ਰਾਗ ਰਾਮਕਲੀ – ਬਾਣੀ ਸ਼ਬਦ-Part 3 – Raag Ramkali – Bani

ਰਾਗ ਰਾਮਕਲੀ – ਬਾਣੀ ਸ਼ਬਦ-Part 3 – Raag Ramkali – Bani

ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ ॥

ਰਾਗ ਰਾਮਕਲੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗਾਵਹੁ ਰਾਮ ਕੇ ਗੁਣ ਗੀਤ ॥

ਹੇ ਮੇਰੇ ਮਿੱਤਰ! ਪਰਮਾਤਮਾ ਦੇ ਗੁਣਾਂ ਦੇ ਗੀਤ (ਸਦਾ) ਗਾਂਦਾ ਰਹੁ।

ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥੧॥ ਰਹਾਉ ॥

ਪਰਮਾਤਮਾ ਦਾ ਨਾਮ ਜਪਦਿਆਂ ਸਭ ਤੋਂ ਸ੍ਰੇਸ਼ਟ ਸੁਖ ਹਾਸਲ ਕਰ ਲਈਦਾ ਹੈ ਅਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥ ਰਹਾਉ ॥

ਗੁਣ ਗਾਵਤ ਹੋਵਤ ਪਰਗਾਸੁ ॥

ਹੇ ਮਿੱਤਰ! ਪਰਮਾਤਮਾ ਦੇ ਗੁਣ ਗਾਂਦਿਆਂ (ਮਨ ਵਿਚ ਸਹੀ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,

ਚਰਨ ਕਮਲ ਮਹਿ ਹੋਇ ਨਿਵਾਸੁ ॥੧॥

ਅਤੇ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਮਨ ਟਿਕਿਆ ਰਹਿੰਦਾ ਹੈ ॥੧॥

ਸੰਤਸੰਗਤਿ ਮਹਿ ਹੋਇ ਉਧਾਰੁ ॥

ਗੁਰੂ ਦੀ ਸੰਗਤ ਵਿਚ ਰਿਹਾਂ ਤੇਰਾ ਪਾਰ-ਉਤਾਰਾ ਹੋ ਜਾਇਗਾ,

ਨਾਨਕ ਭਵਜਲੁ ਉਤਰਸਿ ਪਾਰਿ ॥੨॥੧॥੫੭॥

ਤੇ ਹੇ ਨਾਨਕ! ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੨॥੧॥੫੭॥


ਰਾਮਕਲੀ ਮਹਲਾ ੫ ॥
ਗੁਰੁ ਪੂਰਾ ਮੇਰਾ ਗੁਰੁ ਪੂਰਾ ॥

ਮੇਰਾ ਗੁਰੂ ਸਭ ਗੁਣਾਂ ਦਾ ਮਾਲਕ ਹੈ, ਮੇਰਾ ਗੁਰੂ ਪੂਰੀ ਸਮਰਥਾ ਵਾਲਾ ਹੈ।

ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥

(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪ ਕੇ ਮਨੁੱਖ ਸਦਾ ਸੁਖੀ ਰਹਿੰਦੇ ਹਨ, ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੇ ਉਹਨਾਂ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਏਕੁ ਅਰਾਧਹੁ ਸਾਚਾ ਸੋਇ ॥

(ਗੁਰੂ ਦੇ ਦਰ ਤੇ ਆ ਕੇ) ਸਦਾ ਕਾਇਮ ਰਹਿਣ ਵਾਲੇ ਉਸ ਇੱਕ ਪਰਮਾਤਮਾ ਦਾ ਆਰਾਧਨ ਕਰਿਆ ਕਰੋ,

ਜਾ ਕੀ ਸਰਨਿ ਸਦਾ ਸੁਖੁ ਹੋਇ ॥੧॥

ਜਿਸ ਦੀ ਸਰਨ ਪਿਆਂ ਸਦਾ ਆਤਮਕ ਆਨੰਦ ਮਿਲਦਾ ਹੈ ॥੧॥

ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ॥

(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦੇ ਨਾਮ ਦੀ ਲਗਨ ਪੈਦਾ ਹੋ ਜਾਂਦੀ ਹੈ, ਤੇ, ਨਾਮ ਵਿਚ ਲੀਨਤਾ ਮਨੁੱਖ ਵਾਸਤੇ ਸੁਖਦਾਈ ਹੋ ਜਾਂਦੀ ਹੈ।

ਹਰਿ ਸਿਮਰਤ ਬਿਨਸੇ ਸਭ ਦੂਖ ॥੨॥

ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੨॥

ਸਹਜਿ ਅਨੰਦ ਕਰਹੁ ਮੇਰੇ ਭਾਈ ॥

ਹੇ ਮੇਰੇ ਭਾਈ! ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਖ਼ੁਸ਼ੀਆਂ ਪ੍ਰਾਪਤ ਕਰੋ।

ਗੁਰਿ ਪੂਰੈ ਸਭ ਚਿੰਤ ਮਿਟਾਈ ॥੩॥

(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਪੂਰਾ ਗੁਰੂ ਉਸ ਦੀ ਸਾਰੀ ਚਿੰਤਾ ਮਿਟਾ ਦੇਂਦਾ ਹੈ ॥੩॥

ਆਠ ਪਹਰ ਪ੍ਰਭ ਕਾ ਜਪੁ ਜਾਪਿ ॥

(ਗੁਰੂ ਦੀ ਸਰਨ ਪੈ ਕੇ) ਅੱਠੇ ਪਹਿਰ ਪ੍ਰਭੂ ਦੇ ਨਾਮ ਦਾ ਜਾਪ ਕਰਿਆ ਕਰ।

ਨਾਨਕ ਰਾਖਾ ਹੋਆ ਆਪਿ ॥੪॥੨॥੫੮॥

ਹੇ ਨਾਨਕ! (ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਪ੍ਰਭੂ) ਆਪ ਉਸ ਦਾ ਰਖਵਾਲਾ ਬਣਦਾ ਹੈ ॥੪॥੨॥੫੮॥


ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩ ॥

ਰਾਗ ਰਾਮਕਲੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਪੜਤਾਲ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਰਨਰਹ ਨਮਸਕਾਰੰ ॥

ਸਦਾ ਪਰਮਾਤਮਾ ਨੂੰ ਨਮਸਕਾਰ ਕਰਦੇ ਰਹੋ।

ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥੧॥ ਰਹਾਉ ॥

ਉਹ ਇੱਕ ਸਰਬ-ਵਿਆਪਕ ਪਰਮਾਤਮਾ ਜਲਾਂ ਵਿਚ ਮੌਜੂਦ ਹੈ, ਥਲਾਂ ਵਿਚ ਹੈ, ਧਰਤੀ ਵਿਚ ਹੈ, ਤੇ ਆਕਾਸ਼ ਵਿਚ ਹੈ ॥੧॥ ਰਹਾਉ ॥

ਹਰਨ ਧਰਨ ਪੁਨ ਪੁਨਹ ਕਰਨ ॥

ਪਰਮਾਤਮਾ ਸਭ ਦਾ ਨਾਸ ਕਰਨ ਵਾਲਾ ਹੈ, ਉਹੀ ਸਭ ਦਾ ਪਾਲਣ ਵਾਲਾ ਹੈ, ਉਹੀ ਜੀਵਾਂ ਨੂੰ ਮੁੜ ਮੁੜ ਪੈਦਾ ਕਰਨ ਵਾਲਾ ਹੈ।

ਨਹ ਗਿਰਹ ਨਿਰੰਹਾਰੰ ॥੧॥

ਉਸ ਦਾ ਕੋਈ ਖ਼ਾਸ ਘਰ ਨਹੀਂ, ਉਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ॥੧॥

ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥

ਪਰਮਾਤਮਾ (ਮਾਨੋ) ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦਾ ਨਾਮ ਬਹੁ-ਮੁੱਲਾ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ, ਬੇਅੰਤ ਹੈ।

ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥੨॥੧॥੫੯॥

ਉਹ ਸਭ ਕੌਤਕ ਕਰਨ ਵਾਲਾ ਹੈ, ਅਮੁੱਲ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਉਸ ਤੋਂ ਕੁਰਬਾਨ ਜਾਣਾ ਚਾਹੀਦਾ ਹੈ ॥੨॥੧॥੫੯॥


ਰਾਮਕਲੀ ਮਹਲਾ ੫ ॥
ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥੧॥ ਰਹਾਉ ॥

ਸੋਨਾ, ਇਸਤ੍ਰੀ ਆਦਿਕ ਮਾਇਆ ਦੇ ਠੱਗੇ ਹੋਏ ਜੀਵ (ਆਖ਼ਰ ਦੁਨੀਆ ਦੇ ਸਾਰੇ) ਸੋਹਣੇ ਰੂਪ ਰੰਗ ਸੁਗੰਧੀਆਂ ਤੇ ਭੋਗ-ਪਦਾਰਥ ਛੱਡ ਕੇ (ਇਥੋਂ) ਤੁਰ ਪੈਂਦੇ ਹਨ ॥੧॥ ਰਹਾਉ ॥

ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥

ਬੇਅੰਤ ਧਨ ਦੇ ਖ਼ਜ਼ਾਨਿਆਂ ਦੀ ਮੌਜ ਵੇਖ ਵੇਖ ਕੇ (ਮਨੁੱਖ ਦਾ) ਮਨ (ਆਪਣੇ ਅੰਦਰ) ਢਾਰਸ ਬਣਾਂਦਾ ਰਹਿੰਦਾ ਹੈ,

ਨਹ ਸੰਗਿ ਗਾਮਨੀ ॥੧॥

(ਪਰ ਇਹਨਾਂ ਵਿਚੋਂ ਕੋਈ ਚੀਜ਼ ਇਸ ਦੇ) ਨਾਲ ਨਹੀਂ ਜਾਂਦੀ ॥੧॥

ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥

ਪੁੱਤਰ, ਇਸਤ੍ਰੀ, ਭਰਾ, ਮਿੱਤਰ (ਆਦਿਕ ਦੇ ਮੋਹ) ਵਿਚ ਜੀਵ ਫਸਿਆ ਰਹਿੰਦਾ ਹੈ, ਭੁਲੇਖੇ ਦੇ ਕਾਰਨ ਮੋਹ ਵਿਚ ਠੱਗਿਆ ਜਾਂਦਾ ਹੈ-ਪਰ ਇਹ ਸਭ ਕੁਝ ਰੁੱਖ ਦੀ ਛਾਂ (ਵਾਂਗ) ਹੈ।

ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥੨॥੨॥੬੦॥

(ਇਸ ਵਾਸਤੇ) ਹੇ ਨਾਨਕ! ਪਰਮਾਤਮਾ ਦੇ ਸੋਹਣੇ ਚਰਨਾਂ ਦੀ ਸਰਨ ਦਾ ਸੁਖ ਹੀ ਸੰਤ ਜਨਾਂ ਨੂੰ ਚੰਗਾ ਲੱਗਦਾ ਹੈ ॥੨॥੨॥੬੦॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਰਾਮਕਲੀ ਮਹਲਾ ੯ ਤਿਪਦੇ ॥

ਰਾਗ ਰਾਮਕਲੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਤਿਨ-ਬੰਦਾਂ ਵਾਲੀ ਬਾਣੀ।

ਰੇ ਮਨ ਓਟ ਲੇਹੁ ਹਰਿ ਨਾਮਾ ॥

ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਕਰ,

ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥

ਜਿਸ ਨਾਮ ਦੇ ਸਿਮਰਨ ਨਾਲ ਖੋਟੀ ਮੱਤ ਨਾਸ ਹੋ ਜਾਂਦੀ ਹੈ, (ਨਾਮ ਦੀ ਬਰਕਤਿ ਨਾਲ) ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥ ਰਹਾਉ ॥

ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥

ਹੇ (ਮੇਰੇ) ਮਨ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ।

ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥

ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਕੇ ਫਿਰ ਬੈਕੁੰਠ ਵਿਚ ਜਾ ਪਹੁੰਚਦਾ ਹੈ ॥੧॥

ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥

(ਹੇ ਮੇਰੇ ਮਨ! ਵੇਖ, ਪੁਰਾਣੀ ਪ੍ਰਸਿੱਧ ਕਥਾ ਹੈ ਕਿ) ਅਖ਼ੀਰਲੇ ਵੇਲੇ (ਪਾਪੀ) ਅਜਾਮਲ ਨੂੰ ਪਰਮਾਤਮਾ ਦੇ ਨਾਮ ਦੀ ਸੂਝ ਆ ਗਈ,

ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥

ਉਸ ਨੇ ਉਹ ਉੱਚੀ ਆਤਮਕ ਅਵਸਥਾ ਇਕ ਪਲਕ ਵਿਚ ਹਾਸਲ ਕਰ ਲਈ, ਜਿਸ ਆਤਮਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਤਾਂਘਦੇ ਰਹਿੰਦੇ ਹਨ ॥੨॥

ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥

ਹੇ ਮੇਰੇ ਮਨ! ਗਜ ਦੀ ਕਥਾ ਭੀ ਸੁਣ। ਗਜ ਵਿਚ) ਨਾਹ ਕੋਈ ਗੁਣ ਸੀ, ਨਾਹ ਹੀ ਉਸ ਨੂੰ ਕੋਈ ਵਿੱਦਿਆ ਪ੍ਰਾਪਤ ਸੀ। (ਉਸ ਵਿਚਾਰੇ) ਗਜ ਨੇ ਕਿਹੜਾ ਧਾਰਮਿਕ ਕੰਮ ਕਰਨਾ ਸੀ?

ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥

ਹੇ ਨਾਨਕ! ਪਰ ਵੇਖ ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ, ਪਰਮਾਤਮਾ ਨੇ ਉਸ ਗਜ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ ॥੩॥੧॥


ਰਾਮਕਲੀ ਮਹਲਾ ੯ ॥
ਸਾਧੋ ਕਉਨ ਜੁਗਤਿ ਅਬ ਕੀਜੈ ॥

ਹੇ ਸੰਤ ਜਨੋ! ਹੁਣ (ਇਸ ਮਨੁੱਖਾ ਜਨਮ ਵਿਚ ਉਹ) ਕਿਹੜੀ ਵਿਓਂਤ ਕੀਤੀ ਜਾਏ,

ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥੧॥ ਰਹਾਉ ॥

ਜਿਸ ਦੇ ਕਰਨ ਨਾਲ (ਮਨੁੱਖ ਦੇ ਅੰਦਰੋਂ) ਸਾਰੀ ਖੋਟੀ ਮੱਤ ਨਾਸ ਹੋ ਜਾਏ, ਅਤੇ (ਮਨੁੱਖ ਦਾ) ਮਨ ਪਰਮਾਤਮਾ ਦੀ ਭਗਤੀ ਵਿਚ ਰਚ-ਮਿਚ ਜਾਏ? ॥੧॥ ਰਹਾਉ ॥

ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥

ਹੇ ਸੰਤ ਜਨੋ! (ਆਮ ਤੌਰ ਤੇ ਮਨੁੱਖ ਦਾ) ਮਨ ਮਾਇਆ (ਦੇ ਮੋਹ) ਵਿਚ ਉਲਝਿਆ ਰਹਿੰਦਾ ਹੈ, ਮਨੁੱਖ ਰਤਾ ਭਰ ਭੀ ਸਿਆਣਪ ਦੀ ਇਹ ਗੱਲ ਨਹੀਂ ਵਿਚਾਰਦਾ,

ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥੧॥

ਕਿ ਉਹ ਕਿਹੜਾ ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਜਗਤ ਵਾਸਨਾ-ਰਹਿਤ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੧॥

ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥

ਜਦੋਂ ਸੰਤ ਜਨ (ਕਿਸੇ ਭਾਗਾਂ ਵਾਲੇ ਉਤੇ) ਦਇਆਵਾਨ ਹੁੰਦੇ ਹਨ ਕਿਰਪਾਲ ਹੁੰਦੇ ਹਨ, ਤਦੋਂ ਉਹ (ਉਸ ਮਨੁੱਖ ਨੂੰ) ਇਹ ਗੱਲ ਦੱਸਦੇ ਹਨ ਕਿ-

ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥੨॥

ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਇਉਂ ਮਿਥ ਲਵੋ ਕਿ ਉਸ ਨੇ ਸਾਰੇ ਹੀ ਧਾਰਮਿਕ ਕੰਮ ਕਰ ਲਏ ॥੨॥

ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥

(ਜਿਹੜਾ) ਮਨੁੱਖ ਦਿਨ ਰਾਤ ਵਿਚ ਅੱਖ ਦੇ ਇਕ ਫੋਰ ਲਈ ਭੀ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ,

ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥੩॥੨॥

ਹੇ ਨਾਨਕ! ਉਹ ਆਪਣਾ (ਮਨੁੱਖਾ) ਜਨਮ ਸਫਲ ਕਰ ਲੈਂਦਾ ਹੈ, ਉੇਸ ਮਨੁੱਖ ਦੇ ਦਿਲ ਵਿਚੋਂ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ ॥੩॥੨॥


ਰਾਮਕਲੀ ਮਹਲਾ ੯ ॥
ਪ੍ਰਾਨੀ ਨਾਰਾਇਨ ਸੁਧਿ ਲੇਹਿ ॥

ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਈ ਰੱਖ।

ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥

(ਪ੍ਰਭੂ ਦੀ ਯਾਦ ਤੋਂ ਬਿਨਾ ਤੇਰਾ ਮਨੁੱਖਾ) ਸਰੀਰ ਵਿਅਰਥ ਜਾ ਰਿਹਾ ਹੈ। ਦਿਨੇ ਰਾਤ ਇਕ ਇਕ ਛਿਨ ਕਰ ਕੇ ਤੇਰੀ ਉਮਰ ਘਟਦੀ ਜਾ ਰਹੀ ਹੈ ॥੧॥ ਰਹਾਉ ॥

ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥

(ਜੀਵ ਭੀ ਅਜਬ ਮੰਦਭਾਗੀ ਹੈ ਕਿ ਇਸ ਨੇ) ਜਵਾਨੀ (ਦੀ ਉਮਰ) ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਬਾਲ-ਉਮਰ ਅੰਞਾਣ-ਪੁਣੇ ਵਿਚ (ਗਵਾ ਲਈ।

ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥੧॥

ਹੁਣ) ਬੁੱਢਾ ਹੋ ਗਿਆ ਹੈ, ਪਰ ਅਜੇ ਭੀ ਨਹੀਂ ਸਮਝਦਾ। (ਪਤਾ ਨਹੀਂ ਇਹ) ਕਿਸ ਖੋਟੀ ਮੱਤ ਵਿਚ ਫਸਿਆ ਪਿਆ ਹੈ ॥੧॥

ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥

ਹੇ ਪ੍ਰਾਣੀ! ਜਿਸ ਠਾਕੁਰ-ਪ੍ਰਭੂ ਨੇ (ਤੈਨੂੰ) ਮਨੁੱਖਾ ਜਨਮ ਦਿੱਤਾ ਹੋਇਆ ਹੈ, ਤੂੰ ਉਸ ਨੂੰ ਕਿਉਂ ਭੁਲਾ ਰਿਹਾ ਹੈਂ?

ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥੨॥

ਹੇ ਨਰ! ਜਿਸ ਪਰਮਾਤਮਾ ਦਾ ਨਾਮ ਸਿਮਰਨ ਨਾਲ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹੁੰਦੀ ਹੈ ਤੂੰ ਅੱਖ ਦੇ ਇਕ ਫੋਰ ਲਈ ਭੀ ਉਸ (ਦੀ ਸਿਫ਼ਤ-ਸਾਲਾਹ) ਨੂੰ ਨਹੀਂ ਗਾਂਦਾ ॥੨॥

ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥

ਹੇ ਪ੍ਰਾਣੀ! ਕਿਉਂ ਮਾਇਆ ਦਾ (ਇਤਨਾ) ਮਾਣ ਤੂੰ ਕਰ ਰਿਹਾ ਹੈਂ? (ਇਹ ਤਾਂ) ਕਿਸੇ ਦੇ ਨਾਲ ਭੀ (ਅਖ਼ੀਰ ਵੇਲੇ) ਨਹੀਂ ਜਾਂਦੀ।

ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥੩॥੩॥੮੧॥

ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਅੰਤ ਵੇਲੇ ਉਹ ਤੇਰਾ ਮਦਦਗਾਰ ਹੋਵੇਗਾ ॥੩॥੩॥੮੧॥


ਰਾਮਕਲੀ ਮਹਲਾ ੧ ਅਸਟਪਦੀਆ ॥

ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥

(ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ,

ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥

ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ। ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿਚ ਨਹੀਂ ਖੇਡ ਸਕਦਾ ॥੧॥

ਜੀਵਨ ਤਲਬ ਨਿਵਾਰਿ ॥

(ਹੇ ਪੰਡਿਤ! ਆਪਣੇ ਮਨ ਵਿਚੋਂ) ਖ਼ੁਦ-ਗ਼ਰਜ਼ੀ ਦੂਰ ਕਰ (ਇਹ ਖ਼ੁਦ-ਗ਼ਰਜ਼ੀ ਕਲਿਜੁਗ ਹੈ।

ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ ਰਹਾਉ ॥

ਇਸ ਖ਼ੁਦ-ਗ਼ਰਜ਼ੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉਤੇ) ਧੱਕਾ ਕਰਦੇ ਹਨ ਤੇ (ਉਹਨਾਂ ਦੀਆਂ ਨਜ਼ਰਾਂ ਵਿਚ) ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। ਖ਼ੁਦ-ਗ਼ਰਜ਼ੀ ਤੇ ਦੂਜਿਆਂ ਉਤੇ ਧੱਕਾ-ਹੇ ਪੰਡਿਤ! ਇਹਨਾਂ ਨੂੰ) ਕਲਿਜੁਗ ਦੇ ਲੱਛਣ ਸਮਝ ॥੧॥ ਰਹਾਉ ॥

ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥

ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ ਵਿਚ ਆਇਆ ਹੋਇਆ ਹੈ, ਕਿਸੇ ਖ਼ਾਸ ਤੀਰਥ ਕੋਲ ਬੈਠਾ ਹੋਇਆ ਹੈ।

ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥੨॥

ਜਿਥੇ ਕੋਈ ਦਾਨੀ ਦਾਨ ਕਰਦਾ ਹੈ ਉਥੇ ਭੀ ਬੈਠਾ ਹੋਇਆ ਕਿਸੇ ਨਹੀਂ ਸੁਣਿਆ, ਕਿਸੇ ਥਾਂ ਕਲਿਜੁਗ ਮਹਲ ਉਸਾਰ ਕੇ ਨਹੀਂ ਬੈਠ ਰਿਹਾ ॥੨॥

ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥

ਜੇ ਕੋਈ ਮਨੁੱਖ ਆਪਣਾ ਆਚਰਨ ਉੱਚਾ ਬਣਾਂਦਾ ਹੈ ਤਾਂ ਉਹ (ਸਗੋਂ ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ, ਜੇ ਕੋਈ ਤਪੀ ਹੋਣ ਦਾ ਦਾਹਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੁੇ ਆਪਣੇ ਵੱਸ ਵਿਚ ਨਹੀਂ ਹਨ,

ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥੩॥

ਜੇ ਜੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ (ਲੋਕਾਂ ਵਿਚ ਸਗੋਂ ਉਸ ਦੀ) ਬਦਨਾਮੀ ਹੁੰਦੀ ਹੈ। (ਹੇ ਪੰਡਿਤ! ਭੈੜਾ ਆਚਰਨ, ਇੰਦ੍ਰੇ ਵੱਸ ਵਿਚ ਨਾਹ ਹੋਣੇ, ਪ੍ਰਭੂ-ਨਾਮ ਵੱਲੋਂ ਨਫ਼ਰਤ-) ਇਹ ਹਨ ਕਲਿਜੁਗ ਦੇ ਲੱਛਣ ॥੩॥

ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ ॥

(ਪਰ ਇਹ ਖ਼ੁਦ-ਗ਼ਰਜ਼ੀ ਤੇ ਕਮਜ਼ੋਰਾਂ ਉਤੇ ਧੱਕਾ ਸੁਖੀ ਜੀਵਨ ਦਾ ਰਸਤਾ ਨਹੀਂ) ਜਿਸ ਮਨੁੱਖ ਨੂੰ ਦੂਜਿਆਂ ਉਤੇ ਸਰਦਾਰੀ ਮਿਲਦੀ ਹੈ (ਤੇ ਉਹ ਕਮਜ਼ੋਰਾਂ ਉਤੇ ਧੱਕਾ ਕਰਦਾ ਹੈ) ਉਸ ਦੀ ਹੀ (ਇਸ ਧੱਕੇ-ਜ਼ੁਲਮ ਦੇ ਕਾਰਨ ਆਖ਼ਰ) ਦੁਰਗਤਿ ਹੁੰਦੀ ਹੈ।

ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥੪॥

ਨੌਕਰਾਂ ਨੂੰ (ਉਸ ਦੁਰਗਤਿ ਤੋਂ ਕੋਈ) ਖ਼ਤਰਾ ਨਹੀਂ ਹੁੰਦਾ, ਜਦੋਂ ਉਸ ਸਰਦਾਰ ਦੇ ਗਲ ਵਿਚ ਫਾਹਾ ਪੈਂਦਾ ਹੈ, ਤਾਂ ਉਹ ਉਹਨਾਂ ਨੌਕਰਾਂ ਦੇ ਹੱਥੋਂ ਹੀ ਮਰਦਾ ਹੈ ॥੪॥

ਆਖੁ ਗੁਣਾ ਕਲਿ ਆਈਐ ॥

(ਹੇ ਪੰਡਿਤ! ਤੇਰੇ ਕਹਿਣ ਅਨੁਸਾਰ ਜੇ ਹੁਣ) ਕਲਿਜੁਗ ਦਾ ਸਮਾ ਹੀ ਆ ਗਿਆ ਹੈ,

ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ ॥੧॥ ਰਹਾਉ ॥

(ਤਾਂ ਭੀ ਤੀਰਥ ਵਰਤ ਆਦਿਕ ਕਰਮ ਕਾਂਡ ਦਾ ਰਸਤਾ ਛੱਡ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ (ਕਿਉਂਕਿ ਤੇਰੇ ਧਰਮ ਸ਼ਾਸਤ੍ਰਾਂ ਅਨੁਸਾਰ ਕਲਿਜੁਗ ਵਿਚ ਸਿਫ਼ਤ-ਸਾਲਾਹ ਹੀ ਪਰਵਾਨ ਹੈ, ਤੇ) ਪਹਿਲੇ ਤਿੰਨ ਜੁਗਾਂ ਦਾ ਪ੍ਰਭਾਵ ਹੁਣ ਮੁੱਕ ਚੁਕਾ ਹੈ। (ਸੋ, ਹੇ ਪੰਡਿਤ! ਪਰਮਾਤਮਾ ਅਗੇ ਇਉਂ ਅਰਜ਼ੋਈ ਕਰ-ਹੇ ਪ੍ਰਭੂ! ਜੇ ਬਖ਼ਸ਼ਸ਼ ਕਰਨੀ ਹੈ ਤਾਂ ਆਪਣੇ) ਗੁਣਾਂ ਦੀ ਬਖ਼ਸ਼ਸ਼ ਕਰ, ਇਹ ਹੀ ਪ੍ਰਾਪਤ ਕਰਨ-ਜੋਗ ਹੈ ॥੧॥ ਰਹਾਉ ॥

ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥

(ਹੇ ਪੰਡਿਤ) ਕਲਿਜੁਗ ਇਹ ਹੈ (ਕਿ ਮੁਸਲਮਾਨੀ ਹਕੂਮਤ ਵਿਚ ਧੱਕੇ-ਜ਼ੋਰ ਨਾਲ) ਝਗੜੇ ਵਧਾਣ ਵਾਲਾ ਇਸਲਾਮੀ ਕਾਨੂੰਨ ਹੀ ਫ਼ੈਸਲੇ ਕਰਨ ਵਾਲਾ ਬਣਿਆ ਹੋਇਆ ਹੈ, ਤੇ ਨਿਆਂ ਕਰਨ ਵਾਲਾ ਕਾਜ਼ੀ-ਹਾਕਮ ਵੱਢੀ-ਖ਼ੋਰ ਹੋ ਚੁਕਾ ਹੈ।

ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ ॥੫॥

(ਜਾਦੂ ਟੂਣਿਆਂ ਦਾ ਪਰਚਾਰਕ) ਅਥਰਬਣ ਵੇਦ ਬ੍ਰਹਮਾ ਦੀ ਬਾਣੀ ਪ੍ਰਧਾਨ ਹੈ। ਉੱਚਾ ਆਚਰਨ ਤੇ ਸਿਫ਼ਤ-ਸਾਲਾਹ ਲੋਕਾਂ ਦੇ ਮਨਾਂ ਤੋਂ ਲਹਿ ਗਏ ਹਨ-ਇਹੀ ਹੈ ਕਲਿਜੁਗ ॥੫॥

ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥

ਪਤੀ-ਪਰਮਾਤਮਾ ਨੂੰ ਵਿਸਾਰ ਕੇ ਇਹ ਦੇਵ-ਪੂਜਾ ਕਿਸ ਅਰਥ? ਉੱਚੇ ਆਚਰਨ ਤੋਂ ਖ਼ਾਲੀ ਰਹਿ ਕੇ ਇਸ ਸੰਜਮ ਦਾ ਕੀਹ ਲਾਭ? ਜੇ ਵਿਚਾਰਾਂ ਵਲੋਂ ਰੋਕ-ਥੰਮ ਨਹੀਂ ਤਾਂ ਜਨੇਊ ਕੀਹ ਸੰਵਾਰਦਾ ਹੈ?

ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥੬॥

(ਹੇ ਪੰਡਿਤ!) ਤੁਸੀ (ਤੀਰਥਾਂ ਤੇ) ਇਸ਼ਨਾਨ ਕਰਦੇ ਹੋ, (ਸਰੀਰ ਮਲ ਮਲ ਕੇ) ਧੋਂਦੇ ਹੋ, (ਮੱਥੇ ਉਤੇ) ਤਿਲਕ ਲਾਂਦੇ ਹੋ (ਤੇ ਇਸ ਨੂੰ ਪਵਿਤ੍ਰ ਕਰਮ ਸਮਝਦੇ ਹੋ), ਪਰ ਪਵਿਤ੍ਰ ਆਚਰਨ ਤੋਂ ਬਿਨਾ ਇਹ ਬਾਹਰਲੀ ਪਵਿਤ੍ਰਤਾ ਕੋਈ ਮੁੱਲ ਨਹੀਂ ਰੱਖਦੀ। (ਅਸਲ ਵਿਚ ਇਹ ਭੁਲੇਖਾ ਭੀ ਕਲਿਜੁਗ ਹੀ ਹੈ) ॥੬॥

ਕਲਿ ਪਰਵਾਣੁ ਕਤੇਬ ਕੁਰਾਣੁ ॥

(ਇਸਲਾਮੀ ਹਕੂਮਤ ਦੇ ਧੱਕੇ ਜ਼ੋਰ ਦੇ ਹੇਠ) ਸ਼ਾਮੀ ਕਿਤਾਬਾਂ ਤੇ ਕੁਰਾਨ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ,

ਪੋਥੀ ਪੰਡਿਤ ਰਹੇ ਪੁਰਾਣ ॥

ਪੰਡਿਤਾਂ ਦੀਆਂ ਪੁਰਾਣ ਆਦਿਕ ਪੁਸਤਕਾਂ ਰਹਿ ਗਈਆਂ ਹਨ।

ਨਾਨਕ ਨਾਉ ਭਇਆ ਰਹਮਾਣੁ ॥

ਹੇ ਨਾਨਕ! (ਇਸ ਜ਼ੋਰ ਧੱਕੇ ਹੇਠ ਹੀ) ਪਰਮਾਤਮਾ ਦਾ ਨਾਮ ‘ਰਹਮਾਨ’ ਆਖਿਆ ਜਾ ਰਿਹਾ ਹੈ- ਇਹ ਭੀ, ਹੇ ਪੰਡਿਤ! ਕਲਿਜੁਗ (ਦਾ ਲੱਛਣ) ਹੈ (ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਧੱਕੇ ਜ਼ੋਰ ਨਾਲ ‘ਧਿਙਾਣੇ’ ਨਾਲ ਦਬਾਣਾ ਕਲਿਜੁਗ ਦਾ ਪ੍ਰਭਾਵ ਹੈ)।

ਕਰਿ ਕਰਤਾ ਤੂ ਏਕੋ ਜਾਣੁ ॥੭॥

ਹੇ ਪੰਡਿਤ! ਹਰ ਇਕੋ ਕਰਤਾਰ ਹੈ ਹੀ ਇਹ ਸਭ ਕੁਝ ਕਰਨ ਵਾਲਾ ਜਾਣ ॥੭॥

ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥

ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਨਾਮ ਜਪਣ ਤੋਂ ਵਧੀਕ ਚੰਗਾ ਹੋਰ ਕੋਈ ਕਰਮ ਨਹੀਂ ਹੈ (ਪੰਡਿਤ ਤੀਰਥ ਵਰਤ ਆਦਿਕ ਕਰਮਾਂ ਨੂੰ ਹੀ ਸਲਾਹੁੰਦਾ ਰਹਿੰਦਾ ਹੈ)।

ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥

(ਪਰਮਾਤਮਾ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ, ਉਸ ਦਾ ਨਾਮ ਭੁਲਾਇਆਂ ਇਹ ਸੂਝ ਨਹੀਂ ਰਹਿੰਦੀ ਤੇ ਮਨੁੱਖ ਹੋਰ ਹੋਰ ਆਸਰੇ ਤੱਕਦਾ ਫਿਰਦਾ ਹੈ) ਪਰਮਾਤਮਾ ਦਾਤਾਰ ਹਿਰਦੇ-ਘਰ ਵਿਚ ਹੋਵੇ ਤੇ ਭੁੱਲੜ ਜੀਵ ਬਾਹਰ ਦੇਵੀ ਦੇਵਤਿਆਂ ਆਦਿਕ ਤੋਂ ਮੰਗਦਾ ਫਿਰੇ, ਇਹ ਦੋਸ਼ ਜੀਵ ਦੇ ਸਿਰ ਆਉਂਦਾ ਹੈ ॥੮॥੧॥


ਰਾਮਕਲੀ ਮਹਲਾ ੧ ॥
ਜਗੁ ਪਰਬੋਧਹਿ ਮੜੀ ਬਧਾਵਹਿ ॥

(ਹੇ ਜੋਗੀ!) ਤੂੰ ਜਗਤ ਨੂੰ ਉਪਦੇਸ਼ ਕਰਦਾ ਹੈਂ (ਇਸ ਉਪਦੇਸ਼ ਦੇ ਵੱਟੇ ਘਰ ਘਰ ਭਿੱਛਿਆ ਮੰਗ ਕੇ ਆਪਣੇ) ਸਰੀਰ ਨੂੰ (ਪਾਲ ਪਾਲ ਕੇ) ਮੋਟਾ ਕਰ ਰਿਹਾ ਹੈਂ।

ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥

(ਦਰ ਦਰ ਭਟਕਣ ਨਾਲ) ਮਨ ਦੀ ਅਡੋਲਤਾ ਗਵਾ ਕੇ ਤੂੰ ਸਦਾ-ਅਡੋਲ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈਂ?

ਮਮਤਾ ਮੋਹੁ ਕਾਮਣਿ ਹਿਤਕਾਰੀ ॥

ਜਿਸ ਮਨੁੱਖ ਨੂੰ ਮਾਇਆ ਦੀ ਮਮਤਾ ਲੱਗੀ ਹੋਵੇ ਮਾਇਆ ਦਾ ਮੋਹ ਚੰਬੜਿਆ ਹੋਵੇ ਜੋ ਇਸਤ੍ਰੀ ਦਾ ਭੀ ਪ੍ਰੇਮੀ ਹੋਵੇ,

ਨਾ ਅਉਧੂਤੀ ਨਾ ਸੰਸਾਰੀ ॥੧॥

ਉਹ ਨਾਹ ਤਿਆਗੀ ਰਿਹਾ ਨਾਹ ਗ੍ਰਿਹਸਤੀ ਬਣਿਆ ॥੧॥

ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥

ਹੇ ਜੋਗੀ! ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਜੋੜ (ਇਸ ਤਰ੍ਹਾਂ) ਹੋਰ ਹੋਰ ਆਸਰਾ ਭਾਲਣ ਦੀ ਝਾਕ ਦਾ ਦੁੱਖ ਦੂਰ ਹੋ ਜਾਇਗਾ।

ਘਰਿ ਘਰਿ ਮਾਗਤ ਲਾਜ ਨ ਲਾਗੈ ॥੧॥ ਰਹਾਉ ॥

ਘਰ ਘਰ (ਮੰਗਣ ਦੀ) ਸ਼ਰਮ ਭੀ ਨਾਹ ਉਠਾਣੀ ਪਏਗੀ ॥੧॥ ਰਹਾਉ ॥

ਗਾਵਹਿ ਗੀਤ ਨ ਚੀਨਹਿ ਆਪੁ ॥

(ਹੇ ਜੋਗੀ! ਤੂੰ ਲੋਕਾਂ ਨੂੰ ਸੁਣਾਣ ਵਾਸਤੇ) ਭਜਨ ਗਾਉਂਦਾ ਹੈਂ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਵੇਖਦਾ।

ਕਿਉ ਲਾਗੀ ਨਿਵਰੈ ਪਰਤਾਪੁ ॥

(ਤੇਰੇ ਅੰਦਰ ਮਾਇਆ ਦੀ) ਤਪਸ਼ ਲੱਗੀ ਹੋਈ ਹੈ (ਲੋਕਾਂ ਨੂੰ ਗੀਤ ਸੁਣਾਇਆਂ) ਇਹ ਕਿਵੇਂ ਦੂਰ ਹੋਵੇ?

ਗੁਰ ਕੈ ਸਬਦਿ ਰਚੈ ਮਨ ਭਾਇ ॥

ਜੇਹੜਾ ਮਨੁੱਖ ਮਨ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਲੀਨ ਹੁੰਦਾ ਹੈ,

ਭਿਖਿਆ ਸਹਜ ਵੀਚਾਰੀ ਖਾਇ ॥੨॥

ਉਹ ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ (ਪਰਮਾਤਮਾ ਦੇ ਦਰ ਤੋਂ ਨਾਮ ਦੀ) ਭਿੱਛਿਆ (ਲੈ ਕੇ) ਖਾਂਦਾ ਹੈ ॥੨॥

ਭਸਮ ਚੜਾਇ ਕਰਹਿ ਪਾਖੰਡੁ ॥

(ਹੇ ਜੋਗੀ!) ਤੂੰ (ਆਪਣੇ ਪਿੰਡੇ ਉਤੇ) ਸੁਆਹ ਮਲ ਕੇ (ਤਿਆਗੀ ਹੋਣ ਦਾ, ਪਖੰਡ ਕਰਦਾ ਹੈਂ,

ਮਾਇਆ ਮੋਹਿ ਸਹਹਿ ਜਮ ਡੰਡੁ ॥

(ਪਰ ਤੇਰੇ ਅੰਦਰ) ਮਾਇਆ ਦਾ ਮੋਹ (ਪ੍ਰਬਲ) ਹੈ (ਅੰਤਰ ਆਤਮੇ) ਤੂੰ ਜਮ ਦੀ ਸਜ਼ਾ ਭੁਗਤ ਰਿਹਾ ਹੈਂ।

ਫੂਟੈ ਖਾਪਰੁ ਭੀਖ ਨ ਭਾਇ ॥

ਜਿਸ ਮਨੁੱਖ ਦਾ ਹਿਰਦਾ-ਖੱਪਰ ਟੁੱਟ ਜਾਂਦਾ ਹੈ (ਭਾਵ, ਮਾਇਆ ਦੇ ਮੋਹ ਦੇ ਕਾਰਨ ਜਿਸ ਦਾ ਹਿਰਦਾ ਅਡੋਲ ਨਹੀਂ ਰਹਿ ਜਾਂਦਾ) ਉਸ ਵਿਚ (ਨਾਮ ਦੀ) ਉਹ ਭਿੱਛਿਆ ਨਹੀਂ ਠਹਿਰ ਸਕਦੀ ਜੋ (ਪ੍ਰਭੂ-ਚਰਨਾਂ ਵਿਚ) ਪ੍ਰੇਮ ਦੀ ਰਾਹੀਂ ਮਿਲਦੀ ਹੈ।

ਬੰਧਨਿ ਬਾਧਿਆ ਆਵੈ ਜਾਇ ॥੩॥

ਅਜੇਹਾ ਮਨੁੱਖ ਮਾਇਆ ਦੀ ਜੇਵੜੀ ਵਿਚ ਬੱਝਾ ਹੋਇਆ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥

ਬਿੰਦੁ ਨ ਰਾਖਹਿ ਜਤੀ ਕਹਾਵਹਿ ॥

ਹੇ ਜੋਗੀ! ਤੂੰ ਕਾਮ-ਵਾਸਨਾ ਤੋਂ ਆਪਣੇ ਆਪ ਨੂੰ ਨਹੀਂ ਬਚਾਂਦਾ, ਪਰ (ਫਿਰ ਭੀ ਲੋਕਾਂ ਪਾਸੋਂ) ਜਤੀ ਅਖਵਾ ਰਿਹਾ ਹੈਂ।

ਮਾਈ ਮਾਗਤ ਤ੍ਰੈ ਲੋਭਾਵਹਿ ॥

ਮਾਇਆ ਮੰਗਦਾ ਮੰਗਦਾ ਤੂੰ ਤ੍ਰੈਗੁਣੀ ਮਾਇਆ ਵਿਚ ਫਸ ਰਿਹਾ ਹੈਂ।

ਨਿਰਦਇਆ ਨਹੀ ਜੋਤਿ ਉਜਾਲਾ ॥

ਜਿਸ ਮਨੁੱਖ ਦੇ ਅੰਦਰ ਕਠੋਰਤਾ ਹੋਵੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਨਹੀਂ ਹੋ ਸਕਦਾ,

ਬੂਡਤ ਬੂਡੇ ਸਰਬ ਜੰਜਾਲਾ ॥੪॥

(ਸਹਿਜੇ ਸਹਿਜੇ) ਡੁੱਬਦਾ ਡੁੱਬਦਾ ਉਹ (ਮਾਇਆ ਦੇ) ਸਾਰੇ ਜੰਜਾਲਾਂ ਵਿਚ ਡੁੱਬ ਜਾਂਦਾ ਹੈ ॥੪॥

ਭੇਖ ਕਰਹਿ ਖਿੰਥਾ ਬਹੁ ਥਟੂਆ ॥

(ਹੇ ਜੋਗੀ!) ਗੋਦੜੀ ਆਦਿਕ ਦਾ ਬਹੁਤ ਅਡੰਬਰ ਰਚਾ ਕੇ ਤੂੰ (ਵਿਖਾਵੇ ਲਈ) ਧਾਰਮਿਕ ਪਹਿਰਾਵਾ ਕਰ ਰਿਹਾ ਹੈਂ,

ਝੂਠੋ ਖੇਲੁ ਖੇਲੈ ਬਹੁ ਨਟੂਆ ॥

ਪਰ ਤੇਰਾ ਇਹ ਅਡੰਬਰ ਉਸ ਮਦਾਰੀ ਦੇ ਤਮਾਸ਼ੇ ਵਾਂਗ ਹੈ ਜੋ (ਲੋਕਾਂ ਪਾਸੋਂ ਮਾਇਆ ਕਮਾਣ ਲਈ) ਝੂਠਾ ਖੇਲ ਹੀ ਖੇਲਦਾ ਹੈ (ਭਾਵ, ਜੋ ਕੁਝ ਉਹ ਵਿਖਾਂਦਾ ਹੈ ਉਹ ਅਸਲ ਵਿਚ ਨਜ਼ਰ ਦਾ ਧੋਖਾ ਹੀ ਹੁੰਦਾ ਹੈ)।

ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥

ਜਿਸ ਮਨੁੱਖ ਨੂੰ ਤ੍ਰਿਸ਼ਨਾ ਤੇ ਚਿੰਤਾ ਦੀ ਅੱਗ ਅੰਦਰੇ ਅੰਦਰ ਸਾੜ ਰਹੀ ਹੋਵੇ,

ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥੫॥

ਉਹ ਪਰਮਾਤਮਾ ਦੀ ਮੇਹਰ ਤੋਂ ਬਿਨਾ (ਅੱਗ ਦੇ ਇਸ ਭਾਂਬੜ ਤੋਂ) ਪਾਰ ਨਹੀਂ ਲੰਘ ਸਕਦਾ ॥੫॥

ਮੁੰਦ੍ਰਾ ਫਟਕ ਬਨਾਈ ਕਾਨਿ ॥

(ਹੇ ਜੋਗੀ!) ਤੂੰ ਕੱਚ ਦੀ ਮੁੰਦ੍ਰਾ ਬਣਾਈ ਹੋਈ ਹੈ ਤੇ ਹਰੇਕ ਕੰਨ ਵਿਚ ਪਾਈ ਹੋਈ ਹੈ,

ਮੁਕਤਿ ਨਹੀ ਬਿਦਿਆ ਬਿਗਿਆਨਿ ॥

ਪਰ ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ (ਅੰਦਰ ਵੱਸਦੇ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ।

ਜਿਹਵਾ ਇੰਦ੍ਰੀ ਸਾਦਿ ਲੁੋਭਾਨਾ ॥

ਜੇਹੜਾ ਮਨੁੱਖ ਜੀਭ ਤੇ ਇੰਦ੍ਰੀ ਦੇ ਚਸਕੇ ਵਿਚ ਫਸਿਆ ਹੋਇਆ ਹੋਵੇ (ਉਹ ਵੇਖਣ ਨੂੰ ਤਾਂ ਮਨੁੱਖ ਹੈ,

ਪਸੂ ਭਏ ਨਹੀ ਮਿਟੈ ਨੀਸਾਨਾ ॥੬॥

ਪਰ ਅਸਲ ਵਿਚ) ਪਸ਼ੂ ਹੈ, (ਬਾਹਰਲੇ ਤਿਆਗੀ ਭੇਖ ਨਾਲ) ਉਸ ਦਾ ਇਹ ਪਸ਼ੂ-ਪੁਣੇ ਦਾ (ਅੰਦਰਲਾ) ਲੱਛਣ ਮਿਟ ਨਹੀਂ ਸਕਦਾ ॥੬॥

ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥

(ਹੇ ਜੋਗੀ! ਖਿੰਥਾ ਮੁੰਦ੍ਰਾ ਆਦਿਕ ਨਾਲ ਤਾਂ ਤਿਆਗੀ ਨਹੀਂ ਬਣ ਜਾਈਦਾ। ਸ਼ਬਦ ਤੋਂ ਬਿਨਾ ਜਿਵੇਂ) ਸਾਧਾਰਨ ਜਗਤ ਤ੍ਰੈਗੁਣੀ ਮਾਇਆ ਵਿਚ ਗ੍ਰਸਿਆ ਹੋਇਆ ਹੈ ਤਿਵੇਂ (ਭੇਖਧਾਰੀ) ਜੋਗੀ ਹੈ।

ਸਬਦੁ ਵੀਚਾਰੈ ਚੂਕਸਿ ਸੋਗਾ ॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ, (ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੀ) ਉਸ ਦੀ ਚਿੰਤਾ ਮਿਟ ਜਾਂਦੀ ਹੈ।

ਊਜਲੁ ਸਾਚੁ ਸੁ ਸਬਦੁ ਹੋਇ ॥

ਉਹੀ ਮਨੁੱਖ ਪਵਿਤ੍ਰ ਹੋ ਸਕਦਾ ਹੈ ਜਿਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਤੇ ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ ਵੱਸਦਾ ਹੈ,

ਜੋਗੀ ਜੁਗਤਿ ਵੀਚਾਰੇ ਸੋਇ ॥੭॥

ਉਹੀ ਅਸਲ ਜੋਗੀ ਹੈ ਉਹੀ ਜੀਵਨ ਦੀ ਜੁਗਤਿ ਨੂੰ ਸਮਝਦਾ ਹੈ ॥੭॥

ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥

(ਹੇ ਜੋਗੀ!) ਤੂੰ ਸਭ ਕੁਝ ਕਰਣ ਦੇ ਸਮਰੱਥ ਪਰਮਾਤਮਾ ਨੂੰ ਸਿਮਰ, ਸਾਰੀ ਦੁਨੀਆ ਦੀ ਮਾਇਆ ਦਾ ਮਾਲਕ ਉਹ ਪ੍ਰਭੂ ਤੇਰੇ ਅੰਦਰ ਵੱਸਦਾ ਹੈ।

ਥਾਪਿ ਉਥਾਪੇ ਕਰੇ ਸੁ ਹੋਗੁ ॥

ਉਹ ਆਪ ਹੀ ਜਗਤ ਰਚਨਾ ਕਰ ਕੇ ਆਪ ਹੀ ਨਾਸ ਕਰਦਾ ਹੈ, ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ।

ਜਤੁ ਸਤੁ ਸੰਜਮੁ ਸਚੁ ਸੁਚੀਤੁ ॥

ਉਸੇ ਜੋਗੀ ਦੇ ਅੰਦਰ ਜਤ ਹੈ ਸਤ ਹੈ ਸੰਜਮ ਹੈ ਉਸੇ ਦਾ ਹਿਰਦਾ ਪਵਿਤ੍ਰ ਹੈ ਜਿਸ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਦਾ ਹੈ,

ਨਾਨਕ ਜੋਗੀ ਤ੍ਰਿਭਵਣ ਮੀਤੁ ॥੮॥੨॥

ਹੇ ਨਾਨਕ! ਉਹ ਜੋਗੀ ਤਿੰਨਾਂ ਭਵਨਾਂ ਦਾ ਮਿੱਤਰ ਹੈ (ਉਸ ਜੋਗੀ ਨੂੰ ਸਾਰਾ ਜਗਤ ਪਿਆਰ ਕਰਦਾ ਹੈ) ॥੮॥੨॥


ਰਾਮਕਲੀ ਮਹਲਾ ੧ ॥
ਖਟੁ ਮਟੁ ਦੇਹੀ ਮਨੁ ਬੈਰਾਗੀ ॥

(ਹੇ ਜੋਗੀ! ਗੁਰੂ ਦੀ ਸਰਨ ਪੈ ਕੇ) ਮੇਰਾ ਖਟ-ਚੱਕ੍ਰੀ ਸਰੀਰ ਹੀ (ਮੇਰੇ ਵਾਸਤੇ) ਮਠ ਬਣ ਗਿਆ ਹੈ ਤੇ (ਇਸ ਮਠ ਵਿਚ ਟਿਕ ਕੇ) ਮੇਰਾ ਮਨ ਵੈਰਾਗੀ ਹੋ ਗਿਆ ਹੈ।

ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥

ਗੁਰੂ ਦਾ ਸ਼ਬਦ ਮੇਰੀ ਸੁਰਤ ਵਿਚ ਟਿਕ ਗਿਆ ਹੈ, ਪਰਮਾਤਮਾ ਦੇ ਨਾਮ ਦੀ ਲਗਨ ਮੇਰੇ ਅੰਦਰ ਜਾਗ ਪਈ ਹੈ।

ਵਾਜੈ ਅਨਹਦੁ ਮੇਰਾ ਮਨੁ ਲੀਣਾ ॥

(ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਪ੍ਰਬਲ ਪ੍ਰਭਾਵ ਪਾ ਰਿਹਾ ਹੈ, ਤੇ ਉਸ ਵਿਚ ਮੇਰਾ ਮਨ ਮਸਤ ਹੋ ਰਿਹਾ ਹੈ।

ਗੁਰ ਬਚਨੀ ਸਚਿ ਨਾਮਿ ਪਤੀਣਾ ॥੧॥

ਗੁਰੂ ਦੀ ਬਾਣੀ ਦੀ ਬਰਕਤਿ ਨਾਲ (ਮੇਰਾ ਮਨ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਗਿੱਝ ਗਿਆ ਹੈ ॥੧॥

ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥

ਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਕੀਤਿਆਂ ਹੀ ਆਤਮਕ ਆਨੰਦ ਮਿਲਦਾ ਹੈ।

ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥

ਗੁਰੂ ਦੀ ਸਰਨ ਪਿਆਂ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥

ਮਾਇਆ ਮੋਹੁ ਬਿਵਰਜਿ ਸਮਾਏ ॥

ਉਹ ਮਨੁੱਖ ਮਾਇਆ ਦਾ ਮੋਹ ਰੋਕ ਕੇ ਪ੍ਰਭੂ-ਨਾਮ ਵਿਚ ਲੀਨ ਹੋ ਜਾਂਦਾ ਹੈ,

ਸਤਿਗੁਰੁ ਭੇਟੈ ਮੇਲਿ ਮਿਲਾਏ ॥

ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਗੁਰੂ ਉਸ ਨੂੰ ਸੰਗਤ ਵਿਚ ਮਿਲਾਂਦਾ ਹੈ।

ਨਾਮੁ ਰਤਨੁ ਨਿਰਮੋਲਕੁ ਹੀਰਾ ॥

ਪਰਮਾਤਮਾ ਦਾ ਨਾਮ (ਮਾਨੋ, ਇਕ) ਰਤਨ ਹੈ (ਇਕ ਐਸਾ) ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਤਿਤੁ ਰਾਤਾ ਮੇਰਾ ਮਨੁ ਧੀਰਾ ॥੨॥

(ਗੁਰੂ ਦੀ ਸਰਨ ਪੈ ਕੇ) ਮੇਰਾ ਮਨ ਭੀ ਉਸ ਨਾਮ ਵਿਚ ਰੰਗਿਆ ਗਿਆ ਹੈ ਉਸ ਨਾਮ ਵਿਚ ਟਿਕ ਗਿਆ ਹੈ ॥੨॥

ਹਉਮੈ ਮਮਤਾ ਰੋਗੁ ਨ ਲਾਗੈ ॥

(ਉਸ ਨੂੰ) ਹਉਮੈ-ਰੋਗ ਮਾਇਆ ਦੀ ਮਮਤਾ ਦਾ ਰੋਗ (ਮਨ ਨੂੰ) ਨਹੀਂ ਚੰਬੜਦਾ।

ਰਾਮ ਭਗਤਿ ਜਮ ਕਾ ਭਉ ਭਾਗੈ ॥

(ਗੁਰੂ ਦੀ ਰਾਹੀਂ) ਪਰਮਾਤਮਾ ਦੀ ਭਗਤੀ ਕੀਤਿਆਂ ਮੌਤ ਦਾ ਡਰ ਦੂਰ ਹੋ ਜਾਂਦਾ ਹੈ।

ਜਮੁ ਜੰਦਾਰੁ ਨ ਲਾਗੈ ਮੋਹਿ ॥

(ਗੁਰੂ ਦੀ ਕਿਰਪਾ ਨਾਲ) ਭਿਆਨਕ ਜਮ ਭੀ ਮੈਨੂੰ ਨਹੀਂ ਪੋਂਹਦਾ,

ਨਿਰਮਲ ਨਾਮੁ ਰਿਦੈ ਹਰਿ ਸੋਹਿ ॥੩॥

(ਕਿਉਂਕਿ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੇ ਹਿਰਦੇ ਵਿਚ ਸੋਭ ਰਿਹਾ ਹੈ ॥੩॥

ਸਬਦੁ ਬੀਚਾਰਿ ਭਏ ਨਿਰੰਕਾਰੀ ॥

ਗੁਰੂ ਦੇ ਸ਼ਬਦ ਨੂੰ ਸੋਚ-ਮੰਡਲ ਵਿਚ ਟਿਕਾ ਕੇ ਪਰਮਾਤਮਾ ਦੇ ਹੀ (ਸੇਵਕ) ਹੋ ਜਾਈਦਾ ਹੈ।

ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥

ਮਨ ਵਿਚ ਗੁਰੂ ਦੀ ਸਿੱਖਿਆ ਪ੍ਰਬਲ ਹੋ ਜਾਂਦੀ ਹੈ ਤੇ ਭੈੜੀ ਮੱਤ ਦੂਰ ਹੋ ਜਾਂਦੀ ਹੈ।

ਅਨਦਿਨੁ ਜਾਗਿ ਰਹੇ ਲਿਵ ਲਾਈ ॥

ਜੇਹੜੇ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,

ਜੀਵਨ ਮੁਕਤਿ ਗਤਿ ਅੰਤਰਿ ਪਾਈ ॥੪॥

ਉਹ ਆਪਣੇ ਅੰਦਰ ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਜੋ ਮਾਇਆ ਵਿਚ ਵਰਤਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰ ਦੇਂਦੀ ਹੈ ॥੪॥

ਅਲਿਪਤ ਗੁਫਾ ਮਹਿ ਰਹਹਿ ਨਿਰਾਰੇ ॥

(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ) ਸਰੀਰ-ਗੁਫਾ ਦੇ ਅੰਦਰ ਹੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿੰਦੇ ਹਨ।

ਤਸਕਰ ਪੰਚ ਸਬਦਿ ਸੰਘਾਰੇ ॥

ਗੁਰੂ ਦੇ ਸ਼ਬਦ ਦੀ ਰਾਹੀਂ ਉਹ ਕਾਮਾਦਿਕ ਪੰਜਾਂ ਚੋਰਾਂ ਨੂੰ ਮਾਰ ਲੈਂਦੇ ਹਨ।

ਪਰ ਘਰ ਜਾਇ ਨ ਮਨੁ ਡੋਲਾਏ ॥

(ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਵਾਲਾ ਬੰਦਾ) ਆਪਣੇ ਮਨ ਨੂੰ ਪਰਾਏ ਘਰ ਵਲ ਜਾ ਕੇ ਡੋਲਣ ਨਹੀਂ ਦੇਂਦਾ।

ਸਹਜ ਨਿਰੰਤਰਿ ਰਹਉ ਸਮਾਏ ॥੫॥

(ਗੁਰੂ ਦੀ ਕਿਰਪਾ ਨਾਲ ਹੀ ਸਿਮਰਨ ਕਰ ਕੇ) ਮੈਂ ਅਡੋਲ ਆਤਮਕ ਅਵਸਥਾ ਵਿਚ ਇਕ-ਰਸ ਲੀਨ ਰਹਿੰਦਾ ਹਾਂ ॥੫॥

ਗੁਰਮੁਖਿ ਜਾਗਿ ਰਹੇ ਅਉਧੂਤਾ ॥

ਅਸਲ ਤਿਆਗੀ ਉਹੀ ਹੈ ਜੋ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।

ਸਦ ਬੈਰਾਗੀ ਤਤੁ ਪਰੋਤਾ ॥

ਜੇਹੜਾ ਮਨੁੱਖ ਜਗਤ ਦੇ ਮੂਲ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਪ੍ਰੋਈ ਰੱਖਦਾ ਹੈ ਉਹ ਸਦਾ (ਮਾਇਆ ਤੋਂ) ਵੈਰਾਗਵਾਨ ਰਹਿੰਦਾ ਹੈ।

ਜਗੁ ਸੂਤਾ ਮਰਿ ਆਵੈ ਜਾਇ ॥

ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ (ਪਰਮਾਤਮਾ ਦੀ ਯਾਦ ਵਲੋਂ) ਸੁੱਤਾ ਰਹਿੰਦਾ ਹੈ, ਤੇ, ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।

ਬਿਨੁ ਗੁਰਸਬਦ ਨ ਸੋਝੀ ਪਾਇ ॥੬॥

(ਮਾਇਆ ਦੀ ਨੀਂਦ ਵਿਚ ਸੁੱਤੇ ਪਏ ਨੂੰ) ਗੁਰੂ ਦੇ ਸ਼ਬਦ ਤੋਂ ਬਿਨਾ ਇਹ ਸਮਝ ਹੀ ਨਹੀਂ ਪੈਂਦੀ ॥੬॥

ਅਨਹਦ ਸਬਦੁ ਵਜੈ ਦਿਨੁ ਰਾਤੀ ॥

(ਉਸ ਦੇ ਅੰਦਰ) ਗੁਰੂ ਦਾ ਸ਼ਬਦ ਦਿਨ ਰਾਤ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ,

ਅਵਿਗਤ ਕੀ ਗਤਿ ਗੁਰਮੁਖਿ ਜਾਤੀ ॥

ਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਉਸ ਨੂੰ ਅਦ੍ਰਿਸ਼ਟ ਪ੍ਰਭੂ ਦੀ (ਸੇਵਾ-ਭਗਤੀ ਦੀ) ਸੂਝ ਆ ਜਾਂਦੀ ਹੈ ।

ਤਉ ਜਾਨੀ ਜਾ ਸਬਦਿ ਪਛਾਨੀ ॥

ਪਰ ਇਹ ਸੂਝ ਮਨੁੱਖ ਨੂੰ ਤਦੋਂ ਹੀ ਆਉਂਦੀ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਭੇਤ) ਪਛਾਣਦਾ ਹੈ,

ਏਕੋ ਰਵਿ ਰਹਿਆ ਨਿਰਬਾਨੀ ॥੭॥

ਕਿ ਵਾਸਨਾ-ਰਹਿਤ ਪ੍ਰਭੂ ਇਹੋ ਜਿਹਾ ਹੈ ਕਿ ਉਹ ਆਪ ਹੀ ਹਰ ਥਾਂ ਵਿਆਪਕ ਹੈ ॥੭॥

ਸੁੰਨ ਸਮਾਧਿ ਸਹਜਿ ਮਨੁ ਰਾਤਾ ॥

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਦਾ) ਮਨ ਉਸ ਇਕਾਗ੍ਰਤਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸਦਾ ਸੁੰਞ ਰਹਿੰਦੀ ਹੈ ਤੇ ਅਡੋਲ ਆਤਮਕ ਅਵਸਥਾ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ।

