ਰਾਗ ਬਿਲਾਵਲੁ – ਬਾਣੀ ਸ਼ਬਦ-Part 3 – Raag Bilaval – Bani

ਰਾਗ ਬਿਲਾਵਲੁ – ਬਾਣੀ ਸ਼ਬਦ-Part 3 – Raag Bilaval – Bani

ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਰੋਗੁ ਮਿਟਾਇਆ ਆਪਿ ਪ੍ਰਭਿ; ਉਪਜਿਆ ਸੁਖੁ ਸਾਂਤਿ ॥

ਸੁਆਮੀ ਨੇ ਖੁਦ ਬੀਮਾਰੀ ਦੂਰ ਕਰ ਦਿੱਤੀ ਹੈ ਅਤੇ ਆਰਾਮ ਤੇ ਠੰਢ-ਚੈਨ ਉਤਪੰਨ ਹੋ ਆਏ ਹਨ।

ਵਡ ਪਰਤਾਪੁ ਅਚਰਜ ਰੂਪੁ; ਹਰਿ ਕੀਨ੍ਹ੍ਹੀ ਦਾਤਿ ॥੧॥

ਵਾਹਿਗੁਰੂ ਨੇ ਮੈਨੂੰ ਭਾਰੀ ਤਪ-ਤੇਜ ਅਤੇ ਅਸਚਰਜ ਸਰੂਪ ਦੀ ਬਖਸ਼ਿਸ਼ ਦਿੱਤੀ ਹੈ।

ਗੁਰਿ ਗੋਵਿੰਦਿ ਕ੍ਰਿਪਾ ਕਰੀ; ਰਾਖਿਆ ਮੇਰਾ ਭਾਈ ॥

ਮੇਰੇ ਗੁਰੂ ਪਰਮੇਸ਼ਰ ਨੇ ਮਿਹਰ ਧਾਰੀ ਹੈ ਅਤੇ ਮੇਰੇ ਭਰਾ ਨੂੰ ਰੱਖ ਲਿਆ ਹੈ।

ਹਮ ਤਿਸ ਕੀ ਸਰਣਾਗਤੀ; ਜੋ ਸਦਾ ਸਹਾਈ ॥੧॥ ਰਹਾਉ ॥

ਮੈਂ ਉਸ ਦੀ ਪਨਾਹ ਹੇਠਾਂ ਹਾਂ, ਜੋ ਸਦੀਵ ਹੀ ਮੇਰਾ ਮਦਦਗਾਰ ਹੈ। ਠਹਿਰਾਉ।

ਬਿਰਥੀ ਕਦੇ ਨ ਹੋਵਈ; ਜਨ ਕੀ ਅਰਦਾਸਿ ॥

ਰੱਬ ਦੇ ਗੋਲੇ ਦੀ ਪ੍ਰਾਰਥਨਾ ਕਦਾਚਿੱਤ ਵਿਅਰਥ ਨਹੀਂ ਜਾਂਦੀ।

ਨਾਨਕ, ਜੋਰੁ ਗੋਵਿੰਦ ਕਾ; ਪੂਰਨ ਗੁਣਤਾਸਿ ॥੨॥੧੩॥੭੭॥

ਨਾਨਕ ਦੇ ਪੱਲੇ ਗੁਣਾਂ ਦੇ ਖਜਾਨੇ, ਪੂਰੇ ਪ੍ਰਭੂ ਦੀ ਤਾਕਤ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮਰਿ ਮਰਿ ਜਨਮੇ, ਜਿਨ ਬਿਸਰਿਆ; ਜੀਵਨ ਕਾ ਦਾਤਾ ॥

ਜੋ ਜਿੰਦਗੀ ਦੇਣਹਾਰ ਵਾਹਿਗੁਰੂ ਨੂੰ ਭੁਲਾਉਂਦਾ ਹੈ, ਉਹ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ।

ਪਾਰਬ੍ਰਹਮੁ ਜਨਿ ਸੇਵਿਆ; ਅਨਦਿਨੁ ਰੰਗਿ ਰਾਤਾ ॥੧॥

ਸ਼ਰੋਮਣੀ ਸਾਈਂ ਦਾ ਗੋਲਾ ਉਸ ਦੀ ਸੇਵਾ ਕਰਦਾ ਹੈ, ਅਤੇ ਰਾਤ ਦਿਨ ਉਸ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ।

ਸਾਂਤਿ ਸਹਜੁ ਆਨਦੁ ਘਨਾ; ਪੂਰਨ ਭਈ ਆਸ ॥

ਮੇਰੇ ਪੱਲੇ ਬੇਅੰਤ ਆਰਾਮ, ਅਡੋਲਤਾ ਅਤੇ ਖੁਸ਼ੀ ਹੈ ਅਤੇ ਮੇਰੀ ਉਮੀਦ ਪੂਰੀ ਹੋ ਗਈ ਹੈ।

ਸੁਖੁ ਪਾਇਆ ਹਰਿ ਸਾਧਸੰਗਿ; ਸਿਮਰਤ ਗੁਣਤਾਸ ॥੧॥ ਰਹਾਉ ॥

ਸਤਿ ਸੰਗਤ ਅੰਦਰ ਨੇਕੀਆਂ ਦੇ ਖਜਾਨੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੈਂ ਆਰਾਮ ਪਰਾਪਤ ਕਰ ਲਿਆ ਹੈ। ਠਹਿਰਾਉ।

ਸੁਣਿ ਸੁਆਮੀ! ਅਰਦਾਸਿ ਜਨ; ਤੁਮ੍ਹ੍ਹ ਅੰਤਰਜਾਮੀ ॥

ਹੇ ਸੁਆਮੀ! ਤੂੰ ਆਪਣੇ ਗੋਲੇ ਦੀ ਬੇਨਤੀ ਸ੍ਰਵਣ ਕਰ। ਤੂੰ ਦਿਲਾਂ ਦੀਆਂ ਜਾਨਣਹਾਰ ਹੈ।

ਥਾਨ ਥਨੰਤਰਿ ਰਵਿ ਰਹੇ; ਨਾਨਕ ਕੇ ਸੁਆਮੀ ॥੨॥੧੪॥੭੮॥

ਨਾਨਕ ਦਾ ਮਾਲਕ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਅੰਦਰ ਵਿਆਪਕ ਹੋ ਰਿਹਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਤਾਤੀ ਵਾਉ ਨ ਲਗਈ; ਪਾਰਬ੍ਰਹਮ ਸਰਣਾਈ ॥

ਗਰਮ ਹਵਾ ਤੱਕ ਉਸ ਨੂੰ ਨਹੀਂ ਲੱਗਦੀ, ਜੋ ਸ਼ਰੋਮਣੀ ਸਾਹਿਬ ਦੇ ਤਾਬੇ ਹੈ।

ਚਉਗਿਰਦ ਹਮਾਰੈ ਰਾਮ ਕਾਰ; ਦੁਖੁ ਲਗੈ ਨ ਭਾਈ ॥੧॥

ਮੇਰੇ ਚਾਰੇ ਪਾਸੇ ਪ੍ਰਭੂ ਦਾ ਕੁੰਡਲ ਹੈ, ਇਸ ਲਈ ਮੈਨੂੰ ਕੋਈ ਪੀੜ ਨਹੀਂ ਪੋਂਹਦੀ, ਹੇ ਵੀਰ!

ਸਤਿਗੁਰੁ ਪੂਰਾ ਭੇਟਿਆ; ਜਿਨਿ ਬਣਤ ਬਣਾਈ ॥

ਮੈਂ ਪੂਰਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ, ਜਿਨ੍ਹਾਂ ਨੇ ਇਹ ਘਾੜਤ ਘੜੀ ਹੈ।

ਰਾਮ ਨਾਮੁ ਅਉਖਧੁ ਦੀਆ; ਏਕਾ ਲਿਵ ਲਾਈ ॥੧॥ ਰਹਾਉ ॥

ਉਨ੍ਹਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਵਾਈ ਦਿੱਤੀ ਹੈ ਅਤੇ ਇਕ ਪ੍ਰਭੂ ਦੇ ਨਾਲ ਮੇਰੀ ਪਿਰਹੜੀ ਪੈ ਗਈ ਹੈ। ਠਹਿਰਾਉ।

ਰਾਖਿ ਲੀਏ ਤਿਨਿ ਰਖਨਹਾਰਿ; ਸਭ ਬਿਆਧਿ ਮਿਟਾਈ ॥

ਉਸ ਚਲਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿਤੀਆਂ ਹਨ।

ਕਹੁ ਨਾਨਕ, ਕਿਰਪਾ ਭਈ; ਪ੍ਰਭ ਭਏ ਸਹਾਈ ॥੨॥੧੫॥੭੯॥

ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਉਹ ਮੇਰਾ ਮਦਦਗਾਰ ਹੋ ਗਿਆ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਅਪਣੇ ਬਾਲਕ ਆਪਿ ਰਖਿਅਨੁ; ਪਾਰਬ੍ਰਹਮ ਗੁਰਦੇਵ ॥

ਪ੍ਰਕਾਸ਼ਵਾਨ ਗੁਰੂ ਨੇ ਆਪਣੇ ਬੱਚਿਆਂ ਨੂੰ ਆਪੇ ਹੀ ਬਚਾ ਲਿਆ ਹੈ। ਉਹ ਖੁਦ ਹੀ ਪਰਮ ਪ੍ਰਭੂ ਹੈ।

ਸੁਖ ਸਾਂਤਿ ਸਹਜ ਆਨਦ ਭਏ; ਪੂਰਨ ਭਈ ਸੇਵ ॥੧॥ ਰਹਾਉ ॥

ਮੈਨੂੰ ਆਰਾਮ, ਠੰਢ-ਚੈਨ ਤੇ ਬੈਕੁੰਠੀ ਆਨੰਦ ਪਰਾਪਤ ਹੋ ਗਏ ਹਨ। ਮੇਰੀ ਟਹਿਲ-ਸੇਵਾ ਕਬੂਲ ਪੈ ਗਈ ਹੈ। ਠਹਿਰਾਉ।

ਭਗਤ ਜਨਾ ਕੀ ਬੇਨਤੀ; ਸੁਣੀ ਪ੍ਰਭਿ ਆਪਿ ॥

ਸੁਆਮੀ ਨੇ ਆਪੇ ਹੀ ਸੰਤ-ਸਰੂਪ ਪੁਰਸ਼ਾਂ ਦੀ ਪ੍ਰਾਰਥਨਾ ਸੁਣ ਲਈ ਹੈ।

ਰੋਗ ਮਿਟਾਇ ਜੀਵਾਲਿਅਨੁ; ਜਾ ਕਾ ਵਡ ਪਰਤਾਪੁ ॥੧॥

ਸੁਆਮੀ, ਵਿਸ਼ਾਲ ਹੈ ਜਿਸ ਦੇ ਤਪ-ਤੇਜ ਨੇ ਜਹਿਮਤਾਂ ਦੂਰ ਕਰ ਕੇ ਮੈਨੂੰ ਜੀਵਨ ਬਖਸ਼ਿਆ ਹੈ।

ਦੋਖ ਹਮਾਰੇ ਬਖਸਿਅਨੁ; ਅਪਣੀ ਕਲ ਧਾਰੀ ॥

ਆਪਣੀ ਸ਼ਕਤੀ ਵਰਤਾ ਕੇ, ਸਾਹਿਬ ਨੇ ਮੇਰੇ ਪਾਪ ਮਾਫ ਕਰ ਦਿੱਤੇ ਹਨ।

ਮਨ ਬਾਂਛਤ ਫਲ ਦਿਤਿਅਨੁ; ਨਾਨਕ ਬਲਿਹਾਰੀ ॥੨॥੧੬॥੮੦॥

ਸੁਆਮੀ ਨੇ ਮੈਨੂੰ ਮੇਰਾ ਚਿੱਤ-ਚਾਹੁੰਦਾ ਮੇਵਾ ਬਖਸ਼ਿਆ ਹੈ। ਨਾਨਕ ਉਸ ਉਤੋਂ ਘੋਲੀ ਜਾਂਦਾ ਹੈ।


ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੬

ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀਚਉਪਦੇ ਤੇ ਦੁਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਮੇਰੇ ਮੋਹਨ! ਸ੍ਰਵਨੀ ਇਹ ਨ ਸੁਨਾਏ ॥

ਮੇਰੇ ਦਿਲ ਫਰੇਫਤਾ ਕਰਨ ਵਾਲੇ ਸੁਆਮੀ ਆਪਣੇ ਕੰਨਾਂ ਨਾਲ ਮੈਨੂੰ ਹੇਠ ਲਿਖਿਆਂ ਨੂੰ ਨਾਂ ਸੁਣਾ।

ਸਾਕਤ ਗੀਤ ਨਾਦ ਧੁਨਿ ਗਾਵਤ; ਬੋਲਤ ਬੋਲ ਅਜਾਏ ॥੧॥ ਰਹਾਉ ॥

ਅਧਰਮੀ ਦਾ ਗੰਦੇ ਗੀਤਾਂ ਅਤੇ ਸੁਰੀਲੇ ਰਾਗਾਂ ਦਾ ਆਲਾਪਣਾ ਅਤੇ ਬੇਹੂਦਾ ਬਚਨਾਂ ਦਾ ਉਚਾਰਨਾ। ਠਹਿਰਾਉ।

ਸੇਵਤ ਸੇਵਿ ਸੇਵਿ ਸਾਧ ਸੇਵਉ; ਸਦਾ ਕਰਉ ਕਿਰਤਾਏ ॥

ਮੈਂ ਤੇਰੇ ਸੰਤਾਂ ਦੀ ਘਾਲ, ਘਾਲ, ਘਾਲ ਤੇ ਘਾਲ ਕਮਾਉਂਦਾ ਹਾਂ ਅਤੇ ਹਮੇਸ਼ਾਂ ਹੀ ਇਹ ਕੰਮ ਕਰਦਾ ਹਾਂ।

ਅਭੈ ਦਾਨੁ ਪਾਵਉ ਪੁਰਖ ਦਾਤੇ; ਮਿਲਿ ਸੰਗਤਿ ਹਰਿ ਗੁਣ ਗਾਏ ॥੧॥

ਦਾਤਾਰ ਪ੍ਰਭੂ ਨੇ ਮੈਨੂੰ ਨਿਡੱਰਤਾ ਦੀ ਦਾਤ ਪਰਦਾਨ ਕੀਤੀ ਹੈ, ਅਤੇ ਸਤਿ ਸੰਗਤ ਨਾਲ ਮਿਲ ਕੇ ਮੈਂ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।

ਰਸਨਾ ਅਗਹ ਅਗਹ ਗੁਨ ਰਾਤੀ; ਨੈਨ ਦਰਸ ਰੰਗੁ ਲਾਏ ॥

ਮੇਰੀ ਜੀਭ ਅਗਾਧ ਅਤੇ ਅਥਾਹ ਸੁਆਮੀ ਦੀ ਕੀਰਤੀ ਨਾਲ ਰੰਗੀ ਹੋਈ ਹੈ ਅਤੇ ਮੇਰੀਆਂ ਅੱਖਾਂ ਉਸ ਦੇ ਦਰਸ਼ਨ ਦੀ ਪ੍ਰੀਤ ਅੰਦਰ ਲੀਨ ਹਨ।

ਹੋਹੁ ਕ੍ਰਿਪਾਲ ਦੀਨ ਦੁਖ ਭੰਜਨ; ਮੋਹਿ ਚਰਣ ਰਿਦੈ ਵਸਾਏ ॥੨॥

ਹੇ ਮਸਕੀਨਾਂ ਦਾ ਗਮ ਨਾਸ ਕਰਨ ਵਾਲੇ, ਤੂੰ ਮੇਰੇ ਉਤੇ ਮਿਹਰਬਾਨ ਹੋ ਤਾਂ ਜੋ ਮੈਂ ਤੇਰੇ ਪੈਰ ਆਪਣੇ ਹਿਰਦੇ ਅੰਦਰ ਟਿਕਾਵਾਂ।

ਸਭਹੂ ਤਲੈ ਤਲੈ ਸਭ ਊਪਰਿ; ਏਹ ਦ੍ਰਿਸਟਿ ਦ੍ਰਿਸਟਾਏ ॥

ਧਰਤੀ ਸਾਰਿਆਂ ਦੇ ਪੈਰਾਂ ਹੇਠ ਹੈ ਅਤੇ ਉਨ੍ਹਾਂ ਦੇ ਮਰਨ ਮਗਰੋਂ ਹੇਠਾਂ ਤੋਂ ਉਨ੍ਹਾਂ ਦੇ ਉਤੇ ਆ ਜਾਂਦੀ ਹੈ। ਮੇਰੇ ਮਾਲਕ! ਮੈਨੂੰ ਧਰਤੀ ਦਾ ਇਹ ਉਤਮ ਦ੍ਰਿਸ਼ਯ ਅਨੁਭਵ ਕਰਾ।

ਅਭਿਮਾਨੁ ਖੋਇ ਖੋਇ, ਖੋਇ ਖੋਈ ਹਉ; ਮੋ ਕਉ, ਸਤਿਗੁਰ ਮੰਤ੍ਰੁ ਦ੍ਰਿੜਾਏ ॥੩॥

ਜਦੋਂ ਦਾ ਸੱਚੇ ਗੁਰਾਂ ਨੇ ਮੇਰੇ ਅੰਦਰ ਮੇਰੇ ਆਪੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ। ਮੈਂ ਹੰਕਾਰ ਕਰਨ ਦੀ ਆਪਣੀ ਮੰਦੀ ਵਾਦੀ ਨੂੰ ਛੱਡ, ਛੱਡ, ਛੱਡ ਦਿੱਤਾ ਹੈ।

ਅਤੁਲੁ ਅਤੁਲੁ ਅਤੁਲੁ ਨਹ ਤੁਲੀਐ; ਭਗਤਿ ਵਛਲੁ ਕਿਰਪਾਏ ॥

ਅਮਾਪ, ਅਮਾਪ, ਅਮਾਪ ਹੈ ਮੇਰਾ ਮਿਹਰਬਾਨ ਮਾਕਲ ਅਤੇ ਉਹ ਜੋਖਿਆ ਨਹੀਂ ਜਾ ਸਕਦਾ ਉਹ ਆਪਣੇ ਸੰਤਾਂ ਦਾ ਪਿਆਰਾ ਹੈ।

ਜੋ ਜੋ ਸਰਣਿ ਪਰਿਓ ਗੁਰ ਨਾਨਕ; ਅਭੈ ਦਾਨੁ ਸੁਖ ਪਾਏ ॥੪॥੧॥੮੧॥

ਜੋ ਕੋਈ ਭੀ ਗੁਰੂ ਨਾਨਕ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਉਸ ਨੂੰ ਨਿਡੱਰਤਾ ਅਤੇ ਆਰਾਮ-ਚੈਨ ਦੀ ਦਾਤ ਪਰਾਪਤ ਹੋ ਜਾਂਦੀ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਪ੍ਰਭ ਜੀ! ਤੂ ਮੇਰੇ ਪ੍ਰਾਨ ਅਧਾਰੈ ॥

ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ।

ਨਮਸਕਾਰ ਡੰਡਉਤਿ ਬੰਦਨਾ; ਅਨਿਕ ਬਾਰ ਜਾਉ ਬਾਰੈ ॥੧॥ ਰਹਾਉ ॥

ਮੈਂ ਤੇਰੇ ਅੱਗੇ ਬੰਦਗੀ ਅਤੇ ਲੰਮੇ ਪੈ ਪ੍ਰਾਰਥਨਾ ਕਰਦਾ ਹਾਂ ਅਤੇ ਬਹੁਤ ਵਾਰੀ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਉ।

ਊਠਤ ਬੈਠਤ ਸੋਵਤ ਜਾਗਤ; ਇਹੁ ਮਨੁ ਤੁਝਹਿ ਚਿਤਾਰੈ ॥

ਖਲੋਤਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ, ਇਹ ਜਿੰਦੜੀ ਮੈਨੂੰ ਸਿਮਰਦੀ ਹੈ, ਹੇ ਸੁਆਮੀ!

ਸੂਖ ਦੂਖ ਇਸੁ ਮਨ ਕੀ ਬਿਰਥਾ; ਤੁਝ ਹੀ ਆਗੈ ਸਾਰੈ ॥੧॥

ਖੁਸ਼ੀ, ਗਮੀ ਅਤੇ ਇਸ ਚਿੱਤ ਦੀ ਅਵਸਥਾ, ਮੈਂ ਤੇਰੇ ਅੱਗੇ ਵਰਣਨ ਕਰਦਾ ਹਾਂ।

ਤੂ ਮੇਰੀ ਓਟ, ਬਲ ਬੁਧਿ ਧਨੁ ਤੁਮ ਹੀ; ਤੁਮਹਿ ਮੇਰੈ ਪਰਵਾਰੈ ॥

ਹੇ ਸਾਈਂ ਤੂੰ ਮੇਰੀ ਟੇਕ ਹੈ, ਤੂੰ ਮੇਰੇ ਜੋਰ, ਅਕਲ ਅਤੇ ਦੌਲਤ ਹੈ ਅਤੇ ਤੂੰ ਹੀ ਮੇਰਾ ਟੱਬਰ-ਕਬੀਲਾ ਹੈ।

ਜੋ ਤੁਮ ਕਰਹੁ, ਸੋਈ ਭਲ ਹਮਰੈ; ਪੇਖਿ ਨਾਨਕ ਸੁਖ ਚਰਨਾਰੈ ॥੨॥੨॥੮੨॥

ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਮਨਾਉਂਦਾ ਹਾਂ, ਤੇਰੇ ਕੰਵਲ ਰੂਪੀ ਪੈਰਾਂ ਨੂੰ ਵੇਖ ਕੇ ਮੇਰੇ ਅੰਦਰ ਠੰਢ-ਚੈਨ ਉਤਪੰਨ ਹੁੰਦੀ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸੁਨੀਅਤ ਪ੍ਰਭ ਤਉ, ਸਗਲ ਉਧਾਰਨ ॥

ਮੈਂ ਸੁਣਦਾ ਹਾਂ ਕਿ ਸੁਆਮੀ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।

ਮੋਹ ਮਗਨ ਪਤਿਤ ਸੰਗਿ ਪ੍ਰਾਨੀ; ਐਸੇ ਮਨਹਿ ਬਿਸਾਰਨ ॥੧॥ ਰਹਾਉ ॥

ਸੰਸਾਰੀ ਮਮਤਾ ਅਤੇ ਪਾਪੀਆਂ ਦੀ ਸੰਗਤ ਅੰਦਰ ਮਤਵਾਲਾ ਹੋ, ਫਾਨੀ ਬੰਦੇ ਨੇ ਆਪਣੇ ਚਿੱਤ ਅੰਦਰੋਂ ਇਹੋ ਜਿਹੇ ਸੁਆਮੀ ਨੂੰ ਭੁਲਾ ਛੱਡਿਆ ਹੈ। ਠਹਿਰਾਉ।

ਸੰਚਿ ਬਿਖਿਆ ਲੇ, ਗ੍ਰਾਹਜੁ ਕੀਨੀ; ਅੰਮ੍ਰਿਤੁ ਮਨ ਤੇ ਡਾਰਨ ॥

ਉਸ ਨੇ ਜ਼ਹਿਰ ਇਕੱਤਰ ਕੀਤੀ ਹੈ ਅਤੇ ਇਸ ਨੂੰ ਘੁੱਟ ਕੇ ਫੜਿਆ ਹੈ। ਨਾਮ ਸੁਧਾਰਸ ਨੂੰ ਉਸ ਨੇ ਆਪਣੇ ਰਿਦੇ ਤੋਂ ਪਰੇ ਸੁੱਟ ਪਾਇਆ ਹੈ।

ਕਾਮ ਕ੍ਰੋਧ ਲੋਭ ਰਤੁ ਨਿੰਦਾ; ਸਤੁ ਸੰਤੋਖੁ ਬਿਦਾਰਨ ॥੧॥

ਉਹ ਵਿਸ਼ੇ ਭੋਗ, ਗੁੱਲੇ, ਲਾਲਚ ਅਤੇ ਚੁੱਗਲੀ ਬਖੀਲੀ ਨਾਲ ਰੰਗਿਆ ਹੋਇਆ ਹੈ ਅਤੇ ਉਸ ਨੇ ਸੱਚ ਤੇ ਸੰਤੁਸ਼ਟਤਾ ਨੂੰ ਤਿਆਗ ਦਿੱਤਾ ਹੈ।

ਇਨ ਤੇ ਕਾਢਿ ਲੇਹੁ ਮੇਰੇ ਸੁਆਮੀ! ਹਾਰਿ ਪਰੇ ਤੁਮ੍ਹ੍ਹ ਸਾਰਨ ॥

ਮੈਨੂੰ ਇਨਾਂ ਵਿਚੋਂ ਬਾਹਰ ਧੂ ਲੈ, ਹੇ ਪ੍ਰਭੂ! ਹਾਰ ਹੁਟ ਕੇ ਮੈਂ ਤੇਰੀ ਪਨਾਹ ਲਈ ਹੈ।

ਨਾਨਕ ਕੀ ਬੇਨੰਤੀ ਪ੍ਰਭ ਪਹਿ; ਸਾਧਸੰਗਿ ਰੰਕ ਤਾਰਨ ॥੨॥੩॥੮੩॥

ਨਾਨਕ ਤੇਰੇ ਕੋਲ ਜੋਦੜੀ ਕਰਦਾ ਹੈ, “ਹੇ ਸੁਆਮੀ! ਸਤਿ ਸੰਗਤ ਦੇ ਰਾਹੀਂ ਤੂੰ ਮੈ, ਕੰਜੂਸ ਦਾ ਪਾਰ ਉਤਾਰਾ ਕਰ ਦੇ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸੰਤਨ ਕੈ ਸੁਨੀਅਤ, ਪ੍ਰਭ ਕੀ ਬਾਤ ॥

