ਰਾਗ ਬਿਲਾਵਲੁ – ਬਾਣੀ ਸ਼ਬਦ-Part 6 – Raag Bilaval – Bani

ਰਾਗ ਬਿਲਾਵਲੁ – ਬਾਣੀ ਸ਼ਬਦ-Part 6 – Raag Bilaval – Bani

ਬਿਲਾਵਲੁ ॥

ਬਿਲਾਵਲ।

ਚਰਨ ਕਮਲ ਜਾ ਕੈ ਰਿਦੈ ਬਸਹਿ; ਸੋ ਜਨੁ ਕਿਉ ਡੋਲੈ? ਦੇਵ ॥

ਹੇ ਮੇਰੇ ਸਾਹਿਬ! ਉਹ ਇਨਸਾਨ ਕਿਉਂ ਡਿਕਡੋਲੇ ਖਾਵੇ ਜਿਸ ਦੇ ਹਿਰਦੇ ਅੰਦਰ ਤੇਰੇ ਕੰਵਲ ਰੂਪੀ ਪੈਰ ਵਸਦੇ ਹਨ।

ਮਾਨੌ, ਸਭ ਸੁਖ ਨਉ ਨਿਧਿ ਤਾ ਕੈ; ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥

ਮੰਨ ਲਓ ਕਿ ਸਾਰੇ ਆਰਾਮ ਅਤੇ ਨੋ ਖਜਾਨੇ ਉਸ ਦੇ ਮਨ ਜੋ ਸੁਭਾਵਕ ਹੀ ਅਤੇ ਅਡੋਲਤਾ ਨਾਲ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ। ਠਹਿਰਾੳ।

ਤਬ ਇਹ ਮਤਿ, ਜਊ ਸਭ ਮਹਿ ਪੇਖੈ; ਕੁਟਿਲ ਗਾਂਠਿ ਜਬ ਖੋਲੈ ਦੇਵ ॥

ਕੇਵਲ ਤਦ ਹੀ ਇਹ ਮਨ ਪਵਿੱਤ੍ਰ ਹੁੰਦਾ ਹੈ, ਜਦ ਇਨਸਾਨ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ ਅਤੇ ਜਦ ਉਹ ਆਪਣੀ ਕੁਟਲਤਾ ਦੀ ਗੰਢ ਨੂੰ ਖੋਲ੍ਹ ਦਿੰਦਾ ਹੈ।

ਬਾਰੰ ਬਾਰ ਮਾਇਆ ਤੇ ਅਟਕੈ; ਲੈ ਨਰਜਾ, ਮਨੁ ਤੋਲੈ ਦੇਵ ॥੧॥

ਪ੍ਰਾਣੀ ਨੂੰ ਆਪਣੇ ਆਪ ਨੂੰ ਪਾਪ ਵੱਲੋਂ ਸਦੀਵ ਹੀ ਰੋਕਣਾ ਚਾਹੀਦਾ ਹੈ ਅਤੇ ਸੁਆਮੀ ਦੇ ਸਿਮਰਨ ਦੀ ਤੱਕੜੀ ਲੈ ਕੇ ਇਸ ਵਿੱਚ ਆਪਣੇ ਮਨੂਏ ਨੂੰ ਜੋਖਣਾ ਉਚਿਤ ਹੈ।

ਜਹ ਉਹੁ ਜਾਇ, ਤਹੀ ਸੁਖੁ ਪਾਵੈ; ਮਾਇਆ ਤਾਸੁ ਨ ਝੋਲੈ ਦੇਵ ॥

ਜਿਥੇ ਕਿੱਤੇ ਭੀ ਉਹ ਜਾਂਦਾ ਹੈ ਉਥੇ ਹੀ ਉਹ ਆਰਾਮ ਪਾਉਂਦਾ ਹੈ ਅਤੇ ਪਾਪ ਉਸ ਦੀ ਹਲੂਣਦੇ ਨਹੀਂ, ਹੇ ਸੁਆਮੀ!

