ਰਾਗ ਸਿਰੀਰਾਗੁ -ਬਾਣੀ ਸ਼ਬਦ-Raag Sri – Bani

ਰਾਗ ਸਿਰੀਰਾਗੁ – ਬਾਣੀ ਸ਼ਬਦ, Raag Sri – Bani

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥

ਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਨਾਨਕ ਜੀ ਦੀ ਬਾਣੀ।

ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥

ਜੇ (ਮੇਰੇ ਵਾਸਤੇ) ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ,

ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥

ਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ (ਮੇਰੇ ਅੰਦਰ) ਚਾਉ ਚੜ੍ਹੇ,

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥

(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਮਹਲ-ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੧॥

ਹਰਿ ਬਿਨੁ ਜੀਉ ਜਲਿ ਬਲਿ ਜਾਉ ॥

ਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ।

ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥

ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਮੈ ਆਪਣੇ ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਹੈ) ਕਿ (ਤੇ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ (ਭੀ) ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ॥੧॥ ਰਹਾਉ ॥

ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥

ਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ,

ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥

ਜੇ (ਮੇਰੇ ਸਾਹਮਣੇ) ਉਹ ਸੁੰਦਰ ਇਸਤ੍ਰੀ ਹਾਵ-ਭਾਵ ਕਰੇ ਜਿਸ ਦੇ ਮੱਥੇ ਉਤੇ ਮਣੀ ਸੋਭ ਰਹੀ ਹੋਵੇ,

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥

(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੨॥

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥

ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ (ਮੇਰੇ ਪਾਸ) ਆ ਜਾਣ,

ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥

ਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ,

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥

(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੩॥

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥

ਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ ਅਤੇ ਤਖ਼ਤ ਉੱਤੇ ਪੈਰ ਰੱਖਾਂ (ਦੁਨੀਆਂ ਦਾ ਹਕੂਮਤ ਪ੍ਰਾਪਤ ਕਰ ਲਵਾਂ),

ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥

ਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ, ਤਾਂ ਭੀ, ਹੇ ਨਾਨਕ! (ਇਹ) ਸਭ ਕੁਝ ਵਿਅਰਥ ਹੈ।

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥

(ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੪॥੧॥


ਸਿਰੀਰਾਗੁ ਮਹਲਾ ੧ ॥
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥

ਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ),

ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥

ਜੇ (ਕਿਸੇ) ਗੁਫਾ ਵਿਚ (ਬੈਠਾ ਰਹਿ ਕੇ) ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ (ਭਾਵ, ਕਿ ਦਿਨ-ਰਾਤ ਮੈਂ ਗੁਫਾ ਵਿਚ ਬੈਠ ਕੇ ਸਮਾਧੀ ਲਾਈ ਰੱਖਾਂ), ਜੇ ਸੁਫਨੇ ਵਿਚ ਭੀ ਸੌਣ ਦੀ ਥਾਂ ਨ ਮਿਲੇ (ਜੇ ਕਦੇ ਭੀ ਨਾਹ ਸੌਂ ਸਕਾਂ)

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥

ਤਾਂ ਭੀ (ਹੇ ਪ੍ਰਭੂ! ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਭੀ) ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ (ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ), ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ? (ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ) ॥੧॥

ਸਾਚਾ ਨਿਰੰਕਾਰੁ ਨਿਜ ਥਾਇ ॥

ਸਦਾ ਕਾਇਮ ਰਹਿਣ ਵਾਲਾ ਨਿਰ-ਆਕਾਰ ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਹੈ (ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ)

ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥

ਅਸੀਂ ਜੀਵ ਇਕ ਦੂਜੇ ਤੋਂ ਸੁਣ ਸੁਣ ਕੇ ਹੀ (ਉਸ ਦੀ ਬਜ਼ੁਰਗੀ ਦਾ) ਬਿਆਨ ਕਰ ਦੇਂਦੇ ਹਾਂ। (ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ)। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ (ਜੀਵ ਦੇ ਅੰਦਰ ਆਪਣੀ ਸਿਫ਼ਤ-ਸਾਲਾਹ ਦੀ) ਤਾਂਘ ਪੈਦਾ ਕਰ ਦੇਂਦਾ ਹੈ ॥੧॥ ਰਹਾਉ ॥

ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥

ਜੇ (ਤਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ) ਮੈਂ ਕੁਹ ਸੁੱਟਾਂ, ਮੁੜ ਮੁੜ ਰਤਾ ਰਤਾ ਕਟਾ ਦਿਆਂ, ਚੱਕੀ ਵਿਚ ਪਾ ਕੇ ਪੀਹ ਦਿਆਂ,

ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥

ਅੱਗ ਨਾਲ ਸਾੜ ਸੁੱਟਾਂ, ਤੇ (ਆਪਣੇ ਆਪ ਨੂੰ) ਸੁਆਹ ਨਾਲ ਰਲਾ ਦਿਆਂ।

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥

(ਇਤਨੇ ਤਪ ਸਾਧ ਕੇ ਭੀ, ਹੇ ਪ੍ਰਭੂ!) ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੨॥

ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥

ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤਕ ਪਹੁੰਚ ਸਕਾਂ।

ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥

ਜੇ (ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ) ਮੈਂ ਕਿਸੇ ਨੂੰ ਦਿੱਸ ਨਾ ਸਕਾਂ, ਖਾਵਾਂ ਪੀਵਾਂ ਭੀ ਕੁਝ ਨਾ।

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥

(ਇਤਨੀ ਪਹੁੰਚ ਰੱਖਦਾ ਹੋਇਆ) ਭੀ (ਹੇ ਪ੍ਰਭੂ!) ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੩॥

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥

ਤਾਂ ਭੀ (ਹੇ ਪ੍ਰਭੂ!) ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੪॥੨॥

ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥

ਹੇ ਨਾਨਕ! (ਆਖ-ਹੇ ਪ੍ਰਭੂ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ) ਲੱਖਾਂ ਮਣਾਂ ਕਾਗ਼ਜ਼ ਹੋਣ। ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ (ਭੀ) ਕੀਤੀ ਜਾਵੇ,

ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥

ਜੇ (ਤੇਰੀ ਵਡਿਆਈ ਲਿਖਣ ਵਾਸਤੇ) ਮੈਂ ਹਵਾ ਨੂੰ ਕਲਮ ਬਣਾ ਲਵਾਂ (ਲਿਖਦਿਆਂ ਲਿਖਦਿਆਂ) ਸਿਆਹੀ ਦੀ ਭੀ ਕਦੇ ਤੋਟ ਨਾਹ ਆਵੇ,


ਸਿਰੀਰਾਗੁ ਮਹਲਾ ੧ ॥
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥

ਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇਂ ਲਈ ਹੈ,

ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥

ਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ ਇਹ ਸਫ਼ਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ-ਰੰਗ ਤੇ ਰੰਗ-ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ।

ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥

ਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ। ਮੈਂ (ਇਸ ਬਾਰੇ) ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀਹ ਪੁੱਛਣ ਜਾਵਾਂ? ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹਰ ਕੋਈ ਜਾਣਦਾ ਹੈ ॥੧॥

ਬਾਬਾ ਮਾਇਆ ਰਚਨਾ ਧੋਹੁ ॥

ਹੇ ਭਾਈ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ।

ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥੧॥ ਰਹਾਉ ॥

ਪਰ ਇਸ ਚਾਰ ਦਿਨ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ ॥੧॥ ਰਹਾਉ ॥

ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥

ਜਗਤ ਵਿਚ ਜਨਮ ਲੈ ਕੇ ਜੰਮਣ ਤੋਂ ਮਰਨ ਤਕ ਸਾਰੀ ਉਮਰ (ਮਨੁੱਖ) ਖਾਣ ਦੇ ਪਦਾਰਥ ਇਕੱਠੇ ਕਰਨ ਵਿੱਚ ਦੇ ਆਹਰ ਵਿੱਚ ਰੁੱਝਿਆ ਰਹਿੰਦਾ ਹੈ।

ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥

(ਜਿਨ੍ਹਾਂ ਦੀ ਖ਼ਾਤਰ ਇਹ ਦੌੜ ਭੱਜ ਕਰਦਾ ਹੈ, ਉਹਨਾਂ ਵਿਚੋਂ) ਕੋਈ ਭੀ ਉਹ ਥਾਂ ਤਕ ਸਾਥ ਨਹੀਂ ਨਿਬਾਹੁੰਦਾ, ਜਿਥੇ ਇਸ ਨੂੰ (ਸਾਰੀ ਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ।

ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥੨॥

(ਇਸ ਦੇ ਮਰਨ ਪਿਛੋਂ) ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ (ਇਸ ਦੇ ਭਾ ਦੀਆਂ), ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ (ਕਿਉਂਕਿ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ) ॥੨॥

ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥

(ਹੇ ਪ੍ਰਭੂ!) ਹਰੇਕ ਜੀਵ (ਤੈਨੂੰ) ਬਹੁਤ ਬਹੁਤ ਧਨ ਵਾਸਤੇ ਹੀ ਆਖਦਾ ਹੈ, ਕੋਈ ਭੀ ਥੋੜਾ ਨਹੀਂ ਮੰਗਦਾ, ਕਿਸੇ ਨੇ ਭੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ, ਮੰਗ ਮੰਗ ਕੇ ਕਦੇ ਕੋਈ ਭੀ ਰੱਜਿਆ ਨਹੀਂ (ਪਰ ਉਹ ਸਾਰਾ ਧਨ ਇਥੇ ਹੀ ਰਹਿ ਜਾਂਦਾ ਹੈ)।

ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥

ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ-ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ। ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ-ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ।

ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥੩॥

ਹੇ ਪ੍ਰਭੂ! ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਖ਼ਾਲਕ ਹੈਂ, ਹੋਰ ਸਾਰੇ ਜੀਆ-ਜੰਤ ਹੋਰ ਸਾਰੇ ਜਗਤ ਮੰਡਲ-ਨਾਸਵੰਤ ਹਨ ॥੩॥

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥

ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ,

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥

(ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ। ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥

(ਕਿਉਂਕਿ ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ ॥੪॥੩॥


ਸਿਰੀਰਾਗੁ ਮਹਲਾ ੧ ॥
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥

ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ)।

ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥

ਪਰਾਈ ਨਿੰਦਿਆ ਮੇਰੇ ਮੂੰਹ ਵਿਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ),

ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥

ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ ॥੧॥

ਬਾਬਾ ਬੋਲੀਐ ਪਤਿ ਹੋਇ ॥

ਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ।

ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ ॥

ਉਹੀ ਮਨੁੱਖ (ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ ॥੧॥ ਰਹਾਉ ॥

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥

ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ,

ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥

ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ, ਤੇ ਮਾਸ (ਖਾਣ) ਦਾ ਚਸਕਾ,

ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥

ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ? ॥੨॥

ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥

ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ।

ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥

ਹੇ ਮੂਰਖ ਅੰਞਾਣ ਮਨ! ਸੁਣ, ਫਿੱਕਾ (ਨਾਮ-ਰਸ ਤੋਂ ਸੱਖਣਾ) ਬੋਲ ਬੋਲਿਆਂ ਖ਼ੁਆਰ ਹੋਈਦਾ ਹੈ (ਭਾਵ, ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖ਼ਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ)। ਪ੍ਰਭੂ ਭੀ ਸਿਫ਼ਤ-ਸਾਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ।

ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥

ਜੋ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ ॥੩॥

ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥

ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ।

ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥

ਐਸੇ ਭਲੇ ਮਨੁੱਖਾਂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ। ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ?

ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥

ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ ॥੪॥੪॥


ਸਿਰੀਰਾਗੁ ਮਹਲਾ ੧ ॥
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥

ਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ-ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ।

ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥

(ਇਸ ਮੋਹ-ਅਫੀਮ ਨੂੰ ਖਾ ਕੇ) ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿਚ ਰੰਗ-ਰਲੀਆਂ ਮਾਣ ਰਹੀ ਹੈ।

ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥

ਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ ॥੧॥

ਨਾਨਕ ਸਾਚੇ ਕਉ ਸਚੁ ਜਾਣੁ ॥

ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ,

ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥

ਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ (ਤੇ ਅਰਦਾਸ ਕਰ ਕਿ ਹੇ ਪ੍ਰਭੂ! ਆਪਣਾ ਨਾਮ ਦੇਹ ਜਿਸ ਕਰਕੇ) ਤੇਰੀ ਹਜ਼ੂਰੀ ਵਿਚ ਆਦਰ ਮਿਲ ਸਕੇ ॥੧॥ ਰਹਾਉ ॥

ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥

ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ)।

ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥

ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ।

ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥

ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ) ॥੨॥

ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥

ਪ੍ਰਭੂ ਦਾ ਨਾਮ ਤੇ ਸਿਫ਼ਤ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ।

ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥

ਪਰਮਾਤਮਾ ਦਾ ਨਾਮ ਤੇ ਸਿਫ਼ਤ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ।

ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥

ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ॥੩॥

ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥

ਜਿਸ ਪ੍ਰਭੂ ਦੀ ਬਖ਼ਸ਼ੀ ਹੋਈ ਇਹ ਜਿੰਦ-ਜਾਨ ਹੈ, ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।

ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥

ਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉੱਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ,

ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥

(ਕਿਉਂਕਿ) ਹੋਰ ਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿਚ ਫਸਾਂਦੀਆਂ ਹਨ। (ਹੇ ਪ੍ਰਭੂ!) ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ ॥੪॥੫॥


ਸਿਰੀਰਾਗੁ ਮਹਲੁ ੧ ॥
ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥

(ਹੇ ਭਾਈ! ਮਾਇਆ ਦਾ) ਮੋਹ ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗ਼ਜ਼ ਬਣਾ।

ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥

ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ।

ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥

ਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫ਼ਤ-ਸਾਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ-ਉਰਲਾ ਬੰਨਾ ਨਹੀਂ ਲੱਭ ਸਕਦਾ ॥੧॥

ਬਾਬਾ ਏਹੁ ਲੇਖਾ ਲਿਖਿ ਜਾਣੁ ॥

ਹੇ ਭਾਈ! ਇਹ ਲੇਖਾ ਲਿਖਣ ਦੀ ਜਾਚ ਸਿੱਖ।

ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥

ਜਿਸ ਥਾਂ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ ॥੧॥ ਰਹਾਉ ॥

ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥

ਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ।

ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦਾ) ਸਦਾ-ਥਿਰ ਨਾਮ ਵੱਸਦਾ ਹੈ (ਲੇਖਾ ਮੰਗਣ ਵਾਲੇ ਥਾਂ) ਉਹਨਾਂ ਦੇ ਮੂੰਹ ਉਤੇ ਟਿੱਕੇ ਲੱਗਦੇ ਹਨ,

ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥

ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ ॥੨॥

ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥

(ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ।

ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥

ਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।

ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥

(ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ-ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ) ॥੩॥

ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥

(ਹੇ ਪ੍ਰਭੂ!) ਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖ਼ਲਾ ਬਹੁਤ ਵਿਆਪਦਾ ਹੈ, (ਇਸ ਤੌਖ਼ਲੇ ਵਿਚ) ਖਿੱਝ ਖਿੱਝ ਕੇ ਸਰੀਰ ਭੀ ਢਹਿੰਦਾ ਜਾਂਦਾ ਹੈ,

ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥

(ਤੇਰੀ ਯਾਦ ਤੋਂ ਬਿਨਾ ਮਾਇਆ ਦਾ ਭੀ ਕੀਹ ਮਾਣ?) ਜਿਨ੍ਹਾਂ ਦੇ ਨਾਮ ਖ਼ਾਨ ਸੁਲਤਾਨ ਕਰ ਕੇ ਵੱਜਦੇ ਹਨ ਸਭ (ਇਥੇ ਹੀ) ਮਿੱਟੀ ਵਿਚ ਮਿਲ ਜਾਂਦੇ ਹਨ।

ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥

ਹੇ ਨਾਨਕ! (ਆਖਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ) ॥੪॥੬॥


ਸਿਰੀਰਾਗੁ ਮਹਲਾ ੧ ॥
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥

ਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ।

ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥

ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਕੀਰਤਨ ਮਸਾਲੇ ਜਾਣੋ।

ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥

ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ ॥੧॥

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥

ਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ,

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ ॥੧॥ ਰਹਾਉ ॥

ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥

ਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ।

ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥

ਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ।

ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥

ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ ॥੨॥

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥

ਹੇ ਭਾਈ! ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ,

ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ ॥੧॥ ਰਹਾਉ ॥

ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥

ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ।

ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥

ਤੇਰੀ ਸਿਫ਼ਤ-ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ।

ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥

(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ ॥੩॥

ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥

ਹੇ ਭਾਈ! ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ,

ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

ਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ ॥੧॥ ਰਹਾਉ ॥

ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥

(ਦੂਜਿਆਂ ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖ਼ੁਸ਼ੀ ਮੈਨੂੰ ਆਪਣਾ ਪਰਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ)।

ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥

ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।

ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥

ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ॥੪॥

ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥

ਹੇ ਭਾਈ! (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ,

ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥

ਕਿਉਂ ਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ ॥੧॥ ਰਹਾਉ ॥੪॥੭॥{16-17}

ਸਿਰੀਰਾਗੁ ਮਹਲਾ ੧ ॥

ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
ਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸੁੱਧ ਵਿਕਾਰ-ਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਉਸ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ),

ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥

ਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿਤ੍ਰ ਹੋ ਚੁਕਾ ਹੋਵੇ) ਉਸ ਮਨੁੱਖ ਦੇ ਅੰਦਰ ਮਤਿ ਖਿੜਦੀ ਹੈ।

ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥

ਉਸ ਖਿੜੀ ਹੋਈ ਮਤਿ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ।

ਬਾਬਾ ਹੋਰ ਮਤਿ ਹੋਰ ਹੋਰ ॥

ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮਤਿ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ।

ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ ॥

ਸਿਫ਼ਤ-ਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਭੀ ਕਰੀਏ (ਤਾਂ ਕੁਝ ਨਹੀਂ ਬਣਦਾ, ਕਿਉਂਕਿ) ਕੂੜਾ ਕਰਮ ਕਰਨ ਨਾਲ ਕੂੜ ਦਾ ਹੀ ਜ਼ੋਰ ਵਧਦਾ ਹੈ ॥੧॥

ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥

ਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ,

ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥

ਜੇ ਉਹ ਪੁੱਗਿਆ ਹੋਇਆ (ਕਰਾਮਾਤੀ) ਜੋਗੀ ਗਿਣਿਆ ਜਾਣ ਲੱਗ ਪਏ, ਵੱਡੇ ਨਾਮਣੇ ਵਾਲਾ ਸਦਾਣ ਲੱਗ ਪਏ,

ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥

(ਤਾਂ ਭੀ ਇਹ ਸਭ ਕੁਝ ਕਿਸੇ ਅਰਥ ਨਹੀਂ, ਕਿਉਂਕਿ) ਜੇ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ, ਤਾਂ (ਦੁਨੀਆ ਵਿਚ ਹੋਈ) ਸਾਰੀ ਪੂਜਾ ਖ਼ੁਆਰ ਹੀ ਕਰਦੀ ਹੈ ॥੨॥

ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥

ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੇ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ।

ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥

(ਕਿਉਂਕਿ) ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੇ ਅੰਦਰ ਨਾਮ ਹੀ ਉੱਘੜਦਾ ਹੈ।

ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥

(ਇਹ ਪੱਕਾ ਨਿਯਮ ਜਾਣੋ ਕਿ) ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇਕ-ਰਸ ਸਦਾ-ਥਿਰ ਰਹਿਣ ਵਾਲਾ ਹੈ ॥੩॥

ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥

(ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿਚ ਰਲਿਆ, ਤਾਂ (ਨਾਮ-ਹੀਣ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ।

ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥

(ਦੁਨੀਆ ਵਿਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ।

ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥

ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ ॥੪॥੮॥


ਸਿਰੀਰਾਗੁ ਮਹਲਾ ੧ ॥
ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥

ਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ। ਪਰ ਜਿਸ ਦੇ ਅੰਦਰ (ਮਾਇਆ ਦੇ ਮੋਹ ਦੇ ਕਾਰਨ) ਔਗੁਣ ਹੀ ਔਗੁਣ ਹਨ ਉਹ (ਆਪਣੇ ਹੀ ਔਗੁਣਾਂ ਦੇ ਪ੍ਰਭਾਵ ਹੇਠ) ਸਦਾ ਝੂਰਦੀ ਰਹਿੰਦੀ ਹੈ।

ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥

ਹੇ ਜੀਵ-ਇਸਤ੍ਰੀ! ਜੇ ਤੂੰ ਖਸਮ-ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ (ਚੇਤੇ ਰੱਖ ਕਿ) ਕੂੜੇ ਮੋਹ ਵਿਚ ਫਸੇ ਰਿਹਾਂ ਪਤੀ-ਪ੍ਰਭੂ ਨੂੰ ਨਹੀਂ ਮਿਲ ਸਕਦੀ।

ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥

(ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾਹ ਤੁਲਹਾ ਹੈ, ਇਸ ਤਰ੍ਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾ, (ਕਿਉਂਕਿ) ਉਹ ਤਾਂ (ਇਸ ਸੰਸਾਰ-ਸਮੁੰਦਰ ਤੋਂ ਪਾਰ ਹੈ,) ਦੂਰ ਹੈ ॥੧॥

ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥

ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੈ)।

ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥

ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ ॥੧॥ ਰਹਾਉ ॥

ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥

ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ, ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ।

ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥

(ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਆਨੰਦ ਦੇਣ ਵਾਲੇ ਕਿਲ੍ਹੇ ਹਨ।

ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥

ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ॥੨॥

ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥

ਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ।

ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥

ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ।

ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥

ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤਿ ਸਰੋਵਰ ਵਿਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ ॥੩॥

ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥

ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈ, ਉਸ ਦਾ ਨਿਵਾਸ ਭੀ ਐਸੇ ਤਖ਼ਤ ਉੱਤੇ ਹੈ ਜਿਸ ਵਿਚ ਕੋਈ ਘਾਟ ਨਹੀਂ ਹੈ।

ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥

ਉਹ ਪੂਰਾ ਪ੍ਰਭੂ ਸੋਹਣੇ ਉਕਾਈ-ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।

ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥

ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ? ॥੪॥੯॥


ਸਿਰੀਰਾਗੁ ਮਹਲਾ ੧ ॥
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥

ਹੇ ਸਤਸੰਗਣ ਭੈਣੋ ਤੇ ਸਹੇਲੀਹੋ! ਆਓ, ਪਿਆਰ ਨਾਲ (ਸਤ-ਸੰਗ ਵਿਚ) ਇਕੱਠੀਆਂ ਹੋਵੀਏ।

ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥

ਸਤਸੰਗ ਵਿਚ ਮਿਲ ਕੇ ਉਸ ਖਸਮ-ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ।

ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥

(ਹੇ ਸਹੇਲੀਹੋ!) ਉਸ ਸਦਾ-ਥਿਰ ਮਾਲਕ ਵਿਚ ਸਾਰੇ ਗੁਣ ਹੀ ਗੁਣ ਹਨ (ਉਸ ਤੋਂ ਵਿੱਛੁੜ ਕੇ ਹੀ) ਸਾਰੇ ਔਗੁਣ ਸਾਡੇ ਵਿਚ ਆ ਜਾਂਦੇ ਹਨ ॥੧॥

ਕਰਤਾ ਸਭੁ ਕੋ ਤੇਰੈ ਜੋਰਿ ॥

ਹੇ ਕਰਤਾਰ! ਹਰੇਕ ਜੀਵ ਤੇਰੇ ਹੁਕਮ ਵਿਚ (ਹੀ ਤੁਰ ਸਕਦਾ ਹੈ)।

ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥

ਜਦੋਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ (ਤਾਂ ਇਹ ਸਮਝ ਪੈਂਦੀ ਹੈ ਕਿ) ਜਦੋਂ ਤੂੰ (ਸਾਡੇ ਸਿਰ ਉੱਤੇ ਰਾਖਾ) ਹੈਂ, ਤਾਂ ਹੋਰ ਕੋਈ ਸਾਡਾ ਕੀਹ ਵਿਗਾੜ ਸਕਦੇ ਹਨ ॥੧॥ ਰਹਾਉ ॥

ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀਂ ॥

(ਹੇ ਸਤਸੰਗਣ ਭੈਣੋ! ਬੇ-ਸ਼ੱਕ) ਜਾ ਕੇ ਸੁਹਾਗਣ (ਜੀਵ-ਇਸਤ੍ਰੀਆਂ) ਨੂੰ ਪੁੱਛ ਲਵੋ ਕਿ ਤੁਸਾਂ ਕਿਨ੍ਹਾਂ ਗੁਣਾਂ ਦੀ ਰਾਹੀਂ ਪ੍ਰਭੂ-ਮਿਲਾਪ ਹਾਸਲ ਕੀਤਾ ਹੈ?

ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥

ਉਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ (ਤਾਹੀਏਂ ਉਹਨਾਂ ਨੂੰ ਮਿਲ ਪਿਆ)।

ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥

ਉਹ ਆਨੰਦ-ਦਾਤਾ ਪ੍ਰਭੂ-ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਜਾਏ (ਤੇ ਸੰਤੋਖ ਮਿਠ-ਬੋਲਾ-ਪਨ ਆਦਿਕ ਗੁਣ ਧਾਰੇ ਜਾਣ) ॥੨॥

ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥

ਹੇ ਪ੍ਰਭੂ! ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖ਼ਸ਼ਸ਼ਾਂ ਹਨ।

ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥

ਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫ਼ਤਾਂ ਕਰ ਰਹੇ ਹਨ।

ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥

ਤੇਰੇ ਬੇਅੰਤ ਹੀ ਰੂਪ ਰੰਗ ਹਨ, ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਿਚ ਹਨ ॥੩॥

ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥

ਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥

ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ, (ਪ੍ਰਭੂ ਦੇ ਦਰ ਤੇ) ਉਸ ਨੂੰ ਆਦਰ ਮਿਲਦਾ ਹੈ, ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਸੰਸਾਰਕ ਡਰ ਮੁਕਾ ਲੈਂਦਾ ਹੈ।

ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥

ਤੇ ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੧੦॥


ਸਿਰੀਰਾਗੁ ਮਹਲਾ ੧ ॥

ਰਾਗ ਸਿਰੀਰਾਗ ਵਿੱਚ ਗੁਰੂ ਨਾਨਕ ਦੀ ਬਾਣੀ।

ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥

(ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ।

ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥

ਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖ਼ੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿਚ ਹੋ ਗਏ।

ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥

ਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ), ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ ॥੧॥

ਮਨ ਰੇ ਸਚੁ ਮਿਲੈ ਭਉ ਜਾਇ ॥

ਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ।

ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥

ਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ ॥੧॥ ਰਹਾਉ ॥

ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥

ਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ)।

ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥

(ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ਼ ਇਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿਚ ਸੁਖ ਭੀ ਨਹੀਂ ਹੈ)।

ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥

ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ ॥੨॥

ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥

ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ।

ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥

(ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ।

ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥

ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੩॥

ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥

ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖ਼ਰੀਦਿਆ ਜਾ ਸਕਦਾ ਹੈ।

ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥

ਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖ਼ਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ।

ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥

ਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ ॥੪॥੧੧॥


ਸਿਰੀਰਾਗੁ ਮਹਲੁ ੧ ॥
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ (ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜ਼ੇਵਰ ਢਲ ਕੇ) ਮੁੜ (ਉਸੇ) ਧਾਤ ਨਾਲ ਇੱਕ-ਰੂਪ ਹੋ ਜਾਂਦਾ ਹੈ।

ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥

(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨੁੱਖ ਉੱਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ (ਮਨੁੱਖ ਦਾ ਚਿਹਰਾ ਚਮਕ ਉਠਦਾ ਹੈ)।

ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥

ਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ ॥੧॥

ਭਾਈ ਰੇ ਸੰਤ ਜਨਾ ਕੀ ਰੇਣੁ ॥

ਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ।

ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥

ਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧॥ ਰਹਾਉ ॥

ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥

ਪਰਮਾਤਮਾ (ਦੇ ਰਹਿਣ) ਦਾ ਸੋਹਣਾ ਥਾਂ ਉੱਚਾ ਹੈ, ਉਸ ਦਾ ਮਹਲ (ਸਭ ਤੋਂ) ਉੱਪਰ ਹੈ।

ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥

ਉਸ ਦਾ ਦਰ ਉਸ ਦਾ ਘਰ ਮਹਲ ਪਿਆਰ ਦੀ ਰਾਹੀਂ ਲੱਭਦਾ ਹੈ, ਟਿਕਵਾਂ (ਚੰਗਾ) ਆਚਰਣ ਦੇ ਕੇ ਲੱਭੀਦਾ ਹੈ।

ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥

(ਪਰ ਉੱਚਾ ਆਚਰਨ ਭੀ ਸੌਖੀ ਖੇਡ ਨਹੀਂ, ਮਨ ਵਿਕਾਰਾਂ ਵਲ ਹੀ ਪ੍ਰੇਰਦਾ ਰਹਿੰਦਾ ਹੈ, ਤੇ) ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ-ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ ॥੨॥

ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥

(ਦੁਨੀਆ ਵਿਚ ਆਮ ਤੌਰ ਤੇ) ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸਂਹਸਿਆਂ ਦਾ ਗੇੜ ਬਣਿਆ ਰਹਿੰਦਾ ਹੈ (ਇਹਨਾਂ ਦੇ ਕਾਰਨ ਮਨ ਵਿਚ ਖਿੱਝ ਬਣਦੀ ਹੈ)।

ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥

ਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ), ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ।

ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥

ਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ (ਆਪਣੇ ਮਨ ਦੀ) ਮੈਲ ਸਾਫ਼ ਕਰਦਾ ਹੈ (ਮਨ ਭਟਕਣੋਂ ਹਟ ਜਾਂਦਾ ਹੈ) ਤੇ ਅਡੋਲਤਾ ਵਿਚ ਪਰਮਾਤਮਾ ਦਾ ਟਿਕਾਣਾ (ਆਪਣੇ ਅੰਦਰ ਹੀ) ਪਛਾਣ ਲਈਦਾ ਹੈ ॥੩॥

ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥

ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਲੱਭਦੀ।

ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥

(ਹੇ ਭਾਈ!) ਇਕ (ਰਾਜ਼ਕ) ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਵਿਚਾਰਨੀ ਚਾਹੀਦੀ ਹੈ (ਜੋ ਸਿਫ਼ਤ-ਸਾਲਾਹ ਕਰਦਾ ਹੈ ਉਹ) ਹੋਰ ਹੋਰ ਆਸਾਂ ਛੱਡ ਦੇਂਦਾ ਹੈ।

ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥

ਹੇ ਨਾਨਕ! (ਆਖ-) ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰ ਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੪॥੧੨॥


ਸਿਰੀਰਾਗੁ ਮਹਲਾ ੧ ॥
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥

ਜੇਹੜੀ ਭਾਗ-ਹੀਣ ਜੀਵ-ਇਸਤ੍ਰੀ (ਪ੍ਰਭੂ-ਪਤੀ ਤੋਂ ਬਿਨਾ ਮਾਇਆ ਆਦਿਕ) ਹੋਰ ਦੂਜੇ ਪਿਆਰ ਵਿਚ ਹੀ ਠੱਗੀ ਰਹਿੰਦੀ ਹੈ ਉਸ ਦਾ ਜੀਉਣਾ ਫਿਟਕਾਰ-ਜੋਗ ਹੀ ਹੈ।

ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥

ਜਿਵੇਂ ਕੱਲਰ ਦੀ ਕੰਧ (ਸਹਜੇ ਸਹਜੇ) ਕਿਰਦੀ ਰਹਿੰਦੀ ਹੈ, ਤਿਵੇਂ ਉਸ ਦਾ ਆਤਮਕ ਜੀਵਨ ਭੀ ਦਿਨ ਰਾਤ (ਮਾਇਆ ਦੇ ਮੋਹ ਵਿਚ) ਕਿਰ ਕਿਰ ਕੇ ਢਹਿ-ਢੇਰੀ ਹੁੰਦਾ ਜਾਂਦਾ ਹੈ।

ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥

(ਸੁਖ ਦੀ ਖ਼ਾਤਰ ਉਹ ਦੌੜ-ਭੱਜ ਕਰਦੀ ਹੈ, ਪਰ) ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ (ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ) ਪਤੀ-ਪ੍ਰਭੂ ਨੂੰ ਮਿਲਣ ਤੋਂ ਬਿਨਾ ਮਾਨਸਕ ਦੁੱਖ ਦੂਰ ਨਹੀਂ ਹੁੰਦਾ ॥੧॥

ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥

ਹੇ ਮੂਰਖ ਜੀਵ ਇਸਤ੍ਰੀ! ਜੇ ਪਤੀ ਨ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ।

ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥

(ਜੋ ਜੀਵ-ਇਸਤ੍ਰੀ ਪ੍ਰੇਮ ਤੋਂ ਸੱਖਣੀ ਰਹਿ ਕੇ ਹੀ ਧਾਰਮਿਕ ਉੱਦਮ ਕਰਮ ਆਦਿਕ ਕਰੀ ਜਾਂਦੀ ਹੈ, ਪਰ ਉਸ ਦੇ ਅੰਦਰ ਮਾਇਆ-ਮੋਹ ਪ੍ਰਬਲ ਹੈ) ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿਚ ਆਸਰਾ ਨਹੀਂ ਲੈ ਸਕਦੀ, (ਕਿਉਂਕਿ) ਝੂਠ (ਭਾਵ, ਮਾਇਆ ਦਾ ਮੋਹ) ਪ੍ਰਭੂ ਦੀ ਹਜ਼ੂਰੀ ਵਿਚ ਦੁਰਕਾਰਿਆ ਹੀ ਜਾਂਦਾ ਹੈ ॥੧॥ ਰਹਾਉ ॥

ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥

(ਕਿਸਾਨ ਆਪਣੇ ਰੋਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀ ਬੀਜਣ ਤੋਂ ਪਹਿਲਾਂ ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਫਸਲ ਚੰਗਾ ਲੱਗ ਸਕੇ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਡਾ ਕਿਸਾਨ ਹੈ, ਉਹ (ਬੜਾ) ਸਿਆਣਾ ਕਿਸਾਨ ਹੈ, ਉਹ ਗ਼ਲਤੀ ਨਹੀਂ ਖਾਂਦਾ।

ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥

(ਜਿਸ ਹਿਰਦੇ-ਧਰਤੀ ਵਿਚ ਨਾਮ-ਬੀਜ ਬੀਜਣਾ ਹੁੰਦਾ ਹੈ) ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਫਿਰ ਉਸ ਵਿਚ ਸੱਚੇ ਨਾਮ ਦਾ ਬੀਜ ਬੀਜਦਾ ਹੈ।

ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥

ਉਥੇ ਨਾਮ ਉੱਗਦਾ ਹੈ, (ਮਾਨੋ) ਨੌ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ, ਪ੍ਰਭੂ ਦੀ ਮਿਹਰ ਨਾਲ (ਉਸ ਹਿਰਦੇ ਵਿਚ ਕੀਤੀ ਮਿਹਨਤ) ਕਬੂਲ ਪੈਂਦੀ ਹੈ ॥੨॥

ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥

ਜੇਹੜਾ ਮਨੁੱਖ ਜਾਣ ਬੁੱਝ ਕੇ ਗੁਰੂ (ਦੀ ਬਜ਼ੁਰਗੀ) ਨੂੰ ਨਹੀਂ ਸਮਝਦਾ ਉਸ ਦਾ ਸਾਰਾ ਜੀਵਨ-ਢੰਗ ਕੋਝਾ ਹੈ।

ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥

(ਆਤਮਕ ਰੌਸ਼ਨੀ ਵਲੋਂ) ਉਸ ਅੰਨ੍ਹੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਜੀਵਨ-ਪੰਧ ਵਿਚ) ਘੁੱਪ ਹਨੇਰਾ ਹੀ ਹਨੇਰਾ ਰਹਿੰਦਾ ਹੈ।

ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥

ਉਸ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਉਹ ਨਿੱਤ ਜੰਮਦਾ ਹੈ ਮਰਦਾ ਹੈ, ਜੰਮਦਾ ਹੈ, ਮਰਦਾ ਹੈ ਤੇ ਖ਼ੁਆਰ ਹੁੰਦਾ ਰਹਿੰਦਾ ਹੈ ॥੩॥

ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥

(ਕਿਸੇ ਇਸਤ੍ਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ) ਚੰਦਨ ਮੁੱਲ ਮੰਗਾਇਆ, ਕੇਸਰ ਮੰਗਾਇਆ, ਸਿਰ ਦੇ ਕੇਸਾਂ ਦੇ ਚੀਰ ਸੁੰਦਰ ਬਣਾਣ ਲਈ ਸੰਧੂਰ ਮੰਗਾਇਆ।

ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥

ਅਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ।

ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥

ਪਰ ਜੇ ਉਹ ਇਸਤ੍ਰੀ ਪਤੀ ਨੂੰ (ਫਿਰ ਭੀ) ਚੰਗੀ ਨ ਲੱਗੀ, ਤਾਂ ਉਸ ਦੇ ਉਹ ਵਿਖਾਵੇ ਦੇ ਸਾਰੇ ਉੱਦਮ ਵਿਅਰਥ ਗਏ (ਇਹੀ ਹਾਲ ਜੀਵ-ਇਸਤ੍ਰੀ ਦਾ ਹੈ, ਪਤੀ-ਪ੍ਰਭੂ ਵਿਖਾਵੇ ਦੇ ਧਾਰਮਿਕ ਉੱਦਮਾਂ ਨਾਲ ਨਹੀਂ ਰੀਝਦਾ) ॥੪॥

ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥

ਅਜੇਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ (ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ) ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੀ ਜਾਂਦੀਆਂ ਹਨ।

ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥

ਜਦ ਤਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ (-ਤੀਰ) ਨਾਲ ਵਿੱਝਦਾ ਨਹੀਂ, ਤਦ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲਦੀ।

ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥

ਹੇ ਨਾਨਕ! ਉਹੀ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਮੁਬਾਰਿਕ ਹਨ ਜਿਨ੍ਹਾਂ ਦਾ ਪ੍ਰਭੂ-ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ ॥੫॥੧੩॥


ਸਿਰੀਰਾਗੁ ਮਹਲਾ ੧ ॥
ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥

ਜਦੋਂ ਜਿੰਦ ਸਰੀਰ ਵਿਚੋਂ ਨਿਕਲ ਜਾਂਦੀ ਹੈ, ਤਾਂ ਇਹ ਸਰੀਰ ਉੱਜੜ ਜਾਂਦਾ ਹੈ, ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ।

ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥

ਜੇਹੜੀ ਜੀਵਨ-ਅਗਨੀ (ਪਹਿਲਾਂ ਇਸ ਵਿਚ) ਬਲਦੀ ਸੀ ਉਹ ਬੁੱਝ ਜਾਂਦੀ ਹੈ (ਜੀਵਨ-ਸੱਤਿਆ ਮੁੱਕ ਜਾਂਦੀ ਹੈ), ਕੋਈ ਭੀ ਸਾਹ ਨਹੀਂ ਆਉਂਦਾ ਜਾਂਦਾ।

ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥

(ਅੱਖਾਂ ਕੰਨ ਆਦਿਕ) ਜੇਹੜੇ ਪੰਜ ਗਿਆਨ-ਇੰਦ੍ਰੇ (ਪਰ-ਤਨ ਨਿੰਦਾ ਆਦਿਕ) ਮਾਇਕ ਮੋਹ ਵਿਚ ਹੀ ਨਾਸ ਹੁੰਦੇ ਰਹੇ, ਉਹ ਵੀ ਦੁਖੀ ਹੋ ਹੋ ਕੇ ਰੋਏ (ਭਾਵ, ਨਕਾਰੇ ਹੋ ਜਾਣ ਤੇ ਮਜਬੂਰ ਹੋ ਗਏ) ॥੧॥

ਮੂੜੇ ਰਾਮੁ ਜਪਹੁ ਗੁਣ ਸਾਰਿ ॥

ਹੇ ਮੂਰਖ ਜੀਵ! (ਉਸ ਅੰਤਲੀ ਦਸ਼ਾ ਨੂੰ ਸਾਹਮਣੇ ਲਿਆ ਕੇ) ਪਰਮਾਤਮਾ ਦੇ ਗੁਣ ਚੇਤੇ ਕਰ, ਪ੍ਰਭੂ ਦਾ ਨਾਮ ਜਪ।

ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ ਰਹਾਉ ॥

ਸਾਰੀ ਸ੍ਰਿਸ਼ਟੀ (ਗਾਫ਼ਿਲ ਹੋ ਕੇ) ਮੋਹਣੀ ਮਾਇਆ ਦੀ ਮਮਤਾ ਵਿਚ ਹਉਮੈ ਵਿਚ ਤੇ ਅਹੰਕਾਰ ਵਿਚ ਠੱਗੀ ਜਾ ਰਹੀ ਹੈ ॥੧॥ ਰਹਾਉ ॥

ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥

ਜਿਨ੍ਹਾਂ ਬੰਦਿਆਂ ਨੇ ਹੋਰ ਹੋਰ ਨਿਰੀ ਦੁਨੀਆਵੀ ਕਾਰ ਵਿਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ,

ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥

ਉਹ ਸਦਾ ਮੇਰ-ਤੇਰ ਵਿਚ ਫਸੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿਚ ਖਿੱਝ ਸੜ ਕੇ ਉਹ ਆਤਮਕ ਮੌਤ ਮਰ ਗਏ।

ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥

ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ, ਉਹ ਤ੍ਰਿਸ਼ਨਾ-ਅੱਗ ਤੋਂ ਬੱਚ ਗਏ, ਬਾਕੀ ਸਭਨਾਂ ਨੂੰ ਦੁਨੀਆ ਦੇ ਖੱਲਜਗਣ-ਠੱਗ ਨੇ ਠੱਗ ਲਿਆ ॥੨॥

ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥

ਉਸ ਦੀ ਦੁਨੀਆਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖ਼ਤਮ ਹੋ ਜਾਂਦਾ ਹੈ, ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਰਹਿ ਜਾਂਦਾ।

ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥

ਉਸ ਦੀ ਮਾਇਆ ਵਾਲੀ ਦੌੜ-ਭੱਜ ਮੁੱਕ ਜਾਂਦੀ ਹੈ, ਹਉਮੈ ਮਰ ਜਾਂਦੀ ਹੈ, ਮਾਇਆ ਦੀ ਮਮਤਾ ਖ਼ਤਮ ਹੋ ਜਾਂਦੀ ਹੈ, ਤੇ ਕ੍ਰੋਧ ਵੀ ਮਰ ਜਾਂਦਾ ਹੈ।

ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥

ਪਰ ਜੋ ਗੁਰਮੁਖਿ ਗਿਆਨ-ਇੰਦ੍ਰਿਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕ੍ਰਿਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ॥੩॥

ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥

ਜੇਹੜਾ ਮਨੁੱਖ (ਸਿਮਰਨ ਦੀ) ਸਦਾ-ਟਿਕੀ ਰਹਿਣ ਵਾਲੀ ਕਾਰ ਵਿਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ।

ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥

ਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬੱਚ ਜਾਂਦਾ ਹੈ।

ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥

ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਸਰੋਪਾ ਲੈ ਕੇ ਜਾਂਦਾ ਹੈ ॥੪॥੧੪॥


ਸਿਰੀਰਾਗੁ ਮਹਲ ੧ ॥
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥

(ਜਿਸ ਨੇ ਨਾਮ ਨਹੀਂ ਸਿਮਰਿਆ, ਉਸ ਦਾ) ਸਰੀਰ (ਵਿਕਾਰਾਂ ਵਿਚ ਹੀ) ਸੜ ਬਲ ਕੇ ਮਿੱਟੀ ਹੋ ਜਾਂਦਾ ਹੈ (ਰੁਲ ਜਾਂਦਾ ਹੈ), ਉਸ ਦਾ ਮਨ ਮਾਇਆ ਦੇ ਮੋਹ ਵਿਚ (ਫਸ ਕੇ, ਮਾਨੋ) ਸੜਿਆ ਹੋਇਆ ਲੋਹਾ ਬਣ ਜਾਂਦਾ ਹੈ।

ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥

ਫਿਰ ਵੀ ਵਿਕਾਰ ਉਸ ਦੀ ਖ਼ਲਾਸੀ ਨਹੀਂ ਕਰਦੇ, ਉਹ ਅਜੇ ਵੀ ਕੂੜ ਵਿਚ ਮਸਤ ਰਹਿ ਕੇ (ਮਾਇਆ ਦੇ ਮੋਹ ਦਾ) ਵਾਜਾ ਵਜਾਂਦਾ ਹੈ।

ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥

ਗੁਰ-ਸ਼ਬਦ ਤੋਂ ਵਾਂਜਿਆਂ ਰਹਿ ਕੇ ਉਹ ਭਟਕਣਾ ਵਿਚ ਪਿਆ ਰਹਿੰਦਾ ਹੈ। ਦੁਬਿਧਾ ਉਸ ਮਨੁੱਖ ਦਾ (ਗਿਆਨ-ਇੰਦ੍ਰਿਆਂ ਦਾ) ਸਾਰਾ ਹੀ ਪਰਵਾਰ (ਮੋਹ ਦੇ ਸਮੁੰਦਰ ਵਿਚ) ਡੋਬ ਦੇਂਦੀ ਹੈ ॥੧॥

ਮਨ ਰੇ ਸਬਦਿ ਤਰਹੁ ਚਿਤੁ ਲਾਇ ॥

ਹੇ (ਮੇਰੇ) ਮਨ! ਗੁਰੂ ਦੇ ਸ਼ਬਦ ਵਿਚ ਚਿੱਤ ਜੋੜ (ਤੇ ਇਸ ਤਰ੍ਹਾਂ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ।

ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ ॥੧॥ ਰਹਾਉ ॥

ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥

ਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ।

ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥

ਜੇਹੜਾ ਸੁੰਦਰ ਸਰੀਰ ਪਰਮਾਤਮਾ ਦੇ ਅਦਬ-ਪਿਆਰ ਵਿਚ ਪਰਮਾਤਮਾ ਦੀ ਯਾਦ ਵਿਚ ਰੰਗਿਆ ਰਹਿੰਦਾ ਹੈ, ਜਿਸ ਦੀ ਜੀਭ ਨੂੰ ਸਿਮਰਨ ਹੀ (ਆਪਣੀ ਹਸਤੀ ਦਾ) ਅਸਲ ਮਨੋਰਥ ਜਾਪਦਾ ਹੈ,

ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥

ਜਿਸ ਉਸ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਮੁੜ ਮੁੜ (ਚੌਰਾਸੀ ਦੇ ਗੇੜ ਦੀ ਕੁਠਾਲੀ ਵਿਚ ਪੈ ਕੇ) ਤਾਅ (ਸੇਕ) ਨਹੀਂ ਸਹਾਰਦਾ ॥੨॥

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥

(ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ,

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥

ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।

ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥

ਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਉਹ ਸਦਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ॥੩॥

ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥

ਉਸ ਦਾ ਮਨ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ।

ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥

ਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿਚ ਪ੍ਰਭੂ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੀ ਜੋਤਿ ਸਦਾ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ।

ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥

ਹੇ ਨਾਨਕ! ਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀ, ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲੀ, ਵਿਕਾਰ ਉਸ ਤੋਂ ਪਰੇ ਹਟ ਗਏ ॥੪॥੧੫॥{19-20}


ਸਿਰੀਰਾਗੁ ਮਹਲਾ ੧ ॥
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥

ਹੇ ਨਾਨਕ! (ਸੰਸਾਰ ਇਕ ਅਥਾਹ ਸਮੁੰਦਰ ਹੈ) ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ (ਇਸ ਸੰਸਾਰ ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।

ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥

ਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ (ਜੋ ਆਪਣੀ ਹੀ ਅਕਲ ਦੇ ਮਾਣ ਵਿਚ ਰਹਿ ਕੇ ਕੁਰਾਹੇ ਪੈ ਕੇ) ਜੰਮਦੇ ਹਨ ਤੇ ਮਰਦੇ ਹਨ (ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)

ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥

ਆਪਣੀ ਅਕਲ ਦੇ ਹਠ ਤੇ ਤੁਰਿਆਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬੀਦਾ ਹੀ ਹੈ। ਜੋ ਮਨੁੱਖ ਗੁਰੂ ਦੇ ਰਾਹ ਉਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ ॥੧॥

ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥

ਗੁਰੂ ਦੀ ਸਰਨ ਤੋਂ ਬਿਨਾ ਨਾਹ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ, ਨਾਹ ਹੀ ਆਤਮਕ ਅਨੰਦ ਮਿਲਦਾ ਹੈ।

ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ ਰਹਾਉ ॥

(ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ ॥੧॥ ਰਹਾਉ ॥

ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥

(ਜਗਤ ਇਕ ਜੰਗਲ ਸਮਾਨ ਹੈ ਜਿਸ ਵਿਚ ਅੱਗੇ ਅੱਗੇ ਤਾਂ ਅੱਗ ਲਗੀ ਹੋਈ ਹੈ, ਜੋ ਪਲੇ ਹੋਏ ਵੱਡੇ ਵੱਡੇ ਰੁੱਖਾਂ ਨੂੰ ਸਾੜਦੀ ਜਾਂਦੀ ਹੈ; ਤੇ ਪਿੱਛੇ ਪਿੱਛੇ ਨਵੇਂ ਕੋਮਲ ਬੂਟੇ ਉੱਗਦੇ ਜਾ ਰਹੇ ਹਨ), ਪਿੱਛੇ ਪਿੱਛੇ ਨਵੇਂ ਕੋਮਲ ਬਾਲ ਜੰਮਦੇ ਆ ਰਹੇ ਹਨ।

ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥

ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ।

ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥

ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿਚ ਹਜ਼ੂਰੀ ਵਿਚ ਰੱਖਦਾ ਹੈਂ ॥੨॥

ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥

(ਹੇ ਪ੍ਰਭੂ! ਮਿਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਰਹਾਂ, ਤੈਨੂੰ ਕਦੇ ਵੀ ਨਾਹ ਭੁਲਾਵਾਂ।

ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥

ਹੇ ਭਾਈ! ਜੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਜਿਉਂ ਜਿਉਂ (ਉਹ) ਮਾਲਕ (ਮੇਰੇ) ਮਨ ਵਿਚ ਟਿਕਿਆ ਰਹੇ, ਮੈਂ ਆਤਮਕ ਜੀਵਨ ਦੇਣ ਵਾਲਾ (ਉਸ ਦਾ) ਨਾਮ-ਜਲ ਪੀਂਦਾ ਰਹਾਂ।

ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥

(ਹੇ ਪ੍ਰਭੂ! ਮੇਰਾ) ਮਨ (ਮੇਰਾ) ਤਨ ਤੇਰਾ ਹੀ ਦਿਤਾ ਹੋਇਆ ਹੈ, ਤੂੰ ਹੀ (ਮੇਰਾ) ਮਾਲਕ ਹੈਂ। (ਮਿਹਰ ਕਰ, ਮੈਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ (ਤੇਰੀ ਯਾਦ ਵਿਚ) ਲੀਨ ਰਹਾਂ ॥੩॥

ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥

ਜਿਸ (ਜੋਤਿ-ਸਰੂਪ ਪ੍ਰਭੂ) ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤ੍ਰਿਭਵਣੀ ਸਰੂਪ ਬਣਾਇਆ ਹੈ,

ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥

ਗੁਰੂ ਦੀ ਸਰਨ ਪਿਆਂ ਉਸ ਜੋਤਿ ਨਾਲ ਸਾਂਝ ਬਣਾਈ ਜਾ ਸਕਦੀ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤਿ ਨਹੀਂ ਦਿੱਸਦੀ, ਉਸ ਨੂੰ) ਆਤਮਕ ਹਨੇਰਾ ਹੀ ਹਨੇਰਾ ਹੈ।

ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥

(ਭਾਵੇਂ) ਰੱਬੀ ਜੋਤਿ ਇਕ-ਰਸ ਹਰੇਕ ਸਰੀਰ ਵਿਚ ਵਿਆਪਕ ਹੈ, (ਪਰ) ਗੁਰੂ ਦੀ ਮਤ ਲਿਆਂ ਹੀ (ਇਹ) ਅਸਲੀਅਤ ਸਮਝੀ ਜਾ ਸਕਦੀ ਹੈ ॥੪॥

ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਸਰਬ-ਵਿਆਪੀ ਜੋਤਿ ਨਾਲ ਸਾਂਝ ਪਾ ਲਈ, ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਹੈ।

ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥

ਉਹ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਗੁਣ ਉਹਨਾਂ ਵਿਚ ਉੱਘੜ ਆਉਂਦੇ ਹਨ।

ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥

ਹੇ ਨਾਨਕ! ਨਾਮ ਵਿਚ ਜੁੜ ਕੇ ਉਹ ਮਨੁੱਖ ਆਤਮਕ ਸ਼ਾਂਤੀ ਮਾਣਦੇ ਹਨ, ਉਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ ॥੫॥੧੬॥


ਸਿਰੀਰਾਗੁ ਮਹਲਾ ੧ ॥
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥

ਹੇ ਪਿਆਰੇ ਮਿਤ੍ਰ ਮਨ! (ਮੇਰੀ ਸਿੱਖਿਆ) ਸੁਣ। ਪਰਮਾਤਮਾ ਨੂੰ ਮਿਲ, (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ।

ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥

ਜਦੋਂ ਤਕ ਜੁਆਨੀ ਵਿਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ।

ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥

ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ ॥੧॥

ਮੇਰੇ ਮਨ ਲੈ ਲਾਹਾ ਘਰਿ ਜਾਹਿ ॥

ਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ।

ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥

ਗੁਰੂ ਦੀ ਸਰਨ ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ (ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ-ਬੁੱਝ ਜਾਂਦੀ ਹੈ) ॥੧॥ ਰਹਾਉ ॥

ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥

(ਪੜ੍ਹੇ ਹੋਏ ਲੋਕ) ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਵਿਚਾਰਦੇ ਹਨ, (ਗਿਆਨ ਦੀਆਂ ਗੱਲਾਂ) ਸੁਣ ਸੁਣ ਕੇ (ਲੋਕਾਂ ਦੀਆਂ ਨਜ਼ਰਾਂ ਵਿਚ ਵਿਚਾਰਵਾਨ (ਦਿੱਸਣ ਦਾ) ਵਿਅਰਥ ਜਤਨ ਕਰਦੇ ਹਨ।

ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥

ਪਰ ਅੰਤਰ ਆਤਮੇ ਦਿਨ-ਰਾਤ ਬਹੁਤ ਤ੍ਰਿਸ਼ਨਾ (ਵਿਆਪ ਰਹੀ) ਹੈ, ਅੰਦਰ ਹਉਮੈ ਦਾ ਰੋਗ, ਹਉਮੈ ਦਾ ਵਿਕਾਰ (ਕਾਇਮ) ਹੈ।

ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥

(ਦੂਜੇ ਪਾਸੇ) ਉਹ ਪਰਮਾਤਮਾ (ਇਸ ਚੁੰਚ-ਗਿਆਨਤਾ ਦੀ) ਪਰਵਾਹ ਨਹੀਂ ਕਰਦਾ, (ਸਾਡੇ ਗਿਆਨ) ਉਸ ਨੂੰ ਤੋਲ ਭੀ ਨਹੀਂ ਸਕਦੇ। ਗੁਰੂ ਦੀ ਮਤਿ ਲੈ ਕੇ ਉਸ ਦੀ ਕਦਰ ਸਮਝ ॥੨॥

ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥

ਜੇ ਮੈਂ ਲੱਖਾਂ ਚਤੁਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ, ਮਿਲਾਪ ਪੈਦਾ ਕਰਾਂ,

ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥

ਗੁਰੂ ਦੀ ਸੰਗਤਿ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ।

ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥

ਹੇ ਮੇਰੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਹੀ (ਇਸ ਤ੍ਰਿਸ਼ਨਾ ਤੋਂ) ਖ਼ਲਾਸੀ ਹੋ ਸਕਦੀ ਹੈ (ਕਿਉਂਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ॥੩॥

ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥

ਜਿਸ ਮਨੁੱਖ ਨੇ (ਨਾਮ ਦੇ ਵੱਟੇ) ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ,

ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥

ਉਸ ਨੇ ਗੁਰੂ ਦੀ ਰਾਹੀਂ ਖੋਜ ਕਰ ਕੇ ਉਸ ਪ੍ਰਭੂ ਨੂੰ (ਆਪਣੇ ਅੰਦਰ ਹੀ) ਵੇਖ ਲਿਆ, ਜਿਸ ਨੂੰ ਲੱਭਣ ਵਾਸਤੇ ਸਾਰਾ ਜਗਤ ਖੋਜ ਭਾਲਿਆ ਸੀ।

ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥

ਹੇ ਨਾਨਕ! ਸਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਅਤੇ ਉਹ ਪ੍ਰਭੂ (ਆਪਣੇ ਅੰਦਰ) ਅੰਗ-ਸੰਗ ਹੀ ਵਿਖਾ ਦਿੱਤਾ ॥੪॥੧੭॥


ਸਿਰੀਰਾਗੁ ਮਹਲਾ ੧ ॥
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥

(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਨੂੰ) ਮੌਤ ਦਾ ਡਰ ਨਹੀਂ ਰਹਿੰਦਾ, ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਂਦਾ।

ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥

(ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਹੇ ਪ੍ਰਭੂ!) ਤੂੰ ਸਾਰੇ ਜੀਵਾਂ ਦੀ ਪਾਲਨਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਹਿਸਾਬ ਵਿਚ (ਤੇਰੀ ਨਜ਼ਰ ਵਿਚ) ਹੈ।

ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥

(ਹੇ ਪ੍ਰਭੂ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈਂ, (ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ) ਜਿਵੇਂ ਤੇਰੀ ਰਜ਼ਾ ਹੈ ਤਿਵੇਂ ਤੂੰ (ਸਭ ਦੀ) ਸੰਭਾਲ ਕਰਦਾ ਹੈਂ ॥੧॥

ਜੀਅਰੇ ਰਾਮ ਜਪਤ ਮਨੁ ਮਾਨੁ ॥

ਹੇ (ਮੇਰੀ) ਜਿੰਦੇ! (ਐਸਾ ਉੱਦਮ ਕਰ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ (ਸਿਮਰਨ ਵਿਚ) ਗਿੱਝ ਜਾਏ।

ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥

ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ) ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਸ ਦੀ ਅੰਦਰਲੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥

ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥

ਪੂਰੀ ਸਰਧਾ ਨਾਲ ਮਨ ਦੀ ਸ਼ੰਕਾ ਉਤਾਰ ਕੇ ਗੁਰੂ ਦੀ ਸਰਨ ਪੈ ਜਾਣਾ ਚਾਹੀਦਾ ਹੈ, (ਇਸ ਤਰ੍ਹਾਂ) ਅੰਦਰ-ਵੱਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ।

ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥

ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖ਼ਰ ਪੈਣਾ ਹੁੰਦਾ ਹੈ।

ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥

(ਪਰ ਇਹ ਅਵਸਥਾ ਤਦੋਂ) ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉਤੇ ਤੁਰੀਏ, ਤੇ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ) ਸੋਹਣੇ ਸ਼ਬਦ ਵਿਚ ਇਕ-ਰਸ (ਜੁੜੇ ਰਹੀਏ) ॥੨॥

ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥

ਜਦੋਂ ਇਕ-ਰਸ ਸਿਫ਼ਤ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ-ਇਹ ਹਾਲਤ ਮੁੱਕ ਜਾਂਦੀ ਹੈ)।

ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥

ਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਂਵਦਾ ਹੈ (ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ)।

ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥

ਉਸ ਦੇ ਮੂੰਹ ਵਿਚ ਸਦਾ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਲੈ ਜਾ ਕੇ ਆਦਰ ਮਿਲਦਾ ਹੈ ॥੩॥

ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥

(ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ) ਮੈਂ ਜਿਧਰ ਵੇਖਦਾ ਹਾਂ ਉਧਰ ਹੀ (ਮਨਮੁਖ) ਜੀਵ ਮਾਇਆ ਵਿਚ ਮਸਤ ਹੋ ਰਹੇ ਹਨ, (ਹਰ ਪਾਸੇ) ਮਾਇਆ ਤੇ ਜੀਵਾਂ ਦਾ ਗਠ-ਜੋੜ ਬਣਿਆ ਪਿਆ ਹੈ।

ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥

ਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੇਹੜਾ ਭੀ ਜੀਵ ਜਗਤ ਵਿਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ।

ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹ ਵਿੱਛੁੜੇ ਹੋਏ (ਸਦਾ) ਵਿੱਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿਚ ਰਹਿੰਦੇ ਹਨ ॥੪॥

ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥

(ਮਾਇਆ ਵਲੋਂ) ਵੈਰਾਗਵਾਨ ਮਨ (ਭਟਕਣਾ ਤੋਂ ਬਚਿਆ ਰਹਿ ਕੇ) ਆਪਣੇ ਸਰੂਪ ਵਿਚ ਹੀ ਟਿਕਿਆ ਰਹਿੰਦਾ ਹੈ, (ਕਿਉਂਕਿ) ਉਹ ਪਰਮਾਤਮਾ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ।

ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥

ਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾ ਆਨੰਦ ਮਾਣਦਾ ਹੈ, ਉਸ ਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।

ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥੫॥੧੮॥

ਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵਲੋਂ) ਮਾਰ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ ॥੫॥੧੮॥


ਸਿਰੀਰਾਗੁ ਮਹਲਾ ੧ ॥

ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੁੋਭਾਨੁ ॥
ਪਰ ਮਾਇਆ-ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ, ਹਰ ਵੇਲੇ ਲੋਭ ਵਿਚ ਫਸਿਆ ਰਹਿੰਦਾ ਹੈ।

ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥

ਗੁਰੂ ਦੇ ਸ਼ਬਦ ਵਿਚ ਇਸ ਦੀ ਰੁਚੀ ਹੀ ਨਹੀਂ ਬਣਦੀ, ਇਸ ਭੈੜੀ ਮਤਿ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।

ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥

ਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ ॥੧॥

ਮਨ ਰੇ ਹਉਮੈ ਛੋਡਿ ਗੁਮਾਨੁ ॥

ਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ-ਇਹ ਅਹੰਕਾਰ ਛੱਡ,

ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ ॥

ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸਰਨ ਪਉ ਜੋ (ਆਤਮਾ ਨੂੰ ਪਵਿਤ੍ਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੧॥ ਰਹਾਉ ॥

ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥

ਹੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਧਨ ਦੀ ਕਦਰ ਸਮਝ।

ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥

ਸਾਧ ਸੰਗਤਿ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ।

ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥

(ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤ ਬਖ਼ਸ਼ੀ, ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ ॥੨॥

ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥

ਜੇਹੜਾ ਮਨੁੱਖ ਆਪਣੇ (ਲੋਭੀ) ਮਨ ਦੇ ਪਿੱਛੇ ਤੁਰਦਾ ਹੈ, ਉਹ ਕੁੱਤਿਆਂ ਵਾਂਗ (ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖ਼ੁਆਰ ਹੁੰਦਾ) ਹੈ, ਉਹ ਸਦਾ ਮਾਇਆ ਵਾਲੀ ਦੌੜ-ਭੱਜ ਹੀ ਕਰਦਾ ਹੈ (ਇਥੋਂ ਤਕ ਨਿਘਰਦਾ ਹੈ ਕਿ) ਗੁਰੂ ਦੀ ਨਿੰਦਿਆ ਵਿਚ ਹਰ ਵੇਲੇ ਖ਼ੁਆਰ ਹੁੰਦਾ ਹੈ।

ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥

ਮਾਇਆ ਵਾਲੀ ਭਟਕਣਾ ਵਿਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖ਼ਰ) ਜਮਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦੇਂਦਾ ਹੈ।

ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ ॥੩॥

ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥

(ਲੋਭੀ ਮਨੁੱਖ) ਇਸ ਲੋਕ ਵਿਚ ਦੁਨੀਆ ਦੇ ਜੰਜਾਲਾਂ ਵਿਚ ਖਚਿਤ ਰਹਿੰਦਾ ਹੈ, (ਪਰ ਪ੍ਰਭੂ ਦੀ ਹਜ਼ੂਰੀ ਵਿਚ) ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ।

ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥

ਗੁਰੂ ਅਸਲ ਮਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ (ਤੇ ਹੋਰਨਾਂ ਨੂੰ ਭੀ ਇਹੀ ਪ੍ਰੇਰਨਾ ਕਰਦਾ ਹੈ), ਗੁਰੂ ਵਾਲੀ ਇਹ ਕਾਰ (ਦਰਗਾਹ ਵਿਚ) ਮੰਨੀ ਜਾਂਦੀ ਹੈ।

ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥

ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱਘੜਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ ॥੪॥੧੯॥


ਸਿਰੀਰਾਗੁ ਮਹਲਾ ੧ ॥
ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥

(ਅਜਿਹੇ ਸੁਭਾਗ ਬੰਦਿਆਂ ਨੂੰ) ਜੋ ਰਤਾ ਭਰ ਸਮੇਂ ਵਾਸਤੇ ਭੀ ਪ੍ਰੀਤਮ ਪ੍ਰਭੂ ਵਿਸਰ ਜਾਏ, ਤਾਂ ਉਹ ਆਪਣੇ ਮਨ ਵਿਚ ਵੱਡਾ ਰੋਗ (ਪੈਦਾ ਹੋ ਗਿਆ ਸਮਝਦੇ ਹਨ)।

ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥

(ਉਂਞ ਭੀ) ਜੇ ਪਰਮਾਤਮਾ ਦਾ ਨਾਮ ਮਨ ਵਿਚ ਨਾਹ ਵੱਸੇ, ਤਾਂ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਹੀਂ ਮਿਲ ਸਕਦੀ।

ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥

ਜੇ ਗੁਰੂ ਮਿਲ ਪਏ, (ਤਾਂ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਦਾਤ ਦੇਂਦਾ ਹੈ, ਇਸ ਦੀ ਬਰਕਤਿ ਨਾਲ) ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਕਿਉਂਕਿ) ਸਿਫ਼ਤ-ਸਾਲਾਹ ਵਿਚ ਜੁੜਿਆਂ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ॥੧॥

ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥

ਹੇ (ਮੇਰੇ) ਮਨ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹੁ।

ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥

ਜਗਤ ਵਿਚ ਉਹ (ਭਾਗਾਂ ਵਾਲੇ) ਮਨੁੱਖ ਵਿਰਲੇ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਭੀ ਨਹੀਂ ਭੁੱਲਦਾ ॥੧॥ ਰਹਾਉ ॥

ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥

ਜੇ ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਰਲਾ ਦੇਈਏ, ਉਸ ਵਿਚ ਆਪਣੀ ਸੁਰਤ ਦਾ ਮੇਲ ਕਰ ਦੇਈਏ,

ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥

ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ।

ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥

ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖ਼ਸ਼ਦਾ ਹੈ ॥੨॥

ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥

ਜਿਵੇਂ ਇਸਤ੍ਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ, ਤਿਵੇਂ ਜੇ ਮੈਂ ਕਾਇਆਂ ਨੂੰ ਇਸਤ੍ਰੀ ਬਣਾਵਾਂ, ਕਾਇਆਂ-ਇਸਤ੍ਰੀ (ਭਾਵ, ਗਿਆਨ-ਇੰਦ੍ਰਿਆਂ) ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂ, ਤਾਂ ਪ੍ਰਭੂ-ਪਤੀ ਦਾ ਮਿਲਾਪ ਹੋ ਜਾਏ।

ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥

ਇਸ ਸਰੀਰ ਨਾਲ (ਇਤਨਾ) ਮੋਹ ਨਹੀਂ ਕਰਨਾ ਚਾਹੀਦਾ (ਕਿ ਇਸ ਨੂੰ ਵਿਕਾਰਾਂ ਵਲ ਖੁਲ੍ਹ ਮਿਲੀ ਰਹੇ), ਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ।

ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥

ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ, ਉਹ ਪ੍ਰਭੂ ਉਹਨਾਂ ਦੇ ਹਿਰਦੇ-ਸੇਜ ਉਤੇ ਬੈਠਦਾ ਹੈ ॥੩॥

ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥

ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇ (ਹਿਰਦੇ ਵਿਚ) ਧੁਖਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ।

ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥

(ਇਸ ਤਰ੍ਹਾਂ) ਤੇਰੇ ਅੰਦਰ (ਹਿਰਦਾ-) ਕੌਲ ਖਿੜ ਪਏਗਾ, (ਤੇਰੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ।

ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥

ਹੇ ਨਾਨਕ! ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ ॥੪॥੨੦॥{21-22}


ਸਿਰੀਰਾਗੁ ਮਹਲਾ ੧ ॥
ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥

ਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮਤਿ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ।

ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥

ਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ।

ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥

ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ॥੧॥

ਭਾਈ ਰੇ ਹਰਿ ਹੀਰਾ ਗੁਰ ਮਾਹਿ ॥

ਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ।

ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥

ਗੁਰੂ ਸਾਧ ਸੰਗਤਿ ਵਿਚ ਮਿਲਦਾ ਹੈ। (ਸੋ, ਹੇ ਭਾਈ! ਸਾਧ ਸੰਗਤਿ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ॥੧॥ ਰਹਾਉ ॥

ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥

(ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ।

ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥

ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ।

ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥

(ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ॥੨॥

ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥

ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨੀਆਵੀ ਪਦਾਰਥਾਂ ਵਿਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ।

ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥

(ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ। ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ)।

ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥

(ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ ॥੩॥

ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥

ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ।

ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥

ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ।

ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥

(ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ ॥੪॥੨੧॥


ਸਿਰੀਰਾਗੁ ਮਹਲਾ ੧ ॥
ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥

(ਗੁਰੂ ਦੀ ਸਰਨ ਛੱਡ ਕੇ) ਜੇ ਮਨੁੱਖ (ਸੰਨਿਆਸ-ਭੇਖ ਧਾਰ ਕੇ) ਦੇਸ ਦੇਸ ਵਿਚ ਭੌਂਦਾ ਫਿਰੇ, (ਥਾਂ ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ।

ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥

ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ।

ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥

(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ॥੧॥

ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥

ਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ।

ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥

ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ ॥੧॥ ਰਹਾਉ ॥

ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥

ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ ਪਾਂਦਾ ਹੈ।

ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥

(ਪਰ) ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੁੜਦੀ ਹੈ।

ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥

(ਪ੍ਰਭੂ-ਚਰਨਾਂ ਵਿਚ ਸੁਰਤ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ ॥੨॥

ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ।

ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥

ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ।

ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥

(ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ ॥੩॥

ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥

ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ।

ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥

(ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ।

ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥

ਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ), (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ ॥੪॥੨੨॥


ਸਿਰੀਰਾਗੁ ਮਹਲਾ ੧ ॥

ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥
ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ।

ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥

ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ।

ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥

ਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ ॥੧॥

ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥

ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ।

ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥

(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ॥੧॥ ਰਹਾਉ ॥

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥

ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ।

ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥

ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ)।

ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥

ਜਿਵੇਂ ਫਾਹੀ ਵਿਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ ॥੨॥

ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥

ਖੋਟੇ ਸਿੱਕੇ (ਸਰਕਾਰੀ) ਖ਼ਜ਼ਾਨੇ ਵਿਚ ਨਹੀਂ ਲਏ ਜਾਂਦੇ (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ।

ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥

ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿਚ) ਕਾਮਯਾਬ ਨਹੀਂ ਹੋ ਸਕਦਾ।

ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥

ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ ॥੩॥

ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥

ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ।

ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥

ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ।

ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥

ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਆ ਵੱਸਦਾ ਹੈ ॥੪॥੨੩॥


ਸਿਰੀਰਾਗੁ ਮਹਲਾ ੧ ਘਰੁ ੨ ॥

ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥
ਧਨ, ਜੁਆਨੀ ਅਤੇ ਨਿੱਕਾ ਜਿਹਾ ਫੁੱਲ-ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ।

ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥

ਜਿਵੇਂ ਚੌਪੱਤੀ ਦੇ ਪੱਤਰ (ਪਾਣੀ ਦੇ) ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ, ਤਿਵੇਂ ਇਹ ਭੀ ਨਾਸ ਹੋ ਜਾਂਦੇ ਹਨ ॥੧॥

ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥

ਹੇ ਪਿਆਰੇ! ਜਦ ਤਕ ਨਵੀਂ ਜੁਆਨੀ ਹੈ ਤਦ ਤਕ ਆਤਮਕ ਅਨੰਦ ਲੈ ਲੈ;

ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥

ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਸਿਮਰਨ ਨਹੀਂ ਹੋ ਸਕੇਗਾ) ॥੧॥ ਰਹਾਉ ॥

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥

ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿਚ ਜਾ ਸੁੱਤੇ ਹਨ,

ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥

(ਮੈਂ ਉਹਨਾਂ ਦੇ ਵਿਛੋੜੇ ਵਿਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ ਪਵਾਂਗੀ ॥੨॥

ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥

ਹੇ ਸੁੰਦਰ ਜੀਵ-ਇਸਤ੍ਰੀ! ਤੂੰ ਧਿਆਨ ਨਾਲ ਇਹ ਖ਼ਬਰ ਕਿਉਂ ਨਹੀਂ ਸੁਣਦੀ?

ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥

ਕਿ ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿਚ) ਜ਼ਰੂਰ ਜਾਣਾ ਪਵੇਗਾ ॥੩॥

ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥

ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪੇਕੇ ਘਰ (ਇਸ ਲੋਕ ਵਿਚ ਗ਼ਫ਼ਲਤ ਦੀ ਨੀਂਦ ਵਿਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ।

ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥

ਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ ॥੪॥੨੪॥


ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥

ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ।

ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥

ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ ॥੧॥

ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥

ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ॥੧॥ਰਹਾਉ॥

ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥

ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ)।

ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥

ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ॥੨॥

ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥

ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ।

ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥

ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ॥੩॥

ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥

ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ।

ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥

ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ ॥੪॥੨੫॥


ਸਿਰੀਰਾਗੁ ਮਹਲਾ ੧ ਘਰੁ ੩ ॥

ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥
(ਹੇ ਭਾਈ!) ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿਚ ਸਿੰਚਨ ਕਰ।

ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥

ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਉਗਾ। ਇਸ ਤਰ੍ਹਾਂ (ਹੇ ਭਾਈ!) ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ ਜਿਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ ॥੧॥

ਕਾਹੇ ਗਰਬਸਿ ਮੂੜੇ ਮਾਇਆ ॥

ਹੇ ਮੂਰਖ! ਮਾਇਆ ਦਾ ਕਿਉਂ ਮਾਣ ਕਰਦਾ ਹੈਂ?

ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥

ਪਿਤਾ, ਪੁੱਤਰ, ਇਸਤ੍ਰੀ, ਮਾਂ-ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ।ਰਹਾਉ।

ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥

ਜੇਹੜਾ ਮਨੁੱਖ ਚੰਦਰੇ ਵਿਸ਼ੇ-ਵਿਕਾਰਾਂ ਨੂੰ ਹਿਰਦਾ-ਭੁਇਂ ਵਿਚੋਂ ਇਉਂ ਪੁੱਟ ਦੇਂਦਾ ਹੈ ਜਿਵੇਂ ਖੇਤੀ ਵਿਚੋਂ ਨਦੀਨ, ਇਹਨਾਂ ਵਿਕਾਰਾਂ ਦਾ ਤਿਆਗ ਕਰ ਕੇ ਜੋ ਮਨੁੱਖ ਆਪਣੇ ਅੰਦਰ ਇਕ-ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ,

ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥

ਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ ॥੨॥

ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥

ਜੇ ਮਨੁੱਖ ਸਤਾਈ ਹੀ ਨਛੱਤ੍ਰਾਂ ਵਿਚ (ਭਾਵ) ਹਰ ਰੋਜ਼ (ਪ੍ਰਭੂ ਦਾ ਨਾਮ-ਧਨ) ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਾਲਪਨ, ਜੁਆਨੀ, ਬੁਢੇਪੇ) ਵਿਚ ਮੌਤ ਨੂੰ ਚੇਤੇ ਰੱਖੇ,

ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥

ਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ) ਵਿਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਹੇ ਨਾਨਕ! ਇਸ ਤਰ੍ਹਾਂ ਪਰਮਾਤਮਾ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥੨੬॥


ਸਿਰੀਰਾਗੁ ਮਹਲਾ ੧ ਘਰੁ ੩ ॥
ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥

(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ।

ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥

ਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿਚ) ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ਼ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ ॥੧॥

ਮਤੁ ਜਾਣ ਸਹਿ ਗਲੀ ਪਾਇਆ ॥

(ਹੇ ਕਾਜ਼ੀ!) ਇਹ ਨ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ।

ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥੧॥ ਰਹਾਉ ॥

ਜੇ (ਬੇਈਮਾਨੀਆਂ ਕਰ ਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ) ਰੂਪ ਦੀ ਸੋਭਾ ਵਿਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ) ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ॥੧॥ ਰਹਾਉ ॥

ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥

(ਜਦ ਤਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ (ਉਸ ਚਿੱਕੜ ਵਿਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ-ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)।

ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥੨॥

(ਭੌਰਾ ਆ ਕੇ ਕੌਲ ਫੁੱਲ ਉਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ-ਭੌਰਾ ਸਦਾ (ਹਰੀ-ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜੇਹੀ ਸਮਝ ਹੀ ਨਹੀਂ ਹੈ ॥੨॥

ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥

(ਹੇ ਕਾਜ਼ੀ! ਜਦ ਤਕ) ਇਹ ਮਨ ਮਾਇਆ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ।

ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥੩॥

ਉਹੀ ਬੰਦੇ ਮਾਲਕ-ਰੱਬ ਦੀ ਮਿਹਰ ਦੀ ਨਜ਼ਰ ਵਿਚ ਹਨ, ਉਹੀ ਬੰਦੇ ਉਸ ਦੇ ਦਿਲ ਵਿਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸ ਨੂੰ ਸਿਮਰਿਆ ਹੈ ॥੩॥

ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥

(ਹੇ ਕਾਜ਼ੀ!) ਤੂੰ ਤੀਹ ਰੋਜ਼ੇ ਗਿਣ ਕੇ ਰੱਖਦਾ ਹੈਂ, ਪੰਜ ਨਿਮਾਜ਼ਾਂ ਨੂੰ ਸਾਥੀ ਬਣਾਂਦਾ ਹੈਂ (ਪਰ ਇਹ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈਂ, (ਕਿ ਮੈਨੂੰ ਕੋਈ ਸ਼ੈਤਾਨ (ਮਾੜਾ ਬੰਦਾ) ਨਾ ਆਖੇ) (ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ।)

ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥੪॥੨੭॥

ਪਰ, ਨਾਨਕ ਆਖਦਾ ਹੈ- (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਉਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ? (ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ, ਅੰਦਰੋਂ ਤੂੰ ਧਨ ਦੇ ਲਾਲਚ ਵਿਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ) ॥੪॥੨੭॥


ਸਿਰੀਰਾਗੁ ਮਹਲਾ ੧ ਘਰੁ ੪ ॥
ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥

ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ-ਭਰਾ ਕੀਤਾ ਹੈ।

ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥੧॥

ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰ ਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ (ਉਸੇ ਦੀ ਸਿਫ਼ਤ-ਸਾਲਾਹ ਕਰੋ), ਉਹੀ (ਅਸਲ) ਮਾਲਕ ਹੈ (ਮੌਤ ਦਾ ਮਾਲਕ ਭੀ ਉਹੀ ਹੈ, ਵਿਰੋਧੀ ਤੱਤਾਂ ਵਾਲੀ ਖੇਡ ਆਖ਼ਰ ਮੁੱਕਣੀ ਹੀ ਹੋਈ, ਤੇ ਉਹੀ ਮੁਕਾਂਦਾ ਹੈ) ॥੧॥

ਮਰਣਾ ਮੁਲਾ ਮਰਣਾ ॥

ਹੇ ਮੁੱਲਾਂ! ਮੌਤ (ਦਾ ਡਰ) ਹਰੇਕ ਦੇ ਸਿਰ ਉੱਤੇ ਹੈ।

ਭੀ ਕਰਤਾਰਹੁ ਡਰਣਾ ॥੧॥ ਰਹਾਉ ॥

ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ (ਰੱਬ ਦੇ ਡਰ ਵਿਚ ਰਹਿਣਾ ਹੀ ਫਬਦਾ ਹੈ। ਭਾਵ, ਰੱਬ ਦੇ ਡਰ ਵਿਚ ਰਿਹਾਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ) ॥੧॥ ਰਹਾਉ ॥

ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥

(ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਸਕੀਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਸਮਝ ਤਦੋਂ ਹੀ ਕਾਜ਼ੀ, ਜਦੋਂ ਤੂੰ ਰੱਬ ਦੇ ਨਾਮ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, ਨਹੀਂ ਤਾਂ)

ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥੨॥

ਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਜਾਏਂ (ਮੌਤ ਫਿਰ ਭੀ ਨਹੀਂ ਟਲੇਗੀ), ਜਿਵੇਂ ਪਨ ਘੜੀ ਜਦੋਂ ਪਾਣੀ ਨਾ ਭਰ ਜਾਂਦੀ ਹੈ, ਤਾਂ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ ਭਾਵ ਡੁੱਬ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇਥੇ ਰਹਿ ਨਹੀਂ ਸਕਦਾ ॥੨॥

ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥

ਉਹੀ ਮੁਨੱਖ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸ ਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ,

ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥੩॥

ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥

ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥

(ਹੇ ਕਾਜ਼ੀ!) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ, ਤੂੰ ਕੁਰਾਨ ਅਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸੁਆਰਥ ਵਿਚ ਬੱਝਾ ਰਹਿ ਕੇ ਮੌਤ ਤੋਂ ਡਰਦਾ ਹੈਂ)।

ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥੪॥੨੮॥

ਨਾਨਕ ਆਖਦਾ ਹੈ- (ਹੇ ਕਾਜ਼ੀ!) ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇੱਥੇ ਦਾ ਇੱਥੇ ਹੀ ਧਰਿਆ ਰਹਿ ਜਾਂਦਾ ਹੈ (ਸੋ, ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿਚ ਟਿਕਿਆ ਰਹੁ) ॥੪॥੨੮॥


ਸਿਰੀਰਾਗੁ ਮਹਲਾ ੧ ਘਰੁ ੪ ॥
ਏਕੁ ਸੁਆਨੁ ਦੁਇ ਸੁਆਨੀ ਨਾਲਿ ॥

ਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ।

ਭਲਕੇ ਭਉਕਹਿ ਸਦਾ ਬਇਆਲਿ ॥

(ਦੋ ਜੋ ਨਿੱਤ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਹਨ।)

ਕੂੜੁ ਛੁਰਾ ਮੁਠਾ ਮੁਰਦਾਰੁ ॥

(ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ)

ਧਾਣਕ ਰੂਪਿ ਰਹਾ ਕਰਤਾਰ ॥੧॥

ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ ॥੧॥

ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥

ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ।

ਹਉ ਬਿਗੜੈ ਰੂਪਿ ਰਹਾ ਬਿਕਰਾਲ ॥

ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ।

ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥

ਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ)।

ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥

ਮੈਨੂੰ ਹੁਣ ਸਿਰਫ਼ ਇਹੀ ਆਸ ਹੈ, ਇਹੋ ਆਸਰਾ ਹੈ ਕਿ ॥੧॥ ਰਹਾਉ ॥

ਮੁਖਿ ਨਿੰਦਾ ਆਖਾ ਦਿਨੁ ਰਾਤਿ ॥

ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ।

ਪਰ ਘਰੁ ਜੋਹੀ ਨੀਚ ਸਨਾਤਿ ॥

ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ।

ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥

ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ।

ਧਾਣਕ ਰੂਪਿ ਰਹਾ ਕਰਤਾਰ ॥੨॥

ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ॥੨॥

ਫਾਹੀ ਸੁਰਤਿ ਮਲੂਕੀ ਵੇਸੁ ॥

ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ।

ਹਉ ਠਗਵਾੜਾ ਠਗੀ ਦੇਸੁ ॥

ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ।

ਖਰਾ ਸਿਆਣਾ ਬਹੁਤਾ ਭਾਰੁ ॥

(ਜਿਉੇਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)।

ਧਾਣਕ ਰੂਪਿ ਰਹਾ ਕਰਤਾਰ ॥੩॥

ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ॥੩॥

ਮੈ ਕੀਤਾ ਨ ਜਾਤਾ ਹਰਾਮਖੋਰੁ ॥

ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ।

ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥

ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ?

ਨਾਨਕੁ ਨੀਚੁ ਕਹੈ ਬੀਚਾਰੁ ॥

ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ,

ਧਾਣਕ ਰੂਪਿ ਰਹਾ ਕਰਤਾਰ ॥੪॥੨੯॥

ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ॥੪॥੨੯॥


ਸਿਰੀਰਾਗੁ ਮਹਲਾ ੧ ਘਰੁ ੪ ॥
ਏਕਾ ਸੁਰਤਿ ਜੇਤੇ ਹੈ ਜੀਅ ॥

ਜਿਤਨੇ ਭੀ ਜੀਵ ਹਨ (ਇਹਨਾਂ ਸਭਨਾਂ ਦੇ ਅੰਦਰ) ਇਕ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਸੂਝ ਕੰਮ ਕਰ ਰਹੀ ਹੈ।

ਸੁਰਤਿ ਵਿਹੂਣਾ ਕੋਇ ਨ ਕੀਅ ॥

(ਪਰਮਾਤਮਾ ਨੇ) ਕੋਈ ਭੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ।

ਜੇਹੀ ਸੁਰਤਿ ਤੇਹਾ ਤਿਨ ਰਾਹੁ ॥

ਜਿਹੋ ਜਿਹੀ ਸੂਝ (ਪ੍ਰਭੂ ਜੀਵਾਂ ਨੂੰ ਦੇਂਦਾ ਹੈ) ਉਹੋ ਜਿਹਾ ਜੀਵਨ-ਰਸਤਾ ਉਹ ਫੜ ਲੈਂਦੇ ਹਨ।

ਲੇਖਾ ਇਕੋ ਆਵਹੁ ਜਾਹੁ ॥੧॥

(ਉਸੇ ਮਿਲੀ ਸੂਝ ਅਨੁਸਾਰ) ਜੀਵ (ਜਗਤ ਵਿਚ) ਆਉਂਦੇ ਹਨ ਤੇ (ਇੱਥੋਂ) ਚਲੇ ਜਾਂਦੇ ਹਨ। ਇਹ ਮਰਯਾਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ ॥੧॥

ਕਾਹੇ ਜੀਅ ਕਰਹਿ ਚਤੁਰਾਈ ॥

ਹੇ ਜੀਵ! ਤੂੰ (ਆਪਣੀ ਚੰਗੀ ਸੂਝ-ਅਕਲ ਵਿਖਾਣ ਲਈ) ਕਿਉਂ ਚਲਾਕੀ ਕਰਦਾ ਹੈਂ?

ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥

ਉਹ ਪਰਮਾਤਮਾ ਹੀ (ਜੀਵਾਂ ਨੂੰ ਸੂਝ) ਦੇਂਦਾ ਭੀ ਹੈ ਤੇ ਲੈ ਭੀ ਲੈਂਦਾ ਹੈ, ਰਤਾ ਚਿਰ ਨਹੀਂ ਲਾਂਦਾ ॥੧॥ ਰਹਾਉ ॥

ਤੇਰੇ ਜੀਅ ਜੀਆ ਕਾ ਤੋਹਿ ॥

ਹੇ ਮਾਲਕ-ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ।

ਕਿਤ ਕਉ ਸਾਹਿਬ ਆਵਹਿ ਰੋਹਿ ॥

(ਜੇ ਜੀਵ ਤੈਥੋਂ ਮਿਲੀ ਸੂਝ-ਅਕਲ ਦਾ ਮਾਣ ਭੀ ਕਰਨ, ਤਾਂ ਭੀ) ਤੂੰ ਗੁੱਸੇ ਵਿਚ ਨਹੀਂ ਆਉਂਦਾ (ਕਿਉਂਕਿ ਆਖ਼ਰ ਇਹ ਜੀਵ ਸਾਰੇ ਤੇਰੇ ਹੀ ਹਨ)।

ਜੇ ਤੂ ਸਾਹਿਬ ਆਵਹਿ ਰੋਹਿ ॥

ਹੇ ਮਾਲਕ ਪ੍ਰਭੂ! ਜੇ ਤੂੰ ਗੁੱਸੇ ਵਿਚ ਆਵੇਂ (ਤਾਂ ਕਿਸ ਉੱਤੇ ਆਵੇਂ?)

ਤੂ ਓਨਾ ਕਾ ਤੇਰੇ ਓਹਿ ॥੨॥

ਤੂੰ ਉਹਨਾਂ ਦਾ ਮਾਲਕ ਹੈਂ, ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ ॥੨॥

ਅਸੀ ਬੋਲਵਿਗਾੜ ਵਿਗਾੜਹ ਬੋਲ ॥

(ਹੇ ਪ੍ਰਭੂ!) ਅਸੀਂ ਜੀਵ ਬੜਬੋਲੇ ਹਾਂ, ਅਸੀਂ (ਤੈਥੋਂ ਮਿਲੀ ਸੂਝ-ਅਕਲ ਉਤੇ ਮਾਣ ਕਰਕੇ ਅਨੇਕਾਂ ਵਾਰੀ) ਫਿੱਕੇ ਬੋਲ ਬੋਲ ਦੇਂਦੇ ਹਾਂ,

ਤੂ ਨਦਰੀ ਅੰਦਰਿ ਤੋਲਹਿ ਤੋਲ ॥

ਪਰ ਤੂੰ (ਸਾਡੇ ਕੁਬੋਲਾਂ ਨੂੰ) ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ।

ਜਹ ਕਰਣੀ ਤਹ ਪੂਰੀ ਮਤਿ ॥

(ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ) ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ ਉਸ ਦੀ ਸੂਝ-ਅਕਲ ਭੀ ਗੰਭੀਰ ਹੋ ਜਾਂਦੀ ਹੈ (ਤੇ ਉਹ ਬੜਬੋਲਾ ਨਹੀਂ ਬਣਦਾ)।

ਕਰਣੀ ਬਾਝਹੁ ਘਟੇ ਘਟਿ ॥੩॥

(ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ ॥੩॥

ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥

ਨਾਨਕ ਬੇਨਤੀ ਕਰਦਾ ਹੈ, ਅਸਲ ਗਿਆਨਵਾਨ ਮਨੁੱਖ ਉਹ ਹੈ,

ਆਪੁ ਪਛਾਣੈ ਬੂਝੈ ਸੋਇ ॥

ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ,

ਗੁਰਪਰਸਾਦਿ ਕਰੇ ਬੀਚਾਰੁ ॥

ਜੋ ਗੁਰੂ ਦੀ ਮਿਹਰ ਨਾਲ (ਆਪਣੀ ਚਤੁਰਾਈ ਛੱਡ ਕੇ ਅਕਲ-ਦਾਤੇ ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰਦਾ ਹੈ।

ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥

ਅਜੇਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੩੦॥


ਸਿਰੀਰਾਗੁ ਮਹਲਾ ੧ ਘਰੁ ੪ ॥
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥

ਹੇ ਪ੍ਰਭੂ! ਤੂੰ (ਇਕ) ਦਰੀਆ (ਸਮਾਨ ਹੈਂ), ਮੈਂ (ਤੇਰੇ ਵਿਚ ਰਹਿਣ ਵਾਲੀ) ਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖ਼ੀਰਲਾ ਬੰਨਾ ਨਹੀਂ ਲੱਭ ਸਕਦੀ। (ਮੇਰੀ ਹਾਲਤ) ਤੂੰ ਹੀ ਜਾਣਦਾ ਹੈਂ, ਤੂੰ ਹੀ (ਨਿਤ) ਦੇਖਦਾ ਹੈਂ।

ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥

ਮੈਂ (ਮੱਛੀ ਤੈਂ ਦਰੀਆ ਵਿਚ) ਜਿਧਰ ਵੇਖਦੀ ਹਾਂ ਉਧਰ ਉਧਰ ਤੂੰ (ਦਰੀਆ ਹੀ ਦਰੀਆ) ਹੈ। ਜੇ ਮੈਂ ਤੈਂ ਦਰੀਆ ਵਿਚੋਂ ਬਾਹਰ ਨਿਕਲ ਜਾਵਾਂ, ਤਾਂ ਉਸੇ ਵੇਲੇ ਤੜਫ ਮਰਦੀ ਹਾਂ (ਮੇਰਾ ਜੀਵਨ ਤੇਰੇ ਹੀ ਆਸਰੇ ਹੈ) ॥੧॥

ਨ ਜਾਣਾ ਮੇਉ ਨ ਜਾਣਾ ਜਾਲੀ ॥

(ਹੇ ਦਰੀਆ-ਪ੍ਰਭੂ! ਤੈਥੋਂ ਵਿਛੋੜਨ ਵਾਲੇ) ਨਾਹ ਮੈਨੂੰ ਮਾਛੀ ਦੀ ਸਮਝ ਹੈ, ਨਾਹ ਹੀ ਉਸ ਦੇ ਜਾਲ ਦੀ (ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ)।

ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥

(ਤੈਥੋਂ ਵਿਛੋੜਨ ਵਾਸਤੇ) ਜਦੋਂ ਮੈਨੂੰ ਕੋਈ (ਆਤਮਕ) ਦੁੱਖ ਵਿਆਪਦਾ ਹੈ, ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ ॥੧॥ ਰਹਾਉ ॥

ਤੂ ਭਰਪੂਰਿ ਜਾਨਿਆ ਮੈ ਦੂਰਿ ॥

ਹੇ ਪ੍ਰਭੂ! ਤੂੰ (ਇਸ ਜਗਤ ਵਿਚ) ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਹੈ।

ਜੋ ਕਛੁ ਕਰੀ ਸੁ ਤੇਰੈ ਹਦੂਰਿ ॥

(ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ।

ਤੂ ਦੇਖਹਿ ਹਉ ਮੁਕਰਿ ਪਾਉ ॥

ਤੂੰ ਸਭ ਕੁਝ ਵੇਖਦਾ ਹੈਂ (ਫਿਰ ਭੀ) ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ।

ਤੇਰੈ ਕੰਮਿ ਨ ਤੇਰੈ ਨਾਇ ॥੨॥

ਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ ॥੨॥

ਜੇਤਾ ਦੇਹਿ ਤੇਤਾ ਹਉ ਖਾਉ ॥

ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ।

ਬਿਆ ਦਰੁ ਨਾਹੀ ਕੈ ਦਰਿ ਜਾਉ ॥

ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿਥੇ ਮੈਂ ਜਾਵਾਂ (ਤੇ ਸਵਾਲੀ ਬਣਾਂ)।

ਨਾਨਕੁ ਏਕ ਕਹੈ ਅਰਦਾਸਿ ॥

ਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ

ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥

ਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ ॥੩॥

ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੁੋ ॥

ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਦੂਰ ਭੀ ਹੈ, ਆਪ ਹੀ ਸਾਰੇ ਜਗਤ ਵਿਚ ਮੌਜੂਦ ਹੈ।

ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੁੋ ॥

ਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ।

ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੁੋ ॥੪॥੩੧॥

ਹੇ ਨਾਨਕ! ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ ॥੪॥੩੧॥


ਸਿਰੀਰਾਗੁ ਮਹਲਾ ੧ ਘਰੁ ੪ ॥
ਕੀਤਾ ਕਹਾ ਕਰੇ ਮਨਿ ਮਾਨੁ ॥

ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿਚ (ਮਾਇਆ ਦਾ) ਕੀਹ ਮਾਣ ਕਰ ਸਕਦਾ ਹੈ?

