Raag-Ramkali-Bani-Part-2

Raag-Ramkali-Bani-Part-2

Raag-Ramkali-Bani-Part-2

ਰਾਗ ਰਾਮਕਲੀ – ਬਾਣੀ ਸ਼ਬਦ


Raag-Ramkali-Bani-Part-2

ਰਾਮਕਲੀ ਮਹਲਾ ੫ ॥
ਪੰਚ ਸਬਦ ਤਹ ਪੂਰਨ ਨਾਦ ॥

ਹੇ ਭਾਈ! ਉਸ ਆਤਮਕ ਅਵਸਥਾ ਵਿਚ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਪੰਜ ਕਿਸਮਾਂ ਦੇ ਸਾਜ਼ਾਂ ਦੀ ਘਨਘੋਰ ਆਵਾਜ਼ ਹੋ ਰਹੀ ਹੈ,

ਅਨਹਦ ਬਾਜੇ ਅਚਰਜ ਬਿਸਮਾਦ ॥

(ਜਿਵੇਂ ਮਨੁੱਖ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ। ਉਹ ਅਵਸਥਾ ਅਚਰਜ ਤੇ ਹੈਰਾਨੀ ਪੈਦਾ ਕਰਨ ਵਾਲੀ ਹੁੰਦੀ ਹੈ।

ਕੇਲ ਕਰਹਿ ਸੰਤ ਹਰਿ ਲੋਗ ॥

(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ ਦੇ ਸੰਤ-ਜਨ (ਉਸ ਅਵਸਥਾ ਵਿਚ ਪਹੁੰਚ ਕੇ) ਆਤਮਕ ਆਨੰਦ ਮਾਣਦੇ ਰਹਿੰਦੇ ਹਨ,

ਪਾਰਬ੍ਰਹਮ ਪੂਰਨ ਨਿਰਜੋਗ ॥੧॥

(ਉਸ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਜੋ) ਨਿਰਲੇਪ ਤੇ ਸਰਬ-ਵਿਆਪਕ ਹੈ ॥੧॥

ਸੂਖ ਸਹਜ ਆਨੰਦ ਭਵਨ ॥

ਹੇ ਭਾਈ! ਉਹ ਮਨੁੱਖ ਆਤਮਕ ਅਡੋਲਤਾ, ਆਤਮਕ ਸੁਖ-ਆਨੰਦ ਦੀ ਅਵਸਥਾ ਹਾਸਲ ਕਰ ਲੈਂਦੇ ਹਨ,

ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥

ਜੇਹੜੇ ਗੁਰੂ ਦੀ ਸੰਗਤਿ ਵਿਚ ਬੈਠ ਕੇ (ਪਰਮਾਤਮਾ ਦੇ) ਗੁਣ ਗਾਂਦੇ ਰਹਿੰਦੇ ਹਨ। ਉਸ ਆਤਮਕ ਅਵਸਥਾ ਵਿਚ ਕੋਈ ਰੋਗ ਕੋਈ ਗ਼ਮ ਕੋਈ ਜਨਮ-ਮਰਨ ਦਾ ਗੇੜ ਨਹੀਂ ਵਿਆਪਦਾ ॥੧॥ ਰਹਾਉ ॥

Raag-Ramkali-Bani-Part-2

ਊਹਾ ਸਿਮਰਹਿ ਕੇਵਲ ਨਾਮੁ ॥

ਹੇ ਭਾਈ! ਉਸ ਆਤਮਕ ਅਵਸਥਾ ਵਿਚ (ਪਹੁੰਚੇ ਹੋਏ ਸੰਤ-ਜਨ) ਸਿਰਫ਼ (ਹਰਿ-) ਨਾਮ ਸਿਮਰਦੇ ਰਹਿੰਦੇ ਹਨ।

ਬਿਰਲੇ ਪਾਵਹਿ ਓਹੁ ਬਿਸ੍ਰਾਮੁ ॥

ਪਰ ਉਹ ਉੱਚੀ ਆਤਮਕ ਅਵਸਥਾ ਵਿਰਲੇ ਮਨੁੱਖਾਂ ਨੂੰ ਹਾਸਲ ਹੁੰਦੀ ਹੈ।

ਭੋਜਨੁ ਭਾਉ ਕੀਰਤਨ ਆਧਾਰੁ ॥

ਹੇ ਭਾਈ! ਉਸ ਅਵਸਥਾ ਵਿਚ ਪ੍ਰਭੂ-ਪ੍ਰੇਮ ਹੀ ਮਨੁੱਖ ਦੀ ਆਤਮਕ ਖ਼ੁਰਾਕ ਹੋ ਜਾਂਦੀ ਹੈ, ਆਤਮਕ ਜੀਵਨ ਵਾਸਤੇ ਮਨੁੱਖ ਨੂੰ ਸਿਫ਼ਤਿ-ਸਾਲਾਹ ਦਾ ਹੀ ਸਹਾਰਾ ਹੁੰਦਾ ਹੈ।

ਨਿਹਚਲ ਆਸਨੁ ਬੇਸੁਮਾਰੁ ॥੨॥

ਹੇ ਭਾਈ! ਉਸ ਆਤਮਕ ਅਵਸਥਾ ਦਾ ਆਸਣ (ਮਾਇਆ ਦੇ ਅੱਗੇ) ਕਦੇ ਡੋਲਦਾ ਨਹੀਂ। ਉਹ ਅਵਸਥਾ ਕੈਸੀ ਹੈ-ਇਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥

ਡਿਗਿ ਨ ਡੋਲੈ ਕਤਹੂ ਨ ਧਾਵੈ ॥

ਹੇ ਭਾਈ! ਉਸ ਅਵਸਥਾ ਵਿਚ ਪਹੁੰਚਿਆ ਹੋਇਆ ਮਨੁੱਖ (ਮਾਇਆ ਦੇ ਮੋਹ ਵਿਚ) ਡਿੱਗ ਕੇ ਡੋਲਦਾ ਨਹੀਂ ਹੈ, (ਉਸ ਟਿਕਾਣੇ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ।

ਗੁਰਪ੍ਰਸਾਦਿ ਕੋ ਇਹੁ ਮਹਲੁ ਪਾਵੈ ॥

ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਹ ਟਿਕਾਣਾ ਹਾਸਲ ਕਰਦਾ ਹੈ।

ਭ੍ਰਮ ਭੈ ਮੋਹ ਨ ਮਾਇਆ ਜਾਲ ॥

ਉਥੇ ਦੁਨੀਆ ਦੀਆਂ ਭਟਕਣਾਂ, ਦੁਨੀਆ ਦੇ ਡਰ, ਮਾਇਆ ਦਾ ਮੋਹ, ਮਾਇਆ ਦੇ ਜਾਲ-ਇਹ ਕੋਈ ਭੀ ਪੋਹ ਨਹੀਂ ਸਕਦੇ।

ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥

ਕਿਰਪਾ ਦੇ ਸੋਮੇ ਪ੍ਰਭੂ ਵਿਚ ਮਨੁੱਖ ਦੀ ਐਸੀ ਸੁਰਤ ਜੁੜਦੀ ਹੈ ਕਿ ਕੋਈ ਭੀ ਮਾਇਕ ਫੁਰਨਾ ਨੇੜੇ ਨਹੀਂ ਢੁਕਦਾ ॥੩॥

ਤਾ ਕਾ ਅੰਤੁ ਨ ਪਾਰਾਵਾਰੁ ॥

ਹੇ ਭਾਈ! ਜਿਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਸਰੂਪ ਦਾ ਪਾਰਲਾ ਉਰਲਾ ਬੰਨਾ ਨਹੀਂ ਦਿੱਸ ਸਕਦਾ,

ਆਪੇ ਗੁਪਤੁ ਆਪੇ ਪਾਸਾਰੁ ॥

ਉਹ ਪ੍ਰਭੂ ਇਸ ਜਗਤ-ਖਿਲਾਰੇ ਵਿਚ ਆਪ ਹੀ ਲੁਕਿਆ ਦਿੱਸਦਾ ਹੈ, ਇਹ ਜਗਤ-ਖਿਲਾਰਾ ਉਸ ਪ੍ਰਭੂ ਦਾ ਆਪਣਾ ਹੀ ਰੂਪ ਹੈ।

ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕ ਜਾਂਦਾ ਹੈ,

ਕਹਨੁ ਨ ਜਾਈ ਨਾਨਕ ਬਿਸਮਾਦੁ ॥੪॥੯॥੨੦॥

ਹੇ ਨਾਨਕ! ਹਰਿ-ਨਾਮ ਦਾ ਸੁਆਦ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੁਆਦ ਅਸਚਰਜ ਹੀ ਹੁੰਦਾ ਹੈ ॥੪॥੯॥੨੦॥


ਰਾਮਕਲੀ ਮਹਲਾ ੫ ॥
ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥

ਹੇ ਭਾਈ! ਸੰਤ ਜਨਾਂ ਨਾਲ ਮਿਲਦਿਆਂ ਪਰਮਾਤਮਾ (ਮੇਰੇ) ਚਿਤ ਵਿਚ ਆ ਵੱਸਿਆ ਹੈ,

ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥

ਸੰਤ ਜਨਾਂ ਦੀ ਸੰਗਤਿ ਕਰਦਿਆਂ ਮੈਂ ਮਨ ਵਿਚ ਸੰਤੋਖ ਪ੍ਰਾਪਤ ਕਰ ਲਿਆ ਹੈ।

ਸੰਤਹ ਚਰਨ ਮਾਥਾ ਮੇਰੋ ਪਉਤ ॥

(ਪ੍ਰਭੂ ਮੇਹਰ ਕਰੇ) ਮੇਰਾ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਪਿਆ ਰਹੇ,

ਅਨਿਕ ਬਾਰ ਸੰਤਹ ਡੰਡਉਤ ॥੧॥

ਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ ਹਾਂ ॥੧॥

ਇਹੁ ਮਨੁ ਸੰਤਨ ਕੈ ਬਲਿਹਾਰੀ ॥

ਹੇ ਭਾਈ! ਮੇਰਾ ਇਹ ਮਨ ਸੰਤ-ਜਨਾਂ ਤੋਂ ਸਦਕੇ ਜਾਂਦਾ ਹੈ,

ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥

ਜਿਨ੍ਹਾਂ ਦਾ ਆਸਰਾ ਲੈ ਕੇ ਮੈਂ (ਆਤਮਕ) ਆਨੰਦ ਹਾਸਲ ਕੀਤਾ ਹੈ। ਸੰਤ ਜਨ ਕਿਰਪਾ ਕਰ ਕੇ (ਵਿਕਾਰ ਆਦਿਕਾਂ ਤੋਂ) ਰੱਖਿਆ ਕਰਦੇ ਹਨ ॥੧॥ ਰਹਾਉ ॥

ਸੰਤਹ ਚਰਣ ਧੋਇ ਧੋਇ ਪੀਵਾ ॥

ਹੇ ਭਾਈ! (ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ,

ਸੰਤਹ ਦਰਸੁ ਪੇਖਿ ਪੇਖਿ ਜੀਵਾ ॥

ਸੰਤ ਜਨਾਂ ਦਾ ਦਰਸਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ।

ਸੰਤਹ ਕੀ ਮੇਰੈ ਮਨਿ ਆਸ ॥

ਮੇਰੇ ਮਨ ਵਿਚ ਸੰਤ ਜਨਾਂ ਦੀ ਸਹਾਇਤਾ ਦਾ ਧਰਵਾਸ ਬਣਿਆ ਰਹਿੰਦਾ ਹੈ,

ਸੰਤ ਹਮਾਰੀ ਨਿਰਮਲ ਰਾਸਿ ॥੨॥

ਸੰਤ ਜਨਾਂ ਦੀ ਸੰਗਤਿ ਹੀ ਮੇਰੇ ਵਾਸਤੇ ਪਵਿੱਤ੍ਰ ਸਰਮਾਇਆ ਹੈ ॥੨॥

ਸੰਤ ਹਮਾਰਾ ਰਾਖਿਆ ਪੜਦਾ ॥

ਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ,

ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥

ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ।

ਸੰਤਹ ਸੰਗੁ ਦੀਆ ਕਿਰਪਾਲ ॥

ਕਿਰਪਾ ਦੇ ਸੋਮੇ ਪਰਮਾਤਮਾ ਨੇ ਆਪ ਹੀ ਮੈਨੂੰ ਸੰਤ ਜਨਾਂ ਦਾ ਸਾਥ ਬਖ਼ਸ਼ਿਆ ਹੈ।

ਸੰਤ ਸਹਾਈ ਭਏ ਦਇਆਲ ॥੩॥

ਜਦੋਂ ਸੰਤ ਜਨ ਮਦਦਗਾਰ ਬਣਦੇ ਹਨ, ਤਾਂ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੩॥

ਸੁਰਤਿ ਮਤਿ ਬੁਧਿ ਪਰਗਾਸੁ ॥

(ਹੇ ਭਾਈ! ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਮੇਰੀ) ਸੁਰਤ ਵਿਚ ਮਤਿ ਵਿਚ ਬੁੱਧਿ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।

ਗਹਿਰ ਗੰਭੀਰ ਅਪਾਰ ਗੁਣਤਾਸੁ ॥

ਅਥਾਹ, ਬੇਅੰਤ, ਗੁਣਾਂ ਦਾ ਖ਼ਜ਼ਾਨਾ,

ਜੀਅ ਜੰਤ ਸਗਲੇ ਪ੍ਰਤਿਪਾਲ ॥

ਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ-

ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥

ਹੇ ਨਾਨਕ! (ਆਪਣੇ) ਸੰਤ ਜਨਾਂ ਨੂੰ ਵੇਖ ਕੇ ਖ਼ੁਸ਼ ਹੋ ਜਾਂਦਾ ਹੈ ॥੪॥੧੦॥੨੧॥


ਰਾਮਕਲੀ ਮਹਲਾ ੫ ॥
ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥

ਹੇ ਮਿੱਤਰ! ਇਹ ਘਰ, ਇਹ ਹਕੂਮਤ, ਇਹ ਧਨ (ਇਹਨਾਂ ਵਿਚੋਂ ਕੋਈ ਭੀ) ਤੇਰੇ (ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦਾ।

ਤੇਰੈ ਕਾਜਿ ਨ ਬਿਖੈ ਜੰਜਾਲੁ ॥

ਮਾਇਕ ਪਦਾਰਥਾਂ ਦਾ ਝੰਬੇਲਾ ਭੀ ਤੈਨੂੰ ਆਤਮਕ ਜੀਵਨ ਵਿਚ ਲਾਭ ਨਹੀਂ ਦੇ ਸਕਦਾ।

ਇਸਟ ਮੀਤ ਜਾਣੁ ਸਭ ਛਲੈ ॥

ਚੇਤਾ ਰੱਖ ਕਿ ਇਹ ਸਾਰੇ ਪਿਆਰੇ ਮਿੱਤਰ (ਤੇਰੇ ਵਾਸਤੇ) ਛਲ-ਰੂਪ ਹੀ ਹਨ।

ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥

ਸਿਰਫ਼ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਸਾਥ ਕਰ ਸਕਦਾ ਹੈ ॥੧॥

ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥

ਹੇ ਮਿੱਤਰ! ਪਰਮਾਤਮਾ ਦੇ ਨਾਮ ਦੇ ਗੁਣ (ਇਸ ਵੇਲੇ) ਗਾ ਲੈ। ਪਰਮਾਤਮਾ ਦਾ ਨਾਮ ਸਿਮਰਿਆਂ ਹੀ (ਲੋਕ ਪਰਲੋਕ ਵਿਚ) ਤੇਰੀ ਇੱਜ਼ਤ ਰਹਿ ਸਕਦੀ ਹੈ।

ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥

ਪਰਮਾਤਮਾ ਦਾ ਨਾਮ ਸਿਮਰਿਆਂ ਜਮਰਾਜ ਭੀ ਕੁਝ ਨਹੀਂ ਆਖਦਾ ॥੧॥ ਰਹਾਉ ॥

ਬਿਨੁ ਹਰਿ ਸਗਲ ਨਿਰਾਰਥ ਕਾਮ ॥

ਹੇ ਮਿੱਤਰ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ (ਹੋ ਜਾਂਦੇ ਹਨ)।

ਸੁਇਨਾ ਰੁਪਾ ਮਾਟੀ ਦਾਮ ॥

(ਜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਤਾਂ) ਸੋਨਾ, ਚਾਂਦੀ, ਰੁਪਇਆ-ਪੈਸੇ (ਤੇਰੇ ਵਾਸਤੇ) ਮਿੱਟੀ (-ਸਮਾਨ) ਹੈ।

ਗੁਰ ਕਾ ਸਬਦੁ ਜਾਪਿ ਮਨ ਸੁਖਾ ॥

ਹੇ ਮਿੱਤਰ! ਗੁਰੂ ਦਾ ਸ਼ਬਦ ਚੇਤੇ ਕਰਦਾ ਰਿਹਾ ਕਰ, ਤੇਰੇ ਮਨ ਨੂੰ ਆਨੰਦ ਮਿਲੇਗਾ;

ਈਹਾ ਊਹਾ ਤੇਰੋ ਊਜਲ ਮੁਖਾ ॥੨॥

ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਸੁਰਖ਼ਰੂ ਹੋਵੇਂਗਾ ॥੨॥

ਕਰਿ ਕਰਿ ਥਾਕੇ ਵਡੇ ਵਡੇਰੇ ॥

ਹੇ ਮਿੱਤਰ! ਤੈਥੋਂ ਪਹਿਲਾਂ ਹੋ ਚੁਕੇ ਸਭ ਬੰਦੇ ਮਾਇਆ ਦੇ ਧੰਧੇ ਕਰ ਕਰ ਕੇ ਥੱਕਦੇ ਰਹੇ,

ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥

ਕਿਸੇ ਨੇ ਭੀ ਇਹ ਧੰਧੇ ਸਿਰੇ ਨਾਹ ਚਾੜ੍ਹੇ (ਕਿਸੇ ਦੀ ਭੀ ਤ੍ਰਿਸ਼ਨਾ ਨਾਹ ਮੁੱਕੀ)।

ਹਰਿ ਹਰਿ ਨਾਮੁ ਜਪੈ ਜਨੁ ਕੋਇ ॥

ਜੇਹੜਾ ਕੋਈ ਵਿਰਲਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ,

ਤਾ ਕੀ ਆਸਾ ਪੂਰਨ ਹੋਇ ॥੩॥

ਉਸ ਦੀ ਆਸ ਪੂਰੀ ਹੋ ਜਾਂਦੀ ਹੈ (ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥

ਹਰਿ ਭਗਤਨ ਕੋ ਨਾਮੁ ਅਧਾਰੁ ॥

ਹੇ ਮਿੱਤਰ! ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਸਰਾ ਹੁੰਦਾ ਹੈ,

ਸੰਤੀ ਜੀਤਾ ਜਨਮੁ ਅਪਾਰੁ ॥

ਤਾਹੀਏਂ ਸੰਤ ਜਨਾਂ ਨੇ ਹੀ ਅਮੋਲਕ ਮਨੁੱਖਾ ਜੀਵਨ ਦੀ ਬਾਜ਼ੀ ਜਿੱਤੀ ਹੈ।

ਹਰਿ ਸੰਤੁ ਕਰੇ ਸੋਈ ਪਰਵਾਣੁ ॥

ਪਰਮਾਤਮਾ ਦਾ ਸੰਤ ਜੋ ਕੁਝ ਕਰਦਾ ਹੈ, ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦਾ ਹੈ।

ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥

ਹੇ ਨਾਨਕ! (ਆਖ-ਮੈਂ) ਦਾਸ ਉਸ ਤੋਂ ਸਦਕੇ ਜਾਂਦਾ ਹਾਂ ॥੪॥੧੧॥੨੨॥


ਰਾਮਕਲੀ ਮਹਲਾ ੫ ॥
ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥

(ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ।

ਤੇਰੈ ਕਾਜਿ ਨ ਅਵਰਾ ਜੋਗ ॥

(ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ।

ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥

(ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ।

ਜਮ ਕੀ ਜੇਵੜੀ ਤੂ ਆਗੈ ਬੰਧ ॥੧॥

(ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿਚ (ਲੈ ਜਾਣਗੇ, ਤੇ ਧਨ ਇਥੇ ਹੀ ਰਹਿ ਜਾਇਗਾ) ॥੧॥

ਛਾਡਿ ਵਿਡਾਣੀ ਤਾਤਿ ਮੂੜੇ ॥

ਹੇ ਮੂਰਖ! ਦੂਜਿਆਂ ਨਾਲ ਈਰਖਾ ਕਰਨੀ ਛੱਡ ਦੇ।

ਈਹਾ ਬਸਨਾ ਰਾਤਿ ਮੂੜੇ ॥

ਹੇ ਮੂਰਖ! ਇਸ ਦੁਨੀਆ ਵਿਚ (ਪੰਛੀਆਂ ਵਾਂਗ) ਰਾਤ-ਮਾਤ੍ਰ ਹੀ ਵੱਸਣਾ ਹੈ।

ਮਾਇਆ ਕੇ ਮਾਤੇ ਤੈ ਉਠਿ ਚਲਨਾ ॥

ਮਾਇਆ ਵਿਚ ਮਸਤ ਹੋਏ ਹੇ ਮੂਰਖ! (ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ,

ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥

(ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ ॥੧॥ ਰਹਾਉ ॥

ਬਾਲ ਬਿਵਸਥਾ ਬਾਰਿਕੁ ਅੰਧ ॥

ਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ,

ਭਰਿ ਜੋਬਨਿ ਲਾਗਾ ਦੁਰਗੰਧ ॥

ਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ,

ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥

(ਜਵਾਨੀ ਲੰਘ ਜਾਣ ਤੇ) ਤੀਜੀ ਉਮਰੇ ਮਾਇਆ ਜੋੜਨ ਲੱਗ ਪੈਂਦਾ ਹੈ,

ਬਿਰਧਿ ਭਇਆ ਛੋਡਿ ਚਲਿਓ ਪਛੁਤਾਇ ॥੨॥

(ਆਖ਼ਰ ਜਦੋਂ) ਬੁੱਢਾ ਹੋ ਜਾਂਦਾ ਹੈ ਤਾਂ ਅਫ਼ਸੋਸ ਕਰਦਾ (ਜੋੜੀ ਹੋਈ ਮਾਇਆ) ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੨॥

ਚਿਰੰਕਾਲ ਪਾਈ ਦ੍ਰੁਲਭ ਦੇਹ ॥

(ਹੇ ਭਾਈ!) ਬੜੇ ਚਿਰਾਂ ਪਿੱਛੋਂ ਜੀਵ ਨੂੰ ਇਹ ਦੁਰਲੱਭ ਮਨੁੱਖਾ ਸਰੀਰ ਮਿਲਦਾ ਹੈ,

ਨਾਮ ਬਿਹੂਣੀ ਹੋਈ ਖੇਹ ॥

ਪਰ ਨਾਮ ਤੋਂ ਵਾਂਜੇ ਰਹਿ ਕੇ ਇਹ ਸਰੀਰ ਮਿੱਟੀ ਹੋ ਜਾਂਦਾ ਹੈ।

ਪਸੂ ਪਰੇਤ ਮੁਗਧ ਤੇ ਬੁਰੀ ॥

(ਨਾਮ ਤੋਂ ਬਿਨਾ, ਵਿਕਾਰਾਂ ਦੇ ਕਾਰਨ) ਮੂਰਖ ਜੀਵ ਦੀ ਇਹ ਦੇਹੀ ਪਸ਼ੂਆਂ ਤੇ ਪਰੇਤਾਂ ਨਾਲੋਂ ਭੀ ਭੈੜੀ (ਸਮਝੋ)।

ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥੩॥

ਜਿਸ ਪਰਮਾਤਮਾ ਨੇ (ਇਸ ਦੀ) ਇਹ ਮਨੁੱਖਾ ਦੇਹੀ ਬਣਾਈ ਉਸ ਨੂੰ ਕਦੇ ਚੇਤੇ ਨਹੀਂ ਕਰਦਾ ॥੩॥

ਸੁਣਿ ਕਰਤਾਰ ਗੋਵਿੰਦ ਗੋਪਾਲ ॥

ਜੀਵ ਵਿਚਾਰੇ ਕੀਹ ਕਰਨ? ਹੇ ਕਰਤਾਰ! ਹੇ ਗੋਬਿੰਦ! ਹੋ ਗੋਪਾਲ!

ਦੀਨ ਦਇਆਲ ਸਦਾ ਕਿਰਪਾਲ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਹੀ ਕਿਰਪਾ ਦੇ ਸੋਮੇ!

ਤੁਮਹਿ ਛਡਾਵਹੁ ਛੁਟਕਹਿ ਬੰਧ ॥

ਤੂੰ ਆਪ ਹੀ ਜੀਵਾਂ ਦੇ ਮਾਇਆ ਦੇ ਬੰਧਨ ਤੋੜੇਂ ਤਾਂ ਹੀ ਟੁੱਟ ਸਕਦੇ ਹਨ।

ਬਖਸਿ ਮਿਲਾਵਹੁ ਨਾਨਕ ਜਗ ਅੰਧ ॥੪॥੧੨॥੨੩॥

ਹੇ ਕਰਤਾਰ! (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਇਸ ਜਗਤ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜੀ ਰੱਖ ॥੪॥੧੨॥੨੩॥


ਰਾਮਕਲੀ ਮਹਲਾ ੫ ॥
ਕਰਿ ਸੰਜੋਗੁ ਬਨਾਈ ਕਾਛਿ ॥

(ਜਿਵੇਂ ਕੋਈ ਦਰਜ਼ੀ ਕੱਪੜਾ ਮਾਪ ਕਤਰ ਕੇ ਮਨੁੱਖ ਦੇ ਸਰੀਰ ਵਾਸਤੇ ਕਮੀਜ਼ ਆਦਿਕ ਬਣਾਂਦਾ ਹੈ, ਤਿਵੇਂ ਪਰਮਾਤਮਾ ਨੇ ਜਿੰਦ ਤੇ ਸਰੀਰ ਦੇ) ਮਿਲਾਪ (ਦਾ ਅਵਸਰ) ਬਣਾ ਕੇ (ਜਿੰਦ ਵਾਸਤੇ ਇਹ ਸਰੀਰ-ਚੋਲੀ) ਕੱਛ ਕੇ ਬਣਾ ਦਿੱਤੀ।

ਤਿਸੁ ਸੰਗਿ ਰਹਿਓ ਇਆਨਾ ਰਾਚਿ ॥

ਉਸ (ਸਰੀਰ-ਚੋਲੀ) ਨਾਲ ਬੇ-ਸਮਝ ਜੀਵ ਪਰਚਿਆ ਰਹਿੰਦਾ ਹੈ।

ਪ੍ਰਤਿਪਾਰੈ ਨਿਤ ਸਾਰਿ ਸਮਾਰੈ ॥

ਸਦਾ ਇਸ ਸਰੀਰ ਨੂੰ ਪਾਲਦਾ ਪੋਸਦਾ ਰਹਿੰਦਾ ਹੈ, ਤੇ ਸਦਾ ਇਸ ਦੀ ਸਾਂਭ-ਸੰਭਾਲ ਕਰਦਾ ਰਹਿੰਦਾ ਹੈ।

ਅੰਤ ਕੀ ਬਾਰ ਊਠਿ ਸਿਧਾਰੈ ॥੧॥

ਅੰਤ ਦੇ ਵੇਲੇ ਜੀਵ (ਇਸ ਨੂੰ ਛੱਡ ਕੇ) ਉੱਠ ਤੁਰਦਾ ਹੈ ॥੧॥

ਨਾਮ ਬਿਨਾ ਸਭੁ ਝੂਠੁ ਪਰਾਨੀ ॥

ਹੇ ਪ੍ਰਾਣੀ! ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਾਰਾ ਅਡੰਬਰ ਨਾਸਵੰਤ ਹੈ।

ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ ॥

ਹੇ ਪ੍ਰਾਣੀ! ਜੇਹੜੇ ਬੰਦੇ ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਪਦਾਰਥਾਂ ਨਾਲ ਮਸਤ ਰਹਿੰਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਵਿਚ ਠੱਗੇ ਜਾਂਦੇ ਹਨ ॥੧॥ ਰਹਾਉ ॥

ਤੀਰਥ ਨਾਇ ਨ ਉਤਰਸਿ ਮੈਲੁ ॥

(ਹੇ ਭਾਈ! ਮਾਇਆ ਦੇ ਮੋਹ ਦੀ ਇਹ) ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ ਉਤਰੇਗੀ।

ਕਰਮ ਧਰਮ ਸਭਿ ਹਉਮੈ ਫੈਲੁ ॥

(ਤੀਰਥ-ਇਸ਼ਨਾਨ ਆਦਿਕ ਇਹ) ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ।

ਲੋਕ ਪਚਾਰੈ ਗਤਿ ਨਹੀ ਹੋਇ ॥

(ਤੀਰਥ-ਇਸ਼ਨਾਨ ਆਦਿਕ ਕਰਮਾਂ ਦੀ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ) ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।

ਨਾਮ ਬਿਹੂਣੇ ਚਲਸਹਿ ਰੋਇ ॥੨॥

ਪਰਮਾਤਮਾ ਦੇ ਨਾਮ ਤੋਂ ਸੱਖਣੇ ਸਭ ਜੀਵ (ਇਥੋਂ) ਰੋ ਰੋ ਕੇ ਹੀ ਜਾਣਗੇ ॥੨॥

ਬਿਨੁ ਹਰਿ ਨਾਮ ਨ ਟੂਟਸਿ ਪਟਲ ॥

(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦਾ) ਪੜਦਾ ਨਹੀਂ ਟੁੱਟੇਗਾ।

ਸੋਧੇ ਸਾਸਤ੍ਰ ਸਿਮ੍ਰਿਤਿ ਸਗਲ ॥

ਸਾਰੇ ਹੀ ਸ਼ਾਸਤ੍ਰ ਅਤੇ ਸਿਮ੍ਰਿਤੀਆਂ ਵਿਚਾਰਿਆਂ ਭੀ (ਇਹ ਪੜਦਾ ਦੂਰ ਨਹੀਂ ਹੋਵੇਗਾ)।

ਸੋ ਨਾਮੁ ਜਪੈ ਜਿਸੁ ਆਪਿ ਜਪਾਏ ॥

ਪਰ ਉਹੀ ਬੰਦਾ ਨਾਮ ਜਪਦਾ ਹੈ ਜਿਸ ਨੂੰ ਪ੍ਰਭੂ ਆਪ ਨਾਮ ਜਪਣ ਲਈ ਪ੍ਰੇਰਦਾ ਹੈ।

ਸਗਲ ਫਲਾ ਸੇ ਸੂਖਿ ਸਮਾਏ ॥੩॥

(ਜਿਹੜੇ ਬੰਦੇ ਨਾਮ ਜਪਦੇ ਹਨ) ਉਹਨਾਂ ਨੂੰ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਹੁੰਦੇ ਹਨ, ਉਹ ਬੰਦੇ (ਸਦਾ) ਆਨੰਦ ਵਿਚ ਟਿਕੇ ਰਹਿੰਦੇ ਹਨ ॥੩॥

