ਰਾਗ ਬਿਲਾਵਲੁ – ਬਾਣੀ ਸ਼ਬਦ-Part 4 – Raag Bilaval – Bani
ਰਾਗ ਬਿਲਾਵਲੁ – ਬਾਣੀ ਸ਼ਬਦ-Part 4 – Raag Bilaval – Bani
ਬਿਲਾਵਲੁ ਅਸਟਪਦੀਆ ਮਹਲਾ ੧ ਘਰੁ ੧੦
ਬਿਲਾਵਲ ਅਸ਼ਟਪਦੀਆ। ਪਹਿਲੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਨਿਕਟਿ ਵਸੈ, ਦੇਖੈ ਸਭੁ ਸੋਈ ॥
ਪ੍ਰਭੂ ਨੇੜੇ ਵਸਦਾ ਹੈ ਤੇ ਉਹ ਸਾਰਿਆਂ ਨੂੰ ਵੇਖਦਾ ਹੈ,
ਗੁਰਮੁਖਿ, ਵਿਰਲਾ ਬੂਝੈ ਕੋਈ ॥
ਕੋਈ ਵਿਰਲਾ ਜਣਾ ਹੀ, ਗੁਰਾਂ ਦੀ ਦਇਆ ਦੁਆਰਾ, ਇਸ ਗੱਲ ਨੂੰ ਸਮਝਦਾ ਹੈ।
ਵਿਣੁ ਭੈ ਪਇਐ, ਭਗਤਿ ਨ ਹੋਈ ॥
ਪ੍ਰਭੂ ਦਾ ਡਰ ਧਾਰਨ ਕਰਨ ਦੇ ਬਾਝੋਂ, ਉਸ ਦੀ ਉਪਾਸ਼ਨਾ ਕੀਤੀ ਨਹੀਂ ਜਾ ਸਕਦੀ।
ਸਬਦਿ ਰਤੇ, ਸਦਾ ਸੁਖੁ ਹੋਈ ॥੧॥
ਨਾਮ ਨਾਲ ਰੰਗੀਜਣ ਦੁਆਰਾ ਸਦੀਵ ਆਰਾਮ ਪਰਾਪਤ ਹੋ ਜਾਂਦਾ ਹੈ।
ਐਸਾ ਗਿਆਨੁ, ਪਦਾਰਥੁ ਨਾਮੁ ॥
ਇਹੋ ਜਿਹੀ ਹੈ ਪ੍ਰਭੂ ਦੀ ਰੱਬੀ ਗਿਆਤ ਅਤੇ ਨਾਮ ਦੀ ਦੌਲਤ,
ਗੁਰਮੁਖਿ ਪਾਵਸਿ, ਰਸਿ ਰਸਿ ਮਾਨੁ ॥੧॥ ਰਹਾਉ ॥
ਕਿ ਇਸ ਨੂੰ ਪਰਾਪਤ ਕਰ ਕੇ, ਗੁਰੂ-ਅਨੁਸਾਰੀ ਇਸ ਅੰਮ੍ਰਿਤ ਦੇ ਸੁਆਦ ਨੂੰ ਮਾਣਦੇ ਹਨ। ਠਹਿਰਾਉ।
ਗਿਆਨੁ ਗਿਆਨੁ, ਕਥੈ ਸਭੁ ਕੋਈ ॥
ਹਰ ਕੋਈ ਬ੍ਰਹਿਮ ਵੀਚਾਰ, ਬ੍ਰਹਿਮ ਵੀਚਾਰ ਬਾਰੇ ਗੱਲਾਂ ਕਰਦਾ ਹੈ।
ਕਥਿ ਕਥਿ ਬਾਦੁ, ਕਰੇ ਦੁਖੁ ਹੋਈ ॥
ਗੱਲਾਂ ਕਰਦਾ ਕਰਦਾ ਇਨਸਾਨ ਬਹਿਸ ਮੁਬਾਹਿਸਿਆਂ ਵਿੱਚ ਪੈਂ ਜਾਂਦਾ ਹੈ ਅਤੇ ਤਕਲੀਫ ਉਠਾਉਂਦਾ ਹੈ।
ਕਥਿ ਕਹਣੈ ਤੇ, ਰਹੈ ਨ ਕੋਈ ॥
ਕੋਈ ਜਣਾ ਪ੍ਰਭੂ ਦੀ ਗਿਆਤ ਬਾਰੇ ਗੋਸ਼ਟ ਤੇ ਗੱਲਾਂ ਕਰਨੇ ਰਹਿ ਨਹੀਂ ਸਕਦਾ।
ਬਿਨੁ ਰਸ ਰਾਤੇ, ਮੁਕਤਿ ਨ ਹੋਈ ॥੨॥
ਨਾਮ-ਅੰਮ੍ਰਿਤ ਦੇ ਨਾਲ ਰੰਗੇ ਜਾਣ ਦੇ ਬਗੈਰ ਮੁਕਤੀ ਪਰਾਪਤ ਨਹੀਂ ਹੋ ਸਕਦੀ।
ਗਿਆਨੁ ਧਿਆਨੁ, ਸਭੁ ਗੁਰ ਤੇ ਹੋਈ ॥
ਪ੍ਰਭੂ ਦੀ ਗਿਆਤ ਅਤੇ ਬੰਦਗੀ ਸਮੂਹ ਗੁਰਾਂ ਪਾਸੋਂ ਪਰਾਪਤ ਹੁੰਦੇ ਹਨ।
ਸਾਚੀ ਰਹਤ, ਸਾਚਾ ਮਨਿ ਸੋਈ ॥
ਸੱਚੀ ਜੀਵਨ ਰਹੁ-ਰੀਤੀ ਰਾਹੀਂ ਉਹ ਸੱਚਾ ਸਾਹਿਬ ਹਿਰਦੇ ਅੰਦਰ ਵਸ ਜਾਂਦਾ ਹੈ।
ਮਨਮੁਖ ਕਥਨੀ ਹੈ, ਪਰੁ ਰਹਤ ਨ ਹੋਈ ॥
ਪ੍ਰਤੀਕੂਲ ਪੁਰਸ਼ ਪਵਿੱਤਰਤਾ ਪ੍ਰਚਾਰਦਾ ਹੈ ਪ੍ਰੰਤੂ ਖੁਦ ਇਸ ਦੇ ਅਮਲ ਨਹੀਂ ਕਰਦਾ।
ਨਾਵਹੁ ਭੂਲੇ, ਥਾਉ ਨ ਕੋਈ ॥੩॥
ਨਾਮ ਨੂੰ ਭੁਲਾ ਕੇ, ਬੰਦੇ ਨੂੰ ਆਰਾਮ ਦੀ ਕੋਈ ਥਾਂ ਨਹੀਂ ਮਿਲਦੀ।
ਮਨੁ ਮਾਇਆ, ਬੰਧਿਓ ਸਰ ਜਾਲਿ ॥
ਮੋਹਨੀ ਨੇ ਇਨਸਾਨ ਨੂੰ ਸੰਸਾਰ ਦੇ ਤਾਲਾਬ ਦੇ ਫੰਧੇ ਨਾਲ ਜਕੜਿਆ ਹੋਇਆ ਹੈ।
ਘਟਿ ਘਟਿ ਬਿਆਪਿ ਰਹਿਓ, ਬਿਖੁ ਨਾਲਿ ॥
ਸਾਰਿਆਂ ਦਿਲਾਂ ਅੰਦਰ ਇਹ ਜਾਲ ਵਿਛਿਆ ਹੋਇਆ ਹੈ। ਪਾਪ ਦੀ ਚਾਟ ਸਮੇਤ।
ਜੋ ਆਜੈ, ਸੋ ਦੀਸੈ ਕਾਲਿ ॥
ਜੋ ਕੋਈ ਭੀ ਆਇਆ ਹੈ, ਉਹ ਮੌਤ ਦੇ ਅਧੀਨ ਦਿਸਦਾ ਹੈ।
ਕਾਰਜੁ ਸੀਧੋ, ਰਿਦੈ ਸਮ੍ਹ੍ਹਾਲਿ ॥੪॥
ਤੂੰ ਆਪਣੇ ਹਿਰਦੇ ਅੰਦਰ ਸੁਆਮੀ ਦਾ ਸਿਮਰਨ ਕਰ ਅਤੇ ਤੇਰਾ ਕੰਮ ਸੌਰ ਜਾਏਗਾ।
ਸੋ ਗਿਆਨੀ, ਜਿਨਿ ਸਬਦਿ ਲਿਵ ਲਾਈ ॥
ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਨਾਮ ਨਾਲ ਪਿਰਹੜੀ ਪਾਉਂਦਾ ਹੈ।
ਮਨਮੁਖਿ, ਹਉਮੈ ਪਤਿ ਗਵਾਈ ॥
ਆਪ-ਹੁਦਰਾ ਆਦਮੀ ਹੰਕਾਰ ਅੰਦਰ ਆਪਣੀ ਇੱਜ਼ਤ ਗੁਆ ਲੈਂਦਾ ਹੈ।
ਆਪੇ ਕਰਤੈ, ਭਗਤਿ ਕਰਾਈ ॥
ਸਿਰਜਣਹਾਰ ਆਪ ਹੀ ਆਪਣੀ ਸੇਵਾ ਵਿੱਚ ਜੋੜਦਾ ਹੈ।
ਗੁਰਮੁਖਿ, ਆਪੇ ਦੇ ਵਡਿਆਈ ॥੫॥
ਗੁਰੂ-ਅਨੁਸਾਰੀ ਨੂੰ ਉਹ ਆਪ ਹੀ ਪ੍ਰਭਤਾ ਬਖਸ਼ਦਾ ਹੈ।
ਰੈਣਿ ਅੰਧਾਰੀ, ਨਿਰਮਲ ਜੋਤਿ ॥
ਜੀਵਨ ਰਾਤ੍ਰੀ ਕਾਲੀ ਹੈ ਅਤੇ ਪਵਿੱਤਰ ਹੈ ਪ੍ਰਭੂ ਦੇ ਨਾਮ ਦਾ ਪ੍ਰਕਾਸ਼।
ਨਾਮ ਬਿਨਾ, ਝੂਠੇ ਕੁਚਲ ਕਛੋਤਿ ॥
ਨਾਮ ਦੇ ਬਾਝੋਂ ਕੂੜੇ, ਗੰਦੇ ਅਤੇ ਅਛੂਤ ਹਨ, ਪ੍ਰਾਣੀ।
ਬੇਦੁ ਪੁਕਾਰੈ, ਭਗਤਿ ਸਰੋਤਿ ॥
ਵੇਦ ਪ੍ਰਭੂ ਦੀ ਪ੍ਰੇਮ-ਮਈ ਸੇਵਾ ਦਾ ਧਰਮ-ਉਪਦੇਸ਼ ਪ੍ਰਚਾਰਦੇ ਹਨ।
ਸੁਣਿ ਸੁਣਿ ਮਾਨੈ, ਵੇਖੈ ਜੋਤਿ ॥੬॥
ਜੋ ਇਕਰ-ਰਸ ਸੁਣਦਾ ਅਤੇ ਵਿਸ਼ਵਾਸ ਕਰਦਾ ਹੈ, ਉਹ ਪ੍ਰਭੂ ਦੇ ਪ੍ਰਕਾਸ਼ ਨੂੰ ਵੇਖ ਲੈਂਦਾ ਹੈ।
ਸਾਸਤ੍ਰ ਸਿਮ੍ਰਿਤਿ, ਨਾਮੁ ਦ੍ਰਿੜਾਮੰ ॥
ਸ਼ਾਸਤਰ ਅਤੇ ਸਿਮਰਤੀਆਂ ਨਾਮ ਦੇ ਸਿਰਮਨ ਦੀ ਤਾਕੀਦ ਕਰਦੀਆਂ ਹਨ।
ਗੁਰਮੁਖਿ ਸਾਂਤਿ, ਊਤਮ ਕਰਾਮੰ ॥
ਗੁਰਾਂ ਦੀ ਦਇਆ ਦੁਆਰਾ, ਸਰੇਸ਼ਟ ਅਮਲ ਕਮਾ ਬੰਦਾ ਠੰਢ-ਚੈਨ ਅੰਦਰ ਵਸਦਾ ਹੈ।
ਮਨਮੁਖਿ, ਜੋਨੀ ਦੂਖ ਸਹਾਮੰ ॥
ਆਪ-ਹੁਦਰ ਪੁਰਸ਼ ਜੂਨੀਆਂ ਅੰਦਰ ਤਕਲੀਫ ਸਹਾਰਦਾ ਹੈ।
ਬੰਧਨ ਤੂਟੇ, ਇਕੁ ਨਾਮੁ ਵਸਾਮੰ ॥੭॥
ਅਦੁੱਤੀ ਸਾਈਂ ਦੇ ਨਾਮ ਨੂੰ ਰਿਦੇ ਅੰਦਰ ਟਿਕਾਉਣ ਦੁਆਰਾ, ਬੇੜੀਆ ਕੱਟੀਆਂ ਜਾਂਦੀਆਂ ਹਨ।
ਮੰਨੇ ਨਾਮੁ, ਸਚੀ ਪਤਿ ਪੂਜਾ ॥
ਨਾਮ ਵਿੱਚ ਭਰੋਸਾ ਧਾਰਨਾ ਸੱਚੀ ਇੱਜ਼ਤ ਅਤੇ ਉਪਾਸ਼ਨਾ ਪਰਾਪਤ ਕਰਨਾ ਹੈ।
ਕਿਸੁ ਵੇਖਾ? ਨਾਹੀ ਕੋ ਦੂਜਾ ॥
ਮੈਂ ਹੋਰ ਕਿਸ ਨੂੰ ਦੇਖਾਂ ਜਦ ਪ੍ਰਭੂ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ।
ਦੇਖਿ ਕਹਉ, ਭਾਵੈ ਮਨਿ ਸੋਇ ॥
ਸਾਰਿਆਂ ਨੂੰ ਵੇਖ ਕੇ ਮੈਂ ਆਖਦਾ ਹਾਂ ਕਿ ਕੇਵਲ ਉਹ ਸੁਆਮੀ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
ਬਿਲਾਵਲੁ ਮਹਲਾ ੧ ॥
ਬਿਲਾਵਲ ਪਹਿਲੀ ਪਾਤਿਸ਼ਾਹੀ।
ਮਨ ਕਾ ਕਹਿਆ, ਮਨਸਾ ਕਰੈ ॥
ਮਨੁੱਖ ਆਪਣੇ ਮਨੂਏ ਦੇ ਆਖੇ ਤੇ ਅਮਲ ਕਰਦਾ ਹੈ।
ਇਹੁ ਮਨੁ, ਪੁੰਨੁ ਪਾਪੁ ਉਚਰੈ ॥
ਇਹ ਮਨੂਆ ਨੇਕੀ ਅਤੇ ਬਦੀ ਦਾ ਭੋਜਨ ਕਰਦਾ ਹੈ।
ਮਾਇਆ ਮਦਿ ਮਾਤੇ, ਤ੍ਰਿਪਤਿ ਨ ਆਵੈ ॥
ਧਨ-ਦੌਲਤ ਦੇ ਹੰਕਾਰ ਨਾਲ ਨਸ਼ਈ ਹੋਏ ਹੋਏ ਪ੍ਰਾਣੀ ਨੂੰ ਰੱਜ ਨਹੀਂ ਆਉਂਦਾ।
ਤ੍ਰਿਪਤਿ ਮੁਕਤਿ, ਮਨਿ ਸਾਚਾ ਭਾਵੈ ॥੧॥
ਜਿਸ ਦੀ ਜਿੰਦੜੀ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ ਉਸ ਨੂੰ ਸੰਤੁਸ਼ਟਤਾ ਅਤੇ ਮੋਖਸ਼ ਪਰਾਪਤ ਹੋ ਜਾਂਦੇ ਹਨ।
ਤਨੁ ਧਨੁ ਕਲਤੁ, ਸਭੁ ਦੇਖੁ ਅਭਿਮਾਨਾ ॥
ਆਪਣੀ ਦੇਹ, ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ ਨੂੰ ਵੇਖ ਕੇ ਪ੍ਰਾਣੀ ਹੰਕਾਰੀ ਹੋ ਜਾਂਦਾ ਹੈ।
ਬਿਨੁ ਨਾਵੈ, ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥
ਸੁਆਮੀ ਦੇ ਨਾਮ ਦੇ ਬਾਝੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਂਦਾ। ਠਹਿਰਾਉ।
ਕੀਚਹਿ ਰਸ ਭੋਗ, ਖੁਸੀਆ ਮਨ ਕੇਰੀ ॥
ਇਨਸਾਨ ਆਪਣੇ ਚਿੱਤ ਦੀ ਰੀਝ ਵਾਲੀਆਂ ਨਿਆਮਤਾਂ, ਭੋਗ-ਬਿਲਾਸ ਅਤੇ ਰੰਗ-ਰਲੀਆਂ ਮਾਣਦਾ ਹੈ।
ਧਨੁ ਲੋਕਾਂ, ਤਨੁ ਭਸਮੈ ਢੇਰੀ ॥
ਓੜਕ ਨੂੰ ਉਸ ਦੀ ਦੌਲਤ ਹੋਰਨਾਂ ਪੁਰਸ਼ਾਂ ਕੋਲ ਚਲੀ ਜਾਂਦੀ ਹੈ। ਉਸ ਦੀ ਦੇਹ ਸੁਆਹ ਦਾ ਅੰਬਾਰ ਹੋ ਜਾਂਦੀ ਹੈ।
ਖਾਕੂ ਖਾਕੁ ਰਲੈ, ਸਭੁ ਫੈਲੁ ॥
ਇਹ ਸਾਰਾ ਮਿੱਟੀ ਦਾ ਪਸਾਰਾ ਅੰਤ ਨੂੰ ਮਿੱਟੀ ਵਿੱਚ ਮਿਲ ਜਾਂਦਾ ਹੈ।
ਬਿਨੁ ਸਬਦੈ, ਨਹੀ ਉਤਰੈ ਮੈਲੁ ॥੨॥
ਨਾਮ ਦੇ ਬਗੈਰ ਗਿਲਾਜ਼ਤ ਲਹਿੰਦੀ ਨਹੀਂ।
ਗੀਤ ਰਾਗ ਘਨ; ਤਾਲ, ਸਿ ਕੂਰੇ ॥
ਨਾਮ ਦੇ ਬਗੈਰ, ਕੂੜੇ ਹਨ ਅਨੇਕਾਂ ਗਾਉਣੇ ਤਰਾਨੇ ਅਤੇ ਸੁਰਤਾਲ।
ਤ੍ਰਿਹੁ ਗੁਣ ਉਪਜੈ, ਬਿਨਸੈ ਦੂਰੇ ॥
ਤਿੰਨਾਂ ਸੁਭਾਵਾਂ ਵਾਲੇ ਪ੍ਰਾਣੀ ਆਉਂਦੇ, ਜਾਂਦੇ ਅਤੇ ਸਾਹਿਬ ਤੋਂ ਦੂਰ ਰਹਿੰਦੇ ਹਨ।
ਦੂਜੀ ਦੁਰਮਤਿ, ਦਰਦੁ ਨ ਜਾਇ ॥
ਦਵੈਤ-ਭਾਵ ਅੰਦਰ ਗਲਤਾਨ ਹੋਣ ਕਾਰਨ, ਮੰਦ ਬੁੱਧੀ ਦੀ ਤਕਲੀਫ ਦੂਰ ਨਹੀਂ ਹੁੰਦੀ।
ਛੂਟੈ ਗੁਰਮੁਖਿ, ਦਾਰੂ ਗੁਣ ਗਾਇ ॥੩॥<//h5>
ਗੁਰੂ-ਅਨੁਸਾਰੀ ਪ੍ਰਭੂ ਦਾ ਜੱਸ ਗਾਇਨ ਕਰਨ ਦੀ ਦਵਾਈ ਖਾ ਕੇ ਬੰਦ-ਖਲਾਸ ਹੋ ਜਾਂਦਾ ਹੈ।
ਧੋਤੀ ਊਜਲ, ਤਿਲਕੁ ਗਲਿ ਮਾਲਾ ॥
ਭਾਵੇਂ ਕੋਈ ਸਾਫ-ਸੁਥਰੀ ਧੋਤੀ ਪਾ ਲਵੇ, ਆਪਣੇ ਮੱਥੇ ਉਤੇ ਟਿੱਕਾ ਲਾ ਲਵੇ ਅਤੇ ਆਪਣੀ ਗਰਦਨ ਦੁਆਲੇ ਸਿਮਰਨੀ ਪਹਿਨ ਲਵੇ,
ਅੰਤਰਿ ਕ੍ਰੋਧੁ; ਪੜਹਿ, ਨਾਟ ਸਾਲਾ ॥
ਪ੍ਰੰਤੂ ਜੇਕਰ ਉਸ ਦੇ ਅੰਦਰ ਗੁੱਸਾ ਹੈ ਤਾਂ ਉਹ ਤਮਾਸ਼ੇ-ਘਰ ਵਿੱਚ ਖੇਲ ਕਰਨ ਵਾਂਗੂੰ ਹੀ ਪੜ੍ਹਦਾ ਹੈ।
ਨਾਮੁ ਵਿਸਾਰਿ, ਮਾਇਆ ਮਦੁ ਪੀਆ ॥
ਨਾਮ ਨੂੰ ਭੁਲਾ ਕੇ, ਇਨਸਾਨ ਸੰਸਾਰੀ ਪਦਾਰਥਾਂ ਦੀ ਸ਼ਰਾਬ ਪੀਂਦਾ ਹੈ।
ਬਿਨੁ ਗੁਰ ਭਗਤਿ, ਨਾਹੀ ਸੁਖੁ ਥੀਆ ॥੪॥
ਗੁਰੂ ਦੀ ਉਪਾਸ਼ਨਾ ਦੇ ਬਾਝੋਂ ਖੁਸ਼ੀ ਪਰਾਪਤ ਨਹੀਂ ਹੁੰਦੀ।
ਸੂਕਰ ਸੁਆਨ, ਗਰਧਭ ਮੰਜਾਰਾ ॥
ਉਹ ਸੂਰ, ਕੁੱਤਾ, ਖੋਤਾ, ਬਿਲਾ,
ਪਸੂ ਮਲੇਛ, ਨੀਚ ਚੰਡਾਲਾ ॥
ਡੰਗਰ, ਮਲੀਣ ਮਨੁਸ਼, ਅਧਮ ਪੁਰਸ਼ ਅਤੇ ਕੰਮੀ ਹੈ,
ਗੁਰ ਤੇ ਮੁਹੁ ਫੇਰੇ, ਤਿਨ੍ਹ੍ਹ ਜੋਨਿ ਭਵਾਈਐ ॥
ਜੋ ਗੁਰਾਂ ਵੱਲੋਂ ਆਪਣਾ ਮੂੰਹ ਮੋੜ ਲੈਂਦਾ ਹੈ। ਉਸ ਨੂੰ ਜੂਨੀਆਂ ਅੰਦਰ ਭੁਆਇਆ ਜਾਂਦਾ ਹੈ।
ਬੰਧਨਿ ਬਾਧਿਆ ਆਈਐ ਜਾਈਐ ॥੫॥
ਜੂੜਾਂ ਨਾਲ ਜਕੜਿਆ ਹੋਇਆ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਗੁਰ ਸੇਵਾ ਤੇ, ਲਹੈ ਪਦਾਰਥੁ ॥
ਗੁਰਾਂ ਦੀ ਘਾਲ ਰਾਹੀਂ, ਬੰਦਾ ਨਾਮ ਦੀ ਦੌਲਤ ਪਾ ਲੈਂਦਾ ਹੈ।
ਹਿਰਦੈ ਨਾਮੁ, ਸਦਾ ਕਿਰਤਾਰਥੁ ॥
ਉਸ ਦੇ ਮਨ ਅੰਦਰ ਨਾਮ ਹੋਣ ਨਾਲ ਉਹ ਹਮੇਸ਼ਾਂ ਲਾਭ ਉਠਾਉਂਦਾ ਹੈ।
ਸਾਚੀ ਦਰਗਹ, ਪੂਛ ਨ ਹੋਇ ॥
ਸੱਚੇ ਦਰਬਾਰ ਅੰਦਰ ਉਸ ਤੋਂ ਲੇਖਾ ਪੱਤਾ ਪੁੱਛਿਆ ਨਹੀਂ ਜਾਂਦਾ।
ਮਾਨੇ ਹੁਕਮੁ, ਸੀਝੈ ਦਰਿ ਸੋਇ ॥੬॥
ਜੋ ਪ੍ਰਭੂ ਦੀ ਆਗਿਆ ਦੀ ਪਾਲਣਾ ਕਰਦਾ ਹੈ ਉਹ ਉਸ ਦੇ ਬੂਹੇ ਤੇ ਪਰਵਾਣਿਤ ਹੋ ਜਾਂਦਾ ਹੈ।
ਸਤਿਗੁਰੁ ਮਿਲੈ, ਤ ਤਿਸ ਕਉ ਜਾਣੈ ॥
ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਉਸ ਸੁਆਮੀ ਨੂੰ ਜਾਣ ਲੈਂਦਾ ਹੈ।
ਰਹੈ ਰਜਾਈ ਹੁਕਮੁ ਪਛਾਣੈ ॥
ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰ, ਉਹ ਰਜ਼ਾ ਦੇ ਅਨੁਸਾਰ ਟੁਰਦਾ ਹੈ।
ਹੁਕਮੁ ਪਛਾਣਿ, ਸਚੈ ਦਰਿ ਵਾਸੁ ॥
ਰਜ਼ਾ ਨੂੰ ਸਿੰਞਾਣ, ਉਹ ਸੱਚੇ ਦਰਬਾਰ ਅੰਦਰ ਵਸਦਾ ਹੈ।
ਕਾਲ ਬਿਕਾਲ, ਸਬਦਿ ਭਏ ਨਾਸੁ ॥੭॥
ਸਾਹਿਬ ਦੇ ਨਾਮ ਨਾਲ ਮਰਨਾ ਅਤੇ ਜੰਮਣਾ ਮਿਟ ਜਾਂਦਾ ਹੈ।
ਰਹੈ ਅਤੀਤੁ, ਜਾਣੈ ਸਭੁ ਤਿਸ ਕਾ ॥
ਸਾਰਾ ਕੁਛ ਉਸ ਦਾ ਸਮਝ ਕੇ ਪ੍ਰਾਣੀ ਨੂੰ ਨਿਰਲੇਪ ਰਹਿਣਾ ਚਾਹੀਦਾ ਹੈ।
ਤਨੁ ਮਨੁ ਅਰਪੈ, ਹੈ ਇਹੁ ਜਿਸ ਕਾ ॥
ਉਸ ਨੂੰ ਆਪਣੀ ਦੇਹ ਅਤੇ ਆਤਮਾ ਉਸ ਨੂੰ ਸਮਰਪਨ ਕਰਨੇ ਉਚਿਤ ਹਨ ਜਿਸ ਦੇ ਉਹ ਹਨ।
ਨਾ ਓਹੁ ਆਵੈ, ਨਾ ਓਹੁ ਜਾਇ ॥
ਤਦ ਉਹ ਆਉਂਦਾ ਨਹੀਂ ਨਾਂ ਹੀ ਉਹ ਜਾਂਦਾ ਹੈ।
ਨਾਨਕ, ਸਾਚੇ ਸਾਚਿ ਸਮਾਇ ॥੮॥੨॥
ਸੱਚਾ ਹੋਣ ਕਰਕੇ, ਹੇ ਨਾਨਕ! ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ਬਿਲਾਵਲੁ ਮਹਲਾ ੩ ਅਸਟਪਦੀ ਘਰੁ ੧੦
ਬਿਲਾਵਲ ਤੀਜੀ ਪਾਤਿਸ਼ਾਹੀ। ਅਸ਼ਟਪਦੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਜਗੁ ਕਊਆ; ਮੁਖਿ, ਚੁੰਚ ਗਿਆਨੁ ॥
ਆਦਮੀ ਕਾਂ ਦੀ ਤਰ੍ਹਾਂ ਹੈ, ਜੋ ਆਪਣੀ ਮੂੰਹ ਦੀ ਚੁੰਝ ਨਾਲ ਬ੍ਰਹਮ-ਬੋਧ ਉਚਾਰਨ ਕਰਦਾ ਹੈ।
ਅੰਤਰਿ ਲੋਭੁ, ਝੂਠੁ ਅਭਿਮਾਨੁ ॥
ਉਸ ਦੇ ਅੰਦਰ ਲਾਲਚ, ਕੂੜ ਅਤ ਹੰਕਾਰ ਹੈ।
ਬਿਨੁ ਨਾਵੈ, ਪਾਜੁ ਲਹਗੁ ਨਿਦਾਨਿ ॥੧॥
ਨਾਮ ਦੇ ਬਗੈਰ ਮੁਲੰਮਾ ਉਤਰ ਜਾਏਗਾ, ਹੇ ਮੂਰਖ!
ਸਤਿਗੁਰ ਸੇਵਿ, ਨਾਮੁ ਵਸੈ ਮਨਿ ਚੀਤਿ ॥
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਨਾਮ ਹਿਰਦੇ ਅਤੇ ਦਿਨ ਅੰਦਰ ਵਸ ਜਾਂਦਾ ਹੈ।
ਗੁਰੁ ਭੇਟੇ, ਹਰਿ ਨਾਮੁ ਚੇਤਾਵੈ; ਬਿਨੁ ਨਾਵੈ, ਹੋਰ ਝੂਠੁ ਪਰੀਤਿ ॥੧॥ ਰਹਾਉ ॥
ਗੁਰਾਂ ਨਾਲ ਮਿਲਣ ਦੁਆਰਾ, ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਹੈ। ਨਾਮ ਦੇ ਬਾਝੋਂ ਕੂੜੀਆਂ ਹਨ ਹੋਰਸ ਮੁਹੱਬਤਾਂ। ਠਹਿਰਾਉ।
ਗੁਰਿ ਕਹਿਆ, ਸਾ ਕਾਰ ਕਮਾਵਹੁ ॥
ਹੇ ਬੰਦੇ! ਤੂੰ ਉਹ ਕੰਮ ਕਰ, ਜਿਹੜਾ ਗੁਰੂ ਜੀ ਤੈਨੂੰ ਆਖਦੇ ਹਨ।
ਸਬਦੁ ਚੀਨ੍ਹ੍ਹਿ, ਸਹਜ ਘਰਿ ਆਵਹੁ ॥
ਨਾਮ ਆਰਾਧਨ ਕਰਨ ਦੁਆਰਾ, ਤੂੰ ਖੁਸ਼ੀ ਦੇ ਘਰ ਅੰਦਰ ਆ ਜਾਵੇਗਾ।
ਸਾਚੈ ਨਾਇ, ਵਡਾਈ ਪਾਵਹੁ ॥੨॥
ਸੱਚੇ ਨਾਮ ਦੇ ਰਾਹੀਂ ਤੈਨੂੰ ਪ੍ਰਭਤਾ ਪਰਾਪਤ ਹੋ ਜਾਵੇਗੀ।
ਆਪਿ ਨ ਬੂਝੈ, ਲੋਕ ਬੁਝਾਵੈ ॥
ਜੋ ਖੁਦ ਤਾਂ ਸਮਝਦਾ ਕੁਝ ਨਹੀਂ ਪ੍ਰੰਤੂ ਲੋਕਾਂ ਨੂੰ ਸਿੱਖ-ਮਤ ਦਿੰਦਾ ਹੈ,
ਮਨ ਕਾ ਅੰਧਾ, ਅੰਧੁ ਕਮਾਵੈ ॥
ਉਹ ਮਾਨਸਿਕ ਤੌਰ ਤੇ ਅੰਨ੍ਹਾ ਹੈ ਅਤੇ ਅੰਨ੍ਹੇ ਕੰਮ ਕਰਦਾ ਹੈ।
ਦਰੁ ਘਰੁ ਮਹਲੁ, ਠਉਰੁ ਕੈਸੇ ਪਾਵੈ ॥੩॥
ਉਹ ਪ੍ਰਭੂ ਦੇ ਦਰਬਾਰ, ਘਰ ਅਤੇ ਮੰਦਰ ਵਿੱਚ ਕਿਸ ਤਰ੍ਹਾਂ ਟਿਕਾਣਾ ਪਰਾਪਤ ਕਰ ਸਕਦਾ ਹੈ?
