ਰਾਗ ਰਾਮਕਲੀ – ਬਾਣੀ ਸ਼ਬਦ-Part 5 – Raag Ramkali – Bani

ਰਾਗ ਰਾਮਕਲੀ – ਬਾਣੀ ਸ਼ਬਦ-Part 5 – Raag Ramkali – Bani

ਸਲੋਕੁ ॥
ਸਲੋਕੁ।
ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ ॥

(ਜਿਹੜੇ ਮਨੁੱਖ ਗੁਰੂ ਦੇ) ਸੋਹਣੇ ਚਰਨਾਂ ਦੀ ਸਰਨ ਆ ਕੇ (ਪਰਮਾਤਮਾ ਦੇ) ਗੁਣ ਗਾਂਦੇ ਹਨ, (ਉਹਨਾਂ ਦੇ ਹਿਰਦੇ ਵਿਚ ਸਦਾ) ਆਨੰਦ ਸੁਖ ਬਣੇ ਰਹਿੰਦੇ ਹਨ।

ਨਾਨਕ ਪ੍ਰਭੁ ਆਰਾਧੀਐ ਬਿਪਤਿ ਨਿਵਾਰਣ ਰਾਮ ॥੧॥

ਹੇ ਨਾਨਕ! (ਆਖ ਕਿ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ, ਪਰਮਾਤਮਾ (ਹਰੇਕ) ਬਿਪਤਾ ਦੂਰ ਕਰਨ ਵਾਲਾ ਹੈ ॥੧॥


ਛੰਤੁ ॥
ਛੰਤ।
ਪ੍ਰਭ ਬਿਪਤਿ ਨਿਵਾਰਣੋ ਤਿਸੁ ਬਿਨੁ ਅਵਰੁ ਨ ਕੋਇ ਜੀਉ ॥

ਪਰਮਾਤਮਾ ਹੀ (ਜੀਵਾਂ ਦੀ ਹਰੇਕ) ਬਿਪਤਾ ਦੂਰ ਕਰਨ ਵਾਲਾ ਹੈ, ਉਸ ਤੋਂ ਬਿਨਾ ਹੋਰ ਕੋਈ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ।

ਸਦਾ ਸਦਾ ਹਰਿ ਸਿਮਰੀਐ ਜਲਿ ਥਲਿ ਮਹੀਅਲਿ ਸੋਇ ਜੀਉ ॥

ਸਦਾ ਹੀ ਸਦਾ ਹੀ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ; ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ (ਹਰ ਥਾਂ) ਉਹ ਪਰਮਾਤਮਾ ਹੀ ਮੌਜੂਦ ਹੈ।

ਜਲਿ ਥਲਿ ਮਹੀਅਲਿ ਪੂਰਿ ਰਹਿਆ ਇਕ ਨਿਮਖ ਮਨਹੁ ਨ ਵੀਸਰੈ ॥

ਉਹ ਪਰਮਾਤਮਾ ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ) ਵਿਆਪਕ ਹੈ ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਉਹ ਪ੍ਰਭੂ ਸਾਡੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ।

ਗੁਰ ਚਰਨ ਲਾਗੇ ਦਿਨ ਸਭਾਗੇ ਸਰਬ ਗੁਣ ਜਗਦੀਸਰੈ ॥

ਉਹ ਦਿਨ ਭਾਗਾਂ ਵਾਲੇ (ਸਮਝੋ, ਜਦੋਂ ਸਾਡਾ ਮਨ) ਗੁਰੂ ਦੇ ਚਰਨਾਂ ਵਿਚ ਜੁੜਿਆ ਰਹੇ, (ਪਰ ਇਹ ਸਾਡੇ ਆਪਣੇ ਵੱਸ ਦੀ ਗੱਲ ਨਹੀਂ, ਇਹ ਤਦੋਂ ਹੀ ਹੁੰਦਾ ਹੈ ਜਦੋਂ) ਉਸ ਜਗਤ ਦੇ ਮਾਲਕ ਪ੍ਰਭੂ ਦੀ ਮਿਹਰ (ਹੋਵੇ)।

ਕਰਿ ਸੇਵ ਸੇਵਕ ਦਿਨਸੁ ਰੈਣੀ ਤਿਸੁ ਭਾਵੈ ਸੋ ਹੋਇ ਜੀਉ ॥

ਦਿਨ ਰਾਤ ਸੇਵਕਾਂ ਵਾਂਗ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ; ਜੋ ਕੁਝ ਉਸ ਨੂੰ ਭਾਉਂਦਾ ਹੈ ਉਹੀ (ਜਗਤ ਵਿਚ) ਹੋ ਰਿਹਾ ਹੈ।

ਬਲਿ ਜਾਇ ਨਾਨਕੁ ਸੁਖਹ ਦਾਤੇ ਪਰਗਾਸੁ ਮਨਿ ਤਨਿ ਹੋਇ ਜੀਉ ॥੧॥

ਨਾਨਕ ਤਾਂ ਉਸ ਸੁਖ-ਦਾਤੇ ਪ੍ਰਭੂ ਤੋਂ ਸਦਕੇ ਜਾਂਦਾ ਹੈ, (ਉਸ ਦੀ ਮਿਹਰ ਨਾਲ ਹੀ ਸਾਡੇ) ਮਨ ਵਿਚ ਤਨ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਸਕਦਾ ਹੈ ॥੧॥


ਸਲੋਕੁ ॥
ਹਰਿ ਸਿਮਰਤ ਮਨੁ ਤਨੁ ਸੁਖੀ ਬਿਨਸੀ ਦੁਤੀਆ ਸੋਚ ॥

ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਮਨੁੱਖ ਦਾ ਮਨ ਸੁਖੀ ਹੋ ਗਿਆ ਉਸ ਦਾ ਤਨ ਸੁਖੀ ਹੋ ਗਿਆ (ਪ੍ਰਭੂ ਦੀ ਯਾਦ ਤੋਂ ਬਿਨਾ ਉਸ ਦਾ) ਹੋਰ ਹੋਰ ਸਭ ਚਿੰਤਾ-ਫ਼ਿਕਰ ਦੂਰ ਹੋ ਗਿਆ,

ਨਾਨਕ ਟੇਕ ਗੁੋਪਾਲ ਕੀ ਗੋਵਿੰਦ ਸੰਕਟ ਮੋਚ ॥੧॥

ਹੇ ਨਾਨਕ! ਜਿਸ ਮਨੁੱਖ ਨੇ ਸਾਰੇ ਸੰਕਟ ਦੂਰ ਕਰਨ ਵਾਲੇ ਗੋਬਿੰਦ ਗੋਪਾਲ ਦਾ ਆਸਰਾ ਲਿਆ ॥੧॥


ਛੰਤੁ ॥
ਛੰਤੁ।
ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਉ ॥

ਦਇਆ ਦੇ ਸੋਮੇ ਨਾਰਾਇਣ ਨੇ ਉਸ ਮਨੁੱਖ ਦੇ ਸਾਰੇ ਡਰ ਤੇ ਦੁੱਖ-ਕਲੇਸ਼ ਕੱਟ ਦਿੱਤੇ,

ਹਰਿ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਿਪਾਲ ਜੀਉ ॥

ਜਿਸ ਮਨੁੱਖ ਨੇ ਦੀਨਾਂ ਦੇ ਨਾਥ ਪਾਲਣਹਾਰ ਹਰੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕੀਤੇ।

ਪ੍ਰਤਿਪਾਲ ਅਚੁਤ ਪੁਰਖੁ ਏਕੋ ਤਿਸਹਿ ਸਿਉ ਰੰਗੁ ਲਾਗਾ ॥

ਸਭ ਨੂੰ ਪਾਲਣ ਵਾਲਾ ਅਬਿਨਾਸ਼ੀ ਸਿਰਫ਼ ਅਕਾਲ ਪੁਰਖ ਹੀ ਹੈ, ਜਿਸ ਮਨੁੱਖ ਦਾ ਪਿਆਰ ਉਸ ਨਾਲ ਬਣ ਗਿਆ,

ਕਰ ਚਰਨ ਮਸਤਕੁ ਮੇਲਿ ਲੀਨੇ ਸਦਾ ਅਨਦਿਨੁ ਜਾਗਾ ॥

ਜਿਸ ਨੇ ਆਪਣੇ ਹੱਥ ਆਪਣਾ ਮੱਥਾ ਉਸ ਦੇ ਚਰਨਾਂ ਉੱਤੇ ਰੱਖ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ, (ਮਾਇਆ ਦੇ ਹੱਲਿਆਂ ਵਲੋਂ ਉਹ) ਸਦਾ ਹਰ ਵੇਲੇ ਸੁਚੇਤ ਰਹਿਣ ਲੱਗ ਪਿਆ।

ਜੀਉ ਪਿੰਡੁ ਗ੍ਰਿਹੁ ਥਾਨੁ ਤਿਸ ਕਾ ਤਨੁ ਜੋਬਨੁ ਧਨੁ ਮਾਲੁ ਜੀਉ ॥

(ਸਾਡੀ ਇਹ) ਜਿੰਦ (ਸਾਡਾ ਇਹ) ਸਰੀਰ, ਘਰ, ਥਾਂ, ਤਨ, ਜੋਬਨ ਅਤੇ ਧਨ-ਮਾਲ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ।

ਸਦ ਸਦਾ ਬਲਿ ਜਾਇ ਨਾਨਕੁ ਸਰਬ ਜੀਆ ਪ੍ਰਤਿਪਾਲ ਜੀਉ ॥੨॥

ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ, ਨਾਨਕ ਉਸ ਤੋਂ ਸਦਾ ਹੀ ਸਦਕੇ ਜਾਂਦਾ ਹੈ ॥੨॥


ਸਲੋਕੁ ॥
ਰਸਨਾ ਉਚਰੈ ਹਰਿ ਹਰੇ ਗੁਣ ਗੋਵਿੰਦ ਵਖਿਆਨ ॥

ਜਿਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਗੋਬਿੰਦ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ,

ਨਾਨਕ ਪਕੜੀ ਟੇਕ ਏਕ ਪਰਮੇਸਰੁ ਰਖੈ ਨਿਦਾਨ ॥੧॥

ਸਦਾ ਇਕ ਪਰਮੇਸਰ ਦਾ ਆਸਰਾ ਲਈ ਰੱਖਦਾ ਹੈ, ਹੇ ਨਾਨਕ! ਪਰਮਾਤਮਾ ਆਖ਼ਰ ਉਸ ਦੀ ਰੱਖਿਆ ਕਰਦਾ ਹੈ ॥੧॥


ਛੰਤੁ ॥
ਛੰਤੁ।
ਸੋ ਸੁਆਮੀ ਪ੍ਰਭੁ ਰਖਕੋ ਅੰਚਲਿ ਤਾ ਕੈ ਲਾਗੁ ਜੀਉ ॥

ਹੇ ਭਾਈ! ਉਹੀ ਮਾਲਕ-ਪ੍ਰਭੂ ਹੀ (ਅਸਾਂ ਜੀਵਾਂ ਦਾ) ਰਾਖਾ ਹੈ, ਸਦਾ ਉਸ ਦੇ ਲੜ ਲੱਗਾ ਰਹੁ।

ਭਜੁ ਸਾਧੂ ਸੰਗਿ ਦਇਆਲ ਦੇਵ ਮਨ ਕੀ ਮਤਿ ਤਿਆਗੁ ਜੀਉ ॥

ਆਪਣੇ ਮਨ ਦੀ ਸਿਆਣਪ ਛੱਡ ਦੇਹ, ਗੁਰੂ ਦੀ ਸੰਗਤ ਵਿਚ ਟਿਕ ਕੇ ਉਸ ਦਇਆ-ਦੇ-ਘਰ ਪ੍ਰਭੂ ਦਾ ਭਜਨ ਕਰਿਆ ਕਰ।

ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀਧਰੈ ॥

ਸਿਰਫ਼ ਇਕ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਆਪਣਾ ਆਪ ਉਸਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਸਾਰੀ ਸ੍ਰਿਸ਼ਟੀ ਦੇ ਆਸਰੇ ਉਸ ਪ੍ਰਭੂ ਦੀ ਹੀ ਆਸ ਰੱਖਣੀ ਚਾਹੀਦੀ ਹੈ।

ਸਾਧਸੰਗੇ ਹਰਿ ਨਾਮ ਰੰਗੇ ਸੰਸਾਰੁ ਸਾਗਰੁ ਸਭੁ ਤਰੈ ॥

ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੈ ਦਾਗੁ ਜੀਉ ॥

ਉਸ ਮਨੁੱਖ ਦੇ ਜਨਮ ਮਰਨ ਦੇ ਗੇੜ ਉਸ ਦੇ ਪਿਛਲੇ ਕੀਤੇ ਸਾਰੇ ਕੁਕਰਮ ਮੁੱਕ ਜਾਂਦੇ ਹਨ, ਮੁੜ ਕਦੇ ਉਸ ਨੂੰ ਵਿਕਾਰਾਂ ਦਾ ਦਾਗ਼ ਨਹੀਂ ਲੱਗਦਾ।

ਬਲਿ ਜਾਇ ਨਾਨਕੁ ਪੁਰਖ ਪੂਰਨ ਥਿਰੁ ਜਾ ਕਾ ਸੋਹਾਗੁ ਜੀਉ ॥੩॥

ਜਿਸ ਪਰਮਾਤਮਾ ਦਾ ਪਤੀ ਵਾਲਾ ਸਹਾਰਾ ਸਦਾ (ਜੀਵਾਂ ਦੇ ਸਿਰ ਉਤੇ) ਕਾਇਮ ਰਹਿੰਦਾ ਹੈ, ਨਾਨਕ ਉਸ ਸਰਬ-ਗੁਣ-ਭਰਪੂਰ ਸਰਬ-ਵਿਆਪਕ ਪ੍ਰਭੂ ਤੋਂ ਸਦਕੇ ਜਾਂਦਾ ਹੈ ॥੩॥


ਸਲੋਕੁ ॥
ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ ॥

ਹੇ ਨਾਨਕ! (ਦੁਨੀਆ ਦੇ ਪ੍ਰਸਿੱਧ ਚਾਰ ਪਦਾਰਥ) ਧਰਮ ਅਰਥ ਕਾਮ ਅਤੇ ਮੋਖ ਦਾ ਮਾਲਕ ਪ੍ਰਭੂ ਆਪ ਹੈ।

ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ॥੧॥

ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਇਆ ਹੋਵੇ (ਉਸ ਨੂੰ ਉਹ ਪ੍ਰਭੂ ਆ ਮਿਲਦਾ ਹੈ ਅਤੇ) ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੧॥


ਛੰਤੁ ॥
ਛੰਤੁ।
ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ॥

ਨਿਰਲੇਪ ਪ੍ਰਭੂ-ਪਾਤਿਸ਼ਾਹ (ਜਦੋਂ ਦਾ) ਮੈਨੂੰ ਮਿਲਿਆ ਹੈ, ਮੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ।

ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥

ਹੇ ਵੱਡੇ ਭਾਗਾਂ ਵਾਲੇ ਸੱਜਣੋ! ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਆ ਵੱਸਦੇ ਹਨ, ਉਸਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਗ੍ਰਿਹਿ ਲਾਲ ਆਏ ਪੁਰਬਿ ਕਮਾਏ ਤਾ ਕੀ ਉਪਮਾ ਕਿਆ ਗਣਾ ॥

ਪਰ, ਉਸ ਦੇ ਹਿਰਦੇ-ਘਰ ਵਿਚ ਸੋਹਣਾ ਪਾਤਿਸ਼ਾਹ ਆ ਕੇ ਵੱਸਦਾ ਹੈ ਜਿਸ ਨੇ ਪੂਰਬਲੇ ਜਨਮ ਵਿਚ ਨੇਕ ਕਰਮ ਕਮਾਏ ਹੁੰਦੇ ਹਨ। ਮੈਂ ਉਸ ਪ੍ਰਭੂ ਦੀ ਕੋਈ ਵਡਿਆਈ ਕਰਨ-ਜੋਗ ਨਹੀਂ ਹਾਂ।

ਬੇਅੰਤ ਪੂਰਨ ਸੁਖ ਸਹਜ ਦਾਤਾ ਕਵਨ ਰਸਨਾ ਗੁਣ ਭਣਾ ॥

ਉਹ ਬੇਅੰਤ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, ਆਤਮਕ ਅਡੋਲਤਾ ਦੇ ਆਨੰਦ ਬਖ਼ਸ਼ਣ ਵਾਲਾ ਹੈ। ਮੈਂ ਆਪਣੀ ਜੀਭ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?

ਆਪੇ ਮਿਲਾਏ ਗਹਿ ਕੰਠਿ ਲਾਏ ਤਿਸੁ ਬਿਨਾ ਨਹੀ ਜਾਇ ਜੀਉ ॥

ਉਹ ਆਪ ਹੀ (ਕਿਸੇ ਵਡਭਾਗੀ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, ਉਸ ਨੂੰ ਫੜ ਕੇ ਆਪਣੇ ਗਲ ਨਾਲ ਲਾਂਦਾ ਹੈ। ਉਸ ਪ੍ਰਭੂ ਤੋਂ ਬਿਨਾ ਹੋਰ ਕੋਈ (ਮੇਰਾ) ਸਹਾਰਾ ਨਹੀਂ।

ਬਲਿ ਜਾਇ ਨਾਨਕੁ ਸਦਾ ਕਰਤੇ ਸਭ ਮਹਿ ਰਹਿਆ ਸਮਾਇ ਜੀਉ ॥੪॥੪॥

ਨਾਨਕ ਸਦਾ ਉਸ ਕਰਤਾਰ ਤੋਂ ਸਦਕੇ ਜਾਂਦਾ ਹੈ, ਉਹ ਸਭਨਾਂ ਜੀਵਾਂ ਵਿਚ ਵਿਆਪਕ ਹੈ ॥੪॥੪॥


ਰਾਗੁ ਰਾਮਕਲੀ ਮਹਲਾ ੫ ॥
ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥

ਹੇ ਸਹੇਲੀਹੋ! ਹੇ ਸਤਸੰਗੀਓ! ਇਕ ਪਰਮਾਤਮਾ ਦਾ ਧਿਆਨ ਧਰੋ; ਪ੍ਰਭੂ ਦੀ ਸਿਫ਼ਤ-ਸਾਲਾਹ ਦਾ (ਉਹ) ਸੋਹਣਾ ਗੀਤ ਗਾਵੋ (ਜਿਸ ਦੀ ਬਰਕਤ ਨਾਲ ਵਿਕਾਰਾਂ ਦਾ ਟਾਕਰਾ ਕਰ ਸਕੋ)।

ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥

ਹੇ ਸਹੇਲੀਹੋ! ਗੁਰੂ ਦੀ ਸਰਨ ਪਵੋ, (ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਜਿੱਤ ਪ੍ਰਾਪਤ ਕਰਨ ਦਾ ਇਹ) ਮਨ-ਇੱਛਤ ਫਲ ਪ੍ਰਾਪਤ ਕਰ ਲਵੋਗੀਆਂ।

ਰਾਮਕਲੀ ਮਹਲਾ ੫ ਰੁਤੀ ਸਲੋਕੁ ॥

ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਰੁਤੀ ਸਲੋਕੁ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥

ਪਾਰਬ੍ਰਹਮ ਪ੍ਰਭੂ ਨੂੰ ਨਮਸਕਾਰ ਕਰ ਕੇ ਮੈਂ (ਉਸ ਦੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,

ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥

ਅਤੇ ਹੇ ਨਾਨਕ! ਆਪਾ-ਭਾਵ ਦੂਰ ਕਰ ਕੇ ਮੈਂ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਜਪਦਾ ਹਾਂ ॥੧॥

ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥

ਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ,

ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥

ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ। ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ ॥੨॥


ਛੰਤੁ ॥
ਛੰਤੁ।
ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥

ਹੇ ਵੱਡੇ ਭਾਗਾਂ ਵਾਲਿਓ! ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ। ਹੇ ਭਗਵਾਨ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਜਸ ਗਾਂਦਾ ਰਹਾਂ।

ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥

ਜਿਹੜੀਆਂ ਰੁੱਤਾਂ, ਜਿਹੜੇ ਮੁਹੂਰਤ, ਜਿਹੜੀਆਂ ਘੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ, ਉਹ ਸਮੇ ਸੋਭਾ ਵਾਲੇ ਹੁੰਦੇ ਹਨ।

ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥

ਜਿਹੜੇ ਬੰਦੇ ਪਰਮਾਤਮਾ ਦੇ ਗੁਣਾਂ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਜਿਨ੍ਹਾਂ ਬੰਦਿਆਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਬੰਦੇ ਭਾਗਾਂ ਵਾਲੇ ਹਨ।

ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥

(ਸਿਮਰਨ ਦੀ ਬਰਕਤਿ ਨਾਲ) ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਹੈ।

ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥

ਪਰਮਾਤਮਾ (ਦਾ ਨਾਮ) ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਕੋਈ ਪੁੰਨ-ਦਾਨ ਕੋਈ ਧਾਰਮਿਕ ਕਰਮ ਹਰਿ-ਨਾਮ ਸਿਮਰਨ ਦੇ ਬਰਾਬਰ ਨਹੀਂ ਹਨ।

ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥

ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। (ਸਿਮਰਨ ਦੀ ਬਰਕਤ ਨਾਲ) ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ॥੧॥


