Raag Asa Bani Page 11

Raag Asa Bani Page 11

Raag Asa Bani Page 11

Raag Asa Bani Page 11

ਰਾਗ ਆਸਾ – ਬਾਣੀ ਸ਼ਬਦ-Part 11 – Raag Asa – Bani

ਮਹਲਾ ੨ ॥
ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ

ਅੰਞਾਣ ਨਾਲ ਮਿੱਤਰਤਾ, ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰ-

ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥

ਇਹ ਇਉਂ ਹਨ ਜਿਵੇਂ ਪਾਣੀ ਵਿਚ ਲੀਕ ਹੈ, ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ ॥੪॥


ਮਹਲਾ ੨ ॥
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥

ਜੇ ਕੋਈ ਅੰਞਾਣ ਹੋਵੇ ਤੇ ਉਹ ਕੋਈ ਕੰਮ ਕਰੇ, ਉਹ ਕੰਮ ਨੂੰ ਸਿਰੇ ਨਹੀਂ ਚਾੜ੍ਹ ਸਕਦਾ;

ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥

ਜੇ ਭਲਾ ਉਹ ਕਦੇ ਕੋਈ ਮਾੜਾ-ਮੋਟਾ ਇਕ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦਏਗਾ ॥੫॥


ਪਉੜੀ ॥
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥

ਜੋ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰੇ (ਤਾਂ ਹੀ ਸਮਝੋ, ਕਿ) ਉਹ ਮਾਲਕ ਦੀ ਨੌਕਰੀ ਕਰ ਰਿਹਾ ਹੈ,

ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥

ਉਸ ਨੂੰ ਇਕ ਤਾਂ ਬੜੀ ਇੱਜ਼ਤ ਮਿਲਦੀ ਹੈ, ਦੂਜੇ ਤਨਖ਼ਾਹ ਭੀ ਮਾਲਕ ਪਾਸੋਂ ਦੂਣੀ ਲੈਂਦਾ ਹੈ।

ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥

ਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ (ਭਾਵ, ਮਾਲਕ ਨਾਲ ਸਾਵਾਂ ਹੋਣ ਦਾ ਜਤਨ ਕਰਦਾ ਹੈ), ਉਹ ਮਨ ਵਿਚ ਸ਼ਰਮਿੰਦਗੀ ਹੀ ਉਠਾਂਦਾ ਹੈ,

ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥

ਆਪਣੀ ਪਹਿਲੀ ਤਨਖ਼ਾਹ ਭੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ।

ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥

ਜਿਸ ਮਾਲਕ ਦਾ ਦਿੱਤਾ ਖਾਈਏ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;

ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥

ਹੇ ਨਾਨਕ! ਮਾਲਕ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਦੇ ਅੱਗੇ ਅਰਜ਼ ਕਰਨੀ ਹੀ ਫਬਦੀ ਹੈ ॥੨੨॥


ਸਲੋਕੁ ਮਹਲਾ ੨ ॥
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥

ਜੇ ਆਖੀਏ ਕਿ ਮੈਂ ਆਪਣੇ ਉੱਦਮ ਨਾਲ ਇਹ ਚੀਜ਼ ਲਈ ਹੈ, ਤਾਂ ਇਹ (ਮਾਲਕ ਵਲੋਂ) ਬਖ਼ਸ਼ਸ਼ ਨਹੀਂ ਅਖਵਾ ਸਕਦੀ।

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥

ਹੇ ਨਾਨਕ! ਬਖ਼ਸ਼ਸ਼ ਉਹੀ ਹੈ ਜੋ ਮਾਲਕ ਦੇ ਤ੍ਰੁੱਠਿਆਂ ਮਿਲੇ ॥੧॥


ਮਹਲਾ ੨ ॥
ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥

ਜਿਸ ਸੇਵਾ ਦੇ ਕਰਨ ਨਾਲ (ਸੇਵਕ ਦੇ ਦਿਲ ਵਿਚੋਂ) ਆਪਣੇ ਮਾਲਕ ਦਾ ਡਰ ਦੂਰ ਨਾ ਹੋਵੇ, ਉਹ ਸੇਵਾ ਅਸਲੀ ਸੇਵਾ ਨਹੀਂ।

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥

ਹੇ ਨਾਨਕ! (ਸੱਚਾ) ਸੇਵਕ ਉਹੀ ਅਖਵਾਂਦਾ ਹੈ ਜੋ ਆਪਣੇ ਮਾਲਕ ਦੇ ਨਾਲ ਇਕ-ਰੂਪ ਹੋ ਜਾਂਦਾ ਹੈ ॥੨॥


ਪਉੜੀ ॥
ਨਾਨਕ ਅੰਤ ਨ ਜਾਪਨ੍ਰੀ ਹਰਿ ਤਾ ਕੇ ਪਾਰਾਵਾਰ ॥

ਹੇ ਨਾਨਕ! ਉਸ ਪ੍ਰਭੂ ਦੇ ਪਾਰਲੇ ਉਰਾਰਲੇ ਬੰਨਿਆਂ ਦੇ ਅੰਤ ਨਹੀਂ ਪੈ ਸਕਦੇ।

ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥

ਉਹ ਆਪ ਹੀ ਜੀਵਾਂ ਦੀ ਪੈਦਾਇਸ਼ ਕਰਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਮਾਰ ਦੇਂਦਾ ਹੈ।

ਇਕਨ੍ਰਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥

ਕਈ ਜੀਵਾਂ ਦੇ ਗਲ ਵਿਚ ਜ਼ੰਜੀਰ ਪਏ ਹੋਏ ਹਨ (ਭਾਵ, ਕਈ ਕੈਦ ਗ਼ੁਲਾਮੀ ਆਦਿਕ ਦੇ ਕਸ਼ਟ ਸਹਿ ਰਹੇ ਹਨ), ਅਤੇ ਬੇਸ਼ੁਮਾਰ ਜੀਵ ਘੋੜਿਆਂ ਤੇ ਚੜ੍ਹ ਰਹੇ ਹਨ (ਭਾਵ, ਮਾਇਆ ਦੀਆਂ ਮੌਜਾਂ ਲੈ ਰਹੇ ਹਨ)।

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥

(ਇਹ ਸਾਰੇ ਖੇਡ ਤਮਾਸ਼ੇ) ਉਹ ਪ੍ਰਭੂ ਆਪ ਹੀ ਕਰ ਰਿਹਾ ਹੈ, (ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ) ਮੈਂ ਕਿਸ ਦੇ ਅੱਗੇ (ਇਸ ਦੀ) ਫ਼ਰਿਆਦ ਕਰ ਸਕਦਾ ਹਾਂ?

ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

ਹੇ ਨਾਨਕ! ਜਿਸ ਕਰਤਾਰ ਨੇ ਸ੍ਰਿਸ਼ਟੀ ਰਚੀ ਹੈ, ਫਿਰ ਉਹੀ ਉਸ ਦੀ ਸੰਭਾਲਣਾ ਕਰ ਰਿਹਾ ਹੈ ॥੨੩॥


ਸਲੋਕੁ ਮ : ੧ ॥
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥

ਪ੍ਰਭੂ ਨੇ (ਜੀਵਾਂ ਦੇ ਸਰੀਰ-ਰੂਪ) ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਭਾਵ, ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ)।

ਇਕਨ੍ਰੀ ਦੁਧੁ ਸਮਾਈਐ ਇਕਿ ਚੁਲੈ੍ ਰਹਨਿ੍ ਚੜੇ ॥

ਕਈ ਭਾਂਡਿਆਂ ਵਿਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਵਿਚਾਰੇ ਚੁੱਲ੍ਹੇ ਉੱਤੇ ਹੀ ਤਪਦੇ ਰਹਿੰਦੇ ਹਨ (ਭਾਵ, ਕਈ ਜੀਵਾਂ ਦੇ ਭਾਗਾਂ ਵਿਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ)।

ਇਕਿ ਨਿਹਾਲੀ ਪੈ ਸੇਵਨਿ੍ ਇਕਿ ਉਪਰਿ ਰਹਨਿ ਖੜੇ ॥

ਕਈ (ਭਾਗਾਂ ਵਾਲੇ) ਤੁਲਾਈਆਂ ਉੱਤੇ ਬੇਫ਼ਿਕਰ ਹੋ ਕੇ ਸੌਂਦੇ ਹਨ, ਕਈ ਵਿਚਾਰੇ (ਉਹਨਾਂ ਦੀ ਰਾਖੀ ਆਦਿਕ ਸੇਵਾ ਵਾਸਤੇ) ਉਹਨਾਂ ਦੀ ਹਜ਼ੂਰੀ ਵਿਚ ਖਲੋਤੇ ਰਹਿੰਦੇ ਹਨ।

ਤਿਨ੍ਰਾ ਸਵਾਰੇ ਨਾਨਕਾ ਜਿਨ੍ਰ ਕਉ ਨਦਰਿ ਕਰੇ ॥੧॥

ਪਰ, ਹੇ ਨਾਨਕ! ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਵਾਰਦਾ ਹੈ (ਭਾਵ, ਉਹਨਾਂ ਦਾ ਜੀਵਨ ਸੁਧਾਰਦਾ ਹੈ) ॥੧॥


ਮਹਲਾ ੨ ॥
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥

ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਂਦਾ ਹੈ, ਸ੍ਰਿਸ਼ਟੀ ਦੀ ਸੰਭਾਲ ਭੀ ਆਪ ਹੀ ਕਰਦਾ ਹੈ,

ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥

ਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਪੈਦਾ ਕਰ ਕੇ ਵੇਖਦਾ ਹੈ, ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਹਦਾ ਹੈ।

ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥

ਹੇ ਨਾਨਕ! (ਉਸ ਤੋਂ ਬਿਨਾ) ਕਿਸੇ ਹੋਰ ਦੇ ਅਗੇ ਫ਼ਰਿਆਦ ਨਹੀਂ ਹੋ ਸਕਦੀ, ਉਹ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ॥੨॥


ਪਉੜੀ ॥
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥

ਪ੍ਰਭੂ ਦੇ ਗੁਣਾਂ ਸੰਬੰਧੀ ਕੋਈ ਗੱਲ ਕਹੀ ਨਹੀਂ ਜਾ ਸਕਦੀ, (ਭਾਵ, ਗੁਣਾਂ ਦਾ ਅੰਤ ਨਹੀਂ ਪੈ ਸਕਦਾ)।

ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥

ਉਹ ਆਪ ਹੀ ਸਿਰਜਨਹਾਰ ਹੈ, ਆਪ ਹੀ ਕੁਦਰਤ ਦਾ ਮਾਲਕ ਹੈ, ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ਤੇ ਆਪ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ।

ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥

ਸਾਰੇ ਜੀਵ ਉਹੀ ਕਰਦੇ ਹਨ ਜੋ ਉਸ ਪ੍ਰਭੂ ਨੇ ਆਪ ਹੀ (ਉਹਨਾਂ ਦੇ ਭਾਗਾਂ ਵਿਚ) ਪਾ ਛੱਡੀ ਹੈ।

ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥

ਹੇ ਨਾਨਕ! ਇਕ ਪ੍ਰਭੂ ਦੀ ਟੇਕ ਤੋਂ ਬਿਨਾ ਹੋਰ ਕੋਈ ਥਾਂ ਨਹੀਂ,

ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ

ਜੋ ਕੁਝ ਉਸ ਦੀ ਮਰਜ਼ੀ ਹੈ ਉਹੀ ਕਰਦਾ ਹੈ ॥੨੪॥੧॥ ਸੁਧੁ


ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਰਾਗੁ ਆਸਾ ਬਾਣੀ ਭਗਤਾ ਕੀ ॥
ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥

ਆਸਾ ਸ੍ਰੀ ਕਬੀਰ ਜੀਉ ॥

ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥

ਮੈਂ ਆਪਣੇ ਗੁਰੂ ਦੀ ਚਰਨੀਂ ਲੱਗ ਕੇ ਬੇਨਤੀ ਕਰਦਾ ਹਾਂ ਤੇ ਪੁੱਛਦਾ ਹਾਂ-ਹੇ ਗੁਰੂ! ਮੈਨੂੰ ਇਹ ਗੱਲ ਸਮਝਾ ਕੇ ਦੱਸ ਕਿ ਜੀਵ ਕਾਹਦੇ ਲਈ ਪੈਦਾ ਕੀਤਾ ਜਾਂਦਾ ਹੈ,

ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥

ਤੇ ਕਿਸ ਕਾਰਨ ਜਗਤ ਜੰਮਦਾ ਮਰਦਾ ਰਹਿੰਦਾ ਹੈ (ਭਾਵ, ਜੀਵ ਨੂੰ ਮਨੁੱਖਾ-ਜਨਮ ਦੇ ਮਨੋਰਥ ਦੀ ਸੂਝ ਗੁਰੂ ਤੋਂ ਹੀ ਪੈ ਸਕਦੀ ਹੈ) ॥੧॥

ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥

ਹੇ ਗੁਰਦੇਵ! ਮੇਰੇ ਉੱਤੇ ਮਿਹਰ ਕਰ, ਮੈਨੂੰ (ਜ਼ਿੰਦਗੀ ਦੇ ਸਹੀ) ਰਸਤੇ ਉੱਤੇ ਪਾ, ਜਿਸ ਰਾਹ ਤੇ ਤੁਰਿਆਂ ਮੇਰੇ ਦੁਨੀਆ ਵਾਲੇ ਸਹਮ ਤੇ ਮਾਇਆ ਵਾਲੇ ਜਕੜ ਟੁਟ ਜਾਣ,

ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥

ਮੇਰੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੇਰੀ ਜਿੰਦ ਦੇ ਸਾਰੀ ਉਮਰ ਦੇ ਜੰਜਾਲ ਉੱਕਾ ਹੀ ਮੁੱਕ ਜਾਣ ॥੧॥ ਰਹਾਉ ॥

ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥

ਹੇ ਮੇਰੇ ਗੁਰਦੇਵ! ਮੇਰਾ ਮਨ (ਆਪਣੇ ਗਲੋਂ) ਮਾਇਆ ਦੀਆਂ ਫਾਹੀਆਂ ਤੇ ਬੰਧਨ ਤੋੜਦਾ ਨਹੀਂ, ਨਾਹ ਹੀ ਇਹ (ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਅਫੁਰ ਪ੍ਰਭੂ ਵਿਚ ਜੁੜਦਾ ਹੈ।

ਆਪਾ ਪਦੁ ਨਿਰਬਾਣੁ ਨ ਚੀਨਿ੍ਆ ਇਨ ਬਿਧਿ ਅਭਿਉ ਨ ਚੂਕੇ ॥੨॥

ਮੇਰੇ ਇਸ ਮਨ ਨੇ ਆਪਣੇ ਵਾਸ਼ਨਾ-ਰਹਿਤ ਅਸਲੇ ਦੀ ਪਛਾਣ ਨਹੀਂ ਕੀਤੀ, ਤੇ ਇਹਨੀਂ ਗੱਲੀਂ ਇਸ ਦਾ ਕੋਰਾ-ਪਨ ਦੂਰ ਨਹੀਂ ਹੋਇਆ ॥੨॥

ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥

ਹੇ ਗੁਰਦੇਵ! ਮੇਰਾ ਮਨ, ਜੋ ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਦੇ ਅਸਮਰੱਥ ਸੀ, ਇਸ ਜਗਤ ਨੂੰ-ਜੋ ਕਿਸੇ ਹਾਲਤ ਵਿਚ ਭੀ ਪ੍ਰਭੂ ਤੋਂ ਵੱਖਰਾ ਟਿਕ ਨਹੀਂ ਸਕਦਾ-ਉਸ ਤੋਂ ਵੱਖਰੀ ਹਸਤੀ ਵਾਲਾ ਸਮਝਦਾ ਰਿਹਾ ਹੈ।

ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥

(ਪਰ ਤੇਰੀ ਮਿਹਰ ਨਾਲ ਜਦੋਂ ਤੋਂ) ਮੇਰੇ ਮਨ ਦੀ ਉਹ ਮੱਤ ਨਾਸ ਹੋਈ ਹੈ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ, ਤਾਂ ਹੁਣ ਸਦਾ ਇਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੩॥

ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥

(ਹੇ ਗੁਰਦੇਵ!) ਜਿਵੇਂ, ਜਦੋਂ ਪਾਣੀ ਨਾਲ ਭਰਿਆ ਹੋਇਆ ਘੜਾ ਟੁੱਟ ਜਾਂਦਾ ਹੈ ਤਾਂ (ਉਸ ਪਾਣੀ ਵਿਚ ਪੈਣ ਵਾਲਾ) ਅਕਸ ਪਾਣੀ ਨਾਲ ਹੀ ਮਿਲ ਜਾਂਦਾ ਹੈ (ਭਾਵ, ਜਿਵੇਂ ਪਾਣੀ ਅਤੇ ਅਕਸ ਦੀ ਹਸਤੀ ਉਸ ਘੜੇ ਵਿਚੋਂ ਮੁੱਕ ਜਾਂਦੀ ਹੈ),

ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥੪॥੧॥

ਕਬੀਰ ਆਖਦਾ ਹੈ- ਤਿਵੇਂ ਤੇਰੀ ਮਿਹਰ ਨਾਲ ਰੱਸੀ (ਤੇ ਸੱਪ) ਵਾਲਾ ਭੁਲੇਖਾ ਮਿਟ ਗਿਆ ਹੈ (ਇਹ ਭੁਲੇਖਾ ਮੁੱਕ ਗਿਆ ਹੈ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ), ਤੇ ਮੇਰਾ ਮਨ ਅਫੁਰ ਪ੍ਰਭੂ ਵਿਚ ਟਿਕ ਗਿਆ ਹੈ ॥੪॥੧॥


ਆਸਾ ॥
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥

(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ,

ਗਲੀ ਜਿਨ੍ਰਾ ਜਪਮਾਲੀਆ ਲੋਟੇ ਹਥਿ ਨਿਬਗ ॥

ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ,

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥

(ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ॥੧॥

ਐਸੇ ਸੰਤ ਨ ਮੋ ਕਉ ਭਾਵਹਿ ॥

ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ,

ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥

ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ॥੧॥ ਰਹਾਉ ॥

ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥

(ਇਹ ਲੋਕ) ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ,

ਬਸੁਧਾ ਖੋਦਿ ਕਰਹਿ ਦੁਇ ਚੁਲੈ੍ ਸਾਰੇ ਮਾਣਸ ਖਾਵਹਿ ॥੨॥

ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ ॥੨॥

ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥

ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀਂ ਮਾਇਆ ਦੇ ਨੇੜੇ ਨਹੀਂ ਛੋਂਹਦੇ।

ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥

ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ ॥੩॥

ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥

(ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ।

ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥

ਕਬੀਰ ਆਖਦਾ ਹੈ- ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ॥੪॥੨॥


ਆਸਾ ॥
ਬਾਪਿ ਦਿਲਾਸਾ ਮੇਰੋ ਕੀਨ੍ਰਾ ॥

(ਮੇਰੇ ਅੰਦਰ ਟਿਕ ਕੇ) ਮੇਰੇ ਪਿਤਾ-ਪ੍ਰਭੂ ਨੇ ਮੈਨੂੰ ਸਹਾਰਾ ਦੇ ਦਿੱਤਾ ਹੈ,

ਸੇਜ ਸੁਖਾਲੀ ਮੁਖਿ ਅੰਮ੍ਰਿਤੁ ਦੀਨ੍ਰਾ ॥

(ਜਪਣ ਲਈ) ਮੇਰੇ ਮੂੰਹ ਵਿਚ (ਉਸ ਨੇ ਆਪਣਾ) ਅੰਮ੍ਰਿਤ-ਨਾਮ ਦਿੱਤਾ ਹੈ, (ਇਸ ਵਾਸਤੇ) ਮੇਰੀ (ਹਿਰਦਾ-ਰੂਪ) ਸੇਜ ਸੁਖਦਾਈ ਹੋ ਗਈ।

ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ ॥

(ਜਿਸ ਪਿਉ ਨੇ ਇਤਨਾ ਸੁਖ ਦਿੱਤਾ ਹੈ) ਉਸ ਪਿਉ ਨੂੰ ਮੈਂ (ਕਦੇ) ਮਨ ਤੋਂ ਨਹੀਂ ਭੁਲਾਵਾਂਗਾ।

ਆਗੈ ਗਇਆ ਨ ਬਾਜੀ ਹਾਰੀ ॥੧॥

(ਜਿਵੇਂ ਇੱਥੇ ਮੈਂ ਸੌਖਾ ਹੋ ਗਿਆ ਹਾਂ, ਤਿਵੇਂ) ਅਗਾਂਹ ਚੱਲ ਕੇ (ਭੀ) ਮੈਂ (ਮਨੁੱਖਾ-ਜਨਮ ਦੀ) ਖੇਡ ਨਹੀਂ ਹਾਰਾਂਗਾ ॥੧॥

ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ॥

ਮੇਰੇ ਉੱਤੋਂ ਮਾਇਆ ਦਾ ਪ੍ਰਭਾਵ ਮਿਟ ਗਿਆ ਹੈ, ਹੁਣ ਮੈਂ ਬੜਾ ਸੌਖਾ ਹੋ ਗਿਆ ਹਾਂ;

ਪਹਿਰਉ ਨਹੀ ਦਗਲੀ ਲਗੈ ਨ ਪਾਲਾ ॥੧॥ ਰਹਾਉ ॥

ਨਾਹ ਹੁਣ ਮੈਨੂੰ ਮਾਇਆ ਦਾ ਮੋਹ ਸਤਾਉਂਦਾ ਹੈ, ਤੇ ਨਾਹ ਹੀ ਮੈਂ ਹੁਣ (ਮੁੜ ਮੁੜ) ਸਰੀਰ-ਰੂਪ ਗੋਦੜੀ ਪਹਿਨਾਂਗਾ ॥੧॥ ਰਹਾਉ ॥

ਬਲਿ ਤਿਸੁ ਬਾਪੈ ਜਿਨਿ ਹਉ ਜਾਇਆ ॥

ਜਿਸ ਪ੍ਰਭੂ-ਪਿਤਾ ਨੇ ਮੈਨੂੰ (ਇਹ ਨਵਾਂ) ਜਨਮ ਦਿੱਤਾ ਹੈ, ਉਸ ਤੋਂ ਮੈਂ ਸਦਕੇ ਹਾਂ,

ਪੰਚਾ ਤੇ ਮੇਰਾ ਸੰਗੁ ਚੁਕਾਇਆ ॥

ਉਸ ਨੇ ਪੰਜ ਕਾਮਾਦਿਕਾਂ ਤੋਂ ਮੇਰਾ ਖਹਿੜਾ ਛੁਡਾ ਦਿੱਤਾ ਹੈ।

ਪੰਚ ਮਾਰਿ ਪਾਵਾ ਤਲਿ ਦੀਨੇ ॥

ਹੁਣ ਉਹ ਪੰਜੇ ਮਾਰ ਕੇ ਮੈਂ ਆਪਣੇ ਪੈਰਾਂ ਹੇਠ ਦੇ ਲਏ ਹਨ,

ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ ॥੨॥

ਕਿਉਂਕਿ (ਇਹਨਾਂ ਵਲੋਂ ਹਟ ਕੇ) ਮੇਰਾ ਮਨ ਤੇ ਤਨ ਪ੍ਰਭੂ ਦੇ ਸਿਮਰਨ ਵਿਚ ਮਸਤ ਹੋ ਗਏ ਹਨ ॥੨॥

ਪਿਤਾ ਹਮਾਰੋ ਵਡ ਗੋਸਾਈ ॥

ਮੇਰਾ (ਉਹ) ਪਿਉ ਬੜਾ ਵੱਡਾ ਮਾਲਕ ਹੈ।

ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥

(ਜੇ ਕੋਈ ਪੁੱਛੇ ਕਿ) ਮੈਂ (ਕੰਗਾਲ ਕਬੀਰ) ਉਸ ਪਿਤਾ ਪਾਸ ਕਿਵੇਂ ਅੱਪੜ ਗਿਆ ਹਾਂ?

ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥

(ਤਾਂ ਇਸ ਦਾ ਉੱਤਰ ਇਹ ਹੈ ਕਿ ਜਦੋਂ) ਮੈਨੂੰ ਸਤਿਗੁਰੂ ਮਿਲ ਪਏ ਤਾਂ ਉਹਨਾਂ (ਪਿਤਾ-ਪ੍ਰਭੂ ਦੇ ਦੇਸ ਦਾ) ਰਾਹ ਵਿਖਾ ਦਿੱਤਾ,

ਜਗਤ ਪਿਤਾ ਮੇਰੈ ਮਨਿ ਭਾਇਆ ॥੩॥

ਤੇ ਜਗਤ ਦਾ ਪਿਉ-ਪ੍ਰਭੂ ਮੈਨੂੰ ਮੇਰੇ ਮਨ ਵਿਚ ਪਿਆਰਾ ਲੱਗ ਪਿਆ ॥੩॥

ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥

(ਹੁਣ ਮੈਂ ਨਿਸੰਗ ਹੋ ਕੇ ਉਸ ਨੂੰ ਆਖਦਾ ਹਾਂ, ਹੇ ਪ੍ਰਭੂ!) ਮੈਂ ਤੇਰਾ ਬੱਚਾ ਹਾਂ, ਤੂੰ ਮੇਰਾ ਪਿਉ ਹੈਂ,

ਏਕੈ ਠਾਹਰ ਦੁਹਾ ਬਸੇਰਾ ॥

ਅਸਾਡਾ ਦੋਹਾਂ ਦਾ (ਹੁਣ) ਇੱਕੋ ਥਾਂ ਹੀ (ਮੇਰੇ ਹਿਰਦੇ ਵਿਚ) ਨਿਵਾਸ ਹੈ।

ਕਹੁ ਕਬੀਰ ਜਨਿ ਏਕੋ ਬੂਝਿਆ ॥

ਕਬੀਰ ਆਖਦਾ ਹੈ- ਮੈਂ ਦਾਸ ਨੇ ਉਸ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ।)

ਗੁਰਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥

ਸਤਿਗੁਰੂ ਦੀ ਕਿਰਪਾ ਨਾਲ ਮੈਨੂੰ (ਜੀਵਨ ਦੇ ਰਸਤੇ ਦੀ) ਸਾਰੀ ਸੂਝ ਪੈ ਗਈ ਹੈ ॥੪॥੩॥


ਆਸਾ ॥
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥

(ਮਾਇਆ ਦੇ ਬਲਵਾਨ) ਪੰਜ ਕਾਮਦਿਕਾਂ ਨਾਲ ਮੇਲ-ਜੋਲ ਰੱਖਣ ਵਾਲੇ ਮਨੁੱਖ ਇੱਕ ਭਾਂਡੇ ਵਿਚ ਕੁੱਕੜ (ਆਦਿਕ) ਦਾ ਰਿੰਨ੍ਹਿਆ ਹੋਇਆ ਮਾਸ ਪਾ ਲੈਂਦੇ ਹਨ, ਦੂਜੇ ਭਾਂਡੇ ਵਿਚ ਸ਼ਰਾਬ ਪਾ ਲੈਂਦੇ ਹਨ।

ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥

(ਇਸ ਮਾਸ-ਸ਼ਰਾਬ ਦੇ) ਆਲੇ-ਦੁਆਲੇ ਬੈਠ ਜਾਂਦੇ ਹਨ, ਇਹਨਾਂ (ਵਿਸ਼ਈ ਬੰਦਿਆਂ) ਦੇ ਅੰਦਰ ਨਿਲੱਜ ਮਾਇਆ (ਦਾ ਪ੍ਰਭਾਵ) ਹੁੰਦਾ ਹੈ ॥੧॥

ਨਕਟੀ ਕੋ ਠਨਗਨੁ ਬਾਡਾ ਡੂੰ ॥

ਨਿਲੱਜ ਮਾਇਆ ਦਾ ਵਾਜਾ (ਸਾਰੇ ਜਗਤ ਵਿਚ) ਠਨ-ਠਨ ਕਰ ਕੇ ਵੱਜ ਰਿਹਾ ਹੈ।

ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥

ਹੇ ਮਾਇਆ! ਕਿਸੇ ਵਿਰਲੇ ਵਿਚਾਰਵਾਨ ਨੇ ਤੇਰਾ ਬਲ ਪੈਣ ਨਹੀਂ ਦਿੱਤਾ ॥੧॥ ਰਹਾਉ ॥

ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥

(ਜਿੱਧਰ ਤੱਕੋ) ਸਭ ਜੀਵਾਂ ਦੇ ਮਨਾਂ ਵਿਚ ਨਿਲੱਜ ਮਾਇਆ ਦਾ ਜ਼ੋਰ ਪੈ ਰਿਹਾ ਹੈ, ਮਾਇਆ ਸਭਨਾਂ (ਦੇ ਆਤਮਕ ਜੀਵਨ) ਨੂੰ ਮਾਰ ਕੇ ਗਹੁ ਨਾਲ ਵੇਖਦੀ ਹੈ (ਕਿ ਕੋਈ ਬਚ ਤਾਂ ਨਹੀਂ ਰਿਹਾ)।

ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥

(ਮਾਇਆ, ਮਾਨੋ, ਆਖਦੀ ਹੈ-) ਮੈਂ ਸਭ ਜੀਵਾਂ ਦੀ ਭੈਣ ਭਣੇਵੀਂ ਹਾਂ (ਭਾਵ, ਸਾਰੇ ਜੀਵ ਮੈਨੂੰ ਤਰਲੇ ਲੈ ਲੈ ਕੇ ਇਕੱਠੀ ਕਰਦੇ ਹਨ), ਪਰ ਜਿਸ ਮਨੁੱਖ ਨੇ ਮੈਨੂੰ ਵਿਆਹ ਲਿਆ ਹੈ (ਭਾਵ, ਜਿਸ ਨੇ ਆਪਣੇ ਉੱਤੇ ਮੇਰਾ ਜ਼ੋਰ ਨਹੀਂ ਪੈਣ ਦਿੱਤਾ) ਮੈਂ ਉਸ ਦੀ ਦਾਸੀ ਹੋ ਜਾਂਦੀ ਹਾਂ ॥੨॥

ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥

ਕੋਈ ਵੱਡਾ ਗਿਆਨਵਾਨ ਮਨੁੱਖ ਹੀ, ਜਿਸ ਨੂੰ ਜਗਤ ਸੰਤ ਆਖਦਾ ਹੈ, ਮੇਰਾ (ਮਾਇਆ ਦਾ) ਖਸਮ ਬਣ ਸਕਦਾ ਹੈ।

ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥

ਉਹੀ ਮੇਰੇ ਉੱਤੇ ਕਾਬੂ ਪਾ ਰੱਖਣ ਦੇ ਸਮਰਥ ਹੁੰਦਾ ਹੈ। ਹੋਰ ਕੋਈ ਤਾਂ ਮੇਰੇ ਨੇੜੇ ਭੀ ਨਹੀਂ ਢੁਕ ਸਕਦਾ (ਭਾਵ, ਕਿਸੇ ਹੋਰ ਦੀ ਮੇਰੇ ਅੱਗੇ ਪੇਸ਼ ਨਹੀਂ ਜਾ ਸਕਦੀ) ॥੩॥

ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥

ਸੰਤ ਜਨਾਂ ਨੇ ਮਾਇਆ ਨੂੰ ਨੱਕ ਤੋਂ ਕੱਟ ਦਿੱਤਾ ਹੈ, ਚੰਗੀ ਤਰ੍ਹਾਂ ਕੱਟ ਕੇ ਪਰੇ ਸੁੱਟ ਦਿੱਤਾ ਹੈ।

ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥

ਕਬੀਰ ਆਖਦਾ ਹੈ- ਮਾਇਆ ਸੰਤਾਂ ਨਾਲ ਸਦਾ ਵੈਰ ਕਰਦੀ ਹੈ (ਕਿਉਂਕਿ ਉਹਨਾਂ ਦੇ ਆਤਮਕ ਜੀਵਨ ਉੱਤੇ ਚੋਟ ਕਰਨ ਦਾ ਸਦਾ ਜਤਨ ਕਰਦੀ ਹੈ), ਪਰ ਸਾਰੇ ਜਗਤ ਦੇ ਜੀਵ ਇਸ ਨਾਲ ਪਿਆਰ ਕਰਦੇ ਹਨ ॥੪॥੪॥


ਆਸਾ ॥
ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ ॥

(ਕਈ ਲੋਕ) ਜੋਗੀ ਹਨ, ਜਤੀ ਹਨ, ਤਪੀ ਹਨ, ਸੰਨਿਆਸੀ ਹਨ, ਬਹੁਤ ਤੀਰਥਾਂ ਤੇ ਜਾਣ ਵਾਲੇ ਹਨ,

ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ ॥੧॥

ਸ੍ਰੇਵੜੇ ਹਨ, ਬੈਰਾਗੀ ਹਨ, ਮੋਨਧਾਰੀ ਹਨ, ਜਟਾਧਾਰੀ ਹਨ-ਇਹ ਸਾਰੇ ਸਾਧਨ ਕਰਦਿਆਂ ਭੀ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥

ਤਾ ਤੇ ਸੇਵੀਅਲੇ ਰਾਮਨਾ ॥

ਸੋ ਸਭ ਤੋਂ ਚੰਗੀ ਗੱਲ ਇਹ ਹੈ ਕਿ ਪ੍ਰਭੂ ਦਾ ਨਾਮ ਸਿਮਰਿਆ ਜਾਏ।

ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ ॥੧॥ ਰਹਾਉ ॥

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਪਿਆਰ ਹੈ, ਜੋ ਮਨੁੱਖ ਜੀਭ ਨਾਲ ਨਾਮ ਸਿਮਰਦਾ ਹੈ, ਜਮ ਉਸ ਦਾ ਕੁਝ ਨਹੀਂ ਵਿਗਾੜ ਸਕਦਾ (ਕਿਉਂਕਿ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ) ॥੧॥ ਰਹਾਉ ॥

ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥

ਜੋ ਲੋਕ ਸ਼ਾਸਤ੍ਰ ਵੇਦ ਜੋਤਿਸ਼ ਤੇ ਕਈ ਵਿਆਕਰਣ ਜਾਣਦੇ ਹਨ,

ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ ॥੨॥

ਜੋ ਮਨੁੱਖ ਜਾਦੂ ਟੂਣੇ ਮੰਤ੍ਰ ਤੇ ਦਵਾਈਆਂ ਜਾਣਦੇ ਹਨ, ਉਹਨਾਂ ਦਾ ਭੀ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ ॥੨॥

ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ ॥

ਕਈ ਐਸੇ ਹਨ ਜੋ ਰਾਜ ਦੀਆਂ ਮੌਜਾਂ ਮਾਣਦੇ ਹਨ, ਤਖ਼ਤ ਉੱਤੇ ਬੈਠੇ ਹਨ, ਜਿਨ੍ਹਾਂ ਦੇ ਸਿਰ ਉੱਤੇ ਛਤਰ ਝੁਲਦਾ ਹੈ, (ਮਹਿਲਾਂ ਵਿਚ) ਸੁੰਦਰ ਨਾਰਾਂ ਹਨ,

ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ ॥੩॥

ਜੋ ਪਾਨ ਕਪੂਰ ਸੁੰਦਰ ਸੁਗੰਧੀ ਦੇਣ ਵਾਲੇ ਚੰਦਨ ਵਰਤਦੇ ਹਨ-ਮੌਤ ਦਾ ਗੇੜ ਉਹਨਾਂ ਦੇ ਸਿਰ ਤੇ ਭੀ ਮੌਜੂਦ ਹੈ ॥੩॥

ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ ॥

ਵੇਦ, ਪੁਰਾਨ, ਸਿਮ੍ਰਿਤੀਆਂ ਸਾਰੇ ਖੋਜ ਵੇਖੇ ਹਨ (ਪ੍ਰਭੂ ਦੇ ਨਾਮ ਦੀ ਓਟ ਤੋਂ ਬਿਨਾ ਹੋਰ ਕਿਤੇ ਭੀ ਜਨਮ ਮਰਨ ਦੇ ਗੇੜ ਤੋਂ ਬਚਾਉ ਨਹੀਂ ਮਿਲਦਾ;

ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥੪॥੫॥

ਕਬੀਰ ਆਖਦਾ ਹੈ- ਸੋ, ਮੈਂ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪ੍ਰਭੂ ਦਾ ਨਾਮ ਹੀ ਜਨਮ ਮਰਨ ਮਿਟਾਂਦਾ ਹੈ ॥੪॥੫॥


ਆਸਾ ॥
ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ ॥

(ਮਨ ਦਾ) ਹਾਥੀ (ਵਾਲਾ ਸੁਭਾਉ) ਰਬਾਬੀ (ਬਣ ਗਿਆ ਹੈ), ਬਲਦ (ਵਾਲਾ ਸੁਭਾਉ) ਜੋੜੀ ਵਜਾਣ ਵਾਲਾ (ਹੋ ਗਿਆ ਹੈ) ਅਤੇ ਕਾਂ (ਵਾਲਾ ਸੁਭਾਉ) ਤਾਲ ਵਜਾ ਰਿਹਾ ਹੈ।

ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥੧॥

ਖੋਤਾ (-ਖੋਤੇ ਵਾਲਾ ਸੁਭਾਉ) (ਪ੍ਰੇਮ ਰੂਪੀ) ਚੋਲਾ ਪਾ ਕੇ ਨੱਚ ਰਿਹਾ ਹੈ, ਅਤੇ ਭੈਂਸਾ (ਭਾਵ, ਭੈਂਸੇ ਵਾਲਾ ਸੁਭਾਉ) ਭਗਤੀ ਕਰਦਾ ਹੈ ॥੧॥

ਰਾਜਾ ਰਾਮ ਕਕਰੀਆ ਬਰੇ ਪਕਾਏ ॥

ਹੇ ਮੇਰੇ ਸੁਹਣੇ ਰਾਮ ਅੱਕਾਂ ਦੀਆਂ ਖੱਖੜੀਆਂ (ਹੁਣ) ਪੱਕੇ ਹੋਏ ਅੰਬ ਬਣ ਗਏ ਹਨ,

ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥

ਪਰ ਖਾਧੇ ਕਿਸੇ ਵਿਰਲੇ ਵਿਚਾਰ ਵਾਲੇ ਨੇ ਹਨ ॥੧॥ ਰਹਾਉ ॥

ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥

(ਮਨ-) ਸਿੰਘ ਆਪਣੇ ਸ੍ਵੈ-ਸਰੂਪ ਵਿਚ ਟਿਕ ਕੇ (ਭਾਵ, ਮਨ ਦਾ ਨਿਰਦਇਤਾ ਵਾਲਾ ਸੁਭਾਉ ਹਟ ਕੇ ਹੁਣ ਇਹ) ਸੇਵਾ ਦਾ ਆਹਰ ਕਰਦਾ ਹੈ ਤੇ (ਮਨ-) ਘੀਸ ਪਾਨਾਂ ਦੇ ਬੀੜੇ ਵੰਡ ਰਹੀ ਹੈ, (ਭਾਵ, ਮਨ ਤ੍ਰਿਸ਼ਨਾ ਛੱਡ ਕੇ ਹੋਰਨਾਂ ਦੀ ਸੇਵਾ ਕਰਦਾ ਹੈ)।

ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ ॥੨॥

ਸਾਰੀਆਂ ਇੰਦ੍ਰੀਆਂ ਆਪੋ ਆਪਣੇ ਗੋਲਕ-ਅਸਥਾਨ ਵਿਚ ਰਹਿ ਕੇ ਹਰੀ-ਜਸ ਰੂਪ ਮੰਗਲ ਗਾ ਰਹੀਆਂ ਹਨ ਤੇ (ਉਹੀ) ਮਨ (ਜੋ ਪਹਿਲਾਂ) ਕੱਛੂ-ਕੁੰਮਾ (ਸੀ, ਭਾਵ, ਜੋ ਪਹਿਲਾਂ ਸਤਸੰਗ ਤੋਂ ਦੂਰ ਭੱਜਦਾ ਸੀ, ਹੁਣ) ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ ॥੨॥

ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥

(ਜੋ ਪਹਿਲਾਂ) ਮਾਇਆ ਵਿਚ ਵੇੜ੍ਹਿਆ ਹੋਇਆ (ਸੀ, ਉਹ) ਮਨ (ਸੁਅੱਛ ਬ੍ਰਿਤੀ) ਵਿਆਹੁਣ ਤੁਰ ਪਿਆ ਹੈ, (ਹੁਣ) ਅੰਦਰ ਖਿੜਾਉ ਹੀ ਖਿੜਾਉ ਬਣ ਗਿਆ ਹੈ।

ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ ॥੩॥

ਉਸ ਮਨ ਨੇ (ਹਰੀ ਨਾਲ ਜੁੜੀ ਉਹ ਬ੍ਰਿਤੀ-ਰੂਪ) ਸੁੰਦਰੀ ਵਿਆਹ ਲਈ ਹੈ ਜੋ ਵਿਕਾਰਾਂ ਵਲੋਂ ਕੁਆਰੀ ਹੈ (ਅਤੇ ਹੁਣ ਉਹ ਮਨ ਜੋ ਪਹਿਲਾਂ ਵਿਕਾਰਾਂ ਵਿਚ ਪੈਣ ਦੇ ਕਾਰਨ) ਸਹਿਆ (ਸੀ, ਭਾਵ, ਸਹਮਿਆ ਰਹਿੰਦਾ ਸੀ) ਨਿਰਭਉ ਹਰੀ ਦੇ ਗੁਣ ਗਾਉਂਦਾ ਹੈ ॥੩॥

ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ ॥

ਕਬੀਰ ਆਖਦਾ ਹੈ-ਹੇ ਸੰਤ ਜਨੋਂ! ਸੁਣਹੁ (ਹੁਣ ਮਨ ਦੀ) ਨਿੰਮ੍ਰਤਾ ਨੇ ਅਹੰਕਾਰ ਨੂੰ ਮੁਕਾ ਦਿੱਤਾ ਹੈ।

ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥੪॥੬॥

(ਮਨ ਦਾ) ਕੋਰਾਪਨ (ਹਟ ਗਿਆ ਹੈ, ਤੇ ਮਨ) ਕਹਿੰਦਾ ਹੈ, ਮੈਨੂੰ ਨਿੱਘ ਚਾਹੀਦਾ ਹੈ, (ਭਾਵ, ਹੁਣ ਮਨ ਇਨਸਾਨੀ ਹਮਦਰਦੀ ਦੇ ਗੁਣ ਦਾ ਚਾਹਵਾਨ ਹੈ)। (ਮਨ ਦੀ) ਅਗਿਆਨਤਾ ਉਲਟ ਕੇ ਗਿਆਨ ਬਣ ਗਿਆ ਹੈ, ਤੇ (ਹੁਣ ਮਨ ਹੋਰਨਾਂ ਨੂੰ) ਗੁਰੂ ਦਾ ਸ਼ਬਦ ਸੁਣਾ ਰਿਹਾ ਹੈ ॥੪॥੬॥


ਆਸਾ ॥
ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ ॥

ਉਹ ਜੋਗੀ ਇਕ ਪ੍ਰਭੂ-ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ, ਬਹੱਤਰ ਵੱਡੀਆਂ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ, ਜਿਸ ਸਰੀਰ ਵਿਚ ਪ੍ਰਭੂ ਨੂੰ ਮਿਲਣ ਲਈ (ਦਿਮਾਗ਼ ਰੂਪ) ਇੱਕੋ ਹੀ ਬੂਹਾ ਹੈ।

ਨਵੈ ਖੰਡ ਕੀ ਪ੍ਰਿਥਮੀ ਮਾਗੈ ਸੋ ਜੋਗੀ ਜਗਿ ਸਾਰਾ ॥੧॥

ਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ (ਪ੍ਰਭੂ ਦੇ ਦਰ ਤੋਂ ਨਾਮ ਦੀ) ਭਿੱਖਿਆ ਮੰਗਦਾ ਹੈ (ਸਾਡੀਆਂ ਨਜ਼ਰਾਂ ਵਿਚ ਤਾਂ) ਉਹ ਜੋਗੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਹੈ ॥੧॥

ਐਸਾ ਜੋਗੀ ਨਉ ਨਿਧਿ ਪਾਵੈ ॥

ਉਹ ਮਨੁੱਖ ਹੈ ਅਸਲ ਜੋਗੀ, ਉਸ ਨੂੰ (ਮਾਨੋ) ਨੌ ਖ਼ਜ਼ਾਨੇ ਮਿਲ ਜਾਂਦੇ ਹਨ,

ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥੧॥ ਰਹਾਉ ॥

ਜੋ ਮਾਇਆ-ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ ॥੧॥ ਰਹਾਉ ॥

ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥

ਅਸਲ ਜੋਗੀ ਗਿਆਨ ਦੀ ਗੋਦੜੀ ਬਣਾਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੀ ਸੂਈ ਤਿਆਰ ਕਰਦਾ ਹੈ, ਗੁਰੂ ਦਾ ਸ਼ਬਦ-ਰੂਪ ਧਾਗਾ ਵੱਟ ਕੇ (ਭਾਵ, ਮੁੜ ਮੁੜ ਸ਼ਬਦ ਦੀ ਕਮਾਈ ਕਰ ਕੇ) ਉਸ ਸੂਈ ਵਿਚ ਪਾਂਦਾ ਹੈ;

ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥੨॥

ਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦਾ ਹੈ ॥੨॥

ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥

ਅਸਲ ਜੋਗੀ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿਚ (ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ) ਨਜ਼ਰ ਦੀ ਅੱਗ ਬਾਲਦਾ ਹੈ (ਤੇ ਇਸ ਸਰੀਰ-ਰੂਪ ਧੂਏਂ ਵਿਚ ਭਲੇ ਗੁਣ ਇਕੱਠੇ ਕਰਨ ਲਈ) ਦਇਆ ਨੂੰ ਪਹੌੜੀ ਬਣਾਉਂਦਾ ਹੈ,

ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥੩॥

ਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦਾ ਹੈ ॥੩॥

ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਨਾ ॥

ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ, ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਜੋਗ ਦਾ ਆਹਰ ਹੈ।

ਕਹੁ ਕਬੀਰ ਜੇ ਕਿਰਪਾ ਧਾਰੈ ਦੇਇ ਸਚਾ ਨੀਸਾਨਾ ॥੪॥੭॥

ਕਬੀਰ ਆਖਦਾ ਹੈ- ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ-ਥਿਰ ਰਹਿਣ ਵਾਲਾ ਨੂਰ ਬਖ਼ਸ਼ਦਾ ਹੈ ॥੪॥੭॥


ਆਸਾ ॥
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥

ਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ?)

ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥

ਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿਚ ਸੋਚ ਤੇ ਵਿਚਾਰ ਕਰ ਕਿ ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ? (ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿਚ ਨਹੀਂ ਪਈਦਾ) ॥੧॥

ਕਾਜੀ ਤੈ ਕਵਨ ਕਤੇਬ ਬਖਾਨੀ ॥

ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ)?

ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥

(ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ ॥੧॥ ਰਹਾਉ ॥

ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥

(ਇਹ) ਸੁੰਨਤ (ਤਾਂ) ਔਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ। ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ)।

ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥

ਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ ॥੨॥

ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥

ਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ।

ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥

ਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ ॥੩॥

ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥

ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ।

ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥

ਕਬੀਰ ਨੇ ਤਾਂ ਇਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿਚ ਹੀ) ਖ਼ੁਆਰ ਹੋ ਰਹੇ ਹਨ ॥੪॥੮॥


ਆਸਾ ॥
ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥

(ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ।

ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ ॥੧॥

ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ ‘ਆਪਣੀ’ ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ) ॥੧॥

ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥

(ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ।

ਤੂੰ ਰਾਮ ਨਾਮੁ ਜਪਿ ਸੋਈ ॥੧॥ ਰਹਾਉ ॥

ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ ॥੧॥ ਰਹਾਉ ॥

ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥

ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ?

ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥੨॥

ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ ॥੨॥

ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥

ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ।

ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥੩॥

ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ ॥੩॥

ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥

ਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ)

ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥੪॥੯॥ ਦੁਤੁਕੇ

(ਕਿ ਜਿਨ੍ਹਾਂ ਨੂੰ ‘ਆਪਣਾ’ ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ ॥੪॥੯॥ ਦੋ-ਤੁਕਿਆਂ ਵਾਲੀ ਬਾਣੀ।


ਸਨਕ ਸਨੰਦ ਅੰਤੁ ਨਹੀ ਪਾਇਆ ॥

ਸਨਕ ਸਨੰਦ (ਆਦਿਕ ਬ੍ਰਹਮਾ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਹੀਂ ਲੱਭਾ,

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥

ਰਾਗ ਆਸਾ ਵਿੱਚ, ਭਗਤ ਕਬੀਰ ਜੀ ਦੀ ਚਾਰ-ਪਦਿਆਂ-ਇਕ-ਤੁਕਿਆਂ ਵਾਲੀ ਬਾਣੀ।

ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥

ਉਹਨਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ੍ਹ ਪੜ੍ਹ ਕੇ ਹੀ ਉਮਰ (ਵਿਅਰਥ) ਗਵਾ ਲਈ ॥੧॥

ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥

ਹੇ ਮੇਰੇ ਵੀਰ! ਮੁੜ ਮੁੜ ਪਰਮਾਤਮਾ ਦਾ ਸਿਮਰਨ ਕਰੋ,

ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥

ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰੋ ਤਾਂ ਜੁ (ਇਸ ਉੱਦਮ ਦਾ) ਤੱਤ ਹੱਥੋਂ ਜਾਂਦਾ ਨਾਹ ਰਹੇ (ਭਾਵ, ਪ੍ਰਭੂ ਨਾਲ ਮਿਲਾਪ ਬਣ ਸਕੇ) ॥੧॥ ਰਹਾਉ ॥

ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥

ਆਪਣੇ ਸਰੀਰ ਨੂੰ ਚਾਟੀ ਬਣਾਓ (ਭਾਵ, ਸਰੀਰ ਦੇ ਅੰਦਰੋਂ ਹੀ ਜੋਤ ਲੱਭਣੀ ਹੈ); ਮਨ ਨੂੰ ਭਟਕਣ ਤੋਂ ਬਚਾਈ ਰੱਖੋ-ਇਹ ਮਧਾਣੀ ਬਣਾਓ;

ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥

ਇਸ (ਸਰੀਰ-ਰੂਪ) ਚਾਟੀ ਵਿਚ (ਸਤਿਗੁਰੂ ਦਾ) ਸ਼ਬਦ-ਰੂਪ ਜਾਗ ਲਾਓ (ਜੋ ਸਿਮਰਨ-ਰੂਪ ਦੁੱਧ ਵਿਚੋਂ ਪ੍ਰਭੂ-ਮਿਲਾਪ ਦਾ ਤੱਤ ਕੱਢਣ ਵਿਚ ਸਹਾਇਤਾ ਕਰੇ) ॥੨॥

ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥

ਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ-ਰੂਪ ਰਿੜਕਣ ਦਾ ਆਹਰ ਕਰਦਾ ਹੈ,

ਗੁਰਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥

ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ-ਨਾਮ ਰੂਪ) ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ ॥੩॥

ਕਹੁ ਕਬੀਰ ਨਦਰਿ ਕਰੇ ਜੇ ਮੀਂਰਾ ॥

ਕਬੀਰ ਆਖਦਾ ਹੈ- ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਪਾਤਸ਼ਾਹ ਮਿਹਰ ਕਰਦਾ ਹੈ,

ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥

ਉਹ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਜਾ ਲੱਗਦਾ ਹੈ ॥੪॥੧॥੧੦॥


ਆਸਾ ॥
ਬਾਤੀ ਸੂਕੀ ਤੇਲੁ ਨਿਖੂਟਾ ॥

ਜਦੋਂ ਮਾਇਆ ਦੇ ਮੋਹ ਦਾ ਤੇਲ (ਜੀਵ ਦੇ ਅੰਦਰੋਂ) ਮੁੱਕ ਜਾਂਦਾ ਹੈ, ਉਸ ਦੀ ਸੁਰਤ (ਮਾਇਆ ਵਾਲੇ ਪਾਸੇ ਤੋਂ) ਹਟ ਜਾਂਦੀ ਹੈ,

ਮੰਦਲੁ ਨ ਬਾਜੈ ਨਟੁ ਪੈ ਸੂਤਾ ॥੧॥

ਉਹ ਜੀਵ-ਨਟ (ਜੋ ਪਹਿਲਾਂ ਮਾਇਆ ਦਾ ਨਚਾਇਆ ਨੱਚ ਰਿਹਾ ਸੀ) ਹੁਣ (ਮਾਇਆ ਵਲੋਂ) ਬੇ-ਪਰਵਾਹ ਹੋ ਕੇ ਭਟਕਣੋਂ ਰਹਿ ਜਾਂਦਾ ਹੈ, ਉਸ ਦੇ ਅੰਦਰ ਮਾਇਆ ਦਾ ਸ਼ੋਰ-ਰੂਪ ਢੋਲ ਨਹੀਂ ਵੱਜਦਾ ॥੧॥

ਬੁਝਿ ਗਈ ਅਗਨਿ ਨ ਨਿਕਸਿਓ ਧੂੰਆ ॥

ਜਿਸ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਤੇ ਤ੍ਰਿਸ਼ਨਾ ਵਿਚੋਂ ਉੱਠਣ ਵਾਲੀਆਂ ਵਾਸ਼ਨਾ ਮੁੱਕ ਜਾਂਦੀਆ ਹਨ,

ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥੧॥ ਰਹਾਉ ॥

ਉਸ ਨੂੰ ਹਰ ਥਾਂ ਇੱਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਜਾਪਦਾ ॥੧॥ ਰਹਾਉ ॥

ਟੂਟੀ ਤੰਤੁ ਨ ਬਜੈ ਰਬਾਬੁ ॥

(ਤ੍ਰਿਸ਼ਨਾ ਮੁੱਕਣ ਤੇ) ਮੋਹ ਦੀ ਤਾਰ ਟੁੱਟ ਜਾਂਦੀ ਹੈ।

ਭੂਲਿ ਬਿਗਾਰਿਓ ਅਪਨਾ ਕਾਜੁ ॥੨॥

(ਜਿਸ ਸਰੀਰਕ ਮੋਹ ਵਿਚ) ਫਸ ਕੇ ਪਹਿਲਾਂ ਮਨੁੱਖ ਆਪਣਾ (ਅਸਲ ਕਰਨ ਵਾਲਾ) ਕੰਮ ਖ਼ਰਾਬ ਕਰੀ ਜਾ ਰਿਹਾ ਸੀ, ਹੁਣ ਉਹ ਸਰੀਰਕ ਮੋਹ-ਰੂਪ ਰਬਾਬ ਵੱਜਦਾ ਹੀ ਨਹੀਂ ॥੨॥

ਕਥਨੀ ਬਦਨੀ ਕਹਨੁ ਕਹਾਵਨੁ ॥

(ਸਰੀਰ ਦੀ ਖ਼ਾਤਰ ਹੀ) ਉਹ ਪਹਿਲੀਆਂ ਗੱਲਾਂ, ਉਹ ਤਰਲੇ-

ਸਮਝਿ ਪਰੀ ਤਉ ਬਿਸਰਿਓ ਗਾਵਨੁ ॥੩॥

ਹੁਣ ਜਦੋਂ (ਜੀਵਨ ਦੀ) ਸਹੀ ਸਮਝ ਆ ਗਈ ਤਾਂ ਉਹ ਕੀਰਨੇ ਸਭ ਭੁੱਲ ਗਏ ॥੩॥

ਕਹਤ ਕਬੀਰ ਪੰਚ ਜੋ ਚੂਰੇ ॥

ਕਬੀਰ ਆਖਦਾ ਹੈ-ਜੋ ਮਨੁੱਖ ਪੰਜੇ ਕਾਮਾਦਿਕਾਂ ਨੂੰ ਮਾਰ ਲੈਂਦੇ ਹਨ,

ਤਿਨ ਤੇ ਨਾਹਿ ਪਰਮ ਪਦੁ ਦੂਰੇ ॥੪॥੨॥੧੧॥

ਉਹਨਾਂ ਮਨੁੱਖਾਂ ਤੋਂ ਉੱਚੀ ਆਤਮਕ ਅਵਸਥਾ ਦੂਰ ਨਹੀਂ ਰਹਿ ਜਾਂਦੀ ॥੪॥੨॥੧੧॥


ਆਸਾ ॥
ਸੁਤੁ ਅਪਰਾਧ ਕਰਤ ਹੈ ਜੇਤੇ ॥

ਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ,

ਜਨਨੀ ਚੀਤਿ ਨ ਰਾਖਸਿ ਤੇਤੇ ॥੧॥

ਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ ॥੧॥

ਰਾਮਈਆ ਹਉ ਬਾਰਿਕੁ ਤੇਰਾ ॥

ਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ,

ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥

ਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ? ॥੧॥ ਰਹਾਉ ॥

ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥

ਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ,

ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥

ਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ ॥੨॥

ਚਿੰਤ ਭਵਨਿ ਮਨੁ ਪਰਿਓ ਹਮਾਰਾ ॥

ਹੇ ਮੇਰੇ ਰਾਮ! ਮੇਰਾ ਮਨ ਚਿੰਤਾ ਦੇ ਖੂਹ ਵਿਚ ਪਿਆ ਹੋਇਆ ਹੈ (ਮੈਂ ਸਦਾ ਭੁੱਲਾਂ ਹੀ ਕਰਦਾ ਰਿਹਾ ਹਾਂ।)

ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥

ਤੇਰਾ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿਚੋਂ ਪਾਰ ਲੰਘੇ? ॥੩॥

ਦੇਹਿ ਬਿਮਲ ਮਤਿ ਸਦਾ ਸਰੀਰਾ ॥

ਹੇ ਪ੍ਰਭੂ! ਮੇਰੇ ਇਸ ਸਰੀਰ ਨੂੰ (ਭਾਵ, ਮੈਨੂੰ) ਸਦਾ ਕੋਈ ਸੁਹਣੀ ਮੱਤ ਦੇਹ,

ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥

ਜਿਸ ਕਰਕੇ (ਤੇਰਾ ਬੱਚਾ) ਕਬੀਰ ਅਡੋਲ ਅਵਸਥਾ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ ॥੪॥੩॥੧੨॥


ਆਸਾ ॥
ਹਜ ਹਮਾਰੀ ਗੋਮਤੀ ਤੀਰ ॥

ਸਾਡਾ ਹੱਜ ਤੇ ਸਾਡਾ ਗੋਮਤੀ ਦਾ ਕੰਢਾ (ਇਹ ਮਨ ਹੀ ਹੈ),

ਜਹਾ ਬਸਹਿ ਪੀਤੰਬਰ ਪੀਰ ॥੧॥

ਜਿਥੇ ਸ੍ਰੀ ਪ੍ਰਭੂ ਜੀ ਵੱਸ ਰਹੇ ਹਨ ॥੧॥

ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥

(ਮੇਰਾ ਮਨ) ਕਿਆ ਸੁਹਣੀ ਸਿਫ਼ਤਿ-ਸਾਲਾਹ ਕਰ ਰਿਹਾ ਹੈ,

ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥੧॥ ਰਹਾਉ ॥

(ਅਤੇ) ਹਰੀ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ (ਤਾਂ ਤੇ ਇਹੀ ਮਨ ਮੇਰਾ ਤੀਰਥ ਤੇ ਇਹੀ ਮੇਰਾ ਹੱਜ ਹੈ) ॥੧॥ ਰਹਾਉ ॥

ਨਾਰਦ ਸਾਰਦ ਕਰਹਿ ਖਵਾਸੀ ॥

ਨਾਰਦੁ ਭਗਤ ਤੇ ਸਾਰਦਾ ਦੇਵੀ ਭੀ ਉਸ ਸ੍ਰੀ ਪ੍ਰਭੂ ਜੀ ਦੀ ਟਹਿਲ ਕਰ ਰਹੇ ਹਨ (ਜੋ ਮੇਰੇ ਮਨ-ਤੀਰਥ ਤੇ ਵੱਸ ਰਿਹਾ ਹੈ)

ਪਾਸਿ ਬੈਠੀ ਬੀਬੀ ਕਵਲਾ ਦਾਸੀ ॥੨॥

ਅਤੇ ਲੱਛਮੀ ਉਸ ਦੇ ਕੋਲ ਟਹਿਲਣ ਬਣ ਕੇ ਬੈਠੀ ਹੋਈ ਹੈ ॥੨॥

ਕੰਠੇ ਮਾਲਾ ਜਿਹਵਾ ਰਾਮੁ ॥

ਜੀਭ ਉੱਤੇ ਰਾਮ ਦਾ ਸਿਮਰਨ ਹੀ ਮੇਰੇ ਗਲ ਵਿਚ ਮਾਲਾ (ਸਿਮਰਨੀ) ਹੈ,

ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥੩॥

ਉਸ ਰਾਮ ਨੂੰ (ਜੋ ਮੇਰੇ ਮਨ-ਤੀਰਥ ਅਤੇ ਜੀਭ ਉੱਤੇ ਵੱਸ ਰਿਹਾ ਹੈ) ਮੈਂ ਹਜ਼ਾਰ ਨਾਮ ਲੈ ਲੈ ਕੇ ਪ੍ਰਣਾਮ ਕਰਦਾ ਹਾਂ ॥੩॥

ਕਹਤ ਕਬੀਰ ਰਾਮ ਗੁਨ ਗਾਵਉ ॥

ਕਬੀਰ ਆਖਦਾ ਹੈ ਕਿ ਮੈਂ ਹਰੀ ਦੇ ਗੁਣ ਗਾਂਦਾ ਹਾਂ,

ਹਿੰਦੂ ਤੁਰਕ ਦੋਊ ਸਮਝਾਵਉ ॥੪॥੪॥੧੩॥

ਅਤੇ ਹਿੰਦੂ ਤੇ ਮੁਸਲਮਾਨ ਦੋਹਾਂ ਨੂੰ ਸਮਝਾਂਦਾ ਹਾਂ (ਕਿ ਮਨ ਹੀ ਤੀਰਥ ਤੇ ਹੱਜ ਹੈ, ਜਿੱਥੇ ਰੱਬ ਵੱਸਦਾ ਹੈ ਅਤੇ ਉਸ ਦੇ ਅਨੇਕਾਂ ਨਾਮ ਹਨ) ॥੪॥੪॥੧੩॥


ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ॥

ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਪੰਜ-ਬੰਦਾਂ-ਦੋ-ਤੁਕਿਆਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥

(ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ।

ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥

ਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ ॥੧॥

ਭੂਲੀ ਮਾਲਨੀ ਹੈ ਏਉ ॥

(ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ,

ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥

(ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ ॥੧॥ ਰਹਾਉ ॥

ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥

(ਹੇ ਮਾਲਣ!) ਪੱਤਰ ਬ੍ਰਹਮਾ-ਰੂਪ ਹਨ, ਡਾਲੀ ਵਿਸ਼ਨੂ-ਰੂਪ ਅਤੇ ਫੁੱਲ ਸ਼ਿਵ-ਰੂਪ;

ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥

ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ, (ਫਿਰ) ਸੇਵਾ ਕਿਸ ਦੀ ਕਰਦੀ ਹੈਂ? ॥੨॥

ਪਾਖਾਨ ਗਢਿ ਕੈ ਮੂਰਤਿ ਕੀਨ੍ਰੀ ਦੇ ਕੈ ਛਾਤੀ ਪਾਉ ॥

(ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ।

ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥

ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ ॥੩॥

ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥

ਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ-

ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥

ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿਚ ਕੁਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?) ॥੪॥

ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥

ਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ, ਪਰ ਅਸਾਂ ਇਹ ਗ਼ਲਤੀ ਨਹੀਂ ਖਾਧੀ,

ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥

ਕਬੀਰ ਆਖਦਾ ਹੈ- ਕਿਉਂਕਿ ਪਰਮਾਤਮਾ ਨੇ ਆਪਣੀ ਮਿਹਰ ਕਰ ਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ ॥੫॥੧॥੧੪॥


ਆਸਾ ॥
ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥

(ਉਮਰ ਦੇ ਪਹਿਲੇ) ਬਾਰ੍ਹਾਂ ਸਾਲ ਅੰਞਾਣਪੁਣੇ ਵਿਚ ਲੰਘ ਗਏ, (ਹੋਰ) ਵੀਹ ਵਰ੍ਹੇ (ਲੰਘ ਗਏ, ਭਾਵ, ਵੀਹ ਸਾਲਾਂ ਤੋਂ ਟੱਪ ਗਿਆ, ਤਦ ਤਕ ਭੀ) ਕੋਈ ਤਪ ਨਾ ਕੀਤਾ;

ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥

ਤੀਹ ਸਾਲ (ਹੋਰ ਬੀਤ ਗਏ, ਉਮਰ ਸੱਠ ਤੋਂ ਟੱਪ ਗਈ, ਤਾਂ ਭੀ) ਕੋਈ ਭਜਨ-ਬੰਦਗੀ ਨਾਹ ਕੀਤੀ, ਹੁਣ ਹੱਥ ਮਲਣ ਲੱਗਾ (ਕਿਉਂਕਿ) ਬੁੱਢਾ ਹੋ ਗਿਆ ॥੧॥

ਮੇਰੀ ਮੇਰੀ ਕਰਤੇ ਜਨਮੁ ਗਇਓ ॥

‘ਮਮਤਾ’ ਵਿਚ ਹੀ (ਜੁਆਨੀ ਦੀ) ਉਮਰ ਬੀਤ ਗਈ,

ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥

ਸਰੀਰ-ਰੂਪ ਸਮੁੰਦਰ ਸੁੱਕ ਗਿਆ, ਤੇ ਬਾਹਾਂ ਦੀ ਤਾਕਤ (ਭੀ ਮੁੱਕ ਗਈ) ॥੧॥ ਰਹਾਉ ॥

ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥

(ਹੁਣ ਬੁਢੇਪਾ ਆਉਣ ਤੇ ਭੀ ਮੌਤ ਤੋਂ ਬਚਣ ਲਈ ਆਹਰ ਕਰਦਾ ਹੈ, ਪਰ ਇਸ ਦੇ ਉੱਦਮ ਇਉਂ ਹਨ ਜਿਵੇਂ) ਸੁੱਕੇ ਹੋਏ ਤਲਾ ਵਿਚ ਵੱਟ ਬੰਨ੍ਹ ਰਿਹਾ ਹੈ (ਤਾਂ ਕਿ ਪਾਣੀ ਤਲਾ ਵਿਚੋਂ ਬਾਹਰ ਨਾ ਨਿਕਲ ਜਾਏ), ਅਤੇ ਕੱਟੇ ਹੋਏ ਖੇਤ ਦੇ ਦੁਆਲੇ ਵਾੜ ਦੇ ਰਿਹਾ ਹੈ।

ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥

ਮੂਰਖ ਮਨੁੱਖ ਜਿਸ ਸਰੀਰ ਨੂੰ ਆਪਣਾ ਬਣਾਈ ਰੱਖਣ ਦੇ ਜਤਨ ਕਰਦਾ ਫਿਰਦਾ ਹੈ, ਪਰ (ਜਦੋਂ ਜਮ ਰੂਪ) ਚੋਰ (ਭਾਵ, ਚੁਪ ਕੀਤੇ ਹੀ ਜਮ) ਆਉਂਦਾ ਹੈ ਤੇ (ਜਿੰਦ ਨੂੰ) ਲੈ ਤੁਰਦਾ ਹੈ ॥੨॥

ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥

ਪੈਰ, ਸਿਰ, ਹੱਥ ਕੰਬਣ ਲੱਗ ਜਾਂਦੇ ਹਨ, ਅੱਖਾਂ ਵਿਚੋਂ ਆਪ-ਮੁਹਾਰੇ ਪਾਣੀ ਵਗੀ ਜਾਂਦਾ ਹੈ।

ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥

ਜੀਭ ਵਿਚੋਂ ਕੋਈ ਸਾਫ਼ ਲਫ਼ਜ਼ ਨਹੀਂ ਨਿਕਲਦਾ। ਹੇ ਮੂਰਖ! (ਕੀ) ਉਸ ਵੇਲੇ ਤੂੰ ਧਰਮ ਕਮਾਣ ਦੀ ਆਸ ਕਰਦਾ ਹੈਂ? ॥੩॥

ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥

ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਦੀ ਸੁਰਤਿ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰੂਪ ਲਾਭ ਖੱਟਦਾ ਹੈ।

ਗੁਰਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥

ਜਗਤ ਤੋਂ ਤੁਰਨ ਵੇਲੇ ਭੀ ਇਹੀ ਨਾਮ-ਧਨ (ਮਨੁੱਖ ਦੇ) ਨਾਲ ਜਾਂਦਾ ਹੈ (ਪਰ) ਇਹ ਧਨ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਨਾਲ ॥੪॥

ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥

ਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਸੁਣੋ, (ਕੋਈ ਜੀਵ ਭੀ ਮਰਨ ਵੇਲੇ) ਕੋਈ ਹੋਰ ਧਨ-ਪਦਾਰਥ ਆਪਣੇ ਨਾਲ ਨਹੀਂ ਲੈ ਜਾਂਦਾ,

ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥

ਕਿਉਂਕਿ ਜਦੋਂ ਪਰਮਾਤਮਾ ਵਲੋਂ ਸੱਦਾ ਆਉਂਦਾ ਹੈ ਤਾਂ ਮਨੁੱਖ ਦੌਲਤ ਤੇ ਘਰ (ਸਭ ਕੁਝ ਇਥੇ ਹੀ) ਛੱਡ ਕੇ ਤੁਰ ਪੈਂਦਾ ਹੈ ॥੫॥੨॥੧੫॥


ਆਸਾ ॥
ਕਾਹੂ ਦੀਨ੍ਰੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥

(ਪਰਮਾਤਮਾ ਨੇ) ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ (ਪਾਣ ਨੂੰ) ਦਿੱਤੇ ਹਨ ਤੇ ਨਿਵਾਰੀ ਪਲੰਘ (ਸੌਣ ਨੂੰ);

ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥

ਪਰ ਕਈ (ਵਿਚਾਰਿਆਂ) ਨੂੰ ਗਲੀ ਹੋਈ ਜੁੱਲੀ ਭੀ ਨਹੀਂ ਮਿਲਦੀ, ਤੇ ਕਈ ਘਰਾਂ ਵਿਚ (ਬਿਸਤਰੇ ਦੇ ਥਾਂ) ਪਰਾਲੀ ਹੀ ਹੈ ॥੧॥

ਅਹਿਰਖ ਵਾਦੁ ਨ ਕੀਜੈ ਰੇ ਮਨ ॥

(ਪਰ) ਹੇ ਮਨ! ਈਰਖਾ ਤੇ ਝਗੜਾ ਕਿਉਂ ਕਰਦਾ ਹੈਂ?

ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥

ਨੇਕ ਕਮਾਈ ਕਰੀ ਜਾਹ ਤੇ ਤੂੰ ਭੀ (ਇਹ ਸੁਖ) ਹਾਸਲ ਕਰ ਲੈ ॥੧॥ ਰਹਾਉ ॥

ਕੁਮ੍ਰਾਰੈਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥

ਘੁਮਿਆਰ ਨੇ ਇਕੋ ਹੀ ਮਿੱਟੀ ਗੁੰਨ੍ਹੀ ਤੇ ਉਸ ਨੂੰ ਕਈ ਕਿਸਮ ਦੇ ਰੰਗ ਲਾ ਦਿੱਤੇ (ਭਾਵ, ਕਈ ਵੰਨਗੀਆਂ ਦੇ ਭਾਂਡੇ ਬਣਾ ਦਿੱਤੇ)।

ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥

ਕਿਸੇ ਭਾਂਡੇ ਵਿਚ ਮੋਤੀ ਤੇ ਮੋਤੀਆਂ ਦੀਆਂ ਮਾਲਾਂ (ਮਨੁੱਖ ਨੇ) ਪਾ ਦਿੱਤੀਆਂ ਤੇ ਕਿਸੇ ਵਿਚ (ਸ਼ਰਾਬ ਆਦਿਕ) ਰੋਗ ਲਾਣ ਵਾਲੀਆਂ ਚੀਜ਼ਾਂ ॥੨॥

ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥

ਸ਼ੂਮ ਨੂੰ ਧਨ ਜੋੜ ਕੇ ਰੱਖਣ ਲਈ ਜੁੜਿਆ ਹੈ, (ਅਤੇ) ਮੂਰਖ (ਸ਼ੂਮ) ਆਖਦਾ ਹੈ-ਇਹ ਧਨ ਮੇਰਾ ਹੈ।

ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ ॥੩॥

(ਪਰ ਜਿਸ ਵੇਲੇ) ਜਮ ਦਾ ਡੰਡਾ ਸਿਰ ਤੇ ਆ ਵੱਜਦਾ ਹੈ ਤਦੋਂ ਇਕ ਪਲਕ ਵਿਚ ਫ਼ੈਸਲਾ ਕਰ ਦੇਂਦਾ ਹੈ (ਕਿ ਅਸਲ ਵਿਚ ਇਹ ਧਨ ਕਿਸੇ ਦਾ ਭੀ ਨਹੀਂ) ॥੩॥

ਹਰਿ ਜਨੁ ਊਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ ॥

ਜੋ ਮਨੁੱਖ ਪਰਮਾਤਮਾ ਦਾ ਸੇਵਕ (ਬਣ ਕੇ ਰਹਿੰਦਾ) ਹੈ, ਉਹ ਪਰਮਾਤਮਾ ਦਾ ਹੁਕਮ ਮੰਨ ਕੇ ਸੁਖ ਮਾਣਦਾ ਹੈ ਤੇ ਜਗਤ ਵਿਚ ਨੇਕ ਭਗਤ ਸਦਾਂਦਾ ਹੈ (ਭਾਵ, ਸੋਭਾ ਪਾਂਦਾ ਹੈ),

ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ ॥੪॥

ਪ੍ਰਭੂ ਦੀ ਰਜ਼ਾ ਮਨ ਵਿਚ ਵਸਾਂਦਾ ਹੈ, ਜੋ ਪ੍ਰਭੂ ਨੂੰ ਭਾਂਦਾ ਹੈ ਉਸੇ ਨੂੰ ਹੀ ਠੀਕ ਸਮਝਦਾ ਹੈ ॥੪॥

ਕਹੈ ਕਬੀਰੁ ਸੁਨਹੁ ਰੇ ਸੰਤਹੁ ਮੇਰੀ ਮੇਰੀ ਝੂਠੀ ॥

ਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਸੁਣੋ, “ਇਹ ਧਨ ਪਦਾਰਥ ਆਦਿਕ ਮੇਰਾ ਹੈ”-ਇਹ ਖ਼ਿਆਲ ਕੂੜਾ ਹੈ (ਭਾਵ, ਦੁਨੀਆ ਦੇ ਪਦਾਰਥਾਂ ਵਾਲੀ ਅਪਣੱਤ ਸਦਾ ਨਹੀਂ ਰਹਿ ਸਕਦੀ);

ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥੫॥੩॥੧੬॥

(ਜਿਵੇਂ, ਜੇ) ਪਿੰਜਰੇ ਨੂੰ ਪਾੜ ਕੇ (ਕੋਈ ਬਿੱਲਾ) ਚਿੜੇ ਨੂੰ ਫੜ ਕੇ ਲੈ ਜਾਏ ਤਾਂ (ਉਸ ਪਿੰਜਰੇ-ਪਏ ਪੰਛੀ ਦੀ) ਕੁੱਜੀ ਤੇ ਠੂਠੀ ਧਰੀ ਹੀ ਰਹਿ ਜਾਂਦੀ ਹੈ (ਤਿਵੇਂ, ਮੌਤ ਆਇਆਂ ਬੰਦੇ ਦੇ ਖਾਣ-ਪੀਣ ਵਾਲੇ ਪਦਾਰਥ ਇਥੇ ਹੀ ਧਰੇ ਰਹਿ ਜਾਂਦੇ ਹਨ) ॥੫॥੩॥੧੬॥


ਆਸਾ ॥
ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ ॥

(ਹੇ ਕਾਜ਼ੀ!) ਅਸੀਂ ਤਾਂ ਆਜਜ਼ ਲੋਕ ਹਾਂ, ਪਰ ਹਾਂ (ਅਸੀਂ ਭੀ) ਰੱਬ ਦੇ ਪੈਦਾ ਕੀਤੇ ਹੋਏ। ਤੁਹਾਨੂੰ ਆਪਣੇ ਮਨ ਵਿਚ ਹਕੂਮਤ ਚੰਗੀ ਲੱਗਦੀ ਹੈ (ਭਾਵ, ਤੁਹਾਨੂੰ ਹਕੂਮਤ ਦਾ ਮਾਣ ਹੈ)।

ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥੧॥

ਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ, ਉਹ (ਕਿਸੇ ਉਤੇ) ਧੱਕਾ ਕਰਨ ਦੀ ਆਗਿਆ ਨਹੀਂ ਦੇਂਦਾ ॥੧॥

ਕਾਜੀ ਬੋਲਿਆ ਬਨਿ ਨਹੀ ਆਵੈ ॥੧॥ ਰਹਾਉ ॥

ਹੇ ਕਾਜ਼ੀ! ਤੇਰੀਆਂ (ਜ਼ਬਾਨੀ) ਗੱਲਾਂ ਫਬਦੀਆਂ ਨਹੀਂ ॥੧॥ ਰਹਾਉ ॥

ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ ॥

(ਨਿਰਾ) ਰੋਜ਼ਾ ਰੱਖਿਆਂ, ਨਿਮਾਜ਼ ਪੜ੍ਹਿਆਂ ਤੇ ਕਲਮਾ ਆਖਿਆਂ ਭਿਸ਼ਤ ਨਹੀਂ ਮਿਲ ਜਾਂਦਾ।

ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ ॥੨॥

ਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿਚ ਹੀ ਹੈ, (ਪਰ ਲੱਭਦਾ ਤਾਂ ਹੀ ਹੈ) ਜੇ ਕੋਈ ਸਮਝ ਲਏ ॥੨॥

ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥

ਜੋ ਮਨੁੱਖ ਨਿਆਂ ਕਰਦਾ ਹੈ ਉਹ (ਮਾਨੋ) ਨਿਮਾਜ਼ ਪੜ੍ਹ ਰਿਹਾ ਹੈ, ਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਹਾ ਹੈ;

ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ ॥੩॥

ਕਾਮਾਦਿਕ ਪੰਜ (ਬਲੀ ਵਿਕਾਰਾਂ) ਨੂੰ ਜੇ ਆਪਣੇ ਵੱਸ ਵਿਚ ਕਰਦਾ ਹੈ ਤਾਂ (ਮਾਨੋ) ਮੁਸੱਲਾ ਵਿਛਾਂਦਾ ਹੈ, ਤੇ ਮਜ਼ਹਬ ਨੂੰ ਪਛਾਣਦਾ ਹੈ ॥੩॥

ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥

ਹੇ ਕਾਜ਼ੀ! ਮਾਲਕ ਪ੍ਰਭੂ ਨੂੰ ਪਛਾਣ, ਆਪਣੇ ਹਿਰਦੇ ਵਿਚ ਪਿਆਰ ਵਸਾ, ਮਣੀ ਨੂੰ ਫਿੱਕੀ ਜਾਣ ਕੇ ਮਾਰ ਦੇਹ (ਭਾਵ, ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ)।

ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ ॥੪॥

ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ) ਸਮਝਦਾ ਹੈ, ਤਦ ਭਿਸ਼ਤ ਦਾ ਭਾਈਵਾਲ ਬਣਦਾ ਹੈ ॥੪॥

ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ ॥

ਮਿੱਟੀ ਇਕੋ ਹੀ ਹੈ, (ਪ੍ਰਭੂ ਨੇ ਇਸ ਦੇ) ਅਨੇਕਾਂ ਵੇਸ ਧਾਰੇ ਹੋਏ ਹਨ। (ਅਸਲ ਮੋਮਨ ਨੇ) ਇਹਨਾਂ (ਵੇਸਾਂ) ਵਿਚ ਰੱਬ ਨੂੰ ਪਛਾਣਿਆ ਹੈ (ਤੇ ਇਹੀ ਹੈ ਭਿਸ਼ਤ ਦਾ ਰਾਹ);

ਕਹੈ ਕਬੀਰਾ ਭਿਸਤ ਛੋਡਿ ਕਰਿ ਦੋਜਕ ਸਿਉ ਮਨੁ ਮਾਨਾ ॥੫॥੪॥੧੭॥

ਪਰ, ਕਬੀਰ ਆਖਦਾ ਹੈ, (ਹੇ ਕਾਜ਼ੀ!) ਤੁਸੀ ਤਾਂ (ਦੂਜਿਆਂ ਉੱਤੇ ਜੋਰ-ਧੱਕਾ ਕਰ ਕੇ) ਭਿਸ਼ਤ (ਦਾ ਰਸਤਾ) ਛੱਡ ਕੇ ਦੋਜ਼ਕ ਨਾਲ ਮਨ ਜੋੜੀ ਬੈਠੇ ਹੋ ॥੫॥੪॥੧੭॥


ਆਸਾ ॥
ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥

ਹੇ ਬਾਬਾ! ਸਰੀਰਕ ਮੋਹ ਆਦਿਕ ਦਾ ਉਹ ਰੌਲਾ ਕਿੱਥੇ ਗਿਆ (ਜੋ ਹਰ ਵੇਲੇ ਤੇਰੇ ਮਨ ਵਿਚ ਟਿਕਿਆ ਰਹਿੰਦਾ ਸੀ)? ਹੁਣ ਤਾਂ ਤੇਰੇ ਮਨ ਵਿਚ ਕੋਈ ਇੱਕ ਫੁਰਨਾ ਭੀ ਨਹੀਂ ਉਠਦਾ।

ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ ॥੧॥

(ਇਹ ਸਭ ਮਿਹਰ) ਉਸ ਪਾਰਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ (ਦੀ ਹੈ ਜਿਸ) ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿੱਤੇ ਹਨ ॥੧॥

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥

ਹੇ ਭਾਈ! (ਹਰਿ-ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ) ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ?

ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ ॥

ਕਦੇ (ਉਹ ਸਮਾ ਸੀ ਜਦੋਂ) ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੋਹ ਬਾਰੇ ਹੀ ਸਨ, ਤੇਰੇ ਮਨ ਵਿਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ-ਉਹ ਸਭ ਕਿਤੇ ਲੋਪ ਹੀ ਹੋ ਗਏ ਹਨ ॥੧॥ ਰਹਾਉ ॥

ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨ੍ਰਾ ॥

(ਸਰੀਰਕ ਮੋਹ ਦੇ ਉਹ ਫੁਰਨੇ ਕਿੱਥੇ ਰਹਿ ਸਕਦੇ ਹਨ? ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਬਣਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ) ਵਜਾਣ ਵਾਲਾ ਉਹ ਮਨ ਹੀ ਕਿਤੇ ਲੋਪ ਹੋ ਗਿਆ ਹੈ।

ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨ੍ਰਾ ॥੨॥

(ਪਾਰਬ੍ਰਹਮ ਪਰਮੇਸਰ ਨੇ ਮਨ ਦਾ ਉਹ ਪਹਿਲਾ) ਤੇਜ-ਪ੍ਰਤਾਪ ਹੀ ਖਿੱਚ ਲਿਆ ਹੈ, ਮਨ ਵਿਚ ਹੁਣ ਉਹ ਪਹਿਲੀ ਗੱਲ ਪਹਿਲਾ ਬੋਲ ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ ॥੨॥

ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥

ਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ।

ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥੩॥

ਤੇਰੇ ਨਾਹ ਉਹ ਪੈਰ ਹਨ, ਨਾਹ ਉਹ ਹੱਥ ਹਨ ਜੋ ਦੇਹ-ਅੱਧਿਆਸ ਦੀ ਦੌੜ-ਭੱਜ ਵਿਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ ॥੩॥

ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥

ਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁਕੇ ਹਨ, ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ (ਕਿਉਂਕਿ ਜਿਸ ਮਨ ਦਾ) ਤੇਜ ਤੇ ਆਸਰਾ ਲੈ ਕੇ (ਇਹ ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ।

ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥

ਉਹ ਮਨ-ਹਾਥੀ ਹੀ ਨਹੀਂ ਰਿਹਾ, ਉਹ ਹਿਰਦਾ ਹੀ ਨਹੀਂ ਰਿਹਾ ॥੪॥

ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ ॥

(ਹਰਿ ਸਿਮਰਨ ਦੀ ਬਰਕਤ ਨਾਲ) ਤੇਰੇ ਦਸੇ ਹੀ ਇੰਦ੍ਰੇ ਸਰੀਰਕ ਮੋਹ ਵਲੋਂ ਮਰ ਚੁਕੇ ਹਨ, ਸਰੀਰਕ ਮੋਹ ਵਲੋਂ ਅਜ਼ਾਦ ਹੋ ਗਏ ਹਨ, ਇਹਨਾਂ ਨੇ ਆਸਾ ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ।

ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੫॥੧੮॥

ਕਬੀਰ ਆਖਦਾ ਹੈ-ਜੋ ਜੋ ਭੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜੀਊਂਦਾ ਹੀ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਇਸ ਤਰ੍ਹਾਂ) ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ ॥੫॥੫॥੧੮॥


ਆਸਾ ਇਕਤੁਕੇ ੪ ॥
ਸਰਪਨੀ ਤੇ ਊਪਰਿ ਨਹੀ ਬਲੀਆ ॥

ਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿਚ ਹੋਰ ਕੋਈ) ਨਹੀਂ ਹੈ,

ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥

ਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ ॥੧॥

ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥

ਪਰ ਇਹ ਬੜੇ ਜ਼ੋਰਾਂ ਵਿਚ ਆਈ ਮਾਇਆ ਸਤਸੰਗ ਵਿਚ ਸ਼ਾਂਤ ਹੋ ਜਾਂਦੀ ਹੈ, (ਭਾਵ, ਇਸ ਮਾਰੋ-ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤਸੰਗ ਵਿਚ ਅੱਪੜਿਆਂ ਠੰਡਾ ਪੈ ਜਾਂਦਾ ਹੈ),

ਜਿਨਿ ਤ੍ਰਿਭਵਣੁ ਡਸੀਅਲੇ ਗੁਰਪ੍ਰਸਾਦਿ ਡੀਠੀ ॥੧॥ ਰਹਾਉ ॥

ਕਿਉਂਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ (ਮੋਹ ਦਾ) ਡੰਗ ਮਾਰਿਆ ਹੈ (ਸੰਗਤਿ ਵਿਚ) ਗੁਰੂ ਦੀ ਕਿਰਪਾ ਨਾਲ (ਉਸ ਦੀ ਅਸਲੀਅਤ) ਦਿੱਸ ਪੈਂਦੀ ਹੈ ॥੧॥ ਰਹਾਉ ॥

ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥

ਸੋ, ਹੇ ਭਾਈ! ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ।

ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥

ਜਿਸ ਮਨੁੱਖ ਨੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ਹੈ, ਉਸ ਨੇ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਿਆ ॥੨॥

ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥

(ਪ੍ਰਭੂ ਨਾਲ ਜਾਣ-ਪਛਾਣ ਕਰਨ ਵਾਲਿਆਂ ਤੋਂ ਬਿਨਾ) ਹੋਰ ਕੋਈ ਜੀਵ ਇਸ ਸੱਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ।

ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥੩॥

ਜਿਸ ਨੇ (ਗੁਰੂ ਦੀ ਕਿਰਪਾ ਨਾਲ) ਇਸ ਸੱਪਣੀ ਮਾਇਆ ਨੂੰ ਜਿੱਤ ਲਿਆ ਹੈ, ਜਮ ਵਿਚਾਰਾ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੩॥

ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥

ਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ, (ਜਿਸ ਨੇ ਸਾਰਾ ਜਗਤ ਰਚਿਆ ਹੈ;

ਬਲੁ ਅਬਲੁ ਕਿਆ ਇਸ ਤੇ ਹੋਈ ॥੪॥

ਸੋ ਪ੍ਰਭੂ ਦੇ ਹੁਕਮ ਤੋਂ ਬਿਨਾ) ਇਸ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਏ ॥੪॥

ਇਹ ਬਸਤੀ ਤਾ ਬਸਤ ਸਰੀਰਾ ॥

ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿਚ ਵੱਸਦੀ ਹੈ, ਤਦ ਤਕ ਜੀਵ ਸਰੀਰਾਂ ਵਿਚ (ਭਾਵ, ਜਨਮ-ਮਰਨ ਦੇ ਚੱਕਰ ਵਿਚ) ਪਿਆ ਰਹਿੰਦਾ ਹੈ।

ਗੁਰਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥

ਕਬੀਰ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਲ ਰਹਿ ਕੇ (ਜਨਮ-ਮਰਨ ਦੀ ਘੁੰਮਣ-ਘੇਰੀ ਵਿਚੋਂ) ਲੰਘ ਗਿਆ ਹੈ ॥੫॥੬॥੧੯॥


