ਰਾਗ ਮਾਝ – ਬਾਣੀ ਸ਼ਬਦ-Part 5 – Raag Majh – Bani

ਰਾਗ ਮਾਝ – ਬਾਣੀ ਸ਼ਬਦ-Part 5 – Raag Majh – Bani

ਪਉੜੀ ॥
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥

ਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ।

ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥

(ਪਰ ਇਥੇ) ਕਈ ਜੀਵ ਖੋਟੇ ਹਨ (ਭਾਵ, ਮਨੁੱਖਤਾ ਦੇ ਮਾਪ ਤੋਂ ਹੌਲੇ ਹਨ) ਤੇ ਕਈ (ਸ਼ਾਹੀ ਸਿੱਕੇ ਵਾਂਗ ਖਰੇ ਹਨ, (ਇਹਨਾਂ ਸਭਨਾਂ ਦੀ) ਪਰਖ ਕਰਨ ਵਾਲਾ ਭੀ ਆਪ ਹੀ ਹੈ।

ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥

(ਰੁਪਏ ਆਦਿਕ ਵਾਂਗ) ਖਰੇ ਬੰਦੇ (ਪ੍ਰਭੂ ਦੇ) ਖ਼ਜ਼ਾਨੇ ਵਿਚ ਪਾਏ ਜਾਂਦੇ ਹਨ (ਭਾਵ, ਉਹਨਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ ਤੇ) ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ (ਭਾਵ, ਇਹ ਜੀਵ ਭਲਿਆਂ ਵਿਚ ਰਲ ਨਹੀਂ ਸਕਦੇ)।

ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥

ਸੱਚੀ ਦਰਗਾਹ ਵਿਚੋਂ ਇਹਨਾਂ ਨੂੰ ਧੱਕਾ ਮਿਲਦਾ ਹੈ। ਕੋਈ ਹੋਰ ਥਾਂ ਐਸਾ ਨਹੀਂ ਜਿਥੇ ਇਹ (ਸਹੈਤਾ ਲਈ) ਫ਼ਰਿਆਦ ਕਰ ਸਕਣ।

ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥

(ਇਹਨਾਂ ਹੌਲੇ ਜੀਵਨ ਵਾਲੇ ਜੀਵਾਂ ਲਈ) ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਸਤਿਗੁਰੂ ਦੀ ਸਰਨੀ ਜਾ ਪੈਣ।

ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥

ਗੁਰੂ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ (ਕਿਉਂਕਿ ਗੁਰੂ ਆਪਣੇ) ਸ਼ਬਦ ਦੀ ਰਾਹੀਂ ਖਰੇ ਬਣਾਣ ਦੇ ਸਮਰੱਥ ਹੈ।

ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥

(ਫਿਰ ਉਹ) ਸਤਿਗੁਰ ਦੇ ਬਖ਼ਸ਼ੇ ਪ੍ਰੇਮ ਪਿਆਰ ਦੇ ਕਾਰਨ ਪਰਾਮਤਮਾ ਦੀ ਦਰਗਾਹ ਵਿਚ ਆਦਰ ਪਾਂਦੇ ਹਨ,

ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥

ਤੇ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖ਼ਸ਼ ਲਿਆ ਉਹਨਾਂ ਦੀ ਐਬ-ਜੋਈ ਕਿਸੇ ਕੀਹ ਕਰਨੀ ਹੋਈ? ॥੧੨॥


ਸਲੋਕੁ ਮ : ੧ ॥
ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥

ਪੀਰ, ਸ਼ੇਖ਼, ਰਾਇ (ਆਦਿਕ) ਸਾਰੀ ਦੁਨੀਆ ਧਰਤੀ ਦੇ ਥੱਲੇ (ਅੰਤ ਨੂੰ ਆ ਜਾਂਦੇ ਹਨ)।

ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥

(ਇਸ ਧਰਤੀ ਤੇ ਹੁਕਮ ਕਰਨ ਵਾਲੇ) ਬਾਦਸ਼ਾਹ ਭੀ ਨਾਸ ਹੋ ਜਾਂਦੇ ਹਨ, ਸਦਾ ਟਿਕੇ ਰਹਿਣ ਵਾਲਾ, ਹੇ ਖ਼ੁਦਾਇ!

ਏਕ ਤੂਹੀ ਏਕ ਤੁਹੀ ॥੧॥

ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੧॥


ਮ : ੧ ॥
ਨ ਦੇਵ ਦਾਨਵਾ ਨਰਾ ॥

ਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ,

ਨ ਸਿਧ ਸਾਧਿਕਾ ਧਰਾ ॥

ਨਾਹ ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਨਾਹ ਜੋਗ-ਸਾਧਨ ਕਰਨ ਵਾਲੇ, ਕੋਈ ਭੀ ਧਰਤੀ ਤੇ ਨਾਹ ਰਿਹਾ।

ਅਸਤਿ ਏਕ ਦਿਗਰਿ ਕੁਈ ॥

ਸਦਾ-ਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ?

ਏਕ ਤੁਈ ਏਕ ਤੁਈ ॥੨॥

(ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੨॥


ਮ : ੧ ॥
ਨ ਦਾਦੇ ਦਿਹੰਦ ਆਦਮੀ ॥

ਨਾਹ ਹੀ ਇਨਸਾਫ਼ ਕਰਨ ਵਾਲੇ (ਭਾਵ, ਦੂਜਿਆਂ ਦੇ ਝਗੜੇ ਨਿਬੇੜਨ ਵਾਲੇ) ਆਦਮੀ ਸਦਾ ਟਿਕੇ ਰਹਿਣ ਵਾਲੇ ਹਨ,

ਨ ਸਪਤ ਜੇਰ ਜਿਮੀ ॥

ਨਾਹ ਹੀ ਧਰਤੀ ਦੇ ਹੇਠਲੇ ਸੱਤ (ਪਤਾਲ ਹੀ) ਸਦਾ ਰਹਿ ਸਕਦੇ ਹਨ।

ਏਕ ਤੁਈ ਏਕ ਤੁਈ ॥੩॥

(ਹੇ ਪ੍ਰਭੂ! ਸਦਾ ਕਾਇਮ ਰਹਿਣ ਵਾਲਾ) ਇਕ ਤੂੰ ਹੀ ਹੈ ਇਕ ਤੂੰ ਹੀ ਹੈ ॥੩॥


ਮ : ੧ ॥
ਨ ਸੂਰ ਸਸਿ ਮੰਡਲੋ ॥

ਨਾ ਸੂਰਜ, ਨਾਹ ਚੰਦਰਮਾ, ਨਾਹ ਇਹ ਦਿੱਸਦਾ ਆਕਾਸ਼,

ਨ ਸਪਤ ਦੀਪ ਨਹ ਜਲੋ ॥

ਨਾਹ ਧਰਤੀ ਦੇ ਸੱਤ ਦੀਪ, ਨਾਹ ਪਾਣੀ,

ਅੰਨ ਪਉਣ ਥਿਰੁ ਨ ਕੁਈ ॥

ਨ ਅੰਨ, ਨਾਹ ਹਵਾ-ਕੋਈ ਭੀ ਥਿਰ ਰਹਿਣ ਵਾਲਾ ਨਹੀਂ।

ਏਕੁ ਤੁਈ ਏਕੁ ਤੁਈ ॥੪॥

(ਸਦਾ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੪॥


ਮ : ੧ ॥
ਨ ਰਿਜਕੁ ਦਸਤ ਆ ਕਸੇ ॥

(ਜੀਵਾਂ ਦਾ) ਰਿਜ਼ਕ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਹੱਥ ਵਿਚ ਨਹੀਂ ਹੈ।

ਹਮਾ ਰਾ ਏਕੁ ਆਸ ਵਸੇ ॥

ਸਭ ਜੀਵਾਂ ਨੂੰ, ਬੱਸ, ਇਕ ਪ੍ਰਭੂ ਦੀ ਆਸ ਹੈ।

ਅਸਤਿ ਏਕੁ ਦਿਗਰ ਕੁਈ ॥

(ਕਿਉਂਕਿ ਸਦਾ-ਥਿਰ) ਹੋਰ ਹੈ ਹੀ ਕੋਈ ਨਹੀਂ।

ਏਕ ਤੁਈ ਏਕੁ ਤੁਈ ॥੫॥

ਸਦਾ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ ॥੫॥


ਮ : ੧ ॥
ਪਰੰਦਏ ਨ ਗਿਰਾਹ ਜਰ ॥

ਪੰਛੀਆਂ ਦੇ ਗੰਢੇ-ਪੱਲੇ ਧਨ ਨਹੀਂ ਹੈ।

ਦਰਖਤ ਆਬ ਆਸ ਕਰ ॥

ਉਹ (ਪ੍ਰਭੂ ਦੇ ਬਣਾਏ ਹੋਏ) ਰੁੱਖਾਂ ਤੇ ਪਾਣੀ ਦਾ ਆਸਰਾ ਹੀ ਲੈਂਦੇ ਹਨ।

ਦਿਹੰਦ ਸੁਈ ॥

ਉਹਨਾਂ ਨੂੰ ਰੋਜ਼ੀ ਦੇਣ ਵਾਲਾ ਉਹੀ ਪ੍ਰਭੂ ਹੈ।

ਏਕ ਤੁਈ ਏਕ ਤੁਈ ॥੬॥

(ਹੇ ਪ੍ਰਭੂ! ਇਹਨਾਂ ਦਾ ਰਿਜ਼ਕ-ਦਾਤਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੬॥


ਮ : ੧ ॥
ਨਾਨਕ ਲਿਲਾਰਿ ਲਿਖਿਆ ਸੋਇ ॥

ਹੇ ਨਾਨਕ! (ਜੀਵ ਦੇ) ਮੱਥੇ ਉਤੇ (ਜੋ ਕੁਝ ਕਰਤਾਰ ਵਲੋਂ) ਲਿਖਿਆ ਗਿਆ ਹੈ,

ਮੇਟਿ ਨ ਸਾਕੈ ਕੋਇ ॥

ਉਸ ਨੂੰ ਕੋਈ ਮਿਟਾ ਨਹੀਂ ਸਕਦਾ।

ਕਲਾ ਧਰੈ ਹਿਰੈ ਸੁਈ ॥

(ਜੀਵ ਦੇ ਅੰਦਰ) ਉਹੀ ਸੱਤਿਆ ਪਾਂਦਾ ਹੈ, ਉਹੀ ਖੋਹ ਲੈਂਦਾ ਹੈ।

ਏਕੁ ਤੁਈ ਏਕੁ ਤੁਈ ॥੭॥

(ਹੇ ਪ੍ਰਭੂ! ਜੀਵਾਂ ਨੂੰ ਸੱਤਿਆ ਦੇਣ ਤੇ ਖੋਹ ਲੈਣ ਵਾਲਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੭॥


ਪਉੜੀ ॥
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥

(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੇ ਸਨਮੁਖ ਹੋਇਆਂ ਇਸ ਦੀ ਸਮਝ ਪੈਂਦੀ ਹੈ।

ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥

ਜਿਸ ਨੇ ਗੁਰੂ ਦੀ ਮਤਿ ਲੈ ਕੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ।

ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥

ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, (ਇਸ ਤਕ ਅੱਪੜਨ ਲਈ ਗੁਰੂ ਦਾ) ਸ਼ਬਦ ਰਾਹਦਾਰੀ ਹੈ।

ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥

ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ, ਉਹ ਸੱਚ ਵਿਚ ਲੀਨ ਹੋ ਜਾਂਦੇ ਹਨ।

ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥

(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੂੜ (ਹੀ) ਵਿਹਾਝਦੇ ਹਨ, ਭਟਕਣਾ ਵਿਚ ਖੁੰਝੇ ਫਿਰਦੇ ਹਨ।

ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥

ਉਹਨਾਂ ਦਾ ਵਸੇਬਾ ਗੰਦ ਵਿਚ ਹੀ ਰਹਿੰਦਾ ਹੈ, (ਸ਼ਬਦ ਦਾ) ਆਨੰਦ ਉਹ ਨਹੀਂ ਸਮਝ ਸਕੇ।

ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾ ਕੇ ਜਨਮ ਮਰਨ (ਦੇ ਚੱਕਰ ਵਿਚ ਪਏ ਰਹਿੰਦੇ ਹਨ)।

ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥

ਹੇ ਨਾਨਕ! ਪਰਖਣ ਵਾਲਾ ਪ੍ਰਭੂ ਆਪ ਹੀ ਹੈ, ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ (ਭਾਵ, ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ ਤੇ ਖਰਾ ਕੌਣ ਹੈ) ॥੧੩॥