ਹਰਿ ਜੀਉ ਸੇਵੀਐ, ਅੰਤਰਜਾਮੀ ॥
ਆਓ ਆਪਾਂ ਅੰਦਰਲੀਆਂ ਜਾਨਣਹਾਰ ਪੂਜਯ ਪ੍ਰਭੂ ਦੀ ਟਹਿਲ ਕਮਾਈਏ,
ਘਟ ਘਟ ਅੰਤਰਿ, ਜਿਸ ਕੀ ਜੋਤਿ ਸਮਾਨੀ ॥
ਜਿਸ ਦਾ ਪ੍ਰਕਾਸ਼ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
ਤਿਸੁ ਨਾਲਿ, ਕਿਆ ਚਲੈ ਪਹਨਾਮੀ? ॥੪॥
ਉਸ ਪਾਸੋਂ ਲੁਕਾ ਰੱਖਣ ਦਾ ਕਿਸ ਤਰ੍ਹਾਂ ਲਾਭ ਹੋ ਸਕਦਾ ਹੈ?
ਸਾਚਾ ਨਾਮੁ, ਸਾਚੈ ਸਬਦਿ ਜਾਨੈ ॥
ਸੱਚਾ ਨਾਮ ਸੱਚੀ ਗੁਰਬਾਣੀ ਦੇ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
ਆਪੈ ਆਪੁ, ਮਿਲੈ ਚੂਕੈ ਅਭਿਮਾਨੈ ॥
ਸਾਈਂ ਖੁਦ ਹੀ ਉਸ ਨੂੰ ਮਿਲ ਪੈਂਦਾ ਹੈ, ਜੋ ਆਪਣੇ ਹੰਕਾਰ ਨੂੰ ਮੇਟ ਦਿੰਦਾ ਹੈ।
ਗੁਰਮੁਖਿ, ਨਾਮੁ ਸਦਾ ਸਦਾ ਵਖਾਨੈ ॥੫॥
ਗੁਰੂ-ਅਨੁਸਾਰੀ, ਸਦੀਵ, ਸਦੀਵ ਹੀ ਨਾਮ ਦਾ ਉਚਾਰਨ ਕਰਦਾ ਹੈ।
ਸਤਿਗੁਰਿ ਸੇਵਿਐ, ਦੂਜੀ ਦੁਰਮਤਿ ਜਾਈ ॥
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਦਵੈਤ-ਭਾਵ ਤੇ ਖੋਟੀ ਸਮਝ ਦੂਰ ਹੋ ਜਾਂਦੇ ਹਨ,
ਅਉਗਣ ਕਾਟਿ, ਪਾਪਾ ਮਤਿ ਖਾਈ ॥
ਬਦੀਆਂ ਮਿਟ ਜਾਂਦੀਆਂ ਹਨ ਅਤੇ ਪਾਪੀ ਮਨੂਆ ਧੋਤਾ ਜਾਂਦਾ ਹੈ।
ਕੰਚਨ ਕਾਇਆ, ਜੋਤੀ ਜੋਤਿ ਸਮਾਈ ॥੬॥
ਆਦਮੀ ਦੀ ਦੇਹ ਸੋਨੇ ਦੀ ਤਰ੍ਹਾਂ ਲਿਸ਼ਕਦੀ ਹੈ ਅਤੇ ਉਸ ਦੀ ਜੋਤ ਪਰਮ ਜੋਤੀ ਅੰਦਰ ਲੀਨ ਹੋ ਜਾਂਦੀ ਹੈ।
ਸਤਿਗੁਰਿ ਮਿਲਿਐ, ਵਡੀ ਵਡਿਆਈ ॥
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਣੀ ਨੂੰ ਬਹੁਤ ਪ੍ਰਭਤਾ ਪ੍ਰਾਪਤ ਹੁੰਦੀ ਹੈ।
ਦੁਖੁ ਕਾਟੈ, ਹਿਰਦੈ ਨਾਮੁ ਵਸਾਈ ॥
ਗੁਰੂ ਜੀ ਉਸ ਦੇ ਦੁੱਖ ਦੂਰ ਕਰ ਦਿੰਦੇ ਹਨ, ਅਤੇ ਉਸ ਦੇ ਮਨ ਅੰਦਰ ਅਸਥਾਪਨ ਕਰ ਦਿੰਦੇ ਹਨ।
ਨਾਮਿ ਰਤੇ, ਸਦਾ ਸੁਖੁ ਪਾਈ ॥੭॥
ਨਾਮ ਦੇ ਨਾਲ ਰੰਗੀਜਣ ਦੁਆਰਾ, ਉਹ ਹਮੇਸ਼ਾਂ ਆਰਾਮ ਪਾਉਂਦਾ ਹੈ।
ਗੁਰਮਤਿ ਮਾਨਿਆ, ਕਰਣੀ ਸਾਰੁ ॥
ਗੁਰਾਂ ਦੇ ਉਪਦੇਸ਼ ਉਪਰ ਅਮਲ ਕਰਨ ਰਾਹੀਂ ਪਵਿਤਰ ਹੋ ਜਾਂਦੀ ਹੈ ਜੀਵਨ ਰਹੁ ਰੀਤੀ।
ਗੁਰਮਤਿ ਮਾਨਿਆ, ਮੋਖ ਦੁਆਰੁ ॥
ਗੁਰਾਂ ਦੇ ਉਪਦੇਸ਼ ਉਪਰ ਅਮਲ ਕਰਨ ਰਾਹੀਂ ਮੁਕਤੀ ਦਾ ਦਰਵਾਜਾ ਪਰਾਪਤ ਹੋ ਜਾਂਦਾ ਹੈ।
ਨਾਨਕ, ਗੁਰਮਤਿ ਮਾਨਿਆ; ਪਰਵਾਰੈ ਸਾਧਾਰੁ ॥੮॥੧॥੩॥
ਨਾਨਕ, ਜੋ ਗੁਰਾਂ ਦੀ ਨਸੀਹਤ ਤੇ ਅਮਲ ਕਰਦੇ ਹਨ, ਉਹ ਆਪਣੇ ਟੱਬਰ-ਕਬੀਲੇ ਸਮੇਤ ਪਾਰ ਉਤਰ ਜਾਂਦੇ ਹਨ।
ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧
ਬਿਲਾਵਲ ਚੌਥੀ ਪਾਤਿਸ਼ਾਹੀ। ਅਸ਼ਟਪਦੀਆਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
ਆਪੈ ਆਪੁ ਖਾਇ ਹਉ ਮੇਟੈ; ਅਨਦਿਨੁ ਹਰਿ ਰਸ ਗੀਤ ਗਵਈਆ ॥
ਜੋ ਆਪਣੇ ਆਪ ਨੂੰ ਮੇਟ ਸੁੱਟਦਾ ਹੈ ਅਤੇ ਆਪਣੀ ਹੰਗਤਾ ਨੂੰ ਮਾਰ ਮੁਕਾਉਂਦਾ ਹੈ, ਉਹ ਰਾਤ ਦਿਨ ਪ੍ਰਭੂ ਦੀ ਪਿਰਹੜੀ ਦੇ ਗੀਤ ਗਾਉਂਦਾ ਹੈ।
ਗੁਰਮੁਖਿ ਪਰਚੈ ਕੰਚਨ ਕਾਇਆ; ਨਿਰਭਉ ਜੋਤੀ ਜੋਤਿ ਮਿਲਈਆ ॥੧॥
ਜੋ ਗੁਰਾਂ ਦੀ ਦਇਆ ਦੁਆਰਾ, ਤ੍ਰਿਪਤ ਹੋ ਜਾਂਦਾ ਹੈ, ਉਸ ਦੀ ਦੇਹ ਸੋਨੇ ਵਾਂਗ ਸ਼ੁੱਧ ਹੋ ਜਾਂਦੀ ਹੈ ਅਤੇ ਉਸ ਦਾ ਨੂਰ ਨਿਡੱਰ ਸਾਈਂ ਦੇ ਪਰਮ ਨੂਰ ਨਾਲ ਮਿਲ ਜਾਂਦਾ ਹੈ।
ਮੈ ਹਰਿ ਹਰਿ ਨਾਮੁ ਅਧਾਰੁ, ਰਮਈਆ ॥
ਮੈਂਨੂੰ ਸਰਵ-ਵਿਆਪਕ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ; ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥
ਇਕ ਮੁਹਤ ਅਤੇ ਛਿਨ ਭਰ ਲਈ ਭੀ ਮੈਂ ਨਾਮ ਦੇ ਬਾਝੋਂ ਰਹਿ ਨਹੀਂ ਸਕਦਾ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਸੁਆਮੀ ਵਾਹਿਗੁਰੂ ਦੀ ਧਰਮ-ਵਾਰਤਾ ਵਾਚਦਾ ਹਾਂ। ਠਹਿਰਾਉ।
ਏਕੁ ਗਿਰਹੁ, ਦਸ ਦੁਆਰ ਹੈ ਜਾ ਕੇ; ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥
ਦੇਹ-ਰੂਪ ਇਕ ਘਰ ਹੈ। ਜਿਸ ਦੇ ਦਸ ਦਰਵਾਜੇ ਹਨ। ਪੰਜ ਹੇਰੂ ਹਨ ਅਤੇ ਸੰਨ੍ਹ ਲਾਉਣ ਵਾਲੇ, ਦਿਨ ਰਾਤ ਇਸ ਨੂੰ ਪਾੜ ਲਾਈ ਜਾਂਦੇ ਹਨ।
ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ; ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥
ਉਹ ਸੱਚਾਈ ਦੀ ਸਾਰੀ ਦੌਲਤ ਨੂੰ ਚੋਰੀ ਕਰ ਕੇ ਲੈ ਜਾਂਦੇ ਹਨ, ਪਰ ਅੰਨ੍ਹੇ ਅਧਰਮੀ ਨੂੰ ਇਸ ਦਾ ਕੋਈ ਇਲਮ ਨਹੀਂ।
ਕੰਚਨ ਕੋਟੁ ਬਹੁ ਮਾਣਕਿ ਭਰਿਆ; ਜਾਗੇ ਗਿਆਨ ਤਤਿ ਲਿਵ ਲਈਆ ॥
ਦੇਹ-ਰੂਪੀ ਕਿਲ੍ਹਾ ਸੋਨੇ ਤੇ ਜਵੇਹਰ ਨਾਲ ਪਰੀਪੂਰਨ ਹੈ। ਜਦ ਈਸ਼ਵਰੀ ਸਮਝ ਇਸ ਅੰਦਰ ਜਾਗ ਉਠਦੀ ਹੈ ਤਾਂ ਬੰਦੇ ਦਾ ਅਸਲੀਅਤ ਨਾਲ ਪ੍ਰੇਮ ਪੈ ਜਾਂਦਾ ਹੈ।
ਤਸਕਰ ਹੇਰੂ ਆਇ ਲੁਕਾਨੇ; ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥
ਚੋਰ ਅਤੇ ਲੁੱਟਣ ਵਾਲੇ ਦੇਹ ਅੰਦਰ ਛੁਪੇ ਹੋਏ ਹਨ, ਗੁਰਾਂ ਦੀ ਬਾਣੀ ਦੇ ਜ਼ਰੀਏ ਉਹ ਉਨ੍ਹਾਂ ਨੂੰ ਫੜ ਕੇ ਨਰੜ ਲੈਂਦੇ ਹੈ।
ਹਰਿ ਹਰਿ ਨਾਮੁ ਪੋਤੁ ਬੋਹਿਥਾ; ਖੇਵਟੁ ਸਬਦੁ ਗੁਰੁ, ਪਾਰਿ ਲੰਘਈਆ ॥
ਸੁਆਮੀ ਵਾਹਿਗੁਰੂ ਦਾ ਨਾਮ ਬੇੜੀ ਤੇ ਜਹਾਜ਼ ਹੈ ਅਤੇ ਗੁਰਾਂ ਦੀ ਬਾਣੀ ਮਲਾਹ ਹੈ, ਜਿਨ੍ਹਾਂ ਦੀ ਰਾਹੀਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
ਜਮੁ ਜਾਗਾਤੀ ਨੇੜਿ ਨ ਆਵੈ; ਨਾ ਕੋ ਤਸਕਰੁ ਚੋਰੁ ਲਗਈਆ ॥੪॥
ਮੌਤ ਦਾ ਦੂਤ, ਮਸੂਲੀਆ, ਗੁਰਾਂ ਦੇ ਗੋਲੇ ਦੇ ਤਜ਼ਦੀਕ ਨਹੀਂ ਆਉਂਦਾ ਅਤੇ ਸੰਨ੍ਹ ਲਾਉਣ ਵਾਲਾ ਜਾਂ ਹੇਰੂ ਚੋਰੀ ਨਹੀਂ ਕਰਦਾ।
ਹਰਿ ਗੁਣ ਗਾਵੈ ਸਦਾ ਦਿਨੁ ਰਾਤੀ; ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥
ਦਿਨ ਰਾਤ ਮੈਂ ਹਮੇਸ਼ਾਂ ਵਾਹਿਗੁਰੂ ਦੀਆਂ ਨੇਕੀਆਂ ਗਾਇਨ ਕਰਦਾ ਹਾਂ। ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦੇ ਹੋਏ, ਮੈਨੂੰ ਉਸ ਦੇ ਓੜਕ ਦਾ ਪਤਾ ਨਹੀਂ ਲੱਗਦਾ।
ਗੁਰਮੁਖਿ, ਮਨੂਆ ਇਕਤੁ ਘਰਿ ਆਵੈ; ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥
ਗੁਰਾਂ ਦੀ ਦਇਆ ਦੁਆਰਾ, ਮਨ ਆਪਣੇ ਇਕ ਗ੍ਰਹਿ ਅੰਦਰ ਆ ਜਾਂਦਾ ਹੈ ਅਤੇ ਤਦ ਇਹ ਵੱਜਦੇ ਵਾਜੇ ਨਾਲ ਸੰਸਾਰ ਦੇ ਪਾਲਣ-ਪੋਸਣਹਾਰ ਨਾਲ ਮਿਲਦਾ ਹੈ।
ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ; ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥
ਆਪਣੀਆਂ ਅੱਖਾਂ ਨਾਲ ਪ੍ਰਭੂ ਦਾ ਦਰਸ਼ਨ ਵੇਖ, ਮੇਰੀ ਆਤਮਾ ਰੱਜ ਗਈ ਹੈ ਅਤੇ ਆਪਣਿਆਂ ਕੰਨਾਂ ਨਾਲ ਮੈਂ ਗੁਰਾਂ ਦੀ ਬਾਣੀ ਤੇ ਉਪਦੇਸ਼ ਸੁਣਦਾ ਹਾਂ।
ਸੁਨਿ ਸੁਨਿ ਆਤਮ ਦੇਵ ਹੈ ਭੀਨੇ; ਰਸਿ ਰਸਿ ਰਾਮ ਗੋਪਾਲ ਰਵਈਆ ॥੬॥
ਗੁਰਾਂ ਦੀ ਬਾਣੀ ਨੂੰ ਇਕ-ਰਸ ਸ੍ਰਵਣ ਕਰਨ ਦੁਆਰਾ ਮਨੁੱਖੀ ਆਤਮਾ ਪ੍ਰਭੂ ਦੇ ਅੰਮ੍ਰਿਤ ਨਾਲ ਨਰਮ ਤੇ ਪ੍ਰਸੰਨ ਹੋ ਜਾਂਦੀ ਹੈ ਅਤੇ ਮਾਲਕ ਦੇ ਨਾਮ ਦਾ ਉਚਾਰਨ ਕਰਦੀ ਹੈ।
ਤ੍ਰੈ ਗੁਣ ਮਾਇਆ ਮੋਹਿ ਵਿਆਪੇ; ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥
ਤਿੰਨਾਂ ਲੱਛਣਾਂ ਵਾਲੇ ਇਨਸਾਨ, ਦੌਲਤ ਦੀ ਪ੍ਰੀਤ ਅੰਦਰ ਗਲਤਾਨ ਹੋਏ ਹੋਏ ਹਨ। ਗੁਰਾਂ ਦੇ ਰਾਹੀਂ ਹੀ ਮਹਾਨ ਮਰਤਬਾ ਪਰਾਪਤ ਹੁੰਦਾ ਹੈ।
ਏਕ ਦ੍ਰਿਸਟਿ ਸਭ ਸਮ ਕਰਿ ਜਾਣੈ; ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥
ਉੇਸੇ ਇਕ ਅੱਖ ਨਾਲ ਉਹ ਸਾਰਿਆਂ ਨੂੰ ਇਕ ਬਰਾਬਰ ਸਮਝਦਾ ਹੈ ਅਤੇ ਸ਼ਰੋਮਣੀ ਸਾਹਿਬ ਨੂੰ ਸਾਰਿਆਂ ਅੰਦਰ ਵਿਆਪਕ ਵੇਖਦਾ ਹੈ।
ਰਾਮ ਨਾਮੁ ਹੈ ਜੋਤਿ ਸਬਾਈ; ਗੁਰਮੁਖਿ ਆਪੇ ਅਲਖੁ ਲਖਈਆ ॥
ਪ੍ਰਭੂ ਦੇ ਨਾਮ ਦੀ ਰੋਸ਼ਨੀ ਸਾਰਿਆਂ ਅੰਦਰ ਰਮ ਰਹੀ ਹੈ। ਗੁਰੂ-ਅਨੁਸਾਰੀ ਖੁਦ-ਬ-ਖੁਦ ਹੀ ਅਦ੍ਰਿਸ਼ਟ ਸਾਈਂ ਨੂੰ ਦੇਖ ਲੈਂਦਾ ਹੈ।
ਨਾਨਕ ਦੀਨ ਦਇਆਲ ਭਏ ਹੈ; ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥
ਵਾਹਿਗੁਰੂ ਮਸਕੀਨ ਨਾਨਕ ਤੇ ਮਿਹਰਬਾਨ ਹੋ ਗਿਆ ਹੈ, ਜੋ ਉਸ ਦੀ ਪ੍ਰੇਮ-ਮਈ ਉਪਾਸ਼ਨਾ ਦੇ ਰਾਹੀਂ ਉਸ ਦੇ ਨਾਮ ਅੰਦਰ ਲੀਨ ਹੋ ਗਿਆ ਹੈ।
ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ; ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥
ਤੂੰ ਠੰਢੇ ਪਾਣੀ ਵਰਗੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਵਾਹਿਗੁਰੂ ਚੰਨਣ ਦੀ ਮਹਿਕ ਅਤੇ ਖੁਸ਼ਬੂ ਨਾਲ ਇਨਸਾਨ ਮੁਅੱਤਰ ਹੋ ਜਾਂਦਾ ਹੈ।
ਮਿਲਿ ਸਤਸੰਗਤਿ ਪਰਮ ਪਦੁ ਪਾਇਆ; ਮੈ ਹਿਰਡ ਪਲਾਸ, ਸੰਗਿ ਹਰਿ ਬੁਹੀਆ ॥੧॥
ਸਤਿ ਸੰਗਤ ਨਾਲ ਜੁੜ, ਮੈਂ ਮਹਾਨ ਮਰਤਬਾ ਪਰਾਪਤ ਕਰ ਲਿਆ ਹੈ। ਵਾਹਿਗੁਰੂ ਨੂੰ ਮਿਲ ਕੇ ਮੈਂ ਅਰਿੰਡ ਦਾ ਬੁਟਾ ਅਤੇ ਢੱਕ ਦਾ ਪੇੜ, ਮਿੱਠੀ ਸੁਗੰਧੀ ਵਾਲਾ ਹੋ ਗਿਆ ਹਾਂ।
ਜਪਿ ਜਗੰਨਾਥ ਜਗਦੀਸ ਗੁਸਈਆ ॥
ਹੇ ਬੰਦੇ! ਤੂੰ ਆਲਮ ਦੇ ਸੁਆਮੀ, ਸੰਸਾਰ ਦੇ ਮਾਲਕ ਅਤੇ ਰਚਨਾ ਦੇ ਸਾਈਂ ਦਾ ਸਿਮਰਨ ਕਰ।
ਸਰਣਿ ਪਰੇ, ਸੇਈ ਜਨ ਉਬਰੇ; ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥
ਜੋ ਪ੍ਰਭੂ ਦੀ ਪਨਾਹੀ ਲੈਂਦੇ ਹਨ, ਉਹ ਪੁਰਸ਼ ਪ੍ਰਹਿਲਾਦ ਦੀ ਤਰ੍ਹਾਂ ਬੱਚ ਜਾਂਦੇ ਹਨ। ਬੰਦਖਲਾਸ ਹੋ ਉਹ ਪ੍ਰਭੂ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
ਭਾਰ ਅਠਾਰਹ ਮਹਿ ਚੰਦਨੁ ਊਤਮ; ਚੰਦਨ ਨਿਕਟਿ, ਸਭ ਚੰਦਨੁ ਹੁਈਆ ॥
ਸਾਰੀ ਬਨਾਸਪਤੀ ਵਿੱਚ ਚੰਨਣ ਦਾ ਬਿਰਛ ਸਾਰਿਆਂ ਨਾਲੋਂ ਸਰੇਸ਼ਟ ਹੈ। ਸਾਰਾ ਕੁਛ ਜੋ ਚੰਨਣ ਦੇ ਬਿਰਛ ਦੇ ਨੇੜੇ ਹੈ ਚੰਨਣ ਵਾਂਗੂੰ ਸੁਗੰਧਤ ਹੋ ਜਾਂਦਾ ਹੈ।
ਸਾਕਤ ਕੂੜੇ, ਊਭ ਸੁਕ ਹੂਏ; ਮਨਿ ਅਭਿਮਾਨੁ, ਵਿਛੁੜਿ ਦੂਰਿ ਗਈਆ ॥੨॥
ਆਕੜ-ਖਾਂ ਅਤੇ ਝੂਠੇ ਮਾਇਆ ਦੇ ਪੁਜਾਰੀ ਖੁਸ਼ਕ ਹੋ ਜਾਂਦੇ ਹਨ। ਉਨ੍ਹਾਂ ਦੇ ਚਿੱਤ ਦਾ ਗਰੂਰ ਉਨ੍ਹਾਂ ਨੂੰ ਪ੍ਰਭੂ ਨਾਲੋਂ ਵਿਛੋੜ ਕੇ ਦੁਰੇਡੇ ਲੈ ਜਾਂਦਾ ਹੈ।
ਹਰਿ ਗਤਿ ਮਿਤਿ ਕਰਤਾ ਆਪੇ ਜਾਣੈ; ਸਭ ਬਿਧਿ ਹਰਿ ਹਰਿ ਆਪਿ ਬਨਈਆ ॥
ਸੁਆਮੀ ਸਿਰਜਣਹਾਰ ਖੁਦ ਹੀ ਹਰ ਜਣੇ ਦੀ ਅਵਸਥਾ ਅਤੇ ਜੀਵਨ-ਮਰਯਾਦ ਨੂੰ ਸਮਝਦਾ ਹੈ। ਸਾਰੇ ਪ੍ਰਬੰਧ ਸੁਆਮੀ ਵਾਹਿਗੁਰੂ ਖੁਦ ਹੀ ਕਰਦਾ ਹੈ।
ਜਿਸੁ ਸਤਿਗੁਰੁ ਭੇਟੇ, ਸੁ ਕੰਚਨੁ ਹੋਵੈ; ਜੋ ਧੁਰਿ ਲਿਖਿਆ, ਸੁ ਮਿਟੈ ਨ ਮਿਟਈਆ ॥੩॥
ਜਿਸ ਨੂੰ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਉਹ ਸੋਨਾ ਬਣ ਜਾਂਦਾ ਹੈ। ਜਿਹੜਾ ਕੁਛ ਮੁੱਢ ਤੋਂ ਨੀਅਤ ਹੋਇਆ ਹੋਇਆ ਹੈ, ਉਹ ਮੇਸਿਆ ਮੇਸਿਆ ਨਹੀਂ ਜਾ ਸਕਦਾ।
ਰਤਨ ਪਦਾਰਥ ਗੁਰਮਤਿ ਪਾਵੈ; ਸਾਗਰ ਭਗਤਿ ਭੰਡਾਰ ਖੁਲ੍ਹ੍ਹਈਆ ॥
ਗੁਰਾਂ ਦੇ ਉਪਦੇਸ਼ ਦੇ ਸਮੁੰਦਰ ਵਿੱਚ, ਮੈਂ ਸੁਆਮੀ ਦੇ ਨਾਮ ਦੀ ਜਵੇਹਰ ਵਰਗੀ ਦੌਲਤ ਪਾਉਂਦਾ ਹਾਂ ਅਤੇ ਉਸ ਦੇ ਸਿਮਰਨ ਦਾ ਖਜਾਨਾ ਮੇਰੇ ਲਈ ਖੋਲ੍ਹ ਦਿੱਤਾ ਜਾਂਦਾ ਹੈ।
ਗੁਰ ਚਰਣੀ ਇਕ ਸਰਧਾ ਉਪਜੀ; ਮੈ ਹਰਿ ਗੁਣ ਕਹਤੇ, ਤ੍ਰਿਪਤਿ ਨ ਭਈਆ ॥੪॥
ਗੁਰਾਂ ਦੇ ਪੈਰਾਂ ਨੂੰ ਪੂਜਣ ਦੁਆਰਾ, ਮੇਰੇ ਅੰਦਰ ਈਮਾਨ ਉਤਪੰਨ ਹੋ ਗਿਆ ਹੈ। ਪ੍ਰਭੂ ਦੀ ਸਿਫ਼ਤ ਉਚਾਰਨ ਕਰਦਿਆਂ ਮੇਰੀ ਇਸ ਲਈ ਭੁੱਖ ਮਾਤ ਨਹੀਂ ਪੈਂਦੀ।
ਪਰਮ ਬੈਰਾਗੁ, ਨਿਤ ਨਿਤ ਹਰਿ ਧਿਆਏ; ਮੈ ਹਰਿ ਗੁਣ ਕਹਤੇ, ਭਾਵਨੀ ਕਹੀਆ ॥
ਸਦਾ, ਸਦਾ ਸਾਈਂ ਦਾ ਸਿਮਰਨ ਕਰਨ ਦੁਆਰਾ, ਮੇਰੇ ਅੰਦਰ ਮਹਾਨ ਨਿਰਲੇਪਤਾ ਪੈਦਾ ਹੋ ਗਈ ਹੈ। ਵਾਹਿਗੁਰੂ ਦੀ ਕੀਰਤੀ ਉਚਾਰਨ ਕਰ ਕੇ, ਮੈਂ ਆਪਣੀ ਪ੍ਰੀਤ ਪ੍ਰਗਟ ਕਰਦਾ ਹਾਂ।
ਬਾਰ ਬਾਰ ਖਿਨੁ ਖਿਨੁ ਪਲੁ ਕਹੀਐ; ਹਰਿ ਪਾਰੁ ਨ ਪਾਵੈ ਪਰੈ ਪਰਈਆ ॥੫॥
ਮੁੜ ਮੁੜ ਕੇ ਅਤੇ ਹਰ ਨਿਮਖ ਤੇ ਛਿਨ ਉਸ ਦੀ ਮਹਿਮਾ ਆਖ, ਇਨਸਾਨ ਵਾਹਿਗੁਰੂ ਦਾ ਓੜਕ ਨਹੀਂ ਪਾ ਸਕਦਾ। ਉਹ ਪਰੇਡਿਆਂ ਤੋਂ ਵੀ ਪਰੇਡੇ ਹੈ।
ਸਾਸਤ ਬੇਦ ਪੁਰਾਣ ਪੁਕਾਰਹਿ; ਧਰਮੁ ਕਰਹੁ, ਖਟੁ ਕਰਮ ਦ੍ਰਿੜਈਆ ॥
ਸ਼ਾਸਤਰ, ਵੇਦ ਅਤੇ ਪੁਰਾਣ ਚੰਗੇ ਕੰਮਾਂ ਦਾ ਕਰਨ ਅਤੇ ਪੱਕੀ ਤਰ੍ਹਾਂ ਛੇ ਕਰਮਕਾਂਡਾਂ ਦਾ ਕਮਾਉਣਾ ਕੂਕਦੇ ਹਨ।
ਮਨਮੁਖ ਪਾਖੰਡਿ ਭਰਮਿ ਵਿਗੂਤੇ; ਲੋਭ ਲਹਰਿ, ਨਾਵ ਭਾਰਿ ਬੁਡਈਆ ॥੬॥
ਪ੍ਰਤੀਕੂਲ ਦੰਭੀ, ਸੰਦੇਹ ਅੰਦਰ ਤਬਾਹ ਹੋ ਜਾਂਦੇ ਹਨ। ਉਨ੍ਹਾਂ ਦੀ ਬੇੜੀ ਪਾਪਾਂ ਦੀ ਭਾਰੇ ਬੋਝ ਨਾਲ ਲੱਦੀ ਹੋਈ ਹੈ ਅਤੇ ਲਾਲਚ ਦੀਆਂ ਛੱਲਾਂ ਵਿੱਚ ਡੁੱਬ ਜਾਂਦੀ ਹੈ।
ਨਾਮੁ ਜਪਹੁ, ਨਾਮੇ ਗਤਿ ਪਾਵਹੁ; ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥
ਤੂੰ ਨਾਮ ਦਾ ਆਰਾਧਨ ਕਰ ਅਤੇ ਨਾਮ ਦੇ ਰਾਹੀਂ ਮੁਕਤੀ ਨੂੰ ਪਰਾਪਤ ਹੋ। ਸਿਮਰਤੀਆਂ ਅਤੇ ਸ਼ਾਸਤਰ ਨਾਮ ਦੇ ਸਿਮਰਨ ਦੀ ਤਾਕੀਦ ਕਰਦੇ ਹਨ।
ਹਉਮੈ ਜਾਇ ਤ ਨਿਰਮਲੁ ਹੋਵੈ; ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥
ਜੇਕਰ ਬੰਦਾ ਆਪਣੀ ਹੰਗਤਾ ਨੂੰ ਮਾਰ ਸੁੱਟੇ ਅਤੇ ਗੁਰਾਂ ਦੀ ਦਇਆ ਦਆਰਾ ਪ੍ਰਭੂ ਨਾਲ ਪ੍ਰੀਤ ਪਾ ਲਵੇ, ਤਦ ਉਹ ਪਵਿੱਤਰ ਹੋ ਜਾਂਦਾ ਹੈ ਅਤੇ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
ਇਹੁ ਜਗੁ ਵਰਨੁ ਰੂਪੁ ਸਭੁ ਤੇਰਾ; ਜਿਤੁ ਲਾਵਹਿ ਸੇ ਕਰਮ ਕਮਈਆ ॥
ਹੇ ਸੁਆਮੀ! ਸਾਰਿਆਂ ਰੰਗਾਂ ਅਤੇ ਸਰੂਪਾਂ ਸਮੇਤ ਇਹ ਸੰਸਾਰ ਤੇਰਾ ਹੈ। ਜਿਨ੍ਹਾਂ ਜਿਨ੍ਹਾਂ ਨਾਲ ਤੂੰ ਬੰਦਿਆਂ ਨੂੰ ਜੋੜਦਾ ਹੈ, ਓਹ ਕੰਮ ਉਹ ਕਰਦੇ ਹਨ।
ਨਾਨਕ ਜੰਤ ਵਜਾਏ ਵਾਜਹਿ; ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥
ਨਾਨਕ, ਪ੍ਰਾਣੀ ਸਾਹਿਬ ਦੇ ਹੱਥਾਂ ਵਿੱਚ ਸਾਜ ਹਨ ਅਤੇ ਉਸੇ ਤਰ੍ਹਾਂ ਵੱਜਦੇ ਹਨ, ਜਿਸ ਤਰ੍ਹਾਂ ਉਹ ਵਜਾਉਂਦਾ ਹੈ। ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਮਾਰਗ ਤੇ ਉਹ ਟੁਰਦਾ ਹੈ।
ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਗੁਰਮੁਖਿ ਅਗਮ ਅਗੋਚਰੁ ਧਿਆਇਆ; ਹਉ ਬਲਿ ਬਲਿ, ਸਤਿਗੁਰ ਸਤਿ ਪੁਰਖਈਆ ॥
ਗੁਰਾਂ ਦੀ ਮਿਹਰ ਸਦਕਾ ਮੈਂ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ। ਮੈਂ ਸੱਚੇ ਸੁਆਮੀ ਸਰੂਪ, ਆਪਣੇ ਸੱਚੇ ਗੁਰਾਂ ਉਤੇ ਘੋਲੀ, ਘੋਲੀ ਜਾਂਦਾ ਹਾਂ।
ਰਾਮ ਨਾਮੁ ਮੇਰੈ ਪ੍ਰਾਣਿ ਵਸਾਏ; ਸਤਿਗੁਰ ਪਰਸਿ ਹਰਿ ਨਾਮਿ ਸਮਈਆ ॥੧॥
ਉਨ੍ਹਾਂ ਨੇ ਪ੍ਰਭੂ ਦਾ ਨਾਮ ਮੇਰੀ ਜਿੰਦ-ਜਾਨ ਅੰਦਰ ਅਸਥਾਪਨ ਕਰ ਦਿੱਤਾ ਹੈ। ਸੱਚੇ ਗੁਰਾਂ ਨਾਲ ਮਿਲ ਕੇ ਮੈਂ ਸੁਆਮੀ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
ਜਨ ਕੀ ਟੇਕ, ਹਰਿ ਨਾਮੁ ਟਿਕਈਆ ॥
ਵਾਹਿਗੁਰੂ ਦਾ ਨਾਮ ਹੀ ਉਸ ਦੇ ਗੋਲੇ ਦਾ ਇਕੋ ਇਕ ਆਸਰਾ ਹੈ।
ਸਤਿਗੁਰ ਕੀ ਧਰ ਲਾਗਾ ਜਾਵਾ; ਗੁਰ ਕਿਰਪਾ ਤੇ ਹਰਿ ਦਰੁ ਲਹੀਆ ॥੧॥ ਰਹਾਉ ॥
ਮੈਂ ਸੱਚੇ ਗੁਰਾਂ ਦੀ ਛੱਤਰ ਛਾਇਆ ਹੇਠ ਟਿਕਿਆ ਰਹਾਂਗਾ। ਗੁਰਾਂ ਦੀ ਦਇਆ ਦੁਆਰਾ, ਮੈਂ ਵਾਹਿਗੁਰੂ ਦੇ ਦਰਬਾਰ ਨੂੰ ਪਰਾਪਤ ਹੋ ਜਾਵਾਂਗਾ। ਠਹਿਰਾਉ।
ਇਹੁ ਸਰੀਰੁ ਕਰਮ ਕੀ ਧਰਤੀ; ਗੁਰਮੁਖਿ ਮਥਿ ਮਥਿ ਤਤੁ ਕਢਈਆ ॥
ਇਹ ਦੇਹ ਅਮਲਾਂ ਦੀ ਬੀਜ ਬੀਜਣ ਦਾ ਖੇਤ ਹੈ। ਰਿੜਕਣ ਤੇ ਮੁਸ਼ੱਕਤ ਕਰਨ ਦੁਆਰਾ, ਪਵਿੱਤਰ ਪੁਰਸ਼ ਮੱਖਣ ਨੂੰ ਪਰਾਪਤ ਕਰ ਲੈਂਦਾ ਹੈ।
ਲਾਲੁ ਜਵੇਹਰ ਨਾਮੁ ਪ੍ਰਗਾਸਿਆ; ਭਾਂਡੈ ਭਾਉ ਪਵੈ ਤਿਤੁ ਅਈਆ ॥੨॥
ਨਾਮ ਦਾ ਅਮੋਲਕ ਜਵੇਹਰ ਪ੍ਰਗਟ ਹੋ ਜਾਂਦਾ ਹੈ ਅਤੇ ਇਹ ਉਨ੍ਹਾਂ ਦੇ ਬਰਤਨ ਵਿੱਚ ਆ ਪੈਂਦਾ ਹੈ।
ਦਾਸਨਿ ਦਾਸ ਦਾਸ ਹੋਇ ਰਹੀਐ; ਜੋ ਜਨ ਰਾਮ ਭਗਤ ਨਿਜ ਭਈਆ ॥
ਜਿਹੜਾ ਪੁਰਸ਼ ਪ੍ਰਭੂ ਦਾ ਨਿੱਜ ਦਾ ਨੌਕਰ ਬਣ ਗਿਆ ਹੈ, ਤੂੰ ਉਸ ਦੇ ਗੋਲੇ ਦੇ ਗੋਲਾ ਦਾ ਗੋਲਾ ਹੋ ਜਾ।
ਮਨੁ ਬੁਧਿ ਅਰਪਿ ਧਰਉ ਗੁਰ ਆਗੈ; ਗੁਰ ਪਰਸਾਦੀ ਮੈ ਅਕਥੁ ਕਥਈਆ ॥੩॥
ਆਪਣੀ ਆਤਮਾ ਤੇ ਅਕਲ ਸਮਰਪਨ ਕਰ, ਮੈਂ ਉਨ੍ਹਾਂ ਨੂੰ ਗੁਰਾਂ ਦੇ ਮੂਹਰੇ ਰੱਖਦਾ ਹਾਂ। ਗੁਰਾਂ ਦੀ ਦਇਆ ਦੁਆਰਾ ਮੈਂ ਅਕਹਿ ਸਾਈਂ ਬਾਰੇ ਕਹਿੰਦਾ ਹਾਂ।
ਮਨਮੁਖ ਮਾਇਆ ਮੋਹਿ ਵਿਆਪੇ; ਇਹੁ ਮਨੁ ਤ੍ਰਿਸਨਾ ਜਲਤ ਤਿਖਈਆ ॥
ਆਪ-ਹੁਦਰੇ ਸੰਸਾਰੀ ਪਦਾਰਥਾਂ ਦੀ ਲਗਨ ਅੰਦਰ ਖਚਤ ਹੋਏ ਹੋਏ ਹਨ। ਉਨ੍ਹਾਂ ਦੀ ਇਹ ਆਤਮਾ ਪਿਆਸੀ ਹੈ ਅਤੇ ਖਾਹਿਸ਼ ਅੰਦਰ ਸੜ ਜਾਂਦੀ ਹੈ।
ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ; ਅਗਨਿ ਬੁਝੀ ਗੁਰ ਸਬਦਿ ਬੁਝਈਆ ॥੪॥
ਗੁਰਾਂ ਦੇ ਉਪਦੇਸ਼ ਦੁਆਰਾ, ਮੈਨੂੰ ਪ੍ਰਭੂ ਦੇ ਨਾਮ ਦਾ ਸੁਧਾ-ਸਰੂਪ ਪਾਣੀ ਪਰਾਪਤ ਹੋ ਗਿਆ ਹੈ ਅਤੇ ਮੇਰੀ ਅੱਗ ਬੁੱਝ ਗਈ ਹੈ। ਵਿਸ਼ਾਲ ਨਾਮ ਨੇ ਇਸ ਨੂੰ ਬੁਝਾ ਦਿੱਤਾ ਹੈ।
ਇਹੁ ਮਨੁ ਨਾਚੈ ਸਤਿਗੁਰ ਆਗੈ; ਅਨਹਦ ਸਬਦ ਧੁਨਿ ਤੂਰ ਵਜਈਆ ॥
ਮੇਰੀ ਇਹ ਆਤਮਾ ਸੱਚੇ ਗੁਰਾਂ ਮੂਹਰੇ ਨਿਰਤਕਾਰੀ ਕਰਦੀ ਹੈ ਅਤੇ ਮੇਰੇ ਅੰਦਰ ਨਾਮ ਦੇ ਬੈਕੁੰਠੀ ਕੀਰਤਨ ਦਾ ਤਰਾਨਾ ਗੂੰਜਦਾ ਹੈ।
ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ; ਰਖਿ ਰਖਿ ਚਰਣ, ਹਰਿ ਤਾਲ ਪੂਰਈਆ ॥੫॥
ਸੁਰਤਾਲ ਅੰਦਰ ਆਪਣੇ ਪੈਰ ਟਿਕਾ ਟਿਕਾ ਕੇ ਦਿਨ ਰਾਤ ਮੈਂ ਸੁਆਮੀ ਮਾਲਕ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।
ਹਰਿ ਕੈ ਰੰਗਿ ਰਤਾ ਮਨੁ ਗਾਵੈ; ਰਸਿ ਰਸਾਲ ਰਸਿ ਸਬਦੁ ਰਵਈਆ ॥
ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀ ਹੋਈ ਮੇਰੀ ਆਤਮਾ ਉਸ ਦਾ ਜੱਸ ਅਲਾਪਦੀ ਹੈ ਅਤੇ ਖੁਸ਼ੀ ਤੇ ਅੰਮ੍ਰਿਤ ਦੇ ਘਰ ਦਾ ਨਾਮ ਆਨੰਦ ਨਾਲ ਉਚਾਰਨ ਕਰਦੀ ਹੈ।
ਨਿਜ ਘਰਿ ਧਾਰ ਚੁਐ ਅਤਿ ਨਿਰਮਲ; ਜਿਨਿ ਪੀਆ, ਤਿਨ ਹੀ ਸੁਖੁ ਲਹੀਆ ॥੬॥
ਇਨਸਾਨ ਨੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਪਰਮ ਪਵਿੱਤਰ ਧਾਰਾ ਟੱਪਕਤੀ ਹੈ। ਜੋ ਭੀ ਇਸ ਨੂੰ ਪਾਨ ਕਰਦਾ ਹੈ, ਉਹ ਆਰਾਮ ਪਾਉਂਦਾ ਹੈ।
ਮਨਹਠਿ ਕਰਮ ਕਰੈ ਅਭਿਮਾਨੀ; ਜਿਉ ਬਾਲਕ, ਬਾਲੂ ਘਰ ਉਸਰਈਆ ॥
ਆਪਣੇ ਚਿੱਤ ਦੀ ਜਿੱਦ ਰਾਹੀਂ ਹੰਕਾਰੀ ਆਦਮੀ ਕਰਮਕਾਂਡ ਕਮਾਉਂਦਾ ਹੈ। ਪਰ ਇਹ ਇਕ ਬੱਚੇ ਦੇ ਰੇਤੇ ਦਾ ਮਕਾਨ ਬਣਾਉਣ ਦੇ ਸਮਾਨ ਹਨ।
ਆਵੈ ਲਹਰਿ ਸਮੁੰਦ ਸਾਗਰ ਕੀ; ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥
ਜਦ ਆਪਾਰ ਸਮੁੰਦਰ ਦੇ ਤਰੰਗ ਇਸ ਨੂੰ ਟਕਰਾਉਂਦੇ ਹਨ, ਤਦ ਇਕ ਨਿਮਖ ਵਿੱਚ, ਇਹ ਟੁਕੜੇ ਟੁਕੜੇ ਹੋ ਡਿੱਗ ਪੈਂਦਾ ਹੈ।
ਹਰਿ ਸਰੁ ਸਾਗਰੁ ਹਰਿ ਹੈ ਆਪੇ; ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥
ਵਾਹਿਗੁਰੂ ਸਰੋਵਰ ਹੈ ਅਤੇ ਵਾਹਿਗੁਰੂ ਖੁਦ ਹੀ ਸਮੁੰਦਰ ਹੈ। ਇਹ ਸਮੂਹ ਸੰਸਾਰ ਉਸ ਨੇ ਇਕ ਖੇਡ ਰਚੀ ਹੋਈ ਹੈ।
ਜਿਉ ਜਲ ਤਰੰਗ, ਜਲੁ ਜਲਹਿ ਸਮਾਵਹਿ; ਨਾਨਕ, ਆਪੇ ਆਪਿ ਰਮਈਆ ॥੮॥੩॥੬॥
ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਦਾ ਪਾਣੀ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ, ਹੇ ਨਾਨਕ! ਸਰਬ-ਵਿਆਪਕ ਸੁਆਮੀ ਸਾਰਾ ਕੁਝ ਖੁਦ-ਬ-ਖੁਦ ਹੀ ਹੈ।
ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਸਤਿਗੁਰੁ ਪਰਚੈ, ਮਨਿ ਮੁੰਦ੍ਰਾ ਪਾਈ; ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥
ਮੇਰੇ ਚਿੱਤ ਨੇ ਸੱਚੇ ਗੁਰਾਂ ਨਾਲ ਮਿਲਾਪ ਦੀਆਂ ਮੁੰਦਾਂ ਪਾਈਆਂ ਹੋਈਆਂ ਹਨ ਅਤੇ ਆਪਣੀ ਦੇਹ ਨੂੰ ਮੈਂ ਗੁਰਾਂ ਦੇ ਉਪਦੇਸ਼ ਦੀ ਸੁਆਹ ਮਲਦਾ ਹਾਂ।
ਅਮਰ ਪਿੰਡ ਭਏ ਸਾਧੂ ਸੰਗਿ; ਜਨਮ ਮਰਨ ਦੋਊ ਮਿਟਿ ਗਈਆ ॥੧॥
ਸਤਿ-ਸੰਗਤ ਅੰਦਰ ਮੇਰੀ ਹਸਤੀ ਅਬਿਨਾਸੀ ਹੋ ਗਈ ਹੈ ਅਤੇ ਮੁੱਕ ਗਏ ਹਨ ਦੋਨੋਂ ਹੀ ਮੇਰੇ ਜੰਮਣੇ ਤੇ ਮਰਨੇ।
ਮੇਰੇ ਮਨ! ਸਾਧਸੰਗਤਿ ਮਿਲਿ ਰਹੀਆ ॥
ਹੇ ਮੇਰੀ ਜਿੰਦੜੀਏ! ਤੂੰ ਸਦਾ ਹੀ ਸਤਿ ਸੰਗਤ ਨਾਲ ਜੁੜੀ ਰਹੁ।
ਕ੍ਰਿਪਾ ਕਰਹੁ ਮਧਸੂਦਨ ਮਾਧਉ! ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥
ਹੇ ਮਧ ਦੈਂਤ ਨੂੰ ਮਾਰਨ ਵਾਲੇ ਅਤੇ ਮਾਇਆ ਦੇ ਸੁਆਮੀ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਹਰ ਮੁਹਤ ਸੰਤਾਂ ਦੇ ਪੈਰ ਧੋਵਾਂ। ਠਹਿਰਾਉ।
ਤਜੈ ਗਿਰਸਤੁ, ਭਇਆ ਬਨ ਵਾਸੀ; ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥
ਘਰ-ਬਾਰ ਨੂੰ ਛੱਡ ਕੇ, ਇਨਸਾਨ ਜੰਗਲ ਦੇ ਰਹਿਣ ਵਾਲਾ ਹੋ ਜਾਂਦਾ ਹੈ ਪ੍ਰੰਤੂ ਉਸ ਦਾ ਮਨ ਇਕ ਮੁਹਤ ਭਰ ਲਈ ਭੀ ਨਿਹਚਲ ਨਹੀਂ ਹੁੰਦਾ।
ਧਾਵਤੁ ਧਾਇ ਤਦੇ ਘਰਿ ਆਵੈ; ਹਰਿ ਹਰਿ ਸਾਧੂ ਸਰਣਿ ਪਵਈਆ ॥੨॥
ਕੇਵਲ ਤਾਂ ਹੀ ਭਟਕਦਾ ਹੋਇਆ ਮਨੂਆਂ ਆਪਣੇ ਧਾਮ ਵਿੱਚ ਆਉਂਦਾ ਹੈ, ਜਦ ਇਹ ਸੁਆਮੀ ਵਾਹਿਗੁਰੂ ਦੇ ਸੰਤਾਂ ਦੀ ਪਨਾਹ ਲੈਂਦਾ ਹੈ।
ਧੀਆ ਪੂਤ ਛੋਡਿ ਸੰਨਿਆਸੀ; ਆਸਾ ਆਸ ਮਨਿ ਬਹੁਤੁ ਕਰਈਆ ॥
ਇਕ ਵਿਰੱਕਤ ਭੀ ਜੋ ਆਪਣੀਆਂ ਲੜਕੀਆਂ ਅਤੇ ਲੜਕਿਆਂ ਨੂੰ ਛੱਡ ਜਾਂਦਾ ਹੈ ਅਤੇ ਆਪਣੇ ਚਿੱਤ ਅੰਦਰ ਘਨੇਰੀਆਂ ਖਾਹਿਸ਼ਾਂ ਧਾਰਦਾ ਹੈ।
ਆਸਾ ਆਸ ਕਰੈ ਨਹੀ ਬੂਝੈ; ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥
ਉਹ ਖਾਹਿਸ਼ਾਂ ਉਤੇ ਖਾਹਿਸ਼ਾਂ ਧਾਰੀ ਰੱਖਦਾ ਹੈ ਅਤੇ ਉਹ ਇਹ ਨਹੀਂ ਸਮਝਦਾ ਕਿ ਕੇਵਲ ਗੁਰਾਂ ਦੇ ਉਪਦੇਸ਼ ਦੁਆਰਾ ਹੀ ਬੰਦਾ ਖਾਹਿਸ਼-ਰਹਿਤ ਹੁੰਦਾ ਹੈ ਅਤੇ ਆਰਾਮ ਪਾਉਂਦਾ ਹੈ।
ਉਪਜੀ ਤਰਕ, ਦਿਗੰਬਰੁ ਹੋਆ; ਮਨੁ ਦਹ ਦਿਸ ਚਲਿ ਚਲਿ, ਗਵਨੁ ਕਰਈਆ ॥
ਜਦ ਬੰਦੇ ਨੂੰ ਜੱਗ ਵੱਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ, ਉਹ ਨਾਂਗਾ ਸਾਧੂ ਹੋ ਜਾਂਦਾ ਹੈ, ਪ੍ਰੰਤੂ ਉਸ ਦਾ ਮਨੂਆ ਦਸੀਂ ਪਾਸੀਂ ਭਟਕਦਾ, ਭੌਂਦਾ ਤੇ ਭੱਜਿਆ ਫਿਰਦਾ ਹੈ।
ਪ੍ਰਭਵਨੁ ਕਰੈ, ਬੂਝੈ ਨਹੀ ਤ੍ਰਿਸਨਾ; ਮਿਲਿ ਸੰਗਿ ਸਾਧ, ਦਇਆ ਘਰੁ ਲਹੀਆ ॥੪॥
ਉਹ ਭੌਂਦਾ ਫਿਰਦਾ ਹੈ, ਪਰ ਉਸ ਦੀ ਖਾਹਿਸ਼ ਬੁਝਦੀ ਨਹੀਂ। ਸਤਿ ਸੰਗਤ ਨਾਲ ਮਿਲ ਕੇ ਉਹ ਰਹਿਮਤ ਦੇ ਧਾਮ ਨੂੰ ਪਰਾਪਤ ਹੋ ਜਾਂਦਾ ਹੈ।
ਆਸਣ ਸਿਧ ਸਿਖਹਿ ਬਹੁਤੇਰੇ; ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥
ਯੋਗੀ ਘਣੇਰੇ ਬੈਠਣ ਦੇ ਢੰਗ ਸਿੱਖਦੇ ਹਨ, ਪ੍ਰੰਤੂ ਉਨ੍ਹਾਂ ਦਾ ਚਿੱਤ, ਧਨ-ਸੰਪਦਾ, ਕਰਾਮਾਤੀ-ਸ਼ਕਤੀਆਂ ਅਤੇ ਭੂਤ-ਪ੍ਰੇਤ ਦੀ ਵਿਦਿਆ ਨੂੰ ਲਲਚਾਉਂਦਾ ਹੈ।
ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ; ਮਿਲਿ ਸਾਧੂ ਤ੍ਰਿਪਤਿ, ਹਰਿ ਨਾਮਿ ਸਿਧਿ ਪਈਆ ॥੫॥
ਰਜ, ਸੰਤੁਸ਼ਟਤਾ ਅਤੇ ਠੰਢ-ਚੈਨ ਬੰਦੇ ਦੇ ਚਿੱਤ ਅੰਦਰ ਪ੍ਰਵੇਸ਼ ਨਹੀਂ ਕਰਦੇ। ਸੰਤਾਂ ਨੂੰ ਮਿਲਣ ਦੁਆਰਾ ਬੰਦਾ ਧ੍ਰਾਮ ਜਾਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਰਾਹੀਂ ਉਹ ਪੂਰਨਤਾ ਨੂੰ ਪਰਾਪਤ ਹੋ ਜਾਂਦਾ ਹੈ।
ਅੰਡਜ ਜੇਰਜ ਸੇਤਜ ਉਤਭੁਜ; ਸਭਿ ਵਰਨ ਰੂਪ ਜੀਅ ਜੰਤ ਉਪਈਆ ॥
ਆਂਡੇ ਤੋਂ ਨਿਪਜੇ, ਜੋਰ ਤੋਂ ਨਿਪਜੇ, ਮੁੜ੍ਹਕੇ ਤੋਂ ਉਪਜੇ, ਧਰਤੀ ਤੋਂ ਉਪਜੇ, ਪ੍ਰਾਣੀ ਅਤੇ ਪਸ਼ੂ ਪੰਛੀ ਆਦਿ ਸਾਰਿਆਂ ਰੰਗਾਂ ਤੇ ਸਰੂਪਾਂ ਦ, ੇ ਰੱਬ ਦੇ ਪੈਦਾ ਕੀਤੇ ਹੋਏ ਹਨ।
ਸਾਧੂ ਸਰਣਿ ਪਰੈ ਸੋ ਉਬਰੈ; ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥
ਜੋ ਸੰਤਾਂ ਦੀ ਪਨਾਹ ਲੈਂਦਾ ਹੈ, ਉਹ ਤਰ ਜਾਂਦਾ ਹੈ, ਭਾਵੇਂ ਉਹ ਖੱਤ੍ਰੀ, ਵਿਦਵਾਨ, ਕਿਸਾਨ, ਅਛੂਤ ਅਤੇ ਕਮੀਣਾ ਹੋਵੇ।
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ, ਚਮਿਆਰੁ ਚਮਈਆ ॥
ਨਾਮਦੇਵ, ਜੈਦੇਵ, ਕਬੀਰ, ਤ੍ਰਿਲੋਚਨ ਅਤੇ ਨੀਚ ਜਾਤ ਦਾ ਰਵਿਦਾਸ ਚਮਾਰ ਪਾਰ ਉਤਰ ਗਏ।
ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ਧੰਨਾ ਜਟੁ, ਸੈਣੁ ਮਿਲਿਆ ਹਰਿ ਦਈਆ ॥੭॥
ਵਡਭਾਗੀ ਧੰਨਾ ਜੱਟ, ਸੈਣ ਅਤੇ ਉਹ ਸਾਰੇ ਜੋ ਪਵਿੱਤਰ ਪੁਰਸ਼ਾਂ ਦੇ ਸਮਾਗਮ ਅੰਦਰ ਜੁੜੇ ਹਨ, ਮਿਹਰਬਾਨ ਮਾਲਕ ਨੂੰ ਮਿਲ ਪਏ ਹਨ।
ਸੰਤ ਜਨਾ ਕੀ ਹਰਿ ਪੈਜ ਰਖਾਈ; ਭਗਤਿ ਵਛਲੁ ਅੰਗੀਕਾਰੁ ਕਰਈਆ ॥
ਭਗਤੀ ਨੂੰ ਪਿਆਰ ਕਰਨ ਵਾਲਾ ਵਾਹਿਗੁਰੂ ਸਾਧ ਸਰੂਪ ਦੀ ਲੱਜਿਆ ਰੱਖਦਾ ਹੈ ਅਤੇ ਉਨ੍ਹਾਂ ਨੂੰ ਕਬੂਲ ਕਰ ਲੈਂਦਾ ਹੈ।
ਨਾਨਕ, ਸਰਣਿ ਪਰੇ ਜਗਜੀਵਨ; ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥
ਨਾਨਕ ਨੇ ਜਗਤ ਦੀ ਜਿੰਦ-ਜਾਨ ਸੁਆਮੀ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਸ ਨੇ ਆਪਣੀ ਰਹਿਮਤ ਧਾਰ ਕੇ ਉਸ ਦਾ ਉਤਾਰਾ ਕਰ ਦਿੱਤਾ ਹੈ।
ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਅੰਤਰਿ ਪਿਆਸ ਉਠੀ ਪ੍ਰਭ ਕੇਰੀ; ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥
ਮੇਰੇ ਅੰਦਰ ਸੁਆਮੀ ਲਈ ਤਰੇਹ ਉਤਪੰਨ ਹੋ ਗਈ ਹੈ ਅਤੇ ਗੁਰਾਂ ਦੀ ਬਾਣੀ ਸ੍ਰਵਣ ਕਰ ਕੇ ਮੇਰੀ ਆਤਮਾ ਬਾਣ ਨਾਲ ਵਿੰਨ੍ਹੀ ਗਈ ਹੈ।
ਮਨ ਕੀ ਬਿਰਥਾ, ਮਨ ਹੀ ਜਾਣੈ; ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥
ਮੇਰੇ ਦਿਲ ਦੀ ਪੀੜ ਨੂੰ ਕੇਵਲ ਮੇਰਾ ਚਿੱਤ ਹੀ ਜਾਣਦਾ ਹੈ। ਹੋਰ ਕੌਣ ਪਰਾਏ ਦੀ ਪੀੜ ਨੂੰ ਜਾਣ ਕਸਦਾ ਹੈ?