ਰਾਖਨਹਾਰੇ ਰਾਖਹੁ ਆਪਿ ॥

ਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਆਪ ਹੀ (ਮਾਇਆ ਦੇ ਮੋਹ ਤੋਂ ਅਸਾਂ ਜੀਵਾਂ ਦੀ) ਰੱਖਿਆ ਕਰ ਸਕਦਾ ਹੈਂ।

ਸਗਲ ਸੁਖਾ ਪ੍ਰਭ ਤੁਮਰੈ ਹਾਥਿ ॥

ਹੇ ਪ੍ਰਭੂ! ਸਾਰੇ ਸੁਖ ਤੇਰੇ ਆਪਣੇ ਹੱਥ ਵਿਚ ਹਨ।

ਜਿਤੁ ਲਾਵਹਿ ਤਿਤੁ ਲਾਗਹ ਸੁਆਮੀ ॥

ਹੇ ਮਾਲਕ-ਪ੍ਰਭੂ! ਤੂੰ ਜਿਸ ਕੰਮ ਵਿਚ (ਸਾਨੂੰ) ਲਾਂਦਾ ਹੈਂ, ਅਸੀਂ ਉਸੇ ਕੰਮ ਵਿਚ ਲੱਗ ਪੈਂਦੇ ਹਾਂ।

ਨਾਨਕ ਸਾਹਿਬੁ ਅੰਤਰਜਾਮੀ ॥੪॥੧੩॥੨੪॥

ਹੇ ਨਾਨਕ! (ਆਖ-) ਮਾਲਕ-ਪ੍ਰਭੂ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ॥੪॥੧੩॥੨੪॥


ਰਾਮਕਲੀ ਮਹਲਾ ੫ ॥
ਜੋ ਕਿਛੁ ਕਰੈ ਸੋਈ ਸੁਖੁ ਜਾਨਾ ॥

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਉਹ) ਜੋ ਕੁਝ ਪਰਮਾਤਮਾ ਕਰਦਾ ਹੈ ਉਸੇ ਨੂੰ ਉਹ ਸੁਖ ਸਮਝਦਾ ਹੈ।

ਮਨੁ ਅਸਮਝੁ ਸਾਧਸੰਗਿ ਪਤੀਆਨਾ ॥

ਉਸ ਦਾ (ਪਹਿਲਾ) ਅੰਞਾਣ ਮਨ ਗੁਰੂ ਦੀ ਸੰਗਤਿ ਵਿਚ ਗਿੱਝ ਜਾਂਦਾ ਹੈ।

ਡੋਲਨ ਤੇ ਚੂਕਾ ਠਹਰਾਇਆ ॥

(ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਇਆ ਹੋਇਆ ਉਸ ਦਾ ਮਨ ਡੋਲਣ ਤੋਂ ਹਟ ਜਾਂਦਾ ਹੈ,

ਸਤਿ ਮਾਹਿ ਲੇ ਸਤਿ ਸਮਾਇਆ ॥੧॥

ਅਤੇ ਸਦਾ-ਥਿਰ ਪ੍ਰਭੂ (ਦਾ ਨਾਮ) ਲੈ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥

ਦੂਖੁ ਗਇਆ ਸਭੁ ਰੋਗੁ ਗਇਆ ॥

(ਹੇ ਭਾਈ!) ਉਸ ਮਨੁੱਖ ਦਾ ਸਾਰਾ ਦੁੱਖ ਸਾਰਾ ਰੋਗ ਦੂਰ ਹੋ ਜਾਂਦਾ ਹੈ,

ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥

ਜਿਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ। ਪ੍ਰਭੂ ਦੀ ਰਜ਼ਾ ਉਸ ਨੂੰ ਮਨ ਵਿਚ ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥ ਰਹਾਉ ॥

ਸਗਲ ਪਵਿਤ੍ਰ ਸਰਬ ਨਿਰਮਲਾ ॥

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ) ਉਸ ਮਨੁੱਖ ਦੇ ਸਾਰੇ ਉੱਦਮ ਪਵਿੱਤਰ ਹੁੰਦੇ ਹਨ ਉਸ ਦੇ ਸਾਰੇ ਕੰਮ ਨਿਰਮਲ ਹੁੰਦੇ ਹਨ।

ਜੋ ਵਰਤਾਏ ਸੋਈ ਭਲਾ ॥

ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਮਨੁੱਖ ਨੂੰ ਉਹੀ ਉਹੀ ਕੰਮ ਭਲਾ ਜਾਪਦਾ ਹੈ।

ਜਹ ਰਾਖੈ ਸੋਈ ਮੁਕਤਿ ਥਾਨੁ ॥

(ਗੁਰੂ) ਜਿੱਥੇ ਉਸ ਨੂੰ ਰੱਖਦਾ ਹੈ ਉਹੀ ਉਸ ਦੇ ਵਾਸਤੇ ਵਿਕਾਰਾਂ ਤੋਂ ਖ਼ਲਾਸੀ ਦਾ ਥਾਂ ਹੁੰਦਾ ਹੈ;

ਜੋ ਜਪਾਏ ਸੋਈ ਨਾਮੁ ॥੨॥

ਉਸ ਤੋਂ ਪਰਮਾਤਮਾ ਦਾ ਨਾਮ ਹੀ ਸਦਾ ਜਪਾਂਦਾ ਹੈ ॥੨॥

ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥

(ਹੇ ਭਾਈ!) ਜਿੱਥੇ ਗੁਰਮੁਖ ਮਨੁੱਖ (ਆਪਣੇ) ਪੈਰ ਧਰਦੇ ਹਨ ਉਹ ਥਾਂ ਅਠਾਹਠ ਤੀਰਥ ਸਮਝੋ,

ਤਹ ਬੈਕੁੰਠੁ ਜਹ ਨਾਮੁ ਉਚਰਹਿ ॥

(ਕਿਉਂਕਿ) ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਉਚਾਰਦੇ ਹਨ ਉਹ ਥਾਂ ਸੱਚਖੰਡ ਬਣ ਜਾਂਦਾ ਹੈ।

ਸਰਬ ਅਨੰਦ ਜਬ ਦਰਸਨੁ ਪਾਈਐ ॥

ਜਦੋਂ ਗੁਰਮੁਖਾਂ ਦਾ ਦਰਸ਼ਨ ਕਰੀਦਾ ਹੈ ਤਦੋਂ ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਂਦੇ ਹਨ।

ਰਾਮ ਗੁਣਾ ਨਿਤ ਨਿਤ ਹਰਿ ਗਾਈਐ ॥੩॥

(ਗੁਰਮੁਖਾਂ ਦੀ ਸੰਗਤਿ ਵਿਚ) ਸਦਾ ਪਰਮਾਤਮਾ ਦੇ ਗੁਣ ਗਾ ਸਕੀਦੇ ਹਨ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਈ ਜਾ ਸਕਦੀ ਹੈ ॥੩॥

ਆਪੇ ਘਟਿ ਘਟਿ ਰਹਿਆ ਬਿਆਪਿ ॥

(ਹੇ ਭਾਈ!) (ਹੁਣ ਨਾਨਕ ਨੂੰ ਦਿੱਸ ਰਿਹਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈ,

ਦਇਆਲ ਪੁਰਖ ਪਰਗਟ ਪਰਤਾਪ ॥

ਦਇਆ ਦੇ ਸੋਮੇ ਅਕਾਲ ਪੁਰਖ ਦਾ ਤੇਜ-ਪਰਤਾਪ ਪ੍ਰਤੱਖ (ਹਰ ਥਾਂ ਦਿੱਸ ਰਿਹਾ ਹੈ)।

ਕਪਟ ਖੁਲਾਨੇ ਭ੍ਰਮ ਨਾਠੇ ਦੂਰੇ ॥

(ਗੁਰੂ ਦੀ ਕਿਰਪਾ ਨਾਲ ਮਨ ਦੇ) ਕਿਵਾੜ ਖੁਲ੍ਹ ਗਏ ਹਨ, ਤੇ, ਸਾਰੇ ਭਰਮ ਕਿਤੇ ਦੂਰ ਭੱਜ ਗਏ ਹਨ,

ਨਾਨਕ ਕਉ ਗੁਰ ਭੇਟੇ ਪੂਰੇ ॥੪॥੧੪॥੨੫॥

(ਕਿਉਂਕਿ) ਨਾਨਕ ਨੂੰ ਪੂਰੇ ਗੁਰੂ ਜੀ ਮਿਲ ਪਏ ਹਨ ॥੪॥੧੪॥੨੫॥


ਰਾਮਕਲੀ ਮਹਲਾ ੫ ॥
ਕੋਟਿ ਜਾਪ ਤਾਪ ਬਿਸ੍ਰਾਮ ॥

(ਹੇ ਭਾਈ!) ਕ੍ਰੋੜਾਂ ਜਪਾਂ ਤਪਾਂ (ਦਾ ਫਲ ਉਸ ਦੇ ਅੰਦਰ) ਆ ਵੱਸਦਾ ਹੈ,

ਰਿਧਿ ਬੁਧਿ ਸਿਧਿ ਸੁਰ ਗਿਆਨ ॥

ਉਸ ਮਨੁੱਖ ਦੀ ਦੇਵਤਿਆਂ ਵਾਲੀ ਸੂਝ-ਬੂਝ ਹੋ ਜਾਂਦੀ ਹੈ, ਉਸ ਦੀ ਬੁੱਧੀ (ਉੱਚੀ ਹੋ ਜਾਂਦੀ ਹੈ) ਉਹ ਰਿੱਧੀਆਂ ਸਿੱਧੀਆਂ (ਦਾ ਮਾਲਕ ਹੋ ਜਾਂਦਾ ਹੈ),

ਅਨਿਕ ਰੂਪ ਰੰਗ ਭੋਗ ਰਸੈ ॥

ਉਹ (ਮਾਨੋ) ਅਨੇਕਾਂ ਰੂਪਾਂ ਰੰਗਾਂ ਅਤੇ ਮਾਇਕ ਪਦਾਰਥਾਂ ਦਾ ਰਸ ਮਾਣਦਾ ਹੈ,

ਗੁਰਮੁਖਿ ਨਾਮੁ ਨਿਮਖ ਰਿਦੈ ਵਸੈ ॥੧॥

ਗੁਰੂ ਦੀ ਰਾਹੀਂ (ਜਿਸ ਮਨੁੱਖ ਦੇ) ਹਿਰਦੇ ਵਿਚ ਅੱਖ ਦੇ ਫੋਰ ਜਿਤਨੇ ਸਮੇ ਵਾਸਤੇ ਭੀ ਹਰਿ-ਨਾਮ ਵੱਸਦਾ ਹੈ ॥੧॥

ਹਰਿ ਕੇ ਨਾਮ ਕੀ ਵਡਿਆਈ ॥

(ਹੇ ਭਾਈ!) ਪਰਮਾਤਮਾ ਦੇ ਨਾਮ ਦੀ ਮਹੱਤਤਾ (ਦੱਸੀ ਨਹੀਂ ਜਾ ਸਕਦੀ)

ਕੀਮਤਿ ਕਹਣੁ ਨ ਜਾਈ ॥੧॥ ਰਹਾਉ ॥

ਹਰਿ-ਨਾਮ ਦਾ ਮੁੱਲ ਪਾਇਆ ਨਹੀਂ ਜਾ ਸਕਦਾ ॥੧॥ ਰਹਾਉ ॥

ਸੂਰਬੀਰ ਧੀਰਜ ਮਤਿ ਪੂਰਾ ॥

(ਹੇ ਭਾਈ!) ਉਹ ਮਨੁੱਖ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਹੈ ਬਹਾਦਰ ਹੈ,

ਸਹਜ ਸਮਾਧਿ ਧੁਨਿ ਗਹਿਰ ਗੰਭੀਰਾ ॥

ਪੂਰੀ ਅਕਲ ਅਤੇ ਧੀਰਜ ਦਾ ਮਾਲਕ ਹੈ, ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਵਿਚ ਉਸ ਦੀ ਡੂੰਘੀ ਲਗਨ ਬਣੀ ਰਹਿੰਦੀ ਹੈ,

ਸਦਾ ਮੁਕਤੁ ਤਾ ਕੇ ਪੂਰੇ ਕਾਮ ॥

ਸਦਾ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ,

ਜਾ ਕੈ ਰਿਦੈ ਵਸੈ ਹਰਿ ਨਾਮ ॥੨॥

ਜਿਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੨॥

ਸਗਲ ਸੂਖ ਆਨੰਦ ਅਰੋਗ ॥

(ਹੇ ਭਾਈ!) ਉਸ ਮਨੁੱਖ ਨੂੰ ਸਾਰੇ ਸੁਖ ਆਨੰਦ ਪ੍ਰਾਪਤ ਰਹਿੰਦੇ ਹਨ, ਉਹ (ਮਾਨਸਕ) ਰੋਗਾਂ ਤੋਂ ਬਚਿਆ ਰਹਿੰਦਾ ਹੈ,

ਸਮਦਰਸੀ ਪੂਰਨ ਨਿਰਜੋਗ ॥

(ਮਾਇਆ ਦੇ ਪ੍ਰਭਾਵ ਤੋਂ ਉਹ) ਪੂਰੇ ਤੌਰ ਤੇ ਨਿਰਲੇਪ ਰਹਿੰਦਾ ਹੈ, ਸਭਨਾਂ ਵਿਚ ਇਕ ਪਰਮਾਤਮਾ ਦੀ ਜੋਤਿ ਵੇਖਦਾ ਹੈ

ਆਇ ਨ ਜਾਇ ਡੋਲੈ ਕਤ ਨਾਹੀ ॥

ਉਹ ਕਿਤੇ ਭਟਕਦਾ ਨਹੀਂ, ਕਿਤੇ ਡੋਲਦਾ ਨਹੀਂ,

ਜਾ ਕੈ ਨਾਮੁ ਬਸੈ ਮਨ ਮਾਹੀ ॥੩॥

ਜਿਸ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ ॥੩॥

ਦੀਨ ਦਇਆਲ ਗੁੋਪਾਲ ਗੋਵਿੰਦ ॥

(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਦੀਨਾਂ ਉਤੇ ਦਇਆ ਕਰਨ ਵਾਲੇ ਗੋਪਾਲ ਗੋਵਿੰਦ ਦਾ ਨਾਮ ਜਪਣਾ ਚਾਹੀਦਾ ਹੈ,

ਗੁਰਮੁਖਿ ਜਪੀਐ ਉਤਰੈ ਚਿੰਦ ॥

(ਜਿਹੜਾ ਮਨੁੱਖ ਜਪਦਾ ਹੈ, ਉਸ ਦਾ) ਚਿੰਤਾ-ਫ਼ਿਕਰ ਦੂਰ ਹੋ ਜਾਂਦਾ ਹੈ।

ਨਾਨਕ ਕਉ ਗੁਰਿ ਦੀਆ ਨਾਮੁ ॥

(ਹੇ ਭਾਈ! ਮੈਨੂੰ) ਨਾਨਕ ਨੂੰ ਗੁਰੂ ਨੇ ਪ੍ਰਭੂ ਦਾ ਨਾਮ ਬਖ਼ਸ਼ਿਆ ਹੈ, ਸੰਤ ਜਨਾਂ ਦੀ ਟਹਿਲ (ਦੀ ਦਾਤਿ) ਦਿੱਤੀ ਹੈ।

ਸੰਤਨ ਕੀ ਟਹਲ ਸੰਤ ਕਾ ਕਾਮੁ ॥੪॥੧੫॥੨੬॥

(ਹਰਿ-ਨਾਮ ਦਾ ਸਿਮਰਨ ਹੀ) ਗੁਰੂ ਦਾ (ਦੱਸਿਆ) ਕੰਮ ਹੈ ॥੪॥੧੫॥੨੬॥


ਰਾਮਕਲੀ ਮਹਲਾ ੫ ॥
ਬੀਜ ਮੰਤ੍ਰੁ ਹਰਿ ਕੀਰਤਨੁ ਗਾਉ ॥

(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ।

ਆਗੈ ਮਿਲੀ ਨਿਥਾਵੇ ਥਾਉ ॥

(ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ।

ਗੁਰ ਪੂਰੇ ਕੀ ਚਰਣੀ ਲਾਗੁ ॥

(ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ,

ਜਨਮ ਜਨਮ ਕਾ ਸੋਇਆ ਜਾਗੁ ॥੧॥

ਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ ॥੧॥

ਹਰਿ ਹਰਿ ਜਾਪੁ ਜਪਲਾ ॥

(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ,

ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥੧॥ ਰਹਾਉ ॥

(ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ॥੧॥ ਰਹਾਉ ॥

ਨਾਮੁ ਨਿਧਾਨੁ ਧਿਆਇ ਮਨ ਅਟਲ ॥

ਹੇ ਮਨ! ਪਰਮਾਤਮਾ ਦਾ ਨਾਮ ਕਦੇ ਨਾਹ ਮੁੱਕਣ ਵਾਲਾ ਖ਼ਜ਼ਾਨਾ ਹੈ, ਇਸ ਨੂੰ ਸਿਮਰਦਾ ਰਹੁ,

ਤਾ ਛੂਟਹਿ ਮਾਇਆ ਕੇ ਪਟਲ ॥

ਤਦੋਂ ਹੀ ਤੇਰੇ ਮਾਇਆ (ਦੇ ਮੋਹ) ਦੇ ਪੜਦੇ ਪਾਟਣਗੇ।

ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ ॥

ਹੇ ਮਨ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਨੂੰ ਪੀਂਦਾ ਰਹੁ,

ਤਾ ਤੇਰਾ ਹੋਇ ਨਿਰਮਲ ਜੀਉ ॥੨॥

ਤਦੋਂ ਹੀ ਤੇਰੀ ਜਿੰਦ ਪਵਿੱਤ੍ਰ ਹੋਵੇਗੀ ॥੨॥

ਸੋਧਤ ਸੋਧਤ ਸੋਧਿ ਬੀਚਾਰਾ ॥

ਹੇ ਮਨ! ਅਸਾਂ ਬਹੁਤ ਵਿਚਾਰ ਵਿਚਾਰ ਕੇ ਇਹ ਸਿੱਟਾ ਕੱਢਿਆ ਹੈ,

ਬਿਨੁ ਹਰਿ ਭਗਤਿ ਨਹੀ ਛੁਟਕਾਰਾ ॥

ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ।

ਸੋ ਹਰਿ ਭਜਨੁ ਸਾਧ ਕੈ ਸੰਗਿ ॥

ਪ੍ਰਭੂ ਦੀ ਉਹ ਭਗਤੀ ਗੁਰੂ ਦੀ ਸੰਗਤਿ ਵਿਚ (ਪ੍ਰਾਪਤ ਹੁੰਦੀ ਹੈ।

ਮਨੁ ਤਨੁ ਰਾਪੈ ਹਰਿ ਕੈ ਰੰਗਿ ॥੩॥

ਜਿਸ ਨੂੰ ਪ੍ਰਾਪਤੀ ਹੁੰਦੀ ਹੈ, ਉਸ ਦਾ) ਮਨ ਅਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੩॥

ਛੋਡਿ ਸਿਆਣਪ ਬਹੁ ਚਤੁਰਾਈ ॥

ਹੇ ਮਨ! (ਆਪਣੀ) ਸਿਆਣਪ ਅਤੇ ਬਹੁਤੀ ਚਤੁਰਾਈ ਛੱਡ ਦੇ।

ਮਨ ਬਿਨੁ ਹਰਿ ਨਾਵੈ ਜਾਇ ਨ ਕਾਈ ॥

(ਜਿਵੇਂ ਜਾਲੇ ਦੇ ਕਾਰਨ ਭੁਇਂ ਵਿਚ ਪਾਣੀ ਜੀਊਰਦਾ ਨਹੀਂ, ਇਸੇ ਤਰ੍ਹਾਂ ਹਉਮੈ ਦੇ ਕਾਰਨ ਗੁਰੂ ਦੇ ਉਪਦੇਸ਼ ਦਾ ਅਸਰ ਨਹੀਂ ਹੁੰਦਾ), ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਾਲਾ ਦੂਰ ਨਹੀਂ ਹੁੰਦਾ।

ਦਇਆ ਧਾਰੀ ਗੋਵਿਦ ਗੁੋਸਾਈ ॥

ਜਿਸ ਮਨੁੱਖ ਉਤੇ ਧਰਤੀ ਦਾ ਖਸਮ ਪ੍ਰਭੂ ਦਇਆ ਕਰਦਾ ਹੈ,

ਹਰਿ ਹਰਿ ਨਾਨਕ ਟੇਕ ਟਿਕਾਈ ॥੪॥੧੬॥੨੭॥

ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦਾ ਹੈ ॥੪॥੧੬॥੨੭॥


ਰਾਮਕਲੀ ਮਹਲਾ ੫ ॥
ਸੰਤ ਕੈ ਸੰਗਿ ਰਾਮ ਰੰਗ ਕੇਲ ॥

ਹੇ ਪੰਡਿਤ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਪ੍ਰੇਮ ਦੀ ਖੇਡ ਖੇਡਿਆ ਕਰ,

ਆਗੈ ਜਮ ਸਿਉ ਹੋਇ ਨ ਮੇਲ ॥

ਅਗਾਂਹ ਪਰਲੋਕ ਵਿਚ ਤੈਨੂੰ ਜਮਾਂ ਨਾਲ ਵਾਹ ਨਹੀਂ ਪਏਗਾ।

ਅਹੰਬੁਧਿ ਕਾ ਭਇਆ ਬਿਨਾਸ ॥

(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੀ) ਹਉਮੈ ਵਾਲੀ ਅਕਲ ਦਾ ਨਾਸ ਹੋ ਜਾਂਦਾ ਹੈ,

ਦੁਰਮਤਿ ਹੋਈ ਸਗਲੀ ਨਾਸ ॥੧॥

ਉਸ ਦੇ ਅੰਦਰੋਂ ਖੋਟੀ ਮਤਿ ਸਾਰੀ ਮੁੱਕ ਜਾਂਦੀ ਹੈ ॥੧॥

ਰਾਮ ਨਾਮ ਗੁਣ ਗਾਇ ਪੰਡਿਤ ॥

ਹੇ ਪੰਡਿਤ! ਪਰਮਾਤਮਾ ਦਾ ਨਾਮ (ਜਪਿਆ ਕਰ, ਪਰਮਾਤਮਾ ਦੇ) ਗੁਣ ਗਾਇਆ ਕਰ,

ਕਰਮ ਕਾਂਡ ਅਹੰਕਾਰੁ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ ॥੧॥ ਰਹਾਉ ॥

ਹੇ ਪੰਡਿਤ! ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕੰਮਾਂ ਦੇ ਸਿਲਸਿਲੇ ਦਾ ਅਹੰਕਾਰ ਤੇਰੇ ਕਿਸੇ ਕੰਮ ਨਹੀਂ ਆਵੇਗਾ। (ਇਸ ਤਰ੍ਹਾਂ) ਤੂੰ ਆਨੰਦ ਨਾਲ (ਜੀਵਨ ਬਤੀਤ ਕਰਦਾ ਪ੍ਰਭੂ-ਚਰਨਾਂ ਵਾਲੇ ਅਸਲ) ਘਰ ਵਿਚ ਜਾ ਪਹੁੰਚੇਂਗਾ ॥੧॥ ਰਹਾਉ ॥

ਹਰਿ ਕਾ ਜਸੁ ਨਿਧਿ ਲੀਆ ਲਾਭ ॥

ਹੇ ਪੰਡਿਤ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦਾ) ਖ਼ਜ਼ਾਨਾ ਲੱਭ ਲਿਆ,

ਪੂਰਨ ਭਏ ਮਨੋਰਥ ਸਾਭ ॥

ਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ,

ਦੁਖੁ ਨਾਠਾ ਸੁਖੁ ਘਰ ਮਹਿ ਆਇਆ ॥

ਉਸ ਦਾ (ਸਾਰਾ) ਦੁੱਖ ਦੂਰ ਹੋ ਗਿਆ ਉਸ ਦੇ ਹਿਰਦੇ-ਘਰ ਵਿਚ ਸੁਖ ਆ ਵੱਸਿਆ,

ਸੰਤ ਪ੍ਰਸਾਦਿ ਕਮਲੁ ਬਿਗਸਾਇਆ ॥੨॥

ਸੰਤ-ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ॥੨॥

ਨਾਮ ਰਤਨੁ ਜਿਨਿ ਪਾਇਆ ਦਾਨੁ ॥

(ਹੇ ਪੰਡਿਤ! ਤੂੰ ਜਜਮਾਨਾਂ ਪਾਸੋਂ ਦਾਨ ਮੰਗਦਾ ਫਿਰਦਾ ਹੈਂ, ਪਰ) ਜਿਸ ਮਨੁੱਖ ਨੇ (ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਰਤਨ ਦਾਨ ਪ੍ਰਾਪਤ ਕਰ ਲਿਆ,

ਤਿਸੁ ਜਨ ਹੋਏ ਸਗਲ ਨਿਧਾਨ ॥

ਉਸ ਨੂੰ (ਮਾਨੋ) ਸਾਰੇ ਹੀ ਖ਼ਜ਼ਾਨੇ ਮਿਲ ਗਏ।

ਸੰਤੋਖੁ ਆਇਆ ਮਨਿ ਪੂਰਾ ਪਾਇ ॥

ਮਨ ਵਿਚ ਪੂਰਨ ਪ੍ਰਭੂ ਨੂੰ ਪ੍ਰਾਪਤ ਕਰ ਕੇ ਉਸ ਦੇ ਅੰਦਰ ਸੰਤੋਖ ਪੈਦਾ ਹੋ ਗਿਆ।

ਫਿਰਿ ਫਿਰਿ ਮਾਗਨ ਕਾਹੇ ਜਾਇ ॥੩॥

ਫਿਰ ਉਹ ਮੁੜ ਮੁੜ (ਜਜਮਾਨਾਂ ਪਾਸੋਂ) ਕਿਉਂ ਮੰਗਣ ਜਾਇਗਾ? ॥੩॥

ਹਰਿ ਕੀ ਕਥਾ ਸੁਨਤ ਪਵਿਤ ॥

(ਹੇ ਪੰਡਿਤ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦਿਆਂ (ਜੀਵਨ) ਪਵਿੱਤਰ ਹੋ ਜਾਂਦਾ ਹੈ,

ਜਿਹਵਾ ਬਕਤ ਪਾਈ ਗਤਿ ਮਤਿ ॥

ਜੀਭ ਨਾਲ ਉਚਾਰਦਿਆਂ ਉੱਚੀ ਆਤਮਕ ਅਵਸਥਾ ਅਤੇ (ਸੁਚੱਜੀ) ਅਕਲ ਪ੍ਰਾਪਤ ਹੋ ਜਾਂਦੀ ਹੈ।

ਸੋ ਪਰਵਾਣੁ ਜਿਸੁ ਰਿਦੈ ਵਸਾਈ ॥

ਹੇ ਪੰਡਿਤ! ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਵਸਾ ਦੇਂਦਾ ਹੈ ਉਹ ਮਨੁੱਖ (ਪਰਮਾਤਮਾ ਦੇ ਦਰ ਤੇ) ਕਬੂਲ ਹੋ ਜਾਂਦਾ ਹੈ।

ਨਾਨਕ ਤੇ ਜਨ ਊਤਮ ਭਾਈ ॥੪॥੧੭॥੨੮॥

ਹੇ ਨਾਨਕ! (ਆਖ-) ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਉਹ ਬੰਦੇ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੪॥੧੭॥੨੮॥


ਰਾਮਕਲੀ ਮਹਲਾ ੫ ॥
ਗਹੁ ਕਰਿ ਪਕਰੀ ਨ ਆਈ ਹਾਥਿ ॥

(ਹੇ ਸੰਤ ਜਨੋ! ਜਿਸ ਮਨੁੱਖ ਨੇ ਇਸ ਮਾਇਆ ਨੂੰ) ਬੜੇ ਧਿਆਨ ਨਾਲ ਭੀ ਫੜਿਆ, ਉਸ ਦੇ ਭੀ ਹੱਥ ਵਿਚ ਨਾਹ ਆਈ।

ਪ੍ਰੀਤਿ ਕਰੀ ਚਾਲੀ ਨਹੀ ਸਾਥਿ ॥

ਜਿਸ ਨੇ (ਇਸ ਨਾਲ) ਬੜਾ ਪਿਆਰ ਭੀ ਪਾਇਆ, ਉਸ ਦੇ ਨਾਲ ਭੀ ਰਲ ਕੇ ਇਹ ਨਾ ਤੁਰੀ (ਸਾਥ ਨਾਹ ਨਿਬਾਹ ਸਕੀ)।

