ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 5 – Guru Nanak Dev ji (Mahalla 1) – Slok Bani Quotes Shabad Path in Punjabi Gurbani

ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 5 – Guru Nanak Dev ji (Mahalla 1) – Slok Bani Quotes Shabad Path in Punjabi Gurbani

ਗਉੜੀ ਗੁਆਰੇਰੀ ਮਹਲਾ ੧ ॥
ਹਉਮੈ ਕਰਤਿਆ ਨਹ ਸੁਖੁ ਹੋਇ ॥

(ਆਪਣੇ ਮਨ ਦੀ ਅਗਵਾਈ ਵਿਚ ਰਹਿ ਕੇ) ਹਰ ਵੇਲੇ ਆਪਣੇ ਹੀ ਵਡੱਪਣ ਤੇ ਸੁਖ ਦੀਆਂ ਗੱਲਾਂ ਕਰਦਿਆਂ ਸੁਖ ਨਹੀਂ ਮਿਲ ਸਕਦਾ।

ਮਨਮਤਿ ਝੂਠੀ ਸਚਾ ਸੋਇ ॥

ਮਨ ਦੀ ਸਿਆਣਪ ਨਾਸਵੰਤ ਪਦਾਰਥਾਂ ਵਿਚ (ਜੋੜਦੀ ਹੈ), ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ (ਤੇ ਸੁਖ ਦਾ ਸੋਮਾ ਹੈ। ‘ਮਨ ਮਤਿ’ ਤੇ ‘ਪਰਮਾਤਮਾ’ ਦਾ ਸੁਭਾਉ ਵੱਖ-ਵੱਖ ਹੈ, ਦੋਹਾਂ ਦਾ ਮੇਲ ਨਹੀਂ।

ਸਗਲ ਬਿਗੂਤੇ ਭਾਵੈ ਦੋਇ ॥

ਸੁਖ ਕਿਥੋਂ ਆਵੇ?) ਜਿਨ੍ਹਾਂ ਨੂੰ (ਨਾਮ ਵਿਸਾਰ ਕੇ) ਮੇਰ-ਤੇਰ ਚੰਗੀ ਲੱਗਦੀ ਹੈ, ਉਹ ਸਾਰੇ ਖ਼ੁਆਰ ਹੀ ਹੁੰਦੇ ਹਨ।

ਸੋ ਕਮਾਵੈ ਧੁਰਿ ਲਿਖਿਆ ਹੋਇ ॥੧॥

(ਪਰ ਜੀਵ ਦੇ ਕੀਹ ਵੱਸ?) (ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਉਤੇ) ਜੋ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸੇ ਦੇ ਅਨੁਸਾਰ ਇਥੇ ਕਮਾਈ ਕਰਦਾ ਹੈ (ਨਾਮ-ਸਿਮਰਨ ਛੱਡ ਕੇ ਨਾਸਵੰਤ ਪਦਾਰਥਾਂ ਵਿਚੋਂ ਸੁਖ ਭਾਲਣ ਦੇ ਵਿਅਰਥ ਜਤਨ ਕਰਦਾ ਹੈ) ॥੧॥

ਐਸਾ ਜਗੁ ਦੇਖਿਆ ਜੂਆਰੀ ॥

ਮੈਂ ਵੇਖਿਆ ਹੈ ਕਿ ਜਗਤ ਜੂਏ ਦੀ ਖੇਡ ਖੇਡਦਾ ਹੈ,

ਸਭਿ ਸੁਖ ਮਾਗੈ ਨਾਮੁ ਬਿਸਾਰੀ ॥੧॥ ਰਹਾਉ ॥

ਅਜੇਹੀ (ਖੇਡ ਖੇਡਦਾ ਹੈ ਕਿ) ਸੁਖ ਤਾਂ ਸਾਰੇ ਹੀ ਮੰਗਦਾ ਹੈ, ਪਰ (ਜਿਸ ਨਾਮ ਤੋਂ ਸੁਖ ਮਿਲਦੇ ਹਨ ਉਸ) ਨਾਮ ਨੂੰ ਵਿਸਾਰ ਰਿਹਾ ਹੈ ॥੧॥ ਰਹਾਉ ॥

ਅਦਿਸਟੁ ਦਿਸੈ ਤਾ ਕਹਿਆ ਜਾਇ ॥

ਪਰਮਾਤਮਾ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ; ਜੇ ਅੱਖੀਂ ਦਿੱਸੇ, ਤਾਂ ਹੀ (ਉਸ ਨੂੰ ਮਿਲਣ ਦੀ ਖਿੱਚ ਪੈਦਾ ਹੋਵੇ, ਤੇ) ਉਸ ਦਾ ਨਾਮ ਲੈਣ ਨੂੰ ਚਿੱਤ ਕਰੇ।

ਬਿਨੁ ਦੇਖੇ ਕਹਣਾ ਬਿਰਥਾ ਜਾਇ ॥

ਅੱਖੀਂ ਦਿੱਸਣ ਤੋਂ ਬਿਨਾ (ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ ਤੇ ਤਾਂਘ ਨਾਲ) ਉਸ ਦਾ ਨਾਮ ਲਿਆ ਨਹੀਂ ਜਾ ਸਕਦਾ (ਖਿੱਚ ਬਣੀ ਰਹਿੰਦੀ ਹੈ ਦਿੱਸਦੇ ਪਦਾਰਥਾਂ ਨਾਲ)।

ਗੁਰਮੁਖਿ ਦੀਸੈ ਸਹਜਿ ਸੁਭਾਇ ॥

ਗੁਰੂ ਦੇ ਸਨਮੁਖ ਰਿਹਾਂ ਮਨੁੱਖ ਦਾ ਮਨ (ਦਿੱਸਦੇ ਪਦਾਰਥਾਂ ਵਲੋਂ ਹਟ ਕੇ) ਅਡੋਲਤਾ ਵਿਚ ਟਿਕਦਾ ਹੈ, ਪ੍ਰਭੂ-ਪ੍ਰੇਮ ਵਿਚ ਲੀਨ ਹੁੰਦਾ ਹੈ ਤੇ ਇਸ ਤਰ੍ਹਾਂ ਅੰਤਰ-ਆਤਮੇ ਉਹ ਪ੍ਰਭੂ ਦਿੱਸ ਪੈਂਦਾ ਹੈ।

ਸੇਵਾ ਸੁਰਤਿ ਏਕ ਲਿਵ ਲਾਇ ॥੨॥

ਗੁਰੂ ਦੇ ਸਨਮੁਖ ਮਨੁੱਖ ਦੀ ਸੁਰਤ ਗੁਰੂ ਦੀ ਦੱਸੀ ਸੇਵਾ ਵਿਚ ਜੁੜਦੀ ਹੈ, ਉਸ ਦੀ ਲਿਵ ਇਕ ਪਰਮਾਤਮਾ ਵਿਚ ਲੱਗਦੀ ਹੈ ॥੨॥

ਸੁਖੁ ਮਾਂਗਤ ਦੁਖੁ ਆਗਲ ਹੋਇ ॥

(ਪ੍ਰਭੂ ਦਾ ਨਾਮ ਵਿਸਾਰ ਕੇ) ਸੁਖ ਮੰਗਿਆਂ (ਸਗੋਂ) ਬਹੁਤਾ ਦੁੱਖ ਵਧਦਾ ਹੈ,

ਸਗਲ ਵਿਕਾਰੀ ਹਾਰੁ ਪਰੋਇ ॥

(ਕਿਉਂਕਿ) ਮਨੁੱਖ ਸਾਰੇ ਵਿਕਾਰਾਂ ਦਾ ਹਾਰ ਪ੍ਰੋ ਕੇ (ਆਪਣੇ ਗਲ ਵਿਚ ਪਾ ਲੈਂਦਾ ਹੈ)।

ਏਕ ਬਿਨਾ ਝੂਠੇ ਮੁਕਤਿ ਨ ਹੋਇ ॥

ਨਾਸਵੰਤ ਪਦਾਰਥਾਂ ਦੇ ਮੋਹ ਵਿਚ ਫਸੇ ਹੋਏ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ (ਦੁੱਖਾਂ ਤੇ ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਹੁੰਦੀ।

ਕਰਿ ਕਰਿ ਕਰਤਾ ਦੇਖੈ ਸੋਇ ॥੩॥

(ਪ੍ਰਭੂ ਦੀ ਇਉਂ ਹੀ ਰਜ਼ਾ ਹੈ) ਉਹ ਕਰਤਾਰ ਆਪ ਹੀ ਸਭ ਕੁਝ ਕਰ ਕੇ ਆਪ ਹੀ ਇਸ ਖੇਡ ਨੂੰ ਵੇਖ ਰਿਹਾ ਹੈ ॥੩॥

ਤ੍ਰਿਸਨਾ ਅਗਨਿ ਸਬਦਿ ਬੁਝਾਏ ॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾਂਦਾ ਹੈ;

ਦੂਜਾ ਭਰਮੁ ਸਹਜਿ ਸੁਭਾਏ ॥

ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਉਸ ਦੀ ਮਾਇਕ ਪਦਾਰਥਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ।

ਗੁਰਮਤੀ ਨਾਮੁ ਰਿਦੈ ਵਸਾਏ ॥

ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ।

ਸਾਚੀ ਬਾਣੀ ਹਰਿ ਗੁਣ ਗਾਏ ॥੪॥

ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ) ॥੪॥

ਤਨ ਮਹਿ ਸਾਚੋ ਗੁਰਮੁਖਿ ਭਾਉ ॥

(ਉਂਞ ਤਾਂ) ਹਰੇਕ ਸਰੀਰ ਵਿਚ ਸਦਾ-ਥਿਰ ਪ੍ਰਭੂ ਵੱਸਦਾ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਉਸ ਦੇ ਨਾਲ ਪ੍ਰੇਮ ਜਾਗਦਾ ਹੈ (ਤੇ ਮਨੁੱਖ ਨਾਮ ਸਿਮਰਦਾ ਹੈ।)

ਨਾਮ ਬਿਨਾ ਨਾਹੀ ਨਿਜ ਠਾਉ ॥

ਨਾਮ ਤੋਂ ਬਿਨਾ ਮਨ ਇੱਕ ਟਿਕਾਣੇ ਉਤੇ ਆ ਹੀ ਨਹੀਂ ਸਕਦਾ।

ਪ੍ਰੇਮ ਪਰਾਇਣ ਪ੍ਰੀਤਮ ਰਾਉ ॥

ਪ੍ਰੀਤਮ ਪ੍ਰਭੂ ਭੀ ਪ੍ਰੇਮ ਦੇ ਅਧੀਨ ਹੈ (ਜੇਹੜਾ ਉਸ ਨਾਲ ਪ੍ਰੇਮ ਕਰਦਾ ਹੈ),

ਨਦਰਿ ਕਰੇ ਤਾ ਬੂਝੈ ਨਾਉ ॥੫॥

ਪ੍ਰਭੂ ਉਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਤੇ ਉਹ ਉਸ ਦੇ ਨਾਮ ਦੀ ਕਦਰ ਸਮਝਦਾ ਹੈ ॥੫॥

ਮਾਇਆ ਮੋਹੁ ਸਰਬ ਜੰਜਾਲਾ ॥

ਮਾਇਆ ਦਾ ਮੋਹ ਸਾਰੇ (ਮਾਇਕ) ਬੰਧਨ ਪੈਦਾ ਕਰਦਾ ਹੈ।

ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥

(ਇਸੇ ਕਰਕੇ) ਮਨ ਦੇ ਮੁਰੀਦ ਮਨੁੱਖ ਦਾ ਜੀਵਨ ਗੰਦਾ ਭੈੜਾ ਤੇ ਡਰਾਉਣਾ ਬਣ ਜਾਂਦਾ ਹੈ।

ਸਤਿਗੁਰੁ ਸੇਵੇ ਚੂਕੈ ਜੰਜਾਲਾ ॥

ਜੇਹੜਾ ਮਨੁੱਖ ਗੁਰੂ ਦਾ ਦੱਸਿਆ ਰਸਤਾ ਫੜਦਾ ਹੈ, ਉਸ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ।

ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥੬॥

ਉਹ ਆਤਮਕ ਜੀਵਨ ਦੇਣ ਵਾਲਾ ਨਾਮ ਜਪਦਾ ਹੈ, ਤੇ ਸਦਾ ਹੀ ਆਤਮਕ ਆਨੰਦ ਆਪਣੇ ਅੰਦਰ ਮਾਣਦਾ ਹੈ ॥੬॥

ਗੁਰਮੁਖਿ ਬੂਝੈ ਏਕ ਲਿਵ ਲਾਏ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਨਾਮ ਦੀ ਕਦਰ) ਸਮਝਦਾ ਹੈ, ਇਕ ਪਰਮਾਤਮਾ ਵਿਚ ਸੁਰਤ ਜੋੜਦਾ ਹੈ,

ਨਿਜ ਘਰਿ ਵਾਸੈ ਸਾਚਿ ਸਮਾਏ ॥

ਆਪਣੇ ਸ੍ਵੈ ਸਰੂਪ ਵਿਚ ਟਿਕਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ।

ਜੰਮਣੁ ਮਰਣਾ ਠਾਕਿ ਰਹਾਏ ॥

ਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਹੈ।

ਪੂਰੇ ਗੁਰ ਤੇ ਇਹ ਮਤਿ ਪਾਏ ॥੭॥

ਪਰ ਇਹ ਅਕਲ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਕਰਦਾ ਹੈ ॥੭॥

ਕਥਨੀ ਕਥਉ ਨ ਆਵੈ ਓਰੁ ॥

ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਮੈਂ ਉਸ ਦੇ ਗੁਣ ਗਾਂਦਾ ਹਾਂ।

ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥

ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ (ਉਸ ਪ੍ਰਭੂ ਤੋਂ ਬਿਨਾ ਸੁਖ ਦਾ) ਹੋਰ ਕੋਈ ਟਿਕਾਣਾ ਨਹੀਂ ਹੈ।

ਦੁਖੁ ਸੁਖੁ ਭਾਣੈ ਤਿਸੈ ਰਜਾਇ ॥

ਜੀਵਾਂ ਨੂੰ ਦੁਖ ਤੇ ਸੁਖ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਉਸ ਪ੍ਰਭੂ ਦੇ ਭਾਣੇ ਵਿਚ ਹੀ ਮਿਲਦਾ ਹੈ।

ਨਾਨਕੁ ਨੀਚੁ ਕਹੈ ਲਿਵ ਲਾਇ ॥੮॥੪॥

ਅੰਞਾਣ-ਮਤਿ ਨਾਨਕ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਕਰਦਾ ਹੈ (ਇਸੇ ਵਿਚ ਹੀ ਸੁਖ ਹੈ) ॥੮॥੪॥


ਗਉੜੀ ਮਹਲਾ ੧ ॥
ਦੂਜੀ ਮਾਇਆ ਜਗਤ ਚਿਤ ਵਾਸੁ ॥

ਪਰਮਾਤਮਾ ਤੋਂ ਵਿੱਥ ਪਾਉਣ ਵਾਲੀ (ਪਰਮਾਤਮਾ ਦੀ) ਮਾਇਆ (ਹੀ ਹੈ ਜਿਸ ਨੇ) ਜਗਤ ਦੇ ਜੀਵਾਂ ਦੇ ਮਨਾਂ ਵਿਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ।

ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥

(ਇਸ ਮਾਇਆ ਤੋਂ ਪੈਦਾ ਹੋਏ) ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ ਜੀਵਾਂ ਦੇ ਆਤਮਕ ਜੀਵਨ ਦਾ) ਨਾਸ ਕਰ ਦੇਂਦੇ ਹਨ ॥੧॥

ਦੂਜਾ ਕਉਣੁ ਕਹਾ ਨਹੀ ਕੋਈ ॥

ਕਿਤੇ ਭੀ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ। ਉਸ ਪ੍ਰਭੂ ਤੋਂ ਵੱਖਰਾ (ਵੱਖਰੀ ਹੋਂਦ ਵਾਲਾ) ਮੈਂ ਕੋਈ ਭੀ ਦੱਸ ਨਹੀਂ ਸਕਦਾ।

ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥

ਸਾਰੇ ਜੀਵਾਂ ਵਿਚ ਇਕ ਉਹੀ ਪਰਮਾਤਮਾ ਵੱਸ ਰਿਹਾ ਹੈ, ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੧॥ ਰਹਾਉ ॥

ਦੂਜੀ ਦੁਰਮਤਿ ਆਖੈ ਦੋਇ ॥

ਪਰਮਾਤਮਾ ਤੋਂ ਵਿੱਥ ਪੈਦਾ ਕਰਨ ਵਾਲੀ (ਮਾਇਆ ਦੇ ਕਾਰਨ ਹੀ ਮਨੁੱਖ ਦੀ) ਭੈੜੀ ਮਤਿ (ਮਨੁੱਖ ਨੂੰ) ਦੱਸਦੀ ਰਹਿੰਦੀ ਹੈ ਕਿ ਮਾਇਆ ਦੀ ਹਸਤੀ ਪ੍ਰਭੂ ਤੋਂ ਵੱਖਰੀ ਹੈ।

ਆਵੈ ਜਾਇ ਮਰਿ ਦੂਜਾ ਹੋਇ ॥੨॥

(ਇਸ ਦੁਰਮਤਿ ਦੇ ਅਸਰ ਹੇਠ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, (ਇਸ ਤਰ੍ਹਾਂ) ਆਤਮਕ ਮੌਤੇ ਮਰ ਕੇ ਪਰਮਾਤਮਾ ਤੋਂ ਵਿੱਥ ਤੇ ਹੋ ਜਾਂਦਾ ਹੈ ॥੨॥

ਧਰਣਿ ਗਗਨ ਨਹ ਦੇਖਉ ਦੋਇ ॥

ਪਰ ਮੈਂ ਤਾਂ ਧਰਤੀ ਆਕਾਸ਼ ਵਿਚ, (ਕਿਤੇ ਭੀ ਪਰਮਾਤਮਾ ਤੋਂ ਬਿਨਾ) ਕੋਈ ਹੋਰ ਹਸਤੀ ਨਹੀਂ ਵੇਖਦਾ।

ਨਾਰੀ ਪੁਰਖ ਸਬਾਈ ਲੋਇ ॥੩॥

ਇਸਤ੍ਰੀ ਪੁਰਖ ਵਿਚ, ਸਾਰੀ ਹੀ ਸ੍ਰਿਸ਼ਟੀ ਵਿਚ ਪਰਮਾਤਮਾ ਨੂੰ ਹੀ ਵੇਖਦਾ ਹਾਂ ॥੩॥

ਰਵਿ ਸਸਿ ਦੇਖਉ ਦੀਪਕ ਉਜਿਆਲਾ ॥

ਮੈਂ ਸੂਰਜ ਚੰਦ੍ਰਮਾ (ਇਹਨਾਂ ਸ੍ਰਿਸ਼ਟੀ ਦੇ) ਦੀਵਿਆਂ ਦਾ ਚਾਨਣ ਤੱਕਦਾ ਹਾਂ।

ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥

ਸਾਰਿਆਂ ਦੇ ਅੰਦਰ ਇਕ-ਰਸ ਮੈਨੂੰ ਸਦਾ-ਜਵਾਨ ਪ੍ਰੀਤਮ ਪ੍ਰਭੂ ਹੀ ਦਿੱਸ ਰਿਹਾ ਹੈ ॥੪॥

ਕਰਿ ਕਿਰਪਾ ਮੇਰਾ ਚਿਤੁ ਲਾਇਆ ॥

ਸਤਿਗੁਰੂ ਨੇ ਮਿਹਰ ਕਰ ਕੇ ਮੇਰਾ ਚਿੱਤ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ,

ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥

ਤੇ ਮੈਨੂੰ ਇਹ ਸਮਝ ਦੇ ਦਿੱਤੀ ਕਿ ਹਰ ਥਾਂ ਇਕ ਪਰਮਾਤਮਾ ਹੀ ਵੱਸ ਰਿਹਾ ਹੈ ॥੫॥

ਏਕੁ ਨਿਰੰਜਨੁ ਗੁਰਮੁਖਿ ਜਾਤਾ ॥

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਹ ਜਾਣ ਲੈਂਦਾ ਹੈ ਕਿ ਇਕ ਨਿਰੰਜਨ ਹੀ ਹਰ ਥਾਂ ਮੌਜੂਦ ਹੈ,

ਦੂਜਾ ਮਾਰਿ ਸਬਦਿ ਪਛਾਤਾ ॥੬॥

ਅਤੇ ਉਹ ਗੁਰ-ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਪਰਮਾਤਮਾ ਨਾਲੋਂ ਵਖੇਵਾਂ ਮੁਕਾ ਕੇ ਪਰਮਾਤਮਾ (ਦੀ ਹੋਂਦ) ਨੂੰ ਪਛਾਣ ਲੈਂਦਾ ਹੈ ॥੬॥

ਏਕੋ ਹੁਕਮੁ ਵਰਤੈ ਸਭ ਲੋਈ ॥

ਸਾਰੀ ਸ੍ਰਿਸ਼ਟੀ ਵਿਚ ਸਿਰਫ਼ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ।

ਏਕਸੁ ਤੇ ਸਭ ਓਪਤਿ ਹੋਈ ॥੭॥

ਇਕ ਪਰਮਾਤਮਾ ਤੋਂ ਹੀ ਸਾਰੀ ਉਤਪੱਤੀ ਹੋਈ ਹੈ ॥੭॥

ਰਾਹ ਦੋਵੈ ਖਸਮੁ ਏਕੋ ਜਾਣੁ ॥

(ਇਕ ਪ੍ਰਭੂ ਤੋਂ ਹੀ ਸਾਰੀ ਉਤਪੱਤੀ ਹੋਣ ਤੇ ਭੀ ਮਾਇਆ ਦੇ ਪ੍ਰਭਾਵ ਹੇਠ ਜਗਤ ਵਿਚ) ਦੋਵੇਂ ਰਸਤੇ ਚੱਲ ਪੈਂਦੇ ਹਨ (-ਗੁਰਮੁਖਤਾ ਅਤੇ ਦੁਰਮਤਿ)। (ਪਰ ਹੇ ਭਾਈ! ਸਭ ਵਿਚ) ਇਕ ਪਰਮਾਤਮਾ ਨੂੰ ਹੀ (ਵਰਤਦਾ) ਜਾਣ।

ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥

ਗੁਰੂ ਦੇ ਸ਼ਬਦ ਵਿਚ ਜੁੜ ਕੇ (ਸਾਰੇ ਜਗਤ ਵਿਚ ਪਰਮਾਤਮਾ ਦਾ ਹੀ) ਹੁਕਮ ਚੱਲਦਾ ਪਛਾਣ ॥੮॥

ਸਗਲ ਰੂਪ ਵਰਨ ਮਨ ਮਾਹੀ ॥

ਜੋ ਸਾਰੇ ਰੂਪਾਂ ਵਿਚ ਸਾਰੇ ਵਰਨਾਂ ਵਿੱਚ ਤੇ ਸਾਰੇ (ਜੀਵਾਂ ਦੇ) ਮਨਾਂ ਵਿਚ ਵਿਆਪਕ ਹੈ,

ਕਹੁ ਨਾਨਕ ਏਕੋ ਸਾਲਾਹੀ ॥੯॥੫॥

ਨਾਨਕ ਆਖਦਾ ਹੈ- ਮੈਂ ਉਸ ਇੱਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ ॥੯॥੫॥


ਗਉੜੀ ਮਹਲਾ ੧ ॥
ਅਧਿਆਤਮ ਕਰਮ ਕਰੇ ਤਾ ਸਾਚਾ ॥

ਜਦੋਂ ਮਨੁੱਖ ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ ਕਰਦਾ ਹੈ, ਤਦੋਂ ਹੀ ਸੱਚਾ (ਜੋਗੀ) ਹੈ।

ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥

ਪਰ ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਹੈ, ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਦੇ ਭੇਤ ਨੂੰ ਕੀਹ ਜਾਣ ਸਕਦਾ ਹੈ? ॥੧॥

ਐਸਾ ਜੋਗੀ ਜੁਗਤਿ ਬੀਚਾਰੈ ॥

ਅਜੇਹਾ (ਬੰਦਾ) ਜੋਗੀ (ਅਖਵਾਣ ਦਾ ਹੱਕਦਾਰ ਹੋ ਸਕਦਾ ਹੈ ਜੋ ਜੀਵਨ ਦੀ ਸਹੀ) ਜੁਗਤਿ ਸਮਝਦਾ ਹੈ।

ਪੰਚ ਮਾਰਿ ਸਾਚੁ ਉਰਿ ਧਾਰੈ ॥੧॥ ਰਹਾਉ ॥

(ਉਹ ਜੀਵਨ-ਜੁਗਤਿ ਇਹ ਹੈ ਕਿ ਕਾਮਾਦਿਕ) ਪੰਜਾਂ (ਵਿਕਾਰਾਂ) ਨੂੰ ਮਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਂਦਾ ਹੈ ॥੧॥ ਰਹਾਉ ॥

ਜਿਸ ਕੈ ਅੰਤਰਿ ਸਾਚੁ ਵਸਾਵੈ ॥

ਜਿਸ ਮਨੁੱਖ ਦੇ ਅੰਦਰ ਪਰਮਾਤਮਾ ਆਪਣਾ ਸਦਾ-ਥਿਰ ਨਾਮ ਵਸਾਂਦਾ ਹੈ,

ਜੋਗ ਜੁਗਤਿ ਕੀ ਕੀਮਤਿ ਪਾਵੈ ॥੨॥

ਉਹ ਮਨੁੱਖ ਪ੍ਰਭੂ-ਮਿਲਾਪ ਦੀ ਜੁਗਤਿ ਦੀ ਕਦਰ ਸਮਝਦਾ ਹੈ ॥੨॥

ਰਵਿ ਸਸਿ ਏਕੋ ਗ੍ਰਿਹ ਉਦਿਆਨੈ ॥

ਤਪਸ਼, ਠੰਢ (ਭਾਵ, ਕਿਸੇ ਵਲੋਂ ਖਰ੍ਹਵਾ ਸਲੂਕ ਤੇ ਕਿਸੇ ਵਲੋਂ ਨਿੱਘਾ ਸਲੂਕ) ਘਰ, ਜੰਗਲ (ਭਾਵ, ਘਰ ਵਿਚ ਰਹਿੰਦਿਆਂ ਨਿਰਮੋਹ ਰਵਈਆ) ਉਸ ਨੂੰ ਇਕ-ਸਮਾਨ ਦਿੱਸਦੇ ਹਨ।

ਕਰਣੀ ਕੀਰਤਿ ਕਰਮ ਸਮਾਨੈ ॥੩॥

ਪਰਮਾਤਮਾ ਦੀ ਸਿਫ਼ਤ-ਸਾਲਾਹ-ਰੂਪ ਕਰਣੀ ਉਸ ਦਾ ਸਾਮਾਨ (ਸਾਧਾਰਨ) ਕਰਮ ਹਨ (ਭਾਵ, ਸੁਤੇ ਹੀ ਉਹ ਸਿਫ਼ਤ-ਸਾਲਾਹ ਵਿਚ ਜੁੜਿਆ ਰਹਿੰਦਾ ਹੈ) ॥੩॥

ਏਕ ਸਬਦ ਇਕ ਭਿਖਿਆ ਮਾਗੈ ॥

(ਦਰ ਦਰ ਤੋਂ ਰੋਟੀਆਂ ਮੰਗਣ ਦੇ ਥਾਂ ਉਹ ਜੋਗੀ ਗੁਰੂ ਦੇ ਦਰ ਤੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ ਖ਼ੈਰ ਮੰਗਦਾ ਹੈ,

ਗਿਆਨੁ ਧਿਆਨੁ ਜੁਗਤਿ ਸਚੁ ਜਾਗੈ ॥੪॥

ਉਸ ਦੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪੈਂਦੀ ਹੈ, ਉਸ ਦੀ ਉੱਚੀ ਸੁਰਤ ਜਾਗ ਪੈਂਦੀ ਹੈ, ਉਸ ਦੇ ਅੰਦਰ ਸਿਮਰਨ-ਰੂਪ ਜੁਗਤਿ ਜਾਗ ਪੈਂਦੀ ਹੈ ॥੪॥

ਭੈ ਰਚਿ ਰਹੈ ਨ ਬਾਹਰਿ ਜਾਇ ॥

ਉਹ ਜੋਗੀ ਸਦਾ ਪ੍ਰਭੂ ਦੇ ਡਰ-ਅਦਬ ਵਿਚ ਲੀਨ ਰਹਿੰਦਾ ਹੈ, (ਇਸ ਡਰ ਤੋਂ) ਬਾਹਰ ਨਹੀਂ ਜਾਂਦਾ।

ਕੀਮਤਿ ਕਉਣ ਰਹੈ ਲਿਵ ਲਾਇ ॥੫॥

ਅਜੇਹੇ ਜੋਗੀ ਦਾ ਕੌਣ ਮੁੱਲ ਪਾ ਸਕਦਾ ਹੈ? ਉਹ ਸਦਾ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ॥੫॥

ਆਪੇ ਮੇਲੇ ਭਰਮੁ ਚੁਕਾਏ ॥

(ਇਹ ਜੋਗ-ਸਾਧਨਾਂ ਦੇ ਹਠ ਕੁਝ ਨਹੀਂ ਸਵਾਰ ਸਕਦੇ) ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ ਤੇ ਜੀਵ ਦੀ ਭਟਕਣਾ ਮੁਕਾਂਦਾ ਹੈ।

ਗੁਰਪਰਸਾਦਿ ਪਰਮ ਪਦੁ ਪਾਏ ॥੬॥

ਗੁਰੂ ਦੀ ਕਿਰਪਾ ਨਾਲ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰਦਾ ਹੈ ॥੬॥

ਗੁਰ ਕੀ ਸੇਵਾ ਸਬਦੁ ਵੀਚਾਰੁ ॥

(ਅਸਲ ਜੋਗੀ) ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਂਦਾ ਹੈ।

ਹਉਮੈ ਮਾਰੇ ਕਰਣੀ ਸਾਰੁ ॥੭॥

ਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ-ਇਹ ਹੈ ਉਸ ਜੋਗੀ ਦੀ ਸ੍ਰੇਸ਼ਟ ਕਰਣੀ ॥੭॥

ਜਪ ਤਪ ਸੰਜਮ ਪਾਠ ਪੁਰਾਣੁ ॥

ਉਸ ਜੋਗੀ ਦੇ ਜਪ, ਤਪ, ਸੰਜਮ ਤੇ ਪਾਠ, ਪੁਰਾਣ ਆਦਿਕ ਧਰਮ-ਪੁਸਤਕ ਇਹੀ ਹੈ,

ਕਹੁ ਨਾਨਕ ਅਪਰੰਪਰ ਮਾਨੁ ॥੮॥੬॥

ਨਾਨਕ ਆਖਦਾ ਹੈ- ਉਸ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਆਪਣੇ ਆਪ ਨੂੰ ਗਿਝਾਣਾ ॥੮॥੬॥


ਗਉੜੀ ਮਹਲਾ ੧ ॥
ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥

ਉਹ ਜੋਗੀ (ਗ੍ਰਿਹਸਤ ਵਿਚ ਰਹਿ ਕੇ ਹੀ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਬਣਾਂਦਾ ਹੈ। ਮਿੱਠਾ ਸੁਭਾਉ ਤੇ ਸੰਤੋਖ ਉਸ ਦਾ ਨਿੱਤ ਦਾ ਕਰਮ ਹਨ।

ਰੋਗੁ ਨ ਬਿਆਪੈ ਨਾ ਜਮ ਦੋਖੰ ॥

(ਅਜੇਹੇ ਅਸਲ ਜੋਗੀ ਉਤੇ ਕਾਮਾਦਿਕ ਕੋਈ) ਰੋਗ ਜ਼ੋਰ ਨਹੀਂ ਪਾ ਸਕਦਾ, ਉਸ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ।

ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥

ਅਜੇਹੇ ਜੋਗੀ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ, ਕਿਉਂਕਿ ਉਹ ਰੂਪ-ਰੇਖ-ਰਹਿਤ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ॥੧॥

ਜੋਗੀ ਕਉ ਕੈਸਾ ਡਰੁ ਹੋਇ ॥

ਅਸਲ ਜੋਗੀ ਨੂੰ (ਮਾਇਆ ਦੇ ਸੂਰਮੇ ਕਾਮਾਦਿਕਾਂ ਦੇ ਹੱਲਿਆਂ ਵਲੋਂ) ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ (ਜਿਸ ਤੋਂ ਘਬਰਾ ਕੇ ਉਹ ਗ੍ਰਿਹਸਤ ਛੱਡ ਕੇ ਨੱਸ ਜਾਏ)

ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥

ਉਸ ਨੂੰ ਰੁੱਖ ਬਿਰਖ ਵਿਚ, ਘਰ ਵਿਚ, ਬਾਹਰ ਜੰਗਲ (ਆਦਿਕ) ਵਿਚ ਹਰ ਥਾਂ ਉਹ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ॥੧॥ ਰਹਾਉ ॥

ਨਿਰਭਉ ਜੋਗੀ ਨਿਰੰਜਨੁ ਧਿਆਵੈ ॥

ਜੋ ਪਰਮਾਤਮਾ ਮਾਇਆ ਦੇ ਪ੍ਰਭਾਵ ਵਿਚ ਨਹੀਂ ਆਉਂਦਾ, ਉਸ ਨੂੰ ਜੇਹੜਾ ਮਨੁੱਖ ਸਿਮਰਦਾ ਹੈ ਉਹ ਹੈ (ਅਸਲ) ਜੋਗੀ। ਉਹ (ਭੀ ਮਾਇਆ ਦੇ ਹੱਲਿਆਂ ਤੋਂ) ਡਰਦਾ ਨਹੀਂ (ਉਸ ਨੂੰ ਕਿਉਂ ਲੋੜ ਪਏ ਗ੍ਰਿਹਸਤ ਤੋਂ ਭੱਜਣ ਦੀ?)

