ਰਾਗ ਰਾਮਕਲੀ – ਬਾਣੀ ਸ਼ਬਦ-Part 8 – Raag Ramkali – Bani

ਰਾਗ ਰਾਮਕਲੀ – ਬਾਣੀ ਸ਼ਬਦ-Part 8 – Raag Ramkali – Bani

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥

ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲ ਪੁਰਖ ਆਪ ਹੀ (ਉਹਨਾਂ ਵਿਚ) ਪਰਗਟ ਹੋਇਆ।

ਆਪੀਨੈ੍ ਆਪੁ ਸਾਜਿਓਨੁ ਆਪੇ ਹੀ ਥੰਮਿ੍ ਖਲੋਆ ॥

ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਜ਼ਾਹਰ ਕੀਤਾ ਤੇ ਆਪ ਹੀ (ਗੁਰੂ-ਰੂਪ ਹੋ ਕੇ) ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ।

ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥

(ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ) ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ (ਗੁਰੂ-ਰੂਪ ਹੋ ਕੇ) ਆਪ ਹੀ ਪੂਰਨੇ ਲਿਖਣ ਵਾਲਾ ਹੈ।

ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥

ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿਚ ਹੈ, ਪਰ ਪ੍ਰਭੂ ਆਪ (ਸਦਾ) ਨਵਾਂ ਹੈ ਤੇ ਨਿਰੋਆ ਹੈ (ਭਾਵ, ਹਰ ਨਵੇਂ ਰੰਗ ਵਿਚ ਹੀ ਹੈ ਤੇ ਨਿਰਲੇਪ ਭੀ ਹੈ)।

ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥

(ਉਸ ਨਵੇਂ ਨਿਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਦਾ ਤੇਜ-ਪ੍ਰਤਾਪ ਸਾਰੇ ਪਸਰ ਰਿਹਾ ਹੈ)।

ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥

ਸੂਰਜ ਉੱਗਣ ਤੋਂ (ਡੁੱਬਣ ਤਕ) ਅਤੇ ਡੁੱਬਣ ਤੋਂ (ਚੜ੍ਹਨ ਤਕ) ਚਹੁੰ ਚੱਕਾਂ ਵਿਚ ਇਸ (ਗੁਰੂ ਅਰਜਨ) ਨੇ ਚਾਨਣ ਕਰ ਦਿੱਤਾ ਹੈ।

ਜਿਨ੍ਰੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾਹ ਮੰਨਿਆ ਉਹਨਾਂ ਨੂੰ ਮਰੀ ਪੈ ਗਈ, (ਭਾਵ, ਉਹ ਆਤਮਕ ਮੌਤੇ ਮਰ ਗਏ)।

ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥

ਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ।

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥

ਚਾਰੇ ਗੁਰੂ ਆਪੋ ਆਪਣੇ ਸਮੇ ਵਿਚ ਰੌਸ਼ਨ ਹੋਏ, ਅਕਾਲ ਪੁਰਖ (ਉਹਨਾਂ ਵਿਚ) ਪਰਗਟ ਹੋਇਆ ॥੮॥੧॥


ਰਾਮਕਲੀ ਬਾਣੀ ਭਗਤਾ ਕੀ ॥ ਕਬੀਰ ਜੀਉ ॥

ਰਾਗ ਰਾਮਕਲੀ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥

ਹੇ ਭਾਈ! ਮੈਂ ਸਿਆਣੇ ਸਰੀਰ ਨੂੰ ਮੱਟੀ ਬਣਾਇਆ ਹੈ, ਤੇ ਇਸ ਵਿਚ (ਨਾਮ-ਅੰਮ੍ਰਿਤ-ਰੂਪ ਸ਼ਰਾਬ ਤਿਆਰ ਕਰਨ ਲਈ) ਖ਼ਮੀਰ ਦੀ ਸਮਗ੍ਰੀ ਇਕੱਠੀ ਕਰ ਰਿਹਾ ਹਾਂ-ਸਤਿਗੁਰੂ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ ਹੈ,

ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥੧॥

ਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ (ਟੁੱਕ ਟੁੱਕ ਕੇ ਉਸ ਗੁੜ ਵਿਚ) ਰਲਾ ਦਿੱਤਾ ਹੈ ॥੧॥

ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥

ਹੇ ਭਾਈ! ਕੀ ਮੈਨੂੰ ਕੋਈ ਐਸਾ ਸੰਤ ਮਿਲ ਪਵੇਗਾ (ਭਾਵ, ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ) ਜੋ ਆਪ ਅਡੋਲ ਅਵਸਥਾ ਵਿਚ ਟਿਕਿਆ ਹੋਇਆ ਹੋਵੇ, ਸੁਖ ਵਿਚ ਟਿਕਿਆ ਹੋਵੇ?

ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ ॥

ਜੇ ਕੋਈ ਅਜਿਹਾ ਸਾਕੀ (-ਸੰਤ) ਮੈਨੂੰ (ਨਾਮ-ਅੰਮ੍ਰਿਤ-ਰੂਪ) ਨਸ਼ਾ ਪਿਲਾਏ, ਤਾਂ ਮੈਂ ਉਸ ਅੰਮ੍ਰਿਤ ਦੀ ਇਕ ਬੂੰਦ ਦੇ ਬਦਲੇ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ (ਜੋਗੀਆਂ ਤੇ ਪੰਡਿਤਾਂ ਦੇ ਦੱਸੇ ਹੋਏ) ਜਪ ਤੇ ਤਪ ਉਸ ਸੰਤ ਨੂੰ ਦਲਾਲੀ ਵਜੋਂ ਦੇ ਦਿਆਂ ॥੧॥ ਰਹਾਉ ॥

ਭਵਨ ਚਤੁਰ ਦਸ ਭਾਠੀ ਕੀਨ੍ਰੀ ਬ੍ਰਹਮ ਅਗਨਿ ਤਨਿ ਜਾਰੀ ਰੇ ॥

ਚੌਦਾਂ ਭਵਨਾਂ ਨੂੰ ਮੈਂ ਭੱਠੀ ਬਣਾਇਆ ਹੈ, ਆਪਣੇ ਸਰੀਰ ਵਿਚ ਰੱਬੀ-ਜੋਤਿ ਰੂਪ ਅੱਗ ਬਾਲੀ ਹੈ (ਭਾਵ, ਸਾਰੇ ਜਗਤ ਦੇ ਮੋਹ ਨੂੰ ਮੈਂ ਸਰੀਰ ਵਿਚ ਦੀ ਬ੍ਰਹਮ-ਅਗਨੀ ਨਾਲ ਸਾੜ ਦਿੱਤਾ ਹੈ)।

ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥੨॥

ਮੇਰੀ ਲਿਵ ਅਡੋਲ ਅਵਸਥਾ ਵਿਚ ਲੱਗ ਗਈ ਹੈ, ਇਹ ਮੈਂ ਉਸ ਨਾਲ ਦਾ ਡੱਟ ਬਣਾਇਆ ਹੈ (ਜਿਸ ਵਿਚੋਂ ਦੀ ਸ਼ਰਾਬ ਨਿਕਲਦੀ ਹੈ)। ਮੇਰੇ ਮਨ ਦੀ ਸੁਖ-ਅਵਸਥਾ ਉਸ ਨਾਲ ਤੇ ਪੋਚਾ ਦੇ ਰਹੀ ਹੈ (ਜਿਉਂ ਜਿਉਂ ਮੇਰਾ ਮਨ ਅਡੋਲ ਹੁੰਦਾ ਹੈ, ਸੁਖ-ਅਵਸਥਾ ਵਿਚ ਅੱਪੜਦਾ ਹੈ, ਤਿਉਂ ਤਿਉਂ ਮੇਰੇ ਅੰਦਰ ਨਾਮ-ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ) ॥੨॥

ਤੀਰਥ ਬਰਤ ਨੇਮ ਸੁਚਿ ਸੰਜਮ ਰਵਿ ਸਸਿ ਗਹਨੈ ਦੇਉ ਰੇ ॥

ਇਸ ਨਾਮ-ਅੰਮ੍ਰਿਤ ਦੇ ਬਦਲੇ ਮੈਂ (ਪੰਡਿਤਾਂ ਤੇ ਜੋਗੀਆਂ ਦੇ ਦੱਸੇ ਹੋਏ) ਤੀਰਥ ਇਸ਼ਨਾਨ, ਵਰਤ, ਨੇਮ, ਸੁੱਚ, ਸੰਜਮ, ਪ੍ਰਾਣਾਯਾਮ ਵਿਚ ਸੁਆਸ ਚਾੜ੍ਹਨੇ ਤੇ ਉਤਾਰਨੇ-ਇਹ ਸਭ ਕੁਝ ਗਿਰਵੀ ਰੱਖ ਦਿੱਤੇ ਹਨ।

ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ ॥੩॥

ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਆਪਣੀ ਸੁਰਤ ਨੂੰ ਮੈਂ ਪਿਆਲਾ ਬਣਾ ਲਿਆ ਹੈ ਤੇ (ਨਾਮ-) ਅੰਮ੍ਰਿਤ ਪੀ ਰਿਹਾ ਹਾਂ। ਇਹ ਨਾਮ-ਅੰਮ੍ਰਿਤ ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ ॥੩॥

ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ ॥

(ਹੁਣ ਮੇਰੇ ਅੰਦਰ ਨਾਮ-ਅੰਮ੍ਰਿਤ ਦੇ) ਚਸ਼ਮੇ ਦੀ ਬੜੀ ਸਾਫ਼ ਧਾਰ ਪੈ ਰਹੀ ਹੈ। ਮੇਰਾ ਮਨ, ਇਸ ਦੇ ਸੁਆਦ ਵਿਚ ਰਤਾ ਹੋਇਆ ਹੈ।

ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ ॥੪॥੧॥

ਕਬੀਰ ਆਖਦਾ ਹੈ ਕਿ ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਇਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ ॥੪॥੧॥


ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ ॥

(ਨਾਮ-ਰਸ ਦੀ ਸ਼ਰਾਬ ਕੱਢਣ ਲਈ) ਮੈਂ ਆਤਮ-ਗਿਆਨ ਨੂੰ ਗੁੜ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ, ਤੇ ਆਪਣੇ ਮਨ ਵਿਚ ਟਿਕਾਏ ਹੋਏ ਪ੍ਰਭੂ ਦੇ ਭਉ ਨੂੰ ਭੱਠੀ ਬਣਾਇਆ ਹੈ।

ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ ॥੧॥

(ਇਸ ਗਿਆਨ-ਧਿਆਨ ਤੇ ਭਉ ਤੋਂ ਉਪਜਿਆ ਨਾਮ-ਰਸ ਪੀ ਕੇ, ਮੇਰਾ ਮਨ) ਅਡੋਲ ਅਵਸਥਾ ਵਿਚ ਲੀਨ ਹੋ ਗਿਆ ਹੈ (ਜਿਵੇਂ ਜੋਗੀ ਸ਼ਰਾਬ ਪੀ ਕੇ ਆਪਣੇ ਪ੍ਰਾਣ) ਸੁਖਮਨ ਨਾੜੀ ਵਿਚ ਟਿਕਾਉਂਦਾ ਹੈ। ਹੁਣ ਮੇਰਾ ਮਨ ਨਾਮ-ਰਸ ਨੂੰ ਪੀਣ-ਜੋਗਾ ਹੋ ਕੇ ਪੀ ਰਿਹਾ ਹੈ ॥੧॥

ਅਉਧੂ ਮੇਰਾ ਮਨੁ ਮਤਵਾਰਾ ॥

ਹੇ ਜੋਗੀ! ਮੇਰਾ (ਭੀ) ਮਨ ਮਸਤ ਹੋਇਆ ਹੋਇਆ ਹੈ, ਮੈਨੂੰ (ਉੱਚੀ ਆਤਮਕ ਅਵਸਥਾ ਦੀ) ਮਸਤੀ ਚੜ੍ਹੀ ਹੋਈ ਹੈ।

ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਵਨ ਭਇਆ ਉਜਿਆਰਾ ॥੧॥ ਰਹਾਉ ॥

(ਪਰ) ਮੈਂ ਮਸਤ ਕਰਨ ਵਾਲਾ (ਨਾਮ-) ਰਸ ਚੱਖਿਆ ਹੈ, (ਉਸ ਦੀ ਬਰਕਤਿ ਨਾਲ) ਸਾਰੇ ਹੀ ਜਗਤ ਵਿਚ ਮੈਨੂੰ ਉਸੇ ਦੀ ਜੋਤ ਜਗ ਰਹੀ ਦਿੱਸਦੀ ਹੈ ॥੧॥ ਰਹਾਉ ॥

ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ ॥

ਮਾਇਆ ਦੇ ਮੋਹ ਨੂੰ ਵੱਸ ਵਿਚ ਕਰ ਕੇ ਮੈਂ (ਜੋਗੀ ਵਾਲੀ) ਭੱਠੀ ਤਪਾਈ ਹੈ, ਹੁਣ ਮੈਂ ਵੱਡਾ ਮਹਾਨ ਨਾਮ-ਰਸ ਪੀ ਰਿਹਾ ਹਾਂ।

ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ ॥੨॥

ਕਾਮ ਤੇ ਕ੍ਰੋਧ ਦੋਹਾਂ ਨੂੰ ਮੈਂ ਬਾਲਣ ਬਣਾ ਦਿੱਤਾ ਹੈ (ਤੇ, ਉਸ ਭੱਠੀ ਵਿਚ ਸਾੜ ਦਿੱਤਾ ਹੈ, ਭਾਵ, ਮੋਹ ਨੂੰ ਵੱਸ ਕੀਤਿਆਂ ਕਾਮ ਕ੍ਰੋਧ ਭੀ ਮੁੱਕ ਗਏ ਹਨ)। ਇਸ ਤਰ੍ਹਾਂ ਸੰਸਾਰ ਵਿਚ ਫਸਣ ਵਾਲੀ ਬਿਰਤੀ ਖ਼ਤਮ ਹੋ ਗਈ ਹੈ ॥੨॥

ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ ॥

(ਪ੍ਰਭੂ ਤਕ) ਪਹੁੰਚ ਵਾਲੇ ਗੁਰੂ ਦੇ ਗਿਆਨ ਦੀ ਬਰਕਤਿ ਨਾਲ ਮੇਰੇ ਅੰਦਰ (ਨਾਮ ਦਾ) ਪਰਕਾਸ਼ ਹੋ ਗਿਆ ਹੈ, ਗੁਰੂ ਤੋਂ ਮੈਨੂੰ (ਉੱਚੀ) ਸਮਝ ਪ੍ਰਾਪਤ ਹੋਈ ਹੈ।

ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ ॥੩॥੨॥

ਪ੍ਰਭੂ ਦਾ ਦਾਸ ਕਬੀਰ ਉਸ ਨਸ਼ੇ ਵਿਚ ਮਸਤ ਹੈ, ਉਸ ਦੀ ਮਸਤੀ ਕਦੇ ਮੁੱਕਣ ਵਾਲੀ ਨਹੀਂ ਹੈ ॥੩॥੨॥


ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥

ਹੇ ਪ੍ਰਭੂ! ਤੂੰ (ਹੀ) ਮੇਰਾ ਸਭ ਤੋਂ ਵੱਡਾ ਆਸਰਾ ਹੈਂ। ਮੈਂ ਤੇਰੀ ਹੀ ਓਟ ਫੜੀ ਹੈ (ਕਿਸੇ ਤੀਰਥ ਉੱਤੇ ਵੱਸਣ ਦਾ ਤਕੀਆ ਮੈਂ ਨਹੀਂ ਤੱਕਿਆ)।

ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥

ਤੂੰ ਸਦਾ ਅਡੋਲ ਰਹਿਣ ਵਾਲਾ ਹੈਂ (ਤੇਰਾ ਲੜ ਫੜ ਕੇ) ਮੈਂ ਭੀ ਨਹੀਂ ਡੋਲਦਾ, ਕਿਉਂਕਿ ਹੇ ਹਰੀ! ਤੂੰ ਆਪ ਮੇਰੀ ਲਾਜ ਰੱਖ ਲਈ ਹੈ ॥੧॥

ਅਬ ਤਬ ਜਬ ਕਬ ਤੁਹੀ ਤੁਹੀ ॥

ਹੇ ਪ੍ਰਭੂ! ਸਦਾ ਲਈ ਤੂੰ ਹੀ ਤੂੰ ਹੀ ਮੇਰਾ ਸਹਾਰਾ ਹੈਂ।

ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥

ਤੇਰੀ ਮਿਹਰ ਨਾਲ ਮੈਂ ਸਦਾ ਹੀ ਸੁਖੀ ਹਾਂ ॥੧॥ ਰਹਾਉ ॥

ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥

(ਲੋਕ ਆਖਦੇ ਹਨ ਮਗਹਰ ਸਰਾਪੀ ਹੋਈ ਧਰਤੀ ਹੈ, ਪਰ) ਮੈਂ ਤੇਰੇ ਉੱਤੇ ਸ਼ਰਧਾ ਧਾਰ ਕੇ ਮਗਹਰ ਜਾ ਵੱਸਿਆ, (ਤੂੰ ਮਿਹਰ ਕੀਤੀ ਤੇ) ਮੇਰੇ ਸਰੀਰ ਦੀ (ਵਿਕਾਰਾਂ ਦੀ) ਤਪਸ਼ (ਮਗਹਰ ਵਿਚ ਹੀ) ਬੁਝਾ ਦਿੱਤੀ।

ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥

ਮੈਂ, ਹੇ ਪ੍ਰਭੂ! ਤੇਰਾ ਦੀਦਾਰ ਪਹਿਲਾਂ ਮਗਹਰ ਵਿਚ ਰਹਿੰਦਿਆਂ ਹੀ ਕੀਤਾ ਸੀ, ਤੇ ਫੇਰ ਮੈਂ ਕਾਸ਼ੀ ਵਿਚ ਆ ਵੱਸਿਆ ॥੨॥

ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ ॥

(ਹੇ ਪ੍ਰਭੂ ਤੇਰੇ ਆਸਰੇ ਅਤੇ ਨਾਮ ਧਨ ਦੀ ਬਰਕਤਿ ਨਾਲ) ਮੈਂ ਮਗਹਰ ਤੇ ਕਾਸ਼ੀ ਦੋਹਾਂ ਨੂੰ ਇਕੋ ਜਿਹਾ ਹੀ ਸਮਝਿਆ ਹੈ।

ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥

ਜਿਵੇਂ ਕਿਸੇ ਕੰਗਾਲ ਨੂੰ ਧਨ ਮਿਲ ਜਾਏ, (ਤਿਵੇਂ) ਮੈਨੂੰ ਕੰਗਾਲ ਨੂੰ ਤੇਰਾ ਨਾਮ ਧਨ ਮਿਲ ਗਿਆ ਹੈ, ਪਰ (ਜਿਨ੍ਹਾਂ ਨੂੰ ਕਾਸ਼ੀ ਤੀਰਥ ਤੇ ਵੱਸਣ ਦਾ ਮਾਣ ਹੈ ਉਹ) ਹੰਕਾਰੀ ਹੰਕਾਰ ਵਿਚ ਦੁੱਖੀ ਹੁੰਦੇ ਹਨ ॥੩॥

ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥

ਜੋ ਮਨੁੱਖ ਮਾਣ ਕਰਦਾ ਹੈ (ਮਾਣ ਚਾਹੇ ਕਿਸੇ ਗੱਲ ਦਾ ਹੋਵੇ) ਉਸ ਨੂੰ (ਇਉਂ ਹੁੰਦਾ ਹੈ ਜਿਵੇਂ) ਸੂਲਾਂ ਚੁੱਭਦੀਆਂ ਹਨ। ਕੋਈ ਉਹਨਾਂ ਦੀਆਂ ਇਹ ਸੂਲਾਂ ਪੁੱਟ ਨਹੀਂ ਸਕਦਾ।

ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥

ਸਾਰੀ ਉਮਰ (ਉਹ ਹੰਕਾਰੀ) ਉਹਨਾਂ ਚੋਭਾਂ ਦੇ ਮਾਰੇ ਵਿਲਕਦੇ ਹਨ, ਮਾਨੋ, ਘੋਰ ਨਰਕ ਵਿਚ ਸੜ ਰਹੇ ਹਨ ॥੪॥

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥

(ਇਹ ਲੋਕ ਆਖਦੇ ਹਨ ਕਿ ਕਾਸ਼ੀ ਵਿਚ ਰਹਿਣ ਵਾਲਾ ਸੁਰਗ ਮਾਣਦਾ ਹੈ, ਪਰ) ਨਰਕ ਕੀਹ, ਤੇ, ਵਿਚਾਰਾ ਸੁਰਗ ਕੀਹ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ;

ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥

ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ (ਨਾਹ ਸੁਰਗ ਤੇ ਨਾਹ ਨਰਕ) ਕਿਸੇ ਦੇ ਭੀ ਮੁਥਾਜ ਨਹੀਂ ਹਨ ॥੫॥

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥

(ਆਪਣੇ ਗੁਰੂ ਦੀ ਕਿਰਪਾ ਨਾਲ) ਮੈਂ ਹੁਣ ਉੱਚੇ ਆਤਮਕ ਟਿਕਾਣੇ ਤੇ ਅੱਪੜ ਗਿਆ ਹਾਂ, ਜਿੱਥੇ ਮੈਨੂੰ ਪਰਮਾਤਮਾ ਮਿਲ ਪਿਆ ਹੈ।

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥

ਮੈਂ ਕਬੀਰ ਅਤੇ ਮੇਰਾ ਰਾਮ ਇੱਕ-ਰੂਪ ਹੋ ਗਏ ਹਾਂ, ਕੋਈ ਸਾਡੇ ਵਿਚ ਫ਼ਰਕ ਨਹੀ ਦੱਸ ਸਕਦਾ ॥੬॥੩॥


ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥

ਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ।

ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥੧॥

ਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ ॥੧॥

ਹਮ ਕੂਕਰ ਤੇਰੇ ਦਰਬਾਰਿ ॥

ਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ,

ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ ॥

ਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ {ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ-ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ। ਇਹੀ ਗੱਲ ਸਤਿਗੁਰੂ ਨਾਨਕ ਦੇਵ ਜੀ ਨੇ ਆਖੀ ਹੈ: ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥੧॥ ਰਹਾਉ ॥

ਪੂਰਬ ਜਨਮ ਹਮ ਤੁਮ੍ਰਰੇ ਸੇਵਕ ਅਬ ਤਉ ਮਿਟਿਆ ਨ ਜਾਈ ॥

ਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ।

ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥

ਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ ॥੨॥

ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥

ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਲੜ ਮਰਦੇ ਹਨ। ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ (ਟਾਕਰਾ ਪੈਣ ਤੇ) ਭਾਂਜ ਖਾ ਜਾਂਦੇ ਹਨ।

ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥

(ਭਾਵ) ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ ॥੩॥

ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥

(ਮਨੁੱਖਾ-ਸਰੀਰ, ਮਾਨੋ, ਇਕ ਨਿੱਕਾ ਜਿਹਾ ਕੋਠਾ ਹੈ, ਇਸ) ਨਿੱਕੇ ਜਿਹੇ ਸੁਹਣੇ ਕੋਠੇ ਵਿਚ (ਦਿਮਾਗ਼ ਇਕ ਹੋਰ) ਨਿੱਕੀ ਜਿਹੀ ਕੋਠੜੀ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਦੀ ਬਰਕਤਿ ਨਾਲ ਇਹ ਨਿੱਕੀ ਕੋਠੜੀ ਸੁਹਣੀ ਬਣਦੀ ਜਾਂਦੀ ਹੈ।

ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮਾਰਿ੍ਰ ॥੪॥

ਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ ॥੪॥

ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥

ਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ।

ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥

ਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ ॥੫॥੪॥


ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥

ਬ੍ਰਾਹਮਣ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਜਿਸ ਦੇ ਮੂੰਹ ਵਿਚੋਂ ਵੇਦ ਤੇ ਗਾਇਤ੍ਰੀ (ਆਦਿਕ) ਨਿਕਲੇ (ਮੰਨਦਾ) ਹੈ?

