ਰਾਗ ਰਾਮਕਲੀ – ਬਾਣੀ ਸ਼ਬਦ-Part 6 – Raag Ramkali – Bani

ਰਾਗ ਰਾਮਕਲੀ – ਬਾਣੀ ਸ਼ਬਦ-Part 6 – Raag Ramkali – Bani

ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥

(ਉੱਤਰ:) ਹੇ ਜੋਗੀ! ਜਦੋਂ ਨਾਹ ਹਿਰਦਾ ਸੀ ਨਾਹ ਸਰੀਰ ਸੀ, ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿਚ ਟਿਕਿਆ ਹੋਇਆ ਸੀ।

ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥

ਜਦੋਂ ਨਾਭੀ-ਚੱਕਰ-ਰੂਪ ਥੰਮੀ ਨਹੀਂ ਸੀ ਤਦੋਂ ਪ੍ਰਾਣ (ਪ੍ਰਭੂ ਦਾ) ਪ੍ਰੇਮੀ ਹੋ ਕੇ ਆਪਣੇ ਅਸਲ ਘਰ (ਪ੍ਰਭੂ) ਵਿਚ ਵੱਸਦਾ ਸੀ।

ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ ॥

ਜਦੋਂ (ਜਗਤ ਦਾ) ਕੋਈ ਰੂਪ ਰੇਖ ਨਹੀਂ ਸੀ ਤਦੋਂ ਉਹ ਸ੍ਰੇਸ਼ਟ ਸ਼ਬਦ (ਜੋ “ਦੁਤਰ ਸਾਗਰ” ਤੋਂ ਤਾਰਦਾ ਹੈ) ਕੁਲ-ਰਹਿਤ ਪ੍ਰਭੂ ਵਿਚ ਰਹਿੰਦਾ ਸੀ;

ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥

ਜਦੋਂ ਜਗਤ ਦੀ ਹਸਤੀ ਨਹੀਂ ਸੀ, ਅਕਾਸ਼ ਨਹੀਂ ਸੀ, ਤਦੋਂ ਆਕਾਰ-ਰਹਿਤ ਤ੍ਰਿਭਵਣੀ ਜੋਤਿ (ਭਾਵ, ਹੁਣ ਤ੍ਰਿਲੋਕੀ ਵਿਚ ਵਿਆਪਕ ਹੋਣ ਵਾਲੀ ਜੋਤਿ) ਆਪ ਹੀ ਆਪ ਸੀ।

ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥

ਇਕੋ ਅਸਚਰਜ ਸ਼ਬਦ-ਰੂਪ ਪ੍ਰਭੂ ਹੀ ਸੀ, ਉਹੀ (ਜਗਤ ਦਾ) ਰੰਗ ਭੇਖ ਤੇ ਰੂਪ ਸੀ।

ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥੬੭॥

ਹੇ ਨਾਨਕ! (ਐਸੇ ਉਸ) ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਨੂੰ ਮਿਲਣ) ਤੋਂ ਬਿਨਾ, ਜਿਸ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਕੋਈ ਮਨੁੱਖ ਸੁੱਚਾ ਨਹੀਂ ਹੈ ॥੬੭॥

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥

(ਪ੍ਰਸ਼ਨ:) ਹੇ ਪੁਰਖ! ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ, ਕਿਸ ਤਰ੍ਹਾਂ ਦੁੱਖ ਵਿਚ (ਪੈਂਦਾ) ਹੈ ਤੇ ਕਿਵੇਂ ਨਾਸ ਹੋ ਜਾਂਦਾ ਹੈ?

ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥

(ਉੱਤਰ:) ਹੇ ਪੁਰਖ! ਜਗਤ ਹਉਮੈ ਵਿਚ ਪੈਦਾ ਹੁੰਦਾ ਹੈ, ਜੇ (ਇਸ ਨੂੰ) ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਦੁੱਖ ਪਾਂਦਾ ਹੈ।

ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਉਹ ਤੱਤ-ਗਿਆਨ ਨੂੰ ਵਿਚਾਰਦਾ ਹੈ ਤੇ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜਦਾ ਹੈ,

ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ ॥

ਉਸ ਦਾ ਤਨ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ; ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ।

ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ ॥

ਉਹ ਮਨੁੱਖ (ਪ੍ਰਭੂ-ਚਰਨਾਂ ਦਾ) ਮਤਵਾਲਾ ਹੋ ਕੇ ਨਿਰੋਲ ਪ੍ਰਭੂ-ਨਾਮ ਵਿਚ ਹੀ ਜੁੜਿਆ ਰਹਿੰਦਾ ਹੈ, ਸਦਾ ਪ੍ਰਭੂ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ।

ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥੬੮॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ, ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਇਹੀ ਗਵਾਹੀ ਦੇਵੇਗਾ) ॥੬੮॥

ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥

ਜੇ ਕੋਈ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ,

ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥

ਸਤਿਗੁਰੂ ਦੀ ਬਾਣੀ ਦੀ ਰਾਹੀਂ ਸੱਚਾ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥

ਗੁਰਮੁਖਿ ਮਨੁੱਖ ਦਾ ਮਨ (ਨਾਮ-ਰਸ ਵਿਚ) ਭਿੱਜਦਾ ਹੈ, (ਪਰ ਇਸ ਗੱਲ ਨੂੰ) ਕੋਈ ਵਿਰਲਾ ਸਮਝਦਾ ਹੈ।

ਗੁਰਮੁਖਿ ਨਿਜ ਘਰਿ ਵਾਸਾ ਹੋਇ ॥

ਗੁਰੂ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਣੇ ਅਸਲ ਸਰੂਪ ਵਿਚ ਹੋਇਆ ਰਹਿੰਦਾ ਹੈ।

ਗੁਰਮੁਖਿ ਜੋਗੀ ਜੁਗਤਿ ਪਛਾਣੈ ॥

ਜੋ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹੀ (ਅਸਲ) ਜੋਗੀ ਹੈ ਉਹ (ਪ੍ਰਭੂ ਨਾਲ ਮਿਲਾਪ ਦੀ) ਜੁਗਤਿ ਪਛਾਣਦਾ ਹੈ।

ਗੁਰਮੁਖਿ ਨਾਨਕ ਏਕੋ ਜਾਣੈ ॥੬੯॥

ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ (ਹਰ ਥਾਂ ਵਿਆਪਕ) ਜਾਣਦਾ ਹੈ ॥੬੯॥

ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥

ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਪ੍ਰਭੂ ਨਾਲ) ਮੇਲ ਨਹੀਂ ਹੁੰਦਾ,

ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥

ਗੁਰੂ ਨੂੰ ਮਿਲਣ ਤੋਂ ਬਿਨਾ ਮੁਕਤੀ ਨਹੀਂ ਲੱਭਦੀ।

ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥

ਗੁਰੂ ਨੂੰ ਮਿਲਣ ਬਗ਼ੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ,

ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥

ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਬੜਾ ਕਸ਼ਟ ਉਠਾਂਦਾ ਹੈ।

ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥

ਗੁਰੂ ਨੂੰ ਮਿਲਣ ਤੋਂ ਬਿਨਾ ਘੋਰ ਹਨੇਰੇ ਵਿਚ ਅਹੰਕਾਰ ਵਿਚ ਰਹਿੰਦਾ ਹੈ।

ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥

ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨੁੱਖ ਜ਼ਿੰਦਗੀ (ਦੀ ਬਾਜ਼ੀ) ਹਾਰ ਕੇ ਆਤਮਕ ਮੌਤ ਸਹੇੜਦਾ ਹੈ ॥੭੦॥

ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੇ (ਆਪਣੀ) ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ।

ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥

ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪਰੋ ਲਿਆ ਹੈ।

ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥

ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਮੌਤ ਦਾ ਡਰ ਮਾਰ ਮੁਕਾ ਕੇ ਉਸ ਨੇ ਜਗਤ ਜਿੱਤ ਲਿਆ ਹੈ।

ਗੁਰਮੁਖਿ ਦਰਗਹ ਨ ਆਵੈ ਹਾਰਿ ॥

ਗੁਰੂ ਦੇ ਹੁਕਮ ਵਿਚ ਤੁਰਨ ਵਾਲਾ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਹਜ਼ੂਰੀ ਵਿਚ ਨਹੀਂ ਜਾਂਦਾ (ਭਾਵ, ਜਿੱਤ ਕੇ ਜਾਂਦਾ ਹੈ)।

ਗੁਰਮੁਖਿ ਮੇਲਿ ਮਿਲਾਏ ਸੁੋ ਜਾਣੈ ॥

ਗੁਰਮੁਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ (ਆਪਣੇ ਵਿਚ) ਮਿਲਾ ਲੈਂਦਾ ਹੈ (ਇਸ ਭੇਤ ਨੂੰ) ਉਹ ਗੁਰਮੁਖ (ਹੀ) ਸਮਝਦਾ ਹੈ।

ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥

ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਨਾਲ) ਜਾਣ-ਪਛਾਣ ਬਣਾ ਲੈਂਦਾ ਹੈ ॥੭੧॥

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥

ਹੇ ਜੋਗੀ! ਸੁਣ, ਸਾਰੇ ਉਪਦੇਸ਼ ਦਾ ਸਾਰ (ਇਹ ਹੈ ਕਿ) ਪ੍ਰਭੂ ਦੇ ਨਾਮ ਤੋਂ ਬਿਨਾ ਜੋਗ (ਪ੍ਰਭੂ ਦਾ ਮਿਲਾਪ) ਨਹੀਂ।

ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥

ਜੋ ‘ਨਾਮ’ ਵਿਚ ਰੱਤੇ ਹੋਏ ਹਨ ਉਹੀ ਹਰ ਵੇਲੇ ਮਤਵਾਲੇ ਹਨ। ‘ਨਾਮ’ ਤੋਂ ਹੀ ਸੁਖ ਮਿਲਦਾ ਹੈ।

ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥

‘ਨਾਮ’ ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, ‘ਨਾਮ’ ਤੋਂ ਹੀ ਸਾਰੀ ਸੂਝ ਪੈਂਦੀ ਹੈ।

ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥

ਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਬਥੇਰੇ ਭੇਖ ਕਰਦੇ ਹਨ ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ।

ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥

ਹੇ ਜੋਗੀ! ਸਤਿਗੁਰੂ ਤੋਂ ਪ੍ਰਭੂ ਦਾ ‘ਨਾਮ’ ਮਿਲਦਾ ਹੈ (‘ਨਾਮ’ ਮਿਲਿਆਂ ਹੀ) ਜੋਗ ਦੀ ਸੁਰਤ ਸਿਰੇ ਚੜ੍ਹਦੀ ਹੈ।

ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥

ਹੇ ਨਾਨਕ! ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, ‘ਨਾਮ’ ਤੋਂ ਬਿਨਾ ਮੁਕਤੀ ਨਹੀਂ ਮਿਲਦੀ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ ਸਿਮਰਨ ਤੋਂ ਬਿਨਾ ਹਉਮੈ ਤੋਂ ਖ਼ਲਾਸੀ ਨਹੀਂ ਹੁੰਦੀ)।੭੨)॥੭੨॥

ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥

ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਹੇ ਪ੍ਰਭੂ! ਇਹ ਗੱਲ ਤੂੰ ਆਪ ਹੀ ਜਾਣਦਾ ਹੈ। ਕੋਈ ਹੋਰ ਕੀਹ ਕਹਿ ਕੇ ਦੱਸ ਸਕਦਾ ਹੈ?

ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥

ਤੂੰ ਆਪ ਹੀ ਲੁਕਿਆ ਹੋਇਆ ਹੈਂ ਤੂੰ ਆਪ ਹੀ ਪਰਗਟ ਹੈਂ (ਭਾਵ, ਸੂਖਮ ਤੇ ਅਸਥੂਲ ਤੂੰ ਆਪ ਹੀ ਹੈਂ), ਤੂੰ ਆਪ ਹੀ ਸਾਰੇ ਰੰਗ ਮਾਣ ਰਿਹਾ ਹੈਂ।

ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥

ਸਾਧਨ ਕਰਨ ਵਾਲੇ ਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗੁਰੂ ਤੇ ਉਹਨਾਂ ਦੇ ਕਈ ਚੇਲੇ ਤੇਰੇ ਹੁਕਮ ਵਿਚ ਤੈਨੂੰ ਖੋਜਦੇ ਫਿਰਦੇ ਹਨ,

ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥

ਤੈਥੋਂ ਤੇਰਾ ‘ਨਾਮ’ ਮੰਗਦੇ ਹਨ, ਤੈਥੋਂ ਇਹ ਭਿੱਖਿਆ ਲੈ ਕੇ ਤੇਰੇ ਦੀਦਾਰ ਤੋਂ ਸਦਕੇ ਹੁੰਦੇ ਹਨ।

ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥

ਅਬਿਨਾਸੀ ਪ੍ਰਭੂ ਨੇ (ਇਹ ਜਗਤ ਦੀ) ਖੇਡ ਰਚੀ ਹੈ ਗੁਰਮੁਖ ਮਨੁੱਖ ਨੂੰ ਇਹ ਸਮਝ ਪੈਂਦੀ ਹੈ।

ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥

ਹੇ ਨਾਨਕ! ਸਾਰੇ ਹੀ ਜੁਗਾਂ ਵਿਚ ਉਹ ਆਪ ਹੀ ਮੌਜੂਦ ਹੈ, ਕੋਈ ਹੋਰ ਦੂਜਾ (ਉਸ ਵਰਗਾ) ਨਹੀਂ ॥੭੩॥੧॥


ਸਲੋਕੁ ਮ : ੩ ॥
ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥

ਸਤਿਗੁਰੂ ਅਡੋਲਤਾ ਤੇ ਸ਼ਾਂਤੀ ਦਾ ਖੇਤ ਹੈ, (ਪ੍ਰਭੂ) ਜਿਸ ਨੂੰ (ਇਸ ਅਡੋਲਤਾ ਦੇ ਖੇਤ ਗੁਰੂ ਨਾਲ) ਪਿਆਰ ਬਖ਼ਸ਼ਦਾ ਹੈ,

ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥

(ਉਹ ਭੀ “ਸਹਜੈ ਦਾ ਖੇਤੁ” ਬਣ ਜਾਂਦਾ ਹੈ, ਤੇ ਉਹ ਉਸ ਖੇਤ ਵਿਚ) ਪ੍ਰਭੂ ਦਾ ਨਾਮ ਬੀਜਦਾ ਹੈ (ਓਥੇ) ਨਾਮ ਉੱਗਦਾ ਹੈ, ਉਹ ਮਨੁੱਖ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ।

ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ ॥

ਇਹ ਜੋ (ਸਂਹਸਿਆਂ ਦਾ) ਮੂਲ ਹਉਮੈ ਹੈ (ਇਹ ਹਉਮੈ ਉਸ ਮਨੁੱਖ ਵਿਚ ਨਹੀਂ ਹੁੰਦੀ, ਸੋ ਇਸ ਤੋਂ ਪੈਦਾ ਹੋਣ ਵਾਲਾ) “ਸਹਸਾ” (ਉਸ ਮਨੁੱਖ ਦਾ) ਦੂਰ ਹੋ ਜਾਂਦਾ ਹੈ।

ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ॥

ਨਾਹ ਉਹ ਕੋਈ ਐਸਾ ਬੀਜ ਬੀਜਦਾ ਹੈ ਨਾਹ (ਓਥੇ ‘ਸਹਸਾ’) ਉੱਗਦਾ ਹੈ। ਉਹ ਮਨੁੱਖ ਪ੍ਰਭੂ ਦੀ ਬਖ਼ਸ਼ਸ਼ ਦਾ ਫਲ ਖਾਂਦਾ ਹੈ।

ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥

(ਨਾਮ ਸਿਮਰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ)। ਜਿਵੇਂ ਪਾਣੀ ਨਾਲ ਪਾਣੀ ਰਲ ਜਾਏ ਤਾਂ ਮੁੜ (ਉਹ ਪਾਣੀ) ਵੱਖ ਨਹੀਂ ਕੀਤਾ ਜਾ ਸਕਦਾ,

ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥

ਇਸੇ ਤਰ੍ਹਾਂ, ਹੇ ਨਾਨਕ! ਉਸ ਮਨੁੱਖ ਦੀ ਹਾਲਤ ਹੈ ਜੋ ਗੁਰੂ ਦੇ ਹੁਕਮ ਵਿਚ ਤੁਰਦਾ ਹੈ। ਹੇ ਲੋਕੋ! (ਬੇਸ਼ੱਕ) ਆ ਕੇ ਵੇਖ ਲਵੋ (ਪਰਖ ਲਵੋ)।

ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥

ਪਰ ਵਿਚਾਰਾ ਜਗਤ ਕੀਹ ਵੇਖੇ? ਇਸ ਨੂੰ ਤਾਂ (ਇਹ ਪਰਖਣ ਦੀ) ਸਮਝ ਹੀ ਨਹੀਂ ਹੈ;

ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥

(ਇਹ ਗੱਲ) ਉਹੀ ਮਨੁੱਖ ਵੇਖ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਵੇਖਣ ਦੀ ਜਾਚ ਸਿਖਾਏ, ਜਿਸ ਦੇ ਮਨ ਵਿਚ ਪ੍ਰਭੂ ਆਪ ਆ ਵੱਸੇ ॥੧॥


 ਮ : ੩ ॥
ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ ॥

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਸਮਝੋ) ਦੁੱਖਾਂ ਦੀ ਪੈਲੀ ਹੈ (ਜਿਸ ਵਿਚ) ਉਹ ਦੁੱਖ ਬੀਜਦਾ ਹੈ ਤੇ ਦੁੱਖ (ਹੀ ਫਲ ਵੱਢ ਕੇ) ਖਾਂਦਾ ਹੈ।

ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ ॥

ਮਨਮੁਖ ਦੁੱਖ ਵਿਚ ਜੰਮਦਾ ਹੈ, ਦੁੱਖ ਵਿਚ ਮਰਦਾ ਹੈ, ਉਸ ਦੀ ਸਾਰੀ ਉਮਰ “ਮੈਂ; ਮੈਂ” ਕਰਦਿਆਂ ਗੁਜ਼ਰਦੀ ਹੈ।

ਆਵਣੁ ਜਾਣੁ ਨ ਸੁਝਈ ਅੰਧਾ ਅੰਧੁ ਕਮਾਇ ॥

ਉਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹਾਂ, ਉਹ ਅੰਨ੍ਹਾ ਜਹਾਲਤ ਦਾ ਹੀ ਕੰਮ ਕਰੀ ਜਾਂਦਾ ਹੈ।

ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ ॥

ਮਨਮੁਖ ਉਸ ਮਾਲਕ ਨੂੰ ਨਹੀਂ ਪਛਾਣਦਾ ਜੋ (ਦਾਤਾਂ) ਦੇਂਦਾ ਹੈ, ਪਰ ਉਸ ਦੇ ਦਿੱਤੇ ਹੋਏ ਪਦਾਰਥਾਂ ਨੂੰ ਜੱਫਾ ਮਾਰਦਾ ਹੈ।

ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੨॥

ਹੇ ਨਾਨਕ! (ਮਨਮੁਖ ਕਰੇ ਭੀ ਕੀਹ?) ਪਿਛਲੇ ਕੀਤੇ ਕਰਮਾਂ ਅਨੁਸਾਰ ਜੋ (ਸੰਸਕਾਰ ਮਨ ਉਤੇ) ਉੱਕਰਿਆ ਪਿਆ ਹੈ (ਉਸੇ ਦੇ ਅਸਰ ਹੇਠ ਮਨੁੱਖ) ਕਰਮ ਕਰੀ ਜਾਂਦਾ ਹੈ (ਉਹਨਾਂ ਸੰਸਕਾਰਾਂ ਤੋਂ ਲਾਂਭੇ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੨॥


 ਮ : ੩ ॥
ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥

ਜੇ ਸਤਿਗੁਰੂ ਮਿਲ ਪਏ ਤਾਂ ਸਦਾ ਲਈ ਸੁਖ ਹੋ ਜਾਂਦਾ ਹੈ (ਪਰ ਗੁਰੂ ਮਿਲਦਾ ਉਸ ਨੂੰ ਹੈ) ਜਿਸ ਨੂੰ ਉਹ ਪ੍ਰਭੂ ਆਪ ਮਿਲਾਏ।

ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥

(ਫਿਰ) ਉਸ ਸੁਖ ਦੀ ਪਛਾਣ ਇਹ ਹੈ ਕਿ (ਮਨੁੱਖ ਦਾ) ਅੰਦਰਲਾ ਪਵਿਤ੍ਰ ਹੋ ਜਾਂਦਾ ਹੈ।

ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ ॥

ਆਤਮਕ ਜੀਵਨ ਵਲੋਂ ਬੇ-ਸਮਝੀ ਦੀ ਭੁੱਲ ਦੂਰ ਹੋ ਜਾਂਦੀ ਹੈ, ਆਤਮਕ ਜੀਵਨ ਦੀ ਸੂਝ ਹਾਸਲ ਹੋ ਜਾਂਦੀ ਹੈ।

ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥੩॥

ਹੇ ਨਾਨਕ! (ਹਰ ਥਾਂ) ਉਹ ਪ੍ਰਭੂ ਹੀ ਦਿੱਸਦਾ ਹੈ, ਜਿੱਧਰ ਵੇਖੀਏ ਓਧਰ ਉਹੀ ਪ੍ਰਭੂ (ਦਿੱਸਦਾ ਹੈ) ॥੩॥


ਪਉੜੀ ॥
ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥

ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਇਹ (ਜਗਤ-ਰੂਪ) ਤਖ਼ਤ ਆਪਣੇ ਬੈਠਣ ਲਈ ਥਾਂ ਬਣਾਇਆ ਹੈ।

ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥

(ਇਸ ਜਗਤ ਵਿਚ) ਹਰੇਕ ਚੀਜ਼ ਉਸ ਪ੍ਰਭੂ ਦਾ ਆਪਣਾ ਹੀ ਸਰੂਪ ਹੈ-ਇਹ ਗੱਲ ਸਤਿਗੁਰੂ ਦੇ ਸ਼ਬਦ ਨੇ ਦੱਸੀ ਹੈ।

ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥

ਇਹ ਸਾਰੀ ਕੁਦਰਤਿ ਉਸ ਨੇ ਆਪ ਹੀ ਪੈਦਾ ਕੀਤੀ ਹੈ, (ਕੁਦਰਤਿ ਦੇ ਸਾਰੇ ਰੁੱਖ ਬਿਰਖ ਆਦਿਕ, ਮਾਨੋ, ਰਹਿਣ ਲਈ ਉਸ ਨੇ) ਮਹਲ ਮਾੜੀਆਂ ਬਣਾਏ ਹਨ।

ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥

ਇਹਨਾਂ ਮਹਲ ਮਾੜੀਆਂ (ਵਿਚ) ਚੰਦ ਤੇ ਸੂਰਜ ਦੋਵੇਂ (ਮਾਨੋ ਉਸ ਦੇ ਜਗਾਏ ਹੋਏ) ਦੀਵੇ ਹਨ। (ਪ੍ਰਭੂ ਨੇ ਕੁਦਰਤਿ ਦੀ ਸਾਰੀ) ਬਣਤਰ ਮੁਕੰਮਲ ਬਣਾਈ ਹੋਈ ਹੈ।

ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥

(ਇਸ ਵਿਚ ਬੈਠ ਕੇ) ਆਪ ਹੀ ਵੇਖ ਰਿਹਾ ਹੈ, ਆਪ ਹੀ ਸੁਣ ਰਿਹਾ ਹੈ; ਉਸ ਪ੍ਰਭੂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਧਿਆਇਆ ਜਾ ਸਕਦਾ ਹੈ ॥੧॥

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ ਰਹਾਉ ॥

ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! ਤੂੰ ਅਸਚਰਜ ਹੈਂ, ਤੂੰ ਅਸਚਰਜ ਹੈਂ। ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੧॥ ਰਹਾਉ ॥


ਸਲੋਕੁ ॥
ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ ॥

ਹੇ ਕਬੀਰ! ਮੈਂ ਆਪਣੇ ਆਪ ਨੂੰ ਮਹਿਦੀ ਬਣਾ ਕੇ (ਭਾਵ, ਮਹਿਦੀ ਵਾਂਗ) ਪੀਹ ਪੀਹ ਕੇ ਘਾਲ ਕਮਾਈ,

ਤੈ ਸਹ ਬਾਤ ਨ ਪੁਛੀਆ ਕਬਹੂ ਨ ਲਾਈ ਪਾਇ ॥੧॥

(ਪਰ) ਹੇ ਪਤੀ (ਪ੍ਰਭੂ!) ਤੂੰ ਮੇਰੀ ਵਾਤ ਹੀ ਨਾਹ ਪੁੱਛੀ (ਭਾਵ, ਤੂੰ ਮੇਰੀ ਸਾਰ ਹੀ ਨਾ ਲਈ) ਤੇ ਤੂੰ ਕਦੇ ਮੈਨੂੰ ਆਪਣੀ ਪੈਰੀਂ ਨਾਹ ਲਾਇਆ ॥੧॥


 ਮ : ੩ ॥
ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥

ਹੇ ਨਾਨਕ! (ਅਸਾਨੂੰ) ਮਹਿਦੀ ਬਣਾਇਆ ਭੀ ਉਸ ਨੇ ਆਪ ਹੀ ਹੈ, ਜਦੋਂ ਉਹ ਖਸਮ (ਪ੍ਰਭੂ) ਮੇਹਰ ਦੀ ਨਜ਼ਰ ਕਰਦਾ ਹੈ,

ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥

ਉਹ ਆਪ ਹੀ (ਮਹਿਦੀ ਨੂੰ) ਪੀਂਹਦਾ ਹੈ, ਆਪ ਹੀ (ਮਹਿਦੀ ਨੂੰ) ਰਗੜਦਾ ਹੈ, ਆਪ ਹੀ (ਆਪਣੀ ਪੈਰੀਂ) ਲਾ ਲੈਂਦਾ ਹੈ (ਭਾਵ, ਬੰਦਗੀ ਦੀ ਘਾਲ-ਕਮਾਈ ਵਿਚ ਬੰਦੇ ਨੂੰ ਆਪ ਹੀ ਲਾਂਦਾ ਹੈ)।

ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੨॥

ਇਹ ਪ੍ਰੇਮ ਦਾ ਪਿਆਲਾ ਖਸਮ ਪ੍ਰਭੂ ਦੀ ਆਪਣੀ (ਵਸਤੁ) ਹੈ, ਉਸ ਮਨੁੱਖ ਨੂੰ ਦੇਂਦਾ ਹੈ ਜੋ ਉਸ ਨੂੰ ਪਿਆਰਾ ਲੱਗਦਾ ਹੈ ॥੨॥


ਪਉੜੀ ॥
ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ ॥

ਉਸ (ਪ੍ਰਭੂ) ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਸ ਦੇ ਹੁਕਮ ਵਿਚ ਜੰਮਦੇ ਤੇ ਸਮਾ ਜਾਂਦੇ ਹਨ;

ਆਪੇ ਵੇਖਿ ਵਿਗਸਦਾ ਦੂਜਾ ਕੋ ਨਾਹੀ ॥

ਪ੍ਰਭੂ ਹੀ (ਆਪਣੀ ਰਚਨਾ ਨੂੰ) ਵੇਖ ਕੇ ਖ਼ੁਸ਼ ਹੋ ਰਿਹਾ ਹੈ, ਉਸ ਦਾ ਕੋਈ ਸ਼ਰੀਕ ਨਹੀਂ।

ਜਿਉ ਭਾਵੈ ਤਿਉ ਰਖੁ ਤੂ ਗੁਰ ਸਬਦਿ ਬੁਝਾਹੀ ॥

(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਜੀਵਾਂ ਨੂੰ) ਰੱਖ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵਾਂ ਨੂੰ) ਮੱਤ ਦੇਂਦਾ ਹੈਂ।

ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ ॥

ਸਭ ਜੀਵਾਂ ਨੂੰ ਤੇਰਾ ਆਸਰਾ ਹੈ, ਜਿਵੇਂ ਤੈਨੂੰ ਭਾਵੇਂ ਤਿਵੇਂ (ਜੀਵਾਂ ਨੂੰ) ਤੂੰ ਤੋਰਦਾ ਹੈਂ।

ਤੁਧੁ ਜੇਵਡ ਮੈ ਨਾਹਿ ਕੋ ਕਿਸੁ ਆਖਿ ਸੁਣਾਈ ॥੨॥

ਮੈਨੂੰ, (ਹੇ ਪ੍ਰਭੂ!) ਤੇਰੇ ਜੇਡਾ ਕੋਈ ਦਿੱਸਦਾ ਨਹੀਂ; ਕਿਸ ਦੀ ਬਾਬਤ ਆਖ ਕੇ ਦੱਸਾਂ (ਕਿ ਉਹ ਤੇਰੇ ਜੇਡਾ ਹੈ)? ॥੨॥


ਸਲੋਕੁ ਮ : ੩ ॥
ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥

ਭੁਲੇਖੇ ਵਿਚ ਭੁੱਲੀ ਹੋਈ ਮੈਂ (ਪਰਮਾਤਮਾ ਨੂੰ ਲੱਭਣ ਵਾਸਤੇ) ਸਾਰਾ ਜਗਤ ਭਵੀਂ ਤੇ ਢੂੰਢ ਢੂੰਢ ਕੇ ਖਪ ਗਈ,

ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥

(ਪਰ ਇਸ ਤਰ੍ਹਾਂ) ਉਹ ਖਸਮ (ਪ੍ਰਭੂ) (ਹਿਰਦੇ ਵਿਚ) ਸ਼ਾਂਤੀ ਨਹੀਂ ਦੇਂਦਾ, ਉਹ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।

ਗੁਰਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥

(ਪਰ, ਹਾਂ) ਸਤਿਗੁਰੂ ਦੀ ਮੇਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ।

ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥

ਹੇ ਨਾਨਕ! (ਗੁਰੂ ਦੀ ਮੇਹਰ ਨਾਲ) ਮੈਂ ਘਰ ਵਿਚ ਬੈਠਿਆਂ ਖਸਮ ਲੱਭ ਲਿਆ ਜਦੋਂ ਕਰਤਾਰ ਨੇ (ਮੇਰੇ ਉਤੇ) ਕਿਰਪਾ ਕੀਤੀ (ਤੇ ਗੁਰੂ ਮਿਲਾਇਆ) ॥੧॥


 ਮ : ੩ ॥
ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦਾ (ਸਾਰਾ) ਦਿਨ (ਦੁਨੀਆ ਦੇ) ਧੰਧਿਆਂ ਵਿਚ ਭਟਕਦਿਆਂ ਬੀਤ ਜਾਂਦਾ ਹੈ, ਤੇ ਰਾਤ ਨੂੰ ਉਹ ਸੌਂ ਕੇ ਗੰਵਾ ਲੈਂਦਾ ਹੈ,

ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥

(ਇਹਨਾਂ ਧੰਧਿਆਂ ਵਿਚ ਪਿਆ ਹੋਇਆ) ਝੂਠ ਬੋਲ ਕੇ ਜ਼ਹਿਰ ਖਾਂਦਾ ਹੈ (ਭਾਵ, ਦੁਨੀਆ ਦੇ ਪਦਾਰਥ ਮਾਣਦਾ ਹੈ) ਤੇ (ਅੰਤ ਨੂੰ ਏਥੋਂ) ਰੋ ਕੇ ਤੁਰ ਪੈਂਦਾ ਹੈ।

ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥

ਉਸ ਦੇ ਸਿਰ ਉਤੇ ਮੌਤ ਦਾ ਡੰਡਾ (ਤਿਆਰ ਰਹਿੰਦਾ) ਹੈ, (ਭਾਵ, ਹਰ ਵੇਲੇ ਮੌਤ ਤੋਂ ਡਰਦਾ ਹੈ), (ਪ੍ਰਭੂ ਨੂੰ ਵਿਸਾਰ ਕੇ) ਹੋਰ ਵਿਚ ਪਿਆਰ ਦੇ ਕਾਰਣ (ਆਪਣੀ) ਇੱਜ਼ਤ ਗੰਵਾ ਲੈਂਦਾ ਹੈ।

ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥

ਉਸ ਨੇ ਪਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ (ਇਸ ਲਈ) ਮੁੜ ਮੁੜ ਜਨਮ ਮਰਨ ਦਾ ਗੇੜ (ਉਸ ਨੂੰ ਨਸੀਬ) ਹੁੰਦਾ ਹੈ।

ਗੁਰਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥

(ਪਰ ਜਿਸ ਮਨੁੱਖ ਦੇ) ਮਨ ਵਿਚ ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਵੱਸਦਾ ਹੈ ਉਸ ਨੂੰ ਕੋਈ ਮੌਤ ਦਾ ਡੰਡਾ ਨਹੀਂ ਲੱਗਦਾ (ਭਾਵ, ਉਸ ਨੂੰ ਮੌਤ ਡਰਾ ਨਹੀਂ ਸਕਦੀ)।

ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥

ਹੇ ਨਾਨਕ! ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਇਹ ਅਵਸਥਾ ਉਸ ਨੂੰ) ਪਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦੀ ਹੈ ॥੨॥


ਪਉੜੀ ॥
ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥

(ਇਸ “ਵੇਕੀ ਸ੍ਰਿਸਟਿ” ਵਿਚ, ਪ੍ਰਭੂ ਨੇ) ਕਈ ਜੀਵਾਂ ਨੂੰ ਸਤਿਗੁਰੂ ਦੀ ਮੱਤ ਦੇ ਕੇ ਆਪਣੀ ਸਿਫ਼ਤ-ਸਾਲਾਹ ਵਿਚ ਲਾਇਆ ਹੋਇਆ ਹੈ,

ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥

ਕਈ ਜੀਵਾਂ ਨੂੰ ਸਦਾ ਕਾਇਮ ਰਹਿਣ ਵਾਲੇ ਹਰੀ ਨੇ ਆਪਣਾ ਸਦਾ-ਥਿਰ ਰਹਿਣ ਵਾਲਾ ‘ਨਾਮ’ ਬਖ਼ਸ਼ਿਆ ਹੋਇਆ ਹੈ।

ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥

ਹਵਾ, ਪਾਣੀ, ਅੱਗ (ਆਦਿਕ ਤੱਤ ਭੀ) ਉਸ ਦੇ ਹੁਕਮ ਵਿਚ ਤੁਰ ਕੇ ਉਸ ਦੀ ਭਗਤੀ ਕਰ ਰਹੇ ਹਨ,

ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥

ਇਹਨਾਂ (ਤੱਤਾਂ) ਨੂੰ ਉਸ ਮਾਲਕ ਦਾ ਬੜਾ ਡਰ ਰਹਿੰਦਾ ਹੈ, (ਸੋ, ਜਗਤ ਦੀ ਕਿਆ ਅਸਚਰਜ) ਮੁਕੰਮਲ ਬਣਤਰ ਬਣੀ ਹੋਈ ਹੈ।

ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥

ਹਰ ਥਾਂ ਪ੍ਰਭੂ ਦਾ ਹੀ ਹੁਕਮ ਚੱਲ ਰਿਹਾ ਹੈ। (ਪ੍ਰਭੂ ਦੇ ਹੁਕਮ ਨੂੰ) ਮੰਨਿਆਂ (ਭਾਵ, ਹੁਕਮ ਵਿਚ ਤੁਰਿਆਂ ਹੀ) ਸੁਖ ਪਾਈਦਾ ਹੈ ॥੩॥


ਸਲੋਕੁ ॥
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥

ਹੇ ਕਬੀਰ! ਪਰਮਾਤਮਾ ਦੀ ਕਸਵੱਟੀ (ਐਸਾ ਨਿਖੇੜਾ ਕਰਨ ਵਾਲੀ ਹੈ ਕਿ ਇਸ) ਉੱਤੇ ਝੂਠਾ ਮਨੁੱਖ ਪੂਰਾ ਨਹੀਂ ਉਤਰ ਸਕਦਾ।

ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥

ਪਰਮਾਤਮਾ ਦੀ ਪਰਖ ਵਿਚ ਉਹੀ ਪੂਰਾ ਉਤਰਦਾ ਹੈ ਜੋ ਦੁਨੀਆ ਵਲੋਂ ਮਰ ਕੇ ਰੱਬ ਵਲ ਜੀਊ ਪਿਆ ਹੈ ॥੧॥


ਮ : ੩ ॥
ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥

ਕਿਵੇਂ ਇਸ ਮਨ ਨੂੰ ਮਾਰੀਏ? ਕਿਵੇਂ ਇਹ ਮਨ ਦੁਨੀਆ ਦੇ ਚਸਕਿਆਂ ਵਲੋਂ ਹਟੇ?

ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥

ਕੋਈ ਭੀ ਮਨੁੱਖ ਆਖਿਆਂ (ਭਾਵ, ਸਮਝਾਇਆਂ) ਨਾਹ ਗੁਰੂ ਦੇ ਸ਼ਬਦ ਨੂੰ ਮੰਨਦਾ ਹੈ ਤੇ ਨਾਹ ਹਉਮੈ ਛੱਡਦਾ ਹੈ।

>ਗੁਰਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥

ਸਤਿਗੁਰੂ ਦੀ ਮੇਹਰ ਨਾਲ ਹਉਮੈ ਦੂਰ ਹੁੰਦੀ ਹੈ। (ਜਿਸ ਦੀ ਹਉਮੈ ਨਾਸ ਹੁੰਦੀ ਹੈ) ਉਹ ਮਨੁੱਖ ਜਗਤ ਵਿਚ ਰਹਿੰਦਾ ਹੋਇਆ ਜਗਤ ਦੇ ਚਸਕਿਆਂ ਵਲੋਂ ਹਟਿਆ ਰਹਿੰਦਾ ਹੈ।

ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥

ਹੇ ਨਾਨਕ! ਜਿਸ ਮਨੁੱਖ ਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਜੀਵਨ ਮੁਕਤਿ ਦਾ ਦਰਜਾ) ਪ੍ਰਾਪਤ ਹੋ ਜਾਂਦਾ ਹੈ ਤੇ (ਉਸ ਦੇ ਜ਼ਿੰਦਗੀ ਦੇ ਸਫ਼ਰ ਵਿਚ ਮਾਇਕ ਰਸਾਂ ਦੀ) ਕੋਈ ਰੁਕਾਵਟ ਨਹੀਂ ਆਉਂਦੀ ॥੨॥


ਮ : ੩ ॥
ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥

(ਜਗਤ ਵਿਚ) ਜਿਊਂਦਿਆਂ (ਜਗਤ ਵਲੋਂ) ਮਰਨ ਦੀਆਂ ਗੱਲਾਂ ਹਰ ਕੋਈ ਕਰਦਾ ਹੈ, ਪਰ ਇਹ ‘ਜੀਵਨ-ਮੁਕਤੀ’ (ਦੀ ਅਵਸਥਾ) ਪ੍ਰਾਪਤ ਕਿਵੇਂ ਹੋਵੇ?

ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥

ਜੇ ਮਨੁੱਖ (ਦੁਨੀਆ ਦੇ ਚਸਕਿਆਂ ਦੀ ਵਿਹੁ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਪਿਆਰ (-ਰੂਪ) ਦਵਾਈ ਵਰਤੇ ਤੇ ਪ੍ਰਭੂ ਦੇ ਡਰ ਦਾ ਪਰਹੇਜ਼ ਬਣਾਏ (ਭਾਵ, ਜਿਉਂ ਜਿਉਂ ਮਨੁੱਖ ਇਹ ਡਰ ਦਿਲ ਵਿਚ ਰੱਖੇਗਾ ਕਿ ਪ੍ਰਭੂ ਤਾਂ ਹਰ ਵੇਲੇ ਅੰਗ-ਸੰਗ ਹੈ ਉਸ ਤੋਂ ਕੋਈ ਲੁਕਾ ਨਹੀਂ ਹੋ ਸਕਦਾ)

ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥

ਤੇ ਹਰ ਰੋਜ਼ ਨਿੱਤ ਆਨੰਦ ਨਾਲ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਏ ਤਾਂ ਪ੍ਰਭੂ ਦੇ ਨਾਮ ਦੀ ਰਾਹੀਂ ਉਹ ਇਸ ਵਿਹੁ-ਰੂਪ ਸੰਸਾਰ-ਸਮੁੰਦਰ ਨੂੰ ਤਰ ਜਾਂਦਾ ਹੈ।

ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥

ਹੇ ਨਾਨਕ! ਜਿਸ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਇਹ (ਜੀਵਨ-ਮੁਕਤੀ ਦੀ ਅਵਸਥਾ) ਸਤਿਗੁਰੂ ਦੀ ਰਾਹੀਂ ਮਿਲਦੀ ਹੈ ॥੩॥


ਪਉੜੀ ॥
ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ ॥

(ਜੀਵਾਂ ਦਾ) ਮਾਇਆ ਨਾਲ ਪਿਆਰ ਤੇ ਮਾਇਆ ਦੇ ਤਿੰਨਾਂ ਗੁਣਾਂ ਦਾ ਵਰਤਾਰਾ (ਭਾਵ, ਪ੍ਰਭਾਵ) ਭੀ ਉਸ ਸਿਰਜਣਹਾਰ ਨੇ (ਆਪ ਹੀ) ਪੈਦਾ ਕੀਤਾ ਹੈ;

ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ ॥

(ਤਿੰਨਾਂ ਗੁਣਾਂ ਤੋਂ ਤਿੰਨੇ ਦੇਵਤੇ) ਬ੍ਰਹਮਾ ਵਿਸ਼ਨੂ ਤੇ ਸ਼ਿਵ ਉਸ ਨੇ (ਆਪ ਹੀ) ਉਪਾਏ ਹਨ, (ਇਹ ਤ੍ਰੈਵੇ) ਉਸ ਦੇ ਹੁਕਮ ਵਿਚ ਹੀ ਕਾਰ ਕਰ ਰਹੇ ਹਨ।

ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥

ਜੋਤਸ਼ੀ (ਆਦਿਕ) ਵਿਦਵਾਨ ਲੋਕ (ਵਿਚਾਰ ਵਾਲੀਆਂ ਪੁਸਤਕਾਂ) ਪੜ੍ਹਦੇ ਹਨ ਪਰ (ਪ੍ਰਭੂ ਦੇ ਇਸ ਕੌਤਕ ਦੀ) ਵੀਚਾਰ ਨੂੰ ਸਮਝਦੇ ਨਹੀਂ ਹਨ।

ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥

(ਹੇ ਪ੍ਰਭੂ!) (ਇਹ ਜਗਤ-ਰਚਨਾ) ਸਾਰਾ ਹੀ ਤੇਰਾ (ਇਕ) ਖੇਲ ਹੈ, ਤੂੰ (ਇਸ ਖੇਲ ਨੂੰ) ਬਣਾਣ ਵਾਲਾ ਹੈਂ ਤੇ ਸਦਾ ਕਾਇਮ ਰਹਿਣ ਵਾਲਾ ਹੈਂ।

ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥੪॥

ਜੋ ਤੈਨੂੰ ਭਾਉਂਦਾ ਹੈ ਉਸ ਉਤੇ ਬਖ਼ਸ਼ਸ਼ ਕਰਦਾ ਹੈਂ ਤੇ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਸੱਚੇ ਸਰੂਪ ਵਿਚ ਟਿਕਿਆ ਰਹਿੰਦਾ ਹੈ ॥੪॥


ਸਲੋਕੁ ਮ : ੩ ॥
ਮਨ ਕਾ ਝੂਠਾ ਝੂਠੁ ਕਮਾਵੈ ॥

(ਜੋ ਮਨੁੱਖ) ਮਨ ਦਾ ਝੂਠਾ ਹੈ (ਭਾਵ, ਮਨ ਵਿਚ ਝੂਠ ਹੈ, ਤਪ ਦੇ ਉਲਟ ਭਾਵ ਹਨ) ਤੇ ਝੂਠ ਕਮਾਂਦਾ ਹੈ (ਭਾਵ, ਬਾਹਰੋਂ ਤਪਾ ਹੈ ਪਰ ਕਮਾਈ ਤਪੇ ਵਾਲੀ ਨਹੀਂ),

ਮਾਇਆ ਨੋ ਫਿਰੈ ਤਪਾ ਸਦਾਵੈ ॥

(ਉਂਞ ਤਾਂ) ਮਾਇਆ ਦੀ ਖ਼ਾਤਰ ਫਿਰਦਾ ਹੈ (ਪਰ ਆਪਣੇ ਆਪ ਨੂੰ) ਤਪਾ ਅਖਵਾਂਦਾ ਹੈ,

ਭਰਮੇ ਭੂਲਾ ਸਭਿ ਤੀਰਥ ਗਹੈ ॥

(ਆਪਣੇ ਆਪ ਨੂੰ ਤਪਾ ਸਮਝਣ ਦੇ) ਭੁਲੇਖੇ ਵਿਚ ਭੁੱਲਾ ਹੋਇਆ ਸਾਰੇ ਤੀਰਥ ਗਾਂਹਦਾ ਹੈ,

ਓਹੁ ਤਪਾ ਕੈਸੇ ਪਰਮ ਗਤਿ ਲਹੈ ॥

ਅਜੇਹਾ ਤਪਾ ਉੱਚੀ ਆਤਮਕ ਅਵਸਥਾ ਕਿਵੇਂ ਪ੍ਰਾਪਤ ਕਰੇ?

