ਰਾਗ ਸਿਰੀਰਾਗੁ – ਬਾਣੀ ਸ਼ਬਦ-Part 6 – Raag Sri – Bani

ਰਾਗ ਸਿਰੀਰਾਗੁ – ਬਾਣੀ ਸ਼ਬਦ-Part 6 – Raag Sri – Bani

ਸਿਰੀਰਾਗੁ ਮਹਲਾ ੧ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ (ਜੀਵ) ਬਾਲਕਾਂ ਦੀ ਅਕਲ ਵਾਲਾ (ਅੰਞਾਣ) ਹੁੰਦਾ ਹੈ। (ਨਾਮ ਸਿਮਰਨ ਵਲੋਂ) ਬੇ-ਪਰਵਾਹ ਰਹਿੰਦਾ ਹੈ।

ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥

ਹੇ ਵਣਜਾਰੇ ਮਿਤ੍ਰ! (ਬਾਲ ਉਮਰੇ ਜੀਵ ਮਾਂ ਦਾ) ਦੁੱਧ ਪੀਂਦਾ ਹੈ ਤੇ ਖੇਡਾਂ ਵਿਚ ਹੀ ਪਰਚਾਈਦਾ ਹੈ, (ਉਸ ਉਮਰੇ) ਮਾਪਿਆਂ ਦਾ (ਆਪਣੇ) ਪੁੱਤਰ ਨਾਲ (ਬੜਾ) ਪਿਆਰ ਹੁੰਦਾ ਹੈ।

ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥

ਮਾਂ ਪਿਉ ਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ। ਮਾਇਆ ਦਾ (ਇਹ) ਮੋਹ ਸਾਰੀ ਸ੍ਰਿਸ਼ਟੀ ਨੂੰ (ਹੀ ਵਿਆਪ ਰਿਹਾ ਹੈ)।

ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥

(ਜੀਵ ਨੇ ਪਿਛਲੇ ਜਨਮਾਂ ਵਿਚ) ਕਰਮਾਂ ਦਾ ਜੋ ਸੰਗ੍ਰਹ ਕਮਾਇਆ, ਉਹਨਾਂ ਦੇ ਸੰਜੋਗ ਅਨੁਸਾਰ (ਜਗਤ ਵਿਚ) ਜਨਮਿਆ, (ਤੇ ਇਥੇ ਆ ਕੇ ਮੁੜ ਉਹਨਾਂ ਅਨੁਸਾਰ) ਕਰਣੀ ਕਰਦਾ ਹੈ ਕਾਰ ਕਮਾਂਦਾ ਹੈ।

ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥

ਦੁਨੀਆ ਮਾਇਆ ਦੇ ਮੋਹ ਵਿਚ ਡੁੱਬ ਰਹੀ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਸ ਮੋਹ ਵਿਚੋਂ) ਖ਼ਲਾਸੀ ਨਹੀਂ ਹੋ ਸਕਦੀ।

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥੧॥

ਨਾਨਕ ਆਖਦਾ ਹੈ- ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ (ਤੂੰ ਬੇ-ਪਰਵਾਹ ਹੈਂ), ਪਰਮਾਤਮਾ ਦਾ ਸਿਮਰਨ ਕਰ (ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ) ਬਚੇਂਗਾ ॥੧॥

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ ਭਰ-ਜਵਾਨੀ ਦੇ ਕਾਰਨ ਜੀਵ ਦੀ ਮਤਿ (-ਅਕਲ ਇਉਂ ਹੋ ਜਾਂਦੀ ਹੈ ਜਿਵੇਂ) ਸ਼ਰਾਬ (ਵਿਚ ਗੁੱਟ ਹੈ)।

ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ॥

ਹੇ ਵਣਜਾਰੇ ਮਿਤ੍ਰ! (ਜੀਵ) ਦਿਨ ਰਾਤ ਕਾਮ-ਵਾਸਨਾ ਵਿਚ ਦਬਿਆ ਰਹਿੰਦਾ ਹੈ, (ਕਾਮ ਵਿਚ) ਅੰਨ੍ਹੇ ਹੋਏ ਨੂੰ ਪਰਮਾਤਮਾ ਦਾ ਨਾਮ ਚਿੱਤ ਵਿਚ (ਟਿਕਾਣ ਦੀ ਸੁਰਤਿ) ਨਹੀਂ (ਹੁੰਦੀ)।

ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ ॥

ਪਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿਚ ਨਹੀਂ ਵੱਸਦਾ, (ਨਾਮ ਤੋਂ ਬਿਨਾ) ਹੋਰ ਮਿੱਠੇ ਕਸੈਲੇ ਅਨੇਕਾਂ ਰਸਾਂ ਦੇ ਸੁਆਦ ਪਛਾਣਦਾ ਹੈ।

ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥

ਹੇ ਝੂਠੇ (ਮੋਹ ਵਿਚ ਫਸੇ ਜੀਵ)! ਤੂੰ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਪਾਈ, ਪ੍ਰਭੂ-ਚਰਨਾਂ ਵਿਚ ਤੇਰੀ ਸੁਰਤ ਨਹੀਂ, ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਉੱਦਮ ਨਹੀਂ ਕੀਤਾ (ਇਸ ਦਾ ਨਤੀਜਾ ਇਹ ਹੋਵੇਗਾ ਕਿ) ਤੂੰ ਜਨਮ ਮਰਨ ਦੇ ਗੇੜ ਵਿਚ ਪੈ ਜਾਇਗਾ।

ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥

(ਉੱਚਾ ਆਤਮਕ ਜੀਵਨ ਬਣਾਣ ਵਾਲੇ ਸੇਵਾ-ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ, ਕਾਮ ਵਿੱਚ ਮੱਤਾ ਹੋਇਆ ਜੀਵ) ਤੀਰਥ ਵਰਤ, ਸੁਚਿ, ਸੰਜਮ, ਪੂਜਾ ਆਦਿਕ ਕਰਮ ਕਾਂਡ ਦੇ ਧਰਮ ਭੀ ਨਹੀਂ ਕਰਦਾ।

ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥੨॥

(ਉਂਞ) ਹੇ ਨਾਨਕ! ਪਰਮਾਤਮਾ ਦੇ ਪ੍ਰੇਮ ਦੀ ਰਾਹੀਂ ਹੀ ਪ੍ਰਭੂ ਦੀ ਭਗਤੀ ਦੀ ਰਾਹੀਂ ਹੀ (ਇਸ ਕਾਮ-ਵਾਸ਼ਨਾ ਤੋਂ) ਬਚਾ ਹੋ ਸਕਦਾ ਹੈ, (ਭਗਤੀ-ਸਿਮਰਨ ਵਲੋਂ) ਦੁਚਿੱਤਾ-ਪਨ ਰੱਖਿਆਂ (ਕਾਮਾਦਿਕ ਦੀ ਸ਼ਕਲ ਵਿਚ) ਮਾਇਆ ਦਾ ਮੋਹ ਹੀ ਜ਼ੋਰ ਪਾਂਦਾ ਹੈ ॥੨॥

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਸਰ ਉੱਤੇ ਹੰਸ ਆ ਉੱਤਰਦੇ ਹਨ (ਸਿਰ ਉੱਤੇ ਧੌਲੇ ਆ ਜਾਂਦੇ ਹਨ)।

ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ ॥

ਹੇ ਵਣਜਾਰੇ ਮਿਤ੍ਰ! (ਜਿਉਂ ਜਿਉਂ) ਜਵਾਨੀ ਘਟਦੀ ਹੈ ਬੁਢੇਪਾ (ਸਰੀਰਕ ਤਾਕਤ ਨੂੰ) ਜਿੱਤਦਾ ਜਾਂਦਾ ਹੈ (ਉਮਰ ਦਾ) ਇਕ ਇਕ ਦਿਨ ਲੰਘਦਾ ਹੈ ਉਮਰ ਘਟਦੀ ਜਾਂਦੀ ਹੈ।

ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥

ਹੇ ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਜੀਵ! ਜਦੋਂ ਜਮ ਨੇ ਫੜ ਕੇ ਤੈਨੂੰ ਅੱਗੇ ਲਾ ਲਿਆ, ਤਦੋਂ ਅਖ਼ੀਰਲੇ ਵੇਲੇ ਤੂੰ ਪਛੁਤਾਏਂਗਾ।

ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ॥

ਤੂੰ ਹਰੇਕ ਚੀਜ਼ ਆਪਣੀ ਬਣਾ ਬਣਾ ਕੇ ਸਾਂਭਦਾ ਗਿਆ, ਉਹ ਸਭ ਕੁਝ ਇਕ ਖਿਨ ਵਿੱਚ ਪਰਾਇਆ ਮਾਲ ਹੋ ਜਾਇਗਾ।

ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥

(ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ) ਅਕਲ ਮਾਰੀ ਜਾਂਦੀ ਹੈ, ਸਿਆਣਪ ਗੁੰਮ ਹੋ ਜਾਂਦੀ ਹੈ, ਮੰਦੇ ਕੰਮ ਕਰ ਕਰ (ਆਖ਼ਰ ਅੰਤ ਵੇਲੇ) ਪਛੁਤਾਂਦਾ ਹੈ।

ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥੩॥

ਨਾਨਕ ਆਖਦਾ ਹੈ- ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ (ਸਿਰ ਉੱਤੇ ਧੌਲੇ ਆ ਗਏ ਹਨ, ਤਾਂ ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਸਿਮਰਨ ਕਰ ॥੩॥

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਜੀਵ) ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਕਮਜ਼ੋਰ ਹੋ ਜਾਂਦਾ ਹੈ।

ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥

ਹੇ ਵਣਜਾਰੇ ਮਿਤ੍ਰ! ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, (ਅੱਖੀਂ ਠੀਕ) ਨਹੀਂ ਦਿੱਸਦਾ, ਕੰਨਾਂ ਨਾਲ ਬੋਲ (ਚੰਗੀ ਤਰ੍ਹਾਂ) ਨਹੀਂ ਸੁਣ ਸਕਦਾ।

ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥

ਅੱਖਾਂ ਤੋਂ ਅੰਨ੍ਹਾ ਹੋ ਜਾਂਦਾ ਹੈ, ਜੀਭ ਵਿਚ ਸੁਆਦ (ਦੀ ਤਾਕਤ) ਨਹੀਂ ਰਹਿੰਦੀ, ਉੱਦਮ ਤੇ ਤਾਕਤ ਰਹਿ ਜਾਂਦੇ ਸਨ।

ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ ॥

ਆਪਣੇ ਹਿਰਦੇ ਵਿਚ ਕਦੇ ਪਰਮਾਤਮਾ ਦੇ ਗੁਣ ਨਹੀਂ ਵਸਾਏ, ਹੁਣ ਸੁਖ ਕਿਥੋਂ ਮਿਲੇ? ਮਨ ਦੇ ਮੁਰੀਦ ਨੂੰ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।

ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥

(ਜਿਵੇਂ) ਪੱਕੀ ਹੋਈ ਫ਼ਸਲ ਦਾ ਨਾੜ ਕੁੜਕ ਕੇ ਟੁੱਟ ਜਾਂਦਾ ਹੈ (ਤਿਵੇਂ ਬੁਢੇਪਾ ਆਉਣ ਤੇ ਸਰੀਰ) ਨਾਸ ਹੋ ਜਾਂਦਾ ਹੈ, (ਜੀਵ ਜਗਤ ਤੇ) ਆ ਕੇ (ਆਖ਼ਰ ਇੱਥੋਂ) ਤੁਰ ਪੈਂਦਾ ਹੈ (ਇਸ ਸਰੀਰ ਦਾ) ਮਾਣ ਕਰਨਾ ਵਿਆਰਥ ਹੈ।

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥੪॥

ਨਾਨਕ ਆਖਦਾ ਹੈ- ਹੇ ਪ੍ਰਾਣੀ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਤੂੰ ਬੁੱਢਾ ਹੋ ਗਿਆ ਹੈਂ, ਹੁਣ) ਗੁਰੂ ਦੇ ਸ਼ਬਦ ਨੂੰ ਪਛਾਣ (ਗੁਰ-ਸ਼ਬਦ ਨਾਲ ਡੂੰਘੀ ਸਾਂਝ ਪਾ) ॥੪॥

ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜੀਵ ਨੂੰ ਉਮਰ ਦੇ ਜਿਤਨੇ ਸੁਆਸ ਮਿਲੇ ਸਨ, ਆਖ਼ਿਰ) ਉਹਨਾਂ ਸੁਆਸਾਂ ਦਾ ਅਖ਼ੀਰ ਆ ਗਿਆ, ਬਲੀ ਬੁਢੇਪਾ ਮੋਢੇ ਉੱਤੇ (ਨੱਚਣ ਲੱਗ ਪਿਆ)।

ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥

ਹੇ ਵਣਜਾਰੇ ਮਿਤ੍ਰ! ਜਿਸ ਦੇ ਹਿਰਦੇ ਵਿਚ ਰਤਾ ਭੀ ਗੁਣ ਨਾਹ ਟਿਕੇ, ਉਸ ਨੂੰ (ਉਸ ਦੇ ਆਪਣੇ ਹੀ ਕੀਤੇ ਹੋਏ) ਔਗੁਣ ਬੰਨ੍ਹ ਕੇ ਲੈ ਤੁਰਦੇ ਹਨ।

ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ॥

ਜੇਹੜਾ ਜੀਵ (ਇੱਥੋਂ ਆਤਮਕ) ਗੁਣਾਂ ਦੇ ਸੰਜਮ (ਦੀ ਸਹਾਇਤਾ) ਨਾਲ ਜਾਂਦਾ ਹੈ, ਉਹ (ਜਮਰਾਜ ਦੀ) ਚੋਟ ਨਹੀਂ ਸਹਾਰਦਾ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ।

ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥

ਜਮ ਦਾ ਜਾਲ ਮੌਤ ਦਾ ਡਰ ਉਸ ਵਲ ਤੱਕ ਭੀ ਨਹੀਂ ਸਕਦਾ। ਪਰਮਾਤਮਾ ਦੇ ਪ੍ਰੇਮ ਦੀ ਬਰਕਤਿ ਨਾਲ ਪਰਮਾਤਮਾ ਦੀ ਭਗਤੀ ਨਾਲ ਉਹ (ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਤੋਂ ਪਾਰ ਲੰਘ ਜਾਂਦਾ ਹੈ।

ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥

ਉਹ ਇਥੋਂ ਇੱਜ਼ਤ ਨਾਲ ਜਾਂਦਾ ਹੈ, ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਆਪਣੇ ਸਾਰੇ ਦੁੱਖ-ਕਲੇਸ਼ ਦੂਰ ਕਰ ਲੈਂਦਾ ਹੈ।

ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥੫॥੨॥

ਨਾਨਕ ਆਖਦਾ ਹੈ- ਜੇਹੜਾ ਜੀਵ ਗੁਰੂ ਦੀ ਸਰਨ ਪੈਂਦਾ ਹੈ ਉਹ (ਸੰਸਾਰ-ਸਮੁੰਦਰ ਦੇ ਸਾਰੇ ਡਰਾਂ ਤੋਂ) ਬਚ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੋਂ ਇੱਜ਼ਤ ਪ੍ਰਾਪਤ ਕਰਦਾ ਹੈ ॥੫॥੨॥


ਸਿਰੀਰਾਗੁ ਮਹਲਾ ੪ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ (ਜੀਵ ਨੂੰ) ਮਾਂ ਦੇ ਪੇਟ ਵਿਚ ਨਿਵਾਸ ਦੇਂਦਾ ਹੈ।

ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥

(ਮਾਂ ਦੇ ਪੇਟ ਵਿਚ ਜੀਵ), ਹੇ ਵਣਜਾਰੇ ਜੀਵ-ਮਿਤ੍ਰ! ਪਰਮਾਤਮਾ ਦਾ ਧਿਆਨ ਧਰਦਾ ਹੈ ਪਰਮਾਤਮਾ ਦਾ ਨਾਮ ਉਚਾਰਦਾ ਹੈ, ਤੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖਦਾ ਹੈ।

ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥

(ਮਾਂ ਦੇ ਪੇਟ ਵਿਚ ਜੀਵ) ਪਰਮਾਤਮਾ ਦਾ ਨਾਮ ਜਪਦਾ ਹੈ ਆਰਾਧਦਾ ਹੈ, ਹਰਿ-ਨਾਮ ਜਪ ਕੇ ਅੱਗ ਵਿਚ ਜੀਉਂਦਾ ਰਹਿੰਦਾ ਹੈ।

ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥

(ਮਾਂ ਦੇ ਪੇਟ ਤੋਂ) ਬਾਹਰ (ਆ ਕੇ) ਜਨਮ ਲੈਂਦਾ ਹੈ (ਮਾਂ ਪਿਉ ਦੇ) ਮੂੰਹ ਲੱਗਦਾ ਹੈ, ਮਾਂ ਪਿਉ ਖ਼ੁਸ਼ ਹੁੰਦੇ ਹਨ।

ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥

ਹੇ ਪ੍ਰਾਣੀਹੋ! ਜਿਸ ਪਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ, ਉਸ ਦਾ ਧਿਆਨ ਧਰੋ, ਗੁਰੂ ਦੀ ਰਾਹੀਂ ਆਪਣੇ ਹਿਰਦੇ ਵਿਚ (ਉਸ ਦੇ ਗੁਣਾਂ ਦਾ) ਵਿਚਾਰ ਕਰੋ।

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥

ਨਾਨਕ ਆਖਦਾ ਹੈ- ਹੇ ਪ੍ਰਾਣੀ! ਜੇ ਪਰਮਾਤਮਾ ਮਿਹਰ ਕਰੇ ਤਾਂ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ॥੧॥

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੀਵ ਦਾ) ਮਨ (ਪਰਮਾਤਮਾ ਨੂੰ ਭੁਲਾ ਕੇ) ਹੋਰ ਦੇ ਪਿਆਰ ਵਿਚ ਲੱਗ ਜਾਂਦਾ ਹੈ।

ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥

ਹੇ ਵਣਜਾਰੇ ਮਿਤ੍ਰ। (ਇਹ) ਮੇਰਾ (ਪੁਤ੍ਰ ਹੈ, ਇਹ) ਮੇਰਾ (ਪੁਤ੍ਰ ਹੈ, ਇਹ) ਆਖ ਆਖ ਕੇ (ਬਾਲਕ) ਪਾਲਿਆ ਜਾਂਦਾ ਹੈ। ਮਾਂ ਪਿਉ ਫੜ ਕੇ ਗਲ ਨਾਲ ਲਾਂਦੇ ਹਨ।

ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥

ਮਾਂ ਮੁੜ ਮੁੜ ਗਲ ਨਾਲ ਲਾਂਦੀ ਹੈ, ਪਿਉ ਮੁੜ ਮੁੜ ਗਲ ਨਾਲ ਲਾਂਦਾ ਹੈ। ਮਾਂ ਆਪਣੇ ਮਨ ਵਿਚ ਸਮਝਦੀ ਹੈ, ਪਿਉ ਆਪਣੇ ਮਨ ਵਿਚ ਸਮਝਦਾ ਹੈ ਕਿ (ਸਾਨੂੰ) ਖੱਟ ਕਮਾ ਕੇ ਖਵਾਇਗਾ।

ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥

ਮੂਰਖ (ਮਨੁੱਖ) ਉਸ ਪਰਮਾਤਮਾ ਨੂੰ ਨਹੀਂ ਪਛਾਣਦਾ (ਨਹੀਂ ਯਾਦ ਕਰਦਾ) ਜੇਹੜਾ (ਪੁਤ੍ਰ ਧਨ ਆਦਿਕ) ਦੇਂਦਾ ਹੈ, ਪਰਮਾਤਮਾ ਦੇ ਦਿੱਤੇ ਹੋਏ (ਪੁਤ੍ਰ ਧਨ ਆਦਿਕ) ਨਾਲ ਮੋਹ ਕਰਦਾ ਹੈ।

ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥

ਜੇਹੜਾ ਕੋਈ (ਵਡ-ਭਾਗੀ ਮਨੁੱਖ) ਗੁਰੂ ਦੀ ਸਰਨ ਪੈਂਦਾ ਹੈ ਉਹ (ਇਸ ਅਸਲੀਅਤ ਦੀ) ਵਿਚਾਰ ਕਰਦਾ ਹੈ, ਤੇ ਸੁਰਤ ਜੋੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ।

ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥੨॥

ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੇਹੜਾ) ਪ੍ਰਾਣੀ (ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਨੂੰ) ਆਤਮਕ ਮੌਤ ਕਦੇ ਭੀ ਨਹੀਂ ਖਾਂਦੀ ॥੨॥

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ (ਮਨੁੱਖ ਦਾ) ਮਨ ਘਰ ਦੇ ਮੋਹ ਵਿਚ ਲੱਗ ਜਾਂਦਾ ਹੈ, ਦੁਨੀਆ ਦੇ ਧੰਧਿਆਂ ਦੇ ਮੋਹ ਵਿਚ ਫਸ ਜਾਂਦਾ ਹੈ।

ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥

ਮਨੁੱਖ ਧਨ (ਹੀ) ਚਿਤਾਰਦਾ ਹੈ ਧਨ (ਹੀ) ਇਕੱਠਾ ਕਰਦਾ ਹੈ, ਤੇ ਪਰਮਾਤਮਾ ਦਾ ਨਾਮ ਕਦੇ ਭੀ ਹਿਰਦੇ ਵਿਚ ਨਹੀਂ ਵਸਾਂਦਾ।

ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥

(ਮੋਹ ਵਿਚ ਫਸ ਕੇ ਮਨੁੱਖ) ਕਦੇ ਭੀ ਪਰਮਾਤਮਾ ਦਾ ਉਹ ਨਾਮ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ ਜੇਹੜਾ ਅਖ਼ੀਰ ਵੇਲੇ ਸਾਥੀ ਬਣਦਾ ਹੈ।

ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥

ਇਹ ਧਨ-ਪਦਾਰਥ ਇਹ ਮਾਇਆ ਸਦਾ ਸਾਥ ਨਿਬਾਹੁਣ ਵਾਲੇ ਨਹੀਂ ਹਨ, ਅਤੇ ਸਮਾ ਆਉਣ ਤੇ ਪਛੁਤਾਂਦਾ ਹੋਇਆ ਇਹਨਾਂ ਨੂੰ ਛੱਡ ਕੇ ਜਾਂਦਾ ਹੈ।

ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥

ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ, ਤੇ ਉਹ ਸਦਾ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲਦਾ ਹੈ।

ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥

ਨਾਨਕ ਆਖਦਾ ਹੈ- ਜੇਹੜੇ ਪ੍ਰਾਣੀ ਹਰਿ ਨਾਮ ਸੰਭਾਲਦੇ ਹਨ, ਉਹ ਪਰਮਾਤਮਾ ਵਿਚ ਜਾ ਮਿਲਦੇ ਹਨ ॥੩॥{76-77}

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਪਰਮਾਤਮਾ (ਜੀਵ ਦੇ ਇੱਥੋਂ) ਤੁਰਨ ਦਾ ਸਮਾ ਲੈ (ਹੀ) ਆਉਂਦਾ ਹੈ।

ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥

ਹੇ ਵਣਜਾਰੇ ਜੀਵ-ਮਿਤ੍ਰ! ਗੁਰੂ ਨੂੰ ਅਭੁੱਲ ਜਾਣ ਕੇ ਗੁਰੂ ਦੀ ਸਰਨ ਪਵੋ, (ਜ਼ਿੰਦਗੀ ਦੀ) ਸਾਰੀ ਰਾਤ ਬੀਤਦੀ ਜਾ ਰਹੀ ਹੈ।

ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥

(ਹੇ ਜੀਵ-ਮਿਤ੍ਰ!) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰੋ, (ਇਸ ਕੰਮ ਵਿਚ) ਬਿਲਕੁਲ ਆਲਸ ਨਾਹ ਕਰੋ, ਸਿਮਰਨ ਦੀ ਬਰਕਤਿ ਨਾਲ ਹੀ ਸਦਾ ਵਾਸਤੇ ਅਟੱਲ ਆਤਮਕ ਜੀਵਨ ਵਾਲੇ ਬਣ ਸਕੋਗੇ।

ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥

(ਹੇ ਜੀਵ-ਮਿਤ੍ਰ! ਸਿਮਰਨ ਦੀ ਬਰਕਤਿ ਨਾਲ ਹੀ) ਪਰਮਾਤਮਾ ਦੇ ਮਿਲਾਪ ਦਾ ਆਨੰਦ ਸਦਾ ਮਾਣੋਗੇ ਤੇ ਜਨਮ ਮਰਨ ਦੇ ਗੇੜ ਵਿੱਚ ਪਾਣ ਵਾਲੇ ਦੁਖਾਂ ਨੂੰ ਮੁਕਾ ਸਕੇਗਾ।

ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥

(ਹੇ ਜੀਵ-ਮਿਤ੍ਰ!) ਗੁਰੂ ਤੇ ਪਰਮਾਤਮਾ ਵਿਚ (ਰਤਾ ਭੀ) ਫ਼ਰਕ ਨਾਹ ਸਮਝੋ ਗੁਰੂ (ਦੇ ਚਰਨਾਂ) ਵਿੱਚ ਜੁੜ ਕੇ ਹੀ ਪਰਮਾਤਮਾ ਦੀ ਭਗਤੀ ਪਿਆਰੀ ਲੱਗਦੀ ਹੈ।

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥੪॥੧॥੩॥

ਨਾਨਕ ਆਖਦਾ ਹੈ- ਜੇਹੜੇ ਪ੍ਰਾਣੀ (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਵਿਚ ਭੀ (ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਉਹਨਾਂ) ਭਗਤਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਕਾਮਯਾਬ ਰਹਿੰਦੀ ਹੈ ॥੪॥੧॥੩॥


ਸਿਰੀਰਾਗੁ ਮਹਲਾ ੫ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਪਰਮਾਤਮਾ ਮਾਂ ਦੇ ਪੇਟ ਵਿਚ (ਜੀਵ ਦਾ) ਪੈਂਤੜਾ ਰੱਖਦਾ ਹੈ।

ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥

ਹੇ ਵਣਜਾਰੇ ਮਿਤ੍ਰ! (ਫਿਰ) ਦਸਾਂ ਮਹੀਨਿਆਂ ਵਿਚ ਪ੍ਰਭੂ ਮਨੁੱਖ (ਦਾ ਸਾਬਤ ਬੁੱਤ) ਬਣਾ ਦੇਂਦਾ ਹੈ। (ਜੀਵਾਂ ਨੂੰ ਜਿੰਦਗੀ ਦਾ) ਮੁਕਰਰ ਸਮਾ ਦੇਂਦਾ ਹੈ (ਜਿਸ ਵਿਚ ਜੀਵ ਚੰਗੇ ਮੰਦੇ) ਕਰਮ ਕਮਾਂਦੇ ਹਨ।

ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥

ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾ ਮੁਕਰਰ ਕਰ ਦੇਂਦਾ ਹੈ। ਪਿੱਛੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ ਤੇ ਧੁਰੋਂ ਜਿਹੋ ਜਿਹਾ ਲੇਖ ਲਿਖ ਦੇਂਦਾ ਹੈ, ਉਹੋ ਜਿਹੇ ਕਰਮ ਜੀਵ ਕਮਾਂਦੇ ਹਨ।

ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥

ਮਾਂ ਪਿਓ ਭਰਾ ਪੁੱਤਰ ਇਸਤ੍ਰੀ (ਆਦਿਕ) ਇਹਨਾਂ ਸੰਬੰਧੀਆਂ ਵਿਚ ਪ੍ਰਭੂ ਜੀਵ ਨੂੰ ਰਚਾ-ਮਚਾ ਦੇਂਦਾ ਹੈ।

ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥

ਇਸ ਜੀਵ ਦੇ ਇਖ਼ਤਿਆਰ ਵਿਚ ਕੁਝ ਨਹੀਂ, ਪਰਮਾਤਮਾ ਆਪ ਹੀ ਇਸ ਪਾਸੋਂ ਚੰਗੇ ਮੰਦੇ ਕਰਮ ਕਰਾਂਦਾ ਹੈ।

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥

ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਪਰਮਾਤਮਾ ਪ੍ਰਾਣੀ ਦਾ ਪੈਤੜਾ ਮਾਂ ਦੇ ਪੇਟ ਵਿਚ ਰੱਖ ਦੇਂਦਾ ਹੈ ॥੧॥

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪਹੁੰਚੀ ਹੋਈ ਜੁਆਨੀ (ਜੀਵ ਦੇ ਅੰਦਰ) ਉਛਾਲੇ ਮਾਰਦੀ ਹੈ।

ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥

ਹੇ ਵਣਜਾਰੇ ਮਿਤ੍ਰ! ਤਦੋਂ ਜੀਵ ਦਾ ਮਨ ਹਉਮੈ ਅਹੰਕਾਰ ਵਿਚ ਮਸਤ ਰਹਿੰਦਾ ਹੈ, ਤੇ ਉਹ ਚੰਗੇ ਮੰਦੇ ਕੰਮ ਵਿਚ ਤਮੀਜ਼ ਨਹੀਂ ਕਰਦਾ।

ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥

(ਜੁਆਨੀ ਦੇ ਮਦ ਵਿਚ) ਪ੍ਰਾਣੀ ਇਹ ਨਹੀਂ ਪਛਾਣਦਾ, ਕਿ ਜੋ ਕੁਝ ਮੈਂ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ (ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ) ਪਰਲੋਕ ਵਿਚ ਔਖਾ ਪੈਂਡਾ ਝਾਗਦਾ ਹੈ।

ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥

(ਹਉਮੈ ਵਿਚ ਮਸਤ ਮਨੁੱਖ) ਪੂਰੇ ਗੁਰੂ ਦੀ ਸਰਨ ਨਹੀਂ ਪੈਂਦਾ, (ਇਸ ਵਾਸਤੇ ਉਸ ਦੇ) ਸਿਰ ਉੱਤੇ ਜ਼ਾਲਮ ਜਮ ਆ ਖਲੋਂਦੇ ਹਨ।

ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥

(ਜੁਆਨੀ ਦੇ ਨਸ਼ੇ ਵਿਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ) ਝੱਲੇ ਹੋ ਚੁਕੇ ਨੂੰ ਜਦੋਂ ਧਰਮਰਾਜ ਆ ਫੜੇਗਾ, ਤਦੋਂ (ਆਪਣੀਆਂ ਮੰਦੀਆਂ ਕਰਤੂਤਾਂ ਬਾਰੇ) ਉਸ ਨੂੰ ਕੀਹ ਜਵਾਬ ਦੇਵੇਗਾ?

ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥੨॥

ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪੁੰਹਚਿਆ ਹੋਇਆ ਜੋਬਨ (ਮਨੁੱਖ ਦੇ ਅੰਦਰ) ਉਛਾਲੇ ਮਾਰਦਾ ਹੈ ॥੨॥

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੇ) ਰਾਤ ਦੇ ਤੀਜੇ ਪਹਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਹੋਇਆ ਤੇ ਗਿਆਨ ਤੋਂ ਸੱਖਣਾ ਮਨੁੱਖ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਧਨ-ਰੂਪ) ਜ਼ਹਰ ਇਕੱਠਾ ਕਰਦਾ ਰਹਿੰਦਾ ਹੈ।

ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ ॥

ਹੇ ਵਣਜਾਰੇ ਮਿਤ੍ਰ! ਤਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ। ਇਸ ਦੇ ਅੰਦਰ (ਲੋਭ ਦੀਆਂ) ਲਹਿਰ ਉੱਠਦੀਆਂ ਹਨ, ਮਨੁੱਖ ਪੁੱਤਰ (ਦੇ ਮੋਹ) ਵਿਚ, ਇਸਤ੍ਰੀ (ਦੇ ਮੋਹ) ਵਿਚ, (ਮਾਇਆ ਦੇ) ਮੋਹ ਵਿਚ ਫਸਿਆ ਰਹਿੰਦਾ ਹੈ।

ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥

ਪ੍ਰਾਣੀ ਦੇ ਅੰਦਰ (ਲੋਭ ਦੀਆਂ) ਲਹਿਰਾਂ ਉੱਠਦੀਆਂ ਹਨ, ਮਨੁੱਖ ਲੋਭੀ ਹੋਇਆ ਰਹਿੰਦਾ ਹੈ, ਉਹ ਪਰਮਾਤਮਾ ਕਦੇ ਇਸ ਦੇ ਚਿੱਤ ਵਿਚ ਨਹੀਂ ਆਉਂਦਾ।

ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥

ਮਨੁੱਖ ਤਦੋਂ ਸਾਧ ਸੰਗਤਿ ਨਾਲ ਮੇਲ-ਮਿਲਾਪ ਨਹੀਂ ਰੱਖਦਾ, (ਆਖ਼ਰ) ਕਈ ਜੂਨਾਂ ਵਿਚ (ਭਟਕਦਾ) ਦੁੱਖ ਸਹਾਰਦਾ ਹੈ।

ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥

ਮਨੁੱਖ (ਆਪਣੇ) ਸਿਰਜਨਹਾਰ ਮਾਲਕ ਨੂੰ ਭੁਲਾ ਦੇਂਦਾ ਹੈ, ਅੱਖ ਝਮਕਣ ਦੇ ਸਮੇਂ ਜਿਤਨਾ ਸਮਾ ਭੀ ਪਰਮਾਤਮਾ ਵਿਚ ਸੁਰਤ ਨਹੀਂ ਜੋੜਦਾ।

ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥੩॥

ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਅੰਨ੍ਹਾ ਗਿਆਨ-ਹੀਨ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਧਨ-ਰੂਪ) ਜ਼ਹਰ (ਹੀ) ਇਕੱਠਾ ਕਰਦਾ ਰਹਿੰਦਾ ਹੈ ॥੩॥

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ, (ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ)।

ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥

ਹੇ ਵਣਜਹਾਰੇ ਮਿਤ੍ਰ! ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ, ਨਾਮ ਹੀ ਪ੍ਰਭੂ ਦੀ ਦਰਗਾਹ ਵਿਚ ਤੇਰਾ ਮਦਦਗਾਰ ਬਣੇਗਾ।

ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥

ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖ, ਨਾਮ ਹੀ ਅਖ਼ੀਰ ਸਮੇ ਸਾਥੀ ਬਣਦਾ ਹੈ।

ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ ॥

ਮਾਇਆ ਦਾ ਇਹ ਮੋਹ (ਜਿਸ ਵਿਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ।

ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥

(ਹੇ ਭਾਈ!) ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸਰਨ ਪਉ (ਤਾਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ) ਚਾਨਣ ਹੋ ਜਾਏ।

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਦਿਨੁ ਨੇੜੈ ਆਇਆ ਸੋਇ ॥੪॥

ਨਾਨਕ ਆਖਦਾ ਹੈ- ਹੇ ਪ੍ਰਾਣੀ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ (ਜਦੋਂ ਇਥੋਂ ਕੂਚ ਕਰਨਾ ਹੁੰਦਾ ਹੈ) ॥੪॥{77-78}

ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿਤ੍ਰਾ ਉਠਿ ਚਲੇ ਕਮਾਣਾ ਸਾਥਿ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਜਦੋਂ ਪਰਮਾਤਮਾ ਵਲੋਂ (ਮੌਤ ਦਾ) ਲਿਖਿਆ ਹੋਇਆ (ਪਰਵਾਨਾ) ਆਉਂਦਾ ਹੈ, ਤਦੋਂ (ਇੱਥੇ) ਕਮਾਏ ਹੋਏ (ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵਾਤਮਾ ਦੇ) ਨਾਲ ਤੁਰ ਪੈਂਦੇ ਹਨ।

ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥

ਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ ਮਿਤ੍ਰ! ਉਹ ਰਤਾ ਭਰ ਸਮੇ ਦੀ ਢਿੱਲ-ਮਠ ਦੀ ਇਜਾਜ਼ਤ ਨਹੀਂ ਦੇਂਦੇ।

ਲਿਖਿਆ ਆਇਆ ਪਕੜਿ ਚਲਾਇਆ ਮਨਮੁਖ ਸਦਾ ਦੁਹੇਲੇ ॥

ਜਦੋਂ ਕਰਤਾਰ ਵਲੋਂ (ਮੌਤ ਦਾ) ਲਿਖਿਆ ਹੋਇਆ ਹੁਕਮ ਆਉਂਦਾ ਹੈ (ਉਹ ਜਮ ਜੀਵ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਫਿਰ) ਸਦਾ ਦੁਖੀ ਰਹਿੰਦੇ ਹਨ।

ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ ॥

ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸਦਾ ਸੌਖੇ ਰਹਿੰਦੇ ਹਨ।

ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ ॥

(ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ।

ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ ॥੫॥੧॥੪॥

ਨਾਨਕ ਆਖਦਾ ਹੈ- ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ , ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ ॥੫॥੧॥੪॥


