ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Guru Nanak Dev ji (Mahalla 1) – Slok Bani Quotes Shabad Path in Punjabi Gurbani
ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Guru Nanak Dev ji (Mahalla 1) – Slok Bani Quotes Shabad Path in Punjabi Gurbani
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
॥ ਜਪੁ ॥
‘ਜਪੁ’ ਬਾਣੀ ਦਾ ਨਾਮ ਹੈ।
ਆਦਿ ਸਚੁ ਜੁਗਾਦਿ ਸਚੁ ॥
ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ।
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਹੇ ਨਾਨਕ! ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ ॥੧॥
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ।
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ।
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ?
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ॥੧॥
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ।
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ ‘ਤੇ) ਸ਼ੋਭਾ ਮਿਲਦੀ ਹੈ।
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ।
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ।
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ॥੨॥
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥
ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ)।
ਗਾਵੈ ਕੋ ਦਾਤਿ ਜਾਣੈ ਨੀਸਾਣੁ ॥
ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ, (ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ) ਨਿਸ਼ਾਨ ਸਮਝਦਾ ਹੈ।
ਗਾਵੈ ਕੋ ਗੁਣ ਵਡਿਆਈਆ ਚਾਰ ॥
ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ।
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
ਕੋਈ ਮਨੁੱਖ ਵਿੱਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ (ਭਾਵ, ਸ਼ਾਸਤਰ ਆਦਿਕ ਦੁਆਰਾ ਆਤਮਕ ਫ਼ਿਲਾਸਫ਼ੀ ਦੇ ਔਖੇ ਵਿਸ਼ਿਆਂ ‘ਤੇ ਵਿਚਾਰ ਕਰਦਾ ਹੈ)।
ਗਾਵੈ ਕੋ ਸਾਜਿ ਕਰੇ ਤਨੁ ਖੇਹ ॥
ਕੋਈ ਮਨੁੱਖ ਇਉਂ ਗਾਉਂਦਾ ਹੈ, ‘ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ’।
ਗਾਵੈ ਕੋ ਜੀਅ ਲੈ ਫਿਰਿ ਦੇਹ ॥
ਕੋਈ ਇਉਂ ਗਾਉਂਦਾ ਹੈ, ‘ਹਰੀ (ਸਰੀਰਾਂ ਵਿਚੋਂ) ਜਿੰਦਾਂ ਕੱਢ ਕੇ ਫਿਰ (ਦੂਜੇ ਸਰੀਰਾਂ ਵਿਚ) ਪਾ ਦੇਂਦਾ ਹੈ’।
ਗਾਵੈ ਕੋ ਜਾਪੈ ਦਿਸੈ ਦੂਰਿ ॥
ਕੋਈ ਮਨੁੱਖ ਆਖਦਾ ਹੈ, ‘ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿੱਸਦਾ ਹੈ’;
ਗਾਵੈ ਕੋ ਵੇਖੈ ਹਾਦਰਾ ਹਦੂਰਿ ॥
ਪਰ ਕੋਈ ਆਖਦਾ ਹੈ, ‘(ਨਹੀਂ, ਨੇੜੇ ਹੈ), ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ’।
ਕਥਨਾ ਕਥੀ ਨ ਆਵੈ ਤੋਟਿ ॥
ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ);
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥
ਭਾਵੇਂ ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ।
ਦੇਦਾ ਦੇ ਲੈਦੇ ਥਕਿ ਪਾਹਿ ॥
ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ।
ਜੁਗਾ ਜੁਗੰਤਰਿ ਖਾਹੀ ਖਾਹਿ ॥
(ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ। ***
ਹੁਕਮੀ ਹੁਕਮੁ ਚਲਾਏ ਰਾਹੁ ॥
ਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ।
ਨਾਨਕ ਵਿਗਸੈ ਵੇਪਰਵਾਹੁ ॥੩॥
ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ ॥੩॥
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ’। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
(ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ?
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
(ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ ‘ਸਿਫਤਿ’ ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥
ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ ॥੪॥
ਥਾਪਿਆ ਨ ਜਾਇ ਕੀਤਾ ਨ ਹੋਇ ॥
ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।
ਆਪੇ ਆਪਿ ਨਿਰੰਜਨੁ ਸੋਇ ॥
ਉਹ ਨਿਰੋਲ ਆਪ ਹੀ ਆਪ ਹੈ। ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ।
ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ।
ਨਾਨਕ ਗਾਵੀਐ ਗੁਣੀ ਨਿਧਾਨੁ ॥
ਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ-ਸਾਲਾਹ ਕਰੀਏ।
ਗਾਵੀਐ ਸੁਣੀਐ ਮਨਿ ਰਖੀਐ ਭਾਉ ॥
(ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ।
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
(ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ।
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ।
ਗੁਰਾ ਇਕ ਦੇਹਿ ਬੁਝਾਈ ॥
(ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇਕ ਸਮਝ ਦੇਹ,
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ ॥੫॥
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥
ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ?
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ)।
ਗੁਰਾ ਇਕ ਦੇਹਿ ਬੁਝਾਈ ॥
(ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ,
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥੬॥
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਹੋ ਜਾਏ, (ਨਿਰੀ ਇਤਨੀ ਹੀ ਨਹੀਂ, ਸਗੋਂ ਜੇ) ਇਸ ਤੋਂ ਭੀ ਦਸ ਗੁਣੀ ਹੋਰ (ਉਮਰ) ਹੋ ਜਾਏ,
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ,
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
(ਪਰ) ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿਚ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖ਼ਬਰ ਭੀ ਨਹੀਂ ਪੁੱਛਦਾ (ਭਾਵ, ਇਤਨੀ ਮਾਣ ਵਡਿਆਈ ਵਾਲਾ ਹੁੰਦਿਆਂ ਭੀ ਅਸਲ ਵਿਚ ਨਿਆਸਰਾ ਹੀ ਹੈ)।
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥
(ਸਗੋਂ ਅਜਿਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ) ਇਕ ਮਮੂਲੀ ਜਿਹਾ ਕੀੜਾ ਹੈ (“ਖਸਮੈ ਨਦਰੀ ਕੀੜਾ ਆਵੈ” ਆਸਾ ਮ: ੧) ਅਕਾਲ ਪੁਰਖ ਉਸ ਨੂੰ ਦੋਸੀ ਥਾਪ ਕੇ (ਉਸ ਉੱਤੇ ਨਾਮ ਨੂੰ ਭੁੱਲਣ ਦਾ) ਦੋਸ਼ ਲਾਉਂਦਾ ਹੈ।
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥
ਹੇ ਨਾਨਕ! ਉਹ ਅਕਾਲ ਪੁਰਖ ਗੁਣ-ਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦੇਂਦਾ ਹੈ ਤੇ ਗੁਣੀ ਮਨੁੱਖਾਂ ਨੂੰ ਭੀ ਗੁਣ ਉਹੀ ਬਖ਼ਸ਼ਦਾ ਹੈ।
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥
ਇਹੋ ਜਿਹਾ ਕੋਈ ਹੋਰ ਨਹੀਂ ਦਿੱਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। (ਭਾਵ ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ) ॥੭॥
ਸੁਣਿਐ ਸਿਧ ਪੀਰ ਸੁਰਿ ਨਾਥ ॥
ਇਹ ਨਾਮ ਹਿਰਦੇ ਵਿਚ ਟਿਕਣ ਦੀ ਹੀ ਬਰਕਤਿ ਹੈ ਕਿ ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਸਾਧਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ
ਸੁਣਿਐ ਧਰਤਿ ਧਵਲ ਆਕਾਸ ॥
ਤੇ ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ,
ਸੁਣਿਐ ਦੀਪ ਲੋਅ ਪਾਤਾਲ ॥
ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਸੋਝੀ ਪੈਂਦੀ ਹੈ ਕਿ ਵਾਹਿਗੁਰੂ ਜੋ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈ
ਸੁਣਿਐ ਪੋਹਿ ਨ ਸਕੈ ਕਾਲੁ ॥
(ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਵਾਲੇ ਮਨੁੱਖ ਕਾਲ ਵੀ ਨਹੀਂ ਪੋਂਹਦਾ ਭਾਵ ਉਨ੍ਹਾਂ ਨੂੰ ਮੌਤ ਨਹੀਂ ਡਰਾ ਸਕਦੀ)
ਨਾਨਕ ਭਗਤਾ ਸਦਾ ਵਿਗਾਸੁ ॥
ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,
ਸੁਣਿਐ ਦੂਖ ਪਾਪ ਕਾ ਨਾਸੁ ॥੮॥
(ਕਿੳਂਕਿ) ਉਸ ਦੀ ਸਿਫ਼ਤ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੮॥
ਸੁਣਿਐ ਈਸਰੁ ਬਰਮਾ ਇੰਦੁ ॥
ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ ‘ਤੇ ਅੱਪੜ ਜਾਂਦਾ ਹੈ,
ਸੁਣਿਐ ਮੁਖਿ ਸਾਲਾਹਣ ਮੰਦੁ ॥
ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ,
ਸੁਣਿਐ ਜੋਗ ਜੁਗਤਿ ਤਨਿ ਭੇਦ ॥
(ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ,
ਸੁਣਿਐ ਸਾਸਤ ਸਿਮ੍ਰਿਤਿ ਵੇਦ ॥
ਪ੍ਰਭੂ-ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿਚ ਨਹੀਂ ਪਹੁੰਚਦੇ, ਜਿਸ ਜਜ਼ਬੇ ਵਿਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ)
ਨਾਨਕ ਭਗਤਾ ਸਦਾ ਵਿਗਾਸੁ ॥
ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ;
ਸੁਣਿਐ ਦੂਖ ਪਾਪ ਕਾ ਨਾਸੁ ॥੯॥
(ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ॥੯॥
ਸੁਣਿਐ ਸਤੁ ਸੰਤੋਖੁ ਗਿਆਨੁ ॥
ਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ), ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ,
ਸੁਣਿਐ ਅਠਸਠਿ ਕਾ ਇਸਨਾਨੁ ॥
ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿਚ ਹੀ ਆ ਜਾਂਦੇ ਹਨ)।
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਜੋ ਸਤਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਂਦੇ ਹਨ, ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਮਿਲ ਜਾਂਦਾ ਹੈ।
ਸੁਣਿਐ ਲਾਗੈ ਸਹਜਿ ਧਿਆਨੁ ॥
ਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ।
ਨਾਨਕ ਭਗਤਾ ਸਦਾ ਵਿਗਾਸੁ ॥
ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,
ਸੁਣਿਐ ਦੂਖ ਪਾਪ ਕਾ ਨਾਸੁ ॥੧੦॥
(ਕਿਉਂਕਿ) ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਮਨੁੱਖ ਦੇ) ਦੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੦॥
ਸੁਣਿਐ ਸਰਾ ਗੁਣਾ ਕੇ ਗਾਹ ॥
ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਨਾਲ (ਸਾਧਾਰਨ ਮਨੁੱਖ) ਬੇਅੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਹਨ,
ਸੁਣਿਐ ਸੇਖ ਪੀਰ ਪਾਤਿਸਾਹ ॥
ਅਤੇ ਸ਼ੇਖ ਪੀਰ ਤੇ ਪਾਤਿਸ਼ਾਹਾਂ ਦੀ ਪਦਵੀ ਪਾ ਲੈਂਦੇ ਹਨ।
ਸੁਣਿਐ ਅੰਧੇ ਪਾਵਹਿ ਰਾਹੁ ॥
ਇਹ ਨਾਮ ਸੁਣਨ ਦੀ ਹੀ ਬਰਕਤਿ ਹੈ ਕਿ ਅੰਨ੍ਹੇ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ।
ਸੁਣਿਐ ਹਾਥ ਹੋਵੈ ਅਸਗਾਹੁ ॥
ਅਕਾਲ ਪੁਰਖ ਦੇ ਨਾਮ ਵਿਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ।
ਨਾਨਕ ਭਗਤਾ ਸਦਾ ਵਿਗਾਸੁ ॥
ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,
ਸੁਣਿਐ ਦੂਖ ਪਾਪ ਕਾ ਨਾਸੁ ॥੧੧॥
(ਕਿਉਂਕਿ) ਅਕਾਲ ਪੁਰਖ ਦਾ ਨਾਮ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੧॥
ਮੰਨੇ ਕੀ ਗਤਿ ਕਹੀ ਨ ਜਾਇ ॥
ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ)।
ਜੇ ਕੋ ਕਹੈ ਪਿਛੈ ਪਛੁਤਾਇ ॥
ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ)।
ਕਾਗਦਿ ਕਲਮ ਨ ਲਿਖਣਹਾਰੁ ॥
(ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ,