ਅਨਦਿਨੁ ਜਾਗੈ ਸਚਿ ਲਿਵ ਲਾਵੈ ॥

ਉਹ ਤਾਂ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ।

ਸੋ ਜੋਗੀ ਮੇਰੈ ਮਨਿ ਭਾਵੈ ॥੨॥

ਮੇਰੇ ਮਨ ਵਿਚ ਉਹ ਜੋਗੀ ਪਿਆਰਾ ਲੱਗਦਾ ਹੈ (ਉਹੀ ਹੈ ਅਸਲ ਜੋਗੀ) ॥੨॥

ਕਾਲੁ ਜਾਲੁ ਬ੍ਰਹਮ ਅਗਨੀ ਜਾਰੇ ॥

(ਉਹ ਜੋਗੀ ਆਪਣੇ-ਅੰਦਰ-ਪਰਗਟ-ਹੋਏ) ਬ੍ਰਹਮ (ਦੇ ਤੇਜ) ਦੀ ਅੱਗ ਨਾਲ ਮੌਤ (ਦੇ ਡਰ ਨੂੰ) ਜਾਲ ਨੂੰ (ਜਿਸ ਦੇ ਸਹਮ ਨੇ ਸਾਰੇ ਜੀਵਾਂ ਨੂੰ ਫਸਾਇਆ ਹੋਇਆ ਹੈ) ਸਾੜ ਦੇਂਦਾ ਹੈ।

ਜਰਾ ਮਰਣ ਗਤੁ ਗਰਬੁ ਨਿਵਾਰੇ ॥

ਉਸ ਜੋਗੀ ਦਾ ਬੁਢੇਪੇ ਦਾ ਡਰ ਮੌਤ ਦਾ ਸਹਮ ਦੂਰ ਹੋ ਜਾਂਦਾ ਹੈ, ਉਹ ਜੋਗੀ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਲੈਂਦਾ ਹੈ।

ਆਪਿ ਤਰੈ ਪਿਤਰੀ ਨਿਸਤਾਰੇ ॥੩॥

ਉਹ ਆਪ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੩॥

ਸਤਿਗੁਰੁ ਸੇਵੇ ਸੋ ਜੋਗੀ ਹੋਇ ॥

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਅਸਲ) ਜੋਗੀ ਬਣਦਾ ਹੈ।

ਭੈ ਰਚਿ ਰਹੈ ਸੁ ਨਿਰਭਉ ਹੋਇ ॥

ਉਹ ਪਰਮਾਤਮਾ ਦੇ ਡਰ-ਅਦਬ ਵਿਚ (ਜੀਵਨ-ਪੰਧ ਤੇ) ਤੁਰਦਾ ਹੈ, ਉਹ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਤੋਂ) ਨਿਡਰ ਰਹਿੰਦਾ ਹੈ,

ਜੈਸਾ ਸੇਵੈ ਤੈਸੋ ਹੋਇ ॥੪॥

(ਕਿਉਂਕਿ ਇਹ ਇਕ ਅਸੂਲ ਦੀ ਗੱਲ ਹੈ ਕਿ) ਮਨੁੱਖ ਜਿਹੋ ਜਿਹੇ ਦੀ ਸੇਵਾ (ਭਗਤੀ) ਕਰਦਾ ਹੈ ਉਹੋ ਜਿਹਾ ਆਪ ਬਣ ਜਾਂਦਾ ਹੈ (ਨਿਰਭਉ ਨਿਰੰਕਾਰ ਨੂੰ ਸਿਮਰ ਕੇ ਨਿਰਭਉ ਹੀ ਬਣਨਾ ਹੋਇਆ) ॥੪॥

ਨਰ ਨਿਹਕੇਵਲ ਨਿਰਭਉ ਨਾਉ ॥

ਮਨੁੱਖ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ (ਮਾਇਆ ਦੇ ਹੱਲਿਆਂ ਵਲੋਂ ਨਿਰਭਉ ਹੋ ਕੇ) ਵਾਸਨਾ-ਰਹਿਤ (ਸ਼ੁੱਧ) ਹੋ ਜਾਂਦਾ ਹੈ।

ਅਨਾਥਹ ਨਾਥ ਕਰੇ ਬਲਿ ਜਾਉ ॥

ਉਹ ਨਿਖਸਮਿਆਂ ਨੂੰ ਖਸਮ ਵਾਲਾ ਬਣਾ ਦੇਂਦਾ ਹੈ (ਉਹ ਹੈ ਅਸਲ ਜੋਗੀ, ਤੇ ਅਜੇਹੇ ਜੋਗੀ ਤੋਂ) ਮੈਂ ਕੁਰਬਾਨ ਹਾਂ।

ਪੁਨਰਪਿ ਜਨਮੁ ਨਾਹੀ ਗੁਣ ਗਾਉ ॥੫॥

ਉਸ ਨੂੰ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥

ਅੰਤਰਿ ਬਾਹਰਿ ਏਕੋ ਜਾਣੈ ॥

ਉਹ ਜੋਗੀ ਆਪਣੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇਕ ਪਰਮਾਤਮਾ ਨੂੰ ਹੀ ਵਿਆਪਕ ਜਾਣਦਾ ਹੈ।

ਗੁਰ ਕੈ ਸਬਦੇ ਆਪੁ ਪਛਾਣੈ ॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਪਣੇ ਅਸਲੇ ਨੂੰ ਪਛਾਣਦਾ ਹੈ।

ਸਾਚੈ ਸਬਦਿ ਦਰਿ ਨੀਸਾਣੈ ॥੬॥

ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਉਹ ਜੋਗੀ ਪਰਮਾਤਮਾ ਦੇ ਦਰ ਤੇ (ਸਿਫ਼ਤ-ਸਾਲਾਹ ਦੀ) ਰਾਹਦਾਰੀ ਲੈ ਕੇ ਜਾਂਦਾ ਹੈ ॥੬॥

ਸਬਦਿ ਮਰੈ ਤਿਸੁ ਨਿਜ ਘਰਿ ਵਾਸਾ ॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ (ਉਹ ਹੈ ਅਸਲ ਜੋਗੀ, ਤੇ) ਉਸ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ।

ਆਵੈ ਨ ਜਾਵੈ ਚੂਕੈ ਆਸਾ ॥

ਉਸ ਦੀ ਆਸਾ (ਤ੍ਰਿਸ਼ਨਾ) ਮੁੱਕ ਜਾਂਦੀ ਹੈ, ਉਹ ਭਟਕਣਾ ਵਿਚ ਨਹੀਂ ਪੈਂਦਾ।

ਗੁਰ ਕੈ ਸਬਦਿ ਕਮਲੁ ਪਰਗਾਸਾ ॥੭॥

ਗੁਰੂ ਦੇ ਸ਼ਬਦ ਵਿਚ ਜੁੜਿਆਂ ਉਸ ਦਾ ਹਿਰਦਾ-ਕੌਲ ਸਦਾ ਖਿੜਿਆ ਰਹਿੰਦਾ ਹੈ ॥੭॥

ਜੋ ਦੀਸੈ ਸੋ ਆਸ ਨਿਰਾਸਾ ॥

ਜਗਤ ਵਿਚ ਜੋ ਭੀ ਦਿੱਸਦਾ ਹੈ, ਉਹ ਢੱਠੀਆਂ ਹੋਈਆਂ ਆਸਾਂ ਵਾਲਾ ਹੀ ਦਿੱਸਦਾ ਹੈ (ਕਿਸੇ ਦੀਆਂ ਸਾਰੀਆਂ ਆਸਾਂ ਕਦੇ ਪੂਰੀਆਂ ਨਹੀਂ ਹੋਈਆਂ)।

ਕਾਮ ਕ੍ਰੋਧ ਬਿਖੁ ਭੂਖ ਪਿਆਸਾ ॥

ਹਰੇਕ ਨੂੰ ਕਾਮ ਦਾ ਜ਼ਹਰ ਕ੍ਰੋਧ ਦਾ ਜ਼ਹਰ (ਮਾਰਦਾ ਜਾ ਰਿਹਾ ਹੈ, ਹਰੇਕ ਨੂੰ ਮਾਇਆ ਦੀ) ਭੁੱਖ (ਮਾਇਆ ਦੀ) ਤ੍ਰੇਹ (ਲੱਗੀ ਹੋਈ ਹੈ)।

ਨਾਨਕ ਬਿਰਲੇ ਮਿਲਹਿ ਉਦਾਸਾ ॥੮॥੭॥

ਹੇ ਨਾਨਕ! ਜਗਤ ਵਿਚ ਬੜੇ ਵਿਰਲੇ ਐਸੇ ਬੰਦੇ ਮਿਲਦੇ ਹਨ, ਜੋ ਆਸਾ ਤ੍ਰਿਸ਼ਨਾ ਦੇ ਅਧੀਨ ਨਹੀਂ ਹਨ (ਤੇ, ਉਹੀ ਹਨ ਅਸਲ ਜੋਗੀ) ॥੮॥੭॥


ਗਉੜੀ ਮਹਲਾ ੧ ॥
ਐਸੋ ਦਾਸੁ ਮਿਲੈ ਸੁਖੁ ਹੋਈ ॥

(ਪਰਮਾਤਮਾ ਦਾ) ਇਹੋ ਜਿਹਾ ਦਾਸ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ, (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ।

ਦੁਖੁ ਵਿਸਰੈ ਪਾਵੈ ਸਚੁ ਸੋਈ ॥੧॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ, ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ ॥੧॥

ਦਰਸਨੁ ਦੇਖਿ ਭਈ ਮਤਿ ਪੂਰੀ ॥

(ਹਰੀ ਦੇ ਦਾਸ, ਗੁਰੂ ਦਾ) ਦਰਸਨ ਕਰ ਕੇ ਮਨੁੱਖ ਦੀ ਅਕਲ ਪੂਰੀ (ਸੂਝ ਵਾਲੀ) ਹੋ ਜਾਂਦੀ ਹੈ।

ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ ॥

(ਗੁਰੂ ਦੇ) ਚਰਨਾਂ ਦੀ ਧੂੜ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ ॥੧॥ ਰਹਾਉ ॥

ਨੇਤ੍ਰ ਸੰਤੋਖੇ ਏਕ ਲਿਵ ਤਾਰਾ ॥

ਉਸ ਦੀਆਂ ਅੱਖਾਂ (ਪਰਾਇਆ ਰੂਪ ਤੱਕਣ ਵਲੋਂ) ਰੱਜ ਜਾਂਦੀਆਂ ਹਨ, ਉਸ ਦੀ ਸੁਰਤ ਦੀ ਤਾਰ ਇੱਕ ਪਰਮਾਤਮਾ ਵਿਚ ਰਹਿੰਦੀ ਹੈ।

ਜਿਹਵਾ ਸੂਚੀ ਹਰਿ ਰਸ ਸਾਰਾ ॥੨॥

ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖ ਕੇ ਉਸ ਦੀ ਜੀਭ ਪਵਿਤ੍ਰ ਹੋ ਜਾਂਦੀ ਹੈ ॥੨॥

ਸਚੁ ਕਰਣੀ ਅਭ ਅੰਤਰਿ ਸੇਵਾ ॥

(ਪਰਮਾਤਮਾ ਦਾ ਅਜੇਹਾ ਦਾਸ, ਗੁਰੂ ਜਿਸ ਮਨੁੱਖ ਨੂੰ ਮਿਲਦਾ ਹੈ) ਪ੍ਰਭੂ ਦਾ ਸਿਮਰਨ ਉਸ ਦੀ (ਨਿੱਤ ਦੀ) ਕਰਣੀ ਬਣ ਜਾਂਦਾ ਹੈ।

ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥

ਅਲੱਖ ਤੇ ਅਭੇਵ ਪਰਮਾਤਮਾ ਦੀ ਆਪਣੇ ਅੰਦਰ ਸੇਵਾ-ਭਗਤੀ ਕਰ ਕੇ ਉਸ ਦਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਜਾਂਦਾ ਹੈ ॥੩॥

ਜਹ ਜਹ ਦੇਖਉ ਤਹ ਤਹ ਸਾਚਾ ॥

(ਉਸ ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਮੈਂ ਜਿੱਧਰ ਤੱਕਦਾ ਹਾਂ ਉਧਰ ਉਧਰ ਮੈਨੂੰ ਸਦਾ-ਥਿਰ ਪ੍ਰਭੂ ਦਿੱਸਦਾ ਹੈ।

ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥

ਪਰ ਮਾਇਆ ਦੇ ਟਾਕਰੇ ਤੇ ਕਮਜ਼ੋਰ ਮਨ ਵਾਲਾ ਜਗਤ ਇਸ ਗਿਆਨ ਤੋਂ ਸੱਖਣਾ ਹੋਣ ਕਰਕੇ ਖਹਿ ਖਹਿ ਕਰ ਰਿਹਾ ਹੈ ॥੪॥

ਗੁਰੁ ਸਮਝਾਵੈ ਸੋਝੀ ਹੋਈ ॥

ਇਹ ਸਮਝ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ਉਸੇ ਨੂੰ ਹੁੰਦੀ ਹੈ ਜਿਸ ਨੂੰ ਗੁਰੂ ਇਹ ਸਮਝ ਦੇਵੇ।

ਗੁਰਮੁਖਿ ਵਿਰਲਾ ਬੂਝੈ ਕੋਈ ॥੫॥

ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਪ੍ਰਾਪਤ ਕਰਦਾ ਹੈ ॥੫॥

ਕਰਿ ਕਿਰਪਾ ਰਾਖਹੁ ਰਖਵਾਲੇ ॥

ਹੇ ਰੱਖਣਹਾਰ ਪ੍ਰਭੂ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ ਬਚਾ।

ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥

ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਜੀਵ ਪਸ਼ੂ (-ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ ਹਨ ॥੬॥

ਗੁਰਿ ਕਹਿਆ ਅਵਰੁ ਨਹੀ ਦੂਜਾ ॥

ਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ।

ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭॥

ਦੱਸੋ, (ਹੇ ਭਾਈ!) ਮੈਂ ਕਿਸ ਨੂੰ (ਉਸ ਵਰਗਾ) ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ? ॥੭॥

ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ ॥

ਪਰਮਾਤਮਾ ਨੇ (ਮਨੁੱਖਾਂ ਨੂੰ) ਸੰਤ ਬਣਾਣ ਲਈ ਇਹ ਸ੍ਰਿਸ਼ਟੀ ਰਚੀ ਹੈ।

ਆਤਮੁ ਚੀਨੈ ਸੁ ਤਤੁ ਬੀਚਾਰੇ ॥੮॥

ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ ॥੮॥

ਸਾਚੁ ਰਿਦੈ ਸਚੁ ਪ੍ਰੇਮ ਨਿਵਾਸ ॥

(ਗੁਰੂ ਦਾ ਦੀਦਾਰ ਕਰ ਕੇ ਹੀ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ, ਪਰਮਾਤਮਾ ਦਾ ਪਿਆਰ ਰਿਦੇ ਵਿਚ ਟਿਕਦਾ ਹੈ।

ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥੯॥੮॥

ਨਾਨਕ ਬੇਨਤੀ ਕਰਦਾ ਹੈ,-ਮੈਂ ਭੀ ਉਸ ਗੁਰੂ ਦਾ ਦਾਸ ਹਾਂ ॥੯॥੮॥


ਗਉੜੀ ਮਹਲਾ ੧ ॥
ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥

ਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿਚੋਂ ਕਿਵੇਂ ਜੰਮ ਸਕਦਾ ਹਾਂ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ।

ਬੇਦ ਕੀ ਬਿਪਤਿ ਪੜੀ ਪਛੁਤਾਨਿਆ ॥

(ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ) ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉਤੇ ਆ ਪਈ ਤਾਂ ਉਹ ਪਛਤਾਇਆ (ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ)।

ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥੧॥

ਜਦੋਂ (ਉਸ ਬਿਪਤਾ ਵੇਲੇ) ਉਸ ਨੇ ਪਰਮਾਤਮਾ ਨੂੰ ਸਿਮਰਿਆ (ਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ) ਤਦੋਂ ਉਸ ਨੂੰ ਯਕੀਨ ਆਇਆ (ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ) ॥੧॥

ਐਸਾ ਗਰਬੁ ਬੁਰਾ ਸੰਸਾਰੈ ॥

ਜਗਤ ਵਿਚ ਅਹੰਕਾਰ ਇਕ ਐਸਾ ਵਿਕਾਰ ਹੈ, ਜੋ ਬਹੁਤ ਭੈੜਾ ਹੈ, (ਵੱਡੇ ਵੱਡੇ ਅਖਵਾਣ ਵਾਲੇ ਭੀ ਜਦੋਂ ਅਹੰਕਾਰ ਦੇ ਢਹੇ ਚੜ੍ਹੇ ਤਾਂ ਬਹੁਤ ਖ਼ੁਆਰ ਹੋਏ)।

ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥੧॥ ਰਹਾਉ ॥

ਜਿਸ (ਭਾਗਾਂ ਵਾਲੇ ਮਨੁੱਖ) ਨੂੰ ਗੁਰੂ ਮਿਲ ਪੈਂਦਾ ਹੈ (ਗੁਰੂ) ਉਸ ਦਾ ਅਹੰਕਾਰ ਦੂਰ ਕਰ ਦੇਂਦਾ ਹੈ ॥੧॥ ਰਹਾਉ ॥

ਬਲਿ ਰਾਜਾ ਮਾਇਆ ਅਹੰਕਾਰੀ ॥

ਰਾਜੇ ਬਲਿ ਨੂੰ ਮਾਇਆ ਦਾ ਮਾਣ ਹੋ ਗਿਆ।

ਜਗਨ ਕਰੈ ਬਹੁ ਭਾਰ ਅਫਾਰੀ ॥

ਉਸ ਨੇ ਬੜੇ ਜੱਗ ਕੀਤੇ। ਅਹੰਕਾਰ ਨਾਲ ਬਹੁਤ ਆਫਰਿਆ। (ਇੰਦਰ ਦਾ ਸਿੰਘਾਸਨ ਖੋਹਣ ਲਈ ਉਸ ਨੇ ਇਕੋਤ੍ਰ-ਸੌ ਜੱਗ ਕੀਤੇ। ਜੇ ਅਖ਼ੀਰਲਾ ਜੱਗ ਨਿਰਵਿਘਨ ਸਿਰੇ ਚੜ੍ਹ ਜਾਂਦਾ, ਤਾਂ ਇੰਦਰ ਦਾ ਰਾਜ ਖੋਹ ਲੈਂਦਾ। ਇੰਦਰ ਨੇ ਵਿਸ਼ਨੂੰ ਦੀ ਸਹਾਇਤਾ ਮੰਗੀ। ਵਿਸ਼ਨੂੰ ਬ੍ਰਾਹਮਣ ਦਾ ਰੂਪ ਧਾਰ ਕੇ ਦਾਨ ਮੰਗਣ ਆ ਗਿਆ। ਬਲਿ ਦੇ ਗੁਰੂ ਸ਼ੁੱਕਰ ਨੇ ਬਲਿ ਨੂੰ ਸਮਝਾਇਆ ਕਿ ਇਹ ਛਲ ਹੈ, ਇਸ ਵਿਚ ਨਾਹ ਫਸੀਂ,

ਬਿਨੁ ਗੁਰ ਪੂਛੇ ਜਾਇ ਪਇਆਰੀ ॥੨॥

ਪਰ (ਮਾਇਆ ਦੇ ਮਾਣ ਵਿਚ) ਆਪਣੇ ਗੁਰੂ ਦੀ ਸਲਾਹ ਲੈਣ ਤੋਂ ਬਿਨਾ (ਉਸ ਨੇ ਬ੍ਰਾਹਮਣ ਰੂਪ-ਧਾਰੀ ਵਿਸ਼ਨੂੰ ਨੂੰ ਦਾਨ ਦੇਣਾ ਮੰਨ ਲਿਆ ਤੇ) ਪਾਤਾਲ ਵਿਚ ਚਲਾ ਗਿਆ ॥੨॥

ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥

(ਰਾਜਾ) ਹਰੀਚੰਦ (ਭੀ) ਦਾਨ ਕਰਦਾ ਸੀ, (ਦਾਨ ਦੀ ਸੋਭਾ ਵਿਚ ਹੀ ਮਸਤ ਰਿਹਾ)।

ਬਿਨੁ ਗੁਰ ਅੰਤੁ ਨ ਪਾਇ ਅਭੇਵੈ ॥

ਗੁਰੂ ਤੋਂ ਬਿਨਾ ਉਹ ਭੀ ਇਹ ਨਾਹ ਸਮਝ ਸਕਿਆ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ (ਉਸ ਦੀ ਸ੍ਰਿਸ਼ਟੀ ਵਿਚ ਬੇਅੰਤ ਦਾਨੀ ਹਨ)।

ਆਪਿ ਭੁਲਾਇ ਆਪੇ ਮਤਿ ਦੇਵੈ ॥੩॥

(ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਆਪ ਭੁਲਾਉਂਦਾ ਹੈ ਅਤੇ ਆਪ ਹੀ ਅਕਲ ਦੇਂਦਾ ਹੈ ॥੩॥

ਦੁਰਮਤਿ ਹਰਣਾਖਸੁ ਦੁਰਾਚਾਰੀ ॥

ਭੈੜੀ ਮਤਿ ਦੇ ਕਾਰਨ ਹਰਣਾਖਸ ਦੁਰਾਚਾਰੀ ਹੋ ਗਿਆ (ਅੱਤਿਆਚਾਰ ਕਰਨ ਲੱਗ ਪਿਆ)।

ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥

ਪਰ ਨਾਰਾਇਣ ਪ੍ਰਭੂ ਆਪ ਹੀ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ।

ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥੪॥

ਉਸ ਨੇ ਮਿਹਰ ਕੀਤੀ ਤੇ ਪ੍ਰਹਿਲਾਦ ਦੀ ਰੱਖਿਆ ਕੀਤੀ (ਹਰਣਾਖਸ ਦਾ ਮਾਣ ਤੋੜਿਆ) ॥੪॥

ਭੂਲੋ ਰਾਵਣੁ ਮੁਗਧੁ ਅਚੇਤਿ ॥

ਮੂਰਖ ਰਾਵਣ ਬੇ-ਸਮਝੀ ਵਿਚ ਕੁਰਾਹੇ ਪੈ ਗਿਆ।

ਲੂਟੀ ਲੰਕਾ ਸੀਸ ਸਮੇਤਿ ॥

(ਸਿੱਟਾ ਇਹ ਨਿਕਲਿਆ ਕਿ) ਉਸ ਦੀ ਲੰਕਾ ਲੁੱਟੀ ਗਈ, ਤੇ ਉਸ ਦਾ ਸਿਰ ਭੀ ਕੱਟਿਆ ਗਿਆ।

ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥੫॥

ਅਹੰਕਾਰ ਦੇ ਕਾਰਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਅਹੰਕਾਰ ਦੇ ਮਦ ਵਿਚ ਹੀ ਰਾਵਣ ਤਬਾਹ ਹੋਇਆ ॥੫॥

ਸਹਸਬਾਹੁ ਮਧੁ ਕੀਟ ਮਹਿਖਾਸਾ ॥

ਸਹਸਬਾਹੂ (ਨੂੰ ਪਰਸ ਰਾਮ ਨੇ ਮਾਰਿਆ,) ਮਧੁ ਤੇ ਕੈਟਭ (ਨੂੰ ਵਿਸ਼ਨੂੰ ਨੇ ਮਾਰ ਦਿੱਤਾ) ਮਹਿਖਾਸੁਰ (ਦੁਰਗਾ ਦੇ ਹੱਥੋਂ ਮਰਿਆ,)

ਹਰਣਾਖਸੁ ਲੇ ਨਖਹੁ ਬਿਧਾਸਾ ॥

ਹਰਣਾਖਸ ਨੂੰ (ਨਰਸਿੰਘ ਨੇ) ਨਹੁੰਆਂ ਨਾਲ ਮਾਰ ਦਿੱਤਾ।

ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥੬॥

ਇਹ ਸਾਰੇ ਦੈਂਤ ਪ੍ਰਭੂ ਦੀ ਭਗਤੀ ਦੇ ਅੱਭਿਆਸ ਤੋਂ ਵਾਂਜੇ ਰਹਿਣ ਕਰਕੇ (ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ) ਮਾਰੇ ਗਏ ॥੬॥

ਜਰਾਸੰਧਿ ਕਾਲਜਮੁਨ ਸੰਘਾਰੇ ॥

ਜਰਾਸੰਧਿ ਤੇ ਕਾਲਜਮੁਨ (ਕ੍ਰਿਸ਼ਨ ਜੀ ਦੇ ਹੱਥੋਂ) ਮਾਰੇ ਗਏ।

ਰਕਤਬੀਜੁ ਕਾਲੁਨੇਮੁ ਬਿਦਾਰੇ ॥

ਰਕਤ ਬੀਜ (ਦੁਰਗਾ ਦੇ ਹੱਥੋਂ) ਮਾਰਿਆ, ਕਾਲਨੇਮ (ਵਿਸ਼ਨੂੰ ਦੇ ਤ੍ਰਿਸ਼ੂਲ ਨਾਲ) ਚੀਰਿਆ ਗਿਆ (ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ।)

ਦੈਤ ਸੰਘਾਰਿ ਸੰਤ ਨਿਸਤਾਰੇ ॥੭॥

ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ ॥੭॥

ਆਪੇ ਸਤਿਗੁਰੁ ਸਬਦੁ ਬੀਚਾਰੇ ॥

(ਇਸ ਸਾਰੀ ਖੇਡ ਦਾ ਮਾਲਕ ਪਰਮਾਤਮਾ) ਆਪ ਹੀ ਗੁਰੂ-ਰੂਪ ਹੋ ਕੇ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ,

ਦੂਜੈ ਭਾਇ ਦੈਤ ਸੰਘਾਰੇ ॥

ਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਮਾਰਦਾ ਹੈ,

ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥

ਆਪ ਹੀ ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿਚ ਆਪਣੀ ਭਗਤੀ ਵਿੱਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੮॥

ਬੂਡਾ ਦੁਰਜੋਧਨੁ ਪਤਿ ਖੋਈ ॥

ਦੁਰਜੋਧਨ (ਅਹੰਕਾਰ ਵਿਚ) ਡੁੱਬਿਆ, ਤੇ ਆਪਣੀ ਇੱਜ਼ਤ ਗਵਾ ਬੈਠਾ।

ਰਾਮੁ ਨ ਜਾਨਿਆ ਕਰਤਾ ਸੋਈ ॥

(ਅਹੰਕਾਰ ਵਿਚ ਆ ਕੇ) ਉਸ ਨੇ ਪਰਮਾਤਮਾ ਨੂੰ ਕਰਤਾਰ ਨੂੰ ਚੇਤੇ ਨਾਹ ਰੱਖਿਆ (ਇਥੋਂ ਤਕ ਨਿੱਘਰਿਆ ਕਿ ਅਨਾਥ ਦ੍ਰੋਪਤੀ ਦੀ ਬੇ-ਪਤੀ ਕਰਨ ਤੇ ਉਤਰ ਆਇਆ)।

ਜਨ ਕਉ ਦੂਖਿ ਪਚੈ ਦੁਖੁ ਹੋਈ ॥੯॥

ਪਰ ਜੇਹੜਾ ਪਰਮਾਤਮਾ ਦੇ ਦਾਸ ਨੂੰ (ਦੁੱਖ ਦੇਂਦਾ ਹੈ ਉਹ ਉਸ) ਦੁੱਖ ਦੇ ਕਾਰਨ ਆਪ ਹੀ ਖ਼ੁਆਰ ਹੁੰਦਾ ਹੈ, ਉਸ ਨੂੰ ਆਪ ਨੂੰ ਹੀ ਉਹ ਦੁੱਖ (ਮਾਰੂ ਹੋ ਢੁਕਦਾ) ਹੈ ॥੯॥

ਜਨਮੇਜੈ ਗੁਰਸਬਦੁ ਨ ਜਾਨਿਆ ॥

ਰਾਜਾ ਜਨਮੇਜੈ ਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ (ਆਪਣੇ ਧਨ ਤੇ ਅਕਲ ਦਾ ਮਾਣ ਕੀਤਾ।

ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥

ਅਹੰਕਾਰ ਕੇ ਕਾਰਨ) ਭੁਲੇਖੇ ਵਿਚ ਪੈ ਕੇ ਕੁਰਾਹੇ ਪੈ ਗਿਆ, ਫਿਰ ਸੁਖ ਕਿਥੋਂ ਮਿਲੇ ਸੁ?

ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ ॥੧੦॥

(ਗੁਰੂ ਨੇ ਸਮਝਾ ਕੇ ਕੋੜ੍ਹ ਦੀ ਭਾਰੀ ਬਿਪਤਾ ਤੋਂ ਬਚਾਣ ਦਾ ਉੱਦਮ ਕੀਤਾ, ਪਰ ਫਿਰ ਭੀ) ਥੋੜਾ ਜਿਤਨਾ ਖੁੰਝ ਗਿਆ, ਤੇ ਮੁੜ ਪਛੁਤਾਇਆ (ਅਹੰਕਾਰ ਬੜੇ ਬੜੇ ਸਿਆਣਿਆਂ ਦੀ ਅਕਲ ਨੂੰ ਚੱਕਰ ਵਿੱਚ ਪਾ ਦੇਂਦਾ ਹੈ) ॥੧੦॥

ਕੰਸੁ ਕੇਸੁ ਚਾਂਡੂਰੁ ਨ ਕੋਈ ॥

ਕੰਸ, ਕੇਸੀ, ਤੇ ਚਾਂਡੂਰ (ਬੜੇ ਬੜੇ ਸੂਰਮੇ ਸਨ, ਸੂਰਮਤਾ ਵਿਚ ਇਹਨਾਂ ਦੇ ਬਰਾਬਰ ਦਾ) ਕੋਈ ਨਹੀਂ ਸੀ।

ਰਾਮੁ ਨ ਚੀਨਿਆ ਅਪਨੀ ਪਤਿ ਖੋਈ ॥

(ਪਰ ਆਪਣੀ ਤਾਕਤ ਦੇ ਅਹੰਕਾਰ ਵਿਚ) ਇਹਨਾਂ ਪਰਮਾਤਮਾ ਦੀ ਲੀਲਾ ਨੂੰ ਨਾਹ ਸਮਝਿਆ ਤੇ ਆਪਣੀ ਇੱਜ਼ਤ ਗਵਾ ਲਈ।

ਬਿਨੁ ਜਗਦੀਸ ਨ ਰਾਖੈ ਕੋਈ ॥੧੧॥

(ਆਪਣੀ ਤਾਕਤ ਦਾ ਮਾਣ ਕੂੜਾ ਹੈ। ਇਹ ਤਾਕਤ ਕੋਈ ਮਦਦ ਨਹੀਂ ਕਰਦੀ) ਕਰਤਾਰ ਤੋਂ ਬਿਨਾ ਹੋਰ ਕੋਈ (ਕਿਸੇ ਦੀ) ਰੱਖਿਆ ਨਹੀਂ ਕਰ ਸਕਦਾ ॥੧੧॥

ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥

(ਅਹੰਕਾਰ ਬੜਾ ਬਲੀ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਅਹੰਕਾਰ ਨੂੰ (ਅੰਦਰੋਂ) ਮਿਟਾਇਆ ਨਹੀਂ ਜਾ ਸਕਦਾ।

ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥

ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਧਾਰਨ ਕਰਦਾ ਹੈ ਉਹ (ਅਹੰਕਾਰ ਮਿਟਾ ਕੇ) ਧੀਰਜ ਧਾਰਦਾ ਹੈ (ਧੀਰਜ ਬੜਾ ਉੱਚਾ) ਧਰਮ ਹੈ।

ਨਾਨਕ ਨਾਮੁ ਮਿਲੈ ਗੁਣ ਗਾਇ ॥੧੨॥੯॥

ਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਤੇ ਜੀਵ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ॥੧੨॥੯॥


ਗਉੜੀ ਮਹਲਾ ੧ ॥
ਚੋਆ ਚੰਦਨੁ ਅੰਕਿ ਚੜਾਵਉ ॥

ਜੇ ਮੈਂ ਅਤਰ ਅਤੇ ਚੰਦਨ ਆਪਣੇ ਸਰੀਰ ਉਤੇ ਲਾ ਲਵਾਂ,

ਪਾਟ ਪਟੰਬਰ ਪਹਿਰਿ ਹਢਾਵਉ ॥

ਜੇ ਮੈਂ ਰੇਸ਼ਮ ਰੇਸ਼ਮੀ ਕੱਪੜੇ ਪਹਿਨ ਕੇ ਹੰਢਾਵਾਂ,

ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥

(ਫਿਰ ਭੀ) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਸੁੰਞਾ ਹਾਂ, ਤਾਂ ਕਿਤੇ ਭੀ ਮੈਨੂੰ ਸੁਖ ਨਹੀਂ ਮਿਲ ਸਕਦਾ ॥੧॥

ਕਿਆ ਪਹਿਰਉ ਕਿਆ ਓਢਿ ਦਿਖਾਵਉ ॥

ਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀਹ ਲਾਭ ਹੈ?

ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥

ਪਰਮਾਤਮਾ (ਦੇ ਚਰਨਾਂ ਵਿਚ ਜੁੜਨ) ਤੋਂ ਬਿਨਾ ਸੁਖ ਹੋਰ ਕਿਤੇ ਭੀ ਨਹੀਂ ਮਿਲ ਸਕਦਾ ਹੈ ॥੧॥ ਰਹਾਉ ॥

ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥

ਜੇ ਮੈਂ ਆਪਣੇ ਕੰਨਾਂ ਵਿਚ ਕੁੰਡਲ ਪਾ ਲਵਾਂ, ਗਲ ਵਿਚ ਮੋਤੀਆਂ ਦੀ ਮਾਲਾ ਪਾ ਲਵਾਂ,

ਲਾਲ ਨਿਹਾਲੀ ਫੂਲ ਗੁਲਾਲਾ ॥

ਮੇਰੀ ਲਾਲ ਰੰਗ ਦੀ ਤੁਲਾਈ ਉਤੇ ਗੁਲਾਲ ਫੁੱਲ (ਖਿਲਰੇ ਹੋਏ) ਹੋਣ,

ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥

(ਫਿਰ ਭੀ) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਕਿਤੇ ਭੀ ਸੁਖ ਨਹੀਂ ਲੱਭ ਸਕਦਾ ॥੨॥

ਨੈਨ ਸਲੋਨੀ ਸੁੰਦਰ ਨਾਰੀ ॥

ਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤ੍ਰੀ ਹੋਵੇ,

ਖੋੜ ਸੀਗਾਰ ਕਰੈ ਅਤਿ ਪਿਆਰੀ ॥

ਉਹ ਸੋਲਾਂ ਕਿਸਮਾਂ ਦੇ ਹਾਰ-ਸ਼ਿੰਗਾਰ ਕਰਦੀ ਹੋਵੇ, ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ;

ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥

(ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਸਦਾ ਖ਼ੁਆਰੀ ਹੀ ਹੁੰਦੀ ਹੈ ॥੩॥

ਦਰ ਘਰ ਮਹਲਾ ਸੇਜ ਸੁਖਾਲੀ ॥

ਜੇ ਮੇਰੇ ਪਾਸ ਵੱਸਣ ਲਈ ਮਹਲ-ਮਾੜੀਆਂ ਹੋਣ, ਸੁਖ ਦੇਣ ਵਾਲਾ ਮੇਰਾ ਪਲੰਘ ਹੋਵੇ,

ਅਹਿਨਿਸਿ ਫੂਲ ਬਿਛਾਵੈ ਮਾਲੀ ॥

ਉਸ ਉਤੇ ਮਾਲੀ ਦਿਨ ਰਾਤ ਫੁੱਲ ਵਿਛਾਂਦਾ ਰਹੇ,

ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥

(ਫਿਰ ਭੀ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਰੀਰ ਦੁੱਖਾਂ ਦਾ ਘਰ ਹੀ ਬਣਿਆ ਰਹਿੰਦਾ ਹੈ ॥੪॥

ਹੈਵਰ ਗੈਵਰ ਨੇਜੇ ਵਾਜੇ ॥

ਜੇ ਮੇਰੇ ਪਾਸ ਵਧੀਆ ਘੋੜੇ ਵਧੀਆ ਹਾਥੀ ਹੋਣ, ਨੇਜ਼ਾ-ਬਰਦਾਰ ਫ਼ੌਜਾਂ ਹੋਣ, ਫ਼ੌਜੀ ਵਾਜੇ ਵੱਜਦੇ ਹੋਣ,

ਲਸਕਰ ਨੇਬ ਖਵਾਸੀ ਪਾਜੇ ॥

ਲਸ਼ਕਰ ਹੋਣ, ਨਾਇਬ ਹੋਣ, ਸ਼ਾਹੀ ਨੌਕਰ ਹੋਣ, ਇਹ ਸਾਰਾ ਵਿਖਾਵਾ ਹੋਵੇ,

ਬਿਨੁ ਜਗਦੀਸ ਝੂਠੇ ਦਿਵਾਜੇ ॥੫॥

(ਫਿਰ ਭੀ) ਜਗਤ ਦੇ ਮਾਲਕ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਇਹ (ਤਾਕਤ ਦੇ) ਵਿਖਾਵੇ ਨਾਸਵੰਤ ਹੀ ਹਨ ॥੫॥

ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥

ਜੇ ਮੈਂ (ਆਪਣੇ ਆਪ ਨੂੰ) ਕਰਾਮਾਤੀ ਸਾਧੂ ਅਖਵਾ ਲਵਾਂ (ਜਦੋਂ ਚਾਹਾਂ) ਕਰਾਮਾਤੀ ਤਾਕਤਾਂ ਨੂੰ (ਆਪਣੇ ਪਾਸ) ਸੱਦ ਸਕਾਂ,

ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥

ਮੇਰੇ ਸਿਰ ਉਤੇ ਤਾਜ ਦੀ ਟੋਪੀ ਹੋਵੇ, ਮੈਂ ਆਪਣੇ ਸਿਰ ਉਤੇ (ਸ਼ਾਹੀ) ਛਤਰ ਝੁਲਾ ਸਕਾਂ,

ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥

(ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦੇ ਸਿਮਰਨ ਤੋਂ ਬਿਨਾ ਸਦਾ ਟਿਕੀ ਰਹਿਣ ਵਾਲੀ (ਆਤਮਕ) ਤਾਕਤ ਕਿਤੋਂ ਨਹੀਂ ਹਾਸਲ ਕਰ ਸਕਦਾ ॥੬॥

ਖਾਨੁ ਮਲੂਕੁ ਕਹਾਵਉ ਰਾਜਾ ॥

ਜੇ ਮੈਂ ਆਪਣੇ ਆਪ ਨੂੰ ਖ਼ਾਨ ਅਖਵਾ ਲਵਾਂ, ਬਾਦਸ਼ਾਹ ਕਹਾ ਲਵਾਂ, ਰਾਜਾ ਸਦਵਾ ਲਵਾਂ,

ਅਬੇ ਤਬੇ ਕੂੜੇ ਹੈ ਪਾਜਾ ॥

ਨੌਕਰਾਂ ਚਾਕਰਾਂ ਨੂੰ ਝਿੜਕਾਂ ਭੀ ਦੇ ਸਕਾਂ, (ਤਾਕਤ ਦਾ ਇਹ ਸਾਰਾ) ਵਿਖਾਵਾ ਨਾਸ ਹੋ ਜਾਣ ਵਾਲਾ ਹੈ।

ਬਿਨੁ ਗੁਰਸਬਦ ਨ ਸਵਰਸਿ ਕਾਜਾ ॥੭॥

ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਮਨੁੱਖਾ ਜੀਵਨ ਦਾ ਮਨੋਰਥ ਸਿਰੇ ਨਹੀਂ ਚੜ੍ਹਦਾ ॥੭॥

ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥

ਮੈਂ ਵੱਡਾ ਬਣ ਜਾਵਾਂ ਤੇ ਮੇਰੀਆਂ ਬਹੁਤ ਮਲਕੀਅਤਾਂ ਹੋਣ-ਇਹ ਤਾਂਘ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਹੀ ਮਨ ਵਿਚੋਂ ਭੁੱਲਦੀ ਹੈ।

ਗੁਰਮਤਿ ਜਾਨਿਆ ਰਿਦੈ ਮੁਰਾਰੀ ॥

ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਹਿਰਦੇ ਵਿਚ ਟਿਕਿਆ ਪਛਾਣਿਆ ਜਾ ਸਕਦਾ ਹੈ।

ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥

(ਪਰ ਇਹ ਸਭ ਕੁਝ ਤਦੋਂ ਹੀ ਹੋ ਸਕਦਾ ਹੈ ਜੇ ਪਰਮਾਤਮਾ ਦੀ ਆਪਣੀ ਮਿਹਰ ਹੋਵੇ। ਇਸ ਵਾਸਤੇ) ਨਾਨਕ ਪ੍ਰਭੂ-ਦਰ ਤੇ ਬੇਨਤੀ ਕਰਦਾ ਹੈ-(ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ ॥੮॥੧੦॥


ਗਉੜੀ ਮਹਲਾ ੧ ॥
ਸੇਵਾ ਏਕ ਨ ਜਾਨਸਿ ਅਵਰੇ ॥

ਹੇ ਭਾਈ! ਪਰਮਾਤਮਾ ਦਾ ਭਗਤ ਇਕ ਪਰਮਾਤਮਾ ਦੀ ਸੇਵਾ (ਭਗਤੀ) ਕਰਦਾ ਹੈ, ਕਿਸੇ ਹੋਰ ਨੂੰ (ਪਰਮਾਤਮਾ ਦੇ ਬਰਾਬਰ ਦਾ) ਨਹੀਂ ਸਮਝਦਾ।

ਪਰਪੰਚ ਬਿਆਧਿ ਤਿਆਗੈ ਕਵਰੇ ॥

ਸੰਸਾਰ ਦੇ ਰੋਗ (ਪੈਦਾ ਕਰਨ ਵਾਲੇ ਭੋਗਾਂ) ਨੂੰ ਉਹ ਕੌੜੇ ਜਾਣ ਕੇ ਤਿਆਗ ਦੇਂਦਾ ਹੈ।

ਭਾਇ ਮਿਲੈ ਸਚੁ ਸਾਚੈ ਸਚੁ ਰੇ ॥੧॥

(ਪਰਮਾਤਮਾ ਦੇ) ਪ੍ਰੇਮ ਵਿਚ ਜੁੜ ਕੇ ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਮਿਲ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੧॥

ਐਸਾ ਰਾਮ ਭਗਤੁ ਜਨੁ ਹੋਈ ॥

ਪਰਮਾਤਮਾ ਦਾ ਭਗਤ ਪਰਮਾਤਮਾ ਦਾ ਸੇਵਕ ਇਸ ਤਰ੍ਹਾਂ ਦਾ ਹੁੰਦਾ ਹੈ,

ਹਰਿ ਗੁਣ ਗਾਇ ਮਿਲੈ ਮਲੁ ਧੋਈ ॥੧॥ ਰਹਾਉ ॥

ਉਹ ਪਰਮਾਤਮਾ ਦੇ ਗੁਣ ਗਾ ਕੇ (ਉਸ ਦੇ ਚਰਨਾਂ ਵਿਚ) ਮਿਲਦਾ ਹੈ ਤੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਧੋ ਲੈਂਦਾ ਹੈ ॥੧॥ ਰਹਾਉ ॥

ਊਂਧੋ ਕਵਲੁ ਸਗਲ ਸੰਸਾਰੈ ॥

ਸਾਰੇ ਜਗਤ (ਦੇ ਜੀਵਾਂ) ਦਾ ਹਿਰਦਾ-ਕਵਲ (ਪਰਮਾਤਮਾ ਦੇ ਸਿਮਰਨ ਵਲੋਂ) ਉਲਟਿਆ ਹੋਇਆ ਹੈ।

ਦੁਰਮਤਿ ਅਗਨਿ ਜਗਤ ਪਰਜਾਰੈ ॥

ਇਸ ਭੈੜੀ ਕੋਝੀ ਮਤਿ ਦੀ ਅੱਗ ਸੰਸਾਰ (ਦੇ ਜੀਵਾਂ ਦੇ ਆਤਮਕ ਜੀਵਨ) ਨੂੰ ਚੰਗੀ ਤਰ੍ਹਾਂ ਸਾੜ ਰਹੀ ਹੈ।

ਸੋ ਉਬਰੈ ਗੁਰਸਬਦੁ ਬੀਚਾਰੈ ॥੨॥

(ਇਸ ਅੱਗ ਵਿਚੋਂ) ਉਹੀ ਮਨੁੱਖ ਬਚਦਾ ਹੈ ਜੇਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ॥੨॥

ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥

ਭੌਰਾ, ਪਤੰਗ, ਹਾਥੀ ਅਤੇ ਮੱਛੀ;

ਮਿਰਗੁ ਮਰੈ ਸਹਿ ਅਪੁਨਾ ਕੀਨਾ ॥

ਹਰਨ-ਹਰੇਕ ਆਪੋ ਆਪਣਾ ਕੀਤਾ ਪਾ ਕੇ ਮਰ ਜਾਂਦਾ ਹੈ।

ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥੩॥

(ਇਸੇ ਤਰ੍ਹਾਂ ਦੁਰਮਤਿ ਦਾ ਮਾਰਿਆ ਮਨੁੱਖ) ਤ੍ਰਿਸ਼ਨਾ ਵਿਚ ਫਸ ਕੇ ਆਪਣੇ ਅਸਲੇ (ਪਰਮਾਤਮਾ) ਨੂੰ ਨਹੀਂ ਵੇਖਦਾ (ਤੇ ਆਤਮਕ ਮੌਤੇ ਮਰਦਾ ਹੈ) ॥੩॥

ਕਾਮੁ ਚਿਤੈ ਕਾਮਣਿ ਹਿਤਕਾਰੀ ॥

(ਦੁਰਮਤਿ ਦੇ ਅਧੀਨ ਹੋ ਕੇ) ਇਸਤ੍ਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ-ਵਾਸਨਾ ਹੀ ਚਿਤਵਦਾ ਹੈ।

ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥

(ਫਿਰ) ਕ੍ਰੋਧ ਸਾਰੇ ਵਿਕਾਰੀਆਂ (ਦੇ ਆਤਮਕ ਜੀਵਨ) ਨੂੰ ਤਬਾਹ ਕਰਦਾ ਹੈ।

ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥੪॥

ਅਜੇਹੇ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਤੇ ਅਕਲ ਗਵਾ ਲੈਂਦੇ ਹਨ ॥੪॥

ਪਰ ਘਰਿ ਚੀਤੁ ਮਨਮੁਖਿ ਡੋਲਾਇ ॥

ਆਪਣੇ ਮਨ ਦਾ ਮੁਰੀਦ ਮਨੁੱਖ ਪਰਾਏ ਘਰ ਵਿਚ ਆਪਣੇ ਚਿਤ ਨੂੰ ਡੁਲਾਂਦਾ ਹੈ।

ਗਲਿ ਜੇਵਰੀ ਧੰਧੈ ਲਪਟਾਇ ॥

(ਨਤੀਜਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ) ਜੰਜਾਲ ਵਿਚ ਉਹ ਫਸਦਾ ਹੈ ਤੇ ਉਸ ਦੇ ਗਲ ਵਿਚ ਵਿਕਾਰਾਂ ਦੀ ਫਾਹੀ (ਪੱਕੀ ਹੁੰਦੀ ਜਾਂਦੀ ਹੈ)।

ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥੫॥

ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਇਸ ਜੰਜਾਲ ਵਿਚੋਂ ਬਚ ਨਿਕਲਦਾ ਹੈ ॥੫॥

ਜਿਉ ਤਨੁ ਬਿਧਵਾ ਪਰ ਕਉ ਦੇਈ ॥

ਜਿਵੇਂ ਵਿਧਵਾ ਆਪਣਾ ਸਰੀਰ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ।

ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥

ਕਾਮ-ਵਾਸਨਾ ਵਿਚ (ਫਸ ਕੇ) ਪੈਸੇ (ਦੇ ਲਾਲਚ) ਵਿਚ (ਫਸ ਕੇ) ਉਹ ਆਪਣਾ ਮਨ (ਭੀ) ਪਰਾਏ ਮਨੁੱਖ ਦੇ ਵੱਸ ਵਿਚ ਕਰਦੀ ਹੈ।

ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥੬॥

ਪਰ ਪਤੀ ਤੋਂ ਬਿਨਾ ਉਸ ਨੂੰ ਕਦੀ ਭੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ (ਤਿਵੇਂ ਖਸਮ-ਪ੍ਰਭੂ ਨੂੰ ਭੁਲਾਣ ਵਾਲੀ ਜੀਵ-ਇਸਤ੍ਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ-ਪ੍ਰਭੂ ਤੋਂ ਬਿਨਾ ਆਤਮਕ ਸੁਖ ਕਦੇ ਨਹੀਂ ਮਿਲ ਸਕਦਾ) ॥੬॥

ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥

(ਵਿਦਵਾਨ ਪੰਡਿਤ) ਧਰਮ ਪੁਸਤਕਾਂ ਦੇ ਪਾਠ;

ਬੇਦ ਪੁਰਾਣ ਪੜੈ ਸੁਣਿ ਥਾਟਾ ॥

ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਮੁੜ ਮੁੜ ਪੜ੍ਹਦਾ ਹੈ, ਉਹਨਾਂ ਦੀ (ਕਾਵਿ-) ਰਚਨਾ ਮੁੜ ਮੁੜ ਸੁਣਦਾ ਹੈ,

ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥

ਪਰ ਜਿਤਨਾ ਚਿਰ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਦਾ ਰਸੀਆ ਨਹੀਂ ਬਣਦਾ, ਉਤਨਾ ਚਿਰ (ਮਾਇਆ ਦੇ ਹੱਥਾਂ ਤੇ ਹੀ) ਨਾਚ ਕਰਦਾ ਹੈ ॥੭॥

ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ॥

ਜਿਵੇਂ ਪਪੀਹੇ ਦਾ (ਵਰਖਾ-) ਜਲ ਨਾਲ ਪ੍ਰੇਮ ਹੈ, (ਵਰਖਾ-) ਜਲ ਦੀ ਉਸ ਨੂੰ ਪਿਆਸ ਹੈ,

ਜਿਉ ਮੀਨਾ ਜਲ ਮਾਹਿ ਉਲਾਸਾ ॥

ਜਿਵੇਂ ਮੱਛੀ ਪਾਣੀ ਵਿਚ ਬੜੀ ਪ੍ਰਸੰਨ ਰਹਿੰਦੀ ਹੈ,

ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥

ਤਿਵੇਂ, ਹੇ ਨਾਨਕ! ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ-ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ ॥੮॥੧੧॥


ਗਉੜੀ ਮਹਲਾ ੧ ॥
ਹਠੁ ਕਰਿ ਮਰੈ ਨ ਲੇਖੈ ਪਾਵੈ ॥

(ਜੇ ਕੋਈ ਮਨੁੱਖ ਮਨ ਦਾ ਹਠ ਕਰ ਕੇ ਧੂਣੀਆਂ ਆਦਿਕ ਤਪਾ ਕੇ) ਸਰੀਰਕ ਔਖ ਸਹਾਰਦਾ ਹੈ, ਤਾਂ ਉਸ ਦਾ ਇਹ ਕਸ਼ਟ ਸਹਾਰਨਾ ਕਿਸੇ ਗਿਣਤੀ ਵਿਚ ਨਹੀਂ ਗਿਣਿਆ ਜਾਂਦਾ।

ਵੇਸ ਕਰੈ ਬਹੁ ਭਸਮ ਲਗਾਵੈ ॥

ਜੇ ਕੋਈ ਮਨੁੱਖ (ਪਿੰਡੇ ਉਤੇ) ਸੁਆਹ ਮਲਦਾ ਹੈ ਤੇ (ਜੋਗ ਆਦਿਕ ਦੇ) ਕਈ ਭੇਖ ਕਰਦਾ ਹੈ (ਇਹ ਭੀ ਵਿਅਰਥ ਜਾਂਦੇ ਸਨ)।

ਨਾਮੁ ਬਿਸਾਰਿ ਬਹੁਰਿ ਪਛੁਤਾਵੈ ॥੧॥

ਪਰਮਾਤਮਾ ਦਾ ਨਾਮ ਭੁਲਾ ਕੇ ਉਹ ਅੰਤ ਨੂੰ ਪਛੁਤਾਂਦਾ ਹੈ (ਕਿ ਇਹਨਾਂ ਉੱਦਮਾਂ ਵਿਚ ਵਿਅਰਥ ਜੀਵਨ ਗਵਾਇਆ) ॥੧॥

ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ ॥

(ਹੇ ਭਾਈ!) ਤੂੰ (ਆਪਣੇ) ਮਨ ਵਿਚ ਪ੍ਰਭੂ ਜੀ ਨੂੰ (ਵਸਾ ਲੈ, ਤੇ ਇਸ ਤਰ੍ਹਾਂ) ਤੂੰ (ਆਪਣੇ) ਮਨ ਵਿਚ (ਆਤਮਕ) ਆਨੰਦ (ਮਾਣ)।

ਨਾਮੁ ਬਿਸਾਰਿ ਸਹਹਿ ਜਮ ਦੂਖ ॥੧॥ ਰਹਾਉ ॥

(ਚੇਤੇ ਰੱਖ) ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਤੂੰ ਜਮਾਂ ਦੇ ਦੁੱਖ ਸਹਾਰੇਂਗਾ ॥੧॥ ਰਹਾਉ ॥

ਚੋਆ ਚੰਦਨ ਅਗਰ ਕਪੂਰਿ ॥

(ਦੂਜੇ ਪਾਸੇ ਜੇ ਕੋਈ ਮਨੁੱਖ) ਅਤਰ ਚੰਦਨ ਅਗਰ ਕਪੂਰ (ਆਦਿਕ ਸੁਗੰਧੀਆਂ ਦੇ ਵਰਤਣ) ਵਿਚ ਮਸਤ ਹੈ,

ਮਾਇਆ ਮਗਨੁ ਪਰਮ ਪਦੁ ਦੂਰਿ ॥

ਮਾਇਆ ਦੇ ਮੋਹ ਵਿਚ ਮਸਤ ਹੈ, ਤਾਂ ਉੱਚੀ ਆਤਮਕ ਅਵਸਥਾ (ਉਸ ਤੋਂ ਭੀ) ਦੂਰ ਹੈ।

ਨਾਮਿ ਬਿਸਾਰਿਐ ਸਭੁ ਕੂੜੋ ਕੂਰਿ ॥੨॥

ਜੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਜਾਏ, ਤਾਂ ਇਹ ਸਾਰਾ (ਦੁਨੀਆ ਵਾਲਾ ਐਸ਼ ਭੀ) ਵਿਅਰਥ ਹੈ (ਸੁਖ ਨਹੀਂ ਮਿਲਦਾ, ਮਨੁੱਖ ਸੁਖ ਦੇ) ਵਿਅਰਥ ਜਤਨਾਂ ਵਿਚ ਹੀ ਰਹਿੰਦਾ ਹੈ ॥੨॥

ਨੇਜੇ ਵਾਜੇ ਤਖਤਿ ਸਲਾਮੁ ॥

(ਜੇ ਕੋਈ ਮਨੁੱਖ ਰਾਜਾ ਭੀ ਬਣ ਜਾਏ) ਤਖ਼ਤ ਉਤੇ (ਬੈਠੇ ਹੋਏ ਨੂੰ) ਨੇਜ਼ਾ-ਬਰਦਾਰ ਤੇ ਫ਼ੌਜੀ ਵਾਜੇ ਵਾਲੇ ਸਲਾਮ ਕਰਨ,

ਅਧਕੀ ਤ੍ਰਿਸਨਾ ਵਿਆਪੈ ਕਾਮੁ ॥

ਤਾਂ ਭੀ ਮਾਇਆ ਦੀ ਤ੍ਰਿਸਨਾ ਹੀ ਵਧਦੀ ਹੈ, ਕਾਮ-ਵਾਸਨਾ ਜ਼ੋਰ ਪਾਂਦੀ ਹੈ (ਇਹਨਾਂ ਵਿਚ ਆਤਮਕ ਸੁਖ ਨਹੀਂ ਹੈ! ਸੁਖ ਹੈ ਕੇਵਲ ਪ੍ਰਭੂ ਦੇ ਨਾਮ ਵਿਚ ਭਗਤੀ ਵਿਚ)।

ਬਿਨੁ ਹਰਿ ਜਾਚੇ ਭਗਤਿ ਨ ਨਾਮੁ ॥੩॥

ਪਰ ਪ੍ਰਭੂ ਦੇ ਦਰ ਤੋਂ ਮੰਗਣ ਤੋਂ ਬਿਨਾ ਨਾਹ ਭਗਤੀ ਮਿਲਦੀ ਹੈ ਨਾਹ ਨਾਮ ਮਿਲਦਾ ਹੈ ॥੩॥

ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥

(ਵਿੱਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ) ਝਗੜੇ ਵਿਚ (ਪਿਆਂ) (ਤੇ ਵਿੱਦਿਆ ਦੇ) ਅਹੰਕਾਰ ਵਿਚ (ਭੀ) ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ।

ਮਨੁ ਦੇ ਪਾਵਹਿ ਨਾਮੁ ਸੁਹੇਲਾ ॥

(ਹੇ ਭਾਈ!) ਆਪਣਾ ਮਨ ਦੇ ਕੇ (ਹੀ, ਅਹੰਕਾਰ ਗਵਾ ਕੇ ਹੀ) ਸੁਖਾਂ ਦਾ ਸੋਮਾ ਪ੍ਰਭੂ-ਨਾਮ ਪ੍ਰਾਪਤ ਕਰੇਂਗਾ।

ਦੂਜੈ ਭਾਇ ਅਗਿਆਨੁ ਦੁਹੇਲਾ ॥੪॥

(ਪ੍ਰਭੂ ਨੂੰ ਵਿਸਾਰ ਕੇ) ਹੋਰ ਹੋਰ ਪਿਆਰ ਵਿਚ ਰਿਹਾਂ ਤਾਂ ਦੁਖਦਾਈ ਅਗਿਆਨ ਹੀ (ਵਧੇਗਾ) ॥੪॥

ਬਿਨੁ ਦਮ ਕੇ ਸਉਦਾ ਨਹੀ ਹਾਟ ॥

ਜਿਵੇਂ ਰਾਸ-ਪੂੰਜੀ ਤੋਂ ਬਿਨਾ ਹੱਟੀ ਦਾ ਸੌਦਾ-ਸੂਤ ਨਹੀਂ ਆ ਸਕਦਾ,

ਬਿਨੁ ਬੋਹਿਥ ਸਾਗਰ ਨਹੀ ਵਾਟ ॥

ਜਿਵੇਂ ਜਹਾਜ਼ ਤੋਂ ਬਿਨਾ ਸਮੁੰਦਰ ਦਾ ਸਫ਼ਰ ਨਹੀਂ ਹੋ ਸਕਦਾ,

ਬਿਨੁ ਗੁਰ ਸੇਵੇ ਘਾਟੇ ਘਾਟਿ ॥੫॥

ਤਿਵੇਂ ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ-ਸਫ਼ਰ ਵਿਚ ਆਤਮਕ ਰਾਸ-ਪੂੰਜੀ ਵਲੋਂ) ਘਾਟੇ ਹੀ ਘਾਟੇ ਵਿਚ ਰਹੀਦਾ ਹੈ ॥੫॥

ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥

(ਹੇ ਭਾਈ!) ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜਿਹੜਾ ਸਹੀ ਜੀਵਨ-ਰਸਤਾ ਵਿਖਾਂਦਾ ਹੈ,

ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ ॥

ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜੇਹੜਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਸੁਣਾਂਦਾ ਹੈ,

ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥੬॥

ਤੇ (ਇਸੇ ਤਰ੍ਹਾਂ) ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜੇਹੜਾ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥੬॥

ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ ॥

ਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਜਿਸ ਦੀ (ਦਿੱਤੀ ਹੋਈ) ਇਹ ਜਿੰਦ ਹੈ।

ਗੁਰਸਬਦੀ ਮਥਿ ਅੰਮ੍ਰਿਤੁ ਪੀਉ ॥

ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ।

ਨਾਮ ਵਡਾਈ ਤੁਧੁ ਭਾਣੈ ਦੀਉ ॥੭॥

ਉਹ ਪ੍ਰਭੂ ਤੈਨੂੰ ਆਪਣੀ ਰਜ਼ਾ ਵਿਚ ਨਾਮ ਜਪਣ ਦੀ ਵਡਿਆਈ ਦੇਵੇਗਾ ॥੭॥

ਨਾਮ ਬਿਨਾ ਕਿਉ ਜੀਵਾ ਮਾਇ ॥

ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ (ਆਤਮਕ ਜੀਵਨ) ਜਿਊ ਨਹੀਂ ਸਕਦਾ।

ਅਨਦਿਨੁ ਜਪਤੁ ਰਹਉ ਤੇਰੀ ਸਰਣਾਇ ॥

ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ) ਮੈਂ ਦਿਨ ਰਾਤ ਤੇਰਾ ਹੀ ਨਾਮ ਜਪਦਾ ਰਹਾਂ।

ਨਾਨਕ ਨਾਮਿ ਰਤੇ ਪਤਿ ਪਾਇ ॥੮॥੧੨॥

ਹੇ ਨਾਨਕ! ਜੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹੀਏ, ਤਾਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੧੨॥


ਗਉੜੀ ਮਹਲਾ ੧ ॥
ਹਉਮੈ ਕਰਤ ਭੇਖੀ ਨਹੀ ਜਾਨਿਆ ॥

(“ਮੈਂ ਧਰਮੀ ਹਾਂ ਮੈਂ ਧਰਮੀ ਹਾਂ” ਇਹ) “ਮੈਂ ਮੈਂ” ਕਰਦਿਆਂ (ਨਿਰੇ) ਧਾਰਮਿਕ ਭੇਖਾਂ ਦੀ ਰਾਹੀਂ ਕਦੇ ਕਿਸੇ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਈ।

ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥੧॥

ਗੁਰੂ ਦੀ ਸਰਨ ਪੈ ਕੇ ਹੀ (ਭਾਵ, ਗੁਰੂ ਅੱਗੇ ਆਪਾ-ਭਾਵ ਤਿਆਗਿਆਂ ਹੀ) ਪਰਮਾਤਮਾ ਦੀ ਭਗਤੀ ਵਿਚ ਮਨ ਗਿੱਝਦਾ ਹੈ, ਪਰ ਅਜੇਹਾ ਆਪਾ-ਭਾਵ ਤਿਆਗਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ॥੧॥

ਹਉ ਹਉ ਕਰਤ ਨਹੀ ਸਚੁ ਪਾਈਐ ॥

(ਮੈਂ ਵੱਡਾ ਧਰਮੀ ਹਾਂ, ਮੈਂ ਵੱਡਾ ਰਾਜਾ ਹਾਂ, ਇਹੋ ਜਿਹੀ) ਮੈਂ, ਮੈਂ ਕਰਦਿਆਂ (ਕਦੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਨਹੀਂ ਸਕਦਾ।

ਹਉਮੈ ਜਾਇ ਪਰਮ ਪਦੁ ਪਾਈਐ ॥੧॥ ਰਹਾਉ ॥

ਜਦੋਂ ਇਹ ਹਉਮੇ ਦੂਰ ਹੋਵੇ, ਤਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕੀਦਾ ਹੈ ॥੧॥ ਰਹਾਉ ॥

ਹਉਮੈ ਕਰਿ ਰਾਜੇ ਬਹੁ ਧਾਵਹਿ ॥

(“ਅਸੀਂ ਵੱਡੇ ਰਾਜੇ ਹਾਂ,” ਇਸੇ) ਹਉਮੈ ਦੇ ਕਾਰਨ ਹੀ ਰਾਜੇ ਇਕ ਦੂਜੇ ਦੇ ਦੇਸਾਂ ਉਤੇ, ਕਈ ਵਾਰੀ ਹੱਲੇ ਕਰਦੇ ਰਹਿੰਦੇ ਹਨ,

ਹਉਮੈ ਖਪਹਿ ਜਨਮਿ ਮਰਿ ਆਵਹਿ ॥੨॥

ਆਪਣੇ ਵਡੱਪਣ ਦੇ ਮਾਣ ਵਿਚ ਦੁਖੀ ਹੁੰਦੇ ਹਨ (ਸਿੱਟਾ ਇਹ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭੁਲਾ ਕੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੨॥

ਹਉਮੈ ਨਿਵਰੈ ਗੁਰਸਬਦੁ ਵੀਚਾਰੈ ॥

ਜੇਹੜਾ (ਵਡ-ਭਾਗੀ) ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ (ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ,

ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥

ਉਹ (ਭਟਕਣਾ ਵਿਚ ਪਾਣ ਵਾਲੀ ਆਪਣੀ) ਹੋਛੀ ਮਤਿ ਤਿਆਗਦਾ ਹੈ, ਤੇ ਕਾਮਾਦਿਕ ਪੰਜਾਂ ਵੈਰੀਆਂ ਦਾ ਨਾਸ ਕਰਦਾ ਹੈ ॥੩॥

ਅੰਤਰਿ ਸਾਚੁ ਸਹਜ ਘਰਿ ਆਵਹਿ ॥

ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਵੱਸਦਾ) ਹੈ, ਉਹ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।

ਰਾਜਨੁ ਜਾਣਿ ਪਰਮ ਗਤਿ ਪਾਵਹਿ ॥੪॥

ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੪॥

ਸਚੁ ਕਰਣੀ ਗੁਰੁ ਭਰਮੁ ਚੁਕਾਵੈ ॥

ਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਉਸ ਦਾ ਨਿੱਤ-ਕਰਮ ਬਣ ਜਾਂਦਾ ਹੈ,

ਨਿਰਭਉ ਕੈ ਘਰਿ ਤਾੜੀ ਲਾਵੈ ॥੫॥

ਉਹ ਨਿਰਭਉ ਪ੍ਰਭੂ ਦੇ ਚਰਨਾਂ ਵਿਚ ਸਦਾ ਆਪਣੀ ਸੁਰਤ ਜੋੜੀ ਰੱਖਦਾ ਹੈ ॥੫॥

ਹਉ ਹਉ ਕਰਿ ਮਰਣਾ ਕਿਆ ਪਾਵੈ ॥

ਹਉਂ, ਹਉਂ; ਮੈਂ, ਮੈਂ ਦੇ ਕਾਰਨ ਆਤਮਕ ਮੌਤ ਹੀ ਸਹੇੜੀਦੀ ਹੈ, ਇਸ ਤੋਂ ਛੁਟ ਹੋਰ ਕੋਈ ਆਤਮਕ ਗੁਣ ਨਹੀਂ ਲੱਭਦਾ।

ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥੬॥

ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਉਮੈ ਦੇ ਇਸ ਟੰਟੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ ॥੬॥

ਜੇਤੀ ਹੈ ਤੇਤੀ ਕਿਹੁ ਨਾਹੀ ॥

ਹਉਮੈ ਦੇ ਆਸਰੇ ਜਿਤਨੀ ਭੀ ਦੌੜ-ਭੱਜ ਹੈ ਇਹ ਸਾਰੀ ਦੌੜ-ਭੱਜ ਕੋਈ ਆਤਮਿਕ ਲਾਭ ਨਹੀਂ ਪੁਚਾਂਦੀ।

ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥੭॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਤੋਂ) ਗਿਆਨ ਪ੍ਰਾਪਤ ਕਰ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ ॥੭॥

ਹਉਮੈ ਬੰਧਨ ਬੰਧਿ ਭਵਾਵੈ ॥

ਹਉਮੈ (ਜੀਵਾਂ ਨੂੰ ਮੋਹ ਦੇ) ਬੰਧਨਾਂ ਵਿਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ।

ਨਾਨਕ ਰਾਮ ਭਗਤਿ ਸੁਖੁ ਪਾਵੈ ॥੮॥੧੩॥

ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ (ਉਹ ਹਉਮੈ ਤੋਂ ਬਚਿਆ ਰਹਿੰਦਾ ਹੈ, ਤੇ) ਸੁਖ ਪਾਂਦਾ ਹੈ ॥੮॥੧੩॥


ਗਉੜੀ ਮਹਲਾ ੧ ॥
ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥

(ਹੋਰ ਜੀਵਾਂ ਦੀ ਤਾਂ ਗੱਲ ਹੀ ਕੀਹ ਕਰਨੀ ਹੈ) ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਵਿਚ ਫਸ ਗਿਆ।

ਬ੍ਰਹਮ ਕਮਲੁ ਪਇਆਲਿ ਨ ਪਾਇਆ ॥

(ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿਚੋਂ ਬ੍ਰਹਮਾ ਜੰਮਿਆ ਸੀ, ਉਸ ਦਾ ਅੰਤ ਲੈਣ ਲਈ) ਪਾਤਾਲ ਵਿਚ (ਜਾ ਪਹੁੰਚਿਆ) ਪਰ ਬ੍ਰਹਮ ਕਮਲ (ਦਾ ਅੰਤ) ਨਾਹ ਲੱਭ ਸਕਿਆ (ਤੇ ਸ਼ਰਮਿੰਦਾ ਹੋਣਾ ਪਿਆ। ਇਹ ਹਉਮੈ ਹੀ ਮੌਤ ਹੈ)

ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥੧॥

ਉਸ ਨੇ ਆਪਣੇ ਗੁਰੂ ਦੀ ਆਗਿਆ ਵਲ ਗਹੁ ਨਾਹ ਕੀਤਾ, (ਇਸ ਹਉਮੈ ਵਿਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿਚੋਂ ਪੈਦਾ ਹੋ ਸਕਦਾ ਹਾਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ ॥੧॥

ਜੋ ਉਪਜੈ ਸੋ ਕਾਲਿ ਸੰਘਾਰਿਆ ॥

(ਜਗਤ ਵਿਚ) ਜੇਹੜਾ ਜੇਹੜਾ ਜੀਵ ਜਨਮ ਲੈਂਦਾ ਹੈ (ਤੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਮੌਤ (ਦੇ ਸਹਮ) ਨੇ ਉਸ ਉਸ ਦਾ ਆਤਮਕ ਜੀਵਨ ਪਲਰਨ ਨਹੀਂ ਦਿੱਤਾ।

ਹਮ ਹਰਿ ਰਾਖੇ ਗੁਰਸਬਦੁ ਬੀਚਾਰਿਆ ॥੧॥ ਰਹਾਉ ॥

ਮੇਰੇ ਆਤਮਕ ਜੀਵਨ ਨੂੰ ਪਰਮਾਤਮਾ ਨੇ ਆਪ ਬਚਾ ਲਿਆ, (ਕਿਉਂਕਿ ਉਸ ਦੀ ਮਿਹਰ ਨਾਲ) ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ॥੧॥ ਰਹਾਉ ॥

ਮਾਇਆ ਮੋਹੇ ਦੇਵੀ ਸਭਿ ਦੇਵਾ ॥

ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ (ਇਹੀ ਹੈ ਆਤਮਕ ਮੌਤ)

ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥

(ਇਹ ਆਤਮਕ) ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖ਼ਲਾਸੀ ਨਹੀਂ ਕਰਦੀ।

ਓਹੁ ਅਬਿਨਾਸੀ ਅਲਖ ਅਭੇਵਾ ॥੨॥

(ਇਸ ਆਤਮਕ) ਮੌਤ ਤੋਂ ਬਚਿਆ ਹੋਇਆ ਸਿਰਫ਼ ਇਕ ਪਰਮਾਤਮਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ ॥੨॥

ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ॥

(ਉਂਞ ਤਾਂ) ਸੁਲਤਾਨ ਹੋਣ, ਖ਼ਾਨ ਹੋਣ, ਬਾਦਿਸ਼ਾਹ ਹੋਣ, ਕਿਸੇ ਨੇ ਭੀ ਇਥੇ ਸਦਾ ਟਿਕੇ ਨਹੀਂ ਰਹਿਣਾ,

ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ॥

ਪਰ ਪਰਮਾਤਮਾ ਦੇ ਨਾਮ ਤੋਂ ਜੋ ਜੋ ਖੁੰਝਦਾ ਹੈ ਉਹ ਜਮ ਦਾ ਦੁੱਖ ਸਹਾਰਦਾ ਹੈ (ਉਹ ਆਪਣੀ ਆਤਮਕ ਮੌਤ ਭੀ ਸਹੇੜ ਲੈਂਦਾ ਹੈ, ਇਸੇ ਕਰਕੇ, ਹੇ ਪ੍ਰਭੂ!)

