ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 2 – Guru Nanak Dev ji (Mahalla 1) – Slok Bani Quotes Shabad Path in Punjabi Gurbani
ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 2 – Guru Nanak Dev ji (Mahalla 1) – Slok Bani Quotes Shabad Path in Punjabi Gurbani
ਸਿਰੀਰਾਗੁ ਮਹਲਾ ੧ ॥
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥
ਜੇਹੜੀ ਭਾਗ-ਹੀਣ ਜੀਵ-ਇਸਤ੍ਰੀ (ਪ੍ਰਭੂ-ਪਤੀ ਤੋਂ ਬਿਨਾ ਮਾਇਆ ਆਦਿਕ) ਹੋਰ ਦੂਜੇ ਪਿਆਰ ਵਿਚ ਹੀ ਠੱਗੀ ਰਹਿੰਦੀ ਹੈ ਉਸ ਦਾ ਜੀਉਣਾ ਫਿਟਕਾਰ-ਜੋਗ ਹੀ ਹੈ।
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥
ਜਿਵੇਂ ਕੱਲਰ ਦੀ ਕੰਧ (ਸਹਜੇ ਸਹਜੇ) ਕਿਰਦੀ ਰਹਿੰਦੀ ਹੈ, ਤਿਵੇਂ ਉਸ ਦਾ ਆਤਮਕ ਜੀਵਨ ਭੀ ਦਿਨ ਰਾਤ (ਮਾਇਆ ਦੇ ਮੋਹ ਵਿਚ) ਕਿਰ ਕਿਰ ਕੇ ਢਹਿ-ਢੇਰੀ ਹੁੰਦਾ ਜਾਂਦਾ ਹੈ।
ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥
(ਸੁਖ ਦੀ ਖ਼ਾਤਰ ਉਹ ਦੌੜ-ਭੱਜ ਕਰਦੀ ਹੈ, ਪਰ) ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ (ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ) ਪਤੀ-ਪ੍ਰਭੂ ਨੂੰ ਮਿਲਣ ਤੋਂ ਬਿਨਾ ਮਾਨਸਕ ਦੁੱਖ ਦੂਰ ਨਹੀਂ ਹੁੰਦਾ ॥੧॥
ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
ਹੇ ਮੂਰਖ ਜੀਵ ਇਸਤ੍ਰੀ! ਜੇ ਪਤੀ ਨ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ।
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥
(ਜੋ ਜੀਵ-ਇਸਤ੍ਰੀ ਪ੍ਰੇਮ ਤੋਂ ਸੱਖਣੀ ਰਹਿ ਕੇ ਹੀ ਧਾਰਮਿਕ ਉੱਦਮ ਕਰਮ ਆਦਿਕ ਕਰੀ ਜਾਂਦੀ ਹੈ, ਪਰ ਉਸ ਦੇ ਅੰਦਰ ਮਾਇਆ-ਮੋਹ ਪ੍ਰਬਲ ਹੈ) ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿਚ ਆਸਰਾ ਨਹੀਂ ਲੈ ਸਕਦੀ, (ਕਿਉਂਕਿ) ਝੂਠ (ਭਾਵ, ਮਾਇਆ ਦਾ ਮੋਹ) ਪ੍ਰਭੂ ਦੀ ਹਜ਼ੂਰੀ ਵਿਚ ਦੁਰਕਾਰਿਆ ਹੀ ਜਾਂਦਾ ਹੈ ॥੧॥ ਰਹਾਉ ॥
ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥
(ਕਿਸਾਨ ਆਪਣੇ ਰੋਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀ ਬੀਜਣ ਤੋਂ ਪਹਿਲਾਂ ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਫਸਲ ਚੰਗਾ ਲੱਗ ਸਕੇ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਡਾ ਕਿਸਾਨ ਹੈ, ਉਹ (ਬੜਾ) ਸਿਆਣਾ ਕਿਸਾਨ ਹੈ, ਉਹ ਗ਼ਲਤੀ ਨਹੀਂ ਖਾਂਦਾ।
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥
(ਜਿਸ ਹਿਰਦੇ-ਧਰਤੀ ਵਿਚ ਨਾਮ-ਬੀਜ ਬੀਜਣਾ ਹੁੰਦਾ ਹੈ) ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਫਿਰ ਉਸ ਵਿਚ ਸੱਚੇ ਨਾਮ ਦਾ ਬੀਜ ਬੀਜਦਾ ਹੈ।
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥
ਉਥੇ ਨਾਮ ਉੱਗਦਾ ਹੈ, (ਮਾਨੋ) ਨੌ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ, ਪ੍ਰਭੂ ਦੀ ਮਿਹਰ ਨਾਲ (ਉਸ ਹਿਰਦੇ ਵਿਚ ਕੀਤੀ ਮਿਹਨਤ) ਕਬੂਲ ਪੈਂਦੀ ਹੈ ॥੨॥
ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥
ਜੇਹੜਾ ਮਨੁੱਖ ਜਾਣ ਬੁੱਝ ਕੇ ਗੁਰੂ (ਦੀ ਬਜ਼ੁਰਗੀ) ਨੂੰ ਨਹੀਂ ਸਮਝਦਾ ਉਸ ਦਾ ਸਾਰਾ ਜੀਵਨ-ਢੰਗ ਕੋਝਾ ਹੈ।
ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥
(ਆਤਮਕ ਰੌਸ਼ਨੀ ਵਲੋਂ) ਉਸ ਅੰਨ੍ਹੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਜੀਵਨ-ਪੰਧ ਵਿਚ) ਘੁੱਪ ਹਨੇਰਾ ਹੀ ਹਨੇਰਾ ਰਹਿੰਦਾ ਹੈ।
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥
ਉਸ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਉਹ ਨਿੱਤ ਜੰਮਦਾ ਹੈ ਮਰਦਾ ਹੈ, ਜੰਮਦਾ ਹੈ, ਮਰਦਾ ਹੈ ਤੇ ਖ਼ੁਆਰ ਹੁੰਦਾ ਰਹਿੰਦਾ ਹੈ ॥੩॥
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥
(ਕਿਸੇ ਇਸਤ੍ਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ) ਚੰਦਨ ਮੁੱਲ ਮੰਗਾਇਆ, ਕੇਸਰ ਮੰਗਾਇਆ, ਸਿਰ ਦੇ ਕੇਸਾਂ ਦੇ ਚੀਰ ਸੁੰਦਰ ਬਣਾਣ ਲਈ ਸੰਧੂਰ ਮੰਗਾਇਆ।
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥
ਅਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ।
ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥
ਪਰ ਜੇ ਉਹ ਇਸਤ੍ਰੀ ਪਤੀ ਨੂੰ (ਫਿਰ ਭੀ) ਚੰਗੀ ਨ ਲੱਗੀ, ਤਾਂ ਉਸ ਦੇ ਉਹ ਵਿਖਾਵੇ ਦੇ ਸਾਰੇ ਉੱਦਮ ਵਿਅਰਥ ਗਏ (ਇਹੀ ਹਾਲ ਜੀਵ-ਇਸਤ੍ਰੀ ਦਾ ਹੈ, ਪਤੀ-ਪ੍ਰਭੂ ਵਿਖਾਵੇ ਦੇ ਧਾਰਮਿਕ ਉੱਦਮਾਂ ਨਾਲ ਨਹੀਂ ਰੀਝਦਾ) ॥੪॥
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥
ਅਜੇਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ (ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ) ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੀ ਜਾਂਦੀਆਂ ਹਨ।
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥
ਜਦ ਤਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ (-ਤੀਰ) ਨਾਲ ਵਿੱਝਦਾ ਨਹੀਂ, ਤਦ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲਦੀ।
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥
ਹੇ ਨਾਨਕ! ਉਹੀ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਮੁਬਾਰਿਕ ਹਨ ਜਿਨ੍ਹਾਂ ਦਾ ਪ੍ਰਭੂ-ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ ॥੫॥੧੩॥
ਸਿਰੀਰਾਗੁ ਮਹਲਾ ੧ ॥
ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥
ਜਦੋਂ ਜਿੰਦ ਸਰੀਰ ਵਿਚੋਂ ਨਿਕਲ ਜਾਂਦੀ ਹੈ, ਤਾਂ ਇਹ ਸਰੀਰ ਉੱਜੜ ਜਾਂਦਾ ਹੈ, ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ।
ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥
ਜੇਹੜੀ ਜੀਵਨ-ਅਗਨੀ (ਪਹਿਲਾਂ ਇਸ ਵਿਚ) ਬਲਦੀ ਸੀ ਉਹ ਬੁੱਝ ਜਾਂਦੀ ਹੈ (ਜੀਵਨ-ਸੱਤਿਆ ਮੁੱਕ ਜਾਂਦੀ ਹੈ), ਕੋਈ ਭੀ ਸਾਹ ਨਹੀਂ ਆਉਂਦਾ ਜਾਂਦਾ।
ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥
(ਅੱਖਾਂ ਕੰਨ ਆਦਿਕ) ਜੇਹੜੇ ਪੰਜ ਗਿਆਨ-ਇੰਦ੍ਰੇ (ਪਰ-ਤਨ ਨਿੰਦਾ ਆਦਿਕ) ਮਾਇਕ ਮੋਹ ਵਿਚ ਹੀ ਨਾਸ ਹੁੰਦੇ ਰਹੇ, ਉਹ ਵੀ ਦੁਖੀ ਹੋ ਹੋ ਕੇ ਰੋਏ (ਭਾਵ, ਨਕਾਰੇ ਹੋ ਜਾਣ ਤੇ ਮਜਬੂਰ ਹੋ ਗਏ) ॥੧॥
ਮੂੜੇ ਰਾਮੁ ਜਪਹੁ ਗੁਣ ਸਾਰਿ ॥
ਹੇ ਮੂਰਖ ਜੀਵ! (ਉਸ ਅੰਤਲੀ ਦਸ਼ਾ ਨੂੰ ਸਾਹਮਣੇ ਲਿਆ ਕੇ) ਪਰਮਾਤਮਾ ਦੇ ਗੁਣ ਚੇਤੇ ਕਰ, ਪ੍ਰਭੂ ਦਾ ਨਾਮ ਜਪ।
ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ ਰਹਾਉ ॥
ਸਾਰੀ ਸ੍ਰਿਸ਼ਟੀ (ਗਾਫ਼ਿਲ ਹੋ ਕੇ) ਮੋਹਣੀ ਮਾਇਆ ਦੀ ਮਮਤਾ ਵਿਚ ਹਉਮੈ ਵਿਚ ਤੇ ਅਹੰਕਾਰ ਵਿਚ ਠੱਗੀ ਜਾ ਰਹੀ ਹੈ ॥੧॥ ਰਹਾਉ ॥
ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥
ਜਿਨ੍ਹਾਂ ਬੰਦਿਆਂ ਨੇ ਹੋਰ ਹੋਰ ਨਿਰੀ ਦੁਨੀਆਵੀ ਕਾਰ ਵਿਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ,
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥
ਉਹ ਸਦਾ ਮੇਰ-ਤੇਰ ਵਿਚ ਫਸੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿਚ ਖਿੱਝ ਸੜ ਕੇ ਉਹ ਆਤਮਕ ਮੌਤ ਮਰ ਗਏ।
ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥
ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ, ਉਹ ਤ੍ਰਿਸ਼ਨਾ-ਅੱਗ ਤੋਂ ਬੱਚ ਗਏ, ਬਾਕੀ ਸਭਨਾਂ ਨੂੰ ਦੁਨੀਆ ਦੇ ਖੱਲਜਗਣ-ਠੱਗ ਨੇ ਠੱਗ ਲਿਆ ॥੨॥
ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥
ਉਸ ਦੀ ਦੁਨੀਆਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖ਼ਤਮ ਹੋ ਜਾਂਦਾ ਹੈ, ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਰਹਿ ਜਾਂਦਾ।
ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥
ਉਸ ਦੀ ਮਾਇਆ ਵਾਲੀ ਦੌੜ-ਭੱਜ ਮੁੱਕ ਜਾਂਦੀ ਹੈ, ਹਉਮੈ ਮਰ ਜਾਂਦੀ ਹੈ, ਮਾਇਆ ਦੀ ਮਮਤਾ ਖ਼ਤਮ ਹੋ ਜਾਂਦੀ ਹੈ, ਤੇ ਕ੍ਰੋਧ ਵੀ ਮਰ ਜਾਂਦਾ ਹੈ।
ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥
ਪਰ ਜੋ ਗੁਰਮੁਖਿ ਗਿਆਨ-ਇੰਦ੍ਰਿਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕ੍ਰਿਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ॥੩॥
ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥
ਜੇਹੜਾ ਮਨੁੱਖ (ਸਿਮਰਨ ਦੀ) ਸਦਾ-ਟਿਕੀ ਰਹਿਣ ਵਾਲੀ ਕਾਰ ਵਿਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ।
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥
ਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬੱਚ ਜਾਂਦਾ ਹੈ।
ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥
ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਸਰੋਪਾ ਲੈ ਕੇ ਜਾਂਦਾ ਹੈ ॥੪॥੧੪॥
ਸਿਰੀਰਾਗੁ ਮਹਲ ੧ ॥
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥
(ਜਿਸ ਨੇ ਨਾਮ ਨਹੀਂ ਸਿਮਰਿਆ, ਉਸ ਦਾ) ਸਰੀਰ (ਵਿਕਾਰਾਂ ਵਿਚ ਹੀ) ਸੜ ਬਲ ਕੇ ਮਿੱਟੀ ਹੋ ਜਾਂਦਾ ਹੈ (ਰੁਲ ਜਾਂਦਾ ਹੈ), ਉਸ ਦਾ ਮਨ ਮਾਇਆ ਦੇ ਮੋਹ ਵਿਚ (ਫਸ ਕੇ, ਮਾਨੋ) ਸੜਿਆ ਹੋਇਆ ਲੋਹਾ ਬਣ ਜਾਂਦਾ ਹੈ।
ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥
ਫਿਰ ਵੀ ਵਿਕਾਰ ਉਸ ਦੀ ਖ਼ਲਾਸੀ ਨਹੀਂ ਕਰਦੇ, ਉਹ ਅਜੇ ਵੀ ਕੂੜ ਵਿਚ ਮਸਤ ਰਹਿ ਕੇ (ਮਾਇਆ ਦੇ ਮੋਹ ਦਾ) ਵਾਜਾ ਵਜਾਂਦਾ ਹੈ।
ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥
ਗੁਰ-ਸ਼ਬਦ ਤੋਂ ਵਾਂਜਿਆਂ ਰਹਿ ਕੇ ਉਹ ਭਟਕਣਾ ਵਿਚ ਪਿਆ ਰਹਿੰਦਾ ਹੈ। ਦੁਬਿਧਾ ਉਸ ਮਨੁੱਖ ਦਾ (ਗਿਆਨ-ਇੰਦ੍ਰਿਆਂ ਦਾ) ਸਾਰਾ ਹੀ ਪਰਵਾਰ (ਮੋਹ ਦੇ ਸਮੁੰਦਰ ਵਿਚ) ਡੋਬ ਦੇਂਦੀ ਹੈ ॥੧॥
ਮਨ ਰੇ ਸਬਦਿ ਤਰਹੁ ਚਿਤੁ ਲਾਇ ॥
ਹੇ (ਮੇਰੇ) ਮਨ! ਗੁਰੂ ਦੇ ਸ਼ਬਦ ਵਿਚ ਚਿੱਤ ਜੋੜ (ਤੇ ਇਸ ਤਰ੍ਹਾਂ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ।
ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ ॥੧॥ ਰਹਾਉ ॥
ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥
ਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ।
ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥
ਜੇਹੜਾ ਸੁੰਦਰ ਸਰੀਰ ਪਰਮਾਤਮਾ ਦੇ ਅਦਬ-ਪਿਆਰ ਵਿਚ ਪਰਮਾਤਮਾ ਦੀ ਯਾਦ ਵਿਚ ਰੰਗਿਆ ਰਹਿੰਦਾ ਹੈ, ਜਿਸ ਦੀ ਜੀਭ ਨੂੰ ਸਿਮਰਨ ਹੀ (ਆਪਣੀ ਹਸਤੀ ਦਾ) ਅਸਲ ਮਨੋਰਥ ਜਾਪਦਾ ਹੈ,
ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥
ਜਿਸ ਉਸ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਮੁੜ ਮੁੜ (ਚੌਰਾਸੀ ਦੇ ਗੇੜ ਦੀ ਕੁਠਾਲੀ ਵਿਚ ਪੈ ਕੇ) ਤਾਅ (ਸੇਕ) ਨਹੀਂ ਸਹਾਰਦਾ ॥੨॥
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
(ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ,
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।
ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥
ਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਉਹ ਸਦਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ॥੩॥
ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥
ਉਸ ਦਾ ਮਨ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ।
ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥
ਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿਚ ਪ੍ਰਭੂ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੀ ਜੋਤਿ ਸਦਾ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ।
ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥
ਹੇ ਨਾਨਕ! ਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀ, ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲੀ, ਵਿਕਾਰ ਉਸ ਤੋਂ ਪਰੇ ਹਟ ਗਏ ॥੪॥੧੫॥{19-20}
ਸਿਰੀਰਾਗੁ ਮਹਲਾ ੧ ॥
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥
ਹੇ ਨਾਨਕ! (ਸੰਸਾਰ ਇਕ ਅਥਾਹ ਸਮੁੰਦਰ ਹੈ) ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ (ਇਸ ਸੰਸਾਰ ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।
ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥
ਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ (ਜੋ ਆਪਣੀ ਹੀ ਅਕਲ ਦੇ ਮਾਣ ਵਿਚ ਰਹਿ ਕੇ ਕੁਰਾਹੇ ਪੈ ਕੇ) ਜੰਮਦੇ ਹਨ ਤੇ ਮਰਦੇ ਹਨ (ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)
ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥
ਆਪਣੀ ਅਕਲ ਦੇ ਹਠ ਤੇ ਤੁਰਿਆਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬੀਦਾ ਹੀ ਹੈ। ਜੋ ਮਨੁੱਖ ਗੁਰੂ ਦੇ ਰਾਹ ਉਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ ॥੧॥
ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥
ਗੁਰੂ ਦੀ ਸਰਨ ਤੋਂ ਬਿਨਾ ਨਾਹ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ, ਨਾਹ ਹੀ ਆਤਮਕ ਅਨੰਦ ਮਿਲਦਾ ਹੈ।
ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ ਰਹਾਉ ॥
(ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ ॥੧॥ ਰਹਾਉ ॥
ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥
(ਜਗਤ ਇਕ ਜੰਗਲ ਸਮਾਨ ਹੈ ਜਿਸ ਵਿਚ ਅੱਗੇ ਅੱਗੇ ਤਾਂ ਅੱਗ ਲਗੀ ਹੋਈ ਹੈ, ਜੋ ਪਲੇ ਹੋਏ ਵੱਡੇ ਵੱਡੇ ਰੁੱਖਾਂ ਨੂੰ ਸਾੜਦੀ ਜਾਂਦੀ ਹੈ; ਤੇ ਪਿੱਛੇ ਪਿੱਛੇ ਨਵੇਂ ਕੋਮਲ ਬੂਟੇ ਉੱਗਦੇ ਜਾ ਰਹੇ ਹਨ), ਪਿੱਛੇ ਪਿੱਛੇ ਨਵੇਂ ਕੋਮਲ ਬਾਲ ਜੰਮਦੇ ਆ ਰਹੇ ਹਨ।
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥
ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ।
ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿਚ ਹਜ਼ੂਰੀ ਵਿਚ ਰੱਖਦਾ ਹੈਂ ॥੨॥
ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥
(ਹੇ ਪ੍ਰਭੂ! ਮਿਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਰਹਾਂ, ਤੈਨੂੰ ਕਦੇ ਵੀ ਨਾਹ ਭੁਲਾਵਾਂ।
ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥
(ਹੇ ਭਾਈ! ਜੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਜਿਉਂ ਜਿਉਂ (ਉਹ) ਮਾਲਕ (ਮੇਰੇ) ਮਨ ਵਿਚ ਟਿਕਿਆ ਰਹੇ, ਮੈਂ ਆਤਮਕ ਜੀਵਨ ਦੇਣ ਵਾਲਾ (ਉਸ ਦਾ) ਨਾਮ-ਜਲ ਪੀਂਦਾ ਰਹਾਂ।
ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥
(ਹੇ ਪ੍ਰਭੂ! ਮੇਰਾ) ਮਨ (ਮੇਰਾ) ਤਨ ਤੇਰਾ ਹੀ ਦਿਤਾ ਹੋਇਆ ਹੈ, ਤੂੰ ਹੀ (ਮੇਰਾ) ਮਾਲਕ ਹੈਂ। (ਮਿਹਰ ਕਰ, ਮੈਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ (ਤੇਰੀ ਯਾਦ ਵਿਚ) ਲੀਨ ਰਹਾਂ ॥੩॥
ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥
ਜਿਸ (ਜੋਤਿ-ਸਰੂਪ ਪ੍ਰਭੂ) ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤ੍ਰਿਭਵਣੀ ਸਰੂਪ ਬਣਾਇਆ ਹੈ,
ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥
ਗੁਰੂ ਦੀ ਸਰਨ ਪਿਆਂ ਉਸ ਜੋਤਿ ਨਾਲ ਸਾਂਝ ਬਣਾਈ ਜਾ ਸਕਦੀ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤਿ ਨਹੀਂ ਦਿੱਸਦੀ, ਉਸ ਨੂੰ) ਆਤਮਕ ਹਨੇਰਾ ਹੀ ਹਨੇਰਾ ਹੈ।
ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥
(ਭਾਵੇਂ) ਰੱਬੀ ਜੋਤਿ ਇਕ-ਰਸ ਹਰੇਕ ਸਰੀਰ ਵਿਚ ਵਿਆਪਕ ਹੈ, (ਪਰ) ਗੁਰੂ ਦੀ ਮਤ ਲਿਆਂ ਹੀ (ਇਹ) ਅਸਲੀਅਤ ਸਮਝੀ ਜਾ ਸਕਦੀ ਹੈ ॥੪॥
ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਸਰਬ-ਵਿਆਪੀ ਜੋਤਿ ਨਾਲ ਸਾਂਝ ਪਾ ਲਈ, ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਹੈ।
ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥
ਉਹ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਗੁਣ ਉਹਨਾਂ ਵਿਚ ਉੱਘੜ ਆਉਂਦੇ ਹਨ।
ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥
ਹੇ ਨਾਨਕ! ਨਾਮ ਵਿਚ ਜੁੜ ਕੇ ਉਹ ਮਨੁੱਖ ਆਤਮਕ ਸ਼ਾਂਤੀ ਮਾਣਦੇ ਹਨ, ਉਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ ॥੫॥੧੬॥
ਸਿਰੀਰਾਗੁ ਮਹਲਾ ੧ ॥
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥
ਹੇ ਪਿਆਰੇ ਮਿਤ੍ਰ ਮਨ! (ਮੇਰੀ ਸਿੱਖਿਆ) ਸੁਣ। ਪਰਮਾਤਮਾ ਨੂੰ ਮਿਲ, (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ।
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥
ਜਦੋਂ ਤਕ ਜੁਆਨੀ ਵਿਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ।
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥
ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ ॥੧॥
ਮੇਰੇ ਮਨ ਲੈ ਲਾਹਾ ਘਰਿ ਜਾਹਿ ॥
ਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ।
ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥
ਗੁਰੂ ਦੀ ਸਰਨ ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ (ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ-ਬੁੱਝ ਜਾਂਦੀ ਹੈ) ॥੧॥ ਰਹਾਉ ॥
ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥
(ਪੜ੍ਹੇ ਹੋਏ ਲੋਕ) ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਵਿਚਾਰਦੇ ਹਨ, (ਗਿਆਨ ਦੀਆਂ ਗੱਲਾਂ) ਸੁਣ ਸੁਣ ਕੇ (ਲੋਕਾਂ ਦੀਆਂ ਨਜ਼ਰਾਂ ਵਿਚ ਵਿਚਾਰਵਾਨ (ਦਿੱਸਣ ਦਾ) ਵਿਅਰਥ ਜਤਨ ਕਰਦੇ ਹਨ।
ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥
ਪਰ ਅੰਤਰ ਆਤਮੇ ਦਿਨ-ਰਾਤ ਬਹੁਤ ਤ੍ਰਿਸ਼ਨਾ (ਵਿਆਪ ਰਹੀ) ਹੈ, ਅੰਦਰ ਹਉਮੈ ਦਾ ਰੋਗ, ਹਉਮੈ ਦਾ ਵਿਕਾਰ (ਕਾਇਮ) ਹੈ।
ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥
(ਦੂਜੇ ਪਾਸੇ) ਉਹ ਪਰਮਾਤਮਾ (ਇਸ ਚੁੰਚ-ਗਿਆਨਤਾ ਦੀ) ਪਰਵਾਹ ਨਹੀਂ ਕਰਦਾ, (ਸਾਡੇ ਗਿਆਨ) ਉਸ ਨੂੰ ਤੋਲ ਭੀ ਨਹੀਂ ਸਕਦੇ। ਗੁਰੂ ਦੀ ਮਤਿ ਲੈ ਕੇ ਉਸ ਦੀ ਕਦਰ ਸਮਝ ॥੨॥
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥
ਜੇ ਮੈਂ ਲੱਖਾਂ ਚਤੁਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ, ਮਿਲਾਪ ਪੈਦਾ ਕਰਾਂ,
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥
ਗੁਰੂ ਦੀ ਸੰਗਤਿ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ।
ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥
ਹੇ ਮੇਰੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਹੀ (ਇਸ ਤ੍ਰਿਸ਼ਨਾ ਤੋਂ) ਖ਼ਲਾਸੀ ਹੋ ਸਕਦੀ ਹੈ (ਕਿਉਂਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ॥੩॥
ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥
ਜਿਸ ਮਨੁੱਖ ਨੇ (ਨਾਮ ਦੇ ਵੱਟੇ) ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ,
ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥
ਉਸ ਨੇ ਗੁਰੂ ਦੀ ਰਾਹੀਂ ਖੋਜ ਕਰ ਕੇ ਉਸ ਪ੍ਰਭੂ ਨੂੰ (ਆਪਣੇ ਅੰਦਰ ਹੀ) ਵੇਖ ਲਿਆ, ਜਿਸ ਨੂੰ ਲੱਭਣ ਵਾਸਤੇ ਸਾਰਾ ਜਗਤ ਖੋਜ ਭਾਲਿਆ ਸੀ।
ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥
ਹੇ ਨਾਨਕ! ਸਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਅਤੇ ਉਹ ਪ੍ਰਭੂ (ਆਪਣੇ ਅੰਦਰ) ਅੰਗ-ਸੰਗ ਹੀ ਵਿਖਾ ਦਿੱਤਾ ॥੪॥੧੭॥
ਸਿਰੀਰਾਗੁ ਮਹਲਾ ੧ ॥
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥
(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਨੂੰ) ਮੌਤ ਦਾ ਡਰ ਨਹੀਂ ਰਹਿੰਦਾ, ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਂਦਾ।
ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥
(ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਹੇ ਪ੍ਰਭੂ!) ਤੂੰ ਸਾਰੇ ਜੀਵਾਂ ਦੀ ਪਾਲਨਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਹਿਸਾਬ ਵਿਚ (ਤੇਰੀ ਨਜ਼ਰ ਵਿਚ) ਹੈ।
ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥
(ਹੇ ਪ੍ਰਭੂ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈਂ, (ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ) ਜਿਵੇਂ ਤੇਰੀ ਰਜ਼ਾ ਹੈ ਤਿਵੇਂ ਤੂੰ (ਸਭ ਦੀ) ਸੰਭਾਲ ਕਰਦਾ ਹੈਂ ॥੧॥
ਜੀਅਰੇ ਰਾਮ ਜਪਤ ਮਨੁ ਮਾਨੁ ॥
ਹੇ (ਮੇਰੀ) ਜਿੰਦੇ! (ਐਸਾ ਉੱਦਮ ਕਰ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ (ਸਿਮਰਨ ਵਿਚ) ਗਿੱਝ ਜਾਏ।
ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥
ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ) ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਸ ਦੀ ਅੰਦਰਲੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥
ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥
ਪੂਰੀ ਸਰਧਾ ਨਾਲ ਮਨ ਦੀ ਸ਼ੰਕਾ ਉਤਾਰ ਕੇ ਗੁਰੂ ਦੀ ਸਰਨ ਪੈ ਜਾਣਾ ਚਾਹੀਦਾ ਹੈ, (ਇਸ ਤਰ੍ਹਾਂ) ਅੰਦਰ-ਵੱਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ।
ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥
ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖ਼ਰ ਪੈਣਾ ਹੁੰਦਾ ਹੈ।
ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥
(ਪਰ ਇਹ ਅਵਸਥਾ ਤਦੋਂ) ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉਤੇ ਤੁਰੀਏ, ਤੇ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ) ਸੋਹਣੇ ਸ਼ਬਦ ਵਿਚ ਇਕ-ਰਸ (ਜੁੜੇ ਰਹੀਏ) ॥੨॥
ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥
ਜਦੋਂ ਇਕ-ਰਸ ਸਿਫ਼ਤ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ-ਇਹ ਹਾਲਤ ਮੁੱਕ ਜਾਂਦੀ ਹੈ)।
ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥
ਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਂਵਦਾ ਹੈ (ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ)।
ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥
ਉਸ ਦੇ ਮੂੰਹ ਵਿਚ ਸਦਾ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਲੈ ਜਾ ਕੇ ਆਦਰ ਮਿਲਦਾ ਹੈ ॥੩॥
ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥
(ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ) ਮੈਂ ਜਿਧਰ ਵੇਖਦਾ ਹਾਂ ਉਧਰ ਹੀ (ਮਨਮੁਖ) ਜੀਵ ਮਾਇਆ ਵਿਚ ਮਸਤ ਹੋ ਰਹੇ ਹਨ, (ਹਰ ਪਾਸੇ) ਮਾਇਆ ਤੇ ਜੀਵਾਂ ਦਾ ਗਠ-ਜੋੜ ਬਣਿਆ ਪਿਆ ਹੈ।
ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥
ਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੇਹੜਾ ਭੀ ਜੀਵ ਜਗਤ ਵਿਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ।
ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹ ਵਿੱਛੁੜੇ ਹੋਏ (ਸਦਾ) ਵਿੱਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿਚ ਰਹਿੰਦੇ ਹਨ ॥੪॥
ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥
(ਮਾਇਆ ਵਲੋਂ) ਵੈਰਾਗਵਾਨ ਮਨ (ਭਟਕਣਾ ਤੋਂ ਬਚਿਆ ਰਹਿ ਕੇ) ਆਪਣੇ ਸਰੂਪ ਵਿਚ ਹੀ ਟਿਕਿਆ ਰਹਿੰਦਾ ਹੈ, (ਕਿਉਂਕਿ) ਉਹ ਪਰਮਾਤਮਾ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ।
ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥
ਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾ ਆਨੰਦ ਮਾਣਦਾ ਹੈ, ਉਸ ਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।
ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥੫॥੧੮॥
ਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵਲੋਂ) ਮਾਰ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ ॥੫॥੧੮॥
ਸਿਰੀਰਾਗੁ ਮਹਲਾ ੧ ॥
ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੁੋਭਾਨੁ ॥
ਪਰ ਮਾਇਆ-ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ, ਹਰ ਵੇਲੇ ਲੋਭ ਵਿਚ ਫਸਿਆ ਰਹਿੰਦਾ ਹੈ।
ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥
ਗੁਰੂ ਦੇ ਸ਼ਬਦ ਵਿਚ ਇਸ ਦੀ ਰੁਚੀ ਹੀ ਨਹੀਂ ਬਣਦੀ, ਇਸ ਭੈੜੀ ਮਤਿ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।
ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥
ਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ ॥੧॥
ਮਨ ਰੇ ਹਉਮੈ ਛੋਡਿ ਗੁਮਾਨੁ ॥
ਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ-ਇਹ ਅਹੰਕਾਰ ਛੱਡ,
ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ ॥
ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸਰਨ ਪਉ ਜੋ (ਆਤਮਾ ਨੂੰ ਪਵਿਤ੍ਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੧॥ ਰਹਾਉ ॥
ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥
ਹੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਧਨ ਦੀ ਕਦਰ ਸਮਝ।
ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥
ਸਾਧ ਸੰਗਤਿ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ।
ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥
(ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤ ਬਖ਼ਸ਼ੀ, ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ ॥੨॥
ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥
ਜੇਹੜਾ ਮਨੁੱਖ ਆਪਣੇ (ਲੋਭੀ) ਮਨ ਦੇ ਪਿੱਛੇ ਤੁਰਦਾ ਹੈ, ਉਹ ਕੁੱਤਿਆਂ ਵਾਂਗ (ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖ਼ੁਆਰ ਹੁੰਦਾ) ਹੈ, ਉਹ ਸਦਾ ਮਾਇਆ ਵਾਲੀ ਦੌੜ-ਭੱਜ ਹੀ ਕਰਦਾ ਹੈ (ਇਥੋਂ ਤਕ ਨਿਘਰਦਾ ਹੈ ਕਿ) ਗੁਰੂ ਦੀ ਨਿੰਦਿਆ ਵਿਚ ਹਰ ਵੇਲੇ ਖ਼ੁਆਰ ਹੁੰਦਾ ਹੈ।
ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥
ਮਾਇਆ ਵਾਲੀ ਭਟਕਣਾ ਵਿਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖ਼ਰ) ਜਮਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦੇਂਦਾ ਹੈ।
ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ ॥੩॥
ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥
(ਲੋਭੀ ਮਨੁੱਖ) ਇਸ ਲੋਕ ਵਿਚ ਦੁਨੀਆ ਦੇ ਜੰਜਾਲਾਂ ਵਿਚ ਖਚਿਤ ਰਹਿੰਦਾ ਹੈ, (ਪਰ ਪ੍ਰਭੂ ਦੀ ਹਜ਼ੂਰੀ ਵਿਚ) ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ।
ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥
ਗੁਰੂ ਅਸਲ ਮਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ (ਤੇ ਹੋਰਨਾਂ ਨੂੰ ਭੀ ਇਹੀ ਪ੍ਰੇਰਨਾ ਕਰਦਾ ਹੈ), ਗੁਰੂ ਵਾਲੀ ਇਹ ਕਾਰ (ਦਰਗਾਹ ਵਿਚ) ਮੰਨੀ ਜਾਂਦੀ ਹੈ।
ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱਘੜਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ ॥੪॥੧੯॥
ਸਿਰੀਰਾਗੁ ਮਹਲਾ ੧ ॥
ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥
(ਅਜਿਹੇ ਸੁਭਾਗ ਬੰਦਿਆਂ ਨੂੰ) ਜੋ ਰਤਾ ਭਰ ਸਮੇਂ ਵਾਸਤੇ ਭੀ ਪ੍ਰੀਤਮ ਪ੍ਰਭੂ ਵਿਸਰ ਜਾਏ, ਤਾਂ ਉਹ ਆਪਣੇ ਮਨ ਵਿਚ ਵੱਡਾ ਰੋਗ (ਪੈਦਾ ਹੋ ਗਿਆ ਸਮਝਦੇ ਹਨ)।
ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥
(ਉਂਞ ਭੀ) ਜੇ ਪਰਮਾਤਮਾ ਦਾ ਨਾਮ ਮਨ ਵਿਚ ਨਾਹ ਵੱਸੇ, ਤਾਂ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਹੀਂ ਮਿਲ ਸਕਦੀ।
ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥
ਜੇ ਗੁਰੂ ਮਿਲ ਪਏ, (ਤਾਂ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਦਾਤ ਦੇਂਦਾ ਹੈ, ਇਸ ਦੀ ਬਰਕਤਿ ਨਾਲ) ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਕਿਉਂਕਿ) ਸਿਫ਼ਤ-ਸਾਲਾਹ ਵਿਚ ਜੁੜਿਆਂ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ॥੧॥
ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥
ਹੇ (ਮੇਰੇ) ਮਨ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹੁ।
ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥
ਜਗਤ ਵਿਚ ਉਹ (ਭਾਗਾਂ ਵਾਲੇ) ਮਨੁੱਖ ਵਿਰਲੇ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਭੀ ਨਹੀਂ ਭੁੱਲਦਾ ॥੧॥ ਰਹਾਉ ॥
ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥
ਜੇ ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਰਲਾ ਦੇਈਏ, ਉਸ ਵਿਚ ਆਪਣੀ ਸੁਰਤ ਦਾ ਮੇਲ ਕਰ ਦੇਈਏ,
ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥
ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ।
ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥
ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖ਼ਸ਼ਦਾ ਹੈ ॥੨॥
ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥
ਜਿਵੇਂ ਇਸਤ੍ਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ, ਤਿਵੇਂ ਜੇ ਮੈਂ ਕਾਇਆਂ ਨੂੰ ਇਸਤ੍ਰੀ ਬਣਾਵਾਂ, ਕਾਇਆਂ-ਇਸਤ੍ਰੀ (ਭਾਵ, ਗਿਆਨ-ਇੰਦ੍ਰਿਆਂ) ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂ, ਤਾਂ ਪ੍ਰਭੂ-ਪਤੀ ਦਾ ਮਿਲਾਪ ਹੋ ਜਾਏ।
ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥
ਇਸ ਸਰੀਰ ਨਾਲ (ਇਤਨਾ) ਮੋਹ ਨਹੀਂ ਕਰਨਾ ਚਾਹੀਦਾ (ਕਿ ਇਸ ਨੂੰ ਵਿਕਾਰਾਂ ਵਲ ਖੁਲ੍ਹ ਮਿਲੀ ਰਹੇ), ਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ।
ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥
ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ, ਉਹ ਪ੍ਰਭੂ ਉਹਨਾਂ ਦੇ ਹਿਰਦੇ-ਸੇਜ ਉਤੇ ਬੈਠਦਾ ਹੈ ॥੩॥
ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥
ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇ (ਹਿਰਦੇ ਵਿਚ) ਧੁਖਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ।
ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥
(ਇਸ ਤਰ੍ਹਾਂ) ਤੇਰੇ ਅੰਦਰ (ਹਿਰਦਾ-) ਕੌਲ ਖਿੜ ਪਏਗਾ, (ਤੇਰੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ।
ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥
ਹੇ ਨਾਨਕ! ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ ॥੪॥੨੦॥{21-22}
ਸਿਰੀਰਾਗੁ ਮਹਲਾ ੧ ॥
ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥
ਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮਤਿ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ।
ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥
ਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ।
ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥
ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ॥੧॥
ਭਾਈ ਰੇ ਹਰਿ ਹੀਰਾ ਗੁਰ ਮਾਹਿ ॥
ਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ।
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥
ਗੁਰੂ ਸਾਧ ਸੰਗਤਿ ਵਿਚ ਮਿਲਦਾ ਹੈ। (ਸੋ, ਹੇ ਭਾਈ! ਸਾਧ ਸੰਗਤਿ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ॥੧॥ ਰਹਾਉ ॥
ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥
(ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ।
ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥
ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ।
ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥
(ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ॥੨॥
ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥
ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨੀਆਵੀ ਪਦਾਰਥਾਂ ਵਿਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ।
ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥
(ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ। ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ)।
ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥
(ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ ॥੩॥
ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥
ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ।
ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥
ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ।
ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥
(ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ ॥੪॥੨੧॥
ਸਿਰੀਰਾਗੁ ਮਹਲਾ ੧ ॥
ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥
(ਗੁਰੂ ਦੀ ਸਰਨ ਛੱਡ ਕੇ) ਜੇ ਮਨੁੱਖ (ਸੰਨਿਆਸ-ਭੇਖ ਧਾਰ ਕੇ) ਦੇਸ ਦੇਸ ਵਿਚ ਭੌਂਦਾ ਫਿਰੇ, (ਥਾਂ ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ।
ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥
ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ।
ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥
(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ॥੧॥
ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥
ਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ।
ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥
ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ ॥੧॥ ਰਹਾਉ ॥
ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥
ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ ਪਾਂਦਾ ਹੈ।
ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥
(ਪਰ) ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੁੜਦੀ ਹੈ।
ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥
(ਪ੍ਰਭੂ-ਚਰਨਾਂ ਵਿਚ ਸੁਰਤ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ ॥੨॥
ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ।
ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥
ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ।
ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥
(ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ ॥੩॥
ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥
ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ।
ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥
(ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ।
ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥
ਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ), (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ ॥੪॥੨੨॥
ਸਿਰੀਰਾਗੁ ਮਹਲਾ ੧ ॥
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥
ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ।
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥
ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ।
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥
ਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ ॥੧॥
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥
ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ।
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥
(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ॥੧॥ ਰਹਾਉ ॥
ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥
ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ।
ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥
ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ)।
ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥
ਜਿਵੇਂ ਫਾਹੀ ਵਿਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ ॥੨॥
ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥
ਖੋਟੇ ਸਿੱਕੇ (ਸਰਕਾਰੀ) ਖ਼ਜ਼ਾਨੇ ਵਿਚ ਨਹੀਂ ਲਏ ਜਾਂਦੇ (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ।
ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥
ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿਚ) ਕਾਮਯਾਬ ਨਹੀਂ ਹੋ ਸਕਦਾ।
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥
ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ ॥੩॥
ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ।
ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥
ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ।
ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥
ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਆ ਵੱਸਦਾ ਹੈ ॥੪॥੨੩॥
ਸਿਰੀਰਾਗੁ ਮਹਲਾ ੧ ਘਰੁ ੨ ॥
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥
ਧਨ, ਜੁਆਨੀ ਅਤੇ ਨਿੱਕਾ ਜਿਹਾ ਫੁੱਲ-ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ।
ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥
ਜਿਵੇਂ ਚੌਪੱਤੀ ਦੇ ਪੱਤਰ (ਪਾਣੀ ਦੇ) ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ, ਤਿਵੇਂ ਇਹ ਭੀ ਨਾਸ ਹੋ ਜਾਂਦੇ ਹਨ ॥੧॥
ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥
ਹੇ ਪਿਆਰੇ! ਜਦ ਤਕ ਨਵੀਂ ਜੁਆਨੀ ਹੈ ਤਦ ਤਕ ਆਤਮਕ ਅਨੰਦ ਲੈ ਲੈ;
ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥
ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਸਿਮਰਨ ਨਹੀਂ ਹੋ ਸਕੇਗਾ) ॥੧॥ ਰਹਾਉ ॥
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥
ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿਚ ਜਾ ਸੁੱਤੇ ਹਨ,
ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥
(ਮੈਂ ਉਹਨਾਂ ਦੇ ਵਿਛੋੜੇ ਵਿਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ ਪਵਾਂਗੀ ॥੨॥
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥
ਹੇ ਸੁੰਦਰ ਜੀਵ-ਇਸਤ੍ਰੀ! ਤੂੰ ਧਿਆਨ ਨਾਲ ਇਹ ਖ਼ਬਰ ਕਿਉਂ ਨਹੀਂ ਸੁਣਦੀ?
ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥
ਕਿ ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿਚ) ਜ਼ਰੂਰ ਜਾਣਾ ਪਵੇਗਾ ॥੩॥
ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪੇਕੇ ਘਰ (ਇਸ ਲੋਕ ਵਿਚ ਗ਼ਫ਼ਲਤ ਦੀ ਨੀਂਦ ਵਿਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ।
ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥
ਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ ॥੪॥੨੪॥
ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥
ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ।
ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥
ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ ॥੧॥
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥
ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ॥੧॥ਰਹਾਉ॥
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥
ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ)।
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥
ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ॥੨॥
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥
ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ।
ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥
ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ॥੩॥
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥
ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ।
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥
ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ ॥੪॥੨੫॥
ਸਿਰੀਰਾਗੁ ਮਹਲਾ ੧ ਘਰੁ ੩ ॥
ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥
(ਹੇ ਭਾਈ!) ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿਚ ਸਿੰਚਨ ਕਰ।
ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥
ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਉਗਾ। ਇਸ ਤਰ੍ਹਾਂ (ਹੇ ਭਾਈ!) ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ ਜਿਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ ॥੧॥
ਕਾਹੇ ਗਰਬਸਿ ਮੂੜੇ ਮਾਇਆ ॥
ਹੇ ਮੂਰਖ! ਮਾਇਆ ਦਾ ਕਿਉਂ ਮਾਣ ਕਰਦਾ ਹੈਂ?
ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥
ਪਿਤਾ, ਪੁੱਤਰ, ਇਸਤ੍ਰੀ, ਮਾਂ-ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ।ਰਹਾਉ।
ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥
ਜੇਹੜਾ ਮਨੁੱਖ ਚੰਦਰੇ ਵਿਸ਼ੇ-ਵਿਕਾਰਾਂ ਨੂੰ ਹਿਰਦਾ-ਭੁਇਂ ਵਿਚੋਂ ਇਉਂ ਪੁੱਟ ਦੇਂਦਾ ਹੈ ਜਿਵੇਂ ਖੇਤੀ ਵਿਚੋਂ ਨਦੀਨ, ਇਹਨਾਂ ਵਿਕਾਰਾਂ ਦਾ ਤਿਆਗ ਕਰ ਕੇ ਜੋ ਮਨੁੱਖ ਆਪਣੇ ਅੰਦਰ ਇਕ-ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ,
ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥
ਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ ॥੨॥
ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥
ਜੇ ਮਨੁੱਖ ਸਤਾਈ ਹੀ ਨਛੱਤ੍ਰਾਂ ਵਿਚ (ਭਾਵ) ਹਰ ਰੋਜ਼ (ਪ੍ਰਭੂ ਦਾ ਨਾਮ-ਧਨ) ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਾਲਪਨ, ਜੁਆਨੀ, ਬੁਢੇਪੇ) ਵਿਚ ਮੌਤ ਨੂੰ ਚੇਤੇ ਰੱਖੇ,
ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥
ਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ) ਵਿਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਹੇ ਨਾਨਕ! ਇਸ ਤਰ੍ਹਾਂ ਪਰਮਾਤਮਾ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥੨੬॥
ਸਿਰੀਰਾਗੁ ਮਹਲਾ ੧ ਘਰੁ ੩ ॥
ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥
(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ।
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥
ਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿਚ) ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ਼ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ ॥੧॥
ਮਤੁ ਜਾਣ ਸਹਿ ਗਲੀ ਪਾਇਆ ॥
(ਹੇ ਕਾਜ਼ੀ!) ਇਹ ਨ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ।
ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥੧॥ ਰਹਾਉ ॥
ਜੇ (ਬੇਈਮਾਨੀਆਂ ਕਰ ਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ) ਰੂਪ ਦੀ ਸੋਭਾ ਵਿਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ) ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ॥੧॥ ਰਹਾਉ ॥
ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥
(ਜਦ ਤਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ (ਉਸ ਚਿੱਕੜ ਵਿਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ-ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)।
ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥੨॥
(ਭੌਰਾ ਆ ਕੇ ਕੌਲ ਫੁੱਲ ਉਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ-ਭੌਰਾ ਸਦਾ (ਹਰੀ-ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜੇਹੀ ਸਮਝ ਹੀ ਨਹੀਂ ਹੈ ॥੨॥
ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥
(ਹੇ ਕਾਜ਼ੀ! ਜਦ ਤਕ) ਇਹ ਮਨ ਮਾਇਆ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ।
ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥੩॥
ਉਹੀ ਬੰਦੇ ਮਾਲਕ-ਰੱਬ ਦੀ ਮਿਹਰ ਦੀ ਨਜ਼ਰ ਵਿਚ ਹਨ, ਉਹੀ ਬੰਦੇ ਉਸ ਦੇ ਦਿਲ ਵਿਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸ ਨੂੰ ਸਿਮਰਿਆ ਹੈ ॥੩॥
ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥
(ਹੇ ਕਾਜ਼ੀ!) ਤੂੰ ਤੀਹ ਰੋਜ਼ੇ ਗਿਣ ਕੇ ਰੱਖਦਾ ਹੈਂ, ਪੰਜ ਨਿਮਾਜ਼ਾਂ ਨੂੰ ਸਾਥੀ ਬਣਾਂਦਾ ਹੈਂ (ਪਰ ਇਹ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈਂ, (ਕਿ ਮੈਨੂੰ ਕੋਈ ਸ਼ੈਤਾਨ (ਮਾੜਾ ਬੰਦਾ) ਨਾ ਆਖੇ) (ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ।)
ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥੪॥੨੭॥
ਪਰ, ਨਾਨਕ ਆਖਦਾ ਹੈ- (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਉਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ? (ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ, ਅੰਦਰੋਂ ਤੂੰ ਧਨ ਦੇ ਲਾਲਚ ਵਿਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ) ॥੪॥੨੭॥
ਸਿਰੀਰਾਗੁ ਮਹਲਾ ੧ ਘਰੁ ੪ ॥
ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥
ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ-ਭਰਾ ਕੀਤਾ ਹੈ।
ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥੧॥
ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰ ਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ (ਉਸੇ ਦੀ ਸਿਫ਼ਤ-ਸਾਲਾਹ ਕਰੋ), ਉਹੀ (ਅਸਲ) ਮਾਲਕ ਹੈ (ਮੌਤ ਦਾ ਮਾਲਕ ਭੀ ਉਹੀ ਹੈ, ਵਿਰੋਧੀ ਤੱਤਾਂ ਵਾਲੀ ਖੇਡ ਆਖ਼ਰ ਮੁੱਕਣੀ ਹੀ ਹੋਈ, ਤੇ ਉਹੀ ਮੁਕਾਂਦਾ ਹੈ) ॥੧॥
=ਮਰਣਾ ਮੁਲਾ ਮਰਣਾ ॥
ਹੇ ਮੁੱਲਾਂ! ਮੌਤ (ਦਾ ਡਰ) ਹਰੇਕ ਦੇ ਸਿਰ ਉੱਤੇ ਹੈ।
ਭੀ ਕਰਤਾਰਹੁ ਡਰਣਾ ॥੧॥ ਰਹਾਉ ॥
ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ (ਰੱਬ ਦੇ ਡਰ ਵਿਚ ਰਹਿਣਾ ਹੀ ਫਬਦਾ ਹੈ। ਭਾਵ, ਰੱਬ ਦੇ ਡਰ ਵਿਚ ਰਿਹਾਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ) ॥੧॥ ਰਹਾਉ ॥
ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥
(ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਸਕੀਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਸਮਝ ਤਦੋਂ ਹੀ ਕਾਜ਼ੀ, ਜਦੋਂ ਤੂੰ ਰੱਬ ਦੇ ਨਾਮ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, ਨਹੀਂ ਤਾਂ)
ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥੨॥
ਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਜਾਏਂ (ਮੌਤ ਫਿਰ ਭੀ ਨਹੀਂ ਟਲੇਗੀ), ਜਿਵੇਂ ਪਨ ਘੜੀ ਜਦੋਂ ਪਾਣੀ ਨਾ ਭਰ ਜਾਂਦੀ ਹੈ, ਤਾਂ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ ਭਾਵ ਡੁੱਬ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇਥੇ ਰਹਿ ਨਹੀਂ ਸਕਦਾ ॥੨॥
ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥
ਉਹੀ ਮੁਨੱਖ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸ ਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ,
ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥੩॥
ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥
ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥
(ਹੇ ਕਾਜ਼ੀ!) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ, ਤੂੰ ਕੁਰਾਨ ਅਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸੁਆਰਥ ਵਿਚ ਬੱਝਾ ਰਹਿ ਕੇ ਮੌਤ ਤੋਂ ਡਰਦਾ ਹੈਂ)।
ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥੪॥੨੮॥
ਨਾਨਕ ਆਖਦਾ ਹੈ- (ਹੇ ਕਾਜ਼ੀ!) ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇੱਥੇ ਦਾ ਇੱਥੇ ਹੀ ਧਰਿਆ ਰਹਿ ਜਾਂਦਾ ਹੈ (ਸੋ, ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿਚ ਟਿਕਿਆ ਰਹੁ) ॥੪॥੨੮॥
ਸਿਰੀਰਾਗੁ ਮਹਲਾ ੧ ਘਰੁ ੪ ॥
ਏਕੁ ਸੁਆਨੁ ਦੁਇ ਸੁਆਨੀ ਨਾਲਿ ॥
ਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ।
ਭਲਕੇ ਭਉਕਹਿ ਸਦਾ ਬਇਆਲਿ ॥
(ਦੋ ਜੋ ਨਿੱਤ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਹਨ।)
ਕੂੜੁ ਛੁਰਾ ਮੁਠਾ ਮੁਰਦਾਰੁ ॥
(ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ)
ਧਾਣਕ ਰੂਪਿ ਰਹਾ ਕਰਤਾਰ ॥੧॥
ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ ॥੧॥
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥
ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ।
ਹਉ ਬਿਗੜੈ ਰੂਪਿ ਰਹਾ ਬਿਕਰਾਲ ॥
ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ।
ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥
ਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ)।
ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥
ਮੈਨੂੰ ਹੁਣ ਸਿਰਫ਼ ਇਹੀ ਆਸ ਹੈ, ਇਹੋ ਆਸਰਾ ਹੈ ਕਿ ॥੧॥ ਰਹਾਉ ॥
ਮੁਖਿ ਨਿੰਦਾ ਆਖਾ ਦਿਨੁ ਰਾਤਿ ॥
ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ।
ਪਰ ਘਰੁ ਜੋਹੀ ਨੀਚ ਸਨਾਤਿ ॥
ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ।
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥
ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ।
ਧਾਣਕ ਰੂਪਿ ਰਹਾ ਕਰਤਾਰ ॥੨॥
ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ॥੨॥
ਫਾਹੀ ਸੁਰਤਿ ਮਲੂਕੀ ਵੇਸੁ ॥
ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ।
ਹਉ ਠਗਵਾੜਾ ਠਗੀ ਦੇਸੁ ॥
ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ।
ਖਰਾ ਸਿਆਣਾ ਬਹੁਤਾ ਭਾਰੁ ॥
(ਜਿਉੇਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)।
ਧਾਣਕ ਰੂਪਿ ਰਹਾ ਕਰਤਾਰ ॥੩॥
ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ॥੩॥
ਮੈ ਕੀਤਾ ਨ ਜਾਤਾ ਹਰਾਮਖੋਰੁ ॥
ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ।
ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥
ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ?