ਕਹਿ ਕਬੀਰ, ਮੇਰਾ ਮਨੁ ਮਾਨਿਆ; ਰਾਮ ਪ੍ਰੀਤਿ ਕੀਓ ਲੈ, ਦੇਵ ॥੨॥੧੨॥

ਕਬੀਰ ਦੀ ਆਖਦੇ ਹਨ, ਮੇਰਾ ਚਿੱਤ ਪਰਮ ਪ੍ਰਸੰਨ ਹੋ ਗਿਆ ਕਿਉਕਿ ਮੈਂ ਇਸ ਨੂੰ ਸੁਆਮੀ ਮਾਲਕ ਦੇ ਪ੍ਰਮ ਅੰਦਰ ਲੀਨ ਕਰ ਦਿੱਤਾ ਹੈ।


ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ

ਬਿਲਾਵਲ। ਭਗਤ ਨਾਮਦੇਵ ਜੀ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਫਲ ਜਨਮੁ ਮੋ ਕਉ, ਗੁਰ ਕੀਨਾ ॥

ਗੁਰਾਂ ਨੇ ਮੇਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।

ਦੁਖ ਬਿਸਾਰਿ, ਸੁਖ ਅੰਤਰਿ ਲੀਨਾ ॥੧॥

ਮੈਂ ਦੁੱਖ ਦਰਦ ਨੂੰ ਭੁਲਾ ਦਿੱਤਾ ਹੈ ਅਤੇ ਮੇਰੇ ਅੰਦਰ ਠੰਢ-ਚੈਨ ਵਰਤ ਗਈ ਹੈ।

ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥

ਗੁਰਾਂ ਨੇ ਮੈਨੂੰ ਬ੍ਰਹਿਮਬੋਧ ਦਾ ਸੁਰਮਾ ਪਰਦਾਨ ਕੀਤਾ ਹੈ।

ਰਾਮ ਨਾਮ ਬਿਨੁ, ਜੀਵਨੁ ਮਨ ਹੀਨਾ ॥੧॥ ਰਹਾਉ ॥

ਸੁਆਮੀ ਦੇ ਨਾਮ ਦੇ ਬਾਝੋਂ ਬੇਫਾਇਦਾ ਹੈ ਮਨੁੱਖ ਦੀ ਜਿੰਦਗੀ। ਠਹਿਰਾਉ।

ਨਾਮਦੇਇ, ਸਿਮਰਨੁ ਕਰਿ ਜਾਨਾਂ ॥

ਭਜਨ ਬੰਦਗੀ ਦੇ ਰਾਹੀਂ ਨਾਮਦੇਵ ਨੇ ਆਪਣੀ ਸਾਈਂ ਨੂੰ ਜਾਣ ਲਿਆ ਹੈ।

ਜਗਜੀਵਨ ਸਿਉ, ਜੀਉ ਸਮਾਨਾਂ ॥੨॥੧॥

ਉਸ ਦੀ ਆਤਮਾ, ਸ਼੍ਰਿਸ਼ਟੀ ਦੀ ਜਿੰਦ-ਜਾਨ ਸੁਆਮੀ ਨਾਲ ਅਭੇਦ ਹੋ ਗਈ ਹੈ।


ਬਿਲਾਵਲੁ ਬਾਣੀ ਰਵਿਦਾਸ ਭਗਤ ਕੀ

ਬਿਲਾਵਲ ਸ਼ਬਦ ਭਗਤ ਰਵਿਦਾਸ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਦਾਰਿਦੁ ਦੇਖਿ ਸਭ ਕੋ ਹਸੈ; ਐਸੀ ਦਸਾ ਹਮਾਰੀ ॥

ਹਰ ਕੋਈ ਮੇਰੀ ਗਰੀਬੀ ਦੇਖ ਕੇ ਹੱਸਦਾ ਸੀ, ਇਹੋ ਜਿਹੀ ਸੀ ਮੇਰੀ ਹਾਲਤ।

ਅਸਟ ਦਸਾ ਸਿਧਿ, ਕਰ ਤਲੈ; ਸਭ ਕ੍ਰਿਪਾ ਤੁਮਾਰੀ ॥੧॥

ਹੁਣ, ਅਠਾਰ੍ਹਾਂ ਕਰਾਮਾਤੀ ਸ਼ਕਤੀਆਂ ਮੇਰੇ ਹੱਥ ਦੀ ਹਥੇਲੀ ਉਤੇ ਹਨ। ਇਹ ਸਮੂਹ ਤੇਰੀ ਮਿਹਰਬਾਨੀ ਹੈ।

ਤੂ ਜਾਨਤ ਮੈ ਕਿਛੁ ਨਹੀ; ਭਵ ਖੰਡਨ ਰਾਮ ॥

ਤੂੰ ਜਾਣਦਾ ਹੈਂ, ਮੈਂ ਕੋਈ ਸ਼ੈ ਨਹੀਂ, ਹੇ ਮੇਰੇ ਡਰ ਨਾਸ ਕਰਨਹਾਰ ਸੁਆਮੀ!

