ਰਾਗ ਮਾਝ – ਬਾਣੀ ਸ਼ਬਦ-Raag Majh – Bani

ਰਾਗ ਮਾਝ – ਬਾਣੀ ਸ਼ਬਦ-Raag Majh – Bani

ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪ ॥

ਰਾਗ ਮਾਝ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥

ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਪਰਮਾਤਮਾ ਮੈਨੂੰ ਮਨ ਵਿਚ ਪਿਆਰਾ ਲੱਗ ਰਿਹਾ ਹੈ।

ਵਡਭਾਗੀ ਹਰਿ ਨਾਮੁ ਧਿਆਇਆ ॥

ਵੱਡੇ ਭਾਗਾਂ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ।

ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥੧॥

ਪਰਮਾਤਮਾ ਦਾ ਨਾਮ ਸਿਮਰਨ ਦੀ ਇਹ ਸਫਲਤਾ ਮੈਂ ਪੂਰੇ ਗੁਰੂ ਦੀ ਰਾਹੀਂ ਹਾਸਲ ਕੀਤੀ ਹੈ (ਜਿਸ ਉਤੇ ਗੁਰੂ ਦੀ ਮਿਹਰ ਹੋਵੇ, ਉਸ ਨੂੰ ਇਹ ਦਾਤ ਮਿਲਦੀ ਹੈ) ਕੋਈ ਵਿਰਲਾ (ਵਡਭਾਗੀ) ਗੁਰੂ ਦੀ ਮਤਿ ਉਤੇ ਤੁਰਦਾ ਹੈ (ਤੇ ਨਾਮ ਸਿਮਰਦਾ ਹੈ) ॥੧॥

ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ ॥

(ਪੂਰੇ ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦਾ ਨਾਮ (ਆਪਣੇ ਜੀਵਨ-ਸਫ਼ਰ ਵਾਸਤੇ) ਖ਼ਰਚ ਪੱਲੇ ਬੰਨ੍ਹ ਲਿਆ ਹੈ।

ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥

ਇਹ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣ ਗਿਆ ਹੈ, (ਹੁਣ ਇਹ) ਸਦਾ ਮੇਰੇ ਨਾਲ ਰਹਿੰਦਾ ਹੈ (ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ)।

ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਉ ॥੨॥

ਪੂਰੇ ਗੁਰੂ ਨੇ (ਇਹ) ਹਰਿ-ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾ ਦਿੱਤਾ ਹੈ, ਹਰਿ-ਨਾਮ ਧਨ ਮੇਰੇ ਪਾਸ ਹੁਣ ਸਦਾ ਟਿਕੇ ਰਹਿਣ ਵਾਲਾ ਧਨ ਹੋ ਗਿਆ ਹੈ ॥੨॥

ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥

ਪਰਮਾਤਮਾ (ਹੀ) ਮੇਰਾ (ਅਸਲ) ਸੱਜਣ ਹੈ, ਪਰਮਾਤਮਾ ਹੀ ਮੇਰਾ ਪ੍ਰੀਤਮ ਪਾਤਿਸ਼ਾਹ ਹੈ, ਮੈਨੂੰ ਆਤਮਕ ਜੀਵਨ ਦੇਣ ਵਾਲਾ ਹੈ।

ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥

(ਮੇਰੀ ਹਰ ਵੇਲੇ ਤਾਂਘ ਹੈ ਕਿ) ਕੋਈ (ਗੁਰਮੁਖ ਉਹ ਪ੍ਰੀਤਮ) ਲਿਆ ਕੇ ਮੈਨੂੰ ਮਿਲਾ ਦੇਵੇ।

ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥

ਹੇ ਮੇਰੇ ਪ੍ਰੀਤਮ ਪ੍ਰਭੂ! ਮੈਂ ਤੇਰਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਤੇਰੇ ਵਿਛੋੜੇ ਵਿਚ ਮੇਰੀਆਂ ਅੱਖਾਂ ਵਿਚੋਂ ਬਿਰਹੋਂ ਦਾ) ਪਾਣੀ ਇਕ-ਸਾਰ ਚੱਲ ਪੈਂਦਾ ਹੈ ॥੩॥

ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥

ਹੇ ਮੇਰੀ ਮਾਂ! ਗੁਰੂ ਮੇਰਾ (ਅਜੇਹਾ) ਮਿਤ੍ਰ ਹੈ (ਜਿਵੇਂ) ਬਚਪਨ ਦਾ ਸਾਥੀ ਹੈ।

ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥

ਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਮੈਨੂੰ ਧੀਰਜ ਨਹੀਂ ਆਉਂਦੀ)।

ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥੪॥੧॥

ਹੇ ਦਾਸ ਨਾਨਕ! (ਆਖ-) ਹੇ ਪ੍ਰਭੂ ਜੀ! ਜਿਸ ਉਤੇ ਤੁਸੀ ਕਿਰਪਾ ਕਰਦੇ ਹੋ, ਉਸ ਨੂੰ ਗੁਰੂ ਮਿਲਾਂਦੇ ਹੋ, ਤੇ ਉਸ ਦੇ ਪੱਲੇ ਹਰਿ-ਨਾਮ ਧਨ ਇਕੱਠਾ ਹੋ ਜਾਂਦਾ ਹੈ ॥੪॥੧॥


ਮਾਝ ਮਹਲਾ ੪ ॥
ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥

ਪਰਮਾਤਮਾ ਮੇਰੇ ਮਨ ਦਾ ਆਸਰਾ ਹੈ, ਮੇਰੇ ਸਰੀਰ ਦਾ (ਗਿਆਨ-ਇੰਦ੍ਰਿਆਂ ਦਾ) ਆਸਰਾ ਹੈ।

ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ ॥

ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮੈਂ (ਜੀਵਨ-ਆਸਰਾ) ਨਹੀਂ ਜਾਣਦਾ।

ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥੧॥

ਮੇਰੇ ਵਡੇ ਭਾਗਾਂ ਨੂੰ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਪਏ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ ॥੧॥

ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ॥

ਮੈਂ ਭਾਲ ਕਰ ਕੇ ਤੇ ਭਾਲ ਕਰਾ ਕੇ ਆਪਣਾ ਮਨ ਖੋਜਦਾ ਹਾਂ ਆਪਣਾ ਸਰੀਰ ਖੋਜਦਾ ਹਾਂ।

ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥

(ਇਸ ਖ਼ਾਤਰ ਕਿ) ਹੇ ਮੇਰੀ ਮਾਂ! ਕਿਵੇਂ ਮੈਨੂੰ ਪਿਆਰਾ ਪ੍ਰੀਤਮ ਪ੍ਰਭੂ ਮਿਲ ਪਏ।

ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥੨॥

ਸਾਧ ਸੰਗਤਿ ਵਿਚ (ਭੀ) ਮਿਲ ਕੇ (ਉਸ ਪ੍ਰੀਤਮ ਦਾ) ਪਤਾ ਪੁੱਛਦਾ ਹਾਂ (ਕਿਉਂਕਿ ਉਹ) ਹਰਿ-ਪ੍ਰਭੂ ਸਾਧ ਸੰਗਤਿ ਵਿਚ ਵੱਸਦਾ ਹੈ ॥੨॥

ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥

(ਹੇ ਪ੍ਰਭੂ!) ਮੈਨੂੰ ਪਿਆਰਾ ਪ੍ਰੀਤਮ ਗੁਰੂ ਮਿਲਾ (ਵਿਕਾਰਾਂ ਤੋਂ ਉਹੀ ਮੇਰੀ) ਰਾਖੀ ਕਰਨ ਵਾਲਾ (ਹੈ)।

ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥

(ਹੇ ਪ੍ਰਭੂ!) ਅਸੀਂ ਤੇਰੇ ਅੰਞਾਣ ਬੱਚੇ ਹਾਂ। ਸਾਡੀ ਰੱਖਿਆ ਕਰ।

ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥

ਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ) ॥੩॥

ਮੈ ਬਿਨੁ ਗੁਰ ਦੇਖੇ ਨੀਦ ਨ ਆਵੈ ॥

ਹੇ ਹਰੀ! ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ।

ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥

ਗੁਰੂ ਤੋਂ ਵਿਛੋੜਾ (ਇਕ ਐਸੀ) ਪੀੜਾ (ਹੈ ਜੋ ਸਦਾ) ਮੇਰੇ ਮਨ ਵਿਚ ਮੇਰੇ ਤਨ ਵਿਚ ਲੱਗੀ ਰਹਿੰਦੀ ਹੈ।

ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ ॥੪॥੨॥

ਹੇ ਹਰੀ! (ਮੇਰੇ ਉਤੇ) ਮਿਹਰ ਕਰ (ਮੈਨੂੰ) ਗੁਰੂ ਮਿਲਾ। ਹੇ ਦਾਸ ਨਾਨਕ! (ਆਪ-) ਗੁਰੂ ਨੂੰ ਮਿਲ ਕੇ (ਮਨ) ਖਿੜ ਪੈਂਦਾ ਹੈ ॥੪॥੨॥


ਮਾਝ ਮਹਲਾ ੪ ॥
ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥

(ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ,

ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥

ਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ।

ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥

ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ (ਸਿਫ਼ਤ-ਸਾਲਾਹ) ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ (ਸਿਫ਼ਤ-ਸਾਲਾਹ ਤੋਂ ਬਿਨਾ) ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ ॥੧॥

ਆਉ ਸਖੀ ਹਰਿ ਮੇਲੁ ਕਰੇਹਾ ॥

ਹੇ ਸਤਸੰਗੀ ਮਿਤ੍ਰ! ਆਉ, ਪਰਮਾਤਮਾ (ਦੀ ਪ੍ਰਾਪਤੀ) ਵਾਲਾ ਸਤਸੰਗ ਬਣਾਈਏ।

ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥

ਜੇਹੜਾ ਗੁਰਮੁਖਿ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ,

ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥

ਮੈਨੂੰ ਪਰਮਾਤਮਾ (ਦਾ ਥਹੁ-ਪਤਾ) ਦੱਸੇ ਉਹੀ ਮੇਰਾ ਮਿਤ੍ਰ ਹੈ ਮੇਰਾ ਸਾਥੀ ਹੈ, ਮੇਰਾ ਸੱਜਣ ਹੈ ਮੇਰਾ ਭਰਾ ਹੈ ॥੨॥

ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥

(ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈ

ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥

ਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ।

ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥੩॥

(ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ-) ਹੇ ਪੂਰੇ ਸਤਿਗੁਰੂ! ਮੈਨੂੰ (ਆਪਣਾ) ਉਪਦੇਸ਼ ਦੇਹ (ਇਹੀ) ਦਵਾਈ (ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ)। ਹੇ ਪੂਰੇ ਸਤਿਗੁਰੂ! ਮੈਨੂੰ ਪਰਮਾਤਮਾ ਦੇ ਨਾਮ ਵਿਚ (ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੩॥

ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥

ਹੇ ਦਾਸ ਨਾਨਕ! (ਆਖ-) ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ।

ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥

(ਗੁਰੂ ਦੀ ਕਿਰਪਾ ਨਾਲ ਅਸਾਂ) ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ (ਜਿਵੇਂ ਚਾਤ੍ਰਿਕ ਸ੍ਵਾਂਤੀ) ਬੂੰਦ (ਮੂੰਹ ਵਿਚ ਪਾਂਦਾ ਹੈ)।

ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥

ਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ (ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ) ॥੪॥੩॥


ਮਾਝ ਮਹਲਾ ੪ ॥
ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥

ਹੇ ਹਰੀ ਜਨੋ! ਹੇ ਸੰਤ ਜਨੋ! ਹੇ ਮੇਰੇ ਭਰਾਵੋ! (ਮੈਨੂੰ) ਮਿਲੋ,

ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ ॥

ਮੈਨੂੰ ਮੇਰੇ ਹਰੀ ਪਰਮਾਤਮਾ ਦੀ ਦੱਸ ਪਾਵੋ, ਮੈਨੂੰ (ਉਸ ਦੇ ਦੀਦਾਰ ਦੀ) ਭੁੱਖ ਲੱਗੀ ਹੋਈ ਹੈ।

ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥੧॥

ਹੇ ਜਗਤ ਦੇ ਜੀਵਨ ਪ੍ਰਭੂ! ਹੇ ਦਾਤਾਰ! ਹੇ ਹਰੀ! ਮੇਰੀ ਇਹ ਸਰਧਾ ਪੂਰੀ ਕਰ ਕਿ ਤੇਰੇ ਦੀਦਾਰ ਵਿਚ ਲੀਨ ਹੋ ਕੇ ਮੇਰਾ ਮਨ (ਤੇਰੇ ਨਾਮ-ਅੰਮ੍ਰਿਤ ਨਾਲ) ਤਰੋ-ਤਰ ਹੋ ਜਾਏ ॥੧॥

ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥

(ਮੇਰਾ ਮਨ ਲੋਚਦਾ ਹੈ ਕਿ) ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਾਂ।

ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਮੇਰੇ ਮਨ ਵਿਚ ਪਿਆਰੀਆਂ ਲੱਗ ਰਹੀਆਂ ਹਨ।

ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥੨॥

ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਜਲ ਮੇਰੇ ਮਨ ਵਿਚ ਚੰਗਾ ਲਗ ਰਿਹਾ ਹੈ। ਇਹ ਨਾਮ-ਜਲ ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ ॥੨॥

ਵਡਭਾਗੀ ਹਰਿ ਸੰਗਤਿ ਪਾਵਹਿ ॥

ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦਾ ਮਿਲਾਪ ਕਰਾਣ ਵਾਲੀ ਸਾਧ ਸੰਗਤਿ ਪ੍ਰਾਪਤ ਕਰਦੇ ਹਨ।

ਭਾਗਹੀਨ ਭ੍ਰਮਿ ਚੋਟਾ ਖਾਵਹਿ ॥

ਪਰ ਨਿਭਾਗੇ ਬੰਦੇ ਭਟਕਣਾ ਪੈ ਕੇ ਚੋਟਾਂ ਖਾਂਦੇ ਹਨ (ਵਿਕਾਰਾਂ ਦੀਆਂ ਸੱਟਾਂ ਸਹਾਰਦੇ ਹਨ)।

ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥

ਚੰਗੀ ਕਿਸਮਤ ਤੋਂ ਬਿਨਾ ਸਾਧ ਸੰਗਤਿ ਨਹੀਂ ਮਿਲਦੀ। ਸਾਧ ਸੰਗਤਿ ਤੋਂ ਬਿਨਾ (ਮਨੁੱਖ ਦਾ ਮਨ ਵਿਕਾਰਾਂ ਦੀ) ਮੈਲ ਨਾਲ ਲਿਬੜਿਆ ਰਹਿੰਦਾ ਹੈ ॥੩॥

ਮੈ ਆਇ ਮਿਲਹੁ ਜਗਜੀਵਨ ਪਿਆਰੇ ॥

ਹੇ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਪ੍ਰਭੂ! ਆ ਕੇ ਮੈਨੂੰ ਮਿਲ।

ਹਰਿ ਹਰਿ ਨਾਮੁ ਦਇਆ ਮਨਿ ਧਾਰੇ ॥

ਹੇ ਹਰੀ! ਆਪਣੇ ਮਨ ਵਿਚ ਦਇਆ ਧਾਰ ਕੇ ਮੈਨੂੰ ਆਪਣਾ ਨਾਮ ਦੇਹ।

ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥੪॥੪॥

ਹੇ ਦਾਸ ਨਾਨਕ! (ਆਖ-) ਗੁਰੂ ਦੀ ਮਤਿ ਦੀ ਬਰਕਤਿ ਨਾਲ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ, ਉਸ ਦਾ ਮਨ (ਸਦਾ) ਨਾਮ ਵਿਚ ਹੀ ਭਿੱਜਿਆ ਰਹਿੰਦਾ ਹੈ ॥੪॥੪॥


ਮਾਝ ਮਹਲਾ ੪ ॥
ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ ॥

ਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ।

ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ ॥

ਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ।

ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥

(ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ ॥੧॥

ਆਵਹੁ ਸੰਤ ਮੈ ਗਲਿ ਮੇਲਾਈਐ ॥

ਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ,

ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥

ਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ।

ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥੨॥

ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ। ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ॥੨॥

ਵਡਭਾਗੀ ਹਰਿ ਸੰਤੁ ਮਿਲਾਇਆ ॥

ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ,

ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ ॥

ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ।

ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥

ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥

ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥

ਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ,

ਮਲੁ ਹਉਮੈ ਬਿਖਿਆ ਸਭ ਨਿਵਾਰੀ ॥

ਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ।

ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥

ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ ॥੪॥੫॥


ਮਾਝ ਮਹਲਾ ੪ ॥
ਹਉ ਗੁਣ ਗੋਵਿੰਦ ਹਰਿ ਨਾਮੁ ਧਿਆਈ ॥

(ਮੇਰੀ ਅਰਦਾਸਿ ਹੈ ਕਿ) ਮੈਂ ਗੋਬਿੰਦ ਦੇ ਗੁਣ ਗਾਵਾਂ, ਮੈਂ ਹਰੀ ਦਾ ਨਾਮ ਸਿਮਰਾਂ,

ਮਿਲਿ ਸੰਗਤਿ ਮਨਿ ਨਾਮੁ ਵਸਾਈ ॥

ਤੇ ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਵਾਂ।

ਹਰਿ ਪ੍ਰਭ ਅਗਮ ਅਗੋਚਰ ਸੁਆਮੀ ਮਿਲਿ ਸਤਿਗੁਰ ਹਰਿ ਰਸੁ ਕੀਚੈ ਜੀਉ ॥੧॥

ਹੇ ਹਰੀ! ਹੇ ਪ੍ਰਭੂ! ਹੇ ਅਪਹੁੰਚ (ਪ੍ਰਭੂ)! ਹੇ ਅਗੋਚਰ (ਪ੍ਰਭੂ)! ਹੇ ਸੁਆਮੀ! (ਜੇ ਤੇਰੀ ਮਿਹਰ ਹੋਵੇ ਤਾਂ) ਸਤਿਗੁਰੂ ਨੂੰ ਮਿਲ ਕੇ ਤੇਰੇ ਨਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ ॥੧॥

ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥

ਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।

ਜਾਇ ਪੁਛਾ ਜਨ ਹਰਿ ਕੀ ਬਾਤਾ ॥

(ਮੇਰਾ ਜੀ ਲੋਚਦਾ ਹੈ ਕਿ) ਮੈਂ ਉਹਨਾਂ ਹਰਿ-ਜਨਾਂ ਕੋਲ ਜਾ ਕੇ ਹਰੀ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।

ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥੨॥

ਮੈ ਉਹਨਾਂ ਦੇ ਪੈਰ ਘੁੱਟਾਂ, (ਉਹਨਾਂ ਦੇ ਪੈਰ) ਮਲ ਮਲ ਕੇ ਧੋਵਾਂ। ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੨॥

ਸਤਿਗੁਰ ਦਾਤੈ ਨਾਮੁ ਦਿੜਾਇਆ ॥

(ਨਾਮ ਦੀ ਦਾਤਿ) ਦੇਣ ਵਾਲੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,

ਵਡਭਾਗੀ ਗੁਰ ਦਰਸਨੁ ਪਾਇਆ ॥

ਵੱਡੇ ਭਾਗਾਂ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ।

ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥

ਹੁਣ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ (ਮੂੰਹੋਂ) ਉਚਾਰਦਾ ਹਾਂ। ਪੂਰੇ ਗੁਰੂ ਦੀ ਰਾਹੀਂ (ਹੀ) ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ਜਾ ਸਕਦਾ ਹੈ ॥੩॥

ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ ॥

ਹੇ ਹਰੀ! ਮੈਨੂੰ ਸਾਧ ਸੰਗਤਿ ਮਿਲਾ, ਮੈਨੂੰ ਸਤਿਗੁਰੂ ਮਿਲਾ।

ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ ॥

ਸਾਧ ਸੰਗਤਿ ਵਿਚ ਮਿਲ ਕੇ ਹੀ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।

ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥

ਹੇ ਨਾਨਕ! (ਅਰਦਾਸ ਕਰ ਕਿ ਸਾਧ ਸੰਗਤਿ ਵਿਚ ਮਿਲ ਕੇ ਗੁਰੁ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਰਹਾਂ ਤੇ ਮੂੰਹੋਂ ਬੋਲਦਾ ਰਹਾਂ। ਗੁਰੂ ਦੀ ਮਤਿ ਲੈ ਕੇ (ਮਨ) ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ ॥੪॥੬॥