ਗੁਰਪਰਸਾਦੀ ਕੋ ਸਚੁ ਕਮਾਵੈ ॥

ਜੋ ਤਪਾ ਗੁਰੂ ਦੀ ਕਿਰਪਾ ਨਾਲ ਸੱਚ ਕਮਾਂਦਾ ਹੈ (ਭਾਵ, ਪ੍ਰਭੂ ਦੀ ਹੋਂਦ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਂਦਾ ਹੈ)

ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥

ਹੇ ਨਾਨਕ! ਉਹ ਅੰਦਰਲੀ ਮੁਕਤੀ ਪ੍ਰਾਪਤ ਕਰਦਾ ਹੈ ॥੧॥


ਮ : ੩ ॥
ਸੋ ਤਪਾ ਜਿ ਇਹੁ ਤਪੁ ਘਾਲੇ ॥

ਉਹ ਮਨੁੱਖ (ਅਸਲ) ਤਪਾ ਹੈ ਜੋ ਇਹ ਤਪ ਕਮਾਂਦਾ ਹੈ-

ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥

ਸਤਿਗੁਰੂ ਨੂੰ ਮਿਲਦਾ ਹੈ (ਗੁਰੂ ਦੀ ਸਰਣ ਪੈਂਦਾ ਹੈ) ਤੇ ਗੁਰੂ ਦਾ ਸ਼ਬਦ (ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ।

ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥

ਸਤਿਗੁਰ ਦੀ (ਦੱਸੀ ਹੋਈ) ਕਾਰ ਕਰਨੀ-ਇਹ ਤਪ (ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੈ।

ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥

ਹੇ ਨਾਨਕ! ਇਹ ਤਪ ਕਰਨ ਵਾਲਾ ਤਪਾ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੨॥


ਪਉੜੀ ॥
ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥

(ਇਸ ‘ਵੇਕੀ ਸ੍ਰਿਸਟਿ’ ਵਿਚ) ਸੰਸਾਰ ਦੀ ਵਰਤੋਂ ਵਿਹਾਰ ਵਾਸਤੇ ਉਸ (ਪ੍ਰਭੂ) ਨੇ ਰਾਤ ਤੇ ਦਿਨ ਪੈਦਾ ਕੀਤੇ ਹਨ;

ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ ॥

(ਜੀਵਾਂ ਦੇ ਦਿਲ ਵਿਚੋਂ) ਹਨੇਰਾ (ਜੋ ਉਸ ਨੇ ਆਪ ਹੀ ਬਣਾਇਆ ਹੈ) ਦੂਰ ਕਰਨ ਲਈ ਸਤਿਗੁਰੂ ਦੀ ਮੱਤ ਦੀ ਰਾਹੀਂ (ਮਨੁੱਖ ਦੇ) ਹਿਰਦੇ ਵਿਚ ਚਾਨਣ (ਭੀ ਉਹ ਆਪ ਹੀ ਪੈਦਾ ਕਰਨ ਵਾਲਾ ਹੈ)।

ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ ॥

ਸਾਰੀ ਸ੍ਰਿਸ਼ਟੀ ਉਸ ਨੇ ਆਪਣੇ ਹੁਕਮ ਵਿਚ ਹੀ ਰਚੀ ਹੈ ਤੇ ਉਹ ਹਰੇਕ ਵਣ ਵਿਚ ਤੀਲੇ ਤੀਲੇ ਵਿਚ ਆਪ ਮੌਜੂਦ ਹੈ,

ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ ॥

(ਜੋ ਕੁਝ ਬਣਿਆ ਪਿਆ ਹੈ ਉਹ) ਸਭ ਕੁਝ ਪ੍ਰਭੂ ਆਪ ਹੀ ਆਪ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ ਉਸ ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ।

ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥੫॥

ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਜੀਵ ਨੂੰ) ਸੂਝ ਪੈਂਦੀ ਹੈ, ਪ੍ਰਭੂ ਆਪ ਸੂਝ ਦੇਂਦਾ ਹੈ ॥੫॥


ਸਲੋਕ ਮ : ੩ ॥
ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਭਟਕਣਾ ਹੋਵੇ (ਭਾਵ, ਜੋ ਦਰ ਦਰ ਤੇ ਭਟਕ ਕੇ ਰੋਟੀਆਂ ਆਟਾ ਮੰਗਦੇ ਫਿਰਨ) ਉਹਨਾਂ ਨੂੰ ‘ਅਭਿਆਗਤ’ ਨਹੀਂ ਆਖੀਦਾ;

ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥

ਹੇ ਨਾਨਕ! ਅਜੇਹੇ ਬੰਦੇ ਨੂੰ ਦੇਣ ਨਾਲ ਪੁੰਨ ਭੀ ਇਹੋ ਜਿਹਾ ਹੀ ਹੁੰਦਾ ਹੈ (ਭਾਵ, ਕੋਈ ਪੁੰਨ-ਕਰਮ ਨਹੀਂ)।

ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥

ਸਭ ਤੋਂ ਉੱਚਾ ਦਰਜਾ ਹੈ ਨਿਰਭਉ ਤੇ ਮਾਇਆ-ਰਹਿਤ ਪ੍ਰਭੂ ਨੂੰ ਮਿਲਣਾ। ਜੋ ਮਨੁੱਖ ਇਸ ‘ਪਰਮ ਪਦ’ ਦਾ ਅਭਿਲਾਖੀ ਹੈ,

ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥

ਹੇ ਨਾਨਕ! ਉਸ ਦੀ ਲੋੜੀਂਦੀ ਖ਼ੁਰਾਕ ਕੋਈ ਵਿਰਲਾ ਬੰਦਾ ਦੇਂਦਾ ਹੈ ॥੧॥


ਮ : ੩ ॥
ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥

ਉਹਨਾਂ ਨੂੰ ‘ਅਭਿਆਗਤ’ (ਸਾਧੂ) ਨਹੀਂ ਆਖੀਦਾ ਜੋ ਮਨੁੱਖ ਪਰਾਏ ਘਰ ਵਿਚ ਰੋਟੀ ਖਾਂਦੇ ਹਨ,

ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ ॥

ਤੇ ਆਪਣਾ ਪੇਟ ਭਰਨ ਦੀ ਖ਼ਾਤਰ ਕਈ ਭੇਖ ਕਰਦੇ ਹਨ।

ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥

ਹੇ ਨਾਨਕ! ‘ਅਭਿਆਗਤ’ ਉਹੀ ਹਨ ਜੋ ਆਤਮਕ ਮੰਡਲ ਦੀ ਸੈਰ ਕਰਦੇ ਹਨ,

ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥

ਆਪਣੇ ਅਸਲ ਘਰ (ਪ੍ਰਭੂ) ਵਿਚ ਨਿਵਾਸ ਰੱਖਦੇ ਹਨ ਤੇ ਆਪਣੇ ਖਸਮ-ਪ੍ਰਭੂ ਨੂੰ ਲੱਭ ਲੈਂਦੇ ਹਨ ॥੨॥


ਪਉੜੀ ॥
ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥

(ਇਸ “ਵੇਕੀ ਸ੍ਰਿਸਟਿ” ਵਿਚ) ਆਕਾਸ਼ ਤੇ ਧਰਤੀ ਉਸ ਪ੍ਰਭੂ ਨੇ ਆਪ ਹੀ ਵੱਖ ਵੱਖ ਕੀਤੇ ਹਨ, ਤੇ ਇਹਨਾਂ ਦੇ ਅੰਦਰ ਉਹ ਸਦਾ-ਥਿਰ ਪ੍ਰਭੂ ਆਪਣਾ ਹੁਕਮ ਚਲਾ ਰਿਹਾ ਹੈ;

ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥

(ਇਸ ਸ੍ਰਿਸ਼ਟੀ ਵਿਚ) ਹਰੇਕ ਘਰ ਹਰੇਕ ਦਰ ਸਦਾ-ਥਿਰ ਪ੍ਰਭੂ (ਦਾ ਟਿਕਾਣਾ) ਹੈ ਕਿਉਂਕਿ ਇਸ ਵਿਚ (ਹਰ ਥਾਂ) ਸੱਚਾ ‘ਨਾਮ’ ਮੌਜੂਦ ਹੈ।

ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥

ਹਰ ਥਾਂ (ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਹੁਕਮ ਚੱਲ ਰਿਹਾ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨਤਾ ਹੁੰਦੀ ਹੈ।

ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥

ਪ੍ਰਭੂ ਆਪ ਸਦਾ ਇਕ-ਰਸ ਰਹਿਣ ਵਾਲਾ ਹੈ, (ਜਗਤ-ਰੂਪ ਉਸ ਦਾ) ਤਖ਼ਤ (ਭੀ) (ਉਸੇ ਦਾ ਸਰੂਪ) ਸੱਚਾ ਹੈ, (ਇਸ ਤਖ਼ਤ ਉਤੇ) ਬੈਠ ਕੇ ਉਹ ਅਟੱਲ ਨਿਆਂ ਕਰ ਰਿਹਾ ਹੈ।

ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥੬॥

ਹਰ ਥਾਂ ਨਿਰੋਲ ਉਹੀ ਸੱਚਾ ਪ੍ਰਭੂ ਮੌਜੂਦ ਹੈ, (ਪਰ) ਉਹ ਅਲੱਖ ਪ੍ਰਭੂ ਲਖਿਆ ਤਾਂ ਹੀ ਜਾ ਸਕਦਾ ਹੈ ਜੇ ਸਤਿਗੁਰੂ ਦੇ ਸਨਮੁਖ ਹੋਵੀਏ (ਘਰ ਘਾਟ ਨੂੰ ਤਿਆਗ ਕੇ ਨਹੀਂ) ॥੬॥


ਸਲੋਕੁ ਮ : ੩ ॥
ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ ॥

(ਇਸ ਸੰਸਾਰ-) ਸਮੁੰਦਰ ਵਿਚ ਬੇਅੰਤ ਪ੍ਰਭੂ ਆਪ ਵੱਸ ਰਿਹਾ ਹੈ, ਪਰ (ਉਸ ‘ਅਨੰਤ’ ਨੂੰ ਛੱਡ ਕੇ) ਨਾਸਵੰਤ ਪਦਾਰਥਾਂ ਵਿਚ ਲੱਗੀ ਹੋਈ ਜਿੰਦ ਜੰਮਦੀ ਮਰਦੀ ਰਹਿੰਦੀ ਹੈ।

ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ ॥

ਜੋ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਸ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ (ਕਿਉਂਕਿ ਉਹ “ਅਨੰਤ” ਨੂੰ ਛੱਡ ਕੇ ਨਾਸਵੰਤ ਪਦਾਰਥਾਂ ਪਿੱਛੇ ਦੌੜਦਾ ਹੈ);

ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ ॥

ਸਭ ਕੁਝ ਇਸ ਸਾਗਰ ਵਿਚ ਮੌਜੂਦ ਹੈ, ਪਰ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ।

ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥੧॥

ਹੇ ਨਾਨਕ! ਮਨੁੱਖ ਨੂੰ ਸਾਰੇ ਹੀ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਜੇ ਮਨੁੱਖ (ਇਸ ਸਾਗਰ ਵਿਚ ਵਿਆਪਕ ਪ੍ਰਭੂ ਦੀ) ਰਜ਼ਾ ਵਿਚ ਤੁਰੇ ॥੧॥


ਮ : ੩ ॥
ਸਹਜੇ ਸਤਿਗੁਰੁ ਨ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ ॥

ਜੋ ਮਨੁੱਖ ਸਿਦਕ ਸਰਧਾ ਨਾਲ ਸਤਿਗੁਰ ਦੇ ਹੁਕਮ ਵਿਚ ਨਹੀਂ ਤੁਰਿਆ, ਉਹ ਹਉਮੈ ਵਿਚ (ਰਹਿ ਕੇ) (ਜਗਤ ਵਿਚ) ਜਨਮ ਲੈ ਕੇ (ਜੀਵਨ) ਅਜਾਂਈ ਗਵਾ ਗਿਆ;

ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥

ਜਿਸ ਨੇ ਜੀਭ ਨਾਲ ਪ੍ਰਭੂ ਦੇ ਨਾਮ ਦਾ ਆਨੰਦ ਨਹੀਂ ਲਿਆ ਉਸ ਦਾ ਹਿਰਦਾ-ਰੂਪ ਕਉਲ ਫੁੱਲ ਨਹੀਂ ਖਿੜਿਆ।

ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਵਿਹੁ ਖਾਂਦਾ ਰਿਹਾ, (ਅਸਲ ਜੀਵਨ ਵੱਲੋਂ) ਮੋਇਆ ਹੀ ਰਿਹਾ ਤੇ ਮਾਇਆ ਦੇ ਮੋਹ ਵਿਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ।

ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥

ਇਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਵਿਚ) ਜੀਊਣਾ ਵੱਸਣਾ ਫਿਟਕਾਰ-ਜੋਗ ਹੈ।

ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ ॥

ਜਦੋਂ ਸੱਚਾ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ।

ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥

(ਫਿਰ) ਉਹ ਨਿੱਤ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ, ਕਦੇ ਗੁਰੂ ਦਾ ਪੱਲਾ ਨਹੀਂ ਛੱਡਦਾ।

ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥

ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਭੀ ਇਉਂ ਉਪਰਾਮ ਜਿਹਾ ਰਹਿੰਦਾ ਹੈ ਜਿਵੇਂ ਪਾਣੀ ਵਿਚ (ਉੱਗਾ ਹੋਇਆ) ਕਉਲ-ਫੁੱਲ (ਪਾਣੀ ਦੇ ਅਸਰ ਤੋਂ) ਬਚਿਆ ਰਹਿੰਦਾ ਹੈ।

ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥

ਹੇ ਦਾਸ ਨਾਨਕ! ਜਿਵੇਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਭਾਉਂਦਾ ਹੈ ਤਿਵੇਂ ਹਰੇਕ ਜੀਵ ਉਸ ਦਾ ਕਰਾਇਆ ਕਰਦਾ ਹੈ ॥੨॥


ਪਉੜੀ ॥
ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥

(ਪਹਿਲਾਂ ਜਦੋਂ ਪ੍ਰਭੂ ਨਿਰਗੁਣ ਰੂਪ ਵਿਚ ਸੀ ਤਦੋਂ) ਬੇਅੰਤ ਸਮਾ ਹਨੇਰਾ ਸੀ (ਭਾਵ, ਤਦੋਂ ਕੀਹ ਸਰੂਪ ਸੀ-ਇਹ ਗੱਲ ਦੱਸੀ ਨਹੀਂ ਜਾ ਸਕਦੀ), (ਫਿਰ ਸਰਗੁਣ ਰੂਪ ਰਚ ਕੇ) ਉਸ ਨੇ ਆਪ ਹੀ (ਜਗਤ-ਰਚਨਾ ਦੀ) ਵਿਚਾਰ ਕੀਤੀ;

ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥

ਉਸ (ਪ੍ਰਭੂ) ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਆਪ ਹੀ (ਜੀਵਾਂ ਨੂੰ) ਅਕਲ ਦਿੱਤੀ;

ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥

(ਇਸ ਤਰ੍ਹਾਂ ਮਨੁੱਖ ਬੁੱਧਵਾਨਾਂ ਦੀ ਰਾਹੀਂ ਉਸ ਨੇ ਆਪ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਬਣਾਏ, (ਉਹਨਾਂ ਵਿਚ) ਪਾਪ ਤੇ ਪੁੰਨ ਦਾ ਨਿਖੇੜਾ ਕੀਤਾ (ਭਾਵ, ਦੱਸਿਆ ਕਿ ‘ਪਾਪ’ ਕੀਹ ਹੈ ਤੇ ‘ਪੁੰਨ’ ਕੀਹ ਹੈ)।

ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥

ਜਿਸ ਮਨੁੱਖ ਨੂੰ (ਇਹ ਸਾਰਾ ਰਾਜ਼) ਸਮਝਾਂਦਾ ਹੈ ਉਹੀ ਸਮਝਦਾ ਹੈ, ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ ਵਿਚ ਸਰਧਾ ਧਾਰ ਲੈਂਦਾ ਹੈ।

ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥੭॥

ਹਰੇਕ ਕਾਰਜ ਵਿਚ ਪ੍ਰਭੂ ਆਪ ਹੀ ਆਪ ਮੌਜੂਦ ਹੈ, ਆਪ ਹੀ ਮੇਹਰ ਕਰ ਕੇ (ਜੀਵ ਨੂੰ ਆਪਣੇ ਵਿਚ) ਮਿਲਾਂਦਾ ਹੈ ॥੭॥


ਸਲੋਕ ਮ : ੩ ॥
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥

ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ।

ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥

(ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਜੋ ਬੰਦੇ ਆਪਣੇ ਖਸਮ (-ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ ਉਹਨਾਂ ਦੇ ਸਰੀਰ ਵਿਚ ਲਾਲਚ ਦਾ ਲਹੂ ਨਹੀਂ ਹੁੰਦਾ।

ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥

ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ ਤਾਂ ਸਰੀਰ (ਇਸ ਤਰ੍ਹਾਂ ਦਾ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ ਦੀ ਰੁੱਤ ਨਿਕਲ ਜਾਂਦੀ ਹੈ।

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥

ਜਿਵੇਂ ਅੱਗ ਵਿਚ (ਪਾਇਆਂ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ ਦੀ ਮੈਲ ਨੂੰ ਕੱਟ ਦੇਂਦਾ ਹੈ।

ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥

ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਪ੍ਰੇਮ ਜੋੜ ਕੇ (ਉਸ ਦੇ ਪ੍ਰੇਮ ਵਿਚ) ਰੰਗੇ ਹੋਏ ਹਨ ॥੧॥


ਮ : ੩ ॥
ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥

ਰਾਮਕਲੀ (ਰਾਗਨੀ) ਦੀ ਰਾਹੀਂ ਜੇ ਰਾਮ (ਜੀਵ-ਇਸਤ੍ਰੀ) ਦੇ ਮਨ ਵਿਚ ਵੱਸ ਪਏ ਤਾਂ ਹੀ ਉਸ ਦਾ (ਪ੍ਰਭੂ-ਪਤੀ ਨੂੰ ਮਿਲਣ ਲਈ ਕੀਤਾ ਹੋਇਆ ਉੱਦਮ ਰੂਪ) ਸਿੰਗਾਰ ਸਫਲਾ ਹੈ।

ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥

ਜੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਕਮਲ ਖਿੜ ਪਏ ਤਾਂ ਹੀ ਭਗਤੀ ਦਾ ਖ਼ਜ਼ਾਨਾ ਮਿਲਦਾ ਹੈ।

ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥

ਜੇ (ਗੁਰ-ਸ਼ਬਦ ਦੀ ਰਾਹੀਂ) ਮਨ ਦੀ ਭਟਕਣਾ ਦੂਰ ਹੋ ਜਾਏ ਤਾਂ ਹੀ ਮਨ ਜਾਗਿਆ (ਸਮਝੋ, ਕਿਉਂਕਿ) ਅਗਿਆਨ ਦਾ ਹਨੇਰਾ ਮੁੱਕ ਜਾਂਦਾ ਹੈ।

ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥

ਜਿਸ (ਜੀਵ-ਇਸਤ੍ਰੀ ਦਾ ਪ੍ਰਭੂ (-ਪਤੀ) ਨਾਲ ਪਿਆਰ ਬਣ ਜਾਂਦਾ ਹੈ ਉਸ (ਦੀ ਆਤਮਾ) ਨੂੰ ਬਹੁਤ ਸੋਹਣਾ ਰੂਪ ਚੜ੍ਹਦਾ ਹੈ।

ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥

ਉਹ ਸੋਭਾਵੰਤੀ (ਜੀਵ-) ਇਸਤ੍ਰੀ ਸਦਾ ਆਪਣੇ (ਪ੍ਰਭੂ-) ਪਤੀ ਨੂੰ ਸਿਮਰਦੀ ਹੈ।

ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥

ਮਨ ਦੇ ਪਿੱਛੇ ਤੁਰਨ ਵਾਲੀਆਂ (ਜੀਵ-ਇਸਤ੍ਰੀਆਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਲਾ) ਸਿੰਗਾਰ ਕਰਨਾ ਨਹੀਂ ਜਾਣਦੀਆਂ; ਉਹ ਸਾਰਾ (ਮਨੁੱਖ-) ਜਨਮ ਹਾਰ ਕੇ ਜਾਣਗੀਆਂ।

ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥

ਪ੍ਰਭੂ (-ਪਤੀ) ਦੀ ਭਗਤੀ ਤੋਂ ਬਿਨਾ (ਹੋਰ ਕਰਮ ਧਰਮ ਆਦਿਕ) ਸਿੰਗਾਰ ਜੋ (ਜੀਵ-ਇਸਤ੍ਰੀਆਂ) ਕਰਦੀਆਂ ਹਨ ਉਹ ਨਿੱਤ ਖ਼ੁਆਰ ਹੋ ਕੇ ਜੰਮਦੀਆਂ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪੈਂਦੀਆਂ ਹਨ ਤੇ ਦੁਖੀ ਰਹਿੰਦੀਆਂ ਹਨ)।

ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥

ਨਾਹ ਤਾਂ ਉਹਨਾਂ ਨੂੰ ਇਸ ਲੋਕ ਵਿਚ ਸੋਭਾ ਮਿਲਦੀ ਹੈ ਤੇ ਪਰਲੋਕ ਵਿਚ ਜੋ ਉਹਨਾਂ ਨਾਲ ਵਰਤਦੀ ਹੈ ਉਹ ਪ੍ਰਭੂ ਹੀ ਜਾਣਦਾ ਹੈ।

ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥

ਹੇ ਨਾਨਕ! (ਜਨਮ ਮਰਨ ਤੋਂ ਰਹਿਤ) ਸਦਾ ਕਾਇਮ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਸੰਸਾਰ (ਭਾਵ, ਦੁਨੀਆਦਾਰ) ਜਨਮ ਮਰਨ (ਦੇ ਚੱਕਰ) ਵਿਚ ਹੈ।

ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥

ਚੰਗੇ ਕੰਮ ਵਿਚ ਤੇ ਮੰਦੇ ਕੰਮ ਵਿਚ (ਜੀਵ) ਪ੍ਰਭੂ ਨੇ ਆਪ ਹੀ ਲਾਏ ਹੋਏ ਹਨ, ਜੋ ਕੁਝ ਕਰਤਾਰ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ ॥੨॥


ਮ :੩ ॥
ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥

ਸਤਿਗੁਰੂ ਦੇ ਹੁਕਮ ਵਿਚ ਤੁਰਨ ਤੋਂ ਬਿਨਾ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ (ਤੇ ਇਸ ਸ਼ਾਂਤੀ ਵਾਸਤੇ ਗੁਰੂ ਤੋਂ ਬਿਨਾ) ਕੋਈ (ਹੋਰ) ਥਾਂ ਨਹੀਂ।

ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਨ ਜਾਇ ॥

ਭਾਵੇਂ ਕਿਤਨੀ ਤਾਂਘ ਕਰੀਏ, ਭਾਗਾਂ ਤੋਂ ਬਿਨਾ (ਗੁਰੂ) ਮਿਲਦਾ ਭੀ ਨਹੀਂ।

ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ ॥

(ਕਿਉਂਕਿ ਜਿਤਨਾ ਚਿਰ ਮਨੁੱਖ ਦੇ) ਅੰਦਰ ਲੋਭ-ਰੂਪ ਵਿਕਾਰ ਹੈ (ਉਤਨਾ ਚਿਰ ਉਹ ਪ੍ਰਭੂ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ ਖੁੰਝਿਆ ਫਿਰਦਾ ਹੈ।

ਤਿਨ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥

(ਜਿਨ੍ਹਾਂ ਦਾ ਇਹ ਹਾਲ ਹੈ) ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਉਹਨਾਂ ਨੂੰ ਹਉਮੈ ਵਿਚ (ਗ੍ਰਸਿਆਂ ਨੂੰ) ਦੁੱਖ ਮਿਲਦਾ ਹੈ।

ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ ॥

ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨਾਲ ਮਨ ਲਾਇਆ ਹੈ ਉਹਨਾਂ ਵਿਚੋਂ ਕੋਈ ਭੀ (ਪਿਆਰ ਤੋਂ) ਸੁੰਞੇ ਹਿਰਦੇ ਵਾਲਾ ਨਹੀਂ ਹੈ।

ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥

ਉਹਨਾਂ ਨੂੰ ਜਮ ਦਾ ਸੱਦਾ ਨਹੀਂ ਆਉਂਦਾ (ਭਾਵ, ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ) ਨਾਹ ਹੀ ਉਹ ਕਿਸੇ ਤਰ੍ਹਾਂ ਦੁਖੀ ਹੁੰਦੇ ਹਨ।

ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥

ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ (“ਜਮ ਦੀ ਤਲਬ” ਤੋਂ) ਬਚੇ ਹੋਏ ਹਨ (ਕਿਉਂਕਿ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੩॥


ਪਉੜੀ ॥
ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥

(ਪਰਮਾਤਮਾ) ਆਪ (ਮਾਇਆ ਦੇ ਪ੍ਰਭਾਵ ਤੋਂ) ਨਿਰਾਲਾ ਰਹਿੰਦਾ ਹੈ, ਹੋਰ ਸਾਰੇ ਜੀਵ (ਮਾਇਆ ਦੇ) ਝੰਬੇਲੇ ਵਿਚ ਭਟਕ ਰਹੇ ਹਨ।

ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ ॥

ਪ੍ਰਭੂ ਆਪ ਸਦਾ-ਥਿਰ ਤੇ ਅਟੱਲ ਹੈ, ਹੋਰ ਜੀਵ ਜੰਮਦੇ ਮਰਦੇ ਰਹਿੰਦੇ ਹਨ।

ਸਦਾ ਸਦਾ ਹਰਿ ਧਿਆਈਐ ਗੁਰਮੁਖਿ ਸੁਖੁ ਪਾਵਹਿ ॥

(ਐਸੇ ਪ੍ਰਭੂ ਨੂੰ) ਸਦਾ ਸਿਮਰਨਾ ਚਾਹੀਦਾ ਹੈ। (ਜੋ) ਗੁਰੂ ਦੇ ਹੁਕਮ ਵਿਚ ਤੁਰ ਕੇ (ਸਿਮਰਦੇ ਹਨ ਉਹ) ਸੁਖ ਪਾਂਦੇ ਹਨ।

ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ ॥

(ਗੁਰੂ ਦੀ ਰਾਹੀਂ ਪ੍ਰਭੂ ਨੂੰ ਸਿਮਰ ਕੇ) ਆਪਣੇ ਅਸਲ ਘਰ ਵਿਚ ਥਾਂ ਮਿਲਦੀ ਹੈ, ਸਿਫ਼ਤ-ਸਾਲਾਹ ਦੀ ਰਾਹੀਂ (ਗੁਰਮੁਖਿ) ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ।

ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥

ਪ੍ਰਭੂ ਸਦਾ ਕਾਇਮ ਰਹਿਣ ਵਾਲਾ ਤੇ ਅਥਾਹ ਹੈ (ਇਹ ਗੱਲ ਉਹ ਆਪ ਹੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਮਝਾਂਦਾ ਹੈ ॥੮॥


ਸਲੋਕ ਮ : ੩ ॥
ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥

(ਉਸ ਪ੍ਰਭੂ ਦਾ) ਸਦਾ-ਥਿਰ ਰਹਣ ਵਾਲਾ ਨਾਮ ਸਿਮਰ ਜੋ ਹਰ ਥਾਂ ਮੌਜੂਦ ਹੈ।

ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥

ਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਹੁਕਮ ਨੂੰ ਸਮਝਦਾ ਹੈ (ਭਾਵ, ਹੁਕਮ ਵਿਚ ਤੁਰਦਾ ਹੈ) ਉਹ ਪ੍ਰਭੂ ਦੀ ਪ੍ਰਾਪਤੀ-ਰੂਪ ਫਲ ਪਾਂਦਾ ਹੈ,

ਕਥਨੀ ਬਦਨੀ ਕਰਤਾ ਫਿਰੈ ਹੁਕਮੁ ਨ ਬੂਝੈ ਸਚੁ ॥

(ਪਰ ਜੋ ਮਨੁੱਖ ਨਿਰੀਆਂ) ਮੂੰਹ ਦੀਆਂ ਗੱਲਾਂ ਕਰਦਾ ਹੈ ਉਹ ਅਟੱਲ ਹੁਕਮ ਨੂੰ ਨਹੀਂ ਸਮਝਦਾ।

ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥

ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਹੁਕਮ ਮੰਨਦਾ ਹੈ ਉਹ (ਅਸਲ) ਭਗਤ ਹੈ। ਹੁਕਮ ਮੰਨਣ ਤੋਂ ਬਿਨਾ ਮਨੁੱਖ ਬਿਲਕੁਲ ਕੱਚਾ ਹੈ (ਭਾਵ, ਅੱਲ੍ਹੜ ਮਨ ਵਾਲਾ ਹੈ ਜੋ ਹਰ ਵੇਲੇ ਡੋਲਦਾ ਹੈ) ॥੧॥


ਮ : ੩ ॥
ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਚੂੰਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਅਹੰਕਾਰ ਤੇ ਲੋਭ ਵਿਕਾਰ ਪ੍ਰਬਲ ਹਨ।

ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥

ਉਹ ਨਾਹ ਹੀ ਥਾਂ ਕੁਥਾਂ ਸਮਝਦੇ ਹਨ ਤੇ ਨਾਹ ਹੀ ਸਮੇ-ਸਿਰ ਢੁਕਦੀ ਗੱਲ ਕਰਨੀ ਜਾਣਦੇ ਹਨ ਕਿਉਂਕਿ ਉਹਨਾਂ ਦੇ ਮਨ ਵਿਚ ਲੋਭ ਵਿਕਾਰ ਪ੍ਰਬਲ ਹਨ।

ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ ॥

(ਜਿਥੇ ਭੀ) ਉਹ ਆ ਕੇ ਬੈਠਦੇ ਹਨ (ਸਤਸੰਗ ਵਿਚ ਆਉਣ ਤਾਂ ਭੀ) ਆਪਣੇ ਸੁਆਰਥ ਅਨੁਸਾਰ ਹੀ ਗੱਲਾਂ ਕਰਦੇ ਹਨ, (ਸੋ ਹਰ ਵੇਲੇ) ਉਹਨਾਂ ਨੂੰ ਡਰਾਉਣਾ ਜਮ ਮਾਰਦਾ ਰਹਿੰਦਾ ਹੈ (ਭਾਵ, ਹਰ ਵੇਲੇ ਆਤਮਕ ਮੌਤ ਉਹਨਾਂ ਨੂੰ ਦਬਾਈ ਰੱਖਦੀ ਹੈ)।

ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥

ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਲੇਖਾ ਮੰਗਿਆ ਜਾਣ ਤੇ ਉਹ ਕੂੜ ਦੇ ਵਪਾਰੀ ਮਾਰ ਮਾਰ ਕੇ ਖ਼ੁਆਰ ਕੀਤੇ ਜਾਂਦੇ ਹਨ।

ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥

ਕੋਈ ਮਨੁੱਖ ਇਹ ਵਿਚਾਰ ਦੱਸੇ ਕਿ ਇਹ ਕੂੜ ਦੀ ਮੈਲ (ਭਾਵ, ਉਹਨਾਂ ਪਦਾਰਥਾਂ ਦਾ ਮੋਹ ਜੋ ਨਾਲ ਨਹੀਂ ਨਿਭਣੇ) ਕਿਵੇਂ ਦੂਰ ਹੋਵੇ।

ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ ॥

ਜੇ ਸਤਿਗੁਰੂ ਮਿਲ ਪਏ ਤਾਂ ਉਹ ਪ੍ਰਭੂ ਦਾ ਨਾਮ (ਹਿਰਦੇ ਵਿਚ) ਪੱਕਾ ਬਿਠਾ ਦੇਂਦਾ ਹੈ (ਗੁਰੂ ਇਹ ਗੱਲ ਨਿਸ਼ਚੇ ਕਰਾ ਦੇਂਦਾ ਹੈ ਕਿ) ‘ਨਾਮ’ ਸਾਰੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ।

ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥

(ਸੋ, ਗੁਰੂ ਦੇ ਸਨਮੁਖ ਹੋ ਕੇ) ਜੋ ਮਨੁੱਖ ਨਾਮ ਜਪਦਾ ਹੈ ਨਾਮ ਹੀ ਸਿਮਰਦਾ ਹੈ ਉਸ ਮਨੁੱਖ ਨੂੰ ਸਾਰੇ ਸਿਰ ਨਿਵਾਓ,

ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥

ਕੂੜੇ ਪਦਾਰਥਾਂ (ਦੇ ਮੋਹ) ਦੀ ਮੈਲ ਉਸ ਮਨੁੱਖ ਨੇ ਪ੍ਰਭੂ ਦੇ ਨਾਮ ਦੀ ਰਾਹੀਂ ਉਤਾਰ ਲਈ ਹੈ, ਨਾਮ ਜਪ ਕੇ ਉਹ ਸੱਚ ਦਾ ਵਪਾਰੀ ਬਣ ਗਿਆ ਹੈ।

ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥

ਹੇ ਦਾਸ ਨਾਨਕ! (ਅਰਦਾਸ ਕਰ ਕਿ) ਜਿਸ ਪ੍ਰਭੂ ਦੇ ਨਾਮ ਵਿਚ ਇਹ ਬਰਕਤਾਂ ਹਨ ਉਹ ਦਾਤਾ ਜੀਊਂਦਾ ਰਹੇ (ਭਾਵ, ਸਦਾ ਅਸਾਡੇ ਸਿਰ ਤੇ ਹੱਥ ਰੱਖੀ ਰੱਖੇ) ॥੨॥


ਪਉੜੀ ॥
ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ ॥

(ਹੇ ਪ੍ਰਭੂ!) ਤੇਰੇ ਜੇਡਾ ਕੋਈ ਦਾਤਾ ਨਹੀਂ, ਕਿਸ ਦੀ ਬਾਬਤ ਆਖ ਕੇ ਦੱਸੀਏ (ਕਿ ਉਹ ਤੇਰੇ ਜੇਡਾ ਦਾਤਾ ਹੈ)? (ਭਾਵ, ਸਭ ਦਾਤਾਂ ਤੈਥੋਂ ਮਿਲਦੀਆਂ ਹਨ, ਨਾਮ-ਅੰਮ੍ਰਿਤ ਦਾ ਦਾਤਾ ਭੀ ਤੂੰ ਹੀ ਹੈਂ।

ਗੁਰਪਰਸਾਦੀ ਪਾਇ ਜਿਥਹੁ ਹਉਮੈ ਜਾਈਐ ॥

(‘ਅੰਮ੍ਰਿਤ’) ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਜਿਥੋਂ (ਭਾਵ, ਗੁਰੂ ਤੋਂ ਹੀ) ਹਉਮੈ ਨਾਸ ਹੁੰਦੀ ਹੈ;

ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ ॥

(ਨਾਮ-ਅੰਮ੍ਰਿਤ ਦਾ ਦਾਤਾ ਪ੍ਰਭੂ) ਸਾਰੇ ਰਸਾਂ ਤੇ ਸੁਆਦਾਂ (ਦੇ ਪ੍ਰਭਾਵ) ਤੋਂ ਉਤਾਂਹ ਹੈ, ਉਸ ਦੀ ਬਜ਼ੁਰਗੀ ਸਦਾ ਕਾਇਮ ਰਹਿਣ ਵਾਲੀ ਹੈ।

ਜਿਸ ਨੋ ਬਖਸੇ ਤਿਸੁ ਦੇਇ ਆਪਿ ਲਏ ਮਿਲਾਈਐ ॥

ਪ੍ਰਭੂ ਜਿਸ ਉੱਤੇ ਮੇਹਰ ਕਰਦਾ ਹੈ ਉਸ ਨੂੰ (ਅੰਮ੍ਰਿਤ) ਬਖ਼ਸ਼ਦਾ ਹੈ ਤੇ ਉਸ ਨੂੰ ਆਪ ਹੀ (ਆਪਣੇ ਵਿਚ) ਜੋੜ ਲੈਂਦਾ ਹੈ।

ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ ॥੯॥

(ਉਂਞ ਤਾਂ ਇਹ) ਅੰਮ੍ਰਿਤ ਉਸ ਨੇ ਹਰੇਕ ਦੇ ਹਿਰਦੇ ਵਿਚ ਰੱਖਿਆ ਹੋਇਆ ਹੈ ਪਰ ਜਿਸ ਕਿਸੇ ਨੂੰ ਮਿਲਾਂਦਾ ਹੈ ਗੁਰੂ ਦੀ ਰਾਹੀਂ ਮਿਲਾਂਦਾ ਹੈ ॥੯॥


ਸਲੋਕ ਮ : ੩ ॥
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥

ਸਤਿਗੁਰੂ ਦੀਆਂ ਸਾਖੀਆਂ (ਸਿੱਖ-) ਪੁਤ੍ਰਾਂ ਨੂੰ (ਗੁਰਮੁਖ) ਪੁੱਤਰ ਬਣਾ ਦੇਂਦੀਆਂ ਹਨ;

ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥

(ਗੁਰ-ਸਾਖੀਆਂ ਦੀ ਬਰਕਤਿ ਨਾਲ, ਗੁਰਮੁਖ ਸਿੱਖ-ਪੁਤ੍ਰ) ਉਹਨਾਂ ਗੱਲਾਂ ਵਿਚ ਯਕੀਨ ਲਿਆਉਂਦੇ ਹਨ ਤੇ ਉਹ ਕੰਮ ਕਰਦੇ ਹਨ ਜੋ ਸਤਿਗੁਰੂ ਨੂੰ ਭਾਉਂਦੇ ਹਨ।

ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥

(ਜੇ ਇਸ ਗੱਲ ਦੀ ਤਸਦੀਕ ਕਰਨੀ ਹੋਵੇ ਤਾਂ ਪੁਰਾਤਨ ਧਰਮ-ਪੁਸਤਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਤੇ ਪੁਰਾਤਨ ਰਿਸ਼ੀ) ਵਿਆਸ ਸੁਕ ਤੇ ਨਾਰਦ (ਆਦਿਕਾਂ) ਨੂੰ ਪੁੱਛ ਵੇਖੋ (ਭਾਵ, ਉਹਨਾਂ ਦੀਆਂ ਲਿਖਤਾਂ ਪੜ੍ਹ ਵੇਖੋ) ਜੋ ਸਾਰੀ ਸ੍ਰਿਸ਼ਟੀ ਨੂੰ (ਸਾਂਝਾ) ਉਪਦੇਸ਼ ਕਰਦੇ ਰਹੇ ਹਨ।

ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥

ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ (ਸਤਿਗੁਰੂ ਦੇ ਕੌਤਕਾਂ ਦੀ ਯਾਦ ਵਿਚ) ਲਾਇਆ, ਉਹ ਸੱਚੇ ਪ੍ਰਭੂ ਵਿਚ (ਭੀ) ਜੁੜੇ, ਉਹ ਸਦਾ ਸੱਚੇ ਪ੍ਰਭੂ ਨੂੰ (ਭੀ) ਚੇਤੇ ਰੱਖਦੇ ਹਨ।

ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥

ਹੇ ਨਾਨਕ! (ਉਹ ਨਿਰੇ ਆਪ ਨਹੀਂ ਤਰੇ, ਆਪਣੀਆਂ) ਸਾਰੀਆਂ ਕੁਲਾਂ ਭੀ ਤਾਰਦੇ ਹਨ, ਉਹਨਾਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ ॥੧॥


ਮ : ੩ ॥
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥

ਜਿਨ੍ਹਾਂ ਮਨੁੱਖਾਂ ਦਾ ਗੁਰੂ (ਆਪ) ਅਗਿਆਨੀ ਅੰਨ੍ਹਾ ਹੈ ਉਹ ਸਿੱਖ ਭੀ ਅੰਨ੍ਹੇ ਕੰਮ (ਭਾਵ, ਮੰਦੇ ਕੰਮ) ਹੀ ਕਰਦੇ ਹਨ।

ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥

(ਅੰਨ੍ਹੇ ਗੁਰੂ ਦੇ) ਉਹ (ਸਿੱਖ) ਆਪਣੀ ਮਰਜ਼ੀ ਦੇ ਮਗਰ ਲੱਗਦੇ ਹਨ, ਤੇ ਸਦਾ ਝੂਠ ਬੋਲਦੇ ਹਨ।

ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥

ਝੂਠ ਤੇ ਠੱਗੀ ਕਮਾਂਦੇ ਹਨ, ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ;

ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥

ਦੂਜਿਆਂ ਦੀ ਨਿੰਦਾ ਕਰਨ ਵਾਲੇ ਉਹ ਮਨੁੱਖ ਆਪ ਭੀ ਡੁੱਬਦੇ ਹਨ ਤੇ ਆਪਣੀਆਂ ਸਾਰੀਆਂ ਕੁਲਾਂ ਭੀ ਗ਼ਰਕ ਕਰਦੇ ਹਨ।

ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥

(ਪਰ) ਹੇ ਨਾਨਕ! ਉਹ ਬਿਚਾਰੇ ਕਰਨ ਭੀ ਕੀਹ? ਜਿਧਰ ਉਹਨਾਂ ਨੂੰ (ਪ੍ਰਭੂ ਨੇ) ਲਾਇਆ ਹੈ ਉਹ ਓਧਰ ਹੀ ਲੱਗੇ ਹੋਏ ਹਨ ॥੨॥


ਪਉੜੀ ॥
ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥

(ਪ੍ਰਭੂ ਨੇ) ਜਿਤਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਸਾਰੀ ਨੂੰ ਆਪਣੀ ਨਜ਼ਰ ਹੇਠ ਰੱਖਦਾ ਹੈ।

ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥

ਉਸ ਨੇ ਕਈ ਜੀਵਾਂ ਨੂੰ ਝੂਠ ਤੇ ਠੱਗੀ ਵਿਚ ਲਾ ਰੱਖਿਆ ਹੈ, ਉਹ ਜੀਵ ਆਪਣੇ ਮਨ ਦੇ ਪਿੱਛੇ ਤੁਰ ਕੇ ਖ਼ੁਆਰ ਹੋ ਰਹੇ ਹਨ।

ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦੇ ਹਨ ਉਹ ਸਦਾ ਪ੍ਰਭੂ ਨੂੰ ਧਿਆਉਂਦੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਹੈ।

ਜਿਨ ਕਉ ਪੋਤੈ ਪੁੰਨੁ ਹੈ ਤਿਨ੍ਰ  ਵਾਤਿ ਸਿਪੀਤੀ ॥

ਜਿਨ੍ਹਾਂ ਦੇ ਪੱਲੇ (ਕੋਈ ਪਿਛਲੀ ਕੀਤੀ) ਭਲਾਈ ਹੈ ਉਹਨਾਂ ਦੇ ਮੂੰਹ ਵਿਚ (ਪ੍ਰਭੂ ਦੀ) ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।

ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥

ਹੇ ਨਾਨਕ! ਨਾਮ ਹੀ ਸਿਮਰਨਾ ਚਾਹੀਦਾ ਹੈ। ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਦਾ ਕਾਇਮ ਰਹਿਣ ਵਾਲੀ ਚੀਜ਼ ਹੈ ॥੧੦॥