ਤਜਿ ਹਉ ਲੋਭਾ ਏਕੋ ਜਾਤਾ ॥

ਹਉਮੈ ਤੇ ਲੋਭ ਨੂੰ ਤਿਆਗ ਕੇ ਉਹ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਰੱਖਦਾ ਹੈ।

ਗੁਰ ਚੇਲੇ ਅਪਨਾ ਮਨੁ ਮਾਨਿਆ ॥

ਗੁਰੂ ਦੀ ਸਰਨ ਪਏ ਹੋਏ ਸਿੱਖ ਦਾ ਆਪਣਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ,

ਨਾਨਕ ਦੂਜਾ ਮੇਟਿ ਸਮਾਨਿਆ ॥੮॥੩॥

ਹੇ ਨਾਨਕ! ਉਹ ਪਰਮਾਤਮਾ ਤੋਂ ਬਿਨਾ ਹੋਰ ਝਾਕ ਮਿਟਾ ਕੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੮॥੩॥


ਰਾਮਕਲੀ ਮਹਲਾ ੧ ॥
ਸਾਹਾ ਗਣਹਿ ਨ ਕਰਹਿ ਬੀਚਾਰੁ ॥

ਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਵਿਚਾਰ ਨਹੀਂ ਕਰਦਾ,

ਸਾਹੇ ਊਪਰਿ ਏਕੰਕਾਰੁ ॥

ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ।

ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥

ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ)।

ਗੁਰਮਤਿ ਹੋਇ ਤ ਹੁਕਮੁ ਪਛਾਣੈ ॥੧॥

ਜਦੋਂ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ) ॥੧॥

ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥

ਹੇ ਪੰਡਿਤ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿ-ਆਉਣ ਵਾਸਤੇ ਵਿਆਹ ਆਦਿਕ ਸਮਿਆਂ ਦੇ ਸ਼ੁਭ ਮੁਹੂਰਤ ਲੱਭਣ ਦਾ) ਝੂਠ ਨਾਹ ਬੋਲ। ਸੱਚ ਬੋਲਣਾ ਚਾਹੀਦਾ ਹੈ।

ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥

ਜਦੋਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ) ॥੧॥ ਰਹਾਉ ॥

ਗਣਿ ਗਣਿ ਜੋਤਕੁ ਕਾਂਡੀ ਕੀਨੀ ॥

(ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ।

ਪੜੈ ਸੁਣਾਵੈ ਤਤੁ ਨ ਚੀਨੀ ॥

(ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ।

ਸਭਸੈ ਊਪਰਿ ਗੁਰਸਬਦੁ ਬੀਚਾਰੁ ॥

(ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਏ।

ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥

ਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਦੀ ਕਿਸੇ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ ॥੨॥

ਨਾਵਹਿ ਧੋਵਹਿ ਪੂਜਹਿ ਸੈਲਾ ॥

(ਹੇ ਪੰਡਿਤ!) ਤੂੰ (ਤੀਰਥ ਆਦਿਕ ਤੇ) ਇਸ਼ਨਾਨ ਕਰਦਾ ਹੈਂ (ਸਰੀਰ ਮਲ ਮਲ ਕੇ) ਧੋਂਦਾ ਹੈਂ, ਤੇ ਪੱਥਰ (ਦੇ ਦੇਵੀ ਦੇਵਤੇ) ਪੂਜਦਾ ਹੈਂ,

ਬਿਨੁ ਹਰਿ ਰਾਤੇ ਮੈਲੋ ਮੈਲਾ ॥

ਪਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਣ ਤੋਂ ਬਿਨਾ (ਮਨ ਵਿਕਾਰਾਂ ਨਾਲ) ਸਦਾ ਮੈਲਾ ਰਹਿੰਦਾ ਹੈ।

ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ ॥

(ਹੇ ਪੰਡਿਤ! ਨਾਮ ਜਪ ਕੇ) ਅਹੰਕਾਰ ਦੂਰ ਕੀਤਿਆਂ (ਜੀਵਨ ਰਥ ਦਾ) ਰਥਵਾਹੀ ਪ੍ਰਭੂ ਮਿਲ ਪੈਂਦਾ ਹੈ।

ਮੁਕਤਿ ਪ੍ਰਾਨ ਜਪਿ ਹਰਿ ਕਿਰਤਾਰਥਿ ॥੩॥

(ਤਾਂ ਤੇ) ਜਿੰਦ ਨੂੰ ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲੇ ਤੇ ਜੀਵਨ ਸਫਲਾ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ॥੩॥

ਵਾਚੈ ਵਾਦੁ ਨ ਬੇਦੁ ਬੀਚਾਰੈ ॥

(ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ, (ਅਰਥ ਤੇ ਕਰਮ ਕਾਂਡ ਆਦਿਕ ਦੀ) ਬਹਿਸ ਨੂੰ ਹੀ ਪੜ੍ਹਦਾ ਹੈ।

ਆਪਿ ਡੁਬੈ ਕਿਉ ਪਿਤਰਾ ਤਾਰੈ ॥

(ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿਚ ਡੁੱਬਾ ਰਹਿੰਦਾ ਹੈ), ਜੇਹੜਾ ਮਨੁੱਖ ਆਪ ਡੁੱਬਿਆ ਰਹੇ ਉਹ ਆਪਣੇ (ਬੀਤ ਚੁਕੇ) ਬਜ਼ੁਰਗਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘਾ ਸਕਦਾ ਹੈ?

ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥

ਕੋਈ ਵਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ।

ਸਤਿਗੁਰੁ ਮਿਲੈ ਤ ਸੋਝੀ ਹੋਇ ॥੪॥

ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ ॥੪॥

ਗਣਤ ਗਣੀਐ ਸਹਸਾ ਦੁਖੁ ਜੀਐ ॥

ਜਿਉਂ ਜਿਉਂ ਸ਼ੁਭ ਅਸ਼ੁਭ ਮੁਹੂਰਤਾਂ ਦੇ ਲੇਖੇ ਗਿਣਦੇ ਰਹੀਏ ਤਿਉਂ ਤਿਉਂ ਜਿੰਦ ਨੂੰ ਸਦਾ ਸਹਿਮ ਦਾ ਰੋਗ ਲੱਗਾ ਰਹਿੰਦਾ ਹੈ।

ਗੁਰ ਕੀ ਸਰਣਿ ਪਵੈ ਸੁਖੁ ਥੀਐ ॥

ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ।

ਕਰਿ ਅਪਰਾਧ ਸਰਣਿ ਹਮ ਆਇਆ ॥

ਪਾਪ ਅਪਰਾਧ ਕਰ ਕੇ ਭੀ ਜਦੋਂ ਅਸੀਂ ਪਰਮਾਤਮਾ ਦੀ ਸਰਨ ਆਉਂਦੇ ਹਾਂ,

ਗੁਰ ਹਰਿ ਭੇਟੇ ਪੁਰਬਿ ਕਮਾਇਆ ॥੫॥

ਤਾਂ ਪਰਮਾਤਮਾ ਸਾਡੇ ਪੂਰਬਲੇ ਕਰਮਾਂ ਅਨੁਸਾਰ ਗੁਰੂ ਨੂੰ ਮਿਲਾ ਦੇਂਦਾ ਹੈ (ਤੇ ਗੁਰੂ ਸਹੀ ਜੀਵਨ-ਰਾਹ ਵਿਖਾਂਦਾ ਹੈ) ॥੫॥

ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ ॥

ਜਦੋਂ ਤਕ ਗੁਰੂ ਦੀ ਸਰਨ ਨਾਹ ਆਵੀਏ ਤਦ ਤਕ ਪਰਮਾਤਮਾ ਨਹੀਂ ਮਿਲਦਾ,

ਭਰਮਿ ਭੁਲਾਈਐ ਜਨਮਿ ਮਰਿ ਆਈਐ ॥

ਭਟਕਣਾ ਵਿਚ ਕੁਰਾਹੇ ਪੈ ਕੇ ਆਤਮਕ ਮੌਤ ਸਹੇੜ ਕੇ ਮੁੜ ਮੁੜ ਜਨਮ ਵਿਚ ਆਉਂਦੇ ਰਹੀਦਾ ਹੈ।

ਜਮ ਦਰਿ ਬਾਧਉ ਮਰੈ ਬਿਕਾਰੁ ॥

(ਗੁਰੂ ਦੀ ਸਰਨ ਤੋਂ ਬਿਨਾ ਜੀਵ) ਜਮ ਦੇ ਦਰ ਤੇ ਬੱਧਾ ਹੋਇਆ ਵਿਅਰਥ ਹੀ ਆਤਮਕ ਮੌਤੇ ਮਰਦਾ ਹੈ,

ਨਾ ਰਿਦੈ ਨਾਮੁ ਨ ਸਬਦੁ ਅਚਾਰੁ ॥੬॥

ਉਸ ਦੇ ਹਿਰਦੇ ਵਿਚ ਨਾਹ ਪ੍ਰਭੂ ਦਾ ਨਾਮ ਵੱਸਦਾ ਹੈ ਨਾਹ ਗੁਰੂ ਦਾ ਸ਼ਬਦ ਵੱਸਦਾ ਹੈ, ਨਾਹ ਹੀ ਉਸ ਦਾ ਚੰਗਾ ਆਚਰਨ ਬਣਦਾ ਹੈ ॥੬॥

ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥

ਅਨੇਕਾਂ (ਕੁਲੀਨ ਤੇ ਵਿਦਵਾਨ ਬ੍ਰਾਹਮਣ) ਆਪਣੇ ਆਪ ਨੂੰ ਪਾਂਧੇ ਪੰਡਿਤ ਮਿਸਰ ਅਖਵਾਂਦੇ ਹਨ,

ਦੁਬਿਧਾ ਰਾਤੇ ਮਹਲੁ ਨ ਪਾਵਹਿ ॥

ਪਰ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਗ਼ਲਤਾਨ ਰਹਿੰਦੇ ਹਨ, ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ।

ਜਿਸੁ ਗੁਰਪਰਸਾਦੀ ਨਾਮੁ ਅਧਾਰੁ ॥

ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਗਿਆ ਹੈ,

ਕੋਟਿ ਮਧੇ ਕੋ ਜਨੁ ਆਪਾਰੁ ॥੭॥

(ਉਹ) ਕ੍ਰੋੜਾਂ ਵਿਚੋਂ ਕੋਈ ਉਹ ਬੰਦਾ ਅਦੁਤੀ ਹੈ ॥੭॥

ਏਕੁ ਬੁਰਾ ਭਲਾ ਸਚੁ ਏਕੈ ॥

ਹੇ ਪੰਡਿਤ! (ਜਗਤ ਵਿਚ) ਚਾਹੇ ਕੋਈ ਭਲਾ ਹੈ ਚਾਹੇ ਬੁਰਾ ਹੈ ਹਰੇਕ ਵਿਚ ਸਦਾ-ਥਿਰ ਪ੍ਰਭੂ ਹੀ ਮੌਜੂਦ ਹੈ।

ਬੂਝੁ ਗਿਆਨੀ ਸਤਗੁਰ ਕੀ ਟੇਕੈ ॥

ਜੇ ਤੂੰ ਗਿਆਨਵਾਨ ਬਣਨਾ ਹੈ ਤਾਂ ਗੁਰੂ ਦਾ ਆਸਰਾ-ਪਰਨਾ ਲੈ ਕੇ ਇਹ ਗੱਲ ਸਮਝ ਲੈ।

ਗੁਰਮੁਖਿ ਵਿਰਲੀ ਏਕੋ ਜਾਣਿਆ ॥

ਉਹਨਾਂ ਵਿਰਲੇ ਬੰਦਿਆਂ ਨੇ ਹਰ ਥਾਂ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਿਆ ਹੈ ਜੇਹੜੇ ਗੁਰੂ ਦੀ ਸਰਨ ਪਏ ਹਨ।

ਆਵਣੁ ਜਾਣਾ ਮੇਟਿ ਸਮਾਣਿਆ ॥੮॥

(ਗੁਰ-ਸਰਨ ਦੀ ਬਰਕਤਿ ਨਾਲ) ਉਹ ਆਪਣਾ ਜਨਮ ਮਰਨ ਮਿਟਾ ਕੇ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦੇ ਹਨ ॥੮॥

ਜਿਨ ਕੈ ਹਿਰਦੈ ਏਕੰਕਾਰੁ ॥

(ਗੁਰੂ ਦੀ ਕਿਰਪਾ ਨਾਲ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਇਕ ਪਰਮਾਤਮਾ ਵੱਸਦਾ ਹੈ,

ਸਰਬ ਗੁਣੀ ਸਾਚਾ ਬੀਚਾਰੁ ॥

ਸਾਰੇ ਜੀਵਾਂ ਦਾ ਮਾਲਕ ਸਦਾ-ਥਿਰ ਪ੍ਰਭੂ ਉਹਨਾਂ ਦੀ ਸੁਰਤ ਦਾ ਸਦਾ ਨਿਸ਼ਾਨਾ ਬਣਿਆ ਰਹਿੰਦਾ ਹੈ।

ਗੁਰ ਕੈ ਭਾਣੈ ਕਰਮ ਕਮਾਵੈ ॥

ਜੇਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰ ਕੇ (ਆਪਣੇ) ਸਾਰੇ ਕੰਮ ਕਰਦਾ ਹੈ (ਤੇ ਸ਼ੁਭ ਅਸ਼ੁਭ ਮੁਹੂਰਤਾਂ ਦੇ ਭਰਮ ਵਿਚ ਨਹੀਂ ਪੈਂਦਾ),

ਨਾਨਕ ਸਾਚੇ ਸਾਚਿ ਸਮਾਵੈ ॥੯॥੪॥

ਹੇ ਨਾਨਕ! ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ (ਤੇ ਉਸ ਨੂੰ ਆਤਮਕ ਤੇ ਸੰਸਾਰਕ ਪਦਾਰਥ ਉਸ ਦਰ ਤੋਂ ਮਿਲਦੇ ਰਹਿੰਦੇ ਹਨ) ॥੯॥੪॥


ਰਾਮਕਲੀ ਮਹਲਾ ੧ ॥
ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥

ਮਨ ਨੂੰ ਇਕਾਗ੍ਰ੍ਰ ਕਰਨ ਵਾਸਤੇ ਧੱਕੇ ਨਾਲ ਸਰੀਰ ਨੂੰ ਔਖਿਆਂ ਕੀਤਿਆਂ, ਮਨ ਦੇ ਫੁਰਨਿਆਂ ਨੂੰ ਬਦੋ ਬਦੀ ਰੋਕਣ ਦੇ ਜਤਨ ਕਰਨ ਨਾਲ, ਸਰੀਰ ਹੀ ਦੁਖੀ ਹੁੰਦਾ ਹੈ।

ਵਰਤੁ ਤਪਨੁ ਕਰਿ ਮਨੁ ਨਹੀ ਭੀਜੈ ॥

ਵਰਤ ਰੱਖਣ ਨਾਲ, ਤਪ ਤਪਣ ਨਾਲ (ਇਹਨਾਂ ਕਸ਼ਟਾਂ ਦਾ) ਮਨ ਉਤੇ ਅਸਰ ਨਹੀਂ ਪੈਂਦਾ।

ਰਾਮ ਨਾਮ ਸਰਿ ਅਵਰੁ ਨ ਪੂਜੈ ॥੧॥

(ਹਠ ਨਾਲ ਕੀਤਾ ਹੋਇਆ) ਕੋਈ ਭੀ ਕਰਮ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ ॥੧॥

ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ ॥

ਹੇ (ਮੇਰੇ) ਮਨ! ਗੁਰੂ ਦੀ (ਦੱਸੀ) ਸੇਵਾ ਕਰ, ਤੇ ਸੰਤ ਜਨਾਂ ਦੀ ਸੰਗਤ ਕਰ,

ਜਮੁ ਜੰਦਾਰੁ ਜੋਹਿ ਨਹੀ ਸਾਕੈ ਸਰਪਨਿ ਡਸਿ ਨ ਸਕੈ ਹਰਿ ਕਾ ਰਸੁ ਪੀਜੈ ॥੧॥ ਰਹਾਉ ॥

ਪਰਮਾਤਮਾ ਦੇ ਨਾਮ ਦਾ ਰਸ ਪੀ, (ਇਸ ਤਰ੍ਹਾਂ) ਭਿਆਨਕ ਜਮ ਪੋਹ ਨਹੀਂ ਸਕੇਗਾ ਅਤੇ ਮਾਇਆ-ਸਪਣੀ (ਮੋਹ ਦਾ) ਡੰਗ ਮਾਰ ਨਹੀਂ ਸਕੇਗੀ ॥੧॥ ਰਹਾਉ ॥

ਵਾਦੁ ਪੜੈ ਰਾਗੀ ਜਗੁ ਭੀਜੈ ॥

ਜਗਤ ਧਾਰਮਿਕ ਚਰਚਾ (ਦੇ ਪੁਸਤਕ) ਪੜ੍ਹਦਾ ਹੈ, ਦੁਨੀਆ ਦੇ ਰੰਗ-ਤਮਾਸ਼ਿਆਂ ਵਿਚ ਹੀ ਖ਼ੁਸ਼ ਰਹਿੰਦਾ ਹੈ,

ਤ੍ਰੈ ਗੁਣ ਬਿਖਿਆ ਜਨਮਿ ਮਰੀਜੈ ॥

ਤੇ ਤ੍ਰੈ-ਗੁਣੀ ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ (ਉਂਞ ਇਸ ਚਰਚਾ ਆਦਿਕ ਨੂੰ ਧਾਰਮਿਕ ਕੰਮ ਸਮਝਦਾ ਹੈ)।

ਰਾਮ ਨਾਮ ਬਿਨੁ ਦੂਖੁ ਸਹੀਜੈ ॥੨॥

ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਦੁੱਖ ਹੀ ਸਹਾਰਨਾ ਪੈਂਦਾ ਹੈ ॥੨॥

ਚਾੜਸਿ ਪਵਨੁ ਸਿੰਘਾਸਨੁ ਭੀਜੈ ॥

ਹਠ-ਜੋਗੀ ਸੁਆਸ (ਦਸਮ ਦੁਆਰ ਵਿਚ) ਚਾੜ੍ਹਦਾ ਹੈ (ਇਤਨੀ ਮੇਹਨਤ ਕਰਦਾ ਹੈ ਕਿ ਪਸੀਨੇ ਨਾਲ ਉਸ ਦਾ) ਸਿੰਘਾਸਨ ਭੀ ਭਿੱਜ ਜਾਂਦਾ ਹੈ,

ਨਿਉਲੀ ਕਰਮ ਖਟੁ ਕਰਮ ਕਰੀਜੈ ॥

(ਆਂਦਰਾਂ ਸਾਫ਼ ਰੱਖਣ ਲਈ) ਨਿਉਲੀ ਕਰਮ ਤੇ (ਹਠ ਜੋਗ ਦੇ) ਛੇ ਕਰਮ ਕਰਦਾ ਹੈ,

ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ ॥੩॥

ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਵਿਅਰਥ ਜੀਵਨ ਜੀਉਂਦਾ ਹੈ ॥੩॥

ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ ॥

ਜਿਤਨਾ ਚਿਰ ਕਾਮਾਦਿਕ ਪੰਜ ਵਿਕਾਰਾਂ ਦੀ ਅੱਗ ਅੰਤਰ ਆਤਮੇ ਭੜਕ ਰਹੀ ਹੋਵੇ, ਉਤਨਾ ਚਿਰ ਮਨ ਧੀਰਜ ਨਹੀਂ ਧਾਰ ਸਕਦਾ।

ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥

ਜਿਤਨਾ ਚਿਰ ਮੋਹ-ਚੋਰ ਅੰਦਰ ਵੱਸ ਰਿਹਾ ਹੈ ਆਤਮਕ ਆਨੰਦ ਨਹੀਂ ਮਿਲ ਸਕਦਾ।

ਗੁਰਮੁਖਿ ਹੋਇ ਕਾਇਆ ਗੜੁ ਲੀਜੈ ॥੪॥

ਗੁਰੂ ਦੀ ਸਰਨ ਪੈ ਕੇ ਇਸ ਸਰੀਰ-ਕਿਲ੍ਹੇ ਨੂੰ ਜਿੱਤੇ (ਇਸ ਵਿਚ ਆਕੀ ਹੋਇਆ ਮਨ ਵੱਸ ਵਿਚ ਆ ਜਾਇਗਾ ਤੇ ਆਤਮਕ ਆਨੰਦ ਮਿਲੇਗਾ) ॥੪॥

ਅੰਤਰਿ ਮੈਲੁ ਤੀਰਥ ਭਰਮੀਜੈ ॥

ਜੇ ਮਨ ਵਿਚ (ਮਾਇਆ ਦੇ ਮੋਹ ਦੀ) ਮੈਲ ਟਿਕੀ ਰਹੇ, ਤੀਰਥਾਂ ਤੇ (ਇਸ਼ਨਾਨ ਲਈ) ਭੌਂਦੇ ਫਿਰੀਏ,

ਮਨੁ ਨਹੀ ਸੂਚਾ ਕਿਆ ਸੋਚ ਕਰੀਜੈ ॥

ਇਸ ਤਰ੍ਹਾਂ ਮਨ ਸੁੱਚਾ ਨਹੀਂ ਹੋ ਸਕਦਾ (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ ਹੁੰਦਾ।

ਕਿਰਤੁ ਪਇਆ ਦੋਸੁ ਕਾ ਕਉ ਦੀਜੈ ॥੫॥

(ਪਰ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਗ਼ਲਤ ਰਸਤੇ ਵਲ ਹੀ ਪ੍ਰੇਰਨਾ ਕਰੀ ਜਾਂਦਾ ਹੈ, ਇਸ ਵਾਸਤੇ) ਕਿਸੇ ਨੂੰ ਦੋਸ਼ੀ ਭੀ ਨਹੀਂ ਠਹਿਰਾਇਆ ਜਾ ਸਕਦਾ ॥੫॥

ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥

ਜੇਹੜੇ ਬੰਦੇ ਅੰਨ ਨਹੀਂ ਖਾਂਦੇ (ਇਸ ਤਰ੍ਹਾਂ ਉਹ ਕੋਈ ਆਤਮਕ ਲਾਭ ਤਾਂ ਨਹੀਂ ਖੱਟਦੇ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ,

ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥

ਗੁਰੂ ਤੋਂ ਮਿਲੇ ਗਿਆਨ ਤੋਂ ਬਿਨਾ (ਮਾਇਆ ਵਲੋਂ ਵਿਕਾਰਾਂ) ਤ੍ਰਿਪਤੀ ਨਹੀਂ ਹੋ ਸਕਦੀ।

ਮਨਮੁਖਿ ਜਨਮੈ ਜਨਮਿ ਮਰੀਜੈ ॥੬॥

ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ (ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ) ॥੬॥

ਸਤਿਗੁਰ ਪੂਛਿ ਸੰਗਤਿ ਜਨ ਕੀਜੈ ॥

ਗੁਰੂ ਦਾ ਉਪਦੇਸ਼ ਲੈ ਕੇ ਸੰਤ ਜਨਾਂ ਦੀ ਸੰਗਤ ਕਰਨੀ ਚਾਹੀਦੀ ਹੈ।

ਮਨੁ ਹਰਿ ਰਾਚੈ ਨਹੀ ਜਨਮਿ ਮਰੀਜੈ ॥

(ਸੰਗਤ ਵਿਚ ਰਿਹਾਂ) ਮਨ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਤੇ ਇਸ ਤਰ੍ਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ।

ਰਾਮ ਨਾਮ ਬਿਨੁ ਕਿਆ ਕਰਮੁ ਕੀਜੈ ॥੭॥

ਪਰਮਾਤਮਾ ਦਾ ਨਾਮ ਨਾਹ ਸਿਮਰਿਆ, ਤਾਂ ਕਿਸੇ ਹੋਰ ਹਠ-ਕਰਮ ਦਾ ਕੋਈ ਲਾਭ ਨਹੀਂ ਹੁੰਦਾ ॥੭॥

ਊਂਦਰ ਦੂੰਦਰ ਪਾਸਿ ਧਰੀਜੈ ॥

ਚੂਹੇ ਵਾਂਗ ਅੰਦਰੋ ਅੰਦਰ ਸ਼ੋਰ ਮਚਾਣ ਵਾਲੇ ਮਨ ਦੇ ਸੰਕਲਪ ਵਿਕਲਪ ਅੰਦਰੋਂ ਕੱਢ ਦੇਣੇ ਚਾਹੀਦੇ ਹਨ,

ਧੁਰ ਕੀ ਸੇਵਾ ਰਾਮੁ ਰਵੀਜੈ ॥

ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਧੁਰੋਂ ਮਿਲੀ ਸੇਵਾ (ਜੋ ਮਨੁੱਖ ਨੇ ਕਰਨੀ ਹੈ)।

ਨਾਨਕ ਨਾਮੁ ਮਿਲੈ ਕਿਰਪਾ ਪ੍ਰਭ ਕੀਜੈ ॥੮॥੫॥

ਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ-) ਹੇ ਪ੍ਰਭੂ! ਮੇਹਰ ਕਰ, ਮੈਨੂੰ ਤੇਰੇ ਨਾਮ ਦੀ ਦਾਤ ਮਿਲੇ ॥੮॥੫॥


ਰਾਮਕਲੀ ਮਹਲਾ ੧ ॥
ਅੰਤਰਿ ਉਤਭੁਜੁ ਅਵਰੁ ਨ ਕੋਈ ॥

(ਉਹ ਪਰਮਾਤਮਾ ਐਸਾ ਹੈ ਕਿ) ਸ੍ਰਿਸ਼ਟੀ ਦੀ ਉਤਪੱਤੀ (ਦੀ ਤਾਕਤ) ਉਸ ਦੇ ਆਪਣੇ ਅੰਦਰ ਹੀ ਹੈ (ਉਤਪੱਤੀ ਕਰਨ ਵਾਲਾ) ਹੋਰ ਕੋਈ ਭੀ ਨਹੀਂ ਹੈ।

ਜੋ ਕਹੀਐ ਸੋ ਪ੍ਰਭ ਤੇ ਹੋਈ ॥

ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ ਉਹ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ।

ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ ॥

ਉਹੀ ਮਾਲਕ ਜੁਗਾਂ ਜੁਗਾਂ ਵਿਚ ਸਦਾ-ਥਿਰ ਚਲਿਆ ਆ ਰਿਹਾ ਹੈ।

ਉਤਪਤਿ ਪਰਲਉ ਅਵਰੁ ਨ ਕੋਈ ॥੧॥

ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਕਰਨ ਵਾਲਾ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ ॥੧॥

ਐਸਾ ਮੇਰਾ ਠਾਕੁਰੁ ਗਹਿਰ ਗੰਭੀਰੁ ॥

ਸਾਡਾ ਪਾਲਣਹਾਰ ਪ੍ਰਭੂ ਬੜਾ ਅਥਾਹ ਹੈ ਤੇ ਵੱਡੇ ਜਿਗਰੇ ਵਾਲਾ ਹੈ।

ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮ ਤੀਰੁ ॥੧॥ ਰਹਾਉ ॥

ਜਿਸ ਭੀ ਮਨੁੱਖ ਨੇ (ਉਸ ਦਾ ਨਾਮ) ਜਪਿਆ ਹੈ ਉਸੇ ਨੇ ਹੀ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੌਤ ਦਾ ਡਰ ਨਹੀਂ ਪੋਂਹਦਾ ॥੧॥ ਰਹਾਉ ॥

ਨਾਮੁ ਰਤਨੁ ਹੀਰਾ ਨਿਰਮੋਲੁ ॥

ਪਰਮਾਤਮਾ ਦਾ ਨਾਮ (ਇਕ ਐਸਾ) ਰਤਨ ਹੈ ਹੀਰਾ ਹੈ, ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ)।

ਸਾਚਾ ਸਾਹਿਬੁ ਅਮਰੁ ਅਤੋਲੁ ॥

ਉਹ ਸਦਾ-ਥਿਰ ਰਹਿਣ ਵਾਲਾ ਮਾਲਕ ਹੈ ਉਹ ਕਦੇ ਮਰਨ ਵਾਲਾ ਨਹੀਂ ਹੈ, ਉਸ ਦੇ ਵਡੱਪਣ ਨੂੰ ਤੋਲਿਆ ਨਹੀਂ ਜਾ ਸਕਦਾ।

ਜਿਹਵਾ ਸੂਚੀ ਸਾਚਾ ਬੋਲੁ ॥

ਜੇਹੜੀ ਜੀਭ (ਉਸ ਅਮਰ ਅਡੋਲ ਪ੍ਰਭੂ ਦੀ ਸਿਫ਼ਤ ਸਾਲਾਹ ਦਾ) ਬੋਲ ਬੋਲਦੀ ਹੈ ਉਹ ਸੁੱਚੀ ਹੈ।

ਘਰਿ ਦਰਿ ਸਾਚਾ ਨਾਹੀ ਰੋਲੁ ॥੨॥

ਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ ਅੰਦਰ ਬਾਹਰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ, ਇਸ ਬਾਰੇ ਉਸ ਨੂੰ ਕੋਈ ਭੁਲੇਖਾ ਨਹੀਂ ਲੱਗਦਾ ॥੨॥

ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ ॥

ਅਨੇਕਾਂ ਬੰਦੇ (ਗ੍ਰਿਹਸਤ ਤਿਆਗ ਕੇ) ਜੰਗਲਾਂ ਵਿਚ ਜਾ ਬੈਠਦੇ ਹਨ, ਪਹਾੜ ਵਿਚ (ਗੁਫ਼ਾ ਆਦਿਕ) ਥਾਂ (ਬਣਾ ਕੇ) ਬੈਠਦੇ ਹਨ,

ਨਾਮੁ ਬਿਸਾਰਿ ਪਚਹਿ ਅਭਿਮਾਨੁ ॥

(ਆਪਣੇ ਇਸ ਉੱਦਮ ਦਾ) ਮਾਣ (ਭੀ) ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਵਿਸਾਰ ਕੇ ਉਹ ਖ਼ੁਆਰ (ਹੀ) ਹੁੰਦੇ ਹਨ।

ਨਾਮ ਬਿਨਾ ਕਿਆ ਗਿਆਨ ਧਿਆਨੁ ॥

ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਕੋਈ ਗਿਆਨ-ਚਰਚਾ ਤੇ ਕੋਈ ਸਮਾਧੀ ਕਿਸੇ ਅਰਥ ਨਹੀਂ।

ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥

ਜੇਹੜੇ ਮਨੁੱਖ ਗੁਰੂ ਦੇ ਰਸਤੇ ਤੁਰਦੇ ਹਨ (ਤੇ ਨਾਮ ਜਪਦੇ ਹਨ) ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੩॥

ਹਠੁ ਅਹੰਕਾਰੁ ਕਰੈ ਨਹੀ ਪਾਵੈ ॥

(ਜੇਹੜਾ ਮਨੁੱਖ ਇਕਾਗ੍ਰਤਾ ਆਦਿਕ ਵਾਸਤੇ ਸਰੀਰ ਉਤੇ ਕੋਈ) ਧੱਕਾ-ਜ਼ੋਰ ਕਰਦਾ ਹੈ (ਤੇ ਇਸ ਉੱਦਮ ਦਾ) ਮਾਣ (ਭੀ) ਕਰਦਾ ਹੈ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ।

ਪਾਠ ਪੜੈ ਲੇ ਲੋਕ ਸੁਣਾਵੈ ॥

ਜੇਹੜਾ ਮਨੁੱਖ (ਲੋਕ-ਵਿਖਾਵੇ ਦੀ ਖ਼ਾਤਰ) ਧਾਰਮਿਕ ਪੁਸਤਕਾਂ ਪੜ੍ਹਦਾ ਹੈ, ਪੁਸਤਕਾਂ ਲੈ ਕੇ ਲੋਕਾਂ ਨੂੰ (ਹੀ) ਸੁਣਾਂਦਾ ਹੈ,

ਤੀਰਥਿ ਭਰਮਸਿ ਬਿਆਧਿ ਨ ਜਾਵੈ ॥

ਕਿਸੇ ਤੀਰਥ ਉਤੇ (ਭੀ ਇਸ਼ਨਾਨ ਵਾਸਤੇ) ਜਾਂਦਾ ਹੈ (ਇਸ ਤਰ੍ਹਾਂ) ਉਸ ਦਾ ਕਾਮਾਦਿਕ ਰੋਗ ਦੂਰ ਨਹੀਂ ਹੋ ਸਕਦਾ।

ਨਾਮ ਬਿਨਾ ਕੈਸੇ ਸੁਖੁ ਪਾਵੈ ॥੪॥

ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਆਤਮਕ ਆਨੰਦ ਨਹੀਂ ਮਾਣ ਸਕਦਾ ॥੪॥

ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥

(ਬਨ-ਵਾਸ, ਡੂਗਰ-ਵਾਸ, ਹਠ, ਨਿਗ੍ਰਹ, ਤੀਰਥ-ਇਸ਼ਨਾਨ ਆਦਿਕ) ਜਤਨ ਮਨੁੱਖ ਕਰਦਾ ਹੈ, ਅਜੇਹੇ ਕਿਸੇ ਭੀ ਤਰੀਕੇ ਨਾਲ ਕਾਮ-ਵਾਸਨਾ ਰੋਕੀ ਨਹੀਂ ਜਾ ਸਕਦੀ,

ਮਨੂਆ ਡੋਲੈ ਨਰਕੇ ਪਾਈ ॥

ਮਨ ਡੋਲਦਾ ਹੀ ਰਹਿੰਦਾ ਹੈ ਤੇ ਜੀਵ ਨਰਕ ਵਿਚ ਹੀ ਪਿਆ ਰਹਿੰਦਾ ਹੈ।

ਜਮ ਪੁਰਿ ਬਾਧੋ ਲਹੈ ਸਜਾਈ ॥

ਕਾਮ-ਵਾਸ਼ਨਾ ਆਦਿਕ ਵਿਕਾਰਾਂ ਵਿਚ ਬੱਝਾ ਹੋਇਆ ਜਮਰਾਜ ਦੀ ਪੁਰੀ ਵਿਚ (ਆਤਮਕ ਕਲੇਸ਼ਾਂ ਦੀ) ਸਜ਼ਾ ਭੁਗਤਦਾ ਹੈ।

ਬਿਨੁ ਨਾਵੈ ਜੀਉ ਜਲਿ ਬਲਿ ਜਾਈ ॥੫॥

ਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਦ ਵਿਕਾਰਾਂ ਵਿਚ ਸੜਦੀ ਭੁੱਜਦੀ ਰਹਿੰਦੀ ਹੈ ॥੫॥

ਸਿਧ ਸਾਧਿਕ ਕੇਤੇ ਮੁਨਿ ਦੇਵਾ ॥

ਅਨੇਕਾਂ ਸਿੱਧ ਸਾਧਿਕ ਰਿਸ਼ੀ ਮੁਨੀ (ਹਠ ਨਿਗ੍ਰਹ ਆਦਿਕ ਕਰਦੇ ਹਨ ਪਰ)

ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ॥

ਹਠ ਨਿਗ੍ਰਹ ਨਾਲ ਅੰਦਰਲੀ ਵਿਖੇਪਤਾ ਨੂੰ ਮਿਟਾ ਨਹੀਂ ਸਕਦੇ।

ਸਬਦੁ ਵੀਚਾਰਿ ਗਹਹਿ ਗੁਰ ਸੇਵਾ ॥

ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾ ਕੇ ਗੁਰੂ ਦੀ (ਦੱਸੀ) ਸੇਵਾ (ਦਾ ਉੱਦਮ) ਗ੍ਰਹਿਣ ਕਰਦੇ ਹਨ,

ਮਨਿ ਤਨਿ ਨਿਰਮਲ ਅਭਿਮਾਨ ਅਭੇਵਾ ॥੬॥

ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਭਾਵ, ਇੰਦ੍ਰਿਆਂ ਵਿਚ) ਪਵਿਤ੍ਰਤਾ ਆ ਜਾਂਦੀ ਹੈ, ਉਹਨਾਂ ਦੇ ਅੰਦਰ ਅਹੰਕਾਰ ਦਾ ਅਭਾਵ ਹੋ ਜਾਂਦਾ ਹੈ ॥੬॥

ਕਰਮਿ ਮਿਲੈ ਪਾਵੈ ਸਚੁ ਨਾਉ ॥

ਜਿਸ ਮਨੁੱਖ ਨੂੰ ਆਪਣੀ ਮੇਹਰ ਨਾਲ ਪਰਮਾਤਮਾ ਮਿਲਦਾ ਹੈ ਉਹ ਸਦਾ-ਥਿਰ ਪ੍ਰਭੂ-ਨਾਮ (ਦੀ ਦਾਤਿ) ਪ੍ਰਾਪਤ ਕਰਦਾ ਹੈ।

ਤੁਮ ਸਰਣਾਗਤਿ ਰਹਉ ਸੁਭਾਉ ॥

(ਹੇ ਪ੍ਰਭੂ!) ਮੈਂ ਭੀ ਤੇਰੀ ਸਰਨ ਆ ਟਿਕਿਆ ਹਾਂ (ਤਾ ਕਿ ਤੇਰੇ ਚਰਨਾਂ ਦਾ) ਸ੍ਰੇਸ਼ਟ ਪ੍ਰੇਮ (ਮੈਂ ਹਾਸਲ ਕਰ ਸਕਾਂ)।

ਤੁਮ ਤੇ ਉਪਜਿਓ ਭਗਤੀ ਭਾਉ ॥

(ਜੀਵ ਦੇ ਅੰਦਰ) ਤੇਰੀ ਭਗਤੀ ਤੇਰਾ ਪ੍ਰੇਮ ਤੇਰੀ ਮੇਹਰ ਨਾਲ ਹੀ ਪੈਦਾ ਹੁੰਦੇ ਹਨ।

ਜਪੁ ਜਾਪਉ ਗੁਰਮੁਖਿ ਹਰਿ ਨਾਉ ॥੭॥

ਹੇ ਹਰੀ! (ਜੇ ਤੇਰੀ ਮੇਹਰ ਹੋਵੇ ਤਾਂ) ਮੈਂ ਗੁਰੂ ਦੀ ਸਰਨ ਪੈ ਕੇ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੭॥

ਹਉਮੈ ਗਰਬੁ ਜਾਇ ਮਨ ਭੀਨੈ ॥

ਜੇ ਜੀਵ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਏ ਤਾਂ ਅੰਦਰੋਂ ਹਉਮੈ ਅਹੰਕਾਰ ਦੂਰ ਹੋ ਜਾਂਦਾ ਹੈ,

ਝੂਠਿ ਨ ਪਾਵਸਿ ਪਾਖੰਡਿ ਕੀਨੈ ॥

ਪਰ (ਨਾਮ-ਰਸ ਵਿਚ ਭਿੱਜਣ ਦੀ ਇਹ ਦਾਤਿ) ਝੂਠ ਦੀ ਰਾਹੀਂ ਜਾਂ ਪਖੰਡ ਕੀਤਿਆਂ ਕੋਈ ਭੀ ਨਹੀਂ ਪ੍ਰਾਪਤ ਕਰ ਸਕਦਾ।

ਬਿਨੁ ਗੁਰਸਬਦ ਨਹੀ ਘਰੁ ਬਾਰੁ ॥

ਗੁਰੂ ਦੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਦਰਬਾਰ ਨਹੀਂ ਲੱਭ ਸਕਦਾ।

ਨਾਨਕ ਗੁਰਮੁਖਿ ਤਤੁ ਬੀਚਾਰੁ ॥੮॥੬॥

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਜਗਤ ਦੇ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਪ੍ਰਭੂ ਦੇ ਗੁਣਾਂ ਦੀ ਵਿਚਾਰ (ਦਾ ਸੁਭਾਉ) ਪ੍ਰਾਪਤ ਕਰ ਲੈਂਦਾ ਹੈ ॥੮॥੬॥


ਰਾਮਕਲੀ ਮਹਲਾ ੧ ॥
ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣੁ ਭਇਆ ॥

ਹੇ ਝੱਲੇ ਜੀਵ! ਜਿਵੇਂ ਤੂੰ (ਜਗਤ ਵਿਚ) ਆਇਆ ਹੈਂ ਤਿਵੇਂ (ਇਥੋਂ) ਚਲਾ ਭੀ ਜਾਵੇਂਗਾ, ਜਿਵੇਂ ਤੈਨੂੰ ਜਨਮ ਮਿਲਿਆ ਹੈ ਤਿਵੇਂ ਮੌਤ ਭੀ ਹੋ ਜਾਇਗੀ (ਇਥੇ ਕਿਸੇ ਹਾਲਤ ਵਿਚ ਸਦਾ ਬੈਠ ਨਹੀਂ ਰਹਿਣਾ)।

ਜਿਉ ਰਸ ਭੋਗ ਕੀਏ ਤੇਤਾ ਦੁਖੁ ਲਾਗੈ ਨਾਮੁ ਵਿਸਾਰਿ ਭਵਜਲਿ ਪਇਆ ॥੧॥

ਜਿਉਂ ਜਿਉਂ ਤੂੰ ਦੁਨੀਆ ਦੇ ਰਸਾਂ ਦੇ ਭੋਗ ਮਾਣਦਾ ਹੈਂ, ਤਿਉਂ ਤਿਉਂ ਉਤਨਾ ਹੀ (ਤੇਰੇ ਸਰੀਰ ਨੂੰ ਤੇ ਆਤਮਾ ਨੂੰ) ਦੁੱਖ-ਰੋਗ ਚੰਬੜ ਰਿਹਾ ਹੈ। (ਇਹਨਾਂ ਭੋਗਾਂ ਵਿਚ ਮਸਤ ਹੋ ਕੇ) ਪਰਮਾਤਮਾ ਦਾ ਨਾਮ ਵਿਸਾਰ ਕੇ ਤੂੰ ਜਨਮ ਮਰਨ ਦੇ ਚੱਕਰ ਵਿਚ ਪਿਆ ਸਮਝ ॥੧॥

ਤਨੁ ਧਨੁ ਦੇਖਤ ਗਰਬਿ ਗਇਆ ॥

(ਹੇ ਜੀਵ!) ਆਪਣਾ ਸਰੀਰ ਤੇ ਧਨ ਵੇਖ ਵੇਖ ਕੇ ਤੂੰ ਅਹੰਕਾਰ ਵਿਚ ਆਇਆ ਰਹਿੰਦਾ ਹੈਂ।

ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ ॥੧॥ ਰਹਾਉ ॥

ਸੋਨੇ ਤੇ ਇਸਤ੍ਰੀ ਨਾਲ ਤੂੰ ਮੋਹ ਵਧਾਈ ਜਾ ਰਿਹਾ ਹੈਂ। ਤੂੰ ਕਿਉਂ ਪਰਮਾਤਮਾ ਦਾ ਨਾਮ ਵਿਸਾਰ ਰਿਹਾ ਹੈਂ, ਤੇ, ਕਿਉਂ ਭਟਕਣਾ ਵਿਚ ਪੈ ਗਿਆ ਹੈਂ? ॥੧॥ ਰਹਾਉ ॥

ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥

(ਹੇ ਜੀਵ! ਤੂੰ ਆਪਣੇ ਆਪ ਨੂੰ) ਕਾਮ-ਵਾਸਨਾ ਵਲੋਂ ਨਹੀਂ ਬਚਾਇਆ, ਤੂੰ ਉੱਚਾ ਆਚਰਨ ਨਹੀਂ ਬਣਾਇਆ, ਤੂੰ ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕਣ ਦਾ ਉੱਦਮ ਨਹੀਂ ਕੀਤਾ, ਤੂੰ ਮਿੱਠਾ ਸੁਭਾਉ ਨਹੀਂ ਬਣਾਇਆ। (ਵਿਕਾਰਾਂ ਦੇ ਕਾਰਨ) ਅਪਵਿਤ੍ਰ ਹੋਏ ਸਰੀਰ-ਪਿੰਜਰ ਵਿਚ ਤੂੰ ਲੱਕੜ (ਵਰਗਾ ਕੁਰਖ਼ਤ-ਦਿਲ) ਹੋ ਚੁਕਾ ਹੈਂ।

ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ ॥੨॥

ਤੇਰੇ ਅੰਦਰ ਨਾਹ ਦੂਜਿਆਂ ਦੀ ਭਲਾਈ ਦਾ ਖ਼ਿਆਲ ਹੈ, ਨਾਹ ਦੂਜਿਆਂ ਦੀ ਸੇਵਾ ਦੀ ਤਾਂਘ ਹੈ, ਨਾਹ ਆਚਰਨਿਕ ਪਵਿਤ੍ਰਤਾ ਹੈ, ਨਾਹ ਕੋਈ ਬੰਧੇਜ ਹੈ। ਸਾਧ ਸੰਗਤ ਤੋਂ ਵਾਂਜਿਆਂ ਰਹਿ ਕੇ ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੨॥

ਲਾਲਚਿ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ ॥

(ਹੇ ਜੀਵ!) ਤੂੰ ਮਾਇਆ ਦੇ ਲਾਲਚ ਵਿਚ ਲੱਗਾ ਪਿਆ ਹੈਂ, ਪਰਮਾਤਮਾ ਦਾ ਨਾਮ ਤੂੰ ਭੁਲਾ ਦਿੱਤਾ ਹੈ। ਮਾਇਆ ਦੀ ਖ਼ਾਤਰ ਦੌੜਦਿਆਂ ਭੱਜਦਿਆਂ ਤੇਰਾ ਜੀਵਨ (ਅਜਾਈਂ) ਜਾਂਦਾ ਹੈ।

ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ ॥੩॥

ਜਦੋਂ ਜਮ ਅਚਨਚੇਤ ਆ ਕੇ ਤੈਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰੇਗਾ, ਕਾਲ ਦੇ ਮੂੰਹ ਵਿਚ ਪਹੁੰਚੇ ਹੋਏ ਨੂੰ ਤੈਨੂੰ (ਸਿਮਰਨ ਦੀ) ਸੁਰਤ ਨਹੀਂ ਆ ਸਕੇਗੀ ॥੩॥

ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ ॥

ਦਿਨ ਰਾਤ ਤੂੰ ਪਰਾਈ ਨਿੰਦਾ ਕਰਦਾ ਹੈਂ ਦੂਜਿਆਂ ਨਾਲ ਈਰਖਾ ਕਰਦਾ ਹੈਂ। ਤੇਰੇ ਹਿਰਦੇ ਵਿਚ ਨਾਹ ਪਰਮਾਤਮਾ ਦਾ ਨਾਮ ਹੈ ਤੇ ਨਾਹ ਸਭ ਜੀਵਾਂ ਵਾਸਤੇ ਦਇਆ-ਪਿਆਰ।

ਬਿਨੁ ਗੁਰਸਬਦ ਨ ਗਤਿ ਪਤਿ ਪਾਵਹਿ ਰਾਮ ਨਾਮ ਬਿਨੁ ਨਰਕਿ ਗਇਆ ॥੪॥

ਗੁਰੂ ਦੇ ਸ਼ਬਦ ਤੋਂ ਬਿਨਾ ਨਾਹ ਤੂੰ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੇਂਗਾ ਨਾਹ ਹੀ (ਲੋਕ ਪਰਲੋਕ ਦੀ) ਇੱਜ਼ਤ। ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਨਰਕ ਵਿਚ ਪਿਆ ਹੋਇਆ ਹੈਂ ॥੪॥

ਖਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤੁ ਗਇਆ ॥

(ਹੇ ਜੀਵ! ਮਾਇਆ ਦੀ ਖ਼ਾਤਰ) ਤੂੰ ਖਿਨ-ਪਲ ਵਿਚ ਸ੍ਵਾਂਗੀ ਵਾਂਗ ਕਈ ਰੂਪ ਧਾਰਦਾ ਹੈਂ। ਤੂੰ ਮੋਹ ਵਿਚ ਪਾਪਾਂ ਵਿਚ ਗ਼ਲਤਾਨ ਹੋਇਆ ਪਿਆ ਹੈਂ।

ਇਤ ਉਤ ਮਾਇਆ ਦੇਖਿ ਪਸਾਰੀ ਮੋਹ ਮਾਇਆ ਕੈ ਮਗਨੁ ਭਇਆ ॥੫॥

ਹਰ ਪਾਸੇ ਮਾਇਆ ਦਾ ਖਿਲਾਰਾ ਵੇਖ ਕੇ ਤੂੰ ਮਾਇਆ ਦੇ ਮੋਹ ਵਿਚ ਮਸਤ ਹੋ ਰਿਹਾ ਹੈਂ ॥੫॥

ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ ॥

(ਹੇ ਝੱਲੇ ਜੀਵ!) ਤੂੰ ਵਿਕਾਰਾਂ ਦੀ ਖ਼ਾਤਰ ਅਨੇਕਾਂ ਖਿਲਾਰੇ ਖਿਲਾਰਦਾ ਹੈਂ ਗੁਰੂ ਦੇ ਸ਼ਬਦ ਦੀ ਲਗਨ ਤੋਂ ਬਿਨਾ ਤੂੰ (ਵਿਕਾਰਾਂ ਦੀ) ਭਟਕਣਾ ਵਿਚ ਭਟਕਦਾ ਹੈਂ।

ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥੬॥

ਤੈਨੂੰ ਹਉਮੈ ਦਾ ਵੱਡਾ ਰੋਗ ਵੱਡਾ ਦੁੱਖ ਚੰਬੜਿਆ ਹੋਇਆ ਹੈ। ਜੇ ਤੂੰ ਚਾਹੁੰਦਾ ਹੈਂ ਇਹ ਰੋਗ ਦੂਰ ਹੋ ਜਾਏ ਤਾਂ ਗੁਰੂ ਦੀ ਸਿੱਖਿਆ ਲੈ ॥੬॥

ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨੁ ਭਇਆ ॥

ਮਾਇਆ-ਵੇੜ੍ਹਿਆ ਜੀਵ ਜਦੋਂ ਸੁਖਾਂ ਨੂੰ ਤੇ ਧਨ ਨੂੰ ਆਉਂਦਾ ਵੇਖਦਾ ਹੈ ਤਾਂ ਇਸ ਦੇ ਮਨ ਵਿਚ ਅਹੰਕਾਰ ਪੈਦਾ ਹੁੰਦਾ ਹੈ।

ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ ॥੭॥

ਪਰ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਤੇ ਧਨ ਹੈ ਉਹ ਮੁੜ ਮੋੜ ਲੈਂਦਾ ਹੈ। ਮਾਇਆ-ਵੇੜ੍ਹੇ ਜੀਵ ਨੂੰ ਸਦਾ ਇਹੀ ਸਹਿਮ ਦਾ ਰੋਗ ਖਾਈ ਜਾਂਦਾ ਹੈ ॥੭॥

ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥

(ਹੇ ਜੀਵ! ਇਹ ਸਰੀਰ, ਇਹ ਧਨ, ਇਹ ਸੋਨਾ, ਇਹ ਇਸਤ੍ਰੀ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਉਸ ਪਰਮਾਤਮਾ ਦੀ ਮੇਹਰ ਸਦਕਾ ਮਿਲਿਆ ਹੋਇਆ ਹੈ, ਪਰ ਅੰਤ ਵੇਲੇ ਇਹਨਾਂ ਵਿਚੋਂ ਭੀ (ਕਿਸੇ ਦੇ) ਨਾਲ ਨਹੀਂ ਜਾ ਸਕਦਾ।

ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ ॥੮॥

(ਦੁਨੀਆ ਦੇ ਇਹ ਪਦਾਰਥ ਦੇਣ ਵਾਲਾ) ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ। ਜੇਹੜਾ ਮਨੁੱਖ ਉਸ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ, ਉਹ (ਸੰਸਾਰ-ਸਮੁੰਦਰ ਦੀਆਂ ਮੋਹ ਦੀਆਂ ਲਹਿਰਾਂ ਵਿਚੋਂ) ਪਾਰ ਲੰਘ ਜਾਂਦਾ ਹੈ ॥੮॥

ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ ॥

(ਹੇ ਸਾਕਤ ਜੀਵ! ਮਰਨਾ ਤਾਂ ਸਭਨਾਂ ਨੇ ਹੈ, ਫਿਰ ਤੂੰ ਆਪਣੇ ਕਿਸੇ) ਮਰੇ ਸੰਬੰਧੀ ਨੂੰ ਰੋਂਦਾ ਹੈਂ ਤੇ (ਰੋ ਰੋ ਕੇ) ਕਿਸ ਨੂੰ ਸੁਣਾਂਦਾ ਹੈ? (ਪਰਮਾਤਮਾ ਦੀ ਯਾਦ ਤੋਂ ਖੁੰਝ ਕੇ) ਤੂੰ ਬੜੇ ਡਰਾਉਣੇ ਸੰਸਾਰ-ਸਮੁੰਦਰ ਵਿਚ ਗੋਤੇ ਖਾ ਰਿਹਾ ਹੈਂ।

ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ ॥੯॥

ਮਾਇਆ-ਵੇੜ੍ਹਿਆ ਜੀਵ ਆਪਣੇ ਪਰਵਾਰ ਨੂੰ, ਧਨ ਨੂੰ, ਸੋਹਣੇ ਘਰਾਂ ਨੂੰ ਵੇਖ ਵੇਖ ਕੇ ਨਿਕੰਮੇ ਜੰਜਾਲ ਵਿਚ ਫਸਿਆ ਪਿਆ ਹੈ ॥੯॥

ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥

ਅਸੀਂ ਜੀਵ ਜਦੋਂ ਸੰਸਾਰ ਵਿਚ ਆਉਂਦੇ ਹਾਂ ਤਾਂ ਉਸ ਪਰਮਾਤਮਾ ਨੇ ਹੀ ਸਾਨੂੰ ਭੇਜਿਆ ਹੁੰਦਾ ਹੈ, ਇਥੋਂ ਜਾਂਦੇ ਹਾਂ ਤਦੋਂ ਭੀ ਉਸੇ ਨੇ ਬੁਲਾ ਭੇਜਿਆ ਹੁੰਦਾ ਹੈ।

ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ ॥੧੦॥

ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਉਹ ਕਰ ਰਿਹਾ ਹੈ। (ਅਸੀਂ ਜੀਵ ਉਸ ਦੀ ਰਜ਼ਾ ਨੂੰ ਭੁੱਲ ਜਾਂਦੇ ਹਾਂ, ਪਰ) ਉਹ ਬਖ਼ਸ਼ਣਹਾਰ ਹੈ ਉਹ ਬਖ਼ਸ਼ ਲੈਂਦਾ ਹੈ ॥੧੦॥

ਜਿਨਿ ਏਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ ॥

(ਜੇ ਜੀਵ!) ਪਰਮਾਤਮਾ ਦਾ ਨਾਮ ਸਾਰੇ ਆਨੰਦ ਰਸ ਦੇਣ ਵਾਲਾ ਹੈ, ਜਿਸ ਜਿਸ ਬੰਦੇ ਨੇ ਇਹ ਨਾਮ-ਰਸ ਚੱਖ ਲਿਆ ਹੈ ਉਹਨਾਂ ਦੀ ਸੰਗਤ ਵਿਚ ਰਿਹਾਂ ਇਸ ਭੇਤ ਦੀ ਸਮਝ ਆਉਂਦੀ ਹੈ।

ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ ਮੁਕਤਿ ਪਦਾਰਥੁ ਸਰਣਿ ਪਇਆ ॥੧੧॥

ਗੁਰੂ ਦੀ ਸਰਨ ਪੈ ਕੇ ਗੁਰੂ ਤੋਂ ਹੀ ਪਰਮਾਤਮਾ ਦਾ ਨਾਮ-ਪਦਾਰਥ ਮਿਲਦਾ ਹੈ, ਇਸ ਨਾਮ ਵਿਚ ਸਭ ਕਰਾਮਾਤੀ ਤਾਕਤਾਂ ਹਨ, ਉੱਚੀ ਅਕਲ ਹੈ, ਸਹੀ ਜੀਵਨ-ਰਾਹ ਦੀ ਸੂਝ ਹੈ, ਤੇ ਇਸ ਨਾਮ ਨਾਲ ਹੀ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲਦੀ ਹੈ ॥੧੧॥

ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਵਾਪਰਦੇ) ਦੁੱਖ ਸੁਖ ਨੂੰ ਇਕੋ ਜਿਹਾ ਜਾਣਦਾ ਹੈ, ਉਹ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ।

ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਜਿ ਸਮਾਇ ਲਇਆ ॥੧੨॥੭॥

ਹੇ ਨਾਨਕ! ਗੁਰੂ ਦੀ ਸਰਨ ਪਿਆ ਮਨੁੱਖ ਆਪਾ-ਭਾਵ ਮਾਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ਤੇ ਅਡੋਲ ਆਤਮਕ ਅਵਸਥਾ ਵਿਚ ਰਹਿੰਦਾ ਹੈ ॥੧੨॥੭॥


ਰਾਮਕਲੀ ਮਹਲਾ ੧ ॥
ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥੧॥

ਧਰਤੀ ਅਕਾਸ਼ ਨੂੰ ਆਪਣੀ ਸੱਤਿਆ ਨਾਲ ਟਿਕਾ ਰੱਖਣ ਵਾਲਾ ਪਰਮਾਤਮਾ (ਜਿਸ ਜੀਵ ਨੂੰ ਮਾਇਆ-ਮੋਹ ਆਦਿਕ ਤੋਂ ਬਚਾਂਦਾ ਹੈ ਉਸ ਦੇ) ਹਿਰਦੇ ਵਿਚ ਟਿਕ ਕੇ ਉਸ ਦੇ ਸਰੀਰ ਨੂੰ ਆਪਣੇ ਰਹਿਣ ਲਈ ਘਰ ਬਣਾ ਲੈਂਦਾ ਹੈ (ਭਾਵ, ਉਸ ਦੇ ਅੰਦਰ ਆਪਣਾ ਆਪ ਪਰਗਟ ਕਰਦਾ ਹੈ) ॥੧॥

ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥

ਹੇ ਸੰਤ ਜਨੋ! ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਬੇਅੰਤ ਲੁਕਾਈ ਨੂੰ (ਹਉਮੈ ਮਮਤਾ ਕਾਮਾਦਿਕ ਤੋਂ) ਬਚਾਂਦਾ (ਚਲਿਆ ਆ ਰਿਹਾ) ਹੈ ॥੧॥ ਰਹਾਉ ॥

ਮਮਤਾ ਮਾਰਿ ਹਉਮੈ ਸੋਖੈ ਤ੍ਰਿਭਵਣਿ ਜੋਤਿ ਤੁਮਾਰੀ ॥੨॥

ਹੇ ਪ੍ਰਭੂ! (ਗੁਰੂ ਦੀ ਰਾਹੀਂ ਜਿਸ ਮਨੁੱਖ ਦਾ ਤੂੰ ਉੱਧਾਰ ਕਰਦਾ ਹੈਂ) ਉਹ ਅਪਣੱਤ ਨੂੰ (ਆਪਣੇ ਅੰਦਰੋਂ) ਮਾਰ ਕੇ ਹਉਮੈ ਨੂੰ ਭੀ ਮੁਕਾ ਲੈਂਦਾ ਹੈ, ਤੇ ਉਸ ਨੂੰ ਇਸ ਤ੍ਰਿ-ਭਵਨੀ ਜਗਤ ਵਿਚ ਤੇਰੀ ਹੀ ਜੋਤਿ ਨਜ਼ਰੀਂ ਆਉਂਦੀ ਹੈ ॥੨॥

ਮਨਸਾ ਮਾਰਿ ਮਨੈ ਮਹਿ ਰਾਖੈ ਸਤਿਗੁਰ ਸਬਦਿ ਵੀਚਾਰੀ ॥੩॥

(ਹੇ ਪ੍ਰਭੂ! ਜਿਸ ਜੀਵ ਨੂੰ ਤੂੰ ਤਾਰਦਾ ਹੈਂ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਉੱਚੀ ਵਿਚਾਰ ਦਾ ਮਾਲਕ ਹੋ ਕੇ ਆਪਣੇ ਮਨ ਦੇ ਮਾਇਕ ਫੁਰਨਿਆਂ ਨੂੰ ਮੁਕਾ ਕੇ (ਤੇਰੀ ਯਾਦ ਨੂੰ) ਆਪਣੇ ਮਨ ਵਿਚ ਟਿਕਾਂਦਾ ਹੈ ॥੩॥