ਮਾਝ ਮਹਲਾ ੪ ॥
ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥

ਹੇ ਪਿਆਰੀ ਭੈਣੋ! (ਹੇ ਸਤਸੰਗੀਹੋ!) ਤੁਸੀ ਆਵੋ ਤੇ ਰਲ ਕੇ ਬੈਠੋ।

ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥

ਜੇਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਇਗੀ, ਮੈਂ ਉਸ ਤੋਂ ਸਦਕੇ ਜਾਵਾਂਗੀ।

ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥

ਸਾਧ ਸੰਗਤਿ ਵਿਚ ਮਿਲ ਕੇ (ਗੁਰੂ ਦੀ ਰਾਹੀਂ) ਮੈਂ ਸੱਜਣ ਪ੍ਰਭੂ ਲੱਭਾ ਹੈ, ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ ॥੧॥

ਜਹ ਜਹ ਦੇਖਾ ਤਹ ਤਹ ਸੁਆਮੀ ॥

ਹੇ ਸੁਆਮੀ! ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਹੀ ਤੂੰ ਹੈਂ।

ਤੂ ਘਟਿ ਘਟਿ ਰਵਿਆ ਅੰਤਰਜਾਮੀ ॥

ਹੇ ਅੰਤਰਜਾਮੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।

ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥

ਮੈਂ ਪੂਰੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਮੇਰੇ ਨਾਲ ਵੱਸਦਾ ਵਿਖਾ ਦਿੱਤਾ ਹੈ ॥੨॥

ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥

(ਹੇ ਭਾਈ!) (ਸਾਰੇ ਸਰੀਰਾਂ ਵਿਚ) ਇਕੋ ਹੀ ਹਵਾ (ਸੁਆਸ) ਹੈ, ਮਿੱਟੀ ਤੱਤ ਭੀ ਸਾਰੇ ਸਰੀਰਾਂ ਦਾ ਇਕੋ ਹੀ ਹੈ ਤੇ ਸਾਰੇ ਸਰੀਰਾਂ ਵਿਚ ਇਕੋ ਹੀ ਰੱਬੀ ਜੋਤਿ ਮੌਜੂਦ ਹੈ।

ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥

ਸਭਨਾਂ ਵਿਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ। ਵਖ ਵਖ (ਦਿੱਸਦੇ) ਹਰੇਕ ਸਰੀਰ ਵਿਚ ਇਕੋ ਜੋਤਿ ਹੈ, ਪਰ (ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ (ਜੋਤਿ ਸਾਂਝੀ ਨਹੀਂ ਜਾਪਦੀ)।

ਗੁਰਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥

ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿਚ ਇਕ ਪਰਮਾਤਮਾ ਹੀ ਦਿੱਸ ਪਿਆ ਹੈ। ਮੈਂ ਗੁਰੂ ਤੋਂ ਕੁਰਬਾਨ ਹਾਂ ॥੩॥

ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥

ਦਾਸ ਨਾਨਕ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ (ਸਦਾ) ਉਚਾਰਦਾ ਹੈ।

ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥

ਗੁਰੂ ਦੇ ਸਿੱਖਾਂ ਦੇ ਮਨ ਵਿਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ।

ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥

ਪੂਰਾ ਗੁਰੂ ਪੂਰਾ ਸਤਿਗੁਰੂ (ਇਹੀ) ਉਸਦੇਸ਼ ਕਰਦਾ ਹੈ (ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਦੀ ਜੋਤਿ ਹੀ ਵਰਤ ਰਹੀ ਹੈ)। ਪੂਰਾ ਗੁਰੂ ਹੋਰਨਾਂ ਦਾ ਭਲਾ ਕਰਨ ਵਾਲਾ ਹੈ ॥੪॥੭॥

ਸਤ ਚਉਪਦੇ ਮਹਲੇ ਚਉਥੇ ਕੇ ॥

ਮਾਝ ਮਹਲਾ ੫ ਚਉਪਦੇ ਘਰੁ ੧ ॥
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥

ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ।

ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥

(ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ।

ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥

ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥੧॥

ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥

ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥

ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥

ਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ।

ਚਿਰੁ ਹੋਆ ਦੇਖੇ ਸਾਰਿੰਗਪਾਣੀ ॥

ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ।

ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥

ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ ॥੨॥

ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥

ਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥

ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥

ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ।

ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥

(ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ) ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ।

ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥

(ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ॥੩॥

ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥

ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ ॥੧॥ ਰਹਾਉ ॥

ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥

ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ।

ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥

(ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।

ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥

ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ ॥੪॥

ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥

ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥ ਰਹਾਉ ॥


ਰਾਗੁ ਮਾਝ ਮਹਲਾ ੫ ॥
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥

ਹੇ ਸਭ ਜੀਵਾਂ ਦੇ ਦਾਤੇ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ।

ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥

ਹੇ ਪ੍ਰਭੂ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ।

ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥

ਹੇ ਦਾਤਾਰ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੧॥

ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥

ਹੇ ਦਾਤਾਰ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ)।

ਨਉ ਨਿਧਿ ਤੇਰੈ ਅਖੁਟ ਭੰਡਾਰਾ ॥

ਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ।

ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥

(ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ ॥੨॥

ਸਭੁ ਕੋ ਆਸੈ ਤੇਰੀ ਬੈਠਾ ॥

ਹੇ ਦਾਤਾਰ! ਹਰੇਕ ਜੀਵ ਤੇਰੀ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ।

ਘਟ ਘਟ ਅੰਤਰਿ ਤੂੰਹੈ ਵੁਠਾ ॥

ਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ।

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥

(ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ॥੩॥

ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥

ਹੇ ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ,

ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥

ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ।

ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥

ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ ॥੪॥੨॥੯॥


ਮਾਝ ਮਹਲਾ ੫ ॥
ਅਨਹਦੁ ਵਾਜੈ ਸਹਜਿ ਸੁਹੇਲਾ ॥

(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਇਕ-ਰਸ ਵਾਜਾ ਵੱਜ ਰਿਹਾ ਹੈ, (ਮੇਰਾ ਮਨ) ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਹੋ ਰਿਹਾ ਹੈ।

ਸਬਦਿ ਅਨੰਦ ਕਰੇ ਸਦ ਕੇਲਾ ॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਆਨੰਦ ਤੇ ਰੰਗ ਮਾਣ ਰਿਹਾ ਹੈ।

ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥੧॥

(ਸਤਿਗੁਰੂ ਦੀ ਮਿਹਰ ਨਾਲ ਮੈਂ) ਆਤਮਕ ਅਡੋਲਤਾ-ਰੂਪ ਗੁਫਾ ਵਿਚ ਸਮਾਧੀ ਲਾਈ ਹੋਈ ਹੈ ਤੇ ਸਭ ਤੋਂ ਉੱਚੇ ਅਕਾਲ ਪੁਰਖ ਦੇ ਚਰਨਾਂ ਵਿਚ ਸੋਹਣਾ ਟਿਕਾਣਾ ਬਣਾ ਲਿਆ ਹੈ ॥੧॥

ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥

ਹੁਣ (ਮੇਰਾ ਮਨ) ਮੁੜ ਘਿੜ ਅੰਤਰ ਆਤਮੇ ਆ ਟਿਕਿਆ ਹੈ।

ਜੋ ਲੋੜੀਦਾ ਸੋਈ ਪਾਇਆ ॥

ਜੇਹੜੀ (ਆਤਮਕ ਸ਼ਾਂਤੀ) ਮੈਨੂੰ ਚਾਹੀਦੀ ਸੀ ਉਹ ਮੈਂ ਹਾਸਲ ਕਰ ਲਈ ਹੈ।

ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥੨॥

ਹੇ ਸੰਤ ਜਨੋ! (ਮੇਰਾ ਮਨ ਦੁਨੀਆ ਦੀਆਂ ਵਾਸਨਾਂ ਵਲੋਂ) ਪੂਰਨ ਤੌਰ ਤੇ ਰੱਜ ਚੁਕਾ ਹੈ ਤੇ ਗੁਰੂ ਨੇ (ਮੈਨੂੰ) ਆਤਮਕ ਚਾਨਣ (ਦੇ ਕੇ) ਸਭ ਵਿਚ ਵਿਆਪਕ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਹੈ ॥੨॥

ਆਪੇ ਰਾਜਨੁ ਆਪੇ ਲੋਗਾ ॥

(ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਪ੍ਰਭੂ ਆਪ ਹੀ ਪਾਤਿਸ਼ਾਹ ਹੈ ਤੇ ਆਪ ਹੀ ਪਰਜਾ-ਰੂਪ ਹੈ।

ਆਪਿ ਨਿਰਬਾਣੀ ਆਪੇ ਭੋਗਾ ॥

ਪ੍ਰਭੂ-ਵਾਸਨਾ ਰਹਿਤ ਭੀ ਹੈ ਤੇ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਸਾਰੇ ਪਦਾਰਥ ਭੋਗ ਰਿਹਾ ਹੈ।

ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥

ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ ਤੇ ਨਿਆਂ ਕਰ ਰਿਹਾ ਹੈ (ਇਸ ਵਾਸਤੇ ਸੁਖ ਆਵੇ ਚਾਹੇ ਦੁੱਖ ਵਾਪਰੇ, ਮੇਰੀ) ਸਾਰੀ ਗਿਲ੍ਹਾ-ਗੁਜ਼ਾਰੀ ਮੁੱਕ ਚੁਕੀ ਹੈ ॥੩॥

ਜੇਹਾ ਡਿਠਾ ਮੈ ਤੇਹੋ ਕਹਿਆ ॥

(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਨੂੰ ਜਿਸ (ਸਰਬ-ਵਿਆਪਕ) ਰੂਪ ਵਿਚ ਵੇਖਿਆ ਹੈ ਉਹੋ ਜਿਹਾ ਕਹਿ ਦਿੱਤਾ ਹੈ।

ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥

ਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ ਉਸ ਨੂੰ (ਉਸ ਦੇ ਮਿਲਾਪ ਦਾ) ਆਨੰਦ ਆਉਂਦਾ ਹੈ।

ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥੪॥੩॥੧੦॥

ਹੇ ਨਾਨਕ! ਉਸ ਮਨੁੱਖ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਨੂੰ ਸਿਰਫ਼ ਪਰਮਾਤਮਾ ਹੀ ਸਾਰੇ ਜਗਤ ਵਿਚ ਵਿਆਪਕ ਦਿੱਸਦਾ ਹੈ ॥੪॥੩॥੧੦॥


ਮਾਝ ਮਹਲਾ ੫ ॥
ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥

ਹੇ ਸਖੀ! ਜਿਸ ਹਿਰਦੇ-ਘਰ ਵਿਚ ਪ੍ਰਭੂ-ਪਤੀ ਨੇ (ਆਪਣੇ ਪਰਕਾਸ਼ ਨਾਲ) ਚੰਗਾ ਭਾਗ ਲਾ ਦਿੱਤਾ ਹੋਵੇ,

ਤਿਤੁ ਘਰਿ ਸਖੀਏ ਮੰਗਲੁ ਗਾਇਆ ॥

ਉਸ ਹਿਰਦੇ-ਘਰ ਵਿਚ (ਪ੍ਰਭ-ਪਤੀ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਜਾਂਦਾ ਹੈ।

ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥

ਜਿਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਤਮਕ ਸੁੰਦਰਤਾ ਬਖ਼ਸ਼ ਦਿੱਤੀ ਹੋਵੇ, ਉਸ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਸੋਭਦੇ ਹਨ ਆਤਮਕ ਖ਼ੁਸ਼ੀਆਂ ਸੋਭਦੀਆਂ ਹਨ ॥੧॥

ਸਾ ਗੁਣਵੰਤੀ ਸਾ ਵਡਭਾਗਣਿ ॥

ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਬਣ ਜਾਏ, ਉਹ ਸਭ ਗੁਣਾਂ ਦੀ ਮਾਲਕ ਬਣ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ,

ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥

ਉਹ (ਆਤਮ-ਗਿਆਨ-ਰੂਪ) ਪੁੱਤਰ ਵਾਲੀ, ਚੰਗੇ ਸੁਭਾਉ ਵਾਲੀ ਤੇ ਸੁਹਾਗ-ਭਾਗ ਵਾਲੀ ਬਣ ਜਾਂਦੀ ਹੈ।

ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥੨॥

ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ, ਉਹ ਸੁਚੱਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੂਝ ਦੀ ਮਾਲਕ ਬਣ ਜਾਂਦੀ ਹੈ ॥੨॥

ਅਚਾਰਵੰਤਿ ਸਾਈ ਪਰਧਾਨੇ ॥

ਉਸ ਦਾ ਆਚਰਨ ਉੱਚਾ ਹੋ ਜਾਂਦਾ ਹੈ ਉਹ (ਸੰਗਤਿ ਵਿਚ) ਮੰਨੀ-ਪ੍ਰਮੰਨੀ ਜਾਂਦੀ ਹੈ,

ਸਭ ਸਿੰਗਾਰ ਬਣੇ ਤਿਸੁ ਗਿਆਨੇ ॥

ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਦਾ ਸਦਕਾ ਸਾਰੇ ਆਤਮਕ ਗੁਣ ਉਸ ਦੇ ਜੀਵਨ ਨੂੰ ਸਵਾਰ ਦੇਂਦੇ ਹਨ,

ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥

ਉਹ ਉੱਚੀ ਕੁਲ ਵਾਲੀ ਸਮਝੀ ਜਾਂਦੀ ਹੈ, ਉਹ ਭਰਾਵਾਂ ਵਾਲੀ ਹੋ ਜਾਂਦੀ ਹੈ, ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ॥੩॥

ਮਹਿਮਾ ਤਿਸ ਕੀ ਕਹਣੁ ਨ ਜਾਏ ॥

ਉਸ ਜੀਵ-ਇਸਤ੍ਰੀ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ,

ਜੋ ਪਿਰਿ ਮੇਲਿ ਲਈ ਅੰਗਿ ਲਾਏ ॥

ਜਿਸ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਵਿਚ ਲੀਨ ਕਰ ਲਿਆ ਹੋਵੇ।

ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥੪॥੪॥੧੧॥

ਹੇ ਦਾਸ ਨਾਨਕ! ਜੇਹੜਾ ਪਰਮਾਤਮਾ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਉਸ ਜੀਵ-ਇਸਤ੍ਰੀ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ-ਭਾਗ ਬਣ ਜਾਂਦਾ ਹੈ, ਉਸ ਜੀਵ-ਇਸਤ੍ਰੀ ਨੂੰ ਉਸ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ ਹੈ ॥੪॥੪॥੧੧॥


ਮਾਝ ਮਹਲਾ ੫ ॥
ਖੋਜਤ ਖੋਜਤ ਦਰਸਨ ਚਾਹੇ ॥

ਅਨੇਕਾਂ ਲੋਕ (ਜੰਗਲਾਂ ਪਹਾੜਾਂ ਵਿਚ) ਭਾਲ ਕਰਦੇ ਕਰਦੇ (ਪਰਮਾਤਮਾ ਦੇ) ਦਰਸਨ ਦੀਆਂ ਤਾਂਘਾਂ ਕਰਦੇ ਹਨ,

ਭਾਤਿ ਭਾਤਿ ਬਨ ਬਨ ਅਵਗਾਹੇ ॥

ਕਈ ਕਿਸਮਾਂ ਦੇ ਜੰਗਲ ਗਾਹ ਮਾਰਦੇ ਹਨ (ਪਰ ਇਸ ਤਰ੍ਹਾਂ ਪਰਮਾਤਮਾ ਦਾ ਦਰਸਨ ਨਹੀਂ ਹੁੰਦਾ)।

ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥੧॥

ਉਹ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ ਭੀ ਹੈ ਤੇ ਤਿੰਨ-ਗੁਣੀ ਸੰਸਾਰ ਵਿਚ ਵਿਆਪਕ ਭੀ ਹੈ। ਕੋਈ ਵਿਰਲਾ ਐਸਾ ਹੈ, ਜੋ ਉਸ ਨੂੰ ਲਿਆ ਕੇ ਮਿਲਾ ਸਕਦਾ ਹੈ ॥੧॥

ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥

ਕਈ ਐਸੇ ਹਨ ਜੋ ਛੇ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਮੂੰਹ ਨਾਲ (ਸੁਣਾਂਦੇ ਹਨ), ਦੇਵ-ਪੂਜਾ ਕਰਦੇ ਹਨ ਮੱਥੇ ਤੇ ਤਿਲਕ ਲਾਂਦੇ ਹਨ, ਤੀਰਥਾਂ ਦੇ ਇਸ਼ਨਾਨ ਕਰਦੇ ਹਨ।

ਪੂਜਾ ਤਿਲਕੁ ਤੀਰਥ ਇਸਨਾਨਾ ॥

ਕਈ ਐਸੇ ਹਨ ਜੋ ਨਿਵਲੀ ਕਰਮ ਆਦਿਕ ਜੋਗੀਆਂ ਵਾਲੇ ਚੌਰਾਸੀ ਆਸਣ ਕਰਦੇ ਹਨ।

ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥੨॥

ਪਰ ਇਹਨਾਂ ਉੱਦਮਾਂ ਨਾਲ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ ॥੨॥

ਅਨਿਕ ਬਰਖ ਕੀਏ ਜਪ ਤਾਪਾ ॥

ਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ;

ਗਵਨੁ ਕੀਆ ਧਰਤੀ ਭਰਮਾਤਾ ॥

ਸਾਰੀ ਧਰਤੀ ਉਤੇ ਭ੍ਰਮਣ ਭੀ ਕਰਦੇ ਹਨ।

ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ ॥੩॥

(ਇਸ ਤਰ੍ਹਾਂ ਭੀ) ਹਿਰਦੇ ਵਿਚ ਇਕ ਖਿਨ ਵਾਸਤੇ ਭੀ ਸ਼ਾਂਤੀ ਨਹੀਂ ਆਉਂਦੀ। ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ ॥੩॥

ਕਰਿ ਕਿਰਪਾ ਮੋਹਿ ਸਾਧੁ ਮਿਲਾਇਆ ॥

ਪਰਮਾਤਮਾ ਨੇ ਕਿਰਪਾ ਕਰ ਕੇ ਮੈਨੂੰ ਗੁਰੂ ਮਿਲਾ ਦਿੱਤਾ ਹੈ।

ਮਨੁ ਤਨੁ ਸੀਤਲੁ ਧੀਰਜੁ ਪਾਇਆ ॥

ਗੁਰੂ ਪਾਸੋਂ ਮੈਨੂੰ ਧੀਰਜ ਮਿਲੀ ਹੈ, ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ ਮੇਰਾ ਤਨ ਠੰਢਾ-ਠਾਰ ਹੋ ਗਿਆ ਹੈ (ਮੇਰੇ ਮਨ ਤੇ ਗਿਆਨ-ਇੰਦ੍ਰਿਆਂ ਵਿਚੋਂ ਵਿਕਾਰਾਂ ਦੀ ਤਪਸ਼ ਮੁੱਕ ਗਈ ਹੈ)।

ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ ਮੰਗਲੁ ਨਾਨਕੁ ਗਾਵੈ ਜੀਉ ॥੪॥੫॥੧੨॥

(ਗੁਰੂ ਦੀ ਮਿਹਰ ਨਾਲ) ਅਬਿਨਾਸ਼ੀ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ। ਹੁਣ (ਇਹ ਦਾਸ) ਨਾਨਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਹੈ (ਇਹ ਸਿਫ਼ਤ-ਸਾਲਾਹ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦੀ ਹੈ) ॥੪॥੫॥੧੨॥