ਸਲੋਕ ॥
ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥

ਹੇ ਪ੍ਰਭੂ! ਤੂੰ ਉੱਦਮ-ਸਰੂਪ ਹੈਂ (ਤੇਰੇ ਵਿਚ ਰਤਾ ਭੀ ਆਲਸ ਨਹੀਂ ਹੈ), ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ; ਮੈਂ ਤੇਰੇ ਸੋਹਣੇ ਚਰਨਾਂ ਤੇ ਨਮਸਕਾਰ ਕਰਦਾ ਹਾਂ।

ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥

ਹੇ ਪ੍ਰਭੂ! (ਮਿਹਰ ਕਰ) ਮੈਂ (ਸਦਾ) ਉਹ ਬੋਲ ਬੋਲਾਂ ਜੋ ਤੈਨੂੰ ਚੰਗਾ ਲੱਗੇ। ਤੇਰਾ ਨਾਮ ਹੀ ਨਾਨਕ ਦਾ ਆਸਰਾ ਬਣਿਆ ਰਹੇ ॥੧॥

ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥

ਹੇ ਸੱਜਣੋ! ਗੁਰੂ-ਸੰਤ ਦੀ ਸਰਨ ਪਏ ਰਹੋ। (ਗੁਰੂ ਦੀ ਰਾਹੀਂ) ਬੇਅੰਤ ਮਾਲਕ-ਪ੍ਰਭੂ ਨੂੰ ਸਿਮਰ ਕੇ,

ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥

ਭਗਵਾਨ ਦਾ ਨਾਮ ਜਪ ਕੇ ਹੇ ਨਾਨਕ! (ਮਨੁੱਖ) ਸੁੱਕੇ ਤੋਂ ਹਰਾ ਹੋ ਜਾਂਦਾ ਹੈ ॥੨॥


ਛੰਤੁ ॥
ਛੰਤੁ।
ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥

(ਹੇ ਸੱਜਣੋ! ਉਸ ਮਨੁੱਖ ਨੂੰ) ਬਸੰਤ ਦੀ ਰੁਤਿ ਆਨੰਦ-ਦਾਇਕ ਪ੍ਰਤੀਤ ਹੁੰਦੀ ਹੈ, ਉਸ ਵਾਸਤੇ ਮਹੀਨਾ ਚੇਤ ਉਸ ਵਾਸਤੇ ਵੈਸਾਖ ਦਾ ਮਹੀਨਾ ਸੁਖਾਂ ਨਾਲ ਭਰਪੂਰ ਹੋ ਜਾਂਦਾ ਹੈ,

ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥

ਉਸ ਦਾ ਮਨ ਉਸ ਦਾ ਤਨ ਉਸ ਦਾ (ਹਰੇਕ) ਸਾਹ ਖ਼ੁਸ਼ੀ ਨਾਲ ਮਹਿਕ ਉਠਦਾ ਹੈ, ਜਿਸ ਨੂੰ ਪ੍ਰਭੂ-ਖਸਮ ਮਿਲ ਪੈਂਦਾ ਹੈ।

ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥

ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦੇ ਸੋਹਣੇ ਚਰਨ ਆ ਵੱਸਣ, ਉਸ ਦਾ ਹਿਰਦਾ ਖਿੜ ਪੈਂਦਾ ਹੈ; ਜਿਸ ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆ ਵੱਸੇ, ਉਥੇ ਸਦਾ ਆਨੰਦ ਬਣਿਆ ਰਹਿੰਦਾ ਹੈ।

ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥

ਹੇ ਸਹੇਲੀਏ! ਉਹ ਪ੍ਰਭੂ ਸੁੰਦਰ ਹੈ, ਸੋਹਣਾ ਹੈ, ਸੁਜਾਨ ਹੈ, (ਸਭ ਦੇ ਦਿਲ ਦੀ) ਜਾਣਨ ਵਾਲਾ ਹੈ। ਉਸ ਗੋਬਿੰਦ ਦੇ ਗੁਣ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ।

ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥

ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੇ ਚੰਗੀ ਕਿਸਮਤ ਨਾਲ ਉਸ ਦਾ ਮਿਲਾਪ ਪ੍ਰਾਪਤ ਕਰ ਲਿਆ, ਉਸ ਨੇ ਆਪਣਾ ਸਾਰਾ ਦੁੱਖ ਦੂਰ ਕਰ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ।

ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥

ਨਾਨਕ (ਭੀ ਉਸ ਦੇ ਦਰ ਤੇ) ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ ਹੇ ਪ੍ਰਭੂ! ਜਿਹੜਾ ਭੀ ਜੀਵ) ਤੇਰੀ ਸਰਨ ਆ ਗਿਆ, (ਉਸ ਦੇ ਦਿਲੋਂ) ਮੌਤ ਦਾ ਸਹਿਮ ਦੂਰ ਹੋ ਗਿਆ ॥੨॥


ਸਲੋਕ ॥
ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥

ਗੁਰੂ ਦੀ ਸੰਗਤ ਤੋਂ ਵਾਂਜੀ ਰਹਿ ਕੇ ਹੋਰ ਹੋਰ ਅਨੇਕਾਂ ਕਰਮ ਕਰਦੀ ਹੋਈ ਜੀਵ-ਇਸਤ੍ਰੀ (ਮਾਇਆ ਦੇ ਮੋਹ ਵਿਚ) ਭਟਕ ਭਟਕ ਕੇ ਆਤਮਕ ਮੌਤ ਸਹੇੜ ਲੈਂਦੀ ਹੈ।

ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥

ਹੇ ਨਾਨਕ! ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀਆਂ ਕੋਮਲ ਫਾਹੀਆਂ ਵਿਚ ਬੱਝੀ ਰਹਿੰਦੀ ਹੈ ॥੧॥

ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥

ਜਿਹੜੇ ਜੀਵ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ ਉਹ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, (ਆਪਣੇ ਚਰਨਾਂ ਤੋਂ) ਵਿਛੋੜਦਾ ਭੀ ਆਪ ਹੀ ਹੈ।

ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥

(ਇਸ ਵਾਸਤੇ, ਹੇ ਨਾਨਕ!) ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ਜਿਸ ਦਾ ਬਹੁਤ ਵੱਡਾ ਤੇਜ-ਪਰਤਾਪ ਹੈ ॥੨॥


ਛੰਤੁ ॥
ਛੰਤੁ।
ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥

(ਹੇ ਸਹੇਲੀਏ! ਜਿਵੇਂ) ਗਰਮੀ ਦੀ ਰੁੱਤ ਬੜੀ ਕਰੜੀ ਹੁੰਦੀ ਹੈ, ਜੇਠ ਹਾੜ ਵਿਚ ਬੜੀ ਧੁੱਪ ਪੈਂਦੀ ਹੈ (ਇਸ ਰੁੱਤੇ ਜੀਅ ਜੰਤ ਬਹੁਤ ਔਖੇ ਹੁੰਦੇ ਹਨ)

ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥

(ਤਿਵੇਂ, ਜਿਸ) ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਵਲ ਪ੍ਰਭੂ-ਪਤੀ ਨਿਗਾਹ ਨਹੀਂ ਕਰਦਾ ਉਸ ਨੂੰ ਪ੍ਰੇਮ ਦੀ ਅਣਹੋਂਦ ਸਾੜਦੀ ਹੈ।

ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥

ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਹੀਂ ਦਿੱਸਦਾ, ਉਹ ਹਾਹੁਕੇ ਲੈ ਲੈ ਮਰਦੀ ਰਹਿੰਦੀ ਹੈ, (ਮਾਇਆ ਦੇ) ਅਹੰਕਾਰ ਵਿਚ ਉਹ ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ।

ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥

ਮਾਇਆ ਦੇ ਮੋਹ ਵਿਚ ਫਸੀ ਹੋਈ ਉਹ ਪ੍ਰਭੂ-ਪਤੀ ਵਲੋਂ ਰੁੱਸੀ ਰਹਿੰਦੀ ਹੈ (ਤੇ ਸਦਾ ਇਉਂ ਤੜਫਦੀ ਰਹਿੰਦੀ ਹੈ, ਜਿਵੇਂ) ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ।

ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥

(ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ) ਪਾਪ ਕਰ ਕਰ ਕੇ ਘਾਬਰੀ ਰਹਿੰਦੀ ਹੈ, ਉਸ ਨੂੰ ਜਮਰਾਜ ਸਦਾ ਸਜ਼ਾ ਦੇਂਦਾ ਹੈ।

ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥

ਨਾਨਕ ਬੇਨਤੀ ਕਰਦਾ ਹੈ-ਹੇ ਸਭ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) ॥੩॥


ਸਲੋਕ ॥
ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥

ਹੇ ਨਾਨਕ! (ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਪਣੇ) ਪ੍ਰੀਤਮ-ਪ੍ਰਭੂ ਨਾਲ ਪਿਆਰ ਬਣਦਾ ਹੈ, ਉਹ ਉਸ (ਪ੍ਰੀਤਮ ਤੋਂ ਬਿਨਾ) ਰਤਾ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦੀ।

ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥

ਬਿਨਾ ਕਿਸੇ ਉਚੇਚੇ ਜਤਨ ਦੇ ਹੀ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੀਤਮ ਹਰ ਵੇਲੇ ਟਿਕਿਆ ਰਹਿੰਦਾ ਹੈ ॥੧॥

ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥

ਅਨੇਕਾਂ ਜਨਮਾਂ ਤੋਂ ਚਲੇ ਆ ਰਹੇ ਮਿੱਤਰ ਸੱਜਣ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦਾ) ਹੱਥ ਫੜ ਕੇ (ਉਸ ਨੂੰ ਆਪਣਾ) ਬਣਾ ਲਿਆ।

ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥

ਹੇ ਨਾਨਕ! ਉਸ ਪ੍ਰਭੂ ਨੇ ਆਪਣਾ ਹਾਰਦਿਕ ਪਿਆਰ ਦੇ ਕੇ ਉਸ (ਜੀਵ-ਇਸਤ੍ਰੀ) ਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ ॥੨॥


ਛੰਤੁ ॥
ਛੰਤੁ।
ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥

(ਹੇ ਸਹੇਲੀਏ! ਜਿਵੇਂ) ਵਰਖਾ-ਰੁੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ਵਿਚ (ਵਰਖਾ ਦੇ ਕਾਰਨ) ਬੜੀਆਂ ਮੌਜਾਂ ਬਣੀਆਂ ਰਹਿੰਦੀਆਂ ਹਨ,

ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥

ਬੱਦਲ ਝੁਕ ਝੁਕ ਕੇ ਵਰ੍ਹਦੇ ਹਨ, ਤਲਾਬਾਂ-ਛੱਪੜਾਂ ਵਿਚ, ਧਰਤੀ ਦੇ ਟੋਇਆਂ ਵਿਚ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰ ਜਾਂਦਾ ਹੈ,

ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥

(ਤਿਵੇਂ ਜਿਨ੍ਹਾਂ ਦੇ ਹਿਰਦੇ-) ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕਾ-ਨਕਾ ਭਰ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਸਭਨੀਂ ਥਾਈਂ ਦਿੱਸਣ ਲੱਗ ਪੈਂਦਾ ਹੈ।

ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥

ਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਹਨਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ।

ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥

ਹੇ ਸਹੇਲੀਏ! ਜਿਹੜੇ ਵਡਭਾਗੀ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਟਿਕ ਕੇ ਮਾਇਆ ਦੇ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਹੋ ਜਾਂਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਕੋਈ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉਤੇ ਤ੍ਰੁੱਠਿਆ ਰਹਿੰਦਾ ਹੈ।

ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥

ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਏ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ ॥੪॥


ਸਲੋਕ ॥
ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥

ਹੇ ਨਾਨਕ! (ਪ੍ਰਭੂ ਦੇ ਦਰਸ਼ਨ ਦੀ) ਆਸ (ਰੱਖ ਕੇ) ਦਰਸ਼ਨ ਦੀ ਤਾਂਘ ਨਾਲ ਮੈਂ (ਭਾਲ ਕਰਦੀ) ਫਿਰਦੀ ਹਾਂ ਕਿ ਕਦੋਂ ਮੈਂ ਗੋਪਾਲ-ਪ੍ਰਭੂ ਦਾ ਦਰਸ਼ਨ ਕਰ ਸਕਾਂ।

ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥

(ਮੈਂ ਭਾਲਦੀ ਹਾਂ ਕਿ) ਕੋਈ ਸੱਜਣ ਸੰਤ ਜਨ ਮੈਨੂੰ ਲੱਭ ਪਏ ਜੋ ਮੈਨੂੰ ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੋਵੇ ॥੧॥

ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥

(ਪਰਮਾਤਮਾ ਨੂੰ) ਮਿਲਣ ਤੋਂ ਬਿਨਾ (ਹਿਰਦੇ ਵਿਚ) ਠੰਢ ਨਹੀਂ ਪੈਂਦੀ, ਰਤਾ ਜਿਤਨੇ ਸਮੇ ਲਈ ਭੀ (ਸ਼ਾਂਤੀ ਨਾਲ) ਰਿਹਾ ਨਹੀਂ ਜਾ ਸਕਦਾ।

ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥

ਹੇ ਨਾਨਕ! ਪ੍ਰਭੂ ਦੇ ਸੰਤ ਜਨਾਂ ਦੀ ਸਰਨੀ ਪਿਆਂ (ਕੋਈ ਨ ਕੋਈ ਗੁਰਮੁਖ ਦਰਸ਼ਨ ਦੀ) ਆਸ ਪੂਰੀ ਕਰ (ਹੀ) ਦੇਂਦਾ ਹੈ ॥੨॥


ਛੰਤੁ ॥
ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥

ਛੰਤੁ! (ਹੇ ਸਹੇਲੀਏ! ਜਦੋਂ) ਅੱਸੂ ਕੱਤਕ ਵਿਚ ਮਿੱਠੀ ਮਿੱਠੀ ਰੁੱਤ ਦਾ ਆਰੰਭ ਹੁੰਦਾ ਹੈ, (ਤਦੋਂ ਹਿਰਦੇ ਵਿਚ) ਪ੍ਰਭੂ (ਦੇ ਮਿਲਾਪ) ਦੀ ਤਾਂਘ ਉਪਜਦੀ ਹੈ।

ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥

(ਜਿਸ ਜੀਵ-ਇਸਤ੍ਰੀ ਦੇ ਅੰਦਰ ਇਹ ਬਿਰਹੋਂ ਅਵਸਥਾ ਪੈਦਾ ਹੁੰਦੀ ਹੈ, ਉਹ) ਦੀਦਾਰ ਕਰਨ ਵਾਸਤੇ ਭਾਲ ਕਰਦੀ ਫਿਰਦੀ ਹੈ ਕਿ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨਾਲ ਕਦੋਂ ਮੇਲ ਹੋਵੇ।

ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥

(ਹੇ ਸਹੇਲੀਏ!) ਪਿਆਰੇ ਖਸਮ (ਦੇ ਮਿਲਾਪ) ਤੋਂ ਬਿਨਾ (ਉਸ ਦੇ ਮਿਲਾਪ ਦੇ) ਸੁਖ ਦੀ ਸਾਰ ਨਹੀਂ ਪੈ ਸਕਦੀ, ਹਾਰ ਕੰਙਣ (ਆਦਿਕ ਸਿੰਗਾਰ ਸਗੋਂ) ਦੁਖਦਾਈ ਲੱਗਦੇ ਹਨ।

ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥

ਇਸਤ੍ਰੀ ਸੋਹਣੀ ਹੋਵੇ, ਸਿਆਣੀ ਹੋਵੇ, ਚਤੁਰ ਹੋਵੇ, ਵਿੱਦਿਆ-ਵਤੀ ਹੋਵੇ (ਪਤੀ ਦੇ ਮਿਲਾਪ ਤੋਂ ਬਿਨਾ ਇਉਂ ਹੀ ਹੈ, ਜਿਵੇਂ) ਸਾਹ ਆਉਣ ਤੋਂ ਬਿਨਾ ਸਰੀਰ।

ਈਤ ਉਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥

(ਇਹੀ ਹਾਲ ਹੁੰਦਾ ਹੈ ਜੀਵ-ਇਸਤ੍ਰੀ ਦਾ, ਜੇ ਪ੍ਰਭੂ-ਮਿਲਾਪ ਤੋਂ ਵਾਂਜੀ ਰਹੇ) ਆਸੇ ਪਾਸੇ ਦਸੀਂ ਪਾਸੀਂ ਵੇਖ-ਭਾਲ ਕਰਦੀ ਹੈ, ਉਸ ਦੇ ਮਨ ਵਿਚ ਪ੍ਰਭੂ ਨੂੰ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ।

ਬਿਨਵੰਤਿ ਨਾਨਕ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ ॥੫॥

ਨਾਨਕ ਬੇਨਤੀ ਕਰਦਾ ਹੈ- (ਉਹ ਸੰਤ ਜਨਾਂ ਅੱਗੇ ਬੇਨਤੀ ਕਰਦੀ ਰਹਿੰਦੀ ਹੈ-ਹੇ ਸੰਤ ਜਨੋਂ!) ਕਿਰਪਾ ਕਰ ਕੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਦਿਉ ॥੫॥


ਸਲੋਕ ॥
ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ ॥

(ਜਿਨ੍ਹਾਂ ਮਨੁੱਖਾਂ ਨੂੰ) ਪੂਰਨ ਪ੍ਰਭੂ ਜੀ ਮਿਲ ਪਏ (ਉਹਨਾਂ ਦੇ ਅੰਦਰੋਂ) ਹੋਰ ਹੋਰ ਪਾਸੇ ਦੀ ਭਟਕਣਾ ਦੂਰ ਹੋ ਗਈ; (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਗਈ,

ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥੧॥

(ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਗਏ, ਹੇ ਨਾਨਕ! (ਉਹਨਾਂ ਦੇ) ਮਨ ਵਿਚ (ਉਹਨਾਂ ਦੇ) ਤਨ ਵਿਚ ਸ਼ਾਂਤੀ ਪੈਦਾ ਹੋ ਗਈ ॥੧॥

ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ ॥

ਪ੍ਰਭੂ ਨੇ ਆਪ (ਹੀ) ਗੁਰੂ ਨੂੰ (ਜਗਤ ਵਿਚ) ਭੇਜਿਆ। (ਗੁਰੂ ਨੇ ਆ ਕੇ ਦੱਸਿਆ ਕਿ) ਪਰਮਾਤਮਾ ਅਸਾਂ ਜੀਵਾਂ ਤੋਂ ਦੂਰ ਨਹੀਂ ਹੈ।

ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥

ਹੇ ਨਾਨਕ! (ਗੁਰੂ ਨੇ ਦੱਸਿਆ ਕਿ) ਸਰਬ-ਵਿਆਪਕ ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨ ਦੀਆਂ ਭਟਕਣਾਂ ਅਤੇ ਸਾਰੇ ਡਰ ਦੂਰ ਹੋ ਜਾਂਦੇ ਹਨ ॥੨॥


ਛੰਤੁ ॥
ਛੰਤੁ।
ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥

ਮੰਘਰ ਮੋਹ ਦੇ ਮਹੀਨੇ ਵਿਚ ਸਿਆਲ ਦੀ ਰੁੱਤ (ਆ ਕੇ) ਠੰਢ ਵਰਤਾਂਦੀ ਹੈ, (ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿਚ) ਪਰਮਾਤਮਾ ਦਾ ਪਰਕਾਸ਼ ਆ ਹੁੰਦਾ ਹੈ।

ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥

ਜਿਹੜਾ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਦੇ ਅੰਦਰੋਂ ਮਾਇਆ ਦੇ ਵਲ-ਛਲ ਮੁੱਕ ਜਾਂਦੇ ਹਨ।

ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥

ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਪ੍ਰਭੂ ਦੇ ਜਿਸ ਚਰਨ-ਸੇਵਕ ਨੇ ਪ੍ਰਭੂ ਦੀ ਸੇਵਾ-ਭਗਤੀ ਕੀਤੀ, ਉਸ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।

ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥

(ਜਿਵੇਂ ਪਤੀ-ਮਿਲਾਪ ਨਾਲ ਇਸਤ੍ਰੀ ਦੇ) ਹਾਰ ਡੋਰ ਆਦਿਕ ਸਾਰੇ ਸ਼ਿੰਗਾਰ (ਸਫਲ ਹੋ ਜਾਂਦੇ ਹਨ, ਇਸੇ ਤਰ੍ਹਾਂ ਪ੍ਰਭੂ-ਪਤੀ ਦੇ ਮਿਲਾਪ ਵਿਚ ਹੀ ਜੀਵ-ਇਸਤ੍ਰੀ ਲਈ) ਸਾਰੇ ਆਨੰਦ ਹਨ (ਤਾਂ ਤੇ, ਹੇ ਭਾਈ!) ਅਲੱਖ ਅਭੇਵ ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ।

ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥

ਗੋਬਿੰਦ ਦਾ ਪ੍ਰੇਮ ਮੰਗਦਿਆਂ ਗੋਬਿੰਦ ਦੀ ਭਗਤੀ (ਦੀ ਦਾਤਿ) ਮੰਗਦਿਆਂ ਮੌਤ ਦਾ ਸਹਿਮ ਕਦੇ ਪੋਹ ਨਹੀਂ ਸਕਦਾ।

ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥

ਨਾਨਕ ਬੇਨਤੀ ਕਰਦਾ ਹੈ-ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ, ਉਸ ਦੇ ਹਿਰਦੇ ਵਿਚ ਪ੍ਰਭੂ-ਪਿਆਰ ਦੀ ਅਣਹੋਂਦ ਨਹੀਂ ਹੁੰਦੀ ॥੬॥


