ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 4 – Guru Nanak Dev ji (Mahalla 1) – Slok Bani Quotes Shabad Path in Punjabi Gurbani
ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 4 – Guru Nanak Dev ji (Mahalla 1) – Slok Bani Quotes Shabad Path in Punjabi Gurbani
ਸਲੋਕੁ ਮ : ੧ ॥
ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥
ਪੀਰ, ਸ਼ੇਖ਼, ਰਾਇ (ਆਦਿਕ) ਸਾਰੀ ਦੁਨੀਆ ਧਰਤੀ ਦੇ ਥੱਲੇ (ਅੰਤ ਨੂੰ ਆ ਜਾਂਦੇ ਹਨ)।
ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥
(ਇਸ ਧਰਤੀ ਤੇ ਹੁਕਮ ਕਰਨ ਵਾਲੇ) ਬਾਦਸ਼ਾਹ ਭੀ ਨਾਸ ਹੋ ਜਾਂਦੇ ਹਨ, ਸਦਾ ਟਿਕੇ ਰਹਿਣ ਵਾਲਾ, ਹੇ ਖ਼ੁਦਾਇ!
ਏਕ ਤੂਹੀ ਏਕ ਤੁਹੀ ॥੧॥
ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੧॥
ਮ : ੧ ॥
ਨ ਦੇਵ ਦਾਨਵਾ ਨਰਾ ॥
ਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ,
ਨ ਸਿਧ ਸਾਧਿਕਾ ਧਰਾ ॥
ਨਾਹ ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਨਾਹ ਜੋਗ-ਸਾਧਨ ਕਰਨ ਵਾਲੇ, ਕੋਈ ਭੀ ਧਰਤੀ ਤੇ ਨਾਹ ਰਿਹਾ।
ਅਸਤਿ ਏਕ ਦਿਗਰਿ ਕੁਈ ॥
ਸਦਾ-ਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ?
ਅਸਤਿ ਏਕ ਦਿਗਰਿ ਕੁਈ ॥
ਸਦਾ ਰਹਿਣ ਵਾਲਾ ਹੋਰ ਦੂਜਾ ਕੌਣ ਹੈ?
ਏਕ ਤੁਈ ਏਕ ਤੁਈ ॥੨॥
(ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੨॥
ਮ : ੧ ॥
ਨ ਦਾਦੇ ਦਿਹੰਦ ਆਦਮੀ ॥
ਨਾਹ ਹੀ ਇਨਸਾਫ਼ ਕਰਨ ਵਾਲੇ (ਭਾਵ, ਦੂਜਿਆਂ ਦੇ ਝਗੜੇ ਨਿਬੇੜਨ ਵਾਲੇ) ਆਦਮੀ ਸਦਾ ਟਿਕੇ ਰਹਿਣ ਵਾਲੇ ਹਨ,
ਨ ਸਪਤ ਜੇਰ ਜਿਮੀ ॥
ਨਾਹ ਹੀ ਧਰਤੀ ਦੇ ਹੇਠਲੇ ਸੱਤ (ਪਤਾਲ ਹੀ) ਸਦਾ ਰਹਿ ਸਕਦੇ ਹਨ।
ਅਸਤਿ ਏਕ ਦਿਗਰਿ ਕੁਈ ॥
ਸਦਾ ਰਹਿਣ ਵਾਲਾ ਹੋਰ ਦੂਜਾ ਕੌਣ ਹੈ?
ਏਕ ਤੁਈ ਏਕ ਤੁਈ ॥੩॥
(ਹੇ ਪ੍ਰਭੂ! ਸਦਾ ਕਾਇਮ ਰਹਿਣ ਵਾਲਾ) ਇਕ ਤੂੰ ਹੀ ਹੈ ਇਕ ਤੂੰ ਹੀ ਹੈ ॥੩॥
ਮ :੧ ॥
ਨ ਸੂਰ ਸਸਿ ਮੰਡਲੋ ॥
ਨਾ ਸੂਰਜ, ਨਾਹ ਚੰਦਰਮਾ, ਨਾਹ ਇਹ ਦਿੱਸਦਾ ਆਕਾਸ਼,
ਨ ਸਪਤ ਦੀਪ ਨਹ ਜਲੋ ॥
ਨਾਹ ਧਰਤੀ ਦੇ ਸੱਤ ਦੀਪ, ਨਾਹ ਪਾਣੀ,
ਅੰਨ ਪਉਣ ਥਿਰੁ ਨ ਕੁਈ ॥
ਨ ਅੰਨ, ਨਾਹ ਹਵਾ-ਕੋਈ ਭੀ ਥਿਰ ਰਹਿਣ ਵਾਲਾ ਨਹੀਂ।
ਏਕੁ ਤੁਈ ਏਕੁ ਤੁਈ ॥੪॥
(ਸਦਾ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੪॥
ਮ : ੧ ॥
ਨ ਰਿਜਕੁ ਦਸਤ ਆ ਕਸੇ ॥
(ਜੀਵਾਂ ਦਾ) ਰਿਜ਼ਕ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਹੱਥ ਵਿਚ ਨਹੀਂ ਹੈ।
ਹਮਾ ਰਾ ਏਕੁ ਆਸ ਵਸੇ ॥
ਸਭ ਜੀਵਾਂ ਨੂੰ, ਬੱਸ, ਇਕ ਪ੍ਰਭੂ ਦੀ ਆਸ ਹੈ।
ਅਸਤਿ ਏਕੁ ਦਿਗਰ ਕੁਈ ॥
(ਕਿਉਂਕਿ ਸਦਾ-ਥਿਰ) ਹੋਰ ਹੈ ਹੀ ਕੋਈ ਨਹੀਂ।
ਏਕ ਤੁਈ ਏਕੁ ਤੁਈ ॥੫॥
ਸਦਾ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ ॥੫॥
ਮ : ੧ ॥
ਪਰੰਦਏ ਨ ਗਿਰਾਹ ਜਰ ॥
ਪੰਛੀਆਂ ਦੇ ਗੰਢੇ-ਪੱਲੇ ਧਨ ਨਹੀਂ ਹੈ।
ਦਰਖਤ ਆਬ ਆਸ ਕਰ ॥
ਉਹ (ਪ੍ਰਭੂ ਦੇ ਬਣਾਏ ਹੋਏ) ਰੁੱਖਾਂ ਤੇ ਪਾਣੀ ਦਾ ਆਸਰਾ ਹੀ ਲੈਂਦੇ ਹਨ।
ਦਿਹੰਦ ਸੁਈ ॥
ਉਹਨਾਂ ਨੂੰ ਰੋਜ਼ੀ ਦੇਣ ਵਾਲਾ ਉਹੀ ਪ੍ਰਭੂ ਹੈ।
ਏਕ ਤੁਈ ਏਕ ਤੁਈ ॥੬॥
(ਹੇ ਪ੍ਰਭੂ! ਇਹਨਾਂ ਦਾ ਰਿਜ਼ਕ-ਦਾਤਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੬॥
ਮ : ੧ ॥
ਨਾਨਕ ਲਿਲਾਰਿ ਲਿਖਿਆ ਸੋਇ ॥
ਹੇ ਨਾਨਕ! (ਜੀਵ ਦੇ) ਮੱਥੇ ਉਤੇ (ਜੋ ਕੁਝ ਕਰਤਾਰ ਵਲੋਂ) ਲਿਖਿਆ ਗਿਆ ਹੈ,
ਮੇਟਿ ਨ ਸਾਕੈ ਕੋਇ ॥
ਉਸ ਨੂੰ ਕੋਈ ਮਿਟਾ ਨਹੀਂ ਸਕਦਾ।
ਕਲਾ ਧਰੈ ਹਿਰੈ ਸੁਈ ॥
(ਜੀਵ ਦੇ ਅੰਦਰ) ਉਹੀ ਸੱਤਿਆ ਪਾਂਦਾ ਹੈ, ਉਹੀ ਖੋਹ ਲੈਂਦਾ ਹੈ।
ਏਕੁ ਤੁਈ ਏਕੁ ਤੁਈ ॥੭॥
(ਹੇ ਪ੍ਰਭੂ! ਜੀਵਾਂ ਨੂੰ ਸੱਤਿਆ ਦੇਣ ਤੇ ਖੋਹ ਲੈਣ ਵਾਲਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੭॥
ਪਉੜੀ ॥
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥
(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੇ ਸਨਮੁਖ ਹੋਇਆਂ ਇਸ ਦੀ ਸਮਝ ਪੈਂਦੀ ਹੈ।
ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥
ਜਿਸ ਨੇ ਗੁਰੂ ਦੀ ਮਤਿ ਲੈ ਕੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ।
ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥
ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, (ਇਸ ਤਕ ਅੱਪੜਨ ਲਈ ਗੁਰੂ ਦਾ) ਸ਼ਬਦ ਰਾਹਦਾਰੀ ਹੈ।
ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥
ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ, ਉਹ ਸੱਚ ਵਿਚ ਲੀਨ ਹੋ ਜਾਂਦੇ ਹਨ।
ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥
(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੂੜ (ਹੀ) ਵਿਹਾਝਦੇ ਹਨ, ਭਟਕਣਾ ਵਿਚ ਖੁੰਝੇ ਫਿਰਦੇ ਹਨ।
ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥
ਉਹਨਾਂ ਦਾ ਵਸੇਬਾ ਗੰਦ ਵਿਚ ਹੀ ਰਹਿੰਦਾ ਹੈ, (ਸ਼ਬਦ ਦਾ) ਆਨੰਦ ਉਹ ਨਹੀਂ ਸਮਝ ਸਕੇ।
ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥
ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾ ਕੇ ਜਨਮ ਮਰਨ (ਦੇ ਚੱਕਰ ਵਿਚ ਪਏ ਰਹਿੰਦੇ ਹਨ)।
ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥
ਹੇ ਨਾਨਕ! ਪਰਖਣ ਵਾਲਾ ਪ੍ਰਭੂ ਆਪ ਹੀ ਹੈ, ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ (ਭਾਵ, ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ ਤੇ ਖਰਾ ਕੌਣ ਹੈ) ॥੧੩॥
ਸਲੋਕੁ ਮ : ੧ ॥
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
ਪ੍ਰਭੂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆ (ਆਦਿਕ ਮਾਸਾਹਾਰੀਆਂ ਨੂੰ ਜੇ ਚਾਹੇ ਤਾਂ) ਘਾਹ ਖਵਾ ਦੇਂਦਾ ਹੈ (ਭਾਵ, ਉਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦੇਂਦਾ ਹੈ)।
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥
ਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦੇਂਦਾ ਹੈ-ਸੋ, ਪ੍ਰਭੂ ਇਹੋ ਜਿਹੇ ਰਾਹ ਤੋਰ ਦੇਂਦਾ ਹੈ।
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥
ਪ੍ਰਭੂ (ਵਗਦੀਆਂ) ਨਦੀਆਂ ਵਿਚ ਟਿੱਬੇ ਵਿਖਾਲ ਦੇਂਦਾ ਹੈ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦੇਂਦਾ ਹੈ।
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥
ਕੀੜੇ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ), (ਤੇ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਸੁਆਹ ਕਰ ਦੇਂਦਾ ਹੈ।
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥
ਜਿਤਨੇ ਭੀ ਜੀਵ (ਜਗਤ ਵਿਚ) ਜੀਊਂਦੇ ਹਨ, ਸਾਹ ਲੈ ਕੇ ਜੀਊਂਦੇ ਹਨ, (ਭਾਵ, ਤਦ ਤਕ ਜੀਊਂਦੇ ਹਨ ਜਦ ਤਕ ਸਾਹ ਲੈਂਦੇ ਹਨ, (ਪਰ ਜੇ ਪ੍ਰਭੂ) ਜੀਊਂਦੇ ਰੱਖਣੇ ਚਾਹੇ, ਤਾਂ ‘ਸਾਹ’ ਦੀ ਭੀ ਕੀਹ ਮੁਥਾਜੀ ਹੈ?
ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥
ਹੇ ਨਾਨਕ! ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੈ, ਤਿਵੇਂ ਤਿਵੇਂ (ਜੀਵਾਂ) ਨੂੰ ਰੋਜ਼ੀ ਦੇਂਦਾ ਹੈ ॥੧॥
ਮ : ੧ ॥
ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥
ਕਈ ਜੀਵ ਮਾਸ ਖਾਣ ਵਾਲੇ ਹਨ, ਕਈ ਘਾਹ ਖਾਂਦੇ ਹਨ।
ਇਕਨਾ ਛਤੀਹ ਅੰਮ੍ਰਿਤ ਪਾਹਿ ॥
ਕਈ ਪ੍ਰਣੀਆਂ ਨੂੰ ਕਈ ਕਿਸਮਾਂ ਦੇ ਸੁਆਦਲੇ ਭੋਜਨ ਮਿਲਦੇ ਹਨ,
ਇਕਿ ਮਿਟੀਆ ਮਹਿ ਮਿਟੀਆ ਖਾਹਿ ॥
ਤੇ ਕਈ ਮਿੱਟੀ ਵਿਚ (ਰਹਿ ਕੇ) ਮਿੱਟੀ ਖਾਂਦੇ ਹਨ।
ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥
ਕਈ ਪ੍ਰਾਣਾਯਾਮ ਦੇ ਅੱਭਿਆਸੀ ਪ੍ਰਾਣਾਯਾਮ ਵਿਚ ਲੱਗੇ ਰਹਿੰਦੇ ਹਨ,
ਇਕਿ ਨਿਰੰਕਾਰੀ ਨਾਮ ਆਧਾਰਿ ॥
ਕਈ ਨਿਰੰਕਾਰ ਦੇ ਉਪਾਸ਼ਕ (ਉਸ ਦੇ) ਨਾਮ ਦੇ ਆਸਰੇ ਜੀਉਂਦੇ ਹਨ।
ਜੀਵੈ ਦਾਤਾ ਮਰੈ ਨ ਕੋਇ ॥
ਜੋ ਮਨੁੱਖ (ਇਹ ਮੰਨਦਾ ਹੈ ਕਿ) ਸਿਰ ਤੇ ਦਾਤਾ ਰਾਖਾ ਹੈ ਉਹ (ਪ੍ਰਭੂ ਨੂੰ ਵਿਸਾਰ ਕੇ ਆਤਮਕ ਮੌਤ) ਨਹੀਂ ਮਰਦਾ।
ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥
ਹੇ ਨਾਨਕ! ਉਹ ਜੀਵ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਨਹੀਂ ਹੈ ॥੨॥
ਪਉੜੀ ॥
ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥
ਪੂਰੇ ਸਤਿਗੁਰੂ ਦੀ ਦੱਸੀ ਹੋਈ ਕਾਰ (ਪ੍ਰਭੂ ਦੀ) ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ,
ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥
ਗੁਰੂ ਦੀ ਮਤਿ ਨਾਲ ਆਪਾ-ਭਾਵ ਗਵਾ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।
ਦੂਜੀ ਕਾਰੈ ਲਗਿ ਜਨਮੁ ਗਵਾਈਐ ॥
(ਪ੍ਰਭੂ ਦੀ ਬੰਦਗੀ ਵਿਸਾਰ ਕੇ) ਹੋਰ ਕੰਮ ਵਿਚ ਰੁੱਝਿਆਂ ਮਨੁੱਖਾ-ਜਨਮ ਵਿਅਰਥ ਜਾਂਦਾ ਹੈ,
ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥
(ਕਿਉਂਕਿ) ਨਾਮ ਨੂੰ ਵਿਸਾਰ ਕੇ ਜੋ ਕੁਝ ਪਹਿਨੀ ਖਾਈਦਾ ਹੈ, ਉਹ (ਆਤਮਕ ਜੀਵਨ ਵਾਸਤੇ) ਜ਼ਹਿਰ (ਸਮਾਨ) ਹੋ ਜਾਂਦਾ ਹੈ।
ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥
ਸਤਿਗੁਰੂ ਦਾ ਸੱਚਾ ਸ਼ਬਦ ਗਾਵਿਆਂ ਸੱਚੇ ਪ੍ਰਭੂ ਵਿਚ ਜੁੜੀਦਾ ਹੈ।
ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥
ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਸੁਖ ਵਿਚ (ਮਨ ਦਾ) ਟਿਕਾਉ ਨਹੀਂ ਹੋ ਸਕਦਾ, ਮੁੜ ਮੁੜ ਜਨਮ (ਮਰਨ) ਵਿਚ ਆਈਦਾ ਹੈ।
ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥
ਦੁਨੀਆ (ਦਾ ਪਿਆਰ) ਖੋਟੀ ਪੂੰਜੀ ਹੈ, ਇਹ ਕਮਾਈ ਕੂੜ (ਦਾ ਵਪਾਰ ਹੈ)।
ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥
ਹੇ ਨਾਨਕ! ਨਿਰੋਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਏਥੋਂ) ਇੱਜ਼ਤ ਨਾਲ ਜਾਈਦਾ ਹੈ ॥੧੪॥
ਸਲੋਕੁ ਮ : ੧ ॥
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥
ਜਦੋਂ ਤੇਰੀ ਰਜ਼ਾ ਹੁੰਦੀ ਹੈ (ਭਾਵ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼) ਵਜਾਂਦੇ ਹਨ ਤੇ ਗਾਉਂਦੇ ਹਨ, (ਤੀਰਥਾਂ ਦੇ) ਜਲ ਵਿਚ ਇਸ਼ਨਾਨ ਕਰਦੇ ਹਨ,
ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥
ਕਈ (ਪਿੰਡੇ ਉਤੇ) ਸੁਆਹ ਮਲਦੇ ਹਨ ਤੇ ਸਿੰਙੀ ਦਾ ਨਾਦ ਵਜਾਂਦੇ ਹਨ।
ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥
ਕਈ ਜੀਵ ਕੁਰਾਨ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾਂ ਤੇ ਸ਼ੇਖ਼ ਅਖਵਾਂਦੇ ਹਨ।
ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥
ਕੋਈ ਰਾਜੇ ਬਣ ਜਾਂਦੇ ਹਨ ਤੇ ਕਈ ਸੁਆਦਾਂ ਦੇ ਭੋਜਨ ਵਰਤਦੇ ਹਨ।
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥
ਕੋਈ ਤਲਵਾਰ ਚਲਾਂਦੇ ਹਨ ਤੇ ਧੌਣ ਨਾਲੋਂ ਸਿਰ ਵੱਢੇ ਜਾਂਦੇ ਹਨ।
ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥
ਕੋਈ ਪਰਦੇਸ ਜਾਂਦੇ ਹਨ (ਉਧਰ ਦੀਆਂ) ਗੱਲਾਂ ਸੁਣ ਕੇ (ਮੁੜ ਆਪਣੇ) ਘਰ ਆਉਂਦੇ ਹਨ।
ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥
(ਹੇ ਪ੍ਰਭੂ! ਇਹ ਭੀ ਤੇਰੀ ਹੀ ਰਜ਼ਾ ਹੈ ਕਿ ਕਈ ਜੀਵ) ਤੇਰੇ ਨਾਮ ਵਿਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿਚ ਤੁਰਦੇ ਹਨ ਤੈਨੂੰ ਪਿਆਰੇ ਲੱਗਦੇ ਹਨ।
ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥
ਨਾਨਕ ਇਕ ਅਰਜ਼ ਕਰਦਾ ਹੈ (ਕਿ ਰਜ਼ਾ ਵਿਚ ਤੁਰਨ ਤੋਂ ਬਿਨਾ) ਹੋਰ ਸਾਰੇ (ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਹੈ) ਕੂੜ ਕਮਾ ਰਹੇ ਹਨ (ਭਾਵ, ਉਹ ਸਉਦਾ ਕਰਦੇ ਹਨ ਜੋ ਵਿਅਰਥ ਜਾਂਦਾ ਹੈ) ॥੧॥
ਮ : ੧ ॥
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥
ਜਦੋਂ (ਇਹ ਗੱਲ ਠੀਕ ਹੈ ਕਿ) ਤੂੰ ਵੱਡਾ (ਪ੍ਰਭੂ ਜਗਤ ਦਾ ਕਰਤਾਰ ਹੈਂ ਤਾਂ ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰੀਆਂ ਹੀ ਵਡਿਆਈਆਂ ਹਨ (ਕਿਉਂਕਿ) ਚੰਗੇ ਤੋਂ ਚੰਗਿਆਈ ਹੀ ਉਤਪੰਨ ਹੁੰਦੀ ਹੈ।
ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥
(ਜਦੋਂ ਇਹ ਯਕੀਨ ਬੱਝ ਜਾਏ ਕਿ) ਤੂੰ ਸੱਚਾ ਪ੍ਰਭੂ ਸਿਰਜਣਹਾਰ ਹੈਂ (ਤਾਂ) ਹਰੇਕ ਜੀਵ ਸੱਚਾ (ਦਿੱਸਦਾ ਹੈ ਕਿਉਂਕਿ ਹਰੇਕ ਜੀਵ ਵਿਚ ਤੂੰ ਆਪ ਮੌਜੂਦ ਹੈਂ ਤਾਂ ਫਿਰ ਇਸ ਜਗਤ ਵਿਚ) ਕੋਈ ਕੂੜਾ ਨਹੀਂ ਹੋ ਸਕਦਾ।
ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥
(ਜੋ ਕੁਝ ਬਾਹਰ ਵਿਖਾਵੇ ਮਾਤ੍ਰ ਦਿੱਸ ਰਿਹਾ ਹੈ ਇਹ) ਆਖਣਾ-ਵੇਖਣਾ, ਇਹ ਬੋਲ-ਚਾਲ, ਇਹ ਜੀਉਂਣਾ ਤੇ ਮਰਨਾ (ਇਹ ਸਭ ਕੁਝ) ਮਾਇਆ-ਰੂਪ ਹੈ (ਅਸਲੀਅਤ ਨਹੀਂ ਹੈ, ਅਸਲੀਅਤ ਪ੍ਰਭੂ ਆਪ ਹੀ ਹੈ)।
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥
ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ (ਆਪਣੀ) ਹੁਕਮ (-ਰੂਪ ਸੱਤਿਆ) ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿਚ ਤੋਰ ਰਿਹਾ ਹੈ ॥੨॥
ਪਉੜੀ ॥
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥
ਜੇ ਸੱਚੇ ਦਿਲੋਂ ਗੁਰੂ ਦਾ ਹੁਕਮ ਮੰਨੀਏ, ਤਾਂ ਭਟਕਣਾ ਦੂਰ ਹੋ ਜਾਂਦੀ ਹੈ।
ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥
ਉਹੀ ਕੰਮ ਕਰਨਾ ਚਾਹੀਦਾ ਹੈ, ਜੋ ਗੁਰੂ ਕਰਨ ਲਈ ਆਖੇ।
ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥
ਜੇ ਸਤਿਗੁਰੂ ਮਿਹਰ ਕਰੇ, ਤਾਂ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।
ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥
ਗੁਰੂ ਦੇ ਸਨਮੁਖ ਹੋਇਆਂ ਪ੍ਰਭੂ ਦੀ ਬੰਦਗੀ-ਰੂਪ ਸਭ ਤੋਂ ਚੰਗਾ ਲਾਭ ਮਿਲਦਾ ਹੈ।
ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥
ਪਰ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿਰਾ ਕੂੜ ਨਿਰਾ ਹਨੇਰਾ ਹੀ ਖੱਟਦਾ ਹੈ।
ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥
ਜੇ ਸੱਚੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਸੱਚੇ ਦਾ ਨਾਮ ਜਪੀਏ,
ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥
ਤਾਂ ਇਸ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦਾ ਹੈ।
ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥
ਹੇ ਨਾਨਕ! (ਜਿਸ ਦੇ ਪੱਲੇ) ਸਦਾ ਸੱਚ ਹੈ ਉਹ ਸੱਚ ਦਾ ਵਪਾਰੀ ਹੈ ਉਹ ਸੱਚ ਵਿਚ ਲੀਨ ਰਹਿੰਦਾ ਹੈ ॥੧੫॥?
ਸਲੋਕੁ ਮ : ੧ ॥
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉਡ ਗਿਆ ਹੈ।
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ।
ਹਉ ਭਾਲਿ ਵਿਕੁੰਨੀ ਹੋਈ ॥
ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ,
ਆਧੇਰੈ ਰਾਹੁ ਨ ਕੋਈ ॥
ਹਨੇਰੇ ਵਿਚ ਕੋਈ ਰਾਹ ਦਿੱਸਦਾ ਨਹੀਂ।
ਵਿਚਿ ਹਉਮੈ ਕਰਿ ਦੁਖੁ ਰੋਈ ॥
(ਇਸ ਹਨੇਰੇ) ਵਿਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ,
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ? ॥੧॥
ਪਉੜੀ ॥
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
(ਜਗਤ ਵਿਚ ਇਹ ਨਿੱਤ ਵੇਖ ਰਹੇ ਹਾਂ ਕਿ) ਭਗਤਾਂ ਤੇ ਦੁਨੀਆਦਾਰਾਂ ਦਾ ਕਦੇ ਜੋੜ ਨਹੀਂ ਬਣਦਾ (ਪਰ, ਜਗਤ-ਰਚਨਾ ਵਿਚ ਪ੍ਰਭੂ ਵਲੋਂ ਇਹ ਕੋਈ ਉਕਾਈ ਨਹੀਂ ਹੈ)।
ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥
ਕਰਤਾਰ ਆਪ ਤਾਂ ਉਕਾਈ ਖਾਣ ਵਾਲਾ ਨਹੀਂ ਹੈ, ਤੇ ਕਿਸੇ ਦਾ ਖੁੰਝਾਇਆ (ਭੀ) ਖੁੰਝਦਾ ਨਹੀਂ।
ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥
(ਇਹ ਉਸ ਦੀ ਆਪਣੀ ਰਜ਼ਾ ਹੈ ਕਿ) ਉਸ ਨੇ ਆਪ ਹੀ ਭਗਤ (ਆਪਣੇ ਚਰਨਾਂ ਵਿਚ) ਜੋੜੇ ਹੋਏ ਹਨ, ਉਹ ਨਿਰੋਲ ਬੰਦਗੀ-ਰੂਪ ਕਾਰ ਕਰਦੇ ਹਨ।
ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥
ਦੁਨੀਆਦਾਰ ਭੀ ਉਸ ਨੇ ਆਪ ਹੀ ਖੁੰਝਾਏ ਹਨ, ਉਹ ਝੂਠ ਬੋਲ ਬੋਲ ਕੇ (ਆਤਮਕ ਮੌਤ ਦਾ ਮੂਲ) ਵਿਹੁ ਖਾ ਰਹੇ ਹਨ।
ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥
ਉਹਨਾਂ ਨੂੰ ਇਹ ਸਮਝ ਹੀ ਨਹੀਂ ਆਈ, ਕਿ ਇਥੋਂ ਤੁਰ ਭੀ ਜਾਣਾ ਹੈ। ਸੋ, ਉਹ ਕਾਮ ਕਰੋਧ-ਰੂਪ ਜ਼ਹਿਰ (ਜ਼ਗਤ ਵਿਚ) ਵਧਾ ਰਹੇ ਹਨ।
ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥
(ਉਸ ਦੀ ਆਪਣੀ ਰਜ਼ਾ ਵਿਚ) ਭਗਤ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਨ, ਉਹ ਹਰ ਵੇਲੇ ਨਾਮ ਸਿਮਰ ਰਹੇ ਹਨ।
ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੈ,
ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥
ਪ੍ਰਭੂ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ, ਸੱਚੇ ਸ਼ਬਦ ਦੇ ਕਾਰਨ ਉਹ ਪ੍ਰਭੂ-ਦਰ ਤੇ ਸੋਭਾ ਪਾਂਦੇ ਹਨ ॥੧੬॥
ਸਲੋਕੁ ਮ : ੧ ॥
ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥
ਜੋ ਮਨੁੱਖ ਸਵੇਰੇ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ,
ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥
ਵੇਲੇ-ਸਿਰ (ਭਾਵ, ਅੰਮ੍ਰਿਤ ਵੇਲੇ) ਮਨ ਨਾਲ ਜੰਗ ਕਰਦੇ ਹਨ (ਭਾਵ, ਆਲਸ ਵਿਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਹਨ), ਉਹੀ ਪੂਰੇ ਸ਼ਾਹ ਹਨ।
ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥
ਦਿਨ-ਚੜ੍ਹੇ ਮਨ ਦੀਆਂ ਵਾਸਨਾਂ ਖਿੱਲਰ ਜਾਂਦੀਆਂ ਹਨ, ਮਨ ਕਈ ਰਾਹੀਂ ਦੌੜਦਾ ਹੈ;
ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥
ਮਨੁੱਖ ਦੁਨੀਆ ਦੇ ਧੰਧਿਆਂ ਦੇ ਡੂੰਘੇ ਸਮੁੰਦਰ ਵਿਚ ਪੈ ਜਾਂਦੇ ਹਨ, ਇਥੇ ਹੀ ਅਜੇਹੇ ਗੋਤੇ ਖਾਂਦੇ ਹਨ (ਭਾਵ, ਫਸਦੇ ਹਨ) ਕਿ ਨਿਕਲ ਨਹੀਂ ਸਕਦੇ।
ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥
ਤੀਜੇ ਪਹਰ ਭੁੱਖ ਤੇ ਤ੍ਰਿਹ ਦੋਵੇਂ ਚਮਕ ਪੈਂਦੀਆਂ ਹਨ, ਰੋਟੀ ਖਾਣ ਦੇ ਆਹਰੇ (ਜੀਵ) ਲੱਗ ਜਾਂਦੇ ਹਨ,
ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥
(ਜਦੋਂ) ਜੋ ਕੁੱਝ ਖਾਧਾ ਹੁੰਦਾ ਹੈ ਭਸਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ।
ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥
ਚਉਥੇ ਪਹਰ ਨੀਂਦ ਆ ਦਬਾਂਦੀ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਵਿਚ ਸਉਂ ਜਾਂਦਾ ਹੈ;
ਭੀ ਉਠਿ ਰਚਿਓਨੁ ਵਾਦੁ ਸੈ ਵਰਿ੍ਰਆ ਕੀ ਪਿੜ ਬਧੀ ॥
ਨੀਂਦਰੋਂ ਉਠ ਕੇ ਮੁੜ ਜਗਤ ਦੇ ਧੰਧਿਆਂ ਦਾ ਉਹੀ ਝਮੇਲਾ, ਮਾਨੋ, ਮਨੁੱਖ ਨੇ (ਇਥੇ) ਸੈਂਕੜੇ ਵਰ੍ਹਿਆਂ ਦੇ ਜੀਊਣ ਦਾ ਘੋਲ ਮਚਾਇਆ ਹੋਇਆ ਹੈ।
ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥
(ਸੋ, ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ) ਜਦੋਂ (ਅੰਮ੍ਰਿਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ (ਮਨ ਵਿਚ) ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ (ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ)।
ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥
(ਇਸ ਤਰ੍ਹਾਂ) ਹੇ ਨਾਨਕ! (ਜੇ ਅੱਠੇ ਪਹਰ) ਮਾਲਕ ਮਨ ਵਿਚ ਵੱਸਿਆ ਰਹੇ, ਤਾਂ ਸਦਾ ਟਿਕੇ ਰਹਿਣ ਵਾਲਾ (ਆਤਮਕ) ਇਸ਼ਨਾਨ ਪ੍ਰਾਪਤ ਹੁੰਦਾ ਹੈ ॥੧॥
ਪਉੜੀ ॥
ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥
(ਹੇ ਪ੍ਰਭੂ!) ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ (ਮੇਰਾ ਰਾਖਾ) ਹੈਂ ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ।
ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥
ਪਰ ਜਿਸ (ਜੀਵ-ਇਸਤ੍ਰੀ) ਨੂੰ ਜਗਤ ਦੇ ਧੰਧੇ-ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ (ਮਹਲ) ਲੱਭਦਾ ਨਹੀਂ।
ਏਨੈ ਚਿਤਿ ਕਠੋਰਿ ਸੇਵ ਗਵਾਈਐ ॥
ਉਸ ਨੇ ਕਠੋਰ ਚਿੱਤ ਦੇ ਕਾਰਨ (ਆਪਣੀ ਸਾਰੀ) ਮਿਹਨਤ ਵਿਅਰਥ ਗਵਾ ਲਈ ਹੈ।
ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥
ਜਿਸ ਹਿਰਦੇ ਵਿਚ ਸੱਚ ਨਹੀਂ ਵੱਸਿਆ, ਉਹ ਹਿਰਦਾ ਸਦਾ ਭੱਜਦਾ ਘੜੀਂਦਾ ਰਹਿੰਦਾ ਹੈ (ਭਾਵ, ਉਸ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ)।
ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥
(ਜਦੋਂ) ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ) ਪੂਰੇ ਵੱਟੇ ਨਾਲ ਤੋਲ ਵਿਚ ਕਿਵੇਂ ਪੂਰਾ ਉਤਰੇ?