ਨਾਨਕੁ ਨੀਚੁ ਕਹੈ ਬੀਚਾਰੁ ॥
ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ,
ਧਾਣਕ ਰੂਪਿ ਰਹਾ ਕਰਤਾਰ ॥੪॥੨੯॥
ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ॥੪॥੨੯॥
ਸਿਰੀਰਾਗੁ ਮਹਲਾ ੧ ਘਰੁ ੪ ॥
ਏਕਾ ਸੁਰਤਿ ਜੇਤੇ ਹੈ ਜੀਅ ॥
ਜਿਤਨੇ ਭੀ ਜੀਵ ਹਨ (ਇਹਨਾਂ ਸਭਨਾਂ ਦੇ ਅੰਦਰ) ਇਕ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਸੂਝ ਕੰਮ ਕਰ ਰਹੀ ਹੈ।
ਸੁਰਤਿ ਵਿਹੂਣਾ ਕੋਇ ਨ ਕੀਅ ॥
(ਪਰਮਾਤਮਾ ਨੇ) ਕੋਈ ਭੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ।
ਜੇਹੀ ਸੁਰਤਿ ਤੇਹਾ ਤਿਨ ਰਾਹੁ ॥
ਜਿਹੋ ਜਿਹੀ ਸੂਝ (ਪ੍ਰਭੂ ਜੀਵਾਂ ਨੂੰ ਦੇਂਦਾ ਹੈ) ਉਹੋ ਜਿਹਾ ਜੀਵਨ-ਰਸਤਾ ਉਹ ਫੜ ਲੈਂਦੇ ਹਨ।
ਲੇਖਾ ਇਕੋ ਆਵਹੁ ਜਾਹੁ ॥੧॥
(ਉਸੇ ਮਿਲੀ ਸੂਝ ਅਨੁਸਾਰ) ਜੀਵ (ਜਗਤ ਵਿਚ) ਆਉਂਦੇ ਹਨ ਤੇ (ਇੱਥੋਂ) ਚਲੇ ਜਾਂਦੇ ਹਨ। ਇਹ ਮਰਯਾਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ ॥੧॥
ਕਾਹੇ ਜੀਅ ਕਰਹਿ ਚਤੁਰਾਈ ॥
ਹੇ ਜੀਵ! ਤੂੰ (ਆਪਣੀ ਚੰਗੀ ਸੂਝ-ਅਕਲ ਵਿਖਾਣ ਲਈ) ਕਿਉਂ ਚਲਾਕੀ ਕਰਦਾ ਹੈਂ?
ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥
ਉਹ ਪਰਮਾਤਮਾ ਹੀ (ਜੀਵਾਂ ਨੂੰ ਸੂਝ) ਦੇਂਦਾ ਭੀ ਹੈ ਤੇ ਲੈ ਭੀ ਲੈਂਦਾ ਹੈ, ਰਤਾ ਚਿਰ ਨਹੀਂ ਲਾਂਦਾ ॥੧॥ ਰਹਾਉ ॥
ਤੇਰੇ ਜੀਅ ਜੀਆ ਕਾ ਤੋਹਿ ॥
ਹੇ ਮਾਲਕ-ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ।
ਕਿਤ ਕਉ ਸਾਹਿਬ ਆਵਹਿ ਰੋਹਿ ॥
(ਜੇ ਜੀਵ ਤੈਥੋਂ ਮਿਲੀ ਸੂਝ-ਅਕਲ ਦਾ ਮਾਣ ਭੀ ਕਰਨ, ਤਾਂ ਭੀ) ਤੂੰ ਗੁੱਸੇ ਵਿਚ ਨਹੀਂ ਆਉਂਦਾ (ਕਿਉਂਕਿ ਆਖ਼ਰ ਇਹ ਜੀਵ ਸਾਰੇ ਤੇਰੇ ਹੀ ਹਨ)।
ਜੇ ਤੂ ਸਾਹਿਬ ਆਵਹਿ ਰੋਹਿ ॥
ਹੇ ਮਾਲਕ ਪ੍ਰਭੂ! ਜੇ ਤੂੰ ਗੁੱਸੇ ਵਿਚ ਆਵੇਂ (ਤਾਂ ਕਿਸ ਉੱਤੇ ਆਵੇਂ?)
ਤੂ ਓਨਾ ਕਾ ਤੇਰੇ ਓਹਿ ॥੨॥
ਤੂੰ ਉਹਨਾਂ ਦਾ ਮਾਲਕ ਹੈਂ, ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ ॥੨॥
ਅਸੀ ਬੋਲਵਿਗਾੜ ਵਿਗਾੜਹ ਬੋਲ ॥
(ਹੇ ਪ੍ਰਭੂ!) ਅਸੀਂ ਜੀਵ ਬੜਬੋਲੇ ਹਾਂ, ਅਸੀਂ (ਤੈਥੋਂ ਮਿਲੀ ਸੂਝ-ਅਕਲ ਉਤੇ ਮਾਣ ਕਰਕੇ ਅਨੇਕਾਂ ਵਾਰੀ) ਫਿੱਕੇ ਬੋਲ ਬੋਲ ਦੇਂਦੇ ਹਾਂ,
ਤੂ ਨਦਰੀ ਅੰਦਰਿ ਤੋਲਹਿ ਤੋਲ ॥
ਪਰ ਤੂੰ (ਸਾਡੇ ਕੁਬੋਲਾਂ ਨੂੰ) ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ।
ਜਹ ਕਰਣੀ ਤਹ ਪੂਰੀ ਮਤਿ ॥
(ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ) ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ ਉਸ ਦੀ ਸੂਝ-ਅਕਲ ਭੀ ਗੰਭੀਰ ਹੋ ਜਾਂਦੀ ਹੈ (ਤੇ ਉਹ ਬੜਬੋਲਾ ਨਹੀਂ ਬਣਦਾ)।
ਕਰਣੀ ਬਾਝਹੁ ਘਟੇ ਘਟਿ ॥੩॥
(ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ ॥੩॥
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥
ਨਾਨਕ ਬੇਨਤੀ ਕਰਦਾ ਹੈ, ਅਸਲ ਗਿਆਨਵਾਨ ਮਨੁੱਖ ਉਹ ਹੈ,
ਆਪੁ ਪਛਾਣੈ ਬੂਝੈ ਸੋਇ ॥
ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ,
ਗੁਰਪਰਸਾਦਿ ਕਰੇ ਬੀਚਾਰੁ ॥
ਜੋ ਗੁਰੂ ਦੀ ਮਿਹਰ ਨਾਲ (ਆਪਣੀ ਚਤੁਰਾਈ ਛੱਡ ਕੇ ਅਕਲ-ਦਾਤੇ ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰਦਾ ਹੈ।
ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥
ਅਜੇਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੩੦॥
ਸਿਰੀਰਾਗੁ ਮਹਲਾ ੧ ਘਰੁ ੪ ॥
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥
ਹੇ ਪ੍ਰਭੂ! ਤੂੰ (ਇਕ) ਦਰੀਆ (ਸਮਾਨ ਹੈਂ), ਮੈਂ (ਤੇਰੇ ਵਿਚ ਰਹਿਣ ਵਾਲੀ) ਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖ਼ੀਰਲਾ ਬੰਨਾ ਨਹੀਂ ਲੱਭ ਸਕਦੀ। (ਮੇਰੀ ਹਾਲਤ) ਤੂੰ ਹੀ ਜਾਣਦਾ ਹੈਂ, ਤੂੰ ਹੀ (ਨਿਤ) ਦੇਖਦਾ ਹੈਂ।
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥
ਮੈਂ (ਮੱਛੀ ਤੈਂ ਦਰੀਆ ਵਿਚ) ਜਿਧਰ ਵੇਖਦੀ ਹਾਂ ਉਧਰ ਉਧਰ ਤੂੰ (ਦਰੀਆ ਹੀ ਦਰੀਆ) ਹੈ। ਜੇ ਮੈਂ ਤੈਂ ਦਰੀਆ ਵਿਚੋਂ ਬਾਹਰ ਨਿਕਲ ਜਾਵਾਂ, ਤਾਂ ਉਸੇ ਵੇਲੇ ਤੜਫ ਮਰਦੀ ਹਾਂ (ਮੇਰਾ ਜੀਵਨ ਤੇਰੇ ਹੀ ਆਸਰੇ ਹੈ) ॥੧॥
ਨ ਜਾਣਾ ਮੇਉ ਨ ਜਾਣਾ ਜਾਲੀ ॥
(ਹੇ ਦਰੀਆ-ਪ੍ਰਭੂ! ਤੈਥੋਂ ਵਿਛੋੜਨ ਵਾਲੇ) ਨਾਹ ਮੈਨੂੰ ਮਾਛੀ ਦੀ ਸਮਝ ਹੈ, ਨਾਹ ਹੀ ਉਸ ਦੇ ਜਾਲ ਦੀ (ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ)।
ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥
(ਤੈਥੋਂ ਵਿਛੋੜਨ ਵਾਸਤੇ) ਜਦੋਂ ਮੈਨੂੰ ਕੋਈ (ਆਤਮਕ) ਦੁੱਖ ਵਿਆਪਦਾ ਹੈ, ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ ॥੧॥ ਰਹਾਉ ॥
ਤੂ ਭਰਪੂਰਿ ਜਾਨਿਆ ਮੈ ਦੂਰਿ ॥
ਹੇ ਪ੍ਰਭੂ! ਤੂੰ (ਇਸ ਜਗਤ ਵਿਚ) ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਹੈ।
ਜੋ ਕਛੁ ਕਰੀ ਸੁ ਤੇਰੈ ਹਦੂਰਿ ॥
(ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ।
ਤੂ ਦੇਖਹਿ ਹਉ ਮੁਕਰਿ ਪਾਉ ॥
ਤੂੰ ਸਭ ਕੁਝ ਵੇਖਦਾ ਹੈਂ (ਫਿਰ ਭੀ) ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ।
ਤੇਰੈ ਕੰਮਿ ਨ ਤੇਰੈ ਨਾਇ ॥੨॥
ਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ ॥੨॥
ਜੇਤਾ ਦੇਹਿ ਤੇਤਾ ਹਉ ਖਾਉ ॥
ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ।
ਬਿਆ ਦਰੁ ਨਾਹੀ ਕੈ ਦਰਿ ਜਾਉ ॥
ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿਥੇ ਮੈਂ ਜਾਵਾਂ (ਤੇ ਸਵਾਲੀ ਬਣਾਂ)।
ਨਾਨਕੁ ਏਕ ਕਹੈ ਅਰਦਾਸਿ ॥
ਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥
ਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ ॥੩॥
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੁੋ ॥
ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਦੂਰ ਭੀ ਹੈ, ਆਪ ਹੀ ਸਾਰੇ ਜਗਤ ਵਿਚ ਮੌਜੂਦ ਹੈ।
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੁੋ ॥
ਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ।
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੁੋ ॥੪॥੩੧॥
ਹੇ ਨਾਨਕ! ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ ॥੪॥੩੧॥
ਸਿਰੀਰਾਗੁ ਮਹਲਾ ੧ ਘਰੁ ੪ ॥
ਕੀਤਾ ਕਹਾ ਕਰੇ ਮਨਿ ਮਾਨੁ ॥
ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿਚ (ਮਾਇਆ ਦਾ) ਕੀਹ ਮਾਣ ਕਰ ਸਕਦਾ ਹੈ?
ਦੇਵਣਹਾਰੇ ਕੈ ਹਥਿ ਦਾਨੁ ॥
(ਦੁਨੀਆ ਦੇ ਪਦਾਰਥਾਂ ਦੀ) ਵੰਡ (ਦੀ ਤਾਕਤ) ਦਾਤਾਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ।
ਭਾਵੈ ਦੇਇ ਨ ਦੇਈ ਸੋਇ ॥
ਉਸ ਦੀ ਮਰਜ਼ੀ ਹੈ ਕਿ ਧਨ-ਪਦਾਰਥ ਦੇਵੇ ਜਾਂ ਨਾਹ ਦੇਵੇ।
ਕੀਤੇ ਕੈ ਕਹਿਐ ਕਿਆ ਹੋਇ ॥੧॥
ਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ ॥੧॥
ਆਪੇ ਸਚੁ ਭਾਵੈ ਤਿਸੁ ਸਚੁ ॥
ਪਰਮਾਤਮਾ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ (ਆਪਣਾ ਨਾਮ) ਹੀ ਪਸੰਦ ਆਉਂਦਾ ਹੈ।
ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥
ਪਰ ਗਿਆਨ-ਹੀਣ ਜੀਵ (ਮਾਇਆ ਦੀ ਮਲਕੀਅਤ ਦੇ ਕਾਰਨ) ਹੋਛਾ ਹੈ, ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ (ਪ੍ਰਭੂ ਨੂੰ ਇਹ ਹੋਛਾ-ਪਨ ਪਸੰਦ ਨਹੀਂ ਆ ਸਕਦਾ) ॥੧॥ ਰਹਾਉ ॥
ਜਾ ਕੇ ਰੁਖ ਬਿਰਖ ਆਰਾਉ ॥
ਜਿਸ ਪਰਮਾਤਮਾ ਦੇ (ਪੈਦਾ ਕੀਤੇ ਹੋਏ ਇਹ) ਰੁੱਖ ਬਿਰਖ ਹਨ ਉਹ ਹੀ ਇਹਨਾਂ ਨੂੰ ਸਜਾਵਟ ਦੇਂਦਾ ਹੈ।
ਜੇਹੀ ਧਾਤੁ ਤੇਹਾ ਤਿਨ ਨਾਉ ॥
ਜਿਹੋ ਜਿਹਾ ਰੁੱਖਾਂ ਦਾ ਅਸਲਾ ਹੈ, ਤਿਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ (ਉਹੋ ਜਿਹੇ ਉਹਨਾਂ ਨੂੰ ਫੁੱਲ ਫਲ ਪੈਂਦੇ ਹਨ)।
ਫੁਲੁ ਭਾਉ ਫਲੁ ਲਿਖਿਆ ਪਾਇ ॥
(ਇਸੇ ਤਰ੍ਹਾਂ ਜਿਹੋ ਜਿਹੀ) ਭਾਵਨਾ ਦਾ ਫੁੱਲ (ਕਿਸੇ ਮਨੁੱਖ ਦੇ ਅੰਦਰ ਹੈ) ਉਸੇ ਅਨੁਸਾਰ ਉਸ ਨੂੰ ਜੀਵਨ-ਫਲ ਲੱਗਦਾ ਹੈ। (ਉਸ ਦਾ ਜੀਵਨ ਬਣਦਾ ਹੈ)।
ਆਪਿ ਬੀਜਿ ਆਪੇ ਹੀ ਖਾਇ ॥੨॥
ਹਰੇਕ ਮਨੁੱਖ ਜੋ ਕੁਝ ਆਪ ਬੀਜਦਾ ਹੈ ਆਪ ਹੀ ਖਾਂਦਾ ਹੈ (ਜਿਹੋ ਜਿਹੇ ਕਰਮ ਕਰਦਾ ਹੈ, ਵੈਸਾ ਹੀ ਉਸ ਦਾ ਜੀਵਨ ਉਸਰਦਾ ਹੈ) ॥੨॥
ਕਚੀ ਕੰਧ ਕਚਾ ਵਿਚਿ ਰਾਜੁ ॥
ਜਿਸ ਮਨੁੱਖ ਦੇ ਅੰਦਰ ਅੰਞਾਣ ਮਨ (ਜੀਵਨ-ਉਸਾਰੀ ਕਰਨ ਵਾਲਾ) ਰਾਜ-ਕਾਰੀਗਰ ਹੈ, ਉਸ ਦੀ ਜੀਵਨ- ਉਸਾਰੀ ਦੀ ਕੰਧ ਭੀ ਕੱਚੀ (ਕਮਜ਼ੋਰ) ਹੀ ਬਣਦੀ ਹੈ।
ਮਤਿ ਅਲੂਣੀ ਫਿਕਾ ਸਾਦੁ ॥
ਉਸ ਦੀ ਅਕਲ ਭੀ ਫਿੱਕੀ ਤੇ ਉਸ ਦਾ ਸਾਰਾ ਜੀਵਨ ਭੀ ਫਿੱਕਾ (ਬੇ-ਰਸਾ) ਹੀ ਰਹਿੰਦਾ ਹੈ।
ਨਾਨਕ ਆਣੇ ਆਵੈ ਰਾਸਿ ॥
(ਪਰ ਜੀਵ ਦੇ ਕੀਹ ਵੱਸ?) ਹੇ ਨਾਨਕ! ਜੇ ਪ੍ਰਭੂ ਆਪ ਜੀਵ ਦੇ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ।
ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥
(ਨਹੀਂ ਤਾਂ) ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ ॥੩॥੩੨॥
ਸਿਰੀਰਾਗੁ ਮਹਲਾ ੧ ਘਰੁ ੫ ॥
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥
ਅਛਲ ਮਾਇਆ-ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖ਼ਮ ਨਹੀਂ ਕਰ ਸਕਦੀ (ਜਿਸ ਨੂੰ ਕੋਈ ਮਾਰ-ਮੁਕਾ ਨਹੀਂ ਸਕਦਾ) ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ।
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥
ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ, ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ॥੧॥
ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥
(ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ)॥੧॥ਰਹਾਉ॥
ਪੋਥੀ ਪੁਰਾਣ ਕਮਾਈਐ ॥
ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ (-ਇਹ ਹੋਵੇ ਤੇਲ),
ਭਉ ਵਟੀ ਇਤੁ ਤਨਿ ਪਾਈਐ ॥
ਪਰਮਾਤਮਾ ਦਾ ਡਰ-ਇਹ ਸਰੀਰ (-ਦੀਵੇ) ਵਿਚ ਵੱਟੀ ਪਾ ਦੇਈਏ,
ਸਚੁ ਬੂਝਣੁ ਆਣਿ ਜਲਾਈਐ ॥੨॥
ਪਰਮਾਤਮਾ ਨਾਲ ਡੂੰਘੀ ਸਾਂਝ (-ਇਹ ਅੱਗ) ਲਿਆ ਕੇ ਬਾਲੀਏ ॥੨॥
ਇਹੁ ਤੇਲੁ ਦੀਵਾ ਇਉ ਜਲੈ ॥
ਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਕਦਾ ਹੈ।
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥
(ਹੇ ਭਾਈ!) ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ ॥੧॥ ਰਹਾਉ ॥
ਇਤੁ ਤਨਿ ਲਾਗੈ ਬਾਣੀਆ ॥
(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ,
ਸੁਖੁ ਹੋਵੈ ਸੇਵ ਕਮਾਣੀਆ ॥
(ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ,
ਸਭ ਦੁਨੀਆ ਆਵਣ ਜਾਣੀਆ ॥੩॥
ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੩॥
ਵਿਚਿ ਦੁਨੀਆ ਸੇਵ ਕਮਾਈਐ ॥
(ਹੇ ਭਾਈ!) ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ।
ਤਾ ਦਰਗਹ ਬੈਸਣੁ ਪਾਈਐ ॥
ਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ।
ਕਹੁ ਨਾਨਕ ਬਾਹ ਲੁਡਾਈਐ ॥੪॥੩੩॥
ਨਾਨਕ ਆਖਦਾ ਹੈ- (ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ। (ਕੋਈ ਚਿੰਤਾ-ਸੋਗ ਨਹੀਂ ਵਿਆਪਦਾ) ॥੪॥੩੩॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥
ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥
ਜਿਉਂ ਜਿਉਂ ਕਿਸੇ ਜੀਵ ਨੂੰ (ਪ੍ਰਭੂ ਦੇ ਗੁਣ) ਬੋਲਣ ਦੀ ਸਮਝ ਪੈਂਦੀ ਹੈ (ਤਿਉਂ ਤਿਉਂ ਇਹ ਸਮਝ ਭੀ ਆਉਂਦੀ ਜਾਂਦੀ ਹੈ ਕਿ ਉਸ ਦੇ ਗੁਣ) ਬਿਆਨ ਕਰ ਕਰ ਕੇ ਮਨ ਨੂੰ ਖਪਾਣਾ ਹੀ ਹੈ।
ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥
ਜਿਸ ਪ੍ਰਭੂ ਨੂੰ ਬੋਲ ਕੇ ਸੁਣਾਈਦਾ ਹੈ (ਭਾਵ, ਜਿਸ ਪ੍ਰਭੂ ਦੇ ਗੁਣਾਂ ਬਾਰੇ ਬੋਲ ਕੇ ਹੋਰਨਾਂ ਨੂੰ ਦੱਸੀਦਾ ਹੈ, ਉਸ ਦੀ ਬਾਬਤ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ) ਉਹ ਕੇਡਾ ਵੱਡਾ ਹੈ ਤੇ ਕਿਸ ਥਾਂ ਤੇ (ਨਿਵਾਸ ਰੱਖਦਾ) ਹੈ।
ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥੧॥
ਉਹ ਸਾਰੇ ਬਿਆਨ ਕਰਦੇ ਥੱਕ ਜਾਂਦੇ ਹਨ, (ਗੁਣਾਂ ਵਿਚ) ਸੁਰਤ ਜੋੜਦੇ ਰਹਿ ਜਾਂਦੇ ਹਨ ॥੧॥
ਬਾਬਾ ਅਲਹੁ ਅਗਮ ਅਪਾਰੁ ॥
ਹੇ ਭਾਈ! ਪਰਮਾਤਮਾ ਦੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥੧॥ ਰਹਾਉ ॥