ਸਲੋਕ ॥
ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥

ਉਸ ਦਾ ਚਿੱਤ (ਕਦੇ ਮਾਇਆ ਵਾਲੇ ਪਾਸੇ) ਡੋਲਦਾ ਨਹੀਂ, ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ,

ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥

ਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੰਤਾਂ ਦੀ ਸੰਗਤ ਦੀ ਬਰਕਤਿ ਨਾਲ ਮਿੱਤਰ ਪ੍ਰਭੂ ਜੀ ਪਰਗਟ ਹੋ ਪਏ ॥੧॥

ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥

ਪਿਆਰੇ ਪ੍ਰੀਤਮ-ਪ੍ਰਭੂ ਦੇ ਚਰਨਾਂ ਵਿਚ ਜੁੜਿਆਂ (ਮਾਨੋ, ਅਨੇਕਾਂ) ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦੇ ਆਨੰਦ (ਮਾਣ ਲਈਦੇ ਹਨ)।

ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥

ਹੇ ਨਾਨਕ! ਪਰਮਾਤਮਾ ਦਾ ਨਾਮ ਉਚਾਰਿਆਂ ਮਨ-ਮੰਗੀਆਂ ਮੁਰਾਦਾਂ ਮਿਲ ਜਾਂਦੀਆਂ ਹਨ ॥੨॥


ਛੰਤੁ ॥
ਛੰਤੁ।
ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥

(ਹੇ ਸਹੇਲੀਓ!) ਮਾਘ (ਦਾ ਮਹੀਨਾ) ਫੱਗਣ (ਦਾ ਮਹੀਨਾ, ਇਹ ਦੋਵੇਂ ਭੀ ਬੜੀਆਂ) ਖ਼ੂਬੀਆਂ ਵਾਲੇ ਹਨ, (ਇਹਨਾਂ ਮਹੀਨਿਆਂ ਦੀ) ਬਰਫ਼ਾਨੀ ਰੁੱਤ ਮਨਾਂ ਵਿਚ ਪਿਆਰੀ ਲੱਗਦੀ ਹੈ, (ਇਸੇ ਤਰ੍ਹਾਂ ਜਿਸ ਹਿਰਦੇ ਵਿਚ ਠੰਢ ਦਾ ਪੁੰਜ ਪ੍ਰਭੂ ਆ ਵੱਸਦਾ ਹੈ, ਉਥੇ ਭੀ ਵਿਕਾਰਾਂ ਦੀ ਤਪਸ਼ ਮੁੱਕ ਜਾਂਦੀ ਹੈ)।

ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥

ਹੇ ਸਹੇਲੀਓ! ਤੁਸੀ (ਸ਼ਾਂਤੀ ਦੇ ਸੋਮੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਕਰੋ। (ਜਿਹੜੀ-ਜੀਵ-ਇਸਤ੍ਰੀ ਇਹ ਉੱਦਮ ਕਰਦੀ ਹੈ, ਉਸ ਦੇ) ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਪਰਗਟਦਾ ਹੈ।

ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥

ਹੇ ਸਹੇਲੀਓ! (ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ) ਪ੍ਰੀਤਮ ਪ੍ਰਭੂ ਜੀ ਆ ਵੱਸਦੇ ਹਨ, (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਵਿਚ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ, (ਉਸ ਦੇ ਹਿਰਦੇ ਦੀ) ਸੇਜ ਸੋਹਣੀ ਸੁੰਦਰ ਹੋ ਜਾਂਦੀ ਹੈ।

ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥

ਉਹ ਜੀਵ-ਇਸਤ੍ਰੀ (ਉਸ ਸਰਬ-ਵਿਆਪਕ ਦਾ) ਦਰਸ਼ਨ ਕਰ ਕੇ ਮਸਤ ਰਹਿੰਦੀ ਹੈ, ਉਸ ਨੂੰ ਜੰਗਲ, ਘਾਹ-ਬੂਟ, ਤਿੰਨ ਭਵਨ ਹਰੇ-ਭਰੇ ਦਿੱਸਦੇ ਹਨ।

ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥

ਹੇ ਸਹੇਲੀਓ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ, ਜਿਹੜੀ ਜੀਵ-ਇਸਤ੍ਰੀ ਆਪਣੇ ਮਨ ਵਿਚ ਉਸ ਦਾ ਪਵਿੱਤਰ ਨਾਮ-ਮੰਤ੍ਰ ਜਪਦੀ ਹੈ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ।

ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥

ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਓ! ਤੁਸੀ ਭੀ ਮਾਇਆ ਦੇ ਆਸਰੇ ਪ੍ਰਭੂ-ਪਤੀ ਨੂੰ ਮਿਲ ਕੇ ਸਦਾ ਆਤਮਕ ਆਨੰਦ ਮਾਣਿਆ ਕਰੋ ॥੭॥


ਸਲੋਕ ॥
ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥

ਸੰਤ ਜਨ (ਜੀਵਾਂ ਦੀ) ਜਿੰਦ ਦੇ ਮਦਦਗਾਰ (ਬਣਦੇ ਹਨ), (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ।

ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥

ਹੇ ਨਾਨਕ! ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਵਾਲੇ (ਗੁਰਮੁਖ ਜਗਤ ਵਿਚ ਹੋਰ) ਸਭ ਪ੍ਰਾਣੀਆਂ ਤੋਂ ਸ੍ਰੇਸ਼ਟ ਮੰਨੇ ਜਾਂਦੇ ਹਨ ॥੧॥

ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹੀ (ਅਸਲ) ਸੂਰਮੇ ਹਨ, ਉਹੀ (ਅਸਲ) ਬਹਾਦਰ ਹਨ।

ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥

ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਪਹੁੰਚ ਗਏ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥


ਛੰਤੁ ॥
ਛੰਤੁ।
ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥

(ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਪ੍ਰਭੂ ਦੇ) ਚਰਨ ਟਿਕੇ ਰਹਿੰਦੇ ਹਨ, ਤੇ ਹੋਰ ਮਾਇਕ ਸੰਕਲਪ ਪ੍ਰਭੂ ਦੀ ਯਾਦ ਤੋਂ ਹੇਠਾਂ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ ਹਰੇਕ ਕਿਸਮ ਦਾ) ਸਾਰਾ ਦੁੱਖ ਮਿਟ ਜਾਂਦਾ ਹੈ।

ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥

ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਆ ਵੱਸਦੀ ਹੈ, ਉਹਨਾਂ ਦੇ ਜਨਮ ਮਰਨ ਦੇ ਦੁੱਖ-ਕਲੇਸ਼ ਖ਼ਤਮ ਹੋ ਜਾਂਦੇ ਹਨ।

ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥

ਉਹ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਸਦਾ) ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ (ਸਦਾ) ਮਸਤ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਤੋਂ ਰਤਾ ਭਰ ਸਮੇ ਲਈ ਭੀ ਨਹੀਂ ਭੁੱਲਦਾ।

ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥

ਉਹ ਮਨੁੱਖ ਆਪਾ-ਭਾਵ ਤਿਆਗ ਕੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ।

ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥

ਹੇ ਭਾਈ! ਗੁਣਾਂ ਦੇ ਖ਼ਜ਼ਾਨੇ, ਮਾਇਆ ਦੇ ਪਤੀ, ਸਾਰੀ ਸ੍ਰਿਸ਼ਟੀ ਦੇ ਮੁੱਢ ਸੁਆਮੀ ਗੋਬਿੰਦ ਨੂੰ ਸਦਾ ਨਮਸਕਾਰ ਕਰਿਆ ਕਰ।

ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥

ਨਾਨਕ ਬੇਨਤੀ ਕਰਦਾ ਹੈ (ਅਰਦਾਸ ਕਰ-ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਜਪਦਾ ਰਹਾਂ), ਤੂੰ ਹਰੇਕ ਜੁਗ ਵਿਚ ਇਕੋ ਅਟੱਲ ਸਰੂਪ ਵਾਲਾ ਰਹਿੰਦਾ ਹੈਂ ॥੮॥੧॥੬॥੮॥


ਰਾਮਕਲੀ ਮਹਲਾ ੧ ਸਿਧ ਗੋਸਟਿ ॥

ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਸਿਧ ਗੋਸਟਿ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥

(ਸਾਡੀ) ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ ‘ਰੱਬੀ ਮਜਲਸ’ (ਸਤਸੰਗ) ਬਣਾ ਕੇ ਅਡੋਲ ਬੈਠੇ ਹਨ;

ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥

ਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ (ਪ੍ਰਤੱਖ ਵੱਸਦਾ) ਹੈ।

ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥

ਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਤੇ ਮਨ ਭੇਟਾ ਰੱਖ ਦਿਆਂ,

ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥

(ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ ॥੧॥

ਕਿਆ ਭਵੀਐ ਸਚਿ ਸੂਚਾ ਹੋਇ ॥

(ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿਤ੍ਰ ਹੋਈਦਾ ਹੈ;

ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥

(ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ (“ਦੁਨੀਆ ਸਾਗਰ ਦੁਤਰ ਤੋਂ”) ਖ਼ਲਾਸੀ ਨਹੀਂ ਹੁੰਦੀ ॥੧॥ ਰਹਾਉ ॥

ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥

(ਚਰਪਟ ਜੋਗੀ ਨੇ ਪੁੱਛਿਆ-) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ? (ਉਸ ਮਤ ਦਾ) ਕੀਹ ਮਨੋਰਥ ਹੈ?

ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥

(ਗੁਰੂ ਨਾਨਕ ਦੇਵ ਜੀ ਦਾ ਉੱਤਰ-) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ, ਸਾਡੀ (ਪ੍ਰਭੂ ਅਗੇ ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ)।

ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥

(ਚਰਪਟ ਦਾ ਪ੍ਰਸ਼ਨ) ਹੇ ਬਾਲਕ! ਤੁਸੀ ਕਿਸ ਦੇ ਆਸਰੇ ਸ਼ਾਂਤ-ਚਿੱਤ ਹੋ? ਤੁਹਾਡੀ ਸੁਰਤ ਕਿਸ ਵਿਚ ਜੁੜਦੀ ਹੈ? ਕਿੱਥੋਂ ਆਉਂਦੇ ਹੋ? ਕਿੱਥੇ ਜਾਂਦੇ ਹੋ?

ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥

ਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ- ਹੇ ਸੰਤ! ਸੁਣ, ਤੇਰਾ ਕੀਹ ਮਤ ਹੈ? ॥੨॥

ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥

(ਸਤਿਗੁਰੂ ਜੀ ਦਾ ਉੱਤਰ-) (ਹੇ ਚਰਪਟ!) ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜ ਕੇ ਸਦਾ ਸ਼ਾਂਤ-ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿਚ ਚੱਲਦੇ ਹਾਂ।

ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥

ਹੇ ਨਾਨਕ! ਪ੍ਰਭੂ ਦੇ ਹੁਕਮ ਵਿਚ ਸੁਤੇ ਹੀ (ਜਗਤ ਵਿਚ) ਆਏ, ਹੁਕਮ ਵਿਚ ਵਿਚਰ ਰਹੇ ਹਾਂ, ਸਦਾ ਉਸ ਦੀ ਰਜ਼ਾ ਵਿਚ ਹੀ ਰਹਿੰਦੇ ਹਾਂ।

ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥

(ਪੱਕੇ) ਆਸਣ ਵਾਲਾ, (ਸਦਾ) ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ, ਅਸਾਂ ਇਹੀ ਗੁਰ-ਸਿੱਖਿਆ ਲਈ ਹੈ।

ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥

ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ, ਤੇ, ਸਦਾ ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੩॥

ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥

(ਚਰਪਟ ਦਾ ਪ੍ਰਸ਼ਨ) ਜਗਤ (ਇਕ ਐਸਾ) ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ, (ਇਸ ਸਮੁੰਦਰ ਦਾ) ਪਾਰਲਾ ਕੰਢਾ ਕਿਵੇਂ ਲੱਭੇ?

ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥

ਚਰਪਟ ਆਖਦਾ ਹੈ (ਭਾਵ, ਚਰਪਟ ਨੇ ਆਖਿਆ) ਹੇ ਵਿਰਕਤ ਨਾਨਕ! ਠੀਕ ਵਿਚਾਰ ਦੱਸ।

ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥

ਉੱਤਰ: (ਜੋ ਮਨੁੱਖ ਜੋ ਕੁਝ) ਆਪ ਆਖਦਾ ਹੈ ਤੇ ਆਪ ਹੀ (ਉਸ ਨੂੰ) ਸਮਝਦਾ (ਭੀ) ਹੈ ਉਸ ਨੂੰ (ਉਸ ਦੇ ਪ੍ਰਸ਼ਨ ਦਾ) ਉੱਤਰ ਦੇਣ ਦੀ ਲੋੜ ਨਹੀਂ ਹੁੰਦੀ।

ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥

(ਇਸ ਵਾਸਤੇ, ਹੇ ਚਰਪਟ!) ਤੇਰੇ (ਪ੍ਰਸ਼ਨ) ਵਿਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ, (ਉਂਝ ਉੱਤਰ ਇਹ ਹੈ ਕਿ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤਾਂ ਤੁਸੀਂ (ਇਸ ‘ਦੁਤਰੁ ਸਾਗਰੁ’ ਤੋਂ) ਪਾਰ ਲੰਘ ਜਾਉਗੇ ॥੪॥

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥

ਜਿਵੇਂ ਪਾਣੀ ਵਿਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ)

ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥

ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਸੁਰਤ (ਜੋੜ ਕੇ) ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ।

ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥

(ਜੋ ਮਨੁੱਖ ਸੰਸਾਰ ਦੀਆਂ) ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਇਕ ਪ੍ਰਭੂ ਹੀ ਵੱਸਦਾ ਹੈ (ਉਹ ਸੰਸਾਰ ਵਿਚ ਰਹਿੰਦੇ ਹੋਏ ਭੀ ਸੰਸਾਰ ਤੋਂ ਲਾਂਭੇ) ਇਕਾਂਤ ਵਿਚ ਵੱਸਦੇ ਹਨ।

ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥

(ਅਜੇਹੇ ਜੀਵਨ ਵਾਲਾ ਜੋ ਮਨੁੱਖ) ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ ॥੫॥

ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥

(ਚਰਪਟ ਦਾ ਪ੍ਰਸ਼ਨ:) ਹੇ ਸੁਆਮੀ! ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ;

ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥

ਗੁੱਸਾ ਨਾਹ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? (ਭਾਵ, ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ)?

ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥

(ਉੱਤਰ:) (ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ) ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, (ਪ੍ਰਭੂ ਦਾ) ਨਾਮ (ਜ਼ਿੰਦਗੀ ਦਾ) ਆਸਰਾ ਹੋ ਜਾਂਦਾ ਹੈ।

ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥

(ਪਰ ਇਹੋ ਜਿਹਾ) ਪਿਆਰ ਸੱਚੇ ਪ੍ਰਭੂ ਵਿਚ (ਤਦੋਂ ਹੀ) ਲੱਗਦਾ ਹੈ (ਜਦੋਂ) ਕਰਤਾਰ ਆਪ (ਜੀਵ ਨੂੰ) ਆਪਣੀ ਯਾਦ ਵਿਚ ਜੋੜ ਲੈਂਦਾ ਹੈ ॥੬॥

ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥

(ਲੋਹਾਰੀਪਾ ਦਾ ਕਥਨ) ਅਸੀਂ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ,

ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥

ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ- ਜੋਗੀ (ਲੋਹਾਰੀਪਾ) ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ।

ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥

ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ ‘ਸੁਖ’, ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ।

ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥

ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ ॥੭॥

ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੁੋਲਾਈ ॥

(ਗੁਰੂ ਜੀ ਦਾ ਕਥਨ) ਹੇ ਨਾਨਕ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ ਵਿਚ ਮਨ ਨੂੰ ਡੋਲਣ ਨਾਹ ਦੇਵੇ;

ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥

(ਪਰ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ।

ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥

(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿਚ ਭੀ) ਅਡੋਲ ਰਹਿ ਕੇ ‘ਨਾਮ’ ਵਿਹਾਝਦਾ ਹੈ।

ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥

ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿਚ ਨਹੀਂ ਪੈਂਦਾ) ॥੮॥

ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥

ਨਾਨਕ ਆਖਦਾ ਹੈ (ਕਿ ਜੋਗੀ ਨੇ ਕਿਹਾ- ਹੇ ਨਾਨਕ!) ਜੋਗੀਆਂ ਦਾ ਮਤ ਸ੍ਵੀਕਾਰ ਕਰੋ, ਮੁੰਦ੍ਰਾ, ਝੋਲੀ ਤੇ ਗੋਦੜੀ ਪਹਿਨੋ।

ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥

ਛੇ ਭੇਖਾਂ ਵਿਚ ਇਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਹਨਾਂ ਵਿਚੋਂ ਸਾਡੇ ‘ਆਈ ਪੰਥ’ ਨੂੰ ਧਾਰਨ ਕਰੋ।

ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥

ਹੇ ਪੁਰਖਾ! ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ (ਮਾਇਆ ਦੀ) ਚੋਟ ਨਹੀਂ ਖਾਈਦੀ।

ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ ॥੯॥

(ਉੱਤਰ:) ਨਾਨਕ ਆਖਦਾ ਹੈ ਕਿ ਗੁਰੂ ਦੇ ਸਨਮੁਖ ਹੋਇਆਂ ਮਨੁੱਖ (ਮਨ ਨੂੰ ਸਮਝਾਣ ਦਾ ਢੰਗ) ਸਮਝਦਾ ਹੈ, ਜੋਗ ਦੀ ਜੁਗਤਿ ਇਸ ਤਰ੍ਹਾਂ ਲੱਭਦੀ ਹੈ (ਕਿ) ॥੯॥

ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥

ਮਨ ਵਿਚ ਸਤਿਗੁਰੂ ਦੇ ਸ਼ਬਦ ਨੂੰ ਇੱਕ-ਰਸ ਵਸਾਣਾ-ਇਹ (ਕੰਨਾਂ ਵਿਚ) ਮੁੰਦ੍ਰਾਂ (ਪਾਉਣੀਆਂ) ਹਨ, (ਜੋ ਮਨੁੱਖ ਗੁਰ-ਸ਼ਬਦ ਨੂੰ ਵਸਾਂਦਾ ਹੈ ਉਹ) ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ;

ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥

ਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ।

ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥

ਹੇ ਨਾਨਕ! ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ।

ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥੧੦॥

ਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਮਨੁੱਖ ਇਹ ਨਿਰਨਾ ਕਰ ਲੈਂਦਾ ਹੈ ਕਿ ਇਕ ਪਰਮਾਤਮਾ ਹੀ (ਮਾਇਆ ਦੀ ਚੋਟ ਤੋਂ) ਬਚਾਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ ਹੈ ॥੧੦॥

ਊਂਧਉ ਖਪਰੁ ਪੰਚ ਭੂ ਟੋਪੀ ॥

ਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ ਹੋਈ ਸੁਰਤ ਉਸ (ਮਨੁੱਖ) ਦਾ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ,

ਕਾਂਇਆ ਕੜਾਸਣੁ ਮਨੁ ਜਾਗੋਟੀ ॥

ਸਰੀਰ (ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ) ਉਸ ਦਾ ਦੱਭ ਦਾ ਆਸਣ ਹੈ, (ਵੱਸ ਵਿਚ ਆਇਆ ਹੋਇਆ) ਮਨ ਉਸ ਦੀ ਲੰਗੋਟੀ ਹੈ,

ਸਤੁ ਸੰਤੋਖੁ ਸੰਜਮੁ ਹੈ ਨਾਲਿ ॥

ਸਤ ਸੰਤੋਖ ਤੇ ਸੰਜਮ ਉਸ ਦੇ ਨਾਲ (ਤਿੰਨ ਚੇਲੇ) ਹਨ

ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥

ਹੇ ਨਾਨਕ! (ਜੋ ਮਨੁੱਖ) ਗੁਰੂ ਦੀ ਰਾਹੀਂ (ਪ੍ਰਭੂ ਦਾ) ਨਾਮ ਯਾਦ ਕਰਦਾ ਹੈ ॥੧੧॥

ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥

(ਪ੍ਰਸ਼ਨ:) ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ ਹੈ?

ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥

ਉਹ ਕੌਣ ਹੈ ਜੋ ਅੰਦਰੋਂ ਬਾਹਰੋਂ (ਭਾਵ, ਜਿਸ ਦਾ ਮਨ ਭੀ ਤੇ ਸਰੀਰਕ ਇੰਦ੍ਰੇ ਭੀ ਮਿਲੇ ਹੋਏ ਹਨ) ਮਿਲਿਆ ਹੋਇਆ ਹੈ?

ਕਵਨੁ ਸੁ ਆਵੈ ਕਵਨੁ ਸੁ ਜਾਇ ॥

(ਸਦਾ) ਜੰਮਦਾ ਮਰਦਾ ਕੌਣ ਹੈ?

ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥

ਤ੍ਰਿਲੋਕੀ ਦੇ ਨਾਥ ਵਿਚ ਲੀਨ ਕੌਣ ਹੈ? ॥੧੨॥

ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥

(ਉੱਤਰ:) ਜੋ (ਪ੍ਰਭੂ) ਹਰੇਕ ਸਰੀਰ ਵਿਚ ਮੌਜੂਦ ਹੈ ਉਹ ਗੁਪਤ ਹੈ; ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਮੁਕਤ ਹੈ।

ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥

ਜੋ ਮਨੁੱਖ ਗੁਰ-ਸ਼ਬਦ ਵਿਚ ਜੁੜਿਆ ਹੈ ਉਹ ਮਨ ਤੇ ਤਨ ਕਰ ਕੇ (ਪ੍ਰਭੂ ਵਿਚ) ਜੁੜਿਆ ਹੋਇਆ ਹੈ।

ਮਨਮੁਖਿ ਬਿਨਸੈ ਆਵੈ ਜਾਇ ॥

ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।

ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥

ਹੇ ਨਾਨਕ! ਗੁਰਮੁਖ ਮਨੁੱਖ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧੩॥

ਕਿਉ ਕਰਿ ਬਾਧਾ ਸਰਪਨਿ ਖਾਧਾ ॥

(ਪ੍ਰਸ਼ਨ:) (ਇਹ ਜੀਵ) ਕਿਵੇਂ (ਐਸਾ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹ ਅੱਗੋਂ ਆਪਣੇ ਬਚਾ ਲਈ ਭੱਜ ਭੀ ਨਹੀਂ ਸਕਦਾ)?

ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥

(ਇਸ ਜੀਵ ਨੇ) ਕਿਵੇਂ (ਆਪਣੇ ਜੀਵਨ ਦਾ ਲਾਭ) ਗੰਵਾ ਲਿਆ ਹੈ? ਕਿਵੇਂ (ਮੁੜ ਉਹ ਲਾਹਾ) ਲੱਭ ਸਕੇ?

ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥

(ਇਹ ਜੀਵ) ਕਿਵੇਂ ਪਵਿਤ੍ਰ ਹੋ ਸਕੇ? ਕਿਵੇਂ (ਇਸ ਦੇ ਅੱਗੇ) ਹਨੇਰਾ (ਟਿਕਿਆ ਹੋਇਆ) ਹੈ?

ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥

ਜੋ ਇਸ ਅਸਲੀਅਤ ਨੂੰ (ਠੀਕ ਤਰ੍ਹਾਂ) ਵਿਚਾਰੇ, ਸਾਡੀ ਉਸ ਨੂੰ ਨਮਸਕਾਰ ਹੈ ॥੧੪॥

ਦੁਰਮਤਿ ਬਾਧਾ ਸਰਪਨਿ ਖਾਧਾ ॥

(ਉੱਤਰ:) (ਇਹ ਜੀਵ) ਭੈੜੀ ਮੱਤ ਵਿਚ (ਇਉਂ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹਨਾਂ ਚਸਕਿਆਂ ਵਿਚੋਂ ਇਸ ਦਾ ਨਿਕਲਣ ਨੂੰ ਜੀ ਨਹੀਂ ਕਰਦਾ);

ਮਨਮੁਖਿ ਖੋਇਆ ਗੁਰਮੁਖਿ ਲਾਧਾ ॥

ਮਨ ਦੇ ਪਿੱਛੇ ਲੱਗਣ ਵਾਲੇ ਨੇ (ਜੀਵਨ ਦਾ ਲਾਹਾ) ਗਵਾ ਲਿਆ ਹੈ, ਤੇ, ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਖੱਟ ਲਿਆ ਹੈ।

ਸਤਿਗੁਰੁ ਮਿਲੈ ਅੰਧੇਰਾ ਜਾਇ ॥

(ਮਾਇਆ ਦੇ ਚਸਕਿਆਂ ਦਾ) ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਸਤਿਗੁਰੂ ਮਿਲ ਪਏ (ਭਾਵ, ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਲੱਗ ਪਏ)।

ਨਾਨਕ ਹਉਮੈ ਮੇਟਿ ਸਮਾਇ ॥੧੫॥

ਹੇ ਨਾਨਕ! (ਮਨੁੱਖ) ਹਉਮੈ ਮਿਟਾ ਕੇ ਹੀ ਪ੍ਰਭੂ ਵਿਚ ਲੀਨ ਹੋ ਸਕਦਾ ਹੈ ॥੧੫॥

ਸੁੰਨ ਨਿਰੰਤਰਿ ਦੀਜੈ ਬੰਧੁ ॥

(ਜੇ ਮਾਇਆ ਦੇ ਹੱਲਿਆਂ ਦੇ ਰਾਹ ਵਿਚ) ਇਕ-ਰਸ ਅਫੁਰ ਪਰਮਾਤਮਾ (ਦੀ ਯਾਦ) ਦਾ ਇਕ ਅਤੁੱਟ ਬੰਨਾ ਬਣਾ ਦੇਈਏ,

ਉਡੈ ਨ ਹੰਸਾ ਪੜੈ ਨ ਕੰਧੁ ॥

(ਤਾਂ ਫਿਰ ਮਾਇਆ ਦੀ ਖ਼ਾਤਰ) ਮਨ ਭਟਕਦਾ ਨਹੀਂ, ਤੇ ਸਰੀਰ ਭੀ ਛਿੱਜਦਾ ਨਹੀਂ (ਭਾਵ, ਸਰੀਰ ਦੀ ਸੱਤਿਆ ਨਾਸ ਨਹੀਂ ਹੁੰਦੀ)।

ਸਹਜ ਗੁਫਾ ਘਰੁ ਜਾਣੈ ਸਾਚਾ ॥

ਜੋ ਮਨੁੱਖ ਸਹਜ-ਅਵਸਥਾ ਦੀ ਗੁਫ਼ਾ ਨੂੰ ਆਪਣਾ ਸਦਾ ਟਿਕੇ ਰਹਿਣ ਦਾ ਘਰ ਸਮਝ ਲਏ (ਭਾਵ, ਜਿਸ ਮਨੁੱਖ ਦਾ ਮਨ ਸਦਾ ਅਡੋਲ ਰਹੇ),

ਨਾਨਕ ਸਾਚੇ ਭਾਵੈ ਸਾਚਾ ॥੧੬॥

ਹੇ ਨਾਨਕ! ਉਹ ਪਰਮਾਤਮਾ ਦਾ ਰੂਪ ਹੋ ਕੇ ਉਸ ਪ੍ਰਭੂ ਨੂੰ ਪਿਆਰਾ ਲੱਗਣ ਲਗ ਪੈਂਦਾ ਹੈ ॥੧੬॥

ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥

(ਪ੍ਰਸ਼ਨ:) (ਜੇ ‘ਹਾਟੀ ਬਾਟੀ’ ਨੂੰ ਤਿਆਗਣਾ ਨਹੀਂ, ਤਾਂ) ਤੁਸਾਂ ਕਿਉਂ ਘਰ ਛੱਡਿਆ ਸੀ ਤੇ ‘ਉਦਾਸੀ’ ਬਣੇ ਸੀ?

ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥

ਕਿਉਂ ਇਹ (ਉਦਾਸੀ-) ਭੇਖ ਧਾਰਿਆ ਸੀ?

ਕਿਸੁ ਵਖਰ ਕੇ ਤੁਮ ਵਣਜਾਰੇ ॥

ਤੁਸੀ ਕਿਸ ਸੌਦੇ ਦੇ ਵਪਾਰੀ ਹੋ?

ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥

(ਆਪਣੇ ਸ਼ਰਧਾਲੂਆਂ ਦੀ) ਜਮਾਤ ਨੂੰ (ਇਸ ‘ਦੁਤਰ ਸਾਗਰ’ ਕਿਵੇਂ ਪਾਰ ਲੰਘਾਵੋਗੇ? (ਭਾਵ, ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸਾਂ ਕੇਹੜਾ ਰਾਹ ਦੱਸਿਆ ਹੈ)? ॥੧੭॥

ਗੁਰਮੁਖਿ ਖੋਜਤ ਭਏ ਉਦਾਸੀ ॥

(ਉੱਤਰ:) ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ,

ਦਰਸਨ ਕੈ ਤਾਈ ਭੇਖ ਨਿਵਾਸੀ ॥

ਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ (ਉਦਾਸੀ-) ਭੇਖ ਧਾਰਿਆ ਸੀ।

ਸਾਚ ਵਖਰ ਕੇ ਹਮ ਵਣਜਾਰੇ ॥

ਅਸੀਂ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ।

ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥

ਹੇ ਨਾਨਕ! ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ (‘ਦੁਤਰ ਸਾਗਰ’ ਤੋਂ) ਪਾਰ ਲੰਘਦਾ ਹੈ ॥੧੮॥

ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥

(ਪ੍ਰਸ਼ਨ:) ਹੇ ਪੁਰਖਾ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ?

ਕਾਹੇ ਕਉ ਤੁਝੁ ਇਹੁ ਮਨੁ ਲਾਇਆ ॥

ਤੂੰ ਆਪਣਾ ਇਹ ਮਨ ਕਿਸ ਵਿਚ ਜੋੜਿਆ ਹੈ?

ਕਿਤੁ ਬਿਧਿ ਆਸਾ ਮਨਸਾ ਖਾਈ ॥

ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ?

ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥

ਰੱਬੀ ਪ੍ਰਕਾਸ਼ ਤੈਨੂੰ ਇੱਕ-ਰਸ ਕਿਵੇਂ ਮਿਲ ਪਿਆ ਹੈ?

ਬਿਨੁ ਦੰਤਾ ਕਿਉ ਖਾਈਐ ਸਾਰੁ ॥

(ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ ਦੰਦਾਂ ਦੇ ਲੋਹਾ ਚੱਬਣਾ) ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ?

ਨਾਨਕ ਸਾਚਾ ਕਰਹੁ ਬੀਚਾਰੁ ॥੧੯॥

ਹੇ ਨਾਨਕ! ਕੋਈ ਸਹੀ ਵੀਚਾਰ ਦੱਸੋ (ਭਾਵ, ਕੋਈ ਐਸਾ ਵੀਚਾਰ ਦੱਸੋ ਜੋ ਅਸਾਡੇ ਮਨ ਲੱਗੇ ਜਾਏ) ॥੧੯॥

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥

(ਉੱਤਰ:) ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ।

ਅਨਹਤਿ ਰਾਤੇ ਇਹੁ ਮਨੁ ਲਾਇਆ ॥

ਜਿਉਂ ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿਚ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ।

ਮਨਸਾ ਆਸਾ ਸਬਦਿ ਜਲਾਈ ॥

ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀਆਂ ਹਨ,

ਗੁਰਮੁਖਿ ਜੋਤਿ ਨਿਰੰਤਰਿ ਪਾਈ ॥

ਗੁਰੂ ਦੇ ਸਨਮੁਖ ਹੋਇਆਂ ਹੀ ਇੱਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ।

ਤ੍ਰੈ ਗੁਣ ਮੇਟੇ ਖਾਈਐ ਸਾਰੁ ॥

(ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ) ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ (ਤਮੋ, ਰਜੋ, ਸਤੋ) ਆਪਣੇ ਉਤੇ ਪੈਣ ਨਹੀਂ ਦਿੱਤੇ, ਤੇ (ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤਿ ਔਖਾ ਕੰਮ-ਰੂਪ) ਲੋਹਾ ਚੱਬਿਆ ਗਿਆ ਹੈ।

ਨਾਨਕ ਤਾਰੇ ਤਾਰਣਹਾਰੁ ॥੨੦॥

(ਪਰ) ਹੇ ਨਾਨਕ! (ਇਸ ‘ਦੁਤਰ ਸਾਗਰ’ ਤੋਂ) ਤਾਰਣ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ ॥੨੦॥

ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥

(ਪ੍ਰਸ਼ਨ:) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫੁਰ ਪਰਮਾਤਮਾ ਦਾ ਟਿਕਾਣਾ ਕਿਥੇ ਸੀ?

ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥

ਪਰਮਾਤਮਾ ਨਾਲ ਜਾਣ-ਪਛਾਣ ਦਾ ਕੀਹ ਸਾਧਨ ਦੱਸਦੇ ਹੋ? ਹਰੇਕ ਘਟ ਵਿਚ ਕਿਸ ਦਾ ਨਿਵਾਸ ਹੈ?

ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥

ਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ?

ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥

ਕਿਵੇਂ (ਹਉਮੈ) ਵੈਰੀ ਦਾ ਨਾਸ ਹੋਵੇ ਜਿਸ ਕਰਕੇ ਸਹਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ (ਭਾਵ, ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ)?

ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥

(ਉੱਤਰ:) (ਜੋ ਮਨੁੱਖ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਨਿੱਜ ਸਰੂਪ ਵਿਚ ਟਿਕ ਜਾਂਦਾ ਹੈ।

ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥

ਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ ॥੨੧॥

ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥

(ਪ੍ਰਸ਼ਨ:) ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? (ਭਾਵ, ਜੀਵ ਕਿਵੇਂ ਜੀਵਨ ਬਿਤੀਤ ਕਰਦਾ ਹੈ?)

ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥

ਜੋ ਇਹ ਗੱਲ ਸਮਝਾ ਦੇਵੇ, (ਅਸੀਂ ਮੰਨਾਂਗੇ ਕਿ) ਉਸ ਗੁਰੂ ਨੂੰ ਰਤਾ ਭੀ ਲੋਭ ਨਹੀਂ ਹੈ।

ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥

ਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ (ਪ੍ਰਭੂ ਨਾਲ ਇਸ ਦਾ) ਪਿਆਰ ਕਿਵੇਂ ਬਣੇ?

ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥

ਹੇ ਨਾਨਕ! (ਸਾਨੂੰ ਉਸ ਪ੍ਰਭੂ ਦੀ) ਵਿਚਾਰ ਦੱਸ ਜੋ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ ਤੇ ਆਪ ਹੀ, (ਉਹਨਾਂ ਦੀ) ਸੁਣਨ ਵਾਲਾ ਹੈ।

ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥

(ਉੱਤਰ:) (ਜੀਵ ਪ੍ਰਭੂ ਦੇ) ਹੁਕਮ ਵਿਚ ਹੀ (ਇਥੇ) ਆਉਂਦਾ ਹੈ, ਹੁਕਮ ਵਿਚ ਹੀ (ਇਥੋਂ) ਤੁਰ ਜਾਂਦਾ ਹੈ, ਜੀਵ ਨੂੰ ਹੁਕਮ ਵਿਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ।

ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥੨੨॥

ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ (ਸਿਮਰਨ ਦੀ) ਕਮਾਈ ਕਰਦਾ ਹੈ, ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ (ਬੇਅੰਤ) ਹੈ ॥੨੨॥

ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥

(ਪਉੜੀ ਨੰ: ੨੧ ਤੇ ੨੨ ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ “ਅਸਚਰਜ, ਅਸਚਰਜ” ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ।

ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥

ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ)। ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ।

ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ ॥

ਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ।

ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥

(ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ ‘ਨਿਰੰਜਨ’ ਨੂੰ ਲੱਭ ਲੈਂਦਾ ਹੈ।

ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥

ਹੇ ਨਾਨਕ! ‘ਹੁਕਮ’ ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ “ਅਵਿਗਤ” ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ ‘ਹੁਕਮ’ ਵਿਚ (ਤੁਰ ਕੇ ‘ਹੁਕਮ’ ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ ‘ਸਚ’ ਨੂੰ ਜਾਣ ਲੈਂਦਾ ਹੈ।

ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥

ਉਹ ‘ਆਪਾ ਭਾਵ’ ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ॥੨੩॥

ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥

(ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ,

ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ ॥

ਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ।

ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ ॥

(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ,

ਸੋ ਜੋਗੀ ਗੁਰਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ ॥

(ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ।

ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ ॥

ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, ‘ਹਉਮੈ’ ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ।

ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ ॥੨੪॥

ਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) ॥੨੪॥

ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥

(ਗੁਰਮੁਖਿ) ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿਚ ਹੀ ਲੀਨ ਰਹਿੰਦਾ ਹੈ; ਪ੍ਰਭੂ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ।

ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ ॥

ਪਰ ਝੂਠੇ (ਭਾਵ, ਨਾਸਵੰਤ ਮਾਇਆ ਵਿਚ ਲੱਗੇ ਹੋਏ ਬੰਦੇ) ਜਗਤ ਆਉਂਦੇ ਹਨ, ਉਹਨਾਂ ਨੂੰ ਮਨ ਦਾ ਟਿਕਾਉ ਨਹੀਂ ਹਾਸਲ ਹੁੰਦਾ (ਸੋ ਇਸ) ਦੂਜੇ-ਭਾਵ ਦੇ ਕਾਰਣ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ।

ਆਵਾ ਗਉਣੁ ਮਿਟੈ ਗੁਰਸਬਦੀ ਆਪੇ ਪਰਖੈ ਬਖਸਿ ਲਇਆ ॥

ਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ (ਗੁਰ-ਸ਼ਬਦ ਵਿਚ ਜੁੜੇ ਮਨੁੱਖ ਨੂੰ) ਪ੍ਰਭੂ ਆਪ ਪਛਾਣ ਲੈਂਦਾ ਹੈ, ਤੇ (ਉਸ ਉਤੇ) ਮੇਹਰ ਕਰਦਾ ਹੈ।

ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥

(ਪਰ ਜਿਨ੍ਹਾਂ ਨੂੰ) ਸਾਰੇ-ਰਸਾਂ-ਦਾ-ਘਰ-ਪ੍ਰਭੂ ਦਾ ਨਾਮ ਵਿੱਸਰ ਜਾਂਦਾ ਹੈ ਉਹਨਾਂ ਨੂੰ ਦੂਜੇ-ਭਾਵ ਵਿਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਂਦੀ ਹੈ।

ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ ॥

(ਇਹ ਭੇਤ) ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦੇ ਕਾਰਨ ਉਹ ਮਨੁੱਖ (ਹਉਮੈ ਤੋਂ) ਆਜ਼ਾਦ ਹੋ ਜਾਂਦਾ ਹੈ।

ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥

ਹੇ ਨਾਨਕ! ਜਿਸ ਨੇ ਹਉਮੈ ਤੇ ਦੂਜਾ-ਭਾਵ ਤਿਆਗ ਦਿੱਤਾ ਹੈ ਉਸ ਨੂੰ ਤਾਰਣਹਾਰ ਪ੍ਰਭੂ ਤਾਰ ਲੈਂਦਾ ਹੈ ॥੨੫॥

ਮਨਮੁਖਿ ਭੂਲੈ ਜਮ ਕੀ ਕਾਣਿ ॥

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਜੀਵਨ ਦਾ ਸਹੀ ਰਸਤਾ) ਖੁੰਝ ਜਾਂਦਾ ਹੈ ਤੇ ਜਮ ਦੀ ਮੁਥਾਜੀ ਵਿਚ ਹੋ ਜਾਂਦਾ ਹੈ,

ਪਰ ਘਰੁ ਜੋਹੈ ਹਾਣੇ ਹਾਣਿ ॥

ਪਰਾਇਆ ਘਰ ਤੱਕਦਾ ਹੈ, ਉਸ ਨੂੰ (ਇਸ ਕੁਕਰਮ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ।

ਮਨਮੁਖਿ ਭਰਮਿ ਭਵੈ ਬੇਬਾਣਿ ॥

ਭੁਲੇਖੇ ਵਿਚ ਪਿਆ ਹੋਇਆ ਮਨਮੁਖ (ਮਾਨੋ) ਜੰਗਲ ਵਿਚ ਭਟਕ ਰਿਹਾ ਹੈ,

ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥

ਕੁਰਾਹੇ ਪੈ ਕੇ (ਇਉਂ) ਠੱਗਿਆ ਜਾ ਰਿਹਾ ਹੈ ਜਿਵੇਂ ਮਸਾਣ ਵਿਚ ਮੰਤ੍ਰ ਪੜ੍ਹਨ ਵਾਲਾ ਮਨੁੱਖ (ਭੈੜੇ ਪਾਸੇ ਪਿਆ ਹੈ)।

ਸਬਦੁ ਨ ਚੀਨੈ ਲਵੈ ਕੁਬਾਣਿ ॥

(ਮਨਮੁਖ) ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ (ਭਾਵ, ਗੁਰੂ ਦੇ ਸ਼ਬਦ ਦੀ ਉਸ ਨੂੰ ਕਦਰ ਨਹੀਂ ਪੈਂਦੀ), ਤੇ ਦੁਰਬਚਨ ਹੀ ਬੋਲਦਾ ਹੈ।

ਨਾਨਕ ਸਾਚਿ ਰਤੇ ਸੁਖੁ ਜਾਣਿ ॥੨੬॥

ਹੇ ਨਾਨਕ! ਸੁਖ ਉਸ ਨੂੰ (ਮਿਲਿਆ) ਜਾਣੋ ਜੋ ਸੱਚੇ ਪ੍ਰਭੂ ਵਿਚ ਰੰਗਿਆ ਹੋਇਆ ਹੈ ॥੨੬॥

ਗੁਰਮੁਖਿ ਸਾਚੇ ਕਾ ਭਉ ਪਾਵੈ ॥

ਜੋ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿਚ ਟਿਕਾਂਦਾ ਹੈ,

ਗੁਰਮੁਖਿ ਬਾਣੀ ਅਘੜੁ ਘੜਾਵੈ ॥

ਗੁਰੂ ਦੀ ਬਾਣੀ ਦੀ ਰਾਹੀਂ ਅਮੋੜ-ਮਨ ਨੂੰ ਸੁਚੱਜਾ ਬਣਾਂਦਾ ਹੈ,

ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥

ਨਿਰਮਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,

ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥

(ਤੇ ਇਸ ਤਰ੍ਹਾਂ) ਪਵਿਤ੍ਰ ਤੇ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ।

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥

ਗੁਰਮੁਖਿ ਮਨੁੱਖ ਤਨੋਂ ਮਨੋਂ ਪਰਮਾਤਮਾ ਨੂੰ ਯਾਦ ਕਰਦਾ ਹੈ,

ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥

ਹੇ ਨਾਨਕ! (ਬੰਦਗੀ ਦੀ ਰਾਹੀਂ) ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੭॥