ਕਹੁ ਨਾਨਕ ਜਉ ਤਿਆਗਿ ਦਈ ॥

ਨਾਨਕ ਆਖਦਾ ਹੈ- ਜਦੋਂ ਕਿਸੇ ਮਨੁੱਖ ਨੇ ਇਸ ਨੂੰ (ਮਨੋਂ) ਛੱਡ ਦਿੱਤਾ,

ਤਬ ਓਹ ਚਰਣੀ ਆਇ ਪਈ ॥੧॥

ਤਦੋਂ ਇਹ ਆ ਕੇ ਉਸ ਦੀ ਚਰਨੀਂ ਪੈ ਗਈ ॥੧॥

ਸੁਣਿ ਸੰਤਹੁ ਨਿਰਮਲ ਬੀਚਾਰ ॥

ਹੇ ਸੰਤ ਜਨੋ! ਜੀਵਨ ਨੂੰ ਪਵਿੱਤਰ ਕਰਨ ਵਾਲੀ ਇਹ ਵਿਚਾਰ ਸੁਣੋ-

ਰਾਮ ਨਾਮ ਬਿਨੁ ਗਤਿ ਨਹੀ ਕਾਈ ਗੁਰੁ ਪੂਰਾ ਭੇਟਤ ਉਧਾਰ ॥੧॥ ਰਹਾਉ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਉੱਚੀ ਆਤਮਕ ਅਵਸਥਾ ਰਤਾ ਭੀ ਨਹੀਂ ਹੁੰਦੀ, (ਪਰ ਨਾਮ ਗੁਰੂ ਪਾਸੋਂ ਮਿਲਦਾ ਹੈ) ਪੂਰਾ ਗੁਰੂ ਮਿਲਿਆਂ (ਮਾਇਆ ਦੇ ਮੋਹ ਤੋਂ ਖ਼ਲਾਸੀ ਹੋ ਕੇ) ਪਾਰ-ਉਤਾਰਾ ਹੋ ਜਾਂਦਾ ਹੈ ॥੧॥ ਰਹਾਉ ॥

ਜਬ ਉਸ ਕਉ ਕੋਈ ਦੇਵੈ ਮਾਨੁ ॥

ਹੇ ਸੰਤ ਜਨੋ! ਜਦੋਂ ਕੋਈ ਮਨੁੱਖ ਉਸ (ਮਾਇਆ) ਨੂੰ ਆਦਰ ਦੇਂਦਾ ਹੈ (ਸਾਂਭ ਸਾਂਭ ਕੇ ਰੱਖਣ ਦਾ ਜਤਨ ਕਰਦਾ ਹੈ)

ਤਬ ਆਪਸ ਊਪਰਿ ਰਖੈ ਗੁਮਾਨੁ ॥

ਤਦੋਂ ਉਹ ਆਪਣੇ ਉਤੇ ਬੜਾ ਮਾਣ ਕਰਦੀ ਹੈ (ਰੁੱਸ ਰੁੱਸ ਕੇ ਨੱਸ ਜਾਣ ਦਾ ਜਤਨ ਕਰਦੀ ਹੈ)।

ਜਬ ਉਸ ਕਉ ਕੋਈ ਮਨਿ ਪਰਹਰੈ ॥

ਪਰ ਜਦੋਂ ਕੋਈ ਮਨੁੱਖ ਉਸ ਨੂੰ ਆਪਣੇ ਮਨ ਤੋਂ ਲਾਹ ਦੇਂਦਾ ਹੈ,

ਤਬ ਓਹ ਸੇਵਕਿ ਸੇਵਾ ਕਰੈ ॥੨॥

ਤਦੋਂ ਉਹ ਉਸ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ ॥੨॥

ਮੁਖਿ ਬੇਰਾਵੈ ਅੰਤਿ ਠਗਾਵੈ ॥

ਹੇ ਸੰਤ ਜਨੋ! (ਉਹ ਮਾਇਆ ਹਰੇਕ ਪ੍ਰਾਣੀ ਨੂੰ) ਮੂੰਹ ਨਾਲ ਪਰਚਾਂਦੀ ਹੈ, ਪਰ ਆਖ਼ਰ ਧੋਖਾ ਦੇ ਜਾਂਦੀ ਹੈ;

ਇਕਤੁ ਠਉਰ ਓਹ ਕਹੀ ਨ ਸਮਾਵੈ ॥

ਕਿਸੇ ਇੱਕ ਥਾਂ ਤੇ ਉਹ ਕਦੇ ਭੀ ਨਹੀਂ ਟਿਕਦੀ।

ਉਨਿ ਮੋਹੇ ਬਹੁਤੇ ਬ੍ਰਹਮੰਡ ॥

ਉਸ ਮਾਇਆ ਨੇ ਅਨੇਕਾਂ ਬ੍ਰਹਮੰਡਾਂ (ਦੇ ਜੀਵਾਂ) ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ।

ਰਾਮ ਜਨੀ ਕੀਨੀ ਖੰਡ ਖੰਡ ॥੩॥

ਪਰ ਸੰਤ ਜਨਾਂ ਨੇ (ਉਸ ਦੇ ਮੋਹ ਨੂੰ) ਟੋਟੇ ਟੋਟੇ ਕਰ ਦਿੱਤਾ ਹੈ ॥੩॥

ਜੋ ਮਾਗੈ ਸੋ ਭੂਖਾ ਰਹੈ ॥

ਹੇ ਸੰਤ ਜਨੋ! ਜਿਹੜਾ ਮਨੁੱਖ (ਹਰ ਵੇਲੇ ਮਾਇਆ ਦੀ ਮੰਗ ਹੀ) ਮੰਗਦਾ ਰਹਿੰਦਾ ਹੈ, ਉਹ ਨਹੀਂ ਰੱਜਦਾ (ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮੁੱਕਦੀ)।

ਇਸੁ ਸੰਗਿ ਰਾਚੈ ਸੁ ਕਛੂ ਨ ਲਹੈ ॥

ਜਿਹੜਾ ਮਨੁੱਖ ਇਸ ਮਾਇਆ (ਦੇ ਮੋਹ) ਵਿਚ ਹੀ ਮਸਤ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੇ ਧਨ ਵਿਚੋਂ) ਕੁਝ ਨਹੀਂ ਮਿਲਦਾ।

ਇਸਹਿ ਤਿਆਗਿ ਸਤਸੰਗਤਿ ਕਰੈ ॥

ਇਸ (ਮਾਇਆ ਦੇ ਮੋਹ) ਨੂੰ ਛੱਡ ਕੇ ਜਿਹੜਾ ਮਨੁੱਖ ਭਲਿਆਂ ਦੀ ਸੰਗਤਿ ਕਰਦਾ ਹੈ,

ਵਡਭਾਗੀ ਨਾਨਕ ਓਹੁ ਤਰੈ ॥੪॥੧੮॥੨੯॥

ਪਰ ਹੇ ਨਾਨਕ! ਉਹ ਵੱਡੇ ਭਾਗਾਂ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ ਠਿਲ੍ਹਾਂ ਤੋਂ) ਪਾਰ ਲੰਘ ਜਾਂਦਾ ਹੈ ॥੪॥੧੮॥੨੯॥


ਰਾਮਕਲੀ ਮਹਲਾ ੫ ॥
ਆਤਮ ਰਾਮੁ ਸਰਬ ਮਹਿ ਪੇਖੁ ॥

(ਹੇ ਭਾਈ!) ਸਰਬ-ਵਿਆਪਕ ਪਰਮਾਤਮਾ ਨੂੰ ਸਭ ਜੀਵਾਂ ਵਿਚ (ਵੱਸਦਾ) ਵੇਖ।

ਪੂਰਨ ਪੂਰਿ ਰਹਿਆ ਪ੍ਰਭ ਏਕੁ ॥

ਇਕ ਪਰਮਾਤਮਾ ਹੀ ਪੂਰਨ ਤੌਰ ਤੇ ਸਭ ਵਿਚ ਮੌਜੂਦ ਹੈ।

ਰਤਨੁ ਅਮੋਲੁ ਰਿਦੇ ਮਹਿ ਜਾਨੁ ॥

ਹੇ ਭਾਈ! ਹਰਿ-ਨਾਮ ਇਕ ਐਸਾ ਰਤਨ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਰਤਨ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨਾਲ ਸਾਂਝ ਪਾ।

ਅਪਨੀ ਵਸਤੁ ਤੂ ਆਪਿ ਪਛਾਨੁ ॥੧॥

(ਦੁਨੀਆ ਦੇ ਸਾਰੇ ਪਦਾਰਥ ਬਿਗਾਨੇ ਹੋ ਜਾਂਦੇ ਹਨ, ਇਹ ਹਰਿ-ਨਾਮ ਹੀ) ਤੇਰੀ ਆਪਣੀ ਚੀਜ਼ ਹੈ, ਤੂੰ ਆਪ ਇਸ ਚੀਜ਼ ਨੂੰ ਪਛਾਣ ॥੧॥

ਪੀ ਅੰਮ੍ਰਿਤੁ ਸੰਤਨ ਪਰਸਾਦਿ ॥

(ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹੁ, ਤੇ) ਸੰਤ-ਜਨਾਂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਆ ਕਰ।

ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ ॥੧॥ ਰਹਾਉ ॥

ਪਰ ਇਹ ਅੰਮ੍ਰਿਤ ਤਦੋਂ ਹੀ ਮਿਲਦਾ ਹੈ ਜੇ (ਮਨੁੱਖ ਦੇ) ਵੱਡੇ ਭਾਗ ਹੋਣ। ਇਸ ਨਾਮ ਨੂੰ ਜੀਭ ਨਾਲ ਜਪਣ ਤੋਂ ਬਿਨਾ ਕੋਈ (ਇਸ ਨਾਮ-ਅੰਮ੍ਰਿਤ ਦਾ) ਕੀਹ ਸੁਆਦ ਜਾਣ ਸਕਦਾ ਹੈ? ॥੧॥ ਰਹਾਉ ॥

ਅਠ ਦਸ ਬੇਦ ਸੁਨੇ ਕਹ ਡੋਰਾ ॥

(ਪਰ ਹੇ ਭਾਈ!) ਬੋਲਾ ਮਨੁੱਖ ਅਠਾਰਾਂ ਪੁਰਾਣ ਤੇ ਚਾਰ ਵੇਦ ਕਿਵੇਂ ਸੁਣ ਸਕਦਾ ਹੈ?

ਕੋਟਿ ਪ੍ਰਗਾਸ ਨ ਦਿਸੈ ਅੰਧੇਰਾ ॥

ਅੰਨ੍ਹੇ ਮਨੁੱਖ ਨੂੰ ਕ੍ਰੋੜਾਂ ਸੂਰਜਾਂ ਦਾ ਭੀ ਚਾਨਣ ਨਹੀਂ ਦਿੱਸਦਾ।

ਪਸੂ ਪਰੀਤਿ ਘਾਸ ਸੰਗਿ ਰਚੈ ॥

ਪਸ਼ੂ ਦਾ ਪਿਆਰ ਘਾਹ ਨਾਲ ਹੀ ਹੁੰਦਾ ਹੈ, ਪਸ਼ੂ ਘਾਹ ਨਾਲ ਹੀ ਖ਼ੁਸ਼ ਰਹਿੰਦਾ ਹੈ।

ਜਿਸੁ ਨਹੀ ਬੁਝਾਵੈ ਸੋ ਕਿਤੁ ਬਿਧਿ ਬੁਝੈ ॥੨॥

(ਜੀਵ ਮਾਇਆ ਦੇ ਮੋਹ ਵਿਚ ਪੈ ਕੇ ਬੋਲਾ ਅੰਨ੍ਹਾ ਹੋਇਆ ਰਹਿੰਦਾ ਹੈ, ਪਸ਼ੂ ਸਮਾਨ ਹੋ ਜਾਂਦਾ ਹੈ, ਇਸ ਨੂੰ ਆਪਣੇ ਆਪ ਹਰਿ-ਨਾਮ ਅੰਮ੍ਰਿਤ ਦੀ ਸੂਝ ਨਹੀਂ ਪੈ ਸਕਦੀ, ਤੇ) ਜਿਸ ਮਨੁੱਖ ਨੂੰ ਪਰਮਾਤਮਾ ਆਪ ਸਮਝ ਨਾਹ ਬਖ਼ਸ਼ੇ, ਉਹ ਕਿਸੇ ਤਰ੍ਹਾਂ ਭੀ ਸਮਝ ਨਹੀਂ ਸਕਦਾ ॥੨॥

ਜਾਨਣਹਾਰੁ ਰਹਿਆ ਪ੍ਰਭੁ ਜਾਨਿ ॥

ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਸਦਾ ਹਰੇਕ ਦੇ ਦਿਲ ਦੀ ਜਾਣਦਾ ਹੈ।

ਓਤਿ ਪੋਤਿ ਭਗਤਨ ਸੰਗਾਨਿ ॥

ਉਹ ਆਪਣੇ ਭਗਤਾਂ ਨਾਲ ਇਉਂ ਮਿਲਿਆ ਰਹਿੰਦਾ ਹੈ ਜਿਵੇਂ ਤਾਣਾ ਪੇਟਾ।

ਬਿਗਸਿ ਬਿਗਸਿ ਅਪੁਨਾ ਪ੍ਰਭੁ ਗਾਵਹਿ ॥

ਜਿਹੜੇ ਮਨੁੱਖ ਖ਼ੁਸ਼ ਹੋ ਹੋ ਕੇ ਆਪਣੇ ਪ੍ਰਭੂ (ਦੇ ਗੁਣਾਂ) ਨੂੰ ਗਾਂਦੇ ਰਹਿੰਦੇ ਹਨ,

ਨਾਨਕ ਤਿਨ ਜਮ ਨੇੜਿ ਨ ਆਵਹਿ ॥੩॥੧੯॥੩੦॥

ਹੇ ਨਾਨਕ! ਜਮ-ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ ॥੩॥੧੯॥੩੦॥


ਰਾਮਕਲੀ ਮਹਲਾ ੫ ॥
ਦੀਨੋ ਨਾਮੁ ਕੀਓ ਪਵਿਤੁ ॥

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ) ਨਾਮ ਦੇ ਦਿੱਤਾ, (ਉਸ ਦਾ ਜੀਵਨ) ਪਵਿੱਤਰ ਬਣਾ ਦਿੱਤਾ।

ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥

(ਜਿਸ ਨੂੰ ਗੁਰੂ ਨੇ) ਹਰਿ-ਨਾਮ ਧਨ ਸਰਮਾਇਆ (ਬਖ਼ਸ਼ਿਆ, ਦੁਨੀਆ ਵਾਲਾ) ਇਹ ਧਨ (ਵੇਖ ਕੇ), ਉਹ (ਇਸ ਵਲੋਂ) ਉਪਰਾਮ-ਚਿੱਤ ਹੀ ਰਹਿੰਦਾ ਹੈ।

ਕਾਟੀ ਬੰਧਿ ਹਰਿ ਸੇਵਾ ਲਾਏ ॥

(ਗੁਰੂ ਨੇ ਜਿਸ ਮਨੁੱਖ ਦੇ ਜੀਵਨ-ਰਾਹ ਵਿਚੋਂ ਮਾਇਆ ਦੇ ਮੋਹ ਦੀ) ਰੁਕਾਵਟ ਕੱਟ ਦਿੱਤੀ, ਉਸ ਨੂੰ ਪਰਮਾਤਮਾ ਦੀ ਭਗਤੀ ਵਿਚ ਜੋੜ ਦਿੱਤਾ,

ਹਰਿ ਹਰਿ ਭਗਤਿ ਰਾਮ ਗੁਣ ਗਾਏ ॥੧॥

ਉਹ ਮਨੁੱਖ (ਸਦਾ) ਪਰਮਾਤਮਾ ਦੀ ਭਗਤੀ ਕਰਦਾ ਹੈ, (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੧॥

ਬਾਜੇ ਅਨਹਦ ਬਾਜਾ ॥

(ਹੇ ਭਾਈ! ਉਹਨਾਂ ਦੇ ਅੰਦਰ (ਇਉਂ ਖਿੜਾਉ ਬਣਿਆ ਰਹਿੰਦਾ ਹੈ, ਮਾਨੋ, ਉਹਨਾਂ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ।

ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥

(ਜਿਨ੍ਹਾਂ ਮਨੁੱਖਾਂ ਉਤੇ) ਆਪਣੇ (ਪਿਆਰੇ) ਗੁਰਦੇਵ ਨੇ ਮਿਹਰ ਕੀਤੀ, ਹਰੀ ਦੇ ਉਹ ਸੇਵਕ ਬੜੇ ਆਨੰਦ ਨਾਲ ਹਰੀ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥

ਆਇ ਬਨਿਓ ਪੂਰਬਲਾ ਭਾਗੁ ॥

(ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਉਸ ਦਾ ਪਹਿਲੇ ਜਨਮਾਂ ਦਾ ਚੰਗਾ ਭਾਗ ਮਿਲਣ ਦਾ ਸਬੱਬ ਆ ਬਣਦਾ ਹੈ।

ਜਨਮ ਜਨਮ ਕਾ ਸੋਇਆ ਜਾਗੁ ॥

(ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਕਈ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ।

ਗਈ ਗਿਲਾਨਿ ਸਾਧ ਕੈ ਸੰਗਿ ॥

ਗੁਰੂ ਦੀ ਸੰਗਤਿ ਵਿਚ (ਰਿਹਾਂ ਮਨੁੱਖ ਦੇ ਅੰਦਰੋਂ ਦੂਜਿਆਂ ਵਾਸਤੇ) ਨਫ਼ਰਤ ਦੂਰ ਹੋ ਜਾਂਦੀ ਹੈ,

ਮਨੁ ਤਨੁ ਰਾਤੋ ਹਰਿ ਕੈ ਰੰਗਿ ॥੨॥

ਮਨੁੱਖ ਦਾ ਮਨ ਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੨॥

ਰਾਖੇ ਰਾਖਨਹਾਰ ਦਇਆਲ ॥

(ਹੇ ਭਾਈ! ਦੁੱਖਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਨੇ ਦਇਆ ਦੇ ਸੋਮੇ ਨੇ ਪਰਮਾਤਮਾ ਨੇ ਉਸ ਦੀ ਰੱਖਿਆ ਕੀਤੀ,

ਨਾ ਕਿਛੁ ਸੇਵਾ ਨਾ ਕਿਛੁ ਘਾਲ ॥

ਉਸ ਦੀ ਕੀਤੀ ਕੋਈ ਸੇਵਾ ਨਹੀਂ ਵੇਖੀ ਕੋਈ ਮਿਹਨਤ ਨਹੀਂ ਵੇਖੀ।

ਕਰਿ ਕਿਰਪਾ ਪ੍ਰਭਿ ਕੀਨੀ ਦਇਆ ॥

(ਗੁਰੂ ਦੀ ਸੰਗਤਿ ਵਿਚ ਰਿਹਾਂ ਜਿਸ ਮਨੁੱਖ ਉੱਤੇ) ਪ੍ਰਭੂ ਨੇ ਕਿਰਪਾ ਕੀਤੀ, ਦਇਆ ਕੀਤੀ,

ਬੂਡਤ ਦੁਖ ਮਹਿ ਕਾਢਿ ਲਇਆ ॥੩॥

ਉਸ ਨੂੰ ਦੁੱਖਾਂ ਵਿਚ ਡੁੱਬਦੇ ਨੂੰ (ਪ੍ਰਭੂ ਨੇ ਬਾਹੋਂ ਫੜ ਕੇ) ਬਚਾ ਲਿਆ ॥੩॥

ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥

(ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਮੁੜ ਮੁੜ ਸੁਣ ਕੇ (ਜਿਸ ਮਨੁੱਖ ਦੇ) ਮਨ ਵਿਚ (ਸਿਫ਼ਤਿ-ਸਾਲਾਹ ਕਰਨ ਦਾ) ਚਾਉ ਪੈਦਾ ਹੋ ਗਿਆ,

ਆਠ ਪਹਰ ਹਰਿ ਕੇ ਗੁਣ ਗਾਉ ॥

ਉਹ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ।

ਗਾਵਤ ਗਾਵਤ ਪਰਮ ਗਤਿ ਪਾਈ ॥

(ਗੁਣ) ਗਾਂਦਿਆਂ ਗਾਂਦਿਆਂ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।

ਗੁਰਪ੍ਰਸਾਦਿ ਨਾਨਕ ਲਿਵ ਲਾਈ ॥੪॥੨੦॥੩੧॥

ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਨੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਲਈ ॥੪॥੨੦॥੩੧॥


ਰਾਮਕਲੀ ਮਹਲਾ ੫ ॥
ਕਉਡੀ ਬਦਲੈ ਤਿਆਗੈ ਰਤਨੁ ॥

(ਪਰਮਾਤਮਾ ਦਾ ਨਾਮ ਅਮੋਲਕ ਰਤਨ ਹੈ, ਇਸ ਦੇ ਟਾਕਰੇ ਤੇ ਮਾਇਆ ਕੌਡੀ ਦੇ ਤੁੱਲ ਹੈ; ਪਰ ਸਾਕਤ ਮਨੁੱਖ) ਕੌਡੀ ਦੀ ਖ਼ਾਤਰ (ਕੀਮਤੀ) ਰਤਨ ਨੂੰ ਛੱਡ ਦੇਂਦਾ ਹੈ,

ਛੋਡਿ ਜਾਇ ਤਾਹੂ ਕਾ ਜਤਨੁ ॥

ਉਸੇ ਦੀ ਹੀ ਪ੍ਰਾਪਤੀ ਦਾ ਜਤਨ ਕਰਦਾ ਹੈ ਜੋ ਸਾਥ ਛੱਡ ਜਾਂਦੀ ਹੈ।

ਸੋ ਸੰਚੈ ਜੋ ਹੋਛੀ ਬਾਤ ॥

ਉਸੇ (ਮਾਇਆ) ਨੂੰ ਹੀ ਇਕੱਠੀ ਕਰਦਾ ਰਹਿੰਦਾ ਹੈ ਜਿਸ ਦੀ ਪੁੱਛ-ਪ੍ਰਤੀਤ ਥੋੜ੍ਹੀ ਕੁ ਹੀ ਹੈ;

ਮਾਇਆ ਮੋਹਿਆ ਟੇਢਉ ਜਾਤ ॥੧॥

ਮਾਇਆ ਦੇ ਮੋਹ ਵਿਚ ਫਸਿਆ ਹੋਇਆ (ਸਾਕਤ) ਆਕੜ ਆਕੜ ਕੇ ਤੁਰਦਾ ਹੈ ॥੧॥

ਅਭਾਗੇ ਤੈ ਲਾਜ ਨਾਹੀ ॥

ਹੇ ਬਦ-ਨਸੀਬ (ਸਾਕਤ)! ਤੈਨੂੰ (ਕਦੇ ਇਹ) ਸ਼ਰਮ ਨਹੀਂ ਆਉਂਦੀ,

ਸੁਖ ਸਾਗਰ ਪੂਰਨ ਪਰਮੇਸਰੁ ਹਰਿ ਨ ਚੇਤਿਓ ਮਨ ਮਾਹੀ ॥੧॥ ਰਹਾਉ ॥

ਕਿ ਜਿਹੜਾ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖਾਂ ਦਾ ਸਮੁੰਦਰ ਹੈ ਉਸ ਨੂੰ ਤੂੰ ਆਪਣੇ ਮਨ ਵਿਚ ਚੇਤੇ ਨਹੀਂ ਕਰਦਾ ॥੧॥ ਰਹਾਉ ॥

ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥

(ਹੇ ਭਾਈ!) ਇਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਕੌੜਾ ਲੱਗਦਾ ਹੈ ਤੇ ਮਾਇਆ ਮਿੱਠੀ ਲੱਗਦੀ ਹੈ।

ਸਾਕਤ ਕੀ ਬਿਧਿ ਨੈਨਹੁ ਡੀਠੀ ॥

ਰੱਬ ਨਾਲੋਂ ਟੁੱਟੇ ਮਨੁੱਖ ਦੀ (ਇਹ ਭੈੜੀ) ਹਾਲਤ (ਅਸਾਂ) ਅੱਖੀਂ ਵੇਖੀ ਹੈ।

ਕੂੜਿ ਕਪਟਿ ਅਹੰਕਾਰਿ ਰੀਝਾਨਾ ॥

(ਸਾਕਤ ਸਦਾ) ਨਾਸਵੰਤ ਪਦਾਰਥ ਵਿਚ, ਠੱਗੀ (ਕਰਨ) ਵਿਚ ਅਤੇ ਅਹੰਕਾਰ ਵਿਚ ਖ਼ੁਸ਼ ਰਹਿੰਦਾ ਹੈ।

ਨਾਮੁ ਸੁਨਤ ਜਨੁ ਬਿਛੂਅ ਡਸਾਨਾ ॥੨॥

ਪਰਮਾਤਮਾ ਦਾ ਨਾਮ ਸੁਣਦਿਆਂ ਤਾਂ ਇਉਂ ਹੁੰਦਾ ਹੈ ਜਿਵੇਂ ਇਸ ਨੂੰ ਠੂੰਹਾਂ ਡੰਗ ਮਾਰ ਜਾਂਦਾ ਹੈ ॥੨॥

ਮਾਇਆ ਕਾਰਣਿ ਸਦ ਹੀ ਝੂਰੈ ॥

(ਹੇ ਭਾਈ! ਸਾਕਤ ਮਨੁੱਖ) ਸਦਾ ਹੀ ਮਾਇਆ ਦੀ ਖ਼ਾਤਰ ਚਿੰਤਾ-ਫ਼ਿਕਰ ਕਰਦਾ ਰਹਿੰਦਾ ਹੈ,

ਮਨਿ ਮੁਖਿ ਕਬਹਿ ਨ ਉਸਤਤਿ ਕਰੈ ॥

ਇਹ ਕਦੇ ਭੀ ਆਪਣੇ ਮਨ ਵਿਚ ਆਪਣੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ।

ਨਿਰਭਉ ਨਿਰੰਕਾਰ ਦਾਤਾਰੁ ॥

ਜਿਹੜਾ ਪਰਮਾਤਮਾ ਸਭ ਦਾਤਾਂ ਦੇਣ ਵਾਲਾ ਹੈ, ਜਿਸ ਨੂੰ ਕਿਸੇ ਦਾ ਡਰ-ਭਉ ਨਹੀਂ ਹੈ, ਜੋ ਸਰੀਰਾਂ ਦੀ ਕੈਦ ਤੋਂ ਪਰੇ ਹੈ,

ਤਿਸੁ ਸਿਉ ਪ੍ਰੀਤਿ ਨ ਕਰੈ ਗਵਾਰੁ ॥੩॥

ਉਸ ਨਾਲ ਇਹ ਮੂਰਖ ਸਾਕਤ ਕਦੇ ਪਿਆਰ ਨਹੀਂ ਪਾਂਦਾ ॥੩॥

ਸਭ ਸਾਹਾ ਸਿਰਿ ਸਾਚਾ ਸਾਹੁ ॥

(ਹੇ ਪ੍ਰਭੂ!) ਤੂੰ ਸਭ ਸਭ ਸ਼ਾਹਾਂ ਤੋਂ ਵੱਡਾ ਅਤੇ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ,

ਵੇਮੁਹਤਾਜੁ ਪੂਰਾ ਪਾਤਿਸਾਹੁ ॥

ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਭ ਤਾਕਤਾਂ ਦਾ ਮਾਲਕ ਪਾਤਿਸ਼ਾਹ ਹੈਂ।

ਮੋਹ ਮਗਨ ਲਪਟਿਓ ਭ੍ਰਮ ਗਿਰਹ ॥

(ਤੇਰਾ ਪੈਦਾ ਕੀਤਾ ਜੀਵ ਸਦਾ ਮਾਇਆ ਦੇ) ਮੋਹ ਵਿਚ ਡੁੱਬਾ ਹੋਇਆ (ਮਾਇਆ ਨਾਲ ਹੀ) ਚੰਬੜਿਆ ਰਹਿੰਦਾ ਹੈ, (ਇਸ ਦੇ ਮਨ ਵਿਚ) ਭਟਕਣਾ ਦੀ ਗੰਢ ਬੱਝੀ ਰਹਿੰਦੀ ਹੈ।

ਨਾਨਕ ਤਰੀਐ ਤੇਰੀ ਮਿਹਰ ॥੪॥੨੧॥੩੨॥

ਹੇ ਨਾਨਕ! (ਆਖ- ਹੇ ਪ੍ਰਭੂ! ਇਸ ਸੰਸਾਰ-ਸਮੁੰਦਰ ਵਿਚੋਂ) ਤੇਰੀ ਮਿਹਰ ਨਾਲ ਹੀ ਤਰ ਸਕੀਦਾ ਹੈ ॥੪॥੨੧॥੩੨॥


ਰਾਮਕਲੀ ਮਹਲਾ ੫ ॥
ਰੈਣਿ ਦਿਨਸੁ ਜਪਉ ਹਰਿ ਨਾਉ ॥

(ਹੇ ਪ੍ਰਭੂ! ਕਿਰਪਾ ਕਰ) ਮੈਂ ਦਿਨ ਰਾਤ ਹਰਿ-ਨਾਮ ਜਪਦਾ ਰਹਾਂ,

ਆਗੈ ਦਰਗਹ ਪਾਵਉ ਥਾਉ ॥

(ਤੇ ਇਸ ਤਰ੍ਹਾਂ) ਪਰਲੋਕ ਵਿਚ ਤੇਰੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲਵਾਂ।

ਸਦਾ ਅਨੰਦੁ ਨ ਹੋਵੀ ਸੋਗੁ ॥

(ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਨੂੰ) ਸਦਾ ਆਨੰਦ ਬਣਿਆ ਰਹਿੰਦਾ ਹੈ, ਕਦੇ ਉਸ ਨੂੰ ਚਿੰਤਾ ਨਹੀਂ ਵਾਪਰਦੀ;

ਕਬਹੂ ਨ ਬਿਆਪੈ ਹਉਮੈ ਰੋਗੁ ॥੧॥

ਹਉਮੈ ਦਾ ਰੋਗ ਕਦੇ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥

ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥

ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਹੇ ਸੰਤ ਜਨੋ! ਸਦਾ ਪਰਮਾਤਮਾ ਦੀ ਖੋਜ ਕਰਦੇ ਰਹੋ।

ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥੧॥ ਰਹਾਉ ॥

ਹੇ ਪ੍ਰਾਣੀ! (ਸਦਾ) ਪਰਮਾਤਮਾ ਦਾ ਸਿਮਰਨ ਕਰਦਾ ਰਹੁ; (ਸਿਮਰਨ ਦੀ ਬਰਕਤਿ ਨਾਲ) ਬੜੀ ਹੀ ਹੈਰਾਨ ਕਰਨ ਵਾਲੀ ਅਸਚਰਜ ਆਤਮਕ ਅਵਸਥਾ ਬਣ ਜਾਇਗੀ, ਤੂੰ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਏਂਗਾ ॥੧॥ ਰਹਾਉ ॥

