ਰਾਗ ਮਾਝ – ਬਾਣੀ ਸ਼ਬਦ-Part 2 – Raag Majh – Bani
ਰਾਗ ਮਾਝ – ਬਾਣੀ ਸ਼ਬਦ-Part 2 – Raag Majh – Bani
ਮਾਝ ਮਹਲਾ ੫ ॥
ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥
(ਜਿਵੇਂ ਜਦੋਂ ਭੀ) ਪਾਰਬ੍ਰਹਮ ਪ੍ਰਭੂ ਨੇ ਬੱਦਲ ਘੱਲਿਆ,
ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥
ਤੇ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਦਸੀਂ ਪਾਸੀਂ ਵਰਖਾ ਕਰ ਦਿੱਤੀ,
ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥
(ਜਿਸ ਦੀ ਬਰਕਤਿ ਨਾਲ ਜੀਵਾਂ ਦੇ ਅੰਦਰ) ਠੰਢ ਪੈ ਗਈ, ਸਭਨਾਂ ਦੀ ਤ੍ਰੇਹ ਮਿਟ ਗਈ ਤੇ ਸਭ ਥਾਈਂ ਖ਼ੁਸ਼ੀ ਹੀ ਖ਼ੁਸ਼ੀ ਹੋ ਗਈ (ਇਸੇ ਤਰ੍ਹਾਂ ਅਕਾਲ ਪੁਰਖ ਨੇ ਗੁਰੂ ਨੂੰ ਘੱਲਿਆ ਜਿਸ ਨੇ ਪ੍ਰਭੂ ਦੇ ਨਾਮ ਦੀ ਵਰਖਾ ਕੀਤੀ ਤਾਂ ਸਭ ਜੀਵਾਂ ਦੇ ਹਿਰਦੇ ਵਿਚ ਸ਼ਾਂਤੀ ਪੈਦਾ ਹੋਈ ਸਭ ਦੀ ਮਾਇਕ ਤ੍ਰਿਸ਼ਨਾ ਮਿਟ ਗਈ, ਤੇ ਸਭ ਦੇ ਹਿਰਦਿਆਂ ਵਿਚ ਆਤਮਕ ਆਨੰਦ ਪੈਦਾ ਹੋਇਆ) ॥੧॥
ਸੁਖਦਾਤਾ ਦੁਖ ਭੰਜਨਹਾਰਾ ॥
(ਸਭ ਜੀਵਾਂ ਨੂੰ) ਸੁਖ ਦੇਣ ਵਾਲਾ (ਸਭ ਦੇ) ਦੁੱਖ ਦੂਰ ਕਰਨ ਵਾਲਾ ਪਰਮਾਤਮਾ –
ਆਪੇ ਬਖਸਿ ਕਰੇ ਜੀਅ ਸਾਰਾ ॥
ਆਪ ਹੀ ਮਿਹਰ ਕਰ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ।
ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥੨॥
ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਪਾਲਣਾ ਕਰਦਾ ਹੈ। ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਨੂੰ ਹੀ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ ॥੨॥
ਜਾ ਕੀ ਸਰਣਿ ਪਇਆ ਗਤਿ ਪਾਈਐ ॥
(ਹੇ ਭਾਈ!) ਜਿਸ ਪਰਮਾਤਮਾ ਦਾ ਆਸਰਾ ਲਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ,
ਸਾਸਿ ਸਾਸਿ ਹਰਿ ਨਾਮੁ ਧਿਆਈਐ ॥
ਉਸ ਹਰੀ ਦਾ ਨਾਮ ਹਰੇਕ ਸਾਹ ਦੇ ਨਾਲ ਚੇਤੇ ਕਰਦੇ ਰਹਿਣਾ ਚਾਹੀਦਾ ਹੈ।
ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥੩॥
ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਪਾਲਣਹਾਰ ਨਹੀਂ ਹੈ, ਸਾਰੀਆਂ ਥਾਵਾਂ ਉਸੇ ਦੀਆਂ ਹੀ ਹਨ (ਸਭ ਜੀਵਾਂ ਵਿਚ ਉਹ ਆਪ ਹੀ ਵੱਸ ਰਿਹਾ ਹੈ) ॥੩॥
ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥
ਹੇ ਪ੍ਰਭੂ! ਮੈਨੂੰ ਤੇਰਾ ਹੀ ਮਾਣ ਹੈ ਮੈਨੂੰ ਤੇਰਾ ਹੀ ਆਸਰਾ ਹੈ।
ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥
ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਸਾਰੇ ਗੁਣਾਂ ਵਾਲਾ ਹੈਂ ਤੇਰੇ ਗੁਣਾਂ ਦੀ ਹਾਥ ਨਹੀਂ ਪਾਈ ਜਾ ਸਕਦੀ।
ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥
ਹੇ ਪ੍ਰਭੂ! (ਤੇਰਾ) ਦਾਸ ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ (ਕਿ ਮਿਹਰ ਕਰ) ਮੈਂ ਅੱਠੇ ਪਹਰ ਤੈਨੂੰ ਯਾਦ ਕਰਦਾ ਰਹਾਂ ॥੪॥੩੪॥੪੧॥
ਮਾਝ ਮਹਲਾ ੫ ॥
ਸਭੇ ਸੁਖ ਭਏ ਪ੍ਰਭ ਤੁਠੇ ॥
ਜਦੋਂ (ਕਿਸੇ ਵਡ-ਭਾਗੀ ਉੱਤੇ) ਪ੍ਰਭੂ ਪ੍ਰਸੰਨ ਹੋਵੇ, ਤਾਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।
ਗੁਰ ਪੂਰੇ ਕੇ ਚਰਣ ਮਨਿ ਵੁਠੇ ॥
(ਤੇ ਉਸ ਦੀ ਮਿਹਰ ਨਾਲ) ਪੂਰੇ ਗੁਰੂ ਦੇ ਚਰਨ ਮਨ ਵਿਚ ਆ ਵੱਸਦੇ ਹਨ।
ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥੧॥
ਪਰ ਉਸ ਆਨੰਦ ਨੂੰ ਉਹੀ ਮਨੁੱਖ ਸਮਝਦਾ ਹੈ ਜਿਸ ਦੇ ਅੰਦਰ (ਪ੍ਰਭੂ-ਮਿਲਾਪ ਦੀ) ਲਗਨ ਹੋਵੇ ਜਿਸ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਲੱਗੀ ਹੋਈ ਹੋਵੇ (ਭਾਵ, ਜੋ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹੇ) ॥੧॥
ਅਗਮ ਅਗੋਚਰੁ ਸਾਹਿਬੁ ਮੇਰਾ ॥
(ਹੇ ਭਾਈ!) ਮੇਰਾ ਮਾਲਕ-ਪ੍ਰਭੂ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ।
ਘਟ ਘਟ ਅੰਤਰਿ ਵਰਤੈ ਨੇਰਾ ॥
(ਉਂਞ) ਉਹ ਹਰੇਕ ਦੇ ਹਿਰਦੇ ਵਿਚ ਵੱਸ ਰਿਹਾ ਹੈ ਉਹ ਸਭ ਜੀਵਾਂ ਦੇ ਨੇੜੇ ਵੱਸਦਾ ਹੈ।
ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥੨॥
(ਫਿਰ ਭੀ) ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਤੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਉਹ ਸਭ ਦੀ ਜਿੰਦ-ਜਾਨ ਹੈ ਸਭ ਦਾ ਆਤਮਾ ਹੈ, ਸਭ ਦਾ ਆਪਾ ਹੈ) ਉਸ (ਸਭ ਦੇ) ਆਪੇ (ਪ੍ਰਭੂ) ਨੂੰ ਕੋਈ ਵਿਰਲਾ ਮਨੁੱਖ ਪਛਾਣਦਾ ਹੈ ॥੨॥
ਪ੍ਰਭ ਮਿਲਣੈ ਕੀ ਏਹ ਨੀਸਾਣੀ ॥
(ਹੇ ਭਾਈ!) ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਇਹ ਹੈ,
ਮਨਿ ਇਕੋ ਸਚਾ ਹੁਕਮੁ ਪਛਾਣੀ ॥
(ਕਿ ਜੇਹੜਾ ਉਸ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਹ) ਆਪਣੇ ਮਨ ਵਿਚ ਉਸ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਸਮਝ ਲੈਂਦਾ ਹੈ (ਉਸ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ)।
ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥੩॥
ਜੇਹੜੇ ਮਨੁੱਖ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ਤੇ (ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ ॥੩॥
ਹਥੀ ਦਿਤੀ ਪ੍ਰਭਿ ਦੇਵਣਹਾਰੈ ॥
(ਪ੍ਰਭੂ ਦੀ ਸਿਫ਼ਤ-ਸਾਲਾਹ, ਮਾਨੋ, ਇਕ ਫੱਕੀ ਹੈ) ਦੇਵਣਹਾਰ ਪ੍ਰਭੂ ਨੇ ਇਸ ਜੀਵ-ਬਾਲ ਨੂੰ (ਇਸ ਫੱਕੀ ਦੀ) ਤਲੀ ਦਿੱਤੀ,
ਜਨਮ ਮਰਣ ਰੋਗ ਸਭਿ ਨਿਵਾਰੇ ॥
ਉਸ ਦੇ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੇ ਸਾਰੇ ਰੋਗ ਦੂਰ ਕਰ ਦਿੱਤੇ।
ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥੪॥੩੫॥੪੨॥
ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਸੇਵਕ ਬਣਾ ਲਿਆ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ (ਆਤਮਕ) ਆਨੰਦ ਮਾਣਦੇ ਹਨ ॥੪॥੩੫॥੪੨॥
ਮਾਝ ਮਹਲਾ ੫ ॥
ਕੀਨੀ ਦਇਆ ਗੋਪਾਲ ਗੁਸਾਈ ॥
ਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ,
ਗੁਰ ਕੇ ਚਰਣ ਵਸੇ ਮਨ ਮਾਹੀ ॥
ਉਸ ਦੇ ਮਨ ਵਿਚ ਗੁਰੂ ਦੇ ਚਰਣ ਵੱਸ ਪਏ।
ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥
(ਉਸ ਨੂੰ) ਉਸ ਕਰਤਾਰ ਨੇ ਪਰਵਾਨ ਕਰ ਲਿਆ (ਆਪਣਾ ਬਣਾ ਲਿਆ, ਤੇ ਉਸ ਦੇ ਅੰਦਰੋਂ ਕਰਤਾਰ ਨੇ) ਦੁੱਖ ਦਾ ਅੱਡਾ ਹੀ ਚੁਕਾ ਦਿੱਤਾ ॥੧॥
ਮਨਿ ਤਨਿ ਵਸਿਆ ਸਚਾ ਸੋਈ ॥
ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪਏ,
ਬਿਖੜਾ ਥਾਨੁ ਨ ਦਿਸੈ ਕੋਈ ॥
ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਥਾਂ ਔਖਾ ਨਹੀਂ ਦਿੱਸਦਾ।
ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥
ਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ, ਸਾਰੇ ਦੋਖੀ ਦੁਸ਼ਮਨ ਉਸ ਦੇ ਸੱਜਣ ਮਿੱਤ੍ਰ ਬਣ ਜਾਂਦੇ ਹਨ (ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ) ॥੨॥
ਜੋ ਕਿਛੁ ਕਰੇ ਸੁ ਆਪੇ ਆਪੈ ॥
(ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਆਪ ਹੀ ਆਪਣੇ ਆਪ ਤੋਂ ਕਰਦਾ ਹੈ।
ਬੁਧਿ ਸਿਆਣਪ ਕਿਛੂ ਨ ਜਾਪੈ ॥
(ਉਸ ਦੇ ਕੰਮਾਂ ਵਿਚ ਕਿਸੇ ਹੋਰ ਦੀ) ਅਕਲ ਜਾਂ ਚਤੁਰਾਈ (ਕੰਮ ਕਰਦੀ) ਨਹੀਂ ਦਿੱਸਦੀ।
ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥
ਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਹੈ ਤੇ ਉਸ ਮਨੁੱਖ ਦੇ ਮਨ ਵਿਚੋਂ ਪ੍ਰਭੂ ਨੇ ਭਟਕਣਾ ਤੇ ਭੁਲੇਖਾ ਦੂਰ ਕਰ ਦਿੱਤਾ ॥੩॥
ਚਰਣ ਕਮਲ ਜਨ ਕਾ ਆਧਾਰੋ ॥
ਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ।
ਆਠ ਪਹਰ ਰਾਮ ਨਾਮੁ ਵਾਪਾਰੋ ॥
ਸੇਵਕ ਅੱਠੇ ਪਹਰ ਪਰਮਾਤਮਾ ਦਾ ਨਾਮ ਵਣਜਦੇ ਹਨ।
ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥
ਸੇਵਕ ਆਤਮਕ ਅਡੋਲਤਾ ਦੇ ਆਨੰਦ (ਮਾਣਦੇ ਹੋਏ ਸਦਾ) ਹੇ ਨਾਨਕ! ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਭ ਜੀਵਾਂ ਵਿਚ ਵਿਆਪਕ ਹੈ ॥੪॥੩੬॥੪੩॥
ਮਾਝ ਮਹਲਾ ੫ ॥
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥
(ਹੇ ਭਾਈ!) ਜਿਸ ਥਾਂ ਵਿਚ ਸਦਾ-ਥਿਰ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੰਦਰ ਹੈ।
ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥
ਉਹ ਹਿਰਦਾ (ਸਦਾ) ਸੁਖੀ ਹੈ ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਣ।
ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥
ਉਹ ਧਰਤੀ ਸੁੰਦਰ ਬਣ ਜਾਂਦੀ ਹੈ ਜਿਸ ਵਿਚ ਪਰਮਾਤਮਾ ਦੇ ਭਗਤ ਵੱਸਦੇ ਹਨ ਤੇ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਨ ॥੧॥
ਸਚੁ ਵਡਾਈ ਕੀਮ ਨ ਪਾਈ ॥
(ਹੇ ਭਾਈ!) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀ ਬਜ਼ੁਰਗੀ ਦਾ ਕੋਈ ਜੀਵ ਮੁੱਲ ਨਹੀਂ ਪਾ ਸਕਦਾ (ਭਾਵ, ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ ਹੈ)।
ਕੁਦਰਤਿ ਕਰਮੁ ਨ ਕਹਣਾ ਜਾਈ ॥
ਤੇਰੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੀ ਬਖ਼ਸ਼ਸ਼ ਬਿਆਨ ਨਹੀਂ ਕੀਤੀ ਜਾ ਸਕਦੀ।
ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥
ਤੇਰੇ ਭਗਤ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ, ਉਹਨਾਂ ਦੇ ਮਨ ਵਿਚ ਤੇਰਾ ਸਦਾ-ਥਿਰ (ਸਿਫ਼ਤ-ਸਾਲਾਹ ਦਾ) ਸ਼ਬਦ ਹੀ ਆਸਰਾ ਹੈ ॥੨॥
ਸਚੁ ਸਾਲਾਹਣੁ ਵਡਭਾਗੀ ਪਾਈਐ ॥
(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੀ ਸਿਫ਼ਤ-ਸਾਲਾਹ ਵੱਡੇ ਭਾਗਾਂ ਨਾਲ ਮਿਲਦੀ ਹੈ।
ਗੁਰਪਰਸਾਦੀ ਹਰਿ ਗੁਣ ਗਾਈਐ ॥
ਹੇ ਹਰੀ! ਤੇਰੇ ਗੁਣ ਗੁਰੂ ਦੀ ਕਿਰਪਾ ਨਾਲ ਗਾਏ ਜਾ ਸਕਦੇ ਹਨ।
ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥
ਹੇ ਪ੍ਰਭੂ! ਤੈਨੂੰ ਉਹ ਸੇਵਕ ਪਿਆਰੇ ਲੱਗਦੇ ਹਨ ਜੇਹੜੇ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਪਾਸ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ ॥੩॥
ਸਚੇ ਅੰਤੁ ਨ ਜਾਣੈ ਕੋਈ ॥
(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦਾ ਕੋਈ ਮਨੁੱਖ ਅੰਤ ਨਹੀਂ ਜਾਣ ਸਕਦਾ।
ਥਾਨਿ ਥਨੰਤਰਿ ਸਚਾ ਸੋਈ ॥
ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।
ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥
ਹੇ ਨਾਨਕ! ਉਸ ਸਦਾ-ਥਿਰ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ, ਉਹ ਸੁਜਾਨ ਹੈ ਤੇ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੪॥੩੭॥੪੪॥
ਮਾਝ ਮਹਲਾ ੫ ॥
ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥
ਰਾਤ ਸੁਹਾਵਣੀ ਬੀਤਦੀ ਹੈ, ਦਿਨ ਭੀ ਸੌਖਾ ਗੁਜ਼ਾਰਦਾ ਹੈ,
ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥
(ਜੇ) ਸੰਤਾਂ ਦੀ ਸੰਗਤਿ ਵਿਚ ਮੇਲ (ਹੋ ਜਾਏ। ਉਥੇ) ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪ ਕੇ –
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥
ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ, ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ ॥੧॥
ਸਿਮਰਤ ਨਾਮੁ ਦੋਖ ਸਭਿ ਲਾਥੇ ॥
ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ।
ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥
ਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪਰਮਾਤਮਾ (ਹਰ ਵੇਲੇ) ਨਾਲ (ਵੱਸਦਾ ਪ੍ਰਤੀਤ) ਹੁੰਦਾ ਹੈ।
ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥
ਪਰਮਾਤਮਾ ਦਾ ਡਰ ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ ॥੨॥
ਪ੍ਰਭੁ ਸਮਰਥੁ ਵਡ ਊਚ ਅਪਾਰਾ ॥
ਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ।
ਨਉ ਨਿਧਿ ਨਾਮੁ ਭਰੇ ਭੰਡਾਰਾ ॥
ਉਸ ਦਾ ਨਾਮ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨੇ ਹੈ, (ਨਾਮ ਧਨ ਨਾਲ ਉਸ ਪ੍ਰਭੂ ਦੇ) ਖ਼ਜ਼ਾਨੇ ਭਰੇ ਪਏ ਹਨ।
ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥
(ਸੰਸਾਰ ਰਚਨਾ ਦੇ) ਸ਼ੁਰੂ ਵਿਚ ਪ੍ਰਭੂ ਆਪ ਹੀ ਆਪ ਸੀ (ਦੁਨੀਆ ਦੇ) ਅੰਤ ਵਿਚ ਪ੍ਰਭੂ ਆਪ ਹੀ ਆਪ ਹੋਵੇਗਾ (ਹੁਣ ਸੰਸਾਰ ਰਚਨਾ ਦੇ) ਮੱਧ ਵਿਚ ਪ੍ਰਭੂ ਆਪ ਹੀ ਆਪ ਹੈ। ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝ ਸਕਦਾ ॥੩॥
ਕਰਿ ਕਿਰਪਾ ਮੇਰੇ ਦੀਨ ਦਇਆਲਾ ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ।
ਜਾਚਿਕੁ ਜਾਚੈ ਸਾਧ ਰਵਾਲਾ ॥
(ਤੇਰਾ ਇਹ) ਮੰਗਤਾ (ਤੇਰੇ ਪਾਸੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।
ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥
(ਤੇਰਾ) ਦਾਸ ਨਾਨਕ (ਤੈਥੋਂ) ਮੰਗਦਾ ਹੈ (ਇਹ) ਦਾਨ ਦੇਹਿ ਕਿ ਮੈਂ, ਹੇ ਹਰੀ! ਸਦਾ ਹੀ ਸਦਾ ਹੀ (ਤੈਨੂੰ) ਸਿਮਰਦਾ ਰਹਾਂ ॥੪॥੩੮॥੪੫॥
ਮਾਝ ਮਹਲਾ ੫ ॥
ਐਥੈ ਤੂੰਹੈ ਆਗੈ ਆਪੇ ॥
ਹੇ ਕਰਤਾਰ! ਇਸ ਲੋਕ ਵਿਚ ਮੇਰਾ ਤੂੰ ਹੀ ਸਹਾਰਾ ਹੈਂ, ਤੇ ਪਰਲੋਕ ਵਿਚ ਭੀ ਮੇਰਾ ਤੂੰ ਆਪ ਹੀ ਆਸਰਾ ਹੈਂ।
ਜੀਅ ਜੰਤ੍ਰ ਸਭਿ ਤੇਰੇ ਥਾਪੇ ॥
ਸਾਰੇ ਜੀਅ ਜੰਤ ਤੇਰੇ ਹੀ ਸਹਾਰੇ ਹਨ।
ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥
ਹੇ ਕਰਤਾਰ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ), ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ ॥੧॥
ਰਸਨਾ ਜਪਿ ਜਪਿ ਜੀਵੈ ਸੁਆਮੀ ॥
(ਤੇਰਾ ਸੇਵਕ ਤੇਰਾ ਨਾਮ ਆਪਣੀ) ਜੀਭ ਨਾਲ ਜਪ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
ਪਾਰਬ੍ਰਹਮ ਪ੍ਰਭ ਅੰਤਰਜਾਮੀ ॥
ਹੇ ਸੁਆਮੀ! ਹੇ ਪਾਰਬ੍ਰਹਮ! ਹੇ ਅੰਤਰਜਾਮੀ ਪ੍ਰਭੂ!
ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥
ਜਿਸ ਮਨੁੱਖ ਨੇ ਤੇਰੀ ਸੇਵਾ-ਭਗਤੀ ਕੀਤੀ ਉੇਸੇ ਨੇ ਹੀ ਆਤਮਕ ਆਨੰਦ ਮਾਣਿਆ, ਉਹ ਮਨੁੱਖ ਆਪਣਾ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ (ਜਿਵੇਂ ਕਿ ਜੁਆਰੀਆ ਜੂਏ ਵਿਚ ਸਭ ਕੁਝ ਹਾਰ ਜਾਂਦਾ ਹੈ) ॥੨॥
ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥
(ਹੇ ਪ੍ਰਭੂ!) ਤੇਰੇ ਜਿਸ ਸੇਵਕ ਨੇ ਤੇਰਾ ਨਾਮ (-ਰੂਪ) ਦਵਾਈ ਲੱਭ ਲਈ,
ਜਨਮ ਜਨਮ ਕਾ ਰੋਗੁ ਗਵਾਇਆ ॥
ਉਸ ਨੇ ਕਈ ਜਨਮਾਂ (ਦੇ ਵਿਕਾਰਾਂ) ਦਾ ਰੋਗ (ਉਸ ਦਵਾਈ ਨਾਲ) ਦੂਰ ਕਰ ਲਿਆ।
ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥
(ਹੇ ਭਾਈ!) ਰਾਤ ਦਿਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹੋ, ਇਹੀ ਕਾਰ ਲਾਭ ਦੇਣ ਵਾਲੀ ਹੈ ॥੩॥
ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥
(ਪ੍ਰਭੂ ਨੇ ਜੇਹੜਾ) ਆਪਣਾ ਸੇਵਕ (ਆਪਣੀ) ਮਿਹਰ ਦੀ ਨਿਗਾਹ ਕਰ ਕੇ ਸੁਚੱਜੇ ਜੀਵਨ ਵਾਲਾ ਬਣਾ ਦਿੱਤਾ,
ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥
ਉਸ ਨੇ ਹਰੇਕ ਸਰੀਰ ਵਿਚ ਉਸ ਪਰਮਾਤਮਾ ਨੂੰ (ਵੇਖ ਕੇ ਹਰੇਕ ਅੱਗੇ) ਆਪਣਾ ਸਿਰ ਨਿਵਾਇਆ (ਭਾਵ, ਹਰੇਕ ਨਾਲ ਪ੍ਰੇਮ ਪਿਆਰ ਵਾਲਾ ਵਰਤਾਵ ਕੀਤਾ)।
ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥
ਹੇ ਨਾਨਕ! (ਆਖ-) ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ (ਉਸ ਵਰਗਾ) ਨਹੀਂ ਹੈ-ਇਹੀ ਸਭ ਤੋਂ ਸ੍ਰੇਸ਼ਟ ਸੂਝ ਹੈ ॥੪॥੩੯॥੪੬॥
ਮਾਝ ਮਹਲਾ ੫ ॥
ਮਨੁ ਤਨੁ ਰਤਾ ਰਾਮ ਪਿਆਰੇ ॥
(ਹੇ ਭਾਈ! ਜੇ ਤੂੰ ਇਹ ਲੋੜਦਾ ਹੈਂ ਕਿ ਤੇਰਾ) ਮਨ (ਤੇਰਾ) ਸਰੀਰ ਪਿਆਰੇ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਰਹੇ,
ਸਰਬਸੁ ਦੀਜੈ ਅਪਨਾ ਵਾਰੇ ॥
(ਤਾਂ) ਆਪਣਾ ਸਭ ਕੁਛ ਸਦਕੇ ਕਰ ਕੇ (ਉਸ ਪ੍ਰੇਮ ਦੇ ਵੱਟੇ) ਦੇ ਦੇਣਾ ਚਾਹੀਦਾ ਹੈ।
ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥
ਅੱਠੇ ਪਹਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ। (ਹੇ ਭਾਈ!) ਕੋਈ ਇੱਕ ਸਾਹ (ਲੈਂਦਿਆਂ ਭੀ ਪਰਮਾਤਮਾ ਨੂੰ) ਨਾਹ ਭੁਲਾ ॥੧॥
ਸੋਈ ਸਾਜਨ ਮੀਤੁ ਪਿਆਰਾ ॥
ਉਹੋ ਹੀ ਸੱਜਣ-ਪ੍ਰਭੂ ਦਾ ਪਿਆਰਾ ਮਿਤ੍ਰ ਹੈ,
ਰਾਮ ਨਾਮੁ ਸਾਧਸੰਗਿ ਬੀਚਾਰਾ ॥
ਜੇਹੜਾ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ।
ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥
ਸਾਧ ਸੰਗਤਿ ਵਿਚ (ਰਿਹਾਂ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ॥੨॥
ਚਾਰਿ ਪਦਾਰਥ ਹਰਿ ਕੀ ਸੇਵਾ ॥
(ਹੇ ਭਾਈ!) ਪਰਮਾਤਮਾ ਦੀ ਸੇਵਾ-ਭਗਤੀ ਹੀ (ਦੁਨੀਆ ਦੇ ਪ੍ਰਸਿਧ) ਚਾਰ ਪਦਾਰਥ ਹਨ।
ਪਾਰਜਾਤੁ ਜਪਿ ਅਲਖ ਅਭੇਵਾ ॥
(ਹੇ ਭਾਈ!) ਅਲੱਖ ਅਭੇਵ ਪ੍ਰਭੂ ਦਾ ਨਾਮ ਜਪ, ਇਹੀ ਪਾਰਜਾਤ (-ਰੁੱਖ ਮਨੋਕਾਮਨਾ ਪੂਰੀਆਂ ਕਰਨ ਵਾਲਾ) ਹੈ।
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥
ਜਿਸ ਮਨੁੱਖ (ਦੇ ਅੰਦਰੋਂ) ਗੁਰੂ ਨੇ ਕਾਮ ਦੂਰ ਕਰ ਦਿੱਤਾ ਹੈ ਕ੍ਰੋਧ ਦੂਰ ਕਰ ਦਿੱਤਾ ਜਿਸ ਦੇ ਸਾਰੇ ਪਾਪ ਗੁਰੂ ਨੇ ਕੱਟ ਦਿੱਤੇ ਹਨ, ਉਸ ਦੀ (ਹਰੇਕ ਕਿਸਮ ਦੀ) ਆਸਾ ਪੂਰੀ ਹੋ ਗਈ ॥੩॥
ਪੂਰਨ ਭਾਗ ਭਏ ਜਿਸੁ ਪ੍ਰਾਣੀ ॥
(ਹੇ ਭਾਈ!) ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ,
ਸਾਧਸੰਗਿ ਮਿਲੇ ਸਾਰੰਗਪਾਣੀ ॥
ਉਸ ਨੂੰ ਸਾਧ ਸੰਗਤਿ ਵਿਚ ਪਰਮਾਤਮਾ ਮਿਲ ਪੈਂਦਾ ਹੈ।
ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਘਰ-ਬਾਰੀ ਹੁੰਦਾ ਹੋਇਆ ਹੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਉਹ ਪ੍ਰਭੂ ਦੇ ਦਰ ਤੇ ਕਬੂਲ ਹੁੰਦਾ ਹੈ ॥੪॥੪੦॥੪੭॥
ਮਾਝ ਮਹਲਾ ੫ ॥
ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥
ਉਸ ਨੇ ਹੀ ਨਾਮ ਸਿਮਰ ਕੇ ਹਿਰਦੇ ਵਿਚ ਆਤਮਕ ਆਨੰਦ ਮਾਣਿਆ ਹੈ,
ਕਰਿ ਕਿਰਪਾ ਭਗਤਂੀ ਪ੍ਰਗਟਾਇਆ ॥
(ਜਿਸ ਮਨੁੱਖ ਦੇ ਹਿਰਦੇ ਵਿਚ) ਭਗਤ ਜਨਾਂ ਨੇ ਕਿਰਪਾ ਕਰ ਕੇ (ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ।
ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥
ਸਾਧ ਸੰਗਤਿ ਵਿਚ ਮਿਲ ਕੇ ਜਿਸ ਨੇ ਸਦਾ ਹਰੀ-ਨਾਮ ਜਪਿਆ, ਉੇਸ ਦੇ ਸਾਰੇ ਆਲਸ ਉਸ ਦੇ ਸਾਰੇ ਰੋਗ ਦੂਰ ਹੋ ਗਏ ॥੧॥
ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥
ਹੇ ਭਾਈ! ਜਿਸ ਹਰੀ ਦੇ ਘਰ ਵਿਚ ਨੌ ਹੀ ਖ਼ਜ਼ਾਨੇ ਮੌਜੂਦ ਹਨ,
ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥
ਉਹ ਹਰੀ ਉਸ ਮਨੁੱਖ ਨੂੰ ਮਿਲਦਾ ਹੈ (ਗੁਰੂ ਦੀ ਰਾਹੀਂ) ਜਿਸ ਦੀ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰ ਜਾਗ ਪੈਂਦੇ ਹਨ।
ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥
ਉਸ ਦੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਉਸ ਦੀ ਪੂਰਨ ਪ੍ਰਭੂ ਵਿਚ ਸੁਰਤ ਜੁੜੀ ਰਹਿੰਦੀ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੰਮ ਕਰਨ ਦੀ ਸਮਰਥਾ ਰੱਖਦਾ ਹੈ ॥੨॥
ਖਿਨ ਮਹਿ ਥਾਪਿ ਉਥਾਪਨਹਾਰਾ ॥
(ਹੇ ਭਾਈ!) ਪਰਮਾਤਮਾ (ਸਾਰਾ ਜਗਤ) ਰਚ ਕੇ ਇਕ ਖਿਨ ਵਿਚ (ਇਸ ਨੂੰ) ਨਾਸ ਕਰਨ ਦੀ ਭੀ ਤਾਕਤ ਰੱਖਦਾ ਹੈ।
ਆਪਿ ਇਕੰਤੀ ਆਪਿ ਪਸਾਰਾ ॥
ਉਹ ਆਪ ਹੀ (ਨਿਰਗੁਣ-ਸਰੂਪ ਹੋ ਕੇ) ਇਕੱਲਾ (ਹੋ ਜਾਂਦਾ) ਹੈ, ਤੇ ਆਪ ਹੀ (ਆਪਣੇ ਆਪੇ ਤੋਂ ਸਰਗੁਣ ਰੂਪ ਧਾਰ ਕੇ) ਜਗਤ-ਰਚਨਾ ਕਰ ਦੇਂਦਾ ਹੈ।
ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥
ਉਸ ਕਰਤਾਰ ਨੂੰ, ਜਗਤ-ਦੇ-ਜੀਵਨ ਉਸ ਪ੍ਰਭੂ ਨੂੰ ਮਾਇਆ ਦਾ ਪ੍ਰਭਾਵ ਪੋਹ ਨਹੀਂ ਸਕਦਾ। ਉਸ ਦਾ ਦਰਸਨ ਕੀਤਿਆਂ ਸਾਰੇ ਵਿਛੋੜੇ ਲਹਿ ਜਾਂਦੇ ਹਨ (ਪ੍ਰਭੂ ਤੋਂ ਵਿਛੋੜਾ ਪਾਣ ਵਾਲੇ ਸਾਰੇ ਪ੍ਰਭਾਵ ਮਨ ਤੋਂ ਲਹਿ ਜਾਂਦੇ ਹਨ) ॥੩॥
ਅੰਚਲਿ ਲਾਇ ਸਭ ਸਿਸਟਿ ਤਰਾਈ ॥
(ਹੇ ਭਾਈ! ਗੁਰੂ ਦੇ) ਪੱਲੇ ਲਾ ਕੇ (ਪ੍ਰਭੂ ਆਪ ਹੀ) ਸਾਰੀ ਸ੍ਰਿਸ਼ਟੀ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ,
ਆਪਣਾ ਨਾਉ ਆਪਿ ਜਪਾਈ ॥
ਪ੍ਰਭੂ (ਗੁਰੂ ਦੀ ਰਾਹੀਂ) ਆਪਣਾ ਨਾਮ ਆਪ ਹੀ (ਜੀਵਾਂ ਪਾਸੋਂ) ਜਪਾਂਦਾ ਹੈ।
ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥
ਹੇ ਨਾਨਕ! ਪਰਮਾਤਮਾ ਦੀ ਧੁਰ-ਦਰਗਾਹ ਤੋਂ ਮਿਲਾਪ ਦੇ ਸਬਬ ਬਣਨ ਨਾਲ ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ-ਜਹਾਜ਼ ਮਿਲਦਾ ਹੈ ॥੪॥੪੧॥੪੮॥
ਮਾਝ ਮਹਲਾ ੫ ॥
ਸੋਈ ਕਰਣਾ ਜਿ ਆਪਿ ਕਰਾਏ ॥
(ਜੀਵ) ਉਹੀ ਕੰਮ ਕਰ ਸਕਦਾ ਹੈ, ਜੇਹੜਾ ਪਰਮਾਤਮਾ ਆਪ ਕਰਾਂਦਾ ਹੈ।
ਜਿਥੈ ਰਖੈ ਸਾ ਭਲੀ ਜਾਏ ॥
(ਜੀਵ ਨੂੰ) ਜਿਸ ਥਾਂ ਪਰਮਾਤਮਾ ਰੱਖਦਾ ਹੈ, ਉਹੀ ਥਾਂ (ਜੀਵ ਵਾਸਤੇ) ਚੰਗੀ ਹੁੰਦੀ ਹੈ।
ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥
ਉਹੀ ਮਨੁੱਖ ਅਕਲ ਵਾਲਾ ਹੈ ਉਹੀ ਮਨੁੱਖ ਇੱਜ਼ਤ ਵਾਲਾ ਹੈ, ਜਿਸਨੂੰ ਪਰਮਾਤਮਾ ਦਾ ਹੁਕਮ ਪਿਆਰਾ ਲਗਦਾ ਹੈ ॥੧॥
ਸਭ ਪਰੋਈ ਇਕਤੁ ਧਾਗੈ ॥
ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ (ਹੁਕਮ-ਰੂਪ) ਧਾਗੇ ਵਿਚ ਪ੍ਰੋ ਰੱਖਿਆ ਹੈ।
ਜਿਸੁ ਲਾਇ ਲਏ ਸੋ ਚਰਣੀ ਲਾਗੈ ॥
ਜਿਸ ਜੀਵ ਨੂੰ ਪ੍ਰਭੂ (ਆਪਣੀ ਚਰਨੀਂ) ਲਾਂਦਾ ਹੈ, ਉਹੀ ਚਰਨੀਂ ਲੱਗਦਾ ਹੈ।
ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥
ਉਸ ਮਨੁੱਖ ਨੇ (ਹੀ) ਨਿਰਲੇਪ ਪ੍ਰਭੂ ਨੂੰ ਹਰ ਥਾਂ ਵੇਖਿਆ ਹੈ, ਜਿਸ ਦਾ ਉਲਟਿਆ ਹੋਇਆ ਹਿਰਦਾ-ਕੌਲ-ਫੁੱਲ (ਪ੍ਰਭੂ ਨੇ ਆਪਣੀ ਮਿਹਰ ਨਾਲ ਆਪ) ਖਿੜਾ ਦਿੱਤਾ ਹੈ ॥੨॥
ਤੇਰੀ ਮਹਿਮਾ ਤੂੰਹੈ ਜਾਣਹਿ ॥
ਹੇ ਪ੍ਰਭੁ! ਤੂੰ ਆਪ ਹੀ ਜਾਣਦਾ ਹੈ ਕਿ ਤੂੰ ਕਿਤਨਾ ਵੱਡਾ ਹੈਂ।
ਅਪਣਾ ਆਪੁ ਤੂੰ ਆਪਿ ਪਛਾਣਹਿ ॥
ਆਪਣੇ ਆਪ ਨੂੰ ਤੂੰ ਆਪ ਹੀ ਸਮਝ ਸਕਦਾ ਹੈਂ।
ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥
ਤੇਰੇ ਜਿਸ ਜਿਸ ਸੰਤ ਨੇ (ਤੇਰੀ ਮਿਹਰ ਨਾਲ ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਦੂਰ ਕੀਤਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੩॥
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥
ਹੇ ਪ੍ਰਭੂ! ਤੇਰੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੈ, ਤੇਰੇ ਸੰਤ ਭੀ (ਵੈਰ ਆਦਿਕ ਦੀ) ਮੈਲ ਤੋਂ ਰਹਿਤ ਹਨ।
ਜਿਨ ਦੇਖੇ ਸਭ ਉਤਰਹਿ ਕਲਮਲ ॥
ਤੇਰੇ ਉਹਨਾਂ ਸੰਤ ਜਨਾਂ ਦਾ ਦਰਸਨ ਕੀਤਿਆਂ (ਹੋਰਨਾਂ ਦੇ ਭੀ) ਪਾਪ ਦੂਰ ਹੋ ਜਾਂਦੇ ਹਨ।
ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥
ਹੇ ਨਾਨਕ! (ਆਖ-ਹੇ ਪ੍ਰਭੂ! ਤੇਰਾ) ਨਾਮ ਸਿਮਰ ਸਿਮਰ ਕੇ ਜੇਹੜਾ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਉਸ ਦੇ ਮਨ ਵਿਚੋਂ ਅਮੋਲ ਭਟਕਣਾ ਤੇ ਡਰ ਦੂਰ ਹੋ ਜਾਂਦੇ ਹਨ ॥੪॥੪੨॥੪੯॥
ਮਾਂਝ ਮਹਲਾ ੫ ॥
ਝੂਠਾ ਮੰਗਣੁ ਜੇ ਕੋਈ ਮਾਗੈ ॥
ਜੇ ਕੋਈ ਮਨੁੱਖ (ਸਦਾ) ਨਾਸਵੰਤ ਪਦਾਰਥਾਂ ਦੀ ਮੰਗ ਹੀ ਮੰਗਦਾ ਰਹੇ (ਤੇ ਨਾਮ ਸਿਮਰਨ ਦੀ ਦਾਤ ਕਦੇ ਭੀ ਨਾਹ ਮੰਗੇ),
ਤਿਸ ਕਉ ਮਰਤੇ ਘੜੀ ਨ ਲਾਗੈ ॥
ਉਸ ਨੂੰ ਆਤਮਕ ਮੌਤ ਸਹੇੜਦਿਆਂ ਚਿਰ ਨਹੀਂ ਲਗਦਾ।
ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ॥੧॥
ਜੇਹੜਾ ਮਨੁੱਖ ਸਦਾ ਹੀ ਪਰਮੇਸ਼ਰ ਦੀ ਸੇਵਾ-ਭਗਤੀ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਅਡੋਲ ਹੋ ਗਿਆ ਕਿਹਾ ਜਾ ਸਕਦਾ ਹੈ ॥੧॥
ਪ੍ਰੇਮ ਭਗਤਿ ਜਿਸ ਕੈ ਮਨਿ ਲਾਗੀ ॥
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਪਿਆਰ-ਭਰੀ ਭਗਤੀ (ਦੀ ਲਿਵ) ਲੱਗ ਜਾਂਦੀ ਹੈ,
ਗੁਣ ਗਾਵੈ ਅਨਦਿਨੁ ਨਿਤਿ ਜਾਗੀ ॥
ਜੇਹੜਾ ਮਨੁੱਖ ਹਰ ਰੋਜ਼ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,
ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ ॥੨॥
(ਉਸ ਦੀ) ਬਾਂਹ ਫੜ ਕੇ ਉਸ ਨੂੰ ਮਾਲਕ-ਪ੍ਰਭੂ (ਆਪਣੇ ਨਾਲ) ਮਿਲਾ ਲੈਂਦਾ ਹੈ (ਪਰ ਇਹ ਦਾਤ ਉਸੇ ਨੂੰ ਪ੍ਰਾਪਤ ਹੁੰਦੀ ਹੈ) ਜਿਸ ਦੇ ਮੱਥੇ ਉਤੇ ਇਹ ਦਾਤ ਹਾਸਲ ਕਰਨ ਦਾ ਲੇਖ ਮੌਜੂਦ ਹੋਵੇ (ਭਾਵ, ਜਿਸ ਦੇ ਅੰਦਰ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਅਨੁਸਾਰ ਸੇਵਾ-ਭਗਤੀ ਦੇ ਸੰਸਕਾਰ ਮੌਜੂਦ ਹੋਣ, ਗੁਰੂ ਨੂੰ ਮਿਲ ਕੇ ਉਸ ਦੇ ਉਹ ਸੰਸਕਾਰ ਜਾਗ ਪੈਂਦੇ ਹਨ) ॥੨॥
ਚਰਨ ਕਮਲ ਭਗਤਾਂ ਮਨਿ ਵੁਠੇ ॥
ਭਗਤਾਂ ਦੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ (ਸਦਾ) ਵੱਸਦੇ ਰਹਿੰਦੇ ਹਨ।
ਵਿਣੁ ਪਰਮੇਸਰ ਸਗਲੇ ਮੁਠੇ ॥
(ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਜਾਣਦੇ ਹਨ ਕਿ) ਪਰਮੇਸਰ ਦੇ ਚਰਨਾਂ ਵਿਚ ਜੁੜਨ ਤੋਂ ਬਿਨਾ ਸਾਰੇ ਹੀ ਜੀਵ (ਮਾਇਆ ਦੇ ਕਾਮਾਦਿਕ ਦੂਤਾਂ ਦੀ ਹੱਥੀਂ) ਲੁੱਟੇ ਜਾਂਦੇ ਹਨ।
ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥੩॥
ਜੇਹੜੇ ਮਨੁੱਖ ਅਜੇਹੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਸਦਾ ਲੋੜਦੇ ਰਹਿੰਦੇ ਹਨ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਜੋ ਉਹਨਾਂ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ ॥੩॥
ਊਠਤ ਬੈਠਤ ਹਰਿ ਹਰਿ ਗਾਈਐ ॥
(ਹੇ ਭਾਈ!) ਉਠਦਿਆਂ ਬਹਿੰਦਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ,
ਜਿਸੁ ਸਿਮਰਤ ਵਰੁ ਨਿਹਚਲੁ ਪਾਈਐ ॥
ਕਿਉਂਕਿ ਉਸ ਦਾ ਸਿਮਰਨ ਕੀਤਿਆਂ ਉਹ ਖਸਮ-ਪ੍ਰਭੂ ਮਿਲ ਪੈ ਜਾਂਦਾ ਹੈ ਜੋ ਸਦਾ ਅਟੱਲ ਰਹਿਣ ਵਾਲਾ ਹੈ।
ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ ਸਹਣਾ ॥੪॥੪੩॥੫੦॥
ਹੇ ਨਾਨਕ! (ਆਖ-ਹੇ ਪ੍ਰਭੂ!) ਜਿਸ ਉਤੇ ਤੂੰ ਦਇਆਵਾਨ ਹੁੰਦਾ ਹੈਂ (ਉਹ ਉਠਦਿਆਂ ਬੈਠਦਿਆਂ ਤੇਰਾ ਨਾਮ ਸਿਮਰਦਾ ਹੈ ਤੇ ਇਸ ਤਰ੍ਹਾਂ) ਉਸ ਨੂੰ ਤੇਰੀ ਰਜ਼ਾ ਪਿਆਰੀ ਲਗਦੀ ਹੈ ॥੪॥੪੩॥੫੦॥
ਰਾਗੁ ਮਾਝ ਅਸਟਪਦੀਆ ਮਹਲਾ ੧ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਬਦਿ ਰੰਗਾਏ ਹੁਕਮਿ ਸਬਾਏ ॥
ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜੇ ਤੇਰੇ ਹੁਕਮ ਵਿਚ ਤੁਰਦੇ ਹਨ,
ਸਚੀ ਦਰਗਹ ਮਹਲਿ ਬੁਲਾਏ ॥
ਉਹ ਸਾਰੇ ਤੇਰੀ ਸਦਾ-ਥਿਰ ਦਰਗਾਹ ਵਿਚ ਤੇਰੇ ਮਹਲ ਵਿਚ ਸੱਦ ਲਏ ਜਾਂਦੇ ਹਨ।
ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥
ਹੇ ਸਦਾ-ਥਿਰ ਰਹਿਣ ਵਾਲੇ! ਹੇ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਮਾਲਿਕ! ਉਨ੍ਹਾਂ ਨੇ ਆਪਣੇ ਮਨ ਨੂੰ ਤੇਰੇ ਸਦਾ-ਥਿਰ ਨਾਮ ਵਿਚ ਗਿਝਾ ਲਿਆ ਹੈ ॥੧॥
ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥
ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਹਾਂ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ,
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥੧॥ ਰਹਾਉ ॥
ਅਤੇ ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਪ੍ਰਭੂ-ਨਾਮ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾ ਲਿਆ ਹੈ ॥੧॥ ਰਹਾਉ ॥
ਨਾ ਕੋ ਮੇਰਾ ਹਉ ਕਿਸੁ ਕੇਰਾ ॥
(ਦੁਨੀਆ ਵਿਚ) ਕੋਈ ਭੀ ਮੇਰਾ ਸਦਾ ਦਾ ਸਾਥੀ ਨਹੀਂ ਹੈ, ਮੈਂ ਭੀ ਕਿਸੇ ਦਾ ਸਦਾ ਲਈ ਸਾਥੀ ਨਹੀਂ ਹਾਂ।
ਸਾਚਾ ਠਾਕੁਰੁ ਤ੍ਰਿਭਵਣਿ ਮੇਰਾ ॥
ਮੇਰਾ ਸਦਾ ਵਾਸਤੇ ਪਾਲਣ ਵਾਲਾ ਸਿਰਫ਼ ਉਹੀ (ਪ੍ਰਭੂ) ਹੈ, ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ।
ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ ॥੨॥
‘ਮੈ ਵੱਡਾ ਹਾਂ, ਮੈਂ ਵੱਡਾ ਹਾਂ’-ਇਹ ਮਾਣ ਕਰ ਕਰ ਕੇ ਬੇਅੰਤ ਲੋਕਾਈ (ਜਗਤ ਤੋਂ) ਤੁਰੀ ਜਾ ਰਹੀ ਹੈ। (ਮਾਣ-ਮੱਤੀ ਲੋਕਾਈ) ਪਾਪ ਕਮਾ ਕਮਾ ਕੇ ਪਛੁਤਾਂਦੀ ਭੀ ਹੈ ॥੨॥
ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, (ਉਹ ਮਾਣ ਨਹੀਂ ਕਰਦਾ) ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ।
ਗੁਰ ਕੈ ਸਬਦਿ ਨਾਮਿ ਨੀਸਾਣੈ ॥
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ ਦੇ ਨਾਮ ਵਿਚ (ਟਿਕ ਕੇ, ਨਾਮ ਦੀ) ਰਾਹਦਾਰੀ ਸਮੇਤ (ਇਥੋਂ ਜਾਂਦਾ ਹੈ)।
ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥੩॥
ਸਦਾ-ਥਿਰ ਪ੍ਰਭੂ ਦੇ ਦਰ ਤੇ ਸਭ ਜੀਵਾਂ ਦੇ ਕਰਮਾਂ ਦਾ ਲੇਖਾ ਹੁੰਦਾ ਹੈ, ਇਸ ਲੇਖੇ ਤੋਂ ਉਹੀ ਸੁਰਖ਼ਰੂ ਹੁੰਦਾ ਹੈ ਜੋ ਨਾਮ ਦੀ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ ॥੩॥
ਮਨਮੁਖੁ ਭੂਲਾ ਠਉਰੁ ਨ ਪਾਏ ॥
ਪ੍ਰਭੂ-ਨਾਮ ਤੋਂ ਖੁੰਝਿਆ ਹੋਇਆ ਮਨ ਦਾ ਮੁਰੀਦ ਮਨੁੱਖ (ਕਰਮਾਂ ਦੇ ਲੇਖੇ ਤੋਂ ਬਚਣ ਲਈ) ਕੋਈ ਥਾਂ ਨਹੀਂ ਲੱਭ ਸਕਦਾ।
ਜਮ ਦਰਿ ਬਧਾ ਚੋਟਾ ਖਾਏ ॥
(ਆਪਣੇ ਕੀਤੇ ਔਗੁਣਾਂ ਦਾ) ਬੱਝਾ ਹੋਇਆ ਜਮਰਾਜ ਦੇ ਦਰ ਤੇ ਮਾਰ ਖਾਂਦਾ ਹੈ।
ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ ॥੪॥
(ਆਤਮਕ ਦੁੱਖ-ਕਲੇਸ਼ ਦੀਆਂ ਚੋਟਾਂ ਤੋਂ ਬਚਣ ਲਈ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਸੰਗੀ ਸਾਥੀ ਨਹੀਂ ਹੋ ਸਕਦਾ। ਜਮ ਦੀਆਂ ਇਹਨਾਂ ਚੋਟਾਂ ਤੋਂ ਉਹੀ ਬਚਦੇ ਹਨ, ਜੋ ਪ੍ਰਭੂ ਦਾ ਨਾਮ ਸਿਮਰਦੇ ਹਨ ॥੪॥
ਸਾਕਤ ਕੂੜੇ ਸਚੁ ਨ ਭਾਵੈ ॥
ਝੂਠੇ ਮੋਹ ਵਿਚ ਫਸੇ ਸਾਕਤ ਨੂੰ ਸਦਾ-ਥਿਰ ਪ੍ਰਭੂ (ਦਾ ਨਾਮ) ਚੰਗਾ ਨਹੀਂ ਲਗਦਾ।
ਦੁਬਿਧਾ ਬਾਧਾ ਆਵੈ ਜਾਵੈ ॥
(ਉਸ ਨੂੰ ਮੋਹ ਵਾਲੀ ਮੇਰ-ਤੇਰ ਪਸੰਦ ਹੈ) ਉਸ ਮੇਰ-ਤੇਰ ਵਿਚ ਫਸਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ।