ਮੈ ਧਰ ਨਾਮੁ ਜਿਉ ਰਾਖਹੁ ਰਹਨਾ ॥੩॥

ਮੈਨੂੰ ਤੇਰਾ ਨਾਮ ਹੀ ਸਹਾਰਾ ਹੈ (ਮੈਂ ਇਹੀ ਅਰਦਾਸ ਕਰਦਾ ਹਾਂ) ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਵਿਚ ਜੋੜੀ ਰੱਖ, ਮੈਂ ਤੇਰੇ ਨਾਮ ਵਿਚ ਹੀ ਟਿਕਿਆ ਰਹਾਂ ॥੩॥

ਚਉਧਰੀ ਰਾਜੇ ਨਹੀ ਕਿਸੈ ਮੁਕਾਮੁ ॥

ਚਉਧਰੀ ਹੋਣ, ਰਾਜੇ ਹੋਣ, ਕਿਸੇ ਦਾ ਭੀ ਇਥੇ ਪੱਕਾ ਡੇਰਾ ਨਹੀਂ ਹੈ।

ਸਾਹ ਮਰਹਿ ਸੰਚਹਿ ਮਾਇਆ ਦਾਮ ॥

ਪਰ (ਜੇਹੜੇ) ਸ਼ਾਹ ਨਿਰੀ ਮਾਇਆ ਹੀ ਜੋੜਦੇ ਹਨ ਨਿਰੇ ਪੈਸੇ ਹੀ ਇਕੱਠੇ ਕਰਦੇ ਹਨ, ਉਹ ਆਤਮਕ ਮੌਤੇ ਮਰ ਜਾਂਦੇ ਹਨ।

ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ ॥੪॥

ਹੇ ਹਰੀ! ਮੈਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਧਨ ਬਖ਼ਸ਼ ॥੪॥

ਰਯਤਿ ਮਹਰ ਮੁਕਦਮ ਸਿਕਦਾਰੈ ॥

ਪਰਜਾ, ਪਰਜਾ ਦੇ ਮੁਖੀਏ, ਚੌਧਰੀ, ਸਰਦਾਰ-

ਨਿਹਚਲੁ ਕੋਇ ਨ ਦਿਸੈ ਸੰਸਾਰੈ ॥

ਕੋਈ ਭੀ ਐਸਾ ਨਹੀਂ ਦਿੱਸਦਾ ਜੋ ਸੰਸਾਰ ਵਿਚ ਸਦਾ ਟਿਕਿਆ ਰਹਿ ਸਕੇ।

ਅਫਰਿਉ ਕਾਲੁ ਕੂੜੁ ਸਿਰਿ ਮਾਰੈ ॥੫॥

ਪਰ ਬਲੀ ਕਾਲ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ (ਉਸ ਨੂੰ ਆਤਮਕ ਮੌਤੇ ਮਾਰਦਾ ਹੈ) ਜਿਸ ਦੇ ਹਿਰਦੇ ਵਿਚ ਮਾਇਆ ਦਾ ਮੋਹ ਹੈ ॥੫॥

ਨਿਹਚਲੁ ਏਕੁ ਸਚਾ ਸਚੁ ਸੋਈ ॥

ਸਦਾ ਅਟੱਲ ਰਹਿਣ ਵਾਲਾ ਕੇਵਲ ਇਕੋ ਇਕ ਪਰਮਾਤਮਾ ਹੀ ਹੈ,

ਜਿਨਿ ਕਰਿ ਸਾਜੀ ਤਿਨਹਿ ਸਭ ਗੋਈ ॥

ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਬਣਾਈ ਹੈ, ਉਹ ਆਪ ਹੀ ਇਸ ਨੂੰ (ਆਪਣੇ ਅੰਦਰ) ਲੈ ਕਰ ਲੈਂਦਾ ਹੈ।

ਓਹੁ ਗੁਰਮੁਖਿ ਜਾਪੈ ਤਾਂ ਪਤਿ ਹੋਈ ॥੬॥

ਜਦੋਂ ਗੁਰੂ ਦੀ ਸਰਨ ਪਿਆਂ ਉਹ ਪਰਮਾਤਮਾ ਹਰ ਥਾਂ ਦਿੱਸ ਪਏ (ਤਾਂ ਜੀਵ ਦਾ ਆਤਮਕ ਜੀਵਨ ਪਲਰਦਾ ਹੈ) ਤਦੋਂ (ਇਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ ॥੬॥

ਕਾਜੀ ਸੇਖ ਭੇਖ ਫਕੀਰਾ ॥

ਕਾਜ਼ੀ ਅਖਵਾਣ, ਸ਼ੇਖ ਅਖਵਾਣ, ਵੱਡੇ ਵੱਡੇ ਭੇਖਾਂ ਵਾਲੇ ਫ਼ਕੀਰ ਅਖਵਾਣ,

ਵਡੇ ਕਹਾਵਹਿ ਹਉਮੈ ਤਨਿ ਪੀਰਾ ॥

(ਦੁਨੀਆ ਵਿਚ ਆਪਣੇ ਆਪ ਨੂੰ) ਵੱਡੇ ਵੱਡੇ ਅਖਵਾਣ; ਪਰ ਜੇ ਸਰੀਰ ਵਿਚ ਹਉਮੈ ਦੀ ਪੀੜ ਹੈ,

ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥੭॥

ਤਾਂ ਮੌਤ ਖ਼ਲਾਸੀ ਨਹੀਂ ਕਰਦੀ (ਆਤਮਕ ਮੌਤ ਖ਼ਲਾਸੀ ਨਹੀਂ ਕਰਦੀ, ਆਤਮਕ ਜੀਵਨ ਪਲਰਦਾ ਨਹੀਂ)। ਸਤਿਗੁਰੂ ਤੋਂ ਮਿਲੇ (ਨਾਮ-) ਆਧਾਰ ਤੋਂ ਬਿਨਾ (ਇਹ ਆਤਮਕ ਮੌਤ ਟਿਕੀ ਹੀ ਰਹਿੰਦੀ ਹੈ) ॥੭॥

ਕਾਲੁ ਜਾਲੁ ਜਿਹਵਾ ਅਰੁ ਨੈਣੀ ॥

(ਨਿੰਦਿਆ ਆਦਿਕ ਦੇ ਕਾਰਨ) ਜੀਭ ਦੀ ਰਾਹੀਂ, (ਪਰਾਇਆ ਰੂਪ ਤੱਕਣ ਦੇ ਕਾਰਨ) ਅੱਖਾਂ ਦੀ ਰਾਹੀਂ,

ਕਾਨੀ ਕਾਲੁ ਸੁਣੈ ਬਿਖੁ ਬੈਣੀ ॥

ਅਤੇ ਕੰਨਾਂ ਦੀ ਰਾਹੀਂ (ਕਿਉਂਕਿ ਜੀਵ) ਆਤਮਕ ਮੌਤ ਲਿਆਉਣ ਵਾਲੇ (ਨਿੰਦਿਆ ਆਦਿਕ ਦੇ) ਬਚਨ ਸੁਣਦਾ ਹੈ ਆਤਮਕ ਮੌਤ (ਦਾ) ਜਾਲ (ਜੀਵਾਂ ਦੇ ਸਿਰ ਉਤੇ ਸਦਾ ਤਣਿਆ ਰਹਿੰਦਾ ਹੈ)।

ਬਿਨੁ ਸਬਦੈ ਮੂਠੇ ਦਿਨੁ ਰੈਣੀ ॥੮॥

ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਜੀਵ ਦਿਨ ਰਾਤ (ਆਤਮਕ ਜੀਵਨ ਦੇ ਗੁਣਾਂ ਤੋਂ) ਲੁੱਟੇ ਜਾ ਰਹੇ ਹਨ ॥੮॥

ਹਿਰਦੈ ਸਾਚੁ ਵਸੈ ਹਰਿ ਨਾਇ ॥

ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ (ਸਦਾ) ਵੱਸਿਆ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ) ਟਿਕਿਆ ਰਹਿੰਦਾ ਹੈ,

ਕਾਲੁ ਨ ਜੋਹਿ ਸਕੈ ਗੁਣ ਗਾਇ ॥

ਆਤਮਕ ਮੌਤ (ਮੌਤ ਦਾ ਸਹਮ) ਉਸ ਵਲ ਕਦੇ ਤੱਕ ਭੀ ਨਹੀਂ ਸਕਦੀ (ਕਿਉਂਕਿ ਉਹ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ।

ਨਾਨਕ ਗੁਰਮੁਖਿ ਸਬਦਿ ਸਮਾਇ ॥੯॥੧੪॥

ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ ਸਦਾ) ਲੀਨ ਰਹਿੰਦਾ ਹੈ ॥੯॥੧੪॥


ਗਉੜੀ ਮਹਲਾ ੧ ॥
ਬੋਲਹਿ ਸਾਚੁ ਮਿਥਿਆ ਨਹੀ ਰਾਈ ॥

ਜੇਹੜੇ ਮਨੁੱਖ ਸਦਾ ਅਟੱਲ ਰਹਿਣ ਵਾਲਾ ਬੋਲ ਹੀ ਬੋਲਦੇ ਹਨ, ਰਤਾ ਭੀ ਝੂਠ ਨਹੀਂ ਬੋਲਦੇ,

ਚਾਲਹਿ ਗੁਰਮੁਖਿ ਹੁਕਮਿ ਰਜਾਈ ॥

ਗੁਰੂ ਦੇ ਸਨਮੁਖ ਰਹਿ ਕੇ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦੇ ਹਨ,

ਰਹਹਿ ਅਤੀਤ ਸਚੇ ਸਰਣਾਈ ॥੧॥

ਉਹ ਸਦਾ-ਥਿਰ ਪ੍ਰਭੂ ਦੀ ਸਰਨ ਵਿਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦੇ ਹਨ ॥੧॥

ਸਚ ਘਰਿ ਬੈਸੈ ਕਾਲੁ ਨ ਜੋਹੈ ॥

ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ (ਉਸ ਦੇ ਆਤਮਕ ਜੀਵਨ ਨੂੰ ਕੋਈ ਖ਼ਤਰਾ ਨਹੀਂ ਹੁੰਦਾ)।

ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ ॥੧॥ ਰਹਾਉ ॥

ਪਰ ਆਪਣੇ ਮਨ ਦੇ ਮੁਰੀਦ ਮਨੁੱਖ ਨੂੰ ਮੋਹ (ਵਿਚ ਫਸੇ ਹੋਣ) ਦੇ ਕਾਰਨ ਜਨਮ ਮਰਨ ਦਾ ਦੁੱਖ (ਦਬਾਈ ਰੱਖਦਾ) ਹੈ ॥੧॥ ਰਹਾਉ ॥

ਅਪਿਉ ਪੀਅਉ ਅਕਥੁ ਕਥਿ ਰਹੀਐ ॥

ਕੋਈ ਭੀ ਜੀਵ ਨਾਮ-ਰਸ ਪੀਏ (ਤੇ ਪੀ ਕੇ ਵੇਖ ਲਏ), ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ,

ਨਿਜ ਘਰਿ ਬੈਸਿ ਸਹਜ ਘਰੁ ਲਹੀਐ ॥

ਨਿਜ ਘਰ ਵਿਚ ਟਿਕੇ ਰਹਿ ਸਕੀਦਾ ਹੈ, ਤੇ ਉਸ ਸ੍ਵੈ-ਸਰੂਪ ਵਿਚ ਬੈਠ ਕੇ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕੀਦਾ ਹੈ।

ਹਰਿ ਰਸਿ ਮਾਤੇ ਇਹੁ ਸੁਖੁ ਕਹੀਐ ॥੨॥

ਹਰਿ-ਨਾਮ-ਰਸ ਵਿਚ ਮਸਤ ਹੋਇਆਂ ਇਹ ਕਹਿ ਸਕੀਦਾ ਹੈ ਕਿ ਇਹੀ ਹੈ ਅਸਲ ਆਤਮਕ ਸੁਖ ॥੨॥

ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥

ਗੁਰੂ ਦੀ ਮਤਿ ਤੇ ਤੁਰਨ ਵਾਲੀ ਜੀਵਨ-ਜੁਗਤਿ (ਐਸੀ ਹੈ ਕਿ ਇਸ) ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ, ਮਾਇਆ ਦੇ ਮੋਹ ਵਿਚ ਇਹ ਡੋਲ ਨਹੀਂ ਸਕਦੀ।

ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥

ਜੇਹੜਾ ਮਨੁੱਖ ਗੁਰੂ ਦੀ ਮਤਿ ਧਾਰਨ ਕਰ ਕੇ ਸਦਾ-ਥਿਰ ਪ੍ਰਭੂ ਵਿਚ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,

ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥੩॥

ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਉਹ ਅਸਲੀਅਤ ਨੂੰ ਵਿਰੋਲ ਕੇ ਲੱਭ ਲੈਂਦਾ ਹੈ ॥੩॥

ਸਤਿਗੁਰੁ ਦੇਖਿਆ ਦੀਖਿਆ ਲੀਨੀ ॥

ਜਿਸ ਮਨੁੱਖ ਨੇ (ਪੂਰੇ) ਗੁਰੂ ਦਾ ਦਰਸਨ ਕਰ ਲਿਆ ਤੇ ਗੁਰੂ ਦੀ ਸਿੱਖਿਆ ਗ੍ਰਹਣ ਕਰ ਲਈ,

ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ ॥

ਆਪਣੇ ਅੰਤਰ ਆਤਮੇ ਵਸਾ ਲਈ ਤੇ (ਉਸ ਸਿੱਖਿਆ ਦੀ ਖ਼ਾਤਰ) ਆਪਣਾ ਮਨ ਤੇ ਆਪਣਾ ਤਨ ਭੇਟ ਕਰ ਦਿੱਤਾ,

ਗਤਿ ਮਿਤਿ ਪਾਈ ਆਤਮੁ ਚੀਨੀ ॥੪॥

(ਤੇ ਜਿਸ ਮਨੁੱਖ ਨੇ ਇਸ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜਨਾ ਸ਼ੁਰੂ ਕਰ ਦਿੱਤਾ) ਉਸ ਨੇ ਆਪਣੇ ਅਸਲੇ ਨੂੰ ਪਛਾਣ ਲਿਆ, ਉਸ ਨੂੰ ਸਮਝ ਆ ਗਈ ਕਿ ਪਰਮਾਤਮਾ ਸਭ ਤੋਂ ਉੱਚੀ ਆਤਮਕ ਅਵਸਥਾ ਵਾਲਾ ਹੈ ਤੇ ਬੇਅੰਤ ਵਡਾਈ ਵਾਲਾ ਹੈ ॥੪॥

ਭੋਜਨੁ ਨਾਮੁ ਨਿਰੰਜਨ ਸਾਰੁ ॥

ਜੇਹੜਾ ਮਨੁੱਖ (ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ) ਨਿਰੰਜਨ ਦੇ ਸ੍ਰੇਸ਼ਟ ਨਾਮ ਨੂੰ ਆਪਣੀ ਆਤਮਕ ਖ਼ੁਰਾਕ ਬਣਾਂਦਾ ਹੈ,

ਪਰਮ ਹੰਸੁ ਸਚੁ ਜੋਤਿ ਅਪਾਰ ॥

ਉਹ ਸਦਾ-ਥਿਰ ਰਹਿਣ ਵਾਲਾ ਪਰਮ ਹੰਸ ਬਣ ਜਾਂਦਾ ਹੈ, ਬੇਅੰਤ (ਪ੍ਰਭੂ) ਦੀ ਜੋਤਿ (ਉਸ ਦੇ ਅੰਦਰ ਚਮਕ ਪੈਂਦੀ ਹੈ)।

ਜਹ ਦੇਖਉ ਤਹ ਏਕੰਕਾਰੁ ॥੫॥

ਬੇਸ਼ਕ ਕਿਸੇ ਭੀ ਪਾਸੇ ਉਹ ਤੱਕ ਕੇ ਵੇਖ ਲਏ, ਉਸ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਦਿੱਸਦਾ ਹੈ ॥੫॥

ਰਹੈ ਨਿਰਾਲਮੁ ਏਕਾ ਸਚੁ ਕਰਣੀ ॥

(“ਸਚ ਘਰ” ਵਿਚ ਬੈਠਣ ਵਾਲਾ) ਉਹ ਮਨੁੱਖ ਮਾਇਆ (ਦੇ ਪ੍ਰਭਾਵ) ਤੋਂ ਨਿਰਲੇਪ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਹੀ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ।

ਪਰਮ ਪਦੁ ਪਾਇਆ ਸੇਵਾ ਗੁਰ ਚਰਣੀ ॥

ਗੁਰੂ ਦੀ ਦੱਸੀ ਸੇਵਾ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।

ਮਨ ਤੇ ਮਨੁ ਮਾਨਿਆ ਚੂਕੀ ਅਹੰ ਭ੍ਰਮਣੀ ॥੬॥

ਅੰਦਰੇ ਅੰਦਰ ਉਸ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਹਉਮੈ ਵਾਲੀ ਉਸ ਦੀ ਭਟਕਣਾ ਮੁੱਕ ਜਾਂਦੀ ਹੈ ॥੬॥

ਇਨ ਬਿਧਿ ਕਉਣੁ ਕਉਣੁ ਨਹੀ ਤਾਰਿਆ ॥

(“ਸਚ ਘਰ” ਵਿਚ ਬੈਠੇ ਰਹਿਣ ਦੀ) ਇਸ ਵਿਧੀ ਨੇ ਕਿਸ ਕਿਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾਇਆ?

ਹਰਿ ਜਸਿ ਸੰਤ ਭਗਤ ਨਿਸਤਾਰਿਆ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਨੇ ਸਾਰੇ ਸੰਤਾਂ ਨੂੰ ਭਗਤਾਂ ਨੂੰ ਪਾਰ ਲੰਘਾ ਦਿੱਤਾ ਹੈ।

ਪ੍ਰਭ ਪਾਏ ਹਮ ਅਵਰੁ ਨ ਭਾਰਿਆ ॥੭॥

ਜਿਸ ਜਿਸ ਨੇ ਜਸ ਕੀਤਾ, ਉਸ ਨੂੰ ਪ੍ਰਭੂ ਜੀ ਮਿਲ ਪਏ। (ਮੈਂ ਭੀ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ ਤੇ) ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਭਾਲਦਾ ॥੭॥

ਸਾਚ ਮਹਲਿ ਗੁਰਿ ਅਲਖੁ ਲਖਾਇਆ ॥

ਸਦਾ-ਥਿਰ ਪ੍ਰਭੂ ਦੇ ਮਹਲ ਵਿਚ (ਅਪੜਾ ਕੇ) ਗੁਰੂ ਨੇ ਜਿਸ ਮਨੁੱਖ ਨੂੰ ਅਲੱਖ ਪ੍ਰਭੂ ਦਾ ਸਰੂਪ (ਹਿਰਦੇ ਵਿਚ) ਪ੍ਰਤੱਖ ਕਰ ਦਿੱਤਾ ਹੈ,

ਨਿਹਚਲ ਮਹਲੁ ਨਹੀ ਛਾਇਆ ਮਾਇਆ ॥

ਉਸ ਨੂੰ ਉਹ ਅਚੱਲ ਟਿਕਾਣਾ (ਸਦਾ ਲਈ ਪ੍ਰਾਪਤ ਹੋ ਜਾਂਦਾ ਹੈ) ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ।

ਸਾਚਿ ਸੰਤੋਖੇ ਭਰਮੁ ਚੁਕਾਇਆ ॥੮॥

ਜੇਹੜੇ ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਮਾਇਆ ਵਲੋਂ ਰੱਜ ਜਾਂਦੇ ਹਨ, ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ ॥੮॥

ਜਿਨ ਕੈ ਮਨਿ ਵਸਿਆ ਸਚੁ ਸੋਈ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ,

ਤਿਨ ਕੀ ਸੰਗਤਿ ਗੁਰਮੁਖਿ ਹੋਈ ॥

ਉਹਨਾਂ ਦੀ ਸੰਗਤਿ ਜਿਸ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਪ੍ਰਾਪਤ ਹੁੰਦੀ ਹੈ।

ਨਾਨਕ ਸਾਚਿ ਨਾਮਿ ਮਲੁ ਖੋਈ ॥੯॥੧੫॥

ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਸਾਫ਼ ਕਰ ਲੈਂਦਾ ਹੈ ॥੯॥੧੫॥


ਗਉੜੀ ਮਹਲਾ ੧ ॥
ਰਾਮਿ ਨਾਮਿ ਚਿਤੁ ਰਾਪੈ ਜਾ ਕਾ ॥

ਜਿਸ ਮਨੁੱਖ ਦਾ ਮਨ ਪਰਮਾਤਮਾ ਵਿਚ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ,

ਉਪਜੰਪਿ ਦਰਸਨੁ ਕੀਜੈ ਤਾ ਕਾ ॥੧॥

ਉਸ ਦਾ ਦਰਸਨ ਨਿੱਤ ਸਵੇਰੇ ਉਠਦਿਆਂ ਹੀ ਕਰਨਾ ਚਾਹੀਦਾ ਹੈ (ਅਜੇਹੇ ਸੁਭਾਗੇ ਮਨੁੱਖ ਦੀ ਸੰਗਤਿ ਨਾਲ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ) ॥੧॥

ਰਾਮ ਨ ਜਪਹੁ ਅਭਾਗੁ ਤੁਮਾਰਾ ॥

ਹੇ ਭਾਈ! (ਜੇ) ਤੁਸੀ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਤਾਂ ਇਹ ਤੁਹਾਡੀ ਬਦ-ਕਿਸਮਤੀ ਹੈ।

ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥

ਪਰਮਾਤਮਾ ਪ੍ਰਭੂ ਸਦਾ ਤੋਂ ਹੀ ਸਾਨੂੰ (ਸਭ ਜੀਵਾਂ ਨੂੰ) ਦਾਤਾਂ ਦੇਂਦਾ ਚਲਾ ਆ ਰਿਹਾ ਹੈ (ਅਜੇਹੇ ਦਾਤੇ ਨੂੰ ਭੁਲਾਣਾ ਮੰਗ-ਭਾਗਤਾ ਹੈ) ॥੧॥ ਰਹਾਉ ॥

ਗੁਰਮਤਿ ਰਾਮੁ ਜਪੈ ਜਨੁ ਪੂਰਾ ॥

ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਪੂਰਨ ਹੋ ਜਾਂਦਾ ਹੈ (ਉਸ ਦਾ ਮਨ ਮਾਇਆ ਦੇ ਮੋਹ ਵਿਚ ਡੋਲਦਾ ਨਹੀਂ)।

ਤਿਤੁ ਘਟ ਅਨਹਤ ਬਾਜੇ ਤੂਰਾ ॥੨॥

ਉਸ (ਦੇ) ਹਿਰਦੇ ਵਿਚ (ਖਿੜਾਉ ਹੀ ਖਿੜਾਉ ਬਣਿਆ ਰਹਿੰਦਾ ਹੈ, ਮਾਨੋ) ਇਕ-ਰਸ ਤੁਰਮਾਂ ਆਦਿਕ ਵਾਜੇ ਵੱਜਦੇ ਰਹਿੰਦੇ ਹਨ ॥੨॥

ਜੋ ਜਨ ਰਾਮ ਭਗਤਿ ਹਰਿ ਪਿਆਰਿ ॥

ਜੇਹੜੇ ਬੰਦੇ ਹਰਿ ਪਰਮਾਤਮਾ ਦੀ ਭਗਤੀ ਦੇ ਪਿਆਰ ਵਿਚ (ਜੁੜਦੇ) ਹਨ,

ਸੇ ਪ੍ਰਭਿ ਰਾਖੇ ਕਿਰਪਾ ਧਾਰਿ ॥੩॥

ਉਹਨਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ (ਹਉਮੈ ਆਦਿਕ ਤੋਂ) ਬਚਾ ਲਿਆ ਹੈ ॥੩॥

ਜਿਨ ਕੈ ਹਿਰਦੈ ਹਰਿ ਹਰਿ ਸੋਈ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਉਹ (ਦਇਆ-ਨਿਧਿ) ਪਰਮਾਤਮਾ ਵੱਸਦਾ ਹੈ,

ਤਿਨ ਕਾ ਦਰਸੁ ਪਰਸਿ ਸੁਖੁ ਹੋਈ ॥੪॥

ਉਹਨਾਂ ਦਾ ਦਰਸਨ ਕੀਤਿਆਂ (ਆਤਮਕ) ਆਨੰਦ ਮਿਲਦਾ ਹੈ ॥੪॥

ਸਰਬ ਜੀਆ ਮਹਿ ਏਕੋ ਰਵੈ ॥

ਸਭ ਜੀਵਾਂ ਦੇ ਅੰਦਰ ਇਕ ਪਰਮਾਤਮਾ ਹੀ ਵਿਆਪਕ ਹੈ।

ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ ॥੫॥

(ਪਰ) ਮਨ ਦਾ ਮੁਰੀਦ ਮਨੁੱਖ (ਇਸ ਗੱਲ ਨੂੰ ਨਹੀਂ ਸਮਝਦਾ, ਉਹ ਇਹਨਾਂ ਵਿਚ ਰੱਬ ਵੱਸਦਾ ਨਹੀਂ ਵੇਖਦਾ, ਉਹ) ਜੀਵਾਂ ਨਾਲ ਅਹੰਕਾਰ-ਭਰਿਆ ਵਰਤਾਉ ਕਰਦਾ ਹੈ, ਤੇ ਮੁੜ ਮੁੜ ਜੂਨਾਂ ਵਿੱਚ ਭਟਕਦਾ ਹੈ ॥੫॥

ਸੋ ਬੂਝੈ ਜੋ ਸਤਿਗੁਰੁ ਪਾਏ ॥

ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਹ ਸਮਝ ਲੈਂਦਾ ਹੈ (ਕਿ ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਇਸ ਵਾਸਤੇ)

ਹਉਮੈ ਮਾਰੇ ਗੁਰਸਬਦੇ ਪਾਏ ॥੬॥

ਉਹ (ਆਪਣੇ ਅੰਦਰੋਂ) ਹਉਮੈ ਮਾਰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਪਰਮਾਤਮਾ ਦਾ ਮੇਲ) ਪ੍ਰਾਪਤ ਕਰ ਲੈਂਦਾ ਹੈ ॥੬॥

ਅਰਧ ਉਰਧ ਕੀ ਸੰਧਿ ਕਿਉ ਜਾਨੈ ॥

(ਸਿਮਰਨ ਤੋਂ ਵਾਂਜੇ ਰਿਹਾਂ, ਮਨੁੱਖ ਨੂੰ) ਜੀਵਾਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਪਛਾਣ ਨਹੀਂ ਆ ਸਕਦੀ,

ਗੁਰਮੁਖਿ ਸੰਧਿ ਮਿਲੈ ਮਨੁ ਮਾਨੈ ॥੭॥

(ਉਹੀ ਪਛਾਣਦਾ ਹੈ) ਜੋ ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ, ਤੇ ਉਸ ਦਾ ਮਨ (ਸਿਮਰਨ ਵਿਚ) ਗਿੱਝ ਜਾਂਦਾ ਹੈ ॥੭॥

ਹਮ ਪਾਪੀ ਨਿਰਗੁਣ ਕਉ ਗੁਣੁ ਕਰੀਐ ॥

ਹੇ ਪ੍ਰਭੂ! ਅਸੀਂ ਜੀਵ ਵਿਕਾਰੀ ਹਾਂ, ਗੁਣ-ਹੀਣ ਹਾਂ (ਆਪਣਾ ਨਾਮ ਸਿਮਰਨ ਦਾ) ਗੁਣ ਤੂੰ ਆਪ ਸਾਨੂੰ ਬਖ਼ਸ਼।

ਪ੍ਰਭ ਹੋਇ ਦਇਆਲੁ ਨਾਨਕ ਜਨ ਤਰੀਐ ॥੮॥੧੬॥

ਹੇ ਨਾਨਕ! (ਆਖ-) ਹੇ ਪ੍ਰਭੂ! ਤੂੰ ਦਇਆਲ ਹੋ ਕੇ (ਜਦੋਂ ਨਾਮ ਦੀ ਦਾਤ ਬਖ਼ਸ਼ਦਾ ਹੈਂ, ਤਦੋਂ) ਤੇਰੇ ਦਾਸ (ਸੰਸਾਰ- ਸਮੁੰਦਰ ਤੋਂ) ਪਾਰ ਲੰਘ ਸਕਦੇ ਹਨ ॥੮॥੧੬॥

ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥

ਗਉੜੀ ਬੈਰਾਗਣਿ ਮਹਲਾ ੧ ॥

ਰਾਗ ਗਉੜੀ-ਬੇਰਾਗਣਿ ਵਿੱਚ ਗੁਰੂ ਨਾਨਕ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥

ਜਿਵੇਂ ਗੁਆਲਾ ਗਾਈਆਂ ਦੀ ਰਾਖੀ ਕਰਦਾ ਹੈ, ਤਿਵੇਂ ਤੂੰ ਸੰਭਾਲ ਕਰ ਕੇ (ਜੀਵਾਂ ਦੀ) ਰਾਖੀ ਕਰਦਾ ਹੈਂ।

ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਧਾਰਾ ॥੧॥

ਤੂੰ ਦਿਨ ਰਾਤ ਜੀਵਾਂ ਨੂੰ ਪਾਲਦਾ ਹੈਂ, ਰਾਖੀ ਕਰਦਾ ਹੈਂ ਤੇ, ਆਤਮਕ ਸੁਖ ਬਖ਼ਸ਼ਦਾ ਹੈਂ ॥੧॥

ਇਤ ਉਤ ਰਾਖਹੁ ਦੀਨ ਦਇਆਲਾ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਲੋਕ ਪਰਲੋਕ ਵਿਚ (ਮੇਰੀ) ਰੱਖਿਆ ਕਰ।

