ਗੁਰੂ ਨਾਨਕ ਦੇਵ ਜੀ - ਸਲੋਕ ਬਾਣੀ ਸ਼ਬਦ-Part 6 - Guru Nanak Dev ji (Mahalla 1) - Slok Bani Quotes Shabad Path in Punjabi Gurbani - Nitnem Path

ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 6 – Guru Nanak Dev ji (Mahalla 1) – Slok Bani Quotes Shabad Path in Punjabi Gurbani

ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 6 – Guru Nanak Dev ji (Mahalla 1) – Slok Bani Quotes Shabad Path in Punjabi Gurbani

ਆਸਾ ਮਹਲਾ ੧ ॥
ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥

ਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਅੰਦਰ ਵੱਸਦਾ ਹੋਇਆ ਰਾਮ ਵੇਖ ਲਿਆ ਹੈ।

ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥

(ਗੁਰੂ ਦੀ ਸਹਾਇਤਾ ਨਾਲ) ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਕੇ ਮੈਂ ਉਸ ਨੂੰ ਆਪਣੇ ਹਿਰਦੇ ਵਿਚ ਸਿਮਰ ਰਿਹਾ ਹਾਂ, ਹਿਰਦੇ ਵਿਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ, ਉਸ ਦੀਆਂ ਸਿਫ਼ਤਾਂ ਨੂੰ ਵਿਚਾਰ ਰਿਹਾ ਹਾਂ ॥੧॥

ਬੋਲਹੁ ਰਾਮੁ ਕਰੇ ਨਿਸਤਾਰਾ ॥

(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਗੁਰਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥

ਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ ਹਰੀ-ਨਾਮ ਲੱਭ ਪੈਂਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ ॥੧॥ ਰਹਾਉ ॥

ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥

(ਜੇਹੜਾ ਮਨੁੱਖ ਸਿਮਰਨ ਤਾਂ ਨਹੀਂ ਕਰਦਾ, ਪਰ) ਨਿਰੀਆਂ ਜ਼ਬਾਨੀ ਜ਼ਬਾਨੀ (ਬ੍ਰਹਮ-ਗਿਆਨ ਦੀਆਂ) ਗੱਲਾਂ ਕਰਦਾ ਹੈ, ਉਸ ਦੇ (ਮਾਇਆ ਵਾਲੇ) ਬੰਧਨ ਟੁੱਟਦੇ ਨਹੀਂ ਹਨ, ਉਹ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ (ਭਾਵ, ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸੇ ਘੁੰਮਣਘੇਰੀ ਵਿਚ ਰਹਿੰਦਾ ਹੈ), ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।

ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥

ਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ ॥੨॥

ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥

ਜੇਹੜਾ ਮਨੁੱਖ ਹਰੀ-ਨਾਮ ਸਿਮਰਦਾ ਹੈ, ਪਿਆਰੇ ਦੀ ਭਗਤੀ ਕਰਦਾ ਹੈ, ਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ,

ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥

ਉਸ ਮਨੁੱਖ ਨੂੰ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਭੂ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਸ੍ਰੇਸ਼ਟ ਮਤਿ ਦੇਣ ਵਾਲਾ ਪ੍ਰਭੂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥

ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥

ਜੇਹੜਾ ਜੀਵ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ (ਭਾਵ, ਹਉਮੈ ਨੂੰ ਮੁਕਾ ਲੈਂਦਾ ਹੈ), ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ (ਪ੍ਰਭੂ ਦੀ ਯਾਦ ਵਿਚ) ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ।

ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥

ਹੇ ਨਾਨਕ! ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੪॥੧੬॥


ਆਸਾ ਮਹਲਾ ੧ ॥
ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥

(‘ਗਹਿਰ ਗੰਭੀਰ’ ਪ੍ਰਭੂ ਨੂੰ ਸਿਮਰਿਆਂ ਸਿਮਰਨ ਕਰਨ ਵਾਲਾ ਭੀ ਗੰਭੀਰ ਸੁਭਾਵ ਵਾਲਾ ਹੋ ਜਾਂਦਾ ਹੈ, ਉਸ ਦੇ ਅੰਦਰ ਦਿਖਾਵਾ ਤੇ ਹੋਛਾ-ਪਨ ਨਹੀਂ ਰਹਿੰਦਾ), ਜੋ ਮਨੁੱਖ (‘ਗਹਿਰ ਗੰਭੀਰ’ ਨੂੰ ਸਿਮਰ ਕੇ) ਗਿਆਨਵਾਨ ਹੋ ਜਾਂਦੇ ਹਨ, ਉਹ ਆਪਣਾ-ਆਪ ਨਾਹ ਕਿਸੇ ਨੂੰ ਦੱਸਦੇ ਹਨ ਨਾਹ ਸੁਣਾਂਦੇ ਹਨ ਨਾਹ ਸਮਝਾਂਦੇ ਹਨ।

ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥੧॥

ਜੋ ਮਨੁੱਖ (‘ਗਹਿਰ ਗੰਭੀਰ’ ਦੀਆਂ ਸਿਫ਼ਤਾਂ) ਪੜ੍ਹ ਕੇ ਵਿਚਾਰ ਕੇ (ਜੀਵਨ-ਭੇਤ ਨੂੰ) ਸਮਝ ਲੈਂਦੇ ਹਨ ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜ ਕੇ (ਹੋਛਾ-ਪਨ ਤਿਆਗ ਕੇ) ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ॥੧॥

ਐਸਾ ਗੁਰਮਤਿ ਰਮਤੁ ਸਰੀਰਾ ॥

ਹੇ ਮੇਰੇ ਮਨ! ਗੁਰੂ ਦੀ ਮਤਿ ਤੇ ਤੁਰ ਕੇ ਸਾਰੇ ਸਰੀਰਾਂ ਵਿਚ ਵਿਆਪਕ-

ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ ॥

ਉਸ ਅਥਾਹ ਤੇ ਵੱਡੇ ਜਿਗਰ ਵਾਲੇ ਹਰੀ ਦਾ ਭਜਨ ਕਰ ॥੧॥ ਰਹਾਉ ॥

ਅਨਤ ਤਰੰਗ ਭਗਤਿ ਹਰਿ ਰੰਗਾ ॥

ਉਹਨਾਂ (ਹਰੀ ਦਾ ਭਜਨ ਕਰਨ ਵਾਲਿਆਂ) ਦੇ ਅੰਦਰ ਪ੍ਰਭੂ ਦੇ ਪਿਆਰ ਦੀਆਂ ਪ੍ਰਭੂ ਦੀ ਭਗਤੀ ਦੀਆਂ ਅਨੇਕਾਂ ਲਹਿਰਾਂ ਉਠਦੀਆਂ ਰਹਿੰਦੀਆਂ ਹਨ।

ਅਨਦਿਨੁ ਸੂਚੇ ਹਰਿ ਗੁਣ ਸੰਗਾ ॥

ਜੇਹੜੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਾਥ ਬਣਾਂਦੇ ਹਨ ਉਹਨਾਂ ਦਾ ਜੀਵਨ ਪਵਿਤ੍ਰ ਹੁੰਦਾ ਹੈ।

ਮਿਥਿਆ ਜਨਮੁ ਸਾਕਤ ਸੰਸਾਰਾ ॥

ਮਾਇਆ-ਵੇੜ੍ਹੇ ਸੰਸਾਰੀ ਜੀਵ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ।

ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥

ਜੋ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ ॥੨॥

ਸੂਚੀ ਕਾਇਆ ਹਰਿ ਗੁਣ ਗਾਇਆ ॥

ਜੋ ਮਨੁੱਖ ਹਰੀ ਦੇ ਗੁਣ ਗਾਂਦਾ ਹੈ ਉਸ ਦਾ ਸਰੀਰ (ਵਿਕਾਰਾਂ ਵਲੋਂ ਬਚਿਆ ਰਹਿ ਕੇ) ਪਵਿਤ੍ਰ ਰਹਿੰਦਾ ਹੈ,

ਆਤਮੁ ਚੀਨਿ ਰਹੈ ਲਿਵ ਲਾਇਆ ॥

ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣ ਕੇ ਉਹ ਸਦਾ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ।

ਆਦਿ ਅਪਾਰੁ ਅਪਰੰਪਰੁ ਹੀਰਾ ॥

ਉਹ ਮਨੁੱਖ ਉਸ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਬੇਅੰਤ ਹੈ ਜੋ ਪਰੇ ਤੋਂ ਪਰੇ ਹੈ ਜੋ ਹੀਰੇ ਸਮਾਨ ਅਮੋਲਕ ਹੈ।

ਲਾਲਿ ਰਤਾ ਮੇਰਾ ਮਨੁ ਧੀਰਾ ॥੩॥

ਉਸ ਦਾ ਉਹ ਮਨ, ਜੋ ਪਹਿਲਾਂ ਮਮਤਾ ਦਾ ਸ਼ਿਕਾਰ ਸੀ, ਲਾਲ-ਸਮਾਨ ਅਮੋਲਕ-ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ ਤੇ ਠਰ੍ਹੰਮੇ ਵਾਲਾ ਹੋ ਜਾਂਦਾ ਹੈ ॥੩॥

ਕਥਨੀ ਕਹਹਿ ਕਹਹਿ ਸੇ ਮੂਏ ॥

ਜੇਹੜੇ ਮਨੁੱਖ (ਸਿਮਰਨ ਤੋਂ ਸੱਖਣੇ ਹਨ ਤੇ) ਨਿਰੀਆਂ ਜ਼ਬਾਨੀ ਜ਼ਬਾਨੀ ਹੀ ਗਿਆਨ ਦੀਆਂ ਗੱਲਾਂ ਕਰਦੇ ਹਨ ਉਹ ਆਤਮਕ ਮੌਤੇ ਮਰੇ ਹੋਏ ਹਨ (ਉਹਨਾਂ ਦੇ ਅੰਦਰ ਆਤਮਕ ਜੀਵਨ ਨਹੀਂ ਹੈ)।

ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ ॥

(ਕੇਵਲ) ਉਹਨਾਂ ਨੂੰ ਹੀ ਪਰਮਾਤਮਾ ਆਪਣੇ ਅੱਤ ਨੇੜੇ ਦਿੱਸਦਾ ਹੈ, (ਉਹਨਾਂ ਮਨੁੱਖਾਂ ਵਾਸਤੇ) ਹੇ ਪ੍ਰਭੂ! ਹਰ ਥਾਂ ਤੂੰ ਹੀ ਤੂੰ ਵਿਆਪਕ ਹੈਂ, (ਜਿਹੜੇ ਜਗਤ ਦੇ ਪਦਾਰਥਾਂ ਨਾਲ ਮੋਹ ਨਹੀਂ ਬਣਾਂਦੇ।)

ਸਭੁ ਜਗੁ ਦੇਖਿਆ ਮਾਇਆ ਛਾਇਆ ॥

ਉਹਨਾਂ ਮਨੁੱਖਾਂ ਨੂੰ ਸਾਰਾ ਜਗਤ ਮਾਇਆ ਦਾ ਪਸਾਰਾ ਹੀ ਦਿੱਸਦਾ ਹੈ,

ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥

ਹੇ ਨਾਨਕ! ਜਿਨ੍ਹਾਂ ਨੇ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ ॥੪॥੧੭॥


ਆਸਾ ਮਹਲਾ ੧ ਤਿਤੁਕਾ ॥
ਕੋਈ ਭੀਖਕੁ ਭੀਖਿਆ ਖਾਇ ॥

(ਤੇਰਾ ਆਸਰਾ ਭੁਲਾ ਕੇ ਹੀ) ਕੋਈ ਮੰਗਤਾ ਭਿੱਛਿਆ (ਮੰਗ ਮੰਗ ਕੇ) ਖਾਂਦਾ ਹੈ (ਤੇ ਗਰੀਬੀ ਵਿਚ ਨਿਢਾਲ ਹੋ ਰਿਹਾ ਹੈ),

ਕੋਈ ਰਾਜਾ ਰਹਿਆ ਸਮਾਇ ॥

(ਤੈਨੂੰ ਭੁਲਾ ਕੇ ਹੀ) ਕੋਈ ਮਨੁੱਖ ਰਾਜਾ ਬਣ ਕੇ (ਰਾਜ ਵਿਚ) ਮਸਤ ਹੋ ਰਿਹਾ ਹੈ।

ਕਿਸ ਹੀ ਮਾਨੁ ਕਿਸੈ ਅਪਮਾਨੁ ॥

ਕਿਸੇ ਨੂੰ ਆਦਰ ਮਿਲ ਰਿਹਾ ਹੈ (ਉਹ ਇਸ ਆਦਰ ਵਿਚ ਅਹੰਕਾਰੀ ਹੈ) ਕਿਸੇ ਦੀ ਨਿਰਾਦਰੀ ਹੋ ਰਹੀ ਹੈ (ਜਿਸ ਕਰਕੇ ਉਹ ਆਪਣੀ ਮਨੁੱਖਤਾ ਦਾ ਕੌਡੀ ਮੁੱਲ ਨਹੀਂ ਸਮਝਦਾ)

ਢਾਹਿ ਉਸਾਰੇ ਧਰੇ ਧਿਆਨੁ ॥

(ਕੋਈ ਮਨੁੱਖ ਮਨ ਦੇ ਲੱਡੂ ਭੋਰ ਰਿਹਾ ਹੈ, ਆਪਣੇ ਮਨ ਵਿਚ) ਕਈ ਸਲਾਹਾਂ ਬਣਾਂਦਾ ਹੈ ਤੇ ਢਾਂਹਦਾ ਹੈ।

ਤੁਝ ਤੇ ਵਡਾ ਨਾਹੀ ਕੋਇ ॥

ਬੱਸ! ਇਹੀ ਸੋਚਾਂ ਸੋਚਦਾ ਰਹਿੰਦਾ ਹੈ; ਪਰ ਹੇ ਪ੍ਰਭੂ! ਤੈਥੋਂ ਕੋਈ ਵੱਡਾ ਨਹੀਂ (ਜਿਸ ਨੂੰ ਵਡਿਆਈ ਮਿਲਦੀ ਹੈ, ਤੈਥੋਂ ਹੀ ਮਿਲਦੀ ਹੈ)।

ਕਿਸੁ ਵੇਖਾਲੀ ਚੰਗਾ ਹੋਇ ॥੧॥

ਮੈਂ ਕੋਈ ਅਜਿਹਾ ਆਦਮੀ ਨਹੀਂ ਵਿਖਾ ਸਕਦਾ ਜੋ (ਆਪਣੇ ਆਪ ਤੋਂ ਹੀ) ਚੰਗਾ ਬਣ ਗਿਆ ਹੋਵੇ ॥੧॥

ਮੈ ਤਾਂ ਨਾਮੁ ਤੇਰਾ ਆਧਾਰੁ ॥

ਮੇਰੇ ਲਈ ਸਿਰਫ਼ ਤੇਰਾ ਨਾਮ ਹੀ ਆਸਰਾ ਹੈ (ਕਿਉਂਕਿ)

ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ ॥

ਤੂੰ ਹੀ (ਸਭ ਦਾਤਾਂ) ਦੇਣ ਵਾਲਾ ਹੈਂ, ਤੂੰ ਸਭ ਕੁਝ ਕਰਨ ਦੇ ਸਮਰੱਥ ਹੈਂ, ਤੂੰ ਸਾਰੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ ਹੈਂ ॥੧॥ ਰਹਾਉ ॥

ਵਾਟ ਨ ਪਾਵਉ ਵੀਗਾ ਜਾਉ ॥

(ਹੇ ਪ੍ਰਭੂ! ਤੇਰੀ ਓਟ ਤੋਂ ਬਿਨਾ) ਮੈਂ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ, ਕੁਰਾਹੇ ਹੀ ਜਾਂਦਾ ਹਾਂ।

ਦਰਗਹ ਬੈਸਣ ਨਾਹੀ ਥਾਉ ॥

ਤੇਰੀ ਹਜ਼ੂਰੀ ਵਿਚ ਭੀ ਮੈਨੂੰ ਥਾਂ ਨਹੀਂ ਮਿਲ ਸਕਦੀ।

ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥

(ਜਦ ਤਕ ਮੈਨੂੰ ਤੇਰੇ ਪਾਸੋਂ ਗਿਆਨ-ਚਾਨਣ ਨਾ ਮਿਲੇ) ਮੈਂ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹਾਂ, ਮਨ ਦਾ ਅੰਨ੍ਹਾ ਹੀ ਰਹਿੰਦਾ ਹਾਂ,

ਖੀਨ ਖਰਾਬੁ ਹੋਵੈ ਨਿਤ ਕੰਧੁ ॥

ਮੇਰਾ ਸਰੀਰ (ਵਿਕਾਰਾਂ ਵਿਚ) ਸਦਾ ਖਚਿਤ ਤੇ ਖ਼ੁਆਰ ਹੁੰਦਾ ਹੈ।

ਖਾਣ ਜੀਵਣ ਕੀ ਬਹੁਤੀ ਆਸ ॥

ਮੈਂ ਸਦਾ ਹੋਰ ਹੋਰ ਖਾਣ ਤੇ ਜੀਊਣ ਦੀਆਂ ਆਸਾਂ ਬਣਾਂਦਾ ਹਾਂ।

ਲੇਖੈ ਤੇਰੈ ਸਾਸ ਗਿਰਾਸ ॥੨॥

(ਮੈਨੂੰ ਇਹ ਚੇਤਾ ਹੀ ਨਹੀਂ ਰਹਿੰਦਾ ਕਿ) ਮੇਰਾ ਇਕ ਇਕ ਸਾਹ ਤੇ ਇਕ ਇਕ ਗਿਰਾਹੀ ਤੇਰੇ ਹਿਸਾਬ ਵਿਚ ਹੈ (ਤੇਰੀ ਮੇਹਰ ਨਾਲ ਹੀ ਮਿਲ ਰਿਹਾ ਹੈ) ॥੨॥

ਅਹਿਨਿਸਿ ਅੰਧੁਲੇ ਦੀਪਕੁ ਦੇਇ ॥

ਪ੍ਰਭੂ (ਇਤਨਾ ਦਿਆਲ ਹੈ ਕਿ ਮੇਰੇ ਵਰਗੇ) ਅੰਨ੍ਹੇ ਨੂੰ ਦਿਨ ਰਾਤ (ਗਿਆਨ ਦਾ) ਦੀਵਾ ਬਖ਼ਸ਼ਦਾ ਹੈ,

ਭਉਜਲ ਡੂਬਤ ਚਿੰਤ ਕਰੇਇ ॥

ਸੰਸਾਰ-ਸਮੁੰਦਰ ਵਿਚ ਡੁਬਦੇ ਦਾ ਫ਼ਿਕਰ ਰੱਖਦਾ ਹੈ।

ਕਹਹਿ ਸੁਣਹਿ ਜੋ ਮਾਨਹਿ ਨਾਉ ॥

ਜੋ ਪ੍ਰਭੂ ਦਾ ਨਾਮ ਜਪਦੇ ਹਨ, ਸੁਣਦੇ ਹਨ, ਉਸ ਵਿਚ ਸਰਧਾ ਰੱਖਦੇ ਹਨ,

ਹਉ ਬਲਿਹਾਰੈ ਤਾ ਕੈ ਜਾਉ ॥

ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ।

ਨਾਨਕੁ ਏਕ ਕਹੈ ਅਰਦਾਸਿ ॥

ਹੇ ਪ੍ਰਭੂ! ਨਾਨਕ ਤੇਰੇ ਦਰ ਤੇ ਇਹ ਅਰਦਾਸ ਕਰਦਾ ਹੈ,

ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥

ਕਿ ਸਾਡੀ ਜਿੰਦ ਤੇ ਸਾਡਾ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ ॥੩॥

ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥

ਹੇ ਪ੍ਰਭੂ! ਜਦੋਂ ਤੂੰ (ਆਪਣੇ ਨਾਮ ਦੀ ਦਾਤਿ ਮੈਨੂੰ) ਦੇਂਦਾ ਹੈਂ, ਤਦੋਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ,

ਦਰਗਹ ਬੈਸਣ ਹੋਵੈ ਥਾਉ ॥

ਤੇ ਤੇਰੀ ਹਜ਼ੂਰੀ ਵਿਚ ਮੈਨੂੰ ਬੈਠਣ ਲਈ ਥਾਂ ਮਿਲ ਸਕਦੀ ਹੈ।

ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥

ਜਦੋਂ ਤੇਰੀ ਰਜ਼ਾ ਹੋਵੇ ਤਦੋਂ ਹੀ ਮੇਰੀ ਭੈੜੀ ਮਤਿ ਦੂਰ ਹੋ ਸਕਦੀ ਹੈ,

ਗਿਆਨ ਰਤਨੁ ਮਨਿ ਵਸੈ ਆਇ ॥

ਤੇ ਤੇਰਾ ਬਖ਼ਸ਼ਿਆ ਸ੍ਰੇਸ਼ਟ ਗਿਆਨ ਮੇਰੇ ਮਨ ਵਿਚ ਆ ਕੇ ਵੱਸ ਸਕਦਾ ਹੈ।

ਨਦਰਿ ਕਰੇ ਤਾ ਸਤਿਗੁਰੁ ਮਿਲੈ ॥

ਜਿਸ ਮਨੁੱਖ ਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ।

ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥

ਨਾਨਕ ਬੇਨਤੀ ਕਰਦਾ ਹੈ ਕਿ ਤੇ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧੮॥


ਆਸਾ ਮਹਲਾ ੧ ਪੰਚਪਦੇ ॥
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥

ਜੇਹੜੀ ਗਾਂ ਦੁੱਧ ਨਾਹ ਦੇਵੇ ਉਹ ਗਾਂ ਕਿਸ ਕੰਮ? ਜੇਹੜੇ ਪੰਛੀ ਦੇ ਖੰਭ ਨਾਹ ਹੋਣ ਉਸ ਨੂੰ ਹੋਰ ਕੋਈ ਸਹਾਰਾ ਨਹੀਂ, ਬਨਸਪਤੀ ਪਾਣੀ ਤੋਂ ਬਿਨਾ ਹਰੀ ਨਹੀਂ ਰਹਿ ਸਕਦੀ।

ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥

ਉਹ ਬਾਦਸ਼ਾਹ ਕਾਹਦਾ, ਜਿਸ ਨੂੰ ਕੋਈ ਸਲਾਮ ਨ ਕਰੇ? ਇਸੇ ਤਰ੍ਹਾਂ ਹੇ ਪ੍ਰਭੂ! ਜਿਸ ਹਿਰਦੇ ਵਿਚ ਤੇਰਾ ਨਾਮ ਨ ਹੋਵੇ ਉਹ ਇਕ ਹਨੇਰੀ ਕੋਠੜੀ ਹੀ ਹੈ ॥੧॥

ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥

ਹੇ ਪ੍ਰਭੂ! ਤੂੰ ਮੈਨੂੰ ਕਿਉਂ ਵਿਸਾਰਦਾ ਹੈਂ? ਤੇਰੇ ਵਿਸਰਿਆਂ ਮੈਨੂੰ ਬੜਾ ਆਤਮਕ ਦੁੱਖ ਵਾਪਰਦਾ ਹੈ।

ਦੁਖੁ ਲਾਗੈ ਤੂੰ ਵਿਸਰੁ ਨਾਹੀ ॥੧॥ ਰਹਾਉ ॥

ਹੇ ਪ੍ਰਭੂ! (ਮੇਹਰ ਕਰ, ਮੇਰੇ ਮਨ ਤੋਂ) ਨਾਹ ਵਿਸਰ ॥੧॥ ਰਹਾਉ ॥

ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥

ਅੱਖਾਂ ਅੱਗੇ ਹਨੇਰਾ ਆਉਣ ਲੱਗ ਪੈਂਦਾ ਹੈ, ਜੀਭ ਵਿਚ ਖਾਣ-ਪੀਣ ਦਾ ਸੁਆਦ ਮਾਣਨ ਦੀ ਤਾਕਤ ਨਹੀਂ ਰਹਿੰਦੀ, ਕੰਨਾਂ ਵਿਚ (ਰਾਗ ਆਦਿਕ) ਦੀ ਆਵਾਜ਼ ਨਹੀਂ ਸੁਣਾਈ ਦੇਂਦੀ।

ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥੨॥

ਪੈਰਾਂ ਨਾਲ ਭੀ ਮਨੁੱਖ ਤਦੋਂ ਹੀ ਤੁਰਦਾ ਹੈ ਜੇ ਕੋਈ ਹੋਰ ਅਗੋਂ ਉਸਦੀ ਡੰਗੋਰੀ ਫੜੇ-(ਬੁਢੇਪੇ ਦੇ ਕਾਰਨ ਮਨੁੱਖ ਦੇ ਸਰੀਰ ਦੀ ਇਹ ਹਾਲਤ ਬਣ ਜਾਂਦੀ ਹੈ, ਫਿਰ ਭੀ) ਮਨੁੱਖ ਸਿਮਰਨ ਤੋਂ ਸੁੰਞਾ ਹੀ ਰਹਿੰਦਾ ਹੈ, ਇਸ ਦੇ ਜੀਵਨ-ਰੁੱਖ ਨੂੰ ਹੋਰ ਹੋਰ ਫਲ ਲੱਗਦੇ ਰਹਿੰਦੇ ਹਨ ॥੨॥

ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ ॥

ਜੋ ਮਨੁੱਖ ਸੁਅੱਛ ਹਿਰਦੇ ਦੀ ਭੁਏਂ ਵਿਚ ਗੁਰ-ਸ਼ਬਦ ਰੂਪ ਬਾਗ਼ ਦੇ ਰੁੱਖ ਲਾਂਦੇ ਹਨ ਅਤੇ ਪ੍ਰੇਮ-ਰੂਪ ਪਾਣੀ ਸਿੰਜਦੇ ਹਨ,

ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥੩॥

ਉਹਨਾਂ ਸਭਨਾਂ ਨੂੰ ਅਕਾਲ ਪੁਰਖ ਦਾ ਨਾਮ-ਫਲ ਲੱਗਦਾ ਹੈ; ਪਰ ਪ੍ਰਭੂ ਦੀ ਮੇਹਰ ਤੋਂ ਬਿਨਾ ਇਹ ਦਾਤਿ ਨਹੀਂ ਮਿਲਦੀ ॥੩॥

ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ ॥

ਹੇ ਪ੍ਰਭੂ! ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੇਰਾ ਸਿਮਰਨ ਕਰਨ ਤੋਂ ਬਿਨਾ ਮਨੁੱਖਾ ਜੀਵਨ ਦਾ ਲਾਭ ਕਿਸੇ ਨੂੰ ਨਹੀਂ ਮਿਲ ਸਕਦਾ।

ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥੪॥

(ਜੋ ਭੀ ਜੰਮਿਆ ਹੈ ਉਸ ਨੂੰ) ਕਦੇ ਦੁੱਖ ਤੇ ਕਦੇ ਸੁਖ ਮਿਲਣਾ-ਇਹ ਤਾਂ ਤੇਰੀ ਰਜ਼ਾ ਹੈ (ਪਰ ਦੁੱਖ ਵਿਚ ਜੀਵ ਘਾਬਰ ਜਾਂਦਾ ਹੈ, ਸੁਖਾਂ ਵਿਚ ਆਪੇ ਤੋਂ ਬਾਹਰ ਹੁੰਦਾ ਹੈ) ਤੇਰੇ ਨਾਮ ਦੀ ਟੇਕ ਤੋਂ ਬਿਨਾ ਜਿੰਦ ਅਡੋਲ ਰਹਿ ਹੀ ਨਹੀਂ ਸਕਦੀ ॥੪॥

ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ ॥

ਗੁਰੂ ਦੀ ਦੱਸੀ ਮਤਿ ਵਿਚ ਤੁਰ ਕੇ ਆਪਾ-ਭਾਵ ਦਾ ਮਰ ਜਾਣਾ-ਇਹੀ ਹੈ ਸਹੀ ਜੀਵਨ, ਜੇ ਮਨੁੱਖ ਦਾ ਸੁਆਰਥੀ ਜੀਵਨ ਨਹੀਂ ਮੁੱਕਿਆ ਤਾਂ ਉਹ ਜੀਵਨ ਵਿਅਰਥ ਹੈ। ਜੇ ਮੈਂ ਇਹ ਸੁਆਰਥੀ ਜੀਵਨ ਜੀਊਂਦਾ ਹਾਂ, ਤਾਂ ਇਸ ਨੂੰ ਜੀਵਨ ਦਾ ਸੁਚੱਜਾ ਢੰਗ ਨਹੀਂ ਕਿਹਾ ਜਾ ਸਕਦਾ।

ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥

ਨਾਨਕ ਆਖਦਾ ਹੈ- ਪਰਮਾਤਮਾ ਜ਼ਿੰਦਗੀ ਦੇਣ ਵਾਲਾ ਹੈ (ਉਸੇ ਦੀ ਹਜ਼ੂਰੀ ਵਿਚ ਅਰਦਾਸ ਕਰਨੀ ਚਾਹੀਦੀ ਹੈ ਕਿ) ਹੇ ਪ੍ਰਭੂ! ਜਿਥੇ ਤੇਰੀ ਰਜ਼ਾ ਹੈ ਉਥੇ ਸਾਨੂੰ ਰੱਖ (ਭਾਵ, ਆਪਣੀ ਰਜ਼ਾ ਵਿਚ ਰੱਖ ਤੇ ਸਿਮਰਨ ਦੀ ਦਾਤਿ ਬਖ਼ਸ਼ ॥੫॥੧੯॥


ਆਸਾ ਮਹਲਾ ੧ ॥
ਕਾਇਆ ਬ੍ਰਹਮਾ ਮਨੁ ਹੈ ਧੋਤੀ ॥

(ਨਾਮ ਦੀ ਬਰਕਤਿ ਨਾਲ ਵਿਕਾਰਾਂ ਤੋਂ ਬਚਿਆ ਹੋਇਆ) ਮਨੁੱਖਾ ਸਰੀਰ ਹੀ (ਉੱਚ-ਜਾਤੀਆ) ਬ੍ਰਾਹਮਣ ਹੈ, (ਪਵਿਤ੍ਰ ਹੋਇਆ) ਮਨ (ਬ੍ਰਾਹਮਣ ਦੀ) ਧੋਤੀ ਹੈ।

ਗਿਆਨੁ ਜਨੇਊ ਧਿਆਨੁ ਕੁਸਪਾਤੀ ॥

ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਜਨੇਊ ਹੈ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੱਭ ਦਾ ਛੱਲਾ।

ਹਰਿ ਨਾਮਾ ਜਸੁ ਜਾਚਉ ਨਾਉ ॥

ਮੈਂ ਤਾਂ (ਹੇ ਪਾਂਡੇ!) ਪਰਮਾਤਮਾ ਦਾ ਨਾਮ ਹੀ (ਦੱਛਣਾ) ਮੰਗਦਾ ਹਾਂ, ਸਿਫ਼ਤਿ-ਸਾਲਾਹ ਹੀ ਮੰਗਦਾ ਹਾਂ,