ਉਸ ਦੀ ਵਡਿਆਈ ਪਵਿਤ੍ਰ ਹੈ, ਉਹ ਪਵਿਤ੍ਰ ਅਸਥਾਨ ਤੇ (ਸੋਭ ਰਿਹਾ) ਹੈ। ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਭ ਜੀਵਾਂ ਦਾ) ਪਾਲਣ ਵਾਲਾ ਹੈ ॥੧॥ ਰਹਾਉ ॥
ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥
ਹੇ ਪ੍ਰਭੂ! ਕਿਸੇ ਨੂੰ ਭੀ ਇਹ ਸਮਝ ਨਹੀਂ ਪਈ, ਕਿ ਤੇਰਾ ਹੁਕਮ ਕਿਤਨਾ ਅਟੱਲ ਹੈ, ਕੋਈ ਭੀ ਤੇਰੇ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ।
ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥
ਜੇ ਸੌ ਕਵੀ ਭੀ ਇਕੱਠੇ ਕਰ ਲਏ ਜਾਣ, ਤਾਂ ਭੀ ਉਹ ਬਿਆਨ ਕਰਨ ਦਾ ਵਿਅਰਥ ਜਤਨ ਕਰ ਕੇ ਤੇਰੇ ਗੁਣਾਂ ਦੇ ਇਕ ਤਿਲ ਮਾਤ੍ਰ ਤਕ ਨਹੀਂ ਪਹੁੰਚ ਸਕਦੇ।
ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥੨॥
ਕਿਸੇ ਭੀ ਜੀਵ ਨੇ ਤੇਰਾ ਮੁੱਲ ਨਹੀਂ ਪਾਇਆ, ਸਾਰੇ ਜੀਵ ਤੇਰੀ ਬਾਬਤ (ਦੂਜਿਆਂ ਤੋਂ) ਸੁਣ ਸੁਣ ਕੇ ਹੀ ਆਖ ਦੇਂਦੇ ਹਨ ॥੨॥
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥
(ਦੁਨੀਆ ਤੇ) ਅਨੇਕਾਂ ਪੀਰ ਪੈਗ਼ੰਬਰ, ਹੋਰਨਾਂ ਨੂੰ ਜੀਵਨ-ਰਾਹ ਦੱਸਣ ਵਾਲੇ,
ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥
ਅਨੇਕਾਂ, ਸ਼ੇਖ਼, ਕਾਜ਼ੀ, ਮੁੱਲਾਂ ਅਤੇ ਤੇਰੇ ਦਰਵਾਜ਼ੇ ਤਕ ਪਹੁੰਚੇ ਹੋਏ ਦਰਵੇਸ਼ ਆਏ।
ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥
(ਕਿਸੇ ਨੇ, ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨ ਲੱਭਾ, ਹਾਂ ਸਿਰਫ਼) ਉਹਨਾਂ ਨੂੰ ਬਹੁਤ ਬਰਕਤਿ ਮਿਲੀ (ਉਹਨਾਂ ਦੇ ਹੀ ਭਾਗ ਜਾਗੇ) ਜੋ (ਤੇਰੇ ਦਰ ਤੇ) ਦੁਆ (ਅਰਜ਼ੋਈ) ਕਰਦੇ ਰਹਿੰਦੇ ਹਨ ॥੩॥
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥
ਪ੍ਰਭੂ ਇਹ ਜਗਤ ਨਾਹ ਕਿਸੇ ਪਾਸੋਂ ਸਲਾਹ ਲੈ ਕੇ ਬਣਾਂਦਾ ਹੈ ਨਾਹ ਹੀ ਪੁੱਛ ਕੇ ਨਾਸ ਕਰਦਾ ਹੈ, ਨਾਹ ਹੀ ਕਿਸੇ ਦੀ ਸਲਾਹ ਨਾਲ ਸਰੀਰ ਵਿਚ ਜਿੰਦ ਪਾਂਦਾ ਹੈ ਨਾਹ ਕੱਢਦਾ ਹੈ।
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥
ਪਰਮਾਤਮਾ ਆਪਣੀ ਕੁਦਰਤਿ ਆਪ ਹੀ ਜਾਣਦਾ ਹੈ, ਆਪ ਹੀ ਇਹ ਜਗਤ-ਰਚਨਾ ਰਚਦਾ ਹੈ।
ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥
ਮਿਹਰ ਦੀ ਨਿਗਾਹ ਕਰ ਕੇ ਸਭ ਜੀਵਾਂ ਦੀ ਸੰਭਾਲ ਆਪ ਹੀ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ (ਆਪਣੇ ਗੁਣਾਂ ਦੀ ਕਦਰ) ਬਖ਼ਸ਼ਦਾ ਹੈ ॥੪॥
ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥
(ਬੇਅੰਤ ਪੁਰੀਆਂ ਧਰਤੀਆਂ ਆਦਿਕ ਹਨ। ਇਤਨੀ ਬੇਅੰਤ ਰਚਨਾ ਹੈ ਕਿ) ਸਭ ਥਾਵਾਂ ਦੇ (ਪਦਾਰਥਾਂ ਦੇ) ਨਾਮ ਜਾਣੇ ਨਹੀਂ ਜਾ ਸਕਦੇ। ਬੇਅੰਤ ਨਾਮਾਂ ਵਿਚੋਂ ਉਹ ਕੇਹੜਾ ਨਾਮ ਹੋ ਸਕਦਾ ਹੈ ਜੋ ਇਤਨਾ ਵੱਡਾ ਹੋਵੇ ਕਿ ਪਰਮਾਤਮਾ ਦੇ ਅਸਲ ਵਡੱਪਣ ਨੂੰ ਬਿਆਨ ਕਰ ਸਕੇ?-ਇਹ ਹੱਲ ਕੋਈ ਨਹੀਂ ਦੱਸ ਸਕਦਾ।
ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ ॥
ਇਹ ਭੀ ਨਹੀਂ ਦੱਸਿਆ ਜਾ ਸਕਦਾ ਕਿ ਜਿੱਥੇ ਸ੍ਰਿਸ਼ਟੀ ਦਾ ਪਾਤਿਸ਼ਾਹ ਪ੍ਰਭੂ ਵੱਸਦਾ ਹੈ ਉਹ ਥਾਂ ਕੇਡਾ ਵੱਡਾ ਹੈ।
ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥
ਕਿਸੇ ਪਾਸੋਂ ਭੀ ਇਹ ਪੁੱਛ ਪੁੱਛੀ ਨਹੀਂ ਜਾ ਸਕਦੀ, ਕਿਉਂਕਿ ਕੋਈ ਜੀਵ ਉਸ ਅਵਸਥਾ ਤੇ ਪਹੁੰਚ ਨਹੀਂ ਸਕਦਾ (ਜਿੱਥੋਂ ਉਹ ਪਰਮਾਤਮਾ ਦੀ ਬਜ਼ੁਰਗੀ ਸਹੀ ਸਹੀ ਦੱਸ ਸਕੇ) ॥੫॥
ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥
(ਇਹ ਭੀ ਨਹੀਂ ਕਿਹਾ ਜਾ ਸਕਦਾ ਕਿ) ਪਰਮਾਤਮਾ ਨੂੰ ਫਲਾਣੀ ਉੱਚੀ ਜਾਂ ਨੀਵੀਂ ਜਾਤਿ ਭਾਉਂਦੀ ਹੈ ਜਾਂ ਨਹੀਂ ਭਾਉਂਦੀ ਤੇ ਇਸ ਤਰ੍ਹਾਂ ਉਹ ਕਿਸੇ ਇੱਕ ਜਾਤਿ ਨੂੰ ਉੱਚਾ ਕਰ ਦੇਂਦਾ ਹੈ।
ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥
ਸਭ ਵਡਿਆਈਆਂ ਵੱਡੇ ਪ੍ਰਭੂ ਦੇ ਆਪਣੇ ਹੱਥ ਵਿਚ ਹਨ। ਜੇਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਵਡਿਆਈ ਬਖ਼ਸ਼ ਦੇਂਦਾ ਹੈ।
ਹੁਕਮਿ ਸਵਾਰੇ ਆਪਣੈ ਚਸਾ ਨ ਢਿਲ ਕਰੇਇ ॥੬॥
ਆਪਣੀ ਰਜ਼ਾ ਵਿਚ ਹੀ ਉਹ ਜੀਵ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ ॥੬॥
ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ॥
ਪਰਮਾਤਮਾ ਤੋਂ ਦਾਤਾਂ ਲੈਣ ਦੇ ਖ਼ਿਆਲ ਨਾਲ ਹਰੇਕ ਜੀਵ ਬਹੁਤੀ ਮੰਗ ਮੰਗਦਾ ਹੈ।
ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ ॥
ਇਹ ਦੱਸਿਆ ਹੀ ਨਹੀਂ ਜਾ ਸਕਦਾ ਕਿ ਪਰਮਾਤਮਾ ਕਿਤਨਾ ਵੱਡਾ ਦਾਤਾ ਹੈ। ਉਹ ਦਾਤਾਂ ਦੇ ਰਿਹਾ ਹੈ, ਪਰ ਦਾਤਾਂ ਗਿਣਤੀ ਤੋਂ ਪਰੇ ਹਨ।
ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥੭॥੧॥
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਖ਼ਜ਼ਾਨੇ ਸਦਾ ਹੀ ਭਰੇ ਰਹਿੰਦੇ ਹਨ, ਇਹਨਾਂ ਵਿਚ ਕਦੇ ਭੀ ਘਾਟ ਨਹੀਂ ਪੈ ਸਕਦੀ ॥੭॥੧॥
ਮਹਲਾ ੧ ॥
ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥
ਸਾਰੀਆਂ ਜੀਵ-ਇਸਤ੍ਰੀਆਂ ਪ੍ਰਭੂ-ਖਸਮ ਦੀਆਂ ਹੀ ਹਨ, ਸਾਰੀਆਂ ਹੀ (ਉਸ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਸਿੰਗਾਰ ਕਰਦੀਆਂ ਹਨ,
ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥
ਪਰ ਜੇਹੜੀਆਂ ਆਪਣੇ ਸਿੰਗਾਰ ਦਾ ਵਿਖਾਵਾ-ਮਾਣ ਕਰਦੀਆਂ ਹਨ, ਉਹਨਾਂ ਦਾ ਗੂੜ੍ਹਾ ਲਾਲ ਪਹਿਰਾਵਾ (ਭੀ) ਵਿਕਾਰ (ਹੀ) ਪੈਦਾ ਕਰਦਾ ਹੈ,
ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ ॥੧॥
ਕਿਉਂਕਿ ਵਿਖਾਵਾ ਕੀਤਿਆਂ ਪ੍ਰਭੂ ਦਾ ਪਿਆਰ ਨਹੀਂ ਮਿਲਦਾ, (ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ) ਇਹ ਖੋਟਾ ਵਿਖਾਵਾ ਖ਼ੁਆਰ ਹੀ ਕਰਦਾ ਹੈ ॥੧॥
ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥
ਹੇ ਪ੍ਰਭੂ ਜੀ! ਇਹ ਸਰਧਾ ਧਾਰਿਆਂ ??? ਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਪਿਆਰ ਕਰਦਾ ਹੈ।
ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥੧॥ ਰਹਾਉ ॥
ਉਹੀ ਜੀਵ-ਇਸਤ੍ਰੀਆਂ ਸੁਹਾਗ-ਭਾਗ ਵਾਲੀਆਂ ਹਨ ਜੋ ਤੈਨੂੰ ਚੰਗੀਆਂ ਲੱਗਦੀਆਂ ਹਨ, ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਤੂੰ ਆਪ ਸੁਚੱਜੀਆਂ ਬਣਾ ਲੈਂਦਾ ਹੈਂ ॥੧॥ ਰਹਾਉ ॥
ਗੁਰਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ ॥
ਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਜੀਵਨ ਨੂੰ) ਸੰਵਾਰਦੀ ਹੈ, ਜਿਸ ਦਾ ਸਰੀਰ ਖਸਮ-ਪ੍ਰਭੂ ਦੇ ਹਵਾਲੇ ਹੈ ਜਿਸ ਦਾ ਮਨ ਖਸਮ-ਪ੍ਰਭੂ ਦੇ ਹਵਾਲੇ ਹੈ (ਭਾਵ, ਜਿਸ ਦਾ ਮਨ ਤੇ ਜਿਸ ਦੇ ਗਿਆਨ-ਇੰਦਰੇ ਪ੍ਰਭੂ ਦੀ ਯਾਦ ਤੋਂ ਲਾਂਭੇ ਕੁਰਾਹੇ ਨਹੀਂ ਜਾਂਦੇ),
ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥
ਜੇਹੜੀ ਦੋਵੇਂ ਹੱਥ ਜੋੜ ਕੇ ਪੂਰੀ ਸਰਧਾ ਨਾਲ (ਪ੍ਰਭੂ-ਪਤੀ ਦਾ ਆਸਰਾ ਹੀ) ਤੱਕਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈਆਂ ਕਰਦੀ ਹੈ,
ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥੨॥
ਉਹ ਪ੍ਰਭੂ-ਪ੍ਰੀਤਮ (ਦੇ ਪਿਆਰ) ਵਿਚ ਰੰਗੀ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਰੱਤੀ ਰਹਿੰਦੀ ਹੈ, ਤੇ ਉਸ ਦੇ ਰੰਗ ਵਿਚ ਰਸੀ ਰਹਿੰਦੀ ਹੈ ॥੨॥
ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥
ਜੇਹੜੀ (ਪ੍ਰਭੂ-ਚਰਨਾਂ ਦੀ) ਸੇਵਕਾ ਪ੍ਰਭੂ ਦਾ ਨਾਮ ਹੀ ਮੰਨਦੀ ਹੈ (ਪ੍ਰਭੂ ਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੀ ਹੈ) ਉਹ ਪ੍ਰਭੂ-ਪਤੀ ਦੀ ਦਾਸੀ ਆਖੀ ਜਾਂਦੀ ਹੈ।
ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥
ਪ੍ਰਭੂ ਨਾਲ ਉਸ ਦੀ ਪ੍ਰੀਤਿ ਸਦਾ ਕਾਇਮ ਰਹਿੰਦੀ ਹੈ, ਕਦੇ ਟੁੱਟਦੀ ਨਹੀਂ, ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ (ਚਰਨਾਂ ਵਿਚ) ਉਸ ਦਾ ਮਿਲਾਪ ਬਣਿਆ ਰਹਿੰਦਾ ਹੈ।
ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ ॥੩॥
ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਉਹ ਰੰਗੀ ਰਹਿੰਦੀ ਹੈ, ਉਸ ਦਾ ਮਨ ਪ੍ਰੋਤਾ ਰਹਿੰਦਾ ਹੈ। ਮੈਂ ਅਜੇਹੀ ਜੀਵ-ਇਸਤ੍ਰੀ ਤੋਂ ਕੁਰਬਾਨ ਹਾਂ ॥੩॥
ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ ॥
ਜੇ ਜੀਵ-ਇਸਤ੍ਰੀ ਗੁਰੂ (ਦੇ ਸ਼ਬਦ) ਵਿਚ ਸੁਰਤ ਜੋੜੀ ਰੱਖੇ, ਤਾਂ ਉਹ ਕਦੇ ਰੰਡੀ (ਹੋ ਕੇ) ਨਹੀਂ ਬੈਠਦੀ (ਭਾਵ, ਖਸਮ ਸਾਈਂ ਦਾ ਹੱਥ ਸਦਾ ਉਸ ਦੇ ਸਿਰ ਉੱਤੇ ਟਿਕਿਆ ਰਹਿੰਦਾ ਹੈ।)
ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥
(ਫਿਰ ਉਹ) ਖਸਮ (ਭੀ ਐਸਾ ਹੈ ਜੋ) ਆਨੰਦ ਦਾ ਸੋਮਾ ਹੈ (ਜਿਸ ਦਾ ਪਿਆਰ ਨਿੱਤ) ਨਵਾਂ (ਹੈ, ਜੋ) ਸਦਾ ਕਾਇਮ ਰਹਿਣ ਵਾਲਾ (ਹੈ, ਜੋ) ਮਰਦਾ ਹੈ ਨਾਹ ਜੰਮਦਾ ਹੈ।
ਨਿਤ ਰਵੈ ਸੋਹਾਗਣੀ ਸਾਚੀ ਨਦਰਿ ਰਜਾਇ ॥੪॥
ਉਹ ਆਪਣੀ ਸਦਾ-ਥਿਰ ਮਿਹਰ ਦੀ ਨਜ਼ਰ ਨਾਲ ਆਪਣੀ ਰਜ਼ਾ ਅਨੁਸਾਰ ਸਦਾ ਉਸ ਸੋਹਾਗਣ ਜੀਵ-ਇਸਤ੍ਰੀ ਨੂੰ ਪਿਆਰ ਕਰਦਾ ਹੈ ॥੪॥
ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ ॥
ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ ਆਪਣੇ ਹਿਰਦੇ ਵਿਚ ਟਿਕਾਂਦੀ ਹੈ, ਇਹ, ਮਾਨੋ, ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਕੇਸਾਂ ਦੀਆਂ ਪੱਟੀਆਂ ਸੰਵਾਰਦੀ ਹੈ, ਪ੍ਰਭੂ ਦੇ ਪਿਆਰ ਨੂੰ (ਸੋਹਣਾ) ਕੱਪੜਾ ਤੇ (ਗਹਿਣਿਆਂ ਦਾ) ਸਿੰਗਾਰ ਬਣਾਂਦੀ ਹੈ।
ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥
ਜਿਸ ਨੇ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਇਆ ਹੈ (ਤੇ, ਇਹ, ਮਾਨੋ, ਉਸ ਨੇ ਮੱਥੇ ਉਤੇ) ਚੰਦਨ (ਦਾ ਟਿੱਕਾ ਲਾਇਆ) ਹੈ, ਜਿਸ ਨੇ ਆਪਣੇ ਦਸਵੇਂ ਦੁਆਰ (ਦਿਮਾਗ਼, ਚਿੱਤ-ਆਕਾਸ਼) ਨੂੰ (ਪਤੀ-ਪ੍ਰਭੂ ਦੇ ਰਹਿਣ ਲਈ) ਸੋਹਣਾ ਘਰ ਬਣਾਇਆ ਹੈ।
ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ ॥੫॥
ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਹਿਰਦੇ ਨੂੰ) ਹੁਲਾਰੇ ਵਿਚ ਲਿਆਂਦਾ ਹੈ (ਤੇ, ਇਹ, ਮਾਨੋ, ਉਸ ਨੇ ਹਿਰਦੇ ਵਿਚ) ਦੀਵਾ (ਜਗਾਇਆ ਹੈ), ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਹੈ ॥੫॥
ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ ॥
ਜਿਸ ਨੇ ਆਪਣੇ ਮੱਥੇ ਉਤੇ ਪ੍ਰਭੂ ਦੇ ਪਿਆਰ ਦਾ ਜੜਾਊ ਟਿੱਕਾ ਲਾਇਆ ਹੋਇਆ ਹੈ, ਜਿਸ ਨੇ ਸਦਾ-ਥਿਰ ਰਹਿਣ ਵਾਲੇ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਆਪਣੀ ਸੁਰਤ (ਜੋੜ ਕੇ) ਸੋਹਣੀ ਬਣਾ ਲਈ ਹੈ।
ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ ॥
(ਤੇ, ਇਸੇ ਨੂੰ ਉਹ ਆਪਣੀ) ਸੋਭਾ (ਸਮਝਦੀ ਹੈ), ਉਹ ਜੀਵ-ਇਸਤ੍ਰੀ ਹੋਰ ਜੀਵ-ਇਸਤ੍ਰੀਆਂ ਵਿਚ (ਮੰਨੀ ਪ੍ਰਮੰਨੀ) ਸੋਹਣੀ ਹੈ।
ਬਿਨੁ ਪਿਰ ਪੁਰਖੁ ਨ ਜਾਣਈ ਸਾਚੇ ਗੁਰ ਕੈ ਹੇਤਿ ਪਿਆਰਿ ॥੬॥
ਉਹ ਆਪਣੇ ਗੁਰੂ ਦੇ ਸ਼ਬਦ ਦੇ ਪ੍ਰੇਮ ਪਿਆਰ ਵਿਚ ਰਹਿ ਕੇ ਸਦਾ-ਥਿਰ ਸਰਬ-ਵਿਆਪਕ ਪ੍ਰਭੂ ਪਤੀ ਤੋਂ ਬਿਨਾ ਹੋਰ ਕਿਸੇ ਨਾਲ ਜਾਣ-ਪਛਾਣ ਨਹੀਂ ਪਾਂਦੀ ॥੬॥
ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ ॥
ਮਾਇਆ ਦੇ ਮੋਹ ਦੀ ਕਾਲੀ-ਬੋਲੀ ਰਾਤ ਵਿਚ ਸੁੱਤੀ ਪਈ ਜੀਵ-ਇਸਤ੍ਰੀਏ! ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘ ਸਕਦੀ।
ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ ॥
ਸੜ ਜਾਏ ਉਹ ਹਿਰਦਾ ਤੇ ਉਹ ਸਰੀਰ (ਜਿਸ ਵਿਚ ਪ੍ਰਭੂ ਦੀ ਯਾਦ ਨਹੀਂ)। ਪ੍ਰਭੂ ਦੀ ਯਾਦ ਤੋਂ ਬਿਨਾ ਮਨ (ਵਿਕਾਰਾਂ ਵਿਚ) ਸੜ ਬਲ ਜਾਂਦਾ ਹੈ, ਮਾਇਆ-ਧਨ ਭੀ ਵਿਅਰਥ ਹੀ ਜਾਂਦਾ ਹੈ।
ਜਾ ਧਨ ਕੰਤਿ ਨ ਰਾਵੀਆ ਤਾ ਬਿਰਥਾ ਜੋਬਨੁ ਜਾਇ ॥੭॥
ਜੇ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਨਹੀਂ ਕੀਤਾ, ਤਾਂ ਉਸ ਦੀ ਜਵਾਨੀ ਵਿਅਰਥ ਹੀ ਚਲੀ ਜਾਂਦੀ ਹੈ ॥੭॥
ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ॥
ਭਾਗ-ਹੀਣ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਸੇਜ ਉਤੇ ਸੁੱਤੀ ਪਈ ਹੈ, ਪਰ ਇਸ ਨੂੰ ਸਮਝ ਨਹੀਂ (ਹਿਰਦੇ-ਸੇਜ ਉੱਤੇ ਜੀਵਾਤਮਾ ਤੇ ਪਰਮਾਤਮਾ ਦਾ ਇਕੱਠਾ ਨਿਵਾਸ ਹੈ, ਪਰ ਮਾਇਆ-ਮੋਹੀ ਜਿੰਦ ਨੂੰ ਇਸ ਦੀ ਸਾਰ ਨਹੀਂ ਹੈ)।
ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ ॥
ਹੇ ਪ੍ਰਭੂ-ਪਤੀ! ਮੈਂ ਜੀਵ-ਇਸਤ੍ਰੀ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹਾਂ, ਤੂੰ ਪਤੀ ਸਦਾ ਜਾਗਦਾ ਹੈਂ (ਤੈਨੂੰ ਮਾਇਆ ਵਿਆਪ ਨਹੀਂ ਸਕਦੀ); ਮੈਂ ਕਿਸ ਪਾਸੋਂ ਜਾ ਕੇ ਪੁੱਛਾਂ (ਕਿ ਮੈਂ ਕਿਸ ਤਰ੍ਹਾਂ ਮਾਇਆ ਦੀ ਨੀਂਦ ਵਿਚੋਂ ਜਾਗ ਕੇ ਤੈਨੂੰ ਮਿਲ ਸਕਦੀ ਹਾਂ)?
ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ ॥੮॥੨॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਸਤਿਗੁਰੂ ਨੇ (ਪ੍ਰਭੂ ਦੇ ਚਰਨਾਂ ਵਿਚ) ਮਿਲਾ ਲਿਆ ਹੈ, ਉਹ ਪਰਮਾਤਮਾ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਪਰਮਾਤਮਾ ਦਾ ਪਿਆਰ ਉਸ ਦਾ (ਜੀਵਨ-) ਸਾਥੀ ਬਣ ਜਾਂਦਾ ਹੈ ॥੮॥੨॥
ਸਿਰੀਰਾਗੁ ਮਹਲਾ ੧ ॥
ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥
ਪ੍ਰਭੂ ਆਪ ਹੀ (ਆਪਣੇ) ਗੁਣ ਹੈ, ਆਪ ਹੀ (ਉਹਨਾਂ ਗੁਣਾਂ ਨੂੰ) ਬਿਆਨ ਕਰਦਾ ਹੈ, ਆਪ ਹੀ (ਆਪਣੀ ਸਿਫ਼ਤ-ਸਾਲਾਹ) ਸੁਣ ਕੇ ਉਸ ਨੂੰ ਵਿਚਾਰਦਾ ਹੈ (ਉਸ ਵਿਚ ਸੁਰਤ ਜੋੜਦਾ ਹੈ)।
ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥
ਹੇ ਪ੍ਰਭੂ! ਤੂੰ ਆਪ ਹੀ (ਆਪਣਾ ਨਾਮ-ਰੂਪ) ਰਤਨ ਹੈਂ, ਤੂੰ ਆਪ ਹੀ ਉਸ ਰਤਨ ਦਾ ਮੁੱਲ ਪਾਣ ਵਾਲਾ ਹੈਂ, ਤੂੰ ਆਪ ਹੀ (ਆਪਣੇ ਨਾਮ-ਰਤਨ ਦਾ) ਬੇਅੰਤ ਮੁੱਲ ਹੈਂ।
ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥੧॥
ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਮਾਣ ਹੈਂ, ਵਡਿਆਈ ਹੈਂ, ਤੂੰ ਆਪ ਹੀ (ਜੀਵਾਂ ਨੂੰ ਮਾਣ-ਵਡਿਆਈ) ਦੇਣ ਵਾਲਾ ਹੈਂ ॥੧॥
ਹਰਿ ਜੀਉ ਤੂੰ ਕਰਤਾ ਕਰਤਾਰੁ ॥
ਹੇ ਪ੍ਰਭੂ ਜੀ! (ਹਰੇਕ ਸ਼ੈ ਦਾ) ਪੈਦਾ ਕਰਨ ਵਾਲਾ ਤੂੰ ਆਪ ਹੀ ਹੈਂ।
ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥
ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ (ਆਪਣੇ ਨਾਮ ਵਿਚ ਜੋੜੀ) ਰੱਖ। ਹੇ ਹਰੀ! (ਮਿਹਰ ਕਰ) ਮੈਨੂੰ ਤੇਰਾ ਨਾਮ ਮਿਲ ਜਾਏ। ਤੇਰਾ ਨਾਮ ਹੀ ਮੇਰੇ ਵਾਸਤੇ (ਚੰਗੇ ਤੋਂ ਚੰਗਾ) ਕਰਤੱਬ ਹੈ ॥੧॥ ਰਹਾਉ ॥
ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥
ਹੇ ਪ੍ਰਭੂ! ਤੂੰ ਆਪ ਹੀ ਚਮਕਦਾ ਹੀਰਾ ਹੈਂ, ਤੂੰ ਆਪ ਹੀ ਮਜੀਠ ਦਾ ਰੰਗ ਹੈਂ।
ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥
ਤੂੰ ਆਪ ਹੀ ਲਿਸ਼ਕਦਾ ਮੋਤੀ ਹੈਂ, ਤੂੰ ਆਪ ਹੀ (ਆਪਣੇ) ਭਗਤਾਂ ਦਾ ਵਿਚੋਲਾ ਹੈਂ।
ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥੨॥
ਸਤਿਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸਿਫ਼ਤ-ਸਾਲਾਹ ਹੋ ਸਕਦੀ ਹੈ, ਹਰੇਕ ਸਰੀਰ ਵਿਚ ਤੂੰ ਹੀ ਦਿੱਸ ਰਿਹਾ ਹੈਂ, ਤੇ ਤੂੰ ਹੀ ਅਦ੍ਰਿਸ਼ਟ ਹੈਂ ॥੨॥
ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥
ਹੇ ਪ੍ਰਭੂ! (ਇਹ ਸੰਸਾਰ-) ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਣ ਲਈ) ਜਹਾਜ਼ ਭੀ ਤੂੰ ਆਪ ਹੀ ਹੈਂ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਤੇ ਉਰਾਰਲਾ ਕੰਢਾ ਭੀ ਤੂੰ ਆਪ ਹੀ ਹੈਂ।
ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥
(ਹੇ ਪ੍ਰਭੂ! ਤੇਰੀ ਭਗਤੀ-ਰੂਪ) ਪੈਂਡਾ ਭੀ ਤੂੰ ਆਪ ਹੀ ਹੈਂ, ਤੂੰ ਸਭ ਕੁਝ ਜਾਣਦਾ ਹੈਂ, ਗੁਰ-ਸ਼ਬਦ ਦੀ ਰਾਹੀਂ (ਇਸ ਸੰਸਾਰ-ਸਮੁੰਦਰ ਵਿਚੋਂ ਭਗਤੀ ਦੀ ਰਾਹੀਂ) ਪਾਰ ਲੰਘਾਣ ਵਾਲਾ ਭੀ ਤੂੰ ਹੀ ਹੈਂ।
ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥੩॥
ਗੁਰੂ ਦੀ ਸਰਨ ਤੋਂ ਬਿਨਾ (ਇਹ ਜੀਵਨ-ਸਫ਼ਰ ਜੀਵਾਂ ਵਾਸਤੇ) ਘੁੱਪ ਹਨੇਰਾ ਹੈ। ਹੇ ਪ੍ਰਭੂ! ਜੇਹੜੇ ਜੀਵ ਤੇਰਾ ਡਰ-ਭਉ ਨਹੀਂ ਰੱਖਦੇ, ਉਹਨਾਂ ਨੂੰ ਦੁਨੀਆ ਦਾ ਸਹਮ ਸਹਾਰਨਾ ਪੈਂਦਾ ਹੈ ॥੩॥
ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥
(ਇਸ ਜਗਤ ਵਿਚ) ਇਕ ਕਰਤਾਰ ਹੀ ਸਦਾ-ਥਿਰ ਰਹਿਣ ਵਾਲਾ ਦਿੱਸਦਾ ਹੈ, ਹੋਰ ਬੇਅੰਤ ਸ੍ਰਿਸ਼ਟੀ ਜੰਮਦੀ ਮਰਦੀ ਰਹਿੰਦੀ ਹੈ।
ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥
ਹੇ ਪ੍ਰਭੂ! ਇਕ ਤੂੰ ਹੀ (ਮਾਇਆ ਦੇ ਮੋਹ ਦੀ) ਮੈਲ ਤੋਂ ਸਾਫ਼ ਹੈਂ, ਬਾਕੀ ਸਾਰੀ ਦੁਨੀਆ (ਮਾਇਆ ਦੇ ਮੋਹ ਦੇ) ਬੰਧਨ ਵਿਚ ਬੱਝੀ ਪਈ ਹੈ।
ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥੪॥
ਜਿਨ੍ਹਾਂ ਨੂੰ ਗੁਰੂ ਨੇ (ਇਸ ਮੋਹ ਤੋਂ) ਬਚਾ ਲਿਆ ਹੈ, ਉਹ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਬਚ ਗਏ ਹਨ ॥੪॥
ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥
ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੇ ਨਾਮ) ਵਿਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪੈ ਸਕਦੀ ਹੈ।
ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥
(ਗੁਰੂ ਦੀ ਰਾਹੀਂ) ਜਿਸ ਮਨੁੱਖ ਦੀ ਬੈਠਕ ਸਦਾ-ਥਿਰ ਪ੍ਰਭੂ ਦੇ ਘਰ ਵਿਚ (ਚਰਨਾਂ ਵਿਚ) ਹੋ ਜਾਂਦੀ ਹੈ, ਉਸ ਦੇ ਸਰੀਰ ਵਿਚ (ਮਾਇਆ ਦੀ) ਮੈਲ ਨਹੀਂ ਲੱਗਦੀ।
ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥
ਉਹ ਸਦਾ-ਥਿਰ ਪ੍ਰਭੂ ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ ॥੫॥
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥
ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦੇ ਹਨ।
ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥
ਉਹ ਆਪਣੀ ਹਉਮੈ ਅਤੇ (ਮਾਇਆ ਵਾਲੀ) ਤ੍ਰਿਸ਼ਨਾ ਮਾਰ ਕੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥
ਜਗਤ ਵਿਚ (ਆਉਣ ਦਾ) ਪਰਮਾਤਮਾ ਦਾ ਇਕ ਨਾਮ ਹੀ ਲਾਭ ਹੈ (ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ) ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ ॥੬॥
ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥
(ਹੇ ਵਣਜਾਰੇ ਜੀਵ!) ਸਦਾ-ਥਿਰ ਰਹਿਣ ਵਾਲੀ (ਨਾਮ ਦੀ ਰਾਸ-ਪੂੰਜੀ ਹੀ ਜੋੜਨੀ ਚਾਹੀਦੀ ਹੈ, (ਇਸ ਵਿਚੋਂ ਉਹ) ਨਫ਼ਾ (ਪੈਂਦਾ ਹੈ ਜੋ) ਸਦਾ (ਕਾਇਮ ਰਹਿੰਦਾ ਹੈ)।
ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦਾ ਹੈ (ਉਸ ਦੇ ਅੱਗੇ) ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ-ਥਿਰ ਹਜ਼ੂਰੀ ਵਿਚ ਬੈਠਦਾ ਹੈ।
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥
ਉਸ ਦਾ (ਜੀਵਨ-ਸਫ਼ਰ ਦਾ) ਲੇਖਾ (ਇੱਜ਼ਤ ਨਾਲ) ਸਾਫ਼ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ ॥੭॥
ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥
ਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ-(ਹਰ ਪਾਸੇ ਵਲੋਂ ਇਹੀ) ਆਖਿਆ ਜਾਂਦਾ ਹੈ, ਮੈਂ (ਭੀ) ਆਖਦਾ ਹਾਂ (ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ) ਉਸ ਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ।
ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥
ਜਦੋਂ ਸਤਿਗੁਰੂ ਨੇ ਮੈਨੂੰ, (ਹੇ ਪ੍ਰਭੂ! ਤੇਰਾ) ਦਰਸ਼ਨ ਕਰਾ ਦਿੱਤਾ, ਤਾਂ ਹੁਣ ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਤੂੰ ਦਿੱਸਦਾ ਹੈਂ।
ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਵਾਲੀ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤਿ ਇਕ-ਰਸ ਹਰ ਥਾਂ ਮੌਜੂਦ ਹੈ ॥੮॥੩॥{54-55}
ਸਿਰੀਰਾਗੁ ਮਹਲਾ ੧ ॥
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥
ਅੰਞਾਣ ਮੱਛੀ ਨੇ ਜਾਲ ਨੂੰ ਨਾਹ ਸਮਝਿਆ (ਕਿ ਜਾਲ ਉਸ ਦੀ ਮੌਤ ਦਾ ਕਾਰਣ ਬਣਦਾ ਹੈ) ਅਤੇ ਨਾਹ ਹੀ ਉਸ ਨੇ ਡੂੰਘੇ ਖਾਰੇ ਸਮੁੰਦਰ ਨੂੰ ਹੀ ਸਮਝਿਆ (ਕਿ ਸਮੁੰਦਰ ਵਿਚ ਟਿਕੇ ਰਿਹਾਂ ਹੀ ਉਸ ਦੀ ਜ਼ਿੰਦਗੀ ਕਾਇਮ ਰਹਿ ਸਕਦੀ ਹੈ)।
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥
(ਵੇਖਣ ਨੂੰ ਮੱਛੀ) ਬੜੀ ਸੋਹਣੀ ਤੇ ਸਿਆਣੀ (ਜਾਪਦੀ) ਹੈ, ਪਰ ਉਸ ਨੂੰ ਜਾਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਸੀ।
ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥੧॥
(ਜਾਲ ਉੱਤੇ) ਇਤਬਾਰ ਕਰਨ ਦੇ ਕਾਰਨ ਹੀ ਫੜੀ ਜਾਂਦੀ ਹੈ, ਤੇ ਉਸ ਦੇ ਸਿਰ ਉਤੋਂ ਮੌਤ ਟਲਦੀ ਨਹੀਂ (ਜੀਵ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਦੇ ਅਥਾਹ ਸਮੁੰਦਰ ਪ੍ਰਭੂ ਵਿਚ ਲੀਨ ਰਿਹਾਂ ਹੀ ਆਤਮਕ ਜੀਵਨ ਕਾਇਮ ਰਹਿੰਦਾ ਹੈ। ਮੋਹਣੀ ਮਾਇਆ ਦਾ ਇਤਬਾਰ ਕਰ ਬੈਠਦਾ ਹੈ, ਤੇ ਆਤਮਕ ਮੌਤ ਸਹੇੜਦਾ ਹੈ, ਮੌਤ ਦਾ ਸਹਮ ਹਰ ਵੇਲੇ ਇਸ ਦੇ ਸਿਰ ਉੱਤੇ ਸਵਾਰ ਰਹਿੰਦਾ ਹੈ) ॥੧॥
ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥
ਹੇ ਭਾਈ! ਆਪਣੇ ਸਿਰ ਉੱਤੇ ਮੌਤ ਨੂੰ ਇਉਂ ਹੀ ਸਮਝੋ।
ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ ॥
ਜਿਵੇਂ ਮੱਛੀ ਨੂੰ ਅਚਨਚੇਤ (ਮਾਛੀ ਦਾ) ਜਾਲ ਆ ਪੈਂਦਾ ਹੈ, ਤਿਵੇਂ ਮਨੁੱਖਾਂ ਦੇ ਸਿਰ ਉੱਤੇ ਅਚਨਚੇਤ ਮੌਤ ਆ ਪੈਂਦੀ ਹੈ ॥੧॥ ਰਹਾਉ ॥
ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥
ਸਾਰਾ ਜਗਤ ਮੌਤ ਦੇ ਡਰ ਦਾ ਬੱਧਾ ਹੋਇਆ ਹੈ, ਗੁਰੂ ਦੀ ਸਰਨ ਆਉਣ ਤੋਂ ਬਿਨਾ ਮੌਤ ਦਾ ਸਹਮ (ਹਰੇਕ ਦੇ ਸਿਰ ਉੱਤੇ) ਅਮਿੱਟ ਹੈ।
ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥
ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਰਹਿੰਦੇ ਹਨ, ਉਹ ਵਿਕਾਰ ਛੱਡ ਕੇ ਮਨ ਦੀ ਮਾਇਆ ਵਲ ਡੋਲਣੀ ਹਾਲਤ ਛੱਡ ਕੇ ਮੌਤ ਦੇ ਸਹਮ ਤੋਂ ਬਚ ਜਾਂਦੇ ਹਨ।
ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥੨॥
ਮੈਂ ਉਹਨਾਂ ਤੋਂ ਸਦਕੇ ਹਾਂ, ਜੇਹੜੇ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ॥੨॥
ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥
ਜਿਵੇਂ ਬਾਜ਼ ਅਤੇ ਫਾਂਧੀ ਦੇ ਹੱਥ ਵਿਚ ਫੜੀ ਹੋਈ ਜਾਲੀ ਪੰਛੀਆਂ ਵਾਸਤੇ (ਮੌਤ ਦਾ ਸੁਨੇਹਾ ਹਨ, ਤਿਵੇਂ ਮਾਇਆ ਦਾ ਮੋਹ ਮਨੁੱਖਾਂ ਵਾਸਤੇ ਆਤਮਕ ਮੌਤ ਦਾ ਕਾਰਨ ਹੈ)
ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥
ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ ਮਾਇਆ-ਜਾਲ ਵਿਚੋਂ ਬਚ ਨਿਕਲੇ, ਬਾਕੀ ਦੇ ਸਾਰੇ ਮਾਇਆ ਦੇ ਚੋਗੇ ਨਾਲ ਮੋਹ ਦੀ ਜਾਲੀ ਵਿਚ ਫਸ ਗਏ।
ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥੩॥
ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹ ਚੁਣ ਚੁਣ ਕੇ ਮਾਇਆ-ਜਾਲ ਵਿਚ ਸੁੱਟੇ ਜਾਂਦੇ ਹਨ, ਉਹਨਾਂ ਦਾ ਕੋਈ ਭੀ ਐਸਾ ਸੰਗੀ ਸਾਥੀ ਨਹੀਂ ਬਣਦਾ (ਜੋ ਉਹਨਾਂ ਨੂੰ ਇਸ ਜਾਲ ਵਿਚੋਂ ਕੱਢ ਸਕੇ) ॥੩॥
ਸਚੋ ਸਚਾ ਆਖੀਐ ਸਚੇ ਸਚਾ ਥਾਨੁ ॥
(ਮੌਤ ਦੇ ਸਹਮ ਤੋਂ ਅਤੇ ਆਤਮਕ ਮੌਤ ਤੋਂ ਬਚਣ ਲਈ, ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਜਿਸ ਦਾ ਤਖ਼ਤ ਅਟੱਲ ਹੈ।
ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥
ਜਿਨ੍ਹਾਂ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਦੀ ਲਿਵ ਲੱਗ ਜਾਂਦੀ ਹੈ।
ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥
ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਤੇ ਮੂੰਹ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਟਿਕ ਜਾਂਦੀ ਹੈ, ਉਹ ਬੰਦੇ ਪਵ੍ਰਿਤ ਸਮਝੇ ਜਾਂਦੇ ਹਨ ॥੪॥
ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥
(ਹੇ ਮੇਰੇ ਮਨ! ਸੱਜਣ-ਪ੍ਰਭੂ ਨੂੰ ਮਿਲਣ ਵਾਸਤੇ ਸਦਾ ਆਪਣੇ) ਗੁਰੂ ਅੱਗੇ ਅਰਦਾਸ ਕਰਦਾ ਰਹੁ, (ਗੁਰੂ) ਸੱਜਣ-ਪ੍ਰਭੂ ਮਿਲਾ ਦੇਂਦਾ ਹੈ।
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥
ਜੇ ਸੱਜਣ-ਪ੍ਰਭੂ ਮਿਲ ਪਏ ਤਾਂ ਆਤਮਕ ਆਨੰਦ ਮਿਲ ਜਾਂਦਾ ਹੈ, ਜਮਦੂਤ ਤਾਂ (ਇਉਂ ਸਮਝੋ ਕਿ) ਜ਼ਹਰ ਖਾ ਕੇ ਮਰ ਜਾਂਦੇ ਹਨ (ਭਾਵ, ਜਮਦੂਤ ਨੇੜੇ ਹੀ ਨਹੀਂ ਢੁਕਦੇ)।
ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥
(ਜੇ ਸੱਜਣ-ਪ੍ਰਭੂ ਮਿਲ ਪਏ ਤਾਂ) ਮੈਂ ਉਸ ਦੇ ਨਾਮ ਵਿਚ ਸਦਾ ਟਿਕਿਆ ਰਹਿ ਸਕਦਾ ਹਾਂ ਉਸ ਦਾ ਨਾਮ (ਸਦਾ ਲਈ) ਮੇਰੇ ਮਨ ਵਿਚ ਆ ਵੱਸਦਾ ਹੈ ॥੫॥
ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਵਾਸਤੇ ਚਾਰ ਚੁਫੇਰੇ ਮਾਇਆ ਦੇ ਮੋਹ ਦਾ) ਘੁੱਪ ਹਨੇਰਾ (ਰਹਿੰਦਾ) ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮੈਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹਾਂ)।
ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੀ ਸਿੱਖਿਆ ਨਾਲ ਆਤਮਕ ਚਾਨਣ ਹੁੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ।
ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥੬॥
ਉਸ ਆਤਮਕ ਅਵਸਥਾ ਵਿਚ ਮੌਤ ਦਾ ਡਰ ਪਹੁੰਚਦਾ ਹੀ ਨਹੀਂ, (ਕਿਉਂਕਿ) ਜੀਵ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੬॥
ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥
ਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ (ਮੇਰੇ ਦੁਖ-ਦਰਦ) ਜਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਆਪਣੇ ਚਰਨਾਂ ਵਿਚ) ਮਿਲਾਣ ਦੇ ਸਮਰਥ ਹੈਂ।
ਗੁਰਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਉਂਵ ਤਾਂ) ਤੇਰੇ ਗੁਣਾਂ ਦਾ ਅੰਤ ਤੇਰੇ ਗੁਣਾਂ ਦਾ ਪਾਰਲਾ ਉਰਲਾ ਬੰਨਾ ਲੱਭਿਆ ਹੀ ਨਹੀਂ ਜਾ ਸਕਦਾ।
ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥੭॥
ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ, ਬੇਅੰਤ ਪ੍ਰਭੂ ਆਪ ਟਿਕਿਆ ਹੋਇਆ ਹੈ ਉਥੇ ਮੌਤ ਦਾ ਡਰ ਪਹੁੰਚ ਨਹੀਂ ਸਕਦਾ ॥੭॥
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥
(ਮਾਇਆ ਦੇ ਮੋਹ ਦੇ ਜਾਲ ਵਿਚੋਂ ਨਿਕਲਣਾ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ) ਪਰਮਾਤਮਾ ਦੇ ਹੁਕਮ ਵਿਚ ਸਾਰੇ ਜੀਵ ਪੈਦਾ ਹੁੰਦੇ ਹਨ, ਉਸ ਦੇ ਹੁਕਮ ਵਿਚ ਹੀ ਕਾਰ ਕਰਦੇ ਹਨ।
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥
ਪ੍ਰਭੂ ਦੇ ਹੁਕਮ ਵਿਚ ਹੀ ਸ੍ਰਿਸ਼ਟੀ ਮੌਤ ਦੇ ਡਰ ਦੇ ਅਧੀਨ ਹੈ, ਹੁਕਮ ਅਨੁਸਾਰ ਹੀ ਜੀਵ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਦੇ ਹਨ।
ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥
ਹੇ ਨਾਨਕ! ਉਹੀ ਕੁਝ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ॥੮॥੪॥
ਸਿਰੀਰਾਗੁ ਮਹਲਾ ੧ ॥
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥
ਜੇ ਜੀਵ ਦਾ ਮਨ (ਵਿਕਾਰਾਂ ਦੀ ਛੋਹ ਨਾਲ) ਜੂਠਾ ਹੋ ਚੁਕਾ ਹੈ, ਤਾਂ ਉਸ ਦੇ ਸਰੀਰ ਵਿਚ ਭੀ ਜੂਠ ਹੀ ਜੂਠ ਹੈ (ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਦੌੜਦੇ ਹਨ) ਉਸ ਦੀ ਜੀਭ (ਖਾਣ ਦੇ ਚਸਕਿਆਂ ਨਾਲ) ਜੂਠੀ ਹੋਈ ਰਹਿੰਦੀ ਹੈ, ਝੂਠੇ ਮੂੰਹ ਨਾਲ ਬੋਲਣ ਦਾ ਹੀ ਸੁਭਾਉ ਬਣ ਜਾਂਦਾ ਹੈ।
ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥
ਅਜੇਹਾ ਜੀਵ (ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ) ਸੁੱਚਾ ਕਦੇ ਭੀ ਨਹੀਂ ਹੋ ਸਕਦਾ।
ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥੧॥
ਗੁਰੂ ਦੇ ਸ਼ਬਦ-ਜਲ ਤੋਂ ਬਿਨਾ (ਮਨ) ਮਾਂਜਿਆ ਨਹੀਂ ਜਾ ਸਕਦਾ, (ਤੇ) ਇਹ ਸੱਚ (ਸਿਮਰਨ) ਸਦਾ-ਥਿਰ ਪ੍ਰਭੂ ਤੋਂ ਹੀ ਮਿਲਦਾ ਹੈ ॥੧॥
ਮੁੰਧੇ ਗੁਣਹੀਣੀ ਸੁਖੁ ਕੇਹਿ ॥
ਹੇ ਭੋਲੀ ਜੀਵ-ਇਸਤ੍ਰੀਏ! ਜੋ (ਆਪਣੇ ਅੰਦਰ, ਆਤਮਕ ਸੁਖ ਦੇਣ ਵਾਲੇ) ਗੁਣਾਂ ਤੋਂ ਸੱਖਣੀ ਹੈ ਉਸ ਨੂੰ (ਬਾਹਰੋਂ) ਕਿਸੇ ਹੋਰ ਤਰੀਕੇ ਨਾਲ ਆਤਮਕ ਸੁਖ ਨਹੀਂ ਮਿਲ ਸਕਦਾ।
ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥੧॥ ਰਹਾਉ ॥
ਆਤਮਕ ਸੁਖ ਉਸ ਨੂੰ ਹੈ ਜੋ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਲੀਨ ਰਹਿੰਦੀ ਹੈ) ਜੋ ਗੁਰੂ ਦੇ ਸ਼ਬਦ ਵਿਚ (ਜੁੜੀ ਹੋਈ) ਹੈ, ਜੋ ਪ੍ਰਭੂ ਦੇ ਪਿਆਰ ਵਿਚ (ਮਸਤ) ਹੈ। ਪਤੀ-ਪ੍ਰਭੂ ਦੇ ਮਿਲਾਪ ਦੇ ਸੁਖ (ਉਹੀ ਜੀਵ-ਇਸਤ੍ਰੀ) ਆਨੰਦ ਨਾਲ ਮਾਣਦੀ ਹੈ ॥੧॥ ਰਹਾਉ ॥
ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥
ਜੇ ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ-ਦੇਸ ਵਿਚ ਪਰਗਟ ਨਹੀਂ, ਉਸ ਦੇ ਹਿਰਦੇ ਨੂੰ ਛੱਡ ਕੇ) ਹੋਰ ਹੋਰ ਹਿਰਦੇ-ਦੇਸ ਦਾ ਨਿਵਾਸੀ ਹੈ, ਤਾਂ ਪਤੀ ਤੋਂ ਵਿੱਛੁੜੀ ਹੋਈ ਉਹ ਜੀਵ-ਇਸਤ੍ਰੀ ਝੂਰਦੀ ਰਹਿੰਦੀ ਹੈ (ਅੰਦਰੇ ਅੰਦਰ ਚਿੰਤਾ ਨਾਲ ਖਾਧੀ ਜਾਂਦੀ ਹੈ)।
ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥
ਜਿਵੇਂ ਥੋੜ੍ਹੇ ਪਾਣੀ ਵਿਚ ਮੱਛੀ ਤੜਫਦੀ ਹੈ, ਤਿਵੇਂ ਉਹ ਤਰਲੇ ਲੈਂਦੀ ਰਹਿੰਦੀ ਹੈ।
ਪਿਰ ਭਾਵੈ ਸੁਖੁ ਪਾਈਐ ਜਾ ਆਪੇ ਨਦਰਿ ਕਰੇਇ ॥੨॥
ਆਤਮਕ ਸੁਖ ਤਦੋਂ ਹੀ ਮਿਲਦਾ ਹੈ, ਜਦੋਂ ਪ੍ਰਭੂ-ਪਤੀ ਨੂੰ (ਜੀਵ-ਇਸਤ੍ਰੀ) ਚੰਗੇ ਲੱਗੇ, ਜਦੋਂ ਉਹ ਆਪ (ਉਸ ਉਤੇ) ਮਿਹਰ ਦੀ ਨਜ਼ਰ ਕਰੇ ॥੨॥
ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥
(ਹੇ ਜੀਵ-ਇਸਤ੍ਰੀ!) ਤੂੰ ਸਖੀਆਂ ਸਹੇਲੀਆਂ ਨਾਲ ਮਿਲ ਕੇ (ਭਾਵ, ਸਾਧ-ਸੰਗਤਿ ਵਿਚ ਬੈਠ ਕੇ) ਆਪਣੇ ਪਤੀ-ਪ੍ਰਭੂ ਦੀ ਸਿਫ਼ਤ-ਸਾਲਾਹ ਕਰ।
ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥
(ਜੇਹੜੀ ਜੀਵ-ਇਸਤ੍ਰੀ ਸਿਫ਼ਤ-ਸਾਲਾਹ ਕਰਦੀ ਹੈ, ਉਸ ਦੇ) ਹਿਰਦੇ ਵਿਚ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਉਸ ਦਾ ਮਨ (ਪ੍ਰਭੂ ਦੇ ਪ੍ਰੇਮ ਵਿਚ) ਮੋਹਿਆ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦਾ ਦਰਸ਼ਨ ਕਰਦੀ ਹੈ।
ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥੩॥
ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ ਉਸ ਦਾ ਜੀਵਨ ਸੰਵਰ ਜਾਂਦਾ ਹੈ, ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ, ਤੇ ਪਤੀ ਪ੍ਰਭੂ ਉਸ ਨੂੰ ਪਿਆਰ ਕਰਦਾ ਹੈ ॥੩॥
ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥
(ਗੁਣ ਤੋਂ ਸੱਖਣੀ ਹੋਣ ਕਰਕੇ) ਜੇਹੜੀ ਜੀਵ-ਇਸਤ੍ਰੀ (ਅੰਦਰੋਂ) ਖੋਟੀ ਹੈ ਤੇ ਔਗੁਣਾਂ ਨਾਲ ਭਰੀ ਹੋਈ ਹੈ ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ।
ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥
ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ; ਝੂਠ ਵਿਚ ਵਿਕਾਰ ਵਿਚ ਉਹ ਸੜ ਜਾਂਦੀ ਹੈ (ਉਸ ਦਾ ਆਤਮਕ ਜੀਵਨ ਸੜ ਜਾਂਦਾ ਹੈ)।
ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥੪॥
(ਉਸ ਦੇ ਵਾਸਤੇ) ਜਨਮ ਮਰਨ ਦਾ ਔਖਾ ਗੇੜ ਬਣਿਆ ਰਹਿੰਦਾ ਹੈ ਕਿਉਂਕਿ) ਕੰਤ-ਪ੍ਰਭੂ ਨੇ ਉਸ ਨੂੰ ਭੁਲਾ ਦਿੱਤਾ ਹੁੰਦਾ ਹੈ ॥੪॥
ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥
ਪਰ ਉਹ ਪਤੀ-ਪ੍ਰਭੂ ਦੀ ਸੋਹਣੀ ਨਾਰ ਸੀ, ਉਹ ਕਿਸ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋ ਗਈ?
ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥
ਉਹ ਕਿਉਂ ਵਿਅਰਥ ਫ਼ਜ਼ੂਲ ਬੋਲ ਬੋਲਦੀ ਹੈ ਜੋ ਪਤੀ-ਪ੍ਰਭੂ ਨਾਲ ਮਿਲਾਪ ਵਾਸਤੇ ਕੰਮ ਨਹੀਂ ਦੇ ਸਕਦਾ?
ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥੫॥
ਉਹ ਜੀਵ-ਇਸਤ੍ਰੀ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋਈ ਹੈ, (ਤਾਹੀਏਂ ਉਸ ਨੂੰ) ਪ੍ਰਭੂ ਦੇ ਮਹਲ ਵਿਚ (ਟਿਕਣ ਲਈ) ਆਸਰਾ ਨਹੀਂ ਮਿਲਦਾ (ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ) ॥੫॥
ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥
ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵਿਚਾਰ ਨਹੀਂ ਸਮਝਦੇ।
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥
ਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ (ਉਹਨਾਂ ਦਾ ਇਹ ਸਾਰਾ ਉੱਦਮ) ਮਾਇਆ ਕਮਾਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ।
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥੬॥
ਸਾਰਾ ਜਗਤ ਝੂਠੀ ਕਥਨੀ ਵਿਚ ਹੀ ਭਟਕਦਾ ਰਹਿੰਦਾ ਹੈ (ਭਾਵ, ਆਮ ਤੌਰ ਤੇ ਜੀਵਾਂ ਦੇ ਅੰਦਰ ਝੂਠ-ਫਰੇਬ ਹੈ, ਤੇ ਬਾਹਰ ਗਿਆਨ ਦੀਆਂ ਗੱਲਾਂ ਹਨ)। ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਹਿਰਦੇ ਵਿਚ ਟਿਕਾਈ ਰੱਖਣਾ) ਹੀ ਸ੍ਰੇਸ਼ਟ ਰਹਿਣੀ ਹੈ ॥੬॥
ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥
ਅਨੇਕਾਂ ਹੀ ਪੰਡਿਤ ਜੋਤਸ਼ੀ (ਆਦਿਕ) ਵੇਦਾਂ (ਦੇ ਮੰਤ੍ਰਾਂ) ਨੂੰ ਵਿਚਾਰਦੇ ਹਨ।
ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥
ਆਪੋ ਵਿਚ ਮਤ-ਭੇਦ ਹੋਣ ਦੇ ਕਾਰਨ (ਚਰਚਾ ਕਰਦੇ ਹਨ ਤੇ ਵਿਦਵਤਾ ਦੇ ਕਾਰਨ) ਵਾਹ ਵਾਹ ਅਖਵਾਂਦੇ ਹਨ, ਪਰ ਨਿਰੇ ਇਸ ਮਤ-ਭੇਦ ਵਿਚ ਰਹਿ ਕੇ ਹੀ ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ।
ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥੭॥
ਕੋਈ ਭੀ ਮਨੁੱਖ (ਨਿਰਾ ਚੰਗਾ) ਵਖਿਆਨ ਕਰ ਕੇ ਜਾਂ ਸੁਣ ਕੇ (ਆਤਮਕ ਆਨੰਦ ਨਹੀਂ ਲੈ ਸਕਦਾ, ਤੇ ਜਨਮ ਮਰਨ ਦੇ ਗੇੜ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ। (ਹਉਮੈ ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪੈਣ ਦੀ ਲੋੜ ਹੈ) ਗੁਰੂ ਦੀ ਬਖ਼ਸ਼ਸ਼ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ ॥੭॥
ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥
(ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ, ਉਹੀ) ਸਾਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ। ਪਰ ਮੇਰੇ ਅੰਦਰ ਕੋਈ ਐਸਾ ਗੁਣ ਨਹੀਂ ਹੈ (ਜਿਸ ਦੀ ਬਰਕਤਿ ਨਾਲ ਮੈਂ ਪ੍ਰਭੂ-ਪਿਆਰ ਨੂੰ ਆਪਣੇ ਹਿਰਦੇ ਵਿਚ ਵਸਾ ਸਕਾਂ)।
ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥
ਜੇ ਉਹ ਹਰੀ-ਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ, ਤਾਂ ਮੈਂ ਭੀ ਉਸ ਦੀ ਸੋਹਣੀ ਨਾਰ ਬਣ ਜਾਵਾਂ।
ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥੮॥੫॥
ਹੇ ਨਾਨਕ! ਗੁਰੂ ਦੇ ਸ਼ਬਦ ਵਿਚ (ਜੁੜ ਕੇ ਜਿਸ ਨੇ ਪ੍ਰਭੂ-ਚਰਨਾਂ ਨਾਲ) ਸੋਹਣਾ ਮਿਲਾਪ ਹਾਸਲ ਕਰ ਲਿਆ ਹੈ ਉਸ ਦਾ ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ ॥੮॥੫॥
ਸਿਰੀਰਾਗੁ ਮਹਲਾ ੧ ॥
ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥
ਜੇ (ਕਿਸੇ ਸਿੱਧੀ ਆਦਿਕ ਵਾਸਤੇ ਮੰਤ੍ਰਾਂ ਦਾ) ਪਾਠ ਕੀਤਾ ਜਾਏ, (ਧੂਣੀਆਂ ਆਦਿਕ ਤਪਾ ਕੇ) ਸਰੀਰ ਨੂੰ ਕਸ਼ਟ ਦਿੱਤਾ ਜਾਏ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ,
ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥
(ਜੇ ਖ਼ਲਕਤ ਦੇ ਭਲੇ ਵਾਸਤੇ) ਦਾਨ-ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ (ਪਰ ਪਰਮਾਤਮਾ ਦਾ ਸਿਮਰਨ ਨਾਹ ਕੀਤਾ ਜਾਏ, ਤਾਂ) ਪ੍ਰਭੂ-ਸਿਮਰਨ ਤੋਂ ਬਿਨਾ ਉਪਰਲੇ ਸਾਰੇ ਹੀ ਉੱਦਮਾਂ ਦਾ ਕੋਈ ਲਾਭ ਨਹੀਂ।
ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥੧॥
ਮਨੁੱਖ ਜਿਹਾ ਬੀ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ (ਜੇ ਸਿਮਰਨ ਨਹੀਂ ਕੀਤਾ, ਤਾਂ ਆਤਮਕ ਗੁਣ ਕਿੱਥੋਂ ਆ ਜਾਣ? ਤੇ) ਆਤਮਕ ਗੁਣਾਂ ਤੋਂ ਬਿਨਾ ਜ਼ਿੰਦਗੀ ਵਿਅਰਥ ਹੈ ॥੧॥
ਮੁੰਧੇ ਗੁਣ ਦਾਸੀ ਸੁਖੁ ਹੋਇ ॥
ਹੇ ਭੋਲੀ ਜੀਵ-ਇਸਤ੍ਰੀ! (ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ) ਗੁਣਾਂ ਦੀ ਖ਼ਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਕ ਸੁਖ ਸੁਖ ਹੋਵੇਗਾ।
ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥੧॥ ਰਹਾਉ ॥
ਔਗੁਣਾਂ ਨੂੰ ਛੱਡ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋ ਸਕੀਦਾ ਹੈ, ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ ॥੧॥ ਰਹਾਉ ॥
ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥
ਸਰਮਾਏ ਤੋਂ ਬਿਨਾ ਵਪਾਰੀ (ਨਫ਼ੇ ਵਾਸਤੇ ਵਿਅਰਥ ਹੀ) ਚੌਹੀਂ ਪਾਸੀਂ ਤੱਕਦਾ ਹੈ।
ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥
ਜੇਹੜਾ ਮਨੁੱਖ (ਆਪਣੀ ਜ਼ਿੰਦਗੀ ਦੇ) ਮੂਲ-ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ-ਘਰ ਅੰਦਰ ਹੀ (ਅਣਪਛਾਤਾ) ਪਿਆ ਰਹਿੰਦਾ ਹੈ।
ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥੨॥
ਨਾਸਵੰਤ ਪਦਾਰਥਾਂ ਦੀ ਵਪਾਰਨ (ਜੀਵ-ਇਸਤ੍ਰੀ) ਕੂੜ ਵਿਚ ਲੱਗ ਕੇ (ਆਤਮਕ ਗੁਣਾਂ ਵਲੋਂ) ਲੁੱਟੀ ਜਾ ਰਹੀ ਹੈ, ਨਾਮ-ਵੱਖਰ ਤੋਂ ਵਾਂਜੇ ਰਹਿ ਕੇ ਉਸ ਨੂੰ ਬਹੁਤ ਆਤਮਕ ਕਲੇਸ਼ ਵਿਆਪਦਾ ਹੈ ॥੨॥
ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥
ਜੇਹੜਾ ਮਨੁੱਖ ਸੋਚ ਸਮਝ ਕੇ ਨਾਮ-ਰਤਨ ਨੂੰ ਪਰਖਦਾ ਹੈ (ਨਾਮ ਦੀ ਕੀਮਤ ਪਾਂਦਾ ਹੈ) ਉਸ ਨੂੰ ਦਿਨ ਰਾਤਿ (ਆਤਮਕ ਗੁਣਾਂ ਦਾ ਨਿੱਤ) ਨਵਾਂ ਨਫ਼ਾ ਪੈਂਦਾ ਹੈ।
ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥
ਉਹ ਮਨੁੱਖ ਆਪਣੇ ਹਿਰਦੇ ਵਿਚ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ, ਤੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰੇ ਚਾੜ੍ਹ ਕੇ ਇਥੋਂ ਜਾਂਦਾ ਹੈ,
ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ ॥੩॥
ਜੇਹੜਾ ਮਨੁੱਖ ਨਾਮ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਜੋ ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦੇ ਗੁਣਾਂ) ਨੂੰ ਆਪਣੇ ਸੋਚ-ਮੰਡਲ ਵਿਚ ਲਿਆਉਂਦਾ ਹੈ ॥੩॥
ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ ॥
(ਪਰਮਾਤਮਾ ਆਪ ਹੀ ਆਤਮਕ ਗੁਣਾਂ ਦਾ ਖ਼ਜ਼ਾਨਾ ਲਭਾ ਸਕਦਾ ਹੈ) ਜੇ ਉਸ ਖ਼ਜ਼ਾਨੇ ਨਾਲ ਮਿਲਾਪ-ਕਰਾਣ-ਦੇ-ਸਮਰੱਥ ਪ੍ਰਭੂ ਆਪ ਮਿਲਾਪ ਕਰਾ ਦੇਵੇ, ਤਾਂ ਉਹ ਖ਼ਜ਼ਾਨਾ ਸੰਤਾਂ ਦੀ ਸੰਗਤਿ ਵਿਚ ਰਿਹਾਂ ਲੱਭ ਸਕਦਾ ਹੈ।
ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ ॥
ਤੇ ਜਿਸ ਮਨੁੱਖ ਦੇ ਅੰਦਰ ਬੇਅੰਤ ਪ੍ਰਭੂ ਦੀ ਜੋਤਿ (ਇਕ ਵਾਰੀ ਜਗ ਪਏ) ਉਹ ਪ੍ਰਭੂ-ਚਰਨਾਂ ਵਿਚ ਮਿਲਿਆ ਹੋਇਆ ਮੁੜ ਵਿੱਛੁੜਦਾ ਨਹੀਂ,
ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ ॥੪॥
ਕਿਉਂਕਿ ਉਹ ਅਡੋਲ (ਆਤਮਕ) ਆਸਣ ਉੱਤੇ ਬੈਠ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲਿਵ ਲਾ ਲੈਂਦਾ ਹੈ, ਉਹ ਆਪਣਾ ਪ੍ਰੇਮ-ਪਿਆਰ ਸਦਾ-ਥਿਰ ਪ੍ਰਭੂ ਵਿਚ ਪਾ ਲੈਂਦਾ ਹੈ ॥੪॥
ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ ॥
(ਗੁਰੂ ਦੀ ਮਤਿ ਉਤੇ ਤੁਰ ਕੇ) ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ-ਰੂਪ ਸੋਹਣੇ ਥਾਂ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਪੈਂਦਾ ਹੈ।
ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥
ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਰਹਿਣ ਦੇ ਕਾਰਨ ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਮਿਲ ਪੈਂਦਾ ਹੈ।
ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥੫॥
(ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ ॥੫॥
ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ ॥
(ਗੁਰੂ ਦੀ ਸਰਨ ਪੈ ਕੇ) ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨੂੰ ਆਪਣੇ ਅੰਗ-ਸੰਗ ਸਮਝ ਲਿਆ ਹੈ, ਉਹ ਜੀਵ-ਇਸਤ੍ਰੀ ਸਚ-ਮੁਚ ਸੋਹਣੀ (ਸੋਹਣੀ ਜੀਵਨ ਵਾਲੀ) ਹੋ ਜਾਂਦੀ ਹੈ।
ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥
ਉਹ ਜੀਵ-ਇਸਤ੍ਰੀ ਪ੍ਰਭੂ ਦੇ ਮਹਲ ਵਿਚ ਸੱਦੀ ਜਾਂਦੀ ਹੈ, ਉਹ ਪ੍ਰਭੂ ਪਤੀ ਪ੍ਰੇਮ-ਰੰਗ ਵਿਚ ਆ ਕੇ ਉਸ ਨੂੰ ਪਿਆਰ ਕਰਦਾ ਹੈ,
ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥੬॥
ਪਤੀ-ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜੇਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ ॥੬॥
ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥
(ਆਤਮਕ ਗੁਣਾਂ ਦੇ ਵਣਜ ਤੋਂ ਖੁੰਝ ਕੇ, ਜੀਵਨ ਦੇ ਸਹੀ ਰਸਤੇ ਤੋਂ) ਭੁੱਲ ਕੇ ਜੇ ਮੈਂ (ਦੁਨੀਆ ਛੱਡ ਕੇ ਭੀ) ਸਾਰੀ ਧਰਤੀ ਉਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰ ਕੇ ਫਿਰ ਜੇ ਮੈਂ ਪਹਾੜ ਉੱਤੇ ਭੀ ਜਾ ਚੜ੍ਹਾਂ (ਜੇ ਮੈਂ ਕਿਸੇ ਪਹਾੜ ਦੀ ਗੁਫ਼ਾ ਵਿਚ ਭੀ ਜਾ ਟਿਕਾਂ।)
ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥
(ਸਹੀ ਰਸਤੇ ਤੋਂ) ਖੁੰਝ ਕੇ ਜੇ ਮੈਂ ਜੰਗਲਾਂ ਵਿਚ ਭਟਕਦੀ ਫਿਰਾਂ, ਤਾਂ ਭੀ ਮੈਨੂੰ (ਆਤਮਕ ਰਸਤੇ ਦੀ) ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾ ਇਸ ਰਸਤੇ ਦੀ ਸੂਝ ਨਹੀਂ ਪੈਂਦੀ।
ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥੭॥
ਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ (ਜੰਗਲਾਂ ਪਹਾੜਾਂ ਵਿਚ) ਫਿਰਦੀ ਰਹਾਂ, ਤਾਂ ਮੈਂ ਮੁੜ ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ ॥੭॥
ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥
(ਹੇ ਭੋਲੀ ਜੀਵ-ਇਸਤ੍ਰੀ! ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ) ਜਾ ਕੇ ਉਹਨਾਂ (ਆਤਮ-) ਰਾਹੀਆਂ ਨੂੰ ਪੁੱਛ ਜੇਹੜੇ (ਪ੍ਰਭੂ-ਦਰ ਦੇ) ਸੇਵਕ ਬਣ ਕੇ (ਜੀਵਨ-ਰਸਤੇ ਉਤੇ) ਤੁਰ ਰਹੇ ਹਨ,
ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥
ਉਹ (ਇਸ ਸ੍ਰਿਸ਼ਟੀ ਦੇ ਮਾਲਕ) ਪਾਤਿਸ਼ਾਹ ਨੂੰ ਆਪਣਾ ਸਮਝਦੇ ਹਨ, ਉਹਨਾਂ ਨੂੰ ਪ੍ਰਭੂ ਪਾਤਿਸ਼ਾਹ ਦੇ ਦਰ ਤੇ ਘਰ ਵਿਚ (ਜਾਣੋਂ) ਕੋਈ ਰੋਕ ਨਹੀਂ ਹੁੰਦੀ।
ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥੮॥੬॥
ਹੇ ਨਾਨਕ! ਉਹਨਾਂ ਨੂੰ ਹਰ ਥਾਂ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਕਿਤੇ ਵੀ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ ॥੮॥੬॥{56-57}
ਸਿਰੀਰਾਗੁ ਮਹਲਾ ੧ ॥
ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥
(ਹੇ ਭਾਈ!) ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ)।
ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥
(ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ।
ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ ॥੧॥
(ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨ ਸਹਜ ਅਵਸਥਾ ਵਿਚ ਟਿਕ ਜਾਂਦਾ ਹੈ) ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਭੀ ਨਹੀਂ ਪੋਂਹਦਾ (ਮੌਤ ਦਾ ਡਰ ਨਹੀਂ ਵਿਆਪਦਾ) ॥੧॥
ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥
ਹੇ ਭਾਈ! (ਜਿਵੇਂ ਸਾਫ਼ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ) ਪਵਿਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੇ (ਵਿਕਾਰਾਂ ਦੀ) ਮੈਲ ਨਹੀਂ ਰਹਿ ਜਾਂਦੀ।
ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥੧॥ ਰਹਾਉ ॥
(ਇਸ ਵਾਸਤੇ, ਹੇ ਭਾਈ! ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਤੇ ਆਖ-ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ॥੧॥ ਰਹਾਉ ॥
ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥
(ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਨਹਾਰ) ਕਰਤਾਰ ਨੇ (ਆਪਣੇ ਰਹਿਣ ਲਈ) ਸੋਹਣਾ ਮਹਲ ਬਣਾ ਲਿਆ ਹੈ।
ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥
ਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ; ਉਸ ਦੇ ਅੰਦਰ ਸੂਰਜ ਤੇ ਚੰਦ (ਮਾਨੋ) ਦੀਵੇ ਜਗ ਪੈਂਦੇ ਹਨ (ਭਾਵ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ।)
ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥੨॥
??? ॥੨॥
ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥
(ਹੇ ਭਾਈ! ਤੂੰ) ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ (ਉਸ ਨੂੰ ਹਰ ਥਾਂ ਵਿਆਪਕ) ਵੇਖ ਲੈ (ਵੇਖ ਸਕਦਾ ਹੈਂ)।
ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥
ਜੇ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਰੱਖੇ, ਤਾਂ ਉਸ ਨੂੰ ਦਿੱਸਦੇ ਅਣ-ਦਿੱਸਦੇ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵੱਸਦਾ ਪਰਤੀਤ ਹੁੰਦਾ ਹੈ।
ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥੩॥
ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ ॥੩॥
ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ ॥
(ਜਿਵੇਂ ਸੋਨੇ ਨੂੰ ਪਰਖਣ ਲਈ) ਕਸਵੱਟੀ ਉਤੇ ਕੱਸ ਲਈਦੀ ਹੈ (ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ,
ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥
ਖੋਟਿਆਂ ਨੂੰ (ਉਸ ਦੇ ਦਰ ਤੇ) ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖ਼ਜ਼ਾਨੇ ਵਿਚ ਸ਼ਾਮਿਲ ਕਰ ਲੈਂਦਾ ਹੈ।
ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ ॥੪॥
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਵਾਲੀਆਂ) ਆਸਾਂ ਤੇ ਸਹਮ ਕੱਢ, ਇਹ ਉੱਦਮ ਕਰਨ ਨਾਲ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਇਗੀ, (ਤੇ ਮਨ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਇਗਾ ॥੪॥
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥
ਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ;
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥
ਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ)।
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥੫॥
(ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ॥੫॥
ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ ॥
ਬਿਆਸ ਰਿਸ਼ੀ (ਤਾਂ ਮੁੜ ਮੁੜ) ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, (ਪਰ ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ।
ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ ॥
ਅਸਲੀ ਮੁਨੀ ਲੋਕ ਸੇਵਕ ਤੇ ਸਾਧਿਕ ਉਹੀ ਹਨ ਜੋ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਹਨ।
ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ ॥੬॥
ਜੇਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਸੰਸਾਰ ਤੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦੇ ਹਨ। ਮੈਂ ਭੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੬॥
ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥
ਪਰ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦਾ ਨਾਮ ਨਹੀਂ ਹੈ ਉਹ ਸਦਾ ਹੀ ਮੈਲੇ (ਮਨ ਵਾਲੇ) ਹਨ, (ਉਹਨਾਂ ਦੇ ਮਨ ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ।
ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ ॥
ਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਜੇ ਬੰਦਿਆਂ ਦਾ ਮੂੰਹ (ਉਸ ਦੀ ਹਜ਼ੂਰੀ ਵਿਚ) ਕਾਲਾ (ਦਿੱਸਦਾ ਹੈ), ਉਹ ਆਪਣੀ ਇੱਜ਼ਤ ਗਵਾ ਕੇ (ਜਾਂਦੇ ਹਨ)।
ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ ਰੋਇ ॥੭॥
ਜਿਸ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, (ਉਸ ਦੇ ਆਤਮਕ ਸਰਮਾਏ ਨੂੰ ਔਗੁਣਾਂ ਨੇ ਲੁੱਟ ਲਿਆ ਹੈ, ਉਹ ਰੋਂਦੀ ਪਛਤਾਂਦੀ ਹੈ ॥੭॥
ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥
(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ-ਅਬਦ ਹਿਰਦੇ ਵਿਚ ਧਾਰਨ ਕੀਤਿਆਂ ਪਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ।
ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥੮॥੭॥
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ ॥੮॥੭॥
ਸਿਰੀਰਾਗੁ ਮਹਲਾ ੧ ॥
ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥
ਹੇ ਕੁਰਾਹੇ-ਪਏ ਕਮਲੇ ਮਨ! (ਮੇਰੀ ਸਿੱਖਿਆ) ਸੁਣ (ਸਿੱਖਿਆ ਇਹ ਹੈ ਕਿ) ਗੁਰੂ ਦੀ ਸਰਨੀ ਪਉ।
ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥
(ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ, ਤੂੰ ਭੀ ਉਹ) ਹਰਿ ਨਾਮ ਜਪ, (ਪ੍ਰਭੂ ਚਰਨਾਂ ਵਿਚ) ਸੁਰਤ ਜੋੜ (ਪ੍ਰਭੂ ਦਾ ਨਾਮ ਸਿਮਰਿਆਂ) ਜਮਰਾਜ (ਭੀ) ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ।
ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥੧॥
(ਪਰ ਜੇਹੜੀ) ਭਾਗ-ਹੀਣ ਜੀਵ-ਇਸਤ੍ਰੀ (ਨਾਮ ਨਹੀਂ ਸਿਮਰਦੀ, ਉਸ) ਨੂੰ ਬਹੁਤ ਦੁੱਖ-ਕਲੇਸ਼ ਵਿਆਪਦਾ ਹੈ (ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ, ਜੇ ਸਿਰ ਉਤੇ ਖਸਮ-ਸਾਈਂ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉਤੇ) ਖਸਮ-ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ? ॥੧॥
ਭਾਈ ਰੇ ਅਵਰੁ ਨਾਹੀ ਮੈ ਥਾਉ ॥
ਹੇ ਭਾਈ! (ਨਾਮ ਖ਼ਜ਼ਾਨਾ ਹਾਸਲ ਕਰਨ ਲਈ) ਮੈਨੂੰ (ਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਦਿੱਸਦਾ।
ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥੧॥ ਰਹਾਉ ॥
ਮੇਰੇ ਵਾਸਤੇ ਤਾਂ ਪ੍ਰਭੂ-ਨਾਮ ਹੀ ਧਨ ਹੈ, ਨਾਮ ਹੀ ਖ਼ਜ਼ਾਨਾ ਹੈ (ਇਹ ਖ਼ਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ) ਗੁਰੂ ਨੇ (ਹੀ) ਦਿੱਤਾ ਹੈ, ਮੈਂ ਗੁਰੂ ਤੋਂ ਕੁਰਬਾਨ ਹਾਂ ॥੧॥ ਰਹਾਉ ॥
ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥
ਸ਼ਾਬਾਸ਼ੇ ਉਸ (ਗੁਰੂ) ਤੋਂ ਜਿਸ ਗੁਰੂ ਦੀ ਮਤਿ ਮਿਲਿਆਂ ਇੱਜ਼ਤ ਮਿਲਦੀ ਹੈ। (ਪ੍ਰਭੂ ਮਿਹਰ ਕਰੇ) ਮੈਂ ਉਸ (ਗੁਰੂ) ਦੀ ਸੰਗਤਿ ਵਿਚ ਮਿਲਿਆ ਰਹਾਂ।
ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥
(ਨਾਮ ਦੀ ਦਾਤ ਦੇਣ ਵਾਲੇ) ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ।
ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥੨॥
(ਨਾਮ ਤੋਂ ਬਿਨਾ ਮੈਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹਾਂ, ਪ੍ਰਭੂ ਮਿਹਰ ਕਰੇ) ਮੈਨੂੰ ਅੰਨ੍ਹੇ ਨੂੰ ਉਸ ਦਾ ਨਾਮ ਨਾਹ ਭੁੱਲ ਜਾਏ, ਮੈਂ ਗੁਰੂ ਦਾ ਆਸਰਾ ਪਰਨਾ ਲੈ ਕੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹਾਂ ॥੨॥
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥
(ਪਰ ਗੁਰੂ ਭੀ ਹੋਵੇ ਤਾਂ ਸੁਜਾਖਾ ਹੋਵੇ) ਜਿਨ੍ਹਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ।
ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥
(ਪੂਰੇ) ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾ ਹੋਰ ਕੋਈ (ਸੁਚੱਜਾ) ਜੀਵਨ-ਮਨੋਰਥ ਨਹੀਂ ਹੋ ਸਕਦਾ।
ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥੩॥
ਨਾਮ ਤੋਂ ਵਾਂਜਿਆ ਮਨੁੱਖ ਦੁਨੀਆ ਵਿਚ ਆਇਆ ਤੇ ਤੁਰ ਗਿਆ, ਪਛਤਾਵਾ ਹੀ (ਨਾਲ ਲੈ ਗਿਆ, ਖਾਲੀ-ਹੱਥ ਹੀ ਜਗ ਤੋਂ ਗਿਆ) ਜਿਵੇਂ ਸੁੰਞੇ ਘਰ ਵਿਚ ਕਾਂ (ਆ ਕੇ ਖ਼ਾਲੀ ਜਾਂਦਾ ਹੈ) ॥੩॥
ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥
ਨਾਮ ਸਿਮਰਨ ਤੋਂ ਬਿਨਾ ਸਰੀਰ ਨੂੰ (ਚਿੰਤਾ ਆਦਿਕ ਇਤਨਾ) ਦੁੱਖ ਵਿਆਪਦਾ ਹੈ (ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ) ਜਿਵੇਂ ਕਲਰ ਦੀ ਕੰਧ (ਕਿਰਦੀ ਰਹਿੰਦੀ ਹੈ)।
ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥
ਇਸ ਨੂੰ ਕਿਰਨ ਤੋਂ ਬਚਾਣ ਲਈ) ਤਦ ਤਕ (ਪ੍ਰਭੂ ਦਾ) ਮਹਲ (-ਰੂਪ ਸਹਾਰਾ) ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ (ਜੀਵ ਦੇ) ਚਿੱਤ ਵਿਚ ਨਹੀਂ ਆ ਵੱਸਦਾ।
ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥੪॥
ਜੇ ਗੁਰੂ ਦੇ ਸ਼ਬਦ ਵਿਚ ਮਨ ਰੰਗਿਆ ਜਾਏ, ਤਾਂ ਪ੍ਰਭੂ ਦੀ ਹਜ਼ੂਰੀ (ਦੀ ਓਟ) ਮਿਲ ਜਾਂਦੀ ਹੈ, ਤੇ ਉਹ ਆਤਮਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪੋਹ ਸਕਦੀ ॥੪॥
ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ ॥
(ਸੋ, ਹੇ ਭਾਈ! ਇਸ ‘ਨਿਰਬਾਣ ਪਦ’ ਦੀ ਪ੍ਰਾਪਤੀ ਵਾਸਤੇ) ਮੈਂ ਆਪਣੇ ਗੁਰੂ ਨੂੰ ਪੁੱਛਾਂਗੀ, ਗੁਰੂ ਨੂੰ ਪੁੱਛ ਕੇ (ਉਸ ਦੀ ਦੱਸੀ) ਕਾਰ ਕਰਾਂਗੀ।
ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ ॥
ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਗੀ, (ਭਲਾ ਕਿਤੇ ਪ੍ਰਭੂ ਮੇਰੇ) ਮਨ ਵਿਚ ਆ ਵੱਸੇ (ਪ੍ਰਭੂ ਦੀ ਮਿਹਰ ਹੋਵੇ, ਮੇਰਾ) ਹਉਮੈ ਦਾ ਦੁੱਖ ਸੜ ਜਾਏ।
ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ ॥੫॥
ਸਹਜ ਅਵਸਥਾ ਵਿਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿਚ ਮੇਰਾ ਸਦਾ ਲਈ ਮੇਲ ਹੋ ਜਾਏ ॥੫॥
ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ ਉਹ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰਾਂ) ਨੂੰ ਤਿਆਗ ਕੇ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ।
ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥
ਉਹ ਸਦਾ ਪ੍ਰਭੂ ਦਾ ਨਾਮ ਸਲਾਹੁੰਦੇ ਹਨ, ਉਹ ਪਰਮਾਤਮਾ (ਦੀ ਯਾਦ) ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ ॥੬॥
(ਹੇ ਭਾਈ!) ਜੇਹੜਾ ਪ੍ਰਭੂ ਸਾਰੇ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ, ਉਸ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ ॥੬॥
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਮਰ ਜਾਂਦਾ ਹੈ ਉਹ (ਇਹ ਮਰਨੀ) ਮਰ ਕੇ ਇਸਥਿਰ ਹੋ ਜਾਂਦਾ ਹੈ (ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ) ਮੁੜ ਕਦੇ ਆਤਮਕ ਮੌਤੇ ਨਹੀਂ ਮਰਦਾ।
ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥
(ਇਹ ਅਟੱਲ ਆਤਮਕ ਜੀਵਨ) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ (ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਦਾ ਹੈ।
ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥੭॥
ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਜੀਵਨ-ਰਾਹ ਤੋਂ) ਖੁੰਝਿਆ ਹੋਇਆ ਭਟਕਦਾ ਹੈ, ਤੇ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ ॥
ਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ-ਇੱਜ਼ਤ ਹੋਵੇ (ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ।)
ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ, ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ।
ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ ॥੮॥੮॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ (ਜੇਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ) ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ ॥੮॥੮॥
ਸਿਰੀਰਾਗੁ ਮਹਲਾ ੧ ॥
ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥
(ਜੇ ਇਸਤ੍ਰੀ ਗਹਿਣਿਆਂ ਆਦਿਕ ਨਾਲ) ਆਪਣੇ ਆਪ ਨੂੰ ਸਜਾ ਲਏ, ਪਰ ਉਸ ਨੂੰ ਪਤੀ ਨਾਹ ਮਿਲੇ ਤਾਂ ਉਸ ਦੀ ਜੁਆਨੀ ਵਿਅਰਥ ਜਾਂਦੀ ਹੈ।
ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ ॥
ਉਸ ਦਾ ਆਤਮਾ ਭੀ ਦੁਖੀ ਹੁੰਦਾ ਹੈ, ਕਿਉਂਕਿ ਉਹ ਆਨੰਦ ਨਾਲ ਪਤੀ ਦੀ ਸੋਹਣੀ ਸੇਜ ਮਾਣ ਨਹੀਂ ਸਕਦੀ, ਪਤੀ-ਮਿਲਾਪ ਤੋਂ ਬਿਨਾ ਉਸ ਦਾ ਸਿੰਗਾਰ ਵਿਅਰਥ ਜਾਂਦਾ ਹੈ।
ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ ॥੧॥
ਉਸ ਭਾਗਹੀਣ ਇਸਤ੍ਰੀ ਨੂੰ ਬਹੁਤ ਦੁਖ ਵਿਆਪਦਾ ਹੈ, ਉਸ ਦੇ ਘਰ ਵਿਚ ਸੇਜ ਦਾ ਮਾਲਕ ਖਸਮ ਨਹੀਂ ਆਉਂਦਾ (ਜੀਵ-ਇਸਤ੍ਰੀ ਦੇ ਸਾਰੇ ਬਾਹਰ-ਮੁਖੀ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ, ਜੇ ਹਿਰਦੇ-ਸੇਜ ਦਾ ਮਾਲਕ ਪ੍ਰਭੂ ਹਿਰਦੇ ਵਿਚ ਪਰਗਟ ਨਾਹ ਹੋਵੇ) ॥੧॥
ਮਨ ਰੇ ਰਾਮ ਜਪਹੁ ਸੁਖੁ ਹੋਇ ॥
ਹੇ ਮਨ! ਪਰਮਾਤਮਾ ਦਾ ਨਾਮ ਸਿਮਰ, (ਤੈਨੂੰ) ਸੁਖ ਹੋਵੇਗਾ।
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥੧॥ ਰਹਾਉ ॥
(ਪਰ ਮਨ ਭੀ ਕੀਹ ਕਰੇ? ਜਿਸ ਨਾਲ ਪਿਆਰ ਨਾਹ ਹੋਵੇ, ਉਸ ਨੂੰ ਮੁੜ ਮੁੜ ਕਿਵੇਂ ਯਾਦ ਕੀਤਾ ਜਾਏ? ਪਰਮਾਤਮਾ ਨਾਲ ਇਹ) ਪਿਆਰ ਗੁਰੂ ਤੋਂ ਬਿਨਾ ਨਹੀਂ ਬਣ ਸਕਦਾ। ਜੇਹੜਾ ਮਨ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ॥੧॥ ਰਹਾਉ ॥
ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਪ੍ਰਭੂ-ਪਤੀ ਉਸੇ ਜੀਵ-ਇਸਤ੍ਰੀ ਨੂੰ ਮਿਲਦਾ ਹੈ ਜਿਸ ਨੇ ਅਡੋਲ ਆਤਮਕ ਅਵਸਥਾ ਵਿਚ (ਜੁੜ ਕੇ) ਆਪਣੇ ਆਪ ਨੂੰ ਸਿੰਗਾਰਿਆ ਹੈ।
ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥
ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਸੋਹਣੀ ਸੇਜ ਮਾਣ ਸਕਦੀ ਹੈ ਜੋ ਉਸ ਸਦਾ-ਥਿਰ ਪ੍ਰਭੂ ਵਿਚ (ਜੁੜੀ ਰਹਿੰਦੀ ਹੈ), ਜਿਸ ਦਾ ਪ੍ਰਭੂ-ਪਤੀ ਨਾਲ ਗੂੜ੍ਹਾ ਹਿਤ ਹੈ ਗੂੜ੍ਹਾ ਪਿਆਰ ਹੈ।
ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ ॥੨॥
ਗੁਰੂ ਦੇ ਮਨਮੁਖ ਰਹਿ ਕੇ ਹੀ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸਨੂੰ ਸਿੰਞਾਣਿਆ ਜਾ ਸਕਦਾ ਹੈ (ਭਾਵ, ਇਹ ਸਿੰਞਾਣ ਆਉਂਦੀ ਹੈ ਕਿ ਉਹ ਸਾਡਾ ਹੈ), ਉਹ ਸੁੰਦਰ ਗੁਣਾਂ ਦਾ ਮਾਲਕ ਪ੍ਰਭੂ (ਜਿਸ ਜੀਵ-ਇਸਤ੍ਰੀ ਨੂੰ ਮਿਲਾਇਆ ਹੈ) ਗੁਰੂ ਨੇ ਮਿਲਾਇਆ ਹੈ ॥੨॥
ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ ॥
ਹੇ ਪ੍ਰਭੂ-ਪਤੀ ਦੀ ਸੁੰਦਰ ਇਸਤ੍ਰੀ! ਉਸ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ (ਸਦਾ) ਮਿਲੀ ਰਹੁ। ਪਤੀ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਮਨ ਨੂੰ ਆਪਣੇ ਪਿਆਰ ਦਾ) ਰੰਗ ਚਾੜ੍ਹ ਕੇ (ਆਪਣੇ ਵਲ ਖਿੱਚ ਲਿਆ ਹੈ,
ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ ਜਾਇ ॥
ਉਸਦਾ ਮਨ ਉਸਦਾ ਤਨ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜ ਪਿਆ ਹੈ (ਉਸਦਾ ਜੀਵਨ ਇਤਨਾ ਅਮੋਲਕ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ।
ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ ॥੩॥
ਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ) ॥੩॥
ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥
ਜੇ (ਜੀਵ-ਇਸਤ੍ਰੀ ਦਾ) ਥੋੜ੍ਹ-ਵਿਤਾ ਮਨ (ਪ੍ਰਭੂ ਪਤੀ ਦੇ ਵਿਸ਼ਾਲ) ਮਨ ਵਿਚ (ਥੋੜ੍ਹ-ਵਿਤੇ ਸੁਭਾਅ ਵਲੋਂ) ਮਰ ਜਾਏ, ਤਾਂ ਪ੍ਰਭੂ ਪਤੀ ਉਸ ਜੀਵ-ਨਾਰ ਨੂੰ ਪਿਆਰ ਕਰਦਾ ਹੈ।
ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥
ਜਿਵੇਂ ਇਕੋ ਧਾਗੇ ਵਿਚ ਪ੍ਰੋਤੇ ਹੋਏ ਮੋਤੀਆਂ ਦਾ ਹਾਰ ਗਲ ਵਿਚ ਪਾ ਲਈਦਾ ਹੈ, ਉਸੇ ਤਰ੍ਹਾਂ ਜੇ (ਜੀਵ-ਇਸਤ੍ਰੀ ਪ੍ਰਭੂ ਦੇ ਹੀ) ਇਕੋ ਸੁਰਤ ਧਾਗੇ ਵਿਚ ਇਕ ਮਿਕ ਹੋ ਕੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ।
ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ ॥੪॥
ਪਰ ਇਹ ਆਤਮਕ ਆਨੰਦ ਸਤਸੰਗ ਵਿਚ ਟਿਕਿਆਂ ਹੀ ਮਿਲਦਾ ਹੈ, ਤੇ ਸਤਸੰਗ ਵਿਚ ਗੁਰੂ ਦੀ ਸਰਨ ਪੈ ਕੇ (ਮਨ ਨੂੰ) ਪ੍ਰਭੂ ਦੇ ਨਾਮ ਦਾ ਸਹਾਰਾ ਮਿਲਦਾ ਹੈ ॥੪॥
ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥
(ਜੇ ਮਨ ਨਾਮ ਤੋਂ ਵਾਂਜਿਆ ਰਹੇ, ਤਾਂ ਮਾਇਆ ਆਦਿਕ ਦੇ ਲਾਭ ਨਾਲ) ਇਕ ਖਿਨ ਵਿਚ ਹੀ (ਇਉਂ ਹੁੰਦਾ ਹੈ ਜਿਵੇਂ) ਜਿਊ ਪੈਂਦਾ ਹੈ, (ਤੇ ਮਾਇਆ ਆਦਿਕ ਦੀ ਘਾਟ ਨਾਲ) ਇਕ ਖਿਨ ਵਿਚ ਹੀ ਦੁਖੀ ਹੋ ਜਾਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਜੰਮ ਪੈਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਮਰ ਜਾਂਦਾ ਹੈ (ਭਾਵ, ਨਾਮ ਦੇ ਸਹਾਰੇ ਤੋਂ ਬਿਨਾ ਮਾਇਆ ਜੀਵ ਦੇ ਜੀਵਨ ਦਾ ਆਸਰਾ ਬਣ ਜਾਂਦੀ ਹੈ। ਜੇ ਮਾਇਆ ਆਵੇ ਤਾਂ ਉਤਸ਼ਾਹ, ਜੇ ਜਾਏ ਤਾਂ ਸਹਮ)।
ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥
ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ (ਪ੍ਰਭੂ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ਉਸ ਨੂੰ ਮੌਤ (ਦਾ ਡਰ) ਸਤਾ ਨਹੀਂ ਸਕਦਾ।
ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥੫॥
(ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਇਹ ਤਾਂ ਨਹੀਂ ਹੋ ਸਕਦਾ ਕਿ) ਉਸ ਮਾਲਕ (ਦੀ ਹਸਤੀ) ਨੂੰ ਤੋਲਿਆ ਜਾ ਸਕੇ, ਉਹ ਤੋਲ ਤੋਂ ਪਰੇ ਹੈ (ਹਾਂ, ਇਹ ਜ਼ਰੂਰ ਹੈ ਕਿ ਉਹ ਮਿਲਦਾ ਸਿਮਰਨ ਦੀ ਰਾਹੀਂ ਹੀ ਹੈ) ਨਿਰੀਆਂ ਗੱਲਾਂ ਨਾਲ ਨਹੀਂ ਮਿਲਦਾ ॥੫॥
ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥
ਸਾਰੇ ਜੀਵ-ਵਣਜਾਰੇ ਜੀਵ ਵਪਾਰੀ (ਪਰਮਾਤਮਾ ਦੇ ਦਰ ਤੋਂ) ਰੋਜ਼ੀਨਾ ਲਿਖਾ ਕੇ (ਜਗਤ ਵਿਚ ਆਉਂਦੇ ਹਨ, ਭਾਵ, ਹਰੇਕ ਨੂੰ ਜ਼ਿੰਦਗੀ ਦੇ ਸੁਆਸ ਤੇ ਸਾਰੇ ਪਦਾਰਥਾਂ ਦੀ ਦਾਤ ਪ੍ਰਭੂ ਦਰ ਤੋਂ ਮਿਲਦੀ ਹੈ)।
ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥
ਜੇਹੜੇ ਜੀਵ ਵਪਾਰੀ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ (ਆਤਮਕ ਜੀਵਨ ਦਾ) ਲਾਭ ਮਿਲਦਾ ਹੈ,
ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ ॥੬॥
(ਪਰ ਇਹ ਲਾਭ ਉਹੀ ਖੱਟ ਸਕਦੇ ਹਨ ਜਿਨ੍ਹਾਂ ਨੂੰ) ਉਹ ਗੁਰੂ ਮਿਲ ਪੈਂਦਾ ਹੈ ਜਿਸ ਨੂੰ (ਆਪਣੀ ਵਡਿਆਈ ਆਦਿਕ ਦਾ) ਤਿਲ ਜਿਤਨਾ ਭੀ ਲਾਲਚ ਨਹੀਂ ਹੈ। (ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਉਹਨਾਂ ਦੀ ਆਤਮਕ ਜੀਵਨ ਵਾਲੀ) ਰਾਸ-ਪੂੰਜੀ ਸਦਾ ਲਈ ਥਿਰ ਹੋ ਜਾਂਦੀ ਹੈ ॥੬॥
ਗੁਰਮੁਖਿ ਤੋਲਿ ਤੁੋਲਾਇਸੀ ਸਚੁ ਤਰਾਜੀ ਤੋਲੁ ॥
(ਇਨਸਾਨੀ ਜੀਵਨ ਦੀ ਸਫਲਤਾ ਦੀ ਪਰਖ ਵਾਸਤੇ) ਸੱਚ ਹੀ ਤਰਾਜ਼ੂ ਹੈ ਤੇ ਸੱਚ ਹੀ ਵੱਟਾ ਹੈ (ਜਿਸ ਦੇ ਪੱਲੇ ਸੱਚ ਹੈ ਉਹੀ ਸਫਲ ਹੈ), ਇਸ ਪਰਖ-ਤੋਲ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਗੁਰੂ ਦੇ ਸਨਮੁੱਖ ਰਹਿੰਦਾ ਹੈ,
ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥
ਕਿਉਂਕਿ ਗੁਰੂ ਨੇ (ਪਰਮਾਤਮਾ ਦੀ ਸਿਫ਼ਿਤਿ-ਸਾਲਾਹ ਦੀ) ਸੱਚੀ ਬਾਣੀ ਦੇ ਕੇ ਮਨ ਨੂੰ ਮੋਹ ਲੈਣ ਵਾਲੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਨੂੰ (ਮਨ ਉਤੇ ਵਾਰ ਕਰਨ ਤੋਂ) ਰੋਕ ਰੱਖਿਆ ਹੁੰਦਾ ਹੈ।
ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥੭॥
ਪੂਰੇ ਪ੍ਰਭੂ ਦਾ ਇਹ ਤੋਲ (ਦਾ ਮਿਆਰ) ਕਦੇ ਘਟਦਾ ਵਧਦਾ ਨਹੀਂ, ਉਹੀ ਜੀਵ (ਇਸ ਤੋਲ ਵਿਚ) ਪੂਰਾ ਤੁਲਦਾ ਹੈ ਜਿਸ ਨੂੰ ਪ੍ਰਭੂ (ਸਿਮਰਨ ਦੀ ਦਾਤ ਦੇ ਕੇ) ਆਪ (ਮਿਹਰ ਦੀ ਨਿਗਾਹ ਨਾਲ) ਤੁਲਾਂਦਾ ਹੈ ॥੭॥
ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥
ਨਿਰੀਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ।
ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥
(ਜੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪ੍ਰਭੂ ਦਾ ਪ੍ਰੇਮ ਨਹੀਂ, ਤਾਂ ਨਿਰੇ ਸਰੀਰ ਦੀ ਪਵਿਤ੍ਰਤਾ ਨਾਲ ਪਰਮਾਤਮਾ ਨਹੀਂ ਮਿਲਦਾ।