ਗਨਿ ਮਿਨਿ ਦੇਖਹੁ ਸਗਲ ਬੀਚਾਰਿ ॥

ਹੇ ਸੰਤ ਜਨੋ! ਸਾਰੇ ਗਹੁ ਨਾਲ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ,

ਨਾਮ ਬਿਨਾ ਕੋ ਸਕੈ ਨ ਤਾਰਿ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾ ਸਕਦਾ।

ਸਗਲ ਉਪਾਵ ਨ ਚਾਲਹਿ ਸੰਗਿ ॥

(ਨਾਮ ਤੋਂ ਬਿਨਾ) ਹੋਰ ਸਾਰੇ ਹੀ ਹੀਲੇ (ਮਨੁੱਖ ਦੇ) ਨਾਲ ਨਹੀਂ ਜਾਂਦੇ (ਸਹਾਇਤਾ ਨਹੀਂ ਕਰਦੇ)।

ਭਵਜਲੁ ਤਰੀਐ ਪ੍ਰਭ ਕੈ ਰੰਗਿ ॥੨॥

ਪ੍ਰਭੂ ਦੇ ਪ੍ਰੇਮ-ਰੰਗ ਵਿਚ ਰਿਹਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੨॥

ਦੇਹੀ ਧੋਇ ਨ ਉਤਰੈ ਮੈਲੁ ॥

(ਹੇ ਸੰਤ ਜਨੋ! ਤੀਰਥ ਆਦਿਕਾਂ ਤੇ) ਸਰੀਰ ਨੂੰ ਧੋਤਿਆਂ (ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਨਹੀਂ ਹੁੰਦੀ,

ਹਉਮੈ ਬਿਆਪੈ ਦੁਬਿਧਾ ਫੈਲੁ ॥

(ਸਗੋਂ ਇਹ) ਹਉਮੈ ਆਪਣਾ ਦਬਾਉ ਪਾ ਲੈਂਦੀ ਹੈ (ਕਿ ਮੈਂ ਤੀਰਥਾਂ ਦੇ ਇਸ਼ਨਾਨ ਕਰ ਆਇਆ ਹਾਂ। ਮਨੁੱਖ ਦੇ ਅੰਦਰ) ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣ ਦਾ ਪਸਾਰਾ ਪਸਰ ਜਾਂਦਾ ਹੈ (ਮਨੁੱਖ ਪਖੰਡੀ ਹੋ ਜਾਂਦਾ ਹੈ)।

ਹਰਿ ਹਰਿ ਅਉਖਧੁ ਜੋ ਜਨੁ ਖਾਇ ॥

ਹੇ ਸੰਤ ਜਨੋ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੀ ਦਵਾਈ ਖਾਂਦਾ ਹੈ,

ਤਾ ਕਾ ਰੋਗੁ ਸਗਲ ਮਿਟਿ ਜਾਇ ॥੩॥

ਉਸ ਦਾ ਸਾਰਾ (ਮਾਨਸਕ) ਰੋਗ ਦੂਰ ਹੋ ਜਾਂਦਾ ਹੈ ॥੩॥

ਕਰਿ ਕਿਰਪਾ ਪਾਰਬ੍ਰਹਮ ਦਇਆਲ ॥

ਹੇ ਪਾਰਬ੍ਰਹਮ! ਹੇ ਦਇਆ ਦੇ ਘਰ! (ਮੇਰੇ ਉਤੇ) ਕਿਰਪਾ ਕਰ।

ਮਨ ਤੇ ਕਬਹੁ ਨ ਬਿਸਰੁ ਗੁੋਪਾਲ ॥

ਹੇ ਗੋਪਾਲ! ਤੂੰ ਮੇਰੇ ਮਨ ਤੋਂ ਕਦੇ ਭੀ ਨਾਹ ਵਿੱਸਰ।

ਤੇਰੇ ਦਾਸ ਕੀ ਹੋਵਾ ਧੂਰਿ ॥

ਹੇ ਪ੍ਰਭੂ! ਮੈਂ ਤੇਰੇ ਦਾਸਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ-

ਨਾਨਕ ਕੀ ਪ੍ਰਭ ਸਰਧਾ ਪੂਰਿ ॥੪॥੨੨॥੩੩॥

ਨਾਨਕ ਦੀ ਇਹ ਤਾਂਘ ਪੂਰੀ ਕਰ ॥੪॥੨੨॥੩੩॥


ਰਾਮਕਲੀ ਮਹਲਾ ੫ ॥
ਤੇਰੀ ਸਰਣਿ ਪੂਰੇ ਗੁਰਦੇਵ ॥

ਹੇ ਸਰਬ-ਗੁਣ ਭਰਪੂਰ ਤੇ ਸਭ ਤੋਂ ਵੱਡੇ ਦੇਵਤੇ! ਮੈਂ ਤੇਰੀ ਸਰਨ ਆਇਆ ਹਾਂ।

ਤੁਧੁ ਬਿਨੁ ਦੂਜਾ ਨਾਹੀ ਕੋਇ ॥

ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ)।

ਤੂ ਸਮਰਥੁ ਪੂਰਨ ਪਾਰਬ੍ਰਹਮੁ ॥

ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਹਰ ਥਾਂ ਵਿਆਪਕ ਪਰਮੇਸ਼ਰ ਹੈਂ।

ਸੋ ਧਿਆਏ ਪੂਰਾ ਜਿਸੁ ਕਰਮੁ ॥੧॥

ਉਹੀ ਮਨੁੱਖ ਤੇਰਾ ਧਿਆਨ ਧਰ ਸਕਦਾ ਹੈ ਜਿਸ ਉਤੇ ਤੇਰੀ ਪੂਰੀ ਬਖ਼ਸ਼ਸ਼ ਹੋਵੇ ॥੧॥

ਤਰਣ ਤਾਰਣ ਪ੍ਰਭ ਤੇਰੋ ਨਾਉ ॥

ਹੇ ਪ੍ਰਭੂ! ਤੇਰਾ ਨਾਮ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ।

ਏਕਾ ਸਰਣਿ ਗਹੀ ਮਨ ਮੇਰੈ ਤੁਧੁ ਬਿਨੁ ਦੂਜਾ ਨਾਹੀ ਠਾਉ ॥੧॥ ਰਹਾਉ ॥

ਮੇਰੇ ਮਨ ਨੇ ਇਕ ਤੇਰੀ ਹੀ ਓਟ ਲਈ ਹੈ। ਹੇ ਪ੍ਰਭੂ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਆਸਰੇ ਵਾਲੀ) ਥਾਂ ਨਹੀਂ ਸੁੱਝਦੀ ॥੧॥ ਰਹਾਉ ॥

ਜਪਿ ਜਪਿ ਜੀਵਾ ਤੇਰਾ ਨਾਉ ॥

ਹੇ ਮੇਰੇ ਗੁਰਦੇਵ! ਤੇਰਾ ਨਾਮ ਜਪ ਜਪ ਕੇ ਮੈਂ (ਇਥੇ) ਆਤਮਕ ਜੀਵਨ ਹਾਸਲ ਕਰ ਰਿਹਾ ਹਾਂ,

ਆਗੈ ਦਰਗਹ ਪਾਵਉ ਠਾਉ ॥

ਅਗਾਂਹ ਤੇਰੀ ਹਜ਼ੂਰੀ ਵਿਚ ਮੈਂ (ਟਿਕਣ ਜੋਗਾ) ਥਾਂ ਪ੍ਰਾਪਤ ਕਰ ਸਕਾਂਗਾ।

ਦੂਖੁ ਅੰਧੇਰਾ ਮਨ ਤੇ ਜਾਇ ॥

ਹੇ ਪ੍ਰਭੂ! ਉਸ ਮਨੁੱਖ ਦੇ ਮਨ ਤੋਂ ਦੁੱਖ-ਕਲੇਸ਼ ਤੇ (ਮਾਇਆ ਦੇ ਮੋਹ ਦਾ) ਹਨੇਰਾ ਚਲਾ ਜਾਂਦਾ ਹੈ,

ਦੁਰਮਤਿ ਬਿਨਸੈ ਰਾਚੈ ਹਰਿ ਨਾਇ ॥੨॥

ਜਿਹੜਾ ਮਨੁੱਖ ਤੇਰੇ ਨਾਮ ਵਿਚ ਲੀਨ ਹੁੰਦਾ ਹੈ, (ਉਸ ਦੇ ਅੰਦਰੋਂ) ਭੈੜੀ ਮਤਿ ਦੂਰ ਹੋ ਜਾਂਦੀ ਹੈ ॥੨॥

ਚਰਨ ਕਮਲ ਸਿਉ ਲਾਗੀ ਪ੍ਰੀਤਿ ॥

(ਹੇ ਭਾਈ!) (ਪਰਮਾਤਮਾ ਦੇ) ਸੋਹਣੇ ਚਰਨਾਂ ਨਾਲ ਪਿਆਰ ਬਣ ਜਾਣਾ-

ਗੁਰ ਪੂਰੇ ਕੀ ਨਿਰਮਲ ਰੀਤਿ ॥

(ਇਹੋ ਹੀ) ਪੂਰੇ ਗੁਰੂ ਦੀ ਪਵਿੱਤਰ ਜੀਵਨ-ਮਰਯਾਦਾ ਹੈ।

ਭਉ ਭਾਗਾ ਨਿਰਭਉ ਮਨਿ ਬਸੈ ॥

ਡਰ-ਰਹਿਤ ਪ੍ਰਭੂ ਉਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ,

ਅੰਮ੍ਰਿਤ ਨਾਮੁ ਰਸਨਾ ਨਿਤ ਜਪੈ ॥੩॥

ਜਿਹੜਾ ਮਨੁੱਖ ਆਪਣੀ ਜੀਭ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ ਨਿੱਤ ਜਪਦਾ ਹੈ ॥੩॥

ਕੋਟਿ ਜਨਮ ਕੇ ਕਾਟੇ ਫਾਹੇ ॥

(ਭਗਤੀ ਦਾ ਸਦਕਾ ਉਹਨਾਂ ਦੇ ਪਹਿਲੇ ਕ੍ਰੋੜਾਂ ਜਨਮਾਂ ਦੇ (ਮਾਇਆ ਦੇ) ਬੰਧਨ ਕੱਟੇ ਜਾਂਦੇ ਹਨ।

ਪਾਇਆ ਲਾਭੁ ਸਚਾ ਧਨੁ ਲਾਹੇ ॥

(ਜੀਵ ਇਥੇ ਜਗਤ ਵਿਚ ਹਰਿ-ਨਾਮ-ਧਨ ਦਾ ਵਣਜ ਕਰਨ ਆਉਂਦੇ ਹਨ। ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ) ਸਦਾ ਕਾਇਮ ਰਹਿਣ ਵਾਲਾ ਨਾਮ-ਧਨ-ਨਫ਼ਾ ਖੱਟ ਲੈਂਦੇ ਹਨ

ਤੋਟਿ ਨ ਆਵੈ ਅਖੁਟ ਭੰਡਾਰ ॥

(ਉਹਨਾਂ ਪਾਸ ਇਸ ਨਾਮ-ਧਨ ਦੇ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਭਰ ਜਾਂਦੇ ਹਨ ਜਿਨ੍ਹਾਂ ਵਿਚ) ਕਦੇ ਘਾਟਾ ਨਹੀਂ ਪੈਂਦਾ।

ਨਾਨਕ ਭਗਤ ਸੋਹਹਿ ਹਰਿ ਦੁਆਰ ॥੪॥੨੩॥੩੪॥

ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ ॥੪॥੨੩॥੩੪॥


ਰਾਮਕਲੀ ਮਹਲਾ ੫ ॥
ਰਤਨ ਜਵੇਹਰ ਨਾਮ ॥

(ਹੇ ਭਾਈ! ਪਿਆਰੇ ਪ੍ਰਭੂ ਦਾ ਖ਼ਜ਼ਾਨਾ ਐਸਾ ਹੈ ਜਿਸ ਵਿਚ ਉਸ ਦਾ) ਨਾਮ (ਹੀ) ਰਤਨ ਤੇ ਜਵਾਹਰਾਤ ਹਨ,

ਸਤੁ ਸੰਤੋਖੁ ਗਿਆਨ ॥

ਉਸ ਵਿਚ ਸਤ ਸੰਤੋਖ ਤੇ ਉੱਚੇ ਆਤਮਕ ਜੀਵਨ ਦੀ ਸੂਝ ਕੀਮਤੀ ਪਦਾਰਥ ਹਨ।

ਸੂਖ ਸਹਜ ਦਇਆ ਕਾ ਪੋਤਾ ॥

ਉਹ ਖ਼ਜ਼ਾਨਾ ਸੁਖ, ਆਤਮਕ ਅਡੋਲਤਾ ਤੇ ਦਇਆ ਦਾ ਸੋਮਾ ਹੈ।

ਹਰਿ ਭਗਤਾ ਹਵਾਲੈ ਹੋਤਾ ॥੧॥

ਪਰ ਉਹ ਖ਼ਜ਼ਾਨਾ ਪਰਮਾਤਮਾ ਦੇ ਭਗਤਾਂ ਦੇ ਸਪੁਰਦ ਹੋਇਆ ਹੋਇਆ ਹੈ ॥੧॥

ਮੇਰੇ ਰਾਮ ਕੋ ਭੰਡਾਰੁ ॥

(ਹੇ ਭਾਈ!) ਪਿਆਰੇ ਪ੍ਰਭੂ ਦਾ ਖ਼ਜ਼ਾਨਾ (ਐਸਾ ਹੈ ਕਿ ਉਸ ਨੂੰ)

ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥

ਆਪ ਵਰਤਦਿਆਂ ਤੇ ਹੋਰਨਾਂ ਨੂੰ ਵੰਡਦਿਆਂ (ਉਸ ਵਿਚ) ਕਮੀ ਨਹੀਂ ਆਉਂਦੀ। ਉਸ ਪਰਮਾਤਮਾ ਦੇ ਖ਼ਜ਼ਾਨੇ ਦਾ ਅੰਤ ਨਹੀਂ ਲੱਭਦਾ, ਉਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭਦਾ ॥੧॥ ਰਹਾਉ ॥

ਕੀਰਤਨੁ ਨਿਰਮੋਲਕ ਹੀਰਾ ॥

(ਹੇ ਭਾਈ! ਪਿਆਰੇ ਪ੍ਰਭੂ ਦਾ ਖ਼ਜ਼ਾਨਾ ਐਸਾ ਹੈ ਜਿਸ ਵਿਚ ਉਸ ਦਾ) ਕੀਰਤਨ ਇਕ ਅਜਿਹਾ ਹੀਰਾ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ।

ਆਨੰਦ ਗੁਣੀ ਗਹੀਰਾ ॥

(ਉਸ ਕੀਰਤਨ ਦੀ ਬਰਕਤਿ ਨਾਲ) ਗੁਣਾਂ ਦੇ ਮਾਲਕ ਸਮੁੰਦਰ-ਪ੍ਰਭੂ (ਦੇ ਮਿਲਾਪ) ਦਾ ਆਨੰਦ (ਪ੍ਰਾਪਤ ਹੁੰਦਾ ਹੈ)।

ਅਨਹਦ ਬਾਣੀ ਪੂੰਜੀ ॥

(ਕੀਰਤਨ ਦੀ ਬਰਕਤ ਨਾਲ ਪੈਦਾ ਹੋਈ) ਇੱਕ-ਰਸ ਜਾਰੀ ਰਹਿਣ ਵਾਲੀ ਸਿਫ਼ਤਿ-ਸਾਲਾਹ ਦੀ ਰੌ (ਉਸ ਖ਼ਜ਼ਾਨੇ ਵਿਚ ਮਨੁੱਖ ਲਈ) ਸਰਮਾਇਆ ਹੈ।

ਸੰਤਨ ਹਥਿ ਰਾਖੀ ਕੂੰਜੀ ॥੨॥

(ਪਰ ਪਰਮਾਤਮਾ ਨੇ ਇਸ ਖ਼ਜ਼ਾਨੇ ਦੀ) ਕੁੰਜੀ ਸੰਤਾਂ ਦੇ ਹੱਥ ਵਿਚ ਰੱਖੀ ਹੋਈ ਹੈ ॥੨॥

ਸੁੰਨ ਸਮਾਧਿ ਗੁਫਾ ਤਹ ਆਸਨੁ ॥

(ਹੇ ਭਾਈ! ਜਿਸ ਹਿਰਦੇ-ਘਰ ਵਿਚ ਉਹ ਖ਼ਜ਼ਾਨਾ ਆ ਵੱਸਦਾ ਹੈ) ਉਥੇ ਐਸੀ ਸਮਾਧੀ ਬਣੀ ਰਹਿੰਦੀ ਹੈ ਜਿਸ ਵਿਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, (ਪਹਾੜਾਂ ਦੀਆਂ ਕੰਦ੍ਰਾਂ ਦੇ ਥਾਂ ਉਸ ਹਿਰਦੇ-) ਗੁਫ਼ਾ ਵਿਚ ਮਨੁੱਖ ਦੀ ਸੁਰਤੀ ਟਿਕੀ ਰਹਿੰਦੀ ਹੈ,

ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥

ਉਸ ਹਿਰਦੇ-ਘਰ ਵਿਚ ਸਿਰਫ਼ ਪੂਰਨ ਪਰਮਾਤਮਾ ਦਾ ਨਿਵਾਸ ਬਣਿਆ ਰਹਿੰਦਾ ਹੈ।

ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥

(ਜਿਸ ਭਗਤ ਦੇ ਹਿਰਦੇ ਵਿਚ ਉਹ ਖ਼ਜ਼ਾਨਾ ਪਰਗਟ ਹੋ ਪੈਂਦਾ ਹੈ ਉਸ) ਭਗਤ ਨਾਲ ਪ੍ਰਭੂ ਮਿਲਾਪ ਬਣਾ ਲੈਂਦਾ ਹੈ,

ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥

ਉਸ ਹਿਰਦੇ ਵਿਚ ਖ਼ੁਸ਼ੀ ਗ਼ਮੀ ਜਨਮ-ਮਰਨ (ਦੇ ਗੇੜ ਦੇ ਡਰ) ਦਾ ਕੋਈ ਅਸਰ ਨਹੀਂ ਹੁੰਦਾ ॥੩॥

ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥

(ਪਰ, ਹੇ ਭਾਈ!) ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਕਿਰਪਾ ਕਰ ਕੇ ਇਹ ਧਨ ਦਿਵਾਇਆ ਹੈ,

ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥

(ਸਿਰਫ਼) ਉਸ ਮਨੁੱਖ ਨੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਨਾਮ-ਧਨ ਲੱਭਾ ਹੈ।

ਦਇਆਲ ਪੁਰਖ ਨਾਨਕ ਅਰਦਾਸਿ ॥

ਹੇ ਦਇਆ ਦੇ ਸੋਮੇ ਅਕਾਲ ਪੁਰਖ! (ਤੇਰੇ ਸੇਵਕ) ਨਾਨਕ ਦੀ ਭੀ ਇਹੀ ਅਰਜ਼ੋਈ ਹੈ,

ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥

ਕਿ ਤੇਰਾ ਨਾਮ ਮੇਰਾ ਸਰਮਾਇਆ ਬਣਿਆ ਰਹੇ, ਤੇਰਾ ਨਾਮ ਮੇਰੀ ਹਰ ਵੇਲੇ ਦੀ ਵਰਤਣ ਵਾਲੀ ਸ਼ੈ ਬਣੀ ਰਹੇ ॥੪॥੨੪॥੩੫॥


ਰਾਮਕਲੀ ਮਹਲਾ ੫ ॥
ਮਹਿਮਾ ਨ ਜਾਨਹਿ ਬੇਦ ॥

(ਹੇ ਭਾਈ! ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ।

ਬ੍ਰਹਮੇ ਨਹੀ ਜਾਨਹਿ ਭੇਦ ॥

ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ।

ਅਵਤਾਰ ਨ ਜਾਨਹਿ ਅੰਤੁ ॥

ਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ।

ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥

ਹੇ ਭਾਈ! ਪਾਰਬ੍ਰਹਮ ਪਰਮੇਸਰ ਬੇਅੰਤ ਹੈ ॥੧॥

ਅਪਨੀ ਗਤਿ ਆਪਿ ਜਾਨੈ ॥

(ਹੇ ਭਾਈ!) ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ।

ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥

(ਜੀਵ) ਹੋਰਨਾਂ ਪਾਸੋਂ ਸੁਣ ਸੁਣ ਕੇ ਹੀ (ਪਰਮਾਤਮਾ ਬਾਰੇ) ਜ਼ਿਕਰ ਕਰਦਾ ਰਹਿੰਦਾ ਹੈ ॥੧॥ ਰਹਾਉ ॥

ਸੰਕਰਾ ਨਹੀ ਜਾਨਹਿ ਭੇਵ ॥

(ਹੇ ਭਾਈ!) ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ,

ਖੋਜਤ ਹਾਰੇ ਦੇਵ ॥

ਅਨੇਕਾਂ ਦੇਵਤੇ ਉਸ ਦੀ ਖੋਜ ਕਰਦੇ ਕਰਦੇ ਥੱਕ ਗਏ।

ਦੇਵੀਆ ਨਹੀ ਜਾਨੈ ਮਰਮ ॥

ਦੇਵੀਆਂ ਵਿਚੋਂ ਭੀ ਕੋਈ ਉਸ ਪ੍ਰਭੂ ਦਾ ਭੇਦ ਨਹੀਂ ਜਾਣਦੀ।

ਸਭ ਊਪਰਿ ਅਲਖ ਪਾਰਬ੍ਰਹਮ ॥੨॥

ਹੇ ਭਾਈ! ਪਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ॥੨॥

ਅਪਨੈ ਰੰਗਿ ਕਰਤਾ ਕੇਲ ॥

(ਹੇ ਭਾਈ!) ਪਰਮਾਤਮਾ ਆਪਣੀ ਮੌਜ ਵਿਚ (ਜਗਤ ਦੇ ਸਾਰੇ) ਕੌਤਕ ਕਰ ਰਿਹਾ ਹੈ,

ਆਪਿ ਬਿਛੋਰੈ ਆਪੇ ਮੇਲ ॥

ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ ਮਿਲਾਂਦਾ ਹੈ।

ਇਕਿ ਭਰਮੇ ਇਕਿ ਭਗਤੀ ਲਾਏ ॥

ਅਨੇਕਾਂ ਜੀਵਾਂ ਨੂੰ ਉਸ ਨੇ ਭਟਕਣਾ ਵਿਚ ਪਾਇਆ ਹੋਇਆ ਹੈ, ਤੇ ਅਨੇਕਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਜੋੜਿਆ ਹੋਇਆ ਹੈ।

ਅਪਣਾ ਕੀਆ ਆਪਿ ਜਣਾਏ ॥੩॥

(ਇਹ ਜਗਤ ਉਸ ਦਾ) ਆਪਣਾ ਹੀ ਪੈਦਾ ਕੀਤਾ ਹੋਇਆ ਹੈ, (ਇਸ ਨੂੰ ਉਹ) ਆਪ ਹੀ ਸੂਝ ਬਖ਼ਸ਼ਦਾ ਹੈ ॥੩॥

ਸੰਤਨ ਕੀ ਸੁਣਿ ਸਾਚੀ ਸਾਖੀ ॥

(ਹੇ ਭਾਈ!) ਸੰਤ-ਜਨਾਂ ਬਾਰੇ ਇਹ ਸੱਚੀ ਗੱਲ ਸੁਣ।

ਸੋ ਬੋਲਹਿ ਜੋ ਪੇਖਹਿ ਆਖੀ ॥

ਸੰਤ ਜਨ ਉਹ ਕੁਝ ਆਖਦੇ ਹਨ ਜੋ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ।

ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥

(ਸੰਤ ਜਨ ਆਖਦੇ ਹਨ ਕਿ) ਉਸ ਪਰਮਾਤਮਾ ਉਤੇ ਨਾਹ ਕਿਸੇ ਪੁੰਨ ਨੇ ਨਾਹ ਕਿਸੇ ਪਾਪ ਨੇ (ਕਦੇ ਆਪਣਾ) ਪ੍ਰਭਾਵ ਪਾਇਆ ਹੈ।

ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥

ਹੇ ਭਾਈ! ਨਾਨਕ ਦਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ ॥੪॥੨੫॥੩੬॥


ਰਾਮਕਲੀ ਮਹਲਾ ੫ ॥
ਕਿਛਹੂ ਕਾਜੁ ਨ ਕੀਓ ਜਾਨਿ ॥

ਹੇ ਪ੍ਰਭੂ! ਮੈਂ ਕੋਈ ਭੀ (ਚੰਗਾ) ਕੰਮ ਮਿਥ ਕੇ ਨਹੀਂ ਕਰਦਾ।

ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥

ਗਿਆਨ-ਚਰਚਾ ਵਿਚ ਭੀ ਮੇਰੀ ਸੁਰਤ ਮੇਰੀ ਮਤਿ ਨਹੀਂ ਟਿਕਦੀ।

ਜਾਪ ਤਾਪ ਸੀਲ ਨਹੀ ਧਰਮ ॥

ਹੇ ਪ੍ਰਭੂ! ਜਪਾਂ ਤਪਾਂ ਸੀਲ-ਧਰਮ ਨੂੰ ਭੀ ਮੈਂ ਨਹੀਂ ਜਾਣਦਾ।

ਕਿਛੂ ਨ ਜਾਨਉ ਕੈਸਾ ਕਰਮ ॥੧॥

ਮੈਨੂੰ ਕੋਈ ਸਮਝ ਨਹੀਂ ਕਿ ਕਰਮ-ਕਾਂਡ ਕਿਹੋ ਜਿਹੇ ਹੁੰਦੇ ਹਨ ॥੧॥

ਠਾਕੁਰ ਪ੍ਰੀਤਮ ਪ੍ਰਭ ਮੇਰੇ ॥

ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੇ ਠਾਕੁਰ!

ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥

ਜੇ ਅਸੀਂ ਭੁੱਲਾਂ ਕਰਦੇ ਹਾਂ, ਜੇ ਅਸੀਂ (ਜੀਵਨ-ਰਾਹ ਤੋਂ) ਖੁੰਝਦੇ ਹਾਂ, ਤਾਂ ਭੀ ਹੇ ਪ੍ਰਭੂ! ਅਸੀਂ ਤੇਰੇ ਹੀ ਹਾਂ, ਤੈਥੋਂ ਬਿਨਾ ਸਾਡਾ ਹੋਰ ਕੋਈ ਨਹੀਂ ਹੈ ॥੧॥
ਰਹਾਉ ॥

ਰਿਧਿ ਨ ਬੁਧਿ ਨ ਸਿਧਿ ਪ੍ਰਗਾਸੁ ॥

ਹੇ ਮੇਰੇ ਪ੍ਰਭੂ! ਕਰਾਮਾਤੀ ਤਾਕਤਾਂ ਦੀ ਸੂਝ-ਬੂਝ ਤੇ ਪ੍ਰਕਾਸ਼ ਮੇਰੇ ਅੰਦਰ ਨਹੀਂ ਹੈ।

ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥

ਵਿਕਾਰਾਂ ਤੇ ਰੋਗਾਂ ਦੇ ਇਸ ਸਰੀਰ-ਪਿੰਡ ਵਿਚ ਮੇਰਾ ਵਸੇਬਾ ਹੈ।

ਕਰਣਹਾਰ ਮੇਰੇ ਪ੍ਰਭ ਏਕ ॥

ਹੇ ਮੇਰੇ ਸਿਰਜਣਹਾਰ!

