ਰਾਗ ਮਾਝ – ਬਾਣੀ ਸ਼ਬਦ-Part 4 – Raag Majh – Bani

ਰਾਗ ਮਾਝ – ਬਾਣੀ ਸ਼ਬਦ-Part 4 – Raag Majh – Bani

ਮਾਝ ਮਹਲਾ ੫ ॥
ਪ੍ਰਭੁ ਅਬਿਨਾਸੀ ਤਾ ਕਿਆ ਕਾੜਾ ॥

(ਜਿਸ ਮਨੁੱਖ ਨੂੰ ਇਹ ਯਕੀਨ ਹੋਵੇ ਕਿ ਮੇਰੇ ਸਿਰ ਉੱਤੇ) ਅਬਿਨਾਸੀ ਪ੍ਰਭੂ (ਰਾਖਾ ਹੈ ਉਸ ਨੂੰ) ਕੋਈ ਚਿੰਤਾ-ਫ਼ਿਕਰ ਨਹੀਂ ਹੁੰਦਾ।

ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ ॥

(ਜਦੋਂ ਮਨੁੱਖ ਨੂੰ ਇਹ ਨਿਸਚਾ ਹੋਵੇ ਕਿ) ਸਭ ਸੁਖਾਂ ਦਾ ਮਾਲਕ ਹਰੀ (ਮੇਰਾ ਰਾਖਾ ਹੈ) ਤਾਂ ਉਹ ਬਹੁਤ ਸੌਖਾ ਜੀਵਨ ਬਿਤੀਤ ਕਰਦਾ ਹੈ।

ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥੧॥

ਹੇ ਪ੍ਰਭੂ! ਜਿਸ ਨੂੰ ਇਹ ਨਿਸਚਾ ਹੈ ਕਿ ਤੂੰ ਜਿੰਦ ਦਾ ਪ੍ਰਾਣਾਂ ਦਾ ਮਨ ਦਾ ਸੁਖ ਦਾਤਾ ਹੈਂ, ਤੇ ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥

(ਹੇ ਪ੍ਰਭੂ!) ਮੈਂ ਤੈਥੋਂ ਸਦਕੇ ਹਾਂ ਕੁਰਬਾਨ ਹਾਂ, ਗੁਰੂ ਦੀ ਸਰਨ ਪਿਆਂ ਤੂੰ ਮਨ ਵਿਚ ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈਂ।

ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥

ਹੇ ਪ੍ਰਭੂ! ਤੂੰ ਮੇਰੇ ਲਈ ਪਰਬਤ (ਸਮਾਨ ਸਹਾਰਾ) ਹੈਂ, ਤੂੰ ਮੇਰਾ ਆਸਰਾ ਹੈਂ। ਮੈਂ ਤੇਰੇ ਨਾਲ ਕਿਸੇ ਹੋਰ ਨੂੰ ਬਰਾਬਰੀ ਨਹੀਂ ਦੇ ਸਕਦਾ ॥੧॥ ਰਹਾਉ ॥

ਤੇਰਾ ਕੀਤਾ ਜਿਸੁ ਲਾਗੈ ਮੀਠਾ ॥

ਜਿਸ ਮਨੁੱਖ ਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਪੈਂਦਾ ਹੈ,

ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ ॥

ਉਸ ਮਨੁੱਖ ਨੇ ਤੈਨੂੰ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ।

ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥੨॥

ਹੇ ਪ੍ਰਭੂ! ਤੂੰ ਪਾਰਬ੍ਰਹਮ (ਹਰੇਕ ਹਿਰਦੇ ਵਿਚ ਵੱਸ ਰਿਹਾ) ਹੈਂ। ਹਰੇਕ ਥਾਂ ਵਿਚ ਤੂੰ ਹੀ ਤੂੰ ਹੀ, ਸਿਰਫ਼ ਇਕ ਤੂੰ ਹੀ ਵੱਸ ਰਿਹਾ ਹੈਂ ॥੨॥

ਸਗਲ ਮਨੋਰਥ ਤੂੰ ਦੇਵਣਹਾਰਾ ॥

ਹੇ ਪ੍ਰਭੂ! ਸਭ ਜੀਵਾਂ ਦੀਆਂ ਮਨ-ਮੰਗੀਆਂ ਲੋੜਾਂ ਤੂੰ ਹੀ ਪੂਰੀਆਂ ਕਰਨ ਵਾਲਾ ਹੈਂ।

ਭਗਤੀ ਭਾਇ ਭਰੇ ਭੰਡਾਰਾ ॥

ਤੇਰੇ ਘਰ ਵਿਚ ਭਗਤੀ-ਧਨ ਨਾਲ ਪ੍ਰੇਮ-ਧਨ ਨਾਲ ਖ਼ਜ਼ਾਨੇ ਭਰੇ ਪਏ ਹਨ।

ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥੩॥

ਜੇਹੜੇ ਬੰਦੇ ਤੇਰੀ ਪੂਰੀ ਮਿਹਰ ਨਾਲ ਤੇਰੇ ਚਰਨਾਂ ਵਿਚ ਲੀਨ ਰਹਿੰਦੇ ਹਨ, ਦਇਆ ਕਰ ਕੇ ਉਹਨਾਂ ਨੂੰ ਤੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਲੈਂਦਾ ਹੈ ॥੩॥

ਅੰਧ ਕੂਪ ਤੇ ਕੰਢੈ ਚਾੜੇ ॥

(ਹੇ ਭਾਈ!) ਪਰਮਾਤਮਾ ਉਹਨਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚੋਂ ਬਾਹਰ ਕੰਢੇ ਉੱਤੇ ਚੜ੍ਹਾ ਦੇਂਦਾ ਹੈ,

ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥

ਆਪਣੇ ਜਿਨ੍ਹਾਂ ਸੇਵਕਾਂ ਉੱਤੇ ਮਿਹਰ ਕਰਦਾ ਹੈ, ਉਹਨਾਂ ਨੂੰ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ।

ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਨ ਆਵਣਿਆ ॥੪॥

ਉਹ ਸੇਵਕ ਅਬਿਨਾਸ਼ੀ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। (ਹੇ ਭਾਈ! ਪ੍ਰਭੂ ਦੇ ਗੁਣ ਬੇਅੰਤ ਹਨ) ਆਖਣ ਨਾਲ ਸੁਣਨ ਨਾਲ (ਉਸ ਦੇ ਗੁਣਾਂ ਦਾ) ਖ਼ਾਤਮਾ ਨਹੀਂ ਹੋ ਸਕਦਾ ॥੪॥

ਐਥੈ ਓਥੈ ਤੂੰਹੈ ਰਖਵਾਲਾ ॥

ਹੇ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਤੂੰ ਹੀ (ਸਭ ਜੀਵਾਂ ਦਾ) ਰਾਖਾ ਹੈਂ।

ਮਾਤ ਗਰਭ ਮਹਿ ਤੁਮ ਹੀ ਪਾਲਾ ॥

ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਦਾ ਹੈਂ।

ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥

ਉਹਨਾਂ ਬੰਦਿਆਂ ਨੂੰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਪੋਹ ਨਹੀਂ ਸਕਦੀ, ਜੇਹੜੇ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੇ ਗੁਣ ਗਾਂਦੇ ਰਹਿੰਦੇ ਹਨ ॥੫॥

ਕਿਆ ਗੁਣ ਤੇਰੇ ਆਖਿ ਸਮਾਲੀ ॥

ਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਚੇਤੇ ਕਰਾਂ?

ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥

ਮੈਂ ਆਪਣੇ ਮਨ ਵਿਚ ਤੇ ਤਨ ਵਿਚ ਤੈਨੂੰ ਹੀ ਵੱਸਦਾ ਵੇਖ ਰਿਹਾ ਹਾਂ।

ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥੬॥

ਹੇ ਪ੍ਰਭੂ! ਤੂੰ ਹੀ ਮੇਰਾ ਮਾਲਕ ਹੈਂ। ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ (ਤੇਰੇ ਵਰਗਾ ਮਿਤ੍ਰ) ਨਹੀਂ ਸਮਝਦਾ ॥੬॥

ਜਿਸ ਕਉ ਤੂੰ ਪ੍ਰਭ ਭਇਆ ਸਹਾਈ ॥

ਹੇ ਪ੍ਰਭੂ! ਜਿਸ ਮਨੁੱਖ ਵਾਸਤੇ ਤੂੰ ਰਾਖਾ ਬਣ ਜਾਂਦਾ ਹੈਂ,

ਤਿਸੁ ਤਤੀ ਵਾਉ ਨ ਲਗੈ ਕਾਈ ॥

ਉਸ ਨੂੰ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦਾ।

ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥

ਤੂੰ ਹੀ ਉਸ ਦਾ ਮਾਲਕ ਹੈ, ਤੂੰ ਹੀ ਉਸ ਦਾ ਰਾਖਾ ਹੈਂ ਤੂੰ ਹੀ ਉਸ ਨੂੰ ਸੁਖ ਦੇਣ ਵਾਲਾ ਹੈਂ। ਸਾਧ ਸੰਗਤਿ ਵਿਚ ਤੇਰਾ ਨਾਮ ਜਪ ਕੇ ਉਹ ਤੈਨੂੰ ਆਪਣੇ ਹਿਰਦੇ ਵਿਚ ਪਰਤੱਖ ਵੇਖਦਾ ਹੈ ॥੭॥

ਤੂੰ ਊਚ ਅਥਾਹੁ ਅਪਾਰੁ ਅਮੋਲਾ ॥

ਹੇ ਪ੍ਰਭੂ! (ਆਤਮਕ ਜੀਵਨ ਵਿਚ) ਤੂੰ (ਸਭ ਜੀਵਾਂ ਤੋਂ) ਉੱਚਾ ਹੈਂ। ਤੂੰ (ਮਾਨੋ, ਗੁਣਾਂ ਦਾ ਸਮੁੰਦਰ) ਹੈਂ ਜਿਸ ਦੀ ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥

ਤੇਰਾ ਮੁੱਲ ਨਹੀਂ ਪੈ ਸਕਦਾ (ਕਿਸੇ ਭੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)। ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। ਮੈਂ ਤੇਰਾ ਦਾਸ ਹਾਂ, ਗ਼ੁਲਾਮ ਹਾਂ।

ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥੮॥੩॥੩੭॥

ਹੇ ਨਾਨਕ! (ਆਖ-ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈ, ਤੇਰੀ ਸਦਾ ਮਾਲਕੀ ਕਾਇਮ ਰਹਿਣ ਵਾਲੀ ਹੈ, ਮੈਂ ਤੈਥੋਂ ਸਦਾ ਸਦਕੇ ਹਾਂ ਕੁਰਬਾਨ ਹਾਂ ॥੮॥੩॥੩੭॥


ਮਾਝ ਮਹਲਾ ੫ ਘਰੁ ੨ ॥
ਨਿਤ ਨਿਤ ਦਯੁ ਸਮਾਲੀਐ ॥

(ਹੇ ਭਾਈ!) ਸਦਾ ਹੀ ਉਸ ਪਰਮਾਤਮਾ ਨੂੰ ਹਿਰਦੇ ਵਿਚ ਵਸਾਣਾ ਚਾਹੀਦਾ ਹੈ ਜੋ ਸਭ ਜੀਵਾਂ ਉੱਤੇ ਤਰਸ ਕਰਦਾ ਹੈ।

ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥

ਉਸ ਨੂੰ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।ਰਹਾਉ।

ਸੰਤਾ ਸੰਗਤਿ ਪਾਈਐ ॥

(ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਦਾ ਨਾਮ ਮਿਲਦਾ ਹੈ।

ਜਿਤੁ ਜਮ ਕੈ ਪੰਥਿ ਨ ਜਾਈਐ ॥

ਸਾਧ ਸੰਗਤਿ ਦੀ ਬਰਕਤਿ ਨਾਲ ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਪਈਦਾ।

ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥੧॥

(ਹੇ ਭਾਈ! ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦਾ ਨਾਮ ਖ਼ਰਚ (ਆਪਣੇ ਪੱਲੇ ਬੰਨ੍ਹ) ਲੈ, (ਇਸ ਤਰ੍ਹਾਂ) ਤੇਰੀ ਕੁਲ ਨੂੰ (ਭੀ) ਕੋਈ ਬਦਨਾਮੀ ਨਹੀਂ ਆਵੇਗੀ ॥੧॥

ਜੋ ਸਿਮਰੰਦੇ ਸਾਂਈਐ ॥

ਜੇਹੜੇ ਮਨੁੱਖ ਖਸਮ-ਪਰਮਾਤਮਾ ਦਾ ਸਿਮਰਨ ਕਰਦੇ ਹਨ,

ਨਰਕਿ ਨ ਸੇਈ ਪਾਈਐ ॥

ਉਹਨਾਂ ਨੂੰ ਨਰਕ ਵਿਚ ਨਹੀਂ ਪਾਇਆ ਜਾਂਦਾ।

ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥੨॥

(ਹੇ ਭਾਈ!) ਜਿੰਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹਨਾਂ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੨॥

ਸੇਈ ਸੁੰਦਰ ਸੋਹਣੇ ॥

ਉਹੀ ਮਨੁੱਖ ਸੋਹਣੇ ਸੁੰਦਰ (ਜੀਵਨ ਵਾਲੇ) ਹਨ,

ਸਾਧਸੰਗਿ ਜਿਨ ਬੈਹਣੇ ॥

ਜਿਨ੍ਹਾਂ ਦਾ ਬਹਣ ਖਲੋਣ ਸਾਧ ਸੰਗਤਿ ਵਿਚ ਹੈ।

ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥

ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਲਿਆ, ਉਹ ਬੇਅੰਤ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ॥੩॥

ਹਰਿ ਅਮਿਉ ਰਸਾਇਣੁ ਪੀਵੀਐ ॥

(ਹੇ ਭਾਈ!) ਪਰਮਾਤਮਾ ਦਾ ਨਾਮ ਅੰਮ੍ਰਿਤ ਪੀਣਾ ਚਾਹੀਦਾ ਹੈ, (ਇਹ ਨਾਮ-ਅੰਮ੍ਰਿਤ) ਸਾਰੇ ਰਸਾਂ ਦਾ ਸੋਮਾ ਹੈ।

ਮੁਹਿ ਡਿਠੈ ਜਨ ਕੈ ਜੀਵੀਐ ॥

(ਹੇ ਭਾਈ!) ਪਰਮਾਤਮਾ ਦੇ ਸੇਵਕ ਦਾ ਦਰਸਨ ਕੀਤਿਆਂ ਆਤਮਕ ਜੀਵਨ ਮਿਲਦਾ ਹੈ,

ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥੪॥

(ਇਸ ਵਾਸਤੇ ਤੂੰ ਭੀ) ਸਦਾ ਗੁਰੂ ਦੇ ਪੈਰ ਪੂਜ (ਗੁਰੂ ਦੀ ਸਰਨ ਪਿਆ ਰਹੁ, ਤੇ ਇਸ ਤਰ੍ਹਾਂ) ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈ ॥੪॥