ਰਾਮ! ਗੁਰਿ ਮੋਹਨਿ, ਮੋਹਿ ਮਨੁ ਲਈਆ ॥
ਫਰੇਫਤਾ ਕਰ ਲੈਣਹਾਰ, ਗੁਰੂ ਪਰਮੇਸ਼ਰ ਨੇ ਮੇਰੀ ਜਿੰਦੜੀ ਨੂੰ ਮੋਹ ਲਿਆ ਹੈ।
ਹਉ ਆਕਲ ਬਿਕਲ ਭਈ ਗੁਰ ਦੇਖੇ; ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥
ਆਪਣੇ ਗੁਰਾਂ ਨੂੰ ਵੇਖਕੇ ਮੈਂ ਪਰਮ ਚਕਰਿਤ ਹੋ ਗਿਆ ਅਤੇ ਪਰਮ ਪਰਸੰਨਤਾ ਦੇ ਮਡਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਠਹਿਰਾਉ।
ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ; ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥
ਮੈਂ ਸਮੂਹ ਮੁਲਕਾਂ ਅਤੇ ਪ੍ਰਦੇਸ਼ਾਂ ਅੰਦਰ ਵੇਖਦੀ ਫਿਰਦੀ ਹਾਂ। ਕਿਉਂਕਿ ਮੇਰੇ ਚਿੱਤ ਅੰਦਰ ਆਪਣੇ ਸਿਰ ਦੇ ਸਾਈਂ ਨੂੰ ਵੇਖਣ ਦੀ ਘਣੇਰੀ ਸੱਧਰ ਹੈ।
ਮਨੁ ਤਨੁ ਕਾਟਿ ਦੇਉ ਗੁਰ ਆਗੈ; ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥
ਆਪਣੀ ਆਤਮਾ ਅਤੇ ਦੇਹ ਮੈਂ ਗੁਰਾਂ ਉਤੋਂ ਕੁਰਬਾਨ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ।
ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ; ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥
ਜੇਕਰ ਕੋਈ ਆ ਕੇ ਮੈਨੂੰ ਮੇਰੇ ਮਾਲਕ ਦਾ ਸੁਨੇਹਾ ਦੇਵੇ ਤਾਂ ਉਹ ਮੇਰੇ ਹਿਰਦੇ, ਦਿਲ ਅਤੇ ਸਰੀਰ ਨੂੰ ਮਿੱਠੜਾ ਲੱਗਦਾ ਹੈ।
ਮਸਤਕੁ ਕਾਟਿ ਦੇਉ ਚਰਣਾ ਤਲਿ; ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ ॥੩॥
ਆਪਣਾ ਸਿਰ ਵੱਢ ਕੇ ਮੈਂ ਉਸ ਦੇ ਪੈਰਾਂ ਹੇਠਾਂ ਰੱਖ ਦੇਵਾਂਗਾ। ਜੈ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਮਿਲਾ ਦੇਵੇ ਅਤੇ ਉਸ ਦੀ ਸੰਗਤ ਨਾਲ ਜੋੜ ਦੇਵੇ।
ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ; ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ ॥
ਆਓ ਮੇਰੀਓ ਸਹੇਲੀਓ! ਆਪਾਂ ਚੱਲ ਕੇ ਆਪਣੇ ਸਾਹਿਬ ਨੂੰ ਸਮਝੀਏ ਅਤੇ ਨੇਕੀਆਂ ਦੇ ਜਾਦੂ ਕਰ ਕੇ ਆਪਣੇ ਸੁਆਮੀ ਮਾਲਕ ਨੂੰ ਪਰਾਪਤ ਹੋਈਏ।
ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ; ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥
ਉਸ ਦਾ ਨਾਉਂ ਆਪਣੇ ਸੰਤਾਂ ਨੂੰ ਪਿਆਰ ਕਰਨ ਵਾਲਾ ਆਖਿਆ ਜਾਂਦਾ ਹੈ। ਆਓ! ਆਪਾਂ ਉਨ੍ਹਾਂ ਦੇ ਮਗਰ ਲੱਗ ਕੇ ਟੁਰੀਏ। ਜਿਨ੍ਹਾਂ ਨੇ ਸੁਆਮੀ ਦੀ ਪਨਾਹ ਲਈ ਹੈ।
ਖਿਮਾ ਸੀਗਾਰ ਕਰੇ ਪ੍ਰਭ ਖੁਸੀਆ; ਮਨਿ ਦੀਪਕ ਗੁਰ ਗਿਆਨੁ ਬਲਈਆ ॥
ਜੇਕਰ ਪਤਨੀ ਆਪਣੇ ਆਪ ਨੂੰ ਦਇਆ ਨਾਲ ਸ਼ਸ਼ੋਭਤ ਕਰ ਲਵੇ ਤਾਂ ਮੇਰਾ ਸੁਆਮੀ ਉਸ ਉਤੇ ਪ੍ਰਸੰਨ ਹੋ ਜਾਂਦਾ ਹੈ ਅਤੇ ਗੁਰਾਂ ਦੀ ਦਾਨਾਈ ਦਾ ਦੀਵਾ ਉਸ ਦੇ ਹਿਰਦੇ ਅੰਦਰ ਲੱਗ ਪੈਂਦਾ ਹੈ।
ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ; ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥
ਪਰਸੰਨਤਾ ਅਤੇ ਖੁਸ਼ੀ ਨਾਲ ਮੇਰਾ ਮਾਲਕ ਉਸ ਨੂੰ ਮਾਣਦਾ ਹੈ। ਉਸ ਆਪਣੇ ਸੁਆਮੀ ਨੂੰ ਮੈਂ ਆਪਣੀ ਦੇਹ ਦੀ ਹਰ ਬੋਟੀ ਸਮਰਪਣ ਕਰਦਾ ਹਾਂ।
ਹਰਿ ਹਰਿ, ਹਾਰੁ ਕੰਠਿ ਹੈ ਬਨਿਆ; ਮਨੁ ਮੋਤੀਚੂਰੁ, ਵਡ ਗਹਨ ਗਹਨਈਆ ॥
ਪ੍ਰਭੂ ਦੇ ਨਾਮ ਨੂੰ ਮੈਂ ਆਪਣੀ ਗਲ-ਮਾਲਾ ਬਣਾ ਲਿਆ ਹੈ ਅਤੇ ਪ੍ਰੇਮ-ਪੂਰਤ ਹਿਰਦਾ ਮੇਰੇ ਸੀਸ ਦੇ ਸ਼ਿੰਗਾਰ ਲਈ ਪਰਮ ਗਹਿਣਾ ਹੈ।
ਹਰਿ ਹਰਿ ਸਰਧਾ ਸੇਜ ਵਿਛਾਈ; ਪ੍ਰਭੁ ਛੋਡਿ ਨ ਸਕੈ, ਬਹੁਤੁ ਮਨਿ ਭਈਆ ॥੬॥
ਆਪਣੇ ਸੁਆਮੀ ਮਾਲਕ ਲਈ ਮੈਂ ਵਿਸ਼ਵਾਸ ਭਰੋਸੇ ਦਾ ਬਿਸਤਰਾ ਵਿਛਾਇਆ ਹੈ। ਮੈਂ ਆਪਣੇ ਸਿਰ ਦੇ ਸਾਈਂ ਨੂੰ ਛੱਡ ਨਹੀਂ ਸਕਦੀ, ਕਿਉਂਕਿ ਮੇਰੇ ਚਿੱਤ ਅੰਦਰ ਉਸ ਲਈ ਅਨੰਦ ਪਿਆਰ ਹੈ।
ਕਹੈ ਪ੍ਰਭੁ ਅਵਰੁ, ਅਵਰੁ ਕਿਛੁ ਕੀਜੈ; ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥
ਜੇਕਰ ਸੁਆਮੀ ਕੋਈ ਗੱਲ ਆਖੇ ਅਤੇ ਸੁਆਣੀ ਬਿਲਕੁਲ ਕੁਛ ਹੋਰ ਹੀ ਕਰੇ ਤਾਂ ਬਿਰਬੇ ਅਤੇ ਫੱਕ ਨਿਆਈ ਹਨ ਉਸ ਦੇ ਸਾਰੇ ਹਾਰ-ਸ਼ਿੰਗਾਰ।
ਕੀਓ ਸੀਗਾਰੁ ਮਿਲਣ ਕੈ ਤਾਈ; ਪ੍ਰਭੁ ਲੀਓ ਸੁਹਾਗਨਿ, ਥੂਕ ਮੁਖਿ ਪਈਆ ॥੭॥
ਆਪਣੇ ਪਤੀ ਦੇ ਨਾਲ ਮਿਲਣ ਲਈ ਪਤਨੀ ਆਪਣੇ ਆਪ ਨੂੰ ਸ਼ਿੰਗਾਰਦੀ ਹੈ ਪ੍ਰੰਤੂ ਪਾਕ ਪਵਿੱਤਰ ਪਤਨੀਆਂ ਪ੍ਰਭੂ ਨੂੰ ਪਾ ਲੈਂਦੀਆਂ ਹਨ ਅਤੇ ਉਸ ਦੇ ਚਿਹਰੇ ਤੇ ਥੁੱਕਾਂ ਪੈਂਦੀਆਂ ਹਨ।
ਹਮ ਚੇਰੀ, ਤੂ ਅਗਮ ਗੁਸਾਈ; ਕਿਆ ਹਮ ਕਰਹ? ਤੇਰੈ ਵਸਿ ਪਈਆ ॥
ਮੈਂ ਤੇਰੀ ਗੋਲੀ ਹਾਂ। ਤੂੰ ਆਲਮ ਦਾ ਬੇਅੰਤ ਸੁਆਮੀ ਹੈ। ਮੈਂ ਤੇਰੇ ਇਖਤਿਆਰ ਵਿੱਚ ਹਾਂ। ਆਪਣੇ ਆਪ ਮੈਂ ਕੀ ਕਰ ਸਕਦੀ ਹਾਂ?
ਦਇਆ ਦੀਨ ਕਰਹੁ ਰਖਿ ਲੇਵਹੁ; ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥
ਹੇ ਸਾਹਿਬ! ਤੂੰ ਮਸਕੀਨਾਂ ਉਤੇ ਮਿਹਰ ਧਾਰ ਅਤੇ ਉਨ੍ਹਾਂ ਦੀ ਰੱਖਿਆ ਕਰ। ਹੇ ਗੁਰੂ ਪਰਮੇਸ਼ਰ! ਨਾਨਕ ਨੇ ਤੇਰੀ ਪਨਾਹ ਲਈ ਹੈ।
ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ; ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥
ਮੇਰੇ ਹਿਰਦੇ ਤੇ ਸਰੀਰ ਅੰਦਰ ਅਨੰਤ ਸੁਆਮੀ ਦੀ ਪ੍ਰੀਤ ਹੈ। ਹਰ ਮੁਹਤ ਮੇਰੇ ਚਿੱਤ ਅੰਦਰ ਬੇਅੰਤ ਵਿਸ਼ਵਾਸ ਭਰੋਸਾ ਉਤਪੰਨ ਹੁੰਦਾ ਹੈ।
ਗੁਰ ਦੇਖੇ, ਸਰਧਾ ਮਨ ਪੂਰੀ; ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥
ਗੁਰਾਂ ਨੂੰ ਵੇਖ ਕੇ ਮੇਰੇ ਚਿੱਤ ਦੀ ਅਭਿਲਾਸ਼ਾ ਪੂਰਨ ਹੋ ਜਾਂਦੀ ਹੈ, ਜਿਸ ਤਰ੍ਹਾਂ ਦੁੱਖ-ਬੰਧਕ ਪੁਕਾਰ ਮਗਰੋਂ ਪਪੀਹਾ ਸ਼ਾਂਤ ਤੇ ਸੀਤਲ ਹੋ ਜਾਂਦਾ ਹੈ ਜਦ ਕਿ ਮੀਂਹ ਦੀ ਕਣੀ ਉਸ ਦੇ ਮੂੰਹ ਵਿੱਚ ਪੈਂਦੀ ਹੈ।
ਮਿਲੁ ਮਿਲੁ ਸਖੀ! ਹਰਿ ਕਥਾ ਸੁਨਈਆ ॥
ਮਿਲੋ! ਮੈਨੂੰ ਮਿਲੋ ਮੇਰੀ ਸਹੇਲੀਓ ਅਤੇ ਮੈਨੂੰ ਪ੍ਰਭੂ ਦੀਆਂ ਕਥਾ ਕਹਾਣੀਆਂ ਸੁਣਾਓ।
ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ; ਮੈ ਤਿਸੁ ਆਗੈ, ਸਿਰੁ ਕਟਿ ਕਟਿ ਪਈਆ ॥੧॥ ਰਹਾਉ ॥
ਮਿਹਰ ਧਾਰ ਕੇ ਸੱਚੇ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿੱਤਾ ਹੈ। ਆਪਣਾ ਸੀਸ ਵੱਢ ਵੱਢ ਕੇ ਮੈਂ ਉਨ੍ਹਾਂ ਮੂਹਰੇ ਭੇਟ ਕਰਦਾ ਹਾਂ ਹਾਂ। ਠਹਿਰਾਉ।
ਰੋਮਿ ਰੋਮਿ ਮਨਿ ਤਨਿ ਇਕ ਬੇਦਨ; ਮੈ ਪ੍ਰਭ ਦੇਖੇ ਬਿਨੁ ਨੀਦ ਨ ਪਈਆ ॥
ਮੇਰੇ ਵਾਲ ਵਾਲ, ਦਿਲ ਤੇ ਦੇਹ ਅੰਦਰ ਵਿਛੋੜੇ ਦੀ ਪੀੜ ਹੈ। ਆਪਣੇ ਸਾਹਿਬ ਨੂੰ ਵੇਖਣ ਦੇ ਬਗੈਰ ਮੈਨੂੰ ਨੀਂਦ ਨਹੀਂ ਪੈਂਦੀ।
ਬੈਦਕ ਨਾਟਿਕ ਦੇਖਿ ਭੁਲਾਨੇ; ਮੈ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ ॥੨॥
ਮੈਨੂੰ ਵੇਖ ਕੇ ਹਕੀਮ ਅਤੇ ਨਬਜ਼ ਵੇਖਣ ਵਾਲੇ ਟਪਲਾ ਖਾ ਗਏ ਹਨ। ਮੇਰੀ ਆਤਮਾ ਚਿੱਤ ਅਤੇ ਦੇਹ ਅੰਦਰ ਪ੍ਰਭੂ ਦੇ ਪਿਆਰ ਦੀ ਪੀੜ ਹੈ।
ਹਉ ਖਿਨੁ ਪਲੁ ਰਹਿ ਨ ਸਕਉ ਬਿਨੁ ਪ੍ਰੀਤਮ; ਜਿਉ ਬਿਨੁ ਅਮਲੈ, ਅਮਲੀ ਮਰਿ ਗਈਆ ॥
ਜਿਸ ਤਰ੍ਹਾਂ ਇਕ ਅਫੀਮੀ, ਅਫੀਮ ਬਿਨਾਂ ਜੀਊ ਨਹੀਂ ਸਕਦਾ, ਏਸੇ ਤਰ੍ਹਾਂ ਹੀ ਮੈਂ ਆਪਣੇ ਪਿਆਰ ਦੇ ਬਾਝੋਂ ਇਕ ਮੁਹਤ ਦੇ ਛਿਨ ਭਰ ਲਈ ਭੀ ਰਹਿ ਨਹੀਂ ਸਕਦਾ।
ਜਿਨ ਕਉ ਪਿਆਸ ਹੋਇ ਪ੍ਰਭ ਕੇਰੀ; ਤਿਨ੍ਹ੍ਹ ਅਵਰੁ ਨ ਭਾਵੈ ਬਿਨੁ ਹਰਿ ਕੋ ਦੁਈਆ ॥੩॥
ਜਿਨ੍ਹਾਂ ਨੂੰ ਸੁਆਮੀ ਦੀ ਤਰੇਹ ਹੈ, ਵਾਹਿਗੁਰੂ ਦੇ ਬਾਝੋਂ ਉਹ ਹੋਰਸ ਕਿਸੇ ਨੂੰ ਪਿਆਰ ਨਹੀਂ ਕਰਦੇ।
ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ; ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ ॥
ਕੋਈ ਆ ਕੇ ਮੈਨੂੰ ਮੇਰੇ ਸਾਹਿਬ ਨਾਲ ਮਿਲਾ ਦੇਵੇ। ਮੈਂ ਉਸ ਉਤੋਂ ਕੁਰਬਾਨ, ਕੁਰਬਾਨ ਅਤੇ ਸਦਕੇ ਜਾਂਦਾ ਹਾਂ।
ਅਨੇਕ ਜਨਮ ਕੇ ਵਿਛੁੜੇ ਜਨ ਮੇਲੇ; ਜਾ ਸਤਿ ਸਤਿ, ਸਤਿਗੁਰ ਸਰਣਿ ਪਵਈਆ ॥੪॥
ਜਦ ਪ੍ਰਾਣੀ ਸੱਚੇ, ਸੱਚੇ, ਸੱਚੇ ਗੁਰਾਂ ਦੀ ਛੱਤ੍ਰ ਛਾਇਆ ਹੇਠ ਆਉਂਦਾ ਹੈ ਤਾਂ ਬਹੁਤਿਆਂ ਜਨਮਾਂ ਦੀ ਜੁਦਾਈ ਦੇ ਮਗਰੋਂ ਉਹ ਸਾਹਿਬ ਨਾਲ ਮਿਲ ਪੈਂਦਾ ਹੈ।
ਸੇਜ ਏਕ, ਏਕੋ ਪ੍ਰਭੁ ਠਾਕੁਰੁ; ਮਹਲੁ ਨ ਪਾਵੈ ਮਨਮੁਖ ਭਰਮਈਆ ॥
ਆਤਮਾ ਅਤੇ ਕੰਤ ਦਾ ਇਕੋ ਹੀ ਪਲੰਘ ਹੈ ਅਤੇ ਇਕੋ ਹੀ ਹੈ ਸਾਰਿਆਂ ਦਾ ਸੁਆਮੀ ਮਾਲਕ। ਅਧਰਮੀ ਆਪਣੇ ਮਾਲਕ ਦੇ ਅੰਦਰ ਨੂੰ ਪਰਾਪਤ ਨਹੀਂ ਹੁੰਦਾ ਅਤੇ ਭਟਕਦਾ ਫਿਰਦਾ ਹੈ।
ਗੁਰੁ ਗੁਰੁ ਕਰਤ ਸਰਣਿ ਜੇ ਆਵੈ; ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥੫॥
ਗੁਰੂ ਗੁਰੂ ਉਚਾਰਨ ਕਰਦਾ ਹੋਇਆ, ਜੇਕਰ ਪ੍ਰਾਣੀ ਉਸ ਦੀ ਪਨਾਹ ਲੈ ਲਵੇ ਤਾਂ ਇਕ ਮੁਹਤ ਦੀ ਦੇਰੀ ਦੇ ਬਗੈਰ ਸਾਈਂ ਉਸ ਨੂੰ ਆ ਕੇ ਮਿਲ ਪੈਂਦਾ ਹੈ।
ਕਰਿ ਕਰਿ ਕਿਰਿਆਚਾਰ ਵਧਾਏ; ਮਨਿ ਪਾਖੰਡ ਕਰਮੁ, ਕਪਟ ਲੋਭਈਆ ॥
ਪ੍ਰਾਣੀ ਘਣੇਰੇ ਕਰਮ-ਕਾਂਡ ਕਮਾਉਂਦਾ ਹੈ ਪ੍ਰੰਤੂ ਉਸ ਨੈ ਆਪਣੇ ਚਿੱਤ ਅੰਦਰ ਦੰਭ, ਮੰਦ-ਅਮਲਾਂ ਅਤੇ ਲਾਲਚ ਨੂੰ ਥਾ ਦਿੱਤੀ ਹੋਈ ਹੈ।
ਬੇਸੁਆ ਕੈ ਘਰਿ ਬੇਟਾ ਜਨਮਿਆ; ਪਿਤਾ ਤਾਹਿ, ਕਿਆ ਨਾਮੁ ਸਦਈਆ? ॥੬॥
ਕੰਜਰੀ ਦੇ ਘਰ ਵਿੱਚ ਪੁੱਤਰ ਜੰਮ ਪੈਂਦਾ ਹੈ, ਉਸ ਦੇ ਬਾਪ ਦਾ ਕੀ ਨਾਮ ਆਖਿਆ ਜਾ ਸਕਦਾ ਹੈ?
ਪੂਰਬ ਜਨਮਿ ਭਗਤਿ ਕਰਿ ਆਏ; ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥
ਪਿਛਲੇ ਜਨਮ ਦੀ ਉਪਾਸ਼ਨਾ ਦੀ ਬਰਕਤ ਦੁਆਰਾ ਮੈਂ ਇਨਸਾਨੀ ਜਾਮੇ ਵਿੱਚ ਆ ਗਿਆ ਹਾਂ। ਗੁਰਾਂ ਨੇ ਹੁਣ ਮੇਰੇ ਅੰਦਰ ਸਾਈਂ ਸਾਂਈਂ, ਸਾਈਂ ਦਾ ਸਿਮਰਨ ਅਸਥਾਪਨ ਕਰ ਦਿੱਤਾ ਹੈ।
ਭਗਤਿ ਭਗਤਿ ਕਰਤੇ ਹਰਿ ਪਾਇਆ; ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥
ਜਦ ਮੈਂ ਸਾਂਈਂ, ਸਾਂਈਂ, ਸਾਂਈਂ, ਸਾਈਂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ, ਤਦ ਮੈਂ ਸਾਈਂ ਦੀ ਸੇਵਾ ਤੇ ਸਿਫ਼ਤ ਕਰਨ ਦੁਆਰਾ ਉਸ ਨੂੰ ਪਰਾਪਤ ਕਰ ਲਿਆ।
ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ; ਆਪੇ ਘੋਲਿ ਘੋਲਿ ਅੰਗਿ ਲਈਆ ॥
ਪ੍ਰਭੂ ਨੇ ਖੁਦ ਮਹਿੰਦੀ ਦੇ ਪੱਤੇ ਲਿਆਂਦੇ ਅਤੇ ਪੀਠੇ ਅਤੇ ਖੁਦ ਹੀ ਇਸ ਦੇ ਘੋਲ ਨੂੰ ਮੇਰੇ ਸਰੀਰ ਦੇ ਅੰਗਾਂ ਉਤੇ ਮਲਿਆ।
ਜਿਨ ਕਉ ਠਾਕੁਰਿ ਕਿਰਪਾ ਧਾਰੀ; ਬਾਹ ਪਕਰਿ ਨਾਨਕ, ਕਢਿ ਲਈਆ ॥੮॥੬॥੨॥੧॥੬॥੯॥
ਜਿਨ੍ਹਾਂ ਉਤੇ ਸੁਆਮੀ ਆਪਣੀ ਰਹਿਮਤ ਕਰਦਾ ਹੈ, ਬਾਂਹ ਤੋਂ ਪਕੜ ਕੇ, ਉਹ ਉਨ੍ਹਾਂ ਨੂੰ ਸੰਸਾਰ ਸਮੁੰਦਰ ਵਿਚੋਂ ਬਾਹਰ ਧੂ ਲੈਂਦਾ ਹੈ, ਹੇ ਨਾਨਕ!
ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨
ਰਾਗ ਬਿਲਾਵਲ ਚੌਥੀ ਪਾਤਿਸ਼ਾਹੀ। ਅਸ਼ਟਪਦੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ; ਉਪਮਾ ਜਾਤ ਨ ਕਹੀ ॥
ਆਪਣੇ ਮਾਲਕ ਦੀ ਮਹਿਮਾ ਮੈਂ ਉਚਾਰਨ ਨਹੀਂ ਕਰ ਸਕਦਾ, ਮਹਿਮਾ ਮੈਂ ਉਚਾਰਨ ਨਹੀਂ ਕਰ ਸਕਦਾ।
ਤਜਿ ਆਨ, ਸਰਣਿ ਗਹੀ ॥੧॥ ਰਹਾਉ ॥
ਹੋਰ ਸਾਰਿਆਂ ਨੂੰ ਛੱਡ ਕੇ, ਮੈਂ ਪ੍ਰਭੂ ਦੀ ਪਨਾਹ ਪਕੜੀ ਹੈ। ਠਹਿਰਾਉ।
ਪ੍ਰਭ ਚਰਨ ਕਮਲ, ਅਪਾਰ ॥
ਬੇਅੰਤ ਹਨ ਸਾਹਿਬ ਦੇ ਕੰਵਲ ਰੂਪੀ ਪੈਰ।
ਹਉ ਜਾਉ, ਸਦ ਬਲਿਹਾਰ ॥
ਉਨ੍ਹਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ।
ਮਨਿ, ਪ੍ਰੀਤਿ ਲਾਗੀ ਤਾਹਿ ॥
ਉਨ੍ਹਾਂ ਚਰਨ ਕੰਵਲਾਂ ਨੂੰ ਮੈਂ ਆਪਣੇ ਚਿੱਤ ਅੰਦਰ ਪਿਆਰ ਕਰਦਾ ਹਾਂ।
ਤਜਿ ਆਨ, ਕਤਹਿ ਨ ਜਾਹਿ ॥੧॥
ਉਨ੍ਹਾਂ ਨੂੰ ਛੱਡ ਕੇ, ਮੈਂ ਹੋਰ ਕਿਧਰੇ ਨਹੀਂ ਜਾਂਦਾ।
ਹਰਿ ਨਾਮ ਰਸਨਾ ਕਹਨ ॥
ਰੱਬ ਦਾ ਨਾਮ, ਮੈਂ ਆਪਣੀ ਜੀਭਾ ਨਾਲ ਲੈਂਦਾ ਹਾਂ।
ਮਲ ਪਾਪ ਕਲਮਲ, ਦਹਨ ॥
ਮੇਰੇ ਗੁਨਾਹ ਅਤੇ ਮੰਦ ਅਮਲਾਂ ਦੀ ਗੰਦਗੀ ਸੜ ਗਈ ਹੈ।
ਚੜਿ ਨਾਵ ਸੰਤ, ਉਧਾਰਿ ॥
ਸਾਧੂਆਂ ਦੀ ਬੇੜੀ ਦੇ ਚੜ੍ਹ ਕੇ, ਮੈਂ ਬੰਦਖਲਾਸ ਹੋ ਗਿਆ ਹਾਂ।
ਭੈ ਤਰੇ ਸਾਗਰ ਪਾਰਿ ॥੨॥
ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ।
ਮਨਿ ਡੋਰਿ, ਪ੍ਰੇਮ ਪਰੀਤਿ ॥
ਮੇਰੀ ਜਿੰਦੜੀ ਸੁਆਮੀ ਨਾਲ, ਮੁਹੱਬਤ ਅਤੇ ਪਿਆਰ ਦੀ ਰੱਸੀ ਨਾਲ ਬੱਝੀ ਹੋਈ ਹੈ।
ਇਹ ਸੰਤ ਨਿਰਮਲ ਰੀਤਿ ॥
ਇਹ ਸਾਧੂਆਂ ਦੀ ਪਵਿੱਤਰ ਮਰਿਯਾਦਾ ਹੈ।
ਤਜਿ ਗਏ, ਪਾਪ ਬਿਕਾਰ ॥
ਉਹ ਗੁਨਾਹਾਂ ਅਤੇ ਕੁਕਰਮਾਂ ਨੂੰ ਛੱਡ ਦਿੰਦੇ ਹਨ।
ਹਰਿ ਮਿਲੇ, ਪ੍ਰਭ ਨਿਰੰਕਾਰ ॥੩॥
ਉਹ ਸਰੂਪ-ਰਹਿਤ ਸੁਆਮੀ ਵਾਹਿਗੁਰੂ ਨਾਲ ਮਿਲ ਜਾਂਦੇ ਹਨ।
ਪ੍ਰਭ ਪੇਖੀਐ, ਬਿਸਮਾਦ ॥
ਸਾਹਿਬ ਨੂੰ ਵੇਖ ਕੇ ਮੈਂ ਚਕ੍ਰਿਤ ਹੋ ਗਿਆ ਹਾਂ,
ਚਖਿ, ਅਨਦ ਪੂਰਨ ਸਾਦ ॥
ਅਤੇ ਮੁਕੰਮਲ ਪਰਸੰਨਤਾ ਦਾ ਸੁਆਦ ਮਾਣਦਾ ਹਾਂ।
ਨਹ ਡੋਲੀਐ, ਇਤ ਊਤ ॥
ਮੈਂ ਇਧਰ-ਉਧਰ ਡਿਕ-ਡੋਲੇ ਨਹੀਂ ਖਾਂਦਾ।
ਪ੍ਰਭ ਬਸੇ ਹਰਿ ਹਰਿ ਚੀਤ ॥੪॥
ਵਾਹਿਗੁਰੂ ਸੁਆਮੀ ਮਾਲਕ ਮੇਰੇ ਚਿੱਤ ਅੰਦਰ ਵਸਦਾ ਹੈ।
ਤਿਨ੍ਹ੍ਹ, ਨਾਹਿ ਨਰਕ ਨਿਵਾਸੁ ॥
ਉਹ ਦੋਜ਼ਕ ਅੰਦਰ ਨਹੀਂ ਵਸਦੇ,
ਨਿਤ ਸਿਮਰਿ, ਪ੍ਰਭ ਗੁਣਤਾਸੁ ॥
ਜੋ ਨੇਕੀ ਦੇ ਖਜਾਨੇ, ਆਪਣੇ ਸੁਆਮੀ ਨੂੰ ਸਦਾ ਯਾਦ ਕਰਦੇ ਹਨ।
ਤੇ, ਜਮੁ ਨ ਪੇਖਹਿ ਨੈਨ ॥
ਉਹ ਮੌਤ ਦੇ ਫਰੇਸ਼ਤੇ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖਦੇ,
ਸੁਨਿ ਮੋਹੇ, ਅਨਹਤ ਬੈਨ ॥੫॥
ਜੋ ਪਰਮ ਉਤਕ੍ਰਿਸ਼ਟ ਗੁਰਬਾਣੀ ਨੂੰ ਸ੍ਰਵਣ ਕਰ ਕੇ ਮੋਹਤ ਹੋਏ ਹਨ।
ਹਰਿ ਸਰਣਿ ਸੂਰ ਗੁਪਾਲ ॥
ਮੈਂ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਵਰਿਆਮੀ ਹਰੀ ਦੀ ਪਨਾਹ ਲਈ ਹੈ।
ਪ੍ਰਭ, ਭਗਤ ਵਸਿ ਦਇਆਲ ॥
ਮਿਹਰਬਾਨ ਮਾਲਕ ਆਪਣੇ ਜਾਂ-ਨਿਸਾਰ ਗੋਲਿਆਂ ਦੇ ਇਖਤਿਆਰ ਵਿੱਚ ਹੈ।
ਹਰਿ, ਨਿਗਮ ਲਹਹਿ ਨ ਭੇਵ ॥
ਵਾਹਿਗੁਰੂ ਦੇ ਭੇਤ ਨੂੰ ਭੇਦ ਨਹੀਂ ਜਾਣਦੇ।
ਨਿਤ, ਕਰਹਿ ਮੁਨਿ ਜਨ ਸੇਵ ॥੬॥
ਮੋਨਧਾਰੀ ਰਿਸ਼ੀ ਸਦਾ ਹੀ ਉਸ ਦੀ ਘਾਲ ਕੁਮਾਉਂਦੇ ਹਨ।
ਦੁਖ ਦੀਨ ਦਰਦ, ਨਿਵਾਰ ॥
ਸੁਆਮੀ ਗਰੀਬਾਂ ਦਾ ਰੰਜ ਅਤੇ ਤਕਲੀਫ ਦੂਰ ਕਰਨ ਵਾਲਾ ਹੈ।
ਜਾ ਕੀ, ਮਹਾ ਬਿਖੜੀ ਕਾਰ ॥
ਪਰਮ ਕਠਨ ਹੈ ਉਸ ਦੀ ਟਹਿਲ ਸੇਵਾ।
ਤਾ ਕੀ, ਮਿਤਿ ਨ ਜਾਨੈ ਕੋਇ ॥
ਉਸ ਦੇ ਓੜਕ ਨੂੰ ਕੋਈ ਨਹੀਂ ਜਾਣਦਾ।
ਜਲਿ ਥਲਿ ਮਹੀਅਲਿ ਸੋਇ ॥੭॥
ਉਹ ਸੁਆਮੀ ਪਾਣੀ, ਧਰਤੀ ਅਤੇ ਆਕਾਸ਼ ਅੰਦਰ ਰਵਿ ਰਹਿਆ ਹੈ।
ਕਰਿ ਬੰਦਨਾ, ਲਖ ਬਾਰ ॥
ਲੱਖਾਂ ਵਾਰੀਂ, ਹੇ ਮੇਰੀ ਜਿੰਦੜੀਏ! ਤੂੰ ਆਪਣੇ ਪ੍ਰਭੂ ਨੂੰ ਪ੍ਰਣਾਮ ਕਰ।
ਥਕਿ, ਪਰਿਓ ਪ੍ਰਭ ਦਰਬਾਰ ॥
ਭਟਕਦਾ ਹੋਇਆ ਹਾਰ ਹੁਟ ਕੇ, ਮੈਂ ਹੁਣ ਸਾਹਿਬ ਦੇ ਬੂਹੇ ਤੇ ਆ ਡਿੱਗਾ ਹਾਂ।
ਪ੍ਰਭ, ਕਰਹੁ ਸਾਧੂ ਧੂਰਿ ॥
ਹੇ ਸੁਆਮੀ! ਮੈਨੂੰ ਸੰਤਾਂ ਦੇ ਪੈਰਾਂ ਦੀ ਧੂੜ ਬਣਾ ਦੇ।
ਨਾਨਕ, ਮਨਸਾ ਪੂਰਿ ॥੮॥੧॥
ਤੂੰ ਨਾਨਕ ਦੀ ਇਹ ਸੱਧਰ ਪੂਰੀ ਕਰ ਦੇ।
ਬਿਲਾਵਲੁ ਮਹਲਾ ੫ ॥
ਬਿਲਾਵਲ ਚੌਥੀ ਪਾਤਿਸ਼ਾਹੀ।
ਪ੍ਰਭ! ਜਨਮ ਮਰਨ ਨਿਵਾਰਿ ॥
ਹੇ ਸਾਈਂ! ਤੂੰ ਮੇਰਾ ਜੰਮਣਾ ਤੇ ਮਰਨਾ ਕੱਟ ਦੇ।
ਹਾਰਿ ਪਰਿਓ ਦੁਆਰਿ ॥
ਥੱਕ ਟੁਟ ਕੇ, ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ।
ਗਹਿ ਚਰਨ ਸਾਧੂ ਸੰਗ ॥
ਸਤਿ ਸੰਗਤ ਦੀ ਬਰਕਤ ਦੁਆਰਾ ਮੈਂ ਵਾਹਿਗੁਰੂ ਦੇ ਪੈਰਾਂ ਨਾਲ ਚਿਮੜ ਗਿਆ ਹਾਂ,
ਮਨ ਮਿਸਟ ਹਰਿ ਹਰਿ ਰੰਗ ॥
ਅਤੇ ਪ੍ਰਭੂ ਦਾ ਪ੍ਰੇਮ ਮੇਰੇ ਚਿੱਤ ਨੂੰ ਮਿੱਠਾ ਲੱਗਦਾ ਹੈ।
ਕਰਿ ਦਇਆ, ਲੇਹੁ ਲੜਿ ਲਾਇ ॥
ਮਿਹਰ ਧਾਰ ਕੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।
ਨਾਨਕਾ, ਨਾਮੁ ਧਿਆਇ ॥੧॥
ਨਾਨਕ, ਤੇਰੇ ਨਾਮ ਦਾ ਸਿਮਰਨ ਕਰਦਾ ਹੈ, ਹੇ ਸੁਆਮੀ!
