਹੇ ਭਾਈ!) ਜੇਹੜੇ ਮਨੁੱਖ ਮਾਇਆ ਦੇ ਮਨ ਵਿਚ ਮਸਤ ਰਹਿੰਦੇ ਹਨ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ। ਪਰ, ਜੇਹੜੇ ਮਨੁੱਖ ਮਾਇਆ ਦੇ ਮਾਣ ਵਲੋਂ ਅਛੋਹ ਹਨ ਉਹ ਆਤਮਕ ਜੀਵਨ ਵਾਲੇ ਹਨ।

ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰਸਬਦੀ ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਦਾਰੂ ਆਪਣੇ ਮੂੰਹ ਵਿਚ ਰੱਖਿਆ (ਆਤਮਕ ਮੌਤ ਵਾਲਾ ਰੋਗ ਉਹਨਾਂ ਦੇ ਅੰਦਰੋਂ ਦੂਰ ਹੋ ਗਿਆ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ॥੧॥ ਰਹਾਉ ॥

ਕਾਚੀ ਮਟੁਕੀ ਬਿਨਸਿ ਬਿਨਾਸਾ ॥

(ਹੇ ਭਾਈ! ਜਿਵੇਂ) ਕੱਚਾ ਘੜਾ ਜ਼ਰੂਰ ਨਾਸ ਹੋਣ ਵਾਲਾ ਹੈ (ਤਿਵੇਂ ਮਾਇਆ ਨਾਲੋਂ ਭੀ ਸਾਥ ਆਖ਼ਰ ਜ਼ਰੂਰ ਟੁੱਟਦਾ ਹੈ।

ਜਿਸੁ ਛੂਟੈ ਤ੍ਰਿਕੁਟੀ ਤਿਸੁ ਨਿਜ ਘਰਿ ਵਾਸਾ ॥੨॥

ਮਾਇਆ ਦੇ ਮਾਣ ਤੇ ਦੂਜਿਆਂ ਨਾਲ ਖਿੱਝਣਾ ਮੂਰਖਤਾ ਹੈ) ਜਿਸ ਮਨੁੱਖ ਦੇ ਅੰਦਰੋਂ (ਮਾਇਆ ਦੇ ਮਾਣ ਦੇ ਕਾਰਨ ਪੈਦਾ ਹੋਈ) ਖਿੱਝ ਮੁੱਕੀ ਰਹਿੰਦੀ ਹੈ, ਉਸ ਦਾ ਨਿਵਾਸ (ਸਦਾ) ਪ੍ਰਭੂ-ਚਰਨਾਂ ਵਿਚ ਰਹਿੰਦਾ ਹੈ ॥੨॥

ਊਚਾ ਚੜੈ ਸੁ ਪਵੈ ਪਇਆਲਾ ॥

(ਹੇ ਭਾਈ! ਮਾਇਆ ਦੇ ਵਿਚ) ਜੇਹੜਾ ਮਨੁੱਖ ਸਿਰ ਉੱਚਾ ਕਰੀ ਰੱਖਦਾ ਹੈ (ਆਕੜਿਆ ਫਿਰਦਾ ਹੈ) ਉਹ ਆਤਮਕ ਮੌਤ ਦੇ ਟੋਏ ਵਿਚ ਪਿਆ ਰਹਿੰਦਾ ਹੈ।

ਧਰਨਿ ਪੜੈ ਤਿਸੁ ਲਗੈ ਨ ਕਾਲਾ ॥੩॥

ਪਰ, ਜੇਹੜਾ ਮਨੁੱਖ ਸਦਾ ਨਿਮ੍ਰਤਾ ਧਾਰਦਾ ਹੈ ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ ॥੩॥

ਭ੍ਰਮਤ ਫਿਰੇ ਤਿਨ ਕਿਛੂ ਨ ਪਾਇਆ ॥

(ਹੇ ਭਾਈ!) ਜੇਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਸਦਾ) ਭਟਕਦੇ ਫਿਰਦੇ ਹਨ (ਆਤਮਕ ਜੀਵਨ ਦੀ ਦਾਤਿ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ।

ਸੇ ਅਸਥਿਰ ਜਿਨ ਗੁਰਸਬਦੁ ਕਮਾਇਆ ॥੪॥

ਪਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੇ ਜੀਵਨ ਵਿਚ) ਵਰਤਿਆ ਹੈ ਉਹ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਰਹਿੰਦੇ ਹਨ ॥੪॥

ਜੀਉ ਪਿੰਡੁ ਸਭੁ ਹਰਿ ਕਾ ਮਾਲੁ ॥

ਜਿਨ੍ਹਾਂ ਮਨੁੱਖਾਂ ਨੇ ਇਹ ਜਿੰਦ ਤੇ ਸਰੀਰ ਸਭ ਕੁਝ ਪਰਮਾਤਮਾ ਦੀ ਦਿੱਤੀ ਦਾਤਿ ਸਮਝਿਆ ਹੈ,

ਨਾਨਕ ਗੁਰ ਮਿਲਿ ਭਏ ਨਿਹਾਲ ॥੫॥੧੩॥

ਹੇ ਨਾਨਕ! ਉਹ ਗੁਰੂ ਨੂੰ ਮਿਲ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ (ਉਹਨਾਂ ਦੀ ਤ੍ਰਿਕੁਟੀ ਮੁੱਕ ਜਾਂਦੀ ਹੈ) ॥੫॥੧੩॥


ਆਸਾ ਮਹਲਾ ੫ ॥
ਪੁਤਰੀ ਤੇਰੀ ਬਿਧਿ ਕਰਿ ਥਾਟੀ ॥

(ਇਹ ਠੀਕ ਹੈ ਕਿ ਪਰਮਾਤਮਾ ਨੇ) ਤੇਰਾ ਇਹ ਸਰੀਰ ਬੜੀ ਸਿਆਣਪ ਨਾਲ ਬਣਾਇਆ ਹੈ,

ਜਾਨੁ ਸਤਿ ਕਰਿ ਹੋਇਗੀ ਮਾਟੀ ॥੧॥

(ਪਰ ਇਹ ਭੀ) ਸੱਚ ਕਰ ਕੇ ਸਮਝ ਕਿ (ਇਸ ਸਰੀਰ ਨੇ ਆਖ਼ਿਰ) ਮਿੱਟੀ ਹੋ ਜਾਣਾ ਹੈ ॥੧॥

ਮੂਲੁ ਸਮਾਲਹੁ ਅਚੇਤ ਗਵਾਰਾ ॥

ਹੇ ਗ਼ਾਫ਼ਿਲ ਜੀਵ! ਹੇ ਮੂਰਖ ਜੀਵ! (ਜਿਸ ਤੋਂ ਤੂੰ ਪੈਦਾ ਹੋਇਆ ਹੈਂ ਉਸ) ਮੁੱਢ (ਪ੍ਰਭੂ) ਨੂੰ (ਹਿਰਦੇ ਵਿਚ ਸਦਾ) ਸਾਂਭ ਕੇ ਰੱਖ।

ਇਤਨੇ ਕਉ ਤੁਮ੍ਰ ਕਿਆ ਗਰਬੇ ॥੧॥ ਰਹਾਉ ॥

ਇਸ ਹੋਛੀ ਪਾਂਇਆਂ ਵਾਲੇ ਸਰੀਰ ਦੀ ਖ਼ਾਤਰ ਕੀਹ ਮਾਣ ਕਰਦਾ ਹੈਂ? ॥੧॥ ਰਹਾਉ ॥

ਤੀਨਿ ਸੇਰ ਕਾ ਦਿਹਾੜੀ ਮਿਹਮਾਨੁ ॥

(ਤੂੰ ਜਗਤ ਵਿਚ ਇਕ) ਪਰਾਹੁਣਾ ਹੈਂ ਜਿਸ ਨੂੰ ਰੋਜ਼ ਦਾ ਤਿੰਨ ਸੇਰ (ਕੱਚੇ ਆਟਾ ਆਦਿਕ) ਮਿਲਦਾ ਹੈ।

ਅਵਰ ਵਸਤੁ ਤੁਝ ਪਾਹਿ ਅਮਾਨ ॥੨॥

ਹੋਰ ਸਾਰੀ ਚੀਜ਼ ਤੇਰੇ ਪਾਸ ਅਮਾਨਤ (ਵਾਂਗ ਹੀ ਪਈ) ਹੈ ॥੨॥

ਬਿਸਟਾ ਅਸਤ ਰਕਤੁ ਪਰੇਟੇ ਚਾਮ ॥

(ਤੇਰੇ ਅੰਦਰ ਦੇ) ਵਿਸ਼ਟਾ ਹੱਡੀਆਂ ਤੇ ਲਹੂ (ਆਦਿਕ ਬਾਹਰਲੇ) ਚੰਮ ਨਾਲ ਲਪੇਟੇ ਹੋਏ ਹਨ,

ਇਸੁ ਊਪਰਿ ਲੇ ਰਾਖਿਓ ਗੁਮਾਨ ॥੩॥

ਪਰ ਤੂੰ ਇਸੇ ਉਤੇ ਹੀ ਮਾਣ ਕਰੀ ਜਾ ਰਿਹਾ ਹੈਂ ॥੩॥

ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥

ਜੇ ਤੂੰ ਇਕ ਪ੍ਰਭੂ ਦੇ ਨਾਮ-ਪਦਾਰਥ ਨਾਲ ਸਾਂਝ ਪਾ ਲਏਂ ਤਾਂ ਤੂੰ ਪਵਿਤ੍ਰ ਜੀਵਨ ਵਾਲਾ ਹੋ ਜਾਏਂ।

ਬਿਨੁ ਬੂਝੇ ਤੂੰ ਸਦਾ ਨਾਪਾਕ ॥੪॥

ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਤੋਂ ਬਿਨਾ ਤੂੰ ਸਦਾ ਹੀ ਅਪਵਿਤ੍ਰ ਹੈਂ ॥੪॥

ਕਹੁ ਨਾਨਕ ਗੁਰ ਕਉ ਕੁਰਬਾਨੁ ॥

ਨਾਨਕ ਆਖਦਾ ਹੈ- (ਹੇ ਮੂਰਖ ਜੀਵ!) ਉਸ ਗੁਰੂ ਤੋਂ ਸਦਕੇ ਹੋ,

ਜਿਸ ਤੇ ਪਾਈਐ ਹਰਿ ਪੁਰਖੁ ਸੁਜਾਨੁ ॥੫॥੧੪॥

ਜਿਸ ਦੀ ਰਾਹੀਂ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪਰਮਾਤਮਾ ਮਿਲ ਸਕਦਾ ਹੈ ॥੫॥੧੪॥

ਆਸਾ ਮਹਲਾ ੫ ਇਕਤੁਕੇ ਚਉਪਦੇ ॥

ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥
(ਹੇ ਭਾਈ!) ਦਿਨ ਦੀ ਇਕ ਘੜੀ ਭੀ (ਪ੍ਰਭੂ-ਪਤੀ ਦੇ ਵਿਛੋੜੇ ਵਿਚ) ਮੈਨੂੰ ਕਈ ਦਿਨਾਂ ਬਰਾਬਰ ਜਾਪਦੀ ਹੈ,

ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥੧॥

(ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ) ਮੇਰਾ ਮਨ ਧੀਰਜ ਨਹੀਂ ਫੜਦਾ (ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ) ਪਿਆਰੇ ਨੂੰ ਕਿਵੇਂ ਮਿਲਾਂ ॥੧॥

ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥

(ਹੇ ਭਾਈ! ਪ੍ਰਭੂ-ਪਤੀ ਦੇ ਵਿਛੋੜੇ ਵਿਚ) ਇਕ ਪਲ ਭੀ ਇਕ ਦਿਨ ਭੀ ਮੈਨੂੰ (ਇਉਂ ਜਾਪਦਾ ਹੈ ਕਿ) ਕਦੇ ਮੁੱਕਦਾ ਹੀ ਨਹੀਂ।

ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥

ਮੇਰੇ ਮਨ ਵਿਚ ਬੜੀ ਤਾਂਘ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜੇਹਾ ਸੰਤ ਮਿਲ ਪਏ ਜੇਹੜਾ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਵੇ ॥੧॥ ਰਹਾਉ ॥

ਚਾਰਿ ਪਹਰ ਚਹੁ ਜੁਗਹ ਸਮਾਨੇ ॥

(ਦਿਨ ਦੇ) ਚਾਰ ਪਹਰ (ਵਿਛੋੜੇ ਵਿਚ ਮੈਨੂੰ) ਚਾਰ ਜੁਗਾਂ ਦੇ ਬਰਾਬਰ ਜਾਪਦੇ ਹਨ,

ਰੈਣਿ ਭਈ ਤਬ ਅੰਤੁ ਨ ਜਾਨੇ ॥੨॥

ਜਦੋਂ ਰਾਤ ਆ ਪੈਂਦੀ ਹੈ ਤਦੋਂ ਤਾਂ ਉਹ ਮੁੱਕਣ ਵਿਚ ਨਹੀਂ ਆਉਂਦੀ ॥੨॥

ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥

(ਕਾਮਾਦਿਕ) ਪੰਜਾਂ ਵੈਰੀਆਂ ਨੇ ਮਿਲ ਕੇ (ਜਿਸ ਭੀ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਤੋਂ ਵਿਛੋੜਿਆ ਹੈ,

ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥੩॥

ਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛੁਤਾਂਦੀ ਹੈ ॥੩॥

ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥

ਹੇ ਦਾਸ ਨਾਨਕ! (ਜਿਸ ਜੀਵ ਨੂੰ) ਪਰਮਾਤਮਾ ਨੇ ਦਰਸਨ ਦਿੱਤਾ,

ਆਤਮੁ ਚੀਨਿ੍ ਪਰਮ ਸੁਖੁ ਪਾਇਆ ॥੪॥੧੫॥

ਉਸ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੪॥੧੫॥??


ਆਸਾ ਮਹਲਾ ੫ ॥
ਹਰਿ ਸੇਵਾ ਮਹਿ ਪਰਮ ਨਿਧਾਨੁ ॥

(ਹੇ ਭਾਈ!) ਪਰਮਾਤਮਾ ਦੀ ਸੇਵਾ ਵਿਚ ਸਭ ਤੋਂ ਉੱਚਾ (ਆਤਮਕ ਜੀਵਨ ਦਾ) ਖ਼ਜ਼ਾਨਾ (ਲੁਕਿਆ ਪਿਆ ਹੈ।)

ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥੧॥

ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੂੰਹ ਨਾਲ ਉਚਾਰਨਾ-ਇਹ ਪਰਮਾਤਮਾ ਦੀ ਸੇਵਾ ਹੈ ॥੧॥

ਹਰਿ ਮੇਰਾ ਸਾਥੀ ਸੰਗਿ ਸਖਾਈ ॥

(ਹੇ ਭਾਈ!) ਪਰਮਾਤਮਾ ਮੇਰਾ ਸਾਥੀ ਹੈ ਮਿੱਤਰ ਹੈ।

ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥੧॥ ਰਹਾਉ ॥

ਦੁੱਖ ਵੇਲੇ ਸੁਖ ਵੇਲੇ (ਜਦੋਂ ਭੀ) ਮੈਂ ਉਸ ਨੂੰ ਯਾਦ ਕਰਦਾ ਹਾਂ, ਉਹ ਉਥੇ ਹਾਜ਼ਰ ਹੁੰਦਾ ਹੈ। ਸੋ, ਵਿਚਾਰਾ ਜਮ ਮੈਨੂੰ ਕਿਥੇ ਡਰਾ ਸਕਦਾ ਹੈ? ॥੧॥ ਰਹਾਉ ॥

ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥

(ਹੇ ਭਾਈ!) ਪਰਮਾਤਮਾ ਹੀ ਮੇਰੀ ਓਟ ਹੈ, ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ,

ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥

ਪਰਮਾਤਮਾ ਮੇਰਾ ਮਿੱਤਰ ਹੈ, ਮੈਨੂੰ ਆਪਣੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ ॥੨॥

ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥

ਪਰਮਾਤਮਾ (ਦਾ ਨਾਮ ਹੀ) ਮੇਰੀ ਰਾਸਿ-ਪੂੰਜੀ ਹੈ, ਪਰਮਾਤਮਾ (ਦਾ ਨਾਮ ਹੀ) ਮੇਰੇ ਵਾਸਤੇ (ਆਤਮਕ ਜੀਵਨ ਦਾ ਵਪਾਰ ਕਰਨ ਲਈ) ਸਾਖ ਹੈ (ਇਤਬਾਰ ਦਾ ਵਸੀਲਾ ਹੈ)।

ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥੩॥

ਗੁਰੂ ਦੀ ਸਰਨ ਪੈ ਕੇ ਮੈਂ ਨਾਮ-ਧਨ ਕਮਾ ਰਿਹਾ ਹਾਂ, ਪਰਮਾਤਮਾ ਹੀ ਮੇਰਾ ਸ਼ਾਹ ਹੈ (ਜੋ ਮੈਨੂੰ ਨਾਮ-ਧਨ ਦਾ ਸਰਮਾਇਆ ਦੇਂਦਾ ਹੈ) ॥੩॥