ਸਾਧੂਆਂ ਪਾਸੋਂ ਮੈਂ ਸਾਹਿਬ ਦੀ ਕਥਾ-ਵਾਰਤਾ ਸੁਣਦਾ ਹਾਂ।

ਕਥਾ ਕੀਰਤਨੁ, ਆਨੰਦ ਮੰਗਲ ਧੁਨਿ; ਪੂਰਿ ਰਹੀ ਦਿਨਸੁ ਅਰੁ ਰਾਤਿ ॥੧॥ ਰਹਾਉ ॥

ਈਸ਼ਵਰੀ ਵਾਰਤਾ ਅਤੇ ਕੀਰਤੀ ਦੀ ਉਮਾਹ-ਪਰੀ ਖੁਸ਼ੀ, ਦਿਨ ਤੇ ਰਾਤ ਉਤੇ ਪੂਰੀ ਤਰ੍ਹਾਂ ਗੂੰਜ ਰਹੀ ਹੈ। ਠਰਿਹਾਉ।

ਕਰਿ ਕਿਰਪਾ ਅਪਨੇ ਪ੍ਰਭਿ ਕੀਨੇ; ਨਾਮ ਅਪੁਨੇ ਕੀ ਕੀਨੀ ਦਾਤਿ ॥

ਮਿਹਰ ਧਾਰ ਕੇ, ਪ੍ਰਭੂ ਨੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਮ ਦਾ ਦਾਨ ਪਰਦਾਨ ਕੀਤਾ ਹੈ।

ਆਠ ਪਹਰ ਗੁਨ ਗਾਵਤ ਪ੍ਰਭ ਕੇ; ਕਾਮ ਕ੍ਰੋਧ ਇਸੁ ਤਨ ਤੇ ਜਾਤ ॥੧॥

ਸੁਆਮੀ ਦੀਆਂ ਸਿਫਤਾਂ, ਦਿਨ ਦੇ ਅੱਠੇ ਪਹਿਰ ਗਾਇਨ ਕਰਨ ਦੁਆਰਾ ਭੋਗ-ਬਿਲਾਸ ਅਤੇ ਗੁੱਸਾ ਇਸ ਦੇਹ ਪਾਸੋਂ ਦੌੜ ਜਾਂਦੇ ਹਨ।

ਤ੍ਰਿਪਤਿ ਅਘਾਏ, ਪੇਖਿ ਪ੍ਰਭ ਦਰਸਨੁ; ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥

ਸੁਆਮੀ ਦਾ ਦੀਦਾਰ ਵੇਖਣ ਦੁਆਰਾ ਮੈਂ ਰਜ ਅਤੇ ਧ੍ਰਾਮ ਗਿਆ ਹਾਂ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਦਾ ਮੈਂ ਅਮਰ ਕਰ ਦੇਣ ਵਾਲਾ ਪ੍ਰਸ਼ਾਦ ਛਕਦਾ ਹਾਂ।

ਚਰਨ ਸਰਨ ਨਾਨਕ ਪ੍ਰਭ ਤੇਰੀ; ਕਰਿ ਕਿਰਪਾ ਸੰਤਸੰਗਿ ਮਿਲਾਤ ॥੨॥੪॥੮੪॥

ਹੇ ਸੁਆਮੀ! ਨਾਨਕ ਨੇ ਤੇਰੇ ਕੰਵਲ ਰੂਪੀ ਪੈਰਾਂ ਦੀ ਪਨਾਹ ਲਈ ਹੈ। ਆਪਣੀ ਮਿਹਰ ਧਾਰ ਕੇ ਉਸ ਨੂੰ ਸਾਧ-ਸੰਗਤ ਨਾਲ ਮਿਲਾ ਦੇ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਰਾਖਿ ਲੀਏ ਅਪਨੇ ਜਨ ਆਪ ॥

ਸਾਹਿਬ ਨੇ ਖੁਦ ਹੀ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ।

ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ; ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥

ਸੁਆਮੀ ਮਾਲਕ ਨੇ ਮਿਹਰ ਧਾਰ ਕੇ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਹੈ ਅਤੇ ਮੇਰੇ ਦੁੱਖ ਤੇ ਤਸੀਹੇ ਸਾਰੇ ਕੱਟੇ ਗਏ ਹਨ। ਠਹਿਰਾਉ।

ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ; ਰਾਗ ਰਤਨ ਰਸਨਾ ਆਲਾਪ ॥

ਹੇ ਰੱਬ ਦੇ ਬੰਦਿਓ! ਤੁਸੀਂ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਗਾਇਨ ਕਰੋ ਅਤੇ ਆਪਣੀ ਜੀਭ੍ਹਾ ਨਾਲ ਸੁਆਮੀ ਦੇ ਅਣਮੁੱਲੇ ਕੀਰਤਨ ਦਾ ਉਚਾਰਨ ਕਰੋ।

ਕੋਟਿ ਜਨਮ ਕੀ ਤ੍ਰਿਸਨਾ ਨਿਵਰੀ; ਰਾਮ ਰਸਾਇਣਿ ਆਤਮ ਧ੍ਰਾਪ ॥੧॥

ਤੁਹਾਡੀਆਂ ਕ੍ਰੋੜਾਂ ਜਨਮਾਂ ਦੀਆਂ ਖਾਹਿਸ਼ਾਂ ਦੂਰ ਹੋ ਜਾਣਗੀਆਂ ਅਤੇ ਪ੍ਰਭੂ ਦੇ ਅੰਮ੍ਰਿਤ ਨਾਲ ਤੁਹਾਡੀ ਜਿੰਦੜੀ ਰੱਜ ਜਾਏਗੀ।

ਚਰਣ ਗਹੇ ਸਰਣਿ ਸੁਖਦਾਤੇ; ਗੁਰ ਕੈ ਬਚਨਿ ਜਪੇ ਹਰਿ ਜਾਪ ॥

ਮੈਂ ਆਰਾਮ ਬਖਸ਼ਣਹਾਰ ਵਾਹਿਗੁਰੂ ਦੇ ਪੈਰ ਅਤੇ ਪਨਾਹ ਪਕੜੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੁਆਮੀ ਦੇ ਲਾਂਮ ਦਾ ਸਿਮਰਨ ਕਰਦਾ ਹਾਂ।

ਸਾਗਰ ਤਰੇ ਭਰਮ ਭੈ ਬਿਨਸੇ; ਕਹੁ ਨਾਨਕ, ਠਾਕੁਰ ਪਰਤਾਪ ॥੨॥੫॥੮੫॥

ਗੁਰੂ ਜੀ ਫਰਮਾਉਂਦੇ ਹਨ, ਪ੍ਰਭੂ ਦੇ ਤਪ-ਤੇਜ ਰਾਹੀਂ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰਾ ਵਹਿਮ ਤੇ ਡਰ ਦੂਰ ਹੋ ਗਏ ਹਨ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਤਾਪੁ ਲਾਹਿਆ ਗੁਰ ਸਿਰਜਨਹਾਰਿ ॥

ਗੁਰੂ-ਕਰਤਾਰ ਨੇ ਮੇਰਾ ਬੁਖਾਰ ਉਤਾਰ ਦਿੱਤਾ ਹੈ।

ਸਤਿਗੁਰ ਅਪਨੇ ਕਉ ਬਲਿ ਜਾਈ; ਜਿਨਿ ਪੈਜ ਰਖੀ ਸਾਰੈ ਸੰਸਾਰਿ ॥੧॥ ਰਹਾਉ ॥

ਮੈਂ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਸਾਰੇ ਜਹਾਨ ਦੀ ਇੱਜ਼ਤ-ਆਬਰੂ ਰੱਖ ਲਈ ਹੈ। ਠਹਿਰਾਉ।

ਕਰੁ ਮਸਤਕਿ ਧਾਰਿ, ਬਾਲਿਕੁ ਰਖਿ ਲੀਨੋ ॥

ਆਪਣੇ ਹੱਥ ਆਪਣੇ ਮੱਥੇ ਉਤੇ ਟਿਕਾ, ਗੁਰਾਂ ਨੇ ਬੱਚੇ ਦੀ ਰੱਖਿਆ ਕੀਤੀ ਹੈ।

ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ ॥੧॥

ਸੁਆਮੀ ਨੇ ਮੈਨੂੰ ਆਪਣੇ ਸੁਰਜੀਤ ਕਰਨ ਵਾਲੇ ਨਾਮ ਦੇ ਪਰਮ ਆਬਿ-ਹਿਯਾਤ ਦੀ ਦਾਤ ਬਖਸ਼ੀ ਹੈ।

ਦਾਸ ਕੀ ਲਾਜ ਰਖੈ, ਮਿਹਰਵਾਨੁ ॥

ਦਇਆਵਾਨ ਸੁਆਮੀ ਆਪਣੇ ਨਫਰ ਦੀ ਪਤਿ ਆਬਰੂ ਰੱਖਦਾ ਹੈ।

ਗੁਰੁ ਨਾਨਕੁ ਬੋਲੈ, ਦਰਗਹ ਪਰਵਾਨੁ ॥੨॥੬॥੮੬॥

ਜੋ ਕੁਛ ਭੀ ਗੁਰੂ ਨਾਨਕ ਜੀ ਉਚਾਰਦੇ ਹਨ, ਉਹ ਸਾਹਿਬ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।


ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭

ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ ਦੁਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾ ਸਕਦਾ ਹੈ।

ਸਤਿਗੁਰ ਸਬਦਿ ਉਜਾਰੋ ਦੀਪਾ ॥

ਸੱਚੇ ਗੁਰਾਂ ਦੀ ਬਾਣੀ ਦੀਵੇ ਦਾ ਚਾਨਣ ਹੈ।

ਬਿਨਸਿਓ ਅੰਧਕਾਰ ਤਿਹ ਮੰਦਰਿ; ਰਤਨ ਕੋਠੜੀ ਖੁਲ੍ਹ੍ਹੀ ਅਨੂਪਾ ॥੧॥ ਰਹਾਉ ॥

ਉਸ ਦੇ ਨਾਲ ਸਰੀਰ ਦੇ ਮਹਿਲ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ ਅਤੇ ਜਵੇਹਰਾਂ ਦੀ ਸੁੰਦਰ ਕੁਟੀਆ ਮੇਰੇ ਲਈ ਖੋਲ੍ਹ ਦਿੱਤੀ ਜਾਂਦੀ ਹੈ। ਠਹਿਰਾਉ।

ਬਿਸਮਨ ਬਿਸਮ ਭਏ ਜਉ ਪੇਖਿਓ; ਕਹਨੁ ਨ ਜਾਇ ਵਡਿਆਈ ॥

ਜਦ ਮੈਂ ਅੰਦਰ ਝਾਕਿਆ ਤਾਂ ਮੈਂ ਚਕ੍ਰਿਤ ਤੇ ਹੈਰਾਨ ਹੋ ਗਿਆ। ਇਸ ਦੀ ਪ੍ਰਭਤਾ ਮੈਂ ਵਰਣਨ ਨਹੀਂ ਕਰ ਸਕਦਾ।

ਮਗਨ ਭਏ ਊਹਾ ਸੰਗਿ ਮਾਤੇ; ਓਤਿ ਪੋਤਿ ਲਪਟਾਈ ॥੧॥

ਮੈਂ ਉਸ ਦ੍ਰਿਸ਼ਯ ਨਾਲ ਪਰਸੰਨ ਅਤੇ ਮਤਵਾਲਾ ਹੋ ਗਿਆ ਹਾਂ ਅਤੇ ਤਾਣੇ ਪੇਟੇ ਦੀ ਤਰ੍ਹਾਂ ਉਸ ਨਾਲ ਚਿਮੜਿਆ ਹੋਇਆ ਹੈ।

ਆਲ ਜਾਲ ਨਹੀ ਕਛੂ ਜੰਜਾਰਾ; ਅਹੰਬੁਧਿ ਨਹੀ ਭੋਰਾ ॥

ਕੋਈ ਭੀ ਸੰਸਾਰਕ ਪੁਆੜੇ ਦੇ ਫਾਹੇ ਮੇਰੇ ਉਤੇ ਅਸਰ ਨਹੀਂ ਕਰਦੇ ਅਤੇ ਹੰਕਾਰੀ-ਮਤ ਲੇਸ-ਮਾਤਰ ਭੀ ਮੇਰੇ ਵਿੱਚ ਨਹੀਂ ਰਹੀ।

ਊਚਨ ਊਚਾ, ਬੀਚੁ ਨ ਖੀਚਾ; ਹਉ ਤੇਰਾ, ਤੂੰ ਮੋਰਾ ॥੨॥

ਹੇ ਸੁਆਮੀ, ਤੂੰ ਉਚਿਆਂ ਦਾ ਪਰਮ ਉਚਾ ਹੈ। ਤੇਰੇ ਅਤੇ ਮੇਰੇ ਵਿਚਕਾਰ ਕੋਈ ਪੜ੍ਹਦਾ ਖਿਚਿਆ ਹੋਇਟਆ ਨਹੀਂ। ਮੈਂ ਤੇਰਾ ਹਾਂ ਅਤੇ ਤੂੰ ਮੇਰਾ ਹੈ।

ਏਕੰਕਾਰੁ ਏਕੁ ਪਾਸਾਰਾ; ਏਕੈ ਅਪਰ ਅਪਾਰਾ ॥

ਇਕ ਅਦਭੈਤ ਸੁਆਮੀ ਨੇ ਸੰਸਾਰ ਬਣਾਇਆ ਹੈ। ਇਕ ਸੁਆਮੀ ਦੀ ਬੇਹੱਦ ਅਤੇ ਬੇਅੰਤ ਹੈ।

ਏਕੁ ਬਿਸਥੀਰਨੁ, ਏਕੁ ਸੰਪੂਰਨੁ; ਏਕੈ ਪ੍ਰਾਨ ਅਧਾਰਾ ॥੩॥

ਇਕ ਪ੍ਰਭੂ ਦੀ ਰਚਨਾ ਅੰਦਰ ਫੈਲਿਆ ਹੋਇਆ ਹੈ, ਇਕ ਪ੍ਰਭੂ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ ਅਤੇ ਇਕ ਸੁਆਮੀ ਹੀ ਜਿੰਦ-ਜਾਨ ਦਾ ਆਸਰਾ ਹੈ।

ਨਿਰਮਲ ਨਿਰਮਲ; ਸੂਚਾ ਸੂਚੋ; ਸੂਚਾ ਸੂਚੋ ਸੂਚਾ ॥

ਪਵਿੱਤਰਤਾ ਦਾ ਪਰਮ ਪਵਿੱਤਰ, ਪਾਵਨਾਂ ਦਾ ਮਹਾਂ ਪਾਵਲ, ਬੇਦਾਗ ਅਤੇ ਸਚਿਆਰਾ ਦਾ ਪਰਮ ਸਚਿਆਰਾ ਉਹ ਹੈ।

ਅੰਤ ਨ ਅੰਤਾ, ਸਦਾ ਬੇਅੰਤਾ; ਕਹੁ ਨਾਨਕ ਊਚੋ ਊਚਾ ॥੪॥੧॥੮੭॥

ਗੁਰੂ ਜੀ ਆਖਦੇ ਹਨ, ਸੁਆਮੀ ਦੇ ਹੰਦ-ਬੰਨੇ ਦਾ ਕੋਈ ਓੜਕ ਨਹੀਂ। ਸਦੀਵੀ ਅਨੰਤਾਂ ਅਤੇ ਬੁਲੰਦਾਂ ਦਾ ਪਰਮ ਬੁਲੰਦ ਹੈ ਉਹ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਬਿਨੁ ਹਰਿ, ਕਾਮਿ ਨ ਆਵਤ ਹੇ ॥

ਵਾਹਿਗੁਰੂ ਦੇ ਬਾਝੋਂ ਤੇਰੇ ਕੁਝ ਭੀ ਕੰਮ ਨਹੀਂ।

ਜਾ ਸਿਉ ਰਾਚਿ ਮਾਚਿ ਤੁਮ੍ਹ੍ਹ ਲਾਗੇ; ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥

ਜਿਸ ਨਾਲ ਤੂੰ ਘਿਓ ਖਿਚੜੀ ਹੋਇਆ ਅਤੇ ਜੁੜਿਆ ਹੋਇਆ ਹੈ, ਉਹ ਠੱਗਣੀ ਮਾਇਆ ਤੈਨੂੰ ਛਲ ਰਹੀ ਹੈ। ਠਹਿਰਾਉ।

ਕਨਿਕ ਕਾਮਿਨੀ ਸੇਜ ਸੋਹਨੀ; ਛੋਡਿ ਖਿਨੈ ਮਹਿ ਜਾਵਤ ਹੇ ॥

ਸੋਨੇ, ਆਪਣੀ ਪਤਨੀ ਅਤੇ ਸੁੰਦਰ ਪਲੰਘ ਨੂੰ ਛੱਡ ਕੇ ਤੂੰ ਇਕ ਮੁਹਤ ਵਿੱਚ ਟੁਰ ਜਾਏਂਗਾ।

ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ; ਬਿਖੈ ਠਗਉਰੀ ਖਾਵਤ ਹੇ ॥੧॥

ਤੂੰ ਪਾਪ ਵਿੱਚ ਫਾਬਾ ਹੋਇਆ ਹੈ। ਭੋਗ ਦੇ ਅੰਗ ਦੇ ਸੁਆਦ ਦਾ ਲੁਭਾਇਮਾਨ ਕੀਤਾ ਹੋਇਆ ਹੈ ਅਤੇ ਜ਼ਹਿਰੀਲੀ ਬੂਟੀ ਨੂੰ ਖਾਂਦਾ ਹੈ।

ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ; ਪਾਵਕੁ ਤਲੈ ਜਰਾਵਤ ਹੇ ॥

ਤੂੰ ਕੱਖਾਂ ਦਾ ਮਹਿਲ ਬਣਾਇਆ ਅਤੇ ਆਰਾਸਤਾ ਕੀਤਾ ਹੈ ਅਤੇ ਇਸ ਦੇ ਹੇਠਾਂ ਤੂੰ ਅੱਗ ਬਾਲਦਾ ਹੈ।

ਐਸੇ ਗੜ ਮਹਿ, ਐਠਿ ਹਠੀਲੋ; ਫੂਲਿ ਫੂਲਿ ਕਿਆ ਪਾਵਤ ਹੇ? ॥੨॥

ਇਹੋ ਜਿਹੇ ਕਿਲ੍ਹੇ ਵਿੱਚ, ਹੇ ਆਕੜ ਖਾਂ ਜਿੱਦੀਅਲ ਬੰਦੇ! ਤੂੰ ਫੁਲ ਫੁਲ ਕੇ ਬੈਠਣ ਨਾਲ ਕੀ ਹਾਸਲ ਕਰਦਾ ਹੈ।

ਪੰਚ ਦੂਤ ਮੂਡ ਪਰਿ ਠਾਢੇ; ਕੇਸ ਗਹੇ ਫੇਰਾਵਤ ਹੇ ॥

ਪੰਜ ਭੂਤਨੇ ਤੇਰੇ ਸਿਰ ਤੇ ਖੜੇ ਹਨ ਅਤੇ ਤੈਨੂੰ ਤੇਰੇ ਵਾਲਾਂ ਤੋਂ ਪਕੜ ਕੇ ਹੱਕੀ ਫਿਰਦੇ ਹਨ।

ਦ੍ਰਿਸਟਿ ਨ ਆਵਹਿ ਅੰਧ ਅਗਿਆਨੀ; ਸੋਇ ਰਹਿਓ ਮਦ ਮਾਵਤ ਹੇ ॥੩॥

ਅੰਨ੍ਹਾਂ ਅਤੇ ਬੇਸਮਝ ਹੋਣ ਕਾਰਨ ਤੂੰ ਉਨ੍ਹਾਂ ਨੂੰ ਵੇਖਦਾ ਨਹੀਂ ਅਤੇ ਹੰਕਾਰ ਨਾਲ ਮਤਵਾਲਾ ਹੋ ਘੁਰਾੜੇ ਮਾਰ ਰਿਹਾ ਹੈ।

ਜਾਲੁ ਪਸਾਰਿ ਚੋਗ ਬਿਸਥਾਰੀ; ਪੰਖੀ ਜਿਉ ਫਾਹਾਵਤ ਹੇ ॥

ਫੰਧਾ ਵਿਛਾਇਆ ਹੋਇਆ, ਦਾਣਾ ਦੁਣਕਾ ਖਿਲਰਿਆ ਹੋਇਆ ਅਤੇ ਤੂੰ ਪੰਛੀ ਦੀ ਮਾਨਿੰਦ ਫਸਾਇਆ ਜਾ ਰਿਹਾ ਹੈ।

ਕਹੁ ਨਾਨਕ, ਬੰਧਨ ਕਾਟਨ ਕਉ; ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥

ਗੁਰੂ ਜੀ ਫਰਮਾਉਂਦੇ ਹਨ, ਆਪਣੇ ਜੂੜ ਵੱਢਣ ਲਈ ਮੈਂ ਹੁਣ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਆਰਾਧਨ ਕਰਦਾ ਹਾਂ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਹਰਿ ਹਰਿ ਨਾਮੁ ਅਪਾਰ ਅਮੋਲੀ ॥

ਬੇਅੰਤ ਤੇ ਅਣਮੁੱਲਾ ਹੈ ਸੁਆਮੀ ਮਾਲਕ ਦਾ ਨਾਮ।

ਪ੍ਰਾਨ ਪਿਆਰੋ ਮਨਹਿ ਅਧਾਰੋ; ਚੀਤਿ ਚਿਤਵਉ, ਜੈਸੇ ਪਾਨ ਤੰਬੋਲੀ ॥੧॥ ਰਹਾਉ ॥

ਮੇਰੀ ਜਿੰਦ-ਜਾਨ ਦਾ ਪ੍ਰੀਤਮ ਨਾਮ ਮੇਰੀ ਆਤਮਾ ਦਾ ਆਸਰਾ ਹੈ। ਇਸ ਤਰ੍ਹਾਂ ਪਾਨ ਖਾਣ ਵਾਲਾ ਪਾਨ ਬੀੜੇ ਨੂੰ ਚੇਤੇ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਨਾਮ ਨੂੰ ਆਪਣੇ ਚਿੱਤ ਵਿੱਚ ਚੇਤੇ ਕਰਦਾ ਹਾਂ। ਠਹਿਰਾਉ।

ਸਹਜਿ ਸਮਾਇਓ, ਗੁਰਹਿ ਬਤਾਇਓ; ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥

ਗੁਰਾਂ ਦਾ ਦਰਸਾਇਆ ਹੋਇਆ ਮੈਂ ਬੈਕੁੰਠੀ ਅਨੰਦ ਵਿੱਚ ਲੀਨ ਹੋ ਗਿਆ ਹਾਂ ਅਤੇ ਮੇਰੀ ਦੇਹ ਦੀ ਅੰਗਰਖੀ ਪ੍ਰਭੂ ਦੇ ਪ੍ਰੇਮ ਨਾਲ ਰੰਗੀਜ ਗਈ ਹੈ।

ਪ੍ਰਿਅ ਮੁਖਿ ਲਾਗੋ, ਜਉ ਵਡਭਾਗੋ; ਸੁਹਾਗੁ ਹਮਾਰੋ ਕਤਹੁ ਨ ਡੋਲੀ ॥੧॥

ਜਦ ਚੰਗੀ ਪ੍ਰਾਲਭਧ ਉਦੈ ਹੋਈ, ਮੈਨੂੰ ਆਪਣੇ ਪ੍ਰੀਤਮ ਦੀ ਹਜ਼ੂਰੀ ਪਰਾਪਤ ਹੋ ਗਈ। ਮੇਰਾ ਕੰਤ ਕਾਲਸਥਾਈ ਹੈ ਅਤੇ ਕਦਾਚਿਤ ਡਿਕਡੋਲੇ ਨਹੀਂ ਖਾਂਦਾ।

ਰੂਪ ਨ ਧੂਪ ਨ ਗੰਧ ਨ ਦੀਪਾ; ਓਤਿ ਪੋਤਿ, ਅੰਗ ਅੰਗ ਸੰਗਿ ਮਉਲੀ ॥

ਪ੍ਰਭੂ ਨੂੰ ਪੂਜਣ ਲਈ ਮੈਨੂੰ ਨਾਂ ਮੂਰਤ, ਨਾਂ ਧੂਪ, ਨਾਂ ਸੁਗੰਧੀ, ਨਾਂ ਹੀ ਦੀਵੇ ਦੀ ਲੋੜ ਹੈ। ਤਾਣੇ ਪੇਟੇ ਦੀ ਤਰ੍ਹਾਂ, ਉਹ ਮੇਰੇ ਸਾਰੇ ਅੰਗਾਂ ਅੰਦਰ ਪ੍ਰਫੁਲਤ ਹੋ ਰਿਹਾ ਹੈ।

ਕਹੁ ਨਾਨਕ, ਪ੍ਰਿਅ ਰਵੀ ਸੁਹਾਗਨਿ; ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥

ਗੁਰੂ ਜੀ ਆਖਦੇ ਹਨ ਮੇਰੇ ਕੰਤ ਨੇ ਮੈਂ ਆਪਣੀ ਪਵਿੱਤਰ ਪਤਨੀ ਨੂੰ ਮਾਣ ਲਿਆ ਹੈ ਅਤੇ ਪਰਮ ਸੁੰਦਰ ਹੋ ਗਈ ਹੈ ਮੇਰੀ ਸੇਜ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਗੋਬਿੰਦ ਗੋਬਿੰਦ, ਗੋਬਿੰਦ ਮਈ ॥