ਮਾਝ ਮਹਲਾ ੫ ॥
ਪਾਰਬ੍ਰਹਮ ਅਪਰੰਪਰ ਦੇਵਾ ॥

(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਉਸ ਹਰੀ ਦਾ ਸਿਮਰਨ ਕਰੋ, ਜੋ ਪਰਮ ਆਤਮਾ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ, ਜੋ ਸਭ ਤੋਂ ਪਰੇ ਹੈ, ਜੋ ਪ੍ਰਕਾਸ਼-ਰੂਪ ਹੈ,

ਅਗਮ ਅਗੋਚਰ ਅਲਖ ਅਭੇਵਾ ॥

ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ,

ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥੧॥

ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜੋ ਉੱਚੀ ਆਤਮਕ ਅਵਸਥਾ ਦੇਣ ਵਾਲਾ ਹੈ ॥੧॥

ਗੁਰਮੁਖਿ ਮਧੁਸੂਦਨੁ ਨਿਸਤਾਰੇ ॥

ਗੁਰੂ ਦੀ ਸਰਨ ਪਿਆਂ ਮਧੂ-ਦੈਂਤ ਨੂੰ ਮਾਰਨ ਵਾਲਾ (ਵਿਕਾਰ-ਦੈਂਤਾਂ ਤੋਂ) ਬਚਾ ਲੈਂਦਾ ਹੈ।

ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ ॥

ਗੁਰੂ ਦੀ ਸਰਨ ਪਿਆਂ ਮੁਰ-ਦੈਂਤ ਦਾ ਮਾਰਨ ਵਾਲਾ ਪ੍ਰਭੂ (ਸਦਾ ਲਈ) ਸਾਥੀ ਬਣ ਜਾਂਦਾ ਹੈ।

ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥੨॥

ਗੁਰੂ ਦੀ ਸਰਨ ਪਿਆਂ ਹੀ ਉਹ ਪ੍ਰਭੂ ਮਿਲਦਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਨੂੰ ਦਮੋਦਰ ਆਖਿਆ ਜਾਂਦਾ ਹੈ, ਕਿਸੇ ਹੋਰ ਤਰੀਕੇ ਨਾਲ ਨਹੀਂ ਮਿਲ ਸਕਦਾ ॥੨॥

ਨਿਰਹਾਰੀ ਕੇਸਵ ਨਿਰਵੈਰਾ ॥

ਉਹ ਪਰਮਾਤਮਾ ਕੇਸ਼ਵ (ਸੋਹਣੇ ਕੇਸਾਂ ਵਾਲਾ) ਜੋ ਕਿਸੇ ਨਾਲ ਵੈਰ ਨਹੀਂ ਰੱਖਦਾ ਤੇ ਉਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ,

ਕੋਟਿ ਜਨਾ ਜਾ ਕੇ ਪੂਜਹਿ ਪੈਰਾ ॥

ਕ੍ਰੋੜਾਂ ਹੀ ਸੇਵਕ ਜਿਸ ਦੇ ਪੈਰ ਪੂਜਦੇ ਹਨ,

ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥੩॥

ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਉਹ ਵੱਸ ਪੈਂਦਾ ਹੈ, ਉਹ ਮਨੁੱਖ ਅਨਿੰਨ ਭਗਤ ਬਣ ਜਾਂਦਾ ਹੈ ॥੩॥

ਅਮੋਘ ਦਰਸਨ ਬੇਅੰਤ ਅਪਾਰਾ ॥

ਉਸ ਪਰਮਾਤਮਾ ਦਾ ਦਰਸਨ ਜ਼ਰੂਰ (ਮਨ-ਇੱਛਤ) ਫਲ ਦੇਂਦਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਵਡ ਸਮਰਥੁ ਸਦਾ ਦਾਤਾਰਾ ॥

ਉਹ ਵੱਡੀਆਂ ਤਾਕਤਾਂ ਵਾਲਾ ਹੈ, ਤੇ ਉਹ ਸਦਾ ਹੀ ਦਾਤਾਂ ਦੇਂਦਾ ਰਹਿੰਦਾ ਹੈ।

ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥੪॥੬॥੧੩॥

ਗੁਰੂ ਦੀ ਸਰਨ ਪੈ ਕੇ ਜੇ ਉਸ ਦਾ ਨਾਮ ਜਪੀਏ, ਤਾਂ ਉਸ ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। ਪਰ, ਹੇ ਨਾਨਕ! ਇਹ ਉੱਚੀ ਆਤਮਕ ਅਵਸਥਾ ਵਿਰਲਿਆਂ ਨੇ ਹੀ ਸਮਝੀ ਹੈ ॥੪॥੬॥੧੩॥


ਮਾਝ ਮਹਲਾ ੫ ॥
ਕਹਿਆ ਕਰਣਾ ਦਿਤਾ ਲੈਣਾ ॥

ਹੇ ਪ੍ਰਭੂ! ਜੋ ਕੁਝ ਤੂੰ ਹੁਕਮ ਕਰਦਾ ਹੈਂ ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵ ਹਾਸਲ ਕਰ ਸਕਦੇ ਹਨ।

ਗਰੀਬਾ ਅਨਾਥਾ ਤੇਰਾ ਮਾਣਾ ॥

ਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ।

ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥

ਹੇ ਮੇਰੇ ਪਿਆਰੇ ਪ੍ਰਭੂ! (ਜਗਤ ਵਿਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰ ਰਿਹਾ ਹੈਂ। ਮੈਂ ਤੇਰੀ ਸਮਰਥਾ ਤੋਂ ਸਦਕੇ ਜਾਂਦਾ ਹਾਂ ॥੧॥

ਭਾਣੈ ਉਝੜ ਭਾਣੈ ਰਾਹਾ ॥

ਪਰਮਾਤਮਾ ਦੀ ਰਜ਼ਾ ਵਿਚ ਹੀ ਜੀਵ (ਜ਼ਿੰਦਗੀ ਦਾ) ਗ਼ਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤਾ ਫੜਦੇ ਹਨ।

ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ ॥

ਪਰਮਾਤਮਾ ਦੀ ਰਜ਼ਾ ਵਿਚ ਹੀ ਕਈ ਜੀਵ ਗੁਰੂ ਦੀ ਸਰਨ ਪੈ ਕੇ ਹਰੀ ਦੇ ਗੁਣ ਗਾਂਦੇ ਹਨ।

ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥੨॥

ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ। (ਇਹ) ਸਭ ਕੁਝ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ ॥੨॥

ਨਾ ਕੋ ਮੂਰਖੁ ਨਾ ਕੋ ਸਿਆਣਾ ॥

(ਆਪਣੀ ਸਮਰੱਥਾ ਨਾਲ) ਨਾਹ ਕੋਈ ਜੀਵ ਮੂਰਖ ਹੈ ਤੇ ਨਾਹ ਹੀ ਕੋਈ ਸਿਆਣਾ ਹੈ।

ਵਰਤੈ ਸਭ ਕਿਛੁ ਤੇਰਾ ਭਾਣਾ ॥

(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ।

ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥੩॥

ਹੇ ਅਪਹੁੰਚ ਪ੍ਰਭੂ! ਹੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਅਥਾਹ ਪ੍ਰਭੂ! ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ ॥੩॥

ਖਾਕੁ ਸੰਤਨ ਕੀ ਦੇਹੁ ਪਿਆਰੇ ॥

ਹੇ ਹਰੀ! ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਦੇਹ।

ਆਇ ਪਇਆ ਹਰਿ ਤੇਰੈ ਦੁਆਰੈ ॥

ਹੇ ਪਿਆਰੇ ਹਰੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ,

ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥੪॥੭॥੧੪॥

ਹੇ ਨਾਨਕ! (ਆਖ-ਪਰਮਾਤਮਾ ਦਾ) ਦਰਸਨ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ ਤੇ ਉਸ ਦੀ ਰਜ਼ਾ ਅਨੁਸਾਰ ਉਸ ਨਾਲ ਮਿਲਾਪ ਹੋ ਜਾਂਦਾ ਹੈ ॥੪॥੭॥੧੪॥


ਮਾਝ ਮਹਲਾ ੫ ॥
ਦੁਖੁ ਤਦੇ ਜਾ ਵਿਸਰਿ ਜਾਵੈ ॥

(ਜੀਵ ਨੂੰ) ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ (ਪਰਮਾਤਮਾ ਦਾ ਨਾਮ) ਭੁੱਲ ਜਾਂਦਾ ਹੈ।

ਭੁਖ ਵਿਆਪੈ ਬਹੁ ਬਿਧਿ ਧਾਵੈ ॥

(ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ।

ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥

ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੱਖ ਨੂੰ (ਨਾਮ ਦੀ ਦਾਤਿ) ਦੇਂਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ ॥੧॥

ਸਤਿਗੁਰੁ ਮੇਰਾ ਵਡ ਸਮਰਥਾ ॥

(ਪਰ ਇਹ ਨਾਮ ਦੀ ਦਾਤ ਗੁਰੂ ਦੀ ਰਾਹੀਂ ਮਿਲਦੀ ਹੈ) ਮੇਰਾ ਸਤਿਗੁਰੂ ਬੜੀ ਤਾਕਤ ਵਾਲਾ ਹੈ,

ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥

(ਉਸ ਦੀ ਮਿਹਰ ਨਾਲ) ਜਦੋਂ ਮੈਂ (ਪਰਮਾਤਮਾ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।

ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥

(ਮੇਰੇ ਅੰਦਰੋਂ) ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ, ਮੇਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ (ਚਿੰਤਾ ਹਉਮੈ ਆਦਿਕ ਤੋਂ) ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ ॥੨॥

ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥

(ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਰ ਤੋਂ) ਮੈਂ ਅੰਞਾਣੇ ਬਾਲ ਵਾਂਗ ਹਰੇਕ ਚੀਜ਼ ਮੰਗਦਾ ਹਾਂ।

ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥

ਉਹ ਸਦਾ ਮੈਨੂੰ (ਮੇਰੀਆਂ ਮੂੰਹ ਮੰਗੀਆਂ ਚੀਜ਼ਾਂ) ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੇ ਟੋਟ ਨਹੀਂ ਆਉਂਦੀ।

ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥

ਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਨਾ ਕਰਨ ਵਾਲਾ ਹੈ, ਮੈਂ ਉਸ ਦੇ ਚਰਨਾਂ ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਂਦਾ ਰਹਿੰਦਾ ਹਾਂ ॥੩॥

ਹਉ ਬਲਿਹਾਰੀ ਸਤਿਗੁਰ ਪੂਰੇ ॥

ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ।

ਜਿਨਿ ਬੰਧਨ ਕਾਟੇ ਸਗਲੇ ਮੇਰੇ ॥

ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ।

ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥

ਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ ॥੪॥੮॥੧੫॥


ਮਾਝ ਮਹਲਾ ੫ ॥
ਲਾਲ ਗੋਪਾਲ ਦਇਆਲ ਰੰਗੀਲੇ ॥

ਹੇ ਪਿਆਰੇ ਪ੍ਰਭੂ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਦਇਆ ਦੇ ਘਰ! ਹੇ ਆਨੰਦ ਦੇ ਸੋਮੇ!

ਗਹਿਰ ਗੰਭੀਰ ਬੇਅੰਤ ਗੋਵਿੰਦੇ ॥

ਹੇ ਡੂੰਘੇ ਤੇ ਵੱਡੇ ਜਿਗਰ ਵਾਲੇ! ਹੇ ਬੇਅੰਤ ਗੋਬਿੰਦ!

ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥

ਹੇ ਸਭ ਤੋਂ ਉੱਚੇ ਅਥਾਹ ਤੇ ਬੇਅੰਤ ਪ੍ਰਭੂ! ਹੇ ਸੁਆਮੀ! (ਤੇਰੀ ਮਿਹਰ ਨਾਲ ਤੇਰਾ ਨਾਮ) ਸਿਮਰ ਸਿਮਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥

ਦੁਖ ਭੰਜਨ ਨਿਧਾਨ ਅਮੋਲੇ ॥

ਹੇ (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ! ਹੇ ਕੀਮਤੀ ਪਦਾਰਥਾਂ ਦੇ ਖ਼ਜ਼ਾਨੇ!

ਨਿਰਭਉ ਨਿਰਵੈਰ ਅਥਾਹ ਅਤੋਲੇ ॥

ਹੇ ਨਿਡਰ ਨਿਰਵੈਰ ਅਥਾਹ ਤੇ ਅਤੋਲ ਪ੍ਰਭੂ!

ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥

ਤੇਰੀ ਹਸਤੀ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਵਿਚ ਨਹੀਂ ਆਉਂਦਾ, ਤੇ ਆਪਣੇ ਆਪ ਤੋਂ ਹੀ ਪਰਗਟ ਹੁੰਦਾ ਹੈਂ। (ਤੇਰਾ ਨਾਮ) ਮਨ ਵਿਚ ਸਿਮਰ ਸਿਮਰ ਕੇ ਮੈਂ ਸ਼ਾਂਤ ਚਿੱਤ ਹੋ ਜਾਂਦਾ ਹਾਂ ॥੨॥

ਸਦਾ ਸੰਗੀ ਹਰਿ ਰੰਗ ਗੋਪਾਲਾ ॥

ਪਰਮਾਤਮਾ (ਆਪਣੀ) ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸਦਾ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ, ਤੇ ਸਭ ਸੁਖ ਦੇਣ ਵਾਲਾ ਹੈ।

ਊਚ ਨੀਚ ਕਰੇ ਪ੍ਰਤਿਪਾਲਾ ॥

(ਜਗਤ ਵਿਚ) ਉੱਚੇ ਅਖਵਾਣ ਵਾਲੇ ਤੇ ਨੀਵੇਂ ਅਖਵਾਣ ਵਾਲੇ ਸਭ ਜੀਵਾਂ ਦੀ ਪਾਲਣਾ ਕਰਦਾ ਹੈ।

ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥

ਪਰਮਾਤਮਾ ਦਾ ਨਾਮ ਸਭ ਰਸਾਂ ਦਾ ਸੋਮਾ ਹੈ (ਜੀਵਾਂ ਦੇ) ਮਨ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਤ੍ਰਿਪਤ ਕਰਨ ਵਾਲਾ ਹੈ। ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲੇ ਉਸ ਨਾਮ ਰਸ ਨੂੰ ਮੈਂ ਪੀਂਦਾ ਰਹਿੰਦਾ ਹਾਂ ॥੩॥

ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥

ਹੇ ਪਿਆਰੇ ਪ੍ਰਭੂ! ਦੁੱਖ ਵਿਚ (ਫਸਿਆ ਪਿਆ ਹੋਵਾਂ, ਚਾਹੇ) ਸੁਖ ਵਿਚ (ਵੱਸ ਰਿਹਾ ਹੋਵਾਂ) ਮੈਂ ਸਦਾ ਤੈਨੂੰ ਹੀ ਧਿਆਉਂਦਾ ਹਾਂ। (ਤੇਰਾ ਹੀ ਧਿਆਨ ਧਰਦਾ ਹਾਂ।)

ਏਹ ਸੁਮਤਿ ਗੁਰੂ ਤੇ ਪਾਈ ॥

ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਤੋਂ ਲਈ ਹੈ।

ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥

ਹੇ ਸਭ ਦੇ ਪਾਲਣਹਾਰ! ਨਾਨਕ ਦਾ ਆਸਰਾ ਤੂੰ ਹੀ ਹੈਂ। (ਹੇ ਭਾਈ!) ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਲੀਨ ਹੋ ਕੇ ਹੀ) ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ॥੪॥੯॥੧੬॥


ਮਾਝ ਮਹਲਾ ੫ ॥
ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥

(ਮੇਰੇ ਭਾ ਦਾ) ਉਹ ਵੇਲਾ ਭਾਗਾਂ ਵਾਲਾ (ਸਾਬਤ ਹੋਇਆ) ਜਿਸ ਵੇਲੇ ਮੈਨੂੰ ਸਤਿਗੁਰੂ ਮਿਲ ਪਿਆ।

ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥

(ਗੁਰੂ ਦਾ) ਦਰਸਨ (ਮੇਰੇ ਵਾਸਤੇ) ਫਲ-ਦਾਇਕ ਹੋ ਗਿਆ (ਕਿਉਂਕਿ ਇਹਨਾਂ) ਅੱਖਾਂ ਨਾਲ (ਗੁਰੂ ਦਾ) ਦਰਸਨ ਕਰਦਿਆਂ (ਹੀ) ਮੈਂ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਗਿਆ।

ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥

(ਸੋ ਮੇਰੇ ਵਾਸਤੇ) ਉਹ ਮੁਹੂਰਤ ਉਹ ਚਸੇ ਉਹ ਪਲ ਘੜੀਆਂ ਉਹ (ਗੁਰੂ-) ਮਿਲਾਪ ਦੇ ਸਮੇ ਸਾਰੇ ਹੀ ਭਾਗਾਂ ਵਾਲੇ ਹਨ ॥੧॥

ਉਦਮੁ ਕਰਤ ਮਨੁ ਨਿਰਮਲੁ ਹੋਆ ॥

(ਗੁਰੂ ਦੀ ਦੱਸੀ ਸਿਮਰਨ-ਕਾਰ ਵਾਸਤੇ) ਉੱਦਮ ਕਰਦਿਆਂ (ਮੇਰਾ) ਮਨ ਪਵਿਤ੍ਰ ਹੋ ਗਿਆ ਹੈ।

ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥

(ਗੁਰੂ ਦੀ ਰਾਹੀਂ) ਪ੍ਰਭੂ ਦੇ ਰਸਤੇ ਉੱਤੇ ਤੁਰਦਿਆਂ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ।

ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥

ਗੁਰੂ ਨੇ ਮੈਨੂੰ (ਸਾਰੇ ਗੁਣਾਂ ਦਾ) ਖ਼ਜ਼ਾਨਾ ਪ੍ਰਭੂ ਦਾ ਨਾਮ ਸੁਣਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੇਰੇ ਸਾਰੇ (ਮਾਨਸਿਕ) ਰੋਗ ਦੂਰ ਹੋ ਗਏ ਹਨ ॥੨॥

ਅੰਤਰਿ ਬਾਹਰਿ ਤੇਰੀ ਬਾਣੀ ॥

(ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ।

ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥

ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚ) ਤੂੰ ਆਪ ਹੀ ਕਥਨ ਕਰ ਰਿਹਾ ਹੈਂ, ਤੂੰ ਆਪ ਹੀ ਵਖਿਆਨ ਕਰ ਰਿਹਾ ਹੈਂ।

ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥

(ਹੇ ਪ੍ਰਭੂ!) ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੀ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਭੀ (ਨਾਹ ਹੋਇਆ, ਨਾਹ ਹੈ ਤੇ) ਨਾਹ ਹੋਵੇਗਾ ॥੩॥

ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥

ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਮੈਨੂੰ ਗੁਰੂ ਪਾਸੋਂ ਪ੍ਰਾਪਤ ਹੋਇਆ ਹੈ।

ਹਰਿ ਪੈਨਣੁ ਨਾਮੁ ਭੋਜਨੁ ਥੀਆ ॥

ਹੁਣ ਪਰਮਾਤਮਾ ਦਾ ਨਾਮ ਹੀ ਮੇਰਾ ਖਾਣ-ਪੀਣ ਹੈ ਤੇ ਨਾਮ ਹੀ ਮੇਰਾ ਹੰਢਾਣ ਹੈ।

ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥

ਹੇ ਨਾਨਕ! (ਆਖ-) ਪ੍ਰਭੂ-ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੀਆਂ ਖ਼ੁਸ਼ੀਆਂ ਹਨ, ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ-ਤਮਾਸ਼ੇ ਹਨ, ਪ੍ਰਭੂ-ਨਾਮ ਹੀ ਮੇਰੇ ਵਾਸਤੇ ਦੁਨੀਆ ਦੇ ਭੋਗ-ਬਿਲਾਸ ਹੈ ॥੪॥੧੦॥੧੭॥