ਜਾ ਕੈ ਪਾਇ ਜਗਤੁ ਸਭੁ ਲਾਗੈ ਸੋ ਕਿਉ ਪੰਡਿਤੁ ਹਰਿ ਨ ਕਹੈ ॥੧॥

ਪੰਡਿਤ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ, ਜਿਸ ਦੇ ਚਰਨਾਂ ਤੇ ਸਾਰਾ ਸੰਸਾਰ ਪੈਂਦਾ ਹੈ? ॥੧॥

ਕਾਹੇ ਮੇਰੇ ਬਾਮ੍ਰਨ ਹਰਿ ਨ ਕਹਹਿ ॥

ਹੇ ਮੇਰੇ ਬ੍ਰਾਹਮਣ! ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?

ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥੧॥ ਰਹਾਉ ॥

ਹੇ ਪੰਡਿਤ! ਤੂੰ ਰਾਮ ਨਹੀਂ ਬੋਲਦਾ, ਤੇ ਦੋਜਕ (ਦਾ ਦੁੱਖ) ਸਹਾਰ ਰਿਹਾ ਹੈਂ ॥੧॥ ਰਹਾਉ ॥

ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥

ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ ਪਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ। ਤੂੰ ਹਠ ਵਾਲੇ ਕਰਮ ਕਰ ਕੇ (ਤੇ ਲੋਕਾਂ ਨੂੰ ਵਿਖਾ ਵਿਖਾ ਕੇ) ਆਪਣਾ ਪੇਟ ਪਾਲਦਾ ਹੈਂ।

ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥

ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ ॥੨॥

ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥

ਤੂੰ (ਆਪਣੇ ਆਪ ਨੂੰ ਉੱਚੀ ਕੁਲ ਦਾ) ਬ੍ਰਹਮਣ (ਸਮਝਦਾ ਹੈਂ), ਮੈਂ (ਤੇਰੀਆਂ ਨਜ਼ਰਾਂ ਵਿਚ) ਕਾਸ਼ੀ ਦਾ (ਗ਼ਰੀਬ) ਜੁਲਾਹ ਹਾਂ। ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ? (ਭਾਵ, ਤੂੰ ਮੇਰੀ ਗੱਲ ਆਪਣੇ ਮਾਣ ਵਿਚ ਗਹੁ ਨਾਲ ਸੁਣਨ ਨੂੰ ਤਿਆਰ ਨਹੀਂ ਹੋ ਸਕਦਾ)।

ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥

ਪਰ ਅਸੀਂ (ਜੁਲਾਹੇ ਤਾਂ) ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ) ਬਚ ਰਹੇ ਹਾਂ, ਤੇ ਤੁਸੀਂ, ਹੇ ਪਾਂਡੇ! ਵੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ ॥੩॥੫॥


ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥

(ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸੰਸਾਰ ਇਕ ਰੁਖ (ਸਮਾਨ) ਹੈ, (ਜਗਤ ਦੇ ਜੀਆ-ਜੰਤ, ਮਾਨੋ, ਉਸ ਰੁੱਖ ਦੀਆਂ) ਬੇਅੰਤ ਡਾਲੀਆਂ ਤੇ ਟਹਿਣੀਆਂ ਹਨ, ਜੋ ਫੁੱਲਾਂ, ਪੱਤਰਾਂ ਤੇ ਰਸ-ਭਰੇ ਫਲਾਂ ਨਾਲ ਲੱਦੀਆਂ ਹੋਈਆਂ ਹਨ।

ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥

ਇਹ ਸੰਸਾਰ ਅੰਮ੍ਰਿਤ ਦੀ ਇਕ ਬਗ਼ੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ ॥੧॥

ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥

ਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ।

ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥

ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ ॥੧॥ ਰਹਾਉ ॥

ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ ॥

(ਜਿਵੇਂ) ਇਕ ਭੌਰਾ ਫੁੱਲ ਦੇ ਰਸ ਵਿਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿਚ ਆਪਣੇ ਆਪ ਨੂੰ ਜਾ ਬੰਨ੍ਹਾਉਂਦਾ ਹੈ,

ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥

(ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ) ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ-ਰਸ ਵਿਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿਚ ਟਿਕਾਂਦਾ ਹੈ, ਤੇ ਸੋਚ-ਮੰਡਲ ਵਿਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਂਦਾ ਹੈ ॥੨॥

ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥

ਉਸ ਗੁਰਮੁਖ ਦੀ ਉਸ ਅਡੋਲ ਤੇ ਅਫੁਰ ਅਵਸਥਾ ਵਿਚ ਉਸ ਦੇ ਅੰਦਰ (ਕੋਮਲਤਾ-ਰੂਪ) ਮਾਨੋ, ਇਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦੇਂਦਾ ਹੈ।

ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥

ਕਬੀਰ ਆਖਦਾ ਹੈ ਕਿ ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ (ਆਪਣੇ ਅੰਦਰ ਉੱਗਿਆ ਹੋਇਆ) ਇਹ ਕੋਮਲ ਬੂਟਾ ਵੇਖਿਆ ਹੈ ॥੩॥੬॥


ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥

ਹੇ ਜੋਗੀ! (ਮਨ ਨੂੰ ਵਿਕਾਰਾਂ ਵਲੋਂ) ਸ਼ਾਂਤੀ (ਦੇਣੀ, ਇਹ ਕੰਨਾਂ ਦੀ) ਮੁੰਦ੍ਰਾ ਬਣਾ, ਅਤੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਨੂੰ ਖੱਪਰ ਬਣਾ।

ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥

(ਮੈਂ ਭੀ ਤੇਰੇ ਵਾਂਗ ਇਕ ਜੋਗੀ ਹਾਂ, ਪਰ) ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਬਚਾਉਂਦਾ ਹਾਂ, ਇਹ ਮੈਂ ਗੋਦੜੀ ਸੀਤੀ ਹੋਈ ਹੈ, ਜੋਗੀ! ਮੈਂ ਪ੍ਰਭੂ ਦੇ ਨਾਮ ਨੂੰ (ਆਪਣੀ ਜਿੰਦ ਦਾ) ਆਸਰਾ ਬਣਾਇਆ ਹੋਇਆ ਹੈ (ਇਹ ਮੇਰਾ ਸੁਆਹ ਦਾ ਬਟੂਆ ਹੈ) ॥੧॥

ਐਸਾ ਜੋਗੁ ਕਮਾਵਹੁ ਜੋਗੀ ॥

ਹੇ ਜੋਗੀ! ਇਹ ਜੋਗ-ਅੱਭਿਆਸ ਕਰੋ-

ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥

(ਕਿ) ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ, ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ ਹੈ, ਇਹੀ ਤਪ ਹੈ, ਤੇ ਇਹੀ ਸੰਜਮ ਹੈ ॥੧॥ ਰਹਾਉ ॥

ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥

(ਹੇ ਜੋਗੀ!) ਆਪਣੀ ਅਕਲ ਨੂੰ ਮੈਂ (ਉੱਚੇ ਟਿਕਾਣੇ ਪ੍ਰਭੂ-ਚਰਨਾਂ ਵਿਚ) ਚੜ੍ਹਾਈ ਰੱਖਦਾ ਹਾਂ, ਇਹ ਮੈਂ (ਪਿੰਡੇ ਉੱਤੇ) ਸੁਆਹ ਮਲੀ ਹੋਈ ਹੈ; ਮੈਂ ਆਪਣੇ ਮਨ ਦੀ ਸੁਰਤ ਨੂੰ (ਪ੍ਰਭੂ-ਚਰਨਾਂ ਵਿਚ) ਜੋੜਿਆ ਹੈ, ਇਹ ਮੇਰੀ ਸਿੰਙੀ ਹੈ।

ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥

ਮਾਇਆ ਵਲੋਂ ਵੈਰਾਗ ਕਰ ਕੇ ਮੈਂ ਭੀ (ਸਾਧੂ ਬਣ ਕੇ) ਫਿਰਦਾ ਹਾਂ, ਪਰ ਮੈਂ ਆਪਣੇ ਹੀ ਸਰੀਰ-ਰੂਪ ਨਗਰ ਵਿਚ ਫਿਰਦਾ ਹਾਂ (ਭਾਵ, ਖੋਜ ਕਰਦਾ ਹਾਂ); ਮੈਂ ਆਪਣੇ ਮਨ ਦੀ ਹੀ ਕਿੰਗ ਵਜਾਉਂਦਾ ਹਾਂ (ਭਾਵ, ਮਨ ਵਿਚ ਪ੍ਰਭੂ ਦੀ ਲਗਨ ਲਾਈ ਰੱਖਦਾ ਹਾਂ) ॥੨॥

ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥

(ਹੇ ਜੋਗੀ!) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪ੍ਰੋ ਰੱਖੋ, ਇਸ ਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ।

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥

ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, (ਪ੍ਰਭੂ-ਚਰਨਾਂ ਵਿਚ ਜੁੜ ਕੇ) ਧਰਮ ਤੇ ਦਇਆ ਦੀ (ਆਪਣੇ) ਮਨ ਵਿਚ ਸੋਹਣੀ ਬਗ਼ੀਚੀ ਬਣਾਓ ॥੩॥੭॥


ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥

ਕਿਹੜੇ ਕੰਮਾਂ ਲਈ ਅਸੀਂ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ?

ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥੧॥

ਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ ॥੧॥

ਗੋਬਿੰਦ ਹਮ ਐਸੇ ਅਪਰਾਧੀ ॥

ਹੇ ਗੋਬਿੰਦ! ਅਸੀਂ ਜੀਵ ਅਜਿਹੇ ਵਿਕਾਰੀ ਹਾਂ,

ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥

ਕਿ ਜਿਸ ਤੈਂ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤਾ ਉਸ ਦੀ ਬੰਦਗੀ ਨਹੀਂ ਕੀਤੀ, ਉਸ ਨਾਲ ਪਿਆਰ ਨਹੀਂ ਕੀਤਾ ॥੧॥ ਰਹਾਉ ॥

ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥

(ਹੇ ਗੋਬਿੰਦ!) ਪਰਾਏ ਧਨ (ਦੀ ਲਾਲਸਾ), ਪਰਾਈ ਇਸਤ੍ਰੀ (ਦੀ ਕਾਮਨਾ), ਪਰਾਈ ਚੁਗ਼ਲੀ, ਦੂਜਿਆਂ ਨਾਲ ਵਿਰੋਧ-ਇਹ ਵਿਕਾਰ ਦੂਰ ਨਹੀਂ ਹੁੰਦੇ।

ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥੨॥

ਮੁੜ ਮੁੜ ਜਨਮ ਮਰਨ ਦਾ ਗੇੜ (ਸਾਨੂੰ) ਮਿਲ ਰਿਹਾ ਹੈ-ਫਿਰ ਭੀ ਪਰ ਮਨ, ਪਰ ਤਨ ਆਦਿਕ ਦਾ ਇਹ ਲੰਮਾ ਝੇੜਾ ਮੁੱਕਦਾ ਨਹੀਂ ॥੨॥

ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨ੍ਰੋ ਮੈ ਫੇਰਾ ॥

ਜਿਨ੍ਹੀਂ ਥਾਈਂ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉੱਥੇ ਮੈਂ ਇਕ ਪਲਕ ਲਈ ਭੀ ਫੇਰਾ ਨਹੀਂ ਮਾਰਦਾ।

ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥੩॥

ਪਰ ਵਿਸ਼ਈ, ਚੋਰ, ਬਦਮਾਸ਼, ਸ਼ਰਾਬੀ-ਇਹਨਾਂ ਨਾਲ ਮੇਰਾ ਸਾਥ ਰਹਿੰਦਾ ਹੈ ॥੩॥

ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥

ਕਾਮ, ਕ੍ਰੋਧ, ਮਾਇਆ ਦਾ ਮੋਹ, ਹੰਕਾਰ, ਈਰਖਾ-ਮੇਰੇ ਪੱਲੇ, ਬੱਸ! ਇਹੀ ਧਨ ਹੈ।

ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥੪॥

ਦਇਆ, ਧਰਮ, ਸਤਿਗੁਰੂ ਦੀ ਸੇਵਾ-ਮੈਨੂੰ ਇਹਨਾਂ ਦਾ ਖ਼ਿਆਲ ਕਦੇ ਸੁਪਨੇ ਵਿਚ ਭੀ ਨਹੀਂ ਆਇਆ ॥੪॥

ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ ॥

ਹੇ ਦੀਨਾਂ ਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਦਮੋਦਰ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਭੈ-ਹਰਨ!

ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮ੍ਰਾਰੀ ॥੫॥੮॥

ਕਬੀਰ ਆਖਦਾ ਹੈ- ਮੈਨੂੰ ਦਾਸ ਨੂੰ (ਵਿਕਾਰਾਂ ਦੀ) ਬਿਪਤਾ ਵਿਚੋਂ ਬਚਾ ਲੈ, ਮੈਂ (ਨਿੱਤ) ਤੇਰੀ ਹੀ ਬੰਦਗੀ ਕਰਾਂ ॥੫॥੮॥


ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥੬॥

(ਪਰ, ਗੁਰੂ ਦੀ ਸ਼ਰਨ ਪਉ), ਇਹ ਸਿਮਰਨ ਗੁਰੂ ਤੋਂ ਹੀ ਮਿਲਦਾ ਹੈ ॥੬॥

ਸਦਾ ਸਦਾ ਸਿਮਰਿ ਦਿਨੁ ਰਾਤਿ ॥

ਸਦਾ ਦਿਨ ਰਾਤ, ਹਰ ਵੇਲੇ ਸਿਮਰਨ ਕਰ।

ਜਾਗੁ ਸੋਇ ਸਿਮਰਨ ਰਸ ਭੋਗ ॥

ਜਾਗਦਿਆਂ, ਸੁੱਤਿਆਂ ਸਿਮਰਨ ਦਾ ਰਸ ਲੈ।

ਜਿਹ ਸਿਮਰਨਿ ਹੋਇ ਮੁਕਤਿ ਦੁਆਰੁ ॥

ਜਿਸ ਸਿਮਰਨ ਦੀ ਬਰਕਤਿ ਨਾਲ ਮੁਕਤੀ ਦਾ ਦਰ ਦਿੱਸ ਪੈਂਦਾ ਹੈ,

ਜਾਹਿ ਬੈਕੁੰਠਿ ਨਹੀ ਸੰਸਾਰਿ ॥

(ਉਸ ਰਸਤੇ) ਤੂੰ ਪ੍ਰਭੂ ਦੇ ਚਰਨਾਂ ਵਿਚ ਜਾ ਅੱਪੜੇਂਗਾ, ਸੰਸਾਰ (-ਸਮੁੰਦਰ) ਵਿਚ ਨਹੀਂ (ਭਟਕੇਂਗਾ)।

ਨਿਰਭਉ ਕੈ ਘਰਿ ਬਜਾਵਹਿ ਤੂਰ ॥

ਜਿਸ ਅਵਸਥਾ ਵਿਚ ਕੋਈ ਡਰ ਨਹੀਂ ਪੋਂਹਦਾ, ਉਸ ਵਿਚ ਪਹੁੰਚ ਕੇ ਤੂੰ (ਆਤਮਕ ਅਨੰਦ ਦੇ, ਮਾਨੋ) ਵਾਜੇ ਵਜਾਏਂਗਾ,

ਅਨਹਦ ਬਜਹਿ ਸਦਾ ਭਰਪੂਰ ॥੧॥

ਉਹ ਵਾਜੇ (ਤੇਰੇ ਅੰਦਰ) ਸਦਾ ਇੱਕ-ਰਸ ਵੱਜਣਗੇ, (ਉਸ ਅਨੰਦ ਵਿਚ) ਕੋਈ ਊਣਤਾ ਨਹੀਂ ਆਵੇਗੀ ॥੧॥

ਐਸਾ ਸਿਮਰਨੁ ਕਰਿ ਮਨ ਮਾਹਿ ॥

ਹੇ ਭਾਈ! ਤੂੰ ਆਪਣੇ ਮਨ ਵਿਚ ਅਜਿਹਾ (ਬਲ ਰੱਖਣ ਵਾਲਾ) ਸਿਮਰਨ ਕਰ।

ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥

ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ (ਮਾਇਆ ਦੇ ਬੰਧਨਾਂ) ਤੋਂ ਖ਼ਲਾਸੀ ਨਹੀਂ ਮਿਲਦੀ ॥੧॥ ਰਹਾਉ ॥

ਜਿਹ ਸਿਮਰਨਿ ਨਾਹੀ ਨਨਕਾਰੁ ॥

ਜਿਸ ਸਿਮਰਨ ਨਾਲ (ਵਿਕਾਰ ਤੇਰੇ ਰਾਹ ਵਿਚ) ਰੁਕਾਵਟ ਨਹੀਂ ਪਾ ਸਕਣਗੇ,

ਮੁਕਤਿ ਕਰੈ ਉਤਰੈ ਬਹੁ ਭਾਰੁ ॥

ਉਹ ਸਿਮਰਨ (ਮਾਇਆ ਦੇ ਬੰਧਨਾਂ ਤੋਂ) ਅਜ਼ਾਦ ਕਰ ਦੇਂਦਾ ਹੈ, (ਵਿਕਾਰਾਂ ਦਾ) ਬੋਝ (ਮਨ ਤੋਂ) ਉਤਰ ਜਾਂਦਾ ਹੈ।

ਨਮਸਕਾਰੁ ਕਰਿ ਹਿਰਦੈ ਮਾਹਿ ॥

ਪ੍ਰਭੂ ਨੂੰ ਸਦਾ ਸਿਰ ਨਿਵਾ,

ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥

ਤਾਂ ਜੁ ਮੁੜ ਮੁੜ ਤੈਨੂੰ (ਜਗਤ ਵਿਚ) ਆਉਣਾ ਨਾਹ ਪਏ ॥੨॥

ਜਿਹ ਸਿਮਰਨਿ ਕਰਹਿ ਤੂ ਕੇਲ ॥

ਜਿਸ ਸਿਮਰਨ ਦੀ ਰਾਹੀਂ ਤੂੰ ਅਨੰਦ ਲੈ ਰਿਹਾ ਹੈਂ (ਭਾਵ, ਚਿੰਤਾ ਆਦਿਕ ਤੋਂ ਬਚਿਆ ਰਹਿੰਦਾ ਹੈਂ),

ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥

ਤੇਰੇ ਅੰਦਰ ਸਦਾ (ਗਿਆਨ ਦਾ) ਦੀਵਾ ਜਗਦਾ ਰਹਿੰਦਾ ਹੈਂ, (ਵਿਕਾਰਾਂ ਦੇ) ਤੇਲ (ਵਾਲਾ ਦੀਵਾ) ਨਹੀਂ ਰਹਿੰਦਾ,

ਸੋ ਦੀਪਕੁ ਅਮਰਕੁ ਸੰਸਾਰਿ ॥

ਉਹ ਦੀਵਾ (ਜਿਸ ਮਨੁੱਖ ਦੇ ਅੰਦਰ ਜਗ ਪਏ ਉਸ ਨੂੰ) ਸੰਸਾਰ ਵਿਚ ਅਮਰ ਕਰ ਦੇਂਦਾ ਹੈ,

ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥੩॥

ਕਾਮ ਕ੍ਰੋਧ ਆਦਿਕ ਦੀ ਜ਼ਹਿਰ ਨੂੰ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ ॥੩॥

ਜਿਹ ਸਿਮਰਨਿ ਤੇਰੀ ਗਤਿ ਹੋਇ ॥

ਜਿਸ ਸਿਮਰਨ ਦੀ ਬਰਕਤਿ ਨਾਲ ਤੇਰੀ ਉੱਚੀ ਆਤਮਕ ਅਵਸਥਾ ਬਣਦੀ ਹੈ,

ਸੋ ਸਿਮਰਨੁ ਰਖੁ ਕੰਠਿ ਪਰੋਇ ॥

ਤੂੰ ਉਸ ਸਿਮਰਨ (ਰੂਪ ਹਾਰ) ਨੂੰ ਪ੍ਰੋ ਕੇ ਸਦਾ ਗਲ ਵਿਚ ਪਾਈ ਰੱਖ।

ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ ॥

(ਕਦੇ ਭੀ ਗਲੋਂ) ਲਾਹ ਕੇ ਨਾਹ ਰੱਖੀਂ, ਸਦਾ ਸਿਮਰਨ ਕਰ।

ਗੁਰਪਰਸਾਦੀ ਉਤਰਹਿ ਪਾਰਿ ॥੪॥

ਗੁਰੂ ਦੀ ਮਿਹਰ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੪॥

ਜਿਹ ਸਿਮਰਨਿ ਨਾਹੀ ਤੁਹਿ ਕਾਨਿ ॥

ਜਿਸ ਸਿਮਰਨ ਨਾਲ ਤੈਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।

ਮੰਦਰਿ ਸੋਵਹਿ ਪਟੰਬਰ ਤਾਨਿ ॥

ਆਪਣੇ ਘਰ ਵਿਚ ਬੇ-ਫ਼ਿਕਰ ਹੋ ਕੇ ਸੌਂਦਾ ਹੈਂ,

ਸੇਜ ਸੁਖਾਲੀ ਬਿਗਸੈ ਜੀਉ ॥

ਹਿਰਦੇ ਵਿਚ ਸੁਖ ਹੈ, ਜਿੰਦ ਖਿੜੀ ਰਹਿੰਦੀ ਹੈ,

ਸੋ ਸਿਮਰਨੁ ਤੂ ਅਨਦਿਨੁ ਪੀਉ ॥੫॥

ਐਸਾ ਸਿਮਰਨ-ਰੂਪ ਅੰਮ੍ਰਿਤ ਹਰ ਵੇਲੇ ਪੀਂਦਾ ਰਹੁ ॥੫॥

ਜਿਹ ਸਿਮਰਨਿ ਤੇਰੀ ਜਾਇ ਬਲਾਇ ॥

ਜਿਸ ਸਿਮਰਨ ਕਰਕੇ ਤੇਰਾ ਆਤਮਕ ਰੋਗ ਕੱਟਿਆ ਜਾਂਦਾ ਹੈ,

ਜਿਹ ਸਿਮਰਨਿ ਤੁਝੁ ਪੋਹੈ ਨ ਮਾਇ ॥

ਜਿਸ ਸਿਮਰਨ ਕਰਕੇ ਤੈਨੂੰ ਮਾਇਆ ਨਹੀਂ ਪੋਂਹਦੀ,

ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥

ਸਦਾ ਇਹ ਸਿਮਰਨ ਕਰ, ਆਪਣੇ ਮਨ ਵਿਚ ਹਰੀ ਦੀ ਸਿਫ਼ਤ-ਸਾਲਾਹ ਕਰ।

ਊਠਤ ਬੈਠਤ ਸਾਸਿ ਗਿਰਾਸਿ ॥

ਉੱਠਦਿਆਂ ਬੈਠਦਿਆਂ, ਖਾਂਦਿਆਂ, ਸਾਹ ਲੈਂਦਿਆਂ-

ਹਰਿ ਸਿਮਰਨੁ ਪਾਈਐ ਸੰਜੋਗ ॥੭॥

(ਪਰ) ਪ੍ਰਭੂ ਦਾ ਸਿਮਰਨ ਭਾਗਾਂ ਨਾਲ ਮਿਲਦਾ ਹੈ ॥੭॥

ਜਿਹ ਸਿਮਰਨਿ ਨਾਹੀ ਤੁਝੁ ਭਾਰ ॥

ਜਿਸ ਸਿਮਰਨ ਨਾਲ ਤੇਰੇ ਉੱਤੋਂ (ਵਿਕਾਰਾਂ ਦਾ) ਬੋਝ ਲਹਿ ਜਾਇਗਾ,

ਸੋ ਸਿਮਰਨੁ ਰਾਮ ਨਾਮ ਅਧਾਰੁ ॥

ਪ੍ਰਭੂ ਦੇ ਨਾਮ ਦੇ ਉਸ ਸਿਮਰਨ ਨੂੰ (ਆਪਣੀ ਜਿੰਦ ਦਾ) ਆਸਰਾ ਬਣਾ।

ਕਹਿ ਕਬੀਰ ਜਾ ਕਾ ਨਹੀ ਅੰਤੁ ॥

ਕਬੀਰ ਆਖਦਾ ਹੈ ਕਿ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ,

ਤਿਸ ਕੇ ਆਗੇ ਤੰਤੁ ਨ ਮੰਤੁ ॥੮॥੯॥

(ਉਸ ਦੀ ਯਾਦ ਤੋਂ ਬਿਨਾ) ਕੋਈ ਹੋਰ ਮੰਤਰ, ਕੋਈ ਹੋਰ ਟੂਣਾ ਉਸ ਦੇ ਸਾਹਮਣੇ ਨਹੀਂ ਚੱਲ ਸਕਦਾ (ਹੋਰ ਕਿਸੇ ਤਰੀਕੇ ਨਾਲ ਉਸ ਨੂੰ ਮਿਲ ਨਹੀਂ ਸਕਦਾ) ॥੮॥੯॥


ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ ॥

ਰਾਗ ਰਾਮਕਲੀ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਬੰਧਚਿ ਬੰਧਨੁ ਪਾਇਆ ॥

(ਮਾਇਆ ਤੋਂ) ਮੁਕਤ ਗੁਰੂ ਨੇ ਮਾਇਆ ਨੂੰ ਰੋਕ ਪਾ ਦਿੱਤੀ ਹੈ,

ਮੁਕਤੈ ਗੁਰਿ ਅਨਲੁ ਬੁਝਾਇਆ ॥

ਮੇਰੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ।

ਜਬ ਨਖ ਸਿਖ ਇਹੁ ਮਨੁ ਚੀਨ੍ਰ੍ਰਾ ॥

ਹੁਣ ਜਦੋਂ ਆਪਣੇ ਇਸ ਮਨ ਨੂੰ ਚੰਗੀ ਤਰ੍ਹਾਂ ਵੇਖਦਾ ਹਾਂ,

ਤਬ ਅੰਤਰਿ ਮਜਨੁ ਕੀਨ੍ਰਾ ॥੧॥

ਤਾਂ ਆਪਣੇ ਅੰਦਰ ਹੀ ਇਸ਼ਨਾਨ ਕਰਦਾ ਹਾਂ ॥੧॥

ਪਵਨਪਤਿ ਉਨਮਨਿ ਰਹਨੁ ਖਰਾ ॥

ਜੀਵਾਤਮਾ ਦਾ ਪੂਰਨ ਖਿੜਾਉ ਵਿਚ ਟਿਕੇ ਰਹਿਣਾ ਹੀ ਆਤਮਾ ਦੀ ਸਭ ਤੋਂ ਸ੍ਰੇਸ਼ਟ ਅਵਸਥਾ ਹੈ।

ਨਹੀ ਮਿਰਤੁ ਨ ਜਨਮੁ ਜਰਾ ॥੧॥ ਰਹਾਉ ॥

ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋਹ ਨਹੀਂ ਸਕਦੇ ॥੧॥ ਰਹਾਉ ॥

ਉਲਟੀ ਲੇ ਸਕਤਿ ਸਹਾਰੰ ॥

ਮਾਇਆ ਵਾਲਾ ਸਹਾਰਾ ਹੁਣ ਉਲਟ ਗਿਆ ਹੈ,

ਪੈਸੀਲੇ ਗਗਨ ਮਝਾਰੰ ॥

(ਮਾਇਆ ਦੇ ਥਾਂ ਮੇਰਾ ਮਨ ਹੁਣ) ਪ੍ਰਭੂ-ਚਰਨਾਂ ਵਿਚ ਚੁੱਭੀ ਲਾ ਰਿਹਾ ਹੈ।

ਬੇਧੀਅਲੇ ਚਕ੍ਰ ਭੁਅੰਗਾ ॥

ਟੇਢੀਆਂ ਚਾਲਾਂ ਚੱਲਣ ਵਾਲਾ ਇਹ ਮਨ ਹੁਣ ਵਿੱਝ ਗਿਆ ਹੈ,

ਭੇਟੀਅਲੇ ਰਾਇ ਨਿਸੰਗਾ ॥੨॥

ਕਿਉਂਕਿ ਨਿਸੰਗ ਹੋ ਕੇ ਹੁਣ ਇਹ ਪ੍ਰਭੂ ਨੂੰ ਮਿਲ ਪਿਆ ਹੈ ॥੨॥

ਚੂਕੀਅਲੇ ਮੋਹ ਮਇਆਸਾ ॥

ਮੇਰੀਆਂ ਮੋਹ-ਭਰੀਆਂ ਆਸਾਂ ਹੁਣ ਮੁੱਕ ਗਈਆਂ ਹਨ;

ਸਸਿ ਕੀਨੋ ਸੂਰ ਗਿਰਾਸਾ ॥

(ਮੇਰੇ ਅੰਦਰ ਦੀ) ਸ਼ਾਂਤੀ ਨੇ ਮੇਰੀ ਤਪਸ਼ ਬੁਝਾ ਦਿੱਤੀ ਹੈ।

ਜਬ ਕੁੰਭਕੁ ਭਰਿਪੁਰਿ ਲੀਣਾ ॥

ਹੁਣ ਜਦੋਂ ਕਿ ਮਨ ਦੀ ਬਿਰਤੀ ਸਰਬ-ਵਿਆਪਕ ਪ੍ਰਭੂ ਵਿਚ ਜੁੜ ਗਈ ਹੈ,

ਤਹ ਬਾਜੇ ਅਨਹਦ ਬੀਣਾ ॥੩॥

ਇਸ ਅਵਸਥਾ ਵਿਚ (ਮੇਰੇ ਅੰਦਰ, ਮਾਨੋ) ਇੱਕ-ਰਸ ਵੀਣਾ ਵੱਜ ਰਹੀ ਹੈ ॥੩॥

ਬਕਤੈ ਬਕਿ ਸਬਦੁ ਸੁਨਾਇਆ ॥

ਉਪਦੇਸ਼ ਕਰਨ ਵਾਲੇ ਸਤਿਗੁਰੂ ਨੇ ਜਿਸ ਨੂੰ ਆਪਣਾ ਸ਼ਬਦ ਸੁਣਾਇਆ,

ਸੁਨਤੈ ਸੁਨਿ ਮੰਨਿ ਬਸਾਇਆ ॥

ਜੇ ਉਸ ਨੇ ਗਹੁ ਨਾਲ ਸੁਣ ਕੇ ਆਪਣੇ ਮਨ ਵਿਚ ਵਸਾ ਲਿਆ,

ਕਰਿ ਕਰਤਾ ਉਤਰਸਿ ਪਾਰੰ ॥

ਤਦੋਂ ਪ੍ਰਭੂ ਦਾ ਸਿਮਰਨ ਕਰ ਕੇ ਉਹ ਪਾਰ ਲੰਘ ਗਿਆ।

ਕਹੈ ਕਬੀਰਾ ਸਾਰੰ ॥੪॥੧॥੧੦॥

ਕਬੀਰ ਆਖਦਾ ਹੈ (ਕਿ ਇਸ ਸਾਰੀ ਤਬਦੀਲੀ ਵਿਚ ਇਹ ਹੈ) ਅਸਲ ਰਾਜ਼ ਦੀ ਗੱਲ ॥੪॥੧॥੧੦॥


ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥

ਇਹ ਚੰਦ ਤੇ ਸੂਰਜ ਦੋਵੇਂ ਉਸ ਪਰਮਾਤਮਾ ਦੀ ਜੋਤ ਦਾ (ਬਾਹਰਲਾ ਦਿੱਸਦਾ) ਸਰੂਪ ਹਨ,

ਜੋਤੀ ਅੰਤਰਿ ਬ੍ਰਹਮੁ ਅਨੂਪੁ ॥੧॥

ਹਰੇਕ ਪ੍ਰਕਾਸ਼ ਵਿਚ ਸੁੰਦਰ ਪ੍ਰਭੂ ਆਪ ਵੱਸ ਰਿਹਾ ਹੈ ॥੧॥

ਕਰੁ ਰੇ ਗਿਆਨੀ ਬ੍ਰਹਮ ਬੀਚਾਰੁ ॥

ਹੇ ਵਿਚਾਰਵਾਨ ਮਨੁੱਖ! (ਤੂੰ ਤਾਂ ਚੰਦ ਸੂਰਜ ਆਦਿਕ ਨੂਰੀ ਚੀਜ਼ਾਂ ਵੇਖ ਕੇ ਨਿਰਾ ਇਹਨਾਂ ਨੂੰ ਹੀ ਸਲਾਹ ਰਿਹਾ ਹੈਂ, ਇਹਨਾਂ ਨੂੰ ਨੂਰ ਦੇਣ ਵਾਲੇ) ਪਰਮਾਤਮਾ (ਦੀ ਵਡਿਆਈ) ਦੀ ਵਿਚਾਰ ਕਰ,

ਜੋਤੀ ਅੰਤਰਿ ਧਰਿਆ ਪਸਾਰੁ ॥੧॥ ਰਹਾਉ ॥

ਉਸ ਨੇ ਇਹ ਸਾਰਾ ਸੰਸਾਰ ਆਪਣੇ ਨੂਰ ਵਿਚੋਂ ਪੈਦਾ ਕੀਤਾ ਹੈ ॥੧॥ ਰਹਾਉ ॥

ਹੀਰਾ ਦੇਖਿ ਹੀਰੇ ਕਰਉ ਆਦੇਸੁ ॥

ਕਬੀਰ ਆਖਦਾ ਹੈ ਕਿ ਮੈਂ ਹੀਰੇ (ਆਦਿਕ ਸੁਹਣੇ ਕੀਮਤੀ ਚਮਕਦੇ ਪਦਾਰਥ) ਨੂੰ ਵੇਖ ਕੇ (ਉਸ) ਹੀਰੇ ਨੂੰ ਸਿਰ ਨਿਵਾਉਂਦਾ ਹਾਂ (ਜਿਸ ਨੇ ਇਹਨਾਂ ਨੂੰ ਇਹ ਗੁਣ ਬਖ਼ਸ਼ਿਆ ਹੈ, ਤੇ ਜੋ ਇਹਨਾਂ ਵਿਚ ਵੱਸਦਾ ਹੋਇਆ ਭੀ)

ਕਹੈ ਕਬੀਰੁ ਨਿਰੰਜਨ ਅਲੇਖੁ ॥੨॥੨॥੧੧॥

ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਤੇ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ॥੨॥੨॥੧੧॥


ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥

ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ। ਹੇ ਭਾਈ! ਤੁਸੀ ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ;

ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥

ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ ਹੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ (ਭਾਵ, ਸ਼ਾਸਤ੍ਰਾਂ ਦੀ ਰਾਖੀ ਪਹਿਰੇਦਾਰੀ ਵਿਚ ਭੀ ਤੁਸੀ ਅਜਿਹੇ ਕੰਮ ਕਰੀ ਜਾ ਰਹੇ ਹੋ, ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਪਿਆ ਹੈ) ॥੧॥ ਰਹਾਉ ॥

ਨੀਂਬੁ ਭਇਓ ਆਂਬੁ ਆਂਬੁ ਭਇਓ ਨੰੀਬਾ ਕੇਲਾ ਪਾਕਾ ਝਾਰਿ ॥

(ਸ਼ਾਸਤਰਾਂ ਦੇ ਦੱਸੇ ਕਰਮ-ਕਾਂਡ ਵਿਚ ਫਸੇ) ਹੋਇਆਂ ਨੂੰ ਨਿੰਮ ਦਾ ਰੁੱਖ ਅੰਬ ਦਿੱਸਦਾ ਹੈ, ਅੰਬ ਦਾ ਬੂਟਾ ਨਿੰਮ ਜਾਪਦਾ ਹੈ; ਪੱਕਾ ਹੋਇਆ ਕੇਲਾ ਇਹਨਾਂ ਨੂੰ ਝਾੜੀਆਂ ਮਲੂਮ ਹੁੰਦਾ ਹੈ,

ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥੧॥

ਤੇ ਸਿੰਬਲ ਇਹਨਾਂ ਮੂਰਖ ਮਤ-ਹੀਣ ਅੰਞਾਣ ਲੋਕਾਂ ਨੂੰ ਨਲੀਏਰ ਦਾ ਪੱਕਾ ਫਲ ਦਿੱਸਦਾ ਹੈ ॥੧॥

ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੀਂ ਚੁਨਿਓ ਨ ਜਾਈ ॥

ਕਬੀਰ ਆਖਦਾ ਹੈ ਕਿ ਪਰਮਾਤਮਾ ਨੂੰ ਇਉਂ ਸਮਝੋ ਜਿਵੇਂ ਖੰਡ ਰੇਤ ਵਿਚ ਰਲੀ ਹੋਈ ਹੋਵੇ। ਉਹ ਖੰਡ ਹਾਥੀਆਂ ਪਾਸੋਂ ਨਹੀਂ ਚੁਣੀ ਜਾ ਸਕਦੀ।