ਸੁਆਮੀ ਦਾ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਖੁਦ ਸੁਆਮੀ ਦਾ ਸਰੂਪ ਹੋ ਗਿਆ ਹਾਂ।

ਜਬ ਤੇ ਭੇਟੇ ਸਾਧ ਦਇਆਰਾ; ਤਬ ਤੇ ਦੁਰਮਤਿ ਦੂਰਿ ਭਈ ॥੧॥ ਰਹਾਉ ॥

ਜਦੋਂ ਦੇ ਮੈਨੂੰ ਮਇਆਵਾਨ ਸੰਤ ਮਿਲੇ ਹਨ, ਉਦੋਂ ਦੀ ਮੇਰੀ ਮੰਦੀ ਅਕਲ ਨਵਿਰਤ ਹੋ ਗਈ ਹੈ। ਠਹਿਰਾਉ।

ਪੂਰਨ ਪੂਰਿ ਰਹਿਓ ਸੰਪੂਰਨ; ਸੀਤਲ ਸਾਂਤਿ, ਦਇਆਲ ਦਈ ॥

ਮੁਕੰਮਲ ਮਾਲਕ ਸਾਰਿਆਂ ਨੂੰ ਮੁਕੰਮਲ ਤੌਰ ਤੇ ਭਰ ਰਿਹਾ ਹੈ। ਉਹ ਸੁਆਮੀ ਠੰਢਾ, ਧੀਰਜਵਾਨ ਅਤੇ ਮਿਹਰਬਾਨ ਹੈ।

ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ; ਤਨ ਤੇ ਹੋਏ ਸਗਲ ਖਈ ॥੧॥

ਮਿਥਨ-ਹੁਲਾਸ, ਗੁੱਸਾ ਖਾਹਿਸ਼ ਅਤੇ ਸਵੈ-ਹੰਗਤਾ, ਮੇਰੇ ਸਰੀਰ ਵਿਚੋਂ ਸਾਰੇ ਨਾਸ ਹੋ ਗਏ ਹਨ।

ਸਤੁ ਸੰਤੋਖੁ ਦਇਆ ਧਰਮੁ ਸੁਚਿ; ਸੰਤਨ ਤੇ ਇਹੁ ਮੰਤੁ ਲਈ ॥

ਸੱਚ, ਸੰਤੁਸ਼ਟਤਾ, ਮਇਆ, ਈਮਾਨ ਅਤੇ ਪਵਿੱਤਰਤਾ ਦੀ ਕਮਾਈ ਕਰਨੀ, ਸਾਧੂਆਂ ਪਾਸੋਂ ਮੈਂ ਇਹ ਸਿੱਖ-ਮਤ ਪਰਾਪਤ ਕੀਤੀ ਹੈ।

ਕਹੁ ਨਾਨਕ, ਜਿਨਿ ਮਨਹੁ ਪਛਾਨਿਆ; ਤਿਨ ਕਉ ਸਗਲੀ ਸੋਝ ਪਈ ॥੨॥੪॥੯੦॥

ਗੁਰੂ ਜੀ ਫਰਮਾਉਂਦੇ ਹਨ, ਜੋ ਆਪਣੇ ਚਿੱਤ ਅੰਦਰ ਸੁਆਮੀ ਨੂੰ ਅਨੁਭਵ ਕਰਦਾ ਹੈ, ਉਸ ਨੂੰ ਸਾਰੀ ਸਮਝ ਪਰਾਪਤ ਹੋ ਜਾਂਦੀ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਕਿਆ ਹਮ ਜੀਅ ਜੰਤ ਬੇਚਾਰੇ? ਬਰਨਿ ਨ ਸਾਕਹ, ਏਕ ਰੋਮਾਈ ॥

ਮੈਂ ਗਰੀਬੜਾ ਜੀਵ ਕੀ ਹਾਂ? ਮੈਂ ਤੇਰੇ ਇਕ ਵਾਲ ਨੂੰ ਭੀ ਵਰਣਨ ਨਹੀਂ ਕਰ ਸਕਦਾ।

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ; ਬੇਅੰਤ ਠਾਕੁਰ ਤੇਰੀ ਗਤਿ ਨਹੀ ਪਾਈ ॥੧॥

ਮੇਰੇ ਅਨੰਦ ਸੁਆਮੀ, ਬ੍ਰਹਮਾ, ਸ਼ਿਵਜੀ, ਸਾਧਨਾ ਵਾਲੇ ਪੁਰਸ਼, ਖਾਮੋਸ਼, ਰਿਸ਼ੀ ਅਤੇ ਇੰਦ੍ਰ ਤੇਰੀ ਅਵਸਥਾ ਨੂੰ ਨਹੀਂ ਜਾਣਦੇ।

ਕਿਆ ਕਥੀਐ? ਕਿਛੁ ਕਥਨੁ ਨ ਜਾਈ ॥

ਮੈਂ ਕੀ ਆਖਾਂ, ਮੈਂ ਕੁਝ ਆਖ ਨਹੀਂ ਸਕਦਾ।

ਜਹ ਜਹ ਦੇਖਾ, ਤਹ ਰਹਿਆ ਸਮਾਈ ॥੧॥ ਰਹਾਉ ॥

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਵਿਆਪਕ ਪਾਉਂਦਾ ਹਾਂ। ਠਹਿਰਾਉ।

ਜਹ ਮਹਾ ਭਇਆਨ, ਦੂਖ ਜਮ ਸੁਨੀਐ; ਤਹ ਮੇਰੇ ਪ੍ਰਭ ਤੂਹੈ ਸਹਾਈ ॥

ਜਿਥੇ ਯਮ ਪਰਮ ਭਿਆਨਕ ਤਸੀਹੇ ਦਿੰਦਾ ਸੁਣਿਆ ਜਾਂਦਾ ਹੈ, ਓਥੇ ਕੇਵਲ ਤੂੰ ਹੀ, ਹੇ ਮੇਰੇ ਸੁਆਮੀ ਮਦਦਗਾਰ ਹੈਂ।

ਸਰਨਿ ਪਰਿਓ ਹਰਿ, ਚਰਨ ਗਹੇ ਪ੍ਰਭ! ਗੁਰਿ ਨਾਨਕ ਕਉ ਬੂਝ ਬੁਝਾਈ ॥੨॥੫॥੯੧॥

ਮੈਂ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਸ ਦੇ ਪੈਰਾਂ ਨਾਲ ਜੁੜਿਆ ਹੋਇਆ ਹਾਂ। ਇਹ ਸਮਝ ਸੁਆਮੀ ਨੇ ਗੁਰੂ ਨਾਨਕ ਨੂੰ ਪਰਦਾਨ ਕੀਤਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਅਗਮ ਰੂਪ ਅਬਿਨਾਸੀ ਕਰਤਾ; ਪਤਿਤ ਪਵਿਤ ਇਕ ਨਿਮਖ ਜਪਾਈਐ ॥

ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਪਹੁੰਚ ਤੋਂ ਪਰੇ ਸੰੁੰਦਰ ਅਤੇ ਅਮਰ ਸਿਰਜਣਹਾਰ! ਮੇਰੇ ਪਾਸੋਂ ਤੂੰ ਇਕ ਮੁਹਤ ਭਰ ਲਈ ਹੀ ਆਪਣਾ ਸਿਮਰਨ ਕਰਵਾ।

ਅਚਰਜੁ ਸੁਨਿਓ, ਪਰਾਪਤਿ ਭੇਟੁਲੇ; ਸੰਤ ਚਰਨ, ਚਰਨ ਮਨੁ ਲਾਈਐ ॥੧॥

ਮੇਰੇ ਅਦਭੁਤ ਸੁਆਮੀ, ਮੈਂ ਸੁਣਿਆ ਹੈ ਕਿ ਸਾਧੂਆਂ ਨਾਲ ਮਿਲਣ ਅਤੇ ਉਨ੍ਹਾਂ ਦੇ ਪੈਰਾਂ, ਪਵਿੱਤਰ ਪੈਰਾਂ ਨਾਲ ਚਿੱਤ ਜੋੜਨ ਦੁਆਰਾ ਤੂੰ ਪਾਇਆ ਜਾਂਦਾ ਹੈ।

ਕਿਤੁ ਬਿਧੀਐ, ਕਿਤੁ ਸੰਜਮਿ ਪਾਈਐ ॥

ਕਿਸ ਤਰੀਕੇ ਤੇ ਕਿਸ ਜੀਵਨ ਦੇ ਅਧਿਯਾਪਨ ਦੁਆਰਾ ਮੇਰਾ ਸਾਈਂ ਪਰਾਪਤ ਹੁੰਦਾ ਹੈ?

ਕਹੁ ਸੁਰਜਨ, ਕਿਤੁ ਜੁਗਤੀ ਧਿਆਈਐ ॥੧॥ ਰਹਾਉ ॥

ਹੇ ਨੇਕ ਬੰਦੇ! ਮੈਨੂੰ ਦੱਸ ਕਿ ਕਿਹੜੀ ਤਦਬੀਰ ਦੁਆਰਾ ਮੇਰਾ ਸਾਹਿਬ ਸਿਮਰਿਆ ਜਾਂਦਾ ਹੈ? ਠਹਿਰਾਉ।

ਜੋ ਮਾਨੁਖੁ, ਮਾਨੁਖ ਕੀ ਸੇਵਾ; ਓਹੁ ਤਿਸ ਕੀ ਲਈ ਲਈ, ਫੁਨਿ ਜਾਈਐ ॥

ਜੇਕਰ ਕੋਈ ਆਦਮੀ ਹੋਰਸ ਆਦਮੀ ਦੀ ਘਾਲ ਕਮਾਉਂਦਾ ਹੈ, ਉਹ ਭੀ ਉਸ ਆਦਮੀ ਵਾਸਤੇ ਕੰਮ ਕਰਦਾ ਤੇ ਉਸ ਦਾ ਪੱਖ ਪੂਰਦਾ ਹੈ।

ਨਾਨਕ, ਸਰਨਿ ਸਰਣਿ ਸੁਖ ਸਾਗਰ; ਮੋਹਿ ਟੇਕ, ਤੇਰੋ ਇਕ ਨਾਈਐ ॥੨॥੬॥੯੨॥

ਹੇ ਆਰਾਮ ਚੈਨ ਦੇ ਸਮੁੰਦਰ ਸੁਆਮੀ! ਨਾਨਕ ਤੇਰੀ ਪਨਾਹ ਅਤੇ ਸ਼ਰਣਾਗਤ ਲੋੜਦਾ ਹੈ ਅਤੇ ਉਸ ਨੂੰ ਕੇਵਲ ਤੇਰੇ ਨਾਮ ਦਾ ਹੀ ਆਸਰਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸੰਤ ਸਰਣਿ, ਸੰਤ ਟਹਲ ਕਰੀ ॥

ਮੈਂ ਸਾਧੂਆਂ ਦੀ ਪਨਾਹ ਲੋੜਦਾ ਹਾਂ ਅਤੇ ਸਾਧੂਆਂ ਦੀ ਹੀ ਸੇਵਾ ਕਰਦਾ ਹਾਂ।

ਧੰਧੁ ਬੰਧੁ ਅਰੁ ਸਗਲ ਜੰਜਾਰੋ; ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥

ਮੈਂ ਹੁਣ ਸਾਰਿਆਂ ਧੰਦਿਆਂ, ਅਲਸੇਟਿਆਂ, ਪੁਆੜਿਆਂ ਅਤੇ ਹੋਰ ਬਿਉਹਾਰਾਂ ਤੋਂ ਖਲਾਸੀ ਪਾ ਗਿਆ ਹਾਂ। ਠਹਿਰਾਉ।

ਸੂਖ ਸਹਜ ਅਰੁ ਘਨੋ ਅਨੰਦਾ; ਗੁਰ ਤੇ ਪਾਇਓ ਨਾਮੁ ਹਰੀ ॥

ਆਰਾਮ, ਅਡੋਲਤਾ, ਬਹੁਤੀ ਖੁਸ਼ੀ ਅਤੇ ਪ੍ਰਭੂ ਦਾ ਨਾਮ, ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।

ਐਸੋ ਹਰਿ ਰਸੁ ਬਰਨਿ ਨ ਸਾਕਉ; ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥

ਇਹੋ ਜਿਹਾ ਹੈ ਪ੍ਰਭੂ ਦਾ ਅੰਮ੍ਰਿਤ ਕਿ ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ। ਪੂਰਨ ਗੁਰਾਂ ਨੇ ਦੁਨੀਆਂ ਵੱਲੋਂ ਮੇਰਾ ਮੂੰਹ ਮੋੜ ਦਿੱਤਾ ਹੈ।

ਪੇਖਿਓ ਮੋਹਨੁ ਸਭ ਕੈ ਸੰਗੇ; ਊਨ ਨ ਕਾਹੂ ਸਗਲ ਭਰੀ ॥

ਮੋਹਤ ਕਰ ਲੈਣ ਵਾਲੇ ਸੁਆਮੀ ਨੂੰ ਮੈਂ ਹਰ ਇਕਸ ਨਾਲ ਵੇਖਦਾ ਹਾਂ। ਕੋਈ ਭੀ ਉਸ ਤੋਂ ਖਾਲੀ ਨਹੀਂ। ਉਹ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।

ਪੂਰਨ ਪੂਰਿ ਰਹਿਓ ਕਿਰਪਾ ਨਿਧਿ; ਕਹੁ ਨਾਨਕ, ਮੇਰੀ ਪੂਰੀ ਪਰੀ ॥੨॥੭॥੯੩॥

ਰਹਿਮਤ ਦਾ ਸਮੁੰਦਰ, ਮੇਰਾ ਮੁਕੰਮਲ ਮਾਲਕ ਹਰ ਥਾਂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ, ਗੁਰੂ ਜੀ ਫਰਮਾਉਂਦੇ ਹਨ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮਨ ਕਿਆ ਕਹਤਾ? ਹਉ ਕਿਆ ਕਹਤਾ? ॥

ਮੇਰਾ ਮਨੂਆ ਕੀ ਆਖਦਾ ਹੈ ਅਤੇ ਮੈਂ ਕੀ ਆਖ ਸਕਦਾ ਹਾਂ?

ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ; ਤਿਸੁ ਆਗੈ ਕਿਆ ਕਹਤਾ? ॥੧॥ ਰਹਾਉ ॥

ਮੇਰੇ ਸੁਆਮੀ ਮਾਲਕ, ਤੂੰ ਸਿਆਣਾ ਅਤੇ ਸਾਰਾ ਕੁਛ ਜਾਨਣਹਾਰ ਹੈ। ਤੇਰੇ ਮੂਹਰੇ ਮੈਂ ਕੀ ਆਖ ਸਕਦਾ ਹਾਂ। ਠਹਿਰਾਉ।

ਅਨਬੋਲੇ ਕਉ ਤੁਹੀ ਪਛਾਨਹਿ; ਜੋ ਜੀਅਨ ਮਹਿ ਹੋਤਾ ॥

ਜਿਹੜਾ ਕੁਛ ਭੀ ਮਨਾਂ ਅੰਦਰ ਹੈ, ਹੇ ਸਾਹਿਬ! ਤੂੰ ਬਿਨਾ ਬੋਲਿਆ ਹੀ ਜਾਣਦਾ ਹੈ।

ਰੇ ਮਨ! ਕਾਇ, ਕਹਾ ਲਉ ਡਹਕਹਿ; ਜਉ ਪੇਖਤ ਹੀ ਸੰਗਿ ਸੁਨਤਾ ॥੧॥

ਹੇ ਬੰਦੇ! ਤੂੰ ਕਾਹਦੇ ਲਈ ਅਤੇ ਕਦ ਤੋੜੀ ਹੋਰਨਾ ਨੂੰ ਠੱਗੀ ਜਾਵੇਂਗਾ ਜਦ ਕਿ ਸੁਆਮੀ ਤੇਰੇ ਨਾਲ ਹੀ ਸਭ ਕੁਛ ਸੁਣਦਾ ਅਤੇ ਵੇਖਦਾ ਹੈ?

ਐਸੋ ਜਾਨਿ ਭਏ ਮਨਿ ਆਨਦ; ਆਨ ਨ ਬੀਓ ਕਰਤਾ ॥

ਇਸ ਤਰ੍ਹਾਂ ਅਨੁਭਵ ਕਰ ਕਿ ਹੋਰ ਕੋਈ ਕਰਨ ਵਾਲਾ ਨਹੀਂ, ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।

ਕਹੁ ਨਾਨਕ, ਗੁਰ ਭਏ ਦਇਆਰਾ; ਹਰਿ ਰੰਗੁ ਨ ਕਬਹੂ ਲਹਤਾ ॥੨॥੮॥੯੪॥

ਨਾਨਕ ਕਹਿੰਦਾ ਹੈ ਕਿ ਗੁਰੂ ਜੀ ਮੇਰੇ ਉਤੇ ਮਾਇਆਵਾਨ ਹੋ ਗਏ ਹਨ। ਮੇਰਾ ਪ੍ਰਭੂ ਨਾਲੋ ਪ੍ਰੇਮ ਕਦੇ ਭੀ ਟੁਟੇਗਾ ਨਹੀਂ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਨਿੰਦਕੁ, ਐਸੇ ਹੀ ਝਰਿ ਪਰੀਐ ॥

ਬਦਖੋਈ ਕਰਨ ਵਾਲਾ ਇਸ ਤਰ੍ਹਾਂ ਢਹਿ ਪੈਦਾ ਹੈ।

ਇਹ ਨੀਸਾਨੀ ਸੁਨਹੁ ਤੁਮ ਭਾਈ! ਜਿਉ ਕਾਲਰ ਭੀਤਿ ਗਿਰੀਐ ॥੧॥ ਰਹਾਉ ॥

ਹੇ ਭਰਾ! ਤੂੰ ਉਸ ਦਾ ਇਹ ਭੇਦਕ ਚਿਨ੍ਹ ਸੁਣ ਕਿ ਉਹ ਸ਼ੋਰੇ ਦੀ ਕੰਧ ਦੀ ਮਾਨਿੰਦ ਡਿਗ ਪੈਦਾ ਹੈ। ਠਹਿਰਾਉ।

ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ; ਭਲੋ ਦੇਖਿ, ਦੁਖ ਭਰੀਐ ॥

ਜਦ ਕਲੰਕ ਲਾਉਣ ਵਾਲਾ ਕਿਸੇ ਵਿੱਚ ਅਉਗਣਾ ਵੇਖਦਾ ਹੈ ਤਾਂ ਉਹ ਖੁਸ਼ ਹੁੰਦਾ ਹੈ। ਗੁਣ ਵੇਖ ਕੇ ਉਹ ਗਮ ਨਾਲ ਭਰ ਜਾਂਦਾ ਹੈ।

ਆਠ ਪਹਰ ਚਿਤਵੈ, ਨਹੀ ਪਹੁਚੈ; ਬੁਰਾ ਚਿਤਵਤ ਚਿਤਵਤ ਮਰੀਐ ॥੧॥

ਉਹ ਸਾਰਾ ਦਿਨ ਹੀ ਹੋਰਾਂ ਦਾ ਬੁਰਾ ਸੋਚਦਾ ਹੈ ਪ੍ਰੰਤੂ ਇਹ ਵਾਪਰਦਾ ਨਹੀਂ। ਭੈੜਾ ਬੰਦਾ ਬੁਰਾ ਸੋਚਦਾ ਸੋਚਦਾ ਹੀ ਮਰ ਮੁਕ ਜਾਂਦਾ ਹੈ।

ਨਿੰਦਕੁ ਪ੍ਰਭੂ ਭੁਲਾਇਆ, ਕਾਲੁ ਨੇਰੈ ਆਇਆ; ਹਰਿ ਜਨ ਸਿਉ ਬਾਦੁ ਉਠਰੀਐ ॥

ਦੂਸ਼ਨ ਲਾਉਣ ਵਾਲਾ ਸੁਆਮੀ ਨੂੰ ਵਿਸਾਰ ਦਿੰਦਾ ਹੈ, ਉਸ ਦੀ ਮੌਤ ਉਸ ਦੇ ਨੇੜੇ ਆ ਢੁਕਦੀ ਹੈ ਅਤੇ ਉਹ ਸੁਆਮੀ ਦੇ ਗੋਲੇ ਨਾਲ ਝਗੜਾ ਖੜਾ ਕਰ ਲੈਂਦਾ ਹੈ।

ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ; ਕਿਆ ਮਾਨਸ ਬਪੁਰੇ ਕਰੀਐ? ॥੨॥੯॥੯੫॥

ਸੁਆਮੀ ਮਾਲਕ ਖੁਦ ਨਾਨਕ ਦਾ ਰੱਖਿਅਕ ਹੈ। ਬਦਬਖਤ ਬੰਦਾ ਉਸ ਨੂੰ ਕੀ ਕਰ ਸਕਦਾ ਹੈ?


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਐਸੇ ਕਾਹੇ ਭੂਲਿ ਪਰੇ ॥

ਤੂੰ ਇਸ ਤਰ੍ਹਾਂ ਕਿਉਂ ਭੁਲਿਆ ਫਿਰਦਾ ਹੈ?

ਕਰਹਿ ਕਰਾਵਹਿ, ਮੂਕਰਿ ਪਾਵਹਿ; ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥

ਤੂੰ ਪਾਪ ਕਰਦਾ ਤੇ ਕਰਾਉਂਦਾ ਹੈ, ਅਤੇ ਉਸ ਤੋਂ ਇਨਕਾਰ ਕਰਦਾ ਹੈ। ਤੇਰਾ ਵਾਹਿਗੁਰੂ ਹਮੇਸ਼ਾਂ ਤੇਰੇ ਨਾਲ ਸਭ ਕਿਛ ਵੇਖਦਾ ਤੇ ਸੁਣਦਾ ਹੈ। ਠਹਿਰਾਉ।

ਕਾਚ ਬਿਹਾਝਨ, ਕੰਚਨ ਛਾਡਨ; ਬੈਰੀ ਸੰਗਿ ਹੇਤੁ, ਸਾਜਨ ਤਿਆਗਿ ਖਰੇ ॥

ਤੂੰ ਬਿਲੌਰ ਖਰੀਦਦਾ ਹੈਂ, ਸੋਨੇ ਨੂੰ ਤਿਆਗਦਾ ਹੈਂ, ਦੁਸ਼ਨਮ ਨਾਲ ਪਿਆਰ ਪਾਉਂਦਾ ਹੈ ਅਤੇ ਸੱਚੇ ਮਿੱਤਰ ਨੂੰ ਛੱਡਦਾ ਹੈਂ।

ਹੋਵਨੁ ਕਉਰਾ, ਅਨਹੋਵਨੁ ਮੀਠਾ; ਬਿਖਿਆ ਮਹਿ ਲਪਟਾਇ ਜਰੇ ॥੧॥

ਸੁਆਮੀ, ਜੋ ਹੈ, ਤੈਨੂੰ ਕੋੜਾ ਲੱਗਦਾ ਹੈ ਅਤੇ ਮਾਇਆ ਜੋ ਹੈ ਹੀ ਨਹੀਂ ਤੈਨੂੰ ਮਿੱਠੀ ਲੱਗਦੀ ਹੈ। ਬਦੀ ਵਿੱਚ ਗਰਕ ਹੋ ਕੇ ਤੂੰ ਸੜ ਮੱਚ ਗਿਆ ਹੈ।

ਅੰਧ ਕੂਪ ਮਹਿ ਪਰਿਓ ਪਰਾਨੀ; ਭਰਮ ਗੁਬਾਰ ਮੋਹ ਬੰਧਿ ਪਰੇ ॥

ਫਾਨੀ ਬੰਦਾ ਅੰਨ੍ਹੇ ਖੂਹ ਵਿੱਚ ਡਿੱਗ ਪਿਆ ਹੈ ਅਤੇ ਵਹਿਮ ਦੇ ਅਨ੍ਹੇਰੇ ਤੇ ਸੰਸਾਰੀ ਮਮਤਾ ਦੇ ਜੂੜਾਂ ਅੰਦਰ ਫਸਿਆ ਹੋਇਆ ਹੈ।

ਕਹੁ ਨਾਨਕ, ਪ੍ਰਭ ਹੋਤ ਦਇਆਰਾ; ਗੁਰੁ ਭੇਟੈ, ਕਾਢੈ ਬਾਹ ਫਰੇ ॥੨॥੧੦॥੯੬॥

ਗੁਰੂ ਜੀ ਫਰਮਾਉਂਦੇ ਹਨ, ਜਦ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਬੰਦਾ ਗੁਰਾਂ ਨੂੰ ਮਿਲ ਪੈਂਦਾ ਹੈ, ਜੋ ਉਸ ਨੂੰ ਬਾਂਹ ਤੋਂ ਪਕੜ ਬਾਹਰ ਧੂ ਲੈਂਦੇ ਹਨ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮਨ ਤਨ ਰਸਨਾ, ਹਰਿ ਚੀਨ੍ਹ੍ਹਾ ॥

ਆਪਣੀ ਆਤਮਾ, ਦੇਹ ਅਤੇ ਜੀਭ੍ਹਾ ਨਾਲ ਮੈਂ ਆਪਣੇ ਵਾਹਿਗੁਰੂ ਦਾ ਵੀਚਾਰ ਕਰਦਾ ਹੈ।

ਭਏ ਅਨੰਦਾ ਮਿਟੇ ਅੰਦੇਸੇ; ਸਰਬ ਸੂਖ ਮੋ ਕਉ ਗੁਰਿ ਦੀਨ੍ਹ੍ਹਾ ॥੧॥ ਰਹਾਉ ॥

ਖੁਸ਼ੀ ਉਤਪੰਨ ਹੋ ਆਈ ਹੈ, ਮੇਰੇ ਫਿਕਰ ਦੂਰ ਹੋ ਗਏ ਹਨ ਅਤੇ ਗੁਰਾਂ ਨੇ ਮੈਨੂੰ ਸਮੂਹ ਆਰਾਮ ਬਖਸ਼ਿਆ ਹੈ। ਠਹਿਰਾਉ।

