ਰਾਗ ਮਾਝ – ਬਾਣੀ ਸ਼ਬਦ-Part 3 – Raag Majh – Bani

ਰਾਗ ਮਾਝ – ਬਾਣੀ ਸ਼ਬਦ-Part 3 – Raag Majh – Bani

ਮਾਝ ਮਹਲਾ ੩ ॥
ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥

ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰਭੂ ਪ੍ਰੇਮ ਵਿਚ ਜੁੜਦਾ ਹੈ, ਤਦੋਂ ਉਸ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵਰਖਾ ਕਰਦਾ ਹੈ।

ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥

ਪਰ (ਇਹ ਦਾਤਿ) ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ।

ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥

ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਮਨੁੱਖ ਸਦਾ ਲਈ (ਮਾਇਆ ਵਲੋਂ) ਰੱਜ ਜਾਂਦੇ ਹਨ, (ਪ੍ਰਭੂ) ਮਿਹਰ ਕਰ ਕੇ ਉਹਨਾਂ ਦੀ ਤ੍ਰਿਸ਼ਨਾ ਬੁਝਾ ਦੇਂਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥

ਮੈਂ ਸਦਾ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਹਨ।

ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥

ਜਿਨ੍ਹਾਂ ਦੀ ਜੀਭ ਨਾਮ-ਰਸ ਚਖ ਕੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਸਦਾ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥

ਗੁਰਪਰਸਾਦੀ ਸਹਜੁ ਕੋ ਪਾਏ ॥

ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ ਆਤਮਕ ਅਡੋਲਤਾ ਹਾਸਲ ਕਰਦਾ ਹੈ,

ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥

(ਜਿਸ ਦੀ ਬਰਕਤਿ ਨਾਲ) ਉਹ ਮਨ ਦਾ ਦੁਚਿੱਤਾ-ਪਨ ਮਾਰ ਕੇ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲਾਈ ਰੱਖਦਾ ਹੈ।

ਨਦਰਿ ਕਰੇ ਤਾ ਹਰਿ ਗੁਣ ਗਾਵੈ ਨਦਰੀ ਸਚਿ ਸਮਾਵਣਿਆ ॥੨॥

ਜਦੋਂ ਪਰਮਾਤਮਾ (ਕਿਸੇ ਜੀਵ ਉੱਤੇ ਮਿਹਰ ਦੀ) ਨਿਗਾਹ ਕਰਦਾ ਹੈ, ਤਦੋਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨॥

ਸਭਨਾ ਉਪਰਿ ਨਦਰਿ ਪ੍ਰਭ ਤੇਰੀ ॥

ਹੇ ਪ੍ਰਭੂ! ਤੇਰੀ ਮਿਹਰ ਦੀ ਨਿਗਾਹ ਸਭ ਜੀਵਾਂ ਉੱਤੇ ਹੀ ਹੈ,

ਕਿਸੈ ਥੋੜੀ ਕਿਸੈ ਹੈ ਘਣੇਰੀ ॥

ਕਿਸੇ ਉੱਤੇ ਥੋੜੀ ਹੈ ਕਿਸੇ ਉੱਤੇ ਬਹੁਤੀ ਹੈ।

ਤੁਝ ਤੇ ਬਾਹਰਿ ਕਿਛੁ ਨ ਹੋਵੈ ਗੁਰਮੁਖਿ ਸੋਝੀ ਪਾਵਣਿਆ ॥੩॥

ਤੈਥੋਂ ਬਾਹਰ (ਤੇਰੀ ਮਿਹਰ ਦੀ ਨਿਗਾਹ ਤੋਂ ਬਿਨਾ) ਕੁਝ ਨਹੀਂ ਹੁੰਦਾ-ਇਹ ਸਮਝ ਉਸ ਮਨੁੱਖ ਨੂੰ ਪੈਂਦੀ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੩॥

ਗੁਰਮੁਖਿ ਤਤੁ ਹੈ ਬੀਚਾਰਾ ॥

ਹੇ ਪ੍ਰਭੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ ਇਸ ਅਸਲੀਅਤ ਨੂੰ ਸਮਝਿਆ ਹੈ,

ਅੰਮ੍ਰਿਤਿ ਭਰੇ ਤੇਰੇ ਭੰਡਾਰਾ ॥

ਕਿ ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ।

ਬਿਨੁ ਸਤਿਗੁਰ ਸੇਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ ॥੪॥

(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ ਕਿ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ ਨਾਮ-ਅੰਮ੍ਰਿਤ ਨਹੀਂ ਲੈ ਸਕਦਾ। ਗੁਰੂ ਦੀ ਕਿਰਪਾ ਨਾਲ ਹੀ ਹਾਸਲ ਕਰ ਸਕਦਾ ਹੈ ॥੪॥

ਸਤਿਗੁਰੁ ਸੇਵੈ ਸੋ ਜਨੁ ਸੋਹੈ ॥

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ,

ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥

ਆਤਮਕ ਜੀਵਨ ਦੇਣ ਵਾਲੇ ਨਾਮ ਵਿਚ ਉਸ ਦਾ ਅੰਦਰਲਾ ਮਨ ਮਸਤ ਰਹਿੰਦਾ ਹੈ।

ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥੫॥

ਉਸ ਮਨੁੱਖ ਦਾ ਮਨ ਉਸ ਦਾ ਤਨ ਨਾਮ-ਅੰਮ੍ਰਿਤ ਨਾਲ ਸਿਫ਼ਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਆਤਮਕ ਜੀਵਨ ਦੇਣ ਵਾਲੀ ਨਾਮ-ਧੁਨੀ ਨੂੰ ਸੁਣਦਾ ਰਹਿੰਦਾ ਹੈ ॥੫॥

ਮਨਮੁਖੁ ਭੂਲਾ ਦੂਜੈ ਭਾਇ ਖੁਆਏ ॥

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੁਰਾਹੇ ਪੈ ਜਾਂਦਾ ਹੈ, ਮਾਇਆ ਦੇ ਪਿਆਰ ਵਿਚ (ਰੁੱਝ ਕੇ) ਸਹੀ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ।

ਨਾਮੁ ਨ ਲੇਵੈ ਮਰੈ ਬਿਖੁ ਖਾਏ ॥

ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ (ਮਾਇਆ ਦਾ ਮੋਹ-ਰੂਪ) ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ।

ਅਨਦਿਨੁ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ ॥੬॥

(ਗੰਦ ਦੇ ਕੀੜੇ ਵਾਂਗ) ਉਸ ਮਨੁੱਖ ਦਾ ਨਿਵਾਸ ਸਦਾ ਹਰ ਵੇਲੇ (ਵਿਕਾਰਾਂ ਦੇ) ਗੰਦ ਵਿਚ ਹੀ ਰਹਿੰਦਾ ਹੈ, ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ॥੬॥

ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ ॥

(ਪਰ ਜੀਵਾਂ ਦੇ ਭੀ ਕੀਹ ਵੱਸ?) ਉਹੀ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਜਿਸ ਨੂੰ ਪਰਮਾਤਮਾ ਆਪ ਪਿਲਾਂਦਾ ਹੈ।

ਗੁਰਪਰਸਾਦੀ ਸਹਜਿ ਲਿਵ ਲਾਏ ॥

ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ।

ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ॥੭॥

ਸਤਿਗੁਰੂ ਦੀ ਮਤਿ ਲੈ ਕੇ ਫਿਰ ਉਸ ਨੂੰ ਇਹ ਪ੍ਰਤੱਖ ਦਿੱਸਦਾ ਹੈ ਕਿ ਸਰਬ-ਵਿਆਪਕ ਪ੍ਰਭੂ ਹਰ ਥਾਂ ਆਪ ਹੀ ਮੌਜੂਦ ਹੈ ॥੭॥

ਆਪੇ ਆਪਿ ਨਿਰੰਜਨੁ ਸੋਈ ॥

(ਹੇ ਭਾਈ!) ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਪਰਮਾਤਮਾ ਹਰ ਥਾਂ ਆਪ ਹੀ ਆਪ ਮੌਜੂਦ ਹੈ।

ਜਿਨਿ ਸਿਰਜੀ ਤਿਨਿ ਆਪੇ ਗੋਈ ॥

ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਸ ਨੂੰ ਨਾਸ ਕਰਦਾ ਹੈ।

ਨਾਨਕ ਨਾਮੁ ਸਮਾਲਿ ਸਦਾ ਤੂੰ ਸਹਜੇ ਸਚਿ ਸਮਾਵਣਿਆ ॥੮॥੧੬॥੧੭॥

ਹੇ ਨਾਨਕ! ਤੂੰ ਉਸ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹੀਦਾ ਹੈ ॥੮॥੧੬॥੧੭॥


ਮਾਝ ਮਹਲਾ ੩ ॥
ਸੇ ਸਚਿ ਲਾਗੇ ਜੋ ਤੁਧੁ ਭਾਏ ॥

(ਹੇ ਪ੍ਰਭੂ!) ਜੇਹੜੇ ਬੰਦੇ ਤੈਨੂੰ ਚੰਗੇ ਲੱਗਦੇ ਹਨ ਉਹ (ਤੇਰੇ) ਸਦਾ-ਥਿਰ ਨਾਮ ਵਿਚ ਜੁੜੇ ਰਹਿੰਦੇ ਹਨ।

ਸਦਾ ਸਚੁ ਸੇਵਹਿ ਸਹਜ ਸੁਭਾਏ ॥

ਉਹ ਆਤਮਕ ਅਡੋਲਤਾ ਦੇ ਭਾਵ ਵਿਚ (ਟਿਕ ਕੇ) ਸਦਾ (ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਨੂੰ ਸਿਮਰਦੇ ਹਨ।

ਸਚੈ ਸਬਦਿ ਸਚਾ ਸਾਲਾਹੀ ਸਚੈ ਮੇਲਿ ਮਿਲਾਵਣਿਆ ॥੧॥

(ਹੇ ਭਾਈ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਭੀ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ। (ਜੇਹੜੇ ਸਿਫ਼ਤ-ਸਾਲਾਹ ਕਰਦੇ ਹਨ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ ॥੧॥

ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ ॥

ਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੋ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ।

ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ ॥੧॥ ਰਹਾਉ ॥

ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਧਿਆਨ ਧਰਦੇ ਹਨ, ਉਹ ਉਸ ਸਦਾ-ਥਿਰ ਵਿਚ ਰੰਗੇ ਰਹਿੰਦੇ ਹਨ ਉਹ ਸਦਾ ਹੀ ਸਦਾ-ਥਿਰ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥

ਜਹ ਦੇਖਾ ਸਚੁ ਸਭਨੀ ਥਾਈ ॥

(ਹੇ ਭਾਈ!) ਮੈਂ ਜਿਧਰ ਵੇਖਦਾ ਹਾਂ, ਸਦਾ-ਥਿਰ ਪਰਮਾਤਮਾ ਸਭ ਥਾਈਂ ਵੱਸਦਾ ਹੈ।

ਗੁਰਪਰਸਾਦੀ ਮੰਨਿ ਵਸਾਈ ॥

ਗੁਰੂ ਦੀ ਕਿਰਪਾ ਨਾਲ ਹੀ ਉਸ ਨੂੰ ਮੈਂ ਆਪਣੇ ਮਨ ਵਿਚ ਵਸਾ ਸਕਦਾ ਹਾਂ।

ਤਨੁ ਸਚਾ ਰਸਨਾ ਸਚਿ ਰਾਤੀ ਸਚੁ ਸੁਣਿ ਆਖਿ ਵਖਾਨਣਿਆ ॥੨॥

ਜੇਹੜੇ ਮਨੁੱਖ ਉਸ ਸਦਾ-ਥਿਰ ਪ੍ਰਭੂ ਦਾ ਨਾਮ ਸੁਣ ਕੇ ਉਚਾਰ ਕੇ ਉਸ ਦੇ ਗੁਣ ਕਥਨ ਕਰਦੇ ਹਨ, ਉਹਨਾਂ ਦੀ ਜੀਭ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੀ ਜਾਂਦੀ ਹੈ, ਉਹਨਾਂ ਦੇ ਗਿਆਨ-ਇੰਦ੍ਰੇ ਅਡੋਲ ਹੋ ਜਾਂਦੇ ਹਨ ॥੨॥

ਮਨਸਾ ਮਾਰਿ ਸਚਿ ਸਮਾਣੀ ॥

(ਮਨ ਨੂੰ) ਮਾਰ ਕੇ ਜਿਸ ਮਨੁੱਖ ਦੀ ਵਾਸਨਾ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਈ ਹੈ,

ਇਨਿ ਮਨਿ ਡੀਠੀ ਸਭ ਆਵਣ ਜਾਣੀ ॥

ਉਸ ਨੇ ਇਸ (ਟਿਕੇ ਹੋਏ) ਮਨ ਦੀ ਰਾਹੀਂ ਇਹ ਸਾਰੀ ਜਨਮ ਮਰਨ ਦੇ ਗੇੜ ਦੀ ਖੇਡ ਵੇਖ ਲਈ ਹੈ (ਸਮਝ ਲਈ ਹੈ)।

ਸਤਿਗੁਰੁ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ ਵਾਸਾ ਪਾਵਣਿਆ ॥੩॥

ਉਹ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ, ਉਸ ਦਾ ਮਨ ਸਦਾ ਵਾਸਤੇ (ਮਾਇਆ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ, ਉਹ ਆਪਣੇ ਅਸਲ ਘਰ ਵਿਚ (ਪ੍ਰਭੂ-ਚਰਨਾਂ ਵਿਚ) ਟਿਕਾਣਾ ਹਾਸਲ ਕਰ ਲੈਂਦਾ ਹੈ ॥੩॥

ਗੁਰ ਕੈ ਸਬਦਿ ਰਿਦੈ ਦਿਖਾਇਆ ॥

(ਹੇ ਭਾਈ!) ਗੁਰੂ ਦੇ ਸ਼ਬਦ ਨੇ (ਮੈਨੂੰ ਪਰਮਾਤਮਾ ਮੇਰੇ) ਹਿਰਦੇ ਵਿਚ (ਵੱਸਦਾ) ਵਿਖਾ ਦਿੱਤਾ ਹੈ।

ਮਾਇਆ ਮੋਹੁ ਸਬਦਿ ਜਲਾਇਆ ॥

ਸ਼ਬਦ ਨੇ (ਮੇਰੇ ਅੰਦਰੋਂ) ਮਾਇਆ ਦਾ ਮੋਹ ਸਾੜ ਦਿੱਤਾ ਹੈ।

ਸਚੋ ਸਚਾ ਵੇਖਿ ਸਾਲਾਹੀ ਗੁਰਸਬਦੀ ਸਚੁ ਪਾਵਣਿਆ ॥੪॥

(ਹੁਣ) ਮੈਂ (ਹਰ ਥਾਂ) ਉਸ ਸਦਾ-ਥਿਰ ਪ੍ਰਭੂ ਨੂੰ ਹੀ ਵੇਖ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹਾਂ। (ਹੇ ਭਾਈ!) ਗੁਰੂ ਦੇ ਸ਼ਬਦ ਵਿਚ (ਜੁੜਨ ਵਾਲੇ ਮਨੁੱਖ) ਸਦਾ-ਥਿਰ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦੇ ਹਨ ॥੪॥

ਜੋ ਸਚਿ ਰਾਤੇ ਤਿਨ ਸਚੀ ਲਿਵ ਲਾਗੀ ॥

ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰ (ਪ੍ਰਭੂ ਦੇ ਚਰਨਾਂ ਵਾਸਤੇ) ਸਦਾ ਕਾਇਮ ਰਹਿਣ ਵਾਲੀ ਲਗਨ ਪੈਦਾ ਹੋ ਜਾਂਦੀ ਹੈ।

ਹਰਿ ਨਾਮੁ ਸਮਾਲਹਿ ਸੇ ਵਡਭਾਗੀ ॥

ਉਹ ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦੇ ਨਾਮ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦੇ ਹਨ।

ਸਚੈ ਸਬਦਿ ਆਪਿ ਮਿਲਾਏ ਸਤਸੰਗਤਿ ਸਚੁ ਗੁਣ ਗਾਵਣਿਆ ॥੫॥

ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੋੜਦਾ ਹੈ, ਉਹ ਸਾਧ ਸੰਗਤਿ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ ਉਸ ਦੇ ਗੁਣ ਗਾਂਦੇ ਹਨ ॥੫॥

ਲੇਖਾ ਪੜੀਐ ਜੇ ਲੇਖੇ ਵਿਚਿ ਹੋਵੈ ॥

(ਹੇ ਭਾਈ!) ਉਸ ਪਰਮਾਤਮਾ ਦੀ ਕੁਦਰਤਿ ਦਾ ਉਸ ਦੀ ਹਸਤੀ ਦਾ ਉਸ ਦੇ ਗੁਣਾਂ ਦਾ ਪੂਰਾ ਗਿਆਨ ਪ੍ਰਾਪਤ ਕਰਨ ਦਾ ਜਤਨ ਵਿਅਰਥ ਹੈ, ਉਸ ਦਾ ਸਰੂਪ ਲੇਖਿਆਂ ਤੋਂ ਬਾਹਰ ਹੈ।

ਓਹੁ ਅਗਮੁ ਅਗੋਚਰੁ ਸਬਦਿ ਸੁਧਿ ਹੋਵੈ ॥

ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਪਰ (ਪਰਮਾਤਮਾ ਦੀ ਇਸ ਅਗਾਧਤਾ ਦੀ) ਸਮਝ ਗੁਰੂ ਦੇ ਸ਼ਬਦ ਦੀ ਰਾਹੀਂ ਹੁੰਦੀ ਹੈ।

ਅਨਦਿਨੁ ਸਚ ਸਬਦਿ ਸਾਲਾਹੀ ਹੋਰੁ ਕੋਇ ਨ ਕੀਮਤਿ ਪਾਵਣਿਆ ॥੬॥

ਮੈਂ ਤਾਂ ਹਰ ਵੇਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ। ਕੋਈ ਭੀ ਹੋਰ ਐਸਾ ਨਹੀਂ ਜਿਸ ਨੂੰ ਉਸ ਪਰਮਾਤਮਾ ਦੇ ਬਰਾਬਰ ਦਾ ਕਿਹਾ ਜਾ ਸਕੇ ॥੬॥

ਪੜਿ ਪੜਿ ਥਾਕੇ ਸਾਂਤਿ ਨ ਆਈ ॥

(ਪਰਮਾਤਮਾ ਦਾ ਅੰਤ ਪਾਣ ਵਾਸਤੇ ਅਨੇਕਾਂ ਪੁਸਤਕਾਂ) ਪੜ੍ਹ ਪੜ੍ਹ ਕੇ (ਵਿਦਵਾਨ ਲੋਕ) ਥੱਕ ਗਏ, (ਪ੍ਰਭੂ ਦਾ ਸਰੂਪ ਭੀ ਨਾਹ ਸਮਝ ਸਕੇ, ਤੇ) ਆਤਮਕ ਅਡੋਲਤਾ (ਭੀ) ਪ੍ਰਾਪਤ ਨਾਹ ਹੋਈ,

ਤ੍ਰਿਸਨਾ ਜਾਲੇ ਸੁਧਿ ਨ ਕਾਈ ॥

ਸਗੋਂ (ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਵਿਚ ਹੀ ਸੜਦੇ ਰਹੇ।

ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ ॥੭॥

ਆਤਮਕ ਮੌਤ ਲਿਆਉਣ ਵਾਲੀ ਉਹ ਮਾਇਆ-ਜ਼ਹਰ ਹੀ ਇੱਕਠੀ ਕਰਦੇ ਰਹਿੰਦੇ ਹਨ, ਇਸ ਮਾਇਆ-ਜ਼ਹਰ ਦੇ ਮੋਹ ਦੀ ਹੀ ਉਹਨਾਂ ਨੂੰ ਤ੍ਰੇਹ ਲੱਗੀ ਰਹਿੰਦੀ ਹੈ, ਝੂਠ ਬੋਲ ਕੇ ਉਹ ਇਸ ਜ਼ਹਰ ਨੂੰ ਹੀ ਆਪਣੀ (ਆਤਮਕ ਖ਼ੁਰਾਕ) ਬਣਾਈ ਰੱਖਦੇ ਹਨ ॥੭॥

ਗੁਰਪਰਸਾਦੀ ਏਕੋ ਜਾਣਾ ॥

ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਸਿਰਫ਼ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ,

ਦੂਜਾ ਮਾਰਿ ਮਨੁ ਸਚਿ ਸਮਾਣਾ ॥

ਪ੍ਰਭੂ ਤੋਂ ਬਿਨਾ ਹੋਰ ਪਿਆਰ ਨੂੰ ਮਾਰ ਕੇ ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਗਿਆ।

ਨਾਨਕ ਏਕੋ ਨਾਮੁ ਵਰਤੈ ਮਨ ਅੰਤਰਿ ਗੁਰਪਰਸਾਦੀ ਪਾਵਣਿਆ ॥੮॥੧੭॥੧੮॥

ਜਿਨ੍ਹਾਂ ਦੇ ਮਨ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਵੱਸਦਾ ਹੈ, ਉਹ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੇ ਚਰਨਾਂ ਵਿਚ) ਮਿਲਾਪ ਹਾਸਲ ਕਰ ਲੈਂਦੇ ਹਨ ॥੮॥੧੭॥੧੮॥


ਮਾਝ ਮਹਲਾ ੩ ॥
ਵਰਨ ਰੂਪ ਵਰਤਹਿ ਸਭ ਤੇਰੇ ॥

(ਹੇ ਪ੍ਰਭੂ! ਜਗਤ ਵਿਚ ਬੇਅੰਤ ਜੀਵ ਹਨ ਇਹਨਾਂ) ਸਭਨਾਂ ਵਿਚ ਤੇਰੇ ਹੀ ਵਖ ਵਖ ਰੂਪ ਦਿੱਸ ਰਹੇ ਹਨ ਤੇਰੇ ਹੀ ਵਖ ਵਖ ਰੰਗ ਦਿੱਸ ਰਹੇ ਹਨ।

ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ ॥

(ਇਹ ਬੇਅੰਤ ਜੀਵ) ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਇਹਨਾਂ ਨੂੰ ਜਨਮ ਮਰਨ ਦੇ ਕਈ ਗੇੜ ਪਏ ਰਹਿੰਦੇ ਹਨ।

ਤੂੰ ਏਕੋ ਨਿਹਚਲੁ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ॥੧॥

(ਹੇ ਪ੍ਰਭੂ!) ਸਿਰਫ਼ ਤੂੰ ਹੀ ਅਟੱਲ ਹੈਂ ਅਪਹੁੰਚ ਹੈਂ, ਬੇਅੰਤ ਹੈਂ-ਇਹ ਸਮਝ ਤੂੰ ਹੀ ਗੁਰੂ ਦੀ ਮਤਿ ਤੇ ਤੋਰ ਕੇ ਜੀਵਾਂ ਨੂੰ ਦੇਂਦਾ ਹੈਂ ॥੧॥

ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ।

ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥੧॥ ਰਹਾਉ ॥

ਉਸ ਪਰਮਾਤਮਾ ਦਾ ਕੋਈ ਖ਼ਾਸ ਰੂਪ ਨਹੀਂ, ਕੋਈ ਖ਼ਾਸ ਚਿਹਨ ਚੱਕਰ ਨਹੀਂ, ਕੋਈ ਖ਼ਾਸ ਰੰਗ ਨਹੀਂ। ਉਹ ਆਪ ਹੀ ਜੀਵਾਂ ਨੂੰ ਗੁਰੂ ਦੀ ਮਤਿ ਦੀ ਰਾਹੀਂ ਆਪਣੀ ਸੂਝ ਦੇਂਦਾ ਹੈ ॥੧॥ ਰਹਾਉ ॥

ਸਭ ਏਕਾ ਜੋਤਿ ਜਾਣੈ ਜੇ ਕੋਈ ॥

ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਦੀ ਹੀ ਜੋਤਿ ਮੌਜੂਦ ਹੈ। ਪਰ ਇਹ ਸਮਝ ਕਿਸੇ ਵਿਰਲੇ ਮਨੁੱਖ ਨੂੰ ਪੈਂਦੀ ਹੈ।

ਸਤਿਗੁਰੁ ਸੇਵਿਐ ਪਰਗਟੁ ਹੋਈ ॥

ਗੁਰੂ ਦੀ ਸਰਨ ਪਿਆਂ ਹੀ (ਸਭ ਜੀਵਾਂ ਵਿਚ ਵਿਆਪਕ ਜੋਤਿ) ਪ੍ਰਤੱਖ ਦਿੱਸਣ ਲੱਗ ਪੈਂਦੀ ਹੈ।

ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ ॥੨॥

ਸਭ ਥਾਵਾਂ ਵਿਚ ਪਰਮਾਤਮਾ ਦੀ ਜੋਤਿ ਲੁਕਵੀਂ ਭੀ ਮੌਜੂਦ ਹੈ ਤੇ ਪ੍ਰੱਤਖ ਭੀ ਮੌਜੂਦ ਹੈ। ਪ੍ਰਭੂ ਦੀ ਜੋਤਿ ਹਰੇਕ ਜੀਵ ਦੀ ਜੋਤਿ ਵਿਚ ਮਿਲੀ ਹੋਈ ਹੈ ॥੨॥