ਸਲੋਕੁ ਮ : ੧ ॥
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥

ਪ੍ਰਭੂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆ (ਆਦਿਕ ਮਾਸਾਹਾਰੀਆਂ ਨੂੰ ਜੇ ਚਾਹੇ ਤਾਂ) ਘਾਹ ਖਵਾ ਦੇਂਦਾ ਹੈ (ਭਾਵ, ਉਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦੇਂਦਾ ਹੈ)।

ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥

ਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦੇਂਦਾ ਹੈ-ਸੋ, ਪ੍ਰਭੂ ਇਹੋ ਜਿਹੇ ਰਾਹ ਤੋਰ ਦੇਂਦਾ ਹੈ।

ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥

ਪ੍ਰਭੂ (ਵਗਦੀਆਂ) ਨਦੀਆਂ ਵਿਚ ਟਿੱਬੇ ਵਿਖਾਲ ਦੇਂਦਾ ਹੈ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦੇਂਦਾ ਹੈ।

ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥

ਕੀੜੇ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ), (ਤੇ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਸੁਆਹ ਕਰ ਦੇਂਦਾ ਹੈ।

ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥

ਜਿਤਨੇ ਭੀ ਜੀਵ (ਜਗਤ ਵਿਚ) ਜੀਊਂਦੇ ਹਨ, ਸਾਹ ਲੈ ਕੇ ਜੀਊਂਦੇ ਹਨ, (ਭਾਵ, ਤਦ ਤਕ ਜੀਊਂਦੇ ਹਨ ਜਦ ਤਕ ਸਾਹ ਲੈਂਦੇ ਹਨ, (ਪਰ ਜੇ ਪ੍ਰਭੂ) ਜੀਊਂਦੇ ਰੱਖਣੇ ਚਾਹੇ, ਤਾਂ ‘ਸਾਹ’ ਦੀ ਭੀ ਕੀਹ ਮੁਥਾਜੀ ਹੈ?

ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥

ਹੇ ਨਾਨਕ! ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੈ, ਤਿਵੇਂ ਤਿਵੇਂ (ਜੀਵਾਂ) ਨੂੰ ਰੋਜ਼ੀ ਦੇਂਦਾ ਹੈ ॥੧॥


ਮ : ੧ ॥
ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥

ਕਈ ਜੀਵ ਮਾਸ ਖਾਣ ਵਾਲੇ ਹਨ, ਕਈ ਘਾਹ ਖਾਂਦੇ ਹਨ।

ਇਕਨਾ ਛਤੀਹ ਅੰਮ੍ਰਿਤ ਪਾਹਿ ॥

ਕਈ ਪ੍ਰਣੀਆਂ ਨੂੰ ਕਈ ਕਿਸਮਾਂ ਦੇ ਸੁਆਦਲੇ ਭੋਜਨ ਮਿਲਦੇ ਹਨ,

ਇਕਿ ਮਿਟੀਆ ਮਹਿ ਮਿਟੀਆ ਖਾਹਿ ॥

ਤੇ ਕਈ ਮਿੱਟੀ ਵਿਚ (ਰਹਿ ਕੇ) ਮਿੱਟੀ ਖਾਂਦੇ ਹਨ।

ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥

ਕਈ ਪ੍ਰਾਣਾਯਾਮ ਦੇ ਅੱਭਿਆਸੀ ਪ੍ਰਾਣਾਯਾਮ ਵਿਚ ਲੱਗੇ ਰਹਿੰਦੇ ਹਨ,

ਇਕਿ ਨਿਰੰਕਾਰੀ ਨਾਮ ਆਧਾਰਿ ॥

ਕਈ ਨਿਰੰਕਾਰ ਦੇ ਉਪਾਸ਼ਕ (ਉਸ ਦੇ) ਨਾਮ ਦੇ ਆਸਰੇ ਜੀਉਂਦੇ ਹਨ।

ਜੀਵੈ ਦਾਤਾ ਮਰੈ ਨ ਕੋਇ ॥

ਜੋ ਮਨੁੱਖ (ਇਹ ਮੰਨਦਾ ਹੈ ਕਿ) ਸਿਰ ਤੇ ਦਾਤਾ ਰਾਖਾ ਹੈ ਉਹ (ਪ੍ਰਭੂ ਨੂੰ ਵਿਸਾਰ ਕੇ ਆਤਮਕ ਮੌਤ) ਨਹੀਂ ਮਰਦਾ।

ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥

ਹੇ ਨਾਨਕ! ਉਹ ਜੀਵ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਨਹੀਂ ਹੈ ॥੨॥


ਪਉੜੀ ॥
ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥

ਪੂਰੇ ਸਤਿਗੁਰੂ ਦੀ ਦੱਸੀ ਹੋਈ ਕਾਰ (ਪ੍ਰਭੂ ਦੀ) ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ,

ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥

ਗੁਰੂ ਦੀ ਮਤਿ ਨਾਲ ਆਪਾ-ਭਾਵ ਗਵਾ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।

ਦੂਜੀ ਕਾਰੈ ਲਗਿ ਜਨਮੁ ਗਵਾਈਐ ॥

(ਪ੍ਰਭੂ ਦੀ ਬੰਦਗੀ ਵਿਸਾਰ ਕੇ) ਹੋਰ ਕੰਮ ਵਿਚ ਰੁੱਝਿਆਂ ਮਨੁੱਖਾ-ਜਨਮ ਵਿਅਰਥ ਜਾਂਦਾ ਹੈ,

ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥

(ਕਿਉਂਕਿ) ਨਾਮ ਨੂੰ ਵਿਸਾਰ ਕੇ ਜੋ ਕੁਝ ਪਹਿਨੀ ਖਾਈਦਾ ਹੈ, ਉਹ (ਆਤਮਕ ਜੀਵਨ ਵਾਸਤੇ) ਜ਼ਹਿਰ (ਸਮਾਨ) ਹੋ ਜਾਂਦਾ ਹੈ।

ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥

ਸਤਿਗੁਰੂ ਦਾ ਸੱਚਾ ਸ਼ਬਦ ਗਾਵਿਆਂ ਸੱਚੇ ਪ੍ਰਭੂ ਵਿਚ ਜੁੜੀਦਾ ਹੈ।

ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥

ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਸੁਖ ਵਿਚ (ਮਨ ਦਾ) ਟਿਕਾਉ ਨਹੀਂ ਹੋ ਸਕਦਾ, ਮੁੜ ਮੁੜ ਜਨਮ (ਮਰਨ) ਵਿਚ ਆਈਦਾ ਹੈ।

ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥

ਦੁਨੀਆ (ਦਾ ਪਿਆਰ) ਖੋਟੀ ਪੂੰਜੀ ਹੈ, ਇਹ ਕਮਾਈ ਕੂੜ (ਦਾ ਵਪਾਰ ਹੈ)।

ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥

ਹੇ ਨਾਨਕ! ਨਿਰੋਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਏਥੋਂ) ਇੱਜ਼ਤ ਨਾਲ ਜਾਈਦਾ ਹੈ ॥੧੪॥


ਸਲੋਕੁ ਮ : ੧ ॥
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥

ਜਦੋਂ ਤੇਰੀ ਰਜ਼ਾ ਹੁੰਦੀ ਹੈ (ਭਾਵ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼) ਵਜਾਂਦੇ ਹਨ ਤੇ ਗਾਉਂਦੇ ਹਨ, (ਤੀਰਥਾਂ ਦੇ) ਜਲ ਵਿਚ ਇਸ਼ਨਾਨ ਕਰਦੇ ਹਨ,

ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥

ਕਈ (ਪਿੰਡੇ ਉਤੇ) ਸੁਆਹ ਮਲਦੇ ਹਨ ਤੇ ਸਿੰਙੀ ਦਾ ਨਾਦ ਵਜਾਂਦੇ ਹਨ।

ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥

ਕਈ ਜੀਵ ਕੁਰਾਨ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾਂ ਤੇ ਸ਼ੇਖ਼ ਅਖਵਾਂਦੇ ਹਨ।

ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥

ਕੋਈ ਰਾਜੇ ਬਣ ਜਾਂਦੇ ਹਨ ਤੇ ਕਈ ਸੁਆਦਾਂ ਦੇ ਭੋਜਨ ਵਰਤਦੇ ਹਨ।

ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥

ਕੋਈ ਤਲਵਾਰ ਚਲਾਂਦੇ ਹਨ ਤੇ ਧੌਣ ਨਾਲੋਂ ਸਿਰ ਵੱਢੇ ਜਾਂਦੇ ਹਨ।

ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥

ਕੋਈ ਪਰਦੇਸ ਜਾਂਦੇ ਹਨ (ਉਧਰ ਦੀਆਂ) ਗੱਲਾਂ ਸੁਣ ਕੇ (ਮੁੜ ਆਪਣੇ) ਘਰ ਆਉਂਦੇ ਹਨ।

ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥

(ਹੇ ਪ੍ਰਭੂ! ਇਹ ਭੀ ਤੇਰੀ ਹੀ ਰਜ਼ਾ ਹੈ ਕਿ ਕਈ ਜੀਵ) ਤੇਰੇ ਨਾਮ ਵਿਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿਚ ਤੁਰਦੇ ਹਨ ਤੈਨੂੰ ਪਿਆਰੇ ਲੱਗਦੇ ਹਨ।

ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥

ਨਾਨਕ ਇਕ ਅਰਜ਼ ਕਰਦਾ ਹੈ (ਕਿ ਰਜ਼ਾ ਵਿਚ ਤੁਰਨ ਤੋਂ ਬਿਨਾ) ਹੋਰ ਸਾਰੇ (ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਹੈ) ਕੂੜ ਕਮਾ ਰਹੇ ਹਨ (ਭਾਵ, ਉਹ ਸਉਦਾ ਕਰਦੇ ਹਨ ਜੋ ਵਿਅਰਥ ਜਾਂਦਾ ਹੈ) ॥੧॥


ਮ : ੧ ॥
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥

ਜਦੋਂ (ਇਹ ਗੱਲ ਠੀਕ ਹੈ ਕਿ) ਤੂੰ ਵੱਡਾ (ਪ੍ਰਭੂ ਜਗਤ ਦਾ ਕਰਤਾਰ ਹੈਂ ਤਾਂ ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰੀਆਂ ਹੀ ਵਡਿਆਈਆਂ ਹਨ (ਕਿਉਂਕਿ) ਚੰਗੇ ਤੋਂ ਚੰਗਿਆਈ ਹੀ ਉਤਪੰਨ ਹੁੰਦੀ ਹੈ।

ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥

(ਜਦੋਂ ਇਹ ਯਕੀਨ ਬੱਝ ਜਾਏ ਕਿ) ਤੂੰ ਸੱਚਾ ਪ੍ਰਭੂ ਸਿਰਜਣਹਾਰ ਹੈਂ (ਤਾਂ) ਹਰੇਕ ਜੀਵ ਸੱਚਾ (ਦਿੱਸਦਾ ਹੈ ਕਿਉਂਕਿ ਹਰੇਕ ਜੀਵ ਵਿਚ ਤੂੰ ਆਪ ਮੌਜੂਦ ਹੈਂ ਤਾਂ ਫਿਰ ਇਸ ਜਗਤ ਵਿਚ) ਕੋਈ ਕੂੜਾ ਨਹੀਂ ਹੋ ਸਕਦਾ।

ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥

(ਜੋ ਕੁਝ ਬਾਹਰ ਵਿਖਾਵੇ ਮਾਤ੍ਰ ਦਿੱਸ ਰਿਹਾ ਹੈ ਇਹ) ਆਖਣਾ-ਵੇਖਣਾ, ਇਹ ਬੋਲ-ਚਾਲ, ਇਹ ਜੀਉਂਣਾ ਤੇ ਮਰਨਾ (ਇਹ ਸਭ ਕੁਝ) ਮਾਇਆ-ਰੂਪ ਹੈ (ਅਸਲੀਅਤ ਨਹੀਂ ਹੈ, ਅਸਲੀਅਤ ਪ੍ਰਭੂ ਆਪ ਹੀ ਹੈ)।

ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥

ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ (ਆਪਣੀ) ਹੁਕਮ (-ਰੂਪ ਸੱਤਿਆ) ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿਚ ਤੋਰ ਰਿਹਾ ਹੈ ॥੨॥


