ਰਾਗ ਸਿਰੀਰਾਗੁ – ਬਾਣੀ ਸ਼ਬਦ-Part 5 – Raag Sri – Bani

ਰਾਗ ਸਿਰੀਰਾਗੁ – ਬਾਣੀ ਸ਼ਬਦ-Part 5 – Raag Sri – Bani

ਸਿਰੀਰਾਗੁ ਮਹਲਾ ੧ ॥
ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥

ਹੇ ਮਨ! ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ ਚਿੱਤਰੇ ਹੋਏ ਮਹਲ-ਮਾੜੀਆਂ (ਸੁੰਦਰ) ਦਿੱਸਦੇ ਹਨ, ਉਹਨਾਂ ਦੇ ਸਫ਼ੈਦ ਬਾਂਕੇ ਦਰਵਾਜ਼ੇ ਹੁੰਦੇ ਹਨ।

ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥

(ਪਰ ਜੇ ਉਹ ਅੰਦਰੋਂ ਖ਼ਾਲੀ ਰਹਿਣ ਤਾਂ ਢਹਿ ਕੇ ਢੇਰੀ ਹੋ ਜਾਂਦੇ ਹਨ, ਤਿਵੇਂ ਮਾਇਆ ਦੇ ਮੋਹ ਵਿਚ ਪਿਆਰ ਵਿਚ (ਇਹ ਸਰੀਰ) ਪਾਲੀਦਾ ਹੈ,

ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥

ਪਰ ਜੇ ਹਿਰਦਾ ਨਾਮ ਤੋਂ ਸੱਖਣਾ ਹੈ, ਪ੍ਰੇਮ ਤੋਂ ਬਿਨਾ ਹੈ, ਤਾਂ ਇਹ ਸਰੀਰ ਢਹਿ ਕੇ ਢੇਰੀ ਹੋ ਜਾਂਦਾ ਹੈ (ਵਿਅਰਥ ਜਾਂਦਾ ਹੈ) ॥੧॥

ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥

ਹੇ ਭਾਈ! ਇਹ ਸਰੀਰ ਇਹ ਧਨ (ਜਗਤ ਤੋਂ ਚਲਣ ਵੇਲੇ) ਨਾਲ ਨਹੀਂ ਨਿਭਦਾ।

ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥

ਪਰਮਾਤਮਾ ਦਾ ਨਾਮ (ਐਸਾ) ਪਵਿਤ੍ਰ ਧਨ ਹੈ (ਜੋ ਸਦਾ ਨਾਲ ਨਿਭਦਾ ਹੈ, ਪਰ ਇਹ ਮਿਲਦਾ ਉਸ ਨੂੰ ਹੈ) ਜਿਸ ਨੂੰ ਗੁਰੂ ਦੇਂਦਾ ਹੈ ਜਿਸ ਨੂੰ ਉਹ ਪਰਮਾਤਮਾ ਦਾਤ ਕਰਦਾ ਹੈ ॥੧॥ ਰਹਾਉ ॥

ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥

ਪਰਮਾਤਮਾ ਦਾ ਨਾਮ ਪਵਿਤ੍ਰ ਧਨ ਹੈ (ਤਦੋਂ ਹੀ ਮਿਲਦਾ ਹੈ) ਜੇ ਦੇਣ ਦੇ ਸਮਰੱਥ ਹਰੀ ਆਪ ਦੇਵੇ।

ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ ॥

(ਨਾਮ-ਧਨ ਹਾਸਲ ਕਰਨ ਵਿਚ) ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਪਰਲੋਕ ਵਿਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ।

ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥੨॥

ਪਰ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਬਚਾਏ ਤਾਂ ਬਚ ਸਕੀਦਾ ਹੈ, ਪ੍ਰਭੂ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ॥੨॥

ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥

(ਪ੍ਰਭੂ ਦੀ ਰਜ਼ਾ ਅਨੁਸਾਰ ਜਗਤ ਵਿਚ) ਧੀਆਂ ਪੁੱਤਰਾਂ ਦਾ ਮੇਲ (ਆ ਬਣਦਾ ਹੈ) ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਹਨਾਂ ਨੂੰ ਆਪਣੇ ਸਮਝ ਲੈਂਦਾ ਹੈ।

ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥

(ਮਨਮੁਖ ਬੰਦੇ ਆਪੋ ਆਪਣੀ) ਇਸਤ੍ਰੀ ਨੂੰ ਵੇਖ ਕੇ ਖ਼ੁਸ਼ ਹੁੰਦੇ ਹਨ, (ਵੇਖ ਕੇ) ਖ਼ੁਸ਼ੀ ਭੀ ਹੁੰਦੀ ਹੈ ਸਹਮ ਭੀ ਹੁੰਦਾ ਹੈ (ਕਿ ਕਿਤੇ ਇਹ ਧੀਆਂ ਪੁੱਤਰ ਇਸਤ੍ਰੀ ਮਰ ਨਾਹ ਜਾਣ)।

ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥੩॥

ਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਰੰਗ ਮਾਣਦੇ ਹਨ, ਪਰਮਾਤਮਾ ਦਾ ਨਾਮ-ਰਸ ਦਿਨ-ਰਾਤ ਉਹਨਾਂ ਦੀ ਆਤਮਕ ਖ਼ੁਰਾਕ ਹੁੰਦਾ ਹੈ ॥੩॥

ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥

(ਮਨੁੱਖ ਧਨ ਨੂੰ ਸੁਖ ਦਾ ਮੂਲ ਸਮਝਦਾ ਹੈ, ਜਦੋਂ) ਧਨ ਜਾਣ ਲਗਦਾ ਹੈ ਤਾਂ ਸਾਕਤ ਦਾ ਮਨ ਡੋਲਦਾ ਹੈ।

ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ ॥

(ਸੁਖ ਨੂੰ) ਬਾਹਰੋਂ ਢੂੰਡਿਆਂ ਖ਼ੁਆਰ ਹੀ ਹੋਈਦਾ ਹੈ। (ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਸੁਖ ਦਾ ਮੂਲ) ਪਰਮਾਤਮਾ ਦਾ ਨਾਮ-ਧਨ ਘਰ ਵਿਚ ਹੀ ਹੈ ਹਿਰਦੇ ਵਿਚ ਹੀ ਹੈ।

ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥੪॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ‘ਹਉ ਹਉ ਮੈਂ ਮੈਂ’ ਕਰ ਕੇ ਹੀ ਲੁੱਟੀ ਜਾਂਦੀ ਹੈ (ਨਾਮ-ਧਨ ਅੰਦਰੋਂ ਲੁਟਾ ਲੈਂਦੀ ਹੈ), ਗੁਰੂ ਦੇ ਰਸਤੇ ਤੁਰਨ ਵਾਲੀ ਇਹ ਧਨ ਹਾਸਲ ਕਰ ਲੈਂਦੀ ਹੈ ॥੪॥

ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥

ਹੇ ਗੁਣ-ਹੀਨ ਸਾਕਤ ਮਨੁੱਖ! (ਤੂੰ ਮਾਣ ਕਰਦਾ ਹੈਂ ਆਪਣੇ ਸਰੀਰ ਦਾ) ਆਪਣਾ ਅਸਲਾ ਤਾਂ ਪਛਾਣ।

ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥

ਇਹ ਸਰੀਰ ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਤੋਂ ਬਣਿਆ ਹੈ, ਚੇਤੇ ਰੱਖ, (ਆਖ਼ਰ ਇਸ ਨੇ) ਅੱਗ ਵਿਚ (ਪੈ ਜਾਣਾ ਹੈ)।

ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥੫॥

ਹਰੇਕ ਜੀਵ ਦੇ ਮੱਥੇ ਉੱਤੇ ਇਹ ਅਟੱਲ ਹੁਕਮ ਹੈ, ਕਿ ਇਹ ਸਰੀਰ ਸੁਆਸਾਂ ਦੇ ਅਧੀਨ ਹੈ (ਹਰੇਕ ਦੇ ਗਿਣੇ ਮਿਥੇ ਸੁਆਸ ਹਨ) ॥੫॥

ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥

ਲੰਮੀ ਲੰਮੀ ਉਮਰ ਮੰਗੀਦੀ ਹੈ, ਕੋਈ ਭੀ (ਛੇਤੀ) ਮਰਨਾ ਨਹੀਂ ਚਾਹੁੰਦਾ।

ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ ॥

ਪਰ ਉਸੇ ਮਨੁੱਖ ਦਾ ਸੁਖੀ ਜੀਵਨ ਕਹਿ ਸਕੀਦਾ ਹੈ, ਜਿਸ ਦੇ ਮਨ ਵਿਚ, ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਆ ਵੱਸਦਾ ਹੈ।

ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥੬॥

ਜਿਸ ਮਨੁੱਖ ਨੂੰ ਕਦੇ ਗੁਰੂ ਦਾ ਦਰਸ਼ਨ ਨਹੀਂ ਹੋਇਆ, ਕਦੇ ਪਰਮਾਤਮਾ ਦਾ ਦੀਦਾਰ ਨਹੀਂ ਹੋਇਆ, ਉਸ ਪ੍ਰਭੂ-ਨਾਮ ਤੋਂ ਸੱਖਣੇ ਮਨੁੱਖ ਨੂੰ ਮੈਂ (ਜੀਊਂਦਾ) ਕੀਹ ਸਮਝਾਂ? ॥੬॥

ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥

ਜਿਵੇਂ ਰਾਤ ਨੂੰ (ਸੁੱਤੇ ਪਿਆਂ) ਸੁਪਨੇ ਵਿਚ (ਕਈ ਚੀਜ਼ਾਂ ਵੇਖ ਕੇ) ਭੁਲੇਖਾ ਖਾ ਜਾਈਦਾ ਹੈ (ਕਿ ਜੋ ਕੁਝ ਵੇਖ ਰਹੇ ਹਾਂ ਇਹ ਸਚ-ਮੁਚ ਠੀਕ ਹੈ, ਤੇ ਇਹ ਭੁਲੇਖਾ ਤਦ ਤਕ ਟਿਕਿਆ ਰਹਿੰਦਾ ਹੈ) ਜਦ ਤਕ ਨੀਂਦ ਟਿਕੀ ਰਹਿੰਦੀ ਹੈ।

ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥

ਇਸੇ ਤਰ੍ਹਾਂ ਇਹ ਕਮਜ਼ੋਰ ਜੀਵ ਮਾਇਆ ਸਪਣੀ ਦੇ ਵੱਸ ਵਿਚ (ਜਦ ਤਕ) ਹੈ (ਤਦ ਤਕ) ਇਸ ਦੇ ਅੰਦਰ ਹਉਮੈ ਤੇ ਮੇਰ-ਤੇਰ ਬਣੀ ਰਹਿੰਦੀ ਹੈ (ਤੇ ਇਸ ਹਉਮੈ ਤੇ ਮੇਰ-ਤੇਰ ਨੂੰ ਇਹ ਜੀਵਨ ਸਹੀ ਜੀਵਨ ਸਮਝਦਾ ਹੈ)।

ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥੭॥

ਜਦੋਂ ਗੁਰੂ ਦੀ ਮਤਿ ਪ੍ਰਾਪਤ ਹੋਵੇ ਤਾਂ ਇਹ ਸਮਝ ਪੈਂਦੀ ਹੈ ਕਿ ਇਹ ਜਗਤ (ਦਾ ਮੋਹ) ਇਹ ਦੁਨੀਆ (ਵਾਲੀ ਮੇਰ-ਤੇਰ) ਨਿਰਾ ਸੁਪਨਾ ਹੀ ਹੈ ॥੭॥

ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥

ਜਿਵੇਂ ਬਾਲਕ ਦੀ ਅੱਗ (ਪੇਟ ਦੀ ਅੱਗ, ਭੁਖ) ਮਾਂ ਦਾ ਦੁੱਧ ਪੀਤਿਆਂ ਸ਼ਾਂਤ ਹੁੰਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦੀ ਅੱਗ ਤਦੋਂ ਬੁੱਝਦੀ ਹੈ ਜਦੋਂ ਪ੍ਰਭੂ ਦੇ ਨਾਮ ਦਾ ਜਲ ਇਸ ਉੱਤੇ ਪਾਈਏ।

ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥

ਪਾਣੀ ਤੋਂ ਬਿਨਾ ਕੌਲ ਫੁੱਲ ਨਹੀਂ ਰਹਿ ਸਕਦਾ, ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ,

ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥੮॥੧੫॥

ਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ-ਨਾਮ ਤੋਂ ਬਿਨਾ ਜੀਊ ਨਹੀਂ ਸਕਦਾ, ਉਸ ਦਾ ਆਤਮਕ ਜੀਵਨ ਤਦੋਂ ਹੀ ਪ੍ਰਫੁਲਤ ਹੁੰਦਾ ਹੈ ਜਦੋਂ) ਉਹ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਹੁੰਦਾ ਹੈ। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ! ਮਿਹਰ ਕਰ), ਮੈਂ ਤੇਰੇ ਗੁਣ ਗਾ ਕੇ (ਆਤਮਕ ਜੀਵਨ) ਜੀਵਾਂ ॥੮॥੧੫॥{62-63}


ਸਿਰੀਰਾਗੁ ਮਹਲਾ ੧ ॥
ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥

(ਇਕ ਪਾਸੇ ਸੰਸਾਰ-ਸਮੁੰਦਰ ਹੈ; ਦੂਜੇ ਪਾਸੇ, ਇਸ ਵਿਚੋਂ ਪਾਰ ਲੰਘਣ ਲਈ ਗੁਰਮੁਖਾਂ ਵਾਲਾ ਰਸਤਾ ਹੈ। ਪਰ ਆਤਮਕ ਜੀਵਨ ਵਾਲਾ ਉਹ ਰਸਤਾ ਪਹਾੜੀ ਰਸਤਾ ਹੈ। ਆਤਮਕ ਜੀਵਨ ਦੀ ਸਿਖਰ ਤੇ ਪਹੁੰਚਣਾ, ਮਾਨੋ, ਇਕ ਬੜੇ ਉੱਚੇ ਡਰਾਉਣੇ ਪਹਾੜ ਉੱਤੇ ਚੜ੍ਹਨਾ ਹੈ, ਉਸ) ਡਰਾਉਣੇ ਪਹਾੜ ਨੂੰ ਵੇਖ ਕੇ ਪੇਕੇ ਘਰ ਵਿਚ (ਮਾਂ ਪਿਉ ਭੈਣ ਭਰਾ ਆਦਿਕ ਦੇ ਮੋਹ ਵਿਚ ਗ੍ਰਸੀ ਜੀਵ-ਇਸਤ੍ਰੀ) ਡਰ ਗਈ (ਕਿ ਇਸ ਪਹਾੜ ਉੱਤੇ ਚੜ੍ਹਿਆ ਨਹੀਂ ਜਾ ਸਕਦਾ, ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ, ਆਪਾ ਵਾਰਿਆ ਨਹੀਂ ਜਾ ਸਕਦਾ)।

ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥

(ਆਤਮਕ ਜੀਵਨ ਦੀ ਸਿਖਰ ਤੇ ਅੱਪੜਨਾ, ਮਾਨੋ) ਬੜਾ ਉੱਚਾ ਤੇ ਔਖਾ ਪਹਾੜ ਹੈ; ਉਸ ਪਹਾੜ ਤੇ ਚੜ੍ਹਨ ਲਈ ਉਸ (ਜੀਵ-ਇਸਤ੍ਰੀ) ਦੇ ਪਾਸ ਕੋਈ ਪੌੜੀ ਭੀ ਨਹੀਂ ਹੈ।

ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥੧॥

ਗੁਰੂ ਦੇ ਸਨਮੁਖ ਰਹਿਣ ਵਾਲੀ ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਪ੍ਰਭੂ-ਚਰਨਾਂ ਵਿਚ) ਮਿਲਾ ਲਿਆ, ਉਸ ਨੇ ਆਪਣੇ ਅੰਦਰ ਹੀ ਵੱਸਦੇ ਪ੍ਰਭੂ ਨੂੰ ਪਛਾਣ ਲਿਆ, ਤੇ, ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਈ ॥੧॥