ਸਗਲ ਜੀਅ ਸਰਨਾਗਤੀ; ਪ੍ਰਭ ਪੂਰਨ ਕਾਮ ॥੧॥ ਰਹਾਉ ॥

ਸਾਰੇ ਪ੍ਰਾਣਧਾਰੀ ਤੇਰੀ ਪਨਾਹ ਲੋੜਦੇ ਹਨ, ਹੇ ਸਾਰਿਆਂ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲੇ ਸੁਆਮੀ! ਠਹਿਰਾਉ।

ਜੋ ਤੇਰੀ ਸਰਨਾਗਤਾ; ਤਿਨ ਨਾਹੀ ਭਾਰੁ ॥

ਜੋ ਤੇਰੀ ਪਨਾਹ ਲੈਂਦੇ ਹਨ, ਉਹ ਮੁੜ ਕੇ ਪਾਪਾਂ ਦਾ ਬੋਝ ਨਹੀਂ ਚੁਕਦੇ, ਹੇ ਸੁਆਮੀ।

ਊਚ ਨੀਚ ਤੁਮ ਤੇ ਤਰੇ; ਆਲਜੁ ਸੰਸਾਰੁ ॥੨॥

ਵੱਡਿਆਂ ਅਤੇ ਛੋਟਿਆਂ ਦਾ ਤੂੰ ਬੇਸ਼ਰਮ ਦੁਨੀਆਂ ਤੋਂ ਪਾਰ ਉਤਾਰਾ ਕਰ ਦਿੱਤਾ ਹੈ।

ਕਹਿ ਰਵਿਦਾਸ ਅਕਥ ਕਥਾ; ਬਹੁ ਕਾਇ ਕਰੀਜੈ ॥

ਰਵਿਦਾਸ ਆਖਦੇ ਹਨ, ਸਾਈਂ ਦੀਆਂ ਅਕਹਿ ਵਾਰਤਾ ਦੇ ਸੰਬੰਧ ਵਿੱਚ ਵਧੇਰੇ ਕੀ ਆਖਣਾ ਹੋਇਆ?

ਜੈਸਾ ਤੂ, ਤੈਸਾ ਤੁਹੀ; ਕਿਆ ਉਪਮਾ ਦੀਜੈ? ॥੩॥੧॥

ਜਿਹੋ ਜਿਹਾ ਤੂੰ ਹੈਂ, ਉਹੋ ਜਿਹਾ ਕੇਵਲ ਤੂੰ ਹੀ ਹੈਂ। ਤੇਰੀ ਮਹਿਮਾ ਨੂੰ ਮੈਂ ਕੀਹਦੇ ਨਾਲ ਤੁਲਨਾ ਦੇਵਾਂ?


ਬਿਲਾਵਲੁ ॥

ਬਿਲਾਵਲ।

ਜਿਹ ਕੁਲ, ਸਾਧੁ ਬੈਸਨੌ ਹੋਇ ॥

ਜਿਸ ਖਾਨਦਾਨ ਵਿੱਚ ਪ੍ਰਭੂ ਦਾ ਸੰਤ ਜਨਮ ਧਾਰਦਾ ਹੈ,

ਬਰਨ ਅਬਰਨ ਰੰਕੁ ਨਹੀ ਈਸੁਰੁ; ਬਿਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ ॥

ਭਾਵੇਂ ਇਹ ਉਚ ਜਾਤੀ ਹੋਵੇ ਜਾਂ ਨੀਵੀਂ, ਗਰੀਬ ਜਾਂ ਅਮੀਰ ਇਸ ਦੀ ਪਵਿੱਤਰ ਮਹਿਮ ਅਤੇ ਸ਼ੋਭਾ ਸੰਸਾਰ ਅੰਦਰ ਪ੍ਰਗਟ ਹੋ ਜਾਂਦੀ ਹੈ। ਠਹਿਰਾਉ।

ਬ੍ਰਹਮਨ ਬੈਸ ਸੂਦ ਅਰੁ ਖ੍ਯ੍ਯਤ੍ਰੀ; ਡੋਮ ਚੰਡਾਰ ਮਲੇਛ ਮਨ ਸੋਇ ॥

ਭਾਵੇਂ ਉਹ ਬ੍ਰਾਹਮਣ, ਕਿਸਾਨ, ਕਮੀਨ, ਛਤ੍ਰੀ, ਮਰਾਸੀ, ਚੂੜਾ ਅਤੇ ਨੀਚ ਹਿਰਦੇ ਵਾਲਾ ਪੁਰਸ਼ ਹੋਵੇ,

ਹੋਇ ਪੁਨੀਤ ਭਗਵੰਤ ਭਜਨ ਤੇ; ਆਪੁ ਤਾਰਿ, ਤਾਰੇ ਕੁਲ ਦੋਇ ॥੧॥

ਉਹ ਪਵਿੱਤਰ ਹੋ ਜਾਂਦਾ ਹੈ ਹੇ ਸਾਈਂ ਦੀ ਬੰਦਗੀ ਦੁਆਰਾ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਮਾਪਿਆਂ ਦੇ ਦੋਨਾਂ ਖਾਨਦਾਨ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।