ਆਸਾ ॥
ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥

(ਜਿਵੇਂ) ਕੁੱਤੇ ਨੂੰ ਸਿੰਮ੍ਰਿਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ,

ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥

ਤਿਵੇਂ ਸਾਕਤ ਦੇ ਕੋਲ ਪਰਮਾਤਮਾ ਦੇ ਗੁਣ ਗਾਵਿਆਂ ਸਾਕਤ ਉੱਤੇ ਅਸਰ ਨਹੀਂ ਪੈਂਦਾ ॥੧॥

ਰਾਮ ਰਾਮ ਰਾਮ ਰਮੇ ਰਮਿ ਰਹੀਐ ॥

(ਆਪ ਹੀ) ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ,

ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥

ਕਦੇ ਭੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ॥੧॥ ਰਹਾਉ ॥

ਕਊਆ ਕਹਾ ਕਪੂਰ ਚਰਾਏ ॥

ਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੋਈ ਗੁਣ ਨਹੀਂ ਨਿਕਲਦਾ (ਕਿਉਂਕਿ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ)

ਕਹ ਬਿਸੀਅਰ ਕਉ ਦੂਧੁ ਪੀਆਏ ॥੨॥

(ਇਸੇ ਤਰ੍ਹਾਂ) ਸੱਪ ਨੂੰ ਦੁੱਧ ਪਿਲਾਉਣ ਨਾਲ ਭੀ ਕੋਈ ਫ਼ਾਇਦਾ ਨਹੀਂ ਹੋ ਸਕਦਾ (ਉਹ ਡੰਗ ਮਾਰਨੋਂ ਫਿਰ ਭੀ ਨਹੀਂ ਟਲੇਗਾ) ॥੨॥

ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥

ਇਹ ਚੰਗੇ-ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਸਾਧ-ਸੰਗਤ ਵਿਚ ਬੈਠਿਆਂ ਹੀ ਆਉਂਦੀ ਹੈ,

ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥

ਜਿਵੇਂ ਪਾਰਸ ਨੂੰ ਛੋਹ ਕੇ ਉਹ ਲੋਹਾ ਭੀ ਸੋਨਾ ਹੋ ਜਾਂਦਾ ਹੈ ॥੩॥

ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥

ਕੁੱਤਾ ਤੇ ਸਾਕਤ ਜੋ ਕੁਝ ਕਰਦਾ ਹੈ, ਪ੍ਰੇਰਿਆ ਹੋਇਆ ਹੀ ਕਰਦਾ ਹੈ,

ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥

ਪਿਛਲੇ ਕੀਤੇ ਕਰਮਾਂ-ਅਨੁਸਾਰ ਜੋ ਕੁਝ ਮੁੱਢ ਤੋਂ ਇਸ ਦੇ ਮੱਥੇ ਉੱਤੇ ਲਿਖਿਆ ਹੈ (ਭਾਵ, ਜੋ ਸੰਸਕਾਰ ਇਸ ਦੇ ਮਨ ਵਿਚ ਬਣ ਚੁਕੇ ਹਨ) ਉਸੇ ਤਰ੍ਹਾਂ ਹੀ ਹੁਣ ਕਰੀ ਜਾਂਦਾ ਹੈ ॥੪॥

ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥

ਕਬੀਰ ਆਖਦਾ ਹੈ-ਜੇ ਅੰਮ੍ਰਿਤ (ਭਾਵ, ਮਿਠਾਸ ਵਾਲਾ ਜਲ) ਲੈ ਕੇ ਨਿੰਮ ਦੇ ਬੂਟੇ ਨੂੰ ਮੁੜ ਮੁੜ ਸਿੰਜਦੇ ਰਹੀਏ,

ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥

ਤਾਂ ਭੀ ਉਸ ਬੂਟੇ ਦਾ ਜਮਾਂਦਰੂ (ਕੁੜਿੱਤਣ ਵਾਲਾ) ਸੁਭਾਉ ਦੂਰ ਨਹੀਂ ਹੋ ਸਕਦਾ ॥੫॥੭॥੨੦॥


ਆਸਾ ॥
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥

ਜਿਸ ਰਾਵਣ ਦਾ ਲੰਕਾ ਵਰਗਾ ਕਿਲ੍ਹਾ ਸੀ, ਤੇ ਸਮੁੰਦਰ ਵਰਗੀ (ਉਸ ਕਿਲ੍ਹੇ ਦੀ ਰਾਖੀ ਲਈ) ਖਾਈ ਸੀ,

ਤਿਹ ਰਾਵਨ ਘਰ ਖਬਰਿ ਨ ਪਾਈ ॥੧॥

ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਮਿਲਦਾ ॥੧॥

ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥

ਮੈਂ (ਪਰਮਾਤਮਾ ਪਾਸੋਂ ਦੁਨੀਆ ਦੀ) ਕਿਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ;

ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥

ਮੇਰੇ ਅੱਖੀਂ ਵੇਂਹਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ ॥੧॥ ਰਹਾਉ ॥

ਇਕੁ ਲਖੁ ਪੂਤ ਸਵਾ ਲਖੁ ਨਾਤੀ ॥

ਜਿਸ ਰਾਵਣ ਦੇ ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ (ਦੱਸੇ ਜਾਂਦੇ ਹਨ),

ਤਿਹ ਰਾਵਨ ਘਰ ਦੀਆ ਨ ਬਾਤੀ ॥੨॥

ਉਸ ਦੇ ਮਹਿਲਾਂ ਵਿਚ ਕਿਤੇ ਦੀਵਾ-ਵੱਟੀ ਜਗਦਾ ਨਾਹ ਰਿਹਾ ॥੨॥

ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥

(ਇਹ ਉਸ ਰਾਵਣ ਦਾ ਜ਼ਿਕਰ ਹੈ) ਜਿਸ ਦੀ ਰਸੋਈ ਚੰਦ੍ਰਮਾ ਤੇ ਸੂਰਜ ਤਿਆਰ ਕਰਦੇ ਸਨ,

ਬੈਸੰਤਰੁ ਜਾ ਕੇ ਕਪਰੇ ਧੋਈ ॥੩॥

ਜਿਸ ਦੇ ਕੱਪੜੇ ਬੈਸੰਤਰ ਦੇਵਤਾ ਧੋਂਦਾ ਸੀ (ਭਾਵ, ਜਿਸ ਰਾਵਣ ਦੇ ਪੁੱਤਰ ਪੋਤਰਿਆਂ ਦੀ ਰੋਟੀ ਤਿਆਰ ਕਰਨ ਲਈ ਦਿਨੇ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਅੱਗ ਦੀਆਂ ਭੱਠੀਆਂ ਚੜ੍ਹੀਆਂ ਰਹਿੰਦੀਆਂ ਸਨ) ॥੩॥

ਗੁਰਮਤਿ ਰਾਮੈ ਨਾਮਿ ਬਸਾਈ ॥

(ਸੋ) ਜੋ ਮਨੁੱਖ (ਇਸ ਨਾਸਵੰਤ ਜਗਤ ਵਲੋਂ ਹਟਾ ਕੇ ਆਪਣੇ ਮਨ ਨੂੰ) ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦੇ ਨਾਮ ਵਿਚ ਟਿਕਾਉਂਦਾ ਹੈ,

ਅਸਥਿਰੁ ਰਹੈ ਨ ਕਤਹੂੰ ਜਾਈ ॥੪॥

ਉਹ ਸਦਾ ਅਡੋਲ ਰਹਿੰਦਾ ਹੈ, ਇਸ ਜਗਤ-ਮਾਇਆ ਦੀ ਖ਼ਾਤਰ) ਭਟਕਦਾ ਨਹੀਂ ਹੈ ॥੪॥

ਕਹਤ ਕਬੀਰ ਸੁਨਹੁ ਰੇ ਲੋਈ ॥

ਕਬੀਰ ਆਖਦਾ ਹੈ-ਸੁਣੋ, ਹੇ ਜਗਤ ਦੇ ਲੋਕੋ!

ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥

ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਦੇ ਇਸ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ) ॥੫॥੮॥੨੧॥


ਆਸਾ ॥
ਪਹਿਲਾ ਪੂਤੁ ਪਿਛੈਰੀ ਮਾਈ ॥

ਇਹ ਜੀਵਾਤਮਾ ਤਾਂ ਪਵਿੱਤਰ (ਪਰਮਾਤਮਾ ਦੀ ਅੰਸ) ਸੀ, ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ,

ਗੁਰੁ ਲਾਗੋ ਚੇਲੇ ਕੀ ਪਾਈ ॥੧॥

ਤੇ ਵੱਡੇ ਅਸਲੇ ਵਾਲਾ ਜੀਵ (ਆਪਣੇ ਹੀ ਬਣਾਏ ਹੋਏ) ਮਨ ਚੇਲੇ ਦੀ ਪੈਰੀਂ ਲੱਗਣ ਲੱਗ ਪਿਆ (ਭਾਵ, ਮਨ ਦੇ ਪਿੱਛੇ ਤੁਰਨ ਲੱਗ ਪਿਆ) ॥੧॥

ਏਕੁ ਅਚੰਭਉ ਸੁਨਹੁ ਤੁਮ੍ਰ ਭਾਈ ॥

ਸੁਣੋ ਇਕ ਅਚਰਜ ਖੇਡ (ਜੋ ਜਗਤ ਵਿਚ ਵਰਤ ਰਹੀ ਹੈ।)

ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥

ਸਾਡੇ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦ੍ਰਿਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ, ਮਾਨੋ, ਸ਼ੇਰ ਗਾਈਆਂ ਚਾਰਦਾ ਫਿਰਦਾ ਹੈ ॥੧॥ ਰਹਾਉ ॥

ਜਲ ਕੀ ਮਛੁਲੀ ਤਰਵਰਿ ਬਿਆਈ ॥

ਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ ਸੰਸਾਰਕ ਕੰਮਾਂ ਵਿਚ ਰੁੱਝ ਗਈ ਹੈ,

ਦੇਖਤ ਕੁਤਰਾ ਲੈ ਗਈ ਬਿਲਾਈ ॥੨॥

ਤ੍ਰਿਸ਼ਨਾ-ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਫੜ ਲੈ ਗਈ ਹੈ ॥੨॥

ਤਲੈ ਰੇ ਬੈਸਾ ਊਪਰਿ ਸੂਲਾ ॥

ਹੇ ਭਾਈ! ਇਸ ਜੀਵ ਨੇ ਸੰਸਾਰਕ ਪਸਾਰੇ ਨੂੰ ਆਪਣਾ ਬਣਾ ਲਿਆ ਹੈ ਤੇ ਅਸਲੀ ਮੂਲ-ਪ੍ਰਭੂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਹੈ।

ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥

ਹੁਣ ਇਹੋ ਜਿਹੇ (ਜੀਵ-ਰੁੱਖ) ਦੇ ਪੇੜ ਨੂੰ ਫੁੱਲ ਫਲ ਭੀ ਅਜਿਹੇ ਹੀ ਵਾਸਨਾ ਦੇ ਹੀ ਲੱਗ ਰਹੇ ਹਨ ॥੩॥

ਘੋਰੈ ਚਰਿ ਭੈਸ ਚਰਾਵਨ ਜਾਈ ॥

(ਜੀਵਾਤਮਾ ਦੇ ਕਮਜ਼ੋਰ ਪੈਣ ਕਰਕੇ) ਵਾਸ਼ਨਾ-ਭੈਂਸ ਮਨ-ਘੋੜੇ ਉੱਤੇ ਸਵਾਰ ਹੋ ਕੇ ਇਸ ਨੂੰ ਵਿਸ਼ੇ ਭੋਗਣ ਲਈ ਭਜਾਈ ਫਿਰਦੀ ਹੈ।

ਬਾਹਰਿ ਬੈਲੁ ਗੋਨਿ ਘਰਿ ਆਈ ॥੪॥

(ਹੁਣ ਹਾਲਤ ਇਹ ਬਣ ਗਈ ਹੈ ਕਿ) ਧੀਰਜ-ਰੂਪ ਬਲਦ ਬਾਹਰ ਨਿਕਲ ਗਿਆ ਹੈ (ਭਾਵ, ਧੀਰਜ ਨਹੀਂ ਰਹਿ ਗਈ), ਤੇ ਤ੍ਰਿਸ਼ਨਾ ਦੀ ਛੱਟ ਜੀਵ ਉੱਤੇ ਆ ਪਈ ਹੈ ॥੪॥

ਕਹਤ ਕਬੀਰ ਜੁ ਇਸ ਪਦ ਬੂਝੈ ॥

ਕਬੀਰ ਆਖਦਾ ਹੈ-ਜੋ ਮਨੁੱਖ ਇਸ (ਵਾਪਰਨ ਵਾਲੀ) ਹਾਲਤ ਨੂੰ ਸਮਝ ਲੈਂਦਾ ਹੈ,

ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥

ਪਰਮਾਤਮਾ ਦਾ ਸਿਮਰਨ ਕਰ ਕੇ ਉਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਾਰੀ ਸੂਝ ਪੈ ਜਾਂਦੀ ਹੈ (ਤੇ, ਉਹ ਇਸ ਤ੍ਰਿਸ਼ਨਾ-ਜਾਲ ਵਿਚ ਨਹੀਂ ਫਸਦਾ) ॥੫॥੯॥੨੨॥

ਬਾਈਸ ਚਉਪਦੇ ਤਥਾ ਪੰਚਪਦੇ

ਬਾਈਸ ਚਉਪਦੇ ਤਥਾ ਪੰਚਪਦੇ


ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ ॥

ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਤਿੰਨ-ਬੰਦਾਂ-ਇਕ/ਦੋ-ਤੁਕਿਆਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥

ਜਿਸ ਪ੍ਰਭੂ ਨੇ (ਪਿਤਾ ਦੀ) ਇਕ ਬੂੰਦ ਤੋਂ (ਤੇਰਾ) ਸਰੀਰ ਬਣਾ ਦਿੱਤਾ, ਤੇ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਤੈਨੂੰ ਬਚਾਈ ਰੱਖਿਆ,

ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥

ਦਸ ਮਹੀਨੇ ਮਾਂ ਦੇ ਪੇਟ ਵਿਚ ਤੇਰੀ ਰਾਖੀ ਕੀਤੀ, (ਉਸ ਨੂੰ ਵਿਸਾਰਨ ਕਰ ਕੇ) ਜਗਤ ਵਿਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ ॥੧॥

ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥

ਹੇ ਬੰਦੇ! ਕਿਉਂ ਲੋਭ ਵਿਚ ਫਸ ਰਿਹਾ ਹੈਂ ਤੇ ਹੀਰਾ-ਜਨਮ ਗਵਾ ਰਿਹਾ ਹੈਂ?

ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥

ਪਿਛਲੇ ਜਨਮ ਵਿਚ (ਕੀਤੇ) ਕਰਮਾਂ-ਅਨੁਸਾਰ (ਮਿਲੇ ਇਸ ਮਨੁੱਖਾ-) ਸਰੀਰ ਵਿਚ ਕਿਉਂ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਨਹੀਂ ਬੀਜਦਾ? ॥੧॥ ਰਹਾਉ ॥

ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥

ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈਂ, ਪਿਛਲਾ ਬੀਤਿਆ ਸਮਾ ਹੱਥ ਨਹੀਂ ਆਉਣਾ।

ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥

ਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਰੋਣ ਦਾ ਕੀਹ ਲਾਭ ਹੋਵੇਗਾ? ॥੨॥

ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥

(ਬੁੱਢਾ ਹੋ ਕੇ ਅਜੇ ਭੀ) ਤੂੰ (ਹੋਰ) ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, (ਤੇ ਉਧਰ) ਜਮ ਤੇਰੇ ਸਾਹ ਤੱਕ ਰਿਹਾ ਹੈ (ਭਾਵ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ।

ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥

ਹੇ ਕਬੀਰ! ਜਗਤ ਨਟ ਦੀ ਖੇਡ ਹੀ ਹੈ, (ਇਸ ਖੇਡ ਵਿਚ ਜਿੱਤਣ ਲਈ) ਪ੍ਰਭੂ ਦੀ ਯਾਦ ਦਾ ਪਾਸਾ ਸੁੱਟ (ਪ੍ਰਭੂ ਦੀ ਯਾਦ ਦੀ ਖੇਡ ਖੇਡੋ) ॥੩॥੧॥੨੩॥


ਆਸਾ ॥
ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥

ਮੈਂ ਆਪਣੇ ਸਰੀਰ ਨੂੰ (ਆਪਣਾ ਮਨ ਰੰਗਣ ਲਈ) ਰੰਗਣ ਵਾਲਾ ਭਾਂਡਾ ਬਣਾਇਆ ਹੈ, (ਭਾਵ, ਮੈਂ ਆਪਣੇ ਮਨ ਨੂੰ ਬਾਹਰ ਭਟਕਣ ਤੋਂ ਵਰਜ ਕੇ ਸਰੀਰ ਦੇ ਅੰਦਰ ਹੀ ਰੱਖ ਰਹੀ ਹਾਂ)। ਮਨ ਨੂੰ ਮੈਂ ਭਲੇ ਗੁਣਾਂ (ਦੇ ਰੰਗ) ਨਾਲ ਰੰਗਿਆ ਹੈ, (ਇਸ ਕੰਮ ਵਿਚ ਸਹਾਇਤਾ ਕਰਨ ਲਈ) ਦਇਆ ਧਰਮ ਆਦਿਕ ਦੈਵੀ ਗੁਣਾਂ ਨੂੰ ਮੈਂ ਮੇਲੀ (ਜਾਂਞੀ) ਬਣਾਇਆ ਹੈ।

ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥

ਹੁਣ ਮੈਂ ਜਗਤ-ਪਤੀ ਪਰਮਾਤਮਾ ਨਾਲ ਲਾਵਾਂ ਲੈ ਰਹੀ ਹਾਂ, ਤੇ ਮੇਰਾ ਆਤਮਾ ਉਸ ਪਤੀ ਦੇ ਪਿਆਰ ਵਿਚ ਰੰਗਿਆ ਗਿਆ ਹੈ ॥੧॥

ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥

ਹੇ ਨਵੀਓਂ ਵਹੁਟੀਓ! (ਪ੍ਰਭੂ-ਪ੍ਰੀਤ ਵਿਚ ਰੰਗੇ ਹੋਏ ਗਿਆਨ-ਇੰਦ੍ਰਿਓ!) ਤੁਸੀ ਮੁੜ ਮੁੜ ਸੁਹਾਗ ਦੇ ਗੀਤ ਗਾਓ,

ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥

(ਕਿਉਂਕਿ) ਮੇਰੇ (ਹਿਰਦੇ-) ਘਰ ਵਿਚ ਮੇਰਾ ਪਤੀ (ਜਗਤ ਦਾ) ਮਾਲਕ-ਪਰਮਾਤਮਾ ਆਇਆ ਹੈ ॥੧॥ ਰਹਾਉ ॥

ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥

ਸੁਆਸ ਸੁਆਸ ਉਸ ਦੀ ਯਾਦ ਵਿਚ ਗੁਜ਼ਾਰਨ ਨੂੰ ਮੈਂ (ਵਿਆਹ ਲਈ) ਵੇਦੀ ਬਣਾ ਲਿਆ ਹੈ, ਸਤਿਗੁਰੂ ਦਾ ਸ਼ਬਦ ਜੋ ਪ੍ਰਭੂ-ਪਤੀ ਨਾਲ ਜਾਣ-ਪਛਾਣ ਕਰਾਉਂਦਾ ਹੈ (ਵਿਆਹ ਦਾ ਮੰਤ੍ਰ) ਉਚਾਰਿਆ ਜਾ ਰਿਹਾ ਹੈ।

ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥

ਮੇਰੇ ਅਜੇਹੇ ਭਾਗ ਜਾਗੇ ਹਨ ਕਿ ਮੈਨੂੰ ਜਗਤ ਦੇ ਮਾਲਕ-ਪਰਮਾਤਮਾ ਵਰਗਾ ਲਾੜਾ ਮਿਲ ਗਿਆ ਹੈ ॥੨॥

ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥

ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਣ ਵਾਲੇ ਮੇਰੇ ਸਤਸੰਗੀ ਮੇਰੇ ਵਿਆਹ ਦੀ ਮਰਯਾਦਾ ਕਰਨ ਆਏ ਹਨ।

ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥

ਕਬੀਰ ਆਖਦਾ ਹੈ-ਮੈਨੂੰ ਹੁਣ ਇਕ ਪਰਮਾਤਮਾ ਪਤੀ ਵਿਆਹ ਕੇ ਲੈ ਚੱਲਿਆ ਹੈ ॥੩॥੨॥੨੪॥


ਆਸਾ ॥
ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥

ਹੇ ਵੀਰ! ਮੈਂ ਮਾਇਆ ਦੇ ਹੱਥੋਂ ਦੁੱਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ (ਦੇਹ-ਅੱਧਿਆਸ) ਹੋਣ ਕਰਕੇ, ਮੈਨੂੰ ਜੇਠ ਦੇ ਨਾਮ ਤੋਂ ਹੀ ਡਰ ਲੱਗਦਾ ਹੈ (ਭਾਵ, ਮੇਰਾ ਮਰਨ ਨੂੰ ਚਿੱਤ ਨਹੀਂ ਕਰਦਾ)।

ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ ॥੧॥

ਹੇ ਸਖੀ ਸਹੇਲੀਓ! ਮੈਨੂੰ ਇੰਦ੍ਰੀਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ, ਮੈਂ ਦਿਉਰ ਦੇ ਵਿਛੋੜੇ ਵਿਚ (ਭਾਵ, ਵਿਚਾਰ ਤੋਂ ਸੱਖਣੀ ਹੋਣ ਕਰਕੇ ਅੰਦਰੇ-ਅੰਦਰ) ਸੜ ਰਹੀ ਹਾਂ ॥੧॥

ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥

ਮੇਰੀ ਅਕਲ ਮਾਰੀ ਗਈ ਹੈ, ਮੈਂ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਹੇ ਵੀਰ! ਹੁਣ (ਇਸ ਹਾਲਤ ਵਿਚ) ਕਿਵੇਂ ਉਮਰ ਗੁਜ਼ਾਰਾਂ?

ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥੧॥ ਰਹਾਉ ॥

ਹੇ ਵੀਰ! ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਕਿ ਉਹ ਪ੍ਰਭੂ ਮੇਰੀ ਹਿਰਦੇ-ਸੇਜ ਉੱਤੇ ਵੱਸਦਾ ਹੈ, ਪਰ ਮੈਨੂੰ ਅੱਖੀਂ ਨਹੀਂ ਦਿੱਸਦਾ ॥੧॥ ਰਹਾਉ ॥

ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ ॥

ਮੇਰੇ ਨਾਲ ਜੰਮਿਆ ਇਹ ਸਰੀਰ ਸਦਾ ਮੇਰੇ ਨਾਲ ਲੜਾਈ ਕਰਦਾ ਹੈ (ਭਾਵ, ਸਦਾ ਖਾਣ ਨੂੰ ਮੰਗਦਾ ਹੈ), ਮਾਇਆ ਨੇ ਮੈਨੂੰ ਝੱਲੀ ਕਰ ਰੱਖਿਆ ਹੈ।

ਬਡੇ ਭਾਈ ਕੈ ਜਬ ਸੰਗਿ ਹੋਤੀ ਤਬ ਹਉ ਨਾਹ ਪਿਆਰੀ ॥੨॥

ਜਦੋਂ (ਮਾਂ ਦੇ ਪੇਟ ਵਿਚ) ਮੈਂ ਵੱਡੇ ਵੀਰ (ਗਿਆਨ) ਦੇ ਨਾਲ ਸਾਂ ਤਦੋਂ (ਸਿਮਰਨ ਕਰਦੀ ਸਾਂ ਤੇ) ਪਤੀ ਨੂੰ ਪਿਆਰੀ ਸਾਂ ॥੨॥

ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥

ਕਬੀਰ ਆਖਦਾ ਹੈ-(ਬੱਸ! ਇਸੇ ਤਰ੍ਹਾਂ) ਸਭ ਜੀਵਾਂ ਨੂੰ ਪੰਜ ਕਾਮਾਦਿਕਾਂ ਨਾਲ ਵਾਸਤਾ ਪਿਆ ਹੋਇਆ ਹੈ।

ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ ॥੩॥੩॥੨੫॥

ਸਾਰਾ ਜਗਤ ਇਹਨਾਂ ਨਾਲ ਖਹਿੰਦਿਆਂ ਹੀ ਉਮਰ ਅਜਾਈਂ ਗਵਾ ਰਿਹਾ ਹੈ; ਠਗਣੀ ਮਾਇਆ ਨਾਲ ਬੱਝਾ ਪਿਆ ਹੈ। ਪਰ ਮੈਂ ਪ੍ਰਭੂ ਨੂੰ ਸਿਮਰ ਕੇ ਸੁਖ ਪਾ ਲਿਆ ਹੈ ॥੩॥੩॥੨੫॥


ਆਸਾ ॥
ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥

(ਹੇ ਝੱਲੇ ਬ੍ਰਾਹਮਣ! ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ) ਤੇਰੇ ਗਲ ਵਿਚ ਜਨੇਊ ਹੈ (ਜੋ ਸਾਡੇ ਗਲ ਨਹੀਂ ਹੈ, ਤਾਂ ਵੇਖ, ਉਹੋ ਜਿਹਾ ਹੀ) ਸਾਡੇ ਘਰ (ਬਥੇਰਾ) ਸੂਤਰ ਹੈ (ਜਿਸ ਨਾਲ) ਅਸੀਂ ਨਿੱਤ ਤਾਣਾ ਤਣਦੇ ਹਾਂ।

ਤੁਮ੍ਰ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥

(ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਕੂੜਾ, ਕਿਉਂਕਿ) ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤ੍ਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ, ਪਰ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ ॥੧॥

ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥

ਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਮੇਰੀ ਤਾਂ ਜੀਭ ਉੱਤੇ, ਮੇਰੀਆਂ ਅੱਖਾਂ ਵਿਚ ਤੇ ਮੇਰੇ ਦਿਲ ਵਿਚ ਵੱਸਦੇ ਹਨ।

ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥

ਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿਚ ਪ੍ਰਭੂ ਵਲੋਂ ਪੁੱਛ ਹੋਵੇਗੀ ਤਾਂ ਕੀਹ ਉੱਤਰ ਦੇਵੇਂਗਾ (ਕਿ ਕੀਹ ਕਰਦਾ ਰਿਹਾ ਇੱਥੇ ਸਾਰੀ ਉਮਰ)? ॥੧॥ ਰਹਾਉ ॥

ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥

ਕਈ ਜਨਮਾਂ ਤੋਂ ਤੁਸੀ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀ ਸਾਡੇ ਖਸਮ ਗੁਆਲੇ ਬਣੇ ਰਹੇ।

ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥੨॥

ਪਰ ਤੁਸੀਂ ਹੁਣ ਤਕ ਨਕਾਰੇ ਹੀ ਸਾਬਤ ਹੋਏ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ (ਭਾਵ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾਹ ਦਿੱਤੀ) ॥੨॥

ਤੂੰ ਬਾਮ੍ਰਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥

(ਇਹ ਠੀਕ ਹੈ ਕਿ) ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ (ਭਾਵ, ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ, ਜੋ ਤੂੰ ਕਾਂਸ਼ੀ ਵਿਚ ਹਾਸਲ ਕੀਤੀ), ਤੇ ਮੈਂ (ਜਾਤ ਦਾ) ਜੁਲਾਹ ਹਾਂ (ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ)।

ਤੁਮ੍ਰ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥੪॥੨੬॥

ਪਰ, ਮੇਰੀ ਵਿਚਾਰ ਦੀ ਇਕ ਗੱਲ ਸੋਚ (ਕਿ ਵਿੱਦਿਆ ਪੜ੍ਹ ਕੇ ਤੁਸੀ ਆਖ਼ਰ ਕਰਦੇ ਕੀਹ ਹੋ), ਤੁਸੀ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋ, ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ ॥੩॥੪॥੨੬॥


ਆਸਾ ॥
ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥

ਜਗਤ ਵਿਚ (ਮਨੁੱਖ ਦੀ) ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ, ਜ਼ਿੰਦਗੀ ਸੁਪਨੇ ਵਰਗੀ ਹੀ ਹੈ।

ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥੧॥

ਪਰ ਅਸਾਂ ਸਭ ਤੋਂ ਉੱਚੇ (ਸੁਖਾਂ ਦੇ) ਖ਼ਜ਼ਾਨੇ-ਪ੍ਰਭੂ ਨੂੰ ਛੱਡ ਕੇ, (ਇਸ ਸੁਪਨ-ਸਮਾਨ ਜੀਵਨ ਨੂੰ) ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਰੱਖੀ ਹੈ ॥੧॥

ਬਾਬਾ ਮਾਇਆ ਮੋਹ ਹਿਤੁ ਕੀਨ੍ਰ ॥

ਹੇ ਬਾਬਾ! ਅਸਾਂ ਮਾਇਆ ਨਾਲ ਮੋਹ-ਪਿਆਰ ਪਾਇਆ ਹੋਇਆ ਹੈ,

ਜਿਨਿ ਗਿਆਨੁ ਰਤਨੁ ਹਿਰਿ ਲੀਨ੍ਰ ॥੧॥ ਰਹਾਉ ॥

ਜਿਸ ਨੇ ਸਾਡਾ ਗਿਆਨ-ਰੂਪ ਹੀਰਾ ਚੁਰਾ ਲਿਆ ਹੈ ॥੧॥ ਰਹਾਉ ॥

ਨੈਨ ਦੇਖਿ ਪਤੰਗੁ ਉਰਝੈ ਪਸੁ ਨ ਦੇਖੈ ਆਗਿ ॥

ਭੰਬਟ ਅੱਖਾਂ ਨਾਲ (ਦੀਵੇ ਦੀ ਲਾਟ ਦਾ ਰੂਪ) ਵੇਖ ਕੇ ਭੁੱਲ ਜਾਂਦਾ ਹੈ, ਮੂਰਖ ਅੱਗ ਨੂੰ ਨਹੀਂ ਵੇਖਦਾ।

ਕਾਲ ਫਾਸ ਨ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ ॥੨॥

(ਤਿਵੇਂ ਹੀ) ਮੂਰਖ ਜੀਵ ਸੋਨੇ ਤੇ ਇਸਤ੍ਰੀ (ਦੇ ਮੋਹ) ਵਿਚ ਫਸ ਕੇ ਮੌਤ ਦੀ ਫਾਹੀ ਨੂੰ ਚੇਤੇ ਨਹੀਂ ਰੱਖਦਾ ॥੨॥

ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ ॥

(ਤੂੰ ਵਿਕਾਰ ਛੱਡ ਦੇਹ ਅਤੇ ਪ੍ਰਭੂ ਨੂੰ ਚੇਤੇ ਕਰ, ਉਹੀ (ਇਸ ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈ,

ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ॥੩॥੫॥੨੭॥

ਅਤੇ ਕਬੀਰ ਆਖਦਾ ਹੈ, ਉਹ (ਸਾਡੇ) ਜੀਵਨ ਦਾ ਆਸਰਾ-ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ ॥੩॥੫॥੨੭॥


ਆਸਾ ॥
ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਨ ਹੋਈ ॥

(ਮਾਇਆ ਦੇ ਮੋਹ ਵਿਚ ਫਸ ਕੇ) ਮੈਂ ਜਿਹੜੇ ਕਈ ਜਨਮਾਂ ਵਿਚ ਫਿਰਦਾ ਰਿਹਾ, ਹੁਣ ਉਹ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ,

ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥੧॥

ਮੇਰੇ ਮਨ ਦਾ ਮੋਹ ਦਾ ਧਾਗਾ, ਮੋਹ ਦੀ ਤਾਰ ਅਤੇ ਮੋਹ ਦੇ ਸਾਰੇ ਅਡੰਬਰ ਸਭ ਮੁੱਕ ਗਏ ਹਨ; ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵੱਸ ਵਿਚ ਹੋ ਗਿਆ ਹੈ ॥੧॥

ਅਬ ਮੋਹਿ ਨਾਚਨੋ ਨ ਆਵੈ ॥

(ਪਰਮਾਤਮਾ ਦੀ ਕਿਰਪਾ ਨਾਲ) ਹੁਣ ਮੈਂ (ਮਾਇਆ ਦੇ ਹੱਥਾਂ ਤੇ) ਨੱਚਣੋਂ ਹਟ ਗਿਆ ਹਾਂ,

ਮੇਰਾ ਮਨੁ ਮੰਦਰੀਆ ਨ ਬਜਾਵੈ ॥੧॥ ਰਹਾਉ ॥

ਹੁਣ ਮੇਰਾ ਮਨ ਇਹ (ਮਾਇਆ ਦੇ ਮੋਹ ਦੀ) ਢੋਲਕੀ ਨਹੀਂ ਵਜਾਉਂਦਾ ॥੧॥ ਰਹਾਉ ॥

ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥

(ਪ੍ਰਭੂ ਦੀ ਕਿਰਪਾ ਨਾਲ) ਮੈਂ ਕਾਮ ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ, (ਮੇਰੇ ਅੰਦਰੋਂ) ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ,

ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥੨॥

ਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ, ਭਟਕਣਾ ਮੁੱਕ ਗਈ ਹੈ। (ਮੁੱਕਦੀ ਗੱਲ), ਸਾਰੀ (ਮਾਇਆ ਦੀ ਖੇਡ ਹੀ) ਖ਼ਤਮ ਹੋ ਗਈ ਹੈ ॥੨॥

ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥

ਮੈਂ ਸਾਰੇ ਜੀਵਾਂ ਵਿਚ ਹੁਣ ਇੱਕ ਪਰਮਾਤਮਾ ਨੂੰ ਵੱਸਦਾ ਸਮਝ ਲਿਆ ਹੈ, ਇਸ ਵਾਸਤੇ ਮੇਰੇ ਸਾਰੇ ਵੈਰ-ਵਿਰੋਧ ਮੁੱਕ ਗਏ ਹਨ।

ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ ॥੩॥੬॥੨੮॥

ਕਬੀਰ ਆਖਦਾ ਹੈ-ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ, ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ ॥੩॥੬॥੨੮॥


ਆਸਾ ॥
ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ ॥

(ਕਾਜ਼ੀ) ਰੋਜ਼ਾ ਰੱਖਦਾ ਹੈ (ਰੋਜ਼ਿਆਂ ਦੇ ਅਖ਼ੀਰ ਤੇ ਈਦ ਵਾਲੇ ਦਿਨ) ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ, ਪਰ ਆਪਣੇ ਸੁਆਦ ਦੀ ਖ਼ਾਤਰ (ਇਹ) ਜੀਵ ਮਾਰਦਾ ਹੈ।

ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥੧॥

ਆਪਣੇ ਹੀ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ; ਤਾਂ ਤੇ ਇਹ ਸਭ ਉੱਦਮ ਵਿਅਰਥ ਝਖਾਂ ਮਾਰਨ ਵਾਲੀ ਗੱਲ ਹੀ ਹੈ ॥੧॥

ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥

ਹੇ ਕਾਜ਼ੀ! (ਸਾਰੇ ਜਗਤ ਦਾ) ਮਾਲਕ ਇੱਕ ਰੱਬ ਹੈ, ਉਹ ਤੇਰਾ ਭੀ ਰੱਬ ਹੈ ਤੇ ਤੇਰੇ ਅੰਦਰ ਭੀ ਮੌਜੂਦ ਹੈ, ਪਰ ਤੂੰ ਸੋਚ-ਵਿਚਾਰ ਕੇ ਤੱਕਦਾ ਨਹੀਂ।

ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥੧॥ ਰਹਾਉ ॥

ਹੇ ਸ਼ਰਹ ਵਿਚ ਕਮਲੇ ਹੋਏ ਕਾਜ਼ੀ! ਤੂੰ (ਇਸ ਭੇਤ ਨੂੰ) ਸਮਝਦਾ ਨਹੀਂ, ਇਸ ਵਾਸਤੇ ਤੇਰੀ ਉਮਰ ਤੇਰਾ ਜੀਵਨ ਅਜਾਈਂ ਜਾ ਰਿਹਾ ਹੈ ॥੧॥ ਰਹਾਉ ॥

ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥

ਹੇ ਕਾਜ਼ੀ! ਤੁਹਾਡੀਆਂ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਇਹੀ ਆਖਦੀਆਂ ਹਨ ਕਿ ਅੱਲਾਹ ਸਦਾ ਕਾਇਮ ਰਹਿਣ ਵਾਲਾ ਹੈ (ਸਾਰੀ ਦੁਨੀਆ ਅੱਲਾਹ ਦੀ ਪੈਦਾ ਕੀਤੀ ਹੋਈ ਹੈ, ਉਸ ਅੱਲਾਹ ਦੇ (ਨੂਰ ਤੋਂ ਬਿਨਾ) ਕੋਈ ਜ਼ਨਾਨੀ ਮਰਦ ਜੀਊਂਦਾ ਨਹੀਂ ਰਹਿ ਸਕਦਾ,

ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ ॥੨॥

ਪਰ ਹੇ ਕਮਲੇ ਕਾਜ਼ੀ! ਜੇ ਤੇਰੇ ਦਿਲ ਵਿਚ ਇਹ ਸੂਝ ਨਹੀਂ ਪਈ ਤਾਂ (ਮਜ਼ਹਬੀ ਕਿਤਾਬਾਂ ਨੂੰ ਨਿਰਾ) ਪੜ੍ਹਨ ਤੇ ਵਿਚਾਰਨ ਦਾ ਕੋਈ ਲਾਭ ਨਹੀਂ ॥੨॥

ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥

ਹੇ ਕਾਜ਼ੀ! ਰੱਬ ਸਾਰੇ ਸਰੀਰਾਂ ਵਿਚ ਲੁਕਿਆ ਬੈਠਾ ਹੈ, ਤੂੰ ਭੀ ਆਪਣੇ ਦਿਲ ਵਿਚ ਵਿਚਾਰ ਕਰ ਕੇ ਵੇਖ ਲੈ,

ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥੩॥੭॥੨੯॥

ਕਬੀਰ ਉੱਚੀ ਕੂਕ ਕੇ ਆਖਦਾ ਹੈ (ਭਾਵ, ਪੂਰੇ ਯਕੀਨ ਨਾਲ ਆਖਦਾ ਹੈ), ਹਿੰਦੂ ਤੇ ਮੁਸਲਮਾਨ ਵਿਚ ਭੀ ਇੱਕ ਉਹੀ ਵੱਸਦਾ ਹੈ ॥੩॥੭॥੨੯॥


ਆਸਾ ॥ ਤਿਪਦਾ ॥ ਇਕਤੁਕਾ ॥
ਕੀਓ ਸਿੰਗਾਰੁ ਮਿਲਨ ਕੇ ਤਾਈ ॥

ਮੈਂ ਪਤੀ-ਪ੍ਰਭੂ ਨੂੰ ਮਿਲਣ ਲਈ ਹਾਰ-ਸਿੰਗਾਰ ਲਾਇਆ,

ਹਰਿ ਨ ਮਿਲੇ ਜਗਜੀਵਨ ਗੁਸਾਈ ॥੧॥

ਪਰ ਜਗਤ-ਦੀ-ਜਿੰਦ ਜਗਤ-ਦੇ-ਮਾਲਕ ਪ੍ਰਭੂ-ਪਤੀ ਜੀ ਮੈਨੂੰ ਮਿਲੇ ਨਹੀਂ ॥੧॥

ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥

ਪਰਮਾਤਮਾ ਮੇਰਾ ਖਸਮ ਹੈ, ਮੈਂ ਉਸ ਦੀ ਅੰਞਾਣ ਜਿਹੀ ਵਹੁਟੀ ਹਾਂ।

ਰਾਮ ਬਡੇ ਮੈ ਤਨਕ ਲਹੁਰੀਆ ॥੧॥ ਰਹਾਉ ॥

(ਮੇਰਾ ਉਸ ਨਾਲ ਮੇਲ ਨਹੀਂ ਹੁੰਦਾ, ਕਿਉਂਕਿ) ਮੇਰਾ ਖਸਮ-ਪ੍ਰਭੂ ਬਹੁਤ ਵੱਡਾ ਹੈ ਤੇ ਮੈਂ ਨਿੱਕੀ ਜਿਹੀ ਬਾਲੜੀ ਹਾਂ ॥੧॥ ਰਹਾਉ ॥

ਧਨ ਪਿਰ ਏਕੈ ਸੰਗਿ ਬਸੇਰਾ ॥

(ਮੈਂ ਜੀਵ-) ਵਹੁਟੀ ਤੇ ਖਸਮ (-ਪ੍ਰਭੂ) ਦਾ ਵਸੇਬਾ ਇੱਕੋ ਥਾਂ ਹੀ ਹੈ,

ਸੇਜ ਏਕ ਪੈ ਮਿਲਨੁ ਦੁਹੇਰਾ ॥੨॥

ਸਾਡੀ ਦੋਹਾਂ ਦੀ ਸੇਜ ਇੱਕੋ ਹੀ ਹੈ, ਪਰ (ਫਿਰ ਭੀ) ਉਸ ਨੂੰ ਮਿਲਣਾ ਬਹੁਤ ਔਖਾ ਹੈ ॥੨॥

ਧੰਨਿ ਸੁਹਾਗਨਿ ਜੋ ਪੀਅ ਭਾਵੈ ॥

ਮੁਬਾਰਿਕ ਹੈ ਉਹ ਭਾਗਾਂ ਵਾਲੀ ਇਸਤ੍ਰੀ ਜੋ ਖਸਮ ਨੂੰ ਪਿਆਰੀ ਲੱਗਦੀ ਹੈ,

ਕਹਿ ਕਬੀਰ ਫਿਰਿ ਜਨਮਿ ਨ ਆਵੈ ॥੩॥੮॥੩੦॥

ਕਬੀਰ ਆਖਦਾ ਹੈ-ਉਹ (ਜੀਵ-) ਇਸਤ੍ਰੀ ਫਿਰ ਜਨਮ (ਮਰਨ) ਵਿਚ ਨਹੀਂ ਆਉਂਦੀ ॥੩॥੮॥੩੦॥


ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ ॥

ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥

ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ।

ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥

ਇਹ ਪ੍ਰਭੂ-ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ-ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ ॥੧॥

ਹਰਿ ਕੀ ਕਥਾ ਅਨਾਹਦ ਬਾਨੀ ॥

ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਤੇ ਇੱਕ-ਰਸ ਗੁਰੂ ਦੀ ਬਾਣੀ ਵਿਚ ਜੁੜ ਕੇ-

ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥

ਜੋ ਜੀਵ ਹੰਸ ਬਣ ਜਾਂਦਾ ਹੈ ਉਹ (ਪ੍ਰਭੂ-) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਪਛਾਣ ਲੈਂਦਾ ਹੈ) ॥੧॥ ਰਹਾਉ ॥

ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥

ਕਬੀਰ ਆਖਦਾ ਹੈ-ਜੋ ਪ੍ਰਭੂ-ਹੀਰਾ ਸਾਰੇ ਜਗਤ ਵਿਚ ਵਿਆਪਕ ਹੈ,

ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥

ਜਦੋਂ ਉਸ ਤਕ ਪਹੁੰਚ ਵਾਲੇ ਸਤਿਗੁਰੂ ਨੇ ਮੈਨੂੰ ਉਸ ਦਾ ਦੀਦਾਰ ਕਰਾਇਆ, ਤਾਂ ਮੈਂ ਉਹ ਹੀਰਾ (ਆਪਣੇ ਅੰਦਰ ਹੀ) ਵੇਖ ਲਿਆ, ਉਹ ਲੁਕਿਆ ਹੋਇਆ ਹੀਰਾ (ਮੇਰੇ ਅੰਦਰ ਹੀ) ਪ੍ਰਤੱਖ ਹੋ ਗਿਆ ॥੨॥੧॥੩੧॥


ਆਸਾ ॥
ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥

ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ। ਉਸ ਨੇ ਮੇਰੇ ਇਸ ਜੀਵਨ ਵਿਚ ਭੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿਚ ਗਿਆਂ ਭੀ ਭੈੜੀ ਹੀ ਰਹਿਣਾ ਸੀ।

ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ ॥੧॥

ਜਿਹੜੀ ਬਿਰਤੀ ਮੈਂ ਹੁਣ ਆਤਮਕ ਅਡੋਲਤਾ ਦੀ ਰਾਹੀਂ ਆਪਣੇ ਅੰਦਰ ਵਸਾਈ ਹੈ ਉਹ ਸੁਹਣੇ ਰੂਪ ਵਾਲੀ, ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ ॥੧॥

ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥

ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਾਨੋ-ਬਿਰਤੀ ਖ਼ਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ।

ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥੧॥ ਰਹਾਉ ॥

ਜਿਹੜੀ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜੀਂਦੀ ਰਹੇ ॥੧॥ ਰਹਾਉ ॥

ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ ॥

ਕਬੀਰ ਆਖਦਾ ਹੈ- ਜਦੋਂ ਦੀ ਇਹ ਗਰੀਬੜੇ ਸੁਭਾਵ ਵਾਲੀ ਬਿਰਤੀ ਮੈਨੂੰ ਮਿਲੀ ਹੈ, ਅਹੰਕਾਰਨ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ ਹੈ।

ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥੨॥੨॥੩੨॥

ਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ ॥੨॥੨॥੩੨॥


ਆਸਾ ॥
ਮੇਰੀ ਬਹੁਰੀਆ ਕੋ ਧਨੀਆ ਨਾਉ ॥

ਮੇਰੀ ਜਿੰਦੜੀ-ਰੂਪ ਵਹੁਟੀ ਪਹਿਲਾਂ ਧਨ ਦੀ ਪਿਆਰੀ ਅਖਵਾਂਦੀ ਸੀ, (ਭਾਵ, ਮੇਰੀ ਜਿੰਦ ਪਹਿਲਾਂ ਮਾਇਆ ਨਾਲ ਪਿਆਰ ਕਰਿਆ ਕਰਦੀ ਸੀ)।

ਲੇ ਰਾਖਿਓ ਰਾਮ ਜਨੀਆ ਨਾਉ ॥੧॥

(ਮੇਰੇ ਸਤ-ਸੰਗੀਆਂ ਨੇ ਇਸ ਜਿੰਦ ਨੂੰ) ਆਪਣੇ ਅਸਰ ਹੇਠ ਲਿਆ ਕੇ ਇਸ ਦਾ ਨਾਮ ਰਾਮਦਾਸੀ ਰੱਖ ਦਿੱਤਾ (ਭਾਵ, ਇਸ ਜਿੰਦ ਨੂੰ ਪਰਮਾਤਮਾ ਦੀ ਦਾਸੀ ਅਖਵਾਉਣ-ਜੋਗ ਬਣਾ ਦਿੱਤਾ) ॥੧॥

ਇਨ੍ਰ ਮੁੰਡੀਅਨ ਮੇਰਾ ਘਰੁ ਧੁੰਧਰਾਵਾ ॥

ਇਹਨਾਂ ਸਤ-ਸੰਗੀਆਂ ਨੇ ਮੇਰਾ (ਉਹ) ਘਰ ਉਜਾੜ ਦਿੱਤਾ ਹੈ (ਜਿਸ ਵਿਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ),

ਬਿਟਵਹਿ ਰਾਮ ਰਮਊਆ ਲਾਵਾ ॥੧॥ ਰਹਾਉ ॥

(ਕਿਉਂਕਿ ਹੁਣ ਇਹਨਾਂ) ਮੇਰੇ ਅੰਞਾਣੇ ਮਨ ਨੂੰ ਪਰਮਾਤਮਾ ਦੇ ਸਿਮਰਨ ਦੀ ਚੇਟਕ ਲਾ ਦਿੱਤੀ ਹੈ ॥੧॥ ਰਹਾਉ ॥

ਕਹਤੁ ਕਬੀਰ ਸੁਨਹੁ ਮੇਰੀ ਮਾਈ ॥

ਕਬੀਰ ਆਖਦਾ ਹੈ-ਹੇ ਮੇਰੀ ਮਾਂ! ਸੁਣ,

ਇਨ੍ਰ ਮੁੰਡੀਅਨ ਮੇਰੀ ਜਾਤਿ ਗਵਾਈ ॥੨॥੩॥੩੩॥

ਇਹਨਾਂ ਸਤ-ਸੰਗੀਆਂ ਨੇ ਮੇਰੀ (ਨੀਵੀਂ) ਜਾਤ (ਭੀ) ਮੁਕਾ ਦਿੱਤੀ ਹੈ (ਹੁਣ ਲੋਕ ਮੈਨੂੰ ਸ਼ੂਦਰ ਜਾਣ ਕੇ ਉਹ ਸ਼ੂਦਰਾਂ ਵਾਲਾ ਸਲੂਕ ਨਹੀਂ ਕਰਦੇ) ॥੨॥੩॥੩੩॥


ਆਸਾ ॥

ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥
ਹੇ ਮੇਰੀ ਅੰਞਾਣ ਜਿੰਦੇ! ਹੁਣ ਬੱਸ ਕਰ, ਪ੍ਰਭੂ-ਪਤੀ ਵਲੋਂ ਘੁੰਡ ਕੱਢਣਾ ਛੱਡ ਦੇਹ, (ਜੇ ਸਾਰੀ ਉਮਰ ਪ੍ਰਭੂ ਨਾਲੋਂ ਤੇਰੀ ਵਿੱਥ ਹੀ ਰਹੀ, ਤਾਂ)

ਅੰਤ ਕੀ ਬਾਰ ਲਹੈਗੀ ਨ ਆਢੈ ॥੧॥ ਰਹਾਉ ॥

ਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ (ਇਸ ਜੀਵਨ ਦਾ ਆਖ਼ਰ ਅੱਧੀ ਦਮੜੀ ਭੀ ਮੁੱਲ ਨਹੀਂ ਪੈਣਾ) ॥੧॥ ਰਹਾਉ ॥

ਘੂੰਘਟੁ ਕਾਢਿ ਗਈ ਤੇਰੀ ਆਗੈ ॥

ਤੈਥੋਂ ਪਹਿਲਾਂ (ਇਸ ਜਗਤ ਵਿਚ ਕਈ ਜਿੰਦ-ਵਹੁਟੀਆਂ ਪ੍ਰਭੂ ਵਲੋਂ) ਘੁੰਡ ਕੱਢ ਕੇ ਤੁਰ ਗਈਆਂ,

ਘੂੰਘਟ ਕਾਢੇ ਕੀ ਇਹੈ ਬਡਾਈ ॥

(ਪ੍ਰਭੂ-ਪਤੀ ਵਲੋਂ) ਘੁੰਡ ਕੱਢਿਆਂ (ਤੇ ਮਾਇਆ ਨਾਲ ਪ੍ਰੀਤ ਜੋੜਿਆਂ, ਇਸ ਜਗਤ ਵਿਚ ਲੋਕਾਂ ਵਲੋਂ)

ਦਿਨ ਦਸ ਪਾਂਚ ਬਹੂ ਭਲੇ ਆਈ ॥੨॥

ਪੰਜ ਦਸ ਦਿਨ ਲਈ ਇਤਨੀ ਕੁ ਸ਼ੁਹਰਤ ਹੀ ਮਿਲਦੀ ਹੈ ਕਿ ਇਹ ਜਿੰਦ-ਵਹੁਟੀ ਚੰਗੀ ਆਈ (ਭਾਵ, ਲੋਕ ਇਤਨਾ ਕੁ ਹੀ ਆਖਦੇ ਹਨ ਕਿ ਫਲਾਣਾ ਬੰਦਾ ਚੰਗਾ ਕਮਾਊ ਜੰਮਿਆ; ਬੱਸ! ਮਰ ਗਿਆ ਤੇ ਗੱਲ ਭੁੱਲ ਗਈ) ॥੨॥

ਘੂੰਘਟੁ ਤੇਰੋ ਤਉ ਪਰਿ ਸਾਚੈ ॥

(ਪਰ, ਹੇ ਜਿੰਦੇ! ਇਹ ਤਾਂ ਸੀ ਝੂਠਾ ਘੁੰਡ ਜੋ ਤੂੰ ਪ੍ਰਭੂ-ਪਤੀ ਵਲੋਂ ਕੱਢੀ ਰੱਖਿਆ, ਤੇ ਚਾਰ ਦਿਨ ਜਗਤ ਵਿਚ ਮਾਇਆ ਕਮਾਣ ਦੀ ਸ਼ੁਹਰਤ ਖੱਟੀ),

ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥੩॥

ਤੇਰਾ ਸੱਚਾ ਘੁੰਡ ਤਦੋਂ ਹੀ ਹੋ ਸਕਦਾ ਹੈ ਜੇ (ਮਾਇਆ ਦੇ ਮੋਹ ਵਲੋਂ ਮੂੰਹ ਲੁਕਾ ਕੇ) ਪ੍ਰਭੂ ਦੇ ਗੁਣ ਗਾਵੇਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਹੁਲਾਰਾ ਤੇਰੇ ਅੰਦਰ ਉੱਠੇ ॥੩॥

ਕਹਤ ਕਬੀਰ ਬਹੂ ਤਬ ਜੀਤੈ ॥

ਕਬੀਰ ਆਖਦਾ ਹੈ-ਜਿੰਦ-ਵਹੁਟੀ ਤਦੋਂ ਹੀ ਮਨੁੱਖ-ਜਨਮ ਦੀ ਬਾਜ਼ੀ ਜਿੱਤਦੀ ਹੈ,

ਹਰਿ ਗੁਨ ਗਾਵਤ ਜਨਮੁ ਬਿਤੀਤੈ ॥੪॥੧॥੩੪॥

ਜੇ ਇਸ ਦੀ ਸਾਰੀ ਉਮਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਗੁਜ਼ਰੇ ॥੪॥੧॥੩੪॥


ਆਸਾ ॥
ਕਰਵਤੁ ਭਲਾ ਨ ਕਰਵਟ ਤੇਰੀ ॥

ਦਾਤਾ! ਤੇਰੇ ਪਿੱਠ ਦੇਣ ਨਾਲੋਂ ਮੈਨੂੰ (ਸਰੀਰ ਉੱਤੇ) ਆਰਾ ਸਹਾਰ ਲੈਣਾ ਚੰਗਾ ਹੈ (ਭਾਵ, ਆਰੇ ਨਾਲ ਸਰੀਰ ਚਿਰਾਣ ਵਿਚ ਇਤਨੀ ਪੀੜ ਨਹੀਂ, ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਜੇ ਰਹਿਣ ਵਿਚ ਹੈ);

ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥

(ਹੇ ਸੱਜਣ ਪ੍ਰਭੂ!) ਮੇਰੀ ਅਰਜੋਈ ਸੁਣ, ਤੇ ਮੇਰੇ ਗਲ ਲੱਗ (ਭਾਵ, ਤੇਰੀ ਯਾਦ ਮੇਰੇ ਗਲ ਦਾ ਹਾਰ ਬਣੀ ਰਹੇ) ॥੧॥

ਹਉ ਵਾਰੀ ਮੁਖੁ ਫੇਰਿ ਪਿਆਰੇ ॥

ਹੇ ਪਿਆਰੇ ਪ੍ਰਭੂ! ਮੈਂ ਤੈਥੋਂ ਕੁਰਬਾਨ! ਮੇਰੇ ਵੱਲ ਤੱਕ;

ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥

ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈਂ? (ਭਾਵ, ਜੇ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਨਾਹ ਕਰੇਂ, ਤਾਂ ਮੈਂ ਜੀਊ ਨਹੀਂ ਸਕਦਾ) ॥੧॥ ਰਹਾਉ ॥

ਜਉ ਤਨੁ ਚੀਰਹਿ ਅੰਗੁ ਨ ਮੋਰਉ ॥

ਹੇ ਪ੍ਰਭੂ! ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਭੀ ਮੈਂ (ਇਸ ਨੂੰ ਬਚਾਣ ਦੀ ਖ਼ਾਤਰ) ਪਿਛਾਂਹ ਨਹੀਂ ਹਟਾਵਾਂਗਾ;

ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥

ਇਹ ਸਰੀਰ ਨਾਸ ਹੋ ਜਾਣ ਤੇ ਭੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਨਾ ॥੨॥

ਹਮ ਤੁਮ ਬੀਚੁ ਭਇਓ ਨਹੀ ਕੋਈ ॥

ਹੇ ਪਿਆਰੇ! ਮੇਰੇ ਤੇਰੇ ਵਿਚ ਕੋਈ ਵਿੱਥ ਨਹੀਂ ਹੈ,

ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥

ਤੂੰ ਉਹੀ ਪ੍ਰਭੂ-ਖਸਮ ਹੈਂ ਤੇ ਮੈਂ ਜੀਵ-ਇਸਤ੍ਰੀ ਤੇਰੀ ਨਾਰ ਹਾਂ ॥੩॥

ਕਹਤੁ ਕਬੀਰੁ ਸੁਨਹੁ ਰੇ ਲੋਈ ॥

(ਇਹ ਵਿੱਥ ਪੁਆਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ, ਸੋ,) ਕਬੀਰ ਆਖਦਾ ਹੈ-ਸੁਣ, ਹੇ ਜਗਤ! (ਹੇ ਜਗਤ ਦੇ ਮੋਹ!)

ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥

ਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ (ਹੇ ਮੋਹ! ਹੁਣ ਮੈਂ ਤੇਰੇ ਜਾਲ ਵਿਚ ਨਹੀਂ ਫਸਾਂਗਾ, ਤੂੰ ਹੀ ਮੈਨੂੰ ਮੇਰੇ ਪਤੀ-ਪ੍ਰਭੂ ਤੋਂ ਵਿਛੋੜਦਾ ਹੈਂ) ॥੪॥੨॥੩੫॥


ਆਸਾ ॥
ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥

(ਤੁਸੀ ਸਾਰੇ ਮੈਨੂੰ ‘ਜੁਲਾਹ ਜੁਲਾਹ’ ਆਖ ਕੇ ਛੁਟਿਆਉਣ ਦੇ ਜਤਨ ਕਰਦੇ ਹੋ, ਪਰ ਤੁਹਾਨੂੰ ਪਤਾ ਨਹੀਂ ਕਿ ਪਰਮਾਤਮਾ ਭੀ ਜੁਲਾਹਾ ਹੀ ਹੈ) ਤੁਸਾਂ ਕਿਸੇ ਨੇ ਉਸ ਜੁਲਾਹ ਦਾ ਭੇਤ ਨਹੀਂ ਪਾਇਆ,

ਸਭੁ ਜਗੁ ਆਨਿ ਤਨਾਇਓ ਤਾਨਾਂ ॥੧॥ ਰਹਾਉ ॥

ਜਿਸ ਨੇ ਇਹ ਸਾਰਾ ਜਗਤ ਪੈਦਾ ਕਰ ਕੇ (ਮਾਨੋ) ਤਾਣਾ ਤਣ ਦਿੱਤਾ ਹੈ ॥੧॥ ਰਹਾਉ ॥

ਜਬ ਤੁਮ ਸੁਨਿ ਲੇ ਬੇਦ ਪੁਰਾਨਾਂ ॥

(ਹੇ ਪੰਡਿਤ ਜੀ!) ਜਿਤਨਾ ਚਿਰ ਤੁਸੀ ਵੇਦ ਪੁਰਾਣ ਸੁਣਦੇ ਰਹੇ,

ਤਬ ਹਮ ਇਤਨਕੁ ਪਸਰਿਓ ਤਾਨਾਂ ॥੧॥

ਮੈਂ ਉਤਨਾ ਚਿਰ ਥੋੜ੍ਹਾ ਜਿਹਾ ਤਾਣਾ ਤਣ ਲਿਆ (ਭਾਵ, ਤੁਸੀ ਵੇਦ ਪੁਰਾਨਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ, ਪਰ ਤੁਸਾਂ ਇਸ ਵਿੱਦਿਆ ਨੂੰ ਉਸੇ ਤਰ੍ਹਾਂ ਰੋਜ਼ੀ ਲਈ ਵਰਤਿਆ ਹੈ ਜਿਵੇਂ ਮੈਂ ਤਾਣਾ ਤਣਨ ਤੇ ਕੰਮ ਨੂੰ ਵਰਤਦਾ ਹਾਂ, ਦੋਹਾਂ ਵਿਚ ਕੋਈ ਫ਼ਰਕ ਨਾਹ ਪਿਆ ਪਰ ਫਿਰ ਵਿਦਵਾਨ ਹੋਣ ਦਾ ਅਤੇ ਬ੍ਰਾਹਮਣ ਹੋਣ ਦਾ ਮਾਣ ਕੂੜਾ ਹੀ ਹੈ) ॥੧॥

ਧਰਨਿ ਅਕਾਸ ਕੀ ਕਰਗਹ ਬਨਾਈ ॥

(ਉਸ ਪ੍ਰਭੂ-ਜੁਲਾਹ ਨੇ) ਧਰਤੀ ਤੇ ਅਕਾਸ਼ ਦੀ ਕੰਘੀ ਬਣਾ ਦਿੱਤੀ ਹੈ,

ਚੰਦੁ ਸੂਰਜੁ ਦੁਇ ਸਾਥ ਚਲਾਈ ॥੨॥

ਚੰਦ ਅਤੇ ਸੂਰਜ ਨੂੰ ਉਹ (ਉਸ ਕੰਘੀ ਦੇ ਨਾਲ) ਨਾਲਾਂ ਬਣਾ ਕੇ ਵਰਤ ਰਿਹਾ ਹੈ ॥੨॥

ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥

ਜੁਲਾਹੇ ਦੇ ਪਊਇਆਂ ਦੀ ਜੋੜੀ ਉਸ ਜੁਲਾਹ-ਪ੍ਰਭੂ ਨੇ (ਜਗਤ ਦੀ ਜਨਮ-ਮਰਨ ਦੀ) ਖੇਡ ਰਚ ਦਿੱਤੀ ਹੈ, ਮੈਂ ਜੁਲਾਹੇ ਦਾ ਮਨ ਉਸ ਜੁਲਾਹ-ਪ੍ਰਭੂ ਵਿਚ ਟਿਕ ਗਿਆ ਹੈ, ਜਿਸ ਨੇ ਇਹ ਖੇਡ ਰਚੀ ਹੈ।

ਜੋਲਾਹੇ ਘਰੁ ਅਪਨਾ ਚੀਨ੍ਰਾਂ ਘਟ ਹੀ ਰਾਮੁ ਪਛਾਨਾਂ ॥੩॥

ਮੈਂ ਜੁਲਾਹ ਨੇ (ਉਸ ਜੁਲਾਹ-ਪ੍ਰਭੂ ਦੇ ਚਰਨਾਂ ਵਿਚ ਜੁੜ ਕੇ) ਆਪਣਾ ਹੀ ਘਰ ਲੱਭ ਲਿਆ ਹੈ, ਤੇ ਮੈਂ ਆਪਣੇ ਹਿਰਦੇ ਵਿਚ ਹੀ ਉਸ ਪਰਮਾਤਮਾ ਨੂੰ (ਬੈਠਾ) ਪਛਾਣ ਲਿਆ ਹੈ ॥੩॥

ਕਹਤੁ ਕਬੀਰੁ ਕਾਰਗਹ ਤੋਰੀ ॥

ਕਬੀਰ ਆਖਦਾ ਹੈ-ਜਦੋਂ ਉਹ ਜੁਲਾਹ (ਇਸ ਜਗਤ-) ਕੰਘੀ ਨੂੰ ਤੋੜ ਦੇਂਦਾ ਹੈ,

ਸੂਤੈ ਸੂਤ ਮਿਲਾਏ ਕੋਰੀ ॥੪॥੩॥੩੬॥

ਤਾਂ ਸੂਤਰ ਵਿਚ ਸੂਤਰ ਰਲਾ ਦੇਂਦਾ ਹੈ (ਭਾਵ, ਸਾਰੇ ਜਗਤ ਨੂੰ ਆਪਣੇ ਵਿਚ ਮਿਲਾ ਲੈਂਦਾ ਹੈ) ॥੪॥੩॥੩੬॥


ਆਸਾ ॥
ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥

ਜੇ ਮਨ ਵਿਚ ਵਿਕਾਰਾਂ ਦੀ ਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ;

ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥

(ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ ॥੧॥

ਪੂਜਹੁ ਰਾਮੁ ਏਕੁ ਹੀ ਦੇਵਾ ॥

ਸੋ, ਇਕ ਪਰਮਾਤਮਾ ਦੇਵ ਦਾ ਭਜਨ ਕਰੋ।

ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥

ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ ॥੧॥ ਰਹਾਉ ॥

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥

ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ।

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥

ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ ॥੨॥

ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥

ਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ।

ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥

(ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ ॥੩॥

ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥

ਪਰਮਾਤਮਾ ਉੱਥੇ ਵੱਸਦਾ ਹੈ ਜਿੱਥੇ ਦਿਨ ਤੇ ਰਾਤ ਨਹੀਂ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤ੍ਰ ਨਹੀਂ (ਭਾਵ, ਉਹ ਪ੍ਰਭੂ ਉਸ ਆਤਮਕ ਅਵਸਥਾ ਵਿਚ ਅੱਪੜਿਆਂ ਮਿਲਦਾ ਹੈ, ਜੋ ਆਤਮਕ ਅਵਸਥਾ ਕਿਸੇ ਖ਼ਾਸ ਸਮੇ ਦੀ ਮੁਥਾਜ ਨਹੀਂ, ਜੋ ਕਿਸੇ ਖ਼ਾਸ ਧਰਮ-ਪੁਸਤਕ ਦੀ ਮੁਥਾਜ ਨਹੀਂ)

ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥

ਕਬੀਰ ਆਖਦਾ ਹੈ-ਹੇ ਮਨੁੱਖੋ! ਹੇ ਕਮਲੇ ਲੋਕੋ! ਉਸ ਪਰਮਾਤਮਾ ਨੂੰ ਹੀ ਸਿਮਰੋ ॥੪॥੪॥੩੭॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ ॥

ਰਾਗ ਆਸਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥

ਇੱਕ ਪਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਹ ਪਰਮਾਤਮਾ ਹੀ ਮੌਜੂਦ ਹੈ।

ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥

ਪਰ (ਇਸ ਭੇਤ ਨੂੰ) ਕੋਈ ਵਿਰਲਾ ਬੰਦਾ ਸਮਝਦਾ ਹੈ, ਕਿਉਂਕਿ ਜੀਵ ਆਮ ਤੌਰ ਤੇ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿਚ ਚੰਗੀ ਤਰ੍ਹਾਂ ਮੋਹੇ ਪਏ ਹਨ ॥੧॥

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥

ਹਰ ਥਾਂ ਪਰਮਾਤਮਾ ਹੈ, ਹਰ ਥਾਂ ਪਰਮਾਤਮਾ ਹੈ, ਪਰਮਾਤਮਾ ਤੋਂ ਸੱਖਣੀ ਕੋਈ ਥਾਂ ਨਹੀਂ;

ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥

ਜਿਵੇਂ ਇੱਕ ਧਾਗਾ ਹੋਵੇ ਤੇ (ਉਸ ਵਿਚ) ਸੈਂਕੜੇ ਹਜ਼ਾਰਾਂ ਮਣਕੇ (ਪ੍ਰੋਤੇ ਹੋਏ ਹੋਣ) (ਇਸੇ ਤਰ੍ਹਾਂ ਸਭ ਜੀਵਾਂ ਵਿਚ ਪਰਮਾਤਮਾ ਦੀ ਹੀ ਜੀਵਨ-ਸੱਤਾ ਮਿਲੀ ਹੋਈ ਹੈ, ਜਿਵੇਂ) ਤਾਣੇ-ਪੇਟੇ ਵਿਚ (ਧਾਗੇ ਮਿਲੇ ਹੋਏ ਹਨ, ਤਿਵੇਂ) ਉਹੀ ਪਰਮਾਤਮਾ (ਸਭ ਵਿਚ ਮਿਲਿਆ ਹੋਇਆ) ਹੈ ॥੧॥ ਰਹਾਉ ॥

ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥

ਪਾਣੀ ਦੀਆਂ ਠਿੱਲ੍ਹਾਂ, ਝੱਗ ਅਤੇ ਬੁਲਬੁਲੇ-ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ,

ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥

ਤਿਵੇਂ ਹੀ ਇਹ ਦਿੱਸਦਾ ਤਮਾਸ਼ਾ-ਰੂਪ ਜਗਤ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਗਹੁ ਨਾਲ ਸੋਚਿਆਂ (ਇਹ ਸਮਝ ਆ ਜਾਂਦੀ ਹੈ ਕਿ ਇਹ ਉਸ ਤੋਂ) ਵੱਖਰਾ ਨਹੀਂ ਹੈ ॥੨॥

ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥

(ਇਹ ਪਰਪੰਚ ਵੇਖ ਕੇ ਜੀਵਾਂ ਨੂੰ) ਗ਼ਲਤ ਖ਼ਿਆਲ ਬਣ ਗਿਆ ਹੈ (ਕਿ ਇਸ ਦਾ ਅਸਾਡਾ ਸਾਥ ਪੱਕਾ ਨਿਭਣ ਵਾਲਾ ਹੈ); ਇਹ ਪਦਾਰਥ ਇਉਂ ਹੀ ਹਨ ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ; ਪਰ ਜੀਵਾਂ ਨੇ ਇਹਨਾਂ ਨੂੰ ਸਦਾ (ਆਪਣੇ ਨਾਲ) ਟਿਕੇ ਰਹਿਣ ਵਾਲੇ ਸਮਝ ਲਿਆ ਹੈ।

ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥

ਜਿਸ ਮਨੁੱਖ ਨੂੰ ਸਤਿਗੁਰੂ ਭਲੀ ਸਮਝ ਬਖ਼ਸ਼ਦਾ ਹੈ ਉਹ ਇਸ ਵਹਿਮ ਵਿਚੋਂ ਜਾਗ ਪੈਂਦਾ ਹੈ ਤੇ ਉਸ ਦੇ ਮਨ ਨੂੰ ਤਸੱਲੀ ਆ ਜਾਂਦੀ ਹੈ (ਕਿ ਆਸਾਡਾ ਤੇ ਇਹਨਾਂ ਪਦਾਰਥਾਂ ਦਾ ਸਾਥ ਸਦਾ ਲਈ ਨਹੀਂ ਹੈ) ॥੩॥

ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥

ਨਾਮਦੇਵ ਆਖਦਾ ਹੈ: ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ ਕਿ ਇਹ ਪਰਮਾਤਮਾ ਦੀ ਰਚੀ ਹੋਈ ਖੇਡ ਹੈ।

ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥

ਇਸ ਵਿਚ ਹਰੇਕ ਘਟ ਅੰਦਰ ਹਰ ਥਾਂ ਸਿਰਫ਼ ਇੱਕ ਪਰਮਾਤਮਾ ਹੀ ਵੱਸਦਾ ਹੈ ॥੪॥੧॥ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ ॥

ਰਾਗ ਆਸਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥

ਇੱਕ ਪਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਹ ਪਰਮਾਤਮਾ ਹੀ ਮੌਜੂਦ ਹੈ।

ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥

ਪਰ (ਇਸ ਭੇਤ ਨੂੰ) ਕੋਈ ਵਿਰਲਾ ਬੰਦਾ ਸਮਝਦਾ ਹੈ, ਕਿਉਂਕਿ ਜੀਵ ਆਮ ਤੌਰ ਤੇ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿਚ ਚੰਗੀ ਤਰ੍ਹਾਂ ਮੋਹੇ ਪਏ ਹਨ ॥੧॥

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥

ਹਰ ਥਾਂ ਪਰਮਾਤਮਾ ਹੈ, ਹਰ ਥਾਂ ਪਰਮਾਤਮਾ ਹੈ, ਪਰਮਾਤਮਾ ਤੋਂ ਸੱਖਣੀ ਕੋਈ ਥਾਂ ਨਹੀਂ;

ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥

ਜਿਵੇਂ ਇੱਕ ਧਾਗਾ ਹੋਵੇ ਤੇ (ਉਸ ਵਿਚ) ਸੈਂਕੜੇ ਹਜ਼ਾਰਾਂ ਮਣਕੇ (ਪ੍ਰੋਤੇ ਹੋਏ ਹੋਣ) (ਇਸੇ ਤਰ੍ਹਾਂ ਸਭ ਜੀਵਾਂ ਵਿਚ ਪਰਮਾਤਮਾ ਦੀ ਹੀ ਜੀਵਨ-ਸੱਤਾ ਮਿਲੀ ਹੋਈ ਹੈ, ਜਿਵੇਂ) ਤਾਣੇ-ਪੇਟੇ ਵਿਚ (ਧਾਗੇ ਮਿਲੇ ਹੋਏ ਹਨ, ਤਿਵੇਂ) ਉਹੀ ਪਰਮਾਤਮਾ (ਸਭ ਵਿਚ ਮਿਲਿਆ ਹੋਇਆ) ਹੈ ॥੧॥ ਰਹਾਉ ॥

ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥

ਪਾਣੀ ਦੀਆਂ ਠਿੱਲ੍ਹਾਂ, ਝੱਗ ਅਤੇ ਬੁਲਬੁਲੇ-ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ,

ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥

ਤਿਵੇਂ ਹੀ ਇਹ ਦਿੱਸਦਾ ਤਮਾਸ਼ਾ-ਰੂਪ ਜਗਤ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਗਹੁ ਨਾਲ ਸੋਚਿਆਂ (ਇਹ ਸਮਝ ਆ ਜਾਂਦੀ ਹੈ ਕਿ ਇਹ ਉਸ ਤੋਂ) ਵੱਖਰਾ ਨਹੀਂ ਹੈ ॥੨॥

ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥

(ਇਹ ਪਰਪੰਚ ਵੇਖ ਕੇ ਜੀਵਾਂ ਨੂੰ) ਗ਼ਲਤ ਖ਼ਿਆਲ ਬਣ ਗਿਆ ਹੈ (ਕਿ ਇਸ ਦਾ ਅਸਾਡਾ ਸਾਥ ਪੱਕਾ ਨਿਭਣ ਵਾਲਾ ਹੈ); ਇਹ ਪਦਾਰਥ ਇਉਂ ਹੀ ਹਨ ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ; ਪਰ ਜੀਵਾਂ ਨੇ ਇਹਨਾਂ ਨੂੰ ਸਦਾ (ਆਪਣੇ ਨਾਲ) ਟਿਕੇ ਰਹਿਣ ਵਾਲੇ ਸਮਝ ਲਿਆ ਹੈ।

ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥

ਜਿਸ ਮਨੁੱਖ ਨੂੰ ਸਤਿਗੁਰੂ ਭਲੀ ਸਮਝ ਬਖ਼ਸ਼ਦਾ ਹੈ ਉਹ ਇਸ ਵਹਿਮ ਵਿਚੋਂ ਜਾਗ ਪੈਂਦਾ ਹੈ ਤੇ ਉਸ ਦੇ ਮਨ ਨੂੰ ਤਸੱਲੀ ਆ ਜਾਂਦੀ ਹੈ (ਕਿ ਆਸਾਡਾ ਤੇ ਇਹਨਾਂ ਪਦਾਰਥਾਂ ਦਾ ਸਾਥ ਸਦਾ ਲਈ ਨਹੀਂ ਹੈ) ॥੩॥

ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥

ਨਾਮਦੇਵ ਆਖਦਾ ਹੈ: ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ ਕਿ ਇਹ ਪਰਮਾਤਮਾ ਦੀ ਰਚੀ ਹੋਈ ਖੇਡ ਹੈ।

ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥

ਇਸ ਵਿਚ ਹਰੇਕ ਘਟ ਅੰਦਰ ਹਰ ਥਾਂ ਸਿਰਫ਼ ਇੱਕ ਪਰਮਾਤਮਾ ਹੀ ਵੱਸਦਾ ਹੈ ॥੪॥੧॥


ਆਸਾ ॥
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥

ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ (ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ)

ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥

ਪਾਣੀ ਵਿਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ? ॥੧॥

ਜਤ੍ਰ ਜਾਉ ਤਤ ਬੀਠਲੁ ਭੈਲਾ ॥

ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ।

ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥

(ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ ॥੧॥ ਰਹਾਉ ॥

ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥

ਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ,

ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥

(ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ, ਕਿਉਂਕਿ ਉਹਨਾਂ ਫੁੱਲਾਂ ਦੀ) ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਭੌਰੇ ਵਿਚ) ਵੱਸਦਾ ਸੀ (ਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ ਫੁੱਲਾਂ ਨਾਲ) ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ? ॥੨॥

ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥

ਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ,

ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥

(ਤਾਂ ਦੁੱਧ ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ, ਕਿਉਂਕਿ ਚੋਣ ਵੇਲੇ) ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਵੱਛੇ ਵਿਚ) ਵੱਸਦਾ ਸੀ (ਤੇ ਦੁੱਧ ਪੀ ਰਿਹਾ ਸੀ, ਤਾਂ ਇਸ ਮੂਰਤੀ ਅੱਗੇ) ਮੈਂ ਕਿਉਂ ਨੈਵੇਦ ਭੇਟ ਧਰਾਂ? ॥੩॥

ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥

(ਜਗਤ ਵਿਚ) ਹੇਠਾਂ ਉਤਾਂਹ (ਹਰ ਥਾਂ) ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ।

ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥

ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ-(ਹੇ ਬੀਠਲ!) ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ ॥੪॥੨॥


ਆਸਾ ॥
ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥

ਮੇਰਾ ਮਨ ਗਜ਼ (ਬਣ ਗਿਆ ਹੈ), ਮੇਰੀ ਜੀਭ ਕੈਂਚੀ (ਬਣ ਗਈ ਹੈ),

ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥

(ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਕੱਛ ਕੱਛ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ॥੧॥

ਕਹਾ ਕਰਉ ਜਾਤੀ ਕਹ ਕਰਉ ਪਾਤੀ ॥

ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ,

ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ ॥

ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ॥੧॥ ਰਹਾਉ ॥

ਰਾਂਗਨਿ ਰਾਂਗਉ ਸੀਵਨਿ ਸੀਵਉ ॥

(ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ,

ਰਾਮ ਨਾਮ ਬਿਨੁ ਘਰੀਅ ਨ ਜੀਵਉ ॥੨॥

ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ॥੨॥

ਭਗਤਿ ਕਰਉ ਹਰਿ ਕੇ ਗੁਨ ਗਾਵਉ ॥

ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ,

ਆਠ ਪਹਰ ਅਪਨਾ ਖਸਮੁ ਧਿਆਵਉ ॥੩॥

ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ ॥੩॥

ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥

ਮੈਨੂੰ (ਗੁਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ;

ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥੩॥

(ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ ॥੪॥੩॥


ਆਸਾ ॥
ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥

ਸੱਪ ਕੁੰਜ ਲਾਹ ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ;

ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥

ਪਾਣੀ ਵਿਚ (ਖਲੋ ਕੇ) ਜਿਵੇਂ ਬਗਲਾ ਸਮਾਧੀ ਲਾਂਦਾ ਹੈ (ਇਸ ਤਰ੍ਹਾਂ ਜੇ ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰੋਂ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ ਨਹੀਂ ਹੈ) ॥੧॥

ਕਾਹੇ ਕਉ ਕੀਜੈ ਧਿਆਨੁ ਜਪੰਨਾ ॥

ਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ?

ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ ॥

ਜਦ ਤਕ (ਅੰਦਰੋਂ) ਆਪਣਾ ਮਨ ਪਵਿੱਤਰ ਨਹੀਂ ਹੈ ॥੧॥ ਰਹਾਉ ॥

ਸਿੰਘਚ ਭੋਜਨੁ ਜੋ ਨਰੁ ਜਾਨੈ ॥

ਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ)

ਐਸੇ ਹੀ ਠਗਦੇਉ ਬਖਾਨੈ ॥੨॥

ਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ ॥੨॥

ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥

ਹੇ ਨਾਮਦੇਵ! ਤੇਰੇ ਮਾਲਕ ਪ੍ਰਭੂ ਨੇ (ਤੇਰੇ ਅੰਦਰੋਂ ਇਹ ਪਖੰਡ ਵਾਲਾ) ਝਗੜਾ ਮੁਕਾ ਦਿੱਤਾ ਹੈ।

ਰਾਮ ਰਸਾਇਨ ਪੀਉ ਰੇ ਦਗਰਾ ॥੩॥੪॥

ਹੇ ਕਠੋਰ-ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮ੍ਰਿਤ ਪੀ (ਅਤੇ ਪਖੰਡ ਛੱਡ) ॥੩॥੪॥


ਆਸਾ ॥
ਪਾਰਬ੍ਰਹਮੁ ਜਿ ਚੀਨ੍ਰਸੀ ਆਸਾ ਤੇ ਨ ਭਾਵਸੀ ॥

ਜੋ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦੇ ਹਨ, ਉਹਨਾਂ ਨੂੰ ਹੋਰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ।

ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥

ਜਿਨ੍ਹਾਂ ਸੰਤ ਜਨਾਂ ਨੇ ਪ੍ਰਭੂ ਨੂੰ ਸਿਮਰਿਆ ਹੈ, ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ ॥੧॥

ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥

ਹੇ (ਮੇਰੇ) ਮਨ! ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ (ਸੰਸਾਰ-ਸਮੁੰਦਰ) ਵਿਚ ਵਿਕਾਰਾਂ ਦਾ ਪਾਣੀ (ਭਰਿਆ ਪਿਆ) ਹੈ।

ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ ॥

ਹੇ ਮਨ! ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ (ਪਰਮਾਤਮਾ ਵਲੋਂ) ਖੁੰਝ ਗਿਆ ਹੈਂ ॥੧॥ ਰਹਾਉ ॥

ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ ॥

ਮੈਨੂੰ ਨਾਮੇ ਨੂੰ (ਭਾਵੇਂ ਜੀਕਰ) ਛੀਂਬੇ ਦੇ ਘਰ ਜਨਮ ਦਿੱਤਾ, ਪਰ (ਉਸ ਦੀ ਮਿਹਰ ਨਾਲ) ਮੈਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ;

ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥

ਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਨਾਮੇ) ਨੂੰ ਰੱਬ ਮਿਲ ਪਿਆ ਹੈ ॥੨॥੫॥


ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ ॥

ਰਾਗ ਆਸਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥

ਹਰਨ, ਮੱਛੀ, ਭੌਰਾ, ਭੰਬਟ, ਹਾਥੀ-ਇਕ ਇਕ ਐਬ ਦੇ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ, (ਹਰਨ ਨੂੰ ਘੰਡੇਹੇੜੇ ਦਾ ਨਾਦ ਸੁਣਨ ਦਾ ਰਸ; ਮੀਨ ਨੂੰ ਜੀਭ ਦਾ ਚਸਕਾ; ਭੌਰੇ ਨੂੰ ਫੁੱਲ ਸੁੰਘਣ ਦੀ ਬਾਣ; ਭੰਬਟ ਦਾ ਦੀਵੇ ਉੱਤੇ ਸੜ ਮਰਨਾ, ਅੱਖਾਂ ਨਾਲ ਵੇਖਣ ਦਾ ਚਸਕਾ; ਹਾਥੀ ਨੂੰ ਕਾਮ ਵਾਸ਼ਨਾ)

ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥

ਪਰ ਇਸ ਮਨੁੱਖ ਵਿਚ ਇਹ ਪੰਜੇ ਅਸਾਧ ਰੋਗ ਹਨ, ਇਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ? ॥੧॥

ਮਾਧੋ ਅਬਿਦਿਆ ਹਿਤ ਕੀਨ ॥

ਹੇ ਪ੍ਰਭੂ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ;

ਬਿਬੇਕ ਦੀਪ ਮਲੀਨ ॥੧॥ ਰਹਾਉ ॥

ਇਸ ਵਾਸਤੇ ਇਹਨਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ (ਭਾਵ, ਪਰਖ-ਹੀਣ ਹੋ ਰਹੇ ਹਨ, ਭਲੇ ਬੁਰੇ ਦੀ ਪਛਾਣ ਨਹੀਂ ਕਰਦੇ) ॥੧॥ ਰਹਾਉ ॥

ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ ॥

ਪਸ਼ੂ ਆਦਿਕ ਟੇਢੀਆਂ ਜੂਨਾਂ ਦੇ ਜੀਵ ਵਿਚਾਰ-ਹੀਨ ਹਨ, ਉਹਨਾਂ ਦਾ ਪਾਪ ਪੁੰਨ ਵਲੋਂ ਬੇ-ਪਰਵਾਹ ਰਹਿਣਾ ਕੁਦਰਤੀ ਹੈ;

ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥੨॥

ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ, ਇਸ ਦੀ ਸੰਗਤਿ ਭੀ ਨੀਚ ਵਿਕਾਰਾਂ ਨਾਲ ਹੀ ਹੈ (ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ) ॥੨॥

ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ ॥

ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿਥੇ ਜਿਥੇ ਭੀ ਹਨ,

ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥੩॥

ਸਾਰੇ ਜੀਅ ਜੰਤਾਂ ਨੂੰ ਕਾਲ ਦੀ (ਆਤਮਕ ਮੌਤ ਦੀ) ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ ॥੩॥

ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥

ਹੇ ਰਵਿਦਾਸ! ਹੇ ਪ੍ਰਭੂ ਦੇ ਦਾਸ ਰਵਿਦਾਸ! ਤੂੰ ਤਾਂ ਵਿਕਾਰਾਂ ਦੇ ਮੋਹ ਵਿਚੋਂ ਨਿਕਲ; ਇਹ ਭਟਕਣਾ ਛੱਡ ਦੇਹ, ਸਤਿਗੁਰੂ ਦਾ ਗਿਆਨ ਕਮਾ, ਇਹੀ ਤਪਾਂ ਦਾ ਤਪ ਹੈ।

ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥੪॥੧॥

ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ ਹੇ ਪ੍ਰਭੂ! ਆਖ਼ਰ ਮੈਨੂੰ ਰਵਿਦਾਸ ਨੂੰ ਭੀ (ਆਪਣੇ ਪਿਆਰ ਦਾ) ਪਰਮ ਅਨੰਦ ਬਖ਼ਸ਼ੋ (ਮੈਂ ਤੇਰੀ ਸਰਨ ਆਇਆ ਹਾਂ) ॥੪॥੧॥


ਆਸਾ ॥
ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥

ਹੇ ਦੇਵਾਂ ਦੇ ਦੇਵ ਪ੍ਰਭੂ! ਸੰਤ ਤੇਰਾ ਹੀ ਰੂਪ ਹਨ, ਸੰਤਾਂ ਦੀ ਸੰਗਤਿ ਤੇਰੀ ਜਿੰਦ-ਜਾਨ ਹੈ।

ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥

ਸਤਿਗੁਰੂ ਦੀ ਮੱਤ ਲੈ ਕੇ ਸੰਤਾਂ (ਦੀ ਵਡਿਆਈ) ਨੂੰ (ਮਨੁੱਖ) ਸਮਝ ਲੈਂਦਾ ਹੈ ॥੧॥

ਸੰਤ ਚੀ ਸੰਗਤਿ ਸੰਤ ਕਥਾ ਰਸੁ ॥

ਹੇ ਦੇਵਤਿਆਂ ਦੇ ਦੇਵਤੇ ਪ੍ਰਭੂ! ਮੈਨੂੰ ਸੰਤਾਂ ਦੀ ਸੰਗਤਿ ਬਖ਼ਸ਼, ਮਿਹਰ ਕਰ, ਮੈਂ ਸੰਤਾਂ ਦੀ ਪ੍ਰਭੂ-ਕਥਾ ਦਾ ਰਸ ਲੈ ਸਕਾਂ;

ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥

ਮੈਨੂੰ ਸੰਤਾਂ ਦਾ (ਭਾਵ, ਸੰਤਾਂ ਨਾਲ) ਪ੍ਰੇਮ (ਕਰਨ ਦੀ ਦਾਤਿ) ਦੇਹ ॥੧॥ ਰਹਾਉ ॥

ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥੨॥

ਹੇ ਪ੍ਰਭੂ! ਮੈਨੂੰ ਸੰਤਾਂ ਵਾਲੀ ਕਰਣੀ, ਸੰਤਾਂ ਦਾ ਰਸਤਾ, ਸੰਤਾਂ ਦੇ ਦਾਸਾਂ ਦੀ ਸੇਵਾ ਬਖ਼ਸ਼ ॥੨॥

ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥

ਮੈਂ ਤੈਥੋਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ, ਮੈਨੂੰ ਆਪਣੀ ਭਗਤੀ ਦੇਹ, ਜੋ ਮਨ-ਚਿੰਦੇ ਫਲ ਦੇਣ ਵਾਲੀ ਮਣੀ ਹੈ;

ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥

ਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾਹ ਕਰਾਈਂ ॥੩॥

ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥

ਰਵਿਦਾਸ ਆਖਦਾ ਹੈ-ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ,

ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥

ਕਿ ਸੰਤਾਂ ਤੇ ਬੇਅੰਤ ਪ੍ਰਭੂ ਵਿਚ ਕੋਈ ਵਿੱਥ ਨਹੀਂ ਹੈ ॥੪॥੨॥

Raag Asa Bani Page 11

1
2
3
4
5
6
7
8
9
10
11
12