ਇਆਨਪ ਤੇ ਸਭ ਭਈ ਸਿਆਨਪ; ਪ੍ਰਭੁ ਮੇਰਾ ਦਾਨਾ ਬੀਨਾ ॥

ਮੇਰੀ ਸਾਰੀ ਬੇਸਮਝੀ ਸੂਝ ਸਮਝ ਵਿੱਚ ਬਦਲ ਗਈ ਹੈ। ਮੇਰਾ ਸੁਆਮੀ ਸਰਬ ਗਿਆਤਾ ਤੇ ਸਾਰਾ ਕੁਛ ਦੇਖਣਹਾਰ ਹੈ।

ਹਾਥ ਦੇਇ ਰਾਖੈ ਅਪਨੇ ਕਉ; ਕਾਹੂ ਨ ਕਰਤੇ ਕਛੁ ਖੀਨਾ ॥੧॥

ਆਪਣਾ ਹੱਥ ਦੇ ਕੇ ਸਾਈਂ ਆਪਣੇ ਗੋਲਾ ਦੀ ਰੱਖਿਆ ਕਰਦਾ ਹੈ ਅਤੇ ਕੋਈ ਭੀ ਉਸ ਦਾ ਕੁਝ ਨੁਕਸਾਨ ਨਹੀਂ ਕਰ ਸਕਦਾ।

ਬਲਿ ਜਾਵਉ ਦਰਸਨ ਸਾਧੂ ਕੈ; ਜਿਹ ਪ੍ਰਸਾਦਿ ਹਰਿ ਨਾਮੁ ਲੀਨਾ ॥

ਮੈਂ ਸੰਤ ਦੇ ਦੀਦਾਰ, ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੀ ਮਿਹਰ ਸਕਦਾ ਮੈਂ ਸਾਈਂ ਦੇ ਨਾਮ ਦਾ ਸਿਮਰਨ ਕਰਦਾ ਹਾਂ।

ਕਹੁ ਨਾਨਕ, ਠਾਕੁਰ ਭਾਰੋਸੈ; ਕਹੂ ਨ ਮਾਨਿਓ ਮਨਿ ਛੀਨਾ ॥੨॥੧੧॥੯੭॥

ਗੁਰੂ ਜੀ ਫੁਰਮਾਉਂਦੇ ਹਨ, ਮੇਰਾ ਵਿਸ਼ਵਾਸ ਕੇਵਲ ਮੇਰੇ ਮਾਲਕ ਵਿੱਚ ਹੈ ਅਤੇ ਆਪਣੇ ਹਿਰਦੇ ਅੰਦਰ ਮੈਂ ਕਿਸੇ ਹੋਰਸ ਨੂੰ ਇਕ ਮੁਹਤ ਭਰ ਲਈ ਨਹੀਂ ਮੰਨਦਾ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਗੁਰਿ ਪੂਰੈ, ਮੇਰੀ ਰਾਖਿ ਲਈ ॥

ਪੂਰਨ ਗੁਰਾਂ ਨੇ ਮੇਰੀ ਲੱਜਿਆ ਰੱਖ ਲਈ ਹੈ।

ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ; ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥

ਸੁਧਾਸਰੂਪ ਨਾਮ ਉਨ੍ਹਾਂ ਨੇ ਮੇਰੇ ਮਨ ਵਿੱਚ ਟਿਕਾ ਦਿੱਤਾ ਹੈ ਅਤੇ ਮੇਰੀ ਅਨੇਕਾਂ ਜਨਮਾਂ ਦੀ ਗੰਦਗੀ ਧੋਤੀ ਗਈ ਹੈ। ਠਹਿਰਾਉ।

ਨਿਵਰੇ ਦੂਤ ਦੁਸਟ ਬੈਰਾਈ; ਗੁਰ ਪੂਰੇ ਕਾ ਜਪਿਆ ਜਾਪੁ ॥

ਪੂਰਨ ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ, ਭੂਤਨੇ ਅਤੇ ਭੈੜੇ ਦੁਸ਼ਮਨ ਦੂਰ ਹੋ ਗਏ ਹਨ।

ਕਹਾ ਕਰੈ ਕੋਈ ਬੇਚਾਰਾ; ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥

ਕੋਈ ਗਰੀਬ ਜਣਾ ਮੈਨੂੰ ਕੀ ਕਰ ਸਕਦਾ ਹੈ, ਕਿਉਂਕਿ ਵਿਸ਼ਾਲ ਹੈ ਮੇਰੇ ਸੁਆਮੀ ਦਾ ਤੇਜ ਪ੍ਰਤਾਪ।

ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ; ਚਰਨ ਕਮਲ ਰਖੁ ਮਨ ਮਾਹੀ ॥

ਸੁਆਮੀ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਅਤੇ ਉਸ ਦੇ ਕੰਵਲ ਰੂਪੀ ਪੈਰਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਉਣ ਦੁਆਰਾ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ।

ਤਾ ਕੀ ਸਰਨਿ ਪਰਿਓ ਨਾਨਕ ਦਾਸੁ; ਜਾ ਤੇ ਊਪਰਿ, ਕੋ ਨਾਹੀ ॥੨॥੧੨॥੯੮॥

ਗੋਲੇ ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਦੇ ਉਤੇ ਕੋਈ ਹੈ ਹੀ ਨਹੀਂ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸਦਾ ਸਦਾ, ਜਪੀਐ ਪ੍ਰਭ ਨਾਮ ॥

ਸਦੀਵ, ਸਦੀਵ ਹੀ ਤੂੰ ਸਾਈਂ ਦੇ ਨਾਮ ਦਾ ਸਿਮਰਨ ਕਰ।

ਜਰਾ ਮਰਾ ਕਛੁ ਦੂਖੁ ਨ ਬਿਆਪੈ; ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥

ਤੈਨੂੰ ਬੋਢੇਪੇ ਅਤੇ ਮੌਤ ਦਾ ਕੋਈ ਕਸ਼ਟ ਨਹੀਂ ਵਾਪਰੇਗਾ ਅਤੇ ਅੱਗੇ ਸਾਹਿਬ ਦੇ ਦਰਬਾਰ ਅੰਦਰ ਤੇਰੇ ਕਾਰਜ ਰਾਸ ਹੋ ਜਾਣਗੇ। ਠਹਿਰਾਉ।

ਆਪੁ ਤਿਆਗਿ, ਪਰੀਐ ਨਿਤ ਸਰਨੀ; ਗੁਰ ਤੇ ਪਾਈਐ ਏਹੁ ਨਿਧਾਨੁ ॥

ਆਪਣੀ ਸਵੈ-ਹੰਗਤਾ ਨੂੰ ਮਾਰ ਤੂੰ ਸਦਾ ਗੁਰਾਂ ਦੀ ਪਨਾਹ ਲੈ। ਇਹ ਖੁਸ਼ੀ ਦਾ ਖਜਾਨਾ ਗੁਰਾਂ ਪਾਸੋਂ ਪਰਾਪਤ ਹੁੰਦਾ ਹੈ।

ਜਨਮ ਮਰਣ ਕੀ ਕਟੀਐ ਫਾਸੀ; ਸਾਚੀ ਦਰਗਹ ਕਾ ਨੀਸਾਨੁ ॥੧॥

ਨਾਮ ਦੇ ਨਾਲ ਜੰਮਣ ਅਤੇ ਮਾਰਨ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਇਹ ਸੱਚੇ ਦਰਬਾਰ ਦਾ ਫਾਰਖਤੀ ਦਾ ਪਰਵਾਨਾ ਹੈ।

ਜੋ ਤੁਮ੍ਹ੍ਹ ਕਰਹੁ, ਸੋਈ ਭਲ ਮਾਨਉ; ਮਨ ਤੇ ਛੂਟੈ ਸਗਲ ਗੁਮਾਨੁ ॥

ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਜਾਣ ਕਬੂਲ ਕਰਦਾ ਹਾਂ। ਆਪਣੇ ਮਨੂਏ ਤੋਂ ਮੈਂ ਸਾਰਾ ਹੰਕਾਰ ਮੇਟ ਛੱਡਿਆ ਹੈ।

ਕਹੁ ਨਾਨਕ, ਤਾ ਕੀ ਸਰਣਾਈ; ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥

ਗੁਰੂ ਜੀ ਆਖਦੇ ਹਨ, ਮੈਂ ਉਸ ਦੀ ਪਨਾਹ ਹੇਠਾਂ ਹਾਂ, ਜਿਸ ਨੇ ਸਾਰਾ ਆਲਮ ਰਚਿਆ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮਨ ਤਨ ਅੰਤਰਿ, ਪ੍ਰਭੁ ਆਹੀ ॥

ਜਿਸ ਦੀ ਆਤਮਾ ਅਤੇ ਦੇਹ ਅੰਦਰ ਸੁਆਮੀ ਹੈ,

ਹਰਿ ਗੁਨ ਗਾਵਤ, ਪਰਉਪਕਾਰ ਨਿਤ; ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥੧॥ ਰਹਾਉ ॥

ਉਹ ਸੁਆਮੀ ਦਾ ਜੱਸ ਗਾਇਨ ਕਰਦਾ ਹੈ, ਸਦੀਵ ਹੀ ਹੋਰਨਾਂ ਦਾ ਭਲਾ ਕਰਦਾ ਹੈ ਅਤੇ ਅਮੋਲਕ ਹੈ ਉਸ ਦੀ ਜੀਭ੍ਹਾ। ਠਹਿਰਾਉ।

ਕੁਲ ਸਮੂਹ ਉਧਰੇ ਖਿਨ ਭੀਤਰਿ; ਜਨਮ ਜਨਮ ਕੀ ਮਲੁ ਲਾਹੀ ॥

ਇਕ ਮੁਹਤ ਵਿੱਚ ਉਸ ਦੀਆਂ ਸਾਰੀਆਂ ਪੀੜ੍ਹੀਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਉਸ ਦੀ ਜਨਮਾਂ ਜਨਮਾਤਰਾਂ ਦੀ ਮੈਲ ਧੋਤੀ ਜਾਂਦੀ ਹੈ।

ਸਿਮਰਿ ਸਿਮਰਿ, ਸੁਆਮੀ ਪ੍ਰਭੁ ਅਪਨਾ; ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥

ਆਪਣੇ ਸੁਆਮੀ ਮਾਲਕ ਦਾ ਆਰਾਧਨ, ਆਰਾਧਨ ਕਰ ਉਹ ਜ਼ਹਿਰ ਦੇ ਜੰਗਲ ਨੂੰ ਖੁਸ਼ੀ ਨਾਲ ਲੰਘ ਜਾਂਦਾ ਹੈ।

ਚਰਨ ਪ੍ਰਭੂ ਕੇ ਬੋਹਿਥੁ ਪਾਏ; ਭਵ ਸਾਗਰੁ ਪਾਰਿ ਪਰਾਹੀ ॥
ਮੈਨੂੰ ਸੁਆਮੀ ਦੇ ਪੈਰਾਂ ਦਾ ਜਹਾਜ਼ ਪਰਾਪਤ ਹੋ ਗਿਆ ਹੈ, ਜਿਸ ਉਤੇ ਚੜ੍ਹ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
ਸੰਤ ਸੇਵਕ ਭਗਤ ਹਰਿ ਤਾ ਕੇ; ਨਾਨਕ ਮਨੁ, ਲਾਗਾ ਹੈ ਤਾਹੀ ॥੨॥੧੪॥੧੦੦॥

ਨਾਨਕ ਦੀ ਆਤਮਾ ਉਸ ਸਾਹਿਬ ਨਾਲ ਜੁੜੀ ਹੋਈ ਹੈ ਜਿਸ ਦੇ ਹਨ ਸਾਧੂ, ਗੋਲੇ ਅਤੇ ਸ਼ਰਧਾਲੂ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਧੀਰਉ, ਦੇਖਿ ਤੁਮ੍ਹ੍ਹਾਰੇ ਰੰਗਾ ॥

ਤੇਰੇ ਅਦਭੁਤ ਖੇਲ, ਦੇਖ ਕੇ ਮੈਂ ਧੀਰਜਵਾਨ ਹੋ ਗਿਆ ਹੈ।

ਤੁਹੀ ਸੁਆਮੀ, ਅੰਤਰਜਾਮੀ; ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥

ਤੂੰ ਮੇਰਾ ਸਾਹਿਬ ਦੇ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਤੂੰ ਹੀ ਸੰਤਾਂ ਦੇ ਨਾਲ ਵਸਦਾ ਹੈ। ਠਹਿਰਾਉ।

ਖਿਨ ਮਹਿ ਥਾਪਿ ਨਿਵਾਜੇ ਠਾਕੁਰ; ਨੀਚ ਕੀਟ ਤੇ ਕਰਹਿ ਰਾਜੰਗਾ ॥੧॥

ਇਕ ਮੁਹਤ ਵਿੱਚ ਸਾਈਂ ਅਸਥਾਪਨ ਕਰਦਾ ਤੇ ਮਾਣ ਬਖਸ਼ਦਾ ਹੈ। ਇਕ ਨੀਵੇਂ ਕੀੜੇ ਤੋਂ ਉਹ ਬੰਦੇ ਨੂੰ ਰਾਜਾ ਬਣਾ ਦਿੰਦਾ ਹੈ।

ਕਬਹੂ ਨ ਬਿਸਰੈ ਹੀਏ ਮੋਰੇ ਤੇ; ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥

ਆਪਣੇ ਮਨ ਅੰਦਰ ਮੈਂ ਤੈਨੂੰ ਕਦੀ ਭੀ ਨਾਂ ਭੁੱਲਾਂ, ਹੇ ਮੇਰੇ ਮਾਲਕ! ਗੋਲਾ ਨਾਨਕ ਕੇਵਲ ਇਸ ਦਾਤ ਦੀ ਹੀ ਯਾਚਨਾ ਕਰਦਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਅਚੁਤ ਪੂਜਾ ਜੋਗ ਗੋਪਾਲ ॥

ਅਬਿਨਾਸੀ ਪ੍ਰਭੂ ਉਪਾਸ਼ਨਾ ਦੇ ਲਾਇਕ ਹੈ।

ਮਨੁ ਤਨੁ ਅਰਪਿ ਰਖਉ ਹਰਿ ਆਗੈ; ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥

ਆਪਣੀ ਆਤਮਾ ਅਤੇ ਦੇਹ ਨੂੰ ਸਮਰਪਨ ਕਰ, ਮੈਂ ਉਨ੍ਹਾਂ ਨੂੰ ਵਾਹਿਗੁਰੂ ਅਗੇ ਧਰਦਾ ਹਾਂ, ਜੋ ਸਾਰਿਆਂ ਜੀਵਾਂ ਦਾ ਪਾਲਣ-ਪੋਸਣਹਾਰ ਹੈ। ਠਹਿਰਾਉ।

ਸਰਨਿ ਸਮ੍ਰਥ, ਅਕਥ ਸੁਖਦਾਤਾ; ਕਿਰਪਾ ਸਿੰਧੁ ਬਡੋ ਦਇਆਲ ॥

ਆਰਾਮ-ਬਖਸ਼ਣਹਾਰ ਅਕਹਿ ਸੁਆਮੀ ਪਨਾਹ ਦੇਣ ਦੇ ਯੋਗ ਹੈ। ਉਹ ਰਹਿਮਤ ਦਾ ਸਮੁੰਦਰ ਅਤੇ ਪਰਮ ਮਿਹਰਬਾਨ ਹੈ।

ਕੰਠਿ ਲਾਇ ਰਾਖੈ ਅਪਨੇ ਕਉ; ਤਿਸ ਨੋ ਲਗੈ ਨ ਤਾਤੀ ਬਾਲ ॥੧॥

ਆਪਣੇ ਗਲ ਨਾਲ ਲਾ ਕੇ ਸਾਈਂ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ। ਉਸ ਨੂੰ ਤਦ ਤੱਤੀ ਹਵਾ ਭੀ ਨਹੀਂ ਲੱਗਦੀ।

ਦਾਮੋਦਰ ਦਇਆਲ ਸੁਆਮੀ; ਸਰਬਸੁ ਸੰਤ ਜਨਾ ਧਨ ਮਾਲ ॥

ਮੇਰਾ ਮਇਆਵਾਨ ਮਾਲਕ ਸਾਹਿਬ ਆਪਣੇ ਸਾਧੂਆਂ ਦੀ ਦੌਲਤ, ਜਾਇਦਾਦ ਤੇ ਸਾਰਾ ਕੁਛ ਹੈ।

ਨਾਨਕ ਜਾਚਿਕ, ਦਰਸੁ ਪ੍ਰਭ ਮਾਗੈ; ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨ ॥

ਮੰਗਤਾ ਨਾਨਕ ਸੁਆਮੀ ਦੇ ਦਰਸ਼ਨ ਦੀ ਯਾਚਨਾ ਕਰਦਾ ਹੈ ਅਤੇ ਸਾਧੂਆਂ ਦੇ ਪੈਰਾਂ ਦੀ ਖਾਕ ਦੀ ਦਾਤ ਲੋੜਦਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸਿਮਰਤ ਨਾਮੁ, ਕੋਟਿ ਜਤਨ ਭਏ ॥

ਕ੍ਰੋੜਾਂ ਹੀ ਉਪਰਾਲੇ, ਸੁਆਮੀ ਦੇ ਨਾਮ ਸਿਮਰਨ ਵਿੱਚ ਆ ਜਾਂਦੇ ਹਨ।

ਸਾਧਸੰਗਿ ਮਿਲਿ ਹਰਿ ਗੁਨ ਗਾਏ; ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥

ਜੇਕਰ ਇਨਸਾਨ ਸਤਿ-ਸੰਗਤ ਨਾਲ ਜੁੜ ਕੇ ਪ੍ਰਭੂ ਦੀ ਕੀਰਤੀ ਗਾਇਨ ਕਰੇ, ਤਦ ਮੌਤ ਦੇ ਫਰੇਸ਼ਤੇ ਭੈ-ਭੀਤ ਹੋ ਜਾਂਦੇ ਹਨ। ਠਹਿਰਾਉ।

ਜੇਤੇ ਪੁਨਹਚਰਨ ਸੇ ਕੀਨ੍ਹ੍ਹੇ; ਮਨਿ ਤਨਿ, ਪ੍ਰਭ ਕੇ ਚਰਣ ਗਹੇ ॥

ਸੁਆਮੀ ਦੇ ਚਰਨਾਂ ਨੂੰ ਹਿਰਦੇ ਅਤੇ ਸਰੀਰ ਅੰਦਰ ਟਿਕਾਉਣਾ, ਸਾਰੇ ਪ੍ਰਾਸਚਿਤ ਕਰਮਾਂ ਦਾ ਕਰਨਾ ਇਸ ਵਿੱਚ ਆ ਜਾਂਦਾ ਹੈ।

ਆਵਣ ਜਾਣੁ ਭਰਮੁ ਭਉ ਨਾਠਾ; ਜਨਮ ਜਨਮ ਕੇ ਕਿਲਵਿਖ ਦਹੇ ॥੧॥

ਮੇਰਾ ਆਉਣਾ, ਜਾਣਾ, ਸੰਦੇਹ ਅਤੇ ਡਰ ਦੌੜ ਗਏ ਹਨ ਅਤੇ ਮੇਰੇ ਅਨੇਕਾਂ ਜਨਮਾਂ ਦੇ ਪਾਪ ਸੜ ਬਲ ਜਾਂਦੇ ਹਨ।

ਨਿਰਭਉ ਹੋਇ ਭਜਹੁ ਜਗਦੀਸੈ; ਏਹੁ ਪਦਾਰਥੁ ਵਡਭਾਗਿ ਲਹੇ ॥

ਨਿਡੱਰ ਹੋ ਕੇ, ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ। ਇਹ ਦੌਲਤ ਪਰਮ ਚੰਗੇ ਨਸੀਬਾਂ ਦੁਆਰਾ ਹੀ ਪਰਾਪਤ ਹੁੰਦੀ ਹੈ।

ਕਰਿ ਕਿਰਪਾ ਪੂਰਨ ਪ੍ਰਭ ਦਾਤੇ! ਨਿਰਮਲ ਜਸੁ ਨਾਨਕ ਦਾਸ ਕਹੇ ॥੨॥੧੭॥੧੦੩॥

ਹੇ ਪਰੇ ਅਤੇ ਦਾਤਾਰ ਸੁਆਮੀ, ਤੂੰ ਗੋਲੇ ਨਾਨਕ ਤੇ ਮਿਹਰ ਧਾਰ ਤਾਂ ਜੋ ਤੇਰੀ ਪਵਿੱਤਰ ਮਹਿਮਾ ਦਾ ਉਚਾਰਨ ਕਰੇ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸੁਲਹੀ ਤੇ, ਨਾਰਾਇਣ ਰਾਖੁ ॥

ਸੁਆਮੀ ਨੂੰ ਮੈਨੂੰ ਸੁਲਹੀ ਤੋਂ ਬਚਾ ਲਿਆ ਹੈ।

ਸੁਲਹੀ ਕਾ ਹਾਥੁ ਕਹੀ ਨ ਪਹੁਚੈ; ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥

ਸੁਲਹੀ ਆਪਣੇ ਮਨਸੂਬੇ ਵਿੱਚ ਕਾਮਯਾਬ ਨਾਂ ਹੋਇਆ ਅਤੇ ਗੰਦੀ ਮੌਤੇ ਮਰ ਗਿਆ। ਠਹਿਰਾਉ।

ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ; ਖਿਨ ਮਹਿ ਹੋਇ ਗਇਆ ਹੈ ਖਾਕੁ ॥

ਕੁਹਾੜਾ ਚੁੱਕ ਕੇ ਮਾਲਕ ਨੇ ਉਸ ਦਾ ਸਿਰ ਵੱਢ ਸੁਟਿਆ ਅਤੇ ਇਕ ਮੁਹਤ ਵਿੱਚ ਉਹ ਮਿੱਟੀ ਹੋ ਗਿਆ।

ਮੰਦਾ ਚਿਤਵਤ ਚਿਤਵਤ ਪਚਿਆ; ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥

ਬੁਰਾ ਸੋਚਦਾ ਅਤੇ ਵਿਚਾਰਦਾ ਹੋਇਆ ਉਹ ਨਾਸ ਹੋ ਗਿਆ। ਜਿਸ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ ਹੀ ਉਸ ਨੂੰ ਧਿੱਕਾ ਦਿੱਤਾ ਹੈ।

ਪੁਤ੍ਰ ਮੀਤ ਧਨੁ ਕਿਛੂ ਨ ਰਹਿਓ; ਸੁ ਛੋਡਿ ਗਇਆ ਸਭ ਭਾਈ ਸਾਕੁ ॥

ਉਸ ਨੇ ਪੁਤ੍ਰ, ਮਿੱਤਰਾਂ ਅਤੇ ਦੋਲਤ ਵਿਚੋਂ ਕੁਝ ਭੀ ਨਹੀਂ ਰਿਹਾ। ਆਪਣੇ ਸਾਰੇ ਭਰਾਵਾਂ ਅਤੇ ਸਨਬੰਧੀਆਂ ਨੂੰ ਛੱਡ ਕੇ ਉਹ ਚਲਦਾ ਬਣਿਆ ਹੈ।

ਕਹੁ ਨਾਨਕ, ਤਿਸੁ ਪ੍ਰਭ ਬਲਿਹਾਰੀ; ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥

ਗੁਰੂ ਜੀ ਆਖਦੇ ਹਨ, ਮੈਂ ਉਸ ਮਾਲਕ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਗੋਲੇ ਦਾ ਬਚਨ ਪੂਰਾ ਕੀਤਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਪੂਰੇ ਗੁਰ ਕੀ, ਪੂਰੀ ਸੇਵ ॥

ਪੂਰਨ ਹੈ ਟਹਿਲ ਸੇਵਾ ਮੇਰੇ ਪੂਰਨ ਗੁਰਾਂ ਦੀ।

ਆਪੇ ਆਪਿ ਵਰਤੈ ਸੁਆਮੀ; ਕਾਰਜੁ ਰਾਸਿ ਕੀਆ ਗੁਰਦੇਵ ॥੧॥ ਰਹਾਉ ॥

ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਕੇਵਲ ਪ੍ਰਭੂ ਹੀ ਸਾਰਿਆਂ ਦਾ ਮਾਲਕ ਅਤੇ ਅਖੀਰ ਵਿੱਚ ਕੇਵਲ ਪ੍ਰਭੂ ਹੀ ਸਾਰਿਆਂ ਦਾ ਮਾਲਕ ਹੈ। ਆਪਣੀ ਰਚਨਾ ਉਸ ਨੇ ਆਪ ਹੀ ਰਚੀ ਹੈ।

ਆਦਿ ਮਧਿ ਪ੍ਰਭੁ ਅੰਤਿ ਸੁਆਮੀ; ਅਪਨਾ ਥਾਟੁ ਬਨਾਇਓ ਆਪਿ ॥

ਪ੍ਰਭੂ ਸਾਰਾ ਕੁਝ ਆਪ ਹੀ ਕਰਦਾ ਹੈ। ਈਸ਼ਵਰ-ਸਰੂਪ ਗੁਰਾਂ ਨੇ ਮੇਰੇ ਕੰਮ ਸੁਆਰ ਦਿੱਤੇ ਹਨ। ਠਹਿਰਾਉ।