ਦੀਨਾ ਨਾਥ ਦਇਆਲ ਮੇਰੇ ਸੁਆਮੀ! ਦੀਨਾ ਨਾਥ ਦਇਆਲ ॥
ਮਸਕੀਨ ਦਾ ਮਾਲਕ, ਮਸਕੀਨ ਦਾ ਮਾਲਕ, ਤੂੰ ਹੈ, ਹੇ ਮੇਰੇ ਕਿਰਪਾਲੂ ਪ੍ਰਭੂ!
ਜਾਚਉ ਸੰਤ ਰਵਾਲ ॥੧॥ ਰਹਾਉ ॥
ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦਾ ਹਾਂ। ਠਹਿਰਾਉ।
ਸੰਸਾਰੁ ਬਿਖਿਆ ਕੂਪ ॥
ਜਗਤ ਜ਼ਹਿਰ ਦਾ ਇਕ ਖੂਹ ਹੈ,
ਤਮ ਅਗਿਆਨ, ਮੋਹਤ ਘੂਪ ॥
ਇਸ ਵਿੱਚ ਆਤਮਿਕ ਬੇਸਮਝੀ ਅਤੇ ਸੰਸਾਰੀ ਮਮਤਾ ਦਾ ਘੁੱਪ ਅਨ੍ਹੇਰਾ ਹੈ।
ਗਹਿ ਭੁਜਾ ਪ੍ਰਭ ਜੀ! ਲੇਹੁ ॥
ਬਾਂਹੋਂ ਫੜ ਕੇ ਮੇਰੀ ਰੱਖਿਆ ਕਰ, ਹੇ ਮੇਰੇ ਮਹਾਰਾਜ ਮਾਲਕ!
ਹਰਿ! ਨਾਮੁ ਅਪੁਨਾ ਦੇਹੁ ॥
ਮੈਨੂੰ ਆਪਣਾ ਨਾਮ ਪਰਦਾਨ ਕਰ, ਹੇ ਵਾਹਿਗੁਰੂ!
ਪ੍ਰਭ! ਤੁਝ ਬਿਨਾ ਨਹੀ ਠਾਉ ॥
ਤੇਰੇ ਬਗੈਰ, ਹੇ ਸੁਆਮੀ! ਮੇਰਾ ਕੋਈ ਹੋਰ ਟਿਕਾਣਾ ਨਹੀਂ।
ਨਾਨਕਾ, ਬਲਿ ਬਲਿ ਜਾਉ ॥੨॥
ਨਾਨਕ ਤੇਰੇ ਉਤੋਂ ਘੋਲੀ, ਘੋਲੀ ਜਾਂਦਾ ਹੈ।
ਲੋਭਿ ਮੋਹਿ ਬਾਧੀ ਦੇਹ ॥
ਮਨੁੱਖੀ ਸਰੀਰ ਲਾਲਚ ਅਤੇ ਸੰਸਾਰੀ ਲਗਨ ਦੀ ਪਕੜ ਵਿੱਚ ਹੈ।
ਬਿਨੁ ਭਜਨ ਹੋਵਤ ਖੇਹ ॥
ਸਾਹਿਬ ਦੇ ਸਿਮਰਨ ਬਗੈਰ, ਇਹ ਸੁਆਹ ਹੋ ਜਾਂਦੀ ਹੈ।
ਜਮਦੂਤ ਮਹਾ ਭਇਆਨ ॥
ਪਰਮ ਭਿਆਨਕ ਹਨ ਮੌਤ ਦੇ ਫਰੇਸ਼ਤੇ।
ਚਿਤ ਗੁਪਤ, ਕਰਮਹਿ ਜਾਨ ॥
ਚਿਤ੍ਰ ਗੁਪਤ (ਲੇਖਾ ਲਿੱਖਣ ਵਾਲੇ ਫਰੇਸ਼ਤੇ) ਆਦਮੀ ਦੇ ਅਮਲਾਂ ਨੂੰ ਜਾਣਦੇ ਹਨ।
ਦਿਨੁ ਰੈਨਿ ਸਾਖਿ ਸੁਨਾਇ ॥
ਦਿਨ ਰਾਤ ਉਹ ਪ੍ਰਾਣੀ ਦੇ ਕਰਮਾਂ ਦੀ ਗਵਾਹੀ ਦਿੰਦੇ ਹਨ।
ਨਾਨਕਾ, ਹਰਿ ਸਰਨਾਇ ॥੩॥
ਨਾਨਕ ਵਾਹਿਗੁਰੂ ਦੀ ਪਨਾਹ ਲੋੜਦਾ ਹੈ।
ਭੈ ਭੰਜਨਾ ਮੁਰਾਰਿ ॥
ਹੇ ਹੰਕਾਰ ਦੇ ਵੈਰੀ ਤੇ ਡਰ ਨੂੰ ਨਾਸ ਕਰਨ ਵਾਲੇ ਪ੍ਰਭੂ!
ਕਰਿ ਦਇਆ ਪਤਿਤ ਉਧਾਰਿ ॥
ਮਿਹਰ ਧਾਰ ਕੇ ਤੂੰ ਪਾਪੀਆਂ ਦਾ ਪਾਰ ਉਤਾਰਾ ਕਰ ਦੇ।
ਮੇਰੇ ਦੋਖ ਗਨੇ ਨ ਜਾਹਿ ॥
ਮੇਰੇ ਪਾਪ ਗਿਣੇ ਨਹੀਂ ਜਾ ਸਕਦੇ।
ਹਰਿ ਬਿਨਾ ਕਤਹਿ ਸਮਾਹਿ ॥
ਸਾਈਂ ਦੇ ਬਾਝੋਂ, ਤਦ ਉਨ੍ਹਾਂ ਉਤੇ ਕੌਣ ਪੜਦਾ ਪਾ ਸਕਦਾ ਹੈ?
ਗਹਿ ਓਟ ਚਿਤਵੀ ਨਾਥ ॥
ਮੈਂ ਤੇਰੀ ਪਨਾਹ ਢੂੰਡੀ ਅਤੇ ਪਕੜੀ ਹੈ, ਹੇ ਪ੍ਰਭੂ!
ਨਾਨਕਾ, ਦੇ ਰਖੁ ਹਾਥ ॥੪॥
ਆਪਣਾ ਹੱਥ ਦੇ ਕੇ, ਤੂੰ ਨਾਨਕ ਦੀ ਰੱਖਿਆ ਕਰ, ਹੇ ਸੁਆਮੀ!
ਹਰਿ ਗੁਣ ਨਿਧੇ ਗੋਪਾਲ ॥
ਨੇਕੀ ਦਾ ਖਜਾਨਾ ਅਤੇ ਜਗਤ ਦਾ ਪਾਲਕ,
ਸਰਬ ਘਟ ਪ੍ਰਤਿਪਾਲ ॥
ਵਾਹਿਗੁਰੂ ਦਿਲਾਂ ਦੀ ਪਰਵਰਿਸ਼ ਕਰਦਾ ਹੈ।
ਮਨਿ ਪ੍ਰੀਤਿ ਦਰਸਨ ਪਿਆਸ ॥
ਮੇਰੀ ਜਿੰਦੜੀ ਨੂੰ ਤੇਰੇ ਪਿਆਰ ਅਤੇ ਦੀਦਾਰ ਦੀ ਤਰੇਹ ਹੈ।
ਗੋਬਿੰਦ ਪੂਰਨ ਆਸ ॥
ਹੇ ਆਲਮ ਦੇ ਸੁਆਮੀ! ਤੂੰ ਮੇਰੀ ਇਹ ਸੱਧਰ ਪੂਰੀ ਕਰ।
ਇਕ ਨਿਮਖ ਰਹਨੁ ਨ ਜਾਇ ॥
ਤੇਰੇ ਬਾਝੋਂ ਹੇ ਸਾਹਿਬ! ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।
ਵਡ ਭਾਗਿ ਨਾਨਕ ਪਾਇ ॥੫॥
ਪਰਮ ਚੰਗੇ ਨਸੀਬਾਂ ਦੁਆਰਾ ਨਾਨਕ ਨੂੰ ਪਿਆਰ ਪਰਾਪਤ ਹੋ ਗਿਆ ਹੈ।
ਪ੍ਰਭ! ਤੁਝ ਬਿਨਾ ਨਹੀ ਹੋਰ ॥
ਹੇ ਸਾਹਿਬ! ਤੇਰੇ ਬਗੈਰ ਹੋਰ ਕੋਈ ਨਹੀਂ।
ਮਨਿ ਪ੍ਰੀਤਿ ਚੰਦ ਚਕੋਰ ॥
ਤੇਰੇ ਜਿੰਦੜੀ ਤੈਨੂੰ ਇੰਜ ਪਿਆਰ ਕਰਦੀ ਹੈ, ਜਿਸ ਤਰ੍ਹਾਂ ਚਕੋਰ ਚੰਨ ਨੂੰ ਕਰਦਾ ਹੈ।
ਜਿਉ ਮੀਨ ਜਲ ਸਿਉ ਹੇਤੁ ॥
ਜਿਸ ਤਰ੍ਹਾਂ ਮੱਛੀ ਦੀ ਪਾਣੀ ਨਾਲ ਮੁਹੱਬਤ ਹੈ।
ਅਲਿ ਕਮਲ ਭਿੰਨੁ ਨ ਭੇਤੁ ॥
ਜਿਸ ਤਰ੍ਹਾ ਭੋਰੇ ਅਤੇ ਕੰਵਲ ਵਿਚਕਾਰ ਕੋਈ ਅੰਤਰਾ ਅਤੇ ਫਰਕ ਨਹੀਂ।
ਜਿਉ ਚਕਵੀ ਸੂਰਜ ਆਸ ॥
ਜਿਸ ਤਰ੍ਹਾਂ ਸੁਰਖਾਬਨੀ ਸੂਰਜ ਨੂੰ ਲੋਚਦੀ ਹੈ,
ਨਾਨਕ, ਚਰਨ ਪਿਆਸ ॥੬॥
ਉਸੇ ਤਰ੍ਹਾਂ ਦੀ ਹੀ ਨਾਨਕ ਨੂੰ ਪ੍ਰਭੂ ਦੇ ਚਰਨਾਂ ਦੀ ਤਰੇਹ ਹੈ।
ਜਿਉ ਤਰੁਨਿ ਭਰਤ ਪਰਾਨ ॥
ਜਿਸ ਤਰ੍ਹਾਂ ਪਤਨੀ ਦੀ ਜਾਨ ਅਤੇ ਪਤੀ ਵਿੱਚ ਹੈ।
ਜਿਉ ਲੋਭੀਐ ਧਨੁ ਦਾਨੁ ॥
ਜਿਸ ਤਰ੍ਹਾਂ ਧਨ-ਦੌਲਤ ਦੀ ਦਾਤ ਲਾਲਚੀ ਪੁਰਸ਼ ਲਈ ਹੈ।
ਜਿਉ ਦੂਧ ਜਲਹਿ ਸੰਜੋਗੁ ॥
ਜਿਸ ਤਰ੍ਹਾਂ ਪਾਣੀ ਦੀ ਦੁੱਧ ਨਾਲ ਲਗਨ ਹੈ
ਜਿਉ ਮਹਾ ਖੁਧਿਆਰਥ, ਭੋਗੁ ॥
ਜਿਸ ਤਰ੍ਹਾਂ ਬਹੁਤਾ ਭੁੱਖਾ ਆਦਮੀ ਭੋਜਨ ਨਾਲ ਪਿਆਰਦਾ ਹੈ।
ਜਿਉ ਮਾਤ ਪੂਤਹਿ ਹੇਤੁ ॥
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ।
ਹਰਿ ਸਿਮਰਿ ਨਾਨਕ ਨੇਤ ॥੭॥
ਏਸੇ ਤਰ੍ਹਾਂ ਹੀ ਹੇ ਨਾਨਕ, ਵਾਹਿਗੁਰੂ ਦਾ ਸਦਾ ਭਜਨ ਕਰਦਾ ਹੈ।
ਜਿਉ ਦੀਪ, ਪਤਨ ਪਤੰਗ ॥
ਜਿਸ ਤਰ੍ਹਾਂ ਪਰਵਾਨਾ ਦੀਵੇ ਉਤੇ ਡਿੱਗਦਾ ਹੈ।
ਜਿਉ ਚੋਰੁ, ਹਿਰਤ ਨਿਸੰਗ ॥
ਜਿਸ ਤਰ੍ਹਾਂ ਚੋਰ ਨਿਝੱਕ ਹੋ ਚੋਰੀ ਕਰਦਾ ਹੈ।
ਮੈਗਲਹਿ ਕਾਮੈ ਬੰਧੁ ॥
ਜਿਸ ਤਰ੍ਹਾਂ ਹਾਥੀ ਕਾਮ-ਚੇਸ਼ਟਾ ਰਾਹੀਂ ਫਸ ਜਾਂਦਾ ਹੈ।
ਜਿਉ ਗ੍ਰਸਤ ਬਿਖਈ ਧੰਧੁ ॥
ਜਿਸ ਤਰ੍ਹਾਂ ਪਾਪੀ ਪਾਪਾਂ ਅੰਦਰ ਪਕੜਿਆ ਜਾਂਦਾ ਹੈ।
ਜਿਉ ਜੂਆਰ, ਬਿਸਨੁ ਨ ਜਾਇ ॥
ਜਿਸ ਤਰ੍ਹਾਂ ਜੁਆਰੀਏ ਦੀ ਖੋਟੀ ਵਾਦੀ ਉਸ ਨੂੰ ਨਹੀਂ ਛੱਡਦੀ।
ਹਰਿ ਨਾਨਕ, ਇਹੁ ਮਨੁ ਲਾਇ ॥੮॥
ਏਸੇ ਤਰ੍ਹਾਂ ਹੀ ਨਾਨਕ ਆਪਣੇ ਇਸ ਚਿੱਤ ਨੂੰ ਸੁਆਮੀ ਨਾਲ ਜੋੜਦਾ ਹੈ।
ਕੁਰੰਕ ਨਾਦੈ ਨੇਹੁ ॥
ਜਿਸ ਤਰ੍ਹਾਂ ਹਰਨ ਰਾਗ ਨੂੰ ਪਿਆਰ ਕਰਦਾ ਹੈ,
ਚਾਤ੍ਰਿਕੁ ਚਾਹਤ ਮੇਹੁ ॥
ਤੇ ਜਿਸ ਤਰ੍ਹਾਂ ਪਪੀਹਾ ਬਾਰਸ਼ ਨੂੰ ਲੋਚਦਾ ਹੈ,
ਜਨ ਜੀਵਨਾ ਸਤਸੰਗਿ ॥
ਏਸੇ ਤਰ੍ਹਾਂ ਹੀ ਪ੍ਰਭੂ ਦਾ ਸੇਵਕ ਸਾਧ ਸੰਗਤ ਨਾਲ ਜੁੜ,
ਗੋਬਿਦੁ ਭਜਨਾ ਰੰਗਿ ॥
ਅਤੇ ਆਲਮ ਦੇ ਮਾਲਕ ਦੇ ਪਿਆਰ ਨਾਲ ਸਿਮਰਨ ਕਰ ਕੇ ਜੀਉਂਦਾ ਹੈ।
ਰਸਨਾ ਬਖਾਨੈ ਨਾਮੁ ॥
ਮੇਰੀ ਜੀਭ੍ਹਾ ਤੇਰੇ ਨਾਮ ਦਾ ਉਚਾਰਨ ਕਰਦੀ ਹੈ, ਹੇ ਸਾਈਂ
ਨਾਨਕ, ਦਰਸਨ ਦਾਨੁ ॥੯॥
ਤੂੰ ਨਾਨਕ ਨੂੰ ਆਪਣੇ ਦੀਦਾਰ ਦੀ ਦਾਤ ਪਰਦਾਨ ਕਰ।
ਗੁਨ ਗਾਇ, ਸੁਨਿ ਲਿਖਿ ਦੇਇ ॥
ਜੋ ਪ੍ਰਭੂ ਦੀ ਕੀਰਤੀ ਗਾਉਂਦਾ, ਸੁਣਦਾ ਅਤੇ ਲਿਖਦਾ ਹੈ,
ਸੋ ਸਰਬ ਫਲ ਹਰਿ ਲੇਇ ॥
ਉਹ ਪ੍ਰਭੂ ਪਾਸੋਂ ਸਾਰੇ ਮੇਵੇ ਪਰਾਪਤ ਕਰ ਲੈਂਦਾ ਹੈ।
ਕੁਲ ਸਮੂਹ ਕਰਤ ਉਧਾਰੁ ॥
ਉਹ ਆਪਣੀਆਂ ਸਾਰੀਆਂ ਪੀੜੀਆਂ ਨੂੰ ਭੀ ਬਚਾ ਲੈਂਦਾ ਹੈ,
ਸੰਸਾਰੁ ਉਤਰਸਿ ਪਾਰਿ ॥
ਅਤੇ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਹਰਿ ਚਰਨ ਬੋਹਿਥ ਤਾਹਿ ॥
ਰੱਬ ਦੇ ਪੈਰ ਉਸ ਲਈ ਪਾਰ ਉਤਰਨ ਲਈ ਜਹਾਜ਼ ਹਨ।
ਮਿਲਿ ਸਾਧਸੰਗਿ ਜਸੁ ਗਾਹਿ ॥
ਸਤਿ ਸੰਗਤ ਨਾਲ ਜੁੜ ਕੇ, ਉਹ ਹਰੀ ਦੀ ਮਹਿਮਾ ਗਾਇਨ ਕਰਦਾ ਹੈ।
ਹਰਿ ਪੈਜ ਰਖੈ ਮੁਰਾਰਿ ॥
ਹੰਕਾਰ ਦਾ ਵੈਰੀ ਵਾਹਿਗੁਰੂ ਉਸ ਦੀ ਲੱਜਿਆ ਰੱਖਦਾ ਹੈ।
ਹਰਿ ਨਾਨਕ, ਸਰਨਿ ਦੁਆਰਿ ॥੧੦॥੨॥
ਨਾਨਕ ਨੇ ਪ੍ਰਭੂ ਦੇ ਦਰ ਦੀ ਪਨਾਹ ਲਈ ਹੈ।
ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ
ਬਿਲਾਵਲ ਪਹਿਲੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਏਕਮ, ਏਕੰਕਾਰੁ ਨਿਰਾਲਾ ॥
ਪਹਿਲੀ (ਤਿੱਥ): ਅਦੁੱਤੀ ਸਾਹਿਬ ਲਾਸਾਨੀ, ਅਬਿਨਾਸੀ, ਅਜਨਮਾ,
ਅਮਰੁ ਅਜੋਨੀ, ਜਾਤਿ ਨ ਜਾਲਾ ॥
ਅਤੇ ਵਰਨ ਤੇ ਜੰਜਾਲ ਰਹਿਤ ਹੈ।
ਅਗਮ ਅਗੋਚਰੁ, ਰੂਪੁ ਨ ਰੇਖਿਆ ॥
ਉਹ ਪਹੁੰਚ ਤੋਂ ਪਰੇ ਅਤੇ ਸੋਚ ਤੋਂ ਉਚੇਰਾ ਹੈ ਅਤੇ ਉਸ ਦਾ ਸਰੂਪ ਜਾਂ ਨੁਹਾਰ ਨਹੀਂ।
ਖੋਜਤ ਖੋਜਤ, ਘਟਿ ਘਟਿ ਦੇਖਿਆ ॥
ਲੱਭਦਿਆਂ, ਲੱਭਦਿਆਂ ਮੈਂ ਉਸ ਨੂੰ ਸਾਰਿਆਂ ਦਿਲਾਂ ਅੰਦਰ ਵੇਖ ਲਿਆ ਹੈ।
ਜੋ ਦੇਖਿ ਦਿਖਾਵੈ, ਤਿਸ ਕਉ ਬਲਿ ਜਾਈ ॥
ਮੈਂ ਉਸ ਉਤੋਂ ਸਦਕੇ ਜਾਂਦਾ ਹਾਂ ਜੋ ਸਾਹਿਬ ਨੂੰ ਵੇਖਦਾ ਅਤੇ ਹੋਰਨਾਂ ਨੂੰ ਵਿਖਾਲਦਾ ਹੈ।
ਗੁਰ ਪਰਸਾਦਿ, ਪਰਮ ਪਦੁ ਪਾਈ ॥੧॥
ਗੁਰਾਂ ਦੀ ਮਿਹਰ ਸਦਕਾ ਮੈਂ ਮਹਾਨ ਮਰਤਬਾ ਪਰਾਪਤ ਕਰ ਲਿਆ ਹੈ।
ਕਿਆ ਜਪੁ ਜਾਪਉ? ਬਿਨੁ ਜਗਦੀਸੈ ॥
ਆਲਮ ਦੇ ਸੁਆਮੀ ਦੇ ਨਾਮ ਦੇ ਬਾਝੋਂ ਮੈਂ ਹੋਰ ਕੀਹਦੇ ਨਾਮ ਦਾ ਉਚਾਰਨ ਕਰਾਂ?
ਗੁਰ ਕੈ ਸਬਦਿ, ਮਹਲੁ ਘਰੁ ਦੀਸੈ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦਾ ਮੰਦਰ ਇਨਸਾਨ ਨੂੰ ਆਪਣੇ ਨਿੱਜ ਦੇ ਘਰ ਅੰਦਰ ਹੀ ਦਿਸ ਪੈਂਦਾ ਹੈ। ਠਹਿਰਾਉ।
ਦੂਜੈ ਭਾਇ ਲਗੇ, ਪਛੁਤਾਣੇ ॥
ਦੂਜੀ (ਤਿੱਥ): ਜੋ ਹੋਰਸ ਦੇ ਪਿਆਰ ਨਾਲ ਜੁੜੇ ਹਨ, ਉਹ ਓੜਕ ਨੂੰ ਪਸਚਾਤਾਪ ਕਰਦੇ ਹਨ।
ਜਮ ਦਰਿ ਬਾਧੇ, ਆਵਣ ਜਾਣੇ ॥
ਉਹ ਯਮ ਦੇ ਬੂਹੇ ਤੇ ਬੱਝੇ ਹੋਏ ਹਨ ਅਤੇ ਆਉਂਦੇ ਜਾਂਦੇ ਰਹਿੰਦੇ ਹਨ।
ਕਿਆ ਲੈ ਆਵਹਿ? ਕਿਆ ਲੇ ਜਾਹਿ? ॥
ਉਹ ਕੀ ਲੈ ਕੇ ਆਏ ਹਨ ਅਤੇ ਆਪਣੇ ਨਾਲ ਕੀ ਲੈ ਜਾਣਗੇ?
ਸਿਰਿ ਜਮਕਾਲੁ, ਸਿ ਚੋਟਾ ਖਾਹਿ ॥
ਉਨ੍ਹਾਂ ਦੇ ਸਿਰ ਉਤੇ ਮੌਤ ਦਾ ਦੂਤ ਹੈ ਅਤੇ ਉਹ ਸੱਟਾਂ ਸਹਾਰਦੇ ਹਨ।
ਬਿਨੁ ਗੁਰ ਸਬਦ, ਨ ਛੂਟਸਿ ਕੋਇ ॥
ਗੁਰਾਂ ਦੇ ਉਪਦੇਸ਼ ਦੇ ਬਗੈਰ ਕੋਈ ਭੀ ਬੰਦ-ਖਲਾਸ ਨਹੀਂ ਹੋ ਸਕਦਾ।
ਪਾਖੰਡਿ ਕੀਨ੍ਹ੍ਹੈ, ਮੁਕਤਿ ਨ ਹੋਇ ॥੨॥
ਦੰਭ ਕਰਨ ਦੁਆਰਾ ਕੋਈ ਭੀ ਮੁਕਤੀ ਨਹੀਂ ਪਾ ਸਕਦਾ।
ਆਪੇ ਸਚੁ ਕੀਆ, ਕਰ ਜੋੜਿ ॥
ਤੱਤਾਂ ਦਾ ਮਿਲਾਪ ਰਚ ਕੇ, ਸੱਚੇ ਸੁਆਮੀ ਨੇ ਖੁਦ ਹੀ ਰਚਨਾ ਕੀਤੀ ਹੈ।
ਅੰਡਜ ਫੋੜਿ ਜੋੜਿ ਵਿਛੋੜਿ ॥
ਮੰਡਲਾਂ ਨੂੰ ਰਚ ਕੇ, ਸਾਈਂ ਨੇ ਉਨ੍ਹਾਂ ਨੂੰ ਵੱਖ ਵੱਖ ਟਿਕਾ ਛੱਡਿਆ ਹੈ ਤੇ ਅੰਤ ਨੂੰ ਉਹ ਉਨ੍ਹਾਂ ਨੂੰ ਨਾਸ ਕਰ ਦੇਵੇਗਾ।
ਧਰਤਿ ਅਕਾਸੁ ਕੀਏ, ਬੈਸਣ ਕਉ ਥਾਉ ॥
ਜਮੀਨ ਤੇ ਅਸਮਾਨ ਉਸ ਨੂੰ ਵਸਣ ਲਈ ਥਾਵਾਂ ਬਣਾਈਆਂ ਹਨ।
ਰਾਤਿ ਦਿਨੰਤੁ, ਕੀਏ ਭਉ ਭਾਉ ॥
ਉਸ ਨੇ ਰਾਤ, ਦਿਨ, ਡਰ ਅਤੇ ਪਿਆਰ ਰਚੇ ਹਨ।
ਜਿਨਿ ਕੀਏ, ਕਰਿ ਵੇਖਣਹਾਰਾ ॥
ਜਿਸ ਨੇ ਰਚਨਾ ਰਚੀ ਹੈ, ਉਹ ਇਸ ਦੇ ਵੇਖਦਾ ਭੀ ਹੈ।
ਅਵਰੁ ਨ ਦੂਜਾ, ਸਿਰਜਣਹਾਰਾ ॥੩॥
ਆਲਮ ਦਾ ਰਚਣਹਾਰ ਹੋਰ ਦੂਸਰਾ ਕੋਈ ਨਹੀਂ ਹੈ।
ਤ੍ਰਿਤੀਆ, ਬ੍ਰਹਮਾ ਬਿਸਨੁ ਮਹੇਸਾ ॥
ਤੀਜੀ (ਤਿੱਥ): ਪ੍ਰਭੂ ਨੇ ਬ੍ਰਹਮਾ, ਵਿਸ਼ਨੂੰ, ਸ਼ਿਵਜੀ,
ਦੇਵੀ ਦੇਵ ਉਪਾਏ ਵੇਸਾ ॥
ਦੇਵੀਆਂ, ਦੇਵਤੇ ਅਤੇ ਹੋਰ ਅਨੇਕਾਂ ਸਰੂਪ ਰਚੇ ਹਨ।
ਜੋਤੀ ਜਾਤੀ, ਗਣਤ ਨ ਆਵੈ ॥
ਪ੍ਰਕਾਸ਼ਾਂ ਅਤੇ ਕਿਸਮਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ।
ਜਿਨਿ ਸਾਜੀ, ਸੋ ਕੀਮਤਿ ਪਾਵੈ ॥
ਜਿਸ ਨੇ ਉਨ੍ਹਾਂ ਨੂੰ ਰਚਿਆ ਹੈ, ਉਹ ਹੀ ਉਨ੍ਹਾਂ ਦਾ ਮੁੱਲ ਪਾਉਂਦਾ ਹੈ।
ਕੀਮਤਿ ਪਾਇ, ਰਹਿਆ ਭਰਪੂਰਿ ॥
ਉਹ ਉਨ੍ਹਾਂ ਦਾ ਮੁੱਲ ਪਾਉਂਦਾ ਹੈ ਅਤੇ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
ਕਿਸੁ ਨੇੜੈ? ਕਿਸੁ ਆਖਾ ਦੂਰਿ? ॥੪॥
ਮੈਂ ਪ੍ਰਭੂ ਤੋਂ ਕਿਸ ਨੂੰ ਨਜ਼ਦੀਕ ਅਤੇ ਕਿਸ ਨੂੰ ਦੁਰੇਡੇ ਕਹਾਂ?