ਧੰਨਿ ਸੁ ਗਾਉ, ਧੰਨਿ ਸੋ ਠਾਉ; ਧੰਨਿ ਪੁਨੀਤ ਕੁਟੰਬ ਸਭ ਲੋਇ ॥

ਮੁਬਾਰਕ ਹੈ ਉਸ ਦਾ ਪਿੰਡ, ਮੁਬਾਰਕ ਉਸ ਦੇ ਜਨਮ ਲੈਣ ਦੀ ਜਗ੍ਹਾ ਤੇ ਸੁਬਹਾਨ ਉਸ ਦਾ ਪਵਿੱਤਰ ਖਾਨਦਾਨ, ਸਾਰਿਆਂ ਜਹਾਨਾਂ, ਅੰਦਰ।

ਜਿਨਿ ਪੀਆ ਸਾਰ ਰਸੁ, ਤਜੇ ਆਨ ਰਸ; ਹੋਇ ਰਸ ਮਗਨ, ਡਾਰੇ ਬਿਖੁ ਖੋਇ ॥੨॥

ਜੋ ਸਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ, ਉਹ ਹੋਰਨਾ ਸੁਆਦਾ ਨੂੰ ਛੱਡ ਦਿੰਦਾ ਹੈ ਅਤੇ ਈਸ਼ਵਰੀ ਆਬਿ-ਹਿਯਾਤ ਨਾਲ ਮਤਵਾਲਾ ਹੈ ਪਾਪਾਂ ਨੂੰ ਤਿਆਗ ਅਤੇ ਤਜ ਦਿੰਦਾ ਹੈ।

ਪੰਡਿਤ ਸੂਰ ਛਤ੍ਰਪਤਿ ਰਾਜਾ; ਭਗਤ ਬਰਾਬਰਿ ਅਉਰੁ ਨ ਕੋਇ ॥

ਵਿਦਵਾਨਾਂ, ਯੋਧਿਆਂ, ਤਖਤ ਤਾਜ ਵਾਲਿਆਂ ਪਾਤਿਸ਼ਾਹ ਅਤੇ ਹੋਰਨਾ ਵਿਚੋਂ, ਸੁਆਮੀ ਦੇ ਜਾਂਨਿਸਾਰ ਸੇਵਕ ਦੇ ਤੁਲ ਦਾ ਕੋਈ ਭੀ ਨਹੀਂ।

ਜੈਸੇ ਪੁਰੈਨ ਪਾਤ, ਰਹੈ ਜਲ ਸਮੀਪ; ਭਨਿ ਰਵਿਦਾਸ, ਜਨਮੇ ਜਗਿ ਓਇ ॥੩॥੨॥

ਰਵਿਦਾਸ ਜੀ ਆਖਦੇ ਹਨ, ਜਿਸ ਤਰ੍ਹਾਂ ਨੀਲੋਫਰ ਦੇ ਪੱਤੇ ਪਾਣੀ ਨੇੜੇ (ਅੰਦਰ) ਨਿਰਲੇਪ ਵਸਤੇ ਹਨ, ਉਸੇ ਤਰ੍ਹਾਂ ਦਾ ਹੈ ਉਨ੍ਹਾਂ ਸੰਤਾਂ ਦਾ ਇਹ ਜਹਾਨ ਅੰਦਰ ਜੀਵਨ।


ਬਾਣੀ ਸਧਨੇ ਕੀ ਰਾਗੁ ਬਿਲਾਵਲੁ

ਸਧਨੇ ਦੇ ਸ਼ਬਦ ਰਾਗ ਬਿਲਾਵਲ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਨ੍ਰਿਪ ਕੰਨਿਆ ਕੇ ਕਾਰਨੈ; ਇਕੁ ਭਇਆ ਭੇਖਧਾਰੀ ॥

ਪਾਤਿਸ਼ਾਹ ਦੀ ਲੜਕੀ ਦੀ ਖਾਤਰ ਇਕ ਆਦਮੀ ਨੈ ਵਿਸ਼ਨੂੰ ਦਾ ਸਰੂਪ ਇਖਤਿਆਰ ਕਰ ਲਿਆ,

ਕਾਮਾਰਥੀ ਸੁਆਰਥੀ; ਵਾ ਕੀ ਪੈਜ ਸਵਾਰੀ ॥੧॥

ਵਿਸ਼ੇ-ਭੋਗ ਦੀ ਪ੍ਰੀਤ ਅਤੇ ਆਪਣੇ ਸਵੈ-ਮਨੋਰਥ ਵਾਸਤੇ, ਪ੍ਰੰਤੂ ਪ੍ਰਭੂ ਨੇ ਉਸ ਦੀ ਇੱਜ਼ਤ ਆਬਰੂ ਬਚਾ ਲਈ।