ਸਿੰਙੀ ਸੁਰਤਿ ਅਨਾਹਦਿ ਵਾਜੈ ਘਟਿ ਘਟਿ ਜੋਤਿ ਤੁਮਾਰੀ ॥੪॥

(ਹੇ ਪ੍ਰਭੂ! ਜਿਸ ਉਤੇ ਤੇਰੀ ਮੇਹਰ ਹੁੰਦੀ ਹੈ ਉਹ ਹੈ ਅਸਲ ਜੋਗੀ, ਉਸ ਦੀ) ਸੁਰਤ ਤੇਰੇ ਨਾਸ-ਰਹਿਤ ਸਰੂਪ ਵਿਚ ਟਿਕਦੀ ਹੈ (ਇਹ, ਮਾਨੋ, ਉਸ ਦੇ ਅੰਦਰ ਜੋਗੀ ਵਾਲੀ) ਸਿੰਙੀ ਵੱਜਦੀ ਹੈ, ਉਸ ਨੂੰ ਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਦਿੱਸਦੀ ਹੈ (ਉਹ ਕਿਸੇ ਨੂੰ ਤਿਆਗ ਕੇ ਜੰਗਲੀਂ ਪਹਾੜੀਂ ਨਹੀਂ ਭਟਕਦਾ) ॥੪॥

ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ ॥੫॥

(ਗੁਰੂ ਦੇ ਸ਼ਬਦ ਵਿਚ ਟਿਕਿਆ ਹੋਇਆ ਮਨੁੱਖ ਅਸਲ ਜੋਗੀ ਹੈ,) ਉਹ ਆਪਣੇ ਮਨ ਨੂੰ ਉਸ ਪਰਮਾਤਮਾ ਵਿਚ ਜੋੜੀ ਰੱਖਦਾ ਹੈ ਜਿਸ ਵਿਚ ਜਗਤ-ਰਚਨਾ ਦੀ ਬੀਣਾ ਸਦਾ ਵੱਜ ਰਹੀ ਹੈ, ਉਹ ਆਪਣੇ ਅੰਦਰ ਰੱਬੀ ਜੋਤਿ ਚੰਗੀ ਤਰ੍ਹਾਂ ਜਗਾ ਲੈਂਦਾ ਹੈ ॥੫॥

ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ ॥੬॥

(ਹੇ ਅਉਧੂ! ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੀ ਸਰਨ ਪਾ ਕੇ ਆਤਮ-ਉੱਧਾਰ ਦੇ ਰਸਤੇ ਪਾਂਦਾ ਹੈ) ਉਹ ਮਨੁੱਖ ਇਸ ਪੰਜ-ਤੱਤੀ ਮਨੁੱਖਾ ਸਰੀਰ ਨੂੰ ਹਾਸਲ ਕਰ ਕੇ (ਜੰਗਲੀਂ ਪਹਾੜੀਂ ਜਾ ਕੇ ਇਸ ਨੂੰ ਸੁਆਹ ਵਿਚ ਨਹੀਂ ਰੋਲਦਾ, ਉਹ ਤਾਂ) ਬੇਅੰਤ ਪਰਮਾਤਮਾ ਦੀ ਪਵਿੱਤਰ ਜੋਤਿ ਦਾ ਦੀਵਾ ਦਿਨ ਰਾਤ (ਆਪਣੇ ਅੰਦਰ ਜਗਾਈ ਰੱਖਦਾ ਹੈ) ॥੬॥

ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ ਵਾਜੈ ਸਬਦੁ ਨਿਰਾਰੀ ॥੭॥

(ਹੇ ਅਉਧੂ! ਪ੍ਰਭੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਮਨੁੱਖ ਆਪਣੇ ਇਸ ਸਰੀਰ ਨੂੰ ਕਿੰਗੁਰੀ ਬਣਾਂਦਾ ਹੈ, ਸੁਆਸ ਸੁਆਸ ਨਾਮ ਜਪਣ ਨੂੰ ਇਸ ਸਰੀਰ-ਕਿੰਗੁਰੀ ਦੇ ਤੂੰਬੇ ਬਣਾਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਅਨੋਖੀ ਖਿੱਚ ਨਾਲ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਉਸ ਦੇ ਅੰਦਰ ਸੁਆਦਲਾ ਪ੍ਰੇਮ-ਰਾਗ ਪੈਦਾ ਕਰਦਾ ਹੈ) ॥੭॥

ਸਿਵ ਨਗਰੀ ਮਹਿ ਆਸਣੁ ਅਉਧੂ ਅਲਖੁ ਅਗੰਮੁ ਅਪਾਰੀ ॥੮॥

ਹੇ ਅਉਧੂ! (ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਉੱਧਾਰਦਾ ਹੈ, ਉਹ) ਉਸ ਆਤਮਕ ਅਵਸਥਾ-ਰੂਪ ਨਗਰੀ ਵਿਚ ਅਡੋਲ-ਚਿੱਤ ਹੋ ਕੇ ਜੁੜਦਾ ਹੈ ਜਿਥੇ ਕੱਲਿਆਣ-ਸਰੂਪ ਪ੍ਰਭੂ ਦਾ ਹੀ ਪ੍ਰਭਾਵ ਹੈ, ਜਿੱਥੇ ਉਸ ਦੇ ਅੰਦਰ ਅਲੱਖ ਅਪਹੁੰਚ ਤੇ ਬੇਅੰਤ ਪਰਮਾਤਮਾ ਪਰਗਟ ਹੋ ਪੈਂਦਾ ਹੈ (ਉਹ ਉੱਚੀ ਆਤਮਕ ਅਵਸਥਾ ਹੀ ਗੁਰਸਿੱਖ ਜੋਗੀ ਦੀ ਸ਼ਿਵ-ਨਗਰੀ ਹੈ) ॥੮॥

ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥੯॥

(ਹੇ ਅਉਧੂ! ਪ੍ਰਭੂ ਤੋਂ ਵਰੋਸਾਏ ਹੋਏ ਮਨੁੱਖ ਦਾ ਇਹ) ਸਰੀਰ (ਮਾਨੋ, ਵੱਸਦਾ) ਸ਼ਹਿਰ ਬਣ ਜਾਂਦਾ ਹੈ ਜਿਸ ਵਿਚ ਪੰਜੇ ਗਿਆਨ-ਇੰਦ੍ਰੇ ਵਿਚਾਰਵਾਨ ਹੋ ਕੇ (ਉੱਚੀ ਆਤਮਕ ਸੂਝ-ਬੂਝ ਵਾਲੇ ਹੋ ਕੇ) ਵੱਸਦੇ ਹਨ (ਭਾਵ, ਵਿਕਾਰਾਂ ਦੇ ਪਿੱਛੇ ਭਟਕਦੇ ਨਹੀਂ ਫਿਰਦੇ, ਵਰੋਸਾਏ ਮਨੁੱਖ ਦਾ) ਇਹ ਮਨ (ਸਰੀਰ-ਨਗਰੀ ਵਿਚ) ਰਾਜਾ ਬਣ ਜਾਂਦਾ ਹੈ (ਕਾਮਾਦਿਕਾਂ ਨੂੰ ਵੱਸ ਵਿਚ ਰੱਖੀ ਬੈਠਦਾ ਹੈ) ॥੯॥

ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥੧੦॥

(ਹੇ ਅਉਧੂ! ਜਿਸ ਮਨੁੱਖ ਦਾ, ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ, ਉੱਧਾਰ ਕਰਦਾ ਹੈ ਉਸ ਦਾ ਮਨ ਕਾਮਾਦਿਕਾਂ ਉਤੇ) ਬਲੀ ਹੋ ਕੇ (ਆਤਮਕ ਅਡੋਲਤਾ ਦੇ) ਆਸਣ ਉਤੇ ਬੈਠਦਾ ਹੈ ਆਪਣੇ ਅੰਦਰ ਹੀ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ, ਨਿਆਂ ਕਰਦਾ ਹੈ (ਭਾਵ, ਸਾਰੇ ਇੰਦ੍ਰਿਆਂ ਨੂੰ ਆਪੋ ਆਪਣੀ ਹੱਦ ਵਿਚ ਰੱਖਦਾ ਹੈ), ਤੇ ਪਰਉਪਕਾਰੀ ਹੋ ਜਾਂਦਾ ਹੈ ॥੧੦॥

ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ ॥੧੧॥

(ਹੇ ਅਉਧੂ! ਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ ਉਹ ਧੂਣੀਆਂ ਤਪਾ ਤਪਾ ਕੇ ਨਹੀਂ ਸੜਦਾ, ਉਹ ਤਾਂ ਇਹ ਸੰਸਾਰਕ ਜੀਵਨ) ਜੀਊਂਦਾ ਹੀ (ਹਉਮੈ ਮਮਤਾ ਕਾਮਾਦਿਕਾਂ ਵਲੋਂ) ਮਰ ਜਾਂਦਾ ਹੈ, ਉਹ ਆਪਣੇ ਮਨ ਨੂੰ (ਇਹਨਾਂ ਵਲੋਂ) ਮਾਰ ਦੇਂਦਾ ਹੈ, (ਇਸ ਅਵਸਥਾ ਵਿਚ ਪਹੁੰਚੇ ਹੋਏ ਦਾ) ਵਿਚਾਰੇ ਜਨਮ ਮਰਨ ਕੁਝ ਵਿਗਾੜ ਨਹੀਂ ਸਕਦੇ ॥੧੧॥

ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾ ਕਾਰੀ ॥੧੨॥

(ਹੇ ਅਉਧੂ! ਉਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਕਰਤਾਰ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਉਸ ਇਕ ਪਰਮਾਤਮਾ (ਦੀ ਇਕ ਇਕ ਤਾਕਤ) ਦਾ ਸਰੂਪ (ਮਿਥੇ ਗਏ) ਹਨ ॥੧੨॥

ਕਾਇਆ ਸੋਧਿ ਤਰੈ ਭਵ ਸਾਗਰੁ ਆਤਮ ਤਤੁ ਵੀਚਾਰੀ ॥੧੩॥

(ਹੇ ਅਉਧੂ! ਉਹ ਮਨੁੱਖ) ਹਰੇਕ ਆਤਮਾ ਦੇ ਮਾਲਕ ਪਰਮਾਤਮਾ (ਦੀ ਯਾਦ) ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਤੇ (ਜੰਗਲਾਂ ਪਹਾੜਾਂ ਵਿਚ ਭਟਕਣ ਦੇ ਥਾਂ) ਆਪਣੇ ਸਰੀਰ ਨੂੰ (ਵਿਕਾਰਾਂ ਵਲੋਂ) ਪਵਿਤ੍ਰ ਰੱਖ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧੩॥

ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥੧੪॥

(ਹੇ ਅਉਧੂ! ਉਸ ਮਨੁੱਖ ਨੇ) ਗੁਰੂ ਦੀ ਦੱਸੀ ਸੇਵਾ ਤੋਂ ਹੀ ਸਦਾ ਲਈ ਆਤਮਕ ਆਨੰਦ ਲੱਭ ਲਿਆ ਹੈ, ਉਸ ਦੇ ਅੰਦਰ (ਸੁੱਚੇ) ਆਤਮਕ ਗੁਣ ਪੈਦਾ ਕਰਨ ਵਾਲਾ ਗੁਰੂ ਦਾ ਸ਼ਬਦ ਸਦਾ ਟਿਕਿਆ ਰਹਿੰਦਾ ਹੈ ॥੧੪॥

ਆਪੇ ਮੇਲਿ ਲਏ ਗੁਣਦਾਤਾ ਹਉਮੈ ਤ੍ਰਿਸਨਾ ਮਾਰੀ ॥੧੫॥

(ਹੇ ਅਉਧੂ! ਜਿਸ ਉਤੇ ਮੇਹਰ ਕਰਦਾ ਹੈ ਉਸ ਨੂੰ) ਆਤਮਕ ਗੁਣ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੀ (ਗੁਰਮੁਖਾਂ ਦੀ) ਸੰਗਤ ਵਿਚ ਮਿਲਾਂਦਾ ਹੈ, ਉਸ ਦੇ ਅੰਦਰੋਂ ਹਉਮੈ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਦੇਂਦਾ ਹੈ ॥੧੫॥

ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ ॥੧੬॥

(ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਲੈਂਦਾ ਹੈ, ਉਸ ਉੱਚੀ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਇਹਨਾਂ ਤਿੰਨਾਂ ਦਾ ਜ਼ੋਰ ਨਹੀਂ ਚੜ੍ਹਦਾ, (ਜੰਗਲਾਂ ਪਹਾੜਾਂ ਵਿਚ ਭਟਕਣ ਨਾਲੋਂ ਉਸ ਨੂੰ) ਇਹ ਭਗਤੀ ਹੀ ਅਨੋਖੀ ਖਿੱਚ ਪਾਂਦੀ ਹੈ ॥੧੬॥

ਗੁਰਮੁਖਿ ਜੋਗ ਸਬਦਿ ਆਤਮੁ ਚੀਨੈ ਹਿਰਦੈ ਏਕੁ ਮੁਰਾਰੀ ॥੧੭॥

(ਹੇ ਅਉਧੂ!) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਨ ਦੇ ਜੋਗ (-ਸਾਧਨ) ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਤੇ ਆਪਣੇ ਹਿਰਦੇ ਵਿਚ ਇਕ ਪਰਮਾਤਮਾ (ਦੀ ਯਾਦ ਤੇ ਪ੍ਰੀਤ) ਨੂੰ ਵਸਾਈ ਰੱਖਦਾ ਹੈ ॥੧੭॥

ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ ॥੧੮॥

(ਹੇ ਅਉਧੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਸਦਾ) ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ। (ਇਸ ਵਾਸਤੇ ਉਸ ਦਾ) ਮਨ (ਵਿਕਾਰਾਂ ਵਲ ਡੋਲਣ ਦੇ ਥਾਂ ਪ੍ਰਭੂ-ਪ੍ਰੀਤ ਵਿਚ) ਟਿਕਿਆ ਰਹਿੰਦਾ ਹੈ। (ਮਨੁੱਖਾ ਜੀਵਨ ਵਿਚ) ਇਹ ਹੀ ਕਰਨ-ਜੋਗ ਕਾਰ ਉਸ ਨੂੰ ਸ੍ਰੇਸ਼ਟ ਜਾਪਦੀ ਹੈ ॥੧੮॥

ਬੇਦੁ ਬਾਦੁ ਨ ਪਾਖੰਡੁ ਅਉਧੂ ਗੁਰਮੁਖਿ ਸਬਦਿ ਬੀਚਾਰੀ ॥੧੯॥

ਹੇ ਅਉਧੂ! ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਪੜ੍ਹ ਕੇ ਉਹਨਾਂ ਦੀ) ਚਰਚਾ ਨੂੰ (ਉਹ ਮਨੁੱਖ) ਨਹੀਂ ਕਬੂਲਦਾ (ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇ ਰਾਹ ਵਿਚ ਇਸ ਨੂੰ ਉਹ) ਪਖੰਡ (ਸਮਝਦਾ ਹੈ)। ਉਹ ਤਾਂ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉੱਚੀ ਆਤਮਕ ਵਿਚਾਰ ਦਾ ਮਾਲਕ ਬਣਦਾ ਹੈ ॥੧੯॥

ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ ॥੨੦॥

ਹੇ ਅਉਧੂ! (ਜਿਸ ਮਨੁੱਖ ਨੂੰ ਪਰਮਾਤਮਾ ਉੱਧਾਰਦਾ ਹੈ ਉਹ) ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਇਹੀ ਜੋਗ (ਉਹ) ਕਮਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਉੱਚੀ ਆਤਮਕ ਵਿਚਾਰ ਦਾ ਮਾਲਕ ਬਣਦਾ ਹੈ, ਇਹੀ ਹੈ ਉਸ ਦਾ ਜਤ ਤੇ ਸਤ (ਕਾਇਮ ਰੱਖਣ ਦਾ ਤਰੀਕਾ) ॥੨੦॥

ਸਬਦਿ ਮਰੈ ਮਨੁ ਮਾਰੇ ਅਉਧੂ ਜੋਗ ਜੁਗਤਿ ਵੀਚਾਰੀ ॥੨੧॥

ਹੇ ਅਉਧੂ! ਉਸ ਮਨੁੱਖ ਨੇ ਜੋਗ ਦੀ (ਪਰਮਾਤਮਾ ਨਾਲ ਜੁੜਨ ਦੀ) ਇਹ ਜੁਗਤਿ ਸਮਝੀ ਹੈ ਕਿ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਹਉਮੈ ਮਮਤਾ ਆਦਿਕ ਵਲੋਂ) ਮੁਰਦਾ ਹੋ ਜਾਂਦਾ ਹੈ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਕਾਬੂ ਵਿਚ ਰੱਖਦਾ ਹੈ ॥੨੧॥

ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ ॥੨੨॥

ਹੇ ਅਉਧੂ! ਮਾਇਆ ਦਾ ਮੋਹ ਘੁੰਮਣ ਘੇਰੀ ਹੈ (ਜਿਸ ਮਨੁੱਖ ਦਾ ਪਰਮਾਤਮਾ ਉੱਧਾਰ ਕਰਦਾ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਇਸ ਵਿਚੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨੨॥

ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ ॥੨੩॥

ਹੇ ਅਉਧੂ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਚੌਹਾਂ ਜੁਗਾਂ ਵਿਚ ਹੀ ਸੂਰਮੇ ਹਨ (ਭਾਵ, ਕਿਸੇ ਭੀ ਸਮੇ ਵਿਚ ਕਾਮਾਦਿਕ ਵਿਕਾਰ ਉਹਨਾਂ ਉਤੇ ਜ਼ੋਰ ਨਹੀਂ ਪਾ ਸਕਦੇ)। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਉਹ ਪਰਮਾਤਮਾ ਦੀ ਭਗਤੀ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦੇ ਹਨ ॥੨੩॥

ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ ॥੨੪॥

ਹੇ ਅਉਧੂ! ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ (ਪਰ ਇਸ ਵਿਚੋਂ ਨਿਕਲਣ ਦਾ ਇਹ ਤਰੀਕਾ ਨਹੀਂ ਕਿ ਮਨੁੱਖ ਜੰਗਲਾਂ ਵਿਚ ਜਾਂ ਪਹਾੜਾਂ ਦੀਆਂ ਗੁਫ਼ਾਂ ਵਿਚ ਜਾ ਕੇ ਟਿਕੇ, ਇਸ ਵਿਚੋਂ) ਉਹ ਮਨੁੱਖ ਨਿਕਲਦਾ ਹੈ ਜੋ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ॥੨੪॥

ਆਪੇ ਬਖਸੇ ਮੇਲਿ ਮਿਲਾਏ ਨਾਨਕ ਸਰਣਿ ਤੁਮਾਰੀ ॥੨੫॥੯॥

ਸੋ, ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ-ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਮਾਇਆ ਦੇ ਮੋਹ ਵਿਚ ਫਸਣ ਤੋਂ ਬਚਾ ਲੈ)। (ਮਾਇਆ ਦੇ ਮੋਹ ਤੋਂ ਬਚਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਅਰਦਾਸ ਸੁਣ ਕੇ) ਪਰਮਾਤਮਾ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਆਪਣੀ ਸੰਗਤ ਵਿਚ ਮਿਲਾਂਦਾ ਹੈ ॥੨੫॥੯॥


ਰਾਮਕਲੀ ਮਹਲਾ ੩ ਅਸਟਪਦੀਆ ॥

ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ ਖਿੰਥਾ ਕਰਿ ਤੂ ਦਇਆ ॥

ਹੇ ਜੋਗੀ! (ਇਹਨਾਂ ਕੱਚ ਦੀਆਂ ਮੁੰਦ੍ਰਾਂ ਦੇ ਥਾਂ) ਤੂੰ ਆਪਣੇ ਕੰਨਾਂ ਵਿਚ (ਉੱਚਾ ਆਤਮਕ ਜੀਵਨ ਬਣਾਣ ਲਈ) ਮਿਹਨਤ ਦੀਆਂ ਮੁੰਦ੍ਰਾਂ ਪਾ ਲੈ, ਅਤੇ ਦਇਆ ਨੂੰ ਤੂੰ ਆਪਣੀ ਕਫ਼ਨੀ ਬਣਾ।

ਆਵਣੁ ਜਾਣੁ ਬਿਭੂਤਿ ਲਾਇ ਜੋਗੀ ਤਾ ਤੀਨਿ ਭਵਣ ਜਿਣਿ ਲਇਆ ॥੧॥

ਹੇ ਜੋਗੀ! ਜਨਮ ਮਰਨ ਦੇ ਗੇੜ ਦਾ ਡਰ ਚੇਤੇ ਰੱਖ-ਇਹ ਸੁਆਹ ਤੂੰ ਆਪਣੇ ਪਿੰਡੇ ਉਤੇ ਮਲ। (ਜੇ ਤੂੰ ਇਹ ਉੱਦਮ ਕਰੇਂਗਾ, ਤਾਂ ਸਮਝ ਲਈਂ ਕਿ) ਤੂੰ ਜਗਤ ਦਾ ਮੋਹ ਜਿੱਤ ਲਿਆ ॥੧॥

ਐਸੀ ਕਿੰਗੁਰੀ ਵਜਾਇ ਜੋਗੀ ॥

ਹੇ ਜੋਗੀ! ਤੂੰ ਅਜਿਹੀ ਵੀਣਾ ਵਜਾਇਆ ਕਰ,

ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ ॥੧॥ ਰਹਾਉ ॥

ਜਿਸ ਵੀਣਾ ਦੇ ਵਜਾਣ ਨਾਲ (ਮਨੁੱਖ ਦੇ ਅੰਦਰ) ਉੱਚੇ ਆਤਮਕ ਜੀਵਨ ਦਾ ਇੱਕ-ਰਸ ਆਨੰਦ ਪੈਦਾ ਹੋ ਜਾਂਦਾ ਹੈ, ਅਤੇ ਮਨੁੱਖ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥

ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ ॥

ਹੇ ਜੋਗੀ! (ਦੂਜਿਆਂ ਦੀ) ਸੇਵਾ (ਕਰਿਆ ਕਰ, ਅਤੇ ਆਪਣੇ ਅੰਦਰ) ਸੰਤੋਖ (ਧਾਰਨ ਕਰ, ਇਹਨਾਂ ਦੋਹਾਂ) ਨੂੰ ਖੱਪਰ ਅਤੇ ਝੋਲੀ ਬਣਾ। ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ ਹਿਰਦੇ ਵਿਚ ਵਸਾਈ ਰੱਖੋ) ਇਹ ਚੂਰਮਾ ਪਾ (ਤੂੰ ਆਪਣੇ ਖੱਪਰ ਵਿਚ)।

ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ ॥੨॥

ਹੇ ਜੋਗੀ! ਪ੍ਰਭੂ-ਚਰਨਾਂ ਵਿਚ ਚਿੱਤ ਜੋੜੀ ਰੱਖਣ ਨੂੰ ਤੂੰ (ਆਪਣੇ ਹੱਥ ਦਾ) ਡੰਡਾ ਬਣਾ; ਪ੍ਰਭੂ ਵਿਚ ਸੁਰਤ ਟਿਕਾਈ ਰੱਖ-ਇਹ ਸਿੰਙੀ ਵਜਾਇਆ ਕਰ ॥੨॥

ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ ॥

ਹੇ ਜੋਗੀ! (ਪ੍ਰਭੂ ਦੀ ਯਾਦ ਵਿਚ) ਆਪਣੇ ਮਨ ਨੂੰ ਪੱਕਾ ਕਰ-(ਇਸ) ਆਸਣ ਉਤੇ ਬੈਠਿਆ ਕਰ, (ਇਸ ਅੱਭਿਆਸ ਨਾਲ) ਤੇਰੇ ਮਨ ਦੀ ਖਿੱਝ ਦੂਰ ਹੋ ਜਾਇਗੀ।

ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ ॥੩॥

(ਤੂੰ ਆਟਾ ਮੰਗਣ ਲਈ ਨਗਰ ਵਲ ਤੁਰ ਪੈਂਦਾ ਹੈਂ, ਇਸ ਦੇ ਥਾਂ) ਜੇ ਤੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ (ਟਿਕ ਕੇ ਪਰਮਾਤਮਾ ਦੇ ਦਰ ਤੋਂ ਉਸ ਦੇ ਨਾਮ ਦਾ ਦਾਨ) ਮੰਗਣਾ ਸ਼ੁਰੂ ਕਰ ਦੇਵੇਂ, ਤਾਂ, ਹੇ ਜੋਗੀ! ਤੈਨੂੰ (ਪਰਮਾਤਮਾ ਦਾ) ਨਾਮ ਪ੍ਰਾਪਤ ਹੋ ਜਾਇਗਾ ॥੩॥

ਇਤੁ ਕਿੰਗੁਰੀ ਧਿਆਨੁ ਨ ਲਾਗੈ ਜੋਗੀ ਨਾ ਸਚੁ ਪਲੈ ਪਾਇ ॥

ਹੇ ਜੋਗੀ! (ਜਿਹੜੀ ਕਿੰਗੁਰੀ ਤੂੰ ਵਜਾ ਰਿਹਾ ਹੈਂ) ਇਸ ਕਿੰਗੁਰੀ ਦੀ ਰਾਹੀਂ ਪ੍ਰਭੂ ਚਰਨਾਂ ਵਿਚ ਧਿਆਨ ਨਹੀਂ ਜੁੜ ਸਕਦਾ, ਨਾਹ ਹੀ ਇਸ ਤਰ੍ਹਾਂ ਸਦਾ-ਥਿਰ ਪ੍ਰਭੂ ਦਾ ਮਿਲਾਪ ਹੋ ਸਕਦਾ ਹੈ।

ਇਤੁ ਕਿੰਗੁਰੀ ਸਾਂਤਿ ਨ ਆਵੈ ਜੋਗੀ ਅਭਿਮਾਨੁ ਨ ਵਿਚਹੁ ਜਾਇ ॥੪॥

ਹੇ ਜੋਗੀ! (ਤੇਰੀ) ਇਸ ਕਿੰਗੁਰੀ ਦੀ ਰਾਹੀਂ ਮਨ ਵਿਚ ਸ਼ਾਂਤੀ ਪੈਦਾ ਨਹੀਂ ਹੋ ਸਕਦੀ, ਨਾਹ ਹੀ ਮਨ ਵਿਚੋਂ ਅਹੰਕਾਰ ਦੂਰ ਹੋ ਸਕਦਾ ਹੈ ॥੪॥

ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ ॥

ਹੇ ਜੋਗੀ! ਤੂੰ ਆਪਣੇ ਇਸ ਸਰੀਰ ਨੂੰ (ਕਿੰਗੁਰੀ ਦੀ) ਡੰਡੀ ਬਣਾ ਅਤੇ (ਇਸ ਸਰੀਰ-ਡੰਡੀ ਨੂੰ) ਡਰ ਅਤੇ ਪਿਆਰ ਦੇ ਦੋ ਤੂੰਬੇ ਜੋੜ (ਭਾਵ, ਆਪਣੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਪੈਦਾ ਕਰ)।

ਗੁਰਮੁਖਿ ਹੋਵਹਿ ਤਾ ਤੰਤੀ ਵਾਜੈ ਇਨ ਬਿਧਿ ਤ੍ਰਿਸਨਾ ਖੰਡੀ ॥੫॥

ਹੇ ਜੋਗੀ! ਜੇ ਤੂੰ ਹਰ ਵੇਲੇ ਗੁਰੂ ਦੇ ਸਨਮੁਖ ਹੋਇਆ ਰਹੇਂ ਤਾਂ (ਹਿਰਦੇ ਦੀ ਪ੍ਰੇਮ-) ਤਾਰ ਵੱਜ ਪਏਗੀ, ਇਸ ਤਰ੍ਹਾਂ (ਤੇਰੇ ਅੰਦਰੋਂ) ਤ੍ਰਿਸ਼ਨਾ ਮੁੱਕ ਜਾਇਗੀ ॥੫॥

ਹੁਕਮੁ ਬੁਝੈ ਸੋ ਜੋਗੀ ਕਹੀਐ ਏਕਸ ਸਿਉ ਚਿਤੁ ਲਾਏ ॥

ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਤੁਰਦਾ ਹੈ ਅਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ਉਹ ਮਨੁੱਖ (ਅਸਲ) ਜੋਗੀ ਅਖਵਾਂਦਾ ਹੈ।

ਸਹਸਾ ਤੂਟੈ ਨਿਰਮਲੁ ਹੋਵੈ ਜੋਗ ਜੁਗਤਿ ਇਵ ਪਾਏ ॥੬॥

(ਉਸ ਦੇ ਅੰਦਰੋਂ) ਸਹਿਮ ਦੂਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ, ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਦਾ ਢੰਗ ਲੱਭ ਲੈਂਦਾ ਹੈ ॥੬॥

ਨਦਰੀ ਆਵਦਾ ਸਭੁ ਕਿਛੁ ਬਿਨਸੈ ਹਰਿ ਸੇਤੀ ਚਿਤੁ ਲਾਇ ॥

(ਹੇ ਜੋਗੀ! ਜਗਤ ਵਿਚ ਜੋ ਕੁਝ) ਅੱਖੀਂ ਦਿੱਸ ਰਿਹਾ ਹੈ (ਇਹ) ਸਭ ਕੁਝ ਨਾਸਵੰਤ ਹੈ (ਇਸ ਦਾ ਮੋਹ ਛੱਡ ਕੇ) ਤੂੰ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖ।

ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਇ ॥੭॥

(ਪਰ, ਹੇ ਜੋਗੀ!) ਇਹ ਸਮਝ ਤਦੋਂ ਹੀ ਪਏਗੀ ਜਦੋਂ ਗੁਰੂ ਨਾਲ ਤੇਰੀ ਸਰਧਾ ਬਣੇਗੀ ॥੭॥

ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ ॥

ਹੇ ਜੋਗੀ! ਤੂੰ ਇਹ ਜਿਹੜਾ ਆਪਣਾ ਪਰਵਾਰ ਛੱਡ ਕੇ ਦੇਸ-ਰਟਨ ਕਰਦਾ ਫਿਰਦਾ ਹੈਂ, ਇਸ ਨੂੰ ਜੋਗ ਨਹੀਂ ਆਖੀਦਾ।

ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥

ਇਸ ਸਰੀਰ-ਘਰ ਵਿਚ ਹੀ ਪਰਮਾਤਮਾ ਦਾ ਨਾਮ (ਵੱਸ ਰਿਹਾ ਹੈ। ਹੇ ਜੋਗੀ! ਆਪਣੇ ਅੰਦਰੋਂ ਹੀ) ਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਪਰਮਾਤਮਾ ਨੂੰ ਲੱਭ ਸਕੇਂਗਾ ॥੮॥

ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥

ਹੇ ਜੋਗੀ! ਇਹ ਸੰਸਾਰ (ਮਾਨੋ) ਮਿੱਟੀ ਦਾ ਬੁੱਤ ਹੈ, ਇਸ ਵਿਚ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਹੋਇਆ ਹੈ।

ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ ॥੯॥

ਹੇ ਜੋਗੀ! ਜੇ ਕੋਈ ਮਨੁੱਖ (ਤਿਆਗੀਆਂ ਵਾਲੇ) ਭੇਖ ਆਦਿਕਾਂ ਦੇ ਅਨੇਕਾਂ ਜਤਨ ਕਰਦਾ ਰਹੇ, ਤਾਂ ਭੀ ਇਹ ਰੋਗ ਦੂਰ ਨਹੀਂ ਕੀਤਾ ਜਾ ਸਕਦਾ ॥੯॥

ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ ॥

ਹੇ ਜੋਗੀ! (ਇਸ ਰੋਗ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਨਾਮ (ਹੀ) ਦਵਾਈ ਹੈ (ਪਰ ਇਹ ਦਵਾਈ ਉਹੀ ਮਨੁੱਖ ਵਰਤਦਾ ਹੈ) ਜਿਸ ਉਤੇ (ਮਿਹਰ ਕਰ ਕੇ ਉਸ ਦੇ) ਮਨ ਵਿਚ (ਇਹ ਦਵਾਈ) ਵਸਾਂਦਾ ਹੈ।

ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ ॥੧੦॥

(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹੀ ਮਨੁੱਖ ਪ੍ਰਭੂ-ਮਿਲਾਪ ਦਾ ਢੰਗ ਸਿੱਖਦਾ ਹੈ ॥੧੦॥

ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ ॥

ਹੇ ਜੋਗੀ! (ਜਿਸ ਜੋਗ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ) ਜੋਗ ਦਾ ਰਸਤਾ ਔਖਾ ਹੈ, ਇਹ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਸ ਉਤੇ (ਪ੍ਰਭੂ) ਮਿਹਰ ਦੀ ਨਿਗਾਹ ਕਰਦਾ ਹੈ।

ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ ॥੧੧॥

ਉਹ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਆਪਣੇ ਅੰਦਰ ਅਤੇ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੧੧॥

ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥

ਹੇ ਜੋਗੀ! ਤੂੰ (ਅੰਮ੍ਰਿਤ ਨਾਮ ਦੀ) ਉਹ ਵੀਣਾ ਵਜਾਇਆ ਕਰ ਜੋ (ਅੰਤਰ ਆਤਮੇ) ਬਿਨਾ ਵਜਾਇਆਂ ਵੱਜਦੀ ਹੈ।

ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥੧੨॥੧॥੧੦॥

ਨਾਨਕ ਆਖਦਾ ਹੈ ਕਿ ਹੇ ਜੋਗੀ! (ਜੇ ਤੂੰ ਹਰਿ-ਨਾਮ ਸਿਮਰਨ ਦੀ ਵੀਣਾ ਵਜਾਏਂਗਾ, ਤਾਂ) ਤੂੰ ਵਿਕਾਰਾਂ ਤੋਂ ਖ਼ਲਾਸੀ (ਦਾ ਮਾਲਕ) ਹੋ ਜਾਹਿਂਗਾ, ਅਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕਿਆ ਰਹੇਂਗਾ ॥੧੨॥੧॥੧੦॥


ਰਾਮਕਲੀ ਮਹਲਾ ੩ ॥
ਭਗਤਿ ਖਜਾਨਾ ਗੁਰਮੁਖਿ ਜਾਤਾ ਸਤਿਗੁਰਿ ਬੂਝਿ ਬੁਝਾਈ ॥੧॥

ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਹੀ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਦੀ ਕਦਰ ਸਮਝੀ ਹੈ। ਗੁਰੂ ਨੇ (ਆਪ ਇਹ ਕਦਰ) ਸਮਝ (ਸਿੱਖ ਨੂੰ) ਬਖ਼ਸ਼ੀ ਹੈ ॥੧॥

ਸੰਤਹੁ ਗੁਰਮੁਖਿ ਦੇਇ ਵਡਿਆਈ ॥੧॥ ਰਹਾਉ ॥

ਹੇ ਸੰਤ ਜਨੋ! (ਪਰਮਾਤਮਾ ਲੋਕ ਪਰਲੋਕ ਵਿਚ) ਉਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ ਜੋ ਸਦਾ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥

ਸਚਿ ਰਹਹੁ ਸਦਾ ਸਹਜੁ ਸੁਖੁ ਉਪਜੈ ਕਾਮੁ ਕ੍ਰੋਧੁ ਵਿਚਹੁ ਜਾਈ ॥੨॥

(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿ ਕੇ ਹੀ) ਤੁਸੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕਦੇ ਹੋ, (ਤੁਹਾਡੇ ਅੰਦਰ) ਆਤਮਕ ਅਡੋਲਤਾ ਵਾਲਾ ਸੁਖ ਪੈਦਾ ਹੋ ਸਕਦਾ ਹੈ ਅਤੇ (ਤੁਹਾਡੇ) ਅੰਦਰੋਂ ਕਾਮ ਕ੍ਰੋਧ ਦੂਰ ਹੋ ਸਕਦਾ ਹੈ ॥੨॥

ਆਪੁ ਛੋਡਿ ਨਾਮ ਲਿਵ ਲਾਗੀ ਮਮਤਾ ਸਬਦਿ ਜਲਾਈ ॥੩॥

(ਹੇ ਸੰਤ ਜਨੋ! ਗੁਰੂ ਦੇ ਸਨਮੁਖ ਮਨੁੱਖ ਨੇ ਹੀ) ਆਪਾ-ਭਾਵ ਛੱਡ ਕੇ (ਆਪਣੇ ਅੰਦਰ ਪਰਮਾਤਮਾ ਦੇ) ਨਾਮ ਦੀ ਲਗਨ ਬਣਾਈ ਹੈ ਅਤੇ (ਆਪਣੇ ਅੰਦਰੋਂ) ਮੈਂ-ਮੇਰੀ ਦੀ ਆਦਤ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀ ਹੈ ॥੩॥

ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮੁ ਸਖਾਈ ॥੪॥

(ਹੇ ਸੰਤ ਜਨੋ! ਗੁਰਮੁਖਿ ਨੂੰ ਹੀ ਇਹ ਸਮਝ ਆਉਂਦੀ ਹੈ ਕਿ) ਜੀਵ ਜਿਸ ਪਰਮਾਤਮਾ ਤੋਂ ਪੈਦਾ ਹੁੰਦਾ ਹੈ ਉਸੇ ਦੇ ਹੁਕਮ ਅਨੁਸਾਰ ਹੀ ਨਾਸ ਹੋ ਜਾਂਦਾ ਹੈ, ਅਤੇ ਅਖ਼ੀਰ ਸਮੇ ਸਿਰਫ਼ ਪ੍ਰਭੂ-ਨਾਮ ਹੀ ਸਾਥੀ ਬਣਦਾ ਹੈ ॥੪॥

ਸਦਾ ਹਜੂਰਿ ਦੂਰਿ ਨਹ ਦੇਖਹੁ ਰਚਨਾ ਜਿਨਿ ਰਚਾਈ ॥੫॥

(ਹੇ ਸੰਤ ਜਨੋ!) ਜਿਸ ਪਰਮਾਤਮਾ ਨੇ ਇਹ ਜਗਤ ਦੀ ਖੇਡ ਬਣਾਈ ਹੈ ਉਸ ਨੂੰ ਇਸ ਵਿਚ ਹਰ ਥਾਂ ਹਾਜ਼ਰ-ਨਾਜ਼ਰ ਵੇਖੋ, ਇਸ ਵਿਚੋਂ ਲਾਂਭੇ ਦੂਰ ਨਾਹ ਸਮਝੋ ॥੫॥

ਸਚਾ ਸਬਦੁ ਰਵੈ ਘਟ ਅੰਤਰਿ ਸਚੇ ਸਿਉ ਲਿਵ ਲਾਈ ॥੬॥

(ਹੇ ਸੰਤ ਜਨੋ! ਗੁਰੂ ਦੇ ਸਨਮੁਖ ਹੋਇਆਂ ਹੀ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਵੱਸ ਸਕਦਾ ਹੈ ਅਤੇ ਸਦਾ-ਥਿਰ ਪ੍ਰਭੂ ਨਾਲ ਲਗਨ ਲੱਗ ਸਕਦੀ ਹੈ ॥੬॥

ਸਤਸੰਗਤਿ ਮਹਿ ਨਾਮੁ ਨਿਰਮੋਲਕੁ ਵਡੈ ਭਾਗਿ ਪਾਇਆ ਜਾਈ ॥੭॥

(ਹੇ ਸੰਤ ਜਨੋ! ਜਿਹੜਾ) ਹਰਿ-ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ ਉਹ ਗੁਰੂ ਦੀ ਸਾਧ ਸੰਗਤ ਵਿਚ ਵੱਡੀ ਕਿਸਮਤ ਨਾਲ ਮਿਲ ਜਾਂਦਾ ਹੈ ॥੭॥

ਭਰਮਿ ਨ ਭੂਲਹੁ ਸਤਿਗੁਰੁ ਸੇਵਹੁ ਮਨੁ ਰਾਖਹੁ ਇਕ ਠਾਈ ॥੮॥

(ਹੇ ਸੰਤ ਜਨੋ!) ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਏ ਰਹੋ, ਗੁਰੂ ਦਾ ਦਰ ਮੱਲੀ ਰੱਖੋ, (ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਹੀ) ਇੱਕੋ ਥਾਂ ਟਿਕਾਈ ਰੱਖੋ ॥੮॥

ਬਿਨੁ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮੁ ਗਵਾਈ ॥੯॥

(ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾਂ ਸਾਰੀ ਲੁਕਾਈ ਕੁਰਾਹੇ ਪਈ ਹੋਈ ਹੈ, ਅਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਹੀ ਹੈ ॥੯॥

ਜੋਗੀ ਜੁਗਤਿ ਗਵਾਈ ਹੰਢੈ ਪਾਖੰਡਿ ਜੋਗੁ ਨ ਪਾਈ ॥੧੦॥

(ਹੇ ਸੰਤ ਜਨੋ! ਧਾਰਮਿਕ ਭੇਖ ਦੇ) ਪਖੰਡ ਨਾਲ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੁੰਦਾ; (ਜਿਹੜਾ ਜੋਗੀ ਨਿਰਾ ਇਸ ਪਖੰਡ ਵਿਚ ਪਿਆ ਹੋਇਆ ਹੈ, ਉਸ) ਜੋਗੀ ਨੇ ਪ੍ਰਭੂ-ਮਿਲਾਪ ਦੀ ਜੁਗਤੀ (ਹੱਥੋਂ) ਗਵਾ ਲਈ ਹੈ, ਉਹ (ਵਿਅਰਥ) ਭਟਕਦਾ ਫਿਰਦਾ ਹੈ ॥੧੦॥

ਸਿਵ ਨਗਰੀ ਮਹਿ ਆਸਣਿ ਬੈਸੈ ਗੁਰਸਬਦੀ ਜੋਗੁ ਪਾਈ ॥੧੧॥

(ਹੇ ਸੰਤ ਜਨੋ! ਜਿਹੜਾ ਜੋਗੀ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਸ ਨੇ) ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਭੂ-ਮਿਲਾਪ ਹਾਸਲ ਕਰ ਲਿਆ ਹੈ, ਉਹ ਜੋਗੀ ਸਾਧ ਸੰਗਤ ਵਿਚ ਟਿਕਿਆ ਹੋਇਆ (ਮਾਨੋ) ਆਸਣ ਉਤੇ ਬੈਠਾ ਹੋਇਆ ਹੈ ॥੧੧॥

ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥੧੨॥

(ਹੇ ਸੰਤ ਜਨੋ! ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਦੀ, ਮਾਇਆ ਪਿੱਛੇ ਭਟਕਣ ਦੀ ਖੇਡ ਮੁਕਾ ਲੈਂਦਾ ਹੈ ॥੧੨॥

ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ ॥੧੩॥

(ਹੇ ਸੰਤ ਜਨੋ!) ਇਹ ਮਨੁੱਖ ਸਰੀਰ ਸੋਹਣਾ ਤਲਾਬ ਹੈ, ਜਿਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ, (ਉਹ, ਮਾਨੋ, ਇਸ ਤਲਾਬ ਵਿਚ) ਇਸ਼ਨਾਨ ਕਰ ਰਿਹਾ ਹੈ ॥੧੩॥

ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ ਮੈਲੁ ਗਵਾਈ ॥੧੪॥

(ਹੇ ਸੰਤ ਜਨੋ!) ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਇਸ਼ਨਾਨ ਕਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਕਰ ਲਈ ਹੈ ॥੧੪॥

ਤ੍ਰੈ ਗੁਣ ਅਚੇਤ ਨਾਮੁ ਚੇਤਹਿ ਨਾਹੀ ਬਿਨੁ ਨਾਵੈ ਬਿਨਸਿ ਜਾਈ ॥੧੫॥

(ਹੇ ਸੰਤ ਜਨੋ! ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ (ਜੀਵ ਪ੍ਰਭੂ ਦੀ ਯਾਦ ਵੱਲੋਂ) ਬੇ-ਪਰਵਾਹ ਰਹਿੰਦੇ ਹਨ, (ਪ੍ਰਭੂ ਦਾ) ਨਾਮ ਯਾਦ ਨਹੀਂ ਕਰਦੇ। (ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾ ਹਰੇਕ ਜੀਵ ਆਤਮਕ ਮੌਤ ਸਹੇੜ ਲੈਂਦਾ ਹੈ ॥੧੫॥

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ ॥੧੬॥

(ਹੇ ਸੰਤ ਜਨੋ! ਕੋਈ ਵੱਡੇ ਤੋਂ ਵੱਡਾ ਭੀ ਹੋਵੇ) ਬ੍ਰਹਮਾ (ਹੋਵੇ) ਵਿਸ਼ਨੂੰ (ਹੋਵੇ) ਸ਼ਿਵ (ਹੋਵੇ) (ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਮਾਇਆ ਦੇ) ਤਿੰਨ ਗੁਣਾਂ ਦੇ ਪੂਰਨ ਪ੍ਰਭਾਵ ਹੇਠ ਰਹਿੰਦਾ ਹੈ। ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਕਾਰਨ (ਪ੍ਰਭੂ-ਚਰਨਾਂ ਤੋਂ ਖੁੰਝਿਆ ਹੋਇਆ ਹਰੇਕ ਜੀਵ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ ॥੧੬॥

ਗੁਰਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ॥੧੭॥

(ਹੇ ਸੰਤ ਜਨੋ!) ਗੁਰੂ ਦੀ ਕਿਰਪਾ ਨਾਲ (ਪ੍ਰਭੂ-ਨਾਮ ਦੀ ਰਾਹੀਂ ਜਿਸ ਮਨੁੱਖ ਦੀ) ਤ੍ਰਿਊੜੀ (ਭਾਵ, ਮਨ ਦੀ ਖਿੱਝ) ਦੂਰ ਹੁੰਦੀ ਹੈ, (ਉਹ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿ ਕੇ) ਚੌਥੀ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ॥੧੭॥

ਪੰਡਿਤ ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਨ ਪਾਈ ॥੧੮॥

(ਹੇ ਸੰਤ ਜਨੋ!) ਪੰਡਿਤ ਲੋਕ (ਪੁਰਾਣ ਆਦਿਕ ਪੁਸਤਕਾਂ) ਪੜ੍ਹਦੇ ਹਨ, ਇਹਨਾਂ ਨੂੰ ਪੜ੍ਹ ਕੇ (ਸ੍ਰੋਤਿਆਂ ਨੂੰ ਦੇਵਤਿਆਂ ਆਦਿਕ ਦਾ ਪਰਸਪਰ) ਲੜਾਈ-ਝਗੜਾ ਸੁਣਾਂਦੇ ਹਨ, (ਪਰ ਇਸ ਤਰ੍ਹਾਂ) ਉਹਨਾਂ ਨੂੰ (ਆਪ ਨੂੰ ਉੱਚੇ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ॥੧੮॥

ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਹਹਿ ਕਿਸੁ ਭਾਈ ॥੧੯॥

ਮਾਇਆ ਦੇ ਮੋਹ ਵਿਚ ਫਸੇ ਹੋਏ (ਉਹ ਪੰਡਿਤ ਲੋਕ) ਭਟਕਣਾ ਦੇ ਕਾਰਨ (ਆਪ) ਕੁਰਾਹੇ ਪਏ ਰਹਿੰਦੇ ਹਨ। ਫਿਰ ਹੇ ਭਾਈ! ਉਹ ਹੋਰ ਕਿਸ ਨੂੰ ਸਿੱਖਿਆ ਦੇਂਦੇ ਹਨ? (ਉਹਨਾਂ ਦੀ ਸਿੱਖਿਆ ਦਾ ਕਿਸੇ ਹੋਰ ਨੂੰ ਕੋਈ ਲਾਭ ਨਹੀਂ ਹੋ ਸਕਦਾ) ॥੧੯॥

ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ ॥੨੦॥

ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦਾ ਬੋਲ ਸ੍ਰੇਸ਼ਟ ਹੋਇਆ ਕਰਦਾ ਹੈ। ਉਹ ਬੋਲ ਹਰੇਕ ਜੁਗ ਵਿਚ ਹੀ (ਹਰੇਕ ਸਮੇ ਹੀ ਸਭਨਾਂ ਉਤੇ) ਆਪਣਾ ਪ੍ਰਭਾਵ ਪਾਂਦਾ ਹੈ ॥੨੦॥

ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ ॥੨੧॥

(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ) ਬਾਣੀ ਵਿਚ ਸੁਰਤ ਜੋੜਦਾ ਹੈ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੧॥

ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥

(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ ਆਪਣੇ ਸਰੀਰ-ਨਗਰ ਨੂੰ ਖੋਜਦਾ ਹੈ (ਆਪਣੇ ਜੀਵਨ ਦੀ ਪੜਤਾਲ ਕਰਦਾ ਰਹਿੰਦਾ ਹੈ, ਉਹ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ ॥੨੨॥

ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ ॥੨੩॥

ਉਹ ਮਨੁੱਖ ਮਨ ਦੇ ਮਾਇਕ ਫੁਰਨੇ ਨੂੰ ਮਾਰ ਕੇ ਆਪਣੇ ਮਨ ਨੂੰ ਆਤਮਕ ਅਡੋਲਤਾ ਵਿਚ ਟਿਕਾ ਲੈਂਦਾ ਹੈ; ਉਹ ਮਨੁੱਖ ਜੀਭ ਨੂੰ ਪਦਾਰਥਾਂ ਦੇ ਰਸਾਂ ਵਲੋਂ ਹਟਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੋੜਦਾ ਹੈ ॥੨੩॥

ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥

ਉਸ ਮਨੁੱਖ ਦੀਆਂ ਅੱਖਾਂ (ਦੁਨੀਆ ਦੇ ਪਦਾਰਥਾਂ ਵਲੋਂ ਹਟ ਕੇ) ਅਸਚਰਜ-ਰੂਪ ਪਰਮਾਤਮਾ ਨੂੰ (ਹਰ ਥਾਂ) ਵੇਖਦੀਆਂ ਹਨ, ਉਸ ਦਾ ਚਿੱਤ ਅਦ੍ਰਿਸ਼ਟ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ॥੨੪॥

ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥੨੫॥

(ਹੇ ਸੰਤ ਜਨੋ! ਉਸ ਮਨੁੱਖ ਦੀ) ਜੋਤਿ ਉਸ ਨੂਰੋ-ਨੂਰ-ਪ੍ਰਭੂ ਵਿਚ ਮਿਲੀ ਰਹਿੰਦੀ ਹੈ ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਤੇ, ਜੋ ਸਦਾ ਨਿਰਲੇਪ ਰਹਿੰਦਾ ਹੈ ॥੨੫॥

ਹਉ ਗੁਰੁ ਸਾਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ ॥੨੬॥

ਹੇ ਸੰਤ ਜਨੋ! ਮੈਂ ਭੀ ਆਪਣੇ ਉਸ ਗੁਰੂ ਨੂੰ ਹੀ ਸਦਾ ਵਡਿਆਉਂਦਾ ਰਹਿੰਦਾ ਹਾਂ ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੂਝ ਬਖ਼ਸ਼ੀ ਹੈ ॥੨੬॥

ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥

ਹੇ ਸੰਤ ਜਨੋ! ਨਾਨਕ ਇਕ ਇਹ ਬੇਨਤੀ ਕਰਦਾ ਹੈ (ਕਿ ਪਰਮਾਤਮਾ ਦਾ ਨਾਮ ਜਪਿਆ ਕਰੋ) ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ, ਨਾਮ ਤੋਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੨੭॥੨॥੧੧॥


ਰਾਮਕਲੀ ਮਹਲਾ ੩ ॥
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥

ਹੇ ਸੰਤ ਜਨੋ! ਪਰਮਾਤਮਾ ਦੀ ਪੂਜਾ-ਭਗਤੀ ਬੜੀ ਔਖਿਆਈ ਨਾਲ ਮਿਲਦੀ ਹੈ। ਪ੍ਰਭੂ ਦੀ ਪੂਜਾ ਕਿਤਨੀ ਦੁਰਲੱਭ ਹੈ-ਇਸ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ ॥੧॥

ਸੰਤਹੁ ਗੁਰਮੁਖਿ ਪੂਰਾ ਪਾਈ ॥

ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਨੂੰ ਲੱਭ ਲੈਂਦਾ ਹੈ।

ਨਾਮੋ ਪੂਜ ਕਰਾਈ ॥੧॥ ਰਹਾਉ ॥

ਨਾਮ ਜਪੋ, ਨਾਮ ਹੀ ਜਪੋ-ਗੁਰੂ ਇਹ ਪੂਜਾ ਕਰਾਂਦਾ ਹੈ ॥੧॥ ਰਹਾਉ ॥

ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥

(ਹੇ ਸੰਤ ਜਨੋ! ਦੁਨੀਆ ਦੇ ਲੋਕ ਫੁੱਲ ਪੱਤਰਾਂ ਆਦਿਕ ਨਾਲ ਦੇਵਤਿਆਂ ਦੀ ਪੂਜਾ ਕਰਦੇ ਹਨ, ਪਰ) ਹੇ ਸੰਤ ਜਨੋ! ਮੈਂ (ਪਰਮਾਤਮਾ ਦੀ ਪੂਜਾ ਕਰਨ ਵਾਸਤੇ) ਕਿਹੜੀ ਚੀਜ਼ ਉਸ ਅੱਗੇ ਭੇਟਾ ਕਰਾਂ? ਉਸ ਪ੍ਰਭੂ ਦੇ ਨਾਮ ਤੋਂ ਬਿਨਾ (ਨਾਮ ਦੇ ਟਾਕਰੇ ਤੇ) ਹੋਰ ਹਰੇਕ ਚੀਜ਼ ਮੈਲੀ ਹੈ ॥੨॥

ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥੩॥

ਹੇ ਸੰਤ ਜਨੋ! ਜੇ ਕਿਸੇ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਰਜ਼ਾ ਚੰਗੀ ਲੱਗਣ ਲੱਗ ਪਏ ਤਾਂ ਉਸ ਵੱਲੋਂ ਇਹੀ ਪਰਮਾਤਮਾ ਦੀ ਪੂਜਾ ਹੈ। (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਹੀ ਆਪਣੇ ਮਨ ਵਿਚ ਵਸਾਂਦਾ ਹੈ (ਰਜ਼ਾ ਨੂੰ ਹੀ ਚੰਗੀ ਜਾਣਦਾ ਹੈ) ॥੩॥

ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ ॥੪॥

ਹੇ ਸੰਤ ਜਨੋ! ਸਾਰਾ ਜਗਤ (ਆਪਣੇ ਵਲੋਂ) ਪੂਜਾ ਕਰਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਕੀਤੀ ਹੋਈ ਕੋਈ ਭੀ ਪੂਜਾ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੀ ॥੪॥

ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥੫॥

ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੀ ਇਹ ਪੂਜਾ ਪ੍ਰਭੂ-ਦਰ ਤੇ ਪਰਵਾਨ ਹੋ ਜਾਂਦੀ ਹੈ ॥੫॥

ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ ॥੬॥

ਹੇ ਸੰਤ ਜਨੋ! ਅਜਿਹੇ ਬੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਬੰਦੇ ਇਕ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ ॥੬॥

ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥੭॥

ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਪਰਮਾਤਮਾ ਦੀ ਕਿਸੇ ਹੋਰ ਕਿਸਮ ਦੀ ਪੂਜਾ ਨਹੀਂ ਹੋ ਸਕਦੀ। (ਨਾਮ ਤੋਂ ਖੁੰਝ ਕੇ) ਭੁਲੇਖੇ ਵਿਚ ਪੈ ਕੇ ਦੁਨੀਆ ਕੁਰਾਹੇ ਪਈ ਰਹਿੰਦੀ ਹੈ ॥੭॥

ਗੁਰਮੁਖਿ ਆਪੁ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥੮॥

ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਤੇ, ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੮॥

ਆਪੇ ਨਿਰਮਲੁ ਪੂਜ ਕਰਾਏ ਗੁਰਸਬਦੀ ਥਾਇ ਪਾਈ ॥੯॥

ਹੇ ਸੰਤ ਜਨੋ! ਪਵਿੱਤਰ ਪ੍ਰਭੂ ਆਪ ਹੀ (ਜੀਵ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਉਸ ਪਾਸੋਂ ਆਪਣੀ) ਪੂਜਾ-ਭਗਤੀ ਕਰਾਂਦਾ ਹੈ, ਤੇ, ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਦੇ ਕਾਰਨ ਉਸ ਦੀ ਕੀਤੀ ਪੂਜਾ ਪਰਵਾਨ ਕਰਦਾ ਹੈ ॥੯॥

ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥੧੦॥

(ਹੇ ਸੰਤ ਜਨੋ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਦੀ) ਪੂਜਾ ਤਾਂ ਕਰਦੇ ਹਨ, ਪਰੰਤੂ (ਪੂਜਾ ਦਾ) ਸਹੀ ਤਰੀਕਾ ਨਹੀਂ ਜਾਣਦੇ। ਮਾਇਆ ਦੇ ਪਿਆਰ ਵਿਚ ਫਸ ਕੇ (ਮਨਮੁਖ ਮਨੁੱਖ ਆਪਣੇ ਮਨ ਨੂੰ ਵਿਕਾਰਾਂ ਦੀ) ਮੈਲ ਚੰਬੋੜੀ ਰੱਖਦਾ ਹੈ ॥੧੦॥

ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥੧੧॥

(ਹੇ ਸੰਤ ਜਨੋ!) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਪਰਮਾਤਮਾ ਦੀ ਭਗਤੀ ਕਰਨੀ ਜਾਣਦਾ ਹੈ (ਉਹ ਜਾਣਦਾ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਪ੍ਰਭੂ ਦੀ ਭਗਤੀ ਹੈ, ਇਸ ਵਾਸਤੇ ਉਹ ਪ੍ਰਭੂ ਦੀ) ਰਜ਼ਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ ॥੧੧॥

ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥੧੨॥

ਹੇ ਸੰਤ ਜਨੋ! ਗੁਰਮੁਖ ਮਨੁੱਖ ਭਾਣਾ ਮੰਨਣ ਤੋਂ (ਹੀ ਇਸ ਲੋਕ ਵਿਚ) ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ; ਅਖ਼ੀਰ ਵੇਲੇ ਭੀ ਪ੍ਰਭੂ ਦਾ ਨਾਮ ਉਸ ਦਾ ਸਾਥੀ ਬਣਦਾ ਹੈ ॥੧੨॥

ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥੧੩॥

ਹੇ ਸੰਤ ਜਨੋ! (ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ) ਆਪਣੇ ਜੀਵਨ ਨੂੰ ਨਹੀਂ ਪੜਤਾਲਦੇ, ਮਾਇਆ ਦੇ ਮੋਹ ਵਿਚ ਫਸੇ ਹੋਏ ਉਹ ਮਨੁੱਖ ਆਪਣੇ ਆਪ ਦੀ ਹੀ ਸੋਭਾ ਕਰਦੇ ਰਹਿੰਦੇ ਹਨ ॥੧੩॥

ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥੧੪॥

ਹੇ ਸੰਤ ਜਨੋ! (ਧਰਮ ਦਾ) ਪਖੰਡ ਕੀਤਿਆਂ ਮੌਤ (ਦਾ ਸਹਿਮ) ਖ਼ਲਾਸੀ ਨਹੀਂ ਕਰਦਾ। ਜਮ (ਨਾਮ-ਹੀਣ ਬੰਦਿਆਂ ਨੂੰ) ਇਥੋਂ ਉਹਨਾਂ ਦੀ ਇੱਜ਼ਤ ਗੰਵਾ ਕੇ (ਪਰਲੋਕ ਵਿਚ) ਲੈ ਜਾਇਗਾ ॥੧੪॥

ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ ॥੧੫॥

ਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ, ਉਹ ਆਪਣੇ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ, ਉਹਨਾਂ ਨੇ ਹੀ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ (ਬੇਅੰਤ) ਹੈ ॥੧੫॥

ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ ॥੧੬॥

(ਹੇ ਸੰਤ ਜਨੋ! ਜਿਨ੍ਹਾਂ ਦੇ ਅੰਦਰ ਗੁਰ-ਸ਼ਬਦ ਵੱਸਦਾ ਹੈ ਉਹਨਾਂ ਦਾ) ਇਹ ਮਨ ਅਜਿਹੀ ਇਕਾਗ੍ਰਤਾ ਬਣਾਂਦਾ ਹੈ ਜਿਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੈ ॥੧੬॥

ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ ॥੧੭॥

(ਹੇ ਸੰਤ ਜਨੋ!) ਗੁਰੂ ਦੇ ਸਨਮੁਖ ਰਹਿਣ ਵਾਲੇ ਉਹ ਬੰਦੇ ਸਾਧ ਸੰਗਤ ਵਿਚ ਮਿਲ ਬੈਠਦੇ ਹਨ, (ਸਤ-ਸੰਗੀਆਂ ਪਾਸੋਂ) ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਭੀ ਨਾਮ ਉਚਾਰਦੇ ਰਹਿੰਦੇ ਹਨ ॥੧੭॥

ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥੧੮॥

(ਹੇ ਸੰਤ ਜਨੋ!) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਆਪਣੇ ਅੰਦਰੋਂ ਹਉਮੈ ਅਹੰਕਾਰ ਦੂਰ ਕਰਦਾ ਹੈ, ਤੇ, ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੧੮॥

ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥੧੯॥

(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੧੯॥

ਭੈ ਭੰਜਨੁ ਅਤਿ ਪਾਪ ਨਿਖੰਜਨੁ ਮੇਰਾ ਪ੍ਰਭੁ ਅੰਤਿ ਸਖਾਈ ॥੨੦॥

(ਹੇ ਸੰਤ ਜਨੋ!) ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲਾ ਤੇ ਘੋਰ ਪਾਪ ਦੂਰ ਕਰਨ ਵਾਲਾ ਪਰਮਾਤਮਾ ਆਖ਼ਰ (ਉਹਨਾਂ ਦਾ) ਸਾਥੀ ਬਣਦਾ ਹੈ (ਜੋ ਉਸ ਦੀ ਸਿਫ਼ਤ-ਸਾਲਾਹ ਵਿਚ ਜੁੜੇ ਰਹਿੰਦੇ ਹਨ) ॥੨੦॥

ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥੨੧॥੩॥੧੨॥

ਹੇ ਸੰਤ ਜਨੋ! ਇਹ ਸਭ ਕੁਝ (ਜੋ ਦਿੱਸ ਰਿਹਾ ਹੈ, ਇਸ ਵਿਚ) ਪ੍ਰਭੂ ਆਪ ਹੀ ਆਪ ਹਰ ਥਾਂ ਮੌਜੂਦ ਹੈ। ਹੇ ਨਾਨਕ! ਉਸ ਦੇ ਨਾਮ ਵਿਚ ਜੁੜਿਆਂ ਲੋਕ ਪਰਲੋਕ ਵਿਚ ਆਦਰ ਮਿਲਦਾ ਹੈ ॥੨੧॥੩॥੧੨॥


ਰਾਮਕਲੀ ਮਹਲਾ ੩ ॥
ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥੧॥

ਹੇ ਸੰਤ ਜਨੋ! ਅਸੀਂ ਸੰਸਾਰੀ-ਜੀਵ (ਆਮ ਤੌਰ ਤੇ) ਕੁਚੱਲਣੇ ਗੰਦੇ ਆਚਰਨ ਵਾਲੇ ਅਹੰਕਾਰੀ ਹੋਏ ਰਹਿੰਦੇ ਹਾਂ। (ਕਿਸੇ ਵਡਭਾਗੀ ਨੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮੈਲ ਆਪਣੇ ਮਨ ਤੋਂ ਉਤਾਰੀ ਹੁੰਦੀ ਹੈ ॥੧॥

ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥

ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਦੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।

ਸਚਾ ਨਾਮੁ ਵਸਿਆ ਘਟ ਅੰਤਰਿ ਕਰਤੈ ਆਪਿ ਸਵਾਰੀ ॥੧॥ ਰਹਾਉ ॥

ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, (ਸਮਝੋ) ਕਰਤਾਰ ਨੇ ਆਪ ਹੀ ਉਸ ਦੀ ਇੱਜ਼ਤ ਰੱਖ ਲਈ ॥੧॥ ਰਹਾਉ ॥

ਪਾਰਸ ਪਰਸੇ ਫਿਰਿ ਪਾਰਸੁ ਹੋਏ ਹਰਿ ਜੀਉ ਅਪਣੀ ਕਿਰਪਾ ਧਾਰੀ ॥੨॥

ਜਿਸ ਮਨੁੱਖ ਉਤੇ ਪ੍ਰਭੂ ਜੀ ਆਪਣੀ ਕਿਰਪਾ ਕਰਦੇ ਹਨ, ਉਹ ਮਨੁੱਖ ਗੁਰੂ-ਪਾਰਸ ਨੂੰ ਛੁਹ ਕੇ ਆਪ ਭੀ ਪਾਰਸ ਬਣ ਜਾਂਦਾ ਹੈ ॥੨॥

ਇਕਿ ਭੇਖ ਕਰਹਿ ਫਿਰਹਿ ਅਭਿਮਾਨੀ ਤਿਨ ਜੂਐ ਬਾਜੀ ਹਾਰੀ ॥੩॥

ਹੇ ਸੰਤ ਜਨੋ! ਜਿਹੜੇ ਅਨੇਕਾਂ ਜੀਵ ਧਾਰਮਿਕ ਬਾਣਾ ਪਾਈ ਫਿਰਦੇ ਹਨ ਤੇ ਉਸ ਭੇਖ ਦੇ ਕਾਰਨ ਅਹੰਕਾਰੀ ਹੋਏ ਫਿਰਦੇ ਹਨ, ਉਹਨਾਂ ਨੇ ਮਨੁੱਖਾ ਜਨਮ ਦੀ ਖੇਡ ਜੂਏ ਵਿਚ ਹਾਰ ਲਈ (ਜਾਣੋ) ॥੩॥

ਇਕਿ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਉਰਿ ਧਾਰੀ ॥੪॥

ਪਰ, ਹੇ ਸੰਤ ਜਨੋ! ਕਈ ਬੰਦੇ ਐਸੇ ਹਨ ਜੋ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ॥੪॥

ਅਨਦਿਨੁ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ॥੫॥

ਜਿਹੜੇ ਮਨੁੱਖ ਹਰ ਵੇਲੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ॥੫॥

ਭੈ ਬਿਨੁ ਭਗਤਿ ਨ ਹੋਈ ਕਬ ਹੀ ਭੈ ਭਾਇ ਭਗਤਿ ਸਵਾਰੀ ॥੬॥

ਹੇ ਸੰਤ ਜਨੋ! ਪ੍ਰਭੂ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ। ਡਰ-ਅਦਬ, ਪ੍ਰੇਮ ਅਤੇ ਭਗਤੀ ਵਿਚ ਟਿਕਣ ਵਾਲਿਆਂ ਨੇ ਆਪਣੀ ਜ਼ਿੰਦਗੀ ਸੋਹਣੀ ਬਣਾ ਲਈ ॥੬॥

ਮਾਇਆ ਮੋਹੁ ਸਬਦਿ ਜਲਾਇਆ ਗਿਆਨਿ ਤਤਿ ਬੀਚਾਰੀ ॥੭॥

ਪ੍ਰਭੂ ਵਿਚ ਜੁੜ ਕੇ ਆਤਮਕ ਜੀਵਨ ਦੀ ਸੂਝ ਦੀ ਰਾਹੀਂ ਜਿਹੜੇ ਬੰਦੇ ਵਿਚਾਰਵਾਨ ਹੋ ਗਏ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਮਾਇਆ ਦਾ ਮੋਹ ਸਾੜ ਲਿਆ ॥੭॥

ਆਪੇ ਆਪਿ ਕਰਾਏ ਕਰਤਾ ਆਪੇ ਬਖਸਿ ਭੰਡਾਰੀ ॥੮॥

ਪਰ ਹੇ ਸੰਤ ਜਨੋ! ਪ੍ਰਭੂ ਆਪ ਹੀ (ਜੀਵਾਂ ਪਾਸੋਂ) ਆਪਣੀ ਭਗਤੀ ਕਰਾਂਦਾ ਹੈ, ਆਪ ਹੀ ਭਗਤੀ ਦੇ ਖ਼ਜ਼ਾਨੇ ਬਖ਼ਸ਼ਦਾ ਹੈ ॥੮॥

ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀਚਾਰੀ ॥੯॥

ਹੇ ਸੰਤ ਜਨੋ! ਮੈਂ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। (ਉਸ ਦੀ ਮਿਹਰ ਨਾਲ ਹੀ) ਮੈਂ ਉਸ ਦੇ ਗੁਣ ਗਾਂਦਾ ਹਾਂ, ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕਰਦਾ ਹਾਂ ॥੯॥

ਹਰਿ ਜੀਉ ਜਪੀ ਹਰਿ ਜੀਉ ਸਾਲਾਹੀ ਵਿਚਹੁ ਆਪੁ ਨਿਵਾਰੀ ॥੧੦॥

ਹੇ ਸੰਤ ਜਨੋ! (ਉਸ ਦੀ ਕਿਰਪਾ ਨਾਲ ਹੀ) ਮੈਂ ਉਸ ਦਾ ਨਾਮ ਜਪਦਾ ਹਾਂ, ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਅਤੇ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹਾਂ ॥੧੦॥

ਨਾਮੁ ਪਦਾਰਥੁ ਗੁਰ ਤੇ ਪਾਇਆ ਅਖੁਟ ਸਚੇ ਭੰਡਾਰੀ ॥੧੧॥

ਹੇ ਸੰਤ ਜਨੋ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ-ਖ਼ਜ਼ਾਨੇ ਕਦੇ ਮੁੱਕਣ ਵਾਲੇ ਨਹੀਂ ਹਨ, ਪਰ ਇਹ ਨਾਮ-ਪਦਾਰਥ ਗੁਰੂ ਪਾਸੋਂ ਮਿਲਦਾ ਹੈ ॥੧੧॥

ਅਪਣਿਆ ਭਗਤਾ ਨੋ ਆਪੇ ਤੁਠਾ ਅਪਣੀ ਕਿਰਪਾ ਕਰਿ ਕਲ ਧਾਰੀ ॥੧੨॥

ਹੇ ਸੰਤ ਜਨੋ! ਆਪਣੇ ਭਗਤਾਂ ਉਤੇ ਪ੍ਰਭੂ ਆਪ ਹੀ ਦਇਆਵਾਨ ਹੁੰਦਾ ਹੈ ਅਤੇ ਉਹਨਾਂ ਦੇ ਅੰਦਰ ਆਪ ਹੀ ਕਿਰਪਾ ਕਰ ਕੇ (ਨਾਮ ਜਪਣ ਦੀ) ਸੱਤਿਆ ਟਿਕਾਈ ਰੱਖਦਾ ਹੈ ॥੧੨॥

ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨਿ ਸਬਦਿ ਵੀਚਾਰੀ ॥੧੩॥

(ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਉਹਨਾਂ (ਭਗਤ ਜਨਾਂ) ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਦੀ ਸਦਾ ਭੁੱਖ ਲੱਗੀ ਰਹਿੰਦੀ ਹੈ, ਉਹ ਉੱਚੀ ਵਿਚਾਰ ਦੇ ਮਾਲਕ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ॥੧੩॥

ਜੀਉ ਪਿੰਡੁ ਸਭੁ ਕਿਛੁ ਹੈ ਤਿਸ ਕਾ ਆਖਣੁ ਬਿਖਮੁ ਬੀਚਾਰੀ ॥੧੪॥

ਹੇ ਸੰਤ ਜਨੋ! ਇਹ ਜਿੰਦ ਤੇ ਇਹ ਸਰੀਰ (ਜੀਵਾਂ ਨੂੰ) ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਉਸ ਦੀਆਂ ਬਖ਼ਸ਼ਸ਼ਾਂ ਦਾ) ਵਿਚਾਰ ਕਰਨਾ ਤੇ ਬਿਆਨ ਕਰਨਾ (ਬਹੁਤ) ਔਖਾ ਹੈ ॥੧੪॥

ਸਬਦਿ ਲਗੇ ਸੇਈ ਜਨ ਨਿਸਤਰੇ ਭਉਜਲੁ ਪਾਰਿ ਉਤਾਰੀ ॥੧੫॥

ਹੇ ਸੰਤ ਜਨੋ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਦੇ ਹਨ, ਉਹੀ ਸੰਸਾਰ-ਸਮੁੰਦਰ ਤੋਂ ਤਰ ਜਾਂਦੇ ਹਨ, ਪਾਰ ਲੰਘ ਜਾਂਦੇ ਹਨ ॥੧੫॥

ਬਿਨੁ ਹਰਿ ਸਾਚੇ ਕੋ ਪਾਰਿ ਨ ਪਾਵੈ ਬੂਝੈ ਕੋ ਵੀਚਾਰੀ ॥੧੬॥

ਹੇ ਸੰਤ ਜਨੋ! ਕੋਈ ਵਿਰਲਾ ਵਿਚਾਰਵਾਨ ਇਹ ਗੱਲ ਸਮਝਦਾ ਹੈ ਕਿ ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਹੋਰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾ ਸਕਦਾ ॥੧੬॥

ਜੋ ਧੁਰਿ ਲਿਖਿਆ ਸੋਈ ਪਾਇਆ ਮਿਲਿ ਹਰਿ ਸਬਦਿ ਸਵਾਰੀ ॥੧੭॥

(ਪਰ ਹੇ ਸੰਤ ਜਨੋ! ਇਹ ਨਾਮ ਦੀ ਦਾਤ ਜੀਵਾਂ ਦੇ ਵੱਸ ਦੀ ਖੇਡ ਨਹੀਂ ਹੈ, ਪ੍ਰਭੂ ਨੇ) ਧੁਰ-ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਜੋ ਲੇਖ ਲਿਖ ਦਿੱਤਾ ਉਹੀ ਪ੍ਰਾਪਤ ਹੁੰਦਾ ਹੈ, ਤੇ ਜੀਵ ਪ੍ਰਭੂ-ਚਰਨਾਂ ਵਿਚ ਜੁੜ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੰਵਾਰਦਾ ਹੈ ॥੧੭॥

ਕਾਇਆ ਕੰਚਨੁ ਸਬਦੇ ਰਾਤੀ ਸਾਚੈ ਨਾਇ ਪਿਆਰੀ ॥੧੮॥

ਹੇ ਸੰਤ ਜਨੋ! ਜਿਹੜਾ ਸਰੀਰ ਗੁਰੂ ਦੇ ਸ਼ਬਦ-ਰੰਗ ਵਿਚ ਰੰਗਿਆ ਰਹਿੰਦਾ ਹੈ ਅਤੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਦਾ ਹੈ ਉਹ ਸਰੀਰ ਸੋਨਾ ਬਣ ਜਾਂਦਾ ਹੈ (ਸੁੱਧ ਸੋਨੇ ਵਰਗਾ ਵਿਕਾਰ-ਰਹਿਤ ਪਵਿੱਤਰ ਹੋ ਜਾਂਦਾ ਹੈ) ॥੧੮॥

ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ ॥੧੯॥

(ਹੇ ਸੰਤ ਜਨੋ! ਉਹ ਸਰੀਰ ਪਵਿੱਤਰ ਹੈ) ਜਿਹੜਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਨਕਾ-ਨਕ ਭਰਿਆ ਰਹਿੰਦਾ ਹੈ, ਪਰ ਇਹ ਨਾਮ-ਅੰਮ੍ਰਿਤ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਹੀ ਪ੍ਰਾਪਤ ਹੁੰਦਾ ਹੈ ॥੧੯॥

ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ ॥੨੦॥

(ਹੇ ਸੰਤ ਜਨੋ!) ਜਿਹੜੇ ਮਨੁੱਖ (ਆਪਣੇ ਇਸ ਸਰੀਰ ਵਿਚ ਹੀ) ਪ੍ਰਭੂ ਨੂੰ ਲੱਭਦੇ ਹਨ ਉਹੀ ਉਸ ਦਾ ਮਿਲਾਪ ਪ੍ਰਾਪਤ ਕਰ ਲੈਂਦੇ ਹਨ। (ਸਰੀਰ ਤੋਂ ਬਾਹਰ ਭਾਲਣ ਵਾਲੇ) ਹੋਰ ਬੰਦੇ (ਭੇਖ ਆਦਿਕ ਦੇ) ਮਾਣ ਵਿਚ ਆਫਰ ਆਫਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ ॥੨੦॥

ਬਾਦੀ ਬਿਨਸਹਿ ਸੇਵਕ ਸੇਵਹਿ ਗੁਰ ਕੈ ਹੇਤਿ ਪਿਆਰੀ ॥੨੧॥

ਹੇ ਸੰਤ ਜਨੋ! ਨਿਰੀਆਂ ਫੋਕੀਆਂ ਗੱਲਾਂ ਕਰਨ ਵਾਲੇ ਮਨੁੱਖ ਆਤਮਕ ਤੌਰ ਤੇ ਮਰ ਜਾਂਦੇ ਹਨ, ਪਰ ਭਗਤ ਜਨ ਗੁਰੂ ਦੀ ਰਾਹੀਂ ਮਿਲੇ ਪ੍ਰੇਮ-ਪਿਆਰ ਨਾਲ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ ॥੨੧॥

ਸੋ ਜੋਗੀ ਤਤੁ ਗਿਆਨੁ ਬੀਚਾਰੇ ਹਉਮੈ ਤ੍ਰਿਸਨਾ ਮਾਰੀ ॥੨੨॥

ਹੇ ਸੰਤ ਜਨੋ! ਉਹੀ ਮਨੁੱਖ ਜੋਗੀ ਹੈ (ਪ੍ਰਭੂ-ਚਰਨਾਂ ਵਿਚ ਜੁੜਿਆ ਹੋਇਆ ਹੈ) ਜੋ ਆਪਣੇ ਅੰਦਰੋਂ ਹਉਮੈ ਮਾਰ ਕੇ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਕੇ ਉੱਚੇ ਆਤਮਕ ਜੀਵਨ ਨਾਲ ਸਾਂਝ ਪਾਂਦਾ ਹੈ ਜਗਤ ਦੇ ਮੂਲ-ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਰਹਿੰਦਾ ਹੈ ॥੨੨॥

ਸਤਿਗੁਰੁ ਦਾਤਾ ਤਿਨੈ ਪਛਾਤਾ ਜਿਸ ਨੋ ਕ੍ਰਿਪਾ ਤੁਮਾਰੀ ॥੨੩॥

(ਹੇ ਪ੍ਰਭੂ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਤੇਰੀ ਦਇਆ ਹੁੰਦੀ ਹੈ, ਉਸ ਨੇ ਇਹ ਗੱਲ ਸਮਝੀ ਹੁੰਦੀ ਹੈ ਕਿ ਗੁਰੂ (ਹੀ ਤੇਰੇ ਨਾਮ ਦੀ ਦਾਤਿ) ਦੇਣ ਵਾਲਾ ਹੈ ॥੨੩॥

ਸਤਿਗੁਰੁ ਨ ਸੇਵਹਿ ਮਾਇਆ ਲਾਗੇ ਡੂਬਿ ਮੂਏ ਅਹੰਕਾਰੀ ॥੨੪॥

ਹੇ ਸੰਤ ਜਨੋ! ਜਿਹੜੇ ਮਨੁੱਖ ਗੁਰੂ ਦਾ ਦਰ ਨਹੀਂ ਮੱਲਦੇ, ਉਹ ਮਨੁੱਖ ਮਾਇਆ (ਦੇ ਮੋਹ) ਵਿਚ ਫਸੇ ਰਹਿੰਦੇ ਹਨ, (ਮਾਇਆ ਦੇ ਕਾਰਨ) ਅਹੰਕਾਰੀ ਹੋਏ ਹੋਏ ਉਹ ਮਨੁੱਖ (ਮਾਇਆ ਦੇ ਮੋਹ ਵਿਚ) ਡੁੱਬ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ॥੨੪॥

ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ ॥੨੫॥

ਹੇ ਸੰਤ ਜਨੋ! ਜਿਤਨਾ ਚਿਰ ਸਰੀਰ ਵਿਚ ਸਾਹ ਆ ਰਿਹਾ ਹੈ ਉਤਨਾ ਚਿਰ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹਿਣਾ ਚਾਹੀਦਾ ਹੈ। (ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਹੀ) ਪ੍ਰਭੂ ਨੂੰ ਜਾ ਮਿਲੀਦਾ ਹੈ ॥੨੫॥

ਅਨਦਿਨੁ ਜਾਗਤ ਰਹੈ ਦਿਨੁ ਰਾਤੀ ਅਪਨੇ ਪ੍ਰਿਅ ਪ੍ਰੀਤਿ ਪਿਆਰੀ ॥੨੬॥

ਹੇ ਸੰਤ ਜਨੋ! ਆਪਣੇ ਪਿਆਰੇ ਪ੍ਰਭੂ ਨਾਲ ਪ੍ਰੀਤ-ਪਿਆਰ ਦੀ ਰਾਹੀਂ ਮਨੁੱਖ ਦਿਨ ਰਾਤ ਵੇਲੇ (ਮਾਇਆ ਦੇ ਮੋਹ ਦੇ ਹੱਲਿਆਂ ਵਲੋਂ) ਸੁਚੇਤ ਰਹਿ ਸਕਦਾ ਹੈ ॥੨੬॥

ਤਨੁ ਮਨੁ ਵਾਰੀ ਵਾਰਿ ਘੁਮਾਈ ਅਪਨੇ ਗੁਰ ਵਿਟਹੁ ਬਲਿਹਾਰੀ ॥੨੭॥

(ਹੇ ਸੰਤ ਜਨੋ! ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਗੁਰੂ ਤੋਂ ਆਪਣਾ ਤਨ ਮਨ ਕੁਰਬਾਨ ਕਰਦਾ ਹਾਂ, ਘੋਲਿ ਘੁਮਾਂਦਾ ਹਾਂ ॥੨੭॥

ਮਾਇਆ ਮੋਹੁ ਬਿਨਸਿ ਜਾਇਗਾ ਉਬਰੇ ਸਬਦਿ ਵੀਚਾਰੀ ॥੨੮॥

ਹੇ ਸੰਤ ਜਨੋ! ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਬੰਦੇ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦੇ ਹਨ। (ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਰਹਿੰਦਾ ਹੈ, ਉਸ ਦੇ ਅੰਦਰੋਂ) ਮਾਇਆ ਦਾ ਮੋਹ ਨਾਸ ਹੋ ਜਾਇਗਾ ॥੨੮॥

ਆਪਿ ਜਗਾਏ ਸੇਈ ਜਾਗੇ ਗੁਰ ਕੈ ਸਬਦਿ ਵੀਚਾਰੀ ॥੨੯॥

(ਹੇ ਸੰਤ ਜਨੋ! ਇਹ ਕੋਈ ਸੌਖੀ ਖੇਡ ਨਹੀਂ ਹੈ। ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਉਹੀ ਮਨੁੱਖ ਜਾਗਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪ ਜਗਾਂਦਾ ਹੈ, ਅਜਿਹੇ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਵਿਚਾਰਵਾਨ ਹੋ ਜਾਂਦੇ ਹਨ ॥੨੯॥

ਨਾਨਕ ਸੇਈ ਮੂਏ ਜਿ ਨਾਮੁ ਨ ਚੇਤਹਿ ਭਗਤ ਜੀਵੇ ਵੀਚਾਰੀ ॥੩੦॥੪॥੧੩॥

ਹੇ ਨਾਨਕ! (ਹੇ ਸੰਤ ਜਨੋ!) ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹੀ ਮਨੁੱਖ ਆਤਮਕ ਤੌਰ ਤੇ ਮਰੇ ਰਹਿੰਦੇ ਹਨ। ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਦਾ ਸਦਕਾ ਆਤਮਕ ਜੀਵਨ ਵਾਲੇ ਹੋ ਗਏ ਹਨ ॥੩੦॥੪॥੧੩॥


ਰਾਮਕਲੀ ਮਹਲਾ ੩ ॥
ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥੧॥

ਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਪਾਸੋਂ ਮਿਲਦਾ ਹੈ, (ਜਿਨ੍ਹਾਂ ਨੂੰ ਇਹ ਖ਼ਜ਼ਾਨਾ ਮਿਲ ਜਾਂਦਾ ਹੈ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ ॥੧॥

ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥

ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।

ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥੧॥ ਰਹਾਉ ॥

ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ ਵਸਿਆ ਰਹਿੰਦਾ ਹੈ, (ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ) ਸਾਰੇ ਗੁਣਾਂ ਦੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ॥੧॥ ਰਹਾਉ ॥

ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕੁ ਸਬਾਈ ॥੨॥

(ਹੇ ਸੰਤ ਜਨੋ!) ਪਰਮਾਤਮਾ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਾਰੇ ਭੋਗ) ਭੋਗਣ ਵਾਲਾ ਹੈ, ਸਾਰੀ ਲੋਕਾਈ ਨੂੰ (ਆਪ ਹੀ) ਰਿਜ਼ਕ ਦੇਣ ਵਾਲਾ ਹੈ ॥੨॥

ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥੩॥

ਹੇ ਸੰਤ ਜਨੋ! ਉਹ ਪ੍ਰਭੂ ਆਪ ਹੀ ਜੋ ਕੁਝ ਕਰਨਾ ਚਾਹੁੰਦਾ ਹੈ ਕਰ ਰਿਹਾ ਹੈ, ਕਿਸੇ ਜੀਵ ਪਾਸੋਂ ਉਸ ਦੇ ਉਲਟ ਕੁਝ ਹੋਰ ਨਹੀਂ ਕੀਤਾ ਜਾ ਸਕਦਾ ॥੩॥

ਆਪੇ ਸਾਜੇ ਸ੍ਰਿਸਟਿ ਉਪਾਏ ਸਿਰਿ ਸਿਰਿ ਧੰਧੈ ਲਾਈ ॥੪॥

ਹੇ ਸੰਤ ਜਨੋ! ਪ੍ਰਭੂ ਆਪ ਹੀ (ਸਭ ਜੀਵਾਂ ਦੀ) ਘਾੜਤ ਘੜਦਾ ਹੈ, ਆਪ ਹੀ ਇਹ ਜਗਤ ਪੈਦਾ ਕਰਦਾ ਹੈ, ਹਰੇਕ ਜੀਵ ਦੇ ਸਿਰ ਉਤੇ ਉਸ ਨੇ ਆਪ ਹੀ (ਮਾਇਆ ਦੇ) ਜੰਜਾਲ ਦੀ (ਪੋਟਲੀ) ਚੰਬੋੜੀ ਹੋਈ ਹੈ ॥੪॥

ਤਿਸਹਿ ਸਰੇਵਹੁ ਤਾ ਸੁਖੁ ਪਾਵਹੁ ਸਤਿਗੁਰਿ ਮੇਲਿ ਮਿਲਾਈ ॥੫॥

ਹੇ ਸੰਤ ਜਨੋ! ਉਸ ਪਰਮਾਤਮਾ ਨੂੰ ਹੀ ਸਿਮਰਦੇ ਰਹੋ, ਤਦੋਂ ਹੀ ਆਤਮਕ ਆਨੰਦ ਕਰ ਸਕੋਗੇ। (ਪਰ ਸਿਮਰਦਾ ਉਹੀ ਹੈ ਜਿਸ ਨੂੰ) ਗੁਰੂ ਨੇ ਪਰਮਾਤਮਾ ਦੇ ਚਰਨਾਂ ਵਿਚ ਜੋੜਿਆ ਹੈ ॥੫॥

ਆਪਣਾ ਆਪੁ ਆਪਿ ਉਪਾਏ ਅਲਖੁ ਨ ਲਖਣਾ ਜਾਈ ॥੬॥

ਹੇ ਸੰਤ ਜਨੋ! ਪ੍ਰਭੂ ਆਪ ਹੀ ਆਪਣਾ ਆਪ (ਕਿਸੇ ਜੀਵ ਦੇ ਹਿਰਦੇ ਵਿਚ) ਪਰਗਟ ਕਰਦਾ ਹੈ, ਉਹ ਅਲੱਖ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥

ਆਪੇ ਮਾਰਿ ਜੀਵਾਲੇ ਆਪੇ ਤਿਸ ਨੋ ਤਿਲੁ ਨ ਤਮਾਈ ॥੭॥

(ਹੇ ਸੰਤ ਜਨੋ! ਜੀਵਾਂ ਨੂੰ) ਆਤਮਕ ਮੌਤ ਦੇ ਕੇ (ਫਿਰ) ਆਪ ਹੀ ਪ੍ਰਭੂ ਆਤਮਕ ਜੀਵਨ ਦੇਂਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੭॥

ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ ॥੮॥

ਹੇ ਸੰਤ ਜਨੋ! ਜਗਤ ਵਿਚ ਪਰਮਾਤਮਾ ਨੇ ਕਈ ਜੀਵਾਂ ਨੂੰ ਦੂਜਿਆਂ ਦੀ ਮਦਦ ਕਰਨ ਦੇ ਸਮਰੱਥ ਬਣਾ ਦਿਤਾ ਹੈ, ਕਈ ਜੀਵ ਉਸ ਨੇ ਕੰਗਾਲ-ਮੰਗਤੇ ਬਣਾ ਦਿਤੇ ਹਨ। (ਜਿਨ੍ਹਾਂ ਉਤੇ ਮਿਹਰ ਕਰਦਾ ਹੈ ਉਹਨਾਂ ਪਾਸੋਂ) ਆਪਣੀ ਭਗਤੀ ਪਰਮਾਤਮਾ ਆਪ ਹੀ ਕਰਾਂਦਾ ਹੈ ॥੮॥

ਸੇ ਵਡਭਾਗੀ ਜਿਨੀ ਏਕੋ ਜਾਤਾ ਸਚੇ ਰਹੇ ਸਮਾਈ ॥੯॥

ਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਨੇ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾ ਲਈ ਹੈ ਉਹ ਵੱਡੇ ਭਾਗਾਂ ਵਾਲੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੯॥

ਆਪਿ ਸਰੂਪੁ ਸਿਆਣਾ ਆਪੇ ਕੀਮਤਿ ਕਹਣੁ ਨ ਜਾਈ ॥੧੦॥

ਹੇ ਸੰਤ ਜਨੋ! ਪਰਮਾਤਮਾ ਆਪ (ਸਭ ਤੋਂ) ਸੁੰਦਰ ਹੈ (ਸਭ ਤੋਂ) ਸਿਆਣਾ (ਭੀ) ਆਪ ਹੀ ਹੈ। (ਉਸ ਦੀ ਸੁੰਦਰਤਾ ਤੇ ਸਿਆਣਪ ਦਾ) ਮੁਲ ਦਸਿਆ ਨਹੀਂ ਜਾ ਸਕਦਾ ॥੧੦॥

ਆਪੇ ਦੁਖੁ ਸੁਖੁ ਪਾਏ ਅੰਤਰਿ ਆਪੇ ਭਰਮਿ ਭੁਲਾਈ ॥੧੧॥

ਹੇ ਸੰਤ ਜਨੋ! ਹਰੇਕ ਜੀਵ ਦੇ ਅੰਦਰ ਪਰਮਾਤਮਾ ਆਪ ਹੀ ਦੁਖ ਪੈਦਾ ਕਰਦਾ ਹੈ। ਆਪ ਹੀ ਸੁਖ (ਭੀ) ਦੇਂਦਾ ਹੈ। ਉਹ ਆਪ ਹੀ ਜੀਵ ਨੂੰ ਭਟਕਣਾ ਵਿਚ ਪਾ ਕੇ ਉਸ ਨੂੰ ਕੁਰਾਹੇ ਪਾ ਦੇਂਦਾ ਹੈ ॥੧੧॥

ਵਡਾ ਦਾਤਾ ਗੁਰਮੁਖਿ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ॥੧੨॥

ਹੇ ਸੰਤ ਜਨੋ! ਜਿਸ ਮਨੁਖ ਨੇ ਗੁਰੂ ਦੀ ਸਰਨ ਲਈ, ਉਸ ਨੇ ਉਸ ਵੱਡੇ ਦਾਤਾਰ ਪ੍ਰਭੂ ਨਾਲ ਸਾਂਝ ਪਾ ਲਈ; ਪਰ ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਲੋਕਾਈ ਭਟਕਦੀ ਫਿਰਦੀ ਹੈ ॥੧੨॥