ਗੁਰਮੁਖਿ ਪਰਚੈ ਬੇਦ ਬੀਚਾਰੀ ॥

ਜੋ ਮਨੁੱਖ ਗੁਰੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ (ਭਾਵ, ਜਿਸ ਨੂੰ ਸਤਿਗੁਰੂ ਵਿਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ) ਉਹ (ਮਾਨੋ) ਵੇਦਾਂ ਦਾ ਗਿਆਤਾ ਹੋ ਗਿਆ ਹੈ (ਉਸ ਨੂੰ ਵੇਦਾਂ ਦੀ ਲੋੜ ਨਹੀਂ ਰਹਿ ਜਾਂਦੀ)।

ਗੁਰਮੁਖਿ ਪਰਚੈ ਤਰੀਐ ਤਾਰੀ ॥

ਗੁਰੂ ਨਾਲ ਡੂੰਘੀ ਸਾਂਝ ਬਣਾਇਆਂ ਸੰਸਾਰ-ਸਮੁੰਦਰ ਤੋਂ ਤਰ ਜਾਈਦਾ ਹੈ,

ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥

ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਵਾਲਾ ਹੋ ਜਾਈਦਾ ਹੈ,

ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ ॥

ਤੇ ਗੁਰ-ਸ਼ਬਦ ਦੀ ਰਾਹੀਂ ਅੰਦਰਲੇ ਦੀ ਸੂਝ ਪੈ ਜਾਂਦੀ ਹੈ।

ਗੁਰਮੁਖਿ ਪਾਈਐ ਅਲਖ ਅਪਾਰੁ ॥

ਗੁਰੂ ਦੇ ਸਨਮੁਖ ਹੋਇਆਂ ਅਦ੍ਰਿਸ਼ਟ ਤੇ ਬੇ-ਅੰਤ ਪ੍ਰਭੂ ਮਿਲ ਪੈਂਦਾ ਹੈ;

ਨਾਨਕ ਗੁਰਮੁਖਿ ਮੁਕਤਿ ਦੁਆਰੁ ॥੨੮॥

ਹੇ ਨਾਨਕ! ਗੁਰੂ ਦੀ ਰਾਹੀਂ ਹੀ (ਹਉਮੈ ਤੋਂ) ਖ਼ਲਾਸੀ ਦਾ ਰਸਤਾ ਲੱਭਦਾ ਹੈ ॥੨੮॥

ਗੁਰਮੁਖਿ ਅਕਥੁ ਕਥੈ ਬੀਚਾਰਿ ॥

ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਗੁਰੂ ਦੀ ਦੱਸੀ) ਵੀਚਾਰ ਨਾਲ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ,

ਗੁਰਮੁਖਿ ਨਿਬਹੈ ਸਪਰਵਾਰਿ ॥

(ਇਸ ਤਰ੍ਹਾਂ) ਗੁਰਮੁਖ ਘਰਬਾਰੀ ਹੁੰਦਾ ਹੋਇਆ ਹੀ (ਜ਼ਿੰਦਗੀ ਦੀ ਬਾਜ਼ੀ ਵਿਚ) ਪੁੱਗ ਜਾਂਦਾ ਹੈ।

ਗੁਰਮੁਖਿ ਜਪੀਐ ਅੰਤਰਿ ਪਿਆਰਿ ॥

ਗੁਰੂ ਦੇ ਸਨਮੁਖ ਹੋਇਆਂ ਹੀ ਹਿਰਦੇ ਵਿਚ ਪਿਆਰ ਨਾਲ ਪ੍ਰਭੂ ਨੂੰ ਜਪ ਸਕੀਦਾ ਹੈ,

ਗੁਰਮੁਖਿ ਪਾਈਐ ਸਬਦਿ ਅਚਾਰਿ ॥

ਤੇ ਗੁਰਸ਼ਬਦ ਦੀ ਰਾਹੀਂ ਉੱਚਾ ਆਚਰਣ ਬਣ ਕੇ ਪ੍ਰਭੂ ਮਿਲਦਾ ਹੈ।

ਸਬਦਿ ਭੇਦਿ ਜਾਣੈ ਜਾਣਾਈ ॥

(ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨਾਲ (ਆਪਣੇ ਮਨ ਨੂੰ) ਪ੍ਰੋ ਕੇ (ਪ੍ਰਭੂ ਨੂੰ) ਪਛਾਣਦਾ ਹੈ ਤੇ ਹੋਰਨਾਂ ਨੂੰ ਪਛਾਣ ਕਰਾਂਦਾ ਹੈ।

ਨਾਨਕ ਹਉਮੈ ਜਾਲਿ ਸਮਾਈ ॥੨੯॥

ਹੇ ਨਾਨਕ! ਗੁਰਮੁਖ (ਆਪਣੀ) ਹਉਮੈ (ਖ਼ੁਦ-ਗ਼ਰਜ਼ੀ) ਸਾੜ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੨੯॥

ਗੁਰਮੁਖਿ ਧਰਤੀ ਸਾਚੈ ਸਾਜੀ ॥

ਸੱਚੇ ਪ੍ਰਭੂ ਨੇ ਗੁਰਮੁਖ ਮਨੁੱਖ (ਪੈਦਾ ਕਰਨ) ਵਾਸਤੇ ਧਰਤੀ ਬਣਾਈ ਹੈ;

ਤਿਸ ਮਹਿ ਓਪਤਿ ਖਪਤਿ ਸੁ ਬਾਜੀ ॥

ਇਸ ਧਰਤੀ ਵਿਚ ਉਤਪੱਤੀ ਤੇ ਨਾਸ (ਗੁਰਮੁਖਤਾ ਦੇ ਵਿਕਾਸ ਲਈ) ਇਕ ਖੇਡ ਹੈ;

ਗੁਰ ਕੈ ਸਬਦਿ ਰਪੈ ਰੰਗੁ ਲਾਇ ॥

ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਪਿਆਰ ਜੋੜ ਕੇ (ਪ੍ਰਭੂ ਦੇ ਰੰਗ ਵਿਚ) ਰੰਗਿਆ ਜਾਂਦਾ ਹੈ,

ਸਾਚਿ ਰਤਉ ਪਤਿ ਸਿਉ ਘਰਿ ਜਾਇ ॥

ਤਾਂ ਸੱਚੇ ਵਿਚ ਰੱਤਾ ਹੋਇਆ (ਗੁਰਮੁਖ) ਇੱਜ਼ਤ ਲੈ ਕੇ ਆਪਣੇ ਘਰ ਵਿਚ ਅੱਪੜਦਾ ਹੈ (ਤੇ ਉਸ ਦੀ ਘੜਨ ਭੱਜਣ ਦੀ ਖੇਡ ਮੁੱਕ ਜਾਂਦੀ ਹੈ)।

ਸਾਚ ਸਬਦ ਬਿਨੁ ਪਤਿ ਨਹੀ ਪਾਵੈ ॥

ਸੱਚੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਇਜ਼ਤ ਹਾਸਲ ਨਹੀਂ ਕਰ ਸਕਦਾ।

ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥੩੦॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਵਿਚ ਮਨੁੱਖ ਕਿਵੇਂ ਸਮਾ ਸਕਦਾ ਹੈ? (ਨਹੀਂ ਸਮਾ ਸਕਦਾ) ॥੩੦॥

ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥

ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ ਹੀ ਸਾਰੀਆਂ ਅੱਠੇ ਕਰਾਮਾਤੀ ਤਾਕਤਾਂ ਤੇ ਅਕਲਾਂ ਦੀ ਪ੍ਰਾਪਤੀ ਹੈ,

ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥

ਗੁਰੂ ਦੇ ਸਨਮੁਖ ਹੋਇਆਂ ਸੰਸਾਰ-ਸਮੁੰਦਰ ਤਰ ਜਾਈਦਾ ਹੈ ਅਤੇ ਸੱਚੇ ਦੀ ਸੋਹਣੀ ਮੱਤ ਆ ਜਾਂਦੀ ਹੈ।

ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥

ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਚੰਗੇ ਮੰਦੇ ਸਮੇ ਦਾ ਹਾਲਤ ਜਾਣ ਲੈਂਦਾ ਹੈ,

ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥

ਤੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਛਾਣ ਲੈਂਦਾ ਹੈ ਕਿ ਕੀਹ ਛੱਡਣਾ ਹੈ ਤੇ ਕੀਹ ਗ੍ਰਹਣ ਕਰਨਾ ਹੈ।

ਗੁਰਮੁਖਿ ਤਾਰੇ ਪਾਰਿ ਉਤਾਰੇ ॥

ਗੁਰਮੁਖ ਮਨੁੱਖ (ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ) ਤਾਰ ਕੇ ਪਾਰਲੇ ਕੰਢੇ ਲਾ ਦੇਂਦਾ ਹੈ।

ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥

ਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਬੰਦਾ (ਗੁਰੂ ਦੇ) ਸ਼ਬਦ ਦੀ ਰਾਹੀਂ (ਦੂਜਿਆਂ ਨੂੰ ਭੀ) ਤਾਰ ਦੇਂਦਾ ਹੈ ॥੩੧॥

ਨਾਮੇ ਰਾਤੇ ਹਉਮੈ ਜਾਇ ॥

(ਪ੍ਰਭੂ ਦੇ) ਨਾਮ ਵਿਚ ਹੀ ਰੱਤੇ ਹੋਏ ਦੀ ਹਉਮੈ ਨਾਸ ਹੁੰਦੀ ਹੈ।

ਨਾਮਿ ਰਤੇ ਸਚਿ ਰਹੇ ਸਮਾਇ ॥

ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹ ਪ੍ਰਭੂ ਵਿਚ ਸਮਾਏ ਰਹਿੰਦੇ ਹਨ।

ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥

ਜੋ ਪ੍ਰਾਣੀ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹਨਾਂ ਨੂੰ ਹੀ ਜੋਗ ਦੀ ਜੁਗਤਿ ਤੇ ਸਹੀ ਵੀਚਾਰ ਪ੍ਰਾਪਤ ਹੋਈ ਹੈ।

ਨਾਮਿ ਰਤੇ ਪਾਵਹਿ ਮੋਖ ਦੁਆਰੁ ॥

ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਹੀ ਹਉਮੈ ਤੋਂ ਛੁਟਕਾਰਾ ਪਾਣ ਦਾ ਰਾਹ ਲੱਭਦੇ ਹਨ,

ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥

(ਕਿਉਂਕਿ) ਨਾਮ ਵਿਚ ਰੱਤੇ ਬੰਦਿਆਂ ਨੂੰ ਤ੍ਰਿਲੋਕੀ ਦੀ ਸੂਝ ਪੈ ਜਾਂਦੀ ਹੈ (ਭਾਵ, ਆਪਣੀ ਨਿੱਕੀ ਜਿਹੀ ਅਪਣੱਤ ਦੇ ਥਾਂ ਸਾਰੀ ਤ੍ਰਿਲੋਕੀ ਹੀ ਉਹਨਾਂ ਨੂੰ ਰੱਬੀ ਸਾਂਝ ਦੇ ਕਾਰਨ ਆਪਣੀ ਦਿੱਸਦੀ ਹੈ)।

ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਨੂੰ ਸਦਾ ਟਿਕੇ ਰਹਿਣ ਵਾਲਾ ਸੁਖ ਮਿਲਦਾ ਹੈ ॥੩੨॥

ਨਾਮਿ ਰਤੇ ਸਿਧ ਗੋਸਟਿ ਹੋਇ ॥

(ਪ੍ਰਭੂ ਦੇ) ਨਾਮ ਵਿਚ ਰੱਤਿਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ।

ਨਾਮਿ ਰਤੇ ਸਦਾ ਤਪੁ ਹੋਇ ॥

ਪ੍ਰਭੂ-ਨਾਮ ਵਿਚ ਰੰਗੇ ਰਹਿਣਾ ਹੀ ਸਦਾ ਕਾਇਮ ਰਹਿਣ ਵਾਲਾ ਪੁੰਨ-ਕਰਮ ਹੈ।

ਨਾਮਿ ਰਤੇ ਸਚੁ ਕਰਣੀ ਸਾਰੁ ॥

ਨਾਮ ਵਿਚ ਲੱਗਣਾ ਹੀ ਸੱਚੀ ਤੇ ਉੱਤਮ ਕਰਣੀ ਹੈ।

ਨਾਮਿ ਰਤੇ ਗੁਣ ਗਿਆਨ ਬੀਚਾਰੁ ॥

ਨਾਮ ਵਿਚ ਰੱਤੇ ਰਿਹਾਂ ਹੀ ਪ੍ਰਭੂ ਦੇ ਗੁਣਾਂ ਨਾਲ ਜਾਣ-ਪਛਾਣ ਹੁੰਦੀ ਹੈ ਤੇ ਸਾਂਝ ਬਣਦੀ ਹੈ।

ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥

(ਪ੍ਰਭੂ ਦੇ) ਨਾਮ ਤੋਂ ਬਿਨਾ ਮਨੁੱਖ ਜੋ ਬੋਲਦਾ ਹੈ ਵਿਅਰਥ ਹੈ।

ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥

ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੱਤੇ ਹੋਏ ਹਨ, ਉਹਨਾਂ ਨੂੰ (ਸਾਡੀ) ਨਮਸਕਾਰ ਹੈ ॥੩੩॥

ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥

(ਪ੍ਰਭੂ ਦਾ) ਨਾਮ ਗੁਰੂ ਤੋਂ ਮਿਲਦਾ ਹੈ;

ਜੋਗ ਜੁਗਤਿ ਸਚਿ ਰਹੈ ਸਮਾਇ ॥

ਸੱਚੇ ਪ੍ਰਭੂ ਵਿਚ ਲੀਨ ਰਹਿਣਾ-ਇਹੀ ਹੈ (ਅਸਲ) ਜੋਗ ਦੀ ਜੁਗਤੀ।

ਬਾਰਹ ਮਹਿ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ ॥

(ਪਰ) ਜੋਗੀ ਲੋਕ (ਆਪਣੇ) ਬਾਰਾਂ ਫ਼ਿਰਕਿਆਂ (ਦੀ ਵੰਡ) ਵਿਚ (ਇਸ ਅਸਲ ਨਿਸ਼ਾਨੇ ਤੋਂ) ਭੁੱਲ ਰਹੇ ਹਨ ਤੇ ਸੰਨਿਆਸੀ ਲੋਕ (ਆਪਣੇ) ਦਸ ਫ਼ਿਰਕਿਆਂ (ਦੇ ਵਖੋ ਵੱਖ ਸਾਧਨਾਂ) ਵਿਚ।

ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥

ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਾਇਆ ਵਲੋਂ) ਮਰ ਕੇ ਜਿਊਂਦਾ ਹੈ ਉਹ (ਹਉਮੈ ਤੋਂ) ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।

ਬਿਨੁ ਸਬਦੈ ਸਭਿ ਦੂਜੈ ਲਾਗੇ ਦੇਖਹੁ ਰਿਦੈ ਬੀਚਾਰਿ ॥

ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਆਪਣਾ ਜ਼ਾਤੀ ਤਜਰਬਾ ਹੀ ਇਸ ਗੱਲ ਦੀ ਗਵਾਹੀ ਦੇ ਦੇਵੇਗਾ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਸਾਰੇ ਲੋਕ (ਪ੍ਰਭੂ ਨੂੰ ਛੱਡ ਕੇ) ਹੋਰ (ਰੁਝੇਵੇਂ) ਵਿਚ ਲੱਗੇ ਰਹਿੰਦੇ ਹਨ।

ਨਾਨਕ ਵਡੇ ਸੇ ਵਡਭਾਗੀ ਜਿਨੀ ਸਚੁ ਰਖਿਆ ਉਰ ਧਾਰਿ ॥੩੪॥

ਹੇ ਨਾਨਕ! ਉਹ ਮਨੁੱਖ ਵੱਡੇ ਹਨ ਤੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੈ ॥੩੪॥

ਗੁਰਮੁਖਿ ਰਤਨੁ ਲਹੈ ਲਿਵ ਲਾਇ ॥

ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਪ੍ਰਭੂ ਵਿਚ) ਸੁਰਤ ਜੋੜ ਕੇ ਪ੍ਰਭੂ-ਨਾਮ-ਰੂਪ ਰਤਨ ਲੱਭ ਲੈਂਦਾ ਹੈ,

ਗੁਰਮੁਖਿ ਪਰਖੈ ਰਤਨੁ ਸੁਭਾਇ ॥

ਉਹ ਮਨੁੱਖ (ਇਸ) ਆਪਣੀ ਲਗਨ ਨਾਲ ਹੀ ਨਾਮ-ਰਤਨ ਦੀ ਕਦਰ ਜਾਣ ਲੈਂਦਾ ਹੈ।

ਗੁਰਮੁਖਿ ਸਾਚੀ ਕਾਰ ਕਮਾਇ ॥

(ਬੱਸ! ਇਹੀ) ਸੱਚੀ ਕਾਰ ਗੁਰਮੁਖ ਕਮਾਂਦਾ ਹੈ,

ਗੁਰਮੁਖਿ ਸਾਚੇ ਮਨੁ ਪਤੀਆਇ ॥

ਤੇ ਗੁਰਮੁਖ ਸੱਚੇ ਪ੍ਰਭੂ ਵਿਚ ਆਪਣੇ ਮਨ ਨੂੰ ਗਿਝਾ ਲੈਂਦਾ ਹੈ।

ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ ॥

(ਜਦੋਂ) ਉਸ ਪ੍ਰਭੂ ਨੂੰ ਭਾਉਂਦਾ ਹੈ ਤਾਂ ਗੁਰਮੁਖ ਉਸ ਅਲੱਖ ਪ੍ਰਭੂ (ਦੇ ਗੁਣਾਂ ਦੀ ਹੋਰਨਾਂ ਨੂੰ ਭੀ) ਸੂਝ ਪਾ ਦੇਂਦਾ ਹੈ।

ਨਾਨਕ ਗੁਰਮੁਖਿ ਚੋਟ ਨ ਖਾਵੈ ॥੩੫॥

ਹੇ ਨਾਨਕ! ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਵਿਕਾਰਾਂ ਦੀ) ਮਾਰ ਨਹੀਂ ਖਾਂਦਾ ॥੩੫॥

ਗੁਰਮੁਖਿ ਨਾਮੁ ਦਾਨੁ ਇਸਨਾਨੁ ॥

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਸ ਦਾ ਨਾਮ ਜਪਣਾ ਦਾਨ ਕਰਨਾ ਤੇ ਇਸ਼ਨਾਨ ਕਰਨਾ ਪ੍ਰਵਾਨ ਹੈ।

ਗੁਰਮੁਖਿ ਲਾਗੈ ਸਹਜਿ ਧਿਆਨੁ ॥

ਗੁਰੂ ਦੇ ਸਨਮੁਖ ਹੋਇਆਂ ਹੀ ਅਡੋਲ ਅਵਸਥਾ ਵਿਚ ਸੁਰਤ ਜੁੜਦੀ ਹੈ।

ਗੁਰਮੁਖਿ ਪਾਵੈ ਦਰਗਹ ਮਾਨੁ ॥

ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।

ਗੁਰਮੁਖਿ ਭਉ ਭੰਜਨੁ ਪਰਧਾਨੁ ॥

ਉਹ ਉਸ ਪ੍ਰਭੂ ਨੂੰ ਮਿਲ ਪੈਂਦਾ ਹੈ ਜੋ ਡਰ-ਸਹਿਮ ਨਾਸ ਕਰਨ ਵਾਲਾ ਹੈ ਤੇ ਜੋ ਸਭ ਦਾ ਮਾਲਕ ਹੈ।

ਗੁਰਮੁਖਿ ਕਰਣੀ ਕਾਰ ਕਰਾਏ ॥

ਗੁਰਮੁਖ ਮਨੁੱਖ (ਹੋਰਨਾਂ ਪਾਸੋਂ ਭੀ ਇਹੀ, ਭਾਵ, ਗੁਰੂ ਦੇ ਹੁਕਮ ਵਿਚ ਤੁਰਨ ਵਾਲਾ) ਕਰਨ-ਜੋਗ ਕੰਮ ਕਰਾਂਦਾ ਹੈ,

ਨਾਨਕ ਗੁਰਮੁਖਿ ਮੇਲਿ ਮਿਲਾਏ ॥੩੬॥

(ਤੇ ਇਸ ਤਰ੍ਹਾਂ ਉਹਨਾਂ ਨੂੰ) ਹੇ ਨਾਨਕ! (ਪ੍ਰਭੂ ਦੇ) ਮੇਲ ਵਿਚ ਮਿਲਾ ਦੇਂਦਾ ਹੈ ॥੩੬॥

ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ ॥

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ (ਮਾਨੋ) ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦਾ ਗਿਆਨ ਹਾਸਲ ਕਰ ਚੁਕਾ ਹੈ, (ਭਾਵ, ਗੁਰੂ ਦੇ ਹੁਕਮ ਵਿਚ ਤੁਰਨਾ ਹੀ ਗੁਰਮੁਖਿ ਲਈ ਵੇਦਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਗਿਆਨ ਹੈ)।

ਗੁਰਮੁਖਿ ਪਾਵੈ ਘਟਿ ਘਟਿ ਭੇਦ ॥

ਗੁਰੂ ਦੇ ਹੁਕਮ ਵਿਚ ਤੁਰ ਕੇ ਉਹ ਹਰੇਕ ਘਟ ਵਿਚ ਵਿਆਪਕ ਪ੍ਰਭੂ ਦਾ (ਸਰਬ-ਵਿਆਪਕਤਾ ਦਾ) ਭੇਤ ਸਮਝ ਲੈਂਦਾ ਹੈ,