ਮੰਨੇ ਕਾ ਬਹਿ ਕਰਨਿ ਵੀਚਾਰੁ ॥
(ਭਾਵੇਂ ਕਿ ਮਨੁੱਖ) ਰਲ ਕੇ ਉਸ ਦਾ ਅੰਦਾਜ਼ਾ ਲਾਂਦੇ ਲਾਉਣ ਬਾਬਤ ਵੀਚਾਰ (ਜ਼ਰੂਰ) ਕਰਦੇ ਹਨ।
ਐਸਾ ਨਾਮੁ ਨਿਰੰਜਨੁ ਹੋਇ ॥
ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ)
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ॥੧੨॥
ਮੰਨੈ ਸੁਰਤਿ ਹੋਵੈ ਮਨਿ ਬੁਧਿ ॥
ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ)
ਮੰਨੈ ਸਗਲ ਭਵਣ ਕੀ ਸੁਧਿ ॥
ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ।)
ਮੰਨੈ ਮੁਹਿ ਚੋਟਾ ਨਾ ਖਾਇ ॥
ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ),
ਮੰਨੈ ਜਮ ਕੈ ਸਾਥਿ ਨ ਜਾਇ ॥
ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ)।
ਐਸਾ ਨਾਮੁ ਨਿਰੰਜਨੁ ਹੋਇ ॥
ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ),
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥
ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ ॥੧੩॥
ਮੰਨੈ ਮਾਰਗਿ ਠਾਕ ਨ ਪਾਇ ॥
ਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ।
ਮੰਨੈ ਪਤਿ ਸਿਉ ਪਰਗਟੁ ਜਾਇ ॥
ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ।
ਮੰਨੈ ਮਗੁ ਨ ਚਲੈ ਪੰਥੁ ॥
ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ ‘ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ)।
ਮੰਨੈ ਧਰਮ ਸੇਤੀ ਸਨਬੰਧੁ ॥
ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ।
ਐਸਾ ਨਾਮੁ ਨਿਰੰਜਨੁ ਹੋਇ ॥
ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ)
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥
ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ ॥੧੪॥
ਮੰਨੈ ਪਾਵਹਿ ਮੋਖੁ ਦੁਆਰੁ ॥
ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) ‘ਕੂੜ’ ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ।
ਮੰਨੈ ਪਰਵਾਰੈ ਸਾਧਾਰੁ ॥
(ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ।
ਮੰਨੈ ਤਰੈ ਤਾਰੇ ਗੁਰੁ ਸਿਖ ॥
ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ।
ਮੰਨੈ ਨਾਨਕ ਭਵਹਿ ਨ ਭਿਖ ॥
ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ।
ਐਸਾ ਨਾਮੁ ਨਿਰੰਜਨੁ ਹੋਇ ॥
ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ),
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ ॥੧੫॥
ਪੰਚ ਪਰਵਾਣ ਪੰਚ ਪਰਧਾਨੁ ॥
ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸਤੇ ਲਗਨ ਬਣ ਜਾਂਦੀ ਹੈ ਉਹੀ ਮਨੁੱਖ (ਇੱਥੇ ਜਗਤ ਵਿਚ) ਮੰਨੇ-ਪ੍ਰਮੰਨੇ ਰਹਿੰਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ।
ਪੰਚੇ ਪਾਵਹਿ ਦਰਗਹਿ ਮਾਨੁ ॥
ਅਕਾਲ ਪੁਰਖ ਦੀ ਦਰਗਾਹ ਵਿਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ।
ਪੰਚੇ ਸੋਹਹਿ ਦਰਿ ਰਾਜਾਨੁ ॥
ਰਾਜ-ਦਰਬਾਰਾਂ ਵਿਚ ਭੀ ਉਹ ਪਂਚ ਜਨ ਹੀ ਸੋਭਦੇ ਹਨ।
ਪੰਚਾ ਕਾ ਗੁਰੁ ਏਕੁ ਧਿਆਨੁ ॥
ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ)।
ਜੇ ਕੋ ਕਹੈ ਕਰੈ ਵੀਚਾਰੁ ॥
ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ,
ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ) ਪਰ (ਗੁਰ-ਸ਼ਬਦ ਵਿਚ ਜੁੜੇ ਰਹਿਣ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸਿਸ਼੍ਰਟੀ ਦਾ ਅੰਤ ਪਾ ਸਕੇ। ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਹੋ ਹੀ ਨਹੀਂ ਸਕਦਾ)
ਧੌਲੁ ਧਰਮੁ ਦਇਆ ਕਾ ਪੂਤੁ ॥
(ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨਿਯਮ ਹੀ ਬਲਦ ਹੈ (ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ)। (ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ ‘ਧਰਮ’ ਰੂਪ ਨਿਯਮ ਬਣਾ ਦਿੱਤਾ ਹੈ)।
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖੁ ਨੂੰ ਜਨਮ ਦੇ ਦਿੱਤਾ ਹੈ।
ਜੇ ਕੋ ਬੁਝੈ ਹੋਵੈ ਸਚਿਆਰੁ ॥
ਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ।
ਧਵਲੈ ਉਪਰਿ ਕੇਤਾ ਭਾਰੁ ॥
(ਨਹੀਂ ਤਾਂ, ਖ਼ਿਆਲ ਤਾਂ ਕਰੋ ਕਿ) ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ (ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ?)
ਧਰਤੀ ਹੋਰੁ ਪਰੈ ਹੋਰੁ ਹੋਰੁ ॥
(ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੇਠਾਂ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ;
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
(ਇਸੇ ਤਰ੍ਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ?
ਜੀਅ ਜਾਤਿ ਰੰਗਾ ਕੇ ਨਾਵ ॥
(ਸ੍ਰਿਸ਼ਟੀ ਵਿਚ) ਕਈ ਜ਼ਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ।
ਸਭਨਾ ਲਿਖਿਆ ਵੁੜੀ ਕਲਾਮ ॥
ਇਹਨਾਂ ਸਭਨਾਂ ਨੇ ਇਕ-ਤਾਰ ਚਲਦੀ ਕਲਮ ਨਾਲ (ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਲਿਖਿਆ ਹੈ।
ਏਹੁ ਲੇਖਾ ਲਿਖਿ ਜਾਣੈ ਕੋਇ ॥
(ਪਰ) ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ (ਭਾਵ, ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਭੀ ਜੀਵ ਪਾ ਨਹੀਂ ਸਕਦਾ।
ਲੇਖਾ ਲਿਖਿਆ ਕੇਤਾ ਹੋਇ ॥
(ਜੇ) ਲੇਖਾ ਲਿਖਿਆ (ਭੀ ਜਾਏ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ) ਕੇਡਾ ਵੱਡਾ ਹੋ ਜਾਏ।
ਕੇਤਾ ਤਾਣੁ ਸੁਆਲਿਹੁ ਰੂਪੁ ॥
ਅਕਾਲ ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ,
ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਬੇਅੰਤ ਉਸ ਦੀ ਦਾਤ ਹੈ। ਇਸ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ?
ਕੀਤਾ ਪਸਾਉ ਏਕੋ ਕਵਾਉ ॥
(ਅਕਾਲ ਪੁਰਖ ਨੇ) ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ,
ਤਿਸ ਤੇ ਹੋਏ ਲਖ ਦਰੀਆਉ ॥
ਉਸ ਹੁਕਮ ਨਾਲ (ਹੀ ਜ਼ਿੰਦਗੀ ਦੇ) ਲੱਖਾਂ ਦਰੀਆ ਬਣ ਗਏ।
ਕੁਦਰਤਿ ਕਵਣ ਕਹਾ ਵੀਚਾਰੁ ॥
(ਸੋ) ਮੇਰੀ ਕੀਹ ਤਾਕਤ ਹੈ ਕਿ (ਕਰਤਾਰ ਦੀ ਕੁਦਰਤਿ ਦੀ) ਵਿਚਾਰ ਕਰ ਸਕਾਂ?
ਵਾਰਿਆ ਨ ਜਾਵਾ ਏਕ ਵਾਰ ॥
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ।)
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਜੋ ਤੈਨੂੰ ਚੰਗਾ ਲੱਗਦਾ ਹੈ, ਉਹ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।
ਤੂ ਸਦਾ ਸਲਾਮਤਿ ਨਿਰੰਕਾਰ ॥੧੬॥
ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ ॥੧੬॥
ਅਸੰਖ ਜਪ ਅਸੰਖ ਭਾਉ ॥
(ਅਕਾਲ ਪੁਰਖ ਦੀ ਰਚਨਾ ਵਿਚ) ਅਨਗਿਣਤ ਜੀਵ ਜਪ ਕਰਦੇ ਹਨ, ਬੇਅੰਤ ਜੀਵ (ਹੋਰਨਾਂ ਨਾਲ) ਪਿਆਰ (ਦਾ ਵਰਤਾਉ) ਕਰ ਰਹੇ ਹਨ।
ਅਸੰਖ ਪੂਜਾ ਅਸੰਖ ਤਪ ਤਾਉ ॥
ਕਈ ਜੀਵ ਪੂਜਾ ਕਰ ਰਹੇ ਹਨ ਅਤੇ ਅਨਗਿਣਤ ਹੀ ਜੀਵ ਤਪ ਸਾਧ ਰਹੇ ਹਨ।
ਅਸੰਖ ਗਰੰਥ ਮੁਖਿ ਵੇਦ ਪਾਠ ॥
ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ।
ਅਸੰਖ ਜੋਗ ਮਨਿ ਰਹਹਿ ਉਦਾਸ ॥
ਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿਚ (ਮਾਇਆ ਵਲੋਂ) ਉਪਰਾਮ ਰਹਿੰਦੇ ਹਨ।
ਅਸੰਖ ਭਗਤ ਗੁਣ ਗਿਆਨ ਵੀਚਾਰ ॥
(ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ,
ਅਸੰਖ ਸਤੀ ਅਸੰਖ ਦਾਤਾਰ ॥
ਅਨੇਕਾਂ ਹੀ ਦਾਨੀ ਤੇ ਦਾਤੇ ਹਨ।
ਅਸੰਖ ਸੂਰ ਮੁਹ ਭਖ ਸਾਰ ॥
(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ।
ਅਸੰਖ ਮੋਨਿ ਲਿਵ ਲਾਇ ਤਾਰ ॥
ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।
ਕੁਦਰਤਿ ਕਵਣ ਕਹਾ ਵੀਚਾਰੁ ॥
ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ।
ਵਾਰਿਆ ਨ ਜਾਵਾ ਏਕ ਵਾਰ ॥
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ।)
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।
ਤੂ ਸਦਾ ਸਲਾਮਤਿ ਨਿਰੰਕਾਰ ॥੧੭॥
ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ ॥੧੭॥
ਅਸੰਖ ਮੂਰਖ ਅੰਧ ਘੋਰ ॥
(ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ,
ਅਸੰਖ ਚੋਰ ਹਰਾਮਖੋਰ ॥
ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ
ਅਸੰਖ ਅਮਰ ਕਰਿ ਜਾਹਿ ਜੋਰ ॥
ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।
ਅਸੰਖ ਗਲਵਢ ਹਤਿਆ ਕਮਾਹਿ ॥
ਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ
ਅਸੰਖ ਪਾਪੀ ਪਾਪੁ ਕਰਿ ਜਾਹਿ ॥
ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।
ਅਸੰਖ ਕੂੜਿਆਰ ਕੂੜੇ ਫਿਰਾਹਿ ॥
ਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿਚ ਹੀ ਰੁੱਝੇ ਪਏ ਹਨ
ਅਸੰਖ ਮਲੇਛ ਮਲੁ ਭਖਿ ਖਾਹਿ ॥
ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।
ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ।
ਨਾਨਕੁ ਨੀਚੁ ਕਹੈ ਵੀਚਾਰੁ ॥
(ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।
ਵਾਰਿਆ ਨ ਜਾਵਾ ਏਕ ਵਾਰ ॥
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ)।
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ। ਤੇਰੀ ਸਿਫ਼ਤ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ)।
ਤੂ ਸਦਾ ਸਲਾਮਤਿ ਨਿਰੰਕਾਰ ॥੧੮॥
ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ॥੧੮॥
ਅਸੰਖ ਨਾਵ ਅਸੰਖ ਥਾਵ ॥
(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ।
ਅਗੰਮ ਅਗੰਮ ਅਸੰਖ ਲੋਅ ॥
(ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ।
ਅਸੰਖ ਕਹਹਿ ਸਿਰਿ ਭਾਰੁ ਹੋਇ ॥
(ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) ‘ਅਸੰਖ’ (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, ‘ਅਸੰਖ’ ਸ਼ਬਦ ਭੀ ਕਾਫੀ ਨਹੀਂ ਹੈ)।
ਅਖਰੀ ਨਾਮੁ ਅਖਰੀ ਸਾਲਾਹ ॥
(ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ ‘ਅਸੰਖ’ ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ), ਉਸ ਦੀ ਸਿਫ਼ਿਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ।
ਅਖਰੀ ਗਿਆਨੁ ਗੀਤ ਗੁਣ ਗਾਹ ॥
ਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ)। ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ।
ਅਖਰੀ ਲਿਖਣੁ ਬੋਲਣੁ ਬਾਣਿ ॥
ਬੋਲੀ ਦਾ ਲਿਖਣਾ ਤੇ ਬੋਲਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। (ਇਸ ਕਰਕੇ ਸ਼ਬਦ ‘ਅਸੰਖ’ ਵਰਤਿਆ ਗਿਆ ਹੈ।)
ਅਖਰਾ ਸਿਰਿ ਸੰਜੋਗੁ ਵਖਾਣਿ ॥
(ਅੱਖਰਾਂ ਰਾਹੀਂ ਹੀ ਭਾਗਾਂ ਦਾ ਸੰਜੋਗ ਵਖਿਆਨ ਕੀਤਾ ਜਾ ਸਕਦਾ ਹੈ)
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥
(ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ)।
ਜਿਵ ਫੁਰਮਾਏ ਤਿਵ ਤਿਵ ਪਾਹਿ ॥
ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ।
ਜੇਤਾ ਕੀਤਾ ਤੇਤਾ ਨਾਉ ॥
ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ (‘ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ’)।
ਵਿਣੁ ਨਾਵੈ ਨਾਹੀ ਕੋ ਥਾਉ ॥
ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।
ਕੁਦਰਤਿ ਕਵਣ ਕਹਾ ਵੀਚਾਰੁ ॥
ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ?