ਮਾਝ ਮਹਲਾ ੫ ॥
ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥

(ਹੇ ਪ੍ਰਭੂ!) ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ,

ਕਰਉ ਬਿਨੰਤੀ ਮਾਨੁ ਤਿਆਗਉ ॥

ਤੇ (ਉਹਨਾਂ ਅੱਗੇ) ਬੇਨਤੀ ਕਰਦਾ ਹਾਂ (ਕਿ ਕਿਸੇ ਤਰ੍ਹਾਂ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਸਕਾਂ।

ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥੧॥

ਹੇ ਪ੍ਰਭੂ! ਮੈਂ ਲੱਖਾਂ ਵਾਰ (ਤੇਰੇ ਸੰਤਾਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੧॥

ਤੁਮ ਦਾਤੇ ਤੁਮ ਪੁਰਖ ਬਿਧਾਤੇ ॥

ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੇ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ।

ਤੁਮ ਸਮਰਥ ਸਦਾ ਸੁਖਦਾਤੇ ॥

ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਸਾਰੇ ਸੁਖ ਦੇਣ ਵਾਲਾ ਹੈਂ।

ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥

ਹਰੇਕ ਜੀਵ ਤੇਰੇ ਪਾਸੋਂ ਹੀ ਮੁਰਾਦਾਂ ਪਾਂਦਾ ਹੈ (ਮੈਂ ਭੀ ਤੇਰੇ ਪਾਸੋਂ ਇਹ ਮੰਗ ਮੰਗਦਾ ਹਾਂ ਕਿ ਆਪਣੇ ਨਾਮ ਦੀ ਦਾਤ ਦੇ ਕੇ) ਮੇਰਾ ਮਨੁੱਖਾ ਜਨਮ ਦਾ ਸਮਾ ਕਾਮਯਾਬ ਕਰ ॥੨॥

ਦਰਸਨਿ ਤੇਰੈ ਭਵਨ ਪੁਨੀਤਾ ॥

ਹੇ ਪ੍ਰਭੂ! (ਜਿਨ੍ਹਾਂ ਬੰਦਿਆਂ ਨੇ) ਤੇਰੇ ਦਰਸਨ (ਦੀ ਬਰਕਤਿ) ਨਾਲ ਆਪਣੇ ਸਰੀਰ-ਨਗਰ ਪਵਿਤ੍ਰ ਕਰ ਲਏ ਹਨ।

ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥

ਉਹਨਾਂ ਨੇ ਹੀ ਇਸ ਔਖੇ ਮਨ-ਕਿਲ੍ਹੇ ਨੂੰ ਵੱਸ ਵਿਚ ਕੀਤਾ ਹੈ।

ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥੩॥

ਹੇ ਪ੍ਰਭੂ! ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੂੰ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ ॥੩॥

ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥

(ਜਦੋਂ ਦੀ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ।

ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥

ਮੇਰੀ ਭੈੜੀ ਮਤਿ ਨਾਸ ਹੋ ਗਈ ਹੈ, ਮੇਰੀ ਕੋਝੀ ਅਕਲ ਦੂਰ ਹੋ ਚੁਕੀ ਹੈ।

ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ॥੪॥੧੧॥੧੮॥

ਹੇ ਨਾਨਕ! (ਆਖ-) ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ ਤੇ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਦੇ (ਅੰਦਰੋਂ ਮਾਇਆ ਦੇ ਮੋਹ ਵਾਲੇ) ਝੂਠੇ ਸੰਸਕਾਰ ਨਾਸ ਹੋ ਜਾਂਦੇ ਹਨ ॥੪॥੧੧॥੧੮॥


ਮਾਝ ਮਹਲਾ ੫ ॥
ਵਿਸਰੁ ਨਾਹੀ ਏਵਡ ਦਾਤੇ ॥

ਹੇ ਇਤਨੇ ਵੱਡੇ ਦਾਤਾਰ! ਮੈਂ ਤੈਨੂੰ ਕਦੇ ਨਾਹ ਭੁਲਾਵਾਂ,

ਕਰਿ ਕਿਰਪਾ ਭਗਤਨ ਸੰਗਿ ਰਾਤੇ ॥

(ਮੇਰੇ ਉੱਤੇ ਇਹ ਕਿਰਪਾ ਕਰ।) (ਹੇ ਬੇਅੰਤ ਦਾਤਾਂ ਦੇਣ ਵਾਲੇ ਪ੍ਰਭੂ!) ਹੇ ਭਗਤਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ!

ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥੧॥

ਮੈਨੂੰ ਇਹ ਦਾਨ ਦੇਹ ਕਿ ਜਿਵੇਂ ਹੋ ਸਕੇ ਮੈਂ ਦਿਨ ਰਾਤ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥

ਮਾਟੀ ਅੰਧੀ ਸੁਰਤਿ ਸਮਾਈ ॥

ਹੇ ਪ੍ਰਭੂ! (ਸਾਡੇ ਇਸ) ਜੜ੍ਹ ਸਰੀਰ ਵਿਚ ਤੂੰ ਚੇਤਨਤਾ ਪਾ ਦਿੱਤੀ ਹੈ,

ਸਭ ਕਿਛੁ ਦੀਆ ਭਲੀਆ ਜਾਈ ॥

ਤੂੰ (ਸਾਨੂੰ ਜੀਵਾਂ ਨੂੰ) ਸਭ ਕੁਝ ਦਿੱਤਾ ਹੋਇਆ ਹੈ, ਚੰਗੀਆਂ ਥਾਵਾਂ ਦਿੱਤੀਆਂ ਹੋਈਆਂ ਹਨ।

ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥੨॥

ਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਖੇਡ ਤਮਾਸ਼ੇ ਕਰ ਰਹੇ ਹਨ, ਇਹ ਸਭ ਕੁਝ ਜੋ ਹੋ ਰਿਹਾ ਹੈ ਤੇਰੀ ਰਜ਼ਾ ਅਨੁਸਾਰ ਹੋ ਰਿਹਾ ਹੈ ॥੨॥

ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥

(ਹੇ ਪ੍ਰਭੂ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸਾਨੂੰ ਮਿਲ ਰਿਹਾ ਹੈ,

ਛਤੀਹ ਅੰਮ੍ਰਿਤ ਭੋਜਨੁ ਖਾਣਾ ॥

(ਜਿਸ ਦੀ ਮਿਹਰ ਨਾਲ) ਅਨੇਕਾਂ ਕਿਸਮਾਂ ਦਾ ਖਾਣਾ ਅਸੀਂ ਖਾ ਰਹੇ ਹਾਂ,

ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥੩॥

(ਆਰਾਮ ਕਰਨ ਲਈ) ਸੁਖਦਾਈ ਮੰਜੇ-ਬਿਸਤ੍ਰੇ ਸਾਨੂੰ ਮਿਲੇ ਹੋਏ ਹਨ, ਠੰਢੀ ਹਵਾ ਅਸੀਂ ਮਾਣ ਰਹੇ ਹਾਂ, ਤੇ ਬੇਫ਼ਿਕਰੀ ਦੇ ਕਈ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ (ਉਸ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ) ॥੩॥

ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥

ਹੇ ਪ੍ਰਭੂ! ਮੈਨੂੰ ਅਜੇਹੀ ਅਕਲ ਦੇ, ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਕਦੇ ਨਾਹ ਭੁਲਾਵਾਂ।

ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥

ਮੈਨੂੰ ਉਹੀ ਮਤਿ ਦੇਹ, ਕਿ ਮੈਂ ਤੈਨੂੰ ਸਿਮਰਦਾ ਰਹਾਂ।

ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥

ਹੇ ਨਾਨਕ! (ਆਖ-) ਮੈਨੂੰ ਗੁਰੂ ਦੇ ਚਰਨਾਂ ਦਾ ਆਸਰਾ ਦੇਹ, ਤਾਕਿ ਮੈਂ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ ॥੪॥੧੨॥੧੯॥


ਮਾਝ ਮਹਲਾ ੫ ॥
ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥

ਹੇ ਰਜ਼ਾ ਦੇ ਮਾਲਕ-ਪ੍ਰਭੂ! ਤੇਰਾ ਹੁਕਮ (ਸਿਰ-ਮੱਥੇ ਉੱਤੇ ਮੰਨਣਾ) ਤੇਰੀ ਸਿਫ਼ਤ-ਸਾਲਾਹ ਹੀ ਹੈ।

ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥

ਜੋ ਤੈਨੂੰ ਚੰਗਾ ਲੱਗਦਾ ਹੈ (ਉਸ ਨੂੰ ਭਲਾਈ ਜਾਨਣਾ) ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ।

ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥

(ਹੇ ਭਾਈ!) ਜੋ ਕੁਝ ਪ੍ਰਭੂ ਜੀ ਨੂੰ ਭਾਉਂਦਾ ਹੈ (ਉਸ ਨੂੰ ਪਰਵਾਨ ਕਰਨਾ ਹੀ) ਅਸਲ ਜਪ ਹੈ, ਪਰਮਾਤਮਾ ਦੇ ਭਾਣੇ ਵਿਚ ਤੁਰਨਾ ਹੀ ਪੂਰਨ ਗਿਆਨ ਹੈ ॥੧॥

ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥

ਹੇ ਮਾਲਕ-ਪ੍ਰਭੂ! ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਉਹੀ ਮਨੁੱਖ ਗਾ ਸਕਦਾ ਹੈ,

ਜੋ ਸਾਹਿਬ ਤੇਰੈ ਮਨਿ ਭਾਵੈ ॥

ਜੇਹੜਾ ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ।

ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥

ਹੇ ਸਾਹਿਬ! ਤੂੰ ਹੀ ਸੰਤਾਂ ਦਾ (ਸਹਾਰਾ) ਹੈਂ, ਸੰਤ ਤੇਰੇ ਆਸਰੇ ਜੀਊਂਦੇ ਹਨ, ਤੇਰੇ ਸੰਤਾਂ ਦਾ ਮਨ ਸਦਾ ਤੇਰੇ (ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੨॥

ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥

ਹੇ ਗੋਪਾਲ-ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਤੂੰ ਆਪਣੇ ਸੰਤਾਂ ਦੀ ਸਦਾ ਰੱਖਿਆ ਕਰਦਾ ਹੈਂ।

ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥

ਤੇਰੇ ਚਰਨਾਂ ਵਿਚ ਜੁੜੇ ਰਹਿ ਕੇ ਸੰਤ ਆਤਮਕ ਆਨੰਦ ਮਾਣਦੇ ਹਨ।

ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥

ਤੈਨੂੰ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ, ਤੂੰ ਸੰਤਾਂ ਦੀ ਜਿੰਦ-ਜਾਨ ਹੈਂ ॥੩॥

ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥

ਮੇਰਾ ਮਨ ਤੇਰੇ ਉਹਨਾਂ ਸੰਤਾਂ ਤੋਂ ਸਦਾ ਸਦਕੇ ਹੈ,

ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥

ਜਿਨ੍ਹਾਂ ਨੇ ਤੈਨੂੰ ਪਛਾਣਿਆ ਹੈ (ਤੇਰੇ ਨਾਲ ਡੂੰਘੀ ਸਾਂਝ ਪਾਈ ਹੈ) ਜੇਹੜੇ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।

ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥

ਹੇ ਨਾਨਕ! (ਆਖ-ਹੇ ਪ੍ਰਭੂ!) (ਜੇਹੜੇ ਵਡਭਾਗੀ) ਉਹਨਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦਾ ਨਾਮ ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ ॥੪॥੧੩॥੨੦॥


ਮਾਝ ਮਹਲਾ ੫ ॥
ਤੂੰ ਜਲਨਿਧਿ ਹਮ ਮੀਨ ਤੁਮਾਰੇ ॥

(ਹੇ ਪ੍ਰਭੂ!) ਤੂੰ (ਮਾਨੋ) ਸਮੁੰਦਰ ਹੈਂ ਤੇ ਅਸੀਂ (ਜੀਵ) ਤੇਰੀਆਂ ਮੱਛੀਆਂ ਹਾਂ।

ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥

ਹੇ ਪ੍ਰਭੂ! ਤੇਰਾ ਨਾਮ (ਮਾਨੋ, ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਹੈ, ਤੇ ਅਸੀਂ (ਜੀਵ, ਮਾਨੋ) ਪਿਆਸੇ ਪਪੀਹੇ ਹਾਂ।

ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥

ਹੇ ਪ੍ਰਭੂ! ਮੈਨੂੰ ਤੇਰੇ ਮਿਲਾਪ ਦੀ ਆਸ ਹੈ ਮੈਨੂੰ ਤੇਰੇ ਨਾਮ ਜਲ ਦੀ ਪਿਆਸ ਹੈ (ਜੇ ਤੇਰੀ ਮਿਹਰ ਹੋਵੇ ਤਾਂ ਮੇਰਾ) ਮਨ ਤੇਰੇ ਹੀ ਚਰਨਾਂ ਵਿਚ ਜੁੜਿਆ ਰਹੇ ॥੧॥

ਜਿਉ ਬਾਰਿਕੁ ਪੀ ਖੀਰੁ ਅਘਾਵੈ ॥

ਜਿਵੇਂ ਅੰਞਾਣਾ ਬਾਲ (ਆਪਣੀ ਮਾਂ ਦਾ) ਦੁੱਧ ਪੀ ਕੇ ਰੱਜ ਜਾਂਦਾ ਹੈ,

ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥

ਜਿਵੇਂ (ਕੋਈ) ਕੰਗਾਲ ਮਨੁੱਖ (ਮਿਲਿਆ) ਧਨ ਵੇਖ ਕੇ ਸੁਖ ਮਹਿਸੂਸ ਕਰਦਾ ਹੈ,

ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥

ਜਿਵੇਂ ਕੋਈ ਤ੍ਰਿਹਾਇਆ ਮਨੁੱਖ ਠੰਢਾ ਪਾਣੀ ਪੀ ਕੇ (ਖ਼ੁਸ਼ ਹੁੰਦਾ ਹੈ) ਤਿਵੇਂ (ਹੇ ਪ੍ਰਭੂ! ਜੇ ਤੇਰੀ ਕ੍ਰਿਪਾ ਹੋਵੇ ਤਾਂ) ਮੇਰਾ ਇਹ ਮਨ ਤੇਰੇ ਚਰਨਾਂ ਵਿਚ (ਤੇਰੇ ਨਾਮ-ਜਲ ਨਾਲ) ਭਿੱਜ ਜਾਏ (ਤਾਂ ਮੈਨੂੰ ਖੁਸ਼ੀ ਹੋਵੇ) ॥੨॥

ਜਿਉ ਅੰਧਿਆਰੈ ਦੀਪਕੁ ਪਰਗਾਸਾ ॥

ਜਿਵੇਂ ਹਨੇਰੇ ਵਿਚ ਦੀਵਾ ਚਾਨਣ ਕਰਦਾ ਹੈ,

ਭਰਤਾ ਚਿਤਵਤ ਪੂਰਨ ਆਸਾ ॥

ਜਿਵੇਂ ਪਤੀ ਦੇ ਮਿਲਾਪ ਦੀ ਤਾਂਘ ਕਰਦਿਆਂ ਕਰਦਿਆਂ ਇਸਤ੍ਰੀ ਦੀ ਆਸ ਪੂਰੀ ਹੁੰਦੀ ਹੈ,

ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥

ਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੁੰਦਾ ਹੈ, ਤਿਵੇਂ (ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੩॥

ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥

ਹੇ ਨਾਨਕ! (ਆਖ-) ਸੰਤਾਂ ਨੇ ਮੈਨੂੰ ਪਰਮਾਤਮਾ ਦੇ (ਮਿਲਾਪ ਦੇ) ਰਸਤੇ ਉੱਤੇ ਪਾ ਦਿੱਤਾ ਹੈ।

ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥

ਕਿਰਪਾਲ ਗੁਰੂ ਨੇ ਮੈਨੂੰ ਪਰਮਾਤਮਾ ਦੇ ਚਰਨਾਂ ਵਿਚ ਰਹਿਣ ਦੀ ਗੇਝ ਪਾ ਦਿੱਤੀ ਹੈ।

ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥

ਹੁਣ ਪਰਮਾਤਮਾ ਮੇਰਾ (ਆਸਰਾ ਬਣ ਗਿਆ ਹੈ), ਮੈਂ ਪਰਮਾਤਮਾ ਦਾ (ਹੀ) ਸੇਵਕ (ਬਣ ਚੁੱਕਾ) ਹਾਂ, ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਸਿਫ਼ਤ-ਸਾਲਾਹ ਦਾ ਸ਼ਬਦ ਬਖ਼ਸ਼ ਦਿੱਤਾ ਹੈ ॥੪॥੧੪॥੨੧॥


ਮਾਝ ਮਹਲਾ ੫ ॥
ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥

ਹੇ ਮਨ! ਜੇਹੜਾ ਪਰਮਾਤਮਾ (ਜੀਵਾਂ ਨੂੰ) ਸੁੱਖ ਦੇਣ ਵਾਲਾ ਹੈ ਤੇ (ਜੀਵਾਂ ਦੇ) ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ,

ਸੁਖਦਾਈ ਦੂਖ ਬਿਡਾਰਨ ਹਰੀਆ ॥

ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਐਸਾ ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ।

ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥੧॥

ਹੇ ਮਨ! (ਦੁਨੀਆ ਦੇ ਪਦਾਰਥਾਂ ਦੇ) ਹੋਰ ਸਾਰੇ ਸੁਆਦ ਚੱਖ ਕੇ ਮੈਂ ਵੇਖ ਲਏ ਹਨ, ਪਰਮਾਤਮਾ ਦੇ ਨਾਮ ਦਾ ਸੁਆਦ ਹੋਰ ਸਭਨਾਂ ਤੋਂ ਮਿੱਠਾ ਹੈ ॥੧॥

ਜੋ ਜੋ ਪੀਵੈ ਸੋ ਤ੍ਰਿਪਤਾਵੈ ॥

(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ।

ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥

ਉਸ ਨੂੰ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ।

ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥੨॥

(ਪਰ ਪ੍ਰਭੂ-) ਨਾਮ ਦੇ ਖ਼ਜ਼ਾਨੇ ਸਿਰਫ਼ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵੱਸਦਾ ਹੈ ॥੨॥

ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ ॥

ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੈ, ਉਹ ਪੂਰਨ ਤੌਰ ਤੇ ਰੱਜ ਗਿਆ ਹੈ (ਉਸ ਦੀ ਮਾਇਆ ਵਾਲੀ ਤ੍ਰੇਹ ਭੁੱਖ ਮਿਟ ਗਈ ਹੈ।)

ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ ॥

ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਦੇ ਹੱਲਿਆਂ ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਕਦੇ ਡੋਲਦਾ ਨਹੀਂ।

ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥੩॥

(ਪਰ) ਪਰਮਾਤਮਾ ਦਾ ਇਹ ਨਾਮ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ; ਜਿਸ ਦੇ ਮੱਥੇ ਉਤੇ ਚੰਗਾ ਭਾਗ (ਜਾਗ ਪਏ) ॥੩॥

ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥

ਜਦੋਂ ਇਹ ਹਰਿ-ਨਾਮ ਇੱਕ (ਗੁਰੂ) ਦੇ ਹੱਥ ਵਿਚ ਆ ਜਾਂਦਾ ਹੈ ਤਾਂ (ਉਸ ਗੁਰੂ ਪਾਸੋਂ) ਅਨੇਕਾਂ ਬੰਦੇ ਲਾਭ ਉਠਾਂਦੇ ਹਨ।

ਤਿਸੁ ਲਗਿ ਮੁਕਤੁ ਭਏ ਘਣੇਰੇ ॥

ਉਸ (ਗੁਰੂ ਦੀ) ਚਰਨੀਂ ਲੱਗ ਕੇ ਅਨੇਕਾਂ ਹੀ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ।

ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥੪॥੧੫॥੨੨॥

ਇਹ ਨਾਮ-ਖ਼ਜ਼ਾਨਾ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਨਾਨਕ ਆਖਦਾ ਹੈ- ਵਿਰਲਿਆਂ ਨੇ (ਇਸ ਨਾਮ ਖ਼ਜ਼ਾਨੇ ਦਾ) ਦਰਸਨ ਕੀਤਾ ਹੈ ॥੪॥੧੫॥੨੨॥


ਮਾਝ ਮਹਲਾ ੫ ॥
ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥

(ਹੇ ਭਾਈ!) ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਨੌ ਖ਼ਜ਼ਾਨੇ ਹੈ, ਪ੍ਰਭੂ-ਨਾਮ ਹੀ ਆਤਮਕ ਤਾਕਤਾਂ ਹੈ, ਪ੍ਰਭ-ਨਾਮ ਹੀ ਧਨ ਦੀ ਬਹੁਲਤਾ ਹੈ।

ਜਨਮੁ ਪਦਾਰਥੁ ਗਹਿਰ ਗੰਭੀਰੈ ॥

ਡੂੰਘੇ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਮਨੁੱਖਾ-ਜਨਮ (ਦੁਰਲੱਭ) ਪਦਾਰਥ (ਦਿੱਸ ਰਿਹਾ) ਹੈ।

ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥੧॥

(ਪਰ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ) ਜੇਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਹ ਲੱਖਾਂ ਕ੍ਰੋੜਾਂ (ਆਤਮਕ) ਖ਼ੁਸ਼ੀਆਂ ਦਾ ਆਨੰਦ ਮਾਣਦਾ ਹੈ ॥੧॥

ਦਰਸਨੁ ਪੇਖਤ ਭਏ ਪੁਨੀਤਾ ॥

(ਗੁਰੂ ਦਾ) ਦੀਦਾਰ ਕਰ ਕੇ (ਮੇਰਾ ਤਨ ਮਨ) ਪਵਿਤ੍ਰ ਹੋ ਗਿਆ ਹੈ।

ਸਗਲ ਉਧਾਰੇ ਭਾਈ ਮੀਤਾ ॥

ਮੇਰੇ ਸਾਰੇ ਭਰਾ ਤੇ ਮਿੱਤਰ (ਗਿਆਨ-ਇੰਦ੍ਰੇ ਗੁਰੂ ਨੇ ਵਿਕਾਰਾਂ ਤੋਂ) ਬਚਾ ਲਏ ਹਨ।

ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥੨॥

ਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਉਸ ਮਾਲਕ ਨੂੰ ਸਿਮਰ ਰਿਹਾ ਹਾਂ, ਜੋ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ ਤੇ ਜੋ ਸਦਾ ਕਾਇਮ ਰਹਿਣ ਵਾਲਾ ਹੈ ॥੨॥

ਜਾ ਕਉ ਖੋਜਹਿ ਸਰਬ ਉਪਾਏ ॥

ਜਿਸ ਪਰਮਾਤਮਾ ਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ ਭਾਲਦੇ ਰਹਿੰਦੇ ਹਨ,

ਵਡਭਾਗੀ ਦਰਸਨੁ ਕੋ ਵਿਰਲਾ ਪਾਏ ॥

ਉਸ ਦਾ ਦਰਸਨ ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।

ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥

ਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ ॥੩॥

ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥

ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।

ਮੁਕਤਿ ਭਇਆ ਜਿਸੁ ਰਿਦੈ ਵਸੇਰਾ ॥

ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸ ਪੈਂਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ (ਵਾਲਾ) ਬਣ ਜਾਂਦਾ ਹੈ।

ਗੁਰਿ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜਿ ਸਮਾਈ ਜੀਉ ॥੪॥੧੬॥੨੩॥

ਹੇ ਨਾਨਕ! (ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਨਾਮ ਵੱਸਿਆ ਹੈ) ਗੁਰੂ ਨੇ ਉਹਨਾਂ ਦੇ ਸਾਰੇ ਮਾਇਆ ਦੇ ਫਾਹੇ ਕੱਟ ਦਿੱਤੇ ਹਨ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੧੬॥੨੩॥


ਮਾਝ ਮਹਲਾ ੫ ॥
ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥

ਪਰਮਾਤਮਾ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ।

ਪ੍ਰਭੂ ਦਇਆ ਤੇ ਮੰਗਲੁ ਗਾਵਉ ॥

ਪਰਮਾਤਮਾ ਦੀ ਹੀ ਕਿਰਪਾ ਨਾਲ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹਾਂ।

ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥੧॥

(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਾਰੀ (ਹੀ) ਉਮਰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥

ਨਾਮੁ ਅਉਖਧੁ ਮੋ ਕਉ ਸਾਧੂ ਦੀਆ ॥

ਪਰਮਾਤਮਾ ਦਾ ਨਾਮ ਦਾਰੂ (ਹੈ, ਜਦੋਂ) ਮੈਨੂੰ ਗੁਰੂ ਨੇ ਦਿੱਤਾ।

ਕਿਲਬਿਖ ਕਾਟੇ ਨਿਰਮਲੁ ਥੀਆ ॥

(ਇਸ ਦੀ ਬਰਕਤਿ ਨਾਲ ਮੇਰੇ ਸਾਰੇ) ਪਾਪ ਕੱਟੇ ਗਏ ਤੇ ਮੈਂ ਪਵਿਤ੍ਰ ਹੋ ਗਿਆ।

ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥੨॥

(ਮੇਰੇ ਅੰਦਰ ਆਤਮਕ) ਸੁਖ ਪੈਦਾ ਹੋ ਗਿਆ (ਮੇਰੇ ਅੰਦਰੋਂ ਹਉਮੈ ਦੀ) ਸਾਰੀ ਪੀੜਾ ਨਿਕਲ ਗਈ, ਮੇਰੇ ਸਾਰੇ ਦੁਖ-ਦਰਦ ਦੂਰ ਹੋ ਗਏ ॥੨॥

ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥

(ਹੇ ਭਾਈ!) ਮੇਰਾ ਪਿਆਰਾ (ਗੁਰੂ ਪਰਮਾਤਮਾ) ਜਿਸ ਮਨੁੱਖ ਦੀ ਸਹੈਤਾ ਕਰਦਾ ਹੈ,

ਸੋ ਮੁਕਤਾ ਸਾਗਰ ਸੰਸਾਰਾ ॥

ਉਹ ਇਸ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਮੁਕਤ ਹੋ ਜਾਂਦਾ ਹੈ।

ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥੩॥

ਜਿਸ ਮਨੁੱਖ ਨੇ ਸਰਧਾ ਧਾਰ ਕੇ ਗੁਰੂ ਨਾਲ ਸਾਂਝ ਪਾ ਲਈ, ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਡਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ ॥੩॥

ਜਬ ਤੇ ਸਾਧੂ ਸੰਗਤਿ ਪਾਏ ॥

(ਹੇ ਭਾਈ!) ਜਦੋਂ ਤੋਂ ਮੈਨੂੰ ਗੁਰੂ ਦੀ ਸੰਗਤਿ ਮਿਲੀ ਹੈ।

ਗੁਰ ਭੇਟਤ ਹਉ ਗਈ ਬਲਾਏ ॥

ਗੁਰੂ ਨੂੰ ਮਿਲਿਆਂ (ਮੇਰੇ ਅੰਦਰੋਂ) ਹਉਮੈ ਦੀ ਬਲਾ ਦੂਰ ਹੋ ਗਈ।

ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥੪॥੧੭॥੨੪॥

ਸਤਿਗੁਰੂ ਨੇ (ਹਉਮੈ ਆਦਿਕ ਵਿਕਾਰਾਂ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ। ਹੁਣ ਨਾਨਕ ਹਰੇਕ ਸੁਆਸ ਦੇ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ॥੪॥੧੭॥੨੪॥


ਮਾਝ ਮਹਲਾ ੫ ॥
ਓਤਿ ਪੋਤਿ ਸੇਵਕ ਸੰਗਿ ਰਾਤਾ ॥

(ਜਿਵੇਂ ਕੱਪੜੇ ਦਾ ਸੂਤਰ) ਤਾਣੇ ਵਿਚ ਪੇਟੇ ਵਿਚ (ਮਿਲਿਆ ਹੋਇਆ ਹੁੰਦਾ ਹੈ ਤਿਵੇਂ ਪਰਮਾਤਮਾ ਆਪਣੇ) ਸੇਵਕ ਦੇ ਨਾਲ ਮਿਲਿਆ ਰਹਿੰਦਾ ਹੈ।

ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ॥

(ਜੀਵਾਂ ਨੂੰ) ਸੁਖ ਦੇਣ ਵਾਲਾ ਪ੍ਰਭੂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ।

ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥੧॥

(ਮੇਰੀ ਤਾਂਘ ਹੈ ਕਿ) ਮੈਂ ਪ੍ਰਭੂ ਦੇ ਸੇਵਕਾਂ ਦੇ ਦਰ ਤੇ ਪਾਣੀ ਢੋਵਾਂ ਪੱਖਾਂ ਫੇਰਾਂ ਤੇ ਚੱਕੀ ਪੀਹਾਂ (ਕਿਉਂਕਿ ਸੇਵਕਾਂ ਨੂੰ) ਪਾਲਣਹਾਰ ਪ੍ਰਭੂ (ਦੇ ਸਿਮਰਨ) ਦਾ ਹੀ ਉੱਦਮ ਰਹਿੰਦਾ ਹੈ ॥੧॥

ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥

ਪ੍ਰਭੂ ਨੇ (ਜਿਸ ਨੂੰ ਉਸ ਦੀ ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਆਪਣੀ ਸੇਵਾ-ਭਗਤੀ ਵਿਚ ਜੋੜਿਆ ਹੈ,

ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥

ਉਸ ਸੇਵਕ ਦੇ ਮਨ ਵਿਚ ਮਾਲਕ ਪ੍ਰਭੂ ਦਾ ਹੁਕਮ ਪਿਆਰਾ ਲੱਗਣ ਲੱਗ ਪੈਂਦਾ ਹੈ।

ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥

ਉਹ ਸੇਵਕ ਉਹੀ ਕਮਾਈ ਕਰਦਾ ਹੈ, ਜੋ ਮਾਲਕ ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਸੇਵਕ ਨਾਮ ਸਿਮਰਨ ਵਿਚ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਨ ਵਿਚ ਸਿਆਣਾ ਹੋ ਜਾਂਦਾ ਹੈ ॥੨॥

ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥

ਹੇ ਪ੍ਰਭੂ! ਤੂੰ (ਆਪਣੇ ਸੇਵਕਾਂ ਦੇ ਦਿਲ ਦੀ) ਜਾਣਦਾ ਹੈਂ, ਤੂੰ (ਆਪਣੇ ਸੇਵਕਾਂ ਦਾ) ਪਾਲਣਹਾਰ ਹੈਂ, ਤੂੰ (ਸੇਵਕਾਂ ਨੂੰ ਮਾਇਆ ਦੇ ਮੋਹ ਤੋਂ ਬਚਾਣ ਦੇ) ਸਭ ਤਰੀਕੇ ਜਾਣਦਾ ਹੈਂ।

ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥

(ਹੇ ਭਾਈ)! ਪਾਲਣਹਾਰ ਪ੍ਰਭੂ ਦੇ ਸੇਵਕ ਪ੍ਰਭੂ ਦੇ ਮਿਲਾਪ ਦੇ ਆਤਮਕ ਅਨੰਦ ਮਾਣਦੇ ਹਨ।

ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥

ਪਾਲਣਹਾਰ ਪ੍ਰਭੂ ਦਾ ਆਪਾ ਉਸ ਦੇ ਸੇਵਕ ਦਾ ਆਪਾ ਬਣ ਜਾਂਦਾ ਹੈ (ਠਾਕੁਰ ਤੇ ਸੇਵਕ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ)। ਠਾਕੁਰ ਦੇ ਚਰਨਾਂ ਵਿਚ ਜੁੜਿਆ ਰਹਿ ਕੇ ਸੇਵਕ (ਲੋਕ ਪਰਲੋਕ ਵਿਚ) ਪਰਗਟ ਹੋ ਜਾਂਦਾ ਹੈ ॥੩॥

ਅਪੁਨੈ ਠਾਕੁਰਿ ਜੋ ਪਹਿਰਾਇਆ ॥

ਜਿਸ (ਸੇਵਕ) ਨੂੰ ਪਿਆਰੇ ਠਾਕੁਰ-ਪ੍ਰਭੂ ਨੇ (ਸੇਵਾ ਭਗਤੀ ਦਾ) ਸਿਰੋਪਾ ਬਖ਼ਸ਼ਿਆ ਹੈ,

ਬਹੁਰਿ ਨ ਲੇਖਾ ਪੁਛਿ ਬੁਲਾਇਆ ॥

ਉਸ ਨੂੰ ਮੁੜ (ਉਸ ਦੇ ਕਰਮਾਂ ਦਾ) ਲੇਖਾ ਨਹੀਂ ਪੁੱਛਿਆ (ਲੇਖਾ ਪੁੱਛਣ ਵਾਸਤੇ) ਨਹੀਂ ਸੱਦਿਆ (ਭਾਵ, ਉਹ ਸੇਵਕ ਮੰਦੇ ਕਰਮਾਂ ਵਲ ਪੈਂਦਾ ਹੀ ਨਹੀਂ)।

ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥

ਹੇ ਨਾਨਕ! (ਆਖ-) ਮੈਂ ਉਸ ਸੇਵਕ ਤੋਂ ਸਦਕੇ ਜਾਂਦਾ ਹਾਂ। ਉਹ ਸੇਵਕ ਡੂੰਘੇ ਸੁਭਾਉ ਵਾਲਾ ਵੱਡੇ ਜਿਗਰੇ ਵਾਲਾ ਤੇ ਉੱਚੇ ਅਮੋਲਕ ਜੀਵਨ ਵਾਲਾ ਹੋ ਜਾਂਦਾ ਹੈ ॥੪॥੧੮॥੨੫॥


ਮਾਝ ਮਹਲਾ ੫ ॥
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥

ਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ।

ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥

ਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ

ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥

ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ ॥੧॥

ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥

(ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ,

ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥

ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ)

ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥

(ਉਸ ਅਵਸਥਾ ਵਿਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ ॥੨॥

ਜਨਮ ਜਨਮ ਕਾ ਵਿਛੁੜਿਆ ਮਿਲਿਆ ॥

(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦਾ ਵਿੱਛੁੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।

ਸਾਧ ਕ੍ਰਿਪਾ ਤੇ ਸੂਕਾ ਹਰਿਆ ॥

ਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ।

ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥

ਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤਿ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਗੁਰੂ ਦੀ ਸਰਨ ਪਿਆਂ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੩॥

ਜਲ ਤਰੰਗੁ ਜਿਉ ਜਲਹਿ ਸਮਾਇਆ ॥

ਜਿਵੇਂ (ਨਦੀ ਆਦਿਕ ਦੇ) ਪਾਣੀ ਦੀ ਲਹਿਰ (ਉਸ ਨਦੀ ਵਿਚੋਂ ਉੱਭਰ ਕੇ ਮੁੜ ਉਸ) ਪਾਣੀ ਵਿਚ ਹੀ ਰਲ ਜਾਂਦੀ ਹੈ,

ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥

ਤਿਵੇਂ (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ) ਸੁਰਤ (ਜੋਤਿ) ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।

ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥੪॥੧੯॥੨੬॥

ਨਾਨਕ ਆਖਦਾ ਹੈ- (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ॥੪॥੧੯॥੨੬॥


ਮਾਝ ਮਹਲਾ ੫ ॥
ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ ॥

(ਹੇ ਪ੍ਰਭੂ!) ਜਿਸ ਮਨੁੱਖ ਨੇ ਤੇਰਾ ਨਾਮ ਸੁਣਿਆ ਹੈ (ਜੋ ਸਦਾ ਤੇਰੀ ਸਿਫ਼ਤ-ਸਾਲਾਹ ਸੁਣਦਾ ਹੈ), ਮੈਂ ਉਸ ਤੋਂ ਸਦਕੇ ਜਾਂਦਾ ਹਾਂ।

ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ ॥

ਜਿਸ ਮਨੁੱਖ ਨੇ ਆਪਣੀ ਜੀਭ ਨਾਲ ਤੇਰਾ ਨਾਮ ਉਚਾਰਿਆ ਹੈ (ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ), ਉਸ ਤੋਂ ਮੈਂ ਵਾਰਨੇ ਜਾਂਦਾ ਹਾਂ।

ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ ॥੧॥

(ਹੇ ਪ੍ਰਭੂ!) ਮੈਂ ਉਸ ਮਨੁੱਖ ਤੋਂ (ਮੁੜ ਮੁੜ) ਕੁਰਬਾਨ ਜਾਂਦਾ ਹਾਂ, ਜੋ ਆਪਣੇ ਮਨ ਨਾਲ ਆਪਣੇ ਸਰੀਰ ਨਾਲ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥

ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ ॥

(ਹੇ ਪ੍ਰਭੂ!) ਜੇਹੜਾ ਮਨੁੱਖ ਤੇਰੇ (ਮਿਲਾਪ ਦੇ) ਰਾਹ ਤੇ ਤੁਰਦਾ ਹੈ, ਮੈਂ ਉਸ ਦੇ ਪੈਰ ਧੋਂਦਾ ਰਹਾਂ।

ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥

(ਹੇ ਭਾਈ!) ਦਇਆ ਦੇ ਸੋਮੇ ਉਸ ਅਕਾਲ ਪੁਰਖ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਹੁੰਦਾ ਹਾਂ।

ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥੨॥

(ਇਸ ਵਾਸਤੇ) ਮੈਂ ਆਪਣਾ ਮਨ ਆਪਣੇ ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਜਿਸ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਲੱਭ ਲਿਆ ਹੈ ॥੨॥

ਸੇ ਵਡਭਾਗੀ ਜਿਨਿ ਤੁਮ ਜਾਣੇ ॥

(ਹੇ ਪ੍ਰਭੂ!) ਜਿਸ ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ ਹੈ, ਉਹ (ਸਭ) ਭਾਗਾਂ ਵਾਲੇ ਹਨ।

ਸਭ ਕੈ ਮਧੇ ਅਲਿਪਤ ਨਿਰਬਾਣੇ ॥

(ਹੇ ਭਾਈ!) ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਹੈ (ਫਿਰ ਭੀ ਉਹ) ਨਿਰਲੇਪ ਹੈ ਤੇ ਵਾਸਨਾ-ਰਹਿਤ ਹੈ।

ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ ॥੩॥

(ਜਿਸ ਮਨੁੱਖ ਨੇ ਉਸ ਨਾਲ ਸਾਂਝ ਪਾਈ ਹੈ) ਸਾਧ ਸੰਗਤਿ ਵਿਚ ਰਹਿ ਕੇ ਉਸ ਨੇ ਸੰਸਾਰ-ਸਮੁੰਦਰ ਤਰ ਲਿਆ ਹੈ, ਉਸ ਨੇ (ਕਾਮਾਦਿਕ) ਸਾਰੇ ਵਿਕਾਰ ਆਪਣੇ ਵੱਸ ਵਿਚ ਕਰ ਲਏ ਹਨ ॥੩॥

ਤਿਨ ਕੀ ਸਰਣਿ ਪਰਿਆ ਮਨੁ ਮੇਰਾ ॥

(ਹੇ ਭਾਈ!) ਮੇਰਾ ਮਨ ਉਹਨਾਂ ਦੀ ਸਰਨ ਪੈਂਦਾ ਹੈ,

ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥

(ਜਿਨ੍ਹਾਂ ਨੇ ਦੁਨੀਆ ਵਾਲਾ) ਮਾਣ ਛੱਡ ਕੇ (ਦੁਨੀਆ ਵਾਲਾ) ਤਾਣ ਛੱਡ ਕੇ (ਜੀਵਨ-ਰਾਹ ਵਿਚ) ਹਨੇਰਾ (ਪੈਦਾ ਕਰਨ ਵਾਲਾ ਮਾਇਆ ਦਾ) ਮੋਹ ਛੱਡ ਕੇ (ਸਾਰੇ ਦੂਤ ਵੱਸ ਕਰ ਲਏ ਹਨ।)

ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥

(ਉਹਨਾਂ ਅੱਗੇ ਅਰਦਾਸ ਕਰਦਾ ਹੈ ਕਿ) ਮੈਨੂੰ ਨਾਨਕ ਨੂੰ (ਭੀ) ਉਸ ਅਪਹੁੰਚ ਅਥਾਹ ਪ੍ਰਭੂ ਦਾ ਨਾਮ ਦਾਨ (ਵਜੋਂ) ਦੇਹੋ ॥੪॥੨੦॥੨੭॥


ਮਾਝ ਮਹਲਾ ੫ ॥
ਤੂੰ ਪੇਡੁ ਸਾਖ ਤੇਰੀ ਫੂਲੀ ॥

ਹੇ ਪ੍ਰਭੂ! ਤੂੰ (ਮਾਨੋ, ਇਕ) ਰੁੱਖ ਹੈਂ (ਇਹ ਸੰਸਾਰ ਤੈਂ-ਰੁੱਖ ਤੋਂ) ਫੁੱਟੀਆਂ ਹੋਈਆਂ ਤੇਰੀਆਂ ਟਾਹਣੀਆਂ ਹਨ।

ਤੂੰ ਸੂਖਮੁ ਹੋਆ ਅਸਥੂਲੀ ॥

ਹੇ ਪ੍ਰਭੂ! ਤੂੰ ਅਦ੍ਰਿਸ਼ਟ ਹੈਂ (ਆਪਣੇ ਅਦ੍ਰਿਸ਼ਟ ਰੂਪ ਤੋਂ) ਦਿੱਸਦਾ ਜਗਤ ਬਣਿਆ ਹੈਂ।

ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥੧॥

ਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ (ਇਹ ਸਾਰਾ ਜਗਤ ਪਸਾਰਾ, ਮਾਨੋ) ਝੱਗ ਤੇ ਬੁਲਬੁਲਾ (ਭੀ) ਤੂੰ ਆਪ ਹੀ ਹੈਂ। ਤੈਥੋਂ ਬਿਨਾ ਹੋਰ ਕੁਝ ਭੀ ਨਹੀਂ ਦਿਸਦਾ ॥੧॥

ਤੂੰ ਸੂਤੁ ਮਣੀਏ ਭੀ ਤੂੰਹੈ ॥

(ਇਹ ਸਾਰਾ ਜਗਤ-ਪਸਾਰਾ ਤੈਥੋਂ ਬਣਿਆ ਤੇਰਾ ਹੀ ਸਰੂਪ, ਮਾਨੋ, ਇਕ ਮਾਲਾ ਹੈ। ਉਸ ਮਾਲਾ ਦਾ) ਧਾਗਾ ਤੂੰ ਆਪ ਹੈਂ, ਮਣਕੇ ਭੀ ਤੂੰ ਹੈਂ,

ਤੂੰ ਗੰਠੀ ਮੇਰੁ ਸਿਰਿ ਤੂੰਹੈ ॥

(ਮਣਕਿਆਂ ਉੱਤੇ) ਗੰਢ ਭੀ ਤੂੰ ਹੀ ਹੈਂ, (ਸਭ ਮਣਕਿਆਂ ਦੇ) ਸਿਰ ਉੱਤੇ ਮੇਰੂ-ਮਣਕਾ ਭੀ ਤੂੰ ਹੀ ਹੈਂ।

ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥੨॥

(ਹੇ ਭਾਈ!) (ਜਗਤ-ਰਚਨਾ ਦੇ) ਸ਼ੁਰੂ ਵਿਚ ਮੱਧ ਵਿਚ ਤੇ ਅੰਤ ਵਿਚ ਪ੍ਰਭੂ ਆਪ ਹੀ ਆਪ ਹੈ। ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ ॥੨॥

ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥

ਹੇ ਪ੍ਰਭੂ! ਤੂੰ (ਆਪਣੀ ਰਚੀ ਮਾਇਆ ਦੇ) ਤਿੰਨ ਗੁਣਾਂ ਤੋਂ ਪਰੇ ਹੈਂ, ਤਿੰਨਾਂ ਗੁਣਾਂ ਤੋਂ ਬਣਿਆ ਜਗਤ ਪਸਾਰਾ ਵੀ ਤੂੰ ਆਪ ਹੀ ਹੈਂ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ।

ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥

ਤੂੰ ਵਾਸਨਾ ਰਹਿਤ ਹੈਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸਾਂ ਦੇ ਭੋਗਣ ਵਾਲਾ ਭੀ ਹੈਂ ਤੇ ਰਸਾਂ ਦੇ ਪਿਆਰ ਵਿਚ ਮਸਤ ਭੀ ਹੈਂ।

ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥੩॥

ਹੇ ਪ੍ਰਭੂ! ਇਹ ਆਪਣੇ ਖੇਡ-ਤਮਾਸ਼ੇ ਤੂੰ ਆਪ ਹੀ ਜਾਣਦਾ ਹੈਂ। ਤੂੰ ਆਪ ਹੀ ਸਾਰੀ ਸੰਭਾਲ ਭੀ ਕਰ ਰਿਹਾ ਹੈਂ ॥੩॥

ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥

ਹੇ ਪ੍ਰਭੂ! ਮਾਲਕ ਭੀ ਤੂੰ ਹੈਂ ਤੇ ਸੇਵਕ ਭੀ ਤੂੰ ਆਪ ਹੀ ਹੈਂ।

ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥

ਹੇ ਪ੍ਰਭੂ! (ਸਾਰੇ ਸੰਸਾਰ ਵਿਚ) ਤੂੰ ਲੁਕਿਆ ਹੋਇਆ ਭੀ ਹੈਂ ਤੇ (ਸੰਸਾਰ-ਰੂਪ ਹੋ ਕੇ) ਤੂੰ ਪ੍ਰਤੱਖ ਭੀ ਦਿੱਸ ਰਿਹਾ ਹੈਂ।

ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥੪॥੨੧॥੨੮॥

ਹੇ ਨਾਨਕ! (ਆਖ-ਤੇਰਾ ਇਹ) ਦਾਸ ਸਦਾ ਤੇਰੇ ਗੁਣ ਗਾਂਦਾ ਹੈ। ਰਤਾ ਕੁ ਸਮਾ ਹੀ (ਇਸ ਦਾਸ ਵਲ) ਮਿਹਰ ਦੀ ਨਿਗਾਹ ਨਾਲ ਵੇਖ ॥੪॥੨੧॥੨੮॥


ਮਾਝ ਮਹਲਾ ੫ ॥
ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥

(ਹੇ ਭਾਈ!) ਉਸ ਬਾਣੀ ਨੂੰ ਪੜ੍ਹਨਾ ਲਾਭਦਾਇਕ ਉੱਦਮ ਹੈ, ਜਿਸ ਬਾਣੀ ਦੀ ਰਾਹੀਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।

ਗੁਰਪਰਸਾਦਿ ਕਿਨੈ ਵਿਰਲੈ ਜਾਣੀ ॥

(ਪਰ) ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ (ਅਜੇਹੀ ਬਾਣੀ ਨਾਲ) ਸਾਂਝ ਪਾਈ ਹੈ।

ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ॥੧॥

(ਹੇ ਭਾਈ!) ਉਹ ਵੇਲਾ ਭਾਗਾਂ ਵਾਲਾ ਜਾਣੋ, ਜਿਸ ਵੇਲੇ ਪਰਮਾਤਮਾ ਦੇ ਗੁਣ ਗਾਏ ਜਾਣ ਤੇ ਸੁਣੇ ਜਾਣ। ਜਗਤ-ਵਿਚ-ਜਨਮੇ ਉਹੀ ਮਨੁੱਖ ਮਨੁੱਖਾ ਮਿਆਰ ਵਿਚ ਪੂਰੇ ਗਿਣੇ ਜਾਂਦੇ ਹਨ (ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਤੇ ਸੁਣਦੇ ਹਨ) ॥੧॥

ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ ॥

ਉਹੀ ਅੱਖਾਂ ਇਨਸਾਨੀ ਅੱਖਾਂ ਅਖਵਾਣ ਦੇ ਜੋਗ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ।

ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ ॥

ਉਹ ਹੱਥ ਚੰਗੇ ਹਨ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖੀ ਹੈ।

ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ॥੨॥

ਉਹ ਪੈਰ ਸੁਖ ਦੇਣ ਵਾਲੇ ਹਨ, ਜੇਹੜੇ ਪਰਮਾਤਮਾ ਦੇ (ਮਿਲਾਪ ਦੇ) ਰਾਹ ਉੱਤੇ ਤੁਰਦੇ ਹਨ। ਮੈਂ ਉਹਨਾਂ (ਅੱਖਾਂ ਹੱਥਾਂ ਪੈਰਾਂ) ਤੋਂ ਸਦਕੇ ਜਾਂਦਾ ਹਾਂ। ਇਹਨਾਂ ਦੀ ਸੰਗਤਿ ਵਿਚ ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ ॥੨॥

ਸੁਣਿ ਸਾਜਨ ਮੇਰੇ ਮੀਤ ਪਿਆਰੇ ॥

ਹੇ ਮੇਰੇ ਪਿਆਰੇ ਮਿਤ੍ਰ ਪ੍ਰਭੂ! ਸੱਜਣ-ਪ੍ਰਭੂ! (ਮੇਰੀ ਬੇਨਤੀ) ਸੁਣ।

ਸਾਧਸੰਗਿ ਖਿਨ ਮਾਹਿ ਉਧਾਰੇ ॥

(ਮੈਨੂੰ ਸਾਧ ਸੰਗਤਿ ਦੇਹ) ਸਾਧ ਸੰਗਤਿ ਵਿਚ ਰਿਹਾਂ ਇਕ ਖਿਨ ਵਿਚ ਹੀ (ਪਾਪਾਂ ਵਿਕਾਰਾਂ ਤੋਂ) ਬਚ ਜਾਈਦਾ ਹੈ।

ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥੩॥

(ਜੇਹੜਾ ਮਨੁੱਖ ਸਾਧ ਸੰਗਤਿ ਵਿਚ ਰਹਿੰਦਾ ਹੈ) ਸਾਰੇ ਪਾਪ ਕੱਟ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ ॥੩॥

ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥

(ਹੇ ਭਾਈ!) ਦੋਵੇਂ ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੇ) ਇਕ (ਇਹ) ਅਰਦਾਸ ਕਰਨੀ ਚਾਹੀਦੀ ਹੈ,

ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥

(ਕਿ ਹੇ ਪ੍ਰਭੂ!) ਮਿਹਰ ਕਰ ਕੇ (ਵਿਕਾਰਾਂ ਦੇ ਸਮੁੰਦਰ ਵਿਚ) ਡੱਬ ਰਹੇ ਮੈਨੂੰ ਕਠੋਰ-ਚਿੱਤ ਨੂੰ ਬਚਾ ਲੈ।

ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥

(ਹੇ ਭਾਈ! ਇਹ ਅਰਦਾਸਾਂ ਸੁਣ ਕੇ) ਪ੍ਰਭੂ ਜੀ ਮੈਂ ਨਾਨਕ ਉੱਤੇ ਦਇਆਵਾਨ ਹੋ ਗਏ ਹਨ, ਤੇ ਪ੍ਰਭੂ ਜੀ ਨਾਨਕ ਦੇ ਮਨ ਵਿਚ ਪਿਆਰੇ ਲੱਗਣ ਲੱਗ ਪਏ ਹਨ ॥੪॥੨੨॥੨੯॥


ਮਾਝ ਮਹਲਾ ੫ ॥
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥

ਹੇ ਹਰੀ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ (ਆਤਮਕ ਮੌਤ ਤੋਂ ਬਚਾਣ ਵਾਲੀ ਹੈ)।

ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥

(ਗੁਰੂ ਦੀ ਉਚਾਰੀ ਹੋਈ ਇਹ ਬਾਣੀ) ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।

ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥

ਗੁਰੂ ਦਾ ਦਰਸਨ ਕਰ ਕੇ (ਤ੍ਰਿਸ਼ਨਾ ਈਰਖਾ ਆਦਿਕ ਦੀ) ਸੜਨ ਬੁੱਝ ਜਾਂਦੀ ਹੈ ਤੇ ਮਨ ਠੰਢਾ-ਠਾਰ ਹੋ ਜਾਂਦਾ ਹੈ ॥੧॥

ਸੂਖੁ ਭਇਆ ਦੁਖੁ ਦੂਰਿ ਪਰਾਨਾ ॥

ਮੇਰੇ ਮਨ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ (ਮੇਰਾ) ਦੁੱਖ ਦੂਰ ਭੱਜ ਗਿਆ,

ਸੰਤ ਰਸਨ ਹਰਿ ਨਾਮੁ ਵਖਾਨਾ ॥

(ਜਦੋਂ) ਗੁਰੂ ਦੀ ਜੀਭ ਨੇ ਪਰਮਾਤਮਾ ਦਾ ਨਾਮ ਉਚਾਰਿਆ

ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥੨॥

(ਜਿਵੇਂ ਵਰਖਾ ਹੋਣ ਨਾਲ) ਟੋਏ ਟਿੱਬੇ ਤਾਲਾਬ (ਸਭ) ਪਾਣੀ ਨਾਲ ਨਕਾ-ਨਕ ਭਰ ਜਾਂਦੇ ਹਨ (ਤਿਵੇਂ ਗੁਰੂ ਦੇ ਦਰ ਤੇ ਪ੍ਰਭੂ-ਨਾਮ ਦੀ ਵਰਖਾ ਹੁੰਦੀ ਹੈ ਤੇ ਜੇਹੜੇ ਵਡਭਾਗੀ ਮਨੁੱਖ ਗੁਰੂ ਦੀ ਸਰਨ ਆਉਂਦੇ ਹਨ ਉਹਨਾਂ ਦਾ ਮਨ ਉਹਨਾਂ ਦੇ ਗਿਆਨ-ਇੰਦ੍ਰੇ ਸਭ ਨਾਮ-ਜਲ ਨਾਲ ਨਕਾ-ਨਕ ਭਰ ਜਾਂਦੇ ਹਨ। ਗੁਰੂ ਦੇ ਦਰ ਤੇ ਆਇਆਂ ਕੋਈ ਮਨੁੱਖ (ਨਾਮ-ਅੰਮ੍ਰਿਤ ਤੋਂ) ਸੱਖਣਾ ਨਹੀਂ ਜਾਂਦਾ ॥੨॥

ਦਇਆ ਧਾਰੀ ਤਿਨਿ ਸਿਰਜਨਹਾਰੇ ॥

ਉਸ ਸਿਰਜਨਹਾਰ ਪ੍ਰਭੂ ਨੇ (ਮਿਹਰ ਕੀਤੀ) (ਤੇ ਗੁਰੂ ਘੱਲਿਆ।

ਜੀਅ ਜੰਤ ਸਗਲੇ ਪ੍ਰਤਿਪਾਰੇ ॥

ਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ) ਸਾਰੇ ਜੀਵਾਂ ਦੀ (ਵਿਕਾਰਾਂ ਤੋਂ) ਰਾਖੀ (ਦੀ ਵਿਓਂਤ) ਕੀਤੀ।

ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥੩॥

ਮਿਹਰਵਾਨ ਕਿਰਪਾਲ ਦਇਆਵਾਨ (ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਆਏ) ਸਾਰੇ ਜੀਵ (ਮਾਇਆ ਦੀ ਤ੍ਰੇਹ ਭੁੱਖ ਵਲੋਂ) ਪੂਰਨ ਤੌਰ ਤੇ ਰੱਜ ਗਏ ॥੩॥

ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ ॥

(ਜਿਵੇਂ ਜਦੋਂ) ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ (ਵਰਖਾ ਕੀਤੀ ਤਾਂ) ਜੰਗਲ ਘਾਹ ਤੇ ਸਾਰਾ ਤ੍ਰਿਵਨੀ ਜਗਤ ਹਰਾ ਕਰ ਦਿੱਤਾ।

ਕਰਣਹਾਰਿ ਖਿਨ ਭੀਤਰਿ ਕਰਿਆ ॥

ਕਰਨਹਾਰ ਨੇ ਇਕ ਪਲ ਵਿਚ ਹੀ ਇਸ ਤਰ੍ਹਾਂ ਕਰ ਦਿੱਤਾ। (ਤਿਵੇਂ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ, ਗੁਰੂ-ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ)।

ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਉਸ ਪਰਮਾਤਮਾ ਨੂੰ ਸਿਮਰਦਾ ਹੈ, ਪਰਮਾਤਮਾ ਉਸ ਦੇ ਮਨ ਦੀ ਆਸ ਪੂਰੀ ਕਰ ਦੇਂਦਾ ਹੈ (ਦੁਨੀਆ ਦੀਆਂ ਆਸਾ-ਤ੍ਰਿਸ਼ਨਾ ਵਿਚ ਭਟਕਣੋਂ ਉਸ ਨੂੰ ਬਚਾ ਲੈਂਦਾ ਹੈ) ॥੪॥੨੩॥੩੦॥


ਮਾਝ ਮਹਲਾ ੫ ॥
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥

ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ,

ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥

ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ।

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥

(ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ॥੧॥

ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥

(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ।

ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥

ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ।

ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥

ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ ॥੨॥

ਜੀਅ ਜੰਤ ਸਭਿ ਤੁਧੁ ਉਪਾਏ ॥

(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ।

ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥

ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ।

ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥

(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥

ਨਾਮੁ ਧਿਆਇ ਮਹਾ ਸੁਖੁ ਪਾਇਆ ॥

(ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ।

ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥

ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ।

ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥

ਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ ॥੪॥੨੪॥੩੧॥


ਮਾਝ ਮਹਲਾ ੫ ॥
ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ ॥

ਪਰਮਾਤਮਾ (ਭਗਤ ਜਨਾਂ ਦੀ) ਜਿੰਦ ਦਾ, ਪ੍ਰਾਣਾਂ ਦਾ, ਮਨ ਦਾ, ਆਸਰਾ ਹੈ।

ਭਗਤ ਜੀਵਹਿ ਗੁਣ ਗਾਇ ਅਪਾਰਾ ॥

ਭਗਤ ਬੇਅੰਤ ਪ੍ਰਭੂ ਦੇ ਗੁਣ ਗਾ ਕੇ ਆਤਮਕ ਜ਼ਿੰਦਗੀ ਹਾਸਲ ਕਰਦੇ ਹਨ।

ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ ॥੧॥

ਪਰਮਾਤਮਾ ਨਾਮ ਦਾ ਗੁਣਾਂ ਦਾ ਖ਼ਜ਼ਾਨਾ ਹੈ, ਪਰਮਾਤਮਾ ਦਾ ਨਾਮ ਆਤਮਕ ਮੌਤ ਤੋਂ ਬਚਾਣ ਵਾਲਾ ਹੈ। ਭਗਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦੇ ਹਨ ॥੧॥

ਮਨਸਾ ਧਾਰਿ ਜੋ ਘਰ ਤੇ ਆਵੈ ॥

ਜੇਹੜਾ ਮਨੁੱਖ (ਪਰਮਾਤਮਾ ਦੇ ਮਿਲਾਪ ਦੀ) ਤਾਂਘ ਕਰ ਕੇ ਘਰੋਂ ਤੁਰਦਾ ਹੈ,

ਸਾਧਸੰਗਿ ਜਨਮੁ ਮਰਣੁ ਮਿਟਾਵੈ ॥

ਉਹ ਸਾਧ ਸੰਗਤਿ ਵਿਚ ਆ ਕੇ (ਪ੍ਰਭੂ-ਨਾਮ ਦੀ ਬਰਕਤਿ ਨਾਲ) ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ।

ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥੨॥

(ਸਾਧ ਸੰਗਤਿ ਵਿਚ) ਗੁਰੂ ਦਾ ਦਰਸਨ ਕਰ ਕੇ ਉਸ ਦੀ ਇਹ ਆਸ ਪੂਰੀ ਹੋ ਜਾਂਦੀ ਹੈ, ਉਸ ਦਾ ਇਹ ਮਨੋਰਥ ਸਿਰੇ ਚੜ੍ਹ ਜਾਂਦਾ ਹੈ ॥੨॥

ਅਗਮ ਅਗੋਚਰ ਕਿਛੁ ਮਿਤਿ ਨਹੀ ਜਾਨੀ ॥

ਕੋਈ ਮਨੁੱਖ ਇਹ ਪਤਾ ਨਹੀਂ ਕਰ ਸਕਿਆ ਕਿ ਉਹ ਅਪਹੁੰਚ ਪ੍ਰਭੂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ ਕੇਡਾ ਵੱਡਾ ਹੈ।

ਸਾਧਿਕ ਸਿਧ ਧਿਆਵਹਿ ਗਿਆਨੀ ॥

ਜੋਗ-ਸਾਧਨਾਂ ਕਰਨ ਵਾਲੇ ਜੋਗੀ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗਿਆਨ-ਵਾਨ ਬੰਦੇ ਸਮਾਧੀਆਂ ਲਾਂਦੇ ਹਨ (ਪਰ ਉਸ ਦਾ ਅੰਤ ਨਹੀਂ ਜਾਣਦੇ।)

ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥੩॥

(ਗੁਰੂ ਦੀ ਸਰਨ ਪੈ ਕੇ) ਜਿਸ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਜਿਸ ਮਨੁੱਖ ਦਾ (ਆਪਣੀ ਤਾਕਤ ਆਦਿਕ ਦਾ) ਭੁਲੇਖਾ ਮੁਕ ਜਾਂਦਾ ਹੈ, ਗੁਰੂ ਨੇ ਉਸ ਦੇ ਮਨ ਵਿਚ ਹੀ (ਉਸ ਬੇਅੰਤ ਪ੍ਰਭੂ ਦਾ) ਪਰਕਾਸ਼ ਕਰ ਦਿੱਤਾ ਹੈ ॥੩॥

ਅਨਦ ਮੰਗਲ ਕਲਿਆਣ ਨਿਧਾਨਾ ॥

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ ਪਰਗਟ ਹੋ ਪੈਂਦੇ ਹਨ।

ਸੂਖ ਸਹਜ ਹਰਿ ਨਾਮੁ ਵਖਾਨਾ ॥

ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ।

ਹੋਇ ਕ੍ਰਿਪਾਲੁ ਸੁਆਮੀ ਅਪਨਾ ਨਾਉ ਨਾਨਕ ਘਰ ਮਹਿ ਆਇਆ ਜੀਉ ॥੪॥੨੫॥੩੨॥

ਹੇ ਨਾਨਕ! ਜਿਸ ਮਨੁੱਖ ਉੱਤੇ ਆਪਣਾ ਮਾਲਕ-ਪ੍ਰਭੂ ਦਇਆਵਾਨ ਹੋ ਜਾਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਉਸ ਦਾ ਨਾਮ ਵੱਸ ਪੈਂਦਾ ਹੈ ॥੪॥੨੫॥੩੨॥


ਮਾਝ ਮਹਲਾ ੫ ॥
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥

ਹੇ ਪ੍ਰਭੂ! ਤੇਰੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।

ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ ॥

ਤੂੰ ਮੇਰਾ ਪਿਆਰਾ ਹੈਂ, ਤੂੰ ਮੇਰਾ ਪਾਲਣਹਾਰ ਹੈਂ, ਤੂੰ ਬਹੁਤ ਵੱਡਾ (ਮਾਲਕ) ਹੈਂ।

ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੁੋਪਾਲਾ ਜੀਉ ॥੧॥

ਹੇ ਪ੍ਰਭੂ! ਆਪਣੇ ਫ਼ਰਜ਼ ਤੂੰ ਆਪ ਹੀ ਜਾਣਦਾ ਹੈਂ। ਹੇ ਸ੍ਰਿਸ਼ਟੀ ਦੇ ਪਾਲਣ ਵਾਲੇ! ਮੈਨੂੰ ਤੇਰਾ ਹੀ ਆਸਰਾ ਹੈ ॥੧॥

ਗੁਣ ਗਾਵਤ ਮਨੁ ਹਰਿਆ ਹੋਵੈ ॥

(ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ (ਆਤਮਕ ਜੀਵਨ ਵਲੋਂ ਮੇਰਾ ਸੁੱਕਾ ਹੋਇਆ) ਮਨ ਹਰਾ ਹੁੰਦਾ ਜਾ ਰਿਹਾ ਹੈ।

ਕਥਾ ਸੁਣਤ ਮਲੁ ਸਗਲੀ ਖੋਵੈ ॥

ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਦੀ ਸਾਰੀ (ਵਿਕਾਰਾਂ ਦੀ) ਮੈਲ ਦੂਰ ਹੋ ਰਹੀ ਹੈ।

ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥੨॥

ਗੁਰੂ ਦੀ ਸੰਗਤਿ ਵਿਚ ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਮੈਂ ਸਦਾ ਉਸ ਦਇਆਲ ਪ੍ਰਭੂ ਦਾ ਨਾਮ ਜਪਦਾ ਹਾਂ ॥੨॥

ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ ॥

(ਹੇ ਭਾਈ!) ਮੈਂ ਆਪਣੇ ਪ੍ਰਭੂ ਨੂੰ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿੰਦਾ ਹਾਂ।

ਇਹ ਮਤਿ ਗੁਰਪ੍ਰਸਾਦਿ ਮਨਿ ਧਾਰਉ ॥

ਇਹ ਸੁਚੱਜ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ।

ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥੩॥

ਹੇ ਪ੍ਰਭੂ! ਤੇਰੀ ਕਿਰਪਾ ਨਾਲ ਹੀ (ਜੀਵਾਂ ਦੇ ਮਨ ਵਿਚ ਤੇਰੇ ਨਾਮ ਦਾ) ਚਾਨਣ ਹੋ ਸਕਦਾ ਹੈ, ਤੂੰ ਸਭ ਉਤੇ ਮਿਹਰ ਕਰਨ ਵਾਲਾ ਹੈਂ ਤੇ ਸਭ ਦੀ ਰੱਖਿਆ ਕਰਨ ਵਾਲਾ ਹੈਂ ॥੩॥

ਸਤਿ ਸਤਿ ਸਤਿ ਪ੍ਰਭੁ ਸੋਈ ॥

(ਹੇ ਭਾਈ!) ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ।

ਸਦਾ ਸਦਾ ਸਦ ਆਪੇ ਹੋਈ ॥

ਸਦਾ ਹੀ, ਸਦਾ ਹੀ, ਸਦਾ ਹੀ ਉਹ ਆਪ ਹੀ ਆਪ ਹੈ।

ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ॥੪॥੨੬॥੩੩॥

ਹੇ ਨਾਨਕ! (ਆਖ-) ਹੇ ਪਿਆਰੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਤੇਰੇ ਰਚੇ ਹੋਏ ਸੰਸਾਰ ਵਿਚ ਪਰਤੱਖ ਦਿੱਸ ਰਹੇ ਹਨ। (ਤੇਰਾ ਇਹ ਦਾਸ ਉਹਨਾਂ ਨੂੰ) ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੪॥੨੬॥੩੩॥


ਮਾਝ ਮਹਲਾ ੫ ॥
ਹੁਕਮੀ ਵਰਸਣ ਲਾਗੇ ਮੇਹਾ ॥

(ਜਿਵੇਂ ਵਰਖਾ-ਰੁੱਤ ਆਉਣ ਤੇ ਜਦੋਂ ਮੀਂਹ ਪੈਂਦਾ ਹੈ, ਤਾਂ ਠੰਢ ਪੈ ਜਾਂਦੀ ਹੈ, ਬਹੁਤ ਫ਼ਸਲ ਉੱਗਦੇ ਹਨ, ਸਭ ਲੋਕ ਅੰਨ ਨਾਲ ਰੱਜ ਜਾਂਦੇ ਹਨ, ਤਿਵੇਂ)

ਸਾਜਨ ਸੰਤ ਮਿਲਿ ਨਾਮੁ ਜਪੇਹਾ ॥

ਜਦੋਂ ਸਤਸੰਗੀ ਗੁਰਮੁਖਿ ਬੰਦੇ (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦਾ ਨਾਮ ਜਪਦੇ ਹਨ, (ਤਾਂ ਉਥੇ) ਪਰਮਾਤਮਾ ਦੇ ਹੁਕਮ ਅਨੁਸਾਰ ਸਿਫ਼ਤ-ਸਾਲਾਹ ਦੀ (ਮਾਨੋ) ਵਰਖਾ ਹੋਣ ਲੱਗ ਪੈਂਦੀ ਹੈ

ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥

(ਜਿਸ ਦੀ ਬਰਕਤਿ ਨਾਲ ਸਤਸੰਗੀ ਬੰਦੇ) ਆਤਮਕ ਠੰਢ ਪਾਣ ਵਾਲੀ ਸ਼ਾਂਤੀ ਤੇ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ (ਉਹਨਾਂ ਦੇ ਹਿਰਦੇ ਵਿਚ ਉਥੇ) ਪ੍ਰਭੂ ਨੇ ਆਪ ਹੀ (ਵਿਕਾਰਾਂ ਦੀ ਤਪਸ਼ ਮਿਟਾ ਕੇ) ਆਤਮਕ ਠੰਢ ਪਾ ਦਿੱਤੀ ਹੁੰਦੀ ਹੈ ॥੧॥

ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥

(ਸਾਧ ਸੰਗਤਿ ਵਿਚ ਹਰਿ-ਨਾਮ ਦੀ ਵਰਖਾ ਦੇ ਕਾਰਨ) ਪਰਮਾਤਮਾ ਹਰੇਕ ਆਤਮਕ ਗੁਣ (ਦਾ, ਮਾਨੋ, ਫ਼ਸਲ) ਪੈਦਾ ਕਰ ਦੇਂਦਾ ਹੈ,

ਕਰਿ ਕਿਰਪਾ ਪ੍ਰਭਿ ਸਗਲ ਰਜਾਇਆ ॥

(ਜਿਨ੍ਹਾਂ ਦਾ ਸਦਕਾ) ਪ੍ਰਭੂ ਨੇ ਕਿਰਪਾ ਕਰ ਕੇ (ਉਥੇ) ਸਾਰੇ ਸਤਸੰਗੀਆਂ ਦੇ ਅੰਦਰ ਸੰਤੋਖ ਵਾਲਾ ਜੀਵਨ ਪੈਦਾ ਕਰ ਦਿੱਤਾ ਹੁੰਦਾ ਹੈ।

ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥

ਹੇ ਮੇਰੇ ਦਾਤਾਰ! (ਜਿਵੇਂ ਵਰਖਾ ਨਾਲ ਅੰਨ-ਧਨ ਪੈਦਾ ਕਰ ਕੇ ਤੂੰ ਸਭ ਜੀਵਾਂ ਨੁੰ ਰਜਾ ਦੇਂਦਾ ਹੈਂ, ਤਿਵੇਂ) ਤੂੰ ਆਪਣੇ ਨਾਮ ਦੀ ਦਾਤ ਕਰਦਾ ਹੈਂ ਤੇ ਸਾਰੇ ਸਤਸੰਗੀਆਂ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜਾ ਦੇਂਦਾ ਹੈਂ ॥੨॥

ਸਚਾ ਸਾਹਿਬੁ ਸਚੀ ਨਾਈ ॥

ਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਵਡਿਆਈ ਸਦਾ-ਥਿਰ ਰਹਿਣ ਵਾਲੀ ਹੈ,

ਗੁਰਪਰਸਾਦਿ ਤਿਸੁ ਸਦਾ ਧਿਆਈ ॥

ਉਸ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਸਦਾ ਸਿਮਰਦਾ ਹਾਂ।

ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥੩॥

(ਉਸ ਸਿਮਰਨ ਦੀ ਬਰਕਤਿ ਨਾਲ) ਮੇਰੇ ਜਨਮ ਮਰਨ ਦੇ ਸਾਰੇ ਡਰ ਤੇ ਮੋਹ ਕੱਟੇ ਗਏ ਹਨ, ਮੇਰੇ ਸਾਰੇ ਚਿੰਤਾ ਫ਼ਿਕਰ ਦੁੱਖ-ਕਲੇਸ਼ ਨਾਸ ਹੋ ਗਏ ਹਨ ॥੩॥

ਸਾਸਿ ਸਾਸਿ ਨਾਨਕੁ ਸਾਲਾਹੇ ॥

(ਹੇ ਭਾਈ!) ਨਾਨਕ ਆਪਣੇ ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।

ਸਿਮਰਤ ਨਾਮੁ ਕਾਟੇ ਸਭਿ ਫਾਹੇ ॥

ਪ੍ਰਭੂ ਦਾ ਨਾਮ ਸਿਮਰਦਿਆਂ ਮੋਹ ਦੀਆਂ ਫਾਹੀਆਂ ਕੱਟੀਆਂ ਗਈਆਂ ਹਨ।

ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥੪॥੨੭॥੩੪॥

(ਨਾਨਕ ਦੀ) ਇਹ ਆਸ ਪ੍ਰਭੂ ਨੇ ਇਕ ਖਿਨ ਵਿਚ ਹੀ ਪੂਰੀ ਕਰ ਦਿੱਤੀ, ਤੇ ਹੁਣ (ਨਾਨਕ) ਹਰ ਵੇਲੇ ਪ੍ਰਭੂ ਦੇ ਹੀ ਗੁਣ ਚੇਤੇ ਕਰਦਾ ਰਹਿੰਦਾ ਹੈ ॥੪॥੨੭॥੩੪॥


ਮਾਝ ਮਹਲਾ ੫ ॥
ਆਉ ਸਾਜਨ ਸੰਤ ਮੀਤ ਪਿਆਰੇ ॥

ਹੇ ਮੇਰੇ ਪਿਆਰੇ ਮਿੱਤ੍ਰੋ! ਹੇ ਸੰਤ ਜਨੋ! ਹੇ ਮੇਰੇ ਸੱਜਣੋ! ਆਓ,

ਮਿਲਿ ਗਾਵਹ ਗੁਣ ਅਗਮ ਅਪਾਰੇ ॥

ਅਸੀਂ ਰਲ ਕੇ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਗੁਣ ਗਾਵੀਏ।

ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥੧॥

ਪ੍ਰਭੂ ਦੇ ਗੁਣ ਗਾਵਿਆਂ ਤੇ ਸੁਣਿਆਂ ਸਾਰੇ ਹੀ ਜੀਵ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ। (ਹੇ ਸੰਤ ਜਨੋ!) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਪੈਦਾ ਕੀਤਾ ਹੈ ॥੧॥

ਜਨਮ ਜਨਮ ਕੇ ਕਿਲਬਿਖ ਜਾਵਹਿ ॥

(ਜੇਹੜੇ ਬੰਦੇ ਪਰਮਾਤਮਾ ਦਾ ਧਿਆਨ ਧਰਦੇ ਹਨ, ਉਹਨਾਂ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ।

ਮਨਿ ਚਿੰਦੇ ਸੇਈ ਫਲ ਪਾਵਹਿ ॥

ਜੇਹੜੇ ਫਲ ਉਹ ਆਪਣੇ ਮਨ ਵਿਚ ਚਿਤਵਦੇ ਹਨ, ਉਹੋ ਫਲ ਉਹ ਪ੍ਰਾਪਤ ਕਰ ਲੈਂਦੇ ਹਨ।

ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥੨॥

(ਹੇ ਭਾਈ!) ਉਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਸੁਆਮੀ ਨੂੰ ਸਿਮਰ, ਜੇਹੜਾ ਸਭ ਜੀਵਾਂ ਨੂੰ ਰਿਜ਼ਕ ਦੇਂਦਾ ਹੈ ॥੨॥

ਨਾਮੁ ਜਪਤ ਸਰਬ ਸੁਖੁ ਪਾਈਐ ॥

(ਹੇ ਭਾਈ!) ਪਰਮਾਤਮਾ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ।

ਸਭੁ ਭਉ ਬਿਨਸੈ ਹਰਿ ਹਰਿ ਧਿਆਈਐ ॥

(ਹੇ ਭਾਈ!) ਸਦਾ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ ਦੁਨੀਆ ਵਾਲਾ) ਸਾਰਾ ਡਰ ਨਾਸ ਹੋ ਜਾਂਦਾ ਹੈ।

ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥੩॥

ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚਣ ਜੋਗਾ ਹੋ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੩॥

ਆਇ ਪਇਆ ਤੇਰੀ ਸਰਣਾਈ ॥

(ਹੇ ਪ੍ਰਭੂ!) ਮੈਂ ਆ ਕੇ ਤੇਰੀ ਸਰਨ ਪਿਆ ਹਾਂ।

ਜਿਉ ਭਾਵੈ ਤਿਉ ਲੈਹਿ ਮਿਲਾਈ ॥

ਜਿਵੇਂ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ।

ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥

ਹੇ ਨਾਨਕ! (ਆਖ) ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਕਿਰਪਾ ਕਰ ਕੇ ਆਪਣੀ ਭਗਤੀ ਵਿਚ ਜੋੜਦਾ ਹੈਂ, ਉਹ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ ॥੪॥੨੮॥੩੫॥


ਮਾਝ ਮਹਲਾ ੫ ॥
ਭਏ ਕ੍ਰਿਪਾਲ ਗੋਵਿੰਦ ਗੁਸਾਈ ॥

(ਜਦੋਂ) ਸ੍ਰਿਸ਼ਟੀ ਦਾ ਖਸਮ ਪਰਮਾਤਮਾ (ਸਭ ਜੀਵਾਂ ਉੱਤੇ) ਦਇਆਵਾਨ ਹੁੰਦਾ ਹੈ।

ਮੇਘੁ ਵਰਸੈ ਸਭਨੀ ਥਾਈ ॥

(ਤਾਂ) ਬੱਦਲ (ਉੱਚੇ ਨੀਵੇਂ) ਸਭ ਥਾਵਾਂ ਤੇ ਵਰਖਾ ਕਰਦਾ ਹੈ।

ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥੧॥

ਉਸ ਕਰਤਾਰ ਨੇ ਜੋ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜੋ ਸਦਾ ਹੀ ਕਿਰਪਾ ਦਾ ਘਰ ਹੈ (ਸੇਵਕਾਂ ਦੇ ਹਿਰਦੇ ਵਿਚ ਨਾਮ ਦੀ ਬਰਕਤਿ ਨਾਲ) ਸ਼ਾਂਤੀ ਦੀ ਦਾਤ ਬਖ਼ਸ਼ੀ ਹੋਈ ਹੈ ॥੧॥

ਅਪੁਨੇ ਜੀਅ ਜੰਤ ਪ੍ਰਤਿਪਾਰੇ ॥

(ਹੇ ਭਾਈ!) ਪਰਮਾਤਮਾ ਆਪਣੇ (ਪੈਦਾ ਕੀਤੇ) ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ,

ਜਿਉ ਬਾਰਿਕ ਮਾਤਾ ਸੰਮਾਰੇ ॥

ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ।

ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥

(ਸਭ ਦੇ) ਦੁੱਖਾਂ ਦਾ ਨਾਸ ਕਰਨ ਵਾਲੇ ਤੇ ਸੁਖਾਂ ਦਾ ਸਮੁੰਦਰ ਮਾਲਕ-ਪ੍ਰਭੂ ਸਭ ਜੀਵਾਂ ਨੂੰ ਖ਼ੁਰਾਕ ਦੇਂਦਾ ਹੈ ॥੨॥

ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥

(ਹੇ ਭਾਈ!) ਮਿਹਰ ਕਰਨ ਵਾਲਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ) ਵਿਆਪ ਰਿਹਾ ਹੈ।