ਕਹਿ ਕਬੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥

(ਹਾਂ, ਜੇ) ਕੀੜੀ ਹੋਵੇ ਤਾਂ ਉਹ (ਇਸ ਖੰਡ ਨੂੰ) ਚੁਣ ਕੇ ਖਾ ਸਕਦੀ ਹੈ, ਇਸੇ ਤਰ੍ਹਾਂ ਮਨੁੱਖ ਕੁਲ ਜਾਤ ਖ਼ਾਨਦਾਨ (ਦਾ ਮਾਨ) ਛੱਡ ਕੇ ਪ੍ਰਭੂ ਨੂੰ ਮਿਲ ਸਕਦਾ ਹੈ ॥੨॥੩॥੧੨॥


ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ॥

ਰਾਗ ਰਾਮਕਲੀ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥

(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ,

ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥

ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ ॥੧॥

ਮਨੁ ਰਾਮ ਨਾਮਾ ਬੇਧੀਅਲੇ ॥

(ਹੇ ਤ੍ਰਿਲੋਚਨ!) ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ,

ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥

ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ ॥੧॥ ਰਹਾਉ ॥

ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥

(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ,

ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥

(ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ ॥੨॥

ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥

(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ;

ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥

ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ॥੩॥

ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥

ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ ਕਿ ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ,

ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥

ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ। ਭਾਵ: ਪ੍ਰੀਤ ਦਾ ਸਰੂਪ-ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ ॥੪॥੧॥


ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥

ਮੈਨੂੰ ਵੇਦ ਸ਼ਾਸਤਰ, ਪੁਰਾਨ ਆਦਿਕ ਦੇ ਗੀਤ ਕਬਿੱਤ ਗਾਵਣ ਦੀ ਲੋੜ ਨਹੀਂ,

ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥

ਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿਚ ਜੁੜ ਕੇ (ਉਸ ਦੇ ਪਿਆਰੇ ਦੀ) ਇੱਕ-ਰਸ ਬੰਸਰੀ ਵਜਾ ਰਿਹਾ ਹਾਂ ॥੧॥

ਬੈਰਾਗੀ ਰਾਮਹਿ ਗਾਵਉਗੋ ॥

(ਸਤਿਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਵਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ,

ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥

ਅਬਿਨਾਸੀ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਗਿਆ ਹਾਂ, ਤੇ ਸਰਬ-ਕੁਲ-ਵਿਆਪਕ ਪ੍ਰਭੂ ਦੇ ਚਰਨਾਂ ਵਿਚ ਅੱਪੜ ਗਿਆ ਹਾਂ ॥੧॥ ਰਹਾਉ ॥

ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥

(ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜੋ ਮੈਂ) ਚੰਚਲ ਮਨ ਨੂੰ ਰੋਕਿਆ ਹੈ, ਇਹੀ ਮੇਰਾ ਇੜਾ, ਪਿੰਗਲਾ, ਸੁਖਮਨਾ (ਦਾ ਸਾਧਨ) ਹੈ;

ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥

ਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਭਾਵ, ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਬੇ-ਲੋੜਵੇਂ ਹਨ) ਕਿਉਂਕਿ ਮੈਂ ਪਰਮਾਤਮਾ ਦੀ ਜੋਤ ਵਿਚ ਟਿਕਿਆ ਬੈਠਾ ਹਾਂ ॥੨॥

ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥

ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਹਨਾਂ ਦੇ ਪਾਣੀ ਵਿਚ ਚੁੱਭੀ ਲਾਉਂਦਾ ਹਾਂ, ਤੇ ਨਾ ਹੀ ਮੈਂ ਉਸ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਡਰਉਂਦਾ ਹਾਂ।

ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਰਾਊਗੋ ॥੩॥

ਮੈਨੂੰ ਤਾਂ ਮੇਰੇ ਗੁਰੂ ਨੇ (ਮੇਰੇ ਅੰਦਰ ਹੀ) ਅਠਾਹਠ ਤੀਰਥ ਵਿਖਾ ਦਿੱਤੇ ਹਨ। ਸੋ, ਮੈਂ ਆਪਣੇ ਅੰਦਰ ਹੀ (ਆਤਮ-ਤੀਰਥ ਉੱਤੇ) ਇਸ਼ਨਾਨ ਕਰਦਾ ਹਾਂ ॥੩॥

ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥

(ਕਰਮ-ਕਾਂਡ, ਤੀਰਥ ਆਦਿਕ ਨਾਲ ਲੋਕ ਜਗਤ ਦੀ ਸੋਭਾ ਲੋੜਦੇ ਹਨ, ਪਰ) ਮੈਨੂੰ (ਇਹਨਾਂ ਕਰਮਾਂ ਦੇ ਆਧਾਰ ਤੇ) ਸੱਜਣਾਂ-ਮਿੱਤਰਾਂ ਤੇ ਲੋਕਾਂ ਦੀ ਸੋਭਾ ਦੀ ਲੋੜ ਨਹੀਂ ਹੈ, ਮੈਨੂੰ ਇਹ ਗ਼ਰਜ਼ ਨਹੀਂ ਕਿ ਕੋਈ ਮੈਨੂੰ ਭਲਾ ਆਖੇ।

ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥

ਨਾਮਦੇਵ ਆਖਦਾ ਹੈ ਮੇਰਾ ਚਿੱਤ ਪ੍ਰਭੂ (ਪਿਆਰ) ਵਿਚ ਰੰਗਿਆ ਗਿਆ ਹੈ, ਮੈਂ ਉਸ ਟਿਕਾਉ ਵਿਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ ॥੪॥੨॥


ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥

(ਜੇ ਇਹ ਮੰਨੀਏ ਕਿ ਕਰਮਾਂ ਦੀ ਖੇਡ ਹੈ ਤਾਂ) ਜਦੋਂ ਨਾ ਮਾਂ ਸੀ ਨਾ ਪਿਉ; ਨਾ ਕੋਈ ਮਨੁੱਖਾ-ਸਰੀਰ ਸੀ, ਤੇ ਨਾ ਉਸ ਦਾ ਕੀਤਾ ਹੋਇਆ ਕਰਮ;

ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥

ਜਦੋਂ ਕੋਈ ਜੀਵ ਹੀ ਨਹੀਂ ਸਨ, ਤਦੋਂ (ਹੇ ਪ੍ਰਭੂ! ਤੈਥੋਂ ਬਿਨਾ) ਹੋਰ ਕਿਸ ਥਾਂ ਤੋਂ ਕੋਈ ਜੀਵ ਜਨਮ ਲੈ ਸਕਦਾ ਸੀ? ॥੧॥

ਰਾਮ ਕੋਇ ਨ ਕਿਸ ਹੀ ਕੇਰਾ ॥

ਹੇ ਰਾਮ! ਤੈਥੋਂ ਬਿਨਾ ਹੋਰ ਕੋਈ ਭੀ ਕਿਸੇ ਦਾ ਸਹਾਈ ਨਹੀਂ ਹੈ (ਨਾ ਕੋਈ ‘ਕਰਮ’ ਆਦਿਕ ਇਸ ਜੀਵ ਨੂੰ ਜਨਮ ਮਰਨ ਵਿਚ ਲਿਆਉਣ ਵਾਲਾ ਹੈ, ਤੇ ਨਾ ਕੋਈ ਸ਼ਾਸਤਰ-ਵਿਹਿਤ ਕਰਮ ਜਾਂ ਪ੍ਰਾਣਾਯਾਮ ਆਦਿਕ ਇਸ ਨੂੰ ਗੇੜ ਵਿਚੋਂ ਕੱਢਣ ਦੇ ਸਮਰੱਥ ਹੈ),

ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥

ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਵਸੇਰਾ ਹੁੰਦਾ ਹੈ (ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿਚ ਜੋੜਦਾ ਹੈਂ) ॥੧॥ ਰਹਾਉ ॥

ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥

ਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ ਭੀ ਅਜੇ ਪੈਦਾ ਨਹੀਂ ਸਨ ਹੋਏ,

ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥

ਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ ਦੀ ਕੋਈ ਹਸਤੀ ਹੀ ਨਹੀਂ ਸੀ ॥੨॥

ਖੇਚਰ ਭੂਚਰ ਤੁਲਸੀ ਮਾਲਾ ਗੁਰਪਰਸਾਦੀ ਪਾਇਆ ॥

ਕੋਈ ਪ੍ਰਾਣਾਯਾਮ ਕਰਦਾ ਹੈ (ਤੇ ਇਸ ਵਿਚ ਆਪਣੀ ਮੁਕਤੀ ਸਮਝਦਾ ਹੈ), ਕੋਈ ਤੁਲਸੀ ਦੀ ਮਾਲਾ ਆਦਿਕ ਧਾਰਨ ਕਰਦਾ ਹੈ; ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਸਮਝ ਆਈ ਹੈ।

ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥

ਨਾਮਦੇਵ ਆਖਦਾ ਹੈ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਸਹਾਈ ਸਭ ਤੋਂ ਉੱਚਾ ਉਹ ਪ੍ਰਭੂ ਹੈ, ਜੋ ਜਗਤ ਦਾ ਮੂਲ ਹੈ (ਉਸੇ ਨੇ ਜਗਤ ਬਣਾਇਆ, ਤੇ ਉਹੀ ਸੰਸਾਰ-ਸਮੁੰਦਰ ਵਿਚੋਂ ਪਾਰ ਉਤਾਰਦਾ ਹੈ) ॥੩॥੩॥


ਰਾਮਕਲੀ ਘਰੁ ੨ ॥
ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥

(ਹੇ ਮੇਰੇ ਮਨ!) ਜੇ ਕੋਈ ਮਨੁੱਖ ਕਾਸ਼ੀ ਜਾ ਕੇ ਉਲਟਾ ਲਟਕ ਕੇ ਤਪ ਕਰੇ, ਤੀਰਥਾਂ ਤੇ ਸਰੀਰ ਤਿਆਗੇ, (ਧੂਣੀਆਂ ਦੀ) ਅੱਗ ਵਿਚ ਸੜੇ, ਜਾਂ ਜੋਗ-ਅੱਭਿਆਸ ਆਦਿਕ ਨਾਲ ਸਰੀਰ ਨੂੰ ਚਿਰੰਜੀਵੀ ਕਰ ਲਏ;

ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥

ਜੇ ਕੋਈ ਅਸਮੇਧ ਜੱਗ ਕਰੇ, ਜਾਂ ਸੋਨਾ (ਫਲ ਆਦਿਕਾਂ ਵਿਚ) ਲੁਕਾ ਕੇ ਦਾਨ ਕਰੇ; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੧॥

ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥

ਹੇ (ਮੇਰੇ) ਪਖੰਡੀ ਮਨ! ਕਪਟ ਨਾ ਕਰ, ਛੱਡ ਇਹ ਕਪਟ, ਛੱਡ ਇਹ ਕਪਟ।

ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥

ਸਦਾ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥

ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਰਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥

(ਹੇ ਮੇਰੇ ਮਨ!) ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ਤੇ ਜਾਈਏ, ਕੇਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ;

ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥੨॥

(ਹੇ ਮਨ!) ਜੇ ਕੋਈ ਕ੍ਰੋੜਾਂ ਵਾਰੀ ਤੀਰਥ-ਜਾਤ੍ਰਾ ਕਰੇ, ਜਾਂ ਆਪਣਾ ਸਰੀਰ ਹਿਮਾਲੈ ਪਰਬਤ ਦੀ ਬਰਫ਼ ਵਿਚ ਗਾਲ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੨॥

ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥

(ਹੇ ਮੇਰੇ ਮਨ!) ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ ਦਾਨ ਕਰੀਏ, ਵਹੁਟੀ ਦਾਨ ਕਰ ਦੇਈਏ, ਆਪਣੀ ਜ਼ਿਮੀਂ ਦਾਨ ਕਰ ਦੇਈਏ; ਜੇ ਸਦਾ ਹੀ ਅਜਿਹਾ (ਕੋਈ ਨ ਕੋਈ) ਦਾਨ ਕਰਦੇ ਹੀ ਰਹੀਏ;

ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੩॥

ਜੇ ਆਪਣਾ ਆਪ ਭੀ ਭੇਟ ਕਰ ਦੇਈਏ; ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ (ਹੇ ਮਨ!) ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੩॥

ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨਿ੍ ਲੀਜੈ ॥

(ਹੇ ਜਿੰਦੇ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ, ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿਚ ਗਿਲਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ; ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ); (ਹੇ ਜਿੰਦੇ!) ਪਵਿੱਤਰ, ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ;

ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥

ਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰਾ (ਨਾਮਦੇਵ ਦਾ) ਰਾਜਾ ਰਾਮ ਚੰਦਰ ਹੈ, ਜੋ ਰਾਜਾ ਜਸਰਥ ਦਾ ਪੁੱਤਰ ਹੈ ॥੪॥੪॥


ਰਾਮਕਲੀ ਬਾਣੀ ਰਵਿਦਾਸ ਜੀ ਕੀ ॥

ਰਾਗ ਰਾਮਕਲੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥

ਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ; ਪਰ ਕਾਮਾਦਿਕਾਂ ਦੇ ਕਾਰਨ ਮਨ ਵਿਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ} ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ;

ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥

(ਦਰਸ਼ਨ ਹੋਵੇ ਭੀ ਕਿਸ ਤਰ੍ਹਾਂ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾਹ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ? ॥੧॥

ਦੇਵ ਸੰਸੈ ਗਾਂਠਿ ਨ ਛੂਟੈ ॥

ਹੇ ਪ੍ਰਭੂ! (ਨਿਤਾਣੇ ਹੋ ਜਾਣ ਦੇ ਕਾਰਨ ਜੀਵਾਂ ਦੇ ਅੰਦਰੋਂ) ਸਹਿਮ ਦੀ ਗੰਢ ਨਹੀਂ ਖੁਲ੍ਹਦੀ।

ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥

(ਕਿਉਂਕਿ) ਕਾਮ, ਕ੍ਰੋਧ, ਮਾਇਆ (ਦਾ ਮੋਹ), ਅਹੰਕਾਰ ਤੇ ਈਰਖਾ-ਸਾੜਾ-ਇਹਨਾਂ ਪੰਜਾਂ ਨੇ ਰਲ ਕੇ (ਸਭ ਜੀਵਾਂ ਦੇ ਆਤਮਕ ਗੁਣਾਂ ਨੂੰ) ਲੁੱਟ ਲਿਆ ਹੈ ॥੧॥ ਰਹਾਉ ॥

ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥

(ਕਾਮਾਦਿਕ ਦੀ ਲੁੱਟ ਦੇ ਕਾਰਨ, ਜੀਵਾਂ ਦੇ ਅੰਦਰੋਂ ਇਹ ਹੰਕਾਰ ਨਹੀਂ ਜਾਂਦਾ) ਕਿ ਅਸੀਂ ਬੜੇ ਕਵੀ ਹਾਂ, ਚੰਗੀ ਕੁਲ ਵਾਲੇ ਹਾਂ, ਵਿਦਵਾਨ ਹਾਂ, ਜੋਗੀ ਹਾਂ, ਸੰਨਿਆਸੀ ਹਾਂ,

ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥

ਗਿਆਨਵਾਨ ਹਾਂ, ਗੁਣਵਾਨ ਹਾਂ, ਸੂਰਮੇ ਹਾਂ ਜਾਂ ਦਾਤੇ ਹਾਂ; ਕਿਸੇ ਵੇਲੇ ਭੀ ਇਹ (ਬਣੀ ਹੋਈ) ਸਮਝ ਨਹੀਂ ਹਟਦੀ ਕਿ (ਜਿਹੜੇ ਭੀ ਪਾਸੇ ਪਏ ਉਸੇ ਦਾ ਹੀ ਮਾਣ ਹੋ ਗਿਆ) ॥੨॥

ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥

ਰਵਿਦਾਸ ਆਖਦਾ ਹੈ- (ਜਿਨ੍ਹਾਂ ਨੂੰ ਕਾਮਾਦਿਕਾਂ ਨੇ ਲੁੱਟ ਲਿਆ ਹੈ, ਉਹ) ਸਾਰੇ ਹੀ ਕਮਲਿਆਂ ਵਾਂਗ ਗ਼ਲਤੀ ਖਾ ਰਹੇ ਹਨ ਤੇ (ਇਹ) ਨਹੀਂ ਸਮਝਦੇ (ਕਿ ਜ਼ਿੰਦਗੀ ਦਾ ਅਸਲ ਆਸਰਾ ਪ੍ਰਭੂ ਦਾ ਨਾਮ ਹੈ);

ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥

ਮੈਨੂੰ ਰਵਿਦਾਸ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ, ਨਾਮ ਹੀ ਮੇਰੀ ਜਿੰਦ ਹੈ, ਨਾਮ ਹੀ ਮੇਰੇ ਪ੍ਰਾਣ ਹਨ, ਨਾਮ ਹੀ ਮੇਰਾ ਧਨ ਹੈ ॥੩॥੧॥


ਰਾਮਕਲੀ ਬਾਣੀ ਬੇਣੀ ਜੀਉ ਕੀ ॥

ਰਾਗ ਰਾਮਕਲੀ ਵਿੱਚ ਭਗਤ ਬੇਣੀ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥

(ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਮੇਲ-ਅਵਸਥਾ ਵਿਚ ਅੱਪੜਿਆ ਹੈ, ਉਸ ਦੇ ਵਾਸਤੇ) ਇੜਾ, ਪਿੰਗੁਲਾ ਤੇ ਸੁਖਮਨਾ ਤਿੰਨੇ ਹੀ ਇੱਕੋ ਥਾਂ ਵੱਸਦੀਆਂ ਹਨ,

ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥

ਤ੍ਰਿਬੇਣੀ ਸੰਗਮ ਪ੍ਰ੍ਯਾਗ ਤੀਰਥ ਭੀ (ਉਸ ਮਨੁੱਖ ਲਈ) ਉੱਥੇ ਵੱਸਦਾ ਹੈ। ਭਾਵ, ਉਸ ਮਨੁੱਖ ਨੂੰ ਇੜਾ ਪਿੰਗਲਾ ਸੁਖਮਨਾ ਦੇ ਅਭਿਆਸ ਦੀ ਲੋੜ ਨਹੀਂ ਰਹਿ ਜਾਂਦੀ; ਉਸ ਨੂੰ ਤ੍ਰਿਬੇਣੀ ਤੇ ਪ੍ਰਯਾਗ ਦੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ। (ਉਸ ਮਨੁੱਖ ਦਾ) ਮਨ ਪ੍ਰਭੂ ਦੇ (ਮਿਲਾਪ-ਰੂਪ ਤ੍ਰਿਬੇਣੀ ਵਿਚ) ਇਸ਼ਨਾਨ ਕਰਦਾ ਹੈ ॥੧॥

ਸੰਤਹੁ ਤਹਾ ਨਿਰੰਜਨ ਰਾਮੁ ਹੈ ॥

ਹੇ ਸੰਤ ਜਨੋ! ਮਾਇਆ-ਰਹਿਤ ਰਾਮ ਉਸ ਅਵਸਥਾ ਵਿਚ (ਮਨੁੱਖ ਦੇ ਮਨ ਵਿਚ) ਵੱਸਦਾ ਹੈ,

ਗੁਰ ਗਮਿ ਚੀਨੈ ਬਿਰਲਾ ਕੋਇ ॥

ਜਿਸ ਅਵਸਥਾ ਨਾਲ ਸਾਂਝ ਕੋਈ ਵਿਰਲਾ ਮਨੁੱਖ ਸਤਿਗੁਰੂ ਦੀ ਸਰਨ ਪੈ ਕੇ ਬਣਾਂਦਾ ਹੈ।

ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥

ਉੱਥੇ (ਉਸ ਅਵੱਸਥਾ ਵਿੱਚ) ਨਿਰੰਜਨ ਸੋਹਣਾ ਰਾਮ ਪਰਗਟ ਹੁੰਦਾ ਹੈ ॥੧॥ ਰਹਾਉ ॥

ਦੇਵ ਸਥਾਨੈ ਕਿਆ ਨੀਸਾਣੀ ॥

(ਜੇ ਕੋਈ ਪੁੱਛੇ ਕਿ) ਜਿਸ ਅਵਸਥਾ ਵਿਚ ਪ੍ਰਭੂ (ਮਨ ਦੇ ਅੰਦਰ) ਆ ਟਿਕਦਾ ਹੈ, ਉਸ ਦੀਆਂ ਨਿਸ਼ਾਨੀਆਂ ਕੀਹ ਹਨ (ਤਾਂ ਉੱਤਰ ਇਹ ਹੈ ਕਿ)

ਤਹ ਬਾਜੇ ਸਬਦ ਅਨਾਹਦ ਬਾਣੀ ॥

ਉਸ ਅਵਸਥਾ ਵਿਚ ਸਤਿਗੁਰੂ ਦਾ ਸ਼ਬਦ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਮਨੁੱਖ ਦੇ ਹਿਰਦੇ ਵਿਚ) ਹੁਲਾਰਾ ਪੈਦਾ ਕਰਦੇ ਹਨ;

ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥

(ਜਗਤ ਦੇ ਹਨੇਰੇ ਨੂੰ ਦੂਰ ਕਰਨ ਲਈ) ਚੰਦ ਤੇ ਸੂਰਜ (ਉਤਨੇ ਸਮਰੱਥ) ਨਹੀਂ (ਜਿਤਨਾ ਉਹ ਹੁਲਾਰਾ ਮਨ ਦੇ ਹਨੇਰੇ ਨੂੰ ਦੂਰ ਕਰਨ ਲਈ ਹੁੰਦਾ ਹੈ), ਪਉਣ ਪਾਣੀ (ਆਦਿਕ ਤੱਤ ਜਗਤ ਨੂੰ ਉਤਨਾ ਸੁਖ) ਨਹੀਂ (ਦੇ ਸਕਦੇ, ਜਿਤਨਾ ਸੁਖ ਇਹ ਹੁਲਾਰਾ ਮਨੁੱਖ ਦੇ ਮਨ ਨੂੰ ਦੇਂਦਾ ਹੈ);

ਸਾਖੀ ਜਾਗੀ ਗੁਰਮੁਖਿ ਜਾਣੀ ॥੨॥

ਮਨੁੱਖ ਦੀ ਸੁਰਤ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ, ਗੁਰੂ ਦੀ ਰਾਹੀਂ ਸੂਝ ਪੈ ਜਾਂਦੀ ਹੈ ॥੨॥

ਉਪਜੈ ਗਿਆਨੁ ਦੁਰਮਤਿ ਛੀਜੈ ॥

(ਪ੍ਰਭੂ-ਮਿਲਾਪ ਵਾਲੀ ਅਵਸਥਾ ਵਿਚ ਮਨੁੱਖ ਦੀ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਹੋ ਜਾਂਦੀ ਹੈ। ਮੰਦੀ ਮੱਤ ਨਾਸ ਹੋ ਜਾਂਦੀ ਹੈ;

ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥

ਉੱਚੀ ਉਡਾਰੀ ਵਿਚ (ਅੱਪੜਿਆ ਹੋਇਆ ਮਨ) ਨਾਮ-ਅੰਮ੍ਰਿਤ ਦੇ ਰਸ ਨਾਲ ਰਸ ਜਾਂਦਾ ਹੈ;