ਸਿਰੀਰਾਗੁ ਮਹਲਾ ੪ ਘਰੁ ੨ ਛੰਤ ॥
ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥

ਜੇ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਅੰਞਾਣ ਹੀ ਟਿਕੀ ਰਹੇ, ਤਾਂ ਉਹ ਪਤੀ-ਪ੍ਰਭੂ ਦਾ ਦਰਸਨ ਕਿਵੇਂ ਕਰ ਸਕਦੀ ਹੈ? (ਦਰਸਨ ਨਹੀਂ ਕਰ ਸਕਦੀ)।

ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ ॥

ਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਤਾਂ (ਜੀਵ-ਇਸਤ੍ਰੀ) ਗੁਰੂ ਦੇ ਸਨਮੁਖ ਹੋ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਪਹੁੰਚਣ ਵਾਲੇ ਕੰਮ (ਕਰਨੇ) ਸਿੱਖਦੀ ਹੈ।

ਸਾਹੁਰੜੈ ਕੰਮ ਸਿਖੈ ਗੁਰਮੁਖਿ ਹਰਿ ਹਰਿ ਸਦਾ ਧਿਆਏ ॥

ਗੁਰੂ ਦੀ ਸਰਨ ਪੈ ਕੇ (ਜੀਵ-ਇਸਤ੍ਰੀ) ਉਹ ਕੰਮ ਸਿੱਖਦੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਪਤੀ-ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਸਕੇ (ਉਹ ਕੰਮ ਇਹ ਹਨ ਕਿ ਜੀਵ-ਇਸਤ੍ਰੀ) ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ।

ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥

ਸਹੇਲੀਆਂ ਵਿਚ (ਸਤ-ਸੰਗੀਆਂ ਵਿਚ ਰਹਿ ਕੇ ਇਸ ਲੋਕ ਵਿਚ) ਸੌਖੀ ਤੁਰੀ ਫਿਰਦੀ ਹੈ (ਸੌਖਾ ਜੀਵਨ ਬਿਤਾਂਦੀ ਹੈ, ਤੇ) ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਪਹੁੰਚਦੀ ਹੈ।

ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥

ਉਹ ਜੀਵ-ਇਸਤ੍ਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ।

ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ ॥੧॥

ਭੋਲੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਗੁਰੂ ਦੀ ਸਰਨ ਪੈ ਕੇ ਪਰਮਾਤਮਾ-ਪਤੀ ਦਾ ਦਰਸਨ ਕਰ ਲੈਂਦੀ ਹੈ ॥੧॥

ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥

ਹੇ ਮੇਰੇ ਪਿਤਾ! (ਪ੍ਰਭੂ-ਪਤੀ ਨਾਲ) ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ।

ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥

ਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ (-ਰੂਪ ਸੂਰਜ ਇਤਨਾ) ਤੇਜ਼ ਜਗ-ਮਗ ਕਰ ਉਠਿਆ ਹੈ ਕਿ (ਮੇਰੇ ਅੰਦਰੋਂ) ਬੇ-ਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ।

ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥

ਗੁਰੂ ਦਾ ਦਿੱਤਾ ਗਿਆਨ (ਮੇਰੇ ਅੰਦਰ) ਚਮਕ ਪਿਆ ਹੈ (ਮਾਇਆ-ਮੋਹ ਦਾ) ਹਨੇਰਾ ਦੂਰ ਹੋ ਗਿਆ ਹੈ (ਉਸ ਚਾਨਣੀ ਦੀ ਬਰਕਤਿ ਨਾਲ ਮੈਨੂੰ) ਪਰਮਾਤਮਾ ਦਾ ਨਾਮ (-ਰੂਪ) ਕੀਮਤੀ ਰਤਨ ਲੱਭ ਪਿਆ ਹੈ।

ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥

ਗੁਰੂ ਦੀ ਮਤਿ ਤੇ ਤੁਰਿਆਂ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਹਉਮੈ ਦਾ ਦੁਖ ਮੁੱਕ ਗਿਆ ਹੈ, ਆਪੇ ਦੇ ਗਿਆਨ ਨਾਲ ਮੇਰਾ ਆਪਾ-ਭਾਵ ਖ਼ਤਮ ਹੋ ਗਿਆ ਹੈ।

ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥

(ਗੁਰੂ ਦੀ ਸਰਨ ਪਿਆਂ) ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ।

ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥੨॥

ਹੇ ਮੇਰੇ ਪਿਤਾ! ਗੁਰੂ ਦੀ ਸਰਨ ਪੈ ਕੇ ਮੇਰਾ (ਪਰਮਾਤਮਾ-ਪਤੀ ਨਾਲ) ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ ਗਿਆ ਹੈ ॥੨॥

ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਞ ਸੁਹੰਦੀ ॥

ਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ।

ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ ਸੋਹੰਦੀ ॥

(ਜੀਵ-ਇਸਤ੍ਰੀ ਇਹਨਾਂ ਸਤਸੰਗੀਆਂ ਵਿਚ ਰਹਿ ਕੇ) ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ, ਤੇ ਪਰਲੋਕ ਵਿਚ ਭੀ ਬਹੁਤ ਸੋਭਾ ਪਾਂਦੀ ਹੈ।

ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ ॥

(ਇਹ ਯਕੀਨ ਜਾਣੋ ਕਿ) ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹ ਪਰਲੋਕ ਵਿਚ (ਜ਼ਰੂਰ) ਸੋਭਾ ਖੱਟਦੀ ਹੈ।

ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥

ਗੁਰੂ ਦੀ ਸਰਨ ਪੈ ਕੇ ਉਹਨਾਂ ਜੀਵ-ਇਸਤ੍ਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ (ਵੱਸ ਵਿਚ ਲਿਆ ਕੇ) ਚੌਪੜ-ਰੂਪ ਇਹ ਜੀਵਨ-ਖੇਡ ਖੇਡੀ ਹੈ।

ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥

ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ-ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਤੇ ਆਨੰਦ ਦਾ ਸੋਮਾ ਖਸਮ-ਪ੍ਰਭੂ ਮਿਲ ਪੈਂਦਾ ਹੈ।

ਹਰਿ ਸਤਿ ਸਤਿ ਮੇਰੇ ਬਾਬੋਲਾ ਹਰਿ ਜਨ ਮਿਲਿ ਜੰਞ ਸੁੋਹੰਦੀ ॥੩॥

ਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ ॥੩॥

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥

ਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ।

ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥

ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ) ਕੱਪੜੇ ਦੇਹ, ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ ਗਹਿਣੇ ਆਦਿਕ) ਧਨ ਦੇਹ, ਇਸੇ ਦਾਜ ਨਾਲ ਮੇਰਾ (ਪ੍ਰਭੂ-ਪਤੀ ਨਾਲ) ਵਿਆਹ ਸੋਹਣਾ ਲੱਗਣ ਲੱਗ ਪਏ।

ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥

ਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ) ਵਿਆਹ ਦਾ ਉੱਦਮ ਸੁਖਦਾਈ ਬਣਦਾ ਹੈ। (ਜਿਸ ਜੀਵ-ਮੁਟਿਆਰ ਨੂੰ) ਗੁਰੂ ਨੇ ਸਤਿਗੁਰੂ ਨੇ ਇਹ ਦਾਨ (ਇਹ ਦਾਜ) ਦਿਵਾਇਆ ਹੈ,

ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥

ਹਰੀ-ਨਾਮ ਦੇ ਦਾਜ ਨਾਲ ਉਸ ਦੀ ਸੋਭਾ (ਉਸ ਦੇ) ਦੇਸ ਵਿਚ ਸੰਸਾਰ ਵਿਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ।

ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ (ਵਿਖਾਲਾ ਪਾਂਦੇ ਹਨ) ਉਹ ਝੂਠਾ ਅਹੰਕਾਰ (ਪੈਦਾ ਕਰਨ ਵਾਲਾ) ਹੈ ਉਹ ਕੱਚ (ਸਮਾਨ) ਹੈ, ਉਹ (ਨਿਰਾ) ਵਿਖਾਵਾ ਹੀ ਹੈ।

ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥੪॥

ਹੇ ਮੇਰੇ ਪਿਤਾ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ ॥੪॥

ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥

ਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ।

ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥

ਅਨੇਕਾਂ ਜੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂ-ਪਤੀ ਦੀ ਪੀੜ੍ਹੀ ਚਲੀ ਆਉਂਦੀ ਹੈ।

ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥

ਹਰੇਕ ਜੁਗ ਵਿਚ ਸਤਿਗੁਰੂ ਦੀ ਪੀੜ੍ਹੀ (ਨਾਦੀ ਸੰਤਾਨ) ਚੱਲ ਪੈਂਦੀ ਹੈ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਉਹ ਗੁਰੂ ਦੀ ਪੀੜ੍ਹੀ ਹਨ, ਉਹ ਗੁਰੂ ਦੀ ਨਾਦੀ ਸੰਤਾਨ ਹਨ)।

ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥

ਪਰਮਾਤਮਾ ਐਸਾ ਪਤੀ ਹੈ, ਜੋ ਕਦੇ ਭੀ ਨਾਸ਼ ਨਹੀਂ ਹੁੰਦਾ, ਜੋ ਕਦੇ ਭੀ ਨਹੀਂ ਮਰਦਾ। ਉਹ ਸਦਾ ਦਾਤਾਂ ਬਖ਼ਸ਼ਦਾ ਹੈ, ਉਸ ਦੀ ਦਾਤ ਸਦਾ ਵਧਦੀ ਰਹਿੰਦੀ ਹੈ।

ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥

ਹੇ ਨਾਨਕ! ਭਗਤ ਜਨ ਤੇ ਭਗਤਾਂ ਦਾ (ਪਿਆਰਾ) ਪ੍ਰਭੂ ਇਕ-ਰੂਪ ਹਨ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ-ਇਸਤ੍ਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ।

ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥੫॥੧॥

ਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ (ਭਾਵ, ਉਸ ਦੀ ਸੰਗਤਿ ਵਿਚ ਰਹਿ ਕੇ ਹੋਰ ਅਨੇਕਾਂ ਜੀਵ ਸਿਮਰਨ ਦੇ ਰਾਹੇ ਪੈ ਜਾਂਦੇ ਹਨ) ॥੫॥੧॥


ਸਿਰੀਰਾਗੁ ਮਹਲਾ ੫ ਛੰਤ ॥
ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥

ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! ਪਰਮਾਤਮਾ ਦਾ ਨਾਮ (ਆਪਣੇ ਅੰਦਰ) ਸਾਂਭ ਕੇ ਰੱਖ।

ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥

ਹੇ ਪਿਆਰੇ ਮਨ! ਹੇ ਮਿਤ੍ਰ ਮਨ! ਇਹ ਹਰਿ-ਨਾਮ (ਸਦਾ) ਤੇਰੇ ਨਾਲ ਸਾਥ ਨਿਬਾਹੇਗਾ।

ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥

(ਹੇ ਮਨ!) ਪਰਮਾਤਮਾ ਦਾ ਨਾਮ ਸਿਮਰ, (ਇਹੀ ਤੇਰੇ) ਨਾਲ (ਰਹੇਗਾ, ਇਹੀ ਤੇਰਾ) ਸਾਥੀ (ਰਹੇਗਾ। ਜੇਹੜਾ ਭੀ ਮਨੁੱਖ ਇਹੀ ਹਰਿ-ਨਾਮ ਸਿਮਰਦਾ ਹੈ) ਉਹ ਦੁਨੀਆ ਤੋਂ ਖ਼ਾਲੀ (-ਹੱਥ) ਨਹੀਂ ਜਾਂਦਾ।

ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥

(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਚਿੱਤ ਜੋੜ, ਤੂੰ ਸਾਰੇ ਮਨ ਇੱਛਤ ਫਲ ਪ੍ਰਾਪਤ ਕਰ ਲਏਂਗਾ।

ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥

(ਹੇ ਮੇਰੇ ਮਨ!) ਜਗਤ ਦਾ ਮਾਲਕ ਪ੍ਰਭੂ ਜਲ ਵਿਚ ਧਰਤੀ ਵਿਚ ਹਰ ਥਾਂ ਭਰਪੂਰ ਹੈ, ਉਹ ਹਰੇਕ ਸਰੀਰ ਵਿਚ (ਵਿਆਪਕ ਹੋ ਕੇ ਮਿਹਰ ਦੀ) ਨਿਗਾਹ ਨਾਲ (ਹਰੇਕ ਨੂੰ) ਵੇਖਦਾ ਹੈ।

ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥

ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਸਾਧ ਸੰਗਤਿ ਵਿਚ ਰਹਿ ਕੇ ਆਪਣੀ ਭਟਕਣਾ ਨਾਸ ਕਰ ॥੧॥

ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥

ਹੇ ਮੇਰੇ ਪਿਆਰੇ ਮਨ! ਹੇ ਮੇਰੇ ਮਿਤ੍ਰ ਮਨ! ਪਰਮਾਤਮਾ ਤੋਂ ਬਿਨਾ (ਹੋਰ ਕੋਈ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ), ਇਹ ਸਾਰਾ ਜਗਤ-ਪਸਾਰਾ ਸਦਾ ਸਾਥ ਨਿਬਾਹੁਣ ਵਾਲਾ ਨਹੀਂ।

ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥

ਹੇ ਪਿਆਰੇ ਮਨ! ਇਹ ਸੰਸਾਰ (ਇਕ) ਸਮੁੰਦਰ (ਹੈ ਜੋ) ਜ਼ਹਰ (ਨਾਲ ਭਰਿਆ ਹੋਇਆ) ਹੈ।

ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥

(ਹੇ ਮਨ!) ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।

ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥

(ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਸਿਮਰਦਾ ਹੈ।

ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥

ਆਦਿ ਤੋਂ ਹੀ, ਜੁਗਾਂ ਦੇ ਆਦਿ ਤੋਂ ਹੀ, (ਪਰਮਾਤਮਾ ਆਪਣੇ) ਸੇਵਕਾਂ ਦਾ ਰਾਖਾ (ਚਲਿਆ ਆ ਰਿਹਾ) ਹੈ, (ਪਰਮਾਤਮਾ ਦੇ) ਭਗਤਾਂ ਲਈ ਪਰਮਾਤਮਾ ਦਾ ਨਾਮ (ਸਦਾ ਹੀ) ਜ਼ਿੰਦਗੀ ਦਾ ਸਹਾਰਾ ਹੈ।

ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥

ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਾਰੇ ਜਗਤ-ਖਿਲਾਰੇ ਤੋੜ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੨॥

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥

ਹੇ ਪਿਆਰੇ ਮਨ! ਹੇ ਮਿਤ੍ਰ! ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹ ਸੌਦਾ ਨਫ਼ਾ ਦੇਣ ਵਾਲਾ ਹੈ।

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ ॥

ਹੇ ਪਿਆਰੇ ਮਨ! ਹੇ ਮਿਤ੍ਰ ਮਨ! ਪਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ, ਇਹੀ ਦਰਵਾਜ਼ਾ ਅਟੱਲ ਹੈ।

ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥

ਜੋ ਮਨੁੱਖ ਉਸ ਪਰਮਾਤਮਾ ਦਾ ਦਰ ਮੱਲਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਮਨੁੱਖ ਐਸਾ (ਆਤਮਕ) ਟਿਕਾਣਾ ਹਾਸਲ ਕਰ ਲੈਂਦਾ ਹੈ ਜੋ ਕਦੇ ਡੋਲਦਾ ਨਹੀਂ।

ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥

ਉਸ ਆਤਮਕ ਟਿਕਾਣੇ ਪਹੁੰਚਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਮਨੁੱਖ ਹਰੇਕ ਕਿਸਮ ਦਾ ਸਹਮ ਤੇ ਦੁੱਖ ਮਿਟਾ ਲੈਂਦਾ ਹੈ।

ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥

(ਉਸ ਆਤਮਕ ਟਿਕਾਣੇ ਤੇ ਪਹੁੰਚਿਆ ਮਨੁੱਖ ਧਰਮਰਾਜ ਦੇ ਥਾਪੇ ਹੋਏ) ਚਿਤ੍ਰ ਗੁਪਤ ਦਾ ਲੇਖਾ ਪਾੜ ਦੇਂਦਾ ਹੈ (ਭਾਵ, ਕੋਈ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਿਤ੍ਰ ਗੁਪਤ ਲਿਖ ਸਕਣ), ਜਮਦੂਤਾਂ ਦਾ ਕੋਈ ਜ਼ੋਰ ਉਸ ਉੱਤੇ ਨਹੀਂ ਪੈ ਸਕਦਾ।

ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥

(ਇਸ ਵਾਸਤੇ) ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹੀ ਸੌਦਾ ਨਫ਼ੇ ਵਾਲਾ ਹੈ ॥੩॥

ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ ॥

ਹੇ ਪਿਆਰੇ ਮਨ! ਹੇ ਮਿਤ੍ਰ ਮਨ! ਗੁਰਮੁਖਾਂ ਦੀ ਸੰਗਤਿ ਵਿਚ ਆਪਣਾ ਬਹਣ-ਖਲੋਣ ਬਣਾ।

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ ॥

ਹੇ ਪਿਆਰੇ ਮਨ! ਹੇ ਮਿਤ੍ਰ ਮਨ! (ਗੁਰਮੁਖਾਂ ਦੀ ਸੰਗਤਿ ਵਿਚ) ਪਰਮਾਤਮਾ ਦਾ ਨਾਮ ਜਪਿਆਂ ਅੰਦਰ ਆਤਮਕ ਚਾਨਣ ਹੋ ਜਾਂਦਾ ਹੈ।

ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥

ਸੁਖ ਅਪੜਾਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।

ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥

ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿੱਛੁੜਿਆ ਲੱਛਮੀ-ਪਤੀ ਪ੍ਰਭੂ (ਫਿਰ) ਮਿਲ ਪੈਂਦਾ ਹੈ।

ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥

(ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ।

ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥

ਹੇ ਪ੍ਰੀਤਮ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਕਰ ॥੪॥

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥

ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਮਸਤ ਰਹਿੰਦਾ ਹੈ,

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥

ਹੇ ਪਿਆਰੇ ਮਿਤ੍ਰ ਮਨ! ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ (ਇਉਂ) ਆਤਮਕ ਜੀਵਨ ਹਾਸਲ ਕਰਦਾ ਹੈ (ਜਿਵੇਂ) ਮੱਛੀ ਪਾਣੀ ਨੂੰ ਮਿਲ ਕੇ ਜੀਊਂਦੀ ਹੈ।

ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥

ਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ (-ਰੂਪ) ਪਾਣੀ ਪੀ ਕੇ (ਮਾਇਆ ਦੀ ਤ੍ਰੇਹ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ,

ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥

ਉਹ ਮਨੁੱਖ ਲੱਛਮੀ-ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।

ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥

ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ।

ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥

ਹੇ ਨਾਨਕ! ਜਿਸ ਮਨੁੱਖ ਨੂੰ ਸੰਤ ਜਨਾਂ ਨੇ (ਪਰਮਾਤਮਾ ਦੇ ਸਿਮਰਨ ਦੀ) ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਲੀਨ ਰਹਿੰਦਾ ਹੈ ॥੫॥੧॥੨॥


ਸਿਰੀਰਾਗ ਕੇ ਛੰਤ ਮਹਲਾ ੫ ॥
ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਡਖਣਾ ॥
ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥

ਮੇਰਾ ਪਿਆਰਾ ਪ੍ਰਭੂ-ਪਤੀ (ਮੇਰੇ) ਹਿਰਦੇ ਵਿਚ (ਵੱਸਦਾ ਹੈ, ਪਰ ਉਸ ਦਾ) ਦੀਦਾਰ ਕਿਵੇਂ ਹੋਵੇ?

ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥

ਹੇ ਨਾਨਕ! ਉਹ ਪ੍ਰਾਣਾਂ ਦਾ ਆਸਰਾ ਪ੍ਰਭੂ ਸੰਤ ਜਨਾਂ ਦੀ ਸਰਨ ਪਿਆਂ ਹੀ ਲੱਭਦਾ ਹੈ ॥੧॥


ਛੰਤੁ ॥
ਛੰਤੁ:
ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥

ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਈ ਰੱਖਣ ਦੀ ਮਰਯਾਦਾ ਸੰਤ ਜਨਾਂ ਦੇ ਮਨ ਵਿਚ (ਹੀ) ਵੱਸਦੀ ਹੈ।

ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥

ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪਾਣਾ (ਸੰਤ ਜਨਾਂ ਨੂੰ) ਉਲਟੀ ਰੀਤਿ ਜਾਪਦੀ ਹੈ, ਨੀਤੀ ਦੇ ਉਲਟ ਪ੍ਰਤੀਤ ਹੁੰਦੀ ਹੈ, ਪ੍ਰਭੂ ਦੇ ਦਾਸਾਂ ਨੂੰ ਇਹ ਪਸੰਦ ਨਹੀਂ ਆਉਂਦੀ।

ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥

ਪਰਮਾਤਮਾ ਦੇ ਦਰਸਨ ਤੋਂ ਬਿਨਾ (ਕੋਈ ਹੋਰ ਜੀਵਨ-ਜੁਗਤ) ਪਰਮਾਤਮਾ ਦੇ ਦਾਸਾਂ ਨੂੰ ਚੰਗੀ ਨਹੀਂ ਲੱਗਦੀ। (ਪਰਮਾਤਮਾ ਦਾ ਦਾਸ ਪਰਮਾਤਮਾ ਦੇ ਦਰਸਨ ਤੋਂ ਬਿਨਾ) ਇਕ ਪਲ ਭਰ ਭੀ ਧੀਰਜ ਨਹੀਂ ਕਰ ਸਕਦਾ।

ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥

ਦਾਸ ਦਾ ਮਨ ਦਾਸ ਦਾ ਤਨ ਪ੍ਰਭੂ ਦੇ ਨਾਮ ਤੋਂ ਬਿਨਾ ਲਿੱਸਾ ਹੋ ਜਾਂਦਾ ਹੈ, (ਨਾਮ ਤੋਂ ਬਿਨਾ ਉਸ ਨੂੰ) ਆਤਮਕ ਮੌਤ ਆ ਗਈ ਜਾਪਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ।

ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥

ਹੇ ਮੇਰੇ ਪਿਆਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੈਨੂੰ ਆਪਣੇ ਦਾਸ ਨੂੰ) ਮਿਲ, ਤਾ ਕਿ ਤੇਰਾ ਦਾਸ ਸਾਧ ਸੰਗਤਿ ਵਿਚ ਮਿਲ ਕੇ ਤੇਰੇ ਗੁਣ ਗਾ ਸਕੇ।

ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥

ਹੇ ਨਾਨਕ ਦੇ ਖਸਮ-ਪ੍ਰਭੂ! ਮਿਹਰ ਕਰ, ਤਾ ਕਿ ਤੇਰਾ ਦਾਸ ਨਾਨਕ ਮਨ ਦੀ ਰਾਹੀਂ ਤਨ ਦੀ ਰਾਹੀਂ ਤੇਰੀ ਗੋਦ ਵਿਚ (ਹੀ) ਸਮਾਇਆ ਰਹੇ ॥੧॥


ਡਖਣਾ ॥
ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥

(ਗੁਰੂ ਨੂੰ ਮਿਲਿਆਂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ) ਹਰੇਕ ਥਾਂ ਵਿਚ (ਵੱਸ ਰਿਹਾ ਹੈ ਤੇ) ਸੋਭ ਰਿਹਾ ਹੈ, ਕੋਈ ਭੀ ਜੀਵ ਐਸਾ ਨਹੀਂ ਦਿੱਸਦਾ ਜੋ ਪਰਮਾਤਮਾ ਤੋਂ ਵੱਖਰਾ ਕੋਈ ਹੋਰ ਹੋਵੇ।

ਖੁਲ੍ਰੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥

ਹੇ ਨਾਨਕ! ਗੁਰੂ ਨੂੰ ਮਿਲਿਆਂ (ਮਾਇਆ ਦੇ ਮੋਹ ਨਾਲ ਮਨੁੱਖ ਦੀ ਬੁੱਧੀ ਦੇ ਬੰਦ ਹੋਏ) ਕਵਾੜ ਖੁਲ੍ਹ ਜਾਂਦੇ ਹਨ ॥੧॥


ਛੰਤੁ ॥
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥

ਹੇ ਸੁੰਦਰ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੰਤਾਂ ਦੇ ਆਸਰੇ ਪ੍ਰਭੂ! (ਸੰਤਾਂ ਨੇ ਤੇਰੀ ਸਿਫ਼ਤ-ਸਾਲਾਹ ਦੇ) ਬਚਨ ਵਿਚਾਰੇ ਹਨ, (ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚਾਰੀ ਹੈ (ਹਿਰਦੇ ਵਿਚ ਵਸਾਈ ਹੈ।)

ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥

ਸੁਆਸ ਸੁਆਸ (ਤੇਰਾ ਨਾਮ) ਸਿਮਰਦਿਆਂ (ਉਹਨਾਂ ਨੂੰ ਇਹ) ਪੂਰਾ ਭਰੋਸਾ ਬਣ ਜਾਂਦਾ ਹੈ ਕਿ (ਪ੍ਰਭੂ ਦਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ।

ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥

ਹੇ ਗੁਣਾਂ ਦੇ ਸੋਮੇ ਪ੍ਰਭੂ! ਹੇ ਸੰਤਾਂ ਦੀ ਜਿੰਦ-ਜਾਨ ਪ੍ਰਭੂ! (ਸੰਤਾਂ ਨੂੰ ਇਹ ਭਰੋਸਾ ਬੱਝ ਜਾਂਦਾ ਹੈ ਕਿ ਤੇਰਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ, ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ (ਮਨ ਤੋਂ) ਪਰੇ ਹਟਾਣਾ ਨਹੀਂ ਚਾਹੀਦਾ।

ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥

(ਉਹਨਾਂ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਮਨ-ਇੱਛਿਤ ਫਲ ਬਖ਼ਸ਼ਦਾ ਹੈ ਤੇ ਹਰੇਕ ਜੀਵ ਦੀ ਪੀੜਾ ਦੀ ਸਾਰ ਲੈਂਦਾ ਹੈ।

ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥

ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਜੀਵਾਂ ਦੇ ਅੰਗ-ਸੰਗ ਰਹਿਣ ਵਾਲੇ ਪ੍ਰਭੂ! (ਤੇਰਾ ਨਾਮ) ਜਪ ਕੇ ਮਨੁੱਖਾ ਜਨਮ (ਕਿਸੇ ਜੁਆਰੀਏ ਵਾਂਗ) ਜੂਏ (ਦੀ ਬਾਜ਼ੀ) ਵਿਚ ਵਿਅਰਥ ਨਹੀਂ ਗਵਾਇਆ ਜਾਂਦਾ।

ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥

ਪਰਮਾਤਮਾ ਦੇ ਪਾਸ ਨਾਨਕ ਦੀ ਇਹ ਬੇਨਤੀ ਹੈ-ਹੇ ਪ੍ਰਭੂ! ਕਿਰਪਾ ਕਰ (ਮੈਨੂੰ ਆਪਣਾ ਨਾਮ ਦੇਹ ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ॥੨॥


ਡਖਣਾ ॥
ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥

(ਜਿਨ੍ਹਾਂ ਵਡ-ਭਾਗੀਆਂ ਉੱਤੇ) ਖਸਮ-ਪ੍ਰਭੂ ਕਿਰਪਾਲ ਹੁੰਦਾ ਹੈ, ਉਹਨਾਂ ਨੂੰ ਗੁਰਮੁਖਾਂ ਦੀ ਚਰਨ ਧੂੜ ਵਿਚ ਇਸ਼ਨਾਨ (ਕਰਨਾ ਨਸੀਬ ਹੁੰਦਾ ਹੈ)।

ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥

ਜਿਨ੍ਹਾਂ ਨੂੰ ਹਰਿ-ਨਾਮ-ਧਨ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਹਰਿ-ਨਾਮ ਪਦਾਰਥ ਮਿਲ ਜਾਂਦਾ ਹੈ, ਹੇ ਨਾਨਕ! ਉਹਨਾਂ ਨੂੰ (ਮਾਨੋ) ਸਾਰੇ ਹੀ ਸੋਹਣੇ ਪਦਾਰਥ ਮਿਲ ਜਾਂਦੇ ਹਨ ॥੧॥


ਛੰਤੁ ॥
ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥

ਮਾਲਕ-ਪ੍ਰਭੂ ਦੇ ਸੋਹਣੇ ਚਰਨ ਭਗਤ ਜਨਾਂ (ਦੇ ਮਨ) ਵਾਸਤੇ ਨਿਵਾਸ-ਅਸਥਾਨ ਹੁੰਦਾ ਹੈ (ਭਗਤ ਜਨ ਪ੍ਰਭੂ ਚਰਨਾਂ ਵਿਚ ਟਿਕੇ ਰਹਿਣ ਦੀ ਹੀ) ਆਸ਼ਾ ਧਾਰ ਕੇ ਆਪਣਾ ਜੀਵਨ ਉੱਚਾ ਕਰਦੇ ਹਨ।

ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥

ਪਰਮਾਤਮਾ ਦਾ ਨਾਮ ਸਿਮਰ-ਸਿਮਰ ਕੇ (ਭਗਤ ਜਨ ਆਪਣੇ) ਮਨ ਦੀ ਰਾਹੀਂ (ਆਪਣੇ) ਸਰੀਰ ਦੀ ਰਾਹੀਂ ਪ੍ਰਭੂ-ਨਾਮ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ।

ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥

ਭਗਤ-ਜਨ ਨਾਮ-ਅੰਮ੍ਰਿਤ ਸਦਾ ਪੀਂਦੇ ਹਨ ਤੇ (ਵਿਸ਼ਿਆਂ ਵਲੋਂ) ਸਦਾ ਅਡੋਲ-ਚਿੱਤ ਟਿਕੇ ਰਹਿੰਦੇ ਹਨ। (ਸਿਮਰਨ ਦੀ ਬਰਕਤਿ ਨਾਲ ਉਹਨਾਂ ਨੇ) ਵਿਸ਼ਿਆਂ ਦੇ ਪਾਣੀ ਨੂੰ ਬੇ-ਸੁਆਦ ਜਾਣ ਲਿਆ ਹੈ।

ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥

ਭਗਤ ਜਨਾਂ ਉੱਤੇ ਗੋਪਾਲ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸਾਧ ਸੰਗਤਿ ਵਿਚ ਰਹਿ ਕੇ ਉਹਨਾਂ ਦਾ ਮਨ ਪ੍ਰਭੂ ਦੇ ਨਾਮ-ਖ਼ਜ਼ਾਨੇ ਵਿਚ ਪਰਚਿਆ ਰਹਿੰਦਾ ਹੈ।

ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥

ਭਗਤ ਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, (ਪ੍ਰਭੂ ਦਾ ਨਾਮ ਹੀ ਉਹਨਾਂ ਵਾਸਤੇ) ਸਭ ਤੋਂ ਸ੍ਰੇਸ਼ਟ ਧਨ ਹੈ, (ਨਾਮ ਵਿਚੋਂ ਹੀ) ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ।

ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ ॥੩॥

ਹੇ ਨਾਨਕ! ਭਗਤ ਜਨਾਂ ਨੂੰ ਪ੍ਰਾਣਾਂ ਦਾ ਆਸਰਾ ਪ੍ਰਭੂ-ਨਾਮ ਰਤਾ ਜਿਤਨਾ ਸਮਾ ਭੀ ਨਹੀਂ ਭੁੱਲਦਾ। ਪਰਮਾਤਮਾ ਦਾ ਨਾਮ (ਹਰ ਵੇਲੇ) ਜਪ ਜਪ ਕੇ ਉਹ ਆਤਮਕ ਜੀਵਨ ਹਾਸਲ ਕਰਦੇ ਹਨ ॥੩॥


ਡਖਣਾ ॥
ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥

(ਹੇ ਪ੍ਰਭੂ!) ਜਿਨ੍ਹਾਂ (ਵਡ-ਭਾਗੀਆਂ) ਨੂੰ ਤੂੰ ਆਪਣੇ (ਸੇਵਕ) ਬਣਾ ਲੈਂਦਾ ਹੈਂ, ਉਹਨਾਂ ਨੂੰ ਤੂੰ ਮਿਲ ਪੈਂਦਾ ਹੈਂ।

ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ ॥੧॥

ਹੇ ਨਾਨਕ! (ਉਹਨਾਂ ਪਾਸੋਂ) ਤੂੰ (ਆਪਣਾ) ਜਸ ਆਪ ਹੀ ਸੁਣਦਾ ਹੈਂ, ਤੇ (ਸੁਣ ਕੇ) ਤੂੰ ਆਪ ਹੀ ਮਸਤ ਹੁੰਦਾ ਹੈਂ ॥੧॥


ਛੰਤੁ ॥
ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ ॥

(ਹੇ ਭਾਈ! ਭਗਤ ਜਨਾਂ ਨੇ) ਪ੍ਰੇਮ ਦੀ ਠਗ-ਬੂਟੀ ਖਵਾ ਕੇ (ਤੇ ਇਸ ਤਰ੍ਹਾਂ ਖ਼ੁਸ਼ ਕਰ ਕੇ ਪਰਮਾਤਮਾ ਦਾ ਮਨ ਮੋਹ ਲਿਆ ਹੁੰਦਾ ਹੈ।

ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥

ਭਗਤ ਜਨਾਂ ਦੀ ਹੀ ਕਿਰਪਾ ਨਾਲ (ਕੋਈ ਵਡ-ਭਾਗੀ ਮਨੁੱਖ) ਅਥਾਹ ਪ੍ਰਭੂ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ।

ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖ੍ਹਣ ਕਰਿ ਵਸਿ ਭਏ ॥

ਜੇਹੜਾ ਮਨੁੱਖ ਹਰੀ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ, ਉਸ ਦੇ ਸਾਰੇ ਵਿਕਾਰ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਭਗਤੀ ਵਾਲੇ ਲੱਛਣ ਪੈਦਾ ਹੋ ਜਾਣ ਦੇ ਕਾਰਣ ਪ੍ਰਭੂ ਜੀ ਉਸ ਦੇ ਵੱਸ ਵਿਚ ਆ ਜਾਂਦੇ ਹਨ।

ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ ਜਨਮ ਮਰਣਾ ਸਭਿ ਮਿਟਿ ਗਏ ॥

ਗੋਬਿੰਦ ਦੇ ਉਸ ਉੱਤੇ ਪ੍ਰਸੰਨ ਹੋਣ ਨਾਲ ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਤੇ ਉਸ ਦੇ ਸਾਰੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।

ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਨ ਮਾਇਆ ਹੋਹਿਆ ॥

ਸਤਸੰਗੀਆਂ ਨਾਲ ਮਿਲ ਕੇ ਜਿਉਂ ਜਿਉਂ ਉਹ ਪ੍ਰਭੂ ਸਿਫ਼ਤ-ਸਾਲਾਹ ਦੀ ਬਾਣੀ ਗਾਂਦਾ ਹੈ ਉਸ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦੇ ਮਨ ਦੇ ਫੁਰਨੇ ਮੁੱਕ ਜਾਂਦੇ ਹਨ), ਉਸ ਨੂੰ ਮੁੜ ਮਾਇਆ ਦੇ ਧੱਕੇ ਨਹੀਂ ਲੱਗਦੇ।

ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ ॥੪॥

ਹੇ ਨਾਨਕ! ਪਿਆਰੇ ਪ੍ਰਭੂ ਨੇ ਜਿਨ੍ਹਾਂ ਦਾ ਹੱਥ ਫੜ ਲਿਆ ਹੈ, ਉਹਨਾਂ ਉੱਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਨਹੀ ਪਾ ਸਕਦਾ ॥੪॥


ਡਖਣਾ ॥
ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥

ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ।

ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥੧॥

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ (ਜਾਗਣ), ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੧॥


ਛੰਤੁ ॥
ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀਂ ਕੁਲੁ ਤਾਰਿਆ ਜੀਉ ॥

ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਉਚਾਰਦੇ ਹਨ, ਉਹ ਸੁਅੱਛ ਜੀਵਨ ਵਾਲੇ ਬਣ ਜਾਂਦੇ ਹਨ। ਜੇਹੜੇ ਬੰਦੇ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦੇ ਹਨ, ਉਹ ਸਾਰੇ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ। ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੀ ਹੱਥੀਂ) ਲਿਖਦੇ ਹਨ, ਉਹ (ਆਪਣੇ ਸਾਰੇ) ਖ਼ਾਨਦਾਨ ਨੂੰ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦੇ ਹਨ।

ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਹ ਪਰਮਾਤਮਾ ਦੇ ਨਾਮ (-ਸਿਮਰਨ) ਦਾ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਵਿਚ ਟਿਕਾ ਲੈਂਦੇ ਹਨ।

ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥

ਜਿਸ ਉੱਤੇ ਪ੍ਰਭੂ ਨੇ ਪੂਰਨ ਕਿਰਪਾ ਕੀਤੀ, ਉਸ ਨੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ ਤੇ ਆਪਣਾ ਜੀਵਨ ਸੋਹਣਾ ਬਣਾ ਲਿਆ।

ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥

ਪ੍ਰਭੂ ਨੇ ਜਿਸ (ਵਡਭਾਗੀ ਮਨੁੱਖ) ਦਾ ਹੱਥ ਫੜ ਲਿਆ, ਉਸ ਨੂੰ ਉਸ ਨੇ ਆਪਣੀ ਸਿਫ਼ਤ-ਸਾਲਾਹ (ਦੀ ਦਾਤਿ) ਦਿੱਤੀ, ਉਹ ਮਨੁੱਖ ਫਿਰ ਜੂਨਾਂ ਵਿਚ ਨਹੀਂ ਦੌੜਿਆ ਫਿਰਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ।

ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥

ਦਇਆ ਦੇ ਘਰ ਕਿਰਪਾ ਦੇ ਘਰ ਸਤਿਗੁਰੂ ਨੂੰ ਮਿਲਕੇ (ਤੇ ਖਸਮ-ਪ੍ਰਭੂ ਨੂੰ ਸਿਮਰ ਕੇ) ਜਿਨ੍ਹਾਂ ਨੇ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਮਾਰ ਲਿਆ ਹੈ, ਉਹਨਾਂ ਦੇ ਆਤਮਕ ਜੀਵਨ ਪ੍ਰਫੁਲਤ ਹੋ ਜਾਂਦੇ ਹਨ।

ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥

ਖਸਮ-ਪ੍ਰਭੂ ਅਕੱਥ ਹੈ (ਉਸ ਦਾ ਰੂਪ) ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਉਸ ਤੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ॥੫॥੧॥੩॥


ਸਿਰੀਰਾਗੁ ਮਹਲਾ ੪ ਵਣਜਾਰਾ ॥
ੴ ਸਤਿ ਨਾਮੁ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥

ਜਿਸ ਹਰੀ ਨੇ (ਜਗਤ ਵਿਚ) ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਨਾਮ ਸ੍ਰੇਸ਼ਟ ਹੈ।

ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥

ਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ।

ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥

(ਹੇ ਭਾਈ!) ਉਸ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, ਉਸ ਤੋਂ ਬਿਨਾ (ਜੀਵ ਦਾ) ਕੋਈ ਹੋਰ (ਆਸਰਾ-ਪਰਨਾ) ਨਹੀਂ ਹੈ।

ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥

ਜੇਹੜੇ ਬੰਦੇ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਲਾਈ ਰੱਖਦੇ ਹਨ, ਉਹ (ਮੌਤ ਆਉਣ ਤੇ) ਕੀਰਨੇ ਕਰ ਕਰ ਕੇ (ਸਭ ਕੁਝ) ਛੱਡ ਕੇ ਜਾਂਦੇ ਹਨ।

ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥

(ਪਰ) ਹੇ ਦਾਸ ਨਾਨਕ! ਜਿਨ੍ਹਾਂ ਨੇ (ਜ਼ਿੰਦਗੀ ਵਿਚ) ਹਰੀ ਦਾ ਨਾਮ ਸਿਮਰਿਆ, ਹਰੀ ਉਹਨਾਂ ਦਾ ਜ਼ਰੂਰ ਮਦਦਗਾਰ ਬਣਦਾ ਹੈ ॥੧॥

ਮੈ ਹਰਿ ਬਿਨੁ ਅਵਰੁ ਨ ਕੋਇ ॥

(ਹੇ ਭਾਈ!) ਮੇਰਾ ਤਾਂ ਪਰਮਾਤਮਾ ਤੋਂ ਬਿਨਾ ਕੋਈ ਹੋਰ (ਆਸਰਾ) ਨਹੀਂ ਹੈ।

ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! (ਗੁਰੂ ਦੀ ਸਰਨ ਪਉ) ਗੁਰੂ ਦੀ ਸਰਨ ਪਿਆਂ ਹਰੀ (ਦਾ ਨਾਮ) ਮਿਲਦਾ ਹੈ, ਵੱਡੇ ਭਾਗਾਂ ਨਾਲ ਮਿਲਦਾ ਹੈ ॥੧॥ ਰਹਾਉ ॥

ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ ॥

ਸੰਤ ਜਨਾਂ ਭਰਾਵਾਂ (ਦੀ ਸੰਗਤਿ ਕਰਨ) ਤੋਂ ਬਿਨਾ ਕਿਸੇ ਮਨੁੱਖ ਨੇ (ਕਦੇ) ਹਰੀ ਦਾ ਨਾਮ ਪਰਾਪਤ ਨਹੀਂ ਕੀਤਾ,

ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ ॥

(ਕਿਉਂਕਿ ਸੰਤਾਂ ਦੀ ਸੰਗਤਿ ਤੋਂ ਬਿਨਾ ਮਨੁੱਖ ਜੇਹੜੇ ਭੀ ਮਿਥੇ ਧਾਰਮਿਕ ਕਰਮ ਕਰਦੇ ਹਨ ਉਹ) ਹਉਮੈ ਦੇ ਅਸਰ ਹੇਠ ਹੀ ਕਰਮ ਕਰਦੇ ਹਨ (ਤੇ ਇਸ ਵਾਸਤੇ ਨਿਖਸਮੇ ਹੀ ਰਹਿ ਜਾਂਦੇ ਹਨ) ਜਿਵੇਂ ਕਿਸੇ ਵੇਸੁਆ ਦਾ ਪੁੱਤਰ (ਆਪਣੇ ਪਿਤਾ ਦਾ) ਨਾਮ ਨਹੀਂ ਦੱਸ ਸਕਦਾ।

ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ॥

ਪਿਤਾ-ਪ੍ਰਭੂ ਦੀ ਕੁਲ ਦਾ ਤਦੋਂ ਹੀ ਹੋ ਸਕੀਦਾ ਹੈ, ਜਦੋਂ ਗੁਰੂ ਪ੍ਰਸੰਨ (ਹੋ ਕੇ ਜੀਵ ਉਤੇ) ਮਿਹਰ ਕਰਦਾ ਹੈ।

ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ ॥

ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ, ਉਸ ਦਾ ਹਰੀ ਨਾਲ ਪ੍ਰੇਮ ਦਿਨ ਰਾਤ ਲੱਗਾ ਰਹਿੰਦਾ ਹੈ।

ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥੨॥

ਦਾਸ ਨਾਨਕ ਨੇ ਤਾਂ (ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਨਾਲ ਸਾਂਝ ਪਾਈ ਹੈ, ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਕਰਮ ਦੀ ਕਮਾਈ ਕੀਤੀ ਹੈ ॥੨॥

ਮਨਿ ਹਰਿ ਹਰਿ ਲਗਾ ਚਾਉ ॥

(ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦੇ ਸਿਮਰਨ ਦਾ ਚਾਉ ਪੈਦਾ ਹੋਇਆ।

ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥

ਪੂਰੇ ਗੁਰੂ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਮਨੁੱਖ ਨੂੰ ਪਰਮਾਤਮਾ ਮਿਲ ਪਿਆ, ਪਰਮਾਤਮਾ ਦਾ ਨਾਮ ਮਿਲ ਪਿਆ ॥੧॥ ਰਹਾਉ ॥

ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥

(ਹੇ ਭਾਈ!) ਜਦੋਂ ਤਕ ਜੁਆਨੀ ਵਿਚ ਸਾਹ (ਆ ਰਿਹਾ) ਹੈ, ਤਦ ਤਕ ਪਰਮਾਤਮਾ ਦਾ ਨਾਮ ਸਿਮਰ (ਬੁਢੇਪੇ ਵਿਚ ਨਾਮ ਜਪਣਾ ਔਖਾ ਹੋ ਜਾਏਗਾ)।

ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥

ਜੀਵਨ-ਸਫ਼ਰ ਵਿਚ ਹਰਿ-ਨਾਮ ਤੇਰੇ ਨਾਲ ਸਾਥ ਨਿਭਾਹੀ ਚੱਲੇਗਾ, ਅੰਤ ਸਮੇ ਭੀ ਤੈਨੂੰ (ਔਕੜਾਂ ਤੋਂ) ਬਚਾ ਲਏਗਾ।

ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥

ਮੈਂ ਉਹਨਾਂ ਤੋਂ ਕੁਰਬਾਨ ਹਾਂ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥

ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਆਖ਼ਰ ਨੂੰ (ਇਥੋਂ) ਪਛਤਾਂਦੇ ਹੀ ਚਲੇ ਗਏ।

ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥੩॥

(ਪਰ ਇਹ ਜੀਵ ਦੇ ਵੱਸ ਦੀ ਗੱਲ ਨਹੀਂ) ਹੇ ਦਾਸ ਨਾਨਕ! ਹਰੀ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਕਰਨ ਦਾ ਲੇਖ) ਲਿਖ ਦਿੱਤਾ ਹੈ, ਉਹੀ ਪ੍ਰਭੂ ਦਾ ਨਾਮ ਸਿਮਰਦਾ ਹੈ ॥੩॥

ਮਨ ਹਰਿ ਹਰਿ ਪ੍ਰੀਤਿ ਲਗਾਇ ॥

ਹੇ (ਮੇਰੇ) ਮਨ! ਹਰੀ (ਦਾ ਨਾਮ ਸਿਮਰਨ) ਵਿਚ ਪ੍ਰੀਤ ਜੋੜ।

ਵਡਭਾਗੀ ਗੁਰੁ ਪਾਇਆ ਗੁਰਸਬਦੀ ਪਾਰਿ ਲਘਾਇ ॥੧॥ ਰਹਾਉ ॥

ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਦੇ ਸ਼ਬਦ ਰਾਹੀਂ (ਪ੍ਰਭੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥

ਪਰਮਾਤਮਾ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪ੍ਰਗਟ ਕਰਦਾ ਹੈ, ਆਪ ਹੀ (ਜੀਵਾਂ ਨੂੰ ਜਿੰਦ ਸਰੀਰ) ਦੇਂਦਾ ਹੈ, ਤੇ ਆਪ ਹੀ (ਵਾਪਸ) ਲੈ ਲੈਂਦਾ ਹੈ।

ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥

ਪਰਮਾਤਮਾ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ (ਪਾ ਕੇ) ਕੁਰਾਹੇ ਪਾ ਦੇਂਦਾ ਹੈ, ਤੇ ਆਪ ਹੀ (ਸਹੀ ਜੀਵਨ ਵਾਸਤੇ) ਅਕਲ ਦੇਂਦਾ ਹੈ।

ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ ॥

ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ ਮਨ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, ਪਰ ਅਜੇਹੇ ਬੰਦੇ ਕੋਈ ਵਿਰਲੇ ਹੁੰਦੇ ਹਨ, ਕੋਈ ਵਿਰਲੇ ਹੁੰਦੇ ਹਨ।

ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥

ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਨਾਲ ਮਿਲਾਪ) ਪ੍ਰਾਪਤ ਕਰ ਲਿਆ ਹੈ।

ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥

(ਗੁਰੂ ਦੀ ਮਿਹਰ ਨਾਲ) ਦਾਸ ਨਾਨਕ ਦੇ ਅੰਦਰ (ਭੀ) ਹਿਰਦਾ-ਕੌਲ-ਫੁੱਲ ਖਿੜ ਪਿਆ ਹੈ, ਮਨ ਵਿਚ ਪਰਮਾਤਮਾ ਆ ਵੱਸਿਆ ਹੈ ॥੪॥

ਮਨਿ ਹਰਿ ਹਰਿ ਜਪਨੁ ਕਰੇ ॥

ਹੇ (ਮੇਰੀ) ਜਿੰਦੇ! ਮਨ ਵਿਚ ਹਰੀ ਪਰਮਾਤਮਾ ਦਾ ਜਾਪ ਕਰ।

ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥

ਦੌੜ ਕੇ ਪਰਮਾਤਮਾ ਦੀ ਸਰਨ ਜਾ ਪਉ, ਗੁਰੂ ਦੀ ਸਰਨ ਜਾ ਪਉ, ਆਪਣੇ ਸਾਰੇ ਪਾਪ ਤੇ ਦੁੱਖ ਦੂਰ ਕਰ ਲੈ ॥੧॥ ਰਹਾਉ ॥

ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥

ਹਰੇਕ ਘਟ ਵਿਚ, ਹਰੇਕ ਮਨ ਵਿਚ ਸੋਹਣਾ ਰਾਮ ਵੱਸਦਾ ਹੈ (ਪਰ ਦਿੱਸਦਾ ਨਹੀਂ। ਉਹ) ਕਿਵੇਂ ਲੱਭੇ? ਕਿਸ ਤਰੀਕੇ ਨਾਮ ਮਿਲੇ?

ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥

ਜੇ ਗੁਰੂ ਲੱਭ ਪਏ, ਜੋ ਪੂਰਾ ਸਤਿਗੁਰੂ ਮਿਲ ਪਏ, ਤਾਂ ਪਰਮਾਤਮਾ (ਆਪ) ਆ ਕੇ ਮਨ ਵਿਚ ਚਿੱਤ ਵਿਚ ਵੱਸ ਪੈਂਦਾ ਹੈ।

ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥

ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਆਸਰਾ-ਪਰਨਾ ਹੈ, ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ, ਤੇ ਅਕਲ ਮਿਲਦੀ ਹੈ।

ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥

ਮੇਰੇ ਪਾਸ ਤਾਂ ਪਰਮਾਤਮਾ ਦਾ ਨਾਮ ਹੀ ਰਾਸਿ-ਪੂੰਜੀ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ (ਮੇਰੇ ਵਾਸਤੇ) ਉੱਚੀ ਜਾਤਿ ਹੈ, ਤੇ (ਲੋਕ ਪਰਲੋਕ ਦੀ) ਇੱਜ਼ਤ ਹੈ।

ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥੫॥

ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਪਰਮਾਤਮਾ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰੰਗ ਵਿਚ ਉਸ ਦੀ ਪ੍ਰੀਤਿ ਬਣੀ ਰਹਿੰਦੀ ਹੈ ॥੫॥

ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥

(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਨੂੰ ਸਿਮਰਦੇ ਰਹੋ।

ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ ॥

ਜਿਸ ਹਰੀ-ਪ੍ਰਭੂ ਤੋਂ ਇਹ ਸਾਰੀ ਜਗਤ-ਰਚਨਾ ਹੋਈ, ਉਸ ਹਰੀ-ਪ੍ਰਭੂ ਨਾਲ ਡੂੰਘੀ ਸਾਂਝ ਗੁਰੂ ਦੇ ਬਚਨਾਂ ਦੀ ਰਾਹੀਂ ਹੀ ਪੈ ਸਕਦੀ ਹੈ ॥੧॥ ਰਹਾਉ ॥

ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥

ਜਿਨ੍ਹਾਂ ਮਨੁੱਖਾਂ ਨੂੰ ਪਹਿਲੇ ਜਨਮ (ਵਿਚ ਕੀਤੇ ਕਰਮਾਂ ਅਨੁਸਾਰ ਭਲੇ ਸੰਸਕਾਰਾਂ ਦਾ) ਲਿਖਿਆ ਹੋਇਆ (ਲੇਖ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਪੂਰਬਲੇ ਚੰਗੇ ਸੰਸਕਾਰ ਜਾਗ ਪੈਂਦੇ ਹਨ), ਉਹ ਮਨੁੱਖ ਗੁਰੂ ਦੇ ਕੋਲ ਆ ਕੇ (ਗੁਰੂ ਦੇ ਚਰਨਾਂ ਵਿਚ) ਮਿਲ ਬੈਠਦੇ ਹਨ।

ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! ਸੇਵਕ-ਭਾਵ ਵਿਚ ਰਿਹਾਂ ਗੁਰੂ (ਉਹਨਾਂ ਦੇ ਅੰਦਰ) ਪਰਮਾਤਮਾ ਦਾ ਨਾਮ ਪਰਗਟ ਕਰ ਦੇਂਦਾ ਹੈ।

ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ ॥

(ਜੀਵ-ਵਣਜਾਰਿਆਂ ਦਾ ਇਹ) ਵਣਜ ਵਡਿਆਉਣ-ਜੋਗ ਹੈ, ਉਹ ਜੀਵ-ਵਣਜਾਰੇ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੌਦਾ ਲੱਦਿਆ ਹੈ ਜਿਨ੍ਹਾਂ ਨੇ ਹਰਿ-ਨਾਮ ਦਾ ਸਰਮਾਇਆ ਇਕੱਠਾ ਕੀਤਾ ਹੈ।

ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੇ ਮੂੰਹ ਪਰਮਾਤਮਾ ਦੇ ਦਰ ਤੇ ਰੌਸ਼ਨ ਰਹਿੰਦੇ ਹਨ, ਉਹ ਪਰਮਾਤਮਾ ਦੇ ਚਰਨਾਂ ਵਿਚ ਆ ਮਿਲਦੇ ਹਨ।

ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥੬॥

(ਪਰ) ਹੇ ਦਾਸ ਨਾਨਕ! ਗੁਰੂ (ਭੀ) ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਉੱਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਆਪ ਪ੍ਰਸੰਨ ਹੁੰਦਾ ਹੈ ॥੬॥

ਹਰਿ ਧਿਆਵਹੁ ਸਾਸਿ ਗਿਰਾਸਿ ॥

(ਹੇ ਭਾਈ!) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਧਿਆਨ ਧਰਦੇ ਰਹੋ।

ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥

ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਰਾਹ ਦੀ ਰਾਸਿ-ਪੂੰਜੀ ਬਣਾਇਆ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਬਣੀ ਰਹਿੰਦੀ ਹੈ ॥੧॥ ਰਹਾਉ ॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥

ਰਾਗ ਸਿਰੀਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਵਾਰ’ ਜਿਸ ਵਿੱਚ ‘ਸਲੋਕ’ ਵੀ ਹਨ।

ਸਲੋਕ ਮ : ੩ ॥
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥

(ਸਭ) ਰਾਗਾਂ ਵਿਚੋਂ ਸ੍ਰੀ ਰਾਗ (ਤਦ ਹੀ ਸ੍ਰੇਸ਼ਟ) ਹੈ, ਜੇ (ਇਸ ਦੀ ਰਾਹੀਂ ਜੀਵ) ਸਦਾ-ਥਿਰ ਨਾਮ ਵਿਚ ਪਿਆਰ (ਲਿਵ) ਜੋੜੇ।

ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥

ਹਰੀ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ (ਨੂੰ ਯਾਦ ਕਰਨ ਵਾਲੀ) ਬੁੱਧੀ ਅਚੱਲ ਹੋ ਜਾਏ।

ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥

(ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੁੰਦਾ ਹੈ।

ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥

ਜੀਭ ਸੱਚੀ, ਮਨ ਸੱਚਾ ਤੇ ਮਨੁੱਖਾ ਜਨਮ ਹੀ ਸਫਲ ਹੋ ਜਾਂਦਾ ਹੈ।

ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥

ਪਰ, ਹੇ ਨਾਨਕ! ਇਹ ਸੱਚਾ ਵਪਾਰ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਦੇ ਹੁਕਮ ਵਿਚ ਤੁਰੀਏ ॥੧॥


ਮ : ੩ ॥
ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥

ਜਦ ਤਾਈਂ ਮਾਲਕ ਨਾਲ ਪ੍ਰੀਤਿ (ਉਤਪੰਨ) ਨਹੀਂ ਹੁੰਦੀ, ਹੋਰ ਪਿਆਰ ਸਭ ਮਾਇਆ (ਦਾ ਪਿਆਰ) ਹੈ।

ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥

ਤੇ ਮਾਇਆ ਵਿਚ ਮੋਹਿਆ ਇਹ ਮਨ (ਪ੍ਰਭੂ ਨੂੰ) ਵੇਖ ਤੇ ਸੁਣ ਨਹੀਂ ਸਕਦਾ।

ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥

ਅੰਨ੍ਹਾ (ਮਨ) ਕਰੇ ਭੀ ਕੀਹ? (ਪ੍ਰਭੂ) ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀਂ ਹੋ ਸਕਦੀ।

ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥

ਹੇ ਨਾਨਕ! (ਮਾਇਆ ਵਿਚ ਫਸਾ ਕੇ) ਜਿਸ ਪ੍ਰਭੂ ਨੇ ਅੰਨ੍ਹਾ ਕੀਤਾ ਹੈ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ ॥੨॥


ਪਉੜੀ ॥
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥

ਹੇ ਭਾਈ! ਇਕੋ ਪ੍ਰਭੂ (ਸਭ ਦਾ) ਕਰਨਹਾਰ ਤੇ ਆਸਰਾ ਹੈ।

ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥

ਇਕੋ ਪ੍ਰਭੂ ਦਾ ਹੁਕਮ (ਵਰਤ ਰਿਹਾ ਹੈ), (ਇਸ ਕਰਕੇ) ਉਸ ਨੂੰ ਹਿਰਦੇ ਵਿਚ ਸੰਭਾਲ।

ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥

ਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, (ਤਾਂ ਤੇ) ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ।

ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥

(ਹੇ ਜੀਵ!) ਉਸੇ ਹਰੀ ਦੀ ਉਸਤਤਿ ਕਰ ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ।

ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥

ਜਿਸ ਉਤੇ ਪਰਮਾਤਮਾ ਦਿਆਲ ਹੁੰਦਾ ਹੈ, ਉਹ ਜੀਵ ਉਸ ਨੂੰ ਸਿਮਰ ਕੇ ਔਖੇ (ਸੰਸਾਰ ਦੇ) ਡਰ ਤੋਂ ਪਾਰ ਹੁੰਦਾ ਹੈ ॥੧॥


ਸਲੋਕ ਮ : ੧ ॥
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

(ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।

ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥

ਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ ॥੧॥


ਮ : ੧ ॥
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥

ਸਿਦਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ, ਅਤੇ ਗੁਰਮੁਖਾਂ ਪਾਸ ਸਬਰ (ਸੰਤੋਖ) ਦੀ ਰਾਸਿ ਹੁੰਦੀ ਹੈ।

ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥

(ਇਸ ਕਰਕੇ) ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ। (ਪਰ) ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਉਂ ਭੀ ਨਹੀਂ ਮਿਲਦੀ ॥੨॥


ਪਉੜੀ ॥
ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥

(ਹੇ ਹਰੀ!) ਤੂੰ ਆਪਿ ਹੀ ਸਾਰੀ (ਸ੍ਰਿਸ਼ਟੀ) ਰਚ ਕੇ ਆਪਿ ਹੀ ਕੰਮਾਂ ਧੰਧਿਆਂ ਵਿਚ ਲਾ ਦਿੱਤੀ ਹੈ,

ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥

ਆਪਣੀ ਇਹ ਬਜ਼ੁਰਗੀ ਵੇਖ ਕੇ ਭੀ ਤੂੰ ਆਪਿ ਹੀ ਪ੍ਰਸੰਨ ਹੋ ਰਿਹਾ ਹੈਂ।

ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥

ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ਤੈਥੋਂ ਪਰੇ ਕੁਝ ਨਹੀਂ।

ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥

ਸਭ ਥਾਈਂ ਤੂੰ ਆਪਿ ਹੀ ਵਿਆਪ ਰਿਹਾ ਹੈਂ।

ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥

ਹੇ ਗੁਰਮੁਖੋ! ਉਸ ਪ੍ਰਭੂ ਦਾ ਸਿਮਰਨ ਕਰੋ ਜੋ (ਵਿਕਾਰਾਂ ਤੋਂ) ਛਡਾ ਲੈਂਦਾ ਹੈ ॥੨॥


ਸਲੋਕ ਮ : ੧ ॥
ਫਕੜ ਜਾਤੀ ਫਕੜੁ ਨਾਉ ॥

ਜਾਤਿ (ਦਾ ਅਹੰਕਾਰ) ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ।

ਸਭਨਾ ਜੀਆ ਇਕਾ ਛਾਉ ॥

(ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇਕ ਹੀ ਹੈ)।

ਆਪਹੁ ਜੇ ਕੋ ਭਲਾ ਕਹਾਏ ॥

(ਜਾਤੀ ਜਾਂ ਵਡਿਆਈ ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ)।

ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥

ਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ (ਭਾਵ, ਸੱਚੀ ਦਰਗਾਹ ਵਿਚ ਲੇਖੇ ਵੇਲੇ) ਆਦਰ ਹਾਸਲ ਕਰੇ ॥੧॥


ਮ : ੨ ॥
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥

ਜਿਸ ਪਿਆਰੇ ਨਾਲ ਪਿਆਰ (ਹੋਵੇ), (ਜਾਤੀ ਆਦਿਕ ਦਾ) ਅਹੰਕਾਰ ਛੱਡ ਕੇ ਉਸ ਦੇ ਸਨਮੁਖ ਰਹਿਣਾ ਚਾਹੀਦਾ ਹੈ।

ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥

ਸੰਸਾਰ ਵਿਚ ਉਸ ਤੋਂ ਬੇਮੁਖ ਹੋ ਕੇ ਜੀਊਣਾ-ਇਸ ਜੀਵਨ ਨੂੰ ਧਿੱਕਾਰ ਹੈ ॥੨॥


ਪਉੜੀ ॥
ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥

(ਹੇ ਪਰਮਾਤਮਾ!) ਤੂੰ ਆਪ ਹੀ ਧਰਤੀ ਰਚੀ ਹੈ, ਤੇ (ਇਸ ਦੇ ਵਾਸਤੇ) ਚੰਦ ਤੇ ਸੂਰਜ (ਮਾਨੋ) ਦੋ ਦੀਵੇ (ਬਣਾਏ ਹਨ।)

ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥

(ਜੀਵਾਂ ਦੇ ਸੱਚਾ) ਵਾਪਾਰ ਕਰਨ ਲਈ ਚੌਦਾਂ (ਲੋਕ) (ਮਾਨੋ) ਹੱਟੀਆਂ ਬਣਾ ਦਿੱਤੀਆਂ ਹਨ।

ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥

ਜੋ ਜੀਵ ਗੁਰੂ ਦੇ ਸਨਮੁਖ ਹੋ ਗਏ ਹਨ, ਉਹਨਾਂ ਨੂੰ ਹਰੀ ਨਫ਼ਾ ਬਖ਼ਸ਼ਦਾ ਹੈ, (ਭਾਵ, ਉਹਨਾਂ ਦਾ ਜਨਮ ਸਫਲਾ ਕਰਦਾ ਹੈ)

ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥

ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਨਾਮ-ਜਲ ਪੀਤਾ ਹੈ, ਜਮਕਾਲ ਉਨ੍ਹਾਂ ਤੇ ਜਬ੍ਹਾ ਨਹੀਂ ਪਾ ਸਕਦਾ।

ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥

ਉਹ (ਜਮਕਾਲ ਤੋਂ) ??? ਬਚ ਜਾਂਦੇ ਹਨ, ਅਤੇ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਸੰਸਾਰ ਬਚ ਜਾਂਦਾ ਹੈ ॥੩॥


ਸਲੋਕ ਮ : ੧ ॥
ਕੁਦਰਤਿ ਕਰਿ ਕੈ ਵਸਿਆ ਸੋਇ ॥

ਸ੍ਰਿਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ।

ਵਖਤੁ ਵੀਚਾਰੇ ਸੁ ਬੰਦਾ ਹੋਇ ॥

ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ।

ਕੁਦਰਤਿ ਹੈ ਕੀਮਤਿ ਨਹੀ ਪਾਇ ॥

ਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ।

ਜਾ ਕੀਮਤਿ ਪਾਇ ਤ ਕਹੀ ਨ ਜਾਇ ॥

ਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।

ਸਰੈ ਸਰੀਅਤਿ ਕਰਹਿ ਬੀਚਾਰੁ ॥

ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ,

ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥

ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ?

ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥

(ਹੇ ਭਾਈ!) ਰੱਬ ਤੇ ਭਰੋਸਾ ਰੱਖ-ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ-ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ।

ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥

ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ ॥੧॥


ਮ : ੩ ॥
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥

(ਸਰੀਰ ਦੀ ਰਾਹੀਂ) ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦਾ ਸੰਗ ਪ੍ਰਾਪਤ ਨਹੀਂ ਹੁੰਦਾ।

ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥

ਹੇ ਨਾਨਕ! ਸਤਿਗੁਰੂ ਤਦੋਂ ਹੀ ਮਿਲਦਾ ਹੈ ਜਦੋਂ (ਸਿੱਖ ਦਾ) ਮਨ (ਗੁਰੂ ਦੀ) ਹਜ਼ੂਰੀ ਵਿਚ ਰਹਿੰਦਾ ਹੈ ॥੨॥


ਪਉੜੀ ॥
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥

ਸੱਤ ਦੀਪ, ਸੱਤ ਸਮੁੰਦਰ, ਨੌ ਖੰਡ, ਚਾਰ ਵੇਦ, ਅਠਾਰਾਂ ਪੁਰਾਣ,

ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥

ਇਹਨਾਂ ਸਭਨਾਂ ਵਿਚ ਤੂੰ ਹੀ ਵੱਸ ਰਿਹਾ ਹੈਂ, ਤੇ ਸਭ ਨੂੰ ਪਿਆਰਾ ਲੱਗਦਾ ਹੈਂ।

ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥

ਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ।

ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥

ਮੈਂ ਸਦਕੇ ਹਾਂ ਉਹਨਾਂ ਤੋਂ, ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ।

ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥

(ਭਾਵੇਂ) ਤੂੰ ਅਸਚਰਜ ਲੀਲ੍ਹਾ ਰਚ ਕੇ ਆਪਿ ਹੀ ਆਪ ਸਭਨਾਂ ਵਿਚ ਵਿਆਪਕ ਹੈਂ ॥੪॥


ਸਲੋਕਮ : ੩ ॥
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥

ਕਲਮ ਦਵਾਤ ਮੰਗਾਣ ਦਾ ਕੀਹ ਲਾਭ? (ਹੇ ਸੱਜਣਾ!) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ।

ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥

(ਇਸ ਤਰ੍ਹਾਂ ਜੇ) ਮਨੁੱਖ ਸਦਾ ਸਾਈਂ ਦੇ ਪਿਆਰ ਵਿਚ (ਭਿੱਜਾ) ਰਹੇ (ਤਾਂ) ਇਹ ਪਿਆਰ ਕਦੇ ਨਹੀਂ ਤੁੱਟੇਗਾ

ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥

(ਨਹੀਂ ਤਾਂ) ਕਲਮ ਦਵਾਤ ਤਾਂ ਨਾਸ਼ ਹੋ ਜਾਣ ਵਾਲੀ (ਸ਼ੈ) ਹੈ ਤੇ (ਇਸ ਦਾ) ਲਿਖਿਆ (ਕਾਗ਼ਜ਼) ਭੀ ਨਾਸ਼ ਹੋ ਜਾਣਾ ਹੈ।

ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥੧॥

ਪਰ, ਹੇ ਨਾਨਕ! ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ (ਜੀਵ ਦੇ ਹਿਰਦੇ ਵਿਚ) ਬੀਜ ਦਿੱਤਾ ਹੈ ਉਸ ਦਾ ਨਾਸ ਨਹੀਂ ਹੋਵੇਗਾ ॥੧॥


ਮ : ੩ ॥
ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥

ਬੇਸ਼ਕ ਨਿਰਣਾ ਕਰ ਕੇ ਵੇਖ ਲਉ, ਜੋ ਕੁਝ (ਇਹਨਾਂ ਅੱਖੀਆਂ ਨਾਲ) ਦਿੱਸਦਾ ਹੈ (ਜੀਵ ਦੇ) ਨਾਲ ਨਹੀਂ ਜਾ ਸਕਦਾ।

ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥

(ਇਸੇ ਕਰਕੇ) ਸਤਿਗੁਰੂ ਨੇ ਨਿਸ਼ਚਾ ਕਰਾਇਆ ਹੈ (ਕਿ) ਸੱਚਾ ਪ੍ਰਭੂ (ਨਾਲ ਨਿਭਣ-ਜੋਗ ਹੈ), (ਤਾਂ ਤੇ) ਪ੍ਰਭੂ ਵਿਚ ਬਿਰਤੀ ਜੋੜੀ ਰੱਖੋ।

ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥

ਹੇ ਨਾਨਕ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਸੱਚਾ ਹਰੀ ਹਿਰਦੇ ਵਿਚ ਵੱਸਦਾ ਹੈ ॥੨॥


ਪਉੜੀ ॥
ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥

ਹੇ ਹਰੀ! ਤੂੰ ਸਭ ਥਾਈਂ (ਅੰਦਰਿ ਬਾਹਰਿ) (ਵਿਆਪਕ) ਹੈਂ, (ਇਸ ਕਰਕੇ ਜੀਵਾਂ ਦੇ) ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈਂ।

ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥

ਹੇ ਮੇਰੇ ਮਨ! ਜੋ ਕੁਝ ਕਰੀਦਾ ਹੈ (ਸਭ ਥਾਈਂ ਵਿਆਪਕ ਹੋਣ ਕਰਕੇ) ਉਹ ਹਰੀ ਜਾਣਦਾ ਹੈ, (ਤਾਂ ਤੇ) ਉਸ ਦਾ ਸਿਮਰਨ ਕਰ।

ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥

ਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ।

ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥

ਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ।

ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥

(ਡਰਨਾ ਤਾਂ ਕਿਤੇ ਰਿਹਾ), ਹੇ ਨਾਨਕ! ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ, ਉਹ ਉਸ ਦੇ ਵਿਚ ਹੀ ਰਲ ਜਾਂਦੇ ਹਨ (ਭਾਵ, ਉਸ ਦੇ ਨਾਲ ਇਕ-ਮਿਕ ਹੋ ਜਾਂਦੇ ਹਨ) ॥੫॥


ਸਲੋਕ ਮ : ੩ ॥
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥

ਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਉਹ ਕਾਗਤ ਭੀ ਸੜ ਜਾਏ,

ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥

ਲਿਖਣ ਵਾਲਾ ਭੀ ਸੜ ਮਰੇ, ਜਿਸ ਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ,

ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥

(ਕਿਉਂਕਿ) ਹੇ ਨਾਨਕ! (ਜੀਵ) ਉਹੀ ਕੁਝ ਕਮਾਂਦਾ ਹੈ, ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸ ਦੇ ਉਲਟ ਕੁਝ ਨਹੀਂ ਕਰ ਸਕਦਾ ॥੧॥


ਮ : ੩ ॥
ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥

ਹੋਰ (ਮਾਇਆ ਸੰਬੰਧੀ) ਪੜ੍ਹਨਾ ਵਿਅਰਥ ਉੱਦਮ ਹੈ, ਹੋਰ ਬੋਲਣਾ (ਭੀ) ਵਿਅਰਥ (ਕਿਉਂਕਿ ਇਹ ਉੱਦਮ) ਮਾਇਆ ਨਾਲਿ ਪਿਆਰ (ਵਧਾਉਂਦੇ ਹਨ।)

ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਸਦਾ ਨਹੀਂ ਰਹਿਣਾ (ਭਾਵ, ਸਦਾ ਨਾਲ ਨਹੀਂ ਨਿਭਣਾ), (ਇਸ ਵਾਸਤੇ) ਜੇ ਕੋਈ ਹੋਰ ਪੜ੍ਹਨੀਆਂ ਹੀ ਪੜ੍ਹਦਾ ਹੈ ਖ਼ੁਆਰ ਹੁੰਦਾ ਹੈ ॥੨॥


ਪਉੜੀ ॥
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥

ਉਸਦੀ ਸਿਫ਼ਤ-ਸਾਲਾਹ ਤੇ ਉਸਦਾ ਕੀਰਤਨ ਕਰਨਾ-ਇਹੋ (ਜੀਵ ਲਈ) ਵੱਡੀ (ਕਰਣੀ) ਹੈ।

ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥

ਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸ ਦੀ ਵਡਿਆਈ ਕਰਨੀ ਵੱਡੀ ਕਰਣੀ ਹੈ।

ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥

ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)।

ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥

ਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤਿ ਕਰਨੀ ਵੱਡੀ ਕਰਣੀ ਹੈ।

ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥

ਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ ॥੬॥


ਸਲੋਕ ਮ : ੩ ॥

ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥
ਧਨ ਕਿਸੇ ਦੇ ਨਾਲ ਨਹੀਂ (ਨਿਭਦਾ, ਪਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਪਦੇ ਹਨ, ਆਤਮਕ ਮੌਤੇ ਮਰੇ ਰਹਿੰਦੇ ਹਨ।

ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥

ਮਾਇਆ ਦੇ ਪਿਆਰ ਵਿਚ ਸਭ ਨੇ ਦੁੱਖ (ਹੀ) ਪਾਇਆ ਹੈ (ਕਿਉਂਕਿ) ਜਮਕਾਲ ਨੇ (ਇਹੋ ਜਿਹੇ) ਸਭਨਾਂ ਨੂੰ ਘੂਰਿਆ ਹੈ (ਭਾਵ, ਮਾਇਆ ਦੇ ਮੋਹ ਵਿਚ ਫਸੇ ਜੀਵ ਮੌਤ ਤੋਂ ਥਰ-ਥਰ ਕੰਬਦੇ ਹਨ, ਮਾਨੋ, ਉਹਨਾਂ ਨੂੰ ਜਮਕਾਲ ਘੂਰ ਰਿਹਾ ਹੈ)।

ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ ॥੧॥

ਹੇ ਨਾਨਕ! ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ ਕੇ ਆਤਮਕ ਮੌਤ ਤੋਂ ਬਚੇ ਰਹਿੰਦੇ ਹਨ ॥੧॥


ਮ : ੧ ॥
ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ ॥

ਅਸੀਂ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ।

ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥

ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ।

ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥

(ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਮਾਲਕ ਦੀ ਸੇਵਾ ਕਰਦੀਆਂ ਹਨ।

ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥

ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ, ਤੇ ਆਨੰਦ ਵਿਚ ਰਲੀਆਂ ਮਾਣਦੀਆਂ ਹਨ।

ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥

ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ।

ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥

ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ ॥੨॥


ਪਉੜੀ ॥
ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥

(ਹੇ ਪ੍ਰਭੂ!) ਤੂੰ ਆਪ ਹੀ (ਮੱਛੀ ਦਾ ਜੀਵਨ-ਰੂਪ) ਜਲ ਹੈਂ, ਆਪ ਹੀ (ਜਲ ਵਿਚ) ਮੱਛੀ ਹੈਂ, ਤੇ ਆਪ ਹੀ ਜਾਲ ਹੈਂ।

ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥

ਤੂੰ ਆਪ ਹੀ ਜਾਲ ਵਿਛਾਂਦਾ ਹੈਂ ਅਤੇ ਆਪ ਹੀ ਜਲ ਵਿਚ ਜਾਲਾ ਹੈਂ।

ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥

ਤੂੰ ਆਪ ਹੀ ਸੈਂਕੜੇ ਹੱਥ ਡੂੰਘੇ ਜਲ ਵਿਚ ਸੁੰਦਰ ਨਿਰਲੇਪ ਕੰਵਲ ਹੈਂ।

ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥

(ਹੇ ਹਰੀ!) ਜੋ (ਜੀਵ) ਇਕ ਪਲਕ ਮਾਤ੍ਰ (ਤੇਰਾ) ਧਿਆਨ ਧਰੇ, (ਉਸ ਨੂੰ) ਤੂੰ ਆਪ ਹੀ (ਇਸ ਜਾਲ ਵਿਚੋਂ) ਛੁਡਾਉਂਦਾ ਹੈਂ।

ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰਸਬਦੀ ਵੇਖਿ ਨਿਹਾਲੁ ॥੭॥

ਹੇ ਹਰੀ! ਤੈਥੋਂ ਪਰੇ ਹੋਰ ਕੁਝ ਨਹੀਂ ਹੈ, ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਤੈਨੂੰ ਹਰ ਥਾਂ) ਵੇਖ ਕੇ (ਕਉਲ ਫੁੱਲ ਵਾਂਗ) ਚੜ੍ਹਦੀ ਕਲਾ ਵਿਚ ਰਹਿ ਸਕੀਦਾ ਹੈ ॥੭॥


ਸਲੋਕ ਮ : ੩ ॥
ਹੁਕਮੁ ਨ ਜਾਣੈ ਬਹੁਤਾ ਰੋਵੈ ॥

(ਜਿਸ ਮਨੁੱਖ ਨੂੰ ਪ੍ਰਭੂ ਦੇ) ਭਾਣੇ ਦੀ ਸਮਝ ਨਹੀਂ ਪੈਂਦੀ, ਉਸ ਨੂੰ ਬਹੁਤ ਕਲਪਣਾ ਲੱਗੀ ਰਹਿੰਦੀ ਹੈ;

ਅੰਦਰਿ ਧੋਖਾ ਨੀਦ ਨ ਸੋਵੈ ॥

ਉਸ ਦੇ ਮਨ ਵਿਚ ਚਿੰਤਾ ਹੁੰਦੀ ਹੈ, (ਇਸ ਕਰਕੇ ਸੁਖ ਦੀ) ਨੀਂਦ ਨਹੀਂ ਸੌਂ ਸਕਦਾ (ਭਾਵ, ਕਦੇ ਸ਼ਾਂਤੀ ਨਹੀਂ ਹੁੰਦੀ)।

ਜੇ ਧਨ ਖਸਮੈ ਚਲੈ ਰਜਾਈ ॥

ਜੇ (ਜੀਵ-) ਇਸਤ੍ਰੀ (ਪ੍ਰਭੂ) ਖਸਮ ਦੇ ਭਾਣੇ ਵਿਚ ਤੁਰੇ,

ਦਰਿ ਘਰਿ ਸੋਭਾ ਮਹਲਿ ਬੁਲਾਈ ॥

ਤਾਂ ਦਰਗਾਹ ਵਿਚ ਤੇ ਇਸ ਸੰਸਾਰ ਵਿਚ ਉਸ ਦੀ ਸੋਭਾ ਹੁੰਦੀ ਹੈ ਅਤੇ (ਪ੍ਰਭੂ ਦੀ) ਹਜ਼ੂਰੀ ਵਿਚ ਉਸ ਨੂੰ ਆਦਰ ਮਿਲਦਾ ਹੈ।

ਨਾਨਕ ਕਰਮੀ ਇਹ ਮਤਿ ਪਾਈ ॥

(ਪਰ, ਹੇ ਨਾਨਕ!) ਪ੍ਰਭੂ ਮਿਹਰ ਕਰੇ ਤਾਂ (ਭਾਣਾ ਮੰਨਣ ਵਾਲੀ ਇਹ) ਸਮਝ ਮਿਲਦੀ ਹੈ,

ਗੁਰਪਰਸਾਦੀ ਸਚਿ ਸਮਾਈ ॥੧॥

ਤੇ ਗੁਰੂ ਦੀ ਕਿਰਪਾ ਦੀ ਰਾਹੀਂ (ਭਾਣੇ ਦੇ ਮਾਲਕ) ਸਦਾ-ਥਿਰ ਸਾਂਈ ਵਿਚ ਜੀਵ ਲੀਨ ਹੋ ਜਾਂਦਾ ਹੈ ॥੧॥


ਮ : ੩ ॥
ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥

ਹੇ ਨਾਮ ਤੋਂ ਸੱਖਣੇ ਮਨਮੁਖ! ਕਸੁੰਭੇ ਦਾ (ਮਾਇਆ ਦਾ) ਰੰਗ ਵੇਖ ਕੇ ਮੁਹਿਤ ਨਾਹ ਹੋ ਜਾ,

ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥

ਇਸ ਦਾ ਰੰਗ (ਆਨੰਦ) ਥੋੜੇ ਦਿਨ ਹੀ ਰਹਿੰਦਾ ਹੈ, ਤੇ ਇਸ ਦਾ ਮੁੱਲ ਭੀ ਤੁੱਛ ਜਿਹਾ ਹੁੰਦਾ ਹੈ।

ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥

ਮੂਰਖ (ਅਕਲੋਂ) ਅੰਨ੍ਹੇ ਤੇ ਮਤਿ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ ਮੁੜ ਦੁਖੀ ਹੁੰਦੇ ਹਨ,

ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥

ਜਿਵੇਂ ਬਿਸ਼ਟੇ ਵਿਚ ਪਏ ਹੋਏ ਕੀੜੇ ਵਿਲੂੰ ਵਿਲੂੰ ਕਰਦੇ ਹਨ।

ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥

ਹੇ ਨਾਨਕ! ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿਚ (ਆਪਣੀ ਮਤਿ ਤੇ ਸੁਭਾਉ ਲੀਨ ਕਰ ਦੇਂਦੇ ਹਨ), ਉਹ ਨਾਮ ਵਿਚ ਭਿੱਜੇ ਹੋਏ ਤੇ ਸੁੰਦਰ ਹਨ।

ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥੨॥

ਸਹਜ ਅਵਸਥਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ ॥੨॥


ਪਉੜੀ ॥
ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥

(ਹੇ ਹਰੀ!) ਤੂੰ ਆਪੇ (ਸਾਰਾ) ਸੰਸਾਰ ਰਚਿਆ ਹੈ, ਅਤੇ (ਸਭ ਨੂੰ) ਰਿਜ਼ਕ ਅਪੜਾ ਰਿਹਾ ਹੈਂ।

ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥

(ਫਿਰ ਭੀ) ਕਈ ਜੀਵ (ਤੈਨੂੰ ਰਾਜ਼ਕ ਨਾਹ ਸਮਝਦੇ ਹੋਏ) ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ।

ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥

(ਹੇ ਹਰੀ!) ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਹਨਾਂ ਨੂੰ ਉਹੋ ਜਿਹੇ ਕੰਮ (ਵਲ-ਛਲ) ਵਿਚ ਹੀ ਲਾ ਰੱਖਿਆ ਹੈ।

ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥

ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ।

ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥

(ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ॥੮॥


ਸਲੋਕ ਮ : ੩ ॥
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥

(ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ।

ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥

(ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ,

ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥

(ਕਿਉਂਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ।

ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥

ਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ।

ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥

ਅੰਨ੍ਹੇ ਮਨਮੁਖ ਨੂੰ ਕੁਝ ਸਮਝ ਨਹੀਂ ਆਉਂਦੀ, ਤੇ (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਹਿਰਦੇ ਤੇ) ਲਿਖਦਾ ਰਿਹਾ ਹੈ, (ਉਹਨਾਂ ਦੇ ਅਨੁਸਾਰ ਹੀ ਹੁਣ ਭੀ) ਵੈਸੇ ਕੰਮ ਕਰੀ ਜਾਂਦਾ ਹੈ।

ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥

(ਜਿਸ ਮਨੁੱਖ ਨੂੰ) ਪੂਰੇ ਭਾਗਾਂ ਨਾਲ ਸੁਖ-ਦਾਤਾ ਸਤਿਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।

ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥

(ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਆਤਮਕ ਆਨੰਦ ਮਾਣਦੇ ਹਨ (ਦੁਨੀਆ ਦਾ ਖਾਣ) ਹੰਢਾਣ (ਉਹਨਾਂ ਵਾਸਤੇ) ਆਤਮਕ ਆਨੰਦ ਹੀ ਹੈ, ਤੇ (ਉਹਨਾਂ ਦੀ ਉਮਰ) ਨਿਰੋਲ ਸੁਖ ਵਿਚ ਹੀ ਬੀਤਦੀ ਹੈ।

ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥

ਹੇ ਨਾਨਕ! ਇਹੋ ਜਿਹਾ (ਸੁਖਦਾਈ) ਨਾਮ ਮਨੋਂ ਵਿਸਾਰਨਾ ਚੰਗਾ ਨਹੀਂ, ਜਿਸ ਦੀ ਰਾਹੀਂ ਸੱਚੀ ਦਰਗਾਹ ਵਿਚ ਸੋਭਾ ਮਿਲਦੀ ਹੈ ॥੧॥


ਮ : ੩ ॥
ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥

(ਜਿਸ ਨੇ) ਸਤਿਗੁਰੂ ਦੀ ਦੱਸੀ ਸੇਵਾ ਕੀਤੀ ਹੈ (ਉਸ ਨੂੰ) ਗੁਣਾਂ ਦਾ ਖ਼ਜ਼ਾਨਾ ਸੱਚਾ ਨਾਮ (ਰੂਪੀ) ਸੁਖ ਪ੍ਰਾਪਤ ਹੁੰਦਾ ਹੈ।

ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥

ਗੁਰੂ ਦੀ ਮਤਿ ਲੈ ਕੇ (ਉਹ) ਆਪੇ ਦੀ ਪਛਾਣ ਕਰਦਾ ਹੈ, ਤੇ ਹਰੀ ਦੇ ਨਾਮ ਦਾ (ਉਸ ਦੇ ਅੰਦਰ) ਚਾਨਣ ਹੁੰਦਾ ਹੈ।

ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥

ਉਹ ਨਿਰੋਲ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ, (ਇਸ ਕਰਕੇ) ਪ੍ਰਭੂ ਦੀ ਦਰਗਾਹ ਵਿਚ (ਉਸ ਨੂੰ) ਆਦਰ ਮਿਲਦਾ ਹੈ।

ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥

ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ (ਜਾਣ ਕੇ ਉਹ ਪ੍ਰਭੂ ਅੱਗੇ) ਬੇਨਤੀ ਤੇ ਸਿਫ਼ਤ-ਸਾਲਾਹ ਕਰਦਾ ਹੈ।

ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥

ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਕਰਦਾ ਹੈ, ਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।

ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥

ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਣੀ-ਇਹੀ ਉਸ ਲਈ ਜਪ ਤਪ ਤੇ ਸੰਜਮ ਹੈ ਤੇ ਨਾਮ ਤੋਂ ਸੱਖਣਾ ਜੀਵਨ (ਉਸ ਨੂੰ) ਫਿਟਕਾਰ-ਜੋਗ (ਪ੍ਰਤੀਤ ਹੁੰਦਾ ਹੈ)।

ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥

(ਇਹੀ) ਨਾਮ ਗੁਰੂ ਦੀ ਮਤਿ ਤੇ ਚੱਲਿਆਂ ਮਿਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਵਿਚ (ਫਸ ਕੇ) ਨਸ਼ਟ ਹੁੰਦਾ ਹੈ (ਭਾਵ, ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ)।

ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥੨॥

(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਸਹੈਤਾ ਕਰ (ਤੇ ਨਾਮ ਦੀ ਦਾਤ ਦੇਹ) ਨਾਨਕ ਤੇਰਾ ਸੇਵਕ ਹੈ ॥੨॥


ਪਉੜੀ ॥
ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥

(ਹੇ ਹਰੀ!) ਹਰੇਕ ਜੀਵ ਤੇਰਾ (ਬਣਾਇਆ ਹੋਇਆ ਹੈ) ਤੂੰ ਸਭ ਦਾ (ਮਾਲਕ ਹੈਂ ਅਤੇ) ਸਭਨਾਂ ਦਾ ਖ਼ਜ਼ਾਨਾ ਹੈਂ (ਭਾਵ, ਰਾਜ਼ਕ ਹੈਂ।)

ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥

ਇਸੇ ਕਰ ਕੇ ਸਦਾ ਜੋਦੜੀਆਂ ਕਰਕੇ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਹਨ।

ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥

ਜਿਸ ਨੂੰ ਤੂੰ ਦਾਤ ਦੇਂਦਾ ਹੈਂ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ (ਭਾਵ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ)। (ਪਰ ਜੋ ਹੋਰ ਦਰ ਢੂੰਡਦੇ ਹਨ, ਉਹਨਾਂ ਦੇ) ਤੂੰ ਨਿਕਟ-ਵਰਤੀ ਹੁੰਦਾ ਹੋਇਆ ਭੀ (ਉਹਨਾਂ ਨੂੰ) ਦੂਰਿ ਪ੍ਰਤੀਤ ਹੋ ਰਿਹਾ ਹੈਂ।

ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥

ਕੋਈ ਧਿਰ ਭੀ ਮਨ ਵਿਚ ਨਿਰਨਾ ਕਰ ਕੇ ਵੇਖ ਲਏ (ਹੇ ਹਰੀ!) ਤੇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ।

ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥

(ਉਂਞ ਤਾਂ) ਸਾਰੇ ਜੀਵ ਤੇਰੀ ਹੀ ਵਡਿਆਈ ਕਰ ਰਹੇ ਹਨ, (ਪਰ) (ਜੋ ਜੀਵ) ਗੁਰੂ ਦੇ ਸਨਮੁਖ ਰਹਿੰਦੇ ਹਨ (ਉਹਨਾਂ ਨੂੰ) (ਤੂੰ ਆਪਣੀ ਦਰਗਾਹ ਵਿਚ ਪਰਗਟ ਕਰਦਾ ਹੈਂ (ਭਾਵ, ਆਦਰ ਬਖ਼ਸ਼ਦਾ ਹੈਂ) ॥੯॥


ਸਲੋਕ ਮ : ੩ ॥
ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥

ਪੜ੍ਹ ਪੜ੍ਹ ਕੇ ਪੰਡਿਤ (ਜੀਭ ਨਾਲ ਵੇਦ ਆਦਿਕ ਦਾ) ਉੱਚੀ ਸੁਰ ਨਾਲ ਉਚਾਰਣ ਕਰਦਾ ਹੈ, (ਪਰ) ਮਾਇਆ ਦਾ ਮੋਹ ਪਿਆਰ (ਉਸ ਨੂੰ ਵਿਆਪ ਰਿਹਾ ਹੈ)।

ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥

(ਉਹ) ਹਿਰਦੇ ਵਿਚ ਰੱਬ ਦੀ ਭਾਲ ਨਹੀਂ ਕਰਦਾ, (ਇਸ ਕਰਕੇ) ਮਨੋਂ ਮੂਰਖ ਤੇ ਅਨਪੜ੍ਹ (ਹੀ ਹੈ।)

ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥

ਮਾਇਆ ਦੇ ਪਿਆਰ ਵਿਚ (ਉਸ ਨੂੰ ਆਪ ਨੂੰ ਤਾਂ) ਸਮਝ ਨਹੀਂ ਆਉਂਦੀ, (ਤੇ) ਸੰਸਾਰ ਨੂੰ ਮੱਤਾਂ ਦੇਂਦਾ ਹੈ।

ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥੧॥

(ਇਹੋ ਜਿਹਾ ਪੰਡਿਤ) ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥


ਮ : ੩ ॥
ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥

ਵਿਚਾਰ ਕਰ ਕੇ ਸਮਝ ਲਵੋ (ਭਾਵ, ਵੇਖ ਲਵੋ), ਜਿਨ੍ਹਾਂ ਨੇ ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤੀ ਹੈ ਉਨ੍ਹਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ।

ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥

ਉਹਨਾਂ ਦੇ ਹੀ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਵੱਸਦਾ ਹੈ ਤੇ ਕਲਪਣਾ ਮੁੱਕ ਜਾਂਦੀ ਹੈ।

ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰਸਬਦੀ ਵੀਚਾਰੁ ॥

‘ਆਪਣੇ ਆਪ ਨੂੰ ਖਾ ਜਾਏ (ਭਾਵ, ਆਪਾ-ਭਾਵ ਨਿਵਾਰੇ) ਤਾਂ ਮਨ ਸਾਫ਼ ਹੁੰਦਾ ਹੈ’-ਇਹ ਵਿਚਾਰ (ਭੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਪਜਦੀ ਹੈ)।

ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥੨॥

ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਮੁਕਤ ਹਨ, (ਕਿਉਂਕਿ) ਪ੍ਰਭੂ ਜੀ ਦੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ ॥੨॥


ਪਉੜੀ ॥
ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥

ਪ੍ਰਭੂ ਦੀ ਬੰਦਗੀ (ਉਂਞ ਤਾਂ ਹਰ ਇਕ ਲਈ ਹੀ) ਸਫਲ ਹੈ (ਭਾਵ, ਮਨੁੱਖਾ ਜਨਮ ਨੂੰ ਸਫਲਾ ਕਰਨ ਵਾਲੀ ਹੈ, ਪਰ) ਕਬੂਲ ਉਸ ਦੀ ਹੁੰਦੀ ਹੈ (ਭਾਵ, ਪੂਰਨ ਸਫਲਤਾ ਉਸ ਨੂੰ ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ।

ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥

ਉਸੇ ਮਨੁੱਖ ਨੂੰ (ਹੀ) ਸਤਿਗੁਰੂ ਮਿਲਦਾ ਹੈ, ਜਿਸ ਉਤੇ ਪ੍ਰਭੂ ਤਰੁੱਠਦਾ ਹੈ ਅਤੇ ਉਹੋ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ।

ਗੁਰਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥

(ਜੀਵਾਂ ਨੂੰ ਸੰਸਾਰ-ਸਾਗਰ ਤੋਂ ਜੋ ਪ੍ਰਭੂ) ਪਾਰ ਲੰਘਾਂਦਾ ਹੈ, ਉਹ ਮਿਲਦਾ ਹੀ ਸਤਿਗੁਰੂ ਦੇ ਸ਼ਬਦ ਦੁਆਰਾ ਹੈ।

ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥

ਵੇਦ (ਆਦਿਕ ਧਾਰਮਕ ਪੁਸਤਕਾਂ) ਨੂੰ ਭੀ ਜਾ ਕੇ ਪੁੱਛ ਵੇਖੋ (ਭਾਵ, ਪੁਰਾਤਨ ਧਰਮ-ਪੁਸਤਕ ਭੀ ਇਹੀ ਗੱਲ ਦੱਸਦੇ ਹਨ) ਕਿ ਆਪਣੇ ਮਨ ਦੇ ਹਠ ਨਾਲ ਕਿਸੇ ਨੇ ਰੱਬ ਨਹੀਂ ਲੱਭਾ (ਗੁਰੂ ਦੀ ਰਾਹੀਂ ਹੀ ਮਿਲਦਾ ਹੈ)।

ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥

ਹੇ ਨਾਨਕ! ਹਰੀ ਦੀ ਸੇਵਾ ਉਹੀ ਜੀਵ ਕਰਦਾ ਹੈ ਜਿਸ ਨੂੰ (ਗੁਰੂ ਮਿਲਾ ਕੇ) ਹਰੀ ਆਪਿ ਸੇਵਾ ਵਿਚ ਲਾਏ ॥੧੦॥


ਸਲੋਕ ਮ : ੩ ॥
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥

ਹੇ ਨਾਨਕ! ਉਹ ਮਨੁੱਖ ਬਹਾਦੁਰ ਸੂਰਮਾ ਹੈ ਜਿਸ ਨੇ (ਮਨ) ਵਿਚੋਂ ਦੁਸ਼ਟ ਅਹੰਕਾਰ ਨੂੰ ਦੂਰ ਕੀਤਾ ਹੈ

ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥

ਤੇ ਗੁਰੂ ਦੇ ਸਨਮੁਖ ਹੋ ਕੇ (ਪ੍ਰਭੂ ਦੇ) ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਜਨਮ ਸਫਲਾ ਕੀਤਾ ਹੈ।

ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥

ਉਹ (ਸੂਰਮਾ) ਆਪ ਸਦਾ ਲਈ (ਵਿਕਾਰਾਂ ਤੋਂ) ਛੁੱਟ ਜਾਂਦਾ ਹੈ, ਤੇ (ਨਾਲ) ਸਾਰੀ ਕੁਲ ਨੂੰ ਤਾਰ ਲੈਂਦਾ ਹੈ।

ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥

‘ਨਾਮ’ ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਹਰੀ ਦੇ ਦਰਗਾਹ ਵਿਚ ਸੋਭਾ ਪਾਉਂਦੇ ਹਨ।

ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥

ਪਰ, ਮਨਮੁਖ ਅਹੰਕਾਰ ਵਿਚ ਸੜਦੇ ਹਨ ਤੇ ਦੁਖੀ ਹੋ ਕੇ ਮਰਦੇ ਹਨ।

ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥

ਇਹਨਾਂ ਵਿਚਾਰਿਆਂ ਦੇ ਵੱਸ ਭੀ ਕੀਹ ਹੈ? ਸਭ (ਪ੍ਰਭੂ ਦਾ) ਭਾਣਾ ਵਰਤ ਰਿਹਾ ਹੈ।

ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥

(ਮਨਮੁਖ ਆਪਣੇ ਆਪ ਦੀ ਖੋਜ ਛੱਡ ਕੇ ਮਾਇਆ ਵਿਚ ਚਿੱਤ ਜੋੜਦੇ ਹਨ, ਤੇ ਪ੍ਰਭੂ-ਪਤੀ ਨੂੰ ਵਿਸਾਰਦੇ ਹਨ।

ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥੧॥

ਹੇ ਨਾਨਕ! ਨਾਮ ਤੋਂ ਹੀਣ ਹੋਣ ਕਰਕੇ ਉਹਨਾਂ ਨੂੰ ਸਦਾ ਦੁੱਖ ਮਿਲਦਾ ਹੈ, ਸੁਖ ਉਹਨਾਂ ਨੂੰ ਵਿਸਰ ਹੀ ਜਾਂਦਾ ਹੈ (ਭਾਵ, ਸੁਖ ਦਾ ਕਦੀ ਮੂੰਹ ਨਹੀਂ ਵੇਖਦੇ) ॥੧॥


ਮ : ੩ ॥
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥

ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਹਿਰਦੇ ਵਿਚ ਹਰਿ-ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਉਹਨਾਂ ਨੇ ਅੰਦਰੋਂ ਭਟਕਣਾ ਦੂਰ ਕਰ ਲਈ ਹੈ।

ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥

ਉਹ ਹਰੀ-ਨਾਮ ਦੀ ਉਪਮਾ ਕਰਦੇ ਹਨ, ਤੇ (ਇਸ ਸਿਫ਼ਤ-ਸਾਲਾਹ ਨੂੰ) ਚਾਨਣ ਬਣਾ ਕੇ (ਸਿੱਧਾ) ਰਸਤਾ ਉਹਨਾਂ ਨੂੰ ਦਿੱਸ ਪੈਂਦਾ ਹੈ।

ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥

ਉਹ ਅਹੰਕਾਰ ਦੂਰ ਕਰ ਕੇ ਇੱਕ ਨਾਲ ਨਿਹੁੰ ਲਾਂਦੇ ਹਨ, ਅਤੇ ਹਿਰਦੇ ਵਿਚ ਨਾਮ ਵਸਾਂਦੇ ਹਨ।

ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥

ਗੁਰੂ ਦੀ ਮਤਿ ਤੇ ਤੁਰਨ ਦੇ ਕਾਰਨ ਜਮ ਉਹਨਾਂ ਨੂੰ ਘੂਰ ਨਹੀਂ ਸਕਦਾ, (ਕਿਉਂਕਿ) ਸੱਚੇ ਨਾਮ ਵਿਚ ਉਹਨਾਂ ਦੀ ਬਿਰਤੀ ਜੁੜੀ ਹੁੰਦੀ ਹੈ।

ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥

(ਪਰ) ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ, ਜਿਸ ਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਵਿਚ ਜੋੜਦਾ ਹੈ।

ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨॥

(ਇਹ) ਦਾਸ ਨਾਨਕ (ਭੀ) ‘ਨਾਮ’ ਦੇ ਆਸਰੇ ਹੈ, ਇਕ ਪਲਕ ਭਰ ਭੀ ‘ਨਾਮ’ ਤੋਂ ਸੱਖਣਾ ਰਹੇ ਤਾਂ ਮਰਨ ਲਗਦਾ ਹੈ ॥੨॥


ਪਉੜੀ ॥
ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥

ਜੋ ਮਨੁੱਖ ਹਰੀ ਦੇ ਦਰਬਾਰ ਵਿਚ ਮਿਲਿਆ (ਆਦਰ ਪਾਉਣ-ਯੋਗ ਹੋਇਆ) ਹੈ, ਉਸ ਨੂੰ (ਸੰਸਾਰ ਦੇ) ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ।

ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥

ਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਮੂੰਹ ਵੇਖ ਕੇ (ਭਾਵ, ਉਸ ਦਾ ਦਰਸ਼ਨ ਕਰ ਕੇ) ਸਭ ਪਾਪੀ ਤਰ ਜਾਂਦੇ ਹਨ,

ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥

(ਕਿਉਂਕਿ) ਉਸ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਵਾਰ ਹੈ (ਭਾਵ, ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਚੱਕ੍ਰ ਹੈ)।

ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥

(ਹੇ ਭਾਈ!) ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ (ਜਪਣ) ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ।

ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥

ਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਭਾਵ, ਸੰਸਾਰ ਵਿਚ ਸਦਾ ਲਈ ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ) ॥੧੧॥


ਸਲੋਕ ਮ : ੩ ॥
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥

ਗੁਰੂ ਦੀ ਮਤਿ ਲੈ ਕੇ ਤੇ ਗੁਰੂ ਦੇ ਸੁਭਾਉ ਵਿਚ (ਆਪਣਾ ਸੁਭਾਉ ਲੀਨ ਕਰ ਕੇ) ਜੀਵ-ਆਤਮਾ ਦਾ ਪ੍ਰਕਾਸ਼ ਕਰਨ ਵਾਲੇ (ਹਰੀ) ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥

(ਇਸ ਤਰ੍ਹਾਂ) ਜਦੋਂ ਜੀਵ ਨੂੰ ਪ੍ਰਭੂ (ਦੀ ਹੋਂਦ ਤੇ) ਸਿਦਕ ਬੱਝ ਜਾਵੇ, ਤਾਂ ਹਿਰਦੇ ਵਿਚ ਹੀ (ਪ੍ਰਭੂ ਨਾਲ) ਪਿਆਰ ਬਣ ਜਾਂਦਾ ਹੈ (ਤੇ ਤੀਰਥ ਆਦਿਕਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ),

ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥

ਕਿਉਂਕਿ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਵਰਤਿਆਂ) ਜੀਵਾਤਮਾ (ਮਾਇਆਂ ਵਲੋਂ) ਅਹਿੱਲ ਹੋ ਕੇ ਡੋਲਣੋਂ ਹਟ ਜਾਂਦਾ ਹੈ।

ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥

ਸਤਿਗੁਰੂ ਤੋਂ ਬਿਨਾ ਅਡੋਲ ਅਵਸਥਾ ਨਹੀਂ ਆਉਂਦੀ, ਤੇ ਨਾਹ ਹੀ ਮਨ ਵਿਚੋਂ ਲੋਭ-ਮੈਲ ਦੂਰ ਹੁੰਦੀ ਹੈ।

ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥

ਜੇ ਇਕ ਪਲਕ ਭਰ ਭੀ ਪ੍ਰਭੂ ਦਾ ਨਾਮ ਮਨ ਵਿਚ ਵੱਸ ਜਾਏ (ਭਾਵ, ਜੇ ਜੀਵ ਇਕ ਮਨ ਇਕ ਪਲਕ ਭਰ ਭੀ ਨਾਮ ਜਪ ਸਕੇ) ਤਾਂ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ,

ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥

(ਕਿਉਂਕਿ) ਸੱਚੇ ਵਿਚ ਜੁੜੇ ਹੋਏ ਨੂੰ ਮੈਲ ਨਹੀਂ ਲਗਦੀ, ਮੈਲ਼ (ਸਦਾ) ਮਾਇਆ ਦੇ ਪਿਆਰ ਵਿਚ ਲੱਗਦੀ ਹੈ,

ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥

ਤੇ ਉਹ ਮੈਲ ਕਦੇ ਭੀ ਧੋਤਿਆਂ ਨਹੀਂ ਉਤਰਦੀ, ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ।

ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥

(ਕਾਰਨ ਇਹ ਹੁੰਦਾ ਹੈ ਕਿ) ਮਨੁੱਖ (ਗੁਰੂ ਵਲੋਂ) ਮਨਮੁਖ (ਹੋ ਕੇ) ਅਹੰਕਾਰ ਦੇ ਆਸਰੇ (ਤੀਰਥ-ਇਸ਼ਨਾਨ ਆਦਿਕ) ਕਰਮ ਕਰਦਾ ਹੈ, ਤੇ ਦੁੱਖ ਹੀ ਦੁੱਖ ਸਹੇੜਦਾ ਹੈ।

ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥੧॥

ਹੇ ਨਾਨਕ! ਮੈਲਾ (ਮਨ) ਤਦੋਂ ਹੀ ਪਵਿਤ੍ਰ ਹੁੰਦਾ ਹੈ, ਜੇ (ਜੀਵ) ਸਤਿਗੁਰੂ ਵਿਚ ਲੀਨ ਹੋ ਜਾਵੇ (ਭਾਵ, ਆਪਾ-ਭਾਵ ਮਿਟਾ ਦੇਵੇ) ॥੧॥


ਮ : ੩ ॥
ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥

ਜੋ ਮਨੁੱਖ ਸਤਿਗੁਰੂ ਵਲੋਂ ਮੁਖ ਮੋੜੀ ਬੈਠਾ ਹੈ, ਉਹ ਸਮਝਾਇਆਂ ਭੀ ਕਦੇ ਨਹੀਂ ਸਮਝਦਾ।

ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥

ਜੇ ਉਸ ਨੂੰ (ਗੁਰਮੁਖਾਂ ਦੇ ਵਿਚ) ਰਲਾ ਭੀ ਦੇਵੀਏ, ਤਾਂ ਭੀ (ਸੁਭਾਵ ਕਰਕੇ) ਉਹਨਾਂ ਨਾਲ ਨਹੀਂ ਰਲਦਾ ਤੇ (ਪਿਛਲੇ ਕੀਤੇ) ਸਿਰ ਪਏ ਕਰਮਾਂ ਅਨੁਸਾਰ ਭਟਕਦਾ ਫਿਰਦਾ ਹੈ।

ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥

(ਉਸ ਵਿਚਾਰੇ ਉਤੇ ਭੀ ਕੀਹ ਰੋਸ? (ਸੰਸਾਰ ਵਿਚ) ਰਸਤੇ ਹੀ ਦੋ ਹਨ (ਹਰੀ ਨਾਲ) ਪਿਆਰ ਤੇ (ਮਾਇਆ ਨਾਲ) ਪਿਆਰ; (ਤੇ ਮਨਮੁਖ) ਪ੍ਰਭੂ ਦੇ ਹੁਕਮ ਵਿਚ (ਹੀ) (ਮਾਇਆ ਵਾਲੀ) ਕਾਰ ਪਿਆ ਕਰਦਾ ਹੈ।

ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥

(ਦੂਜੇ ਪਾਸੇ, ਹੁਕਮ ਵਿਚ ਹੀ) ਗੁਰਮੁਖ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਕਸਵੱਟੀ ਲਾ ਕੇ (ਭਾਵ, ਪਰਖ ਕਰ ਕੇ) ਆਪਣੇ ਮਨ ਨੂੰ ਮਾਰ ਲੈਂਦਾ ਹੈ (ਭਾਵ, ਮਾਇਆ ਦੇ ਪਿਆਰ ਵਲੋਂ ਰੋਕ ਲੈਂਦਾ ਹੈ)।

ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥

ਉਹ ਸਦਾ ਮਨ (ਦੀ ਵਿਕਾਰ-ਬਿਰਤੀ) ਨਾਲ ਝਗੜਾ ਕਰਦਾ ਹੈ, ਤੇ ਸੱਥ ਕਰਦਾ ਹੈ (ਭਾਵ, ਉਸ ਨੂੰ ਸਮਝਾਉਂਦਾ ਹੈ, ਤੇ ਅੰਤ ਇਸ ਵਿਕਾਰ-ਬਿਰਤੀ ਨੂੰ) ਮਨ (ਦੀ ਸ਼ੁਭ-ਬਿਰਤੀ) ਵਿਚ ਲੀਨ ਕਰ ਦੇਂਦਾ ਹੈ।

ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥

(ਇਸ ਤਰ੍ਹਾਂ ਸਤਿਗੁਰੂ ਦੇ) ਸੁਭਾਉ ਵਿਚ (ਆਪਾ ਲੀਨ ਕਰਨ ਵਾਲਾ) ਮਨ ਜੋ ਇੱਛਾ ਕਰਦਾ ਹੈ ਸੋ ਲੈਂਦਾ ਹੈ।

ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥

(ਹੇ ਭਾਈ!) ਗੁਰਮੁਖਾਂ ਵਾਲੀ ਕਾਰ ਕਰ ਕੇ ਸਦਾ ਨਾਮ-ਅੰਮ੍ਰਿਤ ਪੀਵੀਏ।

ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥

ਮਨ ਨੂੰ ਛੱਡ ਕੇ ਜੋ ਜੀਵ (ਸਰੀਰ ਆਦਿਕ) ਹੋਰ ਨਾਲ ਝਗੜਾ ਪਾਂਦਾ ਹੈ, ਉਹ ਜਨਮ ਬਿਰਥਾ ਗਵਾਂਦਾ ਹੈ।

ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥

ਮਨਮੁਖ ਮਨ ਦੇ ਹਠ ਵਿਚ (ਬਾਜ਼ੀ) ਹਾਰ ਜਾਂਦਾ ਹੈ, ਤੇ ਕੂੜ-ਕੁਸੱਤ (ਦੀ ਕਮਾਈ) ਕਰਦਾ ਹੈ।

ਗੁਰਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥

ਗੁਰਮੁਖ ਸਤਿਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤਦਾ ਹੈ, ਪ੍ਰਭੂ ਨਾਲ ਪਿਆਰ ਜੋੜਦਾ ਹੈ-

ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥

ਤੇ ਹੇ ਨਾਨਕ! ਗੁਰਮੁਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। (ਪਰ) ਮਨਮੁਖ ਭਟਕਦਾ ਫਿਰਦਾ ਹੈ ॥੨॥

1
2
3
4
5
6
7