ਗੁਰ ਕਿਰਪਾ ਤੇ ਇਹ ਮਤਿ ਆਵੈ ॥

(ਜਿਸ ਮਨੁੱਖ ਨੂੰ) ਗੁਰੂ ਦੀ ਕਿਰਪਾ ਨਾਲ ਇਸ ਵਪਾਰ ਦੀ ਸਮਝ ਆ ਜਾਂਦੀ ਹੈ,

ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥੪॥੧੬॥

ਦਾਸ ਨਾਨਕ (ਆਖਦਾ ਹੈ ਕਿ) ਉਹ ਸਦਾ ਪਰਮਾਤਮਾ ਦੀ ਗੋਦ ਵਿਚ ਲੀਨ ਰਹਿੰਦਾ ਹੈ ॥੪॥੧੬॥


ਆਸਾ ਮਹਲਾ ੫ ॥
ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥

(ਹੇ ਭਾਈ!) ਜੇ ਪਰਮਾਤਮਾ ਦਇਆਵਾਨ ਹੋਵੇ ਤਾਂ ਹੀ ਮੈਂ ਇਹ ਮਨ (ਗੁਰੂ ਦੇ ਚਰਨਾਂ ਵਿਚ) ਜੋੜ ਸਕਦਾ ਹਾਂ,

ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥

ਤਦੋਂ ਹੀ ਗੁਰੂ ਦੀ (ਦੱਸੀ) ਸੇਵਾ ਕਰ ਕੇ ਮਨ-ਇੱਜ਼ਤ ਫਲ ਪ੍ਰਾਪਤ ਕਰ ਸਕਦਾ ਹਾਂ ॥੧॥

ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥

ਹੇ ਮੇਰੇ ਮਨ! ਤੂੰ ਕਿਉਂ ਘਾਬਰਦਾ ਹੈਂ? (ਯਕੀਨ ਰੱਖ, ਤੇਰੇ ਸਿਰ ਉਤੇ ਉਹ) ਪਿਆਰਾ ਸਤਿਗੁਰੂ (ਰਾਖਾ) ਹੈ,

ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥

ਜੋ ਮਨ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਜਿਸ ਅੰਮ੍ਰਿਤ ਦੇ ਸਰੋਵਰ-ਗੁਰੂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰਿਆ ਹੋਇਆ ਹੈ ॥੧॥ ਰਹਾਉ ॥

ਚਰਣ ਕਮਲ ਰਿਦ ਅੰਤਰਿ ਧਾਰੇ ॥

(ਹੇ ਭਾਈ!) ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ (ਗੁਰੂ ਦੇ) ਸੋਹਣੇ ਚਰਨ ਟਿਕਾ ਲਏ,

ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥

(ਉਸ ਦੇ ਅੰਦਰ) ਪਰਮਾਤਮਾ ਦੀ ਜੋਤਿ ਜਗ ਪਈ, ਉਸ ਨੂੰ ਪਿਆਰਾ ਪ੍ਰਭੂ ਮਿਲ ਪਿਆ ॥੨॥

ਪੰਚ ਸਖੀ ਮਿਲਿ ਮੰਗਲੁ ਗਾਇਆ ॥

ਉਸ ਦੇ ਪੰਜੇ ਗਿਆਨ-ਇੰਦ੍ਰਿਆਂ ਨੇ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗਾਉਣਾ ਸ਼ੁਰੂ ਕਰ ਦਿੱਤਾ,

ਅਨਹਦ ਬਾਣੀ ਨਾਦੁ ਵਜਾਇਆ ॥੩॥

ਅਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ ਵਾਜਾ ਇਕ-ਰਸ ਵਜਾਣਾ ਸ਼ੁਰੂ ਕਰ ਦਿੱਤਾ ॥੩॥

ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ ॥

ਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਪ੍ਰਸੰਨ ਹੋ ਪਿਆ ਉਸ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪਿਆ,

ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥੪॥੧੭॥

ਉਸ ਦੀ (ਜ਼ਿੰਦਗੀ ਦੀ) ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਣ ਲੱਗ ਪਈ ॥੪॥੧੭॥


ਆਸਾ ਮਹਲਾ ੫ ॥
ਕਰਿ ਕਿਰਪਾ ਹਰਿ ਪਰਗਟੀ ਆਇਆ ॥

(ਹੇ ਵੀਰ!) ਪਰਮਾਤਮਾ ਕਿਰਪਾ ਕਰ ਕੇ ਉਸ ਮਨੁੱਖ ਦੇ ਅੰਦਰ ਆਪ ਆ ਪਰਤੱਖ ਹੁੰਦਾ ਹੈ,

ਮਿਲਿ ਸਤਿਗੁਰ ਧਨੁ ਪੂਰਾ ਪਾਇਆ ॥੧॥

ਜਿਸ ਨੇ ਸਤਿਗੁਰੂ ਨੂੰ ਮਿਲ ਕੇ ਕਦੇ ਨਾਹ ਘਟਣ ਵਾਲਾ ਨਾਮ-ਧਨ ਹਾਸਲ ਕਰ ਲਿਆ ॥੧॥

ਐਸਾ ਹਰਿ ਧਨੁ ਸੰਚੀਐ ਭਾਈ ॥

ਹੇ ਵੀਰ! ਇਹੋ ਜਿਹਾ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ,

ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥

ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਜੋ ਪਾਣੀ ਵਿਚ ਡੁੱਬਦਾ ਨਹੀਂ ਅਤੇ ਜੋ ਸਾਥ ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦਾ ॥੧॥ ਰਹਾਉ ॥

ਤੋਟਿ ਨ ਆਵੈ ਨਿਖੁਟਿ ਨ ਜਾਇ ॥

(ਹੇ ਭਾਈ! ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਵਿਚ) ਕਦੇ ਘਾਟਾ ਨਹੀਂ ਪੈਂਦਾ ਜੋ ਕਦੇ ਨਹੀਂ ਮੁੱਕਦਾ।

ਖਾਇ ਖਰਚਿ ਮਨੁ ਰਹਿਆ ਅਘਾਇ ॥੨॥

ਇਹ ਧਨ ਆਪ ਵਰਤ ਕੇ ਹੋਰਨਾਂ ਨੂੰ ਵੰਡ ਕੇ (ਮਨੁੱਖ ਦਾ) ਮਨ (ਦੁਨੀਆ ਦੇ ਧਨ ਦੀ ਲਾਲਸਾ ਵਲੋਂ) ਰੱਜਿਆ ਰਹਿੰਦਾ ਹੈ ॥੨॥

ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥

(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਜਮ੍ਹਾਂ ਹੋ ਜਾਂਦਾ ਹੈ ਉਹੀ ਮਨੁੱਖ ਸਦਾ ਲਈ ਸਾਹੂਕਾਰ ਬਣ ਜਾਂਦਾ ਹੈ।

ਇਸੁ ਧਨ ਤੇ ਸਭੁ ਜਗੁ ਵਰਸਾਣਾ ॥੩॥

ਉਸ ਦੇ ਇਸ ਧਨ ਤੋਂ ਸਾਰਾ ਜਗਤ ਲਾਭ ਉਠਾਂਦਾ ਹੈ ॥੩॥

ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥

(ਪਰ, ਹੇ ਭਾਈ!) ਉਸ ਮਨੁੱਖ ਨੇ ਇਹ ਹਰਿ-ਨਾਮ-ਧਨ ਹਾਸਲ ਕੀਤਾ ਹੈ, ਜਿਸ ਦੇ ਭਾਗਾਂ ਵਿਚ ਪੂਰਬਲੇ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ।

ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥੪॥੧੮॥

ਹੇ ਦਾਸ ਨਾਨਕ! (ਆਖ-) ਪਰਮਾਤਮਾ ਦਾ ਨਾਮ-ਧਨ (ਮਨੁੱਖ ਦੀ ਜਿੰਦ ਵਾਸਤੇ) ਅਖ਼ੀਰਲੇ ਵੇਲੇ ਦਾ ਗਹਣਾ ਹੈ ॥੪॥੧੮॥


ਆਸਾ ਮਹਲਾ ੫ ॥
ਜੈਸੇ ਕਿਰਸਾਣੁ ਬੋਵੈ ਕਿਰਸਾਨੀ ॥

ਹੇ ਪ੍ਰਾਣੀ! (ਜਿਵੇਂ) ਕੋਈ ਕਿਸਾਨ ਖੇਤੀ ਬੀਜਦਾ ਹੈ,

ਕਾਚੀ ਪਾਕੀ ਬਾਢਿ ਪਰਾਨੀ ॥੧॥

(ਤੇ ਜਦੋਂ ਜੀ ਚਾਹੇ) ਉਸ ਨੂੰ ਵੱਢ ਲੈਂਦਾ ਹੈ (ਚਾਹੇ ਉਹ) ਕੱਚੀ (ਹੋਵੇ ਚਾਹੇ) ਪੱਕੀ (ਇਸੇ ਤਰ੍ਹਾਂ ਮਨੁੱਖ ਉਤੇ ਮੌਤ ਕਿਸੇ ਭੀ ਉਮਰੇ ਆ ਸਕਦੀ ਹੈ) ॥੧॥

ਜੋ ਜਨਮੈ ਸੋ ਜਾਨਹੁ ਮੂਆ ॥

(ਹੇ ਭਾਈ!) ਯਕੀਨ ਜਾਣੋ ਕਿ ਜਿਹੜਾ ਜੀਵ ਪੈਦਾ ਹੁੰਦਾ ਹੈ ਉਹ ਮਰਦਾ ਭੀ (ਜ਼ਰੂਰ) ਹੈ।

ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥ ਰਹਾਉ ॥

ਪਰਮਾਤਮਾ ਦਾ ਭਗਤ (ਇਸ ਅਟੱਲ ਨਿਯਮ ਨੂੰ ਜਾਣਦਾ ਹੋਇਆ ਮੌਤ ਦੇ ਸਹਮ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ॥੧॥ ਰਹਾਉ ॥

ਦਿਨ ਤੇ ਸਰਪਰ ਪਉਸੀ ਰਾਤਿ ॥

(ਹੇ ਭਾਈ!) ਦਿਨ ਤੋਂ ਜ਼ਰੂਰ ਰਾਤ ਪੈ ਜਾਇਗੀ,

ਰੈਣਿ ਗਈ ਫਿਰਿ ਹੋਇ ਪਰਭਾਤਿ ॥੨॥

ਰਾਤ (ਭੀ) ਮੁੱਕ ਜਾਂਦੀ ਹੈ ਫਿਰ ਮੁੜ ਸਵੇਰ ਹੋ ਜਾਂਦੀ ਹੈ (ਇਸੇ ਤਰ੍ਹਾਂ ਜਗਤ ਵਿਚ ਜਨਮ ਤੇ ਮਰਨ ਦਾ ਸਿਲਸਲਾ ਤੁਰਿਆ ਰਹਿੰਦਾ ਹੈ) ॥੨॥

ਮਾਇਆ ਮੋਹਿ ਸੋਇ ਰਹੇ ਅਭਾਗੇ ॥

(ਇਹ ਜਾਣਦਿਆਂ ਭੀ ਕਿ ਮੌਤ ਜ਼ਰੂਰ ਆਉਣੀ ਹੈ) ਬਦ-ਨਸੀਬ ਬੰਦੇ ਮਾਇਆ ਦੇ ਮੋਹ ਵਿਚ (ਫਸ ਕੇ ਜੀਵਨ-ਮਨੋਰਥ ਵਲੋਂ) ਗਾਫ਼ਿਲ ਹੋਏ ਰਹਿੰਦੇ ਹਨ।

ਗੁਰਪ੍ਰਸਾਦਿ ਕੋ ਵਿਰਲਾ ਜਾਗੇ ॥੩॥

ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਮੋਹ ਦੀ ਨੀਂਦ ਤੋਂ) ਜਾਗਦਾ ਹੈ ॥੩॥

ਕਹੁ ਨਾਨਕ ਗੁਣ ਗਾਈਅਹਿ ਨੀਤ ॥

ਨਾਨਕ ਆਖਦਾ ਹੈ- (ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਏ ਜਾਣੇ ਚਾਹੀਦੇ ਹਨ,

ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥

(ਇਸ ਉੱਦਮ ਦੀ ਬਰਕਤਿ ਨਾਲ, ਇਕ ਤਾਂ, ਲੋਕ ਪਰਲੋਕ ਵਿਚ) ਮੁਖ ਉਜਲਾ ਹੋ ਜਾਂਦਾ ਹੈ, (ਦੂਜੇ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ ॥੪॥੧੯॥


ਆਸਾ ਮਹਲਾ ੫ ॥
ਨਉ ਨਿਧਿ ਤੇਰੈ ਸਗਲ ਨਿਧਾਨ ॥

(ਹੇ ਪ੍ਰਭੂ!) ਤੇਰੇ ਘਰ ਵਿਚ (ਜਗਤ ਦੀਆਂ) ਨੌ ਹੀ ਨਿਧੀਆਂ ਮੌਜੂਦ ਹਨ ਸਾਰੇ ਖ਼ਜ਼ਾਨੇ ਮੌਜੂਦ ਹਨ।

ਇਛਾ ਪੂਰਕੁ ਰਖੈ ਨਿਦਾਨ ॥੧॥

ਤੂੰ ਐਸਾ ਇੱਛਾ-ਪੂਰਕ ਹੈਂ (ਤੂੰ ਹਰੇਕ ਜੀਵ ਦੀ ਇੱਛਾ ਪੂਰੀ ਕਰਨ ਦੀ ਅਜੇਹੀ ਤਾਕਤ ਰੱਖਦਾ ਹੈਂ) ਜੇਹੜਾ ਅੰਤ ਨੂੰ ਰਾਖੀ ਕਰਦਾ ਹੈ (ਜਦੋਂ ਮਨੁੱਖ ਹੋਰ ਸਾਰੇ ਮਿਥੇ ਹੋਏ ਆਸਰੇ ਛੱਡ ਬੈਠਦਾ ਹੈ) ॥੧॥

ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥

(ਹੇ ਪ੍ਰਭੂ!) ਜਦੋਂ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈਂ (ਤੇ ਮੈਨੂੰ ਸਭ ਕੁਝ ਦੇਣ ਵਾਲਾ ਹੈਂ) ਤਾਂ ਮੈਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਸਕਦੀ।

ਤੂੰ ਮਨਿ ਵਸਿਆ ਲਗੈ ਨ ਦੂਖਾ ॥੧॥ ਰਹਾਉ ॥

ਜੇ ਤੂੰ ਮੇਰੇ ਮਨ ਵਿਚ ਟਿਕਿਆ ਰਹੇਂ ਤਾਂ ਕੋਈ ਭੀ ਦੁੱਖ ਮੈਨੂੰ ਪੋਹ ਨਹੀਂ ਸਕਦਾ ॥੧॥ ਰਹਾਉ ॥

ਜੋ ਤੂੰ ਕਰਹਿ ਸੋਈ ਪਰਵਾਣੁ ॥

ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ (ਜੀਵਾਂ ਨੂੰ) ਉਹੀ (ਸਿਰ-ਮੱਥੇ ਉੱਤੇ) ਕਬੂਲ ਹੁੰਦਾ ਹੈ।

ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥੨॥

ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰਾ ਹੁਕਮ ਭੀ ਅਟੱਲ ਹੈ ॥੨॥

ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ ॥

ਹੇ ਪ੍ਰਭੂ! ਜਦੋਂ ਤੈਨੂੰ ਮਨਜ਼ੂਰ ਹੁੰਦਾ ਹੈ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਸਕਦਾ ਹਾਂ।

ਤੇਰੈ ਘਰਿ ਸਦਾ ਸਦਾ ਹੈ ਨਿਆਉ ॥੩॥

ਤੇਰੇ ਘਰ ਵਿਚ ਸਦਾ ਹੀ ਇਨਸਾਫ਼ ਹੈ, ਸਦਾ ਹੀ ਇਨਸਾਫ਼ ਹੈ ॥੩॥

ਸਾਚੇ ਸਾਹਿਬ ਅਲਖ ਅਭੇਵ ॥

ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਅਲੱਖ ਤੇ ਅਭੇਵ!