ਗੁਰਮੁਖਿ ਵੈਰ ਵਿਰੋਧ ਗਵਾਵੈ ॥

(ਇਸ ਵਾਸਤੇ) ਗੁਰਮੁਖਿ (ਦੂਜਿਆਂ ਨਾਲ) ਵੈਰ-ਵਿਰੋਧ ਰੱਖਣਾ ਭੁਲਾ ਦੇਂਦਾ ਹੈ,

ਗੁਰਮੁਖਿ ਸਗਲੀ ਗਣਤ ਮਿਟਾਵੈ ॥

ਇਸ ਵੈਰ-ਵਿਰੋਧ ਦਾ) ਸਾਰਾ ਲੇਖਾ ਹੀ ਮਿਟਾ ਦੇਂਦਾ ਹੈ (ਭਾਵ, ਕਦੇ ਇਹ ਸੋਚ ਮਨ ਵਿਚ ਆਉਣ ਹੀ ਨਹੀਂ ਦੇਂਦਾ ਕਿ ਕਿਸੇ ਨੇ ਕਦੇ ਉਸ ਨਾਲ ਵਧੀਕੀ ਕੀਤੀ)।

ਗੁਰਮੁਖਿ ਰਾਮ ਨਾਮ ਰੰਗਿ ਰਾਤਾ ॥

ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤਾ ਰਹਿੰਦਾ ਹੈ।

ਨਾਨਕ ਗੁਰਮੁਖਿ ਖਸਮੁ ਪਛਾਤਾ ॥੩੭॥

ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਨੇ ਖਸਮ (-ਪ੍ਰਭੂ) ਨੂੰ ਪਛਾਣ ਲਿਆ ਹੈ ॥੩੭॥

ਬਿਨੁ ਗੁਰ ਭਰਮੈ ਆਵੈ ਜਾਇ ॥

ਸਤਿਗੁਰੂ (ਦੀ ਸਰਨ ਆਉਣ) ਤੋਂ ਬਿਨਾ (ਮਨੁੱਖ ਮਾਇਆ ਵਿਚ) ਭਟਕਦਾ ਹੈ ਤੇ ਜੰਮਦਾ ਮਰਦਾ ਰਹਿੰਦਾ ਹੈ।

ਬਿਨੁ ਗੁਰ ਘਾਲ ਨ ਪਵਈ ਥਾਇ ॥

ਗੁਰ-ਸਰਣ ਤੋਂ ਬਿਨਾ ਕੋਈ ਮੇਹਨਤ ਕਬੂਲ ਨਹੀਂ ਪੈਂਦੀ (ਕਿਉਂਕਿ “ਹਉ” ਟਿਕੀ ਰਹਿੰਦੀ ਹੈ)।

ਬਿਨੁ ਗੁਰ ਮਨੂਆ ਅਤਿ ਡੋਲਾਇ ॥

ਸਤਿਗੁਰੂ ਤੋਂ ਬਿਨਾ ਇਹ ਚੰਚਲ ਮਨ ਬਹੁਤ ਸਂਹਸਿਆਂ ਵਿਚ ਰਹਿੰਦਾ ਹੈ,

ਬਿਨੁ ਗੁਰ ਤ੍ਰਿਪਤਿ ਨਹੀ ਬਿਖੁ ਖਾਇ ॥

ਸਤਿਗੁਰੂ ਤੋਂ ਬਿਨਾ ਇਹ ਜ਼ਹਿਰ ਖਾ ਖਾ ਕੇ (ਭਾਵ ਦੁਨੀਆ ਦੇ ਪਦਾਰਥ ਮਾਣ ਮਾਣ ਕੇ) ਰੱਜੀਦਾ ਨਹੀਂ।

ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ ॥

ਗੁਰੂ (ਦੇ ਰਾਹ ਤੇ ਤੁਰਨ) ਤੋਂ ਬਿਨਾ (ਜਗਤ ਦਾ ਮੋਹ-ਰੂਪ) ਸੱਪ ਡੰਗ ਮਾਰਦਾ ਰਹਿੰਦਾ ਹੈ, (ਜ਼ਿੰਦਗੀ ਦੇ ਸਫ਼ਰ ਦੇ) ਅੱਧ ਵਿਚ ਹੀ (ਆਤਮਕ ਮੌਤੇ) ਮਰੀਦਾ ਹੈ।

ਨਾਨਕ ਗੁਰ ਬਿਨੁ ਘਾਟੇ ਘਾਟ ॥੩੮॥

ਹੇ ਨਾਨਕ! ਸਤਿਗੁਰੂ ਦੇ (ਹੁਕਮ ਵਿਚ ਤੁਰਨ) ਤੋਂ ਬਿਨਾ ਮਨੁੱਖ ਨੂੰ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ ॥੩੮॥

ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ ॥

ਜਿਸ ਮਨੁੱਖ ਨੂੰ ਸਤਿਗੁਰ ਮਿਲ ਪੈਂਦਾ ਹੈ ਉਸ ਨੂੰ (ਉਹ “ਦੁਤਰ ਸਾਗਰ” ਤੋਂ) ਪਾਰ ਲੰਘਾ ਲੈਂਦਾ ਹੈ,

ਅਵਗਣ ਮੇਟੈ ਗੁਣਿ ਨਿਸਤਾਰੈ ॥

ਗੁਰੂ ਉਸ ਦੇ ਅਉਗਣ ਮਿਟਾ ਦੇਂਦਾ ਹੈ ਤੇ ਗੁਣ ਦੇ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਮੁਕਤਿ ਮਹਾ ਸੁਖ ਗੁਰਸਬਦੁ ਬੀਚਾਰਿ ॥

ਸਤਿਗੁਰੂ ਦਾ ਸ਼ਬਦ ਵਿਚਾਰ ਕੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਆਜ਼ਾਦੀ ਦਾ ਵੱਡਾ ਸੁਖ ਮਿਲਦਾ ਹੈ।

ਗੁਰਮੁਖਿ ਕਦੇ ਨ ਆਵੈ ਹਾਰਿ ॥

ਜੋ ਮਨੁੱਖ ਗੁਰੂ ਦੇ ਸਨਮੁਖ (ਹੈ ਉਹ ਜ਼ਿੰਦਗੀ ਦੀ ਬਾਜ਼ੀ ਕਦੇ) ਹਾਰ ਕੇ ਨਹੀਂ ਆਉਂਦਾ।

ਤਨੁ ਹਟੜੀ ਇਹੁ ਮਨੁ ਵਣਜਾਰਾ ॥

ਗੁਰਮੁਖ (ਆਪਣੇ) ਸਰੀਰ ਨੂੰ ਸੋਹਣੀ ਜਿਹੀ ਹੱਟੀ ਤੇ ਮਨ ਨੂੰ ਵਪਾਰੀ ਬਣਾਂਦਾ ਹੈ,

ਨਾਨਕ ਸਹਜੇ ਸਚੁ ਵਾਪਾਰਾ ॥੩੯॥

ਹੇ ਨਾਨਕ! ਅਡੋਲਤਾ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਵਣਜ ਕਰਦਾ ਹੈ ॥੩੯॥

ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥

ਕਰਤਾਰ ਨੇ (ਸੰਸਾਰ-ਸਮੁੰਦਰ ਤੇ) ਗੁਰਮੁਖਿ-ਰੂਪ ਪੁਲ ਬੰਨ੍ਹ ਦਿੱਤਾ (ਜਿਵੇਂ ਰਾਮਚੰਦ੍ਰ ਜੀ ਨੇ ਸੀਤਾ ਨੂੰ ਲਿਆਉਣ ਵਾਸਤੇ ਸਮੁੰਦਰ ਤੇ ਪੁਲ ਬੱਧਾ ਸੀ)।

ਲੰਕਾ ਲੂਟੀ ਦੈਤ ਸੰਤਾਪੈ ॥

(ਰਾਮਚੰਦ੍ਰ ਜੀ ਨੇ) ਲੰਕਾ ਲੁੱਟੀ ਤੇ ਰਾਖਸ਼ ਮਾਰੇ, (ਤਿਵੇਂ ਗੁਰੂ ਨੇ ਕਾਮਾਦਿਕਾਂ ਦੇ ਵੱਸ ਵਿਚ ਪਏ ਸਰੀਰ ਨੂੰ ਉਹਨਾਂ ਤੋਂ ਛੁਡਾ ਲਿਆ ਤੇ ਉਹ ਪੰਜ ਦੂਤ ਵੱਸ ਵਿਚ ਹੋ ਗਏ)।

ਰਾਮਚੰਦਿ ਮਾਰਿਓ ਅਹਿ ਰਾਵਣੁ ॥

ਰਾਮਚੰਦ੍ਰ (ਜੀ) ਨੇ ਰਾਵਣ ਨੂੰ ਮਾਰਿਆ ਤਿਵੇਂ ਗੁਰਮੁਖ ਨੇ ਮਨ-ਸੱਪ ਨੂੰ ਮਾਰ ਦਿੱਤਾ;

ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥

ਸਤਿਗੁਰੂ ਦਾ ਉਪਦੇਸ਼ (ਮਨ ਨੂੰ ਮਾਰਨ ਵਿਚ ਇਉਂ ਕੰਮ ਆਇਆ ਜਿਵੇਂ) ਬਭੀਖਣ ਦਾ ਭੇਤ ਦੱਸਣਾ (ਰਾਵਣ ਨੂੰ ਮਾਰਨ ਲਈ ਕੰਮ ਆਇਆ)।

ਗੁਰਮੁਖਿ ਸਾਇਰਿ ਪਾਹਣ ਤਾਰੇ ॥

(ਰਾਮਚੰਦ੍ਰ ਜੀ ਨੇ ਪੁਲ ਬੰਨ੍ਹਣ ਵੇਲੇ ਪੱਥਰ ਸਮੁੰਦਰ ਤੇ ਤਾਰੇ) ਸਤਿਗੁਰੂ ਨੇ (ਸੰਸਾਰ-) ਸਮੁੰਦਰ ਤੋਂ (ਪੱਥਰ-ਦਿਲਾਂ ਨੂੰ) ਤਾਰ ਦਿੱਤਾ,

ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥

ਗੁਰੂ ਦੀ ਰਾਹੀਂ ਤੇਤੀ ਕਰੋੜ (ਭਾਵ, ਬੇਅੰਤ ਜੀਵ) ਤਰ ਗਏ ਹਨ ॥੪੦॥

ਗੁਰਮੁਖਿ ਚੂਕੈ ਆਵਣ ਜਾਣੁ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ,

ਗੁਰਮੁਖਿ ਦਰਗਹ ਪਾਵੈ ਮਾਣੁ ॥

ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਲੈਂਦਾ ਹੈ।

ਗੁਰਮੁਖਿ ਖੋਟੇ ਖਰੇ ਪਛਾਣੁ ॥

ਗੁਰੂ ਦੇ ਸਨਮੁਖ ਮਨੁੱਖ ਖੋਟੇ ਤੇ ਖਰੇ ਕੰਮਾਂ ਦਾ ਭੇਤੀ ਹੋ ਜਾਂਦਾ ਹੈ।

ਗੁਰਮੁਖਿ ਲਾਗੈ ਸਹਜਿ ਧਿਆਨੁ ॥

(ਇਸ ਵਾਸਤੇ ਖੋਟੇ ਕੰਮਾਂ ਵਿਚ ਫਸਦਾ ਨਹੀਂ ਤੇ) ਅਡੋਲਤਾ ਵਿਚ ਉਸ ਦੀ ਸੁਰਤ ਜੁੜੀ ਰਹਿੰਦੀ ਹੈ।

ਗੁਰਮੁਖਿ ਦਰਗਹ ਸਿਫਤਿ ਸਮਾਇ ॥

ਗੁਰਮੁਖਿ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ।

ਨਾਨਕ ਗੁਰਮੁਖਿ ਬੰਧੁ ਨ ਪਾਇ ॥੪੧॥

(ਇਸ ਤਰ੍ਹਾਂ) ਹੇ ਨਾਨਕ! ਗੁਰਮੁਖ (ਦੀ ਜ਼ਿੰਦਗੀ) ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੋਕ ਨਹੀਂ ਪੈਂਦੀ ॥੪੧॥

ਗੁਰਮੁਖਿ ਨਾਮੁ ਨਿਰੰਜਨ ਪਾਏ ॥

ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਨਿਰੰਜਨ ਦਾ ਨਾਮ ਪ੍ਰਾਪਤ ਕਰਦਾ ਹੈ,

ਗੁਰਮੁਖਿ ਹਉਮੈ ਸਬਦਿ ਜਲਾਏ ॥

(ਕਿਉਂਕਿ) ਉਹ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ।

ਗੁਰਮੁਖਿ ਸਾਚੇ ਕੇ ਗੁਣ ਗਾਏ ॥

ਗੁਰੂ ਦੇ ਸਨਮੁਖ ਹੋ ਕੇ ਮਨੁੱਖ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ,

ਗੁਰਮੁਖਿ ਸਾਚੈ ਰਹੈ ਸਮਾਏ ॥

ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ।

ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ ॥

ਸੱਚੇ ਨਾਮ ਵਿਚ ਜੁੜੇ ਰਹਿਣ ਕਰਕੇ ਗੁਰਮੁਖ ਨੂੰ ਉੱਚੀ ਇੱਜ਼ਤ ਮਿਲਦੀ ਹੈ।

ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥

ਹੇ ਨਾਨਕ! ਗੁਰਮੁਖ ਮਨੁੱਖ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ (ਭਾਵ, ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਸਾਰੇ ਹੀ ਭਵਨਾਂ ਵਿਚ ਮੌਜੂਦ ਹੈ) ॥੪੨॥

ਕਵਣ ਮੂਲੁ ਕਵਣ ਮਤਿ ਵੇਲਾ ॥

(ਪ੍ਰਸ਼ਨ:)-(ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ?

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥

ਤੇਰਾ ਕੌਣ ਗੁਰੂ ਹੈ, ਜਿਸ ਦਾ ਤੂੰ ਚੇਲਾ ਹੈਂ?

ਕਵਣ ਕਥਾ ਲੇ ਰਹਹੁ ਨਿਰਾਲੇ ॥

ਕੇਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈਂ?

ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥

ਨਾਨਕ ਕਹਿੰਦਾ ਹੈ (ਜੋਗੀਆਂ ਨੇ ਕਿਹਾ-) ਹੇ ਬਾਲਕ (ਨਾਨਕ!) ਸੁਣ,

ਏਸੁ ਕਥਾ ਕਾ ਦੇਇ ਬੀਚਾਰੁ ॥

(ਅਸਾਨੂੰ) ਇਸ ਗੱਲ ਦੀ ਭੀ ਵਿਚਾਰ ਦੱਸ,

ਭਵਜਲੁ ਸਬਦਿ ਲੰਘਾਵਣਹਾਰੁ ॥੪੩॥

(ਅਸਾਨੂੰ ਇਹ ਗੱਲ ਭੀ ਸਮਝਾ ਕਿ ਕਿਵੇਂ) ਸ਼ਬਦ ਦੀ ਰਾਹੀਂ (ਗੁਰੂ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ ॥੪੩॥

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥

(ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ।

ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥

ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।

ਅਕਥ ਕਥਾ ਲੇ ਰਹਉ ਨਿਰਾਲਾ ॥

ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।

ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥

ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ।

ਏਕੁ ਸਬਦੁ ਜਿਤੁ ਕਥਾ ਵੀਚਾਰੀ ॥

ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ,

ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥

(ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ॥੪੪॥

ਮੈਣ ਕੇ ਦੰਤ ਕਿਉ ਖਾਈਐ ਸਾਰੁ ॥

(ਪ੍ਰਸ਼ਨ:) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ?

ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥

ਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ?

ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥

ਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ,

ਕਵਨ ਗੁਫਾ ਜਿਤੁ ਰਹੈ ਅਵਾਹਨੁ ॥

ਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ?

ਇਤ ਉਤ ਕਿਸ ਕਉ ਜਾਣਿ ਸਮਾਵੈ ॥

ਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ?

ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥

ਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ)? ॥੪੫॥

ਹਉ ਹਉ ਮੈ ਮੈ ਵਿਚਹੁ ਖੋਵੈ ॥

(ਉੱਤਰ:) (ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ) ਮਨ ਵਿਚੋਂ ਖ਼ੁਦ-ਗ਼ਰਜ਼ੀ ਦੂਰ ਕਰਦਾ ਹੈ,

ਦੂਜਾ ਮੇਟੈ ਏਕੋ ਹੋਵੈ ॥

ਵਿਤਕਰਾ ਮਿਟਾ ਦੇਂਦਾ ਹੈ, (ਸਭ ਨਾਲ) ਸਾਂਝ ਬਣਾਂਦਾ ਹੈ।

ਜਗੁ ਕਰੜਾ ਮਨਮੁਖੁ ਗਾਵਾਰੁ ॥

(ਪਰ) ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ, ਜੀਵਨ ਦੁੱਖਾਂ ਦੀ ਖਾਣ ਹੈ)।

ਸਬਦੁ ਕਮਾਈਐ ਖਾਈਐ ਸਾਰੁ ॥

ਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿਚ ਤੁਰੀਏ)। (ਬੱਸ! ਇਹ ਹੈ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚੱਬਣਾ)।

ਅੰਤਰਿ ਬਾਹਰਿ ਏਕੋ ਜਾਣੈ ॥

ਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ,

ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥੪੬॥

ਹੇ ਨਾਨਕ! ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿਚ ਤੁਰਿਆਂ ਮਿਟ ਜਾਂਦੀ ਹੈ ॥੪੬॥

ਸਚ ਭੈ ਰਾਤਾ ਗਰਬੁ ਨਿਵਾਰੈ ॥

ਜੋ ਮਨੁੱਖ ਸਦਾ ਕਾਦਿਮ ਰਹਿਣ ਵਾਲੇ ਪ੍ਰਭੂ ਦੇ ਡਰ ਵਿਚ ਰੱਤਾ ਹੋਇਆ ਹੈ (ਭਾਵ, ਜਿਸ ਦੇ ਅੰਦਰ ਸਦਾ ਪ੍ਰਭੂ ਦਾ ਡਰ ਮੌਜੂਦ ਹੈ) ਉਹ ਅਹੰਕਾਰ ਦੂਰ ਕਰ ਦੇਂਦਾ ਹੈ,

ਏਕੋ ਜਾਤਾ ਸਬਦੁ ਵੀਚਾਰੈ ॥

ਉਹ (ਸਦਾ) ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ (ਤੇ ਸ਼ਬਦ ਦੀ ਸਹੈਤਾ ਨਾਲ) ਉਸ ਨੇ (ਹਰ ਥਾਂ) ਇੱਕ ਪ੍ਰਭੂ ਨੂੰ ਪਛਾਣ ਲਿਆ ਹੈ।

ਸਬਦੁ ਵਸੈ ਸਚੁ ਅੰਤਰਿ ਹੀਆ ॥

ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਸ ਦੇ ਅੰਦਰ ਪ੍ਰਭੂ (ਆਪ) ਵੱਸਦਾ ਹੈ,

ਤਨੁ ਮਨੁ ਸੀਤਲੁ ਰੰਗਿ ਰੰਗੀਆ ॥

ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ,

ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥

(ਕਿਉਂਕਿ) ਉਹ ਆਪਣੇ ਅੰਦਰੋਂ ਕਾਮ ਕ੍ਰੋਪ-ਰੂਪ ਜ਼ਹਿਰ ਤੇ ਤ੍ਰਿਸ਼ਨਾ ਦੀ ਅੱਗ ਮਿਟਾ ਲੈਂਦਾ ਹੈ।

ਨਾਨਕ ਨਦਰੀ ਨਦਰਿ ਪਿਆਰੇ ॥੪੭॥

ਹੇ ਨਾਨਕ! ਉਹ ਮਨੁੱਖ ਮੇਹਰ ਕਰਨ ਵਾਲੇ ਪਿਆਰੇ ਪ੍ਰਭੂ ਦੀ ਨਜ਼ਰ ਵਿਚ ਰਹਿੰਦਾ ਹੈ ॥੪੭॥

ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ ॥

(ਜੋਗੀਆਂ ਦਾ ਪ੍ਰਸ਼ਨ) ਕਿਸ ਤਰ੍ਹਾਂ (ਮਨੁੱਖ ਦੇ ਮਨ ਵਿਚ) ਸੀਤਲਤਾ ਦਾ ਘਰ ਚੰਦ੍ਰਮਾ ਟਿਕਿਆ ਰਹੇ (ਭਾਵ, ਕਿਸ ਤਰ੍ਹਾਂ ਮਨ ਵਿਚ ਸਦਾ ਠੰਡ-ਸ਼ਾਂਤੀ ਬਣੀ ਰਹੇ)?

ਕਵਨ ਮੁਖਿ ਸੂਰਜੁ ਤਪੈ ਤਪਾਇਆ ॥

ਕਿਸ ਤਰ੍ਹਾਂ (ਮਨ ਵਿਚ) ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ (ਭਾਵ, ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹੇ)?

ਕਵਨ ਮੁਖਿ ਕਾਲੁ ਜੋਹਤ ਨਿਤ ਰਹੈ ॥

ਕਿਸ ਤਰ੍ਹਾਂ ਕਾਲ ਨਿਤ ਤੱਕਣੋਂ ਰਹਿ ਜਾਏ (ਭਾਵ, ਕਿਵੇਂ ਹਰ ਵੇਲੇ ਦਾ ਮੌਤ ਦਾ ਸਹਿਮ ਮੁੱਕ ਜਾਏ)?

ਕਵਨ ਬੁਧਿ ਗੁਰਮੁਖਿ ਪਤਿ ਰਹੈ ॥

ਉਹ ਕੇਹੜੀ ਸਮਝ ਹੈ ਜਿਸ ਕਰਕੇ ਗੁਰਮੁਖਿ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ?