ਵਾਰਿਆ ਨ ਜਾਵਾ ਏਕ ਵਾਰ ॥
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ)।
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ)।
ਤੂ ਸਦਾ ਸਲਾਮਤਿ ਨਿਰੰਕਾਰ ॥੧੯॥
ਹੇ ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈਂ ॥੧੯॥
ਭਰੀਐ ਹਥੁ ਪੈਰੁ ਤਨੁ ਦੇਹ ॥
ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,
ਪਾਣੀ ਧੋਤੈ ਉਤਰਸੁ ਖੇਹ ॥
ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।
ਮੂਤ ਪਲੀਤੀ ਕਪੜੁ ਹੋਇ ॥
ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ,
ਦੇ ਸਾਬੂਣੁ ਲਈਐ ਓਹੁ ਧੋਇ ॥
ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।
ਭਰੀਐ ਮਤਿ ਪਾਪਾ ਕੈ ਸੰਗਿ ॥
(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,
ਓਹੁ ਧੋਪੈ ਨਾਵੈ ਕੈ ਰੰਗਿ ॥
ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
ਪੁੰਨੀ ਪਾਪੀ ਆਖਣੁ ਨਾਹਿ ॥
ਹੇ ਨਾਨਕ! ‘ਪੁੰਨੀ’ ਜਾਂ ‘ਪਾਪ’ ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ)
ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ।
ਆਪੇ ਬੀਜਿ ਆਪੇ ਹੀ ਖਾਹੁ ॥
ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ।
ਨਾਨਕ ਹੁਕਮੀ ਆਵਹੁ ਜਾਹੁ ॥੨੦॥
(ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੨੦॥
ਤੀਰਥੁ ਤਪੁ ਦਇਆ ਦਤੁ ਦਾਨੁ ॥
ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ (ਇਹਨਾਂ ਕਰਮਾਂ ਦੇ ਵੱਟੇ);
ਜੇ ਕੋ ਪਾਵੈ ਤਿਲ ਕਾ ਮਾਨੁ ॥
ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।
ਸੁਣਿਆ ਮੰਨਿਆ ਮਨਿ ਕੀਤਾ ਭਾਉ ॥
(ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ,
ਅੰਤਰਗਤਿ ਤੀਰਥਿ ਮਲਿ ਨਾਉ ॥
ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ)।
ਸਭਿ ਗੁਣ ਤੇਰੇ ਮੈ ਨਾਹੀ ਕੋਇ ॥
ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ।
ਵਿਣੁ ਗੁਣ ਕੀਤੇ ਭਗਤਿ ਨ ਹੋਇ ॥
(ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ।
ਸੁਅਸਤਿ ਆਥਿ ਬਾਣੀ ਬਰਮਾਉ ॥
(ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ।)
ਸਤਿ ਸੁਹਾਣੁ ਸਦਾ ਮਨਿ ਚਾਉ ॥
ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ)।
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ,
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
(ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ। ਜੇ ਪਤਾ ਹੁੰਦਾ ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ।
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ)।
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
(ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)।
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ?
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਜਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ)।
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥
ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ ‘ਤੇ ਜਾ ਕੇ ਆਦਰ ਨਹੀਂ ਪਾਂਦਾ ॥੨੧॥
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
(ਸਾਰੇ ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ) “ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ,
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
(ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)।”
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
(ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ।” (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ।
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ। (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)।
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ ॥੨੨॥
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
ਸਲਾਹੁਣ-ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕੇਡਾ ਵੱਡਾ ਹੈ। (ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ)।
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
ਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ)।
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ)
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥
(ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿਚ) ਇਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ ਮਨ ਵਿਚੋਂ ਤੂੰ ਨਾਹ ਵਿਸਰ ਜਾਏਂ ॥੨੩॥
ਅੰਤੁ ਨ ਸਿਫਤੀ ਕਹਣਿ ਨ ਅੰਤੁ ॥
(ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ (ਗੁਣਾਂ ਦਾ) ਅੰਤ ਨਹੀਂ ਪੈ ਸਕਦਾ। (ਗਿਣੇ ਨਹੀਂ ਜਾ ਸਕਦੇ)।
ਅੰਤੁ ਨ ਕਰਣੈ ਦੇਣਿ ਨ ਅੰਤੁ ॥
ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ।
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
ਵੇਖਣ ਤੇ ਸੁਣਨ ਨਾਲ ਭੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ।
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
ਉਸ ਅਕਾਲ ਪੁਰਖ ਦੇ ਮਨ ਵਿਚ ਕਿਹੜੀ ਸਲਾਹ ਹੈ, ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ।
ਅੰਤੁ ਨ ਜਾਪੈ ਕੀਤਾ ਆਕਾਰੁ ॥
ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ। ਅਖ਼ੀਰ
ਅੰਤੁ ਨ ਜਾਪੈ ਪਾਰਾਵਾਰੁ ॥
ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ।
ਅੰਤ ਕਾਰਣਿ ਕੇਤੇ ਬਿਲਲਾਹਿ ॥
ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ,
ਤਾ ਕੇ ਅੰਤ ਨ ਪਾਏ ਜਾਹਿ ॥
ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ।
ਏਹੁ ਅੰਤੁ ਨ ਜਾਣੈ ਕੋਇ ॥
(ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ।
ਬਹੁਤਾ ਕਹੀਐ ਬਹੁਤਾ ਹੋਇ ॥
ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।
ਵਡਾ ਸਾਹਿਬੁ ਊਚਾ ਥਾਉ ॥
ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ।
ਊਚੇ ਉਪਰਿ ਊਚਾ ਨਾਉ ॥
ਉਸ ਦਾ ਨਾਮਣਾ ਭੀ ਉੱਚਾ ਹੈ।
ਏਵਡੁ ਊਚਾ ਹੋਵੈ ਕੋਇ ॥
ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ,
ਤਿਸੁ ਊਚੇ ਕਉ ਜਾਣੈ ਸੋਇ ॥
ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ)।
ਜੇਵਡੁ ਆਪਿ ਜਾਣੈ ਆਪਿ ਆਪਿ ॥
ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ।
ਨਾਨਕ ਨਦਰੀ ਕਰਮੀ ਦਾਤਿ ॥੨੪॥
ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ ॥੨੪॥
ਬਹੁਤਾ ਕਰਮੁ ਲਿਖਿਆ ਨਾ ਜਾਇ ॥
ਅਕਾਲ ਪੁਰਖ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ।
ਵਡਾ ਦਾਤਾ ਤਿਲੁ ਨ ਤਮਾਇ ॥
ਉਹ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ।
ਕੇਤੇ ਮੰਗਹਿ ਜੋਧ ਅਪਾਰ ॥
ਬੇਅੰਤ ਸੂਰਮੇ (ਅਕਾਲ ਪੁਰਖ ਦੇ ਦਰ ‘ਤੇ) ਮੰਗ ਰਹੇ ਹਨ,
ਕੇਤਿਆ ਗਣਤ ਨਹੀ ਵੀਚਾਰੁ ॥
ਅਤੇ (ਮੰਗਣ ਵਾਲੇ) ਕਈ ਹੋਰ ਅਜਿਹੇ ਹਨ, ਜਿਨ੍ਹਾਂ ਦੀ ਗਿਣਤੀ ‘ਤੇ ਵਿਚਾਰ ਨਹੀਂ ਹੋ ਸਕਦੀ।
ਕੇਤੇ ਖਪਿ ਤੁਟਹਿ ਵੇਕਾਰ ॥
ਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿਚ (ਹੀ) ਖਪ ਖਪ ਕੇ ਨਾਸ ਹੁੰਦੇ ਹਨ।
ਕੇਤੇ ਲੈ ਲੈ ਮੁਕਰੁ ਪਾਹਿ ॥
ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ)।
ਕੇਤੇ ਮੂਰਖ ਖਾਹੀ ਖਾਹਿ ॥
ਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ)।
ਕੇਤਿਆ ਦੂਖ ਭੂਖ ਸਦ ਮਾਰ ॥
ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿਚ ਲਿਖੇ ਹਨ)।
ਏਹਿ ਭਿ ਦਾਤਿ ਤੇਰੀ ਦਾਤਾਰ ॥
(ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ)।
ਬੰਦਿ ਖਲਾਸੀ ਭਾਣੈ ਹੋਇ ॥
ਤੇ (ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ।
ਹੋਰੁ ਆਖਿ ਨ ਸਕੈ ਕੋਇ ॥
ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ)।
ਜੇ ਕੋ ਖਾਇਕੁ ਆਖਣਿ ਪਾਇ ॥
(ਪਰ) ਜੇ ਕੋਈ ਮੂਰਖ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ,
ਓਹੁ ਜਾਣੈ ਜੇਤੀਆ ਮੁਹਿ ਖਾਇ ॥
ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, ‘ਕੂੜ’ ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿਚ ਤੁਰੇ। ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ‘ਕੂੜ’ ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ)।
ਆਪੇ ਜਾਣੈ ਆਪੇ ਦੇਇ ॥
‘ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ’,
ਆਖਹਿ ਸਿ ਭਿ ਕੇਈ ਕੇਇ ॥
ਅਨੇਕਾਂ ਮਨੁੱਖ ਇਹ ਗੱਲ ਭੀ ਆਖਦੇ ਹਨ। (ਸਾਰੇ ਨ-ਸ਼ੁਕਰੇ ਹੀ ਨਹੀਂ ਹਨ)
ਜਿਸ ਨੋ ਬਖਸੇ ਸਿਫਤਿ ਸਾਲਾਹ ॥
ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤ-ਸਾਲਾਹ ਬਖਸ਼ਦਾ ਹੈ,
ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥
ਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ) ਹੈ (ਸਿਫ਼ਤ-ਸਾਲਾਹ ਹੀ ਸਭ ਤੋਂ ਉੱਚੀ ਦਾਤ ਹੈ) ॥੨੫॥
ਅਮੁਲ ਗੁਣ ਅਮੁਲ ਵਾਪਾਰ ॥
(ਅਕਾਲ ਪੁਰਖ ਦੇ) ਗੁਣ ਅਮੋਲਕ ਹਨ (ਭਾਵ, ਗੁਣਾਂ ਦਾ ਮੁੱਲ ਨਹੀਂ ਪੈ ਸਕਦਾ।) (ਇਹਨਾਂ ਗੁਣਾਂ ਦੇ) ਵਪਾਰ ਕਰਨੇ ਭੀ ਅਮੋਲਕ ਹਨ।
ਅਮੁਲ ਵਾਪਾਰੀਏ ਅਮੁਲ ਭੰਡਾਰ ॥
ਉਹਨਾਂ ਮਨੁੱਖਾਂ ਦਾ (ਭੀ) ਮੁੱਲ ਨਹੀਂ ਪੈ ਸਕਦਾ, ਜੋ (ਅਕਾਲ ਪੁਰਖ ਦੇ ਗੁਣਾਂ ਦੇ) ਵਪਾਰ ਕਰਦੇ ਹਨ, (ਗੁਣਾਂ ਦੇ) ਖ਼ਜ਼ਾਨੇ (ਭੀ) ਅਮੋਲਕ ਹਨ।
ਅਮੁਲ ਆਵਹਿ ਅਮੁਲ ਲੈ ਜਾਹਿ ॥
ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ (ਇਸ ਵਪਾਰ ਲਈ ਜਗਤ ਵਿਚ) ਆਉਂਦੇ ਹਨ। ਉਹ ਭੀ ਵੱਡੇ ਭਾਗਾਂ ਵਾਲੇ ਹਨ, ਜੋ (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ।
ਅਮੁਲ ਭਾਇ ਅਮੁਲਾ ਸਮਾਹਿ ॥
ਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿਚ ਲੀਨ ਹੋਏ ਹੋਏ ਹਨ, ਉਹ ਭੀ ਅਮੋਲਕ ਹਨ।
ਅਮੁਲੁ ਧਰਮੁ ਅਮੁਲੁ ਦੀਬਾਣੁ ॥
ਅਕਾਲ ਪੁਰਖ ਦੇ ਕਨੂੰਨ ਤੇ ਰਾਜ-ਦਰਬਾਰ ਅਮੋਲਕ ਹਨ।
ਅਮੁਲੁ ਤੁਲੁ ਅਮੁਲੁ ਪਰਵਾਣੁ ॥
ਉਹ ਤੱਕੜ ਅਮੋਲਕ ਹਨ ਤੇ ਉਹ ਵੱਟਾ ਅਮੋਲਕ ਹੈ (ਜਿਸ ਨਾਲ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਤੋਲਦਾ ਹੈ)।
ਅਮੁਲੁ ਬਖਸੀਸ ਅਮੁਲੁ ਨੀਸਾਣੁ ॥
ਉਸ ਦੀ ਬਖ਼ਸ਼ਸ਼ ਤੇ ਬਖ਼ਸ਼ਸ਼ ਦੇ ਨਿਸ਼ਾਨ ਭੀ ਅਮੋਲਕ ਹਨ।
ਅਮੁਲੁ ਕਰਮੁ ਅਮੁਲੁ ਫੁਰਮਾਣੁ ॥
ਅਕਾਲ ਪੁਰਖ ਦੀ ਬਖਸ਼ਸ਼ ਤੇ ਹੁਕਮ ਭੀ ਮੁੱਲ ਤੋਂ ਪਰੇ ਹਨ (ਕਿਸੇ ਦਾ ਭੀ ਅੰਦਾਜ਼ਾ ਨਹੀਂ ਲੱਗ ਸਕਦਾ)।
ਅਮੁਲੋ ਅਮੁਲੁ ਆਖਿਆ ਨ ਜਾਇ ॥
ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ।
ਆਖਿ ਆਖਿ ਰਹੇ ਲਿਵ ਲਾਇ ॥
ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ।
ਆਖਹਿ ਵੇਦ ਪਾਠ ਪੁਰਾਣ ॥
ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।
ਆਖਹਿ ਪੜੇ ਕਰਹਿ ਵਖਿਆਣ ॥
ਵਿਦਵਾਨ ਮਨੁੱਖ ਭੀ, ਜੋ (ਹੋਰਨਾਂ ਨੂੰ) ਉਪਦੇਸ਼ ਕਰਦੇ ਹਨ, (ਅਕਾਲ ਪੁਰਖ ਦਾ) ਬਿਆਨ ਕਰਦੇ ਹਨ।
ਆਖਹਿ ਬਰਮੇ ਆਖਹਿ ਇੰਦ ॥
ਕਈ ਬ੍ਰਹਮਾ, ਕਈ ਇੰਦਰ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।
ਆਖਹਿ ਗੋਪੀ ਤੈ ਗੋਵਿੰਦ ॥
ਗੋਪੀਆਂ ਤੇ ਕਈ ਕਾਨ੍ਹ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।
ਆਖਹਿ ਈਸਰ ਆਖਹਿ ਸਿਧ ॥
ਕਈ ਸ਼ਿਵ ਤੇ ਸਿੱਧ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।