ਨਾਨਕ ਲਾਇਆ ਲਾਗਾ ਸੇਵ ॥੪॥੨੦॥

ਹੇ ਨਾਨਕ! (ਆਖ-) ਤੇਰਾ ਪ੍ਰੇਰਿਆ ਹੋਇਆ ਹੀ ਜੀਵ ਤੇਰੀ ਸੇਵਾ-ਭਗਤੀ ਵਿਚ ਲੱਗ ਸਕਦਾ ਹੈ ॥੪॥੨੦॥


ਆਸਾ ਮਹਲਾ ੫ ॥
ਨਿਕਟਿ ਜੀਅ ਕੈ ਸਦ ਹੀ ਸੰਗਾ ॥

ਹੇ ਭਾਈ! ਪਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾਂ ਦੇ ਅੰਗ-ਸੰਗ ਰਹਿੰਦਾ ਹੈ,

ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥

ਉਸੇ ਦੀ ਹੀ ਕਲਾ ਸਭ ਰੂਪਾਂ ਵਿਚ ਸਭ ਰੰਗਾਂ ਵਿਚ ਕੰਮ ਕਰ ਰਹੀ ਹੈ ॥੧॥

ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥

ਹੇ ਭਾਈ! ਉਸ ਮਨੁੱਖ ਦਾ ਮਨ ਕਦੇ ਖਿੱਝਦਾ ਨਹੀਂ ਕਦੇ ਝੁਰਦਾ ਨਹੀਂ ਕਦੇ ਗਿਲੇ ਗੁਜ਼ਾਰੀਆਂ ਨਹੀਂ ਕਰਦਾ,

ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥

ਜਿਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਅਬਿਨਾਸੀ ਅਦ੍ਰਿਸ਼ ਤੇ ਅਪਹੁੰਚ ਪਰਮਾਤਮਾ ਸਾਡੇ ਸਿਰ ਉਤੇ ਸਦਾ-ਕਾਇਮ ਰਹਿਣ ਵਾਲਾ ਖਸਮ ਕਾਇਮ ਹੈ ॥੧॥ ਰਹਾਉ ॥

ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥

ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।

ਜਿਸ ਕੀ ਮੀਰਾ ਰਾਖੈ ਆਣਿ ॥੨॥

(ਹੇ ਭਾਈ!) ਜਿਸ ਸੇਵਕ ਦੀ ਇੱਜ਼ਤ ਪ੍ਰਭੂ-ਪਾਤਿਸ਼ਾਹ ਆਪ ਰੱਖੇ (ਉਹ ਕਿਸੇ ਦੀ ਮੁਥਾਜੀ ਕਰੇ ਭੀ ਕਿਉਂ?) ॥੨॥

ਜੋ ਲਉਡਾ ਪ੍ਰਭਿ ਕੀਆ ਅਜਾਤਿ ॥

(ਹੇ ਭਾਈ!) ਜਿਸ ਸੇਵਕ ਨੂੰ ਪਰਮਾਤਮਾ ਨੇ ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ,

ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥

(ਪਰਮਾਤਮਾ ਦੇ) ਉਸ ਸੇਵਕ ਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ ॥੩॥

ਵੇਮੁਹਤਾਜਾ ਵੇਪਰਵਾਹੁ ॥

ਉਹ ਪਰਮਾਤਮਾ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ

ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥

ਹੇ ਦਾਸ ਨਾਨਕ! (ਆਖ-ਹੇ ਭਾਈ!) ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ॥੪॥੨੧॥


ਆਸਾ ਮਹਲਾ ੫ ॥
ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥

(ਹੇ ਭਾਈ! ਵਿਕਾਰਾਂ ਹੇਠ ਦਬਿਆ ਮਨੁੱਖ) ਪਰਾਮਤਮਾ ਦਾ ਨਾਮ-ਰਸ ਛੱਡ ਕੇ (ਦੁਨੀਆ ਦੇ ਪਦਾਰਥਾਂ ਦੇ) ਰਸ ਵਿਚ ਮਸਤ ਰਹਿੰਦਾ ਹੈ ਜੋ ਮੁੱਕ ਭੀ ਛੇਤੀ ਹੀ ਜਾਂਦਾ ਹੈ,

ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥

(ਸੁਖ ਦੇਣ ਵਾਲੀ) ਨਾਮ-ਵਸਤ (ਇਸ-ਦੇ) ਹਿਰਦੇ-ਘਰ ਵਿਚ ਮੌਜੂਦ ਹੈ (ਪਰ ਸੁਖ ਦੀ ਖ਼ਾਤਰ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਬਾਹਰ ਉਠ ਉਠ ਦੌੜਦਾ ਹੈ ॥੧॥

ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥

(ਹੇ ਭਾਈ! ਜੀਵ ਅਜੇਹਾ ਵਿਕਾਰਾਂ ਹੇਠ ਦਬਿਆ ਰਹਿੰਦਾ ਹੈ ਕਿ ਇਹ) ਸਦਾ-ਥਿਰ ਪਰਮਾਤਮਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ,

ਰਾਰਿ ਕਰਤ ਝੂਠੀ ਲਗਿ ਗਾਥਾ ॥੧॥ ਰਹਾਉ ॥

ਪਰ ਝੂਠੀ (ਕਿਸੇ ਕੰਮ ਨਾਹ ਆਉਣ ਵਾਲੀ) ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦਾ ਰਹਿੰਦਾ ਹੈ ॥੧॥ ਰਹਾਉ ॥

ਵਜਹੁ ਸਾਹਿਬ ਕਾ ਸੇਵ ਬਿਰਾਨੀ ॥

(ਹੇ ਭਾਈ!) ਮਨੁੱਖ ਵਿਕਾਰਾਂ ਹੇਠ ਇਉਂ ਦਬਿਆ ਰਹਿੰਦਾ ਹੈ ਕਿ ਖਾਂਦਾ ਤਾਂ ਹੈ ਮਾਲਕ-ਪ੍ਰਭੂ ਦਾ ਦਿੱਤਾ ਹੋਇਆ, ਪਰ ਸੇਵਾ ਕਰਦਾ ਹੈ ਬਿਗਾਨੀ (ਮਾਲਕ-ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸਦਾ ਮਾਇਆ ਦੀਆਂ ਸੋਚਾਂ ਸੋਚਦਾ ਹੈ),

ਐਸੇ ਗੁਨਹ ਅਛਾਦਿਓ ਪ੍ਰਾਨੀ ॥੨॥

ਅਜਿਹੇ ਵਿਕਾਰਾਂ ਹੇਠ ਮਨੁੱਖ ਇਉਂ ਦਬਿਆ ਰਹਿੰਦਾ ਹੈ ॥੨॥

ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥

ਜੇਹੜਾ ਪਰਮਾਤਮਾ ਸਦਾ ਹੀ (ਜੀਵ ਦੇ ਨਾਲ) ਸਾਥੀ ਹੈ ਉਸ ਤੋਂ ਓਹਲਾ ਕਰਦਾ ਹੈ,

ਕਾਮਿ ਨ ਆਵੈ ਸੋ ਫਿਰਿ ਫਿਰਿ ਮੰਗੀ ॥੩॥

ਜੇਹੜੀ ਚੀਜ਼ (ਆਖ਼ਿਰ ਕਿਸੇ) ਕੰਮ ਨਹੀਂ ਆਉਣੀ, ਉਹੀ ਮੁੜ ਮੁੜ ਮੰਗਦਾ ਰਹਿੰਦਾ ਹੈ ॥੩॥

ਕਹੁ ਨਾਨਕ ਪ੍ਰਭ ਦੀਨ ਦਇਆਲਾ ॥

ਨਾਨਕ ਆਖਦਾ ਹੈ- ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ!

ਜਿਉ ਭਾਵੈ ਤਿਉ ਕਰਿ ਪ੍ਰਤਿਪਾਲਾ ॥੪॥੨੨॥

ਜਿਵੇਂ ਹੋ ਸਕੇ (ਵਿਕਾਰਾਂ ਅਤੇ ਮਾਇਆ ਦੇ ਮੋਹ ਦੇ ਦਬਾਉ ਤੋਂ ਜੀਵਾਂ ਦੀ) ਰਾਖੀ ਕਰ ॥੪॥੨੨॥


ਆਸਾ ਮਹਲਾ ੫ ॥
ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥

(ਹੇ ਭਾਈ!) ਜਿੰਦ ਵਾਸਤੇ ਪ੍ਰਾਣਾਂ ਵਾਸਤੇ ਪਰਮਾਤਮਾ ਦਾ ਨਾਮ (ਹੀ ਅਸਲ) ਧਨ ਹੈ,

ਈਹਾ ਊਹਾਂ ਉਨ ਸੰਗਿ ਕਾਮੁ ॥੧॥

(ਇਹ ਧਨ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਪ੍ਰਾਣਾਂ ਦੇ ਨਾਲ ਕੰਮ (ਦੇਂਦਾ ਹੈ) ॥੧॥

ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਧਨ ਪਦਾਰਥ) ਘਾਟੇਵੰਦਾ ਹੀ ਹੈ।

ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥

(ਹੇ ਭਾਈ!) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਦੀ ਬਰਕਤਿ ਨਾਲ (ਦੁਨੀਆ ਦੇ ਧਨ ਪਦਾਰਥ ਵਲੋਂ) ਰੱਜ ਗਿਆ ਹੈ ॥੧॥ ਰਹਾਉ ॥

ਭਗਤਿ ਭੰਡਾਰ ਗੁਰਬਾਣੀ ਲਾਲ ॥

(ਹੇ ਭਾਈ!) ਪਰਮਾਤਮਾ ਦੀ ਭਗਤੀ ਸਤਿਗੁਰੂ ਦੀ ਬਾਣੀ (ਮਾਨੋ) ਲਾਲਾਂ ਦੇ ਖ਼ਜ਼ਾਨੇ ਹਨ।

ਗਾਵਤ ਸੁਨਤ ਕਮਾਵਤ ਨਿਹਾਲ ॥੨॥

(ਗੁਰਬਾਣੀ) ਗਾਂਦਿਆਂ ਸੁਣਦਿਆਂ ਤੇ ਕਮਾਂਦਿਆਂ ਮਨ ਸਦਾ ਖਿੜਿਆ ਰਹਿੰਦਾ ਹੈ ॥੨॥

ਚਰਣ ਕਮਲ ਸਿਉ ਲਾਗੋ ਮਾਨੁ ॥

(ਹੇ ਭਾਈ!) ਉਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ,

ਸਤਿਗੁਰਿ ਤੂਠੈ ਕੀਨੋ ਦਾਨੁ ॥੩॥

ਜਿਸ ਨੂੰ ਦਇਆਵਾਨ ਹੋਏ ਸਤਿਗੁਰੂ ਨੇ ਪਰਮਾਤਮਾ ਦੇ ਨਾਮ-ਧਨ ਦੀ ਦਾਤਿ ਦੇ ਦਿੱਤੀ ॥੩॥

ਨਾਨਕ ਕਉ ਗੁਰਿ ਦੀਖਿਆ ਦੀਨ੍ਰ ॥

ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਸਿੱਖਿਆ ਦਿੱਤੀ,

ਪ੍ਰਭ ਅਬਿਨਾਸੀ ਘਟਿ ਘਟਿ ਚੀਨ੍ਰ ॥੪॥੨੩॥

ਉਸ ਨੇ ਅਬਿਨਾਸ਼ੀ ਪਰਮਾਤਮਾ ਨੂੰ ਹਰੇਕ ਹਿਰਦੇ ਵਿਚ (ਵੱਸਦਾ) ਵੇਖ ਲਿਆ ॥੪॥੨੩॥


ਆਸਾ ਮਹਲਾ ੫ ॥
ਅਨਦ ਬਿਨੋਦ ਭਰੇਪੁਰਿ ਧਾਰਿਆ ॥

ਜਗਤ ਦੇ ਸਾਰੇ ਕੌਤਕ-ਤਮਾਸ਼ੇ ਉਸ ਸਰਬ-ਵਿਆਪਕ ਪਰਮਾਤਮਾ ਦੇ ਹੀ ਰਚੇ ਹੋਏ ਹਨ,

ਅਪੁਨਾ ਕਾਰਜੁ ਆਪਿ ਸਵਾਰਿਆ ॥੧॥

ਆਪਣੇ ਰਚੇ ਹੋਏ ਸੰਸਾਰ ਨੂੰ ਉਸ ਨੇ ਆਪ ਹੀ (ਇਹਨਾਂ ਕੌਤਕ-ਤਮਾਸ਼ਿਆਂ ਨਾਲ) ਸੋਹਣਾ ਬਣਾਇਆ ਹੈ ॥੧॥

ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥

ਇਹ ਸਾਰੇ ਜਗਤ-ਪਦਾਰਥ ਉਸ ਅਭੁੱਲ ਪਰਮਾਤਮਾ ਦੇ ਹੀ ਬਣਾਏ ਹੋਏ ਹਨ,

ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥੧॥ ਰਹਾਉ ॥

ਜਿਸ ਪਰਮਾਤਮਾ ਦੀ ਸੋਭਾ-ਵਡਿਆਈ (ਸਾਰੇ ਸੰਸਾਰ ਵਿਚ) ਹਰ ਥਾਂ ਖਿੱਲਰ ਰਹੀ ਹੈ ॥੧॥ ਰਹਾਉ ॥

ਨਾਮੁ ਨਿਧਾਨੁ ਜਾ ਕੀ ਨਿਰਮਲ ਸੋਇ ॥

ਜਿਸ (ਪਰਮਾਤਮਾ) ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ (ਸਾਰੇ ਜੀਵਾਂ ਨੂੰ) ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਜਿਸ ਦਾ ਨਾਮ (ਸਾਰੇ ਜੀਵਾਂ ਵਾਸਤੇ) ਖ਼ਜ਼ਾਨਾ ਹੈ,

ਆਪੇ ਕਰਤਾ ਅਵਰੁ ਨ ਕੋਇ ॥੨॥

ਉਹ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ॥੨॥

ਜੀਅ ਜੰਤ ਸਭਿ ਤਾ ਕੈ ਹਾਥਿ ॥

(ਹੇ ਭਾਈ! ਜਗਤ ਦੇ) ਸਾਰੇ ਜੀਅ ਜੰਤ ਉਸ ਪਰਮਾਤਮਾ ਦੇ ਹੀ ਹੱਥ ਵਿਚ ਹਨ,

ਰਵਿ ਰਹਿਆ ਪ੍ਰਭੁ ਸਭ ਕੈ ਸਾਥਿ ॥੩॥

ਉਹ ਪਰਮਾਤਮਾ ਸਭ ਥਾਈਂ ਵੱਸ ਰਿਹਾ ਹੈ, ਹਰੇਕ ਜੀਵ ਦੇ ਅੰਗ-ਸੰਗ ਵੱਸਦਾ ਹੈ ॥੩॥

ਪੂਰਾ ਗੁਰੁ ਪੂਰੀ ਬਣਤ ਬਣਾਈ ॥

ਪਰਮਾਤਮਾ ਸਭ ਤੋਂ ਵੱਡਾ ਹੈ ਉਸ ਵਿਚ ਕੋਈ ਉਕਾਈ ਨਹੀਂ ਹੈ। ਉਸ ਦੀ ਬਣਾਈ ਹੋਈ ਰਚਨਾ ਭੀ ਉਕਾਈ-ਹੀਣ ਹੈ।

ਨਾਨਕ ਭਗਤ ਮਿਲੀ ਵਡਿਆਈ ॥੪॥੨੪॥

ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੪॥੨੪॥


ਆਸਾ ਮਹਲਾ ੫ ॥
ਗੁਰ ਕੈ ਸਬਦਿ ਬਨਾਵਹੁ ਇਹੁ ਮਨੁ ॥

(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਇਸ ਮਨ ਨੂੰ ਨਵੇਂ ਸਿਰੇ ਘੜੋ।

ਗੁਰ ਕਾ ਦਰਸਨੁ ਸੰਚਹੁ ਹਰਿ ਧਨੁ ॥੧॥

(ਗੁਰੂ ਦਾ ਸ਼ਬਦ ਹੀ) ਗੁਰੂ ਦਾ ਦੀਦਾਰ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ ॥੧॥

ਊਤਮ ਮਤਿ ਮੇਰੈ ਰਿਦੈ ਤੂੰ ਆਉ ॥

ਹੇ ਸ੍ਰੇਸ਼ਟ ਮਤਿ! (ਜੇ ਗੁਰੂ ਮੇਹਰ ਕਰੇ ਤਾਂ) ਤੂੰ ਮੇਰੇ ਅੰਦਰ ਆ ਵੱਸ,

ਧਿਆਵਉ ਗਾਵਉ ਗੁਣ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥

ਤਾ ਕਿ ਮੈਂ ਪਰਮਾਤਮਾ ਦੇ ਗੁਣ ਗਾਵਾਂ ਪਰਮਾਤਮਾ ਦਾ ਧਿਆਨ ਧਰਾਂ ਤੇ ਪਰਮਾਤਮਾ ਦਾ ਨਾਮ ਮੈਨੂੰ ਬਹੁਤ ਪਿਆਰਾ ਲੱਗ ਪਏ ॥੧॥ ਰਹਾਉ ॥

ਤ੍ਰਿਪਤਿ ਅਘਾਵਨੁ ਸਾਚੈ ਨਾਇ ॥

(ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।

ਅਠਸਠਿ ਮਜਨੁ ਸੰਤ ਧੂਰਾਇ ॥੨॥

(ਗੁਰੂ ਦੀ ਰਾਹੀਂ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਨ ਰੱਜ ਜਾਂਦਾ ਹੈ ॥੨॥

ਸਭ ਮਹਿ ਜਾਨਉ ਕਰਤਾ ਏਕ ॥

(ਹੇ ਭਾਈ!) ਮੈਂ ਹੁਣ ਸਭਨਾਂ ਵਿਚ ਇਕ ਕਰਤਾਰ ਨੂੰ ਹੀ ਵੱਸਦਾ ਪਛਾਣਦਾ ਹਾਂ।

ਸਾਧਸੰਗਤਿ ਮਿਲਿ ਬੁਧਿ ਬਿਬੇਕ ॥੩॥

ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਕਰ ਲਈ ਹੈ ॥੩॥

ਦਾਸੁ ਸਗਲ ਕਾ ਛੋਡਿ ਅਭਿਮਾਨੁ ॥

(ਹੇ ਭਾਈ!) ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ।

ਨਾਨਕ ਕਉ ਗੁਰਿ ਦੀਨੋ ਦਾਨੁ ॥੪॥੨੫॥

(ਮੈਨੂੰ) ਨਾਨਕ ਨੂੰ ਗੁਰੂ ਨੇ (ਬਿਬੇਕ ਬੁਧਿ ਦੀ ਅਜੇਹੀ) ਦਾਤਿ ਬਖ਼ਸ਼ੀ ਹੈ ਕਿ ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ ॥੪॥੨੫॥