ਚਉਥਿ, ਉਪਾਏ ਚਾਰੇ ਬੇਦਾ ॥
ਚੌਥੀ (ਤਿੱਥ): ਸੁਆਮੀ ਨੇ ਚਾਰੇ ਵੇਦ,
ਖਾਣੀ ਚਾਰੇ, ਬਾਣੀ ਭੇਦਾ ॥
ਚਾਰੇ ਉਤਪਤੀ ਦੇ ਸਾਧਨ ਤੇ ਬੋਲੀ ਦੇ ਸਰੂਪਾਂ ਦੇ ਫਰਕ ਰਚੇ ਹਨ।
ਅਸਟ ਦਸਾ ਖਟੁ ਤੀਨਿ ਉਪਾਏ ॥
ਉਨ੍ਹਾਂ ਨੇ ਅਠਾਰਾਂ (ਪੁਰਾਣ), ਛੇ (ਸ਼ਾਸਤਰ) ਅਤੇ ਤਿੰਨ (ਗੁਣ) ਰਚੇ ਹਨ।
ਸੋ ਬੂਝੈ, ਜਿਸੁ ਆਪਿ ਬੁਝਾਏ ॥
ਕੇਵਲ ਉਹ ਹੀ ਸਾਹਿਬ ਨੂੰ ਸਮਝਦਾ ਹੈ ਜਿਸ ਨੂੰ ਉਹ ਖੁਦ ਦਰਸਾਉਂਦਾ ਹੈ।
ਤੀਨਿ ਸਮਾਵੈ, ਚਉਥੈ ਵਾਸਾ ॥
ਜੋ ਤਿੰਨਾਂ ਅਵਸਥਾਵਾਂ ਉਤੇ ਕਾਬੂ ਪਾ ਲੈਂਦਾ ਹੈ ਅਤੇ ਚੌਥੀ ਅਵਸਥਾ ਦੇ ਅੰਦਰ ਵਸਦਾ ਹੈ।
ਪ੍ਰਣਵਤਿ ਨਾਨਕ, ਹਮ ਤਾ ਕੇ ਦਾਸਾ ॥੫॥
ਗੁਰੂ ਜੀ ਬਿਨੈ ਕਰਦੇ ਹਨ, ਮੈਂ ਉਸ ਦਾ ਗੋਲਾ ਹਾਂ।
ਪੰਚਮੀ, ਪੰਚ ਭੂਤ ਬੇਤਾਲਾ ॥
ਪੰਜਵੀਂ (ਤਿੱਥ): ਪੰਜਾਂ ਤੱਤਾ ਦੇ ਪ੍ਰਾਣੀ ਨਿਰੇ ਪੁਰੇ ਭੂਤਨੇ ਹਨ
ਆਪਿ ਅਗੋਚਰੁ ਪੁਰਖੁ ਨਿਰਾਲਾ ॥
ਪ੍ਰਭੂ ਖੁਦ ਅਗਾਧ ਅਤੇ ਨਿਰਲੇਪ ਹੈ।
ਇਕਿ ਭ੍ਰਮਿ ਭੂਖੇ, ਮੋਹ ਪਿਆਸੇ ॥
ਕਈ ਸੰਦੇਹ, ਭੁੱਖ, ਸੰਸਾਰੀ ਲਗਨ ਅਤੇ ਤਰੇਹ ਅੰਦਰ ਗਲਤਾਨ ਹਨ।
ਇਕਿ ਰਸੁ ਚਾਖਿ, ਸਬਦਿ ਤ੍ਰਿਪਤਾਸੇ ॥
ਕਈ ਨਾਮ ਅੰਮ੍ਰਿਤ ਨੂੰ ਚੱਖ ਕੇ ਰੱਜੇ ਰਹਿੰਦੇ ਹਨ।
ਇਕਿ ਰੰਗਿ ਰਾਤੇ, ਇਕਿ ਮਰਿ ਧੂਰਿ ॥
ਕਈ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ ਅਤੇ ਕਈ ਮਰ ਕੇ ਮਿੱਟੀ ਹੋ ਜਾਂਦੇ ਹਨ।
ਇਕਿ ਦਰਿ ਘਰਿ ਸਾਚੈ, ਦੇਖਿ ਹਦੂਰਿ ॥੬॥
ਕਈ ਸੱਚੇ ਸੁਆਮੀ ਦੀ ਦਰਗਾਹ ਅਤੇ ਮਹਿਲ ਅੰਦਰ ਵਸਦੇ ਹਨ ਅਤੇ ਸਦਾ ਉਸ ਨੂੰ ਹਾਜਰ ਵੇਖਦੇ ਹਨ।
ਝੂਠੇ ਕਉ, ਨਾਹੀ ਪਤਿ ਨਾਉ ॥
ਕੂੜੇ ਦੀ ਕੋਈ ਇੱਜ਼ਤ ਆਬਰੂ ਅਤੇ ਨਾਮਵਰੀ ਨਹੀਂ।
ਕਬਹੁ ਨ ਸੂਚਾ, ਕਾਲਾ ਕਾਉ ॥
ਸਿਆਹ ਕੱਵਾ ਕਦੇ ਭੀ ਪਵਿੱਤਰ ਨਹੀਂ ਹੁੰਦਾ।
ਪਿੰਜਰਿ ਪੰਖੀ ਬੰਧਿਆ ਕੋਇ ॥
ਉਹ ਪਿੰਜਰੇ ਵਿੱਚ ਡੱਕੇ ਹੋਏ ਕਿਸੇ ਪੰਛੀ ਦੀ ਤਰ੍ਹਾਂ ਹੈ,
ਛੇਰੀਂ, ਭਰਮੈ ਮੁਕਤਿ ਨ ਹੋਇ ॥
ਜੋ (ਪਿੰਜਰੇ ਦੀਆਂ) ਸੀਖਾਂ ਪਿਛੇ ਭਾਉਂਦਾ ਫਿਰਦਾ ਹੈ, ਪ੍ਰੰਤੂ ਖਲਾਸੀ ਨਹੀਂ ਪਾ ਸਕਦਾ।
ਤਉ ਛੂਟੈ, ਜਾ ਖਸਮੁ ਛਡਾਏ ॥
ਕੇਵਲ ਤਾਂ ਹੀ ਬੰਦਾ ਬੰਦਖਲਾਸ ਹੁੰਦਾ ਹੈ, ਜਦ ਸੁਆਮੀ ਉਸ ਨੂੰ ਰਿਹਾ ਕਰਦਾ ਹੈ।
ਗੁਰਮਤਿ ਮੇਲੇ, ਭਗਤਿ ਦ੍ਰਿੜਾਏ ॥੭॥
ਉਹ ਗੁਰਾਂ ਦੇ ਉਪਦੇਸ਼ ਨਾਲ ਇਕ ਸੁਰ ਹੋ ਜਾਂਦਾ ਹੈ ਅਤੇ ਸਾਈਂ ਦੇ ਸਿਮਰਨ ਨੂੰ ਚੰਗੀ ਤਰ੍ਹਾਂ ਪਕੜ ਲੈਂਦਾ ਹੈ।
ਖਸਟੀ, ਖਟੁ ਦਰਸਨ ਪ੍ਰਭ ਸਾਜੇ ॥
ਛੇਵੀਂ (ਤਿੱਥ): ਸਾਹਿਬ ਨੇ ਛੇ ਸ਼ਾਸਤਰ ਬਣਾਏ ਹਨ।
ਅਨਹਦ ਸਬਦੁ ਨਿਰਾਲਾ ਵਾਜੇ ॥
ਹੱਦਬੰਨਾ-ਰਹਿਤ ਸ਼ਬਦ ਉਨ੍ਹਾਂ ਨਾਲੋਂ ਨਿਵੇਕਲਾ ਜਾਣਿਆ ਜਾਂਦਾ ਹੈ।
ਜੇ ਪ੍ਰਭ ਭਾਵੈ, ਤਾ ਮਹਲਿ ਬੁਲਾਵੈ ॥
ਜੇਕਰ ਸੁਆਮੀ ਨੂੰ ਇਸ ਤਰ੍ਹਾਂ ਚੰਗਾ ਲੱਗੇ ਤਦ ਉਹ ਪ੍ਰਾਣੀ ਨੂੰ ਆਪਣੀ ਹਜ਼ੂਰੀ ਵਿੱਚ ਸੱਦ ਲੈਂਦਾ ਹੈ।
ਸਬਦੇ ਭੇਦੇ, ਤਉ ਪਤਿ ਪਾਵੈ ॥
ਜੇਕਰ ਬੰਦਾ ਆਪਣੀ ਆਤਮਾ ਨੂੰ ਬਾਣੀ ਵਿੱਚ ਵਿੰਨ੍ਹ ਲਵੇ, ਤਦ ਉਹ ਪ੍ਰਭਤਾ ਨੂੰ ਪਾ ਲੈਂਦਾ ਹੈ।
ਕਰਿ ਕਰਿ ਵੇਸ, ਖਪਹਿ ਜਲਿ ਜਾਵਹਿ ॥
ਜੋ ਧਾਰਮਕ ਬਾਣੇ ਪਹਿਨਦੇ ਹਨ, ਉਹ ਹੰਕਾਰ ਅੰਦਰ ਸੜ ਕੇ ਬਰਬਾਦ ਹੋ ਜਾਂਦੇ ਹਨ।
ਸਾਚੈ, ਸਾਚੇ ਸਾਚਿ ਸਮਾਵਹਿ ॥੮॥
ਸੱਚ ਦੇ ਰਾਹੀਂ, ਸੱਚੇ ਪੁਰਸ਼ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
ਸਪਤਮੀ, ਸਤੁ ਸੰਤੋਖੁ ਸਰੀਰਿ ॥
ਸਪਤਮੀ (ਸੱਤਵੀਂ ਤਿੱਥ): ਜੇਕਰ ਇਨਸਾਨ ਦੀ ਦੇਹ ਨੂੰ ਪਾਕਦਾਮਨੀ ਅਤੇ ਸੰਤੁਸ਼ਟਤਾ ਦੀ ਦਾਤ ਪਰਾਪਤ ਹੋ ਜਾਵੇ,
ਸਾਤ, ਸਮੁੰਦ ਭਰੇ ਨਿਰਮਲ ਨੀਰਿ ॥
ਤਦ ਉਸ ਦੇ ਸੱਤੇ ਹੀ ਸਮੁੰਦਰ ਨਾਮ ਦੇ ਪਵਿੱਤਰ ਪਾਣੀ ਨਾਲ ਪਰੀਪੂਰਨ ਹੋ ਜਾਂਦੇ ਹਨ।
ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥
ਜੋ ਉਤਮ ਆਚਰਣ ਅੰਦਰ ਨ੍ਹਾਉਂਦਾ ਹੈ ਤੇ ਆਪਣੇ ਮਨ ਅੰਦਰ ਸੱਚੇ ਸਾਈਂ ਦਾ ਚਿੰਤਨ ਕਰਦਾ ਹੈ,
ਗੁਰ ਕੈ ਸਬਦਿ, ਪਾਵੈ ਸਭਿ ਪਾਰਿ ॥
ਗੁਰਾਂ ਦੇ ਉਪਦੇਸ਼ ਰਾਹੀਂ, ਉਹ ਸਾਰਿਆਂ ਨੂੰ ਤਾਰ ਦਿੰਦਾ ਹੈ।
ਮਨਿ ਸਾਚਾ, ਮੁਖਿ ਸਾਚਉ ਭਾਇ ॥
ਜਿਸ ਦੇ ਅੰਤਰ ਆਤਮੇ ਸੱਚਾ ਨਾਮ ਹੈ ਅਤੇ ਜੋ ਆਪਣੇ ਮੂੰਹ ਨਾਲ ਪਿਆਰ ਸਹਿਤ ਸੱਚੇ ਨਾਮ ਨੂੰ ਉਚਾਰਦਾ ਹੈ,
ਸਚੁ ਨੀਸਾਣੈ, ਠਾਕ ਨ ਪਾਇ ॥੯॥
ਉਸ ਨੂੰ ਸੱਚ ਦੀ ਰਾਹਦਾਰੀ ਪ੍ਰਦਾਨ ਹੋ ਜਾਂਦੀ ਹੈ ਅਤੇ ਰਸਤੇ ਵਿੱਚ ਉਸ ਨੂੰ ਕੋਈ ਰੁਕਾਵਟ ਨਹੀਂ ਵਾਪਰਦੀ।
ਅਸਟਮੀ, ਅਸਟ ਸਿਧਿ ਬੁਧਿ ਸਾਧੈ ॥
ਅੱਠਵੀਂ (ਤਿੱਥ): ਉਹ ਅੱਠ ਕਰਾਮਾਤੀ ਸ਼ਕਤੀਆਂ ਨੂੰ ਪਰਾਪਤ ਕਰ ਲੈਂਦਾ ਹੈ,
ਸਚੁ ਨਿਹਕੇਵਲੁ, ਕਰਮਿ ਅਰਾਧੈ ॥
ਜੋ ਆਪਣੀ ਮਤ ਨੂੰ ਸੁਧਾਰਦਾ ਸੱਚੇ ਸੁੱਚੇ ਅਮਲ ਕਮਾਉਂਦਾ ਹੈ ਅਤੇ ਪਵਿੱਤਰ ਪ੍ਰਭੂ ਦਾ ਸਿਮਰਨ ਕਰਦਾ ਹੈ।
ਪਉਣ ਪਾਣੀ ਅਗਨੀ ਬਿਸਰਾਉ ॥
ਜੋ ਆਪਣੇ ਰਜੋ, ਸਤੋ ਅਤੇ ਤਮੋ ਗੁਣਾਂ ਨੂੰ ਤਿਆਗ ਦਿੰਦਾ ਹੈ,
ਤਹੀ ਨਿਰੰਜਨੁ, ਸਾਚੋ ਨਾਉ ॥
ਉਸ ਦੇ ਦਿਲ ਅੰਦਰ ਪਵਿੱਤਰ ਸੱਚਾ ਨਾਉਂ ਵਸ ਜਾਂਦਾ ਹੈ।
ਤਿਸੁ ਮਹਿ ਮਨੂਆ ਰਹਿਆ ਲਿਵ ਲਾਇ ॥
ਜੇਕਰ ਇਨਸਾਨ ਉਸ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ,
ਪ੍ਰਣਵਤਿ ਨਾਨਕੁ, ਕਾਲੁ ਨ ਖਾਇ ॥੧੦॥
ਨਾਨਕ ਬਿਨੇ ਕਰਦਾ ਹੈ, ਤਦ ਮੌਤ ਉਸ ਨੂੰ ਨਹੀਂ ਖਾਂਦੀ।
ਨਾਉ ਨਉਮੀ, ਨਵੇ ਨਾਥ ਨਵ ਖੰਡਾ ॥
ਨਾਵੀਂ (ਤਿੱਥ): ਨੌ ਵੱਡੇ ਯੋਗੀਆਂ, ਨੌ ਖਿਤਿਆਂ,
ਘਟਿ ਘਟਿ ਨਾਥੁ, ਮਹਾ ਬਲਵੰਡਾ ॥
ਅਤੇ ਸਾਰਿਆਂ ਦਿਲਾਂ ਦਾ ਨਾਮ ਪਰਮ ਬਲਵਾਨ ਸੁਆਮੀ ਹੈ।
ਆਈ ਪੂਤਾ, ਇਹੁ ਜਗੁ ਸਾਰਾ ॥
ਇਹ ਸਮੂਹ ਸੰਸਾਰ ਮਾਇਆ ਦੀ ਔਲਾਦ (ਪਸਾਰਾ) ਹੈ।
ਪ੍ਰਭ ਆਦੇਸੁ, ਆਦਿ ਰਖਵਾਰਾ ॥
ਮੇਰੀ ਨਮਸਕਾਰ ਹੈ ਉਸ ਸੁਆਮੀ ਨੂੰ, ਜੋ ਐਨ ਆਰੰਭ ਤੋਂ ਮੇਰਾ ਰੱਖਿਅਕ ਹੈ।
ਆਦਿ ਜੁਗਾਦੀ, ਹੈ ਭੀ ਹੋਗੁ ॥
ਪ੍ਰਭੂ ਆਰੰਭ ਵਿੱਚ ਤੇ ਯੁੱਗਾਂ ਦੇ ਸ਼ੁਰੂ ਵਿੱਚ ਸੀ, ਹੁਣ ਅਤੇ ਅੱਗੇ ਨੂੰ ਭੀ ਹੋਵੇਗਾ।
ਓਹੁ ਅਪਰੰਪਰੁ, ਕਰਣੈ ਜੋਗੁ ॥੧੧॥
ਉਹ ਪ੍ਰਭੂ ਬੇਅੰਤ ਅਤੇ ਸਾਰਾ ਕੁਝ ਕਰਨ ਲਈ ਸਰਬ-ਸ਼ਕਤੀਵਾਨ ਹੈ।
ਦਸਮੀ, ਨਾਮੁ ਦਾਨੁ ਇਸਨਾਨੁ ॥
ਦੱਸਵੀਂ (ਤਿੱਥ): ਤੂੰ ਨਾਮ ਦਾ ਜਾਪ ਕਰ, ਵੰਡ ਕੇ ਛਕ, ਅਤੇ ਪਾਕ-ਪਵਿੱਤਰ ਰਹੁ।
ਅਨਦਿਨੁ ਮਜਨੁ, ਸਚਾ ਗੁਣ ਗਿਆਨੁ ॥
ਰਾਤ ਅਤੇ ਦਿਨ ਤੂੰ ਸੱਚੇ ਸੁਆਮੀ ਦੇ ਗੁਣਾਂ ਦੀ ਗਿਆਤ ਅੰਦਰ ਇਸ਼ਨਾਨ ਕਰ।
ਸਚਿ ਮੈਲੁ ਨ ਲਾਗੈ, ਭ੍ਰਮੁ ਭਉ ਭਾਗੈ ॥
ਸੱਚ ਨੂੰ ਗਿਲਾਜ਼ਤ ਨਹੀਂ ਚਿਮੜਦੀ ਅਤੇ ਇਸ ਦੇ ਰਾਹੀਂ ਸੰਦੇਹ ਅਤੇ ਡਰ ਦੌੜ ਜਾਂਦੇ ਹਨ।
ਬਿਲਮੁ ਨ ਤੂਟਸਿ, ਕਾਚੈ ਤਾਗੈ ॥
ਕੱਚੇ ਧਾਗੇ ਦੇ ਟੁੱਟਣ ਨੂੰ ਚਿਰ ਨਹੀਂ ਲੱਗਦਾ।
ਜਿਉ ਤਾਗਾ, ਜਗੁ ਏਵੈ ਜਾਣਹੁ ॥
ਜਿਸ ਤਰ੍ਹਾਂ ਦੀ ਕੱਚੀ ਤੰਦ ਹੈ, ਤੂੰ ਸੰਸਾਰ ਨੂੰ ਏਸੇ ਤਰ੍ਹਾਂ ਦਾ ਹੀ ਸਮਝ।
ਅਸਥਿਰੁ ਚੀਤੁ, ਸਾਚਿ ਰੰਗੁ ਮਾਣਹੁ ॥੧੨॥
ਸੱਚੇ ਸੁਆਮੀ ਦੀ ਪ੍ਰੀਤ ਦਾ ਅਨੰਦ ਲੈਣ ਦੁਆਰਾ ਤੇਰਾ ਮਨੂਆ ਅਡੋਲ ਹੋ ਜਾਵੇਗਾ।
ਏਕਾਦਸੀ, ਇਕੁ ਰਿਦੈ ਵਸਾਵੈ ॥
ਗਿਆਰ੍ਹਵੀਂ (ਤਿੱਥ): ਪ੍ਰਾਣੀ ਨੂੰ ਆਪਣੇ ਮਨ ਅੰਦਰ ਇਕ ਸੁਆਮੀ ਨੂੰ ਟਿਕਾਉਣਾ,
ਹਿੰਸਾ ਮਮਤਾ ਮੋਹੁ ਚੁਕਾਵੈ ॥
ਅਤੇ ਨਿਰਦਈਪੁਣਾ, ਅਪਣੱਤ ਅਤੇ ਸੰਸਾਰੀ ਲਗਨ ਨੂੰ ਤਿਆਗਣਾ ਉਚਿਤ ਹੈ।
ਫਲੁ ਪਾਵੈ, ਬ੍ਰਤੁ ਆਤਮ ਚੀਨੈ ॥
ਜੋ ਆਪਣੇ ਆਪ ਨੂੰ ਸਮਝਣ ਦਾ ਵਰਤ ਰੱਖਦਾ ਹੈ, ਉਹ ਲਾਭ ਉਠਾ ਲੈਂਦਾ ਹੈ।
ਪਾਖੰਡਿ ਰਾਚਿ, ਤਤੁ ਨਹੀ ਬੀਨੈ ॥
ਜਿਹੜਾ ਪ੍ਰਾਣੀ ਦੰਭ ਅੰਦਰ ਖਚਤ ਹੈ ਉਹ ਅਸਲੀਅਤ ਨੂੰ ਨਹੀਂ ਵੇਖਦਾ।
ਨਿਰਮਲੁ ਨਿਰਾਹਾਰੁ ਨਿਹਕੇਵਲੁ ॥
ਪਵਿੱਤਰ ਪ੍ਰਭੂ ਸਵੈ-ਤ੍ਰਿਪਤ ਅਤੇ ਨਿਰਲੇਪ ਹੈ,
ਸੂਚੈ ਸਾਚੇ, ਨਾ ਲਾਗੈ ਮਲੁ ॥੧੩॥
ਅਤੇ ਉਸ ਪਾਵਨ ਤੇ ਸਤਿਪੁਰਖ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ।
ਜਹ ਦੇਖਉ, ਤਹ ਏਕੋ ਏਕਾ ॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਇਸ ਸਾਈਂ ਨੂੰ ਹੀ ਵੇਖਦਾ ਹਾਂ।
ਹੋਰਿ ਜੀਅ ਉਪਾਏ, ਵੇਕੋ ਵੇਕਾ ॥
ਹੋਰ ਜੀਵ, ਉਸ ਨੇ ਅਨੇਕਾਂ ਕਿਸਮਾਂ ਦੇ ਪੈਦਾ ਕੀਤੇ ਹਨ।
ਫਲੋਹਾਰ ਕੀਏ, ਫਲੁ ਜਾਇ ॥
ਕੇਵਲ ਫਲ-ਫੁੱਲ ਖਾਣ ਦੁਆਰਾ ਬੰਦਾ ਜੀਵਨ ਦੇ ਫਲ ਨੂੰ ਗੁਆ ਲੈਂਦਾ ਹੈ।
ਰਸ ਕਸ ਖਾਏ, ਸਾਦੁ ਗਾਵਇ ॥
ਕੇਵਲ ਅਨੇਕਾਂ ਭਾਂਤਾਂ ਦੀਆਂ ਨਿਆਮਤਾਂ ਮਾਨਣ ਦੁਆਰਾ ਇਨਸਾਨ ਸੁਆਮੀ ਦੇ ਸੁਆਦ ਨੂੰ ਗੁਆ ਲੈਂਦਾ ਹੈ।
ਕੂੜੈ ਲਾਲਚਿ, ਲਪਟੈ ਲਪਟਾਇ ॥
ਝੂਠੇ ਲੋਭ ਅੰਦਰ, ਪ੍ਰਾਣੀ ਪੂਰੀ ਤਰ੍ਹਾਂ ਖਚਤ ਹੋਇਆ ਹੋਇਆ ਹੈ।
ਛੂਟੈ ਗੁਰਮੁਖਿ, ਸਾਚੁ ਕਮਾਇ ॥੧੪॥
ਗੁਰਾਂ ਦੀ ਦਇਆ ਦੁਆਰਾ ਸੱਚ ਦੀ ਕਮਾਈ ਕਰ ਕੇ ਪ੍ਰਾਣੀ ਦਾ ਛੁਟਕਾਰਾ ਹੋ ਜਾਂਦਾ ਹੈ।
ਦੁਆਦਸਿ, ਮੁਦ੍ਰਾ ਮਨੁ ਅਉਧੂਤਾ ॥
ਬਾਰ੍ਹਵੀਂ (ਤਿੱਥ): ਜਿਸ ਦੀ ਆਤਮਾ ਬਾਰਾਂ ਹੀ ਚਿੰਨ੍ਹਾਂ ਤੋਂ ਉਪਰਾਮ ਰਹਿੰਦੀ ਹੈ,
ਅਹਿਨਿਸਿ ਜਾਗਹਿ, ਕਬਹਿ ਨ ਸੂਤਾ ॥
ਉਹ ਦਿਨ ਰਾਤ ਖਬਰਦਾਰ ਰਹਿੰਦਾ ਹੈ, ਅਤੇ ਕਦਾਚਿੱਤ ਸੌਂਦਾ ਨਹੀਂ।
ਜਾਗਤੁ ਜਾਗਿ, ਰਹੈ ਲਿਵ ਲਾਇ ॥
ਜੋ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ, ਉਹ ਸਦਾ ਜਾਗਦਾ ਰਹਿੰਦਾ ਹੈ।
ਗੁਰ ਪਰਚੈ, ਤਿਸੁ ਕਾਲੁ ਨ ਖਾਇ ॥
ਉਸ ਦਾ ਗੁਰਾਂ ਅੰਦਰ ਭਰੋਸਾ ਹੈ ਅਤੇ ਉਸ ਨੂੰ ਮੌਤ ਹੱੜਪ ਨਹੀਂ ਕਰਦੀ।
ਅਤੀਤ ਭਏ, ਮਾਰੇ ਬੈਰਾਈ ॥
ਜੋ ਉਪਰਾਮ ਹੋ ਜਾਂਦੇ ਹਨ ਅਤੇ ਆਪਣੇ ਪੰਜੇ ਵੈਰੀਆਂ ਨੂੰ ਮਾਰ ਸੁੱਟਦੇ ਹਨ;
ਪ੍ਰਣਵਤਿ ਨਾਨਕ, ਤਹ ਲਿਵ ਲਾਈ ॥੧੫॥
ਗੁਰੂ ਜੀ ਬਿਨੈ ਕਰਦੇ ਹਨ, ਕੇਵਲ ਉਹ ਹੀ ਪ੍ਰਭੂ ਦੇ ਪ੍ਰੇਮ ਅੰਦਰ ਸਮਾਏ ਰਹਿੰਦੇ ਹਨ।
ਦੁਆਦਸੀ, ਦਇਆ ਦਾਨੁ ਕਰਿ ਜਾਣੈ ॥
ਬਾਰ੍ਹਵੀਂ (ਤਿੱਥ): ਇਨਸਾਨ ਨੂੰ ਮਿਹਰਬਾਨੀ ਅਤੇ ਖੈਰਾਤ ਕਰਨੀ ਜਾਨਣੀ ਚਾਹੀਦੀ ਹੈ,
ਬਾਹਰਿ ਜਾਤੋ, ਭੀਤਰਿ ਆਣੈ ॥
ਅਤੇ ਉਸ ਨੂੰ ਆਪਣੇ ਬਾਹਰ ਭਟਕਦੇ ਹੋਏ ਮਨੂਏ ਨੂੰ ਘਰ ਵਿੱਚ ਲਿਆਉਣਾ ਉਚਿਤ ਹੈ।
ਬਰਤੀ, ਬਰਤ ਰਹੈ ਨਿਹਕਾਮ ॥
ਕੇਵਲ ਉਹ ਵਰਤ ਵਾਲਾ ਹੈ, ਜੋ ਸਵਾਰਥ ਰਹਿਤ ਸੇਵਾ ਕਰਨ ਦਾ ਵਰਤ ਰੱਖਦਾ ਹੈ।
ਅਜਪਾ ਜਾਪੁ, ਜਪੈ ਮੁਖਿ ਨਾਮ ॥
ਪ੍ਰਾਣੀ ਨੂੰ ਉਚਾਰਨ-ਰਹਿਤ ਸਿਮਰਨ ਅਤੇ ਆਪਣੇ ਮੂੰਹ ਨਾਲ ਨਾਮ ਦਾ ਉਚਾਰਨ ਕਰਨਾ ਉਚਿਤ ਹੈ।
ਤੀਨਿ ਭਵਣ ਮਹਿ, ਏਕੋ ਜਾਣੈ ॥
ਉਹ ਇਕ ਸਾਈਂ ਨੂੰ ਤਿੰਨਾਂ ਲੋਕਾਂ ਅੰਦਰ ਵਿਆਪਕ ਸਮਝਦਾ ਹੈ।
ਸਭਿ ਸੁਚਿ ਸੰਜਮ, ਸਾਚੁ ਪਛਾਣੈ ॥੧੬॥
ਪਵਿੱਤਰਤਾ ਤੇ ਪ੍ਰਹੇਜ਼ਗਾਰੀ ਸਮੂਹ ਸੱਚੇ ਸਾਹਿਬ ਨੂੰ ਜਾਨਣ ਵਿੱਚ ਆ ਜਾਂਦੀਆਂ ਹਨ।
ਤੇਰਸਿ, ਤਰਵਰ ਸਮੁਦ ਕਨਾਰੈ ॥
ਤੇਰ੍ਹਵੀਂ (ਤਿੱਥ): ਪ੍ਰਾਣੀ ਸਮੁੰਦਰ ਦੇ ਕੰਢੇ ਦੇ ਬਿਰਛ ਦੀ ਤਰ੍ਹਾਂ ਹੈ।
ਅੰਮ੍ਰਿਤੁ ਮੂਲੁ, ਸਿਖਰਿ ਲਿਵ ਤਾਰੈ ॥
ਪ੍ਰੰਤੂ ਅਮਰ ਹੋ ਸਕਦੀ ਉਸ ਦੀ ਜੜ੍ਹ, ਜੇਕਰ ਉਸ ਦਾ ਮਨ ਪ੍ਰਭੂ ਦੀ ਪ੍ਰੀਤ ਦੀ ਡੋਰ ਨਾਲ ਜੁੜਿਆ ਰਹੇ।
ਡਰ ਡਰਿ ਮਰੈ, ਨ ਬੂਡੈ ਕੋਇ ॥
ਤਦ ਉਹ ਭੈ ਤੇ ਤ੍ਰਾਹ ਨਾਲ ਕਿਵੇਂ ਭੀ ਨਹੀਂ ਮਰਦਾ, ਨਾਂ ਹੀ ਉਹ ਕਦੇ ਡੁਬਦਾ ਹੈ।
ਨਿਡਰੁ ਬੂਡਿ, ਮਰੈ ਪਤਿ ਖੋਇ ॥
ਪ੍ਰਭੂ ਦੇ ਭੈ ਤੋਂ ਸੱਖਣਾ ਪ੍ਰਾਣੀ ਡੁੱਬ ਮਰਦਾ ਹੈ ਅਤੇ ਆਪਣੀ ਇੱਜ਼ਤ-ਆਬਰੂ ਗੁਆ ਬਹਿੰਦਾ ਹੈ।
ਡਰ ਮਹਿ ਘਰੁ, ਘਰ ਮਹਿ ਡਰੁ ਜਾਣੈ ॥
ਜੋ ਆਪਣੇ ਮਨ ਅੰਦਰ ਪ੍ਰਭੂ ਦੇ ਭੈ ਨੂੰ ਟਿਕਾਉਂਦਾ ਹੈ ਅਤੇ ਉਸ ਦੇ ਭੈ ਨੂੰ ਆਪਣੇ ਮਨ ਅੰਦਰ ਜਾਣਦਾ ਹੈ,
ਤਖਤਿ ਨਿਵਾਸੁ, ਸਚੁ ਮਨਿ ਭਾਣੈ ॥੧੭॥
ਰਾਜ ਸਿੰਘਾਸਣ ਤੇ ਬੈਠਦਾ ਹੈ ਅਤੇ ਸੱਚੇ ਸਾਈਂ ਚਿੱਤ ਨੂੰ ਚੰਗਾ ਲੱਗਦਾ ਹੈ।
ਚਉਦਸਿ, ਚਉਥੇ ਥਾਵਹਿ ਲਹਿ ਪਾਵੈ ॥
ਚੌਧਵੀਂ (ਤਿੱਥ): ਜਿਹੜਾ ਇਨਸਾਨ ਚੌਥੀ ਜਗ੍ਹਾ (ਅਵਸਥਾ) ਅੰਦਰ ਪ੍ਰਵੇਸ਼ ਕਰ ਜਾਂਦਾ ਹੈ,
ਰਾਜਸ ਤਾਮਸ ਸਤ, ਕਾਲ ਸਮਾਵੈ ॥
ਉਹ ਰਜੋ, ਤਮੋ ਤੇ ਸਤੋ ਦੇ ਤਿੰਨਾਂ ਗੁਣਾਂ ਉਤੇ ਅਤੇ ਵਕਤ ਉਤੇ ਕਾਬੂ ਪਾ ਲੈਂਦਾ ਹੈ।
ਸਸੀਅਰ ਕੈ ਘਰਿ, ਸੂਰੁ ਸਮਾਵੈ ॥
ਜੋ ਅਕਲਮੰਦੀ ਦੇ ਸੂਰਜ ਨੂੰ ਚੰਦਰਮਾ ਦੇ ਅਨ੍ਹੇਰੇ ਦੇ ਧਾਮ ਅੰਦਰ ਦਾਖਲ ਕਰ ਲੈਂਦਾ ਹੈ,
ਜੋਗ ਜੁਗਤਿ ਕੀ, ਕੀਮਤਿ ਪਾਵੈ ॥
ਅਤੇ ਜੋ ਪ੍ਰਭੂ ਨਾਲ ਮਿਲਾਪ ਦੀ ਵਿਧੀ ਦਾ ਮੁੱਲ ਜਾਣਦਾ ਹੈ,
ਚਉਦਸਿ ਭਵਨ, ਪਾਤਾਲ ਸਮਾਏ ॥
ਜੋ ਵਿਆਪਕ ਹੋ ਰਿਹਾ ਹੈ ਵਿਚ ਚੌਦਾ ਪੁਰੀਆਂ, ਪਇਅਲ,
ਖੰਡ ਬ੍ਰਹਮੰਡ, ਰਹਿਆ ਲਿਵ ਲਾਏ ॥੧੮॥
ਮਹਾਂਦੀਪ ਅਤੇ ਸੂਰਜ ਮੰਡਲਾਂ ਅੰਦਰ, ਉਹ ਉਸ ਸਾਹਿਬ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
ਅਮਾਵਸਿਆ, ਚੰਦੁ ਗੁਪਤੁ ਗੈਣਾਰਿ ॥
ਮੱਸਿਆ: ਉਸ ਰਾਤ ਚੰਦਰਮਾ ਅਸਮਾਨ ਵਿੱਚ ਅਦ੍ਰਿਸ਼ਟ ਰਹਿੰਦਾ ਹੈ।
ਬੂਝਹੁ ਗਿਆਨੀ! ਸਬਦੁ ਬੀਚਾਰਿ ॥
ਹੇ ਸਿਆਣੇ ਬੰਦੇ! ਤੂੰ ਸਾਈਂ ਦੇ ਨਾਮ ਨੂੰ ਸਮਝ ਅਤੇ ਸਿਮਰ।
ਸਸੀਅਰੁ ਗਗਨਿ, ਜੋਤਿ ਤਿਹੁ ਲੋਈ ॥
ਜਦ ਚੰਦਰਮਾ ਅਸਮਾਨ ਵਿੱਚ ਚੜ੍ਹਦਾ ਹੈ ਤਾਂ ਇਸ ਦਾ ਚਾਨਣ ਤਿੰਨਾਂ ਜਹਾਨਾਂ ਨੂੰ ਰੋਸ਼ਨ ਕਰ ਦਿੰਦਾ ਹੈ।
ਕਰਿ ਕਰਿ ਵੇਖੈ, ਕਰਤਾ ਸੋਈ ॥
ਆਪਣੀ ਰਚਨਾ ਨੂੰ ਰਚ ਕੇ, ਉਹ ਕਰਤਾਰ ਇਸ ਨੂੰ ਦੇਖਦਾ ਹੈ।
ਗੁਰ ਤੇ ਦੀਸੈ, ਸੋ ਤਿਸ ਹੀ ਮਾਹਿ ॥
ਜੋ ਗੁਰਾਂ ਦੇ ਰਾਹੀਂ ਪ੍ਰਭੂ ਨੂੰ ਵੇਖ ਲੈਂਦਾ ਹੈ, ਉਹ ਉਸ ਅੰਦਰ ਹੀ ਲੀਨ ਹੋ ਜਾਂਦਾ ਹੈ।
ਮਨਮੁਖਿ ਭੂਲੇ, ਆਵਹਿ ਜਾਹਿ ॥੧੯॥
ਪ੍ਰਤੀਕੂਲ ਪੁਰਸ਼ ਕੁਰਾਹੇ ਪਏ ਹੋਏ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਘਰੁ ਦਰੁ ਥਾਪਿ, ਥਿਰੁ ਥਾਨਿ ਸੁਹਾਵੈ ॥
ਜੋ ਆਪਣਾ ਘਰ-ਬਾਰ ਕਾਇਮ ਕਰ ਲੈਂਦਾ ਹੈ, ਉਹ ਪੱਕਾ ਟਿਕਾਣਾ ਪਰਾਪਤ ਕਰ ਲੈਂਦਾ ਹੈ ਅਤੇ ਸੁੰਦਰ ਦਿੱਸਦਾ ਹੈ।
ਆਪੁ ਪਛਾਣੈ, ਜਾ ਸਤਿਗੁਰੁ ਪਾਵੈ ॥
