ਰਾਗ ਸਿਰੀਰਾਗੁ – ਬਾਣੀ ਸ਼ਬਦ- Part 2 – Raag Sri – Bani

ਰਾਗ ਸਿਰੀਰਾਗੁ – ਬਾਣੀ ਸ਼ਬਦ- Part 2 – Raag Sri – Bani
ਸਿਰੀਰਾਗੁ ਮਹਲਾ ੩ ॥
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥

ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿਚ ਪੈ ਜਾਈਦਾ ਹੈ।

ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥

(ਜੇਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ) ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿਚ ਫਸਿਆ ਰਹਿੰਦਾ ਹੈ ॥੧॥

ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥

ਹੇ (ਮੇਰੇ) ਮਨ! ਗ੍ਰਿਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ)।

ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥

(ਪਰ ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਸਰਨ ਪੈ ਕੇ ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਸੰਕੋਚ ਕਰਦਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ ਕਰਨ ਦੀ ਜਾਚ ਸਿੱਖ) ॥੧॥ ਰਹਾਉ ॥

ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।

ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥

(ਇਸ ਵਾਸਤੇ, ਹੇ ਮਨ!) ਸਾਧ ਸੰਗਤਿ ਦੇ ਇਕੱਠ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੨॥

ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥

(ਹੇ ਭਾਈ!) ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ,

ਬਿਨੁ ਸਤਿਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥

ਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੩॥

ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿਚ ਪਹਿਨ ਲਿਆ ਹੈ,

ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥

ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ ॥੪॥

ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥

(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਤੇਰੀ ਮਰਜ਼ੀ ਤੋਂ ਲਾਂਭੇ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।

ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥

ਹੇ ਹਰੀ! (ਮੈਨੂੰ) ਆਪਣਾ ਨਾਮ ਬਖ਼ਸ਼, ਤਾਕਿ ਆਤਮਕ ਅਡੋਲਤਾ ਵਿਚ ਟਿਕ ਕੇ, ਤੇਰੇ ਪ੍ਰੇਮ ਵਿਚ ਜੁੜ ਕੇ (ਤੇਰਾ) ਦਾਸ ਨਾਨਕ (ਤੇਰਾ) ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰ ਸਕੇ ॥੫॥੨॥੩੫॥


ਸਿਰੀਰਾਗੁ ਮਹਲਾ ੩ ਘਰੁ ੧ ॥
ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥

(ਜਿਸ ਦੇਸ ਵਿਚ) ਜਿਸ (ਬਾਦਸ਼ਾਹ) ਦੀ ਹਕੂਮਤ ਹੋਵੇ (ਉਸ ਦੇਸ ਦਾ) ਹਰੇਕ ਜੀਵ ਉਸੇ (ਬਾਦਸ਼ਾਹ) ਦਾ ਹੋ ਕੇ ਰਹਿੰਦਾ ਹੈ।

ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥

(ਇਸੇ ਤਰ੍ਹਾਂ ਜੇ) ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।

ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥

(ਤੇ ਗੁਰੂ ਦੇ ਸਨਮੁਖ ਹੋ ਕੇ) ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਏ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਤੇ ਉਹ ਸਦਾ-ਥਿਰ ਸੋਭਾ ਪਾਂਦਾ ਹੈ।

ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥

ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਉਹ ਉਸ ਤੋਂ ਮੁੜ ਕਦੇ ਵਿੱਛੁੜਦੇ ਨਹੀਂ, ਉਹਨਾਂ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ ॥੧॥

ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥

ਹੇ ਮੇਰੇ ਰਾਮ! ਪ੍ਰਭੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ।

ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥

(ਹੇ ਭਾਈ!) ਉਸ ਪ੍ਰਭੂ ਦੇ ਨਾਲ ਮਿਲਾਪ ਉਸ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਹੋ ਸਕਦਾ ਹੈ, ਜੋ ਪਵਿਤ੍ਰ ਸਰੂਪ ਹੈ ਤੇ ਜੋ ਸਦਾ-ਥਿਰ ਪ੍ਰਭੂ ਦਾ ਰੂਪ ਹੈ ॥੧॥ ਰਹਾਉ ॥

ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। (ਪਰ ਉਹੀ ਮਨੁੱਖ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ।

ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥

(ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ (ਮਾਇਆ ਆਦਿਕ) ਦੇ ਪਿਆਰ ਵਿਚ ਰਿਹਾਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਤਾਂ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।

ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥

(ਭਾਵੇਂ) ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ,

ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥

ਫਿਰ ਭੀ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਵਿਚ ਲੀਨ ਹੁੰਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੋਵੇ ॥੨॥

ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥

ਪੰਡਿਤ ਤੇ ਜੋਤਸ਼ੀ ਲੋਕ (ਸ਼ਾਸਤਰ) ਪੜ੍ਹ ਪੜ੍ਹ ਕੇ (ਨਿਰੀਆਂ) ਬਹਸਾਂ ਦਾ ਹੀ ਵਿਚਾਰ ਕਰਦੇ ਹਨ,

ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥

(ਇਸ ਤਰ੍ਹਾਂ) ਉਹਨਾਂ ਦੀ ਮਤਿ ਉਹਨਾਂ ਦੀ ਅਕਲ ਕੁਰਾਹੇ ਪੈ ਜਾਂਦੀ ਹੈ, ਉਹ (ਜੀਵਨ ਦੇ ਸਹੀ ਰਸਤੇ ਨੂੰ) ਨਹੀਂ ਸਮਝਦੇ ਉਹਨਾਂ ਦੇ ਅੰਦਰ ਲੋਭ ਦਾ ਵਿਕਾਰ (ਪ੍ਰਬਲ ਹੁੰਦਾ) ਹੈ।

ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥

ਉਹ (ਮਾਇਆ ਪਿੱਛੇ) ਭਟਕ ਭਟਕ ਕੇ (ਲੋਭ-ਲਹਰ ਵਿਚ) ਖ਼ੁਆਰ ਹੋ ਹੋ ਕੇ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਰਹਿੰਦੇ ਹਨ।

ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥

ਪਰ ਉਹਨਾਂ ਦੇ ਭੀ ਕੀਹ ਵੱਸ? ਪੂਰਬਲੇ ਜੀਵਨ ਵਿਚ ਕੀਤੇ ਕਰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਹੀ ਕਮਾਈ ਕਰੀਦੀ ਹੈ, ਕੋਈ (ਆਪਣੇ ਉੱਦਮ ਨਾਲ ਉਹਨਾਂ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ ॥੩॥

ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥

(ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸਰਨ ਪਿਆਂ, ਪਰ) ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ।

ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥

ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ।

ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥

(ਗੁਰੂ-) ਪਾਰਸ ਨੂੰ ਮਿਲਿਆਂ ਪਾਰਸ ਹੀ ਹੋ ਜਾਈਦਾ ਹੈ। (ਗੁਰੂ ਦੀ ਸਹੈਤਾ ਨਾਲ) ਪਰਮਾਤਮਾ ਦੀ ਜੋਤਿ ਵਿਚ ਮਨੁੱਖ ਦੀ ਜੋਤਿ ਮਿਲ ਜਾਂਦੀ ਹੈ।

ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥

ਪਰ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿਚ ਧੁਰੋਂ (ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਹੋਵੇ ॥੪॥

ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥

ਹੇ (ਮੇਰੇ) ਮਨ! ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾਹ ਟਿਕਿਆ ਰਹੁ, ਤੇ ਗਿਲੇ-ਗੁਜ਼ਾਰੀ ਨਾਹ ਕਰਦਾ ਰਹੁ।

ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥

ਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ।

ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥

ਉਹ ਪ੍ਰਭੂ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਦਇਆ ਦਾ ਸੋਮਾ ਹੈ, ਸਭ ਜੀਵਾਂ ਦੀ ਸੰਭਾਲ ਕਰਦਾ ਹੈ।

ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥

ਹੇ ਨਾਨਕ! ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ, ਤੇ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭਦਾ ਹੈ ॥੫॥੩॥੩੬॥


ਸਿਰੀਰਾਗੁ ਮਹਲਾ ੩ ॥
ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥

ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ ਨਾਮ) ਸੁਣ ਕੇ ਮੰਨ ਲਿਆ ਹੈ (ਭਾਵ, ਆਪਣੇ ਮਨ ਨੂੰ ਉਸ ਨਾਮ-ਸਿਮਰਨ ਵਿਚ ਗਿਝਾ ਲਿਆ ਹੈ) ਉਹਨਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)।

ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥

ਗੁਰੂ ਦੀ ਸਿੱਖਿਆ ਅਨੁਸਾਰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲੈਂਦੇ ਹਨ।

ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥

ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ (ਆਚਰਨ ਵਾਲੇ) ਹੋ ਜਾਂਦੇ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।

ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥੧॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, (ਉਹਨਾਂ ਦੇ) ਉਸ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ (ਭਾਵ, ਸਹੀ ਜੀਵਨ ਜੀਊਣ ਦੀ ਉਹਨਾਂ ਨੂੰ ਸੂਝ ਆ ਜਾਂਦੀ ਹੈ ॥੧॥

ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥

ਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ।

ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥

ਧੁਰੋਂ (ਪਰਮਾਤਮਾ ਦੀ ਹਜ਼ੂਰੀ ਵਿਚੋਂ) ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖਿਆ (ਮਿਲ ਜਾਂਦਾ) ਹੈ, ਉਹ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਯਾਦ ਵਿਚ) ਸੁਰਤ ਜੋੜੀ ਰੱਖਦੇ ਹਨ ॥੧॥ ਰਹਾਉ ॥

ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥

ਹੇ ਪ੍ਰਭੂ ਦੇ ਸੰਤ ਜਨੋ! ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ, ਹਰੇਕ ਦੇ ਨੇੜੇ ਵੱਸਦਾ ਹੈ।

ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥

ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮਤਿ ਲੈ ਕੇ ਉਸ ਨੂੰ (ਭਰਪੂਰਿ ਵੱਸਦਾ) ਪਛਾਣ ਲਿਆ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੇਖਦੇ ਹਨ।

ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥

ਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ ਹਨ, ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਦਾ ਹੈ, ਪਰ ਜਿਨ੍ਹਾਂ ਨੇ ਔਗਣ ਵਿਹਾਝੇ ਹੋਏ ਹਨ, ਉਹਨਾਂ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ।

ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ (ਮਾਇਆ ਦੇ ਝੋਰਿਆਂ ਵਿਚ) ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ ॥੨॥

ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ (ਨਾਮ ਵਿਚ ਆਪਣਾ ਆਪ ਗਿਝਾ ਲਿਆ ਹੈ), ਉਹਨਾਂ ਨੇ ਆਪਣੇ ਮਨ ਵਿਚ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ।

ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥

ਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ।

ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥

ਕਸੁੰਭੇ ਦਾ ਰੰਗ ਛੇਤੀ ਨਾਸ ਹੋ ਜਾਣ ਵਾਲਾ ਹੈ ਉਹ ਨਾਸ ਹੋ ਜਾਂਦਾ ਹੈ, (ਇਸੇ ਤਰ੍ਹਾਂ ਮਾਇਆ ਦਾ ਸਾਥ ਭੀ ਚਾਰ ਦਿਨਾਂ ਦਾ ਹੈ, ਉਹ ਸਾਥ ਟੁੱਟ ਜਾਂਦਾ ਹੈ, ਤੇ ਉਸ ਦੇ ਮੋਹ ਵਿਚ ਫਸਿਆ ਮਨੁੱਖ ਵਿਛੋੜੇ ਦਾ) ਦੁੱਖ ਦੁਖੀ ਹੋ ਹੋ ਕੇ ਫਰੋਲਦਾ ਹੈ।

ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥੩॥

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (-ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ ॥੩॥

ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥

ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।

ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥

ਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿਚ ਭੀ ਥਾਂ ਨਹੀਂ ਮਿਲਦਾ।

ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥

(ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ। ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ।

ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥੪॥

ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ ॥੪॥

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ।

ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥

(ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ।

ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥

ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ।

ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥

ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ॥੫॥੪॥੩੭॥{27-28}


ਸਿਰੀਰਾਗੁ ਮਹਲਾ ੩ ॥
ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਦੀ ਰਾਹੀਂ (ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ ਨਾਮ ਨੂੰ ਇਕਾਗ੍ਰ ਮਨ ਨਾਲ ਸਿਮਰਿਆ ਹੈ,

ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰਬਾਰ ਵਿਚ ਉਹ ਸਦਾ ਸੁਰਖ਼ਰੂ ਹੁੰਦੇ ਹਨ।

ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥੧॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਦੀ ਰਾਹੀਂ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ॥੧॥

ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥

ਹੇ ਭਾਈ! ਗੁਰੂ ਦੀ ਸਰਨ ਪਿਆਂ ਸਦਾ ਇੱਜ਼ਤ ਮਿਲਦੀ ਹੈ।

ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥੧॥ ਰਹਾਉ ॥

(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। (ਗੁਰੂ ਮਨੁੱਖ ਦੇ ਮਨ ਵਿਚੋਂ) ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ ॥੧॥ ਰਹਾਉ ॥

ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥

(ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ। ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ।

ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥

ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, (ਇਸ ਵਾਸਤੇ) ਉਹ (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ ਪਿਆਰ ਵਿਚ ਮਸਤ ਰਹਿੰਦੇ ਹਨ।

ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥੨॥

ਉਹ ਬੰਦੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿਚ ਹੀ ਪਏ ਰਹਿੰਦੇ ਹਨ ॥੨॥

ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ॥

ਜੇਹੜੇ ਮਨੁੱਖ ਗੁਰੂ ਦੇ ਪ੍ਰੇਮ ਵਿਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ,

ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥

ਉਹ ਆਪਣਾ ਸਾਰਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦੇ ਹਨ, ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਖੱਟਦੀ ਹੈ।

ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥੩॥

(ਇਸ ਵਾਸਤੇ, ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਨਾਮ ਸਿਮਰਦਾ ਹੈ) ਜਿਸ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ॥੩॥

ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥

ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,

ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥

ਉਹ ਬੰਦੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿਤ੍ਰ ਹੋ ਜਾਂਦੇ ਹਨ (ਭਾਵ, ਉਹਨਾਂ ਦਾ ਆਤਮਕ ਜੀਵਨ ਪਵਿਤ੍ਰ ਹੋ ਜਾਂਦਾ ਹੈ, ਤੇ ਉਹ ਖ਼ਲਕਤ ਨਾਲ ਭੀ ਵਰਤਣ-ਵਿਹਾਰ ਸੁਚੱਜਾ ਰੱਖਦੇ ਹਨ)।

ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥

ਹੇ ਨਾਨਕ! ਜਗਤ ਵਿਚ ਆਏ (ਜੰਮੇ) ਉਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੪॥੫॥੩੮॥


ਸਿਰੀਰਾਗੁ ਮਹਲਾ ੩ ॥
ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥

ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਪਾਸ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ, ਉਹ ਆਪਣੇ ਗੁਰੂ ਦੀ ਸਿੱਖਿਆ ਲੈ ਕੇ (ਨਾਮ ਦਾ ਹੀ) ਵਣਜ ਕਰਦੇ ਹਨ।

ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥

ਭਗਤ-ਜਨ ਸਦਾ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਰਮਾਤਮਾ ਦਾ ਨਾਮ-ਵੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ।

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥

ਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਪਰਮਾਤਮਾ ਦਾ ਨਾਮ ਹੀ ਉਹਨਾਂ ਪਾਸ ਅਮੁੱਕ ਖ਼ਜ਼ਾਨਾ ਹੈ ॥੧॥

ਭਾਈ ਰੇ ਇਸੁ ਮਨ ਕਉ ਸਮਝਾਇ ॥

ਹੇ ਭਾਈ! (ਆਪਣੇ) ਇਸ ਮਨ ਨੂੰ ਸਮਝਾ (ਤੇ ਆਖ-)

ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥

ਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ ॥੧॥ ਰਹਾਉ ॥

ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥

ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ।

ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥

ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ।

ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥

ਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿਚ) ਰਲਾਇਆਂ ਰਲ ਨਹੀਂ ਸਕਦਾ ॥੨॥

ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥

ਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ।

ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥

ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ।

ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥

ਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ ॥੩॥

ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥

ਪਰਮਾਤਮਾ (ਮਨੁੱਖ ਨੂੰ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਮਿਹਰ ਤੋਂ ਬਿਨਾ ਉਹ ਪ੍ਰਾਪਤ ਨਹੀਂ ਹੋ ਸਕਦਾ।

ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥

ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ।

ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥੪॥੬॥੩੯॥

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੬॥੩੯॥{28-29}


ਸਿਰੀਰਾਗੁ ਮਹਲਾ ੩ ॥
ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥

ਪਰਮਾਤਮਾ ਦਾ ਨਾਮ ਸੁਖਾਂ ਦਾ ਸਮੁੰਦਰ ਹੈ, ਪਰ ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ।

ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ ॥

ਪ੍ਰਭੂ-ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿਚ ਲੀਨ ਹੋ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।

ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥੧॥

ਜੀਭ ਨਾਲ ਹਰੀ ਦੇ ਗੁਣ ਗਾ ਕੇ ਹਿਰਦਾ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ ॥੧॥

ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥

ਹੇ ਭਾਈ! (ਪਰਮਾਤਮਾ ਨੂੰ ਭੁਲਾ ਕੇ ਮਾਇਆ ਅਦਿਕ) ਹੋਰ ਪਿਆਰ ਵਿਚ ਪੈ ਕੇ ਜਗਤ ਦੁਖੀ ਹੋ ਰਿਹਾ ਹੈ।

ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥

ਤੂੰ ਗੁਰੂ ਦੀ ਸਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ; (ਇਸ ਤਰ੍ਹਾਂ) ਸੁਖ ਮਾਣੇਂਗਾ ॥੧॥ ਰਹਾਉ ॥

ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥

ਸਦਾ-ਥਿਰ ਪਰਮਾਤਮਾ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗ ਸਕਦੀ, (ਉਸ) ਪਰਮਾਤਮਾ ਦਾ ਨਾਮ ਸਿਮਰਿਆਂ (ਸਿਮਰਨ ਵਾਲੇ ਮਨੁੱਖ ਦਾ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ।

ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥

ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ।(ਜੇਹੜਾ ਸਾਂਝ ਪਾਂਦਾ ਹੈ ਉਹ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ।

ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥

(ਜਿਸ ਮਨੁੱਖ ਨੇ ਆਪਣੇ ਅੰਦਰ) ਗੁਰੂ ਦਾ ਗਿਆਨ ਚੰਗੀ ਤਰ੍ਹਾਂ ਰੌਸ਼ਨ ਕਰ ਲਿਆ ਹੈ (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ॥੨॥

ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ-ਮਨ ਰਹਿੰਦੇ ਹਨ ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ।

ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥

ਇਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਉਤਰਦੀ, (ਸ਼ਬਦ ਤੋਂ ਬਿਨਾ) ਆਤਮਕ ਮੌਤ ਸਹੇੜ ਕੇ ਖ਼ੁਆਰ ਹੋ ਹੋ ਕੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।

ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ॥੩॥

ਉਹ ਇਸ ਨਾਸਵੰਤ ਜਗਤ-ਖੇਡ ਵਿਚ ਫਸੇ ਰਹਿੰਦੇ ਹਨ, ਇਸ ਵਿਚੋਂ ਉਹਨਾਂ ਨੂੰ ਨਾਹ ਉਰਲਾ ਬੰਨਾ ਲੱਭਦਾ ਹੈ ਨਾਹ ਪਾਰਲਾ ਬੰਨਾ ॥੩॥

ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਮਰਨ ਕਰਦਾ ਹੈ ਉਹ ਸੇਵਾ ਕਰਦਾ ਹੈ ਉਹ ਆਪਣੇ ਆਪ ਨੂੰ ਵਿਕਾਰਾਂ ਵਲੋਂ ਬਚਾਈ ਰੱਖਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦਾ ਹੈ।

ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥

(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਸਦਾ ਕਰਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ।

ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ ॥੪॥੭॥੪੦॥

ਹੇ ਨਾਨਕ! ਪਰਮਾਤਮਾ ਦਾ ਨਾਮ (ਹੀ) ਸਿਮਰਨਾ ਚਾਹੀਦਾ ਹੈ, (ਪਰਮਾਤਮਾ ਦਾ ਨਾਮ) ਸਭ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ ॥੪॥੭॥੪੦॥


ਸ੍ਰੀਰਾਗੁ ਮਹਲਾ ੩ ॥
ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਹ ਮਾਇਆ ਵਲੋਂ ਉਪਰਾਮਤਾ।

ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥

ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਇਸ ਵਾਸਤੇ ਉਸ ਨੂੰ) ਸਦਾ ਦੁੱਖ (ਘੇਰੀ ਰੱਖਦਾ) ਹੈ, ਪਰਮਾਤਮਾ ਦੀ ਦਰਗਾਹ ਵਿਚ ਭੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ।

ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥੧॥

ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿਚ ਰੰਗੇ ਜਾਈਦਾ ਹੈ, ਤੇ ਸੁਖ ਪ੍ਰਾਪਤ ਹੁੰਦਾ ਹੈ ॥੧॥

ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥

ਹੇ ਮੇਰੇ ਮਨ! (ਤੇਰੇ ਅੰਦਰ ਤਾਂ) ਦਿਨ ਰਾਤ ਸਦਾ (ਮਾਇਆ ਦੀ) ਆਸ ਭਰੀ ਰਹਿੰਦੀ ਹੈ।

ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥੧॥ ਰਹਾਉ ॥

(ਹੇ ਮਨ!) ਸਤਿਗੁਰੂ ਦੀ ਦੱਸੀ ਸੇਵਾ ਕਰ (ਤਦੋਂ ਹੀ ਮਾਇਆ ਦਾ) ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ (ਤਦੋਂ ਹੀ) ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਤੋਂ) ਉਪਰਾਮ ਹੋ ਸਕੀਦਾ ਹੈ ॥੧॥ ਰਹਾਉ ॥

ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਦੇ ਦੱਸੇ) ਕਰਮ ਕਰਦਾ ਹੈ ਤੇ (ਅੰਦਰੋਂ) ਖਿੜਿਆ ਰਹਿੰਦਾ ਹੈ (ਕਿਉਂਕਿ ਉਸ ਦੇ ਅੰਦਰ) ਪਰਮਾਤਮਾ ਦਾ ਪ੍ਰੇਮ ਹੈ ਤੇ ਆਤਮਕ ਸੁਖ ਹੈ।

ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥

ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਉਹ ਬੇ-ਫ਼ਿਕਰ ਰਹਿੰਦਾ ਹੈ।

ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥੨॥

ਵੱਡੀ ਕਿਸਮਤ ਨਾਲ ਉਸ ਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ ਜਿਥੇ ਉਸ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਤੇ ਉਹ ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ) ਸੁਖ ਮਾਣਦਾ ਹੈ ॥੨॥

ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥

ਉਹ ਮਨੁੱਖ (ਅਸਲ) ਸਾਧੂ ਹੈ, ਉਹੀ ਬੈਰਾਗੀ ਹੈ ਜੇਹੜਾ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ।

ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥

ਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਕਦੇ ਭੀ ਅਸਰ ਨਹੀਂ ਕਰਦੀ, ਉਹ ਆਪਣੇ ਅੰਦਰੋਂ ਆਪਾ-ਭਾਵ ਗਵਾਈ ਰੱਖਦਾ ਹੈ।

ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥੩॥

ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ (ਉਸਦੇ ਅੰਦਰ ਹੀ) ਵਿਖਾ ਦਿੱਤਾ ਹੁੰਦਾ ਹੈ, ਤੇ ਉਹ ਨਾਮ-ਰਸ ਰੱਜ ਕੇ ਪੀਂਦਾ ਹੈ ॥੩॥

ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥

ਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ ਸਾਧ ਸੰਗਤਿ ਵਿਚ ਹੀ ਵੱਡੀ ਕਿਸਮਤ ਨਾਲ ਪ੍ਰਭੂ-ਪ੍ਰੇਮ ਵਿਚ ਜੁੜ ਕੇ ਲੱਭਾ ਹੈ।

ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ ॥

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਬਾਹਰ ਜੰਗਲਾਂ ਅਦਿਕ ਵਿਚ) ਤੁਰੇ ਫਿਰਦੇ ਹਨ, ਉਹ ਸਤਿਗੁਰੂ (ਦੀ ਵਡਿਆਈ) ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਹਉਮੈ (ਦੀ ਮੈਲ) ਲੱਗੀ ਰਹਿੰਦੀ ਹੈ।

ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ ॥੪॥੮॥੪੧॥

ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਗਏ ਹਨ ਉਹ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ (ਪਰ ਪਾਹ ਤੋਂ ਬਿਨਾ ਪੱਕਾ ਰੰਗ ਨਹੀਂ ਚੜ੍ਹਦਾ, ਤੇ ਨਾਮ-ਰੰਗ ਵਿਚ ਰੰਗੇ ਜਾਣ ਵਾਸਤੇ ਪ੍ਰਭੂ ਦੇ) ਡਰ-ਅਦਬ ਤੋਂ ਬਿਨਾ ਪਾਹ ਨਹੀਂ ਮਿਲ ਸਕਦੀ ॥੪॥੮॥੪੧॥


ਸਿਰੀਰਾਗੁ ਮਹਲਾ ੩ ॥
ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ ॥

(ਪਰਮਾਤਮਾ ਦਾ ਨਾਮ-ਰੂਪ) ਸਾਰਾ (ਉੱਤਮ) ਪਦਾਰਥ (ਮਨੁੱਖ ਦੇ) ਹਿਰਦੇ ਵਿਚ ਹੀ ਹੈ, (ਗੁਰੂ ਦੀ ਸਰਨ ਪਿਆਂ) ਇਹ ਸੌਦਾ ਹਿਰਦੇ ਵਿਚੋਂ ਹੀ ਮਿਲ ਪੈਂਦਾ ਹੈ।

ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥

(ਗੁਰੂ ਦੀ ਸਰਨ ਪੈ ਕੇ) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਜੇਹੜਾ ਕੋਈ ਨਾਮ ਪ੍ਰਾਪਤ ਕਰਦਾ ਹੈ ਗੁਰੂ ਦੀ ਰਾਹੀਂ ਕਰਦਾ ਹੈ।

ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ ॥੧॥

ਜਿਸ ਨੂੰ ਵੱਡੀ ਕਿਸਮਤ ਨਾਲ ਇਹ ਖ਼ਜ਼ਾਨਾ ਮਿਲਦਾ ਹੈ (ਉਸ ਪਾਸੋਂ ਕਦੀ ਮੁੱਕਦਾ ਨਹੀਂ) (ਕਿਉਂਕਿ) ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ ॥੧॥

ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥

ਹੇ ਮੇਰੇ ਮਨ! ਨਿੰਦਾ ਕਰਨੀ ਛੱਡ ਦੇਹ, (ਆਪਣੇ ਅੰਦਰੋਂ) ਹਉਮੈ ਤੇ ਅਹੰਕਾਰ ਦੂਰ ਕਰ।

ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥੧॥ ਰਹਾਉ ॥

ਗੁਰੂ ਦੀ ਸਰਨ ਪੈ ਕੇ ਤੂੰ ਸਦਾ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦਾ ਰਹੁ ॥੧॥ ਰਹਾਉ ॥

ਗੁਰਮੁਖਾ ਕੇ ਮੁਖ ਉਜਲੇ ਗੁਰਸਬਦੀ ਬੀਚਾਰਿ ॥

ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰ ਕੇ ਉਹ (ਸਦਾ) ਸੁਰਖ਼ਰੂ ਰਹਿੰਦੇ ਹਨ।

ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ॥

ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਲੋਕ ਪਰਲੋਕ ਵਿਚ ਸੁਖ ਮਾਣਦੇ ਹਨ।

ਘਰ ਹੀ ਵਿਚਿ ਮਹਲੁ ਪਾਇਆ ਗੁਰਸਬਦੀ ਵੀਚਾਰਿ ॥੨॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਕੇ ਉਹਨਾਂ ਆਪਣੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਲਿਆ ਹੁੰਦਾ ਹੈ ॥੨॥

ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥

ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਭਵਾਂਦੇ ਹਨ, ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। (ਉਹਨਾਂ ਨੂੰ ਆਪਣੇ ਅੰਦਰੋਂ ਫਿਟਕਾਰ ਹੀ ਪੈਂਦੀ ਰਹਿੰਦੀ ਹੈ)।

ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥

ਉਹ ਸਦਾ ਉਹੀ ਕਰਤੂਤਾਂ ਕਰਦੇ ਹਨ, ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ। ਉਹ ਸਦਾ ਜਮ ਦੇ ਜਾਲ ਵਿਚ ਜਮ ਦੀ ਤੱਕ ਵਿਚ ਰਹਿੰਦੇ ਹਨ।

ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ ॥੩॥

ਕਦੇ ਸੁਪਨੇ ਵਿਚ ਭੀ ਉਹ ਸੁਖ ਨਹੀਂ ਮਾਣਦੇ, ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ ॥੩॥

ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥

ਉਹ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਹਰੇਕ ਜੀਵ ਦੇ ਦਿਲ ਦੀ) ਜਾਣਦਾ ਹੈ।

ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥

ਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿ ਮਨਮੁਖ ਕਿਉਂ ਨਾਮ ਨਹੀਂ ਚੇਤਦਾ ਤੇ ਗੁਰਮੁਖਿ ਕਿਉਂ ਸਿਮਰਦਾ ਹੈ?) ਜਿਸ ਉੱਤੇ ਉਹ ਪ੍ਰਸੰਨ ਹੁੰਦਾ ਹੈ, ਉਸ ਨੂੰ ਨਾਮ ਦੀ ਦਾਤ ਦੇ ਦੇਂਦਾ ਹੈ।

ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ ॥੪॥੯॥੪੨॥

ਹੇ ਨਾਨਕ! (ਉਸ ਦੀ ਮਿਹਰ ਨਾਲ) ਗੁਰੂ ਦੀ ਸਰਨ ਪਿਆਂ ਉਸ ਨਾਲ ਮਿਲਾਪ ਹੁੰਦਾ ਹੈ ॥੪॥੯॥੪੨॥


ਸਿਰੀਰਾਗੁ ਮਹਲਾ ੩ ॥
ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥

(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜੇਹੜਾ ਸਿਮਰਦਾ ਹੈ ਉਸ ਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦੇਂਦਾ ਹੈ।

ਗੁਰਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥

ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।

ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥੧॥

(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ। ਮਾਇਆ ਬੜੀ ਮੋਹਣੀ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ ਮਨ (ਮਾਇਆ ਦੇ ਪਿੱਛੇ) ਦੌੜਨੋਂ ਹਟਦਾ ਹੈ ॥੧॥

ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥

ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।

ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥੧॥ ਰਹਾਉ ॥

ਜਿਸ ਮਨੁੱਖ ਦੇ ਮਨ ਵਿਚ ਨਾਮ-ਖ਼ਜ਼ਾਨਾ ਸਦਾ ਵੱਸਦਾ ਹੈ, ਉਹ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ॥੧॥ ਰਹਾਉ ॥

ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਜਾਂਦਾ ਹੈ, ਸਰੀਰ ਭੀ (ਭਾਵ, ਹਰੇਕ ਗਿਆਨ-ਇੰਦ੍ਰਾ ਭੀ) ਅੰਨ੍ਹਾ ਹੋ ਜਾਂਦਾ ਹੈ ਉਸ ਨੂੰ (ਆਤਮਕ ਸ਼ਾਂਤੀ ਵਾਸਤੇ) ਕੋਈ ਥਾਂ-ਥਿੱਤਾ ਸੁੱਝਦਾ ਨਹੀਂ।

ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥

(ਮਾਇਆ ਦੇ ਮੋਹ ਵਿਚ ਫਸ ਕੇ) ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ (ਕਿਤੋਂ ਭੀ ਉਸ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ) ਜਿਵੇਂ ਕਿਸੇ ਸੁੰਞੇ ਘਰ ਵਿਚ ਕਾਂ ਜਾਂਦਾ ਹੈ (ਉਥੋਂ ਉਸ ਨੂੰ ਮਿਲਦਾ ਕੁਝ ਨਹੀਂ)

ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥੨॥

ਗੁਰੂ ਦੀ ਮਤਿ ਤੇ ਤੁਰਿਆਂ ਹਿਰਦੇ ਵਿਚ ਚਾਨਣ (ਹੋ ਜਾਂਦਾ ਹੈ) (ਭਾਵ, ਸਹੀ ਜੀਵਨ ਦੀ ਸੂਝ ਆ ਜਾਂਦੀ ਹੈ), ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੨॥

ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥

ਤ੍ਰਿਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨ੍ਹਾ ਹੋ ਰਿਹਾ ਹੈ, ਮਾਇਆ ਦੇ ਮੋਹ ਦਾ ਹਨੇਰਾ (ਚੁਫੇਰੇ ਪਸਰਿਆ ਹੋਇਆ ਹੈ)।

ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥

ਲੋਭ-ਗ੍ਰਸੇ ਜੀਵ (ਉਂਞ ਤਾਂ) ਵੇਦਾਂ ਨੂੰ ਪੜ੍ਹ ਕੇ (ਉਹਨਾਂ ਦੇ ਉਪਦੇਸ਼ ਦਾ) ਢੰਢੋਰਾ ਦੇਂਦੇ ਹਨ, (ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ) ਹੋਰ ਦੀ (ਭਾਵ, ਮਾਇਆ ਦੀ) ਸੇਵਾ ਕਰਦੇ ਹਨ।

ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥੩॥

ਮਾਇਆ ਦੇ ਮੋਹ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ (ਮਾਇਆ-ਮੋਹ ਦੇ ਘੁੱਪ ਹਨੇਰੇ ਵਿਚੋਂ ਉਹਨਾਂ ਨੂੰ) ਨਾਹ ਉਰਲਾ ਬੰਨਾ ਦਿੱਸਦਾ ਹੈ, ਨਾਹ ਪਾਰਲਾ ਬੰਨਾ ॥੩॥

ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥

ਮਾਇਆ ਦੇ ਮੋਹ ਵਿਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ।

ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥

ਗੁਰੂ (ਦੀ ਸਰਨ) ਤੋਂ ਬਿਨਾ ਜੀਵ ਗ਼ਾਫਿਲ ਹੋ ਰਿਹਾ ਹੈ। (ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿਚ) ਜਕੜਿਆ ਹੋਇਆ ਹੈ।

ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥੪॥੧੦॥੪੩॥

ਹੇ ਨਾਨਕ! ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਹੀ ਜੀਵ (ਆਤਮਕ ਮੌਤ ਦੇ ਬੰਧਨਾਂ ਤੋਂ) ਬਚ ਸਕਦੇ ਹਨ ॥੪॥੧੦॥੪੩॥


ਸਿਰੀਰਾਗੁ ਮਹਲਾ ੩ ॥
ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥

(ਜਗਤ ਵਿਚ) ਤ੍ਰਿਗੁਣੀ ਮਾਇਆ ਦਾ ਮੋਹ (ਪਸਰ ਰਿਹਾ) ਹੈ ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ।

ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥

ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥੧॥

ਜਿਨ੍ਹਾਂ ਦੇ ਭਾਗਾਂ ਵਿਚ ਨੇਕੀ ਹੈ, ਪਰਮਾਤਮਾ ਉਹਨਾਂ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ ॥੧॥

ਭਾਈ ਰੇ ਗੁਰਮਤਿ ਸਾਚਿ ਰਹਾਉ ॥

ਹੇ ਭਾਈ! ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਵਿਚ ਟਿਕੇ ਰਹੁ।

ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥੧॥ ਰਹਾਉ ॥

ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜੇ ਰਹੋ ॥੧॥ ਰਹਾਉ ॥

ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ ॥

ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ।

ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥

ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ, ਮੈਂ ਉਹਨਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ।

ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥੨॥

(ਜੇਹੜਾ ਮਨੁੱਖ ਨਾਮ ਜਪਣ ਵਾਲਿਆਂ ਦੀ ਸਰਨ ਪੈਂਦਾ ਹੈ ਉਹ) ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ (-ਰੂਪ) ਲਾਭ ਹਾਸਲ ਹੋ ਜਾਂਦਾ ਹੈ ॥੨॥

ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥

ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਦਰ ਨਹੀਂ ਲੱਭਦਾ, ਪ੍ਰਭੂ ਦਾ ਨਾਮ ਨਹੀਂ ਮਿਲਦਾ।

ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥

(ਹੇ ਭਾਈ! ਤੂੰ ਭੀ) ਅਜੇਹਾ ਗੁਰੂ ਲੱਭ ਲੈ, ਜਿਸ ਪਾਸੋਂ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਏ।

ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥੩॥

(ਜੇਹੜਾ ਮਨੁੱਖ ਗੁਰੂ ਦੀ ਰਾਹੀਂ ਪਰਮਾਤਮਾ ਨੂੰ ਲੱਭ ਲੈਂਦਾ ਹੈ) ਉਹ ਕਾਮਾਦਿਕ ਦੈਂਤਾਂ ਨੂੰ ਮਾਰ ਲੈਂਦਾ ਹੈ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ (ਉਸਨੂੰ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ॥੩॥

ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥

ਕੋਈ ਭੀ ਮਨੁੱਖ (ਗੁਰੂ-ਚਰਨਾਂ ਵਿਚ) ਸਰਧਾ ਬਣ ਕੇ ਵੇਖ ਲਏ, ਸਤਿਗੁਰੂ ਨੂੰ ਜਿਹੋ ਜਿਹਾ ਕਿਸੇ ਨੇ ਸਮਝਿਆ ਹੈ ਉਸ ਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ।

ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥

ਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ, (ਭਾਵੇਂ ਕੋਈ ਵੀ ਮਨੁੱਖ ਸਤਿਗੁਰੂ ਨਾਲ ਪਿਆਰ ਕਰ ਕੇ ਦੇਖ ਲਵੇ।) (ਕਿਉਂਕਿ)

ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥੪॥੧੧॥੪੪॥

ਹੇ ਨਾਨਕ! (ਜਿਸ ਸਿੱਖ ਦਾ ਗੁਰੂ ਨਾਲ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲਾਪ ਹੋ ਜਾਂਦਾ ਹੈ, (ਉਸ ਸਿੱਖ ਅਤੇ ਗੁਰੂ ਦੀ) ਜੋਤਿ ਇੱਕ ਹੋ ਜਾਂਦੀ ਹੈ, ਸਰੀਰ ਭਾਵੇਂ ਦੋ ਹੁੰਦੇ ਹਨ ॥੪॥੧੧॥੪੪॥


ਸਿਰੀਰਾਗੁ ਮਹਲਾ ੩ ॥
ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਛੱਡ ਕੇ ਮਾਇਆ ਵਿਚ ਮਸਤ ਹੁੰਦੇ ਹਨ (ਤੇ, ਮਾਇਆ ਦੀ ਖ਼ਾਤਰ) ਹੋਰ ਹੋਰ ਦੀ (ਸੇਵਾ ਖ਼ੁਸ਼ਾਮਦ) ਕਰਦੇ ਫਿਰਦੇ ਹਨ।

ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥

(ਇਸ ਤਰ੍ਹਾਂ ਉਹ) ਆਪਣਾ (ਮਨੁੱਖਾ ਜਨਮ ਦਾ) ਫ਼ਰਜ਼ ਭੁਲਾ ਬੈਠਦੇ ਹਨ (ਪਰ) ਸਮਝਦੇ ਨਹੀਂ, ਤੇ (ਉਹਨਾਂ ਦੀ ਉਮਰ) ਹਰ ਵੇਲੇ ਦੁੱਖ ਵਿਚ ਬੀਤਦੀ ਹੈ।

ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥

(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿਚ ਗ਼ਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ) ॥੧॥

ਮਨ ਰੇ ਸਦਾ ਭਜਹੁ ਹਰਿ ਸਰਣਾਈ ॥

ਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਰਨ ਪਿਆ ਰਹੁ।

ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥੧॥ ਰਹਾਉ ॥

(ਪਰ ਪਰਮਾਤਮਾ ਦੀ ਸਰਨ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿਚ ਆ ਵੱਸੇ, ਤਦੋਂ ਪਰਮਾਤਮਾ (ਹਿਰਦੇ ਵਿਚੋਂ) ਨਹੀਂ ਵਿਸਰਦਾ ॥੧॥ ਰਹਾਉ ॥

ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥

ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ।

ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥

ਉਸ ਦਾ ਜਗਤ ਵਿਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ, ਮਨਮੁਖ ਨੇ (ਲੋਕ ਪਰਲੋਕ ਵਿਚ) ਇੱਜ਼ਤ ਭੀ ਗਵਾ ਲਈ।

ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ ॥੨॥

ਜਿਸ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਉਸ ਨੇ ਆਤਮਕ ਆਨੰਦ ਮਾਣਿਆ, ਉਸ ਦੀ ਜੋਤਿ, ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੨॥

ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥

ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।

ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥

ਗੁਰੂ ਦੀ ਦੱਸੀ ਸੇਵਾ ਹੀ ਜਤ ਸਤ ਤਪ (ਦਾ ਮੂਲ) ਹੈ, (ਗੁਰਮੁਖ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।

ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥੩॥

ਗੁਰਮੁਖ ਦਿਨ ਰਾਤ ਹਰ ਵੇਲੇ ਅਨੰਦ ਵਿਚ ਟਿਕਿਆ ਰਹਿੰਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਸੁਖ ਮਾਣਦਾ ਹੈ ॥੩॥

ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ ॥

ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।

ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ ॥

ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲ ਜਾਂਦੀ ਹੈ, ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹਨਾਂ ਨੂੰ ਸਦਾ-ਥਿਰ ਪ੍ਰਭੂ ਵਿਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ।

ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥

ਹੇ ਨਾਨਕ! ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿਚ ਮਿਲਾਪ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ ॥੪॥੧੨॥੪੫॥


ਸਿਰੀਰਾਗੁ ਮਹਲਾ ੩ ॥
ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤ੍ਰੀ (ਆਪਣੇ) ਸਰੀਰ ਉੱਤੇ ਸਿੰਗਾਰ ਕਰਦੀ ਹੈ।

ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥

ਉਸ ਦਾ ਪਤੀ (ਉਸ ਦੀ) ਸੇਜ ਉਤੇ (ਕਦੇ) ਨਹੀਂ ਆਉਂਦਾ, ਉਹ ਵਿਅਰਥ ਸਿੰਗਾਰ ਕਰ ਕੇ) ਸਦਾ ਖ਼ੁਆਰ ਹੁੰਦੀ ਹੈ।

ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ ॥੧॥

(ਇਸੇ ਤਰ੍ਹਾਂ ਮਨਮੁਖ ਮਨੁੱਖ ਵਿਖਾਏ ਦੇ ਧਾਰਮਿਕ ਕੰਮਾਂ ਨਾਲ) ਪ੍ਰਭੂ-ਪਤੀ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦਾ, ਉਸ ਨੂੰ ਪ੍ਰਭੂ ਦਾ ਦਰ-ਘਰ ਨਹੀਂ ਦਿੱਸਦਾ ॥੧॥

ਭਾਈ ਰੇ ਇਕ ਮਨਿ ਨਾਮੁ ਧਿਆਇ ॥

ਹੇ ਭਾਈ! ਇਕਾਗ੍ਰ-ਮਨ ਹੋ ਕੇ ਪਰਾਮਤਮਾ ਦਾ ਨਾਮ ਸਿਮਰ।

ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥

ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹਿੰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਸੁਖ ਮਾਣਦਾ ਹੈ ॥੧॥ ਰਹਾਉ ॥

ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ ॥

ਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾਂ (ਵਾਂਗ) ਹਨ, ਉਹ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।

ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥

ਉਹ (ਸਭਨਾਂ ਨਾਲ) ਮਿੱਠੇ ਬੋਲ ਬੋਲਦੇ ਹਨ, ਨਿਊਂ ਕੇ ਤੁਰਦੇ ਹਨ (ਗਰੀਬੀ ਸੁਭਾਵ ਵਾਲੇ ਹੁੰਦੇ ਹਨ), ਉਹਨਾਂ ਦੇ ਹਿਰਦੇ-ਸੇਜ ਨੂੰ ਪ੍ਰਭੂ-ਪਤੀ ਮਾਣਦਾ ਹੈ।

ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥੨॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ (ਆਪਣੇ ਹਿਰਦੇ ਵਿਚ ਵਸਾਇਆ ਹੈ) ਉਹ ਉਹਨਾਂ ਸੁਹਾਗਣਾਂ ਵਾਂਗ ਹਨ ਜਿਨ੍ਹਾਂ ਸੋਭਾ ਖੱਟੀ ਹੈ ॥੨॥

ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥

ਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ, ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤਿਗੁਰੂ ਮਿਲ ਪੈਂਦਾ ਹੈ।

ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥

(ਗੁਰੂ ਦੇ ਮਿਲਣ ਨਾਲ) ਹਿਰਦੇ ਵਿਚੋਂ ਦੁੱਖ ਕੱਟਿਆ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।

ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ ॥੩॥

ਜੇਹੜਾ ਭੀ ਮਨੁੱਖ ਗੁਰੂ ਦੇ ਹੁਕਮ ਵਿਚ ਹੈ, ਉਹ ਕਦੇ ਦੁੱਖ ਨਹੀਂ ਪਾਂਦਾ ॥੩॥

ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥

ਗੁਰੂ ਦੀ ਰਜ਼ਾ ਵਿਚ ਨਾਮ-ਅੰਮ੍ਰਿਤ ਹੈ (ਜੇਹੜਾ ਰਜ਼ਾ ਵਿਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿਚ ਟਿਕ ਕੇ ਅੰਮ੍ਰਿਤ ਪੀਂਦਾ ਹੈ।

ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ ॥

ਜਿਨ੍ਹਾਂ ਮਨੁੱਖਾਂ ਨੂੰ ਇਹ ਅੰਮ੍ਰਿਤ ਲੱਭ ਪਿਆ, ਉਹਨਾਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪੀਤਾ।

ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ ॥੪॥੧੩॥੪੬॥

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਮੇਲ ਹੋ ਜਾਂਦਾ ਹੈ ॥੪॥੧੩॥੪੬॥


ਸਿਰੀਰਾਗੁ ਮਹਲਾ ੩ ॥
ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥

ਜਦੋਂ (ਕੋਈ ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਆਪਣਾ ਸਮਝ ਲੈਂਦੀ ਹੈ (ਭਾਵ, ਪ੍ਰਭੂ-ਪਤੀ ਨਾਲ ਯਾਦ ਦੀ ਰਾਹੀਂ ਡੂੰਘੀ ਸਾਂਝ ਪਾ ਲੈਂਦੀ ਹੈ) ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇਂਦੀ ਹੈ) ਆਪਣਾ ਸਰੀਰ ਭੀ ਹਵਾਲੇ ਕਰ ਦੇਂਦੀ ਹੈ (ਭਾਵ, ਗਿਆਨ-ਇੰਦ੍ਰੇ ਮਾਇਆ ਵਲੋਂ ਹਟ ਜਾਂਦੇ ਹਨ)।

ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ ॥

ਉਹ ਜੀਵ-ਇਸਤ੍ਰੀ ਉਹੀ ਉੱਦਮ ਕਰਦੀ ਹੈ ਜੋ ਭਗਤ-ਜਨ ਕਰਦੇ ਹਨ।

ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥੧॥

(ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ ਉਸ ਨੂੰ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ॥੧॥

ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤ ਨਹੀਂ ਹੋ ਸਕਦੀ।

ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥੧॥ ਰਹਾਉ ॥

ਜੇ ਹਰੇਕ ਜੀਵ ਭੀ (ਪਰਮਾਤਮਾ ਦੀ ਭਗਤੀ ਵਾਸਤੇ) ਤਾਂਘ ਕਰੇ, ਤਾਂ ਭੀ ਗੁਰੂ ਦੀ ਸਰਨ ਤੋਂ ਬਿਨਾ ਭਗਤੀ (ਦੀ ਦਾਤਿ) ਨਹੀਂ ਮਿਲ ਸਕਦੀ ॥੧॥ ਰਹਾਉ ॥

ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥

ਪਰ ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਪਿਆਰ ਵਿਚ ਰਹਿੰਦੀ ਹੈ ਉਸ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ।

ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥

ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ, ਉਸ ਦੀ (ਜ਼ਿੰਦਗੀ ਦੀ) ਰਾਤ ਦੁੱਖਾਂ ਵਿਚ ਗੁਜ਼ਰਦੀ ਹੈ।

ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥੨॥

ਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ-ਪਤੀ ਨਹੀਂ ਮਿਲਦਾ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਤੋਂ ਵਾਂਜਿਆ ਰਹਿੰਦਾ ਹੈ) ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ॥੨॥

ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥

(ਲੁਕਾਈ ਆਮ ਤੌਰ ਤੇ) ਮਮਤਾ-ਜਲ ਵਿਚ ਫਸੀ ਹੋਈ (ਸਾਰਾ) ਜਗਤ (ਮਾਇਆ ਦੀ ਖ਼ਾਤਰ) ਭਾਲਦੀ ਫਿਰਦੀ ਹੈ, ਪਰ (ਇਕੱਠਾ ਕੀਤਾ) ਧਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ।

ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥

(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ (ਸਿਮਰਨ-ਹੀਨ ਲੁਕਾਈ ਨੂੰ) ਆਤਮਕ ਮੌਤ ਨੇ ਆਪਣੇ ਬੰਧਨਾਂ ਵਿਚ ਬੰਨ੍ਹਿਆ ਹੁੰਦਾ ਹੈ।

ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ ॥੩॥

ਜੇ ਗੁਰੂ ਮਿਲ ਪਏ ਤਾਂ ਹਰੀ-ਨਾਮ-ਧਨ ਪ੍ਰਾਪਤ ਹੋ ਜਾਂਦਾ ਹੈ (ਗੁਰੂ ਦੀ ਸਰਨ ਪੈ ਕੇ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭੀ ਰੱਖਦਾ ਹੈ ॥੩॥

ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ ॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ। ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ।

ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥

ਉਹਨਾਂ ਦਾ ਮਨ ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ ਨਾਮ-ਰਸ ਵਿਚ ਰਸੀ ਰਹਿੰਦੀ ਹੈ।

ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥੪॥੧੪॥੪੭॥

ਹੇ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਧੁਰੋਂ ਆਪਣੀ ਰਜ਼ਾ ਵਿਚ ਨਾਮ ਰੰਗ ਚਾੜ੍ਹ ਦੇਂਦਾ ਹੈ, ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ ॥੪॥੧੪॥੪੭॥{31-32}


ਸਿਰੀਰਾਗੁ ਮਹਲਾ ੩ ॥
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥

ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।

ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥

ਜੇਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।

ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥

ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫ਼ਤ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥

ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿਚ ਆਉਣ ਦਾ ਕੋਈ ਲਾਭ ਨਹੀਂ ਹੋਇਆ।

ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥

ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾਹ ਕੀਤੀ, ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ ॥੧॥ ਰਹਾਉ ॥

ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥

ਪਰਮਾਤਮਾ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ। ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ) ਆਪਣੇ ਨਾਲ ਜੋੜਦਾ ਹੈ।

ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥

(ਜੇ ਉਹ ਆਪ ਮਿਹਰ ਨਾਹ ਕਰੇ ਤਾਂ ਉਸ ਦੇ ਚਰਨਾਂ ਵਿਚ ਜੁੜਨ ਵਾਸਤੇ) ਵਿਚਾਰੇ ਜੀਵ ਬਿਲਕੁਲ ਅਸਮਰਥ ਹਨ। (ਪ੍ਰਭੂ ਦੀ ਮਿਹਰ ਤੋਂ ਬਿਨਾ) ਨਾਹ ਕੋਈ ਜੀਵ (ਉਸ ਦੀ ਸਿਫ਼ਤਿ) ਆਖ ਸਕਦਾ ਹੈ ਨਾਹ ਸੁਣਾ ਸਕਦਾ ਹੈ।

ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥੨॥

ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ ॥੨॥

ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥

ਜੀਵ ਆਪਣੇ ਪਰਵਾਰ ਨੂੰ ਵੇਖ ਕੇ ਇਸ ਦੇ ਮੋਹ ਵਿਚ ਫਸ ਜਾਂਦਾ ਹੈ। (ਪਰ ਪਰਵਾਰ ਦਾ ਕੋਈ ਸਾਥੀ) ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ।

ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ ॥

ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਿਆ, ਉਸ ਦੀ (ਆਤਮਕ ਉੱਚਤਾ ਦੀ) ਕੀਮਤ ਨਹੀਂ ਪੈ ਸਕਦੀ।

ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥੩॥

ਪਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ, ਅੰਤ ਵੇਲੇ ਭੀ ਉਸਦਾ ਸਹਾਈ ਬਣਦਾ ਹੈ ॥੩॥

ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥

ਆਪਣੇ ਮਨ ਵਿਚ ਆਪਣੇ ਚਿੱਤ ਵਿਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ।

ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ ॥

ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿਚ ਵਸਾਂਦਾ ਹੈ।

ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੪॥੧੫॥੪੮॥

ਹੇ ਨਾਨਕ! ਪ੍ਰਭੂ ਆਪ ਹੀ (ਆਪਣੀ ਭਗਤੀ ਦੀ) ਸੁਰਤ ਬਖ਼ਸ਼ਦਾ ਹੈ ਤੇ ਸੋਭਾ ਬਖ਼ਸ਼ਦਾ ਹੈ, ਆਪ ਹੀ ਗੁਰੂ ਦੀ ਸਰਨ ਪਾ ਕੇ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ॥੪॥੧੫॥੪੮॥


ਸਿਰੀਰਾਗੁ ਮਹਲਾ ੩ ॥
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥

ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ (ਗੁਰੂ ਨੂੰ) ਜਨਮ ਦਿੱਤਾ, (ਗੁਰੂ ਦਾ) ਪਿਤਾ ਭੀ ਭਾਗਾਂ ਵਾਲਾ ਹੈ (ਤੇ ਮਨੁੱਖ ਜਾਤੀ ਵਿਚ) ਸ੍ਰੇਸ਼ਟ ਹੈ।

ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ ॥

ਸਤਿਗੁਰੂ ਦੀ ਸਰਨ ਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਉਸ ਦੇ) ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ।

ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥੧॥

(ਜੇਹੜੇ) ਸੰਤ ਜਨ (ਗੁਰੂ ਦੇ) ਦਰ ਤੇ ਸਾਵਧਾਨ ਹੋ ਕੇ ਸੇਵਾ ਕਰਦੇ ਹਨ, ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦੇ ਹਨ ॥੧॥

ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ ॥

ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਨੂੰ ਸਿਮਰ।

ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥

(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ॥੧॥ ਰਹਾਉ ॥

ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ ॥

(ਗੁਰੂ ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ ਪੈਂਦਾ ਹੈ।

ਗੁਰਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥

ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਸ ਨੂੰ ਪ੍ਰਭੂ) ਆਤਮਕ ਅਡੋਲਤਾ ਵਿਚ ਤੇ (ਆਪਣੇ) ਪ੍ਰੇਮ ਵਿਚ ਰੰਗ ਦੇਂਦਾ ਹੈ।

ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ ॥੨॥

(ਗੁਰੂ ਦੀ ਸਰਨ ਪੈ ਕੇ) ਮਨੁੱਖ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ, ਸਦਾ ਪ੍ਰਭੂ-ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਕਦੇ ਵਿੱਛੁੜਦਾ ਨਹੀਂ ॥੨॥

ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ ॥

(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।

ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ ॥

ਸਤਿਗੁਰੂ ਦੇ ਲੜ ਲਾ ਕੇ ਪਰਮਾਤਮਾ ਨੇ ਚਿਰਾਂ ਤੋਂ ਵਿੱਛੁੜੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ।

ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ ॥੩॥

ਪ੍ਰਭੂ ਆਪ ਹੀ (ਗੁਰੂ ਦੀ ਸਰਨ ਪੈਣ ਵਾਲੀ) ਕਾਰ (ਜੀਵਾਂ ਪਾਸੋਂ) ਕਰਾਂਦਾ ਹੈ, ਇਸ ਦੇ ਉਲਟ ਨਹੀਂ ਤੁਰਿਆ ਜਾ ਸਕਦਾ ॥੩॥

ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥

(ਗੁਰੂ ਦੀ ਸਰਨ ਪੈ ਕੇ ਹੀ) ਹਉਮੈ ਦਾ ਵਿਕਾਰ ਦੂਰ ਕਰ ਕੇ ਮਨੁੱਖ ਦਾ ਮਨ ਤੇ ਸਰੀਰ (ਭੀ) ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ।

ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥

(ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ।

ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥੪॥੧੬॥੪੯॥

ਹੇ ਨਾਨਕ! ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਹੈ ॥੪॥੧੬॥੪੯॥


ਸਿਰੀਰਾਗੁ ਮਹਲਾ ੩ ॥
ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥

ਪਰਮਾਤਮਾ (ਸਭ) ਗੁਣਾਂ ਦਾ ਖ਼ਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।

ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥

ਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ) ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ।

ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥

ਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਭਿੱਜਾ ਰਹਿੰਦਾ ਹੈ (ਤੇ ਇਸ ਤਰ੍ਹਾਂ) ਪਰਮਾਤਮਾ ਆਪ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੧॥

ਭਾਈ ਰੇ ਗੁਰਮੁਖਿ ਬੂਝੈ ਕੋਇ ॥

ਹੇ ਭਾਈ ਜੇਹੜਾ ਕੋਈ ਮਨੁੱਖ (ਸਹੀ ਜੀਵਨ-ਜੁਗਤਿ) ਸਮਝਦਾ ਹੈ ਉਹ ਗੁਰੂ ਦੀ ਰਾਹੀਂ ਹੀ ਸਮਝਦਾ ਹੈ।

ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥੧॥ ਰਹਾਉ ॥

(ਸਹੀ ਜੀਵਨ-ਜੁਗਤਿ) ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ॥੧॥ ਰਹਾਉ ॥

ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥

ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਚੱਖਿਆ ਹੈ ਉਹਨਾਂ ਨੇ ਇਸ ਦਾ ਸੁਆਦ ਮਾਣਿਆ ਹੈ। (ਨਾਮ-ਅੰਮ੍ਰਿਤ ਦਾ ਸੁਆਦ) ਚੱਖਣ ਤੋਂ ਬਿਨਾ ਮਨੁੱਖ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪੈ ਜਾਂਦਾ ਹੈ।

ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥

ਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ।

ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥੨॥

ਪੂਰੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਨਾਮ-ਅੰਮ੍ਰਿਤ ਪੀਂਦਿਆਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ ॥੨॥

ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥

(ਨਾਮ-ਅੰਮ੍ਰਿਤ ਦੀ ਦਾਤਿ) ਜੇ ਪਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ (ਜੇ ਉਸਦੀ ਮਿਹਰ ਨਾਹ ਹੋਵੇ ਤਾਂ) ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ।

ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥

(ਨਾਮ ਦੀ ਦਾਤਿ) ਦੇਣ ਵਾਲੇ ਪਰਮਾਤਮਾ ਦੇ ਆਪਣੇ ਹੱਥ ਵਿਚ ਇਹ ਦਾਤ ਹੈ (ਉਸ ਦੀ ਰਜ਼ਾ ਅਨੁਸਾਰ) ਗੁਰੂ ਦੇ ਦਰ ਤੋਂ ਹੀ ਮਿਲਦੀ ਹੈ।

ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ ॥੩॥

(ਪਰਮਾਤਮਾ ਨੇ ਜੀਵ ਨੂੰ) ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ, (ਫਿਰ) ਉਹੋ ਜਿਹੇ ਕਰਮ ਜੀਵ ਕਰਦਾ ਹੈ (ਉਸ ਦੀ ਰਜ਼ਾ ਅਨੁਸਾਰ ਹੀ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ) ॥੩॥

ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥

(ਮਨੁੱਖ ਆਪਣੇ ਜੀਵਨ ਨੂੰ ਪਵਿਤ੍ਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ, ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ) ਪਰਮਾਤਮਾ ਦਾ ਨਾਮ-ਅੰਮ੍ਰਿਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਜੀਵਨ ਵਾਲਾ ਨਹੀਂ ਹੋ ਸਕਦਾ।

ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ॥

ਵੱਡੀ ਕਿਸਮਤ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।

ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥੪॥੧੭॥੫੦॥

ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੀਵਨ ਬਿਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ॥੪॥੧੭॥੫੦॥


ਸਿਰੀਰਾਗੁ ਮਹਲਾ ੩ ॥
ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ ॥

ਮਨੁੱਖ ਸਰੀਰ ਨੂੰ (ਭਾਵ, ਗਿਆਨ-ਇੰਦ੍ਰਿਆਂ ਨੂੰ) ਆਪਣੇ ਵੱਸ ਵਿਚ ਰੱਖਣ ਦੇ ਜਤਨ ਕਰਦਾ ਹੈ, ਪੁੱਠਾ ਲਟਕ ਕੇ ਤਪ ਕਰਦਾ ਹੈ, (ਪਰ ਇਸ ਤਰ੍ਹਾਂ) ਅੰਦਰੋਂ ਹਉਮੈ ਦੂਰ ਨਹੀਂ ਹੁੰਦੀ।

ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥

ਜੇ ਮਨੁੱਖ ਆਤਮਕ ਉੱਨਤੀ ਸੰਬੰਧੀ (ਅਜੇਹੇ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਰਹੇ, ਤਾਂ ਕਦੇ ਭੀ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ।

ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਸਹੈਤਾ ਨਾਲ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਵਲੋਂ ਬਚਦਾ ਹੈ, ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ॥੧॥

ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥

ਹੇ ਮੇਰੇ ਮਨ! (ਮੇਰੀ ਗੱਲ) ਸੁਣ, ਸਤਿਗੁਰੂ ਦੀ ਸਰਨ ਪਉ।

ਗੁਰਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥੧॥ ਰਹਾਉ ॥

(ਮਾਇਆ ਦੇ ਪ੍ਰਭਾਵ ਤੋਂ) ਗੁਰੂ ਦੀ ਕਿਰਪਾ ਨਾਲ ਹੀ ਬਚੀਦਾ ਹੈ, ਇਹ ਜ਼ਹਰ-(ਭਰਿਆ) ਸੰਸਾਰ-ਸਮੁੰਦਰ ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਤਰ ਸਕੀਦਾ ਹੈ ॥੧॥ ਰਹਾਉ ॥

ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥

ਤਿੰਨ ਗੁਣਾਂ ਦੇ ਅਧੀਨ ਰਹਿ ਕੇ ਕੰਮ ਕਰਨੇ-ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ, ਤੇ ਮਾਇਆ ਦਾ ਪਿਆਰ (ਮਨ ਵਿਚ) ਵਿਕਾਰ (ਹੀ) ਪੈਦਾ ਕਰਦਾ ਹੈ।

ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥

ਮਾਇਆ ਦੇ ਬੰਧਨਾਂ ਵਿਚ ਮਾਇਆ ਦੇ ਮੋਹ ਦਾ ਬੱਝਾ ਹੋਇਆ ਪੰਡਿਤ (ਧਰਮ-ਪੁਸਤਕ) ਪੜ੍ਹਦਾ ਹੈ, ਪਰ ਮਾਇਆ ਦੇ ਪਿਆਰ ਵਿਚ (ਫਸਿਆ ਰਹਿਣ ਕਰਕੇ ਉਹ ਜੀਵਨ ਦਾ ਸਹੀ ਰਸਤਾ) ਨਹੀਂ ਸਮਝ ਸਕਦਾ।

ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ ॥੨॥

ਜੇ ਸਤਿਗੁਰੂ ਮਿਲ ਪਏ ਤਾਂ (ਮਾਇਆ-ਮੋਹ ਦੇ ਕਾਰਨ ਪੈਦਾ ਹੋਈ ਅੰਦਰਲੀ) ਖਿੱਝ ਦੂਰ ਹੋ ਜਾਂਦੀ ਹੈ, ਮਾਇਆ ਦੇ ਤਿੰਨ ਗੁਣਾਂ ਤੋਂ ਉਤਲੇ ਆਤਮਕ ਦਰਜੇ ਵਿਚ (ਪਹੁੰਚਿਆਂ) (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੨॥

ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ ॥

ਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਲੱਭ ਪੈਂਦਾ ਹੈ (ਮਨ ਵਿਚੋਂ) ਮੋਹ (ਦਾ) ਹਨੇਰਾ ਦੂਰ ਹੋ ਜਾਂਦਾ ਹੈ।

ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥

ਜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਮਰ ਜਾਏ ਤਾਂ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦਾ ਹੈ, ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।