ਗੁਰਪਰਸਾਦੀ ਬ੍ਰਹਮਿ ਸਮਾਉ ॥੧॥

ਤਾਕਿ ਗੁਰੂ ਦੀ ਕਿਰਪਾ ਨਾਲ (ਨਾਮ ਸਿਮਰ ਕੇ) ਪਰਮਾਤਮਾ ਵਿਚ ਲੀਨ ਰਹਾਂ ॥੧॥

ਪਾਂਡੇ ਐਸਾ ਬ੍ਰਹਮ ਬੀਚਾਰੁ ॥

ਹੇ ਪਾਂਡੇ! ਤੂੰ ਭੀ ਇਸੇ ਤਰ੍ਹਾਂ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ।

ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ ॥

ਪਰਮਾਤਮਾ ਦੇ ਨਾਮ ਵਿਚ ਹੀ ਸੁੱਚ ਹੈ, ਮੈਂ ਤਾਂ ਪਰਮਾਤਮਾ ਦਾ ਨਾਮ-ਸਿਮਰਨ (-ਰੂਪ ਵੇਦ) ਪੜ੍ਹਦਾ ਹਾਂ, ਪ੍ਰਭੂ ਦੇ ਨਾਮ ਵਿਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ ॥੧॥ ਰਹਾਉ ॥

ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥

(ਹੇ ਪਾਂਡੇ!) ਬਾਹਰਲਾ ਜਨੇਊ ਉਤਨਾ ਚਿਰ ਹੀ ਹੈ, ਜਿਤਨਾ ਚਿਰ ਜੋਤਿ ਸਰੀਰ ਵਿਚ ਮੌਜੂਦ ਹੈ (ਫਿਰ ਇਹ ਕਿਸ ਕੰਮ?)।

ਧੋਤੀ ਟਿਕਾ ਨਾਮੁ ਸਮਾਲਿ ॥

ਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ-ਇਹੀ ਹੈ ਧੋਤੀ ਇਹੀ ਹੈ ਟਿੱਕਾ।

ਐਥੈ ਓਥੈ ਨਿਬਹੀ ਨਾਲਿ ॥

ਇਹ ਨਾਮ ਹੀ ਲੋਕ ਪਰਲੋਕ ਵਿਚ ਸਾਥ ਨਿਭਾਹੁੰਦਾ ਹੈ।

ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥

(ਹੇ ਪਾਂਡੇ!) ਨਾਮ ਵਿਸਾਰ ਕੇ ਹੋਰ ਹੋਰ ਧਾਰਮਿਕ ਰਸਮਾਂ ਨਾਹ ਭਾਲਦਾ ਫਿਰ ॥੨॥

ਪੂਜਾ ਪ੍ਰੇਮ ਮਾਇਆ ਪਰਜਾਲਿ ॥

(ਨਾਮ ਵਿਚ ਜੁੜ ਕੇ) ਮਾਇਆ ਦਾ ਮੋਹ (ਆਪਣੇ ਅੰਦਰੋਂ) ਚੰਗੀ ਤਰ੍ਹਾਂ ਸਾੜ ਦੇ-ਇਹੀ ਹੈ ਦੇਵ-ਪੂਜਾ।

ਏਕੋ ਵੇਖਹੁ ਅਵਰੁ ਨ ਭਾਲਿ ॥

ਹਰ ਥਾਂ ਇਕ ਪਰਮਾਤਮਾ ਨੂੰ ਵੇਖ, (ਹੇ ਪਾਂਡੇ!) ਉਸ ਤੋਂ ਬਿਨਾ ਕਿਸੇ ਹੋਰ ਦੇਵਤੇ ਨੂੰ ਨਾਹ ਲੱਭਦਾ ਰਹੁ।

ਚੀਨੈ੍ ਤਤੁ ਗਗਨ ਦਸ ਦੁਆਰ ॥

ਜੇਹੜਾ ਮਨੁੱਖ ਹਰ ਥਾਂ ਵਿਆਪਕ ਪਰਮਾਤਮਾ ਨੂੰ ਪਛਾਣ ਲੈਂਦਾ ਹੈ, ਉਸ ਨੇ ਮਾਨੋ ਦਸਵੇਂ ਦੁਆਰ ਵਿਚ ਸਮਾਧੀ ਲਾਈ ਹੋਈ ਹੈ।

ਹਰਿ ਮੁਖਿ ਪਾਠ ਪੜੈ ਬੀਚਾਰ ॥੩॥

ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮੂੰਹ ਵਿਚ ਰੱਖਦਾ ਹੈ (ਉਚਾਰਦਾ), ਉਹ (ਵੇਦ ਆਦਿਕ ਪੁਸਤਕਾਂ ਦੇ) ਵਿਚਾਰ ਪੜ੍ਹ ਰਿਹਾ ਹੈ ॥੩॥

ਭੋਜਨੁ ਭਾਉ ਭਰਮੁ ਭਉ ਭਾਗੈ ॥

(ਹੇ ਪਾਂਡੇ! ਪ੍ਰਭੂ-ਚਰਨਾਂ ਨਾਲ) ਪ੍ਰੀਤ (ਜੋੜ, ਇਹ) ਹੈ (ਮੂਰਤੀ ਨੂੰ) ਭੋਗ, (ਇਸ ਦੀ ਬਰਕਤਿ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਡਰ ਲਹਿ ਜਾਂਦਾ ਹੈ।

ਪਾਹਰੂਅਰਾ ਛਬਿ ਚੋਰੁ ਨ ਲਾਗੈ ॥

ਪ੍ਰਭੂ-ਰਾਖੇ ਦਾ ਤੇਜ (ਆਪਣੇ ਅੰਦਰ ਪ੍ਰਕਾਸ਼ ਕਰ) ਕੋਈ ਕਾਮਾਦਿਕ ਚੋਰ ਨੇੜੇ ਨਹੀਂ ਢੁਕਦਾ।

ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥

ਜੋ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੇ, ਮਾਨੋ, ਮੱਥੇ ਉਤੇ ਤਿਲਕ ਲਾਇਆ ਹੋਇਆ ਹੈ।

ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥

ਜੋ ਆਪਣੇ ਅੰਦਰ-ਵੱਸਦੇ ਪ੍ਰਭੂ ਨੂੰ ਪਛਾਣਦਾ ਹੈ ਉਹ ਚੰਗੇ ਮੰਦੇ ਕੰਮ ਦੀ ਪਰਖ ਸਿੱਖ ਲੈਂਦਾ ਹੈ (ਇਹੀ ਹੈ ਅਸਲ ਬਿਬੇਕ) ॥੪॥

ਆਚਾਰੀ ਨਹੀ ਜੀਤਿਆ ਜਾਇ ॥

(ਹੇ ਪਾਂਡੇ!) ਪਰਮਾਤਮਾ ਨਿਰੀਆਂ ਧਾਰਮਿਕ ਰਸਮਾਂ ਨਾਲ ਵੱਸ ਵਿਚ ਨਹੀਂ ਕੀਤਾ ਜਾ ਸਕਦਾ,

ਪਾਠ ਪੜੈ ਨਹੀ ਕੀਮਤਿ ਪਾਇ ॥

ਵੇਦ ਆਦਿਕ ਪੁਸਤਕਾਂ ਦੇ ਪਾਠ ਪੜ੍ਹਿਆਂ ਭੀ ਉਸ ਦੀ ਕਦਰ ਨਹੀਂ ਪੈ ਸਕਦੀ।

ਅਸਟ ਦਸੀ ਚਹੁ ਭੇਦੁ ਨ ਪਾਇਆ ॥

ਜਿਸ ਪਰਮਾਤਮਾ ਦਾ ਭੇਦ ਅਠਾਰਾਂ ਪੁਰਾਣਾਂ ਤੇ ਚਾਰ ਵੇਦਾਂ ਨੇ ਨਾਹ ਲੱਭਾ,

ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥

ਹੇ ਨਾਨਕ! ਸਤਿਗੁਰੂ ਨੇ (ਸਾਨੂੰ) ਉਹ (ਅੰਦਰ ਬਾਹਰ ਹਰ ਥਾਂ) ਵਿਖਾ ਦਿੱਤਾ ਹੈ ॥੫॥੨੦॥


ਆਸਾ ਮਹਲਾ ੧ ॥
ਸੇਵਕੁ ਦਾਸੁ ਭਗਤੁ ਜਨੁ ਸੋਈ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਦਾ ਦਾਸ ਬਣਦਾ ਹੈ,

ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥

ਉਹੀ ਮਨੁੱਖ (ਅਸਲ) ਸੇਵਕ ਹੈ ਦਾਸ ਹੈ ਭਗਤ ਹੈ।

ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥

(ਉਸ ਨੂੰ ਇਹ ਸਦਾ ਯਕੀਨ ਰਹਿੰਦਾ ਹੈ ਕਿ) ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਰਚੀ ਹੈ ਉਹੀ ਇਸ ਨੂੰ ਮੁੜ ਨਾਸ ਕਰਦਾ ਹੈ,

ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥

ਉਸ ਤੋਂ ਬਿਨਾ ਕੋਈ ਦੂਜਾ ਉਸ ਵਰਗਾ ਨਹੀਂ ਹੈ ॥੧॥

ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥

ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਸਦਾ-ਥਿਰ ਨਾਮ ਵਿਚਾਰ ਕੇ-

ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਅਟੱਲ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੁੰਦੇ ਹਨ ॥੧॥ ਰਹਾਉ ॥

ਸਚਾ ਅਰਜੁ ਸਚੀ ਅਰਦਾਸਿ ॥

ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਅਰਜ਼ੋਈ ਤੇ ਅਰਦਾਸ ਹੀ ਅਸਲ (ਅਰਜ਼ੋਈ ਅਰਦਾਸ) ਹੈ,

ਮਹਲੀ ਖਸਮੁ ਸੁਣੇ ਸਾਬਾਸਿ ॥

ਮਹਲ ਦਾ ਮਾਲਕ ਖਸਮ-ਪ੍ਰਭੂ ਉਸ ਅਰਦਾਸ ਨੂੰ ਸੁਣਦਾ ਹੈ ਤੇ ਆਦਰ ਦੇਂਦਾ ਹੈ (ਸ਼ਾਬਾਸ਼ ਆਖਦਾ ਹੈ),

ਸਚੈ ਤਖਤਿ ਬੁਲਾਵੈ ਸੋਇ ॥

ਆਪਣੇ ਸਦਾ-ਅਟੱਲ ਤਖ਼ਤ ਉਤੇ (ਬੈਠਾ ਹੋਇਆ ਪ੍ਰਭੂ) ਉਸ ਸੇਵਕ ਨੂੰ ਸੱਦਦਾ ਹੈ,

ਦੇ ਵਡਿਆਈ ਕਰੇ ਸੁ ਹੋਇ ॥੨॥

ਤੇ ਉਹ ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਉਸ ਨੂੰ ਮਾਣ-ਆਦਰ ਦੇਂਦਾ ਹੈ ॥੨॥

ਤੇਰਾ ਤਾਣੁ ਤੂਹੈ ਦੀਬਾਣੁ ॥

(ਹੇ ਪ੍ਰਭੂ!) ਗੁਰਮੁਖਿ ਨੂੰ ਤੇਰਾ ਹੀ ਤਾਣ ਹੈ ਤੇਰਾ ਹੀ ਆਸਰਾ ਹੈ,

ਗੁਰ ਕਾ ਸਬਦੁ ਸਚੁ ਨੀਸਾਣੁ ॥

ਗੁਰੂ ਦਾ ਸ਼ਬਦ ਹੀ ਉਸ ਦੇ ਪਾਸ ਸਦਾ-ਥਿਰ ਰਹਿਣ ਵਾਲਾ ਪਰਵਾਨਾ ਹੈ,

ਮੰਨੇ ਹੁਕਮੁ ਸੁ ਪਰਗਟੁ ਜਾਇ ॥

ਗੁਰਮੁਖਿ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ ਤੇ) ਮੰਨਦਾ ਹੈ, ਜਗਤ ਵਿਚ ਸੋਭਾ ਖੱਟ ਕੇ ਜਾਂਦਾ ਹੈ,

ਸਚੁ ਨੀਸਾਣੈ ਠਾਕ ਨ ਪਾਇ ॥੩॥

ਗੁਰ-ਸ਼ਬਦ ਦੀ ਸੱਚੀ ਰਾਹਦਾਰੀ ਦੇ ਕਾਰਨ ਉਸ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾਂਦਾ ॥੩॥

ਪੰਡਿਤ ਪੜਹਿ ਵਖਾਣਹਿ ਵੇਦੁ ॥

ਪੰਡਿਤ ਲੋਕ ਵੇਦ ਪੜ੍ਹਦੇ ਹਨ ਤੇ ਹੋਰਨਾਂ ਨੂੰ ਵਿਆਖਿਆ ਕਰ ਕੇ ਸੁਣਾਂਦੇ ਹਨ,

ਅੰਤਰਿ ਵਸਤੁ ਨ ਜਾਣਹਿ ਭੇਦੁ ॥

ਪਰ (ਨਿਰੀ ਵਿੱਦਿਆ ਦੇ ਮਾਣ ਵਿਚ ਰਹਿ ਕੇ) ਇਹ ਭੇਦ ਨਹੀਂ ਜਾਣਦੇ ਕਿ ਪਰਮਾਤਮਾ ਦਾ ਨਾਮ-ਪਦਾਰਥ ਅੰਦਰ ਹੀ ਮੌਜੂਦ ਹੈ।

ਗੁਰ ਬਿਨੁ ਸੋਝੀ ਬੂਝ ਨ ਹੋਇ ॥

ਪਰ ਇਹ ਸਮਝ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਆਉਂਦੀ,

ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥

ਕਿ ਸਦਾ-ਥਿਰ ਪ੍ਰਭੂ ਹਰੇਕ ਦੇ ਅੰਦਰ ਵਿਆਪਕ ਹੈ ॥੪॥

ਕਿਆ ਹਉ ਆਖਾ ਆਖਿ ਵਖਾਣੀ ॥

ਹੇ ਚੋਜੀ ਪ੍ਰਭੂ! ਗੁਰੂ ਦੇ ਸਨਖੁਖ ਰਹਿਣ ਦਾ ਮੈਂ ਕੀਹ ਜ਼ਿਕਰ ਕਰਾਂ? ਕੀਹ ਆਖ ਕੇ ਸੁਣਾਵਾਂ?

ਤੂੰ ਆਪੇ ਜਾਣਹਿ ਸਰਬ ਵਿਡਾਣੀ ॥

ਤੂੰ (ਇਸ ਭੇਦ ਨੂੰ) ਆਪ ਹੀ ਜਾਣਦਾ ਹੈਂ।

ਨਾਨਕ ਏਕੋ ਦਰੁ ਦੀਬਾਣੁ ॥

ਹੇ ਨਾਨਕ! ਗੁਰਮੁਖਿ ਵਾਸਤੇ ਪ੍ਰਭੂ ਦਾ ਹੀ ਇਕ ਦਰਵਾਜ਼ਾ ਹੈ ਆਸਰਾ ਹੈ,

ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥

ਜਿਥੇ ਗੁਰੂ ਦੇ ਸਨਮੁਖ ਰਹਿ ਕੇ ਸਿਮਰਨ ਕਰਨਾ ਉਸ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ ॥੫॥੨੧॥


ਆਸਾ ਮਹਲਾ ੧ ॥
ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥

(ਨਿੱਤ ਵਿਕਾਰਾਂ ਵਿਚ ਖਚਿਤ ਰਹਿਣ ਕਰਕੇ) ਇਹ ਸਰੀਰ ਦੁੱਖਾਂ ਦਾ ਘਰ ਬਣਿਆ ਪਿਆ ਹੈ (ਵਿਕਾਰਾਂ ਦੇ ਅਸਰ ਹੇਠੋਂ ਨਹੀਂ ਨਿਕਲਦਾ) ਤੇ ਕੱਚੇ ਘੜੇ ਸਮਾਨ ਹੈ (ਜੋ ਤੁਰਤ ਪਾਣੀ ਵਿਚ ਗਲ ਜਾਂਦਾ ਹੈ), ਪੈਦਾ ਹੁੰਦਾ ਹੈ, (ਸਾਰੀ ਉਮਰ) ਦੁੱਖ ਪਾਂਦਾ ਹੈ ਤੇ ਫਿਰ ਨਾਸ ਹੋ ਜਾਂਦਾ ਹੈ।

ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥

(ਇਕ ਪਾਸੇ ਤਾਂ ਕੱਚੇ ਘੜੇ ਵਰਗਾ ਇਹ ਸਰੀਰ ਹੈ, ਦੂਜੇ ਪਾਸੇ) ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਇਸ ਵਿਕਾਰ-ਭਰੇ ਸਰੀਰ ਦਾ ਆਸਰਾ ਲੈ ਕੈ) ਇਸ ਵਿਚੋਂ ਤਰਿਆ ਨਹੀਂ ਜਾ ਸਕਦਾ, ਗੁਰੂ ਪਰਮਾਤਮਾ ਦਾ ਆਸਰਾ ਲੈਣ ਤੋਂ ਬਿਨਾ ਪਾਰ ਨਹੀਂ ਲੰਘ ਸਕੀਦਾ ॥੧॥

ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥

ਹੇ ਮੇਰੇ ਪਿਆਰੇ ਹਰੀ! ਮੇਰਾ ਤੈਥੋਂ ਬਿਨਾ ਹੋਰ ਕੋਈ (ਆਸਰਾ) ਨਹੀਂ, ਤੈਥੋਂ ਬਿਨਾ ਮੇਰਾ ਕੋਈ ਨਹੀਂ।

ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥

ਤੂੰ ਸਾਰੇ ਰੰਗਾਂ ਵਿਚ ਸਾਰੇ ਰੂਪਾਂ ਵਿਚ ਮੌਜੂਦ ਹੈਂ। (ਹੇ ਭਾਈ!) ਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਬਖ਼ਸ਼ ਲੈਂਦਾ ਹੈ ॥੧॥ ਰਹਾਉ ॥

ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥

(ਮੇਰਾ ਪ੍ਰਭੂ-ਪਤੀ ਮੇਰੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ) ਇਹ ਭੈੜੀ ਸੱਸ (ਮਾਇਆ) ਮੈਨੂੰ ਹਿਰਦੇ-ਘਰ ਵਿਚ ਟਿਕਣ ਹੀ ਨਹੀਂ ਦੇਂਦੀ (ਭਾਵ, ਮੇਰੇ ਮਨ ਨੂੰ ਸਦਾ ਬਾਹਰ ਮਾਇਕ ਪਦਾਰਥਾਂ ਦੇ ਪਿੱਛੇ ਭਜਾਈ ਫਿਰਦੀ ਹੈ) ਇਹ ਚੰਦਰੀ ਮੈਨੂੰ ਪਤੀ ਨਾਲ ਮਿਲਣ ਨਹੀਂ ਦੇਂਦੀ।

ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥

(ਇਸ ਚੰਦਰੀ ਤੋਂ ਬਚਣ ਲਈ) ਮੈਂ ਸਤਸੰਗੀ ਸਹੇਲੀਆਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ (ਸਤਸੰਗ ਵਿਚ ਗੁਰੂ ਮਿਲਦਾ ਹੈ), ਗੁਰੂ ਦੀ ਕਿਰਪਾ ਨਾਲ ਪਤੀ-ਪ੍ਰਭੂ ਮੇਰੇ ਤੇ ਮੇਹਰ ਦੀ ਨਜ਼ਰ ਕਰਦਾ ਹੈ ॥੨॥

ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥

ਹੇ ਪ੍ਰਭੂ! (ਗੁਰੂ ਦੀ ਕਿਰਪਾ ਨਾਲ) ਜਦੋਂ ਮੈਂ ਆਪਣੇ ਆਪ ਨੂੰ ਸਵਾਰ ਕੇ ਆਪਣਾ ਮਨ ਮਾਰ ਕੇ ਵੇਖਿਆ ਤਾਂ (ਮੈਨੂੰ ਦਿੱਸ ਪਿਆ ਕਿ) ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ ਹੈ।

ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥

ਸਾਨੂੰ ਜੀਵਾਂ ਨੂੰ ਤੂੰ ਜਿਸ ਹਾਲਤ ਵਿਚ ਰੱਖਦਾ ਹੈਂ, ਉਸੇ ਹਾਲਤ ਵਿਚ ਹੀ ਅਸੀਂ ਰਹਿ ਸਕਦੇ ਹਾਂ। ਦੁਖ ਭੀ ਤੂੰ ਹੀ ਦੇਂਦਾ ਹੈਂ, ਸੁਖ ਭੀ ਤੂੰ ਹੀ ਦੇਂਦਾ ਹੈਂ। ਜੋ ਕੁਝ ਤੂੰ ਕਰਦਾ ਹੈਂ; ਉਹੀ ਹੁੰਦਾ ਹੈ ॥੩॥

ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥

ਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ।

ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥

ਜਦੋਂ ਸਤਸੰਗ ਦਾ ਆਸਰਾ ਲਈਏ, ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ ॥੪॥

ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥

ਜਿਸ ਮਨੁੱਖ ਦੇ ਹਿਰਦੇ ਵਿਚ ਅਲੱਖ ਤੇ ਅਭੇਵ ਪਰਮਾਤਮਾ ਵੱਸ ਪਏ, ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ ਧਿਆਨ ਪ੍ਰਾਪਤ ਹੋ ਗਏ।

ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥

ਹੇ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਮਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ; ਮਨ ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ਕਰਦਾ ਹੈ ॥੫॥੨੨॥


ਆਸਾ ਮਹਲਾ ੧ ਪੰਚਪਦੇ ॥
ਮੋਹੁ ਕੁਟੰਬੁ ਮੋਹੁ ਸਭ ਕਾਰ ॥

(ਹੇ ਭਾਈ!) ਮੋਹ (ਮਨੁੱਖ ਦੇ ਮਨ ਵਿਚ) ਪਰਵਾਰ ਦੀ ਮਮਤਾ ਪੈਦਾ ਕਰਦਾ ਹੈ, ਮੋਹ (ਜਗਤ ਦੀ) ਸਾਰੀ ਕਾਰ ਚਲਾ ਰਿਹਾ ਹੈ,

ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥

(ਪਰ ਮੋਹ ਹੀ) ਵਿਕਾਰ ਪੈਦਾ ਕਰਦਾ ਹੈ, (ਇਸ ਵਾਸਤੇ) ਮੋਹ ਨੂੰ ਛੱਡ ॥੧॥

ਮੋਹੁ ਅਰੁ ਭਰਮੁ ਤਜਹੁ ਤੁਮ੍ਰ੍ਰ ਬੀਰ ॥

ਹੇ ਭਾਈ! (ਦੁਨੀਆ ਦਾ) ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰ।

ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥

(ਮੋਹ ਤਿਆਗਿਆਂ ਹੀ) ਮਨੁੱਖ ਪਰਮਾਤਮਾ ਦਾ ਅਟੱਲ ਨਾਮ ਹਿਰਦੇ ਵਿਚ ਸਿਮਰ ਸਕਦਾ ਹੈ ॥੧॥ ਰਹਾਉ ॥

ਸਚੁ ਨਾਮੁ ਜਾ ਨਵ ਨਿਧਿ ਪਾਈ ॥

ਜਦੋਂ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ (-ਰੂਪ) ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ,

ਰੋਵੈ ਪੂਤੁ ਨ ਕਲਪੈ ਮਾਈ ॥੨॥

(ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ, ਫਿਰ) ਮਨ ਮਾਇਆ ਦੀ ਖ਼ਾਤਰ ਰੋਂਦਾ ਨਹੀਂ ਕਲਪਦਾ ਨਹੀਂ ॥੨॥

ਏਤੁ ਮੋਹਿ ਡੂਬਾ ਸੰਸਾਰੁ ॥

ਇਹ ਮੋਹ ਵਿਚ ਸਾਰਾ ਜਗਤ ਡੁੱਬਾ ਪਿਆ ਹੈ,

ਗੁਰਮੁਖਿ ਕੋਈ ਉਤਰੈ ਪਾਰਿ ॥੩॥

ਕੋਈ ਵਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ (ਮੋਹ ਦੇ ਸਮੁੰਦਰ ਵਿਚੋਂ) ਪਾਰ ਲੰਘਦਾ ਹੈ ॥੩॥

ਏਤੁ ਮੋਹਿ ਫਿਰਿ ਜੂਨੀ ਪਾਹਿ ॥

(ਹੇ ਭਾਈ!) ਇਸ ਮੋਹ ਵਿਚ (ਫਸਿਆ ਹੋਇਆ) ਤੂੰ ਮੁੜ ਮੁੜ ਜੂਨਾਂ ਵਿਚ ਪਏਂਗਾ,

ਮੋਹੇ ਲਾਗਾ ਜਮ ਪੁਰਿ ਜਾਹਿ ॥੪॥

ਮੋਹ ਵਿਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ ਵਿਚ ਜਾਵੇਂਗਾ ॥੪॥

ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥

ਜੇਹੜੇ ਬੰਦੇ (ਰਿਵਾਜੀ) ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਂਦੇ ਹਨ,

ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥

ਉਹਨਾਂ ਦਾ ਮੋਹ ਟੁੱਟਦਾ ਨਹੀਂ, (ਇਹਨਾਂ ਜਪਾਂ ਤਪਾਂ ਨਾਲ) ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ ॥੫॥

ਨਦਰਿ ਕਰੇ ਤਾ ਏਹੁ ਮੋਹੁ ਜਾਇ ॥

ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦਾ ਇਹ ਮੋਹ ਦੂਰ ਹੁੰਦਾ ਹੈ।

ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥

ਹੇ ਨਾਨਕ! ਉਹ ਸਦਾ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੬॥੨੩॥


ਆਸਾ ਮਹਲਾ ੧ ॥
ਆਪਿ ਕਰੇ ਸਚੁ ਅਲਖ ਅਪਾਰੁ ॥

(ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਪਰਮਾਤਮਾ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਕਰ ਰਿਹਾ ਹੈ।

ਹਉ ਪਾਪੀ ਤੂੰ ਬਖਸਣਹਾਰੁ ॥੧॥

(ਹੇ ਪ੍ਰਭੂ! ਇਹ ਅਟੱਲ ਨਿਯਮ ਭੁਲਾ ਕੇ) ਮੈਂ ਗੁਨਹਗਾਰ ਹਾਂ (ਪਰ ਫਿਰ ਭੀ) ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ ॥੧॥

ਤੇਰਾ ਭਾਣਾ ਸਭੁ ਕਿਛੁ ਹੋਵੈ ॥

ਜਗਤ ਵਿਚ ਜੋ ਕੁਝ ਹੁੰਦਾ ਹੈ ਸਭ ਕੁਝ ਉਹੀ ਹੁੰਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ।

ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥

(ਪਰ ਇਹ ਅਟੱਲ ਸਚਾਈ ਵਿਸਾਰ ਕੇ) ਮਨੁੱਖ ਨਿਰੇ ਆਪਣੇ ਮਨ ਦੇ ਹਠ ਨਾਲ (ਭਾਵ, ਨਿਰੀ ਆਪਣੀ ਅਕਲ ਦਾ ਆਸਰਾ ਲੈ ਕੇ) ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ ॥੧॥ ਰਹਾਉ ॥

ਮਨਮੁਖ ਕੀ ਮਤਿ ਕੂੜਿ ਵਿਆਪੀ ॥

(ਨਿਰੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ,

ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥

(ਇਸ ਤਰ੍ਹਾਂ) ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ (ਮਾਇਆ ਦੇ ਲਾਲਚ ਵਿਚ ਕੀਤੇ) ਕਿਸੇ ਮੰਦ-ਕਰਮ ਦੇ ਕਾਰਨ ਦੁਖੀ ਹੁੰਦੀ ਹੈ ॥੨॥

ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥

(ਹੇ ਭਾਈ! ਮਾਇਆ ਦੇ ਮੋਹ ਵਿਚ ਫਸੀ) ਭੈੜੀ ਮਤਿ ਤਿਆਗ ਕੇ ਕੁਝ ਆਤਮਕ ਲਾਭ ਭੀ ਖੱਟੋ,

ਜੋ ਉਪਜੈ ਸੋ ਅਲਖ ਅਭੇਵਹੁ ॥੩॥

(ਇਹ ਯਕੀਨ ਲਿਆਵੋ ਕਿ) ਜੋ ਕੁਝ ਪੈਦਾ ਹੋਇਆ ਹੈ, ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ (ਭਾਵ, ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ) ॥੩॥

ਐਸਾ ਹਮਰਾ ਸਖਾ ਸਹਾਈ ॥

(ਅਸੀਂ ਜੀਵ ਮੁੜ ਮੁੜ ਭੁੱਲਦੇ ਹਾਂ ਤੇ ਆਪਣੀ ਅਕਲ ਤੇ ਮਾਣ ਕਰਦੇ ਹਾਂ, ਪਰ) ਸਾਡਾ ਮਿੱਤ੍ਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ।

ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥

(ਉਸ ਦੀ ਮੇਹਰ ਨਾਲ) ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੀ ਭਗਤੀ ਦੀ ਹੀ ਤਾਕੀਦ ਕਰਦਾ ਹੈ ॥੪॥

ਸਗ
ਸਗਲੀਂ ਸਉਦੀਂ ਤੋਟਾ ਆਵੈ ॥

(ਪ੍ਰਭੂ ਦਾ ਸਿਮਰਨ ਵਿਸਾਰ ਕੇ) ਸਾਰੇ ਦੁਨਿਆਵੀ ਸੌਦਿਆਂ ਵਿਚ ਘਾਟਾ ਹੀ ਘਾਟਾ ਹੈ (ਉਮਰ ਵਿਅਰਥ ਗੁਜ਼ਰਦੀ ਜਾਂਦੀ ਹੈ);

ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥

ਹੇ ਨਾਨਕ! (ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ) ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ॥੫॥੨੪॥


ਆਸਾ ਮਹਲਾ ੧ ਚਉਪਦੇ ॥
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥

(ਵਿਦਿਆ ਪ੍ਰਾਪਤ ਕਰ ਕੇ) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।

ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥

ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ, ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ ॥੧॥

ਘੁੰਘਰੂ ਵਾਜੈ ਜੇ ਮਨੁ ਲਾਗੈ ॥

ਜੇ ਮੇਰਾ ਮਨ ਪ੍ਰਭੂ-ਚਰਨਾਂ ਵਿਚ ਜੁੜਨਾ ਸਿੱਖ ਗਿਆ ਹੈ ਤਦੋਂ ਹੀ (ਭਗਤੀਆ ਬਣ ਕੇ) ਘੁੰਘਰੂ ਵਜਾਣੇ ਸਫਲ ਹਨ।

ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥

ਫਿਰ ਪਰਲੋਕ ਵਿਚ ਜਮ ਮੇਰਾ ਕੁਝ ਭੀ ਨਹੀਂ ਵਿਗਾੜ ਸਕਦਾ ॥੧॥ ਰਹਾਉ ॥

ਆਸ ਨਿਰਾਸੀ ਤਉ ਸੰਨਿਆਸੀ ॥

ਜੇ ਸਭ ਮਾਇਕ-ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ।

ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥

ਜੇ (ਗ੍ਰਿਹਸਤੀ ਹੁੰਦਿਆਂ) ਜੋਗੀ ਵਾਲਾ ਜਤ (ਕਾਇਮ) ਹੈ ਤਾਂ ਉਸ ਨੂੰ ਅਸਲ ਗ੍ਰਿਹਸਤੀ ਜਾਣੋ ॥੨॥

ਦਇਆ ਦਿਗੰਬਰੁ ਦੇਹ ਬੀਚਾਰੀ ॥

ਜੇ (ਹਿਰਦੇ ਵਿਚ) ਦਇਆ ਹੈ, ਜੇ ਸਰੀਰ ਨੂੰ (ਵਿਕਾਰਾਂ ਵਲੋਂ ਪਵਿੱਤ੍ਰ ਰੱਖਣ ਦੀ) ਵਿਚਾਰ ਵਾਲਾ ਭੀ ਹੈ, ਤਾਂ ਉਹ ਅਸਲ ਦਿਗੰਬਰ (ਨਾਂਗਾ ਜੈਨੀ);

ਆਪਿ ਮਰੈ ਅਵਰਾ ਨਹ ਮਾਰੀ ॥੩॥

ਜੋ ਮਨੁੱਖ ਆਪ (ਵਿਕਾਰਾਂ ਵਲੋਂ) ਮਰਿਆ ਹੋਇਆ ਹੈ ਉਹੀ ਹੈ (ਅਸਲ ਅਹਿੰਸਾ-ਵਾਦੀ) ਜੋ ਹੋਰਨਾਂ ਨੂੰ ਨਹੀਂ ਮਾਰਦਾ ॥੩॥

ਏਕੁ ਤੂ ਹੋਰਿ ਵੇਸ ਬਹੁਤੇਰੇ ॥

(ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ, ਹੇ ਪ੍ਰਭੂ!) ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ, ਹਰੇਕ ਵੇਸ ਵਿਚ ਤੂੰ ਆਪ ਮੌਜੂਦ ਹੈਂ।

ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥

ਨਾਨਕ (ਵਿਚਾਰਾ) ਤੇਰੇ ਕੌਤਕ-ਤਮਾਸ਼ੇ ਸਮਝ ਨਹੀਂ ਸਕਦਾ ॥੪॥੨੫॥


ਆਸਾ ਮਹਲਾ ੧ ॥
ਏਕ ਨ ਭਰੀਆ ਗੁਣ ਕਰਿ ਧੋਵਾ ॥

ਮੈਂ ਕਿਸੇ ਸਿਰਫ਼ ਇੱਕ ਔਗੁਣ ਨਾਲ ਲਿੱਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰ ਕੇ ਉਸ ਇੱਕ ਔਗੁਣ ਨੂੰ ਧੋ ਸਕਾਂ (ਮੇਰੇ ਅੰਦਰ ਤਾਂ ਬੇਅੰਤ ਔਗੁਣ ਹਨ ਕਿਉਂਕਿ)

ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥

ਮੈਂ ਤਾਂ ਸਾਰੀ ਉਮਰ-ਰਾਤ ਹੀ (ਮੋਹ ਦੀ ਨੀਂਦ ਵਿਚ ਸੁੱਤੀ ਰਹੀ ਹਾਂ, ਤੇ ਮੇਰਾ ਖਸਮ-ਪ੍ਰਭੂ ਜਾਗਦਾ ਰਹਿੰਦਾ ਹੈ (ਉਸ ਦੇ ਨੇੜੇ ਮੋਹ ਢੁਕ ਹੀ ਨਹੀਂ ਸਕਦਾ) ॥੧॥

ਇਉ ਕਿਉ ਕੰਤ ਪਿਆਰੀ ਹੋਵਾ ॥

ਅਜੇਹੀ ਹਾਲਤ ਵਿਚ ਮੈਂ ਖਸਮ-ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ?

ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥

ਖਸਮ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ ॥੧॥ ਰਹਾਉ ॥

ਆਸ ਪਿਆਸੀ ਸੇਜੈ ਆਵਾ ॥

ਮੈਂ ਸੇਜ ਤੇ ਆਉਂਦੀ ਹਾਂ (ਮੈਂ ਹਿਰਦੇ-ਸੇਜ ਵਲ ਪਰਤਦੀ ਹਾਂ, ਪਰ ਅਜੇ ਭੀ) ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਮੈਂ ਵਿਆਕੁਲ ਹਾਂ।

ਆਗੈ ਸਹ ਭਾਵਾ ਕਿ ਨ ਭਾਵਾ ॥੨॥

(ਅਜੇਹੀ ਆਤਮਕ ਦਸ਼ਾ ਨਾਲ ਕਿਵੇਂ ਯਕੀਨ ਬਣੇ ਕਿ) ਮੈਂ ਖਸਮ-ਪ੍ਰਭੂ ਨੂੰ ਪਸੰਦ ਆਵਾਂ ਕਿ ਨਾਹ ਪਸੰਦ ਆਵਾਂ ॥੨॥

ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥

ਹੇ ਮਾਂ! (ਸਾਰੀ ਉਮਰ ਮਾਇਆ ਦੀ ਨੀਂਦ ਵਿਚ ਸੁੱਤੀ ਰਹਿਣ ਕਰ ਕੇ) ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕੀਹ ਬਣੇਗਾ,

ਹਰਿ ਦਰਸਨ ਬਿਨੁ ਰਹਨੁ ਨ ਜਾਈ ॥੧॥ ਰਹਾਉ ॥

(ਮੈਨੂੰ ਪਤੀ-ਪ੍ਰਭੂ ਪਰਵਾਨ ਕਰੇਗਾ ਕਿ ਨਹੀਂ, ਪਰ ਹੁਣ) ਪ੍ਰਭੂ-ਪਤੀ ਦੇ ਦਰਸ਼ਨ ਤੋਂ ਬਿਨਾ ਮੈਨੂੰ ਧਰਵਾਸ ਭੀ ਨਹੀਂ ਬੱਝਦਾ ॥੧॥ ਰਹਾਉ ॥

ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥

(ਹੇ ਮਾਂ! ਸਾਰੀ ਉਮਰ) ਮੈਂ ਪ੍ਰਭੂ-ਪਤੀ ਦੇ ਪ੍ਰੇਮ ਦਾ ਸੁਆਦ ਨ ਚੱਖਿਆ; ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ (ਦੀ ਅੱਗ) ਨਹੀਂ ਬੁੱਝ ਸਕੀ।

ਗਇਆ ਸੁ ਜੋਬਨੁ ਧਨ ਪਛੁਤਾਨੀ ॥੩॥

ਮੇਰੀ ਜਵਾਨੀ ਲੰਘ ਗਈ ਹੈ, ਹੁਣ ਮੇਰੀ ਜਿੰਦ ਪਛਤਾਵਾ ਕਰ ਰਹੀ ਹੈ ॥੩॥

ਅਜੈ ਸੁ ਜਾਗਉ ਆਸ ਪਿਆਸੀ ॥

(ਹੇ ਮਾਂ! ਜਵਾਨੀ ਤਾਂ ਲੰਘ ਗਈ ਹੈ, ਪਰ ਅਰਦਾਸ ਕਰ) ਅਜੇ ਭੀ ਮੈਂ ਮਾਇਆ ਦੀਆਂ ਆਸਾਂ ਦੀ ਪਿਆਸ ਵਲੋਂ-

ਭਈਲੇ ਉਦਾਸੀ ਰਹਉ ਨਿਰਾਸੀ ॥੧॥ ਰਹਾਉ ॥

ਉਪਰਾਮ ਹੋ ਕੇ ਮਾਇਆ ਦੀਆਂ ਆਸਾਂ ਲਾਹ ਕੇ ਜੀਵਨ ਗੁਜ਼ਾਰਾਂ (ਸ਼ਾਇਦ ਮੇਹਰ ਕਰ ਹੀ ਦੇਵੇ) ॥੧॥ ਰਹਾਉ ॥

ਹਉਮੈ ਖੋਇ ਕਰੇ ਸੀਗਾਰੁ ॥

ਜਦੋਂ ਜੀਵ-ਇਸਤ੍ਰੀ ਹਉਮੈ ਗਵਾਂਦੀ ਹੈ ਜਦੋਂ ਜਿੰਦ ਨੂੰ ਸੁੰਦਰ ਬਣਾਨ ਦਾ ਇਹ ਉੱਦਮ ਕਰਦੀ ਹੈ,

ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥

ਤਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਉਸ ਦੀ ਹਿਰਦਾ-ਸੇਜ ਤੇ ਆ ਕੇ ਮਿਲਦਾ ਹੈ ॥੪॥

ਤਉ ਨਾਨਕ ਕੰਤੈ ਮਨਿ ਭਾਵੈ ॥

ਹੇ ਨਾਨਕ! ਤਦੋਂ ਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਮਨ ਵਿਚ ਚੰਗੀ ਲੱਗਦੀ ਹੈ,

ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥

ਜਦੋਂ ਮਾਣ-ਵਡਿਆਈ ਛੱਡ ਕੇ ਆਪਣੇ ਖਸਮ ਦੀ ਰਜ਼ਾ ਵਿਚ ਲੀਨ ਹੁੰਦੀ ਹੈ ॥੧॥ ਰਹਾਉ ॥੨੬॥


ਆਸਾ ਮਹਲਾ ੧ ॥
ਪੇਵਕੜੈ ਧਨ ਖਰੀ ਇਆਣੀ ॥

ਪਰ ਜਗਤ ਦੇ ਮੋਹ ਵਿਚ ਫਸ ਕੇ ਜੀਵ-ਇਸਤ੍ਰੀ ਬਹੁਤ ਮੂਰਖ ਰਹਿੰਦੀ ਹੈ।

ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥

(ਇਸ ਮੋਹ ਵਿਚ ਫਸ ਕੇ ਹੀ) ਮੈਂ ਉਸ ਖਸਮ-ਪ੍ਰਭੂ (ਦੀ ਮੇਹਰ ਦੀ ਨਜ਼ਰ) ਦੀ ਕਦਰ ਨਹੀਂ ਸਮਝ ਸਕੀ (ਤੇ ਉਸ ਦੇ ਚਰਨਾਂ ਤੋਂ ਵਿਛੁੜੀ ਰਹੀ) ॥੧॥

ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥

ਮੇਰਾ ਖਸਮ-ਪ੍ਰਭੂ ਹਰ ਵੇਲੇ ਇਕ-ਰਸ ਰਹਿੰਦਾ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ।

ਨਦਰਿ ਕਰੇ ਮੇਲਾਵਾ ਹੋਈ ॥੧॥ ਰਹਾਉ ॥

ਉਹ ਸਦਾ ਮੇਹਰ ਦੀ ਨਜ਼ਰ ਕਰਦਾ ਹੈ (ਉਸ ਦੀ ਮੇਹਰ ਦੀ ਨਜ਼ਰ ਨਾਲ ਹੀ) ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥ ਰਹਾਉ ॥

ਸਾਹੁਰੜੈ ਧਨ ਸਾਚੁ ਪਛਾਣਿਆ ॥

ਜੇਹੜੀ ਜੀਵ-ਇਸਤ੍ਰੀ ਜਗਤ ਦੇ ਮੋਹ ਤੋਂ ਨਿਕਲ ਕੇ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਹ (ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ) ਉਸ ਸਦਾ-ਥਿਰ ਪ੍ਰਭੂ (ਦੀ ਕਦਰ) ਪਛਾਣ ਲੈਂਦੀ ਹੈ;

ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥

ਅਡੋਲ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਉਹ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ॥੨॥

ਗੁਰਪਰਸਾਦੀ ਐਸੀ ਮਤਿ ਆਵੈ ॥

ਜਦੋਂ ਗੁਰੂ ਦੀ ਕਿਰਪਾ ਨਾਲ (ਜੀਵ-ਇਸਤ੍ਰੀ ਨੂੰ) ਅਜੇਹੀ ਅਕਲ ਆ ਜਾਂਦੀ ਹੈ (ਕਿ ਉਹ ਜਗਤ ਦਾ ਮੋਹ ਛੱਡ ਕੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਕਰਦੀ ਹੈ)

ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥

ਤਦੋਂ ਜੀਵ-ਇਸਤ੍ਰੀ ਕੰਤ-ਪ੍ਰਭੂ ਦੇ ਮਨ ਵਿਚ ਚੰਗੀ ਲੱਗਣ ਲੱਗ ਪੈਂਦੀ ਹੈ ॥੩॥

ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥

ਨਾਨਕ ਆਖਦਾ ਹੈ- ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਡਰ ਦਾ ਤੇ ਪ੍ਰੇਮ ਦਾ ਸਿੰਗਾਰ ਬਣਾਂਦੀ ਹੈ,

ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥

ਉਸ ਦੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਸਦਾ ਟਿਕਿਆ ਰਹਿੰਦਾ ਹੈ ॥੪॥੨੭॥


ਆਸਾ ਮਹਲਾ ੧ ॥
ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥

ਅਸਲ ਵਿਚ ਨਾਹ ਮਾਂ ਨਾਹ ਪੁੱਤਰ ਕੋਈ ਭੀ ਕਿਸੇ ਦਾ ਪੱਕਾ ਸਾਥੀ ਨਹੀਂ ਹੈ।

ਝੂਠੈ ਮੋਹਿ ਭਰਮਿ ਭੁਲਾਈ ॥੧॥

(ਪਰ) ਝੂਠੇ ਮੋਹ ਦੇ ਕਾਰਨ ਦੁਨੀਆ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਹੋਈ ਹੈ (ਮਾਂ ਪਿਉ ਪੁਤ੍ਰ ਆਦਿਕ ਨੂੰ ਹੀ ਆਪਣਾ ਸਦਾ ਸਾਥੀ ਜਾਣ ਕੇ ਜੀਵ ਪਰਮਾਤਮਾ ਨੂੰ ਵਿਸਾਰੀ ਬੈਠਾ ਹੈ) ॥੧॥

ਮੇਰੇ ਸਾਹਿਬ ਹਉ ਕੀਤਾ ਤੇਰਾ ॥

ਹੇ ਮੇਰੇ ਮਾਲਿਕ-ਪ੍ਰਭੂ! ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ (ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਤੂੰ ਹੀ ਜਾਣਦਾ ਹੈਂ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ।

ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥੧॥ ਰਹਾਉ ॥

ਮੇਰੇ ਆਤਮਕ ਜੀਵਨ ਦੀ ਖ਼ਾਤਰ) ਜਦੋਂ ਤੂੰ ਮੈਨੂੰ ਆਪਣਾ ਨਾਮ ਦੇਂਦਾ ਹੈਂ, ਤਦੋਂ ਹੀ ਮੈਂ ਜਪ ਸਕਦਾ ਹਾਂ ॥੧॥ ਰਹਾਉ ॥

ਬਹੁਤੇ ਅਉਗਣ ਕੂਕੈ ਕੋਈ ॥

ਅਨੇਕਾਂ ਹੀ ਪਾਪ ਕੀਤੇ ਹੋਏ ਹੋਣ, ਫਿਰ ਭੀ ਜੇ ਕੋਈ ਮਨੁੱਖ (ਪਰਮਾਤਮਾ ਦੇ ਦਰ ਤੇ) ਅਰਜ਼ੋਈ ਕਰਦਾ ਹੈ (ਪਰਮਾਤਮਾ ਪੈਦਾ ਕੀਤੇ ਦੀ ਲਾਜ ਰੱਖਦਾ ਹੈ)

ਜਾ ਤਿਸੁ ਭਾਵੈ ਬਖਸੇ ਸੋਈ ॥੨॥

ਜਦੋਂ ਉਸ ਨੂੰ (ਉਸ ਅੱਤ ਵਿਕਾਰੀ ਦੀ ਭੀ ਅਰਜ਼ੋਈ) ਪਸੰਦ ਆਉਂਦੀ ਹੈ ਤਾਂ ਉਹ ਬਖ਼ਸ਼ਸ਼ ਕਰਦਾ ਹੈ (ਤੇ ਉਸ ਦੇ ਆਤਮਕ ਜੀਵਨ ਵਾਸਤੇ ਉਸ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ) ॥੨॥

ਗੁਰਪਰਸਾਦੀ ਦੁਰਮਤਿ ਖੋਈ ॥

ਗੁਰੂ ਦੀ ਕਿਰਪਾ ਨਾਲ ਸਾਡੀ ਖੋਟੀ ਮਤਿ ਨਾਸ ਹੁੰਦੀ ਹੈ।

ਜਹ ਦੇਖਾ ਤਹ ਏਕੋ ਸੋਈ ॥੩॥

(ਹੁਣ) ਮੈਂ ਜਿਧਰ ਵੇਖਦਾ ਹਾਂ ਉਧਰ (ਸਭ ਜੀਵਾਂ ਨੂੰ ਪੈਦਾ ਕਰਨ ਵਾਲਾ) ਉਹ ਪਰਮਾਤਮਾ ਹੀ ਵਿਆਪਕ ਵੇਖਦਾ ਹਾਂ ॥੩॥

ਕਹਤ ਨਾਨਕ ਐਸੀ ਮਤਿ ਆਵੈ ॥

ਨਾਨਕ ਆਖਦਾ ਹੈ- ਜਦੋਂ (ਪ੍ਰਭੂ ਦੀ ਆਪਣੀ ਹੀ ਮੇਹਰ ਨਾਲ ਗੁਰੂ ਦੀ ਰਾਹੀਂ) ਜੀਵ ਨੂੰ ਅਜੇਹੀ ਅਕਲ ਆ ਜਾਵੇ,

ਤਾਂ ਕੋ ਸਚੇ ਸਚਿ ਸਮਾਵੈ ॥੪॥੨੮॥

ਕਿ ਹਰ ਪਾਸੇ ਉਸ ਨੂੰ ਪਰਮਾਤਮਾ ਹੀ ਦਿੱਸੇ, ਤਾਂ ਜੀਵ ਸਦਾ ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੪॥੨੮॥


ਆਸਾ ਮਹਲਾ ੧ ॥
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥

(ਹੇ ਭਾਈ! ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ।

ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥

(ਅਤੇ ਉਸ ਭਿਆਨਕ ਸਰੀਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ)। ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ ॥੧॥

ਮਨ ਏਕੁ ਨ ਚੇਤਸਿ ਮੂੜ ਮਨਾ ॥

ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ।

ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥

ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥

ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥

(ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।

ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥

ਸੋ, ਨਾਨਕ ਬੇਨਤੀ ਕਰਦਾ ਹੈ (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ), ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੩॥


ਆਸਾ ਮਹਲਾ ੧ ॥
ਛਿਅ ਘਰ ਛਿਅ ਗੁਰ ਛਿਅ ਉਪਦੇਸ ॥

ਛੇ ਸ਼ਾਸਤ੍ਰ ਹਨ, ਛੇ ਹੀ (ਇਹਨਾਂ ਸ਼ਾਸਤ੍ਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।

ਗੁਰ ਗੁਰੁ ਏਕੋ ਵੇਸ ਅਨੇਕ ॥੧॥

ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿੱਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਕਈ ਰੂਪ ਹਨ) ॥੧॥

ਜੈ ਘਰਿ ਕਰਤੇ ਕੀਰਤਿ ਹੋਇ ॥

ਜਿਸ (ਸਤਸੰਗ-) ਘਰ ਵਿਚ ਅਕਾਲ-ਪੁਰਖ ਦੀ ਸਿਫ਼ਤਿ-ਸਾਲਾਹ ਹੁੰਦੀ ਹੈ,

ਸੋ ਘਰੁ ਰਾਖੁ ਵਡਾਈ ਤੋਹਿ ॥੧॥ ਰਹਾਉ ॥

(ਹੇ ਭਾਈ!) ਤੂੰ ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲੈ, ਇਸੇ ਵਿਚ) ਤੈਨੂੰ ਵਡਿਆਈ ਮਿਲੇਗੀ ॥੧॥ ਰਹਾਉ ॥

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ॥

ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਤੇ ਹੋਰ ਅਨੇਕਾਂ ਰੁੱਤਾਂ ਹਨ,

ਸੂਰਜੁ ਏਕੋ ਰੁਤਿ ਅਨੇਕ ॥

ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਸਰੂਪ ਹਨ),

ਨਾਨਕ ਕਰਤੇ ਕੇ ਕੇਤੇ ਵੇਸ ॥੨॥੩੦॥

ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਜੀਆ ਜੰਤ) ਅਨੇਕਾਂ ਸਰੂਪ ਹਨ ॥੨॥੩੦॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਘਰੁ ੩ ਮਹਲਾ ੧ ॥

ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥

(ਹੇ ਭਾਈ!) ਜੇ ਤੇਰੀਆਂ ਫ਼ੌਜਾਂ ਲੱਖਾਂ ਦੀ ਗਿਣਤੀ ਵਿਚ ਹੋਣ, ਉਹਨਾਂ ਵਿਚ ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ, ਲੱਖਾਂ ਨੇਜ਼ਾ-ਬਰਦਾਰ ਹੋਣ, ਲੱਖਾਂ ਹੀ ਆਦਮੀ ਉੱਠ ਕੇ ਨਿੱਤ ਤੈਨੂੰ ਸਲਾਮ ਕਰਦੇ ਹੋਣ,

ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ ॥

(ਹੇ ਭਾਈ!) ਜੇ ਲੱਖਾਂ ਬੰਦਿਆਂ ਉਤੇ ਤੇਰੀ ਹਕੂਮਤ ਹੋਵੇ, ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ,

ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥੧॥

(ਤਾਂ ਭੀ ਕੀਹ ਹੋਇਆ) ਜੇ ਤੇਰੀ ਇਹ ਇੱਜ਼ਤ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਪਏ, ਤਾਂ ਤੇਰੇ ਇਥੇ ਜਗਤ ਵਿਚ ਕੀਤੇ ਸਾਰੇ ਹੀ ਕੰਮ ਵਿਅਰਥ ਗਏ ॥੧॥

ਹਰਿ ਕੇ ਨਾਮ ਬਿਨਾ ਜਗੁ ਧੰਧਾ ॥

ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਮੋਹ (ਮਨੁੱਖ ਵਾਸਤੇ) ਉਲਝਣ ਹੀ ਉਲਝਣ ਬਣ ਜਾਂਦਾ ਹੈ।

ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥੧॥ ਰਹਾਉ ॥

(ਇਸ ਉਲਝਣ ਵਿਚ ਜੀਵ ਇਤਨਾ ਫਸਦਾ ਹੈ ਕਿ) ਭਾਵੇਂ ਕਿਤਨਾ ਹੀ ਸਮਝਾਂਦੇ ਰਹੋ, ਮਨ ਅੰਨ੍ਹਾ ਹੀ ਅੰਨ੍ਹਾ ਰਹਿੰਦਾ ਹੈ (ਭਾਵ, ਮਨੁੱਖ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕੁਰਾਹੇ ਪਿਆ ਹਾਂ) ॥੧॥ ਰਹਾਉ ॥

ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ ॥

ਜੇ ਲੱਖਾਂ ਰੁਪਏ ਖੱਟੇ ਜਾਣ, ਲੱਖਾਂ ਰੁਪਏ ਜੋੜੇ ਜਾਣ, ਲੱਖਾਂ ਰੁਪਏ ਖ਼ਰਚੇ ਭੀ ਜਾਣ, ਲੱਖਾਂ ਹੀ ਰੁਪਏ ਆਉਣ, ਤੇ ਲੱਖਾਂ ਹੀ ਚਲੇ ਜਾਣ,

ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥੨॥

ਪਰ ਜੇ ਪ੍ਰਭੂ ਦੀ ਨਜ਼ਰ ਵਿਚ ਇਹ ਇੱਜ਼ਤ ਪਰਵਾਨ ਨਾਹ ਹੋਵੇ, ਤਾਂ (ਇਹਨਾਂ ਲੱਖਾਂ ਰੁਪਇਆਂ ਦੇ ਮਾਲਕ ਭੀ ਅੰਦਰੋਂ) ਦੁੱਖੀ ਹੀ ਰਹਿੰਦੇ ਹਨ ॥੨॥

ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ ॥

ਲੱਖਾਂ ਵਾਰੀ ਸ਼ਾਸਤ੍ਰਾਂ ਦੀ ਵਿਆਖਿਆ ਕੀਤੀ ਜਾਏ, ਵਿਦਵਾਨ ਲੋਕ ਲੱਖਾਂ ਵਾਰੀ ਪੁਰਾਨ ਪੜ੍ਹਨ (ਤੇ ਦੁਨੀਆ ਵਿਚ ਆਪਣੀ ਵਿੱਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ),

ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥੩॥

ਤਾਂ ਭੀ ਜੇ ਇਹ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨ ਹੋਵੇ ਤਾਂ ਇਹ ਸਾਰੇ ਪੜ੍ਹਨੇ ਪੜ੍ਹਾਨੇ ਵਿਅਰਥ ਗਏ ॥੩॥

ਸਚ ਨਾਮਿ ਪਤਿ ਊਪਜੈ ਕਰਮਿ ਨਾਮੁ ਕਰਤਾਰੁ ॥

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਪ੍ਰਭੂ ਦੇ ਦਰ ਤੇ) ਇੱਜ਼ਤ ਮਿਲਦੀ ਹੈ, ਤੇ ਕਰਤਾਰ (ਦਾ ਇਹ) ਨਾਮ ਮਿਲਦਾ ਹੈ ਉਸ ਦੀ ਆਪਣੀ ਮੇਹਰ ਨਾਲ।

ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥੪॥੧॥੩੧॥

ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਦਿਨ ਰਾਤ ਵੱਸਦਾ ਰਹੇ ਤਾਂ ਪਰਮਾਤਮਾ ਦੀ ਮੇਹਰ ਨਾਲ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ ॥੪॥੧॥੩੧॥


ਆਸਾ ਮਹਲਾ ੧ ॥
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥

ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ।

ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥

ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ {ਨੋਟ: ਸੰਬੰਧਕ ‘ਵਿਚਿ’ ਦਾ ਸੰਬੰਧ ਲਫ਼ਜ਼ ‘ਦੁਖੁ’ ਨਾਲ ਨਹੀਂ ਹੈ। “ਦੀਵੇ ਵਿਚਿ ਦੁਖੁ ਤੇਲੁ ਪਾਇਆ”-ਇਉਂ ਅਰਥ ਕਰਨਾ ਹੈ} ॥੧॥

ਲੋਕਾ ਮਤ ਕੋ ਫਕੜਿ ਪਾਇ ॥

ਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾਓ।

ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥

ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ) ॥੧॥ ਰਹਾਉ ॥

ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥

ਪੱਤਲਾਂ ਉਤੇ ਪਿੰਡ ਭਰਾਣੇ (ਮਣਸਾਣੇ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ) ਹੀ ਹੈ, ਮੇਰੇ ਵਾਸਤੇ ਕਿਰਿਆ ਭੀ ਕਰਤਾਰ (ਦਾ) ਸੱਚਾ ਨਾਮ ਹੀ ਹੈ।

ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥

ਇਹ ਨਾਮ ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ ॥੨॥

ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥

(ਹੇ ਪ੍ਰਭੂ!) ਤੇਰੀ ਸਿਫ਼ਤਿ-ਸਾਲਾਹ ਹੀ ਮੇਰੇ ਵਾਸਤੇ ਗੰਗਾ ਤੇ ਕਾਂਸ਼ੀ (ਆਦਿਕ ਤੀਰਥਾਂ ਦਾ ਇਸ਼ਨਾਨ ਹੈ, ਤੇਰੀ ਸਿਫ਼ਤਿ-ਸਾਲਾਹ ਵਿਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ।

ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥

ਸੱਚਾ ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿਚ ਪ੍ਰੇਮ ਬਣਿਆ ਰਹੇ ॥੩॥

ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥

ਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ ਵੱਟ ਕੇ ਇਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ (ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ।

ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥

(ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ ਹੋਇਆ ਇਹ ਪਿੰਨ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ ਨਹੀਂ ॥੪॥੨॥੩੨॥


ਆਸਾ ਘਰੁ ੪ ਮਹਲਾ ੧ ॥

ਰਾਗ ਆਸਾ, ਘਰ ੪ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥

ਦੇਵਤਿਆਂ ਨੇ ਭੀ ਤੇਰਾ ਦਰਸ਼ਨ ਕਰਨ ਵਾਸਤੇ ਦੁੱਖ ਸਹਾਰੇ, ਭੁੱਖਾਂ ਸਹਾਰੀਆਂ ਤੇ ਤੀਰਥ-ਰਟਨ ਕੀਤੇ।

ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥

ਅਨੇਕਾਂ ਜੋਗੀ ਤੇ ਜਤੀ (ਆਪੋ ਆਪਣੀ) ਮਰਯਾਦਾ ਵਿਚ ਰਹਿੰਦੇ ਹੋਏ ਗੇਰੂਏ ਰੰਗ ਦੇ ਕੱਪੜੇ ਪਾਂਦੇ ਰਹੇ ॥੧॥

ਤਉ ਕਾਰਣਿ ਸਾਹਿਬਾ ਰੰਗਿ ਰਤੇ ॥

ਹੇ ਮੇਰੇ ਮਾਲਿਕ! ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ।

ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ ॥

ਤੇਰੇ ਅਨੇਕਾਂ ਨਾਮ ਹਨ, ਤੇਰੇ ਬੇਅੰਤ ਰੂਪ ਹਨ, ਤੇਰੇ ਬੇਅੰਤ ਹੀ ਗੁਣ ਹਨ, ਕਿਸੇ ਭੀ ਪਾਸੋਂ ਬਿਆਨ ਨਹੀਂ ਕੀਤੇ ਜਾ ਸਕਦੇ ॥੧॥ ਰਹਾਉ ॥

ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥

(ਤੇਰਾ ਦਰਸ਼ਨ ਕਰਨ ਵਾਸਤੇ ਹੀ ਰਾਜ-ਮਿਲਖ ਦੇ ਮਾਲਿਕ) ਆਪਣੇ ਮਹਲ-ਮਾੜੀਆਂ ਆਪਣੇ ਘਰ-ਬੂਹੇ ਹਾਥੀ ਘੋੜੇ ਆਪਣੇ ਦੇਸ ਵਤਨ ਛੱਡ ਕੇ (ਜੰਗਲੀਂ) ਚਲੇ ਗਏ।

ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥

ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ ॥੨॥

ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥

ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ, ਕੱਪੜੇ ਛੱਡ ਕੇ ਚਮੜਾ ਪਹਿਨਿਆ।

ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥

ਅਨੇਕਾਂ ਬੰਦੇ ਦੁਖੀਆਂ ਵਾਂਗ ਦਰਦਵੰਦਾਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮ ਵਿਚ ਰੰਗੇ ਰਹਿਣ ਲਈ (ਗ੍ਰਿਹਸਤ ਛੱਡ ਕੇ) ਫ਼ਕੀਰ ਹੋ ਗਏ ॥੩॥

ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹੀ ॥

ਕਿਸੇ ਨੇ (ਭੰਗ ਆਦਿਕ ਪਾਣ ਲਈ) ਚੰਮ ਦੀ ਝੋਲੀ ਲੈ ਲਈ, ਕਿਸੇ ਨੇ (ਘਰ ਘਰ ਮੰਗਣ ਲਈ) ਖੱਪਰ (ਹੱਥ ਵਿਚ) ਫੜ ਲਿਆ, ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਨੀ ਹੋਇਆ।

ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥

ਪਰ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੂੰ ਮੇਰਾ ਮਾਲਿਕ ਹੈਂ, ਮੈਂ ਸਿਰਫ਼ ਤੇਰਾ ਸਾਂਗੀ ਹਾਂ (ਭਾਵ, ਮੈਂ ਸਿਰਫ਼ ਤੇਰਾ ਅਖਵਾਂਦਾ ਹਾਂ, ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਰਹਿੰਦਾ ਹਾਂ) ਕਿਸੇ ਖ਼ਾਸ ਸ਼੍ਰੇਣੀ ਵਿਚ ਹੋਣ ਦਾ ਮੈਨੂੰ ਕੋਈ ਮਾਣ ਨਹੀਂ ॥੪॥੧॥੩੩॥


ਆਸਾ ਘਰੁ ੫ ਮਹਲਾ ੧ ॥

ਰਾਗ ਆਸਾ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਭੀਤਰਿ ਪੰਚ ਗੁਪਤ ਮਨਿ ਵਾਸੇ ॥

ਮੇਰੇ ਮਨ ਵਿਚ ਧੁਰ ਅੰਦਰ ਪੰਜ ਕਾਮਾਦਿਕ ਲੁਕੇ ਪਏ ਹਨ,

ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥

ਉਹ ਠਠੰਬਰੇ ਹੋਇਆਂ ਵਾਂਗ ਭੱਜੇ ਫਿਰਦੇ ਹਨ, ਨਾਹ ਉਹ ਆਪ ਟਿਕਦੇ ਹਨ (ਨਾਹ ਮੇਰੇ ਮਨ ਨੂੰ ਟਿਕਣ ਦੇਂਦੇ ਹਨ) ॥੧॥

ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥

ਮੇਰਾ ਮਨ ਦਿਆਲ ਪਰਮਾਤਮਾ ਦੀ ਯਾਦ ਵਿਚ ਜੁੜਦਾ ਨਹੀਂ ਹੈ।

ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥

ਇਸ ਉਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ। ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ ॥੧॥ ਰਹਾਉ ॥

ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥

(ਮੇਰਾ ਸਰੀਰ ਉਸ ਨਾਰ ਵਾਂਗ ਆਪਣੇ ਸਿੰਗਾਰ ਦੇ ਆਹਰਾਂ ਵਿਚ ਰਹਿੰਦਾ ਹੈ ਜੋ ਆਪਣੇ ਪਤੀ ਦੀ ਉਡੀਕ ਵਿਚ ਹੈ ਤੇ ਆਖਦੀ ਹੈ-) ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ,

ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥

ਮੇਰਾ ਪਤੀ ਮਿਲੇਗਾ ਤਾਂ ਮੈਂ ਸਿੰਗਾਰ ਕਰਾਂਗੀ ॥੨॥

ਪੰਚ ਸਖੀ ਹਮ ਏਕੁ ਭਤਾਰੋ ॥

ਮੇਰੀਆਂ ਪੰਜੇ ਸਹੇਲੀਆਂ ਭੀ (ਗਿਆਨ-ਇੰਦ੍ਰੇ ਭੀ) ਜਿਨ੍ਹਾਂ ਦਾ ਜੀਵਾਤਮਾ ਹੀ ਖਸਮ ਹੈ (ਭਾਵ, ਜਿਨ੍ਹਾਂ ਦਾ ਸੁਖ ਦੁਖ ਜੀਵਾਤਮਾ ਦੇ ਸੁਖ ਦੁਖ ਨਾਲ ਸਾਂਝਾ ਹੈ)

ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥

(ਜੀਵਾਤਮਾ ਦੀ ਮਦਦ ਕਰਨ ਦੇ ਥਾਂ) ਸਰੀਰ ਦੇ ਭੋਗ ਵਿਚ ਹੀ ਲੱਗੀਆਂ ਹੋਈਆਂ ਹਨ (ਉਹਨਾਂ ਨੂੰ ਚਿੱਤ ਚੇਤੇ ਹੀ ਨਹੀਂ ਕਿ ਇਸ ਸਰੀਰ ਨਾਲੋਂ ਇਸ ਜੀਵਾਤਮਾ ਦਾ ਵਿਛੋੜਾ ਹੋ ਜਾਣਾ ਹੈ) ਜੀਵਾਤਮਾ ਨੇ ਚਲੇ ਜਾਣਾ ਹੈ ॥੩॥

ਪੰਚ ਸਖੀ ਮਿਲਿ ਰੁਦਨੁ ਕਰੇਹਾ ॥

(ਆਖ਼ਰ ਵਿਛੋੜੇ ਦਾ ਵੇਲਾ ਆ ਜਾਂਦਾ ਹੈ) ਪੰਜੇ ਸਹੇਲੀਆਂ ਰਲ ਕੇ ਸਿਰਫ਼ ਰੋ ਹੀ ਛਡਦੀਆਂ ਹਨ (ਭਾਵ, ਪੰਜੇ ਗਿਆਨ-ਇੰਦ੍ਰੇ ਜੀਵਾਤਮਾ ਦਾ ਸਾਥ ਛੱਡ ਦੇਂਦੇ ਹਨ, ਤੇ)

ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥

ਨਾਨਕ ਆਖਦਾ ਹੈ- ਜੀਵਾਤਮਾ (ਇਕੱਲਾ) ਲੇਖਾ ਦੇਣ ਲਈ ਫੜਿਆ ਜਾਂਦਾ ਹੈ ॥੪॥੧॥੩੪॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਘਰੁ ੬ ਮਹਲਾ ੧ ॥

ਰਾਗ ਆਸਾ, ਘਰ ੬ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥

ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ,

ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥

ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤ੍ਰੀ ਸਿੰਗਾਰ ਬਣਾ ਕੇ ਆਪਣੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ ॥੧॥

ਲਾਲ ਬਹੁ ਗੁਣਿ ਕਾਮਣਿ ਮੋਹੀ ॥

ਹੇ ਬਹੁ-ਗੁਣੀ ਲਾਲ ਪ੍ਰਭੂ! ਜੇਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿਚ ਸੁਰਤਿ ਜੋੜਦੀ ਹੈ,

ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥

ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ) ॥੧॥ ਰਹਾਉ ॥

ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥

ਜੇ ਜੀਵ-ਇਸਤ੍ਰੀ ਪਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ,

ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥

ਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੨॥

ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥

ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ,

ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥

(ਸਿਮਰਨ ਦੀ ਬਰਕਤਿ ਨਾਲ ਪ੍ਰਾਪਤ ਕੀਤੀ) ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ ॥੩॥

ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥

ਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ,

ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥

ਹੇ ਨਾਨਕ! (ਉਸ ਦੇ ਇਸ ਸਾਰੇ ਆਤਮਕ ਸਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩੫॥


ਆਸਾ ਮਹਲਾ ੧ ॥
ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥

(ਪਰ) ਹੇ ਭਾਈ! ਜੀਵ ਦੇ ਕੀਹ ਵੱਸ? ਜੀਵ ਉਹੀ ਕੁਝ ਕਰਦਾ ਹੈ ਜੋ ਪਰਮਾਤਮਾ ਉਸ ਤੋਂ ਕਰਾਂਦਾ ਹੈ।

ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥

ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ, ਜੋ ਕੁਝ ਅਕਾਲ ਪੁਰਖ ਕਰਨਾ ਚਾਹੁੰਦਾ ਹੈ, ਉਹੀ ਕਰ ਰਿਹਾ ਹੈ ॥੧॥

ਤੇਰਾ ਹੁਕਮੁ ਭਲਾ ਤੁਧੁ ਭਾਵੈ ॥

(ਹੇ ਪ੍ਰਭੂ!) ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ।

ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥

(ਸੋ) ਹੇ ਨਾਨਕ! (ਪ੍ਰਭੂ ਦੇ ਦਰ ਤੋਂ) ਉਸ ਜੀਵ ਨੂੰ ਆਦਰ ਮਿਲਦਾ ਹੈ ਜੋ (ਉਸ ਦੀ ਰਜ਼ਾ ਵਿਚ ਰਹਿ ਕੇ) ਉਸ ਸਦਾ-ਥਿਰ ਮਾਲਕ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥

ਸਾਡੇ ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਵਿਚ ਉਕਰਿਆ ਪਿਆ ਹੁੰਦਾ ਹੈ, ਉਸ ਦੇ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ।

ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥

ਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇਕ ਤਰੀਕਾ ਹੈ-ਰਜ਼ਾ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ) ॥੨॥

ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥

ਜੇ ਕੋਈ ਜੀਵ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੀ ਜਾਏ (ਹੁਕਮ ਅਨੁਸਾਰ ਤੁਰਨ ਦੀ ਜਾਚ ਨ ਸਿੱਖੇ, ਉਸ ਦਾ ਸੰਵਰਦਾ ਕੁਝ ਨਹੀਂ, ਸਗੋਂ) ਉਸ ਦਾ ਨਾਮ ਬੜਬੋਲਾ ਹੀ ਪੈ ਸਕਦਾ ਹੈ।

ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥

(ਜੀਵਨ ਦੀ ਬਾਜ਼ੀ) ਸ਼ਤਰੰਜ (ਚੌਪੜ) ਦੀ ਬਾਜ਼ੀ (ਵਰਗੀ) ਹੈ, (ਰਜ਼ਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜ਼ੀ) ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ (ਪੁੱਗਦੀਆਂ ਸਿਰਫ਼ ਉਹੀ ਹਨ ਜੋ) ਪੁੱਗਣ ਵਾਲੇ ਘਰ ਵਿਚ ਜਾ (ਪਹੁੰਚਦੀਆਂ ਹਨ) ॥੩॥

ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥

ਇਸ ਰਸਤੇ ਵਿਚ ਨਾਹ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾਹ ਕੋਈ (ਅਨਪੜ੍ਹ) ਮੂਰਖ ਭੈੜਾ ਮੰਨਿਆ ਜਾ ਸਕਦਾ ਹੈ (ਜੀਵਨ ਦੇ ਸਹੀ ਰਸਤੇ ਵਿਚ ਨਾਹ ਨਿਰੀ ਵਿੱਦਵਤਾ ਸਫਲਤਾ ਦਾ ਵਸੀਲਾ ਹੈ, ਨਾਹ ਅਨਪੜ੍ਹਤਾ ਵਾਸਤੇ ਅਸਫਲਤਾ ਜ਼ਰੂਰੀ ਹੈ)।

ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥

ਉਹ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤਿ-ਸਾਲਾਹ ਕਰਾਂਦਾ ਹੈ ॥੪॥੨॥੩੬॥


ਆਸਾ ਮਹਲਾ ੧ ॥
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥

(ਹੇ ਜੋਗੀ!) ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ ਇਹ ਹਨ ਮੁੰਦ੍ਰਾਂ (ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਪਾਈਆਂ ਹੋਈਆਂ ਹਨ)। ਮੈਂ ਖਿਮਾ ਦਾ ਸੁਭਾਉ (ਪਕਾ ਰਿਹਾ ਹਾਂ, ਇਹ ਮੈਂ) ਗੋਦੜੀ ਪਹਿਨਦਾ ਹਾਂ।

ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥

ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮੈਂ ਜੀਵਾਂ ਦੀ ਭਲਾਈ ਵਾਸਤੇ ਹੀ ਮੰਨਦਾ ਹਾਂ, ਇਸ ਤਰ੍ਹਾਂ ਮੇਰਾ ਮਨ ਡੋਲਣੋਂ ਬਚਿਆ ਰਹਿੰਦਾ ਹੈ-ਇਹ ਹੈ ਜੋਗ-ਸਾਧਨਾਂ ਦਾ ਖ਼ਜ਼ਾਨਾ, ਜੋ ਮੈਂ ਇਕੱਠਾ ਕਰ ਰਿਹਾ ਹਾਂ ॥੧॥

ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥

ਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ।

ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥

ਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿਚ (ਸਦਾ) ਮਾਣਦਾ ਹੈ ॥੧॥ ਰਹਾਉ ॥

ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥

(ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ)।

ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥

ਹੇ ਜੋਗੀ! ਤੂੰ ਸਿੰਙੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ ॥੨॥

ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥

(ਹੇ ਜੋਗੀ! ਤੂੰ ਹੱਥ ਵਿਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ)। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ।

ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥

ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ ॥੩॥

ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥

ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ-ਇਹ ਹੈ ਸਾਡੀ ਬੈਰਾਗਣ-

ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥

ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਸੁਣ, ਜੋ ਸਾਨੂੰ ਪ੍ਰਭੂ-ਚਰਨਾਂ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ ॥੪॥੩॥੩੭॥


ਆਸਾ ਮਹਲਾ ੧ ॥
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥

(ਹੇ ਜੋਗੀ!) ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ।

ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥

ਸਰੀਰਕ ਮੋਹ ਨੂੰ ਸਾੜ-ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ-ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਕ ਜੀਵਨ ਦਾਤਾ) ਅੰਮ੍ਰਿਤ ਨਿਕਲੇਗਾ ॥੧॥

ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥

ਜੇ ਜੋਗੀ! (ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤਿ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਆਨੰਦ ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ,

ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥

ਜਿਸ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ ॥੧॥ ਰਹਾਉ ॥

ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥

(ਹੇ ਜੋਗੀ!) ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਪਿਲਾਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ।

ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥

ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ) ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ॥੨॥

ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥

ਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ,

ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥

ਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾਹ ਮੁਕਤੀ ਦੀ ਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ ॥੩॥

ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥

ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗਿਆ ਗਿਆ ਹੈ ਉਹ ਸਦਾ (ਮਾਇਆ ਦੇ ਮੋਹ ਤੋਂ) ਵਿਰਕਤ ਰਹਿੰਦਾ ਹੈ, ਉਹ ਆਤਮਕ ਮਨੁੱਖਾ ਜੀਵਨ ਜੂਏ ਵਿਚ (ਭਾਵ, ਅਜਾਈਂ) ਨਹੀਂ ਗਵਾਂਦਾ,

ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥

ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਉਹ ਤਾਂ ਅਟੱਲ ਆਤਮਕ ਜੀਵਨ ਦਾਤੇ ਆਨੰਦ ਵਿਚ ਮਸਤ ਰਹਿੰਦਾ ਹੈ ॥੪॥੪॥੩੮॥


ਆਸਾ ਮਹਲਾ ੧ ॥
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥

ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ।

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥

(ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ।

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥

(ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? ॥੧॥

ਕਰਤਾ ਤੂੰ ਸਭਨਾ ਕਾ ਸੋਈ ॥

ਹੇ ਕਰਤਾਰ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ।

ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥

ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਵੇਖਣ ਵਾਲਿਆਂ ਦੇ) ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ) ॥੧॥ ਰਹਾਉ ॥

ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥

ਪਰ ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ)।

ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ ॥

(ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ-ਰੂਪ ਮੁਗ਼ਲ) ਕੁੱਤਿਆਂ ਨੇ (ਤੇਰੇ ਬਣਾਏ) ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ।

ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥

(ਹੇ ਕਰਤਾਰ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ। ਵੇਖ! ਹੇ ਕਰਤਾਰ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ ॥੨॥

ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥

(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ,

ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥

ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ)।

ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥

ਹੇ ਨਾਨਕ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ ॥੩॥੫॥੩੯॥


ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨ ॥

ਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਉਤਰਿ ਅਵਘਟਿ ਸਰਵਰਿ ਨ੍ਰਾਵੈ ॥

(ਭਰਥਰੀ ਜੋਗੀ ਕਿਸੇ ਪਹਾੜ ਦੇ ਟਿੱਲੇ ਤੋਂ ਉਤਰ ਕੇ ਕਿਸੇ ਤੀਰਥ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਤੇ ਇਸ ਨੂੰ ਪੁੰਨ ਕਰਮ ਸਮਝਦਾ ਹੈ) ਜੇਹੜਾ ਮਨੁੱਖ ਅਹੰਕਾਰ ਆਦਿਕ ਦੀ ਔਖੀ ਘਾਟੀ ਤੋਂ ਉਤਰ ਕੇ ਸਤਸੰਗ ਸਰੋਵਰ ਵਿਚ ਆਤਮਕ ਇਸ਼ਨਾਨ ਕਰਦਾ ਹੈ,

ਬਕੈ ਨ ਬੋਲੈ ਹਰਿ ਗੁਣ ਗਾਵੈ ॥

ਅਤੇ ਜੋ ਬਹੁਤਾ ਵਿਅਰਥ ਨਹੀਂ ਬੋਲਦਾ ਤੇ ਪਰਮਾਤਮਾ ਦੇ ਗੁਣ ਗਾਂਦਾ ਹੈ,

ਜਲੁ ਆਕਾਸੀ ਸੁੰਨਿ ਸਮਾਵੈ ॥

ਉਹ ਮਨੁੱਖ ਉੱਚੀ ਆਤਮਕ ਅਵਸਥਾ ਵਿਚ ਪਹੁੰਚਦਾ ਹੈ, ਜਿਵੇਂ (ਸਮੁੰਦਰ ਦਾ) ਜਲ (ਸੂਰਜ ਦੀ ਮਦਦ ਨਾਲ ਉੱਚਾ ਉਠ ਕੇ) ਆਕਾਸ਼ਾਂ ਵਿਚ (ਉਡਾਰੀਆਂ ਲਾਂਦਾ) ਹੈ,

ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥੧॥

ਉਹ ਮਨੁੱਖ ਸ਼ਾਂਤੀ ਰਸ ਨੂੰ ਹਲਾ ਕੇ (ਮਾਣ ਕੇ) ਨਾਮ ਮਹਾ ਰਸ ਪੀਂਦਾ ਹੈ ॥੧॥

ਐਸਾ ਗਿਆਨੁ ਸੁਨਹੁ ਅਭ ਮੋਰੇ ॥

ਹੇ ਮੇਰੇ ਮਨ! ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ ਇਹ ਗੱਲ ਸੁਣ,

ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥੧॥ ਰਹਾਉ ॥

(ਕਿ) ਪਰਮਾਤਮਾ ਹਰ ਥਾਂ ਭਰਪੂਰ ਹੈ, ਤੇ ਹਰ ਥਾਂ ਸਹਾਰਾ ਦੇ ਰਿਹਾ ਹੈ ॥੧॥ ਰਹਾਉ ॥

ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥

(ਹੇ ਜੋਗੀ!) ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣਾ ਨਿੱਤ ਦਾ ਪ੍ਰਣ ਬਣਾ ਲਿਆ ਹੈ, ਨਿੱਤ ਦੀ ਕਾਰ ਬਣਾ ਲਿਆ ਹੈ,

ਸਤਿਗੁਰ ਸਬਦਿ ਕਰੋਧੁ ਜਲਾਵੈ ॥

ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਕ੍ਰੋਧ ਸਾੜ ਲੈਂਦਾ ਹੈ,

ਗਗਨਿ ਨਿਵਾਸਿ ਸਮਾਧਿ ਲਗਾਵੈ ॥

ਉਹ ਉੱਚੇ ਆਤਮਕ ਮੰਡਲ ਵਿਚ ਨਿਵਾਸ ਦੀ ਰਾਹੀਂ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਸਮਾਧੀ ਲਾਈ ਰੱਖਦਾ ਹੈ)।

ਪਾਰਸੁ ਪਰਸਿ ਪਰਮ ਪਦੁ ਪਾਵੈ ॥੨॥

(ਹੇ ਜੋਗੀ! ਗੁਰੂ-) ਪਾਰਸ (ਦੇ ਚਰਨਾਂ) ਨੂੰ ਛੁਹ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੨॥

ਸਚੁ ਮਨ ਕਾਰਣਿ ਤਤੁ ਬਿਲੋਵੈ ॥

(ਹੇ ਜੋਗੀ!) ਜੇਹੜਾ ਮਨੁੱਖ ਆਪਣੇ ਮਨ ਨੂੰ ਵੱਸ ਕਰਨ ਵਾਸਤੇ ਸਦਾ-ਥਿਰ ਪ੍ਰਭੂ ਨੂੰ (ਚੇਤੇ ਰੱਖਦਾ ਹੈ) ਮੁੜ ਮੁੜ ਯਾਦ ਕਰਦਾ ਹੈ (ਜਿਵੇਂ ਦੁੱਧ ਰਿੜਕੀਦਾ ਹੈ),

ਸੁਭਰ ਸਰਵਰਿ ਮੈਲੁ ਨ ਧੋਵੈ ॥

ਅਤੇ ਜੋ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਹੋਏ ਸਰੋਵਰ ਵਿਚ (ਜਿਥੇ ਕੋਈ ਵਿਕਾਰ ਆਦਿਕਾਂ ਦੀ) ਮੈਲ ਨਹੀਂ ਹੈ ਆਪਣੇ ਆਪ ਨੂੰ ਧੋਂਦਾ ਹੈ,

ਜੈ ਸਿਉ ਰਾਤਾ ਤੈਸੋ ਹੋਵੈ ॥

ਉਹ ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹੇ ਪ੍ਰਭੂ ਨਾਲ ਉਹ ਪਿਆਰ ਪਾਂਦਾ ਹੈ।

ਆਪੇ ਕਰਤਾ ਕਰੇ ਸੁ ਹੋਵੈ ॥੩॥

(ਉਸ ਨੂੰ ਫਿਰ ਇਹ ਸੂਝ ਆ ਜਾਂਦੀ ਹੈ ਕਿ) ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰ ਰਿਹਾ ਹੈ ॥੩॥

ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥

(ਹੇ ਜੋਗੀ!) ਜੋ ਮਨੁੱਖ ਬਰਫ਼ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਂਦਾ ਹੈ,

ਸੇਵਾ ਸੁਰਤਿ ਬਿਭੂਤ ਚੜਾਵੈ ॥

ਅਤੇ ਗੁਰੂ ਦੀ ਦੱਸੀ ਹੋਈ ਸੇਵਾ ਵਿਚ ਆਪਣੀ ਸੁਰਤਿ ਰੱਖਦਾ ਹੈ, ਤੇ, ਮਾਨੋ, ਐਸੀ ਸੁਆਹ ਪਿੰਡੇ ਤੇ ਮਲਦਾ ਹੈ,

ਦਰਸਨੁ ਆਪਿ ਸਹਜ ਘਰਿ ਆਵੈ ॥

ਉਹ ਸਦਾ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਮਝੋ ਉਸ ਨੇ (ਅਸਲ) ਭੇਖ ਧਾਰਨ ਕਰ ਲਿਆ ਹੈ।

ਨਿਰਮਲ ਬਾਣੀ ਨਾਦੁ ਵਜਾਵੈ ॥੪॥

ਐਸਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਭਰਪੂਰ ਗੁਰੂ ਦੀ ਪਵਿਤ੍ਰ ਬਾਣੀ ਦਾ ਇਹ ਵਾਜਾ ਵਜਾਂਦਾ ਰਹਿੰਦਾ ਹੈ ॥੪॥

ਅੰਤਰਿ ਗਿਆਨੁ ਮਹਾ ਰਸੁ ਸਾਰਾ ॥

(ਹੇ ਜੋਗੀ!) ਜਿਸ ਮਨੁੱਖ ਨੇ ਆਪਣੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ, ਜੋ ਸਦਾ ਸ੍ਰੇਸ਼ਟ ਨਾਮ ਮਹਾ ਰਸ ਪੀ ਰਿਹਾ ਹੈ,

ਤੀਰਥ ਮਜਨੁ ਗੁਰ ਵੀਚਾਰਾ ॥

ਜਿਸ ਨੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਨੂੰ (ਅਠਾਹਠ) ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ,

ਅੰਤਰਿ ਪੂਜਾ ਥਾਨੁ ਮੁਰਾਰਾ ॥

ਜਿਸ ਨੇ ਆਪਣੇ ਹਿਰਦੇ ਨੂੰ ਪਰਮਾਤਮਾ ਦੇ ਰਹਿਣ ਲਈ ਮੰਦਰ ਬਣਾਇਆ ਹੈ, ਤੇ ਅੰਤਰ ਆਤਮੇ ਉਸ ਦੀ ਪੂਜਾ ਕਰਦਾ ਹੈ,

ਜੋਤੀ ਜੋਤਿ ਮਿਲਾਵਣਹਾਰਾ ॥੫॥

ਉਹ ਆਪਣੀ ਜੋਤਿ ਨੂੰ ਪਰਮਾਤਮਾ ਦੀ ਜੋਤਿ ਵਿੱਚ ਮਿਲਾ ਲੈਂਦਾ ਹੈ ॥੫॥

ਰਸਿ ਰਸਿਆ ਮਤਿ ਏਕੈ ਭਾਇ ॥

(ਹੇ ਜੋਗੀ!) ਜਿਸ ਮਨੁੱਖ ਦਾ ਮਨ ਨਾਮ-ਰਸ ਵਿਚ ਭਿੱਜ ਜਾਂਦਾ ਹੈ;

ਤਖਤ ਨਿਵਾਸੀ ਪੰਚ ਸਮਾਇ ॥

ਜਿਸ ਦੀ ਮਤਿ ਇੱਕ ਪ੍ਰਭੂ ਦੇ ਪ੍ਰੇਮ ਵਿਚ ਭਿੱਜ ਜਾਂਦੀ ਹੈ, ਉਹ ਕਾਮਾਦਿਕ ਪੰਜਾਂ ਨੂੰ ਮੁਕਾ ਕੇ ਅੰਤਰ ਆਤਮੇ ਅਡੋਲ ਹੋ ਜਾਂਦਾ ਹੈ,

ਕਾਰ ਕਮਾਈ ਖਸਮ ਰਜਾਇ ॥

ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਉਸ ਦੀ ਨਿੱਤ ਦੀ ਕਾਰ ਨਿੱਤ ਦੀ ਕਮਾਈ ਹੋ ਜਾਂਦੀ ਹੈ,

ਅਵਿਗਤ ਨਾਥੁ ਨ ਲਖਿਆ ਜਾਇ ॥੬॥

ਉਹ ਮਨੁੱਖ ਉਸ ‘ਨਾਥ’ ਦਾ ਰੂਪ ਹੋ ਜਾਂਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ॥੬॥

ਜਲ ਮਹਿ ਉਪਜੈ ਜਲ ਤੇ ਦੂਰਿ ॥

(ਹੇ ਜੋਗੀ! ਸੂਰਜ ਜਾਂ ਚੰਦ੍ਰਮਾ ਸਰੋਵਰ ਆਦਿਕ ਦੇ) ਪਾਣੀ ਵਿਚ ਚਮਕਦਾ ਹੈ, ਪਰ ਉਸ ਪਾਣੀ ਤੋਂ ਉਹ ਬਹੁਤ ਹੀ ਦੂਰ ਹੈ,

ਜਲ ਮਹਿ ਜੋਤਿ ਰਹਿਆ ਭਰਪੂਰਿ ॥

ਤੇ ਪਾਣੀ ਵਿਚ ਉਸ ਦੀ ਜੋਤਿ ਲਿਸ਼ਕਾਂ ਮਾਰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਜੋਤਿ ਸਭ ਜੀਵਾਂ ਵਿਚ ਹਰ ਥਾਂ ਵਿਆਪਕ ਹੈ,

ਕਿਸੁ ਨੇੜੈ ਕਿਸੁ ਆਖਾ ਦੂਰਿ ॥

(ਪਰ ਉਹ ਪਰਮਾਤਮਾ ਨਿਰਲੇਪ ਭੀ ਹੈ, ਸਭ ਦੇ ਨੇੜੇ ਭੀ ਹੈ ਤੇ ਦੂਰ ਭੀ ਹੈ) ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ।

ਨਿਧਿ ਗੁਣ ਗਾਵਾ ਦੇਖਿ ਹਦੂਰਿ ॥੭॥

ਉਸ ਨੂੰ ਹਰ ਥਾਂ ਹਾਜ਼ਰ ਵੇਖ ਕੇ ਮੈਂ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹਾਂ ॥੭॥

ਅੰਤਰਿ ਬਾਹਰਿ ਅਵਰੁ ਨ ਕੋਇ ॥

ਹਰ ਥਾਂ ਜੀਵਾਂ ਦੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ,

ਜੋ ਤਿਸੁ ਭਾਵੈ ਸੋ ਫੁਨਿ ਹੋਇ ॥

ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥

ਹੇ ਭਰਥਰੀ ਜੋਗੀ! ਸੁਣ, ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦੱਸਦਾ ਹੈ,

ਨਿਰਮਲ ਨਾਮੁ ਮੇਰਾ ਆਧਾਰੁ ॥੮॥੧॥

ਉਸ (ਸਰਬ-ਵਿਆਪਕ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਹੈ ॥੮॥੧॥


ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਸਭਿ ਜਪ ਸਭਿ ਤਪ ਸਭ ਚਤੁਰਾਈ ॥

ਜੇਹੜਾ ਮਨੁੱਖ ਸਾਰੇ ਜਪ ਕਰਦਾ ਹੈ ਸਾਰੇ ਤਪ ਸਾਧਦਾ ਹੈ (ਸ਼ਾਸਤ੍ਰ ਆਦਿਕ ਸਮਝਣ ਬਾਰੇ) ਹਰੇਕ ਕਿਸਮ ਦੀ ਸਿਆਣਪ-ਅਕਲ ਭੀ ਵਿਖਾਂਦਾ ਹੈ,

ਊਝੜਿ ਭਰਮੈ ਰਾਹਿ ਨ ਪਾਈ ॥

ਪਰ ਜੇ ਉਹ (ਪਰਮਾਤਮਾ ਦਾ ਦਾਸ ਬਣਨ ਦੀ ਜੁਗਤਿ) ਨਹੀਂ ਸਮਝਦਾ, ਤਾਂ ਉਸ ਦਾ (ਜਪ ਤਪ ਆਦਿਕ ਦਾ) ਕੋਈ ਭੀ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।