ਸਦ ਬਲਿਹਾਰਿ ਜਾਈਐ ਕੁਰਬਾਨਾ ॥

ਉਸ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ, ਕੁਰਬਾਨ ਹੋਣਾ ਚਾਹੀਦਾ ਹੈ।

ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥੩॥

(ਹੇ ਭਾਈ!) ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਬਚਾ ਸਕਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਨਾ ਚਾਹੀਦਾ ਹੈ ॥੩॥

ਰਾਖਿ ਲੀਏ ਸਗਲੇ ਪ੍ਰਭਿ ਆਪੇ ॥

(ਜੇਹੜੇ ਜੇਹੜੇ ਵਡਭਾਗੀ ਪ੍ਰਭੂ ਦੀ ਸਰਨ ਆਏ,) ਪ੍ਰਭੂ ਨੇ ਉਹ ਸਾਰੇ ਆਪ (ਦੁੱਖ-ਕਲੇਸ਼ਾਂ ਤੋਂ) ਬਚਾ ਲਏ।

ਉਤਰਿ ਗਏ ਸਭ ਸੋਗ ਸੰਤਾਪੇ ॥

ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ।

ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥

ਪਰਮਾਤਮਾ ਦਾ ਨਾਮ ਜਪਿਆਂ ਮਨੁੱਖ ਦਾ ਮਨ ਮਨੁੱਖ ਦਾ ਸਰੀਰ (ਉੱਚੇ ਆਤਮਕ ਜੀਵਨ ਦੀ) ਹਰਿਆਵਲ (ਦਾ ਸਰੂਪ) ਬਣ ਜਾਂਦਾ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਦੀ ਨਿਗਾਹ ਕਰ (ਮੈਂ ਭੀ ਤੇਰਾ ਨਾਮ ਸਿਮਰਦਾ ਰਹਾਂ) ॥੪॥੨੯॥੩੬॥


ਮਾਝ ਮਹਲਾ ੫ ॥
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥

(ਹੇ ਭਾਈ!) ਜਿਸ ਥਾਂ ਤੇ ਪਿਆਰੇ ਪ੍ਰਭੂ ਦਾ ਨਾਮ ਸਿਮਰਦੇ ਰਹੀਏ,

ਸੇ ਅਸਥਲ ਸੋਇਨ ਚਉਬਾਰੇ ॥

ਉਹ ਰੜੇ ਥਾਂ ਭੀ (ਮਾਨੋ) ਸੋਨੇ ਦੇ ਚੁਬਾਰੇ ਹਨ।

ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥

ਪਰ, ਹੇ ਮੇਰੇ ਗੋਬਿੰਦ! ਜਿਸ ਥਾਂ ਤੇਰਾ ਨਾਮ ਨਾਹ ਜਪਿਆ ਜਾਏ, ਉਹ (ਵੱਸਦੇ) ਸ਼ਹਿਰ ਭੀ ਉਜਾੜ (ਸਮਾਨ) ਹਨ ॥੧॥

ਹਰਿ ਰੁਖੀ ਰੋਟੀ ਖਾਇ ਸਮਾਲੇ ॥

(ਹੇ ਭਾਈ!) ਜੇਹੜਾ ਮਨੁੱਖ ਰੁੱਖੀ ਰੋਟੀ ਖਾ ਕੇ (ਭੀ) ਪਰਮਾਤਮਾ (ਦਾ ਨਾਮ ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ,

ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥

ਪਰਮਾਤਮਾ ਉਸਦੇ ਅੰਦਰ ਬਾਹਰ ਹਰ ਥਾਂ ਉਸ ਉੱਤੇ ਆਪਣੀ ਮਿਹਰ ਦੀ ਨਿਗਾਹ ਰੱਖਦਾ ਹੈ।

ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥੨॥

ਜੇਹੜਾ ਮਨੁੱਖ ਦੁਨੀਆ ਦੇ ਪਦਾਰਥ ਖਾ ਖਾ ਕੇ ਬੁਰੇ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਜ਼ਹਿਰ ਦੀ ਬਗ਼ੀਚੀ ਜਾਣੋ ॥੨॥

ਸੰਤਾ ਸੇਤੀ ਰੰਗੁ ਨ ਲਾਏ ॥

ਜੇਹੜਾ ਮਨੁੱਖ ਸੰਤ ਜਨਾਂ ਨਾਲ ਪ੍ਰੇਮ ਨਹੀਂ ਬਣਾਂਦਾ,

ਸਾਕਤ ਸੰਗਿ ਵਿਕਰਮ ਕਮਾਏ ॥

ਤੇ ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਨਾਲ (ਰਲ ਕੇ) ਮੰਦੇ ਕਰਮ ਕਰਦਾ ਰਹਿੰਦਾ ਹੈ,

ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥੩॥

ਉਸ ਬੇ-ਸਮਝ ਨੇ ਇਹ ਅਤਿ ਕੀਮਤੀ ਸਰੀਰ ਵਿਅਰਥ ਗਵਾ ਲਿਆ, ਉਹ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਿਹਾ ਹੈ ॥੩॥

ਤੇਰੀ ਸਰਣਿ ਮੇਰੇ ਦੀਨ ਦਇਆਲਾ ॥

ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।

ਸੁਖ ਸਾਗਰ ਮੇਰੇ ਗੁਰ ਗੋਪਾਲਾ ॥

ਹੇ ਸੁਖਾਂ ਦੇ ਸਮੁੰਦਰ! ਹੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਪਾਲਕ!

ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥

ਮਿਹਰ ਕਰੋ (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ। (ਹੇ ਪ੍ਰਭੂ!) ਸਾਡੀ ਲਾਜ ਰੱਖੇ (ਅਸੀਂ ਵਿਕਾਰਾਂ ਵਿਚ ਖ਼ੁਆਰ ਨਾਹ ਹੋਵੀਏ) ॥੪॥੩੦॥੪੭॥


ਮਾਝ ਮਹਲਾ ੫ ॥
ਚਰਣ ਠਾਕੁਰ ਕੇ ਰਿਦੈ ਸਮਾਣੇ ॥

ਜਿਸ ਦੇ ਹਿਰਦੇ ਵਿਚ ਪਾਲਣਹਾਰ ਪ੍ਰਭੂ ਦੇ ਚਰਨ (ਸਦਾ) ਟਿਕੇ ਰਹਿੰਦੇ ਹਨ,

ਕਲਿ ਕਲੇਸ ਸਭ ਦੂਰਿ ਪਇਆਣੇ ॥

ਉਸ ਦੇ ਅੰਦਰੋਂ ਸਭ ਤਰ੍ਹਾਂ ਦੇ ਝਗੜੇ ਦੁੱਖ ਕਲੇਸ਼ ਕੂਚ ਕਰ ਜਾਂਦੇ ਹਨ

ਸਾਂਤਿ ਸੂਖ ਸਹਜ ਧੁਨਿ ਉਪਜੀ ਸਾਧੂ ਸੰਗਿ ਨਿਵਾਸਾ ਜੀਉ ॥੧॥

ਉਸ ਦੇ ਹਿਰਦੇ ਵਿਚ ਸ਼ਾਂਤ ਆਤਮਕ ਆਨੰਦ ਆਤਮਕ ਅਡੋਲਤਾ ਦੀ ਲਹਿਰ ਪੈਦਾ ਹੋ ਜਾਂਦੀ ਹੈ ਅਤੇ ਉਸ ਦਾ ਨਿਵਾਸ ਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ ॥੧॥

ਲਾਗੀ ਪ੍ਰੀਤਿ ਨ ਤੂਟੈ ਮੂਲੇ ॥

ਪ੍ਰਭੂ ਚਰਨਾਂ ਨਾਲ ਲੱਗੀ ਹੋਈ ਉਸ ਦੀ ਪ੍ਰੀਤਿ ਉੱਕਾ ਹੀ ਨਹੀਂ ਟੁੱਟਦੀ,

ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ ॥

ਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ

ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ॥੨॥

ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉੇਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੨॥

ਅੰਮ੍ਰਿਤੁ ਵਰਖੈ ਅਨਹਦ ਬਾਣੀ ॥

ਉਹਨਾਂ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਇਕ-ਰਸ ਨਾਮ ਅੰਮ੍ਰਿਤ ਦੀ ਵਰਖਾ ਹੁੰਦੀ ਹੈ,

ਮਨ ਤਨ ਅੰਤਰਿ ਸਾਂਤਿ ਸਮਾਣੀ ॥

ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਗਿਆਨ-ਇੰਦ੍ਰਿਆਂ ਵਿਚ) ਸ਼ਾਂਤੀ ਟਿਕੀ ਰਹਿੰਦੀ ਹੈ

ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਦਿਲਾਸਾ ਜੀਉ ॥੩॥

ਹੇ ਪ੍ਰਭੂ! (ਜਿਨ੍ਹਾਂ ਵਡ-ਭਾਗੀਆਂ ਨੂੰ ਵਿਕਾਰਾਂ ਦਾ ਟਾਕਰਾ ਕਰਨ ਲਈ) ਗੁਰੂ ਨੇ ਹੌਸਲਾ ਦਿੱਤਾ, ਉਹ ਤੇਰੇ ਸੇਵਕ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ ॥੩॥

ਜਿਸ ਕਾ ਸਾ ਤਿਸ ਤੇ ਫਲੁ ਪਾਇਆ ॥

ਉਸ ਨੇ ਉਸ ਪ੍ਰਭੂ ਤੋਂ ਜੀਵਨ ਮਨੋਰਥ ਪ੍ਰਾਪਤ ਕਰ ਲਿਆ ਜਿਸ ਦਾ ਉਹ ਭੇਜਿਆ ਹੋਇਆ ਹੈ।

ਕਰਿ ਕਿਰਪਾ ਪ੍ਰਭ ਸੰਗਿ ਮਿਲਾਇਆ ॥

(ਗੁਰੂ ਨੇ) ਕਿਰਪਾ ਕਰਕੇ (ਜਿਸ ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜ ਦਿੱਤਾ,

ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ॥੪॥੩੧॥੩੮॥

ਹੇ ਨਾਨਕ! ਉਸ ਵਡਭਾਗੀ ਮਨੁੱਖ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਦੀਆਂ ਆਸਾਂ ਪੂਰੀਆਂ ਹੋ ਗਈਆਂ (ਭਾਵ, ਆਸਾ ਤ੍ਰਿਸ਼ਨਾ ਆਦਿਕ ਉਸ ਨੂੰ ਪੋਹ ਨਹੀਂ ਸਕਦੀਆਂ) ॥੪॥੩੧॥੩੮॥


ਮਾਝ ਮਹਲਾ ੫ ॥
ਮੀਹੁ ਪਇਆ ਪਰਮੇਸਰਿ ਪਾਇਆ ॥

(ਜਿਵੇਂ ਜਦੋਂ) ਮੀਂਹ ਪਿਆ (ਜਦੋਂ) ਪਰਮੇਸ਼ਰ ਨੇ ਮੀਂਹ ਪਾਇਆ,

ਜੀਅ ਜੰਤ ਸਭਿ ਸੁਖੀ ਵਸਾਇਆ ॥

ਤਾਂ ਉਸ ਨੇ ਸਾਰੇ ਜੀਅ ਜੰਤ ਸੁਖੀ ਵਸਾ ਦਿੱਤੇ।

ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥੧॥

(ਤਿਵੇਂ ਜਿਉਂ ਜਿਉਂ) ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ਮੇਰੇ ਅੰਦਰੋਂ ਦੁੱਖ ਕਲੇਸ਼ ਖ਼ਤਮ ਹੁੰਦਾ ਜਾਂਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ, ਮੇਰੇ ਅੰਦਰ ਟਿਕਦਾ ਜਾਂਦਾ ਹੈ ॥੧॥

ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥

(ਜਿਵੇਂ ਮੀਂਹ ਪਾ ਕੇ) ਪਾਰਬ੍ਰਹਮ ਪ੍ਰਭੂ ਉਹਨਾਂ ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ ਜੋ ਉਸ ਦੇ ਪੈਦਾ ਕੀਤੇ ਹੋਏ ਹਨ।

ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥

ਪਾਰਬ੍ਰਹਮ ਪ੍ਰਭੂ ਸਭਨਾਂ ਦਾ ਰਾਖਾ ਬਣਦਾ ਹੈ।

ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥੨॥

(ਤਿਵੇਂ ਉਸ ਦੇ ਨਾਮ ਦੀ ਵਰਖਾ ਵਾਸਤੇ ਜਦੋਂ ਜਦੋਂ ਮੈਂ ਬੇਨਤੀ ਕੀਤੀ ਤਾਂ) ਮੇਰੇ ਪਾਲਣਹਾਰ ਪ੍ਰਭੂ ਨੇ ਮੇਰੀ ਬੇਨਤੀ ਸੁਣੀ ਤੇ ਮੇਰੀ (ਸੇਵਾ ਭਗਤੀ ਦੀ) ਮਿਹਨਤ ਸਿਰੇ ਚੜ੍ਹ ਗਈ ॥੨॥

ਸਰਬ ਜੀਆ ਕਉ ਦੇਵਣਹਾਰਾ ॥

ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੈ,

ਗੁਰਪਰਸਾਦੀ ਨਦਰਿ ਨਿਹਾਰਾ ॥

ਉਸ ਪ੍ਰਭੂ ਨੇ ਗੁਰੂ ਦੀ ਕਿਰਪਾ ਨਾਲ (ਮੈਨੂੰ ਭੀ) ਮਿਹਰ ਦੀ ਨਿਗਾਹ ਨਾਲ ਤੱਕਿਆ,

ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥

(ਜਿਸ ਦੀ ਕਿਰਪਾ ਨਾਲ) ਪਾਣੀ ਧਰਤੀ ਤੇ ਧਰਤੀ ਦੇ ਉਪਰਲੇ ਪੁਲਾੜ (ਦੇ) ਸਾਰੇ ਜੀਅ ਜੰਤ ਉਸ ਦੀਆਂ ਦਾਤਾਂ ਨਾਲ) ਰੱਜ ਰਹੇ ਹਨ, (ਉਸ ਨੇ ਮੇਰੇ ਹਿਰਦੇ ਵਿਚ ਨਾਮ ਵਰਖਾ ਕਰਕੇ ਮੈਨੂੰ ਮਾਇਆ ਦੀ ਤ੍ਰਿਸ਼ਨਾ ਵਲੋਂ ਰਜਾ ਦਿੱਤਾ, ਤਾਹੀਏਂ) ਮੈਂ ਗੁਰੂ ਦੇ ਚਰਨ ਧੋਂਦਾ ਹਾਂ ॥੩॥

ਮਨ ਕੀ ਇਛ ਪੁਜਾਵਣਹਾਰਾ ॥

ਪਰਮਤਾਮਾ ਸਭ ਜੀਵਾਂ ਦੇ ਮਨ ਦੀ ਕਾਮਨਾ ਪੂਰੀ ਕਰਨ ਵਾਲਾ ਹੈ।

ਸਦਾ ਸਦਾ ਜਾਈ ਬਲਿਹਾਰਾ ॥

ਮੈਂ ਉਸ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ।

ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥

ਹੇ ਨਾਨਕ! (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ ਪ੍ਰਭੂ ਨੇ (ਜਿਨ੍ਹਾਂ ਨੂੰ ਨਾਮ ਦੀ) ਦਾਤ ਬਖ਼ਸ਼ੀ ਉਹ ਉਸ ਸਾਰੇ ਰਸਾਂ ਦੇ ਮਾਲਕ ਪ੍ਰਭੂ ਦੇ ਪ੍ਰੇਮ ਵਿਚ ਰੰਗੇ ਗਏ ॥੪॥੩੨॥੩੯॥


ਮਾਝ ਮਹਲਾ ੫ ॥
ਮਨੁ ਤਨੁ ਤੇਰਾ ਧਨੁ ਭੀ ਤੇਰਾ ॥

ਹੇ ਸ੍ਰਿਸ਼ਟੀ ਦੇ ਪਾਲਕ! ਮੈਨੂੰ ਇਹ ਮਨ (ਜਿੰਦ) ਇਹ ਸਰੀਰ ਤੈਥੋਂ ਹੀ ਮਿਲਿਆ ਹੈ, (ਇਹ) ਧਨ ਭੀ ਤੇਰਾ ਹੀ ਦਿੱਤਾ ਹੋਇਆ ਹੈ।

ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥

ਤੂੰ ਮੇਰਾ ਪਾਲਣਹਾਰ ਹੈਂ, ਤੂੰ ਮੇਰਾ ਸੁਆਮੀ ਹੈਂ, ਤੂੰ ਮੇਰਾ ਮਾਲਕ ਹੈਂ।

ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥

ਇਹ ਜਿੰਦ ਇਹ ਸਰੀਰ ਸਭ ਤੇਰਾ ਹੀ ਦਿੱਤਾ ਹੋਇਆ ਹੈ, ਹੇ ਗੋਪਾਲ! ਮੈਨੂੰ ਤੇਰਾ ਹੀ ਮਾਣ ਤਾਣ ਹੈ ॥੧॥

ਸਦਾ ਸਦਾ ਤੂੰਹੈ ਸੁਖਦਾਈ ॥

ਹੇ ਦਇਆਲ ਪ੍ਰਭੂ! ਸਦਾ ਤੋਂ ਹੀ ਸਦਾ ਤੋਂ ਹੀ ਮੈਨੂੰ ਤੂੰ ਹੀ ਸੁਖ ਦੇਣ ਵਾਲਾ ਹੈਂ।

ਨਿਵਿ ਨਿਵਿ ਲਾਗਾ ਤੇਰੀ ਪਾਈ ॥

ਮੈਂ ਸਦਾ ਨਿਊਂ ਨਿਊਂ ਕੇ ਤੇਰੀ ਹੀ ਪੈਰੀਂ ਲੱਗਦਾ ਹਾਂ।

ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥

ਜੇ ਤੇਰੀ ਰਜ਼ਾ ਹੋਵੇ ਤਾਂ ਮੈਂ ਉਹੀ ਕੰਮ ਕਰਾਂ ਜੇਹੜਾ ਤੂੰ (ਕਰਨ ਵਾਸਤੇ) ਮੈਨੂੰ ਦੇਵੇਂ ॥੨॥

ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥

ਹੇ ਪ੍ਰਭੂ (ਸਾਰੇ ਪਦਾਰਥ) ਮੈਂ ਤੇਰੇ ਪਾਸੋਂ ਹੀ ਲੈਣੇ ਹਨ (ਸਦਾ ਲੈਂਦਾ ਰਹਿੰਦਾ ਹਾਂ), ਤੂੰ ਹੀ ਮੇਰੇ ਆਤਮਕ ਜੀਵਨ ਦੀ ਸੁੰਦਰਤਾ ਦਾ ਵਸੀਲਾ ਹੈਂ।

ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥

(ਸੁਖ ਚਾਹੇ ਦੁੱਖ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਮੈਂ ਉਸ ਨੂੰ ਸੁਖ ਜਾਣ ਕੇ ਸਹਾਰਦਾ ਹਾਂ (ਕਬੂਲਦਾ ਹਾਂ)।

ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥

ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ, ਮੈਨੂੰ ਤੂੰ ਜਿਥੇ ਰੱਖਦਾ ਹੈਂ ਮੇਰੇ ਵਾਸਤੇ ਉਥੇ ਹੀ ਬੈਕੁੰਠ (ਸੁਰਗ) ਹੈ ॥੩॥

ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥

ਹੇ ਨਾਨਕ! (ਆਖ-ਹੇ ਪ੍ਰਭੂ!) ਉਸ ਨੇ ਹੀ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ,

ਆਠ ਪਹਰ ਤੇਰੇ ਗੁਣ ਗਾਇਆ ॥

ਜਿਸ ਮਨੁੱਖ ਨੇ ਅੱਠੇ ਪਹਰ (ਹਰ ਵੇਲੇ) ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।

ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥

ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਕਦੇ ਦੁਖੀ ਨਹੀਂ ਹੁੰਦਾ ॥੪॥੩੩॥੪੦॥

1
2
3
4
5