ਗੁਰਪਰਸਾਦੀ ਮਿਲਿ ਰਹੈ ਸਚੁ ਨਾਮੁ ਕਰਤਾਰੁ ॥੩॥

ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ, ਤੇ ਪ੍ਰਭੂ ਦਾ ਸਦਾ-ਥਿਰ ਨਾਮ ਪ੍ਰਾਪਤ ਕਰ ਸਕਦਾ ਹੈ ॥੩॥

ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥

(ਨਹੀਂ ਤਾਂ) ਇਹ ਮਨ (ਤਾਂ) ਬੜਾ ਬਲਵਾਨ ਹੈ (ਗੁਰੂ ਦੀ ਸਰਨ ਤੋਂ ਬਿਨਾ ਹੋਰ) ਕਿਸੇ ਭੀ ਹੀਲੇ ਨਾਲ ਇਹ (ਕੁਰਾਹੇ ਪਾਣੋਂ) ਛੱਡਦਾ ਨਹੀਂ।

ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ ॥

ਮਾਇਆ ਦੇ ਪਿਆਰ ਵਿਚ ਫਸਾ ਕੇ (ਮਨੁੱਖ ਨੂੰ) ਦੁੱਖ ਚੰਬੋੜ ਦੇਂਦਾ ਹੈ, ਤੇ ਬੜੀ ਸਜ਼ਾ ਦੇਂਦਾ ਹੈ।

ਨਾਨਕ ਨਾਮਿ ਲਗੇ ਸੇ ਉਬਰੇ ਹਉਮੈ ਸਬਦਿ ਗਵਾਇ ॥੪॥੧੮॥੫੧॥

ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰ ਕੇ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ (ਇਸ ਦੇ ਪੰਜੇ ਤੋਂ) ਬਚਦੇ ਹਨ ॥੪॥੧੮॥੫੧॥


ਸਿਰੀਰਾਗੁ ਮਹਲਾ ੩ ॥
ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥

(ਜਦੋਂ ਪਰਮਾਤਮਾ) ਕਿਰਪਾ ਕਰਦਾ ਹੈ (ਤਾਂ) ਗੁਰੂ ਮਿਲਦਾ ਹੈ (ਗੁਰੂ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ।

ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ ॥

(ਕਦੇ ਭੀ) ਕਿਸੇ ਮਨੁੱਖ ਨੇ ਗੁਰੂ ਤੋਂ ਬਿਨਾ (ਪਰਮਾਤਮਾ ਨੂੰ) ਨਹੀਂ ਪ੍ਰਾਪਤ ਕੀਤਾ (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ ਉਹ) ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ।

ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ ॥੧॥

ਆਪਣੇ ਮਨ ਦੇ ਪਿੱਛੇ ਤੁਰ ਕੇ (ਮਿੱਥੇ ਹੋਏ ਧਾਰਮਿਕ) ਕੰਮ (ਭੀ) ਕੀਤਿਆਂ ਪ੍ਰਭੂ ਦੀ ਦਰਗਾਹ ਵਿਚ ਸਜ਼ਾ ਹੀ ਮਿਲਦੀ ਹੈ ॥੧॥

ਮਨ ਰੇ ਦੂਜਾ ਭਾਉ ਚੁਕਾਇ ॥

ਹੇ ਮੇਰੇ ਮਨ! (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ) ਮਾਇਆ ਦਾ ਪਿਆਰ ਦੂਰ ਕਰ।

ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ ॥ ਰਹਾਉ ॥

ਪਰਮਾਤਮਾ ਤੇਰੇ ਅੰਦਰ ਵੱਸਦਾ ਹੈ (ਫਿਰ ਭੀ ਤੂੰ ਸੁਖੀ ਨਹੀਂ ਹੈਂ) ਗੁਰੂ ਦੀ ਦੱਸੀ ਸੇਵਾ ਭਗਤੀ ਕੀਤਿਆਂ ਹੀ ਆਤਮਕ ਸੁੱਖ ਲੱਭਦਾ ਹੈ ॥੧॥

ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ ॥

ਜਦੋਂ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਪਿਆਰ ਜੋੜਦਾ ਹੈ, ਤਦੋਂ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਯਥਾਰਥ ਪ੍ਰਤੀਤ ਹੁੰਦਾ ਹੈ।

ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰਿ ॥

(ਗੁਰੂ ਦੇ ਸ਼ਬਦ ਦੀ ਰਾਹੀਂ ਅੰਦਰੋਂ) ਹਉਮੈ ਤੇ ਕ੍ਰੋਧ ਦੂਰ ਕਰ ਕੇ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ।

ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥੨॥

ਪਰਮਾਤਮਾ ਦਾ ਨਾਮ ਪਵਿਤ੍ਰ ਮਨ ਦੇ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ (ਜਦੋਂ ਮਨੁੱਖ ਸਿਮਰਦਾ ਹੈ) ਤਦੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੨॥

ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ ॥

ਜਗਤ ਹਉਮੈ ਵਿਚ ਫਸ ਕੇ ਆਤਮਕ ਮੌਤ ਸਹੇੜਦਾ ਹੈ ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।

ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ (ਦੀ ਕਦਰ) ਨਹੀਂ ਜਾਣਦੇ, ਉਹ ਆਪਣੀ ਇੱਜ਼ਤ ਗਵਾ ਕੇ ਹੀ (ਜਗਤ ਵਿਚੋਂ) ਜਾਣਗੇ।

ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ ॥੩॥

ਗੁਰੂ ਦੀ ਦੱਸੀ ਸੇਵਾ-ਭਗਤੀ ਕੀਤਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ (ਜੋ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥

ਸਬਦਿ ਮੰਨਿਐ ਗੁਰੁ ਪਾਈਐ ਵਿਚਹੁ ਆਪੁ ਗਵਾਇ ॥

ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ ਤਾਂ ਗੁਰੂ ਮਿਲ ਪੈਂਦਾ ਹੈ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਸਰਧਾ ਬਣਾਂਦਾ ਹੈ ਉਹ ਆਪਣੇ) ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।

ਅਨਦਿਨੁ ਭਗਤਿ ਕਰੇ ਸਦਾ ਸਾਚੇ ਕੀ ਲਿਵ ਲਾਇ ॥

ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ।

ਨਾਮੁ ਪਦਾਰਥੁ ਮਨਿ ਵਸਿਆ ਨਾਨਕ ਸਹਜਿ ਸਮਾਇ ॥੪॥੧੯॥੫੨॥

ਹੇ ਨਾਨਕ! ਉਸ ਦੇ ਮਨ ਵਿਚ ਪਰਮਾਤਮਾ ਦਾ ਅਮੋਲਕ ਨਾਮ ਆ ਵੱਸਦਾ ਹੈ। ਉਹ ਆਤਮਕ ਅਡੋਲਤਾ ਵਿਚ (ਭੀ) ਟਿਕਿਆ ਰਹਿੰਦਾ ਹੈ ॥੪॥੧੯॥੫੨॥{33-34}


ਸਿਰੀਰਾਗੁ ਮਹਲਾ ੩ ॥
ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹ ਚੌਹਾਂ ਜੁਗਾਂ ਵਿਚ ਦੁਖੀ ਰਹਿੰਦੇ ਹਨ (ਭਾਵ, ਜੁਗ ਕੋਈ ਭੀ ਹੋਵੇ ਗੁਰੂ ਦੀ ਸਰਨ ਤੋਂ ਬਿਨਾ ਦੁੱਖ ਹੈ)।

ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥

ਉਹ ਮਨੁੱਖ ਹਿਰਦੇ-ਘਰ ਵਿਚ ਵੱਸਦੇ ਪਰਮਾਤਮਾ ਨੂੰ ਨਹੀਂ ਪਛਾਣ ਸਕਦੇ, ਉਹ ਅਹੰਕਾਰ ਵਿਚ ਅਭਿਮਾਨ ਵਿਚ (ਫਸੇ ਰਹਿ ਕੇ ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੇ ਹਨ।

ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥

ਗੁਰੂ ਵਲੋਂ ਬੇ-ਮੁੱਖ ਮਨੁੱਖ ਜਗਤ ਵਿਚ ਮੰਗਦੇ ਫਿਰਦੇ ਹਨ (ਭਾਵ, ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ)।

ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥੧॥

ਉਹ ਬੰਦੇ ਉਸ ਅਟੱਲ ਗੁਰ-ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਣ ਦੇ ਸਮਰੱਥ ਹੈ ॥੧॥

ਮਨ ਮੇਰੇ ਸਦਾ ਹਰਿ ਵੇਖੁ ਹਦੂਰਿ ॥

ਹੇ ਮੇਰੇ ਮਨ! ਪਰਮਾਤਮਾ ਨੂੰ ਸਦਾ (ਆਪਣੇ) ਅੰਗ-ਸੰਗ ਵੇਖ।

ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥

ਪਰਮਾਤਮਾ (ਜੀਵਾਂ ਦਾ) ਜਨਮ ਮਰਨ ਦਾ ਦੁੱਖ ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਭਰਪੂਰ ਵੱਸ ਰਿਹਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ) ॥੧॥ ਰਹਾਉ ॥

ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ ॥

ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ ਉਸ ਸਦਾ-ਥਿਰ ਦਾ ਰੂਪ ਹੋ ਜਾਂਦੇ ਹਨ। ਪਰਮਾਤਮਾ ਦਾ ਸਦਾ-ਥਿਰ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ।

ਸਚੀ ਕਾਰ ਕਮਾਵਣੀ ਸਚੇ ਨਾਲਿ ਪਿਆਰੁ ॥

ਜਿਨ੍ਹਾਂ ਨੇ ਸਿਮਰਨ ਦੀ ਇਹ ਸਦਾ- ਥਿਰ ਰਹਿਣ ਵਾਲੀ ਕਾਰ ਕੀਤੀ ਹੈ, ਉਹਨਾਂ ਦਾ ਪਿਆਰ ਸਦਾ-ਥਿਰ ਪ੍ਰਭੂ ਨਾਲ ਬਣ ਜਾਂਦਾ ਹੈ।

ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰੁ ॥

(ਪਰਮਾਤਮਾ ਹੀ) ਸਦਾ-ਥਿਰ ਰਹਿਣ ਵਾਲਾ ਸ਼ਾਹ ਹੈ (ਜਿਸ ਦਾ ਹੁਕਮ ਜਗਤ ਵਿਚ) ਚੱਲ ਰਿਹਾ ਹੈ, ਕੋਈ ਜੀਵ ਉਸ ਦਾ ਹੁਕਮ ਉਲੰਘ ਨਹੀਂ ਸਕਦਾ।

ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ ॥੨॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ। ਉਹ ਨਾਸਵੰਤ ਜਗਤ ਦੇ ਵਪਾਰੀ ਝੂਠੇ ਮੋਹ ਵਿਚ ਹੀ (ਆਤਮਕ ਜੀਵਨ ਦੀ ਰਾਸ-ਪੂੰਜੀ) ਠਗਾ ਬੈਠਦੇ ਹਨ ॥੨॥

ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ ॥

ਜਗਤ ‘ਮੈਂ ਮੈਂ’ ਕਰਦਾ ਹੀ (ਭਾਵ, ‘ਮੈਂ ਵੱਡਾ ਹਾਂ ਮੈਂ ਵੱਡਾ ਹਾਂ’ ਇਸ ਅਹੰਕਾਰ ਵਿਚ) ਆਤਮਕ ਮੌਤ ਸਹੇੜ ਲੈਂਦਾ ਹੈ, ਗੁਰੂ ਦੀ ਸਰਨ ਤੋਂ ਵਾਂਜੇ ਰਹਿ ਕੇ (ਇਸ ਦੇ ਵਾਸਤੇ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ।

ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਾਤਾਰੁ ॥

ਮਾਇਆ ਦੇ ਮੋਹ ਵਿਚ ਫਸ ਕੇ (ਇਸ ਨੇ) ਸੁਖ ਦੇਣ ਵਾਲਾ ਤੇ ਸਭ ਦਾਤਾਂ ਦੇਣ ਵਾਲਾ ਪਰਮਾਤਮਾ ਭੁਲਾ ਦਿੱਤਾ ਹੈ।

ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰ ਧਾਰਿ ॥

ਜਦੋਂ ਜੀਵ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਤਦੋਂ (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਤੋਂ) ਬਚ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।

ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ ॥੩॥

ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ (ਮਿਹਰ ਨਾਲ ਹੀ) ਸਦਾ-ਥਿਰ ਗੁਰ-ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕੀਤੀ ਜਾ ਸਕਦੀ ਹੈ ॥੩॥

ਸਤਗੁਰੁ ਸੇਵਿ ਮਨੁ ਨਿਰਮਲਾ ਹਉਮੈ ਤਜਿ ਵਿਕਾਰ ॥

ਗੁਰੂ ਦੀ ਦੱਸੀ ਸੇਵਾ ਕਰ ਕੇ ਹਉਮੈ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ (ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ।

ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥

ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ (ਹਿਰਦੇ ਵਿਚ ਟਿਕਾ ਕੇ), ਤੇ ਆਪਾ-ਭਾਵ ਦੂਰ ਕਰ ਕੇ ਮਨੁੱਖ ਦੁਨੀਆ ਦੀ ਕਿਰਤ ਕਾਰ ਕਰਦਾ ਹੀ ਵਿਕਾਰਾਂ ਵੱਲੋਂ ਮਰ ਜਾਂਦਾ ਹੈ।

ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥

ਜਿਨ੍ਹਾਂ ਮਨੁੱਖਾਂ ਦਾ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਪਿਆਰ ਬਣ ਜਾਂਦਾ ਹੈ, ਉਹ ਮੋਹ ਦੇ ਝਮੇਲਿਆਂ ਦੀ ਭਟਕਣਾ ਤੋਂ ਬਚ ਜਾਂਦੇ ਹਨ।

ਸਚਿ ਰਤੇ ਮੁਖ ਉਜਲੇ ਤਿਤੁ ਸਾਚੈ ਦਰਬਾਰਿ ॥੪॥

ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਬੰਦੇ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੋ ਜਾਂਦੇ ਹਨ ॥੪॥

ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ ॥

ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ (ਆਪਣਾ ਜੀਵਨ-ਰਾਹਬਰ) ਨਹੀਂ ਮੰਨਿਆ, ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਬਣਿਆ।

ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ ॥

ਉਹ ਜਿਤਨਾ ਭੀ (ਤੀਰਥ-) ਇਸ਼ਨਾਨ ਕਰਦੇ ਹਨ ਜਿਤਨਾ ਭੀ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖ਼ੁਆਰ ਹੀ ਕਰਦਾ ਹੈ।

ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ ॥

ਜਦੋਂ ਪਰਮਾਤਮਾ ਆਪ ਆਪਣੀ ਮਿਹਰ ਕਰੇ, ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ।

ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ ॥੫॥੨੦॥੫੩॥

ਹੇ ਨਾਨਕ! ਗੁਰੂ ਦੇ ਅਤੁੱਟ ਪ੍ਰੇਮ ਦੀ ਬਰਕਤਿ ਨਾਲ ਤੂੰ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ॥੫॥੨੦॥੫੩॥


ਸਿਰੀਰਾਗੁ ਮਹਲਾ ੩ ॥
ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥

ਜਦੋਂ ਮੈਂ ਆਪਣੇ ਗੁਰੂ ਪਾਸੋਂ ਪੁੱਛਦਾ ਹਾਂ ਕਿ (ਵਿਕਾਰਾਂ ਤੋਂ ਬਚਣ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕੇਹੜਾ ਜਪ ਕਰਾਂ?

ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥

(ਤਾਂ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ) ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਗੁਰੂ ਦਾ ਹੁਕਮ ਮੰਨਾਂ।

ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ ॥

(ਗੁਰੂ ਦਾ ਹੁਕਮ ਮੰਨਣਾ ਹੀ ਇਕ) ਐਸੀ ਸੇਵਾ ਹੈ ਐਸੀ ਚਾਕਰੀ ਹੈ (ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ) ਨਾਮ ਮਨ ਵਿਚ ਆ ਵੱਸਦਾ ਹੈ।

ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ ॥੧॥

ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ॥੧॥

ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥

ਹੇ ਮੇਰੇ ਮਨ! ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੁ, ਤੇ ਪਰਮਾਤਮਾ (ਦਾ ਨਾਮ) ਸਿਮਰ।

ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ ॥

ਇਸ ਤਰ੍ਹਾਂ ਆਪਣੇ ਆਤਮਕ ਜੀਵਨ ਦੀ ਫ਼ਸਲ (ਇਹਨਾਂ ਵਿਕਾਰਾਂ ਤੋਂ) ਬਚਾ ਲੈ। ਅੰਤ ਨੂੰ ਤੇਰੇ ਉਮਰ ਦੇ ਖੇਤ ਵਿਚ ਕੂੰਜ ਆ ਪਏਗੀ (ਭਾਵ, ਬਿਰਧ ਅਵਸਥਾ ਆ ਪਹੁੰਚੇਗੀ) ॥੧॥ ਰਹਾਉ ॥

ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ ॥

ਜੇਹੜੇ ਬੰਦੇ ਪਰਮਾਤਮਾ ਦੇ ਅਦਬ ਵਿਚ ਤੇ ਪ੍ਰੇਮ ਵਿਚ ਰਹਿ ਕੇ ਉਸਦੀ ਭਗਤੀ ਦਿਨ ਰਾਤ ਕਰਦੇ ਹਨ, ਉਹਨਾਂ ਦੇ ਮਨ ਦੀਆਂ ਭਾਵਨੀਆਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹਨਾਂ ਦਾ ਮਨ ਕਾਮਨਾ-ਰਹਿਤ ਹੋ ਜਾਂਦਾ ਹੈ)।

ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ ॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਸਦਾ ਹਾਜ਼ਰ-ਨਾਜ਼ਰ (ਹੋ ਕੇ ਸਭ ਜੀਵਾਂ ਦੀ) ਸੰਭਾਲ ਕਰਦਾ ਹੈ।

ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ ॥

ਉਹਨਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗਿਆ ਰਹਿੰਦਾ ਹੈ, ਭਟਕਣਾ ਉਨ੍ਹਾਂ ਦੇ ਸਰੀਰ ਵਿਚੋਂ ਉੱਕਾ ਹੀ ਮਿੱਟ ਜਾਂਦੀ ਹੈ।

ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ ॥੨॥

ਉਹ ਸਦਾ-ਥਿਰ ਰਹਿਣ ਵਾਲੇ ਗੁਣਾਂ ਦੇ ਖ਼ਜ਼ਾਨੇ ਪਵਿੱਤਰ ਸਰੂਪ ਮਾਲਕ-ਪ੍ਰਭੂ ਨੂੰ ਮਿਲ ਪੈਂਦੇ ਹਨ ॥੨॥

ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ ॥

ਜੇਹੜੇ ਬੰਦੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ (ਵਿਕਾਰਾਂ ਤੋਂ) ਬਚ ਜਾਂਦੇ ਹਨ। ਜੇਹੜੇ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੌਂ ਜਾਂਦੇ ਹਨ, ਉਹ ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਜਾਂਦੇ ਹਨ।

ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥

ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ, ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ (ਵਿਅਰਥ) ਬੀਤ ਜਾਂਦੀ ਹੈ।

ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥

ਉਹ ਜਗਤ ਤੋਂ ਤਿਵੇਂ ਹੀ ਖ਼ਾਲੀ-ਹੱਥ ਚਲੇ ਜਾਂਦੇ ਹਨ) ਜਿਵੇਂ ਕਿਸੇਂ ਸੁੰਞੇ ਘਰ ਵਿਚ ਕੋਈ ਪ੍ਰਾਹੁਣਾ ਆ ਕੇ ਚਲਾ ਜਾਂਦਾ ਹੈ।

ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥੩॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਬੀਤ ਜਾਂਦਾ ਹੈ। ਉਹ ਇਥੋਂ ਜਾ ਕੇ ਅਗਾਂਹ ਕੀਹ ਮੂੰਹ ਵਿਖਾਇਗਾ? (ਭਾਵ, ਪ੍ਰਭੂ ਦੀ ਹਾਜ਼ਰੀ ਵਿਚ ਸ਼ਰਮਿੰਦਾ ਹੀ ਹੋਵੇਗਾ) ॥੩॥

ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥

(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪ ਸਭ ਕੁਝ ਕਰਨ ਦੇ ਸਮਰਥ ਹੈ, (ਉਂਞ) ਹਉਮੈ ਵਿਚ ਫਸਿਆਂ (ਇਹ ਸੱਚਾਈ) ਆਖੀ ਨਹੀਂ ਜਾ ਸਕਦੀ (ਭਾਵ, ਹਉਮੈ ਵਿਚ ਫਸੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ-ਜੋਗ ਹੈ)।

ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆਂ ਇਹ ਸਮਝ ਆਉਂਦੀ ਹੈ।

ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥

ਜੇਹੜੇ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦੇ ਹਨ (ਭਾਵ, ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ), ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।

ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥

ਹੇ ਨਾਨਕ! (ਆਖ-) ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ॥੪॥੨੧॥੫੪॥{34-35}


ਸਿਰੀਰਾਗੁ ਮਹਲਾ ੩ ॥
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥

ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ।

ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥

ਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ।

ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥

ਉਹ ਕਾਹਦੀ ਭਗਤੀ ਹੋਈ, ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ?

ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥

ਜੇ ਇਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ, ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ ॥੧॥

ਮੇਰੇ ਮਨ ਹਰਿ ਕਾ ਨਾਮੁ ਧਿਆਇ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ।

ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥

ਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ, ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ ॥੧॥ ਰਹਾਉ ॥

ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥

ਜੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦਾ ਸਦਾ-ਥਿਰ ਨਾਮ-ਬੀ ਬੀਜ ਕੇ (ਆਤਮਕ ਜੀਵਨ ਦੀ) ਫ਼ਸਲ ਬੀਜੀਏ;

ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ ॥

ਤਾਂ ਇਹ ਫ਼ਸਲ ਬਹੁਤ ਉੱਗਦੀ ਹੈ, ਇਹ ਫ਼ਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਤੇ ਪ੍ਰੇਮ ਵਿਚ ਜੁੜ ਕੇ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।

ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥

ਸਤਿਗੁਰੂ ਦਾ ਸ਼ਬਦ (ਐਸਾ) ਅੰਮ੍ਰਿਤ ਹੈ (ਆਤਮਕ ਜੀਵਨ ਦੇਣ ਵਾਲਾ ਜਲ ਹੈ) ਜਿਸ ਦੇ ਪੀਤਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ।

ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥

(ਨਾਮ-ਅੰਮ੍ਰਿਤ ਪੀਣ ਵਾਲੇ ਮਨੁੱਖ ਦਾ) ਇਹ ਮਨ ਅਡੋਲ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਵਿਚ ਰੰਗਿਆ ਜਾਂਦਾ ਹੈ, ਤੇ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਲੀਨ ਰਹਿੰਦਾ ਹੈ ॥੨॥

ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥

ਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਹੀ ਲੀਨ ਰਹਿੰਦਾ ਹੈ (ਭਾਵ, ਜੇਹੜੇ ਬੰਦੇ ਸਦਾ ਸਿਫ਼ਤ-ਸਾਲਾਹ ਵਿਚ ਹੀ ਮਗਨ ਰਹਿੰਦੇ ਹਨ) ਤੇ ਹਰ ਪਾਸੇ ਪਰਮਾਤਮਾ ਨੂੰ ਹੀ (ਵੇਖਦੇ ਹਨ),

ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥

ਸਦਾ-ਥਿਰ ਪ੍ਰਭੂ ਦਾ ਨਾਮ ਹੀ (ਹੋਰਨਾਂ ਨੂੰ) ਸੁਣਾ ਸੁਣਾ ਕੇ ਉਹਨਾਂ ਦੀ ਸੋਭਾ (ਸਾਰੇ ਸੰਸਾਰ ਵਿਚ) ਸਦਾ ਲਈ ਕਾਇਮ ਹੋ ਜਾਂਦੀ ਹੈ।

ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥

ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਇਸ ਵਾਸਤੇ ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ ਉਹਨਾਂ ਦੀ ਅਪਣੱਤ ਦੂਰ ਹੋ ਜਾਂਦੀ ਹੈ।

ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥

ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੩॥

ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥

ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ।

ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥

ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤਿ ਮਿਲ ਜਾਂਦੀ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ,

ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥

(ਇਸ ਦੀ ਬਰਕਤਿ ਨਾਲ) ਹਰ ਵੇਲੇ ਪ੍ਰਭੂ ਦੇ ਨਾਮ (-ਰੰਗ) ਵਿਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ (ਦੇ ਮੋਹ) ਦਾ ਦੁੱਖ ਦੂਰ ਹੋ ਜਾਂਦਾ ਹੈ।

ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥

ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ (ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਉਹ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੨੨॥੫੫॥


ਸਿਰੀਰਾਗੁ ਮਹਲਾ ੩ ॥
ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥

ਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ।

ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥

ਉਹ ਬੰਦੇ ਸਦਾ-ਥਿਰ ਪ੍ਰਭੂ ਦੇ ਗੁਣ (ਆਪਣੇ ਹਿਰਦੇ ਵਿਚ) ਸਾਂਭ ਕੇ ਸਦਾ ਸਾਧ ਸੰਗਤਿ ਵਿਚ ਮਿਲੇ ਰਹਿੰਦੇ ਹਨ।

ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥

ਉਸ (ਪਰਮਾਤਮਾ) ਨੇ ਆਪ ਉਹਨਾਂ ਬੰਦਿਆਂ ਦੀ ਦੁਬਿਧਾ ਦੀ ਮੈਲ ਦੂਰ ਕਰ ਦਿੱਤੀ ਹੈ, ਉਹ ਬੰਦੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।

ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ॥੧॥

ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥

ਹੇ ਮੇਰੇ ਮਨ! ਸੰਸਾਰ-ਸਮੁੰਦਰ ਵਿਚ ਹਉਮੈ ਦੀ ਮੈਲ (ਪ੍ਰਬਲ) ਹੈ।

ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥

ਪਰਮਾਤਮਾ (ਇਸ) ਮੈਲ ਤੋਂ ਬਿਨਾ ਹੈ ਤੇ (ਇਸ ਵਾਸਤੇ) ਸਦਾ ਸੋਹਣਾ ਹੈ। (ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ ਸੋਹਣਾ ਬਣਾਣ ਦੇ ਸਮਰੱਥ ਹੈ (ਹੇ ਮਨ! ਤੂੰ ਭੀ ਗੁਰੂ ਦੇ ਸ਼ਬਦ ਵਿਚ ਜੁੜ) ॥੧॥ ਰਹਾਉ ॥

ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥

ਜਿਨ੍ਹਾਂ ਮਨੁੱਖਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ।

ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥

ਹਰ ਵੇਲੇ ਪ੍ਰਭੂ ਦੇ ਨਾਮ ਵਿਚ ਹੀ ਰੰਗੇ ਰਹਿਣ ਕਰ ਕੇ ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ।

ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥

ਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿੱਸਦਾ ਹੈ, ਪਰ ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ।

ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥

(ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ ॥੨॥

ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥

ਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿਚ ਫਸੀ ਰਹਿੰਦੀ ਹੈ, ਤੇ ਮਾਇਆ ਦੇ ਪਿਆਰ ਵਿਚ (ਪੈ ਕੇ ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦੀ ਹੈ।

ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥

ਉਸ (ਪ੍ਰਭੂ-ਨਾਮ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ।

ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥

ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ।

ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥

ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਆਪ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥

ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ ॥

(ਅਸੀਂ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਚਿਤਵਦੇ ਹਾਂ) ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ (ਇਸ ਵਾਸਤੇ ਉਸ ਦੀ ਹਜ਼ੂਰੀ ਵਿਚ ਆਪਣੇ ਕੀਤੇ ਤੇ ਚਿਤਵੇ ਮੰਦ ਕਰਮਾਂ ਤੋਂ) ਮੁੱਕਰਿਆ ਨਹੀਂ ਜਾ ਸਕਦਾ।

ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥

(ਤਾਹੀਏਂ) ਜੇਹੜੇ ਬੰਦੇ (ਸਾਰੀ ਉਮਰ) ਪਾਪ ਹੀ ਪਾਪ ਕਮਾਂਦੇ ਰਹਿੰਦੇ ਹਨ, ਉਹ (ਸਦਾ) ਪਾਪ ਵਿਚ ਸੜਦੇ ਭੁੱਜਦੇ ਰਹਿੰਦੇ ਹਨ।

ਸੋ ਪ੍ਰਭੁ ਨਦਰਿ ਨ ਆਵਈ ਮਨਮੁਖਿ ਬੂਝ ਨ ਪਾਇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹ) ਸਮਝ ਨਹੀਂ ਪੈਂਦੀ, ਉਸ ਨੂੰ ਉਹ (ਸਭ ਕੁਝ ਵੇਖਣ ਸੁਣਨ ਵਾਲਾ) ਪਰਮਾਤਮਾ ਨਜ਼ਰ ਨਹੀਂ ਆਉਂਦਾ।

ਜਿਸੁ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖਿ ਪਾਇ ॥੪॥੨੩॥੫੬॥

(ਪਰ ਕਿਸੇ ਜੀਵ ਦੇ ਭੀ ਕੀ ਵੱਸ?) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਆਪ ਵਿਖਾਂਦਾ ਹੈ, ਉਹੀ (ਉਸ ਨੂੰ) ਵੇਖ ਸਕਦਾ ਹੈ, ਉਸੇ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਇਹ ਸਮਝ ਪੈਂਦੀ ਹੈ ॥੪॥੨੩॥੫੬॥{35-36}


ਸ੍ਰੀਰਾਗੁ ਮਹਲਾ ੩ ॥
ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥

ਗੁਰੂ (ਦੀ ਸਰਨ) ਤੋਂ ਬਿਨਾ (ਜਨਮ ਮਰਨ ਦਾ) ਰੋਗ ਦੂਰ ਨਹੀਂ ਹੁੰਦਾ, ਹਉਮੈ ਦੀ ਦਰਦ ਨਹੀਂ ਜਾਂਦੀ।

ਗੁਰਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ ॥

ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ ਨਾਮ) ਵੱਸ ਪੈਂਦਾ ਹੈ ਉਹ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ।

ਗੁਰਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ ॥੧॥

ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਪਰਮਾਤਮਾ ਮਿਲਦਾ ਹੈ, ਗੁਰ-ਸ਼ਬਦ ਤੋਂ ਬਿਨਾ ਮਨੁੱਖ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੧॥

ਮਨ ਰੇ ਨਿਜ ਘਰਿ ਵਾਸਾ ਹੋਇ ॥

ਹੇ (ਮੇਰੇ) ਮਨ! ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਤੇਰਾ ਨਿਵਾਸ ਬਣਿਆ ਰਹੇ,

ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥੧॥ ਰਹਾਉ ॥

ਤੂੰ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤਾਂ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੋਵੇਗਾ ॥੧॥ ਰਹਾਉ ॥

ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥

ਸਭ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਸਾਰੀ ਸਮਰੱਥਾ ਵਾਲਾ ਹੈ, ਉਸ ਵਰਗਾ ਕੋਈ ਹੋਰ ਨਹੀਂ ਹੈ।

ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ ॥

ਜੇ ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਕਰਾਂ, ਤਾਂ ਉਹ ਮਨ ਵਿਚ ਆ ਵੱਸਦਾ ਹੈ, ਤੇ ਸੁਖੈਨ ਹੀ ਆਤਮਕ ਆਨੰਦ ਬਣ ਜਾਂਦਾ ਹੈ।

ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥੨॥

ਉਹ ਦਾਤਾਰ ਹਰੀ ਸਾਰੀ ਸ੍ਰਿਸ਼ਟੀ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਜਿਸ ਨੂੰ ਉਸ ਦੀ ਮਰਜ਼ੀ ਹੋਵੇ ਉਸ ਨੂੰ ਹੀ (ਇਹ ਆਤਮਕ ਆਨੰਦ) ਦੇਂਦਾ ਹੈ ॥੨॥

ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥

(ਜਿੱਥੇ) ਹਉਮੈ (ਹੈ ਉੱਥੇ) ਨਿਰੀ ਚਿੰਤਾ ਹੈ, ਚਿੰਤਾ ਨੂੰ ਸੁੱਖ ਨਹੀਂ ਹੋ ਸਕਦਾ।

ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥

(ਹਉਮੈ ਦੇ ਅਧੀਨ ਰਹਿ ਕੇ ਆਤਮਕ ਮੌਤ ਲਿਆਉਣ ਵਾਲੀ ਵਿਕਾਰਾਂ ਦੀ) ਜ਼ਹਰ ਵਾਲੇ ਕੰਮ ਕੀਤਿਆਂ ਜੀਵ ਉਸ ਜ਼ਹਰ ਵਿਚ ਹੀ, ਮਗਨ ਰਹਿੰਦੇ ਹਨ।

ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ ॥੩॥

ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦੇ, ਤੇ ਜਮ ਦੇ ਦਰ ਤੇ ਦੁੱਖ ਸਹਿੰਦੇ ਰਹਿੰਦੇ ਹਨ ॥੩॥

ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥

ਜਦੋਂ ਇਹ ਸਮਝ ਆ ਜਾਂਦੀ ਹੈ, ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਹੀ ਹੈ ਤੇ ਪਰਮਾਤਮਾ ਦਾ ਹੀ (ਸਭ ਜੀਵਾਂ ਨੂੰ) ਆਸਰਾ-ਸਹਾਰਾ ਹੈ,

ਗੁਰਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥

ਤਦੋਂ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।

ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥੪॥੨੪॥੫੭॥

ਹੇ ਨਾਨਕ! ਉਸ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਸਮਰੱਥਾ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੪॥੨੪॥੫੭॥


ਸਿਰੀਰਾਗੁ ਮਹਲਾ ੩ ॥
ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥

ਪਰਮਾਤਮਾ ਦਾ ਸਦਾ-ਥਿਰ ਨਾਮ ਜਿਨ੍ਹਾਂ ਮਨੁੱਖਾਂ (ਦੀ ਜ਼ਿੰਦਗੀ) ਦਾ ਆਸਰਾ ਬਣਦਾ ਹੈ, ਉਹਨਾਂ ਨੂੰ ਸਦਾ ਆਨੰਦ ਮਿਲਦਾ ਹੈ ਸਦਾ ਸੁੱਖ ਮਿਲਦਾ ਹੈ।

ਗੁਰਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥

(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਉਹ ਸਦਾ-ਥਿਰ ਪਰਮਾਤਮਾ ਪਾ ਲਿਆ ਹੁੰਦਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ।

ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ ॥

ਉਹ ਮਨੁੱਖ ਸਦਾ ਹੀ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਪਾਈ ਰੱਖਦੇ ਹਨ।

ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ ॥੧॥

ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ ॥੧॥

ਮਨ ਰੇ ਸਦਾ ਅਨੰਦੁ ਗੁਣ ਗਾਇ ॥

ਹੇ (ਮੇਰੇ) ਮਨ! ਪਰਮਾਤਮਾ ਦੇ ਗੁਣ ਗਾਂਦਾ ਰਹੁ।

ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥

(ਗੁਣ ਗਾਵਣ ਨਾਲ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ ਪ੍ਰਭੂ ਮਿਲ ਪੈਂਦਾ ਹੈ। (ਜੇਹੜਾ ਜੀਵ ਸਿਫ਼ਤ-ਸਾਲਾਹ ਕਰਦਾ ਹੈ ਉਹ) ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਸਚੀ ਭਗਤੀ ਮਨੁ ਲਾਲੁ ਥੀਆ ਰਤਾ ਸਹਜਿ ਸੁਭਾਇ ॥

ਸਦਾ-ਥਿਰ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਜਿਸ ਮਨੁੱਖ ਦਾ ਮਨ ਗੂੜਾ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਸਤ ਰਹਿੰਦਾ ਹੈ।

ਗੁਰਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ ॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦਾ ਮਨ (ਪ੍ਰਭੂ-ਚਰਨਾਂ ਵਿਚ ਅਜੇਹਾ) ਮਸਤ ਹੁੰਦਾ ਹੈ ਕਿ ਉਸ (ਮਸਤੀ) ਦਾ ਬਿਆਨ ਨਹੀਂ ਕੀਤਾ ਜਾ ਸਕਦਾ।

ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥

ਉਸ ਦੀ ਜੀਭ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੀ ਜਾਂਦੀ ਹੈ, ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ਕੇ ਉਹ ਆਤਮਕ ਜੀਵਨ ਦੇਣ ਵਾਲਾ ਰਸ ਪੀਂਦਾ ਹੈ।

ਗੁਰਮੁਖਿ ਏਹੁ ਰੰਗੁ ਪਾਈਐ ਜਿਸ ਨੋ ਕਿਰਪਾ ਕਰੇ ਰਜਾਇ ॥੨॥

ਪਰ ਇਹ ਰੰਗ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ (ਉਹੀ ਮਨੁੱਖ ਪ੍ਰਾਪਤ ਕਰਦਾ ਹੈ) ਜਿਸ ਉਤੇ ਪ੍ਰਭੂ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ॥੨॥

ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ ॥

ਜਗਤ (ਦਾ ਮੋਹ) ਤੌਖਲੇ ਦਾ ਮੂਲ ਹੈ, (ਮੋਹ ਦੀ ਨੀਂਦ ਵਿਚ) ਸੁਤਿਆਂ ਹੀ (ਜ਼ਿੰਦਗੀ-ਰੂਪ) ਰਾਤ ਬੀਤ ਜਾਂਦੀ ਹੈ।

ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ ॥

ਕਈ (ਭਾਗਾਂ ਵਾਲੇ) ਜੀਵਾਂ ਨੂੰ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਜੋੜ ਕੇ ਇਸ ਮੋਹ ਵਿਚੋਂ) ਕੱਢ ਲਿਆ ਤੇ ਆਪ ਹੀ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੈ।

ਆਪੇ ਹੀ ਆਪਿ ਮਨਿ ਵਸਿਆ ਮਾਇਆ ਮੋਹੁ ਚੁਕਾਇ ॥

ਆਪ ਹੀ (ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰਕੇ ਆਪ ਹੀ ਉਹਨਾਂ ਦੇ ਮਨ ਵਿਚ ਆ ਵੱਸਿਆ ਹੈ।

ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ ॥੩॥

ਪ੍ਰਭੂ ਨੇ ਆਪ (ਹੀ) ਉਹਨਾਂ ਨੂੰ ਇੱਜ਼ਤ ਦਿੱਤੀ ਹੈ। (ਭਾਗਾਂ ਵਾਲਿਆਂ ਨੂੰ) ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ (ਜੀਵਨ ਦਾ ਇਹ ਸਹੀ ਰਸਤਾ) ਸਮਝਾ ਦੇਂਦਾ ਹੈ ॥੩॥

ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥

ਪਰਮਾਤਮਾ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੀਵਨ-ਰਾਹ ਤੋਂ ਖੁੰਝਿਆਂ ਨੂੰ ਭੀ ਸੂਝ ਦੇਂਦਾ ਹੈ।

ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ ॥

ਕਈ ਜੀਵਾਂ ਨੂੰ ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲੋਂ ਖੁੰਝਾਇਆ ਹੋਇਆ ਹੈ, ਤੇ ਮਾਇਆ ਦੇ ਮੋਹ ਵਿਚ ਲਾ ਰੱਖਿਆ ਹੈ।

ਗੁਰਮਤੀ ਹਰਿ ਪਾਈਐ ਜੋਤੀ ਜੋਤਿ ਮਿਲਾਇ ॥

ਗੁਰੂ ਦੀ ਮਤਿ ਤੇ ਤੁਰਿਆਂ ਪਰਮਾਤਮਾ ਮਿਲਦਾ ਹੈ, (ਗੁਰੂ ਦੀ ਮਤਿ ਤੇ ਤੁਰ ਕੇ ਜੀਵ) ਆਪਣੀ ਸੁਰਤ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾਂਦਾ ਹੈ।

ਅਨਦਿਨੁ ਨਾਮੇ ਰਤਿਆ ਨਾਨਕ ਨਾਮਿ ਸਮਾਇ ॥੪॥੨੫॥੫੮॥

ਤੇ ਹੇ ਨਾਨਕ! ਹਰ ਵੇਲੇ ਨਾਮ ਵਿਚ ਰੰਗਿਆ ਰਹਿ ਕੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੨੫॥੫੮॥


ਸਿਰੀਰਾਗੁ ਮਹਲਾ ੩ ॥
ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥

(ਹਿਰਦੇ ਵਿਚ) ਗੁਣ ਧਾਰਨ ਕਰਨ ਵਾਲੀ ਜੀਵ-ਇਸਤ੍ਰੀ ਨੇ ਤ੍ਰਿਸ਼ਨਾ ਆਦਿ ਵਿਕਾਰ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲਿਆ ਹੈ।

ਗੁਰਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥

ਉਸ ਦਾ ਮਨ ਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਜੀਭ ਪ੍ਰਭੂ ਦੇ ਪ੍ਰੇਮ-ਪਿਆਰ ਵਿਚ ਰੰਗੀ ਗਈ ਹੈ।

ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥

(ਹੇ ਭਾਈ!) ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ। ਸਤਿਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ,

ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥

(ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤਕ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਪਾਂਦਾ, ਉਸ ਦੇ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਉਤਰਦੀ ॥੧॥

ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥

ਹੇ ਮੇਰੇ ਮਨ! ਸਤਿਗੁਰੂ ਦੀ ਰਜ਼ਾ ਵਿਚ ਤੁਰ,

ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥

(ਗੁਰੂ ਦੀ ਰਜ਼ਾ ਵਿਚ ਤੁਰ ਕੇ) ਆਪਣੇ ਅੰਤਰ ਆਤਮੇ ਟਿਕਿਆ ਰਹੇਂਗਾ (ਭਾਵ, ਭਟਕਣਾ ਤੋਂ ਬਚ ਜਾਵੇਂਗਾ), ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਵੇਂਗਾ, ਉਸ ਦੀ ਬਰਕਤਿ ਨਾਲ ਸੁਖ ਦਾ ਟਿਕਾਣਾ ਲੱਭ ਲਵੇਂਗਾ ॥੧॥ ਰਹਾਉ ॥

ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥

ਜਿਸ ਜੀਵ-ਇਸਤ੍ਰੀ ਦੇ ਅੰਦਰ ਔਗੁਣ ਹੀ ਔਗੁਣ ਹਨ ਤੇ ਗੁਣ ਕੋਈ ਭੀ ਨਹੀਂ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣਾ ਨਹੀਂ ਮਿਲਦਾ।

ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ, ਔਗੁਣ ਦੇ ਕਾਰਨ ਉਹ ਪਰਮਾਤਮਾ ਉਸ ਨੂੰ ਕਿਤੇ ਦੂਰ ਹੀ ਜਾਪਦਾ ਹੈ।

ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥

ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪਰਮਾਤਮਾ ਨੂੰ ਹਰ ਥਾਂ ਵੱਸਦਾ ਪਛਾਣ ਲਿਆ ਹੈ, ਉਹ ਉਸ ਸਦਾ-ਥਿਰ ਪ੍ਰਭੂ (ਦੇ ਪਿਆਰ-ਰੰਗ) ਵਿਚ ਰੰਗੇ ਰਹਿੰਦੇ ਹਨ,

ਗੁਰਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥

ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਪ੍ਰੋਤਾ ਰਹਿੰਦਾ ਹੈ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ-ਸੰਗ ਵੱਸਦਾ ਦਿੱਸਦਾ ਹੈ ॥੨॥

ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥

(ਪਰ ਜੀਵਾਂ ਦੇ ਕੀ ਵੱਸ?) ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪ ਹੀ ਸਾਧ ਸੰਗਤਿ ਵਿਚ (ਰੱਖ ਕੇ ਨਾਮ ਰੰਗ ਨਾਲ) ਰੰਗਿਆ ਹੈ, ਗੁਰ-ਸ਼ਬਦ ਵਿਚ ਜੋੜ ਕੇ ਉਹਨਾਂ ਨੂੰ ਆਪਣੇ (ਚਰਨਾਂ) ਵਿਚ ਮਿਲਾ ਲਿਆ ਹੈ।

ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ ॥

ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜ ਕੇ (ਨਾਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਦਾ ਇਹ ਸਦਾ-ਥਿਰ ਰਹਿਣ ਵਾਲਾ ਰੰਗ ਕਦੇ ਭੀ ਨਹੀਂ ਉਤਰਦਾ।

ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ, ਭਟਕ ਭਟਕ ਕੇ ਥੱਕ ਜਾਂਦੇ ਹਨ (ਭਾਵ, ਆਤਮਕ ਜੀਵਨ ਕਮਜ਼ੋਰ ਕਰ ਲੈਂਦੇ ਹਨ) ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀ ਪੈਂਦੀ।

ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥

ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਹ ਪ੍ਰਭੂ ਪ੍ਰੀਤਮ ਨੂੰ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਲੀਨ ਰਹਿੰਦਾ ਹੈ ॥੩॥

ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥

(ਦੁਨੀਆ ਦੇ) ਬਥੇਰੇ (ਸੰਬੰਧੀਆਂ ਨੂੰ) ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ (ਮੈ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ) ਮੇਰਾ ਦੁੱਖ ਕੱਟ ਸਕੇਗਾ।

ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥

ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਹੀ ਦੁੱਖ ਕੱਟਿਆ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ।

ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥

ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦੀ ਖੱਟੀ ਕਮਾਈ ਹੋ ਜਾਂਦਾ ਹੈ, ਨਾਮ ਹੀ ਉਸ ਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।

ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥

ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਮਿਲ ਜਾਂਦੇ ਹਨ ਉਹ (ਮੁੜ ਉਸ ਤੋਂ) ਜੁਦਾ ਨਹੀਂ ਹੁੰਦੇ ॥੪॥੨੬॥੫੯॥


ਸਿਰੀਰਾਗੁ ਮਹਲਾ ੩ ॥
ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥

ਕਰਤਾਰ ਆਪ ਹੀ (ਜਗਤ ਦਾ) ਮੂਲ ਰਚਦਾ ਹੈ ਤੇ ਫਿਰ ਜਗਤ ਪੈਦਾ ਕਰ ਕੇ ਆਪ (ਹੀ) ਉਸ ਦੀ ਸੰਭਾਲ ਕਰਦਾ ਹੈ।

ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥

(ਇਸ ਜਗਤ ਵਿਚ) ਹਰ ਥਾਂ ਕਰਤਾਰ ਆਪ ਹੀ ਆਪ ਵਿਆਪਕ ਹੈ (ਫਿਰ ਭੀ) ਉਹ (ਜੀਵਾਂ ਦੀ) ਸਮਝ ਵਿਚ ਨਹੀਂ ਆ ਸਕਦਾ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ ॥

ਉਹ ਪ੍ਰਭੂ ਆਪ ਹੀ (ਜਦੋਂ) ਦਿਆਲ ਹੁੰਦਾ ਹੈ (ਤਦੋਂ) ਆਪ ਹੀ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ।

ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ ॥੧॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਵੱਸ ਪੈਂਦਾ ਹੈ, ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਸਦਾ ਸੁਰਤ ਜੋੜੀ ਰੱਖਦੇ ਹਨ ॥੧॥

ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥

ਹੇ ਮੇਰੇ ਮਨ! ਗੁਰੂ ਦੇ ਹੁਕਮ ਵਿਚ ਤੁਰ।

ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥੧॥ ਰਹਾਉ ॥

(ਜੇਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਸ ਦਾ) ਮਨ (ਉਸ ਦਾ ਸਰੀਰ) ਸ਼ਾਂਤ ਹੋ ਜਾਂਦਾ ਹੈ, (ਉਸ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੧॥ ਰਹਾਉ ॥

ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥

ਜਿਸ ਕਰਤਾਰ ਨੇ ਜਗਤ ਦਾ ਮੂਲ ਰਚ ਕੇ ਜਗਤ ਪੈਦਾ ਕੀਤਾ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ।

ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ ॥

ਪਰ ਉਸ ਦੀ ਕਦਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤਦੋਂ ਪੈਂਦੀ ਹੈ, ਜਦੋਂ ਉਹ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ।

ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ ॥

(ਜਿਨ੍ਹਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ) ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੋਭਾ ਪਾਂਦੇ ਹਨ।

ਗੁਰਮੁਖਿ ਸਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ ॥੨॥

ਜਿਨ੍ਹਾਂ ਨੂੰ ਕਰਤਾਰ ਨੇ ਆਪ ਹੀ (ਗੁਰੂ-ਚਰਨਾਂ ਵਿਚ) ਜੋੜਿਆ ਹੈ ਉਹ ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ॥੨॥

ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ ॥

(ਹੇ ਭਾਈ!) ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ ॥

(ਉਹ ਸਦਾ-ਥਿਰ ਪ੍ਰਭੂ) ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ, ਤੇ ਆਪਣੇ ਹੁਕਮ ਵਿਚ ਹੀ (ਜੀਵਾਂ ਦੀ ਸੰਭਾਲ ਦੀ) ਵਿਚਾਰ ਕਰਦਾ ਹੈ।

ਗੁਰਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ ॥

(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥੩॥

ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਤੋਂ ਸੱਖਣੀ ਰਹਿੰਦੀ ਹੈ ਉਹ ਔਗੁਣਾਂ ਨਾਲ ਭਰ ਜਾਂਦੀ ਹੈ ਤੇ ਦੁੱਖੀ ਹੁੰਦੀ ਹੈ ॥੩॥

ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥

ਹੇ ਨਾਨਕ! (ਆਖ-ਮੇਰੀ ਇਹੀ ਅਰਦਾਸ ਹੈ ਕਿ) ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਿਹਾਂ ਹੀ ਤ੍ਰਿਸ਼ਨਾ ਮੁੱਕਦੀ ਹੈ।

ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ ॥

(ਮੇਰੀ ਅਰਦਾਸ ਹੈ ਕਿ) ਮੈਂ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਰਹਾਂ, ਉਹਨਾਂ ਗੁਣਾਂ ਨੂੰ (ਆਪਣੇ ਹਿਰਦੇ ਵਿਚ) ਇਕੱਠੇ ਕਰਦਾ ਰਹਾਂ ਤੇ (ਇਸ ਤਰ੍ਹਾਂ ਆਪਣੇ ਅੰਦਰੋਂ) ਔਗੁਣ ਧੋ ਕੇ ਕੱਢ ਦਿਆਂ।

ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ ॥

ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਉਸ ਨੂੰ ਮੁੜ ਕਦੇ ਪ੍ਰਭੂ ਤੋਂ ਵਿਛੋੜਾ ਨਹੀਂ ਹੁੰਦਾ।

ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ ॥੪॥੨੭॥੬੦॥

(ਮੇਰੀ ਅਰਦਾਸ ਹੈ ਕਿ) ਮੈਂ ਆਪਣੇ ਗੁਰੂ ਦੀ ਸਿਫ਼ਤਿ ਕਰਦਾ ਰਹਾਂ, ਕਿਉਂਕਿ ਗੁਰੂ ਦੀ ਰਾਹੀਂ ਹੀ ਉਹ ਪ੍ਰਭੂ ਮਿਲ ਸਕਦਾ ਹੈ ॥੪॥੨੭॥੬੦॥


ਸਿਰੀਰਾਗੁ ਮਹਲਾ ੩ ॥
ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥

ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ! ਧਿਆਨ ਨਾਲ ਸੁਣ! ਕਿਉਂ ਇਤਨੀ ਲਾ-ਪਰਵਾਹੀ ਨਾਲ (ਜੀਵਨ-ਪੰਧ ਵਿਚ) ਤੁਰ ਰਹੀ ਹੈਂ?

ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ ॥

(ਸੁਆਰਥ ਵਿਚ ਫਸ ਕੇ) ਤੂੰ ਆਪਣੇ ਪ੍ਰ੍ਰਭੂ-ਪਤੀ ਨੂੰ (ਹੁਣ) ਪਛਾਣਦੀ ਨਹੀਂ, ਪਰਲੋਕ ਵਿਚ ਜਾ ਕੇ ਕੀਹ ਮੂੰਹ ਵਿਖਾਵੇਂਗੀ?

ਜਿਨੀ ਸਖੀਂ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ ॥

ਜਿਨ੍ਹਾਂ ਸਤਸੰਗੀ ਜੀਵ-ਇਸਤ੍ਰੀਆਂ ਨੇ ਆਪਣੇ ਖਸਮ-ਪ੍ਰਭੂ ਨਾਲ ਜਾਣ-ਪਛਾਣ ਪਾ ਰੱਖੀ ਹੈ (ਉਹ ਭਾਗਾਂ ਵਾਲੀਆਂ ਹਨ) ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।

ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥੧॥

(ਮੇਰਾ ਚਿੱਤ ਕਰਦਾ ਹੈ ਕਿ) ਮੈਂ ਉਹਨਾਂ ਦੇ ਸਤਸੰਗ ਦੇ ਇਕੱਠ ਵਿਚ ਮਿਲ ਕੇ ਉਹਨਾਂ ਜਿਹੀ ਬਣ ਜਾਵਾਂ ॥੧॥

ਮੁੰਧੇ ਕੂੜਿ ਮੁਠੀ ਕੂੜਿਆਰਿ ॥

ਹੇ ਆਪੇ ਵਿਚ ਮਸਤ ਤੇ ਕੂੜ ਦੀ ਵਣਜਾਰਨ ਜੀਵ-ਇਸਤ੍ਰੀਏ! ਤੈਨੂੰ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ (ਇਸ ਤਰ੍ਹਾਂ ਪ੍ਰਭੂ-ਪਤੀ ਨਾਲ ਮੇਲ ਨਹੀਂ ਹੋ ਸਕਦਾ)।

ਪਿਰੁ ਪ੍ਰਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ॥੧॥ ਰਹਾਉ ॥

ਸਦਾ-ਥਿਰ ਰਹਿਣ ਵਾਲਾ ਸੋਹਣਾ ਪ੍ਰਭੂ-ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆਂ ਹੀ ਮਿਲਦਾ ਹੈ ॥੧॥ ਰਹਾਉ ॥

ਮਨਮੁਖਿ ਕੰਤੁ ਨ ਪਛਾਣਈ ਤਿਨ ਕਿਉ ਰੈਣਿ ਵਿਹਾਇ ॥

ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਹੀ ਮਨ ਦੇ ਪਿੱਛੇ ਤੁਰਦੀਆਂ ਹਨ, ਖਸਮ-ਪ੍ਰਭੂ ਉਹਨਾਂ ਨੂੰ ਪਛਾਣਦਾ ਭੀ ਨਹੀਂ। ਉਹਨਾਂ ਦੀ (ਜ਼ਿੰਦਗੀ-ਰੂਪ) ਰਾਤ ਕਿਵੇਂ ਬੀਤਦੀ ਹੋਵੇਗੀ? (ਭਾਵ, ਉਹ ਸਾਰੀ ਉਮਰ ਦੁਖੀ ਹੀ ਰਹਿੰਦੀਆਂ ਹਨ)।

ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ ॥

ਉਹ ਅਹੰਕਾਰ ਵਿਚ ਨਕਾ-ਨਕ ਭਰੀਆਂ ਹੋਈਆਂ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੀਆਂ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਦੁੱਖ ਸਹਾਰਦੀਆਂ ਹਨ।

ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ ॥

(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ) ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹਨ (ਸ਼ਬਦ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।

ਸਦਾ ਪਿਰੁ ਰਾਵਹਿ ਆਪਣਾ ਤਿਨਾ ਸੁਖੇ ਸੁਖਿ ਵਿਹਾਇ ॥੨॥

ਉਹ ਸਦਾ ਆਪਣੇ ਪ੍ਰਭੂ-ਪਤੀ ਨਾਲ ਮਿਲੀਆਂ ਰਹਿੰਦੀਆਂ ਹਨ ਉਹਨਾਂ ਦੀ ਉਮਰ ਨਿਰੋਲ ਸੁਖ ਵਿਚ ਬੀਤਦੀ ਹੈ ॥੨॥

ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥

ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਣ ਤੋਂ ਬਿਨਾ ਹੀ ਰਹੀ, ਉਹ ਖਸਮ-ਪ੍ਰਭੂ ਵਲੋਂ ਛੁੱਟੜ ਹੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਪਿਆਰ ਹਾਸਲ ਨਹੀਂ ਕਰ ਸਕਦੀ।

ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥

ਅਗਿਆਨ ਵਿਚ ਮੱਤੀ ਹੋਈ ਜੀਵ-ਇਸਤ੍ਰੀ ਨੂੰ (ਮਾਇਆ ਦੇ ਮੋਹ ਦਾ) ਹਨੇਰਾ ਵਿਆਪਿਆ ਰਹਿੰਦਾ ਹੈ, ਪਤੀ-ਪ੍ਰਭੂ ਦੇ ਦਰਸਨ ਤੋਂ ਬਿਨਾ ਉਸ ਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ।

ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ ॥

ਹੇ ਸਤਸੰਗੀ ਜੀਵ-ਇਸਤ੍ਰੀਓ! ਆਓ, ਮੈਨੂੰ ਮਿਲੋ, ਤੇ ਮੈਨੂੰ ਪ੍ਰਭੂ-ਪਤੀ ਮਿਲਾ ਦਿਉ।

ਪੂਰੈ ਭਾਗਿ ਸਤਿਗੁਰੁ ਮਿਲੈ ਪਿਰੁ ਪਾਇਆ ਸਚਿ ਸਮਾਇ ॥੩॥

ਜਿਸ ਜੀਵ-ਇਸਤ੍ਰੀ ਨੂੰ ਪੂਰੀ ਕਿਸਮਤਿ ਨਾਲ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ ॥੩॥

ਸੇ ਸਹੀਆ ਸੋਹਾਗਣੀ ਜਿਨ ਕਉ ਨਦਰਿ ਕਰੇਇ ॥

ਉਹ ਸਤਸੰਗੀ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ।

ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ ॥

ਉਹ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਕੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾਂਦੀਆਂ ਹਨ।

ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ ॥

ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਉਹ ਆਪਣੇ ਹਿਰਦੇ-ਘਰ ਵਿਚ (ਹੀ) ਖਸਮ-ਪ੍ਰਭੂ ਨੂੰ ਲੱਭ ਲੈਂਦੀ ਹੈ।

ਨਾਨਕ ਸੋਭਾਵੰਤੀਆ ਸੋਹਾਗਣੀ ਅਨਦਿਨੁ ਭਗਤਿ ਕਰੇਇ ॥੪॥੨੮॥੬੧॥

ਹੇ ਨਾਨਕ! ਉਹ ਸੋਭਾ ਵਾਲੀ ਬਣਦੀ ਹੈ ਉਹ ਭਾਗਾਂ ਵਾਲੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੀ ਭਗਤੀ ਕਰਦੀ ਹੈ ॥੪॥੨੮॥੬੧॥


ਸਿਰੀਰਾਗੁ ਮਹਲਾ ੩ ॥
ਇਕਿ ਪਿਰੁ ਰਾਵਹਿ ਆਪਣਾ ਹਉ ਕੈ ਦਰਿ ਪੂਛਉ ਜਾਇ ॥

ਕਈ (ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ) ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਦੀਆਂ ਹਨ (ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਭੀ ਤਾਂਘ ਪੈਦਾ ਹੁੰਦੀ ਹੈ ਕਿ) ਮੈਂ ਕਿਸ ਦੇ ਦਰ ਤੇ ਜਾ ਕੇ (ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦਾ ਤਰੀਕਾ) ਪੁੱਛਾਂ?

ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ ॥

ਮੈਂ ਸਰਧਾ ਧਾਰ ਕੇ ਸਤਿਗੁਰੂ ਦੀ ਸਰਨ ਪਕੜਦੀ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦੀ ਹਾਂ ਕਿ) (ਮੈਨੂੰ ਪ੍ਰਭੂ-ਪਤੀ ਦਾ ਮਿਲਾਪ ਕਰਾਵਾ ਦਿਓ।)

ਸਭੁ ਉਪਾਏ ਆਪੇ ਵੇਖੈ ਕਿਸੁ ਨੇੜੈ ਕਿਸੁ ਦੂਰਿ ॥

ਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ (ਸਭ ਦੀ) ਸੰਭਾਲ ਕਰਦਾ ਹੈ, ਹਰੇਕ ਜੀਵ ਵਿਚ ਇਕ ਸਮਾਨ ਮੌਜੂਦ ਹੈ।

ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥੧॥

ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਸਰਨ ਪੈ ਕੇ) ਉਸ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਜਾਣ ਲਿਆ ਹੈ, ਉਹ ਉਸ ਹਾਜ਼ਰ-ਨਾਜ਼ਰ ਵੱਸਦੇ ਨੂੰ ਸਦਾ ਹਿਰਦੇ ਵਿਚ ਵਸਾਂਦੀ ਹੈ ॥੧॥

ਮੁੰਧੇ ਤੂ ਚਲੁ ਗੁਰ ਕੈ ਭਾਇ ॥

ਹੇ ਜੀਵ-ਇਸਤ੍ਰੀਏ! ਤੂੰ ਗੁਰੂ ਦੇ ਪ੍ਰੇਮ ਵਿਚ (ਰਹਿ ਕੇ ਜੀਵਨ-ਸਫ਼ਰ ਤੇ) ਤੁਰ।

ਅਨਦਿਨੁ ਰਾਵਹਿ ਪਿਰੁ ਆਪਣਾ ਸਹਜੇ ਸਚਿ ਸਮਾਇ ॥੧॥ ਰਹਾਉ ॥

(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ ਤੁਰਦੀਆਂ ਹਨ ਉਹ) ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਆਪਣੇ ਪ੍ਰਭੂ-ਪਤੀ ਨੂੰ ਮਿਲੀਆਂ ਰਹਿੰਦੀਆਂ ਹਨ ॥੧॥ ਰਹਾਉ ॥

ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ ॥

ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ, ਉਹ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਆਪਣੇ ਜੀਵਨ ਨੂੰ ਸੰਵਾਰ ਲੈਂਦੀਆਂ ਹਨ।

ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ ॥

ਉਹ (ਆਪਣੇ) ਗੁਰੂ ਦੇ ਪ੍ਰੇਮ ਵਿਚ, ਪਿਆਰ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਲੱਭ ਲੈਂਦੀਆਂ ਹਨ।

ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ ॥

ਪ੍ਰਭੂ (-ਪਤੀ) ਉਹਨਾਂ ਦੀ ਸੋਹਣੀ ਹਿਰਦੇ-ਸੇਜ ਉਤੇ ਪ੍ਰੇਮ ਨਾਲ ਆ ਪ੍ਰਗਟਦਾ ਹੈ। ਉਹਨਾਂ ਪਾਸ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ।

ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ ॥੨॥

ਉਹਨਾਂ ਦੇ ਮਨ ਵਿਚ ਉਹ ਪ੍ਰੀਤਮ ਪ੍ਰਭੂ ਆ ਵਸਦਾ ਹੈ, ਜੇਹੜਾ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ ॥੨॥

ਪਿਰੁ ਸਾਲਾਹਨਿ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਉ ॥

ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਦੀਆਂ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦੀ ਹਾਂ।

ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ ॥

ਮੈਂ ਉਹਨਾਂ ਅੱਗੇ ਆਪਣਾ ਤਨ ਭੇਟਾ ਕਰਦੀ ਹਾਂ, ਮੈਂ (ਉਹਨਾਂ ਦੇ ਚਰਨਾਂ ਵਿਚ) ਆਪਣਾ ਸਿਰ ਧਰਦੀ ਹਾਂ, ਮੈਂ ਉਹਨਾਂ ਦੇ ਚਰਨੀਂ ਲੱਗਦੀ ਹਾਂ,

ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ ॥

ਕਿਉਂਕਿ ਉਹਨਾਂ ਜਿਹਨਾ ਨੇ ਮਾਇਆ ਦਾ ਪਿਆਰ (ਆਪਣੇ ਅੰਦਰੋਂ) ਦੂਰ ਕਰ ਕੇ ਸਿਰਫ਼ ਪ੍ਰਭੂ-ਪਤੀ ਨਾਲ ਜਾਣ-ਪਛਾਣ ਪਾ ਲਈ ਹੈ।

ਗੁਰਮੁਖਿ ਨਾਮੁ ਪਛਾਣੀਐ ਨਾਨਕ ਸਚਿ ਸਮਾਇ ॥੩॥੨੯॥੬੨॥

ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸ ਦੇ ਨਾਮ ਨਾਲ ਜਾਣ-ਪਛਾਣ ਪੈ ਸਕਦੀ ਹੈ ॥੩॥੨੯॥੬੨॥

1
2
3
4
5
6
7