ਬਿਨੁ ਬੂਝੇ ਕੋ ਥਾਇ ਨ ਪਾਈ ॥

ਉਹ ਗ਼ਲਤ ਰਸਤੇ ਤੇ ਭਟਕ ਰਿਹਾ ਹੈ, ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ।

ਨਾਮ ਬਿਹੂਣੈ ਮਾਥੇ ਛਾਈ ॥੧॥

ਪਰਮਾਤਮਾ ਦੇ ਨਾਮ ਤੋਂ ਸੱਖਣੇ ਮਨੁੱਖ ਦੇ ਸਿਰ ਸੁਆਹ ਹੀ ਪੈਂਦੀ ਹੈ ॥੧॥

ਸਾਚ ਧਣੀ ਜਗੁ ਆਇ ਬਿਨਾਸਾ ॥

ਜਗਤ ਜੰਮਦਾ ਮਰਦਾ ਰਹਿੰਦਾ ਹੈ, (ਪਰ) ਜਗਤ ਦਾ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ।

ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥੧॥ ਰਹਾਉ ॥

ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਦਾਸ (ਭਗਤ) ਬਣ ਜਾਂਦਾ ਹੈ ਉਹ (ਜਨਮ ਮਰਨ ਦੇ ਗੇੜ ਤੋਂ) ਬਚ ਜਾਂਦਾ ਹੈ ॥੧॥ ਰਹਾਉ ॥

ਜਗੁ ਮੋਹਿ ਬਾਧਾ ਬਹੁਤੀ ਆਸਾ ॥

ਜਗਤ ਮਾਇਆ ਦੇ ਮੋਹ ਵਿਚ ਬੱਝਾ ਹੋਇਆ ਬਹੁਤੀਆਂ ਆਸਾਂ ਵਿਚ ਬੱਝਾ ਹੋਇਆ (ਜੰਮਦਾ ਮਰਦਾ ਰਹਿੰਦਾ) ਹੈ।

ਗੁਰਮਤੀ ਇਕਿ ਭਏ ਉਦਾਸਾ ॥

ਪਰ ਕਈ (ਵਡ-ਭਾਗੀ ਮਨੁੱਖ) ਗੁਰੂ ਦੀ ਸਿੱਖਿਆ ਤੇ ਤੁਰ ਕੇ ਮੋਹ ਤੋਂ ਨਿਰਲੇਪ ਰਹਿੰਦੇ ਹਨ,

ਅੰਤਰਿ ਨਾਮੁ ਕਮਲੁ ਪਰਗਾਸਾ ॥

ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ-) ਕਮਲ ਖਿੜਿਆ ਰਹਿੰਦਾ ਹੈ।

ਤਿਨ੍ਰ ਕਉ ਨਾਹੀ ਜਮ ਕੀ ਤ੍ਰਾਸਾ ॥੨॥

ਅਜੇਹੇ ਬੰਦਿਆਂ ਨੂੰ ਜਨਮ ਮਰਨ ਦੇ ਗੇੜ ਦਾ ਡਰ ਨਹੀਂ ਰਹਿੰਦਾ ॥੨॥

ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ ॥

(ਗੁਰੂ ਦੀ ਸਰਨ ਤੋਂ ਖੁੰਝ ਕੇ) ਜਗਤ ਕਾਮਾਤੁਰ ਹੋ ਰਿਹਾ ਹੈ, ਇਸਤ੍ਰੀ ਦੇ ਮੋਹ ਵਿਚ ਫਸਿਆ ਹੋਇਆ ਹੈ;

ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ ॥

ਪੁੱਤਰ ਵਹੁਟੀ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਰਿਹਾ ਹੈ।

ਬਿਰਥਾ ਜਨਮੁ ਗਵਾਇਆ ਬਾਜੀ ਹਾਰੀ ॥

ਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾਂਦਾ ਹੈ ਤੇ ਮਨੁੱਖਾ ਜਨਮ ਦੀ ਖੇਡ ਹਾਰ ਕੇ ਜਾਂਦਾ ਹੈ।

ਸਤਿਗੁਰੁ ਸੇਵੇ ਕਰਣੀ ਸਾਰੀ ॥੩॥

ਪਰ ਜੇਹੜਾ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਉਸ ਦਾ ਨਿੱਤ-ਕਰਮ ਸ੍ਰੇਸ਼ਟ ਹੋ ਜਾਂਦਾ ਹੈ ॥੩॥

ਬਾਹਰਹੁ ਹਉਮੈ ਕਹੈ ਕਹਾਏ ॥

ਉਹ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਪੈਂਦਾ, ਉਂਞ ਦੁਨੀਆ ਦੀ ਕਿਰਤ ਕਾਰ ਕਰਦਾ ਉਹ ਵੇਖਣ ਨੂੰ ਆਪਾ ਜਤਾਂਦਾ ਹੈ,

ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥

ਤੇ ਅੰਤਰ ਆਤਮੇ ਮਾਇਆ ਦੇ ਮੋਹ ਤੋਂ ਆਜ਼ਾਦ ਰਹਿੰਦਾ ਹੈ,

ਮਾਇਆ ਮੋਹੁ ਗੁਰ ਸਬਦਿ ਜਲਾਏ ॥

ਜੋ ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ,

ਨਿਰਮਲ ਨਾਮੁ ਸਦ ਹਿਰਦੈ ਧਿਆਏ ॥੪॥

ਤੇ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਯਾਦ ਰੱਖਦਾ ਹੈ ॥੪॥

ਧਾਵਤੁ ਰਾਖੈ ਠਾਕਿ ਰਹਾਏ ॥

ਉਹ ਆਪਣੇ ਭਟਕਦੇ ਮਨ ਦੀ ਰਾਖੀ ਕਰਦਾ ਹੈ (ਮਾਇਆ ਦੇ ਮੋਹ ਵਲੋਂ) ਰੋਕ ਕੇ ਰੱਖਦਾ ਹੈ,

ਸਿਖ ਸੰਗਤਿ ਕਰਮਿ ਮਿਲਾਏ ॥

(ਗੁਰੂ ਦੇ) ਜਿਸ ਸਿੱਖ ਨੂੰ (ਪਰਮਾਤਮਾ ਆਪਣੀ) ਮੇਹਰ ਨਾਲ, ਸੰਗਤਿ ਵਿਚ ਮਿਲਾਂਦਾ ਹੈ।

ਗੁਰ ਬਿਨੁ ਭੂਲੋ ਆਵੈ ਜਾਏ ॥

ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਤੋਂ) ਖੁੰਝ ਜਾਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।

ਨਦਰਿ ਕਰੇ ਸੰਜੋਗਿ ਮਿਲਾਏ ॥੫॥

ਜਿਸ ਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਸੰਗਤਿ ਵਿਚ ਰਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੫॥

ਰੂੜੋ ਕਹਉ ਨ ਕਹਿਆ ਜਾਈ ॥

(ਹੇ ਪ੍ਰਭੂ!) ਤੂੰ ਸੁੰਦਰ ਹੈਂ, ਪਰ ਜੇ ਮੈਂ ਦੱਸਣ ਦਾ ਜਤਨ ਕਰਾਂ ਕਿ ਤੂੰ ਕਿਹੋ ਜਿਹਾ ਸੁੰਦਰ ਹੈਂ ਤਾਂ ਦੱਸਿਆ ਨਹੀਂ ਜਾ ਸਕਦਾ।

ਅਕਥ ਕਥਉ ਨਹ ਕੀਮਤਿ ਪਾਈ ॥

ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਹੋ ਸਕਦੇ, ਜੇ ਮੈਂ ਬਿਆਨ ਕਰਨ ਦਾ ਜਤਨ ਕਰਾਂ, ਤਾਂ ਭੀ ਤੇਰੇ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਸਭ ਦੁਖ ਤੇਰੇ ਸੂਖ ਰਜਾਈ ॥

(ਤੈਥੋਂ ਵਿਛੁੜਿਆਂ ਦੁੱਖ ਵਾਪਰਦੇ ਹਨ, ਪਰ) ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਦੁੱਖ ਸੁਖ ਬਣ ਜਾਂਦੇ ਹਨ।

ਸਭਿ ਦੁਖ ਮੇਟੇ ਸਾਚੈ ਨਾਈ ॥੬॥

ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਹੀ ਦੁੱਖ ਮਿਟ ਜਾਂਦੇ ਹਨ ॥੬॥

ਕਰ ਬਿਨੁ ਵਾਜਾ ਪਗ ਬਿਨੁ ਤਾਲਾ ॥

ਮਨੁੱਖ ਦੇ ਅੰਦਰ ਅਜੇਹੀ ਆਤਮਕ ਅਵਸਥਾ ਬਣ ਜਾਂਦੀ ਹੈ ਕਿ, ਮਾਨੋ, ਬਿਨਾ ਹੱਥੀਂ ਵਜਾਏ ਵਾਜਾ ਵੱਜਦਾ ਹੈ ਤੇ ਬਿਨਾ ਪੈਰੀਂ ਨੱਚਿਆਂ ਤਾਲ ਪੂਰੀਦਾ ਹੈ,

ਜੇ ਸਬਦੁ ਬੁਝੈ ਤਾ ਸਚੁ ਨਿਹਾਲਾ ॥

ਜਦੋਂ ਉਹ (ਗੁਰੂ ਦੇ) ਸ਼ਬਦ ਨੂੰ ਸਮਝ ਕੇ ਉਹ ਆਪਣੇ ਅੰਦਰ ਸਦਾ-ਥਿਰ ਪ੍ਰਭੂ ਦਾ ਦੀਦਾਰ ਵੀ ਕਰ ਲਵੇ।

ਅੰਤਰਿ ਸਾਚੁ ਸਭੇ ਸੁਖ ਨਾਲਾ ॥

ਉਸ ਨੂੰ ਫਿਰ ਆਪਣੇ ਅੰਤਰ ਆਤਮੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ,

ਨਦਰਿ ਕਰੇ ਰਾਖੈ ਰਖਵਾਲਾ ॥੭॥

ਤੇ ਉਸ ਮਨੁੱਖ ਦੇ ਅੰਦਰ ਪ੍ਰਭੂ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ ॥੭॥

ਤ੍ਰਿਭਵਣ ਸੂਝੈ ਆਪੁ ਗਵਾਵੈ ॥

ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਦਾਸ ਬਣ ਕੇ) ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਪਰਮਾਤਮਾ ਤਿੰਨਾਂ ਭਵਨਾਂ ਵਿਚ ਵੱਸਦਾ ਦਿੱਸ ਪੈਂਦਾ ਹੈ,

ਬਾਣੀ ਬੂਝੈ ਸਚਿ ਸਮਾਵੈ ॥

ਉਸ ਨੂੰ ਗੁਰੂ ਦੀ ਬਾਣੀ ਦੀ ਰਾਹੀਂ ਸਹੀ ਗਿਆਨ ਹੋ ਜਾਂਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।

ਸਬਦੁ ਵੀਚਾਰੇ ਏਕ ਲਿਵ ਤਾਰਾ ॥

ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਇਕ-ਰਸ ਸੁਰਤਿ ਪ੍ਰਭੂ ਵਿਚ ਜੋੜਦਾ ਹੈ।

ਨਾਨਕ ਧੰਨੁ ਸਵਾਰਣਹਾਰਾ ॥੮॥੨॥

ਹੇ ਨਾਨਕ! ਉਸ ਮਨੁੱਖ ਦਾ ਮਨੁੱਖਾ ਜਨਮ ਮੁਬਾਰਿਕ ਹੈ ਉਹ ਹੋਰਨਾਂ ਦਾ ਜੀਵਨ ਭੀ ਸੋਹਣਾ ਬਣਾ ਦੇਂਦਾ ਹੈ ॥੮॥੨॥


ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਲੇਖ ਅਸੰਖ ਲਿਖਿ ਲਿਖਿ ਮਾਨੁ ॥

(ਪਰਮਾਤਮਾ ਦੇ ਸਰੂਪ ਬਾਰੇ) ਅਣਗਿਣਤ (ਵਿਚਾਰ-ਭਰੇ) ਲੇਖ ਲਿਖ ਲਿਖ ਕੇ (ਲਿਖਣ ਵਾਲਿਆਂ ਦੇ ਮਨ ਵਿਚ ਆਪਣੀ ਵਿਦਿਆ ਤੇ ਵਿਚਾਰ-ਸ਼ਕਤੀ ਦਾ) ਮਾਣ ਹੀ (ਪੈਦਾ ਹੁੰਦਾ ਹੈ)।

ਮਨਿ ਮਾਨਿਐ ਸਚੁ ਸੁਰਤਿ ਵਖਾਨੁ ॥

ਬੇਸ਼ੱਕ ਅਣਗਿਣਤ ਲੇਖ ਲਿਖੇ ਜਾਣ, ਪਰਮਾਤਮਾ ਦਾ ਸਰੂਪ ਬਿਆਨ ਤੋਂ, ਲੇਖ ਤੋਂ ਪਰੇ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਕਥਨੀ ਬਦਨੀ ਪੜਿ ਪੜਿ ਭਾਰੁ ॥

ਉਸ ਦੇ ਗੁਣ ਕਹਣ ਨਾਲ ਬੋਲਣ ਨਾਲ ਤੇ ਮੁੜ ਮੁੜ ਪੜ੍ਹ ਕੇ ਭੀ (ਮਨ ਉਤੇ ਹਉਮੈ ਦਾ) ਭਾਰ (ਹੀ ਵਧਦਾ) ਹੈ।

ਲੇਖ ਅਸੰਖ ਅਲੇਖੁ ਅਪਾਰੁ ॥੧॥

(ਪਰ ਹਾਂ) ਜੇ ਮਨੁੱਖ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਗਿੱਝ ਜਾਏ, ਜੇ (ਮਨੁੱਖ ਦੀ) ਸੁਰਤਿ ਵਿਚ ਸਦਾ-ਥਿਰ ਪ੍ਰਭੂ (ਟਿਕ ਜਾਏ) ਤਾਂ ਬੱਸ! ਇਹੀ ਹੈ ਅਸਲ ਲੇਖ (ਜੋ ਉਸ ਨੂੰ ਪਰਵਾਨ ਹੈ) ॥੧॥

ਐਸਾ ਸਾਚਾ ਤੂੰ ਏਕੋ ਜਾਣੁ ॥

ਇਹੋ ਜਿਹਾ (ਅਲੇਖ) ਤੇ ਸਦਾ ਕਾਇਮ ਰਹਿਣ ਵਾਲਾ ਤੂੰ ਸਿਰਫ਼ ਇਕ ਪ੍ਰਭੂ ਨੂੰ ਹੀ ਜਾਣ (ਬਾਕੀ ਸਾਰਾ ਜਗਤ ਜੰਮਣ ਮਰਨ ਦੇ ਗੇੜ ਵਿਚ ਹੈ, ਤੇ ਇਹ),

ਜੰਮਣੁ ਮਰਣਾ ਹੁਕਮੁ ਪਛਾਣੁ ॥੧॥ ਰਹਾਉ ॥

ਜੰਮਣਾ ਮਰਨਾ ਭੀ ਤੂੰ ਉਸ ਪਰਮਾਤਮਾ ਦਾ ਹੁਕਮ ਹੀ ਸਮਝ ॥੧॥ ਰਹਾਉ ॥

ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥

(ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਦੇ ਕਾਰਨ ਜਗਤ ਮੌਤ ਦੇ ਸਹਮ ਵਿਚ ਬੱਝਾ ਪਿਆ ਹੈ,

ਬਾਂਧਾ ਛੂਟੈ ਨਾਮੁ ਸਮਾਲਿ੍ ॥

ਤੇ ਪਰਮਾਤਮਾ ਦੇ ਨਾਮ ਨੂੰ ਹੀ ਸੰਭਾਲ ਕੇ ਬੱਝਾ ਛੁਟ ਸਕਦਾ ਹੈ।

ਗੁਰੁ ਸੁਖਦਾਤਾ ਅਵਰੁ ਨ ਭਾਲਿ ॥

ਗੁਰੂ ਹੀ (ਨਾਮ ਦੀ ਦਾਤ ਦੇ ਕੇ) ਆਤਮਕ ਸੁਖ ਦੇਣ ਵਾਲਾ ਹੈ, (ਗੁਰੂ ਤੋਂ ਬਿਨਾ ਇਹ ਦਾਤ ਦੇਣ ਵਾਲਾ) ਕੋਈ ਹੋਰ ਨਹੀਂ ਲੱਭਦਾ।

ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥੨॥

ਇਹ ਨਾਮ ਹੀ ਇਸ ਲੋਕ ਤੇ ਪਰਲੋਕ ਵਿਚ ਤੇਰੇ ਨਾਲ ਨਿਭ ਸਕਦਾ ਹੈ ॥੨॥

ਸਬਦਿ ਮਰੈ ਤਾਂ ਏਕ ਲਿਵ ਲਾਏ ॥

ਮਨੁੱਖ ਤਦੋਂ ਹੀ ਇਕ ਪਰਮਾਤਮਾ ਵਿਚ ਸੁਰਤਿ ਜੋੜ ਸਕਦਾ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਮੋਹ ਵਲੋਂ) ਮਰ ਜਾਏ (ਮੋਹ ਦਾ ਪ੍ਰਭਾਵ ਆਪਣੇ ਉਤੇ ਪੈਣ ਨ ਦੇਵੇ)।

ਅਚਰੁ ਚਰੈ ਤਾਂ ਭਰਮੁ ਚੁਕਾਏ ॥

ਤਦੋਂ ਹੀ ਜੀਵ ਮਾਇਆ ਵਲ ਮਨ ਦੀ ਭਟਕਣਾ ਦੂਰ ਕਰ ਸਕਦਾ ਹੈ, ਜੇ (ਗੁਰੂ ਦੇ ਸ਼ਬਦ ਦੀ ਰਾਹੀਂ ਕਾਮਾਦਿਕ ਪੰਜਾਂ ਦੇ) ਨਾਹ ਮੁਕਾਏ ਜਾ ਸਕਣ ਵਾਲੇ ਟੋਲੇ (ਦੇ ਪ੍ਰਭਾਵ ਨੂੰ) ਮੁਕਾ ਦੇਵੇ।

ਜੀਵਨ ਮੁਕਤੁ ਮਨਿ ਨਾਮੁ ਵਸਾਏ ॥

ਜੇਹੜਾ ਮਨੁੱਖ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ ਉਹ ਇਸੇ ਜ਼ਿੰਦਗੀ ਦੇ ਵਿਚ ਹੀ (ਇਹਨਾਂ ਪੰਜਾਂ ਦੇ ਪ੍ਰਭਾਵ ਤੋਂ) ਆਜ਼ਾਦ ਹੋ ਜਾਂਦਾ ਹੈ,

ਗੁਰਮੁਖਿ ਹੋਇ ਤ ਸਚਿ ਸਮਾਏ ॥੩॥

ਤੇ ਉਹ ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ਲੀਨ ਹੁੰਦਾ ਹੈ ਗੁਰੂ ਦੇ ਸਨਮੁਖ ਰਹਿਕੇ ॥੩॥

ਜਿਨਿ ਧਰ ਸਾਜੀ ਗਗਨੁ ਅਕਾਸੁ ॥

(ਪ੍ਰਭੂ) ਜਿਸ ਨੇ ਇਹ ਧਰਤੀ ਤੇ ਅਕਾਸ਼ ਆਦਿਕ ਰਚੇ ਹਨ,

ਜਿਨਿ ਸਭ ਥਾਪੀ ਥਾਪਿ ਉਥਾਪਿ ॥

ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜੋ ਰਚ ਕੇ ਨਾਸ ਕਰਨ ਦੇ ਭੀ ਸਮਰੱਥ ਹੈ।

ਸਰਬ ਨਿਰੰਤਰਿ ਆਪੇ ਆਪਿ ॥

ਫਿਰ ਉਹ ਆਪ ਹੀ ਆਪ ਸਭ ਦੇ ਅੰਦਰ ਇਕ-ਰਸ ਮੌਜੂਦ ਹੈ,

ਕਿਸੈ ਨ ਪੂਛੇ ਬਖਸੇ ਆਪਿ ॥੪॥

ਆਪ ਹੀ (ਸਭ ਜੀਵਾਂ ਉਤੇ) ਬਖ਼ਸ਼ਸ਼ ਕਰਦਾ ਹੈ (ਇਹ ਬਖ਼ਸ਼ਸ਼ ਵਾਸਤੇ) ਤੇ ਇਸ ਲਈ ਉਹ ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ ॥੪॥

ਤੂ ਪੁਰੁ ਸਾਗਰੁ ਮਾਣਕ ਹੀਰੁ ॥

ਹੇ ਪ੍ਰਭੂ! ਤੂੰ ਆਪ ਹੀ ਭਰਿਆ ਹੋਇਆ ਇਹ (ਸੰਸਾਰ-) ਸਮੁੰਦਰ ਹੈਂ, ਤੂੰ ਆਪ ਹੀ ਇਸ ਵਿਚ ਮਾਣਕ-ਹੀਰਾ ਹੈਂ,

ਤੂ ਨਿਰਮਲੁ ਸਚੁ ਗੁਣੀ ਗਹੀਰੁ ॥

ਤੂੰ ਪਵਿਤ੍ਰ-ਸਰੂਪ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।

ਸੁਖੁ ਮਾਨੈ ਭੇਟੈ ਗੁਰ ਪੀਰੁ ॥

ਜਿਸ ਮਨੁੱਖ ਨੂੰ (ਤੇਰੀ ਮੇਹਰ ਨਾਲ) ਗੁਰੂ-ਪੀਰ ਮਿਲ ਪੈਂਦਾ ਹੈ, ਉਹ (ਤੇਰੇ ਮਿਲਾਪ ਦਾ ਆਤਮਕ) ਆਨੰਦ ਮਾਣਦਾ ਹੈ।

ਏਕੋ ਸਾਹਿਬੁ ਏਕੁ ਵਜੀਰੁ ॥੫॥

ਤੂੰ ਆਪ ਹੀ ਆਪ ਬਾਦਸ਼ਾਹ ਹੈਂ ਤੇ ਆਪ ਹੀ ਆਪਣਾ (ਸਲਾਹਕਾਰ) ਵਜ਼ੀਰ ਹੈਂ ॥੫॥

ਜਗੁ ਬੰਦੀ ਮੁਕਤੇ ਹਉ ਮਾਰੀ ॥

ਹਉਮੈ ਦੀ ਕੈਦ ਵਿਚੋਂ ਆਜ਼ਾਦ ਉਹੀ ਹਨ (ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਸ) ਹਉਮੈ ਨੂੰ ਮਾਰਿਆ ਹੈ।

ਜਗਿ ਗਿਆਨੀ ਵਿਰਲਾ ਆਚਾਰੀ ॥

ਜਗਤ ਵਿਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ ਅਨੁਸਾਰ ਹੈ,

ਜਗਿ ਪੰਡਿਤੁ ਵਿਰਲਾ ਵੀਚਾਰੀ ॥

ਜਗਤ ਵਿਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾ (ਵਿੱਦਿਆ ਦੇ ਅਨੁਸਾਰ ਹੀ) ਵਿਚਾਰਵਾਨ ਭੀ ਹੈ,

ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ ॥੬॥

ਗੁਰੂ ਨੂੰ ਮਿਲਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਅਹੰਕਾਰ ਵਿਚ ਭਟਕਦੀ ਫਿਰਦੀ ਹੈ ॥੬॥

ਜਗੁ ਦੁਖੀਆ ਸੁਖੀਆ ਜਨੁ ਕੋਇ ॥

ਜਗਤ ਦੁਖੀ ਹੋ ਰਿਹਾ ਹੈ, ਕੋਈ ਵਿਰਲਾ ਮਨੁੱਖ ਸੁਖੀ ਹੈ।

ਜਗੁ ਰੋਗੀ ਭੋਗੀ ਗੁਣ ਰੋਇ ॥

ਜਗਤ (ਵਿਕਾਰਾਂ ਦੇ ਕਾਰਨ ਆਤਮਕ ਤੌਰ ਤੇ) ਰੋਗੀ ਹੋ ਰਿਹਾ ਹੈ, ਭੋਗਾਂ ਵਿਚ ਪਰਵਿਰਤ ਹੈ ਤੇ ਆਤਮਕ ਗੁਣਾਂ ਲਈ ਤਰਸਦਾ ਹੈ।

ਜਗੁ ਉਪਜੈ ਬਿਨਸੈ ਪਤਿ ਖੋਇ ॥

(ਪ੍ਰਭੂ ਨੂੰ ਭੁਲਾ ਕੇ) ਜਗਤ ਇੱਜ਼ਤ ਗਵਾ ਕੇ ਜੰਮਦਾ ਹੈ ਮਰਦਾ ਹੈ, ਮਰਦਾ ਹੈ ਜੰਮਦਾ ਹੈ।

ਗੁਰਮੁਖਿ ਹੋਵੈ ਬੂਝੈ ਸੋਇ ॥੭॥

ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਹ ਇਸ ਭੇਦ ਨੂੰ ਸਮਝਦਾ ਹੈ ॥੭॥

ਮਹਘੋ ਮੋਲਿ ਭਾਰਿ ਅਫਾਰੁ ॥

ਜੇ ਕੋਈ ਮੁੱਲ ਦੇ ਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ (ਉਸ ਦਾ ਮੁਲ ਦਿੱਤਾ ਨਹੀਂ ਜਾ ਸਕਦਾ) ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਉਸ ਦੇ ਬਰਾਬਰ ਦੀ ਨਹੀਂ ਹੈ।

ਅਟਲ ਅਛਲੁ ਗੁਰਮਤੀ ਧਾਰੁ ॥

ਗੁਰੂ ਦੀ ਮਤਿ ਲੈ ਕੇ ਉਸ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ।

ਭਾਇ ਮਿਲੈ ਭਾਵੈ ਭਇਕਾਰੁ ॥

ਉਹ ਪ੍ਰਭੂ ਪ੍ਰੇਮ ਦੀ ਰਾਹੀਂ (ਪ੍ਰੇਮ ਦੇ ਮੁੱਲ) ਮਿਲਦਾ ਹੈ ਤੇ ਜੀਵ ਦਾ ਉਸ ਦੇ ਡਰ-ਅਦਬ ਵਿਚ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ।

ਨਾਨਕੁ ਨੀਚੁ ਕਹੈ ਬੀਚਾਰੁ ॥੮॥੩॥

ਦਾਸ ਨਾਨਕ ਇਹ ਵਿਚਾਰ ਦਸਦਾ ਹੈ ॥੮॥੩॥


ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਏਕੁ ਮਰੈ ਪੰਚੇ ਮਿਲਿ ਰੋਵਹਿ ॥

ਇਕ (ਪ੍ਰਾਣੀ) ਮਰਦਾ ਹੈ ਉਸ ਦੇ ਸਾਕ ਸੰਬੰਧੀ ਮਿਲ ਕੇ ਰੋਂਦੇ ਹਨ,

ਹਉਮੈ ਜਾਇ ਸਬਦਿ ਮਲੁ ਧੋਵਹਿ ॥

ਪਰ ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੋਹ ਦੀ ਮੈਲ ਨੂੰ ਆਪਣੇ ਮਨ ਤੋਂ ਧੋ ਲੈਂਦੇ ਹਨ, ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ,

ਸਮਝਿ ਸੂਝਿ ਸਹਜ ਘਰਿ ਹੋਵਹਿ ॥

ਉਹ ਇਹ ਸਮਝ ਵਿਚ ਕੇ (ਕਿ ਸਭ ਵਿਚ ਪ੍ਰਭੂ ਦੀ ਹੀ ਜੋਤਿ ਹੈ, ਕਿਸੇ ਸੰਬੰਧੀ ਦਾ ਸਰੀਰ ਨਾਸ ਹੋਣ ਤੇ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।

ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥

ਇਸ ਬੇਸਮਝੀ ਵਿਚ (ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਆਪਣਾ ਹੈ ਹੀ ਨਹੀਂ) (ਰੋਣ ਵਾਲੇ ਉਸ ਪਰਮਾਤਮਾ ਦੀ ਨਜ਼ਰ ਵਿਚ ਆਪਣੀ) ਸਾਰੀ ਇੱਜ਼ਤ ਗਵਾ ਲੈਂਦੇ ਹਨ ॥੧॥

ਕਉਣੁ ਮਰੈ ਕਉਣੁ ਰੋਵੈ ਓਹੀ ॥

ਕੌਣ ਮਰਦਾ ਹੈ, ਤੇ ਕੌਣ (ਮਰੇ ਨੂੰ) ‘ਉਹ, ਉਹ’ ਆਖ ਕੇ ਰੋਂਦਾ ਹੈ,

ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥

(ਜਿਸ ਦਾ ਸਰੀਰ ਬਿਨਸਦਾ ਹੈ ਉਹ ਭੀ ਤੂੰ ਆਪ ਹੀ ਹੈਂ ਤੇ ਰੋਣ ਵਾਲਾ ਭੀ ਤੂੰ ਆਪ ਹੀ ਹੈਂ) ਹੇ ਪ੍ਰਭੂ! ਹੇ ਸਾਰੇ ਜਗਤ ਦੇ ਕਰਤਾਰ! ਹਰੇਕ ਜੀਵ ਦੇ ਸਿਰ ਉਤੇ ਤੂੰ ਆਪ ਹੀ ਹੈਂ ॥੧॥ ਰਹਾਉ ॥

ਮੂਏ ਕਉ ਰੋਵੈ ਦੁਖੁ ਕੋਇ ॥

ਜੋ ਕੋਈ ਮੋਏ ਨੂੰ ਰੋਂਦਾ ਹੈ ਉਹ (ਅਸਲ ਵਿਚ ਆਪਣਾ) ਦੁੱਖ-ਔਖ ਫਰੋਲਦਾ ਹੈ,

ਸੋ ਰੋਵੈ ਜਿਸੁ ਬੇਦਨ ਹੋਇ ॥

ਉਹ ਹੀ ਰੋਂਦਾ ਹੈ ਜਿਸ ਨੂੰ (ਕਿਸੇ ਦੇ ਮਰਨ ਤੇ ਕੋਈ) ਬਿਪਤਾ ਆ ਵਾਪਰਦੀ ਹੈ।

ਜਿਸੁ ਬੀਤੀ ਜਾਣੈ ਪ੍ਰਭ ਸੋਇ ॥

ਪਰ ਜਿਸ ਜੀਵ ਉਤੇ (ਮੌਤ ਦੀ) ਇਹ ਘਟਨਾ ਵਰਤਦੀ ਹੈ, ਉਹ ਪ੍ਰਭੂ ਦੀ ਇਹ ਰਜ਼ਾ ਸਮਝ ਲੈਂਦਾ ਹੈ,

ਆਪੇ ਕਰਤਾ ਕਰੇ ਸੁ ਹੋਇ ॥੨॥

ਕਿ ਉਹੀ ਕੁਝ ਹੋ ਰਿਹਾ ਹੈ ਜੋ ਕਰਤਾਰ ਆਪ ਕਰਦਾ ਹੈ ॥੨॥

ਜੀਵਤ ਮਰਣਾ ਤਾਰੇ ਤਰਣਾ ॥

(ਅਸਲ ਵਿਚ ਜੀਊਣ ਦੀ ਤਾਂਘ ਮਨੁੱਖ ਨੂੰ ਸੰਸਾਰ ਦੇ ਮੋਹ ਵਿਚ ਫਸਾਂਦੀ ਹੈ) ਜੀਊਣ ਦੀ ਲਾਲਸਾ ਤੋਂ ਮਨ ਦਾ ਮਰ ਜਾਣਾ (ਮੋਹ-ਸਾਗਰ ਤੋਂ) ਤਰਨ ਲਈ, ਮਾਨੋ, ਬੇੜੀ ਹੈ।

ਜੈ ਜਗਦੀਸ ਪਰਮ ਗਤਿ ਸਰਣਾ ॥

ਇਹ ਉੱਚੀ ਆਤਮਕ ਅਵਸਥਾ ਜਗਤ ਦੇ ਮਾਲਕ-ਪ੍ਰਭੂ ਦੀ ਸਰਨ ਪਿਆਂ ਲੱਭਦੀ ਹੈ।

ਹਉ ਬਲਿਹਾਰੀ ਸਤਿਗੁਰ ਚਰਣਾ ॥

(ਪ੍ਰਭੂ ਦੀ ਸਰਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਮੈਂ ਗੁਰੂ ਦੇ ਚਰਨਾਂ ਤੋਂ ਸਦਕੇ ਹਾਂ।

ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥

ਗੁਰੂ ਮਾਨੋ, ਜਹਾਜ਼ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਭਵ-ਸਾਗਰ ਤੋਂ ਪਾਰ ਲੰਘ ਸਕੀਦਾ ਹੈ ॥੩॥

ਨਿਰਭਉ ਆਪਿ ਨਿਰੰਤਰਿ ਜੋਤਿ ॥

ਪਰਮਾਤਮਾ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਆਪ ਇਕ-ਰਸ ਹਰੇਕ ਦੇ ਅੰਦਰ ਆਪਣੀ ਜੋਤਿ ਦਾ ਪਰਕਾਸ਼ ਕਰ ਰਿਹਾ ਹੈ,

ਬਿਨੁ ਨਾਵੈ ਸੂਤਕੁ ਜਗਿ ਛੋਤਿ ॥

ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿਚ ਕਿਤੇ ਸੂਤਕ (ਦਾ ਭਰਮ) ਹੈ ਕਿਤੇ ਛੂਤ ਹੈ।

ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥

ਦੁਰਮਤਿ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ, (ਇਸ ਬਾਰੇ) ਕੀਹ ਆਖ ਕੇ ਕੋਈ ਰੋਵੇ?

ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥

ਪਰਮਾਤਮਾ ਦੀ ਭਗਤੀ ਤੋਂ ਬਿਨਾ, ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨ ਤੋਂ ਬਿਨਾ, ਜੀਵ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ ॥੪॥

ਮੂਏ ਕਉ ਸਚੁ ਰੋਵਹਿ ਮੀਤ ॥

ਆਪਾ-ਭਾਵ ਤੋਂ ਮਰੇ ਹੋਏ ਨੂੰ ਸਚ ਮੁਚ ਉਸ ਦੇ (ਪਹਿਲੇ) ਮਿੱਤਰ ਰੋਂਦੇ ਹਨ,

ਤ੍ਰੈ ਗੁਣ ਰੋਵਹਿ ਨੀਤਾ ਨੀਤ ॥

ਮਾਇਆ ਦੇ ਤਿੰਨ ਗੁਣ (ਕਿ ਸਾਡਾ ਸਾਥ ਛੱਡ ਗਿਆ ਹੈ) ਵੀ ਨਿੱਤ ਰੋਂਦੇ ਹਨ,

ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥

ਕਿਉਂਕਿ ਉਹ ਦੁਖ ਸੁਖ (ਦਾ ਅਹਿਸਾਸ) ਤਿਆਗ ਕੇ ਅਡੋਲ ਅਵਸਥਾ ਵਿਚ ਸੁਚੇਤ ਹੋ ਗਿਆ ਹੈ,

ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥

ਤੇ ਉਸ ਨੇ ਆਪਣਾ ਤਨ ਤੇ ਮਨ ਪਰਮਾਤਮਾ ਦੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ ॥੫॥

ਭੀਤਰਿ ਏਕੁ ਅਨੇਕ ਅਸੰਖ ॥

ਸਭ ਦੇ ਅੰਦਰ ਇਕੋ ਪਰਮਾਤਮਾ ਵੱਸ ਰਿਹਾ ਹੈ, ਉਹ ਅਨੇਕਾਂ ਅਸੰਖਾਂ ਰੂਪਾਂ ਵਿਚ ਦਿਖਾਈ ਦੇ ਰਿਹਾ ਹੈ,

ਕਰਮ ਧਰਮ ਬਹੁ ਸੰਖ ਅਸੰਖ ॥

(ਪਰ ਜੀਵਾਂ ਨੇ ਉਸ ਨੂੰ ਵਿਸਾਰ ਕੇ) ਹੋਰ ਹੋਰ ਬੇਅੰਤ ਧਰਮ ਕਰਮ ਰਚ ਲਏ ਹਨ।

ਬਿਨੁ ਭੈ ਭਗਤੀ ਜਨਮੁ ਬਿਰੰਥ ॥

ਪਰਮਾਤਮਾ ਦੇ ਡਰ-ਅਦਬ ਵਿਚ ਰਹਿਣ ਤੋਂ ਬਿਨਾ, ਪ੍ਰਭੂ ਦੀ ਭਗਤੀ ਤੋਂ ਬਿਨਾ, ਜੀਵਾਂ ਦਾ ਮਨੁੱਖਾ ਜਨਮ ਵਿਅਰਥ ਜਾਂਦਾ ਹੈ।

ਹਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥

ਜੇਹੜੇ ਮਿਲ ਕੇ ਹਰੀ ਦੇ ਗੁਣ ਗਾਂਦੇ ਹਨ, ਉਹ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲੈਂਦੇ ਹਨ ॥੬॥

ਆਪਿ ਮਰੈ ਮਾਰੇ ਭੀ ਆਪਿ ॥

(ਜੀਵਾਂ ਦਾ ਰਚਨਹਾਰ ਕਰਤਾਰ ਸਭ ਜੀਵਾਂ ਦੇ ਅੰਦਰ ਆਪ ਮੌਜੂਦ ਹੈ, ਸੋ ਜਦੋਂ ਕੋਈ ਜੀਵ ਮਰਦਾ ਹੈ ਤਾਂ) ਪਰਮਾਤਮਾ (ਉਸ ਵਿਚ ਬੈਠਾ ਆਪ ਹੀ, ਮਾਨੋ) ਮਰਦਾ ਹੈ, ਉਸ ਜੀਵ ਨੂੰ ਮਾਰਦਾ ਭੀ ਆਪ ਹੀ ਹੈ।

ਆਪਿ ਉਪਾਏ ਥਾਪਿ ਉਥਾਪਿ ॥

ਪ੍ਰਭੂ ਆਪ ਹੀ ਪੈਦਾ ਕਰਦਾ ਹੈ, ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ।

ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥

ਹੇ ਜੋਤਿ-ਰੂਪ ਪ੍ਰਭੂ! ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, ਤੂੰ ਆਪ ਹੀ ਅਨੇਕਾਂ ਜਾਤੀਆਂ ਪੈਦਾ ਕਰ ਦਿੱਤੀਆਂ ਹਨ।

ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਸਾਰ ਕੇ (ਮਨ ਵਿਚ ਟਿਕਾ ਕੇ) ਜੀਵ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ, ਜੀਵ ਨੂੰ (ਸੂਤਕ ਛੂਤ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ ॥੭॥

ਸੂਤਕੁ ਅਗਨਿ ਭਖੈ ਜਗੁ ਖਾਇ ॥

(ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੋ ਕੇ ਜੰਮਦਾ ਮਰਦਾ ਹੈ), ਸਰਬ-ਵਿਆਪਕ ਪ੍ਰਭੂ ਤੋਂ ਵਿਛੁੜਿਆਂ ਨੂੰ ਸੂਤਕ ਦਾ ਭਰਮ ਖ਼ੁਆਰ ਕਰਦਾ ਹੈ।

ਸੂਤਕੁ ਜਲਿ ਥਲਿ ਸਭ ਹੀ ਥਾਇ ॥

(ਸੂਤਕ ਦਾ ਭਰਮ ਕਿਥੇ ਕਿਥੇ ਕੀਤਾ ਜਾਵੇਗਾ?) ਸੂਤਕ ਅੱਗ, ਸਮੁੰਦਰ ਤੇ ਧਰਤੀ ਵਿਚ ਹੈ, ਹਰ ਥਾਂ ਹੈ, ਕਿਉਂਕ,

ਨਾਨਕ ਸੂਤਕਿ ਜਨਮਿ ਮਰੀਜੈ ॥

ਹੇ ਨਾਨਕ! ਸੂਤਕ (ਦੇ ਭਰਮ) ਵਿਚ ਪੈ ਕੇ (ਪਰਮਾਤਮਾ ਦੀ ਹੋਂਦ ਤੋਂ ਖੁੰਝ ਕੇ) ਜਗਤ ਜਨਮ ਮਰਨ ਦੇ ਗੇੜ ਵਿਚ ਪੈ ਰਿਹਾ ਹੈ।

ਗੁਰਪਰਸਾਦੀ ਹਰਿ ਰਸੁ ਪੀਜੈ ॥੮॥੪॥

(ਸਹੀ ਰਸਤਾ ਇਹ ਹੈ ਕਿ ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਮੇਹਰ ਪ੍ਰਾਪਤ ਕਰ ਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ-ਰਸ ਪੀਣਾ ਚਾਹੀਦਾ ਹੈ ॥੮॥੪॥


ਰਾਗੁ ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਆਪੁ ਵੀਚਾਰੈ ਸੁ ਪਰਖੇ ਹੀਰਾ ॥

ਉਹ ਮਨੁੱਖ ਆਪਣੇ ਆਪ ਨੂੰ (ਆਪਣੇ ਜੀਵਨ ਨੂੰ) ਵਿਚਾਰਦਾ ਤੇ ਪਰਮਾਤਮਾ ਦੇ ਸ੍ਰੇਸ਼ਟ ਨਾਮ ਦੀ ਕਦਰ ਪਛਾਣਦਾ ਹੈ,

ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥

ਜੋ ਪੂਰੇ ਗੁਰੂ ਇਕ (ਮੇਹਰ ਦੀ) ਨਿਗਾਹ ਨਾਲ (ਮੋਹ ਦੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ,

ਗੁਰੁ ਮਾਨੈ ਮਨ ਤੇ ਮਨੁ ਧੀਰਾ ॥੧॥

ਐਸਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ (ਮਾਇਆ-ਮੋਹ ਵਿਚ) ਡੋਲਦਾ ਨਹੀਂ ॥੧॥

ਐਸਾ ਸਾਹੁ ਸਰਾਫੀ ਕਰੈ ॥

ਗੁਰੂ ਇਹੋ ਜਿਹਾ ਸ਼ਾਹ (ਸਰਾਫ਼) ਹੈ, ਤੇ ਇਹੋ ਜਿਹੀ ਸਰਾਫ਼ੀ ਕਰਦਾ ਹੈ (ਕਿ ਉਹ ਜੀਵਾਂ ਨੂੰ ਤੁਰਤ ਪਰਖ ਲੈਂਦਾ ਹੈ, ਤੇ),

ਸਾਚੀ ਨਦਰਿ ਏਕ ਲਿਵ ਤਰੈ ॥੧॥ ਰਹਾਉ ॥

ਉਸ ਦੀ ਕਦੇ ਉਕਾਈ ਨਾਹ ਖਾਣ ਵਾਲੀ ਮਿਹਰ ਦੀ ਨਿਗਾਹ ਨਾਲ ਜੀਵ ਇਕ ਪਰਮਾਤਮਾ ਵਿਚ ਸੁਰਤਿ ਜੋੜ ਕੇ (ਮੋਹ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਪੂੰਜੀ ਨਾਮੁ ਨਿਰੰਜਨ ਸਾਰੁ ॥

(ਗੁਰੂ ਦੀ ਕਿਰਪਾ ਨਾਲ) ਜੇਹੜਾ ਮਨੁੱਖ ਨਿਰੰਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਰਾਸਿ-ਪੂੰਜੀ ਬਣਾਂਦਾ ਹੈ,

ਨਿਰਮਲੁ ਸਾਚਿ ਰਤਾ ਪੈਕਾਰੁ ॥

ਜੋ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਹ ਨਿਆਰੀਏ ਵਾਂਗ ਪਾਰਖੂ ਬਣ ਜਾਂਦਾ ਹੈ,

ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥੨॥

ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਹ ਗੁਰੂ ਕਰਤਾਰ ਨੂੰ ਆਪਣੇ ਅਡੋਲ ਹਿਰਦੇ-ਘਰ ਵਿਚ ਵਸਾਂਦਾ ਹੈ ॥੨॥

ਆਸਾ ਮਨਸਾ ਸਬਦਿ ਜਲਾਏ ॥

ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਕ ਆਸਾ ਤੇ ਮਾਇਕ ਫੁਰਨਾ ਸਾੜ ਦੇਂਦਾ ਹੈ,

ਰਾਮ ਨਰਾਇਣੁ ਕਹੈ ਕਹਾਏ ॥

ਅਤੇ ਉਹ ਆਪ ਪਰਮਾਤਮਾ ਦਾ ਭਜਨ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ,

ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥

ਜੋ ਗੁਰੂ ਤੋਂ (ਜ਼ਿੰਦਗੀ ਦਾ ਸਹੀ) ਰਸਤਾ ਲੱਭ ਲੈਂਦਾ ਹੈ, ਪਰਮਾਤਮਾ ਦਾ ਮਹਲ ਘਰ ਲੱਭ ਲੈਂਦਾ ਹੈ ॥੩॥

ਕੰਚਨ ਕਾਇਆ ਜੋਤਿ ਅਨੂਪੁ ॥

ਜੇਹੜਾ ਪਰਮਾਤਮਾ (ਸੁੱਧ) ਸੋਨੇ ਵਰਗੀ ਪਵਿਤ੍ਰ ਹਸਤੀ ਵਾਲਾ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ,

ਤ੍ਰਿਭਵਣ ਦੇਵਾ ਸਗਲ ਸਰੂਪੁ ॥

ਜਿਸ ਵਰਗਾ ਹੋਰ ਕੋਈ ਨਹੀਂ ਹੈ, ਜੋ ਤਿੰਨਾਂ ਭਵਨਾਂ ਦਾ ਮਾਲਕ ਹੈ,

ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥

ਇਹ ਸਾਰਾ ਆਕਾਰ ਜਿਸ ਦਾ (ਸਰਗੁਣ) ਸਰੂਪ ਹੈ, ਉਸ ਪਰਮਾਤਮਾ ਦਾ ਸਦਾ-ਥਿਰ ਤੇ ਕਦੇ ਨਾਹ ਮੁੱਕਣ ਵਾਲਾ ਨਾਮ-ਧਨ ਮੈਨੂੰ (ਗੁਰੂ-ਸਰਾਫ਼ ਤੋਂ) ਮਿਲਿਆ ਹੈ ॥੪॥

ਪੰਚ ਤੀਨਿ ਨਵ ਚਾਰਿ ਸਮਾਵੈ ॥

ਜੋ ਪਰਮਾਤਮਾ ਪੰਜਾਂ ਤੱਤਾਂ ਵਿਚ, ਮਾਇਆ ਦੇ ਤਿੰਨ ਗੁਣਾਂ ਵਿਚ, ਨੌ ਖੰਡਾਂ ਵਿਚ ਅਤੇ ਚਾਰ ਕੂਟਾਂ ਵਿਚ ਵਿਆਪਕ ਹੈ,

ਧਰਣਿ ਗਗਨੁ ਕਲ ਧਾਰਿ ਰਹਾਵੈ ॥

ਜੋ ਧਰਤੀ ਤੇ ਆਕਾਸ਼ ਨੂੰ ਆਪਣੀ ਸੱਤਿਆ ਦੇ ਆਸਰੇ (ਥਾਂ ਸਿਰ) ਟਿਕਾਈ ਰਖਦਾ ਹੈ;

ਬਾਹਰਿ ਜਾਤਉ ਉਲਟਿ ਪਰਾਵੈ ॥੫॥

ਗੁਰੂ-ਸਰਾਫ਼ ਮਨੁੱਖ ਦੇ ਬਾਹਰ ਦਿੱਸਦੇ ਆਕਾਰ ਵਲ ਦੌੜਦੇ ਮਨ ਨੂੰ ਉਸ ਪਰਮਾਤਮਾ ਵਲ ਪਰਤਾ ਕੇ ਲਿਆਉਂਦਾ ਹੈ ॥੫॥

ਮੂਰਖੁ ਹੋਇ ਨ ਆਖੀ ਸੂਝੈ ॥

(ਗੁਰੂ-ਸਰਾਫ਼ ਦੱਸਦਾ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ, ਪਰ) ਉਹ ਮਨੁੱਖ ਮੂਰਖ ਹੈ ਜਿਸ ਨੂੰ ਅੱਖਾਂ ਨਾਲ (ਪ੍ਰਭੂ) ਨਹੀਂ ਦਿੱਸਦਾ,

ਜਿਹਵਾ ਰਸੁ ਨਹੀ ਕਹਿਆ ਬੂਝੈ ॥

ਜਿਸ ਦੀ ਜੀਭ ਵਿਚ (ਪ੍ਰਭੂ ਦਾ) ਨਾਮ-ਰਸ ਨਹੀਂ ਆਇਆ, ਜੋ ਗੁਰੂ ਦੇ ਦੱਸੇ ਉਪਦੇਸ਼ ਨੂੰ ਨਹੀਂ ਸਮਝਦਾ।

ਬਿਖੁ ਕਾ ਮਾਤਾ ਜਗ ਸਿਉ ਲੂਝੈ ॥੬॥

ਉਹ ਮਨੁੱਖ ਵਿਹੁਲੀ ਮਾਇਆ ਵਿਚ ਮਸਤ ਹੋ ਕੇ ਜਗਤ ਨਾਲ ਝਗੜੇ ਸਹੇੜਦਾ ਹੈ ॥੬॥

ਊਤਮ ਸੰਗਤਿ ਊਤਮੁ ਹੋਵੈ ॥

ਗੁਰੂ ਦੀ ਸ੍ਰੇਸ਼ਟ ਸੰਗਤਿ ਦੀ ਬਰਕਤਿ ਨਾਲ ਮਨੁੱਖ ਸ੍ਰੇਸ਼ਟ ਜੀਵਨ ਵਾਲਾ ਬਣ ਜਾਂਦਾ ਹੈ,

ਗੁਣ ਕਉ ਧਾਵੈ ਅਵਗਣ ਧੋਵੈ ॥

ਆਤਮਕ ਗੁਣਾਂ ਦੀ ਪ੍ਰਾਪਤੀ ਲਈ ਦੌੜ-ਭੱਜ ਕਰਦਾ ਹੈ ਤੇ (ਆਪਣੇ ਅੰਦਰੋਂ ਨਾਮ-ਅੰਮ੍ਰਿਤ ਦੀ ਸਹਾਇਤਾ ਨਾਲ) ਔਗੁਣ ਧੋ ਦੇਂਦਾ ਹੈ।

ਬਿਨੁ ਗੁਰ ਸੇਵੇ ਸਹਜੁ ਨ ਹੋਵੈ ॥੭॥

(ਇਹ ਗੱਲ ਯਕੀਨੀ ਹੈ ਕਿ) ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ (ਔਗੁਣਾਂ ਤੋਂ ਖ਼ਲਾਸੀ ਨਹੀਂ ਹੁੰਦੀ, ਤੇ) ਅਡੋਲ ਆਤਮਕ ਅਵਸਥਾ ਨਹੀਂ ਮਿਲਦੀ ॥੭॥

ਹੀਰਾ ਨਾਮੁ ਜਵੇਹਰ ਲਾਲੁ ॥

ਪ੍ਰਭੂ ਨਾਮ ਕੀਮਤੀ ਹੀਰੇ ਤੇ ਲਾਲਾਂ ਦੇ ਵਾਂਗ ਹੈ,

ਮਨੁ ਮੋਤੀ ਹੈ ਤਿਸ ਕਾ ਮਾਲੁ ॥

ਜੋ ਮੋਤੀ (ਵਰਗੇ ਸੁੱਚਾ) ਮਨ ਵਾਲੇ ਮਨੁੱਖ ਦੀ ਰਾਸਿ-ਪੂੰਜੀ ਬਣ ਜਾਂਦਾ ਹੈ।

ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥

ਹੇ ਨਾਨਕ! ਗੁਰੂ-ਸਰਾਫ਼ ਜਿਸ ਮਨੁੱਖ ਨੂੰ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ਉਹ ਨਿਹਾਲ ਹੋ ਜਾਂਦਾ ਹੈ ॥੮॥੫॥


ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥

(ਹੇ ਮਨੁੱਖ! ਤੂੰ) ਗੁਰੂ ਦੇ ਸਨਮੁਖ ਹੋ ਕੇ ਆਪਣੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਅਤੇ ਪਰਮਾਤਮਾ ਵਿਚ ਜੁੜੀ ਸੁਰਤਿ (ਦਾ ਆਨੰਦ) ਮਾਣ,

ਗੁਰਮੁਖਿ ਮਹਲੀ ਮਹਲੁ ਪਛਾਨੁ ॥

ਗੁਰੂ ਦੀ ਸਰਨ ਪੈ ਕੇ ਤੂੰ ਆਪਣੇ ਅੰਦਰ ਪ੍ਰਭੂ ਦਾ ਟਿਕਾਣਾ ਪਛਾਣ।

ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥੧॥

ਗੁਰੂ ਦੇ ਸਨਮੁਖ ਰਹਿ ਕੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, (ਇਹ ਤੇਰੇ ਜੀਵਨ-ਸਫ਼ਰ ਲਈ) ਰਾਹਦਾਰੀ ਹੈ ॥੧॥

ਐਸੇ ਪ੍ਰੇਮ ਭਗਤਿ ਵੀਚਾਰੀ ॥

ਇਸ ਤਰ੍ਹਾਂ ਪ੍ਰਭੂ-ਚਰਨਾਂ ਨਾਲ ਪ੍ਰੇਮ ਅਤੇ ਪਰਮਾਤਮਾ ਦੀ ਭਗਤੀ ਕਰ ਕੇ ਉਹ ਉੱਚੀ ਵਿਚਾਰ ਦਾ ਮਾਲਕ ਬਣ ਜਾਂਦਾ ਹੈ।

ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੧॥ ਰਹਾਉ ॥

ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥

(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ) ਦਿਨ ਰਾਤ ਆਪਣੇ ਹਿਰਦੇ-ਥਾਂ ਵਿਚ ਪਰਮਾਤਮਾ ਦਾ ਪਵਿਤ੍ਰ ਸ੍ਰੇਸ਼ਟ ਡੇਰਾ ਬਣਾਈ ਰੱਖਦਾ ਹੈ,

ਤੀਨ ਭਵਨ ਨਿਹਕੇਵਲ ਗਿਆਨੁ ॥

ਤਿੰਨਾਂ ਭਵਨਾਂ ਵਿਚ ਵਿਆਪਕ ਤੇ ਵਾਸ਼ਨਾ-ਰਹਿਤ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਪੈ ਜਾਂਦੀ ਹੈ।

ਸਾਚੇ ਗੁਰ ਤੇ ਹੁਕਮੁ ਪਛਾਨੁ ॥੨॥

(ਤੂੰ ਭੀ) ਅਭੁੱਲ ਗੁਰੂ ਤੋਂ (ਭਾਵ, ਸਰਨ ਪੈ ਕੇ) ਪਰਮਾਤਮਾ ਦੀ ਰਜ਼ਾ ਨੂੰ ਸਮਝ ॥੨॥

ਸਾਚਾ ਹਰਖੁ ਨਾਹੀ ਤਿਸੁ ਸੋਗੁ ॥

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ) ਅੰਦਰ ਟਿਕਵਾਂ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ;

ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥

ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਸ੍ਰੇਸ਼ਟ ਰਸ ਵਾਲਾ ਨਾਮ ਤੇ ਪਰਮਾਤਮਾ ਨਾਲ ਡੂੰਘੀ ਸਾਂਝ ਉਸ ਮਨੁੱਖ ਦਾ ਆਤਮਕ ਭੋਜਨ ਬਣ ਜਾਂਦਾ ਹੈ।

ਪੰਚ ਸਮਾਈ ਸੁਖੀ ਸਭੁ ਲੋਗੁ ॥੩॥

(ਜੇ ਗੁਰੂ ਦੀ ਸਰਨ ਪੈ ਕੇ) ਜਗਤ ਕਾਮਾਦਿਕ ਪੰਜਾਂ ਨੂੰ ਮੁਕਾ ਦੇਵੇ ਤਾਂ ਸਾਰਾ ਜਗਤ ਹੀ ਸੁਖੀ ਹੋ ਜਾਏ ॥੩॥

ਸਗਲੀ ਜੋਤਿ ਤੇਰਾ ਸਭੁ ਕੋਈ ॥

(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਉਂ ਅਰਦਾਸ ਕਰਦਾ ਹੈ: ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਵਿਚ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ ਹੈ), ਤੇ ਹਰੇਕ ਜੀਵ ਤੇਰਾ ਹੀ ਪੈਦਾ ਕੀਤਾ ਹੋਇਆ ਹੈ।

ਆਪੇ ਜੋੜਿ ਵਿਛੋੜੇ ਸੋਈ ॥

ਪਰਮਾਤਮਾ ਆਪ ਹੀ ਜੀਵਾਂ ਦੇ ਸੰਜੋਗ ਬਣਾਂਦਾ ਹੈ, ਤੇ ਆਪ ਹੀ ਫਿਰ ਵਿਛੋੜਾ ਪਾ ਦੇਂਦਾ ਹੈ।

ਆਪੇ ਕਰਤਾ ਕਰੇ ਸੁ ਹੋਈ ॥੪॥

ਜੋ ਕੁਝ ਕਰਤਾਰ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ ॥੪॥

ਢਾਹਿ ਉਸਾਰੇ ਹੁਕਮਿ ਸਮਾਵੈ ॥

ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਢਾਹ ਕੇ ਆਪ ਹੀ ਮੁੜ ਉਸਾਰਦਾ ਹੈ, ਉਸ ਦੇ ਹੁਕਮ ਅਨੁਸਾਰ ਹੀ ਜਗਤ ਮੁੜ ਉਸ ਵਿਚ ਲੀਨ ਹੋ ਜਾਂਦਾ ਹੈ।

ਹੁਕਮੋ ਵਰਤੈ ਜੋ ਤਿਸੁ ਭਾਵੈ ॥

ਜੋ ਉਸ ਨੂੰ ਚੰਗਾ ਲਗਦਾ ਹੈ ਉਸ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ।

ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥

ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਜੀਵ ਪੂਰਨ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ॥੫॥

ਬਾਲਕ ਬਿਰਧਿ ਨ ਸੁਰਤਿ ਪਰਾਨਿ ॥

ਜਿਸ ਪ੍ਰਾਣੀ ਦੀ ਸੁਰਤ ਬਚਪਨ ਜਾਂ ਬੁਢੇਪੇ ਵਿੱਚ (ਤੇ ਨਾਹ ਹੀ ਜਵਾਨੀ ਸਮੇ) ਕਦੇ ਭੀ ਪਰਮਾਤਮਾ ਵਿਚ ਨਹੀਂ ਜੁੜਦੀ,

ਭਰਿ ਜੋਬਨਿ ਬੂਡੈ ਅਭਿਮਾਨਿ ॥

(ਸਗੋਂ) ਭਰ-ਜਵਾਨੀ ਵਿਚ ਉਹ (ਜਵਾਨੀ ਦੇ) ਅਹੰਕਾਰ ਵਿਚ ਡੁੱਬਾ ਰਹਿੰਦਾ ਹੈ,

ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥੬॥

ਉਹ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਆਖ਼ਰ (ਇਥੋਂ) ਕੀਹ ਖੱਟੇਗਾ? ॥੬॥

ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥

ਜਿਸ ਪਰਮਾਤਮਾ ਦਾ ਦਿੱਤਾ ਅੰਨ ਤੇ ਧਨ ਜੀਵ ਵਰਤਦਾ ਰਹਿੰਦਾ ਹੈ, ਜੇ ਅਡੋਲ ਅਵਸਥਾ ਵਿਚ ਟਿਕ ਕੇ ਉਸ ਨਾਲ ਕਦੇ ਭੀ ਸਾਂਝ ਭੀ ਨਹੀਂ ਪਾਂਦਾ,

ਭਰਮਿ ਭੁਲਾਨਾ ਫਿਰਿ ਪਛੁਤਾਨਾ ॥

ਤੇ ਮਾਇਆ ਦੀ ਭਟਕਣਾ ਵਿਚ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਤਾਂ ਆਖ਼ਰ ਪਛਤਾਂਦਾ ਹੈ।

ਗਲਿ ਫਾਹੀ ਬਉਰਾ ਬਉਰਾਨਾ ॥੭॥

ਉਸ ਦੇ ਗਲ ਵਿਚ ਮੋਹ ਦੀ ਫਾਹੀ ਪਈ ਰਹਿੰਦੀ ਹੈ, ਮੋਹ ਵਿਚ ਹੀ ਉਹ ਸਦਾ ਝੱਲਾ ਹੋਇਆ ਫਿਰਦਾ ਹੈ ॥੭॥

ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥

ਉਹ ਜਗਤ ਨੂੰ (ਮੋਹ ਵਿਚ) ਡੁੱਬਦਾ ਵੇਖ ਕੇ (ਮੋਹ ਤੋਂ) ਡਰ ਕੇ ਭੱਜ ਜਾਂਦੇ ਹਨ,

ਸਤਿਗੁਰਿ ਰਾਖੇ ਸੇ ਵਡਭਾਗੇ ॥

ਉਹ ਬੜੇ ਭਾਗਾਂ ਵਾਲੇ ਹਨ ਤੇ ਸਤਿਗੁਰੂ ਨੇ ਉਹਨਾਂ ਨੂੰ (ਮੋਹ ਦੀ ਕੈਦ ਤੋਂ) ਬਚਾ ਲਿਆ ਹੈ,

ਨਾਨਕ ਗੁਰ ਕੀ ਚਰਣੀ ਲਾਗੇ ॥੮॥੬॥

ਜੇਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ (ਸ਼ਰਨ ਪੈਂਦੇ) ਹਨ, ਹੇ ਨਾਨਕ! ॥੮॥੬॥


ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਗਾਵਹਿ ਗੀਤੇ ਚੀਤਿ ਅਨੀਤੇ ॥

ਜੇਹੜੇ ਮਨੁੱਖ (ਦੂਜਿਆਂ ਨੂੰ ਹੀ ਸੁਣਾਣ ਵਾਸਤੇ ਭਗਤੀ ਦੇ) ਗੀਤ ਗਾਂਦੇ ਹਨ, ਪਰ ਉਹਨਾਂ ਦੇ ਚਿੱਤ ਵਿਚ ਮੰਦੇ ਖ਼ਿਆਲ (ਮੌਜੂਦ) ਹਨ;

ਰਾਗ ਸੁਣਾਇ ਕਹਾਵਹਿ ਬੀਤੇ ॥

ਜੇਹੜੇ (ਹੋਰਨਾਂ ਨੂੰ) ਰਾਗ (ਦ੍ਵੈਖ ਤੋਂ ਬਚਣ ਦੀਆਂ ਗੱਲਾਂ) ਸੁਣਾ ਕੇ ਅਖਵਾਂਦੇ ਹਨ ਕਿ ਅਸੀਂ ਰਾਗ ਦ੍ਵੈਖ ਤੋਂ ਬਚੇ ਹੋਏ ਹਾਂ,

ਬਿਨੁ ਨਾਵੈ ਮਨਿ ਝੂਠੁ ਅਨੀਤੇ ॥੧॥

ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਝੂਠ (ਵੱਸਦਾ) ਹੈ, ਉਹਨਾਂ ਦੇ ਮਨ ਵਿਚ ਕੁਕਰਮ (ਟਿਕੇ ਹੋਏ) ਹਨ ॥੧॥

ਕਹਾ ਚਲਹੁ ਮਨ ਰਹਹੁ ਘਰੇ ॥

(ਹੋਰਨਾਂ ਨੂੰ ਮੱਤਾਂ ਦੇਣ ਵਾਲੇ) ਹੇ ਮਨ! ਤੂੰ (ਕੁਕਰਮਾਂ ਵਿਚ) ਕਿਉਂ ਭਟਕ ਰਿਹਾ ਹੈਂ? ਆਪਣੇ ਅੰਦਰ ਹੀ ਟਿਕਿਆ ਰਹੁ।

ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥

ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਵਿਕਾਰਾਂ ਵਲੋਂ) ਹਟ ਜਾਂਦੇ ਹਨ। ਹੇ ਮਨ! ਤੂੰ ਭੀ ਗੁਰੂ ਦੀ ਰਾਹੀਂ ਭਾਲ ਕਰ ਕੇ ਸਹਜ ਅਵਸਥਾ ਵਿਚ ਟਿਕ ਕੇ ਪਰਮਾਤਮਾ ਨੂੰ ਲੱਭ ਲਏਂਗਾ ॥੧॥ ਰਹਾਉ ॥

ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥

ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਕਾਮ ਹੈ ਕ੍ਰੋਧ ਹੈ ਮੋਹ ਹੈ,

ਲਬੁ ਲੋਭੁ ਅਹੰਕਾਰੁ ਸੁ ਪੀਰਾ ॥

ਜਿਸ ਦੇ ਅੰਦਰ ਲੱਬ ਹੈ ਲੋਭ ਹੈ ਅਹੰਕਾਰ ਹੈ, (ਜਿਸ ਦੇ ਅੰਦਰ ਇਹਨਾਂ ਵਿਕਾਰਾਂ ਦਾ) ਕਲੇਸ਼ ਹੈ,

ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥੨॥

ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਸ ਦਾ ਮਨ (ਇਹਨਾਂ ਦਾ ਟਾਕਰਾ ਕਰਨ ਦਾ) ਕਿਵੇਂ ਹੌਸਲਾ ਕਰ ਸਕਦਾ ਹੈ? ॥੨॥

ਅੰਤਰਿ ਨਾਵਣੁ ਸਾਚੁ ਪਛਾਣੈ ॥

ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਉਹ ਆਪਣੇ ਆਤਮਾ ਵਿਚ (ਤੀਰਥ-) ਇਸ਼ਨਾਨ ਕਰ ਰਿਹਾ ਹੈ,

ਅੰਤਰ ਕੀ ਗਤਿ ਗੁਰਮੁਖਿ ਜਾਣੈ ॥

ਐਸਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੀ ਅੰਦਰਲੀ ਆਤਮਕ ਹਾਲਤ ਸਮਝ ਲੈਂਦਾ ਹੈ।

ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥੩॥

(ਪਰ ਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਟਿਕਾਣਾ ਕੋਈ ਮਨੁੱਖ ਨਹੀਂ ਪਛਾਣ ਸਕਦਾ ॥੩॥

ਨਿਰੰਕਾਰ ਮਹਿ ਆਕਾਰੁ ਸਮਾਵੈ ॥

ਜੇਹੜਾ ਮਨੁੱਖ ਦਿੱਸਦੇ ਸੰਸਾਰ ਨੂੰ ਅਦ੍ਰਿਸ਼ਟ ਪ੍ਰਭੂ ਵਿਚ ਲੀਨ ਕਰ ਲੈਂਦਾ ਹੈ (ਭਾਵ, ਆਪਣੀ ਬ੍ਰਿਤੀ ਨੂੰ ਬਾਹਰ ਵਲੋਂ ਰੋਕ ਕੇ ਅੰਦਰ ਲੈ ਆਉਂਦਾ ਹੈ;)

ਅਕਲ ਕਲਾ ਸਚੁ ਸਾਚਿ ਟਿਕਾਵੈ ॥

ਜਿਸ ਪ੍ਰਭੂ ਦੀ ਸੱਤਿਆ-ਗਿਣਤੀ ਮਿਣਤੀ ਤੋਂ ਪਰੇ ਹੈ ਉਸ ਸਦਾ-ਥਿਰ ਪ੍ਰਭੂ ਨੂੰ ਜੇਹੜਾ ਮਨੁੱਖ ਸਿਮਰਨ ਦੀ ਰਾਹੀਂ ਆਪਣੇ ਹਿਰਦੇ ਵਿਚ ਟਿਕਾਂਦਾ ਹੈ,

ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥

ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੪॥

ਜਹਾਂ ਨਾਮੁ ਮਿਲੈ ਤਹ ਜਾਉ ॥

(ਇਸ ਵਾਸਤੇ ਮੇਰੀ ਇਹ ਅਰਦਾਸ ਹੈ ਕਿ) ਜਿਥੋਂ (ਗੁਰ-ਸੰਗਤਿ ਵਿਚੋਂ) ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਮੈਂ ਉਥੇ ਹੀ ਜਾਵਾਂ,

ਗੁਰਪਰਸਾਦੀ ਕਰਮ ਕਮਾਉ ॥

ਗੁਰੂ ਦੀ ਕਿਰਪਾ ਨਾਲ ਮੈਂ ਉਹੀ ਕੰਮ ਕਰਾਂ (ਜਿਨ੍ਹਾਂ ਕਰਕੇ ਮੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋਵੇ),

ਨਾਮੇ ਰਾਤਾ ਹਰਿ ਗੁਣ ਗਾਉ ॥੫॥

ਤੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਮੈਂ ਪਰਮਾਤਮਾ ਦਾ ਗੁਣ ਗਾਂਦਾ ਰਹਾਂ ॥੫॥

ਗੁਰ ਸੇਵਾ ਤੇ ਆਪੁ ਪਛਾਤਾ ॥

ਗੁਰੂ ਦੀ ਦੱਸੀ ਹੋਈ ਸੇਵਾ ਦੀ ਰਾਹੀਂ ਜਿਸ ਮਨੁੱਖ ਨੇ ਆਪਣਾ ਅੰਦਰਲਾ ਆਤਮਕ ਜੀਵਨ ਪਛਾਣ ਲਿਆ,

ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥

ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਆਤਮਕ ਆਨੰਦ ਦੇਣ ਵਾਲਾ ਹਰੀ-ਨਾਮ ਵੱਸ ਪਿਆ (ਸਮਝੋ)।

ਅਨਦਿਨੁ ਬਾਣੀ ਨਾਮੇ ਰਾਤਾ ॥੬॥

ਉਹ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹਰ ਰੋਜ਼ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੬॥

ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥

(ਪਰ ਇਹ ਖੇਡ ਜੀਵ ਦੇ ਵੱਸ ਦੀ ਨਹੀਂ) ਜਦੋਂ ਪਿਆਰਾ ਪ੍ਰਭੂ ਕਿਸੇ ਜੀਵ ਨੂੰ ਆਪਣੇ ਨਾਮ ਵਿਚ ਲਗਾਂਦਾ ਹੈ ਤਦੋਂ ਹੀ ਕੋਈ ਲੱਗਦਾ ਹੈ,

ਹਉਮੈ ਮਾਰੇ ਸਬਦੇ ਜਾਗੈ ॥

ਤਦੋਂ ਹੀ ਗੁਰ-ਸ਼ਬਦ ਦੀ ਰਾਹੀਂ ਉਹ ਹਉਮੈ ਨੂੰ ਮਾਰ ਕੇ (ਇਸ ਵਲੋਂ ਸਦਾ) ਸੁਚੇਤ ਰਹਿੰਦਾ ਹੈ।

ਐਥੈ ਓਥੈ ਸਦਾ ਸੁਖੁ ਆਗੈ ॥੭॥

ਫਿਰ ਲੋਕ ਪਰਲੋਕ ਵਿਚ ਸਦਾ ਆਤਮਕ ਆਨੰਦ ਉਸ ਦੇ ਸਾਹਮਣੇ ਮੌਜੂਦ ਰਹਿੰਦਾ ਹੈ ॥੭॥

ਮਨੁ ਚੰਚਲੁ ਬਿਧਿ ਨਾਹੀ ਜਾਣੈ ॥

ਪਰ ਚੰਚਲ ਮਨ (ਹਉਮੈ ਨੂੰ ਮਾਰਨ ਦਾ) ਤਰੀਕਾ ਨਹੀਂ ਜਾਣ ਸਕਦਾ,

ਮਨਮੁਖਿ ਮੈਲਾ ਸਬਦੁ ਨ ਪਛਾਣੈ ॥

ਕਿਉਂਕਿ ਮਨਮੁਖਿ ਦਾ ਮਨ (ਵਿਕਾਰਾਂ ਨਾਲ ਸਦਾ) ਮੈਲਾ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾ ਸਕਦਾ।

ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥

ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਹੁੰਦਾ ਹੈ ॥੮॥

ਹਰਿ ਜੀਉ ਆਗੈ ਕਰੀ ਅਰਦਾਸਿ ॥

ਮੈਂ ਪ੍ਰਭੂ ਜੀ ਅੱਗੇ ਇਹ ਅਰਦਾਸਿ ਕਰਦਾ ਹਾਂ ਕਿ,

ਸਾਧੂ ਜਨ ਸੰਗਤਿ ਹੋਇ ਨਿਵਾਸੁ ॥

ਗੁਰਮੁਖਾਂ ਦੀ ਸੰਗਤਿ ਵਿਚ ਮੇਰਾ ਨਿਵਾਸ ਬਣਿਆ ਰਹੇ,

ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥

ਤੇ ਮੇਰੇ ਅੰਦਰ ਪਰਮਾਤਮਾ ਦਾ ਨਾਮ ਚਮਕ ਪਏ, ਤੇ ਉਹ ਨਾਮ ਮੇਰੇ ਪਾਪ ਕਲੇਸ਼ ਕੱਟ ਦੇਵੇ ॥੯॥

ਕਰਿ ਬੀਚਾਰੁ ਆਚਾਰੁ ਪਰਾਤਾ ॥

ਜਿਹੜਾ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚੰਗਾ ਆਚਰਨ ਬਣਾਣਾ ਸਮਝ ਲੈਂਦਾ ਹੈ,

ਸਤਿਗੁਰ ਬਚਨੀ ਏਕੋ ਜਾਤਾ ॥

ਤੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ,

ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥

ਉਸ ਦਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਨਾਨਕ! ॥੧੦॥੭॥


ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਮਨੁ ਮੈਗਲੁ ਸਾਕਤੁ ਦੇਵਾਨਾ ॥

ਗੁਰ-ਸ਼ਬਦ ਤੋਂ ਖੁੰਝ ਕੇ (ਮਾਇਆ-ਵੇੜ੍ਹਿਆ) ਮਨ ਪਾਗਲ ਹਾਥੀ (ਸਮਾਨ) ਹੈ,

ਬਨ ਖੰਡਿ ਮਾਇਆ ਮੋਹਿ ਹੈਰਾਨਾ ॥

ਤੇ ਮਾਇਆ ਦੇ ਮੋਹ ਦੇ ਕਾਰਨ (ਸੰਸਾਰ-) ਜੰਗਲ ਵਿਚ ਭਟਕਦਾ ਫਿਰਦਾ ਹੈ।

ਇਤ ਉਤ ਜਾਹਿ ਕਾਲ ਕੇ ਚਾਪੇ ॥

(ਮਾਇਆ ਦੇ ਮੋਹ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਦਬਾ ਲੈਂਦੀ ਹੈ ਉਹ ਇਧਰ ਉਧਰ ਭਟਕਦੇ ਫਿਰਦੇ ਹਨ।

ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥

ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਭਾਲ ਕੇ ਆਪਣੇ ਅੰਦਰ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ (ਤੇ ਭਟਕਣਾ ਵਿਚ ਨਹੀਂ ਪੈਂਦਾ) ॥੧॥

ਬਿਨੁ ਗੁਰਸਬਦੈ ਮਨੁ ਨਹੀ ਠਉਰਾ ॥

ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਮਨ ਇਕ ਥਾਂ ਟਿਕਿਆ ਨਹੀਂ ਰਹਿ ਸਕਦਾ।

ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥੧॥ ਰਹਾਉ ॥

(ਇਸ ਮਨ ਨੂੰ ਟਿਕਾਣ ਵਾਸਤੇ ਗੁਰ-ਸ਼ਬਦ ਦੀ ਰਾਹੀਂ) ਪਰਮਾਤਮਾ ਦਾ ਨਾਮ ਸਿਮਰੋ ਜੋ ਬਹੁਤ ਹੀ ਪਵਿਤ੍ਰ ਹੈ, ਅਤੇ ਹੋਰ ਰਸ ਛੱਡੋ ਜੋ ਕੌੜੇ ਭੀ ਹਨ ਤੇ ਹਉਮੈ ਨੂੰ ਵਧਾਂਦੇ ਹਨ ॥੧॥ ਰਹਾਉ ॥

ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥

(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਆਪਣੀ ਸੂਝ ਗਵਾ ਲੈਂਦਾ ਹੈ, ਫਿਰ ਦੱਸੋ, ਇਹ ਭਟਕਣੋਂ ਕਿਵੇਂ ਰਹਿ ਸਕਦਾ ਹੈ?

ਬਿਨੁ ਸਮਝੇ ਜਮ ਕਾ ਦੁਖੁ ਸਹਸੀ ॥

ਆਪਣੇ ਅਸਲੇ ਦੀ ਸੂਝ ਤੋ ਬਿਨਾ ਇਹ ਮਨ ਆਤਮਕ ਮੌਤ ਦਾ ਦੁੱਖ ਸਹਾਰੇਗਾ ਹੀ।

ਆਪੇ ਬਖਸੇ ਸਤਿਗੁਰੁ ਮੇਲੈ ॥

ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ,

ਕਾਲੁ ਕੰਟਕੁ ਮਾਰੇ ਸਚੁ ਪੇਲੈ ॥੨॥

ਉਹ ਦੁਖਦਾਈ ਆਤਮਕ ਮੌਤ ਨੂੰ ਸਹਾਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਉਸ ਨੂੰ ਆਤਮਕ ਜੀਵਨ ਵਲ) ਪ੍ਰੇਰਦਾ ਹੈ ॥੨॥

ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥

(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਹੋਰ ਹੋਰ ਧਾਰਮਿਕ ਰਸਮਾਂ ਰੀਵਾਜ ਕਰਦਾ ਫਿਰਦਾ ਹੈ,

ਇਹੁ ਮਨੁ ਪੰਚ ਤਤੁ ਤੇ ਜਨਮਾ ॥

ਤੇ ਇਹ ਮਨ ਪੰਜਾਂ ਤੱਤਾਂ ਤੋਂ ਜੰਮਿਆ ਹੋਇਆ ਹੈ (ਭਾਵ, ਜਨਮ ਮਰਨ ਦੇ ਗੇੜ ਵਿਚ ਲਈ ਫਿਰਦਾ ਹੈ)।

ਸਾਕਤੁ ਲੋਭੀ ਇਹੁ ਮਨੁ ਮੂੜਾ ॥

ਮਾਇਆ-ਵੇੜ੍ਹਿਆ ਇਹ ਮਨ ਲਾਲਚੀ ਬਣ ਜਾਂਦਾ ਹੈ, ਮੂਰਖ ਹੋ ਜਾਂਦਾ ਹੈ।

ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥੩॥

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਸ ਦਾ ਮਨ ਸੁੰਦਰ (ਘਾੜਤ ਵਾਲਾ ਬਣ ਜਾਂਦਾ) ਹੈ ॥੩॥

ਗੁਰਮੁਖਿ ਮਨੁ ਅਸਥਾਨੇ ਸੋਈ ॥

ਗੁਰੂ ਦੇ ਸਨਮੁਖ ਹੋਏ ਮਨੁੱਖ ਦਾ ਮਨ ਪਰਮਾਤਮਾ ਨੂੰ (ਆਪਣੇ ਅੰਦਰ) ਥਾਂ ਦੇਂਦਾ ਹੈ,

ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥

ਉਸ ਨੂੰ ਉਸ ਪ੍ਰਭੂ ਦੀ ਸੂਝ ਹੋ ਜਾਂਦੀ ਹੈ ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ।

ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥

(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਜੋਗ-ਸਾਧਨ ਕਰਦਾ ਹੈ ਕਦੇ ਮਾਇਆ ਦੇ ਭੋਗ ਭੋਗਦਾ ਹੈ ਕਦੇ ਤਪਾਂ ਨਾਲ ਸਰੀਰ ਨੂੰ ਕਸ਼ਟ ਦੇਂਦਾ ਹੈ (ਪਰ ਆਤਮਕ ਆਨੰਦ ਉਸ ਨੂੰ ਕਿਤੇ ਨਹੀਂ ਲੱਭਦਾ)।

ਗੁਰਮੁਖਿ ਚੀਨ੍ਹੈ ਹਰਿ ਪ੍ਰਭੁ ਆਪੈ ॥੪॥

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਹਰੀ ਪਰਮਾਤਮਾ ਨੂੰ ਆਪਣੇ ਅੰਦਰ ਖੋਜ ਲੈਂਦਾ ਹੈ ॥੪॥

ਮਨੁ ਬੈਰਾਗੀ ਹਉਮੈ ਤਿਆਗੀ ॥

(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ (ਆਪਣੇ ਵਲੋਂ) ਹਉਮੈ ਤਿਆਗ ਕੇ (ਦੁਨੀਆ ਛੱਡ ਕੇ) ਵੈਰਾਗਵਾਨ ਬਣ ਜਾਂਦਾ ਹੈ,

ਘਟਿ ਘਟਿ ਮਨਸਾ ਦੁਬਿਧਾ ਲਾਗੀ ॥

ਕਦੇ ਹਰੇਕ ਸਰੀਰ ਵਿਚ (ਮਾਇਆ-ਵੇੜ੍ਹੇ ਮਨ ਨੂੰ) ਮਾਇਕ ਫੁਰਨਾ ਤੇ ਦੁਬਿਧਾ ਆ ਚੰਬੜਦੇ ਹਨ।

ਰਾਮ ਰਸਾਇਣੁ ਗੁਰਮੁਖਿ ਚਾਖੈ ॥

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਰਸਾਂ ਦਾ ਘਰ ਨਾਮ-ਰਸ ਚੱਖਦਾ ਹੈ,

ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥੫॥

ਉਸ ਨੂੰ ਅੰਦਰ ਬਾਹਰ ਮਹਲ ਦਾ ਮਾਲਕ-ਪ੍ਰਭੂ (ਦਿੱਸਦਾ ਹੈ) ਜੋ (ਮਾਇਆ ਦੇ ਮੋਹ ਤੋਂ ਬਚਾ ਕੇ) ਉਸ ਦੀ ਇੱਜ਼ਤ ਰੱਖਦਾ ਹੈ ॥੫॥

ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥

(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਰਣ-ਭੂਮੀ ਵਿਚ ਰਾਜਾ ਤੇ ਸੂਰਮਾ ਬਣਿਆ ਪਿਆ ਹੈ।

ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥

ਪਰ ਜਦੋਂ ਇਹ ਮਨ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ ਤਾਂ (ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਜਾਂਦਾ ਹੈ,

ਮਾਰੇ ਪੰਚ ਅਪੁਨੈ ਵਸਿ ਕੀਏ ॥

ਕਾਮਾਦਿਕ ਪੰਜਾਂ (ਵੈਰੀਆਂ) ਨੂੰ ਮਾਰ ਦੇਂਦਾ ਹੈ, ਆਪਣੇ ਵੱਸ ਵਿਚ ਕਰ ਲੈਂਦਾ ਹੈ,

ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥੬॥

ਹਉਮੈ ਨੂੰ ਮੁਕਾ ਕੇ ਇਹਨਾਂ ਸਭਨਾਂ ਨੂੰ ਇਕੋ ਥਾਂ ਵਿਚ (ਕਾਬੂ) ਕਰ ਲੈਂਦਾ ਹੈ ॥੬॥

ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥

ਗੁਰੂ ਦੇ ਸਨਮੁਖ ਹੋਇਆ ਇਹ ਮਨ ਰਾਗ (ਦ੍ਵੈਖ) ਤੇ ਹੋਰ ਹੋਰ ਸੁਆਦ ਤਿਆਗ ਦੇਂਦਾ ਹੈ,

ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥

ਗੁਰੂ ਦੀ ਸਰਨ ਪੈ ਕੇ ਇਹ ਮਨ ਪਰਮਾਤਮਾ ਦੀ ਭਗਤੀ ਵਿਚ ਜੁੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਜਾਂਦਾ ਹੈ।

ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ, ਉਹ (ਅੰਦਰਲੇ ਆਤਮਕ ਖੇੜੇ ਦੇ) ਇਕ-ਰਸ (ਹੋ ਰਹੇ ਗੀਤ) ਨੂੰ ਸੁਣ ਸੁਣ ਕੇ (ਉਸ ਵਿਚ) ਗਿੱਝ ਜਾਂਦਾ ਹੈ,

ਆਤਮੁ ਚੀਨਿ੍ ਭਏ ਨਿਰੰਕਾਰੀ ॥੭॥

ਆਪਣੇ ਆਪੇ ਨੂੰ ਖੋਜ ਕੇ ਪਰਮਾਤਮਾ ਰੂਪ ਹੋ ਜਾਂਦਾ ਹੈ ॥੭॥

ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥

(ਜਦੋਂ) ਇਹ ਮਨ (ਗੁਰੂ ਦੇ ਸਨਮੁਖ ਹੁੰਦਾ ਹੈ ਤਦੋਂ) ਪਵਿਤ੍ਰ ਹੋ ਜਾਂਦਾ ਹੈ, ਇਸ ਨੂੰ ਅੰਦਰ ਬਾਹਰ ਉਹ ਪਰਮਾਤਮਾ ਹੀ ਦਿੱਸਦਾ ਹੈ।

ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥

ਗੁਰੂ ਦੇ ਸਨਮੁਖ ਹੋ ਕੇ (ਇਸ ਮਨ ਦੇ ਅੰਦਰ) ਭਗਤੀ ਦੀ ਲਗਨ ਲੱਗ ਪੈਂਦੀ ਹੈ, (ਇਸ ਦੇ ਅੰਦਰ ਪ੍ਰਭੂ ਦਾ) ਪਿਆਰ (ਜਾਗ ਪੈਂਦਾ ਹੈ),

ਅਹਿਨਿਸਿ ਹਰਿ ਜਸੁ ਗੁਰਪਰਸਾਦਿ ॥

ਗੁਰੂ ਦੀ ਕ੍ਰਿਪਾ ਨਾਲ ਇਹ ਮਨ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ।

ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ ॥੮॥

ਜੋ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਜੋ ਪਰਮਾਤਮਾ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਉਹ ਇਸ ਮਨ ਨੂੰ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ ॥੮॥

ਰਾਮ ਰਸਾਇਣਿ ਇਹੁ ਮਨੁ ਮਾਤਾ ॥

ਗੁਰੂ ਦੇ ਸਨਮੁਖ ਹੋ ਕੇ ਇਹ ਮਨ ਰਸਾਂ ਦੇ ਘਰ ਨਾਮ-ਰਸ ਵਿਚ ਮਸਤ ਹੋ ਜਾਂਦਾ ਹੈ,

ਸਰਬ ਰਸਾਇਣੁ ਗੁਰਮੁਖਿ ਜਾਤਾ ॥

ਗੁਰੂ ਦੇ ਸਨਮੁਖ ਹੋਇਆ ਇਹ ਮਨ ਸਭ ਰਸਾਂ ਦੇ ਸੋਮੇ ਪ੍ਰਭੂ ਨੂੰ ਪਛਾਣ ਲੈਂਦਾ ਹੈ।

ਭਗਤਿ ਹੇਤੁ ਗੁਰ ਚਰਣ ਨਿਵਾਸਾ ॥

ਜਦੋਂ ਗੁਰੂ ਦੇ ਚਰਨਾਂ ਵਿਚ (ਇਸ ਮਨ ਦਾ) ਨਿਵਾਸ ਹੁੰਦਾ ਹੈ ਤਾਂ (ਇਸ ਦੇ ਅੰਦਰ ਪਰਮਾਤਮਾ ਦੀ) ਭਗਤੀ ਦਾ ਪ੍ਰੇਮ (ਜਾਗ ਪੈਂਦਾ ਹੈ)।

ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥੯॥੮॥

ਹੇ ਨਾਨਕ! ਤਦੋਂ ਇਹ ਮਨ ਗੁਰਮੁਖਾਂ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ॥੯॥੮॥


ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਤਨੁ ਬਿਨਸੈ ਧਨੁ ਕਾ ਕੋ ਕਹੀਐ ॥

ਜਦੋਂ ਮਨੁੱਖ ਦਾ ਸਰੀਰ ਬਿਨਸ ਜਾਂਦਾ ਹੈ ਤਦੋਂ (ਉਸ ਦਾ ਕਮਾਇਆ ਹੋਇਆ) ਧਨ ਉਸ ਦਾ ਨਹੀਂ ਕਿਹਾ ਜਾ ਸਕਦਾ (ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਮਨੁੱਖਾ ਸਰੀਰ ਦੇ ਨਾਸ ਹੋਣ ਪਿਛੋਂ ਭੀ ਆਪਣੇ ਨਾਲ ਲੈ ਜਾ ਸਕਦਾ ਹੈ, ਪਰ),

ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥

ਪਰਮਾਤਮਾ ਦਾ ਨਾਮ-ਧਨ ਗੁਰੂ ਤੋਂ ਬਿਨਾ ਕਿਸੇ ਹੋਰ ਪਾਸੋਂ ਨਹੀਂ ਮਿਲ ਸਕਦਾ।

ਰਾਮ ਨਾਮ ਧਨੁ ਸੰਗਿ ਸਖਾਈ ॥

ਪਰਮਾਤਮਾ ਦਾ ਨਾਮ-ਧਨ ਹੀ ਮਨੁੱਖ ਦੇ ਨਾਲ ਅਸਲ ਸਾਥੀ ਹੈ।

ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥

ਜੇਹੜਾ ਮਨੁੱਖ ਦਿਨ ਰਾਤ ਆਪਣੀ ਸੁਰਤਿ ਪ੍ਰਭੂ (-ਚਰਨਾਂ) ਵਿਚ ਜੋੜਦਾ ਹੈ ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ ॥੧॥

ਰਾਮ ਨਾਮ ਬਿਨੁ ਕਵਨੁ ਹਮਾਰਾ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ (ਜੀਵਾਂ ਦਾ) ਹੋਰ ਕੇਹੜਾ (ਸਦੀਵੀ ਮਿੱਤਰ) ਹੋ ਸਕਦਾ ਹੈ?

ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥

(ਸੁਖ ਤੇ ਦੁਖ ਉਸੇ ਪ੍ਰਭੂ ਦੀ ਰਜ਼ਾ ਵਿਚ ਆਉਂਦੇ ਹਨ, ਇਸ ਵਾਸਤੇ) ਸੁਖ ਤੇ ਦੁਖ ਨੂੰ ਇਕੋ ਜਿਹਾ (ਉਸ ਦੀ ਰਜ਼ਾ ਸਮਝ ਕੇ) ਮੈਂ (ਕਦੇ) ਉਸ ਦਾ ਨਾਮ ਨਹੀਂ ਛੱਡਾਂਗਾ। (ਮੈਨੂੰ ਨਿਸਚਾ ਹੈ ਕਿ) ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜਨ ਵਾਲਾ ਹੈ ॥੧॥ ਰਹਾਉ ॥

ਕਨਿਕ ਕਾਮਨੀ ਹੇਤੁ ਗਵਾਰਾ ॥

ਉਹ ਮੂਰਖ ਹਨ ਜੋ ਸੋਨੇ ਤੇ ਇਸਤ੍ਰੀ ਨਾਲ ਹੀ ਮੋਹ ਵਧਾ ਰਹੇ ਹਨ,

ਦੁਬਿਧਾ ਲਾਗੇ ਨਾਮੁ ਵਿਸਾਰਾ ॥

ਤੇ ਪਰਮਾਤਮਾ ਦਾ ਨਾਮ ਭੁਲਾ ਕੇ ਭਟਕਣਾ ਵਿਚ ਪਏ ਹੋਏ ਹਨ।

ਜਿਸੁ ਤੂੰ ਬਖਸਹਿ ਨਾਮੁ ਜਪਾਇ ॥

ਜਿਸ ਜੀਵ ਨੂੰ ਤੂੰ ਆਪਣਾ ਨਾਮ ਜਪਾ ਕੇ (ਨਾਮ ਦੀ ਦਾਤਿ) ਬਖ਼ਸ਼ਦਾ ਹੈਂ, ਉਹ ਤੇਰੇ ਗੁਣ ਗਾਂਦਾ ਹੈ,

ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥

ਤੇ ਜਮਦੂਤ ਉਸ ਦੇ ਨੇੜੇ ਨਹੀਂ ਢੁਕ ਸਕਦਾ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ (‘ਕਨਿਕ ਕਾਮਨੀ ਹੇਤੁ’ ਉਸ ਦੇ ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ) ॥੨॥

ਹਰਿ ਗੁਰੁ ਦਾਤਾ ਰਾਮ ਗੁਪਾਲਾ ॥

ਹੇ ਰਾਮ! ਹੇ ਹਰੀ! ਹੇ ਗੁਪਾਲ! ਤੂੰ ਹੀ ਸਭ ਤੋਂ ਵੱਡਾ ਦਾਤਾ ਹੈਂ।

ਜਿਉ ਭਾਵੈ ਤਿਉ ਰਾਖੁ ਦਇਆਲਾ ॥

ਜਿਵੇਂ ਤੈਨੂੰ ਚੰਗਾ ਲਗੇ ਤਿਵੇਂ, ਹੇ ਦਇਆਲ! ਮੈਨੂੰ (‘ਕਨਿਕ ਕਾਮਨੀ ਹੇਤ’ ਤੋਂ) ਬਚਾ ਲੈ।

ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥

ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦਾ ਨਾਮ) ਮੇਰੇ ਮਨ ਵਿਚ ਪਿਆਰਾ ਲੱਗਾ ਹੈ,

ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥

ਮੇਰੇ (ਆਤਮਕ) ਰੋਗ ਮਿਟ ਗਏ ਹਨ (ਆਤਮਕ ਮੌਤ ਵਾਲਾ) ਦੁੱਖ ਮੈਂ ਰੋਕ ਲਿਆ ਹੈ ॥੩॥

ਅਵਰੁ ਨ ਅਉਖਧੁ ਤੰਤ ਨ ਮੰਤਾ ॥

(‘ਕਨਿਕ ਕਾਮਨੀ ਹੇਤ’ ਦੇ ਰੋਗ ਤੋਂ ਬਚਾਣ ਵਾਲਾ ਪ੍ਰਭੂ-ਨਾਮ ਤੋਂ ਬਿਨਾ) ਹੋਰ ਕੋਈ ਦਾਰੂ ਨਹੀਂ ਹੈ, ਕੋਈ ਮੰਤ੍ਰ ਨਹੀਂ ਹੈ।

ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥

ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।

ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥

ਹੇ ਪ੍ਰਭੂ! (ਅਸੀਂ ਜੀਵ ਕੀਹ ਕਰ ਸਕਦੇ ਹਾਂ?) ਤੂੰ ਆਪ ਸਾਡੇ ਮਨਾਂ ਤੋਂ (ਆਪਣਾ) ਨਾਮ ਭੁਲਾ ਕੇ ਸਾਨੂੰ ਕੁਰਾਹੇ ਪਾਂਦਾ ਹੈਂ,

ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥

ਤੇ ਤੂੰ ਆਪ ਹੀ ਮੇਹਰ ਕਰ ਕੇ ਸਾਨੂੰ ਵਿਕਾਰਾਂ ਤੋਂ ਬਚਾਂਦਾ ਹੈਂ ॥੪॥

ਰੋਗੁ ਭਰਮੁ ਭੇਦੁ ਮਨਿ ਦੂਜਾ ॥

ਉਹਨਾਂ ਨੂੰ ਇਹ ਰੋਗ ਹੈ, ਭਟਕਣਾ ਹੈ, ਪ੍ਰਭੂ ਨਾਲੋਂ ਵਿੱਥ ਹੈ, ਮੇਰ-ਤੇਰ ਹੈ,

ਬਿਨੁ ਭਰਮਿ ਜਪਹਿ ਜਪੁ ਦੂਜਾ ॥

ਜੋ ਗੁਰੂ ਦੀ ਸਰਨ ਤੋਂ ਬਿਨਾ ਜੇਹੜੇ ਮਨੁੱਖ ਕੁਰਾਹੇ ਪੈ ਕੇ ਦੂਜਾ ਜਪ ਜਪਦੇ ਹਨ।

ਆਦਿ ਪੁਰਖ ਗੁਰ ਦਰਸ ਨ ਦੇਖਹਿ ॥

ਜੇਹੜੇ ਮਨੁੱਖ ਕਦੇ ਗੁਰੂ ਦਾ ਦਰਸ਼ਨ ਨਹੀਂ ਕਰਦੇ ਸਭ ਦੇ ਮੁੱਢ ਸਰਬ-ਵਿਆਪਕ ਦਾ ਦਰਸ਼ਨ ਨਹੀਂ ਕਰਦੇ,

ਵਿਣੁ ਗੁਰਸਬਦੈ ਜਨਮੁ ਕਿ ਲੇਖਹਿ ॥੫॥

ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਬਿਨਾ ਉਹਨਾਂ ਦਾ ਜਨਮ ਕਿਸੇ ਭੀ ਲੇਖੇ ਵਿਚ ਨਹੀਂ ਰਹਿ ਜਾਂਦਾ ॥੫॥

ਦੇਖਿ ਅਚਰਜੁ ਰਹੇ ਬਿਸਮਾਦਿ ॥

(ਹੇ ਪ੍ਰਭੂ!) ਤੈਨੂੰ ਅਚਰਜ-ਰੂਪ ਨੂੰ ਵੇਖ ਕੇ ਅਸੀਂ ਜੀਵ ਹੈਰਾਨ ਹੁੰਦੇ ਹਾਂ।

ਘਟਿ ਘਟਿ ਸੁਰ ਨਰ ਸਹਜ ਸਮਾਧਿ ॥

ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਦੇਵਤਿਆਂ ਵਿਚ ਮਨੁੱਖਾਂ ਵਿਚ ਹਰੇਕ ਵਿਚ ਸੁਤੇ ਹੀ ਅਡੋਲ ਟਿਕਿਆ ਹੋਇਆ ਹੈਂ।

ਭਰਿਪੁਰਿ ਧਾਰਿ ਰਹੇ ਮਨ ਮਾਹੀ ॥

ਤੂੰ ਹਰੇਕ ਜੀਵ ਦੇ ਮਨ ਵਿਚ ਭਰਪੂਰ ਹੈਂ, ਤੇ ਹਰੇਕ ਨੂੰ ਸਹਾਰਾ ਦੇ ਰਿਹਾ ਹੈਂ।

ਤੁਮ ਸਮਸਰਿ ਅਵਰੁ ਕੋ ਨਾਹੀ ॥੬॥

ਤੇਰੇ ਬਰਾਬਰ ਹੋਰ ਕੋਈ ਨਹੀਂ ਹੈ ॥੬॥

ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥

ਪਰਮਾਤਮਾ ਉਹਨਾਂ ਸੰਤਾਂ ਭਗਤਾਂ ਦੀ ਸੰਗਤਿ ਵਿਚ ਮਿਲਦਾ ਹੈ ਜਿਨ੍ਹਾਂ ਦੇ ਮੂੰਹ ਵਿਚ (ਸਦਾ ਉਸ ਦਾ) ਨਾਮ ਟਿਕਿਆ ਰਹਿੰਦਾ ਹੈ।

ਸੰਤ ਭਗਤ ਕੀ ਸੰਗਤਿ ਰਾਮੁ ॥

ਉਹਨਾਂ ਸੰਤ ਜਨਾਂ ਦੇ ਹਿਰਦੇ ਵਿਚ ਉਸ ਪ੍ਰਭੂ ਦੀ ਭਗਤੀ ਵਾਸਤੇ ਪ੍ਰੇਮ ਹੈ ਖਿੱਚ ਹੈ।

ਬੰਧਨ ਤੋਰੇ ਸਹਜਿ ਧਿਆਨੁ ॥

ਅਡੋਲ ਅਵਸਥਾ ਵਿਚ (ਟਿਕ ਕੇ, ਪ੍ਰਭੂ ਦਾ) ਧਿਆਨ (ਧਰ ਕੇ ਸੰਤ ਜਨ ‘ਕਨਿਕ ਕਾਮਨੀ’ ਵਾਲੇ) ਬੰਧਨ ਤੋੜ ਲੈਂਦੇ ਹਨ।

ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਜਿਸ ਦੇ ਅੰਦਰ ਗੁਰੂ ਦਾ ਦਿੱਤਾ ਰੱਬੀ ਗਿਆਨ ਪਰਗਟ ਹੁੰਦਾ ਹੈ ਉਹ ਭੀ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੭॥

ਨਾ ਜਮਦੂਤ ਦੂਖੁ ਤਿਸੁ ਲਾਗੈ ॥

ਉਹ ਮਨੁੱਖ ਨੂੰ ਜਮਦੂਤਾਂ ਦਾ ਦੁੱਖ ਪੋਹ ਨਹੀਂ ਸਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ),

ਜੋ ਜਨੁ ਰਾਮ ਨਾਮਿ ਲਿਵ ਜਾਗੈ ॥

ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਲਿਵ ਲਾ ਲਵੇ।

ਭਗਤਿ ਵਛਲੁ ਭਗਤਾ ਹਰਿ ਸੰਗਿ ॥

ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਆਪਣੇ ਭਗਤਾਂ ਦੇ ਅੰਗ-ਸੰਗ ਰਹਿੰਦਾ ਹੈ।

ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥

ਹੇ ਨਾਨਕ! ਪ੍ਰਭੂ ਦੇ ਭਗਤ ਪ੍ਰਭੂ ਦੇ ਪਿਆਰ-ਰੰਗ ਵਿਚ (ਰੰਗੀਜ ਕੇ, ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੮॥੯॥


ਆਸਾ ਮਹਲਾ ੧ ਇਕਤੁਕੀ ॥
ਗੁਰੁ ਸੇਵੇ ਸੋ ਠਾਕੁਰ ਜਾਨੈ ॥

ਜੇਹੜਾ ਮਨੁੱਖ ਗੁਰੂ ਦੇ ਦੱਸੇ ਅਨੁਸਾਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਜਾਣ ਲੈਂਦਾ ਹੈ,

ਦੂਖੁ ਮਿਟੈ ਸਚੁ ਸਬਦਿ ਪਛਾਨੈ ॥੧॥

ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਹਰ ਥਾਂ) ਪਛਾਣ ਲੈਂਦਾ ਹੈ, ਤੇ (ਇਸ ਤਰ੍ਹਾਂ ਉਸ ਦਾ ਮੋਹ ਦਾ) ਦੁੱਖ ਮਿਟ ਜਾਂਦਾ ਹੈ ॥੧॥

ਰਾਮੁ ਜਪਹੁ ਮੇਰੀ ਸਖੀ ਸਖੈਨੀ ॥

ਹੇ ਮੇਰੀ ਸਹੇਲੀਹੋ! (ਹੇ ਮੇਰੇ ਸਤਸੰਗੀਓ!) ਪਰਮਾਤਮਾ ਦਾ ਨਾਮ ਜਪੋ,

ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥

ਗੁਰੂ ਦੀ ਦੱਸੀ ਹੋਈ (ਇਹ) ਸੇਵਾ ਕਰ ਕੇ (ਭਾਵ, ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਦਾ ਭਜਨ ਕਰ ਕੇ) ਤੁਸੀ (ਹਰ ਥਾਂ) ਪਰਮਾਤਮਾ ਦਾ ਦਰਸ਼ਨ ਕਰੋਗੇ ॥੧॥ ਰਹਾਉ ॥

ਬੰਧਨ ਮਾਤ ਪਿਤਾ ਸੰਸਾਰਿ ॥

(ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ) ਸੰਸਾਰ ਵਿਚ ਮਾਂ, ਪਿਉ, ਬੰਧਨਾਂ ਦਾ ਕਾਰਣ ਬਣ ਜਾਂਦੇ ਹਨ,

ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥

ਤੇ ਪੁੱਤਰ, ਧੀ ਅਤੇ ਵਹੁਟੀ (ਮੋਹ ਦੇ) ਵੀ ਬੰਧਨਾਂ ਦਾ ਕਾਰਣ ਬਣ ਜਾਂਦੇ ਹਨ ॥੨॥

ਬੰਧਨ ਕਰਮ ਧਰਮ ਹਉ ਕੀਆ ॥

(ਸਿਮਰਨ ਤੋਂ ਬਿਨਾ) ਧਾਰਮਿਕ ਰਸਮਾਂ ਬੰਧਨ ਬਣ ਜਾਂਦੀਆਂ ਹਨ, (ਮਨੁੱਖ ਮਾਣ ਕਰਦਾ ਹੈ ਕਿ ਇਹ ਸਭ ਕੁਝ) ‘ਮੈਂ ਕੀਤਾ ਹੈ, ਮੈਂ ਕੀਤਾ ਹੈ’।

ਬੰਧਨ ਪੁਤੁ ਕਲਤੁ ਮਨਿ ਬੀਆ ॥੩॥

ਜੇ ਮਨ ਵਿਚ (ਪਰਮਾਤਮਾ ਤੋਂ ਬਿਨਾ ਕੋਈ ਹੋਰ) ਦੂਜਾ ਪ੍ਰੇਮ ਹੈ, ਤਾਂ ਪੁੱਤਰ ਵਹੁਟੀ (ਦਾ ਰਿਸ਼ਤਾ ਭੀ) ਬੰਧਨਾਂ (ਦਾ ਮੂਲ ਹੋ ਜਾਂਦਾ) ਹੈ ॥੩॥

ਬੰਧਨ ਕਿਰਖੀ ਕਰਹਿ ਕਿਰਸਾਨ ॥

ਕਿਸਾਨ (ਆਜੀਵਕਾ ਵਾਸਤੇ) ਖੇਤੀ-ਵਾਹੀ ਕਰਦੇ ਹਨ (ਕਰਨੀ ਭੀ ਚਾਹੀਦੀ ਹੈ, ਪਰ ਸਿਮਰਨ ਤੋਂ ਬਿਨਾ ਇਹ ਖੇਤੀ-ਵਾਹੀ) ਬੰਧਨ ਬਣ ਜਾਂਦੀ ਹੈ।

ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥

ਰਾਜਾ (ਕਿਸਾਨਾਂ ਪਾਸੋਂ) ਮਾਮਲਾ ਲੈਂਦਾ ਹੈ, (ਪਰ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਰਾਜਾ) ਹਉਮੈ ਦੀ ਸਜ਼ਾ ਭੁਗਤਦਾ ਹੈ ॥੪॥

ਬੰਧਨ ਸਉਦਾ ਅਣਵੀਚਾਰੀ ॥

ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਵਪਾਰੀ ਦਾ ਵਪਾਰ ਬੰਧਨਾਂ ਦਾ ਮੂਲ ਹੈ,

ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥

(ਕਿਉਂਕਿ ਸਿਮਰਨ ਤੋਂ ਬਿਨਾ ਮਨੁੱਖ) ਮਾਇਆ ਦੇ ਮੋਹ ਦੇ ਖਿਲਾਰੇ ਵਿਚ (ਇਤਨਾ ਫਸਦਾ ਹੈ ਕਿ ਮਾਇਆ ਵਲੋਂ) ਰੱਜਦਾ ਨਹੀਂ ॥੫॥

ਬੰਧਨ ਸਾਹ ਸੰਚਹਿ ਧਨੁ ਜਾਇ ॥

ਸ਼ਾਹ-ਸੌਦਾਗਰ (ਸੌਦਾਗਰੀ ਕਰ ਕੇ) ਧਨ ਇਕੱਠਾ ਕਰਦੇ ਹਨ, ਧਨ (ਆਖ਼ਰ) ਸਾਥ ਛੱਡ ਜਾਂਦਾ ਹੈ (ਪਰ ਨਾਮ ਸਿਮਰਨ ਤੋਂ ਬਿਨਾ ਧਨ) ਬੰਧਨ ਬਣ ਜਾਂਦਾ ਹੈ।

ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥

ਪਰਮਾਤਮਾ ਦੀ ਭਗਤੀ ਤੋਂ ਬਿਨਾ (ਉਹਨਾਂ ਦਾ ਕੋਈ ਉੱਦਮ ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ ॥੬॥

ਬੰਧਨ ਬੇਦੁ ਬਾਦੁ ਅਹੰਕਾਰ ॥

(ਸਿਮਰਨ ਤੋਂ ਬਿਨਾ) ਵੇਦ-ਪਾਠ ਤੇ ਵੇਦ-ਰਚਨਾ ਭੀ ਅਹੰਕਾਰ ਪੈਦਾ ਕਰਦਾ ਹਨ ਤੇ ਬੰਧਨਾਂ ਦਾ ਮੂਲ ਹਨ।

ਬੰਧਨਿ ਬਿਨਸੈ ਮੋਹ ਵਿਕਾਰ ॥੭॥

ਮੋਹ ਦੇ ਬੰਧਨ ਵਿਚ ਵਿਕਾਰਾਂ ਦੇ ਬੰਧਨ ਵਿਚ (ਫਸ ਕੇ) ਮਨੁੱਖ ਦੀ ਆਤਮਕ ਮੌਤ ਹੋ ਜਾਂਦੀ ਹੈ ॥੭॥

ਨਾਨਕ ਰਾਮ ਨਾਮ ਸਰਣਾਈ ॥

ਹੇ ਨਾਨਕ! ਜੇਹੜੇ ਮਨੁੱਖ (ਦੁਨੀਆ ਦੀ ਹਰੇਕ ਕਿਸਮ ਦੀ ਕਿਰਤ-ਕਾਰ ਵਿਚ) ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦੇ ਹਨ,

ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥

ਸਤਿਗੁਰੂ ਨੇ ਉਹਨਾਂ ਨੂੰ ਮੋਹ ਦੇ ਬੰਧਨਾਂ ਤੋਂ ਰੱਖ ਲਿਆ (ਸਮਝੋ) ਉਹਨਾਂ ਨੂੰ ਕੋਈ ਬੰਧਨ ਨਹੀਂ ਪੈਂਦਾ ॥੮॥੧੦॥


ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ॥

ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥

ਜਿਨ੍ਹਾਂ (ਸੁੰਦਰੀਆਂ) ਦੇ ਸਿਰ ਉਤੇ ਕੇਸਾਂ ਦੇ ਵਿਚਕਾਰਲੇ ਚੀਰ ਵਿਚ ਸੰਧੂਰ ਪਾ ਕੇ (ਕਾਲੇ ਕੇਸਾਂ ਦੀਆਂ) ਪੱਟੀਆਂ (ਹੁਣ ਤਕ) ਸੋਭਦੀਆਂ ਆ ਰਹੀਆਂ ਸਨ,

ਸੇ ਸਿਰ ਕਾਤੀ ਮੁੰਨੀਅਨਿ੍ ਗਲ ਵਿਚਿ ਆਵੈ ਧੂੜਿ ॥

ਉਹਨਾਂ ਦੇ ਸਿਰ ਕੈਂਚੀ ਨਾਲ ਮੁਨੇ ਜਾ ਰਹੇ ਹਨ ਤੇ ਉਹਨਾਂ ਦੇ ਗਲ ਵਿੱਚ ਮਿੱਟੀ ਪੈ ਰਹੀ ਹੈ।

ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ੍ ਹਦੂਰਿ ॥੧॥

ਜੇਹੜੀਆਂ ਪਹਿਲਾਂ ਆਪਣੇ ਮਹਲਾਂ ਵਿਚ ਵੱਸਦੀਆਂ ਸਨ, ਹੁਣ ਉਹਨਾਂ ਨੂੰ ਉਹਨਾਂ ਮਹਲਾਂ ਦੇ ਕਿਤੇ ਨੇੜੇ ਭੀ ਢੁਕਣ ਨਹੀਂ ਦਿੱਤਾ ਜਾਂਦਾ ॥੧॥

ਆਦੇਸੁ ਬਾਬਾ ਆਦੇਸੁ ॥

ਹੇ ਅਕਾਲ ਪੁਰਖ! ਨਮਸਕਾਰ ਤੈਨੂੰ ਨਮਸਕਾਰ ਹੈ!

ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥

ਹੇ ਆਦਿ ਪੁਰਖ! (ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ। ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ ਹੈਂ ॥੧॥ ਰਹਾਉ ॥

ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥

ਜਦੋਂ ਉਹ ਸੁੰਦਰੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ,

ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥

ਉਹ ਪਾਲਕੀਆਂ ਵਿਚ ਚੜ੍ਹ ਕੇ ਆਈਆਂ ਸਨ, (ਉਹਨਾਂ ਦੀਆਂ ਬਾਹਾਂ ਉਤੇ) ਹਾਥੀ-ਦੰਦ ਦੇ ਚੂੜੇ ਸਜੇ ਹੋਏ ਸਨ।

ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥

(ਸਹੁਰੇ-ਘਰ ਆਈਆਂ ਦੇ) ਉਤੋਂ ਦੀ (ਸਗਨਾਂ ਦਾ) ਪਾਣੀ ਵਾਰਿਆ ਜਾਂਦਾ ਸੀ, (ਸ਼ੀਸ਼ਿਆਂ-ਜੜੇ) ਪੱਖੇ ਉਹਨਾਂ ਦੇ ਕੋਲ (ਉਹਨਾਂ ਦੇ ਹੱਥਾਂ ਵਿਚ) ਲਿਸ਼ਕ ਰਹੇ ਸਨ ॥੨॥

ਇਕੁ ਲਖੁ ਲਹਨਿ੍ ਬਹਿਠੀਆ ਲਖੁ ਲਹਨਿ੍ ਖੜੀਆ ॥

(ਸਹੁਰੇ-ਘਰ ਆ ਕੇ) ਬੈਠੀਆਂ ਉਹ ਇਕ ਇਕ ਲੱਖ ਰੁਪਈਆ (ਸਗਨਾਂ ਦਾ) ਲੈਂਦੀਆਂ ਸਨ, ਖਲੋਤੀਆਂ ਭੀ ਲੈਂਦੀਆਂ ਸਨ।

ਗਰੀ ਛੁਹਾਰੇ ਖਾਂਦੀਆ ਮਾਣਨਿ੍ ਸੇਜੜੀਆ ॥

ਗਰੀ-ਛੁਹਾਰੇ ਖਾਂਦੀਆਂ ਸਨ, ਤੇ ਸੋਹਣੀਆਂ ਸੇਜਾਂ ਮਾਣਦੀਆਂ ਸਨ।

ਤਿਨ੍ਰ ਗਲਿ ਸਿਲਕਾ ਪਾਈਆ ਤੁਟਨਿ੍ ਮੋਤਸਰੀਆ ॥੩॥

(ਅੱਜ) ਉਹਨਾਂ ਦੇ ਗਲ ਵਿਚ (ਜ਼ਾਲਮਾਂ ਨੇ) ਰੱਸੀਆਂ ਪਾਈਆਂ ਹੋਈਆਂ ਹਨ, ਉਹਨਾਂ ਦੇ (ਗਲ ਪਏ) ਮੋਤੀਆਂ ਦੇ ਹਾਰ ਟੁੱਟ ਰਹੇ ਹਨ ॥੩॥

ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਰੀ ਰਖੇ ਰੰਗੁ ਲਾਇ ॥

(ਉਹਨਾਂ ਦਾ) ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਸੁੰਦਰੀਆਂ ਨੂੰ ਨਸ਼ਾ ਚਾੜ੍ਹਿਆ ਹੋਇਆ ਸੀ, ਅੱਜ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ।

ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥

(ਬਾਬਰ ਨੇ) ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ, ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ।

ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥

(ਜੀਵਾਂ ਦੇ ਕੁਝ ਵੱਸ ਨਹੀਂ) ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਆਪਣੇ ਪੈਦਾ ਕੀਤੇ ਜੀਵਾਂ ਨੂੰ) ਵਡਿਆਈ-ਆਦਰ ਦੇਂਦਾ ਹੈ, ਜੇ ਉਸ ਦੀ ਰਜ਼ਾ ਹੋਵੇ ਤਾਂ ਸਜ਼ਾ ਦੇਂਦਾ ਹੈ ॥੪॥

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥

ਜੇ ਪਹਿਲਾਂ ਹੀ (ਆਪੋ ਆਪਣੇ ਫ਼ਰਜ਼ ਨੂੰ) ਚੇਤੇ ਕਰਦੇ ਰਹੀਏ (ਚੇਤੇ ਰੱਖੀਏ) ਤਾਂ (ਅਜੇਹੀ) ਸਜ਼ਾ ਕਿਉਂ ਮਿਲੇ?

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥

(ਇਥੋਂ ਦੇ) ਹਾਕਮਾਂ ਨੇ ਐਸ਼ ਵਿਚ, ਤਮਾਸ਼ਿਆਂ ਦੇ ਚਾਅ ਵਿਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ।

ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥

(ਹੁਣ ਜਦੋਂ) ਬਾਬਰ ਦੀ (ਦੁਹਾਈ) ਫਿਰੀ ਹੈ ਤਾਂ (ਹੋਰ ਪਰਜਾ ਤਾਂ ਕਿਤੇ ਰਹੀ, ਕੋਈ) ਪਠਾਣ-ਸ਼ਾਹਜ਼ਾਦਾ ਭੀ (ਕਿਤੋਂ ਮੰਗ-ਪਿੰਨ ਕੇ) ਰੋਟੀ ਨਹੀਂ ਖਾ ਸਕਦਾ ॥੫॥

ਇਕਨਾ ਵਖਤ ਖੁਆਈਅਹਿ ਇਕਨ੍ਰ੍ਰਾ ਪੂਜਾ ਜਾਇ ॥

(ਸੈਦਪੁਰ ਦੀਆਂ ਇਸਤ੍ਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਮਾਂ ਦੇ ਪੰਜੇ ਵਿਚ ਆ ਕੇ) ਮੁਸਲਮਾਨੀਆਂ ਦੇ ਨਿਮਾਜ਼ ਦੇ ਵਕਤ ਖੁੰਝ ਰਹੇ ਹਨ, ਹਿੰਦਵਾਣੀਆਂ ਦਾ ਪੂਜਾ ਦਾ ਸਮਾ ਜਾ ਰਿਹਾ ਹੈ,

ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥

(ਜੇਹੜੀਆਂ ਅੱਗੇ ਨ੍ਹਾ ਕੇ, ਟਿੱਕੇ ਲਾ ਕੇ ਸੁੱਚੇ ਚੌਕੇ ਵਿਚ ਬੈਠਦੀਆਂ ਸਨ, ਹੁਣ) ਨਾਹ ਉਹ ਇਸ਼ਨਾਨ ਕਰ ਕੇ ਟਿੱਕੇ ਲਾ ਸਕਦੀਆਂ ਹਨ, ਨਾਹ ਹੀ ਉਹਨਾਂ ਦੇ ਸੁੱਚੇ ਚੌਕੇ ਰਹਿ ਗਏ ਹਨ।

ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥

(ਜਿਨ੍ਹਾਂ ਨੇ ਅੱਗੇ ਧਨ ਜੋਬਨ ਦੇ ਨਸ਼ੇ ਵਿਚ) ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ, ਹੁਣ (ਜ਼ਾਲਮ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ) ਉਹਨਾਂ ਨੂੰ ਖ਼ੁਦਾ ਖ਼ੁਦਾ ਭੀ ਆਖਣਾ ਨਹੀਂ ਮਿਲਦਾ ॥੬॥

ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥

(ਬਾਬਰ ਦੀ ਕਤਲਾਮ ਤੇ ਕੈਦ ਵਿਚੋਂ) ਜੇਹੜੇ ਕੋਈ ਵਿਰਲੇ ਵਿਰਲੇ ਮਨੁੱਖ (ਬਚ ਕੇ) ਆਪੋ ਆਪਣੇ ਘਰ ਵਿਚ ਆਉਂਦੇ ਹਨ, ਉਹ ਇਕ ਦੂਜੇ ਨੂੰ ਮਿਲ ਮਿਲ ਕੇ ਇਕ ਦੂਜੇ ਦੀ ਸੁਖ-ਸਾਂਦ ਪੁਛਦੇ ਹਨ।

ਇਕਨ੍ਰ੍ਰਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥

(ਅਨੇਕਾਂ ਦੇ ਸਾਕ ਸਬੰਧੀ ਮਾਰੇ ਤੇ ਕੈਦ ਕੀਤੇ ਗਏ) ਉਹਨਾਂ ਦੀ ਕਿਸਮਤ ਵਿਚ ਇਹੀ ਬਿਪਤਾ ਲਿਖੀ ਪਈ ਸੀ; ਉਹ ਇਕ ਦੂਜੇ ਪਾਸ ਬੈਠ ਬੈਠ ਕੇ ਆਪੋ ਆਪਣੇ ਦੁਖ ਰੋਂਦੇ ਹਨ (ਰੋ ਰੋ ਕੇ ਆਪਣੇ ਦੁਖ ਦੱਸਦੇ ਹਨ)।

ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥

(ਪਰ) ਹੇ ਨਾਨਕ! ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ? ਉਹੀ ਕੁਝ ਵਾਪਰਦਾ ਹੈ ਜੋ ਉਸ (ਸਿਰਜਣਹਾਰ ਕਰਤਾਰ) ਨੂੰ ਭਾਉਂਦਾ ਹੈ ॥੭॥੧੧॥


ਆਸਾ ਮਹਲਾ ੧ ॥
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥

(ਅਜੇ ਕੱਲ ਦੀ ਹੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ?

ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥

ਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ?

ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥

ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ ॥੧॥

ਇਹੁ ਜਗੁ ਤੇਰਾ ਤੂ ਗੋਸਾਈ ॥

ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ।

ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥

(ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ ॥੧॥ ਰਹਾਉ ॥

ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥

ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ?

ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥

ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ?

ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥

ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ ॥੨॥

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥

ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ।

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥

ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ।

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥

(ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ ॥੩॥

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥

ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ।

ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥

(ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ ਤੇ ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ।

ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥

(ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ ॥੪॥

ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥

ਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ।

ਓਨ੍ਰੀ ਤੁਪਕ ਤਾਣਿ ਚਲਾਈ ਓਨ੍ਰੀ ਹਸਤਿ ਚਿੜਾਈ ॥

ਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ।

ਜਿਨ੍ਰ ਕੀ ਚੀਰੀ ਦਰਗਹ ਪਾਟੀ ਤਿਨ੍ਰਾ ਮਰਣਾ ਭਾਈ ॥੫॥

ਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ ॥੫॥

ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥

ਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ,

ਇਕਨ੍ਰ੍ਰਾ ਪੇਰਣ ਸਿਰ ਖੁਰ ਪਾਟੇ ਇਕਨ੍ਰ੍ਰਾ ਵਾਸੁ ਮਸਾਣੀ ॥

ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ।

ਜਿਨ੍ਰ ਕੇ ਬੰਕੇ ਘਰੀ ਨ ਆਇਆ ਤਿਨ੍ਰ ਕਿਉ ਰੈਣਿ ਵਿਹਾਣੀ ॥੬॥

(ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ? ॥੬॥

ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥

ਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ।

ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥

ਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ। ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ?

ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥

ਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ ॥੭॥੧੨॥

1
2
3
4
5
6
7
8
9
10
11
12
13
14
15
16
17
18
19
20