ਅਪਨੇ ਸੇਵਕ ਕੀ ਆਪੇ ਰਾਖੈ; ਪ੍ਰਭ ਮੇਰੇ ਕੋ ਵਡ ਪਰਤਾਪੁ ॥੧॥
ਆਪਣੇ ਗੋਲੇ ਦੀ ਇੱਜ਼ਤ ਉਹ ਖੁਦ ਹੀ ਰੱਖਦਾ ਹੈ। ਵਿਸ਼ਾਲ ਹੈ ਤਪ-ਤੇਜ ਮੇਰੇ ਠਾਕੁਰ ਦਾ।
ਪਾਰਬ੍ਰਹਮ ਪਰਮੇਸੁਰ ਸਤਿਗੁਰ; ਵਸਿ ਕੀਨ੍ਹ੍ਹੇ ਜਿਨਿ ਸਗਲੇ ਜੰਤ ॥

ਸ਼੍ਰੋਮਣੀ ਸੁਆਮੀ ਮਾਲਕ ਜਿਸ ਦੇ ਇਖਤਿਆਰ ਵਿੱਚ ਹਨ ਸਾਰੇ ਪ੍ਰਾਣਧਾਰੀ, ਖੁਦ ਹੀ ਸੱਚਾ ਗੁਰੂ ਹੈ।

ਚਰਨ ਕਮਲ ਨਾਨਕ ਸਰਣਾਈ; ਰਾਮ ਨਾਮ ਜਪਿ ਨਿਰਮਲ ਮੰਤ ॥੨॥੧੯॥੧੦੫॥

ਨਾਨਕ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲੋੜਦਾ ਹੈ ਅਤੇ ਉਹ ਉਸ ਦੇ ਨਾਮ ਦੇ ਪਵਿੱਤਰ ਮੰਤਰ ਦਾ ਉਚਾਰਨ ਕਰਦਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਤਾਪ ਪਾਪ ਤੇ ਰਾਖੇ ਆਪ ॥
ਦੁਖੜਿਆਂ ਅਤੇ ਗੁਨਾਹਾਂ ਤੋਂ ਸੁਆਮੀ ਖੁਦ ਹੀ ਮੇਰੀ ਰੱਖਿਆ ਕਰਦਾ ਹੈ।
ਸੀਤਲ ਭਏ ਗੁਰ ਚਰਨੀ ਲਾਗੇ; ਰਾਮ ਨਾਮ ਹਿਰਦੇ ਮਹਿ ਜਾਪ ॥੧॥ ਰਹਾਉ ॥

ਗੁਰਾਂ ਦੇ ਪੈਰੀਂ ਪੈ ਅਤੇ ਆਪਣੇ ਰਿਦੇ ਅੰਦਰ ਸਾਹਿਬ ਦੇ ਨਾਮ ਦਾ ਸਿਮਰਨ ਕਰ, ਮੈਂ ਠੰਢਾ-ਠਾਰ ਹੋ ਗਿਆ ਹਾਂ। ਠਹਿਰਾਉ।

ਕਰਿ ਕਿਰਪਾ ਹਸਤ ਪ੍ਰਭਿ ਦੀਨੇ; ਜਗਤ ਉਧਾਰ ਨਵ ਖੰਡ ਪ੍ਰਤਾਪ ॥

ਆਪਣੀ ਰਹਿਮਤ ਧਾਰ ਸਾਹਿਬ ਨੇ ਆਪਣੇ ਹੱਥਾਂ ਨਾਲ ਮੇਰੀ ਰੱਖਿਆ ਕੀਤੀ ਹੈ। ਉਸ ਦਾ ਤਾਪ-ਤੇਜ ਨੌਵਾਂ ਮਹਾਂਦੀਪ ਅੰਦਰ ਪ੍ਰਗਟ ਹੈ ਅਤੇ ਉਹ ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ ਹੈ।

ਦੁਖ ਬਿਨਸੇ ਸੁਖ ਅਨਦ ਪ੍ਰਵੇਸਾ; ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ ॥੧॥

ਮੇਰਾ ਕਸ਼ਟ ਨਵਿਰਤ ਹੋ ਗਿਆ ਹੈ, ਮੇਰੀ ਖਾਹਿਸ਼ ਬੁਝ ਗਈ ਹੈ, ਆਰਾਮ ਅਤੇ ਖੁਸ਼ੀ ਮੇਰੇ ਹਿਰਦੇ ਅੰਦਰ ਦਾਖਲ ਹੋ ਗਏ ਹਨ ਅਤੇ ਮੇਰੀ ਜਿੰਦੜੀ ਦੇ ਦੇਹ ਸਮੂਹ ਰੱਜ ਗਏ ਹਨ।

ਅਨਾਥ ਕੋ ਨਾਥੁ ਸਰਣਿ ਸਮਰਥਾ; ਸਗਲ ਸ੍ਰਿਸਟਿ ਕੋ ਮਾਈ ਬਾਪੁ ॥

ਪ੍ਰਭੂ ਨਿਖਸਮਿਆਂ ਦਾ ਖਸਮ ਅਤੇ ਪਨਾਹ ਦੇਣ ਯੋਗ ਹੈ। ਉਹ ਸਮੂਹ ਰਚਨਾ ਦਾ ਬਾਬਲ ਅਤੇ ਅੰਮੜੀ ਹੈ।

ਭਗਤਿ ਵਛਲ, ਭੈ ਭੰਜਨ ਸੁਆਮੀ; ਗੁਣ ਗਾਵਤ ਨਾਨਕ ਆਲਾਪ ॥੨॥੨੦॥੧੦੬॥
ਉਹ ਪ੍ਰੇਮਮਈ ਸੇਵਾ ਨੂੰ ਪਿਆਰ ਕਰਨ ਵਾਲਾ ਅਤੇ ਡਰ ਨਾਸ ਕਰਨ ਵਾਲਾ ਹੈ। ਨਾਨਕ ਆਪਣੇ ਪ੍ਰਭੂ ਦੀ ਉਸਤਤੀ ਗਾਇਨ ਅਤੇ ਉਚਾਰਨ ਕਰਦਾ ਹੈ।

ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਜਿਸ ਤੇ ਉਪਜਿਆ, ਤਿਸਹਿ ਪਛਾਨੁ ॥

ਤੂੰ ਉਸ ਦੀ ਸਿੰਞਾਣ ਕਰ, ਹੇ ਬੰਦੇ! ਜਿਸ ਤੋਂ ਤੂੰ ਉਤਪੰਨ ਹੋਇਆ ਹੈ।

ਪਾਰਬ੍ਰਹਮੁ ਪਰਮੇਸਰੁ ਧਿਆਇਆ; ਕੁਸਲ ਖੇਮ ਹੋਏ ਕਲਿਆਨ ॥੧॥ ਰਹਾਉ ॥

ਪਰਮ ਪ੍ਰਭੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਨੂੰ ਅਨੰਦ, ਆਰਾਮ ਅਤੇ ਮੋਖਸ਼ ਪਰਾਪਤ ਹੋ ਗਈ ਹੈ। ਠਹਿਰਾਉ।

ਗੁਰੁ ਪੂਰਾ ਭੇਟਿਓ ਬਡ ਭਾਗੀ; ਅੰਤਰਜਾਮੀ ਸੁਘੜੁ ਸੁਜਾਨੁ ॥

ਭਾਰੇ ਚੰਗੇ ਨਸੀਬਾਂ ਦੁਆਰਾਂ, ਮੈਂ ਅੰਦਰਲੀਆਂ ਜਾਨਣਹਾਰ ਪੂਰਨ, ਸਿਆਣੇ ਅਤੇ ਸਰਬਗ ਗੁਰਾਂ ਨੂੰ ਮਿਲ ਪਿਆ ਹਾਂ।

ਹਾਥ ਦੇਇ ਰਾਖੇ ਕਰਿ ਅਪਨੇ; ਬਡ ਸਮਰਥੁ, ਨਿਮਾਣਿਆ ਕੋ ਮਾਨੁ ॥੧॥

ਆਪਣਾ ਨਿੱਜ ਦਾ ਜਾਣ ਸੁਆਮੀ ਆਪਣਾ ਹੱਥ ਦੇ ਕੇ ਰੱਖਿਆ ਕਰਦਾ ਹੈ। ਉਹ ਘਰਮ ਬਲਵਾਨ ਅਤੇ ਨਿਪੱਤਿਆਂ ਦਾ ਪਤ ਹੈ।

ਭ੍ਰਮ ਭੈ ਬਿਨਸਿ ਗਏ ਖਿਨ ਭੀਤਰਿ; ਅੰਧਕਾਰ ਪ੍ਰਗਟੇ ਚਾਨਾਣੁ ॥

ਮੇਰਾ ਸੰਦੇਹ ਅਤੇ ਡਰ ਇਕ ਮੁਹਤ ਵਿੱਚ ਦੂਰ ਹੋ ਗਏ ਹਨ ਅਤੇ ਮੇਰੇ ਹਨ੍ਹੇਰੇ ਰਿਦੇ ਅੰਦਰ ਦੱਬੀ ਨੂਰ ਨਾਜ਼ਲ ਹੋ ਗਿਆ ਹੈ।

ਸਾਸਿ ਸਾਸਿ ਆਰਾਧੈ ਨਾਨਕੁ; ਸਦਾ ਸਦਾ ਜਾਈਐ ਕੁਰਬਾਣੁ ॥੨॥੨੧॥੧੦੭॥

ਹਰ ਸੁਆਸ ਨਾਲ, ਨਾਨਕ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਹੀ ਉਸ ਤੋਂ ਘੋਲੀ ਜਾਂਦਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਦੋਵੈ ਥਾਵ, ਰਖੇ ਗੁਰ ਸੂਰੇ ॥

ਏਥੇ ਅਤੇ ਅੱਗੇ, ਦੋਨਾਂ ਥਾਵਾਂ ਵਿੱਚ ਸੂਰਬੀਰ ਗੁਰਦੇਵ ਜੀ ਮੇਰੀ ਰੱਖਿਆ ਕਰਦੇ ਹਨ।

ਹਲਤ ਪਲਤ ਪਾਰਬ੍ਰਹਮਿ ਸਵਾਰੇ; ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥

ਉਚੇ ਸੁਆਮੀ ਨੇ ਮੇਰਾ ਇਹ ਲੋਕ ਅਤੇ ਪ੍ਰਲੋਕ ਸ਼ਸ਼ੋਭਤ ਕਰ ਦਿੱਤੇ ਹਨ ਅਤੇ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ। ਠਹਿਰਾਉ।

ਹਰਿ ਹਰਿ ਨਾਮੁ ਜਪਤ ਸੁਖ ਸਹਜੇ; ਮਜਨੁ ਹੋਵਤ ਸਾਧੂ ਧੂਰੇ ॥

ਸੁਆਮੀ ਵਾਹਿਗੁਰੂ ਦਾ ਨਾਮ ਦਾ ਆਰਾਧਨ ਕਰਨ ਦੁਆਰਾ ਬੰਦਾ ਬੈਕੁੰਠੀ ਅਨੰਦ ਨੂੰ ਮਾਣਦਾ ਅਤੇ ਸੰਤਾਂ ਦੇ ਚਰਨਾਂ ਦੀ ਧੂੜ ਅੰਦਰ ਇਸ਼ਨਾਨ ਕਰਦਾ ਹੈ।

ਆਵਣ ਜਾਣ ਰਹੇ ਥਿਤਿ ਪਾਈ; ਜਨਮ ਮਰਣ ਕੇ ਮਿਟੇ ਬਿਸੂਰੇ ॥੧॥

ਉਸ ਦੇ ਆਉਣੇ ਤੇ ਜਾਣੇ ਮਿਟ ਜਾਂਦੇ ਹਨ, ਉਹ ਅਸਥਿਰਤਾ ਨੂੰ ਪਾ ਲੈਂਦਾ ਹੈ ਅਤੇ ਉਸ ਦੇ ਜਨਮਾ ਜਨਮਾਤ੍ਰਾਂ ਦੇ ਰਿਲਾਪ ਮੁੱਕ ਜਾਂਦੇ ਹਨ।

ਭ੍ਰਮ ਭੈ ਤਰੇ, ਛੁਟੇ ਭੈ ਜਮ ਕੇ; ਘਟਿ ਘਟਿ ਏਕੁ ਰਹਿਆ ਭਰਪੂਰੇ ॥

ਉਹ ਸੰਦੇਹ ਤੇ ਡਰ ਦੇ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ, ਉਸ ਦਾ ਮੌਤ ਦਾ ਤ੍ਰਾਹ ਨਾਸ ਹੋ ਜਾਂਦਾ ਹੈ ਅਤੇ ਉਹ ਇਕ ਸਾਈਂ ਨੂੰ ਸਾਰਿਆਂ ਦਿਲਾਂ ਅੰਦਰ ਪਰੀਪੂਰਨ ਵੇਖਦਾ ਹੈ।

ਨਾਨਕ, ਸਰਣਿ ਪਰਿਓ ਦੁਖ ਭੰਜਨ; ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥

ਨਾਨਕ ਨੇ ਸ਼ੋਕ ਨਵਿਰਤ-ਕਰਨਹਾਰ ਦੀ ਪਨਾਹ ਲਈ ਹੈ ਅਤੇ ਅੰਦਰ ਤੇ ਬਾਹਰ ਦੋਵੇਂ ਬਾਂਈ ਉਹ ਉਸ ਦੀ ਮੌਜੂਦਗੀ ਨੂੰ ਵੇਖਦਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਦਰਸਨੁ ਦੇਖਤ, ਦੋਖ ਨਸੇ ॥

ਸੁਆਮੀ ਦਾ ਦੀਦਾਰ ਦੇਖਣ ਦੁਆਰਾ ਸਾਰੇ ਦੁੱਖੜੇ ਦੌੜ ਜਾਂਦੇ ਹਨ।

ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ; ਜੀਅ ਕੈ ਸੰਗਿ ਬਸੇ ॥੧॥ ਰਹਾਉ ॥

ਹੇ ਮੇਰੇ ਮਾਲਕ! ਤੂੰ ਕਦਾਚਿਤ ਮੇਰੀ ਨਜ਼ਰ ਤੋਂ ਓਹਲੇ ਨਾਂ ਹੋ ਅਤੇ ਤੂੰ ਮੇਰੀ ਜਿੰਦੜੀ ਦੇ ਨਾਲ ਵੱਸ। ਠਹਿਰਾਉ।

ਪ੍ਰੀਤਮ, ਪ੍ਰਾਨ ਅਧਾਰ ਸੁਆਮੀ ॥

ਮੇਰਾ ਪਿਆਰਾ ਪ੍ਰਭੂ ਮੇਰੀ ਜਿੰਦ-ਜਾਨ ਦਾ ਆਸਰਾ ਹੈ।

ਪੂਰਿ ਰਹੇ, ਪ੍ਰਭ ਅੰਤਰਜਾਮੀ ॥੧॥

ਦਿਲਾਂ ਦੀਆਂ ਜਾਨਣਹਾਰ, ਮੇਰਾ ਸਾਈਂ ਸਾਰੇ ਪਰੀਪੂਰਨ ਹੈ।

ਕਿਆ ਗੁਣ ਤੇਰੇ, ਸਾਰਿ ਸਮ੍ਹ੍ਹਾਰੀ? ॥

ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ, ਹੇ ਸਾਈਂ ਯਾਦ ਤੇ ਚੇਤੇ ਕਰਾਂ?

ਸਾਸਿ ਸਾਸਿ ਪ੍ਰਭ! ਤੁਝਹਿ ਚਿਤਾਰੀ ॥੨॥

ਹਰ ਸੁਆਸ ਨਾਲ ਮੈਂ ਤੈਨੂੰ ਸਿਮਰਦਾ ਹਾਂ, ਹੇ ਸੁਆਮੀ!

ਕਿਰਪਾ ਨਿਧਿ ਪ੍ਰਭ, ਦੀਨ ਦਇਆਲਾ! ॥

ਹੇ ਰਹਿਮਤ ਦੇ ਸਮੁੰਦਰ ਅਤੇ ਗਰੀਬਾਂ ਉਤੇ ਮਇਆਵਾਨ ਸੁਆਮੀ!

ਜੀਅ ਜੰਤ ਕੀ, ਕਰਹੁ ਪ੍ਰਤਿਪਾਲਾ ॥੩॥

ਤੂੰ ਆਪਣੇ ਸਾਰੇ ਜੀਵ-ਜੰਤੂਆਂ ਦੀ ਪਰਵਰਸ਼ ਕਰਦਾ ਹੈ।

ਆਠ ਪਹਰ, ਤੇਰਾ ਨਾਮੁ ਜਨੁ ਜਾਪੇ ॥

ਹੇ ਸੁਆਮੀ! ਤੇਰਾ ਦਾਸ, ਸਾਰਾ ਦਿਹਾੜਾ ਹੀ ਤੇਰੇ ਨਾਮ ਦਾ ਉਚਾਰਨ ਕਰਦਾ ਹੈ,

ਨਾਨਕ, ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥

ਆਪਣਾ ਪੇ੍ਰੇਮ ਤੂੰ ਆਪੇ ਹੀ ਨਾਨਕ ਅੰਦਰ ਰਮਾਇਆ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਤਨੁ ਧਨੁ ਜੋਬਨੁ, ਚਲਤ ਗਇਆ ॥

ਦੇਹ, ਦੌਲਤ ਅਤੇ ਜੁਆਨੀ ਟੁਰ ਜਾਂਦੇ ਹਨ।

ਰਾਮ ਨਾਮ ਕਾ ਭਜਨੁ ਨ ਕੀਨੋ; ਕਰਤ ਬਿਕਾਰ ਨਿਸਿ ਭੋਰੁ ਭਇਆ ॥੧॥ ਰਹਾਉ ॥

ਤੂੰ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਰਾਤ੍ਰੀ ਅੰਦਰ ਪਾਪ ਕਮਾਉਦਿਆਂ ਨੂੰ ਤੈਨੂੰ ਦਿਨ ਚੜ੍ਹ ਆਉਂਦਾ ਹੈ। ਠਹਿਰਾਉ।

ਅਨਿਕ ਪ੍ਰਕਾਰ ਭੋਜਨ ਨਿਤ ਖਾਤੇ; ਮੁਖ ਦੰਤਾ ਘਸਿ ਖੀਨ ਖਇਆ ॥

ਨਿਤਾ ਪ੍ਰਤੀ ਅਨੇਕਾਂ ਤਰ੍ਹਾਂ ਦੇ ਖਾਣੇ ਖਾਣ ਦੁਆਰਾ ਤੇਰੇ ਮੂੰਹ ਦੇ ਦੰਦ ਘਸ ਅਤੇ ਛਿਜ ਕੇ ਝੜ ਗਏ ਹਨ।

ਮੇਰੀ ਮੇਰੀ ਕਰਿ ਕਰਿ ਮੂਠਉ; ਪਾਪ ਕਰਤ ਨਹ ਪਰੀ ਦਇਆ ॥੧॥

ਤੂੰ ਅਪਣੱਤ ਧਾਰਦੇ ਅਤੇ ਗੁਨਾਹ ਕਮਾਉਂਦੇ ਹੋਏ ਠੱਗਿਆ ਗਿਆ ਹੈ। ਤੂੰ ਹੋਰਨਾਂ ਤੇ ਮਿਹਰਬਾਨੀ ਨਹੀਂ ਕਰਦਾ।

ਮਹਾ ਬਿਕਾਰ ਘੋਰ ਦੁਖ ਸਾਗਰ; ਤਿਸੁ ਮਹਿ ਪ੍ਰਾਣੀ ਗਲਤੁ ਪਇਆ ॥

ਘੋਰ ਪਾਪ ਕਸ਼ਟ ਦਾ ਭਿਆਨਕ ਸਮੁੰਦਰ ਹਨ। ਉਨ੍ਹਾਂ ਅੰਦਰ ਫਾਨੀ ਬੰਦਾ ਗਲਤਾਨ ਹੋਇਆ ਹੋਇਆ ਹੈ।

ਸਰਨਿ ਪਰੇ ਨਾਨਕ ਸੁਆਮੀ ਕੀ; ਬਾਹ ਪਕਰਿ ਪ੍ਰਭਿ ਕਾਢਿ ਲਇਆ ॥੨॥੨੪॥੧੧੦॥

ਨਾਨਕ ਨੇ ਆਪਣੇ ਸੁਆਮੀ ਮਾਲਕ ਦੀ ਪਨਾਹ ਲਈ ਹੈ ਅਤੇ ਬਾਂਹ ਤੋਂ ਫੜ ਕੇ ਵਾਹਿਗੁਰੂ ਨੇ ਉਸ ਨੂੰ ਬਾਹਰ ਕੱਢ ਲਿਆ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਆਪਨਾ ਪ੍ਰਭੁ ਆਇਆ ਚੀਤਿ ॥

ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ ਹੈ।

ਦੁਸਮਨ ਦੁਸਟ ਰਹੇ ਝਖ ਮਾਰਤ; ਕੁਸਲੁ ਭਇਆ ਮੇਰੇ ਭਾਈ ਮੀਤ! ॥੧॥ ਰਹਾਉ ॥

ਮੇਰੇ ਵੈਰੀ ਅਤੇ ਵੈਲੀ ਬਕਵਾਸ ਕਰਦੇ ਕਰਦੇ ਹਾਰ-ਹੁਟ ਗਏ ਹਨ ਅਤੇ ਮੈਨੂੰ ਆਨੰਦ ਪਰਾਪਤ ਹੋ ਗਿਆ ਹੈ, ਹੇ ਮੇਰੇ ਵੀਰ ਅਤੇ ਸੱਜਣ! ਠਹਿਰਾਉ।

ਗਈ ਬਿਆਧਿ, ਉਪਾਧਿ ਸਭ ਨਾਸੀ; ਅੰਗੀਕਾਰੁ ਕੀਓ ਕਰਤਾਰਿ ॥

ਮੇਰਾ ਰੋਗ ਮਿਟ ਗਿਆ ਹੈ, ਸਮੂਹ ਮੁਸੀਬਤਾਂ ਟੱਲ ਗਈਆਂ ਹਨ ਅਤੇ ਸਿਰਜਣਹਾਰ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ।

ਸਾਂਤਿ ਸੂਖ ਅਰੁ ਅਨਦ ਘਨੇਰੇ; ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥੧॥

ਆਪਣੇ ਪਿਆਰੇ ਦੇ ਨਾਮ ਦੀ ਫੂਲ ਮਾਲਾ, ਆਪਣੇ ਦਿਲ ਅਤੇ ਮਨ ਅੰਦਰ ਟਿਕਾਉਣ ਦੁਆਰਾ, ਮੈਨੂੰ ਬੇਅੰਤ ਠੰਢ-ਚੈਨ, ਆਰਾਮ ਅਤੇ ਖੁਸ਼ੀ ਪਰਾਪਤ ਹੋ ਗਏ ਹਨ।

ਜੀਉ ਪਿੰਡੁ ਧਨੁ ਰਾਸਿ ਪ੍ਰਭ ਤੇਰੀ; ਤੂੰ ਸਮਰਥੁ ਸੁਆਮੀ ਮੇਰਾ ॥

ਮੇਰੀ ਜਿੰਦੜੀ, ਦੇਹ ਅਤੇ ਦੌਲਤ ਤੇਰੀ ਹੀ ਪੂੰਜੀ ਹੈ, ਹੇ ਮੇਰੇ ਮਾਲਕ! ਤੂੰ ਮੇਰਾ ਸਰਬ-ਸ਼ਕਤੀਵਾਨ ਸਾਹਿਬ ਹੈ।

ਦਾਸ ਅਪੁਨੇ ਕਉ ਰਾਖਨਹਾਰਾ; ਨਾਨਕ ਦਾਸ ਸਦਾ ਹੈ ਚੇਰਾ ॥੨॥੨੫॥੧੧੧॥

ਹੇ ਸਾਈਂ! ਤੂੰ ਆਪਣੇ ਨੌਕਰ ਦੀ ਰੱਖਿਆ ਕਰਨ ਵਾਲੀ ਹੈ। ਨਫਰ ਨਾਨਕ ਹਮੇਸ਼ਾਂ ਲਈ ਤੇਰਾ ਗੋਲਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਗੋਬਿਦੁ ਸਿਮਰਿ, ਹੋਆ ਕਲਿਆਣੁ ॥

ਸ਼੍ਰਿਸ਼ਟੀ ਦੇ ਸੁਆਮੀ ਦਾ ਆਰਧਨ ਕਰਨ ਦੁਆਰਾ, ਮੈਂ ਮੁਕਤ ਹੋ ਗਿਆ ਹਾਂ।

ਮਿਟੀ ਉਪਾਧਿ, ਭਇਆ ਸੁਖੁ ਸਾਚਾ; ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥

ਦਿਲਾਂ ਦੀਆਂ ਜਾਨਣਹਾਰ, ਸਰਬੁਗ ਸੁਆਮੀ ਦਾ ਭਜਨ ਕਰਨ ਦੁਆਰਾ, ਮੇਰੇ ਦੁੱਖਣੇ ਦੂਰ ਹੋ ਗਏ ਹਨ ਅਤੇ ਸੱਚ ਆਰਾਮ ਉਤਪੰਨ ਹੋ ਆਇਆ ਹੈ। ਠਹਿਰਾਉ।

ਜਿਸ ਕੇ ਜੀਅ, ਤਿਨਿ ਕੀਏ ਸੁਖਾਲੇ; ਭਗਤ ਜਨਾ ਕਉ ਸਾਚਾ ਤਾਣੁ ॥
ਜਿਸ ਦੀ ਮਲਕੀਅਤ ਜੀਵ ਹਨ, ਉਹ ਹੀ ਉਨ੍ਹਾਂ ਨੂੰ ਖੁਸ਼ ਕਰਦਾ ਹੈ। ਆਪਣੇ ਸੰਤਾਂ ਦੀ ਸੁਆਮੀ ਸੱਚੀ ਸਤਿਆ ਹੈ।
ਦਾਸ ਅਪੁਨੇ ਕੀ ਆਪੇ ਰਾਖੀ; ਭੈ ਭੰਜਨ ਊਪਰਿ ਕਰਤੇ ਮਾਣੁ ॥੧॥
ਵਾਹਿਗੁਰੂ ਆਪਣੇ ਗੋਲੇ ਦੀ ਪਤਿ-ਆਬਰੂ ਰੱਖਦਾ ਹੈ। ਡਰ ਨਾਸ ਕਰਨਹਾਰ ਸਿਰਜਣਹਾਰ ਦੇ ਉਤੇ ਉਸ ਦਾ ਭਾਰਾ ਫਖਰ ਹੈ।
ਭਈ ਮਿਤ੍ਰਾਈ, ਮਿਟੀ ਬੁਰਾਈ; ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥

ਮੇਰੀ ਸਾਰਿਆਂ ਨਾਲ ਦੋਸਤੀ ਪੈ ਗਈ ਹੈ, ਮੇਰੀ ਦੁਸ਼ਮਣੀ ਮਿੱਟ ਗਈ ਹੈ ਅਤੇ ਸੁਆਮੀ ਨੇ ਵੈਰੀ ਅਤੇ ਭੂਤਨੇ ਚੁਣ ਕੇ ਕੱਢ ਛੱਡੇ ਹਨ।

ਸੂਖ ਸਹਜ ਆਨੰਦ ਘਨੇਰੇ; ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥

ਨਾਨਕ ਨੂੰ ਬੇਅੰਤ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਹੋ ਗਈ ਹੈ ਅਤੇ ਉਹ ਵਾਹਿਗੁਰੂ ਦੀ ਉਸਤਤੀ ਉਚਾਰਨ ਕਰਨ ਦੁਆਰਾ ਹੀ ਜੀਉਂਦੀ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਪਾਰਬ੍ਰਹਮ ਪ੍ਰਭ, ਭਏ ਕ੍ਰਿਪਾਲ ॥

ਪਰਮ ਪ੍ਰਭੂ ਸੁਆਮੀ ਮਿਹਰਬਾਨ ਹੋ ਗਿਆ ਹੈ।

ਕਾਰਜ ਸਗਲ ਸਵਾਰੇ ਸਤਿਗੁਰ; ਜਪਿ ਜਪਿ ਸਾਧੂ ਭਏ ਨਿਹਾਲ ॥੧॥ ਰਹਾਉ ॥

ਸੱਚੇ ਗੁਰਾਂ ਨੇ ਮੇਰੇ ਸਾਰੇ ਕੰਮ ਰਾਸ ਕਰ ਦਿੱਤੇ ਹਨ, ਅਤੇ ਸੰਤਾਂ ਨੂੰ ਮਿਲ ਕੇ, ਮੈਂ ਸੁਆਮੀ ਦਾ ਸਿਮਰਨ, ਸਿਮਰਨ ਕੀਤਾ ਹੈ ਤੇ ਪਰਸੰਨ ਹੋ ਗਿਆ ਹਾਂ। ਠਹਿਰਾਉ।

ਅੰਗੀਕਾਰੁ ਕੀਆ ਪ੍ਰਭਿ ਅਪਨੈ; ਦੋਖੀ ਸਗਲੇ ਭਏ ਰਵਾਲ ॥

ਮੇਰੇ ਸੁਆਮੀ ਨੇ ਮੇਰਾ ਪੱਖ ਲਿਆ ਹੈ ਅਤੇ ਮੇਰੇ ਸਾਰੇ ਵੈਰੀ ਮਿੱਟੀ ਹੋ ਗਏ ਹਨ।

ਕੰਠਿ ਲਾਇ ਰਾਖੇ ਜਨ ਅਪਨੇ; ਉਧਰਿ ਲੀਏ ਲਾਇ ਅਪਨੈ ਪਾਲ ॥੧॥

ਆਪਣੇ ਗੋਲਿਆਂ ਨੂੰ ਸਾਈਂ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ ਅਤੇ ਆਪਣੇ ਪੱਲੇ ਨਾਲ ਜੋੜ ਕੇ ਉਹ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਸਹੀ ਸਲਾਮਤਿ ਮਿਲਿ ਘਰਿ ਆਏ; ਨਿੰਦਕ ਕੇ ਮੁਖ ਹੋਏ ਕਾਲ ॥

ਰਾਜ਼ੀ-ਬਾਜ਼ੀ ਅਸੀਂ ਇਕੱਠੇ ਘਰ ਮੁੜ ਆਏ ਹਾਂ ਅਤੇ ਕਲੰਕ ਲਾਉਣ ਵਾਲੇ ਦਾ ਮੂੰਹ ਕਾਲਾ ਹੋ ਗਿਆ ਹੈ।

ਕਹੁ ਨਾਨਕ, ਮੇਰਾ ਸਤਿਗੁਰੁ ਪੂਰਾ; ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥੨੭॥੧੧੩॥

ਗੁਰੂ ਜੀ ਆਖਦੇ ਹਨ, ਪੂਰਨ ਹੈ ਮੇਰਾ ਸੱਚਾ ਗੁਰੂ ਅਤੇ ਗੁਰੂ-ਪਰਮੇਸ਼ਰ ਦੀ ਦਇਆ ਦੁਆਰਾ ਮੈਂ ਪਰਮ ਪਰਸੰਨ ਹੋ ਗਿਆ ਹਾਂ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮੂ ਲਾਲਨ ਸਿਉ, ਪ੍ਰੀਤਿ ਬਨੀ ॥ ਰਹਾਉ ॥

ਆਪਣੇ ਪ੍ਰੀਤਮ ਨਾਲ ਮੈਂ ਪ੍ਰੇਮ ਪਾਲਿਆ ਹੈ। ਠਹਿਰਾਉ।

ਤੋਰੀ ਨ ਤੂਟੈ, ਛੋਰੀ ਨ ਛੂਟੈ; ਐਸੀ ਮਾਧੋ ਖਿੰਚ ਤਨੀ ॥੧॥

ਮਾਇਆ ਦੇ ਸੁਆਮੀ ਨੇ ਮੈਨੂੰ ਇਹੋ ਜਿਹੀ ਡੋਰ ਨਾਲ ਖਿਚਿਆ ਹੈ ਕਿ ਤੋੜਨ ਦੁਆਰਾ ਇਹ ਟੁੱਟਦੀ ਨਹੀਂ ਅਤੇ ਛੱਡਣ ਦੁਆਰਾ, ਇਹ ਛੱਡੀ ਨਹੀਂ ਜਾਂਦੀ।

ਦਿਨਸੁ ਰੈਨਿ ਮਨ ਮਾਹਿ ਬਸਤੁ ਹੈ; ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥

ਦਿਨ ਰਾਤ ਸਾਹਿਬ ਮੇਰੇ ਹਿਰਦੇ ਅੰਦਰ ਨਿਵਾਸ ਕਰਦਾ ਹੈ, ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਆਪਣੀ ਰਹਿਮਤ ਧਾਰ।

ਬਲਿ ਬਲਿ ਜਾਉ ਸਿਆਮ ਸੁੰਦਰ ਕਉ; ਅਕਥ ਕਥਾ ਜਾ ਕੀ ਬਾਤ ਸੁਨੀ ॥੩॥

ਮੈਂ ਆਪਣੇ ਸਾਵਲੇ ਸੋਹਣੇ ਸੁਆਮੀ ਉਤੋਂ ਕੁਰਬਾਨ, ਕੁਰਬਾਨ ਜਾਂਦਾ ਹਾਂ, ਜਿਸ ਦੀ ਅਕਹਿ ਵਾਰਤਾ ਅਤੇ ਕਹਾਣੀ ਮੈਂ ਸ੍ਰਵਣ ਕੀਤੀ ਹੈ।

ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ; ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥

ਗੋਲਾ ਨਾਨਕ ਸੁਆਮੀ ਦੇ ਗੋਲਿਆਂ ਦਾ ਗੋਲਾ ਆਖਿਆ ਜਾਂਦਾ ਹੈ। ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਆਪਣੀ ਰਹਿਮਤ ਧਰ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਹਰਿ ਕੇ ਚਰਨ ਜਪਿ, ਜਾਂਉ ਕੁਰਬਾਨੁ ॥

ਮੈਂ ਸੁਆਮੀ ਦੇ ਪੈਰਾਂ ਦਾ ਆਰਾਧਨ ਕਰਦਾ ਹਾਂ ਅਤੇ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ।

ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ; ਤਾ ਕਾ ਹਿਰਦੈ ਧਰਿ ਮਨ ਧਿਆਨੁ ॥੧॥ ਰਹਾਉ ॥

ਮੇਰੇ ਗੁਰਦੇਵ ਖੁਦ ਹੀ ਸ਼੍ਰੋਮਣੀ ਸਾਹਿਬ ਮਾਲਕ ਹਨ ਆਪਣੇ ਰਿਦੇ ਅਤੇ ਦਿਲ ਅੰਦਰ ਮੈਂ ਉਨ੍ਹਾਂ ਦਾ ਸਿਮਰਨ ਕਰਦਾ ਹਾਂ। ਠਹਿਰਾਉ।

ਸਿਮਰਿ ਸਿਮਰਿ ਸਿਮਰਿ ਸੁਖਦਾਤਾ; ਜਾ ਕਾ ਕੀਆ ਸਗਲ ਜਹਾਨੁ ॥

ਤੂੰ ਆਰਾਮ-ਦੇਣਹਾਰ ਸੁਆਮੀ ਦਾ ਚਿੰਤਨ, ਚਿੰਤਨ, ਚਿੰਤਨ ਕਰ ਜਿਸ ਨੇ ਸਾਰਾ ਸੰਸਾਰ ਸਾਜਿਆ ਹੈ।

ਰਸਨਾ ਰਵਹੁ ਏਕੁ ਨਾਰਾਇਣੁ; ਸਾਚੀ ਦਰਗਹ ਪਾਵਹੁ ਮਾਨੁ ॥੧॥
ਆਪਣੀ ਜੀਭ੍ਹਾ ਨਾਲ ਤੂੰ ਇਕ ਸੁਆਮੀ ਦੇ ਨਾਮ ਦਾ ਉਚਾਰਨ ਕਰ ਅਤੇ ਸੱਚੇ ਦਰਬਾਰ ਅੰਦਰ ਇੱਜ਼ਤ ਆਬਰੂ ਪਰਾਪਤ ਕਰ।
ਸਾਧੂ ਸੰਗੁ ਪਰਾਪਤਿ ਜਾ ਕਉ; ਤਿਨ ਹੀ ਪਾਇਆ ਏਹੁ ਨਿਧਾਨੁ ॥

ਕੇਵਲ ਉਹ ਹੀ ਜੋ ਸਤਿ-ਸੰਗਤ ਨਾਲ ਮਿਲਦਾ ਹੈ, ਇਸ ਖਜਾਨੇ ਨੂੰ ਪਾਉਂਦਾ ਹੈ।

ਗਾਵਉ ਗੁਣ ਕੀਰਤਨੁ ਨਿਤ ਸੁਆਮੀ; ਕਰਿ ਕਿਰਪਾ ਨਾਨਕ, ਦੀਜੈ ਦਾਨੁ ॥੨॥੨੯॥੧੧੫॥

ਹੇ ਪ੍ਰਭੂ! ਮਿਹਰ ਧਾਰ ਕੇ ਤੂੰ ਨਾਨਕ ਨੂੰ ਇਹ ਦਾਤ ਬਖਸ਼ ਕਿ ਉਹ ਹਮੇਸ਼ਾਂ ਹੀ ਤੇਰੀਆਂ ਸਿਫਤਾਂ ਅਤੇ ਕੀਰਤੀ ਗਾਇਨ ਕਰਦਾ ਰਹੇ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਰਾਖਿ ਲੀਏ, ਸਤਿਗੁਰ ਕੀ ਸਰਣ ॥

ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ ਮੈਂ ਤਰ ਗਿਆ ਹਾਂ।

ਜੈ ਜੈ ਕਾਰੁ ਹੋਆ ਜਗ ਅੰਤਰਿ; ਪਾਰਬ੍ਰਹਮੁ ਮੇਰੋ ਤਾਰਣ ਤਰਣ ॥੧॥ ਰਹਾਉ ॥

ਮੇਰੀ ਜਿੱਤ ਦੀ ਸੰਸਾਰ ਅੰਦਰ ਵਾਹ ਵਾਹ ਹੋ ਗਈ ਹੈ। ਮੇਰਾ ਉਚਾ ਸੁਆਮੀ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਜਹਾਜ਼ ਹੇ। ਠਹਿਰਾਉ।

ਬਿਸ੍ਵੰਭਰ ਪੂਰਨ ਸੁਖਦਾਤਾ; ਸਗਲ ਸਮਗ੍ਰੀ ਪੋਖਣ ਭਰਣ ॥

ਪੂਰਾ ਪ੍ਰਭੂ ਆਲਮ ਨੂੰ ਭਰਣ ਵਾਲਾ ਅਤੇ ਆਰਾਮ ਬਸ਼ਣਹਾਰ ਹੈ। ਉਹ ਸਾਰੀ ਰਚਨਾ ਨੂੰ ਪਾਲਦਾ-ਪੋਸਦਾ ਅਤੇ ਪਰੀਪੂਰਨ ਕਰਦਾ ਹੈ।

ਥਾਨ ਥਨੰਤਰਿ ਸਰਬ ਨਿਰੰਤਰਿ; ਬਲਿ ਬਲਿ ਜਾਂਈ ਹਰਿ ਕੇ ਚਰਣ ॥੧॥

ਸੁਆਮੀ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਅੰਦਰ ਰਮਿਆ ਹੋਇਆ ਹੈ। ਸੁਆਮੀ ਦੇ ਚਰਨਾਂ ਉਤੇ ਮੈਂ ਸਦਕੇ ਸਦਕੇ ਜਾਂਦਾ ਹਾਂ।

ਜੀਅ ਜੁਗਤਿ ਵਸਿ ਮੇਰੇ ਸੁਆਮੀ; ਸਰਬ ਸਿਧਿ ਤੁਮ ਕਾਰਣ ਕਰਣ ॥

ਜੀਵਾਂ ਦੀਆਂ ਸਾਰੀਆਂ ਤਦਬੀਰਾਂ ਤੇਰੇ ਇਖਤਿਆਰ ਵਿੱਚ ਹਨ, ਹੇ ਮੇਰੇ ਸਾਈਂ! ਤੇਰੇ ਕੋਲ ਸਾਰੀਆਂ ਕਰਾਮਾਤਾਂ ਸ਼ਕਤੀਆਂ ਹਨ ਅਤੇ ਤੂੰ ਹੇਤੂਆਂ ਦਾ ਹੇਤੂ ਹੈਂ।

ਆਦਿ ਜੁਗਾਦਿ ਪ੍ਰਭੁ ਰਖਦਾ ਆਇਆ; ਹਰਿ ਸਿਮਰਤ ਨਾਨਕ, ਨਹੀ ਡਰਣ ॥੨॥੩੦॥੧੧੬॥

ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਸੁਆਮੀ ਆਪਣੇ ਸੰਤਾਂ ਦੀ ਪੈਜ ਰੱਖਦਾ ਆਇਆ ਹੈ। ਸੁਆਮੀ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ! ਬੰਦਾ ਡਰ ਤੋਂ ਖਲਾਸੀ ਪਾ ਜਾਂਦਾ ਹੈ।


ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮

ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ ਦੁਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮੈ ਨਾਹੀ, ਪ੍ਰਭ! ਸਭੁ ਕਿਛੁ ਤੇਰਾ ॥

ਮੈਂ ਕੁਛ ਭੀ ਨਹੀਂ ਸਭ ਕੁਛ ਤੇਰਾ ਹੀ ਹੈ, ਹੇ ਸੁਆਮੀ!

ਈਘੈ ਨਿਰਗੁਨ, ਊਘੈ ਸਰਗੁਨ; ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥

ਏਥੇ ਤੂੰ ਨਿਰਸੰਬੰਧਤ ਸਾਹਿਬ ਹੈ ਅਤੇ ਓਥੇ ਸੰਬੰਧਤ ਸਰੂਪ ਵਿੱਚ। ਦੋਨਾਂ ਦੇ ਵਿਚਕਾਰ ਤੂੰ ਆਪਣੀ ਖੇਡ ਖੇਲ ਰਿਹਾ ਹੈ, ਹੇ ਮੇਰੇ ਸਾਹਿਬ! ਠਹਿਰਾਉ।

ਨਗਰ ਮਹਿ ਆਪਿ, ਬਾਹਰਿ ਫੁਨਿ ਆਪਨ; ਪ੍ਰਭ ਮੇਰੇ ਕੋ ਸਗਲ ਬਸੇਰਾ ॥

ਤੂੰ ਆਪ ਸ਼ਹਿਰ ਦੇ ਅੰਦਰ ਹੈ ਅਤੇ ਆਪੇ ਹੀ ਇਸ ਦੇ ਬਾਹਰ ਭੀ। ਤੂੰ, ਹੇ ਮੇਰੇ ਸੁਆਮੀ! ਹਰ ਥਾਂ ਵਸ ਰਿਹਾ ਹੈ।

ਆਪੇ ਹੀ ਰਾਜਨੁ, ਆਪੇ ਹੀ ਰਾਇਆ; ਕਹ ਕਹ ਠਾਕੁਰੁ, ਕਹ ਕਹ ਚੇਰਾ ॥੧॥

ਤੂੰ ਖੁਦ ਪਾਤਿਸ਼ਾਹ ਹੈਂ ਅਤੇ ਖੁਦ ਹੀ ਰਿਆਇਆ ਇਕ ਥਾਂ ਤੇ ਤੂੰ ਮਾਲਕ ਹੈ ਅਤੇ ਦੂਜੀ ਤੇ ਗੁਮਾਸ਼ਤਾ।

ਕਾ ਕਉ ਦੁਰਾਉ, ਕਾ ਸਿਉ ਬਲਬੰਚਾ; ਜਹ ਜਹ ਪੇਖਉ ਤਹ ਤਹ ਨੇਰਾ ॥

ਮੈਂ ਕੀਹਦੇ ਕੋਲੋਂ ਲੁਕਾਵਾਂ ਅਤੇ ਕੀਹਦੇ ਨਾਲ ਠੱਗੀ ਕਰਾਂ? ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਉਥੇ ਮੈਂ ਸੁਆਮੀ ਨੂੰ ਆਪਣੇ ਐਨ ਨਜਦੀਕ ਵੇਖਦਾ ਹਾਂ।

ਸਾਧ ਮੂਰਤਿ, ਗੁਰੁ ਭੇਟਿਓ ਨਾਨਕ; ਮਿਲਿ ਸਾਗਰ ਬੂੰਦ, ਨਹੀ ਅਨ ਹੇਰਾ ॥੨॥੧॥੧੧੭॥

ਮੈਂ ਸੰਤ ਸਰੂਪ ਗੁਰੂ ਨਾਨਕ ਦੇਵ ਜੀ ਨਾਲ ਮਿਲ ਪਿਆ ਹਾਂ। ਜਦ ਪਾਣੀ ਦਾ ਤੁਪਕਾ ਸਮੁੰਦਰ ਅਭੇਦ ਹੋ ਜਾਂਦਾ ਹੈ, ਇਸ ਦੀ ਭਿੰਨਤਾ ਵੇਖੀ ਨਹੀਂ ਜਾ ਸਕਦੀ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਤੁਮ੍ਹ੍ਹ ਸਮਰਥਾ, ਕਾਰਨ ਕਰਨ! ॥

ਤੂੰ ਹੇ ਸੁਆਮੀ! ਸਾਰੇ ਕੰਮ ਕਰਨ ਯੋਗ ਹੈਂ।

ਢਾਕਨ ਢਾਕਿ ਗੋਬਿਦ ਗੁਰ ਮੇਰੇ! ਮੋਹਿ ਅਪਰਾਧੀ ਸਰਨ ਚਰਨ ॥੧॥ ਰਹਾਉ ॥

ਤੂੰ ਮੇਰੇ ਦੂਸ਼ਣ ਕੱਜ, ਹੇ ਮੇਰੇ ਗੁਰੂ-ਪਰਮੇਸ਼ਰ! ਮੈਂ ਪਾਪੀ ਨੇ ਤੇਰੇ ਪੈਰਾਂ ਦੀ ਪਨਾਹ ਲਈ ਹੈ। ਠਹਿਰਾਉ।

ਜੋ ਜੋ ਕੀਨੋ, ਸੋ ਤੁਮ੍ਹ੍ਹ ਜਾਨਿਓ; ਪੇਖਿਓ ਠਉਰ ਨਾਹੀ ਕਛੁ, ਢੀਠ ਮੁਕਰਨ ॥

ਜਿਹੜਾ ਕੁਛ ਬੰਦਾ ਕਰਦਾ ਹੈ, ਉਹ ਤੂੰ ਤੱਕਦਾ ਤੇ ਸੁਣਦਾ ਹੈ, ਹੇ ਸੁਆਮੀ! ਬੇਹਿਯ ਬੰਦੇ ਨੂੰ ਮੁਕਰਨ ਦਾ ਕੋਈ ਰਾਹ ਨਹੀਂ ਦਿੱਸਦਾ।

ਬਡ ਪਰਤਾਪੁ ਸੁਨਿਓ ਪ੍ਰਭ! ਤੁਮ੍ਹ੍ਹਰੋ; ਕੋਟਿ ਅਘਾ ਤੇਰੋ ਨਾਮ ਹਰਨ ॥੧॥

ਵਿਸ਼ਾਲ ਹੈ ਤੇਰਾ ਤਪ-ਤੇਜ, ਮੈਂ ਸੁਣਿਆ ਹੈ, ਹੇ ਸਾਹਿਬ! ਤੇਰਾ ਨਾਮ ਕ੍ਰੋੜਾਂ ਪਾਪਾਂ ਨੂੰ ਨਸ਼ਟ ਕਰ ਦਿੰਦਾ ਹੈ।

ਹਮਰੋ ਸਹਾਉ ਸਦਾ ਸਦ ਭੂਲਨ; ਤੁਮ੍ਹ੍ਹਰੋ ਬਿਰਦੁ, ਪਤਿਤ ਉਧਰਨ ॥

ਮੇਰਾ ਸੁਭਾਵ ਸਦੀਵ, ਸਦੀਵ ਹੀ ਗਲਤ ਕਰਨਾ ਹੈ ਅਤੇ ਤੇਰਾ ਧਰਮ ਪਾਪੀਆਂ ਨੂੰ ਤਾਰਨਾ ਹੈ, ਹੇ ਪ੍ਰਭੂ!

ਕਰੁਣਾ ਮੈ ਕਿਰਪਾਲ ਕ੍ਰਿਪਾ ਨਿਧਿ! ਜੀਵਨ ਪਦ, ਨਾਨਕ ਹਰਿ ਦਰਸਨ ॥੨॥੨॥੧੧੮॥

ਮਿਹਰ ਦੇ ਸਰੂਪ ਅਤੇ ਰਹਿਮਤ ਦੇ ਖਜਾਨੇ, ਮੇਰੇ ਮਿਹਰਬਾਨ ਮਾਲਕ! ਤੇਰੇ ਦੀਦਾਰ ਦੁਆਰਾ ਮੈਂ ਅਬਿਨਾਸੀ ਦਰਜਾ ਪਾ ਲਿਆ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਐਸੀ ਕਿਰਪਾ, ਮੋਹਿ ਕਰਹੁ ॥

ਮੇਰੇ ਸੁਆਮੀ ਤੂੰ ਮੇਰੇ ਉਤੇ ਇਹੋ ਜਿਹੀ ਰਹਿਮਤ ਧਾਰ,

ਸੰਤਹ ਚਰਣ ਹਮਾਰੋ ਮਾਥਾ; ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥

ਕਿ ਮੇਰਾ ਮਸਤਕ ਸਾਧੂਆਂ ਦੇ ਪੈਰਾਂ ਉਤੇ ਹੋਵੇ, ਮੇਰੀਆਂ ਅੱਖੀਆਂ ਦੀ ਉਨ੍ਹਾਂ ਦੇ ਦੀਦਾਰ ਤੇ ਨੀਝ ਲੱਗੀ ਹੋਈ ਹੋਵੇ ਅਤੇ ਮੇਰੇ ਸਰੀਰ ਉਤੇ ਉਨ੍ਹਾਂ ਦੇ ਚਰਨਾਂ ਦੀ ਧੂੜ ਪਵੇ। ਠਹਿਰਾਉ।

ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ; ਹਰਿ ਨਾਮਾ ਮਨ ਸੰਗਿ ਧਰਹੁ ॥

ਗੁਰਾਂ ਦੀ ਬਾਣੀ ਮੇਰੇ ਰਿਦੇ ਅੰਦਰ ਵਸੇ ਅਤੇ ਸੁਆਮੀ ਦੇ ਨਾਮ ਨੂੰ ਮੈਂ ਆਪਣੇ ਦਿਲ ਨਾਲ ਲਾਉਂਦਾ ਹਾਂ।

ਤਸਕਰ ਪੰਚ ਨਿਵਾਰਹੁ ਠਾਕੁਰ; ਸਗਲੋ ਭਰਮਾ ਹੋਮਿ ਜਰਹੁ ॥੧॥

ਮੇਰੇ ਸਾਈਂ ਤੂੰ ਪੰਜੇ ਚੋਰਾਂ ਨੂੰ ਪਰੇ ਹਟਾ ਦੇ ਅਤੇ ਧੂਪ ਸਾਮੱਗਰੀ ਦੀ ਤਰ੍ਹਾ ਮੇਰੇ ਸਾਰੇ ਵਹਿਮਾਂ ਨੂੰ ਅੱਗ ਵਿੱਚ ਪਾ ਦੇ।

ਜੋ ਤੁਮ੍ਹ੍ਹ ਕਰਹੁ, ਸੋਈ ਭਲ ਮਾਨੈ; ਭਾਵਨੁ ਦੁਬਿਧਾ ਦੂਰਿ ਟਰਹੁ ॥

ਜਿਹੜਾ ਕੁਛ ਤੂੰ ਕਰਦਾ ਹੈ, ਉਸ ਸਾਰੇ ਨੂੰ ਚੰਗਾ ਜਾਣਦਾ ਹੈ। ਮੈਂ ਆਪਣੀ ਖਾਹਿਸ਼ ਅਤੇ ਦਵੈਤ-ਭਾਵ ਦੂਰ ਕਰ ਦਿੱਤੇ ਹਨ।

ਨਾਨਕ ਕੇ ਪ੍ਰਭ ਤੁਮ ਹੀ ਦਾਤੇ; ਸੰਤਸੰਗਿ ਲੇ ਮੋਹਿ ਉਧਰਹੁ ॥੨॥੩॥੧੧੯॥

ਹੇ ਮਾਲਕ! ਤੂੰ ਹੀ ਮੇਰਾ ਦਾਤਾਰ ਸੁਆਮੀ ਹੈਂ। ਸਾਧ ਸੰਗਤ ਨਾਲ ਜੋੜ ਕੇ ਤੂੰ ਮੇਰਾ ਪਾਰ ਉਤਾਰਾ ਕਰ ਦੇ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਐਸੀ ਦੀਖਿਆ, ਜਨ ਸਿਉ ਮੰਗਾ ॥

ਐਹੋ ਜਿਹੀ ਸਿੱਖਿਆ ਮੈਂ ਤੇਰੇ ਗੋਲਿਆਂ ਪਾਸੋਂ ਮੰਗਦਾ ਹਾਂ, ਹੇ ਸੁਆਮੀ!