ਕੋਇ ਨ ਆਖੈ ਘਟਿ ਹਉਮੈ ਜਾਈਐ ॥
ਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ (ਤੋਲੋਂ) ਘੱਟ ਨਹੀਂ ਆਖਦਾ।
ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥
ਖਰੇ ਜੀਵ ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ।
ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥
(ਇਹ) ਸਉਦਾ (ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ) ਇੱਕੋ ਹੀ ਹੱਟੀ ਤੋਂ ਪੂਰੇ ਗੁਰੂ ਤੋਂ ਹੀ ਮਿਲਦਾ ਹੈ ॥੧੭॥
ਪਉੜੀ ॥
ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥
(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਨੇ (ਆਤਮਾ ਲਈ) ਪ੍ਰਭੂ-ਪ੍ਰੇਮ-ਰੂਪ ਸੱਚਾ ਭੋਜਨ ਦੱਸਿਆ ਹੈ,
ਸਚੇ ਹੀ ਪਤੀਆਇ ਸਚਿ ਵਿਗਸਿਆ ॥
ਉਹ ਮਨੁੱਖ ਸੱਚੇ ਪ੍ਰਭੂ ਵਿਚ ਹੀ ਪਰਚ ਜਾਂਦਾ ਹੈ। ਸੱਚੇ ਪ੍ਰਭੂ ਵਿਚ (ਟਿਕ ਕੇ) ਪ੍ਰਸੰਨ ਰਹਿੰਦਾ ਹੈ।
ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥
ਉਹ (ਪ੍ਰਭੂ ਦੇ ਚਰਨਾਂ-ਰੂਪ) ਸ੍ਵੈ-ਸਰੂਪ ਵਿਚ ਵੱਸਦਾ ਹੈ (ਮਾਨੋ) ਸਦਾ-ਥਿਰ ਰਹਿਣ ਵਾਲੇ ਕਿਲ੍ਹੇ ਵਿਚ ਪਿੰਡ ਵਿਚ ਵੱਸਦਾ ਹੈ।
ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥
ਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰਹਿ ਕੇ ਖਿੜੇ ਰਹਿ ਸਕੀਦਾ ਹੈ।
ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ (ਸਉਦੇ) ਦੀ ਰਾਹੀਂ ਨਹੀਂ ਅੱਪੜ ਸਕੀਦਾ।
ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥
ਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ-ਥਾਂ ਗਵਾ ਬੈਠੀਦਾ ਹੈ।
ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥
ਸੱਚੇ ਸ਼ਬਦ-ਰੂਪ ਰਾਹਦਾਰੀ ਦੀ ਰਾਹੀਂ (ਪ੍ਰਭੂ ਨੂੰ ਮਿਲਣ ਦੇ ਰਾਹ ਵਿਚ) ਕੋਈ ਹੋਰ ਰੋਕ ਨਹੀਂ ਪੈਂਦੀ।
ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥
ਪ੍ਰਭੂ ਦਾ ਨਾਮ ਸੁਣ ਕੇ ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ ॥੧੮॥
ਸਲੋਕੁ ਮ : ੧ ॥
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥
ਜੇ ਮੈਂ ਅੱਗ (ਭੀ) ਪਹਿਨ ਲਵਾਂ, (ਜਾਂ) ਬਰਫ਼ ਵਿਚ ਘਰ ਬਣਾ ਲਵਾਂ (ਭਾਵ, ਜੇ ਮੇਰੇ ਮਨ ਵਿਚ ਇਤਨੀ ਤਾਕਤ ਆ ਜਾਏ ਕਿ ਅੱਗ ਵਿਚ ਤੇ ਬਰਫ਼ ਵਿਚ ਬੈਠ ਸਕਾਂ) ਲੋਹੇ ਨੂੰ ਭੋਜਨ ਬਣਾ ਲਵਾਂ (ਲੋਹਾ ਖਾ ਸਕਾਂ),
ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥
ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ,
ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥
ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ,
ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥
ਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ, (ਭਾਵ, ਆਪਣੇ ਹੁਕਮ ਵਿਚ ਚਲਾਵਾਂ)
ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥
ਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ (ਤਾਂ ਭੀ ਇਹ ਸਭ ਕੁਝ ਤੁੱਛ ਹੈ)।
ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥
ਖਸਮ ਪ੍ਰਭੂ ਜੇਡਾ ਵੱਡਾ ਆਪ ਹੈ ਉਤਨੀਆਂ ਹੀ ਉਸ ਦੀਆਂ ਬਖ਼ਸ਼ਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ ਹੋਰ ਭੀ ਬੇਅੰਤ (ਤਾਕਤਾਂ ਦੀਆਂ) ਦਾਤਾਂ ਮੈਨੂੰ ਦੇ ਦੇਵੇ, (ਤਾਂ ਭੀ ਇਹ ਤੁੱਛ ਹਨ)।
ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥
(ਅਸਲ ਗੱਲ) ਹੇ ਨਾਨਕ! (ਇਹ ਹੈ ਕਿ) ਜਿਸ ਬੰਦੇ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਆਪਣੇ) ਸੱਚੇ ਨਾਮ ਦੀ ਰਾਹੀਂ ਵਡਿਆਈ ਬਖ਼ਸ਼ਦਾ ਹੈ (ਭਾਵ, ਇਹਨਾਂ ਮਾਨਸਕ ਤਾਕਤਾਂ ਨਾਲੋਂ ਵਧ ਕੇ ਨਾਮ ਦੀ ਬਰਕਤਿ ਹੈ) ॥੧॥
ਪਉੜੀ ॥
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥
ਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ, ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਦਾ ਹੈ।
ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
(ਇਸ ਕੂੜ ਵਿਚ ਮਨ ਇਤਨਾ ਗੱਡਿਆ ਜਾਂਦਾ ਹੈ ਕਿ) ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ।
ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
(ਇਸ ਦਾ) ਇਹ ਨਕਾਰਾ ਸਰੀਰ ਮਿੱਟੀ ਵਿਚ ਹੀ ਰੁਲ ਜਾਂਦਾ ਹੈ (ਭਾਵ, ਐਵੇਂ ਅਜ਼ਾਈਂ ਚਲਾ ਜਾਂਦਾ ਹੈ)।
ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
ਜੋ ਕੁਝ ਖਾਂਦਾ ਪਹਿਨਦਾ ਹੈ ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ।
ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
ਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ।
ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
ਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ,
ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
(ਤੇ ਇਸ ਕਰ ਕੇ ਇਹ ਜਗਤ) ਕੂੜ-ਰੂਪ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ।
ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥
(ਮਨੁੱਖਾ) ਸਰੀਰ ਵਿਚ ਇਹ (ਜੋ) ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ ॥੧੯॥
ਸਲੋਕ ਮ : ੧ ॥
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥
ਹੇ ਨਾਨਕ! (ਪੂਰਨ) ਸੰਤੋਖ (-ਸਰੂਪ) ਗੁਰੂ (ਮਾਨੋ, ਇਕ) ਰੁੱਖ ਹੈ (ਜਿਸ ਨੂੰ) ਧਰਮ (-ਰੂਪ) ਫੁੱਲ (ਲੱਗਦਾ) ਹੈ ਤੇ ਗਿਆਨ (-ਰੂਪ) ਫਲ (ਲੱਗਦੇ) ਹਨ, ਪ੍ਰੇਮ-ਜਲ ਨਾਲ ਰਸਿਆ ਹੋਇਆ (ਇਹ ਰੁੱਖ) ਸਦਾ ਹਰਾ ਰਹਿੰਦਾ ਹੈ।
ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥
(ਪਰਮਾਤਮਾ ਦੀ) ਬਖ਼ਸ਼ਸ਼ ਨਾਲ (ਪ੍ਰਭੂ-ਚਰਨਾਂ ਵਿਚ) ਧਿਆਨ ਜੋੜਿਆਂ ਇਹ (ਗਿਆਨ-ਫਲ) ਪੱਕਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ)।
ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥
(ਇਸ ਗਿਆਨ-ਫਲ ਨੂੰ) ਖਾਣ ਵਾਲਾ ਮਨੁੱਖ ਪ੍ਰਭੂ-ਮੇਲ ਦੇ ਆਨੰਦ ਮਾਣਦਾ ਹੈ, (ਮਨੁੱਖ ਲਈ ਪ੍ਰਭੂ-ਦਰ ਤੋਂ) ਇਹ ਸਭ ਤੋਂ ਵੱਡੀ ਬਖ਼ਸ਼ਸ਼ ਹੈ ॥੧॥
ਮ : ੧ ॥
ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥
(ਗੁਰੂ, ਮਾਨੋ,) ਸੋਨੇ ਦਾ ਰੁੱਖ ਹੈ; ਮੋਂਗਾ (ਸ੍ਰੇਸ਼ਟ ਬਚਨ) ਉਸ ਦੇ ਪੱਤਰ ਹਨ, ਲਾਲ ਜਵਾਹਰ (ਗੁਰੂ-ਵਾਕ) ਉਸ ਦੇ ਫੁੱਲ ਹਨ।
ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥
ਉਸ (ਗੁਰੂ) ਰੁੱਖ ਨੂੰ ਮੂੰਹੋਂ ਉਚਾਰੇ ਹੋਏ (ਸ੍ਰੇਸ਼ਟ ਬਚਨ-ਰੂਪ) ਫਲ ਲੱਗਦੇ ਹਨ, (ਗੁਰੂ) ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ।
ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ,
ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥
ਉਹ ਗੁਰੂ ਦੀ ਚਰਨੀਂ ਲੱਗ ਕੇ (ਗੁਰੂ ਦੇ ਚਰਨਾਂ ਨੂੰ) ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ (ਗੁਰੂ-ਚਰਨਾਂ ਨੂੰ) ਪੂਜਦਾ ਹੈ।
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥
ਨਿਰਦਇਤਾ, ਮੋਹ, ਲੋਭ ਤੇ ਕ੍ਰੋਧ-ਇਹ ਚਾਰੇ ਅੱਗ ਦੀਆਂ ਨਦੀਆਂ (ਜਗਤ ਵਿਚ ਚੱਲ ਰਹੀਆਂ) ਹਨ,
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥
ਜੋ ਜੋ ਮਨੁੱਖ ਇਹਨਾਂ ਨਦੀਆਂ ਵਿਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ ॥੨॥
ਪਉੜੀ ॥
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
(ਹੇ ਬੰਦੇ!) (ਇਸ ਤ੍ਰਿਸ਼ਨਾ ਨੂੰ) ਮਾਰ ਕੇ ਜੀਊਂਦਿਆਂ ਹੀ ਮਰ (ਤਾਕਿ ਅੰਤ ਨੂੰ) ਪਛੁਤਾਣਾ ਨਾ ਪਏ।
ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥
ਕਿਸੇ ਵਿਰਲੇ ਨੂੰ ਸਮਝ ਆਈ ਹੈ, ਕਿ ਇਹ ਸੰਸਾਰ ਝੂਠਾ ਹੈ।
ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
(ਆਮ ਤੌਰ ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ) ਜਗਤ ਦੇ ਧੰਧੇ ਵਿਚ ਭਟਕਦਾ ਫਿਰਦਾ ਹੈ ਤੇ ਸੱਚ ਵਿਚ ਪਿਆਰ ਨਹੀਂ ਪਾਂਦਾ।
ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥
(ਇਹ ਗੱਲ ਚੇਤੇ ਨਹੀਂ ਰੱਖਦਾ ਕਿ) ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ (ਹਰ ਵੇਲੇ ਖੜਾ) ਹੈ।
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥
ਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ।
ਆਪੇ ਦੇਇ ਪਿਆਰੁ ਮੰਨਿ ਵਸਾਈਐ ॥
(ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣਾ ਪਿਆਰ ਬਖ਼ਸ਼ਦਾ ਹੈ (ਤੇ ਜੀਵ ਦੇ) ਮਨ ਵਿਚ (ਆਪਣਾ ਆਪ) ਵਸਾਂਦਾ ਹੈ।
ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ-ਮਾਤ੍ਰ (ਇਥੇ) ਢਿੱਲ ਨਹੀਂ ਲਾਈ ਜਾ ਸਕਦੀ।
ਗੁਰਪਰਸਾਦੀ ਬੁਝਿ ਸਚਿ ਸਮਾਈਐ ॥੨੦॥
(ਇਹ ਗੱਲ) ਸਤਿਗੁਰੂ ਦੀ ਮਿਹਰ ਨਾਲ (ਕੋਈ ਵਿਰਲਾ ਬੰਦਾ) ਸਮਝ ਕੇ ਸੱਚ ਵਿਚ ਜੁੜਦਾ ਹੈ ॥੨੦॥
ਸਲੋਕੁ ਮ : ੧ ॥
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥
ਤੁੰਮੀ ਤੁੰਮਾ, ਜ਼ਹਿਰ, ਅੱਕ ਧਤੂਰਾ ਤੇ ਨਿੰਮ ਰੂਪ ਫਲ (ਆਦਿ ਕੁੜੱਤਣ ਵਾਲੇ ਪਦਾਰਥ)
ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥
(ਹੇ ਪ੍ਰਭੂ!) ਉਸ ਦੇ ਮਨ ਵਿਚ ਤੇ ਮੂੰਹ ਵਿਚ ਵੱਸ ਰਹੇ ਹਨ, ਜਿਸ ਮਨੁੱਖ ਦੇ ਚਿੱਤ ਵਿਚ ਤੂੰ ਨਹੀਂ ਵੱਸਦਾ। (ਭਾਵ, ਉਸ ਦੇ ਮਨ ਵਿਚ ਭੀ ਕੁੜੱਤਣ ਹੈ ਤੇ ਮੂੰਹੋਂ ਭੀ ਕੌੜੇ ਬਚਨ ਬੋਲਦਾ ਹੈ)।
ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥
ਹੇ ਨਾਨਕ! ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਅੱਗੇ (ਇਹਨਾਂ ਦੀ ਵਿਥਿਆ) ਦੱਸੀਏ? (ਭਾਵ, ਪ੍ਰਭੂ ਆਪ ਹੀ ਇਹਨਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ) ॥੧॥
ਮ : ੧ ॥
ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥
(ਮਨੁੱਖ ਦੀ) ਮਤਿ (ਮਾਨੋ, ਇਕ) ਪੰਛੀ ਹੈ, ਉਸ ਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ ਉਸ ਦੇ ਨਾਲ (ਸਾਥੀ) ਹੈ, (ਇਸ ਸੁਭਾਉ ਦੇ ਸੰਗ ਕਰ ਕੇ ‘ਮਤਿ’) ਕਦੇ ਚੰਗੀ ਹੈ ਕਦੇ ਨੀਵੀਂ;
ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥
ਕਦੇ (ਇਹ ਮਤਿ-ਰੂਪ ਪੰਛੀ) ਚੰਦਨ (ਦੇ ਬੂਟੇ) ਤੇ (ਬੈਠਦਾ ਹੈ) ਕਦੇ ਅੱਕ ਦੀ ਡਾਲੀ ਉੱਤੇ, ਕਦੇ (ਇਸ ਦੇ ਅੰਦਰ) ਉੱਚੀ (ਪ੍ਰਭੂ ਚਰਨਾਂ ਦੀ) ਪ੍ਰੀਤ ਹੈ।
ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥੨॥
(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ) ਮਾਲਕ ਦੀ (ਧੁਰੋਂ) ਰੀਤ ਤੁਰੀ ਆਉਂਦੀ ਹੈ, ਕਿ ਉਹ (ਸਭ ਜੀਵਾਂ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ (ਭਾਵ, ਉਸ ਦੇ ਹੁਕਮ ਅਨੁਸਾਰ ਹੀ ਕੋਈ ਚੰਗੀ ਤੇ ਕੋਈ ਮੰਦੀ ਮਤਿ ਵਾਲਾ ਹੈ) ॥੨॥
ਪਉੜੀ ॥
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥
ਬੇਅੰਤ ਜੀਵ (ਪਰਮਾਤਮਾ ਦੇ ਗੁਣਾਂ ਦਾ) ਬਿਆਨ ਕਰਦੇ ਆਏ ਹਨ ਤੇ ਬਿਆਨ ਕਰ ਕੇ (ਜਗਤ ਤੋਂ) ਚਲੇ ਗਏ ਹਨ।
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
ਵੇਦ (ਆਦਿਕ ਧਰਮ-ਪੁਸਤਕ ਵੀ ਉਸ ਦੇ ਗੁਣ) ਦੱਸਦੇ ਆਏ ਹਨ, (ਪਰ) ਕਿਸੇ ਨੇ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ।
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
(ਪੁਸਤਕਾਂ) ਪੜ੍ਹਨ ਨਾਲ (ਭੀ ਉਸ ਦਾ) ਭੇਤ ਨਹੀਂ ਪੈਂਦਾ। ਮਤਿ ਉੱਚੀ ਹੋਇਆਂ ਇਹ ਰਾਜ਼ ਸਮਝ ਵਿਚ ਆਉਂਦਾ ਹੈ (ਕਿ ਉਹ ਬੇਅੰਤ ਹੈ)।
ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥
ਛੇ ਭੇਖਾਂ ਵਾਲੇ ਸਾਧੂਆਂ ਦੇ ਬਾਹਰਲੇ ਲਿਬਾਸ ਰਾਹੀਂ ਭੀ ਕੋਈ ਸੱਚ ਵਿਚ ਨਹੀਂ ਜੁੜ ਸਕਿਆ।
ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥
ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ ਹੈ ਤਾਂ ਅਦ੍ਰਿਸ਼ਟ, (ਪਰ ਗੁਰ-) ਸ਼ਬਦ ਦੀ ਰਾਹੀਂ ਸੋਹਣਾ ਲੱਗਦਾ ਹੈ।
ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥
ਜੋ ਮਨੁੱਖ ਬੇਅੰਤ ਪ੍ਰਭੂ ਦੇ ‘ਨਾਮ’ ਨੂੰ ਮੰਨਦਾ ਹੈ (ਭਾਵ ਜੋ ਨਾਮ ਵਿਚ ਜੁੜਦਾ ਹੈ), ਉਹ ਉਸ ਦੀ ਹਜ਼ੂਰੀ ਵਿਚ ਅੱਪੜਦਾ ਹੈ।
ਖਾਲਕ ਕਉ ਆਦੇਸੁ ਢਾਢੀ ਗਾਵਣਾ ॥
ਉਹ ਮਾਲਕ-ਪ੍ਰਭੂ ਨੂੰ ਸਿਰ ਨਿਵਾਂਦਾ ਹੈ, ਢਾਢੀ ਬਣ ਕੇ ਉਸ ਦੇ ਗੁਣ ਗਾਉਂਦਾ ਹੈ।
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥
ਤੇ, ਹੇ ਨਾਨਕ! ਹਰੇਕ ਜੁਗ ਵਿਚ ਮੌਜੂਦ ਰਹਿਣ ਵਾਲੇ ਇੱਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ ॥੨੧॥
ਪਉੜੀ ॥
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥
ਜਿਨ੍ਹਾਂ ਜੀਵ-ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੈ, ਉਹ ਇਸ ਪਿਆਰ (-ਰੂਪ ਗਹਣੇ ਨਾਲ) ਸਜੀਆਂ ਹੋਈਆਂ ਹਨ,
ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥
ਉਹ ਦਿਨ ਰਾਤ (ਪ੍ਰਭੂ-ਪਤੀ ਦੀ) ਭਗਤੀ ਕਰਦੀਆਂ ਹਨ, ਵਰਜੀਆਂ (ਭੀ ਭਗਤੀ ਤੋਂ) ਹਟਦੀਆਂ ਨਹੀਂ ਹਨ।
ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥
ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੁਧਰੀਆਂ ਹੋਈਆਂ ਉਹ (ਮਾਨੋ) ਮਹਲਾਂ ਵਿਚ ਵੱਸਦੀਆਂ ਹਨ।
ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥
ਉਹ ਵਿਚਾਰਵਾਨ (ਹੋ ਜਾਣ ਦੇ ਕਾਰਨ) ਸਦਾ-ਥਿਰ ਰਹਿਣ ਵਾਲੀ ਅਰਦਾਸ ਕਰਦੀਆਂ ਹਨ (ਭਾਵ, ਦੁਨੀਆ ਦੇ ਨਾਸਵੰਤ ਪਦਾਰਥ ਨਹੀਂ ਮੰਗਦੀਆਂ, ਸਦਾ-ਕਾਇਮ ਰਹਿਣ ਵਾਲਾ ‘ਪਿਆਰ’ ਹੀ ਮੰਗਦੀਆਂ ਹਨ)।
ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥
(ਪਤੀ-ਪ੍ਰਭੂ ਦੇ) ਹੁਕਮ ਅਨੁਸਾਰ (ਪਤੀ-ਪ੍ਰਭੂ ਤਕ) ਅੱਪੜੀਆਂ ਹੋਈਆਂ ਉਹ ਖਸਮ-ਪ੍ਰਭੂ ਦੇ ਕੋਲ (ਬੈਠੀਆਂ) ਸੋਭਦੀਆਂ ਹਨ।
ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥
ਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ-ਭਾਵਨਾਂ ਨਾਲ ਉਸ ਅੱਗੇ ਅਰਦਾਸ ਕਰਦੀਆਂ ਹਨ।
ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥
(ਪਰ) ਉਹ ਜੀਊਣ ਫਿਟਕਾਰ-ਜੋਗ ਹੈ, ਉਸ ਵਸੇਬੇ ਨੂੰ ਲਾਹਨਤ ਹੈ ਜੋ ਨਾਮ ਤੋਂ ਸੱਖਣਾ ਹੈ।
ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥
ਜਿਸ ਜੀਵ-ਇਸਤ੍ਰੀ ਨੂੰ (ਅਕਾਲ ਪੁਰਖ) ਨੇ ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ ਉਸ ਨੇ (ਨਾਮ-) ਅੰਮ੍ਰਿਤ ਪੀਤਾ ਹੈ ॥੨੨॥
ਸਲੋਕੁ ਮ : ੧ ॥
ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥
ਰੇਤ-ਥਲਾ ਮੀਂਹ ਨਾਲ (ਕਦੇ) ਰੱਜਦਾ ਨਹੀਂ, ਅੱਗ ਦੀ (ਸਾੜਨ ਦੀ) ਭੁੱਖ (ਕਦੇ ਬਾਲਣ ਨਾਲ) ਨਹੀਂ ਮਿਟਦੀ।
ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥
(ਕੋਈ) ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ, ਭਰੇ ਸਮੁੰਦਰ ਨੂੰ ਸੁੱਕ ਕੀਹ ਆਖ ਸਕਦੀ ਹੈ? (ਭਾਵ, ਕਿਤਨੀ ਤਪਸ਼ ਪਈ ਪਵੇ, ਭਰੇ ਸਮੁੰਦਰਾਂ ਦੇ ਡੂੰਘੇ ਪਾਣੀਆਂ ਨੂੰ ਸੁੱਕ ਨਹੀਂ ਮੁਕਾ ਸਕਦੀ)।
ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥
(ਤਿਵੇਂ) ਹੇ ਨਾਨਕ! (ਨਾਮ ਜਪਣ ਵਾਲਿਆਂ ਦੇ ਅੰਦਰ) ਸੱਚੇ ਨਾਮ ਦੀ ਕਿਤਨੀ ਕੁ ਤਾਂਘ ਹੁੰਦੀ ਹੈ, -ਇਹ ਗੱਲ ਦੱਸੀ ਨਹੀਂ ਜਾ ਸਕਦੀ ॥੧॥
ਪਉੜੀ ॥
ਖਸਮੈ ਕੈ ਦਰਬਾਰਿ ਢਾਢੀ ਵਸਿਆ ॥
ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ (ਸਦਾ) ਮਾਲਕ ਦੀ ਹਜ਼ੂਰੀ ਵਿਚ ਵੱਸਦਾ ਹੈ।
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥
ਸਦਾ ਕਾਇਮ ਰਹਿਣ ਵਾਲੇ ਖਸਮ ਨੂੰ ਸਾਲਾਹ ਕੇ ਉਸ ਦਾ ਹਿਰਦਾ-ਕਉਲ ਖਿੜਿਆ ਰਹਿੰਦਾ ਹੈ।
ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥
ਮਾਲਕ ਤੋਂ ਪੂਰਾ ਮਰਤਬਾ (ਭਾਵ, ਪੂਰਨ ਅਵਸਥਾ) ਹਾਸਲ ਕਰ ਕੇ ਉਹ ਅੰਦਰੋਂ ਹੁਲਾਸ ਵਿਚ ਆਉਂਦਾ ਹੈ,
ਦੁਸਮਨ ਕਢੇ ਮਾਰਿ ਸਜਣ ਸਰਸਿਆ ॥
(ਕਿਉਂਕਿ ਕਾਮਾਦਿਕ ਵਿਕਾਰ) ਵੈਰੀਆਂ ਨੂੰ ਉਹ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ (ਤਾਂ ਫਿਰ ਨਾਮ ਵਿਚ ਲੱਗੇ ਉਸ ਦੇ ਗਿਆਨ-ਇੰਦ੍ਰੇ-ਰੂਪ) ਮਿਤ੍ਰ ਟਹਿਕ ਪੈਂਦੇ ਹਨ।)
ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥
(ਇਹ ਗਿਆਨ-ਇੰਦ੍ਰੇ) ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਜਾਂਦੇ ਹਨ, ਸਤਿਗੁਰੂ ਇਹਨਾਂ ਨੂੰ (ਹੁਣ ਜੀਵਨ ਦਾ) ਸੱਚਾ ਰਾਹ ਵਿਖਾਲਦਾ ਹੈ।
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥
ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ (ਆਤਮਕ) ਮੌਤ (ਦਾ ਡਰ) ਦੂਰ ਲੈਂਦਾ ਹੈ।
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥
ਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ।
ਨਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥
(ਇਸ ਤਰ੍ਹਾਂ), ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ ॥੨੩॥
ਸਲੋਕੁ ਮ : ੧ ॥
ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥
ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ।
ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥
ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)।
ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥
ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ ॥੧॥
ਮ : ੧ ॥
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥
ਹੇ ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ।
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥
ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ)।
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥
ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿਚ ਤੁਰਨਾ ਸਭ ਤੋਂ ਚੰਗਾ ਹੈ) ॥੨॥
ਪਉੜੀ ॥
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥
ਜੋ ਮਨੁੱਖ ਚਾਰੇ ਤਰਫਾਂ ਵੇਖ ਕੇ (ਭਾਵ, ਬਾਹਰ ਚਵੀਂ ਪਾਸੀਂ ਭਟਕਣਾ ਛੱਡ ਕੇ) ਆਪਣਾ ਅੰਦਰ ਭਾਲਦਾ ਹੈ,
ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥
(ਉਸ ਨੂੰ ਦਿੱਸ ਪੈਂਦਾ ਹੈ ਕਿ) ਸੱਚੇ ਅਲੱਖ ਅਕਾਲ ਪੁਰਖ ਨੇ (ਜਗਤ) ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕੀਤੀ ਹੈ (ਭਾਵ, ਸੰਭਾਲ ਕਰ ਰਿਹਾ ਹੈ)।
ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥
ਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਦਿਖਾਇਆ ਹੈ (ਰਾਹ ਗੁਰੂ ਵਿਖਾਂਦਾ ਹੈ)।
ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥
ਸੱਚੇ ਸਤਿਗੁਰੂ ਨੂੰ ਸ਼ਾਬਾਸ਼ੇ ਹੈ (ਜਿਸ ਦੀ ਬਰਕਤਿ ਨਾਲ) ਸੱਚੇ ਪ੍ਰਭੂ ਨੂੰ ਸਿਮਰੀਦਾ ਹੈ।
ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥
(ਜਿਸ ਮਨੁੱਖ ਦੇ ਅੰਦਰ ਸਤਿਗੁਰੂ ਨੇ ਗਿਆਨ ਦਾ) ਦੀਵਾ ਜਗਾ ਦਿੱਤਾ ਹੈ, ਉਸ ਨੂੰ ਆਪਣੇ ਅੰਦਰੋਂ ਹੀ (ਨਾਮ-) ਰਤਨ ਲੱਭ ਪਿਆ ਹੈ।
ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥
(ਗੁਰੂ ਦੀ ਸ਼ਰਨ ਆ ਕੇ) ਸੱਚੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਮਨੁੱਖ) ਸੁਖੀ ਹੋ ਜਾਂਦੇ ਹਨ, ਖਸਮ ਵਾਲੇ ਹੋ ਜਾਂਦੇ ਹਨ।
ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥
(ਪਰ) ਜਿਨ੍ਹਾਂ ਪ੍ਰਭੂ ਦਾ ਡਰ ਨਹੀਂ ਰੱਖਿਆ ਉਹਨਾਂ ਨੂੰ (ਹੋਰ) ਡਰ ਮਾਰਦਾ ਹੈ, ਉਹ ਅਹੰਕਾਰ ਵਿਚ ਪਏ ਗਲਦੇ ਹਨ।
ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥
ਪ੍ਰਭੂ ਦੇ ਨਾਮ ਤੋਂ ਭੁੱਲਾ ਹੋਇਆ ਜਗਤ ਬੇ-ਤਾਲ (ਬੇ ਥਵ੍ਹਾ) ਫਿਰਦਾ ਹੈ ॥੨੪॥
ਪਉੜੀ ॥
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥
ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ।
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥
ਉਹ (ਕਿਸੇ ਦੁੱਖ-ਕਲੇਸ਼ ਦੇ ਆਉਣ ਤੇ) ਕਦੇ ਗਿਲਾ ਗੁਜ਼ਾਰੀ ਨਹੀਂ ਕਰਦਾ,
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥
(ਕਿਉਂਕਿ) ਉਹ (ਕਿਸੇ ਆਏ ਦੁੱਖ ਨੂੰ) ਦੁੱਖ ਨਹੀਂ ਸਮਝਦਾ,
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥
ਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ।
ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥
(ਦੁੱਖ ਕਲੇਸ਼ ਤਾਂ ਕਿਤੇ ਰਿਹਾ) ਉਸ ਨੂੰ ਜਮ ਦਾ ਭੀ ਡਰ ਨਹੀਂ ਰਹਿੰਦਾ।
ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥
(ਇਸ ਤਰ੍ਹਾਂ) ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ।
ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥
ਜਿਸ ਉਤੇ ਗੁਰੂ ਦਇਆਵਾਨ ਹੋ ਜਾਏ ਉਸ ਨੂੰ (ਮਾਨੋ) ਜਗਤ ਦੇ ਨੌਂ ਹੀ ਖ਼ਜ਼ਾਨੇ ਮਿਲ ਪਏ ਹਨ,
ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥
(ਕਿਉਂਕਿ) ਉਹ ਤਾਂ (ਖ਼ਜ਼ਾਨਿਆਂ ਦੇ ਮਾਲਕ) ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨੫॥
ਸਲੋਕੁ ਮ : ੧ ॥
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥
(ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ (ਦੇ ਵਾਲ) ਪੁਟਾ ਕੇ (ਕਿ ਕਿਤੇ ਜੂਆਂ ਨਾ ਪੈ ਜਾਣ) ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ;
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥
(ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)।
ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥
ਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ।
ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥
ਮਾਪਿਆਂ ਵਾਲਾ ਕੀਤਾ ਕੰਮ (ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣ ਦਾ ਕੰਮ) ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।
ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥
(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ)।
ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥
(ਹਿੰਦੂਆਂ ਦੇ) ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ (ਭਾਵ ਹਿੰਦੂਆਂ ਵਾਂਗ ਤੀਰਥਾਂ ਤੇ ਭੀ ਨਹੀਂ ਜਾਂਦੇ), ਬ੍ਰਾਹਮਣ (ਇਹਨਾਂ ਦਾ) ਅੰਨ ਨਹੀਂ ਖਾਂਦੇ (ਭਾਵ ਬ੍ਰਾਹਮਣਾਂ ਦੀ ਭੀ ਸੇਵਾ ਨਹੀਂ ਕਰਦੇ)।
ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥
ਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ। ਮੱਥੇ ਉਤੇ ਤਿਲਕ ਨਹੀਂ ਲਾਉਂਦੇ (ਭਾਵ, ਨ੍ਹਾ ਧੋ ਕੇ ਸਰੀਰ ਨੂੰ ਸਾਫ਼-ਸੁਥਰਾ ਭੀ ਨਹੀਂ ਕਰਦੇ)।
ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥
ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ)। ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ।
ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥
ਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿਚ ਤੁਰਦੇ ਹਨ।
ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥
ਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।
ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥
ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਹਨ (ਭਾਵ, ਪਰਮਾਤਮਾ ਦੀ ਬੰਦਗੀ ਵਿਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ) ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ।
ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥
(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ।
ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥
(ਜੀਵ-ਹਿੰਸਾ ਦੇ ਵਹਿਣ ਵਿਚ ਪੈ ਕੇ, ਕਿਰਤ ਕਮਾਈ ਛੱਡ ਕੇ) ਇਹ ਦਾਨ ਅਤੇ ਇਸ਼ਨਾਨ ਤੋਂ ਵਾਂਜੇ ਹੋਏ ਹਨ, ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ ਉੱਤੇ।
ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥
(ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿਚ ਵੜਿਆਂ ਹੀ ਨਿਕਲਣਗੇ)।
ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥
(ਪਾਣੀ ਦੀ ਬਰਕਤਿ ਨਾਲ ਹੀ) ਦੇਵਤਿਆ ਲਈ ਅਠਾਰਹ ਤੀਰਥ ਬਣਾਏ ਗਏ ਜਿੱਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ।
ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥
ਨ੍ਹਾ ਕੇ ਹੀ ਨਮਾਜ਼ ਪੜ੍ਹੀਦੀ ਹੈ। ਨ੍ਹਾ ਕੇ ਹੀ ਪੂਜਾ ਹੁੰਦੀ ਹੈ। ਸੁਚੱਜੇ ਬੰਦੇ ਨਿੱਤ ਇਸ਼ਨਾਨ ਕਰਦੇ ਹਨ।
ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥
ਸਾਰੀ ਉਮਰ ਹੀ ਮਨੁੱਖ ਦੀ ਸੁਅੱਛ ਹਾਲਤ ਤਾਂ ਹੀ ਰਹਿ ਸਕਦੀ ਹੈ, ਜੇ ਇਸ਼ਨਾਨ ਕਰੇ।
ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥
ਪਰ ਹੇ ਨਾਨਕ! ਇਹ ਸਿਰ-ਖੁੱਥੇ ਅਜਿਹੇ ਉਲਟੇ ਰਾਹ ਪਏ ਹਨ (ਅਜਿਹੇ ਸ਼ੈਤਾਨ ਹਨ) ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਨਹੀਂ ਲੱਗੀ।
ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥
(ਪਾਣੀ ਦੀਆਂ ਹੋਰ ਬਰਕਤਾਂ ਤੱਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ। ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ।
ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥
ਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ।
ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥
ਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ)।
ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥
ਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ, ਇਹ ਘਿਉ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ।
ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥
(ਇਕ ਹੋਰ ਇਸ਼ਨਾਨ ਭੀ ਹੈ) ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ, (ਇਸ ਗੁਰ-ਸਿੱਖਿਆ) ਵਿਚ ਨ੍ਹਾਉਣ ਨਾਲ (ਭਾਵ, ਸੁਰਤ ਜੋੜਨ ਨਾਲ) ਵਡਿਆਈ ਮਿਲਦੀ ਹੈ।
ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥
ਹੇ ਨਾਨਕ! ਜੇ ਇਹ ਸਿਰ-ਖੁੱਥੇ (ਇਸ ‘ਨਾਮ’-ਜਲ ਵਿਚ) ਇਸ਼ਨਾਨ ਨਹੀਂ ਕਰਦੇ, ਤਾਂ ਨਿਰੀ ਮੁਕਾਲਖ ਹੀ ਖੱਟਦੇ ਹਨ ॥੧॥
ਪਉੜੀ ॥
ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥
ਹੇ ਸੱਚੇ (ਪ੍ਰਭੂ)! ਮੈਂ ਤੈਨੂੰ ਸਦਾ ‘ਸੁਬਹਾਨੁ’ (ਆਖ ਆਖ ਕੇ) ਵਡਿਆਉਂਦਾ ਹਾਂ।
ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥
ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹਾਕਮ ਹੈਂ, ਹੋਰ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਹਨ।
ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥
(ਹੇ ਪ੍ਰਭੂ!) ਜੋ ਬੰਦੇ ਤੇਰਾ ਸੱਚਾ ਨਾਮ-ਰੂਪ ਦਾਨ ਤੈਥੋਂ ਮੰਗਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ।
ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥
ਤੇਰਾ ਅੱਟਲ ਹੁਕਮ (ਗੁਰ) ਸ਼ਬਦ ਦੀ ਬਰਕਤਿ ਨਾਲ (ਉਹਨਾਂ ਨੂੰ) ਮਿੱਠਾ ਲੱਗਦਾ ਹੈ।
ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥
ਤੇਰਾ ਹੁਕਮ ਮੰਨਣ ਨਾਲ ਅਸਲੀਅਤ ਦੀ ਸਮਝ ਤੇ ਉੱਚੀ ਟਿਕੀ ਸੁਰਤ ਤੇਰੇ ਪਾਸੋਂ ਉਹਨਾਂ ਨੂੰ ਹਾਸਲ ਹੁੰਦੀ ਹੈ।
ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥
ਤੇਰੀ ਮਿਹਰ ਨਾਲ (ਉਹਨਾਂ ਦੇ ਮੱਥੇ ਤੇ ਇਹ ਸੋਹਣਾ) ਲੇਖ ਲਿਖਿਆ ਜਾਂਦਾ ਹੈ ਜੋ ਕਿਸੇ ਦਾ ਮਿਟਾਇਆ ਮਿਟਦਾ ਨਹੀਂ।
ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥
ਹੇ ਪ੍ਰਭੂ! ਤੂੰ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਨਿੱਤ ਬਖ਼ਸ਼ਸ਼ਾਂ ਕਰਦਾ ਹੈਂ ਤੇ ਵਧੀਕ ਵਧੀਕ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ।
ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥
ਨਾਨਕ (ਤੇਰੇ ਦਰ ਤੋਂ) ਉਹੀ ਦਾਨ ਮੰਗਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ (ਭਾਵ, ਤੇਰੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਦਾਨ ਮੰਗਦਾ ਹੈ) ॥੨੬॥
ਮ : ੧ ॥
ਆਪਿ ਬੁਝਾਏ ਸੋਈ ਬੂਝੈ ॥
ਜਿਸ ਮਨੁੱਖ ਨੂੰ ਪ੍ਰਭੂ ਆਪ ਮਤਿ ਦੇਂਦਾ ਹੈ, ਉਸ ਨੂੰ ਹੀ ਮਤਿ ਆਉਂਦੀ ਹੈ।
ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥
ਜਿਸ ਮਨੁੱਖ ਨੂੰ ਆਪ ਸੂਝ ਬਖ਼ਸ਼ਦਾ ਹੈ, ਉਸ ਨੂੰ (ਜੀਵਨ-ਸਫ਼ਰ ਦੀ) ਹਰੇਕ ਗੱਲ ਦੀ ਸੂਝ ਆ ਜਾਂਦੀ ਹੈ।
ਕਹਿ ਕਹਿ ਕਥਨਾ ਮਾਇਆ ਲੂਝੈ ॥
(ਜੇ ਇਹ ਮਤਿ ਤੇ ਸੂਝ ਨਹੀਂ, ਤਾਂ ਇਸ ਦੀ ਪ੍ਰਾਪਤੀ ਬਾਰੇ) ਆਖੀ ਜਾਣਾ ਆਖੀ ਜਾਣਾ (ਕੋਈ ਲਾਭ ਨਹੀਂ ਦੇਂਦਾ) (ਮਨੁੱਖ ਅਮਲੀ ਜੀਵਨ ਵਿਚ) ਮਾਇਆ ਵਿਚ ਹੀ ਸੜਦਾ ਰਹਿੰਦਾ ਹੈ।
ਹੁਕਮੀ ਸਗਲ ਕਰੇ ਆਕਾਰ ॥
ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ।
ਆਪੇ ਜਾਣੈ ਸਰਬ ਵੀਚਾਰ ॥
ਸਾਰੇ ਜੀਵਾਂ ਬਾਰੇ ਵਿਚਾਰਾਂ (ਉਹਨਾਂ ਨੂੰ ਕੀਹ ਕੁਝ ਦੇਣਾ ਹੈ) ਪ੍ਰਭੂ ਆਪ ਹੀ ਜਾਣਦਾ ਹੈ।
ਅਖਰ ਨਾਨਕ ਅਖਿਓ ਆਪਿ ॥
ਹੇ ਨਾਨਕ! ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ (‘ਸੂਝ ਬੂਝ’ ਦੀ) ਦਾਤ ਮਿਲਦੀ ਹੈ,
ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥
ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥
ਪਉੜੀ ॥
ਹਉ ਢਾਢੀ ਵੇਕਾਰੁ ਕਾਰੈ ਲਾਇਆ ॥
ਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ।
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ।
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
ਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ।
ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
(ਉਸ ਨੇ) ਸੱਚੀ ਸਿਫ਼ਤ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ।
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ।
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥
ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ‘ਅੰਮ੍ਰਿਤ ਨਾਮੁ ਭੋਜਨ’) ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ।
ਢਾਢੀ ਕਰੇ ਪਸਾਉ ਸਬਦੁ ਵਜਾਇਆ ॥
ਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ)।
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ
ਹੇ ਨਾਨਕ! ਸੱਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ॥੨੭॥ ਸੁਧੁ।
ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ ॥
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਤੇ ਦੋ-ਬੰਦਾਂ ਵਾਲੀ ਬਾਣੀ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਭਉ ਮੁਚੁ ਭਾਰਾ ਵਡਾ ਤੋਲੁ ॥
ਪ੍ਰਭੂ ਦਾ ਡਰ ਬਹੁਤ ਭਾਰਾ ਹੈ ਇਸ ਦਾ ਤੋਲ ਵੱਡਾ ਹੈ (ਭਾਵ, ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ-ਅਦਬ ਵੱਸਦਾ ਹੈ ਉਸਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ)।
ਮਨ ਮਤਿ ਹਉਲੀ ਬੋਲੇ ਬੋਲੁ ॥
ਜਿਸ ਦੀ ਮਤਿ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ ਉਹ ਹੋਛੀ ਰਹਿੰਦੀ ਹੈ, ਉਹ ਹੋਛਾ ਹੀ ਬਚਨ ਬੋਲਦਾ ਹੈ।
ਸਿਰਿ ਧਰਿ ਚਲੀਐ ਸਹੀਐ ਭਾਰੁ ॥
ਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ (ਭਾਵ, ਕਬੂਲ ਕਰ ਕੇ) ਜੀਵਨ ਗੁਜ਼ਾਰੀਏ, ਅਤੇ ਉਸ ਡਰ ਦਾ ਭਾਰ ਸਹਾਰ ਸਕੀਏ (ਭਾਵ, ਪ੍ਰਭੂ ਦਾ ਡਰ-ਅਦਬ ਸੁਖਾਵਾਂ ਲੱਗਣ ਲੱਗ ਪਏ)
ਨਦਰੀ ਕਰਮੀ ਗੁਰ ਬੀਚਾਰੁ ॥੧॥
ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਬਖ਼ਸ਼ਸ਼ ਨਾਲ (ਮਨੁੱਖਤਾ ਬਾਰੇ) ਗੁਰੂ ਦੀ (ਦੱਸੀ ਹੋਈ) ਵਿਚਾਰ (ਜੀਵਨ ਦਾ ਹਿੱਸਾ ਬਣ ਜਾਂਦੀ ਹੈ) ॥੧॥
ਭੈ ਬਿਨੁ ਕੋਇ ਨ ਲੰਘਸਿ ਪਾਰਿ ॥
(ਸੰਸਾਰ ਵਿਕਾਰ-ਭਰਿਆ ਇੱਕ ਐਸਾ ਸਮੁੰਦਰ ਹੈ ਜਿਸ ਵਿਚੋਂ ਪਰਮਾਤਮਾ ਦਾ) ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ।
ਭੈ ਭਉ ਰਾਖਿਆ ਭਾਇ ਸਵਾਰਿ ॥੧॥ ਰਹਾਉ ॥
(ਸਿਰਫ਼ ਉਹੀ ਪਾਰ ਲੰਘਦਾ ਹੈ ਜਿਸ ਨੇ) ਪ੍ਰਭੂ ਦੇ ਡਰ ਵਿਚ ਰਹਿ ਕੇ ਅਤੇ (ਪ੍ਰਭੂ)-ਪਿਆਰ ਦੀ ਰਾਹੀਂ (ਆਪਣਾ ਜੀਵਨ) ਸੰਵਾਰ ਕੇ ਪ੍ਰਭੂ ਦਾ ਡਰ-ਅਦਬ (ਆਪਣੇ ਹਿਰਦੇ ਵਿਚ) ਟਿਕਾ ਰੱਖਿਆ ਹੈ (ਭਾਵ, ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਮੇਰੇ ਅੰਦਰ ਅਤੇ ਸਭ ਵਿਚ ਵੱਸਦਾ ਹੈ) ॥੧॥ ਰਹਾਉ ॥
ਭੈ ਤਨਿ ਅਗਨਿ ਭਖੈ ਭੈ ਨਾਲਿ ॥
ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਟਿਕੀ ਰਹਿੰਦੀ ਹੈ।
ਭੈ ਭਉ ਘੜੀਐ ਸਬਦਿ ਸਵਾਰਿ ॥
ਗੁਰੂ ਦੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਨੂੰ) ਸੋਹਣਾ ਬਣਾ ਕੇ ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਪ੍ਰਭੂ ਸਾਡੇ ਅੰਦਰ ਹੈ ਤੇ ਸਭ ਦੇ ਅੰਦਰ ਮੌਜੂਦ ਹੈ ਇਹ ਤਾਂਘ ਵਧੀਕ ਤੇਜ਼ ਹੁੰਦੀ ਜਾਂਦੀ ਹੈ।
ਭੈ ਬਿਨੁ ਘਾੜਤ ਕਚੁ ਨਿਕਚ ॥
ਪ੍ਰਭੂ ਦਾ ਡਰ-ਅਦਬ ਰੱਖਣ ਤੋਂ ਬਿਨਾ (ਸਾਡੀ ਜੀਵਨ-ਉਸਾਰੀ) ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ ਬਣਦੀ ਜਾਂਦੀ ਹੈ,
ਅੰਧਾ ਸਚਾ ਅੰਧੀ ਸਟ ॥੨॥
(ਕਿਉਂਕਿ) ਜਿਸ ਸੱਚੇ ਵਿਚ ਜੀਵਨ ਢਲਦਾ ਹੈ ਉਹ ਹੋਛਾ-ਪਨ ਪੈਦਾ ਕਰਨ ਵਾਲਾ ਹੁੰਦਾ ਹੈ, ਸਾਡੇ ਜਤਨ ਭੀ ਅਗਿਆਨਤਾ ਵਾਲੇ ਹੀ ਹੁੰਦੇ ਹਨ ॥੨॥
ਬੁਧੀ ਬਾਜੀ ਉਪਜੈ ਚਾਉ ॥
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ-ਖੇਡ ਵਿਚ ਲੱਗੀ ਰਹਿੰਦੀ ਹੈ, (ਜਗਤ-ਤਮਾਸ਼ਿਆਂ ਦਾ ਹੀ) ਚਾਉ ਉਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ।
ਸਹਸ ਸਿਆਣਪ ਪਵੈ ਨ ਤਾਉ ॥
ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਭੀ ਕਰੇ, ਉਸ ਦਾ ਜੀਵਨ ਠੀਕ ਸੱਚੇ ਵਿਚ ਨਹੀਂ ਢਲਦਾ।
ਨਾਨਕ ਮਨਮੁਖਿ ਬੋਲਣੁ ਵਾਉ ॥
ਮਨਮੁਖ ਦਾ ਬੇ-ਥਵਾ ਬੋਲ ਹੁੰਦਾ ਹੈ,
ਅੰਧਾ ਅਖਰੁ ਵਾਉ ਦੁਆਉ ॥੩॥੧॥
ਉਹ ਅੰਨ੍ਹਾ ਊਲ-ਜਲੂਲ ਗੱਲਾਂ ਹੀ ਕਰਦਾ ਹੈ ॥੩॥੧॥
ਗਉੜੀ ਮਹਲਾ ੧ ॥
ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥
(ਹੇ ਪ੍ਰਭੂ!) ਤੇਰੇ ਡਰ-ਅਦਬ ਵਿਚ ਰਿਹਾਂ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਥੇ ਮਨ ਤੇਰੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਹਿਰਦੇ ਵਿਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਵੱਸਦਾ ਹੈਂ ਤੇ ਸਭ ਵਿਚ ਵੱਸਦਾ ਹੈਂ। ਤੇਰੇ ਡਰ ਵਿਚ ਰਿਹਾਂ (ਦੁਨੀਆ ਦਾ ਹਰੇਕ ਕਿਸਮ ਦਾ) ਸਹਮ ਦੂਰ ਹੋ ਜਾਂਦਾ ਹੈ।
ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ॥
ਤੇਰਾ ਡਰ ਐਸਾ ਨਹੀਂ ਹੁੰਦਾ ਕਿ ਉਸ ਡਰ ਵਿਚ ਰਿਹਾਂ ਕੋਈ ਹੋਰ ਸਹਮ ਟਿਕਿਆ ਰਹੇ।
ਤੁਧੁ ਬਿਨੁ ਦੂਜੀ ਨਾਹੀ ਜਾਇ ॥
(ਹੇ ਪ੍ਰਭੂ!) ਤੈਥੋਂ ਬਿਨਾਂ ਜੀਵ ਦਾ ਕੋਈ ਹੋਰ ਥਾਂ-ਆਸਰਾ ਨਹੀਂ ਹੈ।
ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥
ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ ॥੧॥
ਡਰੀਐ ਜੇ ਡਰੁ ਹੋਵੈ ਹੋਰੁ ॥
(ਹੇ ਪ੍ਰਭੂ!) ਤੇਰਾ ਡਰ-ਅਦਬ ਟਿਕਣ ਦੇ ਥਾਂ) ਜੇ ਜੀਵ ਦੇ ਹਿਰਦੇ ਵਿਚ ਕੋਈ ਹੋਰ ਡਰ ਟਿਕਿਆ ਰਹੇ, ਤਾਂ ਜੀਵ ਸਦਾ ਸਹਮਿਆ ਰਹਿੰਦਾ ਹੈ।
ਡਰਿ ਡਰਿ ਡਰਣਾ ਮਨ ਕਾ ਸੋਰੁ ॥੧॥ ਰਹਾਉ ॥
ਮਨ ਦੀ ਘਬਰਾਹਟ ਮਨ ਦਾ ਸਹਮ ਹਰ ਵੇਲੇ ਬਣਿਆ ਰਹਿੰਦਾ ਹੈ ॥੧॥ ਰਹਾਉ ॥
ਨਾ ਜੀਉ ਮਰੈ ਨ ਡੂਬੈ ਤਰੈ ॥
(ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣ ਸਕਦਾ ਹੈ ਕਿ) ਜੀਵ ਨਾਹ ਮਰਦਾ ਹੈ ਨਾਹ ਕਿਤੇ ਡੁੱਬ ਸਕਦਾ ਹੈ ਨਾਹ ਕਿਤੋਂ ਤਰਦਾ ਹੈ (ਭਾਵ, ਜੇਹੜਾ ਕਿਤੇ ਡੁਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ)।
ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥
(ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਉਹੀ ਸਭ ਕੁਝ ਕਰ ਰਿਹਾ ਹੈ।
ਹੁਕਮੇ ਆਵੈ ਹੁਕਮੇ ਜਾਇ ॥
ਉਸ ਦੇ ਹੁਕਮ ਵਿਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿਚ ਹੀ ਮਰਦਾ ਹੈ।
ਆਗੈ ਪਾਛੈ ਹੁਕਮਿ ਸਮਾਇ ॥੨॥
ਲੋਕ ਪਰਲੋਕ ਵਿਚ ਜੀਵ ਨੂੰ ਉਸ ਦੇ ਹੁਕਮ ਵਿਚ ਟਿਕੇ ਰਹਿਣਾ ਪੈਂਦਾ ਹੈ ॥੨॥
ਹੰਸੁ ਹੇਤੁ ਆਸਾ ਅਸਮਾਨੁ ॥
(ਜਿਸ ਹਿਰਦੇ ਵਿਚ ਪ੍ਰਭੂ ਦਾ ਡਰ-ਅਦਬ ਨਹੀਂ ਹੈ, ਮੋਹ ਹੈ, ਅਹੰਕਾਰ ਹੈ,
ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ ॥
ਉਸ ਹਿਰਦੇ ਵਿਚ ਤ੍ਰਿਸ਼ਨਾ ਦੀ ਕਾਂਗ ਨਦੀ ਵਾਂਗ (ਠਾਠਾਂ ਮਾਰ ਰਹੀ) ਹੈ।
ਭਉ ਖਾਣਾ ਪੀਣਾ ਆਧਾਰੁ ॥
ਪ੍ਰਭੂ ਦਾ ਡਰ-ਅਦਬ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਆਤਮਾ ਦਾ ਆਸਰਾ ਹੈ;
ਵਿਣੁ ਖਾਧੇ ਮਰਿ ਹੋਹਿ ਗਵਾਰ ॥੩॥
ਜੋ ਇਹ ਖ਼ੁਰਾਕ ਨਹੀਂ ਖਾਂਦੇ ਉਹ (ਦੁਨੀਆ ਦੇ) ਸਹਮ ਵਿਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ ॥੩॥
ਜਿਸ ਕਾ ਕੋਇ ਕੋਈ ਕੋਇ ਕੋਇ ॥
(ਹੇ ਪ੍ਰਭੂ! ਤੇਰੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣਦਾ ਹੈ ਕਿ) ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ ਕੋਈ ਵਿਰਲਾ ਹੀ ਬਣਦਾ ਹੈ (ਭਾਵ, ਕਿਸੇ ਦਾ ਕੋਈ ਸਦਾ ਲਈ ਸਾਥੀ ਸਹਾਇਕ ਨਹੀਂ ਬਣ ਸਕਦਾ),
ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ ॥
ਪਰ ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਦੀ ਸਾਰ ਰੱਖਣ ਵਾਲਾ ਹੈਂ।
