ਰਾਗ ਰਾਮਕਲੀ – ਬਾਣੀ ਸ਼ਬਦ-Part 4 – Raag Ramkali – Bani

ਰਾਗ ਰਾਮਕਲੀ – ਬਾਣੀ ਸ਼ਬਦ-Part 4 – Raag Ramkali – Bani

ਰਾਮਕਲੀ ਮਹਲਾ ੫ ॥
ਕਾਹੂ ਬਿਹਾਵੈ ਰੰਗ ਰਸ ਰੂਪ ॥

(ਭਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਭੀ) ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ-ਤਮਾਸ਼ਿਆਂ, ਦੁਨੀਆ ਦੇ ਸੋਹਣੇ ਰੂਪਾਂ ਅਤੇ ਪਦਾਰਥਾਂ ਦੇ ਰਸਾਂ-ਸੁਆਦਾਂ ਵਿਚ ਬੀਤ ਰਹੀ ਹੈ;

ਕਾਹੂ ਬਿਹਾਵੈ ਮਾਇ ਬਾਪ ਪੂਤ ॥

ਕਿਸੇ ਦੀ ਉਮਰ ਮਾਂ ਪਿਉ ਪੁੱਤਰ ਆਦਿਕ ਪਰਵਾਰ ਦੇ ਮੋਹ ਵਿਚ ਗੁਜ਼ਰ ਰਹੀ ਹੈ;

ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥

ਕਿਸੇ ਮਨੁੱਖ ਦੀ ਉਮਰ ਰਾਜ ਮਾਣਨ, ਭੁਇਂ ਦੀ ਮਾਲਕੀ, ਵਪਾਰ ਆਦਿਕ ਕਰਨ ਵਿਚ ਲੰਘ ਰਹੀ ਹੈ।

ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥

(ਸਿਰਫ਼) ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜ਼ਰਦੀ ਹੈ ॥੧॥

ਰਚਨਾ ਸਾਚੁ ਬਨੀ ॥

ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ।

ਸਭ ਕਾ ਏਕੁ ਧਨੀ ॥੧॥ ਰਹਾਉ ॥

ਇਕ ਉਹੀ ਹਰੇਕ ਜੀਵ ਦਾ ਮਾਲਕ ਹੈ ॥੧॥ ਰਹਾਉ ॥

ਕਾਹੂ ਬਿਹਾਵੈ ਬੇਦ ਅਰੁ ਬਾਦਿ ॥

ਕਿਸੇ ਮਨੁੱਖ ਦੀ ਉਮਰ ਵੇਦ ਆਦਿਕ ਧਰਮ-ਪੁਸਤਕ ਪੜ੍ਹਨ ਅਤੇ (ਧਾਰਮਿਕ) ਚਰਚਾ ਵਿਚ ਗੁਜ਼ਰ ਰਹੀ ਹੈ;

ਕਾਹੂ ਬਿਹਾਵੈ ਰਸਨਾ ਸਾਦਿ ॥

ਕਿਸੇ ਮਨੁੱਖ ਦੀ ਜ਼ਿੰਦਗੀ ਜੀਭ ਦੇ ਸੁਆਦ ਵਿਚ ਬੀਤ ਰਹੀ ਹੈ;

ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥

ਕਿਸੇ ਦੀ ਉਮਰ ਇਸਤ੍ਰੀ ਨਾਲ ਕਾਮ-ਪੂਰਤੀ ਵਿਚ ਲੰਘਦੀ ਜਾਂਦੀ ਹੈ।

ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥

ਸੰਤ ਹੀ ਸਿਰਫ਼ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰ​‍ਦੇ ਹਨ ॥੨॥

ਕਾਹੂ ਬਿਹਾਵੈ ਖੇਲਤ ਜੂਆ ॥

ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ;

ਕਾਹੂ ਬਿਹਾਵੈ ਅਮਲੀ ਹੂਆ ॥

ਕੋਈ ਮਨੁੱਖ ਅਫ਼ੀਮ ਆਦਿਕ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿਚ ਹੀ ਗੁਜ਼ਰਦੀ ਹੈ;

ਕਾਹੂ ਬਿਹਾਵੈ ਪਰ ਦਰਬ ਚੁੋਰਾਏ ॥

ਕਿਸੇ ਦੀ ਉਮਰ ਪਰਾਇਆ ਧਨ ਚੁਰਾਂਦਿਆਂ ਬੀਤਦੀ ਹੈ;

ਹਰਿ ਜਨ ਬਿਹਾਵੈ ਨਾਮ ਧਿਆਏ ॥੩॥

ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ ॥੩॥

ਕਾਹੂ ਬਿਹਾਵੈ ਜੋਗ ਤਪ ਪੂਜਾ ॥

ਕਿਸੇ ਮਨੁੱਖ ਦੀ ਉਮਰ ਜੋਗ-ਸਾਧਨ ਕਰਦਿਆਂ, ਕਿਸੇ ਦੀ ਧੂਣੀਆਂ ਤਪਾਂਦਿਆਂ, ਕਿਸੇ ਦੀ ਦੇਵ-ਪੂਜਾ ਕਰਦਿਆਂ ਗੁਜ਼ਰਦੀ ਹੈ;

ਕਾਹੂ ਰੋਗ ਸੋਗ ਭਰਮੀਜਾ ॥

ਕਿਸੇ ਬੰਦੇ ਦੀ ਉਮਰ ਰੋਗਾਂ ਵਿਚ, ਗ਼ਮਾਂ ਵਿਚ, ਅਨੇਕਾਂ ਭਟਕਣਾਂ ਵਿਚ ਬੀਤਦੀ ਹੈ;

ਕਾਹੂ ਪਵਨ ਧਾਰ ਜਾਤ ਬਿਹਾਏ ॥

ਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾਯਾਮ ਕਰਦਿਆਂ ਲੰਘ ਜਾਂਦੀ ਹੈ;

ਸੰਤ ਬਿਹਾਵੈ ਕੀਰਤਨੁ ਗਾਏ ॥੪॥

ਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ॥੪॥

ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥

ਕਿਸੇ ਦੀ ਉਮਰ ਬੀਤਦੀ ਹੈ ਦਿਨੇ ਰਾਤ ਤੁਰਦਿਆਂ;

ਕਾਹੂ ਬਿਹਾਵੈ ਸੋ ਪਿੜੁ ਮਾਲਤ ॥

ਪਰ ਕਿਸੇ ਦੀ ਲੰਘਦੀ ਹੈ ਇਕੋ ਥਾਂ ਮੱਲ ਕੇ ਬੈਠੇ ਰਿਹਾਂ;

ਕਾਹੂ ਬਿਹਾਵੈ ਬਾਲ ਪੜਾਵਤ ॥

ਕਿਸੇ ਮਨੁੱਖ ਦੀ ਉਮਰ ਮੁੰ​‍ਡੇ ਪੜ੍ਹਾਉਂਦਿਆਂ ਲੰਘ ਜਾਂਦੀ ਹੈ;

ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥

ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਿਆਂ ॥੫॥

ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥

ਕਿਸੇ ਮਨੁੱਖ ਦੀ ਜ਼ਿੰਦਗੀ ਨਟਾਂ ਵਾਲੇ ਨਾਟਕ ਅਤੇ ਨਾਚ ਕਰਦਿਆਂ ਗੁਜ਼ਰਦੀ ਹੈ;

ਕਾਹੂ ਬਿਹਾਵੈ ਜੀਆਇਹ ਹਿਰਤੇ ॥

ਕਿਸੇ ਮਨੁੱਖ ਦੀ ਇਹ ਉਮਰ ਡਾਕੇ ਮਾਰਦਿਆਂ ਲੰਘ ਜਾਂਦੀ ਹੈ;

ਕਾਹੂ ਬਿਹਾਵੈ ਰਾਜ ਮਹਿ ਡਰਤੇ ॥

ਕਿਸੇ ਮਨੁੱਖ ਦੀ ਜ਼ਿੰਦਗੀ ਰਾਜ-ਦਰਬਾਰ ਵਿਚ (ਰਹਿ ਕੇ) ਥਰ-ਥਰ ਕੰਬਦਿਆਂ ਹੀ ਗੁਜ਼ਰਦੀ ਹੈ;

ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥

ਸੰਤ ਦੀ ਉਮਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਲੰਘਦੀ ਹੈ ॥੬॥

ਕਾਹੂ ਬਿਹਾਵੈ ਮਤਾ ਮਸੂਰਤਿ ॥

(ਦੁਨੀਆ ਦੀਆਂ ਔਖਿਆਈਆਂ ਦੇ ਕਾਰਨ) ਕਿਸੇ ਦੀ ਉਮਰ ਗਿਣਤੀਆਂ ਗਿਣਦਿਆਂ ਲੰਘ ਜਾਂਦੀ ਹੈ;

ਕਾਹੂ ਬਿਹਾਵੈ ਸੇਵਾ ਜਰੂਰਤਿ ॥

(ਜ਼ਿੰਦਗੀ ਦੀਆਂ) ਲੋੜਾਂ ਪੂਰੀਆਂ ਕਰਨ ਲਈ ਕਿਸੇ ਦੀ ਜ਼ਿੰਦਗੀ ਨੌਕਰੀ ਕਰਦਿਆਂ ਗੁਜ਼ਰ ਜਾਂਦੀ ਹੈ;

ਕਾਹੂ ਬਿਹਾਵੈ ਸੋਧਤ ਜੀਵਤ ॥

ਕਿਸੇ ਮਨੁੱਖ ਦੀ ਸਾਰੀ ਉਮਰ ਖੋਜ-ਭਾਲ ਕਰਦਿਆਂ ਬੀਤਦੀ ਹੈ;

ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥

ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦਾ ਨਾਮ-ਅੰ​‍ਮ੍ਰਿਤ ਪੀਂਦਿਆਂ ॥੭॥

ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥

ਜਿਸ ਕੰਮ ਵਿਚ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿਚ ਹੀ ਉਹ ਲੱਗਾ ਹੋਇਆ ਹੈ।

ਨਾ ਕੋ ਮੂੜੁ ਨਹੀ ਕੋ ਸਿਆਨਾ ॥

ਨਾਹ ਕੋਈ ਜੀਵ ਮੂਰਖ ਹੈ, ਨਾਹ ਕੋਈ ਸਿਆਣਾ ਹੈ।

ਕਰਿ ਕਿਰਪਾ ਜਿਸੁ ਦੇਵੈ ਨਾਉ ॥

ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖ਼ਸ਼ਦਾ ਹੈ,

ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥

ਹੇ ਨਾਨਕ! ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੮॥੩॥


ਰਾਮਕਲੀ ਮਹਲਾ ੫ ॥
ਦਾਵਾ ਅਗਨਿ ਰਹੇ ਹਰਿ ਬੂਟ ॥

ਜੰਗਲ ਦੀ ਅੱਗ ਹਰੇ ਬੂਟੇ ਵਿਚ ਟਿਕੀ ਰਹਿੰਦੀ ਹੈ (ਉਸ ਨੂੰ ਨਹੀਂ ਸਾੜਦੀ। ਬਾਕੀ ਜੰਗਲ ਨੂੰ ਸਾੜਦੀ ਹੈ);

ਮਾਤ ਗਰਭ ਸੰਕਟ ਤੇ ਛੂਟ ॥

ਬੱਚਾ ਮਾਂ ਦੇ ਪੇਟ ਦੇ ਦੁੱਖਾਂ ਤੋਂ ਬਚਿਆ ਰਹਿੰਦਾ ਹੈ।

ਜਾ ਕਾ ਨਾਮੁ ਸਿਮਰਤ ਭਉ ਜਾਇ ॥

ਉਹ ਪ੍ਰਭੂ ਪਾਤਿਸ਼ਾਹ ਜਿਸ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ,

ਤੈਸੇ ਸੰਤ ਜਨਾ ਰਾਖੈ ਹਰਿ ਰਾਇ ॥੧॥

ਆਪਣੇ ਸੰਤ ਜਨਾਂ ਦੀ ਇਸੇ ਤਰ੍ਹਾਂ ਰੱਖਿਆ ਕਰਦਾ ਹੈ ॥੧॥

ਐਸੇ ਰਾਖਨਹਾਰ ਦਇਆਲ ॥

ਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਬੜਾ ਹੀ ਦਇਆ ਦਾ ਘਰ ਹੈਂ।

ਜਤ ਕਤ ਦੇਖਉ ਤੁਮ ਪ੍ਰਤਿਪਾਲ ॥੧॥ ਰਹਾਉ ॥

ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਸਭ ਦੀ ਪਾਲਣਾ ਕਰਦਾ ਹੈਂ ॥੧॥ ਰਹਾਉ ॥

ਜਲੁ ਪੀਵਤ ਜਿਉ ਤਿਖਾ ਮਿਟੰਤ ॥

ਜਿਵੇਂ ਪਾਣੀ ਪੀਤਿਆਂ ਤ੍ਰੇਹ ਮਿਟ ਜਾਂਦੀ ਹੈ,

ਧਨ ਬਿਗਸੈ ਗ੍ਰਿਹਿ ਆਵਤ ਕੰਤ ॥

ਜਿਵੇਂ ਪਤੀ ਘਰ ਆਇਆਂ ਇਸਤ੍ਰੀ ਖ਼ੁਸ਼ ਹੋ ਜਾਂਦੀ ਹੈ,

ਲੋਭੀ ਕਾ ਧਨੁ ਪ੍ਰਾਣ ਅਧਾਰੁ ॥

ਜਿਵੇਂ ਧਨ-ਪਦਾਰਥ ਲੋਭੀ ਮਨੁੱਖ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ,

ਤਿਉ ਹਰਿ ਜਨ ਹਰਿ ਹਰਿ ਨਾਮ ਪਿਆਰੁ ॥੨॥

ਤਿਵੇਂ ਪ੍ਰਭੂ ਦੇ ਭਗਤਾਂ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੁੰਦਾ ਹੈ ॥੨॥

ਕਿਰਸਾਨੀ ਜਿਉ ਰਾਖੈ ਰਖਵਾਲਾ ॥

ਜਿਵੇਂ ਰਾਖਾ ਖੇਤੀ ਦੀ ਰਾਖੀ ਕਰਦਾ ਹੈ,

ਮਾਤ ਪਿਤਾ ਦਇਆ ਜਿਉ ਬਾਲਾ ॥

ਜਿਵੇਂ ਮਾਪੇ ਆਪਣੇ ਬੱਚੇ ਨਾਲ ਪਿਆਰ ਕਰਦੇ ਹਨ,

ਪ੍ਰੀਤਮੁ ਦੇਖਿ ਪ੍ਰੀਤਮੁ ਮਿਲਿ ਜਾਇ ॥

ਜਿਵੇਂ ਕੋਈ ਮਿੱਤਰ ਆਪਣੇ ਮਿੱਤਰ ਨੂੰ ਵੇਖ ਕੇ (ਉਸ ਨੂੰ) ਮਿਲ ਕੇ ਜਾਂਦਾ ਹੈ,

ਤਿਉ ਹਰਿ ਜਨ ਰਾਖੈ ਕੰਠਿ ਲਾਇ ॥੩॥

ਤਿਵੇਂ ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ ॥੩॥

ਜਿਉ ਅੰਧੁਲੇ ਪੇਖਤ ਹੋਇ ਅਨੰਦ ॥

ਜਿਵੇਂ ਜੇ ਕਿਸੇ ਅੰ​‍ਨ੍ਹੇ ਨੂੰ ਵੇਖ ਸਕਣ ਦੀ ਸ਼ਕਤੀ ਮਿਲ ਜਾਏ ਤਾਂ ਉਹ ਖ਼ੁਸ਼ ਹੁੰਦਾ ਹੈ,

ਗੂੰਗਾ ਬਕਤ ਗਾਵੈ ਬਹੁ ਛੰਦ ॥

ਜੇ ਗੂੰਗਾ ਬੋਲਣ ਲੱਗ ਪਏ (ਤਾਂ ਉਹ ਖ਼ੁਸ਼ ਹੁੰਦਾ ਹੈ, ਤੇ) ਕਈ ਗੀਤ ਗਾਣ ਲੱਗ ਪੈਂਦਾ ਹੈ,

ਪਿੰਗੁਲ ਪਰਬਤ ਪਰਤੇ ਪਾਰਿ ॥

ਕੋਈ ਲੂਲ੍ਹਾ ਪਹਾੜਾਂ ਤੋਂ ਪਾਰ ਲੰਘ ਸਕਣ ਨਾਲ ਖ਼ੁਸ਼ ਹੁੰਦਾ ਹੈ,

ਹਰਿ ਕੈ ਨਾਮਿ ਸਗਲ ਉਧਾਰਿ ॥੪॥

ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਜਿਹੜੀ) ਲੋਕਾਈ ਦਾ ਨਿਸਤਾਰਾ ਹੁੰਦਾ ਹੈ (ਉਹ ਬਹੁਤ ਪ੍ਰਸੰਨ ਹੁੰਦੀ ਹੈ) ॥੪॥

ਜਿਉ ਪਾਵਕ ਸੰਗਿ ਸੀਤ ਕੋ ਨਾਸ ॥

ਜਿਵੇਂ ਅੱਗ ਨਾਲ ਠੰਢ ਦਾ ਨਾਸ ਹੋ ਜਾਂਦਾ ਹੈ,

ਐਸੇ ਪ੍ਰਾਛਤ ਸੰਤਸੰਗਿ ਬਿਨਾਸ ॥

ਤਿਵੇਂ ਸੰਤਾਂ ਦੀ ਸੰਗਤ ਕੀਤਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ।

ਜਿਉ ਸਾਬੁਨਿ ਕਾਪਰ ਊਜਲ ਹੋਤ ॥

ਜਿਵੇਂ ਸਾਬਣ ਨਾਲ ਕੱਪੜੇ ਸਾਫ਼-ਸੁਥਰੇ ਹੋ ਜਾਂਦੇ ਹਨ,

ਨਾਮ ਜਪਤ ਸਭੁ ਭ੍ਰਮੁ ਭਉ ਖੋਤ ॥੫॥

ਤਿਵੇਂ ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਵਹਿਮ ਹਰੇਕ ਡਰ ਦੂਰ ਹੋ ਜਾਂਦਾ ਹੈ ॥੫॥

