ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 3 – Guru Nanak Dev ji (Mahalla 1) – Slok Bani Quotes Shabad Path in Punjabi Gurbani
ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 3 – Guru Nanak Dev ji (Mahalla 1) – Slok Bani Quotes Shabad Path in Punjabi Gurbani
ਸਿਰੀਰਾਗੁ ਮਹਲਾ ੧ ॥
ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਇਸਤ੍ਰੀ (ਜੀਵਨ ਦੇ) ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਮਾਇਆ ਉਸ ਨੂੰ ਕੁਰਾਹੇ ਪਾ ਦੇਂਦੀ ਹੈ, ਰਾਹੋਂ ਖੁੰਝੀ ਹੋਈ ਨੂੰ (ਗੁਰੂ ਤੋਂ ਬਿਨਾ) ਕੋਈ (ਐਸਾ) ਥਾਂ ਨਹੀਂ ਲੱਭਦਾ (ਜੇਹੜਾ ਉਸ ਨੂੰ ਰਸਤਾ ਵਿਖਾ ਦੇਵੇ)।
ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ ॥
ਗੁਰੂ ਤੋਂ ਬਿਨਾ ਹੋਰ ਕੋਈ ਭੀ (ਸਹੀ ਰਸਤਾ) ਵਿਖਾ ਨਹੀਂ ਸਕਦਾ। (ਮਾਇਆ ਦੇ ਵਿਚ) ਅੰਨ੍ਹੀ ਹੋਈ ਜੀਵ-ਇਸਤ੍ਰੀ ਭਟਕਦੀ ਫਿਰਦੀ ਹੈ।
ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥੧॥
ਜਿਸ ਭੀ ਜੀਵ ਨੇ (ਮਾਇਆ ਦੇ ਢਹੇ ਚੜ੍ਹ ਕੇ) ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਧਨ ਗਵਾ ਲਿਆ ਹੈ, ਉਹ ਠੱਗਿਆ ਜਾਂਦਾ ਹੈ, ਉਹ (ਆਤਮਕ ਜੀਵਨ ਵਲੋਂ) ਲੁੱਟਿਆ ਜਾਂਦਾ ਹੈ ॥੧॥
ਬਾਬਾ ਮਾਇਆ ਭਰਮਿ ਭੁਲਾਇ ॥
ਹੇ ਭਾਈ! ਮਾਇਆ (ਜੀਵਾਂ ਨੂੰ) ਭੁਲੇਖੇ ਵਿਚ ਪਾ ਕੇ ਕੁਰਾਹੇ ਪਾ ਦੇਂਦੀ ਹੈ।
ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥
ਜੇਹੜੀ ਭਾਗ ਹੀਣ ਜੀਵ-ਇਸਤ੍ਰੀ ਭੁਲੇਖੇ ਵਿਚ ਪੈ ਕੇ ਕੁਰਾਹੇ ਪੈਂਦੀ ਹੈ, ਉਹ (ਕਦੇ ਭੀ) ਪ੍ਰਭੂ-ਪਤੀ ਦੇ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ ॥੧॥ ਰਹਾਉ ॥
ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥
ਜੀਵਨ ਦੇ ਰਾਹ ਤੋਂ ਖੁੰਝੀ ਹੋਈ ਜੀਵ-ਇਸਤ੍ਰੀ ਹੀ ਗ੍ਰਿਹਸਤ ਤਿਆਗ ਕੇ ਦੇਸ ਦੇਸਾਂਤਰਾਂ ਵਿਚ ਫਿਰਦੀ ਹੈ।
ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥
ਖੁੰਝੀ ਹੋਈ ਹੀ ਕਦੇ ਕਿਸੇ ਪਹਾੜ (ਦੀ ਗੁਫ਼ਾ) ਵਿਚ ਬੈਠਦੀ ਹੈ ਕਦੇ ਕਿਸੇ ਟਿੱਲੇ ਉੱਤੇ ਚੜ੍ਹ ਬੈਠਦੀ ਹੈ, ਭਟਕਦੀ ਫਿਰਦੀ ਹੈ, ਉਸਦਾ ਮਨ (ਮਾਇਆ ਦੇ ਅਸਰ ਹੇਠ) ਡੋਲਦਾ ਹੈ।
ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥੨॥
(ਆਪਣੇ ਕੀਤੇ ਕਰਮਾਂ ਦੇ ਕਾਰਨ) ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਵਿੱਛੁੜੀ ਹੋਈ (ਪ੍ਰਭੂ-ਚਰਨਾਂ ਵਿਚ) ਜੁੜ ਨਹੀਂ ਸਕਦੀ, ਉਹ ਤਾਂ (ਤਿਆਗ ਆਦਿਕ ਦੇ) ਅਹੰਕਾਰ ਵਿਚ ਲੁੱਟੀ ਜਾ ਰਹੀ ਹੈ, ਤੇ (ਵਿਛੋੜੇ ਵਿਚ) ਕਲਪਦੀ ਹੈ ॥੨॥
ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥
ਪ੍ਰਭੂ ਤੋਂ ਵਿੱਛੁੜਿਆਂ ਨੂੰ ਗੁਰੂ ਹਰਿ-ਨਾਮ ਦੇ ਆਨੰਦ ਵਿਚ ਜੋੜ ਕੇ, ਨਾਮ ਦੇ ਪਿਆਰ ਵਿਚ ਜੋੜ ਕੇ (ਮੁੜ ਪ੍ਰਭੂ ਨਾਲ) ਮਿਲਾਂਦਾ ਹੈ।
ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ ॥
ਹਰੀ ਦੇ ਗੁਣਾਂ ਦੀ ਬਰਕਤਿ ਨਾਲ ਹਰੀ-ਨਾਮ ਦੇ ਆਸਰੇ ਨਾਲ ਸਦਾ-ਥਿਰ ਪ੍ਰਭੂ ਵਿਚ (ਜੁੜਿਆਂ) ਅਡੋਲ ਅਵਸਥਾ ਵਿਚ (ਟਿਕਿਆਂ) ਬੜੀ ਸੋਭਾ (ਭੀ ਮਿਲਦੀ ਹੈ)।
ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥੩॥
(ਮੈਂ ਤੇਰਾ ਦਾਸ ਬੇਨਤੀ ਕਰਦਾ ਹਾਂ-ਹੇ ਪ੍ਰਭੂ!) ਜਿਵੇਂ ਤੇਰੀ ਰਜ਼ਾ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਰੱਖ। ਤੈਥੋਂ ਬਿਨਾ ਮੇਰਾ ਖਸਮ-ਸਾਈਂ ਹੋਰ ਕੋਈ ਨਹੀਂ ॥੩॥
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥
ਵਿੱਦਿਆ ਪੜ੍ਹ ਪੜ੍ਹ ਕੇ (ਭੀ ਵਿੱਦਿਆ ਦੇ ਅਹੰਕਾਰ ਕਾਰਨ) ਕੁਰਾਹੇ ਹੀ ਪਈਦਾ ਹੈ, (ਗ੍ਰਿਹਸਤ-ਤਿਆਗੀਆਂ ਦੇ) ਭੇਖਾਂ ਨਾਲ ਭੀ (ਮਨ ਵਿਚ) ਬੜਾ ਮਾਣ ਪੈਦਾ ਹੁੰਦਾ ਹੈ।
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥
ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਭੀ ਜੀਵ ਕੁਝ ਨਹੀਂ ਸੰਵਾਰ ਸਕਦਾ, ਕਿਉਂਕਿ ਮਨ ਵਿਚ (ਇਸ) ਅਹੰਕਾਰ ਦੀ ਮੈਲ ਟਿਕੀ ਰਹਿੰਦੀ ਹੈ (ਕਿ ਮੈਂ ਤੀਰਥ ਇਸ਼ਨਾਨੀ ਹਾਂ)।
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥
(ਹਰੇਕ ਖੁੰਝੇ ਹੋਏ ਰਸਤੇ ਵਿਚ) ਮਨ (ਇਸ ਸਰੀਰ-ਨਗਰੀ ਦਾ) ਰਾਜਾ ਬਣਿਆ ਰਹਿੰਦਾ ਹੈ, ਸੁਲਤਾਨ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾ ਇਸ ਨੂੰ ਕਿਸੇ ਹੋਰ ਨੇ ਕਦੇ ਮਤਿ ਨਹੀਂ ਦਿੱਤੀ (ਕੋਈ ਇਸ ਨੂੰ ਸਮਝਾ ਨਹੀਂ ਸਕਿਆ) ॥੪॥
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥
(ਹੇ ਬਾਬਾ!) ਗੁਰੂ ਦੀ ਸਰਨ ਪੈ ਕੇ ਆਪਣੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰ। ਗੁਰੂ ਦੀ ਸਰਨ ਪਿਆਂ ਹੀ (ਪ੍ਰਭੂ-ਚਰਨਾਂ ਨਾਲ) ਪ੍ਰੇਮ ਪੈਦਾ ਕਰਨ ਵਾਲਾ ਨਾਮ-ਧਨ ਮਿਲਦਾ ਹੈ।
ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥
ਜਿਸ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ ਹੈ, ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਤਮਕ ਜੀਵਨ ਨੂੰ ਆਪਾ-ਭਾਵ ਦੂਰ ਕਰਨ ਦਾ) ਸਿੰਗਾਰ ਕੀਤਾ ਹੈ,
ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥੫॥
ਉਸ ਨੇ ਗੁਰੂ ਦੇ ਬਖ਼ਸ਼ੇ ਪ੍ਰੇਮ ਦੀ ਰਾਹੀਂ ਆਪਣੇ ਹਿਰਦੇ ਘਰ ਵਿਚ ਉਸ ਬੇਅੰਤ ਪ੍ਰਭੂ ਪਤੀ ਨੂੰ ਲੱਭ ਲਿਆ ਹੈ ॥੫॥
ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ॥
ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਚਾਕਰੀ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਆਤਮਕ ਆਨੰਦ ਮਿਲਦਾ ਹੈ।
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ ॥
ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ (ਉਪਦੇਸ਼) ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।
ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ ॥੬॥
ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਧਨ ਹਾਸਲ ਕਰ ਲਿਆ ਹੈ, ਉਸ ਦੇ ਮਨ ਵਿਚ ਸਦਾ ਲਾਭ ਹੁੰਦਾ ਹੈ (ਉਸ ਦੇ ਮਨ ਵਿਚ ਆਤਮਕ ਗੁਣਾਂ ਦਾ ਸਦਾ ਵਾਧਾ ਹੀ ਵਾਧਾ ਹੁੰਦਾ ਹੈ) ॥੬॥
ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥
ਪਰਮਾਤਮਾ ਮਿਲਦਾ ਹੈ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ, ਮਨੁੱਖ ਦੇ ਆਪਣੇ ਉਦਮ ਨਾਲ ਨਹੀਂ ਲਿਆ ਜਾ ਸਕਦਾ।
ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥
(ਇਸ ਵਾਸਤੇ, ਹੇ ਭਾਈ!) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ।
ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥
(ਗੁਰ-ਸਰਨ ਦੀ ਬਰਕਤਿ ਨਾਲ ਜੇ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਰੰਗ ਵਿਚ ਰੰਗੇ ਰਹੀਏ, ਤਾਂ ਉਹ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ॥੭॥
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
(ਹੇ ਬਾਬਾ! ਮਾਇਆ ਐਸੀ ਪ੍ਰਬਲ ਹੈ ਕਿ ਇਸ ਦੇ ਢਹੇ ਚੜ੍ਹ ਕੇ) ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ।
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥
ਜਿਸ ਮਨੁੱਖ ਨੇ ਗੁਰੂ ਦੀ ਮਤਿ ਉੱਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ, ਉਸਦੇ ਅੰਦਰ (ਪਰਮਾਤਮਾ ਦਾ) ਪ੍ਰੇਮ ਬਣ ਜਾਂਦਾ ਹੈ।
ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਮਿਲਾ ਦੇਂਦਾ ਹੈ ਉਸ ਨੂੰ ਉਹ ਸਦਾ-ਥਿਰ ਪ੍ਰਭੂ ਕਦੇ ਭੁੱਲਦਾ ਨਹੀਂ ॥੮॥੧੨॥{60-61}
ਸਿਰੀਰਾਗੁ ਮਹਲਾ ੧ ॥
ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥
ਪੁੱਤਰ, ਰਿਸ਼ਤੇਦਾਰ, ਘਰ, ਇਸਤ੍ਰੀ (ਆਦਿਕ ਦੇ ਮੋਹ) ਦੇ ਕਾਰਨ ਮੋਹਣੀ ਮਾਇਆ ਦੀ ਤ੍ਰਿਸ਼ਨਾ ਜੀਵਾਂ ਨੂੰ ਵਿਆਪ ਰਹੀ ਹੈ।
ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥
ਧਨ ਨੇ, ਜੁਆਨੀ ਨੇ, ਲੋਭ ਨੇ, ਅਹੰਕਾਰ ਨੇ, (ਸਾਰੇ) ਜਗਤ ਨੂੰ ਲੁੱਟ ਲਿਆ ਹੈ।
ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥
ਮੋਹ ਦੀ ਠੱਗਬੂਟੀ ਨੇ ਮੈਨੂੰ (ਭੀ) ਠੱਗ ਲਿਆ ਹੈ, ਇਹ ਮੋਹ-ਠੱਗਬੂਟੀ ਸਾਰੇ ਸੰਸਾਰ ਵਿਚ ਆਪਣਾ ਜ਼ੋਰ ਪਾ ਰਹੀ ਹੈ ॥੧॥
ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥
ਹੇ ਮੇਰੇ ਪ੍ਰੀਤਮ-ਪ੍ਰਭੂ! (ਇਸ ਠੱਗ-ਬੂਟੀ ਤੋਂ ਬਚਾਣ ਲਈ) ਮੈਨੂੰ ਤੈਥੋਂ ਬਿਨਾ ਹੋਰ ਕੋਈ (ਸਮਰੱਥ) ਨਹੀਂ (ਦਿੱਸਦਾ)।
ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥੧॥ ਰਹਾਉ ॥
ਮੈਨੂੰ ਤੈਥੋਂ ਬਿਨਾ ਹੋਰ ਕੋਈ ਪਿਆਰਾ ਨਹੀਂ ਲੱਗਦਾ। ਜਦੋਂ ਤੂੰ ਮੈਨੂੰ ਪਿਆਰਾ ਲੱਗਦਾ ਹੈਂ, ਤਦੋਂ ਮੈਨੂੰ ਆਤਮਕ ਸੁਖ ਮਿਲਦਾ ਹੈ ॥੧॥ ਰਹਾਉ ॥
ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥
(ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਸੰਤੋਖ ਧਾਰ ਕੇ (ਤ੍ਰਿਸ਼ਨਾ ਦੇ ਪੰਜੇ ਵਿਚੋਂ ਨਿਕਲ ਕੇ) ਪ੍ਰੇਮ ਨਾਲ (ਪਰਮਾਤਮਾ ਦੇ) (ਨਾਮ ਦੀ) ਸਿਫ਼ਤ-ਸਾਲਾਹ ਕਰ।
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥
ਇਸ ਨਾਸਵੰਤ ਮੋਹ ਨੂੰ ਨਾਹ ਵੇਖ, ਇਹ ਤਾਂ ਜੋ ਕੁੱਝ ਦਿੱਸ ਰਿਹਾ ਹੈ ਸਭ ਨਾਸ ਹੋ ਜਾਏਗਾ।
ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥
(ਜੀਵ ਇਥੇ) ਰਸਤੇ ਦਾ ਮੁਸਾਫ਼ਿਰ (ਬਣ ਕੇ) ਆਇਆ ਹੈ, ਇਹ ਸਾਰਾ ਸਾਥ ਨਿੱਤ ਚਲਣ ਵਾਲਾ ਸਮਝ ॥੨॥
ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥
ਦੱਸਣ ਨੂੰ ਤਾਂ ਬੇਅੰਤ ਜੀਵ ਦੱਸ ਦੇਂਦੇ ਹਨ (ਕਿ ਮਾਇਆ ਦੀ ਤ੍ਰਿਸ਼ਨਾ ਤੋਂ ਇਉਂ ਬਚ ਸਕੀਦਾ ਹੈ, ਪਰ) ਗੁਰੂ ਤੋਂ ਬਿਨਾ ਸਹੀ ਸਮਝ ਨਹੀ ਪੈਂਦੀ।
ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥
(ਗੁਰੂ ਦੀ ਸਰਨ ਪੈ ਕੇ) ਜੇ ਪਰਮਾਤਮਾ ਦਾ ਨਾਮ ਮਿਲ ਜਾਏ, ਪਰਮਾਤਮਾ ਦੀ ਸਿਫ਼ਤ-ਸਾਲਾਹ ਮਿਲ ਜਾਏ ਜੇ (ਮਨੁੱਖ ਦਾ ਮਨ) ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਜਾਏ, ਤਾਂ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।
ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥੩॥
(ਪਰ, ਹੇ ਪ੍ਰਭੂ! ਆਪਣੇ ਉੱਦਮ ਨਾਲ ਕੋਈ ਜੀਵ) ਨਾਹ ਖਰਾ ਬਣ ਸਕਦਾ ਹੈ, ਨਾਹ ਖੋਟਾ ਰਹਿ ਜਾਂਦਾ ਹੈ, ਜੇਹੜੇ ਤੈਨੂੰ ਪਿਆਰੇ ਲੱਗਦੇ ਹਨ ਉਹੀ ਭਲੇ ਹਨ ॥੩॥
ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥
ਗੁਰੂ ਦੀ ਸਰਨ ਪੈ ਕੇ ਹੀ (ਤ੍ਰਿਸ਼ਨਾ ਦੇ ਪੰਜੇ ਵਿਚੋਂ) ਖ਼ਲਾਸੀ ਹਾਸਲ ਕਰੀਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਖੋਟੀ ਪੂੰਜੀ ਹੀ ਜੋੜਦਾ ਹੈ।
ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥
ਪਰਮਾਤਮਾ ਦੀ ਰਚੀ ਹੋਈ ਇਹ ਅੱਠ ਧਾਤਾਂ ਵਾਲੀ ਮਨੁੱਖੀ ਕਾਂਇਆਂ ਜੇ ਗੁਰੂ ਦੇ ਸ਼ਬਦ (ਦੀ ਟਕਸਾਲ) ਵਿਚ ਘੜੀ ਜਾਏ (ਸੁਚੱਜੀ ਬਣਾਈ ਜਾਏ, ਤਾਂ ਹੀ ਇਹ) ਖਿੜਦੀ ਹੈ (ਆਤਮਕ ਹੁਲਾਰੇ ਵਿਚ ਆਉਂਦੀ ਹੈ)।
ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥੪॥
ਪਰਖਣ ਵਾਲਾ ਪ੍ਰਭੂ ਆਪ ਹੀ (ਇਸ ਦੀ ਘਾਲ ਕਮਾਈ ਨੂੰ) ਪਰਖ ਲੈਂਦਾ ਹੈ ਤੇ (ਇਸ ਦਾ ਆਤਮਕ ਗੁਣਾਂ ਦਾ) ਸਰਮਾਇਆ (ਉਸ ਦੇ) ਖ਼ਜ਼ਾਨੇ ਵਿਚ (ਕਬੂਲ) ਪੈਂਦਾ ਹੈ ॥੪॥
ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ ॥
(ਹੇ ਪ੍ਰਭੂ!) ਮੈਂ ਸਾਰੀ ਸ੍ਰਿਸ਼ਟੀ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਮੈਨੂੰ ਤੇਰੇ ਬਰਾਬਰ ਦਾ ਕੋਈ ਨਹੀਂ ਦਿੱਸਿਆ (ਜੇਹੜਾ ਮੈਨੂੰ ਮਾਇਆ ਦੇ ਪੰਜੇ ਤੋਂ ਬਚਾ ਸਕੇ।
ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥
ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਬਿਆਨ ਕਰਨ ਨਾਲ ਤੇਰੇ ਗੁਣਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਜੇਹੜਾ ਜੀਵ ਸਦਾ-ਥਿਰ ਸਰੂਪ ਵਿਚ ਟਿਕਦਾ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।
ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥੫॥
ਗੁਰੂ ਦੀ ਮਤਿ ਲੈ ਕੇ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਪਰ ਤੇਰੇ ਬਰਾਬਰ ਦਾ ਲੱਭਣ ਵਾਸਤੇ ਕੋਈ ਬੋਲ ਨਹੀਂ ਬੋਲਿਆ ਜਾ ਸਕਦਾ ॥੫॥
ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ ॥
ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਸ ਸਰੀਰ ਵਿਚ ਹਉਮੈ ਵਧਦੀ ਹੈ, ਉਸ ਸਰੀਰ ਵਿਚ ਤ੍ਰਿਸ਼ਨਾ ਦਾ ਬਖੇੜਾ ਵਧਦਾ ਹੈ।
ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ ॥
ਗੁਰੂ ਤੋਂ ਬਿਨਾ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਬਣ ਸਕਦੀ, ਮਾਇਆ ਦਾ ਪ੍ਰਭਾਵ ਪੈ ਕੇ ਪਰਮਾਤਮਾ ਤੋਂ ਬਿਨਾ ਹੋਰ ਪਾਸੇ ਦਾ ਸੁਆਦ ਮਨ ਵਿਚ ਉਪਜਦਾ ਹੈ।
ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ ॥੬॥
ਆਤਮਕ ਗੁਣਾਂ ਤੋਂ ਵਾਂਜੇ ਰਹਿ ਕੇ ਇਹ ਮਨੁੱਖਾ ਸਰੀਰ ਵਿਅਰਥ ਜਾਂਦਾ ਹੈ, ਅੰਤ ਨੂੰ ਮਾਇਆ ਵਾਲਾ ਸੁਆਦ ਭੀ ਬੇ-ਰਸਾ ਹੋ ਜਾਂਦਾ ਹੈ ॥੬॥
ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥
ਜੀਵ ਆਸਾ (ਤ੍ਰਿਸ਼ਨਾ) ਦਾ ਬੱਧਾ ਹੋਇਆ ਜਨਮ ਲੈਂਦਾ ਹੈ, (ਜਦ ਤਕ ਜਗਤ ਵਿਚ ਜਿਊਂਦਾ ਹੈ) ਆਸਾ ਦੇ ਪ੍ਰਭਾਵ ਹੇਠ ਹੀ (ਮਿੱਠੇ) ਕਸੈਲੇ (ਆਦਿਕ) ਰਸਾਂ (ਵਾਲੇ ਪਦਾਰਥ) ਖਾਂਦਾ ਰਹਿੰਦਾ ਹੈ।
ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥
(ਉਮਰ ਪੁੱਗ ਜਾਣ ਤੇ) ਆਸਾ (ਤ੍ਰਿਸ਼ਨਾ) ਦੇ (ਬੰਧਨ ਵਿਚ) ਬੱਧਾ ਹੋਇਆ ਇਥੋਂ ਤੋਰਿਆ ਜਾਂਦਾ ਹੈ (ਸਾਰੀ ਉਮਰ ਆਸਾ ਤ੍ਰਿਸ਼ਨਾ ਵਿਚ ਹੀ ਫਸਿਆ ਰਹਿਣ ਕਰਕੇ) ਮੁੜ ਮੁੜ ਮੂੰਹ ਉੱਤੇ ਚੋਟਾਂ ਖਾਂਦਾ ਹੈ।
ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥੭॥
ਵਿਕਾਰੀ ਜੀਵਨ ਦੇ ਕਾਰਨ (ਆਸਾ ਤ੍ਰਿਸ਼ਨਾ ਦਾ) ਬੱਧਾ ਮਾਰ ਖਾਂਦਾ ਹੈ। ਜੇ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਵਿਚ ਜੁੜੇ, ਤਾਂ ਹੀ (ਆਸਾ ਤ੍ਰਿਸ਼ਨਾ ਦੇ ਜਾਲ ਵਿਚੋਂ) ਖ਼ਲਾਸੀ ਪਾ ਸਕਦਾ ਹੈ ॥੭॥
ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥
(ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਸਭ ਜੀਵਾਂ ਵਿਚ ਤੂੰ ਆਪ ਹੀ ਵੱਸਦਾ ਹੈਂ। ਜਿਵੇਂ ਤੇਰੀ ਰਜ਼ਾ ਹੋਵੇ, ਤਿਵੇਂ, ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ ਆਸਾ ਤ੍ਰਿਸ਼ਨਾ ਦੇ ਜਾਲ ਤੋਂ) ਬਚਾ।
ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥
ਹੇ ਪ੍ਰਭੂ! ਤੇਰਾ ਸਦਾ-ਥਿਰ ਨਾਮ ਹੀ (ਜੀਵ ਦਾ) ਭਲਾ ਸਾਥੀ ਹੈ, ਤੇਰਾ ਨਾਮ ਹੀ ਜੀਵ ਦੀ ਇੱਜ਼ਤ ਹੈ, ਤੇਰਾ ਨਾਮ, ਗੁਰੂ ਦੀ ਮਤਿ ਲਿਆਂ ਹੀ, ਜੀਵ ਦੇ ਮਨ ਵਿਚ ਵੱਸ ਸਕਦਾ ਹੈ।
ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥੮॥
(ਹੇ ਭਾਈ!) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਨਾਮ ਸਿਮਰ, ਨਾਮ ਸਿਮਰਿਆਂ ਹੀ ਹਉਮੈ ਦਾ ਰੋਗ ਦੂਰ ਹੁੰਦਾ ਹੈ ॥੮॥
ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥
ਹੇ ਪ੍ਰਭੂ! ਆਕਾਸਾਂ ਵਿਚ ਪਾਤਾਲ ਵਿਚ ਤਿੰਨਾਂ ਹੀ ਭਵਨਾਂ ਵਿਚ ਤੂੰ ਆਪ ਹਰ ਥਾਂ ਵਿਆਪਕ ਹੈਂ।
ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥
ਤੂੰ ਆਪ ਹੀ (ਜੀਵਾਂ ਨੂੰ ਆਪਣੀ) ਭਗਤੀ ਬਖ਼ਸ਼ਦਾ ਹੈਂ, ਆਪਣਾ ਪ੍ਰੇਮ ਬਖ਼ਸ਼ਦਾ ਹੈਂ। ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾ ਕੇ ਮਿਲਦਾ ਹੈਂ।
ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥੯॥੧੩॥
ਹੇ ਨਾਨਕ! (ਪ੍ਰਭੂ ਦਰ ਤੇ ਅਰਦਾਸ ਕਰ) ਤੇ ਆਖ-(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਤੇਰੀ ਰਜ਼ਾ ਵਰਤਦੀ ਹੈ (ਪਰ ਮਿਹਰ ਕਰ) ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ॥੯॥੧੩॥{61-62}
ਸਿਰੀਰਾਗੁ ਮਹਲਾ ੧ ॥
ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਤਾ ਜਾਏ, (ਉਸ ਦੇ ਸੰਬੰਧ ਵਿਚ) ਮੈਂ ਹੋਰ ਕੀਹ ਵਿਚਾਰ ਕਰਾਂ (ਮੈਂ ਹੋਰ ਕੀਹ ਦੱਸਾਂ?
ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥
ਇਸ ਵਿਚ ਕੋਈ ਸ਼ੱਕ ਨਹੀਂ ਕਿ) ਜੇਹੜਾ ਮਨੁੱਖ ਪ੍ਰਭੂ ਦੇ (ਨਾਮ ਵਿਚ) ਰੰਗਿਆ ਜਾਂਦਾ ਹੈ, ਉਸ ਨੂੰ ਸ੍ਰੇਸ਼ਟ (ਆਤਮਕ) ਸੁਖ ਮਿਲਦਾ ਹੈ। ਜਿਸ ਦੀ ਸੁਰਤ ਸ਼ਬਦ ਦੇ (ਵਿਚਾਰ ਵਿਚ) ਜੁੜੀ ਹੋਈ ਹੈ, ਉਸ ਦੇ ਅੰਦਰ ਅਨੰਦ ਪੈਦਾ ਹੁੰਦਾ ਹੈ।
ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥੧॥
(ਹੇ ਪ੍ਰਭੂ!) ਜਿਵੇਂ ਭੀ ਤੇਰੀ ਰਜ਼ਾ ਹੋਵੇ, ਮੈਨੂੰ ਭੀ ਤੂੰ (ਆਪਣੇ ਚਰਨਾਂ ਵਿਚ) ਰੱਖ, ਤੇਰਾ ਨਾਮ (ਮੇਰੇ ਜੀਵਨ ਦਾ) ਆਸਰਾ ਬਣ ਜਾਏ ॥੧॥
ਮਨ ਰੇ ਸਾਚੀ ਖਸਮ ਰਜਾਇ ॥
ਹੇ ਮੇਰੇ ਮਨ! ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਹੀ ਕਾਰ ਹੈ।
ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥
(ਹੇ ਮਨ!) ਤੂੰ ਉਸ ਪ੍ਰਭੂ (ਦੇ ਚਰਨਾਂ) ਨਾਲ ਲਿਵ ਜੋੜ, ਜਿਸ ਨੇ ਇਹ ਸਰੀਰ ਤੇ ਮਨ ਪੈਦਾ ਕਰ ਕੇ ਇਹਨਾਂ ਨੂੰ ਸੋਹਣਾ ਬਣਾਇਆ ਹੈ ॥੧॥ ਰਹਾਉ ॥
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥
ਜੇ ਆਪਣੇ ਸਰੀਰ ਨੂੰ ਕੱਟ ਕੱਟ ਕੇ ਇਕ ਇਕ ਰੱਤੀ ਭਰ ਤੋਲ ਤੋਲ ਕੇ ਅੱਗ ਵਿਚ ਹਵਨ ਕਰ ਦਿੱਤਾ ਜਾਏ,
ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥
ਜੇ ਮੈਂ ਆਪਣੇ ਸਰੀਰ ਤੇ ਮਨ ਨੂੰ ਹਵਨ ਦੀ ਸਾਮਗ੍ਰੀ ਬਣਾ ਦਿਆਂ ਤੇ ਹਰ ਰੋਜ਼ ਇਹਨਾਂ ਨੂੰ ਅੱਗ ਵਿਚ ਸਾੜਾਂ,
ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥੨॥
ਜੇ ਇਹੋ ਜਿਹੇ ਹੋਰ ਲੱਖਾਂ ਕ੍ਰੋੜਾਂ ਕਰਮ ਕੀਤੇ ਜਾਣ, ਤਾਂ ਭੀ ਕੋਈ ਕਰਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਤਕ ਨਹੀਂ ਪਹੁੰਚ ਸਕਦਾ ॥੨॥
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥
ਜੇ ਸਿਰ ਉੱਤੇ ਆਰਾ ਰਖਾ ਕੇ ਸਰੀਰ ਨੂੰ ਦੁ-ਫਾੜ ਚਿਰਾ ਦਿੱਤਾ ਜਾਏ,
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥
ਜੇ ਸਰੀਰ ਨੂੰ ਹਿਮਾਲਾ ਪਰਬਤ (ਦੀ ਬਰਫ਼) ਵਿਚ ਗਾਲ ਦਿੱਤਾ ਜਾਏ, ਤਾਂ ਭੀ ਮਨ ਵਿਚੋਂ ਹਉਮੈ ਆਦਿਕ) ਰੋਗ ਦੂਰ ਨਹੀਂ ਹੁੰਦਾ।
ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥੩॥
(ਕਰਮ-ਕਾਂਡ ਦੀ) ਸਾਰੀ (ਹੀ ਮਰਯਾਦਾ) ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦਾ ਨਾਮ ਸਿਮਰਨ ਦੀ ਬਰਾਬਰੀ ਤਕ ਨਹੀਂ ਅੱਪੜਦਾ ॥੩॥
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥
ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ,
ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥
ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਂਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿਚ ਅਹੰਕਾਰ ਮਾਣ ਬਣ ਜਾਂਦਾ ਹੈ।
ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥੪॥
ਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ-ਥਿਰ ਪ੍ਰਭੂ (ਦਾ ਨਾਮ ਜਪਣ ਦੀ) ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਇਆ ਰਹਿੰਦਾ ਹੈ (ਤੇ ਇਹੀ ਹੈ ਸਹੀ ਕਰਣੀ) ॥੪॥
ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥
ਅਨੇਕਾਂ ਹੀ ਲੋਕਾਂ ਦੀ ਅਕਲ (ਤਪ ਆਦਿਕ ਕਰਮਾਂ ਵਲ ਪ੍ਰੇਰਦੀ ਹੈ ਜੋ) ਮਨ ਦੇ ਹਠ ਨਾਲ (ਕੀਤੇ ਜਾਂਦੇ ਹਨ), ਅਨੇਕਾਂ ਹੀ ਲੋਕ ਵੇਦ ਆਦਿਕ ਧਰਮ-ਪੁਸਤਕਾਂ ਦੇ ਅਰਥ-ਵਿਚਾਰ ਕਰਦੇ ਹਨ (ਤੇ ਇਸ ਵਾਦ-ਵਿਵਾਦ ਨੂੰ ਹੀ ਜੀਵਨ ਦਾ ਸਹੀ ਰਾਹ ਮੰਨਦੇ ਹਨ),
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥
ਇਹੋ ਜਿਹੇ ਹੋਰ ਭੀ ਅਨੇਕਾਂ ਕਰਮ ਹਨ ਜੋ ਜਿੰਦ ਵਾਸਤੇ ਫਾਹੀ-ਰੂਪ ਬਣ ਜਾਂਦੇ ਹਨ, (ਪਰ ਹਉਮੈ ਆਦਿਕ ਬੰਧਨਾਂ ਤੋਂ) ਖ਼ਲਾਸੀ ਦਾ ਦਰਵਾਜ਼ਾ ਗੁਰੂ ਦੇ ਸਨਮੁਖ ਹੋਇਆਂ ਹੀ ਲੱਭਦਾ ਹੈ, (ਕਿਉਂਕਿ ਗੁਰੂ ਪ੍ਰਭੂ ਦਾ ਨਾਮ ਸਿਮਰਨ ਦੀ ਹਿਦਾਇਤ ਕਰਦਾ ਹੈ)।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥
ਹਰੇਕ (ਕਰਮ) ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਤੋਂ ਘਟੀਆ ਹੈ, ਸਿਮਰਨ ਰੂਪ ਕਰਮ ਸਭ ਕਰਮਾਂ ਧਰਮਾਂ ਤੋਂ ਸ੍ਰੇਸ਼ਟ ਹੈ ॥੫॥
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥
(ਪਰ ਕਰਮ-ਕਾਂਡ ਦੇ ਜਾਲ ਵਿਚ ਫਸੇ ਉੱਚ-ਜਾਤੀਏ ਬੰਦਿਆਂ ਨੂੰ ਭੀ ਨਿੰਦਣਾ ਠੀਕ ਨਹੀਂ ਹੈ), ਹਰੇਕ ਜੀਵ ਨੂੰ ਚੰਗਾ ਹੀ ਆਖਣਾ ਚਾਹੀਦਾ ਹੈ, (ਜਗਤ ਵਿਚ) ਕੋਈ ਨੀਚ ਨਹੀਂ ਦਿੱਸਦਾ,
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥
ਕਿਉਂਕਿ ਇਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਹਨ, ਤੇ ਤਿੰਨਾਂ ਲੋਕਾਂ (ਦੇ ਜੀਵਾਂ) ਵਿਚ ਉਸੇ (ਕਰਤਾਰ ਦੀ ਜੋਤਿ) ਦਾ ਹੀ ਚਾਨਣ ਹੈ।
ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥੬॥
ਸਿਮਰਨ (ਦਾ ਖ਼ੈਰ) ਪ੍ਰਭੂ ਦੀ ਗੁਰੂ ਦੀ ਮਿਹਰ ਨਾਲ ਹੀ ਮਿਲਦਾ ਹੈ, ਤੇ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਮਿਲਦੀ ਹੈ, ਕੋਈ ਧਿਰ ਉਸ (ਦਾਤਿ) ਦੇ ਰਾਹ ਵਿਚ ਰੋਕ ਨਹੀਂ ਪਾ ਸਕਦਾ ॥੬॥
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥
ਜੇਹੜਾ ਗੁਰਮੁਖ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਬੈਠਦਾ ਹੈ, ਗੁਰੂ-ਆਸ਼ੇ ਦੇ ਅਨੁਸਾਰ ਤੁਰਿਆਂ (ਉਸ ਦੇ ਮਨ ਵਿਚ) ਸੰਤੋਖ ਆ ਵਸਦਾ ਹੈ,
ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥
(ਕਿਉਂਕਿ) ਜੇ ਮਨੁੱਖ ਸਤਿਗੁਰੂ ਦੇ ਉਪਦੇਸ਼ ਵਿਚ ਲੀਨ ਰਹੇ ਤਾਂ ਬੇਅੰਤ ਗੁਣਾਂ ਵਾਲੇ ਕਰਤਾਰ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ,
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥੭॥
ਤੇ ਸਿਫ਼ਤ-ਸਾਲਾਹ ਰੂਪ ਅੰਮ੍ਰਿਤ ਪੀਤਿਆਂ ਮਨ ਸੰਤੋਖ ਗ੍ਰਹਣ ਕਰ ਲੈਂਦਾ ਹੈ, ਅਤੇ (ਜਗਤ ਵਿਚੋਂ) ਆਦਰ ਮਾਣ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ ॥੭॥
ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥
ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਸੁਭਾਉ ਵਿਚ ਹਰ ਵੇਲੇ ਇਕ-ਮਿਕ ਹੋਇ ਰਿਹਾਂ ਇਹ ਯਕੀਨ ਬਣ ਜਾਂਦਾ ਹੈ ਕਿ (ਰੱਬੀ ਜੀਵਨ-ਰੌ ਦੀ) ਬੀਨ ਹਰੇਕ ਸਰੀਰ ਵਿਚ ਵੱਜ ਰਹੀ ਹੈ।
ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥
ਪਰ ਇਹ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਮਨ ਨੂੰ ਸਮਝਾ ਲੈਂਦਾ ਹੈ।
ਨਾਨਕ ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥੮॥੧੪॥
ਹੇ ਨਾਨਕ! ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਉਹ ਗੁਰੂ ਦੇ ਉਪਦੇਸ਼ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਬਣਾ ਕੇ, ਹਉਮੈ ਆਦਿਕ ਰੋਗਾਂ ਤੋਂ) ਬਚਿਆ ਰਹਿੰਦਾ ਹੈ ॥੮॥੧੪॥
ਸਿਰੀਰਾਗੁ ਮਹਲਾ ੧ ॥
ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥
ਹੇ ਮਨ! ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ ਚਿੱਤਰੇ ਹੋਏ ਮਹਲ-ਮਾੜੀਆਂ (ਸੁੰਦਰ) ਦਿੱਸਦੇ ਹਨ, ਉਹਨਾਂ ਦੇ ਸਫ਼ੈਦ ਬਾਂਕੇ ਦਰਵਾਜ਼ੇ ਹੁੰਦੇ ਹਨ।
ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥
(ਪਰ ਜੇ ਉਹ ਅੰਦਰੋਂ ਖ਼ਾਲੀ ਰਹਿਣ ਤਾਂ ਢਹਿ ਕੇ ਢੇਰੀ ਹੋ ਜਾਂਦੇ ਹਨ, ਤਿਵੇਂ ਮਾਇਆ ਦੇ ਮੋਹ ਵਿਚ ਪਿਆਰ ਵਿਚ (ਇਹ ਸਰੀਰ) ਪਾਲੀਦਾ ਹੈ,
ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥
ਪਰ ਜੇ ਹਿਰਦਾ ਨਾਮ ਤੋਂ ਸੱਖਣਾ ਹੈ, ਪ੍ਰੇਮ ਤੋਂ ਬਿਨਾ ਹੈ, ਤਾਂ ਇਹ ਸਰੀਰ ਢਹਿ ਕੇ ਢੇਰੀ ਹੋ ਜਾਂਦਾ ਹੈ (ਵਿਅਰਥ ਜਾਂਦਾ ਹੈ) ॥੧॥
ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥
ਹੇ ਭਾਈ! ਇਹ ਸਰੀਰ ਇਹ ਧਨ (ਜਗਤ ਤੋਂ ਚਲਣ ਵੇਲੇ) ਨਾਲ ਨਹੀਂ ਨਿਭਦਾ।
ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥
ਪਰਮਾਤਮਾ ਦਾ ਨਾਮ (ਐਸਾ) ਪਵਿਤ੍ਰ ਧਨ ਹੈ (ਜੋ ਸਦਾ ਨਾਲ ਨਿਭਦਾ ਹੈ, ਪਰ ਇਹ ਮਿਲਦਾ ਉਸ ਨੂੰ ਹੈ) ਜਿਸ ਨੂੰ ਗੁਰੂ ਦੇਂਦਾ ਹੈ ਜਿਸ ਨੂੰ ਉਹ ਪਰਮਾਤਮਾ ਦਾਤ ਕਰਦਾ ਹੈ ॥੧॥ ਰਹਾਉ ॥
ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥
ਪਰਮਾਤਮਾ ਦਾ ਨਾਮ ਪਵਿਤ੍ਰ ਧਨ ਹੈ (ਤਦੋਂ ਹੀ ਮਿਲਦਾ ਹੈ) ਜੇ ਦੇਣ ਦੇ ਸਮਰੱਥ ਹਰੀ ਆਪ ਦੇਵੇ।
ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ ॥
(ਨਾਮ-ਧਨ ਹਾਸਲ ਕਰਨ ਵਿਚ) ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਪਰਲੋਕ ਵਿਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ।
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥੨॥
ਪਰ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਬਚਾਏ ਤਾਂ ਬਚ ਸਕੀਦਾ ਹੈ, ਪ੍ਰਭੂ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ॥੨॥
ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥
(ਪ੍ਰਭੂ ਦੀ ਰਜ਼ਾ ਅਨੁਸਾਰ ਜਗਤ ਵਿਚ) ਧੀਆਂ ਪੁੱਤਰਾਂ ਦਾ ਮੇਲ (ਆ ਬਣਦਾ ਹੈ) ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਹਨਾਂ ਨੂੰ ਆਪਣੇ ਸਮਝ ਲੈਂਦਾ ਹੈ।
ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥
(ਮਨਮੁਖ ਬੰਦੇ ਆਪੋ ਆਪਣੀ) ਇਸਤ੍ਰੀ ਨੂੰ ਵੇਖ ਕੇ ਖ਼ੁਸ਼ ਹੁੰਦੇ ਹਨ, (ਵੇਖ ਕੇ) ਖ਼ੁਸ਼ੀ ਭੀ ਹੁੰਦੀ ਹੈ ਸਹਮ ਭੀ ਹੁੰਦਾ ਹੈ (ਕਿ ਕਿਤੇ ਇਹ ਧੀਆਂ ਪੁੱਤਰ ਇਸਤ੍ਰੀ ਮਰ ਨਾਹ ਜਾਣ)।
ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥੩॥
ਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਰੰਗ ਮਾਣਦੇ ਹਨ, ਪਰਮਾਤਮਾ ਦਾ ਨਾਮ-ਰਸ ਦਿਨ-ਰਾਤ ਉਹਨਾਂ ਦੀ ਆਤਮਕ ਖ਼ੁਰਾਕ ਹੁੰਦਾ ਹੈ ॥੩॥
ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥
(ਮਨੁੱਖ ਧਨ ਨੂੰ ਸੁਖ ਦਾ ਮੂਲ ਸਮਝਦਾ ਹੈ, ਜਦੋਂ) ਧਨ ਜਾਣ ਲਗਦਾ ਹੈ ਤਾਂ ਸਾਕਤ ਦਾ ਮਨ ਡੋਲਦਾ ਹੈ।
ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ ॥
(ਸੁਖ ਨੂੰ) ਬਾਹਰੋਂ ਢੂੰਡਿਆਂ ਖ਼ੁਆਰ ਹੀ ਹੋਈਦਾ ਹੈ। (ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਸੁਖ ਦਾ ਮੂਲ) ਪਰਮਾਤਮਾ ਦਾ ਨਾਮ-ਧਨ ਘਰ ਵਿਚ ਹੀ ਹੈ ਹਿਰਦੇ ਵਿਚ ਹੀ ਹੈ।
ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥੪॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ‘ਹਉ ਹਉ ਮੈਂ ਮੈਂ’ ਕਰ ਕੇ ਹੀ ਲੁੱਟੀ ਜਾਂਦੀ ਹੈ (ਨਾਮ-ਧਨ ਅੰਦਰੋਂ ਲੁਟਾ ਲੈਂਦੀ ਹੈ), ਗੁਰੂ ਦੇ ਰਸਤੇ ਤੁਰਨ ਵਾਲੀ ਇਹ ਧਨ ਹਾਸਲ ਕਰ ਲੈਂਦੀ ਹੈ ॥੪॥
ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥
ਹੇ ਗੁਣ-ਹੀਨ ਸਾਕਤ ਮਨੁੱਖ! (ਤੂੰ ਮਾਣ ਕਰਦਾ ਹੈਂ ਆਪਣੇ ਸਰੀਰ ਦਾ) ਆਪਣਾ ਅਸਲਾ ਤਾਂ ਪਛਾਣ।
ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥
ਇਹ ਸਰੀਰ ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਤੋਂ ਬਣਿਆ ਹੈ, ਚੇਤੇ ਰੱਖ, (ਆਖ਼ਰ ਇਸ ਨੇ) ਅੱਗ ਵਿਚ (ਪੈ ਜਾਣਾ ਹੈ)।
ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥੫॥
ਹਰੇਕ ਜੀਵ ਦੇ ਮੱਥੇ ਉੱਤੇ ਇਹ ਅਟੱਲ ਹੁਕਮ ਹੈ, ਕਿ ਇਹ ਸਰੀਰ ਸੁਆਸਾਂ ਦੇ ਅਧੀਨ ਹੈ (ਹਰੇਕ ਦੇ ਗਿਣੇ ਮਿਥੇ ਸੁਆਸ ਹਨ) ॥੫॥
ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥
ਲੰਮੀ ਲੰਮੀ ਉਮਰ ਮੰਗੀਦੀ ਹੈ, ਕੋਈ ਭੀ (ਛੇਤੀ) ਮਰਨਾ ਨਹੀਂ ਚਾਹੁੰਦਾ।
ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ ॥
ਪਰ ਉਸੇ ਮਨੁੱਖ ਦਾ ਸੁਖੀ ਜੀਵਨ ਕਹਿ ਸਕੀਦਾ ਹੈ, ਜਿਸ ਦੇ ਮਨ ਵਿਚ, ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਆ ਵੱਸਦਾ ਹੈ।
ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥੬॥
ਜਿਸ ਮਨੁੱਖ ਨੂੰ ਕਦੇ ਗੁਰੂ ਦਾ ਦਰਸ਼ਨ ਨਹੀਂ ਹੋਇਆ, ਕਦੇ ਪਰਮਾਤਮਾ ਦਾ ਦੀਦਾਰ ਨਹੀਂ ਹੋਇਆ, ਉਸ ਪ੍ਰਭੂ-ਨਾਮ ਤੋਂ ਸੱਖਣੇ ਮਨੁੱਖ ਨੂੰ ਮੈਂ (ਜੀਊਂਦਾ) ਕੀਹ ਸਮਝਾਂ? ॥੬॥
ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥
ਜਿਵੇਂ ਰਾਤ ਨੂੰ (ਸੁੱਤੇ ਪਿਆਂ) ਸੁਪਨੇ ਵਿਚ (ਕਈ ਚੀਜ਼ਾਂ ਵੇਖ ਕੇ) ਭੁਲੇਖਾ ਖਾ ਜਾਈਦਾ ਹੈ (ਕਿ ਜੋ ਕੁਝ ਵੇਖ ਰਹੇ ਹਾਂ ਇਹ ਸਚ-ਮੁਚ ਠੀਕ ਹੈ, ਤੇ ਇਹ ਭੁਲੇਖਾ ਤਦ ਤਕ ਟਿਕਿਆ ਰਹਿੰਦਾ ਹੈ) ਜਦ ਤਕ ਨੀਂਦ ਟਿਕੀ ਰਹਿੰਦੀ ਹੈ।
ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥
ਇਸੇ ਤਰ੍ਹਾਂ ਇਹ ਕਮਜ਼ੋਰ ਜੀਵ ਮਾਇਆ ਸਪਣੀ ਦੇ ਵੱਸ ਵਿਚ (ਜਦ ਤਕ) ਹੈ (ਤਦ ਤਕ) ਇਸ ਦੇ ਅੰਦਰ ਹਉਮੈ ਤੇ ਮੇਰ-ਤੇਰ ਬਣੀ ਰਹਿੰਦੀ ਹੈ (ਤੇ ਇਸ ਹਉਮੈ ਤੇ ਮੇਰ-ਤੇਰ ਨੂੰ ਇਹ ਜੀਵਨ ਸਹੀ ਜੀਵਨ ਸਮਝਦਾ ਹੈ)।
ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥੭॥
ਜਦੋਂ ਗੁਰੂ ਦੀ ਮਤਿ ਪ੍ਰਾਪਤ ਹੋਵੇ ਤਾਂ ਇਹ ਸਮਝ ਪੈਂਦੀ ਹੈ ਕਿ ਇਹ ਜਗਤ (ਦਾ ਮੋਹ) ਇਹ ਦੁਨੀਆ (ਵਾਲੀ ਮੇਰ-ਤੇਰ) ਨਿਰਾ ਸੁਪਨਾ ਹੀ ਹੈ ॥੭॥
ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥
ਜਿਵੇਂ ਬਾਲਕ ਦੀ ਅੱਗ (ਪੇਟ ਦੀ ਅੱਗ, ਭੁਖ) ਮਾਂ ਦਾ ਦੁੱਧ ਪੀਤਿਆਂ ਸ਼ਾਂਤ ਹੁੰਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦੀ ਅੱਗ ਤਦੋਂ ਬੁੱਝਦੀ ਹੈ ਜਦੋਂ ਪ੍ਰਭੂ ਦੇ ਨਾਮ ਦਾ ਜਲ ਇਸ ਉੱਤੇ ਪਾਈਏ।
ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥
ਪਾਣੀ ਤੋਂ ਬਿਨਾ ਕੌਲ ਫੁੱਲ ਨਹੀਂ ਰਹਿ ਸਕਦਾ, ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ,
ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥੮॥੧੫॥
ਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ-ਨਾਮ ਤੋਂ ਬਿਨਾ ਜੀਊ ਨਹੀਂ ਸਕਦਾ, ਉਸ ਦਾ ਆਤਮਕ ਜੀਵਨ ਤਦੋਂ ਹੀ ਪ੍ਰਫੁਲਤ ਹੁੰਦਾ ਹੈ ਜਦੋਂ) ਉਹ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਹੁੰਦਾ ਹੈ। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ! ਮਿਹਰ ਕਰ), ਮੈਂ ਤੇਰੇ ਗੁਣ ਗਾ ਕੇ (ਆਤਮਕ ਜੀਵਨ) ਜੀਵਾਂ ॥੮॥੧੫॥{62-63}
ਸਿਰੀਰਾਗੁ ਮਹਲਾ ੧ ॥
ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥
(ਇਕ ਪਾਸੇ ਸੰਸਾਰ-ਸਮੁੰਦਰ ਹੈ; ਦੂਜੇ ਪਾਸੇ, ਇਸ ਵਿਚੋਂ ਪਾਰ ਲੰਘਣ ਲਈ ਗੁਰਮੁਖਾਂ ਵਾਲਾ ਰਸਤਾ ਹੈ। ਪਰ ਆਤਮਕ ਜੀਵਨ ਵਾਲਾ ਉਹ ਰਸਤਾ ਪਹਾੜੀ ਰਸਤਾ ਹੈ। ਆਤਮਕ ਜੀਵਨ ਦੀ ਸਿਖਰ ਤੇ ਪਹੁੰਚਣਾ, ਮਾਨੋ, ਇਕ ਬੜੇ ਉੱਚੇ ਡਰਾਉਣੇ ਪਹਾੜ ਉੱਤੇ ਚੜ੍ਹਨਾ ਹੈ, ਉਸ) ਡਰਾਉਣੇ ਪਹਾੜ ਨੂੰ ਵੇਖ ਕੇ ਪੇਕੇ ਘਰ ਵਿਚ (ਮਾਂ ਪਿਉ ਭੈਣ ਭਰਾ ਆਦਿਕ ਦੇ ਮੋਹ ਵਿਚ ਗ੍ਰਸੀ ਜੀਵ-ਇਸਤ੍ਰੀ) ਡਰ ਗਈ (ਕਿ ਇਸ ਪਹਾੜ ਉੱਤੇ ਚੜ੍ਹਿਆ ਨਹੀਂ ਜਾ ਸਕਦਾ, ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ, ਆਪਾ ਵਾਰਿਆ ਨਹੀਂ ਜਾ ਸਕਦਾ)।
ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥
(ਆਤਮਕ ਜੀਵਨ ਦੀ ਸਿਖਰ ਤੇ ਅੱਪੜਨਾ, ਮਾਨੋ) ਬੜਾ ਉੱਚਾ ਤੇ ਔਖਾ ਪਹਾੜ ਹੈ; ਉਸ ਪਹਾੜ ਤੇ ਚੜ੍ਹਨ ਲਈ ਉਸ (ਜੀਵ-ਇਸਤ੍ਰੀ) ਦੇ ਪਾਸ ਕੋਈ ਪੌੜੀ ਭੀ ਨਹੀਂ ਹੈ।
ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥੧॥
ਗੁਰੂ ਦੇ ਸਨਮੁਖ ਰਹਿਣ ਵਾਲੀ ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਪ੍ਰਭੂ-ਚਰਨਾਂ ਵਿਚ) ਮਿਲਾ ਲਿਆ, ਉਸ ਨੇ ਆਪਣੇ ਅੰਦਰ ਹੀ ਵੱਸਦੇ ਪ੍ਰਭੂ ਨੂੰ ਪਛਾਣ ਲਿਆ, ਤੇ, ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਈ ॥੧॥
ਭਾਈ ਰੇ ਭਵਜਲੁ ਬਿਖਮੁ ਡਰਾਂਉ ॥
ਹੇ ਭਾਈ! ਇਹ ਸੰਸਾਰ-ਸਮੁੰਦਰ (ਬੜਾ) ਡਰਾਉਣਾ ਹੈ ਤੇ (ਤਰਨਾ) ਔਖਾ ਹੈ।
ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥
ਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇ ਕੇ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥
ਜੇ ਮੈਂ ਸਦਾ ਚੇਤੇ ਰੱਖਾਂ ਕਿ ਮੈਂ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ, ਜੇ ਮੈਂ ਸਮਝ ਲਵਾਂ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ,
ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥
ਜਗਤ ਵਿਚ ਜੋ ਭੀ ਆਇਆ ਹੈ ਉਹ ਆਖ਼ਰ ਚਲਾ ਜਾਇਗਾ, ਮੌਤ-ਰਹਿਤ ਇਕ ਗੁਰੂ ਪਰਮਾਤਮਾ ਹੀ ਹੈ,
ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥੨॥
ਤਾਂ ਫਿਰ ਸਤਸੰਗ ਵਿਚ (ਪ੍ਰਭੂ-ਚਰਨਾਂ ਨਾਲ) ਪਿਆਰ ਪਾ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਬੱਸ! ਇਹੀ ਹੈ ਸੰਸਾਰ-ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਬਚਣ ਦਾ ਤਰੀਕਾ) ॥੨॥
ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥
ਸੋਹਣੇ ਦਰਵਾਜ਼ਿਆਂ ਵਾਲੇ ਸੋਹਣੇ ਘਰ ਤੇ ਮਹੱਲ, ਹਜ਼ਾਰਾਂ ਪੱਕੇ ਕਿਲ੍ਹੇ,
ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥
ਹਾਥੀ, ਘੋੜੇ, ਕਾਠੀਆਂ, ਲੱਖਾਂ ਤੇ ਬੇਅੰਤ ਲਸ਼ਕਰ-ਇਹਨਾਂ ਵਿਚੋਂ ਕੋਈ ਭੀ ਕਿਸੇ ਦੇ ਨਾਲ ਨਹੀਂ ਗਏ।
ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥੩॥
ਬੇਸਮਝ ਐਵੇਂ ਹੀ ਖਪ ਖਪ ਕੇ ਆਤਮਕ ਮੌਤੇ ਮਰਦੇ ਰਹੇ (ਇਹਨਾਂ ਦੀ ਖ਼ਾਤਰ ਆਤਮਕ ਜੀਵਨ ਗਵਾ ਗਏ) ॥੩॥
ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥
ਜੇ ਸੋਨਾ ਚਾਂਦੀ ਇਕੱਠਾ ਕਰਦੇ ਜਾਈਏ, ਤਾਂ ਇਹ ਮਾਲ ਧਨ (ਜਿੰਦ ਨੂੰ ਮੋਹ ਵਿਚ ਫਸਾਣ ਲਈ) ਜਾਲ ਬਣਦਾ ਹੈ ਫਾਹੀ ਬਣਦਾ ਹੈ।
ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥
ਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿਚ ਫਿਰਾ ਸਕੀਏ, ਤਾਂ ਭੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਿਰ ਉੱਤੇ ਮੌਤ ਦਾ ਡਰ (ਕਾਇਮ ਰਹਿੰਦਾ) ਹੈ।
ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥
ਜਦੋਂ ਜਿੰਦ ਜ਼ਿੰਦਗੀ ਦੀ ਖੇਡ ਖੇਡ ਜਾਂਦੀ ਹੈ ਤੇ ਸਰੀਰ (ਮਿੱਟੀ ਹੋ ਕੇ) ਢਹਿ ਪੈਂਦਾ ਹੈ, ਤਦੋਂ (ਧਨ ਪਦਾਰਥ ਦੀ ਖ਼ਾਤਰ) ਮੰਦੇ ਕੰਮ ਕਰਨ ਵਾਲਿਆਂ ਦਾ ਭੈੜਾ ਹਾਲ ਹੀ ਹੁੰਦਾ ਹੈ ॥੪॥
ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥
ਪਿਉ (ਆਪਣੇ) ਪੁੱਤਰਾਂ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ, ਖਸਮ (ਆਪਣੀ) ਸੇਜ ਉਤੇ ਇਸਤ੍ਰੀ ਨੂੰ ਵੇਖ ਕੇ ਖਿੜਦਾ ਹੈ।
ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ॥
(ਇਸ ਸਰੀਰ ਨੂੰ) ਅਤਰ ਤੇ ਚੰਦਨ ਲਾਈਦਾ ਹੈ। ਸੋਹਣਾ ਕੱਪੜਾ, ਰੂਪ, ਗਹਿਣਾ ਆਦਿਕ (ਵੇਖ ਕੇ ਮਨ ਖ਼ੁਸ਼ ਹੁੰਦਾ ਹੈ);
ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥੫॥
ਪਰ ਆਖ਼ਰ ਸਰੀਰ ਮਿੱਟੀ ਹੋ ਕੇ ਮਿੱਟੀ ਵਿਚ ਰਲ ਜਾਂਦਾ ਹੈ, ਤੇ ਮਾਣ ਕਰਨ ਵਾਲਾ (ਜੀਵ) ਘਰ ਬਾਰ ਛੱਡ ਕੇ (ਸੰਸਾਰ ਤੋਂ) ਚਲਾ ਜਾਂਦਾ ਹੈ ॥੫॥
ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥
ਸਰਦਾਰ, ਬਾਦਸ਼ਾਹ, ਰਾਜਾ, ਰਾਉ ਜਾਂ ਖ਼ਾਨ ਅਖਵਾਈਦਾ ਹੈ।
ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥
(ਆਪਣੇ ਆਪ ਨੂੰ) ਚੌਧਰੀ, ਰਾਇ (ਸਾਹਿਬ ਆਦਿਕ) ਸਦਾਈਦਾ ਹੈ, (ਇਸ ਵਡੱਪਣ ਦੇ) ਅਹੰਕਾਰ ਨਾਲ ਸੜ ਮਰੀਦਾ ਹੈ (ਜੇ ਕੋਈ ਪੂਰਾ ਮਾਣ-ਆਦਰ ਨਾਹ ਕਰੇ)।
ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥੬॥
(ਪਰ ਇਤਨਾ ਕੁਝ ਹੁੰਦਿਆਂ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਤੇ (ਇਉਂ ਦਿੱਸਿਆ) ਜਿਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕਾਨਾ ਹੈ (ਬਾਹਰੋਂ ਚਮਕਦਾ, ਤੇ ਅੰਦਰੋਂ ਸੜ ਕੇ ਕਾਲਾ) ॥੬॥
ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ ॥
ਜਗਤ ਵਿਚ ਜੋ ਭੀ ਆਇਆ ਹੈ ‘ਮੈਂ ਵੱਡਾ, ਮੈਂ ਵੱਡਾ’ ਆਖ ਆਖ ਕੇ (ਆਖ਼ਰ ਇਥੋਂ) ਚਲਾ ਜਾਇਗਾ।
ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥
ਇਹ ਸਾਰਾ ਜਗਤ ਕੱਜਲ ਦੀ ਕੋਠੜੀ (ਸਮਾਨ) ਹੈ (ਜੇਹੜਾ ਭੀ ਇਸ ਦੇ ਮੋਹ ਵਿਚ ਫਸਦਾ ਹੈ, ਉਸ ਦਾ) ਤਨ ਮਨ ਸਰੀਰ ਸੁਆਹ ਵਿਚ ਮਿਲ ਜਾਂਦਾ ਹੈ।
ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥੭॥
ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਤ੍ਰਿਸ਼ਨਾ ਅੱਗ ਦੂਰ ਕਰ ਦਿੱਤੀ, ਉਹ (ਇਸ ਕੱਜਲ-ਕੋਠੜੀ ਵਿਚੋਂ) ਸਾਫ਼-ਸੁਥਰੇ ਹੀ ਰਹੇ ॥੭॥
ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ ॥
ਜੇਹੜਾ ਪਰਮਾਤਮਾ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ, ਉਸ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘੀਦਾ ਹੈ।
ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ ॥
ਹੇ ਨਾਨਕ! (ਅਰਦਾਸ ਕਰ ਕੇ ਆਖ-) ਮੈਨੂੰ ਪਰਮਾਤਮਾ ਦਾ ਨਾਮ ਕਦੇ ਨਾ ਭੁੱਲੇ, ਪਰਮਾਤਮਾ ਦਾ ਨਾਮ-ਰਤਨ ਨਾਮ-ਪੂੰਜੀ (ਮੇਰੇ ਪਾਸ ਸਦਾ-ਥਿਰ ਰਹੇ)।
ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥੮॥੧੬॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸੰਸਾਰ-ਸਮੁੰਦਰ ਵਿਚ ਖਪ ਖਪ ਕੇ ਆਤਮਕ ਮੌਤੇ ਮਰਦੇ ਹਨ, ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਇਸ ਬੇਅੰਤ ਡੂੰਘੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ (ਉਹ ਵਿਕਾਰਾਂ ਦੀਆਂ ਲਹਿਰਾਂ ਵਿਚ ਨਹੀਂ ਡੁੱਬਦੇ) ॥੮॥੧੬॥{63-64}
ਸਿਰੀਰਾਗੁ ਮਹਲਾ ੧ ਘਰੁ ੨ ॥
ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥
(ਦੁਨੀਆ ਨੂੰ ਆਪਣੇ ਰਹਿਣ ਲਈ) ਪੱਕਾ ਟਿਕਾਣਾ ਸਮਝ ਕੇ ਘਰ ਵਿਚ ਬੈਠ ਜਾਣਾ ਭੀ (ਮਨੁੱਖ ਨੂੰ ਮੌਤ ਵਲੋਂ ਬੇ-ਫ਼ਿਕਰ ਨਹੀਂ ਕਰ ਸਕਦਾ, ਕਿਉਂਕਿ ਇਥੋਂ) ਚਲੇ ਜਾਣ ਦੀ ਚਿੰਤਾ ਤਾਂ ਸਦਾ ਲੱਗੀ ਰਹਿੰਦੀ ਹੈ।
ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥੧॥
ਜਗਤ ਵਿਚ ਜੀਵ ਦਾ ਪੱਕਾ ਟਿਕਾਣਾ ਤਾਂ ਤਦੋਂ ਹੀ ਸਮਝਣਾ ਚਾਹੀਦਾ ਹੈ ਜੇ ਇਹ ਜਗਤ ਭੀ ਸਦਾ ਕਾਇਮ ਰਹਿਣ ਵਾਲਾ ਹੋਵੇ (ਪਰ ਇਹ ਤਾਂ ਸਭ ਕੁਝ ਹੀ ਨਾਸਵੰਤ ਹੈ) ॥੧॥
ਦੁਨੀਆ ਕੈਸਿ ਮੁਕਾਮੇ ॥
(ਹੇ ਭਾਈ!) ਇਹ ਜਗਤ (ਜੀਵਾਂ ਵਾਸਤੇ) ਸਦਾ ਰਹਿਣ ਵਾਲੀ ਥਾਂ ਨਹੀਂ ਹੋ ਸਕਦਾ।
ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥੧॥ ਰਹਾਉ ॥
(ਇਸ ਵਾਸਤੇ ਆਪਣੇ ਹਿਰਦੇ ਵਿਚ) ਸਰਧਾ ਧਾਰ ਕੇ ਉੱਚੇ ਆਤਮਕ ਜੀਵਨ ਨੂੰ (ਆਪਣੇ ਜੀਵਨ ਸਫ਼ਰ ਲਈ) ਖ਼ਰਚ (ਤਿਆਰ ਕਰ ਕੇ ਪੱਲੇ) ਬੰਨ੍ਹ, ਸਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੁ ॥੧॥ ਰਹਾਉ ॥
ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥
ਜੋਗੀ ਆਸਣ ਜਮਾ ਕੇ ਬੈਠਦਾ ਹੈ। ਸਾਈਂ ਫ਼ਕੀਰ ਤਕੀਏ ਵਿਚ ਡੇਰਾ ਲਾਂਦਾ ਹੈ।
ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥੨॥
ਪੰਡਿਤ (ਧਰਮ ਅਸਥਾਨਾਂ ਵਿਚ ਬੈਠ ਕੇ) ਧਰਮ-ਪੋਥੀਆਂ (ਹੋਰਨਾਂ ਨੂੰ) ਸੁਣਾਂਦੇ ਹਨ, ਕਰਾਮਾਤੀ ਜੋਗੀ ਸ਼ਿਵ ਆਦਿਕ ਦੇ ਮੰਦਰ ਵਿਚ ਬੈਠਦੇ ਹਨ (ਪਰ ਆਪੋ ਆਪਣੀ ਵਾਰੀ ਸਭ ਜਗਤ ਤੋਂ ਕੂਚ ਕਰਦੇ ਜਾ ਰਹੇ ਹਨ) ॥੨॥
ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥
ਦੇਵਤੇ, ਜੋਗ-ਸਾਧਨਾਂ ਵਿਚ ਪੁੱਗੇ ਜੋਗੀ, (ਸ਼ਿਵਜੀ ਦੇ ਉਪਾਸਕ) ਗਣ, ਦੇਵਤਿਆਂ ਦੇ ਗਵਈਏ, (ਸਮਾਧੀਆਂ ਵਿਚ ਚੁੱਪ ਟਿਕੇ ਰਹਿਣ ਵਾਲੇ) ਮੁਨੀ ਜਨ, ਸੇਖ਼, ਪੀਰ ਅਤੇ ਸਰਦਾਰ (ਅਖਵਾਣ ਵਾਲੇ)
ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥੩॥
ਆਪੋ ਆਪਣੀ ਵਾਰੀ ਸਾਰੇ ਜਗਤ ਤੋਂ ਕੂਚ ਕਰ ਗਏ, (ਜੇਹੜੇ ਐਸ ਵੇਲੇ ਇਥੇ ਦਿੱਸਦੇ ਹਨ) ਇਹ ਭੀ ਸਾਰੇ ਇਥੋਂ ਚਲੇ ਜਾਣ ਵਾਲੇ ਹਨ ॥੩॥
ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥
ਬਾਦਸ਼ਾਹ, ਖਾਨ, ਰਾਜੇ, ਅਮੀਰ, ਵਜ਼ੀਰ, ਆਪਣਾ ਆਪਣਾ ਡੇਰਾ ਕੂਚ ਕਰ ਕੇ ਚਲੇ ਗਏ।
ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥੪॥
ਘੜੀ ਦੋ ਘੜੀ ਵਿਚ ਹਰੇਕ ਨੇ ਇਥੋਂ ਚਲੇ ਜਾਣਾ ਹੈ। ਹੇ ਮਨ! ਅਕਲ ਕਰ (ਗ਼ਾਫ਼ਿਲ ਨਾਹ ਹੋ), ਤੂੰ ਭੀ (ਪਰਲੋਕ ਵਿਚ) ਪਹੁੰਚ ਜਾਣਾ ਹੈ ॥੪॥
ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥
ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਪਰ ਕੋਈ ਵਿਰਲਾ ਹੀ ਯਕੀਨ ਲਿਆਉਂਦਾ ਹੈ (ਕਿ ਹਰੇਕ ਜੀਵ ਨੇ ਇਥੋਂ ਚਲੇ ਜਾਣਾ ਹੈ ਤੇ ਇਥੇ ਸਿਰਫ਼)
ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ ॥੫॥
ਨਾਨਕ ਬੇਨਤੀ ਕਰਦਾ ਹੈ ਉਹੀ ਪਰਮਾਤਮਾ (ਅਟੱਲ ਰਹਿਣ ਵਾਲਾ ਹੈ ਜੋ) ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ ਮੌਜੂਦ) ਹੈ ॥੫॥
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥
ਜੋ ਅੱਲਾਹ (ਅਖਵਾਂਦਾ) ਹੈ, ਜੋ ਅਲੱਖ ਹੈ, ਅਪਹੁੰਚ ਹੈ, ਜੋ ਸਾਰੀ ਕੁਦਰਤਿ ਦਾ ਮਾਲਕ ਹੈ, ਜੋ ਸਾਰੇ ਜਗਤ ਦਾ ਰਚਨਹਾਰ ਹੈ, ਤੇ, ਜੋ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ,
ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥
ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਉਹ ਹੈ (ਨਹੀਂ ਤਾਂ ਹੋਰ) ਸਾਰੀ ਦੁਨੀਆ ਆਵਣ ਜਾਵਣ ਵਾਲੀ ਹੈ (ਨਾਸਵੰਤ ਹੈ) ॥੬॥
ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ ॥
ਸਦਾ ਕਾਇਮ ਰਹਿਣ ਵਾਲਾ ਸਿਰਫ਼ ਉਸ ਪਰਮਾਤਮਾ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਦੇ ਸਿਰ ਉੱਤੇ ਮੌਤ ਦਾ ਲੇਖ ਨਹੀਂ ਹੈ।
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੭॥
ਇਹ ਆਕਾਸ਼ ਇਹ ਧਰਤੀ ਸਭ ਕੁਝ ਨਾਸਵੰਤ ਹੈ, ਪਰ ਉਹ ਇੱਕ ਪਰਮਾਤਮਾ ਸਦਾ ਅਟੱਲ ਹੈ ॥੭॥
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥
ਹੇ ਨਾਨਕ! ਇਹ ਅਟੱਲ ਬਚਨ ਕਹਿ ਦੇ-ਦਿਨ ਅਤੇ ਸੂਰਜ ਨਾਸਵੰਤ ਹਨ, ਰਾਤ ਅਤੇ ਚੰਦ੍ਰਮਾ ਨਾਸਵੰਤ ਹਨ, (ਇਹ ਦਿੱਸਦੇ) ਲੱਖਾਂ ਹੀ ਤਾਰੇ ਭੀ ਨਾਸ ਹੋ ਜਾਣਗੇ।
ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥
ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਪਰਮਾਤਮਾ ਹੀ ਹੈ ॥੮॥੧੭॥
ਮਹਲੇ ਪਹਿਲੇ ਸਤਾਰਹ ਅਸਟਪਦੀਆ ॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਿਰੀਰਾਗੁ ਮਹਲਾ ੧ ਘਰੁ ੩ ॥
ਰਾਗ ਸਿਰੀਰਾਗ, ਘਰ ੩ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਜੋਗੀ ਅੰਦਰਿ ਜੋਗੀਆ ॥
(ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ,
ਤੂੰ ਭੋਗੀ ਅੰਦਰਿ ਭੋਗੀਆ ॥
ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ।
ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥
ਸੁਰਗ ਲੋਕ ਵਿਚ ਮਾਤ ਲੋਕ ਵਿਚ ਪਾਤਾਲ ਲੋਕ ਵਿਚ (ਵੱਸਦੇ ਕਿਸੇ ਭੀ ਜੀਵ ਨੇ) ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ ॥੧॥
ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥
ਹੇ ਪ੍ਰਭੂ! ਮੈਂ ਸਦਕੇ ਹਾਂ ਤੇਰੇ ਨਾਮ ਤੋਂ, ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ, ਕੁਰਬਾਨ ਹਾਂ ਤੇਰੇ ਨਾਮ ਤੋਂ ॥੧॥ ਰਹਾਉ ॥
ਤੁਧੁ ਸੰਸਾਰੁ ਉਪਾਇਆ ॥
(ਹੇ ਪ੍ਰਭੂ!) ਤੂੰ ਹੀ ਜਗਤ ਪੈਦਾ ਕੀਤਾ ਹੈ,
ਸਿਰੇ ਸਿਰਿ ਧੰਧੇ ਲਾਇਆ ॥
ਹਰੇਕ ਜੀਵ ਉੱਤੇ (ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ) ਧੰਧਿਆਂ ਵਿਚ ਫਸਾਇਆ ਹੋਇਆ ਹੈ।
ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥
ਤੂੰ ਕੁਦਰਤਿ ਰਚ ਕੇ (ਜਗਤ-ਚਉਪੜ ਦੀਆਂ) ਜੀਵ-ਨਰਦਾਂ ਸੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਿਹਾ ਹੈਂ ॥੨॥
ਪਰਗਟਿ ਪਾਹਾਰੈ ਜਾਪਦਾ ॥
(ਹੇ ਭਾਈ!) ਪਰਮਾਤਮਾ ਇਸ ਦਿੱਸਦੇ ਜਗਤ-ਪਸਾਰੇ ਵਿਚ (ਵੱਸਦਾ) ਦਿੱਸ ਰਿਹਾ ਹੈ।
ਸਭੁ ਨਾਵੈ ਨੋ ਪਰਤਾਪਦਾ ॥
ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ।
ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥
ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ (ਕਿਉਂਕਿ) ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ ॥੩॥
ਸਤਿਗੁਰ ਕਉ ਬਲਿ ਜਾਈਐ ॥
(ਹੇ ਭਾਈ!) ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ,
ਜਿਤੁ ਮਿਲਿਐ ਪਰਮ ਗਤਿ ਪਾਈਐ ॥
(ਕਿਉਂਕਿ) ਉਸ (ਗੁਰੂ) ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥
(ਜਿਸ ਨਾਮ-ਪਦਾਰਥ ਨੂੰ) ਦੇਵਤੇ ਮਨੁੱਖ ਮੋਨਧਾਰੀ ਲੋਕ ਤਰਸਦੇ ਆ ਰਹੇ ਹਨ ਉਹ (ਪਦਾਰਥ) ਸਤਿਗੁਰੂ ਨੇ ਸਮਝਾ ਦਿੱਤਾ ਹੈ ॥੪॥
ਸਤਸੰਗਤਿ ਕੈਸੀ ਜਾਣੀਐ ॥
ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ?