ਆਸਾ ਮਹਲਾ ੫ ॥
ਬੁਧਿ ਪ੍ਰਗਾਸ ਭਈ ਮਤਿ ਪੂਰੀ ॥

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੀ) ਬੁੱਧੀ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ ਮੇਰੀ ਅਕਲ ਉਕਾਈ-ਹੀਣ ਹੋ ਗਈ ਹੈ,

ਤਾ ਤੇ ਬਿਨਸੀ ਦੁਰਮਤਿ ਦੂਰੀ ॥੧॥

ਇਸ ਦੀ ਸਹਾਇਤਾ ਨਾਲ ਮੇਰੀ ਭੈੜੀ ਮਤਿ ਦਾ ਨਾਸ ਹੋ ਗਿਆ ਹੈ, ਮੇਰੀ ਪਰਮਾਤਮਾ ਨਾਲੋਂ ਵਿੱਥ ਮਿਟ ਗਈ ਹੈ ॥੧॥

ਐਸੀ ਗੁਰਮਤਿ ਪਾਈਅਲੇ ॥

ਮੈਂ ਗੁਰੂ ਪਾਸੋਂ ਅਜੇਹੀ ਮਤਿ ਪ੍ਰਾਪਤ ਕਰ ਲਈ ਹੈ,

ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥

ਜਿਸ ਦੀ ਸਹਾਇਤਾ ਨਾਲ ਹੇ ਮੇਰੇ ਵੀਰ! ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿਚੋਂ ਡੁਬਦਾ ਡੁਬਦਾ ਬਚ ਨਿਕਲਿਆ ਹਾਂ ॥੧॥ ਰਹਾਉ ॥

ਮਹਾ ਅਗਾਹ ਅਗਨਿ ਕਾ ਸਾਗਰੁ ॥

(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਇਕ ਬੜਾ ਅਥਾਹ ਸਮੁੰਦਰ ਹੈ,

ਗੁਰੁ ਬੋਹਿਥੁ ਤਾਰੇ ਰਤਨਾਗਰੁ ॥੨॥

ਰਤਨਾਂ ਦੀ ਖਾਣ ਗੁਰੂ (ਮਾਨੋ) ਜਹਾਜ਼ ਹੈ ਜੋ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੨॥

ਦੁਤਰ ਅੰਧ ਬਿਖਮ ਇਹ ਮਾਇਆ ॥

ਇਹ ਮਾਇਆ (ਮਾਨੋ, ਇਕ ਸਮੁੰਦਰ ਹੈ ਜਿਸ ਵਿਚੋਂ) ਪਾਰ ਲੰਘਣਾ ਔਖਾ ਹੈ ਜਿਸ ਵਿਚ ਘੁੱਪ ਹਨੇਰਾ ਹੀ ਹਨੇਰਾ ਹੈ

ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥੩॥

(ਹੇ ਵੀਰ! ਇਸ ਵਿਚੋਂ ਪਾਰ ਲੰਘਣ ਲਈ) ਪੂਰੇ ਗੁਰੂ ਨੇ ਮੈਨੂੰ ਸਾਫ਼ ਰਸਤਾ ਵਿਖਾ ਦਿੱਤਾ ਹੈ ॥੩॥

ਜਾਪ ਤਾਪ ਕਛੁ ਉਕਤਿ ਨ ਮੋਰੀ ॥

ਮੇਰੇ ਪਾਸ ਕੋਈ ਜਪ ਨਹੀਂ ਕੋਈ ਤਪ ਨਹੀਂ ਕੋਈ ਸਿਆਣਪ ਨਹੀਂ,

ਗੁਰ ਨਾਨਕ ਸਰਣਾਗਤਿ ਤੋਰੀ ॥੪॥੨੬॥

ਹੇ ਨਾਨਕ! (ਆਖ-) ਹੇ ਗੁਰੂ! ਮੈਂ ਤਾਂ ਤੇਰੀ ਹੀ ਸਰਨ ਆਇਆ ਹਾਂ (ਮੈਨੂੰ ਇਸ ਘੁੱਪ ਹਨੇਰੇ ਖੂਹ ਵਿਚੋਂ ਕੱਢ ਲੈ) ॥੪॥੨੬॥


ਆਸਾ ਮਹਲਾ ੫ ਤਿਪਦੇ ੨ ॥
ਹਰਿ ਰਸੁ ਪੀਵਤ ਸਦ ਹੀ ਰਾਤਾ ॥

(ਹੇ ਭਾਈ!) ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਣ ਵਾਲਾ ਮਨੁੱਖ (ਨਾਮ-ਰੰਗ ਵਿਚ) ਸਦਾ ਹੀ ਰੰਗਿਆ ਰਹਿੰਦਾ ਹੈ,

ਆਨ ਰਸਾ ਖਿਨ ਮਹਿ ਲਹਿ ਜਾਤਾ ॥

(ਕਿਉਂਕਿ ਨਾਮ-ਰਸ ਦਾ ਅਸਰ ਕਦੇ ਦੂਰ ਨਹੀਂ ਹੁੰਦਾ, ਇਸ ਤੋਂ ਬਿਨਾ ਦੁਨੀਆ ਦੇ ਪਦਾਰਥਾਂ ਦੇ) ਹੋਰ ਹੋਰ ਰਸਾਂ ਦਾ ਅਸਰ ਇਕ ਖਿਨ ਵਿਚ ਉਤਰ ਜਾਂਦਾ ਹੈ।

ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥

ਪਰਮਾਤਮਾ ਦੇ ਨਾਮ-ਰਸ ਦੇ ਮਤਵਾਲੇ ਮਨੁੱਖ ਦੇ ਮਨ ਵਿਚ ਸਦਾ ਆਨੰਦ ਟਿਕਿਆ ਰਹਿੰਦਾ ਹੈ,

ਆਨ ਰਸਾ ਮਹਿ ਵਿਆਪੈ ਚਿੰਦ ॥੧॥

ਪਰ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿਚ ਪਿਆਂ ਚਿੰਤਾ ਆ ਦਬਾਂਦੀ ਹੈ ॥੧॥

ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥

(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦਾ ਹੈ ਉਹ ਉਸ ਰਸ ਵਿਚ ਪੂਰਨ ਤੌਰ ਤੇ ਮਸਤ ਰਹਿੰਦਾ ਹੈ। ਉਹ ਉਸ ਨਾਮ-ਰਸ ਦਾ ਆਸ਼ਿਕ ਬਣ ਜਾਂਦਾ ਹੈ।

ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥

ਉਸ ਨੂੰ ਦੁਨੀਆ ਦੇ ਹੋਰ ਸਾਰੇ ਰਸ (ਨਾਮ-ਰਸ ਦੇ ਟਾਕਰੇ ਤੇ) ਫਿੱਕੇ ਜਾਪਦੇ ਹਨ ॥੧॥ ਰਹਾਉ ॥

ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥

(ਹੇ ਭਾਈ! ਹਰਿ-ਨਾਮ-ਰਸ ਦੁਨੀਆ ਦੇ ਧਨ-ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ) ਪਰਮਾਤਮਾ ਦੇ ਨਾਮ-ਰਸ ਦਾ ਮੁੱਲ (ਧਨ-ਪਦਾਰਥ ਦੀ ਸ਼ਕਲ ਵਿਚ) ਬਿਆਨ ਹੀ ਨਹੀਂ ਕੀਤਾ ਜਾ ਸਕਦਾ।

ਹਰਿ ਰਸੁ ਸਾਧੂ ਹਾਟਿ ਸਮਾਇ ॥

ਇਹ ਨਾਮ-ਰਸ ਗੁਰੂ ਦੇ ਹੱਟ ਵਿਚ (ਗੁਰੂ ਦੀ ਸੰਗਤਿ ਵਿਚ) ਸਦਾ ਟਿਕਿਆ ਰਹਿੰਦਾ ਹੈ।

ਲਾਖ ਕਰੋਰੀ ਮਿਲੈ ਨ ਕੇਹ ॥

ਲੱਖਾਂ ਕ੍ਰੋੜਾਂ ਰੁਪਏ ਦਿੱਤਿਆਂ ਭੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ।

ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥

ਹੇ ਪ੍ਰਭੂ! ਜਿਸ ਮਨੁੱਖ ਦੇ ਭਾਗਾਂ ਵਿਚ ਤੂੰ ਇਸ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਹੀ ਤੂੰ ਆਪ ਹੀ ਦੇਂਦਾ ਹੈਂ ॥੨॥

ਨਾਨਕ ਚਾਖਿ ਭਏ ਬਿਸਮਾਦੁ ॥

ਹੇ ਨਾਨਕ! (ਇਹ ਨਾਮ-ਰਸ) ਚੱਖ ਕੇ (ਕੋਈ ਇਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ। ਜੇ ਕੋਈ ਜਤਨ ਕਰੇ ਤਾਂ) ਹੈਰਾਨ ਪਿਆ ਹੁੰਦਾ ਹੈ (ਕਿਉਂਕਿ ਉਹ ਆਪਣੇ ਆਪ ਨੂੰ ਇਸ ਰਸ ਦਾ ਅਸਰ ਬਿਆਨ ਕਰਨ ਤੋਂ ਅਸਮਰਥ ਵੇਖਦਾ ਹੈ)।

ਨਾਨਕ ਗੁਰ ਤੇ ਆਇਆ ਸਾਦੁ ॥

ਇਸ ਹਰਿ-ਨਾਮ-ਰਸ ਦਾ ਅਨੰਦ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ।

ਈਤ ਊਤ ਕਤ ਛੋਡਿ ਨ ਜਾਇ ॥

(ਜਿਸ ਨੂੰ ਇਕ ਵਾਰੀ ਇਸ ਦੀ ਪ੍ਰਾਪਤੀ ਹੋ ਗਈ ਉਹ) ਇਸ ਲੋਕ ਤੇ ਪਰਲੋਕ ਵਿਚ (ਕਿਸੇ ਭੀ ਹੋਰ ਪਦਾਰਥ ਦੀ ਖ਼ਾਤਰ) ਇਸ ਨਾਮ-ਰਸ ਨੂੰ ਛੱਡ ਕੇ ਨਹੀਂ ਜਾਂਦਾ,

ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥

ਉਹ ਸਦਾ ਹਰਿ-ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ ॥੩॥੨੭॥


ਆਸਾ ਮਹਲਾ ੫ ॥
ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥

ਹੇ ਸੁੰਦਰੀ! (ਗੁਰੂ ਦਾ ਉਪਦੇਸ਼ ਤੇਰੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ ਨੂੰ ਮਿਟਾ ਦੇਵੇਗਾ, ਤੇਰੀ ਆਪਣੀ ਹੀ ਪੈਦਾ ਕੀਤੀ ਹੋਈ ਭੈੜੀ ਮਤਿ (ਤੇਰੇ ਅੰਦਰੋਂ) ਮੁੱਕ ਜਾਇਗੀ।

ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥

ਜੇ ਤੂੰ ਮਾਣ ਤਿਆਗ ਕੇ ਪ੍ਰਭੂ ਦੀ ਸੇਵਾ-ਭਗਤੀ ਕਰੇਂਗੀ, ਤਾਂ ਪ੍ਰੀਤਮ-ਪ੍ਰਭੂ ਦੇ ਮਨ ਵਿਚ ਪਿਆਰੀ ਲੱਗੇਂਗੀ ॥੧॥

ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥

ਹੇ ਸੁੰਦਰੀ! ਹੇ ਆਪਣੇ ਮਨ ਵਿਚ ਆਤਮਕ ਆਨੰਦ ਟਿਕਾਈ ਰੱਖਣ ਦੀ ਚਾਹਵਾਨ ਜੀਵ-ਇਸਤ੍ਰੀ! ਗੁਰੂ ਦੇ ਬਚਨ ਸੁਣ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾ।

ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥੧॥ ਰਹਾਉ ॥

(ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਤੇਰਾ ਦੁੱਖ ਮਿਟ ਜਾਇਗਾ ਤੇਰੀ ਮਾਇਆ ਦੀ ਭੁੱਖ ਮਿਟ ਜਾਇਗੀ ਤੂੰ ਆਤਮਕ ਅਨੰਦ ਮਾਣੇਂਗੀ ॥੧॥ ਰਹਾਉ ॥

ਚਰਣ ਪਖਾਰਿ ਕਰਉ ਗੁਰ ਸੇਵਾ ਆਤਮ ਸੁਧੁ ਬਿਖੁ ਤਿਆਸ ਨਿਵਾਰੀ ॥

ਹੇ ਸੁੰਦਰੀ! ਗੁਰੂ ਦੇ ਚਰਨ ਧੋ ਕੇ ਗੁਰੂ ਦੀ (ਦੱਸੀ) ਸੇਵਾ ਕਰਿਆ ਕਰ, ਤੇਰਾ ਆਤਮਾ ਪਵਿਤ੍ਰ ਹੋ ਜਾਇਗਾ (ਇਹ ਸੇਵਾ ਤੇਰੇ ਅੰਦਰੋਂ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਮਾਇਆ-ਮੋਹ ਦੇ) ਜ਼ਹਰ ਨੂੰ ਦੂਰ ਕਰ ਦੇਵੇਗੀ, ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾ ਦੇਵੇਗੀ।

ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥

(ਹੇ ਸੁੰਦਰੀ!) ਜੇ ਤੂੰ ਪਰਮਾਤਮਾ ਦੇ ਸੇਵਕਾਂ ਦੀ ਦਾਸੀ ਬਣ ਜਾਏਂ ਨਿਮਾਣੀ ਜਿਹੀ ਦਾਸੀ ਬਣ ਜਾਏਂ ਤਾਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ-ਆਦਰ ਹਾਸਲ ਕਰੇਂਗੀ ॥੨॥

ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮ੍ਰਾਰੀ ॥

(ਹੇ ਸੁੰਦਰੀ!) ਇਹੀ ਕੁਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਰਨਾ ਹੈ ਇਹੀ ਤੇਰਾ ਨਿੱਤ ਦਾ ਵਿਹਾਰ ਚਾਹੀਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨ (ਇਸ ਤਰ੍ਹਾਂ ਕੀਤੀ ਹੋਈ) ਤੇਰੀ ਪ੍ਰਭੂ-ਭਗਤੀ (ਪ੍ਰਭੂ-ਦਰ ਤੇ ਪਰਵਾਨ) ਹੋ ਜਾਇਗੀ।

ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥੩॥੨੮॥

ਹੇ ਨਾਨਕ! ਜੇਹੜਾ ਭੀ ਮਨੁੱਖ ਇਸ ਉਪਦੇਸ਼ ਨੂੰ ਕਮਾਂਦਾ ਹੈ (ਆਪਣੇ ਜੀਵਨ ਵਿਚ ਵਰਤਦਾ ਹੈ) ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥੨੮॥


ਆਸਾ ਮਹਲਾ ੫ ॥
ਭਈ ਪਰਾਪਤਿ ਮਾਨੁਖ ਦੇਹੁਰੀਆ ॥

(ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ।

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥

ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ।

ਅਵਰਿ ਕਾਜ ਤੇਰੈ ਕਿਤੈ ਨ ਕਾਮ ॥

(ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ)।

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥

(ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤਿ ਵਿਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ ਵਿਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ, ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਲਾਹ ਵਿਚ ਜੁੜੇਂ) ॥੧॥

ਸਰੰਜਾਮਿ ਲਾਗੁ ਭਵਜਲ ਤਰਨ ਕੈ ॥

(ਹੇ ਭਾਈ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ।

ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥

(ਨਹੀਂ ਤਾਂ ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੧॥ ਰਹਾਉ ॥

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥

(ਹੇ ਭਾਈ!) ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ-ਤੂੰ (ਅਜੇਹਾ ਕੋਈ) ਧਰਮ ਨਹੀਂ ਕਮਾਂਦਾ।

ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥

ਨਾਹ ਤੂੰ ਗੁਰੂ ਦੀ ਸੇਵਾ ਕੀਤੀ, ਨਾਹ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ।

ਕਹੁ ਨਾਨਕ ਹਮ ਨੀਚ ਕਰੰਮਾ ॥

(ਪ੍ਰਭੂ ਦੇ ਦਰ ਤੇ ਅਰਦਾਸ ਕਰਦਾ ਹੋਇਆ) ਨਾਨਕ ਆਖਦਾ ਹੈ (ਹੇ ਪ੍ਰਭੂ!) ਅਸੀਂ ਜੀਵ ਮੰਦ-ਕਰਮੀ ਹਾਂ (ਤੇਰੀ ਸਰਨ ਪਏ ਹਾਂ),

ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥

ਸਰਨ ਪਿਆਂ ਦੀ ਲਾਜ ਰੱਖ ॥੨॥੪॥


ਆਸਾ ਮਹਲਾ ੫ ॥
ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ॥

ਹੇ ਮੇਰੀ ਜਿੰਦੇ! ਤੂੰ ਕਿਉਂ ਡਰਦੀ ਹੈਂ? (ਹਰ ਵੇਲੇ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ, ਤੂੰ ਸਦਾ ਮੇਰੇ ਮਨ ਵਿਚ ਵੱਸਦਾ ਰਹੁ।

ਤੂੰ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ ॥੧॥

ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਸਾਥੀ ਹੈਂ ਤੂੰ ਹੀ ਮੇਰਾ ਮਾਲਕ ਹੈਂ ॥੧॥