ਦੇਵਣਹਾਰੇ ਕੈ ਹਥਿ ਦਾਨੁ ॥

(ਦੁਨੀਆ ਦੇ ਪਦਾਰਥਾਂ ਦੀ) ਵੰਡ (ਦੀ ਤਾਕਤ) ਦਾਤਾਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ।

ਭਾਵੈ ਦੇਇ ਨ ਦੇਈ ਸੋਇ ॥

ਉਸ ਦੀ ਮਰਜ਼ੀ ਹੈ ਕਿ ਧਨ-ਪਦਾਰਥ ਦੇਵੇ ਜਾਂ ਨਾਹ ਦੇਵੇ।

ਕੀਤੇ ਕੈ ਕਹਿਐ ਕਿਆ ਹੋਇ ॥੧॥

ਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ ॥੧॥

ਆਪੇ ਸਚੁ ਭਾਵੈ ਤਿਸੁ ਸਚੁ ॥

ਪਰਮਾਤਮਾ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ (ਆਪਣਾ ਨਾਮ) ਹੀ ਪਸੰਦ ਆਉਂਦਾ ਹੈ।

ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥

ਪਰ ਗਿਆਨ-ਹੀਣ ਜੀਵ (ਮਾਇਆ ਦੀ ਮਲਕੀਅਤ ਦੇ ਕਾਰਨ) ਹੋਛਾ ਹੈ, ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ (ਪ੍ਰਭੂ ਨੂੰ ਇਹ ਹੋਛਾ-ਪਨ ਪਸੰਦ ਨਹੀਂ ਆ ਸਕਦਾ) ॥੧॥ ਰਹਾਉ ॥

ਜਾ ਕੇ ਰੁਖ ਬਿਰਖ ਆਰਾਉ ॥

ਜਿਸ ਪਰਮਾਤਮਾ ਦੇ (ਪੈਦਾ ਕੀਤੇ ਹੋਏ ਇਹ) ਰੁੱਖ ਬਿਰਖ ਹਨ ਉਹ ਹੀ ਇਹਨਾਂ ਨੂੰ ਸਜਾਵਟ ਦੇਂਦਾ ਹੈ।

ਜੇਹੀ ਧਾਤੁ ਤੇਹਾ ਤਿਨ ਨਾਉ ॥

ਜਿਹੋ ਜਿਹਾ ਰੁੱਖਾਂ ਦਾ ਅਸਲਾ ਹੈ, ਤਿਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ (ਉਹੋ ਜਿਹੇ ਉਹਨਾਂ ਨੂੰ ਫੁੱਲ ਫਲ ਪੈਂਦੇ ਹਨ)।

ਫੁਲੁ ਭਾਉ ਫਲੁ ਲਿਖਿਆ ਪਾਇ ॥

(ਇਸੇ ਤਰ੍ਹਾਂ ਜਿਹੋ ਜਿਹੀ) ਭਾਵਨਾ ਦਾ ਫੁੱਲ (ਕਿਸੇ ਮਨੁੱਖ ਦੇ ਅੰਦਰ ਹੈ) ਉਸੇ ਅਨੁਸਾਰ ਉਸ ਨੂੰ ਜੀਵਨ-ਫਲ ਲੱਗਦਾ ਹੈ। (ਉਸ ਦਾ ਜੀਵਨ ਬਣਦਾ ਹੈ)।

ਆਪਿ ਬੀਜਿ ਆਪੇ ਹੀ ਖਾਇ ॥੨॥

ਹਰੇਕ ਮਨੁੱਖ ਜੋ ਕੁਝ ਆਪ ਬੀਜਦਾ ਹੈ ਆਪ ਹੀ ਖਾਂਦਾ ਹੈ (ਜਿਹੋ ਜਿਹੇ ਕਰਮ ਕਰਦਾ ਹੈ, ਵੈਸਾ ਹੀ ਉਸ ਦਾ ਜੀਵਨ ਉਸਰਦਾ ਹੈ) ॥੨॥

ਕਚੀ ਕੰਧ ਕਚਾ ਵਿਚਿ ਰਾਜੁ ॥

ਜਿਸ ਮਨੁੱਖ ਦੇ ਅੰਦਰ ਅੰਞਾਣ ਮਨ (ਜੀਵਨ-ਉਸਾਰੀ ਕਰਨ ਵਾਲਾ) ਰਾਜ-ਕਾਰੀਗਰ ਹੈ, ਉਸ ਦੀ ਜੀਵਨ- ਉਸਾਰੀ ਦੀ ਕੰਧ ਭੀ ਕੱਚੀ (ਕਮਜ਼ੋਰ) ਹੀ ਬਣਦੀ ਹੈ।

ਮਤਿ ਅਲੂਣੀ ਫਿਕਾ ਸਾਦੁ ॥

ਉਸ ਦੀ ਅਕਲ ਭੀ ਫਿੱਕੀ ਤੇ ਉਸ ਦਾ ਸਾਰਾ ਜੀਵਨ ਭੀ ਫਿੱਕਾ (ਬੇ-ਰਸਾ) ਹੀ ਰਹਿੰਦਾ ਹੈ।

ਨਾਨਕ ਆਣੇ ਆਵੈ ਰਾਸਿ ॥

(ਪਰ ਜੀਵ ਦੇ ਕੀਹ ਵੱਸ?) ਹੇ ਨਾਨਕ! ਜੇ ਪ੍ਰਭੂ ਆਪ ਜੀਵ ਦੇ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ।

ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥

(ਨਹੀਂ ਤਾਂ) ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ ॥੩॥੩੨॥


ਸਿਰੀਰਾਗੁ ਮਹਲਾ ੧ ਘਰੁ ੫ ॥
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥

ਅਛਲ ਮਾਇਆ-ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖ਼ਮ ਨਹੀਂ ਕਰ ਸਕਦੀ (ਜਿਸ ਨੂੰ ਕੋਈ ਮਾਰ-ਮੁਕਾ ਨਹੀਂ ਸਕਦਾ) ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ।

ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥

ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ, ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ॥੧॥

ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥

(ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ)॥੧॥ਰਹਾਉ॥

ਪੋਥੀ ਪੁਰਾਣ ਕਮਾਈਐ ॥

ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ (-ਇਹ ਹੋਵੇ ਤੇਲ),

ਭਉ ਵਟੀ ਇਤੁ ਤਨਿ ਪਾਈਐ ॥

ਪਰਮਾਤਮਾ ਦਾ ਡਰ-ਇਹ ਸਰੀਰ (-ਦੀਵੇ) ਵਿਚ ਵੱਟੀ ਪਾ ਦੇਈਏ,

ਸਚੁ ਬੂਝਣੁ ਆਣਿ ਜਲਾਈਐ ॥੨॥

ਪਰਮਾਤਮਾ ਨਾਲ ਡੂੰਘੀ ਸਾਂਝ (-ਇਹ ਅੱਗ) ਲਿਆ ਕੇ ਬਾਲੀਏ ॥੨॥

ਇਹੁ ਤੇਲੁ ਦੀਵਾ ਇਉ ਜਲੈ ॥

ਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਕਦਾ ਹੈ।

ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥

(ਹੇ ਭਾਈ!) ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ ॥੧॥ ਰਹਾਉ ॥

ਇਤੁ ਤਨਿ ਲਾਗੈ ਬਾਣੀਆ ॥

(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ,

ਸੁਖੁ ਹੋਵੈ ਸੇਵ ਕਮਾਣੀਆ ॥

(ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ,

ਸਭ ਦੁਨੀਆ ਆਵਣ ਜਾਣੀਆ ॥੩॥

ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੩॥

ਵਿਚਿ ਦੁਨੀਆ ਸੇਵ ਕਮਾਈਐ ॥

(ਹੇ ਭਾਈ!) ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ।

ਤਾ ਦਰਗਹ ਬੈਸਣੁ ਪਾਈਐ ॥

ਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ।

ਕਹੁ ਨਾਨਕ ਬਾਹ ਲੁਡਾਈਐ ॥੪॥੩੩॥

ਨਾਨਕ ਆਖਦਾ ਹੈ- (ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ। (ਕੋਈ ਚਿੰਤਾ-ਸੋਗ ਨਹੀਂ ਵਿਆਪਦਾ) ॥੪॥੩੩॥


ਸਿਰੀਰਾਗੁ ਮਹਲਾ ੩ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥

ਮੈਂ ਇਕਾਗ੍ਰ ਮਨ ਹੋ ਕੇ ਇਕਾਗ੍ਰ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸਰਨ ਲੈਂਦਾ ਹਾਂ।

ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥

ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ (ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ) ਜਿਸ ਨੂੰ (ਗੁਰੂ ਆਪ) ਸਮਝਾਏ।

ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥

(ਗੁਰੂ ਪਾਸੋਂ) ਮਨ-ਇੱਛਤ ਮੰਗ ਮਿਲ ਜਾਂਦੀ ਹੈ, ਮਨੁੱਖ ਜੋ ਇੱਛਾ ਧਾਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।

ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥੧॥

(ਪਰ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ਤੇ (ਗੁਰੂ ਪਾਸੋਂ) ਨਾਮ ਹੀ ਮੰਗਣਾ ਚਾਹੀਦਾ ਹੈ। ਨਾਮ ਵਿਚ ਜੁੜਿਆ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ ॥੧॥

ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥

ਹੇ ਮੇਰੇ ਮਨ! ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖ, (ਤੇਰੀ ਮਾਇਆ ਵਾਲੀ) ਤ੍ਰਿਸ਼ਨਾ ਦੂਰ ਹੋ ਜਾਏਗੀ।

ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥੧॥ ਰਹਾਉ ॥

ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ‘ਹਰਿ ਰਸ’ ਚੱਖਿਆ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ ॥

ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥

ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦੀ ਸਰਨ ਲਈ ਹੈ, ਉਹਨਾਂ ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ ਪ੍ਰਭੂ-ਨਾਮ ਪ੍ਰਾਪਤ ਕਰ ਲਿਆ ਹੈ।

ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥

ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਰਸ ਰਚ ਗਿਆ ਹੈ। ਉਹਨਾਂ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਗਿਆ ਹੈ।

ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥

ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ਹੈ। ਉਹਨਾਂ ਦੀ ਸੁਰਤ ਆਤਮਕ ਅਡੋਲਤਾ ਵਿਚ ਲੱਗ ਗਈ ਹੈ।

ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥੨॥

ਉਹਨਾਂ ਦਾ ਪਵਿਤ੍ਰ (ਹੋ ਚੁਕਾ) ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੨॥

ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ ॥

(ਪਰ) ਜਗਤ ਵਿਚ ਉਹ ਬੰਦੇ ਵਿਰਲੇ ਹਨ ਜੇਹੜੇ ਪਿਆਰੇ ਸਤਿਗੁਰੂ ਦੀ ਸਰਨ ਲੈਂਦੇ ਹਨ,

ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥

ਜੇਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਟਿਕਾਂਦੇ ਹਨ।

ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥

ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿਚ ਹੀ ਪ੍ਰੇਮ ਬਣਿਆ ਰਹਿੰਦਾ ਹੈ।

ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥

ਉਹੀ ਬੰਦੇ ਸਦਾ ਸੁਖੀ ਰਹਿੰਦੇ ਹਨ ਜਿਨ੍ਹਾਂ ਦੇ ਪਾਸ ਕਦੇ ਨਾਹ ਮੁੱਕਣ ਵਾਲਾ ਬੇਅੰਤ ਨਾਮ (ਦਾ ਖ਼ਜ਼ਾਨਾ) ਹੈ ॥੩॥

ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥

ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, (ਨਾਮ ਦੀ ਬਰਕਤਿ ਨਾਲ) ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥

ਮਨੁੱਖ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ (ਮਾਇਆ ਵਲੋਂ) ਉਪਰਾਮ ਰਹਿੰਦਾ ਹੈ।

ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥

ਮੈਂ ਉਹਨਾਂ ਬੰਦਿਆਂ ਤੋਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ ਹੈ।

ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥੪॥੧॥੩੪॥

ਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ ॥੪॥੧॥੩੪॥

1
2
3
4
5
6
7