ਲਿਖਿਆ ਲੇਖੁ ਨ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ ॥੫॥
(ਦੁਬਿਧਾ ਵਾਲੇ ਕੀਤੇ ਕਰਮਾਂ ਅਨੁਸਾਰ, ਮੱਥੇ ਉੱਤੇ ਦੁਬਿਧਾ ਦੇ ਸੰਸਕਾਰਾਂ ਦਾ) ਲਿਖਿਆ ਲੇਖ ਕੋਈ ਨਹੀਂ ਮਿਟਾ ਸਕਦਾ। (ਇਸ ਲੇਖ ਤੋਂ) ਉਹੀ ਖ਼ਲਾਸੀ ਪ੍ਰਾਪਤ ਕਰਦਾ ਹੈ, ਜੋ ਗੁਰੂ ਦੀ ਸਰਨ ਪੈਂਦਾ ਹੈ ॥੫॥
ਪੇਈਅੜੈ ਪਿਰੁ ਜਾਤੋ ਨਾਹੀ ॥
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪ੍ਰਭੂ-ਪਤੀ ਨਾਲ ਸਾਂਝ ਨਹੀਂ ਪਾਈ।
ਝੂਠਿ ਵਿਛੁੰਨੀ ਰੋਵੈ ਧਾਹੀ ॥
ਝੂਠੇ ਮੋਹ ਦੇ ਕਾਰਨ ਪ੍ਰਭੂ-ਚਰਨਾਂ ਤੋਂ ਵਿੱਛੁੜੀ ਹੋਈ ਉਹ (ਆਖ਼ਿਰ) ਧਾਹਾਂ ਮਾਰ ਮਾਰ ਕੇ ਰੋਂਦੀ ਹੈ।
ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥੬॥
ਜਿਸ (ਦੇ ਆਤਮਕ ਜੀਵਨ) ਨੂੰ ਪਾਪ (-ਸੁਭਾਵ) ਨੇ ਲੁੱਟ ਲਿਆ, ਉਸ ਨੂੰ ਪਰਮਾਤਮਾ ਦਾ ਮਹਲ ਨਹੀਂ ਲੱਭਦਾ। ਇਹਨਾਂ ਔਗਣਾਂ ਨੂੰ ਗੁਣਾਂ ਦਾ ਮਾਲਕ ਪ੍ਰਭੂ (ਆਪ ਹੀ) ਬਖ਼ਸ਼ਦਾ ਹੈ ॥੬॥
ਪੇਈਅੜੈ ਜਿਨਿ ਜਾਤਾ ਪਿਆਰਾ ॥
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਿਆਰੇ ਪ੍ਰਭੂ ਨਾਲ ਸਾਂਝ ਪਾ ਲਈ,
ਗੁਰਮੁਖਿ ਬੂਝੈ ਤਤੁ ਬੀਚਾਰਾ ॥
ਉਹ ਗੁਰੂ ਦੀ ਸਰਨ ਪੈ ਕੇ (ਜਗਤ ਦੇ) ਮੂਲ-ਪ੍ਰਭੂ (ਦੇ ਗੁਣਾਂ) ਨੂੰ ਸਮਝਦੀ ਤੇ ਵਿਚਾਰਦੀ ਹੈ।
ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥੭॥
ਜੇਹੜੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ, ਗੁਰੂ ਉਹਨਾਂ ਦਾ ਜਨਮ ਮਰਨ ਦਾ ਗੇੜ ਰੋਕ ਦੇਂਦਾ ਹੈ ॥੭॥
ਗੁਰਮੁਖਿ ਬੂਝੈ ਅਕਥੁ ਕਹਾਵੈ ॥
ਗੁਰੂ ਦੀ ਸਰਨ ਪਿਆਂ ਮਨੁੱਖ ਬੇਅੰਤ ਗੁਣਾਂ ਵਾਲੇ ਪ੍ਰਭੂ (ਦੇ ਗੁਣਾਂ) ਨੂੰ ਸਮਝਦਾ ਹੈ, (ਹੋਰਨਾਂ) ਨੂੰ ਸਿਫ਼ਤ-ਸਾਲਾਹ ਵਾਸਤੇ ਪ੍ਰੇਰਦਾ ਹੈ।
ਸਚੇ ਠਾਕੁਰ ਸਾਚੋ ਭਾਵੈ ॥
ਸਦਾ-ਥਿਰ ਠਾਕੁਰ ਨੂੰ (ਸਿਫ਼ਤ-ਸਾਲਾਹ ਦਾ) ਸਦਾ-ਥਿਰ ਕਰਮ ਹੀ ਚੰਗਾ ਲੱਗਦਾ ਹੈ।
ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ ॥੮॥੧॥
ਹੇ ਨਾਨਕ! (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, (ਸਦਾ-ਥਿਰ ਪ੍ਰਭੂ ਦੇ ਦਰ ਤੇ) ਅਰਜ਼ੋਈਆਂ (ਕਰਦਾ ਰਹਿੰਦਾ ਹੈ)। ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲਿਆਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ॥੮॥੧॥
ਮਾਝ ਮਹਲਾ ੩ ਘਰੁ ੧ ॥
ਕਰਮੁ ਹੋਵੈ ਸਤਿਗੁਰੂ ਮਿਲਾਏ ॥
ਜਿਸ ਮਨੁੱਖ ਉਤੇ ਪ੍ਰਭੂ ਦੀ ਬਖ਼ਸ਼ਸ਼ ਹੋਵੇ, ਉਸ ਨੂੰ ਪ੍ਰਭੂ ਗੁਰੂ ਮਿਲਾਂਦਾ ਹੈ।
ਸੇਵਾ ਸੁਰਤਿ ਸਬਦਿ ਚਿਤੁ ਲਾਏ ॥
(ਗੁਰੂ ਦੀ ਮਿਹਰ ਨਾਲ ਉਹ ਮਨੁੱਖ) ਸੇਵਾ ਵਿਚ ਸੁਰਤ ਟਿਕਾਂਦਾ ਹੈ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦਾ ਹੈ।
ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ ॥੧॥
(ਇਸ ਤਰ੍ਹਾਂ) ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ ਮਾਇਆ ਦਾ ਮੋਹ ਦੂਰ ਕਰਦਾ ਹੈ, ਤੇ ਸਦਾ ਆਤਮਕ ਆਨੰਦ ਮਾਣਦਾ ਹੈ ॥੧॥
ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ॥
ਮੈਂ ਸਦਾ ਗੁਰੂ ਤੋਂ ਸਦਕੇ ਹਾਂ ਕੁਰਬਾਨ ਹਾਂ।
ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
ਗੁਰੂ ਦੀ ਮਤਿ ਲਿਆਂ ਹੀ ਮਨੁੱਖ ਦੇ ਅੰਦਰ (ਸਹੀ ਜੀਵਨ ਵਾਸਤੇ) ਆਤਮਕ ਚਾਨਣ ਹੁੰਦਾ ਹੈ, ਤੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧॥ ਰਹਾਉ ॥
ਤਨੁ ਮਨੁ ਖੋਜੇ ਤਾ ਨਾਉ ਪਾਏ ॥
ਜਦੋਂ ਮਨੁੱਖ ਆਪਣੇ ਮਨ ਨੂੰ ਖੋਜਦਾ ਰਹੇ ਆਪਣੇ ਸਰੀਰ ਨੂੰ ਖੋਜਦਾ ਰਹੇ (ਭਾਵ, ਜੇ ਮਨੁੱਖ ਇਹ ਧਿਆਨ ਰੱਖੇ ਕਿ ਕਿਤੇ ਮਨ ਤੇ ਗਿਆਨ-ਇੰਦ੍ਰੇ ਵਿਕਾਰਾਂ ਵਲ ਤਾਂ ਨਹੀਂ ਪਰਤ ਰਹੇ), ਤਦੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ,
ਧਾਵਤੁ ਰਾਖੈ ਠਾਕਿ ਰਹਾਏ ॥
(ਤੇ ਇਸ ਤਰ੍ਹਾਂ ਵਿਕਾਰਾਂ ਵਾਲੇ ਪਾਸੇ) ਦੌੜਦੇ ਮਨ ਨੂੰ ਕਾਬੂ ਕਰ ਲੈਂਦਾ ਹੈ, ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ।
ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ ॥੨॥
ਉਹ ਮਨੁੱਖ ਹਰ ਵੇਲੇ ਗੁਰੂ ਦੀ ਬਾਣੀ ਗਾਂਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ ॥੨॥
ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥
ਬੇਅੰਤ ਗੁਣਾਂ ਦਾ ਮਾਲਕ ਪ੍ਰਭੂ ਮਨੁੱਖ ਦੇ ਇਸ ਸਰੀਰ ਦੇ ਅੰਦਰ ਹੀ ਵੱਸਦਾ ਹੈ।
ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥
ਗੁਰੂ ਦੇ ਸਨਮੁਖ ਰਹਿ ਕੇ ਜਦੋਂ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤਾਂ (ਆਪਣੇ ਅੰਦਰ ਵੱਸਦੇ ਪ੍ਰਭੂ ਦਾ) ਦਰਸਨ ਕਰਦਾ ਹੈ।
ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥
ਤਦੋਂ ਮਨੁੱਖ ਨੌ ਗੋਲਕਾਂ ਦੀਆਂ ਵਾਸਨਾਂ ਤੋਂ ਉੱਚਾ ਹੋ ਕੇ ਦਸਵੇਂ ਦੁਆਰ ਵਿਚ (ਭਾਵ, ਵਿਚਾਰ ਮੰਡਲ ਵਿਚ) ਪਹੁੰਚ ਕੇ (ਵਿਕਾਰਾਂ ਵਲੋਂ) ਆਜ਼ਾਦ ਹੋ ਜਾਂਦਾ ਹੈ ਤੇ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦਾ ਅਭਿਆਸ ਕਰਦਾ ਹੈ ॥੩॥
ਸਚਾ ਸਾਹਿਬੁ ਸਚੀ ਨਾਈ ॥
ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।
ਗੁਰਪਰਸਾਦੀ ਮੰਨਿ ਵਸਾਈ ॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਸ ਨੂੰ ਆਪਣੇ) ਮਨ ਵਿਚ ਟਿਕਾਈ ਰੱਖ।
ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ ॥੪॥
(ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਂਦਾ ਹੈ) ਉਹ ਹਰ ਵੇਲੇ ਸਦਾ ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਿਆ ਹੋਇਆ ਉਹ ਮਨੁੱਖ (ਸਹੀ ਜੀਵਨ ਦੀ) ਸਮਝ ਪ੍ਰਾਪਤ ਕਰਦਾ ਹੈ ॥੪॥
ਪਾਪ ਪੁੰਨ ਕੀ ਸਾਰ ਨ ਜਾਣੀ ॥
ਜਿਸ ਮਨੁੱਖ ਨੇ ਚੰਗੇ ਮੰਦੇ ਕਰਮਾਂ ਦੀ ਤਮੀਜ਼ ਨਹੀਂ ਕੀਤੀ (ਭਾਵ, ਕੋਈ ਭਲਾ ਕੰਮ ਹੋਵੇ ਚਾਹੇ ਬੁਰਾ ਕੰਮ ਹੋਵੇ ਜੋ ਮਨੁੱਖ ਕਰਨੋਂ ਸੰਕੋਚ ਨਹੀਂ ਕਰਦਾ),
ਦੂਜੈ ਲਾਗੀ ਭਰਮਿ ਭੁਲਾਣੀ ॥
ਜਿਸ ਮਨੁੱਖ ਦੀ ਸੁਰਤ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, ਜੋ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ,
ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥੫॥
ਉਹ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝਦਾ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥
ਗੁਰ ਸੇਵਾ ਤੇ ਸਦਾ ਸੁਖੁ ਪਾਇਆ ॥
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ।
ਹਉਮੈ ਮੇਰਾ ਠਾਕਿ ਰਹਾਇਆ ॥
ਹਉਮੈ ਤੇ ਮਮਤਾ ਨੂੰ ਰੋਕ ਕੇ ਵੱਸ ਵਿਚ ਰੱਖਦਾ ਹੈ।
ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ॥੬॥
ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਮਾਇਆ ਦੇ ਮੋਹ ਦੇ ਉਹ) ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨ (ਜਿਨ੍ਹਾਂ ਵਿਚ ਉਸ ਦੀ ਸੁਰਤ ਜਕੜੀ ਪਈ ਸੀ) ॥੬॥
ਹਉਮੈ ਮਾਰਿ ਮੰਨਿ ਵਸਾਇਆ ॥
ਉਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਆਪਣੇ) ਮਨ ਵਿਚ (ਗੁਰੂ ਦਾ ਸ਼ਬਦ ਵਸਾਈ ਰੱਖਿਆ,
ਗੁਰ ਚਰਣੀ ਸਦਾ ਚਿਤੁ ਲਾਇਆ ॥
ਅਤੇ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਿਆ।
ਗੁਰ ਕਿਰਪਾ ਤੇ ਮਨੁ ਤਨੁ ਨਿਰਮਲੁ ਨਿਰਮਲ ਨਾਮੁ ਧਿਆਵਣਿਆ ॥੭॥
ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਦਾ ਸਰੀਰ (ਭਾਵ, ਸਾਰੇ ਗਿਆਨ-ਇੰਦ੍ਰੇ) ਪਵਿਤ੍ਰ ਹੋ ਗਿਆ, ਉਹ ਪਵਿਤ੍ਰ-ਪ੍ਰਭੂ ਦਾ ਨਾਮ ਸਦਾ ਸਿਮਰਦਾ ਰਹਿੰਦਾ ਹੈ ॥੭॥
ਜੀਵਣੁ ਮਰਣਾ ਸਭੁ ਤੁਧੈ ਤਾਈ ॥
(ਹੇ ਪ੍ਰਭੂ! ਜੀਵਾਂ ਦਾ) ਜੀਊਣਾ (ਜੀਵਾਂ ਦੀ) ਮੌਤ ਸਭ ਤੇਰੇ ਵੱਸ ਵਿਚ ਹੈ।
ਜਿਸੁ ਬਖਸੇ ਤਿਸੁ ਦੇ ਵਡਿਆਈ ॥
(ਹੇ ਭਾਈ!) ਜਿਸ ਜੀਵ ਉਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ (ਆਪਣੇ ਨਾਮ ਦੀ ਦਾਤ ਦੇ ਕੇ) ਵਡਿਆਈ ਬਖ਼ਸ਼ਦਾ ਹੈ।
ਨਾਨਕ ਨਾਮੁ ਧਿਆਇ ਸਦਾ ਤੂੰ ਜੰਮਣੁ ਮਰਣੁ ਸਵਾਰਣਿਆ ॥੮॥੧॥੨॥
ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ। (ਨਾਮ ਦੀ ਬਰਕਤਿ ਨਾਲ) ਜਨਮ ਤੋਂ ਲੈ ਕੇ ਮੌਤ ਤਕ ਸਾਰਾ ਜੀਵਨ ਸੋਹਣਾ ਬਣ ਜਾਂਦਾ ਹੈ ॥੮॥੧॥੨॥
ਮਾਝ ਮਹਲਾ ੩ ॥
ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ ॥
ਪਿਆਰਾ ਪ੍ਰਭੂ ਆਪ ਪਵਿਤ੍ਰ-ਸਰੂਪ ਹੈ ਅਪਹੁੰਚ ਹੈ ਤੇ ਬੇਅੰਤ ਹੈ।
ਬਿਨੁ ਤਕੜੀ ਤੋਲੈ ਸੰਸਾਰਾ ॥
ਉਹ ਤੱਕੜੀ (ਵਰਤਣ ਤੋਂ) ਬਿਨਾ ਹੀ ਸਾਰੇ ਸੰਸਾਰ ਦੇ ਜੀਵਾਂ ਦੇ ਜੀਵਨ ਨੂੰ ਪਰਖਦਾ ਰਹਿੰਦਾ ਹੈ (ਹਰੇਕ ਜੀਵ ਦੇ ਅੰਦਰ ਵਿਆਪਕ ਰਹਿ ਕੇ)।
ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ॥੧॥
(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੧॥
ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥
ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ।
ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ ॥੧॥ ਰਹਾਉ ॥
ਆਪਿ ਸੁਣੈ ਤੈ ਆਪੇ ਵੇਖੈ ॥
ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਅਰਦਾਸ) ਸੁਣਦਾ ਹੈ ਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ।
ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥
ਜਿਸ ਜੀਵ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹੀ ਮਨੁੱਖ (ਉਸਦੇ ਦਰ ਤੇ) ਕਬੂਲ ਹੁੰਦਾ ਹੈ।
ਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ ॥੨॥
ਜਿਸ ਮਨੁੱਖ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਉਹੀ ਜੁੜਿਆ ਰਹਿੰਦਾ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ ॥੨॥
ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ ॥
(ਪਰ) ਜਿਸ ਮਨੁੱਖ ਨੂੰ ਪ੍ਰਭੂ ਆਪ ਗ਼ਲਤ ਰਸਤੇ ਪਾ ਦੇਵੇ, ਉਹ (ਸਹੀ ਰਾਹ ਲੱਭਣ ਵਾਸਤੇ) ਕਿਸੇ ਹੋਰ ਦਾ ਆਸਰਾ ਨਹੀਂ ਲੈ ਸਕਦਾ।
ਪੂਰਬਿ ਲਿਖਿਆ ਸੁ ਮੇਟਣਾ ਨ ਜਾਏ ॥
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਿਟਾਇਆ ਨਹੀਂ ਜਾ ਸਕਦਾ (ਤੇ ਉਹ ਲੇਖ ਕੁਰਾਹੇ ਪਾਈ ਰੱਖਦਾ ਹੈ)।
ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ ॥੩॥
ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੇ ਜਾਣੋ। ਉਹਨਾਂ ਨੂੰ ਪੂਰੀ ਮਿਹਰ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ ॥੩॥
ਪੇਈਅੜੈ ਧਨ ਅਨਦਿਨੁ ਸੁਤੀ ॥
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਹਰ ਵੇਲੇ ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ ਰਹਿੰਦੀ ਹੈ,
ਕੰਤਿ ਵਿਸਾਰੀ ਅਵਗਣਿ ਮੁਤੀ ॥
ਉਸ ਨੂੰ ਖਸਮ ਪ੍ਰਭੂ ਨੇ ਭੁਲਾ ਦਿੱਤਾ ਹੈ, ਉਹ ਆਪਣੀ ਭੁੱਲ ਦੇ ਕਾਰਨ ਛੁੱਟੜ ਹੋਈ ਪਈ ਹੈ।
ਅਨਦਿਨੁ ਸਦਾ ਫਿਰੈ ਬਿਲਲਾਦੀ ਬਿਨੁ ਪਿਰ ਨੀਦ ਨ ਪਾਵਣਿਆ ॥੪॥
ਉਹ ਜੀਵ-ਇਸਤ੍ਰੀ ਹਰ ਵੇਲੇ ਦੁਖੀ ਭਟਕਦੀ ਫਿਰਦੀ ਹੈ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ ॥੪॥
ਪੇਈਅੜੈ ਸੁਖਦਾਤਾ ਜਾਤਾ ॥
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਸੁਖ ਦੇਣ ਵਾਲੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖੀ,
ਹਉਮੈ ਮਾਰਿ ਗੁਰ ਸਬਦਿ ਪਛਾਤਾ ॥
ਜਿਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਪਤੀ ਨੂੰ ਪਛਾਣ ਲਿਆ,
ਸੇਜ ਸੁਹਾਵੀ ਸਦਾ ਪਿਰੁ ਰਾਵੇ ਸਚੁ ਸੀਗਾਰੁ ਬਣਾਵਣਿਆ ॥੫॥
ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ ॥੫॥
ਲਖ ਚਉਰਾਸੀਹ ਜੀਅ ਉਪਾਏ ॥
ਪਰਮਾਤਮਾ ਨੇ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ,
ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥
ਜਿਸ ਜੀਵ ਉੱਤੇ ਉਹ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਾ ਦੇਂਦਾ ਹੈ।
ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥੬॥
(ਗੁਰੂ-ਚਰਨਾਂ ਵਿਚ ਜੁੜੇ ਹੋਏ) ਬੰਦੇ ਆਪਣੇ ਪਾਪ ਦੂਰ ਕਰਕੇ ਸਦਾ ਪਵਿਤ੍ਰ-ਜੀਵਨ ਵਾਲੇ ਹੋ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਸੋਭਾ ਪਾਂਦੇ ਹਨ ॥੬॥
ਲੇਖਾ ਮਾਗੈ ਤਾ ਕਿਨਿ ਦੀਐ ॥
(ਅਸੀਂ ਜੀਵ ਸਦਾ ਭੁੱਲਣਹਾਰ ਹਾਂ) ਜੇ ਪ੍ਰਭੂ (ਸਾਡੇ ਕੀਤੇ ਕਰਮਾਂ ਦਾ) ਹਿਸਾਬ ਮੰਗਣ ਲੱਗੇ, ਤਾਂ ਕੋਈ ਜੀਵ ਹਿਸਾਬ ਨਹੀਂ ਦੇ ਸਕਦਾ (ਭਾਵ, ਲੇਖੇ ਵਿਚ ਪੂਰਾ ਨਹੀਂ ਉਤਰ ਸਕਦਾ)।
ਸੁਖੁ ਨਾਹੀ ਫੁਨਿ ਦੂਐ ਤੀਐ ॥
(ਆਪਣੇ ਕੀਤੇ ਕਰਮਾਂ ਦਾ) ਲੇਖਾ ਗਿਣਾਇਆਂ (ਭਾਵ, ਲੇਖੇ ਵਿਚ ਸੁਰਖ਼ਰੂ ਹੋਣ ਦੀ ਆਸ ਤੇ) ਕਿਸੇ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ।
ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥੭॥
ਪ੍ਰਭੂ ਆਪ ਹੀ ਮਿਹਰ ਕਰਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੭॥
ਆਪਿ ਕਰੇ ਤੈ ਆਪਿ ਕਰਾਏ ॥
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ ਅਤੇ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ।
ਪੂਰੇ ਗੁਰ ਕੈ ਸਬਦਿ ਮਿਲਾਏ ॥
ਪ੍ਰਭੂ ਆਪ ਹੀ ਪੂਰੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਵਿਚ ਮਿਲਾਂਦਾ ਹੈ।
ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥੮॥੨॥੩॥
ਹੇ ਨਾਨਕ! ਜਿਸ ਮਨੁੱਖ ਨੂੰ (ਉਸ ਦੇ ਦਰ ਤੋਂ ਉਸ ਦਾ) ਨਾਮ ਮਿਲਦਾ ਹੈ, ਉਸ ਨੂੰ (ਉਸ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ, ਪ੍ਰਭੂ ਆਪ ਹੀ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੮॥੨॥੩॥
ਮਾਝ ਮਹਲਾ ੩ ॥
ਇਕੋ ਆਪਿ ਫਿਰੈ ਪਰਛੰਨਾ ॥
(ਦ੍ਰਿਸ਼ਟ-ਮਾਨ ਜਗਤ-ਰੂਪ ਪਰਦੇ ਵਿਚ) ਢੱਕਿਆ ਹੋਇਆ ਪਰਮਾਤਮਾ ਆਪ ਹੀ ਆਪ (ਸਾਰੇ ਜਗਤ ਵਿਚ) ਵਿਚਰ ਰਿਹਾ ਹੈ।
ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ ॥
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਉਸ ਗੁਪਤ ਪ੍ਰਭੂ ਨੂੰ) ਜਦੋਂ ਵੇਖ ਲਿਆ ਤਦੋਂ ਉਹਨਾਂ ਦਾ ਮਨ (ਉਸ ਦੇ ਪ੍ਰੇਮ-ਰਸ ਵਿਚ) ਭਿੱਜ ਗਿਆ।
ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ ॥੧॥
(ਮਾਇਆ ਦੀ) ਤ੍ਰਿਸ਼ਨਾ ਛੱਡ ਕੇ ਉਹਨਾਂ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰ ਲਿਆ, ਇਕ ਪਰਮਾਤਮਾ ਹੀ ਪਰਮਾਤਮਾ ਉਹਨਾਂ ਦੇ ਮਨ ਵਿਚ ਵਸ ਪਿਆ ॥੧॥
ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਇਕ ਪਰਮਾਤਮਾ ਦੇ ਨਾਲ ਹੀ ਚਿੱਤ ਜੋੜਦੇ ਹਨ।
ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥੧॥ ਰਹਾਉ ॥
ਗੁਰੂ ਦੀ ਸਿਖਿਆ ਲੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕ ਗਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਸਦਾ ਲਈ) ਰੰਗੇ ਗਏ ॥੧॥ ਰਹਾਉ ॥
ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ ॥
(ਹੇ ਪ੍ਰਭੂ!) ਇਹ ਜਗਤ ਕੁਰਾਹੇ ਪਿਆ ਹੋਇਆ ਹੈ (ਪਰ ਇਸ ਦੇ ਕੀਹ ਵੱਸ?) ਤੂੰ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ।
ਇਕੁ ਵਿਸਾਰਿ ਦੂਜੈ ਲੋਭਾਇਆ ॥
ਤੈਨੂੰ ਇਕ ਨੂੰ ਭੁਲ ਕੇ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ।
ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ ॥੨॥
ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਗਤ ਸਦਾ ਹਰ ਵੇਲੇ ਭਟਕਦਾ ਫਿਰਦਾ ਹੈ, ਤੇ ਤੇਰੇ ਨਾਮ ਤੋਂ ਖੁੰਝ ਕੇ ਦੁੱਖ ਸਹਾਰ ਰਿਹਾ ਹੈ ॥੨॥
ਜੋ ਰੰਗਿ ਰਾਤੇ ਕਰਮ ਬਿਧਾਤੇ ॥
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੇਹੜੇ ਬੰਦੇ ਮਸਤ ਰਹਿੰਦੇ ਹਨ,
ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥
ਉਹ ਗੁਰੂ ਦੀ ਦੱਸੀ ਸੇਵਾ ਦੇ ਕਾਰਨ ਸਦਾ ਲਈ ਪ੍ਰਸਿੱਧ ਹੋ ਜਾਂਦੇ ਹਨ।
ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥੩॥
(ਪਰ ਇਹ ਉਸ ਦੀ ਆਪਣੀ ਹੀ ਮੇਹਰ ਹੈ) ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ, ਉਹ ਮੁਨੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੩॥
ਮਾਇਆ ਮੋਹਿ ਹਰਿ ਚੇਤੈ ਨਾਹੀ ॥
ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਪਰਮਾਤਮਾ ਨੂੰ ਚੇਤੇ ਨਹੀਂ ਰਖਦਾ,
ਜਮਪੁਰਿ ਬਧਾ ਦੁਖ ਸਹਾਹੀ ॥
ਉਹ (ਆਪਣੇ ਕੀਤੇ ਕਰਮਾਂ ਦੇ ਵਿਕਾਰਾਂ ਦਾ ਬੱਝਾ ਹੋਇਆ ਜਮ ਦੀ ਨਗਰੀ ਵਿਚ (ਆਤਮਕ ਮੌਤ ਦੇ ਕਾਬੂ ਵਿਚ ਆਇਆ ਹੋਇਆ) ਦੁੱਖ ਸਹਾਰਦਾ ਹੈ।
ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥੪॥
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਉਹ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਨ ਤੋਂ ਅਸਮਰਥ ਰਹਿੰਦਾ ਹੈ (ਮਾਇਆ ਤੋਂ ਬਿਨਾ) ਉਸ ਨੂੰ ਹੋਰ ਕੁਝ ਦਿੱਸਦਾ ਭੀ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਾਪ (ਵਾਲੇ ਜੀਵਨ) ਵਿਚ ਹੀ ਸੜਦੇ ਰਹਿੰਦੇ ਹਨ ॥੪॥
ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ ॥
(ਹੇ ਪ੍ਰਭੂ!) ਜਿਨ੍ਹਾਂ ਬੰਦਿਆਂ ਨੂੰ ਤੂੰ ਆਪ ਆਪਣੇ ਨਾਮ ਦੀ ਲਗਨ ਲਾਈ ਹੈ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
ਭਾਇ ਭਗਤਿ ਤੇਰੈ ਮਨਿ ਭਾਏ ॥
(ਤੇਰੇ ਚਰਨਾਂ ਨਾਲ) ਪ੍ਰੇਮ ਦੇ ਕਾਰਨ (ਤੇਰੀ) ਭਗਤੀ ਦੇ ਕਾਰਨ ਉਹ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।
ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ ॥੫॥
ਉਹ ਮਨੁੱਖ ਆਤਮਕ ਆਨੰਦ ਦੇਣ ਵਾਲੇ ਗੁਰੂ ਦੀ ਦੱਸੀ ਸੇਵਾ ਸਦਾ ਕਰਦੇ ਹਨ। ਹੇ ਪ੍ਰਭੂ! ਤੂੰ ਆਪ ਉਹਨਾਂ ਦੀ ਹਰੇਕ ਇੱਛਾ ਪੂਰੀ ਕਰਦਾ ਹੈਂ ॥੫॥
ਹਰਿ ਜੀਉ ਤੇਰੀ ਸਦਾ ਸਰਣਾਈ ॥
ਹੇ ਪ੍ਰਭੂ ਜੀ! ਮੈਂ ਤੇਰਾ ਸਦਾ ਹੀ ਆਸਰਾ ਤੱਕਦਾ ਹਾਂ।
ਆਪੇ ਬਖਸਿਹਿ ਦੇ ਵਡਿਆਈ ॥
ਤੂੰ ਜੀਵਾਂ ਨੂੰ ਵਡਿਆਈ ਦੇ ਕੇ ਆਪ ਹੀ ਬਖ਼ਸ਼ਸ਼ ਕਰਦਾ ਹੈਂ।
ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥
(ਹੇ ਭਾਈ!) ਜੋ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਆਤਮਕ ਮੌਤ ਉਸਦੇ ਨੇੜੇ ਨਹੀਂ ਢੁਕ ਸਕਦੀ ॥੬॥
ਅਨਦਿਨੁ ਰਾਤੇ ਜੋ ਹਰਿ ਭਾਏ ॥
ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹ ਹਰ ਵੇਲੇ (ਹਰ ਰੋਜ਼) ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ।
ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ ॥
ਮੇਰੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿਚ ਜੋੜ ਲਿਆ ਹੈ।
ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥੭॥
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਉਹ ਮਨੁੱਖ ਸਦਾ ਹੀ ਸਦਾ ਹੀ ਤੇਰਾ ਪੱਲਾ ਫੜੀ ਰੱਖਦੇ ਹਨ, ਤੂੰ ਆਪ ਹੀ ਉਹਨਾਂ ਨੂੰ ਆਪਣੇ ਸਦਾ-ਥਿਰ ਨਾਮ ਦੀ ਸੂਝ ਬਖ਼ਸ਼ਦਾ ਹੈਂ ॥੭॥
ਜਿਨ ਸਚੁ ਜਾਤਾ ਸੇ ਸਚਿ ਸਮਾਣੇ ॥
ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ।
ਹਰਿ ਗੁਣ ਗਾਵਹਿ ਸਚੁ ਵਖਾਣੇ ॥
ਉਹ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਸਦਾ ਉਸਦੇ ਗੁਣ ਗਾਂਦੇ ਹਨ।
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥੮॥੩॥੪॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਂਦੇ ਹਨ, ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੀ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ ॥੮॥੩॥੪॥
ਮਾਝ ਮਹਲਾ ੩ ॥
ਸਬਦਿ ਮਰੈ ਸੁ ਮੁਆ ਜਾਪੈ ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦਾ ਹੈ, ਉਹ (ਆਪਾ-ਭਾਵ ਵਲੋਂ) ਮਰਿਆ ਹੋਇਆ ਮਨੁੱਖ (ਜਗਤ ਵਿਚ) ਆਦਰ-ਮਾਣ ਪਾਂਦਾ ਹੈ,
ਕਾਲੁ ਨ ਚਾਪੈ ਦੁਖੁ ਨ ਸੰਤਾਪੈ ॥
ਉਸ ਨੂੰ ਆਤਮਕ ਮੌਤ (ਆਪਣੇ ਪੰਜੇ ਵਿਚ) ਫਸਾ ਨਹੀਂ ਸਕਦੀ, ਉਸ ਨੂੰ ਕੋਈ ਦੁੱਖ-ਕਲੇਸ਼ ਦੁਖੀ ਨਹੀਂ ਕਰ ਸਕਦਾ।
ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥੧॥
ਪ੍ਰਭੂ ਦੀ ਜੋਤਿ ਵਿਚ ਮਿਲ ਕੇ ਉਸ ਦੀ ਸੁਰਤ ਪ੍ਰਭੂ ਵਿਚ ਹੀ ਲੀਨ ਰਹਿੰਦੀ ਹੈ। ਤੇ, ਹੇ ਮਨ! ਉਹ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ) ਸੁਣ ਕੇ ਸਦਾ-ਥਿਰ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ॥੧॥
ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦੇ ਹਨ।
ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥
ਜੇਹੜੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ-ਥਿਰ ਪ੍ਰਭੂ ਵਿਚ ਚਿੱਤ ਜੋੜਦੇ ਹਨ ਉਹ ਗੁਰੂ ਦੀ ਮਤਿ ਤੇ ਤੁਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ ॥
ਕਾਇਆ ਕਚੀ ਕਚਾ ਚੀਰੁ ਹੰਢਾਏ ॥
ਇਹ ਸਰੀਰ ਨਾਸਵੰਤ ਹੈ, ਮਾਨੋ, ਕਮਜ਼ੋਰ ਜਿਹਾ ਕੱਪੜਾ ਹੈ (ਪਰ ਮਨੁੱਖ ਦੀ ਜਿੰਦ ਇਸ) ਜਰਜਰੇ ਕੱਪੜੇ ਨੂੰ ਹੀ ਹਢਾਂਦੀ ਰਹਿੰਦੀ ਹੈ (ਭਾਵ, ਜਿੰਦ ਸਰੀਰਕ ਭੋਗਾਂ ਵਿਚ ਹੀ ਮਗਨ ਰਹਿੰਦੀ ਹੈ)।
ਦੂਜੈ ਲਾਗੀ ਮਹਲੁ ਨ ਪਾਏ ॥
(ਜਿੰਦ) ਮਾਇਆ ਦੇ ਪਿਆਰ ਵਿਚ ਲੱਗੀ ਰਹਿੰਦੀ ਹੈ (ਇਸ ਵਾਸਤੇ ਇਹ ਪ੍ਰਭੂ-ਚਰਨਾਂ ਵਿਚ) ਟਿਕਾਣਾ ਹਾਸਲ ਨਹੀਂ ਕਰ ਸਕਦੀ।
ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥
(ਮਾਇਆ ਦੇ ਮੋਹ ਦੇ ਕਾਰਨ ਜਿੰਦ) ਹਰ ਵੇਲੇ ਦਿਨ ਰਾਤ ਸੜਦੀ ਤੇ ਭਟਕਦੀ ਹੈ, ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ ਬਹੁਤ ਦੁੱਖ ਝੱਲਦੀ ਹੈ ॥੨॥
ਦੇਹੀ ਜਾਤਿ ਨ ਆਗੈ ਜਾਏ ॥
ਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)।
ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥
ਜਿਥੇ (ਪਰਲੋਕ ਵਿਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ।
ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥
ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੩॥
ਗੁਰਪਰਸਾਦੀ ਮਹਲੁ ਘਰੁ ਪਾਏ ॥
ਉਹ ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ ਟਿਕਾਣਾ ਬਣਾ ਲੈਂਦਾ ਹੈ ਪ੍ਰਭੂ-ਚਰਨਾਂ ਵਿਚ ਘਰ ਪ੍ਰਾਪਤ ਕਰ ਲੈਂਦਾ ਹੈ।
ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥
ਉਹ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਹ ਆਪਣੀ ਜਿੰਦ ਨੂੰ) ਮਜੀਠ ਵਰਗਾ (ਪੱਕਾ ਪ੍ਰਭੂ ਦਾ) ਨਾਮ-ਰੰਗ ਚਾੜ੍ਹ ਲੈਂਦਾ ਹੈ ॥੪॥
ਸਭਨਾ ਪਿਰੁ ਵਸੈ ਸਦਾ ਨਾਲੇ ॥
(ਹੇ ਭਾਈ!) ਪ੍ਰਭੂ-ਪਤੀ ਸਦਾ ਸਭ ਜੀਵਾਂ ਦੇ ਨਾਲ (ਸਭ ਦੇ ਅੰਦਰ) ਵੱਸਦਾ ਹੈ,
ਗੁਰਪਰਸਾਦੀ ਕੋ ਨਦਰਿ ਨਿਹਾਲੇ ॥
ਪਰ ਕੋਈ ਵਿਰਲਾ ਜੀਵ ਗੁਰੂ ਦੀ ਕਿਰਪਾ ਨਾਲ (ਉਸ ਨੂੰ ਹਰ ਥਾਂ) ਆਪਣੀ ਅੱਖੀਂ ਵੇਖਦਾ ਹੈ।
ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥
(ਹੇ ਭਾਈ!) ਪਿਆਰਾ ਪ੍ਰਭੂ ਬਹੁਤ ਹੀ ਉੱਚਾ ਹੈ (ਬੇਅੰਤ ਉੱਚੇ ਆਤਮਕ ਜੀਵਨ ਦਾ ਮਾਲਕ ਹੈ, ਤੇ ਅਸੀਂ ਜੀਵ ਨੀਵੇਂ ਜੀਵਨ ਵਾਲੇ ਹਾਂ) ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੫॥
ਮਾਇਆ ਮੋਹਿ ਇਹੁ ਜਗੁ ਸੁਤਾ ॥
ਇਹ ਜਗਤ ਮਾਇਆ ਦੇ ਮੋਹ ਵਿਚ ਫਸ ਕੇ ਸੁੱਤਾ ਪਿਆ ਹੈ (ਆਤਮਕ ਜੀਵਨ ਵਲੋਂ ਅਵੇਸਲਾ ਹੋ ਰਿਹਾ ਹੈ।)
ਨਾਮੁ ਵਿਸਾਰਿ ਅੰਤਿ ਵਿਗੁਤਾ ॥
ਪਰਮਾਤਮਾ ਦਾ ਨਾਮ ਭੁਲਾ ਕੇ ਆਖ਼ਰ ਖ਼ੁਆਰ ਭੀ ਹੁੰਦਾ ਹੈ, (ਫਿਰ ਭੀ ਇਹ ਇਸ ਨੀਂਦ ਵਿਚੋਂ ਜਾਗਦਾ ਨਹੀਂ।
ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥
ਜਾਗੇ ਭੀ ਕਿਵੇਂ? ਇਸ ਦੇ ਵੱਸ ਦੀ ਗੱਲ ਨਹੀਂ) ਜਿਸਦੇ ਹੁਕਮ ਅਨੁਸਾਰ (ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈ, ਉਹੀ ਇਸ ਨੂੰ ਜਗਾਂਦਾ ਹੈ, (ਉਹ ਪ੍ਰਭੂ ਆਪ ਹੀ ਇਸ ਨੂੰ) ਗੁਰੂ ਦੀ ਮਤਿ ਤੇ ਤੋਰ ਕੇ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ॥੬॥
ਅਪਿਉ ਪੀਐ ਸੋ ਭਰਮੁ ਗਵਾਏ ॥
ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ (ਮਾਇਆ ਦੇ ਮੋਹ ਵਾਲੀ) ਭਟਕਣਾ ਦੂਰ ਕਰ ਲੈਂਦਾ ਹੈ।
ਗੁਰਪਰਸਾਦਿ ਮੁਕਤਿ ਗਤਿ ਪਾਏ ॥
ਗੁਰੂ ਦੀ ਕਿਰਪਾ ਨਾਲ ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਪਾ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।
ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥
ਉਹ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ, (ਇਸ ਦੀ ਬਰਕਤਿ ਨਾਲ ਉਹੀ) ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ ਆਪਾ-ਭਾਵ ਮਾਰ ਕੇ ਉਹ ਆਪਣੇ ਆਪ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਲੈਂਦਾ ਹੈ ॥੭॥
ਆਪਿ ਉਪਾਏ ਧੰਧੈ ਲਾਏ ॥
ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮਾਇਆ ਦੀ ਦੌੜ ਭੱਜ ਵਿਚ ਜੋੜ ਦੇਂਦਾ ਹੈ।
ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥
ਚੌਰਾਸੀ ਲੱਖ ਜੂਨਾਂ ਦੇ ਜੀਵਾਂ ਨੂੰ ਰਿਜ਼ਕ ਭੀ ਪ੍ਰਭੂ ਆਪ ਹੀ ਅਪੜਾਂਦਾ ਹੈ।
ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉਹੀ ਕਾਰ ਕਰਦੇ ਹਨ ਜੋ ਉਸ ਪਰਮਾਤਮਾ ਨੂੰ ਪਰਵਾਨ ਹੁੰਦੀ ਹੈ ॥੮॥੪॥੫॥
ਭੈ ਭਾਇ ਸੀਗਾਰੁ ਬਣਾਏ ॥
ਜੇਹੜਾ ਮਨੁੱਖ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੇ ਪ੍ਰੇਮ ਵਿਚ ਮਗਨ ਹੋ ਕੇ (ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ) ਗਹਣਾ ਬਣਾਂਦਾ ਹੈ,
ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥
ਉਹ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਹ ਆਪਣੀ ਜਿੰਦ ਨੂੰ) ਮਜੀਠ ਵਰਗਾ (ਪੱਕਾ ਪ੍ਰਭੂ ਦਾ) ਨਾਮ-ਰੰਗ ਚਾੜ੍ਹ ਲੈਂਦਾ ਹੈ ॥੪॥
ਸਭਨਾ ਪਿਰੁ ਵਸੈ ਸਦਾ ਨਾਲੇ ॥
(ਹੇ ਭਾਈ!) ਪ੍ਰਭੂ-ਪਤੀ ਸਦਾ ਸਭ ਜੀਵਾਂ ਦੇ ਨਾਲ (ਸਭ ਦੇ ਅੰਦਰ) ਵੱਸਦਾ ਹੈ,
ਗੁਰਪਰਸਾਦੀ ਕੋ ਨਦਰਿ ਨਿਹਾਲੇ ॥
ਪਰ ਕੋਈ ਵਿਰਲਾ ਜੀਵ ਗੁਰੂ ਦੀ ਕਿਰਪਾ ਨਾਲ (ਉਸ ਨੂੰ ਹਰ ਥਾਂ) ਆਪਣੀ ਅੱਖੀਂ ਵੇਖਦਾ ਹੈ।
ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥
(ਹੇ ਭਾਈ!) ਪਿਆਰਾ ਪ੍ਰਭੂ ਬਹੁਤ ਹੀ ਉੱਚਾ ਹੈ (ਬੇਅੰਤ ਉੱਚੇ ਆਤਮਕ ਜੀਵਨ ਦਾ ਮਾਲਕ ਹੈ, ਤੇ ਅਸੀਂ ਜੀਵ ਨੀਵੇਂ ਜੀਵਨ ਵਾਲੇ ਹਾਂ) ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੫॥
ਮਾਇਆ ਮੋਹਿ ਇਹੁ ਜਗੁ ਸੁਤਾ ॥
ਇਹ ਜਗਤ ਮਾਇਆ ਦੇ ਮੋਹ ਵਿਚ ਫਸ ਕੇ ਸੁੱਤਾ ਪਿਆ ਹੈ (ਆਤਮਕ ਜੀਵਨ ਵਲੋਂ ਅਵੇਸਲਾ ਹੋ ਰਿਹਾ ਹੈ।)
ਨਾਮੁ ਵਿਸਾਰਿ ਅੰਤਿ ਵਿਗੁਤਾ ॥
ਪਰਮਾਤਮਾ ਦਾ ਨਾਮ ਭੁਲਾ ਕੇ ਆਖ਼ਰ ਖ਼ੁਆਰ ਭੀ ਹੁੰਦਾ ਹੈ, (ਫਿਰ ਭੀ ਇਹ ਇਸ ਨੀਂਦ ਵਿਚੋਂ ਜਾਗਦਾ ਨਹੀਂ।
ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥
ਜਾਗੇ ਭੀ ਕਿਵੇਂ? ਇਸ ਦੇ ਵੱਸ ਦੀ ਗੱਲ ਨਹੀਂ) ਜਿਸਦੇ ਹੁਕਮ ਅਨੁਸਾਰ (ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈ, ਉਹੀ ਇਸ ਨੂੰ ਜਗਾਂਦਾ ਹੈ, (ਉਹ ਪ੍ਰਭੂ ਆਪ ਹੀ ਇਸ ਨੂੰ) ਗੁਰੂ ਦੀ ਮਤਿ ਤੇ ਤੋਰ ਕੇ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ॥੬॥
ਅਪਿਉ ਪੀਐ ਸੋ ਭਰਮੁ ਗਵਾਏ ॥
ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ (ਮਾਇਆ ਦੇ ਮੋਹ ਵਾਲੀ) ਭਟਕਣਾ ਦੂਰ ਕਰ ਲੈਂਦਾ ਹੈ।
ਗੁਰਪਰਸਾਦਿ ਮੁਕਤਿ ਗਤਿ ਪਾਏ ॥
ਗੁਰੂ ਦੀ ਕਿਰਪਾ ਨਾਲ ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਪਾ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।
ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥
ਉਹ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ, (ਇਸ ਦੀ ਬਰਕਤਿ ਨਾਲ ਉਹੀ) ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ ਆਪਾ-ਭਾਵ ਮਾਰ ਕੇ ਉਹ ਆਪਣੇ ਆਪ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਲੈਂਦਾ ਹੈ ॥੭॥
ਆਪਿ ਉਪਾਏ ਧੰਧੈ ਲਾਏ ॥
ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮਾਇਆ ਦੀ ਦੌੜ ਭੱਜ ਵਿਚ ਜੋੜ ਦੇਂਦਾ ਹੈ।
ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥
ਚੌਰਾਸੀ ਲੱਖ ਜੂਨਾਂ ਦੇ ਜੀਵਾਂ ਨੂੰ ਰਿਜ਼ਕ ਭੀ ਪ੍ਰਭੂ ਆਪ ਹੀ ਅਪੜਾਂਦਾ ਹੈ।
ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉਹੀ ਕਾਰ ਕਰਦੇ ਹਨ ਜੋ ਉਸ ਪਰਮਾਤਮਾ ਨੂੰ ਪਰਵਾਨ ਹੁੰਦੀ ਹੈ ॥੮॥੪॥੫॥
ਮਾਝ ਮਹਲਾ ੩ ॥
ਅੰਦਰਿ ਹੀਰਾ ਲਾਲੁ ਬਣਾਇਆ ॥
ਪਰਮਾਤਮਾ ਨੇ ਹਰੇਕ ਸਰੀਰ ਦੇ ਅੰਦਰ (ਆਪਣੀ ਜੋਤਿ-ਰੂਪ) ਹੀਰਾ ਲਾਲ ਟਿਕਾਇਆਾ ਹੋਇਆ ਹੈ,
ਗੁਰ ਕੈ ਸਬਦਿ ਪਰਖਿ ਪਰਖਾਇਆ ॥
(ਪਰ ਵਿਰਲੇ ਭਾਗਾਂ ਵਾਲਿਆਂ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਹੀਰੇ ਲਾਲ ਦੀ) ਪਰਖ ਕਰ ਕੇ (ਸਾਧ ਸੰਗਤਿ ਵਿਚ) ਪਰਖ ਕਰਾਈ ਹੈ।
ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥
ਜਿਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ-ਹੀਰਾ ਵੱਸ ਪਿਆ ਹੈ, ਉਹ ਸਦਾ-ਥਿਰ ਨਾਮ ਸਿਮਰਦੇ ਹਨ, ਉਹ ਆਪਣੇ ਆਤਮਕ ਜੀਵਨ ਦੀ ਪਰਖ ਵਾਸਤੇ) ਸਦਾ-ਥਿਰ ਨਾਮ ਨੂੰ ਹੀ ਕਸਵੱਟੀ (ਦੇ ਤੌਰ ਤੇ) ਵਰਤਦੇ ਹਨ ॥੧॥
ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਗੁਰੂ ਦੀ ਬਾਣੀ ਨੂੰ ਆਪਣੇ ਮਨ ਵਿਚ ਵਸਾਂਦੇ ਹਨ।
ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥
ਉਹਨਾਂ ਨੇ ਮਾਇਆ ਵਿਚ ਵਿਚਰਦਿਆਂ ਹੀ (ਇਸ ਬਾਣੀ ਦੀ ਬਰਕਤਿ ਨਾਲ) ਨਿਰੰਜਨ ਪ੍ਰਭੂ ਨੂੰ ਲੱਭ ਲਿਆ ਹੈ, ਉਹ ਆਪਣੀ ਸੁਰਤ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾਈ ਰੱਖਦੇ ਹਨ ॥੧॥ ਰਹਾਉ ॥
ਇਸੁ ਕਾਇਆ ਅੰਦਰਿ ਬਹੁਤੁ ਪਸਾਰਾ ॥
(ਇਕ ਪਾਸੇ) ਇਸ ਮਨੁੱਖਾ ਸਰੀਰ ਵਿਚ (ਮਾਇਆ ਦਾ) ਬਹੁਤ ਖਿਲਾਰਾ ਖਿਲਾਰਿਆ ਹੋਇਆ ਹੈ,
ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥
(ਦੂਜੇ ਪਾਸੇ) ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਅਪਹੁੰਚ ਹੈ ਬੇਅੰਤ ਹੈ, ਉਸ ਦਾ ਨਾਮ (ਮਨੁੱਖ ਨੂੰ ਪ੍ਰਾਪਤ ਕਿਵੇਂ ਹੋਵੇ?)।
ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥੨॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹੀ (ਨਿਰੰਜਨ ਦੇ ਨਾਮ ਨੂੰ) ਪ੍ਰਾਪਤ ਕਰਦਾ ਹੈ, ਪ੍ਰਭੂ ਆਪ ਹੀ ਮਿਹਰ ਕਰ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੨॥
ਮੇਰਾ ਠਾਕੁਰੁ ਸਚੁ ਦ੍ਰਿੜਾਏ ॥