ਨਾਨਕ ਨਾਮੁ ਨ ਵੀਸਰੈ ਮੇਲੇ ਗੁਰੁ ਕਰਤਾਰ ॥੮॥੯॥
ਹੇ ਨਾਨਕ! ਜਿਸ ਨੂੰ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਸ ਨੂੰ ਗੁਰੂ ਪਰਮਾਤਮਾ ਦੇ ਮੇਲ ਵਿਚ ਮਿਲਾ ਲੈਂਦਾ ਹੈ ॥੮॥੯॥{58-59}
ਸਿਰੀਰਾਗੁ ਮਹਲਾ ੧ ॥
ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥
ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਮਾਨੋ, ਕੀਮਤੀ) ਰਤਨ (ਹੈ, ਇਹ ਰਤਨ ਤਦੋਂ ਹੀ) ਮਿਲਦਾ ਹੈ ਜੇ ਪੂਰਾ ਗੁਰੂ ਮਿਲ ਪਏ।
ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ ॥
ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, (ਇਸ ਤਰ੍ਹਾਂ) ਸਭ ਨਾਲ ਪਿਆਰ ਕਰਨ ਵਾਲਾ ਪ੍ਰਭੂ ਮਿਲਦਾ ਹੈ।
ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥੧॥
(ਗੁਰੂ ਦੀ ਕਿਰਪਾ ਨਾਲ) ਨਾਮ-ਪਦਾਰਥ ਮਿਲਦਾ ਹੈ, ਜੋ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ ਜੋ ਔਗੁਣ ਮਿਟਾਣ ਦੇ ਸਮਰੱਥ ਹੈ ॥੧॥
ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥
ਹੇ ਭਾਈ! ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ।
ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥੧॥ ਰਹਾਉ ॥
(ਬੇਸ਼ਕ) ਕੋਈ ਧਿਰ ਬ੍ਰਹਮਾ ਨੂੰ, ਨਾਰਦ ਨੂੰ, ਵੇਦਾਂ ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ ॥੧॥ ਰਹਾਉ ॥
ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥
ਪਰਮਾਤਮਾ ਨਾਲ ਡੂੰਘੀ ਸਾਂਝ ਪਾਉਣੀ, ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜਨੀ, ਪਰਮਾਤਮਾ ਦੇ ਚਰਨਾਂ ਵਿਚ ਲਿਵ ਲਾਉਣੀ-(ਗੁਰੂ ਦੀ ਰਾਹੀਂ ਹੀ) ਇਹ ਸਮਝ ਆਉਂਦੀ ਹੈ। ਗੁਰੂ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ।
ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥
ਗੁਰੂ (ਮਾਨੋ) ਇਕ ਹਰਾ ਤੇ ਫਲਦਾਰ ਰੁੱਖ ਹੈ, ਜਿਸ ਦੀ ਗੂੜ੍ਹੀ ਸੰਘਣੀ ਛਾਂ ਹੈ।
ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ ॥੨॥
ਲਾਲਾਂ ਜਵਾਹਰਾਂ ਤੇ ਮੋਤੀਆਂ (ਭਾਵ, ਉੱਚੇ ਸੁੱਚੇ ਆਤਮਕ ਗੁਣਾਂ) ਨਾਲ ਭਰਪੂਰ ਉਹ ਪਰਮਾਤਮਾ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਮਿਲਦਾ ਹੈ ॥੨॥
ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ ॥
ਪਰਮਾਤਮਾ ਦੇ ਪਵਿਤ੍ਰ ਨਾਮ ਦਾ ਪਿਆਰ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਪ੍ਰਾਪਤ ਹੁੰਦਾ ਹੈ।
ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥
ਬੇਅੰਤ ਪ੍ਰਭੂ ਦਾ ਨਾਮ-ਰੂਪ ਸਦਾ-ਥਿਰ ਸੌਦਾ ਪੂਰੇ ਗੁਰੂ ਦੀ ਮਿਹਰ ਨਾਲ ਹੀ ਇਕੱਠਾ ਕੀਤਾ ਜਾ ਸਕਦਾ ਹੈ।
ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥੩॥
ਗੁਰੂ (ਨਾਮ ਦੀ ਬਖ਼ਸ਼ਸ਼ ਰਾਹੀਂ) ਸੁੱਖਾਂ ਦਾ ਦੇਣ ਵਾਲਾ ਹੈ, ਦੁੱਖਾਂ ਦਾ ਮਿਟਾਣ ਵਾਲਾ ਹੈ, ਗੁਰੂ (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ ॥੩॥
ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ ॥
ਇਹ ਸੰਸਾਰ-ਸਮੁੰਦਰ ਬੜਾ ਬਿਖੜਾ ਹੈ ਬੜਾ ਡਰਾਉਣਾ ਹੈ, ਇਸ ਦਾ ਨਾਹ ਕੋਈ ਕੰਢਾ ਦਿੱਸਦਾ ਹੈ ਨਾਹ ਪਾਰਲਾ ਬੰਨਾ।
ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ ॥
ਨਾਹ ਕੋਈ ਬੇੜੀ ਨਾਹ ਕੋਈ ਤੁਲਹਾ ਨਾਹ ਕੋਈ ਮਲਾਹ ਤੇ ਨਾਹ ਮਲਾਹ ਦਾ ਵੰਝ-ਕੋਈ ਭੀ ਇਸ ਸੰਸਾਰ-ਸਮੁੰਦਰ ਵਿਚੋਂ ਲੰਘਾ ਨਹੀਂ ਸਕਦਾ।
ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥੪॥
(ਸੰਸਾਰ-ਸਮੁੰਦਰ ਦੇ) ਖ਼ਤਰਿਆਂ ਤੋਂ ਬਚਾਣ ਵਾਲਾ ਜ਼ਹਾਜ ਗੁਰੂ ਹੀ ਹੈ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸਮੁੰਦਰ ਦੇ ਪਾਰਲੇ ਪਾਸੇ ਉਤਾਰਾ ਹੋ ਸਕਦਾ ਹੈ ॥੪॥
ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ ॥
ਜਦੋਂ ਇਕ ਰਤਾ ਜਿਤਨੇ ਸਮੇਂ ਵਾਸਤੇ ਭੀ ਪਿਆਰਾ ਪ੍ਰਭੂ (ਯਾਦੋਂ) ਭੁੱਲ ਜਾਂਦਾ ਹੈ, ਤਦੋਂ ਜੀਵ ਨੂੰ ਦੁੱਖ ਆ ਘੇਰਦਾ ਹੈ ਤੇ ਉਸ ਦਾ ਸੁੱਖ ਆਨੰਦ ਦੂਰ ਹੋ ਜਾਂਦਾ ਹੈ।
ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥
ਸੜ ਜਾਏ ਉਹ ਸੜਨ ਜੋਗੀ ਜੀਭ ਜੋ ਸੁਆਦ ਨਾਲ ਪ੍ਰਭੂ ਦਾ ਨਾਮ ਨਹੀਂ ਜਪਦੀ।
ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ ॥੫॥
(ਸਿਮਰਨ ਹੀਨ ਬੰਦੇ ਦਾ ਜਦੋਂ) ਸਰੀਰ ਨਾਸ ਹੁੰਦਾ ਹੈ, ਉਸ ਨੂੰ ਬਹੁਤ ਦੁੱਖ ਵਿਆਪਦਾ ਹੈ, ਜਦੋਂ ਉਸ ਨੂੰ ਜਮ ਆ ਫੜਦਾ ਹੈ ਤਾਂ ਉਹ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਣ ਦਾ ਕੀਹ ਲਾਭ?) ॥੫॥
ਮੇਰੀ ਮੇਰੀ ਕਰਿ ਗਏ ਤਨੁ ਧਨੁ ਕਲਤੁ ਨ ਸਾਥਿ ॥
(ਸੰਸਾਰ ਵਿਚ ਬੇਅੰਤ ਹੀ ਜੀਵ ਆਏ, ਜੋ ਇਹ) ਆਖ ਆਖ ਕੇ ਚਲੇ ਗਏ ਕਿ ਇਹ ਮੇਰਾ ਸਰੀਰ ਹੈ ਇਹ ਮੇਰਾ ਧਨ ਹੈ ਇਹ ਮੇਰੀ ਇਸਤ੍ਰੀ ਹੈ, ਪਰ ਨਾਹ ਸਰੀਰ, ਨਾਹ ਧਨ, ਨਾਹ ਇਸਤ੍ਰੀ, ਕੋਈ ਭੀ) ਨਾਲ ਨਾਹ ਨਿਭਿਆ।
ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ ॥
ਪਰਮਾਤਮਾ ਦੇ ਨਾਮ ਤੋਂ ਬਿਨਾ ਧਨ ਕਿਸੇ ਅਰਥ ਨਹੀਂ, ਮਾਇਆ ਦੇ ਰਸਤੇ ਪੈ ਕੇ (ਮਨੁੱਖ ਜ਼ਿੰਦਗੀ ਦੇ ਸਹੀ ਰਾਹ ਤੋਂ) ਖੁੰਝ ਜਾਂਦਾ ਹੈ।
ਸਾਚਉ ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ ॥੬॥
(ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। ਪਰ ਉਸ ਬੇਅੰਤ ਗੁਣਾਂ ਵਾਲੇ ਮਾਲਕ ਦੀ ਸਿਫ਼ਤ-ਸਾਲਾਹ ਗੁਰੂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ ॥੬॥
ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ ॥
ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਅਗਾਂਹ ਭੀ ਉਹੋ ਜਿਹੇ) ਕਰਮ ਕਮਾਂਦਾ ਰਹਿੰਦਾ ਹੈ (ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸ ਗੇੜ ਵਿਚ ਪਿਆ ਰਹਿੰਦਾ ਹੈ।
ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥
ਪਿਛਲੇ ਕਰਮਾਂ ਅਨੁਸਾਰ ਲਿਖਿਆ (ਮੱਥੇ ਦਾ) ਲੇਖ ਪਰਮਾਤਮਾ ਦੇ ਹੁਕਮ ਵਿਚ ਲਿਖਿਆ ਜਾਂਦਾ ਹੈ, ਇਸ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ?
ਬਿਨੁ ਹਰਿ ਨਾਮ ਨ ਛੁਟੀਐ ਗੁਰਮਤਿ ਮਿਲੈ ਮਿਲਾਇ ॥੭॥
(ਇਹਨਾਂ ਲਿਖੇ ਲੇਖਾਂ ਦੀ ਸੰਗਲੀ ਦੇ ਜਕੜ ਵਿਚੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ। ਜਦੋਂ ਗੁਰੂ ਦੀ ਮਤਿ ਮਿਲਦੀ ਹੈ ਤਦੋਂ ਹੀ (ਪ੍ਰਭੂ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ ॥੭॥
ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ ॥
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਇਹ ਪ੍ਰਾਣ ਹਨ, ਉਸ ਤੋਂ ਬਿਨਾ (ਸੰਸਾਰ ਵਿਚ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।
ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ ॥
ਮੇਰੀ ਇਹ ਹਉਮੈ ਸੜ ਜਾਏ, ਮੇਰੀ ਇਹ ਅਪਣੱਤ ਜਲ ਜਾਏ, ਮੇਰਾ ਇਹ ਲੋਭ ਸੜ ਜਾਏ ਤੇ ਮੇਰਾ ਇਹ ਅਹੰਕਾਰ ਸੜ ਬਲ ਜਾਏ (ਜਿਨ੍ਹਾਂ ਮੈਨੂੰ ਪਰਮਾਤਮਾ ਦੇ ਨਾਮ ਤੋਂ ਵਿਛੋੜਿਆ ਹੈ)।
ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ ॥੮॥੧੦॥
ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, (ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲਦਾ ਹੈ ॥੮॥੧੦॥
ਸਿਰੀਰਾਗੁ ਮਹਲਾ ੧ ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਪਾਣੀ ਦਾ ਕੌਲ ਫੁੱਲ ਵਿਚ ਹੈ (ਤੇ ਕੌਲ ਫੁੱਲ ਦਾ ਪਾਣੀ ਵਿਚ)।
ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥
ਕੌਲ ਫੁੱਲ ਪਾਣੀ ਦੀਆਂ ਲਹਰਾਂ ਨਾਲ ਧੱਕੇ ਖਾਂਦਾ ਹੈ, ਫਿਰ ਭੀ (ਪਰਸਪਰ) ਪਿਆਰ ਦੇ ਕਾਰਨ ਕੌਲ ਫੁੱਲ ਖਿੜਦਾ (ਹੀ) ਹੈ (ਧੱਕਿਆਂ ਤੋਂ ਗੁੱਸੇ ਨਹੀਂ ਹੁੰਦਾ)।
ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥੧॥
ਪਾਣੀ ਵਿਚ (ਕੌਲ ਫੁੱਲਾਂ ਦੀਆਂ) ਜਿੰਦਾਂ ਪੈਦਾ ਕਰ ਕੇ (ਪਰਮਾਤਮਾ ਐਸੀ ਖੇਡ ਖੇਡਦਾ ਹੈ ਕਿ) ਪਾਣੀ ਤੋਂ ਬਿਨਾ ਉਹਨਾਂ (ਕੌਲ ਫੁੱਲਾਂ) ਦੀ ਮੌਤ ਹੋ ਜਾਂਦੀ ਹੈ ॥੧॥
ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥
ਹੇ ਮਨ! (ਪ੍ਰਭੂ ਨਾਲ) ਪਿਆਰ ਪਾਉਣ ਤੋਂ ਬਿਨਾ ਤੂੰ (ਮਾਇਆ ਦੇ ਹੱਲਿਆਂ ਤੋਂ) ਬਚ ਨਹੀਂ ਸਕਦਾ।
ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥੧॥ ਰਹਾਉ ॥
(ਪਰ ਇਹ ਪਿਆਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਮਿਲਦਾ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਗੁਰੂ ਦੀ ਕਿਰਪਾ ਨਾਲ ਐਸੀ ਪਿਆਰ-ਸਾਂਝ ਬਣਦੀ ਹੈ ਕਿ) ਪਰਮਾਤਮਾ ਹਰ ਵੇਲੇ ਮੌਜੂਦ ਰਹਿੰਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਹੀ ਬਖ਼ਸ਼ ਦੇਂਦਾ ਹੈ ॥੧॥ ਰਹਾਉ ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਕਰ, ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ।
ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥
ਪਾਣੀ ਜਿਤਨਾ ਹੀ ਵਧੀਕ ਹੈ, ਮੱਛੀ ਨੂੰ ਉਤਨਾ ਹੀ ਵਧੀਕ ਸੁਖ-ਆਨੰਦ ਹੁੰਦਾ ਹੈ, ਉਸ ਦੇ ਮਨ ਵਿਚ ਤਨ ਵਿਚ ਸਰੀਰ ਵਿਚ ਠੰਡ ਪੈਂਦੀ ਹੈ।
ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥੨॥
ਪਾਣੀ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ। ਮੱਛੀ ਦੇ ਹਿਰਦੇ ਦੀ ਇਹ ਵੇਦਨਾ ਪਰਮਾਤਮਾ (ਆਪ) ਜਾਣਦਾ ਹੈ ॥੨॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥
ਹੇ ਮਨ! ਪ੍ਰਭੂ ਨਾਲ ਇਹੋ ਜਿਹੀ ਪ੍ਰੀਤ ਕਰ, ਜਿਹੋ ਜਿਹੀ ਪਪੀਹੇ ਦੀ ਮੀਂਹ ਨਾਲ ਹੈ।
ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥
(ਪਾਣੀ ਨਾਲ) ਸਰੋਵਰ ਭਰੇ ਹੋਏ ਹੁੰਦੇ ਹਨ, ਧਰਤੀ (ਪਾਣੀ ਦੀ ਬਰਕਤਿ ਨਾਲ) ਹਰਿਆਵਲੀ ਹੋਈ ਪਈ ਹੁੰਦੀ ਹੈ, ਪਰ ਜੇ (ਸ੍ਵਾਂਤੀ ਨਛੱਤ੍ਰ ਵਿਚ ਪਏ ਮੀਂਹ ਦੀ) ਇਕ ਬੂੰਦ (ਪਪੀਹੇ ਦੇ ਮੂੰਹ ਵਿਚ) ਨਾਹ ਪਏ, ਤਾਂ ਉਸ ਨੂੰ ਇਸ ਸਾਰੇ ਪਾਣੀ ਨਾਲ ਕੋਈ ਭਾਗ ਨਹੀਂ।
ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥੩॥
(ਪਰ ਹੇ ਮਨ! ਤੇਰੇ ਭੀ ਕੀਹ ਵੱਸ! ਪਰਮਾਤਮਾ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, (ਨਹੀਂ ਤਾਂ) ਪੂਰਬਲਾ ਕਮਾਇਆ ਹੋਇਆ ਸਿਰ ਉੱਤੇ ਸਰੀਰ ਉੱਤੇ ਝੱਲਣਾ ਹੀ ਪੈਂਦਾ ਹੈ ॥੩॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥
ਹੇ ਮਨ! ਹਰੀ ਨਾਲ ਇਹੋ ਜਿਹਾ ਪਿਆਰ ਬਣਾ, ਜਿਹੋ ਜਿਹਾ ਪਾਣੀ ਤੇ ਦੁੱਧ ਦਾ ਹੈ। (ਪਾਣੀ ਦੁੱਧ ਵਿਚ ਆ ਮਿਲਦਾ ਹੈ, ਦੁੱਧ ਦੀ ਸਰਨ ਪੈਂਦਾ ਹੈ, ਦੁੱਧ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਹੈ।
ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥
ਜਦੋਂ ਉਸ ਪਾਣੀ-ਰਲੇ ਦੁੱਧ ਨੂੰ ਅੱਗ ਉੱਤੇ ਰੱਖੀਦਾ ਹੈ ਤਾਂ) ਉਬਾਲਾ (ਪਾਣੀ) ਆਪ ਹੀ ਸਹਾਰਦਾ ਹੈ, ਦੁੱਧ ਨੂੰ ਸੜਨ ਨਹੀਂ ਦੇਂਦਾ।
ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥੪॥
(ਇਸੇ ਤਰ੍ਹਾਂ ਜੇ ਜੀਵ ਆਪਣੇ ਆਪ ਨੂੰ ਕੁਰਬਾਨ ਕਰਨ, ਤਾਂ ਪ੍ਰਭੂ) ਵਿੱਛੁੜੇ ਜੀਵਾਂ ਨੂੰ ਆਪਣੇ ਸਦਾ-ਥਿਰ ਨਾਮ ਵਿਚ ਮੇਲ ਕੇ (ਲੋਕ ਪਰਲੋਕ ਵਿਚ) ਇੱਜ਼ਤ-ਮਾਣ ਦੇਂਦਾ ਹੈ ॥੪॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਚਕਵੀ ਦਾ (ਪਿਆਰ) ਸੂਰਜ ਨਾਲ ਹੈ।
ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ ॥
(ਜਦੋਂ ਸੂਰਜ ਡੁੱਬ ਜਾਂਦਾ ਹੈ, ਚਕਵੀ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ, ਤਾਂ ਉਹ ਚਕਵੀ) ਇਕ ਖਿਨ ਭਰ ਇਕ ਪਲ ਭਰ ਨੀਂਦ (ਦੇ ਵੱਸ ਆ ਕੇ) ਨਹੀਂ ਸੌਂਦੀ, ਦੂਰ (-ਲੁਕੇ ਸੂਰਜ) ਨੂੰ ਆਪਣੇ ਅੰਗ-ਸੰਗ ਸਮਝਦੀ ਹੈ।
ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥੫॥
ਜੇਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ, ਉਸ ਨੂੰ ਪਰਮਾਤਮਾ ਆਪਣੇ ਅੰਗ-ਸੰਗ ਦਿੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਇਹ ਸਮਝ ਨਹੀਂ ਪੈਂਦੀ ॥੫॥
ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀਆਂ ਹੀ ਵਡਿਆਈਆਂ ਕਰਦਾ ਹੈ (ਪਰ ਜੀਵ ਦੇ ਭੀ ਕੀਹ ਵੱਸ?) ਉਹੀ ਕੁਝ ਹੁੰਦਾ ਹੈ ਜੋ ਕਰਤਾਰ (ਆਪ) ਕਰਦਾ (ਕਰਾਂਦਾ ਹੈ)।
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥
(ਕਰਤਾਰ ਦੀ ਮਿਹਰ ਤੋਂ ਬਿਨਾ) ਜੇ ਕੋਈ ਜੀਵ (ਆਪਣੀਆਂ ਵਡਿਆਈਆਂ ਛੱਡਣ ਦਾ ਜਤਨ ਭੀ ਕਰੇ, ਤੇ ਪਰਮਾਤਮਾ ਦੇ ਗੁਣਾਂ ਦੀ ਕਦਰ ਪਛਾਣਨ ਦਾ ਉੱਦਮ ਕਰੇ, ਤਾਂ ਭੀ) ਉਸ ਪ੍ਰਭੂ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ।
ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥੬॥
(ਪਰਮਾਤਮਾ ਦੇ ਗੁਣਾਂ ਦੀ ਕਦਰ) ਤਦੋਂ ਹੀ ਪੈਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਪ੍ਰਾਪਤ ਹੋਵੇ। (ਗੁਰੂ ਦੀ ਮਤਿ ਮਿਲਿਆਂ ਹੀ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ॥੬॥
ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥
(ਪ੍ਰਭੂ-ਚਰਨਾਂ ਵਿਚ ਜੋੜਨ ਵਾਲਾ) ਜੇ ਉਹ ਗੁਰੂ ਮਿਲ ਪਏ, ਤਾਂ (ਉਸ ਦਾ ਮਿਹਰ ਦਾ ਸਦਕਾ ਪ੍ਰਭੂ ਨਾਲ ਅਜੇਹਾ) ਪੱਕਾ ਪਿਆਰ (ਪੈਂਦਾ ਹੈ ਜੋ ਕਦੇ) ਟੁੱਟਦਾ ਨਹੀਂ।
ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥
(ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਨਾਮ-ਪਦਾਰਥ ਮਿਲਦਾ ਹੈ, ਇਹ ਸਮਝ ਭੀ ਪੈਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਮੌਜੂਦ ਹੈ।
ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥
ਜੇ ਮਨੁੱਖ (ਗੁਰੂ ਦੀ ਮਿਹਰ ਦਾ ਸਦਕਾ) ਪਰਮਾਤਮਾ ਦੇ ਗੁਣਾਂ (ਦੇ ਸੌਦੇ) ਦਾ ਖ਼ਰੀਦਣ ਵਾਲਾ ਬਣ ਜਾਏ, ਤਾਂ ਇਸ ਨੂੰ ਪ੍ਰਭੂ ਦਾ ਪਵਿਤ੍ਰ ਨਾਮ (ਫਿਰ ਕਦੇ) ਨਹੀਂ ਭੁੱਲਦਾ ॥੭॥
ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥
(ਹੇ ਮਨ! ਵੇਖ) ਜੇਹੜੇ ਜੀਵ-ਪੰਛੀ ਇਸ (ਸੰਸਾਰ-) ਸਰੋਵਰ ਉੱਤੇ (ਚੋਗ) ਚੁਗਦੇ ਹਨ ਉਹ (ਆਪੋ ਆਪਣੀ ਜੀਵਨ-) ਖੇਡ ਖੇਡ ਕੇ ਚਲੇ ਜਾਂਦੇ ਹਨ।
ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥
ਹਰੇਕ ਜੀਵ-ਪੰਛੀ ਨੇ ਘੜੀ ਪਲ ਦੀ ਖੇਡ ਖੇਡ ਕੇ ਇਥੋਂ ਤੁਰਦੇ ਜਾਣਾ ਹੈ, ਇਹ ਖੇਡ ਇਕ ਦੋ ਦਿਨਾਂ ਵਿਚ ਹੀ (ਛੇਤੀ ਹੀ) ਮੁੱਕ ਜਾਂਦੀ ਹੈ।
ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥੮॥
(ਹੇ ਮਨ! ਪ੍ਰਭੂ ਦੇ ਦਰ ਤੇ ਸਦਾ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਸ ਨੂੰ ਤੂੰ ਆਪ ਮਿਲਾਂਦਾ ਹੈਂ, ਉਹੀ ਤੇਰੇ ਚਰਨਾਂ ਵਿਚ ਜੁੜਦਾ ਹੈ, ਉਹ ਇਥੋਂ ਸੱਚੀ ਜੀਵਨ-ਬਾਜ਼ੀ ਜਿੱਤ ਕੇ ਜਾਂਦਾ ਹੈ ॥੮॥
ਬਿਨੁ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲੁ ਨ ਜਾਇ ॥
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪ੍ਰਭੂ-ਚਰਨਾਂ ਵਿਚ) ਪ੍ਰੀਤ ਪੈਦਾ ਨਹੀਂ ਹੁੰਦੀ (ਕਿਉਂਕਿ ਮਨੁੱਖ ਦੇ ਆਪਣੇ ਉੱਦਮ ਨਾਲ ਮਨ ਵਿਚੋਂ) ਹਉਮੈ ਦੀ ਮੈਲ ਦੂਰ ਨਹੀਂ ਹੋ ਸਕਦੀ।
ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ॥
ਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਪਤੀਜ ਜਾਂਦਾ ਹੈ, ਤਦੋਂ ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਸੁਭਾਉ ਰਲਿਆ ਹੈ ਜਾਂ ਨਹੀਂ।
ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥੯॥
ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣਦਾ ਹੈ। (ਗੁਰੂ ਦੀ ਸਰਨ ਤੋਂ ਬਿਨਾ) ਜੀਵ ਹੋਰ ਕੋਈ ਉੱਦਮ ਕਰ ਕਰਾ ਨਹੀਂ ਸਕਦਾ ॥੯॥
ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥
ਜੇਹੜੇ ਜੀਵ ਗੁਰੂ ਦੇ ਸ਼ਬਦ ਵਿਚ ਪਤੀਜ ਕੇ ਪ੍ਰਭੂ-ਚਰਨਾਂ ਵਿਚ ਮਿਲਦੇ ਹਨ, ਉਹਨਾਂ ਦੇ ਅੰਦਰ ਕੋਈ ਐਸਾ ਵਿਛੋੜਾ ਰਹਿ ਨਹੀਂ ਜਾਂਦਾ ਜਿਸ ਨੂੰ ਦੂਰ ਕਰਕੇ ਉਹਨਾਂ ਨੂੰ ਮੁੜ ਪ੍ਰਭੂ ਨਾਲ ਜੋੜਿਆ ਜਾਏ।
ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ, ਉਹ ਪ੍ਰਭੂ-ਚਰਨਾਂ ਤੋਂ ਵਿੱਛੁੜ ਕੇ (ਮਾਇਆ ਦੇ ਮੋਹ ਦੀਆਂ) ਚੋਟਾਂ ਖਾਂਦਾ ਹੈ।
ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥੧੦॥੧੧॥
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਗਿਆ ਹੈ ਉਸ ਨੂੰ ਪ੍ਰਭੂ ਹੀ ਇਕ ਆਸਰਾ ਪਰਨਾ (ਦਿੱਸਦਾ) ਹੈ। ਪ੍ਰਭੂ ਤੋਂ ਬਿਨਾ ਉਸ ਨੂੰ ਹੋਰ ਕੋਈ ਸਹਾਰਾ ਨਹੀਂ (ਦਿੱਸਦਾ) ਹੋਰ ਕੋਈ ਥਾਂ ਨਹੀਂ ਦਿੱਸਦੀ ॥੧੦॥੧੧॥