ਤਿਸਨਾ ਅਗਨਿ ਜਲੈ ਸੰਸਾਰਾ ॥

(ਹੇ ਭਾਈ!) ਜਗਤ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ,

ਲੋਭੁ ਅਭਿਮਾਨੁ ਬਹੁਤੁ ਅਹੰਕਾਰਾ ॥

(ਇਸ ਉੱਤੇ) ਲੋਭ ਅਭਿਮਾਨ ਅਹੰਕਾਰ (ਆਪੋ ਆਪਣਾ) ਜ਼ੋਰ ਪਾ ਰਿਹਾ ਹੈ।

ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ ॥੩॥

(ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਜਗਤ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ, ਆਪਣੀ ਇੱਜ਼ਤ ਗਵਾ ਰਿਹਾ ਹੈ, ਤੇ ਆਪਣਾ ਮਨੁੱਖਾ ਜਨਮ ਵਿਅਰਥ ਜ਼ਾਇਆ ਕਰ ਰਿਹਾ ਹੈ ॥੩॥

ਗੁਰ ਕਾ ਸਬਦੁ ਕੋ ਵਿਰਲਾ ਬੂਝੈ ॥

ਕੋਈ ਵਿਰਲਾ (ਭਾਗਾਂ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨੂੰ ਸਮਝਦਾ ਹੈ।

ਆਪੁ ਮਾਰੇ ਤਾ ਤ੍ਰਿਭਵਣੁ ਸੂਝੈ ॥

(ਜੇਹੜਾ ਸਮਝਦਾ ਹੈ, ਉਹ ਜਦੋਂ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਹ ਪਰਮਾਤਮਾ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਜਾਣ ਲੈਂਦਾ ਹੈ।

ਫਿਰਿ ਓਹੁ ਮਰੈ ਨ ਮਰਣਾ ਹੋਵੈ ਸਹਜੇ ਸਚਿ ਸਮਾਵਣਿਆ ॥੪॥

(ਇਸ ਅਵਸਥਾ ਤੇ ਪਹੁੰਚ ਕੇ) ਮੁੜ ਉਹ ਆਤਮਕ ਮੌਤ ਨਹੀਂ ਸਹੇੜਦਾ, ਆਤਮਕ ਮੌਤ ਉਸ ਦੇ ਨੇੜੇ ਨਹੀਂ ਆਉਂਦੀ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥

ਮਾਇਆ ਮਹਿ ਫਿਰਿ ਚਿਤੁ ਨ ਲਾਏ ॥

(ਇਹੋ ਜਿਹੀ ਆਤਮਕ ਅਵਸਥਾ ਤੇ ਪਹੁੰਚਿਆ ਹੋਇਆ ਮਨੁੱਖ) ਮੁੜ ਕਦੇ ਮਾਇਆ (ਦੇ ਮੋਹ) ਵਿਚ ਆਪਣਾ ਮਨ ਨਹੀਂ ਜੋੜਦਾ,

ਗੁਰ ਕੈ ਸਬਦਿ ਸਦ ਰਹੈ ਸਮਾਏ ॥

ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਦਾ ਪਰਮਾਤਮਾ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ।

ਸਚੁ ਸਲਾਹੇ ਸਭ ਘਟ ਅੰਤਰਿ ਸਚੋ ਸਚੁ ਸੁਹਾਵਣਿਆ ॥੫॥

ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਇਹੀ ਦਿੱਸਦਾ ਹੈ ਕਿ ਸਾਰੇ ਸਰੀਰਾਂ ਵਿਚ ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸੋਭਾ ਦੇ ਰਿਹਾ ਹੈ ॥੫॥

ਸਚੁ ਸਾਲਾਹੀ ਸਦਾ ਹਜੂਰੇ ॥

(ਹੇ ਭਾਈ!) ਮੈਂ ਤਾਂ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਜੋ ਸਦਾ (ਸਭ ਜੀਵਾਂ ਦੇ) ਅੰਗ ਸੰਗ ਵੱਸਦਾ ਹੈ।

ਗੁਰ ਕੈ ਸਬਦਿ ਰਹਿਆ ਭਰਪੂਰੇ ॥

ਗੁਰੂ ਦੇ ਸ਼ਬਦ ਵਿਚ ਜੁੜਿਆਂ ਉਹ ਹਰ ਥਾਂ ਹੀ ਵੱਸਦਾ ਦਿੱਸਣ ਲੱਗ ਪੈਂਦਾ ਹੈ।

ਗੁਰਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ ॥੬॥

ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ, ਉਹ ਉਸ ਸਦਾ-ਥਿਰ ਵਿਚ ਹੀ ਲੀਨ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੬॥

ਸਚੁ ਮਨ ਅੰਦਰਿ ਰਹਿਆ ਸਮਾਇ ॥

ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹਰੇਕ ਮਨੁੱਖ ਦੇ ਮਨ ਵਿਚ ਧੁਰ ਅੰਦਰ ਮੌਜੂਦ ਰਹਿੰਦਾ ਹੈ।

ਸਦਾ ਸਚੁ ਨਿਹਚਲੁ ਆਵੈ ਨ ਜਾਇ ॥

ਉਹ ਆਪ ਸਦਾ ਅਟੱਲ ਰਹਿੰਦਾ ਹੈ, ਨਾਹ ਕਦੇ ਜੰਮਦਾ ਹੈ ਨਾਹ ਮਰਦਾ ਹੈ।

ਸਚੇ ਲਾਗੈ ਸੋ ਮਨੁ ਨਿਰਮਲੁ ਗੁਰਮਤੀ ਸਚਿ ਸਮਾਵਣਿਆ ॥੭॥

ਜੇਹੜਾ ਮਨ ਉਸ ਸਦਾ-ਥਿਰ ਪ੍ਰਭੂ ਵਿਚ ਪਿਆਰ ਪਾ ਲੈਂਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਮਤਿ ਉੱਤੇ ਤੁਰ ਕੇ ਉਹ ਉਸ ਸਦਾ-ਥਿਰ ਰਹਿਣ ਵਾਲੇ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ ॥੭॥

ਸਚੁ ਸਾਲਾਹੀ ਅਵਰੁ ਨ ਕੋਈ ॥

(ਹੇ ਭਾਈ!) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਮੈਨੂੰ ਕਿਤੇ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ।

ਜਿਤੁ ਸੇਵਿਐ ਸਦਾ ਸੁਖੁ ਹੋਈ ॥

ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਨਾਨਕ ਨਾਮਿ ਰਤੇ ਵੀਚਾਰੀ ਸਚੋ ਸਚੁ ਕਮਾਵਣਿਆ ॥੮॥੧੮॥੧੯॥

ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਚੰਗੀ ਮੰਦੀ ਕਰਤੂਤਿ ਨੂੰ ਪਰਖਣ ਜੋਗੇ ਹੋ ਜਾਂਦਾ ਹਨ, ਤੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਕਰਦੇ ਹਨ ॥੮॥੧੮॥੧੯॥


ਮਾਝ ਮਹਲਾ ੩ ॥
ਨਿਰਮਲ ਸਬਦੁ ਨਿਰਮਲ ਹੈ ਬਾਣੀ ॥

ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਸਭ ਨੂੰ) ਪਵਿਤ੍ਰ ਕਰਨ ਵਾਲਾ ਹੈ।

ਨਿਰਮਲ ਜੋਤਿ ਸਭ ਮਾਹਿ ਸਮਾਣੀ ॥

ਪਰਮਾਤਮਾ ਦੀ ਪਵਿੱਤ੍ਰ ਜੋਤਿ ਸਭ ਜੀਵਾਂ ਵਿਚ ਸਮਾਈ ਹੋਈ ਹੈ।

ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥੧॥

(ਹੇ ਭਾਈ!) ਮੈਂ ਉਸ ਹਰੀ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ। ਪਰਮਾਤਮਾ ਦਾ ਨਾਮ ਜਪ ਕੇ ਪਵਿਤ੍ਰ ਹੋ ਜਾਈਦਾ ਹੈ, (ਵਿਕਾਰਾਂ ਦੀ) ਮੈਲ (ਮਨ ਵਿਚੋਂ) ਦੂਰ ਕਰ ਲਈਦੀ ਹੈ ॥੧॥

ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥

ਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਸੁੱਖ ਦੇਣ ਵਾਲੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ।

ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥੧॥ ਰਹਾਉ ॥

ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਵਿਤ੍ਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ। ਗੁਰੂ ਦਾ ਸ਼ਬਦ ਹੀ ਸੁਣ ਕੇ ਮੈਂ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟਾਂਦਾ ਹਾਂ ॥੧॥ ਰਹਾਉ ॥

ਨਿਰਮਲ ਨਾਮੁ ਵਸਿਆ ਮਨਿ ਆਏ ॥

(ਜਿਸ ਮਨੁੱਖ ਦੇ) ਮਨ ਵਿਚ ਪਵਿਤ੍ਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ,

ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥

ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਤਨ ਪਵਿਤ੍ਰ ਹੋ ਜਾਂਦਾ ਹੈ। (ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ।

ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥੨॥

ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪਵਿਤ੍ਰ ਗੁਣ ਸਦਾ ਗਾਂਦਾ ਹੈ (ਜਿਵੇਂ ਜੋਗੀ ਨਾਦ ਵਜਾਂਦਾ ਹੈ) ਉਹ ਮਨੁੱਖ ਸਿਫ਼ਤ-ਸਾਲਾਹ ਦਾ (ਮਾਨੋ) ਨਾਦ ਵਜਾਂਦਾ ਹੈ ॥੨॥

ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥

ਜਿਸ ਮਨੁੱਖ ਨੇ ਗੁਰੂ ਪਾਸੋਂ ਪਵਿਤ੍ਰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ,

ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥

ਉਸ ਦੇ ਅੰਦਰੋਂ ਆਪਾ-ਭਾਵ ਮੁੱਕ ਜਾਂਦਾ ਹੈ, ਉਸ ਦੇ ਹਿਰਦੇ ਵਿਚ, ਮਾਇਆ ਦਾ ਮੋਹ ਨਹੀਂ ਰਹਿ ਜਾਂਦਾ।

ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥੩॥

(ਜਿਉਂ ਜਿਉਂ ਉਹ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਪਵਿਤ੍ਰ ਬਾਣੀ ਆਪਣੇ ਮਨ ਵਿਚ ਵਸਾਂਦਾ ਹੈ, ਪਰਮਾਤਮਾ ਨਾਲ ਉਸ ਦੀ ਪਵਿਤ੍ਰ ਡੂੰਘੀ ਸਾਂਝ ਬਣਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਨਾਲ ਜੁੜਦੀ ਹੈ ਜੋ ਉਸ ਨੂੰ (ਹੋਰ) ਪਵਿਤ੍ਰ ਕਰਦੀ ਹੈ ॥੩॥

ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥

ਜੇਹੜਾ ਮਨੁੱਖ ਪਵਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ (ਆਪ ਭੀ) ਪਵਿਤ੍ਰ ਹੋ ਜਾਂਦਾ ਹੈ।

ਹਉਮੈ ਮੈਲੁ ਗੁਰਸਬਦੇ ਧੋਵੈ ॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਮਨ ਵਿਚੋਂ) ਹਉਮੈ ਦੀ ਮੈਲ ਧੋ ਲੈਂਦਾ ਹੈ।

ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੈ ਸੋਭਾ ਪਾਵਣਿਆ ॥੪॥

ਉਸ ਮਨੁੱਖ ਦੇ ਅੰਦਰ ਇਕ-ਰਸ ਲਗਨ ਪੈਦਾ ਕਰਨ ਵਾਲੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੪॥

ਨਿਰਮਲ ਤੇ ਸਭ ਨਿਰਮਲ ਹੋਵੈ ॥

ਪਵਿਤ੍ਰ ਪਰਮਾਤਮਾ ਦੀ (ਨਾਮ-) ਛੁਹ ਨਾਲ ਸਾਰੀ ਲੁਕਾਈ ਪਵਿਤ੍ਰ ਹੋ ਜਾਂਦੀ ਹੈ।

ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥

(ਜਿਉਂ ਜਿਉਂ ਮਨੁੱਖ ਆਪਣੇ ਮਨ ਨੂੰ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਪ੍ਰੋਂਦਾ ਹੈ (ਤਿਉਂ ਤਿਉਂ ਉਸ ਦਾ) ਮਨ ਪਵਿਤ੍ਰ ਹੁੰਦਾ ਜਾਂਦਾ ਹੈ।

ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥੫॥

ਵੱਡੇ ਭਾਗਾਂ ਵਾਲੇ ਮਨੁੱਖ ਹੀ ਪਵਿਤ੍ਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦੇ ਹਨ। ਜੇਹੜਾ ਮਨੁੱਖ ਨਾਮ ਵਿਚ ਜੁੜਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ, ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੫॥

ਸੋ ਨਿਰਮਲੁ ਜੋ ਸਬਦੇ ਸੋਹੈ ॥

ਉਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਬਣਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ।

ਨਿਰਮਲ ਨਾਮਿ ਮਨੁ ਤਨੁ ਮੋਹੈ ॥

ਪਵਿਤ੍ਰ ਪ੍ਰਭੂ ਦੇ ਨਾਮ ਵਿਚ ਉਸ ਦਾ ਮਨ ਮਸਤ ਰਹਿੰਦਾ ਹੈ, ਉਸ ਦਾ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਮਸਤ ਰਹਿੰਦਾ ਹੈ।

ਸਚਿ ਨਾਮਿ ਮਲੁ ਕਦੇ ਨ ਲਾਗੈ ਮੁਖੁ ਊਜਲੁ ਸਚੁ ਕਰਾਵਣਿਆ ॥੬॥

ਸਦਾ-ਥਿਰ ਪਰਮਾਤਮਾ ਦੇ ਨਾਮ ਵਿਚ ਜੁੜਨ ਕਰ ਕੇ ਉਸ ਨੂੰ (ਵਿਕਾਰਾਂ ਦੀ) ਮੈਲ ਕਦੇ ਨਹੀਂ ਲਗਦੀ। ਸਦਾ-ਥਿਰ ਰਹਿਣ ਵਾਲਾ ਪ੍ਰਭੂ ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉਜਲਾ ਕਰ ਦੇਂਦਾ ਹੈ ॥੬॥

ਮਨੁ ਮੈਲਾ ਹੈ ਦੂਜੈ ਭਾਇ ॥

ਪਰ ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਵਿਕਾਰਾਂ ਦੀ ਮੈਲ ਨਾਲ) ਮੈਲਾ (ਹੀ) ਰਹਿੰਦਾ ਹੈ।

ਮੈਲਾ ਚਉਕਾ ਮੈਲੈ ਥਾਇ ॥

(ਉਹ ਲਕੀਰਾਂ ਕੱਢ ਕੱਢ ਕੇ ਬੇਸ਼ੱਕ ਸੁੱਚੇ ਚੌਂਕੇ ਬਣਾਏ, ਪਰ ਉਸ ਦੇ ਹਿਰਦੇ ਦਾ) ਚੌਂਕਾ ਮੈਲਾ ਹੀ ਰਹਿੰਦਾ ਹੈ (ਉਹ ਦੀ ਸੁਰਤ ਸਦਾ) ਮੈਲੇ ਥਾਂ ਵਿਚ ਹੀ ਟਿਕੀ ਰਹਿੰਦੀ ਹੈ।

ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥੭॥

ਉਹ ਮਨੁੱਖ (ਵਿਕਾਰਾਂ ਦੀ) ਮੈਲ ਨੂੰ ਹੀ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦਾ ਹੈ, (ਜਿਸ ਕਰਕੇ ਉਹ ਆਪਣੇ ਅੰਦਰ) ਹੋਰ ਹੋਰ (ਵਿਕਾਰਾਂ ਦੀ) ਮੈਲ ਵਧਾਂਦਾ ਜਾਂਦਾ ਹੈ। (ਇਸ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਮੈਲ (ਵਧਾ ਵਧਾ ਕੇ) ਦੁੱਖ ਸਹਾਰਦਾ ਹੈ ॥੭॥

ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥

(ਪਰ ਜੀਵਾਂ ਦੇ ਕੀਹ ਵੱਸ?) ਵਿਕਾਰੀ ਜੀਵ ਤੇ ਪਵਿਤ੍ਰ-ਆਤਮਾ ਜੀਵ ਸਾਰੇ ਪਰਮਾਤਮਾ ਦੇ ਹੁਕਮ ਵਿਚ (ਹੀ ਤੁਰ ਰਹੇ ਹਨ)।

ਸੇ ਨਿਰਮਲ ਜੋ ਹਰਿ ਸਾਚੇ ਭਾਏ ॥

ਜੇਹੜੇ ਬੰਦੇ ਸਦਾ-ਥਿਰ ਹਰੀ ਨੂੰ ਪਿਆਰੇ ਲੱਗ ਪੈਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।

ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥੮॥੧੯॥੨੦॥

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ (ਆਪਣੇ ਅੰਦਰੋਂ ਵਿਕਾਰ ਆਦਿਕਾਂ ਦੀ) ਮੈਲ ਦੂਰ ਕਰ ਲੈਂਦਾ ਹੈ ॥੮॥੧੯॥੨੦॥


ਮਾਝ ਮਹਲਾ ੩ ॥
ਗੋਵਿੰਦੁ ਊਜਲੁ ਊਜਲ ਹੰਸਾ ॥

(ਪਰਮਾਤਮਾ ਦਾ ਪਵਿੱਤ੍ਰ ਨਾਮ ਜਪਣ ਵਾਲੇ) ਮਨੁੱਖ ਪਵਿਤ੍ਰ ਗੋਬਿੰਦ ਦਾ ਰੂਪ ਹੋ ਜਾਂਦੇ ਹਨ, ਪਰਮਾਤਮਾ-ਸਰੋਵਰ ਦੇ ਉਹ, (ਮਾਨੋ) ਸੋਹਣੇ ਹੰਸ ਬਣ ਜਾਂਦੇ ਹਨ।

ਮਨੁ ਬਾਣੀ ਨਿਰਮਲ ਮੇਰੀ ਮਨਸਾ ॥

ਉਹ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਵਿਚ ਬੋਲੀ ਪਵਿੱਤ੍ਰ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਮਨ ਵਿੱਚ (ਭੀ) ਸੁੱਧ (ਫੁਰਨੇ) ਉਠਦੇ ਹਨ।

ਮਨਿ ਊਜਲ ਸਦਾ ਮੁਖ ਸੋਹਹਿ ਅਤਿ ਊਜਲ ਨਾਮੁ ਧਿਆਵਣਿਆ ॥੧॥

ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਬਹੁਤ ਪਵਿਤ੍ਰ-ਆਤਮਾ ਹੋ ਜਾਂਦੇ ਹਨ, ਉਹਨਾਂ ਦੇ ਮੂੰਹ (ਭੀ) ਸੋਹਣੇ ਦਿੱਸਦੇ ਹਨ ॥੧॥

ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ॥

ਮੈਂ ਉਸ ਮਨੁੱਖ ਤੋਂ ਸਦਾ ਸਦਕੇ ਵਾਰਨੇ ਜਾਂਦਾ ਹਾਂ, ਜੇਹੜਾ ਗੋਬਿੰਦ ਦੇ ਗੁਣ ਸਦਾ ਗਾਂਦਾ ਹੈ,

ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥੧॥ ਰਹਾਉ ॥

ਜੇਹੜਾ ਦਿਨ ਰਾਤ ਗੋਬਿੰਦ ਦਾ ਨਾਮ ਉਚਾਰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਦੀ ਰਾਹੀਂ (ਹੋਰਨਾਂ ਨੂੰ ਭੀ) ਗੋਬਿੰਦ ਦੇ ਗੁਣ ਸੁਣਾਂਦਾ ਹੈ ॥੧॥ ਰਹਾਉ ॥

ਗੋਬਿਦੁ ਗਾਵਹਿ ਸਹਜਿ ਸੁਭਾਏ ॥

ਜੇਹੜੇ ਮਨੁੱਖ ਗੋਬਿੰਦ (ਦੇ ਗੁਣ) ਆਤਮਕ ਅਡੋਲਤਾ ਵਿਚ (ਪ੍ਰਭੂ ਚਰਨਾਂ ਦੇ) ਪ੍ਰੇਮ ਵਿਚ (ਟਿਕ ਕੇ) ਗਾਂਦੇ ਹਨ,

ਗੁਰ ਕੈ ਭੈ ਊਜਲ ਹਉਮੈ ਮਲੁ ਜਾਏ ॥

ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਉਹ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ।

ਸਦਾ ਅਨੰਦਿ ਰਹਹਿ ਭਗਤਿ ਕਰਹਿ ਦਿਨੁ ਰਾਤੀ ਸੁਣਿ ਗੋਬਿਦ ਗੁਣ ਗਾਵਣਿਆ ॥੨॥

ਉਹ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਨ, ਸਦਾ ਆਤਮਕ ਆਨੰਦ ਵਿਚ ਮਗਨ ਰਹਿੰਦੇ ਹਨ, ਉਹ (ਹੋਰਨਾਂ ਪਾਸੋਂ) ਸੁਣ ਕੇ (ਭਾਵ, ਉਹ ਗੋਬਿੰਦ ਦੇ ਗੁਣ ਸੁਣਦੇ ਭੀ ਹਨ, ਤੇ) ਗੋਬਿੰਦ ਦੇ ਗੁਣ ਗਾਂਦੇ (ਭੀ) ਹਨ ॥੨॥

ਮਨੂਆ ਨਾਚੈ ਭਗਤਿ ਦ੍ਰਿੜਾਏ ॥

ਜਿਉਂ ਜਿਉਂ ਮਨੁੱਖ ਭਗਤੀ ਦ੍ਰਿੜ੍ਹ ਕਰਦਾ ਹੈ ਉਸ ਦਾ ਮਨ ਹੁਲਾਰੇ ਵਿਚ ਆਉਂਦਾ ਹੈ।

ਗੁਰ ਕੈ ਸਬਦਿ ਮਨੈ ਮਨੁ ਮਿਲਾਏ ॥

ਗੁਰੂ ਦੇ ਸ਼ਬਦ ਦੀ ਰਾਹੀਂ ਉਹ ਆਪਣੇ ਮਨ ਨੂੰ ਉਧਰ ਹੀ ਟਿਕਾਈ ਰੱਖਦਾ ਹੈ (ਬਾਹਰ ਭਟਕਣ ਤੋਂ ਬਚਾਈ ਰੱਖਦਾ ਹੈ)।

ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥੩॥

(ਜਿਵੇਂ ਕੋਈ ਰਾਸਧਾਰੀਆ ਰਾਸ ਪਾਣ ਵੇਲੇ ਰਾਗ ਦੇ ਸ਼ਾਜ਼ਾਂ ਦੇ ਨਾਲ ਨਾਲ ਮਿਲ ਕੇ ਨਾਚ ਕਰਦਾ ਹੈ, ਤਿਵੇਂ) ਉਹ ਮਨੁੱਖ (ਮਾਨੋ) ਸੱਚਾ ਨਾਚ ਕਰਦਾ ਹੈ (ਜਦੋਂ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਤਮਕ) ਨਾਚ ਕਰਦਾ ਹੈ ॥੩॥

ਊਚਾ ਕੂਕੇ ਤਨਹਿ ਪਛਾੜੇ ॥

ਪਰ ਜੇਹੜਾ ਮਨੁੱਖ (ਰਾਸ ਆਦਿਕ ਪਾਣ ਵੇਲੇ) ਉੱਚੀ ਉੱਚੀ ਸੁਰ ਵਿਚ ਬੋਲਦਾ ਹੈ ਤੇ ਆਪਣੇ ਸਰੀਰ ਨੂੰ (ਕਿਸੇ ਸ਼ੈ ਨਾਲ) ਪਟਕਾਂਦਾ ਹੈ,

ਮਾਇਆ ਮੋਹਿ ਜੋਹਿਆ ਜਮਕਾਲੇ ॥

(ਉਂਞ ਉਹ) ਮਾਇਆ ਦੇ ਮੋਹ ਵਿਚ (ਫਸਿਆ ਹੋਇਆ) ਹੈ, ਉਸ ਨੂੰ ਆਤਮਕ ਮੌਤ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।

ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ ॥੪॥

ਉਸ ਦੇ ਮਨ ਨੂੰ ਮਾਇਆ ਦਾ ਮੋਹ (ਹੀ) ਨਚਾ ਰਿਹਾ ਹੈ, ਉਸ ਦੇ ਅੰਦਰ ਛਲ ਹੈ। (ਸਿਰਫ਼ ਬਾਹਰ ਹੀ ਰਾਸ ਆਦਿਕ ਦੇ ਵੇਲੇ ਪ੍ਰੇਮ ਦੱਸਦਾ ਹੈ) ਤੇ ਉਹ ਦੁੱਖ ਪਾਂਦਾ ਹੈ ॥੪॥

ਗੁਰਮੁਖਿ ਭਗਤਿ ਜਾ ਆਪਿ ਕਰਾਏ ॥

ਜਦੋਂ ਪਰਮਾਤਮਾ ਆਪ ਕਿਸੇ ਮਨੁੱਖ ਨੂੰ ਗੁਰੂ ਦੀ ਸਰਨ ਪਾ ਕੇ ਉਸ ਪਾਸੋਂ ਆਪਣੀ ਭਗਤੀ ਕਰਾਂਦਾ ਹੈ,

ਤਨੁ ਮਨੁ ਰਾਤਾ ਸਹਜਿ ਸੁਭਾਏ ॥

ਤਾਂ ਉਸ ਦਾ ਮਨ ਉਸ ਦਾ ਤਨ (ਭਾਵ, ਹਰੇਕ ਗਿਆਨ-ਇ੍ਰੰਦਾ) ਆਤਮਕ ਅਡੋਲਤਾ ਵਿਚ ਪ੍ਰਭੂ-ਚਰਨਾਂ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ।

ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥

ਉਸ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ ਸਿਫ਼ਤ-ਸਾਲਾਹ ਦਾ, ਮਾਨੋ, ਵਾਜਾ ਵਜਾਂਦਾ ਹੈ। ਗੁਰੂ ਦਾ ਆਸਰਾ ਲੈ ਕੇ ਕੀਤੀ ਹੋਈ ਭਗਤੀ ਪਰਮਾਤਮਾ ਪਰਵਾਨ ਕਰਦਾ ਹੈ ॥੫॥

ਬਹੁ ਤਾਲ ਪੂਰੇ ਵਾਜੇ ਵਜਾਏ ॥

ਪਰ ਜੇਹੜਾ ਭੀ ਮਨੁੱਖ ਨਿਰੇ ਸਾਜ਼ ਵਜਾਂਦਾ ਹੈ ਤੇ ਸਾਜ਼ਾਂ ਦੇ ਨਾਲ ਮਿਲ ਕੇ ਨਾਚ ਕਰਦਾ ਹੈ,

ਨਾ ਕੋ ਸੁਣੇ ਨ ਮੰਨਿ ਵਸਾਏ ॥

ਉਹ (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਨਾਹ ਹੀ ਸੁਣਦਾ ਹੈ ਤੇ ਨਾਹ ਹੀ ਆਪਣੇ ਮਨ ਵਿਚ ਵਸਾਂਦਾ ਹੈ।

ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥੬॥

ਉਹ ਤਾਂ ਮਾਇਆ ਕਮਾਣ ਦੀ ਖ਼ਾਤਰ ਪਿੜ ਬੰਨ੍ਹ ਕੇ ਨੱਚਦਾ ਹੈ। ਮਾਇਆ ਦੇ ਮੋਹ ਵਿਚ ਟਿਕਿਆ ਰਹਿ ਕੇ ਉਹ ਦੁੱਖ ਹੀ ਸਹਾਰਦਾ ਹੈ (ਇਸ ਨਾਚ ਨਾਲ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ) ॥੬॥

ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਹੁੰਦੀ ਹੈ, ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ।

ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ॥

ਉਹ ਆਪਣੀਆਂ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੇ ਸੰਜਮ ਵਿਚ ਟਿਕਿਆ ਰਹਿੰਦਾ ਹੈ।

ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ ॥੭॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ ਇਹੀ ਹੈ ਭਗਤੀ ਜੇਹੜੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ ॥੭॥

ਗੁਰਮੁਖਿ ਭਗਤਿ ਜੁਗ ਚਾਰੇ ਹੋਈ ॥

ਪਰਮਾਤਮਾ ਦੀ ਭਗਤੀ ਗੁਰੂ ਦੇ ਸਨਮੁੱਖ ਰਹਿ ਕੇ ਹੀ ਹੋ ਸਕਦੀ ਹੈ-ਇਹ ਨਿਯਮ ਸਦਾ ਲਈ ਹੀ ਅਟੱਲ ਹੈ।

ਹੋਰਤੁ ਭਗਤਿ ਨ ਪਾਏ ਕੋਈ ॥

(ਇਸ ਤੋਂ ਬਿਨਾਂ) ਕਿਸੇ ਭੀ ਹੋਰ ਤਰੀਕੇ ਨਾਲ ਕੋਈ ਮਨੁੱਖ ਪ੍ਰਭੂ ਦੀ ਭਗਤੀ ਪ੍ਰਾਪਤ ਨਹੀਂ ਕਰ ਸਕਦਾ।

ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥

ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤ ਗੁਰੂ ਵਿਚ ਸਰਦਾ ਰੱਖਿਆਂ ਹੀ ਮਿਲ ਸਕਦੀ ਹੈ। ਉਹੀ ਮਨੁੱਖ ਨਾਮ ਸਿਮਰ ਸਕਦਾ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਆਪਣਾ ਚਿਤ ਜੋੜਦਾ ਹੈ ॥੮॥੨੦॥੨੧॥


ਮਾਝ ਮਹਲਾ ੩ ॥
ਸਚਾ ਸੇਵੀ ਸਚੁ ਸਾਲਾਹੀ ॥

(ਹੇ ਭਾਈ!) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹਾਂ, ਮੈਂ ਸਦਾ-ਥਿਰ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।

ਸਚੈ ਨਾਇ ਦੁਖੁ ਕਬ ਹੀ ਨਾਹੀ ॥

ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ।

ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ ॥੧॥

ਜੇਹੜੇ ਮਨੁੱਖ ਸਭ ਸੁਖ ਦੇਣ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਤੇ ਗੁਰੂ ਦੀ ਮਤਿ ਲੈ ਕੇ ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ॥੧॥

ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥

(ਹੇ ਭਾਈ!) ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੀ ਸਮਾਧੀ ਲਾਈ ਰੱਖਦੇ ਹਨ।

ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ॥੧॥ ਰਹਾਉ ॥

ਜੇਹੜੇ ਮਨੁੱਖ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸਦਾ ਸੋਹਣੇ ਜੀਵਨ ਵਾਲੇ ਬਣੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ, ਉਹਨਾਂ ਦੀ ਸੁਰਤ ਸਦਾ ਸੁਹਾਵਣੀ ਟਿਕੀ ਰਹਿੰਦੀ ਹੈ ॥੧॥ ਰਹਾਉ ॥

ਸਭੁ ਕੋ ਤੇਰਾ ਭਗਤੁ ਕਹਾਏ ॥

(ਹੇ ਪ੍ਰਭੂ! ਉਂਞ ਤਾਂ) ਹਰੇਕ ਮਨੁੱਖ ਤੇਰਾ ਭਗਤ ਅਖਵਾਂਦਾ ਹੈ,

ਸੇਈ ਭਗਤ ਤੇਰੈ ਮਨਿ ਭਾਏ ॥

ਪਰ (ਅਸਲ) ਉਹੀ ਭਗਤ ਹਨ ਜੇਹੜੇ ਤੇਰੇ ਮਨ ਵਿਚ ਚੰਗੇ ਲੱਗਦੇ ਹਨ।

ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ ॥੨॥

(ਹੇ ਪ੍ਰਭੂ!) ਉਹ ਗੁਰੂ ਦੀ ਬਾਣੀ ਦੀ ਰਾਹੀਂ ਤੈਨੂੰ ਸਦਾ-ਥਿਰ ਰਹਿਣ ਵਾਲੇ ਨੂੰ ਸਾਲਾਹੁੰਦੇ ਰਹਿੰਦੇ ਹਨ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੀ ਭਗਤੀ ਕਰਦੇ ਰਹਿੰਦੇ ਹਨ ॥੨॥

ਸਭੁ ਕੋ ਸਚੇ ਹਰਿ ਜੀਉ ਤੇਰਾ ॥

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਜੀ! ਹਰੇਕ ਜੀਵ ਤੇਰਾ (ਹੀ ਪੈਦਾ ਕੀਤਾ ਹੋਇਆ) ਹੈ।

ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥

(ਪਰ ਜਦੋਂ ਕਿਸੇ ਨੂੰ) ਗੁਰੂ ਦੀ ਸਰਨ ਪੈ ਕੇ (ਤੇਰਾ ਨਾਮ) ਮਿਲਦਾ ਹੈ, ਤਦੋਂ (ਉਸ ਦਾ ਜਨਮ ਮਰਨ ਦਾ) ਗੇੜ ਮੁੱਕਦਾ ਹੈ।

ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ॥੩॥

ਜਦੋਂ ਤੈਨੂੰ ਚੰਗਾ ਲੱਗਦਾ ਹੈ (ਜਦੋਂ ਤੇਰੀ ਰਜ਼ਾ ਹੁੰਦੀ ਹੈ), ਤਦੋਂ ਤੂੰ (ਜੀਵਾਂ ਨੂੰ ਆਪਣੇ) ਨਾਮ ਵਿਚ ਜੋੜਦਾ ਹੈਂ। ਤੂੰ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ ॥੩॥

ਗੁਰਮਤੀ ਹਰਿ ਮੰਨਿ ਵਸਾਇਆ ॥

ਜਿਸ ਮਨੁੱਖ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਦਾ ਨਾਮ ਆਪਣੇ) ਮਨ ਵਿਚ ਵਸਾ ਲਿਆ,

ਹਰਖੁ ਸੋਗੁ ਸਭੁ ਮੋਹੁ ਗਵਾਇਆ ॥

ਉਸ ਨੇ ਖ਼ੁਸ਼ੀ (ਦੀ ਲਾਲਸਾ) ਗ਼ਮੀ (ਤੋਂ ਘਬਰਾਹਟ) ਮੁਕਾ ਲਈ, ਉਸ ਨੇ (ਮਾਇਆ ਦਾ) ਸਾਰਾ ਮੋਹ ਦੂਰ ਕਰ ਲਿਆ।

ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥੪॥

ਉਸ ਮਨੁੱਖ ਦੀ ਲਗਨ ਸਦਾ ਹੀ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ, ਉਹ ਸਦਾ ਹਰੀ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੪॥

ਭਗਤ ਰੰਗਿ ਰਾਤੇ ਸਦਾ ਤੇਰੈ ਚਾਏ ॥

ਹੇ ਪ੍ਰਭੂ! ਤੇਰੇ ਭਗਤ (ਬੜੇ) ਚਾਉ ਨਾਲ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ।

ਨਉ ਨਿਧਿ ਨਾਮੁ ਵਸਿਆ ਮਨਿ ਆਏ ॥

ਉਹਨਾਂ ਦੇ ਮਨ ਵਿਚ ਤੇਰਾ ਨਾਮ ਆ ਵੱਸਦਾ ਹੈ (ਜੋ, ਮਾਨੋ) ਨੌ ਖ਼ਜ਼ਾਨੇ (ਹੈ)।

ਪੂਰੈ ਭਾਗਿ ਸਤਿਗੁਰੁ ਪਾਇਆ ਸਬਦੇ ਮੇਲਿ ਮਿਲਾਵਣਿਆ ॥੫॥

ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਗੁਰੂ ਲੱਭ ਲਿਆ, ਗੁਰੂ ਉਸ ਨੂੰ (ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ ॥੫॥

ਤੂੰ ਦਇਆਲੁ ਸਦਾ ਸੁਖਦਾਤਾ ॥

ਹੇ ਪ੍ਰਭੂ! ਤੂੰ ਦਇਆ ਦਾ ਸੋਮਾ ਹੈਂ, ਤੂੰ ਸਦਾ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ।

ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ ॥

ਤੂੰ ਆਪ ਹੀ (ਜੀਵਾਂ ਨੂੰ ਗੁਰੂ ਨਾਲ) ਮਿਲਾਂਦਾ ਹੈਂ। ਗੁਰੂ ਦੀ ਸਰਨ ਪੈ ਕੇ ਜੀਵ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ।

ਤੂੰ ਆਪੇ ਦੇਵਹਿ ਨਾਮੁ ਵਡਾਈ ਨਾਮਿ ਰਤੇ ਸੁਖੁ ਪਾਵਣਿਆ ॥੬॥

ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣਾ ਨਾਮ ਬਖਸ਼ਦਾ ਹੈਂ (ਨਾਮ ਜਪਣ ਦੀ) ਇੱਜ਼ਤ ਦੇਂਦਾ ਹੈਂ। ਜੇਹੜੇ ਮਨੁੱਖ ਤੇਰੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ॥੬॥

ਸਦਾ ਸਦਾ ਸਾਚੇ ਤੁਧੁ ਸਾਲਾਹੀ ॥

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! (ਮਿਹਰ ਕਰ) ਮੈਂ ਸਦਾ ਹੀ ਸਦਾ ਹੀ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ।

ਗੁਰਮੁਖਿ ਜਾਤਾ ਦੂਜਾ ਕੋ ਨਾਹੀ ॥

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੇ ਨਾਲ ਸਾਂਝ ਪਾਂਦਾ ਹੈ, ਹੋਰ ਕੋਈ (ਤੇਰੇ ਨਾਲ ਸਾਂਝ) ਨਹੀਂ (ਪਾ ਸਕਦਾ)।

ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ ॥੭॥

(ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ ਉਸ ਦਾ) ਮਨ ਸਦਾ ਇਕ ਪਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਜੇ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ, ਤਾਂ ਮਨੁੱਖ ਮਨ ਵਿਚ ਮਿਲਿਆ ਰਹਿੰਦਾ ਹੈ (ਭਾਵ, ਬਾਹਰ ਨਹੀਂ ਭਟਕਦਾ) ॥੭॥

ਗੁਰਮੁਖਿ ਹੋਵੈ ਸੋ ਸਾਲਾਹੇ ॥

ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹੋ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।

ਸਾਚੇ ਠਾਕੁਰ ਵੇਪਰਵਾਹੇ ॥

ਉਹ ਸਦਾ ਕਾਇਮ ਰਹਿਣ ਵਾਲੇ ਬੇ-ਪਰਵਾਹ ਠਾਕੁਰ ਦੀ (ਸਿਫ਼ਤ-ਸਾਲਾਹ ਕਰਦਾ ਹੀ ਰਹਿੰਦਾ ਹੈ।)

ਨਾਨਕ ਨਾਮੁ ਵਸੈ ਮਨ ਅੰਤਰਿ ਗੁਰਸਬਦੀ ਹਰਿ ਮੇਲਾਵਣਿਆ ॥੮॥੨੧॥੨੨॥

ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ ॥੮॥੨੧॥੨੨॥


ਮਾਝ ਮਹਲਾ ੩ ॥
ਤੇਰੇ ਭਗਤ ਸੋਹਹਿ ਸਾਚੈ ਦਰਬਾਰੇ ॥

(ਹੇ ਪ੍ਰਭੂ!) ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ ਸੋਭਾ ਪਾਂਦੇ ਹਨ।

ਗੁਰ ਕੈ ਸਬਦਿ ਨਾਮਿ ਸਵਾਰੇ ॥

(ਹੇ ਭਾਈ!) ਭਗਤ ਜਨ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।

ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥

ਉਹ ਸਦਾ ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, ਉਹ ਦਿਨ ਰਾਤ ਪ੍ਰਭੂ ਦੇ ਗੁਣ ਉਚਾਰ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਸਮਾਏ ਰਹਿੰਦੇ ਹਨ ॥੧॥

ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਸਦਕੇ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦੇ ਹਨ।

ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥੧॥ ਰਹਾਉ ॥

ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ (ਜੀਵਾਂ ਵਾਲੀ ‘ਮੈਂ ਮੇਰੀ’ ਤੋਂ) ਬਹੁਤ ਉੱਚਾ ਹੈ, (ਵਡ ਭਾਗੀ ਜੀਵ) ਹਉਮੈ ਮਾਰ ਕੇ (ਹੀ) ਉਸ ਵਿਚ ਲੀਨ ਹੁੰਦੇ ਹਨ ॥੧॥ ਰਹਾਉ ॥

ਹਰਿ ਜੀਉ ਸਾਚਾ ਸਾਚੀ ਨਾਈ ॥

ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।

ਗੁਰਪਰਸਾਦੀ ਕਿਸੈ ਮਿਲਾਈ ॥

ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ ਵਡ-ਭਾਗੀ) ਨੂੰ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾਂਦਾ ਹੈ।

ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥੨॥

ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਵਿਚ) ਮਿਲਦੇ ਹਨ, ਉਹ (ਉਸ ਤੋਂ) ਵਿੱਛੁੜਦੇ ਨਹੀਂ। ਉਹ ਆਤਮਕ ਅਡੋਲਤਾ ਵਿਚ ਤੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹਿੰਦੇ ਹਨ ॥੨॥

ਤੁਝ ਤੇ ਬਾਹਰਿ ਕਛੂ ਨ ਹੋਇ ॥

(ਹੇ ਭਾਈ!) ਤੈਥੋਂ (ਭਾਵ, ਤੇਰੇ ਹੁਕਮ ਤੋਂ) ਬਾਹਰ ਕੁਝ ਨਹੀਂ ਹੋ ਸਕਦਾ।

ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ ॥

ਤੂੰ (ਜਗਤ) ਪੈਦਾ ਕਰ ਕੇ (ਉਸ ਦੀ) ਸੰਭਾਲ (ਭੀ) ਕਰਦਾ ਹੈਂ, ਤੂੰ (ਹਰੇਕ ਦੇ ਦਿਲ ਦੀ) ਜਾਣਦਾ ਭੀ ਹੈਂ।

ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥੩॥

(ਹੇ ਭਾਈ!) ਕਰਤਾਰ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ (ਤੇ ਜੀਵਾਂ ਪਾਸੋਂ) ਕਰਾਂਦਾ ਹੈ, ਗੁਰੂ ਦੀ ਮਤਿ ਦੀ ਰਾਹੀਂ ਆਪ ਹੀ ਜੀਵਾਂ ਨੂੰ ਆਪਣੇ ਵਿਚ ਮਿਲਾਂਦਾ ਹੈ ॥੩॥

ਕਾਮਣਿ ਗੁਣਵੰਤੀ ਹਰਿ ਪਾਏ ॥

ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾਂਦੀ ਹੈ ਉਹ ਪਰਮਾਤਮਾ ਨੂੰ ਮਿਲ ਪੈਂਦੀ ਹੈ।

ਭੈ ਭਾਇ ਸੀਗਾਰੁ ਬਣਾਏ ॥

ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ, ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ (ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ) ਸਿੰਗਾਰ ਬਣਾਂਦੀ ਹੈ।

ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥੪॥

ਉਹ ਗੁਰੂ ਨੂੰ ਆਸਰਾ-ਪਰਨਾ ਬਣਾ ਕੇ ਸਦਾ ਲਈ ਖਸਮ-ਪ੍ਰਭੂ ਵਾਲੀ ਬਣ ਜਾਂਦੀ ਹੈ, ਉਹ ਪ੍ਰਭੂ-ਮਿਲਾਪ ਵਾਲੇ ਗੁਰ-ਉਪਦੇਸ਼ ਵਿਚ ਲੀਨ ਰਹਿੰਦੀ ਹੈ ॥੪॥

ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥

ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਭੁਲਾ ਦੇਂਦੇ ਹਨ ਉਹਨਾਂ ਨੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕੋਈ ਥਾਂ-ਥਿੱਤਾ ਨਹੀਂ ਮਿਲਦਾ। ਉਹ (-ਮਾਇਆ-ਮੋਹ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।

ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ ॥

ਜਿਵੇਂ ਕੋਈ ਕਾਂ ਕਿਸੇ ਉੱਜੜੇ ਘਰ ਵਿਚ (ਜਾ ਕੇ ਖਾਣ ਲਈ ਕੁਝ ਨਹੀਂ ਲੱਭ ਸਕਦਾ, ਤਿਵੇਂ ਗੁਰ-ਸ਼ਬਦ ਨੂੰ ਭੁਲਾਣ ਵਾਲੇ ਬੰਦੇ ਆਤਮਕ ਜੀਵਨ ਵੱਲੋਂ ਖ਼ਾਲੀ-ਹੱਥ ਹੀ ਰਹਿੰਦੇ ਹਨ)।

ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥੫॥

ਉਹ ਮਨੁੱਖ ਇਹ ਲੋਕ ਤੇ ਪਰਲੋਕ ਦੋਵੇਂ ਹੀ ਜ਼ਾਇਆ ਕਰ ਲੈਂਦੇ ਹਨ, ਉਹਨਾਂ ਦੀ ਉਮਰ ਸਦਾ ਦੁੱਖ ਵਿਚ ਹੀ ਬੀਤਦੀ ਹੈ ॥੫॥

ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥

(ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਲੇਖੇ) ਲਿਖਦੇ ਲਿਖਦੇ (ਅਨੇਕਾਂ) ਕਾਗ਼ਜ਼ ਤੇ (ਬੇਅੰਤ) ਸਿਆਹੀ ਮੁਕਾ ਲੈਂਦੇ ਹਨ,

ਦੂਜੈ ਭਾਇ ਸੁਖੁ ਪਾਏ ਨ ਕੋਈ ॥

ਪਰ ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕਿਸੇ ਨੇ ਕਦੇ ਆਤਮਕ ਆਨੰਦ ਨਹੀਂ ਮਾਣਿਆ।

ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥੬॥

ਉਹ ਮਾਇਆ ਦਾ ਹੀ ਲੇਖਾ ਲਿਖਦੇ ਰਹਿੰਦੇ ਹਨ, ਅਤੇ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਹਨ, ਉਹ ਸਦਾ ਖਿੱਝਦੇ ਹੀ ਰਹਿੰਦੇ ਹਨ ਕਿਉਂਕਿ ਉਹ ਨਾਸਵੰਤ ਮਾਇਆ ਵਿਚ ਹੀ ਆਪਣਾ ਮਨ ਜੋੜੀ ਰੱਖਦੇ ਹਨ ॥੬॥

ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥

ਗੁਰੂ ਦੀ ਸਰਨ ਵਿਚ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਲਿਖਦੇ ਹਨ, ਪਰਮਾਤਮਾ ਦੇ ਗੁਣਾਂ ਦਾ ਵਿਚਾਰ ਲਿਖਦੇ ਹਨ।

ਸੇ ਜਨ ਸਚੇ ਪਾਵਹਿ ਮੋਖ ਦੁਆਰੁ ॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦੇ ਹਨ।

ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥੭॥

ਉਹਨਾਂ ਮਨੁੱਖਾਂ ਦਾ ਕਾਗ਼ਜ਼ ਸਫਲ ਹੈ, ਉਹਨਾਂ ਦੀ ਕਲਮ ਸਫਲ ਹੈ, ਦਵਾਤ ਭੀ ਸਫਲ ਹੈ, ਜੇਹੜੇ ਸਦਾ-ਥਿਰ ਪ੍ਰਭੂ ਦਾ ਨਾਮ ਲਿਖ ਲਿਖ ਕੇ ਸਦਾ-ਥਿਰ ਪ੍ਰਭੂ ਦੇ ਵਿਚ ਹੀ ਲੀਨ ਰਹਿੰਦੇ ਹਨ ॥੭॥

ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ ॥

(ਹੇ ਭਾਈ!) ਮੇਰਾ ਪਰਮਾਤਮਾ (ਸਭ ਜੀਵਾਂ ਦੇ) ਅੰਦਰ ਬੈਠਾ (ਹਰੇਕ ਦੀ) ਸੰਭਾਲ ਕਰਦਾ ਹੈ।

ਗੁਰਪਰਸਾਦੀ ਮਿਲੈ ਸੋਈ ਜਨੁ ਲੇਖੈ ॥

ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੇ ਚਰਨਾਂ ਵਿਚ ਜੁੜਦਾ ਹੈ, ਉਹੀ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਪਰਵਾਨ ਹੁੰਦਾ ਹੈ।

ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥

ਹੇ ਨਾਨਕ! ਪਰਮਾਤਮਾ ਦਾ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਜਿਸ ਨੂੰ ਨਾਮ ਮਿਲ ਜਾਂਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪ੍ਰਾਪਤ ਕਰਦਾ ਹੈ ॥੮॥੨੨॥੨੩॥


ਮਾਝ ਮਹਲਾ ੩ ॥
ਆਤਮ ਰਾਮ ਪਰਗਾਸੁ ਗੁਰ ਤੇ ਹੋਵੈ ॥

ਗੁਰੂ ਪਾਸੋਂ ਹੀ ਮਨੁੱਖ ਨੂੰ ਇਹ ਚਾਨਣ ਹੋ ਸਕਦਾ ਹੈ ਕਿ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਕ ਹੈ।

ਹਉਮੈ ਮੈਲੁ ਲਾਗੀ ਗੁਰਸਬਦੀ ਖੋਵੈ ॥

ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਮਨ ਨੂੰ) ਲੱਗੀ ਹੋਈ ਹਉਮੈ ਦੀ ਮੈਲ ਧੋ ਸਕਦਾ ਹੈ।

ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥

ਜਿਸ ਮਨੁੱਖ ਦਾ ਮਨ ਮਲ-ਰਹਿਤ ਹੋ ਜਾਂਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਭਗਤੀ ਕਰ ਕਰ ਕੇ ਉਹ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਕਰ ਲੈਂਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ।

ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥

ਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ ॥

ਆਪੇ ਕਰਤਾ ਕਾਰਣੁ ਕਰਾਏ ॥

ਕਰਤਾਰ ਆਪ ਹੀ (ਜੀਵਾਂ ਪਾਸੋਂ ਭਗਤੀ ਕਰਾਣ ਦਾ) ਸਬੱਬ ਪੈਦਾ ਕਰਦਾ ਹੈ।

ਜਿਤੁ ਭਾਵੈ ਤਿਤੁ ਕਾਰੈ ਲਾਏ ॥

(ਕਿਉਂਕਿ) ਉਹ ਜੀਵਾਂ ਨੂੰ ਉਸ ਕੰਮ ਵਿਚ ਲਾਂਦਾ ਹੈ ਜਿਸ ਵਿਚ ਲਾਣਾ ਉਸ ਨੂੰ ਚੰਗਾ ਲੱਗਦਾ ਹੈ।

ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥

ਵੱਡੀ ਕਿਸਮਤਿ ਨਾਲ ਹੀ ਜੀਵ ਪਾਸੋਂ ਗੁਰੂ ਦਾ ਆਸਰਾ ਲਿਆ ਜਾ ਸਕਦਾ ਹੈ। ਗੁਰੂ ਦਾ ਆਸਰਾ ਲੈ ਕੇ (ਵਡ-ਭਾਗੀ) ਮਨੁੱਖ ਆਤਮਕ ਆਨੰਦ ਮਾਣਦਾ ਹੈ ॥੨॥