ਪਉੜੀ ॥
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥

ਜੇ ਸੱਚੇ ਦਿਲੋਂ ਗੁਰੂ ਦਾ ਹੁਕਮ ਮੰਨੀਏ, ਤਾਂ ਭਟਕਣਾ ਦੂਰ ਹੋ ਜਾਂਦੀ ਹੈ।

ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥

ਉਹੀ ਕੰਮ ਕਰਨਾ ਚਾਹੀਦਾ ਹੈ, ਜੋ ਗੁਰੂ ਕਰਨ ਲਈ ਆਖੇ।

ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥

ਜੇ ਸਤਿਗੁਰੂ ਮਿਹਰ ਕਰੇ, ਤਾਂ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।

ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥

ਗੁਰੂ ਦੇ ਸਨਮੁਖ ਹੋਇਆਂ ਪ੍ਰਭੂ ਦੀ ਬੰਦਗੀ-ਰੂਪ ਸਭ ਤੋਂ ਚੰਗਾ ਲਾਭ ਮਿਲਦਾ ਹੈ।

ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥

ਪਰ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿਰਾ ਕੂੜ ਨਿਰਾ ਹਨੇਰਾ ਹੀ ਖੱਟਦਾ ਹੈ।

ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥

ਜੇ ਸੱਚੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਸੱਚੇ ਦਾ ਨਾਮ ਜਪੀਏ,

ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥

ਤਾਂ ਇਸ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦਾ ਹੈ।

ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥

ਹੇ ਨਾਨਕ! (ਜਿਸ ਦੇ ਪੱਲੇ) ਸਦਾ ਸੱਚ ਹੈ ਉਹ ਸੱਚ ਦਾ ਵਪਾਰੀ ਹੈ ਉਹ ਸੱਚ ਵਿਚ ਲੀਨ ਰਹਿੰਦਾ ਹੈ ॥੧੫॥


ਸਲੋਕੁ ਮ : ੧ ॥
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥

ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉਡ ਗਿਆ ਹੈ।

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥

ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ।

ਹਉ ਭਾਲਿ ਵਿਕੁੰਨੀ ਹੋਈ ॥

ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ,

ਆਧੇਰੈ ਰਾਹੁ ਨ ਕੋਈ ॥

ਹਨੇਰੇ ਵਿਚ ਕੋਈ ਰਾਹ ਦਿੱਸਦਾ ਨਹੀਂ।

ਵਿਚਿ ਹਉਮੈ ਕਰਿ ਦੁਖੁ ਰੋਈ ॥

(ਇਸ ਹਨੇਰੇ) ਵਿਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ,

ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥

ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ? ॥੧॥


ਮ : ੩ ॥
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥

ਇਸ ਕਲਜੁਗੀ ਸੁਭਾਵ (-ਰੂਪ ਹਨੇਰੇ ਨੂੰ ਦੂਰ ਕਰਨ) ਲਈ (ਪ੍ਰਭੂ ਦੀ) ਸਿਫ਼ਤ-ਸਾਲਾਹ (ਸਮਰੱਥ) ਹੈ, (ਇਹ ਸਿਫ਼ਤ-ਸਾਲਾਹ) ਜਗਤ ਵਿਚ ਉੱਘਾ ਚਾਨਣ ਹੈ।

ਗੁਰਮੁਖਿ ਕੋਈ ਉਤਰੈ ਪਾਰਿ ॥

(ਪਰ) ਕੋਈ (ਵਿਰਲਾ) ਜੋ ਗੁਰੂ ਦੇ ਸਨਮੁਖ ਹੁੰਦਾ ਹੈ (ਇਸ ਚਾਨਣ ਦਾ ਆਸਰਾ ਲੈ ਕੇ ਇਸ ਹਨੇਰੇ ਵਿਚੋਂ) ਪਾਰ ਲੰਘਦਾ ਹੈ।

ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥

ਪ੍ਰਭੂ ਜਿਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਇਹ ਕੀਰਤਿ-ਰੂਪ ਚਾਨਣ) ਦੇਂਦਾ ਹੈ।

ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥

ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਰਤਨ ਲੱਭ ਲੈਂਦਾ ਹੈ ॥੨॥


ਪਉੜੀ ॥
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥

(ਜਗਤ ਵਿਚ ਇਹ ਨਿੱਤ ਵੇਖ ਰਹੇ ਹਾਂ ਕਿ) ਭਗਤਾਂ ਤੇ ਦੁਨੀਆਦਾਰਾਂ ਦਾ ਕਦੇ ਜੋੜ ਨਹੀਂ ਬਣਦਾ (ਪਰ, ਜਗਤ-ਰਚਨਾ ਵਿਚ ਪ੍ਰਭੂ ਵਲੋਂ ਇਹ ਕੋਈ ਉਕਾਈ ਨਹੀਂ ਹੈ)।

ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥

ਕਰਤਾਰ ਆਪ ਤਾਂ ਉਕਾਈ ਖਾਣ ਵਾਲਾ ਨਹੀਂ ਹੈ, ਤੇ ਕਿਸੇ ਦਾ ਖੁੰਝਾਇਆ (ਭੀ) ਖੁੰਝਦਾ ਨਹੀਂ।

ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥

(ਇਹ ਉਸ ਦੀ ਆਪਣੀ ਰਜ਼ਾ ਹੈ ਕਿ) ਉਸ ਨੇ ਆਪ ਹੀ ਭਗਤ (ਆਪਣੇ ਚਰਨਾਂ ਵਿਚ) ਜੋੜੇ ਹੋਏ ਹਨ, ਉਹ ਨਿਰੋਲ ਬੰਦਗੀ-ਰੂਪ ਕਾਰ ਕਰਦੇ ਹਨ।

ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥

ਦੁਨੀਆਦਾਰ ਭੀ ਉਸ ਨੇ ਆਪ ਹੀ ਖੁੰਝਾਏ ਹਨ, ਉਹ ਝੂਠ ਬੋਲ ਬੋਲ ਕੇ (ਆਤਮਕ ਮੌਤ ਦਾ ਮੂਲ) ਵਿਹੁ ਖਾ ਰਹੇ ਹਨ।

ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥

ਉਹਨਾਂ ਨੂੰ ਇਹ ਸਮਝ ਹੀ ਨਹੀਂ ਆਈ, ਕਿ ਇਥੋਂ ਤੁਰ ਭੀ ਜਾਣਾ ਹੈ। ਸੋ, ਉਹ ਕਾਮ ਕਰੋਧ-ਰੂਪ ਜ਼ਹਿਰ (ਜ਼ਗਤ ਵਿਚ) ਵਧਾ ਰਹੇ ਹਨ।

ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥

(ਉਸ ਦੀ ਆਪਣੀ ਰਜ਼ਾ ਵਿਚ) ਭਗਤ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਨ, ਉਹ ਹਰ ਵੇਲੇ ਨਾਮ ਸਿਮਰ ਰਹੇ ਹਨ।

ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥

ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੈ,

ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥

ਪ੍ਰਭੂ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ, ਸੱਚੇ ਸ਼ਬਦ ਦੇ ਕਾਰਨ ਉਹ ਪ੍ਰਭੂ-ਦਰ ਤੇ ਸੋਭਾ ਪਾਂਦੇ ਹਨ ॥੧੬॥


ਸਲੋਕੁ ਮ : ੧ ॥
ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥

ਜੋ ਮਨੁੱਖ ਸਵੇਰੇ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ,

ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥

ਵੇਲੇ-ਸਿਰ (ਭਾਵ, ਅੰਮ੍ਰਿਤ ਵੇਲੇ) ਮਨ ਨਾਲ ਜੰਗ ਕਰਦੇ ਹਨ (ਭਾਵ, ਆਲਸ ਵਿਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਹਨ), ਉਹੀ ਪੂਰੇ ਸ਼ਾਹ ਹਨ।

ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥

ਦਿਨ-ਚੜ੍ਹੇ ਮਨ ਦੀਆਂ ਵਾਸਨਾਂ ਖਿੱਲਰ ਜਾਂਦੀਆਂ ਹਨ, ਮਨ ਕਈ ਰਾਹੀਂ ਦੌੜਦਾ ਹੈ;

ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥

ਮਨੁੱਖ ਦੁਨੀਆ ਦੇ ਧੰਧਿਆਂ ਦੇ ਡੂੰਘੇ ਸਮੁੰਦਰ ਵਿਚ ਪੈ ਜਾਂਦੇ ਹਨ, ਇਥੇ ਹੀ ਅਜੇਹੇ ਗੋਤੇ ਖਾਂਦੇ ਹਨ (ਭਾਵ, ਫਸਦੇ ਹਨ) ਕਿ ਨਿਕਲ ਨਹੀਂ ਸਕਦੇ।

ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥

ਤੀਜੇ ਪਹਰ ਭੁੱਖ ਤੇ ਤ੍ਰਿਹ ਦੋਵੇਂ ਚਮਕ ਪੈਂਦੀਆਂ ਹਨ, ਰੋਟੀ ਖਾਣ ਦੇ ਆਹਰੇ (ਜੀਵ) ਲੱਗ ਜਾਂਦੇ ਹਨ,

ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥

(ਜਦੋਂ) ਜੋ ਕੁੱਝ ਖਾਧਾ ਹੁੰਦਾ ਹੈ ਭਸਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ।

ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥

ਚਉਥੇ ਪਹਰ ਨੀਂਦ ਆ ਦਬਾਂਦੀ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਵਿਚ ਸਉਂ ਜਾਂਦਾ ਹੈ;

ਭੀ ਉਠਿ ਰਚਿਓਨੁ ਵਾਦੁ ਸੈ ਵਰਿ੍ਰਆ ਕੀ ਪਿੜ ਬਧੀ ॥

ਨੀਂਦਰੋਂ ਉਠ ਕੇ ਮੁੜ ਜਗਤ ਦੇ ਧੰਧਿਆਂ ਦਾ ਉਹੀ ਝਮੇਲਾ, ਮਾਨੋ, ਮਨੁੱਖ ਨੇ (ਇਥੇ) ਸੈਂਕੜੇ ਵਰ੍ਹਿਆਂ ਦੇ ਜੀਊਣ ਦਾ ਘੋਲ ਮਚਾਇਆ ਹੋਇਆ ਹੈ।

ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥

(ਸੋ, ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ) ਜਦੋਂ (ਅੰਮ੍ਰਿਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ (ਮਨ ਵਿਚ) ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ (ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ)।

ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥

(ਇਸ ਤਰ੍ਹਾਂ) ਹੇ ਨਾਨਕ! (ਜੇ ਅੱਠੇ ਪਹਰ) ਮਾਲਕ ਮਨ ਵਿਚ ਵੱਸਿਆ ਰਹੇ, ਤਾਂ ਸਦਾ ਟਿਕੇ ਰਹਿਣ ਵਾਲਾ (ਆਤਮਕ) ਇਸ਼ਨਾਨ ਪ੍ਰਾਪਤ ਹੁੰਦਾ ਹੈ ॥੧॥


ਮ : ੨ ॥
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥

ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਮਿਲ ਪੈਂਦਾ ਹੈ ਉਹੀ ਪੂਰੇ ਸ਼ਾਹ ਹਨ।

ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥

ਉਹ ਇੱਕ ਪਰਮਾਤਮਾ ਦੇ ਰੰਗ (ਪਿਆਰ) ਵਿਚ ਅੱਠੇ ਪਹਰ (ਦੁਨੀਆ ਵਲੋਂ) ਬੇ-ਪਰਵਾਹ ਰਹਿੰਦੇ ਹਨ (ਭਾਵ, ਕਿਸੇ ਦੇ ਮੁਥਾਜ ਨਹੀਂ ਹੁੰਦੇ)।

ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥

(ਪਰ ਅਜੇਹੇ ਬੰਦੇ) ਬੜੇ ਘੱਟ ਮਿਲਦੇ ਹਨ, ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਸਰੂਪ ਵਿਚ (ਹਰ ਵੇਲੇ ਜੁੜੇ ਰਹਿਣ)।

ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥

ਪੂਰੇ ਬੋਲ ਵਾਲਾ ਪੂਰਨ ਗੁਰੂ ਪੂਰੇ ਭਾਗਾਂ ਨਾਲ,

ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥੨॥

ਹੇ ਨਾਨਕ! ਜਿਸ ਮਨੁੱਖ ਨੂੰ ਪੂਰਨ ਬਣਾ ਦੇਂਦਾ ਹੈ, ਉਸ ਦਾ ਤੋਲ ਘਟਦਾ ਨਹੀਂ, (ਭਾਵ, ਰੱਬ ਨਾਲ ਉਸ ਦਾ ਅੱਠੇ ਪਹਰ ਦਾ ਸੰਬੰਧ ਘਟਦਾ ਨਹੀਂ) ॥੨॥


ਪਉੜੀ ॥
ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥

(ਹੇ ਪ੍ਰਭੂ!) ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ (ਮੇਰਾ ਰਾਖਾ) ਹੈਂ ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ।

ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥

ਪਰ ਜਿਸ (ਜੀਵ-ਇਸਤ੍ਰੀ) ਨੂੰ ਜਗਤ ਦੇ ਧੰਧੇ-ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ (ਮਹਲ) ਲੱਭਦਾ ਨਹੀਂ।

ਏਨੈ ਚਿਤਿ ਕਠੋਰਿ ਸੇਵ ਗਵਾਈਐ ॥

ਉਸ ਨੇ ਕਠੋਰ ਚਿੱਤ ਦੇ ਕਾਰਨ (ਆਪਣੀ ਸਾਰੀ) ਮਿਹਨਤ ਵਿਅਰਥ ਗਵਾ ਲਈ ਹੈ।

ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥

ਜਿਸ ਹਿਰਦੇ ਵਿਚ ਸੱਚ ਨਹੀਂ ਵੱਸਿਆ, ਉਹ ਹਿਰਦਾ ਸਦਾ ਭੱਜਦਾ ਘੜੀਂਦਾ ਰਹਿੰਦਾ ਹੈ (ਭਾਵ, ਉਸ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ)।

ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥

(ਜਦੋਂ) ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ) ਪੂਰੇ ਵੱਟੇ ਨਾਲ ਤੋਲ ਵਿਚ ਕਿਵੇਂ ਪੂਰਾ ਉਤਰੇ?