ਸਲੋਕੁ ਮ : ੧ ॥
ਸਤੀ ਪਾਪੁ ਕਰਿ ਸਤੁ ਕਮਾਹਿ ॥

ਜੋ ਮਨੁੱਖ ਆਪਣੇ ਆਪ ਨੂੰ ਧਰਮੀ (ਭਾਵ, ਸੁੱਚੇ ਆਚਰਨ ਵਾਲੇ) ਅਖਵਾਂਦੇ ਹਨ ਉਹ (ਲੁਕ ਕੇ) ਵਿਕਾਰ ਕਰ ਕੇ ਭੀ (ਬਾਹਰ) ਜ਼ਾਹਰ ਇਹੀ ਕਰਦੇ ਹਨ ਕਿ ਧਰਮ ਕਮਾ ਰਹੇ ਹਨ।

ਗੁਰ ਦੀਖਿਆ ਘਰਿ ਦੇਵਣ ਜਾਹਿ ॥

(ਆਪਣੇ ਆਪ ਨੂੰ) ਗੁਰੂ (ਕਹਾਣ ਵਾਲੇ) (ਮਾਇਆ ਦੀ ਖ਼ਾਤਰ) ਚੇਲਿਆਂ ਦੇ ਘਰ ਵਿਚ ਸਿੱਖਿਆ ਦੇਣ ਜਾਂਦੇ ਹਨ।

ਇਸਤਰੀ ਪੁਰਖੈ ਖਟਿਐ ਭਾਉ ॥

(ਅਖਵਾਂਦੀ ਪਤਿਬ੍ਰਤਾ ਹੈ ਪਰ) ਇਸਤ੍ਰੀ ਦਾ ਆਪਣੇ ਪਤੀ ਨਾਲ ਪਿਆਰ ਤਾਂ ਹੀ ਹੈ ਜੇ ਉਹ ਖੱਟ ਕੇ ਲਿਆਵੇ,

ਭਾਵੈ ਆਵਉ ਭਾਵੈ ਜਾਉ ॥

(ਨਹੀਂ ਤਾਂ) ਪਤੀ ਚਾਹੇ ਘਰ ਆਵੇ ਚਾਹੇ ਚਲਾ ਜਾਏ (ਇਸਤ੍ਰੀ ਪਰਵਾਹ ਨਹੀਂ ਕਰਦੀ)।

ਸਾਸਤੁ ਬੇਦੁ ਨ ਮਾਨੈ ਕੋਇ ॥

(ਬ੍ਰਾਹਮਣ ਦਾ ਹਾਲ ਤੱਕੋ) ਕੋਈ ਭੀ ਵੇਦ ਸ਼ਾਸਤ੍ਰ ਨਹੀਂ ਮੰਨ ਰਿਹਾ,

ਆਪੋ ਆਪੈ ਪੂਜਾ ਹੋਇ ॥

ਆਪੋ ਆਪਣੀ ਗ਼ਰਜ਼ ਦੀ ਹੀ ਪੂਜਾ ਹੋ ਰਹੀ ਹੈ।

ਕਾਜੀ ਹੋਇ ਕੈ ਬਹੈ ਨਿਆਇ ॥

ਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ,

ਫੇਰੇ ਤਸਬੀ ਕਰੇ ਖੁਦਾਇ ॥

ਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ,

ਵਢੀ ਲੈ ਕੈ ਹਕੁ ਗਵਾਏ ॥

(ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ,

ਜੇ ਕੋ ਪੁਛੈ ਤਾ ਪੜਿ ਸੁਣਾਏ ॥

ਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ।

ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥

(ਹਿੰਦੂ ਆਗੂਆਂ ਦਾ ਹਾਲ ਤੱਕੋ, ਆਪਣੇ) ਕੰਨ ਤੇ ਹਿਰਦੇ ਵਿਚ (ਤਾਂ) ਤੁਰਕ (ਹਾਕਮਾਂ) ਦਾ ਹੁਕਮ ਟਿਕਾਈ ਰੱਖਦੇ ਹਨ,

ਲੋਕ ਮੁਹਾਵਹਿ ਚਾੜੀ ਖਾਹਿ ॥

ਲੋਕਾਂ ਨੂੰ ਲੁਟਾਂਦੇ ਹਨ ਉਹਨਾਂ ਦੀ ਚੁਗ਼ਲੀ (ਹਾਕਮਾਂ ਪਾਸ) ਕਰਦੇ ਹਨ।

ਚਉਕਾ ਦੇ ਕੈ ਸੁਚਾ ਹੋਇ ॥

(ਨਿਰਾ) ਚੌਕਾ ਦੇ ਕੇ ਹੀ ਜੋ ਸੁੱਚਾ ਬਣਿਆ ਫਿਰਦਾ ਹੈ,

ਐਸਾ ਹਿੰਦੂ ਵੇਖਹੁ ਕੋਇ ॥

ਵੇਖੋ ਐਸੇ ਹਿੰਦੂ ਵਲ!

ਜੋਗੀ ਗਿਰਹੀ ਜਟਾ ਬਿਭੂਤ ॥

ਜੋਗੀ ਨੇ ਜਟਾਂ ਰੱਖੀਆਂ ਹੋਈਆਂ ਹਨ, ਸੁਆਹ ਭੀ ਮਲੀ ਹੋਈ ਹੈ,

ਆਗੈ ਪਾਛੈ ਰੋਵਹਿ ਪੂਤ ॥

ਪਰ ਹੈ ਗ੍ਰਿਹਸਤੀ, ਉਸ ਦੇ ਅੱਗੇ ਪਿੱਛੇ ਅੰਞਾਣੇ ਰੋਂਦੇ ਫਿਰਦੇ ਹਨ।

ਜੋਗੁ ਨ ਪਾਇਆ ਜੁਗਤਿ ਗਵਾਈ ॥

ਜੋਗ-ਮਾਰਗ ਭੀ ਨਾਹ ਲੱਭਾ ਤੇ ਜੀਉਣ ਦੀ ਜੁਗਤਿ ਭੀ ਗਵਾ ਬੈਠਾ ਹੈ।

ਕਿਤੁ ਕਾਰਣਿ ਸਿਰਿ ਛਾਈ ਪਾਈ ॥

ਸਿਰ ਉਤੇ ਸੁਆਹ ਉਸ ਨੇ ਕਾਹਦੇ ਲਈ ਪਾਈ ਹੈ?

ਨਾਨਕ ਕਲਿ ਕਾ ਏਹੁ ਪਰਵਾਣੁ ॥

ਹੇ ਨਾਨਕ! ਇਹ ਹੈ ਕਲਿਜੁਗ ਦਾ ਪ੍ਰਭਾਵ,

ਆਪੇ ਆਖਣੁ ਆਪੇ ਜਾਣੁ ॥੧॥

ਕਿ ਕਲਿਜੁਗ ਆਪ ਹੀ (ਭਾਵ, ਕਲਿਜੁਗੀ ਸੁਭਾਵ ਵਾਲਾ ਬੰਦਾ ਆਪ ਹੀ) ਚੌਧਰੀ ਹੈ ਤੇ ਆਪ ਹੀ ਆਪਣੀ ਕਰਤੂਤ ਦੀ ਵਡਿਆਈ ਕਰਨ ਵਾਲਾ ਹੈ ॥੧॥


ਮ : ੧ ॥
ਹਿੰਦੂ ਕੈ ਘਰਿ ਹਿੰਦੂ ਆਵੈ ॥

(ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿਚ ਬ੍ਰਾਹਮਣ ਆਉਂਦਾ ਹੈ,

ਸੂਤੁ ਜਨੇਊ ਪੜਿ ਗਲਿ ਪਾਵੈ ॥

ਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿਚ ਧਾਗਾ ਜਨੇਊ ਪਾ ਦੇਂਦਾ ਹੈ।

ਸੂਤੁ ਪਾਇ ਕਰੇ ਬੁਰਿਆਈ ॥

(ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ।

ਨਾਤਾ ਧੋਤਾ ਥਾਇ ਨ ਪਾਈ ॥

(ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ।

ਮੁਸਲਮਾਨੁ ਕਰੇ ਵਡਿਆਈ ॥

ਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ,

ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥

ਪਰ ਜੇ ਗੁਰੂ ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ।

ਰਾਹੁ ਦਸਾਇ ਓਥੈ ਕੋ ਜਾਇ ॥

(ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ,

ਕਰਣੀ ਬਾਝਹੁ ਭਿਸਤਿ ਨ ਪਾਇ ॥

ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।

ਜੋਗੀ ਕੈ ਘਰਿ ਜੁਗਤਿ ਦਸਾਈ ॥

ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ,

ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥

ਉਸ (‘ਜੁਗਤਿ’) ਦੀ ਖ਼ਾਤਰ ਕੰਨ ਵਿਚ ਮੁੰਦ੍ਰਾਂ ਪਾ ਲੈਂਦਾ ਹੈ;

ਮੁੰਦ੍ਰਾ ਪਾਇ ਫਿਰੈ ਸੰਸਾਰਿ ॥

ਮੁੰਦ੍ਰਾਂ ਪਾ ਕੇ ਸੰਸਾਰ ਵਿਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿਚ ਭਉਂਦਾ ਹੈ)।

ਜਿਥੈ ਕਿਥੈ ਸਿਰਜਣਹਾਰੁ ॥

ਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿਚ ਭਾਲਣਾ ਵਿਅਰਥ ਹੈ)।

ਜੇਤੇ ਜੀਅ ਤੇਤੇ ਵਾਟਾਊ ॥

(ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ,

ਚੀਰੀ ਆਈ ਢਿਲ ਨ ਕਾਊ ॥

ਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ।

ਏਥੈ ਜਾਣੈ ਸੁ ਜਾਇ ਸਿਞਾਣੈ ॥

ਜਿਸ ਨੇ ਇਸ ਜਨਮ ਵਿਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ।

ਹੋਰੁ ਫਕੜੁ ਹਿੰਦੂ ਮੁਸਲਮਾਣੈ ॥

(ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ।

ਸਭਨਾ ਕਾ ਦਰਿ ਲੇਖਾ ਹੋਇ ॥

(ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿਚ ਹੁੰਦਾ ਹੈ।

ਕਰਣੀ ਬਾਝਹੁ ਤਰੈ ਨ ਕੋਇ ॥

ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ।

ਸਚੋ ਸਚੁ ਵਖਾਣੈ ਕੋਇ ॥

ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ,

ਨਾਨਕ ਅਗੈ ਪੁਛ ਨ ਹੋਇ ॥੨॥

ਹੇ ਨਾਨਕ! ਪਰਲੋਕ ਵਿਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ॥੨॥


ਪਉੜੀ ॥
ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥

ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ ਗੜ੍ਹ ਕਹਿਣਾ ਚਾਹੀਦਾ ਹੈ।

ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥

ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣ-ਰੂਪ ਲਾਲ ਜਵਾਹਰ ਮਿਲ ਜਾਣਗੇ।

ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥

(ਹੇ ਮਨ!) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕਰ ਕੇ ਰੱਖ, ਤਾਂ ਹੀ ਇਹ ਸਰੀਰ ਇਹ ਪ੍ਰਭੂ-ਦਾ-ਮੰਦਰ ਬੜਾ ਸੋਹਣਾ ਹੋ ਸਕਦਾ ਹੈ।

ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥

(ਪਰ) ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਹਨ ਉਹਨਾਂ ਨੂੰ ਪ੍ਰਭੂ ਨੇ ਆਪ ਖੁੰਝਾ ਦਿੱਤਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿੱਤ (ਦੁਖੀ ਕਰਦਾ ਹੈ)।

ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥੧੧॥

ਸਾਰੇ ਜੀਵਾਂ ਦਾ ਮਾਲਕ ਉਹੀ ਇਕ ਪਰਮਾਤਮਾ ਹੈ, ਪਰ ਮਿਲਦਾ ਪੂਰੀ ਕਿਸਮਤ ਨਾਲ ਹੈ ॥੧੧॥


ਸਲੋਕ ਮ : ੧ ॥
ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥

(ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ)।

ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥

ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ।

ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥

ਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ)।

ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥

(ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ)।

ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥

ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ।

ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥

ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।

ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥

(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ?

ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥

ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?

ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥

ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ? ॥੧॥


ਮ : ੧ ॥
ਸੋ ਗਿਰਹੀ ਜੋ ਨਿਗ੍ਰਹੁ ਕਰੈ ॥

(ਅਸਲ) ਗ੍ਰਿਹਸਤੀ ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ,

ਜਪੁ ਤਪੁ ਸੰਜਮੁ ਭੀਖਿਆ ਕਰੈ ॥

ਜੋ (ਪ੍ਰਭੂ ਪਾਸੋਂ) ਜਪ ਤਪ ਤੇ ਸੰਜਮ-ਰੂਪ ਖ਼ੈਰ ਮੰਗਦਾ ਹੈ;

ਪੁੰਨ ਦਾਨ ਕਾ ਕਰੇ ਸਰੀਰੁ ॥

ਜੋ ਆਪਣਾ ਸਰੀਰ (ਭੀ) ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ (ਭਾਵ, ਖ਼ਲਕਤ ਦੀ ਸੇਵਾ ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ ਨਾਲ ਰਚ-ਮਿਚ ਜਾਂਦਾ ਹੈ);

ਸੋ ਗਿਰਹੀ ਗੰਗਾ ਕਾ ਨੀਰੁ ॥

ਉਹ ਗ੍ਰਿਹਸਤੀ ਗੰਗਾ ਜਲ (ਵਰਗਾ ਪਵਿਤ੍ਰ) ਹੋ ਜਾਂਦਾ ਹੈ।

ਬੋਲੈ ਈਸਰੁ ਸਤਿ ਸਰੂਪੁ ॥

ਜੇ ਈਸ਼ਰ (ਜੋਗੀ ਭੀ ਅਸਲ ਗ੍ਰਿਹਸਤੀ ਵਾਲੀ ਇਹ ਜੁਗਤਿ ਵਰਤ ਕੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਪੇ ਤਾਂ ਇਹ ਭੀ ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ (ਭਾਵ, ਹੇ ਈਸ਼ਰ ਜੋਗੀ! ਜੇ ਤੂੰ ਭੀ ਉਪਰ-ਦੱਸੀ ਜੁਗਤਿ ਨਾਲ ਪ੍ਰਭੂ ਨੂੰ ਜਪੇਂ,

ਪਰਮ ਤੰਤ ਮਹਿ ਰੇਖ ਨ ਰੂਪੁ ॥੨॥

ਤਾਂ ਤੂੰ ਭੀ ਪਰਮ ਬ੍ਰਹਮ ਵਿਚ ਇਕ-ਮਿਕ ਹੋ ਜਾਏਂ; ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਏਗੀ) ॥੨॥


ਮ : ੧ ॥
ਸੋ ਅਉਧੂਤੀ ਜੋ ਧੂਪੈ ਆਪੁ ॥

(ਅਸਲ) ਅਵਧੂਤ ਉਹ ਹੈ ਜੋ ਆਪਾ-ਭਾਵ ਨੂੰ ਸਾੜ ਦੇਂਦਾ ਹੈ;

ਭਿਖਿਆ ਭੋਜਨੁ ਕਰੈ ਸੰਤਾਪੁ ॥

ਜੋ ਖਿੱਝ ਨੂੰ ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ ਬਣਾਂਦਾ ਹੈ (ਜੋ ਮੰਗ ਮੰਗ ਕੇ ਲਿਆਂਦੇ ਹੋਏ ਟੁਕੜੇ ਖਾਣ ਦੇ ਥਾਂ ਖਿੱਝ ਨੂੰ ਛਕ ਜਾਵੇ, ਮੁਕਾ ਦੇਵੇ);

ਅਉਹਠ ਪਟਣ ਮਹਿ ਭੀਖਿਆ ਕਰੈ ॥

ਜੋ ਹਿਰਦੇ ਰੂਪ ਸ਼ਹਿਰ ਵਿਚ ਟਿਕ ਕੇ (ਪ੍ਰਭੂ ਤੋਂ) ਖ਼ੈਰ ਮੰਗਦਾ ਹੈ,

ਸੋ ਅਉਧੂਤੀ ਸਿਵ ਪੁਰਿ ਚੜੈ ॥

ਉਹ ਅਵਧੂਤ ਕਲਿਆਣ-ਰੂਪ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦਾ ਹੈ।

ਬੋਲੈ ਗੋਰਖੁ ਸਤਿ ਸਰੂਪੁ ॥

ਜੇ ਗੋਰਖ (ਜੋਗੀ ਭੀ ਇਸ ਅਵਧੂਤ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,

ਪਰਮ ਤੰਤ ਮਹਿ ਰੇਖ ਨ ਰੂਪੁ ॥੩॥

ਤਾਂ (ਇਹ ਗੋਰਖ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੩॥


ਮ : ੧ ॥
ਸੋ ਉਦਾਸੀ ਜਿ ਪਾਲੇ ਉਦਾਸੁ ॥

(ਅਸਲ) ਵਿਰਕਤ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ,

ਅਰਧ ਉਰਧ ਕਰੇ ਨਿਰੰਜਨ ਵਾਸੁ ॥

ਹਰ ਥਾਂ ਮਾਇਆ-ਰਹਿਤ ਪ੍ਰਭੂ ਦਾ ਨਿਵਾਸ ਜਾਣਦਾ ਹੈ;

ਚੰਦ ਸੂਰਜ ਕੀ ਪਾਏ ਗੰਢਿ ॥

(ਆਪਣੇ ਹਿਰਦੇ ਵਿਚ) ਸ਼ਾਂਤੀ ਤੇ ਗਿਆਨ ਦੋਹਾਂ ਨੂੰ ਇਕੱਠਾ ਕਰਦਾ ਹੈ;

ਤਿਸੁ ਉਦਾਸੀ ਕਾ ਪੜੈ ਨ ਕੰਧੁ ॥

ਉਸ ਵਿਰਕਤ ਮਨੁੱਖ ਦਾ ਸਰੀਰ (ਵਿਕਾਰਾਂ ਵਿਚ) ਨਹੀਂ ਡਿੱਗਦਾ।

ਬੋਲੈ ਗੋਪੀ ਚੰਦੁ ਸਤਿ ਸਰੂਪੁ ॥

ਜੇ ਗੋਪੀ ਚੰਦ (ਭੀ ਇਸ ਉਦਾਸੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,

ਪਰਮ ਤੰਤ ਮਹਿ ਰੇਖ ਨ ਰੂਪੁ ॥੪॥

ਤਾਂ (ਇਹ ਗੋਪੀ ਚੰਦ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੪॥


ਮ : ੧ ॥
ਸੋ ਪਾਖੰਡੀ ਜਿ ਕਾਇਆ ਪਖਾਲੇ ॥

(ਅਸਲੀ) ਨਾਸਤਕ ਉਹ ਹੈ ਜੋ (ਪਰਮਾਤਮਾ ਦੀ ਹਸਤੀ ਨਾਹ ਮੰਨਣ ਦੇ ਥਾਂ) ਸਰੀਰ ਨੂੰ ਧੋਵੇ (ਭਾਵ, ਸਰੀਰ ਵਿਚੋਂ ਪਾਪਾਂ ਦੀ ਹਸਤੀ ਮਿਟਾ ਦੇਵੇ),

ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥

ਜੋ ਆਪਣੇ ਸਰੀਰ ਵਿਚ ਰੱਬੀ ਜੋਤਿ ਜਗਾਂਦਾ ਹੈ,

ਸੁਪਨੈ ਬਿੰਦੁ ਨ ਦੇਈ ਝਰਣਾ ॥

ਸੁਫ਼ਨੇ ਵਿਚ ਭੀ ਵੀਰਜ ਨੂੰ ਡਿੱਗਣ ਨਹੀਂ ਦੇਂਦਾ (ਭਾਵ, ਸੁਫ਼ਨੇ ਵਿਚ ਭੀ ਆਪਣੇ ਆਪ ਨੂੰ ਕਾਮ-ਵੱਸ ਨਹੀਂ ਹੋਣ ਦੇਂਦਾ);

ਤਿਸੁ ਪਾਖੰਡੀ ਜਰਾ ਨ ਮਰਣਾ ॥

ਉਸ ਨਾਸਤਕ ਨੂੰ (ਭਾਵ, ਉਸ ਮਨੁੱਖ ਨੂੰ ਜਿਸ ਨੇ ਆਪਣੇ ਅੰਦਰੋਂ ਪਾਪਾਂ ਦਾ ਨਾਸ ਕਰ ਦਿੱਤਾ ਹੈ) ਬੁਢੇਪਾ ਤੇ ਮੌਤ ਪੋਹ ਨਹੀਂ ਸਕਦੇ (ਭਾਵ, ਇਹਨਾਂ ਦਾ ਡਰ ਉਸ ਨੂੰ ਪੋਂਹਦਾ ਨਹੀਂ)।

ਬੋਲੈ ਚਰਪਟੁ ਸਤਿ ਸਰੂਪੁ ॥

ਜੇ ਚਰਪਟ (ਭੀ ਇਸ ਨਾਸਤਕ ਦੀ ਜੁਗਤਿ ਵਰਤ ਕੇ) ਸਤਿ ਸਰੂਪ ਪ੍ਰਭੂ ਨੂੰ ਜਪੇ,

ਪਰਮ ਤੰਤ ਮਹਿ ਰੇਖ ਨ ਰੂਪੁ ॥੫॥

ਤਾਂ (ਇਹ ਚਰਪਟ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੫॥


ਮ : ੧ ॥
ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥

(ਅਸਲ) ਵੈਰਾਗੀ ਉਹ ਹੈ ਜੋ ਪ੍ਰਭੂ ਨੂੰ (ਆਪਣੇ ਹਿਰਦੇ ਵਲ) ਪਰਤਾਂਦਾ ਹੈ (ਭਾਵ, ਜੋ ਪ੍ਰਭੂ-ਪਤੀ ਨੂੰ ਆਪਣੀ ਹਿਰਦੇ-ਸੇਜ ਤੇ ਲਿਆ ਵਸਾਂਦਾ ਹੈ),