ਜਦ ਇਨਸਾਨ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ, ਤਦ ਉਹ ਆਪਣੇ ਆਪ ਨੂੰ ਸਮਝ ਲੈਂਦਾ ਹੈ।
ਜਹ ਆਸਾ, ਤਹ ਬਿਨਸਿ ਬਿਨਾਸਾ ॥
ਜਿਥੇ ਖਾਹਿਸ਼ ਹੈ, ਉਥੇ ਬਰਬਾਦੀ ਅਤੇ ਤਬਾਹੀ,
ਫੂਟੈ ਖਪਰੁ, ਦੁਬਿਧਾ ਮਨਸਾ ॥
ਅਤੇ ਦਵੈਤ-ਭਾਵ ਦੇ ਖੁਦਗਰਜ਼ੀ ਦਾ ਠੂਠਾ ਟੁੱਟ ਜਾਂਦਾ ਹੈ।
ਮਮਤਾ ਜਾਲ ਤੇ, ਰਹੈ ਉਦਾਸਾ ॥
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਗੋਲਾ ਹਾਂ,
ਪ੍ਰਣਵਤਿ ਨਾਨਕ, ਹਮ ਤਾ ਕੇ ਦਾਸਾ ॥੨੦॥੧॥
ਜੋ ਸੰਸਾਰੀ ਲਗਨਾਂ ਦੇ ਫੰਧਿਆਂ ਵਿੱਚ ਨਿਰਲੇਪ ਰਹਿੰਦਾ ਹੈ।
ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦
ਬਿਲਾਵਲੁ ਤੀਜੀ ਪਾਤਿਸ਼ਾਹੀ। ਸਤ ਦਿਨ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ, ਉਹ ਪਰਾਪਤ ਹੁੰਦਾ ਹੈ।
ਆਦਿਤ ਵਾਰਿ, ਆਦਿ ਪੁਰਖੁ ਹੈ ਸੋਈ ॥
ਐਤਵਾਰ: ਕੇਵਲ ਉਹ ਹੀ ਪਰਾਪੂਰਬਲਾ ਪ੍ਰਭੂ,
ਆਪੇ ਵਰਤੈ, ਅਵਰੁ ਨ ਕੋਈ ॥
ਉਹ ਆਪ ਹੀ ਕਰਨਹਾਰ ਹੈ, ਹੋਰ ਕੋਈ ਹੈ ਹੀ ਨਹੀਂ।
ਓਤਿ ਪੋਤਿ, ਜਗੁ ਰਹਿਆ ਪਰੋਈ ॥
ਤਾਣੇ ਪੇਟੇ ਦੀ ਤਰ੍ਹਾਂ, ਉਸ ਨੇ ਆਪਣੇ ਆਪ ਨੂੰ ਸੰਸਾਰ ਦੇ ਅੰਦਰ ਉਣਿਆ ਹੋਇਆ ਹੈ।
ਆਪੇ ਕਰਤਾ, ਕਰੈ ਸੁ ਹੋਈ ॥
ਜਿਹੜਾ ਕੁਛ ਸਿਰਜਣਹਾਰ ਖੁਦ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
ਨਾਮਿ ਰਤੇ, ਸਦਾ ਸੁਖੁ ਹੋਈ ॥
ਨਾਮ ਨਾਲ ਰੰਗੀਜਣ ਦਵਾਰਾ ਬੰਦਾ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ।
ਗੁਰਮੁਖਿ, ਵਿਰਲਾ ਬੂਝੈ ਕੋਈ ॥੧॥
ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ।
ਹਿਰਦੈ ਜਪਨੀ, ਜਪਉ ਗੁਣਤਾਸਾ ॥
ਆਪਣੇ ਮਨ ਅੰਦਰ, ਮੈਂ ਨੇਕੀਆਂ ਦੇ ਖਜਾਨੇ ਦੀ ਮਾਲਾ ਫੇਰਦਾ ਹਾਂ।
ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ; ਜਨ ਪਗਿ ਲਗਿ, ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥
ਮੇਰਾ ਵਾਹਿਗੁਰੂ ਅਗਾਧ, ਅਦ੍ਰਿਸ਼ਟ ਅਤੇ ਬੇਅੰਤ ਹੈ, ਸੰਤਾਂ ਦੇ ਚਰਣੀ ਪੈ ਅਤੇ ਸਾਹਿਬ ਦੇ ਗੋਲਿਆਂ ਦਾ ਗੋਲਾ ਬਣ, ਮੈਂ ਉਸ ਦਾ ਸਿਮਰਨ ਕਰਦਾ ਹਾਂ। ਠਹਿਰਾਉ।
ਸੋਮਵਾਰਿ, ਸਚਿ ਰਹਿਆ ਸਮਾਇ ॥
ਸੋਮ: ਸੱਚਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
ਤਿਸ ਕੀ ਕੀਮਤਿ, ਕਹੀ ਨ ਜਾਇ ॥
ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
ਆਖਿ ਆਖਿ, ਰਹੇ ਸਭਿ ਲਿਵ ਲਾਇ ॥
ਸੁਆਮੀ ਨੂੰ ਬਿਆਨ ਤੇ ਵਰਣਨ ਕਰਨ ਦੁਆਰਾ, ਸਾਰੇ ਉਸ ਵਿੱਚ ਆਪਣੀ ਬਿਰਤੀ ਜੋੜੀ ਰੱਖਦੇ ਹਨ।
ਜਿਸੁ ਦੇਵੈ, ਤਿਸੁ ਪਲੈ ਪਾਇ ॥
ਨਾਮ ਉਸ ਦੀ ਝੋਲੀ ਵਿੱਚ ਪੈਂਦਾ ਹੈ, ਜਿਸ ਨੂੰ ਸੁਆਮੀ ਇਸ ਦੀ ਬਖਸ਼ਿਸ਼ ਕਰਦਾ ਹੈ।
ਅਗਮ ਅਗੋਚਰੁ, ਲਖਿਆ ਨ ਜਾਇ ॥
ਮੇਰਾ ਮਾਲਕ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਅਤੇ ਵੇਖਿਆ ਨਹੀਂ ਜਾ ਸਕਦਾ।
ਗੁਰ ਕੈ ਸਬਦਿ, ਹਰਿ ਰਹਿਆ ਸਮਾਇ ॥੨॥
ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਸਾਰੇ ਵਿਆਪਕ ਵੇਖਿਆ ਜਾਂਦਾ ਹੈ।
ਮੰਗਲਿ, ਮਾਇਆ ਮੋਹੁ ਉਪਾਇਆ ॥
ਮੰਗਲਵਾਰ: ਪ੍ਰਭੂ ਨੇ ਆਪ ਹੀ ਸੰਸਾਰੀ ਪਦਾਰਥਾਂ ਦੀ ਮੁਹੱਬਤ ਉਤਪੰਨ ਕੀਤੀ ਹੈ।
ਆਪੇ, ਸਿਰਿ ਸਿਰਿ ਧੰਧੈ ਲਾਇਆ ॥
ਉਸ ਨੇ ਆਪ ਹੀ ਸਾਰਿਆਂ ਇਨਸਾਨਾਂ ਨੂੰ ਆਪਣੇ ਕੰਮੀ ਕਾਜੀ ਜੋੜਿਆ ਹੋਇਆ ਹੈ।
ਆਪਿ ਬੁਝਾਏ, ਸੋਈ ਬੂਝੈ ॥
ਕੇਵਲ ਉਹ ਹੀ ਉਸ ਨੂੰ ਸਮਝਦਾ ਹੈ, ਜਿਸ ਨੂੰ ਉਹ ਖੁਦ ਦਰਸਾਉਂਦਾ ਹੈ।
ਗੁਰ ਕੈ ਸਬਦਿ, ਦਰੁ ਘਰੁ ਸੂਝੈ ॥
ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਾਣੀ ਆਪਣੇ ਘਰ-ਬਾਰ ਨੂੰ ਸਮਝ ਲੈਂਦਾ ਹੈ।
ਪ੍ਰੇਮ ਭਗਤਿ ਕਰੇ, ਲਿਵ ਲਾਇ ॥
ਤਦ ਉਹ ਪਿਆਰ ਨਾਲ ਪ੍ਰਭੂ ਦੀ ਅਨੁਰਾਗੀ ਸੇਵਾ ਕਰਦਾ ਹੈ,
ਹਉਮੈ ਮਮਤਾ ਸਬਦਿ ਜਲਾਇ ॥੩॥
ਅਤੇ ਆਪਣੀ ਹੰਗਤਾ ਅਤੇ ਅਪਣੱਤ ਨੂੰ ਨਾਮ ਨਾਲ ਸਾੜ ਸੁਟਦਾ ਹੈ।
ਬੁਧਵਾਰਿ, ਆਪੇ ਬੁਧਿ ਸਾਰੁ ॥
ਬੁੱਧਵਾਰ: ਪ੍ਰਭੂ ਆਪ ਹੀ ਇਨਸਾਨ ਨੂੰ ਸਰੇਸ਼ਟ ਸਮਝ ਪਰਦਾਨ ਕਰਦਾ ਹੈ।
ਗੁਰਮੁਖਿ, ਕਰਣੀ ਸਬਦੁ ਵੀਚਾਰੁ ॥
ਗੁਰਾਂ ਦੀ ਰਹਿਮਤ ਸਕਦਾ, ਤਦ ਉਹ ਚੰਗੇ ਅਮਲ ਕਮਾਉਂਦਾ ਅਤੇ ਨਾਮ ਦਾ ਸਿਮਰਨ ਕਰਦਾ ਹੈ।
ਨਾਮਿ ਰਤੇ, ਮਨੁ ਨਿਰਮਲੁ ਹੋਇ ॥
ਨਾਮ ਦੇ ਨਾਲ ਰੰਗੀਜਣ ਦੁਆਰਾ ਉਸ ਦਾ ਚਿੱਤ ਪਵਿੱਤਰ ਹੋ ਜਾਂਦਾ ਹੈ।
ਹਰਿ ਗੁਣ ਗਾਵੈ, ਹਉਮੈ ਮਲੁ ਖੋਇ ॥
ਉਹ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਆਪਣੀ ਹੰਗਤਾਂ ਦੀ ਗੰਦਗੀ ਨੂੰ ਧੋ ਸੁੱਟਦਾ ਹੈ।
ਦਰਿ ਸਚੈ, ਸਦ ਸੋਭਾ ਪਾਏ ॥
ਸਾਈਂ ਦੀ ਸੱਚੀ ਦਰਗਾਹ ਅੰਦਰ ਉਹ ਹਮੇਸ਼ਾਂ ਪ੍ਰਭਤਾ ਪਾਉਂਦਾ ਹੈ।
ਨਾਮਿ ਰਤੇ, ਗੁਰ ਸਬਦਿ ਸੁਹਾਏ ॥੪॥
ਨਾਮ ਨਾਲ ਰੰਗੀਜ, ਉਹ ਗੁਰ-ਸ਼ਬਦ ਨਾਲ ਸੁਭਾਇਮਾਨ ਹੁੰਦਾ ਹੈ।
ਲਾਹਾ ਨਾਮੁ, ਪਾਏ ਗੁਰ ਦੁਆਰਿ ॥
ਨਾਮ ਦਾ ਲਾਭ ਗੁਰਾਂ ਦੇ ਦਰ ਦੇ ਰਾਹੀਂ ਪਰਾਪਤ ਹੁੰਦਾ ਹੈ।
ਆਪੇ ਦੇਵੈ, ਦੇਵਣਹਾਰੁ ॥
ਦੇਣ ਵਾਲਾ ਸੁਆਮੀ ਖੁਦ ਹੀ ਬੰਦੇ ਨੂੰ ਇਸ ਦੀ ਦਾਤ ਦਿੰਦਾ ਹੈ।
ਜੋ ਦੇਵੈ, ਤਿਸ ਕਉ ਬਲਿ ਜਾਈਐ ॥
ਜਿਹੜਾ ਇਸ ਤਰ੍ਹਾਂ ਦਿੰਦਾ ਹੈ, ਉਸ ਉਤੋਂ ਸਦਕੇ ਜਾਂਦਾ ਹਾਂ।
ਗੁਰ ਪਰਸਾਦੀ, ਆਪੁ ਗਵਾਈਐ ॥
ਗੁਰਾਂ ਦੀ ਦਇਆ ਦੁਆਰਾ, ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
ਨਾਨਕ, ਨਾਮੁ ਰਖਹੁ ਉਰ ਧਾਰਿ ॥
ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ।
ਦੇਵਣਹਾਰੇ ਕਉ, ਜੈਕਾਰੁ ॥੫॥
ਦਾਤਾਰ ਪ੍ਰਭੂ ਨੂੰ ਮੈਂ ਸਨਿਮਰ ਪ੍ਰਣਾਮ ਕਰਦਾ ਹਾਂ।
ਵੀਰਵਾਰਿ, ਵੀਰ ਭਰਮਿ ਭੁਲਾਏ ॥
ਵੀਰਵਾਰ: ਬਵੰਜਾਂ, ਹਨੂਮਾਨ ਆਦਿ, ਯੋਧੇ ਸੰਦੇਹ ਅੰਦਰ ਗੁੰਮਰਾਹ ਹੋਏ ਹੋਏ ਹਨ।
ਪ੍ਰੇਤ ਭੂਤ, ਸਭਿ ਦੂਜੈ ਲਾਏ ॥
ਸਾਰੇ ਜਿੰਨ ਅਤੇ ਭੂਤ ਹੋਰਸ ਨਾਲ ਜੁੜੇ ਹੋਏ ਹਨ।
ਆਪਿ ਉਪਾਏ, ਕਰਿ ਵੇਖੈ ਵੇਕਾ ॥
ਖੁਦ ਹੀ ਸਾਰਿਆਂ ਨੂੰ ਰਚ ਕੇ ਸੁਆਮੀ ਉਨ੍ਹਾਂ ਨੂੰ ਉਨ੍ਹਾਂ ਦੇ ਅਲਹਿਦਾਪਣ ਵਿੱਚ ਦੇਖਦਾ ਹੈ।
ਸਭਨਾ ਕਰਤੇ! ਤੇਰੀ ਟੇਕਾ ॥
ਹੇ ਮੇਰੇ ਸਿਰਜਣਹਾਰ ਸਾਰਿਆ ਨੂੰ ਤੇਰਾ ਹੀ ਆਸਰਾ ਹੈ।
ਜੀਅ ਜੰਤ, ਤੇਰੀ ਸਰਣਾਈ ॥
ਪ੍ਰਾਣੀ ਤੇ ਜੀਵ-ਜੰਤੂ ਆਦਿ ਤੇਰੀ ਪਨਾਹ ਹੇਠਾਂ ਹਨ।
ਸੋ ਮਿਲੈ, ਜਿਸੁ ਲੈਹਿ ਮਿਲਾਈ ॥੬॥
ਕੇਵਲ ਉਹ ਹੀ ਤੈਨੂੰ ਮਿਲਦਾ ਹੈ, ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਉਂਦਾ ਹੈ।
ਸੁਕ੍ਰਵਾਰਿ, ਪ੍ਰਭੁ ਰਹਿਆ ਸਮਾਈ ॥
ਸ਼ੁਕਵਾਰ: ਮੇਰਾ ਮਾਲਕ ਸਾਰੇ ਵਿਆਪਕ ਹੋ ਰਿਹਾ ਹੈ।
ਆਪਿ ਉਪਾਇ, ਸਭ ਕੀਮਤਿ ਪਾਈ ॥
ਖੁਦ ਸਾਰਿਆਂ ਨੂੰ ਰਚ ਕੇ, ਸੁਆਮੀ ਹਰ ਇਕਸ ਦਾ ਮੁੱਲ ਪਾਉਂਦਾ ਹੈ।
ਗੁਰਮੁਖਿ ਹੋਵੈ, ਸੁ ਕਰੈ ਬੀਚਾਰੁ ॥
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ; ਉਹ ਸਾਹਿਬ ਦਾ ਸਿਮਰਨ ਧਾਰਨ ਕਰਦਾ ਹੈ।
ਸਚੁ ਸੰਜਮੁ, ਕਰਣੀ ਹੈ ਕਾਰ ॥
ਉਹ ਸੱਚ ਅਤੇ ਪ੍ਰਹੇਜ਼ਗਾਰੀ ਦੇ ਕਰਮ ਕਮਾਉਂਦਾ ਹੈ।
ਵਰਤੁ ਨੇਮੁ, ਨਿਤਾਪ੍ਰਤਿ ਪੂਜਾ ॥
ਸਾਰੇ ਵਰਤ, ਧਾਰਮਕ ਸੰਸਕਾਰ ਅਤੇ ਹਰ ਰੋਜ਼ ਦੀਆਂ ਉਪਾਸ਼ਨਾਵਾਂ,
ਬਿਨੁ ਬੂਝੇ, ਸਭੁ ਭਾਉ ਹੈ ਦੂਜਾ ॥੭॥
ਸੁਆਮੀ ਨੂੰ ਸਮਝ ਦੇ ਬਗੈਰ, ਬੰਦੇ ਨੂੰ ਹੋਰਸ ਦੀ ਪ੍ਰੀਤ ਵੱਲ ਲੈਂ ਜਾਂਦੀਆਂ ਹਨ।
ਛਨਿਛਰਵਾਰਿ, ਸਉਣ ਸਾਸਤ ਬੀਚਾਰੁ ॥
ਸਨਿਚਰਵਾਰ: ਚੰਗੇ ਸ਼ਗਨ ਅਤੇ ਸ਼ਾਸਤਰ ਸੋਚਣੇ ਤੇ ਵਿਚਾਰਨੇ,
ਹਉਮੈ ਮੇਰਾ, ਭਰਮੈ ਸੰਸਾਰੁ ॥
ਇਨ੍ਹਾਂ ਅਤੇ ਹੰਕਾਰ ਤੇ ਖੁਦੀ ਅੰਦਰ ਦੁਨੀਆਂ ਭਟਕ ਰਹੀ ਹੈ।
ਮਨਮੁਖੁ ਅੰਧਾ, ਦੂਜੈ ਭਾਇ ॥
ਅੰਨ੍ਹਾ ਅਧਰਮੀ ਹੋਰਸ ਦੇ ਪਿਆਰ ਅੰਦਰ ਗੁਲਤਾਨ ਹੋਇਆ ਹੋਇਆ ਹੈ,
ਜਮ ਦਰ ਬਾਧਾ, ਚੋਟਾ ਖਾਇ ॥
ਅਤੇ ਮੌਤ ਦੇ ਦਰਵਾਜੇ ਉਤੇ ਬੱਝਿਆ ਹੋਇਆ ਸੱਟਾਂ ਸਹਾਰਦਾ ਹੈ।
ਗੁਰ ਪਰਸਾਦੀ, ਸਦਾ ਸੁਖੁ ਪਾਏ ॥
ਗੁਰਾਂ ਦੀ ਦਇਆ ਦੁਆਰਾ, ਇਨਸਾਨ ਸਦੀਵੀ ਆਰਾਮ ਪਾ ਲੈਂਦਾ ਹੈ।
ਸਚੁ ਕਰਣੀ, ਸਾਚਿ ਲਿਵ ਲਾਏ ॥੮॥
ਉਹ ਸੱਚੇ ਕਰਮ ਕਮਾਉਂਦਾ ਹੈ ਅਤੇ ਸੱਚ ਨੂੰ ਪਿਆਰ ਕਰਦਾ ਹੈ।
ਸਤਿਗੁਰੁ ਸੇਵਹਿ, ਸੇ ਵਡਭਾਗੀ ॥
ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
ਹਉਮੈ ਮਾਰਿ, ਸਚਿ ਲਿਵ ਲਾਗੀ ॥
ਆਪਣੀ ਹੰਗਤਾ ਨੂੰ ਮਾਰ ਕੇ, ਉਹ ਸੱਚੇ ਸੁਆਮੀ ਨਾਲ ਪ੍ਰੀਤ ਪਾਉਂਦੇ ਹਨ।
ਤੇਰੈ ਰੰਗਿ ਰਾਤੇ, ਸਹਜਿ ਸੁਭਾਇ ॥
ਤੇਰੀ ਪ੍ਰੀਤ ਨਾਲ, ਹੇ ਸਾਈਂ! ਉਹ ਸੁਭਾਵਕ ਹੀ ਰੰਗੇ ਹੋਏ ਹਨ।
ਤੂ ਸੁਖਦਾਤਾ, ਲੈਹਿ ਮਿਲਾਇ ॥
ਤੂੰ ਹੇ ਖੁਸ਼ੀ ਬਖਸ਼ਨਹਾਰ ਸੁਆਮੀ! ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਏਕਸ ਤੇ, ਦੂਜਾ ਨਾਹੀ ਕੋਇ ॥
ਹਰ ਸ਼ੈ ਇਕ ਵਾਹਿਗੁਰੂ ਤੋਂ ਉਤਪੰਨ ਹੁੰਦੀ ਹੈ। ਹੋਰ ਕੋਈ ਹੈ ਹੀ ਨਹੀਂ।
ਗੁਰਮੁਖਿ ਬੂਝੈ, ਸੋਝੀ ਹੋਇ ॥੯॥
ਗੁਰਾਂ ਦੇ ਰਾਹੀਂ ਅਸਲੀਅਤ ਨੂੰ ਅਨੁਭਵ ਕਰ ਕੇ ਬੰਦਾ ਈਸ਼ਵਰੀ ਗਿਆਤ ਪਰਾਪਤ ਕਰ ਲੈਂਦਾ ਹੈ।
ਪੰਦ੍ਰਹ ਥਿਤੀਂ, ਤੈ ਸਤ ਵਾਰ ॥
ਜਿਵੇਂ ਪੰਦਰਾਂ ਤਿੱਥਾਂ, ਹਫਤੇ ਦੇ ਸੱਤ ਦਿਨ,
ਮਾਹਾ ਰੁਤੀ ਆਵਹਿ, ਵਾਰ ਵਾਰ ॥
ਮਹੀਨੇ ਤੇ ਮੌਸਮ ਮੁੜ ਮੁੜ ਕੇ ਆਉਂਦੇ ਹਨ,
ਦਿਨਸੁ ਰੈਣਿ, ਤਿਵੈ ਸੰਸਾਰੁ ॥
ਇਸੇ ਤਰ੍ਹਾਂ ਦਿਨ ਤੇ ਰਾਤ ਹੀ ਦੁਨੀਆ ਵਹਾਉ ਅੰਦਰ ਹੈ।
ਆਵਾ ਗਉਣੁ, ਕੀਆ ਕਰਤਾਰਿ ॥
ਆਉਣਾ ਅਤੇ ਜਾਣਾ ਸਿਰਜਣਹਾਰ ਸੁਆਮੀ ਨੇ ਹੁਕਮ ਕੀਤਾ ਹੈ।
ਨਿਹਚਲੁ ਸਾਚੁ, ਰਹਿਆ ਕਲ ਧਾਰਿ ॥
ਆਪਣੀ ਸਤਿਆ ਵਰਤਾ ਕੇ, ਸੱਚਾ ਸੁਆਮੀ ਆਪ ਸਦੀਵੀ ਸਥਿਰ ਰਹਿੰਦਾ ਹੈ।
ਨਾਨਕ ਗੁਰਮੁਖਿ ਬੂਝੈ, ਕੋ ਸਬਦੁ ਵੀਚਾਰਿ ॥੧੦॥੧॥
ਨਾਨਕ, ਕੋਈ ਵਿਰਲਾ ਗੁਰੂ-ਅਨੁਸਾਰੀ ਹੀ ਨਾਮ ਦਾ ਚਿੰਤਨ ਕਰਨ ਦੁਆਰਾ, ਇਸ ਗੱਲ ਨੂੰ ਸਮਝਦਾ ਹੈ।
ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।
ਆਦਿ ਪੁਰਖੁ, ਆਪੇ ਸ੍ਰਿਸਟਿ ਸਾਜੇ ॥
ਪਰਾਪੂਰਬਲਾ ਪ੍ਰਭੂ ਆਪ ਹੀ ਰਚਨਾ ਨੂੰ ਰਚਦਾ ਹੈ।
ਜੀਅ ਜੰਤ, ਮਾਇਆ ਮੋਹਿ ਪਾਜੇ ॥
ਪ੍ਰਾਣੀ ਅਤੇ ਨੀਵੀਆਂ ਜੂਨਾਂ ਸੰਸਾਰੀ ਪਦਾਰਥਾਂ ਦੀ ਲਗਨ ਅੰਦਰ ਖਚਤ ਹੋਈਆਂ ਹਈਆਂ ਹਨ।
ਦੂਜੈ ਭਾਇ, ਪਰਪੰਚਿ ਲਾਗੇ ॥
ਹੋਰਸ ਨਾਲ ਪਿਆਰ ਹੋਣ ਕਾਰਨ ਉਹ ਸੰਸਾਰ ਨਾਲ ਜੁੜੇ ਹੋਏ ਹਨ।
ਆਵਹਿ ਜਾਵਹਿ, ਮਰਹਿ ਅਭਾਗੇ ॥
ਉਹ ਨਿਕਰਮਣ ਮਰ ਜਾਂਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਸਤਿਗੁਰਿ ਭੇਟਿਐ, ਸੋਝੀ ਪਾਇ ॥
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਸੱਚੀ ਸਮਝ ਪਰਪਾਤ ਹੋ ਜਾਂਦੀ ਹੈ।
ਪਰਪੰਚੁ ਚੂਕੈ, ਸਚਿ ਸਮਾਇ ॥੧॥
ਤਦ ਗਲਤ-ਫਹਿਮੀ ਦੂਰ ਹੋ ਜਾਂਦੀ ਹੈ ਤੇ ਬੰਦਾ ਸੱਚ ਵਿੱਚ ਲੀਨ ਹੋ ਜਾਂਦਾ ਹੈ।
ਜਾ ਕੈ ਮਸਤਕਿ, ਲਿਖਿਆ ਲੇਖੁ ॥
ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ;
ਤਾ ਕੈ ਮਨਿ, ਵਸਿਆ ਪ੍ਰਭੁ ਏਕੁ ॥੧॥ ਰਹਾਉ ॥
ਉਸ ਦੇ ਹਿਰਦੇ ਅੰਦਰ ਅਦੁੱਤੀ ਸੁਆਮੀ ਵਸਦਾ ਹੈ। ਠਹਿਰਾਉ।
ਸ੍ਰਿਸਟਿ ਉਪਾਇ, ਆਪੇ ਸਭੁ ਵੇਖੈ ॥
ਰਚਨਾ ਨੂੰ ਰਚ ਕੇ, ਪ੍ਰਭੂ ਆਪ ਹੀ ਸਾਰਿਆਂ ਨੂੰ ਦੇਖਦਾ ਹੈ।
ਕੋਇ ਨ ਮੇਟੈ, ਤੇਰੈ ਲੇਖੈ ॥
ਕੋਈ ਭੀ ਤੇਰੀ ਲਿਖਤਾਕਾਰ ਨੂੰ ਮੇਟ ਨਹੀਂ ਸਕਦਾ।
ਸਿਧ ਸਾਧਿਕ, ਜੇ ਕੋ ਕਹੈ ਕਹਾਏ ॥
ਜੇਕਰ ਕੋਈ ਆਪਣੇ ਆਪ ਨੂੰ ਪੂਰਨ ਪੁਰਸ਼ ਤੇ ਅਭਿਆਸੀ ਅਖਵਾਵੇ।
ਭਰਮੇ ਭੂਲਾ, ਆਵੈ ਜਾਏ ॥
ਉਹ ਸੰਦੇਹ ਅੰਦਰ ਭਟਕਦਾ ਹੈ ਤੇ ਆਉਂਦਾ ਅਤੇ ਜਾਂਦਾ ਰਹਿੰਦਾ ਹੈ।
ਸਤਿਗੁਰੁ ਸੇਵੈ, ਸੋ ਜਨੁ ਬੂਝੈ ॥
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਪੁਰਸ਼ ਹੀ ਪ੍ਰਭੂ ਨੂੰ ਸਮਝਦਾ ਹੈ।
ਹਉਮੈ ਮਾਰੇ, ਤਾ ਦਰੁ ਸੂਝੈ ॥੨॥
ਜੇਕਰ ਇਨਸਾਨ ਆਪਣੀ ਹੰਗਤਾ ਨੂੰ ਮਾਰ ਸੁੱਟੇ, ਕੇਵਲ ਤਦ ਹੀ ਉਹ ਪ੍ਰਭੂ ਦਾ ਦਰਵਾਜਾ ਵੇਖਦਾ ਹੈ।
ਏਕਸੁ ਤੇ, ਸਭੁ ਦੂਜਾ ਹੂਆ ॥
ਇਕ ਸੁਆਮੀ ਤੋਂ ਹੀ ਹੋਰ ਸਾਰਾ ਕੁਛ ਉਤਪੰਨ ਹੋਇਆ ਹੈ।
ਏਕੋ ਵਰਤੈ, ਅਵਰੁ ਨ ਬੀਆ ॥
ਇਕ ਵਾਹਿਗੁਰੂ ਹੀ ਸਾਰੇ ਵਿਆਪਕ ਹੋ ਰਿਹਾ ਹੈ। ਹੋਰ ਕੋਈ ਹੈ ਹੀ ਨਹੀਂ।
ਦੂਜੇ ਤੇ, ਜੇ ਏਕੋ ਜਾਣੈ ॥
ਹੋਰਸ ਨੂੰ ਤਿਆਗ, ਜੇਕਰ ਪ੍ਰਾਣੀ ਕੇਵਲ ਇਕ ਸੁਆਮੀ ਨੂੰ ਜਾਣ ਲਵੇ,
ਗੁਰ ਕੈ ਸਬਦਿ, ਹਰਿ ਦਰਿ ਨੀਸਾਣੈ ॥
ਤਦ ਵਾਹਿਗੁਰੂ ਦੇ ਦਰਬਾਰ ਅੰਦਰ ਉਸ ਦੇ ਕੋਲ ਗੁਰਬਾਣੀ ਦੀ ਫਾਰਖਤੀ ਦਾ ਪਰਵਾਨਾ ਹੁੰਦਾ ਹੈ।
ਸਤਿਗੁਰੁ ਭੇਟੇ, ਤਾ ਏਕੋ ਪਾਏ ॥
ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਅਦੁੱਤੀ ਸਾਹਿਬ ਨੂੰ ਪਾ ਲੈਂਦਾ ਹੈ।
ਵਿਚਹੁ, ਦੂਜਾ ਠਾਕਿ ਰਹਾਏ ॥੩॥
ਉਸ ਦੇ ਅੰਦਰੋਂ ਤਾਂ ਹੋਰਸ ਦੀ ਪ੍ਰੀਤ ਨਾਸ ਹੋ ਜਾਂਦੀ ਹੈ।
ਜਿਸ ਦਾ ਸਾਹਿਬੁ, ਡਾਢਾ ਹੋਇ ॥
ਬਲਵਾਨ ਹੈ ਜਿਸ ਦਾ ਮਾਲਕ,
ਤਿਸ ਨੋ, ਮਾਰਿ ਨ ਸਾਕੈ ਕੋਇ ॥
ਕੋਈ ਜਣਾ ਭੀ ਉਸ ਨੂੰ ਮਾਰ ਨਹੀਂ ਸਕਦਾ।
ਸਾਹਿਬ ਕੀ, ਸੇਵਕੁ ਰਹੈ ਸਰਣਾਈ ॥
ਜੇਕਰ ਪ੍ਰਭੂ ਦਾ ਗੋਲਾ ਉਸ ਦੀ ਪਨਾਹ ਹੇਠਾਂ ਰਹੇ,
ਆਪੇ ਬਖਸੇ ਦੇ ਵਡਿਆਈ ॥
ਤਾਂ ਖੁਦ-ਬ-ਖੁਦ ਹੀ ਪ੍ਰਭੂ ਉਸ ਨੂੰ ਮਾਫ ਕਰ ਦਿੰਦਾ ਹੈ ਅਤੇ ਉਸ ਨੂੰ ਪ੍ਰਭਤਾ ਪਰਦਾਨ ਕਰਦਾ ਹੈ।
ਤਿਸ ਤੇ ਊਪਰਿ, ਨਾਹੀ ਕੋਇ ॥
ਉਸ ਦੇ ਉਤੇ ਅਸਲ ਹੀ ਹੋਰ ਕੋਈ ਨਹੀਂ।
ਕਉਣੁ ਡਰੈ? ਡਰੁ ਕਿਸ ਕਾ ਹੋਇ? ॥੪॥
ਜਦ ਉਸ ਦਾ ਗੋਲਾ ਕਿਉਂ ਭੈ-ਭੀਤ ਹੋਏ ਅਤੇ ਉਹ ਕਿਸਦਾ ਭੈ ਮਹਿਸੂਸ ਕਰੇ?