ਜਾ ਕੇ ਜੀਅ ਜੰਤ ਧਨੁ ਮਾਲੁ ॥
ਜਿਸ ਪਰਮਾਤਮਾ ਦੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ, (ਜੀਵਾਂ ਵਾਸਤੇ) ਉਸੇ ਦਾ ਹੀ ਇਹ ਧਨ-ਮਾਲ (ਬਣਾਇਆ ਹੋਇਆ) ਹੈ।
ਨਾਨਕ ਆਖਣੁ ਬਿਖਮੁ ਬੀਚਾਰੁ ॥੪॥੨॥
ਹੇ ਨਾਨਕ! (ਇਸ ਤੋਂ ਵਧ ਇਹ) ਵਿਚਾਰਨਾ ਤੇ ਆਖਣਾ (ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ) ਔਖਾ ਕੰਮ ਹੈ ॥੪॥੨॥
ਗਉੜੀ ਮਹਲਾ ੧ ॥
ਮਾਤਾ ਮਤਿ ਪਿਤਾ ਸੰਤੋਖੁ ॥
ਜੇ ਕੋਈ ਜੀਵ-ਇਸਤ੍ਰੀ ਉੱਚੀ ਮਤਿ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮਤਿ ਦੀ ਗੋਦੀ ਵਿਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿਚ ਰਹੇ),
ਸਤੁ ਭਾਈ ਕਰਿ ਏਹੁ ਵਿਸੇਖੁ ॥੧॥
ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ) ॥੧॥
ਕਹਣਾ ਹੈ ਕਿਛੁ ਕਹਣੁ ਨ ਜਾਇ ॥
ਹੇ ਪ੍ਰਭੂ! ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ-ਮਾਤ੍ਰ ਦੱਸੀ ਹੈ,
ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ ॥
(ਕਿਉਂਕਿ) ਹੇ ਪ੍ਰਭੂ! ਤੇਰੀ ਕੁਦਰਤਿ ਦਾ ਪੂਰਾ ਮੁੱਲ ਨਹੀਂ ਪੈ ਸਕਦਾ (ਭਾਵ, ਕੁਦਰਤਿ ਕਿਹੋ ਜਿਹੀ ਹੈ-ਇਹ ਦੱਸਿਆ ਨਹੀਂ ਜਾ ਸਕਦਾ) ॥੧॥ ਰਹਾਉ ॥
ਸਰਮ ਸੁਰਤਿ ਦੁਇ ਸਸੁਰ ਭਏ ॥
ਉੱਦਮ ਅਤੇ ਉੱਚੀ ਸੁਰਤ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ;
ਕਰਣੀ ਕਾਮਣਿ ਕਰਿ ਮਨ ਲਏ ॥੨॥
ਤੇ ਹੇ ਮਨ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ ॥੨॥
ਸਾਹਾ ਸੰਜੋਗੁ ਵੀਆਹੁ ਵਿਜੋਗੁ ॥
ਜੇ ਸਤ ਸੰਗ (ਵਿਚ ਜਾਣਾ) ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ (ਭਾਵ, ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿਚੋਂ ਕਦੇ ਨ ਖੁੰਝੇ),
ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥
ਜੇ (ਸਤ ਸੰਗ ਵਿਚ ਰਹਿ ਕੇ ਦੁਨੀਆ ਨਾਲੋਂ) ਨਿਰਮੋਹਤਾ-ਰੂਪ (ਪ੍ਰਭੂ ਨਾਲ) ਵਿਆਹ ਹੋ ਜਾਏ; ਤਾਂ (ਇਸ ਵਿਆਹ ਵਿਚੋਂ) ਸੱਚ (ਭਾਵ, ਪ੍ਰਭੂ ਦਾ ਸਦਾ ਹਿਰਦੇ ਵਿਚ ਟਿਕੇ ਰਹਿਣਾ, ਉਸ ਜੀਵ-ਇਸਤ੍ਰੀ ਦੀ) ਸੰਤਾਨ ਹੈ। ਨਾਨਕ ਆਖਦਾ ਹੈ- ਇਹ ਹੈ (ਸੱਚਾ) ਪ੍ਰਭੂ-ਮਿਲਾਪ ॥੩॥੩॥
ਗਉੜੀ ਮਹਲਾ ੧ ॥
ਪਉਣੈ ਪਾਣੀ ਅਗਨੀ ਕਾ ਮੇਲੁ ॥
ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ,
ਚੰਚਲ ਚਪਲ ਬੁਧਿ ਕਾ ਖੇਲੁ ॥
ਤੇ ਇਸ ਵਿਚ) ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ)।
ਨਉ ਦਰਵਾਜੇ ਦਸਵਾ ਦੁਆਰੁ ॥
(ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ,
ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥
ਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ॥੧॥
ਕਥਤਾ ਬਕਤਾ ਸੁਨਤਾ ਸੋਈ ॥
ਹੇ ਭਾਈ! (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਉਹ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ,
ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥
ਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੧॥ਰਹਾਉ ॥
ਦੇਹੀ ਮਾਟੀ ਬੋਲੈ ਪਉਣੁ ॥
ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ।
ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥
ਹੇ ਗਿਆਨਵਾਨ ਮਨੁੱਖ! ਇਸ ਗੱਲ ਨੂੰ ਸਮਝ (ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁਝ ਨਹੀਂ ਮਰਦਾ।
ਮੂਈ ਸੁਰਤਿ ਬਾਦੁ ਅਹੰਕਾਰੁ ॥
(ਹਾਂ, ਗੁਰੂ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ (ਮਨੁੱਖ ਦੇ ਅੰਦਰੋਂ ਮਾਇਆ ਦਾ) ਅਹੰਕਾਰ ਮਰ ਜਾਂਦਾ ਹੈ।
ਓਹੁ ਨ ਮੂਆ ਜੋ ਦੇਖਣਹਾਰੁ ॥੨॥
ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ ॥੨॥
ਜੈ ਕਾਰਣਿ ਤਟਿ ਤੀਰਥ ਜਾਹੀ ॥
ਹੇ ਭਾਈ! ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ,
ਰਤਨ ਪਦਾਰਥ ਘਟ ਹੀ ਮਾਹੀ ॥
ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ।
ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥
(ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ।
ਭੀਤਰਿ ਹੋਦੀ ਵਸਤੁ ਨ ਜਾਣੈ ॥੩॥
ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ ॥੩॥
ਹਉ ਨ ਮੂਆ ਮੇਰੀ ਮੁਈ ਬਲਾਇ ॥
(ਉਸ ਨੂੰ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ।
ਓਹੁ ਨ ਮੂਆ ਜੋ ਰਹਿਆ ਸਮਾਇ ॥
ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ।
ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥
ਨਾਨਕ ਆਖਦਾ ਹੈ- (ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ,
ਮਰਤਾ ਜਾਤਾ ਨਦਰਿ ਨ ਆਇਆ ॥੪॥੪॥
ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ ॥੪॥੪॥
ਗਉੜੀ ਮਹਲਾ ੧ ਦਖਣੀ ॥
ਸੁਣਿ ਸੁਣਿ ਬੂਝੈ ਮਾਨੈ ਨਾਉ ॥
ਜੋ ਮਨੁੱਖ (“ਸਾਚੇ ਗੁਰ ਕੀ ਸਾਚੀ ਸੀਖ”) ਸੁਣ ਸੁਣ ਕੇ ਉਸ ਨੂੰ ਵਿਚਾਰਦਾ-ਸਮਝਦਾ ਹੈ ਤੇ ਇਹ ਯਕੀਨ ਬਣਾ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਵਣਜ-ਵਪਾਰ ਹੈ,
ਤਾ ਕੈ ਸਦ ਬਲਿਹਾਰੈ ਜਾਉ ॥
ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।
ਆਪਿ ਭੁਲਾਏ ਠਉਰ ਨ ਠਾਉ ॥
ਜਿਸ ਮਨੁੱਖ ਨੂੰ ਪ੍ਰਭੂ (ਇਸ ਪਾਸੇ ਵਲੋਂ) ਖੁੰਝਾ ਦੇਂਦਾ ਹੈ, ਉਸ ਨੂੰ ਕੋਈ ਹੋਰ (ਆਤਮਕ) ਸਹਾਰਾ ਨਹੀਂ ਮਿਲ ਸਕਦਾ।
ਤੂੰ ਸਮਝਾਵਹਿ ਮੇਲਿ ਮਿਲਾਉ ॥੧॥
ਹੇ ਪ੍ਰਭੂ! ਜਿਸ ਨੂੰ ਤੂੰ ਆਪ ਬਖ਼ਸ਼ੇਂ, ਉਸ ਨੂੰ ਤੂੰ (ਗੁਰੂ ਦੀ ਸਿੱਖਿਆ ਵਿਚ) ਮੇਲ ਕੇ (ਆਪਣੇ ਚਰਨਾਂ ਦਾ) ਮਿਲਾਪ (ਬਖ਼ਸ਼ਦਾ ਹੈਂ) ॥੧॥
ਨਾਮੁ ਮਿਲੈ ਚਲੈ ਮੈ ਨਾਲਿ ॥
ਹੇ ਪ੍ਰਭੂ! ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ) ਨਾਮ ਮਿਲ ਜਾਏ, (ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ) ਮੇਰੇ ਨਾਲ ਜਾ ਸਕਦਾ ਹੈ।
ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ ॥
ਤੇਰਾ ਨਾਮ ਸਿਮਰਨ ਤੋਂ ਬਿਨਾ ਸਾਰੀ ਲੁਕਾਈ ਮੌਤ ਦੇ ਸਹਮ ਵਿਚ ਜਕੜੀ ਪਈ ਹੈ ॥੧॥ ਰਹਾਉ ॥
ਖੇਤੀ ਵਣਜੁ ਨਾਵੈ ਕੀ ਓਟ ॥
(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਸਰਾ (ਇਸ ਤਰ੍ਹਾਂ ਲਵੋ ਜਿਸ ਤਰ੍ਹਾਂ) ਖੇਤੀ ਨੂੰ, ਵਣਜ ਨੂੰ ਆਪਣੇ ਸਰੀਰਕ ਨਿਰਬਾਹ ਦਾ ਸਹਾਰਾ ਬਣਾਂਦੇ ਹੋ।
ਪਾਪੁ ਪੁੰਨੁ ਬੀਜ ਕੀ ਪੋਟ ॥
(ਕੋਈ ਭੀ ਕੀਤਾ ਹੋਇਆ) ਪਾਪ ਜਾਂ ਪੁੰਨ (ਹਰੇਕ ਜੀਵ ਲਈ ਅਗਾਂਹ ਵਾਸਤੇ) ਬੀਜ ਦੀ ਪੋਟਲੀ ਬਣ ਜਾਂਦਾ ਹੈ। (ਉਹ ਚੰਗਾ ਮੰਦਾ ਕੀਤਾ ਕਰਮ ਮਨ ਦੇ ਅੰਦਰ ਸੰਸਕਾਰ-ਰੂਪ ਵਿਚ ਟਿਕ ਕੇ ਉਹੋ ਜਿਹੇ ਕਰਮ ਕਰਨ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ)।
ਕਾਮੁ ਕ੍ਰੋਧੁ ਜੀਅ ਮਹਿ ਚੋਟ ॥
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ (ਪ੍ਰਭੂ ਦੇ ਨਾਮ ਦੇ ਥਾਂ) ਕਾਮ ਕ੍ਰੋਧ (ਆਦਿਕ ਵਿਕਾਰ) ਚੋਟ ਲਾਂਦਾ ਰਹਿੰਦਾ ਹੈ (ਪ੍ਰੇਰਨਾ ਕਰਦਾ ਰਹਿੰਦਾ ਹੈ),
ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥
ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ (ਇਥੋਂ) ਮਨ ਵਿਚ (ਵਿਕਾਰਾਂ ਦੀ) ਖੋਟ ਲੈ ਕੇ ਹੀ ਤੁਰ ਪੈਂਦੇ ਹਨ ॥੨॥
ਸਾਚੇ ਗੁਰ ਕੀ ਸਾਚੀ ਸੀਖ ॥
ਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ,
ਤਨੁ ਮਨੁ ਸੀਤਲੁ ਸਾਚੁ ਪਰੀਖ ॥
ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ (ਭਾਵ, ਉਹਨਾਂ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ) ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ (ਸਾਂਝ ਪਾ ਲੈਂਦੇ ਹਨ)।
ਜਲ ਪੁਰਾਇਨਿ ਰਸ ਕਮਲ ਪਰੀਖ ॥
ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁਲ (ਪਾਣੀ ਤੋਂ ਬਿਨਾ ਜੀਊਂਦੇ ਨਹੀਂ ਰਹਿ ਸਕਦੇ, ਤਿਵੇਂ ਉਹਨਾਂ ਦੀ ਜਿੰਦ ਪ੍ਰਭੂ-ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ)।
ਸਬਦਿ ਰਤੇ ਮੀਠੇ ਰਸ ਈਖ ॥੩॥
ਉਹ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਿੱਠੇ ਸੁਭਾਵ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦੀ ਰਹੁ ਮਿੱਠੀ ਹੈ ॥੩॥
ਹੁਕਮਿ ਸੰਜੋਗੀ ਗੜਿ ਦਸ ਦੁਆਰ ॥
ਪ੍ਰਭੂ ਦੇ ਹੁਕਮ ਵਿਚ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦਸ-ਦੁਆਰੀ ਸਰੀਰ-ਕਿਲ੍ਹੇ ਵਿਚ…
ਪੰਚ ਵਸਹਿ ਮਿਲਿ ਜੋਤਿ ਅਪਾਰ ॥
ਸੰਤ ਜਨ ਅਪਾਰ ਪ੍ਰਭੂ ਦੇ ਜੋਤਿ ਨਾਲ ਮਿਲ ਕੇ ਵੱਸਦੇ ਹਨ।
ਆਪਿ ਤੁਲੈ ਆਪੇ ਵਣਜਾਰ ॥
(ਕਾਮ ਕ੍ਰੋਧ ਆਦਿਕ ਕੋਈ ਵਿਕਾਰ ਇਸ ਕਿਲ੍ਹੇ ਵਿਚ ਉਹਨਾਂ ਉੱਤੇ ਚੋਟ ਨਹੀਂ ਕਰਦਾ ਉਹਨਾਂ ਦੇ ਅੰਦਰ) ਪ੍ਰਭੂ ਆਪ (ਨਾਮ-ਵੱਖਰ ਬਣ ਕੇ) ਵਣਜਿਆ ਜਾ ਰਿਹਾ ਹੈ,
ਨਾਨਕ ਨਾਮਿ ਸਵਾਰਣਹਾਰ ॥੪॥੫॥
ਤੇ, ਹੇ ਨਾਨਕ! (ਉਹਨਾਂ ਸੰਤ ਜਨਾਂ ਨੂੰ) ਆਪਣੇ ਨਾਮ ਵਿਚ ਜੋੜ ਕੇ (ਆਪ ਹੀ) ਉਹਨਾਂ ਦਾ ਜੀਵਨ ਸੁਚੱਜਾ ਬਣਾਂਦਾ ਹੈ ॥੪॥੫॥
ਗਉੜੀ ਮਹਲਾ ੧ ॥
ਜਾਤੋ ਜਾਇ ਕਹਾ ਤੇ ਆਵੈ ॥
(ਪਰ) ਇਹ ਕਿਵੇਂ ਸਮਝ ਆਵੇ ਕਿ (ਇਹ ਵਾਸਨਾ) ਕਿਥੋਂ ਆਉਂਦੀ ਹੈ,
ਕਹ ਉਪਜੈ ਕਹ ਜਾਇ ਸਮਾਵੈ ॥
(ਵਾਸਨਾ) ਕਿਥੋਂ ਪੈਦਾ ਹੁੰਦੀ ਹੈ, ਕਿਥੇ ਜਾ ਕੇ ਮੁੱਕ ਜਾਂਦੀ ਹੈ?
ਕਿਉ ਬਾਧਿਓ ਕਿਉ ਮੁਕਤੀ ਪਾਵੈ ॥
ਮਨੁੱਖ ਕਿਵੇਂ ਇਸ ਵਾਸਨਾ ਵਿਚ ਬੱਝ ਜਾਂਦਾ ਹੈ? ਕਿਵੇਂ ਇਸ ਤੋਂ ਖ਼ਲਾਸੀ ਹਾਸਲ ਕਰਦਾ ਹੈ?
ਕਿਉ ਅਬਿਨਾਸੀ ਸਹਜਿ ਸਮਾਵੈ ॥੧॥
(ਖ਼ਲਾਸੀ ਪਾ ਕੇ) ਕਿਵੇਂ ਅਟੱਲ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ? ॥੧॥
ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ,
ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥
ਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ ॥੧॥ ਰਹਾਉ ॥
ਸਹਜੇ ਆਵੈ ਸਹਜੇ ਜਾਇ ॥
(ਗੁਰੂ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ) ਵਾਸਨਾ ਕੁਦਰਤੀ ਨਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ। ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ।
ਮਨ ਤੇ ਉਪਜੈ ਮਨ ਮਾਹਿ ਸਮਾਇ ॥
(ਮਨਮੁਖਤਾ ਦੀ ਹਾਲਤ ਵਿਚ) ਮਨ ਤੋਂ ਪੈਦਾ ਹੁੰਦੀ ਹੈ (ਗੁਰੂ ਦੇ ਸਨਮੁਖ ਹੋਇਆਂ) ਮਨ ਵਿਚ ਹੀ ਖ਼ਤਮ ਹੋ ਜਾਂਦੀ ਹੈ।
ਗੁਰਮੁਖਿ ਮੁਕਤੋ ਬੰਧੁ ਨ ਪਾਇ ॥
ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ।
ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥
ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ ॥੨॥
ਤਰਵਰ ਪੰਖੀ ਬਹੁ ਨਿਸਿ ਬਾਸੁ ॥
(ਜਿਵੇਂ) ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ (ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ),
ਸੁਖ ਦੁਖੀਆ ਮਨਿ ਮੋਹ ਵਿਣਾਸੁ ॥
ਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ।
ਸਾਝ ਬਿਹਾਗ ਤਕਹਿ ਆਗਾਸੁ ॥
ਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਟਿਕਦੇ ਹਨ, ਸਵੇਰੇ ਅਕਾਸ਼ ਨੂੰ ਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ,
ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥
ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ ॥੩॥
ਨਾਮ ਸੰਜੋਗੀ ਗੋਇਲਿ ਥਾਟੁ ॥
ਜਿਵੇਂ ਔੜ ਲੱਗਣ ਤੇ ਲੋਕ ਦਰਿਆਵਾਂ ਕੰਢੇ ਹਰਿਆਵਲੇ ਥਾਂ ਵਿਚ ਚਾਰ ਦਿਨਾਂ ਦਾ ਟਿਕਾਣਾ ਬਣਾ ਲੈਂਦੇ ਹਨ, ਤਿਵੇਂ ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਵਾਲੇ ਬੰਦੇ ਜਗਤ ਵਿਚ ਚੰਦ-ਰੋਜ਼ਾ ਟਿਕਾਣਾ ਸਮਝਦੇ ਹਨ।
ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥
ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਦਾ ਵਿਹੁਲਾ ਮਟਕਾ ਭੱਜ ਜਾਂਦਾ ਹੈ (ਭਾਵ, ਉਹਨਾਂ ਦੇ ਅੰਦਰ ਕਾਮਾਦਿਕ ਵਿਕਾਰ ਜ਼ੋਰ ਨਹੀਂ ਪਾਂਦੇ)।
ਬਿਨੁ ਵਖਰ ਸੂਨੋ ਘਰੁ ਹਾਟੁ ॥
ਜੋ ਮਨੁੱਖ ਨਾਮ-ਵੱਖਰ ਤੋਂ ਵਾਂਜੇ ਰਹਿੰਦੇ ਹਨ ਉਹਨਾਂ ਦਾ ਹਿਰਦਾ-ਹੱਟ ਸੱਖਣਾ ਹੁੰਦਾ ਹੈ (ਉਹਨਾਂ ਦੇ ਸੁੰਞੇ ਹਿਰਦੇ-ਘਰ ਨੂੰ, ਮਾਨੋ, ਜੰਦਰੇ ਵੱਜੇ ਰਹਿੰਦੇ ਹਨ)।
ਗੁਰ ਮਿਲਿ ਖੋਲੇ ਬਜਰ ਕਪਾਟ ॥੪॥
ਗੁਰੂ ਨੂੰ ਮਿਲ ਕੇ ਉਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੪॥
ਸਾਧੁ ਮਿਲੈ ਪੂਰਬ ਸੰਜੋਗ ॥
ਜਿਨ੍ਹਾਂ ਮਨੁੱਖਾਂ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਤੇ ਗੁਰੂ ਮਿਲਦਾ ਹੈ,
ਸਚਿ ਰਹਸੇ ਪੂਰੇ ਹਰਿ ਲੋਗ ॥
ਉਹ ਪੂਰੇ ਪੁਰਸ਼ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜੇ ਰਹਿੰਦੇ ਹਨ।
ਮਨੁ ਤਨੁ ਦੇ ਲੈ ਸਹਜਿ ਸੁਭਾਇ ॥
ਜੋ ਮਨੁੱਖ ਮਨ ਗੁਰੂ ਦੇ ਹਵਾਲੇ ਕਰ ਕੇ ਸਰੀਰ ਗੁਰੂ ਦੇ ਹਵਾਲੇ ਕਰ ਕੇ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ (ਨਾਮ ਦੀ ਦਾਤ ਗੁਰੂ ਤੋਂ) ਲੈਂਦੇ ਹਨ,
ਨਾਨਕ ਤਿਨ ਕੈ ਲਾਗਉ ਪਾਇ ॥੫॥੬॥
ਹੇ ਨਾਨਕ! (ਆਖ-) ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ॥੫॥੬॥
ਗਉੜੀ ਮਹਲਾ ੧ ॥
ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥
(ਮੇਰੇ ਅੰਦਰ) ਕਾਮ (ਪ੍ਰਬਲ) ਹੈ ਕ੍ਰੋਧ (ਪ੍ਰਬਲ) ਹੈ, ਮੇਰਾ ਚਿੱਤ ਮਾਇਆ ਵਿਚ (ਮਗਨ ਰਹਿੰਦਾ) ਹੈ।
ਝੂਠ ਵਿਕਾਰਿ ਜਾਗੈ ਹਿਤ ਚੀਤੁ ॥
ਝੂਠ ਬੋਲਣ ਦੇ ਭੈੜ ਵਿਚ ਮੇਰਾ ਹਿਤ ਜਾਗਦਾ ਹੈ ਮੇਰਾ ਚਿੱਤ ਤਤਪਰ ਹੁੰਦਾ ਹੈ।
ਪੂੰਜੀ ਪਾਪ ਲੋਭ ਕੀ ਕੀਤੁ ॥
ਮੈਂ ਪਾਪ ਤੇ ਲੋਭ ਦੀ ਰਾਸਿ-ਪੂੰਜੀ ਇਕੱਠੀ ਕੀਤੀ ਹੋਈ ਹੈ।
ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥
(ਤੇਰੀ ਮਿਹਰ ਨਾਲ ਜੇ ਮੇਰੇ) ਮਨ ਵਿਚ ਤੇਰਾ ਪਵਿਤ੍ਰ ਕਰਨ ਵਾਲਾ ਨਾਮ (ਵੱਸ ਪਏ ਤਾਂ ਇਹ ਮੇਰੇ ਲਈ) ਤੁਲਹਾ ਹੈ ਬੇੜੀ ਹੈ ॥੧॥
ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥
ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਅਚਰਜ ਹੈਂ ਤੂੰ ਅਚਰਜ ਹੈਂ। (ਤੇਰੇ ਵਰਗਾ ਹੋਰ ਕੋਈ ਨਹੀਂ); (ਕਾਮ ਆਦਿਕ ਵਿਕਾਰਾਂ ਤੋਂ ਬਚਣ ਲਈ) ਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ।
ਹਉ ਪਾਪੀ ਤੂੰ ਨਿਰਮਲੁ ਏਕ ॥੧॥ ਰਹਾਉ ॥
ਮੈਂ ਪਾਪੀ ਹਾਂ, ਸਿਰਫ਼ ਤੂੰ ਹੀ ਪਵਿਤ੍ਰ ਕਰਨ ਦੇ ਸਮਰੱਥ ਹੈਂ ॥੧॥ ਰਹਾਉ ॥
ਅਗਨਿ ਪਾਣੀ ਬੋਲੈ ਭੜਵਾਉ ॥
(ਜੀਵ ਦੇ ਅੰਦਰ ਕਦੇ) ਅੱਗ (ਦਾ ਜ਼ੋਰ ਪੈ ਜਾਂਦਾ) ਹੈ (ਕਦੇ) ਪਾਣੀ (ਪ੍ਰਬਲ ਹੋ ਜਾਂਦਾ) ਹੈ (ਇਸ ਵਾਸਤੇ ਇਹ) ਤੱਤਾ-ਠੰਢਾ ਬੋਲ ਬੋਲਦਾ ਰਹਿੰਦਾ ਹੈ।
ਜਿਹਵਾ ਇੰਦ੍ਰੀ ਏਕੁ ਸੁਆਉ ॥
ਜੀਭ ਆਦਿਕ ਹਰੇਕ ਇੰਦ੍ਰੀ ਨੂੰ ਆਪੋ ਆਪਣਾ ਚਸਕਾ (ਲੱਗਾ ਹੋਇਆ) ਹੈ।
ਦਿਸਟਿ ਵਿਕਾਰੀ ਨਾਹੀ ਭਉ ਭਾਉ ॥
ਨਿਗਾਹ ਵਿਕਾਰਾਂ ਵਲ ਰਹਿੰਦੀ ਹੈ, (ਮਨ ਵਿਚ) ਨਾਹ ਡਰ ਹੈ ਨਾਹ ਪ੍ਰੇਮ ਹੈ (ਅਜੇਹੀ ਹਾਲਤ ਵਿਚ ਪ੍ਰਭੂ ਦਾ ਨਾਮ ਕਿਵੇਂ ਮਿਲੇ?)।
ਆਪੁ ਮਾਰੇ ਤਾ ਪਾਏ ਨਾਉ ॥੨॥
ਜੀਵ ਆਪਾ-ਭਾਵ ਨੂੰ ਖ਼ਤਮ ਕਰੇ, ਤਾਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਸਕਦਾ ਹੈ ॥੨॥
ਸਬਦਿ ਮਰੈ ਫਿਰਿ ਮਰਣੁ ਨ ਹੋਇ ॥
ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦਾ ਹੈ, ਤਾਂ ਇਸ ਨੂੰ ਆਤਮਕ ਮੌਤ ਨਹੀਂ ਹੁੰਦੀ।
ਬਿਨੁ ਮੂਏ ਕਿਉ ਪੂਰਾ ਹੋਇ ॥
ਆਪਾ-ਭਾਵ ਦੇ ਖ਼ਤਮ ਹੋਣ ਤੋਂ ਬਿਨਾ ਮਨੁੱਖ ਪੂਰਨ ਨਹੀਂ ਹੋ ਸਕਦਾ (ਉਕਾਈਆਂ ਤੋਂ ਬਚ ਨਹੀਂ ਸਕਦਾ,
ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥
ਸਗੋਂ) ਮਨ ਮਾਇਆ ਦੇ ਛਲ ਵਿਚ ਦ੍ਵੈਤ ਵਿਚ ਫਸਿਆ ਰਹਿੰਦਾ ਹੈ।
ਥਿਰੁ ਨਾਰਾਇਣੁ ਕਰੇ ਸੁ ਹੋਇ ॥੩॥
(ਜੀਵ ਦੇ ਭੀ ਕੀਹ ਵੱਸ?) ਜਿਸ ਨੂੰ ਪਰਮਾਤਮਾ ਆਪ ਅਡੋਲ-ਚਿੱਤ ਕਰਦਾ ਹੈ ਉਹੀ ਹੁੰਦਾ ਹੈ ॥੩॥
ਬੋਹਿਥਿ ਚੜਉ ਜਾ ਆਵੈ ਵਾਰੁ ॥
ਮੈਂ (ਪ੍ਰਭੂ ਦੇ ਨਾਮ) ਜਹਾਜ਼ ਵਿਚ (ਤਦੋਂ ਹੀ) ਚੜ੍ਹ ਸਕਦਾ ਹਾਂ, ਜਦੋਂ (ਉਸ ਦੀ ਮਿਹਰ ਨਾਲ) ਮੈਨੂੰ ਵਾਰੀ ਮਿਲੇ।
ਠਾਕੇ ਬੋਹਿਥ ਦਰਗਹ ਮਾਰ ॥
ਜੇਹੜੇ ਬੰਦਿਆਂ ਨੂੰ ਨਾਮ-ਜਹਾਜ਼ ਤੇ ਚੜ੍ਹਨਾ ਨਹੀਂ ਮਿਲਦਾ, ਉਹਨਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਖ਼ੁਆਰੀ ਮਿਲਦੀ ਹੈ (ਧੱਕੇ ਪੈਂਦੇ ਹਨ, ਪ੍ਰਭੂ ਦਾ ਦੀਦਾਰ ਨਸੀਬ ਨਹੀਂ ਹੁੰਦਾ)।
ਸਾਲਾਹੀ ਧੰਨੁ ਗੁਰਦੁਆਰੁ ॥
(ਅਸਲ ਗੱਲ ਇਹ ਹੈ ਕਿ) ਗੁਰੂ ਦਾ ਦਰ ਸਭ ਤੋਂ ਸ੍ਰੇਸ਼ਟ ਹੈ (ਗੁਰੂ ਦੇ ਦਰ ਤੇ ਰਹਿ ਕੇ ਹੀ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
ਨਾਨਕ ਦਰਿ ਘਰਿ ਏਕੰਕਾਰੁ ॥੪॥੭॥
ਹੇ ਨਾਨਕ! (ਗੁਰੂ ਦੇ) ਦਰ ਤੇ ਰਿਹਾਂ ਹੀ ਹਿਰਦੇ ਵਿਚ ਪਰਮਾਤਮਾ ਦਾ ਦਰਸਨ ਹੁੰਦਾ ਹੈ ॥੪॥੭॥
ਗਉੜੀ ਮਹਲਾ ੧ ॥
ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥
ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਚਿੱਤ ਜੋੜਿਆਂ ਹਿਰਦਾ-ਕਮਲ ਮਾਇਆ ਦੇ ਮੋਹ ਵਲੋਂ ਹਟ ਜਾਂਦਾ ਹੈ,
ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥
ਦਿਮਾਗ਼ ਵਿਚ ਭੀ (ਸਿਫ਼ਤ-ਸਾਲਾਹ ਦੀ ਬਰਕਤ ਨਾਲ) ਨਾਮ-ਅੰਮ੍ਰਿਤ ਦੀ ਵਰਖਾ ਹੁੰਦੀ ਹੈ (ਤੇ ਮਾਇਆ ਵਾਲੇ ਝੰਬੇਲਿਆਂ ਦੀ ਅਸ਼ਾਂਤੀ ਮਿੱਟ ਕੇ ਠੰਢ ਪੈਂਦੀ ਹੈ)।
ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥
(ਫਿਰ ਦਿਲ ਨੂੰ ਭੀ ਤੇ ਦਿਮਾਗ਼ ਨੂੰ ਭੀ ਇਹ ਯਕੀਨ ਹੋ ਜਾਂਦਾ ਹੈ ਕਿ) ਪ੍ਰਭੂ ਆਪ ਸਾਰੇ ਜਗਤ (ਦੇ ਜ਼ੱਰੇ ਜ਼ੱਰੇ) ਵਿਚ ਮੌਜੂਦ ਹੈ ॥੧॥
ਰੇ ਮਨ ਮੇਰੇ ਭਰਮੁ ਨ ਕੀਜੈ ॥
ਹੇ ਮੇਰੇ ਮਨ! (ਮਾਇਆ ਦੀ ਖ਼ਾਤਰ) ਭਟਕਣ ਛੱਡ ਦੇ (ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜ)।
ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
(ਹੇ ਭਾਈ!) ਜਦੋਂ ਮਨ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਚੰਗੀ ਲੱਗਣ ਲੱਗ ਪੈਂਦੀ ਹੈ, ਤਦੋਂ ਇਹ ਸਿਫ਼ਤ-ਸਾਲਾਹ ਦਾ ਸੁਆਦ ਮਾਣਨ ਲੱਗ ਪੈਂਦਾ ਹੈ ॥੧॥ ਰਹਾਉ ॥
ਜਨਮੁ ਜੀਤਿ ਮਰਣਿ ਮਨੁ ਮਾਨਿਆ ॥
(ਸਿਫ਼ਤ-ਸਾਲਾਹ ਵਿਚ ਜੁੜਿਆਂ) ਜਨਮ-ਮਨੋਰਥ ਪ੍ਰਾਪਤ ਕਰ ਕੇ ਮਨ ਨੂੰ ਸੁਆਰਥ ਦਾ ਮੁੱਕ ਜਾਣਾ ਪਸੰਦ ਆ ਜਾਂਦਾ ਹੈ।
ਆਪਿ ਮੂਆ ਮਨੁ ਮਨ ਤੇ ਜਾਨਿਆ ॥
ਇਸ ਗੱਲ ਦੀ ਸੂਝ ਮਨ ਅੰਦਰੋਂ ਹੀ ਪੈ ਜਾਂਦੀ ਹੈ ਕਿ ਆਪਾ-ਭਾਵ ਮੁੱਕ ਗਿਆ ਹੈ।
ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥
ਜਦੋਂ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਸੁਰਤ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਹੈ ॥੨॥
ਜਤੁ ਸਤੁ ਤੀਰਥੁ ਮਜਨੁ ਨਾਮਿ ॥
ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਜਤ ਸਤ ਤੇ ਤੀਰਥ-ਇਸ਼ਨਾਨ (ਦਾ ਉੱਦਮ) ਹੈ।
ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥
ਮੈਂ (ਜਤ ਸਤ ਆਦਿਕ ਵਾਲਾ) ਬਹੁਤਾ ਖਿਲਾਰਾ ਖਿਲਾਰਾਂ ਭੀ ਕਿਉਂ? (ਇਹ ਸਾਰੇ ਉੱਦਮ ਤਾਂ ਲੋਕ-ਵਿਖਾਵੇ ਦੇ ਹੀ ਹਨ,
ਨਰ ਨਾਰਾਇਣ ਅੰਤਰਜਾਮਿ ॥੩॥
(ਤੇ) ਪਰਮਾਤਮਾ ਹਰੇਕ ਦੇ ਦਿਲ ਦੀ ਜਾਣਦਾ ਹੈ ॥੩॥
ਆਨ ਮਨਉ ਤਉ ਪਰ ਘਰ ਜਾਉ ॥
(ਮਾਇਆ ਵਾਲੀ ਭਟਕਣਾ ਮੁਕਾਣ ਵਾਸਤੇ ਪ੍ਰਭੂ-ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੋਰ ਕੋਈ ਆਸਰਾ ਨਹੀਂ, ਸੋ) ਮੈਂ ਤਦੋਂ ਹੀ ਕਿਸੇ ਹੋਰ ਥਾਂ ਜਾਵਾਂ ਜੇ ਮੈਂ (ਪ੍ਰਭੂ ਤੋਂ ਬਿਨਾ) ਕੋਈ ਹੋਰ ਥਾਂ ਮੰਨ ਹੀ ਲਵਾਂ।
ਕਿਸੁ ਜਾਚਉ ਨਾਹੀ ਕੋ ਥਾਉ ॥
ਕੋਈ ਹੋਰ ਥਾਂ ਹੀ ਨਹੀਂ, ਮੈਂ ਕਿਸ ਪਾਸੋਂ ਇਹ ਮੰਗ ਮੰਗਾਂ (ਕਿ ਮੇਰਾ ਮਨ ਭਟਕਣੋਂ ਹਟ ਜਾਏ)?
ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥
ਹੇ ਨਾਨਕ! (ਮੈਨੂੰ ਯਕੀਨ ਹੈ ਕਿ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾ ਕੇ ਉਸ ਆਤਮਕ ਅਵਸਥਾ ਵਿਚ ਲੀਨ ਰਹਿ ਸਕੀਦਾ ਹੈ (ਜਿਥੇ ਮਾਇਆ ਵਾਲੀ ਭਟਕਣਾ ਦੀ ਅਣਹੋਂਦ ਹੈ) ਜਿਥੇ ਅਡੋਲਤਾ ਹੈ ॥੪॥੮॥
ਗਉੜੀ ਮਹਲਾ ੧ ॥
ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਉਹ ਮੌਤ ਵਿਖਾ ਦੇਂਦਾ ਹੈ (ਵਿਕਾਰਾਂ ਵਲੋਂ ਉਹ ਮੌਤ ਉਸ ਦੇ ਜੀਵਨ-ਤਜਰਬੇ ਵਿਚ ਲਿਆ ਦੇਂਦਾ ਹੈ),
ਮਰਣ ਰਹਣ ਰਸੁ ਅੰਤਰਿ ਭਾਏ ॥
ਜਿਸ ਮੌਤ ਦਾ ਆਨੰਦ (ਤੇ ਉਸ ਤੋਂ ਪੈਦਾ ਹੋਏ) ਸਦੀਵੀ ਆਤਮਕ ਜੀਵਨ ਦਾ ਆਨੰਦ ਉਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਪਿਆਰਾ ਲੱਗਣ ਪੈਂਦਾ ਹੈ।
ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥
ਉਹ ਮਨੁੱਖ (ਸਰੀਰ ਆਦਿਕ ਦਾ) ਅਹੰਕਾਰ ਦੂਰ ਕਰ ਕੇ ਉਹ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਸੁਰਤ ਉੱਚੀਆਂ ਉਡਾਰੀਆਂ ਲਾਂਦੀ ਰਹੇ ॥੧॥
ਮਰਣੁ ਲਿਖਾਇ ਆਏ ਨਹੀ ਰਹਣਾ ॥
(ਹੇ ਭਾਈ! ਸਾਰੇ ਜੀਵ ਸਰੀਰਕ) ਮੌਤ-ਰੂਪ ਹੁਕਮ (ਪ੍ਰਭੂ ਦੀ ਹਜ਼ੂਰੀ ਵਿਚੋਂ) ਲਿਖਾ ਕੇ ਜੰਮਦੇ ਹਨ (ਭਾਵ, ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ)। ਸੋ, ਇਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ।
ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ ॥
(ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ, ਪ੍ਰਭੂ ਦੀ ਸਰਨ ਵਿਚ ਰਹਿ ਕੇ ਸਦੀਵੀ ਆਤਮਕ ਜੀਵਨ ਮਿਲ ਜਾਂਦਾ ਹੈ ॥੧॥ ਰਹਾਉ ॥
ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥
ਜੇ ਸਤਿਗੁਰੂ ਮਿਲ ਪਏ, ਤਾਂ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਹੈ।
ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥
ਹਿਰਦੇ ਦਾ ਕੌਲ-ਫੁੱਲ ਖਿੜ ਕੇ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।
ਜੀਵਤੁ ਮਰੈ ਮਹਾ ਰਸੁ ਆਗੈ ॥੨॥
ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ, ਉਸ ਨੂੰ ਪਰਤੱਖ ਤੌਰ ਤੇ ਪਰਮਾਤਮਾ ਦੇ ਸਿਮਰਨ ਦਾ ਮਹਾ ਆਨੰਦ ਅਨੁਭਵ ਹੁੰਦਾ ਹੈ ॥੨॥
ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥
ਜੇ ਗੁਰੂ ਮਿਲ ਪਏ, ਤਾਂ ਮਨੁੱਖ ਸਿਮਰਨ ਦੀ ਜੁਗਤਿ ਵਿਚ ਰਹਿ ਕੇ ਪਵਿਤ੍ਰ-ਆਤਮਾ ਹੋ ਜਾਂਦਾ ਹੈ।
ਗੁਰ ਕੀ ਪਉੜੀ ਊਚੋ ਊਚਾ ॥
ਗੁਰੂ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ (ਆਤਮਕ ਜੀਵਨ ਵਿਚ) ਉੱਚਾ ਹੀ ਉੱਚਾ ਹੁੰਦਾ ਜਾਂਦਾ ਹੈ।
ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥
(ਪਰ ਇਹ ਸਿਮਰਨ ਪ੍ਰਭੂ ਦੀ) ਮਿਹਰ ਨਾਲ ਮਿਲਦਾ ਹੈ, (ਜਿਸ ਨੂੰ ਮਿਲਦਾ ਹੈ ਉਸ ਦਾ) ਮੌਤ ਦਾ ਡਰ ਲਹਿ ਜਾਂਦਾ ਹੈ ॥੩॥
ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥
ਜੇ ਗੁਰੂ ਮਿਲ ਪਏ ਤਾਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜ ਕੇ ਪ੍ਰਭੂ ਦੇ ਚਰਨਾਂ ਵਿਚ ਲੀਨ ਹੋਇਆ ਰਹਿੰਦਾ ਹੈ।
ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥
ਗੁਰੂ ਮਿਹਰ ਕਰ ਕੇ ਉਸ ਨੂੰ ਉਹ ਆਤਮਕ ਅਵਸਥਾ ਵਿਖਾ ਦੇਂਦਾ ਹੈ ਜਿੱਥੇ ਪ੍ਰਭੂ ਦਾ ਮਿਲਾਪ ਹੋਇਆ ਰਹੇ।
ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥
ਹੇ ਨਾਨਕ! ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਗੁਰੂ ਉਸ ਨੂੰ ਪ੍ਰਭੂ ਨਾਲ ਇਕ-ਮਿਕ ਕਰ ਦੇਂਦਾ ਹੈ ॥੪॥੯॥
ਗਉੜੀ ਮਹਲਾ ੧ ॥
ਕਿਰਤੁ ਪਇਆ ਨਹ ਮੇਟੈ ਕੋਇ ॥
ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ (ਕਰਮਾਂ ਦੀ ਰਾਹੀਂ) ਕੋਈ ਮਨੁੱਖ ਮਿਟਾ ਨਹੀਂ ਸਕਦਾ।
ਕਿਆ ਜਾਣਾ ਕਿਆ ਆਗੈ ਹੋਇ ॥
(ਇਸੇ ਤਰ੍ਹਾਂ ਅਗਾਂਹ ਲਈ ਭੀ ਕਰਮ-ਧਰਮ ਤੋਂ ਚੰਗੇ ਨਤੀਜੇ ਦੀ ਆਸ ਵਿਅਰਥ ਹੈ) ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ-ਸਮੇ ਵਿਚ ਕੀਹ ਵਾਪਰੇਗਾ।
ਜੋ ਤਿਸੁ ਭਾਣਾ ਸੋਈ ਹੂਆ ॥
(ਕਰਮਾਂ ਦਾ ਆਸਰਾ ਛੱਡੋ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਿੱਖੋ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ,
ਅਵਰੁ ਨ ਕਰਣੈ ਵਾਲਾ ਦੂਆ ॥੧॥
ਪ੍ਰਭੂ ਤੋਂ ਬਿਨਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ (ਉਸੇ ਦੀ ਭਗਤੀ ਕਰੋ) ॥੧॥
ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥
ਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ (ਮੈਂ ਇਹਨਾਂ ਨੂੰ ਬਹੁਤ ਮਹੱਤਤਾ ਦੇਂਦਾ ਹਾਂ), (ਦੂਜੇ ਪਾਸੇ, ਹੇ ਪ੍ਰਭੂ!) ਤੇਰੀਆਂ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ ਉਹਨਾਂ ਨੂੰ ਭੀ ਮੈਂ ਨਹੀਂ ਸਮਝ ਸਕਦਾ (ਇਹ ਖ਼ਿਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮਾਂ ਅਨੁਸਾਰ ਮੈਨੂੰ ਮਿਲ ਰਿਹਾ ਹੈ। ਇਹ ਤਾਂ ਤੇਰੀ ਨਿਰੋਲ ਮਿਹਰ ਹੈ ਮਿਹਰ)।
ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥
ਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ (ਮੈਨੂੰ ਤੇਰੇ ਨਾਮ ਦੀ ਹੀ ਓਟ ਹੈ। ਨਾਹ ਮਾਣ ਹੈ ਕਿਸੇ ਕੀਤੇ ਕਰਮ-ਧਰਮ ਦਾ, ਨਾਹ ਕਿਸੇ ਉੱਚੀ ਜਾਤਿ ਦਾ) ॥੧॥ ਰਹਾਉ ॥
ਤੂ ਏਵਡੁ ਦਾਤਾ ਦੇਵਣਹਾਰੁ ॥
ਹੇ ਪ੍ਰਭੂ! ਤੂੰ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ ਹੈਂ (ਭਗਤੀ ਦੀ ਦਾਤ ਭੀ ਤੂੰ ਆਪ ਹੀ ਦੇਂਦਾ ਹੈਂ),
ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥
ਤੇਰੇ ਖ਼ਜ਼ਾਨਿਆਂ ਵਿਚ ਭਗਤੀ (ਦੀ ਦਾਤਿ) ਦੀ ਕੋਈ ਘਾਟ ਨਹੀਂ ਹੈ।
ਕੀਆ ਗਰਬੁ ਨ ਆਵੈ ਰਾਸਿ ॥
(ਆਪਣੇ ਕਿਸੇ ਚੰਗੇ ਆਚਰਨ ਬਾਰੇ ਮਨੁੱਖ ਦਾ) ਕੀਤਾ ਹੋਇਆ ਅਹੰਕਾਰ ਕੁਝ ਸਵਾਰ ਨਹੀਂ ਸਕਦਾ, ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ।
ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥
(ਜਿਵੇਂ ਤੂੰ ਸਰੀਰ ਦੀ ਪਰਵਰਿਸ਼ ਲਈ ਰੋਜ਼ੀ ਦੇਂਦਾ ਹੈਂ, ਤਿਵੇਂ ਜਿੰਦ ਨੂੰ ਭੀ ਭਗਤੀ ਦੀ ਖ਼ੁਰਾਕ ਦੇਣ ਵਾਲਾ ਤੂੰ ਹੀ ਹੈਂ) ॥੨॥
ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥
(ਹੇ ਪ੍ਰਭੂ!) ਤੂੰ ਆਪ ਹੀ ਮੈਨੂੰ ਗੁਰੂ ਦੀ ਮਤਿ ਦੇ ਕੇ, ਮੇਰੇ ਉੱਤੇ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਕੇ, ਮੇਰਾ ਆਪਾ-ਭਾਵ ਮਾਰ ਕੇ,
ਜਿਉ ਭਾਵੀ ਤਿਉ ਨਾਮੁ ਜਪਾਇ ॥
ਤੇ ਜਿਵੇਂ ਤੈਨੂੰ ਭਾਉਂਦਾ ਹੈ ਮੈਨੂੰ ਆਪਣਾ ਨਾਮ ਜਪਾ ਕੇ ਮੈਨੂੰ ਆਤਮਕ ਜੀਵਨ ਦੇਂਦਾ ਹੈਂ।
ਦਾਨਾ ਬੀਨਾ ਸਾਚਾ ਸਿਰਿ ਮੇਰੈ ॥
ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਤੂੰ (ਮੇਰੀ ਹਾਲਤ) ਵੇਖਦਾ ਹੈਂ, ਤੂੰ ਮੇਰੇ ਸਿਰ ਉੱਤੇ (ਰਾਖਾ) ਹੈਂ।
ਗੁਰਮਤਿ ਦੇਇ ਭਰੋਸੈ ਤੇਰੈ ॥੩॥
ਮੈਂ ਸਦਾ ਤੇਰੇ ਹੀ ਆਸਰੇ ਹਾਂ (ਮੈਨੂੰ ਆਪਣੇ ਕਿਸੇ ਕਰਮਾਂ ਦਾ ਆਸਰਾ ਨਹੀਂ ਹੈ) ॥੩॥
ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥
(ਹੇ ਪ੍ਰਭੂ!) ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿਚ ਵਿਕਾਰਾਂ ਦੀ ਮੈਲ ਨਹੀਂ।
ਗੁਰ ਬਚਨੀ ਸਚੁ ਸਬਦਿ ਪਛਾਤਾ ॥
ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ (ਤੇਰੇ ਨਾਲ ਸਾਂਝ ਪਾ ਲਈ ਹੈ)।
ਤੇਰਾ ਤਾਣੁ ਨਾਮ ਕੀ ਵਡਿਆਈ ॥
(ਕਰਮਾਂ ਦਾ ਆਸਰਾ ਲੈਣ ਦੇ ਥਾਂ) ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ।
ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥
ਹੇ ਨਾਨਕ! (ਆਖ-) ਉਹ ਮਨੁੱਖ ਪ੍ਰਭੂ ਦੀ ਭਗਤੀ ਵਿਚ ਰੱਤੇ ਰਹਿੰਦੇ ਹਨ, ਉਹ ਪ੍ਰਭੂ ਦੀ ਸਰਨ ਰਹਿੰਦੇ ਹਨ ॥੪॥੧੦॥
ਗਉੜੀ ਮਹਲਾ ੧ ॥
ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥
(ਗੁਰੂ ਦੇ ਸ਼ਬਦ ਵਿਚ ਜੁੜ ਕੇ) ਜਿਸ ਮਨੁੱਖ ਨੇ ਅਕੱਥ ਪ੍ਰਭੂ ਨੂੰ (ਆਪ ਸਿਮਰਿਆ ਹੈ ਤੇ) ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ ਉਸ ਨੇ ਆਪ ਨਾਮ-ਅੰਮ੍ਰਿਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ।
ਅਨ ਭੈ ਵਿਸਰੇ ਨਾਮਿ ਸਮਾਇਆ ॥੧॥
ਉਸ ਨੂੰ (ਦੁਨੀਆ ਵਾਲੇ) ਹੋਰ ਸਾਰੇ ਸਹਮ ਭੁੱਲ ਜਾਂਦੇ ਹਨ ਕਿਉਂਕਿ ਉਹ (ਸਦਾ ਪ੍ਰਭੂ ਦੇ) ਨਾਮ ਵਿਚ ਲੀਨ ਰਹਿੰਦਾ ਹੈ ॥੧॥
ਕਿਆ ਡਰੀਐ ਡਰੁ ਡਰਹਿ ਸਮਾਨਾ ॥
ਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿਚ ਟਿਕੇ ਹੋਏ) ਡਰ-ਅਦਬ ਵਿਚ ਮੁੱਕ ਜਾਂਦਾ ਹੈ,
ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥
ਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ॥੧॥ ਰਹਾਉ ॥
ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥
ਜਿਸ ਮਨੁੱਖ ਦੇ ਹਿਰਦੇ ਵਿਚ ਹਰੀ ਪਰਮਾਤਮਾ ਦਾ ਨਾਮ ਰਾਸ-ਪੂੰਜੀ ਹੈ,
ਸਹਜਿ ਸੁਭਾਇ ਮਿਲੇ ਸਾਬਾਸਿ ॥੨॥
ਉਹ (ਮਾਇਆ ਦੀ ਖ਼ਾਤਰ ਨਹੀਂ ਡੋਲਦਾ, ਉਹ) ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ (ਪ੍ਰਭੂ ਦੇ ਦਰ ਤੋਂ) ਆਦਰ ਮਿਲਦਾ ਹੈ ॥੨॥
ਜਾਹਿ ਸਵਾਰੈ ਸਾਝ ਬਿਆਲ ॥
(ਪਰ) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ,
ਇਤ ਉਤ ਮਨਮੁਖ ਬਾਧੇ ਕਾਲ ॥੩॥
ਉਹ ਸਦਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿਚ ਹੀ ਮੌਤ ਦੇ ਸਹਮ ਨਾਲ ਬੱਝੇ ਰਹਿੰਦੇ ਹਨ (ਜਿਤਨਾ ਚਿਰ ਇਥੇ ਹਨ ਮੌਤ ਦਾ ਸਹਮ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦਾ ਹੈ, ਇਸ ਤੋਂ ਪਿਛੋਂ ਭੀ ਜਨਮ ਮਰਨ ਦੇ ਗੇੜ ਵਿਚ ਧੱਕੇ ਖਾਂਦੇ ਹਨ) ॥੩॥
ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥
ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਦਿਨ ਰਾਤ (ਹਰ ਵੇਲੇ) ਪਰਮਾਤਮਾ ਵੱਸਦਾ ਹੈ, ਉਹ ਪੂਰਨ ਮਨੁੱਖ ਹਨ (ਉਹ ਡੋਲਦੇ ਨਹੀਂ)।
ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥
ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀਆਂ ਸਭ ਭਟਕਣਾਂ ਮੁੱਕ ਜਾਂਦੀਆਂ ਹਨ ॥੪॥੧੧॥
ਗਉੜੀ ਮਹਲਾ ੧ ॥
ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥
ਚਾਰੇ ਵੇਦ ਜਿਸ ਤ੍ਰੈਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ (ਜੋ ਮਨੁੱਖ ਪ੍ਰਭੂ-ਭਗਤੀ ਤੋਂ ਸੱਖਣਾ ਹੈ ਤੇ) ਉਸੇ ਤ੍ਰੈਗੁਣੀ ਸੰਸਾਰ ਨਾਲ ਹੀ ਹਿਤ ਕਰਦਾ ਹੈ,
ਚਾਰੇ ਬੇਦ ਕਥਹਿ ਆਕਾਰੁ ॥
ਉਹ ਜੰਮਦਾ ਮਰਦਾ ਰਹਿੰਦਾ ਹੈ (ਉਹ ਜਨਮ ਮਰਨ ਦੀ ਘੁੰਮਣਘੇਰੀ ਵਿਚ ਪਿਆ ਰਹਿੰਦਾ ਹੈ)।
ਤੀਨਿ ਅਵਸਥਾ ਕਹਹਿ ਵਖਿਆਨੁ ॥
(ਅਜਿਹੇ ਮਨੁੱਖ) ਜੋ ਭੀ ਵਿਆਖਿਆ ਕਰਦੇ ਹਨ ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ।
ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥
(ਜਿਸ ਅਵਸਥਾ ਵਿਚ ਜੀਵਾਤਮਾ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ)। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਪਾ ਲਵੋ-ਇਹ ਹੈ ਤੁਰੀਆ ਅਵਸਥਾ ॥੧॥
ਰਾਮ ਭਗਤਿ ਗੁਰ ਸੇਵਾ ਤਰਣਾ ॥
(ਜਨਮ ਮਰਨ ਦਾ ਗੇੜ, ਮਾਨੋ, ਇਕ ਘੁੰਮਣਘੇਰੀ ਹੈ, ਇਸ ਵਿਚੋਂ) ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਦੱਸੀ ਹੋਈ ਕਾਰ ਕਰ ਕੇ ਪਾਰ ਲੰਘ ਜਾਈਦਾ ਹੈ,
ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥
(ਜੇਹੜਾ ਲੰਘ ਜਾਂਦਾ ਹੈ ਉਸ ਨੂੰ) ਮੁੜ ਨਾਹ ਜਨਮ ਹੁੰਦਾ ਹੈ ਨਾਹ ਮੌਤ। (ਉਸ ਅਵਸਥਾ ਨੂੰ ਤੁਰੀਆ ਅਵਸਥਾ ਕਹਿ ਲਵੋ) ॥੧॥ ਰਹਾਉ ॥
ਚਾਰਿ ਪਦਾਰਥ ਕਹੈ ਸਭੁ ਕੋਈ ॥
ਹਰੇਕ ਜੀਵ ਧਰਮ ਅਰਥ ਕਾਮ ਮੋਖ (ਮੁਕਤੀ) ਇਹਨਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ,
ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥
ਸਿੰਮ੍ਰਿਤੀਆਂ ਸ਼ਾਸਤ੍ਰਾਂ ਦੇ ਪੰਡਿਤਾਂ ਦੇ ਮੂੰਹੋਂ ਭੀ ਇਹੀ ਸੁਣੀਦਾ ਹੈ,
ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥
ਪਰ ਮੁਕਤਿ ਪਦਾਰਥ ਕੀਹ ਹੈ (ਉਹ ਅਵਸਥਾ ਕਿਹੋ ਜੇਹੀ ਹੈ ਜਿਥੇ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਦਾ ਅਨੁਭਵ ਨਹੀਂ ਹੋ ਸਕਦਾ
ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥
ਇਹ ਪਦਾਰਥ ਪਰਮਾਤਮਾ ਦੀ ਭਗਤੀ ਕੀਤਿਆਂ ਮਿਲਦਾ ਹੈ ॥੨॥
ਜਾ ਕੈ ਹਿਰਦੈ ਵਸਿਆ ਹਰਿ ਸੋਈ ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ,
ਗੁਰਮੁਖਿ ਭਗਤਿ ਪਰਾਪਤਿ ਹੋਈ ॥
ਉਸ ਨੂੰ ਭਗਤੀ ਦੀ ਪ੍ਰਾਪਤੀ ਹੋ ਗਈ, ਤੇ ਇਹ ਭਗਤੀ ਗੁਰੂ ਦੀ ਰਾਹੀਂ ਹੀ ਮਿਲਦੀ ਹੈ।
ਹਰਿ ਕੀ ਭਗਤਿ ਮੁਕਤਿ ਆਨੰਦੁ ॥
ਪਰਮਾਤਮਾ ਦੀ ਭਗਤੀ ਦੀ ਰਾਹੀਂ ਹੀ ਮੁਕਤੀ ਪਦਾਰਥ ਦਾ ਆਨੰਦ ਮਾਣੀਦਾ ਹੈ,
ਗੁਰਮਤਿ ਪਾਏ ਪਰਮਾਨੰਦੁ ॥੩॥
ਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ ਤੇ ਤੁਰਿਆਂ ਮਿਲਦਾ ਹੈ ॥੩॥
ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥
ਜਿਸ ਮਨੁੱਖ ਨੇ ਮੁਕਤੀ ਦਾ ਆਨੰਦ ਹਾਸਲ ਕਰ ਲਿਆ, ਗੁਰੂ ਨੇ ਪ੍ਰਭੂ ਆਪ ਵੇਖ ਕੇ ਜਿਸ ਮਨੁੱਖ ਨੂੰ ਵਿਖਾ ਦਿੱਤਾ,
ਆਸਾ ਮਾਹਿ ਨਿਰਾਸੁ ਬੁਝਾਇਆ ॥
ਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦੀਆਂ ਹੀ ਆਸਾਂ ਤੋਂ ਉਪਰਾਮ ਰਹਿਣ ਦੀ ਜਾਚ ਗੁਰੂ ਸਿਖਾ ਦੇਂਦਾ ਹੈ।
ਦੀਨਾ ਨਾਥੁ ਸਰਬ ਸੁਖਦਾਤਾ ॥
ਸਰਬ-ਸੁਖ-ਦਾਤਾ ਦੀਨਾਨਾਥ (ਜਿਸ ਨੂੰ ਗੁਰੂ ਨੇ ਦਿਖਾ ਦਿੱਤਾ ਹੈ)
ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥
ਹੇ ਨਾਨਕ! ਉਸ ਮਨੁੱਖ ਦਾ ਮਨ ਪ੍ਰਭੂ-ਚਰਨਾਂ (ਦੇ ਪਿਆਰ) ਵਿਚ ਰੰਗਿਆ ਰਹਿੰਦਾ ਹੈ ॥੪॥੧੨॥
ਚੇਤੀ ਮਹਲਾ ੧ ॥
ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥
ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਣਨ ਵਿਚ ਹੀ ਲੱਗਾ ਰਹਿੰਦਾ ਹੈ, (ਇਹ ਨਹੀਂ ਸਮਝਦਾ ਕਿ) ਇਹ ਜਗਤ (ਇਕ) ਖੇਡ (ਹੀ) ਹੈ।
ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥
ਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ (ਵਿਅਰਥ ਦੌੜ-ਭੱਜ ਹੀ ਕਰ ਰਿਹਾ ਹੈਂ), ਤੂੰ (ਆਪਣੇ ਉੱਤੇ ਲੱਬ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ) ਭਾਰ ਚੁਕਦਾ ਜਾ ਰਿਹਾ ਹੈਂ।
ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥
ਹੇ ਮੇਰੇ ਸਰੀਰ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ ॥੧॥
ਸੁਣਿ ਸੁਣਿ ਸਿਖ ਹਮਾਰੀ ॥
ਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ।
ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥
ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ। (ਜੇ ਇਹ ਮਨੁੱਖਾ ਜਨਮ ਗਵਾ ਲਿਆ), ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ ॥੧॥ ਰਹਾਉ ॥
ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥
ਹੇ ਮੇਰੇ ਸਰੀਰ! ਮੈਂ ਤੈਨੂੰ ਸਮਝਾਂਦਾ ਹਾਂ, ਮੇਰੀ ਨਸੀਹਤ ਸੁਣ।
ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥
ਤੂੰ ਪਰਾਈ ਨਿੰਦਿਆ ਦਾ ਧਿਆਨ ਰੱਖਦਾ ਹੈਂ, ਤੂੰ (ਹੋਰਨਾਂ ਦੀ) ਝੂਠੀ ਚੁਗ਼ਲੀ ਕਰਦਾ ਰਹਿੰਦਾ ਹੈਂ।
ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥
ਹੇ ਜੀਵ! ਤੂੰ ਪਰਾਈ ਇਸਤ੍ਰੀ ਨੂੰ (ਭੈੜੀ ਨਿਗਾਹ ਨਾਲ) ਤੱਕਦਾ ਹੈਂ, ਤੂੰ ਚੋਰੀਆਂ ਕਰਦਾ ਹੈਂ, ਹੋਰ ਬੁਰਾਈਆਂ ਕਰਦਾ ਹੈਂ।
ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥
ਹੇ ਮੇਰੀ ਕਾਇਆਂ! ਜਦੋਂ ਜੀਵਾਤਮਾ ਤੁਰ ਜਾਇਗਾ, ਤੂੰ ਇਥੇ ਹੀ ਰਹਿ ਜਾਇਂਗੀ, ਤੂੰ (ਤਦੋਂ) ਛੁੱਟੜ ਇਸਤ੍ਰੀ ਵਾਂਗ ਹੋ ਜਾਇਂਗੀ ॥੨॥
ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥
ਹੇ ਮੇਰੇ ਸਰੀਰ! ਤੂੰ (ਮਾਇਆ ਦੀ) ਨੀਂਦ ਵਿਚ ਹੀ ਸੁੱਤਾ ਰਿਹਾ (ਤੈਨੂੰ ਸਮਝ ਹੀ ਨ ਆਈ ਕਿ) ਤੂੰ ਕੀਹ ਕਰਤੂਤਾਂ ਕਰਦਾ ਰਿਹਾ।
ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥
ਚੋਰੀ ਆਦਿਕ ਕਰ ਕੇ ਜੋ ਮਾਲ-ਧਨ ਮੈਂ ਲਿਆਉਂਦਾ ਰਿਹਾ, ਤੈਨੂੰ ਉਹ ਮਨ ਵਿਚ ਪਸੰਦ ਆਉਂਦਾ ਰਿਹਾ।
ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥
(ਇਸ ਤਰ੍ਹਾਂ) ਨਾਹ ਇਸ ਲੋਕ ਵਿਚ ਸੋਭਾ ਖੱਟੀ, ਨਾਹ ਪਰਲੋਕ ਵਿਚ ਆਸਰਾ (ਮਿਲਣ ਦਾ ਪ੍ਰਬੰਧ) ਹੋਇਆ। ਕੀਮਤੀ ਮਨੁੱਖਾ ਜਨਮ ਜ਼ਾਇਆ ਕਰ ਲਿਆ ॥੩॥
ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥
ਹੇ ਭਾਈ! (ਜੀਵਾਤਮਾ ਦੇ ਤੁਰ ਜਾਣ ਤੇ ਹੁਣ) ਮੈਂ ਕਾਂਇਆਂ ਬਹੁਤ ਦੁਖੀ ਹੋਈ ਹਾਂ। ਹੇ ਨਾਨਕ! ਮੇਰੀ ਹੁਣ ਕੋਈ ਵਾਤ ਨਹੀਂ ਪੁੱਛਦਾ ॥੧॥ ਰਹਾਉ ॥
ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥
ਹੇ ਨਾਨਕ! (ਆਖ-) ਹੇ ਮੂਰਖ! ਵਧੀਆ ਘੋੜੇ, ਸੋਨਾ ਚਾਂਦੀ, ਕੱਪੜਿਆਂ ਦੇ ਲੱਦ-
ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥
ਕੋਈ ਭੀ ਸ਼ੈ (ਮੌਤ ਵੇਲੇ) ਕਿਸੇ ਦੇ ਨਾਲ ਨਹੀਂ ਜਾਂਦੀ। ਸਭ ਇਥੇ ਹੀ ਰਹਿ ਜਾਂਦੇ ਹਨ।
ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥
ਮਿਸਰੀ ਮੇਵੇ ਆਦਿਕ ਭੀ ਮੈਂ ਸਭ ਕੁਝ ਚੱਖ ਕੇ ਵੇਖ ਲਿਆ ਹੈ। (ਇਹਨਾਂ ਵਿਚ ਭੀ ਇਤਨਾ ਸਵਾਦ ਨਹੀਂ ਜਿਤਨਾ ਹੇ ਪ੍ਰਭੂ!) ਤੇਰਾ ਨਾਮ ਮਿੱਠਾ ਹੈ ॥੪॥
ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥
ਨੀਹਾਂ ਰੱਖ ਰੱਖ ਕੇ ਮਕਾਨਾਂ ਦੀਆਂ ਕੰਧਾਂ ਉਸਾਰੀਆਂ, ਪਰ (ਮੌਤ ਆਇਆਂ) ਇਹ ਸੁਆਹ ਦੇ ਮੰਦਰਾਂ ਦੀ ਢੇਰੀ ਵਾਂਗ ਹੀ ਹੋ ਗਏ।
ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥
(ਮਾਇਆ ਦੇ) ਖ਼ਜ਼ਾਨੇ ਇਕੱਠੇ ਕੀਤੇ ਕਿਸੇ ਨੂੰ (ਹਥੋਂ) ਨਹੀਂ ਦੇਂਦਾ, ਮੂਰਖ ਸਮਝਦਾ ਹੈ ਕਿ ਇਹ ਸਭ ਕੁਝ ਮੇਰਾ ਹੈ।
ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥
(ਪਰ ਇਹ ਨਹੀਂ ਜਾਣਦਾ ਕਿ) ਸੋਨੇ ਦੀ ਲੰਕਾ ਸੋਨੇ ਦੇ ਮਹਲ (ਰਾਵਣ ਦੇ ਭੀ ਨਾਹ ਰਹੇ, ਤੂੰ ਕਿਸ ਦਾ ਵਿਚਾਰਾ ਹੈਂ) ਇਹ ਧਨ ਕਿਸੇ ਦਾ ਭੀ ਨਹੀਂ ਬਣਿਆ ਰਹਿੰਦਾ ॥੫॥
ਸੁਣਿ ਮੂਰਖ ਮੰਨ ਅਜਾਣਾ ॥
ਹੇ ਮੂਰਖ ਅੰਞਾਣ ਮਨ! ਸੁਣ।
ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥
ਉਸ ਪਰਮਾਤਮਾ ਦੀ ਰਜ਼ਾ ਹੀ ਵਰਤੇਗੀ (ਲੋਬ ਲੋਭ ਆਦਿਕ ਛੱਡ ਕੇ ਉਸ ਦੀ ਰਜ਼ਾ ਵਿਚ ਤੁਰਨਾ ਸਿੱਖ) ॥੧॥ ਰਹਾਉ ॥
ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥
ਸਾਡਾ ਮਾਲਕ-ਪ੍ਰਭੂ ਵੱਡਾ ਸਾਹੂਕਾਰ ਹੈ, ਅਸੀਂ ਸਾਰੇ ਜੀਵ ਉਸ ਦੇ ਭੇਜੇ ਹੋਏ ਵਣਜਾਰੇ-ਵਪਾਰੀ ਹਾਂ (ਇਥੇ ਨਾਮ-ਵਪਾਰ ਕਰਨ ਆਏ ਹੋਏ ਹਾਂ)।
ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥
ਇਹ ਜਿੰਦ ਇਹ ਸਰੀਰ ਉਸੇ ਸ਼ਾਹ ਦੀ ਦਿੱਤੀ ਹੋਈ ਰਾਸ-ਪੂੰਜੀ ਹੈ। ਉਹ ਆਪ ਹੀ ਮਾਰਦਾ ਤੇ ਆਪ ਹੀ ਜਿੰਦ ਦੇਂਦਾ ਹੈ ॥੬॥੧॥੧੩॥
ਗਉੜੀ ਚੇਤੀ ਮਹਲਾ ੧ ॥
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
ਹੇ ਮੇਰੇ ਮਨ! ਮੇਰੇ ਵੈਰੀ (ਕਾਮਾਦਿਕ) ਪੰਜ ਹਨ, ਮੈਂ ਇਕੱਲਾ ਹਾਂ, ਮੈਂ (ਇਹਨਾਂ ਤੋਂ) ਸਾਰਾ ਘਰ (ਭਾਵ, ਭਲੇ ਗੁਣ) ਕਿਵੇਂ ਬਚਾਵਾਂ?
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥
ਹੇ ਭਾਈ! ਇਹ ਪੰਜੇ ਮੈਨੂੰ ਨਿੱਤ ਮਾਰਦੇ ਤੇ ਲੁੱਟਦੇ ਰਹਿੰਦੇ ਹਨ, ਮੈਂ ਕਿਸ ਦੇ ਪਾਸ ਸ਼ਿਕਾਇਤ ਕਰਾਂ? ॥੧॥
ਸ੍ਰੀ ਰਾਮ ਨਾਮਾ ਉਚਰੁ ਮਨਾ ॥
ਹੇ ਮਨ! ਪਰਮਾਤਮਾ ਦਾ ਨਾਮ ਸਿਮਰ,
ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥
ਸਾਹਮਣੇ ਜਮਰਾਜ ਦੀ ਭਾਰੀ ਤਕੜੀ ਫ਼ੌਜ ਦਿੱਸ ਰਹੀ ਹੈ (ਭਾਵ, ਮੌਤ ਆਉਣ ਵਾਲੀ ਹੈ) ॥੧॥ ਰਹਾਉ ॥
ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
ਪਰਮਾਤਮਾ ਨੇ ਇਹ ਸਰੀਰ ਬਣਾ ਕੇ (ਇਸ ਦੇ ਕੰਨ ਨੱਕ ਆਦਿਕ) ਦਸ ਦਰਵਾਜ਼ੇ ਬਣਾ ਦਿੱਤੇ। (ਉਸ ਦੇ ਹੁਕਮ ਅਨੁਸਾਰ) ਇਸ ਸਰੀਰ ਵਿਚ ਜਿੰਦ-ਇਸਤ੍ਰੀ ਆ ਟਿਕੀ।
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥
ਪਰ ਇਹ ਜੀਵ-ਇਸਤ੍ਰੀ ਆਪਣੇ ਆਪ ਨੂੰ ਅਮਰ ਜਾਣ ਕੇ ਸਦਾ (ਦੁਨੀਆ ਵਾਲੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈ, ਤੇ ਉਹ ਵੈਰੀ ਕਾਮਾਦਿਕ ਪੰਜੇ ਜਣੇ (ਅੰਦਰੋਂ ਭਲੇ ਗੁਣ) ਲੁੱਟਦੇ ਰਹਿੰਦੇ ਹਨ ॥੨॥
ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥
(ਜਮ ਦੀ ਫ਼ੌਜ ਨੇ ਆਖ਼ਰ) ਸਰੀਰ-ਮਠ ਢਾਹ ਕੇ ਮੰਦਰ ਲੁੱਟ ਲਿਆ, ਜੀਵ-ਇਸਤ੍ਰੀ ਇਕੱਲੀ ਹੀ ਫੜੀ ਗਈ।
ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥
ਜਮ ਦਾ ਡੰਡਾ ਸਿਰ ਉਤੇ ਵੱਜਾ, ਜਮ ਦਾ ਸੰਗਲ ਗਲ ਵਿਚ ਪਿਆ, ਉਹ (ਲੁੱਟਣ ਵਾਲੇ) ਪੰਜੇ ਜਣੇ ਭੱਜ ਗਏ (ਸਾਥ ਛੱਡ ਗਏ) ॥੩॥
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥
(ਸਾਰੀ ਉਮਰ ਜਦ ਤਕ ਜੀਵ ਜੀਊਂਦਾ ਰਿਹਾ) ਵਹੁਟੀ ਸੋਨਾ ਚਾਂਦੀ (ਦੇ ਗਹਿਣੇ) ਮੰਗਦੀ ਰਹਿੰਦੀ ਹੈ, ਸਨਬੰਧੀ ਮਿਤ੍ਰ ਖਾਣ ਪੀਣ ਦੇ ਪਦਾਰਥ ਮੰਗਦੇ ਰਹਿੰਦੇ ਹਨ।
ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥
ਹੇ ਨਾਨਕ! ਇਹਨਾਂ ਦੀ ਹੀ ਖ਼ਾਤਰ ਜੀਵ ਪਾਪ ਕਰਦਾ ਰਹਿੰਦਾ ਹੈ, ਆਖ਼ਰ (ਪਾਪਾਂ ਦੇ ਕਾਰਨ) ਬੱਝਾ ਹੋਇਆ ਜਮ ਦੀ ਨਗਰੀ ਵਿਚ ਧੱਕਿਆ ਜਾਂਦਾ ਹੈ ॥੪॥੨॥੧੪॥
ਗਉੜੀ ਚੇਤੀ ਮਹਲਾ ੧ ॥
ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥
ਹੇ ਰਾਵਲ! ਆਪਣੇ ਸਰੀਰ ਦੇ ਅੰਦਰ ਹੀ ਮੰਦੀਆਂ ਵਾਸਨਾਂ ਨੂੰ ਰੋਕ-ਇਹ ਹਨ (ਅਸਲ) ਮੁੰਦ੍ਰਾਂ। ਸਰੀਰ ਨੂੰ ਨਾਸਵੰਤ ਸਮਝ-ਇਸ ਯਕੀਨ ਨੂੰ ਗੋਦੜੀ ਬਣਾ।
ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥
ਹੇ ਰਾਵਲ! (ਤੁਸੀ ਹੋਰਨਾਂ ਨੂੰ ਚੇਲੇ ਬਣਾਂਦੇ ਫਿਰਦੇ ਹੋ) ਆਪਣੇ ਪੰਜੇ, ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰੋ, ਚੇਲੇ ਬਣਾਓ, ਆਪਣੇ ਮਨ ਨੂੰ ਡੰਡਾ ਬਣਾਓ (ਤੇ ਹੱਥ ਵਿਚ ਫੜੋ। ਭਾਵ, ਕਾਬੂ ਕਰੋ) ॥੧॥
ਜੋਗ ਜੁਗਤਿ ਇਵ ਪਾਵਸਿਤਾ ॥
(ਹੇ ਰਾਵਲ!) ਤਾਂ ਤੂੰ ਇਸ ਤਰ੍ਹਾਂ ਜੋਗ (ਪ੍ਰਭੂ-ਚਰਨਾਂ ਵਿਚ ਜੁੜਨ) ਦਾ ਤਰੀਕਾ ਲੱਭ ਲਏਂਗਾ,
ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥
ਜੇ ਤੂੰ ਉਸ ਗੁਰ-ਸ਼ਬਦ ਵਿਚ ਮਨ ਜੋੜੇਂ (ਜਿਸ ਤੋਂ ਬਿਨਾ) ਕੋਈ ਹੋਰ (ਜੀਵਨ-ਰਾਹ ਵਿਖਾਣ ਦੇ ਸਮਰੱਥ) ਨਹੀਂ ਹੈ। ਤੂੰ ਤਾਂ ਗਾਜਰ ਮੂਲੀ ਆਦਿਕ ਖਾਣ ਵਿਚ ਮਨ ਜੋੜਦਾ ਫਿਰਦਾ ਹੈਂ ॥੧॥ ਰਹਾਉ ॥
ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥
ਜੇ (ਗੰਗਾ ਦੇ ਕੰਢੇ) ਸਿਰ ਮੁਨਾਇਆਂ ਗੁਰੂ ਮਿਲਦਾ ਹੈ (ਭਾਵ, ਤੁਸੀ ਤਾਂ ਗੰਗਾ ਦੇ ਕੰਢੇ ਸਿਰ ਮੁਨਾ ਕੇ ਗੁਰੂ ਧਾਰਦੇ ਹੋ) ਤਾਂ ਅਸਾਂ ਤਾਂ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ, (ਭਾਵ, ਸਾਡੇ ਵਾਸਤੇ ਗੁਰੂ ਹੀ ਮਹਾਂ ਪਵਿਤ੍ਰ ਤੀਰਥ ਹੈ)।
ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥੨॥
ਅੰਨ੍ਹਾ (ਰਾਵਲ) ਉਸ ਇਕੋ ਮਾਲਕ ਨੂੰ ਨਹੀਂ ਸਿਮਰਦਾ ਜੋ ਤਿੰਨਾਂ ਭਵਣਾਂ (ਦੇ ਜੀਵਾਂ) ਨੂੰ ਤਾਰਨ ਦੇ ਸਮਰਥ ਹੈ ॥੨॥
ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ ॥
ਹੇ ਜੋਗੀ! ਤੂੰ (ਜੋਗ ਦਾ) ਵਿਖਾਵਾ ਕਰ ਕੇ ਨਿਰੀਆਂ ਗੱਲਾਂ ਵਿਚ ਹੀ ਲੋਕਾਂ ਦਾ ਮਨ ਪਰਚਾਂਦਾ ਹੈਂ, ਪਰ ਤੇਰਾ ਆਪਣਾ ਸੰਸਾ ਉੱਕਾ ਹੀ ਦੂਰ ਨਹੀਂ ਹੁੰਦਾ।
ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥
ਜੇ ਤੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੇਂ, ਤਾਂ ਲੱਬ ਤੇ ਲੋਭ ਦੇ ਕਾਰਨ ਬਣੀ ਹੋਈ ਤੇਰੀ ਭਟਕਣਾ ਦੂਰ ਹੋ ਜਾਏ ॥੩॥
ਜਪਸਿ ਨਿਰੰਜਨੁ ਰਚਸਿ ਮਨਾ ॥
ਹੇ ਜੋਗੀ! ਆਪਣਾ ਮਨ ਜੋੜ ਕੇ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰ।
ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ ॥
ਬਹੁਤਾ ਠੱਗੀ-ਫਰੇਬ ਦਾ ਬੋਲ ਕਿਉਂ ਬੋਲਦਾ ਹੈਂ? ॥੧॥ ਰਹਾਉ ॥
ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥
ਜਿਸ ਮਨੁੱਖ ਦਾ ਸਰੀਰ ਝੱਲਾ ਹੋਇਆ ਪਿਆ ਹੋਵੇ (ਜਿਸ ਦੇ ਗਿਆਨ-ਇੰਦ੍ਰੇ ਵਿਕਾਰਾਂ ਵਿਚ ਝੱਲੇ ਹੋਏ ਪਏ ਹੋਣ) ਜਿਸ ਦਾ ਜੀਵਾਤਮਾ ਅੰਞਾਣਾ ਹੋਵੇ (ਜ਼ਿੰਦਗੀ ਦਾ ਸਹੀ ਰਸਤਾ ਨਾਹ ਸਮਝਦਾ ਹੋਵੇ) ਉਸ ਦੀ ਸਾਰੀ ਉਮਰ ਮਾਇਆ ਦੀ ਮਮਤਾ ਵਿਚ ਲੰਘ ਜਾਂਦੀ ਹੈ।
ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥
(ਤੇ) ਨਾਨਕ ਬੇਨਤੀ ਕਰਦਾ ਹੈ ਕਿ ਜਦੋਂ (ਮਮਤਾ ਦੇ ਸਾਰੇ ਪਦਾਰਥ ਜਗਤ ਵਿਚ ਹੀ ਛੱਡ ਕੇ) ਸਰੀਰ ਇਕੱਲਾ ਹੀ (ਮਸਾਣਾਂ ਵਿਚ) ਸੜਦਾ ਹੈ, ਸਮਾ ਵਿਹਾ ਜਾਣ ਤੇ ਜੀਵ ਪਛੁਤਾਉਂਦਾ ਹੈ ॥੪॥੩॥੧੫॥
ਗਉੜੀ ਚੇਤੀ ਮਹਲਾ ੧ ॥
ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥
ਹੇ ਭਾਈ! ਜੇ ਤੂੰ ਜਨਮਾਂ ਜਨਮਾਂਤਰਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਂਦਾ ਰਹੇਂ, ਜੇ ਤੂੰ (ਉਸ ਨਾਮ ਦੇ ਸਿਮਰਨ ਵਿਚ) ਆਪਣੇ ਚਿੱਤ ਨੂੰ ਪੱਕਾ ਕਰ ਲਏਂ,
ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥
ਤਾਂ (ਤੈਨੂੰ ਯਕੀਨ ਆ ਜਾਇਗਾ ਕਿ) ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ, ਮਨ ਨੂੰ ਵੱਸ ਵਿਚ ਕਰਨ ਵਾਲਾ ਸਭ ਤੋਂ ਵਧੀਆ ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ ॥੧॥
ਮਨ ਏਕੋ ਸਾਹਿਬੁ ਭਾਈ ਰੇ ॥
ਹੇ ਭਾਈ! (ਵਿਕਾਰਾਂ ਵਲੋਂ ਬਚਾ ਸਕਣ ਵਾਲਾ) ਮਨ ਦਾ ਰਾਖਾ ਇਕ ਪ੍ਰਭੂ-ਨਾਮ ਹੀ ਹੈ (ਉਸ ਦੇ ਗੁਣ ਪਛਾਣ),
ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥
ਪਰ ਜਿਤਨਾ ਚਿਰ ਤੇਰੇ ਤ੍ਰਿਗੁਣੀ ਇੰਦ੍ਰੇ ਸੰਸਾਰ (ਦੇ ਮੋਹ) ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ ॥੧॥ ਰਹਾਉ ॥
ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥
ਹੇ ਭਾਈ! ਅਸਾਂ ਜੀਵਾਂ ਨੇ ਤਾਂ ਮਾਇਆ ਦੀ ਪੰਡ (ਹਰ ਵੇਲੇ ਸਿਰ ਉਤੇ) ਚੁਕੀ ਹੋਈ ਹੈ, ਸਾਨੂੰ ਤਾਂ ਆਪਣੇ ਅੰਦਰ ਮਾਇਆ ਸ਼ੱਕਰ ਖੰਡ ਵਰਗੀ ਮਿੱਠੀ ਲੱਗ ਰਹੀ ਹੈ।
ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥
(ਸਾਡੇ ਭਾ ਦੀ ਤਾਂ ਮਾਇਆ ਦੇ ਮੋਹ ਦੀ) ਹਨੇਰੀ ਰਾਤ ਪਈ ਹੋਈ ਹੈ, (ਜਿਸ ਵਿਚ ਸਾਨੂੰ ਕੁਝ ਦਿੱਸਦਾ ਹੀ ਨਹੀਂ, ਤੇ (ਉਧਰੋਂ) ਜਮ-ਚੂਹਾ ਸਾਡੀ ਉਮਰ ਦੀ ਲੱਜ ਟੁੱਕਦਾ ਜਾ ਰਿਹਾ ਹੈ (ਉਮਰ ਘਟਦੀ ਜਾ ਰਹੀ ਹੈ) ॥੨॥
ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਜਿਤਨਾ ਭੀ ਉੱਦਮ ਕਰਦੇ ਹਨ, ਉਤਨਾ ਹੀ ਦੁੱਖ ਵਾਪਰਦਾ ਹੈ। (ਲੋਕ ਪਰਲੋਕ ਵਿਚ) ਸੋਭਾ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ।
ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥
ਜੋ (ਨਿਯਮ) ਉਸ ਪਰਮਾਤਮਾ ਨੇ ਬਣਾ ਦਿੱਤਾ ਹੈ ਉਹੀ ਵਰਤਦਾ ਹੈ (ਉਸ ਨਿਯਮ ਅਨੁਸਾਰ) ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ (ਜੋ ਸਾਡੇ ਮਨ ਵਿਚ ਟਿਕਿਆ ਪਿਆ ਹੈ, ਆਪਣੇ ਹੀ ਮਨ ਦੇ ਪਿੱਛੇ ਤੁਰਿਆਂ) ਮਿਟਾਇਆ ਨਹੀਂ ਜਾ ਸਕਦਾ ॥੩॥
ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥
ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਪ੍ਰੀਤ ਜੋੜ ਕੇ ਉਸ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਮਨ ਪ੍ਰੇਮ-ਰਸ ਨਾਲ ਸਦਾ ਨਕਾ-ਨਕ ਭਰੇ ਰਹਿੰਦੇ ਹਨ, ਉਹ (ਪ੍ਰੇਮ ਤੋਂ) ਖ਼ਾਲੀ ਨਹੀਂ ਹੁੰਦੇ।
ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥
ਜੇ (ਸਾਡਾ) ਮੂਰਖ (ਮਨ) ਉਹਨਾਂ ਦੇ ਚਰਨਾਂ ਦੀ ਧੂੜ ਬਣੇ, ਨਾਨਕ (ਆਖਦਾ ਹੈ) ਤਾਂ ਇਸ ਨੂੰ ਭੀ ਕੁਝ ਪ੍ਰਾਪਤੀ ਹੋ ਜਾਏ ॥੪॥੪॥੧੬॥
ਗਉੜੀ ਚੇਤੀ ਮਹਲਾ ੧ ॥
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
(ਹੇ ਮੇਰੇ ਸਾਹਿਬ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ?