ਜਿਥੈ ਏਕੋ ਨਾਮੁ ਵਖਾਣੀਐ ॥
(ਸਤਸੰਗਤਿ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ।
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ ॥੫॥
ਇਹੁ ਜਗਤੁ ਭਰਮਿ ਭੁਲਾਇਆ ॥
ਇਹ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ।
ਆਪਹੁ ਤੁਧੁ ਖੁਆਇਆ ॥
(ਪਰ ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਤੂੰ ਆਪ ਹੀ (ਜਗਤ ਨੂੰ) ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ।
ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥
ਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ) ਦੁੱਖ ਲੱਗਾ ਹੋਇਆ ਹੈ ॥੬॥
ਦੋਹਾਗਣੀ ਕਿਆ ਨੀਸਾਣੀਆ ॥
ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ?
ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥
(ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ) ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ।
ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥
ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ॥੭॥
ਸੋਹਾਗਣੀ ਕਿਆ ਕਰਮੁ ਕਮਾਇਆ ॥
ਜੇਹੜੀਆਂ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਅਖਵਾਂਦੀਆਂ ਹਨ ਉਹਨਾਂ ਕੇਹੜਾ (ਚੰਗਾ ਕੰਮ) ਕੀਤਾ ਹੋਇਆ ਹੈ?
ਪੂਰਬਿ ਲਿਖਿਆ ਫਲੁ ਪਾਇਆ ॥
ਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ।
ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥
ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥
ਹੁਕਮੁ ਜਿਨਾ ਨੋ ਮਨਾਇਆ ॥
ਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ,
ਤਿਨ ਅੰਤਰਿ ਸਬਦੁ ਵਸਾਇਆ ॥
ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦੀਆਂ ਹਨ।
ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥
ਉਹੀ ਜੀਵ-ਸਹੇਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ ॥੯॥
ਜਿਨਾ ਭਾਣੇ ਕਾ ਰਸੁ ਆਇਆ ॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ,
ਤਿਨ ਵਿਚਹੁ ਭਰਮੁ ਚੁਕਾਇਆ ॥
ਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ (ਪਰ ਇਹ ਮਿਹਰ ਸਤਿਗੁਰੂ ਦੀ ਹੀ ਹੈ)।
ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥
ਹੇ ਨਾਨਕ! ਗੁਰੂ ਅਜੇਹਾ (ਦਿਆਲ) ਹੈ ਕਿ ਉਹ (ਸਰਨ ਆਏ) ਸਭ ਜੀਵਾਂ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੧੦॥
ਸਤਿਗੁਰਿ ਮਿਲਿਐ ਫਲੁ ਪਾਇਆ ॥
ਉਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ,
ਜਿਨਿ ਵਿਚਹੁ ਅਹਕਰਣੁ ਚੁਕਾਇਆ ॥
ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ।
ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥
ਉਸ ਮਨੁੱਖ ਦੇ ਅੰਦਰੋਂ ਭੈੜੀ ਮਤਿ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ॥੧੧॥
ਅੰਮ੍ਰਿਤੁ ਤੇਰੀ ਬਾਣੀਆ ॥
(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ,
ਤੇਰਿਆ ਭਗਤਾ ਰਿਦੈ ਸਮਾਣੀਆ ॥
ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ (ਹਰ ਵੇਲੇ) ਟਿਕੀ ਰਹਿੰਦੀ ਹੈ।
ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥
ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ ॥੧੨॥
ਸਤਿਗੁਰੁ ਮਿਲਿਆ ਜਾਣੀਐ ॥
ਤਦੋਂ (ਕਿਸੇ ਵਡਭਾਗੀ ਨੂੰ) ਗੁਰੂ ਮਿਲਿਆ ਸਮਝਣਾ ਚਾਹੀਦਾ ਹੈ,
ਜਿਤੁ ਮਿਲਿਐ ਨਾਮੁ ਵਖਾਣੀਐ ॥
ਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਏ।
ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਪਰਮਾਤਮਾ ਦਾ ਨਾਮ) ਨਹੀਂ ਮਿਲਦਾ, (ਗੁਰੂ ਦਾ ਆਸਰਾ ਛੱਡ ਕੇ) ਸਾਰੀ ਦੁਨੀਆ (ਤੀਰਥ ਵਰਤ ਆਦਿਕ ਹੋਰ ਹੋਰ ਮਿਥੇ ਹੋਏ ਧਾਰਮਿਕ) ਕੰਮ ਕਰ ਕੇ ਖਪ ਜਾਂਦੀ ਹੈ ॥੧੩॥
ਹਉ ਸਤਿਗੁਰ ਵਿਟਹੁ ਘੁਮਾਇਆ ॥
ਮੈਂ (ਤਾਂ) ਗੁਰੂ ਤੋਂ ਕੁਰਬਾਨ ਹਾਂ,
ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥
ਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ-ਰਾਹ ਤੇ ਪਾਇਆ ਹੈ।
ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥
ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੪॥
ਤੂੰ ਸਭਨਾ ਮਾਹਿ ਸਮਾਇਆ ॥
(ਹੇ ਪ੍ਰਭੂ!) ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।
ਤਿਨਿ ਕਰਤੈ ਆਪੁ ਲੁਕਾਇਆ ॥
(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਉਸ ਕਰਤਾਰ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ।
ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥
ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤਿ ਪਰਗਟ ਕੀਤੀ ਹੈ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ ॥੧੫॥
ਆਪੇ ਖਸਮਿ ਨਿਵਾਜਿਆ ॥
ਖਸਮ-ਪ੍ਰਭੂ ਨੇ (ਆਪਣੇ ਸੇਵਕ ਨੂੰ) ਆਪ ਹੀ ਵਡਿਆਈ ਦਿੱਤੀ ਹੈ,
ਜੀਉ ਪਿੰਡੁ ਦੇ ਸਾਜਿਆ ॥
ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ।
ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥
ਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਉੱਤੇ ਰੱਖ ਕੇ ਖਸਮ-ਪ੍ਰਭੂ ਨੇ ਆਪ ਹੀ ਉਸ ਦੀ ਲਾਜ ਰੱਖੀ ਹੈ (ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ) ॥੧੬॥
ਸਭਿ ਸੰਜਮ ਰਹੇ ਸਿਆਣਪਾ ॥
ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ।
ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥
ਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ।
ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥
ਪਰਮਾਤਮਾ ਆਪਣੇ ਸੇਵਕ ਦਾ ਤੇਜ-ਪ੍ਰਤਾਪ ਪਰਗਟ ਕਰ ਦੇਂਦਾ ਹੈ, ਸਾਰਾ ਜਗਤ ਉਸ ਦੀ ਜੈ-ਜੈਕਾਰ ਕਰਦਾ ਹੈ ॥੧੭॥
ਮੇਰੇ ਗੁਣ ਅਵਗਨ ਨ ਬੀਚਾਰਿਆ ॥
ਪ੍ਰਭੂ ਨੇ ਨਾਹ ਮੇਰੇ ਗੁਣਾਂ ਦਾ ਖ਼ਿਆਲ ਕੀਤਾ ਹੈ, ਨਾਹ ਮੇਰੇ ਔਗੁਣਾਂ ਦੀ ਪਰਵਾਹ ਕੀਤੀ ਹੈ,
ਪ੍ਰਭਿ ਅਪਣਾ ਬਿਰਦੁ ਸਮਾਰਿਆ ॥
ਪ੍ਰਭੂ ਨੇ ਤਾਂ ਸਿਰਫ਼ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਹੀ ਚੇਤੇ ਰੱਖਿਆ ਹੈ।
ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥
ਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ (ਵਿਕਾਰਾਂ ਵਲੋਂ) ਬਚਾ ਲਿਆ ਹੈ, ਕੋਈ ਦੁੱਖ-ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ ॥੧੮॥
ਮੈ ਮਨਿ ਤਨਿ ਪ੍ਰਭੂ ਧਿਆਇਆ ॥
ਮੈਂ ਆਪਣੇ ਮਨ ਵਿਚ ਪ੍ਰਭੂ ਨੂੰ ਸਿਮਰਿਆ ਹੈ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਧਿਆਇਆ ਹੈ।
ਜੀਇ ਇਛਿਅੜਾ ਫਲੁ ਪਾਇਆ ॥
ਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਜੀ ਵਿਚ ਇੱਛਾ ਕਰਿਆ ਕਰਦਾ ਸਾਂ।
ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥
ਹੇ ਪ੍ਰਭੂ! ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ! (ਵਡਭਾਗੀ ਮਨੁੱਖ) ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧੯॥
ਤੁਧੁ ਆਪੇ ਆਪੁ ਉਪਾਇਆ ॥
ਹੇ ਪ੍ਰਭੂ! ਤੂੰ ਆਪਣੇ ਆਪ ਨੂੰ (ਜਗਤ-ਰੂਪ ਵਿਚ) ਆਪ ਹੀ ਪਰਗਟ ਕੀਤਾ ਹੈ,
ਦੂਜਾ ਖੇਲੁ ਕਰਿ ਦਿਖਲਾਇਆ ॥
(ਇਹ ਤੈਥੋਂ ਵੱਖਰਾ ਦਿੱਸਦਾ) ਮਾਇਆ ਦਾ ਜਗਤ-ਤਮਾਸ਼ਾ ਤੂੰ ਆਪ ਹੀ ਬਣਾ ਕੇ ਵਿਖਾ ਦਿੱਤਾ ਹੈ।
ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥
(ਹੇ ਭਾਈ!) ਹਰ ਥਾਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ। ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਸ ਨੂੰ (ਇਹ ਭੇਤ) ਸਮਝਾ ਦੇਂਦਾ ਹੈ ॥੨੦॥
ਗੁਰਪਰਸਾਦੀ ਪਾਇਆ ॥
ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੀ ਸਰਬ-ਵਿਆਪਕਤਾ ਦਾ ਭੇਦ) ਪਾ ਲਿਆ ਹੈ,
ਤਿਥੈ ਮਾਇਆ ਮੋਹੁ ਚੁਕਾਇਆ ॥
ਉਸ ਦੇ ਹਿਰਦੇ ਵਿਚੋਂ ਪ੍ਰਭੂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ।
ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥
ਪ੍ਰਭੂ ਆਪਣੀ ਮਿਹਰ ਕਰ ਕੇ ਆਪ ਹੀ ਉਸ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ॥੨੧॥
ਗੋਪੀ ਨੈ ਗੋਆਲੀਆ ॥
ਹੇ ਪ੍ਰਭੂ! ਤੂੰ ਹੀ (ਗੋਕਲ ਦੀ) ਗੋਪੀ ਹੈਂ, ਤੂੰ ਆਪ ਹੀ (ਜਮਨਾ) ਨਦੀ ਹੈਂ, ਤੂੰ ਆਪ ਹੀ (ਗੋਕਲ ਦਾ) ਗੁਆਲਾ ਹੈਂ।
ਤੁਧੁ ਆਪੇ ਗੋਇ ਉਠਾਲੀਆ ॥
ਤੂੰ ਆਪ ਹੀ (ਕ੍ਰਿਸ਼ਨ-ਰੂਪ ਹੋ ਕੇ) ਧਰਤੀ (ਗੋਵਰਧਨ ਪਰਬਤ) ਚੁੱਕੀ ਸੀ।
ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥
ਤੂੰ ਆਪਣੇ ਹੁਕਮ ਵਿਚ ਆਪ ਹੀ ਜੀਵਾਂ ਦੇ ਸਰੀਰ ਸਾਜਦਾ ਹੈਂ, ਤੂੰ ਆਪ ਹੀ ਨਾਸ ਕਰਦਾ ਹੈਂ ਤੇ ਆਪ ਹੀ ਪੈਦਾ ਕਰਦਾ ਹੈਂ ॥੨੨॥
ਜਿਨ ਸਤਿਗੁਰ ਸਿਉ ਚਿਤੁ ਲਾਇਆ ॥
ਜਿਨ੍ਹਾਂ (ਵਡ-ਭਾਗੀ) ਮਨੁੱਖਾਂ ਨੇ ਗੁਰੂ ਨਾਲ ਪਿਆਰ ਪਾਇਆ ਹੈ,
ਤਿਨੀ ਦੂਜਾ ਭਾਉ ਚੁਕਾਇਆ ॥
ਉਹਨਾਂ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਲਿਆ ਹੈ।
ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥
ਉਹਨਾਂ ਬੰਦਿਆਂ ਦੀ ਆਤਮਕ ਜੋਤਿ ਪਵਿਤ੍ਰ ਹੋ ਜਾਂਦੀ ਹੈ, ਉਹ ਆਪਣਾ ਜਨਮ ਸੁਥਰਾ ਕਰ ਕੇ (ਜਗਤ ਤੋਂ) ਜਾਂਦੇ ਹਨ ॥੨੩॥
ਤੇਰੀਆ ਸਦਾ ਸਦਾ ਚੰਗਿਆਈਆ ॥
ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ-
ਮੈ ਰਾਤਿ ਦਿਹੈ ਵਡਿਆਈਆਂ ॥
(ਤੇਰੀ ਮਿਹਰ ਨਾਲ) ਮੈਂ ਦਿਨੇ ਰਾਤ ਸਲਾਹੁੰਦਾ ਹਾਂ।
ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥
ਨਾਨਕ ਆਖਦਾ ਹੈ- ਪ੍ਰਭੂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਹਰੇਕ ਦਾਤ ਬਖ਼ਸ਼ਣ ਵਾਲਾ ਹੈ। (ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ ॥੨੪॥੧॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ।
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
ਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ।
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥
(ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ।
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥
ਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ।
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥
ਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ।
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥
ਨਾਨਕ ਆਖਦਾ ਹੈ- ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ॥੧॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ)।
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥
ਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ।
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥
(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥
ਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ।
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥
ਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ।
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥
ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ ॥੨॥
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ।
ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥
ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ।
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥
ਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ,
ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥
ਧਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।
ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥
ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ।
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥
ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ॥੩॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ।
ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥
ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ।
ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥
ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ, ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ।
ਝੂਠਾ ਰੁਦਨੁ ਹੋਆ ਦੁੋਆਲੈ ਖਿਨ ਮਹਿ ਭਇਆ ਪਰਾਇਆ ॥
ਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ ‘ਮੇਰਾ, ਮੇਰਾ’ ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ।
ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥
ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)।
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥
ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ ॥੪॥੧॥
ਸਿਰੀਰਾਗੁ ਮਹਲਾ ੧ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ (ਜੀਵ) ਬਾਲਕਾਂ ਦੀ ਅਕਲ ਵਾਲਾ (ਅੰਞਾਣ) ਹੁੰਦਾ ਹੈ। (ਨਾਮ ਸਿਮਰਨ ਵਲੋਂ) ਬੇ-ਪਰਵਾਹ ਰਹਿੰਦਾ ਹੈ।
ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥
ਹੇ ਵਣਜਾਰੇ ਮਿਤ੍ਰ! (ਬਾਲ ਉਮਰੇ ਜੀਵ ਮਾਂ ਦਾ) ਦੁੱਧ ਪੀਂਦਾ ਹੈ ਤੇ ਖੇਡਾਂ ਵਿਚ ਹੀ ਪਰਚਾਈਦਾ ਹੈ, (ਉਸ ਉਮਰੇ) ਮਾਪਿਆਂ ਦਾ (ਆਪਣੇ) ਪੁੱਤਰ ਨਾਲ (ਬੜਾ) ਪਿਆਰ ਹੁੰਦਾ ਹੈ।
ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥
ਮਾਂ ਪਿਉ ਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ। ਮਾਇਆ ਦਾ (ਇਹ) ਮੋਹ ਸਾਰੀ ਸ੍ਰਿਸ਼ਟੀ ਨੂੰ (ਹੀ ਵਿਆਪ ਰਿਹਾ ਹੈ)।
ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥
(ਜੀਵ ਨੇ ਪਿਛਲੇ ਜਨਮਾਂ ਵਿਚ) ਕਰਮਾਂ ਦਾ ਜੋ ਸੰਗ੍ਰਹ ਕਮਾਇਆ, ਉਹਨਾਂ ਦੇ ਸੰਜੋਗ ਅਨੁਸਾਰ (ਜਗਤ ਵਿਚ) ਜਨਮਿਆ, (ਤੇ ਇਥੇ ਆ ਕੇ ਮੁੜ ਉਹਨਾਂ ਅਨੁਸਾਰ) ਕਰਣੀ ਕਰਦਾ ਹੈ ਕਾਰ ਕਮਾਂਦਾ ਹੈ।
ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥
ਦੁਨੀਆ ਮਾਇਆ ਦੇ ਮੋਹ ਵਿਚ ਡੁੱਬ ਰਹੀ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਸ ਮੋਹ ਵਿਚੋਂ) ਖ਼ਲਾਸੀ ਨਹੀਂ ਹੋ ਸਕਦੀ।
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥੧॥
ਨਾਨਕ ਆਖਦਾ ਹੈ- ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ (ਤੂੰ ਬੇ-ਪਰਵਾਹ ਹੈਂ), ਪਰਮਾਤਮਾ ਦਾ ਸਿਮਰਨ ਕਰ (ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ) ਬਚੇਂਗਾ ॥੧॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ ਭਰ-ਜਵਾਨੀ ਦੇ ਕਾਰਨ ਜੀਵ ਦੀ ਮਤਿ (-ਅਕਲ ਇਉਂ ਹੋ ਜਾਂਦੀ ਹੈ ਜਿਵੇਂ) ਸ਼ਰਾਬ (ਵਿਚ ਗੁੱਟ ਹੈ)।
ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ॥
ਹੇ ਵਣਜਾਰੇ ਮਿਤ੍ਰ! (ਜੀਵ) ਦਿਨ ਰਾਤ ਕਾਮ-ਵਾਸਨਾ ਵਿਚ ਦਬਿਆ ਰਹਿੰਦਾ ਹੈ, (ਕਾਮ ਵਿਚ) ਅੰਨ੍ਹੇ ਹੋਏ ਨੂੰ ਪਰਮਾਤਮਾ ਦਾ ਨਾਮ ਚਿੱਤ ਵਿਚ (ਟਿਕਾਣ ਦੀ ਸੁਰਤਿ) ਨਹੀਂ (ਹੁੰਦੀ)।
ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ ॥
ਪਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿਚ ਨਹੀਂ ਵੱਸਦਾ, (ਨਾਮ ਤੋਂ ਬਿਨਾ) ਹੋਰ ਮਿੱਠੇ ਕਸੈਲੇ ਅਨੇਕਾਂ ਰਸਾਂ ਦੇ ਸੁਆਦ ਪਛਾਣਦਾ ਹੈ।
ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥
ਹੇ ਝੂਠੇ (ਮੋਹ ਵਿਚ ਫਸੇ ਜੀਵ)! ਤੂੰ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਪਾਈ, ਪ੍ਰਭੂ-ਚਰਨਾਂ ਵਿਚ ਤੇਰੀ ਸੁਰਤ ਨਹੀਂ, ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਉੱਦਮ ਨਹੀਂ ਕੀਤਾ (ਇਸ ਦਾ ਨਤੀਜਾ ਇਹ ਹੋਵੇਗਾ ਕਿ) ਤੂੰ ਜਨਮ ਮਰਨ ਦੇ ਗੇੜ ਵਿਚ ਪੈ ਜਾਇਗਾ।
ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥
(ਉੱਚਾ ਆਤਮਕ ਜੀਵਨ ਬਣਾਣ ਵਾਲੇ ਸੇਵਾ-ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ, ਕਾਮ ਵਿੱਚ ਮੱਤਾ ਹੋਇਆ ਜੀਵ) ਤੀਰਥ ਵਰਤ, ਸੁਚਿ, ਸੰਜਮ, ਪੂਜਾ ਆਦਿਕ ਕਰਮ ਕਾਂਡ ਦੇ ਧਰਮ ਭੀ ਨਹੀਂ ਕਰਦਾ।
ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥੨॥
(ਉਂਞ) ਹੇ ਨਾਨਕ! ਪਰਮਾਤਮਾ ਦੇ ਪ੍ਰੇਮ ਦੀ ਰਾਹੀਂ ਹੀ ਪ੍ਰਭੂ ਦੀ ਭਗਤੀ ਦੀ ਰਾਹੀਂ ਹੀ (ਇਸ ਕਾਮ-ਵਾਸ਼ਨਾ ਤੋਂ) ਬਚਾ ਹੋ ਸਕਦਾ ਹੈ, (ਭਗਤੀ-ਸਿਮਰਨ ਵਲੋਂ) ਦੁਚਿੱਤਾ-ਪਨ ਰੱਖਿਆਂ (ਕਾਮਾਦਿਕ ਦੀ ਸ਼ਕਲ ਵਿਚ) ਮਾਇਆ ਦਾ ਮੋਹ ਹੀ ਜ਼ੋਰ ਪਾਂਦਾ ਹੈ ॥੨॥