ਪਾਲਣਹਾਰਾ ਪਿਆਰਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ) ਸਦਾ-ਥਿਰ ਨਾਮ ਦ੍ਰਿੜ੍ਹ ਕਰਦਾ ਹੈ,
ਗੁਰਪਰਸਾਦੀ ਸਚਿ ਚਿਤੁ ਲਾਏ ॥
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਵਿਚ ਆਪਣਾ ਮਨ ਜੋੜਦਾ ਹੈ।
ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥੩॥
(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥
ਵੇਪਰਵਾਹੁ ਸਚੁ ਮੇਰਾ ਪਿਆਰਾ ॥
(ਹੇ ਭਾਈ!) ਮੇਰਾ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਨੂੰ ਕਿਸੇ ਕਿਸਮ ਦੀ ਮੁਥਾਜੀ ਭੀ ਨਹੀਂ ਹੈ।
ਕਿਲਵਿਖ ਅਵਗਣ ਕਾਟਣਹਾਰਾ ॥
ਉਹ ਸਭ ਜੀਵਾਂ ਦੇ ਪਾਪ ਤੇ ਔਗੁਣ ਦੂਰ ਕਰਨ ਦੀ ਤਾਕਤ ਰੱਖਦਾ ਹੈ।
ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥
ਪ੍ਰੇਮ ਪਿਆਰ ਨਾਲ ਉਸ ਦਾ ਧਿਆਨ ਧਰਨਾ ਚਾਹੀਦਾ ਹੈ। ਉਸ ਦੇ ਡਰ-ਅਦਬ ਵਿਚ ਰਹਿ ਕੇ ਪਿਆਰ ਨਾਲ ਉਸਦੀ ਭਗਤੀ (ਆਪਣੇ ਹਿਰਦੇ ਵਿਚ) ਪੱਕੀ ਕਰਨੀ ਚਾਹੀਦੀ ਹੈ ॥੪॥
ਤੇਰੀ ਭਗਤਿ ਸਚੀ ਜੇ ਸਚੇ ਭਾਵੈ ॥
ਹੇ ਸਦਾ-ਥਿਰ ਪ੍ਰਭੂ! ਤੇਰੀ ਸਦਾ-ਥਿਰ ਰਹਿਣ ਵਾਲੀ ਭਗਤੀ (ਦੀ ਦਾਤ ਜੀਵ ਨੂੰ ਤਦੋਂ ਹੀ ਮਿਲਦੀ ਹੈ ਜੇ) ਤੇਰੀ ਰਜ਼ਾ ਹੋਵੇ।
ਆਪੇ ਦੇਇ ਨ ਪਛੋਤਾਵੈ ॥
(ਹੇ ਭਾਈ! ਭਗਤੀ ਅਤੇ ਹੋਰ ਸੰਸਾਰਕ ਪਦਾਰਥਾਂ ਦੀ ਦਾਤਿ) ਪ੍ਰਭੂ ਆਪ ਹੀ (ਜੀਵਾਂ ਨੂੰ) ਦੇਂਦਾ ਹੈ, (ਦੇ ਦੇ ਕੇ ਉਹ) ਪਛਤਾਂਦਾ ਭੀ ਨਹੀਂ (ਕਿਉਂਕਿ) ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਆਪ ਹੀ ਆਪ ਹੈ।
ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥੫॥
ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ ਨੂੰ ਵਿਕਾਰਾਂ ਵਲੋਂ) ਮਾਰ ਕੇ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ ॥੫॥
ਹਰਿ ਤੁਧੁ ਬਾਝਹੁ ਮੈ ਕੋਈ ਨਾਹੀ ॥
ਹੇ ਹਰੀ! ਤੈਥੋਂ ਬਿਨਾ ਮੈਨੂੰ (ਆਪਣਾ) ਕੋਈ ਹੋਰ (ਸਹਾਰਾ) ਨਹੀਂ ਦਿੱਸਦਾ।
ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥
ਹੇ ਹਰੀ! ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ, ਮੈ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।
ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥੬॥
ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ। ਤੇਰੀ ਪੂਰੀ ਮਿਹਰ ਨਾਲ ਹੀ ਤੈਨੂੰ ਮਿਲ ਸਕੀਦਾ ਹੈ ॥੬॥
ਮੈ ਹੋਰੁ ਨ ਕੋਈ ਤੁਧੈ ਜੇਹਾ ॥
ਹੇ ਪ੍ਰਭੂ! ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ।
ਤੇਰੀ ਨਦਰੀ ਸੀਝਸਿ ਦੇਹਾ ॥
ਤੇਰੀ ਮਿਹਰ ਦੀ ਨਿਗਾਹ ਨਾਲ ਹੀ (ਜੇ ਤੇਰੀ ਭਗਤੀ ਦੀ ਦਾਤ ਮਿਲੇ ਤਾਂ ਮੇਰਾ ਇਹ) ਸਰੀਰ ਸਫਲ ਹੋ ਸਕਦਾ ਹੈ।
ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥੭॥
ਹੇ ਹਰੀ! ਤੂੰ ਆਪ ਹੀ ਹਰ ਵੇਲੇ ਜੀਵਾਂ ਦੀ ਸੰਭਾਲ ਕਰ ਕੇ (ਵਿਕਾਰਾਂ ਵਲੋਂ) ਰਾਖੀ ਕਰਦਾ ਹੈਂ। (ਤੇਰੀ ਮਿਹਰ ਨਾਲ) ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੭॥
ਤੁਧੁ ਜੇਵਡੁ ਮੈ ਹੋਰੁ ਨ ਕੋਈ ॥
ਹੇ ਪ੍ਰਭੂ! ਤੇਰੇ ਬਰਾਬਰ ਦਾ ਮੈਨੂੰ ਕੋਈ ਹੋਰ ਨਹੀਂ ਦਿੱਸਦਾ।
ਤੁਧੁ ਆਪੇ ਸਿਰਜੀ ਆਪੇ ਗੋਈ ॥
ਤੂੰ ਆਪ ਹੀ ਰਚਨਾ ਰਚੀ ਹੈ, ਤੂੰ ਆਪ ਹੀ ਇਸ ਨੂੰ ਨਾਸ ਕਰਦਾ ਹੈਂ।
ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥੮॥੫॥੬॥
ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਆਪ ਹੀ ਘੜ ਕੇ ਭੰਨ ਕੇ ਸੰਵਾਰਦਾ ਹੈਂ, ਤੂੰ ਆਪ ਹੀ ਆਪਣੇ ਨਾਮ ਦੀ ਬਰਕਤਿ ਨਾਲ (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈਂ ॥੮॥੫॥੬॥
ਮਾਝ ਮਹਲਾ ੩ ॥
ਸਭ ਘਟ ਆਪੇ ਭੋਗਣਹਾਰਾ ॥
(ਹੇ ਭਾਈ!) ਸਾਰੇ ਸਰੀਰਾਂ ਵਿਚ (ਵਿਆਪਕ ਹੋ ਕੇ ਪ੍ਰਭੂ) ਆਪ ਹੀ (ਜਗਤ ਦੇ ਸਾਰੇ ਪਦਾਰਥ) ਭੋਗ ਰਿਹਾ ਹੈ।
ਅਲਖੁ ਵਰਤੈ ਅਗਮ ਅਪਾਰਾ ॥
(ਫਿਰ ਭੀ ਉਹ) ਅਦ੍ਰਿਸ਼ਟ ਰੂਪ ਵਿਚ ਮੌਜੂਦ ਹੈ ਅਪਹੁੰਚ ਹੈ ਤੇ ਬੇਅੰਤ ਹੈ।
ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਈਐ ਸਹਜੇ ਸਚਿ ਸਮਾਵਣਿਆ ॥੧॥
ਉਸ ਪਿਆਰੇ ਹਰਿ-ਪ੍ਰਭੂ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਸਿਮਰਨਾ ਚਾਹੀਦਾ ਹੈ। (ਜੇਹੜੇ ਮਨੁੱਖ ਸਿਮਰਦੇ ਹਨ ਉਹ) ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਵਿਚ ਸਮਾਏ ਰਹਿੰਦੇ ਹਨ ॥੧॥
ਹਉ ਵਾਰੀ ਜੀਉ ਵਾਰੀ ਗੁਰਸਬਦੁ ਮੰਨਿ ਵਸਾਵਣਿਆ ॥
(ਹੇ ਭਾਈ!) ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੇਹੜਾ ਸਤਿਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ।
ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥
ਜਦੋਂ ਗੁਰੂ ਦਾ ਸ਼ਬਦ ਮਨੁੱਖ ਦੇ ਅੰਤਰ-ਆਤਮੇ ਟਿਕਦਾ ਹੈ, ਤਾਂ ਉਹ ਆਪਣੇ ਮਨ ਨਾਲ ਟਾਕਰਾ ਕਰਦਾ ਹੈ, ਤੇ ਮਨ ਦੀਆਂ ਕਾਮਨਾ ਮਾਰ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦਾ ਹੈ ॥੧॥ ਰਹਾਉ ॥
ਪੰਚ ਦੂਤ ਮੁਹਹਿ ਸੰਸਾਰਾ ॥
(ਹੇ ਭਾਈ! ਕਾਮਾਦਿਕ) ਪੰਜ ਵੈਰੀ ਜਗਤ (ਦੇ ਆਤਮਕ ਜੀਵਨ) ਨੂੰ ਲੁੱਟ ਰਹੇ ਹਨ,
ਮਨਮੁਖ ਅੰਧੇ ਸੁਧਿ ਨ ਸਾਰਾ ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਨਾਹ ਅਕਲ ਹੈ ਨਾਹ (ਇਸ ਲੁੱਟ ਦੀ) ਖ਼ਬਰ ਹੈ।
ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥੨॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਆਪਣਾ ਘਰ ਬਚਾ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਟਿਕ ਕੇ ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਲੈਂਦਾ ਹੈ ॥੨॥
ਇਕਿ ਗੁਰਮੁਖਿ ਸਦਾ ਸਚੈ ਰੰਗਿ ਰਾਤੇ ॥
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ ਸਦਾ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ,
ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥
ਉਹ ਆਤਮਕ ਅਡੋਲਤਾ ਵਿਚ ਮਸਤ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੇ ਹਨ।
ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥੩॥
ਉਹ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਪ੍ਰਭੂ ਦੇ ਦਰ ਤੇ ਇੱਜ਼ਤ ਹਾਸਲ ਕਰਦੇ ਹਨ ॥੩॥
ਏਕਮ ਏਕੈ ਆਪੁ ਉਪਾਇਆ ॥
ਪਹਿਲਾਂ ਪ੍ਰਭੂ ਇਕੱਲਾ ਆਪ (ਨਿਰਗੁਣ-ਸਰੂਪ) ਸੀ ਉਸ ਨੇ ਆਪਣੇ ਆਪ ਨੂੰ ਪਰਗਟ ਕੀਤਾ।
ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥
ਇਸ ਤਰ੍ਹਾਂ ਫਿਰ ਉਹ ਦੋ ਕਿਸਮਾਂ ਵਾਲਾ (ਨਿਰਗੁਣ ਤੇ ਸਰਗੁਣ ਰੂਪਾਂ ਵਾਲਾ) ਬਣ ਗਿਆ ਤੇ ਉਸ ਨੇ ਤਿੰਨ ਗੁਣਾਂ ਵਾਲੀ ਮਾਇਆ ਰਚ ਦਿੱਤੀ।
ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥੪॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦਾ ਆਤਮਕ ਟਿਕਾਣਾ ਮਾਇਆ ਦੇ ਤਿੰਨ ਗੁਣਾਂ (ਦੇ ਪ੍ਰਭਾਵ) ਤੋਂ ਉਤਾਂਹ ਉੱਚਾ ਰਹਿੰਦਾ ਹੈ। ਉਹ ਸਦਾ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ ॥੪॥
ਸਭੁ ਹੈ ਸਚਾ ਜੇ ਸਚੇ ਭਾਵੈ ॥
ਜੇ ਸਦਾ-ਥਿਰ ਪ੍ਰਭੂ ਦੀ ਰਜ਼ਾ ਹੋਵੇ (ਤਾਂ ਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ, ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਸਦਾ-ਥਿਰ ਪਰਮਾਤਮਾ ਹਰ ਥਾਂ ਮੌਜੂਦ ਹੈ।
ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥
(ਪ੍ਰਭੂ ਦੀ ਮਿਹਰ ਨਾਲ) ਜਿਸ ਮਨੁੱਖ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।
ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥੫॥
(ਹੇ ਭਾਈ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਕਰਤੱਵ ਹੀ ਇਹ ਹੈ, ਕਿ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ, ਤੇ ਸਦਾ-ਥਿਰ ਪ੍ਰਭੂ ਵਿਚ ਹੀ ਜਾ ਕੇ ਲੀਨ ਹੋ ਜਾਂਦੇ ਹਨ ॥੫॥
ਸਚੇ ਬਾਝਹੁ ਕੋ ਅਵਰੁ ਨ ਦੂਆ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਆਤਮਕ ਆਨੰਦ ਦੇਣ ਵਾਲਾ ਨਹੀਂ ਹੈ)।
ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥
ਜਗਤ (ਉਸ ਨੂੰ ਵਿਸਾਰ ਕੇ ਤੇ ਸੁਖ ਦੀ ਖ਼ਾਤਰ) ਮਾਇਆ ਦੇ ਮੋਹ ਵਿਚ ਫਸ ਕੇ ਦੁਖੀ ਹੋ ਕੇ ਆਤਮਕ ਮੌਤ ਸਹੇੜਦਾ ਹੈ।
ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥੬॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ, ਉਹ ਇਕ ਪਰਮਾਤਮਾ ਦਾ ਹੀ ਸਿਮਰਨ ਕਰ ਕੇ ਆਤਮਕ ਆਨੰਦ ਮਾਣਦਾ ਹੈ ॥੬॥
ਜੀਅ ਜੰਤ ਸਭਿ ਸਰਣਿ ਤੁਮਾਰੀ ॥
(ਹੇ ਪ੍ਰਭੂ! ਜਗਤ ਦੇ) ਸਾਰੇ ਜੀਵ ਤੇਰਾ ਹੀ ਆਸਰਾ ਤੱਕ ਸਕਦੇ ਹਨ।
ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥
(ਹੇ ਪ੍ਰਭੂ! ਇਹ ਤੇਰਾ ਰਚਿਆ ਜਗਤ, ਮਾਨੋ, ਚਉਪੜ ਦੀ ਖੇਡ ਹੈ), ਤੂੰ ਆਪ ਹੀ (ਇਸ ਚਉਪੜ ਉੱਤੇ) ਕੱਚੀਆਂ ਪੱਕੀਆਂ ਨਰਦਾਂ (ਭਾਵ, ਉੱਚੇ ਤੇ ਕੱਚੇ ਜੀਵਨ ਵਾਲੇ ਜੀਵ) ਰਚ ਕੇ ਇਹਨਾਂ ਦੀ ਸੰਭਾਲ ਕਰਦਾ ਹੈਂ।
ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥੭॥
(ਹੇ ਭਾਈ!) ਹਰ ਰੋਜ਼ (ਹਰ ਵੇਲੇ) ਪ੍ਰਭੂ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜੀਵਾਂ ਪਾਸੋਂ) ਕਾਰ ਕਰਾਂਦਾ ਹੈ, ਤੇ ਆਪ ਹੀ ਆਪਣੇ ਚਰਨਾਂ ਵਿਚ ਮਿਲਾਂਦਾ ਹੈ ॥੭॥
ਤੂੰ ਆਪੇ ਮੇਲਹਿ ਵੇਖਹਿ ਹਦੂਰਿ ॥
(ਹੇ ਭਾਈ!) ਤੂੰ ਆਪ ਹੀ ਜੀਵਾਂ ਦੇ ਅੰਗ-ਸੰਗ ਹੋ ਕੇ ਸਭ ਦੀ ਸੰਭਾਲ ਕਰਦਾ ਹੈਂ ਤੇ ਆਪਣੇ ਚਰਨਾਂ ਵਿਚ ਜੋੜਦਾ ਹੈਂ।
ਸਭ ਮਹਿ ਆਪਿ ਰਹਿਆ ਭਰਪੂਰਿ ॥
(ਹੇ ਭਾਈ!) ਸਭ ਜੀਵਾਂ ਵਿਚ ਪ੍ਰਭੂ ਆਪ ਹੀ ਹਾਜ਼ਰ-ਨਾਜ਼ਰ ਮੌਜੂਦ ਹੈ।
ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥
ਹੇ ਨਾਨਕ! ਸਭ ਥਾਈਂ ਪ੍ਰਭੂ ਆਪ ਹੀ ਵਰਤ ਰਿਹਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ ਇਹ ਸਮਝ ਆ ਜਾਂਦੀ ਹੈ ॥੮॥੬॥੭॥
ਮਾਝ ਮਹਲਾ ੩ ॥
ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥
ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਤੇ ਜੀਵਨ ਵਿਚ ਮਿਠਾਸ ਭਰਨ ਵਾਲੀ ਹੈ,
ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥
ਪਰ ਕਿਸੇ ਵਿਰਲੇ ਗੁਰਮੁਖਿ ਨੇ ਇਸ ਬਾਣੀ ਦਾ ਰਸ ਲੈ ਕੇ ਇਹ ਤਬਦੀਲੀ ਵੇਖੀ ਹੈ।
ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥੧॥
ਜੇਹੜਾ ਮਨੁੱਖ ਗੁਰੂ ਦੀ ਬਾਣੀ ਦਾ ਸ੍ਰੇਸ਼ਟ ਰਸ ਲੈਂਦਾ ਹੈ, ਉਸ ਦੇ ਅੰਦਰ ਸਹੀ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ॥੧॥
ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥
ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ।
ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ ॥
ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਜਲ ਦਾ ਕੁੰਡ ਹੈ, ਉਹ ਕੁੰਡ ਸਦਾ ਕਾਇਮ ਰਹਿਣ ਵਾਲਾ (ਭੀ) ਹੈ। (ਜਿਸ ਮਨੁੱਖ ਦਾ) ਮਨ (ਉਸ ਕੁੰਡ ਵਿਚ) ਇਸ਼ਨਾਨ ਕਰਦਾ ਹੈ, (ਉਹ ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ ॥੧॥ ਰਹਾਉ ॥
ਤੇਰਾ ਸਚੇ ਕਿਨੈ ਅੰਤੁ ਨ ਪਾਇਆ ॥
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਕਿਸੇ ਜੀਵ ਨੇ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭਾ।
ਗੁਰਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਤੇਰੇ ਚਰਨਾਂ ਵਿਚ ਆਪਣਾ) ਚਿੱਤ ਜੋੜਿਆ ਹੈ।
ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥੨॥
(ਹੇ ਪ੍ਰਭੂ! ਮਿਹਰ ਕਰ ਕਿ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਕਰਦਾ ਕਦੇ ਭੀ ਨਾਹ ਰੱਜਾਂ, ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਭੁੱਖ ਮੈਨੂੰ ਸਦਾ ਲੱਗੀ ਰਹੇ ॥੨॥
ਏਕੋ ਵੇਖਾ ਅਵਰੁ ਨ ਬੀਆ ॥
(ਹੇ ਭਾਈ!) ਹੁਣ ਮੈਂ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਉਸ ਤੋਂ ਬਿਨਾ ਮੈਨੂੰ) ਕੋਈ ਹੋਰ ਨਹੀਂ (ਦਿੱਸਦਾ)।
ਗੁਰਪਰਸਾਦੀ ਅੰਮ੍ਰਿਤੁ ਪੀਆ ॥
ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਤਾ ਹੈ।
ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ ॥੩॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ ਹੈ, ਹੁਣ ਮੈਂ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹਾਂ ॥੩॥
ਰਤਨੁ ਪਦਾਰਥੁ ਪਲਰਿ ਤਿਆਗੈ ॥
(ਗ਼ਾਫਲ ਮਨੁੱਖ) ਪਰਮਾਤਮਾ ਦੇ ਨਾਮ-ਰਤਨ ਨੂੰ (ਦੁਨੀਆ ਦੇ ਸਭ ਪਦਾਰਥਾਂ ਨਾਲੋਂ ਸ੍ਰੇਸ਼ਟ) ਪਦਾਰਥ ਨੂੰ ਤੋਰੀਏ ਦੇ ਨਾੜ ਦੇ ਵੱਟੇ ਵਿਚ ਹੱਥੋਂ ਗਵਾਂਦਾ ਰਹਿੰਦਾ ਹੈ।
ਮਨਮੁਖੁ ਅੰਧਾ ਦੂਜੈ ਭਾਇ ਲਾਗੈ ॥
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਪਿਆਰ ਵਿਚ ਫਸਿਆ ਰਹਿੰਦਾ ਹੈ।
ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ ॥੪॥
ਜੇਹੜਾ (ਦੁਖਦਾਈ ਬੀਜ) ਉਹ ਮਨਮੁਖ ਬੀਜਦਾ ਹੈ, ਉਸ ਦਾ ਉਹੀ (ਦੁਖਦਾਈ) ਫਲ ਉਹ ਹਾਸਲ ਕਰਦਾ ਹੈ, ਉਹ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਪਾਂਦਾ ॥੪॥
ਅਪਨੀ ਕਿਰਪਾ ਕਰੇ ਸੋਈ ਜਨੁ ਪਾਏ ॥
ਜਿਸ ਮਨੁੱਖ ਉੱਤੇ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ ਉਹੀ ਮਨੁੱਖ (ਆਤਮਕ ਆਨੰਦ) ਪ੍ਰਾਪਤ ਕਰਦਾ ਹੈ,
ਗੁਰ ਕਾ ਸਬਦੁ ਮੰਨਿ ਵਸਾਏ ॥
(ਕਿਉਂਕਿ ਉਹ) ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ ॥੫॥
ਉਹ ਮਨੁੱਖ ਹਰ ਰੋਜ਼ ਹਰ ਵੇਲੇ ਪਰਮਾਤਮਾ ਦੇ ਡਰ-ਅਦਬ ਵਿਚ ਟਿਕਿਆ ਰਹਿੰਦਾ ਹੈ, ਤੇ ਉਸ ਡਰ-ਅਦਬ ਦੀ ਬਰਕਤਿ ਨਾਲ ਆਪਣੇ ਮਨ ਨੂੰ ਮਾਰ ਕੇ (ਵਿਕਾਰਾਂ ਵਲੋਂ ਮਾਰ ਕੇ ਵਿਕਾਰਾਂ ਵਲ ਦੀ) ਦੌੜ-ਭੱਜ ਦੂਰ ਕਰੀ ਰੱਖਦਾ ਹੈ ॥੫॥
ਭਰਮੁ ਚੁਕਾਇਆ ਸਦਾ ਸੁਖੁ ਪਾਇਆ ॥
ਜਿਸ ਮਨੁੱਖ ਨੇ (ਆਪਣੇ ਮਨ ਦੀ ਵਿਕਾਰਾਂ ਵਲ ਦੀ) ਦੌੜ-ਭੱਜ ਮੁਕਾ ਲਈ, ਉਸ ਨੇ ਸਦਾ ਆਤਮਕ ਆਨੰਦ ਮਾਣਿਆ।
ਗੁਰਪਰਸਾਦਿ ਪਰਮ ਪਦੁ ਪਾਇਆ ॥
ਗੁਰੂ ਦੀ ਕਿਰਪਾ ਨਾਲ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।
ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ ॥੬॥
ਜੀਵਨ ਨੂੰ ਪਵਿੱਤ੍ਰ ਕਰਨ ਵਾਲੀ ਗੁਰਬਾਣੀ ਦੀ ਸਹਾਇਤਾ ਨਾਲ ਉਸ ਦਾ ਮਨ ਪਵਿੱਤ੍ਰ ਹੋ ਗਿਆ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੬॥
ਸਿਮ੍ਰਿਤਿ ਸਾਸਤ ਬੇਦ ਵਖਾਣੈ ॥
(ਪੰਡਿਤ) ਵੈਦ ਸ਼ਾਸਤ੍ਰ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਹੋਰਨਾਂ ਨੂੰ ਪੜ੍ਹ ਪੜ੍ਹ ਕੇ ਸੁਣਾਂਦਾ ਰਹਿੰਦਾ ਹੈ,
ਭਰਮੇ ਭੂਲਾ ਤਤੁ ਨ ਜਾਣੈ ॥
ਪਰ ਆਪ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਉਹ ਅਸਲੀਅਤ ਨੂੰ ਨਹੀਂ ਸਮਝਦਾ।
ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ ॥੭॥
ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ, ਦੁੱਖ ਹੀ ਦੁੱਖ (ਪੈਦਾ ਕਰਨ ਵਾਲੀ) ਕਮਾਈ ਕਰਦਾ ਰਹਿੰਦਾ ਹੈ ॥੭॥
ਆਪਿ ਕਰੇ ਕਿਸੁ ਆਖੈ ਕੋਈ ॥
(ਪਰ ਇਹ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਸਭ ਜੀਵਾਂ ਵਿਚ ਵਿਆਪਕ ਹੋ ਕੇ ਪਰਮਾਤਮਾ) ਆਪ ਹੀ (ਸਭ ਕੁਝ) ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ (ਕਿ ਤੂੰ ਕੁਰਾਹੇ ਜਾ ਰਿਹਾ ਹੈਂ)?