ਨਾਮ ਤੇਰੇ ਕੀ ਮਨ ਮਹਿ ਟੇਕ ॥੨॥

ਮੇਰੇ ਮਨ ਵਿਚ ਸਿਰਫ਼ ਤੇਰੇ ਨਾਮ ਦਾ ਸਹਾਰਾ ਹੈ ॥੨॥

ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥

ਹੇ ਮੇਰੇ ਪ੍ਰਭੂ! (ਤੇਰਾ ਨਾਮ) ਸੁਣ ਸੁਣ ਕੇ ਹੀ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਮੇਰੇ ਮਨ ਵਿਚ (ਸਿਰਫ਼) ਇਹ ਧਰਵਾਸ ਹੈ

ਪਾਪ ਖੰਡਨ ਪ੍ਰਭ ਤੇਰੋ ਨਾਮੁ ॥

ਕਿ ਤੇਰਾ ਨਾਮ ਪਾਪਾਂ ਦਾ ਨਾਸ ਕਰਨ ਵਾਲਾ ਹੈ।

ਤੂ ਅਗਨਤੁ ਜੀਅ ਕਾ ਦਾਤਾ ॥

ਪ੍ਰਭੂ! ਤੇਰੀਆਂ ਤਾਕਤਾਂ ਗਿਣੀਆਂ ਨਹੀਂ ਜਾ ਸਕਦੀਆਂ, ਤੂੰ ਹੀ ਜਿੰਦ-ਦੇਣ ਵਾਲਾ ਹੈਂ।

ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥੩॥

ਜਿਸ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਉਸ ਨੇ ਹੀ ਤੇਰੇ ਨਾਲ ਜਾਣ ਪਛਾਣ ਪਾਈ ਹੈ ॥੩॥

ਜੋ ਉਪਾਇਓ ਤਿਸੁ ਤੇਰੀ ਆਸ ॥

ਜਿਸ ਜਿਸ ਜੀਵ ਨੂੰ ਤੂੰ ਪੈਦਾ ਕੀਤਾ ਹੈ, ਉਸ ਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ।

ਸਗਲ ਅਰਾਧਹਿ ਪ੍ਰਭ ਗੁਣਤਾਸ ॥

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਸਾਰੇ ਜੀਵ ਤੇਰਾ ਹੀ ਆਰਾਧਨ ਕਰਦੇ ਹਨ।

ਨਾਨਕ ਦਾਸ ਤੇਰੈ ਕੁਰਬਾਣੁ ॥

ਤੇਰਾ ਦਾਸ ਨਾਨਕ ਤੈਥੋਂ ਸਦਕੇ ਜਾਂਦਾ ਹੈ,

ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥

(ਤੇ ਆਖਦਾ ਹੈ-) ਤੂੰ ਮੇਰਾ ਮਾਲਕ ਹੈਂ, ਤੂੰ ਬੇਅੰਤ ਹੈਂ, ਤੂੰ ਸਦਾ ਦਇਆ ਕਰਨ ਵਾਲਾ ਹੈਂ ॥੪॥੨੬॥੩੭॥


ਰਾਮਕਲੀ ਮਹਲਾ ੫ ॥
ਰਾਖਨਹਾਰ ਦਇਆਲ ॥

ਹੇ ਭਾਈ! ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਦਇਆ ਦਾ ਸੋਮਾ ਹੈ।

ਕੋਟਿ ਭਵ ਖੰਡੇ ਨਿਮਖ ਖਿਆਲ ॥

ਜੇ ਅੱਖ ਫਰਕਣ ਜਿਤਨੇ ਸਮੇ ਵਾਸਤੇ ਭੀ ਉਸ ਦਾ ਧਿਆਨ ਧਰੀਏ, ਤਾਂ ਕ੍ਰੋੜਾਂ ਜਨਮ ਦੇ ਗੇੜ ਕੱਟੇ ਜਾਂਦੇ ਹਨ।

ਸਗਲ ਅਰਾਧਹਿ ਜੰਤ ॥

ਸਾਰੇ ਜੀਵ ਉਸੇ ਦਾ ਆਰਾਧਨ ਕਰਦੇ ਹਨ।

ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥

ਹੇ ਭਾਈ! ਗੁਰੂ ਨੂੰ ਮਿਲ ਕੇ, ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ ॥੧॥

ਜੀਅਨ ਕੋ ਦਾਤਾ ਮੇਰਾ ਪ੍ਰਭੁ ॥

ਹੇ ਭਾਈ! ਮੇਰਾ ਪ੍ਰਭੂ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ।

ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥

ਉਹ ਮੇਰਾ ਮਾਲਕ ਪਰਮੇਸਰ ਪ੍ਰਭੂ ਸਭ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਰਮਿਆ ਹੋਇਆ ਹੈ ॥੧॥ ਰਹਾਉ ॥

ਤਾ ਕੀ ਗਹੀ ਮਨ ਓਟ ॥

ਹੇ ਮਨ! ਜਿਸ ਮਨੁੱਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ,

ਬੰਧਨ ਤੇ ਹੋਈ ਛੋਟ ॥

(ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਉਸ ਦੀ ਖ਼ਲਾਸੀ ਹੋ ਗਈ।

ਹਿਰਦੈ ਜਪਿ ਪਰਮਾਨੰਦ ॥

ਸਭ ਤੋਂ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿਚ ਜਪ ਕੇ-

ਮਨ ਮਾਹਿ ਭਏ ਅਨੰਦ ॥੨॥

ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ ॥੨॥

ਤਾਰਣ ਤਰਣ ਹਰਿ ਸਰਣ ॥

ਹੇ ਭਾਈ! ਪਰਮਾਤਮਾ ਦਾ ਆਸਰਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ।

ਜੀਵਨ ਰੂਪ ਹਰਿ ਚਰਣ ॥

ਪ੍ਰਭੂ ਦੇ ਚਰਨਾਂ ਦੀ ਓਟ ਆਤਮਕ ਜੀਵਨ ਦੇਣ ਵਾਲੀ ਹੈ।

ਸੰਤਨ ਕੇ ਪ੍ਰਾਣ ਅਧਾਰ ॥

ਪਰਮਾਤਮਾ ਸੰਤ ਜਨਾਂ ਦੀ ਜਿੰਦ ਦਾ ਆਸਰਾ ਹੈ,

ਊਚੇ ਤੇ ਊਚ ਅਪਾਰ ॥੩॥

ਉਹ ਸਭਨਾਂ ਤੋਂ ਉੱਚਾ ਤੇ ਬੇਅੰਤ ਹੈ ॥੩॥

ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥

ਹੇ ਭਾਈ! ਉਹ ਮਤਿ ਗ੍ਰਹਿਣ ਕਰ, ਜਿਸ ਦੀ ਰਾਹੀਂ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ,

ਕਰਿ ਕਿਰਪਾ ਜਿਸੁ ਆਪੇ ਦੀਜੈ ॥

(ਪਰ ਉਹੀ ਮਨੁੱਖ ਅਜਿਹੀ ਮਤਿ ਗ੍ਰਹਿਣ ਕਰਦਾ ਹੈ) ਜਿਸ ਨੂੰ ਪ੍ਰਭੂ ਕਿਰਪਾ ਕਰ ਕੇ ਆਪ ਹੀ ਦੇਂਦਾ ਹੈ।

ਸੂਖ ਸਹਜ ਆਨੰਦ ਹਰਿ ਨਾਉ ॥

ਪਰਮਾਤਮਾ ਦਾ ਨਾਮ ਸੁਖ ਆਤਮਕ ਅਡੋਲਤਾ ਤੇ ਆਨੰਦ (ਦਾ ਸੋਮਾ ਹੈ)।

ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥

ਹੇ ਨਾਨਕ! (ਜਿਸ ਨੇ) ਇਹ ਨਾਮ (ਜਪਿਆ ਹੈ) ਗੁਰੂ ਨੂੰ ਮਿਲ ਕੇ ਹੀ ਜਪਿਆ ਹੈ ॥੪॥੨੭॥੩੮॥


ਰਾਮਕਲੀ ਮਹਲਾ ੫ ॥
ਸਗਲ ਸਿਆਨਪ ਛਾਡਿ ॥

ਹੇ ਭਾਈ! ਇਹੋ ਜਿਹੇ ਸਾਰੇ ਖ਼ਿਆਲ ਛੱਡ ਦੇਹ ਕਿ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਤੂੰ ਬੜਾ ਸਿਆਣਾ ਹੈਂ,

ਕਰਿ ਸੇਵਾ ਸੇਵਕ ਸਾਜਿ ॥

ਸੇਵਕ ਵਾਲੀ ਭਾਵਨਾ ਨਾਲ (ਗੁਰੂ ਦੇ ਦਰ ਤੇ) ਸੇਵਾ ਕਰਿਆ ਕਰ।

ਅਪਨਾ ਆਪੁ ਸਗਲ ਮਿਟਾਇ ॥

(ਜਿਹੜਾ ਮਨੁੱਖ ਗੁਰੂ ਦੇ ਦਰ ਤੇ) ਆਪਣਾ ਸਾਰਾ ਆਪਾ-ਭਾਵ ਮਿਟਾ ਦੇਂਦਾ ਹੈ,

ਮਨ ਚਿੰਦੇ ਸੇਈ ਫਲ ਪਾਇ ॥੧॥

ਉਹੀ ਮਨ ਦੇ ਚਿਤਵੇ ਹੋਏ ਫਲ ਪ੍ਰਾਪਤ ਕਰਦਾ ਹੈ ॥੧॥

ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥

ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਵਲ, ਪੂਰਾ ਧਿਆਨ ਰੱਖਿਆ ਕਰ,

ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥

ਤੇਰੀ (ਹਰੇਕ) ਆਸ ਪੂਰੀ ਹੋ ਜਾਇਗੀ, ਤੇਰਾ (ਹਰੇਕ) ਮਨ ਦਾ ਫੁਰਨਾ ਪੂਰਾ ਹੋ ਜਾਇਗਾ। ਆਪਣੇ ਗੁਰੂ ਪਾਸੋਂ ਤੂੰ ਸਾਰੇ ਖ਼ਜ਼ਾਨੇ ਹਾਸਲ ਕਰ ਲਏਂਗਾ ॥੧॥ ਰਹਾਉ ॥

ਦੂਜਾ ਨਹੀ ਜਾਨੈ ਕੋਇ ॥

ਹੇ ਭਾਈ! ਗੁਰੂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਖਰੀ ਹਸਤੀ) ਨਹੀਂ ਜਾਣਦਾ।

ਸਤਗੁਰੁ ਨਿਰੰਜਨੁ ਸੋਇ ॥

ਗੁਰੂ ਉਸ ਮਾਇਆ-ਰਹਿਤ ਨਿਰਲੇਪ ਪ੍ਰਭੂ ਨੂੰ ਹੀ (ਹਰ ਥਾਂ) ਜਾਣਦਾ ਹੈ।

ਮਾਨੁਖ ਕਾ ਕਰਿ ਰੂਪੁ ਨ ਜਾਨੁ ॥

(ਇਸ ਵਾਸਤੇ ਗੁਰੂ ਨੂੰ) ਨਿਰਾ ਮਨੁੱਖ ਦਾ ਰੂਪ ਹੀ ਨਾਹ ਸਮਝ ਰੱਖ।

ਮਿਲੀ ਨਿਮਾਨੇ ਮਾਨੁ ॥੨॥

(ਗੁਰੂ ਦੇ ਦਰ ਤੋਂ ਉਸੇ ਮਨੁੱਖ ਨੂੰ) ਆਦਰ ਮਿਲਦਾ ਹੈ ਜੋ (ਆਪਣੀ ਸਿਆਣਪ ਦਾ) ਅਹੰਕਾਰ ਛੱਡ ਦੇਂਦਾ ਹੈ ॥੨॥

ਗੁਰ ਕੀ ਹਰਿ ਟੇਕ ਟਿਕਾਇ ॥

ਹੇ ਭਾਈ! ਪ੍ਰਭੂ ਦੇ ਰੂਪ ਗੁਰੂ ਦਾ ਹੀ ਆਸਰਾ-ਪਰਨਾ ਫੜ,

ਅਵਰ ਆਸਾ ਸਭ ਲਾਹਿ ॥

ਹੋਰ (ਆਸਰਿਆਂ ਦੀਆਂ) ਸਭ ਆਸਾਂ (ਮਨ ਵਿਚੋਂ) ਦੂਰ ਕਰ ਦੇਹ।

ਹਰਿ ਕਾ ਨਾਮੁ ਮਾਗੁ ਨਿਧਾਨੁ ॥

(ਗੁਰੂ ਦੇ ਦਰ ਤੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮੰਗਿਆ ਕਰ,

ਤਾ ਦਰਗਹ ਪਾਵਹਿ ਮਾਨੁ ॥੩॥

ਤਦੋਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰੇਂਗਾ ॥੩॥

ਗੁਰ ਕਾ ਬਚਨੁ ਜਪਿ ਮੰਤੁ ॥

ਹੇ ਭਾਈ! ਗੁਰੂ ਦਾ ਬਚਨ ਗੁਰੂ ਦਾ ਸ਼ਬਦ-ਮੰਤ੍ਰ (ਸਦਾ) ਜਪਿਆ ਕਰ,

ਏਹਾ ਭਗਤਿ ਸਾਰ ਤਤੁ ॥

ਇਹੀ ਵਧੀਆ ਭਗਤੀ ਹੈ, ਇਹੀ ਹੈ ਭਗਤੀ ਦੀ ਅਸਲੀਅਤ।

ਸਤਿਗੁਰ ਭਏ ਦਇਆਲ ॥

ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ,

ਨਾਨਕ ਦਾਸ ਨਿਹਾਲ ॥੪॥੨੮॥੩੯॥

ਹੇ ਨਾਨਕ! ਉਹ ਦਾਸ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ ॥੪॥੨੮॥੩੯॥


ਰਾਮਕਲੀ ਮਹਲਾ ੫ ॥
ਹੋਵੈ ਸੋਈ ਭਲ ਮਾਨੁ ॥

ਹੇ ਭਾਈ! ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ਉਸੇ ਨੂੰ ਭਲਾ ਮੰਨ,

ਆਪਨਾ ਤਜਿ ਅਭਿਮਾਨੁ ॥

ਆਪਣਾ (ਸਿਆਣਪ ਦਾ) ਮਾਣ ਛੱਡ ਦੇਹ।

ਦਿਨੁ ਰੈਨਿ ਸਦਾ ਗੁਨ ਗਾਉ ॥

ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹੁ;

ਪੂਰਨ ਏਹੀ ਸੁਆਉ ॥੧॥

ਬੱਸ! ਇਹੀ ਹੈ ਠੀਕ ਜੀਵਨ-ਮਨੋਰਥ ॥੧॥

ਆਨੰਦ ਕਰਿ ਸੰਤ ਹਰਿ ਜਪਿ ॥

ਹੇ ਭਾਈ! (ਸ਼ਾਂਤੀ ਦੇ ਸੋਮੇ) ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ।

ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥

ਗੁਰੂ ਦਾ ਪਵਿੱਤਰ ਸ਼ਬਦ-ਮੰਤ੍ਰ ਜਪਿਆ ਕਰ। ਇਹ ਖ਼ਿਆਲ ਛੱਡ ਦੇਹ ਕਿ ਗੁਰੂ ਦੀ ਅਗਵਾਈ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੂੰ ਬੜਾ ਸਿਆਣਾ ਤੇ ਚਤੁਰ ਹੈਂ ॥੧॥ ਰਹਾਉ ॥

ਏਕ ਕੀ ਕਰਿ ਆਸ ਭੀਤਰਿ ॥

ਹੇ ਭਾਈ! ਇਕ ਪਰਮਾਤਮਾ ਦੀ (ਸਹਾਇਤਾ ਦੀ) ਆਸ ਆਪਣੇ ਮਨ ਵਿਚ ਟਿਕਾਈ ਰੱਖ,

ਨਿਰਮਲ ਜਪਿ ਨਾਮੁ ਹਰਿ ਹਰਿ ॥

ਪਰਮਾਤਮਾ ਦਾ ਪਵਿੱਤਰ ਨਾਮ ਸਦਾ ਜਪਦਾ ਰਹੁ।

ਗੁਰ ਕੇ ਚਰਨ ਨਮਸਕਾਰਿ ॥

ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ।

ਭਵਜਲੁ ਉਤਰਹਿ ਪਾਰਿ ॥੨॥

(ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥

ਦੇਵਨਹਾਰ ਦਾਤਾਰ ॥

(ਹੇ ਭਾਈ! ਇਹ ਯਾਦ ਰੱਖ ਕਿ) ਦਾਤਾਂ ਦੇਣ ਵਾਲਾ ਪ੍ਰਭੂ (ਸਭ ਕੁਝ) ਦੇਣ ਦੇ ਸਮਰੱਥ ਹੈ,

ਅੰਤੁ ਨ ਪਾਰਾਵਾਰ ॥

ਉਸ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਜਾ ਕੈ ਘਰਿ ਸਰਬ ਨਿਧਾਨ ॥

ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਸਾਰੇ ਖ਼ਜ਼ਾਨੇ ਮੌਜੂਦ ਹਨ,

ਰਾਖਨਹਾਰ ਨਿਦਾਨ ॥੩॥

ਉਹੀ ਆਖ਼ਰ ਰੱਖਿਆ ਕਰਨ ਜੋਗਾ ਹੈ ॥੩॥

ਨਾਨਕ ਪਾਇਆ ਏਹੁ ਨਿਧਾਨ ॥

ਨਾਨਕ ਨੇ ਇਹ ਖ਼ਜ਼ਾਨਾ ਪ੍ਰਾਪਤ ਕਰ ਲਿਆ,

ਹਰੇ ਹਰਿ ਨਿਰਮਲ ਨਾਮ ॥

ਜਿਸ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ (ਮਾਨੋ ਧਨ ਹੈ)।

ਜੋ ਜਪੈ ਤਿਸ ਕੀ ਗਤਿ ਹੋਇ ॥

ਜੋ ਮਨੁੱਖ ਇਸ ਨਾਮ ਨੂੰ (ਸਦਾ) ਜਪਦਾ ਹੈ ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ।

ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥

ਪਰ, ਹੇ ਨਾਨਕ! ਇਹ ਨਾਮ-ਖ਼ਜ਼ਾਨਾ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦਾ ਹੈ ॥੪॥੨੯॥੪੦॥


ਰਾਮਕਲੀ ਮਹਲਾ ੫ ॥
ਦੁਲਭ ਦੇਹ ਸਵਾਰਿ ॥

(ਹੇ ਭਾਈ! ਪਰਮਾਤਮਾ ਦੇ ਗੁਣ ਗਾ ਕੇ) ਇਸ ਮਨੁੱਖਾ ਸਰੀਰ ਨੂੰ ਸਫਲ ਕਰ ਲੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,

ਜਾਹਿ ਨ ਦਰਗਹ ਹਾਰਿ ॥

(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਤੂੰ ਇਥੋਂ ਮਨੁੱਖਾ ਜਨਮ ਦੀ ਬਾਜੀ) ਹਾਰ ਕੇ ਦਰਗਾਹ ਵਿਚ ਨਹੀਂ ਜਾਏਂਗਾ।

ਹਲਤਿ ਪਲਤਿ ਤੁਧੁ ਹੋਇ ਵਡਿਆਈ ॥

ਤੈਨੂੰ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੋਭਾ ਮਿਲੇਗੀ।

ਅੰਤ ਕੀ ਬੇਲਾ ਲਏ ਛਡਾਈ ॥੧॥

(ਪਰਮਾਤਮਾ ਦੀ ਸਿਫ਼ਤਿ-ਸਾਲਾਹ) ਤੈਨੂੰ ਅਖ਼ੀਰ ਵੇਲੇ ਭੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਛਡਾ ਲਏਗੀ ॥੧॥

ਰਾਮ ਕੇ ਗੁਨ ਗਾਉ ॥

(ਹੇ ਭਾਈ!) ਪਰਮਾਤਮਾ ਦੇ ਗੁਣ ਗਾਇਆ ਕਰ।

ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥

ਅਚਰਜ-ਰੂਪ ਅਕਾਲ ਪੁਰਖ ਦਾ ਧਿਆਨ ਧਰਿਆ ਕਰ, (ਇਸ ਤਰ੍ਹਾਂ ਤੇਰਾ) ਇਹ ਲੋਕ (ਅਤੇ ਤੇਰਾ) ਪਰਲੋਕ ਦੋਵੇਂ ਸੁਖੀ ਹੋ ਜਾਣਗੇ ॥੧॥ ਰਹਾਉ ॥

ਊਠਤ ਬੈਠਤ ਹਰਿ ਜਾਪੁ ॥

(ਹੇ ਭਾਈ!) ਉਠਦਿਆਂ ਬੈਠਦਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ,

ਬਿਨਸੈ ਸਗਲ ਸੰਤਾਪੁ ॥

(ਨਾਮ ਦੀ ਬਰਕਤਿ ਨਾਲ) ਸਾਰਾ ਦੁੱਖ-ਕਲੇਸ਼ ਮਿਟ ਜਾਂਦਾ ਹੈ।

ਬੈਰੀ ਸਭਿ ਹੋਵਹਿ ਮੀਤ ॥

(ਨਾਮ ਜਪਿਆਂ ਤੇਰੇ) ਸਾਰੇ ਵੈਰੀ (ਤੇਰੇ) ਮਿੱਤਰ ਬਣ ਜਾਣਗੇ,

ਨਿਰਮਲੁ ਤੇਰਾ ਹੋਵੈ ਚੀਤ ॥੨॥

ਤੇਰਾ ਆਪਣਾ ਮਨ (ਵੈਰ ਆਦਿਕ ਤੋਂ) ਪਵਿੱਤਰ ਹੋ ਜਾਏਗਾ ॥੨॥

ਸਭ ਤੇ ਊਤਮ ਇਹੁ ਕਰਮੁ ॥

(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਾਰੇ ਕੰਮਾਂ ਤੋਂ ਚੰਗਾ ਕੰਮ ਹੈ,

ਸਗਲ ਧਰਮ ਮਹਿ ਸ੍ਰੇਸਟ ਧਰਮੁ ॥

ਸਾਰੇ ਧਰਮਾਂ ਵਿਚੋਂ ਇਹੀ ਵਧੀਆ ਧਰਮ ਹੈ।

ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥

ਹੇ ਭਾਈ! ਪਰਮਾਤਮਾ ਦਾ ਸਿਮਰਨ ਕਰਨ ਨਾਲ ਤੇਰਾ ਪਾਰ-ਉਤਾਰਾ ਹੋ ਜਾਏਗਾ।

ਜਨਮ ਜਨਮ ਕਾ ਉਤਰੈ ਭਾਰੁ ॥੩॥

(ਸਿਮਰਨ ਦੀ ਬਰਕਤਿ ਨਾਲ) ਅਨੇਕਾਂ ਜਨਮਾਂ (ਦੇ ਵਿਕਾਰਾਂ ਦੀ ਮੈਲ) ਦਾ ਭਾਰ ਲਹਿ ਜਾਂਦਾ ਹੈ ॥੩॥

ਪੂਰਨ ਤੇਰੀ ਹੋਵੈ ਆਸ ॥

(ਹੇ ਭਾਈ! ਸਿਮਰਨ ਕਰਦਿਆਂ) ਤੇਰੀ (ਹਰੇਕ) ਆਸ ਪੂਰੀ ਹੋ ਜਾਏਗੀ,

ਜਮ ਕੀ ਕਟੀਐ ਤੇਰੀ ਫਾਸ ॥

ਤੇਰੀ ਜਮਾਂ ਵਾਲੀ ਫਾਹੀ (ਭੀ) ਕੱਟੀ ਜਾਏਗੀ।

ਗੁਰ ਕਾ ਉਪਦੇਸੁ ਸੁਨੀਜੈ ॥

(ਹੇ ਭਾਈ!) ਗੁਰੂ ਦਾ (ਇਹ ਨਾਮ ਸਿਮਰਨ ਦਾ) ਉਪਦੇਸ਼ (ਸਦਾ) ਸੁਣਨਾ ਚਾਹੀਦਾ ਹੈ।

ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥

ਹੇ ਨਾਨਕ! (ਆਖ-) ਇਸ ਦੀ ਬਰਕਤਿ ਨਾਲ) ਆਤਮਕ ਸੁਖ ਵਿਚ ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ ॥੪॥੩੦॥੪੧॥


ਰਾਮਕਲੀ ਮਹਲਾ ੫ ॥
ਜਿਸ ਕੀ ਤਿਸ ਕੀ ਕਰਿ ਮਾਨੁ ॥

ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ (ਇਹ ਸਰੀਰ ਆਦਿਕ) ਹੈ, ਉਸੇ ਦਾ ਹੀ ਮੰਨ।

ਆਪਨ ਲਾਹਿ ਗੁਮਾਨੁ ॥

(ਇਹ ਸਰੀਰ ਆਦਿਕ ਮੇਰਾ ਹੈ ਮੇਰਾ ਹੈ) ਆਪਣਾ (ਇਹ ਅਹੰਕਾਰ ਦੂਰ ਕਰ)।

ਜਿਸ ਕਾ ਤੂ ਤਿਸ ਕਾ ਸਭੁ ਕੋਇ ॥

ਹਰੇਕ ਜੀਵ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ ਜਿਸ ਦਾ ਤੂੰ ਪੈਦਾ ਕੀਤਾ ਹੋਇਆ ਹੈਂ।

ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥

ਉਸ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਸੁਖ ਮਿਲਦਾ ਹੈ ॥੧॥

ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥

ਹੇ ਪ੍ਰਭੂ ਤੋਂ ਵਿਛੁੜੇ ਹੋਏ ਜੀਵ! ਕਿਉਂ (ਅਪਣੱਤ ਦੇ) ਭੁਲੇਖੇ ਵਿਚ ਪੈ ਕੇ ਭਟਕ ਰਿਹਾ ਹੈਂ?

ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥

ਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸ਼ੈ ਕਿਸੇ ਦੇ) ਕੰਮ ਨਹੀਂ ਆਉਂਦੀ। (ਇਹ) ਮੇਰਾ (ਸਰੀਰ ਹੈ, ਇਹ) ਮੇਰਾ (ਧਨ ਹੈ)-ਇਉਂ ਆਖ ਆਖ ਕੇ (ਅਨੇਕਾਂ ਹੀ ਜੀਵ) ਬਹੁਤ ਪਛੁਤਾਂਦੇ ਗਏ ॥੧॥ ਰਹਾਉ ॥

ਜੋ ਜੋ ਕਰੈ ਸੋਈ ਮਾਨਿ ਲੇਹੁ ॥

ਹੇ ਭਾਈ! ਪਰਮਾਤਮਾ ਜੋ ਕੁਝ ਕਰਦਾ ਹੈ ਉਸੇ ਨੂੰ ਠੀਕ ਮੰਨਿਆ ਕਰ।

ਬਿਨੁ ਮਾਨੇ ਰਲਿ ਹੋਵਹਿ ਖੇਹ ॥

(ਰਜ਼ਾ ਨੂੰ) ਮੰਨਣ ਤੋਂ ਬਿਨਾ (ਮਿੱਟੀ ਵਿਚ) ਮਿਲ ਕੇ ਮਿੱਟੀ ਹੋ ਜਾਏਂਗਾ।

ਤਿਸ ਕਾ ਭਾਣਾ ਲਾਗੈ ਮੀਠਾ ॥

ਹੇ ਭਾਈ! ਜਿਸ ਕਿਸੇ ਬੰਦੇ ਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਦੀ ਹੈ,

ਗੁਰਪ੍ਰਸਾਦਿ ਵਿਰਲੇ ਮਨਿ ਵੂਠਾ ॥੨॥

ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ ॥੨॥

ਵੇਪਰਵਾਹੁ ਅਗੋਚਰੁ ਆਪਿ ॥

ਹੇ ਮਨ! ਜਿਸ ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਜੀਵ ਦੇ ਗਿਆਨ-ਇੰਦ੍ਰਿਆਂ ਦੀ ਜਿਸ ਤਕ ਪਹੁੰਚ ਨਹੀਂ ਹੋ ਸਕਦੀ,

ਆਠ ਪਹਰ ਮਨ ਤਾ ਕਉ ਜਾਪਿ ॥

ਹੇ ਮਨ! ਅੱਠੇ ਪਹਿਰ ਉਸ ਨੂੰ ਜਪਿਆ ਕਰ।

ਜਿਸੁ ਚਿਤਿ ਆਏ ਬਿਨਸਹਿ ਦੁਖਾ ॥

ਜੇ ਉਹ ਪਰਮਾਤਮਾ (ਤੇਰੇ) ਚਿੱਤ ਵਿਚ ਆ ਵੱਸੇ, ਤਾਂ ਤੇਰੇ ਸਾਰੇ ਦੁੱਖ ਨਾਸ ਹੋ ਜਾਣਗੇ,

ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥

ਇਸ ਲੋਕ ਵਿਚ ਅਤੇ ਪਰਲੋਕ ਵਿਚ ਤੇਰਾ ਮੂੰਹ ਉਜਲਾ ਰਹੇਗਾ ॥੩॥

ਕਉਨ ਕਉਨ ਉਧਰੇ ਗੁਨ ਗਾਇ ॥

ਹੇ ਭਾਈ! ਪਰਮਾਤਮਾ ਦੇ ਗੁਣ ਗਾ ਗਾ ਕੇ ਕੌਣ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ,

ਗਨਣੁ ਨ ਜਾਈ ਕੀਮ ਨ ਪਾਇ ॥

ਇਸ ਗੱਲ ਦਾ ਲੇਖਾ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦੇ ਗੁਣ ਗਾਣ ਦਾ ਮੁੱਲ ਨਹੀਂ ਪੈ ਸਕਦਾ।

ਬੂਡਤ ਲੋਹ ਸਾਧਸੰਗਿ ਤਰੈ ॥

ਲੋਹੇ ਵਰਗਾ ਕਠੋਰ-ਚਿੱਤ ਬੰਦਾ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਾਰ ਲੰਘ ਜਾਂਦਾ ਹੈ।

ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥

ਪਰ, ਹੇ ਨਾਨਕ! (ਗੁਣ ਗਾਣ ਦਾ ਉੱਦਮ ਉਹੀ ਮਨੁੱਖ) ਕਰਦਾ ਹੈ ਜਿਸ ਨੂੰ ਧੁਰੋਂ ਇਹ ਦਾਤ ਪ੍ਰਾਪਤ ਹੋਵੇ ॥੪॥੩੧॥੪੨॥


ਰਾਮਕਲੀ ਮਹਲਾ ੫ ॥
ਮਨ ਮਾਹਿ ਜਾਪਿ ਭਗਵੰਤੁ ॥

ਹੇ ਭਾਈ! -ਆਪਣੇ ਮਨ ਵਿਚ ਭਗਵਾਨ ਦਾ ਨਾਮ ਜਪਿਆ ਕਰ-

ਗੁਰਿ ਪੂਰੈ ਇਹੁ ਦੀਨੋ ਮੰਤੁ ॥

ਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਇਹ ਉਪਦੇਸ਼ ਦਿੱਤਾ,

ਮਿਟੇ ਸਗਲ ਭੈ ਤ੍ਰਾਸ ॥

ਉਸ ਮਨੁੱਖ ਦੇ ਸਾਰੇ ਡਰ ਸਹਿਮ ਮਿਟ ਜਾਂਦੇ ਹਨ,

ਪੂਰਨ ਹੋਈ ਆਸ ॥੧॥

ਅਤੇ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੧॥

ਸਫਲ ਸੇਵਾ ਗੁਰਦੇਵਾ ॥

ਹੇ ਭਾਈ! ਸਭ ਤੋਂ ਵੱਡੇ ਦੇਵਤੇ ਪ੍ਰਭੂ ਦੀ ਭਗਤੀ-ਸੇਵਾ (ਜ਼ਰੂਰ) ਫਲ ਦੇਣ ਵਾਲੀ ਹੈ।

ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥

ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਸਦਾ-ਥਿਰ ਅਲੱਖ ਤੇ ਅਭੇਵ ਪ੍ਰਭੂ ਦਾ ਰਤਾ ਭਰ ਭੀ ਮੁੱਲ ਦੱਸਿਆ ਨਹੀਂ ਜਾ ਸਕਦਾ ॥੧॥ ਰਹਾਉ ॥