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
(ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ ॥੧॥
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
ਹੇ ਮੇਰੇ ਮਾਲਕ ਪ੍ਰਭੂ! ਤੇਰੇ ਗੁਣ ਕੋਈ ਜਾਣ ਨਹੀਂ ਸਕਦਾ।
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥
ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ, ਜੋ ਤੇਰੀ ਸਿਫ਼ਤ-ਸਾਲਾਹ ਵਿਚ ਜੁੜ ਸਕੇ) ॥੧॥ ਰਹਾਉ ॥
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
(ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿਚ ਅਸੀਂ ਜੰਮੇ,
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥
ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ ॥੨॥
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
(ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ,
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥
(ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ ॥੩॥
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
(ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ)।
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥
(ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ ॥੪॥
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
(ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ।
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥
(ਅਸੀਂ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ), ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ ॥੫॥
ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥
(ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ।
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥
ਨਾਨਕ ਬੇਨਤੀ ਕਰਦਾ ਹੈ-ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੬॥੫॥੧੭॥
ਗਉੜੀ ਬੈਰਾਗਣਿ ਮਹਲਾ ੧ ॥
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
(ਹੇ ਮੂਰਖ!) ਤੂੰ ਰਾਤ ਸੌਂ ਕੇ ਗੁਜ਼ਾਰਦਾ ਜਾ ਰਿਹਾ ਹੈਂ ਤੇ ਦਿਨ ਖਾ ਖਾ ਕੇ ਵਿਅਰਥ ਬਿਤਾਂਦਾ ਜਾਂਦਾ ਹੈਂ।
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥
ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ (ਸਿਮਰਨ-ਹੀਨ ਹੋਣ ਕਰਕੇ) ਕੌਡੀ ਦੇ ਭਾ ਜਾ ਰਿਹਾ ਹੈ ॥੧॥
ਨਾਮੁ ਨ ਜਾਨਿਆ ਰਾਮ ਕਾ ॥
ਹੇ ਮੂਰਖ! ਤੂੰ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਨਹੀਂ ਪਾਈ।
ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥
(ਇਹ ਮਨੁੱਖਾ ਜੀਵਨ ਹੀ ਸਿਮਰਨ ਦਾ ਸਮਾ ਹੈ, ਜਦੋਂ ਇਹ ਉਮਰ ਸਿਮਰਨ ਤੋਂ ਬਿਨਾ ਹੀ ਲੰਘ ਗਈ, ਤਾਂ) ਹੇ ਮੂਰਖ! ਮੁੜ ਸਮਾ ਬੀਤ ਜਾਣ ਤੇ ਅਫ਼ਸੋਸ ਕਰੇਂਗਾ ॥੧॥ ਰਹਾਉ ॥
ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥
ਜੋ ਮਨੁੱਖ (ਨਿਰਾ) ਬੇਅੰਤ ਧਨ ਹੀ ਇਕੱਠਾ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਬੇਅੰਤ ਪ੍ਰਭੂ ਨੂੰ ਸਿਮਰਨ ਦੀ ਤਾਂਘ ਪੈਦਾ ਨਹੀਂ ਹੋ ਸਕਦੀ।
ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥
ਜੋ ਜੋ ਭੀ ਬੇਅੰਤ ਦੌਲਤ ਦੀ ਲਾਲਸਾ ਵਿਚ ਦੌੜੇ ਫਿਰਦੇ ਹਨ, ਉਹ ਬੇਅੰਤ ਪ੍ਰਭੂ ਦੇ ਨਾਮ-ਧਨ ਨੂੰ ਗਵਾ ਲੈਂਦੇ ਹਨ ॥੨॥
ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥
(ਪਰ) ਜੇ ਨਿਰੀ ਇੱਛਾ ਕੀਤਿਆਂ ਹੀ ਨਾਮ-ਧਨ ਮਿਲ ਸਕਦਾ ਹੋਵੇ, ਤਾਂ ਹਰੇਕ ਜੀਵ ਨਾਮ-ਧਨ ਦੇ ਖ਼ਜ਼ਾਨਿਆਂ ਦਾ ਮਾਲਕ ਬਣ ਜਾਏ।
ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥
ਭਾਵੇਂ ਜੀਕਰ ਹਰੇਕ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਨਾਮ-ਧਨ ਦੀ ਲਾਲਸਾ ਕਰੇ, ਪਰ ਇਹ ਹਰੇਕ ਦੇ ਅਮਲਾਂ ਉੱਤੇ ਹੀ ਫ਼ੈਸਲਾ ਹੁੰਦਾ ਹੈ (ਕਿ ਕਿਸ ਨੂੰ ਪ੍ਰਾਪਤੀ ਹੋਵੇਗੀ। ਸੋ, ਨਿਰਾ ਦੁਨੀਆ ਦੀ ਖ਼ਾਤਰ ਨਾਹ ਭਟਕੋ) ॥੩॥
ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥
ਹੇ ਨਾਨਕ! ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹ ਹਰੇਕ ਜੀਵ ਦੀ ਸੰਭਾਲ ਕਰਦਾ ਹੈ।
ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥੪॥੧॥੧੮॥
(ਉੱਦਮ ਦੇ ਫਲ ਬਾਰੇ) ਉਸ ਖਸਮ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ, (ਇਹ ਪਤਾ ਨਹੀਂ ਲੱਗ ਸਕਦਾ) ਕਿ ਕਿਸ ਮਨੁੱਖ ਨੂੰ ਉਹ (ਨਾਮ ਜਪਣ ਦੀ) ਵਡਿਆਈ ਦੇ ਦੇਂਦਾ ਹੈ (ਅਸੀਂ ਜੀਵ ਕਿਸੇ ਮਨੁੱਖ ਦੇ ਦਿੱਸਦੇ ਉੱਦਮ ਤੇ ਗ਼ਲਤੀ ਖਾ ਸਕਦੇ ਹਾਂ। ਉੱਦਮ ਕਰਦੇ ਹੋਏ ਭੀ ਪ੍ਰਭੂ ਪਾਸੋਂ ਮਿਹਰ ਦੀ ਦਾਤ ਮੰਗਦੇ ਰਹੋ) ॥੪॥੧॥੧੮॥
ਗਉੜੀ ਬੈਰਾਗਣਿ ਮਹਲਾ ੧ ॥
ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥
(ਹਰਣੀ ਜੰਗਲ ਵਿਚ ਘਾਹ-ਬੂਟ ਚੁਣ ਕੇ ਖਾਂਦੀ ਹੈ ਤੇ ਮੌਜ ਵਿਚ ਚੁੰਗੀਆਂ ਮਾਰਦੀ ਹੈ (ਹੇ ਪ੍ਰਭੂ! ਤੇਰਾ ਨਾਮ ਮੇਰੀ ਜਿੰਦ ਲਈ ਖ਼ੁਰਾਕ ਬਣੇ, ਜਿਵੇਂ ਹਰਣੀ ਲਈ ਕੰਦ-ਮੂਲ ਹੈ। ਮੈਂ ਤੇਰੇ ਨਾਮ-ਰਸ ਨੂੰ ਪ੍ਰੀਤ ਨਾਲ ਖਾਵਾਂ, ਮੈਂ ਸੰਸਾਰ-ਬਨ ਵਿਚ ਬੇ-ਮੁਥਾਜ ਹੋ ਕੇ ਵਿਚਰਾਂ ਜਿਵੇਂ ਹਰਣੀ ਜੰਗਲ ਵਿਚ।
ਗੁਰਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥
ਜੇ ਗੁਰੂ ਦੀ ਕ੍ਰਿਪਾ ਨਾਲ ਮੇਰਾ ਖਸਮ-ਪ੍ਰਭੂ ਮੈਨੂੰ ਮਿਲ ਪਏ, ਤਾਂ ਮੈਂ ਮੁੜ ਮੁੜ ਉਸ ਤੋਂ ਸਦਕੇ ਕੁਰਬਾਨ ਜਾਵਾਂ ॥੧॥
ਮੈ ਬਨਜਾਰਨਿ ਰਾਮ ਕੀ ॥
(ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਂ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ,
ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ ॥
ਤੇਰਾ ਨਾਮ ਮੇਰਾ ਸੌਦਾ ਬਣੇ, ਤੇਰੇ ਨਾਮ ਨੂੰ ਵਿਹਾਝਾਂ ॥੧॥ ਰਹਾਉ ॥
ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥
(ਕੋਇਲ ਦੀ ਅੰਬ ਨਾਲ ਪ੍ਰੀਤਿ ਪ੍ਰਸਿੱਧ ਹੈ। ਅੰਬ ਉਤੇ ਬੈਠ ਕੇ ਕੋਇਲ ਮਿੱਠੀ ਮਸਤ ਸੁਰ ਵਿਚ ਕੂਕਦੀ ਹੈ। ਜੇ ਮੇਰੀ ਪ੍ਰੀਤਿ ਪ੍ਰਭੂ ਨਾਮ ਉਹੋ ਜੇਹੀ ਹੋ ਜਾਏ ਜੈਸੀ ਕੋਇਲ ਦੀ ਅੰਬ ਨਾਲ ਹੈ ਤਾਂ) ਮੈਂ ਕੋਇਲ ਬਣਾਂ, ਅੰਬ ਉਤੇ ਬੈਠਾਂ (ਭਾਵ ਪ੍ਰਭੂ-ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂ) ਤੇ ਮਸਤ ਅਡੋਲ ਹਾਲਤ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਵਿਚਾਰ ਕਰਾਂ (ਸ਼ਬਦ ਵਿਚ ਚਿੱਤ ਜੋੜਾਂ)।
ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥
ਮਸਤ ਅਡੋਲ ਅਵਸਥਾ ਵਿਚ ਟਿਕਿਆਂ, ਪ੍ਰੇਮ ਵਿਚ ਜੁੜਿਆਂ ਹੀ ਪਿਆਰਾ ਦਰਸ਼ਨੀ ਸੋਹਣਾ ਬੇਅੰਤ ਪ੍ਰਭੂ-ਪਤੀ ਮਿਲਦਾ ਹੈ ॥੨॥
ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥
(ਮੱਛੀ ਪਾਣੀ ਤੋਂ ਬਿਨਾ ਨਹੀਂ ਜਿਊ ਸਕਦੀ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਮੱਛੀ ਬਣਾਂ, ਸਦਾ ਉਸ ਜਲ-ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ-ਜੰਤਾਂ ਦੀ ਸੰਭਾਲ ਕਰਦਾ ਹੈ।
ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥
ਪਿਆਰਾ ਪ੍ਰਭੂ-ਪਤੀ (ਇਸ ਸੰਸਾਰ-ਸਮੁੰਦਰ ਦੇ ਅਸਗਾਹ ਜਲ ਦੇ) ਉਰਲੇ ਪਾਰਲੇ ਪਾਸੇ (ਹਰ ਥਾਂ) ਵੱਸਦਾ ਹੈ (ਜਿਵੇਂ ਮੱਛੀ ਆਪਣੇ ਬਾਜ਼ੂ ਖਿਲਾਰ ਕੇ ਪਾਣੀ ਵਿਚ ਤਾਰੀਆਂ ਲਾਂਦੀ ਹੈ) ਮੈਂ (ਭੀ) ਆਪਣੀਆਂ ਬਾਹਾਂ ਖਿਲਾਰ ਕੇ (ਭਾਵ, ਨਿਸੰਗ ਹੋ ਕੇ) ਉਸ ਨੂੰ ਮਿਲਾਂਗੀ ॥੩॥
ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥
(ਸਪਣੀ ਬੀਨ ਉੱਤੇ ਮਸਤ ਹੁੰਦੀ ਹੈ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਸਪਣੀ ਬਣਾਂ, ਧਰਤੀ ਵਿਚ ਵੱਸਾਂ (ਭਾਵ, ਸਭ ਦੀ ਚਰਨ-ਧੂੜ ਹੋਵਾਂ, ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ) ਗੁਰ-ਸ਼ਬਦ ਵੱਸੇ (ਜਿਵੇਂ ਬੀਨ ਵਿਚ ਮਸਤ ਹੋ ਕੇ ਸਪਣੀ ਨੂੰ ਵੈਰੀ ਦੀ ਸੁੱਧ-ਬੁੱਧ ਭੁਲ ਜਾਂਦੀ ਹੈ) ਮੇਰਾ ਭੀ (ਦੁਨੀਆ ਵਾਲਾ ਸਾਰਾ) ਡਰ-ਭਉ ਦੂਰ ਹੋ ਜਾਏ।
ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥
ਹੇ ਨਾਨਕ! ਜਿਨ੍ਹਾਂ ਜੀਵ-ਇਸਤ੍ਰੀਆਂ ਦੀ ਜੋਤਿ (ਸੁਰਤਿ) ਸਦਾ ਜੋਤਿ-ਰੂਪ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬੜੀਆਂ ਭਾਗਾਂ ਵਾਲੀਆਂ ਹਨ ॥੪॥੨॥੧੯॥
ਗਉੜੀ ਪੂਰਬੀ ਦੀਪਕੀ ਮਹਲਾ ੧ ॥
ਰਾਗ ਗਉੜੀ-ਪੂਰਬੀ-ਦੀਪਕੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥
ਜਿਸ (ਸਾਧ-ਸੰਗਤਿ-) ਘਰ ਵਿਚ (ਪਰਮਾਤਮਾ ਦੀ) ਸਿਫ਼ਤ-ਸਾਲਾਹ ਆਖੀਦੀ ਹੈ ਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ (ਹੇ ਜਿੰਦ-ਕੁੜੀਏ!)
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ॥੧॥
ਉਸ ਸਤਸੰਗ-ਘਰ ਵਿਚ (ਜਾ ਕੇ ਤੂੰ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ (ਸੁਹਾਗ ਮਿਲਾਪ ਦੀ ਤਾਂਘ ਦੇ ਸ਼ਬਦ) ਗਾ, ਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰ ॥੧॥
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
(ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤ-ਸਾਲਾਹ ਦੇ ਗੀਤ ਗਾ (ਤੇ ਆਖ-)
ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥
ਮੈਂ ਸਦਕੇ ਹਾਂ ਉਸ ਸਿਫ਼ਤਿ ਦੇ ਗੀਤ ਤੋਂ ਜਿਸ ਦੀ ਬਰਕਤ ਨਾਲ ਸਦਾ ਦਾ ਸੁਖ ਮਿਲਦਾ ਹੈ ॥੧॥ ਰਹਾਉ ॥
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥
(ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ।
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥
(ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ)? (ਭਾਵ, ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ॥੨॥
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥
(ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈ ਕਰਿਆ ਕਰ-) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਮੌਤ-ਪਹੋਚਾ ਆਉਣਾ ਹੈ।
ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਉ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪਤੀ-ਪ੍ਰਭੂ ਨਾਲ ਮੇਰਾ ਮੇਲ ਹੋ ਜਾਏ ॥੩॥
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
(ਪਰਲੋਕ ਵਿਚ ਜਾਣ ਲਈ ਮੌਤ-ਰੂਪ) ਇਹ ਪਹੋਚਾ ਹਰੇਕ ਘਰ ਵਿਚ ਆ ਰਿਹਾ ਹੈ, ਇਹ ਸੱਦੇ ਨਿੱਤ ਪੈ ਰਹੇ ਹਨ;
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥੨੦॥
(ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪਤੀ-ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ, (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ ॥੪॥੧॥੨੦॥
ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ ॥
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥
ਪਰਮਾਤਮਾ ਦਾ ਨਿਰਮਲ ਨਾਮ ਮੇਰੇ ਵਾਸਤੇ (ਆਤਮਕ) ਖ਼ਜ਼ਾਨਾ ਹੈ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੀ ਮੇਰੇ ਵਾਸਤੇ (ਰਿੱਧੀਆਂ) ਸਿੱਧੀਆਂ ਹੈ।
ਪੂਰਨ ਪੂਰਿ ਰਹਿਆ ਬਿਖੁ ਮਾਰਿ ॥
ਹੁਣ ਮੈਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ। ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਮਾਰ ਲਿਆ ਹੈ।
ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥
(ਉਸ ਮਤਿ ਦੀ ਬਰਕਤਿ ਨਾਲ) ਪਵਿਤ੍ਰ ਹਰਿ-ਨਾਮ ਵਿਚ ਲੀਨ ਰਹਿਣ ਕਰਕੇ ਮੇਰੀ ਅੰਦਰਲੀ ਖਿੱਝ ਮੁੱਕ ਗਈ ਹੈ।
ਗੁਰ ਕੀ ਮਤਿ ਜੀਇ ਆਈ ਕਾਰਿ ॥੧॥
ਗੁਰੂ ਦੀ ਦਿੱਤੀ ਹੋਈ ਮਤਿ ਮੇਰੇ ਚਿੱਤ ਵਿਚ ਕਾਰੀ ਆ ਗਈ ਹੈ (ਲਾਭਵੰਦੀ ਹੋ ਗਈ ਹੈ) ॥੧॥
ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰਾ ਮਨ (ਸਿਮਰਨ ਵਿਚ) ਇਸ ਤਰ੍ਹਾਂ ਗਿੱਝ ਗਿਆ ਹੈ ਕਿ ਹੁਣ ਸਿਮਰਨ ਤੋਂ ਬਿਨਾ ਰਹਿ ਹੀ ਨਹੀਂ ਸਕਦਾ।
ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਹ (ਆਤਮਕ) ਸੁਰਮਾ ਲੱਭ ਲਿਆ ਹੈ, ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਦੇਂਦਾ ਹੈ ॥੧॥ ਰਹਾਉ ॥
ਇਕੁ ਸੁਖੁ ਮਾਨਿਆ ਸਹਜਿ ਮਿਲਾਇਆ ॥
(ਹੁਣ ਮੇਰਾ ਮਨ) ਮੰਨ ਗਿਆ ਹੈ ਕਿ ਇੱਕ (ਆਤਮਕ) ਸੁਖ (ਸਭ ਸੁਖਾਂ ਤੋਂ ਸ੍ਰੇਸ਼ਟ ਸੁਖ ਹੈ ਅਤੇ ਇਸ ਸੁੱਖ ਨੇ) ਮੈਨੂੰ ਸਹਜ ਅਵਸਥਾ ਵਿਚ ਮਿਲਾ ਦਿੱਤਾ ਹੈ।
ਨਿਰਮਲ ਬਾਣੀ ਭਰਮੁ ਚੁਕਾਇਆ ॥
(ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ) ਪਵਿਤ੍ਰ ਬਾਣੀ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ।
ਲਾਲ ਭਏ ਸੂਹਾ ਰੰਗੁ ਮਾਇਆ ॥
(ਸਿਮਰਨ ਦੀ ਬਰਕਤਿ ਨਾਲ ਨਾਮ ਵਿਚ ਰੰਗੀਜ ਕੇ ਮੇਰਾ ਮਨ ਮਜੀਠ ਵਰਗੇ ਪੱਕੇ ਰੰਗ ਵਾਲਾ) ਲਾਲ ਹੋ ਗਿਆ ਹੈ। ਮਾਇਆ ਦਾ ਰੰਗ ਮੈਨੂੰ ਕਸੁੰਭੇ ਦੇ ਰੰਗ ਵਰਗਾ ਕੱਚਾ, ਸੂਹਾ ਦਿੱਸ ਪਿਆ ਹੈ।
ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥
(ਮੇਰਾ ਉਤੇ ਪਰਮਾਤਮਾ ਦੀ ਮਿਹਰ ਦੀ) ਨਜ਼ਰ ਹੋਈ ਹੈ, ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਉਤੇ ਅਸਰ ਕਰਨੋਂ) ਰੋਕ ਲਿਆ ਹੈ ॥੨॥
ਉਲਟ ਭਈ ਜੀਵਤ ਮਰਿ ਜਾਗਿਆ ॥
(ਮੇਰੀ ਸੁਰਤ ਮਾਇਆ ਦੇ ਮੋਹ ਵਲੋਂ) ਪਰਤ ਪਈ ਹੈ, ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ (ਮੇਰਾ ਮਨ ਮਾਇਆ ਵਲੋਂ) ਮਰ ਗਿਆ ਹੈ, ਮੈਨੂੰ ਆਤਮਕ ਜਾਗ ਆ ਗਈ ਹੈ।
ਸਬਦਿ ਰਵੇ ਮਨੁ ਹਰਿ ਸਿਉ ਲਾਗਿਆ ॥
ਗੁਰੂ ਦੇ ਸ਼ਬਦ ਰਾਹੀਂ ਮੈਂ ਸਿਮਰਨ ਕਰ ਰਿਹਾ ਹਾਂ, ਮੇਰਾ ਮਨ ਪਰਮਾਤਮਾ ਨਾਲ ਪ੍ਰੀਤ ਪਾ ਚੁਕਾ ਹੈ।
ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ ॥
(ਆਤਮਕ) ਆਨੰਦ (ਆਪਣੇ ਅੰਦਰ) ਇਕੱਠਾ ਕਰ ਕੇ ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਦੂਰ ਕਰ ਕੇ (ਸਦਾ ਲਈ) ਤਿਆਗ ਦਿੱਤਾ ਹੈ।
ਭਾਇ ਬਸੇ ਜਮ ਕਾ ਭਉ ਭਾਗਿਆ ॥੩॥
ਪਰਮਾਤਮਾ ਦੇ ਪ੍ਰੇਮ ਵਿਚ ਟਿਕਣ ਕਰਕੇ ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ ॥੩॥
ਸਾਦ ਰਹੇ ਬਾਦੰ ਅਹੰਕਾਰਾ ॥
(ਸਿਮਰਨ ਦੀ ਬਰਕਤਿ ਕਰਕੇ ਮੇਰੇ ਅੰਦਰੋਂ ਮਾਇਕ ਪਦਾਰਥਾਂ ਦੇ) ਚਸਕੇ ਦੂਰ ਹੋ ਗਏ ਹਨ, (ਮਨ ਵਿਚ ਨਿੱਤ ਹੋ ਰਿਹਾ ਮਾਇਆ ਵਾਲਾ) ਝਗੜਾ ਮਿਟ ਗਿਆ ਹੈ, ਅਹੰਕਾਰ ਰਹਿ ਗਿਆ ਹੈ।
ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ ॥
ਮੇਰਾ ਚਿੱਤ ਹੁਣ ਪਰਮਾਤਮਾ (ਦੇ ਨਾਮ) ਨਾਲ ਰੰਗਿਆ ਗਿਆ ਹੈ, ਮੈਂ ਹੁਣ ਉਸ ਬੇਅੰਤ ਪ੍ਰਭੂ ਦੀ ਰਜ਼ਾ ਵਿਚ ਟਿਕ ਗਿਆ ਹਾਂ।
ਜਾਤਿ ਰਹੇ ਪਤਿ ਕੇ ਆਚਾਰਾ ॥
ਜਾਤਿ-ਵਰਨ ਅਤੇ ਲੋਕ-ਲਾਜ ਦੀ ਖ਼ਾਤਰ ਕੀਤੇ ਜਾਣ ਵਾਲੇ ਧਰਮ-ਕਰਮ ਬੱਸ ਹੋ ਗਏ ਹਨ।
ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥
(ਮੇਰੇ ਉਤੇ ਪ੍ਰਭੂ ਦੀ) ਮਿਹਰ ਦੀ ਨਿਗਾਹ ਹੋਈ ਹੈ, ਮੈਨੂੰ ਆਤਮਕ ਸੁਖ ਮਿਲ ਗਿਆ ਹੈ ॥੪॥
ਤੁਝ ਬਿਨੁ ਕੋਇ ਨ ਦੇਖਉ ਮੀਤੁ ॥
(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ, ਹੇ ਪ੍ਰਭੂ!) ਮੈਨੂੰ ਤੈਥੋਂ ਬਿਨਾ ਕੋਈ ਹੋਰ (ਪੱਕਾ) ਮਿੱਤਰ ਨਹੀਂ ਦਿੱਸਦਾ।
ਕਿਸੁ ਸੇਵਉ ਕਿਸੁ ਦੇਵਉ ਚੀਤੁ ॥
ਮੈਂ ਹੁਣ ਕਿਸੇ ਹੋਰ ਨੂੰ ਨਹੀਂ ਸਿਮਰਦਾ, ਮੈਂ ਕਿਸੇ ਹੋਰ ਨੂੰ ਆਪਣਾ ਮਨ ਨਹੀਂ ਭੇਂਟ ਕਰਦਾ।
ਕਿਸੁ ਪੂਛਉ ਕਿਸੁ ਲਾਗਉ ਪਾਇ ॥
ਮੈਂ ਕਿਸੇ ਹੋਰ ਤੋਂ ਸਾਲਾਹ ਨਹੀਂ ਪੁੱਛਦਾ। ਮੈਂ ਕਿਸੇ ਹੋਰ ਦੇ ਪੈਰੀਂ ਨਹੀਂ ਲਗਦਾ ਫਿਰਦਾ।
ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥
ਮੈਂ ਕਿਸੇ ਹੋਰ ਦੇ ਉਪਦੇਸ਼ ਵਿਚ ਸੁਰਤ ਨਹੀਂ ਜੋੜਦਾ ਫਿਰਦਾ ॥੫॥
ਗੁਰ ਸੇਵੀ ਗੁਰ ਲਾਗਉ ਪਾਇ ॥
(ਗੁਰੂ ਦੇ ਸ਼ਬਦ ਨੇ ਹੀ ਮੈਨੂੰ ਤੇਰੇ ਗਿਆਨ ਦਾ ਸੁਰਮਾ ਦਿੱਤਾ ਹੈ, ਇਸ ਵਾਸਤੇ) ਮੈਂ ਗੁਰੂ ਦੀ ਹੀ ਸੇਵਾ ਕਰਦਾ ਹਾਂ, ਗੁਰੂ ਦੀ ਹੀ ਚਰਨੀਂ ਲੱਗਦਾ ਹਾਂ।
ਭਗਤਿ ਕਰੀ ਰਾਚਉ ਹਰਿ ਨਾਇ ॥
(ਗੁਰੂ ਦੀ ਸਹਾਇਤਾ ਨਾਲ ਹੀ, ਹੇ ਭਾਈ!) ਮੈਂ ਪਰਮਾਤਮਾ ਦੀ ਭਗਤੀ ਕਰਦਾ ਹਾਂ, ਹਰੀ ਦੇ ਨਾਮ ਵਿਚ ਟਿਕਦਾ ਹਾਂ।
ਸਿਖਿਆ ਦੀਖਿਆ ਭੋਜਨ ਭਾਉ ॥
ਗੁਰੂ ਦੀ ਸਿੱਖਿਆ, ਗੁਰੂ ਦੀ ਦੀਖਿਆ, ਗੁਰੂ ਦੇ ਪ੍ਰੇਮ ਨੂੰ ਹੀ ਮੈਂ ਆਪਣੇ ਆਤਮਾ ਦਾ ਭੋਜਨ ਬਣਾਇਆ ਹੈ।
ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥
ਪ੍ਰਭੂ ਦੀ ਰਜ਼ਾ ਵਿਚ ਹੀ ਇਹ ਪਿਛਲੇ ਕਰਮਾਂ ਦਾ ਅੰਕੁਰ ਫੁੱਟਿਆ ਹੈ, ਤੇ ਮੈਂ ਆਪਣੇ ਅਸਲ ਘਰ (ਪ੍ਰਭੂ-ਚਰਨਾਂ) ਵਿਚ ਟਿਕਿਆ ਬੈਠਾ ਹਾਂ ॥੬॥
ਗਰਬ ਗਤੰ ਸੁਖ ਆਤਮ ਧਿਆਨਾ ॥
(ਸਿਮਰਨ ਦੀ ਬਰਕਤਿ ਨਾਲ) ਅਹੰਕਾਰ ਦੂਰ ਹੋ ਗਿਆ ਹੈ, ਆਤਮਕ ਆਨੰਦ ਵਿਚ ਮੇਰੀ ਸੁਰਤ ਟਿਕ ਗਈ ਹੈ।
ਜੋਤਿ ਭਈ ਜੋਤੀ ਮਾਹਿ ਸਮਾਨਾ ॥
ਮੇਰੇ ਆਤਮਕ ਚਾਨਣ ਹੋ ਗਿਆ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਗਈ ਹੈ।
ਲਿਖਤੁ ਮਿਟੈ ਨਹੀ ਸਬਦੁ ਨੀਸਾਨਾ ॥
(ਮੇਰੇ ਹਿਰਦੇ ਵਿਚ) ਉੱਕਰਿਆ ਹੋਇਆ ਗੁਰ-ਸ਼ਬਦ (ਰੂਪ) ਲੇਖ ਹੁਣ ਅਜਿਹਾ ਪਰਗਟ ਹੋ ਗਿਆ ਹੈ ਕਿ ਮਿਟ ਨਹੀਂ ਸਕਦਾ।
ਕਰਤਾ ਕਰਣਾ ਕਰਤਾ ਜਾਨਾ ॥੭॥
ਮੈਂ ਕਰਤੇ ਤੇ (ਕਰਤੇ ਦੀ) ਰਚਨਾ ਨੂੰ ਕਰਤਾਰ-ਰੂਪ ਹੀ ਜਾਣ ਲਿਆ ਹੈ, (ਮੈਂ ਕਰਤਾਰ ਨੂੰ ਹੀ ਸ੍ਰਿਸ਼ਟੀ ਦਾ ਰਚਨਹਾਰਾ ਜਾਣ ਲਿਆ ਹੈ) ॥੭॥
ਨਹ ਪੰਡਿਤੁ ਨਹ ਚਤੁਰੁ ਸਿਆਨਾ ॥
ਮੈਂ ਕੋਈ ਪੰਡਿਤ ਨਹੀਂ ਹਾਂ, ਮੈਂ ਚਤੁਰ ਨਹੀਂ ਹਾਂ, ਮੈਂ ਸਿਆਣਾ ਨਹੀਂ ਹਾਂ, (ਭਾਵ, ਮੈਂ ਕਿਸੇ ਵਿਦਵਤਾ ਚਤੁਰਾਈ ਸਿਆਣਪ ਦਾ ਆਸਰਾ ਨਹੀਂ ਲਿਆ)
ਨਹ ਭੂਲੋ ਨਹ ਭਰਮਿ ਭੁਲਾਨਾ ॥
ਤਾਹੀਏਂ ਮੈਂ (ਰਸਤੇ ਤੋਂ) ਖੁੰਝਿਆ ਨਹੀਂ, ਭਟਕਣਾ ਵਿਚ ਪੈ ਕੇ ਕੁਰਾਹੇ ਨਹੀਂ ਪਿਆ।
ਕਥਉ ਨ ਕਥਨੀ ਹੁਕਮੁ ਪਛਾਨਾ ॥
ਮੈਂ ਕੋਈ ਚਤੁਰਾਈ ਦੀਆਂ ਗੱਲਾਂ ਨਹੀਂ ਕਰਦਾ।
ਨਾਨਕ ਗੁਰਮਤਿ ਸਹਜਿ ਸਮਾਨਾ ॥੮॥੧॥
ਹੇ ਨਾਨਕ! (ਆਖ-) ਮੈਂ ਤਾਂ ਸਤਿਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਹੁਕਮ ਨੂੰ ਪਛਾਣਿਆ ਹੈ (ਭਾਵ, ਮੈਂ ਇਹ ਸਮਝਿਆ ਹੈ ਕਿ ਪ੍ਰਭੂ ਦੇ ਹੁਕਮ ਵਿਚ ਤੁਰਨਾ ਹੀ ਸਹੀ ਰਸਤਾ ਹੈ, ਤੇ ਮੈਂ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੮॥੧॥
ਗਉੜੀ ਗੁਆਰੇਰੀ ਮਹਲਾ ੧ ॥
ਮਨੁ ਕੁੰਚਰੁ ਕਾਇਆ ਉਦਿਆਨੈ ॥
(ਇਸ) ਸਰੀਰ ਜੰਗਲ ਵਿਚ ਮਨ ਹਾਥੀ (ਸਮਾਨ) ਹੈ।
ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥
(ਜਿਸ ਮਨ-ਹਾਥੀ ਦੇ ਸਿਰ ਉਤੇ) ਗੁਰੂ ਕੁੰਡਾ ਹੋਵੇ ਅਤੇ ਸਦਾ-ਥਿਰ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਨੀਸ਼ਾਨ (ਝੁੱਲ ਰਿਹਾ) ਹੋਵੇ,
ਰਾਜ ਦੁਆਰੈ ਸੋਭ ਸੁ ਮਾਨੈ ॥੧॥
(ਉਹ ਮਨ-ਹਾਥੀ) ਪ੍ਰਭੂ-ਪਾਤਸ਼ਾਹ ਦੇ ਦਰ ਤੇ ਸੋਭਾ ਪਾਂਦਾ ਹੈ ਉਹ ਆਦਰ ਪਾਂਦਾ ਹੈ ॥੧॥
ਚਤੁਰਾਈ ਨਹ ਚੀਨਿਆ ਜਾਇ ॥
ਚਤੁਰਾਈ ਵਿਖਾਲਣ ਨਾਲ ਇਹ ਪਛਾਣ ਨਹੀਂ ਹੁੰਦੀ ਕਿ (ਚਤੁਰਾਈ ਵਿਖਾਲਣ ਵਾਲਾ) ਮਨ ਕੀਮਤ ਪਾਣ ਦਾ ਹੱਕਦਾਰ ਹੋ ਗਿਆ ਹੈ।
ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ ॥
ਮਨ ਨੂੰ ਵਿਕਾਰਾਂ ਵਲੋਂ ਮਾਰਨ ਤੋਂ ਬਿਨਾ ਮਨ ਦੀ ਕਦਰ ਨਹੀਂ ਪੈ ਸਕਦੀ (ਭਾਵ, ਉਹੀ ਮਨ ਆਦਰ-ਸਤਕਾਰ ਦਾ ਹੱਕਦਾਰ ਹੁੰਦਾ ਹੈ, ਜੇਹੜਾ ਵੱਸ ਵਿਚ ਆ ਜਾਂਦਾ ਹੈ) ॥੧॥ ਰਹਾਉ ॥
ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥
(ਮਨੁੱਖ ਦੇ ਹਿਰਦੇ-) ਘਰ ਵਿਚ ਨਾਮ-ਅੰਮ੍ਰਿਤ ਮੌਜੂਦ ਹੈ, (ਪਰ ਮੋਹ ਵਿਚ ਫਸਿਆ ਹੋਇਆ ਮਨ-) ਚੋਰ (ਉਸ ਅੰਮ੍ਰਿਤ ਨੂੰ) ਚੁਰਾਈ ਜਾਂਦਾ ਹੈ।
ਨੰਨਾਕਾਰੁ ਨ ਕੋਇ ਕਰੇਈ ॥
(ਇਹ ਮਨ ਏਨਾ ਆਕੀ ਹੋਇਆ ਪਿਆ ਹੈ ਕਿ ਕੋਈ ਜੀਵ ਇਸ ਦੇ ਅੱਗੇ ਨਾਂਹ-ਨੁੱਕਰ ਨਹੀਂ ਕਰ ਸਕਦਾ।
ਰਾਖੈ ਆਪਿ ਵਡਿਆਈ ਦੇਈ ॥੨॥
ਪਰਮਾਤਮਾ ਆਪ ਜਿਸ (ਦੇ ਅੰਦਰ ਵੱਸਦੇ ਅੰਮ੍ਰਿਤ) ਦੀ ਰਾਖੀ ਕਰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ ॥੨॥
ਨੀਲ ਅਨੀਲ ਅਗਨਿ ਇਕ ਠਾਈ ॥
(ਇਸ ਮਨ ਵਿਚ) ਤ੍ਰਿਸ਼ਨਾ ਦੀ ਬੇਅੰਤ ਅੱਗ ਇਕੋ ਥਾਂ ਤੇ ਪਈ ਹੈ।
ਜਲਿ ਨਿਵਰੀ ਗੁਰਿ ਬੂਝ ਬੁਝਾਈ ॥
ਜਿਸ ਨੂੰ ਗੁਰੂ ਨੇ (ਤ੍ਰਿਸ਼ਨਾ-ਅੱਗ ਤੋਂ ਬਚਣ ਦੀ) ਸਮਝ ਬਖ਼ਸ਼ੀ ਹੈ, ਉਸ ਦੀ ਇਹ ਅੱਗ ਪ੍ਰਭੂ ਦੇ ਨਾਮ-ਜਲ ਨਾਲ ਬੁੱਝ ਜਾਂਦੀ ਹੈ।
ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥
(ਪਰ ਜਿਸ ਨੇ ਭੀ ਨਾਮ-ਜਲ ਲਿਆ ਹੈ) ਆਪਣਾ ਮਨ (ਵੱਟੇ ਵਿਚ) ਦੇ ਕੇ ਲਿਆ ਹੈ, ਉਹ (ਫਿਰ) ਚਾਉ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੁਣ ਗਾਂਦਾ ਹੈ ॥੩॥
ਜੈਸਾ ਘਰਿ ਬਾਹਰਿ ਸੋ ਤੈਸਾ ॥
(ਜੇ ਮਨ-ਹਾਥੀ ਦੇ ਸਿਰ ਤੇ ਗੁਰੂ-ਕੁੰਡਾ ਨਹੀਂ ਹੈ ਤਾਂ) ਜਿਹੋ ਜਿਹਾ (ਅਮੋੜ) ਇਹ ਗ੍ਰਿਹਸਤ ਵਿਚ (ਰਹਿੰਦਿਆਂ) ਹੈ, ਉਹੋ ਜਿਹਾ (ਅਮੋੜ) ਇਹ ਬਾਹਰ (ਜੰਗਲਾਂ ਵਿਚ ਰਹਿੰਦਿਆਂ) ਹੁੰਦਾ ਹੈ।
ਬੈਸਿ ਗੁਫਾ ਮਹਿ ਆਖਉ ਕੈਸਾ ॥
ਪਹਾੜ ਦੀ ਗੁਫ਼ਾ ਵਿਚ ਭੀ ਬੈਠ ਕੇ ਮੈਂ ਕੀਹ ਆਖਾਂ ਕਿ ਕਿਹੋ ਜਿਹਾ ਬਣ ਗਿਆ ਹੈ? (ਗੁਫ਼ਾ ਵਿਚ ਟਿਕੇ ਰਿਹਾਂ ਭੀ ਇਹ ਮਨ ਅਮੋੜ ਹੀ ਰਹਿੰਦਾ ਹੈ)।
ਸਾਗਰਿ ਡੂਗਰਿ ਨਿਰਭਉ ਐਸਾ ॥੪॥
ਸਮੁੰਦਰ ਵਿਚ ਵੜੇ (ਤੀਰਥਾਂ ਵਿਚ ਚੁੱਭੀ ਲਾਏ, ਚਾਹੇ) ਪਹਾੜ (ਦੀ ਗੁਫ਼ਾ) ਵਿਚ ਬੈਠੇ, ਇਹ ਇਕੋ ਜਿਹਾ ਨਿਡਰ ਰਹਿੰਦਾ ਹੈ ॥੪॥
ਮੂਏ ਕਉ ਕਹੁ ਮਾਰੇ ਕਉਨੁ ॥
ਪਰ ਜੇ ਇਹ (ਮਨ-ਹਾਥੀ ਗੁਰੂ-ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵਲੋਂ) ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ।
ਨਿਡਰੇ ਕਉ ਕੈਸਾ ਡਰੁ ਕਵਨੁ ॥
ਜੇ ਇਹ (ਗੁਰੂ-ਕੁੰਡੇ ਦੇ ਡਰ ਵਿਚ ਰਹਿ ਕੇ) ਨਿਡਰ (ਦਲੇਰ) ਹੋ ਜਾਏ, ਤਾਂ ਦੁਨੀਆ ਵਾਲਾ ਕੋਈ ਡਰ ਇਸ ਨੂੰ ਪੋਹ ਨਹੀਂ ਸਕਦਾ।
ਸਬਦਿ ਪਛਾਨੈ ਤੀਨੇ ਭਉਨ ॥੫॥
(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਪਛਾਣ ਲੈਂਦਾ ਹੈ ਕਿ (ਇਸ ਦਾ ਰਾਖਾ ਪਰਮਾਤਮਾ) ਤਿੰਨਾਂ ਹੀ ਭਵਨਾਂ ਵਿਚ ਹਰ ਥਾਂ ਵੱਸਦਾ ਹੈ ॥੫॥
ਜਿਨਿ ਕਹਿਆ ਤਿਨਿ ਕਹਨੁ ਵਖਾਨਿਆ ॥
ਜਿਸ ਮਨੁੱਖ ਨੇ (ਨਿਰੀ ਮਨ ਦੀ ਚਤੁਰਾਈ ਨਾਲ ਹੀ ਇਹ) ਕਹਿ ਦਿੱਤਾ (ਕਿ ਪਰਮਾਤਮਾ ਤਿੰਨਾਂ ਭਵਨਾਂ ਵਿਚ ਹਰ ਥਾਂ ਮੌਜੂਦ ਹੈ) ਉਸ ਨੇ ਜ਼ਬਾਨੀ ਜ਼ਬਾਨੀ ਹੀ ਆਖ ਦਿੱਤਾ (ਉਸ ਦਾ ਮਨ-ਹਾਥੀ ਅਜੇ ਭੀ ਅਮੋੜ ਹੈ)।
ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ ॥
ਜਿਸ ਨੇ (ਗੁਰੂ-ਅੰਕੁਸ ਦੇ ਅਧੀਨ ਰਹਿ ਕੇ ਇਹ ਭੇਤ) ਸਮਝ ਲਿਆ, ਉਸ ਨੇ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ (ਉਸ ਤਿੰਨਾਂ ਭਵਨਾਂ ਵਿਚ ਵੱਸਦੇ ਨੂੰ) ਪਛਾਣ ਭੀ ਲਿਆ।
ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥
(ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰ ਕੇ ਉਸ ਦਾ ‘ਮੇਰਾ, ਮੇਰਾ’ ਆਖਣ ਵਾਲਾ ਮਨ (ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ) ਗਿੱਝ ਜਾਂਦਾ ਹੈ ॥੬॥
ਕੀਰਤਿ ਸੂਰਤਿ ਮੁਕਤਿ ਇਕ ਨਾਈ ॥
ਜਿਸ ਹਿਰਦੇ ਵਿਚ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਹੈ, ਉਥੇ ਸੋਭਾ ਹੈ, ਉਥੇ ਸੁੰਦਰਤਾ ਹੈ, ਉਥੇ ਵਿਕਾਰਾਂ ਤੋਂ ਖ਼ਲਾਸੀ ਹੈ,
ਤਹੀ ਨਿਰੰਜਨੁ ਰਹਿਆ ਸਮਾਈ ॥
ਉਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਹਰ ਵੇਲੇ ਮੌਜੂਦ ਹੈ।
ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥
(ਉਹ ਹਿਰਦਾ ਪਰਮਾਤਮਾ ਦਾ ਆਪਣਾ ਘਰ ਬਣ ਗਿਆ, ਆਪਣਾ ਨਿਵਾਸ-ਥਾਂ ਬਣ ਗਿਆ), ਉਸ ਆਪਣੇ ਘਰ ਵਿਚ, ਉਸ ਆਪਣੇ ਨਿਵਾਸ-ਥਾਂ ਵਿਚ ਪਰਮਾਤਮਾ ਹਰ ਵੇਲੇ ਮੌਜੂਦ ਹੈ ॥੭॥
ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ ॥
ਅਨੇਕਾਂ ਹੀ ਮੁਨੀ ਲੋਕ (ਮਨ-ਹਾਥੀ ਨੂੰ ਗੁਰੂ-ਕੁੰਡੇ ਦੇ ਅਧੀਨ ਕਰ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ।
ਤਨਿ ਮਨਿ ਸੂਚੈ ਸਾਚੁ ਸੁ ਚੀਤਿ ॥
ਪਵਿਤ੍ਰ ਸਰੀਰ ਨਾਲ ਪਵਿਤ੍ਰ ਮਨ ਨਾਲ ਪਿਆਰ ਵਿਚ ਜੁੜ ਕੇ ਉਹ ਪਰਮਾਤਮਾ ਦੀ ਸਿਫ਼ਤਿ ਕਰਦੇ ਹਨ।
ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥
ਹੇ ਨਾਨਕ! ਤੂੰ ਭੀ (ਇਸੇ ਤਰ੍ਹਾਂ) ਸਦਾ ਸਦਾ ਉਸ ਪਰਮਾਤਮਾ ਦਾ ਭਜਨ ਕਰ ॥੮॥੨॥
ਗਉੜੀ ਗੁਆਰੇਰੀ ਮਹਲਾ ੧ ॥
ਨਾ ਮਨੁ ਮਰੈ ਨ ਕਾਰਜੁ ਹੋਇ ॥
ਉਤਨਾ ਚਿਰ ਮਨ (ਤ੍ਰਿਸ਼ਨਾ ਵਲੋਂ) ਮਰਦਾ ਨਹੀਂ ਤੇ ਉਤਨਾ ਚਿਰ (ਪਰਮਾਤਮਾ ਨਾਲ ਇੱਕ-ਰੂਪ ਹੋਣ ਦਾ) ਜਨਮ-ਮਨੋਰਥ ਭੀ ਸਿਰੇ ਨਹੀਂ ਚੜ੍ਹਦਾ,
ਮਨੁ ਵਸਿ ਦੂਤਾ ਦੁਰਮਤਿ ਦੋਇ ॥
ਜਿਤਨਾ ਚਿਰ ਮਨੁੱਖ ਦਾ ਮਨ ਕਾਮਾਦਿਕ ਵਿਕਾਰਾਂ ਦੇ ਵੱਸ ਵਿਚ ਹੈ, ਕੋਝੀ ਮਤਿ ਦੇ ਅਧੀਨ ਹੈ ਅਤੇ ਮੇਰ-ਤੇਰ ਦੇ ਕਾਬੂ ਵਿਚ ਹੈ।
ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥
ਜਦੋਂ ਗੁਰੂ ਤੋਂ (ਸਿੱਖਿਆ ਲੈ ਕੇ ਮਨੁੱਖ ਦਾ) ਮਨ (ਸਿਫ਼ਤ-ਸਾਲਾਹ ਵਿਚ) ਗਿੱਝ ਜਾਂਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ॥੧॥
ਨਿਰਗੁਣ ਰਾਮੁ ਗੁਣਹ ਵਸਿ ਹੋਇ ॥
ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਤੇ, ਉੱਚੇ ਆਤਮਕ ਗੁਣਾਂ ਦੇ ਵੱਸ ਵਿਚ ਹੈ (ਭਾਵ, ਜੋ ਮਨੁੱਖ ਉੱਚੇ ਆਤਮਕ ਗੁਣਾਂ ਨੂੰ ਆਪਣੇ ਅੰਦਰ ਵਸਾਂਦਾ ਹੈ, ਪਰਮਾਤਮਾ ਉਸ ਨਾਲ ਪਿਆਰ ਕਰਦਾ ਹੈ)।
ਆਪੁ ਨਿਵਾਰਿ ਬੀਚਾਰੇ ਸੋਇ ॥੧॥ ਰਹਾਉ ॥
ਜੇਹੜਾ ਮਨੁੱਖ ਆਪਾ-ਭਾਵ ਦੂਰ ਕਰ ਲੈਂਦਾ ਹੈ ਉਹ ਸ਼ੁਭ ਗੁਣਾਂ ਨੂੰ ਆਪਣੇ ਮਨ ਵਿਚ ਵਸਾਂਦਾ ਹੈ ॥੧॥ ਰਹਾਉ ॥
ਮਨੁ ਭੂਲੋ ਬਹੁ ਚਿਤੈ ਵਿਕਾਰੁ ॥
(ਮਾਇਆ-ਵੱਸ ਹੋ ਕੇ ਜਿਤਨਾ ਚਿਰ) ਮਨ ਕੁਰਾਹੇ ਪਿਆ ਰਹਿੰਦਾ ਹੈ, ਉਤਨਾ ਚਿਰ ਇਹ ਵਿਕਾਰ ਹੀ ਵਿਕਾਰ ਚਿਤਵਦਾ ਰਹਿੰਦਾ ਹੈ।
ਮਨੁ ਭੂਲੋ ਸਿਰਿ ਆਵੈ ਭਾਰੁ ॥
(ਜਿਤਨਾ ਚਿਰ) ਮਨ ਕੁਰਾਹੇ ਪਿਆ ਰਹਿੰਦਾ ਹੈ, (ਮਨੁੱਖ ਦੇ) ਸਿਰ ਉਤੇ ਵਿਕਾਰਾਂ ਦਾ ਬੋਝ ਇਕੱਠਾ ਹੁੰਦਾ ਜਾਂਦਾ ਹੈ।
ਮਨੁ ਮਾਨੈ ਹਰਿ ਏਕੰਕਾਰੁ ॥੨॥
ਪਰ ਜਦੋਂ (ਗੁਰੂ ਤੋਂ ਸਿੱਖਿਆ ਲੈ ਕੇ) ਮਨ (ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ) ਪਰਚਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇਕ-ਸੁਰ ਹੋ ਜਾਂਦਾ ਹੈ ॥੨॥
ਮਨੁ ਭੂਲੋ ਮਾਇਆ ਘਰਿ ਜਾਇ ॥
(ਮਾਇਆ ਦੇ ਅਸਰ ਹੇਠ ਆ ਕੇ) ਕੁਰਾਹੇ ਪਿਆ ਮਨ ਮਾਇਆ ਦੇ ਘਰ ਵਿਚ (ਮੁੜ ਮੁੜ) ਜਾਂਦਾ ਹੈ,
ਕਾਮਿ ਬਿਰੂਧਉ ਰਹੈ ਨ ਠਾਇ ॥
ਕਾਮ-ਵਾਸਨਾ ਵਿਚ ਫਸਿਆ ਹੋਇਆ ਮਨ ਟਿਕਾਣੇ-ਸਿਰ ਨਹੀਂ ਰਹਿੰਦਾ।
ਹਰਿ ਭਜੁ ਪ੍ਰਾਣੀ ਰਸਨ ਰਸਾਇ ॥੩॥
(ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਹੇ ਪ੍ਰਾਣੀ! ਆਪਣੀ ਜੀਭ ਨੂੰ (ਅੰਮ੍ਰਿਤ ਰਸ ਵਿਚ) ਰਸਾ ਕੇ ਪਰਮਾਤਮਾ ਦਾ ਭਜਨ ਕਰ ॥੩॥
ਗੈਵਰ ਹੈਵਰ ਕੰਚਨ ਸੁਤ ਨਾਰੀ ॥
ਵਧੀਆ ਹਾਥੀ, ਵਧੀਆ ਘੋੜੇ, ਸੋਨਾ, ਪੁੱਤਰ, ਇਸਤ੍ਰੀ-(ਇਹਨਾਂ ਦਾ ਮੋਹ ਜੂਏ ਦੀ ਖੇਡ ਹੈ।)
ਬਹੁ ਚਿੰਤਾ ਪਿੜ ਚਾਲੈ ਹਾਰੀ ॥
(ਪੁੱਤਰ ਇਸਤ੍ਰੀ ਆਦਿਕ ਦੇ ਮੋਹ ਦੇ ਕਾਰਨ) ਮਨ ਨੂੰ ਬਹੁਤ ਚਿੰਤਾ ਵਿਆਪਦੀ ਹੈ, ਤੇ, ਆਖ਼ਿਰ ਇਸ ਜਗਤ-ਅਖਾੜੇ ਤੋਂ ਮਨੁੱਖ ਬਾਜ਼ੀ ਹਾਰ ਕੇ ਜਾਂਦਾ ਹੈ।
ਜੂਐ ਖੇਲਣੁ ਕਾਚੀ ਸਾਰੀ ॥੪॥
(ਜਿਵੇਂ) ਜੂਏ ਦੀ ਖੇਡ (ਚਉਪੜ ਦੀਆਂ) ਕੱਚੀਆਂ ਨਰਦਾਂ (ਮੁੜ ਮੁੜ ਮਾਰ ਖਾਂਦੀਆਂ ਹਨ, ਤਿਵੇਂ ਇਸ ਜੂਏ ਦੀ ਖੇਡ ਖੇਡਣ ਵਾਲੇ ਦਾ ਮਨ ਕਮਜ਼ੋਰ ਰਹਿ ਕੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ) ॥੪॥
ਸੰਪਉ ਸੰਚੀ ਭਏ ਵਿਕਾਰ ॥
ਜਿਉਂ ਜਿਉਂ ਮਨੁੱਖ ਧਨ ਜੋੜਦਾ ਹੈ ਮਨ ਵਿਚ ਵਿਕਾਰ ਪੈਦਾ ਹੁੰਦੇ ਜਾਂਦੇ ਹਨ,
ਹਰਖ ਸੋਕ ਉਭੇ ਦਰਵਾਰਿ ॥
(ਕਦੇ ਖ਼ੁਸ਼ੀ ਕਦੇ ਚਿੰਤਾ) ਇਹ ਖ਼ੁਸ਼ੀ ਤੇ ਸਹਮ ਸਦਾ ਮਨੁੱਖ ਦੇ ਬੂਹੇ ਉਤੇ ਖਲੋਤੇ ਹੀ ਰਹਿੰਦੇ ਹਨ।
ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥੫॥
ਪਰ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮਨ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ॥੫॥
ਨਦਰਿ ਕਰੇ ਤਾ ਮੇਲਿ ਮਿਲਾਏ ॥
(ਪਰ ਜੀਵ ਦੇ ਕੀਹ ਵੱਸ?) ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਗੁਰੂ ਇਸ ਨੂੰ ਆਪਣੇ ਸ਼ਬਦ ਵਿਚ ਜੋੜ ਕੇ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ।
ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ ॥
(ਗੁਰੂ ਦੇ ਸਨਮੁਖ ਹੋ ਕੇ) ਜੀਵ ਆਤਮਕ ਗੁਣ (ਆਪਣੇ ਅੰਦਰ) ਇਕੱਠੇ ਕਰ ਕੇ ਗੁਰ-ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਔਗੁਣ ਸਾੜ ਦੇਂਦਾ ਹੈ।
ਗੁਰਮੁਖਿ ਨਾਮੁ ਪਦਾਰਥੁ ਪਾਏ ॥੬॥
ਗੁਰੂ ਦੇ ਸਨਮੁਖ ਹੋ ਕੇ ਮਨੁੱਖ ਨਾਮ-ਧਨ ਲੱਭ ਲੈਂਦਾ ਹੈ ॥੬॥
ਬਿਨੁ ਨਾਵੈ ਸਭ ਦੂਖ ਨਿਵਾਸੁ ॥
ਪ੍ਰਭੂ ਦੇ ਨਾਮ ਵਿਚ ਜੁੜਨ ਤੋਂ ਬਿਨਾ ਮਨੁੱਖ ਦੇ ਮਨ ਵਿਚ ਸਾਰੇ ਦੁੱਖ-ਕਲੇਸ਼ਾਂ ਦਾ ਡੇਰਾ ਆ ਲੱਗਦਾ ਹੈ,
ਮਨਮੁਖ ਮੂੜ ਮਾਇਆ ਚਿਤ ਵਾਸੁ ॥
ਮੂਰਖ ਮਨਮੁਖ ਦੇ ਚਿੱਤ ਦਾ ਵਾਸਾ ਮਾਇਆ (ਦੇ ਮੋਹ) ਵਿਚ ਹੀ ਰਹਿੰਦਾ ਹੈ।
ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥੭॥
ਧੁਰੋਂ ਪਰਮਾਤਮਾ ਦੀ ਮਿਹਰ ਨਾਲ (ਜਿਸ ਦੇ ਮੱਥੇ ਉਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ ਉੱਘੜਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ॥੭॥
ਮਨੁ ਚੰਚਲੁ ਧਾਵਤੁ ਫੁਨਿ ਧਾਵੈ ॥
(ਆਤਮਕ ਗੁਣਾਂ ਤੋਂ ਸੱਖਣਾ) ਮਨ ਚੰਚਲ ਰਹਿੰਦਾ ਹੈ (ਮਾਇਆ ਦੇ ਪਿੱਛੇ) ਦੌੜਦਾ ਹੈ ਮੁੜ ਮੁੜ ਦੌੜਦਾ ਹੈ।
ਸਾਚੇ ਸੂਚੇ ਮੈਲੁ ਨ ਭਾਵੈ ॥
ਸਦਾ-ਥਿਰ ਰਹਿਣ ਵਾਲੇ ਤੇ (ਵਿਕਾਰਾਂ ਦੀ ਭਿੱਟ ਤੋਂ) ਸੁੱਚੇ ਪਰਮਾਤਮਾ ਨੂੰ (ਮਨੁੱਖ ਦੇ ਮਨ ਦੀ ਇਹ) ਮੈਲ ਚੰਗੀ ਨਹੀਂ ਲੱਗਦੀ (ਇਸ ਵਾਸਤੇ ਇਹ ਪਰਮਾਤਮਾ ਤੋਂ ਵਿਛੁੜਿਆ ਰਹਿੰਦਾ ਹੈ)।
ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥੮॥੩॥
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਉਸ ਦਾ ਜਨਮ-ਮਨੋਰਥ ਸਿਰੇ ਚੜ੍ਹ ਜਾਂਦਾ ਹੈ) ॥੮॥੩॥