ਗਗਨ ਮੰਡਲ ਮਹਿ ਰੋਪੈ ਥੰਮੁ ॥

ਜੋ ਪ੍ਰਭੂ ਦਾ ਨਾਮ-ਰੂਪ ਥੰਮ੍ਹ ਦਸਮ ਦੁਆਰਾ (ਰੂਪ ਸ਼ਾਮੀਆਨੇ) ਵਿਚ ਖੜ੍ਹਾ ਕਰਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਇਸ ਤਰ੍ਹਾਂ ਆਪਣਾ ਸਹਾਰਾ ਬਣਾਂਦਾ ਹੈ ਕਿ ਉਸ ਦੀ ਸੁਰਤ ਸਦਾ ਉਤਾਂਹ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ, ਹੇਠਾਂ ਮਾਇਕ ਪਦਾਰਥਾਂ ਵਿਚ ਨਹੀਂ ਡਿੱਗਦੀ),

ਅਹਿਨਿਸਿ ਅੰਤਰਿ ਰਹੈ ਧਿਆਨਿ ॥

ਜੋ ਦਿਨ ਰਾਤ ਆਪਣੇ ਅੰਦਰ ਹੀ (ਭਾਵ, ਹਿਰਦੇ ਵਿਚ ਹੀ) ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ।

ਤੇ ਬੈਰਾਗੀ ਸਤ ਸਮਾਨਿ ॥

ਅਜੇਹੇ ਬੈਰਾਗੀ ਪ੍ਰਭੂ ਦਾ ਰੂਪ ਹੋ ਜਾਂਦੇ ਹਨ।

ਬੋਲੈ ਭਰਥਰਿ ਸਤਿ ਸਰੂਪੁ ॥

ਜੇ ਭਰਥਰੀ (ਭੀ ਐਸੇ ਬੈਰਾਗੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,

ਪਰਮ ਤੰਤ ਮਹਿ ਰੇਖ ਨ ਰੂਪੁ ॥੬॥

ਤਾਂ (ਇਹ ਭਰਥਰੀ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੬॥


ਮ : ੧ ॥
ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥

(ਕੰਨ ਪੜਵਾਉਣ ਦੀ) ਇਸ ਜੁਗਤਿ ਨਾਲ ਨਾਹ (ਮਨ ਵਿਚੋਂ) ਵਿਕਾਰ ਦੂਰ ਹੁੰਦਾ ਹੈ ਨਾਹ ਹੀ (ਉੱਚਾ) ਜੀਵਨ ਮਿਲਦਾ ਹੈ।

ਕੰਨ ਪੜਾਇ ਕਿਆ ਖਾਜੈ ਭੁਗਤਿ ॥

ਕੰਨ ਪੜਵਾ ਕੇ ਚੂਰਮਾ ਖਾਣ ਦਾ ਕੋਈ (ਆਤਮਕ) ਲਾਭ ਨਹੀਂ (ਕਿਉਂਕਿ)।

ਆਸਤਿ ਨਾਸਤਿ ਏਕੋ ਨਾਉ ॥

ਕੇਵਲ (ਪ੍ਰਭੂ ਦਾ) ਨਾਮ ਹੀ ਹੈ ਜੋ ਸੰਸਾਰ ਦੀ ਹੋਂਦ ਤੇ ਅਣਹੋਂਦ ਦੋਹਾਂ ਵੇਲੇ ਮੌਜੂਦ ਹੈ।

ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥

(ਜੇ ਕੋਈ ਪੁੱਛੇ ਕਿ ਜੇ ਕੰਨ ਪੜਵਾਇਆਂ ਮਨ ਨਹੀਂ ਟਿਕਦਾ ਤਾਂ) ਉਹ ਕੇਹੜਾ ਅੱਖਰ ਹੈ ਜਿਸ ਵਿਚ ਹਿਰਦਾ ਜੁੜਿਆ ਰਹਿ ਸਕਦਾ ਹੈ (ਤੇ ਬੁਰਾਈ ਮਿਟ ਜਾਂਦੀ ਹੈ, ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਪ੍ਰਭੂ ਦਾ ਨਾਮ ਹੀ ਹੈ)।

ਧੂਪ ਛਾਵ ਜੇ ਸਮ ਕਰਿ ਸਹੈ ॥

ਜੇ ਕੋਈ ਮਨੁੱਖ (ਇਸ ‘ਨਾਮ’ ਦੀ ਬਰਕਤਿ ਨਾਲ) ਦੁੱਖ ਤੇ ਸੁਖ ਨੂੰ ਇਕ-ਸਮਾਨ ਸਹਾਰਦਾ ਹੈ,

ਤਾ ਨਾਨਕੁ ਆਖੈ ਗੁਰੁ ਕੋ ਕਹੈ ॥

ਤਾਂ, ਨਾਨਕ ਆਖਦਾ ਹੈ, ਉਹ ਮਨੁੱਖ ਹੀ (ਅਸਲ ਵਿਚ) ਗੁਰੂ ਨੂੰ ਚੇਤੇ ਰੱਖਦਾ ਹੈ (ਭਾਵ, ਗੁਰੂ ਦੇ ਬਚਨ-ਅਨੁਸਾਰ ਤੁਰਦਾ ਹੈ)।

ਛਿਅ ਵਰਤਾਰੇ ਵਰਤਹਿ ਪੂਤ ॥

(ਨਾਥ ਦੇ) ਚੇਲੇ (ਭਾਵ, ਜੋਗੀ ਲੋਕ) (ਜੋ ਨਿਰੇ) ਛੇ ਭੇਖਾਂ ਵਿਚ ਹੀ ਰੁੱਝੇ ਹੋਏ ਹਨ,

ਨਾ ਸੰਸਾਰੀ ਨਾ ਅਉਧੂਤ ॥

(ਅਸਲ ਵਿਚ) ਨਾਹ ਉਹ ਗ੍ਰਿਹਸਤੀ ਹਨ ਤੇ ਨਾਹ ਵਿਰਕਤ।

ਨਿਰੰਕਾਰਿ ਜੋ ਰਹੈ ਸਮਾਇ ॥

ਜੋ ਮਨੁੱਖ ਇਕ ਨਿਰੰਕਾਰ ਵਿਚ ਜੁੜਿਆ ਰਹਿੰਦਾ ਹੈ,

ਕਾਹੇ ਭੀਖਿਆ ਮੰਗਣਿ ਜਾਇ ॥੭॥

ਉਹ ਕਿਉਂ ਕਿਤੇ ਖ਼ੈਰ ਮੰਗਣ ਜਾਏ? (ਭਾਵ, ਉਸ ਨੂੰ ਫ਼ਕੀਰ ਬਣਨ ਦੀ ਲੋੜ ਨਹੀਂ ਪੈਂਦੀ, ਹੱਥੀਂ ਕਿਰਤ-ਕਾਰ ਕਰਦਾ ਹੋਇਆ ਭੀ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ) ॥੭॥


ਪਉੜੀ ॥
ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥

(ਉਂਞ ਤਾਂ ਸਾਰੇ ਸਰੀਰ “ਹਰਿ ਮੰਦਰੁ” ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ “ਹਰਿ ਮੰਦਰੁ” ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ।

ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥

(ਸੋ, ਮਨੁੱਖਾ ਸਰੀਰ ‘ਹਰਿ ਮੰਦਰੁ’ ਹੈ, ਕਿਉਂਕਿ) ਮਨੁੱਖਾ-ਸਰੀਰ ਵਿਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀ ਹੈ।

ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥

(ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿਚ ਹੀ ਸਿਰਜਣਹਾਰ ਵੱਸ ਰਿਹਾ ਹੈ।

ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥

ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) “ਹਰਿ ਮੰਦਰੁ” ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ।

ਸਭ ਮਹਿ ਇਕੁ ਵਰਤਦਾ ਗੁਰਸਬਦੀ ਪਾਇਆ ਜਾਈ ॥੧੨॥

(ਉਂਞ ਤਾਂ) ਸਾਰਿਆਂ ਵਿਚ ਇਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ॥੧੨॥


ਸਲੋਕ ਮ : ੩ ॥
ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥

ਮੂਰਖ ਦਾ ਕਿਹਾ ਉਹੀ ਸੁਣਦਾ ਹੈ (ਭਾਵ, ਮੂਰਖ ਦੇ ਕਹੇ ਉਹੀ ਲੱਗਦਾ ਹੈ) ਜੋ ਆਪ ਮੂਰਖ ਹੋਵੇ।

ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥

ਮੂਰਖ ਦੇ ਲੱਛਣ ਕੀਹ ਹਨ? ਮੂਰਖ ਦੀ ਕਰਤੂਤ ਕੈਸੀ ਹੁੰਦੀ ਹੈ?

ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥

ਜੋ ਮਨੁੱਖ ਮਾਇਆ ਦਾ ਠੱਗਿਆ ਹੋਇਆ ਹੋਵੇ ਤੇ ਜੋ ਅਹੰਕਾਰ ਵਿਚ ਆਤਮਕ ਮੌਤੇ ਮਰਿਆ ਹੋਇਆ ਹੋਵੇ, ਉਸ ਨੂੰ ਮੂਰਖ ਕਹੀਦਾ ਹੈ।

ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥

ਮਾਇਆ ਦੀ ਮਸਤੀ ਤੇ ਅਹੰਕਾਰ ਵਿਚ ਜੋ ਕੁਝ ਕਰੀਏ ਉਸ ਨਾਲ ਸਦਾ ਦੁੱਖ ਪ੍ਰਾਪਤ ਹੁੰਦਾ ਹੈ ਸਦਾ ਦੁਖੀ ਰਹੀਦਾ ਹੈ।

ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥

ਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਖੂਹ ਵਿਚ ਡਿੱਗਾ ਰਹਿੰਦਾ ਹੈ। ਉਸ ਦੇ ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ?

ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਸ ਤੇ ਵਿਚਾਰ ਕਰਦਾ ਹੈ ਤੇ (ਇਸ ਮਾਇਆ ਦੇ ਮੋਹ-ਰੂਪ ਖੂਹ ਤੋਂ) ਵੱਖਰਾ ਰਹਿੰਦਾ ਹੈ।

ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥

ਉਹ ਪ੍ਰਭੂ ਦਾ ਨਾਮ ਜਪਦਾ ਹੈ, (ਨਾਮ ਦੀ ਬਰਕਤਿ ਨਾਲ) ਉਹ ਆਪ ਬਚਦਾ ਹੈ ਤੇ ਉਸ ਦੇ ਪੂਰਨਿਆਂ ਤੇ ਤੁਰ ਕੇ ਡੁੱਬਦਾ ਸਾਥੀ ਭੀ ਬਚ ਨਿਕਲਦਾ ਹੈ।

ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥

ਹੇ ਨਾਨਕ! ਜੋ ਕੁਝ ਪ੍ਰਭੂ ਨੂੰ ਭਾਉਂਦਾ ਹੈ ਉਹੀ ਉਹ ਕਰਦਾ ਹੈ (ਮਾਇਆ ਦੇ ਮੋਹ ਵਿਚ ਪੈ ਕੇ ਦੁੱਖ ਜਾਂ ਇਸ ਤੋਂ ਅਲੋਪ ਰਹਿ ਕੇ ਸੁਖ) ਜੋ ਕੁਝ ਪ੍ਰਭੂ ਦੇਂਦਾ ਹੈ ਉਹੀ ਜੀਵ ਸਹਾਰਦਾ ਹੈ ॥੧॥


ਮ : ੧ ॥
ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥

ਨਾਨਕ ਆਖਦਾ ਹੈ ਕਿ ਹੇ ਮਨ! ਸੱਚੀ ਸਿੱਖਿਆ ਸੁਣ।

ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥

(ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ।

ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥

ਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ।

ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥

ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ।

ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥

ਉਸ ਔਕੜ ਵਿਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁਝ ਅਹੁੜਦਾ ਨਹੀਂ।

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥

ਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ ॥੨॥


ਪਉੜੀ ॥
ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ॥

ਇਹ ਸਾਰਾ (ਜਗਤ ਦਾ ਆਕਾਰ) ਪਰਮਾਤਮਾ ਦਾ (ਮਾਨੋ) ਸਰੀਰ ਹੈ, ਹਰ ਥਾਂ ਪ੍ਰਭੂ ਆਪ ਹੀ ਵਿਆਪਕ ਹੈ।

ਹਰਿ ਕੀ ਕੀਮਤਿ ਨ ਪਵੈ ਕਿਛੁ ਕਹਣੁ ਨ ਜਾਪੈ ॥

ਪਰਮਾਤਮਾ (ਦੀ ਵਡਿਆਈ) ਦਾ ਮੁੱਲ ਨਹੀਂ ਪੈ ਸਕਦਾ, ਕੋਈ ਗੱਲ ਅਹੁੜਦੀ ਨਹੀਂ (ਜਿਸ ਨਾਲ) ਉਸ ਦੀ ਵਡਿਆਈ ਬਿਆਨ ਕਰ ਸਕੀਏ।

ਗੁਰਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ ॥

ਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਜੋ ਕਰਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ।

ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ ॥

ਉਸ ਦਾ ਮਨ ਤੇ ਤਨ ਖਿੜ ਆਉਂਦਾ ਹੈ ਤੇ ਅਹੰਕਾਰ ਨਾਸ ਹੋ ਜਾਂਦਾ ਹੈ)।

ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥੧੩॥

ਇਹ ਸਾਰਾ ਜਗਤ ਪ੍ਰਭੂ ਦਾ ਬਣਾਇਆ ਹੋਇਆ ਤਮਾਸ਼ਾ ਹੈ, ਸਤਿਗੁਰੂ ਦੀ ਰਾਹੀਂ ਕਿਸੇ ਵਿਰਲੇ ਨੂੰ ਇਸ ਖੇਡ ਦੀ ਸਮਝ ਦੇਂਦਾ ਹੈ ॥੧੩॥


ਸਲੋਕੁ ਮ : ੧ ॥
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥

(ਗੋਤਮ ਰਿਸ਼ੀ ਨੇ) ਹਜ਼ਾਰ (ਭਗਾਂ) ਦਾ ਡੰਨ ਦੇ ਕੇ ਇੰਦਰ ਨੂੰ ਰੁਆ ਦਿੱਤਾ;

ਪਰਸ ਰਾਮੁ ਰੋਵੈ ਘਰਿ ਆਇਆ ॥

(ਸ੍ਰੀ ਰਾਮ ਚੰਦ੍ਰ ਤੋਂ ਆਪਣਾ ਬਲ ਖੁਹਾ ਕੇ) ਪਰਸ ਰਾਮ ਘਰ ਆ ਕੇ ਰੋਇਆ।

ਅਜੈ ਸੁ ਰੋਵੈ ਭੀਖਿਆ ਖਾਇ ॥

ਰਾਜਾ ਅਜੈ ਰੋਇਆ ਜਦੋਂ ਉਸ ਨੂੰ (ਲਿੱਦ ਦੀ ਦਿੱਤੀ) ਭਿੱਖਿਆ ਖਾਣੀ ਪਈ,

ਐਸੀ ਦਰਗਹ ਮਿਲੈ ਸਜਾਇ ॥

ਪ੍ਰਭੂ ਦੀ ਹਜ਼ੂਰੀ ਵਿਚੋਂ ਅਜੇਹੀ ਹੀ ਸਜ਼ਾ ਮਿਲਦੀ ਹੈ।

ਰੋਵੈ ਰਾਮੁ ਨਿਕਾਲਾ ਭਇਆ ॥

ਰਾਮ ਜੀ ਭੀ ਰੋਏ, ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ,

ਸੀਤਾ ਲਖਮਣੁ ਵਿਛੁੜਿ ਗਇਆ ॥

ਅਤੇ ਸੀਤਾ ਲਛਮਣ ਵਿਛੁੜੇ।

ਰੋਵੈ ਦਹਸਿਰੁ ਲੰਕ ਗਵਾਇ ॥

ਰਾਵਣ ਲੰਕਾ ਗੁਆ ਕੇ ਰੋਇਆ,

ਜਿਨਿ ਸੀਤਾ ਆਦੀ ਡਉਰੂ ਵਾਇ ॥

ਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ।

ਰੋਵਹਿ ਪਾਂਡਵ ਭਏ ਮਜੂਰ ॥

(ਪੰਜੇ) ਪਾਂਡੋ ਜਦੋਂ (ਵੈਰਾਟ ਰਾਜੇ ਦੇ) ਮਜ਼ੂਰ ਬਣੇ ਤਾਂ ਰੋਏ,

ਜਿਨ ਕੈ ਸੁਆਮੀ ਰਹਤ ਹਦੂਰਿ ॥

(ਭਾਵੇਂ ਕਿ) ਜਿਨ੍ਹਾਂ (ਪਾਂਡਵਾਂ) ਦੇ ਪਾਸ ਹੀ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ (ਭਾਵ, ਜਿਨ੍ਹਾਂ ਦਾ ਪੱਖ ਕਰਦੇ ਸਨ)

ਰੋਵੈ ਜਨਮੇਜਾ ਖੁਇ ਗਇਆ ॥

ਰਾਜਾ ਜਨਮੇਜਾ ਖੁੰਝ ਗਿਆ, (੧੮ ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ, ਪ੍ਰਾਸ਼ਚਿਤ ਵਾਸਤੇ ‘ਮਹਾਭਾਰਤ’ ਸੁਣਿਆ, ਪਰ ਸ਼ੰਕਾ ਕੀਤਾ, ਇਸ)

ਏਕੀ ਕਾਰਣਿ ਪਾਪੀ ਭਇਆ ॥

ਇਕ ਗ਼ਲਤੀ ਦੇ ਕਾਰਣ ਪਾਪੀ ਹੀ ਬਣਿਆ ਰਿਹਾ (ਭਾਵ, ਕੋੜ੍ਹ ਨਾਹ ਹਟਿਆ) ਤੇ ਰੋਇਆ।

ਰੋਵਹਿ ਸੇਖ ਮਸਾਇਕ ਪੀਰ ॥

ਸ਼ੇਖ ਪੀਰ ਆਦਿਕ ਭੀ ਰੋਂਦੇ ਹਨ,

ਅੰਤਿ ਕਾਲਿ ਮਤੁ ਲਾਗੈ ਭੀੜ ॥

ਕਿ ਮਤਾਂ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ।

ਰੋਵਹਿ ਰਾਜੇ ਕੰਨ ਪੜਾਇ ॥

(ਭਰਥਰੀ ਗੋਪੀਚੰਦ ਆਦਿਕ) ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ,

ਘਰਿ ਘਰਿ ਮਾਗਹਿ ਭੀਖਿਆ ਜਾਇ ॥

ਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ।

ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥

ਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ,

ਪੰਡਿਤ ਰੋਵਹਿ ਗਿਆਨੁ ਗਵਾਇ ॥

ਗਿਆਨ ਦੀ ਥੁੜ ਦੇ ਕਾਰਨ ਪੰਡਿਤ ਭੀ ਖ਼ੁਆਰ ਹੁੰਦੇ ਹਨ।

ਬਾਲੀ ਰੋਵੈ ਨਾਹਿ ਭਤਾਰੁ ॥

ਇਸਤ੍ਰੀ ਰੋਂਦੀ ਹੈ ਜਦੋਂ (ਸਿਰ ਤੇ) ਪਤੀ ਨਾਹ ਰਹੇ।

ਨਾਨਕ ਦੁਖੀਆ ਸਭੁ ਸੰਸਾਰੁ ॥

ਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।

ਮੰਨੇ ਨਾਉ ਸੋਈ ਜਿਣਿ ਜਾਇ ॥

ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ,

ਅਉਰੀ ਕਰਮ ਨ ਲੇਖੈ ਲਾਇ ॥੧॥

(‘ਨਾਮ’ ਤੋਂ ਬਿਨਾ) ਕੋਈ ਹੋਰ ਕੰਮ (ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ) ਸਫਲ ਨਹੀਂ ਹੁੰਦਾ ॥੧॥


ਮ : ੨ ॥
ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥

ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ ਤਾਂ ਜਪ ਤਪ ਆਦਿਕ ਹਰੇਕ ਉੱਦਮ (ਵਿੱਚੇ ਹੀ ਆ ਜਾਂਦਾ ਹੈ), (ਨਾਮ ਤੋਂ ਬਿਨਾ) ਹੋਰ ਸਾਰੇ ਕੰਮ ਵਿਅਰਥ ਹਨ।

ਨਾਨਕ ਮੰਨਿਆ ਮੰਨੀਐ ਬੁਝੀਐ ਗੁਰਪਰਸਾਦਿ ॥੨॥

ਹੇ ਨਾਨਕ! ‘ਨਾਮ’ ਨੂੰ ਮੰਨਣ ਵਾਲਾ ਆਦਰ ਪਾਂਦਾ ਹੈ, ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਸਕੀਦੀ ਹੈ ॥੨॥


ਪਉੜੀ ॥
ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ ॥

ਸਰੀਰ ਤੇ ਜੀਵਾਤਮਾ ਦਾ ਸੰਜੋਗ ਧੁਰੋਂ ਕਰਤਾਰ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ।

ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥

ਪ੍ਰਭੂ ਸਭ ਜੀਵਾਂ ਵਿਚ ਲੁਕਿਆ ਹੋਇਆ ਮੌਜੂਦ ਹੈ, ਗੁਰੂ ਦੀ ਰਾਹੀਂ ਪਰਗਟ ਹੁੰਦਾ ਹੈ।

ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥

(ਜੋ ਮਨੁੱਖ ਗੁਰੂ ਦੀ ਸਰਣ ਆ ਕੇ ਪ੍ਰਭੂ ਦੇ) ਗੁਣ ਗਾਂਦਾ ਹੈ ਗੁਣ ਉਚਾਰਦਾ ਹੈ ਉਹ ਗੁਣਾਂ ਵਿਚ ਲੀਨ ਹੋ ਜਾਂਦਾ ਹੈ।

ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥

(ਸਤਿਗੁਰੂ ਦੀ) ਸੱਚੀ ਬਾਣੀ ਦੀ ਰਾਹੀਂ ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਗੁਰੂ ਨੇ ਸੱਚਾ ਪ੍ਰਭੂ ਉਸ ਨੂੰ ਸੰਗਤ ਵਿਚ (ਰੱਖ ਕੇ) ਮਿਲਾ ਦਿੱਤਾ।

ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥

ਹਰੇਕ ਹਸਤੀ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਆਪ ਹੀ ਵਡਿਆਈ ਬਖ਼ਸ਼ਦਾ ਹੈ ॥੧੪॥


ਸਲੋਕ ਮ : ੨ ॥
ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥

ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੋਵੇ ਤੇ ਤੁਰ ਪਏ ਰਤਨ ਪਰਖਣ,

ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥

ਉਹ ਰਤਨਾਂ ਦੀ ਕਦਰ ਤਾਂ ਜਾਣਦਾ ਨਹੀਂ, ਪਰ ਆਪਣਾ ਆਪ ਨਸ਼ਰ ਕਰਾ ਆਉਂਦਾ ਹੈ (ਭਾਵ, ਆਪਣਾ ਅੰਨ੍ਹਾ-ਪਨ ਜ਼ਾਹਰ ਕਰ ਆਉਂਦਾ ਹੈ) ॥੧॥


ਮ : ੨ ॥
ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥

ਪ੍ਰਭੂ ਦੇ ਗੁਣਾਂ-ਰੂਪ ਰਤਨਾਂ ਦੀ ਥੈਲੀ ਸਤਿਗੁਰੂ ਨੇ ਆ ਕੇ ਖੋਲ੍ਹੀ ਹੈ।

ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥

ਇਹ ਗੁੱਥੀ ਵੇਚਣ ਵਾਲੇ ਸਤਿਗੁਰੂ ਅਤੇ ਵਿਹਾਝਣ ਵਾਲੇ ਗੁਰਮੁਖ ਦੋਹਾਂ ਦੇ ਹਿਰਦੇ ਵਿਚ ਟਿਕ ਰਹੀ ਹੈ (ਭਾਵ, ਦੋਹਾਂ ਨੂੰ ਇਹ ਗੁਣ ਪਿਆਰੇ ਲੱਗ ਰਹੇ ਹਨ)।

ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥

ਹੇ ਨਾਨਕ! ਜਿਨ੍ਹਾਂ ਦੇ ਪਾਸ (ਭਾਵ, ਹਿਰਦੇ ਵਿਚ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੁਣ ਮੌਜੂਦ ਹੈ ਉਹ ਮਨੁੱਖ ਹੀ ਨਾਮ-ਰਤਨ ਵਿਹਾਝਦੇ ਹਨ;

ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥

ਪਰ ਜੋ ਇਹਨਾਂ ਰਤਨਾਂ ਦੀ ਕਦਰ ਨਹੀਂ ਜਾਣਦੇ ਉਹ ਅੰਨ੍ਹਿਆਂ ਵਾਂਗ ਜਗਤ ਵਿਚ ਫਿਰਦੇ ਹਨ ॥੨॥


ਪਉੜੀ ॥
ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥

ਸਰੀਰ (ਮਾਨੋ, ਇਕ) ਕਿਲ੍ਹਾ ਹੈ, ਇਸ ਦੇ ਨੌ ਗੋਲਕਾਂ-ਰੂਪ ਦਰਵਾਜ਼ੇ (ਪਰਗਟ) ਹਨ, ਤੇ ਦਸਵਾਂ ਦਰਵਾਜ਼ਾ ਗੁਪਤ ਰੱਖਿਆ ਹੋਇਆ ਹੈ।

ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥

(ਉਸ ਦਸਵੇਂ ਦਰਵਾਜ਼ੇ ਦੇ) ਕਵਾੜ ਬੜੇ ਕਰੜੇ ਹਨ ਖੁਲ੍ਹਦੇ ਨਹੀਂ, ਖੁਲ੍ਹਦੇ (ਕੇਵਲ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਨ।

ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥

(ਜਦੋਂ ਇਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ਤਾਂ, ਮਾਨੋ,) ਇਕ-ਰਸ ਵਾਲੇ ਵਾਜੇ ਵੱਜ ਪੈਂਦੇ ਹਨ ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਣੀਦੇ ਹਨ।

ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥

(ਜਿਸ ਹਿਰਦੇ ਵਿਚ ਇਹ ਆਨੰਦ ਪੈਦਾ ਹੁੰਦਾ ਹੈ) ਉਸ ਹਿਰਦੇ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ, ਪ੍ਰਭੂ ਦੀ ਭਗਤੀ ਕਰ ਕੇ ਉਹ ਮਨੁੱਖ ਪ੍ਰਭੂ ਵਿਚ ਮਿਲ ਜਾਂਦਾ ਹੈ।

ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥

ਜਿਸ ਪ੍ਰਭੂ ਨੇ ਇਹ ਸਾਰੀ ਰਚਨਾ ਰਚੀ ਹੈ ਉਹ ਸਾਰੇ ਜੀਵਾਂ ਵਿਚ ਵਿਆਪਕ ਹੈ (ਪਰ ਉਸ ਨਾਲ ਮੇਲ ਗੁਰੂ ਦੀ ਰਾਹੀਂ ਹੀ ਹੁੰਦਾ ਹੈ) ॥੧੫॥


ਸਲੋਕ ਮ : ੨ ॥
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥

ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ।

ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥

ਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ।

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥

(ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ,

ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥

ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ ॥੧॥


ਮ : ੨ ॥
ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥

ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ, ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ,

ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥

(ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ।

ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥

ਜਿਸ ਮਨੁੱਖ ਦੇ ਅੰਦਰ ‘ਨਾਮ’-ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ,

ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥

(ਕਿਉਂਕਿ) ਹੇ ਨਾਨਕ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ? ॥੨॥


ਮ : ੨ ॥
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥

ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ।

ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥

ਹੇ ਨਾਨਕ! ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ ॥੩॥


ਪਉੜੀ ॥
ਕਾਇਆ ਅੰਦਰਿ ਗੜੁ ਕੋਟੁ ਹੈ ਸਭਿ ਦਿਸੰਤਰ ਦੇਸਾ ॥

(ਮਨੁੱਖਾ-) ਸਰੀਰ ਦੇ ਅੰਦਰ (ਮਨੁੱਖ ਦਾ ਹਿਰਦਾ-ਰੂਪ) ਜਿਸ ਪ੍ਰਭੂ ਦਾ ਕਿਲ੍ਹਾ ਹੈ ਗੜ੍ਹ ਹੈ ਉਹ ਪ੍ਰਭੂ ਸਾਰੇ ਦੇਸ ਦੇਸਾਂਤਰਾਂ ਵਿਚ ਮੌਜੂਦ ਹੈ।

ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇਸਾ ॥

ਸਾਰੇ ਜੀਵਾਂ ਦੇ ਅੰਦਰ ਪਰਵੇਸ਼ ਕਰ ਕੇ ਉਸ ਨੇ ਆਪ ਹੀ (ਜੀਵਾਂ ਦੇ ਅੰਦਰ) ਤਾੜੀ ਲਾਈ ਹੋਈ ਹੈ (ਉਹ ਆਪ ਹੀ ਜੀਵਾਂ ਦੇ ਅੰਦਰ ਟਿਕਿਆ ਹੋਇਆ ਹੈ)।

ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ ॥

ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਸਾਜੀ ਹੈ ਤੇ ਆਪ ਹੀ (ਉਸ ਸ੍ਰਿਸ਼ਟੀ ਵਿਚ ਉਸ ਨੇ ਆਪਣੇ ਆਪ ਨੂੰ) ਲੁਕਾਇਆ ਹੋਇਆ ਹੈ।

ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ ॥

ਉਸ ਪ੍ਰਭੂ ਦੀ ਸੂਝ ਸਤਿਗੁਰੂ ਦੇ ਹੁਕਮ ਵਿਚ ਤੁਰਿਆਂ ਆਉਂਦੀ ਹੈ (ਤਾਂ ਹੀ) ਸੱਚਾ ਪ੍ਰਭੂ ਪਰਗਟ ਹੁੰਦਾ ਹੈ।

ਸਭੁ ਕਿਛੁ ਸਚੋ ਸਚੁ ਹੈ ਗੁਰਿ ਸੋਝੀ ਪਾਈ ॥੧੬॥

ਹੈ ਤਾਂ ਹਰ ਥਾਂ ਸੱਚਾ ਪ੍ਰਭੂ ਆਪ ਹੀ ਆਪ, ਪਰ ਇਹ ਸਮਝ ਸਤਿਗੁਰੂ ਦੀ ਰਾਹੀਂ ਹੀ ਪੈਂਦੀ ਹੈ ॥੧੬॥


ਸਲੋਕ ਮ : ੧ ॥
ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ ॥

(ਜਿਸ ਜੀਵ ਦੀ) ਰਾਤ ਸਾਉਣੀ ਦੀ ਫ਼ਸਲ ਹੈ ਤੇ ‘ਕਾਮ’ ਜਿਸ ਦੀ ਪੈਲੀ ਹੈ (ਭਾਵ, ਜੋ ਜੀਵ ਆਪਣੀ ਰਾਤ ‘ਕਾਮ’ ਦੇ ਅਧੀਨ ਹੋ ਕੇ ਗੁਜ਼ਾਰਦਾ ਹੈ), ਜਿਸ ਦਾ ਦਿਨ ਹਾੜੀ ਦੀ ਫ਼ਸਲ ਹੈ ਤੇ ‘ਕ੍ਰੋਧ’ ਜਿਸ ਦੀ ਪੈਲੀ ਹੈ (ਭਾਵ, ਜੋ ਦਿਨ ਦਾ ਸਮਾ ਕ੍ਰੋਧ ਦੇ ਅਧੀਨ ਬਿਤਾਂਦਾ ਹੈ),

ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੁ ਹੇਤ ॥

ਜਿਸ ਜੀਵ ਲਈ ‘ਲੱਬ’ ਵੱਤਰ ਦਾ ਕੰਮ ਦੇਂਦਾ) ਹੈ ਤੇ ਝੂਠ (ਜਿਸ ਦੇ ਫ਼ਸਲ ਲਈ) ਬੀਜ ਹੈ (ਭਾਵ, ਜੋ ਲੱਬ ਦਾ ਪ੍ਰੇਰਿਆ ਹੋਇਆ ਝੂਠ ਬੋਲਦਾ ਹੈ)।

ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ ॥

‘ਮੋਹ’ ਜਿਸ ਜੀਵ ਲਈ ਹਲ ਵਾਹੁਣ ਵਾਲਾ ਹੈ ਤੇ ਬੀਜ ਬੀਜਣ ਵਾਲਾ ਹੈ; ਵਿਕਾਰਾਂ ਦੀ ਵਿਚਾਰ ਜਿਸ ਜੀਵ ਦਾ ‘ਹਲ’ ਹੈ; ਵਿਕਾਰਾਂ ਦਾ ਬੋਹਲ ਜਿਸ ਨੇ ਇਕੱਠਾ ਕੀਤਾ ਹੈ, ਉਹ ਮਨੁੱਖ ਪ੍ਰਭੂ ਦੇ ਹੁਕਮ ਵਿਚ ਆਪਣੀ ਕੀਤੀ ਇਸ ਕਮਾਈ ਦਾ ਖਟਿਆ ਖਾਂਦਾ ਹੈ।

ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ ॥੧॥

ਹੇ ਨਾਨਕ! ਜਦੋਂ ਜੀਵ ਦੀ ਕਰਤੂਤ ਦਾ ਲੇਖਾ ਮੰਗਿਆ ਜਾਂਦਾ ਹੈ ਤਦੋਂ ਪਤਾ ਲੱਗਦਾ ਹੈ ਕਿ ਅਜੇਹਾ ਜੀਵ-ਰੂਪ) ਪਿਉ (ਜਗਤ ਤੋਂ) ਅਉਤ੍ਰਾ ਹੀ ਜਾਂਦਾ ਹੈ (ਭਾਵ, ਜੀਵਨ ਅਜਾਂਈ ਗੁਆ ਜਾਂਦਾ ਹੈ) ॥੧॥


ਮ : ੧ ॥
ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ ॥

ਜੇ ਪ੍ਰਭੂ ਦਾ ਡਰ ਪੈਲੀ ਬਣੇ, ਸੁੱਧ ਆਚਰਨ (ਉਸ ਪੈਲੀ ਲਈ) ਪਾਣੀ ਹੋਵੇ, ਸਤ ਤੇ ਸੰਤੋਖ (ਉਸ ਪੈਲੀ ਨੂੰ ਵਾਹੁਣ ਲਈ) ਬਲਦ ਹੋਣ;

ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ ॥

ਨਿਮ੍ਰਤਾ ਦਾ ਹਲ ਹੋਵੇ, (ਜੁੜਿਆ ਹੋਇਆ) ਚਿੱਤ ਹਲ ਵਾਹੁਣ ਵਾਲਾ ਹੋਵੇ, ਪ੍ਰਭੂ ਦੇ ਸਿਮਰਨ ਦਾ ਵੱਤਰ ਹੋਵੇ ਤੇ ਗੁਰੂ ਦਾ ਮਿਲਾਪ (ਬੀਜ ਬੀਜਣ ਦਾ) ਸਮਾ ਹੋਵੇ,

ਨਾਉ ਬੀਜੁ ਬਖਸੀਸ ਬੋਹਲ ਦੁਨੀਆ ਸਗਲ ਦਰੋਗ ॥

ਪ੍ਰਭੂ ਦਾ ‘ਨਾਮ’ ਬੀਜ ਹੋਵੇ ਤਾਂ ਪ੍ਰਭੂ ਦੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੁੰਦਾ ਹੈ ਤੇ ਦੁਨੀਆ ਸਾਰੀ ਝੂਠੀ ਦਿੱਸ ਪੈਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਦੁਨੀਆ ਦਾ ਸਾਥ ਸਦਾ ਨਿਭਣ ਵਾਲਾ ਨਹੀਂ)।

ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ ॥੨॥

ਹੇ ਨਾਨਕ! (ਇਸ ਉੱਦਮ ਨਾਲ ਜਦੋਂ) ਪ੍ਰਭੂ ਦੀ ਮੇਹਰ ਹੁੰਦੀ ਹੈ ਤਾਂ (ਉਸ ਨਾਲ) ਸਾਰੇ ਵਿਛੋੜੇ ਦੂਰ ਹੋ ਜਾਂਦੇ ਹਨ ॥੨॥


ਪਉੜੀ ॥
ਮਨਮੁਖਿ ਮੋਹੁ ਗੁਬਾਰੁ ਹੈ ਦੂਜੈ ਭਾਇ ਬੋਲੈ ॥

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੇ ਅੰਦਰ ਮੋਹ-ਰੂਪ ਘੁੱਪ ਹਨੇਰਾ ਹੈ, (ਉਹ ਜੋ ਬਚਨ ਬੋਲਦਾ ਹੈ) ਮਾਇਆ ਦੇ ਮੋਹ ਵਿਚ ਹੀ ਬੋਲਦਾ ਹੈ।

ਦੂਜੈ ਭਾਇ ਸਦਾ ਦੁਖੁ ਹੈ ਨਿਤ ਨੀਰੁ ਵਿਰੋਲੈ ॥

ਉਹ (ਮਾਨੋ) ਸਦਾ ਪਾਣੀ ਰਿੜਕਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਣ ਉਸ ਨੂੰ ਸਦਾ ਦੁੱਖ (ਹੁੰਦਾ) ਹੈ।

ਗੁਰਮੁਖਿ ਨਾਮੁ ਧਿਆਈਐ ਮਥਿ ਤਤੁ ਕਢੋਲੈ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ ਉਹ (ਮਾਨੋ, ਦੁੱਧ) ਰਿੜਕ ਕੇ ਪ੍ਰਭੂ ਦਾ ਨਾਮ-ਰੂਪ ਮੱਖਣ ਕੱਢਦਾ ਹੈ।

ਅੰਤਰਿ ਪਰਗਾਸੁ ਘਟਿ ਚਾਨਣਾ ਹਰਿ ਲਧਾ ਟੋਲੈ ॥

ਉਸ ਦੇ ਹਿਰਦੇ ਵਿਚ (ਪ੍ਰਭੂ ਦਾ) ਪ੍ਰਕਾਸ਼ ਹੋ ਜਾਂਦਾ ਹੈ ਦਿਲ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ, ਉਸ ਨੇ (ਗੁਰੂ ਦੀ ਰਾਹੀਂ) ਭਾਲ ਕਰ ਕੇ ਪ੍ਰਭੂ ਨੂੰ ਲੱਭ ਲਿਆ ਹੈ।

ਆਪੇ ਭਰਮਿ ਭੁਲਾਇਦਾ ਕਿਛੁ ਕਹਣੁ ਨ ਜਾਈ ॥੧੭॥

(ਜਿਸ ਕਿਸੇ ਨੂੰ ਭੁਲਾਂਦਾ ਹੈ) ਪ੍ਰਭੂ ਆਪ ਹੀ ਭਰਮ ਭੁਲਾਂਦਾ ਹੈ (ਕਿਸੇ ਦੇ ਸਿਰ ਕੀਹ ਦੋਸ਼?) ਕੋਈ ਗੱਲ ਕਹੀ ਨਹੀਂ ਜਾ ਸਕਦੀ ॥੧੭॥


ਸਲੋਕ ਮ : ੨ ॥
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥

ਹੇ ਨਾਨਕ! (ਆਪਣੀ ਰੋਜ਼ੀ ਲਈ) ਫ਼ਿਕਰ ਚਿੰਤਾ ਨਾਹ ਕਰੋ, ਇਹ ਫ਼ਿਕਰ ਉਸ ਪ੍ਰਭੂ ਨੂੰ ਆਪ ਹੀ ਹੈ।

ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥

ਉਸ ਨੇ ਪਾਣੀ ਵਿਚ ਜੀਵ ਪੈਦਾ ਕੀਤੇ ਹਨ ਉਹਨਾਂ ਨੂੰ ਭੀ ਰਿਜ਼ਕ ਦੇਂਦਾ ਹੈ।

ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥

ਪਾਣੀ ਵਿਚ ਨਾਹ ਕੋਈ ਦੁਕਾਨ ਚੱਲਦੀ ਹੈ ਨਾਹ ਓਥੇ ਕੋਈ ਵਾਹੀ ਕਰਦਾ ਹੈ।

ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥

ਨਾਹ ਓਥੇ ਕੋਈ ਸਉਦਾ-ਸੂਤ ਹੋ ਰਿਹਾ ਹੈ ਨਾਹ ਕੋਈ ਲੈਣ-ਦੇਣ ਦਾ ਵਪਾਰ ਹੈ;

ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥

ਪਰ ਓਥੇ ਇਹ ਖ਼ੁਰਾਕ ਬਣਾ ਦਿੱਤੀ ਹੈ ਕਿ ਜੀਵਾਂ ਦਾ ਖਾਣਾ ਜੀਵ ਹੀ ਹਨ।

ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥

ਸੋ, ਜਿਨ੍ਹਾਂ ਨੂੰ ਸਮੁੰਦਰਾਂ ਵਿਚ ਉਸ ਨੇ ਪੈਦਾ ਕੀਤਾ ਹੈ ਉਹਨਾਂ ਦੀ ਭੀ ਸੰਭਾਲ ਕਰਦਾ ਹੈ।

ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥

ਹੇ ਨਾਨਕ! (ਰੋਜ਼ੀ ਲਈ) ਚਿੰਤਾ ਨਾਹ ਕਰੋ, ਉਸ ਪ੍ਰਭੂ ਨੂੰ ਆਪ ਹੀ ਫ਼ਿਕਰ ਹੈ ॥੧॥


ਮ : ੧ ॥
ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ ॥

ਹੇ ਨਾਨਕ! ਇਹ ਜਿੰਦ ਨਿੱਕੀ ਜਿਹੀ ਮੱਛੀ ਹੈ, ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਮਾਛੀ ਹੈ;

ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ ॥

ਮੂਰਖ ਮਨ (ਇਸ ਤ੍ਰਿਸ਼ਨਾ ਵਿਚ) ਅੰਨ੍ਹਾ (ਹੋਇਆ ਹੋਇਆ ਪਰਮਾਤਮਾ ਨੂੰ) ਯਾਦ ਨਹੀਂ ਕਰਦਾ, ਬੇਖ਼ਬਰੀ ਵਿਚ ਹੀ (ਆਤਮਕ ਮੌਤ ਦਾ) ਜਾਲ (ਇਸ ਉਤੇ) ਪੈਂਦਾ ਜਾਂਦਾ ਹੈ।

ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ ॥

ਹੇ ਨਾਨਕ! (ਤ੍ਰਿਸ਼ਨਾ ਵਿਚ ਫਸਿਆ) ਮਨ ਗ਼ਾਫ਼ਿਲ ਹੋ ਰਿਹਾ ਹੈ, ਸਦਾ ਚਿੰਤਾ ਵਿਚ ਜਕੜਿਆ ਰਹਿੰਦਾ ਹੈ।

ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ ॥੨॥

ਜੇ ਪ੍ਰਭੂ ਆਪ ਆਪਣੀ ਮੇਹਰ ਦੀ ਨਜ਼ਰ ਕਰੇ ਤਾਂ (ਜਿੰਦ ਨੂੰ ਤ੍ਰਿਸ਼ਨਾ ਵਿਚੋਂ ਕੱਢ ਕੇ) ਆਪਣੇ ਵਿਚ ਮਿਲਾ ਲੈਂਦਾ ਹੈ ॥੨॥


ਪਉੜੀ ॥
ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ ॥

ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ ਉਹ ਮਨੁੱਖ ਨਿੱਤ ਪ੍ਰਭੂ ਨਾਲ ਇਕ-ਰੂਪ ਰਹਿੰਦੇ ਹਨ।

ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ ॥

ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਪ੍ਰਭੂ ਦਾ ਨਾਮ-ਰੂਪ ਵਣਜ ਕੀਤਾ ਹੈ।

ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ ॥

ਇਹ ਨਾਮ-ਰੂਪ ਸਉਦਾ ਹੈ ਤਾਂ ਸਾਰਾ ਮਨੁੱਖ ਦੇ ਹਿਰਦੇ ਵਿਚ ਹੀ, ਪਰ ਵਣਜਿਆ ਹੈ ਵੱਡੇ ਭਾਗਾਂ ਵਾਲਿਆਂ ਨੇ ਹੀ।

ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ ॥

(ਜਿਨ੍ਹਾਂ ਵਣਜਿਆ ਹੈ) ਪ੍ਰਭੂ ਦੇ ਗੁਣ ਗਾ ਕੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮਰ ਗਈ ਹੈ।