ਮਰਿ ਮਰਿ ਜੀਵੈ ਤਾ ਕਿਛੁ ਪਾਏ ॥

ਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤੇ ਆਤਮਕ ਜੀਵਨ ਹਾਸਲ ਕਰਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣਦਾ ਹੈ।

ਗੁਰਪਰਸਾਦੀ ਹਰਿ ਮੰਨਿ ਵਸਾਏ ॥

(ਤਦੋਂ) ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ।

ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥

ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਹ ਸਦਾ (ਹਉਮੈ ਆਦਿਕ ਵਿਕਾਰਾਂ ਤੋਂ) ਆਜ਼ਾਦ ਰਹਿਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿਂਦਾ ਹੈ ॥੩॥

ਬਹੁ ਕਰਮ ਕਮਾਵੈ ਮੁਕਤਿ ਨ ਪਾਏ ॥

(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ।

ਦੇਸੰਤਰੁ ਭਵੈ ਦੂਜੈ ਭਾਇ ਖੁਆਏ ॥

ਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ।

ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥

(ਅਸਲ ਵਿਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ ॥੪॥

ਧਾਵਤੁ ਰਾਖੈ ਠਾਕਿ ਰਹਾਏ ॥

ਜੇਹੜਾ ਮਨੁੱਖ (ਵਿਕਾਰਾਂ ਵਲ) ਦੌੜਦੇ ਮਨ ਦੀ ਰਾਖੀ ਕਰਦਾ ਹੈ (ਇਸ ਨੂੰ ਵਿਕਾਰਾਂ ਵਲੋਂ) ਰੋਕ ਕੇ ਰੱਖਦਾ ਹੈ,

ਗੁਰਪਰਸਾਦੀ ਪਰਮ ਪਦੁ ਪਾਏ ॥

ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।

ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥

ਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੫॥

ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥

ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ।

ਦੂਜੈ ਭਾਇ ਬਿਰਥਾ ਜਨਮੁ ਗਵਾਏ ॥

(ਤੇ ਇਸ ਤਰ੍ਹਾਂ ਸਦਾ) ਮਾਇਆ ਦੇ ਮੋਹ ਵਿਚ ਹੀ ਰਹਿ ਕੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ।

ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥

ਉਹ ਆਪ ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੬॥

ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥

(ਆਮ ਤੌਰ ਤੇ ਹਰੇਕ ਮਨੁੱਖ ਮਾਇਕ ਪਦਾਰਥਾਂ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ) ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਇਸ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ।

ਭਾਇ ਭਗਤਿ ਜਾ ਹਉਮੈ ਸੋਖੈ ॥

(ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਟਿਕ ਕੇ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ।

ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥

ਪੁੱਗੇ ਹੋਈ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਮੋਨ-ਧਾਰੀ ਸਾਧੂ ਸੁਰਤ ਜੋੜਨ ਦੇ ਜਤਨ ਕਰਦੇ ਹਨ, ਪਰ ਉਹ ਭੀ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ ॥੭॥

ਆਪਿ ਕਰਾਏ ਕਰਤਾ ਸੋਈ ॥

(ਪਰ ਜੀਵਾਂ ਦੇ ਕੀਹ ਵੱਸ? ਮਨ ਨੂੰ ਕਾਬੂ ਕਰਨ ਦਾ ਤੇ ਭਗਤੀ ਵਿਚ ਜੁੜਨ ਦਾ ਉੱਦਮ) ਉਹ ਕਰਤਾਰ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।

ਹੋਰੁ ਕਿ ਕਰੇ ਕੀਤੈ ਕਿਆ ਹੋਈ ॥

(ਆਪਣੇ ਆਪ) ਕੋਈ ਜੀਵ ਕੀਹ ਕਰ ਸਕਦਾ ਹੈ? ਕਰਤਾਰ ਦੇ ਪੈਦਾ ਕੀਤੇ ਹੋਏ ਇਹ ਜੀਵ ਪਾਸੋਂ ਆਪਣੇ ਉੱਦਮ ਨਾਲ ਕੁੱਝ ਨਹੀਂ ਹੋ ਸਕਦਾ ਹੈ।

ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥

ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹੀ ਨਾਮ ਸਿਮਰ ਸਕਦਾ ਹੈ , ਉਸ ਸਦਾ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੮॥੨੩॥੨੪॥


ਮਾਝ ਮਹਲਾ ੩ ॥
ਇਸੁ ਗੁਫਾ ਮਹਿ ਅਖੁਟ ਭੰਡਾਰਾ ॥

(ਜੋਗੀ ਲੋਕ ਪਹਾੜਾਂ ਦੀਆਂ ਗੁਫ਼ਾਂ ਵਿਚ ਬੈਠ ਕੇ ਆਤਮਕ ਸ਼ਕਤੀਆਂ ਪ੍ਰਾਪਤ ਕਰਨ ਦੇ ਜਤਨ ਕਰਦੇ ਹਨ, ਪਰ) ਇਸ ਸਰੀਰ ਗੁਫ਼ਾ ਵਿਚ (ਆਤਮਕ ਗੁਣਾਂ ਦੇ ਇਤਨੇ) ਖ਼ਜ਼ਾਨੇ (ਭਰੇ ਹੋਏ ਹਨ ਜੋ) ਮੁੱਕਣ ਜੋਗੇ ਨਹੀਂ,

ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ ॥

(ਕਿਉਂਕਿ ਸਾਰੇ ਗੁਣਾਂ ਦਾ ਮਾਲਕ) ਅਦ੍ਰਿਸ਼ਟ ਅਤੇ ਬੇਅੰਤ ਹਰੀ ਇਸ ਸਰੀਰ ਵਿਚ ਹੀ ਵੱਸਦਾ ਹੈ।

ਆਪੇ ਗੁਪਤੁ ਪਰਗਟੁ ਹੈ ਆਪੇ ਗੁਰਸਬਦੀ ਆਪੁ ਵੰਞਾਵਣਿਆ ॥੧॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ ਉਹਨਾਂ ਨੂੰ ਦਿੱਸ ਪੈਂਦਾ ਹੈ ਕਿ ਉਹ ਪਰਮਾਤਮਾ ਆਪ ਹੀ ਹਰ ਥਾਂ ਵੱਸ ਰਿਹਾ ਹੈ, ਕਿਸੇ ਨੂੰ ਪਰਤੱਖ ਨਜ਼ਰੀ ਆ ਜਾਂਦਾ ਹੈ, ਕਿਸੇ ਨੂੰ ਲੁਕਿਆ ਹੋਇਆ ਹੀ ਪ੍ਰਤੀਤ ਹੁੰਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥

(ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਤੇ ਕੁਰਬਾਨ ਜਾਂਦਾ ਹਾਂ ਜੇਹੜੇ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਆਪਣੇ ਮਨ ਵਿਚ ਵਸਾਂਦੇ ਹਨ।

ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥

ਆਤਮਕ ਜੀਵਨ ਦਾਤਾ ਹਰਿ ਨਾਮ ਬਹੁਤ ਰਸ ਵਾਲਾ ਤੇ ਮਿੱਠਾ ਹੈ। ਗੁਰੂ ਦੀ ਮਤਿ ਤੇ ਤੁਰਿਆਂ ਹੀ ਇਹ ਨਾਮ ਅੰਮ੍ਰਿਤ ਪੀਤਾ ਜਾ ਸਕਦਾ ਹੈ ॥੧॥ ਰਹਾਉ ॥

ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥

ਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਮਾਰ ਕੇ (ਹਉਮੈ ਦੇ) ਕਰੜੇ ਭਿੱਤ ਖੋਹਲ ਲਏ ਹਨ,

ਨਾਮੁ ਅਮੋਲਕੁ ਗੁਰਪਰਸਾਦੀ ਪਾਇਆ ॥

ਉਸ ਨੇ ਗੁਰੂ ਦੀ ਕਿਰਪਾ ਨਾਲ ਉਹ ਨਾਮ ਅੰਮ੍ਰਿਤ (ਅੰਦਰੋਂ ਹੀ) ਲੱਭ ਲਿਆ ਜੋ ਕਿਸੇ (ਦੁਨਿਆਵੀ ਪਦਾਰਥ ਦੇ ਵੱਟੇ) ਮੁੱਲ ਨਹੀਂ ਮਿਲਦਾ।

ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ ॥੨॥

ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ ਨਾਮ ਅੰਮ੍ਰਿਤ ਪ੍ਰਾਪਤ ਨਹੀਂ ਕਰ ਸਕਦਾ, ਗੁਰੂ ਦੀ ਕਿਰਪਾ ਨਾਲ ਹੀ (ਹਰਿ ਨਾਮ) ਮਨ ਵਿਚ ਵਸਾਇਆ ਜਾ ਸਕਦਾ ਹੈ ॥੨॥

ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥

ਜਿਸ ਮਨੁੱਖ ਨੇ ਗੁਰੂ ਤੋਂ ਗਿਆਨ ਦਾ ਸਦਾ-ਥਿਰ ਰਹਿਣ ਵਾਲਾ ਸੁਰਮਾ (ਆਪਣੀਆਂ ਆਤਮਕ) ਅੱਖਾਂ ਵਿਚ ਪਾਇਆ ਹੈ,

ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥

ਉਸ ਦੇ ਅੰਦਰ (ਆਤਮਕ) ਚਾਨਣ ਹੋ ਗਿਆ ਹੈ, ਉਸ ਨੇ (ਆਪਣੇ ਅੰਦਰੋਂ) ਅਗਿਆਨ-ਹਨੇਰਾ ਦੂਰ ਕਰ ਲਿਆ ਹੈ।

ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥

ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ ॥੩॥

ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥

(ਪਰ ਜੇ ਕੋਈ ਮਨੁੱਖ ਆਪਣੇ) ਸਰੀਰ ਤੋਂ ਬਾਹਰ (ਜੰਗਲ ਵਿੱਚ ਪਹਾੜਾਂ ਦੀਆਂ ਗੁਫ਼ਾਂ ਵਿੱਚ ਇਸ ਆਤਮਕ ਚਾਨਣ ਨੂੰ) ਲੱਭਣ ਜਾਂਦਾ ਹੈ,

ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥

ਉਸ ਨੂੰ (ਇਹ ਆਤਮਕ ਚਾਨਣ ਦੇਣ ਵਾਲਾ) ਹਰਿ ਨਾਮ ਤਾ ਨਹੀਂ ਲੱਭਦਾ, ਉਹ (ਵਿਗਾਰ ਵਿਚ ਫਸੇ ਕਿਸੇ) ਵਿਗਾਰੀ ਵਾਂਗ ਦੁੱਖ ਹੀ ਪਾਂਦਾ ਹੈ।

ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ ॥੪॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਮਝ ਨਹੀਂ ਪੈਂਦੀ। (ਜੰਗਲਾਂ ਪਹਾੜਾਂ ਵਿਚ ਖ਼ੁਆਰ ਹੋ ਹੋ ਕੇ) ਆਖ਼ਰ ਉਹ ਆ ਕੇ ਗੁਰੂ ਦੀ ਸ਼ਰਨ ਪੈ ਕੇ ਨਾਮ ਅੰਮ੍ਰਿਤ ਪ੍ਰਾਪਤ ਕਰਦਾ ਹੈ ॥੪॥

ਗੁਰਪਰਸਾਦੀ ਸਚਾ ਹਰਿ ਪਾਏ ॥

ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰਦਾ ਹੈ,

ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥

ਤਾ ਉਹ ਆਪਣੇ ਮਨ ਵਿਚ (ਹੀ) ਆਪਣੇ ਤਨ ਵਿਚ (ਹੀ) ਉਸ ਦਾ ਦਰਸਨ ਕਰ ਲੈਂਦਾ ਹੈ, ਤੇ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ।

ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥੫॥

ਆਪਣੇ ਸੁੱਧ ਹੋਏ ਹਿਰਦੇ ਥਾਂ ਵਿਚ ਹੀ ਬੈਠ ਕੇ (ਭਟਕਣਾ ਰਹਿਤ ਹੋ ਕੇ) ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ॥੫॥

ਨਉ ਦਰ ਠਾਕੇ ਧਾਵਤੁ ਰਹਾਏ ॥

ਜਿਸ ਮਨੁੱਖ ਨੇ ਆਪਣੇ ਨੌ ਦਰਵਾਜ਼ਾ (ਨੌ ਗੋਲਕਾਂ) (ਵਿਕਾਰਾਂ ਦੇ ਪ੍ਰਭਾਵ ਵਾਲੇ ਪਾਸੇ ਵੱਲੋਂ) ਬੰਦ ਕਰ ਲਏ ਹਨ, ਜਿਸ ਨੇ (ਵਿਕਾਰਾਂ ਵਲ) ਦੌੜਦਾ ਆਪਣਾ ਮਨ ਕਾਬੂ ਕਰ ਲਿਆ ਹੈ,

ਦਸਵੈ ਨਿਜ ਘਰਿ ਵਾਸਾ ਪਾਏ ॥

ਉਸ ਨੇ ਆਪਣੇ ਚਿਤ ਆਕਾਸ਼ ਦੀ ਰਾਹੀਂ (ਆਪਣੀ ਉੱਚੀ ਹੋਈ ਸੁਰਤ ਦੀ ਰਾਹੀਂ) ਆਪਣੇ ਅਸਲ ਘਰ ਵਿਚ (ਪ੍ਰਭੂ ਚਰਨਾਂ ਵਿਚ) ਨਿਵਾਸ ਪ੍ਰਾਪਤ ਕਰ ਲਿਆ ਹੈ।

ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥੬॥

ਉਸ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਅੰਦਰ (ਹਿਰਦੇ ਵਿਚ) ਸਦਾ ਇਕ-ਰਸ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਉਹ ਦਿਨ ਰਾਤ ਗੁਰੂ ਦੀ ਮਤਿ ਤੇ ਤੁਰ ਕੇ ਸਿਫ਼ਤ-ਸਾਲਾਹ ਦੀ ਬਾਣੀ ਨੂੰ ਹੀ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ ॥੬॥

ਬਿਨੁ ਸਬਦੈ ਅੰਤਰਿ ਆਨੇਰਾ ॥

ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਹਨੇਰਾ ਬਣਿਆ ਰਹਿੰਦਾ ਹੈ,

ਨ ਵਸਤੁ ਲਹੈ ਨ ਚੂਕੈ ਫੇਰਾ ॥

ਜਿਸ ਕਰਕੇ ਉਸ ਨੂੰ ਆਪਣੇ ਅੰਦਰੋਂ ਨਾਮ ਪਦਾਰਥ ਨਹੀਂ ਲੱਭਦਾ ਤੇ ਉਸ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।

ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥

(ਮੋਹ ਦੇ ਬੱਜਰ ਕਵਾੜ ਖੋਹਲਣ ਲਈ) ਕੁੰਜੀ ਗੁਰੂ ਦੇ ਹੱਥ ਵਿਚ ਹੀ ਹੈ, ਕਿਸੇ ਹੋਰ ਵਸੀਲੇ ਨਾਲ ਉਹ ਦਰਵਾਜ਼ਾ ਨਹੀਂ ਖੁਲ੍ਹਦਾ। ਤੇ, ਗੁਰੂ ਭੀ ਵੱਡੀ ਕਿਸਮਤਿ ਨਾਲ ਹੀ ਮਿਲਦਾ ਹੈ ॥੭॥

ਗੁਪਤੁ ਪਰਗਟੁ ਤੂੰ ਸਭਨੀ ਥਾਈ ॥

ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ, (ਕਿਸੇ ਨੂੰ) ਪਰਤੱਖ (ਦਿੱਸ ਪੈਂਦਾ ਹੈਂ ਕਿਸੇ ਦੇ ਭਾ ਦਾ) ਲੁਕਿਆ ਹੋਇਆ ਹੈਂ।

ਗੁਰਪਰਸਾਦੀ ਮਿਲਿ ਸੋਝੀ ਪਾਈ ॥

(ਤੇਰੇ ਸਰਬ ਵਿਆਪਕ ਹੋਣ ਦੀ) ਸਮਝ ਗੁਰੂ ਦੀ ਕਿਰਪਾ ਨਾਲ (ਤੈਨੂੰ) ਮਿਲ ਕੇ ਹੁੰਦੀ ਹੈ।

ਨਾਨਕ ਨਾਮੁ ਸਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥

ਹੇ ਨਾਨਕ! ਤੂੰ (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ॥੮॥੨੪॥੨੫॥


ਮਾਝ ਮਹਲਾ ੩ ॥
ਗੁਰਮੁਖਿ ਮਿਲੈ ਮਿਲਾਏ ਆਪੇ ॥

ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ ਆਪ ਹੀ ਉਸ ਨੂੰ ਗੁਰੂ ਮਿਲਾਂਦਾ ਹੈ।

ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥

(ਅਜੇਹੇ ਮਨੁੱਖ ਨੂੰ) ਆਤਮਕ ਮੌਤ ਆਪਣੀ ਤੱਕ ਵਿਚ ਨਹੀਂ ਰੱਖਦੀ, ਉਸ ਨੂੰ ਕੋਈ ਦੁੱਖ ਕਲੇਸ਼ ਸਤਾ ਨਹੀਂ ਸਕਦਾ।

ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥

ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਤੋੜ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥

ਮੈਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਆਪਣਾ ਜੀਵਨ ਸੁੰਦਰ ਬਣਾ ਲੈਂਦਾ ਹੈ।

ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ (ਨਾਮ ਸਿਮਰਨ ਦੇ) ਹੁਲਾਰੇ ਵਿਚ ਆਇਆ ਰਹਿੰਦਾ ਹੈ, ਗੁਰੂ ਦਾ ਆਸਰਾ ਰੱਖਣ ਵਾਲਾ ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਮਨ ਜੋੜੀ ਰੱਖਦਾ ਹੈ ॥੧॥ ਰਹਾਉ ॥

ਗੁਰਮੁਖਿ ਜੀਵੈ ਮਰੈ ਪਰਵਾਣੁ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੇ ਹਉਮੈ ਵਲੋਂ ਮਰਿਆ ਰਹਿੰਦਾ ਹੈ (ਇਸ ਤਰ੍ਹਾਂ ਉਹ ਪ੍ਰਭੂ ਦੀਆਂ ਨਜਰਾਂ ਵਿਚ) ਕਬੂਲ ਹੋ ਜਾਂਦਾ ਹੈ।

ਆਰਜਾ ਨ ਛੀਜੈ ਸਬਦੁ ਪਛਾਣੁ ॥

ਉਸ ਦੀ ਉਮਰ ਵਿਅਰਥ ਨਹੀਂ ਜਾਂਦੀ, ਗੁਰੂ ਦਾ ਸ਼ਬਦ ਉਸ ਦਾ ਜੀਵਨ-ਸਾਥੀ ਬਣਿਆ ਰਹਿੰਦਾ ਹੈ।

ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥੨॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ। ਆਤਮਕ ਮੌਤ ਉਸ ਉੱਤੇ ਜ਼ੋਰ ਨਹੀਂ ਪਾ ਸਕਦੀ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੨॥

ਗੁਰਮੁਖਿ ਹਰਿ ਦਰਿ ਸੋਭਾ ਪਾਏ ॥

ਗੁਰੂ ਦੇ ਆਸਰੇ ਪਰਨੇ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ।

ਗੁਰਮੁਖਿ ਵਿਚਹੁ ਆਪੁ ਗਵਾਏ ॥

ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰੀ ਰੱਖਦਾ ਹੈ।

ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥੩॥

ਉਹ ਆਪ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ (ਭੀ) ਪਾਰ ਲੰਘਾ ਲੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣਾ ਜੀਵਨ ਸਵਾਰ ਲੈਂਦਾ ਹੈ ॥੩॥

ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥

ਜੇਹੜਾ ਮਨੁੱਖ ਗੁਰੂ ਦੀ ਸਰਨ ਲੈਂਦਾ ਹੈ, ਉਸ ਦੇ ਸਰੀਰ ਵਿਚ ਕਦੇ ਹਉਮੈ ਦਾ ਰੋਗ ਨਹੀਂ ਲੱਗਦਾ।

ਗੁਰਮੁਖਿ ਹਉਮੈ ਚੂਕੈ ਪੀਰ ॥

ਉਸ ਦੇ ਅੰਦਰੋਂ ਹਉਮੈ ਦੀ ਪੀੜ ਖ਼ਤਮ ਹੋ ਜਾਂਦੀ ਹੈ।

ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥੪॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਹਉਮੈ ਦੀ ਮੈਲ ਤੋਂ ਸਾਫ਼ ਰਹਿੰਦਾ ਹੈ, (ਗੁਰੂ ਦਾ ਆਸਰਾ ਲੈਣ ਕਰਕੇ ਉਸ ਨੂੰ) ਫਿਰ (ਹਉਮੈ ਦੀ) ਮੈਲ ਨਹੀਂ ਚੰਬੜਦੀ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥

ਗੁਰਮੁਖਿ ਨਾਮੁ ਮਿਲੈ ਵਡਿਆਈ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।

ਗੁਰਮੁਖਿ ਗੁਣ ਗਾਵੈ ਸੋਭਾ ਪਾਈ ॥

ਉਹ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ (ਹਰ ਥਾਂ) ਸੋਭਾ ਖੱਟਦਾ ਹੈ।

ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥੫॥

ਗੁਰੂ ਦੇ ਦਰ ਤੇ ਟਿਕੇ ਰਹਿਣ ਨਾਲ ਮਨੁੱਖ ਸਦਾ ਦਿਨ ਰਾਤ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਕਾਰ ਕਰਦਾ ਹੈ ॥੫॥

ਗੁਰਮੁਖਿ ਅਨਦਿਨੁ ਸਬਦੇ ਰਾਤਾ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ।

ਗੁਰਮੁਖਿ ਜੁਗ ਚਾਰੇ ਹੈ ਜਾਤਾ ॥

ਸਦਾ ਤੋਂ ਹੀ ਇਹ ਨਿਯਮ ਹੈ ਕਿ ਗੁਰੂ ਦੇ ਦਰ ਤੇ ਰਹਿਣ ਵਾਲਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ।

ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥੬॥

ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਬਣਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ ॥੬॥

ਬਾਝੁ ਗੁਰੂ ਹੈ ਅੰਧ ਅੰਧਾਰਾ ॥

ਗੁਰੂ ਦੀ ਸਰਨ ਤੋਂ ਬਿਨਾ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਛਾਇਆ ਰਹਿੰਦਾ ਹੈ।

ਜਮਕਾਲਿ ਗਰਠੇ ਕਰਹਿ ਪੁਕਾਰਾ ॥

(ਇਸ ਹਨੇਰੇ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਨੇ ਗ੍ਰਸ ਲਿਆ ਹੁੰਦਾ ਹੈ ਉਹ (ਦੁਖੀ ਹੋ ਹੋ ਕੇ) ਪੁਕਾਰਾਂ ਕਰਦੇ ਰਹਿੰਦੇ ਹਨ (ਦੁੱਖਾਂ ਦੇ ਗਿਲੇ ਕਰਦੇ ਰਹਿੰਦੇ ਹਨ)।

ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥੭॥

ਉਹ ਹਰ ਵੇਲੇ ਵਿਕਾਰਾਂ ਦੇ ਰੋਗ ਵਿਚ ਫਸੇ ਰਹਿੰਦੇ ਹਨ ਤੇ ਦੁੱਖ ਸਹਿੰਦੇ ਰਹਿੰਦੇ ਹਨ ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਕੁਰਬਲ ਕੁਰਬਲ ਕਰਦੇ ਰਹਿੰਦੇ ਹਨ ॥੭॥

ਗੁਰਮੁਖਿ ਆਪੇ ਕਰੇ ਕਰਾਏ ॥

ਜੇਹੜਾ ਮਨੁੱਖ ਗੁਰੂ ਦੀ ਸਰਨ ਵਿਚ ਰਹਿੰਦਾ ਹੈ, ਉਸ ਨੂੰ ਫਿਰ ਇਹ ਨਿਸਚਾ ਹੋ ਜਾਂਦਾ ਹੈ ਕਿ (ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ।

ਗੁਰਮੁਖਿ ਹਿਰਦੈ ਵੁਠਾ ਆਪਿ ਆਏ ॥

ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵਸਦਾ ਹੈ,

ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥

ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ, ਤੇ (ਪ੍ਰਭੂ ਦਾ ਨਾਮ) ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ॥੮॥੨੫॥੨੬॥


ਮਾਝ ਮਹਲਾ ੩ ॥
ਏਕਾ ਜੋਤਿ ਜੋਤਿ ਹੈ ਸਰੀਰਾ ॥

ਸਭ ਸਰੀਰਾਂ ਵਿਚ ਪਰਮਾਤਮਾ ਦੀ ਹੀ ਜੋਤਿ ਵਿਆਪਕ ਹੈ, (ਅਜਿਹਾ ਨਿਸਚਾ)