ਕਵਨੁ ਜੋਧੁ ਜੋ ਕਾਲੁ ਸੰਘਾਰੈ ॥

ਉਹ ਕੇਹੜਾ ਸੂਰਮਾ ਹੈ ਜੋ ਮੌਤ ਨੂੰ (ਮੌਤ ਦੇ ਭਉ ਨੂੰ) ਮਾਰ ਲੈਂਦਾ ਹੈ?

ਬੋਲੈ ਬਾਣੀ ਨਾਨਕੁ ਬੀਚਾਰੈ ॥੪੮॥

ਨਾਨਕ ਕਹਿੰਦਾ ਹੈ, ‘ਗੋਸਟਿ’ ਦੇ ਸਿਲਸਿਲੇ ਵਿਚ (ਜੋਗੀਆਂ ਨੇ ਪੁੱਛਿਆ-) ਕਿ ਇਹ ਵੀਚਾਰ ਦੀ ਗੱਲ ਦੱਸੋ ॥੪੮॥

ਸਬਦੁ ਭਾਖਤ ਸਸਿ ਜੋਤਿ ਅਪਾਰਾ ॥

(ਉੱਤਰ:) (ਜਦੋਂ) ਸਤਿਗੁਰੂ ਦਾ ਸ਼ਬਦ ਉੱਚਾਰਦਿਆਂ (ਹਿਰਦੇ ਵਿਚ) ਚੰਦ੍ਰਮਾ ਦੀ ਅਪਾਰ ਜੋਤਿ ਪਰਗਟ ਹੋ ਜਾਂਦੀ ਹੈ (ਭਾਵ, ਹਿਰਦੇ ਵਿਚ ਸ਼ਾਂਤੀ ਪੈਦਾ ਹੁੰਦੀ ਹੈ),

ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥

ਚੰਦ੍ਰਮਾ ਦੇ ਘਰ ਵਿਚ ਸੂਰਜ ਆ ਵੱਸਦਾ ਹੈ (ਭਾਵ, ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ, ਤਦੋਂ ਅਗਿਆਨਤਾ ਦਾ) ਹਨੇਰਾ ਮਿਟ ਜਾਂਦਾ ਹੈ।

ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ ॥

(ਗੁਰ-ਸ਼ਬਦ ਦੀ ਬਰਕਤਿ ਨਾਲ ਜਦੋਂ ਗੁਰਮੁਖਿ) ਸੁਖ ਅਤੇ ਦੁੱਖ ਨੂੰ ਇਕੋ ਜਿਹਾ ਜਾਣ ਕੇ ‘ਨਾਮ’ ਨੂੰ (ਜ਼ਿੰਦਗੀ ਦਾ) ਆਸਰਾ ਬਣਾਂਦਾ ਹੈ (ਭਾਵ, ਜਦੋਂ ਨਾਹ ਸੁਖ ਵਿਚ ਤੇ ਨਾਹ ਦੁੱਖ ਵੇਲੇ ਪ੍ਰਭੂ ਨੂੰ ਭੁਲਾਵੇ)

ਆਪੇ ਪਾਰਿ ਉਤਾਰਣਹਾਰਾ ॥

(ਤਦੋਂ) ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ (“ਦੁਤਰ ਸਾਗਰ” ਤੋਂ) ਪਾਰ ਲੰਘਾ ਲੈਂਦਾ ਹੈ।

ਗੁਰ ਪਰਚੈ ਮਨੁ ਸਾਚਿ ਸਮਾਇ ॥

ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ (ਗੁਰਮੁਖ ਦਾ) ਮਨ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ,

ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੪੯॥

ਤੇ ਨਾਨਕ ਬੇਨਤੀ ਕਰਦਾ ਹੈ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ ॥੪੯॥

ਨਾਮ ਤਤੁ ਸਭ ਹੀ ਸਿਰਿ ਜਾਪੈ ॥

ਪ੍ਰਭੂ ਦੇ ਨਾਮ ਦੀ ਸੱਚਾਈ (ਹਿਰਦੇ ਵਿਚ ਸਹੀ ਕਰਨੀ) ਸਾਰੇ ਜਾਪਾਂ ਦਾ ਸ਼ਿਰੋਮਣੀ (ਜਾਪ) ਹੈ।

ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥

ਜਦ ਤਕ ਹਿਰਦੇ ਵਿਚ ਨਾਮ (-ਤੱਤ) ਸਹੀ ਨਹੀਂ ਹੁੰਦਾ, (ਮਨੁੱਖ ਨੂੰ ਕਈ ਕਿਸਮ ਦਾ) ਦੁੱਖ ਸਤਾਂਦਾ ਹੈ ਮੌਤ ਦਾ ਡਰ ਦੁਖੀ ਕਰਦਾ ਹੈ।

ਤਤੋ ਤਤੁ ਮਿਲੈ ਮਨੁ ਮਾਨੈ ॥

(ਜਦੋਂ ਹਿਰਦੇ ਵਿਚ) ਨਿਰੋਲ ਪ੍ਰਭੂ-ਨਾਮ ਦੀ ਸੱਚਾਈ (ਭਾਵ, ਇਹ ਸਰਧਾ ਕਿ ਪ੍ਰਭੂ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ) ਪਰਗਟ ਹੋ ਜਾਂਦੀ ਹੈ ਤਾਂ (ਮਨੁੱਖ ਦਾ) ਮਨ (ਉਸ ਸੱਚਾਈ ਵਿਚ) ਪਤੀਜ ਜਾਂਦਾ ਹੈ,

ਦੂਜਾ ਜਾਇ ਇਕਤੁ ਘਰਿ ਆਨੈ ॥

ਮੇਰ-ਤੇਰ ਵਾਲਾ ਸੁਭਾਉ ਦੂਰ ਹੋ ਜਾਂਦਾ ਹੈ, ਮਨੁੱਖ ਏਕਤਾ ਦੇ ਘਰ ਵਿਚ ਆ ਟਿਕਦਾ ਹੈ।

ਬੋਲੈ ਪਵਨਾ ਗਗਨੁ ਗਰਜੈ ॥

ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ, ਰੱਬੀ ਮਿਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਹੈ,

ਨਾਨਕ ਨਿਹਚਲੁ ਮਿਲਣੁ ਸਹਜੈ ॥੫੦॥

(ਤੇ, ਇਸ ਤਰ੍ਹਾਂ) ਹੇ ਨਾਨਕ! ਸਹਜ ਅਵਸਥਾ ਵਿਚ ਟਿਕਿਆਂ (ਜੀਵ ਤੇ ਪ੍ਰਭੂ ਦਾ) ਮਿਲਾਪ (ਸਦਾ ਲਈ) ਪੱਕਾ ਹੋ ਜਾਂਦਾ ਹੈ ॥੫੦॥

ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥

(ਜਦੋਂ ਹਿਰਦੇ ਵਿਚ ਨਿਰੋਲ ਪ੍ਰਭੂ-ਨਾਮ ਦੀ ਸੱਚਾਈ ਪਰਗਟ ਹੋ ਪੈਂਦੀ ਹੈ ਤਾਂ ਇਹ ਯਕੀਨ ਬਣ ਜਾਂਦਾ ਹੈ ਕਿ) ਅੰਦਰ ਤੇ ਬਾਹਰ (ਭਾਵ, ਗੁਪਤ ਤੇ ਪਰਗਟ, ਦਿੱਸਦੇ ਤੇ ਅਣਦਿੱਸਦੇ ਪਦਾਰਥਾਂ ਵਿਚ ਹਰ ਥਾਂ) ਸਾਰੀ ਤ੍ਰਿਲੋਕੀ ਵਿਚ ਉਹੀ ਪ੍ਰਭੂ ਵਿਆਪਕ ਹੈ ਜਿਸ ਵਿਚ ਮਾਇਆ ਵਾਲੇ ਫੁਰਨੇ ਨਹੀਂ ਉਠਦੇ (ਕਿਉਂਕਿ ਮਾਇਆ ਤਾਂ ਉਸ ਦੀ ਆਪਣੀ ਬਣਾਈ ਖੇਡ ਹੈ)।

ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥

ਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ (ਸਹੀ ਤੌਰ ਤੇ) ਸਮਝ ਲੈਂਦਾ ਹੈ, ਉਸ ਨੂੰ ਭੀ (ਚਉਥੀ ਅਵਸਥਾ ਵਿਚ ਟਿਕਿਆ ਹੋਣ ਕਰਕੇ) ਪਾਪ ਤੇ ਪੁੰਨ ਪੋਹ ਨਹੀਂ ਸਕਦਾ (ਭਾਵ, ਕੋਈ ਪਾਪ ਕਿਸੇ ਕੁਕਰਮ ਵਲ ਨਹੀਂ ਪ੍ਰੇਰਦਾ ਅਤੇ ਕੋਈ ਪੁੰਨ-ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ)।

ਘਟਿ ਘਟਿ ਸੁੰਨ ਕਾ ਜਾਣੈ ਭੇਉ ॥

ਜੋ ਮਨੁੱਖ ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ ਭੇਤ ਜਾਣ ਲੈਂਦਾ ਹੈ (ਭਾਵ, ਜੋ ਮਨੁੱਖ ਇਹ ਦ੍ਰਿੜ੍ਹ ਕਰ ਲੈਂਦਾ ਹੈ ਕਿ ਪ੍ਰਭੂ ਹਰੇਕ ਘਟ ਵਿਚ ਮੌਜੂਦ ਭੀ ਹੈ, ਤੇ ਫਿਰ ਭੀ ਨਿਰਲੇਪ ਹੈ, ਉਹ ਮਨੁੱਖ ਭੀ ਦੁਨੀਆ ਵਿਚ ਰਹਿੰਦਾ ਹੋਇਆ ਨਿਰਲੇਪ ਹੋ ਕੇ)

ਆਦਿ ਪੁਰਖੁ ਨਿਰੰਜਨ ਦੇਉ ॥

ਆਦਿ ਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ।

ਜੋ ਜਨੁ ਨਾਮ ਨਿਰੰਜਨ ਰਾਤਾ ॥

ਜੋ ਮਨੁੱਖ ਮਾਇਆ ਤੋਂ ਰਹਿਤ ਪਰਮਾਤਮਾ ਦੇ ਨਾਮ ਦਾ ਮਤਵਾਲਾ ਹੈ,

ਨਾਨਕ ਸੋਈ ਪੁਰਖੁ ਬਿਧਾਤਾ ॥੫੧॥

ਹੇ ਨਾਨਕ! ਉਹੀ ਸਿਰਜਨਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੫੧॥

ਸੁੰਨੋ ਸੁੰਨੁ ਕਹੈ ਸਭੁ ਕੋਈ ॥

ਹਰੇਕ ਮਨੁੱਖ “ਅਫੁਰ ਅਵਸਥਾ” ਦਾ ਜ਼ਿਕਰ ਕਰਦਾ ਹੈ,

ਅਨਹਤ ਸੁੰਨੁ ਕਹਾ ਤੇ ਹੋਈ ॥

(ਪਰ ਅਮਲੀ ਜੀਵਨ ਵਿਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ ਕਿ) ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਹੈ (ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜੀਵਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ)।

ਅਨਹਤ ਸੁੰਨਿ ਰਤੇ ਸੇ ਕੈਸੇ ॥

(ਕਹਣ-ਮਾਤ੍ਰ ਜੇ ਕੋਈ ਪੁੱਛੇ ਕਿ) ਅਫੁਰ ਅਵਸਥਾ ਵਿਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ,

ਜਿਸ ਤੇ ਉਪਜੇ ਤਿਸ ਹੀ ਜੈਸੇ ॥

(ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ।

ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥

ਉਹ ਮਨੁੱਖ (ਮੁੜ ਮੁੜ) ਨਾਹ ਜੰਮਦੇ ਹਨ ਨਾਹ ਮਰਦੇ ਹਨ, ਉਹਨਾਂ ਦਾ ਆਵਾ-ਗਵਨ ਦਾ ਚੱਕਰ ਮੁੱਕ ਜਾਂਦਾ ਹੈ,

ਨਾਨਕ ਗੁਰਮੁਖਿ ਮਨੁ ਸਮਝਾਹਿ ॥੫੨॥

ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਉਤੇ ਤੁਰ ਕੇ ਮਨ ਨੂੰ ਸੁਮੱਤੇ ਲਾਂਦੇ ਹਨ ॥੫੨॥

ਨਉ ਸਰ ਸੁਭਰ ਦਸਵੈ ਪੂਰੇ ॥

(ਨਾਮ ਦੀ ਬਰਕਤਿ ਨਾਲ) ਜਦੋਂ ਨੌ ਗੋਲਕਾਂ ਨਕਾ-ਨਕ ਭਰੀਜ ਕੇ (ਭਾਵ, ਬਾਹਰ ਵਲ ਦੇ ਵਹਿਣ ਬੰਦ ਕਰ ਕੇ, ਮਾਇਕ ਪਦਾਰਥਾਂ ਵਲ ਦੀ ਦੌੜ ਮਿਟਾ ਕੇ) ਦਸਵੇਂ ਸਰ ਵਿਚ (ਭਾਵ, ਪ੍ਰਭੂ-ਮਿਲਾਪ ਦੀ ਅਵਸਥਾ ਵਿਚ) ਜਾ ਪੈਂਦੀਆਂ ਹਨ,

ਤਹ ਅਨਹਤ ਸੁੰਨ ਵਜਾਵਹਿ ਤੂਰੇ ॥

ਤਦੋਂ (ਗੁਰਮੁਖ) ਇੱਕ-ਰਸ ਅਫੁਰ ਅਵਸਥਾ ਦੇ ਵਾਜੇ ਵਜਾਉਂਦੇ ਹਨ (ਭਾਵ, ਅਫੁਰ ਅਵਸਥਾ ਉਹਨਾਂ ਦੇ ਅੰਦਰ ਇਤਨੀ ਬਲ ਵਾਲੀ ਹੋ ਜਾਂਦੀ ਹੈ ਕਿ ਹੋਰ ਫੁਰਨਾ ਉਥੇ ਆ ਹੀ ਨਹੀਂ ਸਕਦਾ)।

ਸਾਚੈ ਰਾਚੇ ਦੇਖਿ ਹਜੂਰੇ ॥

(ਇਸ ਅਵਸਥਾ ਵਿਚ ਅੱਪੜੇ ਹੋਏ ਗੁਰਮੁਖ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਗ-ਸੰਗ ਵੇਖ ਕੇ ਉਸ ਵਿਚ ਟਿਕੇ ਰਹਿੰਦੇ ਹਨ।

ਘਟਿ ਘਟਿ ਸਾਚੁ ਰਹਿਆ ਭਰਪੂਰੇ ॥

ਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘਟ ਵਿਚ ਵਿਆਪਕ ਦਿੱਸਦਾ ਹੈ।

ਗੁਪਤੀ ਬਾਣੀ ਪਰਗਟੁ ਹੋਇ ॥

(ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਉਹ) ਲੁਕਵੀਂ (ਰੱਬੀ ਜੀਵਨ ਦੀ) ਰੌ ਪਰਗਟ ਹੁੰਦੀ ਹੈ (ਭਾਵ, ਜਿਸ ਨੂੰ ਉਹ ਆਪਣੇ ਅੰਗ-ਸੰਗ ਤੇ ਸਭ ਵਿਚ ਵਿਆਪਕ ਦਿੱਸ ਪੈਂਦਾ ਹੈ),

ਨਾਨਕ ਪਰਖਿ ਲਏ ਸਚੁ ਸੋਇ ॥੫੩॥

ਹੇ ਨਾਨਕ! ਉਹ ਮਨੁੱਖ ਉਸ ਸੱਚੇ ਪ੍ਰਭੂ (ਦੇ ਨਾਮ-ਰੂਪ ਸਉਦੇ) ਦੀ ਕਦਰ ਸਮਝ ਲੈਂਦਾ ਹੈ ॥੫੩॥

ਸਹਜ ਭਾਇ ਮਿਲੀਐ ਸੁਖੁ ਹੋਵੈ ॥

ਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ।

ਗੁਰਮੁਖਿ ਜਾਗੈ ਨੀਦ ਨ ਸੋਵੈ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ।

ਸੁੰਨ ਸਬਦੁ ਅਪਰੰਪਰਿ ਧਾਰੈ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ।

ਕਹਤੇ ਮੁਕਤੁ ਸਬਦਿ ਨਿਸਤਾਰੈ ॥

(ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ।

ਗੁਰ ਕੀ ਦੀਖਿਆ ਸੇ ਸਚਿ ਰਾਤੇ ॥

ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ।

ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥

ਹੇ ਨਾਨਕ! ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ ॥੫੪॥

ਕੁਬੁਧਿ ਚਵਾਵੈ ਸੋ ਕਿਤੁ ਠਾਇ ॥

(ਪ੍ਰਸ਼ਨ:) ਇਹ ਗੱਲ ਕਿਸ ਥਾਂ ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਭੈੜੀ ਮੱਤ ਦੂਰ ਕਰ ਲਏ?

ਕਿਉ ਤਤੁ ਨ ਬੂਝੈ ਚੋਟਾ ਖਾਇ ॥

ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ,

ਜਮ ਦਰਿ ਬਾਧੇ ਕੋਇ ਨ ਰਾਖੈ ॥

ਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ,

ਬਿਨੁ ਸਬਦੈ ਨਾਹੀ ਪਤਿ ਸਾਖੈ ॥

ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ, ਇਤਬਾਰ ਨਹੀਂ (ਭਾਵ, ਗੁਰੂ ਦੇ ਸ਼ਬਦ ਅਨੁਸਾਰ ਨਾਹ ਤੁਰਨ ਕਰਕੇ ਮਨੁੱਖ ਲੋਕਾਂ ਵਿਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ, ਦੁਨੀਆ ਦੀਆਂ ਮੌਜਾਂ ਵਿਚ ਫਸਿਆ ਹੋਣ ਕਰਕੇ ਮੌਤ ਤੋਂ ਭੀ ਹਰ ਵੇਲੇ ਡਰਦਾ ਹੈ ਇਹੋ ਜਿਹੀਆ ਸੱਟਾਂ ਸਦਾ ਖਾਂਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਫਿਰ ਭੀ ਅਸਲੀਅਤ ਨੂੰ ਸਮਝਦਾ ਨਹੀਂ। ਇਹ ਕਿਉਂ?)।

ਕਿਉ ਕਰਿ ਬੂਝੈ ਪਾਵੈ ਪਾਰੁ ॥

ਇਹ ਕਿਵੇਂ ਸਮਝੇ ਤੇ (‘ਦੁੱਤਰ ਸਾਗਰ’ ਦੇ) ਪਾਰਲੇ ਕੰਢੇ ਲੱਗੇ?

ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥

ਹੇ ਨਾਨਕ! ਮਨਮੁਖ ਮੂਰਖ ਸਮਝਦਾ ਨਹੀਂ ॥੫੫॥

ਕੁਬੁਧਿ ਮਿਟੈ ਗੁਰਸਬਦੁ ਬੀਚਾਰਿ ॥

(ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ।

ਸਤਿਗੁਰੁ ਭੇਟੈ ਮੋਖ ਦੁਆਰ ॥

ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਭੈੜੀ ਮਤ ਤੋਂ ਖ਼ਲਾਸੀ ਦਾ ਰਾਹ ਲੱਭ ਪੈਂਦਾ ਹੈ।

ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥

(ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ,

ਦੁਰਮਤਿ ਵਿਛੁੜਿ ਚੋਟਾ ਖਾਇ ॥

ਦੁਰਮੱਤ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ।

ਮਾਨੈ ਹੁਕਮੁ ਸਭੇ ਗੁਣ ਗਿਆਨ ॥

ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ।

ਨਾਨਕ ਦਰਗਹ ਪਾਵੈ ਮਾਨੁ ॥੫੬॥

ਹੇ ਨਾਨਕ!ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੫੬॥

ਸਾਚੁ ਵਖਰੁ ਧਨੁ ਪਲੈ ਹੋਇ ॥

ਜਿਸ ਮਨੁੱਖ ਨੇ ਸੱਚਾ ਸਉਦਾ ਨਾਮ-ਧਨ ਖੱਟਿਆ ਹੈ,

ਆਪਿ ਤਰੈ ਤਾਰੇ ਭੀ ਸੋਇ ॥

ਉਹ ਆਪ (‘ਦੁੱਤਰ ਸਾਗਰ’ ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ।

ਸਹਜਿ ਰਤਾ ਬੂਝੈ ਪਤਿ ਹੋਇ ॥

ਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ,

ਤਾ ਕੀ ਕੀਮਤਿ ਕਰੈ ਨ ਕੋਇ ॥

ਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ।

ਜਹ ਦੇਖਾ ਤਹ ਰਹਿਆ ਸਮਾਇ ॥

ਉਹ ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ

ਨਾਨਕ ਪਾਰਿ ਪਰੈ ਸਚ ਭਾਇ ॥੫੭॥

ਹੇ ਨਾਨਕ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ (‘ਦੁਤਰ ਸਾਗਰ’ ਤੋਂ) ਪਾਰ ਲੰਘ ਜਾਂਦਾ ਹੈ ॥੫੭॥

ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥

(ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ?

ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ ॥

‘ਪ੍ਰਾਣ’ (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਦਾ ਕੀਹ ਆਸਰਾ ਹੈ?

ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥

(ਜੋ ਜੀਵਾਤਮਾ ਇਸ ਸਰੀਰ ਵਿਚ) ਬੋਲਦਾ ਤੇ ਕਲੋਲ ਕਰਦਾ ਹੈ, ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ।

ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥

ਨਾਨਕ ਕਹਿੰਦਾ ਹੈ (ਜੋਗੀਆਂ ਨੇ ਪੁੱਛਿਆ) ਹੇ ਸੁਆਮੀ! ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸੁਮੱਤੇ ਲਾ ਸਕਦਾ ਹੈ?

ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥

(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਗੁਰੂ ਸ਼ਬਦ ਦੀ ਰਾਹੀਂ ਉਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ,

ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥

(ਕਿਉਂਕਿ) ਪ੍ਰਭੂ (ਉਸ ਦੇ ਦਿਲ ਦੀ) ਆਪ ਹੀ ਜਾਣਦਾ ਹੈ, ਆਪ ਹੀ ਪਛਾਣਦਾ ਹੈ। (ਇਸ ਤਰ੍ਹਾਂ) ਉੱਚੀ ਕਿਸਮਤ ਕਰਕੇ (ਗੁਰਮੁਖਿ ਮਨੁੱਖ ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ ॥੫੮॥

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥

(ਜਿਸ ‘ਸ਼ਬਦ’ ਦੀ ਰਾਹੀਂ “ਦੁੱਤਰ ਸਾਗਰ” ਤਰੀਦਾ ਹੈ) ਉਸ ‘ਸ਼ਬਦ’ ਨੂੰ ਇੱਕ-ਰਸ ਥਾਂ (ਮਿਲਿਆ ਹੋਇਆ) ਹੈ (ਭਾਵ, ਉਹ ਸ਼ਬਦ ਹਰ ਥਾਂ ਭਰਪੂਰ ਹੈ), ‘ਸ਼ਬਦ’ ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ।

ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥

ਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ ‘ਸ਼ਬਦ’ ਦਾ ਵਾਸ (ਹਰ ਥਾਂ) ਹੈ। ‘ਸ਼ਬਦ’ ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ ‘ਪ੍ਰਭੂ’ ਤੇ ਪ੍ਰਭੂ ਦੀ ਸਿਫ਼ਤ ਦਾ ‘ਸ਼ਬਦ’ ਇੱਕ ਹੀ ਹਨ)।

ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥

ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ ‘ਸ਼ਬਦ’ ਵੱਸਦਾ ਹੈ, ਉਹ ਮਨੁੱਖ ਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ,

ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੁੋ ਮੰਨਿ ਵਸਾਏ ॥

ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ।

ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥

ਸਤਿਗੁਰ ਦੇ ‘ਸ਼ਬਦ’ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ। (ਜੋ ਤਰਿਆ ਹੈ ਉਹ) ਇਥੇ ਉਥੇ (ਲੋਕ ਪਰਲੋਕ ਵਿਚ ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ।

ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥

ਹੇ ਨਾਨਕ! ਜੋ ਮਨੁੱਖ ਇਸ ‘ਸ਼ਬਦ’ ਨੂੰ ਪਛਾਣ ਲੈਂਦਾ ਹੈ ‘ਸ਼ਬਦ’ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਭਾਵ, ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਜਾਂਦੀ ਹੈ) ॥੫੯॥

ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥

(ਉੱਤਰ:) ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਅਫੁਰ ਸੱਚਾ ਪ੍ਰਭੂ ਹੈ (ਭਾਵ, ਸੁਆਸ ਸੁਆਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ)।

ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ (ਸੁਆਸ ਸੁਆਸ ਪ੍ਰਭੂ ਦਾ ਨਾਮ) ਜਪਦਾ ਹੈ, ਉਹ ਅਸਲੀਅਤ (ਭਾਵ, ਜਗਤ ਦਾ ਮੂਲ) ਹਾਸਲ ਕਰ ਲੈਂਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ)।

ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥

ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ।

ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥

(ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ।

ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥

ਹੇ ਨਾਨਕ! ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,

ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥

(ਭਾਵ, ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥

ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥

(ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?)

ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥

ਹੇ ਜੋਗੀ! ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ?

ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥

(ਉੱਤਰ:) ਹੇ ਜੋਗੀ! ਸਤਿਗੁਰੂ ਦੇ ਸ਼ਬਦ ਤੋਂ ਬਿਨਾਂ (ਪ੍ਰਾਣਾਂ ਨੂੰ) ਰਸ ਨਹੀਂ ਆਉਂਦਾ (ਭਾਵ, ਗੁਰੂ ਦਾ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ, ਪ੍ਰਾਨਾਂ ਦੀ ਖ਼ੁਰਾਕ ਹੈ)। ਗੁਰੂ-ਸ਼ਬਦ ਤੋਂ ਬਿਨਾ ਹਉਮੈ ਦੀ ਤ੍ਰੇਹ ਨਹੀਂ ਮਿਟਦੀ।

ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ ॥

ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਨੂੰ ਸਦਾ ਟਿਕੇ ਰਹਿਣ ਵਾਲਾ ਨਾਮ-ਰਸ ਮਿਲ ਜਾਂਦਾ ਹੈ, ਉਹ ਸੱਚੇ ਪ੍ਰਭੂ ਵਿਚ ਰੱਜੇ ਰਹਿੰਦੇ ਹਨ (ਭਾਵ, ਨਾਮ ਵਿਚ ਜੁੜ ਕੇ ਸੰਤੋਖੀ ਹੋ ਜਾਂਦੇ ਹਨ)।

ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ ॥

(ਪ੍ਰਸ਼ਨ:) ਉਹ ਕੇਹੜੀ ਮਤ ਹੈ ਜਿਸ ਦੀ ਰਾਹੀ ਮਨ ਸਦਾ ਟਿਕਿਆ ਰਹਿ ਸਕਦਾ ਹੈ? ਕੇਹੜੀ ਖ਼ੁਰਾਕ ਨਾਲ ਮਨ ਸਦਾ ਰੱਜਿਆ ਰਹਿ ਸਕੇ?

ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ ॥੬੧॥

(ਉੱਤਰ:) ਹੇ ਨਾਨਕ! ਸਤਿਗੁਰੂ ਤੋਂ (ਜੋ ਮਤ ਮਿਲਦੀ ਹੈ ਉਸ ਨਾਲ) ਦੁੱਖ ਤੇ ਸੁਖ ਇੱਕ-ਸਮਾਨ ਜਾਪਦਾ ਹੈ, ਸਤਿਗੁਰੂ ਤੋਂ (ਜੋ ਨਾਮ-ਭੋਜਨ ਮਿਲਦਾ ਹੈ, ਉਸ ਕਰਕੇ) ਮੌਤ (ਦਾ ਡਰ) ਪੋਹ ਨਹੀਂ ਸਕਦਾ ॥੬੧॥

ਰੰਗਿ ਨ ਰਾਤਾ ਰਸਿ ਨਹੀ ਮਾਤਾ ॥

(ਸ਼ਬਦ ਦੀ ਕਮਾਈ ਤੋਂ ਬਿਨਾ ਮਨੁੱਖ ਦਾ ਮਨ) ਪ੍ਰਭੂ ਦੇ ਪਿਆਰ ਵਿਚ ਰੰਗਿਆ ਨਹੀਂ ਜਾਂਦਾ ਤੇ ਉਹ ਪ੍ਰਭੂ ਦੇ ਆਨੰਦ ਵਿਚ ਖੀਵਾ ਨਹੀਂ ਹੁੰਦਾ।

ਬਿਨੁ ਗੁਰਸਬਦੈ ਜਲਿ ਬਲਿ ਤਾਤਾ ॥

ਸਤਿਗੁਰੂ ਦੇ ਸ਼ਬਦ (ਦੀ ਕਮਾਈ ਕਰਨ) ਤੋਂ ਬਿਨਾ ਮਨੁੱਖ (ਮਾਇਕ ਧੰਧਿਆਂ ਵਿਚ) ਸੜ ਬਲ ਕੇ ਖਿੱਝਦਾ ਰਹਿੰਦਾ ਹੈ,

ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥

ਜਿਸ ਮਨੁੱਖ ਨੇ ਗੁਰ-ਸ਼ਬਦ ਨਹੀਂ ਉਚਾਰਿਆ, ਉਸ ਨੇ ਜਤੀ ਬਣ ਕੇ ਕੁਝ ਨਹੀਂ ਖੱਟਿਆ।

ਪਵਨੁ ਨ ਸਾਧਿਆ ਸਚੁ ਨ ਅਰਾਧਿਆ ॥

ਜਿਸ ਨੇ ਸੱਚੇ ਪ੍ਰਭੂ ਨੂੰ ਸਿਮਰਿਆ ਨਹੀਂ, ਉਸ ਨੇ ਪ੍ਰਾਣਾਯਾਮ ਕਰ ਕੇ ਕੀਹ ਲਿਆ?

ਅਕਥ ਕਥਾ ਲੇ ਸਮ ਕਰਿ ਰਹੈ ॥

ਜੇ ਮਨੁੱਖ ਅਕੱਥ ਪ੍ਰਭੂ ਦੇ ਗੁਣ ਗਾ ਕੇ (ਦੁਖ ਸੁਖ ਨੂੰ) ਇੱਕ-ਸਮਾਨ ਜਾਣ ਕੇ ਜੀਵਨ ਬਿਤੀਤ ਕਰੇ,

ਤਉ ਨਾਨਕ ਆਤਮ ਰਾਮ ਕਉ ਲਹੈ ॥੬੨॥

ਤਾਂ ਹੇ ਨਾਨਕ! ਉਹ ਸਾਰੇ-ਸੰਸਾਰ-ਦੀ-ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ॥੬੨॥

ਗੁਰਪਰਸਾਦੀ ਰੰਗੇ ਰਾਤਾ ॥

ਸਤਿਗੁਰੂ ਦੀ ਮੇਹਰ ਨਾਲ ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੀਜਦਾ ਹੈ,

ਅੰਮ੍ਰਿਤੁ ਪੀਆ ਸਾਚੇ ਮਾਤਾ ॥

ਉਹ ਨਾਮ-ਅੰਮ੍ਰਿਤ ਪੀ ਲੈਂਦਾ ਹੈ, ਤੇ ਸੱਚੇ ਪ੍ਰਭੂ ਵਿਚ ਖੀਵਾ ਰਹਿੰਦਾ ਹੈ।

ਗੁਰ ਵੀਚਾਰੀ ਅਗਨਿ ਨਿਵਾਰੀ ॥

ਜੋ ਮਨੁੱਖ ਗੁਰ-(ਸ਼ਬਦ) ਦੀ ਰਾਹੀਂ ਵਿਚਾਰਵਾਨ ਹੋ ਗਿਆ ਹੈ ਉਸ ਨੇ (ਤ੍ਰਿਸ਼ਨਾ) ਅੱਗ ਬੁਝਾ ਲਈ ਹੈ।

ਅਪਿਉ ਪੀਓ ਆਤਮ ਸੁਖੁ ਧਾਰੀ ॥

ਉਸ ਨੇ (ਨਾਮ-) ਅੰਮ੍ਰਿਤ ਪੀ ਲਿਆ ਹੈ, ਉਸ ਨੂੰ ਆਤਮਕ ਸੁਖ ਲੱਭ ਪਿਆ ਹੈ।

ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ ॥

(ਹੇ ਜੋਗੀ!) ਗੁਰੂ ਦੇ ਰਾਹ ਤੇ ਤੁਰ ਕੇ ਸੱਚੇ ਪ੍ਰਭੂ ਦਾ ਸਿਮਰਨ ਕਰ ਕੇ (‘ਦੁਤਰ ਸਾਗਰ’ ਤੋਂ) ਪਾਰ ਲੰਘ।

ਨਾਨਕ ਬੂਝੈ ਕੋ ਵੀਚਾਰੀ ॥੬੩॥

(ਪਰ) ਹੇ ਨਾਨਕ! ਕੋਈ ਵਿਰਲਾ ਵਿਚਾਰਵਾਨ (ਇਸ ਗੱਲ ਨੂੰ) ਸਮਝਦਾ ਹੈ ॥੬੩॥

ਇਹੁ ਮਨੁ ਮੈਗਲੁ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ ॥

(ਪ੍ਰਸ਼ਨ:) ਮਸਤ ਹਾਥੀ (ਵਰਗਾ) ਇਹ ਮਨ ਕਿਥੇ ਵੱਸਦਾ ਹੈ? ਇਹ ਪ੍ਰਾਣ ਕਿਥੇ ਵੱਸਦੇ ਹਨ?

ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕਾ ਭਵਨਾ ॥

ਹੇ ਜੋਗੀ (ਨਾਨਕ!) ਉਹ ਸ਼ਬਦ ਕਿਥੇ ਵੱਸਦਾ ਹੈ (ਜਿਸ ਦੀ ਰਾਹੀਂ ਤੁਹਾਡੇ ਮਤ-ਅਨੁਸਾਰ) ਮਨ ਦੀ ਭਟਕਣਾ ਮੁੱਕਦੀ ਹੈ?

ਨਦਰਿ ਕਰੇ ਤਾ ਸਤਿਗੁਰੁ ਮੇਲੇ ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥

(ਉੱਤਰ:) ਜੇ ਪ੍ਰਭੂ ਮੇਹਰ ਦੀ ਨਿਗਾਹ ਕਰੇ ਤਾਂ ਉਹ ਸਤਿਗੁਰੂ ਮਿਲਾਂਦਾ ਹੈ ਤੇ (ਗੁਰੂ ਮਿਲਿਆਂ) ਇਹ ਮਨ ਆਪਣੇ ਹੀ ਘਰ ਵਿਚ (ਭਾਵ, ਆਪਣੇ ਆਪ ਵਿਚ) ਟਿਕ ਜਾਂਦਾ ਹੈ।

ਆਪੈ ਆਪੁ ਖਾਇ ਤਾ ਨਿਰਮਲੁ ਹੋਵੈ ਧਾਵਤੁ ਵਰਜਿ ਰਹਾਏ ॥

(ਗੁਰੂ ਦੇ ਹੁਕਮ ਵਿਚ ਤੁਰ ਕੇ ਜਦੋਂ) ਮਨ ਆਪਣੇ ਆਪ ਨੂੰ ਖਾ ਜਾਂਦਾ ਹੈ (ਭਾਵ, ਆਪਣੇ ਸੰਕਲਪ ਵਿਕਲਪ ਮੁਕਾ ਦੇਂਦਾ ਹੈ, ਜਦੋਂ ਮਨੁੱਖ ਮਨ ਦੇ ਪਿੱਛੇ ਤੁਰਨ ਦੇ ਥਾਂ ਗੁਰੂ ਦੇ ਹੁਕਮ ਵਿਚ ਤੁਰਦਾ ਹੈ) ਤਾਂ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਮਨੁੱਖ) ਮਾਇਆ ਵਲ ਦੌੜਦੇ ਮਨ ਨੂੰ ਰੋਕ ਰੱਖਦਾ ਹੈ।

ਕਿਉ ਮੂਲੁ ਪਛਾਣੈ ਆਤਮੁ ਜਾਣੈ ਕਿਉ ਸਸਿ ਘਰਿ ਸੂਰੁ ਸਮਾਵੈ ॥

(ਪ੍ਰਸ਼ਨ:) ਮਨੁੱਖ (ਜਗਤ ਦੇ) ਮੁੱਢ (ਪ੍ਰਭੂ) ਨੂੰ ਕਿਵੇਂ ਪਛਾਣੇ? ਆਪਣੇ ਆਤਮਾ ਨੂੰ ਕਿਵੇਂ ਸਮਝੇ? ਚੰਦ੍ਰਮਾ ਦੇ ਘਰ ਵਿਚ ਸੂਰਜ ਕਿਵੇਂ ਟਿਕੇ?

ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ ॥੬੪॥

(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਆਪਣੇ ਅੰਦਰੋਂ ‘ਹਉਮੈ’ ਦੂਰ ਕਰਦਾ ਹੈ, ਤਦੋਂ ਹੇ ਨਾਨਕ! ਉਹ ਸਹਿਜ ਅਵਸਥਾ ਵਿਚ ਟਿਕ ਜਾਂਦਾ ਹੈ ॥੬੪॥

ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ ॥

ਜਦੋਂ ਮਨੁੱਖ ਗੁਰੂ ਦੇ ਹੁਕਮ ਤੇ ਤੁਰ ਕੇ (ਜਗਤ ਦੇ) ਮੂਲ-(ਪ੍ਰਭੂ) ਨੂੰ ਪਛਾਣਦਾ ਹੈ (ਪ੍ਰਭੂ ਨਾਲ ਸਾਂਝ ਪਾਂਦਾ ਹੈ), ਤਾਂ ਇਹ ਮਨ ਅਡੋਲ ਹੋ ਕੇ ਹਿਰਦੇ ਵਿਚ ਟਿਕਦਾ ਹੈ।

ਨਾਭਿ ਪਵਨੁ ਘਰਿ ਆਸਣਿ ਬੈਸੈ ਗੁਰਮੁਖਿ ਖੋਜਤ ਤਤੁ ਲਹੈ ॥

ਪ੍ਰਾਣ (ਭਾਵ, ਸੁਆਸ) ਨਾਭੀ-ਰੂਪ ਘਰ ਵਿਚ ਆਸਣ ਤੇ ਬੈਠਦਾ ਹੈ (ਭਾਵ, ਪ੍ਰਾਣਾਂ ਦਾ ਆਰੰਭ ਨਾਭੀ ਤੋਂ ਹੁੰਦਾ ਹੈ), ਗੁਰੂ ਦੀ ਰਾਹੀਂ ਖੋਜ ਕਰ ਕੇ ਮਨੁੱਖ ਅਸਲੀਅਤ ਲੱਭਦਾ ਹੈ।

ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥

ਉਹ ਸ਼ਬਦ (ਜੋ ‘ਦੁਤਰ ਸਾਗਰ’ ਤੋਂ ਤਾਰਦਾ ਹੈ) ਇਕ-ਰਸ ਆਪਣੇ ਅਸਲ ਘਰ ਵਿਚ (ਭਾਵ, ਸੁੰਨ ਪ੍ਰਭੂ ਵਿਚ) ਟਿਕਦਾ ਹੈ, ਮਨੁੱਖ ਉਸ ਸ਼ਬਦ ਦੀ ਰਾਹੀਂ (ਹੀ) ਤ੍ਰਿਲੋਕੀ ਵਿਚ ਵਿਆਪਕ ਪ੍ਰਭੂ ਦੀ ਜੋਤਿ ਨੂੰ ਲੱਭਦਾ ਹੈ।

ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਿ ਰਹੈ ॥

(ਜਿਉਂ ਜਿਉਂ) ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਘ ਵਧਦੀ ਹੈ (ਤਿਉਂ ਤਿਉਂ) ਮਨੁੱਖ ਦੁੱਖਾਂ ਨੂੰ ਮੁਕਾ ਲੈਂਦਾ ਹੈ; ਸੱਚੇ ਪ੍ਰਭੂ ਵਿਚ ਹੀ ਤ੍ਰਿਪਤ ਰਹਿੰਦਾ ਹੈ।

ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ ॥

ਇਕ-ਰਸ ਵਿਆਪਕ ਰੱਬੀ ਜੀਵਨ-ਰੌ ਨੂੰ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ ਕਿਸੇ ਵਿਰਲੇ ਨੇ ਇਹ ਰਾਜ਼ ਸਮਝਿਆ ਹੈ।

ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ ਜਾਵੈ ॥੬੫॥

ਨਾਨਕ ਆਖਦਾ ਹੈ (ਜਿਸ ਨੇ ਸਮਝਿਆ ਹੈ) ਉਹ ਸੱਚੇ ਪ੍ਰਭੂ ਨੂੰ ਸਿਮਰਦਾ ਹੈ, ਸੱਚੇ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਇਹ ਰੰਗ ਕਦੇ ਉਤਰਦਾ ਨਹੀਂ ॥੬੫॥

ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ ॥

(ਪ੍ਰਸ਼ਨ:) ਜਦੋਂ ਨਾਹ ਇਹ ਹਿਰਦਾ ਸੀ ਨਾਹ ਇਹ ਸਰੀਰ ਸੀ, ਤਦੋਂ ਮਨ (ਚੇਤਨ ਸੱਤਾ) ਕਿੱਥੇ ਰਹਿੰਦਾ ਸੀ?

ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ ॥

ਜਦੋਂ ਨਾਭੀ ਦੇ ਚੱਕਰ ਦੀ ਥੰਮ੍ਹੀ ਨਹੀਂ ਸੀ ਤਾਂ ਪ੍ਰਾਣ (ਸੁਆਸ) ਕਿਸ ਘਰ ਵਿਚ ਆਸਰਾ ਲੈਂਦਾ ਸੀ?

ਰੂਪੁ ਨ ਹੋਤੋ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ ॥

ਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿਥੇ ਲਿਵ ਲਾਈ ਹੋਈ ਸੀ?

ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥

ਜਦੋਂ (ਮਾਂ ਦੀ) ਰੱਤ ਤੇ (ਪਿਤਾ ਦੇ) ਬੀਰਜ ਤੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਉਸ ਵਿਚ ਲਿਵ ਕਿਵੇਂ ਇਹ ਮਨ ਲਾਂਦਾ ਸੀ?

ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ ॥

ਜਿਸ ਪ੍ਰਭੂ ਦਾ ਰੰਗ ਭੇਖ ਤੇ ਸਰੂਪ ਨਹੀਂ ਦਿੱਸਦਾ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਹੈ?

ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ॥੬੬॥

(ਉੱਤਰ:) ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਵੈਰਾਗਵਾਨ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ (ਮੌਜੂਦ) ਪ੍ਰਤੀਤ ਹੁੰਦਾ ਹੈ ॥੬੬॥

1
2
3
4
5
6
7
8