ਤੁਮਰੀ ਓਟ ਤੁਮਾਰੀ ਆਸਾ ॥

ਹੇ ਗੋਪਾਲ! ਮੈਨੂੰ ਤੇਰਾ ਹੀ ਸਹਾਰਾ ਹੈ, ਮੈਨੂੰ ਤੇਰੀ ਸਹਾਇਤਾ ਦੀ ਆਸ ਰਹਿੰਦੀ ਹੈ।

ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥੧॥ ਰਹਾਉ ॥

(ਹੇ ਪ੍ਰਭੂ! ਮੇਹਰ ਕਰ) ਬੈਠਦਿਆਂ, ਉਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਨਾਲ, ਹਰੇਕ ਗਿਰਾਹੀ ਦੇ ਨਾਲ ਮੈਨੂੰ ਤੂੰ ਕਦੇ ਭੀ ਨਾਹ ਭੁੱਲ ॥੧॥ ਰਹਾਉ ॥

ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ ਵਿਕਰਾਲਾ ॥

ਹੇ ਪ੍ਰਭੂ! ਇਹ ਅੱਗ ਦਾ ਸਮੁੰਦਰ (ਸੰਸਾਰ ਬੜਾ) ਡਰਾਉਣਾ ਹੈ (ਇਸ ਤੋਂ ਬਚਨ ਲਈ) ਮੈਨੂੰ ਆਪਣੀ ਸਰਨ ਵਿਚ ਸਦਾ ਟਿਕਾਈ ਰੱਖ।

ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੁਪਾਲਾ ॥੨॥੩੦॥

ਹੇ ਗੁਪਾਲ! ਹੇ ਸਤਿਗੁਰ! ਹੇ ਨਾਨਕ ਦੇ ਸੁਖ-ਦਾਤੇ ਪ੍ਰਭੂ! ਮੈਂ ਤੇਰਾ (ਅੰਞਾਣ) ਬੱਚਾ ਹਾਂ ॥੨॥੩੦॥


ਆਸਾ ਮਹਲਾ ੫ ॥
ਹਰਿ ਜਨ ਲੀਨੇ ਪ੍ਰਭੂ ਛਡਾਇ ॥

(ਹੇ ਭਾਈ!) ਪਰਮਾਤਮਾ ਆਪਣੇ ਭਗਤਾਂ ਨੂੰ (ਮਾਇਆ-ਡੈਣ ਦੇ ਪੰਜੇ ਤੋਂ) ਆਪ ਬਚਾ ਲੈਂਦਾ ਹੈ।

ਪ੍ਰੀਤਮ ਸਿਉ ਮੇਰੋ ਮਨੁ ਮਾਨਿਆ ਤਾਪੁ ਮੁਆ ਬਿਖੁ ਖਾਇ ॥੧॥ ਰਹਾਉ ॥

(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਭੀ ਪ੍ਰੀਤਮ-ਪਰਮਾਤਮਾ ਨਾਲ ਗਿੱਝਿਆ ਹੈ, ਮੇਰਾ ਭੀ (ਮਾਇਆ ਦਾ) ਤਾਪ (ਇਉਂ) ਮੁੱਕ ਗਿਆ ਹੈ (ਜਿਵੇਂ ਕੋਈ ਪ੍ਰਾਣੀ) ਜ਼ਹਰ ਖਾ ਕੇ ਮਰ ਜਾਂਦਾ ਹੈ ॥੧॥ ਰਹਾਉ ॥

ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ ॥

(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ (ਮਨੁੱਖ ਦੇ) ਚਿੱਤ ਤੇ (ਮਾਇਆ-) ਡੈਣ ਦਾ ਕੋਈ ਜ਼ੋਰ ਨਹੀਂ ਚੜ੍ਹਦਾ।

ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ ॥੧॥

ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਨਾਹ ਮਾਇਆ ਦਾ ਲਾਲਚ ਜ਼ੋਰ ਪਾ ਸਕਦਾ ਹੈ, ਨਾਹ ਮਾਇਆ ਦਾ ਸਹਮ ਦਬਾਉ ਪਾਂਦਾ ਹੈ ॥੧॥

ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥

(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਮਾਇਆ ਡੈਣ ਤੋਂ ਬਚਣ ਲਈ ਮੇਰਾ) ਆਪ ਸਹਾਈ ਬਣਿਆ ਹੋਇਆ ਹੈ।

ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥੨॥੩੧॥

ਹੁਣ (ਗੁਰੂ ਦੀ ਕਿਰਪਾ ਨਾਲ) ਨਾਨਕ (ਮਾਇਆ ਦਾ) ਸਹਮ ਤੇ ਦੁੱਖ ਦੂਰ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਗੁਣ ਸਦਾ ਗਾਂਦਾ ਰਹਿੰਦਾ ਹੈ ॥੨॥੩੧॥


ਆਸਾ ਮਹਲਾ ੫ ॥
ਅਉਖਧੁ ਖਾਇਓ ਹਰਿ ਕੋ ਨਾਉ ॥

(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਦਵਾਈ ਖਾਧੀ,

ਸੁਖ ਪਾਏ ਦੁਖ ਬਿਨਸਿਆ ਥਾਉ ॥੧॥

(ਉਸ ਦੇ ਅੰਦਰੋਂ ਮਾਇਆ ਦਾ ਮੋਹ) ਦੁੱਖਾਂ ਦਾ ਸੋਮਾ ਸੁੱਕ ਗਿਆ ਅਤੇ ਉਸ ਨੇ ਆਤਮਕ ਆਨੰਦ ਮਾਣ ਲਏ ॥੧॥

ਤਾਪੁ ਗਇਆ ਬਚਨਿ ਗੁਰ ਪੂਰੇ ॥

(ਹੇ ਭਾਈ!) ਪੂਰੇ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-ਦਵਾਈ ਖਾ ਕੇ ਮਾਇਆ ਦੇ ਮੋਹ ਦਾ) ਤਾਪ ਲਹਿ ਜਾਂਦਾ ਹੈ,

ਅਨਦੁ ਭਇਆ ਸਭਿ ਮਿਟੇ ਵਿਸੂਰੇ ॥੧॥ ਰਹਾਉ ॥

ਆਤਮਕ-ਆਨੰਦ ਪੈਦਾ ਹੁੰਦਾ ਹੈ, ਸਾਰੇ ਚਿੰਤਾ ਫ਼ਿਕਰ ਮਿਟ ਜਾਂਦੇ ਹਨ ॥੧॥ ਰਹਾਉ ॥

ਜੀਅ ਜੰਤ ਸਗਲ ਸੁਖੁ ਪਾਇਆ ॥

ਉਹਨਾਂ ਸਭਨਾਂ ਨੇ ਆਤਮਕ ਆਨੰਦ ਪ੍ਰਾਪਤ ਕੀਤਾ,

ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥੨॥੩੨॥

ਹੇ ਨਾਨਕ! (ਗੁਰੂ ਦੇ ਉਪਦੇਸ਼ ਰਾਹੀਂ) ਜਿਸ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਿਆ ॥੨॥੩੨॥


ਆਸਾ ਮਹਲਾ ੫ ॥
ਬਾਂਛਤ ਨਾਹੀ ਸੁ ਬੇਲਾ ਆਈ ॥

(ਹੇ ਭਾਈ!) ਜਿਸ ਨੂੰ ਕੋਈ ਭੀ ਪਸੰਦ ਨਹੀਂ ਕਰਦਾ, ਮੌਤ ਦਾ ਉਹ ਸਮਾ ਜ਼ਰੂਰ ਆ ਜਾਂਦਾ ਹੈ (ਮਨੁੱਖ ਫਿਰ ਭੀ ਨਹੀਂ ਸਮਝਦਾ ਕਿ ਮੌਤ ਜ਼ਰੂਰ ਆਉਣੀ ਹੈ।)

ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥੧॥

ਜਦ ਪਰਮਾਤਮਾ ਦਾ ਹੁਕਮ ਨਾਹ ਹੋਵੇ ਜੀਵ ਨੂੰ ਕਿਤਨਾ ਸਮਝਾਓ ਇਹ ਨਹੀਂ ਸਮਝਦਾ ॥੧॥

ਠੰਢੀ ਤਾਤੀ ਮਿਟੀ ਖਾਈ ॥

ਹੇ ਭਾਈ! (ਮਰੇ ਸਰੀਰ ਨੂੰ) ਜਲ-ਪ੍ਰਵਾਹ ਕੀਤਾ ਜਾਂਦਾ ਹੈ, ਅੱਗ ਸਾੜ ਦੇਂਦੀ ਹੈ ਜਾਂ (ਦੱਬਿਆਂ) ਮਿੱਟੀ ਖਾ ਜਾਂਦੀ ਹੈ

ਓਹੁ ਨ ਬਾਲਾ ਬੂਢਾ ਭਾਈ ॥੧॥ ਰਹਾਉ ॥

ਜੀਵਾਤਮਾ (ਪਰਮਾਤਮਾ ਦੀ ਅੰਸ਼ ਹੈ ਜੋ) ਨਾਹ ਕਦੇ ਬਾਲਕ ਹੈ ਤੇ ਨਾਹ ਕਦੇ ਬੁੱਢਾ ਹੈ (ਉਹ ਕਦੇ ਨਹੀਂ ਮਰਦਾ। ਸਰੀਰ ਹੀ ਕਦੇ ਬਾਲਕ ਹੈ ਕਦੇ ਜਵਾਨ ਹੈ, ਕਦੇ ਬੁੱਢਾ ਹੈ ਤੇ ਫਿਰ ਮਰ ਜਾਂਦਾ ਹੈ) ॥੧॥ ਰਹਾਉ ॥

ਨਾਨਕ ਦਾਸ ਸਾਧ ਸਰਣਾਈ ॥

ਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ ਹੀ-

ਗੁਰਪ੍ਰਸਾਦਿ ਭਉ ਪਾਰਿ ਪਰਾਈ ॥੨॥੩੩॥

ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਮੌਤ ਦੇ) ਡਰ-ਸਹਮ ਤੋਂ ਪਾਰ ਲੰਘ ਸਕਦਾ ਹੈ ॥੨॥੩੩॥


ਆਸਾ ਮਹਲਾ ੫ ॥
ਸਦਾ ਸਦਾ ਆਤਮ ਪਰਗਾਸੁ ॥

(ਹੇ ਭਾਈ!) ਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦਾ ਚਾਨਣ ਮਿਲ ਜਾਂਦਾ ਹੈ,

ਸਾਧਸੰਗਤਿ ਹਰਿ ਚਰਣ ਨਿਵਾਸੁ ॥੧॥

ਸਾਧ ਸੰਗਤਿ ਵਿਚ ਰਹਿ ਕੇ ਜਿਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੧॥

ਰਾਮ ਨਾਮ ਨਿਤਿ ਜਪਿ ਮਨ ਮੇਰੇ ॥

ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ।

ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥੧॥ ਰਹਾਉ ॥

ਹੇ ਮਨ! (ਨਾਮ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਦੂਰ ਹੋ ਜਾਣਗੇ, ਤੇਰਾ ਆਪਾ ਠੰਡਾ-ਠਾਰ ਹੋ ਜਾਇਗਾ, ਤੇਰੇ ਅੰਦਰ ਸ਼ਾਂਤੀ ਪੈਦਾ ਹੋ ਜਾਇਗੀ, ਤੂੰ ਸਦਾ ਆਤਮਕ ਆਨੰਦ ਮਾਣਦਾ ਰਹੇਂਗਾ ॥੧॥ ਰਹਾਉ ॥

ਕਹੁ ਨਾਨਕ ਜਾ ਕੇ ਪੂਰਨ ਕਰਮ ॥

(ਪਰ) ਨਾਨਕ ਆਖਦਾ ਹੈ, ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ,

ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥੨॥੩੪॥

ਉਹ ਹੀ ਸਤਿਗੁਰੂ ਨੂੰ ਮਿਲਦਾ ਹੈ ਤੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਨੂੰ ਮਿਲਦਾ ਹੈ ॥੨॥੩੪॥

ਦੂਜੇ ਘਰ ਕੇ ਚਉਤੀਸ ॥

ਦੂਜੇ ਘਰ ਕੇ ਚਉਤੀਸ ॥


ਆਸਾ ਮਹਲਾ ੫ ॥
ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥

(ਹੇ ਭਾਈ!) ਸਭ ਜੀਵਾਂ ਦਾ ਮਾਲਕ ਹਰਿ ਪ੍ਰਭੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ,

ਪੀੜ ਗਈ ਫਿਰਿ ਨਹੀ ਦੁਹੇਲੀ ॥੧॥ ਰਹਾਉ ॥

ਉਸ ਦਾ ਹਰੇਕ ਕਿਸਮ ਦਾ ਦੁੱਖ-ਦਰਦ ਦੂਰ ਹੋ ਜਾਂਦਾ ਹੈ ਉਸ ਨੂੰ ਮੁੜ ਕਦੇ ਦੁਖ ਘੇਰ ਨਹੀਂ ਸਕਦੇ ॥੧॥ ਰਹਾਉ ॥

ਕਰਿ ਕਿਰਪਾ ਚਰਨ ਸੰਗਿ ਮੇਲੀ ॥

(ਹੇ ਭਾਈ!) ਜਿਸ ਜੀਵ ਨੂੰ ਪਰਮਾਤਮਾ ਕਿਰਪਾ ਕਰ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ,

ਸੂਖ ਸਹਜ ਆਨੰਦ ਸੁਹੇਲੀ ॥੧॥

ਉਸ ਦੇ ਅੰਦਰ ਸੁਖ ਆਨੰਦ ਆਤਮਕ ਅਡੋਲਤਾ ਆ ਵੱਸਦੇ ਹਨ ਉਸ ਦਾ ਜੀਵਨ ਸੁਖੀ ਹੋ ਜਾਂਦਾ ਹੈ ॥੧॥

ਸਾਧਸੰਗਿ ਗੁਣ ਗਾਇ ਅਤੋਲੀ ॥

ਸਾਧ ਸੰਗਤਿ ਵਿਚ ਪਰਮਾਤਮਾ ਦੇ ਗੁਣ ਗਾ ਕੇ (ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਉਸ ਦੇ)

ਹਰਿ ਸਿਮਰਤ ਨਾਨਕ ਭਈ ਅਮੋਲੀ ॥੨॥੩੫॥

ਹੇ ਨਾਨਕ! ਪਰਮਾਤਮਾ ਦਾ ਸਿਮਰਨ ਕਰਨ ਵਾਲੇ ਦੇ ਬਰਾਬਰ ਦਾ ਕੋਈ ਨਹੀਂ ਮਿਲ ਸਕਦਾ, ਉਸ ਦੀ ਕੀਮਤ ਦਾ ਕੋਈ ਨਹੀਂ ਲੱਭ ਸਕਦਾ ॥੨॥੩੫॥


ਆਸਾ ਮਹਲਾ ੫ ॥
ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ ॥

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਬੈਠਦਾ ਹੈ ਉਹ) ਕਾਮ, ਕ੍ਰੋਧ, ਮਾਇਆ ਦਾ ਮੋਹ, ਅਹੰਕਾਰ, ਈਰਖਾ-ਇਹਨਾਂ ਸਾਰੇ ਵਿਕਾਰਾਂ ਨੂੰ (ਮਾਨੋ) ਜੂਏ ਦੀ ਬਾਜ਼ੀ ਵਿਚ ਖੇਡ ਕੇ ਹਾਰ ਦੇਂਦਾ ਹੈ,

ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥੧॥

ਅਤੇ ਸਤ ਸੰਤੋਖ ਦਇਆ ਧਰਮ ਸੱਚ-ਇਹਨਾਂ ਗੁਣਾਂ ਨੂੰ ਆਪਣੇ ਹਿਰਦੇ-ਘਰ ਵਿਚ ਲੈ ਆਉਂਦਾ ਹੈ ॥੧॥

ਜਨਮ ਮਰਨ ਚੂਕੇ ਸਭਿ ਭਾਰੇ ॥

(ਹੇ ਭਾਈ!) ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਉਸ ਦੀਆਂ (ਆਪਣੇ ਆਪ ਆਪਣੇ ਸਿਰ ਉਤੇ ਲਈਆਂ) ਜ਼ਿੰਮੇਵਾਰੀਆਂ ਮੁੱਕ ਗਈਆਂ।

ਮਿਲਤ ਸੰਗਿ ਭਇਓ ਮਨੁ ਨਿਰਮਲੁ ਗੁਰਿ ਪੂਰੈ ਲੈ ਖਿਨ ਮਹਿ ਤਾਰੇ ॥੧॥ ਰਹਾਉ ॥

ਸਾਧ ਸੰਗਤਿ ਵਿਚ ਮਿਲ ਬੈਠਿਆਂ ਮਨ ਪਵਿਤ੍ਰ ਹੋ ਜਾਂਦਾ ਹੈ, (ਸਾਧ ਸੰਗਤਿ ਵਿਚ ਬੈਠਣ ਵਾਲੇ ਨੂੰ) ਪੂਰੇ ਗੁਰੂ ਨੇ ਇਕ ਖਿਨ ਵਿਚ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲਿਆ ॥੧॥ ਰਹਾਉ ॥

ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ ॥

(ਹੇ ਭਾਈ! ਜੇਹੜਾ ਮਨੁੱਖ ਸੰਗਤਿ ਵਿਚ ਬੈਠਦਾ ਹੈ ਉਸ ਦਾ) ਮਨ ਸਭਨਾਂ ਦੀ ਚਰਨ-ਧੂੜ ਬਣ ਜਾਂਦਾ ਹੈ ਉਸ ਨੂੰ (ਸ੍ਰਿਸ਼ਟੀ ਦੇ) ਸਾਰੇ ਜੀਵ ਪਿਆਰੇ ਮਿੱਤਰ ਦਿੱਸਦੇ ਹਨ।

ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਰਾਰੇ ॥੨॥

(ਉਸ ਨੂੰ ਪ੍ਰਤੱਖ ਦਿੱਸਦਾ ਹੈ ਕਿ) ਪਿਆਰਾ ਪਾਲਣਹਾਰ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ ਤੇ ਸਭ ਜੀਵਾਂ ਨੂੰ ਦਾਤਾਂ ਦੇ ਦੇ ਕੇ ਸਭ ਦੀ ਸੰਭਾਲ ਕਰ ਰਿਹਾ ਹੈ ॥੨॥

ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ ॥

(ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆਉਂਦੇ ਹਨ ਉਹਨਾਂ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਸਾਰੇ ਸੰਸਾਰ ਵਿਚ) ਪਰਮਾਤਮਾ ਆਪ ਹੀ ਆਪ ਵੱਸ ਰਿਹਾ ਹੈ, ਇਹ ਸਾਰਾ ਜਗਤ ਉਸ ਇੱਕ ਪਰਮਾਤਮਾ ਦਾ ਹੀ ਖਿਲਾਰਾ ਹੈ।

ਜਪਿ ਜਪਿ ਹੋਏ ਸਗਲ ਸਾਧ ਜਨ ਏਕੁ ਨਾਮੁ ਧਿਆਇ ਬਹੁਤੁ ਉਧਾਰੇ ॥੩॥

ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਸਾਰੇ ਮਨੁੱਖ ਗੁਰਮੁਖਿ ਬਣ ਜਾਂਦੇ ਹਨ, ਇਕ ਪਰਮਾਤਮਾ ਦੇ ਨਾਮ ਦਾ ਧਿਆਨ ਧਰ ਕੇ ਉਹ ਹੋਰ ਅਨੇਕਾਂ ਨੂੰ ਵਿਕਾਰਾਂ ਤੋਂ ਬਚਾ ਲੈਂਦੇ ਹਨ ॥੩॥

ਗਹਿਰ ਗੰਭੀਰ ਬਿਅੰਤ ਗੁਸਾਈ ਅੰਤੁ ਨਹੀ ਕਿਛੁ ਪਾਰਾਵਾਰੇ ॥

ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਹੇ ਬੇਅੰਤ ਗੁਸਾਈਂ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਤੁਮ੍ਰਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ॥੪॥੩੬॥

ਹੇ ਨਾਨਕ! (ਆਖ-) ਜੇਹੜਾ ਭੀ ਕੋਈ ਜੀਵ ਤੇਰੇ ਗੁਣ ਗਾਂਦਾ ਹੈ, ਜੇਹੜਾ ਭੀ ਕੋਈ ਤੇਰਾ ਨਾਮ ਸਿਮਰ ਸਿਮਰ ਕੇ ਤੇਰੇ ਅੱਗੇ ਸਿਰ ਨਿਵਾਂਦਾ ਹੈ ਉਹ ਇਹ ਸਭ ਕੁਝ ਤੇਰੀ ਮੇਹਰ ਨਾਲ ਹੀ ਕਰਦਾ ਹੈ ॥੪॥੩੬॥


ਆਸਾ ਮਹਲਾ ੫ ॥
ਤੂ ਬਿਅੰਤੁ ਅਵਿਗਤੁ ਅਗੋਚਰੁ ਇਹੁ ਸਭੁ ਤੇਰਾ ਆਕਾਰੁ ॥

(ਹੇ ਠਾਕੁਰ!) ਤੂੰ ਬੇਅੰਤ ਹੈਂ ਤੂੰ ਅਦ੍ਰਿਸ਼ਟ ਹੈਂ, ਤੂੰ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਇਹ ਦਿੱਸਦਾ ਜਗਤ ਸਾਰਾ ਤੇਰਾ ਹੀ ਰਚਿਆ ਹੋਇਆ ਹੈ।

ਕਿਆ ਹਮ ਜੰਤ ਕਰਹ ਚਤੁਰਾਈ ਜਾਂ ਸਭੁ ਕਿਛੁ ਤੁਝੈ ਮਝਾਰਿ ॥੧॥

ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਤੇਰੇ ਸਾਹਮਣੇ ਆਪਣੀ ਲਿਆਕਤ ਦਾ ਕੀਹ ਵਿਖਾਵਾ ਕਰ ਸਕਦੇ ਹਾਂ? ਜੋ ਕੁਝ ਹੋ ਰਿਹਾ ਹੈ ਸਭ ਤੇਰੇ ਹੁਕਮ ਅੰਦਰ ਹੋ ਰਿਹਾ ਹੈ ॥੧॥

ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ ॥

ਹੇ ਮੇਰੇ ਸਤਿਗੁਰ! ਆਪਣੇ ਬੱਚਿਆਂ ਨੂੰ ਆਪਣਾ ਕੌਤਕ ਵਰਤਾ ਕੇ (ਵਿਕਾਰਾਂ ਤੋਂ) ਬਚਾਈ ਰੱਖ।

ਦੇਹੁ ਸੁਮਤਿ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ॥੧॥ ਰਹਾਉ ॥

ਹੇ ਮੇਰੇ ਅਪਹੁੰਚ ਤੇ ਬੇਅੰਤ ਠਾਕੁਰ! ਮੈਨੂੰ ਸੁਚੱਜੀ ਮਤਿ ਦੇਹ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ॥੧॥ ਰਹਾਉ ॥

ਜੈਸੇ ਜਨਨਿ ਜਠਰ ਮਹਿ ਪ੍ਰਾਨੀ ਓਹੁ ਰਹਤਾ ਨਾਮ ਅਧਾਰਿ ॥

(ਹੇ ਠਾਕੁਰ! ਇਹ ਤੇਰਾ ਹੀ ਚੋਜ ਹੈ ਜਿਵੇਂ) ਜੀਵ ਮਾਂ ਦੇ ਪੇਟ ਵਿਚ ਰਹਿੰਦਾ ਹੋਇਆ ਤੇਰੇ ਨਾਮ ਦੇ ਆਸਰੇ ਜੀਊਂਦਾ ਹੈ।

ਅਨਦੁ ਕਰੈ ਸਾਸਿ ਸਾਸਿ ਸਮ੍ਰਾਰੈ ਨਾ ਪੋਹੈ ਅਗਨਾਰਿ ॥੨॥

(ਮਾਂ ਦੇ ਪੇਟ ਵਿਚ) ਉਹ ਹਰੇਕ ਸਾਹ ਦੇ ਨਾਲ (ਤੇਰਾ ਨਾਮ) ਯਾਦ ਕਰਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ਉਸ ਨੂੰ ਮਾਂ ਦੇ ਪੇਟ ਦੀ ਅੱਗ ਸੇਕ ਨਹੀਂ ਅਪੜਾ ਸਕਦੀ ॥੨॥

ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ ॥

(ਹੇ ਠਾਕੁਰ! ਜਿਵੇਂ ਤੂੰ ਮਾਂ ਦੇ ਪੇਟ ਵਿਚ ਰੱਖਿਆ ਕਰਦਾ ਹੈਂ ਤਿਵੇਂ ਹੁਣ ਭੀ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ-ਇਹਨਾਂ ਵਿਕਾਰਾਂ ਨਾਲੋਂ ਮੇਰੀ ਪ੍ਰੀਤਿ ਦੂਰ ਕਰ।

ਚਰਨ ਕਮਲ ਸੇਵੀ ਰਿਦ ਅੰਤਰਿ ਗੁਰ ਪੂਰੇ ਕੈ ਆਧਾਰਿ ॥੩॥

(ਮੇਹਰ ਕਰ) ਪੂਰੇ ਗੁਰੂ ਦਾ ਆਸਰਾ ਲੈ ਕੇ ਮੈਂ ਤੇਰੇ ਸੋਹਣੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ ॥੩॥

ਗ੍ਰਿਹੁ ਮੰਦਰ ਮਹਲਾ ਜੋ ਦੀਸਹਿ ਨਾ ਕੋਈ ਸੰਗਾਰਿ ॥

(ਹੇ ਭਾਈ!) ਘਰ ਮੰਦਰ ਮਹਲ-ਮਾੜੀਆਂ ਜੇਹੜੇ ਭੀ ਤੈਨੂੰ ਦਿੱਸ ਰਹੇ ਹਨ ਇਹਨਾਂ ਵਿਚੋਂ ਕੋਈ ਭੀ ਤੇਰੇ ਨਾਲ (ਅੰਤ ਵੇਲੇ) ਨਹੀਂ ਜਾਇਗਾ।

ਜਬ ਲਗੁ ਜੀਵਹਿ ਕਲੀ ਕਾਲ ਮਹਿ ਜਨ ਨਾਨਕ ਨਾਮੁ ਸਮ੍ਰਾਰਿ ॥੪॥੩੭॥

ਹੇ ਦਾਸ ਨਾਨਕ! (ਇਸ ਵਾਸਤੇ) ਜਦ ਤਕ ਤੂੰ ਜਗਤ ਵਿਚ ਜੀਊਂਦਾ ਹੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖ (ਇਹੀ ਅਸਲੀ ਸਾਥੀ ਹੈ) ॥੪॥੩੭॥


ਆਸਾ ਘਰੁ ੩ ਮਹਲਾ ੫ ॥

ਰਾਗ ਆਸਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜੁੋਆਨੀ ॥

(ਹੇ ਭਾਈ!) ਹਕੂਮਤਿ, ਜ਼ਮੀਨ ਦੀ ਮਾਲਕੀ, ਜੋਬਨ, ਘਰ, ਇੱਜ਼ਤ, ਸੁੰਦਰਤਾ, ਜੁਆਨੀ,

ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ ਆਨੀ ॥

ਬਹੁਤ ਧਨ, ਹਾਥੀ ਅਤੇ ਘੋੜੇ (ਜੇ ਇਹ ਸਭ ਕੁਝ ਕਿਸੇ ਮਨੁੱਖ ਦੇ ਪਾਸ ਹੋਵੇ), ਜੇ ਲੱਖਾਂ ਰੁਪਏ ਖ਼ਰਚ ਕੇ (ਕੀਮਤੀ) ਲਾਲ ਮੁੱਲ ਲੈ ਆਵੇ (ਤੇ ਇਹਨਾਂ ਪਦਾਰਥਾਂ ਦਾ ਮਾਣ ਕਰਦਾ ਰਹੇ),

ਆਗੈ ਦਰਗਹਿ ਕਾਮਿ ਨ ਆਵੈ ਛੋਡਿ ਚਲੈ ਅਭਿਮਾਨੀ ॥੧॥

ਪਰ ਅਗਾਂਹ ਪਰਮਾਤਮਾ ਦੀ ਦਰਗਾਹ ਵਿਚ (ਇਹਨਾਂ ਵਿਚੋਂ ਕੋਈ ਭੀ ਚੀਜ਼) ਕੰਮ ਨਹੀਂ ਆਉਂਦੀ। (ਇਹਨਾਂ ਪਦਾਰਥਾਂ ਦਾ) ਮਾਣ ਕਰਨ ਵਾਲਾ ਮਨੁੱਖ (ਇਹਨਾਂ ਸਭਨਾਂ ਨੂੰ ਇਥੇ ਹੀ) ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੧॥

ਕਾਹੇ ਏਕ ਬਿਨਾ ਚਿਤੁ ਲਾਈਐ ॥

(ਹੇ ਭਾਈ!) ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਵਿਚ ਪ੍ਰੀਤਿ ਨਹੀਂ ਜੋੜਨੀ ਚਾਹੀਦੀ।

ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥

ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਹੀ ਸਦਾ ਹੀ ਪਰਮਾਤਮਾ ਵਿਚ ਹੀ ਸੁਰਤਿ ਜੋੜੀ ਰੱਖਣੀ ਚਾਹੀਦੀ ਹੈ ॥੧॥ ਰਹਾਉ ॥

ਮਹਾ ਬਚਿਤ੍ਰ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ ॥

ਜੇ ਕੋਈ ਮਨੁੱਖ ਬੜੇ ਅਸਚਰਜ ਸੋਹਣੇ ਪਿੜ (ਭਾਵ, ਕੁਸ਼ਤੀਆਂ) ਜਿੱਤਦਾ ਹੈ ਜੇ ਉਹ ਰਣਭੂਮੀ ਵਿਚ ਜਾ ਕੇ (ਬੜੇ ਬੜੇ) ਝਗੜੇ-ਲੜਾਈਆਂ ਜਿੱਤ ਲੈਂਦਾ ਹੈ,

ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ ॥

ਤੇ ਆਪਣੇ ਮੂੰਹ ਇਉਂ ਵਾਹੀ-ਤਬਾਹੀ ਭੀ ਬੋਲਦਾ ਹੈ ਕਿ ਮੈਂ (ਆਪਣੇ ਵੈਰੀਆਂ ਨੂੰ) ਮਾਰ ਸਕਦਾ ਹਾਂ ਮੈਂ (ਉਹਨਾਂ ਨੂੰ) ਬੰਨ੍ਹ ਸਕਦਾ ਹਾਂ (ਤੇ ਜੇ ਜੀ ਚਾਹੇ ਤਾਂ ਉਹਨਾਂ ਨੂੰ ਕੈਦ ਤੋਂ) ਛੱਡ ਭੀ ਸਕਦਾ ਹਾਂ,

ਆਇਆ ਹੁਕਮੁ ਪਾਰਬ੍ਰਹਮ ਕਾ ਛੋਡਿ ਚਲਿਆ ਏਕ ਦਿਹਾੜੇ ॥੨॥

(ਤਾਂ ਭੀ ਕੀਹ ਹੋਇਆ?) ਆਖ਼ਿਰ ਇਕ ਦਿਨ ਪਰਮਾਤਮਾ ਦਾ ਹੁਕਮ ਆਉਂਦਾ ਹੈ (ਮੌਤ ਆ ਜਾਂਦੀ ਹੈ, ਤੇ) ਇਹ ਸਭ ਕੁਝ ਛੱਡ ਕੇ ਇਥੋਂ ਤੁਰ ਪੈਂਦਾ ਹੈ ॥੨॥

ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥

ਜੇ ਕੋਈ ਮਨੁੱਖ (ਹੋਰਨਾਂ ਨੂੰ ਵਿਖਾਣ ਲਈ) ਅਨੇਕਾਂ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦਾ ਹੋਵੇ ਪਰ ਸਿਰਜਣਹਾਰ ਪ੍ਰਭੂ ਨਾਲ ਸਾਂਝ ਨਾਹ ਪਾਏ,

ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥

ਜੇ ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ਼ ਕਰਦਾ ਰਹੇ ਪਰ ਆਪਣਾ ਧਾਰਮਿਕ ਜੀਵਨ ਨਾਹ ਬਣਾਏ, ਤੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਬਾਣੀ ਦੀ ਸਾਰ ਨ ਸਮਝੇ,

ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ ॥੩॥

ਤਾਂ ਉਹ ਖ਼ਾਲੀ-ਹੱਥ ਜਗਤ ਵਿਚ ਆਉਂਦਾ ਹੈ ਤੇ ਇਥੋਂ ਖ਼ਾਲੀ-ਹੱਥ ਹੀ ਤੁਰ ਪੈਂਦਾ ਹੈ (ਉਸ ਦੇ ਇਹ ਵਿਖਾਵੇ ਦੇ ਧਾਰਮਿਕ ਕੰਮ ਵਿਅਰਥ ਹੀ ਜਾਂਦੇ ਹਨ) ਜਿਵੇਂ ਹਾਥੀ (ਇਸ਼ਨਾਨ ਕਰ ਕੇ ਫਿਰ ਆਪਣੇ ਉਤੇ) ਮਿੱਟੀ ਪਾ ਲੈਂਦਾ ਹੈ ॥੩॥

ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥

ਹੇ ਸੰਤ ਜਨੋ! ਹੇ ਸੱਜਣੋ! ਹੇ ਮਿੱਤਰੋ! ਸਾਰੇ ਸੁਣ ਲਵੋ, ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ।

ਮੇਰੀ ਮੇਰੀ ਕਰਿ ਕਰਿ ਡੂਬੇ ਖਪਿ ਖਪਿ ਮੁਏ ਗਵਾਰਾ ॥

ਜੇਹੜੇ ਮੂਰਖ ਨਿੱਤ ਇਹ ਆਖਦੇ ਰਹੇ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਜਾਇਦਾਦ ਹੈ ਉਹ (ਮਾਇਆ-ਮੋਹ ਦੇ ਸਮੁੰਦਰ ਵਿਚ) ਡੁੱਬੇ ਰਹੇ ਤੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹੇ।

ਗੁਰ ਮਿਲਿ ਨਾਨਕ ਨਾਮੁ ਧਿਆਇਆ ਸਾਚਿ ਨਾਮਿ ਨਿਸਤਾਰਾ ॥੪॥੧॥੩੮॥

ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਤੋਂ) ਉਸ ਦਾ ਪਾਰ-ਉਤਾਰਾ ਹੋ ਗਿਆ ॥੪॥੧॥੩੮॥