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਸਰ ਉੱਤੇ ਹੰਸ ਆ ਉੱਤਰਦੇ ਹਨ (ਸਿਰ ਉੱਤੇ ਧੌਲੇ ਆ ਜਾਂਦੇ ਹਨ)।
ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ ॥
ਹੇ ਵਣਜਾਰੇ ਮਿਤ੍ਰ! (ਜਿਉਂ ਜਿਉਂ) ਜਵਾਨੀ ਘਟਦੀ ਹੈ ਬੁਢੇਪਾ (ਸਰੀਰਕ ਤਾਕਤ ਨੂੰ) ਜਿੱਤਦਾ ਜਾਂਦਾ ਹੈ (ਉਮਰ ਦਾ) ਇਕ ਇਕ ਦਿਨ ਲੰਘਦਾ ਹੈ ਉਮਰ ਘਟਦੀ ਜਾਂਦੀ ਹੈ।
ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥
ਹੇ ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਜੀਵ! ਜਦੋਂ ਜਮ ਨੇ ਫੜ ਕੇ ਤੈਨੂੰ ਅੱਗੇ ਲਾ ਲਿਆ, ਤਦੋਂ ਅਖ਼ੀਰਲੇ ਵੇਲੇ ਤੂੰ ਪਛੁਤਾਏਂਗਾ।
ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ॥
ਤੂੰ ਹਰੇਕ ਚੀਜ਼ ਆਪਣੀ ਬਣਾ ਬਣਾ ਕੇ ਸਾਂਭਦਾ ਗਿਆ, ਉਹ ਸਭ ਕੁਝ ਇਕ ਖਿਨ ਵਿੱਚ ਪਰਾਇਆ ਮਾਲ ਹੋ ਜਾਇਗਾ।
ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥
(ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ) ਅਕਲ ਮਾਰੀ ਜਾਂਦੀ ਹੈ, ਸਿਆਣਪ ਗੁੰਮ ਹੋ ਜਾਂਦੀ ਹੈ, ਮੰਦੇ ਕੰਮ ਕਰ ਕਰ (ਆਖ਼ਰ ਅੰਤ ਵੇਲੇ) ਪਛੁਤਾਂਦਾ ਹੈ।
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥੩॥
ਨਾਨਕ ਆਖਦਾ ਹੈ- ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ (ਸਿਰ ਉੱਤੇ ਧੌਲੇ ਆ ਗਏ ਹਨ, ਤਾਂ ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਸਿਮਰਨ ਕਰ ॥੩॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਜੀਵ) ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਕਮਜ਼ੋਰ ਹੋ ਜਾਂਦਾ ਹੈ।
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥
ਹੇ ਵਣਜਾਰੇ ਮਿਤ੍ਰ! ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, (ਅੱਖੀਂ ਠੀਕ) ਨਹੀਂ ਦਿੱਸਦਾ, ਕੰਨਾਂ ਨਾਲ ਬੋਲ (ਚੰਗੀ ਤਰ੍ਹਾਂ) ਨਹੀਂ ਸੁਣ ਸਕਦਾ।
ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥
ਅੱਖਾਂ ਤੋਂ ਅੰਨ੍ਹਾ ਹੋ ਜਾਂਦਾ ਹੈ, ਜੀਭ ਵਿਚ ਸੁਆਦ (ਦੀ ਤਾਕਤ) ਨਹੀਂ ਰਹਿੰਦੀ, ਉੱਦਮ ਤੇ ਤਾਕਤ ਰਹਿ ਜਾਂਦੇ ਸਨ।
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ ॥
ਆਪਣੇ ਹਿਰਦੇ ਵਿਚ ਕਦੇ ਪਰਮਾਤਮਾ ਦੇ ਗੁਣ ਨਹੀਂ ਵਸਾਏ, ਹੁਣ ਸੁਖ ਕਿਥੋਂ ਮਿਲੇ? ਮਨ ਦੇ ਮੁਰੀਦ ਨੂੰ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।
ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥
(ਜਿਵੇਂ) ਪੱਕੀ ਹੋਈ ਫ਼ਸਲ ਦਾ ਨਾੜ ਕੁੜਕ ਕੇ ਟੁੱਟ ਜਾਂਦਾ ਹੈ (ਤਿਵੇਂ ਬੁਢੇਪਾ ਆਉਣ ਤੇ ਸਰੀਰ) ਨਾਸ ਹੋ ਜਾਂਦਾ ਹੈ, (ਜੀਵ ਜਗਤ ਤੇ) ਆ ਕੇ (ਆਖ਼ਰ ਇੱਥੋਂ) ਤੁਰ ਪੈਂਦਾ ਹੈ (ਇਸ ਸਰੀਰ ਦਾ) ਮਾਣ ਕਰਨਾ ਵਿਆਰਥ ਹੈ।
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥੪॥
ਨਾਨਕ ਆਖਦਾ ਹੈ- ਹੇ ਪ੍ਰਾਣੀ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਤੂੰ ਬੁੱਢਾ ਹੋ ਗਿਆ ਹੈਂ, ਹੁਣ) ਗੁਰੂ ਦੇ ਸ਼ਬਦ ਨੂੰ ਪਛਾਣ (ਗੁਰ-ਸ਼ਬਦ ਨਾਲ ਡੂੰਘੀ ਸਾਂਝ ਪਾ) ॥੪॥
ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜੀਵ ਨੂੰ ਉਮਰ ਦੇ ਜਿਤਨੇ ਸੁਆਸ ਮਿਲੇ ਸਨ, ਆਖ਼ਿਰ) ਉਹਨਾਂ ਸੁਆਸਾਂ ਦਾ ਅਖ਼ੀਰ ਆ ਗਿਆ, ਬਲੀ ਬੁਢੇਪਾ ਮੋਢੇ ਉੱਤੇ (ਨੱਚਣ ਲੱਗ ਪਿਆ)।
ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥
ਹੇ ਵਣਜਾਰੇ ਮਿਤ੍ਰ! ਜਿਸ ਦੇ ਹਿਰਦੇ ਵਿਚ ਰਤਾ ਭੀ ਗੁਣ ਨਾਹ ਟਿਕੇ, ਉਸ ਨੂੰ (ਉਸ ਦੇ ਆਪਣੇ ਹੀ ਕੀਤੇ ਹੋਏ) ਔਗੁਣ ਬੰਨ੍ਹ ਕੇ ਲੈ ਤੁਰਦੇ ਹਨ।
ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ॥
ਜੇਹੜਾ ਜੀਵ (ਇੱਥੋਂ ਆਤਮਕ) ਗੁਣਾਂ ਦੇ ਸੰਜਮ (ਦੀ ਸਹਾਇਤਾ) ਨਾਲ ਜਾਂਦਾ ਹੈ, ਉਹ (ਜਮਰਾਜ ਦੀ) ਚੋਟ ਨਹੀਂ ਸਹਾਰਦਾ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ।
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥
ਜਮ ਦਾ ਜਾਲ ਮੌਤ ਦਾ ਡਰ ਉਸ ਵਲ ਤੱਕ ਭੀ ਨਹੀਂ ਸਕਦਾ। ਪਰਮਾਤਮਾ ਦੇ ਪ੍ਰੇਮ ਦੀ ਬਰਕਤਿ ਨਾਲ ਪਰਮਾਤਮਾ ਦੀ ਭਗਤੀ ਨਾਲ ਉਹ (ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਤੋਂ ਪਾਰ ਲੰਘ ਜਾਂਦਾ ਹੈ।
ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥
ਉਹ ਇਥੋਂ ਇੱਜ਼ਤ ਨਾਲ ਜਾਂਦਾ ਹੈ, ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਆਪਣੇ ਸਾਰੇ ਦੁੱਖ-ਕਲੇਸ਼ ਦੂਰ ਕਰ ਲੈਂਦਾ ਹੈ।
ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥੫॥੨॥
ਨਾਨਕ ਆਖਦਾ ਹੈ- ਜੇਹੜਾ ਜੀਵ ਗੁਰੂ ਦੀ ਸਰਨ ਪੈਂਦਾ ਹੈ ਉਹ (ਸੰਸਾਰ-ਸਮੁੰਦਰ ਦੇ ਸਾਰੇ ਡਰਾਂ ਤੋਂ) ਬਚ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੋਂ ਇੱਜ਼ਤ ਪ੍ਰਾਪਤ ਕਰਦਾ ਹੈ ॥੫॥੨॥
ਸਲੋਕ ਮ : ੧ ॥
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
(ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।
ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥
ਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ ॥੧॥
ਮ : ੧ ॥
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥
ਸਿਦਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ, ਅਤੇ ਗੁਰਮੁਖਾਂ ਪਾਸ ਸਬਰ (ਸੰਤੋਖ) ਦੀ ਰਾਸਿ ਹੁੰਦੀ ਹੈ।
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥
(ਇਸ ਕਰਕੇ) ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ। (ਪਰ) ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਉਂ ਭੀ ਨਹੀਂ ਮਿਲਦੀ ॥੨॥
ਸਲੋਕ ਮ : ੧ ॥
ਫਕੜ ਜਾਤੀ ਫਕੜੁ ਨਾਉ ॥
ਜਾਤਿ (ਦਾ ਅਹੰਕਾਰ) ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ।
ਸਭਨਾ ਜੀਆ ਇਕਾ ਛਾਉ ॥
(ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇਕ ਹੀ ਹੈ)।
ਆਪਹੁ ਜੇ ਕੋ ਭਲਾ ਕਹਾਏ ॥
(ਜਾਤੀ ਜਾਂ ਵਡਿਆਈ ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ)।
ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥
ਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ (ਭਾਵ, ਸੱਚੀ ਦਰਗਾਹ ਵਿਚ ਲੇਖੇ ਵੇਲੇ) ਆਦਰ ਹਾਸਲ ਕਰੇ ॥੧॥
ਸਲੋਕ ਮ : ੧ ॥
ਕੁਦਰਤਿ ਕਰਿ ਕੈ ਵਸਿਆ ਸੋਇ ॥
ਸ੍ਰਿਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ।
ਵਖਤੁ ਵੀਚਾਰੇ ਸੁ ਬੰਦਾ ਹੋਇ ॥
ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ।
ਕੁਦਰਤਿ ਹੈ ਕੀਮਤਿ ਨਹੀ ਪਾਇ ॥
ਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ।
ਜਾ ਕੀਮਤਿ ਪਾਇ ਤ ਕਹੀ ਨ ਜਾਇ ॥
ਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
ਸਰੈ ਸਰੀਅਤਿ ਕਰਹਿ ਬੀਚਾਰੁ ॥
ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ,
ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥
ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ?
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥
(ਹੇ ਭਾਈ!) ਰੱਬ ਤੇ ਭਰੋਸਾ ਰੱਖ-ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ-ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ।
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥
ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ ॥੧॥
ਮ : ੧ ॥
ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ ॥
ਅਸੀਂ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ।
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥
ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ।
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥
(ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਮਾਲਕ ਦੀ ਸੇਵਾ ਕਰਦੀਆਂ ਹਨ।
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥
ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ, ਤੇ ਆਨੰਦ ਵਿਚ ਰਲੀਆਂ ਮਾਣਦੀਆਂ ਹਨ।
ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥
ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ।
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥
ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ ॥੨॥
ਸਲੋਕ ਮ : ੧ ॥
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥
ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ।
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥
ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ?
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥
ਜੋ ਮਨੁੱਖ ‘ਸੱਚ’ ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ,
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥
ਹੇ ਨਾਨਕ! ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ ॥੧॥
ਮ : ੧ ॥
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥
ਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ)?
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥
ਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ ॥੨॥
ਰਾਗੁ ਮਾਝ ਅਸਟਪਦੀਆ ਮਹਲਾ ੧ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਬਦਿ ਰੰਗਾਏ ਹੁਕਮਿ ਸਬਾਏ ॥
ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜੇ ਤੇਰੇ ਹੁਕਮ ਵਿਚ ਤੁਰਦੇ ਹਨ,
ਸਚੀ ਦਰਗਹ ਮਹਲਿ ਬੁਲਾਏ ॥
ਉਹ ਸਾਰੇ ਤੇਰੀ ਸਦਾ-ਥਿਰ ਦਰਗਾਹ ਵਿਚ ਤੇਰੇ ਮਹਲ ਵਿਚ ਸੱਦ ਲਏ ਜਾਂਦੇ ਹਨ।
ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥
ਹੇ ਸਦਾ-ਥਿਰ ਰਹਿਣ ਵਾਲੇ! ਹੇ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਮਾਲਿਕ! ਉਨ੍ਹਾਂ ਨੇ ਆਪਣੇ ਮਨ ਨੂੰ ਤੇਰੇ ਸਦਾ-ਥਿਰ ਨਾਮ ਵਿਚ ਗਿਝਾ ਲਿਆ ਹੈ ॥੧॥
ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥
ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਹਾਂ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ,
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥੧॥ ਰਹਾਉ ॥
ਅਤੇ ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਪ੍ਰਭੂ-ਨਾਮ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾ ਲਿਆ ਹੈ ॥੧॥ ਰਹਾਉ ॥
ਨਾ ਕੋ ਮੇਰਾ ਹਉ ਕਿਸੁ ਕੇਰਾ ॥
(ਦੁਨੀਆ ਵਿਚ) ਕੋਈ ਭੀ ਮੇਰਾ ਸਦਾ ਦਾ ਸਾਥੀ ਨਹੀਂ ਹੈ, ਮੈਂ ਭੀ ਕਿਸੇ ਦਾ ਸਦਾ ਲਈ ਸਾਥੀ ਨਹੀਂ ਹਾਂ।
ਸਾਚਾ ਠਾਕੁਰੁ ਤ੍ਰਿਭਵਣਿ ਮੇਰਾ ॥
ਮੇਰਾ ਸਦਾ ਵਾਸਤੇ ਪਾਲਣ ਵਾਲਾ ਸਿਰਫ਼ ਉਹੀ (ਪ੍ਰਭੂ) ਹੈ, ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ।
ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ ॥੨॥
‘ਮੈ ਵੱਡਾ ਹਾਂ, ਮੈਂ ਵੱਡਾ ਹਾਂ’-ਇਹ ਮਾਣ ਕਰ ਕਰ ਕੇ ਬੇਅੰਤ ਲੋਕਾਈ (ਜਗਤ ਤੋਂ) ਤੁਰੀ ਜਾ ਰਹੀ ਹੈ। (ਮਾਣ-ਮੱਤੀ ਲੋਕਾਈ) ਪਾਪ ਕਮਾ ਕਮਾ ਕੇ ਪਛੁਤਾਂਦੀ ਭੀ ਹੈ ॥੨॥
ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, (ਉਹ ਮਾਣ ਨਹੀਂ ਕਰਦਾ) ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ।
ਗੁਰ ਕੈ ਸਬਦਿ ਨਾਮਿ ਨੀਸਾਣੈ ॥
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ ਦੇ ਨਾਮ ਵਿਚ (ਟਿਕ ਕੇ, ਨਾਮ ਦੀ) ਰਾਹਦਾਰੀ ਸਮੇਤ (ਇਥੋਂ ਜਾਂਦਾ ਹੈ)।
ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥੩॥
ਸਦਾ-ਥਿਰ ਪ੍ਰਭੂ ਦੇ ਦਰ ਤੇ ਸਭ ਜੀਵਾਂ ਦੇ ਕਰਮਾਂ ਦਾ ਲੇਖਾ ਹੁੰਦਾ ਹੈ, ਇਸ ਲੇਖੇ ਤੋਂ ਉਹੀ ਸੁਰਖ਼ਰੂ ਹੁੰਦਾ ਹੈ ਜੋ ਨਾਮ ਦੀ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ ॥੩॥
ਮਨਮੁਖੁ ਭੂਲਾ ਠਉਰੁ ਨ ਪਾਏ ॥
ਪ੍ਰਭੂ-ਨਾਮ ਤੋਂ ਖੁੰਝਿਆ ਹੋਇਆ ਮਨ ਦਾ ਮੁਰੀਦ ਮਨੁੱਖ (ਕਰਮਾਂ ਦੇ ਲੇਖੇ ਤੋਂ ਬਚਣ ਲਈ) ਕੋਈ ਥਾਂ ਨਹੀਂ ਲੱਭ ਸਕਦਾ।
ਜਮ ਦਰਿ ਬਧਾ ਚੋਟਾ ਖਾਏ ॥
(ਆਪਣੇ ਕੀਤੇ ਔਗੁਣਾਂ ਦਾ) ਬੱਝਾ ਹੋਇਆ ਜਮਰਾਜ ਦੇ ਦਰ ਤੇ ਮਾਰ ਖਾਂਦਾ ਹੈ।
ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ ॥੪॥
(ਆਤਮਕ ਦੁੱਖ-ਕਲੇਸ਼ ਦੀਆਂ ਚੋਟਾਂ ਤੋਂ ਬਚਣ ਲਈ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਸੰਗੀ ਸਾਥੀ ਨਹੀਂ ਹੋ ਸਕਦਾ। ਜਮ ਦੀਆਂ ਇਹਨਾਂ ਚੋਟਾਂ ਤੋਂ ਉਹੀ ਬਚਦੇ ਹਨ, ਜੋ ਪ੍ਰਭੂ ਦਾ ਨਾਮ ਸਿਮਰਦੇ ਹਨ ॥੪॥
ਸਾਕਤ ਕੂੜੇ ਸਚੁ ਨ ਭਾਵੈ ॥
ਝੂਠੇ ਮੋਹ ਵਿਚ ਫਸੇ ਸਾਕਤ ਨੂੰ ਸਦਾ-ਥਿਰ ਪ੍ਰਭੂ (ਦਾ ਨਾਮ) ਚੰਗਾ ਨਹੀਂ ਲਗਦਾ।
ਦੁਬਿਧਾ ਬਾਧਾ ਆਵੈ ਜਾਵੈ ॥
(ਉਸ ਨੂੰ ਮੋਹ ਵਾਲੀ ਮੇਰ-ਤੇਰ ਪਸੰਦ ਹੈ) ਉਸ ਮੇਰ-ਤੇਰ ਵਿਚ ਫਸਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ।
ਲਿਖਿਆ ਲੇਖੁ ਨ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ ॥੫॥
(ਦੁਬਿਧਾ ਵਾਲੇ ਕੀਤੇ ਕਰਮਾਂ ਅਨੁਸਾਰ, ਮੱਥੇ ਉੱਤੇ ਦੁਬਿਧਾ ਦੇ ਸੰਸਕਾਰਾਂ ਦਾ) ਲਿਖਿਆ ਲੇਖ ਕੋਈ ਨਹੀਂ ਮਿਟਾ ਸਕਦਾ। (ਇਸ ਲੇਖ ਤੋਂ) ਉਹੀ ਖ਼ਲਾਸੀ ਪ੍ਰਾਪਤ ਕਰਦਾ ਹੈ, ਜੋ ਗੁਰੂ ਦੀ ਸਰਨ ਪੈਂਦਾ ਹੈ ॥੫॥
ਪੇਈਅੜੈ ਪਿਰੁ ਜਾਤੋ ਨਾਹੀ ॥
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪ੍ਰਭੂ-ਪਤੀ ਨਾਲ ਸਾਂਝ ਨਹੀਂ ਪਾਈ।
ਝੂਠਿ ਵਿਛੁੰਨੀ ਰੋਵੈ ਧਾਹੀ ॥
ਝੂਠੇ ਮੋਹ ਦੇ ਕਾਰਨ ਪ੍ਰਭੂ-ਚਰਨਾਂ ਤੋਂ ਵਿੱਛੁੜੀ ਹੋਈ ਉਹ (ਆਖ਼ਿਰ) ਧਾਹਾਂ ਮਾਰ ਮਾਰ ਕੇ ਰੋਂਦੀ ਹੈ।
ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥੬॥
ਜਿਸ (ਦੇ ਆਤਮਕ ਜੀਵਨ) ਨੂੰ ਪਾਪ (-ਸੁਭਾਵ) ਨੇ ਲੁੱਟ ਲਿਆ, ਉਸ ਨੂੰ ਪਰਮਾਤਮਾ ਦਾ ਮਹਲ ਨਹੀਂ ਲੱਭਦਾ। ਇਹਨਾਂ ਔਗਣਾਂ ਨੂੰ ਗੁਣਾਂ ਦਾ ਮਾਲਕ ਪ੍ਰਭੂ (ਆਪ ਹੀ) ਬਖ਼ਸ਼ਦਾ ਹੈ ॥੬॥
ਪੇਈਅੜੈ ਜਿਨਿ ਜਾਤਾ ਪਿਆਰਾ ॥
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਿਆਰੇ ਪ੍ਰਭੂ ਨਾਲ ਸਾਂਝ ਪਾ ਲਈ,
ਗੁਰਮੁਖਿ ਬੂਝੈ ਤਤੁ ਬੀਚਾਰਾ ॥
ਉਹ ਗੁਰੂ ਦੀ ਸਰਨ ਪੈ ਕੇ (ਜਗਤ ਦੇ) ਮੂਲ-ਪ੍ਰਭੂ (ਦੇ ਗੁਣਾਂ) ਨੂੰ ਸਮਝਦੀ ਤੇ ਵਿਚਾਰਦੀ ਹੈ।
ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥੭॥
ਜੇਹੜੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ, ਗੁਰੂ ਉਹਨਾਂ ਦਾ ਜਨਮ ਮਰਨ ਦਾ ਗੇੜ ਰੋਕ ਦੇਂਦਾ ਹੈ ॥੭॥
ਗੁਰਮੁਖਿ ਬੂਝੈ ਅਕਥੁ ਕਹਾਵੈ ॥
ਗੁਰੂ ਦੀ ਸਰਨ ਪਿਆਂ ਮਨੁੱਖ ਬੇਅੰਤ ਗੁਣਾਂ ਵਾਲੇ ਪ੍ਰਭੂ (ਦੇ ਗੁਣਾਂ) ਨੂੰ ਸਮਝਦਾ ਹੈ, (ਹੋਰਨਾਂ) ਨੂੰ ਸਿਫ਼ਤ-ਸਾਲਾਹ ਵਾਸਤੇ ਪ੍ਰੇਰਦਾ ਹੈ।
ਸਚੇ ਠਾਕੁਰ ਸਾਚੋ ਭਾਵੈ ॥
ਸਦਾ-ਥਿਰ ਠਾਕੁਰ ਨੂੰ (ਸਿਫ਼ਤ-ਸਾਲਾਹ ਦਾ) ਸਦਾ-ਥਿਰ ਕਰਮ ਹੀ ਚੰਗਾ ਲੱਗਦਾ ਹੈ।
ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ ॥੮॥੧॥
ਹੇ ਨਾਨਕ! (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, (ਸਦਾ-ਥਿਰ ਪ੍ਰਭੂ ਦੇ ਦਰ ਤੇ) ਅਰਜ਼ੋਈਆਂ (ਕਰਦਾ ਰਹਿੰਦਾ ਹੈ)। ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲਿਆਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ॥੮॥੧॥
ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥
ਰਾਗ ਮਾਝ ਦੀ ਇਹ ਵਾਰ ਅਤੇ ਇਸ ਨਾਲ ਦਿੱਤੇ ਹੋਏ ਸਲੋਕ ਗੁਰੂ ਨਾਨਕ ਦੇਵ ਜੀ ਦੇ (ਉਚਾਰੇ ਹੋਏ) ਹਨ ਗੁਰੂ ਅਰਜਨ ਸਾਹਿਬ ਨੇ ਉਪਰ ਲਿਖਿਆਂ ਸਿਰ-ਲੇਖ ਦੇ ਕੇ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਮਾਝ ਦੀ ਵਾਰ ਉਸ ਧੁਨੀ (ਸੁਰ) ਵਿਚ ਗਾਉਣੀ ਹੈ ਜਿਸ ਵਿਚ ਮੁਰੀਦ ਖਾਂ ਵਾਲੀ ਗਾਵੀਂ ਜਾਂਦੀ ਸੀ।
ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕੁ ਮ : ੧ ॥
ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥
ਸਤਿਗੁਰੂ (ਨਾਮ ਦੀ ਦਾਤਿ) ਦੇਣ ਵਾਲਾ ਹੈ, ਗੁਰੂ ਠੰਡ ਦਾ ਸੋਮਾ ਹੈ, ਗੁਰੂ (ਹੀ) ਤ੍ਰਿਲੋਕੀ ਵਿਚ ਚਾਨਣ ਕਰਨ ਵਾਲਾ ਹੈ।
ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥
ਹੇ ਨਾਨਕ! ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਪਦਾਰਥ (ਗੁਰੂ ਤੋਂ ਹੀ ਮਿਲਦਾ ਹੈ)। ਜਿਸ ਦਾ ਮਨ ਗੁਰੂ ਵਿਚ ਪਤੀਜ ਜਾਏ, ਉਸ ਨੂੰ ਸੁਖ ਹੋ ਜਾਂਦਾ ਹੈ ॥੧॥
ਮ : ੧ ॥
ਪਹਿਲੈ ਪਿਆਰਿ ਲਗਾ ਥਣ ਦੁਧਿ ॥
(ਜੇ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ ਵਿਚ ਵੰਡੀਏ, ਤਾਂ ਇਸ ਦੀ ਸਾਰੀ ਉਮਰ ਦੇ ਕੀਤੇ ਉੱਦਮਾਂ ਦੀ ਤਸਵੀਰ ਇਉਂ ਬਣਦੀ ਹੈ:) ਪਹਿਲੀ ਅਵਸਥਾ ਵਿਚ (ਜੀਵ) ਪਿਆਰ ਨਾਲ (ਮਾਂ ਦੇ) ਥਣਾਂ ਦੇ ਦੁੱਧ ਵਿਚ ਰੁੱਝਦਾ ਹੈ;
ਦੂਜੈ ਮਾਇ ਬਾਪ ਕੀ ਸੁਧਿ ॥
ਦੂਜੀ ਅਵਸਥਾ ਵਿਚ (ਭਾਵ, ਜਦੋਂ ਰਤਾ ਕੁ ਸਿਆਣਾ ਹੁੰਦਾ ਹੈ) (ਇਸ ਨੂੰ) ਮਾਂ ਤੇ ਪਿਉ ਦੀ ਸੋਝੀ ਹੋ ਜਾਂਦੀ ਹੈ,
ਤੀਜੈ ਭਯਾ ਭਾਭੀ ਬੇਬ ॥