ਏਸੁ ਕਲਾ ਜੋ ਜਾਣੈ ਭੇਉ ॥

ਜੋ ਮਨੁੱਖ ਇਸ (ਅਵਸਥਾ ਵਿਚ ਅੱਪੜ ਸਕਣ ਵਾਲੇ) ਹੁਨਰ ਦਾ ਭੇਦ ਜਾਣ ਲੈਂਦਾ ਹੈ,

ਭੇਟੈ ਤਾਸੁ ਪਰਮ ਗੁਰਦੇਉ ॥੩॥

ਉਸ ਨੂੰ ਅਕਾਲ ਪੁਰਖ ਮਿਲ ਪੈਂਦਾ ਹੈ ॥੩॥

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥

ਅਪਹੁੰਚ, ਬੇਅੰਤ ਤੇ ਪਰਮ ਪੁਰਖ ਪ੍ਰਭੂ ਦੇ ਪਰਗਟ ਹੋਣ ਦਾ ਟਿਕਾਣਾ (ਮਨੁੱਖਾ ਸਰੀਰ ਦਾ ਦਿਮਾਗ਼-ਰੂਪ) ਦਸਵਾਂ ਬੂਹਾ ਹੈ;

ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥

ਸਰੀਰ ਦੇ ਉਤਲੇ ਹਿੱਸੇ ਵਿਚ (ਸਿਰ, ਮਾਨੋ) ਇਕ ਹੱਟ ਹੈ, ਉਸ ਹੱਟ ਵਿਚ (ਦਿਮਾਗ਼, ਮਾਨੋ) ਇਕ ਆਲਾ ਹੈ, ਇਸ ਆਲੇ ਦੀ ਰਾਹੀਂ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ॥੪॥

ਜਾਗਤੁ ਰਹੈ ਸੁ ਕਬਹੁ ਨ ਸੋਵੈ ॥

(ਜਿਸ ਦੇ ਅੰਦਰ ਪਰਮਾਤਮਾ ਪਰਗਟ ਹੋ ਪਿਆ) ਉਹ ਸਦਾ ਜਾਗਦਾ ਰਹਿੰਦਾ ਹੈ (ਸੁਚੇਤ ਰਹਿੰਦਾ ਹੈ), (ਮਾਇਆ ਦੀ ਨੀਂਦ ਵਿਚ) ਕਦੇ ਸਉਂਦਾ ਨਹੀਂ;

ਤੀਨਿ ਤਿਲੋਕ ਸਮਾਧਿ ਪਲੋਵੈ ॥

ਉਹ ਇਕ ਐਸੀ ਸਮਾਧੀ ਵਿਚ ਟਿਕਿਆ ਰਹਿੰਦਾ ਹੈ ਜਿਥੋਂ ਮਾਇਆ ਦੇ ਤਿੰਨੇ ਗੁਣ ਤੇ ਤਿੰਨਾਂ ਲੋਕਾਂ ਦੀ ਮਾਇਆ ਪਰੇ ਹੀ ਰਹਿੰਦੇ ਹਨ;

ਬੀਜ ਮੰਤ੍ਰੁ ਲੈ ਹਿਰਦੈ ਰਹੈ ॥

ਉਹ ਮਨੁੱਖ ਪ੍ਰਭੂ ਦਾ ਨਾਮ ਮੰਤ੍ਰ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ,

ਮਨੂਆ ਉਲਟਿ ਸੁੰਨ ਮਹਿ ਗਹੈ ॥੫॥

(ਜਿਸ ਦੀ ਬਰਕਤਿ ਨਾਲ) ਉਸ ਦਾ ਮਨ ਮਾਇਆ ਵਲੋਂ ਪਰਤ ਕੇ (ਸੁਚੇਤ ਰਹਿੰਦਾ ਹੈ), ਉਸ ਅਵਸਥਾ ਵਿਚ ਟਿਕਾਣਾ ਪਕੜਦਾ ਹੈ ਜਿਥੇ ਕੋਈ ਫੁਰਨਾ ਨਹੀਂ ਉਠਦਾ ॥੫॥

ਜਾਗਤੁ ਰਹੈ ਨ ਅਲੀਆ ਭਾਖੈ ॥

ਉਹ ਮਨੁੱਖ ਸਦਾ ਜਾਗਦਾ ਹੈ, (ਸੁਚੇਤ ਰਹਿੰਦਾ ਹੈ), ਕਦੇ ਝੂਠ ਨਹੀਂ ਬੋਲਦਾ;

ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥

ਪੰਜਾਂ ਹੀ ਇੰਦ੍ਰਿਆਂ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ,

ਗੁਰ ਕੀ ਸਾਖੀ ਰਾਖੈ ਚੀਤਿ ॥

ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ,

ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥

ਆਪਣਾ ਮਨ, ਆਪਣਾ ਸਰੀਰ ਪ੍ਰਭੂ ਦੇ ਪਿਆਰ ਤੋਂ ਸਦਕੇ ਕਰਦਾ ਹੈ ॥੬॥

ਕਰ ਪਲਵ ਸਾਖਾ ਬੀਚਾਰੇ ॥

ਉਹ ਮਨੁੱਖ (ਜਗਤ ਨੂੰ) ਹੱਥ (ਦੀਆਂ ਉੱਗਲਾਂ, ਰੁੱਖ ਦੀਆਂ) ਟਹਿਣੀਆਂ ਤੇ ਪੱਤਰ ਸਮਝਦਾ ਹੈ।

ਅਪਨਾ ਜਨਮੁ ਨ ਜੂਐ ਹਾਰੇ ॥

(ਇਸ ਵਾਸਤੇ ਮੂਲ ਪ੍ਰਭੂ ਨੂੰ ਛੱਡ ਕੇ ਇਸ ਖਿਲਾਰੇ ਵਿਚ ਰੁੱਝ ਕੇ) ਆਪਣੀ ਜ਼ਿੰਦਗੀ ਜੂਏ ਦੀ ਖੇਡ ਵਿਚ ਨਹੀਂ ਗਵਾਉਂਦਾ;

ਅਸੁਰ ਨਦੀ ਕਾ ਬੰਧੈ ਮੂਲੁ ॥

ਵਿਕਾਰਾਂ ਦੀ ਨੀਂਦ ਦਾ ਸੋਮਾ ਹੀ ਬੰਦ ਕਰ ਦੇਂਦਾ ਹੈ,

ਪਛਿਮ ਫੇਰਿ ਚੜਾਵੈ ਸੂਰੁ ॥

ਮਨ ਨੂੰ ਅਗਿਆਨਤਾ ਦੇ ਹਨੇਰੇ ਵਲੋਂ ਪਰਤਾ ਕੇ (ਇਸ ਵਿਚ ਗਿਆਨ ਦਾ) ਸੂਰਜ ਚੜ੍ਹਾਉਂਦਾ ਹੈ;

ਅਜਰੁ ਜਰੈ ਸੁ ਨਿਝਰੁ ਝਰੈ ॥

(ਉਸ ਦੇ ਅੰਦਰ ਮਿਲਾਪ ਦਾ) ਇਕ ਚਸ਼ਮਾ ਫੁੱਟ ਪੈਂਦਾ ਹੈ। (ਉਹ ਇਕ ਐਸੀ ਮੌਜ) ਮਾਣਦਾ ਹੈ, ਜਿਸ ਨੂੰ ਕਦੇ ਬੁਢੇਪਾ ਨਹੀਂ (ਭਾਵ, ਜੋ ਕਦੇ ਮੁੱਕਦੀ ਨਹੀਂ)।

ਜਗੰਨਾਥ ਸਿਉ ਗੋਸਟਿ ਕਰੈ ॥੭॥

(ਉਹ ਸਦਾ ਲਈ) ਪਰਮਾਤਮਾ ਨਾਲ ਮੇਲ ਕਰ ਲੈਂਦਾ ਹੈ ॥੭॥

ਚਉਮੁਖ ਦੀਵਾ ਜੋਤਿ ਦੁਆਰ ॥

ਪ੍ਰਭੂ ਦੀ ਜੋਤਿ ਦੁਆਰਾ ਉਸ ਦੇ ਅੰਦਰ (ਮਾਨੋ) ਚਾਰ ਮੂੰਹਾਂ ਵਾਲਾ ਦੀਵਾ ਜਗ ਪੈਂਦਾ ਹੈ (ਜਿਸ ਕਰਕੇ ਹਰ ਪਾਸੇ ਚਾਨਣ ਹੀ ਚਾਨਣ ਰਹਿੰਦਾ ਹੈ);

ਪਲੂ ਅਨਤ ਮੂਲੁ ਬਿਚਕਾਰਿ ॥

(ਉਸ ਦੇ ਅੰਦਰ, ਮਾਨੋ, ਇਕ ਐਸਾ ਫੁੱਲ ਖਿੜ ਪੈਂਦਾ ਹੈ, ਜਿਸ ਦੇ) ਵਿਚਕਾਰ ਪ੍ਰਭੂ-ਰੂਪ ਮਕਰੰਦ ਹੁੰਦਾ ਹੈ ਤੇ ਉਸ ਦੀਆਂ ਬੇਅੰਤ ਪੱਤੀਆਂ ਹੁੰਦੀਆਂ ਹਨ।

ਸਰਬ ਕਲਾ ਲੇ ਆਪੇ ਰਹੈ ॥

(ਅਨੰਤ ਰਚਨਾ ਵਾਲਾ ਪ੍ਰਭੂ ਉਸ ਦੇ ਅੰਦਰ ਪਰਗਟ ਹੋ ਪੈਂਦਾ ਹੈ) ਉਹ ਮਨੁੱਖ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ।

ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥

ਉਸ ਦਾ ਮਨ ਮੋਤੀ (ਬਣ ਕੇ ਪ੍ਰਭੂ ਦੇ ਗੁਣ ਰੂਪ) ਰਤਨਾਂ ਵਿਚ ਜੁੜਿਆ ਰਹਿੰਦਾ ਹੈ ॥੮॥

ਮਸਤਕਿ ਪਦਮੁ ਦੁਆਲੈ ਮਣੀ ॥

(ਉਸ ਦੀ ਬਰਕਤਿ ਨਾਲ) ਉਸ ਦੇ ਮੱਥੇ ਉੱਤੇ (ਮਾਨੋ) ਕਉਲ ਫੁੱਲ (ਖਿੜ ਪੈਂਦਾ ਹੈ, ਤੇ) ਉਸ ਫੁੱਲ ਦੇ ਚਾਰ ਚੁਫੇਰੇ ਹੀਰੇ (ਪਰੋਤੇ ਜਾਂਦੇ ਹਨ);

ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥

ਉਸ ਬੰਦੇ ਦੇ ਧੁਰ ਅੰਦਰ ਤ੍ਰਿਲੋਕੀ ਦਾ ਮਾਲਕ ਪ੍ਰਭੂ ਆ ਟਿਕਦਾ ਹੈ।

ਪੰਚ ਸਬਦ ਨਿਰਮਾਇਲ ਬਾਜੇ ॥

(ਉਸ ਦੇ ਅੰਦਰ ਮਾਨੋ ਇਕ ਐਸਾ ਸੁੰਦਰ ਰਾਗ ਹੁੰਦਾ ਹੈ ਕਿ (ਪੰਜੇ ਹੀ ਕਿਸਮਾਂ ਦੇ ਸੋਹਣੇ ਸਾਜ ਵੱਜ ਪੈਂਦੇ ਹਨ,

ਢੁਲਕੇ ਚਵਰ ਸੰਖ ਘਨ ਗਾਜੇ ॥

ਬੜੇ ਸੰਖ ਵੱਜਣ ਲੱਗ ਪੈਂਦੇ ਹਨ, ਉਸ ਉਤੇ ਚੌਰ ਝੁੱਲ ਪੈਂਦਾ ਹੈ (ਭਾਵ, ਉਸ ਦਾ ਮਨ ਸ਼ਾਹਨਸ਼ਾਹਾਂ ਦਾ ਸ਼ਾਹ ਬਣ ਜਾਂਦਾ ਹੈ)।

ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥

ਸਤਿਗੁਰੂ ਤੋਂ ਮਿਲਿਆ ਹੋਇਆ ਪ੍ਰਭੂ ਦੇ ਨਾਮ ਦਾ ਇਹ ਚਾਨਣ ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ।

ਬੇਣੀ ਜਾਚੈ ਤੇਰਾ ਨਾਮੁ ॥੯॥੧॥

ਹੇ ਪ੍ਰਭੂ! (ਤੇਰਾ ਦਾਸ) ਬੇਣੀ (ਭੀ ਤੇਰੇ ਦਰ ਤੋਂ) (ਇਹ) ਨਾਮ ਹੀ ਮੰਗਦਾ ਹੈ ॥੯॥੧॥

1
2
3
4
5
6
7
8