ਆਖਣਿ ਜਾਈਐ ਜੇ ਭੂਲਾ ਹੋਈ ॥
ਕਿਸੇ ਨੂੰ ਸਮਝਾਣ ਦੀ ਲੋੜ ਤਦੋਂ ਹੀ ਪੈ ਸਕਦੀ ਹੈ, ਜੇ ਉਹ (ਆਪ) ਕੁਰਾਹੇ ਪਿਆ ਹੋਇਆ ਹੋਵੇ।
ਨਾਨਕ ਆਪੇ ਕਰੇ ਕਰਾਏ ਨਾਮੇ ਨਾਮਿ ਸਮਾਵਣਿਆ ॥੮॥੭॥੮॥
ਹੇ ਨਾਨਕ! ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ, ਉਹ ਆਪ ਹੀ (ਸਰਬ-ਵਿਆਪਕ ਹੋ ਕੇ ਆਪਣੇ) ਨਾਮ ਵਿਚ ਹੀ ਲੀਨ ਹੋ ਸਕਦਾ ਹੈ ॥੮॥੭॥੮॥
ਮਾਝ ਮਹਲਾ ੩ ॥
ਆਪੇ ਰੰਗੇ ਸਹਜਿ ਸੁਭਾਏ ॥
ਪ੍ਰਭੂ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਆਤਮਕ ਅਡੋਲਤਾ ਦੇ (ਰੰਗ) ਵਿਚ ਰੰਗਦਾ ਹੈ,
ਗੁਰ ਕੈ ਸਬਦਿ ਹਰਿ ਰੰਗੁ ਚੜਾਏ ॥
ਸ੍ਰੇਸ਼ਟ ਪਿਆਰ (ਦੇ ਰੰਗ) ਵਿਚ ਰੰਗਦਾ ਹੈ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ (ਜੋੜ ਕੇ ਇਹ) ਰੰਗ ਚਾੜ੍ਹਦਾ ਹੈ,
ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ ॥੧॥
ਉਹਨਾਂ ਦਾ ਮਨ ਰੰਗਿਆ ਜਾਂਦਾ ਹੈ ਉਹਨਾਂ ਦਾ ਸਰੀਰ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ (ਨਾਮ-) ਰੰਗ ਵਿਚ ਗੂੜ੍ਹੀ ਲਾਲ ਹੋ ਜਾਂਦੀ ਹੈ। ਗੁਰੂ ਉਹਨਾਂ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਪਿਆਰ ਵਿਚ ਜੋੜ ਕੇ ਨਾਮ-ਰੰਗ ਚਾੜ੍ਹਦਾ ਹੈ ॥੧॥
ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ ॥
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਉਸ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ ਜਿਸ ਨੂੰ ਕਿਸੇ ਦਾ ਡਰ ਖ਼ਤਰਾ ਨਹੀਂ।
ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥
ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਿਰਭਉ ਪਰਮਾਤਮਾ ਦਾ ਧਿਆਨ ਧਰਿਆ ਹੈ, ਪਰਮਾਤਮਾ ਉਹਨਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਜ਼ਹਰ-ਰੂਪ ਸੰਸਾਰ-ਸੰਮੁਦਰ ਤੋਂ ਪਾਰ ਲੰਘਾ ਲੈਂਦਾ ਹੈ (ਭਾਵ, ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ਜਿਸ ਦਾ ਮੋਹ ਆਤਮਕ ਜੀਵਨ ਵਾਸਤੇ ਜ਼ਹਰ ਵਰਗਾ ਹੈ) ॥੧॥ ਰਹਾਉ ॥
ਮਨਮੁਖ ਮੁਗਧ ਕਰਹਿ ਚਤੁਰਾਈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਚਤੁਰਾਈਆਂ ਕਰਦੇ ਹਨ (ਤੇ ਆਖਦੇ ਹਨ ਕਿ ਅਸੀਂ ਤੀਰਥ-ਇਸ਼ਨਾਨ ਆਦਿਕ ਪੁੰਨ-ਕਰਮ ਕਰਦੇ ਹਾਂ[)
ਨਾਤਾ ਧੋਤਾ ਥਾਇ ਨ ਪਾਈ ॥
(ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਬਾਹਰੋਂ ਕਿਤਨਾ ਭੀ ਪਵਿਤ੍ਰ ਕਰਮ ਕਰਨ ਵਾਲਾ ਹੋਵੇ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ ॥੨॥
(ਉਹ ਜਗਤ ਵਿਚ ਆਤਮਕ ਜੀਵਨ ਵਲੋਂ) ਜਿਹੋ ਜਿਹਾ (ਖ਼ਾਲੀ ਆਉਂਦਾ ਹੈ ਉਹੋ ਜਿਹਾ (ਖ਼ਾਲੀ) ਹੀ ਚਲਾ ਜਾਂਦਾ ਹੈ (ਜਗਤ ਵਿਚ) ਔਗੁਣ ਕਰ ਕਰ ਕੇ (ਆਖ਼ਰ) ਪਛਤਾਂਦਾ ਹੀ (ਜਾਂਦਾ) ਹੈ ॥੨॥
ਮਨਮੁਖ ਅੰਧੇ ਕਿਛੂ ਨ ਸੂਝੈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ (ਸਹੀ ਜੀਵਨ-ਜੁਗਤਿ ਬਾਰੇ) ਕੁਝ ਨਹੀਂ ਅਹੁੜਦਾ[
ਮਰਣੁ ਲਿਖਾਇ ਆਏ ਨਹੀ ਬੂਝੈ ॥
(ਪਿਛਲੇ ਜਨਮਾਂ ਵਿਚ ਮਨਮੁਖਤਾ ਦੇ ਅਧੀਨ ਕੀਤੇ ਕਰਮਾਂ ਅਨੁਸਾਰ) ਆਤਮਕ ਮੌਤ (ਦੇ ਸੰਸਕਾਰ ਆਪਣੇ ਮਨ ਦੀ ਪੱਟੀ ਉੱਤੇ) ਲਿਖਾ ਕੇ ਉਹ (ਜਗਤ ਵਿਚ) ਆਉਂਦਾ ਹੈ (ਇਥੇ ਭੀ ਉਸ ਨੂੰ) ਸਮਝ ਨਹੀਂ ਪੈਂਦੀ
ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ ॥੩॥
ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਰਹਿੰਦਾ ਹੈ, (ਸਹੀ ਜੀਵਨ-ਜੁਗਤਿ ਦੀ ਸੂਝ) ਹਾਸਲ ਨਹੀਂ ਕਰਦਾ, ਤੇ ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ ॥੩॥
ਸਚੁ ਕਰਣੀ ਸਬਦੁ ਹੈ ਸਾਰੁ ॥
(ਹੇ ਭਾਈ!) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਹੀ ਕਰਨ-ਜੋਗ ਕੰਮ ਹੈ, ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ।
ਪੂਰੈ ਗੁਰਿ ਪਾਈਐ ਮੋਖ ਦੁਆਰੁ ॥
ਪੂਰੇ ਗੁਰੂ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭਦਾ ਹੈ।
ਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ ॥੪॥
(ਗੁਰੂ ਜਿਨ੍ਹਾਂ ਨੂੰ) ਹਰ ਵੇਲੇ ਆਪਣੀ ਬਾਣੀ ਦੀ ਰਾਹੀਂ ਆਪਣੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਾਂਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ॥੪॥
ਰਸਨਾ ਹਰਿ ਰਸਿ ਰਾਤੀ ਰੰਗੁ ਲਾਏ ॥
ਜਿਸ ਮਨੁੱਖ ਦੀ ਜੀਭ ਪੂਰੀ ਲਗਨ ਲਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਰੰਗੀ ਜਾਂਦੀ ਹੈ,
ਮਨੁ ਤਨੁ ਮੋਹਿਆ ਸਹਜਿ ਸੁਭਾਏ ॥
ਉਸ ਦਾ ਮਨ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਸ ਦਾ ਸਰੀਰ ਪ੍ਰੇਮ-ਰੰਗ ਵਿਚ ਮਗਨ ਰਹਿੰਦਾ ਹੈ।
ਸਹਜੇ ਪ੍ਰੀਤਮੁ ਪਿਆਰਾ ਪਾਇਆ ਸਹਜੇ ਸਹਜਿ ਮਿਲਾਵਣਿਆ ॥੫॥
ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਿਆਰੇ ਪ੍ਰੀਤਮ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ ॥੫॥
ਜਿਸੁ ਅੰਦਰਿ ਰੰਗੁ ਸੋਈ ਗੁਣ ਗਾਵੈ ॥
ਜਿਸ ਮਨੁੱਖ ਦੇ ਹਿਰਦੇ ਵਿਚ ਲਗਨ ਹੈ, ਉਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ ॥
ਉਹ ਗੁਰੂ ਦੇ ਸ਼ਬਦ ਵਿਚ ਜੁਝ ਕੇ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਮਗਨ ਹੋਇਆ ਰਹਿੰਦਾ ਹੈ।
ਹਉ ਬਲਿਹਾਰੀ ਸਦਾ ਤਿਨ ਵਿਟਹੁ ਗੁਰ ਸੇਵਾ ਚਿਤੁ ਲਾਵਣਿਆ ॥੬॥
ਮੈਂ ਸਦਾ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਦੱਸੀ ਕਾਰ ਵਿਚ ਆਪਣਾ ਚਿੱਤ ਲਾਇਆ ਹੋਇਆ ਹੈ ॥੬॥
ਸਚਾ ਸਚੋ ਸਚਿ ਪਤੀਜੈ ॥
ਜਿਨ੍ਹਾਂ ਦਾ ਮਨ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਸਦਾ-ਥਿਰ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ,
ਗੁਰਪਰਸਾਦੀ ਅੰਦਰੁ ਭੀਜੈ ॥
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦਾ ਹਿਰਦਾ (ਸਿਫ਼ਤ-ਸਾਲਾਹ ਦੇ ਰਸ ਨਾਲ) ਭਿੱਜਿਆ ਰਹਿੰਦਾ ਹੈ,
ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ ॥੭॥
ਉਹ ਸ੍ਰੇਸ਼ਟ ਅੰਤਰ ਆਤਮੇ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਪ੍ਰਭੂ ਆਪ ਹੀ ਉਹਨਾਂ ਨੂੰ ਇਹ ਸਰਧਾ ਬਖ਼ਸ਼ਦਾ ਹੈ ਕਿ ਸਿਫ਼ਤ-ਸਾਲਾਹ ਦੀ ਕਾਰ ਹੀ ਸਹੀ ਜੀਵਨ-ਕਾਰ ਹੈ ॥੭॥
ਜਿਸ ਨੋ ਨਦਰਿ ਕਰੇ ਸੋ ਪਾਏ ॥
ਪਰ ਪ੍ਰਭੂ ਦਾ ਨਾਮ ਸਿਮਰਨ ਦੀ ਸੂਝ ਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ।
ਗੁਰਪਰਸਾਦੀ ਹਉਮੈ ਜਾਏ ॥
ਗੁਰੂ ਦੀ ਕਿਰਪਾ ਨਾਲ (ਨਾਮ ਸਿਮਰਿਆਂ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ।
ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ ॥੮॥੮॥੯॥
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਸ ਨੂੰ ਸੋਭਾ ਮਿਲਦੀ ਹੈ ॥੮॥੮॥੯॥
ਮਾਝ ਮਹਲਾ ੩ ॥
ਸਤਿਗੁਰੁ ਸੇਵਿਐ ਵਡੀ ਵਡਿਆਈ ॥
ਜੇ (ਮਨੁੱਖ) ਗੁਰੂ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ-ਪਰਨਾ ਬਣਾ ਲਏ, ਤਾਂ ਉਸ ਨੂੰ ਇਹ ਭਾਰੀ ਇੱਜ਼ਤ ਮਿਲਦੀ ਹੈ,
ਹਰਿ ਜੀ ਅਚਿੰਤੁ ਵਸੈ ਮਨਿ ਆਈ ॥
ਕਿ ਉਹ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ ਜਿਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ।
ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ ॥੧॥
(ਹੇ ਭਾਈ!) ਪਰਮਾਤਮਾ (ਮਾਨੋ) ਇਕ ਫਲਦਾਰ ਰੁੱਖ ਹੈ ਜਿਸ ਵਿਚੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋਂਦਾ ਹੈ। ਜਿਸ ਮਨੁੱਖ ਨੇ (ਉਹ ਰਸ) ਪੀ ਲਿਆ, ਨਾਮ-ਰਸ ਨੇ ਉਸ ਦੀ (ਮਾਇਆ ਦੀ) ਤ੍ਰੇਹ ਦੂਰ ਕਰ ਦਿੱਤੀ ॥੧॥
ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ ॥
ਮੈਂ ਸਦਕੇ ਹਾਂ ਕੁਰਬਾਨ ਹਾਂ (ਪਰਮਾਤਮਾ ਤੋਂ), ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਧ-ਸੰਗਤਿ ਵਿਚ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।
ਹਰਿ ਸਤਸੰਗਤਿ ਆਪੇ ਮੇਲੈ ਗੁਰਸਬਦੀ ਹਰਿ ਗੁਣ ਗਾਵਣਿਆ ॥੧॥ ਰਹਾਉ ॥
ਪਰਮਾਤਮਾ ਆਪ ਹੀ ਸਾਧ ਸੰਗਤਿ ਦਾ ਮੇਲ ਕਰਦਾ ਹੈ। (ਜੇਹੜਾ ਮਨੁੱਖ ਸਾਧ ਸੰਗਤਿ ਵਿਚ ਜੁੜਦਾ ਹੈ ਉਹ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ ॥
ਸਤਿਗੁਰੁ ਸੇਵੀ ਸਬਦਿ ਸੁਹਾਇਆ ॥
(ਹੇ ਭਾਈ!) ਮੈਂ ਉਸ ਗੁਰੂ ਨੂੰ ਆਪਣਾ ਆਸਰਾ-ਪਰਨਾ ਬਣਾਇਆ ਹੈ, ਜਿਸ ਨੇ ਆਪਣੇ ਸ਼ਬਦ ਦੀ ਰਾਹੀਂ ਮੇਰਾ ਜੀਵਨ ਸੰਵਾਰ ਦਿੱਤਾ ਹੈ,
ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ ॥
ਜਿਸ ਨੇ ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ।
ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥੨॥
(ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ। (ਜੇਹੜਾ ਮਨੁੱਖ ਪ੍ਰਭੂ-ਨਾਮ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਖੱਟਦਾ ਹੈ ॥੨॥
ਬਿਨੁ ਗੁਰ ਨਾਮੁ ਨ ਪਾਇਆ ਜਾਇ ॥
ਪਰ ਪਰਮਾਤਮਾ ਦਾ ਨਾਮ ਗੁਰੂ (ਦੀ ਸਰਨ) ਤੋਂ ਬਿਨਾ ਨਹੀਂ ਮਿਲਦਾ।
ਸਿਧ ਸਾਧਿਕ ਰਹੇ ਬਿਲਲਾਇ ॥
ਜੋਗ-ਸਾਧਨ ਕਰਨ ਵਾਲੇ ਤੇ ਜੋਗ-ਸਾਧਨ ਵਿਚ ਪੁੱਗੇ ਹੋਏ ਅਨੇਕਾਂ ਜੋਗੀ ਤਰਲੇ ਲੈਂਦੇ ਰਹਿ ਗਏ।
ਬਿਨੁ ਗੁਰ ਸੇਵੇ ਸੁਖੁ ਨ ਹੋਵੀ ਪੂਰੈ ਭਾਗਿ ਗੁਰੁ ਪਾਵਣਿਆ ॥੩॥
ਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਨਹੀਂ ਬਣਦਾ, ਵੱਡੀ ਕਿਸਮਤਿ ਨਾਲ ਗੁਰੂ ਮਿਲਦਾ ਹੈ ॥੩॥
ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥
ਮਨੁੱਖ ਦਾ ਇਹ ਮਨ ਆਰਸੀ (looking-glass) ਸਮਾਨ ਹੈ (ਇਸ ਦੀ ਰਾਹੀਂ ਹੀ ਮਨੁੱਖ ਆਪਣਾ ਆਤਮਕ ਜੀਵਨ ਵੇਖ ਸਕਦਾ ਹੈ, ਪਰ) ਸਿਰਫ਼ ਉਹੀ ਮਨੁੱਖ ਵੇਖਦਾ ਹੈ ਜੇਹੜਾ ਗੁਰੂ ਦੀ ਸਰਨ ਪਏ (ਗੁਰੂ ਦਾ ਆਸਰਾ ਲੈਣ ਤੋਂ ਬਿਨਾ ਇਸ ਮਨ ਨੂੰ ਹਉਮੈ ਦਾ ਜੰਗਾਲ ਲੱਗਾ ਰਹਿੰਦਾ ਹੈ।)
ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥
ਜਦੋਂ (ਗੁਰੂ ਦੇ ਦਰ ਤੇ ਪੈ ਕੇ ਮਨੁੱਖ ਆਪਣੇ ਅੰਦਰੋਂ ਹਉਮੈ ਮੁਕਾਂਦਾ ਹੈ ਤਾਂ (ਫਿਰ ਮਨ ਨੂੰ ਹਉਮੈ ਦਾ) ਜੰਗਾਲ ਨਹੀਂ ਲੱਗਦਾ (ਤੇ ਮਨੁੱਖ ਇਸ ਦੀ ਰਾਹੀਂ ਆਪਣੇ ਜੀਵਨ ਨੂੰ ਵੇਖ-ਪਰਖ ਸਕਦਾ ਹੈ)।
ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰਸਬਦੀ ਸਚਿ ਸਮਾਵਣਿਆ ॥੪॥
(ਗੁਰੂ ਦੀ ਸਰਨ ਪਿਆ ਮਨੁੱਖ) ਗੁਰੂ ਦੀ ਪਵਿਤ੍ਰ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਇਕ-ਰਸ (ਆਪਣੇ ਅੰਦਰ) ਪ੍ਰਬਲ ਕਰੀ ਰੱਖਦਾ ਹੈ ਤੇ (ਇਸ ਤਰ੍ਹਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੪॥
ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਪਾਸੋਂ ਭੀ (ਆਪਣਾ ਆਤਮਕ ਜੀਵਨ) ਵੇਖਿਆ-ਪਰਖਿਆ ਨਹੀਂ ਜਾ ਸਕਦਾ।
ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ ॥
(ਜਿਸ ਨੂੰ ਵਿਖਾਇਆ ਹੈ) ਗੁਰੂ ਨੇ (ਹੀ) ਕਿਰਪਾ ਕਰ ਕੇ (ਉਸਦਾ) ਆਪਣਾ ਆਤਮਕ ਜੀਵਨ ਵਿਖਾਇਆ ਹੈ।
ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥੫॥
(ਫਿਰ ਉਸ ਵਡਭਾਗੀ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਆਪ ਹੀ (ਸਭ ਜੀਵਾਂ ਵਿਚ) ਵਿਆਪਕ ਹੋ ਰਿਹਾ ਹੈ (ਆਪਣੇ ਆਪੇ ਦੀ ਵੇਖ-ਪਰਖ ਕਰਨ ਵਾਲਾ ਮਨੁੱਖ) ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੫॥
ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ ॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਸਿਰਫ਼ ਪਰਮਾਤਮਾ ਨਾਲ ਹੀ ਪ੍ਰੇਮ ਪਾਈ ਰੱਖਦਾ ਹੈ।
ਦੂਜਾ ਭਰਮੁ ਗੁਰ ਸਬਦਿ ਜਲਾਏ ॥
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ।
ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥੬॥
ਉਹ ਆਪਣੇ ਸਰੀਰ ਦੇ ਵਿਚ ਹੀ ਰਹਿ ਕੇ (ਭਾਵ, ਮਨ ਨੂੰ ਬਾਹਰ ਭਟਕਣੋਂ ਰੋਕ ਕੇ) ਪ੍ਰਭੂ-ਨਾਮ ਦਾ ਵਣਜ ਵਪਾਰ ਕਰਦਾ ਹੈ, ਤੇ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ ॥੬॥
ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਹੀ ਕਰਨ-ਜੋਗ ਕੰਮ ਸਮਝਦਾ ਹੈ ਸਭ ਤੋਂ ਸ੍ਰੇਸ਼ਟ ਉੱਦਮ ਜਾਣਦਾ ਹੈ।
ਗੁਰਮੁਖਿ ਪਾਏ ਮੋਖ ਦੁਆਰੁ ॥
ਗੁਰੂ ਦੇ ਸਨਮੁਖ ਰਹਿ ਕੇ ਉਹ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।
ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥੭॥
ਉਹ ਹਰ ਵੇਲੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗਿਆ ਰਹਿ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਆਪਣੀ ਹਜ਼ੂਰੀ ਵਿਚ ਬੁਲਾਈ ਰੱਖਦਾ ਹੈ (ਜੋੜੀ ਰੱਖਦਾ ਹੈ) ॥੭॥
ਸਤਿਗੁਰੁ ਦਾਤਾ ਮਿਲੈ ਮਿਲਾਇਆ ॥
ਗੁਰੂ ਹੀ (ਸਿਫ਼ਤ-ਸਾਲਾਹ ਦੀ, ਨਾਮ ਦੀ) ਦਾਤ ਦੇਣ ਵਾਲਾ ਹੈ (ਪਰ ਗੁਰੂ ਤਦੋਂ ਹੀ) ਮਿਲਦਾ ਹੈ (ਜਦੋਂ ਪਰਮਾਤਮਾ ਆਪ) ਮਿਲਾਏ।
ਪੂਰੈ ਭਾਗਿ ਮਨਿ ਸਬਦੁ ਵਸਾਇਆ ॥
(ਜਿਸ ਮਨੁੱਖ ਨੂੰ) ਪੂਰੀ ਕਿਸਮਤਿ ਨਾਲ (ਗੁਰੂ ਮਿਲ ਪੈਂਦਾ ਹੈ ਉਹ ਆਪਣੇ) ਮਨ ਵਿਚ ਗੁਰੂ ਦਾ ਸ਼ਬਦ ਵਸਾਈ ਰੱਖਦਾ ਹੈ।
ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥
ਹੇ ਨਾਨਕ! ਉਸ ਮਨੁੱਖ ਨੂੰ ਇਹ ਵਡਿਆਈ ਮਿਲਦੀ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ਉਹ ਸਦਾ-ਥਿਰ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੯॥੧੦॥
ਮਾਝ ਮਹਲਾ ੩ ॥
ਆਪੁ ਵੰਞਾਏ ਤਾ ਸਭ ਕਿਛੁ ਪਾਏ ॥
ਜੇਹੜਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ (ਹਉਮੈ ਮਮਤਾ) ਦੂਰ ਕਰਦਾ ਹੈ, ਉਹ (ਉੱਚ ਆਤਮਕ ਜੀਵਨ ਵਾਲਾ) ਹਰੇਕ ਗੁਣ ਗ੍ਰਹਿਣ ਕਰ ਲੈਂਦਾ ਹੈ।
ਗੁਰਸਬਦੀ ਸਚੀ ਲਿਵ ਲਾਏ ॥
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਚਰਨਾਂ ਵਿਚ ਸਦਾ ਟਿਕੀ ਰਹਿਣ ਵਾਲੀ ਲਗਨ ਬਣਾ ਲੈਂਦਾ ਹੈ।
ਸਚੁ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ ॥੧॥
(ਆਪਾ-ਭਾਵ ਦੂਰ ਕਰਨ ਵਾਲੇ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸੌਦਾ ਵਿਹਾਝਦੇ ਹਨ, ਨਾਮ ਧਨ ਇਕੱਠਾ ਕਰਦੇ ਹਨ ਤੇ ਨਾਮ ਦਾ ਹੀ ਵਪਾਰ ਕਰਦੇ ਹਨ (ਭਾਵ, ਸਤਸੰਗੀਆਂ ਵਿਚ ਬੈਠ ਕੇ ਭੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ) ॥੧॥
ਹਉ ਵਾਰੀ ਜੀਉ ਵਾਰੀ ਹਰਿ ਗੁਣ ਅਨਦਿਨੁ ਗਾਵਣਿਆ ॥
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ।
ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਮੈਂ ਤੇਰਾ ਸੇਵਕ ਹਾਂ, (ਤੂੰ ਆਪ ਹੀ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੀ ਸਿਫ਼ਤ-ਸਾਲਾਹ ਦੀ) ਵਡਿਆਈ ਬਖ਼ਸ਼ਦਾ ਹੈਂ (ਮੈਨੂੰ ਭੀ ਇਹ ਦਾਤ ਦੇਹ) ॥੧॥ ਰਹਾਉ ॥
ਵੇਲਾ ਵਖਤ ਸਭਿ ਸੁਹਾਇਆ ॥
(ਹੇ ਭਾਈ!) ਮੈਨੂੰ ਉਹ ਸਾਰੇ ਵੇਲੇ ਸੋਹਣੇ ਲੱਗਦੇ ਹਨ ਉਹ ਸਾਰੇ ਵਕਤ ਸੋਹਣੇ ਲੱਗਦੇ ਹਨ,
ਜਿਤੁ ਸਚਾ ਮੇਰੇ ਮਨਿ ਭਾਇਆ ॥
ਜਿਸ ਵੇਲੇ ਜਿਸ ਵਕਤ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲੱਗੇ।
ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ ॥੨॥
ਸਦਾ-ਥਿਰ ਪ੍ਰਭੂ ਦਾ ਆਸਰਾ ਲਿਆਂ ਸਦਾ-ਥਿਰ ਪ੍ਰਭੂ ਦਾ ਨਾਮ (-ਰੂਪ) ਇੱਜ਼ਤ ਮਿਲਦੀ ਹੈ। ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ ॥੨॥
ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥
ਜੇ ਗੁਰੂ ਪ੍ਰਸੰਨ ਹੋ ਜਾਏ, ਤਾਂ ਮਨੁੱਖ ਨੂੰ ਪਰਮਾਤਮਾ ਦਾ ਪ੍ਰੇਮ (ਆਤਮਕ ਜੀਵਨ ਵਾਸਤੇ) ਖ਼ੁਰਾਕ ਮਿਲ ਜਾਂਦੀ ਹੈ।
ਅਨ ਰਸੁ ਚੂਕੈ ਹਰਿ ਰਸੁ ਮੰਨਿ ਵਸਾਏ ॥
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਮਨ ਵਿਚ ਵਸਾਂਦਾ ਹੈ, ਉਸ ਦਾ ਦੁਨੀਆ ਦੇ ਪਦਾਰਥਾਂ ਦਾ ਚਸਕਾ ਮੁੱਕ ਜਾਂਦਾ ਹੈ।
ਸਚੁ ਸੰਤੋਖੁ ਸਹਜ ਸੁਖੁ ਬਾਣੀ ਪੂਰੇ ਗੁਰ ਤੇ ਪਾਵਣਿਆ ॥੩॥
ਉਹ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ ਪੂਰੇ ਗੁਰੂ ਪਾਸੋਂ ਪਰਮਾਤਮਾ ਦਾ ਸਦਾ-ਥਿਰ ਨਾਮ ਪ੍ਰਾਪਤ ਕਰਦਾ ਹੈ, ਸੰਤੋਖ ਅਤੇ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰਦਾ ਹੈ ॥੩॥
ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ ॥
ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮੂਰਖ ਗੰਵਾਰ ਬੰਦੇ ਗੁਰੂ ਦਾ ਆਸਰਾ-ਪਰਨਾ ਨਹੀਂ ਲੈਂਦੇ,
ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ ॥
ਉਹ ਫਿਰ ਹੋਰ ਕਿਸੇ ਭੀ ਥਾਂ ਤੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦੇ।
ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥੪॥
ਉਹ (ਇਸ ਤਰ੍ਹਾਂ) ਆਤਮਕ ਮੌਤ ਸਹੇੜ ਕੇ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਜਮਰਾਜ ਦੇ ਦਰ ਤੇ ਸੱਟਾਂ ਖਾਂਦੇ ਰਹਿੰਦੇ ਹਨ ॥੪॥
ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥
ਜਦੋਂ ਕੋਈ (ਵਡ-ਭਾਗੀ ਬੰਦੇ) ਗੁਰੂ ਦੇ ਸ਼ਬਦ ਦਾ ਸੁਆਦ ਜਾਣ ਲੈਂਦੇ ਹਨ, ਤਦੋਂ ਉਹ ਆਪਣੇ ਆਤਮਕ ਜੀਵਨ ਨੂੰ ਪਛਾਣਦੇ ਹਨ (ਪਰਖਦੇ ਪੜਤਾਲਦੇ ਰਹਿੰਦੇ ਹਨ)।
ਨਿਰਮਲ ਬਾਣੀ ਸਬਦਿ ਵਖਾਣਹਿ ॥
ਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੇ ਰਹਿੰਦੇ ਹਨ।
ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥੫॥
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਿਮਰਨ ਕਰਕੇ ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਤੇ ਪਰਮਾਤਮਾ ਦੇ ਨਾਮ ਨੂੰ ਉਹ ਆਪਣੇ ਮਨ ਵਿਚ (ਇਉਂ) ਵਸਾਂਦੇ ਹਨ (ਜਿਵੇਂ ਉਹ ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ (ਹੈ) ॥੫॥
ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ ॥