ਤੀਜੀ ਅਵਸਥਾ ਵਿਚ (ਅਪੜਿਆਂ ਜੀਵ ਨੂੰ) ਭਰਾ ਭਾਈ ਤੇ ਭੈਣ ਦੀ ਪਛਾਣ ਆਉਂਦੀ ਹੈ।
ਚਉਥੈ ਪਿਆਰਿ ਉਪੰਨੀ ਖੇਡ ॥
ਚੌਥੀ ਅਵਸਥਾ ਵੇਲੇ ਖੇਡਾਂ ਵਿਚ ਪਿਆਰ ਦੇ ਕਾਰਣ (ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ) ਉਪਜਦੀ ਹੈ,
ਪੰਜਵੈ ਖਾਣ ਪੀਅਣ ਕੀ ਧਾਤੁ ॥
ਪੰਜਵੀਂ ਅਵਸਥਾ ਵਿਚ ਖਾਣ ਪੀਣ ਦੀ ਲਾਲਸਾ ਬਣਦੀ ਹੈ,
ਛਿਵੈ ਕਾਮੁ ਨ ਪੁਛੈ ਜਾਤਿ ॥
ਛੇਵੀਂ ਅਵਸਥਾ ਵਿਚ (ਅੱਪੜ ਕੇ ਜੀਵ ਦੇ ਅੰਦਰ) ਕਾਮ (ਜਾਗਦਾ ਹੈ ਜੋ) ਜਾਤਿ ਕੁਜਾਤਿ ਭੀ ਨਹੀਂ ਵੇਖਦਾ।
ਸਤਵੈ ਸੰਜਿ ਕੀਆ ਘਰ ਵਾਸੁ ॥
ਸਤਵੀਂ ਅਵਸਥਾ ਵੇਲੇ (ਜੀਵ ਪਦਾਰਥ) ਇਕੱਠੇ ਕਰ ਕੇ (ਆਪਣਾ) ਘਰ ਦਾ ਵਸੇਬਾ ਬਣਾਂਦਾ ਹੈ;
ਅਠਵੈ ਕ੍ਰੋਧੁ ਹੋਆ ਤਨ ਨਾਸੁ ॥
ਅਠਵੀਂ ਅਵਸਥਾ ਵਿਚ (ਜੀਵ ਦੇ ਅੰਦਰ) ਗੁੱਸਾ (ਪੈਦਾ ਹੁੰਦਾ ਹੈ ਜੋ) ਸਰੀਰ ਦਾ ਨਾਸ ਕਰਦਾ ਹੈ।
ਨਾਵੈ ਧਉਲੇ ਉਭੇ ਸਾਹ ॥
(ਉਮਰ ਦੇ) ਨਾਂਵੇਂ ਹਿੱਸੇ ਵਿਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ, ਦਮ ਚੜ੍ਹਨ ਲੱਗ ਪੈਂਦਾ ਹੈ),
ਦਸਵੈ ਦਧਾ ਹੋਆ ਸੁਆਹ ॥
ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ।
ਗਏ ਸਿਗੀਤ ਪੁਕਾਰੀ ਧਾਹ ॥
ਜੋ ਸਾਥੀ (ਮਸਾਣਾਂ ਤਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ,
ਉਡਿਆ ਹੰਸੁ ਦਸਾਏ ਰਾਹ ॥
ਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ।
ਆਇਆ ਗਇਆ ਮੁਇਆ ਨਾਉ ॥
ਜੀਵ ਜਗਤ ਵਿਚ ਆਇਆ ਤੇ ਤੁਰ ਗਿਆ, (ਜਗਤ ਵਿਚ ਉਸ ਦਾ) ਨਾਮ ਭੀ ਭੁੱਲ ਗਿਆ,
ਪਿਛੈ ਪਤਲਿ ਸਦਿਹੁ ਕਾਵ ॥
(ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ)।
ਨਾਨਕ ਮਨਮੁਖਿ ਅੰਧੁ ਪਿਆਰੁ ॥
ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ,
ਬਾਝੁ ਗੁਰੂ ਡੁਬਾ ਸੰਸਾਰੁ ॥੨॥
ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ ‘ਅੰਧ ਪਿਆਰ’ ਵਿਚ) ਡੁੱਬ ਰਿਹਾ ਹੈ ॥੨॥
ਮ : ੧ ॥
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥
ਦਸਾਂ ਸਾਲਾਂ ਦਾ (ਜੀਵ) ਬਾਲਪਨ ਵਿਚ (ਹੁੰਦਾ ਹੈ) ਵੀਹਾਂ ਵਰ੍ਹਿਆਂ ਦਾ ਹੋ ਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ (ਅੱਪੜਦਾ ਹੈ), ਤੀਹਾਂ ਸਾਲਾਂ ਦਾ ਹੋ ਕੇ ਸੋਹਣਾ ਅਖਵਾਂਦਾ ਹੈ।
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥
ਚਾਲੀ ਸਾਲਾਂ ਦੀ ਉਮਰੇ ਭਰ-ਜੁਆਨ ਹੁੰਦਾ ਹੈ, ਪੰਜਾਹ ਤੇ ਅੱਪੜ ਕੇ ਪੈਰ (ਜੁਆਨੀ ਤੋਂ ਹਿਠਾਂਹ) ਖਿਸਕਣ ਲੱਗ ਪੈਂਦਾ ਹੈ, ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ।
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥
ਸੱਤਰ ਸਾਲਾਂ ਦਾ ਜੀਵ ਅਕਲੋਂ ਹੀਣਾ ਹੋਣ ਲੱਗ ਜਾਂਦਾ ਹੈ, ਤੇ ਅੱਸੀ ਸਾਲਾਂ ਦਾ ਕੰਮ ਕਾਰ ਜੋਗਾ ਨਹੀਂ ਰਹਿੰਦਾ।
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥
ਨੱਵੇ ਸਾਲ ਦਾ ਮੰਜੇ ਤੋਂ ਹੀ ਨਹੀਂ ਹਿੱਲ ਸਕਦਾ, ਆਪਣਾ ਆਪ ਭੀ ਸੰਭਾਲ ਨਹੀਂ ਸਕਦਾ।
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥
ਹੇ ਨਾਨਕ! ਮੈਂ ਢੂੰਢਿਆ ਹੈ, ਭਾਲਿਆ ਹੈ, ਵੇਖਿਆ ਹੈ, ਇਹ ਜਗਤ ਚਿੱਟਾ ਪਲਸਤਰੀ ਮੰਦਰ ਹੈ (ਭਾਵ, ਵੇਖਣ ਨੂੰ ਸੋਹਣਾ ਹੈ) ਪਰ ਹੈ ਧੂਏਂ ਦਾ (ਭਾਵ, ਸਦਾ ਰਹਿਣ ਵਾਲਾ ਨਹੀਂ) ॥੩॥
ਪਉੜੀ ॥
ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥
ਹੇ (ਪ੍ਰਭੂ!) ਤੂੰ ਸਿਰਜਣਹਾਰ ਹੈਂ, ਸਭ ਵਿਚ ਮੌਜੂਦ ਹੈਂ, (ਫਿਰ ਭੀ) ਤੇਰੇ ਤੀਕ ਕਿਸੇ ਦੀ ਪਹੁੰਚ ਨਹੀਂ ਹੈ, ਤੂੰ ਆਪ (ਸਾਰੀ) ਸ੍ਰਿਸ਼ਟੀ ਉਪਾਈ ਹੈ।
ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥
(ਇਹ ਰਚਨਾ) ਤੂੰ ਕਈ ਰੰਗਾਂ ਦੀ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ।
ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥
(ਜਗਤ ਦਾ ਇਹ) ਸਾਰਾ ਤਮਾਸ਼ਾ ਤੇਰਾ ਹੀ (ਬਣਾਇਆ ਹੋਇਆ) ਹੈ, (ਇਸ ਤਮਾਸ਼ੇ ਦੇ ਭੇਤ ਨੂੰ) ਤੂੰ ਆਪ ਹੀ ਜਾਣਦਾ ਹੈਂ, (ਜਿਸ ਨੇ ਖੇਲ ਬਣਾਇਆ ਹੋਇਆ ਹੈ)।
ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥
(ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) ‘ਨਾਮ’ ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ।
ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥
ਉਹ ਮਨੁੱਖ ਗੁਰੂ ਦੇ ਸਨਮੁਖ ਹਨ ਉਹ (ਪ੍ਰਭੂ ਦੇ) ਪਿਆਰ ਵਿਚ ਗੂੜ੍ਹੇ ਰੰਗੇ ਹੋਏ ਹਨ, ਉਹ ਨਿਰੋਲ ਹਰੀ ਦੇ ਪਿਆਰ ਰੰਗੇ ਹੋਏ ਹਨ।
ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥
(ਹੇ ਭਾਈ!) ਜੋ ਪ੍ਰਭੂ ਸਭ ਵਿਚ ਵਿਆਪਕ (ਪੁਰਖ) ਹੈ, ਜਗਤ ਦਾ ਰਚਨ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ ਤੇ ਮਾਇਆ ਤੋਂ ਰਹਿਤ ਹੈ, ਉਸ ਨੂੰ ਸਿਮਰੋ।
ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥
ਹੇ ਪ੍ਰਭੂ! ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈਂ, ਤੂੰ ਆਪ ਹੀ ਸਭ ਕੁਝ ਜਾਣਨ ਵਾਲਾ ਹੈਂ;
ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥
ਹੇ ਮੇਰੇ ਸੱਚੇ (ਸਾਹਿਬ!) ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ॥੧॥
ਸਲੋਕ ਮ : ੧ ॥
ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥
(ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ।
ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥
ਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿਚ ਸੁਣਨ ਦੀ ਸੱਤਿਆ ਮੌਜੂਦ ਹੈ,
ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥
ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, ਤੇ (ਪ੍ਰਭੂ ਦਾ) ਦਿੱਤਾ ਖਾਂਦਾ ਪਹਿਨਦਾ ਹੈ।
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥
ਪਰ, ਜਿਸ (ਪ੍ਰਭੂ) ਨੇ (ਇਸ ਦੇ ਸਰੀਰ ਨੂੰ) ਬਣਾਇਆ ਸੁਆਰਿਆ ਹੈ, ਉਸ ਨੂੰ ਇਹ ਪਛਾਣਦਾ (ਭੀ) ਨਹੀਂ, ਅੰਨ੍ਹਾ ਮਨੁੱਖ (ਭਾਵ, ਆਤਮਕ ਜੀਵਨ ਵਲੋਂ ਬੇ-ਸਮਝ) ਅੰਨ੍ਹਿਆਂ ਵਾਲਾ ਕੰਮ ਕਰਦਾ ਹੈ (ਭਾਵ, ਔਝੜੇ ਪਿਆ ਭਟਕਦਾ ਹੈ)।
ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥
ਜਦੋਂ (ਇਹ ਸਰੀਰ-ਰੂਪ ਭਾਂਡਾ) ਟੁੱਟ ਜਾਂਦਾ ਹੈ, ਤਾਂ (ਇਹ ਤਾਂ) ਠੀਕਰਾ ਹੋ ਜਾਂਦਾ ਹੈ (ਭਾਵ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ) ਤੇ ਮੁੜ ਇਹ (ਸਰੀਰਕ) ਬਣਤਰ ਬਣ ਭੀ ਨਹੀਂ ਸਕਦੀ।
ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥
ਹੇ ਨਾਨਕ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਔਝੜ ਵਿਚੋਂ) ਪਾਰ ਨਹੀਂ ਲੰਘ ਸਕਦਾ ॥੧॥
ਪਉੜੀ ॥
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥
(ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ।
ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥
(ਮਾਇਆ ਦੇ) ਮੋਹ ਦੀ ਠਗ ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ ਆਪ ਤੋਂ (ਭਾਵ, ਆਪਣੀ ਯਾਦ ਤੋਂ) ਖੁੰਝਾ ਦਿੱਤਾ ਹੈ।
ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥
(ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ।
ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥
ਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥
(ਮਾਇਆ ਦਾ ਇਹ) ਮੋਹ ਗੁਰੂ (ਦੀ ਸਰਨ) ਤੋਂ ਬਿਨਾ ਟੁੱਟਦਾ ਨਹੀਂ, (ਬਥੇਰੇ ਜੀਵ) ਹੋਰ ਹੋਰ (ਧਾਰਮਿਕ) ਕੰਮ ਕਰ ਕੇ ਹਾਰ ਚੁਕੇ ਹਨ।
ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥
ਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ (ਤਾਂ ਜੀਵ ਤੇਰੇ ਨਾਮ ਦੇ) ਸੁਖ ਵਿਚ (ਟਿਕ ਕੇ) ਤ੍ਰਿਪਤ ਹੁੰਦਾ ਹੈ।
ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥
ਧੰਨ ਹੈ (ਉਸ ਜੀਵ ਦੀ) ਜੰਮਣ ਵਾਲੀ ਮਾਂ, (ਨਾਮ ਦੀ ਬਰਕਤਿ ਨਾਲ ਉਹ) ਆਪਣਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦਾ ਹੈ।
ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥
ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, (ਜਗਤ ਵਿਚ ਉਸ ਦੀ) ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ ॥੨॥
ਪਉੜੀ ॥
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥
(ਹੇ ਪ੍ਰਭੂ!) ਤੂੰ ਸਦਾ ਹੀ ਇਕ (ਆਪ ਹੀ ਆਪ) ਹੈਂ, ਇਹ (ਤੈਥੋਂ ਵੱਖਰਾ ਦਿੱਸਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ।
ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥
(ਤੂੰ ਹੀ ਜੀਵਾਂ ਦੇ ਅੰਦਰ) ਹਉਮੈ ਅਹੰਕਾਰ ਪੈਦਾ ਕਰ ਕੇ ਜੀਵਾਂ ਦੇ ਅੰਦਰ ਲੋਭ (ਭੀ) ਪਾ ਦਿੱਤਾ ਹੈ।
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥
(ਸੋ), ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ।
ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥
ਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ (ਤੇ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ।
ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥
(ਐਸੇ) ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ (ਦੀ ਯਾਦ) ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ (ਭਾਵ, ਕਿਸੇ ਹੋਰ ਕੰਮ ਦੀ ਖ਼ਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ)।
ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥
ਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ (ਤੇਰਾ ਨਾਮ ਵਿਸਾਰ ਕੇ) ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ।
ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥
ਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, (ਹੇ ਪ੍ਰਭੂ!) ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ;
ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥
ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ ॥੩॥
ਸਲੋਕੁ ਮ : ੧ ॥
ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥
ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਰਹਾਂ);
ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥
ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ,
ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥
ਭਾਵੇਂ ਸਰੀਰ ਨੂੰ ਪੂਰੇ ਤੌਰ ਤੇ ਕਪੜਾ ਪਹਿਨਾ ਲਵਾਂ (ਭਾਵ, ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ਤੇ ਕਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ,
ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥
ਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ,
ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥
ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ-ਇਹ ਸਾਰੇ ਭੈੜੀ ਮਤਿ ਦੇ ਮੰਦੇ ਕਰਮ ਹੀ ਹਨ।
ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥
ਹੇ ਨਾਨਕ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ) (ਸਤਿਗੁਰੂ ਦੇ) ਸ਼ਬਦ ਨੂੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ ॥੧॥
ਮ : ੧ ॥
ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥
(ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ (ਤੇ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ,
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥
(ਪਰ) ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ,
ਅੰਧਾ ਭੂਲਿ ਪਇਆ ਜਮ ਜਾਲੇ ॥
(ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਹੋਇਆ ਹੈ,
ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥
ਹਉਮੈ ਵਿਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕਾਂ) ਨੂੰ ਆਪਣੀ ਸਮਝ ਬੈਠਦਾ ਹੈ।
ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥
ਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ,
ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥
ਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿਚ ਟਿਕਿਆ ਰਹਿੰਦਾ ਹੈ ॥੨॥
ਪਵੜੀ ॥
ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥
ਸਰੀਰ ਤੇ ਜੀਵ (-ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁੱਖਾ-ਜਨਮ ਵਿਚ) ਇਕੱਠਾ ਕਰ ਦਿੱਤਾ ਹੈ।
ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥
ਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ।
ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥
(ਪਰ ਇਸ ਵਿਛੋੜੇ ਨੂੰ ਭੁਲਾ ਕੇ) ਮੂਰਖ (ਜੀਵ) ਭੋਗ ਭੋਗਦਾ ਰਹਿੰਦਾ ਹੈ (ਜੋ) ਸਾਰੇ ਦੁੱਖਾਂ ਦਾ (ਮੂਲ ਬਣਦਾ) ਹੈ।
ਸੁਖਹੁ ਉਠੇ ਰੋਗ ਪਾਪ ਕਮਾਇਆ ॥
ਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ।
ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥
(ਭੋਗਾਂ ਦੀ ਖ਼ੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਹੁੰਦਾ ਹੈ ਅਤੇ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।
ਮੂਰਖ ਗਣਤ ਗਣਾਇ ਝਗੜਾ ਪਾਇਆ ॥
ਮੂਰਖਾਂ ਵਾਲੇ ਕੰਮ ਕਰ ਕੇ ਜਨਮ ਮਰਨ ਦਾ ਲੰਮਾ ਝੰਬੇਲਾ ਸਹੇੜ ਲੈਂਦਾ ਹੈ।
ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥
(ਜਨਮ ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸਤਿਗੁਰੂ ਦੇ ਹੱਥ ਵਿਚ ਹੈ, (ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ ਇਹ) ਝੰਬੇਲਾ ਮੁੱਕ ਜਾਂਦਾ ਹੈ।
ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥
(ਜੀਵਾਂ ਦੀ ਕੋਈ) ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ॥੪॥
ਸਲੋਕੁ ਮ : ੧ ॥
ਕੂੜੁ ਬੋਲਿ ਮੁਰਦਾਰੁ ਖਾਇ ॥
(ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ,
ਅਵਰੀ ਨੋ ਸਮਝਾਵਣਿ ਜਾਇ ॥
ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ)।
ਮੁਠਾ ਆਪਿ ਮੁਹਾਏ ਸਾਥੈ ॥
(ਉਹ) ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ।
ਨਾਨਕ ਐਸਾ ਆਗੂ ਜਾਪੈ ॥੧॥
ਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ॥੧॥
ਪਉੜੀ ॥
ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥
ਕਈ ਬੰਦੇ ਮੂਲੀ ਆਦਿਕ ਪੁਟ ਕੇ ਖਾਂਦੇ ਹਨ (ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ) ਤੇ ਜੰਗਲ ਦੇ ਗੋਸ਼ੇ ਵਿਚ ਜਾ ਰਹਿੰਦੇ ਹਨ।
ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥
ਕਈ ਲੋਕ ਭਗਵੇ ਕੱਪੜੇ ਪਾ ਕੇ ਜੋਗੀ ਤੇ ਸੰਨਿਆਸੀ ਬਣ ਕੇ ਫਿਰਦੇ ਹਨ।
ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥
(ਪਰ ਉਹਨਾਂ ਦੇ) ਮਨ ਵਿਚ ਬਹੁਤ ਲਾਲਚ ਹੁੰਦਾ ਹੈ, ਕੱਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ।
ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥
(ਇਸ ਤਰ੍ਹਾਂ) ਅਜਾਈਂ ਮਨੁੱਖਾ ਜਨਮ ਗਵਾ ਕੇ ਨਾਹ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾਹ ਹੀ ਫ਼ਕੀਰ।
ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥
(ਉਹਨਾਂ ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰਨ ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ ਨਹੀਂ ਹੈ।
ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥
ਜਦੋਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਸਤਿਗੁਰੂ ਦੀ ਸਿੱਖਿਆ ਤੇ ਤੁਰ ਕੇ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ।
ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥
ਗੁਰੂ ਦਾ ਸੱਚਾ ਸਬਦ ਤੇ ਪ੍ਰਭੂ (ਉਸ ਦੇ) ਮਨ ਵਿਚ ਹੋਣ ਕਰਕੇ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਤਿਆਗੀ ਹੈ।
ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥
ਹੇ ਨਾਨਕ! ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ (ਦੁਨੀਆ ਦੀਆਂ) ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ ॥੫॥
ਸਲੋਕੁ ਮ :੧ ॥
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥
ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ),
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥
(ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ)?