ਕਰਨ ਕਰਾਵਨ ਆਪਿ ॥

ਹੇ (ਮੇਰੇ) ਮਨ! ਜਿਹੜਾ ਪ੍ਰਭੂ ਆਪ ਸਭ ਕੁਝ ਕਰਨ-ਜੋਗਾ ਤੇ ਹੋਰਨਾਂ ਪਾਸੋਂ ਕਰਾ ਸਕਦਾ ਹੈ,

ਤਿਸ ਕਉ ਸਦਾ ਮਨ ਜਾਪਿ ॥

ਉਸ ਨੂੰ ਸਦਾ ਸਿਮਰਿਆ ਕਰ।

ਤਿਸ ਕੀ ਸੇਵਾ ਕਰਿ ਨੀਤ ॥

ਹੇ ਮਿੱਤਰ! ਉਸ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ,

ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥

ਤੂੰ ਅਟੱਲ ਸੁਖ ਮਾਣੇਂਗਾ, ਤੂੰ ਆਤਮਕ ਅਡੋਲਤਾ ਹਾਸਲ ਕਰ ਲਏਂਗਾ ॥੨॥

ਸਾਹਿਬੁ ਮੇਰਾ ਅਤਿ ਭਾਰਾ ॥

ਹੇ ਭਾਈ! ਮੇਰਾ ਮਾਲਕ-ਪ੍ਰਭੂ ਬਹੁਤ ਗੰਭੀਰ ਹੈ,

ਖਿਨ ਮਹਿ ਥਾਪਿ ਉਥਾਪਨਹਾਰਾ ॥

ਇਕ ਖਿਨ ਵਿਚ ਪੈਦਾ ਕਰ ਕੇ ਨਾਸ ਭੀ ਕਰ ਸਕਦਾ ਹੈ।

ਤਿਸੁ ਬਿਨੁ ਅਵਰੁ ਨ ਕੋਈ ॥

ਉਸ ਤੋਂ ਬਿਨਾ ਕੋਈ ਹੋਰ (ਰੱਖਿਆ ਕਰ ਸਕਣ ਵਾਲਾ) ਨਹੀਂ ਹੈ।

ਜਨ ਕਾ ਰਾਖਾ ਸੋਈ ॥੩॥

ਉਹ ਪ੍ਰਭੂ ਆਪਣੇ ਸੇਵਕ ਦਾ ਆਪ ਹੀ ਰਾਖਾ ਹੈ ॥੩॥

ਕਰਿ ਕਿਰਪਾ ਅਰਦਾਸਿ ਸੁਣੀਜੈ ॥

ਕਿਰਪਾ ਕਰ ਕੇ ਮੇਰੀ ਅਰਜ਼ੋਈ ਸੁਣ,

ਅਪਣੇ ਸੇਵਕ ਕਉ ਦਰਸਨੁ ਦੀਜੈ ॥

(ਉਸ ਦੇ ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਆਪਣੇ ਸੇਵਕ ਨੂੰ ਦਰਸ਼ਨ ਦੇਹ।

ਨਾਨਕ ਜਾਪੀ ਜਪੁ ਜਾਪੁ ॥

ਨਾਨਕ ਸਦਾ ਹੀ ਉਸ ਪ੍ਰਭੂ ਦਾ ਨਾਮ ਦਾ ਜਾਪ ਜਪਦਾ ਰਹੇ,

ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥

ਜਿਸ ਦਾ ਤੇਜ-ਬਲ ਸਭਨਾਂ ਤੋਂ ਉੱਚਾ ਹੈ ॥੪॥੩੨॥੪੩॥


ਰਾਮਕਲੀ ਮਹਲਾ ੫ ॥
ਬਿਰਥਾ ਭਰਵਾਸਾ ਲੋਕ ॥

ਹੇ ਮਨ! ਦੁਨੀਆ ਦੀ ਮਦਦ ਦੀ ਆਸ ਰੱਖਣੀ ਵਿਅਰਥ ਹੈ।

ਠਾਕੁਰ ਪ੍ਰਭ ਤੇਰੀ ਟੇਕ ॥

ਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! (ਮੈਨੂੰ ਤਾਂ) ਤੇਰਾ ਹੀ ਆਸਰਾ ਹੈ।

ਅਵਰ ਛੂਟੀ ਸਭ ਆਸ ॥

ਹੇ ਭਾਈ! (ਉਸ ਮਨੁੱਖ ਦੀ ਦੁਨੀਆ ਤੋਂ ਕਿਸੇ ਮਦਦ ਦੀ) ਹਰੇਕ ਆਸ ਮੁੱਕ ਜਾਂਦੀ ਹੈ,

ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥

ਜਿਹੜਾ ਮਨੁੱਖ ਗੁਣਾਂ ਦੇ ਖ਼ਜ਼ਾਨੇ ਚਿੰਤਾ-ਰਹਿਤ ਮਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ ॥੧॥

ਏਕੋ ਨਾਮੁ ਧਿਆਇ ਮਨ ਮੇਰੇ ॥

ਹੇ ਮੇਰੇ ਮਨ! ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ,

ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥

ਸਦਾ ਪਰਮਾਤਮਾ ਦੇ ਗੁਣ ਗਾਇਆ ਕਰ। ਤੇਰਾ (ਸਿਮਰਨ ਕਰਨ ਵਾਲਾ ਇਹ) ਕੰਮ ਜ਼ਰੂਰ ਸਿਰੇ ਚੜ੍ਹੇਗਾ (ਭਾਵ, ਜ਼ਰੂਰ ਫਲ ਦੇਵੇਗਾ) ॥੧॥ ਰਹਾਉ ॥

ਤੁਮ ਹੀ ਕਾਰਨ ਕਰਨ ॥

ਹੇ ਪ੍ਰਭੂ! ਇਸ ਜਗਤ-ਰਚਨਾ ਦਾ ਬਣਾਣ ਵਾਲਾ ਤੂੰ ਹੀ ਹੈਂ।

ਚਰਨ ਕਮਲ ਹਰਿ ਸਰਨ ॥

(ਮੈਂ ਤਾਂ ਸਦਾ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਰਹਿੰਦਾ ਹਾਂ।

ਮਨਿ ਤਨਿ ਹਰਿ ਓਹੀ ਧਿਆਇਆ ॥

ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਸਿਰਫ਼ ਉਸ ਪਰਮਾਤਮਾ ਨੂੰ ਹੀ ਸਿਮਰਿਆ ਹੈ,

ਆਨੰਦ ਹਰਿ ਰੂਪ ਦਿਖਾਇਆ ॥੨॥

(ਗੁਰੂ ਨੇ) ਉਸ ਨੂੰ ਆਨੰਦ-ਰੂਪ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਹੈ ॥੨॥

ਤਿਸ ਹੀ ਕੀ ਓਟ ਸਦੀਵ ॥

ਹੇ ਮੇਰੇ ਮਨ! ਸਦਾ ਹੀ ਉਸੇ ਪ੍ਰਭੂ ਦਾ ਹੀ ਆਸਰਾ ਲਈ ਰੱਖ,

ਜਾ ਕੇ ਕੀਨੇ ਹੈ ਜੀਵ ॥

ਜਿਸ ਦੇ ਪੈਦਾ ਕੀਤੇ ਹੋਏ ਇਹ ਸਾਰੇ ਜੀਵ ਹਨ।

ਸਿਮਰਤ ਹਰਿ ਕਰਤ ਨਿਧਾਨ ॥

ਹੇ ਮਨ! ਪਰਮਾਤਮਾ ਦਾ ਨਾਮ ਸਿਮਰਦਿਆਂ (ਸਾਰੇ) ਖ਼ਜ਼ਾਨੇ (ਮਿਲ ਜਾਂਦੇ ਹਨ)।

ਰਾਖਨਹਾਰ ਨਿਦਾਨ ॥੩॥

ਹੇ ਮਨ! (ਜਦੋਂ ਹੋਰ ਸਾਰੇ ਸਹਾਰੇ ਮੁੱਕ ਜਾਣ, ਤਾਂ) ਅੰਤ ਨੂੰ ਪਰਮਾਤਮਾ ਹੀ ਰੱਖਿਆ ਕਰ ਸਕਣ ਵਾਲਾ ਹੈ ॥੩॥

ਸਰਬ ਕੀ ਰੇਣ ਹੋਵੀਜੈ ॥

ਹੇ ਮੇਰੇ ਮਨ! ਸਭਨਾਂ ਦੇ ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ,

ਆਪੁ ਮਿਟਾਇ ਮਿਲੀਜੈ ॥

(ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਹੀ ਪਰਮਾਤਮਾ ਨੂੰ ਮਿਲ ਸਕੀਦਾ ਹੈ।

ਅਨਦਿਨੁ ਧਿਆਈਐ ਨਾਮੁ ॥

ਹੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਨਾ ਚਾਹੀਦਾ ਹੈ।

ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥

ਹੇ ਨਾਨਕ! (ਸਿਮਰਨ ਕਰਨ ਦਾ) ਇਹ ਕੰਮ ਜ਼ਰੂਰ ਫਲ ਦੇਂਦਾ ਹੈ ॥੪॥੩੩॥੪੪॥


ਰਾਮਕਲੀ ਮਹਲਾ ੫ ॥
ਕਾਰਨ ਕਰਨ ਕਰੀਮ ॥

ਹੇ ਜਗਤ ਦੇ ਮੂਲ! ਹੇ ਬਖ਼ਸ਼ਸ਼ ਕਰਨ ਵਾਲੇ!

ਸਰਬ ਪ੍ਰਤਿਪਾਲ ਰਹੀਮ ॥

ਹੇ ਸਭ ਜੀਵਾਂ ਨੂੰ ਪਾਲਣ ਵਾਲੇ! ਹੇ (ਸਭਨਾਂ ਉਤੇ) ਰਹਿਮ ਕਰਨ ਵਾਲੇ!

ਅਲਹ ਅਲਖ ਅਪਾਰ ॥

ਹੇ ਅੱਲਾਹ! ਹੇ ਅਲੱਖ! ਹੇ ਅਪਾਰ!

ਖੁਦਿ ਖੁਦਾਇ ਵਡ ਬੇਸੁਮਾਰ ॥੧॥

ਤੂੰ ਆਪ ਹੀ ਸਭਨਾਂ ਦਾ ਖਸਮ ਹੈਂ, ਤੂੰ ਬੜਾ ਬੇਅੰਤ ਹੈਂ ॥੧॥

ਓੁਂ ਨਮੋ ਭਗਵੰਤ ਗੁਸਾਈ ॥

ਹੇ ਭਗਵਾਨ! ਹੇ ਧਰਤੀ ਦੇ ਖਸਮ! ਤੈਨੂੰ ਸਰਬ-ਵਿਆਪਕ ਨੂੰ ਨਮਸਕਾਰ ਹੈ।

ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥

ਤੂੰ (ਸਾਰੀ) ਖ਼ਲਕਤ ਦਾ ਪੈਦਾ ਕਰਨ ਵਾਲਾ ਸਭਨੀਂ ਥਾਈਂ ਮੌਜੂਦ ਹੈਂ ॥੧॥ ਰਹਾਉ ॥

ਜਗੰਨਾਥ ਜਗਜੀਵਨ ਮਾਧੋ ॥

ਹੇ ਜਗਤ ਦੇ ਨਾਥ! ਹੇ ਜਗਤ ਦੇ ਜੀਵਨ! ਹੇ ਮਾਇਆ ਦੇ ਪਤੀ!

ਭਉ ਭੰਜਨ ਰਿਦ ਮਾਹਿ ਅਰਾਧੋ ॥

ਹੇ (ਜੀਵਾਂ ਦਾ ਹਰੇਕ) ਡਰ ਨਾਸ ਕਰਨ ਵਾਲੇ! ਹੇ ਹਿਰਦੇ ਵਿਚ ਆਰਾਧਨ-ਜੋਗ!

ਰਿਖੀਕੇਸ ਗੋਪਾਲ ਗੁੋਵਿੰਦ ॥

ਹੇ ਇੰਦ੍ਰਿਆਂ ਦੇ ਮਾਲਕ! ਹੇ ਗੋਪਾਲ! ਹੇ ਗੋਵਿੰਦ!

ਪੂਰਨ ਸਰਬਤ੍ਰ ਮੁਕੰਦ ॥੨॥

ਹੇ ਮੁਕਤੀ-ਦਾਤੇ! ਤੂੰ ਸਭਨੀਂ ਥਾਈਂ ਵਿਆਪਕ ਹੈਂ ॥੨॥

ਮਿਹਰਵਾਨ ਮਉਲਾ ਤੂਹੀ ਏਕ ॥

ਹੇ ਮਿਹਰਵਾਨ! ਸਿਰਫ਼ ਤੂੰ ਹੀ ਮੁਕਤੀ ਦੇਣ ਵਾਲਾ ਹੈਂ,

ਪੀਰ ਪੈਕਾਂਬਰ ਸੇਖ ॥

ਪੀਰਾਂ ਪੈਗ਼ੰਬਰਾਂ ਸ਼ੇਖਾਂ (ਸਭ ਨੂੰ ਤੂੰ ਹੀ ਨਜਾਤ ਦਿੰਦਾ ਹੈਂ।

ਦਿਲਾ ਕਾ ਮਾਲਕੁ ਕਰੇ ਹਾਕੁ ॥

(ਹੇ ਭਾਈ! ਉਹੀ ਮੌਲਾ ਸਭਨਾਂ ਦੇ) ਦਿਲਾਂ ਦਾ ਮਾਲਕ ਹੈ, (ਸਭ ਦੇ ਦਿਲ ਦੀ ਜਾਣਨ ਵਾਲਾ ਉਹ ਸਦਾ) ਹੱਕੋ-ਹੱਕ ਕਰਦਾ ਹੈ।

ਕੁਰਾਨ ਕਤੇਬ ਤੇ ਪਾਕੁ ॥੩॥

ਉਹ ਮੌਲਾ ਕੁਰਾਨ ਅਤੇ ਹੋਰ ਪੱਛਮੀ ਧਾਰਮਿਕ ਪੁਸਤਕਾਂ ਦੇ ਦੱਸੇ ਸਰੂਪ ਤੋਂ ਵੱਖਰਾ ਹੈ ॥੩॥

ਨਾਰਾਇਣ ਨਰਹਰ ਦਇਆਲ ॥

ਹੇ ਭਾਈ! ਉਹ ਦਇਆ ਦਾ ਸੋਮਾ ਪਰਮਾਤਮਾ ਆਪ ਹੀ ਨਾਰਾਇਣ ਹੈ ਆਪ ਹੀ ਨਰਸਿੰਘ ਹੈ।

ਰਮਤ ਰਾਮ ਘਟ ਘਟ ਆਧਾਰ ॥

ਉਹ ਰਾਮ ਸਭਨਾਂ ਵਿਚ ਰਮਿਆ ਹੋਇਆ ਹੈ, ਹਰੇਕ ਹਿਰਦੇ ਦਾ ਆਸਰਾ ਹੈ।

ਬਾਸੁਦੇਵ ਬਸਤ ਸਭ ਠਾਇ ॥

ਉਹੀ ਬਾਸੁਦੇਵ ਹੈ ਜੋ ਸਭਨੀਂ ਥਾਈਂ ਵੱਸ ਰਿਹਾ ਹੈ।

ਲੀਲਾ ਕਿਛੁ ਲਖੀ ਨ ਜਾਇ ॥੪॥

ਉਸ ਦੀ ਖੇਡ ਕੁਝ ਭੀ ਬਿਆਨ ਨਹੀਂ ਕੀਤੀ ਜਾ ਸਕਦੀ ॥੪॥

ਮਿਹਰ ਦਇਆ ਕਰਿ ਕਰਨੈਹਾਰ ॥

ਹੇ ਸਭ ਜੀਵਾਂ ਦੇ ਰਚਨਹਾਰ! ਹੇ ਸਿਰਜਣਹਾਰ! ਮਿਹਰ ਕਰ ਕੇ ਦਇਆ ਕਰ ਕੇ-

ਭਗਤਿ ਬੰਦਗੀ ਦੇਹਿ ਸਿਰਜਣਹਾਰ ॥

ਤੂੰ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਦੇਂਦਾ ਹੈਂ ਆਪਣੀ ਬੰਦਗੀ ਦੇਂਦਾ ਹੈਂ।

ਕਹੁ ਨਾਨਕ ਗੁਰਿ ਖੋਏ ਭਰਮ ॥

ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ) ਭੁਲੇਖੇ ਦੂਰ ਕਰ ਦਿੱਤੇ,

ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥

ਉਸ ਨੂੰ (ਮੁਸਲਮਾਨਾਂ ਦਾ) ਅੱਲਾਹ ਅਤੇ (ਹਿੰਦੂਆਂ ਦਾ) ਪਾਰਬ੍ਰਹਮ ਇੱਕੋ ਹੀ ਦਿੱਸ ਪੈਂਦੇ ਹਨ ॥੫॥੩੪॥੪੫॥


ਰਾਮਕਲੀ ਮਹਲਾ ੫ ॥
ਕੋਟਿ ਜਨਮ ਕੇ ਬਿਨਸੇ ਪਾਪ ॥

ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਭੀ ਨਾਸ ਹੋ ਜਾਂਦੇ ਹਨ,

ਹਰਿ ਹਰਿ ਜਪਤ ਨਾਹੀ ਸੰਤਾਪ ॥

ਪਰਮਾਤਮਾ ਦਾ ਨਾਮ ਜਪਦਿਆਂ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ।

ਗੁਰ ਕੇ ਚਰਨ ਕਮਲ ਮਨਿ ਵਸੇ ॥

ਹੇ ਪ੍ਰਾਣੀ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦੇ ਸੋਹਣੇ ਚਰਨ ਆ ਵੱਸਦੇ ਹਨ,

ਮਹਾ ਬਿਕਾਰ ਤਨ ਤੇ ਸਭਿ ਨਸੇ ॥੧॥

ਉਸ ਦੇ ਸਰੀਰ ਤੋਂ ਵੱਡੇ ਵੱਡੇ ਵਿਕਾਰ (ਭੀ) ਸਾਰੇ ਨੱਸ ਜਾਂਦੇ ਹਨ ॥੧॥

ਗੋਪਾਲ ਕੋ ਜਸੁ ਗਾਉ ਪ੍ਰਾਣੀ ॥

ਹੇ ਪ੍ਰਾਣੀ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ।

ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਣੀ ॥੧॥ ਰਹਾਉ ॥

ਜਿਹੜਾ ਮਨੁੱਖ ਸਰਬ-ਵਿਆਪਕ ਪ੍ਰਭੂ ਦੀ ਅਟੱਲ ਤੇ ਅਮੁੱਕ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧॥ ਰਹਾਉ ॥

ਤ੍ਰਿਸਨਾ ਭੂਖ ਸਭ ਨਾਸੀ ॥

ਹੇ ਪ੍ਰਾਣੀ! ਉਸ ਮਨੁੱਖ ਦੇ ਅੰਦਰੋਂ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਸਭ ਨਾਸ ਹੋ ਜਾਂਦੀ ਹੈ,

ਸੰਤ ਪ੍ਰਸਾਦਿ ਜਪਿਆ ਅਬਿਨਾਸੀ ॥

ਗੁਰੂ-ਸੰਤ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਨਾਸ-ਰਹਿਤ ਪ੍ਰਭੂ ਦਾ ਨਾਮ ਜਪਿਆ।

ਰੈਨਿ ਦਿਨਸੁ ਪ੍ਰਭ ਸੇਵ ਕਮਾਨੀ ॥

ਉਹ ਦਿਨ ਰਾਤ (ਹਰ ਵੇਲੇ) ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ।

ਹਰਿ ਮਿਲਣੈ ਕੀ ਏਹ ਨੀਸਾਨੀ ॥੨॥

ਪ੍ਰਭੂ ਦੇ ਮਿਲਾਪ ਦਾ (ਵੱਡਾ) ਲੱਛਣ ਇਹੋ ਹੀ ਹੈ (ਹਰ ਵੇਲੇ ਪ੍ਰਭੂ ਦੀ ਸੇਵਾ-ਭਗਤੀ ਕਰਨੀ) ॥੨॥

ਮਿਟੇ ਜੰਜਾਲ ਹੋਏ ਪ੍ਰਭ ਦਇਆਲ ॥

ਹੇ ਭਾਈ! ਜਿਨ੍ਹਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹਨਾਂ ਦੇ ਮਾਇਆ ਦੇ ਮੋਹ ਦੇ ਬੰਧਨ ਟੁੱਟ ਜਾਂਦੇ ਹਨ;

ਗੁਰ ਕਾ ਦਰਸਨੁ ਦੇਖਿ ਨਿਹਾਲ ॥

ਗੁਰੂ ਦਾ ਦਰਸ਼ਨ ਕਰ ਕੇ ਉਹ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ।

ਪਰਾ ਪੂਰਬਲਾ ਕਰਮੁ ਬਣਿ ਆਇਆ ॥

ਉਹਨਾਂ ਦਾ ਪੂਰਬਲੇ ਜਨਮਾਂ ਦਾ ਕੀਤਾ ਕੰਮ ਉਹਨਾਂ ਦਾ ਸਹਾਈ ਆ ਬਣਦਾ ਹੈ (ਉਹਨਾਂ ਦੇ ਪੂਰਬਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ ਜਾਗ ਪੈਂਦੇ ਹਨ)।

ਹਰਿ ਕੇ ਗੁਣ ਨਿਤ ਰਸਨਾ ਗਾਇਆ ॥੩॥

ਆਪਣੀ ਜੀਭ ਨਾਲ ਉਹ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ ॥੩॥

ਹਰਿ ਕੇ ਸੰਤ ਸਦਾ ਪਰਵਾਣੁ ॥

ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ (ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਆਦਰ-ਸਤਕਾਰ ਪਾਂਦੇ ਹਨ।

ਸੰਤ ਜਨਾ ਮਸਤਕਿ ਨੀਸਾਣੁ ॥

ਉਹਨਾਂ ਸੰਤ ਜਨਾਂ ਦੇ ਮੱਥੇ ਉਤੇ (ਨੂਰ ਚਮਕਦਾ ਹੈ, ਜੋ, ਮਾਨੋ, ਪ੍ਰਭੂ ਦਰ ਤੇ ਪ੍ਰਵਾਨਗੀ ਦਾ) ਚਿਹਨ ਹੈ।

ਦਾਸ ਕੀ ਰੇਣੁ ਪਾਏ ਜੇ ਕੋਇ ॥

ਇਹੋ ਜਿਹੇ ਪ੍ਰਭੂ-ਸੇਵਕ ਦੇ ਚਰਨਾਂ ਦੀ ਧੂੜ ਜੇ ਕੋਈ ਮਨੁੱਖ ਪ੍ਰਾਪਤ ਕਰ ਲਏ,

ਨਾਨਕ ਤਿਸ ਕੀ ਪਰਮ ਗਤਿ ਹੋਇ ॥੪॥੩੫॥੪੬॥

ਤਾਂ ਹੇ ਨਾਨਕ! ਉਸ ਦੀ ਬਹੁਤ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੪॥੩੫॥੪੬॥


ਰਾਮਕਲੀ ਮਹਲਾ ੫ ॥
ਦਰਸਨ ਕਉ ਜਾਈਐ ਕੁਰਬਾਨੁ ॥

(ਹੇ ਭਾਈ! ਗੁਰੂ ਦੇ) ਦਰਸ਼ਨ ਤੋਂ ਸਦਕੇ ਜਾਣਾ ਚਾਹੀਦਾ ਹੈ (ਦਰਸ਼ਨ ਦੀ ਖ਼ਾਤਰ ਆਪਾ-ਭਾਵ ਕੁਰਬਾਨ ਕਰ ਦੇਣਾ ਚਾਹੀਦਾ ਹੈ)।

ਚਰਨ ਕਮਲ ਹਿਰਦੈ ਧਰਿ ਧਿਆਨੁ ॥

(ਗੁਰੂ ਦੇ) ਸੋਹਣੇ ਚਰਨਾਂ ਦਾ ਧਿਆਨ ਹਿਰਦੇ ਵਿਚ ਧਰ ਕੇ (ਗੁਰੂ ਦੀ ਦੱਸੀ ਭਗਤੀ ਕਰਨੀ ਚਾਹੀਦੀ ਹੈ)।

ਧੂਰਿ ਸੰਤਨ ਕੀ ਮਸਤਕਿ ਲਾਇ ॥

(ਹੇ ਭਾਈ! ਗੁਰੂ ਦੇ ਦਰ ਤੇ ਰਹਿਣ ਵਾਲੇ) ਸੰਤ ਜਨਾਂ ਦੀ ਚਰਨ-ਧੂੜ ਮੱਥੇ ਉਤੇ ਲਾਇਆ ਕਰ,

ਜਨਮ ਜਨਮ ਕੀ ਦੁਰਮਤਿ ਮਲੁ ਜਾਇ ॥੧॥

(ਇਸ ਤਰ੍ਹਾਂ) ਅਨੇਕਾਂ ਜਨਮਾਂ ਦੀ ਖੋਟੀ ਮਤਿ ਦੀ ਮੈਲ ਲਹਿ ਜਾਂਦੀ ਹੈ ॥੧॥

ਜਿਸੁ ਭੇਟਤ ਮਿਟੈ ਅਭਿਮਾਨੁ ॥

ਜਿਸ ਗੁਰੂ ਨੂੰ ਮਿਲਿਆਂ (ਮਨ ਵਿਚੋਂ) ਅਹੰਕਾਰ ਦੂਰ ਹੋ ਜਾਂਦਾ ਹੈ,

ਪਾਰਬ੍ਰਹਮੁ ਸਭੁ ਨਦਰੀ ਆਵੈ ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ ॥

ਅਤੇ ਪਾਰਬ੍ਰਹਮ ਪ੍ਰਭੂ ਹਰ ਥਾਂ ਦਿੱਸ ਪੈਂਦਾ ਹੈ, ਹੇ ਸਭ ਗੁਣਾਂ ਵਾਲੇ ਭਗਵਾਨ! (ਮੇਰੇ ਉਤੇ) ਕਿਰਪਾ ਕਰ (ਮੈਨੂੰ ਉਹ ਗੁਰੂ ਮਿਲਾ) ॥੧॥ ਰਹਾਉ ॥

ਗੁਰ ਕੀ ਕੀਰਤਿ ਜਪੀਐ ਹਰਿ ਨਾਉ ॥

ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ-ਇਹੀ ਹੈ ਗੁਰੂ ਦੀ ਸੋਭਾ (ਕਰਨੀ)।

ਗੁਰ ਕੀ ਭਗਤਿ ਸਦਾ ਗੁਣ ਗਾਉ ॥

ਹੇ ਭਾਈ! ਸਦਾ ਪ੍ਰਭੂ ਦੇ ਗੁਣ ਗਾਇਆ ਕਰ- ਇਹੀ ਹੈ ਗੁਰੂ ਦੀ ਭਗਤੀ! ਹੇ ਭਾਈ!

ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ ॥

ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਜਾਣ-ਇਹੀ ਹੈ ਗੁਰੂ ਦੇ ਚਰਨਾਂ ਵਿਚ ਧਿਆਨ ਧਰਨਾ।

ਗੁਰ ਕਾ ਸਬਦੁ ਸਤਿ ਕਰਿ ਮਾਨੁ ॥੨॥

ਹੇ ਭਾਈ! ਗੁਰੂ ਦੇ ਸ਼ਬਦ ਨੂੰ (ਸਦਾ) ਸੱਚਾ ਕਰਕੇ ਮੰਨ ॥੨॥

ਗੁਰ ਬਚਨੀ ਸਮਸਰਿ ਸੁਖ ਦੂਖ ॥

ਹੇ ਭਾਈ! ਗੁਰੂ ਦੇ ਬਚਨਾਂ ਦੀ ਰਾਹੀਂ (ਸਾਰੇ) ਸੁਖ ਦੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ,

ਕਦੇ ਨ ਬਿਆਪੈ ਤ੍ਰਿਸਨਾ ਭੂਖ ॥

ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ।

ਮਨਿ ਸੰਤੋਖੁ ਸਬਦਿ ਗੁਰ ਰਾਜੇ ॥

ਗੁਰੂ ਦੇ ਸ਼ਬਦ ਦੀ ਰਾਹੀਂ ਮਨ ਵਿਚ ਸੰਤੋਖ ਪੈਦਾ ਹੋ ਜਾਂਦਾ ਹੈ, (ਮਨ) ਰੱਜ ਜਾਂਦਾ ਹੈ।

ਜਪਿ ਗੋਬਿੰਦੁ ਪੜਦੇ ਸਭਿ ਕਾਜੇ ॥੩॥

ਪਰਮਾਤਮਾ ਦਾ ਨਾਮ ਜਪ ਕੇ ਸਾਰੇ ਪੜਦੇ ਕੱਜੇ ਜਾਂਦੇ ਹਨ (ਲੋਕ ਪਰਲੋਕ ਵਿਚ ਇੱਜ਼ਤ ਬਣ ਜਾਂਦੀ ਹੈ) ॥੩॥

ਗੁਰੁ ਪਰਮੇਸਰੁ ਗੁਰੁ ਗੋਵਿੰਦੁ ॥

ਹੇ ਭਾਈ! ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਗੋਬਿੰਦ (ਦਾ ਰੂਪ) ਹੈ।

ਗੁਰੁ ਦਾਤਾ ਦਇਆਲ ਬਖਸਿੰਦੁ ॥

ਗੁਰੂ ਦਾਤਾਰ (ਪ੍ਰਭੂ ਦਾ ਰੂਪ) ਹੈ, ਗੁਰੂ ਦਇਆ ਦੇ ਸੋਮੇ ਬਖ਼ਸ਼ਣਹਾਰ ਪ੍ਰਭੂ (ਦਾ ਰੂਪ) ਹੈ।

ਗੁਰ ਚਰਨੀ ਜਾ ਕਾ ਮਨੁ ਲਾਗਾ ॥

ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ,

ਨਾਨਕ ਦਾਸ ਤਿਸੁ ਪੂਰਨ ਭਾਗਾ ॥੪॥੩੬॥੪੭॥

ਹੇ ਨਾਨਕ! ਉਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ ॥੪॥੩੬॥੪੭॥


ਰਾਮਕਲੀ ਮਹਲਾ ੫ ॥
ਕਿਸੁ ਭਰਵਾਸੈ ਬਿਚਰਹਿ ਭਵਨ ॥

ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ ਤੂੰ ਜਗਤ ਵਿਚ ਤੁਰਿਆ ਫਿਰਦਾ ਹੈਂ?

ਮੂੜ ਮੁਗਧ ਤੇਰਾ ਸੰਗੀ ਕਵਨ ॥

ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਤੇਰਾ ਕੌਣ ਸਾਥੀ (ਬਣ ਸਕਦਾ ਹੈ)?

ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥

ਹੇ ਮੂਰਖ! ਪਰਮਾਤਮਾ (ਹੀ ਤੇਰਾ ਅਸਲ) ਸਾਥੀ ਹੈ, ਉਸ ਨਾਲ ਤੂੰ ਜਾਣ-ਪਛਾਣ ਨਹੀਂ ਬਣਾਂਦਾ।

ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥

(ਇਹ ਕਾਮਾਦਿਕ) ਪੰਜ ਡਾਕੂ ਹਨ, ਇਹਨਾਂ ਨੂੰ ਤੂੰ ਆਪਣੇ ਮਿੱਤਰ ਸਮਝ ਰਿਹਾ ਹੈਂ ॥੧॥

ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥

ਹੇ ਮਿੱਤਰ! ਉਹ ਘਰ-ਦਰ ਮੱਲੀ ਰੱਖ, ਜਿਸ ਦੀ ਰਾਹੀਂ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੇਂ।

ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥

ਹੇ ਭਾਈ! ਗੁਰੂ ਦੀ ਸੰਗਤਿ ਵਿਚ ਆਪਣੇ ਮਨ ਦਾ ਪਿਆਰ ਜੋੜ, (ਉਥੇ ਟਿਕ ਕੇ) ਗੋਬਿੰਦ ਦੇ ਗੁਣ (ਸਦਾ) ਦਿਨ ਰਾਤ ਗਾਏ ਜਾਣੇ ਚਾਹੀਦੇ ਹਨ ॥੧॥ ਰਹਾਉ ॥

ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥

ਜੀਵ ਦੀ ਉਮਰ ਅਹੰਕਾਰ ਅਤੇ ਝਗੜੇ-ਬਖੇੜੇ ਵਿਚ ਗੁਜ਼ਰਦੀ ਜਾਂਦੀ ਹੈ,

ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥

ਮਾਇਆ ਦੇ ਸੁਆਦ ਵਿਚ (ਇਸ ਦੀ ਕਦੇ) ਤਸੱਲੀ ਨਹੀਂ ਹੁੰਦੀ (ਕਦੇ ਰੱਜਦਾ ਹੀ ਨਹੀਂ)।

ਭਰਮਤ ਭਰਮਤ ਮਹਾ ਦੁਖੁ ਪਾਇਆ ॥

ਭਟਕਦਿਆਂ ਭਟਕਦਿਆਂ ਇਸ ਨੇ ਬੜਾ ਕਸ਼ਟ ਪਾਇਆ ਹੈ।

ਤਰੀ ਨ ਜਾਈ ਦੁਤਰ ਮਾਇਆ ॥੨॥

ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਪ੍ਰਭੂ ਦੇ ਨਾਮ ਤੋਂ ਬਿਨਾ) ਇਸ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ॥੨॥

ਕਾਮਿ ਨ ਆਵੈ ਸੁ ਕਾਰ ਕਮਾਵੈ ॥

ਜੀਵ ਸਦਾ ਉਹੀ ਕਾਰ ਕਰਦਾ ਰਹਿੰਦਾ ਹੈ ਜੋ (ਆਖ਼ਰ ਇਸ ਦੇ) ਕੰਮ ਨਹੀਂ ਆਉਂਦੀ।

ਆਪਿ ਬੀਜਿ ਆਪੇ ਹੀ ਖਾਵੈ ॥

(ਮੰਦੇ ਕੰਮਾਂ ਦੇ ਬੀਜ) ਆਪ ਬੀਜ ਕੇ (ਫਿਰ) ਆਪ ਹੀ (ਉਹਨਾਂ ਦਾ ਦੁੱਖ-ਫਲ) ਖਾਂਦਾ ਹੈ।

ਰਾਖਨ ਕਉ ਦੂਸਰ ਨਹੀ ਕੋਇ ॥

(ਇਸ ਬਿਪਤਾ ਵਿਚੋਂ) ਬਚਾਣ-ਜੋਗਾ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ।

ਤਉ ਨਿਸਤਰੈ ਜਉ ਕਿਰਪਾ ਹੋਇ ॥੩॥

ਜਦੋਂ (ਪਰਮਾਤਮਾ ਦੀ) ਮਿਹਰ ਹੁੰਦੀ ਹੈ, ਤਦੋਂ ਹੀ ਇਸ ਵਿਚੋਂ ਪਾਰ ਲੰਘਦਾ ਹੈ ॥੩॥

ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥

ਹੇ ਪ੍ਰਭੂ! ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ,

ਅਪਨੇ ਦਾਸ ਕਉ ਕੀਜੈ ਦਾਨੁ ॥

(ਮੈਨੂੰ) ਆਪਣੇ ਸੇਵਕ ਨੂੰ (ਆਪਣਾ ਨਾਮ ਦਾ) ਦਾਨ ਦੇਹ।

ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥

(ਹੇ ਪ੍ਰਭੂ!) ਮਿਹਰ ਕਰ, ਮੇਰੀ ਆਤਮਕ ਅਵਸਥਾ ਉੱਚੀ ਬਣਾ।

ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥

ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੪॥੩੭॥੪੮॥


ਰਾਮਕਲੀ ਮਹਲਾ ੫ ॥
ਇਹ ਲੋਕੇ ਸੁਖੁ ਪਾਇਆ ॥

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਮਿੱਤ੍ਰਤਾ ਪ੍ਰਾਪਤ ਹੁੰਦੀ ਹੈ ਉਸ ਨੇ) ਇਸ ਜਗਤ ਵਿਚ (ਆਤਮਕ) ਸੁਖ ਮਾਣਿਆ,

ਨਹੀ ਭੇਟਤ ਧਰਮ ਰਾਇਆ ॥

(ਪਰਲੋਕ ਵਿਚ) ਉਸ ਨੂੰ ਧਰਮਰਾਜ ਨਾਲ ਵਾਹ ਨਾਹ ਪਿਆ।

ਹਰਿ ਦਰਗਹ ਸੋਭਾਵੰਤ ॥

ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਵਾਲਾ ਬਣਦਾ ਹੈ,

ਫੁਨਿ ਗਰਭਿ ਨਾਹੀ ਬਸੰਤ ॥੧॥

ਮੁੜ ਮੁੜ ਜਨਮਾਂ ਦੇ ਗੇੜ ਵਿਚ (ਭੀ) ਨਹੀਂ ਪੈਂਦਾ ॥੧॥

ਜਾਨੀ ਸੰਤ ਕੀ ਮਿਤ੍ਰਾਈ ॥

ਹੇ ਭਾਈ! (ਹੁਣ) ਮੈਂ ਗੁਰੂ ਦੀ ਕਦਰ ਸਮਝ ਲਈ ਹੈ।

ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥

(ਗੁਰੂ ਨੇ) ਕਿਰਪਾ ਕਰ ਕੇ (ਮੈਨੂੰ) ਪਰਮਾਤਮਾ ਦਾ ਨਾਮ ਦੇ ਦਿੱਤਾ ਹੈ। ਪੂਰਬਲੇ ਸੰਜੋਗ ਦੇ ਕਾਰਨ (ਗੁਰੂ ਦੀ ਮਿੱਤ੍ਰਤਾ) ਪ੍ਰਾਪਤ ਹੋਈ ਹੈ ॥੧॥ ਰਹਾਉ ॥

ਗੁਰ ਕੈ ਚਰਣਿ ਚਿਤੁ ਲਾਗਾ ॥

ਹੇ ਭਾਈ! ਜਦੋਂ ਗੁਰੂ ਦੇ ਚਰਨਾਂ ਵਿਚ, ਮੇਰਾ ਚਿੱਤ ਜੁੜਿਆ ਸੀ,

ਧੰਨਿ ਧੰਨਿ ਸੰਜੋਗੁ ਸਭਾਗਾ ॥

ਉਹ ਸੰਜੋਗ ਮੁਬਾਰਿਕ ਸੀ, ਮੁਬਾਰਿਕ ਸੀ, ਭਾਗਾਂ ਵਾਲਾ ਸੀ।

ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥

ਹੇ ਭਾਈ! ਗੁਰੂ ਦੀ ਚਰਨ-ਧੂੜ ਮੇਰੇ ਮੱਥੇ ਉੱਤੇ ਲੱਗੀ,

ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥

ਮੇਰੇ ਸਾਰੇ ਪਾਪ ਤੇ ਦੁੱਖ ਦੂਰ ਹੋ ਗਏ ॥੨॥

ਸਾਧ ਕੀ ਸਚੁ ਟਹਲ ਕਮਾਨੀ ॥

ਹੇ ਪ੍ਰਾਣੀ! ਜਦੋਂ ਜੀਵ ਸਰਧਾ ਧਾਰ ਕੇ ਗੁਰੂ ਦੀ ਸੇਵਾ-ਟਹਿਲ ਕਰਦੇ ਹਨ,

ਤਬ ਹੋਏ ਮਨ ਸੁਧ ਪਰਾਨੀ ॥

ਤਦੋਂ ਉਹਨਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ।

ਜਨ ਕਾ ਸਫਲ ਦਰਸੁ ਡੀਠਾ ॥

ਹੇ ਪ੍ਰਾਣੀ! ਜਿਸ ਨੇ ਗੁਰੂ ਦਾ ਦਰਸ਼ਨ ਕਰ ਲਿਆ, ਉਸੇ ਨੂੰ ਹੀ ਇਸ ਨਾਮ ਫਲ ਦੀ ਪ੍ਰਾਪਤੀ ਹੋਈ,

ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥

(ਭਾਵੇਂ ਕਿ) ਪਰਮਾਤਮਾ ਦਾ ਨਾਮ ਹਰੇਕ ਹਿਰਦੇ ਵਿਚ ਵੱਸ ਰਿਹਾ ਹੈ ॥੩॥

ਮਿਟਾਨੇ ਸਭਿ ਕਲਿ ਕਲੇਸ ॥

(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਸਾਰੇ (ਮਾਨਸਕ) ਝਗੜੇ ਤੇ ਦੁੱਖ ਮਿਟ ਜਾਂਦੇ ਹਨ।

ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥

ਜਿਸ ਪ੍ਰਭੂ ਤੋਂ ਜੀਵ ਪੈਦਾ ਹੋਏ ਹਨ ਉਸੇ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ।

ਪ੍ਰਗਟੇ ਆਨੂਪ ਗੁੋਵਿੰਦ ॥

ਉਹ ਸੋਹਣਾ ਗੋਬਿੰਦ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ,

ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥

ਹੇ ਨਾਨਕ! (ਜਿਹੜਾ) ਪੂਰਨ ਪ੍ਰਭੂ ਬਖ਼ਸ਼ਣਹਾਰ ਹੈ ॥੪॥੩੮॥੪੯॥


ਰਾਮਕਲੀ ਮਹਲਾ ੫ ॥
ਗਊ ਕਉ ਚਾਰੇ ਸਾਰਦੂਲੁ ॥

(ਪ੍ਰਭੂ ਦੀ ਕਿਰਪਾ ਨਾਲ ਵਿਕਾਰਾਂ ਦੀ ਮਾਰ ਤੋਂ ਬਚ ਕੇ) ਸ਼ੇਰ (ਹੋਇਆ ਮਨ) ਗਿਆਨ-ਇੰਦ੍ਰਿਆਂ ਨੂੰ ਆਪਣੇ ਵੱਸ ਵਿਚ ਰੱਖਣ ਲੱਗ ਪੈਂਦਾ ਹੈ।

ਕਉਡੀ ਕਾ ਲਖ ਹੂਆ ਮੂਲੁ ॥

(ਵਿਕਾਰਾਂ ਵਿਚ ਫਸਿਆ ਜੀਵ ਪਹਿਲਾਂ) ਕੌਡੀ (ਸਮਾਨ ਤੁੱਛ ਹਸਤੀ ਵਾਲਾ ਹੋ ਗਿਆ ਸੀ, ਹੁਣ ਉਸ) ਦਾ ਮੁੱਲ (ਮਾਨੋ) ਲੱਖਾਂ ਰੁਪਏ ਹੋ ਗਿਆ।

ਬਕਰੀ ਕਉ ਹਸਤੀ ਪ੍ਰਤਿਪਾਲੇ ॥

(ਹੇ ਭਾਈ! ਦੁਨੀਆ ਦੇ ਧਨ-ਪਦਾਰਥ ਦੇ ਕਾਰਨ ਮਨੁੱਖ ਦਾ ਮਨ ਆਮ ਤੌਰ ਤੇ ਅਹੰਕਾਰ ਨਾਲ ਹਾਥੀ ਬਣਿਆ ਰਹਿੰਦਾ ਹੈ, ਪਰ) ਹਾਥੀ (ਮਨ) ਬੱਕਰੀ (ਵਾਲੇ ਗਰੀਬੀ ਸੁਭਾਉ) ਨੂੰ (ਆਪਣੇ ਅੰਦਰ) ਸੰਭਾਲਦਾ ਹੈ,

ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥

ਜਦੋਂ ਪਿਆਰਾ ਪ੍ਰਭੂ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ ॥੧॥

ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥

ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ!

ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥

ਤੇਰੇ ਅਨੇਕਾਂ ਗੁਣ ਹਨ, ਮੈਂ (ਸਾਰੇ) ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥

ਦੀਸਤ ਮਾਸੁ ਨ ਖਾਇ ਬਿਲਾਈ ॥

(ਹੇ ਭਾਈ! ਜਦੋਂ ਆਪਣਾ ਪ੍ਰਭੂ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਤਾਂ) ਬਿੱਲੀ ਦਿੱਸ ਰਿਹਾ ਮਾਸ ਨਹੀਂ ਖਾਂਦੀ (ਮਨ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨ ਮਾਇਕ ਪਦਾਰਥਾਂ ਵਲ ਨਹੀਂ ਤੱਕਦਾ)।

ਮਹਾ ਕਸਾਬਿ ਛੁਰੀ ਸਟਿ ਪਾਈ ॥

ਪ੍ਰਭੂ (ਦੀ ਕਿਰਪਾ ਨਾਲ) ਵੱਡੇ ਕਸਾਈ (ਨਿਰਦਈ ਮਨ) ਨੇ ਆਪਣੇ ਹੱਥੋਂ ਛੁਰੀ ਸੁੱਟ ਦਿੱਤੀ (ਨਿਰਦਇਤਾ ਦਾ ਸੁਭਾਉ ਤਿਆਗ ਦਿੱਤਾ)।

ਕਰਣਹਾਰ ਪ੍ਰਭੁ ਹਿਰਦੈ ਵੂਠਾ ॥

ਸਭ ਕੁਝ ਕਰ ਸਕਣ ਵਾਲਾ ਪ੍ਰਭੂ ਜਦੋਂ (ਆਪਣੀ ਕਿਰਪਾ ਨਾਲ ਜੀਵ ਦੇ) ਹਿਰਦੇ ਵਿਚ ਆ ਵੱਸਿਆ,

ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥

ਤਦੋਂ (ਮਾਇਆ ਦੇ ਮੋਹ ਦੇ ਜਾਲ ਵਿਚ) ਫਸੀ ਹੋਈ (ਜੀਵ-) ਮੱਛੀ ਦਾ (ਮਾਇਆ ਦੇ ਮੋਹ ਦਾ) ਜਾਲ ਟੁੱਟ ਗਿਆ ॥੨॥

ਸੂਕੇ ਕਾਸਟ ਹਰੇ ਚਲੂਲ ॥

(ਜਦੋਂ ਮਿਹਰ ਹੋਈ ਤਾਂ) ਸੁੱਕੇ ਹੋਏ ਕਾਠ ਚੁਹ-ਚੁਹ ਕਰਦੇ ਹਰੇ ਹੋ ਗਏ (ਮਨ ਦਾ ਰੁੱਖਾਪਨ ਦੂਰ ਹੋ ਕੇ ਜੀਵ ਦੇ ਅੰਦਰ ਦਇਆ ਪੈਦਾ ਹੋ ਗਈ),

ਊਚੈ ਥਲਿ ਫੂਲੇ ਕਮਲ ਅਨੂਪ ॥

ਉੱਚੇ ਟਿੱਬੇ ਉੱਤੇ ਸੋਹਣੇ ਕੌਲ-ਫੁੱਲ ਖਿੜ ਪਏ (ਜਿਸ ਆਕੜੇ ਹੋਏ ਮਨ ਉਤੇ ਪਹਿਲਾਂ ਹਰਿ-ਨਾਮ ਦੀ ਵਰਖਾ ਦਾ ਕੋਈ ਅਸਰ ਨਹੀਂ ਸੀ ਹੁੰਦਾ, ਹੁਣ ਉਹ ਖਿੜ ਪਿਆ)।

ਅਗਨਿ ਨਿਵਾਰੀ ਸਤਿਗੁਰ ਦੇਵ ॥

ਪਿਆਰੇ ਸਤਿਗੁਰੂ ਨੇ ਤ੍ਰਿਸ਼ਨਾ ਦੀ ਅੱਗ ਦੂਰ ਕਰ ਦਿੱਤੀ,

ਸੇਵਕੁ ਅਪਨੀ ਲਾਇਓ ਸੇਵ ॥੩॥

ਸੇਵਕ ਨੂੰ ਆਪਣੀ ਸੇਵਾ ਵਿਚ ਜੋੜ ਲਿਆ ॥੩॥

ਅਕਿਰਤਘਣਾ ਕਾ ਕਰੇ ਉਧਾਰੁ ॥

ਹੇ ਭਾਈ! ਉਹ (ਪ੍ਰਭੂ) ਨਾ-ਸ਼ੁਕਰਿਆਂ ਦਾ (ਵੀ) ਪਾਰ-ਉਤਾਰਾ ਕਰਦਾ ਹੈ।

ਪ੍ਰਭੁ ਮੇਰਾ ਹੈ ਸਦਾ ਦਇਆਰੁ ॥

ਮੇਰਾ ਪ੍ਰਭੂ ਸਦਾ ਦਇਆ ਦਾ ਘਰ ਹੈ।

ਸੰਤ ਜਨਾ ਕਾ ਸਦਾ ਸਹਾਈ ॥

ਪ੍ਰਭੂ ਆਪਣੇ ਸੰਤਾਂ ਦਾ ਸਦਾ ਮਦਦਗਾਰ ਹੁੰਦਾ ਹੈ,

ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥

ਹੇ ਨਾਨਕ! (ਆਖ-) ਸੰਤ ਜਨ ਸਦਾ ਉਸ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ ॥੪॥੩੯॥੫੦॥


ਰਾਮਕਲੀ ਮਹਲਾ ੫ ॥
ਪੰਚ ਸਿੰਘ ਰਾਖੇ ਪ੍ਰਭਿ ਮਾਰਿ ॥

(ਹੇ ਭਾਈ! ਜਿਉਂ ਜਿਉਂ ਮੈਂ ਪ੍ਰਭੂ ਨੂੰ ਸਿਮਰਿਆ ਹੈ) ਪ੍ਰਭੂ ਨੇ (ਮੇਰੇ ਅੰਦਰੋਂ) ਪੰਜ ਕਾਮਾਦਿਕ ਸ਼ੇਰ ਮਾਰ ਮੁਕਾਏ ਹਨ,

ਦਸ ਬਿਘਿਆੜੀ ਲਈ ਨਿਵਾਰਿ ॥

ਦਸ ਇੰਦ੍ਰੀਆਂ ਦਾ ਦਬਾਉ ਭੀ ਮੇਰੇ ਉਤੋਂ ਦੂਰ ਕਰ ਦਿੱਤਾ ਹੈ।

ਤੀਨਿ ਆਵਰਤ ਕੀ ਚੂਕੀ ਘੇਰ ॥

ਮਾਇਆ ਦੇ ਤਿੰਨ ਗੁਣਾਂ ਦੀ ਘੁੰਮਣ-ਘੇਰੀ ਦਾ ਚੱਕਰ (ਭੀ) ਮੁੱਕ ਗਿਆ ਹੈ।

ਸਾਧਸੰਗਿ ਚੂਕੇ ਭੈ ਫੇਰ ॥੧॥

ਗੁਰੂ ਦੀ ਸੰਗਤਿ ਵਿਚ (ਰਹਿਣ ਕਰਕੇ) ਜਨਮ ਮਰਨ ਗੇੜ ਦੇ ਸਾਰੇ ਡਰ ਭੀ ਖ਼ਤਮ ਹੋ ਗਏ ਹਨ ॥੧॥

ਸਿਮਰਿ ਸਿਮਰਿ ਜੀਵਾ ਗੋਵਿੰਦ ॥

ਹੇ ਭਾਈ! ਮੈਂ ਪਰਮਾਤਮਾ (ਦਾ ਨਾਮ) ਮੁੜ ਮੁੜ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।

ਕਰਿ ਕਿਰਪਾ ਰਾਖਿਓ ਦਾਸੁ ਅਪਨਾ ਸਦਾ ਸਦਾ ਸਾਚਾ ਬਖਸਿੰਦ ॥੧॥ ਰਹਾਉ ॥

ਮੈਨੂੰ ਦਾਸ ਨੂੰ ਪਰਮਾਤਮਾ ਨੇ ਕਿਰਪਾ ਕਰ ਕੇ (ਆਪ ਹੀ ਕਾਮਾਦਿਕ ਵਿਕਾਰੋਂ ਤੋਂ) ਬਚਾ ਰੱਖਿਆ ਹੈ। ਸਦਾ ਕਾਇਮ ਰਹਿਣ ਵਾਲਾ ਮਾਲਕ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥ ਰਹਾਉ ॥

ਦਾਝਿ ਗਏ ਤ੍ਰਿਣ ਪਾਪ ਸੁਮੇਰ ॥

ਹੇ ਭਾਈ! ਉਸ ਦੇ ਸੁਮੇਰ ਪਰਬਤ ਜੇਡੇ ਹੋ ਚੁਕੇ ਪਾਪ ਘਾਹ ਦੇ ਤੀਲਿਆਂ ਵਾਂਗ ਸੜ ਜਾਂਦੇ ਹਨ,

ਜਪਿ ਜਪਿ ਨਾਮੁ ਪੂਜੇ ਪ੍ਰਭ ਪੈਰ ॥

ਜਦੋਂ ਕੋਈ ਜੀਵ ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੇ ਚਰਨ ਪੂਜਣੇ ਸ਼ੁਰੂ ਕਰਦਾ ਹੈ।

ਅਨਦ ਰੂਪ ਪ੍ਰਗਟਿਓ ਸਭ ਥਾਨਿ ॥

ਉਸ ਮਨੁੱਖ ਨੂੰ ਆਨੰਦ-ਸਰੂਪ ਪ੍ਰਭੂ ਹਰੇਕ ਥਾਂ ਵਿਚ ਵੱਸਦਾ ਦਿੱਸ ਪਿਆ,

ਪ੍ਰੇਮ ਭਗਤਿ ਜੋਰੀ ਸੁਖ ਮਾਨਿ ॥੨॥

ਜਿਸ ਨੇ ਸੁਖਾਂ ਦੀ ਮਣੀ ਪ੍ਰਭੂ ਦੀ ਪ੍ਰੇਮ ਭਗਤੀ ਵਿਚ ਆਪਣੀ ਸੁਰਤ ਜੋੜੀ ॥੨॥

ਸਾਗਰੁ ਤਰਿਓ ਬਾਛਰ ਖੋਜ ॥

(ਹੇ ਭਾਈ! ਜਿਸ ਨੇ ਭੀ ਨਾਮ ਜਪਿਆ ਉਸ ਨੇ) ਸੰਸਾਰ-ਸਮੁੰਦਰ ਇਉਂ ਤਰ ਲਿਆ ਜਿਵੇਂ (ਪਾਣੀ ਨਾਲ ਭਰਿਆ ਹੋਇਆ) ਵੱਛੇ ਦੇ ਖੁਰ ਦਾ ਨਿਸ਼ਾਨ ਹੈ;

ਖੇਦੁ ਨ ਪਾਇਓ ਨਹ ਫੁਨਿ ਰੋਜ ॥

ਨਾਹ ਉਸ ਨੂੰ ਕੋਈ ਦੁੱਖ ਪੁਂਹਦਾ ਹੈ ਨਾਹ ਕੋਈ ਚਿੰਤਾ-ਫ਼ਿਕਰ।

ਸਿੰਧੁ ਸਮਾਇਓ ਘਟੁ ਕੇ ਮਾਹਿ ॥

ਪ੍ਰਭੂ ਉਸ ਦੇ ਅੰਦਰ ਇਉਂ ਆ ਟਿਕਦਾ ਹੈ ਜਿਵੇਂ ਸਮੁੰਦਰ (ਮਾਨੋ) ਇਕ ਨਿੱਕੇ ਜਿਹੇ ਘੜੇ ਵਿਚ ਆ ਟਿਕੇ।

ਕਰਣਹਾਰ ਕਉ ਕਿਛੁ ਅਚਰਜੁ ਨਾਹਿ ॥੩॥

ਹੇ ਭਾਈ! ਸਿਰਜਨਹਾਰ ਪ੍ਰਭੂ ਵਾਸਤੇ ਇਹ ਕੋਈ ਅਨੋਖੀ ਗੱਲ ਨਹੀਂ ਹੈ ॥੩॥

ਜਉ ਛੂਟਉ ਤਉ ਜਾਇ ਪਇਆਲ ॥

(ਹੇ ਭਾਈ!) ਜਦੋਂ (ਕਿਸੇ ਜੀਵ ਦੇ ਹੱਥੋਂ ਪ੍ਰਭੂ ਦਾ ਪੱਲਾ) ਛੁੱਟ ਜਾਂਦਾ ਹੈ, ਤਦੋਂ ਉਹ (ਮਾਨੋ) ਪਾਤਾਲ ਵਿਚ ਜਾ ਪੈਂਦਾ ਹੈ।

ਜਉ ਕਾਢਿਓ ਤਉ ਨਦਰਿ ਨਿਹਾਲ ॥

ਜਦੋਂ ਪ੍ਰਭੂ ਆਪ ਉਸ ਨੂੰ ਪਾਤਾਲ ਵਿਚੋਂ ਕੱਢ ਲੈਂਦਾ ਹੈ ਤਦੋਂ ਉਸ ਦੀ ਮਿਹਰ ਦੀ ਨਿਗਾਹ ਨਾਲ ਉਹ ਤਨੋਂ ਮਨੋਂ ਖਿੜ ਜਾਂਦਾ ਹੈ।

ਪਾਪ ਪੁੰਨ ਹਮਰੈ ਵਸਿ ਨਾਹਿ ॥

(ਹੇ ਭਾਈ!) ਚੰਗੇ ਮਾੜੇ ਕੰਮ ਕਰਨੇ ਅਸਾਂ ਜੀਵਾਂ ਦੇ ਵੱਸ ਵਿਚ ਨਹੀਂ ਹਨ।

ਰਸਕਿ ਰਸਕਿ ਨਾਨਕ ਗੁਣ ਗਾਹਿ ॥੪॥੪੦॥੫੧॥

ਹੇ ਨਾਨਕ! (ਆਖ-ਜਿਨ੍ਹਾਂ ਉਤੇ ਉਹ ਮਿਹਰ ਕਰਦਾ ਹੈ, ਉਹ ਬੰਦੇ) ਬੜੇ ਪ੍ਰੇਮ ਨਾਲ ਉਸ ਦੇ ਗੁਣ ਗਾਂਦੇ ਹਨ ॥੪॥੪੦॥੫੧॥


ਰਾਮਕਲੀ ਮਹਲਾ ੫ ॥
ਨਾ ਤਨੁ ਤੇਰਾ ਨਾ ਮਨੁ ਤੋਹਿ ॥

(ਹੇ ਭਾਈ!) ਨਾਹ ਉਹ ਸਰੀਰ ਤੇਰਾ ਹੈ, ਤੇ, ਨਾਹ ਹੀ (ਉਸ ਸਰੀਰ ਵਿਚ ਵੱਸਦਾ) ਮਨ ਤੇਰਾ ਹੈ,

ਮਾਇਆ ਮੋਹਿ ਬਿਆਪਿਆ ਧੋਹਿ ॥

(ਜਿਸ ਸਰੀਰ ਦੀ ਖ਼ਾਤਰ) ਤੂੰ ਮਾਇਆ ਦੇ ਮੋਹ ਵਿਚ ਦੀ ਠੱਗੀ ਵਿਚ ਫਸਿਆ ਰਹਿੰਦਾ ਹੈਂ।

ਕੁਦਮ ਕਰੈ ਗਾਡਰ ਜਿਉ ਛੇਲ ॥

(ਵੇਖ!) ਜਿਵੇਂ ਭੇਡ ਦਾ ਬੱਚਾ ਭੇਡ ਨਾਲ ਕਲੋਲ ਕਰਦਾ ਹੈ (ਉਸ ਵਿਚਾਰੇ ਉਤੇ) ਅਚਨਚੇਤ (ਮੌਤ ਦਾ) ਜਾਲ ਆ ਪੈਂਦਾ ਹੈ,

ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ ॥੧॥

(ਉਸ ਉਤੇ) ਮੌਤ ਅਪਣਾ ਚੱਕਰ ਚਲਾ ਦੇਂਦੀ ਹੈ (ਇਹੀ ਹਾਲ ਹਰੇਕ ਜੀਵ ਦਾ ਹੁੰਦਾ ਹੈ) ॥੧॥

ਹਰਿ ਚਰਨ ਕਮਲ ਸਰਨਾਇ ਮਨਾ ॥

ਹੇ (ਮੇਰੇ) ਮਨ! ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਪਿਆ ਰਹੁ।

ਰਾਮ ਨਾਮੁ ਜਪਿ ਸੰਗਿ ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ॥੧॥ ਰਹਾਉ ॥

ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ, ਇਹੀ ਤੇਰੇ ਨਾਲ ਅਸਲ ਮਦਦਗਾਰ ਹੈ। ਪਰ ਇਹ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਤੂੰ ਗੁਰੂ ਦੀ ਸਰਨ ਪੈ ਕੇ ਲੱਭ ਸਕੇਂਗਾ ॥੧॥ ਰਹਾਉ ॥

ਊਨੇ ਕਾਜ ਨ ਹੋਵਤ ਪੂਰੇ ॥

ਜੀਵ ਦੇ ਇਹ ਕਦੇ ਨਾਹ ਮੁੱਕ ਸਕਣ ਵਾਲੇ ਕੰਮ ਕਦੇ ਸਿਰੇ ਨਹੀਂ ਚੜ੍ਹਦੇ;