ਰਾਗੁ ਆਸਾ ਘਰੁ ੫ ਮਹਲਾ ੫ ॥

ਰਾਗ ਆਸਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥ ਕੋਊ ਜਾਗੈ ਹਰਿ ਜਨੁ ॥੧॥

(ਹੇ ਭਾਈ!) ਜਗਤ ਦੇ ਧੰਧਿਆਂ ਵਿਚ ਅੰਨ੍ਹੀ ਹੋਈ ਹੋਈ ਸਾਰੀ ਲੁਕਾਈ ਮਾਇਆ ਦੀ ਭਟਕਣਾ ਵਿਚ ਸੁੱਤੀ ਹੋਈ ਹੈ। ਕੋਈ ਵਿਰਲਾ ਪਰਮਾਤਮਾ ਦਾ ਭਗਤ (ਇਸ ਮੋਹ ਦੀ ਨੀਂਦ ਵਿਚੋਂ) ਜਾਗ ਰਿਹਾ ਹੈ ॥੧॥

ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ ॥ ਕੋਊ ਤਿਆਗੈ ਵਿਰਲਾ ॥੨॥

(ਹੇ ਭਾਈ!) ਮਨ ਨੂੰ ਮੋਹ ਲੈਣ ਵਾਲੀ ਬਲੀ ਮਾਇਆ ਵਿਚ ਲੁਕਾਈ ਮਸਤ ਪਈ ਹੈ, (ਮਾਇਆ ਨਾਲ ਇਹ) ਪ੍ਰੀਤ ਜਿੰਦ ਨਾਲੋਂ ਭੀ ਪਿਆਰੀ ਲੱਗ ਰਹੀ ਹੈ। ਕੋਈ ਵਿਰਲਾ ਮਨੁੱਖ (ਮਾਇਆ ਦੀ ਇਸ ਪ੍ਰੀਤਿ ਨੂੰ) ਛੱਡਦਾ ਹੈ ॥੨॥

ਚਰਨ ਕਮਲ ਆਨੂਪ ਹਰਿ ਸੰਤ ਮੰਤ ॥ ਕੋਊ ਲਾਗੈ ਸਾਧੂ ॥੩॥

(ਹੇ ਭਾਈ!) ਪਰਮਾਤਮਾ ਦੇ ਸੋਹਣੇ ਸੁੰਦਰ ਚਰਨਾਂ ਵਿਚ, ਸੰਤ ਜਨਾਂ ਦੇ ਉਪਦੇਸ਼ ਵਿਚ, ਕੋਈ ਵਿਰਲਾ ਗੁਰਮੁਖਿ ਮਨੁੱਖ ਚਿੱਤ ਜੋੜਦਾ ਹੈ ॥੩॥

ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥ ਵਡਭਾਗੇ ਕਿਰਪਾ ॥੪॥੧॥੩੯॥

ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਆ ਕੇ (ਗੁਰੂ ਦੇ ਬਖ਼ਸ਼ੇ) ਗਿਆਨ ਦੇ ਰੰਗ ਵਿਚ (ਰੰਗੀਜ ਕੇ, ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਓਹੋ ਜਾਗਦਾ ਰਹਿੰਦਾ ਹੈ, ਜਿਸ ਭਾਗਾਂ ਵਾਲਾ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ॥੪॥੧॥੩੯॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਆਸਾ ਘਰੁ ੬ ਮਹਲਾ ੫ ॥

ਰਾਗ ਆਸਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥

ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੇ ਸੇਵਕਾਂ ਨੂੰ (ਸਿਰ-ਮੱਥੇ ਉੱਤੇ) ਪਰਵਾਨ ਹੁੰਦਾ ਹੈ, ਤੇਰੀ ਰਜ਼ਾ ਹੀ ਉਹਨਾਂ ਦੇ ਮਨ ਵਿਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ।

ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥੧॥

ਹੇ ਪ੍ਰਭੂ! ਤੈਨੂੰ ਹੀ ਤੇਰੇ ਦਾਸ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ ਮੰਨਦੇ ਹਨ, ਤੂੰ ਹੀ ਉਹਨਾਂ ਦੀ ਨਿਗਾਹ ਵਿਚ ਬੇਅੰਤ ਹੈਂ। ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੧॥

ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥

(ਹੇ ਪ੍ਰਭੂ!) ਤੇਰੇ ਦਾਸ ਮੁੜ ਮੁੜ ਸੁਆਦ ਨਾਲ ਤੇਰੇ ਗੁਣ ਗਾਂਦੇ ਰਹਿੰਦੇ ਹਨ।

ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥

ਜੋ ਕੁਝ ਤੂੰ ਆਪ ਕਰਦਾ ਹੈਂ ਜੋ ਕੁਝ ਜੀਵਾਂ ਪਾਸੋਂ ਕਰਾਂਦਾ ਹੈਂ (ਉਸ ਨੂੰ ਸਿਰ-ਮੱਥੇ ਤੇ ਮੰਨਣਾ ਹੀ) ਤੇਰੇ ਦਾਸਾਂ ਵਾਸਤੇ ਸਿਆਣਪ ਹੈ (ਆਤਮਕ ਜੀਵਨ ਦੀ ਅਗਵਾਈ ਲਈ) ਸਲਾਹ-ਮਸ਼ਵਰਾ ਤੇ ਫ਼ੈਸਲਾ ਹੈ ॥੧॥ ਰਹਾਉ ॥

ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ ਸਾਧਸੰਗਿ ਰਸੁ ਪਾਇਆ ॥

ਹੇ ਪਿਆਰੇ ਪ੍ਰਭੂ! ਤੇਰੇ ਦਾਸਾਂ ਵਾਸਤੇ ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਸਾਧ ਸੰਗਤਿ ਵਿਚ ਬੈਠ ਕੇ ਉਹ (ਤੇਰੇ ਨਾਮ ਦਾ) ਰਸ ਮਾਣਦੇ ਹਨ।

ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥੨॥

(ਹੇ ਭਾਈ!) ਜਿਨ੍ਹਾਂ ਨੇ ਸੁਖਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕੀਤੀ ਉਹ ਮਨੁੱਖ ਗੁਣਾਂ ਨਾਲ ਭਰਪੂਰ ਹੋ ਗਏ ਉਹੀ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ ਤ੍ਰਿਪਤ ਹੋ ਗਏ ॥੨॥

ਜਾ ਕਉ ਟੇਕ ਤੁਮ੍ਰਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥

ਹੇ ਪ੍ਰਭੂ! ਹੇ ਸੁਆਮੀ! ਜਿਨ੍ਹਾਂ ਮਨੁੱਖਾਂ ਨੂੰ ਤੇਰਾ ਆਸਰਾ ਹੈ ਉਹਨਾਂ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ।

ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥੩॥

ਹੇ ਸੁਆਮੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ ਉਹ (ਨਾਮ-ਧਨ ਨਾਲ) ਸਾਹੂਕਾਰ ਬਣ ਗਏ ਉਹ ਭਾਗਾਂ ਵਾਲੇ ਬਣ ਗਏ ॥੩॥

ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥

ਹੇ ਨਾਨਕ! (ਆਖ-) ਜਦੋਂ ਹੀ ਕੋਈ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ (ਉਸ ਦੇ ਅੰਦਰੋਂ) ਭਟਕਣਾ ਮੋਹ, ਠੱਗੀਆਂ ਆਦਿਕ ਸਾਰੇ ਵਿਕਾਰ ਨਿਕਲ ਜਾਂਦੇ ਹਨ।

ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥

ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਾਮਤਮਾ ਦੇ ਨਾਮ ਨੂੰ ਆਪਣੀ ਰੋਜ਼ ਦੀ ਵਰਤਣ ਬਣਾ ਲੈਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੧॥੪੦॥


ਆਸਾ ਮਹਲਾ ੫ ॥
ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥

(ਨਿੰਦਕ) ਦੂਜਿਆਂ ਦੀ ਅਨੇਕਾਂ ਜਨਮਾਂ ਦੇ ਕੀਤੇ ਵਿਕਾਰਾਂ ਦੀ ਮੈਲ ਧੋਂਦਾ ਹੈ (ਤੇ ਉਹ ਮੈਲ ਉਹ ਆਪਣੇ ਮਨ ਦੇ ਅੰਦਰ ਸੰਸਕਾਰਾਂ ਦੇ ਰੂਪ ਵਿਚ ਇਕੱਠੀ ਕਰ ਲੈਂਦਾ ਹੈ, ਇਸ ਤਰ੍ਹਾਂ ਉਹ) ਆਪਣੇ ਕੀਤੇ ਕਰਮਾਂ ਦਾ ਮੰਦਾ ਫਲ ਆਪ ਹੀ ਭੋਗਦਾ ਹੈ।

ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥੧॥

(ਨਿੰਦਾ ਦੇ ਕਾਰਨ ਉਸ ਨੂੰ) ਇਸ ਲੋਕ ਵਿਚ ਸੁਖ ਨਹੀਂ ਮਿਲਦਾ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ, ਉਹ ਨਰਕ ਵਿਚ ਅੱਪੜ ਕੇ ਦੁਖੀ ਹੁੰਦਾ ਰਹਿੰਦਾ ਹੈ ॥੧॥

ਨਿੰਦਕਿ ਅਹਿਲਾ ਜਨਮੁ ਗਵਾਇਆ ॥

(ਹੇ ਭਾਈ!) ਸੰਤਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੇ (ਨਿੰਦਾ ਦੇ ਕਾਰਨ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਲਿਆ।

ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ ॥

(ਸੰਤਾਂ ਦੀ ਨਿੰਦਾ ਕਰ ਕੇ ਉਹ ਇਹ ਆਸ ਕਰਦਾ ਹੈ ਕਿ ਉਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿਚ ਡੇਗ ਕੇ ਮੈਂ ਉਹਨਾਂ ਦੇ ਥਾਂ ਆਦਰ-ਸਤਕਾਰ ਹਾਸਲ ਕਰ ਲਵਾਂਗਾ, ਪਰ ਉਹ ਨਿੰਦਕ) ਕਿਸੇ ਗੱਲੇ ਭੀ (ਸੰਤ ਜਨਾਂ) ਦੀ ਬਰਾਬਰੀ ਨਹੀਂ ਕਰ ਸਕਦਾ, (ਨਿੰਦਾ ਦੇ ਕਾਰਨ) ਅਗਾਂਹ ਪਰਲੋਕ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ ॥੧॥ ਰਹਾਉ ॥

ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥

ਪਰ ਨਿੰਦਕ ਦੇ ਭੀ ਵੱਸ ਦੀ ਗੱਲ ਨਹੀਂ (ਉਹ ਨਿੰਦਾ ਦੇ ਮੰਦ ਕਰਮ ਤੋਂ ਹਟ ਨਹੀਂ ਸਕਦਾ, ਕਿਉਂਕਿ) ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦੇ ਸੰਸਕਾਰ ਉਸ ਮੰਦ-ਭਾਗੀ ਨਿੰਦਕ ਦੇ ਪੱਲੇ ਪੈ ਜਾਂਦੇ ਹਨ (ਉਸ ਦੇ ਅੰਦਰ ਜਾਗ ਪੈਂਦੇ ਹਨ ਤੇ ਉਸ ਨੂੰ ਨਿੰਦਾ ਵਲ ਪ੍ਰੇਰਦੇ ਹਨ)।

ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥

ਨਿੰਦਕ ਅਜੇਹੀ ਨਿੱਘਰੀ ਹੋਈ ਆਤਮਕ ਦਸ਼ਾ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ ਕਿ ਉਥੇ (ਭਾਵ, ਉਸ ਨਿੱਘਰੀ ਦਸ਼ਾ ਵਿਚੋਂ ਕੱਢਣ ਲਈ) ਕੋਈ ਉਸ ਦੀ ਮਦਦ ਨਹੀਂ ਕਰ ਸਕਦਾ। ਸਹਾਇਤਾ ਵਾਸਤੇ ਉਹ ਕਿਸੇ ਕੋਲ ਪੁਕਾਰ ਕਰਨ ਜੋਗਾ ਭੀ ਨਹੀਂ ਰਹਿੰਦਾ ॥੨॥

ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥

ਖਸਮ-ਪ੍ਰਭੂ ਦੀ ਰਜ਼ਾ ਇਉਂ ਹੀ ਹੈ ਕਿ (ਸੰਤ ਜਨਾਂ ਦੀ) ਨਿੰਦਾ ਕਰਨ ਵਾਲੇ ਮਨੁੱਖ ਨੂੰ ਕਿਤੇ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ (ਕਿਉਂਕਿ ਉਹ ਉੱਚੀ ਆਤਮਕ ਅਵਸਥਾ ਵਾਲਿਆਂ ਦੀ ਤਾਂ ਸਦਾ ਨਿੰਦਾ ਕਰਦਾ ਹੈ।

ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥੩॥

ਦੂਜੇ ਪਾਸੇ) ਜਿਉਂ ਜਿਉਂ ਕੋਈ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਦਾ ਹੈ (ਉਕਾਈਆਂ ਨਸ਼ਰ ਕਰਦਾ ਹੈ) ਤਿਉਂ ਤਿਉਂ ਸੰਤ ਜਨ ਇਸ ਵਿਚ ਸੁਖ ਪ੍ਰਤੀਤ ਕਰਦੇ ਹਨ (ਉਹਨਾਂ ਨੂੰ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ) ॥੩॥

ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥

ਹੇ ਮਾਲਕ-ਪ੍ਰਭੂ! ਤੇਰੇ ਸੰਤਾਂ ਨੂੰ (ਜੀਵਨ-ਅਗਵਾਈ ਵਾਸਤੇ) ਸਦਾ ਤੇਰਾ ਆਸਰਾ ਰਹਿੰਦਾ ਹੈ, ਤੂੰ (ਸੰਤਾਂ ਦਾ ਜੀਵਨ ਉੱਚਾ ਕਰਨ ਵਿਚ) ਮਦਦਗਾਰ ਭੀ ਬਣਦਾ ਹੈਂ।

ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥੪॥੨॥੪੧॥

ਨਾਨਕ ਆਖਦਾ ਹੈ- (ਉਸ ਨਿੰਦਾ ਦੀ ਬਰਕਤਿ ਨਾਲ) ਸੰਤਾਂ ਨੂੰ ਤਾਂ ਪਰਮਾਤਮਾ (ਮੰਦ ਕਰਮਾਂ ਤੋਂ) ਬਚਾਈ ਰੱਖਦਾ ਹੈ ਪਰ ਨਿੰਦਾ ਕਰਨ ਵਾਲਿਆਂ ਨੂੰ (ਉਹਨਾਂ ਦੇ ਨਿੰਦਾ ਦੇ ਹੜ ਵਿਚ) ਰੋੜ੍ਹ ਦੇਂਦਾ ਹੈ (ਉਹਨਾਂ ਦੇ ਆਤਮਕ ਜੀਵਨ ਨੂੰ ਨਿੰਦਾ ਦੇ ਹੜ ਵਿਚ ਰੋੜ੍ਹ ਕੇ ਮੁਕਾ ਦੇਂਦਾ ਹੈ) ॥੪॥੨॥੪੧॥


ਆਸਾ ਮਹਲਾ ੫ ॥
ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥

ਜੇਹੜਾ ਮਨੁੱਖ (ਤੀਰਥ ਆਦਿਕਾਂ ਤੇ ਨਿਰਾ) ਪਿੰਡਾ ਧੋ ਕੇ ਅੰਦਰਲਾ ਮਨ (ਵਿਕਾਰਾਂ ਨਾਲ) ਮੈਲਾ ਹੀ ਰੱਖਦਾ ਹੈ ਉਹ ਲੋਕ ਪਰਲੋਕ ਆਪਣੇ ਦੋਵੇਂ ਥਾਂ ਗਵਾ ਲੈਂਦਾ ਹੈ।

ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥੧॥

ਇਸ ਲੋਕ ਵਿਚ ਰਹਿੰਦਿਆਂ ਕਾਮ-ਵਾਸ਼ਨਾ ਵਿਚ, ਕ੍ਰੋਧ ਵਿਚ, ਮੋਹ ਵਿਚ, ਫਸਿਆ ਰਹਿੰਦਾ ਹੈ, ਅਗਾਂਹ ਪਰਲੋਕ ਵਿਚ ਜਾ ਕੇ ਹਟਕੋਰੇ ਲੈ ਲੈ ਰੋਂਦਾ ਹੈ ॥੧॥

ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥

(ਹੇ ਭਾਈ!) ਪਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ (ਉਸ ਵਿਚ ਵਿਖਾਵਾ ਨਹੀਂ ਹੁੰਦਾ)।

ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥੧॥ ਰਹਾਉ ॥

ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸੁਣਦਾ, ਜੇ ਨਾਮ ਵਲੋਂ ਬੋਲਾ ਰਹਿੰਦਾ ਹੈ (ਤਾਂ ਬਾਹਰਲੇ ਧਾਰਮਕ ਕਰਮ ਇਉਂ ਹੀ ਹਨ ਜਿਵੇਂ ਸੱਪ ਨੂੰ ਮਾਰਨ ਦੇ ਥਾਂ ਸੱਪ ਦੀ ਖੁੱਡ ਨੂੰ ਕੁੱਟੀ ਜਾਣਾ), ਪਰ ਜੇ ਖੁੱਡ ਨੂੰ ਕੁੱਟਦੇ ਜਾਈਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ (ਬਾਹਰਲੇ ਕਰਮਾਂ ਨਾਲ ਮਨ ਵੱਸ ਵਿਚ ਨਹੀਂ ਆਉਂਦਾ) ॥੧॥ ਰਹਾਉ ॥

ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਨ ਜਾਨੈ ॥

(ਜਿਸ ਮਨੁੱਖ ਨੇ ਤਿਆਗ ਦੇ ਭੁਲੇਖੇ ਵਿਚ ਆਜੀਵਕਾ ਖ਼ਾਤਰ) ਮਾਇਆ ਕਮਾਣ ਦਾ ਉੱਦਮ ਛੱਡ ਦਿੱਤਾ ਉਹ ਭਗਤੀ ਦੀ ਕਦਰ ਭੀ ਨਹੀਂ ਜਾਣਦਾ,

ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ ॥੨॥

ਜੇਹੜਾ ਮਨੁੱਖ ਵੇਦ ਸ਼ਾਸਤਰ ਆਦਿਕ ਧਰਮ-ਪੁਸਤਕਾਂ ਨੂੰ ਸਿਰਫ਼ ਬਹਸਾਂ ਵਿਚ ਹੀ ਵਰਤਣਾ ਸ਼ੁਰੂ ਕਰ ਦੇਂਦਾ ਹੈ ਉਹ (ਆਤਮਕ ਜੀਵਨ ਦੀ) ਅਸਲੀਅਤ ਨਹੀਂ ਸਮਝਦਾ, ਉਹ ਪਰਮਾਤਮਾ ਦਾ ਮਿਲਾਪ ਨਹੀਂ ਸਮਝਦਾ ॥੨॥

ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥

ਜਿਵੇਂ ਜਦੋਂ ਕੋਈ ਖੋਟਾ ਰੁਪਇਆ ਸਰਾਫ਼ਾਂ ਦੀ ਨਜ਼ਰੇ ਪੈਂਦਾ ਹੈ ਤਾਂ ਉਸ ਦਾ ਖੋਟ ਪਰਤੱਖ ਦਿੱਸ ਪੈਂਦਾ ਹੈ;

ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥੩॥

(ਤਿਵੇਂ ਜੇਹੜਾ ਮਨੁੱਖ ਅੰਦਰੋਂ ਤਾਂ ਵਿਕਾਰੀ ਹੈ, ਪਰ ਬਾਹਰੋਂ ਧਾਰਮਿਕ ਭੇਖੀ) ਉਹ ਪਰਮਾਤਮਾ ਪਾਸੋਂ (ਆਪਣਾ ਅੰਦਰਲਾ ਖੋਟ) ਲੁਕਾ ਨਹੀਂ ਸਕਦਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਦੀ ਹਰੇਕ ਕਰਤੂਤ ਨੂੰ ਜਾਣਦਾ ਹੈ ॥੩॥

ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ ॥

ਮਨੁੱਖ ਦੀ ਇਸ ਜਗਤ ਵਿਚ ਚਾਰ-ਰੋਜ਼ਾ ਜ਼ਿੰਦਗੀ ਹੈ ਪਰ ਇਹ ਮਾਇਆ ਦੇ ਮੋਹ ਵਿਚ ਠੱਗੀ-ਫ਼ਰੇਬ ਵਿਚ ਆਤਮਕ ਜੀਵਨ ਲੁਟਾ ਕੇ ਬੜੀ ਛੇਤੀ ਆਤਮਕ ਮੌਤੇ ਮਰ ਜਾਂਦਾ ਹੈ।

ਸਤਿ ਸਤਿ ਸਤਿ ਨਾਨਕਿ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ ॥੪॥੩॥੪੨॥

ਹੇ ਭਾਈ! ਨਾਨਕ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਉਸ ਨੂੰ ਆਪਣੇ ਅੰਦਰ ਵੱਸਦਾ ਵੇਖ (ਇਹੀ ਆਤਮਕ ਜੀਵਨ ਹੈ, ਇਹੀ ਜੀਵਨ-ਮਨੋਰਥ ਹੈ) ॥੪॥੩॥੪੨॥


ਆਸਾ ਮਹਲਾ ੫ ॥
ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੇ ॥

(ਹੇ ਭਾਈ! ਪਰਮਾਤਮਾ ਦਾ ਭਗਤ ਜਿਉਂ ਜਿਉਂ ਸਿਫ਼ਤਿ-ਸਾਲਾਹ ਦਾ) ਉੱਦਮ ਕਰਦਾ ਹੈ ਉਸ ਦਾ ਮਨ ਪਵਿਤ੍ਰ ਹੁੰਦਾ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ (ਇਹ, ਮਾਨੋ, ਉਹ ਪਰਮਾਤਮਾ ਦੀ ਹਜ਼ੂਰੀ ਵਿਚ) ਨਾਚ ਕਰਦਾ ਹੈ।

ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ ॥੧॥

(ਪਰਮਾਤਮਾ ਦਾ ਸੇਵਕ) ਆਪਣੇ ਮਨ ਵਿਚ ਪਰਮਾਤਮਾ ਨੂੰ ਵਸਾਈ ਰੱਖਦਾ ਹੈ (ਇਸ ਤਰ੍ਹਾਂ) ਉਹ ਕਾਮਾਦਿਕ ਪੰਜਾਂ ਨੂੰ ਕਾਬੂ ਵਿਚ ਰੱਖਦਾ ਹੈ ॥੧॥

ਤੇਰਾ ਜਨੁ ਨਿਰਤਿ ਕਰੇ ਗੁਨ ਗਾਵੈ ॥

ਹੇ ਪ੍ਰਭੂ! (ਦੇਵੀ ਦੇਵਤਿਆਂ ਦੇ ਭਗਤ ਆਪਣੇ ਇਸ਼ਟ ਦੀ ਭਗਤੀ ਕਰਨ ਵੇਲੇ ਉਸ ਦੇ ਅੱਗੇ ਨਾਚ ਕਰਦੇ ਹਨ, ਪਰ) ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ (ਇਹ, ਮਾਨੋ) ਉਹ ਨਾਚ ਕਰਦਾ ਹੈ।

ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ ॥੧॥ ਰਹਾਉ ॥

ਹੇ ਪ੍ਰਭੂ! ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ-ਰੂਪ ਵਾਜਾ (ਆਪਣੇ ਅੰਦਰ) ਲਗਾਤਾਰ ਵਜਾਂਦਾ ਰਹਿੰਦਾ ਹੈ (ਸ਼ਬਦ ਨੂੰ ਹਰ ਵੇਲੇ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ) ਇਹੀ ਹੈ ਉਸ ਦੇ ਵਾਸਤੇ ਰਬਾਬ ਤਬਲਾ ਛੈਣੇ ਘੁੰਘਰੂ (ਆਦਿਕ ਸਾਜ਼ਾਂ ਦਾ ਵੱਜਣਾ) ॥੧॥ ਰਹਾਉ ॥

ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥

(ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਪਰਮਾਤਮਾ ਦਾ ਭਗਤ) ਪਹਿਲਾਂ ਆਪਣੇ ਮਨ ਨੂੰ (ਮੋਹ ਦੀ ਨੀਂਦ ਵਿਚੋਂ) ਜਗਾਂਦਾ ਹੈ, ਫਿਰ ਹੋਰਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦੀ) ਰੀਝ ਪੈਦਾ ਕਰਦਾ ਹੈ।

ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥੨॥

ਪਹਿਲਾਂ ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ ਤੇ ਫਿਰ ਮੂੰਹ ਨਾਲ ਉਹ ਜਾਪ ਹੋਰਨਾਂ ਨੂੰ ਭੀ ਸੁਣਾਂਦਾ ਹੈ ॥੨॥

ਕਰ ਸੰਗਿ ਸਾਧੂ ਚਰਨ ਪਖਾਰੈ ਸੰਤ ਧੂਰਿ ਤਨਿ ਲਾਵੈ ॥

(ਪਰਮਾਤਮਾ ਦਾ ਸੇਵਕ) ਆਪਣੇ ਹੱਥਾਂ ਨਾਲ ਗੁਰਮੁਖਾਂ ਦੇ ਪੈਰ ਧੋਂਦਾ ਹੈ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਸਰੀਰ ਉੱਤੇ ਲਾਂਦਾ ਹੈ।

ਮਨੁ ਤਨੁ ਅਰਪਿ ਧਰੇ ਗੁਰ ਆਗੈ ਸਤਿ ਪਦਾਰਥੁ ਪਾਵੈ ॥੩॥

ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਗੁਰੂ ਦੇ ਹਵਾਲੇ ਕਰਦਾ ਹੈ ਤੇ ਗੁਰੂ ਪਾਸੋਂ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਪ੍ਰਾਪਤ ਕਰਦਾ ਹੈ ॥੩॥

ਜੋ ਜੋ ਸੁਨੈ ਪੇਖੈ ਲਾਇ ਸਰਧਾ ਤਾ ਕਾ ਜਨਮ ਮਰਨ ਦੁਖੁ ਭਾਗੈ ॥

ਹੇ ਨਾਨਕ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਐਸਾ ਨਾਚ ਹੈ ਕਿ) ਜੇਹੜਾ ਜੇਹੜਾ ਮਨੁੱਖ ਇਸ ਨੂੰ ਸਿਦਕ ਧਾਰ ਕੇ ਸੁਣਦਾ ਵੇਖਦਾ ਹੈ ਉਸ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ।

ਐਸੀ ਨਿਰਤਿ ਨਰਕ ਨਿਵਾਰੈ ਨਾਨਕ ਗੁਰਮੁਖਿ ਜਾਗੈ ॥੪॥੪॥੪੩॥

ਅਜੇਹਾ ਨਾਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਨਰਕਾਂ ਤੋਂ ਬਚਾ ਲੈਂਦਾ ਹੈ (ਇਸ ਨਾਚ ਦੀ ਬਰਕਤਿ ਨਾਲ) ਉਹ (ਮੋਹ ਦੀ ਨੀਂਦ ਤੋਂ) ਜਾਗ ਪੈਂਦਾ ਹੈ ॥੪॥੪॥੪੩॥


ਆਸਾ ਮਹਲਾ ੫ ॥
ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥

ਹੇ ਭਾਈ! ਨਾਮ ਅੰਮ੍ਰਿਤ ਦੀ ਬਰਕਤਿ ਨਾਲ ਅੱਤ ਨੀਚ ਚੰਡਾਲਣ ਬ੍ਰਿਤੀ (ਮਾਨੋ) ਬ੍ਰਾਹਮਣੀ ਬਣ ਗਈ ਤੇ ਸ਼ੂਦਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ।

ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥

ਜੇਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਅਕਾਸ਼ ਤਕ ਸਾਰੀ ਦੁਨੀਆ ਦੇ ਪਦਾਰਥ ਲੈ ਕੇ ਭੀ ਭੁੱਖੀ ਰਹਿੰਦੀ ਸੀ ਉਸ ਦੀ ਤ੍ਰਿਸ਼ਨਾ-ਅੱਗ ਦੀ ਲਾਟ ਬੁੱਝ ਗਈ ॥੧॥

ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥

(ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੀ ਪਹਿਲੀ) ਸੰਤੋਖ-ਹੀਣ ਬ੍ਰਿਤੀ ਬਿੱਲੀ ਹੁਣ ਹੋਰ ਕਿਸਮ ਦੀ ਸਿੱਖਿਆ ਲੈਂਦੀ ਹੈ ਉਹ ਦੁਨੀਆ ਦੇ ਪਦਾਰਥ (ਚੂਹਾ) ਵੇਖ ਕੇ ਲਾਲਚ ਕਰਨੋਂ ਸੰਗਦੀ ਹੈ।

ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥

ਗੁਰੂ ਨੇ ਉਸ ਦੇ ਅਹੰਕਾਰ-ਸ਼ੇਰ ਨੂੰ ਨਿਮ੍ਰਤਾ-ਬੱਕਰੀ ਦੇ ਅਧੀਨ ਕਰ ਦਿੱਤਾ, ਉਸ ਦੇ ਤਮੋਗੁਣੀ ਇੰਦ੍ਰਿਆਂ (ਕੁੱਤਿਆਂ) ਨੂੰ ਸਤੋ ਗੁਣੀ ਪਾਸੇ (ਘਾਹ ਖਾਣ ਵਲ) ਲਾ ਦਿੱਤਾ ॥੧॥ ਰਹਾਉ ॥

ਬਾਝੁ ਥੂਨੀਆ ਛਪਰਾ ਥਾਮਿ੍ਆ ਨੀਘਰਿਆ ਘਰੁ ਪਾਇਆ ਰੇ ॥

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੇ ਮਨ ਦਾ) ਛੱਪਰ (ਛੱਤ) ਦੁਨਿਆਵੀ ਪਦਾਰਥਾਂ ਦੀਆਂ ਆਸਾਂ ਦੀਆਂ ਥੰਮ੍ਹੀਆਂ ਤੋਂ ਬਿਨਾ ਹੀ ਥੰਮ੍ਹਿਆ ਗਿਆ, ਉਸ ਦੇ ਭਟਕਦੇ ਮਨ ਨੇ (ਪ੍ਰਭੂ-ਚਰਨਾਂ ਵਿਚ) ਟਿਕਾਣਾ ਲੱਭ ਲਿਆ।

ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥

ਕਾਰੀਗਰ ਸੁਨਿਆਰਿਆਂ ਦੀ ਸਹਾਇਤਾ ਤੋਂ ਬਿਨਾ ਹੀ (ਉਸ ਦੇ ਮਨ ਦਾ) ਜੜਾਊ ਗਹਿਣਾ ਤਿਆਰ ਹੋ ਗਿਆ ਤੇ ਉਸ ਮਨ-ਗਹਿਣੇ ਵਿਚ ਪਰਮਾਤਮਾ ਦੇ ਨਾਮ ਦਾ ਸੁੰਦਰ ਨਗ ਜੜ ਦਿੱਤਾ ਗਿਆ ॥੨॥

ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥

(ਹੇ ਭਾਈ! ਪਰਮਾਤਮਾ ਦੇ ਚਰਨਾਂ ਤੋਂ ਵਿੱਛੜ ਕੇ ਨਿੱਤ) ਗਿਲੇ ਕਰਨ ਵਾਲਾ (ਆਪਣਾ ਮਨ-ਇੱਛਤ) ਇਨਸਾਫ਼ ਕਦੇ ਭੀ ਪ੍ਰਾਪਤ ਨਹੀਂ ਸੀ ਕਰ ਸਕਦਾ (ਪਰ ਹੁਣ ਜਦੋਂ ਨਾਮ-ਅੰਮ੍ਰਿਤ ਮਿਲ ਗਿਆ ਤਾਂ) ਸ਼ਾਂਤ-ਚਿੱਤ ਹੋਏ ਨੂੰ ਇਨਸਾਫ਼ ਮਿਲਣ ਲੱਗ ਪਿਆ (ਇਹ ਯਕੀਨ ਬਣ ਗਿਆ ਕਿ ਪਰਮਾਤਮਾ ਜੋ ਕੁਝ ਕਰਦਾ ਹੈ ਠੀਕ ਕਰਦਾ ਹੈ)।

ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥

(ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਮਨੁੱਖ ਦਾ ਪਹਿਲਾ) ਹੋਰਨਾਂ ਨੂੰ ਘੂਰਨ ਵਾਲਾ ਸੁਭਾਉ ਮੁੱਕ ਗਿਆ, ਦੁਲੀਚੇ ਮੱਲ ਕੇ ਬੈਠਣ ਵਾਲੀ (ਅਹੰਕਾਰ-ਭਰੀ ਬਿਰਤੀ) ਉਸ ਨੂੰ ਹੁਣ ਆਤਮਕ ਮੌਤੇ ਮਰੀ ਹੋਈ ਦਿੱਸਣ ਲੱਗ ਪਈ ॥੩॥

ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥

ਹੇ ਭਾਈ! ਜੇਹੜਾ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਆਖਦਾ ਹੈ ਕਿ ਮੈਂ (ਆਤਮਕ ਜੀਵਨ ਦੇ ਭੇਤ ਨੂੰ) ਸਮਝ ਲਿਆ ਹੈ ਉਹ ਅਜੇ ਮੂਰਖ ਹੈ, ਜਿਸ ਨੇ (ਸਚਮੁਚ ਆਤਮਕ ਜੀਵਨ ਨੂੰ ਨਾਮ-ਰਸ ਨੂੰ) ਸਮਝ ਲਿਆ ਹੈ ਉਹ ਕਦੇ ਗੁੱਝਾ ਨਹੀਂ ਰਹਿੰਦਾ ਹੈ।

ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥

ਨਾਨਕ ਆਖਦਾ ਹੈ- ਜਿਸ ਨੂੰ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਲਾ ਦਿੱਤਾ ਹੈ ਉਹ ਇਸ ਨਾਮ-ਜਲ ਦਾ ਸੁਆਦ ਮਾਣ ਮਾਣ ਕੇ ਸਦਾ ਖਿੜਿਆ ਰਹਿੰਦਾ ਹੈ ॥੪॥੫॥੪੪॥

1
2
3
4
5
6
7
8
9
10
11
12