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥
ਹੇ ਨਾਨਕ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ,
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥
(ਇਸ ਤੋਂ ਬਿਨਾ) ਹੋਰ ਕੰਮ ਦੁਨੀਆ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀ ਕੂੜੇ ਕੰਮ ਹੀ ਕਰਦੇ ਹੋ ॥੧॥
ਮ : ੧ ॥
ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥
ਜਦੋਂ ਮੈਂ ਹਾਂ ਹੀ ਕੁਝ ਨਹੀਂ (ਭਾਵ, ਮੇਰੀ ਆਤਮਕ ਹਸਤੀ ਹੀ ਕੁਝ ਨਹੀਂ ਬਣੀ), ਤਾਂ ਮੈਂ (ਹੋਰਨਾਂ ਨੂੰ) ਉਪਦੇਸ਼ ਕੀਹ ਕਰਾਂ? (ਅੰਦਰ) ਕੋਈ ਆਤਮਕ ਗੁਣ ਨਾਹ ਹੁੰਦਿਆਂ ਕਿਤਨਾ ਕੁਝ ਬਣ ਬਣ ਕੇ ਵਿਖਾਵਾਂ?
ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥
ਮੇਰਾ ਕੰਮ-ਕਾਰ, ਮੇਰਾ ਬੋਲ-ਚਾਲ-ਇਹਨਾਂ ਦੀ ਰਾਹੀਂ (ਮੰਦੇ ਸੰਸਕਾਰਾਂ ਨਾਲ) ਭਰਿਆ ਹੋਇਆ ਕਦੇ ਮੰਦੇ ਪਾਸੇ ਡਿੱਗਦਾ ਹਾਂ ਤੇ (ਕਦੇ ਫੇਰ ਮਨ ਨੂੰ) ਧੋਣ ਦਾ ਜਤਨ ਕਰਦਾ ਹਾਂ।
ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥
ਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਤੇ ਲੋਕਾਂ ਨੂੰ ਰਾਹ ਦੱਸਦਾ ਹਾਂ, (ਇਸ ਹਾਲਤ ਵਿਚ) ਹਾਸੋ-ਹੀਣਾ ਆਗੂ ਹੀ ਬਣਦਾ ਹਾਂ।
ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥
ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ।
ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥
ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ ॥੨॥
ਪਉੜੀ ॥
ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
(ਹੇ ਪ੍ਰਭੂ!) ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ ਵਿਚ ਤੈਨੂੰ ਸਿਮਰਿਆ ਜਾ ਸਕਦਾ ਹੈ (ਭਾਵ, ਤੇਰੇ ਸਿਮਰਨ ਲਈ ਕੋਈ ਖ਼ਾਸ ਰੁੱਤ ਜਾਂ ਥਿੱਤ ਨਹੀਂ ਹੈ)।
ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥
ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ।
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
ਇਹੋ ਜਿਹੀ (ਥਿੱਤਾਂ ਦੀ ਵਿੱਦਿਆ) ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਅੰਦਰ ਲੋਭ ਤੇ ਅਹੰਕਾਰ ਹੈ।
ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥
(ਕਿਸੇ ਥਿੱਤ ਮੁਹੂਰਤ ਦੇ ਭਰਮ ਦੀ ਲੋੜ ਨਹੀਂ, ਸਿਰਫ਼) ਸਤਿਗੁਰੂ ਦੀ ਦਿੱਤੀ ਮਤਿ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ (ਉਸ ਵਿਚ) ਸੁਰਤ ਜੋੜਨੀ ਚਾਹੀਦੀ ਹੈ।
ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥
ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਨਾਮ-ਰੂਪ ਧਨ ਕਮਾਇਆ ਹੈ, ਉਹਨਾਂ ਦੇ ਖ਼ਜ਼ਾਨੇ ਭਗਤੀ ਨਾਲ ਭਰ ਗਏ ਹਨ।
ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥
ਜਿਨ੍ਹਾਂ ਪ੍ਰਭੂ ਦਾ ਪਵਿਤ੍ਰ ਨਾਮ ਕਬੂਲ ਕੀਤਾ ਹੈ, ਉਹ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।
ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥
ਤੇਰੇ ਹੀ ਬਖ਼ਸ਼ੇ ਹੋਏ ਜਿੰਦ ਪ੍ਰਾਣ ਹਰੇਕ ਜੀਵ ਨੂੰ ਮਿਲੇ ਹਨ, ਤੇਰੀ ਹੀ ਅਪਾਰ ਜੋਤਿ ਹਰੇਕ ਜੀਵ ਦੇ ਅੰਦਰ ਹੈ।
ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥
ਹੇ ਪ੍ਰਭੂ! ਤੂੰ ਸਦਾ ਟਿਕੇ ਰਹਿਣ ਵਾਲਾ ਸ਼ਾਹ ਹੈਂ, ਹੋਰ ਸਾਰਾ ਜਗਤ ਵਣਜਾਰਾ ਹੈ (ਭਾਵ, ਹੋਰ ਸਾਰੇ ਜੀਵ ਇਥੇ, ਮਾਨੋ, ਫੇਰੀ ਲਾ ਕੇ ਸਉਦਾ ਕਰਨ ਆਏ ਹਨ) ॥੬॥
ਸਲੋਕੁ ਮ : ੧ ॥
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥
(ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਓ)।
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥
ਵਿਕਾਰ ਕਰਨ ਵਲੋਂ ਝੱਕਣਾ-ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰ੍ਹਾਂ (ਹੇ ਭਾਈ!) ਮੁਸਲਮਾਨ ਬਣ।
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ-ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ।
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥
ਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ। ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ ॥੧॥
ਮ : ੧ ॥
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ।
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ।
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
(ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ।
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥
ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ ॥੨॥
ਮ : ੧ ॥
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
(ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ।
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
(ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ-) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ।
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ।
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
(ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥
ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ ॥੩॥
ਪਉੜੀ ॥
ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥
ਕਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ-ਰੂਪ) ਕੀਮਤੀ-ਸਉਦੇ ਵਿਹਾਝਦੇ ਹਨ, ਤੇ ਕਈ (ਦੁਨੀਆ-ਰੂਪ) ਕੱਚ ਦੇ ਵਪਾਰੀ ਹਨ।
ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥
(ਪ੍ਰਭੂ ਦੇ ਗੁਣ-ਰੂਪ ਇਹ) ਰਤਨਾਂ ਦੇ ਖ਼ਜ਼ਾਨੇ (ਮਨੁੱਖ ਦੇ) ਅੰਦਰ ਹੀ ਹਨ, ਪਰ ਸਤਿਗੁਰੂ ਦੇ ਤਰੁੱਠਿਆਂ ਇਹ ਮਿਲਦੇ ਹਨ।
ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥
ਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ।
ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਿਤ ਹੁੰਦੇ ਹਨ, ਉਹਨਾਂ ਨੂੰ ਅਸਲ ਵਿਚਾਰ ਸੁੱਝਦੀ ਨਹੀਂ।
ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥
(ਇਸ ਦੁਖੀ ਹਾਲਤ ਦੀ) ਪੁਕਾਰ ਭੀ ਉਹ ਲੋਕ ਕਿਸ ਦੇ ਸਾਹਮਣੇ ਕਰਨ? ਇਕ ਪ੍ਰਭੂ ਤੋਂ ਬਿਨਾ ਹੋਰ ਕੋਈ (ਸਹੈਤਾ ਕਰਨ ਵਾਲਾ ਹੀ) ਨਹੀਂ ਹੈ।
ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥
(ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ) ਕਈ ਕੰਗਾਲ ਸਦਾ (ਦਰ ਦਰ ਤੇ) ਤਰਲੇ ਲੈਂਦੇ ਫਿਰਦੇ ਹਨ, ਇਹਨਾਂ ਦੇ (ਹਿਰਦੇ-ਰੂਪ) ਖ਼ਜ਼ਾਨੇ (ਬੰਦਗੀ-ਰੂਪ ਧਨ ਨਾਲ) ਭਰੇ ਪਏ ਹਨ।
ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥
(ਪਰਮਾਤਮਾ ਦੇ) ਨਾਮ ਤੋਂ ਬਿਨਾ ਹੋਰ ਕੋਈ (ਨਾਲ ਨਿਭਣ ਵਾਲਾ) ਧਨ ਨਹੀਂ ਹੈ, ਹੋਰ ਮਾਇਆ ਵਾਲਾ ਧਨ ਸੁਆਹ (ਸਮਾਨ) ਹੈ।
ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥
(ਪਰ) ਹੇ ਨਾਨਕ! ਸਭ (ਜੀਵਾਂ ਵਿਚ ਬੈਠਾ ਪ੍ਰਭੂ) ਆਪ ਹੀ (ਕੱਚ ਤੇ ਰਤਨਾਂ ਦੇ ਵਪਾਰ) ਕਰ ਰਿਹਾ ਹੈ, (ਜਿਨ੍ਹਾਂ ਨੂੰ ਸੁਧਾਰਦਾ ਹੈ ਉਹਨਾਂ ਨੂੰ ਆਪਣੇ) ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ ॥੭॥
ਸਲੋਕੁ ਮ : ੧ ॥
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥
(ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ।
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥
(ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ)।
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥
ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ)।
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥
ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ।
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥
ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ॥੧॥
ਪਉੜੀ ॥
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥
ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ।
ਹਟ ਪਟਣ ਬਾਜਾਰ ਹੁਕਮੀ ਢਹਸੀਓ ॥
ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ।
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥
ਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ,
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥
(ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ।
ਤਾਜੀ ਰਥ ਤੁਖਾਰ ਹਾਥੀ ਪਾਖਰੇ ॥
ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ,
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥
ਬਾਗ਼, ਜ਼ਮੀਨਾਂ, ਘਰ-ਘਾਟ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ।
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥
ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ (ਇਹ ਸਭ ਨਾਸ਼ਵੰਤ ਹਨ)।
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥
ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ॥੮॥
ਸਲੋਕੁ ਮ : ੧ ॥
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥
ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ,
ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥
ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ,
ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ,
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥
ਤਾਂ ਭੀ (ਹੇ ਪ੍ਰਭੂ! ਮੈਂ ਇਹਨਾਂ ਪਦਾਰਥਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ॥੧॥
ਮ : ੧ ॥
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥
ਜੇ ਸਾਰੀ ਬਨਸਪਤੀ ਮੇਵਾ ਬਣ ਜਾਏ, ਜਿਸ ਦਾ ਸੁਆਦ ਬਹੁਤ ਰਸੀਲਾ ਹੋਵੇ,
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥
ਜੇ ਮੇਰੀ ਰਹਿਣ ਦੀ ਥਾਂ ਅਟੱਲ ਹੋ ਜਾਏ ਤੇ ਚੰਦ ਅਤੇ ਸੂਰਜ ਦੋਵੇਂ (ਮੇਰੀ ਰਿਹੈਸ਼ ਦੀ ਸੇਵਾ ਕਰਨ ਲਈ) ਸੇਵਾ ਤੇ ਲਾਏ ਜਾਣ,
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥
(ਤਾਂ ਭੀ ਹੇ ਪ੍ਰਭੂ! ਮੈਂ ਇਹਨਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ॥੨॥
ਮ : ੧ ॥
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥
ਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ),
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥
ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ (ਭਾਵ, ਇਹਨਾਂ ਦੁੱਖਾਂ ਦੀ ਸ਼ਕਲ ਵਿਚ ਹੀ ਮੇਰੇ ਉੱਤੇ) ਪਰਗਟ ਹੋਵੇ,
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥
ਤਾਂ ਭੀ (ਹੇ ਪ੍ਰਭੂ! ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾਹ ਮੁੱਕ ਜਾਏ ॥੩॥
ਮ : ੧ ॥
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥
(ਜੇ ਗਰਮੀਆਂ ਦੀ) ਧੁੱਪ ਤੇ (ਸਿਆਲ ਦਾ) ਪਾਲਾ ਮੇਰੇ (ਪਹਿਨਣ ਦਾ) ਕੱਪੜਾ ਹੋਣ (ਭਾਵ, ਜੇ ਮੈਂ ਨੰਗਾ ਰਹਿ ਕੇ ਧੁੱਪ ਤੇ ਪਾਲਾ ਭੀ ਸਹਾਰਾਂ), ਜੇ ਹਵਾ ਮੇਰੀ ਖ਼ੁਰਾਕ ਹੋਵੇ (ਭਾਵ, ਜੇ ਮੈਂ ਪਉਣ-ਅਹਾਰੀ ਹੋ ਜਾਵਾਂ, ਤਾਂ ਭੀ, ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੇ ਸਾਹਮਣੇ ਇਹ ਤੁੱਛ ਹਨ)।
ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥
ਜੇ ਸੁਰਗ ਦੀਆਂ ਅਪੱਛਰਾਂ ਭੀ ਮੇਰੇ ਘਰ ਵਿਚ ਹੋਣ ਤਾਂ ਭੀ, ਹੇ ਨਾਨਕ! ਇਹ ਤਾਂ ਨਾਸਵੰਤ ਹਨ।
ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥
(ਇਹਨਾਂ ਦੇ ਮੋਹ ਵਿਚ ਫਸ ਕੇ ਮੈਂ ਤੈਨੂੰ ਨਾਹ ਵਿਸਾਰਾਂ) ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾ ਮੁੱਕੇ ॥੪॥
ਪਵੜੀ ॥
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥
(ਜੋ ਮਨੁੱਖ) ਲੁਕ ਕੇ ਪਾਪ ਕਮਾਂਦਾ ਹੈ ਤੇ ਮਾਲਕ ਨੂੰ (ਹਰ ਥਾਂ ਹਾਜ਼ਰ ਨਾਜ਼ਰ) ਨਹੀਂ ਸਮਝਦਾ,
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥
ਉਸ ਨੂੰ ਪਾਗਲ ਕਹਣਾ ਚਾਹੀਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣਦਾ ਨਹੀਂ।
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥
ਜਗਤ ਵਿਚ (ਵਿਕਾਰਾਂ ਦੀ) ਬਿਖਾਂਧ (ਐਸੀ) ਚੰਦਰੀ ਹੈ (ਵਿਕਾਰਾਂ ਵਿਚ ਪਿਆ ਮਨੁੱਖ ਵਿਕਾਰਾਂ ਦੇ) ਝੰਬੇਲੇ ਵਿਚ ਹੀ ਖਪਦਾ ਰਹਿੰਦਾ ਹੈ।
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥
ਪ੍ਰਭੂ ਦਾ ਨਾਮ ਛੱਡ ਕੇ ਮੰਦ ਕਰਮ ਤੇ ਭਟਕਣਾ ਵਿਚ ਖ਼ੁਆਰ ਹੁੰਦਾ ਹੈ।
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥
(ਮਨੁੱਖਾ ਜੀਵਨ ਦੇ) ਦੋ ਰਸਤੇ ਹਨ (ਮਾਇਆ ਤੇ ਨਾਮ), ਇਸ (ਜੀਵਨ ਵਿਚ) ਉਹੀ ਕਾਮਯਾਬ ਹੁੰਦਾ ਹੈ ਜੋ (ਦੋਹਾਂ ਰਸਤਿਆਂ ਵਿਚੋਂ) ਇਕ ਪਰਮਾਤਮਾ ਨੂੰ ਚੇਤੇ ਰੱਖਦਾ ਹੈ,
ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥
(ਨਹੀਂ ਤਾਂ) ਝੂਠ ਵਿਚ ਗ਼ਲਤਾਨ ਹੋਇਆ ਹੋਇਆ ਹੀ ਸੜਦਾ ਹੈ।
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥
ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਸ ਲਈ ਸਾਰਾ ਜਗਤ ਸੋਹਣਾ ਹੈ।
ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥
ਉਹ ਖ਼ੁਦੀ ਮਿਟਾ ਕੇ ਪ੍ਰਭੂ ਦੇ ਦਰ ਤੇ ਪ੍ਰਭੂ ਦੀ ਦਰਗਾਹ ਵਿਚ ਸੁਰਖ਼ਰੂ ਹੁੰਦਾ ਹੈ ॥੯॥
ਮ : ੧ ਸਲੋਕੁ ॥
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥
(ਅਸਲ ਵਿਚ) ਉਹ ਮਨੁੱਖ ਜੀਊਂਦਾ ਹੈ, ਜਿਸ ਦੇ ਮਨ ਵਿਚ ਪਰਮਾਤਮਾ ਵੱਸ ਰਿਹਾ ਹੈ।
ਨਾਨਕ ਅਵਰੁ ਨ ਜੀਵੈ ਕੋਇ ॥
ਹੇ ਨਾਨਕ! (ਬੰਦਗੀ ਵਾਲੇ ਤੋਂ ਬਿਨਾ) ਕੋਈ ਹੋਰ ਜੀਊਂਦਾ ਨਹੀਂ ਹੈ।
ਜੇ ਜੀਵੈ ਪਤਿ ਲਥੀ ਜਾਇ ॥
ਜੇ ਨਾਮ-ਵਿਹੂਣਾ (ਵੇਖਣ ਨੂੰ) ਜੀਊਂਦਾ (ਭੀ) ਹੈ ਤਾਂ ਉਹ ਇੱਜ਼ਤ ਗਵਾ ਕੇ (ਏਥੋਂ) ਜਾਂਦਾ ਹੈ,
ਸਭੁ ਹਰਾਮੁ ਜੇਤਾ ਕਿਛੁ ਖਾਇ ॥
ਜੋ ਕੁਝ (ਏਥੇ) ਖਾਂਦਾ ਪੀਂਦਾ ਹੈ, ਹਰਾਮ ਹੀ ਖਾਂਦਾ ਹੈ।
ਰਾਜਿ ਰੰਗੁ ਮਾਲਿ ਰੰਗੁ ॥
ਜਿਸ ਮਨੁੱਖ ਦਾ ਰਾਜ ਵਿਚ ਪਿਆਰ ਹੈ, ਮਾਲ ਵਿਚ ਮੋਹ ਹੈ,
ਰੰਗਿ ਰਤਾ ਨਚੈ ਨੰਗੁ ॥
ਉਹ ਇਸ ਮੋਹ ਵਿਚ ਮਸਤਿਆ ਹੋਇਆ ਬੇ-ਸ਼ਰਮ ਹੋ ਕੇ ਨੱਚਦਾ ਹੈ (ਭਾਵ, ਮੱਚਦਾ ਹੈ, ਆਕੜਦਾ ਹੈ)।
ਨਾਨਕ ਠਗਿਆ ਮੁਠਾ ਜਾਇ ॥
ਹੇ ਨਾਨਕ! (ਉਹ) ਮਨੁੱਖ ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ,
ਵਿਣੁ ਨਾਵੈ ਪਤਿ ਗਇਆ ਗਵਾਇ ॥੧॥
ਪ੍ਰਭੂ ਦੇ ਨਾਮ ਤੋਂ ਸੱਖਣਾ ਇੱਜ਼ਤ ਗਵਾ ਕੇ (ਇਥੋਂ) ਜਾਂਦਾ ਹੈ ॥੧॥
ਮ : ੧ ॥
ਕਿਆ ਖਾਧੈ ਕਿਆ ਪੈਧੈ ਹੋਇ ॥
(ਸੋਹਣੇ ਭੋਜਨ) ਖਾਣ ਤੇ (ਸੋਹਣੇ ਕਪੜੇ) ਹੰਢਾਣ ਦਾ ਕੀਹ ਸੁਆਦ?
ਜਾ ਮਨਿ ਨਾਹੀ ਸਚਾ ਸੋਇ ॥
ਜੇ ਉਹ ਸੱਚਾ ਪ੍ਰਭੂ ਹਿਰਦੇ ਵਿਚ ਨਹੀਂ ਵੱਸਦਾ, (ਜਿਸ ਪ੍ਰਭੂ ਨੇ ਸਾਰੇ ਸੋਹਣੇ ਪਦਾਰਥ ਦਿੱਤੇ ਹਨ)।
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥
ਕੀਹ ਹੋਇਆ ਜੇ ਮੇਵੇ, ਘਿਉ, ਮਿੱਠਾ ਗੁੜ ਮੈਦਾ ਤੇ ਮਾਸ ਆਦਿਕ ਪਦਾਰਥ ਵਰਤੇ?