ਸਬਦਿ ਦਿਖਾਏ ਸਤਿਗੁਰੁ ਪੂਰਾ ॥

ਪੂਰਾ ਗੁਰੂ ਆਪਣੇ ਸ਼ਬਦ ਵਿਚ ਜੋੜ ਕੇ (ਸਰਨ ਆਏ ਮਨੁੱਖ ਨੂੰ) ਵਿਖਾ ਦੇਂਦਾ ਹੈ।

ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥੧॥

ਪਰਮਾਤਮਾ ਨੇ ਆਪ ਹੀ ਸਭ ਜੀਵਾਂ ਦੀ ਬਨਾਵਟ ਬਣਾਈ ਹੈ (ਪੈਦਾ ਕੀਤੇ ਹਨ) ਤੇ ਆਪ ਹੀ ਉਸ ਨੇ ਸਾਰੇ ਸਰੀਰਾਂ ਵਿਚ (ਆਤਮਕ ਜੀਵਨ ਦਾ) ਫ਼ਰਕ ਬਣਾਇਆ ਹੋਇਆ ਹੈ ॥੧॥

ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ ॥

ਮੈਂ ਸਦਾ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।

ਬਾਝੁ ਗੁਰੂ ਕੋ ਸਹਜੁ ਨ ਪਾਏ ਗੁਰਮੁਖਿ ਸਹਜਿ ਸਮਾਵਣਿਆ ॥੧॥ ਰਹਾਉ ॥

(ਆਤਮਕ ਅਡੋਲਤਾ ਵਿਚ ਰਹਿ ਕੇ ਹੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤੇ) ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ ਆਤਮਕ ਅਡੋਲਤਾ ਹਾਸਲ ਨਹੀਂ ਕਰ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥

ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ ॥

ਹੇ ਕਰਤਾਰ! ਤੂੰ ਆਪ ਹੀ (ਜਗਤ ਰਚ ਕੇ ਜਗਤ-ਰਚਨਾ ਦੀ ਰਾਹੀਂ ਆਪਣੀ) ਸੁੰਦਰਤਾ ਵਿਖਾ ਰਿਹਾ ਹੈਂ, ਤੇ (ਉਸ ਸੁੰਦਰਤਾ ਨਾਲ) ਤੂੰ ਆਪ ਹੀ ਜਗਤ ਨੂੰ ਮੋਹਿਤ ਕਰਦਾ ਹੈਂ।

ਤੂੰ ਆਪੇ ਨਦਰੀ ਜਗਤੁ ਪਰੋਵਹਿ ॥

ਤੂੰ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ ਜਗਤ ਨੂੰ (ਆਪਣੀ ਕਾਇਮ ਕੀਤੀ ਮਰਯਾਦਾ ਦੇ ਧਾਗੇ ਵਿਚ) ਪ੍ਰੋਈ ਰੱਖਦਾ ਹੈਂ।

ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ ॥੨॥

ਹੇ ਕਰਤਾਰ! ਤੂੰ ਆਪ ਹੀ ਜੀਵਾਂ ਨੂੰ ਦੁਖ ਦੇਂਦਾ ਹੈਂ ਆਪ ਹੀ ਜੀਵਾਂ ਨੂੰ ਸੁਖ ਦੇਂਦਾ ਹੈਂ, ਹੇ ਹਰੀ! ਗੁਰੂ ਦੀ ਸਰਨ ਪੈਣ ਵਾਲੇ ਬੰਦੇ (ਹਰ ਥਾਂ) ਤੇਰਾ ਦਰਸਨ ਕਰਦੇ ਹਨ ॥੨॥

ਆਪੇ ਕਰਤਾ ਕਰੇ ਕਰਾਏ ॥

(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।

ਆਪੇ ਸਬਦੁ ਗੁਰ ਮੰਨਿ ਵਸਾਏ ॥

ਕਰਤਾਰ ਆਪ ਹੀ ਗੁਰੂ ਦਾ ਸ਼ਬਦ (ਜੀਵਾਂ ਦੇ) ਮਨ ਵਿਚ ਵਸਾਂਦਾ ਹੈ।

ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ ॥੩॥

ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਲਗਨ ਜੀਵਾਂ ਦੇ ਹਿਰਦੇ ਵਿਚ) ਪੈਦਾ ਹੁੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸਿਫ਼ਤ-ਸਾਲਾਹ ਦੀ ਬਾਣੀ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ ॥੩॥

ਆਪੇ ਕਰਤਾ ਆਪੇ ਭੁਗਤਾ ॥

ਕਰਤਾਰ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਦੁਨੀਆ ਦੇ ਪਦਾਰਥ ਭੋਗਣ ਵਾਲਾ ਹੈ।

ਬੰਧਨ ਤੋੜੇ ਸਦਾ ਹੈ ਮੁਕਤਾ ॥

ਕਰਤਾਰ ਆਪ ਹੀ (ਸਾਰੇ ਜੀਵਾਂ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ, ਉਹ ਆਪ ਸਦਾ ਹੀ ਬੰਧਨਾਂ ਤੋਂ ਸੁਤੰਤਰ ਹੈ।

ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ ॥੪॥

ਸਦਾ-ਥਿਰ ਰਹਿਣ ਵਾਲਾ ਕਰਤਾਰ ਆਪ ਸਦਾ ਹੀ ਨਿਰਲੇਪ ਹੈ, ਆਪ ਹੀ ਅਦ੍ਰਿਸ਼ਟ (ਭੀ) ਹੈ, ਤੇ ਆਪ ਹੀ ਆਪਣਾ ਸਰੂਪ (ਜੀਵਾਂ ਨੂੰ) ਵਿਖਾਲਣ ਵਾਲਾ ਹੈ ॥੪॥

ਆਪੇ ਮਾਇਆ ਆਪੇ ਛਾਇਆ ॥

(ਹੇ ਭਾਈ!) ਕਰਤਾਰ ਨੇ ਆਪ ਹੀ ਮਾਇਆ ਪੈਦਾ ਕੀਤੀ ਹੈ, ਉਸ ਨੇ ਆਪ ਹੀ ਮਾਇਆ ਦਾ ਪ੍ਰਭਾਵ ਪੈਦਾ ਕੀਤਾ ਹੈ।

ਆਪੇ ਮੋਹੁ ਸਭੁ ਜਗਤੁ ਉਪਾਇਆ ॥

ਕਰਤਾਰ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ ਤੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ।

ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ ॥੫॥

ਕਰਤਾਰ ਆਪ ਹੀ ਆਪਣੇ ਗੁਣਾਂ ਦੀ ਦਾਤ (ਜੀਵਾਂ ਨੂੰ) ਦੇਣ ਵਾਲਾ ਹੈ, ਆਪ ਹੀ (ਆਪਣੇ) ਗੁਣ (ਜੀਵਾਂ ਵਿਚ ਵਿਆਪਕ ਹੋ ਕੇ) ਗਾਂਦਾ ਹੈ, ਆਪ ਹੀ (ਆਪਣੇ ਗੁਣ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ ॥੫॥

ਆਪੇ ਕਰੇ ਕਰਾਏ ਆਪੇ ॥

(ਹੇ ਭਾਈ! ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਆਪ ਹੀ (ਜੀਵਾਂ ਪਾਸੋਂ) ਕਰਾ ਰਿਹਾ ਹੈ।

ਆਪੇ ਥਾਪਿ ਉਥਾਪੇ ਆਪੇ ॥

ਕਰਤਾਰ ਆਪ ਹੀ ਜਗਤ ਦੀ ਰਚਨਾ ਕਰਕੇ ਆਪ ਹੀ (ਜਗਤ ਦਾ) ਨਾਸ ਕਰਦਾ ਹੈ।

ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥੬॥

(ਹੇ ਪ੍ਰਭੂ! ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਤੂੰ ਆਪ ਹੀ (ਸਭ ਜੀਵਾਂ ਨੂੰ) ਕਾਰ ਵਿਚ ਲਾ ਰਿਹਾ ਹੈਂ ॥੬॥

ਆਪੇ ਮਾਰੇ ਆਪਿ ਜੀਵਾਏ ॥

(ਹੇ ਭਾਈ!) ਪਰਮਾਤਮਾ ਆਪ ਹੀ (ਕਿਸੇ ਜੀਵ ਨੂੰ) ਆਤਮਕ ਮੌਤ ਦੇ ਰਿਹਾ ਹੈ (ਕਿਸੇ ਨੂੰ) ਆਤਮਕ ਜੀਵਨ ਬਖ਼ਸ਼ ਰਿਹਾ ਹੈ।

ਆਪੇ ਮੇਲੇ ਮੇਲਿ ਮਿਲਾਏ ॥

ਪ੍ਰਭੂ ਆਪ ਹੀ (ਜੀਵਾਂ ਨੂੰ ਗੁਰੂ) ਮਿਲਾਂਦਾ ਹੈ ਤੇ (ਗੁਰੂ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ।

ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥੭॥

(ਗੁਰੂ ਦੀ ਦੱਸੀ) ਸੇਵਾ ਕਰਨ ਵਾਲੇ ਨੇ ਸਦਾ ਆਤਮਕ ਅਨੰਦ ਮਾਣਿਆ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੭॥

ਆਪੇ ਊਚਾ ਊਚੋ ਹੋਈ ॥

(ਹੇ ਭਾਈ! ਪਰਮਾਤਮਾ ਆਪਣੀ ਸਮਰੱਥਾ ਨਾਲ) ਆਪ ਹੀ ਮਾਇਆ ਦੇ ਪ੍ਰਭਾਵ ਤੋਂ) ਬਹੁਤ ਹੀ ਉੱਚਾ ਹੈ।

ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ ॥

ਜਿਸ ਕਿਸੇ (ਵਡ-ਭਾਗੀ ਮਨੁੱਖ) ਨੂੰ (ਆਪਣੀ ਇਹ ਸਮਰੱਥਾ) ਪਰਮਾਤਮਾ ਆਪ ਵਿਖਾਲਦਾ ਹੈ ਉਹ ਵੇਖ ਲੈਂਦਾ ਹੈ (ਕਿ ਪ੍ਰਭੂ ਬੜੀਆਂ ਤਾਕਤਾਂ ਵਾਲਾ ਹੈ)।

ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ ॥੮॥੨੬॥੨੭॥

ਹੇ ਨਾਨਕ! (ਪਰਮਾਤਮਾ ਦੀ ਆਪਣੀ ਹੀ ਮਿਹਰ ਨਾਲ ਕਿਸੇ ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਉਸ ਦਾ ਨਾਮ ਵੱਸਦਾ ਹੈ (ਉਸ ਮਨੁੱਖ ਵਿਚ ਪਰਗਟ ਹੋ ਕੇ ਪ੍ਰਭੂ ਆਪ ਹੀ ਆਪਣੇ ਸਰੂਪ ਦਾ) ਦਰਸਨ ਕਰ ਕੇ (ਹੋਰਨਾਂ ਨੂੰ) ਦਰਸਨ ਕਰਾਂਦਾ ਹੈ ॥੮॥੨੬॥੨੭॥


ਮਾਝ ਮਹਲਾ ੩ ॥
ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥

(ਹੇ ਭਾਈ!) ਮੇਰਾ ਪ੍ਰਭੂ ਸਭ ਥਾਵਾਂ ਵਿਚ ਪੂਰਨ ਤੌਰ ਤੇ ਮੌਜੂਦ ਹੈ।

ਗੁਰਪਰਸਾਦੀ ਘਰ ਹੀ ਮਹਿ ਪਾਈ ॥

ਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ।

ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥੧॥

ਮੈਂ ਹੁਣ ਸਦਾ ਉਸ ਨੂੰ ਸਿਮਰਦਾ ਹਾਂ, ਸਦਾ ਇਕਾਗਰ ਮਨ ਹੋ ਕੇ ਉਸਦਾ ਧਿਆਨ ਧਰਦਾ ਹਾਂ। ਜੇਹੜਾ ਭੀ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥

(ਹੇ ਭਾਈ!) ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ।

ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥੧॥ ਰਹਾਉ ॥

ਪਰਮਾਤਮਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਹੈ, ਕਿਸੇ ਦਾ ਉਸ ਨੂੰ ਡਰ ਨਹੀਂ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਜੇਹੜਾ ਮਨੁੱਖ ਦੀ ਮਤਿ ਲੈ ਕੇ ਉਸ ਨੂੰ ਮਨ ਆਪਣੇ ਵਿਚ ਵਸਾਂਦਾ ਹੈ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥ ਰਹਾਉ ॥

ਘਰ ਮਹਿ ਧਰਤੀ ਧਉਲੁ ਪਾਤਾਲਾ ॥

ਜੇਹੜਾ ਪਰਮਾਤਮਾ ਧਰਤੀ ਤੇ ਪਾਤਾਲ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਵਿਚ (ਭੀ) ਵੱਸਦਾ ਹੈ।

ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥

ਉਹ ਪ੍ਰੀਤਮ ਪ੍ਰਭੂ ਸਦਾ ਜਵਾਨ ਰਹਿਣ ਵਾਲਾ ਹੈ ਉਹ ਹਰੇਕ ਹਿਰਦੇ ਵਿਚ ਹੀ ਵੱਸਦਾ ਹੈ।

ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥੨॥

ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਸੁਖਦਾਤੇ ਪ੍ਰਭੂ ਨੂੰ ਸਿਮਰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਮਾਇਆ ਰਹਿਂਦਾ ਹੈ ॥੨॥

ਕਾਇਆ ਅੰਦਰਿ ਹਉਮੈ ਮੇਰਾ ॥

ਪਰ ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪ੍ਰਬਲ ਹੈ ਮਮਤਾ ਪ੍ਰਬਲ ਹੈ,

ਜੰਮਣ ਮਰਣੁ ਨ ਚੂਕੈ ਫੇਰਾ ॥

ਉਸ ਮਨੁੱਖ ਦਾ ਜਨਮ ਮਰਨ-ਰੂਪ ਗੇੜ ਨਹੀਂ ਮੁੱਕਦਾ।

ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥੩॥

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ (ਆਪਣੇ ਅੰਦਰੋਂ) ਹਉਮੈ ਮਾਰ ਲੈਂਦਾ ਹੈ, ਤੇ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਦਾ ਹੈ ॥੩॥

ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥

(ਹਉਮੈ ਦੇ ਪ੍ਰਭਾਵ ਹੇਠ ਰਹਿਣ ਵਾਲੇ ਮਨੁੱਖ ਦੇ) ਸਰੀਰ ਵਿਚ (ਹਉਮੈ ਤੋਂ ਪੈਦਾ ਹੋਏ ਹੋਏ) ਦੋਵੇਂ ਭਰਾ ਪਾਪ ਤੇ ਪੁੰਨ ਵੱਸਦੇ ਹਨ।

ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥

ਇਹਨਾਂ ਦੋਹਾਂ ਨੇ ਹੀ ਮਿਲ ਕੇ ਜਗਤ-ਰਚਨਾ ਕੀਤੀ ਹੈ।

ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥

ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਇਹਨਾਂ ਦੋਹਾਂ (ਦੇ ਪ੍ਰਭਾਵ) ਨੂੰ ਮਾਰਦਾ ਹੈ, ਉਹ ਇਕੋ ਘਰ ਵਿਚ (ਪ੍ਰਭੂ-ਚਰਨਾਂ ਵਿਚ ਹੀ) ਟਿਕ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥

ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥

ਪਰਮਾਤਮਾ ਮਨੁੱਖ ਦੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ ਮਾਇਆ ਦੇ ਪਿਆਰ ਦੇ ਕਾਰਨ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਪਿਆ ਰਹਿੰਦਾ ਹੈ।

ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥

ਜਦੋਂ ਮਨੁੱਖ ਗੁਰੂ ਦੀ ਸਰਨ ਲੈ ਕੇ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦੂਰ ਕਰਦਾ ਹੈ, ਤਦੋਂ (ਇਸ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਆਤਮਕ) ਚਾਨਣ ਹੋ ਜਾਂਦਾ ਹੈ।

ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥੫॥

ਆਤਮਕ ਆਨੰਦ ਦੇਣ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ (ਇਸ ਦੇ ਅੰਦਰ) ਉੱਘੜ ਪੈਂਦੀ ਹੈ, ਤੇ ਇਹ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹੈ ॥੫॥

ਅੰਤਰਿ ਜੋਤਿ ਪਰਗਟੁ ਪਾਸਾਰਾ ॥

ਜਿਸ ਪ੍ਰਭੂ ਜੋਤਿ ਨੇ ਸਾਰਾ ਜਗਤ-ਪਸਾਰਾ ਪਸਾਰਿਆ ਹੈ, ਉਹ ਜਿਸ ਮਨੁੱਖ ਦੇ ਅੰਦਰ ਪਰਗਟ ਹੋ ਜਾਂਦੀ ਹੈ।

ਗੁਰ ਸਾਖੀ ਮਿਟਿਆ ਅੰਧਿਆਰਾ ॥

ਗੁਰੂ ਦੀ ਸਿਖਿਆ ਦੀ ਰਾਹੀਂ ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ।

ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੬॥

ਉਸ ਦਾ ਹਿਰਦਾ-ਕਮਲਫੁੱਲ ਖਿੜ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥

ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥

ਮਨੁੱਖ ਦੇ ਸਰੀਰ ਵਿਚ (ਪਰਮਾਤਮਾ ਦੇ ਗੁਣ-ਰੂਪ) ਰਤਨਾਂ ਦੇ ਖ਼ਜਾਨੇ ਭਰੇ ਪਏ ਹਨ।

ਗੁਰਮੁਖਿ ਪਾਏ ਨਾਮੁ ਅਪਾਰਾ ॥

(ਪਰ ਇਹ ਉਸ ਮਨੁੱਖ ਨੂੰ ਲੱਭਦੇ ਹਨ) ਜੇਹੜਾ ਗੁਰੂ ਦੀ ਸਰਨ ਪੈ ਕੇ ਬੇਅੰਤ ਪ੍ਰਭੂ ਦਾ ਨਾਮ ਪ੍ਰਾਪਤ ਕਰਦਾ ਹੈ।

ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥੭॥

ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪ੍ਰਭੂ-ਨਾਮ ਦਾ) ਵਪਾਰੀ (ਬਣ ਕੇ ਆਤਮਕ ਗੁਣਾਂ ਦੇ ਰਤਨਾਂ ਦਾ) ਵਪਾਰ ਕਰਦਾ ਹੈ, ਤੇ ਸਦਾ ਪ੍ਰਭੂ-ਨਾਮ ਦੀ ਖੱਟੀ ਖੱਟਦਾ ਹੈ ॥੭॥

ਆਪੇ ਵਥੁ ਰਾਖੈ ਆਪੇ ਦੇਇ ॥

(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ ਜੀਵਾਂ ਦੇ ਅੰਦਰ ਆਪਣਾ ਨਾਮ-ਪਦਾਰਥ ਟਿਕਾਂਦਾ ਹੈ, ਪਰਮਾਤਮਾ ਆਪ ਹੀ (ਇਹ ਦਾਤਿ) ਜੀਵਾਂ ਨੂੰ ਦੇਂਦਾ ਹੈ।

ਗੁਰਮੁਖਿ ਵਣਜਹਿ ਕੇਈ ਕੇਇ ॥

ਗੁਰੂ ਦੀ ਸਰਨ ਪੈ ਕੇ ਅਨੇਕਾਂ (ਵਡ-ਭਾਗੀ) ਮਨੁੱਖ ਨਾਮ-ਵੱਖਰ ਦਾ ਸੌਦਾ ਕਰਦੇ ਹਨ।

ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥੮॥੨੭॥੨੮॥

ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ-ਨਾਮ ਪ੍ਰਾਪਤ ਕਰਦਾ ਹੈ, ਪ੍ਰਭੂ ਆਪਣੀ ਕਿਰਪਾ ਕਰ ਕੇ ਆਪਣਾ ਨਾਮ ਉਸਦੇ ਮਨ ਵਿਚ ਵਸਾਂਦਾ ਹੈ ॥੮॥੨੭॥੨੮॥


ਮਾਝ ਮਹਲਾ ੩ ॥
ਹਰਿ ਆਪੇ ਮੇਲੇ ਸੇਵ ਕਰਾਏ ॥

ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, (ਆਪਣੀ) ਸੇਵਾ ਭਗਤੀ ਕਰਾਂਦਾ ਹੈ।

ਗੁਰ ਕੈ ਸਬਦਿ ਭਾਉ ਦੂਜਾ ਜਾਏ ॥

(ਜਿਸ ਮਨੁੱਖ ਨੂੰ ਪ੍ਰਭੂ) ਗੁਰੂ ਦੇ ਸ਼ਬਦ ਵਿਚ (ਜੋੜਦਾ ਹੈ ਉਸ ਦੇ ਅੰਦਰੋਂ) ਮਾਇਆ ਦਾ ਪਿਆਰ ਦੂਰ ਹੋ ਜਾਂਦਾ ਹੈ।

ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥

ਪਰਮਾਤਮਾ (ਆਪ) ਸਦਾ ਪਵਿਤ੍ਰ-ਸਰੂਪ ਹੈ, (ਸਭ ਜੀਵਾਂ ਨੂੰ ਆਪਣੇ) ਗੁਣ ਦੇਣ ਵਾਲਾ ਹੈ, ਪਰਮਾਤਮਾ ਆਪ (ਆਪਣੇ) ਗੁਣਾਂ ਵਿਚ (ਜੀਵ ਨੂੰ) ਲੀਨ ਕਰਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ ॥

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ।

ਸਚਾ ਨਾਮੁ ਸਦਾ ਹੈ ਨਿਰਮਲੁ ਗੁਰਸਬਦੀ ਮੰਨਿ ਵਸਾਵਣਿਆ ॥੧॥ ਰਹਾਉ ॥

ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਪਵਿਤ੍ਰ ਹੈ, (ਵਡ-ਭਾਗੀ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ॥੧॥ ਰਹਾਉ ॥

ਆਪੇ ਗੁਰੁ ਦਾਤਾ ਕਰਮਿ ਬਿਧਾਤਾ ॥

ਪਰਮਾਤਮਾ ਆਪ ਹੀ ਗੁਰੂ (-ਰੂਪ) ਹੈ, ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ (ਜੀਵ ਨੂੰ ਉਸ ਦੇ ਕੀਤੇ) ਕਰਮ ਅਨੁਸਾਰ ਪੈਦਾ ਕਰਨ ਵਾਲਾ ਹੈ।

ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ ॥

ਪ੍ਰਭੂ ਦੇ ਸੇਵਕ ਗੁਰੂ ਦੀ ਸਰਨ ਪੈ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ, ਤੇ ਉਸ ਨਾਲ ਡੂੰਘੀ ਸਾਂਝ ਪਾਂਦੇ ਹਨ।

ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ ॥੨॥

ਆਤਮਕ ਜੀਵਨ ਦੇਣ ਵਾਲੇ ਹਰਿ ਨਾਮ ਵਿਚ ਜੁੜ ਕੇ ਸੇਵਕ ਜਨ ਆਪਣਾ ਜੀਵਨ ਸੋਹਣਾ ਬਣਾਂਦੇ ਹਨ, ਗੁਰੂ ਦੀ ਮਤਿ ਉੱਤੇ ਤੁਰ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੨॥

ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ ॥

ਉਸ (ਮਨੁੱਖ) ਦੇ ਇਸ ਸਰੀਰ-ਗੁਫ਼ਾ ਵਿਚ ਪਰਮਾਤਮਾ ਪ੍ਰਗਟ ਹੋ ਪਿਆ, ਤੇ ਉਸ ਦਾ ਹਿਰਦਾ-ਥਾਂ ਸੁੰਦਰ ਬਣ ਗਿਆ,

ਪੂਰੈ ਗੁਰਿ ਹਉਮੈ ਭਰਮੁ ਚੁਕਾਇਆ ॥

(ਜਿਸ ਦੇ ਹਿਰਦੇ ਵਿਚੋਂ) ਪੂਰੇ ਗੁਰੂ ਨੇ ਹਉਮੈ ਦੂਰ ਕਰ ਦਿੱਤੀ, ਭਟਕਣਾ ਮੁਕਾ ਦਿੱਤੀ।

ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ ॥੩॥

(ਵਡ-ਭਾਗੀ ਮਨੁੱਖ ਗੁਰੂ ਦੀ ਸ਼ਰਨ ਪੈ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦਾ ਮਿਲਾਪ ਪ੍ਰਾਪਤ ਕਰਦੇ ਹਨ ॥੩॥

ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ ॥

ਇਹ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣੇ ਸਰੀਰ-ਗੁਫ਼ਾ ਵਿਚ ਪ੍ਰਭੂ ਦੇ ਗੁਣ ਵਿਚਾਰਦਾ ਹੈ,

ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ ॥

ਤੇ ਉਸ ਦੇ ਹਿਰਦੇ ਵਿਚ ਮੁਰਾਰੀ ਪ੍ਰਭੂ ਦਾ ਮਾਇਆ ਦੇ ਮੋਹ ਦੀ ਕਾਲਖ ਤੋਂ ਬਚਾਣ ਵਾਲਾ ਨਾਮ ਵੱਸ ਪੈਂਦਾ ਹੈ।

ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥

ਉਸ ਗੁਰੂ ਦੇ ਸ਼ਬਦ ਵਿਚ {ਜੁੜ ਕੇ ਜਿਉਂ ਜਿਉਂ} ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਜੀਵਨ ਸੁੰਦਰ ਬਣ ਜਾਂਦਾ ਹੈ, ਪ੍ਰੀਤਮ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ ॥੪॥

ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥

ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ ਹੈ, ਉਸ ਪਾਸੋਂ) ਮਸੂਲੀਆ ਜਮ-ਰਾਜ ਮਸੂਲ ਲੈਂਦਾ ਹੈ।

ਨਾਵਹੁ ਭੂਲੇ ਦੇਇ ਸਜਾਏ ॥

ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਉਸ ਮਨੁੱਖ ਨੂੰ ਸਜ਼ਾ ਦੇਂਦਾ ਹੈ।

ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥

(ਜਮਰਾਜ ਮਸੂਲੀਆ) ਉਸ ਪਾਸੋਂ ਉਸ ਦੀ ਜ਼ਿੰਦਗੀ ਦੀ ਇਕ ਇਕ ਘੜੀ ਦਾ, ਅੱਧੀ ਅੱਧੀ ਘੜੀ ਦਾ ਲੇਖਾ ਲੈਂਦਾ ਹੈ। ਇਕ ਇਕ ਰੱਤੀ ਕਰ ਕੇ, ਇਕ ਇਕ ਮਾਸਾ ਕਰ ਕੇ ਜਮਰਾਜ ਉਸ ਦੇ ਜੀਵਨ-ਕਰਮਾਂ ਦਾ ਤੋਲ ਕਰਾਂਦਾ ਹੈ ॥੫॥

ਪੇਈਅੜੈ ਪਿਰੁ ਚੇਤੇ ਨਾਹੀ ॥

ਜੇਹੜੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਜੀਵਨ ਵਿਚ) ਪ੍ਰਭੂ ਪਤੀ ਨੂੰ ਯਾਦ ਨਹੀਂ ਕਰਦੀ,

ਦੂਜੈ ਮੁਠੀ ਰੋਵੈ ਧਾਹੀ ॥

ਤੇ ਮਾਇਆ ਦੇ ਮੋਹ ਵਿਚ ਪੈ ਕੇ (-ਆਤਮਕ ਗੁਣਾਂ ਦੀ ਰਾਸਿ ਪੂੰਜੀ) ਲੁਟਾਂਦੀ ਰਹਿੰਦੀ ਹੈ, ਉਹ (ਲੇਖਾ ਦੇਣ ਵੇਲੇ) ਢਾਹਾਂ ਮਾਰ ਮਾਰ ਕੇ ਰੋਂਦੀ ਹੈ।

ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥੬॥

ਉਹ ਜੀਵ-ਇਸਤ੍ਰੀ ਭੈੜੇ ਘਰ ਦੀ ਭੈੜੇ ਰੂਪ ਵਾਲੀ ਭੈੜੇ ਲੱਛਣਾਂ ਵਾਲੀ ਹੀ ਕਹੀ ਜਾਂਦੀ ਹੈ, (ਪੇਕੇ ਘਰ ਰਹਿੰਦਿਆਂ) ਉਸ ਨੇ ਕਦੇ ਸੁਪਨੇ ਵਿਚ ਭੀ ਪ੍ਰਭੂ ਮਿਲਾਪ ਨਾਹ ਕੀਤਾ ॥੬॥

ਪੇਈਅੜੈ ਪਿਰੁ ਮੰਨਿ ਵਸਾਇਆ ॥

ਪੇਕੇ ਘਰ ਵਿਚ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਪਤੀ ਨੂੰ ਆਪਣੇ ਮਨ ਵਿਚ ਰੱਖਿਆ,

ਪੂਰੈ ਗੁਰਿ ਹਦੂਰਿ ਦਿਖਾਇਆ ॥

ਜਿਸ ਨੂੰ ਪੂਰੇ ਗੁਰੂ ਨੇ (ਪ੍ਰਭੂ-ਪਤੀ ਉਸ ਦੇ) ਅੰਗ-ਸੰਗ (ਵੱਸਦਾ) ਵਿਖਾ ਦਿੱਤਾ.

ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥੭॥

ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਸਦਾ ਆਪਣੇ ਗਲ ਨਾਲ ਲਾਈ ਰੱਖਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਰਹਿੰਦੀ ਹੈ, ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣੀ ਰਹਿੰਦੀ ਹੈ ॥੭॥

ਆਪੇ ਦੇਵੈ ਸਦਿ ਬੁਲਾਏ ॥

(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ (ਜੀਵ ਨੂੰ) ਸੱਦ ਕੇ ਬੁਲਾ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ।

ਆਪਣਾ ਨਾਉ ਮੰਨਿ ਵਸਾਏ ॥

ਆਪ ਹੀ ਆਪਣਾ ਨਾਮ (ਜੀਵ ਦੇ) ਮਨ ਵਿਚ ਵਸਾਂਦਾ ਹੈ।

ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥

ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ, ਉਹ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੨੮॥੨੯॥


ਮਾਝ ਮਹਲਾ ੩ ॥
ਊਤਮ ਜਨਮੁ ਸੁਥਾਨਿ ਹੈ ਵਾਸਾ ॥

ਜੇਹੜੇ ਮਨੁੱਖ (ਸਾਧ ਸੰਗਤਿ-) ਸ੍ਰੇਸ਼ਟ ਥਾਂ ਵਿਚ ਨਿਵਾਸ ਰੱਖਦੇ ਹਨ, ਉਹਨਾਂ ਦਾ ਮਨੁੱਖਾ ਜਨਮ ਸ੍ਰੇਸ਼ਟ ਹੋ ਜਾਂਦਾ ਹੈ (ਸੁਧਰ ਜਾਂਦਾ ਹੈ)।

ਸਤਿਗੁਰੁ ਸੇਵਹਿ ਘਰ ਮਾਹਿ ਉਦਾਸਾ ॥

ਜੇਹੜੇ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦੇ ਹਨ, ਉਹ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਮਾਇਆ ਵਲੋਂ) ਨਿਰਲੇਪ ਰਹਿੰਦੇ ਹਨ।

ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿ ਰਸਿ ਮਨੁ ਤ੍ਰਿਪਤਾਵਣਿਆ ॥੧॥

ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕੇ ਰਹਿੰਦੇ ਹਨ, ਉਹ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰਭੂ ਦੇ ਨਾਮ-ਰਸ ਵਿਚ ਉਹਨਾਂ ਦਾ ਮਨ ਰੱਜਿਆ ਰਹਿੰਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ (ਧਾਰਮਿਕ ਪੁਸਤਕਾਂ) ਪੜ੍ਹ ਕੇ ਸਮਝ ਕੇ (ਪਰਮਾਤਮਾ ਦਾ ਨਾਮ ਆਪਣੇ) ਮਨ ਵਿਚ ਵਸਾਂਦੇ ਹਨ।

ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਦੀ ਬਾਣੀ) ਪੜ੍ਹਦੇ ਹਨ, ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ ॥੧॥ ਰਹਾਉ ॥

ਅਲਖ ਅਭੇਉ ਹਰਿ ਰਹਿਆ ਸਮਾਏ ॥

ਪਰਮਾਤਮਾ ਅਦ੍ਰਿਸ਼ਟ ਹੈ, ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਹ (ਸਭ ਜੀਵਾਂ ਵਿਚ ਹਰ ਥਾਂ) ਵਿਆਪਕ ਹੈ।

ਉਪਾਇ ਨ ਕਿਤੀ ਪਾਇਆ ਜਾਏ ॥

(ਗੁਰੂ ਦੀ ਸਰਨ ਤੋਂ ਬਿਨਾ ਹੋਰ) ਕਿਸੇ ਭੀ ਤਰੀਕੇ ਨਾਲ ਉਸ ਦਾ ਮਿਲਾਪ ਨਹੀਂ ਹੋ ਸਕਦਾ।

ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ ॥੨॥

ਜਦੋਂ ਪਰਮਾਤਮਾ (ਕਿਸੇ ਜੀਵ ਉੱਤੇ) ਮਿਹਰ ਕਰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਦਾ ਹੈ, (ਇਸ ਤਰ੍ਹਾਂ ਪਰਮਾਤਮਾ ਆਪਣੀ) ਮਿਹਰ ਦੀ ਨਜ਼ਰ ਨਾਲ ਉਸ ਨੂੰ ਅਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੨॥

ਦੂਜੈ ਭਾਇ ਪੜੈ ਨਹੀ ਬੂਝੈ ॥

ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਫਸਿਆ ਹੋਇਆ ਹੈ, ਉਹ (ਜੇ ਧਾਰਮਿਕ ਪੁਸਤਕਾਂ) ਪੜ੍ਹਦਾ (ਭੀ) ਹੈ ਤਾਂ ਉਹਨੂੰ ਨੂੰ ਸਮਝਦਾ ਨਹੀਂ ਹੈ,

ਤ੍ਰਿਬਿਧਿ ਮਾਇਆ ਕਾਰਣਿ ਲੂਝੈ ॥

ਉਹ (ਧਾਰਮਿਕ ਪੁਸਤਕਾਂ ਪੜ੍ਹਦਾ ਹੋਇਆ ਭੀ) ਤ੍ਰਿਗੁਣੀ ਮਾਇਆ ਦੀ ਖ਼ਾਤਰ (ਅੰਦਰੇ ਅੰਦਰ) ਕੁੜ੍ਹਦਾ ਰਹਿੰਦਾ ਹੈ।

ਤ੍ਰਿਬਿਧਿ ਬੰਧਨ ਤੂਟਹਿ ਗੁਰਸਬਦੀ ਗੁਰਸਬਦੀ ਮੁਕਤਿ ਕਰਾਵਣਿਆ ॥੩॥

ਤ੍ਰਿਗੁਣੀ ਮਾਇਆ (ਦੇ ਮੋਹ) ਦੇ ਬੰਧਨ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਟੁੱਟਦੇ ਹਨ। ਗੁਰੂ ਦੇ ਸ਼ਬਦ ਵਿਚ ਜੋੜ ਕੇ ਹੀ (ਪਰਮਾਤਮਾ ਜੀਵ ਨੂੰ) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾਂਦਾ ਹੈ ॥੩॥

ਇਹੁ ਮਨੁ ਚੰਚਲੁ ਵਸਿ ਨ ਆਵੈ ॥

(ਮਾਇਆ-ਵ੍ਹੇੜੇ ਮਨੁੱਖ ਦਾ ਇਹ ਮਨ ਚੰਚਲ (ਸੁਭਾਵ ਵਾਲਾ ਰਹਿੰਦਾ) ਹੈ, (ਉਸ ਦੇ ਆਪਣੇ ਉੱਦਮ ਨਾਲ) ਕਾਬੂ ਵਿਚ ਨਹੀਂ ਆਉਂਦਾ।

ਦੁਬਿਧਾ ਲਾਗੈ ਦਹ ਦਿਸਿ ਧਾਵੈ ॥

(ਉਸ ਦਾ ਮਨ ਮਾਇਆ ਦੇ ਕਾਰਨ) ਡਾਵਾਂ ਡੋਲ ਹਾਲਤ ਵਿਚ ਟਿਕਿਆ ਰਹਿੰਦਾ ਹੈ, ਤੇ (ਮਾਇਆ ਦੀ ਖ਼ਾਤਰ) ਦਸੀਂ ਪਾਸੀਂ ਦੌੜਦਾ ਰਹਿੰਦਾ ਹੈ।

ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥੪॥

(ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਹੀ ਉਹ ਕੀੜਾ (ਬਣਿਆ ਰਹਿੰਦਾ) ਹੈ, (ਜਿਵੇਂ ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਪ੍ਰਸੰਨ ਰਹਿੰਦਾ ਹੈ), ਉਹ ਇਸ ਜ਼ਹਿਰ ਵਿਚ ਹੀ ਖ਼ੁਸ਼ ਰਹਿੰਦਾ ਹੈ, ਤੇ ਇਸ ਜ਼ਹਿਰ ਵਿਚ ਹੀ (ਉਸ ਦਾ ਆਤਮਕ ਜੀਵਨ) ਖ਼ੁਆਰ ਹੁੰਦਾ ਰਹਿੰਦਾ ਹੈ ॥੪॥

ਹਉ ਹਉ ਕਰੇ ਤੈ ਆਪੁ ਜਣਾਏ ॥

(ਮਾਇਆ-ਵੇੜ੍ਹਿਆ ਮਨੁੱਖ ਸਦਾ) ਹਉਮੈ ਦੇ ਬੋਲ ਬੋਲਦਾ ਹੈ, ਆਪਣੇ ਆਪ ਨੂੰ ਵੱਡਾ ਜ਼ਾਹਰ ਕਰਦਾ ਹੈ।

ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥

(ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ (ਭੀ) ਵਧੇਰੇ ਕਰਦਾ ਹੈ, ਪਰ ਉਸਦਾ ਕੋਈ ਕੰਮ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨਹੀਂ ਹੁੰਦਾ।

ਤੁਝ ਤੇ ਬਾਹਰਿ ਕਿਛੂ ਨ ਹੋਵੈ ਬਖਸੇ ਸਬਦਿ ਸੁਹਾਵਣਿਆ ॥੫॥

(ਪਰ, ਹੇ ਪ੍ਰਭੂ!) ਤੇਰੀ ਮਿਹਰ ਤੋਂ ਬਿਨਾ (ਜੀਵ ਪਾਸੋਂ) ਕੁਝ ਨਹੀਂ ਹੋ ਸਕਦਾ (ਹੇ ਭਾਈ!) ਜਿਸ ਮਨੁੱਖ ਉੱਤੇ ਪ੍ਰਭੂ ਦਇਆ ਕਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੫॥

ਉਪਜੈ ਪਚੈ ਹਰਿ ਬੂਝੈ ਨਾਹੀ ॥

ਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਉਹ ਕਦੇ ਜੰਮਦਾ ਹੈ ਕਦੇ ਸੜਦਾ ਹੈ (ਭਾਵ ਉਹ ਕਦੇ ਤਾਂ ਸੁਖ ਦਾ ਸਾਹ ਲੈਂਦਾ ਹੈ ਕਦੇ ਹਾਹੁਕੇ ਲੈਂਦਾ ਹੈ)।

ਅਨਦਿਨੁ ਦੂਜੈ ਭਾਇ ਫਿਰਾਹੀ ॥

ਜੇਹੜੇ ਮਨੁੱਖ (ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹ ਹਰ ਵੇਲੇ (ਮਾਇਆ ਦੀ ਖ਼ਾਤਰ ਹੀ) ਭਟਕਦੇ ਫਿਰਦੇ ਰਹਿੰਦੇ ਹਨ।

ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ ॥੬॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ, ਉਹ ਆਖ਼ਰ (ਦੁਨੀਆ ਤੋਂ) ਪਛੁਤਾਂਦਾ ਹੀ ਜਾਂਦਾ ਹੈ ॥੬॥

ਪਿਰੁ ਪਰਦੇਸਿ ਸਿਗਾਰੁ ਬਣਾਏ ॥

(ਇਸਤ੍ਰੀ ਦਾ) ਪਤੀ ਪਰਦੇਸ ਵਿਚ ਹੋਵੇ ਤੇ ਉਹ (ਆਪਣੇ ਸਰੀਰ ਦਾ) ਸ਼ਿੰਗਾਰ ਕਰਦੀ ਰਹੇ (ਅਜੇਹੀ ਇਸਤ੍ਰੀ ਨੂੰ ਸੁਖ ਨਹੀਂ ਮਿਲ ਸਕਦਾ।)

ਮਨਮੁਖ ਅੰਧੁ ਐਸੇ ਕਰਮ ਕਮਾਏ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਭੀ) ਇਹੋ ਜਿਹੇ ਕਰਮ ਹੀ ਕਰਦਾ ਹੈ।

ਹਲਤਿ ਨ ਸੋਭਾ ਪਲਤਿ ਨ ਢੋਈ ਬਿਰਥਾ ਜਨਮੁ ਗਵਾਵਣਿਆ ॥੭॥

ਉਸ ਨੂੰ ਇਸ ਲੋਕ ਵਿਚ (ਭੀ) ਸੋਭਾ ਨਹੀਂ ਮਿਲਦੀ, ਤੇ ਪਰਲੋਕ ਵਿਚ ਭੀ ਸਹਾਰਾ ਨਹੀਂ ਮਿਲਦਾ। ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੭॥

ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ ॥

ਕਿਸੇ ਵਿਰਲੇ ਮਨੁੱਖ ਨੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਈ ਹੈ।

ਪੂਰੇ ਗੁਰ ਕੈ ਸਬਦਿ ਪਛਾਤਾ ॥

(ਕੋਈ ਵਿਰਲਾ ਮਨੁੱਖ) ਪੂਰੇ ਗਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਸਾਂਝ ਪਾਂਦਾ ਹੈ।

ਅਨਦਿਨੁ ਭਗਤਿ ਕਰੇ ਦਿਨੁ ਰਾਤੀ ਸਹਜੇ ਹੀ ਸੁਖੁ ਪਾਵਣਿਆ ॥੮॥

(ਜੇਹੜਾ ਸਾਂਝ ਪਾਂਦਾ ਹੈ) ਉਹ ਹਰ ਰੋਜ਼ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੮॥

ਸਭ ਮਹਿ ਵਰਤੈ ਏਕੋ ਸੋਈ ॥

ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ।

ਗੁਰਮੁਖਿ ਵਿਰਲਾ ਬੂਝੈ ਕੋਈ ॥

(ਪਰ ਇਹ ਗੱਲ) ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ।

ਨਾਨਕ ਨਾਮਿ ਰਤੇ ਜਨ ਸੋਹਹਿ ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥

ਹੇ ਨਾਨਕ! ਜੇਹੜੇ ਮਨੁੱਖ (ਉਸ ਸਰਬ-ਵਿਆਪਕ ਪਰਮਾਤਮਾ ਦੇ) ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਪਣਾ ਜੀਵਨ ਸੁੰਦਰ ਬਣਾ ਲੈਂਦੇ ਹਨ। ਪ੍ਰਭੂ ਮਿਹਰ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੯॥੨੯॥੩੦॥


ਮਾਝ ਮਹਲਾ ੩ ॥
ਮਨਮੁਖ ਪੜਹਿ ਪੰਡਿਤ ਕਹਾਵਹਿ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਵੇਦ ਆਦਿਕ ਧਰਮ ਪੁਸਤਕਾਂ) ਪੜ੍ਹਦੇ ਹਨ (ਤੇ ਇਸ ਕਾਰਨ ਆਪਣੇ ਆਪ ਨੂੰ) ਪੰਡਿਤ ਵਿਦਵਾਨ ਅਖਵਾਂਦੇ ਹਨ।

ਦੂਜੈ ਭਾਇ ਮਹਾ ਦੁਖੁ ਪਾਵਹਿ ॥

(ਪਰ ਫਿਰ ਭੀ ਉਹ) ਮਾਇਆ ਦੇ ਪਿਆਰ ਵਿਚ (ਟਿਕੇ ਰਹਿੰਦੇ ਹਨ, ਧਰਮ-ਪੁਸਤਕਾਂ ਪੜ੍ਹਦੇ ਹੋਏ ਭੀ ਹਉਮੈ ਆਦਿਕ ਦਾ) ਵੱਡਾ ਦੁੱਖ ਸਹਿੰਦੇ ਰਹਿੰਦੇ ਹਨ।

ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥੧॥

ਮਾਇਆ ਦੇ ਮੋਹ ਵਿਚ ਮਸਤ ਰਹਿਣ ਕਰਕੇ ਉਹਨਾਂ ਨੂੰ (ਆਤਮਕ ਜੀਵਨ ਦੀ) ਕੁਝ ਭੀ ਸਮਝ ਨਹੀਂ ਪੈਂਦੀ, ਉਹ ਮੁੜ ਮੁੜ ਜੂਨਾਂ ਵਿਚ ਪਏ ਰਹਿੰਦੇ ਹਨ ॥੧॥

ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥

(ਹੇ ਭਾਈ!) ਮੈਂ ਤਾਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਹਉਮੈ ਦੂਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ।

ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥੧॥ ਰਹਾਉ ॥

ਗੁਰੂ ਦੀ ਸਰਨ ਪੈਣ ਦੇ ਕਾਰਨ ਪਰਮਾਤਮਾ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੧॥ ਰਹਾਉ ॥

ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥

(ਆਪਣੇ ਆਪ ਨੂੰ ਪੰਡਿਤ ਅਖਵਾਣ ਵਾਲੇ ਲੋਕ) ਵੇਦ (ਤਾਂ) ਪੜ੍ਹਦੇ ਹਨ, (ਪਰ) ਉਹਨਾਂ ਨੂੰ ਪਰਮਾਤਮਾ ਦੇ ਮਿਲਾਪ ਦਾ ਆਨੰਦ ਨਹੀਂ ਆਉਂਦਾ।

ਵਾਦੁ ਵਖਾਣਹਿ ਮੋਹੇ ਮਾਇਆ ॥

(ਵੇਦ ਆਦਿਕ ਪੜ੍ਹ ਕੇ ਤਾਂ ਉਹ ਸਿਰਫ਼ ਕੋਈ ਨਾ ਕੋਈ) ਧਰਮ-ਚਰਚਾ, ਬਹਸ ਹੀ (ਹੋਰਨਾਂ ਨੂੰ) ਸੁਣਾਂਦੇ ਹਨ (ਆਪ ਉਹ) ਮਾਇਆ ਦੇ ਮੋਹ ਵਿਚ ਹੀ ਟਿਕੇ ਰਹਿੰਦੇ ਹਨ।

ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥੨॥

ਉਹਨਾਂ ਦੀ ਆਪਣੀ ਮਤਿ ਬੇਸਮਝੀ ਵਾਲੀ ਹੀ ਰਹਿੰਦੀ ਹੈ, ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਗੁਰੂ ਪਾਸੋਂ) ਮਤਿ ਲੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਸਕਦੇ ਹਨ ॥੨॥

ਅਕਥੋ ਕਥੀਐ ਸਬਦਿ ਸੁਹਾਵੈ ॥
(ਜਿਸ ਹਿਰਦੇ ਵਿਚ) ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹੇ, (ਉਸ ਹਿਰਦੇ ਵਿਚ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ) ਸੋਹਣਾ ਲੱਗਣ ਲੱਗ ਪੈਂਦਾ ਹੈ।

ਗੁਰਮਤੀ ਮਨਿ ਸਚੋ ਭਾਵੈ ॥

ਗੁਰੂ ਦੇ ਉਪਦੇਸ਼ ਨਾਲ ਸਦਾ-ਥਿਰ ਪ੍ਰਭੂ (ਮਨੁੱਖ ਦੇ) ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।

ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥੩॥

(ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਦਿਨ ਰਾਤ ਸਦਾ-ਥਿਰ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ, (ਉਹਨਾਂ ਦਾ) ਇਹ ਮਨ ਸਦਾ-ਥਿਰ ਪ੍ਰਭੂ (ਦੇ ਪ੍ਰੇਮ ਰੰਗ) ਵਿਚ ਰੰਗਿਆ ਰਹਿੰਦਾ ਹੈ ॥੩॥

ਜੋ ਸਚਿ ਰਤੇ ਤਿਨ ਸਚੋ ਭਾਵੈ ॥

ਜੇਹੜੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਪ੍ਰੇਮ ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਿਆਰਾ ਲੱਗਦਾ ਹੈ।

ਆਪੇ ਦੇਇ ਨ ਪਛੋਤਾਵੈ ॥

(ਇਹ ਦਾਤ ਪਰਮਾਤਮਾ) ਆਪ ਹੀ (ਉਹਨਾਂ ਨੂੰ) ਦੇਂਦਾ ਹੈ, (ਇਹ ਦਾਤ ਦੇ ਕੇ ਉਹ) ਪਛੁਤਾਂਦਾ ਨਹੀਂ।

ਕੂੜੁ ਕੁਸਤੁ ਤਿਨਾ ਮੈਲੁ ਨ ਲਾਗੈ ॥

(ਅਜੇਹੇ ਮਨੁੱਖਾਂ ਦੇ ਹਿਰਦੇ ਨੂੰ) ਝੂਠ ਪੋਹ ਨਹੀਂ ਸਕਦਾ, ਠੱਗੀ ਪੋਹ ਨਹੀਂ ਸਕਦੀ, ਵਿਕਾਰਾਂ ਦੀ ਮੈਲ ਨਹੀਂ ਲੱਗਦੀ।

ਗੁਰਪਰਸਾਦੀ ਅਨਦਿਨੁ ਜਾਗੈ ॥

ਉਹ ਗੁਰੂ ਦੀ ਕਿਰਪਾ ਨਾਲ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।

ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥੫॥

ਜਿਸ ਮਨੁੱਖ ਦੇ ਹਿਰਦੇ ਵਿਚ ਪਵਿਤ੍ਰ-ਸਰੂਪ ਪਰਮਾਤਮਾ ਦਾ ਨਾਮ ਵੱਸਦਾ ਹੈ, ਉਸ ਦੀ ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੫॥

ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥

ਜਿਹੜੇ ਸਦਾ ਤ੍ਰਿਗੁਣੀ ਮਾਇਆ ਦੇ ਲੇਖੇ ਹੀ ਪੜ੍ਹਦੇ ਰਹਿੰਦੇ ਹਨ, ਉਹ (ਜਗਤ ਦੇ) ਮੂਲ-ਪਰਮਾਤਮਾ (ਦੀ ਯਾਦ) ਤੋਂ ਖੁੰਝੇ ਰਹਿੰਦੇ ਹਨ।