ਤੁਮ੍ਹ੍ਹਰੋ ਧਿਆਨੁ, ਤੁਮ੍ਹ੍ਹਾਰੋ ਰੰਗਾ ॥

ਕਿ ਮੈਂ ਤੇਰਾ ਸਿਮਰਨ ਅਤੇ ਪਿਆਰ ਧਾਰਨ ਕਰਾਂ, ਤੇਰੀ ਘਾਲ ਕਮਾਵਾਂ ਅਤੇ ਮੈਨੂੰ ਤੇਰੀ ਸੰਗਤ ਪਰਾਪਤ ਹੋਵੇ। ਠਹਿਰਾਉ।

ਤੁਮ੍ਹ੍ਹਰੀ ਸੇਵਾ, ਤੁਮ੍ਹ੍ਹਾਰੇ ਅੰਗਾ ॥੧॥ ਰਹਾਉ ॥

ਸਾਈਂ ਦੇ ਗੋਲਿਆਂ ਨੂੰ ਮੈਂ ਸੇਵਦਾ ਹਾਂ, ਸਾਈਂ ਦੇ ਗੋਲਿਆਂ ਨਾਲ ਕਥਾ-ਵਾਰਤਾ ਕਰਦਾ ਹਾਂ ਅਤੇ ਸਾਈਂ ਦੇ ਗੋਲਿਆਂ ਨਾਲ ਹੀ ਮਿੱਤਰਤਾਈ ਗੰਢਦਾ ਹੈ।

ਜਨ ਕੀ ਟਹਲ, ਸੰਭਾਖਨੁ ਜਨ ਸਿਉ; ਊਠਨੁ ਬੈਠਨੁ, ਜਨ ਕੈ ਸੰਗਾ ॥

ਆਪਣੇ ਚਿਹਰੇ ਅਤੇ ਮਸਤਕ ਨੂੰ ਮੈਂ ਸੰਤਾਂ ਦੇ ਪੈਰਾਂ ਦੀ ਧੂੜ ਮਲਦਾ ਹਾਂ ਅਤੇ ਮੇਰੀਆਂ ਉਮੀਦਾਂ ਤੇ ਖਾਹਿਸ਼ਾਂ ਦੀਆਂ ਅਨੇਕਾਂ ਲਹਿਰਾਂ ਪੂਰੀਆਂ ਹੋ ਗਈਆਂ ਹਨ।

ਜਨ ਚਰ ਰਜ, ਮੁਖਿ ਮਾਥੈ ਲਾਗੀ; ਆਸਾ ਪੂਰਨ ਅਨੰਤੁ ਤਰੰਗਾ ॥੧॥

ਪਰਮ ਪ੍ਰਭੂ, ਜਿਸ ਦੀ ਕੀਰਤੀ ਪਵਿੱਤਰ ਹੈ, ਸੰਤ ਉਸ ਦੀ ਮਲਕੀਅਤ ਹਨ।

ਜਨ ਪਾਰਬ੍ਰਹਮ, ਜਾ ਕੀ ਨਿਰਮਲ ਮਹਿਮਾ; ਜਨ ਕੇ ਚਰਨ ਤੀਰਥ ਕੋਟਿ ਗੰਗਾ ॥
ਸੰਤਾਂ ਦੇ ਪੈਰ, ਗੰਗਾ ਵਰਤੇ ਕ੍ਰੋੜਾਂ ਹੀ ਯਾਤ੍ਰਾ ਅਸਥਾਨਾਂ ਦੇ ਤੁੱਲ ਹਨ।
ਜਨ ਕੀ ਧੂਰਿ, ਕੀਓ ਮਜਨੁ ਨਾਨਕ; ਜਨਮ ਜਨਮ ਕੇ ਹਰੇ ਕਲੰਗਾ ॥੨॥੪॥੧੨੦॥

ਨਾਨਕ ਨੇ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕੀਤਾ ਹੈ ਅਤੇ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਜਿਉ ਭਾਵੈ, ਤਿਉ ਮੋਹਿ ਪ੍ਰਤਿਪਾਲ ॥
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਪਾਲਣਾ-ਪੋਸਣਾ ਕਰ, ਹੇ ਸੁਆਮੀ!
ਪਾਰਬ੍ਰਹਮ ਪਰਮੇਸਰ ਸਤਿਗੁਰ; ਹਮ ਬਾਰਿਕ, ਤੁਮ੍ਹ੍ਹ ਪਿਤਾ ਕਿਰਪਾਲ ॥੧॥ ਰਹਾਉ ॥

ਤੂੰ ਮੇਰਾ ਸ਼ਰੋਮਣੀ ਸਾਹਿਬ ਮਾਲਕ ਅਤੇ ਸੱਚਾ ਗੁਰੂ ਹੈ। ਮੈਂ ਤੇਰਾ ਬੱਚਾ ਹਾਂ ਅਤੇ ਤੂੰ ਮੇਰਾ ਦਇਆਲੂ ਬਾਬਲ ਹੈ। ਠਹਿਰਾਉ।

ਮੋਹਿ ਨਿਰਗੁਣ ਗੁਣੁ ਨਾਹੀ ਕੋਈ; ਪਹੁਚਿ ਨ ਸਾਕਉ ਤੁਮ੍ਹ੍ਹਰੀ ਘਾਲ ॥

ਮੈਂ ਨੇਕੀ-ਵਿਹੂਣ ਹਾਂ ਅਤੇ ਮੇਰੇ ਵਿੱਚ ਕੋਈ ਭੀ ਨੇਕੀ ਨਹੀਂ। ਮੈਂ ਤੇਰੇ ਕਰਤੱਬ ਨੂੰ ਸਮਝ ਨਹੀਂ ਸਕਦਾ।

ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ; ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥

ਆਪਣੀ ਅਵਸਥਾ ਅਤੇ ਅੰਦਾਜੇ ਨੂੰ ਕੇਵਲ ਤੂੰ ਹੀ ਜਾਣਦਾ ਹੈ। ਮੇਰੀ ਜਿੰਦੜੀ, ਦੇਹ ਅਤੇ ਦੌਲਤ ਸਮੂਹ ਤੇਰੇ ਹੀ ਹਨ।

ਅੰਤਰਜਾਮੀ ਪੁਰਖ ਸੁਆਮੀ; ਅਨਬੋਲਤ ਹੀ ਜਾਨਹੁ ਹਾਲ ॥
ਤੂੰ ਦਿਲਾਂ ਦੀਆਂ ਜਾਨਣਹਾਰ ਮੇਰਾ ਸਰਬ-ਸ਼ਕਤੀਵਾਨ ਸਾਹਿਬ ਹੈ। ਬਿਨਾਂ-ਦੱਸੇ ਹੀ ਤੂੰ ਮੇਰੀ ਹਾਲਤ ਨੂੰ ਸਮਝਦਾ ਹੈ।
ਤਨੁ ਮਨੁ ਸੀਤਲੁ ਹੋਇ ਹਮਾਰੋ; ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥

ਗੁਰੂ ਜੀ ਫੁਰਮਾਉਂਦੇ ਹਨ, ਹੇ ਮਹਾਰਾਜ ਮਾਲਕ! ਤੇਰੇ ਉਤੇ ਮਿਹਰ ਦੀ ਨਜ਼ਰ ਧਾਰ ਤਾਂ ਜੋ ਮੇਰੀ ਦੇਹ ਤੇ ਜਿੰਦੜੀ ਠੰਢੇ-ਠਾਰ ਹੋ ਜਾਣ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਰਾਖੁ ਸਦਾ ਪ੍ਰਭ! ਅਪਨੈ ਸਾਥ ॥

ਹੇ ਸੁਆਮੀ! ਤੂੰ ਸਦੀਵ ਹੀ ਮੈਨੂੰ ਆਪਣੇ ਨਾਲ ਰੱਖ।

ਤੂ ਹਮਰੋ ਪ੍ਰੀਤਮੁ ਮਨਮੋਹਨੁ; ਤੁਝ ਬਿਨੁ ਜੀਵਨੁ ਸਗਲ ਅਕਾਥ ॥੧॥ ਰਹਾਉ ॥

ਤੂੰ ਮੇਰਾ ਜਿੰਦੜੀ ਨੂੰ ਫਰੇਫਤਾ ਕਰਨਹਾਰ, ਦਿਲਜਾਨੀ ਹੈ। ਤੇਰੇ ਬਗੈਰ ਮੇਰੀ ਜਿੰਦਗੀ ਸਮੂਹ ਵਿਅਰਥ ਹੈ। ਠਹਿਰਾਉ।

ਰੰਕ ਤੇ ਰਾਉ ਕਰਤ ਖਿਨ ਭੀਤਰਿ; ਪ੍ਰਭੁ ਮੇਰੋ ਅਨਾਥ ਕੋ ਨਾਥ ॥

ਇਕ ਕੰਗਲੇ ਤੋਂ ਤੂੰ ਇਕ ਮੁਹਤ ਵਿੱਚ ਰਾਜਾ ਬਣਾ ਦਿੰਦਾ ਹੈ। ਤੂੰ ਮੇਰੇ ਸੁਆਮੀ ਨਿਖਸਮਿਆਂ ਦਾ ਖਸਮ ਹੈ।

ਜਲਤ ਅਗਨਿ ਮਹਿ ਜਨ ਆਪਿ ਉਧਾਰੇ; ਕਰਿ ਅਪੁਨੇ ਦੇ ਰਾਖੇ ਹਾਥ ॥੧॥

ਆਪਣੇ ਗੋਲਿਆਂ ਨੂੰ ਤੂੰ ਆਪਣੇ ਨਿੱਜ ਦੇ ਬਣਾ ਲੈਂਦਾ ਹੈ ਅਤੇ ਉਨ੍ਹਾਂ ਨੂੰ ਮੱਚਦੀ ਅੱਗ ਵਿਚੋਂ ਬਾਹਰ ਕੱਢ ਲੈਂਦਾ ਹੈ। ਆਪਣਾ ਹੱਥ ਦੇ ਕੇ ਤੂੰ ਉਨ੍ਹਾਂ ਦੀ ਰੱਖਿਆ ਕਰਦਾ ਹੈ।

ਸੀਤਲ ਸੁਖੁ ਪਾਇਓ ਮਨ ਤ੍ਰਿਪਤੇ; ਹਰਿ ਸਿਮਰਤ ਸ੍ਰਮ ਸਗਲੇ ਲਾਥ ॥

ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਮੇਰੀਆਂ ਸਾਰੀਆਂ ਤਕਲੀਫਾਂ ਮਿਟ ਗਈਆਂ ਹਨ, ਮੈਨੂੰ ਠੰਢ-ਚੈਨ ਤੇ ਆਰਾਮ ਮਿਲ ਗਏ ਹਨ ਅਤੇ ਮੇਰੀ ਆਤਮਾ ਰੱਜ ਗਈ ਹੈ।

ਨਿਧਿ ਨਿਧਾਨ ਨਾਨਕ ਹਰਿ ਸੇਵਾ; ਅਵਰ ਸਿਆਨਪ ਸਗਲ ਅਕਾਥ ॥੨॥੬॥੧੨੨॥

ਵਾਹਿਗੁਰੂ ਦੀ ਘਾਲ ਹੇ ਨਾਨਕ! ਧਨ ਦੌਲਤ ਦਾ ਖਜਾਨਾ ਹੈ। ਨਿਸਫਲ ਹਨ ਹੋਰ ਸਾਰੀਆਂ ਚਤੁਰਾਈਆਂ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਅਪਨੇ ਸੇਵਕ ਕਉ, ਕਬਹੁ ਨ ਬਿਸਾਰਹੁ ॥

ਹੇ ਸੁਆਮੀ! ਤੂੰ ਕਦਾਚਿਤ ਆਪਣੇ ਗੋਲੇ ਨੂੰ ਨਾਂ ਭੁਲਾ।

ਉਰਿ ਲਾਗਹੁ ਸੁਆਮੀ ਪ੍ਰਭ ਮੇਰੇ! ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥

ਹੇ ਆਲਮ ਦੇ ਮਾਲਕ! ਮੇਰੇ ਸੁਆਮੀ ਵਾਹਿਗੁਰੂ ਮੈਨੂੰ ਆਪਣੀ ਛਾਤੀ ਨਾਲ ਲਾ ਲੈ ਅਤੇ ਤੂੰ ਮੇਰੀ ਪੁਰਾਤਨ ਪਿਰਹੜੀ ਦਾ ਖਿਆਲ ਕਰ। ਠਹਿਰਾਉ।

ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੋ; ਹਮਰੇ ਦੋਖ ਰਿਦੈ ਮਤ ਧਾਰਹੁ ॥

ਪਾਪੀਆਂ ਨੂੰ ਪਵਿੱਤਰ ਕਰਨਾ, ਤੇਰਾ ਨਿਤਕ੍ਰਮ ਹੈ, ਹੇ ਸੁਆਮੀ! ਤੂੰ ਮੇਰੀਆਂ ਗਲਤੀਆਂ ਨੂੰ ਆਪਣੇ ਚਿੱਤ ਵਿੱਚ ਨਾਂ ਰੱਖ।

ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ; ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥੧॥

ਹੇ ਵਾਹਿਗੁਰੂ! ਤੂੰ ਮੇਰੀ ਜਿੰਦ-ਜਾਨ, ਆਤਮਾ, ਦੌਲਤ ਅਤੇ ਆਰਾਮ ਚੈਨ ਹੈ। ਮਿਹਰ ਧਾਰ ਕੇ ਤੂੰ ਮੇਰੇ ਸਵੈ-ਹੰਗਤਾ ਦੇ ਪੜਦੇ ਨੂੰ ਸਾੜ ਸੁੱਟ।

ਜਲ ਬਿਹੂਨ, ਮੀਨ ਕਤ ਜੀਵਨ; ਦੂਧ ਬਿਨਾ, ਰਹਨੁ ਕਤ ਬਾਰੋ ॥

ਪਾਣੀ ਬਿਨਾ ਮੱਛੀ ਕਿਸ ਤਰ੍ਹਾਂ ਜੀਊ ਸਕਦੀ ਹੈ? ਦੁੱਧ ਦੇ ਬਗੈਰ ਬੱਚਾ ਕਿਸ ਤਰ੍ਹਾਂ ਰਹਿ ਸਕਦਾ ਹੈ?

ਜਨ ਨਾਨਕ ਪਿਆਸ ਚਰਨ ਕਮਲਨ੍ਹ੍ਹ ਕੀ; ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥

ਗੋਲੇ ਨਾਨਕ ਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਤਰੇਹ ਹੈ ਅਤੇ ਉਸ ਦਾ ਦਰਸ਼ਨ ਦੇਖ ਕੇ ਉਹ ਸਾਰੇ ਆਰਾਮ ਪਾ ਲੈਂਦਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਆਗੈ ਪਾਛੈ ਕੁਸਲੁ ਭਇਆ ॥

ਲੋਕ ਤੇ ਪ੍ਰਲੋਕ ਦੋਨਾਂ ਵਿੱਚ ਮੇਰੇ ਲਈ ਖੁਸ਼ੀ ਹੀ ਖੁਸ਼ੀ ਹੈ।

ਗੁਰਿ ਪੂਰੈ ਪੂਰੀ ਸਭ ਰਾਖੀ; ਪਾਰਬ੍ਰਹਮਿ ਪ੍ਰਭਿ ਕੀਨੀ ਮਇਆ ॥੧॥ ਰਹਾਉ ॥

ਪੂਰਨ ਗੁਰਾਂ ਨੇ ਮੁਕੰਮਲ ਤੇ ਸਮੂਹ ਤੌਰ ਤੇ ਮੇਰੀ ਪਤਿ ਆਬਰੂ ਰੱਖ ਲਈ ਹੈ ਅਤੇ ਪਰਮ ਪ੍ਰਭੂ ਸੁਆਮੀ ਨੇ ਮੇਰੇ ਤੇ ਮਿਹਰ ਧਾਰੀ ਹੈ। ਠਹਿਰਾਉ।

ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ; ਦੂਖ ਦਰਦ ਸਗਲਾ ਮਿਟਿ ਗਇਆ ॥

ਮੇਰਾ ਪਿਆਰਾ, ਵਾਹਿਗੁਰੂ ਮੇਰੀ ਆਤਮਾ ਅਤੇ ਦੇਹ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਮੇਰੇ ਸਾਰੇ ਦੁੱਖੜੇ ਅਤੇ ਤਕਲੀਫ ਦੂਰ ਹੋ ਗਈਆਂ ਹਨ।

ਸਾਂਤਿ ਸਹਜ ਆਨਦ ਗੁਣ ਗਾਏ; ਦੂਤ ਦੁਸਟ ਸਭਿ ਹੋਏ ਖਇਆ ॥੧॥

ਆਰਾਮ ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹਾਂ ਅਤੇ ਮੇਰੇ ਵੈਰੀ ਤੇ ਭੈੜੇ ਦੋਖੀ ਸਮੂਹ ਨਾਸ ਹੋ ਗਏ ਹਨ।

ਗੁਨੁ ਅਵਗੁਨੁ ਪ੍ਰਭਿ ਕਛੁ ਨ ਬੀਚਾਰਿਓ; ਕਰਿ ਕਿਰਪਾ ਅਪੁਨਾ ਕਰਿ ਲਇਆ ॥

ਸੁਆਮੀ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ ਅਤੇ ਰਹਿਮਤ ਧਾਰ ਕੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।

ਅਤੁਲ ਬਡਾਈ ਅਚੁਤ ਅਬਿਨਾਸੀ; ਨਾਨਕੁ ਉਚਰੈ ਹਰਿ ਕੀ ਜਇਆ ॥੨॥੮॥੧੨੪॥

ਅਖੋਜ ਹੈ ਅਹਿੱਲ ਅਤੇ ਅਮਰ ਸੁਆਮੀ ਦੀ ਵਡਿਆਈ। ਨਾਨਕ ਸੁਆਮੀ ਦੀਆਂ ਜਿੱਤਾਂ ਦੀ ਪਰਸੰਸਾ ਕਰਦਾ ਹੈ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਬਿਨੁ ਭੈ ਭਗਤੀ, ਤਰਨੁ ਕੈਸੇ ॥

ਸਾਹਿਬ ਦੇ ਡਰ ਅਤੇ ਪ੍ਰੇਮ-ਮਈ ਸੇਵਾ ਦੇ ਬਾਝੋਂ ਇਨਸਾਨ ਦ ਕਿਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ?

ਕਰਹੁ ਅਨੁਗ੍ਰਹੁ ਪਤਿਤ ਉਧਾਰਨ; ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ ॥

ਹੇ ਪਾਪੀਆਂ ਦਾ ਪਾਰ ਉਤਾਰਾ ਕਰਨਹਾਰ ਸਾਹਿਬ! ਮੇਰੇ ਉਤੇ ਰਹਿਮ ਧਾਰ ਅਤੇ ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ। ਠਹਿਰਾਉ।

ਸਿਮਰਨੁ ਨਹੀ ਆਵਤ, ਫਿਰਤ ਮਦ ਮਾਵਤ; ਬਿਖਿਆ ਰਾਤਾ ਸੁਆਨ ਜੈਸੇ ॥

ਇਨਸਾਨ ਸੁਆਮੀ ਦੀ ਬੰਦਗੀ ਧਾਰਨ ਨਹੀਂ ਕਰਦਾ, ਹੰਕਾਰ ਅੰਦਰ ਗੁਟ ਹੋਇਆ ਫਿਰਦਾ ਹੈ ਅਤੇ ਕੁੱਤੇ ਦੀ ਤਰ੍ਹਾਂ ਕੁਕਰਮਾਂ ਅੰਦਰ ਗਲਤਾਨ ਹੇ।

ਅਉਧ ਬਿਹਾਵਤ, ਅਧਿਕ ਮੋਹਾਵਤ; ਪਾਪ ਕਮਾਵਤ ਬੁਡੇ ਐਸੇ ॥੧॥

ਗੁਨਾਹ ਕਮਾਉਂਦੇ ਅਤੇ ਬੁਰੀ ਤਰ੍ਹਾਂ ਠਗੇ ਜਾਂਦੇ ਹੋਏ ਉਸ ਦੀ ਉਮਰ ਬੀਤਦੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਉਹ ਡੁੱਬ ਜਾਂਦਾ ਹੈ।

ਸਰਨਿ ਦੁਖ ਭੰਜਨ ਪੁਰਖ ਨਿਰੰਜਨ; ਸਾਧੂ ਸੰਗਤਿ ਰਵਣੁ ਜੈਸੇ ॥

ਹੇ ਦਰਦ ਨਸ਼ਟ ਕਰਨਹਾਰ, ਮੇਰੇ ਪਵਿੱਤਰ ਪ੍ਰਭੂ, ਮੈਂ ਤੇਰੀ ਪਨਾਹ ਲਈ ਹੈ, ਤੂੰ ਮੈਨੂੰ ਸਤਿਸੰਗਤ ਨਾਲ ਜੋੜਦੇ, ਤਾਂ ਜੋ ਤੇਰੇ ਨਾਮ ਦਾ ਉਚਾਰਨ ਕਰਾਂ।

ਹੇ ਦੁੱਖ ਮੇਟਣਹਾਰ! ਅਤੇ ਪਾਪ ਕੱਟਣਹਾਰ ਸੰਦਰਾਂ ਕੇਸਾਂ ਵਾਲੇ ਸੁਆਮੀ, ਨਾਨਕ ਕੇਵਲ ਤੇਰਾ ਦਰਸ਼ਨ ਵੇਖ ਕੇ ਹੀ ਜੀਉਂਦਾ ਹੈ।


ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੯

ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ ਦੁਪਦੇ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।

ਆਪਹਿ ਮੇਲਿ ਲਏ ॥

ਮਾਲਕ ਨੇ ਖੁਦ ਹੀ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।

ਜਬ ਤੇ ਸਰਨਿ ਤੁਮਾਰੀ ਆਏ; ਤਬ ਤੇ ਦੋਖ ਗਏ ॥੧॥ ਰਹਾਉ ॥

ਜਦ ਤੋਂ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਉਦੋਂ ਤੋਂ ਮੇਰੇ ਪਾਪ ਦੌੜ ਗਏ ਹਨ। ਠਹਿਰਾਉ।

ਤਜਿ ਅਭਿਮਾਨੁ, ਅਰੁ ਚਿੰਤ ਬਿਰਾਨੀ; ਸਾਧਹ ਸਰਨ ਪਏ ॥

ਆਪਣਾ ਹੰਕਾਰ ਅਤੇ ਹੋਰ ਫਿਕਰ ਅੰਦੇਸੇ ਛੱਡ ਕੇ ਮੈਂ ਸੰਤਾਂ ਦੀ ਪਨਾਹ ਲਈ ਹੈ।

ਜਪਿ ਜਪਿ ਨਾਮੁ ਤੁਮ੍ਹ੍ਹਾਰੋ ਪ੍ਰੀਤਮ! ਤਨ ਤੇ ਰੋਗ ਖਏ ॥੧॥

ਤੇਰੇ ਨਾਮ ਦਾ ਚਿੰਤਨ, ਚਿੰਤਨ ਕਰਨ ਦੁਆਰਾ, ਹੇ ਮੇਰੇ ਦਿਲ-ਜਾਨੀ! ਬੀਮਾਰੀਆਂ ਮੇਰੀ ਦੇਹ ਵਿਚੋਂ ਮਲੀਆਮੇਟ ਹੋ ਗਈਆਂ ਹਨ।

ਮਹਾ ਮੁਗਧ ਅਜਾਨ ਅਗਿਆਨੀ; ਰਾਖੇ ਧਾਰਿ ਦਏ ॥

ਪਰਮ ਪੁਰਖ, ਬੇਸਮਝ ਅਤੇ ਬੇਅਕਲ ਪੁਰਸ਼ਾਂ ਦੀ ਪ੍ਰਭੂ ਨੇ ਕਿਰਪਾ ਕਰ ਕੇ ਰੱਖਿਆ ਕੀਤੀ ਹੈ।

ਕਹੁ ਨਾਨਕ, ਗੁਰੁ ਪੂਰਾ ਭੇਟਿਓ; ਆਵਨ ਜਾਨ ਰਹੇ ॥੨॥੧॥੧੨੬॥

ਗੁਰੂ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ, ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਜੀਵਉ ਨਾਮੁ ਸੁਨੀ ॥

ਮੈਂ ਤੇਰਾ ਨਾਮ ਸੁਣਨ ਦੁਆਰਾ, ਜੀਉਂਦਾ ਹਾਂ, ਹੇ ਪ੍ਰਭੂ!