(ਹੇ ਭਾਈ!) ਉਹ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ ਜੇਹੜਾ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਦਾ ਹੈ,
ਸਤਸੰਗਤਿ ਬਹਿ ਹਰਿ ਗੁਣ ਗਾਇਆ ॥
(ਤੇ ਉਸੇ ਮਨੁੱਖ ਦਾ ਹਿਰਦਾ ਥਾਂ ਸੋਹਣਾ ਬਣਦਾ ਹੈ ਜਿਸ ਨੇ) ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।
ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ॥੬॥
ਅਜੇਹੇ ਮਨੁੱਖ ਹਰ ਰੋਜ਼ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਸਿਫ਼ਤ-ਸਾਲਾਹ ਦਾ ਪਵਿਤ੍ਰ ਵਾਜਾ ਵਜਾਂਦੇ ਹਨ ॥੬॥
ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਹੀ ਪੂੰਜੀ ਜੋੜਦੇ ਹਨ, ਉਹੀ ਖਿਲਾਰਾ ਖਿਲਾਰਦੇ ਹਨ, ਜੇਹੜਾ ਰੱਬੀ ਟਕਸਾਲ ਵਿਚ ਖੋਟਾ ਮੰਨਿਆ ਜਾਂਦਾ ਹੈ।
ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥
ਉਹ ਨਿਰੀ ਨਾਸਵੰਤ ਕਮਾਈ ਹੀ ਕਰਦੇ ਹਨ ਤੇ ਬਹੁਤ ਆਤਮਕ ਦੁੱਖ ਕਲੇਸ਼ ਪਾਂਦੇ ਹਨ।
ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥੭॥
ਉਹ ਮਾਇਆ ਦੀ ਭਟਕਣਾ ਵਿਚ ਪੈ ਕੇ ਦਿਨ ਰਾਤ ਕੁਰਾਹੇ ਫਿਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ ਤੇ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੭॥
ਸਚਾ ਸਾਹਿਬੁ ਮੈ ਅਤਿ ਪਿਆਰਾ ॥
(ਹੇ ਭਾਈ!) ਸਦਾ-ਥਿਰ ਰਹਿਣ ਵਾਲਾ ਮਾਲਕ ਮੈਨੂੰ (ਹੁਣ) ਬਹੁਤ ਪਿਆਰਾ ਲੱਗਦਾ ਹੈ।
ਪੂਰੇ ਗੁਰ ਕੈ ਸਬਦਿ ਅਧਾਰਾ ॥
ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਸ ਮਾਲਕ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।
ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ। ਪ੍ਰਭੂ-ਨਾਮ ਵਿਚ ਜੁੜਨ ਵਾਲੇ ਬੰਦੇ ਦੁਨੀਆ ਦੇ ਦੁੱਖ ਤੇ ਸੁਖ) ਨੂੰ ਇਕੋ ਜਿਹਾ ਜਾਣਦੇ ਹਨ ॥੮॥੧੦॥੧੧॥
ਮਾਝ ਮਹਲਾ ੩ ॥
ਤੇਰੀਆ ਖਾਣੀ ਤੇਰੀਆ ਬਾਣੀ ॥
ਹੇ ਪ੍ਰਭੂ! (ਅੰਡਜ ਜੇਰਜ ਸੇਤਜ ਉਤਭੁਜ-ਚੌਰਾਸੀ ਲੱਖ ਜੀਵਾਂ ਦੀ ਉਤਪੱਤੀ ਦੀਆਂ ਇਹ) ਖਾਣਾਂ ਤੇਰੀਆਂ ਹੀ ਬਣਾਈਆਂ ਹੋਈਆਂ ਹਨ। ਸਭ ਜੀਵਾਂ ਦੀ ਬਣਤਰ (ਰਚਨਾ) ਤੇਰੀ ਹੀ ਰਚੀ ਹੋਈ ਹੈ।
ਬਿਨੁ ਨਾਵੈ ਸਭ ਭਰਮਿ ਭੁਲਾਣੀ ॥
(ਪਰ, ਹੇ ਭਾਈ! ਉਸ ਰਚਨਹਾਰ ਪ੍ਰਭੂ ਦੇ) ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਹੀ ਹੈ।
ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥੧॥
ਪਰਮਾਤਮਾ ਦਾ ਨਾਮ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਿਲਦਾ ਹੈ। ਗੁਰੂ (ਦੀ ਸਰਨ) ਤੋਂ ਬਿਨਾ ਕੋਈ ਮਨੁੱਖ (ਪਰਮਾਤਮਾ ਦੀ ਭਗਤੀ) ਪ੍ਰਾਪਤ ਨਹੀਂ ਕਰ ਸਕਦਾ ॥੧॥
ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥
(ਹੇ ਭਾਈ!) ਮੈਂ ਉਹਨਾਂ (ਵਡ-ਭਾਗੀ ਬੰਦਿਆਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜਦੇ ਹਨ।
ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥
(ਪਰ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਗੁਰੂ ਉੱਤੇ ਸਰਧਾ ਰੱਖਿਆਂ ਹੀ ਮਿਲਦਾ ਹੈ। (ਜੇਹੜੇ ਮਨੁੱਖ ਗੁਰੂ ਉੱਤੇ ਸਰਧਾ ਬਣਾਂਦੇ ਹਨ ਉਹ) ਆਤਮਕ ਅਡੋਲਤਾ ਵਿਚ ਟਿਕ ਕੇ (ਪਰਮਾਤਮਾ ਦੇ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ॥੧॥ ਰਹਾਉ ॥
ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ ॥
ਜੇ ਮਨੁੱਖ ਗੁਰੂ ਦਾ ਪੱਲਾ ਫੜੇ ਤਾਂ ਉਹ ਹਰੇਕ ਚੀਜ਼ ਪ੍ਰਾਪਤ ਕਰ ਲੈਂਦਾ ਹੈ।
ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥
ਮਨੁੱਖ ਜਿਹੋ ਜਿਹੀ ਕਾਮਨਾ ਮਨ ਵਿਚ ਧਾਰ ਕੇ (ਗੁਰੂ ਦੀ ਚਰਨੀਂ ਲੱਗਦਾ ਹੈ, ਉਹੋ ਜਿਹਾ ਫਲ ਪਾ ਲੈਂਦਾ ਹੈ।
ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥੨॥
ਗੁਰੂ ਸਭ ਪਦਾਰਥਾਂ ਦਾ ਦੇਣ ਵਾਲਾ ਹੈ। (ਪਰਮਾਤਮਾ ਜੀਵ ਨੂੰ ਉਸ ਦੀ) ਪੂਰੀ ਕਿਸਮਤਿ ਦਾ ਸਦਕਾ (ਗੁਰੂ ਨਾਲ) ਮਿਲਾਂਦਾ ਹੈ ॥੨॥
ਇਹੁ ਮਨੁ ਮੈਲਾ ਇਕੁ ਨ ਧਿਆਏ ॥
(ਜਿਤਨਾ ਚਿਰ ਮਨੁੱਖ ਦਾ) ਇਹ ਮਨ (ਵਿਕਾਰਾਂ ਦੀ ਮੈਲ ਨਾਲ) ਮੈਲ਼ਾ (ਰਹਿੰਦਾ) ਹੈ, (ਤਦੋਂ ਤਕ ਮਨੁੱਖ) ਇਕ ਪਰਮਾਤਮਾ ਨੂੰ ਨਹੀਂ ਸਿਮਰਦਾ।
ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥
ਮਾਇਆ ਵਿਚ ਪਿਆਰ ਪਾਣ ਦੇ ਕਾਰਨ ਮਨੁੱਖ ਦੇ ਅੰਦਰ (ਮਨ ਵਿਚ ਵਿਕਾਰਾਂ ਦੀ) ਬਹੁਤ ਮੈਲ ਲੱਗੀ ਰਹਿੰਦੀ ਹੈ।
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥੩॥
(ਅਜੇਹੇ ਜੀਵਨ ਵਾਲਾ ਮਨੁੱਖ ਕਿਸੇ) ਨਦੀ ਦੇ ਕੰਢੇ ਤੇ ਜਾਂਦਾ ਹੈ (ਕਿਸੇ) ਤੀਰਥ ਉੱਤੇ (ਭੀ) ਜਾਂਦਾ ਹੈ, (ਹੋਰ ਹੋਰ) ਦੇਸ ਵਿਚ ਭੀ ਭੌਂਦਾ ਹੈ (ਪਰ ਇਸ ਤਰ੍ਹਾਂ ਉਹ ਤੀਰਥ-ਜਾਤ੍ਰਾ ਆਦਿ ਦੇ ਮਾਣ ਨਾਲ) ਹੋਰ ਵਧੀਕ ਅਹੰਕਾਰੀ ਹੋ ਜਾਂਦਾ ਹੈ। ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ ॥੩॥
ਸਤਿਗੁਰੁ ਸੇਵੇ ਤਾ ਮਲੁ ਜਾਏ ॥
ਜਦੋਂ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਤਦੋਂ (ਉਸ ਦੇ ਮਨ ਵਿਚੋਂ ਹਉਮੈ ਦੀ) ਮੈਲ ਦੂਰ ਹੋ ਜਾਂਦੀ ਹੈ।
ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥
ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਭੀ ਆਪਾ-ਭਾਵ ਤੋਂ ਮਰਿਆ ਰਹਿੰਦਾ ਹੈ, ਤੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ।
ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥੪॥
ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਤੇ ਪਵਿਤ੍ਰ-ਸਰੂਪ ਹੈ, ਉਸ ਨੂੰ (ਹਉਮੈ ਆਦਿਕ ਵਿਕਾਰਾਂ ਦੀ) ਮੈਲ ਪੋਹ ਨਹੀਂ ਸਕਦੀ। ਜੇਹੜਾ ਮਨੁੱਖ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੱਗਦਾ ਹੈ, ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ਼ ਦੂਰ ਕਰ ਲੈਂਦਾ ਹੈ ॥੪॥
ਬਾਝੁ ਗੁਰੂ ਹੈ ਅੰਧ ਗੁਬਾਰਾ ॥
ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਪਿਆ ਰਹਿੰਦਾ ਹੈ।
ਅਗਿਆਨੀ ਅੰਧਾ ਅੰਧੁ ਅੰਧਾਰਾ ॥
ਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ (ਉਸ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ।
ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ ॥੫॥
(ਮੋਹ ਦੇ ਹਨੇਰੇ ਵਿਚ ਫਸੇ ਹੋਏ ਦੀ ਉਹੀ ਹਾਲਤ ਹੁੰਦੀ ਹੈ ਜਿਵੇਂ) ਗੰਦ ਦੇ ਕੀੜੇ ਗੰਦ (ਖਾਣ ਦੀ) ਕਮਾਈ ਹੀ ਕਰਦੇ ਹਨ ਤੇ ਫਿਰ ਗੰਦ ਵਿਚ ਹੀ ਦੁਖੀ ਹੁੰਦੇ ਰਹਿੰਦੇ ਹਨ ॥੫॥
ਮੁਕਤੇ ਸੇਵੇ ਮੁਕਤਾ ਹੋਵੈ ॥
ਜੇਹੜਾ ਮਨੁੱਖ (ਮਾਇਆ ਦੇ ਮੋਹ ਤੋਂ) ਮੁਕਤ (ਗੁਰੂ) ਦੀ ਸਰਨ ਲੈਂਦਾ ਹੈ, ਉਹ ਭੀ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਜਾਂਦਾ ਹੈ।
ਹਉਮੈ ਮਮਤਾ ਸਬਦੇ ਖੋਵੈ ॥
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਹਉਮੈ ਤੇ ਅਪਣੱਤ ਦੂਰ ਕਰ ਲੈਂਦਾ ਹੈ।
ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥੬॥
(ਗੁਰ-ਸਰਨ ਦੀ ਬਰਕਤਿ ਨਾਲ) ਉਹ ਹਰ ਰੋਜ਼ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ। ਪਰ ਗੁਰੂ (ਭੀ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ ॥੬॥
ਆਪੇ ਬਖਸੇ ਮੇਲਿ ਮਿਲਾਏ ॥
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ-ਚਰਨਾਂ ਵਿਚ ਮਿਲਾਂਦਾ ਹੈ,
ਪੂਰੇ ਗੁਰ ਤੇ ਨਾਮੁ ਨਿਧਿ ਪਾਏ ॥
ਉਹ ਮਨੁੱਖ ਪੂਰੇ ਗੁਰੂ ਪਾਸੋਂ ਨਾਮ-ਖ਼ਜ਼ਾਨਾ ਹਾਸਲ ਕਰ ਲੈਂਦਾ ਹੈ।
ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ ॥੭॥
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਟਿਕੇ ਰਹਿਣ ਕਰਕੇ ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ ਕੇ ਉਹ ਆਪਣਾ (ਹਰੇਕ ਕਿਸਮ ਦਾ) ਦੁੱਖ ਮਿਟਾ ਲੈਂਦਾ ਹੈ ॥੭॥
ਸਦਾ ਹਜੂਰਿ ਦੂਰਿ ਨ ਜਾਣਹੁ ॥
(ਹੇ ਭਾਈ!) ਪਰਮਾਤਮਾ ਸਦਾ (ਸਭ ਜੀਵਾਂ ਦੇ) ਅੰਗ-ਸੰਗ (ਵੱਸਦਾ) ਹੈ, ਉਸ ਨੂੰ ਆਪਣੇ ਤੋਂ ਦੂਰ ਵੱਸਦਾ ਨਾਹ ਸਮਝੋ।
ਗੁਰਸਬਦੀ ਹਰਿ ਅੰਤਰਿ ਪਛਾਣਹੁ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਨਾਲ ਆਪਣੇ ਹਿਰਦੇ ਵਿਚ ਜਾਣ-ਪਛਾਣ ਬਣਾਓ।
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, (ਪਰ ਪ੍ਰਭੂ ਦਾ ਨਾਮ) ਪੂਰੇ ਗੁਰੂ ਤੋਂ (ਹੀ) ਮਿਲਦਾ ਹੈ ॥੮॥੧੧॥੧੨॥
ਮਾਝ ਮਹਲਾ ੩ ॥
ਐਥੈ ਸਾਚੇ ਸੁ ਆਗੈ ਸਾਚੇ ॥
(ਹੇ ਭਾਈ!) ਜੇਹੜੇ ਮਨੁੱਖ ਇਸ ਲੋਕ ਵਿਚ ਅਡੋਲ-ਚਿੱਤ ਰਹਿੰਦੇ ਹਨ, ਉਹ ਪਰਲੋਕ ਵਿਚ ਭੀ ਪ੍ਰਭੂ ਨਾਲ ਇਕ-ਮਿਕ ਹੋਏ ਰਹਿੰਦੇ ਹਨ।
ਮਨੁ ਸਚਾ ਸਚੈ ਸਬਦਿ ਰਾਚੇ ॥
ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰਚੇ ਰਹਿੰਦੇ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ।
ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੧॥
ਉਹ ਸਦਾ ਹੀ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ, ਸਿਮਰਨ ਦੀ ਹੀ ਕਮਾਈ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦੇ ਰਹਿੰਦੇ ਹਨ ॥੧॥
ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥
ਮੈਂ ਉਹਨਾਂ ਤੋਂ ਸਦਕੇ ਕੁਰਬਾਨ ਹਾਂ, ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦੇ ਹਨ।
ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥
ਪੰਡਿਤ ਪੜਹਿ ਸਾਦੁ ਨ ਪਾਵਹਿ ॥
ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹਦੇ (ਤਾਂ) ਹਨ (ਪਰ) ਆਤਮਕ ਆਨੰਦ ਨਹੀਂ ਮਾਣ ਸਕਦੇ।
ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥
(ਕਿਉਂਕਿ) ਉਹ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਵਲ ਹੀ ਆਪਣੇ ਮਨ ਨੂੰ ਦੁੜਾਂਦੇ ਰਹਿੰਦੇ ਹਨ।
ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥
ਮਾਇਆ ਦੇ ਮੋਹ ਦੇ ਕਾਰਨ ਉਹਨਾਂ ਨੇ (ਉੱਚੇ ਆਤਮਕ ਜੀਵਨ ਬਾਰੇ) ਸਾਰੀ ਸੂਝ ਗਵਾ ਲਈ ਹੁੰਦੀ ਹੈ, (ਮਾਇਆ ਦੀ ਖ਼ਾਤਰ) ਔਗੁਣ ਕਰ ਕਰ ਕੇ ਪਛੁਤਾਂਦੇ ਰਹਿੰਦੇ ਹਨ ॥੨॥
ਸਤਿਗੁਰੁ ਮਿਲੈ ਤਾ ਤਤੁ ਪਾਏ ॥
ਜਦੋਂ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ ਅਸਲੀਅਤ ਸਮਝ ਲੈਂਦਾ ਹੈ,
ਹਰਿ ਕਾ ਨਾਮੁ ਮੰਨਿ ਵਸਾਏ ॥
ਉਹ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ।
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਅਡੋਲ ਹੋ ਜਾਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਤੇ ਮੋਹ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਲੈਂਦਾ ਹੈ ॥੩॥
ਕਿਲਵਿਖ ਕਾਟੈ ਕ੍ਰੋਧੁ ਨਿਵਾਰੇ ॥
ਉਹ (ਮਨੁੱਖ ਆਪਣੇ ਅੰਦਰੋਂ) ਪਾਪ ਕੱਟ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ,
ਗੁਰ ਕਾ ਸਬਦੁ ਰਖੈ ਉਰ ਧਾਰੇ ॥
ਜੇਹੜਾ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ।
ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥੪॥
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਤੋਂ ਸਦਾ ਉਪਰਾਮ ਰਹਿੰਦੇ ਹਨ। ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ (ਪ੍ਰਭੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ ॥੪॥
ਅੰਤਰਿ ਰਤਨੁ ਮਿਲੈ ਮਿਲਾਇਆ ॥
(ਹੇ ਭਾਈ! ਹਰੇਕ ਜੀਵ) ਦੇ ਅੰਦਰ (ਪ੍ਰਭੂ ਦੀ ਜੋਤਿ-) ਰਤਨ ਮੌਜੂਦ ਹੈ, ਪਰ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ (ਗੁਰੂ) ਮਿਲਾ ਦੇਵੇ।
ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ ॥
(ਮਨੁੱਖ ਆਪਣੇ ਉੱਦਮ ਸਿਆਣਪ ਨਾਲ ਹਾਸਲ ਨਹੀਂ ਕਰ ਸਕਦਾ, ਕਿਉਂਕਿ) ਤਿੰਨ ਗੁਣਾਂ ਵਾਲੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੀ ਮਨੋ ਕਾਮਨਾ ਤਿੰਨਾਂ ਗੁਣਾਂ ਅਨੁਸਾਰ (ਵੰਡੀ ਰਹਿੰਦੀ) ਹੈ।
ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥੫॥
ਪੰਡਿਤ ਤੇ ਹੋਰ ਸਿਆਣੇ ਸਮਾਧੀਆਂ ਲਾਣ ਵਾਲੇ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਪੈਂਦੇ ਹਨ (ਪਰ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਦੇ ਕਾਰਨ) ਉਹ ਉਸ ਆਤਮਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕਦੇ ਜੇਹੜੀ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਟਿਕਾਈ ਰੱਖਦੀ ਹੈ ॥੫॥
ਆਪੇ ਰੰਗੇ ਰੰਗੁ ਚੜਾਏ ॥
(ਹੇ ਭਾਈ! ਇਸ ਤ੍ਰਿਗੁਣੀ ਮਾਇਆ ਦੇ ਸਾਹਮਣੇ ਜੀਵਾਂ ਦੀ ਪੇਸ਼ ਨਹੀਂ ਜਾ ਸਕਦੀ, ਜੀਵਾਂ ਨੂੰ) ਪ੍ਰਭੂ ਆਪ ਹੀ (ਆਪਣੇ ਨਾਮ-ਰੰਗ ਵਿਚ) ਰੰਗਦਾ ਹੈ, ਆਪ ਹੀ (ਆਪਣਾ ਪ੍ਰੇਮ-) ਰੰਗ (ਜੀਵਾਂ ਦੇ ਹਿਰਦਿਆਂ ਉੱਤੇ) ਚਾੜ੍ਹਦਾ ਹੈ।
ਸੇ ਜਨ ਰਾਤੇ ਗੁਰ ਸਬਦਿ ਰੰਗਾਏ ॥
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਗੁਰੂ ਦੇ ਸ਼ਬਦ ਵਿਚ ਰੰਗਦਾ ਹੈ, ਉਹ ਮਨੁੱਖ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ।
ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥੬॥
ਉਹਨਾਂ ਨੂੰ ਉਸ ਬੇਅੰਤ ਹਰੀ ਦਾ ਪ੍ਰੇਮ-ਰੰਗ ਬਹੁਤ ਚੜ੍ਹਿਆ ਰਹਿੰਦਾ ਹੈ। ਉਹ ਹਰੀ ਦੇ ਨਾਮ-ਰਸ ਵਿਚ (ਭਿੱਜ ਕੇ) ਆਤਮਕ ਆਨੰਦ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੬॥
ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਹੈ।
ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥
ਗੁਰੂ ਦੇ ਸਨਮੁਖ ਰਹਿ ਕੇ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋਣ ਕਰਕੇ ਉਹਨਾਂ ਨੂੰ ਮਾਇਆ ਦੇ ਮੋਹ ਤੋਂ) ਖ਼ਲਾਸੀ ਮਿਲੀ ਰਹਿੰਦੀ ਹੈ।
ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥੭॥
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ (ਦੀ) ਕਾਰ (ਨਿੱਤ) ਕਰਦੇ ਹਨ, (ਇਸ ਤਰ੍ਹਾਂ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੭॥
ਗੁਰਮੁਖਿ ਥਾਪੇ ਥਾਪਿ ਉਥਾਪੇ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ।
ਗੁਰਮੁਖਿ ਜਾਤਿ ਪਤਿ ਸਭੁ ਆਪੇ ॥
ਪਰਮਾਤਮਾ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਲਈ (ਉੱਚੀ) ਜਾਤਿ ਹੈ ਤੇ (ਲੋਕ ਪਰਲੋਕ ਦੀ) ਇੱਜ਼ਤ ਹੈ।
ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥
ਹੇ ਨਾਨਕ! ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਸਦਾ ਪ੍ਰਭੂ ਦਾ) ਨਾਮ ਸਿਮਰਦਾ ਹੈ, ਤੇ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੮॥੧੨॥੧੩॥
ਮਾਝ ਮਹਲਾ ੩ ॥
ਉਤਪਤਿ ਪਰਲਉ ਸਬਦੇ ਹੋਵੈ ॥
ਪਰਮਾਤਮਾ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ, ਤੇ ਜਗਤ ਦਾ ਨਾਸ ਹੁੰਦਾ ਹੈ।
ਸਬਦੇ ਹੀ ਫਿਰਿ ਓਪਤਿ ਹੋਵੈ ॥
(ਨਾਸ ਤੋਂ ਪਿੱਛੋਂ) ਮੁੜ ਪ੍ਰਭੂ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ।
ਗੁਰਮੁਖਿ ਵਰਤੈ ਸਭੁ ਆਪੇ ਸਚਾ ਗੁਰਮੁਖਿ ਉਪਾਇ ਸਮਾਵਣਿਆ ॥੧॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਹਰੇਕ ਥਾਂ ਸਦਾ-ਥਿਰ ਪਰਮਾਤਮਾ ਆਪ ਹੀ ਮੌਜੂਦ ਹੈ, ਜਗਤ ਪੈਦਾ ਕਰ ਕੇ ਉਸ ਵਿਚ ਲੀਨ ਹੋ ਰਿਹਾ ਹੈ ॥੧॥
ਹਉ ਵਾਰੀ ਜੀਉ ਵਾਰੀ ਗੁਰੁ ਪੂਰਾ ਮੰਨਿ ਵਸਾਵਣਿਆ ॥
ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਪੂਰੇ ਗੁਰੂ ਨੂੰ ਆਪਣੇ ਮਨ ਵਿਚ ਵਸਾਂਦੇ ਹਨ।
ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥ ਰਹਾਉ ॥
ਗੁਰੂ ਪਾਸੋਂ ਆਤਮਕ ਅਡੋਲਤਾ ਮਿਲਦੀ ਹੈ, (ਗੁਰੂ ਦੀ ਸਰਨ ਪੈ ਕੇ) ਮਨੁੱਖ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
ਗੁਰਮੁਖਿ ਧਰਤੀ ਗੁਰਮੁਖਿ ਪਾਣੀ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ,
ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ ॥
ਕਿ ਧਰਤੀ ਪਾਣੀ ਹਵਾ ਅੱਗ (-ਰੂਪ ਹੋ ਕੇ) ਪਰਮਾਤਮਾ (ਜਗਤ-ਰੂਪ) ਅਚਰਜ ਖੇਡ ਖੇਡ ਰਿਹਾ ਹੈ।
ਸੋ ਨਿਗੁਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ ॥੨॥
ਉਹ ਮਨੁੱਖ ਜੇਹੜਾ ਗੁਰੂ ਤੋਂ ਬੇਮੁਖ ਹੈ ਆਤਮਕ ਮੌਤ ਸਹੇੜ ਕੇ ਜੰਮਦਾ ਮਰਦਾ ਰਹਿੰਦਾ ਹੈ, ਨਿਗੁਰੇ ਨੂੰ ਜਨਮ ਮਰਨ ਦਾ ਗੇੜ ਪਿਆ ਰਹਿੰਦਾ ਹੈ ॥੨॥
ਤਿਨਿ ਕਰਤੈ ਇਕੁ ਖੇਲੁ ਰਚਾਇਆ ॥
(ਹੇ ਭਾਈ!) ਉਸ ਕਰਤਾਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ।
ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ ॥
ਉਸ ਨੇ ਮਨੁੱਖਾ ਸਰੀਰ ਵਿਚ ਹਰੇਕ ਗੁਣ ਭਰ ਦਿੱਤਾ ਹੈ।
ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ ॥੩॥
ਜੇਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਆਪੇ ਦੀ) ਖੋਜ ਕਰ ਕੇ ਪਰਮਾਤਮਾ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਹੀ ਟਿਕਾਈ ਰੱਖਦਾ ਹੈ ॥੩॥
ਸਚਾ ਸਾਹੁ ਸਚੇ ਵਣਜਾਰੇ ॥
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਇਕ ਸਾਹੂਕਾਰ ਹੈ, (ਜਗਤ ਦੇ ਸਾਰੇ ਜੀਵ) ਉਸ ਸਦਾ-ਥਿਰ ਸ਼ਾਹ ਦੇ (ਭੇਜੇ ਹੋਏ) ਵਪਾਰੀ ਹਨ।
ਸਚੁ ਵਣੰਜਹਿ ਗੁਰ ਹੇਤਿ ਅਪਾਰੇ ॥
ਉਹੀ ਜੀਵ-ਵਣਜਾਰੇ ਸਦਾ-ਥਿਰ ਨਾਮ ਸੌਦਾ ਵਿਹਾਝਦੇ ਹਨ, ਜੇਹੜੇ ਬੇਅੰਤ-ਪ੍ਰਭੂ-ਦੇ ਰੂਪ ਗੁਰੂ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ।
ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੪॥
ਉਹ ਸਦਾ-ਥਿਰ ਰਹਿਣ ਵਾਲਾ ਨਾਮ ਵਿਹਾਝਦੇ ਹਨ, ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ ਟਿਕੇ ਰਹਿਣ ਵਾਲਾ ਨਾਮ ਹੀ ਨਾਮ ਕਮਾਂਦੇ ਰਹਿੰਦੇ ਹਨ ॥੪॥
ਬਿਨੁ ਰਾਸੀ ਕੋ ਵਥੁ ਕਿਉ ਪਾਏ ॥
ਪਰ ਜਿਸ ਮਨੁੱਖ ਦੇ ਪੱਲੇ ਆਤਮਕ ਗੁਣਾਂ ਦਾ ਸਰਮਾਇਆ ਨਹੀਂ ਹੈ, ਉਹ ਨਾਮ-ਵੱਖਰ ਕਿਵੇਂ ਲੈ ਸਕਦਾ ਹੈ?