ਆਖਹਿ ਕੇਤੇ ਕੀਤੇ ਬੁਧ ॥
ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ ਉਸ ਦੀ ਵਡਿਆਈ ਆਖਦੇ ਹਨ।
ਆਖਹਿ ਦਾਨਵ ਆਖਹਿ ਦੇਵ ॥
ਰਾਖਸ਼ ਤੇ ਦੇਵਤੇ (ਵੀ) ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।
ਆਖਹਿ ਸੁਰਿ ਨਰ ਮੁਨਿ ਜਨ ਸੇਵ ॥
ਦੇਵਤਾ-ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।
ਕੇਤੇ ਆਖਹਿ ਆਖਣਿ ਪਾਹਿ ॥
ਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ, ਅਤੇ ਬੇਅੰਤ ਹੀ ਲਾਉਣ ਦਾ ਜਤਨ ਕਰ ਰਹੇ ਹਨ।
ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥
ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ।
ਏਤੇ ਕੀਤੇ ਹੋਰਿ ਕਰੇਹਿ ॥
ਜਗਤ ਵਿਚ ਇਤਨੇ (ਬੇਅੰਤ) ਜੀਵ ਪੈਦਾ ਕੀਤੇ ਹੋਏ ਹਨ (ਜੋ ਬਿਆਨ ਕਰ ਰਹੇ ਹਨ), (ਪਰ ਹੇ ਹਰੀ!) ਜੇ ਤੂੰ ਹੋਰ ਭੀ (ਬੇਅੰਤ ਜੀਵ) ਪੈਦਾ ਕਰ ਦੇਵੇਂ,
ਤਾ ਆਖਿ ਨ ਸਕਹਿ ਕੇਈ ਕੇਇ ॥
ਤਾਂ ਭੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ।
ਜੇਵਡੁ ਭਾਵੈ ਤੇਵਡੁ ਹੋਇ ॥
ਹੇ ਨਾਨਕ! ਪਰਮਾਤਮਾ ਜਿਤਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ (ਆਪਣੀ ਕੁਦਰਤ ਵਧਾ ਲੈਂਦਾ ਹੈ)।
ਨਾਨਕ ਜਾਣੈ ਸਾਚਾ ਸੋਇ ॥
ਉਹ ਸਦਾ-ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ (ਕਿ ਉਹ ਕੇਡਾ ਵੱਡਾ ਹੈ)।
ਜੇ ਕੋ ਆਖੈ ਬੋਲੁਵਿਗਾੜੁ ॥
ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ (ਕਿ ਅਕਾਲ ਪੁਰਖ ਕਿਤਨਾ ਵੱਡਾ ਹੈ)
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥
ਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ ॥੨੬॥
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
ਉਹ ਦਰ-ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥
(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥
ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)!
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ ‘ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥
ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥
(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ।
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
ਕਈ ਇੰਦਰ ਆਪਣੇ ਤਖ਼ਤ ‘ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ‘ਤੇ ਤੈਨੂੰ ਸਲਾਹ ਰਹੇ ਹਨ।
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥
ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ।
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥
ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥
(ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ, ਵੇਦਾਂ ਸਣੇ ਤੈਨੂੰ ਗਾ ਰਹੇ ਹਨ।
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥
ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
(ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥
ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥
ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ।
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
(ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ।
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥
ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ਉਹ ਅਕਾਲ ਪੁਰਖ ਸਦਾ-ਥਿਰ ਹੈ। ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ। ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-‘ਇਉਂ ਨ ਕਰੀਂ, ਇਉਂ ਕਰ’)।
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥
ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫਬਦਾ ਹੈ) ॥੨੭॥
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
(ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ),
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ)।
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ)।
ਆਦੇਸੁ ਤਿਸੈ ਆਦੇਸੁ ॥
(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥
ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ ॥੨੮॥
ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥
(ਹੇ ਜੋਗੀ! ਜੇ) ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ (ਚੂਰਮਾ) ਹੋਵੇ, ਦਇਆ ਇਸ (ਗਿਆਨ-ਰੂਪ) ਭੰਡਾਰੇ ਦੀ ਵਰਤਾਵੀ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ (ਜ਼ਿੰਦਗੀ ਦੀ ਰੌ ਚੱਲ ਰਹੀ ਹੈ, (ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ) ਇਹ ਨਾਦੀ ਵੱਜ ਰਹੀ ਹੋਵੇ,
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥
ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵੱਸ ਵਿਚ ਸਾਰੀ ਸ੍ਰਿਸ਼ਟੀ ਹੈ, (ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ। ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ।
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥
ਅਕਾਲ ਪੁਰਖ ਦੀ “ਸੰਜੋਗ” ਸੱਤਾ ਤੇ “ਵਿਜੋਗ” ਸੱਤਾ ਦੋਵੇਂ (ਮਿਲ ਕੇ ਇਸ ਸੰਸਾਰ ਦੀ) ਕਾਰ ਨੂੰ ਚਲਾ ਰਹੀਆਂ ਹਨ (ਭਾਵ, ਪਿਛਲੇ ਸੰਜੋਗਾਂ ਕਰ ਕੇ ਟੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ। ਰਜ਼ਾ ਵਿਚ ਫਿਰ ਵਿਛੜ ਵਿਛੜ ਕੇ ਆਪੋ-ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ) ਅਤੇ (ਸਭ ਜੀਵਾਂ ਦੇ ਕੀਤੇ ਕਰਮਾਂ ਦੇ) ਲੇਖ ਅਨੁਸਾਰ (ਦਰਜਾ-ਬ-ਦਰਜਾ ਸੁਖ ਦੁਖ ਦੇ) ਛਾਂਦੇ ਮਿਲ ਰਹੇ ਹਨ (ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ।)
ਆਦੇਸੁ ਤਿਸੈ ਆਦੇਸੁ ॥
(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥
ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ ॥੨੯॥
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
(ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ ‘ਤੇ ਉਸ ਦੇ ਤਿੰਨ ਪੁੱਤਰ ਜੰਮ ਪਏ।
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
(ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)।
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
ਆਦੇਸੁ ਤਿਸੈ ਆਦੇਸੁ ॥
(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥
ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) ॥੩੦॥
ਆਸਣੁ ਲੋਇ ਲੋਇ ਭੰਡਾਰ ॥
ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿਚ ਹੈ (ਭਾਵ, ਹਰੇਕ ਭਵਨ ਵਿਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ)।
ਜੋ ਕਿਛੁ ਪਾਇਆ ਸੁ ਏਕਾ ਵਾਰ ॥
ਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ)।
ਕਰਿ ਕਰਿ ਵੇਖੈ ਸਿਰਜਣਹਾਰੁ ॥
ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ।
ਨਾਨਕ ਸਚੇ ਕੀ ਸਾਚੀ ਕਾਰ ॥
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ (ਸ੍ਰਿਸ਼ਟੀ ਦੀ ਸੰਭਾਂਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੋਂ ਖ਼ਾਲੀ ਹੈ)।
ਆਦੇਸੁ ਤਿਸੈ ਆਦੇਸੁ ॥
(ਸੋ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥
ਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ) ॥੩੧॥
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ,
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
(ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥
ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ।
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
ਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ)।
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥
ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) ॥੩੨॥
ਆਖਣਿ ਜੋਰੁ ਚੁਪੈ ਨਹ ਜੋਰੁ ॥
ਬੋਲਣ ਵਿਚ ਤੇ ਚੁੱਪ ਰਹਿਣ ਵਿਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ।
ਜੋਰੁ ਨ ਮੰਗਣਿ ਦੇਣਿ ਨ ਜੋਰੁ ॥
ਨਾ ਹੀ ਮੰਗਣ ਵਿਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ।
ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥
ਜੀਵਨ ਵਿਚ ਤੇ ਮਰਨ ਵਿਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ)।
ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ ਵਿਚ ਫੂੰ-ਫਾਂ ਹੁੰਦੀ ਹੈ।
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥
ਆਤਮਾਕ ਜਾਗ ਵਿਚ, ਗਿਆਨ ਵਿਚ ਅਤੇ ਵਿਚਾਰ ਵਿਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ।
ਜੋਰੁ ਨ ਜੁਗਤੀ ਛੁਟੈ ਸੰਸਾਰੁ ॥
ਉਸ ਜੁਗਤੀ ਵਿਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ।
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥
ਉਹੀ ਅਕਾਲ-ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ।
ਨਾਨਕ ਉਤਮੁ ਨੀਚੁ ਨ ਕੋਇ ॥੩੩॥
ਹੇ ਨਾਨਕ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ। ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ) ॥੩੩॥
ਰਾਤੀ ਰੁਤੀ ਥਿਤੀ ਵਾਰ ॥
ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ,
ਪਵਣ ਪਾਣੀ ਅਗਨੀ ਪਾਤਾਲ ॥
ਹਵਾ, ਪਾਣੀ, ਅੱਗ ਅਤੇ ਪਾਤਾਲ- ਇਹਨਾਂ ਸਾਰਿਆਂ ਦੇ ਇਕੱਠ ਵਿਚ (ਅਕਾਲ ਪੁਰਖ ਨੇ)
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥
ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ),
ਤਿਨ ਕੇ ਨਾਮ ਅਨੇਕ ਅਨੰਤ ॥
ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ।
ਕਰਮੀ ਕਰਮੀ ਹੋਇ ਵੀਚਾਰੁ ॥
(ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ
ਸਚਾ ਆਪਿ ਸਚਾ ਦਰਬਾਰੁ ॥
(ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ।
ਤਿਥੈ ਸੋਹਨਿ ਪੰਚ ਪਰਵਾਣੁ ॥
ਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ ‘ਤੇ ਸੋਭਦੇ ਹਨ,
ਨਦਰੀ ਕਰਮਿ ਪਵੈ ਨੀਸਾਣੁ ॥
ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।
ਕਚ ਪਕਾਈ ਓਥੈ ਪਾਇ ॥
(ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ।
ਨਾਨਕ ਗਇਆ ਜਾਪੈ ਜਾਇ ॥੩੪॥
ਹੇ ਨਾਨਕ! ਅਕਾਲ ਪੁਰਖ ਦੇ ਦਰ ‘ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ) ॥੩੪॥
ਧਰਮ ਖੰਡ ਕਾ ਏਹੋ ਧਰਮੁ ॥
ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ)।
ਗਿਆਨ ਖੰਡ ਕਾ ਆਖਹੁ ਕਰਮੁ ॥
ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿਚ ਹੈ)।
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
(ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ।
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
(ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂਅ ਭਗਤ ਤੇ ਉਹਨਾਂ ਦੇ ਉਪਦੇਸ਼ ਹਨ।
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ।
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥