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥
ਕੀ ਹੋਇਆ ਜੇ (ਸੋਹਣੇ) ਕੱਪੜੇ ਤੇ ਸੌਖੀ ਸੇਜ ਮਿਲ ਗਈ ਤੇ ਜੇ ਮੌਜਾਂ ਮਾਣ ਲਈਆਂ?
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥
ਤਾਂ ਕੀਹ ਬਣ ਗਿਆ ਜੇ ਫ਼ੌਜ, ਚੋਬਦਾਰ, ਚੋਰੀ-ਬਰਦਾਰ ਮਿਲ ਗਏ ਤੇ ਮਹਲਾਂ ਵਿਚ ਵੱਸਣਾ ਨਸੀਬ ਹੋਇਆ?
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਪਦਾਰਥ ਨਾਸਵੰਤ ਹਨ ॥੨॥
ਪਵੜੀ ॥
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥
(ਪ੍ਰਭੂ ਦੇ ਦਰ ਤੇ ਤਾਂ) ਸੱਚਾ ਨਾਮ (-ਰੂਪ ਸਉਦਾ) ਪਰਖਿਆ ਜਾਂਦਾ ਹੈ, ਜਾਤਿ ਦੇ ਹੱਥ ਵਿਚ ਕੁਝ ਨਹੀਂ ਹੈ (ਭਾਵ, ਕਿਸੇ ਜਾਤਿ ਵਰਣ ਦਾ ਕੋਈ ਲਿਹਾਜ਼ ਨਹੀਂ ਹੁੰਦਾ)।
ਮਹੁਰਾ ਹੋਵੈ ਹਥਿ ਮਰੀਐ ਚਖੀਐ ॥
(ਜਾਤਿ ਦਾ ਅਹੰਕਾਰ ਮਹੁਰੇ ਸਮਾਨ ਹੈ) ਜੇ ਕਿਸੇ ਪਾਸ ਮਹੁਰਾ ਹੋਵੇ (ਭਾਵੇਂ ਕਿਸੇ ਜਾਤਿ ਦਾ ਹੋਵੇ) ਜੇ ਮਹੁਰਾ ਖਾਇਗਾ ਤਾਂ ਮਰੇਗਾ।
ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥
ਅਕਾਲ ਪੁਰਖ ਦਾ ਇਹ ਨਿਆਂ ਹਰੇਕ ਜੁਗ ਵਿਚ ਵਰਤਦਾ ਸਮਝ ਲਵੋ (ਭਾਵ, ਕਿਸੇ ਭੀ ਜੁਗ ਵਿਚ ਜਾਤਿ ਦਾ ਲਿਹਾਜ਼ ਨਹੀਂ ਹੋਇਆ)।
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥
ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਦਰਗਾਹ ਵਿਚ ਉਹੀ ਇੱਜ਼ਤ ਵਾਲਾ ਹੈ ਜੋ ਪ੍ਰਭੂ ਦਾ ਹੁਕਮ ਮੰਨਦਾ ਹੈ।
ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥
ਖਸਮ (ਪ੍ਰਭੂ) ਨੇ (ਜੀਵ ਨੂੰ) ਹੁਕਮ ਮੰਨਣ-ਰੂਪ ਕਾਰ ਦੇ ਕੇ (ਜਗਤ ਵਿਚ) ਭੇਜਿਆ ਹੈ।
ਤਬਲਬਾਜ ਬੀਚਾਰ ਸਬਦਿ ਸੁਣਾਇਆ ॥
ਨਗਾਚਰੀ ਗੁਰੂ ਨੇ ਸ਼ਬਦ ਦੀ ਰਾਹੀਂ ਇਹੀ ਗੱਲ ਸੁਣਾਈ ਹੈ (ਭਾਵ, ਗੁਰੂ ਨੇ ਸ਼ਬਦ ਦੀ ਰਾਹੀਂ ਇਸੇ ਗੱਲ ਦਾ ਢੰਡੋਰਾ ਦੇ ਦਿੱਤਾ ਹੈ)।
ਇਕਿ ਹੋਏ ਅਸਵਾਰ ਇਕਨਾ ਸਾਖਤੀ ॥
(ਇਹ ਢੰਡੋਰਾ ਸੁਣ ਕੇ) ਕਈ (ਗੁਰਮੁਖ) ਤਾਂ ਅਸਵਾਰ ਹੋ ਗਏ ਹਨ (ਭਾਵ, ਇਸ ਰਾਹ ਤੇ ਤੁਰ ਪਏ ਹਨ), ਕਈ ਬੰਦੇ ਤਿਆਰ ਹੋ ਪਏ ਹਨ,
ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥
ਕਈਆਂ ਨੇ ਅਸਬਾਬ ਲੱਦ ਲਏ ਹਨ, ਤੇ ਕਈ ਛੇਤੀ ਦੌੜ ਪਏ ਹਨ ॥੧੦॥
ਸਲੋਕੁ ਮ : ੧ ॥
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥
ਜਦੋਂ (ਕਣਕ ਆਦਿਕ ਫ਼ਸਲ ਦਾ ਬੂਟਾ) ਪੱਕ ਜਾਂਦਾ ਹੈ ਤਾਂ (ਉਤੋਂ ਉਤੋਂ) ਵੱਢ ਲਈਦਾ ਹੈ, (ਕਣਕ ਦੀ) ਨਾੜ ਤੇ (ਪੈਲੀ ਦੀ) ਵਾੜ ਪਿੱਛੇ ਰਹਿ ਜਾਂਦੀ ਹੈ।
ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥
ਇਸ ਨੂੰ ਸਿੱਟਿਆਂ ਸਮੇਤ ਗਾਹ ਲਈਦਾ ਹੈ, ਤੇ ਬੋਹਲ ਉਡਾ ਕੇ ਦਾਣੇ ਕੱਢ ਲਈਦੇ ਹਨ।
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥
ਚੱਕੀ ਦੇ ਦੋਵੇਂ ਪੁੜ ਰੱਖ ਕੇ (ਇਹਨਾਂ ਦਾਣਿਆਂ ਨੂੰ) ਪੀਹਣ ਲਈ (ਪ੍ਰਾਣੀ) ਆ ਬੈਠਦਾ ਹੈ,
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥
(ਪਰ) ਹੇ ਨਾਨਕ! ਇਕ ਅਚਰਜ ਤਮਾਸ਼ਾ ਵੇਖਿਆ ਹੈ, ਜੋ ਦਾਣੇ (ਚੱਕੀ ਦੇ) ਦਰ ਤੇ (ਭਾਵ, ਕਿੱਲੀ ਦੇ ਨੇੜੇ) ਰਹਿੰਦੇ ਹਨ, ਉਹ ਪੀਸਣੋਂ ਬਚ ਜਾਂਦੇ ਹਨ (ਇਸੇ ਤਰ੍ਹਾਂ, ਜੋ ਮਨੁੱਖ ਪ੍ਰਭੂ ਦੇ ਦਰ ਤੇ ਰਹਿੰਦੇ ਹਨ ਉਹਨਾਂ ਨੂੰ ਜਗਤ ਦੇ ਵਿਕਾਰ ਪੋਹ ਨਹੀਂ ਸਕਦੇ) ॥੧॥
ਮ : ੧ ॥
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥
(ਹੇ ਭਾਈ!) ਵੇਖ ਕਿ ਗੰਨਾ ਵੱਢੀਦਾ ਹੈ, ਛਿੱਲ ਛਿੱਲ ਕੇ, ਰੱਸੀ ਪਾ ਕੇ ਬੰਨ੍ਹ ਲਈਦਾ ਹੈ (ਭਾਵ, ਭਰੀਆਂ ਬੰਨ੍ਹ ਲਈਦੀਆਂ ਹਨ)।
ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥
ਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਭਲਵਾਨ (ਭਾਵ, ਜ਼ਿਮੀਦਾਰ) ਇਸ ਨੂੰ (ਮਾਨੋ) ਸਜ਼ਾ ਦੇਂਦੇ ਹਨ (ਭਾਵ, ਪੀੜਦੇ ਹਨ)।
ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥
ਸਾਰੀ ਰਹੁ ਕੜਾਹੇ ਵਿਚ ਪਾ ਲਈਦੀ ਹੈ, (ਅੱਗ ਦੇ ਸੇਕ ਨਾਲ ਇਹ ਰਹੁ) ਕੜ੍ਹਦੀ ਹੈ ਤੇ (ਮਾਨੋ) ਵਿਲਕਦੀ ਹੈ।
ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥
(ਗੰਨੇ ਦਾ) ਉਹ ਫੋਗ (ਚੂਰਾ) ਭੀ ਸਾਂਭ ਲਈਦਾ ਹੈ ਤੇ (ਸੁਕਾ ਕੇ ਕੜਾਹੇ ਹੇਠ) ਅੱਗ ਵਿਚ ਸਾੜ ਦੇਈਦਾ ਹੈ।
ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥
ਹੇ ਨਾਨਕ! (ਆਖ-) ਹੇ ਲੋਕੋ! ਆ ਕੇ (ਗੰਨੇ ਦਾ ਹਾਲ) ਵੇਖੋ, ਮਿੱਠੇ ਦੇ ਕਾਰਣ (ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ) ਖ਼ੁਆਰ ਹੋਈਦਾ ਹੈ ॥੨॥
ਪਵੜੀ ॥
ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥
ਕਈ ਬੰਦੇ (ਦੁਨੀਆ ਦੀਆਂ) ਬੜੀਆਂ ਆਸਾਂ (ਮਨ ਵਿਚ ਬਣਾਂਦੇ ਰਹਿੰਦੇ ਹਨ, ਮੌਤ ਦਾ ਖ਼ਿਆਲ ਉਹਨਾਂ ਦੇ) ਚਿੱਤ ਵਿਚ ਨਹੀਂ ਆਉਂਦਾ।
ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥
ਉਹ ਨਿੱਤ ਜੰਮਦੇ ਮਰਦੇ ਹਨ, (ਭਾਵ, ਹਰ ਵੇਲੇ ਸਹਸਿਆਂ ਵਿਚ ਦੁਖੀ ਹੁੰਦੇ ਹਨ; ਕਦੇ ਘੜੀ ਸੁਖਾਲੇ ਤੇ ਫਿਰ ਦੁਖੀ ਦੇ ਦੁਖੀ)। ਕਿਸੇ ਦੇ ਭੀ ਉਹ (ਕਦੇ ਯਾਰ) ਨਹੀਂ ਬਣਦੇ।
ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥
ਉਹ ਲੋਕ ਆਪਣੇ ਮਨ ਵਿਚ ਚਿੱਤ ਵਿਚ (ਆਪਣੇ ਆਪ ਨੂੰ) ਚੰਗੇ ਆਖਦੇ ਹਨ,
ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥
(ਪਰ) ਉਹਨਾਂ ਮਨਮੁਖਾਂ ਨੂੰ ਸਦਾ ਹੀ ਜਮਰਾਜ ਵੇਖਦਾ ਰਹਿੰਦਾ ਹੈ (ਭਾਵ, ਸਮਝਦੇ ਤਾਂ ਆਪਣੇ ਆਪ ਨੂੰ ਨੇਕ ਹਨ, ਪਰ ਕਰਤੂਤਾਂ ਉਹ ਹਨ ਜਿਨ੍ਹਾਂ ਕਰਕੇ ਜਮਾਂ ਦੇ ਵੱਸ ਪੈਂਦੇ ਹਨ)।
ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਲੂਣ-ਹਰਾਮੀ ਬੰਦੇ ਪਰਮਾਤਮਾ ਦੇ ਕੀਤੇ ਉਪਕਾਰ (ਦੀ ਸਾਰ) ਨਹੀਂ ਜਾਣਦੇ।
ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥
ਬੱਧੇ-ਰੁੱਧੇ ਹੀ (ਉਸ ਨੂੰ) ਸਲਾਮਾਂ ਕਰਦੇ ਹਨ, (ਇਸ ਤਰ੍ਹਾਂ) ਉਸ ਖਸਮ ਨੂੰ ਪਿਆਰੇ ਨਹੀਂ ਲੱਗ ਸਕਦੇ।
ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥
(ਜਿਸ ਮਨੁੱਖ ਨੂੰ) ਰੱਬ ਮਿਲ ਪਿਆ ਹੈ, ਜਿਸ ਦੇ ਮੂੰਹ ਵਿਚ ਰੱਬ ਦਾ ਨਾਮ ਹੈ, ਉਹ ਖਸਮ (ਰੱਬ) ਨੂੰ ਪਿਆਰਾ ਲੱਗਦਾ ਹੈ।
ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥
ਉਸ ਨੂੰ ਤਖਤ ਉਤੇ (ਬੈਠੇ ਨੂੰ) ਸਾਰੇ ਲੋਕ ਸਲਾਮ ਕਰਦੇ ਹਨ, (ਧੁਰੋਂ ਰੱਬ ਵਲੋਂ) ਲਿਖੇ ਇਸ ਲੇਖ (ਦੇ ਫਲ ਨੂੰ) ਉਹ ਪ੍ਰਾਪਤ ਕਰਦਾ ਹੈ ॥੧੧॥
ਮ : ੧ ਸਲੋਕੁ ॥
ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥
ਤਾਰੂ ਪਾਣੀ ਮੱਛੀ ਨੂੰ ਕੀਹ ਕਰ ਸਕਦਾ ਹੈ? (ਭਾਵੇਂ ਕਿਤਨਾ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ)। ਆਕਾਸ਼ ਪੰਛੀ ਨੂੰ ਕੀਹ ਕਰ ਸਕਦਾ ਹੈ? (ਆਕਾਸ਼ ਕਿਤਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ।) (ਪਾਣੀ ਆਪਣੀ ਡੂੰਘਾਈ ਦਾ ਤੇ ਆਕਾਸ਼ ਆਪਣੀ ਖੁਲ੍ਹਾ ਦਾ ਅਸਰ ਨਹੀਂ ਪਾ ਸਕਦਾ)।
ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥
ਪਾਲਾ (ਕੱਕਰ) ਪੱਥਰ ਉਤੇ ਅਸਰ ਨਹੀਂ ਪਾ ਸਕਦਾ, ਘਰ ਦੇ ਵਸੇਬੇ ਦਾ ਅਸਰ ਖੁਸਰੇ (ਹੀਜੜੇ) ਉਤੇ ਨਹੀਂ ਪੈਂਦਾ।
ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥
ਜੇ ਕੁੱਤੇ ਨੂੰ ਚੰਦਨ ਭੀ ਲਾ ਦੇਈਏ, ਤਾਂ ਭੀ ਉਸ ਦਾ ਅਸਲਾ ਕੁੱਤਿਆਂ ਵਾਲਾ ਹੀ ਰਹਿੰਦਾ ਹੈ।
ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥
ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਸਿੰਮ੍ਰਿਤੀਆਂ ਦੇ ਪਾਠ ਉਸ ਦੇ ਕੋਲ ਕਰੀਏ (ਉਹ ਤਾਂ ਸੁਣ ਹੀ ਨਹੀਂ ਸਕਦਾ)।
ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥
ਅੰਨ੍ਹੇ ਮਨੁੱਖ ਨੂੰ ਚਾਨਣ ਵਿਚ ਰੱਖਿਆ ਜਾਏ, (ਉਸ ਦੇ ਪਾਸ ਭਾਵੇਂ) ਪੰਜਾਹ ਦੀਵੇ ਪਏ ਬਲਣ (ਉਸ ਨੂੰ ਕੁਝ ਨਹੀਂ ਦਿੱਸਣਾ)।
ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥
ਚੁਗਣ ਗਏ ਪਸ਼ੂਆਂ ਦੇ ਵੱਗ ਅਗੇ ਜੇ ਸੋਨਾ ਖਿਲਾਰ ਦੇਈਏ, ਤਾਂ ਭੀ ਉਹ ਘਾਹ ਚੁਗ ਚੁਗ ਕੇ ਹੀ ਖਾਏਗਾ (ਸੋਨੇ ਦੀ ਉਸ ਨੂੰ ਕਦਰ ਨਹੀਂ ਪੈ ਸਕਦੀ)।
ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥
ਲੋਹੇ ਦਾ ਕੁਸ਼ਤਾ ਕਰ ਦੇਈਏ, ਤਾਂ ਭੀ ਢਲ ਕੇ ਉਹ ਕਪਾਹ (ਵਰਗਾ ਨਰਮ) ਨਹੀਂ ਬਣ ਸਕਦਾ।
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥
ਹੇ ਨਾਨਕ! ਇਹੀ ਖ਼ੋਆਂ ਮੂਰਖ ਦੀਆਂ ਹਨ, ਕਿਤਨੀ ਮਤ ਦਿਓ, ਉਹ ਜਦੋਂ ਭੀ ਬੋਲਦਾ ਹੈ ਸਦਾ (ਉਹੀ ਬੋਲਦਾ ਹੈ ਜਿਸ ਨਾਲ ਕਿਸੇ ਦਾ) ਨੁਕਸਾਨ ਹੀ ਹੋਵੇ ॥੧॥
ਮ : ੧ ॥
ਕੈਹਾ ਕੰਚਨੁ ਤੁਟੈ ਸਾਰੁ ॥
ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ,
ਅਗਨੀ ਗੰਢੁ ਪਾਏ ਲੋਹਾਰੁ ॥
ਅੱਗ ਨਾਲ ਲੋਹਾਰ (ਆਦਿਕ) ਗਾਂਢਾ ਲਾ ਦੇਂਦਾ ਹੈ।
ਗੋਰੀ ਸੇਤੀ ਤੁਟੈ ਭਤਾਰੁ ॥
ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ,
ਪੁਤੀਂ ਗੰਢੁ ਪਵੈ ਸੰਸਾਰਿ ॥
ਤਾਂ ਜਗਤ ਵਿਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ।
ਰਾਜਾ ਮੰਗੈ ਦਿਤੈ ਗੰਢੁ ਪਾਇ ॥
ਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ, (ਨਾਹ ਦਿੱਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ।
ਭੁਖਿਆ ਗੰਢੁ ਪਵੈ ਜਾ ਖਾਇ ॥
ਭੁੱਖ ਨਾਲ ਆਤੁਰ ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ।
ਕਾਲਾ ਗੰਢੁ ਨਦੀਆ ਮੀਹ ਝੋਲ ॥
ਕਾਲਾਂ ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ।
ਗੰਢੁ ਪਰੀਤੀ ਮਿਠੇ ਬੋਲ ॥
ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ।
ਬੇਦਾ ਗੰਢੁ ਬੋਲੇ ਸਚੁ ਕੋਇ ॥
ਵੈਦ (ਆਦਿਕ ਧਰਮ ਪੁਸਤਕਾਂ) ਨਾਲ (ਮਨੁੱਖ ਦਾ ਤਦੋਂ) ਜੋੜ ਜੋੜਦਾ ਹੈ ਜੇ ਮਨੁੱਖ ਸੱਚ ਬੋਲੇ।
ਮੁਇਆ ਗੰਢੁ ਨੇਕੀ ਸਤੁ ਹੋਇ ॥
ਮੁਏ ਬੰਦਿਆਂ ਦਾ (ਜਗਤ ਨਾਲ) ਸੰਬੰਧ ਬਣਿਆ ਰਹਿੰਦਾ ਹੈ (ਭਾਵ, ਪਿਛੋਂ ਲੋਕ ਯਾਦ ਕਰਦੇ ਹਨ) ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ।
ਏਤੁ ਗੰਢਿ ਵਰਤੈ ਸੰਸਾਰੁ ॥
(ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ।
ਮੂਰਖ ਗੰਢੁ ਪਵੈ ਮੁਹਿ ਮਾਰ ॥
ਮੂੰਹ ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ।
ਨਾਨਕੁ ਆਖੈ ਏਹੁ ਬੀਚਾਰੁ ॥
ਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ,
ਸਿਫਤੀ ਗੰਢੁ ਪਵੈ ਦਰਬਾਰਿ ॥੨॥
ਕਿ (ਪਰਮਾਤਮਾ ਦੀ) ਸਿਫ਼ਤ-ਸਾਲਾਹ ਦੀ ਰਾਹੀਂ (ਪ੍ਰਭੂ ਦੇ ਦਰਬਾਰ ਵਿਚ (ਆਦਰ-ਪਿਆਰ ਦਾ) ਜੋੜ ਜੁੜਦਾ ਹੈ ॥੨॥
ਪਉੜੀ ॥
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥
ਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ।
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥
(ਪਰ ਇਥੇ) ਕਈ ਜੀਵ ਖੋਟੇ ਹਨ (ਭਾਵ, ਮਨੁੱਖਤਾ ਦੇ ਮਾਪ ਤੋਂ ਹੌਲੇ ਹਨ) ਤੇ ਕਈ (ਸ਼ਾਹੀ ਸਿੱਕੇ ਵਾਂਗ ਖਰੇ ਹਨ, (ਇਹਨਾਂ ਸਭਨਾਂ ਦੀ) ਪਰਖ ਕਰਨ ਵਾਲਾ ਭੀ ਆਪ ਹੀ ਹੈ।
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
(ਰੁਪਏ ਆਦਿਕ ਵਾਂਗ) ਖਰੇ ਬੰਦੇ (ਪ੍ਰਭੂ ਦੇ) ਖ਼ਜ਼ਾਨੇ ਵਿਚ ਪਾਏ ਜਾਂਦੇ ਹਨ (ਭਾਵ, ਉਹਨਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ ਤੇ) ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ (ਭਾਵ, ਇਹ ਜੀਵ ਭਲਿਆਂ ਵਿਚ ਰਲ ਨਹੀਂ ਸਕਦੇ)।
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥
ਸੱਚੀ ਦਰਗਾਹ ਵਿਚੋਂ ਇਹਨਾਂ ਨੂੰ ਧੱਕਾ ਮਿਲਦਾ ਹੈ। ਕੋਈ ਹੋਰ ਥਾਂ ਐਸਾ ਨਹੀਂ ਜਿਥੇ ਇਹ (ਸਹੈਤਾ ਲਈ) ਫ਼ਰਿਆਦ ਕਰ ਸਕਣ।
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
(ਇਹਨਾਂ ਹੌਲੇ ਜੀਵਨ ਵਾਲੇ ਜੀਵਾਂ ਲਈ) ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਸਤਿਗੁਰੂ ਦੀ ਸਰਨੀ ਜਾ ਪੈਣ।
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥
ਗੁਰੂ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ (ਕਿਉਂਕਿ ਗੁਰੂ ਆਪਣੇ) ਸ਼ਬਦ ਦੀ ਰਾਹੀਂ ਖਰੇ ਬਣਾਣ ਦੇ ਸਮਰੱਥ ਹੈ।
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥
(ਫਿਰ ਉਹ) ਸਤਿਗੁਰ ਦੇ ਬਖ਼ਸ਼ੇ ਪ੍ਰੇਮ ਪਿਆਰ ਦੇ ਕਾਰਨ ਪਰਾਮਤਮਾ ਦੀ ਦਰਗਾਹ ਵਿਚ ਆਦਰ ਪਾਂਦੇ ਹਨ,
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥
ਤੇ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖ਼ਸ਼ ਲਿਆ ਉਹਨਾਂ ਦੀ ਐਬ-ਜੋਈ ਕਿਸੇ ਕੀਹ ਕਰਨੀ ਹੋਈ? ॥੧੨॥