ਮੂਲਹੁ ਭੁਲੇ ਗੁਰਸਬਦੁ ਨ ਪਛਾਣਹਿ ॥

ਉਹ (ਮਨੁੱਖ ਜਗਤ ਦੇ) ਮੂਲ-ਪਰਮਾਤਮਾ (ਦੀ ਯਾਦ) ਤੋਂ ਖੁੰਝੇ ਰਹਿੰਦੇ ਹਨ, ਜੋ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ।

ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰਸਬਦੀ ਹਰਿ ਪਾਵਣਿਆ ॥੬॥

ਮਾਇਆ ਦੇ ਮੋਹ ਵਿਚ ਗ਼ਲਤਾਨ ਉਹਨਾਂ ਮਨੁੱਖਾਂ ਨੂੰ (ਪਰਮਾਤਮਾ ਦੀ ਭਗਤੀ ਕਰਨ ਬਾਰੇ) ਕੁਝ ਭੀ ਨਹੀਂ ਸੁੱਝਦਾ। (ਹੇ ਭਾਈ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ॥੬॥

ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥

(ਪੰਡਿਤ) ਵੇਦ (ਆਦਿਕ ਧਰਮ-ਪੁਸਤਕ) ਨੂੰ ਉੱਚੀ ਉੱਚੀ ਪੜ੍ਹਦਾ ਹੈ, (ਪਰ ਉਸ ਦੇ ਅੰਦਰ) ਤ੍ਰਿਗੁਣੀ ਮਾਇਆ (ਦਾ ਪ੍ਰਭਾਵ ਬਣਿਆ ਰਹਿੰਦਾ ਹੈ)।

ਮਨਮੁਖ ਨ ਬੂਝਹਿ ਦੂਜੈ ਭਾਇਆ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਤਮਕ ਜੀਵਨ ਨੂੰ) ਨਹੀਂ ਸਮਝਦੇ (ਉਹਨਾਂ ਦਾ ਮਨ) ਮਾਇਆ ਦੇ ਪਿਆਰ ਵਿਚ ਹੀ (ਟਿਕਿਆ ਰਹਿੰਦਾ ਹੈ)।

ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ ॥੭॥

ਉਹ (ਇਹਨਾਂ ਧਰਮ-ਪੁਸਤਕਾਂ ਨੂੰ) ਤ੍ਰਿਗੁਣੀ ਮਾਇਆ (ਕਮਾਣ) ਦੀ ਖ਼ਾਤਰ ਪੜ੍ਹਦੇ ਹਨ, ਇੱਕ ਪਰਮਾਤਮਾ ਨਾਲ ਸਾਂਝ ਨਹੀਂ ਪਾਂਦੇ (ਧਰਮ-ਪੁਸਤਕਾਂ ਪੜ੍ਹਦੇ ਹੋਏ ਭੀ ਇਸ ਭੇਤ ਨੂੰ) ਸਮਝਣ ਤੋਂ ਬਿਨਾ ਦੁੱਖ (ਹੀ) ਪਾਂਦੇ ਰਹਿੰਦੇ ਹਨ ॥੭॥

ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥

(ਪਰ ਜੀਵਾਂ ਦੇ ਵੀ ਕੀਹ ਵੱਸ?) ਜਦੋਂ ਪਰਮਾਤਮਾ ਦੀ ਆਪਣੀ ਰਜ਼ਾ ਹੁੰਦੀ ਹੈ, ਤਦੋਂ ਉਹ ਆਪ (ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ,

ਗੁਰਸਬਦੀ ਸਹਸਾ ਦੂਖੁ ਚੁਕਾਏ ॥

ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਹਮ ਤੇ ਦੁੱਖ ਦੂਰ ਕਰਦਾ ਹੈ।

ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ॥੮॥੩੦॥੩੧॥

ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਸਿਮਰਨ ਦੀ ਸਦਾ-ਥਿਰ ਰਹਿਣ ਵਾਲੀ ਇੱਜ਼ਤ ਦੇਂਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਨ ਨੂੰ ਹੀ (ਜੀਵਨ ਮਨੋਰਥ) ਮੰਨ ਕੇ ਆਤਮਕ ਆਨੰਦ ਮਾਣਦਾ ਹੈ ॥੮॥੩੦॥੩੧॥


ਮਾਝ ਮਹਲਾ ੩ ॥
ਨਿਰਗੁਣੁ ਸਰਗੁਣੁ ਆਪੇ ਸੋਈ ॥

ਉਹ ਪਰਮਾਤਮਾ ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿਚ ਮਾਇਆ ਦੇ ਤਿੰਨ ਗੁਣਾਂ ਦਾ ਲੇਸ਼ ਨਹੀਂ ਹੁੰਦਾ, ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿਚ ਮਾਇਆ ਦੇ ਤਿੰਨ ਗੁਣ ਮੌਜੂਦ ਹਨ (ਆਕਾਰ ਤੋਂ ਰਹਿਤ ਭੀ ਆਪ ਹੀ ਹੈ, ਤੇ ਇਹ ਦਿੱਸਦਾ ਆਕਾਰ ਰੂਪ ਭੀ ਆਪ ਹੀ ਹੈ)।

ਤਤੁ ਪਛਾਣੈ ਸੋ ਪੰਡਿਤੁ ਹੋਈ ॥

ਜੇਹੜਾ ਮਨੁੱਖ ਉਸ ਅਸਲੇ ਨੂੰ ਪਛਾਣਦਾ ਹੈ (ਉਸ ਅਸਲੇ ਨਾਲ ਸਾਂਝ ਪਾਂਦਾ ਹੈ), ਉਹ ਪੰਡਿਤ ਬਣ ਜਾਂਦਾ ਹੈ।

ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥

ਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ (ਉਸ ਦਾ ਆਤਮਕ) ਆਨੰਦ ਮਾਣਦੇ ਹਨ।

ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥

ਜੇਹੜੇ ਮਨੁੱਖ ਹਰਿ-ਨਾਮ ਦਾ ਰਸ ਚੱਖਦੇ ਹਨ, ਉਹ ਪਵਿਤ੍ਰ ਆਤਮਾ ਹੋ ਜਾਂਦੇ ਹਨ, ਉਹ ਪਵਿਤ੍ਰ ਪ੍ਰਭੂ ਦਾ ਨਾਮ ਸਦਾ ਸਿਮਰਦੇ ਹਨ ॥੧॥ ਰਹਾਉ ॥

ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ ਦੁਨੀਆ ਦਾ ਕਾਰ-ਵਿਹਾਰ ਵਾਸਨਾ ਰਹਿਤ ਹੋ ਕੇ ਕਰਦਾ ਹੈ,

ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥

ਉਸ ਦੇ ਅੰਦਰ ਜਗਤ ਦਾ ਮੂਲ ਪ੍ਰਭੂ ਪਰਗਟ ਹੋ ਜਾਂਦਾ ਹੈ, ਉਹ (ਗੁਰੂ ਦੇ ਬਖ਼ਸ਼ੇ) ਗਿਆਨ ਦੀ ਸਹਾਇਤਾ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ।

ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥੨॥

ਉਹ ਪਰਮਾਤਮਾ ਦਾ ਨਾਮ ਖ਼ਜ਼ਾਨਾ ਲੱਭ ਲੈਂਦਾ ਹੈ (ਜੋ ਉਸਦੇ ਵਾਸਤੇ ਦੁਨੀਆ ਦੇ) ਨੌ ਖ਼ਜ਼ਾਨੇ (ਹੀ ਹੈ)। (ਇਸ ਨਾਮ ਪਦਾਰਥ ਦੀ ਬਰਕਤਿ ਨਾਲ) ਉਹ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਕੇ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ ॥੨॥

ਹਉਮੈ ਕਰੈ ਨਿਹਕਰਮੀ ਨ ਹੋਵੈ ॥

ਜੇਹੜਾ ਮਨੁੱਖ ‘ਮੈਂ ਕਰਦਾ ਹਾਂ ਮੈਂ ਕਰਦਾ ਹਾਂ’ ਦੀ ਰਟ ਲਗਾਈ ਰੱਖਦਾ ਹੈ, ਉਹ ਵਾਸਨਾ ਰਹਿਤ ਨਹੀਂ ਹੋ ਸਕਦਾ।

ਗੁਰਪਰਸਾਦੀ ਹਉਮੈ ਖੋਵੈ ॥

ਗੁਰੂ ਦੀ ਕਿਰਪਾ ਨਾਲ ਹੀ (ਕੋਈ ਵਿਰਲਾ ਮਨੁੱਖ) ਹਉਮੈ ਦੂਰ ਕਰ ਸਕਦਾ ਹੈ।

ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰਸਬਦੀ ਗੁਣ ਗਾਵਣਿਆ ॥੩॥

(ਜੇਹੜਾ ਮਨੁੱਖ ਹਉਮੈ ਦੂਰ ਕਰ ਲੈਂਦਾ ਹੈ) ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ ਆਪਣੇ ਆਤਮਕ ਜੀਵਨ ਨੂੰ ਵਿਚਾਰਦਾ ਰਹਿੰਦਾ ਹੈ ॥੩॥

ਹਰਿ ਸਰੁ ਸਾਗਰੁ ਨਿਰਮਲੁ ਸੋਈ ॥

(ਹੇ ਭਾਈ!) ਉਹ ਪਰਮਾਤਮਾ ਹੀ ਪਵਿਤ੍ਰ ਮਾਨਸਰੋਵਰ ਹੈ ਪਵਿਤ੍ਰ ਸਮੁੰਦਰ ਹੈ (ਪਵਿਤ੍ਰ ਤੀਰਥ ਹੈ),

ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥

ਸੰਤ ਜਨ ਗੁਰੂ ਦੀ ਸਰਨ ਪੈ ਕੇ (ਉਸ ਵਿਚੋਂ) ਸਦਾ (ਪ੍ਰਭੂ ਨਾਮ-ਮੋਤੀ) ਚੁਗਦੇ ਰਹਿੰਦੇ ਹਨ।

ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥੪॥

ਸੰਤ ਜਨ ਸਦਾ ਦਿਨ ਰਾਤ (ਉਸ ਸਰੋਵਰ ਵਿਚ) ਇਸ਼ਨਾਨ ਕਰਦੇ ਹਨ, ਤੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਉਤਾਰਦੇ ਰਹਿੰਦੇ ਹਨ ॥੪॥

ਨਿਰਮਲ ਹੰਸਾ ਪ੍ਰੇਮ ਪਿਆਰਿ ॥

ਉਹ ਮਨੁੱਖ, ਮਾਨੋ, ਸਾਫ਼ ਸੁਥਰਾ ਹੰਸ ਹੈ, ਜੇਹੜਾ ਪ੍ਰਭੂ ਦੇ ਪ੍ਰੇਮ-ਪਿਆਰ ਵਿਚ (ਟਿਕਿਆ ਰਹਿੰਦਾ) ਹੈ।

ਹਰਿ ਸਰਿ ਵਸੈ ਹਉਮੈ ਮਾਰਿ ॥

ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ-ਸਰੋਵਰ ਵਿਚ ਵਸੇਬਾ ਰੱਖਦਾ ਹੈ।

ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥੫॥

ਗੁਰੂ ਦੇ ਸ਼ਬਦ ਦੀ ਰਾਹੀਂ ਉਹ ਦਿਨ ਰਾਤ ਸਦਾ-ਥਿਰ ਪਰਮਾਤਮਾ ਵਿਚ ਪ੍ਰੀਤਿ ਪਾਂਦਾ ਹੈ, ਤੇ ਇਸ ਤਰ੍ਹਾਂ ਪਰਮਾਤਮਾ ਸਰੋਵਰ ਵਿਚ ਨਿਵਾਸ ਹਾਸਲ ਕਰੀ ਰੱਖਦਾ ਹੈ ॥੫॥

ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥

ਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ, ਮਾਨੋ, ਬਗਲਾ ਹੈ, ਉਹ ਸਦਾ ਮੈਲਾ ਹੈ, ਉਸ ਦੇ ਅੰਦਰ ਹਉਮੈ ਦੀ ਮੈਲ ਲੱਗੀ ਰਹਿੰਦੀ ਹੈ।

ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥

(ਉਹ ਤੀਰਥਾਂ ਉੱਤੇ) ਇਸ਼ਨਾਨ (ਭੀ) ਕਰਦਾ ਹੈ ਪਰ (ਇਸ ਤਰ੍ਹਾਂ ਉਸ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।

ਜੀਵਤੁ ਮਰੈ ਗੁਰਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥੬॥

ਜੇਹੜਾ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਆਪਾ-ਭਾਵ ਵੱਲੋਂ ਮਰਿਆ ਰਹਿੰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾਈ ਰੱਖਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ ॥੬॥

ਰਤਨੁ ਪਦਾਰਥੁ ਘਰ ਤੇ ਪਾਇਆ ॥

ਉਸ ਨੇ (ਪ੍ਰਭੂ ਦਾ ਨਾਮ) ਕੀਮਤੀ ਰਤਨ ਆਪਣੇ ਹਿਰਦੇ ਵਿਚੋਂ ਹੀ ਲੱਭ ਲਿਆ,

ਪੂਰੈ ਸਤਿਗੁਰਿ ਸਬਦੁ ਸੁਣਾਇਆ ॥

ਜਿਸ ਮਨੁੱਖ ਨੂੰ ਅਭੁੱਲ ਗੁਰੂ ਨੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸੁਣਾ ਦਿੱਤਾ।

ਗੁਰਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥੭॥

ਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰੋਂ (ਅਗਿਆਨਤਾ ਦਾ, ਮਾਇਆ ਦੇ ਮੋਹ ਦਾ) ਹਨੇਰਾ ਮਿਟ ਗਿਆ, ਉਸਦੇ ਹਿਰਦੇ ਵਿਚ (ਆਤਮਕ ਜੀਵਨ ਵਾਲਾ) ਚਾਨਣ ਹੋ ਗਿਆ, ਉਸ ਨੇ ਆਤਮਕ ਜੀਵਨ ਨੂੰ ਪਛਾਣ ਲਿਆ ॥੭॥

ਆਪਿ ਉਪਾਏ ਤੈ ਆਪੇ ਵੇਖੈ ॥

(ਹੇ ਭਾਈ!) ਪਰਮਾਤਮਾ ਆਪ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ ਅਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ।

ਸਤਿਗੁਰੁ ਸੇਵੈ ਸੋ ਜਨੁ ਲੇਖੈ ॥

ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ, ਉਹ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ।

ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥੮॥੩੧॥੩੨॥

ਹੇ ਨਾਨਕ! ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਗੁਰੂ ਦੀ ਕਿਰਪਾ ਨਾਲ ਉਹ (ਪਰਮਾਤਮਾ ਦਾ) ਮਿਲਾਪ ਹਾਸਲ ਕਰ ਲੈਂਦਾ ਹੈ ॥੮॥੩੧॥੩੨॥


ਮਾਝ ਮਹਲਾ ੩ ॥
ਮਾਇਆ ਮੋਹੁ ਜਗਤੁ ਸਬਾਇਆ ॥

ਮਾਇਆ ਦਾ ਮੋਹ ਸਾਰੇ ਜਗਤ ਨੂੰ ਵਿਆਪ ਰਿਹਾ ਹੈ,

ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥

ਸਾਰੇ ਹੀ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਹਨ, ਮਾਇਆ ਦੇ ਮੋਹੇ ਹੋਏ ਹਨ।

ਗੁਰਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥੧॥

ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ। ਉਹ ਇਹਨਾਂ ਤਿੰਨਾਂ ਗੁਣਾਂ ਦੀ ਮਾਰ ਤੋਂ ਉਤਲੀ ਆਤਮਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦੇ ਹਨ।

ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥੧॥ ਰਹਾਉ ॥

ਜੇਹੜਾ ਮਨੁੱਖ ਮਾਇਆ ਦਾ ਮੋਹ ਸਾੜ ਲੈਂਦਾ ਹੈ, ਉਹ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿਤ ਜੋੜ ਲੈਂਦਾ ਹੈ, ਉਹ ਪਰਮਾਤਮਾ ਦੇ ਦਰ ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ॥੧॥ ਰਹਾਉ ॥

ਦੇਵੀ ਦੇਵਾ ਮੂਲੁ ਹੈ ਮਾਇਆ ॥

ਇਹ ਮਾਇਆ ਹੀ (ਭਾਵ, ਸੁਖਾਂ ਦੀ ਕਾਮਨਾ ਤੇ ਦੁਖਾਂ ਤੋਂ ਡਰ) ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ।

ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥

ਇਸ ਮਾਇਆ ਨੇ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੈਦਾ ਕਰ ਦਿੱਤੇ (ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਿਰਤੀ ਦੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤ੍ਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ)।

ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥੨॥

ਸਾਰੇ ਸੰਸਾਰ ਵਿਚ ਸੁਖਾਂ ਦੀ ਲਾਲਸਾ ਤੇ ਦੁਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਪਾ ਰਹੇ ਹਨ ॥੨॥

ਤਿਸੁ ਵਿਚਿ ਗਿਆਨ ਰਤਨੁ ਇਕੁ ਪਾਇਆ ॥
ਇਸ ਜਗਤ ਵਿਚ (ਹੀ) ਇਕ ਰਤਨ (ਭੀ ਹੈ, ਉਹ ਹੈ) ਪਰਮਾਤਮਾ ਨਾਲ ਡੂੰਘੀ ਸਾਂਝ ਦਾ ਰਤਨ।

ਗੁਰਪਰਸਾਦੀ ਮੰਨਿ ਵਸਾਇਆ ॥

(ਜਿਸ ਮਨੁੱਖ ਨੇ ਉਹ ਰਤਨ) ਲੱਭ ਲਿਆ ਹੈ, ਜਿਸ ਨੇ ਇਹ ਰਤਨ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਵਸਾ ਲਿਆ ਹੈ (ਪ੍ਰੋ ਲਿਆ ਹੈ),

ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥੩॥

ਉਹ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਮਨੁੱਖ, ਮਾਨੋ, ਸਦਾ ਟਿਕੇ ਰਹਿਣ ਵਾਲਾ ਜਤ ਕਮਾ ਰਿਹਾ ਹੈ ਸਤ ਕਮਾ ਰਿਹਾ ਹੈ ਤੇ ਸੰਜਮ ਕਮਾ ਰਿਹਾ ਹੈ ॥੩॥

ਪੇਈਅੜੈ ਧਨ ਭਰਮਿ ਭੁਲਾਣੀ ॥

ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ,

ਦੂਜੈ ਲਾਗੀ ਫਿਰਿ ਪਛੋਤਾਣੀ ॥

ਉਹ (ਸਦਾ) ਮਾਇਆ ਦੇ ਮੋਹ ਵਿਚ ਮਗਨ ਰਹਿੰਦੀ ਹੈ ਤੇ ਆਖ਼ਿਰ ਪਛੁਤਾਂਦੀ ਹੈ।

ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ ਨ ਪਾਵਣਿਆ ॥੪॥

ਉਹ ਜੀਵ-ਇਸਤ੍ਰੀ ਇਹ ਲੋਕ ਤੇ ਪਰਲੋਕ ਦੋਵੇਂ ਗਵਾ ਲੈਂਦੀ ਹੈ, ਉਸ ਨੂੰ ਸੁਪਨੇ ਵਿਚ ਭੀ ਆਤਮਕ ਆਨੰਦ ਨਸੀਬ ਨਹੀਂ ਹੁੰਦਾ ॥੪॥

ਪੇਈਅੜੈ ਧਨ ਕੰਤੁ ਸਮਾਲੇ ॥

ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਖਸਮ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਦੀ ਹੈ,

ਗੁਰਪਰਸਾਦੀ ਵੇਖੈ ਨਾਲੇ ॥

ਗੁਰੂ ਦੀ ਕਿਰਪਾ ਨਾਲ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ,

ਪਿਰ ਕੈ ਸਹਜਿ ਰਹੈ ਰੰਗਿ ਰਾਤੀ ਸਬਦਿ ਸਿੰਗਾਰੁ ਬਣਾਵਣਿਆ ॥੫॥

ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਪਤੀ ਦੇ ਪ੍ਰੇਮ ਨੂੰ ਆਪਣੇ ਆਤਮਕ ਜੀਵਨ ਦਾ) ਸਿੰਗਾਰ ਬਣਾਂਦੀ ਹੈ ॥੫॥

ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ ॥

ਜਿਨ੍ਹਾਂ (ਵਡ-ਭਾਗੀ ਮਨੁੱਖਾਂ) ਨੂੰ ਸਤਿਗੁਰੂ ਮਿਲ ਪਿਆ, ਉਹਨਾਂ ਦਾ ਮਨੁੱਖਾ-ਜਨਮ ਕਾਮਯਾਬ ਹੋ ਜਾਂਦਾ ਹੈ।

ਦੂਜਾ ਭਾਉ ਗੁਰ ਸਬਦਿ ਜਲਾਇਆ ॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਪਣੇ ਅੰਦਰੋਂ) ਮਾਇਆ ਦਾ ਪਿਆਰ ਸਾੜ ਲੈਂਦੇ ਹਨ।

ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥

ਉਹਨਾਂ ਦੇ ਹਿਰਦੇ ਵਿਚ ਇਕ ਪਰਮਾਤਮਾ (ਦੀ ਯਾਦ) ਹੀ ਹਰ ਵੇਲੇ ਮੌਜੂਦ ਰਹਿੰਦੀ ਹੈ, ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦੇ ਹਨ ॥੬॥

ਸਤਿਗੁਰੁ ਨ ਸੇਵੇ ਸੋ ਕਾਹੇ ਆਇਆ ॥

ਜੇਹੜਾ ਮਨੁੱਖ ਗੁਰੂ ਦਾ ਆਸਰਾ ਪਰਨਾ ਨਹੀਂ ਲੈਂਦਾ, ਉਹ ਦੁਨੀਆ ਵਿਚ ਜਿਹਾ ਆਇਆ ਜਿਹਾ ਨਾਹ ਆਇਆ।

ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ ॥

ਉਸ ਦਾ ਸਾਰਾ ਜੀਵਨ ਫਿਟਕਾਰ ਜੋਗ ਹੋ ਜਾਂਦਾ ਹੈ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ।

ਮਨਮੁਖਿ ਨਾਮੁ ਚਿਤਿ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ॥੭॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਚਿਤ ਵਿਚ (ਕਦੇ) ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਨਾਮ ਤੋਂ ਖੁੰਝ ਕੇ ਉਹ ਬਹੁਤ ਦੁੱਖ ਸਹਿੰਦਾ ਹੈ ॥੭॥

ਜਿਨਿ ਸਿਸਟਿ ਸਾਜੀ ਸੋਈ ਜਾਣੈ ॥
ਆਪੇ ਮੇਲੈ ਸਬਦਿ ਪਛਾਣੈ ॥

ਉਹ ਆਪ ਹੀ (ਜੀਵਾਂ ਦੀਆਂ ਲੋੜਾਂ) ਪਛਾਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ।

ਨਾਨਕ ਨਾਮੁ ਮਿਲਿਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥

ਹੇ ਨਾਨਕ! ਉਹਨਾਂ ਬੰਦਿਆਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉੱਤੋਂ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ (ਨਾਮ ਦੀ ਪ੍ਰਾਪਤੀ ਦਾ) ਲੇਖ ਲਿਖਿਆ ਜਾਂਦਾ ਹੈ ॥੮॥੧॥੩੨॥੩੩॥


ਮਾਝ ਮਹਲਾ ੪ ॥
ਆਦਿ ਪੁਰਖੁ ਅਪਰੰਪਰੁ ਆਪੇ ॥

ਜੇਹੜਾ ਪਰਮਾਤਮਾ (ਸਭ ਦਾ) ਮੁੱਢ ਹੈ ਜੋ ਸਰਬ-ਵਿਆਪਕ ਹੈ, ਜਿਸ (ਦੀ ਹਸਤੀ) ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜੋ (ਆਪਣੇ ਵਰਗਾ) ਆਪ ਹੀ ਹੈ,

ਆਪੇ ਥਾਪੇ ਥਾਪਿ ਉਥਾਪੇ ॥

ਉਹ ਆਪ ਹੀ (ਜਗਤ ਨੂੰ) ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ।

ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥

ਉਹ ਪਰਮਾਤਮਾ ਸਭ ਜੀਵਾਂ ਵਿਚ ਆਪ ਹੀ ਆਪ ਮੌਜੂਦ ਹੈ (ਫਿਰ ਭੀ ਉਹੀ ਮਨੁੱਖ ਉਸ ਦੇ ਦਰ ਤੇ) ਸੋਭਾ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥

ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਨਿਰਾਕਾਰ ਪਰਮਾਤਮਾ ਦਾ ਨਾਮ ਸਿਮਰਦੇ ਹਨ।

ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥੧॥ ਰਹਾਉ ॥

ਉਸ ਪਰਮਾਤਮਾ ਦਾ ਕੋਈ ਖਾਸ ਰੂਪ ਨਹੀਂ ਕੋਈ ਖ਼ਾਸ ਚਿਹਨ-ਚੱਕਰ ਨਹੀਂ ਦੱਸਿਆ ਜਾ ਸਕਦਾ, (ਉਂਞ) ਉਹ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ, ਉਸ ਅਦ੍ਰਿਸ਼ਟ ਪ੍ਰਭੂ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ ॥੧॥ ਰਹਾਉ ॥

ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ ॥

(ਹੇ ਪ੍ਰਭੂ!) ਤੂੰ ਦਇਆ ਦਾ ਘਰ ਹੈਂ, ਕਿਰਪਾ ਦਾ ਸੋਮਾ ਹੈਂ, ਤੂੰ ਹੀ ਸਭ ਜੀਵਾਂ ਦਾ ਮਾਲਕ ਹੈਂ।

ਤੁਧੁ ਬਿਨੁ ਦੂਜਾ ਅਵਰੁ ਨ ਕੋਈ ॥

ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਜੀਵ ਨਹੀਂ ਹੈ।

ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥

(ਜਿਸ ਮਨੁੱਖ ਉੱਤੇ) ਗੁਰੂ ਕਿਰਪਾ ਕਰਦਾ ਹੈ ਉਸ ਨੂੰ ਤੇਰਾ ਨਾਮ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇ ਨਾਮ ਵਿਚ ਹੀ ਮਸਤ ਰਹਿੰਦਾ ਹੈ ॥੨॥

ਤੂੰ ਆਪੇ ਸਚਾ ਸਿਰਜਣਹਾਰਾ ॥

(ਹੇ ਪ੍ਰਭੂ!) ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ।

ਭਗਤੀ ਭਰੇ ਤੇਰੇ ਭੰਡਾਰਾ ॥

(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ।

ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥੩॥

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਗੁਰੂ ਪਾਸੋਂ) ਤੇਰਾ ਨਾਮ ਮਿਲ ਜਾਂਦਾ ਹੈ, ਉਸ ਦਾ ਮਨ (ਤੇਰੇ ਨਾਮ ਦੀ ਯਾਦ ਵਿਚ) ਰਸਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਸਮਾਧੀ ਲਾਈ ਰੱਖਦਾ ਹੈ (ਟਿਕਿਆ ਰਹਿੰਦਾ ਹੈ) ॥੩॥

ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥

ਹੇ ਪ੍ਰਭੂ! ਹੇ ਮੇਰੇ ਪ੍ਰੀਤਮ! (ਮੇਰੇ ਉੱਤੇ ਮਿਹਰ ਕਰ) ਮੈਂ ਹਰ ਰੋਜ਼ (ਹਰ ਵੇਲੇ) ਤੇਰੇ ਗੁਣ ਗਾਂਦਾ ਰਹਾਂ।

ਤੁਧੁ ਸਾਲਾਹੀ ਪ੍ਰੀਤਮ ਮੇਰੇ ॥

ਮੈਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ।

ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰਪਰਸਾਦੀ ਤੂੰ ਪਾਵਣਿਆ ॥੪॥

ਤੈਥੋਂ ਬਿਨਾ ਮੈਂ ਹੋਰ ਕਿਸੇ ਪਾਸੋਂ ਕੁਝ ਨਾਹ ਮੰਗਾਂ। (ਹੇ ਮੇਰੇ ਪ੍ਰੀਤਮ!) ਗੁਰੂ ਦੀ ਕਿਰਪਾ ਨਾਲ ਹੀ ਤੈਨੂੰ ਮਿਲ ਸਕੀਦਾ ਹੈ ॥੪॥

ਅਗਮੁ ਅਗੋਚਰੁ ਮਿਤਿ ਨਹੀ ਪਾਈ ॥

(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ ਕੇਡਾ ਵੱਡਾ ਹੈਂ-ਇਹ ਗੱਲ ਕੋਈ ਜੀਵ ਨਹੀਂ ਦੱਸ ਸਕਦਾ।

ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ ॥

ਜਿਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਮਿਹਰ ਕਰਦਾ ਹੈਂ, ਉਸਨੂੰ ਤੂੰ ਆਪਣੇ (ਚਰਨਾਂ) ਵਿਚ ਮਿਲਾ ਲੈਂਦਾ ਹੈਂ।

ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥੫॥

(ਹੇ ਭਾਈ!) ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। ਮਨੁੱਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਧਾਰ ਕੇ ਆਤਮਕ ਆਨੰਦ ਮਾਣ ਸਕਦਾ ਹੈ ॥੫॥

ਰਸਨਾ ਗੁਣਵੰਤੀ ਗੁਣ ਗਾਵੈ ॥

ਉਹ ਜੀਭ ਭਾਗਾਂ ਵਾਲੀ ਹੈ, ਜੇਹੜੀ ਪਰਮਾਤਮਾ ਦੇ ਗੁਣ ਗਾਂਦੀ ਹੈ।

ਨਾਮੁ ਸਲਾਹੇ ਸਚੇ ਭਾਵੈ ॥

ਉਹ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਜੇਹੜਾ ਪਰਮਾਤਮਾ ਦੇ ਨਾਮ ਨੂੰ ਸਲਾਹੁੰਦਾ ਹੈ।

ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥੬॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੬॥

ਮਨਮੁਖੁ ਕਰਮ ਕਰੇ ਅਹੰਕਾਰੀ ॥

ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਭਾਵੇਂ ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੈ, (ਪਰ) ਅਹੰਕਾਰ ਵਿਚ ਮੱਤਾ ਰਹਿੰਦਾ ਹੈ (ਕਿ ਮੈਂ ਧਰਮੀ ਹਾਂ)।

ਜੂਐ ਜਨਮੁ ਸਭ ਬਾਜੀ ਹਾਰੀ ॥

ਉਹ ਮਨੁੱਖ (ਮਾਨੋ) ਜੂਏ ਵਿਚ ਆਪਣਾ ਜੀਵਨ ਹਾਰ ਦੇਂਦਾ ਹੈ, ਉਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ।

ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥੭॥

ਉਸ ਦੇ ਅੰਦਰ ਮਾਇਆ ਦਾ ਲੋਭ (ਪ੍ਰਬਲ ਰਹਿੰਦਾ) ਹੈ, ਉਸ ਦੇ ਅੰਦਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥

ਆਪੇ ਕਰਤਾ ਦੇ ਵਡਿਆਈ ॥

ਉਹਨਾਂ ਨੂੰ ਉਹ ਕਰਤਾਰ ਆਪ ਹੀ (ਨਾਮ ਸਿਮਰਨ ਦੀ) ਵਡਿਆਈ ਬਖ਼ਸ਼ਦਾ ਹੈ,

ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥

ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਪਰਮਾਤਮਾ ਨੇ ਆਪ ਆਪਣੀ ਦਰਗਾਹ ਤੋਂ ਹੀ ਨਾਮ ਸਿਮਰਨ ਦੀ ਦਾਤ ਦਾ ਲੇਖ ਲਿਖ ਦਿੱਤਾ ਹੈ।

ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰਸਬਦੀ ਸੁਖੁ ਪਾਵਣਿਆ ॥੮॥੧॥੩੪॥

ਹੇ ਨਾਨਕ! ਉਹਨਾਂ (ਵਡ-ਭਾਗੀਆਂ) ਨੂੰ (ਦੁਨੀਆ ਦੇ ਸਾਰੇ) ਡਰ ਦੂਰ ਕਰਨ ਵਾਲਾ ਪ੍ਰਭੂ-ਨਾਮ ਮਿਲ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੮॥੧॥੩੪॥


ਮਾਝ ਮਹਲਾ ੫ ਘਰੁ ੧ ॥
ਅੰਤਰਿ ਅਲਖੁ ਨ ਜਾਈ ਲਖਿਆ ॥

ਅਦ੍ਰਿਸ਼ਟ ਪਰਮਾਤਮਾ (ਹਰੇਕ ਜੀਵ ਦੇ) ਅੰਦਰ (ਵੱਸਦਾ ਹੈ, ਪਰ ਹਰੇਕ ਜੀਵ ਆਪਣੇ ਅੰਦਰ ਉਸ ਦੀ ਹੋਂਦ ਨੂੰ) ਜਾਚ ਨਹੀਂ ਸਕਦਾ।

ਨਾਮੁ ਰਤਨੁ ਲੈ ਗੁਝਾ ਰਖਿਆ ॥

(ਹਰੇਕ ਜੀਵ ਦੇ ਅੰਦਰ) ਪਰਮਾਤਮਾ ਦਾ ਸ੍ਰੇਸ਼ਟ ਅਮੋਲਕ ਨਾਮ ਮੌਜੂਦ ਹੈ (ਪਰਮਾਤਮਾ ਨੇ ਹਰੇਕ ਦੇ ਅੰਦਰ) ਲੁਕਾ ਕੇ ਰੱਖ ਦਿੱਤਾ ਹੈ (ਹਰੇਕ ਜੀਵ ਨੂੰ ਉਸ ਦੀ ਕਦਰ ਨਹੀਂ)।

ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥੧॥

(ਸਭ ਜੀਵਾਂ ਦੇ ਅੰਦਰ ਵੱਸਦਾ ਹੋਇਆ ਭੀ ਪਰਮਾਤਮਾ) ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੀ ਆਤਮਕ ਉਡਾਰੀ ਤੋਂ ਉੱਚਾ ਹੈ। (ਹਾਂ) ਗੁਰੂ ਦੇ ਸ਼ਬਦ ਵਿਚ ਜੁੜਿਆਂ (ਜੀਵ ਨੂੰ ਆਪਣੇ ਅੰਦਰ ਉਸ ਦੀ ਹੋਂਦ ਦੀ) ਸਮਝ ਆ ਸਕਦੀ ਹੈ ॥੧॥

ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ ॥

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਮਨੁੱਖਾ ਜਨਮ ਵਿਚ (ਆ ਕੇ ਆਪ ਪਰਮਾਤਮਾ ਦਾ ਨਾਮ ਸੁਣਦੇ ਹਨ ਤੇ ਹੋਰਨਾਂ ਨੂੰ) ਨਾਮ ਸੁਣਾਂਦੇ ਹਨ।

ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ ॥

ਸਦਾ-ਥਿਰ ਪਰਮਾਤਮਾ ਨੇ ਜਿਨ੍ਹਾਂ ਨੂੰ (ਆਪਣੇ ਨਾਮ ਦਾ) ਸਹਾਰਾ ਦਿੱਤਾ ਹੈ, ਉਹ ਸੰਤ ਬਣ ਗਏ, ਉਹ ਉਸ ਦੇ ਪਿਆਰੇ ਹੋ ਗਏ, ਉਹਨਾਂ ਵਡ-ਭਾਗੀਆਂ ਨੇ ਪਰਮਾਤਮਾ ਦਾ ਦਰਸਨ ਪਾ ਲਿਆ ॥੧॥ ਰਹਾਉ ॥

ਸਾਧਿਕ ਸਿਧ ਜਿਸੈ ਕਉ ਫਿਰਦੇ ॥

ਜੋਗ ਸਾਧਨ ਕਰਨ ਵਾਲੇ ਜੋਗੀ, ਜੋਗ ਸਾਧਨਾ ਵਿਚ ਪੁੱਗੇ ਹੋਏ ਜੋਗੀ ਜਿਸ ਪਰਮਾਤਮਾ (ਦੀ ਪ੍ਰਾਪਤੀ) ਦੀ ਖ਼ਾਤਰ (ਜੰਗਲਾਂ ਪਹਾੜਾਂ ਵਿਚ ਭਟਕਦੇ) ਫਿਰਦੇ ਹਨ,

ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥

ਬ੍ਰਹਮਾ ਇੰਦ੍ਰ (ਆਦਿ ਦੇਵਤੇ) ਜਿਸਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ, ਤੇਤੀ ਕ੍ਰੋੜ ਦੇਵਤੇ ਭੀ ਉਸ ਦੀ ਭਾਲ ਕਰਦੇ ਹਨ (ਪਰ ਦੀਦਾਰ ਨਹੀਂ ਕਰ ਸਕਦੇ।

ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥

ਵਡ-ਭਾਗੀ ਮਨੁੱਖ) ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿਚ (ਉਸ ਦੇ ਗੁਣ) ਗਾਂਦੇ ਹਨ ॥੨॥

ਆਠ ਪਹਰ ਤੁਧੁ ਜਾਪੇ ਪਵਨਾ ॥

(ਹੇ ਪ੍ਰਭੂ! ਤੇਰੀ ਬਣਾਈ ਹੋਈ) ਹਵਾ ਅੱਠੇ ਪਹਰ ਤੇਰੇ ਹੁਕਮ ਵਿਚ ਤੁਰਦੀ ਹੈ।

ਧਰਤੀ ਸੇਵਕ ਪਾਇਕ ਚਰਨਾ ॥

(ਤੇਰੀ ਪੈਦਾ ਕੀਤੀ ਹੋਈ) ਧਰਤੀ ਤੇਰੇ ਚਰਨਾਂ ਦੀ ਟਹਲਣ ਹੈ ਸੇਵਕਾ ਹੈ।

ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥੩॥

ਚੌਹਾਂ ਖਾਣੀਆਂ ਵਿਚ ਜੰਮੇ ਹੋਏ ਤੇ ਭਾਂਤ ਭਾਂਤ ਦੀਆਂ ਬੋਲੀਆਂ ਬੋਲਣ ਵਾਲੇ ਸਭ ਜੀਵਾਂ ਦੇ ਅੰਦਰ ਤੂੰ ਵੱਸ ਰਿਹਾ ਹੈਂ, ਤੂੰ ਸਭ ਜੀਵਾਂ ਦੇ ਮਨ ਵਿਚ ਪਿਆਰਾ ਲੱਗਦਾ ਹੈਂ ॥੩॥

ਸਾਚਾ ਸਾਹਿਬੁ ਗੁਰਮੁਖਿ ਜਾਪੈ ॥

(ਹੇ ਭਾਈ!) ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਗੁਰੂ ਦੀ ਸਰਨ ਪਿਆਂ ਉਸ ਦੀ ਸੂਝ ਆਉਂਦੀ ਹੈ।

ਪੂਰੇ ਗੁਰ ਕੈ ਸਬਦਿ ਸਿਞਾਪੈ ॥

ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉਸ ਨਾਲ ਜਾਣ-ਪਛਾਣ ਬਣਦੀ ਹੈ।

ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥੪॥

ਜਿਨ੍ਹਾਂ ਮਨੁੱਖਾਂ ਨੇ ਉਸ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਹਨ ॥੪॥

ਤਿਸੁ ਘਰਿ ਸਹਜਾ ਸੋਈ ਸੁਹੇਲਾ ॥

ਜੇਹੜਾ ਮਨੁੱਖ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ।

ਅਨਦ ਬਿਨੋਦ ਕਰੇ ਸਦ ਕੇਲਾ ॥

ਉਹ ਮਨੁੱਖ ਸੁਖੀ (ਜੀਵਨ ਬਤੀਤ ਕਰਦਾ) ਹੈ, ਉਹ ਸਦਾ ਆਤਮਕ ਖ਼ੁਸ਼ੀਆਂ ਆਤਮਕ ਆਨੰਦ ਮਾਣਦਾ ਹੈ।

ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥੫॥

ਉਹ ਮਨੁੱਖ (ਅਸਲ) ਧਨ ਦਾ ਮਾਲਕ ਹੋ ਗਿਆ ਹੈ, ਉਹ ਮਨੁੱਖ ਵੱਡਾ ਸ਼ਾਹ ਬਣ ਗਿਆ ਹੈ ॥੫॥

ਪਹਿਲੋ ਦੇ ਤੈਂ ਰਿਜਕੁ ਸਮਾਹਾ ॥

(ਹੇ ਪ੍ਰਭੂ! ਜੀਵ ਨੂੰ ਪੈਦਾ ਕਰਨ ਤੋਂ) ਪਹਿਲਾਂ ਤੂੰ (ਮਾਂ ਦੇ ਥਣਾਂ ਵਿਚ ਉਸ ਦੇ ਵਾਸਤੇ ਦੁੱਧ) ਰਿਜ਼ਕ ਦਾ ਪ੍ਰਬੰਧ ਕਰਦਾ ਹੈਂ,

ਪਿਛੋ ਦੇ ਤੈਂ ਜੰਤੁ ਉਪਾਹਾ ॥

ਫਿਰ ਤੂੰ ਜੀਵ ਨੂੰ ਪੈਦਾ ਕਰਦਾ ਹੈਂ।

ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥੬॥

ਹੇ ਸੁਆਮੀ! ਤੇਰੇ ਜੇਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ, ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ ॥੬॥

ਜਿਸੁ ਤੂੰ ਤੁਠਾ ਸੋ ਤੁਧੁ ਧਿਆਏ ॥

(ਹੇ ਪ੍ਰਭੂ!) ਜਿਸ ਮਨੁੱਖ ਉੱਤੇ ਤੂੰ ਪ੍ਰਸੰਨ ਹੁੰਦਾ ਹੈਂ, ਉਹ ਤੇਰਾ ਧਿਆਨ ਧਰਦਾ ਹੈ।

ਸਾਧ ਜਨਾ ਕਾ ਮੰਤ੍ਰੁ ਕਮਾਏ ॥

ਉਹ ਉਹਨਾਂ ਗੁਰਮੁਖਾਂ ਦਾ ਉਪਦੇਸ਼ ਕਮਾਂਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧਿਆ ਹੋਇਆ ਹੈ।

ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ ॥੭॥

ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਆਪ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਤੇਰੀ ਹਜ਼ੂਰੀ ਵਿਚ ਪਹੁੰਚਣ ਦੇ ਰਾਹ ਵਿਚ ਉਸ ਨੂੰ ਕੋਈ ਰੋਕ ਨਹੀਂ ਪਾ ਸਕਦਾ ॥੭॥

ਤੂੰ ਵਡਾ ਤੂੰ ਊਚੋ ਊਚਾ ॥

(ਹੇ ਪ੍ਰਭੂ! ਤਾਕਤ ਤੇ ਸਮਰੱਥਾ ਵਿਚ) ਤੂੰ (ਸਭ ਤੋਂ) ਵੱਡਾ ਹੈਂ।

ਤੂੰ ਬੇਅੰਤੁ ਅਤਿ ਮੂਚੋ ਮੂਚਾ ॥

(ਆਤਮਕ ਉੱਚਤਾ ਵਿਚ) ਤੂੰ ਸਭ ਤੋਂ ਉੱਚਾ ਹੈਂ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੂੰ ਬੇਅੰਤ ਵੱਡੀ ਹਸਤੀ ਵਾਲਾ ਹੈਂ।

ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ॥੮॥੧॥੩੫॥

ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਦਾਸਾਂ ਦਾ ਦਾਸ ਹਾਂ ॥੮॥੧॥੩੫॥


ਮਾਝ ਮਹਲਾ ੫ ॥
ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥

ਉਹ ਕੇਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ?

ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥

ਉਹ ਕੇਹੜਾ ਮਨੁੱਖ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਤੇ ਉਸ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ?

ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥੧॥

(ਸੁਚੱਜਾ) ਗ੍ਰਿਹਸਤੀ ਕੌਣ ਹੋ ਸਕਦਾ ਹੈ? ਮਾਇਆ ਤੋਂ ਨਿਰਲੇਪ ਕੌਣ ਹੈ? ਉਹ ਕੇਹੜਾ ਮਨੁੱਖ ਹੈ ਜੋ (ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ? ॥੧॥

ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥

ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਕਿਵੇਂ ਬੱਝ ਜਾਂਦਾ ਹੈ ਤੇ ਕਿਵੇਂ (ਉਹਨਾਂ ਬੰਧਨਾਂ ਤੋਂ) ਸੁਤੰਤਰ ਹੁੰਦਾ ਹੈ?

ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥

ਕਿਸ ਤਰੀਕੇ ਨਾਲ ਜਨਮ ਮਰਨ ਦਾ ਗੇੜ ਮੁੱਕਦਾ ਹੈ? ਸੁਚੱਜੇ ਕੰਮ ਕੇਹੜੇ ਹਨ?

ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥੨॥

ਉਹ ਕੇਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਭੀ ਵਾਸਨਾ-ਰਹਿਤ ਹੈ? ਉਹ ਕੇਹੜਾ ਮਨੁੱਖ ਹੈ ਜੋ ਆਪ ਸਿਫ਼ਤ-ਸਾਲਾਹ ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਾਂਦਾ ਹੈ? ॥੨॥

ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥

ਸੁਖੀ ਜੀਵਨ ਵਾਲਾ ਕੌਣ ਹੈ? ਕੌਣ ਦੁੱਖਾਂ ਵਿਚ ਘਿਰਿਆ ਹੋਇਆ ਹੈ?

ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ ॥

ਸਨਮੁਖ ਕਿਸ ਨੂੰ ਕਿਹਾ ਜਾਂਦਾ ਹੈ? ਬੇਮੁਖ ਕਿਸ ਨੂੰ ਆਖੀਦਾ ਹੈ?

ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥੩॥

ਪ੍ਰਭੂ-ਚਰਨਾਂ ਵਿਚ ਕਿਸ ਤਰ੍ਹਾਂ ਮਿਲ ਸਕੀਦਾ ਹੈ? ਮਨੁੱਖ ਪ੍ਰਭੂ ਤੋਂ ਕਿਵੇਂ ਵਿੱਛੁੜ ਜਾਂਦਾ ਹੈ? ਇਹ ਜਾਚ ਕੌਣ ਸਿਖਾਂਦਾ ਹੈ? ॥੩॥

ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥

ਉਹ ਕੇਹੜਾ ਸ਼ਬਦ ਹੈ ਜਿਸ ਦੀ ਰਾਹੀਂ ਵਿਕਾਰਾਂ ਵਲ ਦੌੜਦਾ ਮਨ ਟਿਕ ਜਾਂਦਾ ਹੈ?

ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥

ਉਹ ਕੇਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ ਸੁਖ ਇਕੋ ਜਿਹੇ ਸਹਾਰ ਸਕਦਾ ਹੈ?

ਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥੪॥

ਉਹ ਕੇਹੜਾ ਜੀਵਨ-ਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ? ਕਿਸ ਤਰ੍ਹਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੇ? ॥੪॥

ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥

ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ।

ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥

ਗੁਰੂ ਦੀ ਸਰਨ ਵਿਚ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।

ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥੫॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਭਾਗਾਂ ਵਾਲਾ ਗ੍ਰਿਹਸਤ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ। ਉਹੀ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ ॥੫॥

ਹਉਮੈ ਬਾਧਾ ਗੁਰਮੁਖਿ ਛੂਟਾ ॥

(ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਆਪਣੀ ਹੀ) ਹਉਮੈ ਦੇ ਕਾਰਨ (ਮਾਇਆ ਦੇ ਬੰਧਨਾਂ ਵਿਚ) ਬੱਝ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ (ਇਹਨਾਂ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ।

ਗੁਰਮੁਖਿ ਆਵਣੁ ਜਾਵਣੁ ਤੂਟਾ ॥

ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥

ਗੁਰੂ ਦੇ ਸਨਮੁਖ ਰਹਿ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਾਸਨਾ ਰਹਿਤ ਰਹਿੰਦਾ ਹੈ। ਅਜੇਹਾ ਮਨੁੱਖ ਜੋ ਕੁਝ ਭੀ ਕਰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਕਰਦਾ ਹੈ ॥੬॥

ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖੀ ਜੀਵਨ ਵਾਲਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿੱਤ ਦੁਖੀ ਰਹਿੰਦਾ ਹੈ।

ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥

ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਨੂੰ ਮਿਲ ਸਕੀਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਵਿੱਛੁੜ ਜਾਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ (ਸਹੀ ਜੀਵਨ ਦੀ) ਜਾਚ ਸਿਖਾਂਦਾ ਹੈ ॥੭॥

ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥

ਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਉਹ ਬੋਲ ਹੈ ਜਿਸ ਦੀ ਬਰਕਤਿ ਨਾਲ ਵਿਕਾਰਾਂ ਵਲ ਦੌੜਦਾ ਮਨ ਖਲੋ ਜਾਂਦਾ ਹੈ।

ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥

ਗੁਰੂ ਤੋਂ ਮਿਲਿਆ ਉਪਦੇਸ਼ ਹੀ (ਇਹ ਸਮਰੱਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ) ਦੁਖ ਸੁਖ ਨੂੰ ਇਕੋ ਜਿਹਾ ਕਰ ਕੇ ਸਹਾਰਦਾ ਹੈ।

ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥੮॥

ਗੁਰੂ ਦੇ ਰਾਹ ਤੇ ਤੁਰਨਾ ਹੀ ਅਜੇਹੀ ਜੀਵਨ ਚਾਲ ਹੈ ਕਿ ਇਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਧਿਆਨ ਧਰ ਸਕਦਾ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ॥੮॥

ਸਗਲੀ ਬਣਤ ਬਣਾਈ ਆਪੇ ॥

(ਪਰ ਗੁਰਮੁਖ ਤੇ ਮਨਮੁਖ-ਇਹ) ਸਾਰੀ ਬਣਤਰ ਪਰਮਾਤਮਾ ਨੇ ਆਪ ਹੀ ਬਣਾਈ ਹੈ।

ਆਪੇ ਕਰੇ ਕਰਾਏ ਥਾਪੇ ॥

(ਸਭ ਜੀਵਾਂ ਵਿਚ ਵਿਆਪਕ ਹੋ ਕੇ) ਉਹ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ।

ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥

ਹੇ ਨਾਨਕ! ਉਹ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪਾਂ ਰੰਗਾਂ ਵਾਲਾ ਬਣਿਆ ਹੋਇਆ ਹੈ। (ਇਹ ਸਾਰਾ ਬਹੁ ਰੰਗੀ ਜਗਤ) ਉਸ ਇੱਕ ਵਿਚ ਹੀ ਲੀਨ ਹੋ ਜਾਂਦਾ ਹੈ ॥੯॥੨॥੩੬॥

1
2
3
4
5