ਜਉ ਸੁਪ੍ਰਸੰਨ ਭਏ ਗੁਰ ਪੂਰੇ; ਤਬ ਮੇਰੀ ਆਸ ਪੁਨੀ ॥੧॥ ਰਹਾਉ ॥
ਜਦ ਪੂਰਨ ਗੁਰੂ ਮੇਰੇ ਤੇ ਪਰਮ ਪਰਸੰਨ ਹੋ ਜਾਂਦੇ ਹਨ, ਤਦ ਮੇਰੀ ਉਮੀਦ ਪੂਰਨ ਹੋ ਜਾਂਦੀ ਹੈ। ਠਹਿਰਾਉ।
ਪੀਰ ਗਈ ਬਾਧੀ ਮਨਿ ਧੀਰਾ; ਮੋਹਿਓ ਅਨਦ ਧੁਨੀ ॥

ਮੇਰੀ ਪੀੜ ਮਿੱਟ ਗਈ ਹੈ, ਮੇਰੇ ਚਿੱਤ ਦਾ ਧਰਵਾਸ ਬੱਝ ਗਿਆ ਹੈ ਅਤੇ ਖੁਸ਼ੀ ਦੇ ਰਾਗ ਨੇ ਮੈਨੂੰ ਫਰੇਫਤਾ ਕਰ ਲਿਆ ਹੈ।

ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ; ਰਹਨੁ ਨ ਜਾਇ ਖਿਨੀ ॥੧॥

ਆਪਣੇ ਪਿਆਰੇ ਸੁਆਮੀ ਨੂੰ ਭੇਟਣ ਲਈ ਮੇਰੇ ਚਿੱਤ ਵਿੱਚ ਉਮੰਗ ਉਤਪੰਨ ਹੋ ਗਈ ਹੈ। ਉਸ ਦਾ ਬਾਝੋਂ ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।

ਅਨਿਕ ਭਗਤ ਅਨਿਕ ਜਨ ਤਾਰੇ; ਸਿਮਰਹਿ ਅਨਿਕ ਮੁਨੀ ॥

ਤੈਂ, ਹੇ ਸੁਆਮੀ! ਅਨੇਕਾਂ ਹੀ ਸ਼ਰਧਾਲੂਆਂ ਅਤੇ ਅਨੇਕਾਂ ਹੀ ਸੰਤਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ ਅਤੇ ਤੇਰਾ ਆਰਾਧਨ ਕਰਦੇ ਹਨ ਕ੍ਰੋੜਾਂ ਹੀ ਖਾਮੋਸ਼ ਰਿਸ਼ੀ।

ਅੰਧੁਲੇ ਟਿਕ ਨਿਰਧਨ ਧਨੁ ਪਾਇਓ; ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥

ਨਾਨਕ ਨੇ ਅਣਗਿਣਤ ਨੇਕੀਆਂ ਵਾਲੇ ਸਾਹਿਬ ਨੂੰ ਪਰਾਪਤ ਕਰ ਲਿਆ ਹੈ ਜੋ ਅੰਨ੍ਹੇ ਦਾ ਆਸਰਾ ਅਤੇ ਗਰੀਬ ਦੀ ਦੌਲਤ ਹੈ।


ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ

ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ। ਪੜਤਾਲ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮੋਹਨ! ਨੀਦ ਨ ਆਵੈ ਹਾਵੈ; ਹਾਰ ਕਜਰ ਬਸਤ੍ਰ ਅਭਰਨ ਕੀਨੇ ॥

ਹੇ ਮੈਨੂੰ ਮੋਹ ਲੈਣ ਵਾਲੇ! ਮੈਨੂੰ ਨੀਂਦਰ ਨਹੀਂ ਪੈਂਦੀ ਅਤੇ ਮੈਂ ਹਉਕੇ ਭਰਦੀ ਰਹਿੰਦੀ ਹਾਂ। ਮੈਂ ਹਾਰਾਂ, ਪੁਸ਼ਾਕਾਂ, ਗਹਿਣਿਆਂ ਅਤੇ ਆਪਣੀਆਂ ਅੱਖਾਂ ਵਿੱਚ ਸੁਰਮੇ ਨਾਲ ਸੁਰਮੇ ਨਾਲ ਸ਼ਿੰਗਾਰੀ ਹੋਈ ਹਾਂ।

ਉਡੀਨੀ ਉਡੀਨੀ ਉਡੀਨੀ ॥

ਕਿੰਨੀ ਸ਼ੋਕਵਾਨ, ਸ਼ੋਕਵਾਨ ਸ਼ੋਕਵਾਨ ਮੈਂ ਹਾਂ,

ਕਬ ਘਰਿ ਆਵੈ ਰੀ ॥੧॥ ਰਹਾਉ ॥

ਨੀ ਮੇਰਾ ਪ੍ਰੀਤਮ ਕਦ ਘਰ ਆਏਗਾ? ਠਹਿਰਾਉ।

ਸਰਨਿ ਸੁਹਾਗਨਿ, ਚਰਨ ਸੀਸੁ ਧਰਿ ॥

ਮੈਂ ਪਵਿੱਤਰ ਪਤਨੀਆਂ ਦਾ ਪਨਾਹ ਲੋੜਦੀ ਹਾਂ ਅਤੇ ਆਪਣਾ ਸਿਰ ਉਨ੍ਹਾਂ ਦੇ ਪੇਰਾਂ ਉਤੇ ਰੱਖਦੀ ਹਾਂ।

ਲਾਲਨੁ ਮੋਹਿ ਮਿਲਾਵਹੁ ॥

ਹੇ ਸਤਿਵੰਤੀ ਪਤਨੀਓ! ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿਓ।

ਕਬ ਘਰਿ ਆਵੈ ਰੀ ॥੧॥

ਨੀ ਉਹ ਮੇਰੇ ਧਾਮ ਅੰਦਰ ਕਦ ਆਏਗਾ?

ਸੁਨਹੁ ਸਹੇਰੀ! ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ; ਤਉ ਘਰ ਹੀ ਲਾਲਨੁ ਪਾਵਹੁ ॥

ਤੂੰ ਸੁਣ ਏ ਸਹੇਲੀਏ! ਮੈਨੂੰ ਆਪਣੇ ਪ੍ਰੀਤਮ ਨੂੰ ਮਿਲਣ ਦਾ ਸਮਾਚਾਰ (ਮਾਰਗ) ਦੱਸ। ਤੂੰ ਆਪਣੇ ਰਾਹੀਂ ਸਵੈ-ਹੰਗਤਾ ਨਵਿਰਤ ਕਰ ਕੇ, ਤਦ ਤੂੰ ਆਪਣੇ ਘਰ ਅੰਤਰ ਹੀ ਆਪਣੇ ਪਿਆਰੇ ਨੂੰ ਪਾ ਲਵੇਂਗੀ।

ਤਬ, ਰਸ ਮੰਗਲ ਗੁਨ ਗਾਵਹੁ ॥

ਤਦ ਤੂੰ ਖੁਸ਼ੀ ਨਾਲ ਪਰਸੰਨਤਾ ਅਤੇ ਉਸਤਤੀ ਦੀ ਗੀਤ ਗਾਇਨ ਕਰੇਂਗੀ।

ਆਨਦ ਰੂਪ, ਧਿਆਵਹੁ ॥

ਤੂੰ ਪਰਸੰਨਤਾ ਦੇ ਪੁੰਜ ਵਾਹਿਗੁਰੂ ਦਾ ਸਿਮਰਨ ਕਰ।

ਨਾਨਕੁ, ਦੁਆਰੈ ਆਇਓ ॥

ਜਦ ਨਾਨਕ ਪ੍ਰਭੂ ਦੇ ਬੂਹੇ ਤੇ ਆਇਆ,

ਤਉ, ਮੈ ਲਾਲਨੁ ਪਾਇਓ ਰੀ ॥੨॥

ਤਦ ਉਸ ਨੇ ਆਪਣੇ ਦਿਲਬਰ ਨੂੰ ਪਰਾਪਤ ਕਰ ਲਿਆ ਹੈ।

ਮੋਹਨ, ਰੂਪੁ ਦਿਖਾਵੈ ॥

ਦਿਲ ਮੋਹ ਲੈਣ ਵਾਲੇ ਨੇ ਮਨੂੰ ਆਪਣਾ ਦਰਸ਼ਨ ਵਿਖਾਲ ਦਿੱਤਾ ਹੈ।

ਅਬ, ਮੋਹਿ ਨੀਦ ਸੁਹਾਵੈ ॥

ਹੁਣ ਨੀਂਦਰ ਮੈਨੂੰ ਮਿੱਠੀ ਲੱਗਦੀ ਹੈ।

ਸਭ ਮੇਰੀ ਤਿਖਾ ਬੁਝਾਨੀ ॥

ਮੇਰੀ ਤ੍ਰਿਹ ਪੂਰੀ ਤਰ੍ਹਾਂ ਬੁੱਝ ਗਈ ਹੈ।

ਅਬ ਮੈ ਸਹਜਿ ਸਮਾਨੀ ॥

ਹੁਣ ਮੈਂ ਬੈਕੁੰਠੀ ਆਨੰਦ ਅੰਦਰ ਲੀਨ ਹੋ ਗਈ ਹਾਂ।

ਮੀਠੀ, ਪਿਰਹਿ ਕਹਾਨੀ ॥

ਮਿੱਠੜੀ ਹੇ ਮੇਰੇ ਕੰਤ ਦੀ ਵਾਰਤਾ।

ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥

ਮੈਂ ਆਪਣੇ ਮਨਮੋਹਨ ਦਿਲਜਾਨੀ ਨੂੰ ਪਰਾਪਤ ਹੋ ਗਈ ਹਾਂ। ਠਹਿਰਾਉ ਦੂਜਾ।


ਬਿਲਾਵਲੁ ਮਹਲਾ ੫ ॥

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮੋਰੀ ਅਹੰ ਜਾਇ, ਦਰਸਨ ਪਾਵਤ ਹੇ ॥

ਸੁਆਮੀ ਦਾ ਦੀਦਾਰ ਪਾਉਣ ਦੁਆਰਾ ਮੇਰੀ ਹੰਗਤਾ ਦੂਰ ਹੋ ਗਈ ਹੈ।

ਰਾਚਹੁ ਨਾਥ ਹੀ, ਸਹਾਈ ਸੰਤਨਾ ॥

ਮੈਂ ਸਾਧੂਆਂ ਦੇ ਮਦਦਗਾਰ, ਆਪਣੇ ਸਾਈਂ ਅੰਦਰ ਲੀਨ ਹਾਂ,

ਅਬ ਚਰਨ ਗਹੇ ॥੧॥ ਰਹਾਉ ॥

ਮੈਂ ਹੁਣ ਆਪਣੇ ਵਾਹਿਗੁਰੂ ਦੇ ਪੈਰ ਪਕੜ ਲਏ ਹਨ। ਠਹਿਰਾਉ।

ਆਹੇ ਮਨ ਅਵਰੁ ਨ ਭਾਵੈ, ਚਰਨਾਵੈ ਚਰਨਾਵੈ; ਉਲਝਿਓ ਅਲਿ, ਮਕਰੰਦ ਕਮਲ ਜਿਉ ॥

ਮੇਰੀ ਜਿੰਦੜੀ ਉਸ ਨੂੰ ਚਾਹੁੰਦੀ ਹੈ ਅਤੇ ਹੋਰ ਕਿਸੇ ਨੂੰ ਪਿਆਰ ਨਹੀਂ ਕਰਦੀ। ਜਿਵੇਂ ਭਾਉਰਾ ਕੰਵਲ ਦੇ ਸ਼ਹਿਦ ਨਾਲ ਚਿਮੜਿਆ ਹੋਇਆ ਹੈ, ਇਸੇ ਤਰ੍ਹਾਂ ਹੀ ਮੇਰੀ ਜਿੰਦੜੀ ਸੁਆਮੀ ਦੇ ਪੈਰਾਂ, ਪੈਰਾਂ ਨਾਲ ਘਿਓ-ਖਿਚੜੀ ਹੋਈ ਹੋਈ ਹੈ।

ਅਨ ਰਸ ਨਹੀ ਚਾਹੈ, ਏਕੈ ਹਰਿ ਲਾਹੈ ॥੧॥

ਇਹ ਹੋਰ ਕੋਈ ਸੁਆਦ ਨਹੀਂ ਚਾਹੁੰਦੀ, ਕੇਵਲ ਇਕ ਪ੍ਰਭੂ ਨੂੰ ਹੀ ਭਾਲਦੀ ਹੈ।

ਅਨ ਤੇ ਟੂਟੀਐ, ਰਿਖ ਤੇ ਛੂਟੀਐ ॥

ਹੋਰਸ ਨਾਲੋਂ ਤੋੜ ਵਿਛੋੜੀ ਕਰ ਕੇ, ਪ੍ਰਾਣੀ ਜਮਦੂਤ ਦੇ ਪੰਜੇ ਤੋਂ ਛੁਟਕਾਰਾ ਪਾ ਜਾਂਦਾ ਹੈ।

ਮਨ ਹਰਿ ਰਸ ਘੂਟੀਐ, ਸੰਗਿ ਸਾਧੂ ਉਲਟੀਐ ॥

ਦੁਨੀਆਂ ਵੱਲੋਂ ਉਲਟ ਕੇ, ਹੇ ਬੰਦੇ! ਸਤਿ ਸੰਗਤ ਅੰਦਰ ਸੁਆਮੀ ਦਾ ਅੰਮ੍ਰਿਤ ਪਾਨ ਕਰ।

ਅਨ ਨਾਹੀ ਨਾਹੀ ਰੇ ॥

ਪ੍ਰਭੂ ਦੇ ਬਾਝੋਂ ਹੋਰਸ ਕੋਈ ਨਹੀਂ ਅਸਲੋਂ ਹੀ ਨਹੀਂ ਹੇ ਪ੍ਰਾਣੀ!

ਨਾਨਕ, ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥

ਇਸ ਲਈ ਤੂੰ ਪ੍ਰਭੂ ਦੇ ਚਰਨਾਂ, ਚਰਨਾਂ ਨਾਲ ਪਿਰਹੜੀ ਪਾ, ਗੁਰੂ ਜੀ ਫੁਰਮਾਉਂਦੇ ਹਨ।


ਰਾਗੁ ਬਿਲਾਵਲੁ ਮਹਲਾ ੯ ਦੁਪਦੇ

ਰਾਗ ਬਿਲਾਵਲ। ਨੌਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਦੁਖ ਹਰਤਾ, ਹਰਿ ਨਾਮੁ ਪਛਾਨੋ ॥

ਤੂੰ ਅਠੁਭਵ ਕਰ ਲੈ ਕਿ ਪ੍ਰਭੂ ਦਾ ਨਾਮ ਦਰਦ ਦੂਰ ਕਰਨ ਵਾਲਾ ਹੈ।

ਅਜਾਮਲੁ ਗਨਿਕਾ ਜਿਹ ਸਿਮਰਤ; ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥

ਜਿਸ ਦਾ ਚਿੰਤਨ ਕਰਨ ਦੁਆਰਾ ਅਜਾਮਲ ਤੇ ਵੇਸਵਾ ਮੁਕਤ ਹੋ ਗਏ ਸਨ, ਤੂੰ ਇਸ ਨੂੰ ਆਪਣੇ ਚਿੱਤ ਅੰਦਰ ਸਮਝ ਲੈ। ਠਹਿਰਾਉ।

ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ; ਜਬ ਹੀ ਰਾਮੁ ਬਖਾਨੋ ॥

ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਸਾਰ ਹੀ ਹਾਥੀ ਦਾ ਡਰ ਇਕ ਨਿਮਖ ਵਿੱਚ ਦੂਰ ਹੋ ਗਿਆ।

ਨਾਰਦ ਕਹਤ ਸੁਨਤ ਧ੍ਰੂਅ ਬਾਰਿਕ; ਭਜਨ ਮਾਹਿ ਲਪਟਾਨੋ ॥੧॥

ਨਾਰਦ ਦੇ ਉਪਦੇਸ਼ ਤੂੰ ਸੁਣ ਕੇ, ਬੱਚਾ ਧ੍ਰੂ ਸਿਮਰਨ ਅੰਦਰ ਲੀਨ ਹੋ ਗਿਆ ਹੈ।

ਅਚਲ ਅਮਰ ਨਿਰਭੈ ਪਦੁ ਪਾਇਓ; ਜਗਤ ਜਾਹਿ ਹੈਰਾਨੋ ॥

ਉਸ ਨੂੰ ਅਹਿੱਲ, ਅਬਿਨਾਸੀ ਅਤੇ ਡਰ-ਰਹਿਤ ਮਰਤਬਾ ਪਰਾਪਤ ਹੋ ਗਿਆ, ਜਿਸ ਤੇ ਸੰਸਾਰ ਚਕ੍ਰਿਤ ਹੋ ਗਿਆ।

ਨਾਨਕ ਕਹਤ, ਭਗਤ ਰਛਕ ਹਰਿ; ਨਿਕਟਿ ਤਾਹਿ ਤੁਮ ਮਾਨੋ ॥੨॥੧॥

ਗੁਰੂ ਜੀ ਆਖਦੇ ਹਨ, ਵਾਹਿਗੁਰੂ ਆਪਣੇ ਸੰਤਾਂਦਾ ਰੱਖਿਅਕ ਹੈ। ਤੂੰ ਉਸ ਨੂੰ ਆਪਣੇ ਨਜਦੀਕ ਹੀ ਤਸਲੀਮ ਕਰ।


ਬਿਲਾਵਲੁ ਮਹਲਾ ੯ ॥

ਬਿਲਾਵਲ ਨੌਵੀਂ ਪਾਤਿਸ਼ਾਹੀ।

ਹਰਿ ਕੇ ਨਾਮ ਬਿਨਾ, ਦੁਖੁ ਪਾਵੈ ॥

ਵਾਹਿਗੁਰੂ ਦੇ ਨਾਮ ਦੇ ਬਾਝੋਂ ਤੂੰ ਤਕਲੀਫ ਉਠਾਵੇਂਗਾ।

ਭਗਤਿ ਬਿਨਾ ਸਹਸਾ ਨਹ ਚੂਕੈ; ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥

ਸਿਰਮਨ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦਾ। ਗੁਰੂ ਜੀ ਇਹ ਭੇਤ ਦਰਸਾਉਂਦੇ ਹਨ। ਠਹਿਰਾਉ।

ਕਹਾ ਭਇਓ ਤੀਰਥ ਬ੍ਰਤ ਕੀਏ; ਰਾਮ ਸਰਨਿ ਨਹੀ ਆਵੈ ॥

ਕੀ ਲਾਭ ਹੈ ਧਰਮ ਅਸਥਾਨਾਂ ਦੀਆਂ ਯਾਤ੍ਰਾਵਾਂ ਅਤੇ ਫਰਤਾਂ ਦਾ, ਜੇਕਰ ਇਨਸਾਨ ਪ੍ਰਭੂ ਦੀ ਪਨਾਹ ਨਹੀਂ ਲੈਂਦਾ।

ਜੋਗ ਜਗ ਨਿਹਫਲ ਤਿਹ ਮਾਨਉ; ਜੋ ਪ੍ਰਭ ਜਸੁ ਬਿਸਰਾਵੈ ॥੧॥

ਮੰਨ ਲੈ ਕਿ ਉਸ ਦੇ ਯੋਗ ਦੇ ਸਾਧਨ ਅਤੇ ਸਦਾ ਵਰਤ ਨਿਸਫਲ ਹਨ, ਜੋ ਸਾਈਂ ਦੀ ਕੀਰਤੀ ਨੂੰ ਭੁਲਾ ਦਿੰਦੇ ਹਨ।

ਮਾਨ ਮੋਹ ਦੋਨੋ ਕਉ ਪਰਹਰਿ; ਗੋਬਿੰਦ ਕੇ ਗੁਨ ਗਾਵੈ ॥

ਜੋ ਆਪਣੀ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਦੋਨਾਂ ਨੂੰ ਛੱਡ ਕੇ, ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ।

ਕਹੁ ਨਾਨਕ, ਇਹ ਬਿਧਿ ਕੋ ਪ੍ਰਾਨੀ; ਜੀਵਨ ਮੁਕਤਿ ਕਹਾਵੈ ॥੨॥੨॥

ਗੁਰੂ ਜੀ ਆਖਦੇ ਹਨ, ਇਸ ਕਿਸਮ ਦਾ ਜੀਵ, ਜੀਉਂਦੇ ਜੀ ਮੁਕਤੀ ਨੂੰ ਪਰਾਪਤ ਹੋਇਆ ਹੋਇਆ ਆਖਿਆ ਜਾਂਦਾ ਹੈ।


ਬਿਲਾਵਲੁ ਮਹਲਾ ੯ ॥

ਬਿਲਾਵਲ ਨੌਵੀਂ ਪਾਤਿਸ਼ਾਹੀ।

ਜਾ ਮੈ, ਭਜਨੁ ਰਾਮ ਕੋ ਨਾਹੀ ॥

ਜਿਸ ਦੇ ਅੰਦਰ ਸੁਆਮੀ ਦਾ ਸਿਮਰਨ ਨਹੀਂ,

ਤਿਹ ਨਰ ਜਨਮੁ ਅਕਾਰਥੁ ਖੋਇਆ; ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥

ਉਹ ਇਨਸਾਨ ਆਪਣਾ ਜੀਵਨ ਬੇਫਾਇਦਾ ਗੁਆ ਲੈਂਦਾ ਹੈ। ਇਸ ਗੱਲ ਨੂੰ ਆਪਣੇ ਚਿੱਤ ਅੰਦਰ ਟਿਕਾ ਲੈ। ਠਹਿਰਾਉ।

ਤੀਰਥ ਕਰੈ ਬ੍ਰਤ ਫੁਨਿ ਰਾਖੈ; ਨਹ ਮਨੂਆ ਬਸਿ ਜਾ ਕੋ ॥

ਜੋ ਧਰਮ ਅਸਥਾਨਾਂ ਤੇ ਨ੍ਹਾਉਂਦਾ ਹੈ ਅਤੇ ਵਰਤ ਰੱਖਦਾ ਹੈ ਪ੍ਰੰਤੂ ਜਿਸ ਦਾ ਮਨ ਉਸ ਦੇ ਕਾਬੂ ਵਚ ਨਹੀਂ।

ਨਿਹਫਲ ਧਰਮੁ ਤਾਹਿ ਤੁਮ ਮਾਨਹੁ; ਸਾਚੁ ਕਹਤ ਮੈ ਯਾ ਕਉ ॥੧॥

ਤੂੰ ਯਕੀਨ ਕਰ ਲੈ ਕਿ ਉਸ ਦਾ ਈਮਾਨ ਉਸ ਦੇ ਕਿਸੇ ਲਾਭ ਦਾ ਨਹੀਂ। ਮੈਂ ਉਸ ਦੇ ਭਲੇ ਲਈ ਨਿਰੋਲ ਸੱਚ ਆਖਦਾ ਹਾਂ।

ਜੈਸੇ ਪਾਹਨੁ ਜਲ ਮਹਿ ਰਾਖਿਓ; ਭੇਦੈ ਨਾਹਿ ਤਿਹ ਪਾਨੀ ॥

ਜਿਸ ਤਰ੍ਹਾਂ ਪੱਥਰ ਪਾਣੀ ਵਿੱਚ ਡਬੋ ਕੇ ਰੱਖਿਆ ਜਾਂਦਾ ਹੈ, ਪ੍ਰੁੰਤੂ ਪਾਣੀ ਉਸ ਅੰਦਰ ਪ੍ਰਵੇਸ਼ ਨਹੀਂ ਕਰਦਾ।

ਤੈਸੇ ਹੀ ਤੁਮ ਤਾਹਿ ਪਛਾਨਹੁ; ਭਗਤਿ ਹੀਨ ਜੋ ਪ੍ਰਾਨੀ ॥੨॥

ਉਸੇ ਤਰ੍ਹਾਂ ਦਾ ਹੀ ਤੂੰ ਉਸ ਜੀਵ ਨੂੰ ਜਾਣ ਲੈ ਜਿਹੜਾ ਪ੍ਰਭੂ ਦੀ ਪ੍ਰੇਮ-ਮਈ ਦੇ ਬਗੈਰ ਹੈ।

ਕਲ ਮੈ ਮੁਕਤਿ ਨਾਮ ਤੇ ਪਾਵਤ; ਗੁਰੁ ਯਹ ਭੇਦੁ ਬਤਾਵੈ ॥

ਕਲਯੁੱਗ ਵਿੱਚ ਮੁਕਤੀ ਸਾਈਂ ਦੇ ਨਾਮ ਦੇ ਰਾਹੀਂ ਪਰਾਪਤ ਹੁੰਦੀ ਹੈ। ਗੁਰੂ ਜੀ ਇਹ ਭੇਤ ਦਰਸਾਉਂਦੇ ਹਨ।

ਕਹੁ ਨਾਨਕ, ਸੋਈ ਨਰੁ ਗਰੂਆ; ਜੋ ਪ੍ਰਭ ਕੇ ਗੁਨ ਗਾਵੈ ॥੩॥੩॥

ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹੀ ਵੱਡਾ ਇਨਸਾਨ ਹੈ, ਜਿਹੜਾ ਸਾਈਂ ਦੀਆਂ ਸਿਫਤਾਂ ਗਾਇਨ ਕਰਦਾ ਹੈ।

1
2
3
4
5
6