ਕਾਮਿ ਕ੍ਰੋਧਿ ਮਦਿ ਸਦ ਹੀ ਝੂਰੇ ॥

ਕਾਮ-ਵਾਸਨਾ ਵਿਚ, ਕ੍ਰੋਧ ਵਿਚ, ਮਾਇਆ ਦੇ ਨਸ਼ੇ ਵਿਚ ਜੀਵ ਸਦਾ ਹੀ ਗਿਲੇ-ਗੁਜ਼ਾਰੀਆਂ ਕਰਦਾ ਰਹਿੰਦਾ ਹੈ।

ਕਰੈ ਬਿਕਾਰ ਜੀਅਰੇ ਕੈ ਤਾਈ ॥

ਆਪਣੀ ਇਸ ਜਿੰਦ (ਨੂੰ ਸੁਖ ਦੇਣ) ਦੀ ਖ਼ਾਤਰ ਜੀਵ ਵਿਕਾਰ ਕਰਦਾ ਰਹਿੰਦਾ ਹੈ,

ਗਾਫਲ ਸੰਗਿ ਨ ਤਸੂਆ ਜਾਈ ॥੨॥

ਪਰ (ਰੱਬ ਦੀ ਯਾਦ ਵਲੋਂ) ਅਵੇਸਲੇ ਹੋ ਚੁਕੇ ਜੀਵ ਦੇ ਨਾਲ (ਦੁਨੀਆ ਦੇ ਪਦਾਰਥਾਂ ਵਿਚੋਂ) ਰਤਾ ਭੀ ਨਹੀਂ ਜਾਂਦਾ ॥੨॥

ਧਰਤ ਧੋਹ ਅਨਿਕ ਛਲ ਜਾਨੈ ॥

ਮੂਰਖ ਜੀਵ ਅਨੇਕਾਂ ਠੱਗੀਆਂ ਕਰਦਾ ਹੈ, ਅਨੇਕਾਂ ਫ਼ਰੇਬ ਕਰਨੇ ਜਾਣਦਾ ਹੈ।

ਕਉਡੀ ਕਉਡੀ ਕਉ ਖਾਕੁ ਸਿਰਿ ਛਾਨੈ ॥

ਕੌਡੀ ਕੌਡੀ ਕਮਾਣ ਦੀ ਖ਼ਾਤਰ ਆਪਣੇ ਸਿਰ ਉਤੇ (ਦਗ਼ੇ-ਫ਼ਰੇਬ ਦੇ ਕਾਰਨ ਬਦਨਾਮੀ ਦੀ) ਸੁਆਹ ਪਾਂਦਾ ਫਿਰਦਾ ਹੈ।

ਜਿਨਿ ਦੀਆ ਤਿਸੈ ਨ ਚੇਤੈ ਮੂਲਿ ॥

ਜਿਸ (ਪ੍ਰਭੂ) ਨੇ (ਇਸ ਨੂੰ ਇਹ ਸਭ ਕੁਝ) ਦਿੱਤਾ ਹੈ ਉਸ ਨੂੰ ਇਹ ਬਿਲਕੁਲ ਯਾਦ ਨਹੀਂ ਕਰਦਾ।

ਮਿਥਿਆ ਲੋਭੁ ਨ ਉਤਰੈ ਸੂਲੁ ॥੩॥

(ਇਸ ਦੇ ਅੰਦਰ) ਨਾਸਵੰਤ ਪਦਾਰਥਾਂ ਦਾ ਲੋਭ ਟਿਕਿਆ ਰਹਿੰਦਾ ਹੈ (ਇਹਨਾਂ ਦੀ) ਚੋਭ (ਇਸ ਦੇ ਅੰਦਰੋਂ) ਕਦੇ ਨਹੀਂ ਦੂਰ ਹੁੰਦੀ ॥੩॥

ਪਾਰਬ੍ਰਹਮ ਜਬ ਭਏ ਦਇਆਲ ॥

ਪਰਮਾਤਮਾ ਜਦੋਂ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ,

ਇਹੁ ਮਨੁ ਹੋਆ ਸਾਧ ਰਵਾਲ ॥

ਉਸ ਜੀਵ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ।

ਹਸਤ ਕਮਲ ਲੜਿ ਲੀਨੋ ਲਾਇ ॥

ਗੁਰੂ ਉਸ ਨੂੰ ਆਪਣੇ ਸੋਹਣੇ ਹੱਥਾਂ ਨਾਲ ਆਪਣੇ ਪੱਲੇ ਲਾ ਲੈਂਦਾ ਹੈ,

ਨਾਨਕ ਸਾਚੈ ਸਾਚਿ ਸਮਾਇ ॥੪॥੪੧॥੫੨॥

ਤੇ, ਹੇ ਨਾਨਕ! (ਉਹ ਭਾਗਾਂ ਵਾਲਾ) ਸਦਾ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੪॥੪੧॥੫੨॥


ਰਾਮਕਲੀ ਮਹਲਾ ੫ ॥
ਰਾਜਾ ਰਾਮ ਕੀ ਸਰਣਾਇ ॥

ਹੇ ਭਾਈ! ਜਿਹੜੇ ਮਨੁੱਖ ਪ੍ਰਕਾਸ਼-ਸਰੂਪ ਪਰਮਾਤਮਾ ਦਾ ਆਸਰਾ ਲੈਂਦੇ ਹਨ,

ਨਿਰਭਉ ਭਏ ਗੋਬਿੰਦ ਗੁਨ ਗਾਵਤ ਸਾਧਸੰਗਿ ਦੁਖੁ ਜਾਇ ॥੧॥ ਰਹਾਉ ॥

ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਉਹ ਦੁਨੀਆ ਦੇ ਡਰਾਂ ਤੋਂ ਮੁਕਤ ਹੋ ਜਾਂਦੇ ਹਨ; ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦਾ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਜਾ ਕੈ ਰਾਮੁ ਬਸੈ ਮਨ ਮਾਹੀ ॥

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ (ਦਾ ਨਾਮ) ਆ ਵੱਸਦਾ ਹੈ,

ਸੋ ਜਨੁ ਦੁਤਰੁ ਪੇਖਤ ਨਾਹੀ ॥

ਉਹ ਮਨੁੱਖ ਔਖਿਆਈ ਨਾਲ ਤਰੇ ਜਾਣ ਵਾਲੇ ਇਸ ਸੰਸਾਰ-ਸਮੁੰਦਰ ਨੂੰ ਵੇਖਦਾ ਭੀ ਨਹੀਂ (ਉਸ ਦੇ ਰਸਤੇ ਵਿਚ) ਇਹ ਕੋਈ ਰੁਕਾਵਟ ਨਹੀਂ ਪਾਂਦਾ।

ਸਗਲੇ ਕਾਜ ਸਵਾਰੇ ਅਪਨੇ ॥

ਉਹ ਮਨੁੱਖ ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈਂਦਾ ਹੈ।

ਹਰਿ ਹਰਿ ਨਾਮੁ ਰਸਨ ਨਿਤ ਜਪਨੇ ॥੧॥

ਪਰਮਾਤਮਾ ਦਾ ਨਾਮ (ਆਪਣੀ) ਜੀਭ ਨਾਲ ਨਿੱਤ ਜਪ ਜਪ ਕੇ (ਤਰ ਜਾਂਦਾ ਹੈ) ॥੧॥

ਜਿਸ ਕੈ ਮਸਤਕਿ ਹਾਥੁ ਗੁਰੁ ਧਰੈ ॥

ਹੇ ਭਾਈ! ਇਸ ਮਨੁੱਖ ਦੇ ਮੱਥੇ ਉਤੇ ਗੁਰੂ (ਆਪਣਾ) ਹੱਥ ਰੱਖਦਾ ਹੈ,

ਸੋ ਦਾਸੁ ਅਦੇਸਾ ਕਾਹੇ ਕਰੈ ॥

(ਪ੍ਰਭੂ ਦਾ ਉਹ) ਸੇਵਕ ਕਿਸੇ ਤਰ੍ਹਾਂ ਦਾ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ।

ਜਨਮ ਮਰਣ ਕੀ ਚੂਕੀ ਕਾਣਿ ॥

ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਦਾ ਡਰ ਮੁੱਕ ਜਾਂਦਾ ਹੈ।

ਪੂਰੇ ਗੁਰ ਊਪਰਿ ਕੁਰਬਾਣ ॥੨॥

ਉਹ ਪੂਰੇ ਗੁਰੂ ਉਤੋਂ ਸਦਾ ਸਦਕੇ ਜਾਂਦਾ ਹੈ (ਆਪਣਾ ਆਪਾ ਵਾਰਦਾ ਰਹਿੰਦਾ ਹੈ) ॥੨॥

ਗੁਰੁ ਪਰਮੇਸਰੁ ਭੇਟਿ ਨਿਹਾਲ ॥

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮੇਸਰ ਮਿਲ ਪੈਂਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ।

ਸੋ ਦਰਸਨੁ ਪਾਏ ਜਿਸੁ ਹੋਇ ਦਇਆਲੁ ॥

(ਪਰ ਗੁਰੂ ਦਾ ਪਰਮੇਸਰ ਦਾ) ਦਰਸਨ ਉਹੀ ਮਨੁੱਖ ਪ੍ਰਾਪਤ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਦਇਆਵਾਨ ਹੁੰਦਾ ਹੈ।

ਪਾਰਬ੍ਰਹਮੁ ਜਿਸੁ ਕਿਰਪਾ ਕਰੈ ॥

ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ,

ਸਾਧਸੰਗਿ ਸੋ ਭਵਜਲੁ ਤਰੈ ॥੩॥

ਉਹ ਮਨੁੱਖ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥

ਅੰਮ੍ਰਿਤੁ ਪੀਵਹੁ ਸਾਧ ਪਿਆਰੇ ॥

ਹੇ ਪਿਆਰੇ ਸੰਤ ਜਨੋ! (ਤੁਸੀ ਭੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ,

ਮੁਖ ਊਜਲ ਸਾਚੈ ਦਰਬਾਰੇ ॥

ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਤੁਹਾਡੇ ਮੂੰਹ ਉਜਲੇ ਹੋਣਗੇ (ਤੁਹਾਨੂੰ ਉਥੇ ਆਦਰ-ਸਤਕਾਰ ਮਿਲੇਗਾ)।

ਅਨਦ ਕਰਹੁ ਤਜਿ ਸਗਲ ਬਿਕਾਰ ॥

(ਹੇ ਸੰਤ ਜਨੋ!) ਸਾਰੇ ਵਿਚਾਰ ਛੱਡ ਕੇ ਆਤਮਕ ਆਨੰਦ ਮਾਣਦੇ ਰਹੋ,

ਨਾਨਕ ਹਰਿ ਜਪਿ ਉਤਰਹੁ ਪਾਰਿ ॥੪॥੪੨॥੫੩॥

ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ ਤੁਸੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਉਗੇ ॥੪॥੪੨॥੫੩॥


ਰਾਮਕਲੀ ਮਹਲਾ ੫ ॥
ਈਂਂਧਨ ਤੇ ਬੈਸੰਤਰੁ ਭਾਗੈ ॥

(ਹੇ ਮਨ! ਵੇਖ ਉਸ ਪ੍ਰਭੂ ਦੀਆਂ ਅਸਚਰਜ ਤਾਕਤਾਂ!) ਲੱਕੜੀ ਤੋਂ ਅੱਗ ਪਰੇ ਭੱਜਦੀ ਹੈ (ਲੱਕੜੀ ਵਿਚ ਅੱਗ ਹਰ ਵੇਲੇ ਮੌਜੂਦ ਹੈ, ਪਰ ਉਸ ਨੂੰ ਸਾੜਦੀ ਨਹੀਂ)।

ਮਾਟੀ ਕਉ ਜਲੁ ਦਹ ਦਿਸ ਤਿਆਗੈ ॥

(ਸਮੁੰਦਰ ਦਾ) ਪਾਣੀ ਧਰਤੀ ਨੂੰ ਹਰ ਪਾਸੇ ਵਲੋਂ ਤਿਆਗੀ ਰੱਖਦਾ ਹੈ (ਧਰਤੀ ਸਮੁੰਦਰ ਦੇ ਵਿਚ ਰਹਿੰਦੀ ਹੈ, ਪਰ ਸਮੁੰਦਰ ਇਸ ਨੂੰ ਡੋਬਦਾ ਨਹੀਂ)।

ਊਪਰਿ ਚਰਨ ਤਲੈ ਆਕਾਸੁ ॥

(ਰੁੱਖ ਦੇ) ਪੈਰ (ਜੜ੍ਹਾਂ) ਉਪਰ ਵਲ ਹਨ, ਤੇ ਸਿਰ ਹੇਠਲੇ ਪਾਸੇ ਹੈ।

ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥

ਘੜੇ ਵਿਚ (ਨਿੱਕੇ ਨਿੱਕੇ ਸਰੀਰਾਂ ਵਿਚ) ਸਮੁੰਦਰ-ਪ੍ਰਭੂ ਆਪਣਾ ਆਪ ਪਰਕਾਸ਼ਦਾ ਹੈ ॥੧॥

ਐਸਾ ਸੰਮ੍ਰਥੁ ਹਰਿ ਜੀਉ ਆਪਿ ॥

ਹੇ ਮਨ! ਪਰਮਾਤਮਾ ਆਪ ਬੜੀਆਂ ਤਾਕਤਾਂ ਦਾ ਮਾਲਕ ਹੈ।

ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥

ਉਹ ਪਰਮਾਤਮਾ ਆਪਣੇ ਭਗਤਾਂ ਦੇ ਮਨ ਤੋਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ। ਹੇ ਮਨ! ਤੂੰ ਭੀ ਉਸ ਨੂੰ ਅੱਠੇ ਪਹਿਰ ਜਪਿਆ ਕਰ ॥੧॥ ਰਹਾਉ ॥

ਪ੍ਰਥਮੇ ਮਾਖਨੁ ਪਾਛੈ ਦੂਧੁ ॥

(ਹੇ ਭਾਈ! ਪਹਿਲਾਂ ਦੁੱਧ ਹੁੰਦਾ ਹੈ, ਉਸ ਨੂੰ ਰਿੜਕਿਆਂ ਉਸ ਦੁੱਧ ਦਾ ਤੱਤ-ਮੱਖਣ ਪਿੱਛੋਂ ਨਿਕਲਦਾ ਹੈ। ਪਰ ਵੇਖ! ਸ੍ਰਿਸ਼ਟੀ ਦਾ ਤੱਤ-) ਮੱਖਣ ਪਰਮਾਤਮਾ ਪਹਿਲਾਂ ਮੌਜੂਦ ਹੈ, ਤੇ (ਉਸ ਦਾ ਪਸਾਰਾ-ਜਗਤ) ਦੁੱਧ ਪਿਛੋਂ (ਬਣਦਾ) ਹੈ (ਜਗਤ-ਪਸਾਰੇ ਰੂਪ ਦੁੱਧ ਵਿਚ ਤੱਤ-ਪ੍ਰਭੂ-ਮੱਖਣ ਸਰਬ-ਵਿਆਪਕ ਹੈ)।

ਮੈਲੂ ਕੀਨੋ ਸਾਬੁਨੁ ਸੂਧੁ ॥

(ਜੀਵਾਂ ਦੀ ਪਾਲਣਾ ਵਾਸਤੇ) ਮੈਲ ਨੂੰ (ਮਾਂ ਦੇ ਲਹੂ ਨੂੰ) ਸੁੱਧ ਸਾਬਣ ਵਰਗਾ ਚਿੱਟਾ ਦੁੱਧ ਬਣਾ ਦੇਂਦਾ ਹੈ।

ਭੈ ਤੇ ਨਿਰਭਉ ਡਰਤਾ ਫਿਰੈ ॥

ਨਿਰਭਉ-ਪ੍ਰਭੂ ਦੀ ਅੰਸ ਜੀਵ ਦੁਨੀਆ ਦੇ ਅਨੇਕਾਂ ਡਰਾਂ ਤੋਂ ਡਰਦਾ ਫਿਰਦਾ ਹੈ,

ਹੋਂਦੀ ਕਉ ਅਣਹੋਂਦੀ ਹਿਰੈ ॥੨॥

ਹੋਂਦ ਵਾਲੀ ਜਿੰਦ ਨੂੰ ਅਣਹੋਂਦੀ ਮਾਇਆ, ਜਿਸ ਦੀ (ਵੱਖਰੀ) ਹਸਤੀ ਕੋਈ ਨਹੀਂ, ਜੀਵ ਨੂੰ ਭਜਾਈ ਫਿਰਦੀ ਹੈ ॥੨॥

ਦੇਹੀ ਗੁਪਤ ਬਿਦੇਹੀ ਦੀਸੈ ॥

ਹੇ ਭਾਈ! ਸਰੀਰ ਦਾ ਮਾਲਕ ਆਤਮਾ (ਸਰੀਰ ਵਿਚ) ਲੁਕਿਆ ਰਹਿੰਦਾ ਹੈ, ਸਿਰਫ਼ ਸਰੀਰ ਦਿੱਸਦਾ ਹੈ।

ਸਗਲੇ ਸਾਜਿ ਕਰਤ ਜਗਦੀਸੈ ॥

ਸਾਰੇ ਜੀਵਾਂ ਨੂੰ ਪੈਦਾ ਕਰ ਕੇ ਜਗਤ ਦਾ ਮਾਲਕ ਪ੍ਰਭੂ (ਅਨੇਕਾਂ ਕੌਤਕ) ਕਰਦਾ ਰਹਿੰਦਾ ਹੈ।

ਠਗਣਹਾਰ ਅਣਠਗਦਾ ਠਾਗੈ ॥

ਠਗਣੀ-ਮਾਇਆ ਜੀਵ ਨੂੰ ਸਦਾ ਠੱਗਦੀ ਰਹਿੰਦੀ ਹੈ।

ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥

ਨਾਮ ਦੀ ਪੂੰਜੀ ਤੋਂ ਸੱਖਣਾ ਜੀਵ ਮੁੜ ਮੁੜ ਮਾਇਆ ਨੂੰ ਚੰਬੜਦਾ ਹੈ ॥੩॥

ਸੰਤ ਸਭਾ ਮਿਲਿ ਕਰਹੁ ਬਖਿਆਣ ॥

(ਹੇ ਭਾਈ!) ਸੰਤ-ਸਭਾ ਵਿਚ ਮਿਲ ਕੇ (ਧਰਮ ਸ਼ਾਸਤ੍ਰਾਂ ਦੀ ਬੇਸ਼ੱਕ) ਵਿਆਖਿਆ ਕਰ ਕੇ ਵੇਖ ਲਵੋ,

ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥

(ਭਾਵੇਂ) ਸਿੰਮ੍ਰਿਤੀਆਂ ਸ਼ਾਸਤ੍ਰਾਂਵੇਦਾਂ ਪੁਰਾਣਾਂ ਦੀ (ਦੀ ਵੀਚਾਰ ਕਰ ਲਉ, ਇਸ ਠਗਣੀ ਮਾਇਆ ਤੋਂ ਬਚਾਉ ਨਹੀਂ ਹੋ ਸਕਦਾ)।

ਬ੍ਰਹਮ ਬੀਚਾਰੁ ਬੀਚਾਰੇ ਕੋਇ ॥

ਜਿਹੜਾ ਕੋਈ ਮਨੁੱਖ ਸਤਸੰਗ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਿਚਾਰਦਾ ਹੈ,

ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥

ਹੇ ਨਾਨਕ! (ਆਖ-) ਉਸੇ ਦੀ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਬਣਦੀ ਹੈ ॥੪॥੪੩॥੫੪॥


ਰਾਮਕਲੀ ਮਹਲਾ ੫ ॥
ਜੋ ਤਿਸੁ ਭਾਵੈ ਸੋ ਥੀਆ ॥

ਹੇ ਭਾਈ! ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ।

ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥

(ਇਸ ਵਾਸਤੇ) ਸਦਾ ਹੀ ਉਸ ਪ੍ਰਭੂ ਦੀ ਸਰਨ ਪਿਆ ਰਹੁ। ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ (ਕੁਝ ਕਰਨ-ਜੋਗਾ) ਨਹੀਂ ਹੈ ॥੧॥ ਰਹਾਉ ॥

ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ ॥

ਹੇ ਭਾਈ! ਪੁੱਤਰ, ਇਸਤ੍ਰੀ, ਮਾਇਆ-ਇਹ ਜੋ ਕੁਝ ਦਿੱਸ ਰਿਹਾ ਹੈ, ਇਹਨਾਂ ਵਿਚੋਂ ਕੁਝ ਭੀ (ਅੰਤ ਵੇਲੇ ਜੀਵ) ਆਪਣੇ ਨਾਲ ਨਹੀਂ ਲੈ ਜਾਂਦਾ।

ਬਿਖੈ ਠਗਉਰੀ ਖਾਇ ਭੁਲਾਨਾ ਮਾਇਆ ਮੰਦਰੁ ਤਿਆਗਿ ਗਇਆ ॥੧॥

ਵਿਸ਼ੇ-ਵਿਕਾਰਾਂ ਦੀ ਠਗਬੂਟੀ ਖਾ ਕੇ ਜੀਵ ਕੁਰਾਹੇ ਪਿਆ ਰਹਿੰਦਾ ਹੈ, ਆਖ਼ਰ ਇਹ ਮਾਇਆ, ਇਹ ਸੋਹਣਾ ਘਰ (ਸਭ ਕੁਝ) ਛੱਡ ਕੇ ਤੁਰ ਜਾਂਦਾ ਹੈ ॥੧॥

ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥

ਹੇ ਭਾਈ! ਜੀਵ ਦੂਜਿਆਂ ਦੀ ਨਿੰਦਾ ਕਰ ਕਰ ਕੇ ਬਹੁਤ ਖ਼ੁਆਰ ਹੁੰਦਾ ਰਹਿੰਦਾ ਹੈ, ਤੇ ਆਪਣੇ ਇਸ ਕੀਤੇ ਅਨੁਸਾਰ ਜਨਮ ਮਰਨ ਦੇ ਗੇੜ ਵਿਚ ਜਾ ਪੈਂਦਾ ਹੈ।

ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥

(ਇਹ ਆਮ ਅਸੂਲ ਦੀ ਗੱਲ ਹੈ ਕਿ) ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ, ਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ ॥੨॥

ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ ॥

(ਮਾਇਆ ਦੇ ਮੋਹ ਦੀ ਠਗਬੂਟੀ ਖਾ ਕੇ ਮਾਇਆ ਦੀ ਖ਼ਾਤਰ ਜੀਵ) ਝੂਠ ਬੋਲਦਾ ਹੈ (ਮੂੰਹੋਂ ਆਖਦਾ ਹੋਰ ਹੈ, ਤੇ) ਕਮਾਂਦਾ ਕੁਝ ਹੋਰ ਹੈ, ਇਸ ਦੀ ਮਾਇਆ ਦੀ ਤ੍ਰਿਸ਼ਨਾ ਬੁੱਝਦੀ ਨਹੀਂ, ਮਾਇਆ ਦੀ ‘ਹਾਇ ਹਾਇ’ ਸਦਾ ਇਸ ਨੂੰ ਲੱਗੀ ਰਹਿੰਦੀ ਹੈ।

ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ ॥੩॥

ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ (ਮਾਇਆ ਦੀ ਤ੍ਰਿਸ਼ਨਾ ਦਾ) ਲਾ-ਇਲਾਜ ਰੋਗ (ਜੀਵ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਇਸ ਵੱਡੇ ਖਈ ਰੋਗ ਦੇ ਵਿਚ ਹੀ ਇਸ ਦਾ ਸਰੀਰ ਨਾਸ ਹੋ ਜਾਂਦਾ ਹੈ ॥੩॥

ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥

(ਪਰ, ਹੇ ਭਾਈ! ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ) ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ, ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ-ਸਤਕਾਰ ਦਿੱਤਾ ਹੋਇਆ ਹੈ।

ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥

ਹੇ ਨਾਨਕ! ਪਰਮਾਤਮਾ ਮਿਹਰ ਕਰ ਕੇ ਦਇਆ ਕਰ ਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ ॥੪॥੪੪॥੫੫॥


ਰਾਮਕਲੀ ਮਹਲਾ ੫ ॥
ਐਸਾ ਪੂਰਾ ਗੁਰਦੇਉ ਸਹਾਈ ॥

ਹੇ ਭਾਈ! ਪੂਰਾ ਗੁਰੂ ਇਹੋ ਜਿਹਾ ਮਦਦਗਾਰ ਹੈ,

ਜਾ ਕਾ ਸਿਮਰਨੁ ਬਿਰਥਾ ਨ ਜਾਈ ॥੧॥ ਰਹਾਉ ॥

ਕਿ ਉਸ ਦਾ ਦਿੱਤਾ ਹੋਇਆ ਹਰਿ-ਸਿਮਰਨ ਦਾ ਉਪਦੇਸ਼ ਵਿਅਰਥ ਨਹੀਂ ਜਾਂਦਾ ॥੧॥ ਰਹਾਉ ॥

ਦਰਸਨੁ ਪੇਖਤ ਹੋਇ ਨਿਹਾਲੁ ॥

(ਹੇ ਭਾਈ! ਗੁਰੂ ਦਾ) ਦਰਸ਼ਨ ਕਰਦਿਆਂ (ਮਨੁੱਖ ਤਨੋ ਮਨੋ) ਖਿੜ ਜਾਂਦਾ ਹੈ,

ਜਾ ਕੀ ਧੂਰਿ ਕਾਟੈ ਜਮ ਜਾਲੁ ॥

ਉਸ ਗੁਰੂ ਦੀ ਚਰਨ-ਧੂੜ ਜਮ ਦੀ ਫਾਹੀ ਕੱਟ ਦੇਂਦੀ ਹੈ।

ਚਰਨ ਕਮਲ ਬਸੇ ਮੇਰੇ ਮਨ ਕੇ ॥

ਹੇ ਭਾਈ! ਪਿਆਰੇ ਗੁਰੂ ਦੇ ਸੋਹਣੇ ਚਰਨ (ਜਿਸ ਮਨੁੱਖ ਦੇ ਹਿਰਦੇ ਵਿਚ) ਆ ਵੱਸਦੇ ਹਨ,

ਕਾਰਜ ਸਵਾਰੇ ਸਗਲੇ ਤਨ ਕੇ ॥੧॥

(ਉਸ ਦੇ) ਮਨ ਦੇ (ਉਸ ਦੇ) ਸਰੀਰ ਦੇ ਸਾਰੇ ਕੰਮ (ਗੁਰੂ) ਸੰਵਾਰ ਦੇਂਦਾ ਹੈ ॥੧॥

ਜਾ ਕੈ ਮਸਤਕਿ ਰਾਖੈ ਹਾਥੁ ॥

ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ ਆਪਣਾ) ਹੱਥ ਰੱਖਦਾ ਹੈ,

ਪ੍ਰਭੁ ਮੇਰੋ ਅਨਾਥ ਕੋ ਨਾਥੁ ॥

ਉਸ ਨੂੰ ਮੇਰਾ ਉਹ ਪ੍ਰਭੂ (ਮਿਲ ਪੈਂਦਾ ਹੈ) ਜੋ ਨਿਆਸਰਿਆਂ ਦਾ ਆਸਰਾ ਹੈ।

ਪਤਿਤ ਉਧਾਰਣੁ ਕ੍ਰਿਪਾ ਨਿਧਾਨੁ ॥

ਹੇ ਭਾਈ! ਗੁਰੂ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ, ਗੁਰੂ ਕਿਰਪਾ ਦਾ ਖ਼ਜ਼ਾਨਾ ਹੈ।

ਸਦਾ ਸਦਾ ਜਾਈਐ ਕੁਰਬਾਨੁ ॥੨॥

ਹੇ ਭਾਈ! ਗੁਰੂ ਤੋਂ ਸਦਾ ਹੀ ਸਦਕੇ ਜਾਣਾ ਚਾਹੀਦਾ ਹੈ ॥੨॥

ਨਿਰਮਲ ਮੰਤੁ ਦੇਇ ਜਿਸੁ ਦਾਨੁ ॥

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਆਪਣਾ ਪਵਿੱਤਰ ਉਪਦੇਸ਼ ਬਖ਼ਸ਼ਦਾ ਹੈ,

ਤਜਹਿ ਬਿਕਾਰ ਬਿਨਸੈ ਅਭਿਮਾਨੁ ॥

ਸਾਰੇ ਵਿਕਾਰ ਉਸ ਨੂੰ ਛੱਡ ਜਾਂਦੇ ਹਨ ਉਸ ਦਾ ਅਹੰਕਾਰ ਦੂਰ ਹੋ ਜਾਂਦਾ ਹੈ।

ਏਕੁ ਧਿਆਈਐ ਸਾਧ ਕੈ ਸੰਗਿ ॥

ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਹਿ ਕੇ ਇੱਕ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।

ਪਾਪ ਬਿਨਾਸੇ ਨਾਮ ਕੈ ਰੰਗਿ ॥੩॥

(ਗੁਰੂ ਦੀ ਰਾਹੀਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰਿਹਾਂ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੩॥

ਗੁਰ ਪਰਮੇਸੁਰ ਸਗਲ ਨਿਵਾਸ ॥

ਹੇ ਭਾਈ! ਗੁਰੂ-ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ,

ਘਟਿ ਘਟਿ ਰਵਿ ਰਹਿਆ ਗੁਣਤਾਸ ॥

ਸਾਰੇ ਗੁਣਾਂ ਦਾ ਖ਼ਜ਼ਾਨਾ ਹਰੇਕ ਹਿਰਦੇ ਵਿਚ ਮੌਜੂਦ ਹੈ।

ਦਰਸੁ ਦੇਹਿ ਧਾਰਉ ਪ੍ਰਭ ਆਸ ॥

ਹੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਦੇਹ, ਮੈਂ ਤੇਰੇ ਦਰਸ਼ਨ ਦੀ ਆਸ ਰੱਖੀ ਬੈਠਾ ਹਾਂ।

ਨਿਤ ਨਾਨਕੁ ਚਿਤਵੈ ਸਚੁ ਅਰਦਾਸਿ ॥੪॥੪੫॥੫੬॥

ਮੇਰੀ ਇਹੀ ਅਰਦਾਸ ਹੈ ਕਿ (ਤੇਰਾ ਸੇਵਕ) ਨਾਨਕ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦਾ ਰਹੇ ॥੪॥੪੫॥੫੬॥

Raag Ramkali – Bani

1
2
3
4
5
6
7
8