ਕੋਇ ਨ ਆਖੈ ਘਟਿ ਹਉਮੈ ਜਾਈਐ ॥

ਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ (ਤੋਲੋਂ) ਘੱਟ ਨਹੀਂ ਆਖਦਾ।

ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥

ਖਰੇ ਜੀਵ ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ।

ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥

(ਇਹ) ਸਉਦਾ (ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ) ਇੱਕੋ ਹੀ ਹੱਟੀ ਤੋਂ ਪੂਰੇ ਗੁਰੂ ਤੋਂ ਹੀ ਮਿਲਦਾ ਹੈ ॥੧੭॥


ਸਲੋਕ ਮ : ੨ ॥
ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥

ਜੇ (ਧਰਤੀ ਦੇ ੯ ਖੰਡਾਂ ਵਿਚੋਂ) ਨਾਵਾਂ ਖੰਡ ਮਨੁੱਖ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਅੱਠੇ ਪਹਰ (ਮਨੁੱਖ ਦੇ ਮਨ ਧਰਤੀ ਦੇ) ਸਾਰੇ ਅੱਠ ਖੰਡੀ ਪਦਾਰਥਾਂ ਵਿਚ ਲੱਗਾ ਰਹਿੰਦਾ ਹੈ।

ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥

(ਨਾਵੇਂ ਖੰਡ ਸਰੀਰ) ਵਿਚ ਨਉ ਨਿਧਿ ਨਾਮ ਲੱਭਦੇ ਹਨ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਭਾਲਦੇ ਹਨ।

ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥

ਹੇ ਨਾਨਕ! (ਕੋਈ ਵਿਰਲੇ) ਭਾਗਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ (ਪ੍ਰਭੂ ਮਿਲਾਪ ਦਾ ਉਪਰਾਲਾ ਕਰਦੇ ਹਨ)।

ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥

ਸਵੇਰ ਦੇ ਚਉਥੇ ਪਹਰ (ਭਾਵ, ਅੰਮ੍ਰਿਤ ਵੇਲੇ) ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿਚ (ਇਸ ਨਉਨਿਧਿ ਨਾਮ ਲਈ) ਚਾਉ ਪੈਦਾ ਹੁੰਦਾ ਹੈ,

ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥

(ਉਸ ਵੇਲੇ) ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ (ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ) ਅਤੇ ਉਹਨਾਂ ਦੇ ਮਨ ਵਿਚ ਤੇ ਮੂੰਹ ਵਿਚ ਸੱਚਾ ਨਾਮ ਵੱਸਦਾ ਹੈ।

ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥

ਓਥੇ (ਸਤ-ਸੰਗ ਵਿਚ) ਨਾਮ-ਅੰਮ੍ਰਿਤ ਵੰਡਿਆ ਜਾਂਦਾ ਹੈ, ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ।

ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥

(ਜਿਵੇਂ ਤਾਉ ਦੇ ਦੇ ਕੇ) ਸੋਨੇ (ਨੂੰ ਕੱਸ ਲਾਈਦੀ ਹੈ, ਤਿਵੇਂ ਅੰਮ੍ਰਿਤ ਵੇਲੇ ਦੀ ਘਾਲ-ਕਮਾਈ ਦੀ ਉਹਨਾਂ ਦੇ) ਸਰੀਰ ਨੂੰ ਕੱਸ ਲਾਈਦੀ ਤੇ (ਭਗਤੀ ਦਾ) ਸੋਹਣਾ ਰੰਗ ਚੜ੍ਹਦਾ ਹੈ।

ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥

ਜਦੋਂ ਸਰਾਫ਼ (-ਪ੍ਰਭੂ) ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਫੇਰ ਤਪਾਣ (ਭਾਵ ਹੋਰ ਘਾਲਾਂ) ਦੀ ਲੋੜ ਨਹੀਂ ਰਹਿੰਦੀ।

ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥

(ਅਠਵਾਂ ਪਹਰ ਅੰਮ੍ਰਿਤ ਵੇਲਾ ਪ੍ਰਭੂ-ਚਰਨਾਂ ਵਿਚ ਵਰਤ ਕੇ ਬਾਕੀ ਦੇ) ਸੱਤ ਪਹਰ ਭੀ ਭਲਾ ਆਚਰਨ (ਬਨਾਣ ਦੀ ਲੋੜ ਹੈ) ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ।

ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥

ਉਹਨਾਂ ਦੀ ਸੰਗਤਿ ਵਿਚ (ਬੈਠਿਆਂ) ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਝੂਠ ਦੀ ਪੂੰਜੀ ਘਟਦੀ ਹੈ,

ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥

ਕਿਉਂਕਿ ਉਸ ਸੰਗਤਿ ਵਿਚ ਖੋਟੇ ਕੰਮਾਂ ਨੂੰ ਸੁੱਟ ਦੇਈਦਾ ਹੈ ਤੇ ਖਰੇ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ।

ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥

ਅਤੇ, ਹੇ ਨਾਨਕ! ਓਥੇ ਇਹ ਭੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ, ਦੁੱਖ ਸੁਖ ਉਹ ਖਸਮ ਪ੍ਰਭੂ ਆਪ ਹੀ ਦੇਂਦਾ ਹੈ ॥੧॥


ਮ : ੨ ॥
ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਹਵਾ (ਜੀਵਾਂ ਦਾ, ਮਾਨੋ) ਗੁਰੂ ਹੈ (ਭਾਵ, ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ), ਪਾਣੀ (ਸਭ ਜੀਵਾਂ ਦਾ) ਪਿਉ ਹੈ, ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।

ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ, (ਇਹਨਾਂ ਨਾਲ) ਸਾਰਾ ਸੰਸਾਰ ਖੇਡ ਰਿਹਾ ਹੈ (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸਉਣ ਵਿਚ ਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।

ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥

ਧਰਮਰਾਜ ਬੜੇ ਗਹੁ ਨਾਲ (ਇਹਨਾਂ ਦੇ) ਕੀਤੇ ਹੋਏ ਚੰਗੇ ਤੇ ਮੰਦੇ ਕੰਮ (ਨਿੱਤ) ਵਿਚਾਰਦਾ ਹੈ।

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਤੇ, ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੁੰਦੇ ਜਾ ਰਹੇ ਹਨ, ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ।

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।

ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥

(ਪ੍ਰਭੂ ਦੇ ਦਰ ਤੇ) ਉਹ ਸੁਰਖ਼ਰੂ ਹਨ, ਹੋਰ ਬਥੇਰੀ ਲੁਕਾਈ ਭੀ ਉਹਨਾਂ ਦੀ ਸੰਗਤਿ ਵਿਚ ਰਹਿ ਕੇ ਮੁਕਤ ਹੋ ਜਾਂਦੀ ਹੈ ॥੨॥


ਪਉੜੀ ॥
ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥

(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਨੇ (ਆਤਮਾ ਲਈ) ਪ੍ਰਭੂ-ਪ੍ਰੇਮ-ਰੂਪ ਸੱਚਾ ਭੋਜਨ ਦੱਸਿਆ ਹੈ,

ਸਚੇ ਹੀ ਪਤੀਆਇ ਸਚਿ ਵਿਗਸਿਆ ॥

ਉਹ ਮਨੁੱਖ ਸੱਚੇ ਪ੍ਰਭੂ ਵਿਚ ਹੀ ਪਰਚ ਜਾਂਦਾ ਹੈ। ਸੱਚੇ ਪ੍ਰਭੂ ਵਿਚ (ਟਿਕ ਕੇ) ਪ੍ਰਸੰਨ ਰਹਿੰਦਾ ਹੈ।

ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥

ਉਹ (ਪ੍ਰਭੂ ਦੇ ਚਰਨਾਂ-ਰੂਪ) ਸ੍ਵੈ-ਸਰੂਪ ਵਿਚ ਵੱਸਦਾ ਹੈ (ਮਾਨੋ) ਸਦਾ-ਥਿਰ ਰਹਿਣ ਵਾਲੇ ਕਿਲ੍ਹੇ ਵਿਚ ਪਿੰਡ ਵਿਚ ਵੱਸਦਾ ਹੈ।

ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥

ਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰਹਿ ਕੇ ਖਿੜੇ ਰਹਿ ਸਕੀਦਾ ਹੈ।

ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ (ਸਉਦੇ) ਦੀ ਰਾਹੀਂ ਨਹੀਂ ਅੱਪੜ ਸਕੀਦਾ।

ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥

ਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ-ਥਾਂ ਗਵਾ ਬੈਠੀਦਾ ਹੈ।

ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥

ਸੱਚੇ ਸ਼ਬਦ-ਰੂਪ ਰਾਹਦਾਰੀ ਦੀ ਰਾਹੀਂ (ਪ੍ਰਭੂ ਨੂੰ ਮਿਲਣ ਦੇ ਰਾਹ ਵਿਚ) ਕੋਈ ਹੋਰ ਰੋਕ ਨਹੀਂ ਪੈਂਦੀ।

ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥

ਪ੍ਰਭੂ ਦਾ ਨਾਮ ਸੁਣ ਕੇ ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ ॥੧੮॥


ਸਲੋਕੁ ਮ : ੧ ॥
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥

ਜੇ ਮੈਂ ਅੱਗ (ਭੀ) ਪਹਿਨ ਲਵਾਂ, (ਜਾਂ) ਬਰਫ਼ ਵਿਚ ਘਰ ਬਣਾ ਲਵਾਂ (ਭਾਵ, ਜੇ ਮੇਰੇ ਮਨ ਵਿਚ ਇਤਨੀ ਤਾਕਤ ਆ ਜਾਏ ਕਿ ਅੱਗ ਵਿਚ ਤੇ ਬਰਫ਼ ਵਿਚ ਬੈਠ ਸਕਾਂ) ਲੋਹੇ ਨੂੰ ਭੋਜਨ ਬਣਾ ਲਵਾਂ (ਲੋਹਾ ਖਾ ਸਕਾਂ),

ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥

ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ,

ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥

ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ,

ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥

ਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ, (ਭਾਵ, ਆਪਣੇ ਹੁਕਮ ਵਿਚ ਚਲਾਵਾਂ)

ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥

ਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ (ਤਾਂ ਭੀ ਇਹ ਸਭ ਕੁਝ ਤੁੱਛ ਹੈ)।

ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥

ਖਸਮ ਪ੍ਰਭੂ ਜੇਡਾ ਵੱਡਾ ਆਪ ਹੈ ਉਤਨੀਆਂ ਹੀ ਉਸ ਦੀਆਂ ਬਖ਼ਸ਼ਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ ਹੋਰ ਭੀ ਬੇਅੰਤ (ਤਾਕਤਾਂ ਦੀਆਂ) ਦਾਤਾਂ ਮੈਨੂੰ ਦੇ ਦੇਵੇ, (ਤਾਂ ਭੀ ਇਹ ਤੁੱਛ ਹਨ)।

ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥

(ਅਸਲ ਗੱਲ) ਹੇ ਨਾਨਕ! (ਇਹ ਹੈ ਕਿ) ਜਿਸ ਬੰਦੇ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਆਪਣੇ) ਸੱਚੇ ਨਾਮ ਦੀ ਰਾਹੀਂ ਵਡਿਆਈ ਬਖ਼ਸ਼ਦਾ ਹੈ (ਭਾਵ, ਇਹਨਾਂ ਮਾਨਸਕ ਤਾਕਤਾਂ ਨਾਲੋਂ ਵਧ ਕੇ ਨਾਮ ਦੀ ਬਰਕਤਿ ਹੈ) ॥੧॥