(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ।
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
(ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ,
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥
ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ ॥੩੫॥
ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥
ਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ।
ਤਿਥੈ ਨਾਦ ਬਿਨੋਦ ਕੋਡ ਅਨੰਦੁ ॥
ਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।
ਸਰਮ ਖੰਡ ਕੀ ਬਾਣੀ ਰੂਪੁ ॥
ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ)।
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
ਇਸ ਅਵਸਥਾ ਵਿਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ।
ਤਾ ਕੀਆ ਗਲਾ ਕਥੀਆ ਨਾ ਜਾਹਿ ॥
ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
ਜੇ ਕੋ ਕਹੈ ਪਿਛੈ ਪਛੁਤਾਇ ॥
ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ)।
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥
ਉਸ ਮਿਹਨਤ ਵਾਲੀ ਅਵਸਥਾ ਵਿਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ, (ਭਾਵ, ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿਚ ਜਾਗ੍ਰਤ ਪੈਦਾ ਹੋ ਜਾਂਦੀ ਹੈ।
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥
ਸਰਮ ਖੰਡ ਵਿਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ ॥੩੬॥
ਕਰਮ ਖੰਡ ਕੀ ਬਾਣੀ ਜੋਰੁ ॥
ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱਤੇ ਆਪਣਾ ਪਰਭਾਵ ਨਹੀਂ ਪਾ ਸਕਦੇ),
ਤਿਥੈ ਹੋਰੁ ਨ ਕੋਈ ਹੋਰੁ ॥
ਕਿਉਂਕਿ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ।
ਤਿਥੈ ਜੋਧ ਮਹਾਬਲ ਸੂਰ ॥
ਉਸ ਅਵਸਥਾ ਵਿਚ(ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ।
ਤਿਨ ਮਹਿ ਰਾਮੁ ਰਹਿਆ ਭਰਪੂਰ ॥
ਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ।
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥
ਉਸ (ਬਖ਼ਸ਼ਸ਼) ਅਵਸਥਾ ਵਿਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ।
ਤਾ ਕੇ ਰੂਪ ਨ ਕਥਨੇ ਜਾਹਿ ॥
(ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ)।
ਨਾ ਓਹਿ ਮਰਹਿ ਨ ਠਾਗੇ ਜਾਹਿ ॥
(ਇਸ ਅਵਸਥਾ ਵਿਚ) ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ,
ਜਿਨ ਕੈ ਰਾਮੁ ਵਸੈ ਮਨ ਮਾਹਿ ॥
ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।
ਤਿਥੈ ਭਗਤ ਵਸਹਿ ਕੇ ਲੋਅ ॥
ਉਸ ਅਵਸਥਾ ਵਿਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ,
ਕਰਹਿ ਅਨੰਦੁ ਸਚਾ ਮਨਿ ਸੋਇ ॥
ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿਚ (ਮੌਜੂਦ) ਹੈ।
ਸਚ ਖੰਡਿ ਵਸੈ ਨਿਰੰਕਾਰੁ ॥
ਸੱਚ ਖੰਡ ਵਿਚ (ਭਾਵ,ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ,
ਕਰਿ ਕਰਿ ਵੇਖੈ ਨਦਰਿ ਨਿਹਾਲ ॥
ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ।
ਤਿਥੈ ਖੰਡ ਮੰਡਲ ਵਰਭੰਡ ॥
ਉਸ ਅਵਸਥਾ ਵਿਚ (ਭਾਵ, ਅਕਾਲ ਪੁਰਖ ਨਾਲ ਇੱਕ-ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ (ਦਿੱਸਦੇ ਹਨ, ਇਤਨੇ ਬੇਅੰਤ ਕਿ)
ਜੇ ਕੋ ਕਥੈ ਤ ਅੰਤ ਨ ਅੰਤ ॥
ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ।
ਤਿਥੈ ਲੋਅ ਲੋਅ ਆਕਾਰ ॥
ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ, (ਜਿਨ੍ਹਾਂ ਸਭਨਾਂ ਵਿਚ)
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ)।
ਵੇਖੈ ਵਿਗਸੈ ਕਰਿ ਵੀਚਾਰੁ ॥
(ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ।
ਨਾਨਕ ਕਥਨਾ ਕਰੜਾ ਸਾਰੁ ॥੩੭॥
ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੩੭॥
ਜਤੁ ਪਾਹਾਰਾ ਧੀਰਜੁ ਸੁਨਿਆਰੁ ॥
(ਜੇ) ਜਤ-ਰੂਪ ਦੁਕਾਨ (ਹੋਵੇ), ਧੀਰਜ ਸੁਨਿਆਰਾ ਬਣੇ,
ਅਹਰਣਿ ਮਤਿ ਵੇਦੁ ਹਥੀਆਰੁ ॥
ਮਨੁੱਖ ਦੀ ਆਪਣੀ ਮੱਤ ਅਹਿਰਣ ਹੋਵੇ, (ਉਸ ਮਤ-ਅਹਿਰਣ ਉੱਤੇ) ਗਿਆਨ ਹਥੌੜਾ (ਵੱਜੇ)।
ਭਉ ਖਲਾ ਅਗਨਿ ਤਪ ਤਾਉ ॥
(ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ), ਘਾਲ-ਕਮਾਈ ਅੱਗ (ਹੋਵੇ),
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ!) ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ।
ਘੜੀਐ ਸਬਦੁ ਸਚੀ ਟਕਸਾਲ ॥
(ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ।
ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ।
ਨਾਨਕ ਨਦਰੀ ਨਦਰਿ ਨਿਹਾਲ ॥੩੮॥
ਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ, ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ ॥੩੮॥{8}
ਸਲੋਕੁ ॥
ਸਲੋਕੁ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ।
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
(ਅਕਾਲ ਪੁਰਖ ਦੇ ਦਰ ‘ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤਿ ਵਿਚ (ਰਹਿ ਕੇ) (“ਕੂੜ ਦੀ ਪਾਲਿ” ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ ॥੧॥
ਸੋ ਦਰੁ ਰਾਗੁ ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ ‘ਸੋ-ਦਰ’।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
(ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ (ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ)।
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥
ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ।
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
(ਹੇ ਪ੍ਰਭੂ!) ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਹਨ ਸਦਾ (ਤੇਰੇ ਦਰ ਤੇ) ਸੋਭ ਰਹੇ ਹਨ ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ)।
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
ਕਈ ਇੰਦਰ ਦੇਵਤੇ ਆਪਣੇ ਤਖ਼ਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ (ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ)।
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥
(ਹੇ ਪ੍ਰਭੂ!) ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ। ਸਾਧ ਜਨ (ਤੇਰੇ ਗੁਣਾਂ ਦੀ) ਵਿਚਾਰ ਕਰ ਕੇ ਤੈਨੂੰ ਸਲਾਹ ਰਹੇ ਹਨ।
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
ਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥
(ਹੇ ਪ੍ਰਭੂ!) ਪੰਡਿਤ ਅਤੇ ਮਹਾ ਰਿਖੀ ਜੋ (ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਸਣੇ ਤੇਰਾ ਹੀ ਜਸ ਕਰ ਰਹੇ ਹਨ।
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
ਸੁੰਦਰ ਇਸਤ੍ਰੀਆਂ ਜੋ (ਆਪਣੀ ਸੁੰਦਰਤਾ ਨਾਲ ਮਨੁੱਖ ਦੇ) ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਹੀ ਗਾ ਰਹੀਆਂ ਹਨ, (ਭਾਵ, ਤੇਰੀ ਸੁੰਦਰਤਾ ਦਾ ਪਰਕਾਸ਼ ਕਰ ਰਹੀਆਂ ਹਨ)। ਸੁਰਗ-ਲੋਕ, ਮਾਤ-ਲੋਕ ਅਤੇ ਪਤਾਲ-ਲੋਕ (ਭਾਵ, ਸੁਰਗ ਮਾਤ ਅਤੇ ਪਤਾਲ ਦੇ ਸਾਰੇ ਜੀਆ ਜੰਤ) ਤੇਰੀ ਹੀ ਵਡਿਆਈ ਕਰ ਰਹੇ ਹਨ।
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
(ਹੇ ਪ੍ਰਭੂ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ।
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
ਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫ਼ਤਿ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ, ਤੈਨੂੰ ਹੀ ਗਾਉਂਦੇ ਹਨ।
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
(ਹੇ ਪ੍ਰਭੂ!) ਅਸਲ ਵਿਚ ਉਹੀ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ (ਭਾਵ, ਉਹਨਾਂ ਦੀ ਕੀਤੀ ਸਿਫ਼ਤ-ਸਾਲਾਹ ਸਫਲ ਹੈ) ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ ਅਤੇ ਤੇਰੇ ਰਸੀਏ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲੱਗਦੇ ਹਨ।
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
ਅਨੇਕਾਂ ਹੋਰ ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ। (ਭਲਾ, ਇਸ ਗਿਣਤੀ ਬਾਰੇ) ਨਾਨਕ ਕੀਹ ਵਿਚਾਰ ਕਰ ਸਕਦਾ ਹੈ? (ਨਾਨਕ ਇਹ ਵਿਚਾਰ ਕਰਨ-ਜੋਗਾ ਨਹੀਂ ਹੈ)।
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ਜਿਸ (ਪ੍ਰਭੂ) ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਭੀ ਮੌਜੂਦ ਹੈ, ਤੇ ਸਦਾ ਕਾਇਮ ਰਹਿਣ ਵਾਲਾ ਹੈ।
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਜਿਸ ਪ੍ਰਭੂ ਨੇ ਕਈ ਰੰਗਾਂ ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥
ਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥
ਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ। ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ (ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ ‘ਇਉਂ ਨਹੀਂ, ਇਉਂ ਕਰ’)।
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥
ਉਹ ਪ੍ਰਭੂ (ਸਾਰੇ ਜਗਤ ਦਾ) ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ ॥੧॥{9}
ਆਸਾ ਮਹਲਾ ੧ ॥
ਸੁਣਿ ਵਡਾ ਆਖੈ ਸਭੁ ਕੋਇ ॥
ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਹੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।
ਕੇਵਡੁ ਵਡਾ ਡੀਠਾ ਹੋਇ ॥
ਪਰ ਤੂੰ ਕੇਡਾ ਵੱਡਾ ਹੈਂ (ਕਿਤਨਾ ਬੇਅੰਤ ਹੈਂ?) ਇਹ ਗੱਲ ਤੇਰਾ ਦਰਸਨ ਕੀਤਿਆਂ ਹੀ ਦੱਸੀ ਜਾ ਸਕਦੀ ਹੈ (ਤੇਰਾ ਦਰਸਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈਂ)।
ਕੀਮਤਿ ਪਾਇ ਨ ਕਹਿਆ ਜਾਇ ॥
ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ॥੧॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ। ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ।
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ॥੧॥ ਰਹਾਉ ॥
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
(ਤੂੰ ਕੇਡਾ ਵੱਡਾ ਹੈਂ-ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਜਤਨ ਕੀਤੇ , ਮੁੜ ਮੁੜ ਜਤਨ ਕੀਤੇ।
ਸਭ ਕੀਮਤਿ ਮਿਲਿ ਕੀਮਤਿ ਪਾਈ ॥
ਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਨੇ ਆਪੋ ਵਿਚ ਇਕ ਦੂਜੇ ਦੀ ਸਹੈਤਾ ਲੈ ਕੇ, ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ,
ਗਿਆਨੀ ਧਿਆਨੀ ਗੁਰ ਗੁਰਹਾਈ ॥
ਗਿਆਨੀ ਧਿਆਨੀ ਗੁਰ ਗੁਰਹਾਈ ਸਭ ਮਿਲ ਕੇ
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਭੀ ਹਿੱਸਾ ਨਹੀਂ ਦੱਸ ਸਕੇ ॥੨॥
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਭੀ ਨਹੀਂ ਲਾ ਸਕਿਆ, ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ;
ਸਿਧਾ ਪੁਰਖਾ ਕੀਆ ਵਡਿਆਈਆ ॥
ਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ;
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
ਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹੈਤਾ ਤੋਂ ਬਿਨਾ ਹਾਸਲ ਨਹੀਂ ਹੋਈ।
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
(ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥
ਆਖਣ ਵਾਲਾ ਕਿਆ ਵੇਚਾਰਾ ॥
ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ?