ਮਨਮੁਖ ਭੂਲੇ ਲੋਕ ਸਬਾਏ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਹੀ ਕੁਰਾਹੇ ਪਏ ਰਹਿੰਦੇ ਹਨ।
ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ ॥੫॥
ਆਤਮਕ ਗੁਣਾਂ ਦੇ ਸਰਮਾਏ ਤੋਂ ਬਿਨਾ ਸਭ ਜੀਵ (ਜਗਤ ਤੋਂ) ਖ਼ਾਲੀ-ਹੱਥ ਜਾਂਦੇ ਹਨ, ਖਾਲੀ-ਹੱਥ ਜਾ ਕੇ ਦੁੱਖ ਸਹਾਰਦੇ ਰਹਿੰਦੇ ਹਨ ॥੫॥
ਇਕਿ ਸਚੁ ਵਣੰਜਹਿ ਗੁਰ ਸਬਦਿ ਪਿਆਰੇ ॥
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਵਣਜਦੇ ਹਨ।
ਆਪਿ ਤਰਹਿ ਸਗਲੇ ਕੁਲ ਤਾਰੇ ॥
ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਕੇ ਆਪ (ਭੀ) ਤਰ ਜਾਂਦੇ ਹਨ।
ਆਏ ਸੇ ਪਰਵਾਣੁ ਹੋਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੬॥
ਜਗਤ ਵਿਚ ਆਏ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੬॥
ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥
ਪਰਮਾਤਮਾ ਦਾ ਨਾਮ-ਪਦਾਰਥ ਹਰੇਕ ਮਨੁੱਖ ਦੇ ਹਿਰਦੇ ਵਿਚ ਹੈ, ਪਰ ਮੂਰਖ ਮਨੁੱਖ ਬਾਹਰਲਾ ਪਦਾਰਥ ਭਾਲਦਾ ਫਿਰਦਾ ਹੈ।
ਮਨਮੁਖ ਅੰਧੇ ਫਿਰਹਿ ਬੇਤਾਲੇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਤੇ ਬਾਹਰਲੇ ਪਦਾਰਥਾਂ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਸਹੀ ਜੀਵਨ ਚਾਲ ਤੋਂ ਖੁੰਝੇ ਹੋਏ ਫਿਰਦੇ ਹਨ।
ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ ॥੭॥
ਜਿਸ (ਗੁਰੂ) ਦੇ ਪਾਸ ਇਹ ਨਾਮ-ਪਦਾਰਥ ਮੌਜੂਦ ਹੈ, ਕੋਈ (ਮਨਮੁਖ) ਉਥੋਂ ਪ੍ਰਾਪਤ ਨਹੀਂ ਕਰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਤੁਰੇ ਫਿਰਦੇ ਹਨ ॥੭॥
ਆਪੇ ਦੇਵੈ ਸਬਦਿ ਬੁਲਾਏ ॥
(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਇਹ ਨਾਮ ਵੱਥ) ਦੇਂਦਾ ਹੈ ਤੇ ਆਪ ਹੀ (ਜੀਵਾਂ ਨੂੰ ਆਪਣੇ ਨੇੜੇ) ਸੱਦਦਾ ਹੈ।
ਮਹਲੀ ਮਹਲਿ ਸਹਜ ਸੁਖੁ ਪਾਏ ॥
(ਜਿਸ ਨੂੰ ਸੱਦਦਾ ਹੈ ਉਹ) ਮਹਲ ਦੇ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ (ਪਹੁੰਚ ਕੇ) ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ।
ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥
ਹੇ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਵਿਚ ਜੁੜਦਾ ਹੈ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ, (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ (ਜੀਵਾਂ ਦੀ ਅਰਜ਼ੋਈ) ਸੁਣ ਸੁਣ ਕੇ ਆਪ ਹੀ ਉਹਨਾਂ ਦਾ ਧਿਆਨ ਰੱਖਦਾ ਹੈ ॥੮॥੧੩॥੧੪॥
ਮਾਝ ਮਹਲਾ ੩ ॥
ਸਤਿਗੁਰ ਸਾਚੀ ਸਿਖ ਸੁਣਾਈ ॥
(ਹੇ ਭਾਈ! ਮੈਂ ਤੈਨੂੰ) ਗੁਰੂ ਦੀ ਸਦਾ ਅਟੱਲ ਰਹਿਣ ਵਾਲੀ ਸਿੱਖਿਆ ਸੁਣਾਈ ਹੈ (ਕਿ)
ਹਰਿ ਚੇਤਹੁ ਅੰਤਿ ਹੋਇ ਸਖਾਈ ॥
ਪਰਮਾਤਮਾ ਦਾ ਚਿੰਤਨ ਕਰਦਾ ਰਹੁ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ ਤਦੋਂ) ਅੰਤ ਵੇਲੇ (ਪ੍ਰਭੂ ਦਾ ਨਾਮ ਹੀ) ਸਾਥੀ ਬਣਦਾ ਹੈ।
ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥
ਉਹ ਪਰਮਾਤਮਾ (ਉਂਞ ਤਾਂ) ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਗੁਰੂ ਦੇ ਅਨੁਸਾਰ ਹੋ ਕੇ ਤੁਰਿਆਂ ਉਸ ਨੂੰ ਮਿਲ ਸਕੀਦਾ ਹੈ ॥੧॥
ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥
ਮੈਂ ਸਦਕੇ ਕੁਰਬਾਨ ਹਾਂ ਉਹਨਾਂ ਤੋਂ, ਜੇਹੜੇ ਆਪਾ-ਭਾਵ ਦੂਰ ਕਰਦੇ ਹਨ।
ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥
ਜਦੋਂ ਮਨੁੱਖ ਆਪਾ-ਭਾਵ ਦੂਰ ਕਰਦਾ ਹੈ, ਤਾਂ ਪਰਮਾਤਮਾ ਨੂੰ ਮਿਲ ਪੈਂਦਾ ਹੈ, ਪਰਮਾਤਮਾ ਨਾਲ (ਮਿਲ ਕੇ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
ਪੂਰਬਿ ਲਿਖਿਆ ਸੁ ਕਰਮੁ ਕਮਾਇਆ ॥
(ਪਰ ਇਹ ਆਪਾ-ਭਾਵ ਦੂਰ ਕਰਨ ਦਾ) ਸ੍ਰੇਸ਼ਟ ਕੰਮ ਉਹ ਮਨੁੱਖ (ਹੀ) ਕਰਦਾ ਹੈ, ਜਿਸ ਦੇ ਅੰਦਰ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਪਾ-ਭਾਵ ਦੂਰ ਕਰਨ ਦੇ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ।
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ।
ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥੨॥
ਗੁਰੂ ਭੀ ਪੂਰੀ ਕਿਸਮਤ ਤੋਂ ਬਿਨਾ ਨਹੀਂ ਮਿਲਦਾ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥੨॥
ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਗਤ ਵਿਚ ਗੁਰੂ ਦਾ ਸਹਾਰਾ ਲੈ ਕੇ ਨਿਰਮੋਹ ਰਹਿੰਦਾ ਹੈ।
ਗੁਰ ਕੈ ਤਕੀਐ ਨਾਮਿ ਅਧਾਰੇ ॥
ਗੁਰੂ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ (ਅਜਿਹਾ ਸੰਭਵ ਹੈ।)
ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥੩॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਉੱਤੇ ਕੋਈ ਹੋਰ ਮਨੁੱਖ ਦਬਾਉ ਨਹੀਂ ਪਾ ਸਕਦਾ, ਉਹ ਸਗੋਂ ਆਪ ਹੀ ਖ਼ੁਆਰ ਹੋ ਕੇ ਦੁੱਖ ਸਹਾਰਦਾ ਹੈ ॥੩॥
ਮਨਮੁਖਿ ਅੰਧੇ ਸੁਧਿ ਨ ਕਾਈ ॥
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ।
ਆਤਮ ਘਾਤੀ ਹੈ ਜਗਤ ਕਸਾਈ ॥
(ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)।
ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥
ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ ॥੪॥
ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥
(ਪਰ ਹੇ ਭਾਈ! ਜੀਵਾਂ ਦੇ ਕੀਹ ਵੱਸ?) ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ।
ਸਦਾ ਸਮਾਲੇ ਕੋ ਨਾਹੀ ਖਾਲੀ ॥
ਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ।
ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥੫॥
(ਪਰ) ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ। (ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ ॥੫॥
ਮਨਮੁਖੁ ਰੋਗੀ ਹੈ ਸੰਸਾਰਾ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ (ਵਿਕਾਰਾਂ ਵਿਚ ਪੈ ਕੇ) ਰੋਗੀ ਹੋ ਰਿਹਾ ਹੈ,
ਸੁਖਦਾਤਾ ਵਿਸਰਿਆ ਅਗਮ ਅਪਾਰਾ ॥
(ਕਿਉਂਕਿ) ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪੁਹੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ।
ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥੬॥
ਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ॥੬॥
ਜਿਨਿ ਕੀਤੇ ਸੋਈ ਬਿਧਿ ਜਾਣੈ ॥
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ।
ਆਪਿ ਕਰੇ ਤਾ ਹੁਕਮਿ ਪਛਾਣੈ ॥
ਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ।
ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥੭॥
ਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤਰ੍ਹਾਂ ਉਹ ਜੀਵ ਵਰਤੋਂ-ਵਿਹਾਰ ਕਰਦਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਦਿੱਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ॥੭॥
ਤਿਸੁ ਬਾਝਹੁ ਸਚੇ ਮੈ ਹੋਰੁ ਨ ਕੋਈ ॥
(ਹੇ ਭਾਈ!) ਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ (ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ)।
ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥
ਜਿਸ ਮਨੁੱਖ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ।
ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥
ਹੇ ਨਾਨਕ! (ਉਸ ਦੀ ਮੇਹਰ ਨਾਲ ਹੀ) ਉਸਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ। ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਬਖ਼ਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ ॥੮॥੧੪॥੧੫॥
ਮਾਝ ਮਹਲਾ ੩ ॥
ਅੰਮ੍ਰਿਤ ਨਾਮੁ ਮੰਨਿ ਵਸਾਏ ॥
ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ,
ਹਉਮੈ ਮੇਰਾ ਸਭੁ ਦੁਖੁ ਗਵਾਏ ॥
ਉਹ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦਾ ਦੁੱਖ ਦੂਰ ਕਰ ਲੈਂਦਾ ਹੈ।
ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥
ਉਹ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਲਾਹ ਦੀ ਬਾਣੀ ਰਾਹੀਂ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਹਰ ਵੇਲੇ ਨਾਮ-ਅੰਮ੍ਰਿਤ (ਦੇ ਘੁੱਟ) ਹੀ ਪੀਂਦਾ ਹੈ ॥੧॥
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥
ਮੈਂ ਉਸ ਮਨੁੱਖ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੋ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਪਰਮਾਤਮਾ ਨੂੰ) ਆਪਣੇ ਮਨ ਵਿਚ ਵਸਾਂਦਾ ਹੈ,
ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥
ਜੋ ਅੰਮ੍ਰਿਤ ਬਾਣੀ ਮਨ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ-ਨਾਮ ਸਦਾ ਸਿਮਰਦਾ ਹੈ ॥੧॥ ਰਹਾਉ ॥
ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥
ਜੇਹੜਾ ਮਨੁੱਖ ਆਪਣੇ ਮੂੰਹ ਨਾਲ ਬਚਨਾਂ ਦੀ ਰਾਹੀਂ ਆਤਮਕ ਜੀਵਨ-ਦਾਤਾ ਪ੍ਰਭ-ਨਾਮ ਸਦਾ ਉਚਾਰਦਾ ਹੈ,
ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥
ਉਹ ਅੱਖਾਂ ਨਾਲ (ਭੀ) ਸਦਾ ਜੀਵਨ-ਦਾਤੇ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਪਛਾਣਦਾ ਹੈ।
ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥
ਉਹ ਜੀਵਨ-ਦਾਤੇ ਪ੍ਰਭੂ ਦੀ ਸਿਫ਼ਤ-ਸਾਲਾਹ ਸਦਾ ਦਿਨ ਰਾਤ ਕਰਦਾ ਹੈ ਤੇ ਹੋਰਨਾਂ ਨੂੰ (ਭੀ) ਆਖ ਕੇ ਸੁਣਾਂਦਾ ਹੈ ॥੨॥
ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥
ਜੇਹੜਾ ਮਨੁੱਖ ਜੀਵਨ-ਦਾਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ,
ਅੰਮ੍ਰਿਤੁ ਗੁਰਪਰਸਾਦੀ ਪਾਏ ॥
ਉਹ ਗੁਰੂ ਦੀ ਕਿਰਪਾ ਨਾਲ ਉਸ ਜੀਵਨ-ਦਾਤੇ ਨੂੰ ਮਿਲ ਪੈਂਦਾ ਹੈ।
ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥
ਉਹ ਆਪਣੀ ਜੀਭ ਨਾਲ ਦਿਨ ਰਾਤ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਉਚਾਰਦਾ ਹੈ, ਉਹ ਆਪਣੇ ਮਨ ਦੀ ਰਾਹੀਂ ਤੇ ਆਪਣੇ ਗਿਆਨ-ਇੰਦ੍ਰਿਆਂ ਦੀ ਰਾਹੀਂ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ ॥੩॥
ਸੋ ਕਿਛੁ ਕਰੈ ਜੁ ਚਿਤਿ ਨ ਹੋਈ ॥
(ਹੇ ਭਾਈ!) ਪਰਮਾਤਮਾ ਉਹ ਕੁਝ ਕਰ ਦਿੰਦਾ ਹੈ ਜੋ (ਜੀਵਾਂ ਦੇ) ਚਿੱਤ-ਚੇਤੇ ਭੀ ਨਹੀਂ ਹੁੰਦਾ।
ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥
ਕੋਈ ਭੀ ਜੀਵ ਉਸ ਕਰਤਾਰ ਦਾ ਹੁਕਮ (ਭੀ) ਮੋੜ ਨਹੀਂ ਸਕਦਾ।
ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥
ਉਸ ਦੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਮਨੁੱਖ ਦੇ ਹਿਰਦੇ ਵਿਚ) ਉਸ ਦੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ ਵੱਸ ਪੈਂਦੀ ਹੈ, ਉਹ ਆਪਣੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਨੂੰ) ਆਪਣਾ ਨਾਮ-ਅੰਮ੍ਰਿਤ ਪਿਲਾਂਦਾ ਹੈ ॥੪॥
ਅਜਬ ਕੰਮ ਕਰਤੇ ਹਰਿ ਕੇਰੇ ॥
(ਹੇ ਭਾਈ!) ਉਸ ਹਰੀ ਕਰਤਾਰ ਦੇ ਕੌਤਕ ਅਚਰਜ ਹਨ।
ਇਹੁ ਮਨੁ ਭੂਲਾ ਜਾਂਦਾ ਫੇਰੇ ॥
(ਜੀਵਾਂ ਦੇ) ਕੁਰਾਹੇ ਪੈ ਕੇ ਭਟਕਦੇ ਇਸ ਮਨ ਨੂੰ (ਭੀ) ਉਹ ਕਰਤਾਰ ਮੋੜ ਲਿਆਉਂਦਾ ਹੈ।
ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥੫॥
ਉਸ ਮਨ ਨੂੰ ਪ੍ਰਭੂ ਆਪਣੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਜੋੜ ਦੇਂਦਾ ਹੈ, ਤੇ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਪਣਾ ਨਾਮ (ਉਸ ਦੇ ਅੰਦਰ) ਪਰਗਟ ਕਰ ਦੇਂਦਾ ਹੈ ॥੫॥
ਖੋਟੇ ਖਰੇ ਤੁਧੁ ਆਪਿ ਉਪਾਏ ॥
(ਹੇ ਪ੍ਰਭੂ!) ਖੋਟੇ ਜੀਵ ਤੇ ਖਰੇ ਜੀਵ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।
ਤੁਧੁ ਆਪੇ ਪਰਖੇ ਲੋਕ ਸਬਾਏ ॥
ਤੂੰ ਆਪ ਹੀ ਸਾਰੇ ਜੀਵਾਂ (ਦੀਆਂ ਕਰਤੂਤਾਂ) ਨੂੰ ਪਰਖਦਾ ਰਹਿੰਦਾ ਹੈਂ।
ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥੬॥
ਖਰੇ ਜੀਵਾਂ ਨੂੰ ਪਰਖ ਕੇ ਤੂੰ ਆਪਣੇ ਖ਼ਜ਼ਾਨੇ ਵਿਚ ਪਾ ਲੈਂਦਾ ਹੈਂ (ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਤੇ ਖੋਟੇ ਜੀਵਾਂ ਨੂੰ ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈਂ ॥੬॥
ਕਿਉ ਕਰਿ ਵੇਖਾ ਕਿਉ ਸਾਲਾਹੀ ॥
(ਹੇ ਕਰਤਾਰ!) ਮੈਂ (ਤੇਰਾ ਦਾਸ) ਕਿਸ ਤਰ੍ਹਾਂ ਤੇਰਾ ਦਰਸਨ ਕਰਾਂ? ਕਿਸ ਤਰ੍ਹਾਂ ਤੇਰੀ ਸਿਫ਼ਤ-ਸਾਲਾਹ ਕਰਾਂ?
ਗੁਰਪਰਸਾਦੀ ਸਬਦਿ ਸਲਾਹੀ ॥
(ਜੇ ਤੇਰੀ ਆਪਣੀ ਹੀ ਮਿਹਰ ਹੋਵੇ, ਤੇ ਮੈਨੂੰ ਤੂੰ ਗੁਰੂ ਮਿਲਾ ਦੇਵੇਂ, ਤਾਂ) ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਲੱਗ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥
(ਹੇ ਪ੍ਰਭੂ!) ਤੇਰੇ ਹੁਕਮ ਨਾਲ ਹੀ ਤੇਰਾ ਅੰਮ੍ਰਿਤ-ਨਾਮ (ਜੀਵ ਦੇ ਹਿਰਦੇ ਵਿਚ) ਵੱਸਦਾ ਹੈ, ਤੂੰ ਆਪਣੇ ਹੁਕਮ ਅਨੁਸਾਰ ਹੀ ਆਪਣਾ ਨਾਮ-ਅੰਮ੍ਰਿਤ (ਜੀਵਾਂ ਨੂੰ) ਪਿਲਾਂਦਾ ਹੈਂ ॥੭॥
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥
(ਹੇ ਭਾਈ!) ਆਤਮਕ ਜੀਵਨ ਦੇਣ ਵਾਲਾ ਗੁਰ ਸ਼ਬਦ ਤਦੋਂ ਹੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ
ਸਤਿਗੁਰਿ ਸੇਵਿਐ ਰਿਦੈ ਸਮਾਣੀ ॥
ਜੇ ਸਤਿਗੁਰੂ ਦਾ ਆਸਰਾ-ਪਰਨਾ ਲਿਆ ਜਾਏ, ਤਦੋਂ ਹੀ ਮਨੁੱਖ ਦੇ ਹਿਰਦੇ ਵਿਚ ਵੱਸ ਸਕਦੀ ਹੈ।
ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥
ਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ। ਇਹ ਨਾਮ-ਅੰਮ੍ਰਿਤ ਪੀਤਿਆਂ (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ ॥੮॥੧੫॥੧੬॥