ਤਵ ਗੁਨ ਕਹਾ ਜਗਤ ਗੁਰਾ! ਜਉ ਕਰਮੁ ਨ ਨਾਸੈ ॥

ਤੇਰੇ ਵਿੱਚ ਕੀ ਖੂਬੀ ਹੋਈ, ਹੇ ਸੰਸਾਰ ਦੇ ਗੁਰੂ! ਜੇਕਰ ਮੇਰੇ ਮੰਦੇ ਅਮਲ ਨਾਂ ਮਿਟਣ?

ਸਿੰਘ ਸਰਨ ਕਤ ਜਾਈਐ; ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥

ਸ਼ੇਰ ਦੀ ਪਨਾਹ ਲੈਣ ਦਾ ਕੀ ਲਾਭ, ਜੇਕਰ ਉਸ ਨੂੰ ਗਿੱਦੜ ਨੈ ਹੀ ਖਾ ਜਾਣਾ ਹੈ? ਠਹਿਰਾਉ।

ਏਕ ਬੂੰਦ ਜਲ ਕਾਰਨੇ; ਚਾਤ੍ਰਿਕੁ ਦੁਖੁ ਪਾਵੈ ॥

ਮੀਂਹ ਦੀ ਇਕ ਕਣੀ ਦੀ ਖਾਤਿਰ ਪਪੀਹਾ ਕਸ਼ਟ ਉਠਾਉਂਦਾ ਹੈ।

ਪ੍ਰਾਨ ਗਏ ਸਾਗਰੁ ਮਿਲੈ; ਫੁਨਿ ਕਾਮਿ ਨ ਆਵੈ ॥੨॥

ਜਦ ਇਸ ਦੀ ਜਿੰਦ ਨਿਕਲ ਗਈ, ਤਦ ਭਾਵੇਂ ਸਮੁੰਦਰ ਭੀ ਹੱਥ ਲੱਗ ਜਾਵੇ, ਇਸ ਦਾ ਕੋਈ ਲਾਭ ਨਹੀਂ।

ਪ੍ਰਾਨ ਜੁ ਥਾਕੇ ਥਿਰੁ ਨਹੀ; ਕੈਸੇ ਬਿਰਮਾਵਉ ॥

ਹੁਣ ਜਦ ਮੇਰਾ ਜੀਵਨ ਹਾਰਦਾ ਜਾ ਰਿਹਾ ਹੈ ਅਤੇ ਮੈਂ ਬਹੁਤ ਚਿਰ ਨਹੀਂ ਠਹਿਰਨਾ, ਮੈਂ ਕਿਸ ਤਰ੍ਹਾਂ ਧੀਰਜ ਕਰਾਂ?

ਬੂਡਿ ਮੂਏ ਨਉਕਾ ਮਿਲੈ; ਕਹੁ, ਕਾਹਿ ਚਢਾਵਉ ॥੩॥

ਜੇਕਰ ਮੈਂ ਡੁੱਬ ਕੇ ਮਰ ਗਿਆ ਅਤੇ ਕਿਸ਼ਤੀ ਮਿਲ ਗਈ, ਤਾਂ ਦੱਸੋ, ਮੈਂ ਉਸ ਉਤੇ ਕਿਸ ਤਰ੍ਹਾ ਚੜ੍ਹਾਂਗਾ?

ਮੈ ਨਾਹੀ, ਕਛੁ ਹਉ ਨਹੀ; ਕਿਛੁ ਆਹਿ ਨ ਮੋਰਾ ॥

ਮੈਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ ਅਤੇ ਮੇਰਾ ਕੁਝ ਭੀ ਨਹੀਂ ਹੈ।

ਅਉਸਰ ਲਜਾ ਰਾਖਿ ਲੇਹੁ; ਸਧਨਾ ਜਨੁ ਤੋਰਾ ॥੪॥੧॥

ਇਸ ਮੌਕੇ ਤੇ, ਤੂੰ ਮੇਰੀ ਪਤਿ-ਆਬਰੂ ਰੱਖ, ਹੇ ਪ੍ਰਭੂ! ਸਧਨਾ ਤੇਰਾ ਗੋਲਾ ਹੈ।

1
2
3
4
5
6