ਸਿਫਤੀ ਭਰੇ ਤੇਰੇ ਭੰਡਾਰਾ ॥
(ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ।
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
ਜਿਸ ਨੂੰ ਤੂੰ ਸਿਫ਼ਤ-ਸਾਲਾਹ ਕਰਨ ਦੀ ਦਾਤ ਬਖ਼ਸ਼ਦਾ ਹੈਂ; ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,
ਨਾਨਕ ਸਚੁ ਸਵਾਰਣਹਾਰਾ ॥੪॥੨॥
(ਕਿਉਂਕਿ) ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ ॥੪॥੨॥{9}
ਆਸਾ ਮਹਲਾ ੧ ॥
ਆਖਾ ਜੀਵਾ ਵਿਸਰੈ ਮਰਿ ਜਾਉ ॥
(ਜਿਉਂ ਜਿਉਂ) ਮੈਂ (ਪਰਮਾਤਮਾ ਦਾ) ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ) ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।
ਆਖਣਿ ਅਉਖਾ ਸਾਚਾ ਨਾਉ ॥
(ਇਹ ਪਤਾ ਹੁੰਦਿਆਂ ਭੀ) ਸਦਾ ਕਾਇਮ-ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ (ਕੰਮ ਜਾਪਦਾ ਹੈ)।
ਸਾਚੇ ਨਾਮ ਕੀ ਲਾਗੈ ਭੂਖ ॥
(ਜਿਸ ਮਨੁੱਖ ਦੇ ਅੰਦਰ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ,
ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥
ਉਸ ਤਾਂਘ ਦੀ ਬਰਕਤਿ ਨਾਲ (ਹਰਿ-ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥
ਸੋ ਕਿਉ ਵਿਸਰੈ ਮੇਰੀ ਮਾਇ ॥
ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ।
ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥
ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ॥੧॥ ਰਹਾਉ ॥
ਸਾਚੇ ਨਾਮ ਕੀ ਤਿਲੁ ਵਡਿਆਈ ॥
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ…
ਆਖਿ ਥਕੇ ਕੀਮਤਿ ਨਹੀ ਪਾਈ ॥
ਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ।
ਜੇ ਸਭਿ ਮਿਲਿ ਕੈ ਆਖਣ ਪਾਹਿ ॥
ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ,
ਵਡਾ ਨ ਹੋਵੈ ਘਾਟਿ ਨ ਜਾਇ ॥੨॥
ਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ) ॥੨॥
ਨਾ ਓਹੁ ਮਰੈ ਨ ਹੋਵੈ ਸੋਗੁ ॥
ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।
ਦੇਦਾ ਰਹੈ ਨ ਚੂਕੈ ਭੋਗੁ ॥
ਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ)।
ਗੁਣੁ ਏਹੋ ਹੋਰੁ ਨਾਹੀ ਕੋਇ ॥
ਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।
ਨਾ ਕੋ ਹੋਆ ਨਾ ਕੋ ਹੋਇ ॥੩॥
(ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥
ਜੇਵਡੁ ਆਪਿ ਤੇਵਡ ਤੇਰੀ ਦਾਤਿ ॥
(ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼।
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।
ਖਸਮੁ ਵਿਸਾਰਹਿ ਤੇ ਕਮਜਾਤਿ ॥
ਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ ਹਨ, ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ।
ਨਾਨਕ ਨਾਵੈ ਬਾਝੁ ਸਨਾਤਿ ॥੪॥੩॥
ਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ ॥੪॥੩॥{9}
ਆਸਾ ਮਹਲਾ ੧ ਦੁਪਦੇ ॥
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
(ਸਾਡੀ ਜੀਵਾਂ ਦੀ) ਉਸ ਭਿਆਨਕ ਸਰੋਵਰ ਵਿਚ ਵੱਸੋਂ ਹੈ ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ (ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੈ,
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥
(ਤੇ ਉਸ ਸਰੋਵਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚਲ ਨਹੀਂ ਸਕਦਾ (ਭਾਵ, ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ), ਸਾਡੇ ਸਾਹਮਣੇ ਹੀ ਕਈ ਜੀਵ (ਮੋਹ ਦੇ ਚਿੱਕੜ ਵਿਚ ਫਸ ਕੇ ਤ੍ਰਿਸ਼ਨਾ-ਅੱਗ ਦੇ ਅਸਗਾਹ ਜਲ ਵਿਚ) ਡੁੱਬਦੇ ਜਾ ਰਹੇ ਹਨ ॥੧॥
ਮਨ ਏਕੁ ਨ ਚੇਤਸਿ ਮੂੜ ਮਨਾ ॥
ਹੇ ਮਨ! ਹੇ ਮੂਰਖ ਮਨ! ਤੂੰ ਇਕ ਪ੍ਰਭੂ ਨੂੰ ਯਾਦ ਨਹੀਂ ਕਰਦਾ।
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
ਤੂੰ ਜਿਉਂ ਜਿਉਂ ਪ੍ਰਭੂ ਨੂੰ ਵਿਸਾਰਦਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
ਹੇ ਪ੍ਰਭੂ! ਨਾਹ ਮੈਂ ਜਤੀ ਹਾਂ ਨਾਹ ਮੈਂ ਸਤੀ ਹਾਂ ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖਾਂ ਬੇ-ਸਮਝਾਂ ਵਾਲਾ ਬਣਿਆ ਹੋਇਆ ਹੈ, (ਭਾਵ, ਜਤ ਸਤ ਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚਿੱਕੜ ਵਿਚ ਡਿੱਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਵਿਸਾਰ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।
ਪ੍ਰਣਵਤਿ ਨਾਨਕ ਤਿਨੑ ਕੀ ਸਰਣਾ ਜਿਨੑ ਤੂੰ ਨਾਹੀ ਵੀਸਰਿਆ ॥੨॥੨੯॥
(ਸੋ) ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ) ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੨੯॥
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ॥
ਰਾਗ ਗਉੜੀ-ਦੀਪਕੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ ‘ਸੋਹਿਲਾ’।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥
ਜਿਸ (ਸਤਸੰਗ-) ਘਰ ਵਿਚ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ,
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥
(ਹੇ ਜਿੰਦ-ਕੁੜੀਏ!) ਉਸ (ਸਤਸੰਗ-) ਘਰ ਵਿਚ (ਜਾ ਕੇ ਤੂੰ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ (ਸੁਹਾਗ-ਮਿਲਾਪ ਦੀ ਤਾਂਘ ਦੇ ਸ਼ਬਦ) ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ ॥੧॥
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
(ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤਿ ਦੇ ਗੀਤ ਗਾ (ਅਤੇ ਆਖ)
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥
ਮੈਂ ਸਦਕੇ ਹਾਂ ਉਸ ਸਿਫ਼ਤਿ-ਦੇ-ਗੀਤ ਤੋਂ ਜਿਸ ਦੀ ਬਰਕਤਿ ਨਾਲ ਸਦਾ ਦਾ ਸੁਖ ਮਿਲਦਾ ਹੈ ॥੧॥ ਰਹਾਉ ॥
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥
(ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ।
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥
(ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਭੀ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ)? (ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ॥੨॥
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥
(ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈਆਂ ਕਰਿਆ ਕਰ।) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਸਾਹੇ-ਚਿੱਠੀ ਆਉਣੀ ਹੈ।
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ-ਪਤੀ ਨਾਲ ਮੇਰਾ ਮਿਲਾਪ ਹੋ ਜਾਏ ॥੩॥
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
(ਪਰਲੋਕ ਵਿਚ ਜਾਣ ਲਈ ਮੌਤ ਦੀ) ਇਹ ਸਾਹੇ-ਚਿੱਠੀ ਹਰੇਕ ਘਰ ਵਿਚ ਆ ਰਹੀ ਹੈ, ਇਹ ਸੱਦੇ ਨਿਤ ਪੈ ਰਹੇ ਹਨ।
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥
(ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪ੍ਰਭੂ-ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ ॥੪॥੧॥
ਰਾਗੁ ਆਸਾ ਮਹਲਾ ੧ ॥
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
(ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।
ਗੁਰੁ ਗੁਰੁ ਏਕੋ ਵੇਸ ਅਨੇਕ ॥੧॥
ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ) ॥੧॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤ-ਸਾਲਾਹ ਹੁੰਦੀ ਹੈ,
ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥
ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ) ਇਸੇ ਵਿਚ ਤੇਰੀ ਭਲਾਈ ਹੈ ॥੧॥ ਰਹਾਉ ॥
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ),
ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥
ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ ॥੨॥੨॥
ਰਾਗੁ ਧਨਾਸਰੀ ਮਹਲਾ ੧ ॥
ਰਾਗ ਧਨਾਸਰੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਸਾਰਾ ਆਕਾਸ਼ (ਮਾਨੋ) ਥਾਲ ਹੈ ਤੇ ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ।
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ ॥੧॥
ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥
(ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! ਇਹ ਹੈ ਤੇਰੀ ਅਦਭੁਤ ਆਰਤੀ!
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
(ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ ॥੧॥ ਰਹਾਉ ॥
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁੋਹੀ ॥
(ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ।
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ॥੨॥
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ।
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ।
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)।
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
(ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ॥੩॥
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁੋ ਮੋਹਿ ਆਹੀ ਪਿਆਸਾ ॥
ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ।
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥
ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ ॥੪॥੩॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥
ਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥
ਜੇ (ਮੇਰੇ ਵਾਸਤੇ) ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ,
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
ਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ (ਮੇਰੇ ਅੰਦਰ) ਚਾਉ ਚੜ੍ਹੇ,
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਮਹਲ-ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੧॥
ਹਰਿ ਬਿਨੁ ਜੀਉ ਜਲਿ ਬਲਿ ਜਾਉ ॥
ਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ।
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥
ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਮੈ ਆਪਣੇ ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਹੈ) ਕਿ (ਤੇ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ (ਭੀ) ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ॥੧॥ ਰਹਾਉ ॥
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥
ਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ,
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥
ਜੇ (ਮੇਰੇ ਸਾਹਮਣੇ) ਉਹ ਸੁੰਦਰ ਇਸਤ੍ਰੀ ਹਾਵ-ਭਾਵ ਕਰੇ ਜਿਸ ਦੇ ਮੱਥੇ ਉਤੇ ਮਣੀ ਸੋਭ ਰਹੀ ਹੋਵੇ,
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੨॥
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥
ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ (ਮੇਰੇ ਪਾਸ) ਆ ਜਾਣ,
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥
ਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ,
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੩॥
ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
ਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ ਅਤੇ ਤਖ਼ਤ ਉੱਤੇ ਪੈਰ ਰੱਖਾਂ (ਦੁਨੀਆਂ ਦਾ ਹਕੂਮਤ ਪ੍ਰਾਪਤ ਕਰ ਲਵਾਂ),
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥
ਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ, ਤਾਂ ਭੀ, ਹੇ ਨਾਨਕ! (ਇਹ) ਸਭ ਕੁਝ ਵਿਅਰਥ ਹੈ।
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥
(ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੪॥੧॥
ਸਿਰੀਰਾਗੁ ਮਹਲਾ ੧ ॥
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥
ਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ),
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥
ਜੇ (ਕਿਸੇ) ਗੁਫਾ ਵਿਚ (ਬੈਠਾ ਰਹਿ ਕੇ) ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ (ਭਾਵ, ਕਿ ਦਿਨ-ਰਾਤ ਮੈਂ ਗੁਫਾ ਵਿਚ ਬੈਠ ਕੇ ਸਮਾਧੀ ਲਾਈ ਰੱਖਾਂ), ਜੇ ਸੁਫਨੇ ਵਿਚ ਭੀ ਸੌਣ ਦੀ ਥਾਂ ਨ ਮਿਲੇ (ਜੇ ਕਦੇ ਭੀ ਨਾਹ ਸੌਂ ਸਕਾਂ)
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥
ਤਾਂ ਭੀ (ਹੇ ਪ੍ਰਭੂ! ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਭੀ) ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ (ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ), ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ? (ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ) ॥੧॥
ਸਾਚਾ ਨਿਰੰਕਾਰੁ ਨਿਜ ਥਾਇ ॥
ਸਦਾ ਕਾਇਮ ਰਹਿਣ ਵਾਲਾ ਨਿਰ-ਆਕਾਰ ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਹੈ (ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ)
ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥
ਅਸੀਂ ਜੀਵ ਇਕ ਦੂਜੇ ਤੋਂ ਸੁਣ ਸੁਣ ਕੇ ਹੀ (ਉਸ ਦੀ ਬਜ਼ੁਰਗੀ ਦਾ) ਬਿਆਨ ਕਰ ਦੇਂਦੇ ਹਾਂ। (ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ)। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ (ਜੀਵ ਦੇ ਅੰਦਰ ਆਪਣੀ ਸਿਫ਼ਤ-ਸਾਲਾਹ ਦੀ) ਤਾਂਘ ਪੈਦਾ ਕਰ ਦੇਂਦਾ ਹੈ ॥੧॥ ਰਹਾਉ ॥
ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥
ਜੇ (ਤਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ) ਮੈਂ ਕੁਹ ਸੁੱਟਾਂ, ਮੁੜ ਮੁੜ ਰਤਾ ਰਤਾ ਕਟਾ ਦਿਆਂ, ਚੱਕੀ ਵਿਚ ਪਾ ਕੇ ਪੀਹ ਦਿਆਂ,
ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥
ਅੱਗ ਨਾਲ ਸਾੜ ਸੁੱਟਾਂ, ਤੇ (ਆਪਣੇ ਆਪ ਨੂੰ) ਸੁਆਹ ਨਾਲ ਰਲਾ ਦਿਆਂ।
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥
(ਇਤਨੇ ਤਪ ਸਾਧ ਕੇ ਭੀ, ਹੇ ਪ੍ਰਭੂ!) ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੨॥
ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥
ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤਕ ਪਹੁੰਚ ਸਕਾਂ।
ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥
ਜੇ (ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ) ਮੈਂ ਕਿਸੇ ਨੂੰ ਦਿੱਸ ਨਾ ਸਕਾਂ, ਖਾਵਾਂ ਪੀਵਾਂ ਭੀ ਕੁਝ ਨਾ।