ਜਿਉ ਚਕਵੀ ਸੂਰਜ ਕੀ ਆਸ ॥

ਜਿਵੇਂ ਚਕਵੀ (ਚਕਵੇ ਨੂੰ ਮਿਲਣ ਵਾਸਤੇ) ਸੂਰਜ (ਦੇ ਚੜ੍ਹਨ) ਦੀ ਉਡੀਕ ਕਰਦੀ ਰਹਿੰਦੀ ਹੈ,

ਜਿਉ ਚਾਤ੍ਰਿਕ ਬੂੰਦ ਕੀ ਪਿਆਸ ॥

ਜਿਵੇਂ (ਪਿਆਸ ਬੁਝਾਣ ਲਈ) ਪਪੀਹੇ ਨੂੰ ਵਰਖਾ ਦੀਆਂ ਬੂੰਦਾਂ ਦੀ ਲਾਲਸਾ ਹੁੰਦੀ ਹੈ,

ਜਿਉ ਕੁਰੰਕ ਨਾਦ ਕਰਨ ਸਮਾਨੇ ॥

ਜਿਵੇਂ ਹਰਨ ਦੇ ਕੰਨ ਘੰ​‍ਡੇਹੇੜੇ ਦੀ ਆਵਾਜ਼ ਵਿਚ ਮਸਤ ਰਹਿੰਦੇ ਹਨ,

ਤਿਉ ਹਰਿ ਨਾਮ ਹਰਿ ਜਨ ਮਨਹਿ ਸੁਖਾਨੇ ॥੬॥

ਤਿਵੇਂ ਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ॥੬॥

ਤੁਮਰੀ ਕ੍ਰਿਪਾ ਤੇ ਲਾਗੀ ਪ੍ਰੀਤਿ ॥

ਹੇ ਪ੍ਰਭੂ! ਤੇਰੀ ਮਿਹਰ ਨਾਲ ਹੀ (ਤੇਰੇ ਚਰਨਾਂ ਵਿਚ ਕਿਸੇ ਭਾਗਾਂ ਵਾਲੇ ਦੀ) ਪ੍ਰੀਤ ਬਣਦੀ ਹੈ।

ਦਇਆਲ ਭਏ ਤਾ ਆਏ ਚੀਤਿ ॥

(ਜਿਸ ਮਨੁੱਖ ਉੱਤੇ ਜਦੋਂ ਪ੍ਰਭੂ ਜੀ) ਦਇਆਵਨ ਹੁੰਦੇ ਹਨ ਤਦੋਂ ਉਸਦੇ ਹਿਰਦੇ ਵਿਚ ਆ ਵੱਸਦੇ ਹਨ।

ਦਇਆ ਧਾਰੀ ਤਿਨਿ ਧਾਰਣਹਾਰ ॥

ਦਇਆ ਕਰਨ ਜੋਗੇ ਉਸ (ਪ੍ਰਭੂ) ਨੇ (ਜਿਸ ਬੰਦੇ ਉਤੇ) ਦਇਆ ਕੀਤੀ,

ਬੰਧਨ ਤੇ ਹੋਈ ਛੁਟਕਾਰ ॥੭॥

(ਉਸ ਬੰਦੇ ਨੂੰ ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਸਦਾ ਲਈ ਖ਼ਲਾਸੀ ਮਿਲ ਗਈ ॥੭॥

ਸਭਿ ਥਾਨ ਦੇਖੇ ਨੈਣ ਅਲੋਇ ॥

ਉਹ ਮਨੁੱਖ ਅੱਖਾਂ ਖੋਹਲ ਕੇ ਸਾਰੇ ਥਾਂ ਵੇਖਦਾ ਹੈ,

ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥

ਉਸ ਨੂੰ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।

ਭ੍ਰਮ ਭੈ ਛੂਟੇ ਗੁਰਪਰਸਾਦ ॥

ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ) ਸਾਰੇ ਵਹਿਮ ਸਾਰੇ ਡਰ ਮੁੱਕ ਜਾਂਦੇ ਹਨ,

ਨਾਨਕ ਪੇਖਿਓ ਸਭੁ ਬਿਸਮਾਦ ॥੮॥੪॥

ਹੇ ਨਾਨਕ! ਉਹ ਹਰ ਥਾਂ ਉਸ ਅਸਚਰਜ-ਰੂਪ ਪਰਮਾਤਮਾ ਨੂੰ ਹੀ ਵੇਖਦਾ ਹੈ ॥੮॥੪॥


ਰਾਮਕਲੀ ਮਹਲਾ ੫ ॥
ਜੀਅ ਜੰਤ ਸਭਿ ਪੇਖੀਅਹਿ ਪ੍ਰਭ ਸਗਲ ਤੁਮਾਰੀ ਧਾਰਨਾ ॥੧॥

ਹੇ ਪ੍ਰਭੂ! ਇਹ ਸਾਰੇ ਜੀਵ ਜੰਤ ਜੋ ਦਿੱਸ ਰਹੇ ਹਨ, ਇਹ ਸਾਰੇ ਤੇਰੇ ਹੀ ਆਸਰੇ ਹਨ ॥੧॥

ਇਹੁ ਮਨੁ ਹਰਿ ਕੈ ਨਾਮਿ ਉਧਾਰਨਾ ॥੧॥ ਰਹਾਉ ॥

(ਕਾਮ ਕ੍ਰੋਧ ਲੋਭ ਝੂਠ ਨਿੰਦਾ ਆਦਿਕ ਤੋਂ) ਇਸ ਮਨ ਨੂੰ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬਚਾਇਆ ਜਾ ਸਕਦਾ ਹੈ ॥੧॥ ਰਹਾਉ ॥

ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥੨॥

ਪਰਮਾਤਮਾ ਇਸ ਰਚਨਾ ਨੂੰ ਇਕ ਖਿਨ ਵਿਚ ਪੈਦਾ ਕਰ ਕੇ ਫਿਰ ਨਾਸ ਭੀ ਕਰ ਸਕਦਾ ਹੈ। ਇਹ ਸਾਰੇ ਕਰਤਾਰ ਦੇ ਹੀ ਖੇਲ ਹਨ ॥੨॥

ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਦਾਰਨਾ ॥੩॥

ਕਾਮ ਕ੍ਰੋਧ ਲੋਭ ਝੂਠ ਨਿੰਦਾ ਆਦਿਕ ਵਿਕਾਰ ਨੂੰ ਗੁਰੂ ਦੀ ਸੰਗਤ ਵਿਚ ਰਹਿ ਕੇ (ਆਪਣੇ ਮਨ ਵਿਚੋਂ ਚੀਰ ਫਾੜ ਕੇ) ਦੂਰ ਕਰ ਸਕੀਦਾ ਹੈ ॥੩॥

ਨਾਮੁ ਜਪਤ ਮਨੁ ਨਿਰਮਲ ਹੋਵੈ ਸੂਖੇ ਸੂਖਿ ਗੁਦਾਰਨਾ ॥੪॥

ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦਾ) ਮਨ ਪਵਿੱਤਰ ਹੋ ਜਾਂਦਾ ਹੈ। (ਮਨੁੱਖ ਦੀ ਉਮਰ) ਨਿਰੋਲ ਆਤਮਕ ਆਨੰਦ ਵਿਚ ਹੀ ਬੀਤਦੀ ਹੈ ॥੪॥

ਭਗਤ ਸਰਣਿ ਜੋ ਆਵੈ ਪ੍ਰਾਣੀ ਤਿਸੁ ਈਹਾ ਊਹਾ ਨ ਹਾਰਨਾ ॥੫॥

ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦਿਆਂ ਦੀ ਸਰਨ ਆਉਂਦਾ ਹੈ, ਉਹ ਮਨੁੱਖ ਇਸ ਲੋਕ ਵਿਚ ਤੇ ਪਰਲੋਕ ਵਿਚ ਭੀ (ਵਿਕਾਰਾਂ ਦੇ ਹੱਥੋਂ ਆਪਣੀ ਮਨੁੱਖਾ ਜੀਵਨ ਦੀ ਬਾਜ਼ੀ) ਹਾਰਦਾ ਨਹੀਂ ॥੫॥

ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ॥੬॥

ਇਸ ਮਨ ਦੀ ਸੁਖਾਂ ਦੀ ਮੰਗ ਅਤੇ ਦੁੱਖਾਂ ਵਲੋਂ ਪੁਕਾਰ ਤੇਰੇ ਅੱਗੇ ਹੀ ਕੀਤੀ ਜਾ ਸਕਦੀ ਹੈ ॥੬॥

ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ ॥੭॥

ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਹੀ ਦਾਤਾਂ ਦੇਣ ਵਾਲਾ ਹੈਂ, ਆਪਣੇ ਪੈਦਾ ਕੀਤੇ ਜੀਵਾਂ ਨੂੰ ਤੂੰ ਆਪ ਹੀ ਪਾਲਣ ਵਾਲਾ ਹੈਂ ॥੭॥

ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਞੈ ਵਾਰਨਾ ॥੮॥੫॥

ਹੇ ਪ੍ਰਭੂ! (ਤੇਰਾ ਦਾਸ) ਨਾਨਕ ਤੇਰੇ ਭਗਤਾਂ (ਦੇ ਚਰਨਾਂ) ਤੋਂ ਅਨੇਕਾਂ ਵਾਰੀ ਕ੍ਰੋੜਾਂ ਵਾਰੀ ਸਦਕੇ ਜਾਂਦਾ ਹੈ ॥੮॥੫॥


ਰਾਮਕਲੀ ਮਹਲਾ ੫ ਅਸਟਪਦੀ ॥

ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ॥੧॥

ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਗੁਰੂ ਮਨੁੱਖ ਨੂੰ) ਪਰਮਾਤਮਾ ਨਾਲ ਜੋੜ ਦੇਂਦਾ ਹੈ ॥੧॥

ਮੇਰਾ ਗੁਰੁ ਪਰਮੇਸਰੁ ਸੁਖਦਾਈ ॥

ਮੇਰਾ ਗੁਰੂ ਪਰਮੇਸ਼ਰ (ਦਾ ਰੂਪ) ਹੈ, ਸਾਰੇ ਸੁਖ ਦੇਣ ਵਾਲਾ ਹੈ।

ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ॥੧॥ ਰਹਾਉ ॥

ਗੁਰੂ ਪਰਮਾਤਮਾ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ) ਅਖ਼ੀਰ ਵੇਲੇ ਭੀ (ਮਨੁੱਖ ਦਾ) ਮਿੱਤਰ ਬਣਦਾ ਹੈ ॥੧॥ ਰਹਾਉ ॥

ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ॥੨॥

(ਜਿਹੜਾ ਮਨੁੱਖ) ਗੁਰੂ ਦੇ ਚਰਨਾਂ ਦੀ ਧੂੜ (ਆਪਣੇ) ਮੱਥੇ ਉਤੇ ਲਾਂਦਾ ਹੈ (ਉਸ ਦੇ ਅੰਦਰੋਂ) ਸਾਰੇ ਦੁੱਖਾਂ ਦਾ ਅੱਡਾ ਹੀ ਮੁੱਕ ਜਾਂਦਾ ਹੈ ॥੨॥

ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ॥੩॥

(ਗੁਰੂ ਨੇ) ਅਨੇਕਾਂ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦਿੱਤਾ, (ਗੁਰੂ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ ॥੩॥

ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ ॥੪॥

ਹੇ ਨਾਨਕ! ਮਾਲਕ-ਪ੍ਰਭੂ ਸਾਰੇ ਜਗਤ ਦਾ ਮੂਲ ਹੈ ਤੇ ਸਭ ਤਾਕਤਾਂ ਦਾ ਮਾਲਕ ਹੈ (ਗੁਰੂ ਦੀ ਰਾਹੀਂ ਹੀ) ਉਸ ਦੀ ਸਰਨ ਪਿਆ ਜਾ ਸਕਦਾ ਹੈ ॥੪॥

ਬੰਧਨ ਤੋੜਿ ਚਰਨ ਕਮਲ ਦ੍ਰਿੜਾਏ ਏਕ ਸਬਦਿ ਲਿਵ ਲਾਈ ॥੫॥

(ਗੁਰੂ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਕੇ (ਉਸ ਦੇ ਅੰਦਰ) ਪ੍ਰਭੂ ਦੇ ਸੋਹਣੇ ਚਰਨ ਪੱਕੇ ਟਿਕਾ ਦੇਂਦਾ ਹੈ, (ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਗੁਰ-ਸ਼ਬਦ ਦੀ ਰਾਹੀਂ ਇਕ ਪ੍ਰਭੂ ਵਿਚ ਹੀ ਸੁਰਤ ਜੋੜੀ ਰੱਖਦਾ ਹੈ ॥੫॥

ਅੰਧ ਕੂਪ ਬਿਖਿਆ ਤੇ ਕਾਢਿਓ ਸਾਚ ਸਬਦਿ ਬਣਿ ਆਈ ॥੬॥

(ਗੁਰੂ ਜਿਸ ਮਨੁੱਖ ਨੂੰ) ਮਾਇਆ (ਦੇ ਮੋਹ) ਦੇ ਅੰ​‍ਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਉਸ ਦੀ ਪ੍ਰੀਤ ਬਣ ਜਾਂਦੀ ਹੈ ॥੬॥

ਜਨਮ ਮਰਣ ਕਾ ਸਹਸਾ ਚੂਕਾ ਬਾਹੁੜਿ ਕਤਹੁ ਨ ਧਾਈ ॥੭॥

(ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਦਾ) ਜਨਮ ਮਰਨ ਦੇ ਗੇੜ ਦਾ ਸਹਿਮ ਮੁੱਕ ਜਾਂਦਾ ਹੈ, ਉਹ ਫਿਰ ਹੋਰ ਕਿਤੇ (ਕਿਸੇ ਜੂਨ ਵਿਚ) ਨਹੀਂ ਭਟਕਦਾ ਫਿਰਦਾ ॥੭॥

ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤੁ ਪੀ ਤ੍ਰਿਪਤਾਈ ॥੮॥

(ਗੁਰੂ ਦੀ ਮਿਹਰ ਨਾਲ ਜਿਸ ਮਨੁੱਖ ਦਾ) ਇਹ ਮਨ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੮॥

ਸੰਤਸੰਗਿ ਮਿਲਿ ਕੀਰਤਨੁ ਗਾਇਆ ਨਿਹਚਲ ਵਸਿਆ ਜਾਈ ॥੯॥

ਗੁਰੂ-ਸੰਤ ਦੀ ਸੰਗਤ ਵਿਚ ਮਿਲ ਕੇ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਉਹ ਕਦੇ ਨਾਹ ਡੋਲਣ ਵਾਲੇ ਆਤਮਕ ਟਿਕਾਣੇ ਵਿਚ ਟਿਕ ਜਾਂਦਾ ਹੈ ॥੯॥

ਪੂਰੈ ਗੁਰਿ ਪੂਰੀ ਮਤਿ ਦੀਨੀ ਹਰਿ ਬਿਨੁ ਆਨ ਨ ਭਾਈ ॥੧੦॥

(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਆਤਮਕ ਜੀਵਨ ਬਾਰੇ) ਪੂਰੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ (ਦੁਨੀਆਵੀ ਚੀਜ਼) ਪਿਆਰੀ ਨਹੀਂ ਲੱਗਦੀ ॥੧੦॥

ਨਾਮੁ ਨਿਧਾਨੁ ਪਾਇਆ ਵਡਭਾਗੀ ਨਾਨਕ ਨਰਕਿ ਨ ਜਾਈ ॥੧੧॥

ਹੇ ਨਾਨਕ! ਜਿਸ ਭਾਗਾਂ ਵਾਲੇ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਖ਼ਜ਼ਾਨਾ ਲੱਭ ਲਿਆ, ਉਹ (ਦੁਨੀਆ ਦੇ ਦੁੱਖਾਂ ਦੇ) ਨਰਕ ਵਿਚ ਨਹੀਂ ਪੈਂਦਾ ॥੧੧॥

ਘਾਲ ਸਿਆਣਪ ਉਕਤਿ ਨ ਮੇਰੀ ਪੂਰੈ ਗੁਰੂ ਕਮਾਈ ॥੧੨॥

ਤਪ ਆਦਿਕਾਂ ਦੀ ਕਿਸੇ ਮਿਹਨਤ, ਵਿੱਦਿਆ ਆਦਿਕ ਦੀ ਕਿਸੇ ਚਤੁਰਾਈ, ਕਿਸੇ ਸ਼ਾਸਤ੍ਰਾਰਥ ਦੀ ਮੈਨੂੰ ਟੇਕ-ਓਟ ਨਹੀਂ ਹੈ। ਇਹ ਤਾਂ ਪੂਰੇ ਗੁਰੂ ਦੀ ਬਖ਼ਸ਼ਸ਼ ਹੈ (ਕਿ ਉਸ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤ ਬਖ਼ਸ਼ੀ ਹੈ) ॥੧੨॥

ਜਪ ਤਪ ਸੰਜਮ ਸੁਚਿ ਹੈ ਸੋਈ ਆਪੇ ਕਰੇ ਕਰਾਈ ॥੧੩॥

ਪੂਰੇ ਗੁਰੂ ਦੀ ਸਰਨ ਪੈਣਾ ਹੀ ਮੇਰੇ ਵਾਸਤੇ ਜਪ ਤਪ ਸੰਜਮ ਅਤੇ ਸਰੀਰਕ ਪਵਿੱਤ੍ਰਤਾ ਦਾ ਸਾਧਨ ਹੈ। (ਪੂਰਾ ਗੁਰੂ) ਆਪ ਹੀ (ਮੇਰੇ ਉਤੇ ਮਿਹਰ) ਕਰਦਾ ਹੈ (ਤੇ ਮੈਥੋਂ ਪ੍ਰਭੂ ਦੀ ਸੇਵਾ ਭਗਤੀ) ਕਰਾਂਦਾ ਹੈ ॥੧੩॥

ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿ ਸਾਚੈ ਲਾਇ ਤਰਾਈ ॥੧੪॥

(ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪਿਆ) ਉਸ ਨੂੰ ਪੁੱਤਰ ਇਸਤ੍ਰੀ ਤੇ ਬਲ ਵਾਲੀ ਮਾਇਆ ਦੇ ਮੋਹ ਵਿਚੋਂ ਗੁਰੂ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ਜੋੜ ਕੇ ਪਾਰ ਲੰਘਾ ਲਿਆ ॥੧੪॥

ਅਪਣੇ ਜੀਅ ਤੈ ਆਪਿ ਸਮ੍ਹਾਲੇ ਆਪਿ ਲੀਏ ਲੜਿ ਲਾਈ ॥੧੫॥

ਹੇ ਪ੍ਰਭੂ! (ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਹਾਂ) ਆਪਣੇ ਪੈਦਾ ਕੀਤੇ ਜੀਵਾਂ ਦੀ ਤੂੰ ਆਪ ਹੀ ਸਦਾ ਸੰਭਾਲ ਕੀਤੀ ਹੈ, ਤੂੰ ਆਪ ਹੀ ਇਹਨਾਂ ਨੂੰ ਆਪਣੇ ਪੱਲੇ ਲਾਂਦਾ ਹੈਂ ॥੧੫॥

ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ ॥੧੬॥

(ਹੇ ਪ੍ਰਭੂ! ਤੇਰੀ ਮਿਹਰ ਨਾਲ ਹੀ ਜਿਨ੍ਹਾਂ ਨੇ) ਤੇਰੇ ਸਦਾ-ਥਿਰ ਨਾਮ ਦੇ ਸਿਮਰਨ ਦਾ ਜਹਾਜ਼ ਤਿਆਰ ਕਰ ਲਿਆ, ਤੂੰ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧੬॥

ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲਿ ਬਲਿ ਜਾਈ ॥੧੭॥

ਹੇ ਨਾਨਕ! ਉਹ ਮਾਲਕ-ਪ੍ਰਭੂ ਬੇਅੰਤ-ਗੁਣਾਂ ਦਾ ਮਾਲਕ ਹੈ ਬੇਅੰਤ ਹੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ ॥੧੭॥

ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ॥੧੮॥

(ਜਿਹੜਾ) ਪਰਮਾਤਮਾ ਮੌਤ-ਰਹਿਤ ਹਸਤੀ ਵਾਲਾ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ, ਉਹ ਪ੍ਰਭੂ (ਗੁਰੂ ਦੀ) ਰਾਹੀਂ ਜਗਤ ਦੇ (ਮਾਇਆ ਦੇ ਮੋਹ ਦੇ) ਹਨੇਰੇ ਨੂੰ (ਦੂਰ ਕਰ ਕੇ ਆਤਮਕ ਜੀਵਨ ਦਾ ਚਾਨਣ ਕਰਦਾ ਹੈ ॥੧੮॥

ਅੰਤਰਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤਿ ਅਘਾਈ ॥੧੯॥

ਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, (ਗੁਰੂ ਦੀ ਸਰਨ ਪੈ ਕੇ ਉਸ ਦਾ) ਦਰਸਨ ਕੀਤਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਈਦਾ ਹੈ ॥੧੯॥

ਏਕੰਕਾਰੁ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ ॥੨੦॥

(ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ) ਸਰਬ-ਵਿਆਪਕ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਪਰਮਾਤਮਾ, ਕਿਸੇ ਤੋਂ ਭੀ ਨਾਹ ਡਰਨ ਵਾਲਾ ਪਰਮਾਤਮਾ ਜਲ ਵਿਚ ਥਲ ਵਿੱਚ ਹਰ ਥਾਂ ਮੌਜੂਦ ਹੈ ॥੨੦॥

ਭਗਤਿ ਦਾਨੁ ਭਗਤਾ ਕਉ ਦੀਨਾ ਹਰਿ ਨਾਨਕੁ ਜਾਚੈ ਮਾਈ ॥੨੧॥੧॥੬॥

ਹੇ ਮਾਂ! (ਗੁਰੂ ਦੀ ਰਾਹੀਂ ਹੀ ਪਰਮਾਤਮਾ ਨੇ ਆਪਣੀ) ਭਗਤੀ ਦਾ ਦਾਨ (ਆਪਣੇ) ਭਗਤਾਂ ਨੂੰ (ਸਦਾ) ਦਿੱਤਾ ਹੈ। (ਦਾਸ) ਨਾਨਕ ਭੀ (ਗੁਰੂ ਦੀ ਰਾਹੀਂ ਹੀ) ਉਸ ਪਰਮਾਤਮਾ ਪਾਸੋਂ (ਇਹ ਖ਼ੈਰ) ਮੰਗਦਾ ਹੈ ॥੨੧॥੧॥੬॥


ਰਾਮਕਲੀ ਮਹਲਾ ੫ ॥
ਸਲੋਕੁ ॥
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥

ਹੇ ਪਿਆਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਆਦਤ ਬਣਾਓ, ਇਹ ਸਿਫ਼ਤ-ਸਾਲਾਹ ਹੀ (ਮਨੁੱਖ ਵਾਸਤੇ) ਸਾਰੀ ਉਮਰ ਦਾ ਸਹਾਰਾ ਹੈ।

ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥੧॥

ਹੇ ਨਾਨਕ! ਇਕ ਪਰਮਾਤਮਾ ਦਾ ਨਾਮ ਸਿਮਰਦਿਆਂ (ਲੋਕ ਪਰਲੋਕ ਵਿਚ) ਮੁਖ ਉਜਲਾ ਰਹਿੰਦਾ ਹੈ ਅਤੇ ਸਦਾ ਹੀ ਸੁਖੀ ਰਹਿੰਦਾ ਹੈ ॥੧॥

ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥੧॥

ਹੇ ਸੰਤ ਜਨੋ! ਜਿਸ ਮਨੁੱਖ ਦਾ ਮਨ ਤੇ ਤਨ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਪ੍ਰਭੂ ਦੀ ਪ੍ਰੇਮਾ-ਭਗਤੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਬਣ ਜਾਂਦੀ ਹੈ ॥੧॥

ਸਤਿਗੁਰਿ ਖੇਪ ਨਿਬਾਹੀ ਸੰਤਹੁ ॥

ਹੇ ਸੰਤ ਜਨੋ! ਜਿਸ ਮਨੁੱਖ ਦੀ ਪ੍ਰਭੂ ਨਾਲ ਸਾਂਝ ਗੁਰੂ ਨੇ ਸਿਰੇ ਚਾੜ੍ਹ ਦਿੱਤੀ,

ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ ਰਹਾਉ ॥

ਹੇ ਸੰਤ ਜਨੋ! ਉਸ ਸੇਵਕ ਨੂੰ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਲਾਭ ਬਖ਼ਸ਼ ਦਿੱਤਾ, ਤੇ, ਇਸ ਤਰ੍ਹਾਂ ਉਸ ਦੀ ਸਾਰੀ ਮਾਇਕ ਤ੍ਰਿਸ਼ਨਾ ਮੁਕਾ ਦਿੱਤੀ ॥੧॥ ਰਹਾਉ ॥

ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥੨॥

ਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਖੋਜਣ ਵਾਲੇ ਨੇ) ਖੋਜ ਕਰਦਿਆਂ ਕਰਦਿਆਂ ਪਰਮਾਤਮਾ ਦਾ ਨਾਮ-ਹੀਰਾ ਲੱਭ ਲਿਆ। ਉਸ ਲਾਲ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੨॥

ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥

ਹੇ ਸੰਤ ਜਨੋ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ) ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ, ਸਦਾ-ਥਿਰ ਪ੍ਰਭੂ ਦੇ ਦਰਸ਼ਨ ਵਿਚ ਉਸ ਦੀ ਸਦਾ ਲਈ ਲੀਨਤਾ ਹੋ ਗਈ ॥੩॥

ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ ॥੪॥

ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ਗਾਂਦਿਆਂ ਤਨੋ ਮਨੋ ਖਿੜ ਜਾਈਦਾ ਹੈ, ਪਰਮਾਤਮਾ ਦਾ ਸਿਮਰਨ ਕਰਦਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥

ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥੫॥

ਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੂੰ) ਸਰਬ-ਵਿਆਪਕ ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਦਿੱਸ ਪੈਂਦਾ ਹੈ, ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੫॥

ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤਹੁ ॥੬॥

ਹੇ ਸੰਤ ਜਨੋ! (ਗੁਰੂ ਨੇ ਜਿਸ ਮਨੁੱਖ ਦੀ ਖੇਪ ਤੋੜ ਸਿਰੇ ਚਾੜ੍ਹ ਦਿੱਤੀ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਭ ਦਾ ਮੁੱਢ ਹੈ, ਪਰਮਾਤਮਾ ਜੁਗਾਂ ਦੇ ਸ਼ੁਰੂ ਤੋਂ ਹੈ, ਪਰਮਾਤਮਾ ਇਸ ਵੇਲੇ ਵੀ ਮੌਜੂਦ ਹੈ, ਪਰਮਾਤਮਾ ਸਦਾ ਲਈ ਕਾਇਮ ਰਹੇਗਾ। ਉਹ ਪਰਮਾਤਮਾ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ ॥੬॥

ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥

ਹੇ ਸੰਤ ਜਨੋ! ਪਰਮਾਤਮਾ ਬੇਅੰਤ ਹੈ, ਉਸ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਉਹ ਪ੍ਰਭੂ ਸਭਨੀਂ ਥਾਈਂ ਵਿਆਪਕ ਹੈ ॥੭॥

ਮੀਤ ਸਾਜਨ ਮਾਲੁ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥੮॥੨॥੭॥

ਹੇ ਸੰਤ ਜਨੋ! ਨਾਨਕ ਆਖਦਾ ਹੈ, ਉਹ ਪਰਮਾਤਮਾ ਹੀ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਮੇਰਾ ਧਨ-ਮਾਲ ਹੈ, ਮੇਰਾ ਜੋਬਨ ਹੈ, ਮੇਰਾ ਪੁੱਤਰ ਹੈ, ਮੇਰਾ ਪਿਉ ਹੈ, ਮੇਰੀ ਮਾਂ ਹੈ (ਇਹਨੀਂ ਸਭਨੀਂ ਥਾਈਂ ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ) ॥੮॥੨॥੭॥


ਰਾਮਕਲੀ ਮਹਲਾ ੫ ॥
ਮਨ ਬਚ ਕ੍ਰਮਿ ਰਾਮ ਨਾਮੁ ਚਿਤਾਰੀ ॥

ਆਪਣੇ ਮਨ ਦੀ ਰਾਹੀਂ, ਆਪਣੇ ਹਰੇਕ ਬੋਲ ਦੀ ਰਾਹੀਂ, ਆਪਣੇ ਹਰੇਕ ਕੰਮ ਦੀ ਰਾਹੀਂ ਪਰਮਾਤਮਾ ਦਾ ਨਾਮ ਚੇਤੇ ਰੱਖਿਆ ਕਰ।

ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥੧॥ ਰਹਾਉ ॥

ਹੇ ਨਾਨਕ! (ਜਗਤ ਵਿਚ ਵਿਕਾਰਾਂ ਦੀਆਂ ਲਹਿਰਾਂ ਦੀ) ਬੜੀ ਭਿਆਨਕ ਘੁੰਮਣ-ਘੇਰੀ ਹੈ। ਗੁਰੂ ਦੀ ਸਰਨ ਪੈ ਕੇ (ਇਸ ਵਿਚੋਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ) ਪਾਰ ਲੰਘਾ ॥੧॥ ਰਹਾਉ ॥

ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥੧॥

ਪਰਮਾਤਮਾ ਦਾ ਨਾਮ ਜਪ ਜਪ ਕੇ (ਕਾਮਾਦਿਕ) ਚੰਦਰੇ ਵੈਰੀ ਮਲੇ-ਦਲੇ ਜਾਂਦੇ ਹਨ, (ਤਦੋਂ) ਹਿਰਦੇ ਵਿਚ ਸਦਾ ਸੁਖ ਬਣਿਆ ਰਹਿੰਦਾ ਹੈ, ਦੁਨੀਆ ਨਾਲ ਵਰਤਦਿਆਂ ਭੀ ਸੁਖ ਹੀ ਟਿਕਿਆ ਰਹਿੰਦਾ ਹੈ ॥੧॥

ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥੨॥

ਜਿਸ ਪ੍ਰਭੂ ਦੀ ਰਜ਼ਾ ਅਨੁਸਾਰ (ਇਹ ਚੰਦਰੇ ਵੈਰੀ) ਚੰਬੜਦੇ ਹਨ, ਉਹੀ ਪ੍ਰਭੂ ਜੀ ਆਪਣੀ ਕਿਰਪਾ ਕਰ ਕੇ ਇਹਨਾਂ ਨੂੰ ਦੂਰ ਕਰਦਾ ਹੈ ॥੨॥

ਉਧਰੇ ਸੰਤ ਪਰੇ ਹਰਿ ਸਰਨੀ ਪਚਿ ਬਿਨਸੇ ਮਹਾ ਅਹੰਕਾਰੀ ॥੩॥

ਸੰਤ ਜਨ ਤਾਂ ਪਰਮਾਤਮਾ ਦੀ ਸਰਨ ਪੈ ਜਾਂਦੇ ਹਨ ਉਹ ਤਾਂ (ਇਹਨਾਂ ਵੈਰੀਆਂ ਦੀ ਮਾਰ ਤੋਂ) ਬਚ ਜਾਂਦੇ ਹਨ, ਪਰ ਵੱਡੇ ਅਹੰਕਾਰੀ ਮਨੁੱਖ (ਇਹਨਾਂ ਵਿਚ) ਸੜ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੩॥

ਸਾਧੂ ਸੰਗਤਿ ਇਹੁ ਫਲੁ ਪਾਇਆ ਇਕੁ ਕੇਵਲ ਨਾਮੁ ਅਧਾਰੀ ॥੪॥

(ਸੰਤ ਜਨਾਂ ਨੇ) ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਫਲ ਲੱਭ ਲਿਆ, ਸਿਰਫ਼ ਹਰਿ-ਨਾਮ ਨੂੰ ਉਹਨਾਂ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ॥੪॥

ਨ ਕੋਈ ਸੂਰੁ ਨ ਕੋਈ ਹੀਣਾ ਸਭ ਪ੍ਰਗਟੀ ਜੋਤਿ ਤੁਮ੍ਰਾਰੀ ॥੫॥

ਪਰ, ਹੇ ਪ੍ਰਭੂ! (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਲਿੱਸਾ ਹੈ। ਹਰ ਇਕ ਜੀਵ ਵਿਚ ਤੇਰੀ ਹੀ ਜੋਤਿ ਪਰਗਟ ਹੋ ਰਹੀ ਹੈ ॥੫॥

ਤੁਮ੍ਰ ਸਮਰਥ ਅਕਥ ਅਗੋਚਰ ਰਵਿਆ ਏਕੁ ਮੁਰਾਰੀ ॥੬॥

ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੀਆਂ ਤਾਕਤਾਂ ਬਿਆਨ ਤੋਂ ਪਰੇ ਹਨ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਹੇ ਪ੍ਰਭੂ! ਤੂੰ ਆਪ ਸਭ ਜੀਵਾਂ ਵਿਚ ਵਿਆਪਕ ਹੈਂ ॥੬॥

ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ ਨ ਪਾਰਾਵਾਰੀ ॥੭॥

ਹੇ ਕਰਤਾਰ! ਹੇ ਪ੍ਰਭੂ! ਕੋਈ ਜੀਵ ਤੇਰੀ ਕੀਮਤ ਨਹੀਂ ਪਾ ਸਕਦਾ। ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੭॥

ਨਾਮ ਦਾਨੁ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇਣਾਰੀ ॥੮॥੩॥੮॥੨੨॥

ਹੇ ਨਾਨਕ! (ਹੇ ਪ੍ਰਭੂ!) ਤੇਰੇ ਸੰਤ ਜਨਾਂ ਦੀ ਚਰਨ-ਧੂੜ ਲਿਆਂ ਤੇਰੇ ਨਾਮ ਦੀ ਦਾਤ ਮਿਲਦੀ ਹੈ, (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੩॥੮॥੨੨॥


ਰਾਮਕਲੀ ਮਹਲਾ ੩ ਅਨੰਦੁ ॥

ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥

ਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ।

ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥

ਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,

ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥

ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਆ ਗਏ ਹਨ।

ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥

(ਤੁਸੀ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ)।

ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥

ਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ॥੧॥

ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥

ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ।

ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥

ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।

ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥

ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ।

ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥

ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ।

ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥

ਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੨॥

ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥

ਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ)! (ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ, ਪਰ) ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ?

ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥

ਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ।

ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥

(ਫਿਰ, ਉਹ ਮਨੁੱਖ) ਤੇਰਾ ਨਾਮ ਤੇ ਤੇਰੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ)।

ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥

ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ਪੈਂਦੀਆਂ ਹਨ (ਭਾਵ, ਉਹਨਾਂ ਦੇ ਮਨ ਵਿਚ ਉਹ ਖ਼ੁਸ਼ੀ ਤੇ ਚਾਉ ਪੈਦਾ ਹੁੰਦਾ ਹੈ ਜੋ ਕਈ ਸਾਜ਼ਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ)।

ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥

ਨਾਨਕ ਆਖਦਾ ਹੈ ਕਿ ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ (ਤੇ, ਮੈਂ ਤੇਰੇ ਦਰ ਤੋਂ ਆਨੰਦ ਦਾ ਦਾਨ ਮੰਗਦਾ ਹਾਂ) ॥੩॥

ਸਾਚਾ ਨਾਮੁ ਮੇਰਾ ਆਧਾਰੋ ॥

(ਪ੍ਰਭੂ ਦੀ ਮੇਹਰ ਨਾਲ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ।

ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥

ਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ, ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ।

ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥

ਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ।

ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥

ਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ।

ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥

ਨਾਨਕ ਆਖਦਾ ਹੈ ਕਿ ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ।

ਸਾਚਾ ਨਾਮੁ ਮੇਰਾ ਆਧਾਰੋ ॥੪॥

(ਸਤਿਗੁਰੂ ਦੀ ਮੇਹਰ ਨਾਲ ਹੀ ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ॥੪॥

ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥

ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ,

ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥

ਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ, ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ (ਭਾਵ, ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ),

ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥

(ਹੇ ਪ੍ਰਭੂ!) ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੂਰ ਕਰ ਦੇਂਦਾ ਹੈਂ।

ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥

ਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ।

ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥

ਨਾਨਕ ਆਖਦਾ ਹੈ ਕਿ ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ॥੫॥

ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥

ਸਦਾ-ਥਿਰ ਪ੍ਰਭੂ ਦੇ ਚਰਨਾਂ ਦੀ ਲਗਨ (ਦੇ ਆਨੰਦ) ਤੋਂ ਬਿਨਾ ਇਹ (ਮਨੁੱਖਾ) ਸਰੀਰ ਨਿਆਸਰਾ ਜੇਹਾ ਹੀ ਰਹਿੰਦਾ ਹੈ।

ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥

ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਨਿਆਸਰਾ ਹੋਇਆ ਹੋਇਆ ਇਹ ਸਰੀਰ ਜੋ ਕੁਝ ਭੀ ਕਰਦਾ ਹੈ ਨਕਾਰੇ ਕੰਮ ਹੀ ਕਰਦਾ ਹੈ।

ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ ॥

ਹੇ ਜਗਤ ਦੇ ਮਾਲਕ! ਤੂੰ ਹੀ ਕਿਰਪਾ ਕਰ! (ਤਾ ਕਿ ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਜਾਏ) ਕੋਈ ਹੋਰ ਇਸ ਨੂੰ ਸੁਚੱਜੇ ਪਾਸੇ ਲਾਣ ਜੋਗਾ ਹੀ ਨਹੀਂ।

ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥

ਤੈਥੋਂ ਬਿਨਾ ਕੋਈ ਹੋਰ ਥਾਂ ਨਹੀਂ ਜਿਥੇ ਇਹ ਸਰੀਰ ਸੁਚੱਜੇ ਪਾਸੇ ਲੱਗ ਸਕੇ। (ਤੇਰੀ ਕ੍ਰਿਪਾ ਨਾਲ ਹੀ) ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਸਕਦਾ ਹੈ।

ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥੬॥

ਨਾਨਕ ਆਖਦਾ ਹੈ ਕਿ ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਪਰ-ਅਧੀਨ (ਭਾਵ, ਮਾਇਆ ਦੇ ਪ੍ਰਭਾਵ ਹੇਠ) ਹੈ ਤੇ ਜੋ ਕੁਝ ਕਰਦਾ ਹੈ ਨਿਕੰਮਾ ਕੰਮ ਹੀ ਕਰਦਾ ਹੈ ॥੬॥

ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥

ਆਖਣ ਨੂੰ ਤਾਂ ਹਰ ਕੋਈ ਆਖ ਦੇਂਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ, ਪਰ (ਅਸਲ) ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ।

ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥

ਹੇ ਪਿਆਰੇ ਭਾਈ! (ਅਸਲ) ਆਨੰਦ ਦੀ ਸੂਝ ਸਦਾ ਗੁਰੂ ਤੋਂ ਹੀ ਮਿਲਦੀ ਹੈ। (ਉਹ ਮਨੁੱਖ ਅਸਲ ਆਨੰਦ ਨਾਲ ਸਾਂਝ ਪਾਂਦਾ ਹੈ, ਜਿਸ ਉਤੇ ਗੁਰੂ) ਕਿਰਪਾ ਕਰਦਾ ਹੈ।

ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥

ਗੁਰੂ ਮੇਹਰ ਕਰ ਕੇ (ਉਸ ਦੇ) (ਅੰਦਰੋਂ) ਪਾਪ ਕੱਟ ਦੇਂਦਾ ਹੈ, ਤੇ (ਉਸ ਦੀਆਂ ਵਿਚਾਰ-ਅੱਖਾਂ ਵਿਚ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਾਂਦਾ ਹੈ।

ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਅਕਾਲ ਪੁਰਖ ਉਹਨਾਂ ਦਾ ਬੋਲ ਹੀ ਸੁਚੱਜਾ ਮਿੱਠਾ ਕਰ ਦੇਂਦਾ ਹੈ।

ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥

ਨਾਨਕ ਆਖਦਾ ਹੈ ਕਿ ਅਸਲ ਆਨੰਦ ਇਹੀ ਹੈ, ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ ॥੭॥

ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ।

ਪਾਵੈ ਤ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ ॥

ਉਹੀ ਮਨੁੱਖ (ਇਸ ਦਾਤ ਨੂੰ) ਮਾਣਦਾ ਹੈ ਜਿਸ ਨੂੰ ਤੂੰ ਦਿੰਦਾ ਹੈਂ, ਹੋਰਨਾਂ ਵਿਚਾਰਿਆਂ ਦੀ (ਮਾਇਆ ਦੇ ਹੜ੍ਹ ਅੱਗੇ) ਕੋਈ ਪੇਸ਼ ਨਹੀਂ ਜਾਂਦੀ।

ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ ਸਵਾਰਿਆ ॥

ਕਈ ਬੰਦੇ (ਮਾਇਆ ਦੀ) ਭਟਕਣਾ ਵਿਚ (ਅਸਲ ਰਸਤੇ ਤੋਂ) ਭੁੱਲੇ ਹੋਏ ਦਸੀਂ ਪਾਸੀਂ ਦੌੜਦੇ ਫਿਰਦੇ ਹਨ, ਕਈ (ਭਾਗਾਂ ਵਾਲਿਆਂ ਨੂੰ) ਤੂੰ ਆਪਣੇ ਨਾਮ ਵਿਚ ਜੋੜ ਕੇ (ਉਹਨਾਂ ਦਾ ਜਨਮ) ਸਵਾਰ ਦੇਂਦਾ ਹੈਂ।

ਗੁਰਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ ਭਾਵਏ ॥

(ਇਸ ਤਰ੍ਹਾਂ ਤੇਰੀ ਮੇਹਰ ਨਾਲ) ਜਿਨ੍ਹਾਂ ਨੂੰ ਤੇਰੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ, ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਤੇ ਉਹ ਆਤਮਕ ਆਨੰਦ ਮਾਣਦੇ ਹਨ,

ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥੮॥

(ਪਰ) ਨਾਨਕ ਆਖਦਾ ਹੈ ਕਿ (ਹੇ ਪ੍ਰਭੂ!) ਜਿਸ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਬਖ਼ਸ਼ਦਾ ਹੈਂ ਉਹੀ ਇਸ ਨੂੰ ਮਾਣ ਸਕਦਾ ਹੈ ॥੮॥

ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥

ਹੇ ਪਿਆਰੇ ਸੰਤ ਜਨੋ! ਆਓ, ਅਸੀਂ (ਰਲ ਕੇ) ਬੇਅੰਤ ਗੁਣਾਂ ਵਾਲੇ ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰੀਏ,

ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥

ਉਸ ਪ੍ਰਭੂ ਦੀਆਂ ਕਹਾਣੀਆਂ ਸੁਣੀਏ ਸੁਣਾਈਏ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। (ਪਰ ਜੇ ਤੁਸੀ ਪੁੱਛੋ ਕਿ) ਉਹ ਪ੍ਰਭੂ ਕਿਸ ਤਰੀਕੇ ਨਾਲ ਮਿਲਦਾ ਹੈ?

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥

(ਤਾਂ ਉੱਤਰ ਇਹ ਹੈ ਕਿ ਆਪਣਾ ਆਪ ਮਾਇਆ ਦੇ ਹਵਾਲੇ ਕਰਨ ਦੇ ਥਾਂ) ਆਪਣਾ ਤਨ ਮਨ ਧਨ ਸਭ ਕੁਝ ਗੁਰੂ ਦੇ ਹਵਾਲੇ ਕਰੋ (ਇਸ ਤਰ੍ਹਾਂ) ਜੇ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗ ਪਏ ਤਾਂ ਪਰਮਾਤਮਾ ਮਿਲ ਪੈਂਦਾ ਹੈ।

ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥

(ਸੋ, ਸੰਤ ਜਨੋ!) ਗੁਰੂ ਦੇ ਹੁਕਮ ਉੱਤੇ ਤੁਰੋ ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ।

ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥

ਨਾਨਕ ਆਖਦਾ ਹੈ ਕਿ ਹੇ ਸੰਤ ਜਨੋ ਸੁਣੋ, (ਉਸ ਨੂੰ ਮਿਲਣ ਦਾ ਅਤੇ ਆਤਮਕ ਆਨੰਦ ਮਾਣਨ ਦਾ ਸਹੀ ਰਸਤਾ ਇਹੀ ਹੈ ਕਿ) ਉਸ ਅਕੱਥ ਪ੍ਰਭੂ ਦੀਆਂ ਕਹਾਣੀਆਂ ਕਰਿਆ ਕਰੋ ॥੯॥

ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥

ਹੇ ਚੰਚਲ ਮਨ! ਚਲਾਕੀਆਂ ਨਾਲ ਕਿਸੇ ਨੇ ਭੀ (ਆਤਮਕ ਆਨੰਦ) ਹਾਸਲ ਨਹੀਂ ਕੀਤਾ।

ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥

ਹੇ ਮੇਰੇ ਮਨ! ਤੂੰ (ਧਿਆਨ ਨਾਲ) ਸੁਣ ਲੈ ਕਿ ਕਿਸੇ ਜੀਵ ਨੇ ਭੀ ਚਤੁਰਾਈ ਨਾਲ (ਪਰਮਾਤਮਾ ਦੇ ਮਿਲਾਪ ਦਾ ਆਨੰਦ) ਪ੍ਰਾਪਤ ਨਹੀਂ ਕੀਤਾ।

ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥

(ਅੰਦਰੋਂ ਮੋਹਣੀ ਮਾਇਆ ਵਿਚ ਭੀ ਫਸਿਆ ਰਹੇ, ਤੇ, ਬਾਹਰੋਂ ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਚਾਹੇ, ਇਹ ਨਹੀਂ ਹੋ ਸਕਦਾ)। ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਫਸਾਣ ਲਈ ਬੜੀ ਡਾਢੀ ਹੈ, ਇਸ ਨੇ ਇਸ ਭੁਲੇਖੇ ਵਿਚ ਪਾਇਆ ਹੋਇਆ ਹੈ ਕਿ ਮੋਹ ਮਿੱਠੀ ਚੀਜ਼ ਹੈ, ਇਸ ਤਰ੍ਹਾਂ ਕੁਰਾਹੇ ਪਾਈ ਰੱਖਦੀ ਹੈ।

ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ ॥

(ਪਰ ਜੀਵ ਦੇ ਭੀ ਕੀਹ ਵੱਸ?) ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦੀ ਠਗਬੂਟੀ (ਜੀਵਾਂ ਨੂੰ) ਚੰਬੋੜੀ ਹੈ ਉਸੇ ਨੇ ਇਹ ਮੋਹਣੀ ਮਾਇਆ ਪੈਦਾ ਕੀਤੀ ਹੈ।

ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ ॥

(ਸੋ, ਹੇ ਮੇਰੇ ਮਨ! ਆਪਣੇ ਆਪ ਨੂੰ ਮਾਇਆ ਤੋਂ ਸਦਕੇ ਕਰਨ ਦੇ ਥਾਂ) ਉਸ ਪ੍ਰਭੂ ਤੋਂ ਹੀ ਸਦਕੇ ਕਰੋ ਜਿਸ ਨੇ ਮਿੱਠਾ ਮੋਹ ਲਾਇਆ ਹੈ (ਤਦੋਂ ਹੀ ਇਹ ਮਿੱਠਾ ਮੋਹ ਮੁੱਕਦਾ ਹੈ)।

ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ॥੧੦॥

ਨਾਨਕ ਆਖਦਾ ਹੈ ਕਿ ਹੇ (ਮੇਰੇ) ਚੰਚਲ ਮਨ! ਚਤੁਰਾਈਆਂ ਨਾਲ ਕਿਸੇ ਨੇ (ਪਰਮਾਤਮਾ ਦੇ ਮਿਲਾਪ ਦਾ ਆਤਮਕ ਆਨੰਦ) ਨਹੀਂ ਲੱਭਾ ॥੧੦॥

ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥

ਹੇ ਪਿਆਰੇ ਮਨ! (ਜੇ ਤੂੰ ਸਦਾ ਦਾ ਆਤਮਕ ਆਨੰਦ ਲੋੜਦਾ ਹੈਂ ਤਾਂ) ਸਦਾ ਸੱਚੇ ਪ੍ਰਭੂ ਨੂੰ (ਆਪਣੇ ਅੰਦਰ) ਸੰਭਾਲ ਰੱਖ!

ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥

ਇਹ ਜੇਹੜਾ ਪਰਵਾਰ ਤੂੰ ਵੇਖਦਾ ਹੈਂ, ਇਸ ਨੇ ਤੇਰੇ ਨਾਲ ਨਹੀਂ ਨਿਭਣਾ।

ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥

ਇਸ ਪਰਵਾਰ ਦੇ ਮੋਹ ਵਿਚ ਕਿਉਂ ਫਸਦਾ ਹੈਂ? ਇਸ ਨੇ ਤੇਰੇ ਨਾਲ ਤੋੜ ਸਦਾ ਦਾ ਸਾਥ ਨਹੀਂ ਨਿਬਾਹ ਸਕਣਾ।

ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥

ਜਿਸ ਕੰਮ ਦੇ ਕੀਤਿਆਂ ਆਖ਼ਰ ਹੱਥ ਮਲਣੇ ਪੈਣ, ਉਹ ਕੰਮ ਕਦੇ ਭੀ ਕਰਨਾ ਨਹੀਂ ਚਾਹੀਦਾ।

ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥

ਸਤਿਗੁਰੂ ਦੀ ਸਿੱਖਿਆ (ਗਹੁ ਨਾਲ) ਸੁਣ, ਇਹ ਗੁਰ-ਉਪਦੇਸ਼ ਸਦਾ ਚੇਤੇ ਰੱਖਣਾ ਚਾਹੀਦਾ ਹੈ।

ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥੧੧॥

ਨਾਨਕ ਆਖਦਾ ਹੈ ਕਿ ਹੇ ਪਿਆਰੇ ਮਨ! (ਜੇ ਤੂੰ ਆਨੰਦ ਲੋੜਦਾ ਹੈਂ ਤਾਂ) ਸਦਾ-ਥਿਰ ਪਰਮਾਤਮਾ ਨੂੰ ਹਰ ਵੇਲੇ (ਆਪਣੇ ਅੰਦਰ) ਸਾਂਭ ਕੇ ਰੱਖ ॥੧੧॥

ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥

(ਹੇ ਪਿਆਰੇ ਮਨ! ਸਦਾ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ, ਤੇ ਉਸ ਦੇ ਅੱਗੇ ਇਉਂ ਅਰਜ਼ੋਈ ਕਰ-) ਹੇ ਅਪਹੁੰਚ ਹਰੀ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਤੇਰੇ ਗੁਣਾਂ ਦਾ) ਕਿਸੇ ਨੇ ਅੰਤ ਨਹੀਂ ਲੱਭਾ।

ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥

ਆਪਣੇ (ਅਸਲ) ਸਰੂਪ ਨੂੰ ਤੂੰ ਆਪ ਹੀ ਜਾਣਦਾ ਹੈਂ, ਹੋਰ ਕੋਈ ਜੀਵ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕਦਾ।

ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ॥

ਕੋਈ ਹੋਰ ਜੀਵ (ਤੇਰੇ ਗੁਣਾਂ ਨੂੰ) ਆਖ ਕੇ ਬਿਆਨ ਕਰੇ ਭੀ ਕਿਸ ਤਰ੍ਹਾਂ? ਇਹ ਸਾਰੇ ਜੀਵ (ਤਾਂ) ਤੇਰਾ ਹੀ ਰਚਿਆ ਹੋਇਆ ਇਕ ਖੇਲ ਹੈ।

ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ ॥

ਹਰੇਕ ਜੀਵ ਵਿਚ ਤੂੰ ਆਪ ਹੀ ਬੋਲਦਾ ਹੈਂ, ਹਰੇਕ ਜੀਵ ਦੀ ਤੂੰ ਆਪ ਹੀ ਸੰਭਾਲ ਕਰਦਾ ਹੈਂ (ਤੂੰ ਹੀ ਕਰਦਾ ਹੈਂ) ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ।

ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ॥੧੨॥

ਨਾਨਕ ਆਖਦਾ ਹੈ ਕਿ (ਹੇ ਮੇਰੇ ਪਿਆਰੇ ਮਨ! ਪ੍ਰਭੂ ਅੱਗੇ ਇਉਂ ਅਰਜ਼ੋਈ ਕਰ-) ਤੂੰ ਸਦਾ ਅਪਹੁੰਚ ਹੈਂ, (ਕਿਸੇ ਜੀਵ ਨੇ ਤੇਰੇ ਗੁਣਾਂ ਦਾ ਕਦੇ) ਅੰਤ ਨਹੀਂ ਲੱਭਾ ॥੧੨॥

ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥

(ਆਤਮਕ ਆਨੰਦ ਇਕ ਐਸਾ) ਅੰਮ੍ਰਿਤ (ਹੈ ਜਿਸ) ਨੂੰ ਦੇਵਤੇ ਮਨੁੱਖ ਮੁਨੀ ਲੋਕ ਲੱਭਦੇ ਫਿਰਦੇ ਹਨ, (ਪਰ) ਇਹ ਅੰਮ੍ਰਿਤ ਗੁਰੂ ਤੋਂ ਹੀ ਮਿਲਦਾ ਹੈ।

ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ॥

ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਇਹ) ਅੰਮ੍ਰਿਤ ਪ੍ਰਾਪਤ ਕਰ ਲਿਆ (ਕਿਉਂਕਿ) ਉਸ ਨੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪਣੇ ਮਨ ਵਿਚ ਟਿਕਾ ਲਿਆ।

ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥

ਹੇ ਪ੍ਰਭੂ! ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ (ਤੂੰ ਹੀ ਇਹਨਾਂ ਨੂੰ ਪ੍ਰੇਰਦਾ ਹੈਂ, ਤੇਰੀ ਪ੍ਰੇਰਨਾ ਨਾਲ ਹੀ) ਕਈ ਜੀਵ (ਗੁਰੂ ਦਾ) ਦੀਦਾਰ ਕਰ ਕੇ (ਉਸ ਦੇ) ਚਰਨ ਛੁਹਣ ਆਉਂਦੇ ਹਨ,

ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ॥

ਸਤਿਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ (ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦਾ) ਲੱਬ ਲੋਭ ਤੇ ਅਹੰਕਾਰ ਦੂਰ ਹੋ ਜਾਂਦਾ ਹੈ।

ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥

ਨਾਨਕ ਆਖਦਾ ਹੈ ਕਿ ਪ੍ਰਭੂ ਜਿਸ ਮਨੁੱਖ ਉਤੇ ਪ੍ਰਸੰਨ ਹੁੰਦਾ ਹੈ, ਉਸ ਮਨੁੱਖ ਨੇ (ਆਤਮਕ ਆਨੰਦ-ਰੂਪ) ਅੰਮ੍ਰਿਤ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ ॥੧੩॥

ਭਗਤਾ ਕੀ ਚਾਲ ਨਿਰਾਲੀ ॥

(ਜੇਹੜੇ ਸੁਭਾਗ ਬੰਦੇ ਆਤਮਕ ਆਨੰਦ ਮਾਣਦੇ ਹਨ ਉਹੀ ਭਗਤ ਹਨ ਤੇ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਦੁਨੀਆ ਦੇ ਲੋਕਾਂ ਨਾਲੋਂ ਸਦਾ) ਵੱਖਰੀ ਹੁੰਦੀ ਹੈ,

ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥

(ਇਹ ਪੱਕੀ ਗੱਲ ਹੈ ਕਿ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਹੋਰਨਾਂ ਨਾਲੋਂ) ਵੱਖਰੀ ਹੁੰਦੀ ਹੈ। ਉਹ (ਬੜੇ) ਔਖੇ ਰਸਤੇ ਉਤੇ ਤੁਰਦੇ ਹਨ।

ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥

ਉਹ ਲੱਬ ਲੋਭ ਅਹੰਕਾਰ ਤੇ ਮਾਇਆ ਦੀ ਤ੍ਰਿਸ਼ਨਾ ਤਿਆਗਦੇ ਹਨ ਤੇ ਬਹੁਤਾ ਨਹੀਂ ਬੋਲਦੇ (ਭਾਵ, ਆਪਣੀ ਸੋਭਾ ਨਹੀਂ ਕਰਦੇ ਫਿਰਦੇ)।

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥

ਇਸ ਰਸਤੇ ਉਤੇ ਤੁਰਨਾ (ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ) ਖੰਡੇ ਦੀ ਧਾਰ ਨਾਲੋਂ ਤ੍ਰਿੱਖਾ ਹੈ ਤੇ ਵਾਲ ਨਾਲੋਂ ਪਤਲਾ ਹੈ (ਇਸ ਉਤੋਂ ਡਿੱਗਣ ਦੀ ਭੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆ ਵਾਲੀ ਵਾਸਨਾ ਮਨ ਦੀ ਅਡੋਲਤਾ ਨੂੰ ਧੱਕਾ ਦੇ ਦੇਂਦੀ ਹੈ)।

ਗੁਰਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥

ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ ਹੈ, ਉਹਨਾਂ ਦੀ (ਮਾਇਕ) ਵਾਸਨਾ ਹਰੀ-ਪ੍ਰਭੂ ਦੀ ਯਾਦ ਵਿਚ ਮੁੱਕ ਜਾਂਦੀ ਹੈ।

ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥

ਨਾਨਕ ਆਖਦਾ ਹੈ ਕਿ (ਆਤਮਕ ਆਨੰਦ ਮਾਣਨ ਵਾਲੇ) ਭਗਤ ਜਨਾਂ ਦੀ ਜੀਵਨ-ਜੁਗਤੀ ਸਦਾ ਤੋਂ ਹੀ (ਦੁਨੀਆ ਨਾਲੋਂ) ਵੱਖਰੀ ਚਲੀ ਆ ਰਹੀ ਹੈ ॥੧੪॥

ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥

ਹੇ ਮਾਲਕ-ਪ੍ਰਭੂ! ਜਿਵੇਂ ਤੂੰ (ਸਾਨੂੰ ਜੀਵਾਂ ਨੂੰ ਜੀਵਨ-ਸੜਕ ਉਤੇ) ਤੋਰਦਾ ਹੈਂ, ਤਿਵੇਂ ਅਸੀਂ ਤੁਰਦੇ ਹਾਂ (ਬੱਸ! ਮੈਨੂੰ ਇਤਨੀ ਹੀ ਸੂਝ ਪਈ ਹੈ), ਤੇਰੇ ਗੁਣਾਂ ਦਾ ਹੋਰ ਭੇਤ ਮੈਂ ਨਹੀਂ ਜਾਣਦਾ।

ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥

(ਮੈਂ ਇਹੀ ਸਮਝਿਆ ਹਾਂ ਕਿ) ਜਿਸ ਰਾਹੇ ਤੂੰ ਸਾਨੂੰ ਤੋਰਦਾ ਹੈਂ, ਉਸੇ ਰਾਹੇ ਅਸੀਂ ਤੁਰਦੇ ਹਾਂ। ਜਿਨ੍ਹਾਂ ਬੰਦਿਆਂ ਨੂੰ (ਆਤਮਕ ਆਨੰਦ ਮਾਣਨ ਦੇ) ਰਸਤੇ ਉਤੇ ਤੋਰਦਾ ਹੈਂ,

ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥

ਜਿਨ੍ਹਾਂ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈਂ, ਉਹ ਬੰਦੇ ਸਦਾ ਹਰੀ-ਨਾਮ ਸਿਮਰਦੇ ਹਨ।

ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥

ਜਿਸ ਜਿਸ ਮਨੁੱਖ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਸੁਣਾਉਂਦਾ ਹੈਂ (ਸੁਣਨ ਵਲ ਪ੍ਰੇਰਦਾ ਹੈਂ), ਉਹ ਬੰਦੇ ਗੁਰੂ ਦੇ ਦਰ ਤੇ (ਪਹੁੰਚ ਕੇ) ਆਤਮਕ ਆਨੰਦ ਮਾਣਦੇ ਹਨ।

ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥

ਨਾਨਕ ਆਖਦਾ ਹੈ ਕਿ ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ (ਸਾਨੂੰ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ ॥੧੫॥

ਏਹੁ ਸੋਹਿਲਾ ਸਬਦੁ ਸੁਹਾਵਾ ॥

(ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ,

ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥

(ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ।

ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥

ਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ।

ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥

ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ। ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ।

ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥

ਨਾਨਕ ਆਖਦਾ ਹੈ ਕਿ ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ ॥੧੬॥

ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥

(ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ।

ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥

ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ।

ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥

(ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ।

ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥

ਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ।

ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥

ਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ ॥੧੭॥

ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥

ਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਸਦਾ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ, (ਇਹ) ਤੌਖ਼ਲਾ-ਸਹਿਮ ਆਤਮਕ ਆਨੰਦ ਤੋਂ ਬਿਨਾ ਦੂਰ ਨਹੀਂ ਹੁੰਦਾ, (ਤੇ,) ਆਤਮਕ ਆਨੰਦ ਬਾਹਰੋਂ ਧਾਰਮਿਕ ਜਾਪਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ।

ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥

ਅਨੇਕਾਂ ਬੰਦੇ (ਅਜੇਹੇ) ਕਰਮ ਕਰ ਕਰ ਕੇ ਹਾਰ ਗਏ ਹਨ, ਪਰ ਮਨ ਦਾ ਤੌਖ਼ਲਾ-ਸਹਿਮ ਅਜੇਹੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ।

ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥

(ਜਿਤਨਾ ਚਿਰ) ਮਨ ਸਹਿਮ ਵਿਚ (ਹੈ ਉਤਨਾ ਚਿਰ) ਮੈਲਾ ਰਹਿੰਦਾ ਹੈ, ਮਨ ਦੀ ਇਹ ਮੈਲ ਕਿਸੇ (ਬਾਹਰਲੀ) ਜੁਗਤੀ ਨਾਲ ਨਹੀਂ ਧੁਪਦੀ।

ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥

ਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।

ਕਹੈ ਨਾਨਕੁ ਗੁਰਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥

ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਤੇ ਇਸ ਤਰ੍ਹਾਂ ਮਨ ਦਾ ਤੌਖ਼ਲਾ-ਸਹਿਮ ਦੂਰ ਹੋ ਜਾਂਦਾ ਹੈ ॥੧੮॥

ਜੀਅਹੁ ਮੈਲੇ ਬਾਹਰਹੁ ਨਿਰਮਲ ॥

(ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਵਾਲੇ ਬੰਦੇ) ਮਨ ਵਿਚ (ਵਿਕਾਰਾਂ ਨਾਲ) ਮੈਲੇ ਰਹਿੰਦੇ ਹਨ ਤੇ ਸਿਰਫ਼ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ।

ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥

ਤੇ, ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਉਂਞ ਮਨੋਂ ਵਿਕਾਰੀ ਹੋਣ, ਉਹਨਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ ਜਿਵੇਂ ਕੋਈ ਜੁਆਰੀਆ ਜੂਏ ਵਿਚ ਧਨ ਹਾਰ ਆਉਂਦਾ ਹੈ।

ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥

(ਉਹਨਾਂ ਨੂੰ ਅੰਦਰੋ-ਅੰਦਰ) ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ, (ਮਾਇਆ ਦੇ ਲਾਲਚ ਵਿਚ) ਮੌਤ ਨੂੰ ਉਹਨਾਂ ਭੁਲਾਇਆ ਹੁੰਦਾ ਹੈ।

ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥

(ਲੋਕਾਂ ਦੀਆਂ ਨਜ਼ਰਾਂ ਵਿਚ ਧਾਰਮਿਕ ਦਿੱਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿੱਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਰਮ-ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ, ਪਰ) ਵੇਦ ਆਦਿਕ ਧਰਮ-ਪੁਸਤਕਾਂ ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਹੀ ਜਗਤ ਵਿਚ ਵਿਚਰਦੇ ਹਨ (ਜੀਵਨ-ਤਾਲ ਤੋਂ ਖੁੰਝੇ ਰਹਿੰਦੇ ਹਨ)।

ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥

ਨਾਨਕ ਆਖਦਾ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ (-ਸਿਮਰਨ) ਛੱਡਿਆ ਹੋਇਆ ਹੈ, ਤੇ ਜੋ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ, ਉਹਨਾਂ ਆਪਣੀ ਜੀਵਨ-ਖੇਡ ਜੂਏ ਵਿਚ ਹਾਰ ਲਈ ਸਮਝੋ ॥੧੯॥

ਜੀਅਹੁ ਨਿਰਮਲ ਬਾਹਰਹੁ ਨਿਰਮਲ ॥

ਉਹ ਬੰਦੇ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ,

ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥

ਜੋ ਬੰਦੇ (ਆਚਰਨ-ਉਸਾਰੀ ਦੀ) ਉਹ ਕਮਾਈ ਕਰਦੇ ਹਨ ਜਿਸ ਦੀ ਹਿਦਾਇਤ ਗੁਰੂ ਤੋਂ ਮਿਲਦੀ ਹੈ, ਉਹ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ (ਭਾਵ, ਉਹਨਾਂ ਦਾ ਜਗਤ ਨਾਲ ਵਰਤਾਰਾ ਭੀ ਸੁਚੱਜਾ ਹੁੰਦਾ ਹੈ), ਉਹ ਬਾਹਰੋਂ ਭੀ ਪਵਿਤ੍ਰ ਤੇ ਅੰਦਰੋਂ ਭੀ ਸੁੱਚੇ ਰਹਿੰਦੇ ਹਨ।

ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥

ਉਹਨਾਂ ਦੇ ਮਨ ਦਾ ਮਾਇਕ ਫੁਰਨਾ ਸਿਮਰਨ ਵਿਚ ਹੀ ਮੁੱਕ ਜਾਂਦਾ ਹੈ, (ਉਹਨਾਂ ਦੇ ਅੰਦਰ ਇਤਨਾ ਆਤਮਕ ਆਨੰਦ ਬਣਦਾ ਹੈ ਕਿ) ਮਾਇਆ ਦੇ ਮੋਹ ਦੀ ਖ਼ਬਰ ਤਕ ਉਹਨਾਂ ਦੇ ਮਨ ਤਕ ਨਹੀਂ ਪਹੁੰਚਦੀ।

ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥

(ਜੀਵ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਏ ਹਨ) ਉਹੀ ਜੀਵ-ਵਪਾਰੀ ਚੰਗੇ ਕਹੇ ਜਾਂਦੇ ਹਨ ਜਿਨ੍ਹਾਂ ਨੇ (ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ-ਕਮਾਈ ਕਰ ਕੇ) ਸ੍ਰੇਸ਼ਟ ਮਨੁੱਖਾ ਜਨਮ ਸਫਲਾ ਕਰ ਲਿਆ।

ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥

ਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਜਿਨ੍ਹਾਂ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ) ਉਹ (ਅੰਤਰ ਆਤਮੇ) ਸਦਾ ਗੁਰੂ ਦੇ ਚਰਨਾਂ ਵਿਚ ਰਹਿੰਦੇ ਹਨ ॥੨੦॥

ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥

ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖ਼ਰੂ ਹੋਣਾ ਚਾਹੁੰਦਾ ਹੈ,

ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥

ਜੋ ਸਿੱਖ ਇਹ ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ ਨ ਕਰਨੀਆਂ ਪੈਣ, (ਤਾਂ ਰਸਤਾ ਇਕੋ ਹੀ ਹੈ ਕਿ) ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕੇ।

ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥

ਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਵੇ, ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ।

ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥

ਆਪਾ-ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ, ਗੁਰੂ ਤੋਂ ਬਿਨਾ ਕਿਸੇ ਹੋਰ ਨੂੰ (ਆਪਣੇ ਆਤਮਕ ਜੀਵਨ ਦਾ, ਆਤਮਕ ਆਨੰਦ ਦਾ ਵਸੀਲਾ) ਨਾ ਸਮਝੇ।

ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥

ਨਾਨਕ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ) ਖਿੜੇ-ਮੱਥੇ ਰਹਿ ਸਕਦਾ ਹੈ (ਉਸ ਦੇ ਹੀ ਅੰਦਰ ਆਤਮਕ ਖੇੜਾ ਹੋ ਸਕਦਾ ਹੈ, ਉਹੀ ਆਤਮਕ ਆਨੰਦ ਮਾਣ ਸਕਦਾ ਹੈ) ॥੨੧॥

ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥

(ਜਿਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉਥੇ ਆਤਮਕ ਆਨੰਦ ਨਹੀਂ ਪਲ੍ਹਰ ਸਕਦਾ, ਪਰ) ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ (ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ) ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ।

ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥

ਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ (ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ) ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ।

ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥

(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਅਨੇਕਾਂ ਜੂਨੀਆਂ ਵਿਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ।

ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥

ਆਖ਼ਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ-ਮਾਰਗ ਦਾ) ਉਪਦੇਸ਼ ਸੁਣਾਂਦਾ ਹੈ।

ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥

ਨਾਨਕ ਆਖਦਾ ਹੈ ਕਿ ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, (ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ) ॥੨੨॥

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥

ਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ।

ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥

ਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ।

ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥

ਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਹੀ ਟਿਕਦੀ ਹੈ ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ, ਬਖ਼ਸ਼ਸ਼ ਹੋਵੇ।

ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥

(ਹੇ ਪਿਆਰੇ ਗੁਰਸਿੱਖੋ!) ਪਰਮਾਤਮਾ ਦਾ ਨਾਮ ਸਿਮਰੋ, ਪਰਮਾਤਮਾ ਦੇ ਪਿਆਰ ਵਿਚ ਸਦਾ ਜੁੜੇ ਰਹੋ, ਇਹ (ਆਨੰਦ ਦੇਣ ਵਾਲਾ, ਆਤਮਕ ਹੁਲਾਰਾ ਪੈਦਾ ਕਰਨ ਵਾਲਾ) ਨਾਮ-ਜਲ ਪੀਓ।

ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥

ਨਾਨਕ ਆਖਦਾ ਹੈ ਕਿ (ਹੇ ਗੁਰਸਿੱਖੋ!) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿਚ ਆਤਮਕ ਆਨੰਦ ਹੈ) ॥੨੩॥

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥

ਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ।

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥

ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ।

ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ ॥

ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ।

ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥

ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ,

ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥

ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ।

ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥

ਨਾਨਕ ਆਖਦਾ ਹੈ ਕਿ ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ ॥੨੪॥

ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥

ਸਤਿਗੁਰੂ ਦਾ ਸ਼ਬਦ ਇਕ ਐਸੀ ਅਮੋਲਕ ਦਾਤ ਹੈ ਜਿਸ ਵਿਚ ਪਰਮਾਤਮਾ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ।

ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥

ਸ਼ਬਦ, ਮਾਨੋ, (ਐਸਾ) ਰਤਨ ਹੈ, ਕਿ ਉਸ ਦੀ ਰਾਹੀਂ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਟਿਕ ਜਾਂਦਾ ਹੈ (ਪਰਮਾਤਮਾ ਵਿਚ) ਇਕ ਅਸਚਰਜ ਲੀਨਤਾ ਬਣੀ ਰਹਿੰਦੀ ਹੈ।

ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥

ਜੇ ਸ਼ਬਦ ਵਿਚ (ਮਨੁੱਖ ਦਾ) ਮਨ ਜੁੜ ਜਾਏ, ਤਾਂ (ਇਸ ਦੀ ਬਰਕਤਿ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਉਸ ਦਾ) ਪ੍ਰੇਮ ਬਣ ਜਾਂਦਾ ਹੈ।

ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥

(ਉਸ ਦੇ ਅੰਦਰ ਪਰਮਾਤਮਾ ਦਾ) ਹੀਰਾ-ਨਾਮ ਹੀ ਟਿਕਿਆ ਰਹਿੰਦਾ ਹੈ, (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਰਤਨ-ਸ਼ਬਦ ਹੀ ਟਿਕਿਆ ਰਹਿੰਦਾ ਹੈ। (ਪਰ ਇਹ ਦਾਤ ਉਸ ਨੂੰ ਹੀ ਮਿਲਦੀ ਹੈ) ਜਿਸ ਨੂੰ (ਪ੍ਰਭੂ ਆਪ ਇਹ) ਸੂਝ ਬਖ਼ਸ਼ਦਾ ਹੈ।

ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥

ਨਾਨਕ ਆਖਦਾ ਹੈ ਕਿ ਗੁਰੂ ਦਾ ਸ਼ਬਦ, ਮਾਨੋ, ਇਕ ਰਤਨ ਹੈ ਜਿਸ ਵਿਚ ਪ੍ਰਭੂ ਦਾ ਨਾਮ-ਰੂਪ ਹੀਰਾ ਜੜਿਆ ਹੋਇਆ ਹੈ ॥੨੫॥

ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥

ਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪਰਮਾਤਮਾ ਆਪ ਹੀ (ਇਹ) ਹੁਕਮ ਵਰਤਾਂਦਾ ਹੈ ਕਿ (ਮਾਇਆ ਦਾ ਜ਼ੋਰ ਜੀਵਾਂ ਉਤੇ ਪਿਆ ਰਹੇ)।

ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥

ਪ੍ਰਭੂ ਆਪ ਹੀ ਇਹ ਹੁਕਮ ਵਰਤਾਂਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ (ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ), ਕਿਸੇ ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ।

ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥

(ਜਿਸ ਨੂੰ ਸੂਝ ਬਖ਼ਸ਼ਦਾ ਹੈ ਉਸ ਦੇ) ਮਾਇਆ (ਦੇ ਮੋਹ) ਦੇ ਬੰਧਨ ਤੋੜ ਦੇਂਦਾ ਹੈ, ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ।

ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥

ਗੁਰੂ ਦੇ ਦੱਸੇ ਰਾਹ ਉਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦੇਂਦਾ ਹੈ, ਉਹ ਮਨੁੱਖ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ (ਉਸ ਦੇ ਅੰਦਰ ਆਤਮਕ ਆਨੰਦ ਬਣਦਾ ਹੈ, ਤੇ ਉਹ ਮਾਇਆ ਦੇ ਮੋਹ ਵਿਚੋਂ ਨਿਕਲਦਾ ਹੈ)।

ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥

ਨਾਨਕ ਆਖਦਾ ਹੈ ਕਿ ਪਰਮਾਤਮਾ ਆਪ ਹੀ (ਜੀਵਾਤਮਾ ਤੇ ਮਾਇਆ ਦੀ) ਰਚਨਾ ਕਰਦਾ ਹੈ ਤੇ ਆਪ ਹੀ (ਕਿਸੇ ਵਿਰਲੇ ਨੂੰ ਇਹ) ਸੂਝ ਬਖ਼ਸ਼ਦਾ ਹੈ (ਕਿ ਮਾਇਆ ਦਾ ਪ੍ਰਭਾਵ ਭੀ ਉਸ ਦਾ ਆਪਣਾ ਹੀ) ਹੁਕਮ (ਜਗਤ ਵਿਚ ਵਰਤ ਰਿਹਾ) ਹੈ ॥੨੬॥

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥

ਸਿੰਮ੍ਰਿਤੀਆਂ ਸ਼ਾਸਤ੍ਰ ਆਦਿਕ ਪੜ੍ਹਨ ਵਾਲੇ ਪੰਡਿਤ ਸਿਰਫ਼ ਇਹੀ ਵਿਚਾਰਾਂ ਕਰਦੇ ਹਨ ਕਿ (ਇਹਨਾਂ ਪੁਸਤਕਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ, ਉਹਨਾਂ ਨੂੰ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ।

ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥

(ਇਹ ਗੱਲ ਯਕੀਨੀ ਜਾਣੋ ਕਿ) ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ।

ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥

ਜਗਤ ਤਿੰਨਾਂ ਗੁਣਾਂ ਵਿਚ ਹੀ ਭਟਕ ਭਟਕ ਕੇ ਗ਼ਾਫ਼ਿਲ ਹੋਇਆ ਪਿਆ ਹੈ, ਮਾਇਆ ਦੇ ਮੋਹ ਵਿਚ ਸੁੱਤਿਆਂ ਦੀ ਹੀ ਸਾਰੀ ਉਮਰ ਗੁਜ਼ਰ ਜਾਂਦੀ ਹੈ (ਸਿੰਮ੍ਰਿਤੀਆਂ ਸ਼ਾਸਤ੍ਰਾਂ ਦੀਆਂ ਵਿਚਾਰਾਂ ਇਸ ਨੀਂਦ ਵਿਚੋਂ ਜਗਾ ਨਹੀਂ ਸਕਦੀਆਂ)।

ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥

(ਮੋਹ ਦੀ ਨੀਂਦ ਵਿਚੋਂ) ਗੁਰੂ ਦੀ ਕਿਰਪਾ ਨਾਲ (ਸਿਰਫ਼) ਉਹ ਮਨੁੱਖ ਜਾਗਦੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ।

ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥

ਨਾਨਕ ਆਖਦਾ ਹੈ ਕਿ ਉਹੀ ਮਨੁੱਖ ਆਤਮਕ ਆਨੰਦ ਮਾਣਦਾ ਹੈ ਜੋ ਹਰ ਵੇਲੇ ਪ੍ਰਭੂ ਦੀ ਯਾਦ ਦੀ ਲਗਨ ਵਿਚ ਟਿਕਿਆ ਰਹਿੰਦਾ ਹੈ, ਤੇ ਜਿਸ ਦੀ ਉਮਰ (ਇਸ ਤਰ੍ਹਾਂ ਮੋਹ ਦੀ ਨੀਂਦ ਵਿਚੋਂ) ਜਾਗਦਿਆਂ ਬੀਤਦੀ ਹੈ ॥੨੭॥

ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥

(ਜੇ ਆਤਮਕ ਆਨੰਦ ਪ੍ਰਾਪਤ ਕਰਨਾ ਹੈ ਤਾਂ) ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਵਿਚ (ਭੀ) ਪਾਲਣਾ ਕਰਦਾ ਹੈ।

ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥

ਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਣਾ ਨਹੀਂ ਚਾਹੀਦਾ ਜੋ (ਮਾਂ ਦੇ ਪੇਟ ਦੀ) ਅੱਗ ਵਿਚ (ਭੀ) ਖ਼ੁਰਾਕ ਅਪੜਾਂਦਾ ਹੈ।

ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥

(ਇਹ ਮੋਹ ਹੀ ਹੈ ਜੋ ਆਨੰਦ ਤੋਂ ਵਾਂਜਿਆਂ ਰੱਖਦਾ ਹੈ, ਪਰ) ਉਸ ਬੰਦੇ ਨੂੰ (ਮੋਹ ਆਦਿਕ) ਕੁਝ ਭੀ ਪੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ।

ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ ॥

(ਪਰ ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣੀ ਪ੍ਰੀਤ ਦੀ ਦਾਤ ਦੇਂਦਾ ਹੈ। ਗੁਰੂ ਦੀ ਸਰਨ ਪੈ ਕੇ ਉਸ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ।

ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ॥੨੮॥

ਨਾਨਕ ਆਖਦਾ ਹੈ ਕਿ (ਜੇ ਆਤਮਕ ਆਨੰਦ ਦੀ ਲੋੜ ਹੈ ਤਾਂ) ਇਤਨੇ ਵੱਡੇ ਦਾਤਾਰ ਪ੍ਰਭੂ ਨੂੰ ਕਦੇ ਭੀ ਭੁਲਾਣਾ ਨਹੀਂ ਚਾਹੀਦਾ ॥੨੮॥

ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥

ਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ ਤਿਵੇਂ ਬਾਹਰ ਜਗਤ ਵਿਚ ਮਾਇਆ (ਦੁਖਦਾਈ) ਹੈ।

ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥

ਮਾਇਆ ਤੇ ਅੱਗ ਇਕੋ ਜਿਹੀਆਂ ਹੀ ਹਨ, ਕਰਤਾਰ ਨੇ ਐਸੀ ਹੀ ਖੇਡ ਰਚ ਦਿੱਤੀ ਹੈ।

ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥

ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਜੀਵ ਪੈਦਾ ਹੁੰਦਾ ਹੈ ਪਰਵਾਰ ਵਿਚ ਪਿਆਰਾ ਲੱਗਦਾ ਹੈ।

ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥

(ਪਰਵਾਰ ਦੇ ਜੀਵ ਉਸ ਨਵੇਂ ਜੰਮੇ ਬਾਲ ਨੂੰ ਪਿਆਰ ਕਰਦੇ ਹਨ, ਇਸ ਪਿਆਰ ਵਿਚ ਫਸ ਕੇ ਉਸ ਦੀ ਪ੍ਰਭੂ-ਚਰਨਾਂ ਨਾਲੋਂ) ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ, ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ, ਮਾਇਆ (ਉਸ ਉਤੇ) ਆਪਣਾ ਜ਼ੋਰ ਪਾ ਲੈਂਦੀ ਹੈ।

ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥

ਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ, (ਦੁਨੀਆ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ (ਫਿਰ ਅਜੇਹੀ ਹਾਲਤ ਵਿਚ ਆਤਮਕ ਆਨੰਦ ਕਿਥੋਂ ਮਿਲੇ?)

ਕਹੈ ਨਾਨਕੁ ਗੁਰਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥

ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹਨਾਂ ਨੂੰ ਮਾਇਆ ਵਿਚ ਵਰਤਦਿਆਂ ਹੀ (ਆਤਮਕ ਆਨੰਦ) ਮਿਲ ਪੈਂਦਾ ਹੈ ॥੨੯॥

ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥

(ਜਦ ਤਕ ਪਰਮਾਤਮਾ ਦਾ ਮਿਲਾਪ ਨਾ ਹੋਵੇ ਤਦ ਤਕ ਆਨੰਦ ਨਹੀਂ ਮਾਣਿਆ ਜਾ ਸਕਦਾ, ਪਰ) ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਪਰਮਾਤਮਾ (ਧਨ ਆਦਿਕ) ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ।

ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥

ਜੀਵ ਖਪ ਖਪ ਕੇ ਹਾਰ ਗਏ, ਕਿਸੇ ਨੂੰ (ਧਨ ਆਦਿਕ) ਕੀਮਤ ਦੇ ਕੇ ਪਰਮਾਤਮਾ ਨਹੀਂ ਮਿਲਿਆ।

ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥

(ਹਾਂ,) ਜੇ ਅਜੇਹਾ ਗੁਰੂ ਮਿਲ ਪਏ (ਜਿਸ ਦੇ ਮਿਲਿਆਂ ਮਨੁੱਖ ਦੇ ਅੰਦਰੋਂ ਆਪਾ-ਭਾਵ ਨਿਕਲ ਜਾਏ) ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ (ਆਪਣਾ ਆਪ ਅਰਪਣ ਕਰ ਦੇਣਾ ਚਾਹੀਦਾ ਹੈ),

ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥

(ਤੇ ਜਿਸ ਗੁਰੂ ਦੇ ਮਿਲਿਆਂ) ਜੀਵ ਉਸ ਹਰੀ ਦੇ ਚਰਨਾਂ ਵਿਚ ਜੁੜਿਆ ਰਹੇ ਉਹ ਹਰੀ ਉਸ ਦੇ ਮਨ ਵਿਚ ਵੱਸ ਪਏ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ।

ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥੩੦॥

ਹੇ ਨਾਨਕ! ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਕੀਮਤ ਤੋਂ ਨਹੀਂ ਮਿਲਦਾ, ਪਰ) ਪਰਮਾਤਮਾ ਜਿਨ੍ਹਾਂ ਨੂੰ (ਗੁਰੂ ਦੇ) ਲੜ ਲਾ ਦੇਂਦਾ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ (ਉਹ ਆਤਮਕ ਆਨੰਦ ਮਾਣਦੇ ਹਨ) ॥੩੦॥

ਹਰਿ ਰਾਸਿ ਮੇਰੀ ਮਨੁ ਵਣਜਾਰਾ ॥

ਪਰਮਾਤਮਾ ਦਾ ਨਾਮ ਮੇਰੀ ਰਾਸਿ-ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੋ ਗਿਆ ਹੈ।

ਹਰਿ ਰਾਸਿ ਮੇਰੀ ਮਨੁ ਵਣਜਾਰਾ ਸਤਿਗੁਰ ਤੇ ਰਾਸਿ ਜਾਣੀ ॥

ਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਹੈ ਕਿ (ਆਤਮਕ ਆਨੰਦ ਦੀ ਖੱਟੀ ਖੱਟਣ ਲਈ) ਪਰਮਾਤਮਾ ਦਾ ਨਾਮ ਹੀ ਮੇਰੀ ਰਾਸਿ-ਪੂੰਜੀ (ਹੋ ਸਕਦੀ ਹੈ), ਮੇਰਾ ਮਨ (ਇਸ ਵਣਜ ਦਾ) ਵਪਾਰੀ ਬਣ ਗਿਆ ਹੈ।

ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ ॥

ਤੁਸੀ ਭੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ, ਤੇ ਹਰ ਰੋਜ਼ (ਆਤਮਕ ਆਨੰਦ ਦਾ) ਲਾਭ ਖੱਟੋ।

ਏਹੁ ਧਨੁ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ॥

(ਹਰੀ-ਨਾਮ ਦਾ, ਆਤਮਕ ਆਨੰਦ ਦਾ) ਇਹ ਧਨ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਦੇਣਾ ਪ੍ਰਭੂ ਨੂੰ ਆਪ ਹੀ ਚੰਗਾ ਲੱਗਦਾ ਹੈ।

ਕਹੈ ਨਾਨਕੁ ਹਰਿ ਰਾਸਿ ਮੇਰੀ ਮਨੁ ਹੋਆ ਵਣਜਾਰਾ ॥੩੧॥

ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੀ ਪੂੰਜੀ ਬਣ ਗਈ ਹੈ (ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਆਨੰਦ ਦੀ ਖੱਟੀ ਖੱਟਦਾ ਹਾਂ) ॥੩੧॥

ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥

ਹੇ (ਮੇਰੀ) ਜੀਭ! ਤੂੰ ਹੋਰ ਹੋਰ ਸੁਆਦ ਵਿਚ ਮਸਤ ਹੋ ਰਹੀ ਹੈਂ, (ਇਸ ਤਰ੍ਹਾਂ) ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ।

ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥

ਜਿਤਨਾ ਚਿਰ ਪਰਮਾਤਮਾ ਦੇ ਸਿਮਰਨ ਦਾ ਆਨੰਦ ਪ੍ਰਾਪਤ ਨਾ ਹੋਵੇ, (ਉਤਨਾ ਚਿਰ) ਕਿਸੇ ਹੋਰ ਥਾਂ ਤੋਂ ਸੁਆਦਾਂ ਦਾ ਚਸਕਾ ਮਿਟ ਨਹੀਂ ਸਕਦਾ।

ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥

ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਜਾਏ, ਜੋ ਮਨੁੱਖ ਹਰੀ-ਸਿਮਰਨ ਦਾ ਸੁਆਦ ਮਾਣਨ ਲੱਗ ਪਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ।

ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥

ਪਰ ਇਹ ਹਰੀ-ਨਾਮ ਦਾ ਆਨੰਦ ਪ੍ਰਭੂ ਦੀ ਮੇਹਰ ਨਾਲ ਮਿਲਦਾ ਹੈ (ਉਸ ਨੂੰ ਮਿਲਦਾ ਹੈ) ਜਿਸ ਨੂੰ ਗੁਰੂ ਮਿਲੇ।

ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥

ਨਾਨਕ ਆਖਦਾ ਹੈ ਕਿ ਜਦੋਂ ਹਰੀ-ਸਿਮਰਨ ਦਾ ਆਨੰਦ ਮਨ ਵਿਚ ਵੱਸ ਪਏ, ਤਦੋਂ ਹੋਰ ਹੋਰ ਸਾਰੇ ਚਸਕੇ ਭੁੱਲ ਜਾਂਦੇ ਹਨ ॥੩੨॥

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥

ਮੇਰੇ ਸਰੀਰ! (ਤੂੰ ਦੁਨੀਆ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਪਰਮਾਤਮਾ ਹੈ ਜੋ ਤੇਰੇ ਅੰਦਰ ਵੱਸਦਾ ਹੈ) ਤੂੰ ਜਗਤ ਵਿਚ ਆਇਆ ਹੀ ਤਦੋਂ, ਜਦੋਂ ਹਰੀ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ।

ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥

(ਇਹ ਯਕੀਨ ਜਾਣ ਕਿ) ਜਦੋਂ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਦੋਂ ਤੂੰ ਜਗਤ ਵਿਚ ਜੰਮਿਆ।

ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥

ਜੇਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ (ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁਖ ਦੇਂਦਾ ਹੈ, ਸੁਖ ਆਨੰਦ ਦਾ ਦਾਤਾ ਹੈ ਹੀ ਪ੍ਰਭੂ ਆਪ। ਪਰ ਜੀਵ ਜਗਤ ਵਿਚੋਂ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ)।

ਗੁਰਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥

ਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ (ਮਦਾਰੀ ਦਾ) ਇਕ ਤਮਾਸ਼ਾ ਹੀ ਦਿੱਸ ਪੈਂਦਾ ਹੈ (ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ ਇਸ ਵਿਚ ਨਹੀਂ ਹੋ ਸਕਦਾ)।

ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥

ਨਾਨਕ ਆਖਦਾ ਹੈ ਕਿ ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿਚ ਜਨਮਿਆ ॥੩੩॥

ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥

ਆਪਣੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਦਾ ਆਉਣਾ ਮੈਂ ਸੁਣ ਲਿਆ ਹੈ (ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਹੁਣ) ਮੇਰੇ ਮਨ ਵਿਚ ਆਨੰਦ ਬਣ ਗਿਆ ਹੈ।

ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥

ਹੇ ਮੇਰੀ ਜਿੰਦੇ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ।

ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥

ਹੇ ਜਿੰਦੇ! ਸਦਾ ਪ੍ਰਭੂ ਦੀ ਵਡਿਆਈ ਦਾ ਗੀਤ ਗਾਂਦੀ ਰਹੁ, (ਇਹ ਤਰ੍ਹਾਂ) ਕੋਈ ਫ਼ਿਕਰ ਕੋਈ ਦੁੱਖ (ਆਪਣਾ) ਜ਼ੋਰ ਨਹੀਂ ਪਾ ਸਕਦਾ।

ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥

ਉਹ ਦਿਨ ਭਾਗਾਂ ਵਾਲੇ ਹੁੰਦੇ ਹਨ ਜਦੋਂ (ਮੱਥਾ) ਗੁਰੂ ਦੇ ਚਰਨਾਂ ਉਤੇ ਟਿਕੇ, ਪਿਆਰਾ ਪਤੀ-ਪ੍ਰਭੂ (ਹਿਰਦੇ ਵਿਚ) ਦਿੱਸ ਪੈਂਦਾ ਹੈ।

ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥

ਗੁਰੂ ਦੇ ਸ਼ਬਦ ਦੀ ਰਾਹੀਂ ਇਕ-ਰਸ ਸਿਫ਼ਤ-ਸਾਲਾਹ ਦੀ ਰੌ ਨਾਲ ਸਾਂਝ ਬਣ ਜਾਂਦੀ ਹੈ, ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਪ੍ਰਭੂ-ਮਿਲਾਪ ਦਾ ਆਨੰਦ ਮਾਣੀਦਾ ਹੈ।

ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥

ਨਾਨਕ ਆਖਦਾ ਹੈ ਕਿ (ਹੇ ਜਿੰਦੇ! ਖ਼ੁਸ਼ੀ ਦਾ ਗੀਤ ਗਾ) ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਆਪ ਆ ਕੇ ਮੈਨੂੰ ਮਿਲ ਪਿਆ ਹੈ ॥੩੪॥

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥

ਹੇ ਮੇਰੇ ਸਰੀਰ! ਇਸ ਜਗਤ ਵਿਚ ਜਨਮ ਲੈ ਕੇ ਤੂੰ ਹੋਰ ਹੋਰ ਕੰਮ ਹੀ ਕਰਦਾ ਰਿਹਾ।

ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥

ਜਦੋਂ ਦਾ ਤੂੰ ਸੰਸਾਰ ਵਿਚ ਆਇਆ ਹੈਂ, ਤੂੰ (ਪ੍ਰਭੂ-ਸਿਮਰਨ ਤੋਂ ਬਿਨਾ) ਹੋਰ ਹੋਰ ਕੰਮ ਹੀ ਕਰਦਾ ਰਿਹਾ।

ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥

ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿਚ ਨਹੀਂ ਵਸਾਇਆ (ਉਸ ਦੀ ਯਾਦ ਵਿਚ ਕਦੇ ਨਹੀਂ ਜੁੜਿਆ)।

ਗੁਰਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥

(ਪਰ, ਹੇ ਸਰੀਰ! ਤੇਰੇ ਭੀ ਕੀਹ ਵੱਸ?) ਜਿਸ ਮਨੁੱਖ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਵੱਸਦਾ ਹੈ (ਉਹੀ ਹਰੀ-ਸਿਮਰਨ ਵਿਚ ਜੁੜਦਾ ਹੈ)।

ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥

ਨਾਨਕ ਆਖਦਾ ਹੈ ਕਿ ਜਿਸ ਮਨੁੱਖ ਨੇ ਗੁਰੂ-ਚਰਨਾਂ ਵਿਚ ਚਿੱਤ ਜੋੜ ਲਿਆ, (ਉਸ ਦਾ) ਇਹ ਸਰੀਰ ਸਫਲ ਹੋ ਜਾਂਦਾ ਹੈ (ਉਹ ਮਨੁੱਖ ਉਹ ਮਨੋਰਥ ਪੂਰਾ ਕਰ ਲੈਂਦਾ ਹੈ ਜਿਸ ਵਾਸਤੇ ਇਹ ਬਣਾਇਆ ਗਿਆ) ॥੩੫॥

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥

ਹੇ ਮੇਰੀਓ ਅੱਖੀਓ! ਪਰਮਾਤਮਾ ਨੇ ਤੁਹਾਡੇ ਅੰਦਰ (ਆਪਣੀ) ਜੋਤਿ ਟਿਕਾਈ ਹੈ (ਤਾਹੀਏਂ ਤੁਸੀ ਵੇਖਣ-ਜੋਗੀਆਂ ਹੋ) ਜਿੱਧਰ ਤੱਕੋ, ਪਰਮਾਤਮਾ ਦਾ ਹੀ ਦੀਦਾਰ ਕਰੋ।

ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥

ਪਰਮਾਤਮਾ ਤੋਂ ਬਿਨਾ ਹੋਰ ਕੋਈ ਗ਼ੈਰ ਨਾ ਦਿੱਸੇ, ਨਿਗਾਹ ਨਾਲ ਹਰੀ ਨੂੰ ਵੇਖੋ।

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥

(ਹੇ ਅੱਖੀਓ!) ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਪ੍ਰਭੂ ਦਾ ਹੀ ਰੂਪ ਦਿੱਸ ਰਿਹਾ ਹੈ।

ਗੁਰਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥

ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ (ਚੁਫੇਰੇ) ਵੇਖਦਾ ਹਾਂ, ਹਰ ਥਾਂ ਇਕ ਪਰਮਾਤਮਾ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁਝ ਨਹੀਂ।

ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥

ਨਾਨਕ ਆਖਦਾ ਹੈ ਕਿ (ਗੁਰੂ ਨੂੰ ਮਿਲਣ ਤੋਂ ਪਹਿਲਾਂ) ਇਹ ਅੱਖੀਆਂ (ਅਸਲ ਵਿਚ) ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਹਨਾਂ ਵਿਚ ਰੌਸ਼ਨੀ ਆਈ (ਇਹਨਾਂ ਨੂੰ ਹਰ ਥਾਂ ਪਰਮਾਤਮਾ ਦਿੱਸਣ ਲੱਗਾ। ਇਹੀ ਦੀਦਾਰ ਆਨੰਦ-ਮੂਲ ਹੈ) ॥੩੬॥

ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥

ਹੇ ਮੇਰੇ ਕੰਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਾਸਤੇ ਬਣਾਇਆ ਹੈ,

ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆ ਕਰੋ, ਸਦਾ-ਥਿਰ ਕਰਤਾਰ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ, ਇਸ ਸਰੀਰ ਵਿਚ ਥਾਪਿਆ ਹੈ।

ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥

ਇਸ ਸਿਫ਼ਤ-ਸਾਲਾਹ ਦੀ ਬਾਣੀ ਦੇ ਸੁਣਨ ਨਾਲ ਤਨ ਮਨ ਆਨੰਦ-ਭਰਪੂਰ ਹੋ ਜਾਂਦਾ ਹੈ, ਜੀਭ ਆਨੰਦ ਵਿਚ ਮਸਤ ਹੋ ਜਾਂਦੀ ਹੈ।

ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥

ਸਦਾ-ਥਿਰ ਪਰਮਾਤਮਾ ਤਾਂ ਅਸਚਰਜ-ਰੂਪ ਹੈ, ਉਸ ਦਾ ਕੋਈ ਚਿਹਨ-ਚੱਕ੍ਰ ਦੱਸਿਆ ਨਹੀਂ ਜਾ ਸਕਦਾ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ।

ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥

(ਉਸ ਦੇ ਗੁਣ ਕਹਿਣ ਸੁਣਨ ਨਾਲ ਸਿਰਫ਼ ਇਹੀ ਲਾਭ ਹੁੰਦਾ ਹੈ ਕਿ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਤਾਹੀਏਂ) ਨਾਨਕ ਆਖਦਾ ਹੈ ਕਿ ਆਤਮਕ ਆਨੰਦ ਦੇਣ ਵਾਲਾ ਨਾਮ ਸੁਣਿਆ ਕਰੋ, ਤੁਸੀ ਪਵਿਤ੍ਰ ਹੋ ਜਾਵੋਗੇ, ਪਰਮਾਤਮਾ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਭੇਜਿਆ (ਬਣਾਇਆ) ਹੈ ॥੩੭॥

ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥

ਪਰਮਾਤਮਾ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ।

ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥

ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ, ਨੱਕ ਕੰਨ ਆਦਿਕ ਨੌ ਕਰਮ-ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ, ਦਸਵੇਂ ਦਰ (ਦਿਮਾਗ਼) ਨੂੰ ਲੁਕਵਾਂ ਰੱਖਿਆ।

ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥

ਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸਰਧਾ ਬਖ਼ਸ਼ੀ, ਉਹਨਾਂ ਨੂੰ ਦਸਵਾਂ ਦਰ ਭੀ ਵਿਖਾ ਦਿੱਤਾ (ਉਹਨਾਂ ਨੂੰ ਸਿਮਰਨ ਦੀ ਵਿਚਾਰ-ਸੱਤਿਆ ਭੀ ਦੇ ਦਿੱਤੀ ਜੋ ਆਤਮਕ ਆਨੰਦ ਦਾ ਮੂਲ ਹੈ)।

ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥

ਉਸ ਅਵਸਥਾ ਵਿਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿਚ ਵਿਆਪਕ ਪ੍ਰਭੂ ਦਾ ਉਹ ਨਾਮ-ਰੂਪਾਂ ਨੌ ਖ਼ਜ਼ਾਨਿਆਂ ਦਾ ਭੰਡਾਰ ਭੀ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪੈ ਸਕਦਾ (ਜੋ ਕਦੇ ਮੁੱਕਦਾ ਨਹੀਂ)।

ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥

ਨਾਨਕ ਆਖਦਾ ਹੈ ਕਿ ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਭੀ ਦਿੱਤੀ ॥੩੮॥

ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਇਹ ਬਾਣੀ ਸਾਧ ਸੰਗਤ ਵਿਚ (ਬੈਠ ਕੇ) ਗਾਵਿਆ ਕਰੋ।

ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥

ਉਸ ਸਤ ਸੰਗ ਵਿਚ ਆਮਤਕ ਅਨੰਦ ਦੇਣ ਵਾਲੀ ਬਾਣੀ ਗਾਵਿਆ ਕਰੋ, ਜਿਥੇ (ਗੁਰਮੁਖਿ ਜਨ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਦਾ ਗਾਂਦੇ ਹਨ।

ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥

ਹੇ ਪ੍ਰਭੂ! ਤੈਨੂੰ ਸਦਾ-ਥਿਰ ਨੂੰ ਤਦੋਂ ਹੀ ਜੀਵ ਸਿਮਰਦੇ ਹਨ ਜਦੋਂ ਤੈਨੂੰ ਚੰਗੇ ਲੱਗਣ, ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ ਇਹ ਸੂਝ ਬਖ਼ਸ਼ੇਂ।

ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ ॥

ਸਦਾ-ਥਿਰ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ, ਜਿਸ ਜਿਸ ਉਤੇ ਉਹ ਮੇਹਰ ਕਰਦਾ ਹੈ ਉਹ ਉਹ ਜੀਵ ਤੈਨੂੰ ਪ੍ਰਾਪਤ ਕਰ ਲੈਂਦੇ ਹਨ।

ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥੩੯॥

ਤੇ, ਨਾਨਕ ਆਖਦਾ ਹੈ, ਉਹ ਸਤ ਸੰਗਤ ਵਿਚ (ਬੈਠ ਕੇ) ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਗਾਂਦੇ ਹਨ ॥੩੯॥

ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥

ਹੇ ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ (ਸਾਰੇ ਸੰਕਲਪ ਸਿਰੇ ਚੜ੍ਹ ਜਾਂਦੇ ਹਨ),

ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥

ਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ।

ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥

ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ।

ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥

ਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ।

ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥

ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ।

ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥

ਨਾਨਕ ਬੇਨਤੀ ਕਰਦਾ ਹੈ-ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) ॥੪੦॥੧॥


ਰਾਮਕਲੀ ਸਦੁ ॥

ਰਾਗ ਰਾਮਕਲੀ ਵਿੱਚ ਬਾਣੀ ‘ਸਦੁ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ ॥

ਜੋ ਅਕਾਲ ਪੁਰਖ ਜਗਤ ਵਿਚ (ਜੀਵਾਂ ਨੂੰ) ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ,

ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ ॥

(ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ (ਰਿਹਾ) ਹੈ, (ਅਤੇ ਉਸ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ।

ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥

(ਗੁਰੂ ਅਮਰਦਾਸ ਜੀ) ਸਤਿਗੁਰੂ ਦੇ ਸ਼ਬਦਿ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ (ਰਹੇ) ਹਨ, ਕੇਵਲ ਇੱਕ ‘ਨਾਮ’ ਨੂੰ ਧਿਆਉਂਦੇ (ਰਹੇ) ਹਨ;

ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥

ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ।

ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ ॥

(ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ;

ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥੧॥

(ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਦੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ ॥੧॥

ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥

ਅਕਾਲ ਪੁਰਖ ਦੀ ਰਜ਼ਾ ਗੁਰੂ (ਅਮਰਦਾਸ ਜੀ) ਨੂੰ ਪਿਆਰੀ ਲੱਗੀ, ਅਤੇ ਸਤਿਗੁਰੂ (ਜੀ) ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਪਏ।

ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ ॥

ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਇਹ ਬੇਨਤੀ ਕੀਤੀ, (ਹੇ ਹਰੀ!) ਮੇਰੀ ਅਰਦਾਸਿ ਹੈ ਕਿ ਮੇਰੀ ਲਾਜ ਰੱਖ।

ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ ॥

ਹੇ ਹਰੀ! ਆਪਣੇ ਸੇਵਕਾਂ ਦੀ ਲਾਜ ਰੱਖ, ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼,

ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ ॥

ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹਿ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ।

ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥

ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸਿ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ,

ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥੨॥

ਅਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ! ਤੂੰ ਧੰਨ ਹੈਂ, ਤੂੰ ਧੰਨ ਹੈਂ ॥੨॥

ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ ॥

ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਸੁਣੋ- ਮੇਰੇ ਅਕਾਲ ਪੁਰਖ ਨੂੰ (ਇਹ) ਚੰਗਾ ਲੱਗਾ ਹੈ (ਅਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ:) ‘ਮੇਰੇ ਕੋਲ ਆਉ’।

ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥

ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ ਮਿੱਠੀ ਲੱਗੀ ਹੈ, ਮੇਰਾ ਪ੍ਰਭੂ (ਮੈਨੂੰ) ਸ਼ਾਬਾਸ਼ ਦੇ ਰਿਹਾ ਹੈ। ਰਾਮਕਲੀ ਸਦ [ਭ. ਸੁੰਦਰ] ੩:੨ {੯੨੩}-੯ ਰਾਮਕਲੀ ਸਦ (ਭ. ਸੁੰਦਰ) ੯੨੩-੯ ਹਰ ਭਣ ਗਰ ਭੲਅ ਮਰ ਹਰ ਪਰਭ ਕਰ ਸਬਸ ਜੳ ॥ ਐਸਾ ਜੋ ਹਰੀ ਕਾ ਹੁਕਮ ਹੈ, ਸ੍ਰੀ ਗੁਰੂ ਜੀ ਕਹਤੇ ਭਏ: ਸੋ ਮੇਰੇ ਕੋ ਭਾਇਆ ਹੈ। ਇਸੀ ਤੇ ਮੇਰਾ ਹਰੀ (ਪ੍ਰਭੂ) ਸ੍ਵਾਮੀ ਸਤਕਾਰ ਕਰੇਗਾ॥ ਪ੍ਰਭੂ ਦੀ ਰਜ਼ਾ ਗੁਰਾਂ ਨੂੰ ਮਿੱਠੀ ਲੱਗੀ ਅਤੇ ਮੈਂਡੇ ਸੁਆਮੀ ਵਾਹਿਗੁਰੂ ਨੇ ਉਨ੍ਹਾਂ ਨੂੰ ਸ਼ਾਬਾਸ਼ੇ ਦਿੱਤੀ।

ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥

ਉਹੀ (ਮਨੁੱਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ;

ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥

(ਉਸ ਦੇ ਅੰਦਰ) ਆਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ ਲਾਉਂਦਾ ਹੈ।

ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥

ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ,

ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥

ਕਿ ਧੁਰੋਂ ਲਿਖਿਆ ਹੋਇਆ ਹੁਕਮ (ਕਦੇ) ਟਲ ਨਹੀਂ ਸਕਦਾ; (ਸੋ, ਇਸ ਵਾਸਤੇ, ਹੁਣ) ਗੁਰੂ, ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ ॥੩॥

ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥

ਗੁਰੂ (ਅਮਰਦਾਸ ਜੀ) ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦ ਘੱਲਿਆ; (ਤੇ ਆਖਿਆ-)

ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥

ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ।

ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥

ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ।

ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥

ਤੁਸੀ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀ ਭੀ ਖ਼ੁਸ਼ ਹੋਵੋ)।

ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥

(ਇਹ ਉਪਦੇਸ਼ ਦੇ ਕੇ, ਫਿਰ) ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ,

ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥੪॥

(ਅਤੇ) ਸਾਰੇ ਸਿੱਖਾਂ ਨੂੰ, ਸਾਕਾਂ-ਅੰਗਾਂ ਨੂੰ, ਪੁਤ੍ਰਾਂ ਨੂੰ, ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ ॥੪॥

ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥

ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ, ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ,

ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥

ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ-ਰੂਪ ਪੁਰਾਣ ਪੜ੍ਹਨ।

ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥

(ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ।

ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥

ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ-ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ।

ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥

ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ। ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ।

ਰਾਮਦਾਸ ਸੋਢੀ ਤਿਲਕੁ ਦੀਆ ਗੁਰਸਬਦੁ ਸਚੁ ਨੀਸਾਣੁ ਜੀਉ ॥੫॥

ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ ॥੫॥

ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥

ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ।

ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥

(ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ।

ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥

ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ।

ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥

ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ।

ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥

ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ;

ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥

ਸੁੰਦਰ ਆਖਦਾ ਹੈ ਕਿ ਹੇ ਸੰਤਹੁ! ਸੁਣੋ, (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥੬॥੧॥


ਰਾਮਕਲੀ ਮਹਲਾ ੫ ਛੰਤ ॥

ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥

ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ; ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਪਾਸ ਖਲੋਤਾ ਹੋਇਆ ਹੈ।

ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥

ਪਰਮਾਤਮਾ ਮੈਨੂੰ ਜਿੰਦ ਤੋਂ ਭੀ ਪਿਆਰਾ ਹੈ, ਮੈਨੂੰ ਜਾਨ ਤੋਂ ਭੀ ਪਿਆਰਾ ਹੈ, ਉਸ ਪਿਆਰੇ ਜਾਨੀ ਪ੍ਰਭੂ ਨੂੰ ਮੈਂ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ।

ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥

ਮੈਂ ਅੱਖੀਂ ਵੇਖ ਲਿਆ ਹੈ ਕਿ ਉਹ ਅੱਤ ਮਿੱਠਾ ਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਵਿਚ ਗੁਪਤ ਵੱਸ ਰਿਹਾ ਹੈ।

ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥

ਪਰ, ਮੂਰਖ ਜੀਵ (ਉਸ ਦੇ ਮਿਲਾਪ ਦਾ) ਸੁਆਦ ਨਹੀਂ ਜਾਣਦਾ, (ਕਿਉਂਕਿ) ਉਸ ਹਰ-ਵੇਲੇ-ਨਾਲ-ਵੱਸਦੇ ਮਿੱਤਰ ਨੂੰ (ਮੂਰਖ ਮਨੁੱਖ) ਲੱਭ ਨਹੀਂ ਸਕਦਾ।

ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥

ਮੂਰਖ ਜੀਵ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ਤੇ ਥੋੜ-ਵਿਤੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ। ਭਟਕਣਾ ਦਾ ਪ੍ਰਭਾਵ ਹੋਣ ਕਰਕੇ (ਉਸ ਪਿਆਰੇ ਮਿੱਤਰ ਨੂੰ) ਮਿਲਿਆ ਨਹੀਂ ਜਾ ਸਕਦਾ।

ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥

ਨਾਨਕ ਆਖਦਾ ਹੈ- ਸੱਜਣ ਪਰਮਾਤਮਾ (ਭਾਵੇਂ) ਸਭ ਜੀਵਾਂ ਦੇ ਨੇੜੇ ਖਲੋਤਾ ਹੋਇਆ ਹੈ, ਪਰ ਗੁਰੂ ਤੋਂ ਬਿਨਾ ਉਹ ਦਿੱਸਦਾ ਨਹੀਂ ॥੧॥

ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥

ਹੇ ਗੋਬਿੰਦ! ਹੇ ਮੇਰੇ ਗੋਬਿੰਦ! ਹੇ ਮੇਰੀ ਜ਼ਿੰਦਗੀ ਦੇ ਆਸਰੇ ਗੋਬਿੰਦ!

ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ॥

ਹੇ ਦਇਆ ਦੇ ਘਰ! ਹੇ ਮੇਰੇ ਕਿਰਪਾਲ! ਹੇ ਸਭ ਦਾਤਾਂ ਦੇਣ ਵਾਲੇ ਮੇਰੇ ਕਿਰਪਾਲ!

ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ ॥

ਹੇ ਸਭ ਦਾਤਾਂ ਦੇਣ ਵਾਲੇ! ਹੇ ਬੇਅੰਤ! ਹੇ ਹਰੇਕ ਸਰੀਰ ਵਿਚ ਵੱਸ ਰਹੇ ਪ੍ਰਭੂ!

ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ ॥

ਤੂੰ ਮਾਇਆ-ਦਾਸੀ ਪੈਦਾ ਕੀਤੀ, ਉਸ ਨੇ ਬੜਾ ਬਲ ਵਾਲਾ ਖਿਲਾਰਾ ਖਿਲਾਰਿਆ ਹੈ ਤੇ ਸਭ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ ਮੋਹ ਰੱਖਿਆ ਹੈ।

ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ ॥

ਜਿਸ ਮਨੁੱਖ ਨੂੰ ਪਰਮਾਤਮਾ (ਇਸ ਦਾਸੀ-ਮਾਇਆ ਤੋਂ) ਬਚਾ ਰੱਖਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ।

ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ ॥੨॥

ਨਾਨਕ ਆਖਦਾ ਹੈ- ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲਗਦਾ ਹੈ ਉਸੇ ਨੂੰ ਹੀ ਪਰਮਾਤਮਾ ਪਿਆਰਾ ਲੱਗਦਾ ਹੈ ॥੨॥

ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥

(ਸਭ ਜੀਵਾਂ ਨੂੰ) ਪ੍ਰਭੂ (ਦੇ ਆਸਰੇ) ਦਾ ਹੀ ਮਾਣ-ਫ਼ਖ਼ਰ ਹੋ ਸਕਦਾ ਹੈ,

ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥

ਪ੍ਰਭੂ ਹੀ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਮਾਲਕ ਹੈ ਸਿਆਣਾ ਹੈ ਸੁਜਾਨ ਹੈ।

ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥

ਪਰਮਾਤਮਾ ਸਿਆਣਾ ਹੈ ਸੁਜਾਣ ਹੈ ਸਦਾ ਮੰਨਿਆ-ਪਰਮੰਨਿਆ ਹੈ; ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।

ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ ॥

ਜਿਨ੍ਹਾਂ (ਬੰਦਿਆਂ) ਦੇ ਮੱਥੇ ਦੇ ਭਾਗ ਜਾਗਦੇ ਹਨ ਉਹ ਉਸ ਧਨੁਖ-ਧਾਰੀ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦੇ ਹਨ।

ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ ॥

ਉਹਨਾਂ ਬੰਦਿਆਂ ਨੇ ਹੀ ਉਸ ਪ੍ਰਭੂ ਨੂੰ ਲੱਭ ਲਿਆ ਹੈ, ਉਹਨਾਂ ਨੇ ਹੀ ਉਸ ਦਾ ਨਾਮ ਸਿਮਰਿਆ ਹੈ। ਸਭ ਜੀਵਾਂ ਨੂੰ ਪ੍ਰਭੂ ਦੇ ਆਸਰੇ ਦਾ ਹੀ ਮਾਣ-ਫ਼ਖ਼ਰ ਹੈ।

ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥੩॥

ਨਾਨਕ ਆਖਦਾ ਹੈ- ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, (ਸਦਾ ਆਪਣੇ) ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ। (ਸਿਰਫ਼) ਉਸ ਦਾ ਹੀ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ ॥੩॥

ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥

ਸੰਤ ਜਨ ਆਖਦੇ ਹਨ ਕਿ ਮੇਰੇ ਪ੍ਰਭੂ ਦੇ ਘਰ ਵਿਚ ਖ਼ੁਸ਼ੀ ਸਦਾ ਖ਼ੁਸ਼ੀ ਹੀ ਰਹਿੰਦੀ ਹੈ।

ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥

ਉਸ ਪ੍ਰਭੂ ਦੇ ਘਰ ਵਿਚ ਇਕ-ਰਸ ਸੁਰ ਵਾਲਾ ਸਿਫ਼ਤ-ਸਾਲਾਹ ਦਾ ਮਿੱਠਾ ਗੀਤ ਸਦਾ ਹੁੰਦਾ ਰਹਿੰਦਾ ਹੈ।

ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥

ਜਿਸ ਪ੍ਰਭੂ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।

ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ ਨ ਆਵੈ ਜਾਈ ॥

ਉਹ ਪਰਮਾਤਮਾ (ਕਦੇ) ਮਰਦਾ ਨਹੀਂ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਸ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ (ਜੇ ਉਸ ਦਾ ਸਿਮਰਨ ਕਰਦੇ ਰਹੀਏ, ਤਾਂ ਉਸ ਦੇ ਦਰ ਤੋਂ) ਹਰੇਕ (ਮੂੰਹ-ਮੰਗੀ) ਚੀਜ਼ ਹਾਸਲ ਕਰ ਲਈਦੀ ਹੈ।

ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ ॥

(ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਹੈ ਉਸ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ। (ਤੂੰ ਭੀ) ਗੁਰੂ ਦੀ ਸਰਨ ਪੈ ਕੇ ਉਸ ਮਾਇਆ-ਰਹਿਤ (ਨਿਰਲੇਪ) ਪਰਮਾਤਮਾ ਦਾ ਮਿਲਾਪ ਹਾਸਲ ਕਰ।

ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥੪॥੧॥

ਨਾਨਕ ਆਖਦਾ ਹੈ- (ਇਹ ਗੱਲ ਗੁਰਮੁਖਾਂ ਦੇ ਮੂੰਹੋ) ਸੁਣੀ ਜਾ ਰਹੀ ਹੈ ਕਿ ਮੇਰੇ ਪ੍ਰਭੂ ਦੇ ਘਰ ਵਿਚ ਸਦਾ ਹੀ ਖ਼ੁਸ਼ੀ ਰਹਿੰਦੀ ਹੈ ॥੪॥੧॥


ਰਾਮਕਲੀ ਮਹਲਾ ੫ ॥
ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥

ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਰਤਾ ਜਿਤਨੇ ਸਮੇ ਲਈ ਭੀ ਉਸ ਨੂੰ ਭੁਲਾਣਾ ਨਹੀਂ ਚਾਹੀਦਾ।

ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥

ਉਸ ਸੋਹਣੇ ਰਾਮ ਨੂੰ ਸਦਾ ਹੀ ਗਲ ਵਿਚ ਹਿਰਦੇ ਵਿਚ ਪ੍ਰੋ ਰੱਖਣਾ ਚਾਹੀਦਾ ਹੈ।

ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ ਪਾਰਬ੍ਰਹਮੁ ਨਿਰੰਜਨੋ ॥

ਸਭ ਗੁਣਾਂ ਦੇ ਮਾਲਕ ਪਾਰਬ੍ਰਹਮ ਨਿਰਲੇਪ ਹਰੀ ਸਰਬ-ਵਿਆਪਕ ਹਰੀ ਨੂੰ ਸਦਾ ਆਪਣੇ ਹਿਰਦੇ ਵਿਚ ਪ੍ਰੋਈ ਰੱਖ।

ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥

ਉਹ ਹਰੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਸਾਰੇ ਪਾਪ ਨਾਸ ਕਰਨ ਵਾਲਾ ਹੈ, ਜਨਮ ਮਰਨ ਦੇ ਗੇੜ ਨੂੰ ਮੁਕਾਣ ਵਾਲਾ ਹੈ, ਉਹਨਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜੋ ਬੜੀ ਔਖਿਆਈ ਨਾਲ ਸਹਾਰੇ ਜਾ ਸਕਦੇ ਹਨ।

ਜਗਦੀਸ ਈਸ ਗੁੋਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥

ਜਗਤ ਦੇ ਮਾਲਕ, ਸਭ ਦੇ ਮਾਲਕ, ਸ੍ਰਿਸ਼ਟੀ ਦੇ ਪਾਲਣਹਾਰ, ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਨੂੰ ਸਦਾ ਚਿੱਤ ਵਿਚ ਵਸਾਈ ਰੱਖਣਾ ਚਾਹੀਦਾ ਹੈ;

ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ ॥੧॥

ਨਾਨਕ ਬੇਨਤੀ ਕਰਦਾ ਹੈ ਕਿ ਗੁਰੂ ਦੀ ਸੰਗਤ ਵਿਚ ਮਿਲ ਕੇ ਦਿਨ ਰਾਤ ਉਸ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ॥੧॥

ਚਰਨ ਕਮਲ ਆਧਾਰੁ ਜਨ ਕਾ ਆਸਰਾ ॥

ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤ ਜਨਾਂ ਵਾਸਤੇ ਜੀਵਨ ਦਾ ਸਹਾਰਾ ਹਨ ਆਸਰਾ ਹਨ।

ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥

ਬੇਅੰਤ ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਣਾ ਹੀ ਭਗਤ ਜਨਾਂ ਵਾਸਤੇ ਧਨ-ਪਦਾਰਥ ਹੈ ਭੁਇਂ ਦੀ ਮਾਲਕੀ ਹੈ ਖ਼ਜ਼ਾਨਾ ਹੈ।

ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥

ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵੱਸ ਰਿਹਾ ਹੈ, ਉਹਨਾਂ ਵਾਸਤੇ ਨਾਰਾਇਣ ਦਾ ਨਾਮ ਜਪਣਾ ਹੀ ਦੁਨੀਆ ਦੇ ਰਸਾਂ ਭੋਗਾਂ ਦਾ ਮਾਣਨਾ ਹੈ।

ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥

ਬੇਅੰਤ ਅਤੇ ਨਿਰਲੇਪ ਪ੍ਰਭੂ ਦਾ ਨਾਮ ਹਰੇਕ ਸਾਹ ਦੇ ਨਾਲ ਜਪਦੇ ਰਹਿਣਾ ਹੀ ਉਹਨਾਂ ਵਾਸਤੇ ਦੁਨੀਆ ਦੇ ਰੂਪ ਰਸ ਅਤੇ ਰੰਗ-ਤਮਾਸ਼ੇ ਹੈ।

ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥

ਪਰਮਾਤਮਾ ਦਾ ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ, ਪ੍ਰਭੂ ਦਾ ਨਾਮ ਹੀ ਭਗਤ ਜਨਾਂ ਲਈ ਪ੍ਰਾਸਚਿਤ ਕਰਮ ਹੈ, ਨਾਮ ਹੀ ਮੌਤ ਦਾ ਡਰ ਦੂਰ ਕਰਨ ਵਾਲਾ ਹੈ।

ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ ॥੨॥

ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਹੀ ਭਗਤ ਜਨਾਂ ਵਾਸਤੇ (ਜ਼ਿੰਦਗੀ ਦਾ) ਸਰਮਾਇਆ ਹੈ ॥੨॥

ਗੁਣ ਬੇਅੰਤ ਸੁਆਮੀ ਤੇਰੇ ਕੋਇ ਨ ਜਾਨਈ ॥

ਹੇ ਮੇਰੇ ਸੁਆਮੀ! ਤੇਰੇ ਗੁਣ ਬੇਅੰਤ ਹਨ, ਕੋਈ ਭੀ ਜੀਵ (ਤੇਰੇ ਗੁਣਾਂ ਦਾ ਅੰਤ) ਨਹੀਂ ਜਾਣਦਾ।

ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ ॥

(ਜਿਹੜਾ ਭੀ ਕੋਈ ਮਨੁੱਖ ਤੇਰੇ ਕੁਝ ਗੁਣਾਂ ਦਾ ਬਿਆਨ ਕਰਦਾ ਹੈ, ਉਹ) ਤੈਂ ਦਇਆਲ ਦੇ ਕੌਤਕ ਵੇਖ ਕੇ (ਜਾਂ) ਭਗਤ ਜਨਾਂ ਪਾਸੋਂ ਸੁਣ ਕੇ (ਹੀ) ਬਿਆਨ ਕਰਦਾ ਹੈ।

ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥

ਹੇ ਜੀਵਾਂ ਦੇ ਮਾਲਕ! ਹੇ ਪਰਮੇਸਰ! ਸਾਰੇ ਜੀਵ ਜੰਤ ਤੈਨੂੰ ਧਿਆਉਂਦੇ ਹਨ।

ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ ॥

ਹੇ ਤਰਸ-ਰੂਪ ਪ੍ਰਭੂ! ਹੇ ਜਗਤ ਦੇ ਈਸ਼੍ਵਰ! ਤੂੰ ਇਕੱਲਾ ਦਾਤਾ ਹੈਂ, ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ।

ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥

ਜਿਸ ਮਨੁੱਖ ਨੂੰ ਪ੍ਰਭੂ ਆਪ ਆਦਰ ਬਖ਼ਸ਼ਦਾ ਹੈ ਉਹੀ ਸਾਧੂ ਹੈ ਉਹੀ ਸੁਜਾਨ ਸੰਤ ਹੈ।

ਬਿਨਵੰਤਿ ਨਾਨਕ ਕਰਹੁ ਕਿਰਪਾ ਸੋਇ ਤੁਝਹਿ ਪਛਾਨਈ ॥੩॥

ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਕਿਰਪਾ ਕਰਦਾ ਹੈਂ, ਉਹੀ ਤੈਨੂੰ ਪਛਾਣਦਾ ਹੈ (ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ) ॥੩॥

ਮੋਹਿ ਨਿਰਗੁਣ ਅਨਾਥੁ ਸਰਣੀ ਆਇਆ ॥

ਮੈਂ ਗੁਣ-ਹੀਨ ਸਾਂ, ਮੈਂ ਨਿਆਸਰਾ ਸਾਂ (ਗੁਰੂ ਦੀ ਕਿਰਪਾ ਨਾਲ ਮੈਂ ਪ੍ਰਭੂ ਦੀ) ਸਰਨ ਆ ਪਿਆ ਹਾਂ।

ਬਲਿ ਬਲਿ ਬਲਿ ਗੁਰਦੇਵ ਜਿਨਿ ਨਾਮੁ ਦ੍ਰਿੜਾਇਆ ॥

(ਉਸ) ਗੁਰੂ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਮੇਰੇ ਹਿਰਦੇ ਵਿਚ ਪ੍ਰਭੂ ਦਾ) ਨਾਮ ਪੱਕਾ ਕਰ ਦਿੱਤਾ ਹੈ।

ਗੁਰਿ ਨਾਮੁ ਦੀਆ ਕੁਸਲੁ ਥੀਆ ਸਰਬ ਇਛਾ ਪੁੰਨੀਆ ॥

ਗੁਰੂ ਨੇ (ਜਿਸ ਕਿਸੇ ਨੂੰ ਭੀ ਪਰਮਾਤਮਾ ਦਾ) ਨਾਮ ਦਿੱਤਾ (ਉਸ ਦੇ ਅੰਦਰ) ਆਤਮਕ ਆਨੰਦ ਬਣ ਗਿਆ, (ਉਸ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ;

ਜਲਨੇ ਬੁਝਾਈ ਸਾਂਤਿ ਆਈ ਮਿਲੇ ਚਿਰੀ ਵਿਛੁੰਨਿਆ ॥

(ਗੁਰੂ ਨੇ ਉਸ ਦੇ ਅੰਦਰੋਂ) ਸਾੜਾ ਮਿਟਾ ਦਿੱਤਾ, (ਉਸ ਦੇ ਅੰਦਰ) ਠੰਢ ਪੈ ਗਈ, ਉਹ (ਪ੍ਰਭੂ ਤੋਂ) ਚਿਰਾਂ ਦਾ ਵਿਛੁੜਿਆ ਹੋਇਆ (ਮੁੜ) ਮਿਲ ਪਿਆ।

ਆਨੰਦ ਹਰਖ ਸਹਜ ਸਾਚੇ ਮਹਾ ਮੰਗਲ ਗੁਣ ਗਾਇਆ ॥

(ਜਿਸ ਨੇ ਭੀ ਗੁਰੂ ਦੀ ਸਰਨ ਪੈ ਕੇ) ਬੜਾ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਣੇ ਸ਼ੁਰੂ ਕੀਤੇ, ਉਸ ਦੇ ਅੰਦਰ ਅਟੱਲ ਆਤਮਕ ਅਡੋਲਤਾ ਦੀਆਂ ਖ਼ੁਸ਼ੀਆਂ ਤੇ ਆਨੰਦ ਬਣ ਗਏ।

ਬਿਨਵੰਤਿ ਨਾਨਕ ਨਾਮੁ ਪ੍ਰਭ ਕਾ ਗੁਰ ਪੂਰੇ ਤੇ ਪਾਇਆ ॥੪॥੨॥

ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦਾ (ਅਜਿਹਾ) ਨਾਮ ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥


ਰਾਮਕਲੀ ਮਹਲਾ ੫ ॥
ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥

ਨਿੱਤ ਆਹਰ ਨਾਲ ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ।

ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥

ਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ।

ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥

ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ।

ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥

ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ।

ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥

ਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ।

ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥

ਨਾਨਕ ਆਖਦਾ ਹੈ ਕਿ ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥

ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥

ਹੇ ਸੁਖਾਂ ਦੇ ਸਮੁੰਦਰ ਗੋਬਿੰਦ! (ਤੇਰੇ) ਭਗਤ (ਤੇਰਾ) ਸਿਮਰਨ (ਕਰਦੇ ਹਨ), ਤੇਰੇ ਗੁਣ ਗਾਂਦੇ ਹਨ;

ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥

ਗੁਰੂ ਦੀ ਚਰਨੀਂ ਲੱਗ ਕੇ ਉਹਨਾਂ ਨੂੰ ਅਨੇਕਾਂ ਆਨੰਦ ਖ਼ੁਸ਼ੀਆਂ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ।

ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥

(ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ। ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ।

ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥

ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ।

ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥

ਉਹ ਮਨੁੱਖ (ਫਿਰ) ਇਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਇਕ ਪਰਮਾਤਮਾ (ਦੇ ਗੁਣਾਂ) ਨੂੰ ਹੀ ਗਾਂਦਾ ਰਹਿੰਦਾ ਹੈ, ਇਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵੱਸਦਾ ਨਜ਼ਰ ਆਉਂਦਾ ਹੈ।

ਬਿਨਵੰਤਿ ਨਾਨਕ ਪ੍ਰਭਿ ਕਰੀ ਕਿਰਪਾ ਪੂਰਾ ਸਤਿਗੁਰੁ ਪਾਇਆ ॥੨॥

ਨਾਨਕ ਬੇਨਤੀ ਕਰਦਾ ਹੈ ਕਿ ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ ਪੂਰਾ ਗੁਰੂ ਮਿਲ ਪਿਆ ॥੨॥

ਮਿਲਿ ਰਹੀਐ ਪ੍ਰਭ ਸਾਧ ਜਨਾ ਮਿਲਿ ਹਰਿ ਕੀਰਤਨੁ ਸੁਨੀਐ ਰਾਮ ॥

ਪ੍ਰਭੂ ਦੇ ਭਗਤਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ, ਭਗਤ-ਜਨਾਂ ਨੂੰ ਮਿਲ ਕੇ ਪਰਮਾਤਮਾ ਦਾ ਕੀਰਤਨ ਸੁਣਨਾ ਚਾਹੀਦਾ ਹੈ।

ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥

ਦਇਆ ਦੇ ਸੋਮੇ ਦਾਮੋਦਰ ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਦਇਆਲ ਦੁਖ ਹਰ ਸਰਣਿ ਦਾਤਾ ਸਗਲ ਦੋਖ ਨਿਵਾਰਣੋ ॥

ਪ੍ਰਭੂ ਦਇਆ ਦਾ ਸੋਮਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਸਰਨ-ਜੋਗ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।

ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ ਉਧਾਰਣੋ ॥

ਨਾਮ ਜਪਣ ਵਾਲਿਆਂ ਨੂੰ ਉਹ ਪ੍ਰਭੂ ਮੋਹ ਸੋਗ ਅਤੇ ਔਖੇ ਵਿਕਾਰਾਂ ਤੋਂ ਬਚਾਣ ਵਾਲਾ ਹੈ।

ਸਭਿ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਣ ਥੀਵਾ ॥

ਹੇ ਮੇਰੇ ਪ੍ਰਭੂ! ਸਾਰੇ ਜੀਵ ਤੇਰੇ (ਪੈਦਾ ਕੀਤੇ ਹੋਏ ਹਨ), ਮਿਹਰ ਕਰ, ਮੈਂ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ।

ਬਿਨਵੰਤਿ ਨਾਨਕ ਪ੍ਰਭ ਮਇਆ ਕੀਜੈ ਨਾਮੁ ਤੇਰਾ ਜਪਿ ਜੀਵਾ ॥੩॥

ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਦਇਆ ਕਰ, ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੩॥

ਰਾਖਿ ਲੀਏ ਪ੍ਰਭਿ ਭਗਤ ਜਨਾ ਅਪਣੀ ਚਰਣੀ ਲਾਏ ਰਾਮ ॥

(ਸਦਾ ਤੋਂ ਹੀ) ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਹੈ।

ਆਠ ਪਹਰ ਅਪਨਾ ਪ੍ਰਭੁ ਸਿਮਰਹ ਏਕੋ ਨਾਮੁ ਧਿਆਏ ਰਾਮ ॥

ਸੋ, ਇਕ ਹਰਿ-ਨਾਮ ਦਾ ਧਿਆਨ ਧਰ ਕੇ, ਆਓ, ਅਸੀਂ ਭੀ ਅੱਠੇ ਪਹਰ ਆਪਣੇ ਪ੍ਰਭੂ ਨੂੰ ਸਿਮਰਦੇ ਰਹੀਏ।

ਧਿਆਇ ਸੋ ਪ੍ਰਭੁ ਤਰੇ ਭਵਜਲ ਰਹੇ ਆਵਣ ਜਾਣਾ ॥

(ਅਨੇਕਾਂ ਜੀਵ) ਉਸ ਪ੍ਰਭੂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁੱਕ ਗਏ।

ਸਦਾ ਸੁਖੁ ਕਲਿਆਣ ਕੀਰਤਨੁ ਪ੍ਰਭ ਲਗਾ ਮੀਠਾ ਭਾਣਾ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਉਹਨਾਂ ਦੇ ਅੰਦਰ ਸਦਾ ਸੁਖ-ਆਨੰਦ ਬਣਿਆ ਰਿਹਾ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ।

ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥

ਜਿਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ ਹਰੇਕ ਮੁਰਾਦ ਪੂਰੀ ਹੋ ਗਈ, ਉਹਨਾਂ ਦੀ ਹਰੇਕ ਆਸ ਪੂਰੀ ਹੋ ਗਈ।

ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੇ ਫਿਰਿ ਨਾਹੀ ਦੂਖ ਵਿਸੂਰਿਆ ॥੪॥੩॥

ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ, ਉਹਨਾਂ ਨੂੰ ਕੋਈ ਦੁੱਖ ਕੋਈ ਝੋਰੇ ਮੁੜ ਨਹੀਂ ਵਿਆਪਦੇ ॥੪॥੩॥

1
2
3
4
5
6
7
8