ਮ : ੨ ॥
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥

ਮੂੰਹ ਬੋਲ ਬੋਲ ਕੇ ਰੱਜਦਾ ਨਹੀਂ (ਭਾਵ, ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ), ਕੰਨ (ਗੱਲਾਂ) ਸੁਣਨ ਨਾਲ ਨਹੀਂ ਰੱਜਦੇ,

ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥

ਅੱਖਾਂ (ਰੂਪ ਰੰਗ) ਵੇਖ ਵੇਖ ਕੇ ਨਹੀਂ ਰੱਜਦੀਆਂ, (ਇਹ ਸਾਰੇ ਇੰਦਰੇ) ਇਕ ਇਕ ਕਿਸਮ ਦੇ ਗੁਣਾਂ (ਰਸਾਂ) ਦੇ ਗਾਹਕ ਹਨ (ਆਪੋ ਆਪਣੇ ਰਸਾਂ ਦੀ ਗਾਹਕੀ ਵਿਚ ਰੱਜਦੇ ਨਹੀਂ, ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ)।

ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥

ਭੁੱਖ ਦੇ ਅਧੀਨ ਹੋਇਆਂ ਦੀ ਸਮਝਾਇਆਂ ਭੀ ਭੁੱਖ ਮਿਟ ਨਹੀਂ ਸਕਦੀ।

ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥

ਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿਚ ਲੀਨ ਹੋ ਜਾਏ ॥੨॥


ਪਉੜੀ ॥
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥

ਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ, ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਦਾ ਹੈ।

ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥

(ਇਸ ਕੂੜ ਵਿਚ ਮਨ ਇਤਨਾ ਗੱਡਿਆ ਜਾਂਦਾ ਹੈ ਕਿ) ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ।

ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥

(ਇਸ ਦਾ) ਇਹ ਨਕਾਰਾ ਸਰੀਰ ਮਿੱਟੀ ਵਿਚ ਹੀ ਰੁਲ ਜਾਂਦਾ ਹੈ (ਭਾਵ, ਐਵੇਂ ਅਜ਼ਾਈਂ ਚਲਾ ਜਾਂਦਾ ਹੈ)।

ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥

ਜੋ ਕੁਝ ਖਾਂਦਾ ਪਹਿਨਦਾ ਹੈ ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ।

ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥

ਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ।

ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥

ਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ,

ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥

(ਤੇ ਇਸ ਕਰ ਕੇ ਇਹ ਜਗਤ) ਕੂੜ-ਰੂਪ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ।

ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥

(ਮਨੁੱਖਾ) ਸਰੀਰ ਵਿਚ ਇਹ (ਜੋ) ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ ॥੧੯॥


ਸਲੋਕ ਮ : ੧ ॥
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥

ਹੇ ਨਾਨਕ! (ਪੂਰਨ) ਸੰਤੋਖ (-ਸਰੂਪ) ਗੁਰੂ (ਮਾਨੋ, ਇਕ) ਰੁੱਖ ਹੈ (ਜਿਸ ਨੂੰ) ਧਰਮ (-ਰੂਪ) ਫੁੱਲ (ਲੱਗਦਾ) ਹੈ ਤੇ ਗਿਆਨ (-ਰੂਪ) ਫਲ (ਲੱਗਦੇ) ਹਨ, ਪ੍ਰੇਮ-ਜਲ ਨਾਲ ਰਸਿਆ ਹੋਇਆ (ਇਹ ਰੁੱਖ) ਸਦਾ ਹਰਾ ਰਹਿੰਦਾ ਹੈ।

ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥

(ਪਰਮਾਤਮਾ ਦੀ) ਬਖ਼ਸ਼ਸ਼ ਨਾਲ (ਪ੍ਰਭੂ-ਚਰਨਾਂ ਵਿਚ) ਧਿਆਨ ਜੋੜਿਆਂ ਇਹ (ਗਿਆਨ-ਫਲ) ਪੱਕਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ)।

ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥

(ਇਸ ਗਿਆਨ-ਫਲ ਨੂੰ) ਖਾਣ ਵਾਲਾ ਮਨੁੱਖ ਪ੍ਰਭੂ-ਮੇਲ ਦੇ ਆਨੰਦ ਮਾਣਦਾ ਹੈ, (ਮਨੁੱਖ ਲਈ ਪ੍ਰਭੂ-ਦਰ ਤੋਂ) ਇਹ ਸਭ ਤੋਂ ਵੱਡੀ ਬਖ਼ਸ਼ਸ਼ ਹੈ ॥੧॥


ਮ : ੧ ॥
ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥

(ਗੁਰੂ, ਮਾਨੋ,) ਸੋਨੇ ਦਾ ਰੁੱਖ ਹੈ; ਮੋਂਗਾ (ਸ੍ਰੇਸ਼ਟ ਬਚਨ) ਉਸ ਦੇ ਪੱਤਰ ਹਨ, ਲਾਲ ਜਵਾਹਰ (ਗੁਰੂ-ਵਾਕ) ਉਸ ਦੇ ਫੁੱਲ ਹਨ।

ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥

ਉਸ (ਗੁਰੂ) ਰੁੱਖ ਨੂੰ ਮੂੰਹੋਂ ਉਚਾਰੇ ਹੋਏ (ਸ੍ਰੇਸ਼ਟ ਬਚਨ-ਰੂਪ) ਫਲ ਲੱਗਦੇ ਹਨ, (ਗੁਰੂ) ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ।

ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥

ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ,

ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥

ਉਹ ਗੁਰੂ ਦੀ ਚਰਨੀਂ ਲੱਗ ਕੇ (ਗੁਰੂ ਦੇ ਚਰਨਾਂ ਨੂੰ) ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ (ਗੁਰੂ-ਚਰਨਾਂ ਨੂੰ) ਪੂਜਦਾ ਹੈ।

ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥

ਨਿਰਦਇਤਾ, ਮੋਹ, ਲੋਭ ਤੇ ਕ੍ਰੋਧ-ਇਹ ਚਾਰੇ ਅੱਗ ਦੀਆਂ ਨਦੀਆਂ (ਜਗਤ ਵਿਚ ਚੱਲ ਰਹੀਆਂ) ਹਨ,

ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥

ਜੋ ਜੋ ਮਨੁੱਖ ਇਹਨਾਂ ਨਦੀਆਂ ਵਿਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ ॥੨॥


ਪਉੜੀ ॥
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥

(ਹੇ ਬੰਦੇ!) (ਇਸ ਤ੍ਰਿਸ਼ਨਾ ਨੂੰ) ਮਾਰ ਕੇ ਜੀਊਂਦਿਆਂ ਹੀ ਮਰ (ਤਾਕਿ ਅੰਤ ਨੂੰ) ਪਛੁਤਾਣਾ ਨਾ ਪਏ।

ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥

ਕਿਸੇ ਵਿਰਲੇ ਨੂੰ ਸਮਝ ਆਈ ਹੈ, ਕਿ ਇਹ ਸੰਸਾਰ ਝੂਠਾ ਹੈ।

ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥

(ਆਮ ਤੌਰ ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ) ਜਗਤ ਦੇ ਧੰਧੇ ਵਿਚ ਭਟਕਦਾ ਫਿਰਦਾ ਹੈ ਤੇ ਸੱਚ ਵਿਚ ਪਿਆਰ ਨਹੀਂ ਪਾਂਦਾ।

ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥

(ਇਹ ਗੱਲ ਚੇਤੇ ਨਹੀਂ ਰੱਖਦਾ ਕਿ) ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ (ਹਰ ਵੇਲੇ ਖੜਾ) ਹੈ।

ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥

ਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ।

ਆਪੇ ਦੇਇ ਪਿਆਰੁ ਮੰਨਿ ਵਸਾਈਐ ॥

(ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣਾ ਪਿਆਰ ਬਖ਼ਸ਼ਦਾ ਹੈ (ਤੇ ਜੀਵ ਦੇ) ਮਨ ਵਿਚ (ਆਪਣਾ ਆਪ) ਵਸਾਂਦਾ ਹੈ।

ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥

ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ-ਮਾਤ੍ਰ (ਇਥੇ) ਢਿੱਲ ਨਹੀਂ ਲਾਈ ਜਾ ਸਕਦੀ।

ਗੁਰਪਰਸਾਦੀ ਬੁਝਿ ਸਚਿ ਸਮਾਈਐ ॥੨੦॥

(ਇਹ ਗੱਲ) ਸਤਿਗੁਰੂ ਦੀ ਮਿਹਰ ਨਾਲ (ਕੋਈ ਵਿਰਲਾ ਬੰਦਾ) ਸਮਝ ਕੇ ਸੱਚ ਵਿਚ ਜੁੜਦਾ ਹੈ ॥੨੦॥


ਸਲੋਕੁ ਮ : ੧ ॥
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥

ਤੁੰਮੀ ਤੁੰਮਾ, ਜ਼ਹਿਰ, ਅੱਕ ਧਤੂਰਾ ਤੇ ਨਿੰਮ ਰੂਪ ਫਲ (ਆਦਿ ਕੁੜੱਤਣ ਵਾਲੇ ਪਦਾਰਥ)

ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥

(ਹੇ ਪ੍ਰਭੂ!) ਉਸ ਦੇ ਮਨ ਵਿਚ ਤੇ ਮੂੰਹ ਵਿਚ ਵੱਸ ਰਹੇ ਹਨ, ਜਿਸ ਮਨੁੱਖ ਦੇ ਚਿੱਤ ਵਿਚ ਤੂੰ ਨਹੀਂ ਵੱਸਦਾ। (ਭਾਵ, ਉਸ ਦੇ ਮਨ ਵਿਚ ਭੀ ਕੁੜੱਤਣ ਹੈ ਤੇ ਮੂੰਹੋਂ ਭੀ ਕੌੜੇ ਬਚਨ ਬੋਲਦਾ ਹੈ)।

ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥

ਹੇ ਨਾਨਕ! ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਅੱਗੇ (ਇਹਨਾਂ ਦੀ ਵਿਥਿਆ) ਦੱਸੀਏ? (ਭਾਵ, ਪ੍ਰਭੂ ਆਪ ਹੀ ਇਹਨਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ) ॥੧॥


ਮ :੧ ॥
ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥

(ਮਨੁੱਖ ਦੀ) ਮਤਿ (ਮਾਨੋ, ਇਕ) ਪੰਛੀ ਹੈ, ਉਸ ਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ ਉਸ ਦੇ ਨਾਲ (ਸਾਥੀ) ਹੈ, (ਇਸ ਸੁਭਾਉ ਦੇ ਸੰਗ ਕਰ ਕੇ ‘ਮਤਿ’) ਕਦੇ ਚੰਗੀ ਹੈ ਕਦੇ ਨੀਵੀਂ;

ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥

ਕਦੇ (ਇਹ ਮਤਿ-ਰੂਪ ਪੰਛੀ) ਚੰਦਨ (ਦੇ ਬੂਟੇ) ਤੇ (ਬੈਠਦਾ ਹੈ) ਕਦੇ ਅੱਕ ਦੀ ਡਾਲੀ ਉੱਤੇ, ਕਦੇ (ਇਸ ਦੇ ਅੰਦਰ) ਉੱਚੀ (ਪ੍ਰਭੂ ਚਰਨਾਂ ਦੀ) ਪ੍ਰੀਤ ਹੈ।

ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥੨॥

(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ) ਮਾਲਕ ਦੀ (ਧੁਰੋਂ) ਰੀਤ ਤੁਰੀ ਆਉਂਦੀ ਹੈ, ਕਿ ਉਹ (ਸਭ ਜੀਵਾਂ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ (ਭਾਵ, ਉਸ ਦੇ ਹੁਕਮ ਅਨੁਸਾਰ ਹੀ ਕੋਈ ਚੰਗੀ ਤੇ ਕੋਈ ਮੰਦੀ ਮਤਿ ਵਾਲਾ ਹੈ) ॥੨॥


ਪਉੜੀ ॥
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥

ਬੇਅੰਤ ਜੀਵ (ਪਰਮਾਤਮਾ ਦੇ ਗੁਣਾਂ ਦਾ) ਬਿਆਨ ਕਰਦੇ ਆਏ ਹਨ ਤੇ ਬਿਆਨ ਕਰ ਕੇ (ਜਗਤ ਤੋਂ) ਚਲੇ ਗਏ ਹਨ।

ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥

ਵੇਦ (ਆਦਿਕ ਧਰਮ-ਪੁਸਤਕ ਵੀ ਉਸ ਦੇ ਗੁਣ) ਦੱਸਦੇ ਆਏ ਹਨ, (ਪਰ) ਕਿਸੇ ਨੇ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ।

ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥

(ਪੁਸਤਕਾਂ) ਪੜ੍ਹਨ ਨਾਲ (ਭੀ ਉਸ ਦਾ) ਭੇਤ ਨਹੀਂ ਪੈਂਦਾ। ਮਤਿ ਉੱਚੀ ਹੋਇਆਂ ਇਹ ਰਾਜ਼ ਸਮਝ ਵਿਚ ਆਉਂਦਾ ਹੈ (ਕਿ ਉਹ ਬੇਅੰਤ ਹੈ)।

ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥

ਛੇ ਭੇਖਾਂ ਵਾਲੇ ਸਾਧੂਆਂ ਦੇ ਬਾਹਰਲੇ ਲਿਬਾਸ ਰਾਹੀਂ ਭੀ ਕੋਈ ਸੱਚ ਵਿਚ ਨਹੀਂ ਜੁੜ ਸਕਿਆ।

ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥

ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ ਹੈ ਤਾਂ ਅਦ੍ਰਿਸ਼ਟ, (ਪਰ ਗੁਰ-) ਸ਼ਬਦ ਦੀ ਰਾਹੀਂ ਸੋਹਣਾ ਲੱਗਦਾ ਹੈ।

ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥

ਜੋ ਮਨੁੱਖ ਬੇਅੰਤ ਪ੍ਰਭੂ ਦੇ ‘ਨਾਮ’ ਨੂੰ ਮੰਨਦਾ ਹੈ (ਭਾਵ ਜੋ ਨਾਮ ਵਿਚ ਜੁੜਦਾ ਹੈ), ਉਹ ਉਸ ਦੀ ਹਜ਼ੂਰੀ ਵਿਚ ਅੱਪੜਦਾ ਹੈ।

ਖਾਲਕ ਕਉ ਆਦੇਸੁ ਢਾਢੀ ਗਾਵਣਾ ॥

ਉਹ ਮਾਲਕ-ਪ੍ਰਭੂ ਨੂੰ ਸਿਰ ਨਿਵਾਂਦਾ ਹੈ, ਢਾਢੀ ਬਣ ਕੇ ਉਸ ਦੇ ਗੁਣ ਗਾਉਂਦਾ ਹੈ।

ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥

ਤੇ, ਹੇ ਨਾਨਕ! ਹਰੇਕ ਜੁਗ ਵਿਚ ਮੌਜੂਦ ਰਹਿਣ ਵਾਲੇ ਇੱਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ ॥੨੧॥


ਸਲੋਕੁ ਮਹਲਾ ੨ ॥
ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥

ਅਠੂਹਿਆਂ ਦਾ ਮਾਂਦਰੀ ਹੋ ਕੇ (ਜੋ ਮਨੁੱਖ) ਸੱਪਾਂ ਨੂੰ ਜਾ ਹੱਥ ਪਾਂਦਾ ਹੈ,

ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥

ਉਹ ਆਪਣੇ ਆਪ ਨੂੰ ਆਪਣੇ ਹੀ ਹੱਥਾਂ ਨਾਲ (ਮਾਨੋ,) ਚੁਆਤੀ ਲਾਂਦਾ ਹੈ।

ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥

ਧੁਰੋਂ ਮਾਲਕ ਦਾ ਹੁਕਮ ਹੀ ਇਉਂ ਹੁੰਦਾ ਹੈ ਕਿ ਇਸ ਅੱਤ ਦੇ ਕਾਰਨ (ਭਾਵ, ਇਸ ਅੱਤ ਦੇ ਮੂਰਖਪੁਣੇ ਕਰ ਕੇ) ਉਸ ਨੂੰ ਧੱਕਾ ਵੱਜਦਾ ਹੈ।

ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥

ਮਨਮੁਖ ਮਨੁੱਖ ਗੁਰਮੁਖ ਨਾਲ ਖਹਿਬੜਦਾ ਹੈ (ਕਰਤਾਰ ਦੇ) ਸੱਚੇ ਨਿਆਂ ਅਨੁਸਾਰ ਉਹ (ਸੰਸਾਰ-ਸਮੁੰਦਰ ਵਿਚ) ਡੁੱਬਦਾ ਹੈ (ਭਾਵ, ਵਿਕਾਰਾਂ ਦੀਆਂ ਲਹਰਾਂ ਵਿਚ ਉਸ ਦੀ ਜ਼ਿੰਦਗੀ ਦੀ ਬੇੜੀ ਗ਼ਰਕ ਹੋ ਜਾਂਦੀ ਹੈ)।

ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥

ਪਰ (ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕੀਹ ਗੁਰਮੁਖ ਤੇ ਕੀਹ ਮਨਮੁਖ) ਦੋਹੀਂ ਪਾਸੀਂ ਖਸਮ-ਪ੍ਰਭੂ ਆਪ (ਸਿਰ ਤੇ ਖਲੋਤਾ ਹੋਇਆ) ਹੈ, ਆਪ ਹੀ ਨਿਰਨਾ ਕਰ ਕੇ ਵੇਖ ਰਿਹਾ ਹੈ।

ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥

ਹੇ ਨਾਨਕ! (ਅਸਲ ਗੱਲ) ਇਉਂ ਹੀ ਸਮਝਣੀ ਚਾਹੀਦੀ ਹੈ ਕਿ ਹਰੇਕ ਕੰਮ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ॥੧॥


ਮਹਲਾ ੨ ॥
ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥

ਹੇ ਨਾਨਕ! (ਦੂਜਿਆਂ ਦੀ ਪੜਚੋਲ ਕਰਨ ਦੇ ਥਾਂ) ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ (ਅਸਲ) ਪਾਰਖੂ ਸਮਝੋ।

ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥

(ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ) ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ।

ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥

(ਇਹੋ ਜਿਹਾ ‘ਸੁਜਾਣ ਵੈਦ’) (ਜ਼ਿੰਦਗੀ ਦੇ) ਰਾਹ ਵਿਚ (ਹੋਰਨਾਂ ਨਾਲ) ਝੇੜੇ ਨਹੀਂ ਪਾ ਬੈਠਦਾ, ਉਹ (ਆਪਣੇ ਆਪ ਨੂੰ ਜਗਤ ਵਿਚ) ਮੁਸਾਫ਼ਿਰ ਜਾਣਦਾ ਹੈ।

ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥

(ਆਪਣੇ) ਅਸਲੇ (ਪ੍ਰਭੂ) ਨਾਲ ਡੂੰਘੀ ਸਾਂਝ ਪਾ ਕੇ, ਜੋ ਭੀ ਗੱਲ ਕਰਦਾ ਹੈ ਆਪਣਾ ਸਮਾ ਸਤ-ਸੰਗੀਆਂ ਨਾਲ (ਮਿਲ ਕੇ) ਗੁਜ਼ਾਰਦਾ ਹੈ।

ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥

ਉਹ ਮਨੁੱਖ ਲੱਬ ਦੇ ਆਸਰੇ ਨਹੀਂ ਤੁਰਦਾ, ਸੱਚ ਵਿਚ ਟਿਕਿਆ ਰਹਿੰਦਾ ਹੈ (ਐਸਾ ਮਨੁੱਖ ਆਪ ਤਾਂ ਤੁਰਦਾ ਹੀ ਹੈ, ਹੋਰਨਾਂ ਲਈ ਭੀ) ਪਰਮਾਣੀਕ ਵਿਚੋਲਾ ਬਣ ਜਾਂਦਾ ਹੈ।

ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥

(ਪਰ ਜੇ ਆਪ ਹੋਵੇ ਮਨਮੁਖ ਤੇ ਅੜੇ ਗੁਰਮੁਖਾਂ ਨਾਲ, ਉਹ ਇਉਂ ਹੀ ਹੈ ਜਿਵੇਂ ਆਕਾਸ਼ ਨੂੰ ਤੀਰ ਮਾਰਦਾ ਹੈ) ਜੋ ਮਨੁੱਖ ਆਕਾਸ਼ ਵਲ ਤੀਰ ਚਲਾਂਦਾ ਹੈ, (ਉਸ ਦਾ) ਤੀਰ ਕਿਵੇਂ (ਨਿਸ਼ਾਨੇ ਤੇ) ਅੱਪੜੇ?

ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥

ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਸੋ, (ਯਕੀਨ) ਜਾਣੋ ਕਿ ਤੀਰ ਚਲਾਣ ਵਾਲਾ ਹੀ (ਵਿੰਨ੍ਹਿਆ ਜਾਂਦਾ ਹੈ) ॥੨॥


ਪਉੜੀ ॥
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥

ਜਿਨ੍ਹਾਂ ਜੀਵ-ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੈ, ਉਹ ਇਸ ਪਿਆਰ (-ਰੂਪ ਗਹਣੇ ਨਾਲ) ਸਜੀਆਂ ਹੋਈਆਂ ਹਨ,

ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥

ਉਹ ਦਿਨ ਰਾਤ (ਪ੍ਰਭੂ-ਪਤੀ ਦੀ) ਭਗਤੀ ਕਰਦੀਆਂ ਹਨ, ਵਰਜੀਆਂ (ਭੀ ਭਗਤੀ ਤੋਂ) ਹਟਦੀਆਂ ਨਹੀਂ ਹਨ।

ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥

ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੁਧਰੀਆਂ ਹੋਈਆਂ ਉਹ (ਮਾਨੋ) ਮਹਲਾਂ ਵਿਚ ਵੱਸਦੀਆਂ ਹਨ।

ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥

ਉਹ ਵਿਚਾਰਵਾਨ (ਹੋ ਜਾਣ ਦੇ ਕਾਰਨ) ਸਦਾ-ਥਿਰ ਰਹਿਣ ਵਾਲੀ ਅਰਦਾਸ ਕਰਦੀਆਂ ਹਨ (ਭਾਵ, ਦੁਨੀਆ ਦੇ ਨਾਸਵੰਤ ਪਦਾਰਥ ਨਹੀਂ ਮੰਗਦੀਆਂ, ਸਦਾ-ਕਾਇਮ ਰਹਿਣ ਵਾਲਾ ‘ਪਿਆਰ’ ਹੀ ਮੰਗਦੀਆਂ ਹਨ)।

ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥

(ਪਤੀ-ਪ੍ਰਭੂ ਦੇ) ਹੁਕਮ ਅਨੁਸਾਰ (ਪਤੀ-ਪ੍ਰਭੂ ਤਕ) ਅੱਪੜੀਆਂ ਹੋਈਆਂ ਉਹ ਖਸਮ-ਪ੍ਰਭੂ ਦੇ ਕੋਲ (ਬੈਠੀਆਂ) ਸੋਭਦੀਆਂ ਹਨ।

ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥

ਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ-ਭਾਵਨਾਂ ਨਾਲ ਉਸ ਅੱਗੇ ਅਰਦਾਸ ਕਰਦੀਆਂ ਹਨ।

ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥

(ਪਰ) ਉਹ ਜੀਊਣ ਫਿਟਕਾਰ-ਜੋਗ ਹੈ, ਉਸ ਵਸੇਬੇ ਨੂੰ ਲਾਹਨਤ ਹੈ ਜੋ ਨਾਮ ਤੋਂ ਸੱਖਣਾ ਹੈ।

ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥

ਜਿਸ ਜੀਵ-ਇਸਤ੍ਰੀ ਨੂੰ (ਅਕਾਲ ਪੁਰਖ) ਨੇ ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ ਉਸ ਨੇ (ਨਾਮ-) ਅੰਮ੍ਰਿਤ ਪੀਤਾ ਹੈ ॥੨੨॥


ਸਲੋਕੁ ਮ : ੧ ॥
ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥

ਰੇਤ-ਥਲਾ ਮੀਂਹ ਨਾਲ (ਕਦੇ) ਰੱਜਦਾ ਨਹੀਂ, ਅੱਗ ਦੀ (ਸਾੜਨ ਦੀ) ਭੁੱਖ (ਕਦੇ ਬਾਲਣ ਨਾਲ) ਨਹੀਂ ਮਿਟਦੀ।

ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥

(ਕੋਈ) ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ, ਭਰੇ ਸਮੁੰਦਰ ਨੂੰ ਸੁੱਕ ਕੀਹ ਆਖ ਸਕਦੀ ਹੈ? (ਭਾਵ, ਕਿਤਨੀ ਤਪਸ਼ ਪਈ ਪਵੇ, ਭਰੇ ਸਮੁੰਦਰਾਂ ਦੇ ਡੂੰਘੇ ਪਾਣੀਆਂ ਨੂੰ ਸੁੱਕ ਨਹੀਂ ਮੁਕਾ ਸਕਦੀ)।

ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥

(ਤਿਵੇਂ) ਹੇ ਨਾਨਕ! (ਨਾਮ ਜਪਣ ਵਾਲਿਆਂ ਦੇ ਅੰਦਰ) ਸੱਚੇ ਨਾਮ ਦੀ ਕਿਤਨੀ ਕੁ ਤਾਂਘ ਹੁੰਦੀ ਹੈ, -ਇਹ ਗੱਲ ਦੱਸੀ ਨਹੀਂ ਜਾ ਸਕਦੀ ॥੧॥


ਮਹਲਾ ੨ ॥
ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥

ਜਦ ਤਕ (ਮਨੁੱਖ) ਅਕਾਲ ਪੁਰਖ ਨੂੰ ਨਹੀਂ ਪਛਾਣਦਾ ਤਦ ਤਕ ਉਸ ਦਾ ਜਨਮ ਵਿਅਰਥ ਹੈ।

ਸਾਗਰੰ ਸੰਸਾਰਸਿ ਗੁਰਪਰਸਾਦੀ ਤਰਹਿ ਕੇ ॥

ਪਰ ਗੁਰੂ ਦੀ ਕਿਰਪਾ ਨਾਲ ਜੋ ਬੰਦੇ (ਨਾਮ ਵਿਚ ਜੁੜਦੇ ਹਨ ਉਹ) ਸੰਸਾਰ ਦੇ ਸਮੁੰਦਰ ਤੋਂ ਤਰ ਜਾਂਦੇ ਹਨ।

ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥

ਹੇ ਨਾਨਕ! ਜੋ ਪ੍ਰਭੂ ਜਗਤ ਦਾ ਮੂਲ ਸਭ ਕੁਝ ਕਰਨ-ਜੋਗ ਹੈ, ਉਸ ਦਾ ਧਿਆਨ ਧਰ,

ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥

ਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਣਾ ਹੈ ਅਤੇ ਜਿਸ ਨੇ (ਸਾਰੇ ਜਗਤ ਵਿਚ) ਆਪਣੀ ਸੱਤਿਆ ਟਿਕਾਈ ਹੋਈ ਹੈ ॥੨॥


ਪਉੜੀ ॥
ਖਸਮੈ ਕੈ ਦਰਬਾਰਿ ਢਾਢੀ ਵਸਿਆ ॥

ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ (ਸਦਾ) ਮਾਲਕ ਦੀ ਹਜ਼ੂਰੀ ਵਿਚ ਵੱਸਦਾ ਹੈ।

ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥

ਸਦਾ ਕਾਇਮ ਰਹਿਣ ਵਾਲੇ ਖਸਮ ਨੂੰ ਸਾਲਾਹ ਕੇ ਉਸ ਦਾ ਹਿਰਦਾ-ਕਉਲ ਖਿੜਿਆ ਰਹਿੰਦਾ ਹੈ।

ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥

ਮਾਲਕ ਤੋਂ ਪੂਰਾ ਮਰਤਬਾ (ਭਾਵ, ਪੂਰਨ ਅਵਸਥਾ) ਹਾਸਲ ਕਰ ਕੇ ਉਹ ਅੰਦਰੋਂ ਹੁਲਾਸ ਵਿਚ ਆਉਂਦਾ ਹੈ,

ਦੁਸਮਨ ਕਢੇ ਮਾਰਿ ਸਜਣ ਸਰਸਿਆ ॥

(ਕਿਉਂਕਿ ਕਾਮਾਦਿਕ ਵਿਕਾਰ) ਵੈਰੀਆਂ ਨੂੰ ਉਹ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ (ਤਾਂ ਫਿਰ ਨਾਮ ਵਿਚ ਲੱਗੇ ਉਸ ਦੇ ਗਿਆਨ-ਇੰਦ੍ਰੇ-ਰੂਪ) ਮਿਤ੍ਰ ਟਹਿਕ ਪੈਂਦੇ ਹਨ।)

ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥

(ਇਹ ਗਿਆਨ-ਇੰਦ੍ਰੇ) ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਜਾਂਦੇ ਹਨ, ਸਤਿਗੁਰੂ ਇਹਨਾਂ ਨੂੰ (ਹੁਣ ਜੀਵਨ ਦਾ) ਸੱਚਾ ਰਾਹ ਵਿਖਾਲਦਾ ਹੈ।

ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥

ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ (ਆਤਮਕ) ਮੌਤ (ਦਾ ਡਰ) ਦੂਰ ਲੈਂਦਾ ਹੈ।

ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥

ਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ।

ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥

(ਇਸ ਤਰ੍ਹਾਂ), ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ ॥੨੩॥


ਸਲੋਕੁ ਮ : ੧ ॥
ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥

ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ।

ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥

ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)।

ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥

ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ ॥੧॥


ਮ : ੧ ॥
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥

ਹੇ ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ।

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥

ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ)।

ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥

ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿਚ ਤੁਰਨਾ ਸਭ ਤੋਂ ਚੰਗਾ ਹੈ) ॥੨॥


ਪਉੜੀ ॥
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥

ਜੋ ਮਨੁੱਖ ਚਾਰੇ ਤਰਫਾਂ ਵੇਖ ਕੇ (ਭਾਵ, ਬਾਹਰ ਚਵੀਂ ਪਾਸੀਂ ਭਟਕਣਾ ਛੱਡ ਕੇ) ਆਪਣਾ ਅੰਦਰ ਭਾਲਦਾ ਹੈ,

ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥

(ਉਸ ਨੂੰ ਦਿੱਸ ਪੈਂਦਾ ਹੈ ਕਿ) ਸੱਚੇ ਅਲੱਖ ਅਕਾਲ ਪੁਰਖ ਨੇ (ਜਗਤ) ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕੀਤੀ ਹੈ (ਭਾਵ, ਸੰਭਾਲ ਕਰ ਰਿਹਾ ਹੈ)।

ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥

ਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਦਿਖਾਇਆ ਹੈ (ਰਾਹ ਗੁਰੂ ਵਿਖਾਂਦਾ ਹੈ)।

ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥

ਸੱਚੇ ਸਤਿਗੁਰੂ ਨੂੰ ਸ਼ਾਬਾਸ਼ੇ ਹੈ (ਜਿਸ ਦੀ ਬਰਕਤਿ ਨਾਲ) ਸੱਚੇ ਪ੍ਰਭੂ ਨੂੰ ਸਿਮਰੀਦਾ ਹੈ।

ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥

(ਜਿਸ ਮਨੁੱਖ ਦੇ ਅੰਦਰ ਸਤਿਗੁਰੂ ਨੇ ਗਿਆਨ ਦਾ) ਦੀਵਾ ਜਗਾ ਦਿੱਤਾ ਹੈ, ਉਸ ਨੂੰ ਆਪਣੇ ਅੰਦਰੋਂ ਹੀ (ਨਾਮ-) ਰਤਨ ਲੱਭ ਪਿਆ ਹੈ।

ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥

(ਗੁਰੂ ਦੀ ਸ਼ਰਨ ਆ ਕੇ) ਸੱਚੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਮਨੁੱਖ) ਸੁਖੀ ਹੋ ਜਾਂਦੇ ਹਨ, ਖਸਮ ਵਾਲੇ ਹੋ ਜਾਂਦੇ ਹਨ।

ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥

(ਪਰ) ਜਿਨ੍ਹਾਂ ਪ੍ਰਭੂ ਦਾ ਡਰ ਨਹੀਂ ਰੱਖਿਆ ਉਹਨਾਂ ਨੂੰ (ਹੋਰ) ਡਰ ਮਾਰਦਾ ਹੈ, ਉਹ ਅਹੰਕਾਰ ਵਿਚ ਪਏ ਗਲਦੇ ਹਨ।

ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥

ਪ੍ਰਭੂ ਦੇ ਨਾਮ ਤੋਂ ਭੁੱਲਾ ਹੋਇਆ ਜਗਤ ਬੇ-ਤਾਲ (ਬੇ ਥਵ੍ਹਾ) ਫਿਰਦਾ ਹੈ ॥੨੪॥


ਸਲੋਕੁ ਮ : ੩ ॥
ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥

ਜਗਤ ਸਹਮ ਵਿਚ ਜੰਮਦਾ ਹੈ, ਸਹਮ ਵਿਚ ਹੀ ਮਰਦਾ ਹੈ, ਸਦਾ ਹੀ ਸਹਮ ਇਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ।

ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥

(ਪਰ) ਹੇ ਨਾਨਕ! ਜੋ ਮਨੁੱਖ ਪਰਮਾਤਮਾ ਦੇ ਡਰ ਵਿਚ ਆਪਾ-ਭਾਵ ਮਾਰਦਾ ਹੈ ਉਸ ਦਾ ਜੰਮਣਾ ਮੁਬਾਰਕ ਹੈ (ਜਗਤ ਦੀ ਮਮਤਾ ਮਨੁੱਖ ਦੇ ਅੰਦਰ ਸਹਮ ਪੈਦਾ ਕਰਦੀ ਹੈ, ਜਦੋਂ ਇਹ ਅਪਣੱਤ ਤੇ ਮਮਤਾ ਮੁੱਕ ਜਾਏ ਤਦੋਂ ਕਿਸੇ ਚੀਜ਼ ਦੇ ਖੁੱਸਣ ਦਾ ਸਹਮ ਨਹੀਂ ਰਹਿੰਦਾ) ॥੧॥


ਮ : ੩ ॥
ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥

ਪਰਮਾਤਮਾ ਦਾ ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਜੋ ਮਨੁੱਖ ਲੰਮੀ ਉਮਰ ਭੀ ਜੀਊਂਦਾ ਰਹੇ ਤੇ ਬੜੀਆਂ ਮੌਜਾਂ ਮਾਣਦਾ ਰਹੇ,

ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥੨॥

ਤਾਂ ਭੀ, ਹੇ ਨਾਨਕ! ਜੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾਉਣ ਤੋਂ ਬਿਨਾ ਹੀ ਮਰਦਾ ਹੈ ਤਾਂ ਮੁਕਾਲਖ ਖੱਟ ਕੇ ਹੀ ਇਥੋਂ ਜਾਂਦਾ ਹੈ ॥੨॥


ਪਉੜੀ ॥
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥

ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ।

ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥

ਉਹ (ਕਿਸੇ ਦੁੱਖ-ਕਲੇਸ਼ ਦੇ ਆਉਣ ਤੇ) ਕਦੇ ਗਿਲਾ ਗੁਜ਼ਾਰੀ ਨਹੀਂ ਕਰਦਾ,

ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥

(ਕਿਉਂਕਿ) ਉਹ (ਕਿਸੇ ਆਏ ਦੁੱਖ ਨੂੰ) ਦੁੱਖ ਨਹੀਂ ਸਮਝਦਾ,

ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥

ਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ।

ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥

(ਦੁੱਖ ਕਲੇਸ਼ ਤਾਂ ਕਿਤੇ ਰਿਹਾ) ਉਸ ਨੂੰ ਜਮ ਦਾ ਭੀ ਡਰ ਨਹੀਂ ਰਹਿੰਦਾ।

ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥

(ਇਸ ਤਰ੍ਹਾਂ) ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ।

ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥

ਜਿਸ ਉਤੇ ਗੁਰੂ ਦਇਆਵਾਨ ਹੋ ਜਾਏ ਉਸ ਨੂੰ (ਮਾਨੋ) ਜਗਤ ਦੇ ਨੌਂ ਹੀ ਖ਼ਜ਼ਾਨੇ ਮਿਲ ਪਏ ਹਨ,

ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥

(ਕਿਉਂਕਿ) ਉਹ ਤਾਂ (ਖ਼ਜ਼ਾਨਿਆਂ ਦੇ ਮਾਲਕ) ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨੫॥


ਸਲੋਕੁ ਮ : ੧ ॥
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥

(ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ (ਦੇ ਵਾਲ) ਪੁਟਾ ਕੇ (ਕਿ ਕਿਤੇ ਜੂਆਂ ਨਾ ਪੈ ਜਾਣ) ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ;

ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥

(ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)।

ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥

ਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ।

ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥

ਮਾਪਿਆਂ ਵਾਲਾ ਕੀਤਾ ਕੰਮ (ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣ ਦਾ ਕੰਮ) ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।

ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥

(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ)।

ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥

(ਹਿੰਦੂਆਂ ਦੇ) ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ (ਭਾਵ ਹਿੰਦੂਆਂ ਵਾਂਗ ਤੀਰਥਾਂ ਤੇ ਭੀ ਨਹੀਂ ਜਾਂਦੇ), ਬ੍ਰਾਹਮਣ (ਇਹਨਾਂ ਦਾ) ਅੰਨ ਨਹੀਂ ਖਾਂਦੇ (ਭਾਵ ਬ੍ਰਾਹਮਣਾਂ ਦੀ ਭੀ ਸੇਵਾ ਨਹੀਂ ਕਰਦੇ)।

ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥

ਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ। ਮੱਥੇ ਉਤੇ ਤਿਲਕ ਨਹੀਂ ਲਾਉਂਦੇ (ਭਾਵ, ਨ੍ਹਾ ਧੋ ਕੇ ਸਰੀਰ ਨੂੰ ਸਾਫ਼-ਸੁਥਰਾ ਭੀ ਨਹੀਂ ਕਰਦੇ)।

ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥

ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ)। ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ।

ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥

ਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿਚ ਤੁਰਦੇ ਹਨ।

ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥

ਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।

ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥

ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਹਨ (ਭਾਵ, ਪਰਮਾਤਮਾ ਦੀ ਬੰਦਗੀ ਵਿਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ) ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ।

ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥

(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ।

ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥

(ਜੀਵ-ਹਿੰਸਾ ਦੇ ਵਹਿਣ ਵਿਚ ਪੈ ਕੇ, ਕਿਰਤ ਕਮਾਈ ਛੱਡ ਕੇ) ਇਹ ਦਾਨ ਅਤੇ ਇਸ਼ਨਾਨ ਤੋਂ ਵਾਂਜੇ ਹੋਏ ਹਨ, ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ ਉੱਤੇ।

ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥

(ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿਚ ਵੜਿਆਂ ਹੀ ਨਿਕਲਣਗੇ)।

ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥

(ਪਾਣੀ ਦੀ ਬਰਕਤਿ ਨਾਲ ਹੀ) ਦੇਵਤਿਆ ਲਈ ਅਠਾਰਹ ਤੀਰਥ ਬਣਾਏ ਗਏ ਜਿੱਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ।

ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥

ਨ੍ਹਾ ਕੇ ਹੀ ਨਮਾਜ਼ ਪੜ੍ਹੀਦੀ ਹੈ। ਨ੍ਹਾ ਕੇ ਹੀ ਪੂਜਾ ਹੁੰਦੀ ਹੈ। ਸੁਚੱਜੇ ਬੰਦੇ ਨਿੱਤ ਇਸ਼ਨਾਨ ਕਰਦੇ ਹਨ।

ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥

ਸਾਰੀ ਉਮਰ ਹੀ ਮਨੁੱਖ ਦੀ ਸੁਅੱਛ ਹਾਲਤ ਤਾਂ ਹੀ ਰਹਿ ਸਕਦੀ ਹੈ, ਜੇ ਇਸ਼ਨਾਨ ਕਰੇ।

ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥

ਪਰ ਹੇ ਨਾਨਕ! ਇਹ ਸਿਰ-ਖੁੱਥੇ ਅਜਿਹੇ ਉਲਟੇ ਰਾਹ ਪਏ ਹਨ (ਅਜਿਹੇ ਸ਼ੈਤਾਨ ਹਨ) ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਨਹੀਂ ਲੱਗੀ।

ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥

(ਪਾਣੀ ਦੀਆਂ ਹੋਰ ਬਰਕਤਾਂ ਤੱਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ। ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ।

ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥

ਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ।

ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥

ਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ)।

ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥

ਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ, ਇਹ ਘਿਉ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ।

ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥

(ਇਕ ਹੋਰ ਇਸ਼ਨਾਨ ਭੀ ਹੈ) ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ, (ਇਸ ਗੁਰ-ਸਿੱਖਿਆ) ਵਿਚ ਨ੍ਹਾਉਣ ਨਾਲ (ਭਾਵ, ਸੁਰਤ ਜੋੜਨ ਨਾਲ) ਵਡਿਆਈ ਮਿਲਦੀ ਹੈ।

ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥

ਹੇ ਨਾਨਕ! ਜੇ ਇਹ ਸਿਰ-ਖੁੱਥੇ (ਇਸ ‘ਨਾਮ’-ਜਲ ਵਿਚ) ਇਸ਼ਨਾਨ ਨਹੀਂ ਕਰਦੇ, ਤਾਂ ਨਿਰੀ ਮੁਕਾਲਖ ਹੀ ਖੱਟਦੇ ਹਨ ॥੧॥


ਮ : ੨ ॥
ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥

ਅੱਗ ਨੂੰ ਪਾਲਾ ਕੀਹ ਕਰ ਸਕਦਾ ਹੈ? (ਭਾਵ, ਪਾਲਾ ਅੱਗ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ਰਾਤ ਸੂਰਜ ਦਾ ਕੋਈ ਵਿਗਾੜ ਨਹੀਂ ਕਰ ਸਕਦੀ,

ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥

ਹਨੇਰਾ ਚੰਦ੍ਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, (ਕੋਈ ਉੱਚੀ ਨੀਵੀਂ) ਜਾਤਿ ਹਵਾ ਤੇ ਪਾਣੀ ਨੂੰ ਵਿਗਾੜ ਨਹੀਂ ਸਕਦੀ (ਭਾਵ, ਕੋਈ ਨੀਵੀਂ ਜਾਤਿ ਇਹਨਾਂ ਤੱਤਾਂ ਨੂੰ ਭਿੱਟ ਨਹੀਂ ਸਕਦੀ)।

ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥

ਜਿਸ ਧਰਤੀ ਵਿਚ ਹਰੇਕ ਚੀਜ਼ ਪੈਦਾ ਹੁੰਦੀ ਹੈ, ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ (ਇਹ ਤਾਂ ਪੈਦਾ ਹੀ ਧਰਤੀ ਵਿਚੋਂ ਹੋਈਆਂ ਹਨ।)

ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥

(ਇਸੇ ਤਰ੍ਹਾਂ) ਹੇ ਨਾਨਕ! ਉਹੀ ਇੱਜ਼ਤ (ਅਸਲੀ) ਸਮਝੋ (ਭਾਵ, ਸਿਰਫ ਉਸੇ ਇੱਜ਼ਤ ਨੂੰ ਕੋਈ ਵਿਗਾੜ ਨਹੀਂ ਸਕਦਾ) ਜੋ ਇੱਜ਼ਤ ਪ੍ਰਭੂ ਵੱਲੋਂ ਮਿਲੀ ਹੈ (ਪ੍ਰਭੂ-ਦਰ ਤੋਂ ਜੋ ਆਦਰ ਮਿਲੇ ਉਸ ਨੂੰ ਕੋਈ ਜੀਵ ਵਿਗਾੜ ਨਹੀਂ ਸਕਦਾ, ਇਸ ਦਰਗਾਹੀ ਆਦਰ ਲਈ ਉੱਦਮ ਕਰੋ) ॥੨॥


ਪਉੜੀ ॥
ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥

ਹੇ ਸੱਚੇ (ਪ੍ਰਭੂ)! ਮੈਂ ਤੈਨੂੰ ਸਦਾ ‘ਸੁਬਹਾਨੁ’ (ਆਖ ਆਖ ਕੇ) ਵਡਿਆਉਂਦਾ ਹਾਂ।

ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥

ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹਾਕਮ ਹੈਂ, ਹੋਰ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਹਨ।

ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥

(ਹੇ ਪ੍ਰਭੂ!) ਜੋ ਬੰਦੇ ਤੇਰਾ ਸੱਚਾ ਨਾਮ-ਰੂਪ ਦਾਨ ਤੈਥੋਂ ਮੰਗਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ।

ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥

ਤੇਰਾ ਅੱਟਲ ਹੁਕਮ (ਗੁਰ) ਸ਼ਬਦ ਦੀ ਬਰਕਤਿ ਨਾਲ (ਉਹਨਾਂ ਨੂੰ) ਮਿੱਠਾ ਲੱਗਦਾ ਹੈ।

ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥

ਤੇਰਾ ਹੁਕਮ ਮੰਨਣ ਨਾਲ ਅਸਲੀਅਤ ਦੀ ਸਮਝ ਤੇ ਉੱਚੀ ਟਿਕੀ ਸੁਰਤ ਤੇਰੇ ਪਾਸੋਂ ਉਹਨਾਂ ਨੂੰ ਹਾਸਲ ਹੁੰਦੀ ਹੈ।

ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥

ਤੇਰੀ ਮਿਹਰ ਨਾਲ (ਉਹਨਾਂ ਦੇ ਮੱਥੇ ਤੇ ਇਹ ਸੋਹਣਾ) ਲੇਖ ਲਿਖਿਆ ਜਾਂਦਾ ਹੈ ਜੋ ਕਿਸੇ ਦਾ ਮਿਟਾਇਆ ਮਿਟਦਾ ਨਹੀਂ।

ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥

ਹੇ ਪ੍ਰਭੂ! ਤੂੰ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਨਿੱਤ ਬਖ਼ਸ਼ਸ਼ਾਂ ਕਰਦਾ ਹੈਂ ਤੇ ਵਧੀਕ ਵਧੀਕ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ।

ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥

ਨਾਨਕ (ਤੇਰੇ ਦਰ ਤੋਂ) ਉਹੀ ਦਾਨ ਮੰਗਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ (ਭਾਵ, ਤੇਰੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਦਾਨ ਮੰਗਦਾ ਹੈ) ॥੨੬॥


ਸਲੋਕੁ ਮ : ੨ ॥
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥

ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ,

ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥

ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ (ਭਾਵ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ) ॥੧॥


ਮ : ੧ ॥
ਆਪਿ ਬੁਝਾਏ ਸੋਈ ਬੂਝੈ ॥

ਜਿਸ ਮਨੁੱਖ ਨੂੰ ਪ੍ਰਭੂ ਆਪ ਮਤਿ ਦੇਂਦਾ ਹੈ, ਉਸ ਨੂੰ ਹੀ ਮਤਿ ਆਉਂਦੀ ਹੈ।

ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥

ਜਿਸ ਮਨੁੱਖ ਨੂੰ ਆਪ ਸੂਝ ਬਖ਼ਸ਼ਦਾ ਹੈ, ਉਸ ਨੂੰ (ਜੀਵਨ-ਸਫ਼ਰ ਦੀ) ਹਰੇਕ ਗੱਲ ਦੀ ਸੂਝ ਆ ਜਾਂਦੀ ਹੈ।

ਕਹਿ ਕਹਿ ਕਥਨਾ ਮਾਇਆ ਲੂਝੈ ॥

(ਜੇ ਇਹ ਮਤਿ ਤੇ ਸੂਝ ਨਹੀਂ, ਤਾਂ ਇਸ ਦੀ ਪ੍ਰਾਪਤੀ ਬਾਰੇ) ਆਖੀ ਜਾਣਾ ਆਖੀ ਜਾਣਾ (ਕੋਈ ਲਾਭ ਨਹੀਂ ਦੇਂਦਾ) (ਮਨੁੱਖ ਅਮਲੀ ਜੀਵਨ ਵਿਚ) ਮਾਇਆ ਵਿਚ ਹੀ ਸੜਦਾ ਰਹਿੰਦਾ ਹੈ।

ਹੁਕਮੀ ਸਗਲ ਕਰੇ ਆਕਾਰ ॥

ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ।

ਆਪੇ ਜਾਣੈ ਸਰਬ ਵੀਚਾਰ ॥

ਸਾਰੇ ਜੀਵਾਂ ਬਾਰੇ ਵਿਚਾਰਾਂ (ਉਹਨਾਂ ਨੂੰ ਕੀਹ ਕੁਝ ਦੇਣਾ ਹੈ) ਪ੍ਰਭੂ ਆਪ ਹੀ ਜਾਣਦਾ ਹੈ।

ਅਖਰ ਨਾਨਕ ਅਖਿਓ ਆਪਿ ॥

ਹੇ ਨਾਨਕ! ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ (‘ਸੂਝ ਬੂਝ’ ਦੀ) ਦਾਤ ਮਿਲਦੀ ਹੈ,

ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥

ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥


ਪਉੜੀ ॥
ਹਉ ਢਾਢੀ ਵੇਕਾਰੁ ਕਾਰੈ ਲਾਇਆ ॥

ਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ।

ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥

ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ।

ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥

ਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ।

ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥

(ਉਸ ਨੇ) ਸੱਚੀ ਸਿਫ਼ਤ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ।

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥

ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ।

ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥

ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ‘ਅੰਮ੍ਰਿਤ ਨਾਮੁ ਭੋਜਨ’) ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ।

ਢਾਢੀ ਕਰੇ ਪਸਾਉ ਸਬਦੁ ਵਜਾਇਆ ॥

ਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ)।

ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ

ਹੇ ਨਾਨਕ! ਸੱਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ॥੨੭॥ ਸੁਧੁ। 1 2 3 4 5