ਆਪੇ ਮੇਲਿ ਮਿਲਾਇਅਨੁ ਆਪੇ ਦੇਇ ਬੁਝਾਈ ॥੧੮॥

(ਇਹ ਨਾਮ-ਰੂਪ ਸਉਦਾ ਕਰਨ ਦੀ) ਮੱਤ ਪ੍ਰਭੂ ਹੀ ਦੇਂਦਾ ਹੈ, ਤੇ ਉਸ ਨੇ ਆਪ ਹੀ (ਨਾਮ ਦੇ ਵਪਾਰੀ ਆਪਣੇ) ਮੇਲ ਵਿਚ ਮਿਲਾਏ ਹਨ ॥੧੮॥


ਸਲੋਕ ਮ : ੧ ॥
ਵੇਲਿ ਪਿੰਞਾਇਆ ਕਤਿ ਵੁਣਾਇਆ ॥

(ਰੂੰ ਵੇਲਣੇ ਵਿਚ) ਵੇਲ ਕੇ ਪਿੰਞਾਈਦਾ ਹੈ, ਕੱਤ ਕੇ (ਕੱਪੜਾ) ਉਣਾਈਦਾ ਹੈ।

ਕਟਿ ਕੁਟਿ ਕਰਿ ਖੁੰਬਿ ਚੜਾਇਆ ॥

ਇਸ ਦੇ ਟੋਟੇ ਕਰ ਕੇ (ਧੁਆਣ ਲਈ) ਖੁੰਬ ਤੇ ਚੜ੍ਹਾਈਦਾ ਹੈ।

ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥

(ਇਸ ਕੱਪੜੇ ਨੂੰ) ਕੈਂਚੀ ਕਤਰਦੀ ਹੈ, ਦਰਜ਼ੀ ਇਸ ਨੂੰ ਪਾੜਦਾ ਹੈ, ਤੇ ਸੂਈ ਧਾਗਾ ਸਿਊਂਦਾ ਹੈ।

ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥

(ਜਿਵੇਂ ਇਹ ਕੱਟਿਆ ਪਾੜਿਆ ਹੋਇਆ ਕੱਪੜਾ ਸੂਈ ਧਾਗੇ ਨਾਲ ਸੀਪ ਜਾਂਦਾ ਹੈ) ਤਿਵੇਂ ਹੀ, ਹੇ ਨਾਨਕ! ਮਨੁੱਖ ਦੀ ਗੁਆਚੀ ਹੋਈ ਇੱਜ਼ਤ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਫਿਰ ਬਣ ਆਉਂਦੀ ਹੈ ਤੇ ਮਨੁੱਖ ਸੁਚੱਜਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ।

ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥

ਕੱਪੜਾ ਪੁਰਾਣਾ ਹੋ ਕੇ ਪਾਟ ਜਾਂਦਾ ਹੈ, ਸੂਈ ਧਾਗਾ ਇਸ ਨੂੰ ਗੰਢ ਦੇਂਦਾ ਹੈ,

ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥

(ਪਰ ਇਹ ਗੰਢਿਆ ਹੋਇਆ ਪੁਰਾਣਾ ਕੱਪੜਾ) ਕੋਈ ਮਹੀਨਾ ਅੱਧਾ ਮਹੀਨਾ ਤੱਗਦਾ ਨਹੀਂ, ਸਿਰਫ਼ ਘੜੀ ਦੋ ਘੜੀ (ਥੋੜਾ ਚਿਰ) ਹੀ ਹੰਢਦਾ ਹੈ;

ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥

(ਪਰ) ਪ੍ਰਭੂ ਦਾ ਨਾਮ (-ਰੂਪ ਪਟੋਲਾ) ਕਦੇ ਪੁਰਾਣਾ ਨਹੀਂ ਹੁੰਦਾ, ਸੀਤਾ ਹੋਇਆ ਕਦੇ ਪਾਟਦਾ ਨਹੀਂ (ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ)।

ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥

ਹੇ ਨਾਨਕ! ਪ੍ਰਭੂ-ਖਸਮ ਸਦਾ ਕਾਇਮ ਰਹਿਣ ਵਾਲਾ ਹੈ, ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰੀਏ ॥੧॥


ਮ : ੧ ॥
ਸਚ ਕੀ ਕਾਤੀ ਸਚੁ ਸਭੁ ਸਾਰੁ ॥

ਜੇ ਪ੍ਰਭੂ ਦੇ ਨਾਮ ਦੀ ਛੁਰੀ ਹੋਵੇ, ਪ੍ਰਭੂ ਦਾ ਨਾਮ ਹੀ (ਉਸ ਛੁਰੀ ਦਾ) ਸਾਰਾ ਲੋਹਾ ਹੋਵੇ,

ਘਾੜਤ ਤਿਸ ਕੀ ਅਪਰ ਅਪਾਰ ॥

ਉਸ ਛੁਰੀ ਦੀ ਘਾੜਤ ਬਹੁਤ ਸੁੰਦਰ ਹੁੰਦੀ ਹੈ;

ਸਬਦੇ ਸਾਣ ਰਖਾਈ ਲਾਇ ॥

ਇਹ ਛੁਰੀ ਸਤਿਗੁਰੂ ਦੇ ਸ਼ਬਦ ਦੀ ਸਾਣ ਤੇ ਰੱਖ ਕੇ ਤੇਜ਼ ਕੀਤੀ ਜਾਂਦੀ ਹੈ,

ਗੁਣ ਕੀ ਥੇਕੈ ਵਿਚਿ ਸਮਾਇ ॥

ਤੇ ਇਹ ਪ੍ਰਭੂ ਦੇ ਗੁਣਾਂ ਦੀ ਮਿਆਨ ਵਿਚ ਟਿਕੀ ਰਹਿੰਦੀ ਹੈ।

ਤਿਸ ਦਾ ਕੁਠਾ ਹੋਵੈ ਸੇਖੁ ॥

ਜੇ ਸ਼ੇਖ਼ ਇਸ ਛੁਰੀ ਦਾ ਕੁੱਠਾ ਹੋਇਆ ਹੋਵੇ (ਭਾਵ, ਜੇ ‘ਸ਼ੇਖ਼’ ਦਾ ਜੀਵਨ ਪ੍ਰਭੂ ਦੇ ਨਾਮ, ਸਤਿਗੁਰੂ ਦੇ ਸ਼ਬਦ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਘੜਿਆ ਹੋਇਆ ਹੋਵੇ)

ਲੋਹੂ ਲਬੁ ਨਿਕਥਾ ਵੇਖੁ ॥

ਤਾਂ ਉਸ ਦੇ ਅੰਦਰੋਂ ਲੱਬ-ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ।

ਹੋਇ ਹਲਾਲੁ ਲਗੈ ਹਕਿ ਜਾਇ ॥

ਇਸ ਤਰ੍ਹਾਂ ਹਲਾਲ ਹੋ ਕੇ (ਕੁੱਠਾ ਜਾ ਕੇ) ਉਹ ਪ੍ਰਭੂ ਵਿਚ ਜੁੜਦਾ ਹੈ,

ਨਾਨਕ ਦਰਿ ਦੀਦਾਰਿ ਸਮਾਇ ॥੨॥

ਤੇ, ਹੇ ਨਾਨਕ! ਪ੍ਰਭੂ ਦੇ ਦਰ ਤੇ (ਅੱਪੜ ਕੇ) ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦਾ ਹੈ ॥੨॥


ਮ : ੧ ॥
ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥

ਲੱਕ ਦੁਆਲੇ ਸੋਹਣੀ ਜਿਹੀ ਕਟਾਰ ਹੋਵੇ ਤੇ ਸੋਹਣੇ ਘੋੜੇ ਦਾ ਸੁਆਰ ਹੋਵੇ,

ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥

(ਫਿਰ ਭੀ) ਹੇ ਨਾਨਕ! ਮਾਣ ਨਾਹ ਕਰੀਏ, (ਕੀਹ ਪਤਾ ਹੈ) ਮਤਾਂ ਸਿਰ-ਭਾਰ ਡਿੱਗ ਪਏ ॥੩॥


ਪਉੜੀ ॥
ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸਾਧ ਸੰਗਤ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਜੁੜਦਾ ਹੈ।

ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥

ਜਿਨ੍ਹਾਂ ਮਨੁੱਖਾਂ ਦੇ ਪੱਲੇ ਪ੍ਰਭੂ ਦਾ ਨਾਮ-ਰੂਪ ਧਨ ਹੈ (ਜ਼ਿੰਦਗੀ ਦੇ ਸਫ਼ਰ ਲਈ) ਖ਼ਰਚ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਸਿਮਰਦੇ ਹਨ ਤੇ ਉਸੇ ਦਾ ਰੂਪ ਹੋ ਜਾਂਦੇ ਹਨ।

ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥

ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਸੋਹਣੇ ਲੱਗਦੇ ਹਨ, ਸਤਿਗੁਰੂ ਦੀ ਮੱਤ ਲੈ ਕੇ ਉਹ ਅਡੋਲ ਹੋ ਜਾਂਦੇ ਹਨ।

ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥

ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਉਹਨਾਂ ਦੇ ਮਨ ਵਿਚ ਪ੍ਰਭੂ ਦੇ ਸ੍ਰੇਸ਼ਟ ਨਾਮ ਦੀ ਵਿਚਾਰ ਆ ਵੱਸਦੀ ਹੈ।

ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥

(ਭਗਤ ਜਨਾਂ ਨੂੰ) ਪ੍ਰਭੂ ਆਪ ਹੀ ਆਪਣੇ ਵਿਚ ਮਿਲਾਂਦਾ ਹੈ, ਆਪ ਹੀ ਉਹਨਾਂ ਨੂੰ ਸੋਭਾ ਦੇਂਦਾ ਹੈ ॥੧੯॥


ਸਲੋਕ ਮ : ੩ ॥
ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥

ਹਰੇਕ ਜੀਵ ਆਸਾਂ ਵਿਚ (ਫਸਿਆ ਪਿਆ) ਹੈ (ਭਾਵ, ਨਿੱਤ ਨਵੀਆਂ ਆਸਾਂ ਬਣਾਂਦਾ ਰਹਿੰਦਾ ਹੈ), ਕੋਈ ਵਿਰਲਾ ਮਨੁੱਖ ਹੈ ਜੋ ਆਸਾਂ ਤੋਂ ਬਚਿਆ ਰਹਿੰਦਾ ਹੈ।

ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥

ਹੇ ਨਾਨਕ! ਜੋ ਮਨੁੱਖ ਆਸਾਂ ਵਲੋਂ ਹਟ ਕੇ (ਪ੍ਰਭੂ ਦੇ ਸਿਮਰਨ ਵਿਚ) ਜੀਵਨ ਗੁਜ਼ਾਰਦਾ ਹੈ ਉਸ ਦਾ ਆਉਣਾ ਸਫਲ ਹੈ ॥੧॥


ਮ : ੩ ॥
ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥

‘ਆਸਾ’ ਦੇ ਹੱਥ ਵਿਚ ਕੋਈ ਤਾਕਤ ਨਹੀਂ (ਕਿ ਜੀਵਾਂ ਨੂੰ ਫਸਾ ਸਕੇ; ਸੋ, ਆਪਣੇ ਉੱਦਮ ਨਾਲ ਭੀ) ਮਨੁੱਖ ‘ਆਸਾ’ ਤੋਂ ਨਹੀਂ ਬਚ ਸਕਦਾ।

ਕਿਆ ਕਰੇ ਏਹ ਬਪੁੜੀ ਜਾਂ ਭੁੋਲਾਏ ਸੋਇ ॥੨॥

ਇਹ ਵਿਚਾਰੀ ‘ਆਸਾ’ ਕੀਹ ਕਰ ਸਕਦੀ ਹੈ? ਭੁਲਾਉਂਦਾ ਤਾਂ ਉਹ ਪ੍ਰਭੂ ਆਪ ਹੈ ॥੨॥


ਪਉੜੀ ॥
ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥

ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਜੀਊਣਾ ਫਿਟਕਾਰ-ਜੋਗ ਹੈ।

ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥

ਪ੍ਰਭੂ ਹੀ (ਸਭ ਦਾ) ਦਾਤਾ ਹੈ ਸਭ ਦਾਤਾਂ ਦੇਣ ਵਾਲਾ ਹੈ; ਸੋ, ਉਸ ਦਾ ਇਹ (ਨਾਮ-) ਧਨ ਹੀ (ਐਸਾ ਹੈ ਜੋ) ਕਦੇ ਨਾਸ ਹੋਣ ਵਾਲਾ ਨਹੀਂ।

ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥

ਉਹੀ ਮਨੁੱਖ ਪਵਿਤ੍ਰ (ਜੀਵਨ ਵਾਲਾ) ਹੈ ਜੋ (ਪ੍ਰਭੂ ਨੂੰ) ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ।

ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥

ਜੀਭ ਨਾਲ ਉਸ ਇਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਦਾ ਹੈ ਤੇ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ।

ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥

ਨਾਨਕ ਉਸ ਪ੍ਰਭੂ ਤੋਂ ਸਦਕੇ ਹੈ ਜੋ ਸਾਰਿਆਂ ਵਿਚ ਵਿਆਪਕ ਹੈ ॥੨੦॥


ਸਲੋਕੁ ਮ : ੧ ॥
ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥

(ਗੁਰੂ-) ਸਰੋਵਰ ਅਤੇ (ਗੁਰਮੁਖ-) ਹੰਸ ਦਾ ਜੋੜ ਮੁੱਢੋਂ ਹੀ ਚਲਿਆ ਆਉਂਦਾ ਹੈ, ਖਸਮ-ਪ੍ਰਭੂ ਨੂੰ ਇਹੀ ਗੱਲ ਚੰਗੀ ਲੱਗਦੀ ਹੈ।

ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥

ਹੰਸਾਂ (ਗੁਰਮੁਖਾਂ) ਦੀ ਖ਼ੁਰਾਕ (ਪ੍ਰਭੂ ਦੀ ਸਿਫ਼ਤ-ਸਾਲਾਹ-ਰੂਪ) ਹੀਰੇ ਮੋਤੀ ਹੈ ਜੋ (ਗੁਰੂ-) ਸਰੋਵਰ ਵਿਚ ਮਿਲਦੇ ਹਨ।

ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥

ਕਾਂ ਤੇ ਬਗੁਲਾ (ਮਨਮੁਖ) ਭਾਵੇਂ ਕਿਤਨਾ ਹੀ ਸਿਆਣਾ ਹੋਵੇ ਓਥੇ (ਗੁਰੂ ਦੀ ਸੰਗਤ ਵਿਚ) ਨਹੀਂ ਰਹਿ ਸਕਦਾ,

ਓਨਾ ਰਿਜਕੁ ਨ ਪਇਓ ਓਥੈ ਓਨ੍ਰਾ ਹੋਰੋ ਖਾਣਾ ॥

(ਕਿਉਂਕਿ) ਉਹਨਾਂ (ਕਾਂ ਬਗੁਲੇ ਮਨਮੁਖਾਂ) ਦੀ ਖ਼ੁਰਾਕ ਓਥੇ ਨਹੀਂ ਹੈ, ਉਹਨਾਂ ਦੀ ਖ਼ੁਰਾਕ ਵੱਖਰੀ ਹੀ ਹੁੰਦੀ ਹੈ।

ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥

ਜੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਬੰਦਗੀ-ਰੂਪ ਕਮਾਈ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲਦਾ ਹੈ, (ਪਰ) ਕੂੜ ਦੀ ਖੱਟੀ ਦਾ ਮਾਣ ਕੂੜਾ ਹੀ ਹੈ।

ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥

(ਪਰ ਇਹਨਾਂ ਮਨਮੁਖਾਂ ਦੇ ਕੀਹ ਵੱਸ?) ਹੇ ਨਾਨਕ! ਜਿਨ੍ਹਾਂ ਨੂੰ ਧੁਰੋਂ ਪ੍ਰਭੂ ਦੀ ਆਗਿਆ ਮਿਲੀ ਹੈ ਉਹਨਾਂ ਨੂੰ ਹੀ ਸਤਿਗੁਰੂ (-ਸਰੋਵਰ) ਮਿਲਦਾ ਹੈ ॥੧॥


ਮ : ੧ ॥
ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥

ਮੇਰਾ ਮਾਲਕ (-ਪ੍ਰਭੂ) ਪਵਿਤ੍ਰ ਹੈ ਜੋ ਕੋਈ ਭੀ ਉਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ (ਉਹ ਭੀ ਪਵਿਤ੍ਰ ਹੋ ਜਾਂਦਾ ਹੈ)।

ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥

ਹੇ ਨਾਨਕ! ਜੋ ਪ੍ਰਭੂ ਸਦਾ ਹੀ (ਜੀਵਾਂ ਨੂੰ ਦਾਤਾਂ) ਦੇਂਦਾ ਹੈ ਉਸ ਨੂੰ ਸਿਮਰਨਾ ਚਾਹੀਦਾ ਹੈ।

ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥

ਹੇ ਨਾਨਕ! ਉਸ ਪ੍ਰਭੂ ਨੂੰ ਹੀ ਸਿਮਰਨਾ ਚਾਹੀਦਾ ਹੈ ਜਿਸ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ,

ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥

ਅਉਗਣ ਦੂਰ ਹੋ ਜਾਂਦੇ ਹਨ, ਗੁਣ (ਹਿਰਦੇ ਵਿਚ) ਵੱਸ ਪੈਂਦੇ ਹਨ ਤੇ ਸੁਖ ਮਨ ਵਿਚ ਆ ਵੱਸਦਾ ਹੈ ॥੨॥


ਪਉੜੀ ॥
ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥

(ਸ੍ਰਿਸ਼ਟੀ ਵਿਚ) ਪ੍ਰਭੂ ਆਪ ਹੀ (ਹਰ ਥਾਂ) ਮੌਜੂਦ ਹੈ ਉਸ ਨੇ ਆਪ ਹੀ ਤਾੜੀ ਲਾਈ ਹੋਈ ਹੈ (ਭਾਵ, ਆਪ ਹੀ ਗੁਪਤ ਵਰਤ ਰਿਹਾ ਹੈ)।

ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥

(ਗੁਰੂ-ਰੂਪ ਹੋ ਕੇ) ਆਪ ਹੀ (ਜੀਵਾਂ ਨੂੰ) ਉਪਦੇਸ਼ ਦੇ ਰਿਹਾ ਹੈ, ਗੁਰੂ ਦੀ ਰਾਹੀਂ ਆਪ ਹੀ ਉਸ ਨੇ ਸ੍ਰਿਸ਼ਟੀ ਨੂੰ ਪਤਿਆਇਆ ਹੈ।

ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥

ਕਈ ਜੀਵ ਉਸ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ ਤੇ ਕਈ ਜੀਵ ਉਸ ਨੇ ਬੰਦਗੀ ਵਿਚ ਲਾਏ ਹੋਏ ਹਨ।

ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਅਨੁ ॥

ਪ੍ਰਭੂ ਆਪ ਜਿਸ ਜੀਵ ਨੂੰ ਸਮਝ ਦੇਂਦਾ ਹੈ ਉਹ ਹੀ (ਸਹੀ ਰਸਤੇ ਨੂੰ) ਸਮਝਦਾ ਹੈ, ਉਸ ਨੇ ਆਪ ਹੀ (ਸ੍ਰਿਸ਼ਟੀ) ਆਪਣੇ ਨਾਮ ਵਿਚ ਲਾਈ ਹੈ।

ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ ॥

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਹੈ ॥੨੧॥੧॥ਸੁਧੁ ॥


ਸਲੋਕ ਮ : ੫ ॥
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥

ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ (ਅੱਖੀਂ) ਵੇਖ ਲਿਆ ਹੈ।

ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥

ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ।

ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥

ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ (ਜੀਵ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ ਉਸ ਦਾ) ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ।

ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥

ਪਰ, ਹੇ ਨਾਨਕ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ ॥੧॥


ਮ : ੫ ॥
ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥

ਜੇ ਇਕ ਪ੍ਰਭੂ ਮਿਤ੍ਰ ਬਣ ਜਾਏ ਤਾਂ ਸਾਰੇ ਜੀਵ ਮਿੱਤ੍ਰ ਬਣ ਜਾਂਦੇ ਹਨ; ਪਰ ਜੇ ਇਕ ਅਕਾਲ ਪੁਰਖ ਵੈਰੀ ਹੋ ਜਾਏ ਤਾਂ ਸਾਰੇ ਜੀਵ ਵੈਰੀ ਬਣ ਜਾਂਦੇ ਹਨ (ਭਾਵ, ਇਕ ਪ੍ਰਭੂ ਨੂੰ ਮਿੱਤ੍ਰ ਬਣਾਇਆਂ ਸਾਰੇ ਜੀਵ ਪਿਆਰੇ ਲੱਗਦੇ ਹਨ, ਤੇ ਪ੍ਰਭੂ ਤੋਂ ਵਿੱਛੁੜਿਆਂ ਜਗਤ ਦੇ ਸਾਰੇ ਜੀਵਾਂ ਨਾਲੋਂ ਵਿੱਥ ਪੈ ਜਾਂਦੀ ਹੈ)।

ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥

ਇਹ ਗੱਲ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਕਿ ਨਾਮ ਸਿਮਰਨ ਤੋਂ ਬਿਨਾ (ਪ੍ਰਭੂ ਨੂੰ ਸੱਜਣ ਬਣਾਉਣ ਤੋਂ ਬਿਨਾ) ਹੋਰ ਹਰੇਕ ਕਾਰ ਵਿਅਰਥ ਹੈ।

ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥

(ਕਿਉਂਕਿ) ਰੱਬ ਤੋਂ ਟੁੱਟੇ ਹੋਏ ਵਿਕਾਰੀ ਬੰਦੇ ਜੋ ਮਾਇਆ ਦੇ ਸੁਆਦ ਵਿਚ ਮਸਤ ਰਹਿੰਦੇ ਹਨ ਉਹ ਭਟਕਦੇ ਫਿਰਦੇ ਹਨ।

ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥

ਦਾਸ ਨਾਨਕ ਨੇ ਸਤਿਗੁਰੂ ਦੀ ਮੇਹਰ ਦਾ ਸਦਕਾ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੨॥
1
2
3
4
5
6
7
8