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥
(ਇਤਨੀ ਪਹੁੰਚ ਰੱਖਦਾ ਹੋਇਆ) ਭੀ (ਹੇ ਪ੍ਰਭੂ!) ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੩॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥
ਤਾਂ ਭੀ (ਹੇ ਪ੍ਰਭੂ!) ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੪॥੨॥
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥
ਹੇ ਨਾਨਕ! (ਆਖ-ਹੇ ਪ੍ਰਭੂ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ) ਲੱਖਾਂ ਮਣਾਂ ਕਾਗ਼ਜ਼ ਹੋਣ। ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ (ਭੀ) ਕੀਤੀ ਜਾਵੇ,
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥
ਜੇ (ਤੇਰੀ ਵਡਿਆਈ ਲਿਖਣ ਵਾਸਤੇ) ਮੈਂ ਹਵਾ ਨੂੰ ਕਲਮ ਬਣਾ ਲਵਾਂ (ਲਿਖਦਿਆਂ ਲਿਖਦਿਆਂ) ਸਿਆਹੀ ਦੀ ਭੀ ਕਦੇ ਤੋਟ ਨਾਹ ਆਵੇ,
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥
ਤਾਂ ਭੀ (ਹੇ ਪ੍ਰਭੂ!) ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੪॥੨॥
ਸਿਰੀਰਾਗੁ ਮਹਲਾ ੧ ॥
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥
ਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇਂ ਲਈ ਹੈ,
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥
ਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ ਇਹ ਸਫ਼ਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ-ਰੰਗ ਤੇ ਰੰਗ-ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ।
ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥
ਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ। ਮੈਂ (ਇਸ ਬਾਰੇ) ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀਹ ਪੁੱਛਣ ਜਾਵਾਂ? ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹਰ ਕੋਈ ਜਾਣਦਾ ਹੈ ॥੧॥
ਬਾਬਾ ਮਾਇਆ ਰਚਨਾ ਧੋਹੁ ॥
ਹੇ ਭਾਈ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ।
ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥੧॥ ਰਹਾਉ ॥
ਪਰ ਇਸ ਚਾਰ ਦਿਨ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ ॥੧॥ ਰਹਾਉ ॥
ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥
ਜਗਤ ਵਿਚ ਜਨਮ ਲੈ ਕੇ ਜੰਮਣ ਤੋਂ ਮਰਨ ਤਕ ਸਾਰੀ ਉਮਰ (ਮਨੁੱਖ) ਖਾਣ ਦੇ ਪਦਾਰਥ ਇਕੱਠੇ ਕਰਨ ਵਿੱਚ ਦੇ ਆਹਰ ਵਿੱਚ ਰੁੱਝਿਆ ਰਹਿੰਦਾ ਹੈ।
ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥
(ਜਿਨ੍ਹਾਂ ਦੀ ਖ਼ਾਤਰ ਇਹ ਦੌੜ ਭੱਜ ਕਰਦਾ ਹੈ, ਉਹਨਾਂ ਵਿਚੋਂ) ਕੋਈ ਭੀ ਉਹ ਥਾਂ ਤਕ ਸਾਥ ਨਹੀਂ ਨਿਬਾਹੁੰਦਾ, ਜਿਥੇ ਇਸ ਨੂੰ (ਸਾਰੀ ਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ।
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥੨॥
(ਇਸ ਦੇ ਮਰਨ ਪਿਛੋਂ) ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ (ਇਸ ਦੇ ਭਾ ਦੀਆਂ), ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ (ਕਿਉਂਕਿ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ) ॥੨॥
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥
(ਹੇ ਪ੍ਰਭੂ!) ਹਰੇਕ ਜੀਵ (ਤੈਨੂੰ) ਬਹੁਤ ਬਹੁਤ ਧਨ ਵਾਸਤੇ ਹੀ ਆਖਦਾ ਹੈ, ਕੋਈ ਭੀ ਥੋੜਾ ਨਹੀਂ ਮੰਗਦਾ, ਕਿਸੇ ਨੇ ਭੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ, ਮੰਗ ਮੰਗ ਕੇ ਕਦੇ ਕੋਈ ਭੀ ਰੱਜਿਆ ਨਹੀਂ (ਪਰ ਉਹ ਸਾਰਾ ਧਨ ਇਥੇ ਹੀ ਰਹਿ ਜਾਂਦਾ ਹੈ)।
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥
ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ-ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ। ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ-ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ।
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥੩॥
ਹੇ ਪ੍ਰਭੂ! ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਖ਼ਾਲਕ ਹੈਂ, ਹੋਰ ਸਾਰੇ ਜੀਆ-ਜੰਤ ਹੋਰ ਸਾਰੇ ਜਗਤ ਮੰਡਲ-ਨਾਸਵੰਤ ਹਨ ॥੩॥
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ,
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
(ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ। ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥
(ਕਿਉਂਕਿ ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ ॥੪॥੩॥
ਸਿਰੀਰਾਗੁ ਮਹਲਾ ੧ ॥
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥
ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ)।
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
ਪਰਾਈ ਨਿੰਦਿਆ ਮੇਰੇ ਮੂੰਹ ਵਿਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ),
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥
ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ ॥੧॥
ਬਾਬਾ ਬੋਲੀਐ ਪਤਿ ਹੋਇ ॥
ਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ।
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ ॥
ਉਹੀ ਮਨੁੱਖ (ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ ॥੧॥ ਰਹਾਉ ॥
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ,
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ, ਤੇ ਮਾਸ (ਖਾਣ) ਦਾ ਚਸਕਾ,
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ? ॥੨॥
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ।
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥
ਹੇ ਮੂਰਖ ਅੰਞਾਣ ਮਨ! ਸੁਣ, ਫਿੱਕਾ (ਨਾਮ-ਰਸ ਤੋਂ ਸੱਖਣਾ) ਬੋਲ ਬੋਲਿਆਂ ਖ਼ੁਆਰ ਹੋਈਦਾ ਹੈ (ਭਾਵ, ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖ਼ਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ)। ਪ੍ਰਭੂ ਭੀ ਸਿਫ਼ਤ-ਸਾਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ।
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥
ਜੋ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ ॥੩॥
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ।
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
ਐਸੇ ਭਲੇ ਮਨੁੱਖਾਂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ। ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ?
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥
ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ ॥੪॥੪॥
ਸਿਰੀਰਾਗੁ ਮਹਲਾ ੧ ॥
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥
ਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ-ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ।
ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥
(ਇਸ ਮੋਹ-ਅਫੀਮ ਨੂੰ ਖਾ ਕੇ) ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿਚ ਰੰਗ-ਰਲੀਆਂ ਮਾਣ ਰਹੀ ਹੈ।
ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥
ਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ ॥੧॥
ਨਾਨਕ ਸਾਚੇ ਕਉ ਸਚੁ ਜਾਣੁ ॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ,
ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥
ਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ (ਤੇ ਅਰਦਾਸ ਕਰ ਕਿ ਹੇ ਪ੍ਰਭੂ! ਆਪਣਾ ਨਾਮ ਦੇਹ ਜਿਸ ਕਰਕੇ) ਤੇਰੀ ਹਜ਼ੂਰੀ ਵਿਚ ਆਦਰ ਮਿਲ ਸਕੇ ॥੧॥ ਰਹਾਉ ॥
ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥
ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ)।
ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ।
ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥
ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ) ॥੨॥
ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥
ਪ੍ਰਭੂ ਦਾ ਨਾਮ ਤੇ ਸਿਫ਼ਤ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ।
ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥
ਪਰਮਾਤਮਾ ਦਾ ਨਾਮ ਤੇ ਸਿਫ਼ਤ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ।
ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥
ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ॥੩॥
ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥
ਜਿਸ ਪ੍ਰਭੂ ਦੀ ਬਖ਼ਸ਼ੀ ਹੋਈ ਇਹ ਜਿੰਦ-ਜਾਨ ਹੈ, ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।
ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥
ਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉੱਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ,
ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥
(ਕਿਉਂਕਿ) ਹੋਰ ਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿਚ ਫਸਾਂਦੀਆਂ ਹਨ। (ਹੇ ਪ੍ਰਭੂ!) ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ ॥੪॥੫॥{15-16}
ਸਿਰੀਰਾਗੁ ਮਹਲੁ ੧ ॥
ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥
(ਹੇ ਭਾਈ! ਮਾਇਆ ਦਾ) ਮੋਹ ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗ਼ਜ਼ ਬਣਾ।
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥
ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ।
ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥
ਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫ਼ਤ-ਸਾਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ-ਉਰਲਾ ਬੰਨਾ ਨਹੀਂ ਲੱਭ ਸਕਦਾ ॥੧॥
ਬਾਬਾ ਏਹੁ ਲੇਖਾ ਲਿਖਿ ਜਾਣੁ ॥
ਹੇ ਭਾਈ! ਇਹ ਲੇਖਾ ਲਿਖਣ ਦੀ ਜਾਚ ਸਿੱਖ।
ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥
ਜਿਸ ਥਾਂ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ ॥੧॥ ਰਹਾਉ ॥
ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥
ਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ।
ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦਾ) ਸਦਾ-ਥਿਰ ਨਾਮ ਵੱਸਦਾ ਹੈ (ਲੇਖਾ ਮੰਗਣ ਵਾਲੇ ਥਾਂ) ਉਹਨਾਂ ਦੇ ਮੂੰਹ ਉਤੇ ਟਿੱਕੇ ਲੱਗਦੇ ਹਨ,
ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥
ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ ॥੨॥
ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥
(ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ।
ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥
ਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।
ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥
(ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ-ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ) ॥੩॥
ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥
(ਹੇ ਪ੍ਰਭੂ!) ਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖ਼ਲਾ ਬਹੁਤ ਵਿਆਪਦਾ ਹੈ, (ਇਸ ਤੌਖ਼ਲੇ ਵਿਚ) ਖਿੱਝ ਖਿੱਝ ਕੇ ਸਰੀਰ ਭੀ ਢਹਿੰਦਾ ਜਾਂਦਾ ਹੈ,
ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥
(ਤੇਰੀ ਯਾਦ ਤੋਂ ਬਿਨਾ ਮਾਇਆ ਦਾ ਭੀ ਕੀਹ ਮਾਣ?) ਜਿਨ੍ਹਾਂ ਦੇ ਨਾਮ ਖ਼ਾਨ ਸੁਲਤਾਨ ਕਰ ਕੇ ਵੱਜਦੇ ਹਨ ਸਭ (ਇਥੇ ਹੀ) ਮਿੱਟੀ ਵਿਚ ਮਿਲ ਜਾਂਦੇ ਹਨ।
ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥
ਹੇ ਨਾਨਕ! (ਆਖਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ) ॥੪॥੬॥
ਸਿਰੀਰਾਗੁ ਮਹਲਾ ੧ ॥
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
ਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ।
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਕੀਰਤਨ ਮਸਾਲੇ ਜਾਣੋ।
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥
ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ ॥੧॥
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ,
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ ॥੧॥ ਰਹਾਉ ॥
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥
ਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ।
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥
ਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ।
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥
ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ ॥੨॥
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
ਹੇ ਭਾਈ! ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ,
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ ॥੧॥ ਰਹਾਉ ॥
ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥
ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ।
ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥
ਤੇਰੀ ਸਿਫ਼ਤ-ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ।
ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥
(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ ॥੩॥
ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥
ਹੇ ਭਾਈ! ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ,
ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ ॥੧॥ ਰਹਾਉ ॥
ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥
(ਦੂਜਿਆਂ ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖ਼ੁਸ਼ੀ ਮੈਨੂੰ ਆਪਣਾ ਪਰਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ)।
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥
ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥
ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ॥੪॥
ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥
ਹੇ ਭਾਈ! (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ,
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥
ਕਿਉਂ ਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ ॥੧॥ ਰਹਾਉ ॥੪॥੭॥{16-17}
ਸਿਰੀਰਾਗੁ ਮਹਲਾ ੧ ॥
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
ਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸੁੱਧ ਵਿਕਾਰ-ਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਉਸ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ),
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥
ਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿਤ੍ਰ ਹੋ ਚੁਕਾ ਹੋਵੇ) ਉਸ ਮਨੁੱਖ ਦੇ ਅੰਦਰ ਮਤਿ ਖਿੜਦੀ ਹੈ।
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥
ਉਸ ਖਿੜੀ ਹੋਈ ਮਤਿ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ।
ਬਾਬਾ ਹੋਰ ਮਤਿ ਹੋਰ ਹੋਰ ॥
ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮਤਿ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ।
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ ॥
ਸਿਫ਼ਤ-ਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਭੀ ਕਰੀਏ (ਤਾਂ ਕੁਝ ਨਹੀਂ ਬਣਦਾ, ਕਿਉਂਕਿ) ਕੂੜਾ ਕਰਮ ਕਰਨ ਨਾਲ ਕੂੜ ਦਾ ਹੀ ਜ਼ੋਰ ਵਧਦਾ ਹੈ ॥੧॥
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
ਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ,
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
ਜੇ ਉਹ ਪੁੱਗਿਆ ਹੋਇਆ (ਕਰਾਮਾਤੀ) ਜੋਗੀ ਗਿਣਿਆ ਜਾਣ ਲੱਗ ਪਏ, ਵੱਡੇ ਨਾਮਣੇ ਵਾਲਾ ਸਦਾਣ ਲੱਗ ਪਏ,
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥
(ਤਾਂ ਭੀ ਇਹ ਸਭ ਕੁਝ ਕਿਸੇ ਅਰਥ ਨਹੀਂ, ਕਿਉਂਕਿ) ਜੇ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ, ਤਾਂ (ਦੁਨੀਆ ਵਿਚ ਹੋਈ) ਸਾਰੀ ਪੂਜਾ ਖ਼ੁਆਰ ਹੀ ਕਰਦੀ ਹੈ ॥੨॥
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੇ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ।
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
(ਕਿਉਂਕਿ) ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੇ ਅੰਦਰ ਨਾਮ ਹੀ ਉੱਘੜਦਾ ਹੈ।
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥
(ਇਹ ਪੱਕਾ ਨਿਯਮ ਜਾਣੋ ਕਿ) ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇਕ-ਰਸ ਸਦਾ-ਥਿਰ ਰਹਿਣ ਵਾਲਾ ਹੈ ॥੩॥
ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
(ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿਚ ਰਲਿਆ, ਤਾਂ (ਨਾਮ-ਹੀਣ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ।
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
(ਦੁਨੀਆ ਵਿਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ।
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥
ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ ॥੪॥੮॥
ਸਿਰੀਰਾਗੁ ਮਹਲਾ ੧ ॥
ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
ਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ। ਪਰ ਜਿਸ ਦੇ ਅੰਦਰ (ਮਾਇਆ ਦੇ ਮੋਹ ਦੇ ਕਾਰਨ) ਔਗੁਣ ਹੀ ਔਗੁਣ ਹਨ ਉਹ (ਆਪਣੇ ਹੀ ਔਗੁਣਾਂ ਦੇ ਪ੍ਰਭਾਵ ਹੇਠ) ਸਦਾ ਝੂਰਦੀ ਰਹਿੰਦੀ ਹੈ।
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
ਹੇ ਜੀਵ-ਇਸਤ੍ਰੀ! ਜੇ ਤੂੰ ਖਸਮ-ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ (ਚੇਤੇ ਰੱਖ ਕਿ) ਕੂੜੇ ਮੋਹ ਵਿਚ ਫਸੇ ਰਿਹਾਂ ਪਤੀ-ਪ੍ਰਭੂ ਨੂੰ ਨਹੀਂ ਮਿਲ ਸਕਦੀ।
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥
(ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾਹ ਤੁਲਹਾ ਹੈ, ਇਸ ਤਰ੍ਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾ, (ਕਿਉਂਕਿ) ਉਹ ਤਾਂ (ਇਸ ਸੰਸਾਰ-ਸਮੁੰਦਰ ਤੋਂ ਪਾਰ ਹੈ,) ਦੂਰ ਹੈ ॥੧॥
ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੈ)।
ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ ॥੧॥ ਰਹਾਉ ॥
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥
ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ, ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ।
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
(ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਆਨੰਦ ਦੇਣ ਵਾਲੇ ਕਿਲ੍ਹੇ ਹਨ।
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥
ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ॥੨॥
ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
ਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ।
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥
ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ।
ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥
ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤਿ ਸਰੋਵਰ ਵਿਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ ॥੩॥
ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈ, ਉਸ ਦਾ ਨਿਵਾਸ ਭੀ ਐਸੇ ਤਖ਼ਤ ਉੱਤੇ ਹੈ ਜਿਸ ਵਿਚ ਕੋਈ ਘਾਟ ਨਹੀਂ ਹੈ।
ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥
ਉਹ ਪੂਰਾ ਪ੍ਰਭੂ ਸੋਹਣੇ ਉਕਾਈ-ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।
ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥
ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ? ॥੪॥੯॥
ਸਿਰੀਰਾਗੁ ਮਹਲਾ ੧ ॥
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
ਹੇ ਸਤਸੰਗਣ ਭੈਣੋ ਤੇ ਸਹੇਲੀਹੋ! ਆਓ, ਪਿਆਰ ਨਾਲ (ਸਤ-ਸੰਗ ਵਿਚ) ਇਕੱਠੀਆਂ ਹੋਵੀਏ।
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥
ਸਤਸੰਗ ਵਿਚ ਮਿਲ ਕੇ ਉਸ ਖਸਮ-ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ।
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥
(ਹੇ ਸਹੇਲੀਹੋ!) ਉਸ ਸਦਾ-ਥਿਰ ਮਾਲਕ ਵਿਚ ਸਾਰੇ ਗੁਣ ਹੀ ਗੁਣ ਹਨ (ਉਸ ਤੋਂ ਵਿੱਛੁੜ ਕੇ ਹੀ) ਸਾਰੇ ਔਗੁਣ ਸਾਡੇ ਵਿਚ ਆ ਜਾਂਦੇ ਹਨ ॥੧॥
ਕਰਤਾ ਸਭੁ ਕੋ ਤੇਰੈ ਜੋਰਿ ॥
ਹੇ ਕਰਤਾਰ! ਹਰੇਕ ਜੀਵ ਤੇਰੇ ਹੁਕਮ ਵਿਚ (ਹੀ ਤੁਰ ਸਕਦਾ ਹੈ)।
ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥
ਜਦੋਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ (ਤਾਂ ਇਹ ਸਮਝ ਪੈਂਦੀ ਹੈ ਕਿ) ਜਦੋਂ ਤੂੰ (ਸਾਡੇ ਸਿਰ ਉੱਤੇ ਰਾਖਾ) ਹੈਂ, ਤਾਂ ਹੋਰ ਕੋਈ ਸਾਡਾ ਕੀਹ ਵਿਗਾੜ ਸਕਦੇ ਹਨ ॥੧॥ ਰਹਾਉ ॥
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣਂੀ ॥
(ਹੇ ਸਤਸੰਗਣ ਭੈਣੋ! ਬੇ-ਸ਼ੱਕ) ਜਾ ਕੇ ਸੁਹਾਗਣ (ਜੀਵ-ਇਸਤ੍ਰੀਆਂ) ਨੂੰ ਪੁੱਛ ਲਵੋ ਕਿ ਤੁਸਾਂ ਕਿਨ੍ਹਾਂ ਗੁਣਾਂ ਦੀ ਰਾਹੀਂ ਪ੍ਰਭੂ-ਮਿਲਾਪ ਹਾਸਲ ਕੀਤਾ ਹੈ?
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
ਉਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ (ਤਾਹੀਏਂ ਉਹਨਾਂ ਨੂੰ ਮਿਲ ਪਿਆ)।
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥
ਉਹ ਆਨੰਦ-ਦਾਤਾ ਪ੍ਰਭੂ-ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਜਾਏ (ਤੇ ਸੰਤੋਖ ਮਿਠ-ਬੋਲਾ-ਪਨ ਆਦਿਕ ਗੁਣ ਧਾਰੇ ਜਾਣ) ॥੨॥
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥
ਹੇ ਪ੍ਰਭੂ! ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖ਼ਸ਼ਸ਼ਾਂ ਹਨ।
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥
ਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫ਼ਤਾਂ ਕਰ ਰਹੇ ਹਨ।
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥
ਤੇਰੇ ਬੇਅੰਤ ਹੀ ਰੂਪ ਰੰਗ ਹਨ, ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਿਚ ਹਨ ॥੩॥
ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥
ਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।
ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥
ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ, (ਪ੍ਰਭੂ ਦੇ ਦਰ ਤੇ) ਉਸ ਨੂੰ ਆਦਰ ਮਿਲਦਾ ਹੈ, ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਸੰਸਾਰਕ ਡਰ ਮੁਕਾ ਲੈਂਦਾ ਹੈ।
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥
ਤੇ ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੧੦॥
ਸਿਰੀਰਾਗੁ ਮਹਲਾ ੧ ॥
ਰਾਗ ਸਿਰੀਰਾਗ ਵਿੱਚ ਗੁਰੂ ਨਾਨਕ ਦੀ ਬਾਣੀ।
ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥
(ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ।
ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥
ਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖ਼ੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿਚ ਹੋ ਗਏ।
ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥
ਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ), ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ ॥੧॥
ਮਨ ਰੇ ਸਚੁ ਮਿਲੈ ਭਉ ਜਾਇ ॥
ਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ।
ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥
ਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ ॥੧॥ ਰਹਾਉ ॥
ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥
ਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ)।
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥
(ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ਼ ਇਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿਚ ਸੁਖ ਭੀ ਨਹੀਂ ਹੈ)।
ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥
ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ ॥੨॥
ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥
ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ।
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥
(ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ।
ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥
ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੩॥
ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖ਼ਰੀਦਿਆ ਜਾ ਸਕਦਾ ਹੈ।
ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥
ਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖ਼ਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ।
ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥
ਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ ॥੪॥੧੧॥”
ਸਿਰੀਰਾਗੁ ਮਹਲੁ ੧ ॥
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥
ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ (ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜ਼ੇਵਰ ਢਲ ਕੇ) ਮੁੜ (ਉਸੇ) ਧਾਤ ਨਾਲ ਇੱਕ-ਰੂਪ ਹੋ ਜਾਂਦਾ ਹੈ।
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨੁੱਖ ਉੱਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ (ਮਨੁੱਖ ਦਾ ਚਿਹਰਾ ਚਮਕ ਉਠਦਾ ਹੈ)।
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥
ਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ ॥੧॥
ਭਾਈ ਰੇ ਸੰਤ ਜਨਾ ਕੀ ਰੇਣੁ ॥
ਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ।
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥
ਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧॥ ਰਹਾਉ ॥
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥
ਪਰਮਾਤਮਾ (ਦੇ ਰਹਿਣ) ਦਾ ਸੋਹਣਾ ਥਾਂ ਉੱਚਾ ਹੈ, ਉਸ ਦਾ ਮਹਲ (ਸਭ ਤੋਂ) ਉੱਪਰ ਹੈ।
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥
ਉਸ ਦਾ ਦਰ ਉਸ ਦਾ ਘਰ ਮਹਲ ਪਿਆਰ ਦੀ ਰਾਹੀਂ ਲੱਭਦਾ ਹੈ, ਟਿਕਵਾਂ (ਚੰਗਾ) ਆਚਰਣ ਦੇ ਕੇ ਲੱਭੀਦਾ ਹੈ।
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥
(ਪਰ ਉੱਚਾ ਆਚਰਨ ਭੀ ਸੌਖੀ ਖੇਡ ਨਹੀਂ, ਮਨ ਵਿਕਾਰਾਂ ਵਲ ਹੀ ਪ੍ਰੇਰਦਾ ਰਹਿੰਦਾ ਹੈ, ਤੇ) ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ-ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ ॥੨॥
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥
(ਦੁਨੀਆ ਵਿਚ ਆਮ ਤੌਰ ਤੇ) ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸਂਹਸਿਆਂ ਦਾ ਗੇੜ ਬਣਿਆ ਰਹਿੰਦਾ ਹੈ (ਇਹਨਾਂ ਦੇ ਕਾਰਨ ਮਨ ਵਿਚ ਖਿੱਝ ਬਣਦੀ ਹੈ)।
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥
ਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ), ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ।
ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥
ਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ (ਆਪਣੇ ਮਨ ਦੀ) ਮੈਲ ਸਾਫ਼ ਕਰਦਾ ਹੈ (ਮਨ ਭਟਕਣੋਂ ਹਟ ਜਾਂਦਾ ਹੈ) ਤੇ ਅਡੋਲਤਾ ਵਿਚ ਪਰਮਾਤਮਾ ਦਾ ਟਿਕਾਣਾ (ਆਪਣੇ ਅੰਦਰ ਹੀ) ਪਛਾਣ ਲਈਦਾ ਹੈ ॥੩॥
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥
ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਲੱਭਦੀ।
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥
(ਹੇ ਭਾਈ!) ਇਕ (ਰਾਜ਼ਕ) ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਵਿਚਾਰਨੀ ਚਾਹੀਦੀ ਹੈ (ਜੋ ਸਿਫ਼ਤ-ਸਾਲਾਹ ਕਰਦਾ ਹੈ ਉਹ) ਹੋਰ ਹੋਰ ਆਸਾਂ ਛੱਡ ਦੇਂਦਾ ਹੈ।
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥
ਹੇ ਨਾਨਕ! (ਆਖ-) ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰ ਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੪॥੧੨॥