ਗੁਰਮਤੀ, ਸਾਂਤਿ ਵਸੈ ਸਰੀਰ ॥
ਗੁਰਾਂ ਦੇ ਉਪਦੇਸ਼ ਰਾਹੀਂ, ਠੰਢ-ਚੈਨ ਦੇਹ ਅੰਦਰ ਨਿਵਾਸ ਕਰ ਲੈਂਦੀ ਹੈ।
ਸਬਦੁ ਚੀਨ੍ਹ੍ਹਿ, ਫਿਰਿ ਲਗੈ ਨ ਪੀਰ ॥
ਤੂੰ ਸਾਹਿਬ ਦੇ ਨਾਮ ਦਾ ਮਿਮਰਨ ਕਰ, ਅਤੇ ਪੀੜ ਤੈਨੂੰ ਨਹੀਂ ਵਾਪਰੇਗੀ,
ਆਵੈ ਨ ਜਾਇ, ਨਾ ਦੁਖੁ ਪਾਏ ॥
ਅਤੇ ਤੂੰ ਆਵੇਂ ਤੇ ਜਾਵੇਂਗਾ ਨਹੀਂ, ਨਾਂ ਹੀ ਤੂੰ ਕੋਈ ਤਕਲੀਫ ਉਠਾਵੇਂਗਾ।
ਨਾਮੇ ਰਾਤੇ, ਸਹਜਿ ਸਮਾਏ ॥
ਨਾਮ ਦੇ ਨਾਲ ਰੰਗੀਜਣ ਦੁਆਰਾ ਤੂੰ ਬੈਕੁੰਠੀ ਅਨੰਦ ਅੰਦਰ ਲੀਨ ਹੋ ਜਾਵੇਗਾ।
ਨਾਨਕ, ਗੁਰਮੁਖਿ ਵੇਖੈ ਹਦੂਰਿ ॥
ਨਾਨਕ, ਗੁਰਾਂ ਦੀ ਰਹਿਮਤ ਸਦਕਾ, ਪ੍ਰਾਣੀ ਪ੍ਰਭੂ ਨੂੰ ਨੇੜੇ ਹੀ ਦੇਖ ਲੈਂਦਾ ਹੈ।
ਮੇਰਾ ਪ੍ਰਭੁ, ਸਦ ਰਹਿਆ ਭਰਪੂਰਿ ॥੫॥
ਮੇਰਾ ਮਾਲਕ ਹਮੇਸ਼ਾਂ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
ਇਕਿ ਸੇਵਕ, ਇਕਿ ਭਰਮਿ ਭੁਲਾਏ ॥
ਕਈ ਸੁਆਮੀ ਦੇ ਗੋਲੇ ਹਨ ਅਤੇ ਕਈ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
ਆਪੇ ਕਰੇ, ਹਰਿ ਆਪਿ ਕਰਾਏ ॥
ਵਾਹਿਗੁਰੂ ਖੁਦ ਸਭ ਕੁਛ ਕਰਦਾ ਅਤੇ ਖੁਦ ਹੀ ਕਰਵਾਉਂਦਾ ਹੈ।
ਏਕੋ ਵਰਤੈ, ਅਵਰੁ ਨ ਕੋਇ ॥
ਇਕ ਸੁਆਮੀ ਹੀ ਹਰ ਸ਼ੈ ਬਖਸ਼ਦਾ ਹੈ ਅਤੇ ਹੋਰ ਕੋਈ ਨਹੀਂ।
ਮਨਿ ਰੋਸੁ ਕੀਜੈ, ਜੇ ਦੂਜਾ ਹੋਇ ॥
ਆਦਮੀ ਅਪਰਸੰਨਤਾ ਤਾਂ ਮਹਿਸੂਸ ਕਰੇ ਜੇਕਰ ਕੋਈ ਹੋਰ ਹੋਵੇ।
ਸਤਿਗੁਰੁ ਸੇਵੇ, ਕਰਣੀ ਸਾਰੀ ॥
ਤੂੰ ਆਪਣੇ ਸੱਚੇ ਗੁਰਾਂ ਦੀ ਘਾਲ ਕਮਾ। ਕੇਵਲ ਇਹ ਹੀ ਸ੍ਰੇਸ਼ਟ ਕਰਮ ਹੈ।
ਦਰਿ ਸਾਚੈ, ਸਾਚੇ ਵੀਚਾਰੀ ॥੬॥
ਸੱਚੇ ਸਾਈਂ ਦੇ ਦਰਬਾਰ ਅੰਦਰ ਉਹ ਸੱਚੇ ਖਿਆਲ ਕੀਤੇ ਜਾਂਦੇ ਹਨ।
ਥਿਤੀ ਵਾਰ, ਸਭਿ ਸਬਦਿ ਸੁਹਾਏ ॥
ਸਾਰੀਆਂ ਤਿੱਥਾਂ ਅਤੇ ਹਫਤੇ ਦੇ ਦਿਹਾੜੇ ਸੁਹਣੇ ਲੱਗਦੇ ਹਨ ਜੇਕਰ ਇਨਸਾਨ ਨਾਮ ਦਾ ਸਿਮਰਨ ਕਰੇ।
ਸਤਿਗੁਰੁ ਸੇਵੇ, ਤਾ ਫਲੁ ਪਾਏ ॥
ਜੇਕਰ ਬੰਦਾ ਸੱਚੇ ਗੁਰਾਂ ਦੀ ਟਹਿਲ ਕਮਾਵੇ, ਤਦ ਉਹ ਮੇਵੇ ਨੂੰ ਪਰਾਪਤ ਕਰ ਲੈਂਦਾ ਹੈ।
ਥਿਤੀ ਵਾਰ, ਸਭਿ ਆਵਹਿ ਜਾਹਿ ॥
ਚੰਦ੍ਰਮਾ ਅਤੇ ਸੂਰਜ ਦੇ ਦਿਹਾੜੇ ਸਮੂਹ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਗੁਰ ਸਬਦੁ ਨਿਹਚਲੁ, ਸਦਾ ਸਚਿ ਸਮਾਹਿ ॥
ਸਦੀਵੀ ਕਾਲਸਥਾਈ ਹੈ ਗੁਰਾਂ ਦਾ ਸ਼ਬਦ, ਜਿਸ ਦੇ ਰਾਹੀਂ ਆਦਮੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
ਥਿਤੀ ਵਾਰ ਤਾ, ਜਾ ਸਚਿ ਰਾਤੇ ॥
ਕੇਵਲ ਤਦ ਹੀ ਸਫਲ ਹੁੰਦੇ ਹਨ, ਚੰਦ੍ਰਮਾ ਅਤੇ ਸੂਰਜ ਦੇ ਦਿਹਾੜੇ ਜਦ ਪ੍ਰਾਣੀ ਸੱਚ ਨਾਲ ਰੰਗਿਆ ਜਾਂਦਾ ਹੈ।
ਬਿਨੁ ਨਾਵੈ, ਸਭਿ ਭਰਮਹਿ ਕਾਚੇ ॥੭॥
ਨਾਮ ਦੇ ਬਾਝੋਂ ਸਮੂਹ ਕੂੜੇ ਪੁਰਸ਼ ਜੂਨੀਆਂ ਅੰਦਰ ਭਟਕਦੇ ਹਨ।
ਮਨਮੁਖ ਮਰਹਿ, ਮਰਿ ਬਿਗਤੀ ਜਾਹਿ ॥
ਆਪ-ਹੁਦਰੇ ਮਰ ਜਾਂਦੇ ਹਨ ਅਤੇ ਮਰਨ ਮਗਰੋਂ ਮੰਦੀ ਦਸ਼ਾ ਨੂੰ ਪਰਾਪਤ ਹੁੰਦੇ ਹਨ।
ਏਕੁ ਨ ਚੇਤਹਿ, ਦੂਜੈ ਲੋਭਾਹਿ ॥
ਇਕ ਸੁਆਮੀ ਦਾ ਉਹ ਸਿਮਰਨ ਨਹੀਂ ਕਰਦੇ ਅਤੇ ਦਵੈਤ-ਭਵ ਨੇ ਉਨ੍ਹਾਂ ਨੂੰ ਲੁਭਾਇਮਾਨ ਕਰ ਲਿਆ ਹੈ।
ਅਚੇਤ ਪਿੰਡੀ, ਅਗਿਆਨ ਅੰਧਾਰੁ ॥
ਰੂਹਾਨੀ ਬੇਸਮਝੀ ਦੇ ਅਨ੍ਹੇਰੇ ਦੇ ਕਾਰਨ, ਮਨੁੱਖਾਂ ਦੇਹ ਵਿਚਾਰ-ਹੀਣ ਹੋ ਗਈ ਹੈ।
ਬਿਨੁ ਸਬਦੈ, ਕਿਉ ਪਾਏ ਪਾਰੁ? ॥
ਨਾਮ ਦੇ ਬਾਝੋਂ ਬੰਦੇ ਦਾ ਕਿਸ ਤਰ੍ਹਾਂ ਪਾਰ ਉਤਾਰਾ ਹੋ ਸਕਦਾ ਹੈ?
ਆਪਿ ਉਪਾਏ, ਉਪਾਵਣਹਾਰੁ ॥
ਰਚਨਹਾਰ ਆਪੇ ਹੀ ਜੀਵਾਂ ਨੂੰ ਰਚਦਾ ਹੈ।
ਆਪੇ ਕੀਤੋਨੁ, ਗੁਰ ਵੀਚਾਰੁ ॥੮॥
ਉਹ ਖੁਦ ਹੀ ਗੁਰਾਂ ਦੇ ਸ਼ਬਦ ਨੂੰ ਸੋਚਦਾ ਸਮਝਦਾ ਹੈ।
ਬਹੁਤੇ ਭੇਖ ਕਰਹਿ, ਭੇਖਧਾਰੀ ॥
ਸੰਪ੍ਰਦਾਈ, ਘਣੇਰੇ ਧਾਰਮਕ ਬਾਣੇ ਪਹਿਨਦੇ ਹਨ।
ਭਵਿ ਭਵਿ ਭਰਮਹਿ, ਕਾਚੀ ਸਾਰੀ ॥
ਅਣਪੁਗੀ ਨਰਦ ਦੀ ਤਰ੍ਹਾਂ ਉਹ ਭਟਕਦੇ, ਭਟਕਦੇ ਤੇ ਭਟਕਦੇ ਹੀ ਫਿਰਦੇ ਹਨ।
ਐਥੈ ਸੁਖੁ, ਨ ਆਗੈ ਹੋਇ ॥
ਇਥੇ ਅਤੇ ਉਥੇ ਉਹ ਆਰਾਮ ਨਹੀਂ ਪਾਉਂਦੇ,
ਮਨਮੁਖ ਮੁਏ, ਅਪਣਾ ਜਨਮੁ ਖੋਇ ॥
ਪ੍ਰਤੀਕੂਲ ਪੁਰਸ਼ ਆਪਣਾ ਜੀਵਨ ਗੁਆ ਕੇ ਮਰ ਜਾਂਦੇ ਹਨ।
ਸਤਿਗੁਰੁ ਸੇਵੇ, ਭਰਮੁ ਚੁਕਾਏ ॥
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ,
ਘਰ ਹੀ ਅੰਦਰਿ, ਸਚੁ ਮਹਲੁ ਪਾਏ ॥੯॥
ਅਤੇ ਉਹ ਆਪਣੇ ਧਾਮ ਵਿੱਚ ਹੀ ਸੱਚੇ ਸਾਹਿਬ ਦੇ ਮੰਦਰ ਨੂੰ ਪਾ ਲੈਂਦਾ ਹੈ।
ਆਪੇ ਪੂਰਾ ਕਰੇ, ਸੁ ਹੋਇ ॥
ਜਿਹੜਾ ਕੁਛ ਪੂਰਨ ਪ੍ਰਭੂ ਆਪ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
ਏਹਿ ਥਿਤੀ ਵਾਰ, ਦੂਜਾ ਦੋਇ ॥
ਇਨ੍ਹਾਂ ਚੰਦ੍ਰਮਾ ਅਤੇ ਸੂਰਜ ਦੇ ਦਿਹਾੜਿਆਂ ਨਾਲ ਜੋੜੇ ਹੋਏ ਸ਼ਗਨ ਦੁਚਿਤਾਪਣ ਅਤੇ ਦਵੈਤ-ਭਾਵ ਪੈਦਾ ਕਰਦੇ ਹਨ।
ਸਤਿਗੁਰ ਬਾਝਹੁ, ਅੰਧੁ ਗੁਬਾਰੁ ॥
ਸੱਚੇ ਗੁਰਾਂ ਦੇ ਬਾਝੋਂ, ਅਨ੍ਹੇਰਾ ਘੁੱਪ ਹੈ।
ਥਿਤੀ ਵਾਰ ਸੇਵਹਿ, ਮੁਗਧ ਗਵਾਰ ॥
ਚੰਦ ਅਤੇ ਸੂਰਜ ਦੇ ਦਿਨਾਂ ਮੁਤੱਲਕ, ਸ਼ਗਨ ਕੇਵਲ ਮੂੜ੍ਹ ਅਤੇ ਬੁੱਧੂ ਹੀ ਵਿਚਾਰਦੇ ਹਨ।
ਨਾਨਕ, ਗੁਰਮੁਖਿ ਬੂਝੈ; ਸੋਝੀ ਪਾਇ ॥
ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਅਨੁਭਵ ਕਰ, ਇਨਸਾਨ ਨੂੰ ਗਿਆਤ ਪਰਾਪਤ ਹੋ ਜਾਂਦੀ ਹੈ,
ਇਕਤੁ ਨਾਮਿ, ਸਦਾ ਰਹਿਆ ਸਮਾਇ ॥੧੦॥੨॥
ਅਤੇ ਉਹ ਇਕ ਨਾਮ ਅੰਦਰ ਹਮੇਸ਼ਾਂ ਲੀਨ ਹੋਇਆ ਰਹਿੰਦਾ ਹੈ।
ਬਿਲਾਵਲੁ ਮਹਲਾ ੧ ॥
ਬਲਾਵਲ ਪਹਿਲੀ ਪਾਤਿਸ਼ਾਹੀ।
ਮੈ ਮਨਿ ਚਾਉ ਘਣਾ; ਸਾਚਿ ਵਿਗਾਸੀ ਰਾਮ ॥
ਮੇਰੇ ਚਿੱਤ ਅੰਦਰ ਬਹੁਤੀ ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚ ਦੇ ਰਾਹੀਂ ਪ੍ਰਫੁਲਤ ਹੋ ਗਈ ਹਾਂ।
ਮੋਹੀ ਪ੍ਰੇਮ ਪਿਰੇ, ਪ੍ਰਭਿ ਅਬਿਨਾਸੀ ਰਾਮ ॥
ਅਮਰ ਸੁਆਮੀ ਮਾਲਕ ਆਪਣੇ ਪਤੀ ਦੀ ਪ੍ਰੀਤ ਨੇ ਮੈਨੂੰ ਫਰੇਫਤਾ ਕਰ ਲਿਆ ਹੈ।
ਅਵਿਗਤੋ ਹਰਿ ਨਾਥੁ ਨਾਥਹ; ਤਿਸੈ ਭਾਵੈ, ਸੋ ਥੀਐ ॥
ਸਦੀਵੀ ਸਥਿਰ ਵਾਹਿਗੁਰੂ ਸੁਆਮੀਆਂ ਦਾ ਸੁਆਮੀ ਹੈ, ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਕੇਵਲ ਉਹ ਹੀ ਹੁੰਦਾ ਹੈ।
ਕਿਰਪਾਲੁ ਸਦਾ ਦਇਆਲੁ ਦਾਤਾ; ਜੀਆ ਅੰਦਰਿ ਤੂੰ ਜੀਐ ॥
ਮੇਰੇ ਦਾਤਾਰ ਪ੍ਰਭੂ! ਤੂੰ ਹਮੇਸ਼ਾਂ ਹੀ ਮਇਆਵਾਨ ਤੇ ਮਿਹਰਬਾਨ ਹੈਂ, ਕੇਵਲ ਤੂੰ ਹੀ ਜੀਵਾਂ ਵਿੱਚ ਜਿੰਦ-ਜਾਨ ਫੂਕਦਾ ਹੈ।
ਮੈ ਅਵਰੁ ਗਿਆਨੁ ਨ ਧਿਆਨੁ ਪੂਜਾ; ਹਰਿ ਨਾਮੁ ਅੰਤਰਿ ਵਸਿ ਰਹੇ ॥
ਮੇਰੇ ਪੱਲੇ ਹੋਰ ਕੋਈ ਗਿਆਤ, ਸੋਚ ਵੀਚਾਰ ਅਤੇ ਉਪਾਸ਼ਨਾ ਨਹੀਂ। ਕੇਵਲ ਪ੍ਰਭੂ ਦਾ ਨਾਮ ਹੀ ਮੇਰੇ ਹਿਰਦੇ ਅੰਦਰ ਵਸਦਾ ਹੈ।
ਭੇਖੁ ਭਵਨੀ ਹਠੁ ਨ ਜਾਨਾ; ਨਾਨਕਾ ਸਚੁ ਗਹਿ ਰਹੇ ॥੧॥
ਹੇ ਨਾਨਕ! ਮੈਂ ਕਿਸੇ ਧਾਰਮਕ ਲਿਬਾਸ, ਤੀਰਥਾਂ ਤੇ ਰਟਨ ਅਤੇ ਹੱਠ-ਧਰਮ ਨੂੰ ਨਹੀਂ ਜਾਣਦਾ। ਮੈਂ ਕੇਵਲ ਸੱਚੇ ਨਾਮ ਨੂੰ ਘੁਟ ਕੇ ਫੜਿਆ ਹੋਇਆ ਹੈ।
ਭਿੰਨੜੀ ਰੈਣਿ ਭਲੀ; ਦਿਨਸ ਸੁਹਾਏ ਰਾਮ ॥
ਸਰੇਸ਼ਟ ਅਤੇ ਖੁਸ਼ੀ ਨਾਲ ਭਿੰਨੀ ਹੋ ਜਾਂਦੀ ਹੈ ਰਾਤ੍ਰੀ ਅਤੇ ਸੋਹਣਾ ਸੁਨੱਖਾ ਦਿਹਾੜਾ,
ਨਿਜ ਘਰਿ ਸੂਤੜੀਏ! ਪਿਰਮੁ ਜਗਾਏ ਰਾਮ ॥
ਜਦ ਆਪਣੇ ਨਿੱਜ ਦੇ ਧਾਮ ਵਿੱਚ ਸੁੱਤੀ ਪਈ ਪਤਨੀ ਨੂੰ ਉਸ ਦਾ ਪਤੀ ਚੇਤੰਨ ਕਰ ਦਿੰਦਾ ਹੈ।
ਨਵ ਹਾਣਿ ਨਵ ਧਨ, ਸਬਦਿ ਜਾਗੀ; ਆਪਣੇ ਪਿਰ ਭਾਣੀਆ ॥
ਆਪਣੇ ਨੌਜੁਆਨ ਪਤੀ ਦੀ ਉਮਰ ਦੀ ਨਵੀਂ ਨਵੇਲੀ ਪਤਨੀ ਨਾਮ ਦੇ ਰਾਹੀਂ ਜਾਗ ਉਠੀ ਹੈ ਅਤੇ ਆਪਣੇ ਪਤੀ ਨੂੰ ਚੰਗੀ ਲੱਗਦੀ ਹੈ।
ਤਜਿ ਕੂੜੁ ਕਪਟੁ ਸੁਭਾਉ ਦੂਜਾ; ਚਾਕਰੀ ਲੋਕਾਣੀਆ ॥
ਤੂੰ ਝੂਠ, ਠੱਗੀ, ਹੋਰਸ ਦੀ ਪ੍ਰੀਤ ਅਤੇ ਬੰਦਿਆਂ ਹੀ ਟਹਿਲ ਸੇਵਾ ਨੂੰ ਛੱਡ ਦੇ।
ਮੈ ਨਾਮੁ ਹਰਿ ਕਾ ਹਾਰੁ ਕੰਠੇ; ਸਾਚ ਸਬਦੁ ਨੀਸਾਣਿਆ ॥
ਪ੍ਰਭੂ ਦਾ ਨਾਮ ਮੇਰੀ ਗਲ-ਮਾਲਾ ਹੈ ਅਤੇ ਸੱਚੇ ਨਾਮ ਦਾ ਮੈਨੂੰ ਰਾਜ ਤਿਲਕ ਲੱਗਿਆ ਹੈ।
ਕਰ ਜੋੜਿ ਨਾਨਕੁ ਸਾਚੁ ਮਾਗੈ; ਨਦਰਿ ਕਰਿ ਤੁਧੁ ਭਾਣਿਆ ॥੨॥
ਆਪਣੇ ਹੱਥ ਬੰਨ੍ਹ ਕੇ, ਨਾਨਕ ਸੱਚੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹੈ।
ਜਾਗੁ ਸਲੋਨੜੀਏ! ਬੋਲੈ ਗੁਰਬਾਣੀ ਰਾਮ ॥
ਮੇਰੇ ਮਾਲਕ ਆਪਣੀ ਰਜ਼ਾ ਅੰਦਰ ਤੂੰ ਮੇਰੇ ਉਤੇ ਆਪਣੀ ਮਿਹਰ ਧਾਰ ਜਾਗ ਪਾਉ ਤੂੰ, ਹੇ ਸੁੰਦਰ ਨੈਣਾਂ ਵਾਲੀਏ ਸਹੇਲੀਏ! ਅਤੇ ਗੁਰਾਂ ਦੀ ਬਾਣੀ ਦਾ ਉਚਾਰਨ ਕਰ।
ਜਿਨਿ ਸੁਣਿ ਮੰਨਿਅੜੀ; ਅਕਥ ਕਹਾਣੀ ਰਾਮ ॥
ਜੋ ਸੁਆਮੀ ਦੀ ਅਕਹਿ ਕਥਾ-ਵਾਰਤਾ ਨੂੰ ਸ੍ਰਵਣ ਕਰਦਾ ਤੇ ਮੰਨਦਾ ਹੈ,
ਅਕਥ ਕਹਾਣੀ ਪਦੁ ਨਿਰਬਾਣੀ; ਕੋ ਵਿਰਲਾ ਗੁਰਮੁਖਿ ਬੂਝਏ ॥
ਉਹ ਅਬਿਨਾਸੀ ਪਦਵੀ ਨੂੰ ਪਾ ਲੈਂਦਾ ਹੈ ਪ੍ਰੰਤੂ ਕੋਈ ਇਕ ਅੱਧਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਗੱਲ ਨੂੰ ਸਮਝਦਾ ਹੈ।
ਓਹੁ ਸਬਦਿ ਸਮਾਏ ਆਪੁ ਗਵਾਏ; ਤ੍ਰਿਭਵਣ ਸੋਝੀ ਸੂਝਏ ॥
ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ। ਆਪਣੀ ਸਵੈ-ਹੰਗਤਾ ਨੂੰ ਮੇਟ ਸੁੱਟਦਾ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ।
ਰਹੈ ਅਤੀਤੁ ਅਪਰੰਪਰਿ ਰਾਤਾ; ਸਾਚੁ ਮਨਿ ਗੁਣ ਸਾਰਿਆ ॥
ਹੱਦਬੰਨਾ-ਰਹਿਤ ਸਾਈਂ ਨਾਲ ਰੰਗੀਜਿਆ ਹੋਇਆ ਉਹ ਨਿਰਲੇਪ ਰਹਿੰਦਾ ਹੈ ਤੇ ਉਸ ਦਾ ਸੱਚਾ-ਸੁੱਚਾ ਹਿਰਦਾ ਉਸ ਦੀਆਂ ਨੇਕੀਆਂ ਨੂੰ ਯਾਦ ਕਰਦਾ ਹੈ।
ਓਹੁ ਪੂਰਿ ਰਹਿਆ ਸਰਬ ਠਾਈ; ਨਾਨਕਾ ਉਰਿ ਧਾਰਿਆ ॥੩॥
ਉਸ ਸਾਹਿਬ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਨਾਨਕ ਨੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
ਮਹਲਿ ਬੁਲਾਇੜੀਏ! ਭਗਤਿ ਸਨੇਹੀ ਰਾਮ ॥
ਨੀ ਮੁੰਧੇ! ਪ੍ਰੇਮ-ਮਈ ਸੇਵਾ ਦਾ ਪ੍ਰੇਮੀ ਵਾਹਿਗੁਰੂ ਤੈਨੂੰ ਆਪਣੇ ਮੰਦਰ ਅੰਦਰ ਬੁਲਾ ਰਿਹਾ ਹੈ।
ਗੁਰਮਤਿ ਮਨਿ ਰਹਸੀ; ਸੀਝਸਿ ਦੇਹੀ ਰਾਮ ॥
ਗੁਰਾਂ ਦੇ ਉਪਦੇਸ਼ ਦੁਆਰਾ ਤੇਰੀ ਆਤਮਾ ਪ੍ਰਫੁਲਤ ਹੋ ਜਾਵੇਗੀ ਅਤੇ ਤੇਰਾ ਸਰੀਰ (ਜੀਵਨ) ਸਫਲ ਹੋ ਜਾਏਗਾ।
ਮਨੁ ਮਾਰਿ ਰੀਝੈ, ਸਬਦਿ ਸੀਝੈ; ਤ੍ਰੈ ਲੋਕ ਨਾਥੁ ਪਛਾਣਏ ॥
ਆਪਣੇ ਮਨੂਏ ਤੇ ਕਾਬੂ ਪਾ ਕੇ, ਤੇਰਾ ਪ੍ਰਭੂ ਨਾਲ ਪ੍ਰੇਮ ਪੈ ਜਾਵੇਗਾ, ਤੂੰ ਆਪਣੇ ਆਪ ਦਾ ਸੁਧਾਰ ਕਰ ਲਵੇਂਗੀ ਅਤੇ ਤਿੰਨਾਂ ਜਹਾਨਾਂ ਦੇ ਸੁਆਮੀ ਨੂੰ ਜਾਣ ਲਵੇਂਗੀ।
ਮਨੁ ਡੀਗਿ ਡੋਲਿ ਨ ਜਾਇ ਕਤ ਹੀ; ਆਪਣਾ ਪਿਰੁ ਜਾਣਏ ॥
ਉਸ ਦੀ ਆਤਮਾ ਥਿੜਕਦੀ ਨਹੀਂ ਤੇ ਡਿਕਲੋਡੇ ਨਹੀਂ ਖਾਂਦੀ ਅਤੇ ਨਾਂ ਹੀ ਇਹ ਕਿਧਰੇ ਜਾਂਦੀ ਹੈ, ਸਗੋਂ ਕੇਵਲ ਆਪਣੇ ਕੰਤ ਹੀ ਅਨੁਭਵ ਕਰਦੀ ਹੈ।
ਮੈ ਆਧਾਰੁ ਤੇਰਾ, ਤੂ ਖਸਮੁ ਮੇਰਾ; ਮੈ ਤਾਣੁ ਤਕੀਆ ਤੇਰਓ ॥
ਤੂੰ ਮੇਰਾ ਆਸਰਾ ਹੈਂ, ਤੂੰ ਮੇਰਾ ਪਤੀ ਹੈ ਅਤੇ ਤੂੰ ਹੀ ਮੇਰੀ ਤਾਕਤ ਅਤੇ ਟੇਕ ਹੈ।
ਸਾਚਿ ਸੂਚਾ ਸਦਾ ਨਾਨਕ; ਗੁਰ ਸਬਦਿ ਝਗਰੁ ਨਿਬੇਰਓ ॥੪॥੨॥
ਸਦੀਵ ਹੀ ਸਤਵਾਦੀ ਅਤੇ ਪਵਿੱਤਰ ਮੈਂ ਹਾਂ ਹੇ ਨਾਨਕ! ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਝਗੜਾ ਨਿਬੜ ਗਿਆ ਹੈ।