ਜਿਨੀ ਚਾਖਿਆ ਤਿਨਾ ਸਾਦੁ ਆਇਆ ਸਤਿਗੁਰਿ ਬੂਝ ਬੁਝਾਈ ॥੧੩॥

ਹੇ ਸੰਤ ਜਨੋ! ਜਿਨ੍ਹਾਂ ਨੂੰ ਗੁਰੂ ਨੇ (ਨਾਮ ਅੰਮ੍ਰਿਤ ਦੀ) ਕਦਰ ਬਖ਼ਸ਼ੀ, ਜਿਨ੍ਹਾਂ ਨੇ (ਇਸ ਤਰ੍ਹਾਂ ਨਾਮ-ਅੰਮ੍ਰਿਤ) ਚਖ ਲਿਆ, ਉਹਨਾਂ ਨੂੰ ਉਸ ਦਾ ਆਨੰਦ ਆ ਗਿਆ (ਤੇ ਉਹ ਸਦਾ ਨਾਮ ਵਿਚ ਜੁੜੇ ਰਹੇ) ॥੧੩॥

ਇਕਨਾ ਨਾਵਹੁ ਆਪਿ ਭੁਲਾਏ ਇਕਨਾ ਗੁਰਮੁਖਿ ਦੇਇ ਬੁਝਾਈ ॥੧੪॥

(ਹੇ ਸੰਤ ਜਨੋ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਕਈ ਜੀਵਾਂ ਨੂੰ ਪਰਮਾਤਮਾ ਆਪ (ਹੀ) ਆਪਣੇ ਨਾਮ ਤੋਂ ਖੁੰਝਾ ਦੇਂਦਾ ਹੈ, ਤੇ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਸੂਝ ਬਖ਼ਸ਼ ਦੇਂਦਾ ਹੈ ॥੧੪॥

ਸਦਾ ਸਦਾ ਸਾਲਾਹਿਹੁ ਸੰਤਹੁ ਤਿਸ ਦੀ ਵਡੀ ਵਡਿਆਈ ॥੧੫॥

ਹੇ ਸੰਤ ਜਨੋ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ ਸਦਾ ਕਰਦੇ ਰਿਹਾ ਕਰੋ। ਉਸ (ਪ੍ਰਭੂ) ਦਾ ਨਾਮਣਾ ਬਹੁਤ ਵੱਡਾ ਹੈ ॥੧੫॥

ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥੧੬॥

ਹੇ ਸੰਤ ਜਨੋ! ਪ੍ਰਭੂ ਤੋਂ ਬਿਨਾ (ਉਸ ਦੇ ਬਰਾਬਰ ਦਾ) ਹੋਰ ਕੋਈ ਪਾਤਿਸ਼ਾਹ ਨਹੀਂ ਹੈ। ਉਸ ਨੇ ਪੂਰਾ ਇਨਸਾਫ਼ ਕਰ ਕੇ ਸਿਫ਼ਤ-ਸਾਲਾਹ ਕਰਨ ਦੀ ਇਹ ਰੀਤ ਚਲਾਈ ਹੈ ॥੧੬॥

ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥੧੭॥

ਹੇ ਸੰਤ ਜਨੋ! ਉਸ ਪਰਮਾਤਮਾ ਦਾ ਹੀ ਇਨਸਾਫ਼ (ਕਰਨ ਵਾਲਾ ਹੁਕਮ) ਸਦਾ ਅਟੱਲ ਹੈ, ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਉਹ ਪ੍ਰਭੂ (ਇਹ) ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੧੭॥

ਤਿਸ ਨੋ ਪ੍ਰਾਣੀ ਸਦਾ ਧਿਆਵਹੁ ਜਿਨਿ ਗੁਰਮੁਖਿ ਬਣਤ ਬਣਾਈ ॥੧੮॥

ਹੇ ਪ੍ਰਾਣੀਓ! ਜਿਸ ਪਰਮਾਤਮਾ ਨੇ (ਬੰਦਿਆਂ ਵਾਸਤੇ) ਗੁਰੂ ਦੇ ਸਨਮੁਖ ਰਹਿਣ ਦੀ ਮਰਯਾਦਾ ਚਲਾਈ ਹੋਈ ਹੈ, ਸਦਾ ਉਸ ਦਾ ਧਿਆਨ ਧਰਦੇ ਰਿਹਾ ਕਰੋ ॥੧੮॥

ਸਤਿਗੁਰ ਭੇਟੈ ਸੋ ਜਨੁ ਸੀਝੈ ਜਿਸੁ ਹਿਰਦੈ ਨਾਮੁ ਵਸਾਈ ॥੧੯॥

ਹੇ ਸੰਤ ਜਨੋ! (ਜਿਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ (ਭਾਵ, ਗੁਰੂ ਦੀ ਸਰਨ ਪੈਂਦਾ ਹੈ), ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ, ਪਰਮਾਤਮਾ ਦਾ) ਨਾਮ ਵਸਾਂਦਾ ਹੈ ਉਹ ਮਨੁੱਖ (ਜ਼ਿੰਦਗੀ ਦੀ ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ ॥੧੯॥

ਸਚਾ ਆਪਿ ਸਦਾ ਹੈ ਸਾਚਾ ਬਾਣੀ ਸਬਦਿ ਸੁਣਾਈ ॥੨੦॥

ਹੇ ਸੰਤ ਜਨੋ! (ਗੁਰੂ ਆਪਣੀ) ਬਾਣੀ ਦੀ ਰਾਹੀਂ (ਆਪਣੇ) ਸ਼ਬਦ ਦੀ ਰਾਹੀਂ (ਸਰਨ ਆਏ ਸਿੱਖਾਂ ਨੂੰ ਇਹ ਉਪਦੇਸ਼) ਸੁਣਾਂਦਾ ਰਹਿੰਦਾ ਹੈ ਕਿ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ॥੨੦॥

ਨਾਨਕ ਸੁਣਿ ਵੇਖਿ ਰਹਿਆ ਵਿਸਮਾਦੁ ਮੇਰਾ ਪ੍ਰਭੁ ਰਵਿਆ ਸ੍ਰਬ ਥਾਈ ॥੨੧॥੫॥੧੪॥

ਹੇ ਨਾਨਕ! (ਹੇ ਸੰਤ ਜਨੋ!) ਪਰਮਾਤਮਾ ਅਸਚਰਜ-ਰੂਪ ਹੈ, ਮੇਰਾ ਪਰਮਾਤਮਾ ਸਭਨੀਂ ਥਾਈਂ ਮੌਜੂਦ ਹੈ (ਹਰੇਕ ਜੀਵ ਵਿਆਪਕ ਹੋ ਕੇ) ਉਹ (ਹਰੇਕ ਦੇ ਦਿਲ ਦੀ) ਸੁਣ ਰਿਹਾ ਹੈ, (ਹਰੇਕ ਦਾ ਕੰਮ) ਵੇਖ ਰਿਹਾ ਹੈ ॥੨੧॥੫॥੧੪॥


ਰਾਮਕਲੀ ਮਹਲਾ ੫ ਅਸਟਪਦੀਆ ॥

ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਿਨਹੀ ਕੀਆ ਪਰਵਿਰਤਿ ਪਸਾਰਾ ॥

ਕਿਸੇ ਨੇ (ਨਿਰਾ) ਦੁਨੀਆਦਾਰੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ,

ਕਿਨਹੀ ਕੀਆ ਪੂਜਾ ਬਿਸਥਾਰਾ ॥

ਕਿਸੇ ਨੇ (ਦੇਵਤਿਆਂ ਆਦਿਕ ਦੀ) ਪੂਜਾ ਦਾ ਅਡੰਬਰ ਰਚਾਇਆ ਹੋਇਆ ਹੈ।

ਕਿਨਹੀ ਨਿਵਲ ਭੁਇਅੰਗਮ ਸਾਧੇ ॥

ਕਿਸੇ ਨੇ ਨਿਉਲੀ ਕਰਮ ਅਤੇ ਕੁੰਡਲਨੀ ਨਾੜੀ ਦੇ ਸਾਧਨਾਂ ਵਿਚ ਰੁਚੀ ਰੱਖੀ ਹੋਈ ਹੈ।

ਮੋਹਿ ਦੀਨ ਹਰਿ ਹਰਿ ਆਰਾਧੇ ॥੧॥

ਪਰ ਮੈਂ ਗ਼ਰੀਬ ਪਰਮਾਤਮਾ ਦਾ ਸਿਮਰਨ ਹੀ ਕਰਦਾ ਹਾਂ ॥੧॥

ਤੇਰਾ ਭਰੋਸਾ ਪਿਆਰੇ ॥

ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਸਿਰਫ਼ ਤੇਰਾ ਆਸਰਾ ਹੈ।

ਆਨ ਨ ਜਾਨਾ ਵੇਸਾ ॥੧॥ ਰਹਾਉ ॥

ਮੈਂ ਕੋਈ ਹੋਰ ਭੇਖ ਕਰਨਾ ਨਹੀਂ ਜਾਣਦਾ ॥੧॥ ਰਹਾਉ ॥

ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ ॥

ਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ ਵਿਚ ਜਾ ਡੇਰਾ ਲਾਇਆ ਹੈ,

ਕਿਨਹੀ ਮੋਨਿ ਅਉਧੂਤੁ ਸਦਾਇਆ ॥

ਕਿਸੇ ਨੇ ਆਪਣੇ ਆਪ ਨੂੰ ਮੋਨ-ਧਾਰੀ ਤਿਆਗੀ ਸਾਧੂ ਅਖਵਾਇਆ ਹੈ।

ਕੋਈ ਕਹਤਉ ਅਨੰਨਿ ਭਗਉਤੀ ॥

ਕੋਈ ਇਹ ਆਖਦਾ ਹੈ ਕਿ ਮੈਂ ਅਨੰਨ ਭਗਉਤੀ ਹਾਂ (ਹੋਰ ਆਸਰੇ ਛੱਡ ਕੇ ਸਿਰਫ਼ ਭਗਵਾਨ ਦਾ ਭਗਤ ਹਾਂ)।

ਮੋਹਿ ਦੀਨ ਹਰਿ ਹਰਿ ਓਟ ਲੀਤੀ ॥੨॥

ਪਰ ਮੈਂ ਗਰੀਬ ਨੇ ਸਿਰਫ਼ ਪਰਮਾਤਮਾ ਦਾ ਆਸਰਾ ਲਿਆ ਹੈ ॥੨॥

ਕਿਨਹੀ ਕਹਿਆ ਹਉ ਤੀਰਥ ਵਾਸੀ ॥

ਕਿਸੇ ਨੇ ਆਖਿਆ ਹੈ ਕਿ ਮੈਂ ਤੀਰਥਾਂ ਉੱਤੇ ਹੀ ਨਿਵਾਸ ਰੱਖਦਾ ਹਾਂ।

ਕੋਈ ਅੰਨੁ ਤਜਿ ਭਇਆ ਉਦਾਸੀ ॥

ਕੋਈ ਮਨੁੱਖ ਅੰਨ ਛੱਡ ਕੇ (ਦੁਨੀਆ ਵਲੋਂ) ਉਪਰਾਮ ਹੋਇਆ ਬੈਠਾ ਹੈ।

ਕਿਨਹੀ ਭਵਨੁ ਸਭ ਧਰਤੀ ਕਰਿਆ ॥

ਕਿਸੇ ਨੇ ਸਾਰੀ ਧਰਤੀ ਉਤੇ ਰਟਨ ਕਰਨ ਦਾ ਆਹਰ ਫੜਿਆ ਹੋਇਆ ਹੈ।

ਮੋਹਿ ਦੀਨ ਹਰਿ ਹਰਿ ਦਰਿ ਪਰਿਆ ॥੩॥

ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੇ ਦਰ ਤੇ ਆ ਪਿਆ ਹਾਂ ॥੩॥

ਕਿਨਹੀ ਕਹਿਆ ਮੈ ਕੁਲਹਿ ਵਡਿਆਈ ॥

ਕਿਸੇ ਨੇ ਆਖਿਆ ਕਿ ਮੈਂ ਉੱਚੇ ਖ਼ਾਨਦਾਨ ਦੀ ਇੱਜ਼ਤ ਵਾਲਾ ਹਾਂ,

ਕਿਨਹੀ ਕਹਿਆ ਬਾਹ ਬਹੁ ਭਾਈ ॥

ਕਿਸੇ ਨੇ ਆਖਿਆ ਹੈ ਕਿ ਮੇਰੇ ਬੜੇ ਭਰਾ ਹਨ, ਮੇਰੇ ਬੜੇ ਸਾਥੀ ਹਨ।

ਕੋਈ ਕਹੈ ਮੈ ਧਨਹਿ ਪਸਾਰਾ ॥

ਕੋਈ ਆਖਦਾ ਹੈ ਮੈਂ ਬਹੁਤ ਧਨ ਕਮਾਇਆ ਹੋਇਆ ਹੈ।

ਮੋਹਿ ਦੀਨ ਹਰਿ ਹਰਿ ਆਧਾਰਾ ॥੪॥

ਪਰ ਮੈਨੂੰ ਗ਼ਰੀਬ ਨੂੰ ਸਿਰਫ਼ ਪਰਮਾਤਮਾ ਦਾ ਆਸਰਾ ਹੈ ॥੪॥

ਕਿਨਹੀ ਘੂਘਰ ਨਿਰਤਿ ਕਰਾਈ ॥

ਕਿਸੇ ਨੇ ਘੁੰਘਰੂ ਬੰਨ੍ਹ ਕੇ (ਦੇਵਤਿਆਂ ਅੱਗੇ) ਨਾਚ ਸ਼ੁਰੂ ਕੀਤੇ ਹੋਏ ਹਨ,

ਕਿਨਹੂ ਵਰਤ ਨੇਮ ਮਾਲਾ ਪਾਈ ॥

ਕਿਸੇ ਨੇ (ਗਲ ਵਿਚ) ਮਾਲਾ ਪਾਈ ਹੋਈ ਹੈ ਅਤੇ ਵਰਤ ਰੱਖਣ ਦੇ ਨੇਮ ਧਾਰੇ ਹੋਏ ਹਨ।

ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥

ਕਿਸੇ ਮਨੁੱਖ ਨੇ (ਮੱਥੇ ਉਤੇ) ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ।

ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ॥੫॥

ਪਰ ਮੈਂ ਗ਼ਰੀਬ ਤਾਂ ਸਿਰਫ਼ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ॥੫॥

ਕਿਨਹੀ ਸਿਧ ਬਹੁ ਚੇਟਕ ਲਾਏ ॥

ਕਿਸੇ ਮਨੁੱਖ ਨੇ ਸਿੱਧਾਂ ਵਾਲੇ ਨਾਟਕ-ਚੇਟਕ ਵਿਖਾਲਣੇ ਸ਼ੁਰੂ ਕੀਤੇ ਹੋਏ ਹਨ,

ਕਿਨਹੀ ਭੇਖ ਬਹੁ ਥਾਟ ਬਨਾਏ ॥

ਕਿਸੇ ਮਨੁੱਖ ਨੇ ਸਾਧੂਆਂ ਵਾਲੇ ਕਈ ਭੇਖ ਬਣਾਏ ਹੋਏ ਹਨ,

ਕਿਨਹੀ ਤੰਤ ਮੰਤ ਬਹੁ ਖੇਵਾ ॥

ਕਿਸੇ ਮਨੁੱਖ ਨੇ ਅਨੇਕਾਂ ਤੰਤ੍ਰਾਂ ਮੰਤ੍ਰਾਂ ਦੀ ਦੁਕਾਨ ਚਲਾਈ ਹੋਈ ਹੈ,

ਮੋਹਿ ਦੀਨ ਹਰਿ ਹਰਿ ਹਰਿ ਸੇਵਾ ॥੬॥

ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਭਗਤੀ ਹੀ ਕਰਦਾ ਹਾਂ ॥੬॥

ਕੋਈ ਚਤੁਰੁ ਕਹਾਵੈ ਪੰਡਿਤ ॥

ਕੋਈ ਮਨੁੱਖ (ਆਪਣੇ ਆਪ ਨੂੰ) ਸਿਆਣਾ ਪੰ​‍ਡਿਤ ਅਖਵਾਂਦਾ ਹੈ,

ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥

ਕੋਈ ਮਨੁੱਖ (ਆਪਣੇ ਆਪ ਨੂੰ) ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮਾਂ ਨਾਲ ਸਜਾਈ ਰੱਖਦਾ ਹੈ,

ਕੋਈ ਕਰੈ ਆਚਾਰ ਸੁਕਰਣੀ ॥

ਕੋਈ ਮਨੁੱਖ (ਸ਼ਾਸਤ੍ਰਾਂ ਦੇ ਕਰਮ-ਕਾਂਡ ਨੂੰ) ਸ੍ਰੇਸ਼ਟ ਕਰਣੀ ਸਮਝ ਕੇ ਕਰਦਾ ਰਹਿੰਦਾ ਹੈ।

ਮੋਹਿ ਦੀਨ ਹਰਿ ਹਰਿ ਹਰਿ ਸਰਣੀ ॥੭॥

ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹਾਂ ॥੭॥

ਸਗਲੇ ਕਰਮ ਧਰਮ ਜੁਗ ਸੋਧੇ ॥

(ਅਸਾਂ) ਸਾਰੇ ਜੁਗਾਂ ਦੇ ਸਾਰੇ ਕਰਮ ਧਰਮ ਪਰਖ ਵੇਖੇ ਹਨ,

ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ ॥

ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ) ਇਹ ਮਨ ਜਾਗਦਾ ਨਹੀਂ।

ਕਹੁ ਨਾਨਕ ਜਉ ਸਾਧਸੰਗੁ ਪਾਇਆ ॥

ਨਾਨਕ ਆਖਦਾ ਹੈ- ਜਦੋਂ (ਕਿਸੇ ਮਨੁੱਖ ਨੇ) ਸਾਧ ਸੰਗਤ ਪ੍ਰਾਪਤ ਕਰ ਲਈ,

ਬੂਝੀ ਤ੍ਰਿਸਨਾ ਮਹਾ ਸੀਤਲਾਇਆ ॥੮॥੧॥

(ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਬੁੱਝ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ ॥੮॥੧॥


ਰਾਮਕਲੀ ਮਹਲਾ ੫ ॥
ਇਸੁ ਪਾਨੀ ਤੇ ਜਿਨਿ ਤੂ ਘਰਿਆ ॥

ਜਿਸ ਪ੍ਰਭੂ ਨੇ ਪਿਤਾ ਦੀ ਬੂੰਦ ਤੋਂ ਤੈਨੂੰ ਬਣਾਇਆ,

ਮਾਟੀ ਕਾ ਲੇ ਦੇਹੁਰਾ ਕਰਿਆ ॥

ਤੇਰਾ ਇਹ ਮਿੱਟੀ ਦਾ ਪੁਤਲਾ ਘੜ ਦਿੱਤਾ;

ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥

ਜਿਸ ਪ੍ਰਭੂ ਨੇ ਬੁੱਧੀ, ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਕੇ-

ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥੧॥

ਤੈਨੂੰ ਮਾਂ ਦੇ ਪੇਟ ਵਿਚ (ਸਹੀ ਸਲਾਮਤ) ਰੱਖਿਆ (ਉਸ ਨੂੰ ਸਦਾ ਯਾਦ ਰੱਖ) ॥੧॥

ਰਾਖਨਹਾਰੁ ਸਮ੍ਹਾਰਿ ਜਨਾ ॥

ਸਦਾ ਰੱਖਿਆ ਕਰ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ।

ਸਗਲੇ ਛੋਡਿ ਬੀਚਾਰ ਮਨਾ ॥੧॥ ਰਹਾਉ ॥

ਹੇ ਮੇਰੇ ਮਨ! (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਸਾਰੇ ਵਿਚਾਰ (ਜਿਹੜੇ ਵਿਚਾਰ ਪ੍ਰਭੂ ਦੀ ਯਾਦ ਭੁਲਾਂਦੇ ਹਨ, ਉਹ) ਛੱਡ ਦੇਹ ॥੧॥ ਰਹਾਉ ॥

ਜਿਨਿ ਦੀਏ ਤੁਧੁ ਬਾਪ ਮਹਤਾਰੀ ॥

ਜਿਸ ਪ੍ਰਭੂ ਨੇ ਤੈਨੂੰ ਮਾਪੇ ਦਿੱਤੇ,

ਜਿਨਿ ਦੀਏ ਭ੍ਰਾਤ ਪੁਤ ਹਾਰੀ ॥

ਜਿਸ ਪ੍ਰਭੂ ਨੇ ਤੈਨੂੰ ਭਰਾ ਪੁੱਤਰ ਤੇ ਨੌਕਰ ਦਿੱਤੇ,

ਜਿਨਿ ਦੀਏ ਤੁਧੁ ਬਨਿਤਾ ਅਰੁ ਮੀਤਾ ॥

ਜਿਸ ਪ੍ਰਭੂ ਨੇ ਤੈਨੂੰ ਇਸਤ੍ਰੀ ਅਤੇ ਸੱਜਣ-ਮਿੱਤਰ ਦਿੱਤੇ,

ਤਿਸੁ ਠਾਕੁਰ ਕਉ ਰਖਿ ਲੇਹੁ ਚੀਤਾ ॥੨॥

ਉਸ ਮਾਲਕ-ਪ੍ਰਭੂ ਨੂੰ ਸਦਾ ਆਪਣੇ ਚਿੱਤ ਵਿਚ ਟਿਕਾਈ ਰੱਖ ॥੨॥

ਜਿਨਿ ਦੀਆ ਤੁਧੁ ਪਵਨੁ ਅਮੋਲਾ ॥

ਜਿਸ ਪ੍ਰਭੂ ਨੇ ਤੈਨੂੰ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕਣ ਵਾਲੀ ਹਵਾ ਦਿੱਤੀ,

ਜਿਨਿ ਦੀਆ ਤੁਧੁ ਨੀਰੁ ਨਿਰਮੋਲਾ ॥

ਜਿਸ ਪ੍ਰਭੂ ਨੇ ਤੈਨੂੰ ਨਿਰਮੋਲਕ ਪਾਣੀ ਦਿੱਤਾ,

ਜਿਨਿ ਦੀਆ ਤੁਧੁ ਪਾਵਕੁ ਬਲਨਾ ॥

ਜਿਸ ਪ੍ਰਭੂ ਨੇ ਤੈਨੂੰ ਅੱਗ ਦਿੱਤੀ, ਬਾਲਣ ਦਿੱਤਾ,

ਤਿਸੁ ਠਾਕੁਰ ਕੀ ਰਹੁ ਮਨ ਸਰਨਾ ॥੩॥

ਹੇ ਮਨ! ਤੂੰ ਉਸ ਮਾਲਕ-ਪ੍ਰਭੂ ਦੀ ਸਰਨ ਪਿਆ ਰਹੁ ॥੩॥

ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ ॥

ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸੁਆਦਲੇ ਖਾਣੇ ਦਿੱਤੇ,

ਅੰਤਰਿ ਥਾਨ ਠਹਰਾਵਨ ਕਉ ਕੀਏ ॥

ਇਹਨਾਂ ਖਾਣਿਆਂ ਨੂੰ ਹਜ਼ਮ ਕਰਨ ਲਈ ਤੇਰੇ ਅੰਦਰ ਮਿਹਦਾ ਆਦਿਕ ਅੰਗ ਬਣਾਏ,

ਬਸੁਧਾ ਦੀਓ ਬਰਤਨਿ ਬਲਨਾ ॥

ਤੈਨੂੰ ਧਰਤੀ ਦਿੱਤੀ, ਤੈਨੂੰ ਹੋਰ ਵਰਤਣ-ਵਲੇਵਾ ਦਿੱਤਾ,

ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ ॥੪॥

ਉਸ ਮਾਲਕ-ਪ੍ਰਭੂ ਦੇ ਚਰਨ ਆਪਣੇ ਚਿੱਤ ਵਿੱਚ ਪ੍ਰੋ ਰੱਖ ॥੪॥

ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ ॥

(ਹੇ ਮੇਰੇ ਮਨ! ਜਿਸ ਨੇ) ਤੈਨੂੰ (ਦੁਨੀਆ ਦੇ ਰੰਗ-ਤਮਾਸ਼ੇ) ਵੇਖਣ ਵਾਸਤੇ ਅੱਖਾਂ ਦਿੱਤੀਆਂ ਹਨ ਅਤੇ ਸੁਣਨ ਵਾਸਤੇ ਕੰਨ ਦਿੱਤੇ ਹਨ,

ਹਸਤ ਕਮਾਵਨ ਬਾਸਨ ਰਸਨਾ ॥

ਜਿਸ ਨੇ ਕਾਰ ਕਰਨ ਲਈ ਤੈਨੂੰ ਹੱਥ ਦਿੱਤੇ ਹਨ, ਅਤੇ ਨੱਕ ਤੇ ਜੀਭ ਦਿੱਤੀ ਹੈ,

ਚਰਨ ਚਲਨ ਕਉ ਸਿਰੁ ਕੀਨੋ ਮੇਰਾ ॥

ਜਿਸ ਨੇ ਤੁਰਨ ਲਈ ਤੈਨੂੰ ਪੈਰ ਦਿੱਤੇ ਹਨ ਅਤੇ ਸਿਰ (ਸਾਰੇ ਅੰਗਾਂ ਵਿਚੋਂ) ਸ਼ਿਰੋਮਣੀ ਬਣਾਇਆ ਹੈ

ਮਨ ਤਿਸੁ ਠਾਕੁਰ ਕੇ ਪੂਜਹੁ ਪੈਰਾ ॥੫॥

ਉਸ ਮਾਲਕ-ਪ੍ਰਭੂ ਦੇ ਪੈਰ ਸਦਾ ਪੂਜਦਾ ਰਹੁ (ਨਿਮ੍ਰਤਾ ਧਾਰਨ ਕਰ ਕੇ ਉਸ ਪ੍ਰਭੂ ਦਾ ਸਿਮਰਨ ਕਰਦਾ ਰਹੁ ॥੫॥

ਅਪਵਿਤ੍ਰ ਪਵਿਤ੍ਰੁ ਜਿਨਿ ਤੂ ਕਰਿਆ ॥

(ਉਸ ਪਰਮਾਤਮਾ ਨੂੰ ਸਿਮਰਿਆ ਕਰ) ਜਿਸ ਨੇ ਗੰਦ ਤੋਂ ਤੈਨੂੰ ਪਵਿੱਤਰ ਬਣਾ ਦਿੱਤਾ,

ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥

ਜਿਸ ਨੇ ਤੈਨੂੰ ਸਾਰੀਆਂ ਜੂਨੀਆਂ ਉਤੇ ਸਰਦਾਰ ਬਣਾ ਦਿੱਤਾ।

ਅਬ ਤੂ ਸੀਝੁ ਭਾਵੈ ਨਹੀ ਸੀਝੈ ॥

ਤੇਰੀ ਮਰਜ਼ੀ ਹੈ ਹੁਣ ਤੂੰ (ਉਸ ਦਾ ਸਿਮਰਨ ਕਰ ਕੇ ਜ਼ਿੰਦਗੀ ਵਿਚ) ਕਾਮਯਾਬ ਹੋ ਚਾਹੇ ਨਾਹ ਹੋ।

ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ ॥੬॥

ਪਰ ਹੇ ਮਨ! ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਕੀਤੀਆਂ ਹੀ ਮਨੁੱਖਾ ਜੀਵਨ ਦਾ) ਮਨੋਰਥ ਸਫਲ ਹੁੰਦਾ ਹੈ ॥੬॥

ਈਹਾ ਊਹਾ ਏਕੈ ਓਹੀ ॥

ਇਸ ਲੋਕ ਵਿਚ ਤੇ ਪਰਲੋਕ ਵਿਚ ਇਕ ਉਹ ਪਰਮਾਤਮਾ ਹੀ (ਸਹਾਈ) ਹੈ,

ਜਤ ਕਤ ਦੇਖੀਐ ਤਤ ਤਤ ਤੋਹੀ ॥

ਜਿੱਥੇ ਕਿੱਥੇ ਝਾਤੀ ਮਾਰੀ ਜਾਏ ਉਥੇ ਉਥੇ (ਪਰਮਾਤਮਾ ਹੀ) ਤੇਰੇ ਨਾਲ ਹੈ।

ਤਿਸੁ ਸੇਵਤ ਮਨਿ ਆਲਸੁ ਕਰੈ ॥

(ਪਰ ਵੇਖੋ ਮਨੁੱਖ ਦੀ ਮੰਦ-ਭਾਗਤਾ!) ਉਸ ਪਰਮਾਤਮਾ ਨੂੰ ਸਿਮਰਦਿਆਂ (ਮਨੁੱਖ) ਮਨ ਵਿਚ ਆਲਸ ਕਰਦਾ ਹੈ,

ਜਿਸੁ ਵਿਸਰਿਐ ਇਕ ਨਿਮਖ ਨ ਸਰੈ ॥੭॥

ਜਿਸ ਨੂੰ ਵਿਸਾਰਿਆਂ ਇਕ ਪਲ-ਭਰ ਸਮਾ ਭੀ ਸੌਖਾ ਨਹੀਂ ਲੰਘ ਸਕਦਾ ॥੭॥

ਹਮ ਅਪਰਾਧੀ ਨਿਰਗੁਨੀਆਰੇ ॥

(ਮਾਇਆ ਦੇ ਮੋਹ ਵਿਚ ਫਸ ਕੇ) ਅਸੀਂ ਸੰਸਾਰੀ ਜੀਵ ਪਾਪੀ ਬਣ ਜਾਂਦੇ ਹਾਂ, ਗੁਣ-ਹੀਣ ਹੋ ਜਾਂਦੇ ਹਾਂ,

ਨਾ ਕਿਛੁ ਸੇਵਾ ਨਾ ਕਰਮਾਰੇ ॥

ਅਸੀਂ ਨਾਹ ਕੋਈ ਸੇਵਾ-ਭਗਤੀ ਕਰਦੇ ਹਾਂ, ਨਾਹ ਹੀ ਸਾਡੇ ਕੰਮ ਚੰਗੇ ਹੁੰਦੇ ਹਨ।

ਗੁਰੁ ਬੋਹਿਥੁ ਵਡਭਾਗੀ ਮਿਲਿਆ ॥

(ਜਿਨ੍ਹਾਂ ਮਨੁੱਖਾਂ ਨੂੰ ਵੱਡੇ ਭਾਗਾਂ ਨਾਲ ਗੁਰੂ-ਜਹਾਜ਼ ਮਿਲ ਪਿਆ,

ਨਾਨਕ ਦਾਸ ਸੰਗਿ ਪਾਥਰ ਤਰਿਆ ॥੮॥੨॥

ਹੇ ਦਾਸ ਨਾਨਕ! (ਉਸ ਜਹਾਜ਼ ਦੀ ਸੰਗਤ ਵਿਚ ਉਹ) ਪੱਥਰ-ਦਿਲ ਮਨੁੱਖ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੮॥੨॥

1
2
3
4
5
6
7
8