ਜੋ ਹਰਿ ਕੀਤਾ ਆਪਣਾ ॥

ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਸੇਵਕ) ਬਣਾ ਲਿਆ ਹੈ,

ਤਿਨਹਿ ਗੁਸਾਈ ਜਾਪਣਾ ॥

ਉਸ ਨੇ ਹੀ ਖਸਮ-ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਹੈ।

ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥

ਜਿਸ ਮਨੁੱਖ ਦੇ ਮੱਥੇ ਉੱਤੇ (ਪ੍ਰਭੂ ਦੀ ਇਸ ਦਾਤ ਦਾ) ਭਾਗ ਜਾਗ ਪਏ, ਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਦੇ ਸਮਰੱਥ) ਸੂਰਮਾ ਬਣ ਜਾਂਦਾ ਹੈ ਉਹ (ਮਨੁੱਖਾਂ ਵਿਚ) ਸ੍ਰੇਸ਼ਟ ਮਨੁੱਖ ਮੰਨਿਆ ਜਾਂਦਾ ਹੈ ॥੫॥

ਮਨ ਮੰਧੇ ਪ੍ਰਭੁ ਅਵਗਾਹੀਆ ॥

ਹੇ ਭਾਈ! ਆਪਣੇ ਮਨ ਵਿਚ ਹੀ ਚੁੱਭੀ ਲਾਉ ਤੇ ਪ੍ਰਭੂ ਦਾ ਦਰਸਨ ਕਰੋ।

ਏਹਿ ਰਸ ਭੋਗਣ ਪਾਤਿਸਾਹੀਆ ॥

ਇਹੀ ਹੈ ਦੁਨੀਆ ਦੇ ਸਾਰੇ ਰਸਾਂ ਦੇ ਭੋਗ ਇਹੀ ਹੈ ਦੁਨੀਆ ਦੀਆਂ ਬਾਦਸ਼ਾਹੀਆਂ।

ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥੬॥

(ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਵੇਖ ਲਿਆਾ, ਉਹਨਾਂ ਦੇ ਮਨ ਵਿਚ) ਕਦੇ ਕੋਈ ਵਿਕਾਰ ਪੈਦਾ ਨਹੀਂ ਹੁੰਦਾ, ਉਹ ਸਿਮਰਨ ਦੀ ਸੱਚੀ ਕਾਰ ਵਿਚ ਲੱਗ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੬॥

ਕਰਤਾ ਮੰਨਿ ਵਸਾਇਆ ॥

ਜਿਸ ਮਨੁੱਖ ਨੇ ਕਰਤਾਰ ਨੂੰ ਆਪਣੇ ਮਨ ਵਿਚ ਵਸਾ ਲਿਆ,

ਜਨਮੈ ਕਾ ਫਲੁ ਪਾਇਆ ॥

ਉਸ ਨੇ ਮਨੁੱਖਾ ਜਨਮ ਦਾ ਫਲ ਪ੍ਰਾਪਤ ਕਰ ਲਿਆ।

ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥੭॥

(ਹੇ ਜੀਵ-ਇਸਤ੍ਰੀ!) ਜੇ ਤੈਨੂੰ ਕੰਤ-ਹਰੀ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਏ ਤਾਂ ਤੇਰਾ ਇਹ ਸੁਹਾਗ ਸਦਾ ਲਈ (ਤੇਰੇ ਸਿਰ ਉੱਤੇ) ਕਾਇਮ ਰਹੇਗਾ ॥੭॥

ਅਟਲ ਪਦਾਰਥੁ ਪਾਇਆ ॥

(ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਧਨ ਹੈ, ਜਿਨ੍ਹਾਂ ਨੇ) ਇਹ ਸਦਾ ਕਾਇਮ ਰਹਿਣ ਵਾਲਾ ਧਨ ਲੱਭ ਲਿਆ,

ਭੈ ਭੰਜਨ ਕੀ ਸਰਣਾਇਆ ॥

ਜੇਹੜੇ ਬੰਦੇ ਸਾਰੇ ਡਰ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਗਏ,

ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥

ਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਨੇ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ। ਉਹਨਾਂ ਨੇ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ ॥੮॥੪॥੩੮॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਾਝ ਮਹਲਾ ੫ ਘਰੁ ੩ ॥
ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ ॥

ਪਰਮਾਤਮਾ ਦਾ ਨਾਮ ਜਪ ਜਪ ਕੇ (ਮਨੁੱਖ ਦਾ) ਮਨ ਧੀਰਜਵਾਨ ਹੋ ਜਾਂਦਾ ਹੈ (ਦੁਨੀਆ ਦੇ ਸੁੱਖਾਂ ਦੁੱਖਾਂ ਵਿਚ ਡੋਲਦਾ ਨਹੀਂ) ॥੧॥ ਰਹਾਉ ॥

ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥

ਸਭ ਤੋਂ ਵੱਡੇ ਅਕਾਲਪੁਰਖ ਨੂੰ ਸਿਮਰ ਸਿਮਰ ਕੇ ਸਾਰੇ ਡਰ ਸਹਮ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ॥੧॥

ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥

ਜਦੋਂ ਮਨੁੱਖ ਪਰਮਾਤਮਾ ਦਾ ਆਸਰਾ ਲੈ ਲੈਂਦਾ ਹੈ, ਉਸ ਨੂੰ ਕੋਈ ਚਿੰਤਾ ਝੋਰਾ ਨਹੀਂ ਪੋਹ ਸਕਦਾ ॥੨॥

ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥੩॥

ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ (ਗੁਰੂ ਦਾ ਦਰ ਮੰਨਿਆਂ) ਮਨੁੱਖ ਦੇ ਮਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੩॥

ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥੪॥

(ਇਹ ਨਿਸਚਾ ਬਣ ਜਾਂਦਾ ਹੈ ਕਿ) ਹਰੇਕ ਸਰੀਰ ਵਿਚ ਪਰਮਾਤਮਾ ਹੀ ਵੱਸ ਰਿਹਾ ਹੈ, ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਪਰਮਾਤਮਾ ਹੀ ਵਿਆਪਕ ਹੈ ॥੪॥

ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥੫॥

ਜੇਹੜੇ ਮਨੁੱਖ ਸੰਤ ਜਨਾਂ ਦੀ ਚਰਨ ਧੂੜ ਲੈ ਕੇ ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੫॥

ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥੬॥

ਪਰਮਾਤਮਾ ਦਾ ਨਾਮ ਜਪ ਕੇ ਸਾਰੀ ਲੁਕਾਈ ਸੀਤਲ-ਮਨ ਹੋ ਜਾਂਦੀ ਹੈ, ਉਸ ਸਾਰੀ ਲੁਕਾਈ ਨੂੰ ਖਸਮ ਪ੍ਰਭੂ ਨੇ (ਵਿਕਾਰਾਂ ਦੀ ਤਪਸ਼ ਤੋਂ) ਬਚਾ ਲਿਆ ॥੬॥

ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥੭॥

ਕਰਤਾਰ ਨੇ ਇਹ (ਚੰਗਾ) ਨਿਆਂ ਕੀਤਾ ਹੈ ਕਿ ਵਿਕਾਰੀ ਮਨੁੱਖ ਵੇਖਣ ਨੂੰ ਹੀ ਜੀਊਂਦੇ ਦਿੱਸ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੭॥

ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥੮॥੫॥੩੯॥੧॥੩੨॥੧॥੫॥੩੯॥

ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੮॥੫॥੩੯॥


ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ॥
ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥

ਹੇ ਪ੍ਰਭੂ! ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ।

ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥

(ਮਾਇਆ ਦੇ ਮੋਹ ਵਿਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖ਼ਾਤਰ) ਭਟਕਦੇ ਰਹੇ ਹਾਂ, ਹੁਣ, ਹੇ ਪ੍ਰਭੂ! ਥੱਕ ਕੇ ਤੇਰੀ ਸਰਨ ਆਏ ਹਾਂ।

ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥

(ਜਿਵੇਂ) ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ,

ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥

(ਜਿਵੇਂ) ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ (ਫ਼ਸਲ ਨਹੀਂ ਪੱਕਦੀ, ਤੇ ਉਸ ਖੇਤੀ ਵਿਚੋਂ) ਧਨ ਦੀ ਕਮਾਈ ਨਹੀਂ ਹੋ ਸਕਦੀ, (ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ)।

ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥

ਸੱਜਣ ਖਸਮ-ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਭੀ ਨਹੀਂ ਮਿਲਦਾ।

ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥

(ਸੁਖ ਮਿਲੇ ਭੀ ਕਿਵੇਂ?) ਜਿਸ ਹਿਰਦੇ-ਘਰ ਵਿਚ ਪਤੀ ਪ੍ਰਭੂ ਨਾ ਆ ਵੱਸੇ, ਉਸ ਦੇ ਭਾ ਦੇ (ਵੱਸਦੇ) ਪਿੰਡ ਤੇ ਸ਼ਹਰ ਤੱਪਦੀ ਭੱਠੀ ਵਰਗੇ ਹੁੰਦੇ ਹਨ।

ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥

(ਇਸਤ੍ਰੀ ਨੂੰ ਪਤੀ ਤੋਂ ਬਿਨਾ) ਸਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਬੀੜੇ ਤੇ ਹੋਰ ਰਸ (ਆਪਣੇ) ਸਰੀਰ ਸਮੇਤ ਹੀ ਵਿਅਰਥ ਦਿੱਸਦੇ ਹਨ,

ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥

(ਤਿਵੇਂ) ਮਾਲਕ ਖਸਮ-ਪ੍ਰਭੂ (ਦੀ ਯਾਦ) ਤੋਂ ਬਿਨਾ ਸਾਰੇ ਸੱਜਣ ਮਿਤ੍ਰ ਜਿੰਦ ਦੇ ਵੈਰੀ ਹੋ ਢੁਕਦੇ ਹਨ।

ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥

(ਤਾਹੀਏਂ) ਨਾਨਕ ਦੀ ਬੇਨਤੀ ਹੈ ਕਿ (ਹੇ ਪ੍ਰਭੂ!) ਕਿਰਪਾ ਕਰ ਕੇ ਆਪਣੇ ਨਾਮ ਦੀ ਦਾਤ ਬਖ਼ਸ਼।

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥

ਹੇ ਹਰੀ! ਆਪਣੇ ਚਰਨਾਂ ਵਿਚ (ਮੈਨੂੰ) ਜੋੜੀ ਰੱਖ, (ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ) ਇਕ ਤੇਰਾ ਘਰ ਸਦਾ ਅਟੱਲ ਰਹਿਣ ਵਾਲਾ ਹੈ ॥੧॥

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥

ਚੇਤ ਵਿਚ (ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ।

ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥

ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ।

ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥

ਉਸੇ ਬੰਦੇ ਨੂੰ ਜਗਤ ਵਿਚ ਜੰਮਿਆ ਜਾਣੋ (ਉਸੇ ਦਾ ਜਨਮ ਸਫਲਾ ਸਮਝੋ) ਜਿਸ ਨੇ (ਸਿਮਰਨ ਦੀ ਸਹਾਇਤਾ ਨਾਲ) ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ।

ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥

(ਕਿਉਂਕਿ) ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਖਿਨ ਮਾਤ੍ਰ ਸਮਾ ਗੁਜ਼ਾਰਿਆਂ ਭੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ।

ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥

ਜੇਹੜਾ ਪ੍ਰਭੂ ਪਾਣੀ ਵਿਚ ਧਰਤੀ ਵਿਚ ਅਕਾਸ਼ ਵਿਚ ਜੰਗਲਾਂ ਵਿਚ ਹਰ ਥਾਂ ਵਿਅਪਕ ਹੈ,

ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥

ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿਚ ਨਾਹ ਵੱਸੇ, ਤਾਂ ਉਸ ਮਨੁੱਖ ਦਾ (ਮਾਨਸਕ) ਦੁੱਖ ਬਿਆਨ ਨਹੀਂ ਹੋ ਸਕਦਾ।

ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥

(ਪਰ) ਜਿਨ੍ਹਾਂ ਬੰਦਿਆਂ ਨੇ ਉਸ (ਸਰਬ ਵਿਆਪਕ) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ।

ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥

ਨਾਨਕ ਦਾ ਮਨ (ਭੀ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ, ਨਾਨਕ ਦੇ ਮਨ ਵਿਚ ਹਰੀ-ਦਰਸਨ ਦੀ ਪਿਆਸ ਹੈ।

ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥

ਜੇਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ ਲੱਗਾਂਗਾ ॥੨॥

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥

(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ,

ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥

(ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?

ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥

ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ।

ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥

ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ।

ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥

ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ)।

ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥

ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ।

ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥

ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ।

ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥

ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ।

ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

(ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ॥੩॥

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥

ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ।

ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥

ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)।

ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥

(ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤਿ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ।

ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥

ਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ।

ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥

(ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥

ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ।

ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥

(ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ?

ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥

ਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ।

ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥

ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ ॥੪॥

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥

ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ,`

ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥

ਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।

ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥

(ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ)।

ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥

(ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ।

ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥

(ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ।

ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥

ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ)।

ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥

ਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈ-ਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ,

ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥

(ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ।

ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥

ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ॥੫॥

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥

ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।

ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥

ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।

ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥

ਪਾਪਾਂ ਭਰੀਆਂ ਖੁਸ਼ੀਆਂ ਝੂਠੀਆਂ ਹਨ। ਸਾਰਾ ਕੁਛ ਜੋ ਨਜ਼ਰੀ ਪੈਦਾ ਹੈ ਸੁਆਹ ਹੋ ਜਾਂਦਾ ਹੈ।

ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥

(ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ…

ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥

ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ,

ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥

ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ।

ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥

ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।

ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥

ਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ।

ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ ॥੬॥

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥

(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ।

ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥

ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ।

ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥

ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ)।

ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥

ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ)।

ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥

(ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ।

ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥

(ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ)।

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥

ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ)।

ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥

ਹੇ ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ

ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥

ਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ ॥੭॥

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥

ਹੇ ਮਾਂ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ।

ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥

ਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ) ਕੋਈ (ਉਸ ਪਤੀ ਨੂੰ) ਲਿਆ ਕੇ ਮੇਲ ਕਰਾ ਦੇਵੇ।

ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥

(ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ।

ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥

(ਹੇ ਮਾਂ!) ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ ਨਹੀਂ।

ਜਿਨ੍ਰੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥

ਜਿਨ੍ਹਾਂ (ਵਡ-ਭਾਗੀਆਂ) ਨੇ ਪ੍ਰਭੂ-ਪਿਆਰ ਦਾ ਸੁਆਦ (ਇਕ ਵਾਰੀ) ਚੱਖ ਲਿਆ ਹੈ (ਉਹਨਾਂ ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ, ਮਾਇਆ ਵੱਲੋਂ) ਉਹ ਰੱਜ ਜਾਂਦੇ ਹਨ,

ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥

ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ-ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ।

ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥

ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ (ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ,

ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥

(ਕਿਉਂਕਿ) ਹੇ ਨਾਨਕ (ਉਸ ਨੂੰ ਨਿਸਚਾ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ) ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ।

ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥

ਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ। ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ ਉਹ ਜੀਵ-ਇਸਤ੍ਰੀਆਂ ਸੁਖ ਵਿਚ ਵੱਸਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ॥੮॥


ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥

ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ।

ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥

ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ।

ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥

ਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ।

ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥

ਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ,

ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥

(ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ।

ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥

(ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ।

ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥

(ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ।

ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥

(ਨਾਨਕ ਦੀ ਤਾਂ ਇਹੀ ਬੇਨਤੀ ਹੈ-) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ।

ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥

ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ॥੯॥


ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥

ਮੱਘਰ (ਦੇ ਠੰਢੇ-ਮਿੱਠੇ) ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ।

ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥

ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ।

ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥

ਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ (ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।

ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥

ਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤਿ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ (ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿਚ ਨਿਖਸਮਾ ਰਹਿੰਦਾ ਹੈ।

ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥

ਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ।

ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥

ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ, ਕਿਉਂਕਿ)

ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥

ਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ।

ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥

ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ।

ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥

ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ ॥੧੦॥


ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥

ਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾਪਨ) ਜ਼ੋਰ ਨਹੀਂ ਪਾ ਸਕਦਾ,

ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥

(ਕਿਉਂਕਿ) ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ।

ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥

ਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ,

ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥

ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਚੁੱਭੀ ਲਾਈ ਹੈ।

ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥

ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ।

ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥

ਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ ਤੋਂ) ਵਿੱਛੁੜਦੀ ਨਹੀਂ।

ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥

(ਪਰ) ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ।

ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥

ਹੇ ਨਾਨਕ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ।

ਪੋਖੁ ਸੁੋਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥

ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ॥੧੧॥

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥

ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ।

ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥

(ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ,

ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥

(ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ।

ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥

(ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ)।

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥

ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ।

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥

ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ)।

ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥

ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।

ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥

ਹੇ ਨਾਨਕ! (ਆਖ-) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।

ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦੇਂਦਾ ਹੈ) ॥੧੨॥


ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥

(ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ) ਫੱਗਣ ਵਿਚ (ਉਹਨਾਂ ਜੀਵ-ਇਸਤ੍ਰੀਆਂ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ।

ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥

ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ।

ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥

ਉਹਨਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ, ਫਿਰ ਦੁੱਖਾਂ ਲਈ (ਉਹਨਾਂ ਦੇ ਹਿਰਦੇ ਵਿਚ) ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ।

ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥

ਉਹਨਾਂ ਵਡ-ਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ।

ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥

ਉਹ ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਂਦੀਆਂ ਹਨ।

ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥

ਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ।

ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥

ਉਸ ਪਰਮਾਤਮਾ ਨੇ (ਉਹਨਾਂ ਸਤ-ਸੰਗੀਆਂ ਦਾ) ਲੋਕ ਪਰਲੋਕ ਸਵਾਰ ਦਿੱਤਾ ਹੈ, ਉਹਨਾਂ ਨੂੰ (ਆਪਣੇ ਚਰਨਾਂ ਵਿਚ ਲਿਵ-ਲੀਨਤਾ ਵਾਲੀ) ਐਸੀ ਥਾਂ ਬਖ਼ਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ।

ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥

ਪ੍ਰਭੂ ਨੇ ਸੰਸਾਰ-ਸਮੁੰਦਰ ਤੋਂ ਉਹਨਾਂ ਨੂੰ (ਹੱਥ ਦੇ ਕੇ) ਰੱਖ ਲਿਆ ਹੈ, ਜਨਮਾਂ ਦੇ ਗੇੜ ਵਿਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ।

ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥

ਹੇ ਨਾਨਕ! (ਆਖ-) ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕਾਂ ਹੀ ਗੁਣ ਹਨ (ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ) ਜੇਹੜੇ ਜੀਵ ਉਸ ਦੀ ਚਰਨੀਂ ਪੈਂਦੇ ਹਨ (ਉਸ ਦਾ ਆਸਰਾ ਤੱਕਦੇ ਹਨ) ਉਹ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।

ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥

ਫੱਗਣ ਦੇ ਮਹੀਨੇ ਵਿਚ (ਹੋਲੀਆਂ ਆਦਿਕ ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ (ਆਪਣੀ ਵਡਿਆਈ ਕਰਾਣ ਦਾ) ਰਤਾ ਭਰ ਭੀ ਲਾਲਚ ਨਹੀਂ ਹੈ (ਇਸ ਵਿਚ ਸਾਡਾ ਹੀ ਭਲਾ ਹੈ) ॥੧੩॥

ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥

ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।

ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥

ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ।

ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥

ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ।

ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥

ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ।

ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥

ਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ।

ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥

ਉਹ ਆਪਣੇ ਮਨ ਵਿਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ।

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥

ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ)।

ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥

ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤ ਮੰਗਦਾ ਹਾਂ ॥੧੪॥


ਮਾਝ ਮਹਲਾ ੫ ਦਿਨ ਰੈਣਿ ॥
ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥

(ਹੇ ਭੈਣ! ਪ੍ਰਭੂ ਮਿਹਰ ਕਰੇ) ਮੈਂ ਆਪਣੇ ਗੁਰੂ ਦੀ ਸਰਨ ਪਵਾਂ, ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਪਰਮਾਤਮਾ ਦਾ ਸਿਮਰਨ ਕਰਦੀ ਰਹਾਂ।

ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥

ਆਪਾ-ਭਾਵ ਤਿਆਗ ਕੇ (ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਇਹ) ਮਿੱਠੇ ਬੋਲ ਬੋਲਾਂ,

ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥

(ਕਿ ਹੇ ਸਤਿਗੁਰੂ!) ਮੈਨੂੰ ਸੱਜਣ ਪ੍ਰਭੂ ਮਿਲਾ ਦੇਹ, ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿੱਛੁੜਿਆ ਹੋਇਆ ਹੈ।

ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਣ ॥

ਹੇ ਭੈਣ! ਜੇਹੜੇ ਜੀਵ ਪਰਮਾਤਮਾ ਤੋਂ ਵਿੱਛੁੜੇ ਰਹਿੰਦੇ ਹਨ ਉਹ ਸੁਖ ਨਾਲ ਨਹੀਂ ਵੱਸ ਸਕਦੇ।

ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ ॥

ਮੈਂ ਸਾਰੇ (ਧਰਤੀ) ਆਕਾਸ਼ ਖੋਜ ਕੇ ਵੇਖ ਲਿਆ ਹੈ ਕਿ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ।

ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ ॥

(ਹੇ ਭੈਣ!) ਮੈਂ ਆਪਣੇ ਕੀਤੇ ਕਰਮਾਂ ਅਨੁਸਾਰ (ਪ੍ਰਭੂ-ਪਤੀ ਤੋਂ) ਵਿੱਛੁੜੀ ਹੋਈ ਹਾਂ (ਇਸ ਬਾਰੇ) ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ।

ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ ॥

ਹੇ ਪ੍ਰਭੂ! ਮਿਹਰ ਕਰ, ਮੇਰੀ ਰੱਖਿਆ ਕਰ, ਤੈਥੋਂ ਬਿਨਾ ਹੋਰ ਕੋਈ ਕੁਝ ਕਰਨ ਕਰਾਵਨ ਦੀ ਸਮਰੱਥਾ ਨਹੀਂ ਰੱਖਦਾ।

ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥

ਹੇ ਹਰੀ! ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿਚ ਰੁਲ ਜਾਈਦਾ ਹੈ। (ਇਸ ਦੁੱਖ ਦੇ) ਕੀਰਨੇ ਹੋਰ ਕਿਸ ਨੂੰ ਦੱਸੀਏ?

ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥

(ਹੇ ਭੈਣ!) ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀਂ ਉਸ ਉੱਤਮ ਪੁਰਖ ਪਰਮਾਤਮਾ ਦਾ ਦਰਸਨ ਕਰਾਂ ॥੧॥

ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥

ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ ਤੇ ਬੇਅੰਤ ਹੈ, ਉਹੀ ਜਿੰਦ ਦਾ ਦੁਖ-ਦਰਦ ਸੁਣਦਾ ਹੈ।

ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ ॥

ਸਾਰੀ ਹੀ ਉਮਰ ਉਸਦਾ ਆਰਾਧਨ ਕਰਨਾ ਚਾਹੀਦਾ ਹੈ, ਉਹ ਸਭ ਜੀਵਾਂ ਦਾ ਆਸਰਾ-ਪਰਨਾ ਹੈ।

ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥

(ਸ੍ਰਿਸ਼ਟੀ ਦੇ ਬੇਅੰਤ ਹੀ ਜੀਵ) ਜਿਸ ਪ੍ਰਭੂ-ਪਤੀ ਦਾ (ਬੇਅੰਤ) ਵੱਡਾ ਪਰਵਾਰ ਹੈ, ਜੀਵ-ਇਸਤ੍ਰੀ ਲੋਕ ਪਰਲੋਕ ਵਿਚ ਉਸੇ ਦੇ ਆਸਰੇ ਹੀ ਰਹਿ ਸਕਦੀ ਹੈ।

ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥

ਉਹ ਪਰਮਾਤਮਾ (ਆਤਮਾ ਉਡਾਰੀਆਂ ਵਿਚ ਸਭ ਤੋਂ) ਉੱਚਾ ਹੈ, ਅਪਹੁੰਚ ਹੈ, ਅਥਾਹ ਗਿਆਨ ਦਾ ਮਾਲਕ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ ॥

ਉਹੀ ਸੇਵਾ ਉਸ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਉਸਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਕੀਤੀ ਜਾਏ।

ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ॥

ਉਹ ਗਰੀਬਾਂ ਦਾ ਖਸਮ-ਸਹਾਰਾ ਹੈ, ਉਹ ਵਿਕਾਰਾਂ ਵਿਚ ਡਿੱਗੇ ਜੀਵਾਂ ਨੂੰ ਬਚਾਣ ਵਾਲਾ ਹੈ।

ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ ॥

ਉਹ ਕਰਤਾਰ ਸ਼ੁਰੂ ਤੋਂ ਹੀ (ਜੀਵਾਂ) ਦੀ ਰੱਖਿਆ ਕਰਦਾ ਆ ਰਿਹਾ ਹੈ, ਉਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ।

ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥

ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ, ਕੋਈ ਜੀਵ ਉਸਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦਾ।

ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ ॥

ਹੇ ਨਾਨਕ! ਉਹ ਪ੍ਰਭੂ ਜੀ ਹਰੇਕ ਜੀਵ ਦੇ ਮਨ ਵਿਚ ਤਨ ਵਿਚ ਮੌਜੂਦ ਹਨ। ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥

ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਦਿਨ ਰਾਤ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ ॥੨॥

ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ ॥

ਜੋ ਸਭ ਜੀਵਾਂ ਉੱਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ, ਜਿਸ ਨੂੰ ਸੰਤ ਜਨ ਸਦਾ ਹੀ ਆਰਾਧਦੇ ਹਨ,

ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ ॥

ਜਿਸ (ਪਰਮਾਤਮਾ) ਨੇ (ਸਭ ਜੀਵਾਂ ਦੀ) ਜਿੰਦ ਸਾਜੀ ਹੈ (ਸਭ ਦਾ) ਸਰੀਰ ਪੈਦਾ ਕੀਤਾ ਹੈ, ਮਿਹਰ ਕਰ ਕੇ (ਸਭ ਨੂੰ) ਜਿੰਦ ਦਿੱਤੀ ਹੈ,

ਗੁਰਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥

ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦਾ ਪਵਿਤ੍ਰ ਜਾਪ ਜਪਣਾ ਚਾਹੀਦਾ ਹੈ।

ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ ॥

ਉਹ ਪਰਮਾਤਮਾ ਸਭ ਤੋਂ ਵਡਾ ਮਾਲਕ (ਈਸ਼ਰ) ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥

ਜਿਸ ਨੇ ਮਨ ਵਿੱਚ ਪਰਮਾਤਮਾ ਵੱਸ ਜਾਵੇ, ਉਹ (ਮਨੁੱਖ) ਭਾਗਾਂ ਵਾਲਾ ਆਖਿਆ ਜਾਂਦਾ ਹੈ।

ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ ॥

ਜੇ ਉਹ ਪਤੀ ਪਰਮਾਤਮਾ ਮਿਲ ਜਾਵੇ ਤਾਂ ਜਿੰਦ ਦੀ ਤਾਂਘ ਪੂਰੀ ਹੋ ਜਾਂਦੀ ਹੈ।

ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥

ਨਾਨਕ ਉਹ ਹਰੀ ਦਾ ਨਾਮ ਜਪ ਕੇ ਜਿਉਂਦਾ ਹੈ, ਜਿਸ ਦਾ (ਨਾਮ ਜਪਿਆਂ) ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ।

ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥

ਜਿਸ ਮਨੁੱਖ ਨੂੰ ਨਾਹ ਦਿਨੇ ਨਾਹ ਰਾਤ ਕਿਸੇ ਵੇਲੇ ਭੀ ਪਰਮਾਤਮਾ ਨਹੀਂ ਭੁਲਦਾ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ (ਜਿਵੇਂ ਪਾਣੀ ਖੁਣੋਂ ਸੁੱਕ ਰਿਹਾ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ) ॥੩॥

ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ ॥

ਹੇ ਪ੍ਰਭੂ! ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈਂ, ਮੈਂ ਨਿਮਾਣੀ ਦਾ ਤੂੰ ਆਸਰਾ ਹੈਂ।

ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥

ਹੇ ਹਰੀ! ਮੈਂ ਆਪਣੇ ਮਨ ਵਿਚ ਤੇਰੀ ਓਟ ਲਈ ਹੈ, ਤੇਰਾ ਨਾਮ ਜਪ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।

ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥

ਹੇ ਪ੍ਰਭੂ! ਆਪਣੀ ਮਿਹਰ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਵਿਚ ਸਮਾਇਆ ਰਹਾਂ।

ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥

ਜਿਸ ਹਾਲ ਵਿਚ ਤੂੰ ਮੈਨੂੰ ਰੱਖਦਾ ਹੈਂ ਮੈਂ (ਖ਼ੁਸ਼ੀ ਨਾਲ) ਉਸੇ ਹਾਲ ਵਿਚ ਰਹਿੰਦਾ ਹਾਂ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਉਹੀ ਮੈਂ ਪਹਿਨਦਾ ਹਾਂ ਉਹੀ ਮੈਂ ਖਾਂਦਾ ਹਾਂ।

ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ ॥

ਹੇ ਪ੍ਰਭੂ! ਮੇਰੇ ਪਾਸੋਂ ਉਹੀ ਉੱਦਮ ਕਰਾ (ਜਿਸ ਦੀ ਬਰਕਤਿ ਨਾਲ) ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਂਦਾ ਰਹਾਂ।

ਦੂਜੀ ਜਾਇ ਨ ਸੁਝਈ ਕਿਥੈ ਕੂਕਣ ਜਾਉ ॥

(ਤੈਥੋਂ ਬਿਨਾ) ਮੈਨੂੰ ਹੋਰ ਕੋਈ ਥਾਂ ਨਹੀਂ ਸੁੱਝਦੀ। ਤੈਥੋਂ ਬਿਨਾ ਮੈਂ ਹੋਰ ਕਿਸ ਦੇ ਅੱਗੇ ਫਰਿਆਦ ਕਰਾਂ?

ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥

ਹੇ ਅਗਿਆਨਤਾ ਦਾ ਨਾਸ ਕਰਨ ਵਾਲੇ ਹਰੀ! ਹੇ (ਮੋਹ ਦਾ) ਹਨੇਰਾ ਦੂਰ ਕਰਨ ਵਾਲੇ ਹਰੀ! ਹੇ (ਸਭ ਤੋਂ) ਉੱਚੇ! ਹੇ ਅਪਹੁੰਚ! ਹੇ ਅਮਿੱਤ ਹਰੀ!

ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ ॥

ਨਾਨਕ ਦਾ ਇਹ ਮਨੋਰਥ ਹੈ ਕਿ (ਨਾਨਕ ਦੇ) ਵਿੱਛੁੜੇ ਹੋਏ ਮਨ ਨੂੰ (ਆਪਣੇ ਚਰਨਾਂ ਵਿਚ ਮਿਲਾ ਲੈ।

ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥

ਹੇ ਹਰੀ! (ਮੈਨੂੰ ਨਾਨਕ ਨੂੰ) ਉਸ ਦਿਨ ਸਾਰੇ ਹੀ ਸੁਖ (ਪ੍ਰਾਪਤ ਹੋ ਜਾਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਛੁੰਹਦਾ ਹਾਂ ॥੪॥੧॥


ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥

ਰਾਗ ਮਾਝ ਦੀ ਇਹ ਵਾਰ ਅਤੇ ਇਸ ਨਾਲ ਦਿੱਤੇ ਹੋਏ ਸਲੋਕ ਗੁਰੂ ਨਾਨਕ ਦੇਵ ਜੀ ਦੇ (ਉਚਾਰੇ ਹੋਏ) ਹਨ ਗੁਰੂ ਅਰਜਨ ਸਾਹਿਬ ਨੇ ਉਪਰ ਲਿਖਿਆਂ ਸਿਰ-ਲੇਖ ਦੇ ਕੇ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਮਾਝ ਦੀ ਵਾਰ ਉਸ ਧੁਨੀ (ਸੁਰ) ਵਿਚ ਗਾਉਣੀ ਹੈ ਜਿਸ ਵਿਚ ਮੁਰੀਦ ਖਾਂ ਵਾਲੀ ਗਾਵੀਂ ਜਾਂਦੀ ਸੀ।

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ਮ : ੧ ॥
ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥

ਸਤਿਗੁਰੂ (ਨਾਮ ਦੀ ਦਾਤਿ) ਦੇਣ ਵਾਲਾ ਹੈ, ਗੁਰੂ ਠੰਡ ਦਾ ਸੋਮਾ ਹੈ, ਗੁਰੂ (ਹੀ) ਤ੍ਰਿਲੋਕੀ ਵਿਚ ਚਾਨਣ ਕਰਨ ਵਾਲਾ ਹੈ।

ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥

ਹੇ ਨਾਨਕ! ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਪਦਾਰਥ (ਗੁਰੂ ਤੋਂ ਹੀ ਮਿਲਦਾ ਹੈ)। ਜਿਸ ਦਾ ਮਨ ਗੁਰੂ ਵਿਚ ਪਤੀਜ ਜਾਏ, ਉਸ ਨੂੰ ਸੁਖ ਹੋ ਜਾਂਦਾ ਹੈ ॥੧॥


ਮ : ੧ ॥
ਪਹਿਲੈ ਪਿਆਰਿ ਲਗਾ ਥਣ ਦੁਧਿ ॥

(ਜੇ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ ਵਿਚ ਵੰਡੀਏ, ਤਾਂ ਇਸ ਦੀ ਸਾਰੀ ਉਮਰ ਦੇ ਕੀਤੇ ਉੱਦਮਾਂ ਦੀ ਤਸਵੀਰ ਇਉਂ ਬਣਦੀ ਹੈ:) ਪਹਿਲੀ ਅਵਸਥਾ ਵਿਚ (ਜੀਵ) ਪਿਆਰ ਨਾਲ (ਮਾਂ ਦੇ) ਥਣਾਂ ਦੇ ਦੁੱਧ ਵਿਚ ਰੁੱਝਦਾ ਹੈ;

ਦੂਜੈ ਮਾਇ ਬਾਪ ਕੀ ਸੁਧਿ ॥

ਦੂਜੀ ਅਵਸਥਾ ਵਿਚ (ਭਾਵ, ਜਦੋਂ ਰਤਾ ਕੁ ਸਿਆਣਾ ਹੁੰਦਾ ਹੈ) (ਇਸ ਨੂੰ) ਮਾਂ ਤੇ ਪਿਉ ਦੀ ਸੋਝੀ ਹੋ ਜਾਂਦੀ ਹੈ,

ਤੀਜੈ ਭਯਾ ਭਾਭੀ ਬੇਬ ॥

ਤੀਜੀ ਅਵਸਥਾ ਵਿਚ (ਅਪੜਿਆਂ ਜੀਵ ਨੂੰ) ਭਰਾ ਭਾਈ ਤੇ ਭੈਣ ਦੀ ਪਛਾਣ ਆਉਂਦੀ ਹੈ।

ਚਉਥੈ ਪਿਆਰਿ ਉਪੰਨੀ ਖੇਡ ॥

ਚੌਥੀ ਅਵਸਥਾ ਵੇਲੇ ਖੇਡਾਂ ਵਿਚ ਪਿਆਰ ਦੇ ਕਾਰਣ (ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ) ਉਪਜਦੀ ਹੈ,

ਪੰਜਵੈ ਖਾਣ ਪੀਅਣ ਕੀ ਧਾਤੁ ॥

ਪੰਜਵੀਂ ਅਵਸਥਾ ਵਿਚ ਖਾਣ ਪੀਣ ਦੀ ਲਾਲਸਾ ਬਣਦੀ ਹੈ,

ਛਿਵੈ ਕਾਮੁ ਨ ਪੁਛੈ ਜਾਤਿ ॥

ਛੇਵੀਂ ਅਵਸਥਾ ਵਿਚ (ਅੱਪੜ ਕੇ ਜੀਵ ਦੇ ਅੰਦਰ) ਕਾਮ (ਜਾਗਦਾ ਹੈ ਜੋ) ਜਾਤਿ ਕੁਜਾਤਿ ਭੀ ਨਹੀਂ ਵੇਖਦਾ।

ਸਤਵੈ ਸੰਜਿ ਕੀਆ ਘਰ ਵਾਸੁ ॥

ਸਤਵੀਂ ਅਵਸਥਾ ਵੇਲੇ (ਜੀਵ ਪਦਾਰਥ) ਇਕੱਠੇ ਕਰ ਕੇ (ਆਪਣਾ) ਘਰ ਦਾ ਵਸੇਬਾ ਬਣਾਂਦਾ ਹੈ;

ਅਠਵੈ ਕ੍ਰੋਧੁ ਹੋਆ ਤਨ ਨਾਸੁ ॥

ਅਠਵੀਂ ਅਵਸਥਾ ਵਿਚ (ਜੀਵ ਦੇ ਅੰਦਰ) ਗੁੱਸਾ (ਪੈਦਾ ਹੁੰਦਾ ਹੈ ਜੋ) ਸਰੀਰ ਦਾ ਨਾਸ ਕਰਦਾ ਹੈ।

ਨਾਵੈ ਧਉਲੇ ਉਭੇ ਸਾਹ ॥

(ਉਮਰ ਦੇ) ਨਾਂਵੇਂ ਹਿੱਸੇ ਵਿਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ, ਦਮ ਚੜ੍ਹਨ ਲੱਗ ਪੈਂਦਾ ਹੈ),

ਦਸਵੈ ਦਧਾ ਹੋਆ ਸੁਆਹ ॥

ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ।

ਗਏ ਸਿਗੀਤ ਪੁਕਾਰੀ ਧਾਹ ॥

ਜੋ ਸਾਥੀ (ਮਸਾਣਾਂ ਤਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ,

ਉਡਿਆ ਹੰਸੁ ਦਸਾਏ ਰਾਹ ॥

ਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ।

ਆਇਆ ਗਇਆ ਮੁਇਆ ਨਾਉ ॥

ਜੀਵ ਜਗਤ ਵਿਚ ਆਇਆ ਤੇ ਤੁਰ ਗਿਆ, (ਜਗਤ ਵਿਚ ਉਸ ਦਾ) ਨਾਮ ਭੀ ਭੁੱਲ ਗਿਆ,

ਪਿਛੈ ਪਤਲਿ ਸਦਿਹੁ ਕਾਵ ॥

(ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ)।

ਨਾਨਕ ਮਨਮੁਖਿ ਅੰਧੁ ਪਿਆਰੁ ॥

ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ,

ਬਾਝੁ ਗੁਰੂ ਡੁਬਾ ਸੰਸਾਰੁ ॥੨॥

ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ ‘ਅੰਧ ਪਿਆਰ’ ਵਿਚ) ਡੁੱਬ ਰਿਹਾ ਹੈ ॥੨॥


ਮ : ੧ ॥
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥

ਦਸਾਂ ਸਾਲਾਂ ਦਾ (ਜੀਵ) ਬਾਲਪਨ ਵਿਚ (ਹੁੰਦਾ ਹੈ) ਵੀਹਾਂ ਵਰ੍ਹਿਆਂ ਦਾ ਹੋ ਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ (ਅੱਪੜਦਾ ਹੈ), ਤੀਹਾਂ ਸਾਲਾਂ ਦਾ ਹੋ ਕੇ ਸੋਹਣਾ ਅਖਵਾਂਦਾ ਹੈ।

ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥

ਚਾਲੀ ਸਾਲਾਂ ਦੀ ਉਮਰੇ ਭਰ-ਜੁਆਨ ਹੁੰਦਾ ਹੈ, ਪੰਜਾਹ ਤੇ ਅੱਪੜ ਕੇ ਪੈਰ (ਜੁਆਨੀ ਤੋਂ ਹਿਠਾਂਹ) ਖਿਸਕਣ ਲੱਗ ਪੈਂਦਾ ਹੈ, ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ।

ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥

ਸੱਤਰ ਸਾਲਾਂ ਦਾ ਜੀਵ ਅਕਲੋਂ ਹੀਣਾ ਹੋਣ ਲੱਗ ਜਾਂਦਾ ਹੈ, ਤੇ ਅੱਸੀ ਸਾਲਾਂ ਦਾ ਕੰਮ ਕਾਰ ਜੋਗਾ ਨਹੀਂ ਰਹਿੰਦਾ।

ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥

ਨੱਵੇ ਸਾਲ ਦਾ ਮੰਜੇ ਤੋਂ ਹੀ ਨਹੀਂ ਹਿੱਲ ਸਕਦਾ, ਆਪਣਾ ਆਪ ਭੀ ਸੰਭਾਲ ਨਹੀਂ ਸਕਦਾ।

ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥

ਹੇ ਨਾਨਕ! ਮੈਂ ਢੂੰਢਿਆ ਹੈ, ਭਾਲਿਆ ਹੈ, ਵੇਖਿਆ ਹੈ, ਇਹ ਜਗਤ ਚਿੱਟਾ ਪਲਸਤਰੀ ਮੰਦਰ ਹੈ (ਭਾਵ, ਵੇਖਣ ਨੂੰ ਸੋਹਣਾ ਹੈ) ਪਰ ਹੈ ਧੂਏਂ ਦਾ (ਭਾਵ, ਸਦਾ ਰਹਿਣ ਵਾਲਾ ਨਹੀਂ) ॥੩॥


ਪਉੜੀ ॥
ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥

ਹੇ (ਪ੍ਰਭੂ!) ਤੂੰ ਸਿਰਜਣਹਾਰ ਹੈਂ, ਸਭ ਵਿਚ ਮੌਜੂਦ ਹੈਂ, (ਫਿਰ ਭੀ) ਤੇਰੇ ਤੀਕ ਕਿਸੇ ਦੀ ਪਹੁੰਚ ਨਹੀਂ ਹੈ, ਤੂੰ ਆਪ (ਸਾਰੀ) ਸ੍ਰਿਸ਼ਟੀ ਉਪਾਈ ਹੈ।

ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥

(ਇਹ ਰਚਨਾ) ਤੂੰ ਕਈ ਰੰਗਾਂ ਦੀ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ।

ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥

(ਜਗਤ ਦਾ ਇਹ) ਸਾਰਾ ਤਮਾਸ਼ਾ ਤੇਰਾ ਹੀ (ਬਣਾਇਆ ਹੋਇਆ) ਹੈ, (ਇਸ ਤਮਾਸ਼ੇ ਦੇ ਭੇਤ ਨੂੰ) ਤੂੰ ਆਪ ਹੀ ਜਾਣਦਾ ਹੈਂ, (ਜਿਸ ਨੇ ਖੇਲ ਬਣਾਇਆ ਹੋਇਆ ਹੈ)।

ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥

(ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) ‘ਨਾਮ’ ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ।

ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥

ਉਹ ਮਨੁੱਖ ਗੁਰੂ ਦੇ ਸਨਮੁਖ ਹਨ ਉਹ (ਪ੍ਰਭੂ ਦੇ) ਪਿਆਰ ਵਿਚ ਗੂੜ੍ਹੇ ਰੰਗੇ ਹੋਏ ਹਨ, ਉਹ ਨਿਰੋਲ ਹਰੀ ਦੇ ਪਿਆਰ ਰੰਗੇ ਹੋਏ ਹਨ।

ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥

(ਹੇ ਭਾਈ!) ਜੋ ਪ੍ਰਭੂ ਸਭ ਵਿਚ ਵਿਆਪਕ (ਪੁਰਖ) ਹੈ, ਜਗਤ ਦਾ ਰਚਨ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ ਤੇ ਮਾਇਆ ਤੋਂ ਰਹਿਤ ਹੈ, ਉਸ ਨੂੰ ਸਿਮਰੋ।

ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥

ਹੇ ਪ੍ਰਭੂ! ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈਂ, ਤੂੰ ਆਪ ਹੀ ਸਭ ਕੁਝ ਜਾਣਨ ਵਾਲਾ ਹੈਂ;

ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥

ਹੇ ਮੇਰੇ ਸੱਚੇ (ਸਾਹਿਬ!) ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ॥੧॥


ਸਲੋਕ ਮ : ੧ ॥
ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥

(ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ।

ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥

ਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿਚ ਸੁਣਨ ਦੀ ਸੱਤਿਆ ਮੌਜੂਦ ਹੈ,

ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥

ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, ਤੇ (ਪ੍ਰਭੂ ਦਾ) ਦਿੱਤਾ ਖਾਂਦਾ ਪਹਿਨਦਾ ਹੈ।

ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥

ਪਰ, ਜਿਸ (ਪ੍ਰਭੂ) ਨੇ (ਇਸ ਦੇ ਸਰੀਰ ਨੂੰ) ਬਣਾਇਆ ਸੁਆਰਿਆ ਹੈ, ਉਸ ਨੂੰ ਇਹ ਪਛਾਣਦਾ (ਭੀ) ਨਹੀਂ, ਅੰਨ੍ਹਾ ਮਨੁੱਖ (ਭਾਵ, ਆਤਮਕ ਜੀਵਨ ਵਲੋਂ ਬੇ-ਸਮਝ) ਅੰਨ੍ਹਿਆਂ ਵਾਲਾ ਕੰਮ ਕਰਦਾ ਹੈ (ਭਾਵ, ਔਝੜੇ ਪਿਆ ਭਟਕਦਾ ਹੈ)।

ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥

ਜਦੋਂ (ਇਹ ਸਰੀਰ-ਰੂਪ ਭਾਂਡਾ) ਟੁੱਟ ਜਾਂਦਾ ਹੈ, ਤਾਂ (ਇਹ ਤਾਂ) ਠੀਕਰਾ ਹੋ ਜਾਂਦਾ ਹੈ (ਭਾਵ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ) ਤੇ ਮੁੜ ਇਹ (ਸਰੀਰਕ) ਬਣਤਰ ਬਣ ਭੀ ਨਹੀਂ ਸਕਦੀ।

ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥

ਹੇ ਨਾਨਕ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਔਝੜ ਵਿਚੋਂ) ਪਾਰ ਨਹੀਂ ਲੰਘ ਸਕਦਾ ॥੧॥


ਮ : ੨ ॥
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥

ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹੋ ਜਿਹਾ ਸਮਝ ਲਵੋ (ਕਿ ਉਸ ਨੂੰ) ਦੇਣ ਵਾਲੇ (ਪਰਮਾਤਮਾ) ਨਾਲੋਂ (ਉਸ ਦਾ) ਦਿੱਤਾ ਹੋਇਆ (ਪਦਾਰਥ) ਚੰਗਾ ਲੱਗਦਾ ਹੈ।

ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥

ਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ (ਅਜੇਹੀ ਨੀਵੀਂ ਹੈ ਕਿ) ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਹੈ।

ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥

(ਉਹ ਆਪਣੇ ਵਲੋਂ) ਲੁਕ ਕੇ (ਮੰਦੇ) ਕੰਮ ਕਰਦਾ ਹੈ, (ਪਰ ਜੋ ਕੁਝ ਉਹ ਕਰਦਾ ਹੈ) ਉਹ ਹਰ ਥਾਂ ਨਸ਼ਰ ਹੋ ਜਾਂਦਾ ਹੈ।

ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥

(ਕੁਦਰਤ ਦਾ ਨੇਮ ਹੀ ਐਸਾ ਹੈ ਕਿ) ਜੋ ਮਨੁੱਖ ਭਲਾ ਕੰਮ ਕਰਦਾ ਹੈ, ਉਸਦਾ ਨਾਮ ‘ਧਰਮੀ’ ਪੈ ਜਾਂਦਾ ਹੈ, ਮੰਦੇ ਕੰਮ ਕੀਤਿਆਂ ਮਨੁੱਖ ਮੰਦਾ ਹੀ ਸਮਝਿਆ ਜਾਂਦਾ ਹੈ।

ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥

(ਪਰ ਮੰਦਾ ਕਿਸ ਨੂੰ ਆਖੀਏ?) (ਹੇ ਪ੍ਰਭੂ!) ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ। ਤੈਥੋਂ ਵੱਖਰਾ ਹੋਰ ਕੇਹੜਾ ਦੱਸੀਏ?

ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥

(ਜੀਵਾਂ ਦੇ ਅੰਦਰ) ਜਿਤਨਾ ਚਿਰ ਤੇਰੀ ਜੋਤਿ ਮੌਜੂਦ ਹੈ ਉਤਨਾ ਚਿਰ ਉਸ ਜੋਤਿ ਵਿਚ ਤੂੰ (ਆਪ ਹੀ) ਬੋਲਦਾ ਹੈਂ। ਜਦੋਂ ਤੇਰੀ ਜੋਤਿ ਨਿਕਲ ਜਾਏ, ਤਾਂ ਭਲਾ ਕੋਈ ਕੁਝ ਕਰੇ ਤਾਂ ਸਹੀ, ਅਸੀਂ ਪਰਖ ਕੇ ਵੇਖੀਏ, (ਭਾਵ, ਤੇਰੀ ਜੋਤਿ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ; ਸੋ, ਮਨਸੁਖ ਵਿਚ ਭੀ ਤੇਰੀ ਹੀ ਜੋਤਿ ਹੈ)।

ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥

ਹੇ ਨਾਨਕ! ਗੁਰੂ ਦੀ ਸਰਨ ਆਏ ਮਨੁੱਖ ਨੂੰ (ਹਰ ਥਾਂ) ਇਕੋ ਸਿਆਣਾ ਤੇ ਸੁਜਾਨ ਪ੍ਰਭੂ ਹੀ ਦਿੱਸਦਾ ਹੈ ॥੨॥


ਪਉੜੀ ॥
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥

(ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ।

ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥

(ਮਾਇਆ ਦੇ) ਮੋਹ ਦੀ ਠਗ ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ ਆਪ ਤੋਂ (ਭਾਵ, ਆਪਣੀ ਯਾਦ ਤੋਂ) ਖੁੰਝਾ ਦਿੱਤਾ ਹੈ।

ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥

(ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ।

ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥

ਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥

(ਮਾਇਆ ਦਾ ਇਹ) ਮੋਹ ਗੁਰੂ (ਦੀ ਸਰਨ) ਤੋਂ ਬਿਨਾ ਟੁੱਟਦਾ ਨਹੀਂ, (ਬਥੇਰੇ ਜੀਵ) ਹੋਰ ਹੋਰ (ਧਾਰਮਿਕ) ਕੰਮ ਕਰ ਕੇ ਹਾਰ ਚੁਕੇ ਹਨ।

ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥

ਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ (ਤਾਂ ਜੀਵ ਤੇਰੇ ਨਾਮ ਦੇ) ਸੁਖ ਵਿਚ (ਟਿਕ ਕੇ) ਤ੍ਰਿਪਤ ਹੁੰਦਾ ਹੈ।

ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥

ਧੰਨ ਹੈ (ਉਸ ਜੀਵ ਦੀ) ਜੰਮਣ ਵਾਲੀ ਮਾਂ, (ਨਾਮ ਦੀ ਬਰਕਤਿ ਨਾਲ ਉਹ) ਆਪਣਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥

ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, (ਜਗਤ ਵਿਚ ਉਸ ਦੀ) ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ ॥੨॥


ਸਲੋਕੁ ਮ : ੨ ॥
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ),

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ),

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), -ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ।

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥

ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ॥੧॥


ਮ : ੨ ॥
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥

(ਪਰਮਾਤਮਾ ਕੁਦਰਤਿ ਵਿਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤਿ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ।

ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥

(ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ?

ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥

ਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ,

ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥

ਤਾਂ ਨਾਨਕ ਆਖਦਾ ਹੈ- ਹੇ ਸਿਆਣੀ (ਜੀਵ-ਇਸਤ੍ਰੀਏ)! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ ॥੨॥


ਪਉੜੀ ॥
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥

(ਹੇ ਪ੍ਰਭੂ!) ਤੂੰ ਸਦਾ ਹੀ ਇਕ (ਆਪ ਹੀ ਆਪ) ਹੈਂ, ਇਹ (ਤੈਥੋਂ ਵੱਖਰਾ ਦਿੱਸਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ।

ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥

(ਤੂੰ ਹੀ ਜੀਵਾਂ ਦੇ ਅੰਦਰ) ਹਉਮੈ ਅਹੰਕਾਰ ਪੈਦਾ ਕਰ ਕੇ ਜੀਵਾਂ ਦੇ ਅੰਦਰ ਲੋਭ (ਭੀ) ਪਾ ਦਿੱਤਾ ਹੈ।

ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥

(ਸੋ), ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ।

ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥

ਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ (ਤੇ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ।

ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥

(ਐਸੇ) ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ (ਦੀ ਯਾਦ) ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ (ਭਾਵ, ਕਿਸੇ ਹੋਰ ਕੰਮ ਦੀ ਖ਼ਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ)।

ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥

ਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ (ਤੇਰਾ ਨਾਮ ਵਿਸਾਰ ਕੇ) ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ।

ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥

ਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, (ਹੇ ਪ੍ਰਭੂ!) ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ;

ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥

ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ ॥੩॥


ਸਲੋਕੁ ਮ : ੧ ॥
ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥

ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਰਹਾਂ);

ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥

ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ,

ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥

ਭਾਵੇਂ ਸਰੀਰ ਨੂੰ ਪੂਰੇ ਤੌਰ ਤੇ ਕਪੜਾ ਪਹਿਨਾ ਲਵਾਂ (ਭਾਵ, ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ਤੇ ਕਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ,

ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥

ਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ,

ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥

ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ-ਇਹ ਸਾਰੇ ਭੈੜੀ ਮਤਿ ਦੇ ਮੰਦੇ ਕਰਮ ਹੀ ਹਨ।

ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥

ਹੇ ਨਾਨਕ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ) (ਸਤਿਗੁਰੂ ਦੇ) ਸ਼ਬਦ ਨੂੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ ॥੧॥


ਮ : ੧ ॥
ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥

(ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ (ਤੇ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ,

ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥

(ਪਰ) ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ,

ਅੰਧਾ ਭੂਲਿ ਪਇਆ ਜਮ ਜਾਲੇ ॥

(ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਹੋਇਆ ਹੈ,

ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥

ਹਉਮੈ ਵਿਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕਾਂ) ਨੂੰ ਆਪਣੀ ਸਮਝ ਬੈਠਦਾ ਹੈ।

ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥

ਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ,

ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥

ਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿਚ ਟਿਕਿਆ ਰਹਿੰਦਾ ਹੈ ॥੨॥


ਪਵੜੀ ॥
ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥

ਸਰੀਰ ਤੇ ਜੀਵ (-ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁੱਖਾ-ਜਨਮ ਵਿਚ) ਇਕੱਠਾ ਕਰ ਦਿੱਤਾ ਹੈ।

ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥

ਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ।

ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥

(ਪਰ ਇਸ ਵਿਛੋੜੇ ਨੂੰ ਭੁਲਾ ਕੇ) ਮੂਰਖ (ਜੀਵ) ਭੋਗ ਭੋਗਦਾ ਰਹਿੰਦਾ ਹੈ (ਜੋ) ਸਾਰੇ ਦੁੱਖਾਂ ਦਾ (ਮੂਲ ਬਣਦਾ) ਹੈ।

ਸੁਖਹੁ ਉਠੇ ਰੋਗ ਪਾਪ ਕਮਾਇਆ ॥

ਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ।

ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥

(ਭੋਗਾਂ ਦੀ ਖ਼ੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਹੁੰਦਾ ਹੈ ਅਤੇ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।

ਮੂਰਖ ਗਣਤ ਗਣਾਇ ਝਗੜਾ ਪਾਇਆ ॥

ਮੂਰਖਾਂ ਵਾਲੇ ਕੰਮ ਕਰ ਕੇ ਜਨਮ ਮਰਨ ਦਾ ਲੰਮਾ ਝੰਬੇਲਾ ਸਹੇੜ ਲੈਂਦਾ ਹੈ।

ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥

(ਜਨਮ ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸਤਿਗੁਰੂ ਦੇ ਹੱਥ ਵਿਚ ਹੈ, (ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ ਇਹ) ਝੰਬੇਲਾ ਮੁੱਕ ਜਾਂਦਾ ਹੈ।

ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥

(ਜੀਵਾਂ ਦੀ ਕੋਈ) ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ॥੪॥


ਸਲੋਕੁ ਮ : ੧ ॥
ਕੂੜੁ ਬੋਲਿ ਮੁਰਦਾਰੁ ਖਾਇ ॥

(ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ,

ਅਵਰੀ ਨੋ ਸਮਝਾਵਣਿ ਜਾਇ ॥

ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ)।

ਮੁਠਾ ਆਪਿ ਮੁਹਾਏ ਸਾਥੈ ॥

(ਉਹ) ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ।

ਨਾਨਕ ਐਸਾ ਆਗੂ ਜਾਪੈ ॥੧॥

ਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ॥੧॥


ਮਹਲਾ ੪ ॥
ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥

ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਮੂੰਹੋਂ (ਭੀ) ਸਦਾ-ਥਿਰ ਰਹਿਣ ਵਾਲਾ ਸੱਚਾ ਨਾਮ ਹੀ ਬੋਲਦਾ ਹੈ।

ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥

ਉਹ ਆਪ ਪਰਮਾਤਮਾ ਦੇ ਰਾਹ ਤੇ ਤੁਰਦਾ ਹੈ ਤੇ ਹੋਰਨਾਂ ਨੂੰ ਭੀ ਤੇ ਦੇ ਰਾਹ ਪ੍ਰਭੂ ਤੋਰਦਾ ਹੈ।

ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥

(ਜਿੱਥੇ ਨ੍ਹਾਉਣ ਜਾਈਏ) ਜੇ ਉੱਥੇ ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੋਵੇ ਤਾਂ (ਨ੍ਹਾਉਣ ਵਾਲੇ ਦੀ) ਮੈਲ ਲਹਿ ਜਾਂਦੀ ਹੈ, ਪਰ ਛੱਪੜ ਵਿਚ ਨ੍ਹਾਤਿਆਂ ਸਗੋਂ ਹੋਰ ਮੈਲ ਵਧਦੀ ਹੈ।

ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥

(ਇਹੀ ਨੇਮ ਸਮਝੋ ਮਨ ਦੀ ਮੈਲ ਧੋਣ ਲਈ), ਪੂਰਾ ਗੁਰੂ ਜੋ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ (ਮਾਨੋ) ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੈ।

ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥

ਉਹ ਆਪ ਆਪਣੇ ਪਰਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ, ਪਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸ੍ਰਿਸ਼ਟੀ ਨੂੰ ਵੀ ਬਚਾਂਦਾ ਹੈ।

ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥੨॥

ਹੇ ਦਾਸ ਨਾਨਕ! (ਆਖ-ਮੈਂ) ਉਸ ਤੋਂ ਸਦਕੇ ਹਾਂ, ਜੋ ਆਪ (ਪ੍ਰਭੂ ਦਾ) ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਂਦਾ ਹੈ ॥੨॥


ਪਉੜੀ ॥
ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥

ਕਈ ਬੰਦੇ ਮੂਲੀ ਆਦਿਕ ਪੁਟ ਕੇ ਖਾਂਦੇ ਹਨ (ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ) ਤੇ ਜੰਗਲ ਦੇ ਗੋਸ਼ੇ ਵਿਚ ਜਾ ਰਹਿੰਦੇ ਹਨ।

ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥

ਕਈ ਲੋਕ ਭਗਵੇ ਕੱਪੜੇ ਪਾ ਕੇ ਜੋਗੀ ਤੇ ਸੰਨਿਆਸੀ ਬਣ ਕੇ ਫਿਰਦੇ ਹਨ।

ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥

(ਪਰ ਉਹਨਾਂ ਦੇ) ਮਨ ਵਿਚ ਬਹੁਤ ਲਾਲਚ ਹੁੰਦਾ ਹੈ, ਕੱਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ।

ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥

(ਇਸ ਤਰ੍ਹਾਂ) ਅਜਾਈਂ ਮਨੁੱਖਾ ਜਨਮ ਗਵਾ ਕੇ ਨਾਹ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾਹ ਹੀ ਫ਼ਕੀਰ।

ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥

(ਉਹਨਾਂ ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰਨ ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ ਨਹੀਂ ਹੈ।

ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥

ਜਦੋਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਸਤਿਗੁਰੂ ਦੀ ਸਿੱਖਿਆ ਤੇ ਤੁਰ ਕੇ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ।

ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥

ਗੁਰੂ ਦਾ ਸੱਚਾ ਸਬਦ ਤੇ ਪ੍ਰਭੂ (ਉਸ ਦੇ) ਮਨ ਵਿਚ ਹੋਣ ਕਰਕੇ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਤਿਆਗੀ ਹੈ।

ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥

ਹੇ ਨਾਨਕ! ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ (ਦੁਨੀਆ ਦੀਆਂ) ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ ॥੫॥


ਸਲੋਕੁ ਮ : ੧ ॥
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥

ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ),

ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥

(ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ)?

ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥

ਹੇ ਨਾਨਕ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ,

ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥

(ਇਸ ਤੋਂ ਬਿਨਾ) ਹੋਰ ਕੰਮ ਦੁਨੀਆ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀ ਕੂੜੇ ਕੰਮ ਹੀ ਕਰਦੇ ਹੋ ॥੧॥


ਮ : ੧ ॥
ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥

ਜਦੋਂ ਮੈਂ ਹਾਂ ਹੀ ਕੁਝ ਨਹੀਂ (ਭਾਵ, ਮੇਰੀ ਆਤਮਕ ਹਸਤੀ ਹੀ ਕੁਝ ਨਹੀਂ ਬਣੀ), ਤਾਂ ਮੈਂ (ਹੋਰਨਾਂ ਨੂੰ) ਉਪਦੇਸ਼ ਕੀਹ ਕਰਾਂ? (ਅੰਦਰ) ਕੋਈ ਆਤਮਕ ਗੁਣ ਨਾਹ ਹੁੰਦਿਆਂ ਕਿਤਨਾ ਕੁਝ ਬਣ ਬਣ ਕੇ ਵਿਖਾਵਾਂ?

ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥

ਮੇਰਾ ਕੰਮ-ਕਾਰ, ਮੇਰਾ ਬੋਲ-ਚਾਲ-ਇਹਨਾਂ ਦੀ ਰਾਹੀਂ (ਮੰਦੇ ਸੰਸਕਾਰਾਂ ਨਾਲ) ਭਰਿਆ ਹੋਇਆ ਕਦੇ ਮੰਦੇ ਪਾਸੇ ਡਿੱਗਦਾ ਹਾਂ ਤੇ (ਕਦੇ ਫੇਰ ਮਨ ਨੂੰ) ਧੋਣ ਦਾ ਜਤਨ ਕਰਦਾ ਹਾਂ।

ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥

ਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਤੇ ਲੋਕਾਂ ਨੂੰ ਰਾਹ ਦੱਸਦਾ ਹਾਂ, (ਇਸ ਹਾਲਤ ਵਿਚ) ਹਾਸੋ-ਹੀਣਾ ਆਗੂ ਹੀ ਬਣਦਾ ਹਾਂ।

ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥

ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ।

ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥

ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ ॥੨॥


ਪਉੜੀ ॥
ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥

(ਹੇ ਪ੍ਰਭੂ!) ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ ਵਿਚ ਤੈਨੂੰ ਸਿਮਰਿਆ ਜਾ ਸਕਦਾ ਹੈ (ਭਾਵ, ਤੇਰੇ ਸਿਮਰਨ ਲਈ ਕੋਈ ਖ਼ਾਸ ਰੁੱਤ ਜਾਂ ਥਿੱਤ ਨਹੀਂ ਹੈ)।

ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥

ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ।

ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥

ਇਹੋ ਜਿਹੀ (ਥਿੱਤਾਂ ਦੀ ਵਿੱਦਿਆ) ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਅੰਦਰ ਲੋਭ ਤੇ ਅਹੰਕਾਰ ਹੈ।

ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥

(ਕਿਸੇ ਥਿੱਤ ਮੁਹੂਰਤ ਦੇ ਭਰਮ ਦੀ ਲੋੜ ਨਹੀਂ, ਸਿਰਫ਼) ਸਤਿਗੁਰੂ ਦੀ ਦਿੱਤੀ ਮਤਿ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ (ਉਸ ਵਿਚ) ਸੁਰਤ ਜੋੜਨੀ ਚਾਹੀਦੀ ਹੈ।

ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥

ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਨਾਮ-ਰੂਪ ਧਨ ਕਮਾਇਆ ਹੈ, ਉਹਨਾਂ ਦੇ ਖ਼ਜ਼ਾਨੇ ਭਗਤੀ ਨਾਲ ਭਰ ਗਏ ਹਨ।

ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥

ਜਿਨ੍ਹਾਂ ਪ੍ਰਭੂ ਦਾ ਪਵਿਤ੍ਰ ਨਾਮ ਕਬੂਲ ਕੀਤਾ ਹੈ, ਉਹ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।

ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥

ਤੇਰੇ ਹੀ ਬਖ਼ਸ਼ੇ ਹੋਏ ਜਿੰਦ ਪ੍ਰਾਣ ਹਰੇਕ ਜੀਵ ਨੂੰ ਮਿਲੇ ਹਨ, ਤੇਰੀ ਹੀ ਅਪਾਰ ਜੋਤਿ ਹਰੇਕ ਜੀਵ ਦੇ ਅੰਦਰ ਹੈ।

ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥

ਹੇ ਪ੍ਰਭੂ! ਤੂੰ ਸਦਾ ਟਿਕੇ ਰਹਿਣ ਵਾਲਾ ਸ਼ਾਹ ਹੈਂ, ਹੋਰ ਸਾਰਾ ਜਗਤ ਵਣਜਾਰਾ ਹੈ (ਭਾਵ, ਹੋਰ ਸਾਰੇ ਜੀਵ ਇਥੇ, ਮਾਨੋ, ਫੇਰੀ ਲਾ ਕੇ ਸਉਦਾ ਕਰਨ ਆਏ ਹਨ) ॥੬॥


ਸਲੋਕੁ ਮ : ੧ ॥
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥

(ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਓ)।

ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥

ਵਿਕਾਰ ਕਰਨ ਵਲੋਂ ਝੱਕਣਾ-ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰ੍ਹਾਂ (ਹੇ ਭਾਈ!) ਮੁਸਲਮਾਨ ਬਣ।

ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥

ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ-ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ।

ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥

ਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ। ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ ॥੧॥


ਮ : ੧ ॥
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥

ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ।

ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥

ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।

ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥

ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ।

ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥

(ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ।

ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥

ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ ॥੨॥


ਮ : ੧ ॥
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥

(ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ।

ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥

(ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ-) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ।

ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥

ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ।

ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥

(ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।

ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥

ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ ॥੩॥


ਪਉੜੀ ॥
ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥

ਕਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ-ਰੂਪ) ਕੀਮਤੀ-ਸਉਦੇ ਵਿਹਾਝਦੇ ਹਨ, ਤੇ ਕਈ (ਦੁਨੀਆ-ਰੂਪ) ਕੱਚ ਦੇ ਵਪਾਰੀ ਹਨ।

ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥

(ਪ੍ਰਭੂ ਦੇ ਗੁਣ-ਰੂਪ ਇਹ) ਰਤਨਾਂ ਦੇ ਖ਼ਜ਼ਾਨੇ (ਮਨੁੱਖ ਦੇ) ਅੰਦਰ ਹੀ ਹਨ, ਪਰ ਸਤਿਗੁਰੂ ਦੇ ਤਰੁੱਠਿਆਂ ਇਹ ਮਿਲਦੇ ਹਨ।

ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥

ਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ।

ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਿਤ ਹੁੰਦੇ ਹਨ, ਉਹਨਾਂ ਨੂੰ ਅਸਲ ਵਿਚਾਰ ਸੁੱਝਦੀ ਨਹੀਂ।

ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥

(ਇਸ ਦੁਖੀ ਹਾਲਤ ਦੀ) ਪੁਕਾਰ ਭੀ ਉਹ ਲੋਕ ਕਿਸ ਦੇ ਸਾਹਮਣੇ ਕਰਨ? ਇਕ ਪ੍ਰਭੂ ਤੋਂ ਬਿਨਾ ਹੋਰ ਕੋਈ (ਸਹੈਤਾ ਕਰਨ ਵਾਲਾ ਹੀ) ਨਹੀਂ ਹੈ।

ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥

(ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ) ਕਈ ਕੰਗਾਲ ਸਦਾ (ਦਰ ਦਰ ਤੇ) ਤਰਲੇ ਲੈਂਦੇ ਫਿਰਦੇ ਹਨ, ਇਹਨਾਂ ਦੇ (ਹਿਰਦੇ-ਰੂਪ) ਖ਼ਜ਼ਾਨੇ (ਬੰਦਗੀ-ਰੂਪ ਧਨ ਨਾਲ) ਭਰੇ ਪਏ ਹਨ।

ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥

(ਪਰਮਾਤਮਾ ਦੇ) ਨਾਮ ਤੋਂ ਬਿਨਾ ਹੋਰ ਕੋਈ (ਨਾਲ ਨਿਭਣ ਵਾਲਾ) ਧਨ ਨਹੀਂ ਹੈ, ਹੋਰ ਮਾਇਆ ਵਾਲਾ ਧਨ ਸੁਆਹ (ਸਮਾਨ) ਹੈ।

ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥

(ਪਰ) ਹੇ ਨਾਨਕ! ਸਭ (ਜੀਵਾਂ ਵਿਚ ਬੈਠਾ ਪ੍ਰਭੂ) ਆਪ ਹੀ (ਕੱਚ ਤੇ ਰਤਨਾਂ ਦੇ ਵਪਾਰ) ਕਰ ਰਿਹਾ ਹੈ, (ਜਿਨ੍ਹਾਂ ਨੂੰ ਸੁਧਾਰਦਾ ਹੈ ਉਹਨਾਂ ਨੂੰ ਆਪਣੇ) ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ ॥੭॥


ਸਲੋਕੁ ਮ : ੧ ॥
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥

(ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ।

ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥

(ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ)।

ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥

ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ)।

ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥

ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ।

ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥

ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ॥੧॥


ਮਹਲਾ ੪ ॥
ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ ॥

(ਜੇ ਮਨੁੱਖ) ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਅਹੰਕਾਰ (ਭੀ) ਦੂਰ ਕਰ ਲਏ,

ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥

ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤ੍ਰੀ ਦਾ ਮੋਹ ਤਿਆਗ ਦੇਵੇ ਤਾਂ ਮਨੁੱਖ ਮਾਇਆ ਦੀ ਕਾਲਖ ਵਿਚ ਰਹਿੰਦਾ ਹੋਇਆ ਹੀ ਮਾਇਆ-ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ।

ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ ॥

(ਜੇ ਮਨੁੱਖ) ਅਹੰਕਾਰ ਦੂਰ ਕਰ ਕੇ ਪੁੱਤ੍ਰ ਵਹੁਟੀ ਦਾ ਮੋਹ ਛੱਡ ਦੇਵੇ, ਜੇ (ਦੁਨੀਆ ਦੇ ਪਦਾਰਥਾਂ ਦੀਆਂ) ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤ ਜੋੜ ਲਏ,

ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ ॥੨॥

ਤਾਂ, ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਸ ਦੇ ਮਨ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਉਹ ਲੀਨ ਹੋ ਜਾਂਦਾ ਹੈ ॥੨॥


ਪਉੜੀ ॥
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥

ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ।

ਹਟ ਪਟਣ ਬਾਜਾਰ ਹੁਕਮੀ ਢਹਸੀਓ ॥

ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ।

ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥

ਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ,

ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥

(ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ।

ਤਾਜੀ ਰਥ ਤੁਖਾਰ ਹਾਥੀ ਪਾਖਰੇ ॥

ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ,

ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥

ਬਾਗ਼, ਜ਼ਮੀਨਾਂ, ਘਰ-ਘਾਟ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ।

ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥

ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ (ਇਹ ਸਭ ਨਾਸ਼ਵੰਤ ਹਨ)।

ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥

ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ॥੮॥


ਸਲੋਕੁ ਮ : ੧ ॥
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥

ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ,

ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥

ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ,

ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥

ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ,

ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥

ਤਾਂ ਭੀ (ਹੇ ਪ੍ਰਭੂ! ਮੈਂ ਇਹਨਾਂ ਪਦਾਰਥਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ॥੧॥


ਮ :੧ ॥
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥

ਜੇ ਸਾਰੀ ਬਨਸਪਤੀ ਮੇਵਾ ਬਣ ਜਾਏ, ਜਿਸ ਦਾ ਸੁਆਦ ਬਹੁਤ ਰਸੀਲਾ ਹੋਵੇ,

ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥

ਜੇ ਮੇਰੀ ਰਹਿਣ ਦੀ ਥਾਂ ਅਟੱਲ ਹੋ ਜਾਏ ਤੇ ਚੰਦ ਅਤੇ ਸੂਰਜ ਦੋਵੇਂ (ਮੇਰੀ ਰਿਹੈਸ਼ ਦੀ ਸੇਵਾ ਕਰਨ ਲਈ) ਸੇਵਾ ਤੇ ਲਾਏ ਜਾਣ,

ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥

(ਤਾਂ ਭੀ ਹੇ ਪ੍ਰਭੂ! ਮੈਂ ਇਹਨਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ॥੨॥


ਮ : ੧ ॥
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥

ਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ),

ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥

ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ (ਭਾਵ, ਇਹਨਾਂ ਦੁੱਖਾਂ ਦੀ ਸ਼ਕਲ ਵਿਚ ਹੀ ਮੇਰੇ ਉੱਤੇ) ਪਰਗਟ ਹੋਵੇ,

ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥

ਤਾਂ ਭੀ (ਹੇ ਪ੍ਰਭੂ! ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾਹ ਮੁੱਕ ਜਾਏ ॥੩॥


ਮ : ੧ ॥
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥

(ਜੇ ਗਰਮੀਆਂ ਦੀ) ਧੁੱਪ ਤੇ (ਸਿਆਲ ਦਾ) ਪਾਲਾ ਮੇਰੇ (ਪਹਿਨਣ ਦਾ) ਕੱਪੜਾ ਹੋਣ (ਭਾਵ, ਜੇ ਮੈਂ ਨੰਗਾ ਰਹਿ ਕੇ ਧੁੱਪ ਤੇ ਪਾਲਾ ਭੀ ਸਹਾਰਾਂ), ਜੇ ਹਵਾ ਮੇਰੀ ਖ਼ੁਰਾਕ ਹੋਵੇ (ਭਾਵ, ਜੇ ਮੈਂ ਪਉਣ-ਅਹਾਰੀ ਹੋ ਜਾਵਾਂ, ਤਾਂ ਭੀ, ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੇ ਸਾਹਮਣੇ ਇਹ ਤੁੱਛ ਹਨ)।

ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥

ਜੇ ਸੁਰਗ ਦੀਆਂ ਅਪੱਛਰਾਂ ਭੀ ਮੇਰੇ ਘਰ ਵਿਚ ਹੋਣ ਤਾਂ ਭੀ, ਹੇ ਨਾਨਕ! ਇਹ ਤਾਂ ਨਾਸਵੰਤ ਹਨ।

ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥

(ਇਹਨਾਂ ਦੇ ਮੋਹ ਵਿਚ ਫਸ ਕੇ ਮੈਂ ਤੈਨੂੰ ਨਾਹ ਵਿਸਾਰਾਂ) ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾ ਮੁੱਕੇ ॥੪॥


ਪਵੜੀ ॥
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥

(ਜੋ ਮਨੁੱਖ) ਲੁਕ ਕੇ ਪਾਪ ਕਮਾਂਦਾ ਹੈ ਤੇ ਮਾਲਕ ਨੂੰ (ਹਰ ਥਾਂ ਹਾਜ਼ਰ ਨਾਜ਼ਰ) ਨਹੀਂ ਸਮਝਦਾ,

ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥

ਉਸ ਨੂੰ ਪਾਗਲ ਕਹਣਾ ਚਾਹੀਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣਦਾ ਨਹੀਂ।

ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥

ਜਗਤ ਵਿਚ (ਵਿਕਾਰਾਂ ਦੀ) ਬਿਖਾਂਧ (ਐਸੀ) ਚੰਦਰੀ ਹੈ (ਵਿਕਾਰਾਂ ਵਿਚ ਪਿਆ ਮਨੁੱਖ ਵਿਕਾਰਾਂ ਦੇ) ਝੰਬੇਲੇ ਵਿਚ ਹੀ ਖਪਦਾ ਰਹਿੰਦਾ ਹੈ।

ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥

ਪ੍ਰਭੂ ਦਾ ਨਾਮ ਛੱਡ ਕੇ ਮੰਦ ਕਰਮ ਤੇ ਭਟਕਣਾ ਵਿਚ ਖ਼ੁਆਰ ਹੁੰਦਾ ਹੈ।

ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥

(ਮਨੁੱਖਾ ਜੀਵਨ ਦੇ) ਦੋ ਰਸਤੇ ਹਨ (ਮਾਇਆ ਤੇ ਨਾਮ), ਇਸ (ਜੀਵਨ ਵਿਚ) ਉਹੀ ਕਾਮਯਾਬ ਹੁੰਦਾ ਹੈ ਜੋ (ਦੋਹਾਂ ਰਸਤਿਆਂ ਵਿਚੋਂ) ਇਕ ਪਰਮਾਤਮਾ ਨੂੰ ਚੇਤੇ ਰੱਖਦਾ ਹੈ,

ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥

(ਨਹੀਂ ਤਾਂ) ਝੂਠ ਵਿਚ ਗ਼ਲਤਾਨ ਹੋਇਆ ਹੋਇਆ ਹੀ ਸੜਦਾ ਹੈ।

ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥

ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਸ ਲਈ ਸਾਰਾ ਜਗਤ ਸੋਹਣਾ ਹੈ।

ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥

ਉਹ ਖ਼ੁਦੀ ਮਿਟਾ ਕੇ ਪ੍ਰਭੂ ਦੇ ਦਰ ਤੇ ਪ੍ਰਭੂ ਦੀ ਦਰਗਾਹ ਵਿਚ ਸੁਰਖ਼ਰੂ ਹੁੰਦਾ ਹੈ ॥੯॥


ਮ : ੧ ਸਲੋਕੁ ॥
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥

(ਅਸਲ ਵਿਚ) ਉਹ ਮਨੁੱਖ ਜੀਊਂਦਾ ਹੈ, ਜਿਸ ਦੇ ਮਨ ਵਿਚ ਪਰਮਾਤਮਾ ਵੱਸ ਰਿਹਾ ਹੈ।

ਨਾਨਕ ਅਵਰੁ ਨ ਜੀਵੈ ਕੋਇ ॥

ਹੇ ਨਾਨਕ! (ਬੰਦਗੀ ਵਾਲੇ ਤੋਂ ਬਿਨਾ) ਕੋਈ ਹੋਰ ਜੀਊਂਦਾ ਨਹੀਂ ਹੈ।

ਜੇ ਜੀਵੈ ਪਤਿ ਲਥੀ ਜਾਇ ॥

ਜੇ ਨਾਮ-ਵਿਹੂਣਾ (ਵੇਖਣ ਨੂੰ) ਜੀਊਂਦਾ (ਭੀ) ਹੈ ਤਾਂ ਉਹ ਇੱਜ਼ਤ ਗਵਾ ਕੇ (ਏਥੋਂ) ਜਾਂਦਾ ਹੈ,

ਸਭੁ ਹਰਾਮੁ ਜੇਤਾ ਕਿਛੁ ਖਾਇ ॥

ਜੋ ਕੁਝ (ਏਥੇ) ਖਾਂਦਾ ਪੀਂਦਾ ਹੈ, ਹਰਾਮ ਹੀ ਖਾਂਦਾ ਹੈ।

ਰਾਜਿ ਰੰਗੁ ਮਾਲਿ ਰੰਗੁ ॥

ਜਿਸ ਮਨੁੱਖ ਦਾ ਰਾਜ ਵਿਚ ਪਿਆਰ ਹੈ, ਮਾਲ ਵਿਚ ਮੋਹ ਹੈ,

ਰੰਗਿ ਰਤਾ ਨਚੈ ਨੰਗੁ ॥

ਉਹ ਇਸ ਮੋਹ ਵਿਚ ਮਸਤਿਆ ਹੋਇਆ ਬੇ-ਸ਼ਰਮ ਹੋ ਕੇ ਨੱਚਦਾ ਹੈ (ਭਾਵ, ਮੱਚਦਾ ਹੈ, ਆਕੜਦਾ ਹੈ)।

ਨਾਨਕ ਠਗਿਆ ਮੁਠਾ ਜਾਇ ॥

ਹੇ ਨਾਨਕ! (ਉਹ) ਮਨੁੱਖ ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ,

ਵਿਣੁ ਨਾਵੈ ਪਤਿ ਗਇਆ ਗਵਾਇ ॥੧॥

ਪ੍ਰਭੂ ਦੇ ਨਾਮ ਤੋਂ ਸੱਖਣਾ ਇੱਜ਼ਤ ਗਵਾ ਕੇ (ਇਥੋਂ) ਜਾਂਦਾ ਹੈ ॥੧॥


ਮ : ੧ ॥
ਕਿਆ ਖਾਧੈ ਕਿਆ ਪੈਧੈ ਹੋਇ ॥

(ਸੋਹਣੇ ਭੋਜਨ) ਖਾਣ ਤੇ (ਸੋਹਣੇ ਕਪੜੇ) ਹੰਢਾਣ ਦਾ ਕੀਹ ਸੁਆਦ?

ਜਾ ਮਨਿ ਨਾਹੀ ਸਚਾ ਸੋਇ ॥

ਜੇ ਉਹ ਸੱਚਾ ਪ੍ਰਭੂ ਹਿਰਦੇ ਵਿਚ ਨਹੀਂ ਵੱਸਦਾ, (ਜਿਸ ਪ੍ਰਭੂ ਨੇ ਸਾਰੇ ਸੋਹਣੇ ਪਦਾਰਥ ਦਿੱਤੇ ਹਨ)।

ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥

ਕੀਹ ਹੋਇਆ ਜੇ ਮੇਵੇ, ਘਿਉ, ਮਿੱਠਾ ਗੁੜ ਮੈਦਾ ਤੇ ਮਾਸ ਆਦਿਕ ਪਦਾਰਥ ਵਰਤੇ?

ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥

ਕੀ ਹੋਇਆ ਜੇ (ਸੋਹਣੇ) ਕੱਪੜੇ ਤੇ ਸੌਖੀ ਸੇਜ ਮਿਲ ਗਈ ਤੇ ਜੇ ਮੌਜਾਂ ਮਾਣ ਲਈਆਂ?

ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥

ਤਾਂ ਕੀਹ ਬਣ ਗਿਆ ਜੇ ਫ਼ੌਜ, ਚੋਬਦਾਰ, ਚੋਰੀ-ਬਰਦਾਰ ਮਿਲ ਗਏ ਤੇ ਮਹਲਾਂ ਵਿਚ ਵੱਸਣਾ ਨਸੀਬ ਹੋਇਆ?

ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਪਦਾਰਥ ਨਾਸਵੰਤ ਹਨ ॥੨॥


ਪਵੜੀ ॥
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥

(ਪ੍ਰਭੂ ਦੇ ਦਰ ਤੇ ਤਾਂ) ਸੱਚਾ ਨਾਮ (-ਰੂਪ ਸਉਦਾ) ਪਰਖਿਆ ਜਾਂਦਾ ਹੈ, ਜਾਤਿ ਦੇ ਹੱਥ ਵਿਚ ਕੁਝ ਨਹੀਂ ਹੈ (ਭਾਵ, ਕਿਸੇ ਜਾਤਿ ਵਰਣ ਦਾ ਕੋਈ ਲਿਹਾਜ਼ ਨਹੀਂ ਹੁੰਦਾ)।

ਮਹੁਰਾ ਹੋਵੈ ਹਥਿ ਮਰੀਐ ਚਖੀਐ ॥

(ਜਾਤਿ ਦਾ ਅਹੰਕਾਰ ਮਹੁਰੇ ਸਮਾਨ ਹੈ) ਜੇ ਕਿਸੇ ਪਾਸ ਮਹੁਰਾ ਹੋਵੇ (ਭਾਵੇਂ ਕਿਸੇ ਜਾਤਿ ਦਾ ਹੋਵੇ) ਜੇ ਮਹੁਰਾ ਖਾਇਗਾ ਤਾਂ ਮਰੇਗਾ।

ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥

ਅਕਾਲ ਪੁਰਖ ਦਾ ਇਹ ਨਿਆਂ ਹਰੇਕ ਜੁਗ ਵਿਚ ਵਰਤਦਾ ਸਮਝ ਲਵੋ (ਭਾਵ, ਕਿਸੇ ਭੀ ਜੁਗ ਵਿਚ ਜਾਤਿ ਦਾ ਲਿਹਾਜ਼ ਨਹੀਂ ਹੋਇਆ)।

ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥

ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਦਰਗਾਹ ਵਿਚ ਉਹੀ ਇੱਜ਼ਤ ਵਾਲਾ ਹੈ ਜੋ ਪ੍ਰਭੂ ਦਾ ਹੁਕਮ ਮੰਨਦਾ ਹੈ।

ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥

ਖਸਮ (ਪ੍ਰਭੂ) ਨੇ (ਜੀਵ ਨੂੰ) ਹੁਕਮ ਮੰਨਣ-ਰੂਪ ਕਾਰ ਦੇ ਕੇ (ਜਗਤ ਵਿਚ) ਭੇਜਿਆ ਹੈ।

ਤਬਲਬਾਜ ਬੀਚਾਰ ਸਬਦਿ ਸੁਣਾਇਆ ॥

ਨਗਾਚਰੀ ਗੁਰੂ ਨੇ ਸ਼ਬਦ ਦੀ ਰਾਹੀਂ ਇਹੀ ਗੱਲ ਸੁਣਾਈ ਹੈ (ਭਾਵ, ਗੁਰੂ ਨੇ ਸ਼ਬਦ ਦੀ ਰਾਹੀਂ ਇਸੇ ਗੱਲ ਦਾ ਢੰਡੋਰਾ ਦੇ ਦਿੱਤਾ ਹੈ)।

ਇਕਿ ਹੋਏ ਅਸਵਾਰ ਇਕਨਾ ਸਾਖਤੀ ॥

(ਇਹ ਢੰਡੋਰਾ ਸੁਣ ਕੇ) ਕਈ (ਗੁਰਮੁਖ) ਤਾਂ ਅਸਵਾਰ ਹੋ ਗਏ ਹਨ (ਭਾਵ, ਇਸ ਰਾਹ ਤੇ ਤੁਰ ਪਏ ਹਨ), ਕਈ ਬੰਦੇ ਤਿਆਰ ਹੋ ਪਏ ਹਨ,

ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥

ਕਈਆਂ ਨੇ ਅਸਬਾਬ ਲੱਦ ਲਏ ਹਨ, ਤੇ ਕਈ ਛੇਤੀ ਦੌੜ ਪਏ ਹਨ ॥੧੦॥


ਸਲੋਕੁ ਮ : ੧ ॥
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥

ਜਦੋਂ (ਕਣਕ ਆਦਿਕ ਫ਼ਸਲ ਦਾ ਬੂਟਾ) ਪੱਕ ਜਾਂਦਾ ਹੈ ਤਾਂ (ਉਤੋਂ ਉਤੋਂ) ਵੱਢ ਲਈਦਾ ਹੈ, (ਕਣਕ ਦੀ) ਨਾੜ ਤੇ (ਪੈਲੀ ਦੀ) ਵਾੜ ਪਿੱਛੇ ਰਹਿ ਜਾਂਦੀ ਹੈ।

ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥

ਇਸ ਨੂੰ ਸਿੱਟਿਆਂ ਸਮੇਤ ਗਾਹ ਲਈਦਾ ਹੈ, ਤੇ ਬੋਹਲ ਉਡਾ ਕੇ ਦਾਣੇ ਕੱਢ ਲਈਦੇ ਹਨ।

ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥

ਚੱਕੀ ਦੇ ਦੋਵੇਂ ਪੁੜ ਰੱਖ ਕੇ (ਇਹਨਾਂ ਦਾਣਿਆਂ ਨੂੰ) ਪੀਹਣ ਲਈ (ਪ੍ਰਾਣੀ) ਆ ਬੈਠਦਾ ਹੈ,

ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥

(ਪਰ) ਹੇ ਨਾਨਕ! ਇਕ ਅਚਰਜ ਤਮਾਸ਼ਾ ਵੇਖਿਆ ਹੈ, ਜੋ ਦਾਣੇ (ਚੱਕੀ ਦੇ) ਦਰ ਤੇ (ਭਾਵ, ਕਿੱਲੀ ਦੇ ਨੇੜੇ) ਰਹਿੰਦੇ ਹਨ, ਉਹ ਪੀਸਣੋਂ ਬਚ ਜਾਂਦੇ ਹਨ (ਇਸੇ ਤਰ੍ਹਾਂ, ਜੋ ਮਨੁੱਖ ਪ੍ਰਭੂ ਦੇ ਦਰ ਤੇ ਰਹਿੰਦੇ ਹਨ ਉਹਨਾਂ ਨੂੰ ਜਗਤ ਦੇ ਵਿਕਾਰ ਪੋਹ ਨਹੀਂ ਸਕਦੇ) ॥੧॥


ਮ : ੧ ॥
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥

(ਹੇ ਭਾਈ!) ਵੇਖ ਕਿ ਗੰਨਾ ਵੱਢੀਦਾ ਹੈ, ਛਿੱਲ ਛਿੱਲ ਕੇ, ਰੱਸੀ ਪਾ ਕੇ ਬੰਨ੍ਹ ਲਈਦਾ ਹੈ (ਭਾਵ, ਭਰੀਆਂ ਬੰਨ੍ਹ ਲਈਦੀਆਂ ਹਨ)।

ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥

ਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਭਲਵਾਨ (ਭਾਵ, ਜ਼ਿਮੀਦਾਰ) ਇਸ ਨੂੰ (ਮਾਨੋ) ਸਜ਼ਾ ਦੇਂਦੇ ਹਨ (ਭਾਵ, ਪੀੜਦੇ ਹਨ)।

ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥

ਸਾਰੀ ਰਹੁ ਕੜਾਹੇ ਵਿਚ ਪਾ ਲਈਦੀ ਹੈ, (ਅੱਗ ਦੇ ਸੇਕ ਨਾਲ ਇਹ ਰਹੁ) ਕੜ੍ਹਦੀ ਹੈ ਤੇ (ਮਾਨੋ) ਵਿਲਕਦੀ ਹੈ।

ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥

(ਗੰਨੇ ਦਾ) ਉਹ ਫੋਗ (ਚੂਰਾ) ਭੀ ਸਾਂਭ ਲਈਦਾ ਹੈ ਤੇ (ਸੁਕਾ ਕੇ ਕੜਾਹੇ ਹੇਠ) ਅੱਗ ਵਿਚ ਸਾੜ ਦੇਈਦਾ ਹੈ।

ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥

ਹੇ ਨਾਨਕ! (ਆਖ-) ਹੇ ਲੋਕੋ! ਆ ਕੇ (ਗੰਨੇ ਦਾ ਹਾਲ) ਵੇਖੋ, ਮਿੱਠੇ ਦੇ ਕਾਰਣ (ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ) ਖ਼ੁਆਰ ਹੋਈਦਾ ਹੈ ॥੨॥


ਪਵੜੀ ॥
ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥

ਕਈ ਬੰਦੇ (ਦੁਨੀਆ ਦੀਆਂ) ਬੜੀਆਂ ਆਸਾਂ (ਮਨ ਵਿਚ ਬਣਾਂਦੇ ਰਹਿੰਦੇ ਹਨ, ਮੌਤ ਦਾ ਖ਼ਿਆਲ ਉਹਨਾਂ ਦੇ) ਚਿੱਤ ਵਿਚ ਨਹੀਂ ਆਉਂਦਾ।

ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥

ਉਹ ਨਿੱਤ ਜੰਮਦੇ ਮਰਦੇ ਹਨ, (ਭਾਵ, ਹਰ ਵੇਲੇ ਸਹਸਿਆਂ ਵਿਚ ਦੁਖੀ ਹੁੰਦੇ ਹਨ; ਕਦੇ ਘੜੀ ਸੁਖਾਲੇ ਤੇ ਫਿਰ ਦੁਖੀ ਦੇ ਦੁਖੀ)। ਕਿਸੇ ਦੇ ਭੀ ਉਹ (ਕਦੇ ਯਾਰ) ਨਹੀਂ ਬਣਦੇ।

ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥

ਉਹ ਲੋਕ ਆਪਣੇ ਮਨ ਵਿਚ ਚਿੱਤ ਵਿਚ (ਆਪਣੇ ਆਪ ਨੂੰ) ਚੰਗੇ ਆਖਦੇ ਹਨ,

ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥

(ਪਰ) ਉਹਨਾਂ ਮਨਮੁਖਾਂ ਨੂੰ ਸਦਾ ਹੀ ਜਮਰਾਜ ਵੇਖਦਾ ਰਹਿੰਦਾ ਹੈ (ਭਾਵ, ਸਮਝਦੇ ਤਾਂ ਆਪਣੇ ਆਪ ਨੂੰ ਨੇਕ ਹਨ, ਪਰ ਕਰਤੂਤਾਂ ਉਹ ਹਨ ਜਿਨ੍ਹਾਂ ਕਰਕੇ ਜਮਾਂ ਦੇ ਵੱਸ ਪੈਂਦੇ ਹਨ)।

ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਲੂਣ-ਹਰਾਮੀ ਬੰਦੇ ਪਰਮਾਤਮਾ ਦੇ ਕੀਤੇ ਉਪਕਾਰ (ਦੀ ਸਾਰ) ਨਹੀਂ ਜਾਣਦੇ।

ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥

ਬੱਧੇ-ਰੁੱਧੇ ਹੀ (ਉਸ ਨੂੰ) ਸਲਾਮਾਂ ਕਰਦੇ ਹਨ, (ਇਸ ਤਰ੍ਹਾਂ) ਉਸ ਖਸਮ ਨੂੰ ਪਿਆਰੇ ਨਹੀਂ ਲੱਗ ਸਕਦੇ।

ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥

(ਜਿਸ ਮਨੁੱਖ ਨੂੰ) ਰੱਬ ਮਿਲ ਪਿਆ ਹੈ, ਜਿਸ ਦੇ ਮੂੰਹ ਵਿਚ ਰੱਬ ਦਾ ਨਾਮ ਹੈ, ਉਹ ਖਸਮ (ਰੱਬ) ਨੂੰ ਪਿਆਰਾ ਲੱਗਦਾ ਹੈ।

ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥

ਉਸ ਨੂੰ ਤਖਤ ਉਤੇ (ਬੈਠੇ ਨੂੰ) ਸਾਰੇ ਲੋਕ ਸਲਾਮ ਕਰਦੇ ਹਨ, (ਧੁਰੋਂ ਰੱਬ ਵਲੋਂ) ਲਿਖੇ ਇਸ ਲੇਖ (ਦੇ ਫਲ ਨੂੰ) ਉਹ ਪ੍ਰਾਪਤ ਕਰਦਾ ਹੈ ॥੧੧॥


ਮ : ੧ ਸਲੋਕੁ ॥
ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥

ਤਾਰੂ ਪਾਣੀ ਮੱਛੀ ਨੂੰ ਕੀਹ ਕਰ ਸਕਦਾ ਹੈ? (ਭਾਵੇਂ ਕਿਤਨਾ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ)। ਆਕਾਸ਼ ਪੰਛੀ ਨੂੰ ਕੀਹ ਕਰ ਸਕਦਾ ਹੈ? (ਆਕਾਸ਼ ਕਿਤਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ।) (ਪਾਣੀ ਆਪਣੀ ਡੂੰਘਾਈ ਦਾ ਤੇ ਆਕਾਸ਼ ਆਪਣੀ ਖੁਲ੍ਹਾ ਦਾ ਅਸਰ ਨਹੀਂ ਪਾ ਸਕਦਾ)।

ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥

ਪਾਲਾ (ਕੱਕਰ) ਪੱਥਰ ਉਤੇ ਅਸਰ ਨਹੀਂ ਪਾ ਸਕਦਾ, ਘਰ ਦੇ ਵਸੇਬੇ ਦਾ ਅਸਰ ਖੁਸਰੇ (ਹੀਜੜੇ) ਉਤੇ ਨਹੀਂ ਪੈਂਦਾ।

ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥

ਜੇ ਕੁੱਤੇ ਨੂੰ ਚੰਦਨ ਭੀ ਲਾ ਦੇਈਏ, ਤਾਂ ਭੀ ਉਸ ਦਾ ਅਸਲਾ ਕੁੱਤਿਆਂ ਵਾਲਾ ਹੀ ਰਹਿੰਦਾ ਹੈ।

ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥

ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਸਿੰਮ੍ਰਿਤੀਆਂ ਦੇ ਪਾਠ ਉਸ ਦੇ ਕੋਲ ਕਰੀਏ (ਉਹ ਤਾਂ ਸੁਣ ਹੀ ਨਹੀਂ ਸਕਦਾ)।

ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥

ਅੰਨ੍ਹੇ ਮਨੁੱਖ ਨੂੰ ਚਾਨਣ ਵਿਚ ਰੱਖਿਆ ਜਾਏ, (ਉਸ ਦੇ ਪਾਸ ਭਾਵੇਂ) ਪੰਜਾਹ ਦੀਵੇ ਪਏ ਬਲਣ (ਉਸ ਨੂੰ ਕੁਝ ਨਹੀਂ ਦਿੱਸਣਾ)।

ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥

ਚੁਗਣ ਗਏ ਪਸ਼ੂਆਂ ਦੇ ਵੱਗ ਅਗੇ ਜੇ ਸੋਨਾ ਖਿਲਾਰ ਦੇਈਏ, ਤਾਂ ਭੀ ਉਹ ਘਾਹ ਚੁਗ ਚੁਗ ਕੇ ਹੀ ਖਾਏਗਾ (ਸੋਨੇ ਦੀ ਉਸ ਨੂੰ ਕਦਰ ਨਹੀਂ ਪੈ ਸਕਦੀ)।

ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥

ਲੋਹੇ ਦਾ ਕੁਸ਼ਤਾ ਕਰ ਦੇਈਏ, ਤਾਂ ਭੀ ਢਲ ਕੇ ਉਹ ਕਪਾਹ (ਵਰਗਾ ਨਰਮ) ਨਹੀਂ ਬਣ ਸਕਦਾ।

ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥

ਹੇ ਨਾਨਕ! ਇਹੀ ਖ਼ੋਆਂ ਮੂਰਖ ਦੀਆਂ ਹਨ, ਕਿਤਨੀ ਮਤ ਦਿਓ, ਉਹ ਜਦੋਂ ਭੀ ਬੋਲਦਾ ਹੈ ਸਦਾ (ਉਹੀ ਬੋਲਦਾ ਹੈ ਜਿਸ ਨਾਲ ਕਿਸੇ ਦਾ) ਨੁਕਸਾਨ ਹੀ ਹੋਵੇ ॥੧॥


ਮ : ੧ ॥
ਕੈਹਾ ਕੰਚਨੁ ਤੁਟੈ ਸਾਰੁ ॥

ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ,

ਅਗਨੀ ਗੰਢੁ ਪਾਏ ਲੋਹਾਰੁ ॥

ਅੱਗ ਨਾਲ ਲੋਹਾਰ (ਆਦਿਕ) ਗਾਂਢਾ ਲਾ ਦੇਂਦਾ ਹੈ।

ਗੋਰੀ ਸੇਤੀ ਤੁਟੈ ਭਤਾਰੁ ॥

ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ,

ਪੁਤੀਂ ਗੰਢੁ ਪਵੈ ਸੰਸਾਰਿ ॥

ਤਾਂ ਜਗਤ ਵਿਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ।

ਰਾਜਾ ਮੰਗੈ ਦਿਤੈ ਗੰਢੁ ਪਾਇ ॥

ਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ, (ਨਾਹ ਦਿੱਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ।

ਭੁਖਿਆ ਗੰਢੁ ਪਵੈ ਜਾ ਖਾਇ ॥

ਭੁੱਖ ਨਾਲ ਆਤੁਰ ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ।

ਕਾਲਾ ਗੰਢੁ ਨਦੀਆ ਮੀਹ ਝੋਲ ॥

ਕਾਲਾਂ ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ।

ਗੰਢੁ ਪਰੀਤੀ ਮਿਠੇ ਬੋਲ ॥

ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ।

ਬੇਦਾ ਗੰਢੁ ਬੋਲੇ ਸਚੁ ਕੋਇ ॥

ਵੈਦ (ਆਦਿਕ ਧਰਮ ਪੁਸਤਕਾਂ) ਨਾਲ (ਮਨੁੱਖ ਦਾ ਤਦੋਂ) ਜੋੜ ਜੋੜਦਾ ਹੈ ਜੇ ਮਨੁੱਖ ਸੱਚ ਬੋਲੇ।

ਮੁਇਆ ਗੰਢੁ ਨੇਕੀ ਸਤੁ ਹੋਇ ॥

ਮੁਏ ਬੰਦਿਆਂ ਦਾ (ਜਗਤ ਨਾਲ) ਸੰਬੰਧ ਬਣਿਆ ਰਹਿੰਦਾ ਹੈ (ਭਾਵ, ਪਿਛੋਂ ਲੋਕ ਯਾਦ ਕਰਦੇ ਹਨ) ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ।

ਏਤੁ ਗੰਢਿ ਵਰਤੈ ਸੰਸਾਰੁ ॥

(ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ।

ਮੂਰਖ ਗੰਢੁ ਪਵੈ ਮੁਹਿ ਮਾਰ ॥

ਮੂੰਹ ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ।

ਨਾਨਕੁ ਆਖੈ ਏਹੁ ਬੀਚਾਰੁ ॥

ਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ,

ਸਿਫਤੀ ਗੰਢੁ ਪਵੈ ਦਰਬਾਰਿ ॥੨॥

ਕਿ (ਪਰਮਾਤਮਾ ਦੀ) ਸਿਫ਼ਤ-ਸਾਲਾਹ ਦੀ ਰਾਹੀਂ (ਪ੍ਰਭੂ ਦੇ ਦਰਬਾਰ ਵਿਚ (ਆਦਰ-ਪਿਆਰ ਦਾ) ਜੋੜ ਜੁੜਦਾ ਹੈ ॥੨॥

1
2
3
4
5