ਤਉ ਸਰਣਾਗਤਿ ਨਦਰਿ ਨਿਹਾਲਾ ॥੧॥ ਰਹਾਉ ॥

(ਮੈਂ) ਤੇਰੀ ਸਰਨ ਆਇਆ ਹਾਂ, ਮਿਹਰ ਦੀ ਨਿਗਾਹ ਨਾਲ (ਮੇਰੇ ਵਲ) ਵੇਖ! ॥੧॥ ਰਹਾਉ ॥

ਜਹ ਦੇਖਉ ਤਹ ਰਵਿ ਰਹੇ ਰਖੁ ਰਾਖਨਹਾਰਾ ॥

ਹੇ ਰੱਖਣਹਾਰ ਪ੍ਰਭੂ! ਮੈਂ ਜਿਧਰ ਤੱਕਦਾ ਹਾਂ ਉਧਰ ਹੀ (ਹਰ ਥਾਂ) ਤੂੰ ਮੌਜੂਦ ਹੈਂ, ਤੇ ਸਭ ਦਾ ਰਾਖਾ ਹੈਂ।

ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥੨॥

ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ ਤੇ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਭੋਗਣ ਵਾਲਾ ਹੈਂ, ਤੂੰ ਹੀ ਸਭ ਦੀ ਜ਼ਿੰਦਗੀ ਦਾ ਆਸਰਾ ਹੈਂ ॥੨॥

ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ ॥

(ਇਸ) ਗਿਆਨ ਤੋਂ ਬਿਨਾ, ਵਿਚਾਰ ਤੋਂ ਬਿਨਾ, ਜੀਵ ਆਪਣੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਦੇ ਅਧੀਨ ਕਦੇ ਪਾਤਾਲ ਵਿਚ ਡਿੱਗਦਾ ਹੈ ਕਦੇ ਆਕਾਸ਼ ਵਲ ਚੜ੍ਹਦਾ ਹੈ (ਕਦੇ ਦੁਖੀ ਕਦੇ ਸੁਖੀ)।

ਬਿਨੁ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ ॥੩॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਤੋਂ ਬਿਨਾ ਜੀਵ ਦੀ ਅਗਿਆਨਤਾ ਮਿਟਦੀ ਨਹੀਂ ॥੩॥

ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ॥

ਨਿੱਤ ਦੇਖੀਦਾ ਹੈ ਕਿ ਜਗਤ ਲੋਭ ਤੇ ਅਹੰਕਾਰ ਦੇ ਵੱਸ ਹੋ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ।

ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ ॥੪॥

ਗੁਰੂ ਦੀ ਦੱਸੀ ਸੇਵਾ ਕੀਤਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਤੇ (ਲੋਭ ਅਹੰਕਾਰ ਤੋਂ) ਖ਼ਲਾਸੀ ਦਾ ਰਸਤਾ ਲੱਭ ਪੈਂਦਾ ਹੈ ॥੪॥

ਨਿਜ ਘਰਿ ਮਹਲੁ ਅਪਾਰ ਕੋ ਅਪਰੰਪਰੁ ਸੋਈ ॥

ਬੇਅੰਤ ਪਰਮਾਤਮਾ ਦਾ ਟਿਕਾਣਾ ਆਪਣੇ ਆਪੇ ਵਿਚ ਹੈ, ਉਹ ਪ੍ਰਭੂ (ਲੋਭ ਅਹੰਕਾਰ ਆਦਿਕ ਦੇ ਪ੍ਰਭਾਵ ਤੋਂ) ਪਰੇ ਤੋਂ ਪਰੇ ਹੈ।

ਬਿਨੁ ਸਬਦੈ ਥਿਰੁ ਕੋ ਨਹੀ ਬੂਝੈ ਸੁਖੁ ਹੋਈ ॥੫॥

ਕੋਈ ਭੀ ਜੀਵ ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ (ਉਸ ਸਰੂਪ ਵਿਚ) ਸਦਾ-ਟਿਕਵਾਂ ਨਹੀਂ ਹੋ ਸਕਦਾ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਉਸ ਨੂੰ ਆਤਮਕ ਆਨੰਦ ਮਿਲਦਾ ਹੈ ॥੫॥

ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ ॥

ਹੇ ਜੀਵ! ਨਾਹ ਤੂੰ ਕੋਈ ਧਨ-ਪਦਾਰਥ ਆਪਣੇ ਨਾਲ ਲੈ ਕੇ (ਜਗਤ ਵਿਚ) ਆਇਆ ਸੀ, ਤੇ ਨਾਹ ਹੀ (ਇਥੋਂ ਕੋਈ ਮਾਲ-ਧਨ) ਲੈ ਕੇ ਜਾਵੇਂਗਾ। (ਵਿਅਰਥ ਹੀ ਮਾਇਆ-ਮੋਹ ਦੇ ਕਾਰਨ) ਜਮ ਦੇ ਜਾਲ ਵਿਚ ਫਸ ਰਿਹਾ ਹੈਂ।

ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ ॥੬॥

ਜਿਵੇਂ ਰੱਸੀ ਨਾਲ ਬੱਧਾ ਹੋਇਆ ਡੋਲ (ਕਦੇ ਖੂਹ ਦੇ ਵਿਚ ਜਾਂਦਾ ਹੈ ਕਦੇ ਬਾਹਰ ਆ ਜਾਂਦਾ ਹੈ, ਤਿਵੇਂ ਤੂੰ ਕਦੇ) ਆਕਾਸ਼ ਵਿਚ ਚੜ੍ਹਦਾ ਹੈਂ ਕਦੇ ਪਾਤਾਲ ਵਿਚ ਡਿੱਗਦਾ ਹੈਂ ॥੬॥

ਗੁਰਮਤਿ ਨਾਮੁ ਨ ਵੀਸਰੈ ਸਹਜੇ ਪਤਿ ਪਾਈਐ ॥

(ਹੇ ਜੀਵ!) ਜੇ ਗੁਰੂ ਦੀ ਮਤਿ ਲੈ ਕੇ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ, ਤਾਂ (ਨਾਮ ਦੀ ਬਰਕਤਿ ਨਾਲ) ਅਡੋਲ ਅਵਸਥਾ ਵਿਚ ਟਿਕ ਕੇ (ਪ੍ਰਭੂ ਦੇ ਦਰ ਤੇ) ਇੱਜ਼ਤ ਪ੍ਰਾਪਤ ਕਰ ਲਈਦੀ ਹੈ।

ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ ॥੭॥

ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ-ਰੂਪ ਖ਼ਜ਼ਾਨਾ ਹੈ (ਉਹ ਪ੍ਰਭੂ ਨੂੰ ਮਿਲ ਪੈਂਦਾ ਹੈ)। (ਪ੍ਰਭੂ ਨੂੰ) ਮਿਲ ਕੇ ਆਪਾ-ਭਾਵ ਗਵਾ ਸਕੀਦਾ ਹੈ ॥੭॥

ਨਦਰਿ ਕਰੇ ਪ੍ਰਭੁ ਆਪਣੀ ਗੁਣ ਅੰਕਿ ਸਮਾਵੈ ॥

ਜਿਸ ਜੀਵ ਉਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ (ਉਸ ਨੂੰ ਆਪਣੇ) ਗੁਣ (ਬਖ਼ਸ਼ਦਾ ਹੈ, ਤੇ ਗੁਣਾਂ ਦੀ ਬਰਕਤਿ ਨਾਲ ਉਹ ਪ੍ਰਭੂ ਦੇ) ਅੰਕ ਵਿਚ ਲੀਨ ਹੋ ਜਾਂਦਾ ਹੈ।

ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ ॥੮॥੧॥੧੭॥

ਹੇ ਨਾਨਕ! ਉਸ ਜੀਵ ਦਾ ਪਰਮਾਤਮਾ ਨਾਲ ਬਣਿਆ ਮਿਲਾਪ ਕਦੇ ਟੁੱਟਦਾ ਨਹੀਂ, ਉਹ ਜੀਵ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਲਾਭ ਖੱਟ ਲੈਂਦਾ ਹੈ ॥੮॥੧॥੧੭॥


ਗਉੜੀ ਮਹਲਾ ੧ ॥
ਗੁਰਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥

(ਹੇ ਭਾਈ!) ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਤਾਂ ਹੋਇਗੀ,

ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥

ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏਂ ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣ-ਹਾਰ ਮਾਲਕ ਹੈ ॥੧॥

ਬਿਨੁ ਗੁਰਸਬਦ ਨ ਛੂਟੀਐ ਦੇਖਹੁ ਵੀਚਾਰਾ ॥

(ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ, ਹੇ ਭਾਈ!) ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾ (ਇਸ ਆਤਮਕ ਹਨੇਰੇ ਤੋਂ) ਖ਼ਲਾਸੀ ਨਹੀਂ ਹੋ ਸਕਦੀ।

ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ ॥

(ਹੇ ਭਾਈ!) ਜੇ ਤੂੰ ਲੱਖਾਂ ਹੀ ਧਰਮ-ਕਰਮ ਕਰਦਾ ਰਹੇਂ, ਤਾਂ ਭੀ ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ (ਟਿਕਿਆ ਹੀ ਰਹੇਗਾ) ॥੧॥ ਰਹਾਉ ॥

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥

ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ।

ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥

ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ ॥੨॥

ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥

ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ (ਜੇਹੜਾ ਨਾਮ-ਧਨ) ਅਸਲ ਧਨ (ਹੈ ਉਸ) ਦੀ ਕਦਰ ਹੀ ਨਹੀਂ ਸਮਝਦਾ।

ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥

ਮਾਇਆ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ-ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ ॥੩॥

ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥

ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸੁਚੇਤ ਹੈ, ਪਰ ਜੇਹੜਾ ਮਨੁੱਖ (ਪਰਮਾਤਮਾ ਦੀ ਯਾਦ ਵਿਚ) ਜਾਗਦਾ ਹੈ ਸੁਚੇਤ ਹੈ, ਉਸ ਨੂੰ ਆਖਦਾ ਹੈ ਕਿ ਸੁੱਤਾ ਪਿਆ ਹੈ।

ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥

ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਜੀਊਂਦੇ ਆਤਮਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾ ਦਾ ਮੋਇਆ ਹੋਇਆ ਹੈ। ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫ਼ਸੋਸ ਨਹੀਂ ਕਰਦਾ ॥੪॥

ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥

ਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ-ਗੁਜ਼ਰਿਆ ਹੈ, ਪਰ ਪ੍ਰਭੂ ਵਲੋਂ ਗਏ-ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿਚ ਆਉਣਾ ਸਫਲ ਹੋਇਆ ਹੈ।

ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥

ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਵਿਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ ॥੫॥

ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥

ਨਾਮ-ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ। ਵਿਸ਼ਿਆਂ ਦਾ ਰਸ (ਅੰਤ ਨੂੰ) ਕੌੜਾ (ਦੁਖਦਾਈ ਸਾਬਤ ਹੁੰਦਾ) ਹੈ, ਇਸ ਨੂੰ ਜਗਤ ਸੁਆਦਲਾ ਕਹਿ ਰਿਹਾ ਹੈ।

ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥

ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਦੀ ਲੋਕ-ਨਿੰਦਾ ਕਰਦੇ ਹਨ। ਜਗਤ ਵਿਚ ਇਹ ਅਚਰਜ ਤਮਾਸ਼ਾ ਵੇਖਣ ਵਿਚ ਆ ਰਿਹਾ ਹੈ ॥੬॥

ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥

ਲੋਕ ਪਰਮਾਤਮਾ ਦੀ ਦਾਸੀ (ਮਾਇਆ) ਦੀ ਤਾਂ ਸੇਵਾ-ਖ਼ੁਸ਼ਾਮਦ ਕਰ ਰਹੇ ਹਨ, ਪਰ (ਮਾਇਆ ਦਾ) ਮਾਲਕ ਕਿਸੇ ਨੂੰ ਦਿੱਸਦਾ ਹੀ ਨਹੀ।

ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥

(ਮਾਇਆ ਵਿਚੋਂ ਸੁਖ ਲੱਭਣਾ ਇਉਂ ਹੈ ਜਿਵੇਂ ਪਾਣੀ ਰਿੜਕ ਕੇ ਉਸ ਵਿਚੋਂ ਮੱਖਣ ਲੱਭਣਾ)। ਜੇ ਛੱਪੜ ਨੂੰ ਰਿੜਕੀਏ, ਜੇ ਪਾਣੀ ਰਿੜਕੀਏ, ਉਸ ਵਿਚੋਂ ਮੱਖਣ ਨਹੀਂ ਨਿਕਲ ਸਕਦਾ ॥੭॥

ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥

ਆਪਾ ਪਛਾਣਨ ਦੇ ਆਤਮਕ ਦਰਜੇ ਨੂੰ ਜੇਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਆਪਣਾ ਸਿਰ ਨਿਵਾਂਦਾ ਹਾਂ।

ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥

ਹੇ ਨਾਨਕ! ਜੇਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ, ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੮॥

ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥

(ਪਰ ਮਾਇਆ ਵਿਚ ਤੇ ਜੀਵਾਂ ਵਿਚ) ਸਭ ਥਾਂ ਪਰਮਾਤਮਾ ਆਪ ਹੀ ਆਪ ਵਿਆਪਕ ਹੈ, ਆਪ ਹੀ ਜੀਵਾਂ ਨੂੰ ਕੁਰਾਹੇ ਪਾਂਦਾ ਹੈ।

ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥

ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ ॥੯॥੨॥੧੮॥


ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥

ਰਾਗ ਗਉੜੀ-ਪੂਰਬੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਛੰਤ’।

ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥

ਪਤੀ ਦੇ ਵਿਛੋੜੇ ਦੇ ਹਹੁਕੇ ਵਿਚ ਜਵਾਨ ਸੁੰਦਰ ਇਸਤ੍ਰੀ ਦੀ ਰਾਤ ਦੁੱਖ ਵਿਚ (ਲੰਘਦੀ ਹੈ), ਉਸ ਨੂੰ ਨੀਂਦ ਨਹੀਂ ਆਉਂਦੀ, ਤੇ ਹਹੁਕਿਆਂ ਵਿਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ।

ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥

ਇਸਤ੍ਰੀ ਖਸਮ ਦੇ (ਵਿਛੋੜੇ ਦੇ) ਹਹੁਕੇ ਵਿਚ (ਦਿਨੋ ਦਿਨ) ਕਮਜ਼ੋਰ ਹੁੰਦੀ ਜਾਂਦੀ ਹੈ।

ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥

(ਉਹ ਹਰ ਵੇਲੇ ਤਾਂਘਦੀ ਹੈ ਕਿ) ਉਹ ਕਿਸੇ ਤਰ੍ਹਾਂ (ਆਪਣੇ ਖਸਮ ਨੂੰ ਅੱਖੀਂ ਵੇਖੇ।

ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥

ਉਸ ਨੂੰ (ਸਰੀਰਕ) ਸਿੰਗਾਰ ਤੇ ਮਿੱਠੇ ਰਸਾਂ ਤੇ ਭੋਜਨਾਂ ਦੇ ਭੋਗ-ਇਹ ਸਭ ਕੁਝ ਫਿੱਕਾ ਲੱਗਦਾ ਹੈ, ਉਸ ਨੂੰ ਇਹ ਸਭ ਕੁਝ ਨਿਕੰਮਾ ਦਿੱਸਦਾ ਹੈ।

ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥

ਜਿਸ ਇਸਤ੍ਰੀ ਨੂੰ ਜਵਾਨੀ ਵਿਚ ਅਹੰਕਾਰ ਨੇ ਗਾਲ ਦਿੱਤਾ ਹੋਵੇ ਜੋ ਜਵਾਨੀ ਦੇ ਨਸ਼ੇ ਵਿਚ ਇਉਂ ਮਸਤ ਹੋਵੇ, ਜਿਵੇਂ ਸ਼ਰਾਬ ਵਿਚ ਮਸਤ ਹੈ, (ਉਸ ਨੂੰ ਆਪਣੇ ਪਤੀ ਦਾ ਮਿਲਾਪ ਨਸੀਬ ਨਹੀਂ ਹੁੰਦਾ ਤੇ) ਉਸ ਨੂੰ ਸੁਹਾਗ-ਭਾਗ ਵਾਲੀ ਅਵਸਥਾ ਨਸੀਬ ਨਹੀਂ ਹੁੰਦੀ।

ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥੧॥

ਹੇ ਨਾਨਕ! (ਇਹੀ ਹਾਲ ਹੁੰਦਾ ਹੈ ਉਸ ਜੀਵ-ਇਸਤ੍ਰੀ ਦਾ, ਜੋ ਦੁਨੀਆ ਦੇ ਕੂੜੇ ਮਾਣ ਵਿਚ ਮਸਤ ਰਹਿੰਦੀ ਹੈ, ਉਸ ਨੂੰ) ਸਾਰੀ ਜ਼ਿੰਦਗੀ-ਰੂਪ ਰਾਤ ਵਿਚ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਉਹ ਤਦੋਂ ਹੀ (ਪ੍ਰਭੂ ਪਤੀ) ਨੂੰ ਮਿਲ ਸਕਦੀ ਹੈ, ਜਦੋਂ (ਗੁਰੂ ਵਿਚੋਲਾ ਬਣ ਕੇ ਉਸ ਨੂੰ ਪ੍ਰਭੂ-ਚਰਨਾਂ ਵਿਚ) ਮਿਲਾ ਦੇਵੇ ॥੧॥

ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥

ਪਿਆਰੇ ਖਸਮ ਦੇ ਮਿਲਾਪ ਤੋਂ ਬਿਨਾ ਜਵਾਨ ਇਸਤ੍ਰੀ ਢੱਠੇ-ਦਿਲ ਹੀ ਰਹਿੰਦੀ ਹੈ।

ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥

ਜੇ ਪਤੀ ਉਸ ਨੂੰ ਆਪਣੀ ਛਾਤੀ ਨਾਲ ਨਾਹ ਲਾਏ, ਤਾਂ ਉਸ ਨੂੰ ਸੁਖ ਪ੍ਰਤੀਤ ਨਹੀਂ ਹੋ ਸਕਦਾ।

ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥

ਖਸਮ ਤੋਂ ਬਿਨਾ ਘਰ ਦਾ ਵਸੇਬਾ ਨਹੀਂ ਹੋ ਸਕਦਾ। (ਜੇ) ਹੋਰ ਸਖੀਆਂ ਸਹੇਲੀਆਂ ਨੂੰ ਪੁੱਛੋਗੇ (ਤਾਂ ਉਹ ਭੀ ਇਹ ਉੱਤਰ ਦੇਣਗੀਆਂ)

ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥

(ਪਿਆਰੇ ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਜਿੰਦ-ਵਹੁਟੀ ਨਿੰਮੋ-ਝੂਣੀ ਹੀ ਰਹਿੰਦੀ ਹੈ, ਜਦ ਤਕ ਉਹ ਪਤੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦੀ, ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ। ਖਸਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਹਿਰਦੇ ਵਿਚ ਆਤਮਕ ਗੁਣਾਂ ਦਾ ਵਾਸ ਨਹੀਂ ਹੋ ਸਕਦਾ। ਸਤ-ਸੰਗੀ ਸਹੇਲੀਆਂ ਨੂੰ ਪੁੱਛ ਵੇਖੋ, ਉਹ ਇਹੀ ਉੱਤਰ ਦੇਣਗੀਆਂ ਕਿ) ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਉਸ ਦੀ ਪ੍ਰੀਤ ਉਸ ਦਾ ਪਿਆਰ ਨਹੀਂ ਪ੍ਰਾਪਤ ਨਹੀਂ ਹੋ ਸਕਦਾ। ਉਹੀ ਜਿੰਦ-ਵਹੁਟੀਆਂ ਸੁਖੀ ਵੱਸ ਸਕਦੀਆਂ ਹਨ, ਜੋ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੀਆਂ ਹਨ।

ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥

ਗੁਰੂ ਦੀ ਮਤਿ ਲੈ ਕੇ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸਦਾ ਹੈ, ਜੋ ਸੰਤੋਖ ਵਿਚ (ਜੀਊਂਦੀ ਹੈ) ਉਸ ਨੂੰ ਸੱਜਣ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਹ ਖਸਮ-ਪ੍ਰਭੂ ਨੂੰ (ਅੰਗ-ਸੰਗ) ਜਾਣ ਲੈਂਦੀ ਹੈ।

ਨਾਨਕ ਨਾਮੁ ਨ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥੨॥

ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ ਦਾ ਨਾਮ (ਜਪਣਾ) ਨਹੀਂ ਛੱਡਦੀ, ਪ੍ਰਭੂ ਦੇ ਨਾਮ ਵਿਚ ਜੁੜ ਕੇ ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੨॥

ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥

ਹੇ (ਸਤਿਸੰਗਣ) ਸਹੇਲੀਹੋ! ਆਓ ਮਿਲ ਬੈਠੀਏ ਤੇ ਅਸੀਂ (ਮਿਲ ਕੇ) ਪਤੀ-ਪ੍ਰਭੂ ਦਾ ਭਜਨ ਕਰੀਏ।

ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥

(ਸਤਿਸੰਗ ਵਿਚ ਬੈਠ ਕੇ) ਗੁਰੂ ਦੀ ਸਿੱਖਿਆ ਲੈ ਕੇ ਹੇ ਸਹੇਲੀਹੋ! ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਪਤੀ-ਪ੍ਰਭੂ ਨੂੰ ਸੁਨੇਹਾ ਭੇਜਾਂਗੀ (ਕਿ ਆ ਕੇ ਮਿਲ)।

ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥

(ਜਿਸ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣਾ ਸ਼ਬਦ ਬਖ਼ਸ਼ਿਆ, ਉਸ ਨੂੰ ਉਸ ਨੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਅੰਗ ਸੰਗ) ਵਿਖਾ ਦਿੱਤਾ, ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ ਪਛੁਤਾਂਦੀਆਂ ਹੀ ਰਹਿੰਦੀਆਂ ਹਨ।

ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥

(ਜਿਸ ਨੂੰ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ, ਸ਼ਬਦ ਦੀ ਬਰਕਤਿ ਨਾਲ) ਜਦੋਂ ਉਸ ਨੇ ਸਦਾ-ਥਿਰ ਪ੍ਰਭੂ ਨੂੰ (ਅੰਗ-ਸੰਗ) ਪਛਾਣ ਲਿਆ, ਤਦੋਂ ਉਸ ਦਾ ਬਾਹਰ (ਮਾਇਆ ਪਿਛੇ) ਦੌੜਦਾ ਮਨ ਟਿਕ ਜਾਂਦਾ ਹੈ।

ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥

ਜਿਸ ਜੀਵ-ਇਸਤ੍ਰੀ ਦੇ ਅੰਦਰ ਸਦਾ-ਥਿਰ ਪ੍ਰਭੂ ਟਿਕ ਜਾਂਦਾ ਹੈ, ਉਸ ਦੀ ਮਤਿ ਸਦਾ ਨਵੀਂ-ਨਰੋਈ ਰਹਿੰਦੀ ਹੈ (ਕਦੇ ਵਿਕਾਰਾਂ ਨਾਲ ਮੈਲੀ ਨਹੀਂ ਹੁੰਦੀ)। ਸ਼ਬਦ ਦੀ ਬਰਕਤਿ ਨਾਲ ਉਸ ਦੇ ਅੰਦਰ ਪ੍ਰਭੂ ਵਾਸਤੇ ਨਿੱਤ ਨਵਾਂ ਪਿਆਰ ਬਣਿਆ ਰਹਿੰਦਾ ਹੈ।

ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥੩॥

ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਨਾਲ ਉਸ ਜੀਵ-ਇਸਤ੍ਰੀ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ। ਹੇ ਸਤਿਸੰਗੀ ਸਹੇਲੀਹੋ! ਆਓ ਰਲ ਕੇ ਬੈਠੀਏ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ॥੩॥

ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥

ਹੇ ਸਹੇਲੀਓ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪਰਮਾਤਮਾ ਆ ਵੱਸਿਆ ਹੈ।

ਮਿਲਿ ਵਰੁ ਨਾਰੀ ਮੰਗਲੁ ਗਾਇਆ ॥

ਜਿਸ ਜੀਵ-ਇਸਤ੍ਰੀ ਨੂੰ ਖ਼ਸਮ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵਲ ਦੌੜਨ ਦੇ ਥਾਂ ਰਲ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ।

ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥

ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ (ਹੁਲਾਰੇ) ਵਿਚ ਖਿੜ ਪੈਂਦੀ ਹੈ, ਉਸ ਦੇ ਮਨ ਵਿਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ।

ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥

ਉਸ ਦੇ ਅੰਦਰ ਭਲੇ ਗੁਣ ਪ੍ਰਫੁਲਤ ਹੁੰਦੇ ਹਨ, ਦੁਸ਼ਟ-ਵਿਕਾਰ ਦਬਾ ਹੇਠ ਆ ਜਾਂਦੇ ਹਨ। ਸਦਾ-ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ।

ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ॥

ਉਹ ਜੀਵ-ਇਸਤ੍ਰੀ ਦਿਨ-ਰਾਤ ਪ੍ਰਭੂ ਦੇ ਪਿਆਰ-ਰਸ ਵਿਚ ਭਿੱਜੀ ਹੋਈ ਹੱਥ ਜੋੜ ਕੇ ਪ੍ਰਭੂ-ਪਤੀ ਦੇ ਦਰ ਤੇ ਅਰਦਾਸਾਂ ਕਰਦੀ ਰਹਿੰਦੀ ਹੈ।

ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥੪॥੧॥

ਹੇ ਨਾਨਕ! ਪ੍ਰਭੂ-ਪਤੀ ਤੇ ਉਹ ਜੀਵ-ਇਸਤ੍ਰੀ (ਜੀਵ-ਇਸਤ੍ਰੀ ਦੀ ਹਿਰਦੇ-ਸੇਜ ਉਤੇ) ਮਿਲ ਕੇ ਆਤਮਕ ਆਨੰਦ ਮਾਣਦੇ ਹਨ। ਹੇ ਸਹੇਲੀਹੋ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ (ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਆ ਵਸਿਆ ਹੈ) ॥੪॥੧॥


ਗਉੜੀ ਛੰਤ ਮਹਲਾ ੧ ॥
ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥

ਹੇ ਪ੍ਰਭੂ ਖਸਮ ਜੀ! (ਮੇਰੀ ਬੇਨਤੀ) ਸੁਣੋ। (ਤੈਥੋਂ ਬਿਨਾ) ਮੈਂ ਜੀਵ-ਇਸਤ੍ਰੀ ਇਸ ਸੰਸਾਰ-ਜੰਗਲ ਵਿਚ ਇਕੱਲੀ ਹਾਂ।

ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥

ਹੇ ਬੇ-ਪ੍ਰਵਾਹ ਪ੍ਰਭੂ! ਤੈਂ ਖਸਮ ਤੋਂ ਬਿਨਾਂ ਮੇਰੀ ਜਿੰਦ ਧੀਰਜ ਨਹੀਂ ਫੜ ਸਕਦੀ।

ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥

ਜੀਵ-ਇਸਤ੍ਰੀ ਪ੍ਰਭੂ-ਪਤੀ ਤੋਂ ਬਿਨਾ ਰਹਿ ਨਹੀਂ ਸਕਦੀ (ਖਸਮ-ਪ੍ਰਭੂ ਤੋਂ ਬਿਨਾ ਇਸ ਦੀ) ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ।

ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ ॥

ਹੇ ਖਸਮ-ਪ੍ਰਭੂ! ਮੇਰੀ ਬੇਨਤੀ ਸੁਣ, ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ (ਤੇਰੇ ਵਿਛੋੜੈ ਵਿਚ) ਮੈਨੂੰ ਸ਼ਾਂਤੀ ਨਹੀਂ ਆ ਸਕਦੀ।

ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ ॥

ਪਿਆਰੇ ਪ੍ਰਭੂ-ਪਤੀ ਤੋਂ ਬਿਨਾ (ਇਸ ਜਿੰਦ ਦੀ) ਕੋਈ ਭੀ ਵਾਤ ਨਹੀਂ ਪੁੱਛਦਾ। ਇਹ ਇਕੱਲੀ ਹੀ (ਇਸ ਸੰਸਾਰ-ਜੰਗਲ ਵਿਚ) ਕੂਕਦੀ ਹੈ,

ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥੧॥

(ਪਰ) ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ, ਜੇ ਇਸ ਨੂੰ ਗੁਰੂ ਮਿਲਾ ਦੇਵੇ, ਨਹੀਂ ਤਾਂ ਪ੍ਰੀਤਮ-ਪ੍ਰਭੂ ਤੋਂ ਬਿਨਾ ਦੁਖ ਹੀ ਦੁਖ ਸਹਾਰਦੀ ਹੈ ॥੧॥

ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ ॥

ਹੇ ਸਹੇਲੀਏ! ਜਿਸ ਨੂੰ ਪਤੀ ਨੇ ਵਿਸਾਰ ਦਿੱਤਾ, ਉਸ ਨੂੰ ਹੋਰ ਕੌਣ (ਪਤੀ-ਪ੍ਰਭੂ ਨਾਲ) ਮਿਲਾ ਸਕਦਾ ਹੈ?

ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ ॥

ਹੇ ਸਹੇਲੀਏ! ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ-ਰਸ ਵਿਚ ਪ੍ਰਭੂ ਦੇ ਪ੍ਰੇਮ-ਰਸ ਵਿਚ ਜੁੜਦੀ ਹੈ, ਉਹ (ਅੰਤਰ ਆਤਮੇ) ਸੁੰਦਰ ਹੋ ਜਾਂਦੀ ਹੈ।

ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥

ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਜੀਵ-ਇਸਤ੍ਰੀ (ਅੰਤਰ ਆਤਮੇ) ਸੋਹਣੀ ਹੋ ਜਾਂਦੀ ਹੈ, ਤਦੋਂ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੀ ਹੈ; ਗਿਆਨ ਦਾ ਦੀਵਾ ਇਸ ਦੇ ਸਰੀਰ ਵਿਚ (ਹਿਰਦੇ ਵਿਚ) ਚਾਨਣ ਕਰ ਦੇਂਦਾ ਹੈ।

ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥

ਹੇ ਸਹੇਲੀਏ! ਸੁਣ! ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਸੌਖੀ ਹੋ ਜਾਂਦੀ ਹੈ।

ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥

ਜਦੋਂ ਸਤਿਗੁਰੂ ਨੇ ਉਸ ਨੂੰ ਆਪਣੇ ਸ਼ਬਦ ਵਿਚ ਜੋੜਿਆ, ਤਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ, ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਉਸ ਦਾ ਹਿਰਦਾ ਕੌਲ-ਫੁੱਲ ਖਿੜ ਪੈਂਦਾ ਹੈ।

ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥੨॥

ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲਦੀ ਹੈ, ਜਦੋਂ (ਗੁਰੂ ਦੇ ਸ਼ਬਦ ਦੀ ਰਾਹੀਂ) ਇਹ ਪ੍ਰਭੂ-ਪਤੀ ਦੇ ਮਨ ਵਿਚ ਪਿਆਰੀ ਲੱਗਦੀ ਹੈ ॥੨॥

ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥

ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੂੰ ਮੋਹਣੀ ਮਾਇਆ ਨੇ ਮੋਹ ਲਿਆ, ਜਿਸ ਨੂੰ ਨਾਸਵੰਤ ਪਦਾਰਥਾਂ ਦੇ ਪਿਆਰ ਨੇ ਠੱਗ ਲਿਆ, ਉਹ ਨਾਸਵੰਤ ਪਦਾਰਥਾਂ ਦੇ ਵਣਜ ਵਿਚ ਲੱਗ ਪਈ।

ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥

(ਉਸ ਦੇ ਗਲ ਵਿਚ ਮੋਹ ਦੀ ਫਾਹੀ ਪੈ ਜਾਂਦੀ ਹੈ) ਉਸ ਦੇ ਗਲ ਦੀ ਇਹ ਫਾਹੀ ਅਤਿ ਪਿਆਰੇ ਗੁਰੂ (ਦੀ ਸਹਾਇਤਾ) ਤੋਂ ਬਿਨਾ ਖੁਲ੍ਹ ਨਹੀਂ ਸਕਦੀ।

ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥

ਜੇਹੜਾ ਬੰਦਾ ਪ੍ਰਭੂ ਨਾਲ ਪ੍ਰੀਤ ਪਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਹੈ, ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ।

ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥

(ਸਿਮਰਨ ਤੋਂ ਬਿਨਾ ਸਿਫ਼ਤ-ਸਾਲਾਹ ਤੋਂ ਬਿਨਾ) ਅਨੇਕਾਂ ਪੁੰਨ-ਦਾਨ ਕੀਤਿਆਂ ਅਨੇਕਾਂ ਤੀਰਥ-ਇਸ਼ਨਾਨ ਕੀਤਿਆਂ ਕੋਈ ਜੀਵ ਆਪਣੇ ਅੰਦਰ ਦੀ (ਵਿਕਾਰਾਂ ਦੀ) ਮੈਲ ਧੋ ਨਹੀਂ ਸਕਦਾ।

ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥

ਹਠ ਕਰ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਜੰਗਲ ਵਿਚ ਜਾ ਬੈਠਣ ਨਾਲ ਕੋਈ ਮਨੁੱਖ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕਰਦਾ, ਜੇ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।

ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥੩॥

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦਰਬਾਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ ਉਸ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ ॥੩॥

ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥

ਹੇ ਪ੍ਰਭੂ ਜੀ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੇਰੇ ਗੁਣਾਂ ਦੀ ਵਿਚਾਰ ਸਦਾ-ਥਿਰ (ਕਰਮ) ਹੈ।

ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥

ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, ਤੇਰਾ ਨਾਮ ਤੇ ਤੇਰੇ ਨਾਮ ਦਾ ਵਪਾਰ ਸਦਾ ਨਾਲ ਨਿਭਣ ਵਾਲਾ ਵਪਾਰ ਹੈ।

ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ ॥

ਪਰਮਾਤਮਾ ਦੇ ਨਾਮ ਦਾ ਵਪਾਰ ਸੁਆਦਲਾ ਵਪਾਰ ਹੈ, ਭਗਤੀ ਦੇ ਵਪਾਰ ਤੋਂ ਨਫ਼ਾ ਸਦਾ ਵਧਦਾ ਰਹਿੰਦਾ ਹੈ।

ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ ॥

ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਐਸਾ ਸੌਦਾ ਨਹੀਂ ਜੋ ਸਦਾ ਲਾਭ ਹੀ ਲਾਭ ਦੇਵੇ। ਹੇ ਭਾਈ! ਸਦਾ ਖਿਨ ਖਿਨ, ਪਲ ਪਲ ਨਾਮ ਜਪੋ।

ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥

ਜਿਸ ਮਨੁੱਖ ਨੇ ਨਾਮ-ਵਪਾਰ ਦੇ ਲੇਖੇ ਦੀ ਪਰਖ ਕੀਤੀ, ਉਸ ਉਤੇ ਪ੍ਰਭੂ ਦੀ ਅਟੱਲ ਮਿਹਰ ਦੀ ਨਿਗਾਹ ਹੋਈ, ਪ੍ਰਭੂ ਦੀ ਪੂਰੀ ਮਿਹਰ ਨਾਲ ਉਸ ਨੇ ਨਾਮ-ਵੱਖਰ ਹਾਸਲ ਕਰ ਲਿਆ।

ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥੪॥੨॥

ਹੇ ਨਾਨਕ! ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਤੇ ਬਹੁਤ ਹੀ ਮਿੱਠੇ ਸੁਆਦ ਵਾਲਾ ਪਦਾਰਥ ਹੈ, ਪੂਰੇ ਗੁਰੂ ਦੀ ਰਾਹੀਂ ਇਹ ਪਦਾਰਥ ਮਿਲਦਾ ਹੈ ॥੪॥੨॥


ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਰਾਲੇ ॥

ਉਹ ਦਰ-ਘਰ ਬੜਾ ਹੀ ਅਸਚਰਜ ਹੈ, ਜਿਥੇ ਬੈਠ ਕੇ (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।

ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥

(ਤੇਰੀ ਇਸ ਰਚੀ ਹੋਈ ਕੁਦਰਤਿ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ, ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥

ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਵਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)।

ਗਾਵਨਿ੍ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥

(ਹੇ ਨਿਰੰਕਾਰ!) ਹਵਾ, ਪਾਣੀ, ਅੱਗ ਤੇਰੇ ਗੁਣ ਗਾ ਰਹੇ ਹਨ। ਧਰਮਰਾਜ ਤੇਰੇ ਦਰ ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।

ਗਾਵਨਿ੍ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ ॥

ਉਹ ਚਿਤ੍ਰਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਲੇਖੇ ਧਰਮਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।

ਗਾਵਨਿ੍ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥

(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੇ ਸੋਭ ਰਹੇ ਹਨ, ਤੈਨੂੰ ਗਾ ਰਹੇ ਹਨ।

ਗਾਵਨਿ੍ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥

ਕਈ ਇੰਦ੍ਰ ਆਪਣੇ ਤਖ਼ਤ ਉਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਤੇ ਤੈਨੂੰ ਸਾਲਾਹ ਰਹੇ ਹਨ।

ਗਾਵਨਿ੍ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ੍ ਤੁਧਨੋ ਸਾਧ ਬੀਚਾਰੇ ॥

ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਾਲਾਹ ਰਹੇ ਹਨ।

ਗਾਵਨਿ੍ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ੍ ਤੁਧਨੋ ਵੀਰ ਕਰਾਰੇ ॥

ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ, ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।

ਗਾਵਨਿ੍ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ ॥

(ਹੇ ਅਕਾਲ ਪੁਰਖ!) ਪੜ੍ਹੇ ਹੋਏ ਪੰਡਿਤ ਤੇ ਮਹਾ ਰਿਖੀ ਵੇਦਾਂ ਸਣੇ ਤੈਨੂੰ ਗਾ ਰਹੇ ਹਨ।

ਗਾਵਨਿ੍ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥

ਸੁੰਦਰ ਇਸਤ੍ਰੀਆਂ ਜੋ ਮਨ ਨੂੰ ਮੋਂਹਦੀਆਂ ਹਨ, ਤੈਨੂੰ ਗਾ ਰਹੀਆਂ ਹਨ, ਸੁਰਗ-ਲੋਕ, ਮਾਤ-ਲੋਕ, ਪਾਤਾਲ-ਲੋਕ ਤੈਨੂੰ ਗਾ ਰਹੇ ਹਨ।

ਗਾਵਨਿ੍ ਤੁਧਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ ॥

(ਹੇ ਨਿਰੰਕਾਰ!) ਜਿਤਨੇ ਭੀ ਤੇਰੇ ਪੈਦਾ ਕੀਤੇ ਹੋਏ ਰਤਨ ਹਨ, ਉਹ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।

ਗਾਵਨਿ੍ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ੍ ਤੁਧਨੋ ਖਾਣੀ ਚਾਰੇ ॥

ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤਿ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।

ਗਾਵਨਿ੍ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥

ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕ੍ਰ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ; ਤੈਨੂੰ ਗਾਉਂਦੇ ਹਨ।

ਸੇਈ ਤੁਧਨੋ ਗਾਵਨਿ੍ ਜੋ ਤੁਧੁ ਭਾਵਨਿ੍ ਰਤੇ ਤੇਰੇ ਭਗਤ ਰਸਾਲੇ ॥

(ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਨ੍ਹਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ।

ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥

ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜੇਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥

ਉਹ ਪਰਮਾਤਮਾ ਸਦਾ-ਥਿਰ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।

ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥

ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਉਹ ਮਰੇਗਾ।

ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨਿ ਉਪਾਈ ॥

ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ,

ਕਰਿ ਕਰਿ ਦੇਖੈ ਕੀਤਾ ਅਪਣਾ ਜਿਉ ਤਿਸ ਦੀ ਵਡਿਆਈ ॥

ਉਹ ਜਿਵੇਂ ਉਸ ਦੀ ਰਜ਼ਾ ਹੈ (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।

ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥

ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਉਹ ਕਰੇਗਾ। ਕਿਸੇ ਜੀਵ ਪਾਸੋਂ ਪਰਮਾਤਮਾ ਅਗੇ ਹੁਕਮ ਨਹੀਂ ਕੀਤਾ ਜਾ ਸਕਦਾ, (ਉਸ ਨੂੰ ਇਹ ਨਹੀਂ ਆਖ ਸਕਦਾ-ਇਉਂ ਨ ਕਰੀਂ, ਇਉਂ ਕਰ)।

ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ ॥੧॥੧॥

ਅਕਾਲ ਪੁਰਖ ਪਾਤਸ਼ਾਹ ਹੈ, ਸ਼ਾਹਾਂ ਦਾ ਸ਼ਾਹ ਹੈ, ਮਾਲਕ ਹੈ। ਹੇ ਨਾਨਕ! (ਸਾਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫੱਬਦਾ ਹੈ) ॥੧॥੧॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥

ਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।

ਸੁਣਿ ਵਡਾ ਆਖੈ ਸਭ ਕੋਈ ॥

ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਕੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।

ਕੇਵਡੁ ਵਡਾ ਡੀਠਾ ਹੋਈ ॥

ਪਰ ਤੂੰ ਕੇਡਾ ਵੱਡਾ ਹੈਂ ਇਹ ਗੱਲ ਤੈਨੂੰ ਵੇਖਿਆਂ ਹੀ ਦੱਸੀ ਜਾ ਸਕਦੀ ਹੈ।

ਕੀਮਤਿ ਪਾਇ ਨ ਕਹਿਆ ਜਾਇ ॥

ਤੇਰੇ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, (ਇਹ) ਨਹੀਂ ਦੱਸਿਆ ਜਾ ਸਕਦਾ (ਕਿ ਤੂੰ ਕੇਡਾ ਵੱਡਾ ਹੈਂ)

ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥

ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ॥੧॥

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥

ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੇ ਬੇਅੰਤ ਗੁਣਾਂ ਵਾਲਾ ਹੈਂ।

ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥

ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ॥੧॥ ਰਹਾਉ ॥

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥

(ਤੂੰ ਕੇਡਾ ਵੱਡਾ ਹੈਂ-ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਣ ਵਾਲੇ ਕਈ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ, ਮੁੜ ਮੁੜ ਜਤਨ ਕੀਤੇ;

ਸਭ ਕੀਮਤਿ ਮਿਲਿ ਕੀਮਤਿ ਪਾਈ ॥

ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ,

ਗਿਆਨੀ ਧਿਆਨੀ ਗੁਰ ਗੁਰ ਹਾਈ ॥

ਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਆਪੋ ਵਿਚ ਇਕ ਦੂਜੇ ਦੀ ਸਹਾਇਤਾ ਲੈ ਕੇ ਕੋਸ਼ਿਸ਼ ਕੀਤੀ,

ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥

ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਹਿੱਸਾ ਭੀ ਨਹੀਂ ਦੱਸ ਸਕੇ {ਗੁਰ ਗੁਰਹਾਈ ਧਿਆਨੀ ਸਭਿ ਮਿਲਿ ਸੁਰਤਿ ਕਮਾਈ, ਸੁਰਤਿ ਕਮਾਈ, ਗੁਰਗੁਰਹਾਈ ਗਿਆਨੀ ਸਭ ਮਿਲਿ ਕੀਮਤਿ ਪਾਈ ਕੀਮਤਿ ਪਾਈ} ॥੨॥

ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥

(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਨਹੀਂ ਲਾ ਸਕਿਆ; ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਚੰਗੇ ਗੁਣ,

ਸਿਧਾ ਪੁਰਖਾ ਕੀਆ ਵਡਿਆਈਆਂ ॥

ਸਿੱਧ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ-

ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥

ਕਿਸੇ ਨੂੰ ਭੀ ਇਹ ਕਾਮਯਾਬੀ ਤੇਰੀ ਸਹਾਇਤਾ ਤੋਂ ਬਿਨਾ ਹਾਸਲ ਨਹੀਂ ਹੋਈ।

ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥

(ਜਿਸ ਕਿਸੇ ਨੂੰ ਸਫਲਤਾ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ, ਤੇ ਕੋਈ ਹੋਰ (ਵਿਅਕਤੀ) ਇਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥

ਆਖਣ ਵਾਲਾ ਕਿਆ ਬੇਚਾਰਾ ॥

(ਹੇ ਪ੍ਰਭੂ!) ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ?

ਸਿਫਤੀ ਭਰੇ ਤੇਰੇ ਭੰਡਾਰਾ ॥

ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ।

ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ ॥

ਜਿਸ ਨੂੰ ਤੂੰ ਸਿਫ਼ਤਿ-ਸਾਲਾਹ ਕਰਨ ਦੀ ਦਾਤਿ ਬਖ਼ਸ਼ਦਾ ਹੈਂ, ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,

ਨਾਨਕ ਸਚੁ ਸਵਾਰਣਹਾਰਾ ॥੪॥੧॥

ਕਿਉਂਕਿ, ਹੇ ਨਾਨਕ! (ਆਖ-ਤੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸਵਾਰਨ ਵਾਲਾ ਆਪ ਹੈਂ ॥੪॥੧॥


ਆਸਾ ਮਹਲਾ ੧ ॥
ਆਖਾ ਜੀਵਾ ਵਿਸਰੈ ਮਰਿ ਜਾਉ ॥

ਜਿਉਂ ਜਿਉਂ ਮੈਂ ਪ੍ਰਭੂ ਦਾ ਨਾਮ ਉਚਾਰਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਜਦੋਂ ਮੈਨੂੰ ਨਾਮ ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋਣ ਲੱਗ ਪੈਂਦੀ ਹੈ।

ਆਖਣਿ ਅਉਖਾ ਸਾਚਾ ਨਾਉ ॥

(ਇਹ ਪਤਾ ਹੁੰਦਿਆਂ ਭੀ ਪ੍ਰਭੂ ਦਾ) ਸਦਾ-ਥਿਰ ਨਾਮ ਸਿਮਰਨਾ (ਇਕ) ਔਖਾ ਕੰਮ ਹੈ।

ਸਾਚੇ ਨਾਮ ਕੀ ਲਾਗੈ ਭੂਖ ॥

(ਜਿਸ ਮਨੁੱਖ ਦੇ ਅੰਦਰ) ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਭੁੱਖ ਪੈਦਾ ਹੁੰਦੀ ਹੈ,

ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥

ਇਸ ਭੁੱਖ ਦੀ ਬਰਕਤਿ ਨਾਲ (ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥

ਸੋ ਕਿਉ ਵਿਸਰੈ ਮੇਰੀ ਮਾਇ ॥

ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪ੍ਰਭੂ ਮੈਨੂੰ ਕਦੇ ਨ ਭੁੱਲੇ।

ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥

ਜਿਉਂ ਜਿਉਂ ਉਸ ਸਦਾ-ਥਿਰ ਰਹਿਣ ਵਾਲੇ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ-ਥਿਰ ਰਹਿਣ ਵਾਲਾ ਮਾਲਕ (ਮਨ ਵਿਚ ਵੱਸਦਾ ਹੈ) ॥੧॥ ਰਹਾਉ ॥

ਸਾਚੇ ਨਾਮ ਕੀ ਤਿਲੁ ਵਡਿਆਈ ॥

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ

ਆਖਿ ਥਕੇ ਕੀਮਤਿ ਨਹੀ ਪਾਈ ॥

(ਸਾਰੇ ਜੀਵ) ਬਿਆਨ ਕਰ ਕੇ ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਉਸ ਦੇ ਬਰਾਬਰ ਦੀ ਕੇਹੜੀ ਹੋਰ ਹਸਤੀ ਹੈ।

ਜੇ ਸਭਿ ਮਿਲਿ ਕੈ ਆਖਣ ਪਾਹਿ ॥

ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪਰਮਾਤਮਾ ਦੀ ਮਹਿਮਾ) ਬਿਆਨ ਕਰਨ ਦਾ ਜਤਨ ਕਰਨ,

ਵਡਾ ਨ ਹੋਵੈ ਘਾਟਿ ਨ ਜਾਇ ॥੨॥

ਤਾਂ ਉਹ ਪਰਮਾਤਮਾ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ) ਤਾਂ ਉਹ (ਅੱਗੇ ਨਾਲੋਂ) ਘਟ ਨਹੀਂ ਜਾਂਦਾ ॥੨॥

ਨਾ ਓਹੁ ਮਰੈ ਨ ਹੋਵੈ ਸੋਗੁ ॥

ਉਹ ਪਰਮਾਤਮਾ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।

ਦੇਂਦਾ ਰਹੈ ਨ ਚੂਕੈ ਭੋਗੁ ॥

ਉਹ ਪ੍ਰਭੂ ਸਦਾ (ਜੀਵਾਂ ਨੂੰ ਰਿਜ਼ਕ) ਦੇਂਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਭਾਵ, ਜੀਵ ਉਸ ਦੀਆਂ ਦਿੱਤੀਆਂ ਦਾਤਾਂ ਸਦਾ ਵਰਤਦੇ ਹਨ ਪਰ ਉਹ ਮੁੱਕਦੀਆਂ ਨਹੀਂ)।

ਗੁਣੁ ਏਹੋ ਹੋਰੁ ਨਾਹੀ ਕੋਇ ॥

ਉਸ ਪ੍ਰਭੂ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।

ਨਾ ਕੋ ਹੋਆ ਨਾ ਕੋ ਹੋਇ ॥੩॥

(ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥

ਜੇਵਡੁ ਆਪਿ ਤੇਵਡ ਤੇਰੀ ਦਾਤਿ ॥

(ਹੇ ਪ੍ਰਭੂ!) ਜੇਡਾ (ਬੇਅੰਤ ਤੂੰ) ਆਪ ਹੈਂ, ਉਤਨੀ (ਬੇਅੰਤ) ਤੇਰੀ ਬਖ਼ਸ਼ਸ਼ ਹੈ,

ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥

(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।

ਖਸਮੁ ਵਿਸਾਰਹਿ ਤੇ ਕਮਜਾਤਿ ॥

ਉਹ ਬੰਦੇ ਭੈੜੇ ਅਸਲੇ ਵਾਲੇ (ਬਣ ਜਾਂਦੇ) ਹਨ ਜੋ ਐਸੇ ਖਸਮ-ਪ੍ਰਭੂ ਨੂੰ ਵਿਸਾਰਦੇ ਹਨ।

ਨਾਨਕ ਨਾਵੈ ਬਾਝੁ ਸਨਾਤਿ ॥੪॥੨॥

ਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ ਨੀਚ ਹਨ ॥੪॥੨॥


ਆਸਾ ਮਹਲਾ ੧ ॥
ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥

ਕੋਈ ਮੰਗਤਾ (ਭਾਵੇਂ ਕਿਸੇ ਭੀ ਜਾਤਿ ਦਾ ਹੋਵੇ) ਪ੍ਰਭੂ ਦੇ ਦਰ ਤੇ ਪੁਕਾਰ ਕਰੇ, ਤਾਂ ਉਹ ਮਹਲ ਦਾ ਮਾਲਕ ਖਸਮ-ਪ੍ਰਭੂ (ਉਸ ਦੀ ਪੁਕਾਰ) ਸੁਣ ਲੈਂਦਾ ਹੈ।

ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥

(ਫਿਰ) ਉਸ ਦੀ ਮਰਜ਼ੀ ਹੌਸਲਾ ਦੇਵੇ ਉਸ ਦੀ ਮਰਜ਼ੀ ਧੱਕਾ ਦੇ ਦੇਵੇ (ਮੰਗਤੇ ਦੀ ਅਰਦਾਸ ਸੁਣ ਲੈਣ ਵਿਚ ਹੀ) ਪ੍ਰਭੂ ਉਸ ਨੂੰ ਵਡਿਆਈ ਹੀ ਦੇ ਰਿਹਾ ਹੈ ॥੧॥

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥

ਹੇ ਭਾਈ! ਸਭਨਾ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤਿ ਨਾ ਪੁੱਛੋ (ਕਿਉਂਕਿ) ਅੱਗੇ (ਪਰਲੋਕ ਵਿੱਚ) ਕਿਸੇ ਦੀ ਜਾਤਿ ਨਾਲ ਨਹੀਂ ਜਾਂਦੀ ॥੧॥ ਰਹਾਉ ॥

ਆਪਿ ਕਰਾਏ ਆਪਿ ਕਰੇਇ

(ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵ ਪਾਸੋਂ ਪੁਕਾਰ) ਕਰਾਂਦਾ ਹੈ, (ਹਰੇਕ ਵਿਚ ਵਿਆਪਕ ਹੋ ਕੇ) ਆਪ ਹੀ (ਪੁਕਾਰ) ਕਰਦਾ ਹੈ,

ਆਪਿ ਉਲਾਮ੍ਰੇ ਚਿਤਿ ਧਰੇਇ ॥

ਆਪ ਹੀ ਪ੍ਰਭੂ (ਹਰੇਕ ਜੀਵ ਦੇ) ਗਿਲੇ ਸੁਣਦਾ ਹੈ।

ਜਾ ਤੂੰ ਕਰਣਹਾਰੁ ਕਰਤਾਰੁ ॥

ਜਦੋਂ (ਹੇ ਪ੍ਰਭੂ! ਕਿਸੇ ਜੀਵ ਨੂੰ ਤੂੰ ਇਹ ਨਿਸਚਾ ਕਰਾ ਦੇਂਦਾ ਹੈਂ ਕਿ) ਤੂੰ ਸਿਰਜਣਹਾਰ ਸਭ ਕੁਝ ਕਰਨ ਦੇ ਸਮਰੱਥ (ਸਿਰ ਉਤੇ ਰਾਖਾ) ਹੈਂ,

ਕਿਆ ਮੁਹਤਾਜੀ ਕਿਆ ਸੰਸਾਰੁ ॥੨॥

ਤਾਂ ਉਸ ਨੂੰ (ਜਗਤ ਦੀ) ਕੋਈ ਮੁਥਾਜੀ ਨਹੀਂ ਰਹਿੰਦੀ, ਜਗਤ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੨॥

ਆਪਿ ਉਪਾਏ ਆਪੇ ਦੇਇ ॥

ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭਨਾਂ ਨੂੰ ਰਿਜ਼ਕ ਆਦਿਕ) ਦੇਂਦਾ ਹੈ।

ਆਪੇ ਦੁਰਮਤਿ ਮਨਹਿ ਕਰੇਇ ॥

ਪ੍ਰਭੂ ਆਪ ਹੀ ਜੀਵਾਂ ਨੂੰ ਭੈੜੀ ਮਤਿ ਵਲੋਂ ਵਰਜਦਾ ਹੈ।

ਗੁਰਪਰਸਾਦਿ ਵਸੈ ਮਨਿ ਆਇ ॥

ਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿਚ ਆ ਵੱਸਦਾ ਹੈ,

ਦੁਖੁ ਅਨ੍ਰੇਰਾ ਵਿਚਹੁ ਜਾਇ ॥੩॥

ਉਸ ਦੇ ਅੰਦਰੋਂ ਦੁਖ ਦੂਰ ਹੋ ਜਾਂਦਾ ਹੈ, ਅਗਿਆਨਤਾ ਮਿਟ ਜਾਂਦੀ ਹੈ ॥੩॥

ਸਾਚੁ ਪਿਆਰਾ ਆਪਿ ਕਰੇਇ ॥

ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਆਪਣਾ ਸਿਮਰਨ ਪਿਆਰਾ ਕਰਦਾ ਹੈ (ਸਿਮਰਨ ਦਾ ਪਿਆਰ ਪੈਦਾ ਕਰਦਾ ਹੈ);

ਅਵਰੀ ਕਉ ਸਾਚੁ ਨ ਦੇਇ ॥

ਜਿਨ੍ਹਾਂ ਦੇ ਅੰਦਰ ਪਿਆਰ ਦੀ ਅਜੇ ਘਾਟ ਹੈ, ਉਹਨਾਂ ਨੂੰ ਆਪ ਹੀ ਸਿਮਰਨ ਦੀ ਦਾਤਿ ਨਹੀਂ ਦੇਂਦਾ।

ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥੪॥੩॥

ਨਾਨਕ ਆਖਦਾ ਹੈ- ਜਿਸ ਕਿਸੇ ਨੂੰ ਸਿਮਰਨ ਦੀ ਦਾਤਿ ਪ੍ਰਭੂ ਦੇਂਦਾ ਹੈ ਉਸ ਪਾਸੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ (ਭਾਵ, ਉਹ ਜੀਵ ਕੋਈ ਅਜੇਹੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਕਰਕੇ ਕੋਈ ਤਾੜਨਾ ਹੋਵੇ) ॥੪॥੩॥


ਆਸਾ ਮਹਲਾ ੧ ॥
ਤਾਲ ਮਦੀਰੇ ਘਟ ਕੇ ਘਾਟ ॥

(ਮਨੁੱਖ ਦੇ) ਮਨ ਦੇ ਸੰਕਲਪ ਵਿਕਲਪ (ਮਾਨੋ) ਛੈਣੇ ਤੇ ਪੈਰਾਂ ਦੇ ਘੁੰਘਰੂ ਹਨ,

ਦੋਲਕ ਦੁਨੀਆ ਵਾਜਹਿ ਵਾਜ ॥

ਦੁਨੀਆ ਦਾ ਮੋਹ ਢੋਲਕੀ ਹੈ-ਇਹ ਵਾਜੇ ਵੱਜ ਰਹੇ ਹਨ,

ਨਾਰਦੁ ਨਾਚੈ ਕਲਿ ਕਾ ਭਾਉ ॥

ਤੇ (ਪ੍ਰਭੂ ਦੇ ਨਾਮ ਤੋਂ ਸੁੰਞਾ) ਮਨ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ। (ਇਸ ਨੂੰ ਕਹੀਦਾ ਹੈ) ਕਲਿਜੁਗ ਦਾ ਪ੍ਰਭਾਵ।

ਜਤੀ ਸਤੀ ਕਹ ਰਾਖਹਿ ਪਾਉ ॥੧॥

ਜਤ ਸਤ ਨੂੰ ਸੰਸਾਰ ਵਿਚ ਕਿਤੇ ਥਾਂ ਨਹੀਂ ਰਿਹਾ ॥੧॥

ਨਾਨਕ ਨਾਮ ਵਿਟਹੁ ਕੁਰਬਾਣੁ ॥

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਸਦਕੇ ਹੋ।

ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥

(ਨਾਮ ਤੋਂ ਬਿਨਾ) ਦੁਨੀਆ (ਮਾਇਆ ਵਿਚ) ਅੰਨ੍ਹੀ ਹੋ ਰਹੀ ਹੈ, ਇਕ ਮਾਲਕ ਪ੍ਰਭੂ ਆਪ ਹੀ ਸੁਜਾਖਾ ਹੈ (ਉਸ ਦੀ ਸਰਨ ਪਿਆਂ ਹੀ ਜ਼ਿੰਦਗੀ ਦਾ ਸਹੀ ਰਸਤਾ ਦਿੱਸ ਸਕਦਾ ਹੈ) ॥੧॥ ਰਹਾਉ ॥

ਗੁਰੂ ਪਾਸਹੁ ਫਿਰਿ ਚੇਲਾ ਖਾਇ ॥

(ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ, ਹੁਣ) ਸਗੋਂ ਚੇਲਾ ਹੀ ਗੁਰੂ ਤੋਂ ਉਦਰ-ਪੂਰਨਾ ਕਰਦਾ ਹੈ,

ਤਾਮਿ ਪਰੀਤਿ ਵਸੈ ਘਰਿ ਆਇ ॥

ਰੋਟੀ ਦੀ ਖ਼ਾਤਰ ਹੀ ਚੇਲਾ ਆ ਬਣਦਾ ਹੈ।

ਜੇ ਸਉ ਵਰ੍ਹਿਆ ਜੀਵਣ ਖਾਣੁ ॥

(ਇਸ ਹਾਲਤ ਵਿਚ) ਜੇ ਸੌ ਸਾਲ ਮਨੁੱਖ ਜੀਊ ਲਏ, ਤੇ ਸੌਖਾ ਖਾਣ-ਪੀਣ ਬਣਿਆ ਰਹੇ (ਤਾਂ ਭੀ ਇਹ ਉਮਰ ਵਿਅਰਥ ਹੀ ਸਮਝੋ)।

ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥

(ਜ਼ਿੰਦਗੀ ਦਾ ਸਿਰਫ਼) ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਸਾਂਝ ਪਾਂਦਾ ਹੈ ॥੨॥

ਦਰਸਨਿ ਦੇਖਿਐ ਦਇਆ ਨ ਹੋਇ ॥

ਮਨੁੱਖ ਇਕ ਦੂਜੇ ਨੂੰ ਵੇਖ ਕੇ (ਆਪਣਾ ਭਰਾ ਜਾਣ ਕੇ ਆਪੋ ਵਿਚ) ਪਿਆਰ ਦਾ ਜਜ਼ਬਾ ਨਹੀਂ ਵਰਤ ਰਹੇ। (ਕਿਉਂਕਿ ਸੰਬੰਧ ਹੀ ਮਾਇਆ ਦਾ ਬਣ ਰਿਹਾ ਹੈ),

ਲਏ ਦਿਤੇ ਵਿਣੁ ਰਹੈ ਨ ਕੋਇ ॥

ਰਿਸ਼ਵਤ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ।

ਰਾਜਾ ਨਿਆਉ ਕਰੇ ਹਥਿ ਹੋਇ ॥

(ਇਥੋਂ ਤਕ ਕਿ) ਰਾਜਾ ਭੀ (ਹਾਕਮ ਭੀ) ਤਦੋਂ ਹੀ ਇਨਸਾਫ਼ ਕਰਦਾ ਹੈ ਜੇ ਉਸ ਨੂੰ ਦੇਣ ਲਈ (ਸਵਾਲੀ ਦੇ) ਹੱਥ ਪੱਲੇ ਮਾਇਆ ਹੋਵੇ।

ਕਹੈ ਖੁਦਾਇ ਨ ਮਾਨੈ ਕੋਇ ॥੩॥

ਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ ॥੩॥

ਮਾਣਸ ਮੂਰਤਿ ਨਾਨਕੁ ਨਾਮੁ ॥

ਨਾਨਕ (ਆਖਦਾ ਹੈ-ਵੇਖਣ ਨੂੰ ਹੀ) ਮਨੁੱਖ ਦੀ ਸ਼ਕਲ ਹੈ, ਨਾਮ-ਮਾਤ੍ਰ ਹੀ ਮਨੁੱਖ ਹੈ,

ਕਰਣੀ ਕੁਤਾ ਦਰਿ ਫੁਰਮਾਨੁ ॥

ਪਰ ਆਚਰਨ ਵਿਚ ਮਨੁੱਖ (ਉਹ) ਕੁੱਤਾ ਹੈ ਜੋ (ਮਾਲਕ ਦੇ) ਦਰ ਤੇ (ਰੋਟੀ ਦੀ ਖ਼ਾਤਰ) ਹੁਕਮ (ਮੰਨ ਰਿਹਾ ਹੈ)।

ਗੁਰਪਰਸਾਦਿ ਜਾਣੈ ਮਿਹਮਾਨੁ ॥

ਜੇ ਗੁਰੂ ਦੀ ਮਿਹਰ ਨਾਲ (ਸੰਸਾਰ ਵਿਚ ਆਪਣੇ ਆਪ ਨੂੰ) ਪਰਾਹੁਣਾ ਸਮਝੇ (ਤੇ ਮਾਇਆ ਨਾਲ ਇਤਨੀ ਪਕੜ ਨਾਹ ਰੱਖੇ,

ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥

ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਤਦੋਂ ਹੀ ਕੁਝ ਇੱਜ਼ਤ-ਮਾਣ ਲੈ ਸਕਦਾ ਹੈ ॥੪॥੪॥


ਆਸਾ ਮਹਲਾ ੧ ॥
ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥

(ਹੇ ਪ੍ਰਭੂ!) (ਜਗਤ ਵਿਚ) ਇਹ ਜਿਤਨਾ ਬੋਲਣਾ ਤੇ ਸੁਣਨਾ ਹੈ (ਜਿਤਨੀ ਇਹ ਬੋਲਣ ਤੇ ਸੁਣਨ ਦੀ ਕ੍ਰਿਆ ਹੈ), ਇਹ ਸਾਰੀ ਤੇਰੀ ਹੀ ਜੀਵਨ-ਰੌ (ਦਾ ਸਦਕਾ) ਹੈ, ਇਹ ਜਿਤਨਾ ਦਿੱਸਦਾ ਆਕਾਰ ਹੈ, ਇਹ ਸਾਰਾ ਤੇਰਾ ਹੀ ਸਰੀਰ ਹੈ (ਤੇਰੇ ਆਪੇ ਦਾ ਵਿਸਥਾਰ ਹੈ)।

ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥

(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਦੀ) ਜ਼ਿੰਦਗੀ ਹੈਂ। ਹੇ ਮਾਂ! ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ (ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ) ॥੧॥

ਸਾਹਿਬੁ ਮੇਰਾ ਏਕੋ ਹੈ ॥

ਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ,

ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥

ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ॥੧॥ ਰਹਾਉ ॥

ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥

ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ (ਜਿੰਦ) ਲੈ ਲੈਂਦਾ ਹੈ ਆਪ ਹੀ (ਜਿੰਦ) ਦੇਂਦਾ ਹੈ।

ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥

ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ (ਸੰਭਾਲ ਕਰ ਕੇ) ਖ਼ੁਸ਼ ਹੁੰਦਾ ਹੈ, ਆਪ ਹੀ (ਸਭ ਉਤੇ) ਮਿਹਰ ਦੀ ਨਜ਼ਰ ਕਰਦਾ ਹੈ ॥੨॥

ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥

(ਜਗਤ ਵਿਚ) ਜੋ ਕੁਝ ਵਰਤ ਰਿਹਾ ਹੈ ਪ੍ਰਭੂ ਆਪ ਹੀ ਕਰ ਰਿਹਾ ਹੈ (ਪ੍ਰਭੂ ਤੋਂ ਆਕੀ ਹੋ ਕੇ ਕਿਸੇ ਹੋਰ ਜੀਵ ਪਾਸੋਂ) ਕੁਝ ਕੀਤਾ ਨਹੀਂ ਜਾ ਸਕਦਾ।

ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥

ਜਿਹੋ ਜਿਹੀ ਕਾਰ ਪ੍ਰਭੂ ਕਰਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। (ਹੇ ਪ੍ਰਭੂ!) ਇਹ ਜੋ ਕੁਝ ਦਿੱਸ ਰਿਹਾ ਹੈ ਤੇਰੀ ਹੀ ਬਜ਼ੁਰਗੀ (ਦਾ ਪ੍ਰਕਾਸ਼) ਹੈ ॥੩॥

ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥

ਜਿਵੇਂ ਇਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਸ਼ਰਾਬ ਹੈ; ਸ਼ਰਾਬੀ ਆ ਕੇ ਨਿੱਤ ਪੀਂਦਾ ਰਹਿੰਦਾ ਹੈ ਤਿਵੇਂ ਜਗਤ ਵਿਚ ਕਲਿਜੁਗੀ ਸੁਭਾਉ ਹੈ (ਉਸ ਦੇ ਅਸਰ ਹੇਠ) ਮਾਇਆ ਮਿੱਠੀ ਲੱਗ ਰਹੀ ਹੈ, ਤੇ ਜੀਵਾਂ ਦਾ ਮਨ (ਮਾਇਆ ਵਿਚ) ਮਸਤ ਹੋ ਰਿਹਾ ਹੈ-

ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥

ਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ (ਭਾਵੇਂ ਇਹ ਗੱਲ ਅਲੌਕਿਕ ਹੀ ਜਾਪਦੀ ਹੈ; ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿਚ ਵਿਆਪਕ ਵੇਖ ਕੇ) ਵਿਚਾਰਾ ਨਾਨਕ ਇਹੀ ਆਖ ਸਕਦਾ ਹੈ ॥੪॥੫॥


ਆਸਾ ਮਹਲਾ ੧ ॥
ਵਾਜਾ ਮਤਿ ਪਖਾਵਜੁ ਭਾਉ ॥

ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧਿ ਨੂੰ ਵਾਜਾ ਬਣਾਇਆ ਹੈ, ਪ੍ਰਭੂ-ਪਿਆਰ ਨੂੰ ਜੋੜੀ ਬਣਾਇਆ ਹੈ,

ਹੋਇ ਅਨੰਦੁ ਸਦਾ ਮਨਿ ਚਾਉ ॥

(ਇਹਨਾਂ ਸਾਜਾਂ ਦੇ ਵੱਜਣ ਨਾਲ, ਸ੍ਰੇਸ਼ਟ ਬੁੱਧਿ ਤੇ ਪ੍ਰਭੂ-ਪਿਆਰ ਦੀ ਬਰਕਤਿ ਨਾਲ) ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਮਨ ਵਿਚ ਉਤਸ਼ਾਹ ਰਹਿੰਦਾ ਹੈ।

ਏਹਾ ਭਗਤਿ ਏਹੋ ਤਪ ਤਾਉ ॥

ਅਸਲ ਭਗਤੀ ਇਹੀ ਹੈ, ਤੇ ਇਹੀ ਹੈ ਮਹਾਨ ਤਪ। ਇਸ ਆਤਮਕ ਆਨੰਦ ਵਿਚ ਟਿਕੇ ਰਹਿ ਕੇ ਸਦਾ ਜੀਵਨ-ਰਸਤੇ ਉਤੇ ਤੁਰੋ।

ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥

ਬੱਸ! ਇਹ ਨਾਚ ਨੱਚੋ (ਰਾਸਾਂ ਵਿਚ ਨਾਚ ਨੱਚ ਕੇ ਉਸ ਨੂੰ ਕ੍ਰਿਸ਼ਨ-ਭਗਤੀ ਸਮਝਣਾ ਭੁਲੇਖਾ ਹੈ) ॥੧॥

ਪੂਰੇ ਤਾਲ ਜਾਣੈ ਸਾਲਾਹ ॥

ਜੋ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਜਾਣਦਾ ਹੈ ਉਹ (ਜੀਵਨ-ਨਾਚ ਵਿਚ) ਤਾਲ-ਸਿਰ ਨੱਚਦਾ ਹੈ (ਜੀਵਨ ਦੀਆਂ ਸਹੀ ਲੀਹਾਂ ਤੇ ਤੁਰਦਾ ਹੈ)।

ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥

(ਰਾਸ ਆਦਿਕਾਂ ਵਿਚ ਕ੍ਰਿਸ਼ਨ-ਮੂਰਤੀ ਅੱਗੇ ਇਹ) ਹੋਰ ਹੋਰ ਨਾਚ ਇਹ ਨਿਰੀਆਂ ਮਨ ਦੀਆਂ ਖ਼ੁਸ਼ੀਆਂ ਹਨ, ਮਨ ਦੇ ਚਾਉ ਹਨ (ਇਹ ਭਗਤੀ ਨਹੀਂ, ਇਹ ਤਾਂ ਮਨ ਦੇ ਨਚਾਏ ਨੱਚਣਾ ਹੈ) ॥੧॥ ਰਹਾਉ ॥

ਸਤੁ ਸੰਤੋਖੁ ਵਜਹਿ ਦੁਇ ਤਾਲ ॥

(ਖ਼ਲਕਤ ਦੀ) ਸੇਵਾ, ਸੰਤੋਖ (ਵਾਲਾ ਜੀਵਨ)-ਇਹ ਦੋਵੇਂ ਛੈਣੇ ਵੱਜਣ,

ਪੈਰੀ ਵਾਜਾ ਸਦਾ ਨਿਹਾਲ ॥

ਸਦਾ ਖਿੜੇ-ਮਿੱਥੇ ਰਹਿਣਾ-ਇਹ ਪੈਰੀਂ ਘੁੰਘਰੂ (ਵੱਜਣ);

ਰਾਗੁ ਨਾਦੁ ਨਹੀ ਦੂਜਾ ਭਾਉ ॥

(ਪ੍ਰਭੂ-ਪਿਆਰ ਤੋਂ ਬਿਨਾ) ਕੋਈ ਹੋਰ ਲਗਨ ਨ ਹੋਵੇ-ਇਹ (ਹਰ ਵੇਲੇ ਅੰਦਰ) ਰਾਗ ਤੇ ਅਲਾਪ (ਹੁੰਦਾ ਰਹੇ)।

ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥

(ਹੇ ਭਾਈ!) ਇਸ ਆਤਮਕ ਆਨੰਦ ਵਿਚ ਟਿਕੋ, ਇਸ ਜੀਵਨ-ਰਸਤੇ ਤੁਰੋ। ਬੱਸ! ਇਹ ਨਾਚ ਨੱਚੋ (ਭਾਵ, ਇਸ ਤਰ੍ਹਾਂ ਦੇ ਜੀਵਨ ਦਾ ਆਤਮਕ ਹੁਲਾਰਾ ਮਾਣੋ) ॥੨॥

ਭਉ ਫੇਰੀ ਹੋਵੈ ਮਨ ਚੀਤਿ ॥

ਨਾਚ ਦੀ ਇਹ ਭੁਆਟਣੀ ਹੋਵੇ ਕਿ ਪ੍ਰਭੂ ਦਾ ਡਰ ਅਦਬ ਮਨ-ਚਿਤ ਵਿਚ ਟਿਕਿਆ ਰਹੇ

ਬਹਦਿਆ ਉਠਦਿਆ ਨੀਤਾ ਨੀਤਿ ॥

ਉਠਦਿਆਂ ਬੈਠਦਿਆਂ ਸਦਾ ਹਰ ਵੇਲੇ (ਪ੍ਰਭੂ ਦਾ ਡਰ ਮਨ ਵਿਚ ਬਣਿਆ ਰਹੇ)

ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥

ਆਪਣੇ ਸਰੀਰ ਨੂੰ ਮਨੁਖ ਨਾਸਵੰਤ ਸਮਝੇ-ਇਹ ਲੇਟ ਕੇ ਨਿਰਤਕਾਰੀ ਹੋਵੇ।

ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥

(ਹੇ ਭਾਈ!) ਇਸ ਆਨੰਦ ਵਿਚ ਟਿਕੇ ਰਹੋ; ਇਹ ਜੀਵਨ ਜੀਵੋ। ਬੱਸ! ਇਹ ਨਾਚ ਨੱਚੋ (ਇਹ ਆਤਮਕ ਹੁਲਾਰਾ ਮਾਣੋ) ॥੩॥

ਸਿਖ ਸਭਾ ਦੀਖਿਆ ਕਾ ਭਾਉ ॥

ਸਤਸੰਗ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ (ਆਪਣੇ ਅੰਦਰ ਪੈਦਾ ਕਰਨਾ);

ਗੁਰਮੁਖਿ ਸੁਣਣਾ ਸਾਚਾ ਨਾਉ ॥

ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਅਟੱਲ ਨਾਮ ਸੁਣਦੇ ਰਹਿਣਾ;

ਨਾਨਕ ਆਖਣੁ ਵੇਰਾ ਵੇਰ ॥

ਪਰਮਾਤਮਾ ਦਾ ਨਾਮ ਮੁੜ ਮੁੜ ਜਪਣਾ-

ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥

ਇਸ ਰੰਗ ਵਿਚ, ਹੇ ਨਾਨਕ! ਟਿਕੋ, ਇਸ ਜੀਵਨ-ਰਸਤੇ ਵਿਚ ਪੈਰ ਧਰੋ। ਬੱਸ! ਇਹ ਨਾਚ ਨੱਚੋ (ਇਹ ਜੀਵਨ-ਆਨੰਦ ਮਾਣੋ) ॥੪॥੬॥


ਆਸਾ ਮਹਲਾ ੧ ॥
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥

ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ (ਭਾਵ, ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰ ਕੇ ਜਗਤ-ਰਚਨਾ ਕੀਤੀ। ਰਚਨਹਾਰ ਪ੍ਰਭੂ ਦੀ ਇਹ ਇਕ ਅਸਚਰਜ ਲੀਲਾ ਹੈ, ਜਿਸ ਤੋਂ ਦਿੱਸਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ, ਪਰ ਉਸ ਦੀ ਇਹ ਵਡਿਆਈ ਭੁੱਲ ਕੇ ਨਿਰਾ ਰਾਵਣ ਦੇ ਮਾਰਨ ਵਿਚ ਹੀ ਉਸ ਦੀ ਵਡਿਆਈ ਸਮਝਣੀ ਭੁੱਲ ਹੈ)।

ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ ॥੧॥

ਅਕਲ ਦੇ ਅੰਨ੍ਹੇ ਰਾਵਣ ਨੇ ਆਪਣੀ ਮੌਤ (ਮੂਰਖਪਣ ਵਿਚ) ਸਹੇੜੀ, ਪਰਮਾਤਮਾ (ਨਿਰਾ ਉਸ ਮੂਰਖ) ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ॥੧॥

ਕਿਆ ਉਪਮਾ ਤੇਰੀ ਆਖੀ ਜਾਇ ॥

(ਹੇ ਪ੍ਰਭੂ!) ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥੧॥ ਰਹਾਉ ॥

ਤੂੰ ਸਭ ਜੀਵਾਂ ਵਿਚ ਵਿਆਪਕ ਹੈਂ, ਮੌਜੂਦ ਹੈਂ ॥੧॥ ਰਹਾਉ ॥

ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥

(ਹੇ ਅਕਾਲ ਪੁਰਖ!) ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ, (ਸਭ ਨੂੰ ਨੱਥਿਆ ਹੋਇਆ ਹੈ) ਨਿਰਾ ਕਾਲੀ-ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ।

ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥੨॥

ਨਾਹ ਤੂੰ ਕਿਸੇ ਖ਼ਾਸ ਇਸਤ੍ਰੀ ਦਾ ਖਸਮ ਹੈਂ, ਨਾਹ ਕੋਈ ਇਸਤ੍ਰੀ ਤੇਰੀ ਵਹੁਟੀ ਹੈ, ਤੂੰ ਸਭ ਜੀਵਾਂ ਦੇ ਅੰਦਰ ਇੱਕ-ਰਸ ਮੌਜੂਦ ਹੈਂ ॥੨॥

ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥

(ਕਹਿੰਦੇ ਹਨ ਕਿ ਜੇਹੜਾ) ਬ੍ਰਹਮਾ ਕੌਲ ਦੀ ਨਾਲ ਵਿਚੋਂ ਜੰਮਿਆ ਸੀ, ਵਿਸ਼ਨੂੰ ਉਸ ਦਾ ਹਮਾਇਤੀ ਸੀ, ਉਹ ਬ੍ਰਹਮਾ ਪਰਮਾਤਮਾ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ,

ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥

(ਉਸ ਨਾਲ ਦੇ ਵਿਚ ਹੀ ਭਟਕਦਾ ਰਿਹਾ) ਪਰ ਅੰਤ ਨ ਲੱਭ ਸਕਿਆ। (ਅਕਾਲ ਪੁਰਖ ਬੇਅੰਤ ਕੁਦਰਤ ਦਾ ਮਾਲਕ ਹੈ) ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ? (ਇਹ ਤਾਂ ਉਸ ਦੇ ਅੱਗੇ ਸਾਧਾਰਨ ਜਿਹੀ ਗੱਲ ਹੈ) ॥੩॥

ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥

(ਕਹਿੰਦੇ ਹਨ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ) ਸਮੁੰਦਰ ਰਿੜਕਿਆ ਤੇ (ਉਸ ਵਿਚੋਂ) ਚੌਦਾਂ ਰਤਨ ਕੱਢੇ, (ਵੰਡਣ ਵੇਲੇ ਉਹ ਦੋਵੇਂ ਧੜੇ) ਗੁੱਸੇ ਵਿਚ ਆ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ, ਅਸਾਂ ਕੱਢੇ ਹਨ (ਆਪਣੇ ਵਲੋਂ ਪਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ ਕਿ ਪਰਮਾਤਮਾ ਨੇ ਮੋਹਣੀ ਅਵਤਾਰ ਧਾਰ ਕੇ ਉਹ ਰਤਨ) ਇਕ ਇਕ ਕਰ ਕੇ ਵੰਡ ਦਿੱਤੇ,

ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥੪॥੭॥

(ਪਰ) ਨਾਨਕ ਆਖਦਾ ਹੈ- (ਕਿ ਨਿਰੇ ਇਹ ਰਤਨ ਵੰਡਣ ਨਾਲ ਪਰਮਾਤਮਾ ਦੀ ਕੇਹੜੀ ਵਡਿਆਈ ਬਣ ਗਈ, ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤਿ ਵਿਚੋਂ ਥਾਂ ਥਾਂ ਦਿੱਸ ਰਹੀਆਂ ਹਨ) ਉਹ ਭਾਵੇਂ ਆਪਣੀ ਕੁਦਰਤਿ ਵਿਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ (ਪ੍ਰਤੱਖ ਉਸ ਦੀ ਬੇਅੰਤ ਕੁਦਰਤਿ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ ਮਾਲਕ ਹੈ) ॥੪॥੭॥


ਆਸਾ ਮਹਲਾ ੧ ॥
ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥

(ਸਿਮਰਨ ਦੀ ਬਰਕਤਿ ਨਾਲ) ਉਸ ਮਨੁੱਖ ਦਾ ਉੱਚਾ ਆਚਰਨ ਬਣਦਾ ਹੈ (ਇਹ, ਮਾਨੋ, ਉੱਚੀ ਮਨੁੱਖਤਾ ਦੀ ਫੁੱਟੀ ਹੋਈ) ਖਿਲਰੀ ਹੋਈ ਵੇਲ ਹੈ, (ਇਸ ਵੇਲ ਨੂੰ) ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ (ਉਸ ਦੀ ਸੁਰਤਿ ਨਾਮ ਵਿਚ ਜੁੜੀ ਰਹਿੰਦੀ ਹੈ)

ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥

ਮਾਇਆ-ਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਫ਼ਤਿ-ਸਾਲਾਹ ਦਾ ਇਕ ਪ੍ਰਵਾਹ ਚਲਾ ਦਿੱਤਾ ਹੁੰਦਾ ਹੈ (ਉਹ ਪ੍ਰਵਾਹ, ਮਾਨੋ, ਇਕ ਸੰਗੀਤ ਹੈ) ਜੋ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ, ਪਰ ਉਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਹੋ ਸਕਦਾ ॥੧॥

ਕਰੇ ਵਖਿਆਣੁ ਜਾਣੈ ਜੇ ਕੋਈ ॥

ਜੇ ਕੋਈ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਪਾ ਲਏ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹੇ,

ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥

ਤਾਂ ਉਹ ਨਾਮ-ਅੰਮ੍ਰਿਤ ਪੀਂਦਾ ਹੈ (ਸਿਮਰਨ ਤੋਂ ਪੈਦਾ ਹੋਣ ਵਾਲਾ ਆਤਮਕ ਆਨੰਦ ਮਾਣਦਾ ਹੈ) ॥੧॥ ਰਹਾਉ ॥

ਜਿਨ੍ਰ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥

ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਉਹ ਨਾਮ-ਰਸ ਪੀਤਾ, ਉਹ ਮਸਤ ਹੋ ਗਏ। (ਉਹਨਾਂ) ਦੇ (ਮਾਇਆ ਵਾਲੇ) ਬੰਧਨ ਤੇ ਫਾਹੇ ਟੁੱਟ ਗਏ।

ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥

ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਟਿਕ ਗਈ, ਉਹਨਾਂ ਨੇ ਮਾਇਆ ਦੀ ਖ਼ਾਤਰ (ਦਿਨ ਰਾਤ ਦੀ) ਦੌੜ-ਭੱਜ ਛੱਡ ਦਿੱਤੀ (ਭਾਵ, ਉਹ ਮਾਇਆ ਦੇ ਮੋਹ-ਜਾਲ ਵਿਚੋਂ ਬਚ ਗਏ) ॥੨॥

ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥

(ਜਿਸ ਮਨੁੱਖ ਨੇ ਸਿਮਰਨ ਦੀ ਬਰਕਤਿ ਨਾਲ ਨਾਮ-ਰਸ ਪੀਤਾ, ਉਸ ਨੇ, ਹੇ ਪ੍ਰਭੂ!) ਸਾਰੇ ਜੀਵਾਂ ਵਿਚ ਤੇਰਾ ਹੀ ਦੀਦਾਰ ਕੀਤਾ, ਉਸ ਨੇ ਸਾਰੇ ਭਵਨਾਂ ਵਿਚ ਤੇਰੀ ਪੈਦਾ ਕੀਤੀ ਮਾਇਆ ਪ੍ਰਭਾਵ ਪਾਂਦੀ ਵੇਖੀ।

ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥

(ਉਹ ਮਨੁੱਖ ਵੇਖਦਾ ਹੈ ਕਿ) ਪਰਮਾਤਮਾ ਝਗੜੇ-ਰੂਪ ਸੰਸਾਰ ਵਿਚੋਂ ਨਿਰਾਲਾ ਬੈਠਾ ਹੋਇਆ ਹੈ, ਤੇ ਵਿਚੇ ਹੀ ਪ੍ਰਤਿਬਿੰਬ ਵਾਂਗ ਵਿਆਪਕ ਹੋ ਕੇ ਵੇਖ ਭੀ ਰਿਹਾ ਹੈ ॥੩॥

ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥

ਉਹੀ (ਮਨੁੱਖ ਹੈ ਅਸਲ) ਜੋਗੀ ਅਪਾਰ ਪਰਮਾਤਮਾ ਦੇ ਦ੍ਰਿੱਸ਼ ਵਿਚ (ਮਸਤ ਹੋ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ ਬੀਣਾ ਵਜਾਂਦਾ ਰਹਿੰਦਾ ਹੈ।

ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥

ਨਾਨਕ (ਆਪਣਾ ਇਹ) ਖ਼ਿਆਲ ਦੱਸਦਾ ਹੈ ਕਿ ਇਕ-ਰਸ ਸਿਫ਼ਤਿ-ਸਾਲਾਹ ਵਿਚ ਜੁੜੇ ਰਹਿਣ ਦੇ ਕਾਰਨ ਉਹ ਮਨੁੱਖ ਖਸਮ-ਪ੍ਰਭੂ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੮॥


ਆਸਾ ਮਹਲਾ ੧ ॥
ਮੈ ਗੁਣ ਗਲਾ ਕੇ ਸਿਰਿ ਭਾਰ ॥

(ਪਰ ਹੇ ਸਿਰਜਣਹਾਰ!) ਮੇਰੇ ਵਿਚ ਤਾਂ ਸਿਰਫ਼ ਇਹੀ ਗੁਣ ਹਨ (ਮੈਂ ਤਾਂ ਨਿਰੀ ਇਹੀ ਖੱਟੀ ਖੱਟੀ ਹੈ) ਕਿ ਮੈਂ ਆਪਣੇ ਸਿਰ ਉਤੇ (ਨਿਰੀਆਂ) ਗੱਲਾਂ ਦੇ ਭਾਰ ਬੱਧੇ ਹੋਏ ਹਨ।

ਗਲੀ ਗਲਾ ਸਿਰਜਣਹਾਰ ॥

ਗੱਲਾਂ ਵਿਚੋਂ ਸਿਰਫ਼ ਉਹ ਗੱਲਾਂ ਹੀ ਚੰਗੀਆਂ ਹਨ ਜੋ, ਹੇ ਸਿਰਜਣਹਾਰ! ਤੇਰੀਆਂ ਗੱਲਾਂ ਹਨ (ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹਨ)।

ਖਾਣਾ ਪੀਣਾ ਹਸਣਾ ਬਾਦਿ ॥

ਤਦ ਤਕ ਮੇਰਾ ਖਾਣਾ ਪੀਣਾ ਮੇਰਾ ਹੱਸ ਹੱਸ ਕੇ ਸਮਾਂ ਗੁਜ਼ਾਰਨਾ-ਇਹ ਸਭ ਵਿਅਰਥ ਹੈ,

ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥

ਜਦ ਤਕ, ਹੇ ਸਿਰਜਣਹਾਰ! ਤੂੰ ਮੇਰੇ ਹਿਰਦੇ ਵਿਚ ਚੇਤੇ ਨਾਹ ਆਵੇਂ ॥੧॥

ਤਉ ਪਰਵਾਹ ਕੇਹੀ ਕਿਆ ਕੀਜੈ ॥

ਤਾਂ ਕੋਈ ਪਰਵਾਹ ਨਹੀਂ ਰਹਿ ਜਾਂਦੀ, ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,

ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥

ਜੇ ਮਨੁੱਖਾ ਜਨਮ ਵਿਚ ਆ ਕੇ ਖੱਟਣ-ਜੋਗ ਪਦਾਰਥ ਇਕੱਠਾ ਕਰੀਏ ॥੧॥ ਰਹਾਉ ॥

ਮਨ ਕੀ ਮਤਿ ਮਤਾਗਲੁ ਮਤਾ ॥

(ਅਸਾਂ ਖੱਟਣ-ਜੋਗ ਪਦਾਰਥ ਨਹੀਂ ਖੱਟਿਆ, ਇਸੇ ਕਰ ਕੇ) ਸਾਡੀ ਮਨ ਦੀ ਮਤਿ ਇਹ ਹੈ ਕਿ ਮਨ ਮਸਤ ਹਾਥੀ ਬਣਿਆ ਪਿਆ ਹੈ।

ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥

(ਇਸ ਅਹੰਕਾਰੀ ਮਨ ਦੀ ਅਗਵਾਈ ਵਿਚ) ਜੋ ਕੁਝ ਬੋਲਦੇ ਹਾਂ ਸਭ ਭੈੜ ਹੀ ਭੈੜ ਹੈ।

ਕਿਆ ਮੁਹੁ ਲੈ ਕੀਚੈ ਅਰਦਾਸਿ ॥

(ਹੇ ਪ੍ਰਭੂ! ਤੇਰੇ ਦਰ ਤੇ) ਅਰਦਾਸ ਵੀ ਕਿਸ ਮੂੰਹ ਨਾਲ ਕਰੀਏ? (ਆਪਣੇ ਢੀਠਪੁਣੇ ਵਿਚ ਅਰਦਾਸ ਕਰਦਿਆਂ ਭੀ ਸ਼ਰਮ ਆਉਂਦੀ ਹੈ, ਕਿਉਂਕਿ)

ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥

ਸਾਡਾ ਭਲਾ ਤੇ ਸਾਡਾ ਬੁਰਾ (ਚੰਗਿਆਈਆਂ ਦਾ ਸੰਗ੍ਰਹ ਤੇ ਭੈੜੇ ਕੰਮਾਂ ਦਾ ਸੰਗ੍ਰਹ) ਇਹ ਦੋਵੇਂ ਸਾਡੀਆਂ ਕਰਤੂਤਾਂ ਦੇ ਗਵਾਹ ਮੌਜੂਦ ਹਨ ॥੨॥

ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥

(ਪਰ ਸਾਡੇ ਕੁਝ ਵਸ ਨਹੀਂ ਹੈ, ਹੇ ਪ੍ਰਭੂ!) ਤੂੰ ਆਪ ਹੀ ਜੀਵ ਨੂੰ ਜਿਹੋ ਜਿਹਾ ਬਣਾਂਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ।

ਤੁਝ ਬਿਨੁ ਦੂਜਾ ਨਾਹੀ ਕੋਇ ॥

ਤੈਥੋਂ ਬਿਨਾ ਹੋਰ ਕੋਈ ਨਹੀਂ (ਜੋ ਸਾਨੂੰ ਅਕਲ ਦੇ ਸਕੇ)।

ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥

ਤੂੰ ਹੀ ਜਿਹੋ ਜਿਹੀ ਅਕਲ ਬਖ਼ਸ਼ਦਾ ਹੈਂ, ਉਹੀ ਅਕਲ ਜੀਵ ਗ੍ਰਹਣ ਕਰ ਲੈਂਦਾ ਹੈ।

ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥

ਜਿਵੇਂ ਤੈਨੂੰ ਚੰਗਾ ਲਗਦਾ ਹੈ, ਤੂੰ ਉਸੇ ਤਰ੍ਹਾਂ ਜਗਤ ਦੀ ਕਾਰ ਚਲਾ ਰਿਹਾ ਹੈਂ ॥੩॥

ਰਾਗ ਰਤਨ ਪਰੀਆ ਪਰਵਾਰ ॥

ਸ੍ਰੇਸ਼ਟ ਵਧੀਆ ਰਾਗ ਤੇ ਉਹਨਾਂ ਦੀਆਂ ਰਾਗਣੀਆਂ ਆਦਿਕ ਦਾ ਇਹ ਸਾਰਾ ਪਰਵਾਰ-

ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥

ਜੇ ਇਸ ਰਾਗ-ਪਰਵਾਰ ਵਿਚ ਸ੍ਰੇਸ਼ਟ ਨਾਮ-ਰਸ ਭੀ ਜੰਮ ਪਏ (ਤਾਂ ਇਸ ਮੇਲ ਵਿਚੋਂ ਅਸਚਰਜ ਆਤਮਕ ਆਨੰਦ ਪੈਦਾ ਹੁੰਦਾ ਹੈ)।

ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥

ਹੇ ਨਾਨਕ! (ਇਹ ਆਤਮਕ ਆਨੰਦ ਹੀ) ਕਰਤਾਰ ਤਕ ਅਪੜਾਣ ਵਾਲਾ ਧਨ-ਮਾਲ ਹੈ,

ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥

ਜੇ ਕਿਸੇ ਸੁਭਾਗੇ ਮਨੁੱਖ ਨੂੰ ਇਹ ਸਮਝ ਪੈ ਜਾਏ (ਤਾਂ ਉਹ ਇਸ ਆਤਮਕ ਆਨੰਦ ਨੂੰ ਮਾਣੇ) ॥੪॥੯॥


ਆਸਾ ਮਹਲਾ ੧ ॥
ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥

ਜਦੋਂ ਮੇਰਾ ਖਸਮ-ਪ੍ਰਭੂ (ਮੈਨੂੰ ਜੀਵ-ਇਸਤ੍ਰੀ ਨੂੰ ਅਪਣਾ ਕੇ ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ) ਆਪਣੇ ਘਰ ਵਿਚ ਆ ਟਿਕਿਆ, ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ (ਜੀਭ, ਅੱਖਾਂ, ਕੰਨਾਂ ਆਦਿਕ ਨੇ ਰਲ ਕੇ) ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ-ਸੁਣਨੇ ਸ਼ੁਰੂ ਕਰ ਦਿੱਤੇ।

ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥

ਮੇਰਾ ਖਸਮ-ਪ੍ਰਭੂ ਮੈਨੂੰ ਵੀਆਹਣ ਆਇਆ ਹੈ (ਮੈਨੂੰ ਆਪਣੇ ਚਰਨਾਂ ਵਿਚ ਜੋੜਨ ਆਇਆ ਹੈ)-ਪ੍ਰਭੂ-ਮਿਲਾਪ ਲਈ ਇਹ ਉੱਦਮ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ ਹੈ ॥੧॥

ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥

ਹੇ ਇਸਤ੍ਰੀਓ! (ਹੇ ਮੇਰੇ ਗਿਆਨ-ਇੰਦ੍ਰਿਓ! ਚੰਗੇ ਮੰਦੇ ਦੀ) ਪਰਖ ਦੀ ਵਿਚਾਰ (ਪੈਦਾ ਕਰਨ ਵਾਲਾ ਗੀਤ) ਮੁੜ ਮੁੜ ਗਾਵੋ (ਹੇ ਮੇਰੀ ਜੀਭ! ਸਿਫ਼ਤਿ-ਸਾਲਾਹ ਵਿਚ ਜੁੜ; ਤਾਕਿ ਤੈਨੂੰ ਨਿੰਦਾ ਕਰਨ ਵਲੋਂ ਹਟਣ ਦੀ ਸੂਝ ਆ ਜਾਏ। ਹੇ ਮੇਰੇ ਕੰਨੋ! ਸਿਫ਼ਤਿ-ਸਾਲਾਹ ਦੇ ਗੀਤ ਸੁਣਦੇ ਰਹੋ, ਤਾਂ ਜੁ ਨਿੰਦਾ ਸੁਣਨ ਦੀ ਬਾਣ ਹਟੇ)।

ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥

ਸਾਡੇ ਘਰ ਵਿਚ (ਮੇਰੇ ਹਿਰਦੇ-ਘਰ ਵਿਚ) ਉਹ ਖਸਮ-ਪ੍ਰਭੂ ਆ ਵੱਸਿਆ ਹੈ ਜੋ ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ) ਹੈ ॥੧॥ ਰਹਾਉ ॥

ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥

ਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ (ਗੁਰੂ ਨੇ ਮੈਨੂੰ ਪ੍ਰਭੂ-ਪਤੀ ਨਾਲ ਜੋੜਿਆ), ਜਦੋਂ ਮੈਨੂੰ ਖਸਮ-ਪ੍ਰਭੂ ਮਿਲ ਪਿਆ, ਤਦੋਂ ਮੈਨੂੰ ਸਮਝ ਪੈ ਗਈ-

ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥

ਕਿ ਉਹ ਪ੍ਰਭੂ ਜੀਵਨ-ਰੌ ਬਣ ਕੇ ਸਾਰੇ ਜਗਤ ਵਿਚ ਵਿਆਪਕ ਹੋ ਰਿਹਾ ਹੈ। ਮੇਰੇ ਅੰਦਰੋਂ ਆਪਾ-ਭਾਵ ਦੂਰ ਹੋ ਗਿਆ, ਮੇਰਾ ਮਨ ਉਸ ਪ੍ਰਭੂ-ਪਤੀ ਦੀ ਯਾਦ ਵਿਚ ਗਿੱਝ ਗਿਆ ॥੨॥

ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥

ਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾਣ ਦਾ ਇਹ ਕੰਮ ਆਪਣਾ ਸਮਝਦਾ ਹੈ, ਤੇ ਆਪ ਹੀ ਇਸ ਕਾਰਜ ਨੂੰ ਸਿਰੇ ਚਾੜ੍ਹਦਾ ਹੈ, ਕਿਸੇ ਹੋਰ ਪਾਸੋਂ ਇਹ ਕੰਮ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ।

ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥

ਇਸ ਮੇਲ ਦੀ ਬਰਕਤਿ ਨਾਲ (ਜੀਵ-ਇਸਤ੍ਰੀ ਦੇ ਅੰਦਰ) ਸੇਵਾ ਸੰਤੋਖ ਦਇਆ ਧਰਮ ਆਦਿਕ ਗੁਣ ਪੈਦਾ ਹੁੰਦੇ ਹਨ। ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ ॥੩॥

ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥

ਨਾਨਕ ਆਖਦਾ ਹੈ-(ਭਾਵੇਂ ਜੀਕਰ) ਪਰਮਾਤਮਾ ਹੀ ਸਭ ਜੀਵ-ਇਸਤ੍ਰੀਆਂ ਦਾ ਪਤੀ ਹੈ,

ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥

(ਫਿਰ ਭੀ) ਜਿਸ ਉਤੇ ਮੇਹਰ ਦੀ ਨਿਗਾਹ ਕਰਦਾ ਹੈ (ਜਿਸ ਦੇ ਹਿਰਦੇ ਵਿਚ ਆ ਕੇ ਪਰਗਟ ਹੁੰਦਾ ਹੈ) ਉਹੀ ਭਾਗਾਂ ਵਾਲੀ ਹੁੰਦੀ ਹੈ ॥੪॥੧੦॥


ਆਸਾ ਮਹਲਾ ੧ ॥
ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥

(ਜਿਸ ਨੇ ਮਨ ਨੂੰ ਵੱਸ ਵਿਚ ਕਰ ਲਿਆ, ਉਸ ਮਨੁੱਖ ਨੂੰ) ਘਰ ਤੇ ਜੰਗਲ ਇੱਕ ਸਮਾਨ ਹੈ, ਕਿਉਂਕਿ ਉਹ ਅਡੋਲ ਅਵਸਥਾ ਵਿਚ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਮਸਤ ਰਹਿੰਦਾ) ਹੈ;

ਦੁਰਮਤਿ ਗਤੁ ਭਈ ਕੀਰਤਿ ਠਾਇ ॥

ਉਸ ਮਨੁੱਖ ਦੀ ਭੈੜੀ ਮਤਿ ਦੂਰ ਹੋ ਜਾਂਦੀ ਹੈ ਉਸ ਦੇ ਥਾਂ ਉਸ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵੱਸਦੀ ਹੈ।

ਸਚ ਪਉੜੀ ਸਾਚਉ ਮੁਖਿ ਨਾਂਉ ॥

ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਉਸ ਦੇ ਮੂੰਹ ਵਿਚ ਹੁੰਦਾ ਹੈ, (ਸਿਮਰਨ ਦੀ ਇਸ) ਸੱਚੀ ਪੌੜੀ ਦੀ ਰਾਹੀਂ-

ਸਤਿਗੁਰੁ ਸੇਵਿ ਪਾਏ ਨਿਜ ਥਾਉ ॥੧॥

ਸਤਿਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਉਹ ਮਨੁੱਖ ਉਹ ਆਤਮਕ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਜੋ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ ॥੧॥

ਮਨ ਚੂਰੇ ਖਟੁ ਦਰਸਨ ਜਾਣੁ ॥

ਜੋ ਮਨੁੱਖ ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ, ਮਾਨੋ, ਛੇ ਸ਼ਾਸਤ੍ਰਾਂ ਦਾ ਗਿਆਤਾ ਹੋ ਗਿਆ ਹੈ।

ਸਰਬ ਜੋਤਿ ਪੂਰਨ ਭਗਵਾਨੁ ॥੧॥ ਰਹਾਉ ॥

ਉਸ ਨੂੰ ਅਕਾਲ ਪੁਰਖ ਦੀ ਜੋਤਿ ਸਭ ਜੀਵਾਂ ਵਿਚ ਵਿਆਪਕ ਦਿੱਸਦੀ ਹੈ ॥੧॥ ਰਹਾਉ ॥

ਅਧਿਕ ਤਿਆਸ ਭੇਖ ਬਹੁ ਕਰੈ ॥

ਪਰ ਜੇ ਮਨੁੱਖ ਦੇ ਅੰਦਰ ਮਾਇਆ ਦੀ ਬਹੁਤ ਤ੍ਰਿਸ਼ਨਾ ਹੋਵੇ (ਬਾਹਰ ਜਗਤ-ਵਿਖਾਵੇ ਲਈ) ਬਹੁਤ ਧਾਰਮਿਕ ਲਿਬਾਸ ਪਹਿਨੇ,

ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥

ਮਾਇਆ ਦੇ ਮੋਹ ਤੋਂ ਪੈਦਾ ਹੋਇਆ ਕਲੇਸ਼ ਉਸ ਦੇ ਅੰਦਰ ਆਤਮਕ ਸੁਖ ਨੂੰ ਦੂਰ ਕਰ ਦੇਂਦਾ ਹੈ,

ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥

ਤੇ ਕਾਮ ਕ੍ਰੋਧ ਉਸ ਦੇ ਅੰਦਰਲੇ ਨਾਮ-ਧਨ ਨੂੰ ਚੁਰਾ ਲੈ ਜਾਂਦਾ ਹੈ।

ਦੁਬਿਧਾ ਛੋਡਿ ਨਾਮਿ ਨਿਸਤਰੈ ॥੨॥

(ਤ੍ਰਿਸ਼ਨਾ ਦੇ ਹੜ੍ਹ ਵਿਚੋਂ ਉਹੀ ਮਨੁੱਖ) ਪਾਰ ਲੰਘਦਾ ਹੈ ਜੋ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਤੇ ਜੋ ਦੁਚਿੱਤਾ-ਪਨ ਛੱਡਦਾ ਹੈ ॥੨॥

ਸਿਫਤਿ ਸਲਾਹਣੁ ਸਹਜ ਅਨੰਦ ॥

(ਜਿਸ ਨੇ ਮਨ ਨੂੰ ਮਾਰ ਲਿਆ) ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ,

ਸਖਾ ਸੈਨੁ ਪ੍ਰੇਮੁ ਗੋਬਿੰਦ ॥

ਗੋਬਿੰਦ ਦੇ ਪ੍ਰੇਮ ਨੂੰ ਆਪਣਾ ਸਾਥੀ ਮਿਤ੍ਰ ਬਣਾਂਦਾ ਹੈ।

ਆਪੇ ਕਰੇ ਆਪੇ ਬਖਸਿੰਦੁ ॥

ਉਸ ਨੂੰ ਯਕੀਨ ਰਹਿੰਦਾ ਹੈ ਕਿ ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਦਾਤਾਂ ਬਖ਼ਸ਼ਣ ਵਾਲਾ ਹੈ।

ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥੩॥

ਉਹ ਮਨੁੱਖ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਪ੍ਰਭੂ ਦੇ ਹਵਾਲੇ ਕਰੀ ਰੱਖਦਾ ਹੈ ॥੩॥

ਝੂਠ ਵਿਕਾਰ ਮਹਾ ਦੁਖੁ ਦੇਹ ॥

(ਮਨ ਮਾਰ ਕੇ ਆਤਮਕ ਆਨੰਦ ਲੈਣ ਵਾਲੇ ਨੂੰ) ਝੂਠ ਆਦਿਕ ਵਿਕਾਰ ਸਰੀਰ ਵਾਸਤੇ ਭਾਰੀ ਕਸ਼ਟ (ਦਾ ਮੂਲ) ਜਾਪਦੇ ਹਨ,

ਭੇਖ ਵਰਨ ਦੀਸਹਿ ਸਭਿ ਖੇਹ ॥

(ਜਗਤ-ਵਿਖਾਵੇ ਵਾਲੇ) ਸਾਰੇ ਧਾਰਮਿਕ ਭੇਖ ਤੇ ਵਰਨ (ਆਸ਼੍ਰਮਾਂ ਦਾ ਮਾਣ) ਮਿੱਟੀ ਸਮਾਨ ਦਿੱਸਦੇ ਹਨ।

ਜੋ ਉਪਜੈ ਸੋ ਆਵੈ ਜਾਇ ॥

ਉਸ ਨੂੰ ਯਕੀਨ ਰਹਿੰਦਾ ਹੈ ਕਿ ਜਗਤ ਤਾਂ ਪੈਦਾ ਹੁੰਦਾ ਤੇ ਨਾਸ ਹੋ ਜਾਂਦਾ ਹੈ।

ਨਾਨਕ ਅਸਥਿਰੁ ਨਾਮੁ ਰਜਾਇ ॥੪॥੧੧॥

ਹੇ ਨਾਨਕ! ਪਰਮਾਤਮਾ ਦਾ ਇਕ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ (ਇਸ ਵਾਸਤੇ ਉਹ ਨਾਮ ਜਪਦਾ ਹੈ) ॥੪॥੧੧॥


ਆਸਾ ਮਹਲਾ ੧ ॥
ਏਕੋ ਸਰਵਰੁ ਕਮਲ ਅਨੂਪ ॥

(ਸਤਸੰਗ ਇਕ ਸਰੋਵਰ ਹੈ (ਜਿਸ ਵਿਚ) ਸੰਤ-ਜਨ ਸੋਹਣੇ ਕੌਲ-ਫੁੱਲ ਹਨ।

ਸਦਾ ਬਿਗਾਸੈ ਪਰਮਲ ਰੂਪ ॥

(ਸਤਸੰਗ ਉਹਨਾਂ ਨੂੰ ਨਾਮ-ਜਲ ਦੇ ਕੇ) ਸਦਾ ਖਿੜਾਈ ਰੱਖਦਾ ਹੈ (ਉਹਨਾਂ ਨੂੰ ਆਤਮਕ ਜੀਵਨ ਦੀ) ਸੁਗੰਧੀ ਤੇ ਸੁੰਦਰਤਾ ਦੇਂਦਾ ਹੈ।

ਊਜਲ ਮੋਤੀ ਚੂਗਹਿ ਹੰਸ ॥

ਸੰਤ-ਹੰਸ (ਉਸ ਸਤਸੰਗ-ਸਰੋਵਰ ਵਿਚ ਰਹਿ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਸੋਹਣੇ ਮੋਤੀ ਚੁਗ ਕੇ ਖਾਂਦੇ ਹਨ,

ਸਰਬ ਕਲਾ ਜਗਦੀਸੈ ਅੰਸ ॥੧॥

(ਤੇ ਇਸ ਤਰ੍ਹਾਂ) ਸਾਰੀਆਂ ਤਾਕਤਾਂ ਦੇ ਮਾਲਕ ਜਗਦੀਸ਼ ਦਾ ਹਿੱਸਾ (ਬਣੇ ਰਹਿੰਦੇ ਹਨ; ਜਗਦੀਸ਼ ਨਾਲ ਇੱਕ-ਰੂਪ ਹੋਏ ਰਹਿੰਦੇ ਹਨ) ॥੧॥

ਜੋ ਦੀਸੈ ਸੋ ਉਪਜੈ ਬਿਨਸੈ ॥

ਜੋ ਕੁਝ ਦਿੱਸ ਰਿਹਾ ਹੈ (ਭਾਵ, ਇਹ ਦਿੱਸਦਾ ਜਗਤ) ਪੈਦਾ ਹੁੰਦਾ ਹੈ ਤੇ ਨਾਸ ਹੋ ਜਾਂਦਾ ਹੈ।

ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥

ਪਰ ਸਰੋਵਰ ਵਿਚ (ਉਗਿਆ ਹੋਇਆ) ਕੌਲ ਪਾਣੀ ਤੋਂ ਬਿਨਾ ਨਹੀਂ ਹੈ (ਇਸ ਵਾਸਤੇ ਉਹ ਨਾਸ ਹੁੰਦਾ) ਨਹੀਂ ਦਿੱਸਦਾ (ਭਾਵ, ਜਿਵੇਂ ਸਰੋਵਰ ਵਿਚ ਉੱਗਿਆ ਹੋਇਆ ਕੌਲ-ਫੁੱਲ ਪਾਣੀ ਦੀ ਬਰਕਤਿ ਨਾਲ ਹਰਾ ਰਹਿੰਦਾ ਹੈ, ਤਿਵੇਂ ਸਤਸੰਗ ਵਿਚ ਟਿਕੇ ਰਹਿਣ ਵਾਲੇ ਗੁਰਮੁਖਿ ਦਾ ਹਿਰਦਾ-ਕਮਲ ਸਦਾ ਆਤਮਕ ਜੀਵਨ ਵਾਲਾ ਹੈ) ॥੧॥ ਰਹਾਉ ॥

ਬਿਰਲਾ ਬੂਝੈ ਪਾਵੈ ਭੇਦੁ ॥

(ਸਤਸੰਗ ਸਰੋਵਰ ਦੀ ਇਸ) ਗੁਪਤ ਕਦਰ ਨੂੰ ਕੋਈ ਵਿਰਲਾ ਹੀ ਬੰਦਾ ਸਮਝਦਾ ਹੈ।

ਸਾਖਾ ਤੀਨਿ ਕਹੈ ਨਿਤ ਬੇਦੁ ॥

(ਜਗਤ ਆਮ ਤੌਰ ਤੇ ਤ੍ਰਿਗੁਣੀ ਸੰਸਾਰ ਦੀਆਂ ਗੱਲਾਂ ਕਰਦਾ ਹੈ) ਵੇਦ (ਭੀ) ਤ੍ਰਿਗੁਣੀ ਸੰਸਾਰ ਦਾ ਹੀ ਜ਼ਿਕਰ ਕਰਦਾ ਹੈ।

ਨਾਦ ਬਿੰਦ ਕੀ ਸੁਰਤਿ ਸਮਾਇ ॥

(ਸਤਸੰਗ ਵਿਚ ਰਹਿ ਕੇ) ਜਿਸ ਮਨੁੱਖ ਦੀ ਸੁਰਤਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਸੂਝ ਵਿਚ ਲੀਨ ਰਹਿੰਦੀ ਹੈ,

ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥

ਉਹ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੨॥

ਮੁਕਤੋ ਰਾਤਉ ਰੰਗਿ ਰਵਾਂਤਉ ॥

(ਸਤਸੰਗ ਸਰੋਵਰ ਵਿਚ ਚੁੱਭੀ ਲਾਣ ਵਾਲਾ ਮਨੁੱਖ) ਮਾਇਆ ਦੇ ਪ੍ਰਭਾਵ ਤੋਂ ਸੁਤੰਤ੍ਰ ਹੈ, ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ, ਪ੍ਰੇਮ ਵਿਚ ਟਿਕ ਕੇ ਸਿਮਰਨ ਕਰਦਾ ਹੈ;

ਰਾਜਨ ਰਾਜਿ ਸਦਾ ਬਿਗਸਾਂਤਉ ॥

ਰਾਜਿਆਂ ਦੇ ਰਾਜੇ ਪ੍ਰਭੂ ਵਿਚ (ਜੁੜਿਆ ਰਹਿ ਕੇ) ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ।

ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥

(ਪਰ ਹੇ ਪ੍ਰਭੂ! ਇਹ ਤੇਰੀ ਹੀ ਮੇਹਰ ਹੈ) ਤੂੰ ਮੇਹਰ ਕਰ ਕੇ ਜਿਸ ਨੂੰ (ਮਾਇਆ ਦੇ ਅਸਰ ਤੋਂ) ਬਚਾ ਲੈਂਦਾ ਹੈਂ (ਉਹ ਬਚ ਜਾਂਦਾ ਹੈ),

ਬੂਡਤ ਪਾਹਨ ਤਾਰਹਿ ਤਾਰਿ ॥੩॥

ਤੂੰ ਆਪਣੇ ਨਾਮ ਦੀ ਬੇੜੀ ਵਿਚ (ਬੜੇ ਬੜੇ) ਪੱਥਰ (-ਦਿਲਾਂ) ਨੂੰ ਤਾਰ ਲੈਂਦਾ ਹੈਂ ॥੩॥

ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥

(ਜੋ ਮਨੁੱਖ ਸਤਸੰਗ ਵਿਚ ਟਿਕਿਆ ਉਸ ਨੇ) ਤਿੰਨਾਂ ਭਵਨਾਂ ਵਿਚ ਪ੍ਰਭੂ ਦੀ ਜੋਤਿ ਵੇਖ ਲਈ, ਉਸ ਨੇ ਸਾਰੇ ਜਗਤ ਵਿਚ ਵੱਸਦੇ ਨੂੰ ਪਛਾਣ ਲਿਆ,

ਉਲਟ ਭਈ ਘਰੁ ਘਰ ਮਹਿ ਆਣਿਆ ॥

ਉਸ ਦੀ ਸੁਰਤਿ ਮਾਇਆ ਦੇ ਮੋਹ ਵਲੋਂ ਪਰਤ ਪਈ, ਉਸ ਨੇ ਪਰਮਾਤਮਾ ਦਾ ਨਿਵਾਸ-ਥਾਂ ਆਪਣੇ ਹਿਰਦੇ ਵਿਚ ਲਿਆ ਬਣਾਇਆ।

ਅਹਿਨਿਸਿ ਭਗਤਿ ਕਰੇ ਲਿਵ ਲਾਇ ॥

ਉਹ ਸੁਰਤਿ ਜੋੜ ਕੇ ਦਿਨ ਰਾਤ ਭਗਤੀ ਕਰਦਾ ਹੈ।

ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥

ਨਾਨਕ ਅਜੇਹੇ (ਵਡਭਾਗੀ ਸੰਤ) ਜਨਾਂ ਦੀ ਚਰਨੀਂ ਲਗਦਾ ਹੈ ॥੪॥੧੨॥


ਆਸਾ ਮਹਲਾ ੧ ॥
ਗੁਰਮਤਿ ਸਾਚੀ ਹੁਜਤਿ ਦੂਰਿ ॥

ਜੋ ਮਨੁੱਖ ਗੁਰੂ ਦੀ (ਇਸ) ਮਤਿ ਨੂੰ ਦ੍ਰਿੜ ਕਰ ਕੇ ਧਾਰਦਾ ਹੈ, (ਪਰਮਾਤਮਾ ਦੀ ਅੰਗ-ਸੰਗਤਾ ਬਾਰੇ) ਉਸ ਮਨੁੱਖ ਦੀ ਅਸਰਧਾ ਦੂਰ ਹੋ ਜਾਂਦੀ ਹੈ।

ਬਹੁਤੁ ਸਿਆਣਪ ਲਾਗੈ ਧੂਰਿ ॥

(ਗੁਰੂ ਦੀ ਮਤਿ ਉਤੇ ਸਰਧਾ ਦੇ ਥਾਂ) ਮਨੁੱਖ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿਚ (ਵਿਕਾਰਾਂ ਦੀ) ਮੈਲ ਇਕੱਠੀ ਹੁੰਦੀ ਹੈ।

ਲਾਗੀ ਮੈਲੁ ਮਿਟੈ ਸਚ ਨਾਇ ॥

ਇਹ ਇਕੱਠੀ ਹੋਈ ਮੈਲ ਸਦਾ-ਥਿਰ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਮਿਟ ਸਕਦੀ ਹੈ,

ਗੁਰਪਰਸਾਦਿ ਰਹੈ ਲਿਵ ਲਾਇ ॥੧॥

ਤੇ, ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਟਿਕਾ ਕੇ ਰੱਖ ਸਕਦਾ ਹੈ ॥੧॥

ਹੈ ਹਜੂਰਿ ਹਾਜਰੁ ਅਰਦਾਸਿ ॥

(ਹੇ ਭਾਈ!) ਪਰਮਾਤਮਾ ਹਰ ਵੇਲੇ ਸਾਡੇ ਅੰਗ-ਸੰਗ ਹੈ, ਇਕ-ਮਨ ਹੋ ਕੇ ਉਸ ਦੇ ਅੱਗੇ ਅਰਦਾਸ ਕਰੋ।

ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥

ਇਹ ਯਕੀਨ ਜਾਣੋ ਕਿ ਹਰੇਕ ਜੀਵ ਦਾ ਦੁੱਖ-ਸੁਖ ਉਹ ਕਰਤਾਰ ਪ੍ਰਭੂ ਜਾਣਦਾ ਹੈ ॥੧॥ ਰਹਾਉ ॥

ਕੂੜੁ ਕਮਾਵੈ ਆਵੈ ਜਾਵੈ ॥

ਜੋ ਮਨੁੱਖ (ਅਸਰਧਾ-ਭਰੀਆਂ ਚਤੁਰਾਈਆਂ ਦੀ) ਵਿਅਰਥ ਕਮਾਈ ਕਰਦਾ ਹੈ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ,

ਕਹਣਿ ਕਥਨਿ ਵਾਰਾ ਨਹੀ ਆਵੈ ॥

ਉਸ ਦੀਆਂ ਇਹ ਵਿਅਰਥ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ।

ਕਿਆ ਦੇਖਾ ਸੂਝ ਬੂਝ ਨ ਪਾਵੈ ॥

(ਅਗਿਆਨੀ ਅੰਨ੍ਹੇ ਨੇ ਹੁੱਦਤਾਂ ਵਿਚ ਹੀ ਰਹਿ ਕੇ) ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸ ਨੂੰ ਕੋਈ ਸਮਝ ਨਹੀਂ ਆਉਂਦੀ,

ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨॥

ਤੇ, ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ ॥੨॥

ਜੋ ਜਨਮੇ ਸੇ ਰੋਗਿ ਵਿਆਪੇ ॥

ਜੋ ਭੀ ਜੀਵ ਜਗਤ ਵਿਚ ਜਨਮ ਲੈਂਦੇ ਹਨ (ਪਰਮਾਤਮਾ ਦੀ ਹਸਤੀ ਵਲੋਂ ਅਸਰਧਾ ਦੇ ਕਾਰਨ) ਆਤਮਕ ਰੋਗ ਵਿਚ ਦਬੇ ਰਹਿੰਦੇ ਹਨ,

ਹਉਮੈ ਮਾਇਆ ਦੂਖਿ ਸੰਤਾਪੇ ॥

ਤੇ, ਹਉਮੈ ਦੇ ਦੁੱਖ ਵਿਚ, ਮਾਇਆ ਦੇ ਮੋਹ ਦੇ ਦੁੱਖ ਵਿਚ ਉਹ ਕਲੇਸ਼ ਪਾਂਦੇ ਰਹਿੰਦੇ ਹਨ।

ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥

ਇਸ ਰੋਗ ਤੋਂ ਇਸ ਦੁੱਖ ਤੋਂ ਉਹੀ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ;

ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩॥

ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਅੰਮ੍ਰਿਤ-ਨਾਮ ਚੱਖਿਆ ॥੩॥

ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥

ਜੋ ਮਨੁੱਖ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਚੰਚਲ ਮਨ ਨੂੰ ਕਾਬੂ ਵਿਚ ਰੱਖਦਾ ਹੈ,

ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥

ਜੋ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਟੱਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ,

ਸਾਚੈ ਸਬਦਿ ਮੁਕਤਿ ਗਤਿ ਪਾਏ ॥

ਉਹ ਮਨੁੱਖ ਇਸ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ,

ਨਾਨਕ ਵਿਚਹੁ ਆਪੁ ਗਵਾਏ ॥੪॥੧੩॥

ਤੇ, ਹੇ ਨਾਨਕ! ਉਹ ਆਪਣੇ ਅੰਦਰੋਂ (ਆਪਣੀ ਸਿਆਣਪ ਦਾ) ਅਹੰਕਾਰ ਦੂਰ ਕਰ ਲੈਂਦਾ ਹੈ ॥੪॥੧੩॥


ਆਸਾ ਮਹਲਾ ੧ ॥
ਜੋ ਤਿਨਿ ਕੀਆ ਸੋ ਸਚੁ ਥੀਆ ॥

ਜਿਸ ਜੀਵ ਨੂੰ ਉਸ ਪਰਮਾਤਮਾ ਨੇ ਆਪਣਾ ਬਣਾ ਲਿਆ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੀ ਬਣ ਗਿਆ।

ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥

ਉਸ ਨੂੰ ਸਤਿਗੁਰੂ ਨੇ ਅਟੱਲ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇ ਦਿੱਤਾ।

ਹਿਰਦੈ ਨਾਮੁ ਨਾਹੀ ਮਨਿ ਭੰਗੁ ॥

ਉਸ ਜੀਵ ਦੇ ਹਿਰਦੇ ਵਿਚ (ਸਦਾ ਪ੍ਰਭੂ ਦਾ) ਨਾਮ ਵੱਸਦਾ ਹੈ, ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ,

ਅਨਦਿਨੁ ਨਾਲਿ ਪਿਆਰੇ ਸੰਗੁ ॥੧॥

ਹਰ ਰੋਜ਼ (ਹਰ ਵੇਲੇ) ਪਿਆਰੇ ਪ੍ਰਭੂ ਨਾਲ ਉਸ ਦਾ ਸਾਥ ਬਣਿਆ ਰਹਿੰਦਾ ਹੈ ॥੧॥

ਹਰਿ ਜੀਉ ਰਾਖਹੁ ਅਪਨੀ ਸਰਣਾਈ ॥

ਹੇ ਪ੍ਰਭੂ ਜੀ! ਜਿਸ ਮਨੁੱਖ ਨੂੰ ਤੂੰ ਆਪਣੀ ਸਰਨ ਵਿਚ ਰੱਖਦਾ ਹੈਂ,

ਗੁਰਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥

ਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸੁਆਦ ਚੱਖ ਲੈਂਦਾ ਹੈ; ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ (ਜੋ ਉਸ ਦੇ ਵਾਸਤੇ, ਮਾਨੋ) ਨੌ ਖ਼ਜ਼ਾਨੇ ਹਨ (ਭਾਵ, ਧਰਤੀ ਦਾ ਸਾਰਾ ਹੀ ਧਨ-ਪਦਾਰਥ ਨਾਮ ਦੇ ਟਾਕਰੇ ਤੇ ਉਸ ਨੂੰ ਤੁੱਛ ਜਾਪਦਾ ਹੈ) ॥੧॥ ਰਹਾਉ ॥

ਕਰਮ ਧਰਮ ਸਚੁ ਸਾਚਾ ਨਾਉ ॥

ਜੋ ਪ੍ਰਭੂ ਦੇ ਸਦਾ-ਥਿਰ ਨਾਮ ਨੂੰ ਹੀ ਸਭ ਤੋਂ ਸ੍ਰੇਸ਼ਟ ਕਰਮ ਤੇ ਧਾਰਮਿਕ ਫ਼ਰਜ਼ ਸਮਝਦਾ ਹੈ,

ਤਾ ਕੈ ਸਦ ਬਲਿਹਾਰੈ ਜਾਉ ॥

ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।

ਜੋ ਹਰਿ ਰਾਤੇ ਸੇ ਜਨ ਪਰਵਾਣੁ ॥

ਪ੍ਰਭੂ ਦੀ ਹਜ਼ੂਰੀ ਵਿਚ ਉਹੀ ਮਨੁੱਖ ਕਬੂਲ ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ।

ਤਿਨ ਕੀ ਸੰਗਤਿ ਪਰਮ ਨਿਧਾਨੁ ॥੨॥

ਉਹਨਾਂ ਦੀ ਸੰਗਤਿ ਕੀਤਿਆਂ ਸਭ ਤੋਂ ਕੀਮਤੀ (ਨਾਮ) ਖ਼ਜ਼ਾਨਾ ਮਿਲਦਾ ਹੈ ॥੨॥

ਹਰਿ ਵਰੁ ਜਿਨਿ ਪਾਇਆ ਧਨ ਨਾਰੀ ॥

ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਿਸ ਨੇ ਪ੍ਰਭੂ-ਪਤੀ (ਆਪਣੇ ਹਿਰਦੇ ਵਿਚ) ਲੱਭ ਲਿਆ ਹੈ,

ਹਰਿ ਸਿਉ ਰਾਤੀ ਸਬਦੁ ਵੀਚਾਰੀ ॥

ਜੋ ਪ੍ਰਭੂ ਦੇ ਪਿਆਰ ਵਿਚ ਰੰਗੀ ਰਹਿੰਦੀ ਹੈ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ (ਆਪਣੇ ਮਨ ਵਿਚ) ਵਿਚਾਰਦੀ ਹੈ।

ਆਪਿ ਤਰੈ ਸੰਗਤਿ ਕੁਲ ਤਾਰੈ ॥

ਉਹ ਜੀਵ-ਇਸਤ੍ਰੀ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ, ਅਤੇ ਆਪਣੀ ਸੰਗਤ ਵਿਚ ਆਪਣੀ ਕੁਲ ਨੂੰ ਤਾਰ ਲੈਂਦੀ ਹੈ,

ਸਤਿਗੁਰੁ ਸੇਵਿ ਤਤੁ ਵੀਚਾਰੈ ॥੩॥

ਸਤਿਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਮਨੁੱਖਾ ਜਨਮ ਦਾ ਅਸਲ ਲਾਭ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੀ ਹੈ ॥੩॥

ਹਮਰੀ ਜਾਤਿ ਪਤਿ ਸਚੁ ਨਾਉ ॥

(ਦੁਨੀਆ ਵਿਚ ਕਿਸੇ ਨੂੰ ਉੱਚੀ ਜਾਤਿ ਦਾ ਮਾਣ ਹੈ ਕਿਸੇ ਨੂੰ ਉੱਚੀ ਕੁਲ ਦਾ ਧਰਵਾਸ ਹੈ। ਹੇ ਪ੍ਰਭੂ! ਮੇਹਰ ਕਰ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤਿ ਤੇ ਕੁਲ ਹੋਵੇ,

ਕਰਮ ਧਰਮ ਸੰਜਮੁ ਸਤ ਭਾਉ ॥

ਤੇਰਾ ਸੱਚਾ ਪਿਆਰ ਹੀ ਮੇਰੇ ਲਈ ਧਾਰਮਿਕ ਕਰਮ, ਧਰਮ ਤੇ ਜੀਵਨ-ਜੁਗਤਿ ਹੋਵੇ।

ਨਾਨਕ ਬਖਸੇ ਪੂਛ ਨ ਹੋਇ ॥

ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਆਪਣੇ ਨਾਮ ਦੀ ਬਖ਼ਸ਼ਸ਼ ਕਰਦਾ ਹੈ (ਉਸ ਦਾ ਜਨਮਾਂ ਜਨਮਾਂਤਰਾਂ ਦਾ ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ) ਉਸ ਪਾਸੋਂ (ਫਿਰ) ਕੀਤੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ,

ਦੂਜਾ ਮੇਟੇ ਏਕੋ ਸੋਇ ॥੪॥੧੪॥

ਉਸ ਨੂੰ (ਹਰ ਪਾਸੇ) ਇਕ ਪ੍ਰਭੂ ਹੀ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ ਹੀ ਉਸ ਦੇ ਅੰਦਰੋਂ ਮਿਟ ਜਾਂਦਾ ਹੈ ॥੪॥੧੪॥


ਆਸਾ ਮਹਲਾ ੧ ॥
ਇਕਿ ਆਵਹਿ ਇਕਿ ਜਾਵਹਿ ਆਈ ॥

ਅਨੇਕਾਂ ਜੀਵ ਜਗਤ ਵਿਚ ਜਨਮ ਲੈਂਦੇ ਹਨ ਤੇ (ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਤੋਂ ਬਿਨਾ) ਨਿਰੇ ਜੰਮਦੇ ਹੀ ਹਨ ਤੇ (ਫਿਰ ਇਥੋਂ) ਚਲੇ ਜਾਂਦੇ ਹਨ।

ਇਕਿ ਹਰਿ ਰਾਤੇ ਰਹਹਿ ਸਮਾਈ ॥

ਪਰ ਇਕ (ਸੁਭਾਗੇ ਐਸੇ) ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ ਤੇ ਪ੍ਰਭੂ ਦੀ ਯਾਦ ਵਿਚ ਰਹਿੰਦੇ ਹਨ।

ਇਕਿ ਧਰਨਿ ਗਗਨ ਮਹਿ ਠਉਰ ਨ ਪਾਵਹਿ ॥

(ਪਰ) ਉਹਨਾਂ ਨੂੰ ਸਾਰੀ ਸ੍ਰਿਸ਼ਟੀ ਵਿਚ ਕਿਤੇ ਸ਼ਾਂਤੀ ਲਈ ਥਾਂ ਨਹੀਂ ਲੱਭਦੀ,

ਸੇ ਕਰਮਹੀਣ ਹਰਿ ਨਾਮੁ ਨ ਧਿਆਵਹਿ ॥੧॥

ਜੇਹੜੇ ਬੰਦੇ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਹਨ ਉਹ ਅਭਾਗੇ ਹਨ (ਉਹਨਾਂ ਦੇ ਮਨ ਸਦਾ ਭਟਕਦੇ ਰਹਿੰਦੇ ਹਨ) ॥੧॥

ਗੁਰ ਪੂਰੇ ਤੇ ਗਤਿ ਮਿਤਿ ਪਾਈ ॥

ਉੱਚੇ ਆਤਮਕ ਜੀਵਨ ਦੀ ਮਰਯਾਦਾ ਪੂਰੇ ਗੁਰੂ ਤੋਂ ਹੀ ਮਿਲਦੀ ਹੈ।

ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ ॥

ਇਹ ਸੰਸਾਰ ਇਕ ਬਹਤ ਵਿਹੁਲੀ ਘੁੰਮਣਘੇਰੀ ਹੈ, ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ (ਤੇ ਉੱਚਾ ਆਤਮਕ ਜੀਵਨ ਬਖ਼ਸ਼ ਕੇ) ਇਸ ਵਿਚੋਂ ਪਾਰ ਲੰਘਾਂਦਾ ਹੈ ॥੧॥ ਰਹਾਉ ॥

ਜਿਨ੍ਰ ਕਉ ਆਪਿ ਲਏ ਪ੍ਰਭੁ ਮੇਲਿ ॥

ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜਦਾ ਹੈ,

ਤਿਨ ਕਉ ਕਾਲੁ ਨ ਸਾਕੈ ਪੇਲਿ ॥

ਉਹਨਾਂ ਨੂੰ ਮੌਤ ਦਾ ਡਰ ਢਾਹ ਨਹੀਂ ਸਕਦਾ।

ਗੁਰਮੁਖਿ ਨਿਰਮਲ ਰਹਹਿ ਪਿਆਰੇ ॥

ਗੁਰੂ ਦੇ ਸਨਮੁਖ ਰਹਿ ਕੇ (ਮਾਇਆ ਵਿਚ ਵਰਤਦੇ ਹੋਏ ਭੀ) ਉਹ ਪਿਆਰੇ ਇਉਂ ਪਵਿਤ੍ਰ-ਆਤਮਾ ਰਹਿੰਦੇ ਹਨ,

ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥

ਜਿਵੇਂ ਪਾਣੀ ਵਿਚ ਕੌਲ-ਫੁੱਲ ਨਿਰਲੇਪ ਰਹਿੰਦੇ ਹਨ ॥੨॥

ਬੁਰਾ ਭਲਾ ਕਹੁ ਕਿਸ ਨੋ ਕਹੀਐ ॥

ਪਰ ਨਾਹ ਕਿਸੇ ਨੂੰ ਮਾੜਾ ਤੇ ਨਾਹ ਕਿਸੇ ਨੂੰ ਚੰਗਾ ਕਿਹਾ ਜਾ ਸਕਦਾ ਹੈ,

ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥

ਕਿਉਂਕਿ ਹਰੇਕ ਵਿਚ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ। ਹਾਂ, ਉਹ ਸਦਾ-ਥਿਰ ਪ੍ਰਭੂ ਲੱਭਦਾ ਹੈ ਗੁਰੂ ਦੇ ਸਨਮੁਖ ਹੋਇਆਂ ਹੀ।

ਅਕਥੁ ਕਥਉ ਗੁਰਮਤਿ ਵੀਚਾਰੁ ॥

ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਗੁਰੂ ਦੀ ਮਤਿ ਲਿਆਂ ਹੀ ਮੈਂ ਉਸ ਦੇ (ਕੁਝ) ਗੁਣ ਕਹਿ ਸਕਦਾ ਹਾਂ ਤੇ ਵਿਚਾਰ ਸਕਦਾ ਹਾਂ।

ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥

ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ (ਇਸ ਵਿਹੁਲੀ ਘੁੰਮਣਘੇਰੀ ਦਾ) ਪਾਰਲਾ ਬੰਨਾ ਲੱਭ ਸਕਦਾ ਹਾਂ ॥੩॥

ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥

(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਨੰਦ ਹਿਰਦੇ ਵਿਚ ਮਾਣੋ-

ਅਠਸਠਿ ਮਜਨੁ ਹਰਿ ਰਸੁ ਰੇਦ ॥

ਇਹੀ ਹੈ ਵੇਦਾਂ ਸ਼ਾਸਤ੍ਰਾਂ ਸਿਮ੍ਰਿਤੀਆਂ ਦੇ ਵਖ ਵਖ ਵਿਚਾਰ ਵਿਚਾਰਨੇ, ਇਹੀ ਹੈ ਅਠਾਹਠ ਤੀਰਥਾਂ ਦਾ ਇਸ਼ਨਾਨ।

ਗੁਰਮੁਖਿ ਨਿਰਮਲੁ ਮੈਲੁ ਨ ਲਾਗੈ ॥

ਗੁਰੂ ਦੇ ਸਨਮੁਖ ਰਹਿ ਕੇ (ਨਾਮ ਦਾ ਆਨੰਦ ਲਿਆਂ) ਜੀਵਨ ਪਵਿਤ੍ਰ ਰਹਿੰਦਾ ਹੈ ਤੇ ਵਿਕਾਰਾਂ ਦੀ ਮੈਲ ਨਹੀਂ ਲਗਦੀ।

ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ ॥੪॥੧੫॥

ਹੇ ਨਾਨਕ! ਧੁਰੋਂ ਪਰਮਾਤਮਾ ਵਲੋਂ ਹੀ ਮੇਹਰ ਹੋਵੇ ਤਾਂ ਨਾਮ ਹਿਰਦੇ ਵਿਚ ਵੱਸਦਾ ਹੈ ॥੪॥੧੫॥


1
2
3
4
5
6
7
8
9
10
11
12
13
14
15
16
17
18
19
20