ਭਾਈ ਰੇ ਭਵਜਲੁ ਬਿਖਮੁ ਡਰਾਂਉ ॥

ਹੇ ਭਾਈ! ਇਹ ਸੰਸਾਰ-ਸਮੁੰਦਰ (ਬੜਾ) ਡਰਾਉਣਾ ਹੈ ਤੇ (ਤਰਨਾ) ਔਖਾ ਹੈ।

ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥

ਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇ ਕੇ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥

ਜੇ ਮੈਂ ਸਦਾ ਚੇਤੇ ਰੱਖਾਂ ਕਿ ਮੈਂ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ, ਜੇ ਮੈਂ ਸਮਝ ਲਵਾਂ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ,

ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥

ਜਗਤ ਵਿਚ ਜੋ ਭੀ ਆਇਆ ਹੈ ਉਹ ਆਖ਼ਰ ਚਲਾ ਜਾਇਗਾ, ਮੌਤ-ਰਹਿਤ ਇਕ ਗੁਰੂ ਪਰਮਾਤਮਾ ਹੀ ਹੈ,

ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥੨॥

ਤਾਂ ਫਿਰ ਸਤਸੰਗ ਵਿਚ (ਪ੍ਰਭੂ-ਚਰਨਾਂ ਨਾਲ) ਪਿਆਰ ਪਾ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਬੱਸ! ਇਹੀ ਹੈ ਸੰਸਾਰ-ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਬਚਣ ਦਾ ਤਰੀਕਾ) ॥੨॥

ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥

ਸੋਹਣੇ ਦਰਵਾਜ਼ਿਆਂ ਵਾਲੇ ਸੋਹਣੇ ਘਰ ਤੇ ਮਹੱਲ, ਹਜ਼ਾਰਾਂ ਪੱਕੇ ਕਿਲ੍ਹੇ,

ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥

ਹਾਥੀ, ਘੋੜੇ, ਕਾਠੀਆਂ, ਲੱਖਾਂ ਤੇ ਬੇਅੰਤ ਲਸ਼ਕਰ-ਇਹਨਾਂ ਵਿਚੋਂ ਕੋਈ ਭੀ ਕਿਸੇ ਦੇ ਨਾਲ ਨਹੀਂ ਗਏ।

ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥੩॥

ਬੇਸਮਝ ਐਵੇਂ ਹੀ ਖਪ ਖਪ ਕੇ ਆਤਮਕ ਮੌਤੇ ਮਰਦੇ ਰਹੇ (ਇਹਨਾਂ ਦੀ ਖ਼ਾਤਰ ਆਤਮਕ ਜੀਵਨ ਗਵਾ ਗਏ) ॥੩॥

ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥

ਜੇ ਸੋਨਾ ਚਾਂਦੀ ਇਕੱਠਾ ਕਰਦੇ ਜਾਈਏ, ਤਾਂ ਇਹ ਮਾਲ ਧਨ (ਜਿੰਦ ਨੂੰ ਮੋਹ ਵਿਚ ਫਸਾਣ ਲਈ) ਜਾਲ ਬਣਦਾ ਹੈ ਫਾਹੀ ਬਣਦਾ ਹੈ।

ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥

ਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿਚ ਫਿਰਾ ਸਕੀਏ, ਤਾਂ ਭੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਿਰ ਉੱਤੇ ਮੌਤ ਦਾ ਡਰ (ਕਾਇਮ ਰਹਿੰਦਾ) ਹੈ।

ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥

ਜਦੋਂ ਜਿੰਦ ਜ਼ਿੰਦਗੀ ਦੀ ਖੇਡ ਖੇਡ ਜਾਂਦੀ ਹੈ ਤੇ ਸਰੀਰ (ਮਿੱਟੀ ਹੋ ਕੇ) ਢਹਿ ਪੈਂਦਾ ਹੈ, ਤਦੋਂ (ਧਨ ਪਦਾਰਥ ਦੀ ਖ਼ਾਤਰ) ਮੰਦੇ ਕੰਮ ਕਰਨ ਵਾਲਿਆਂ ਦਾ ਭੈੜਾ ਹਾਲ ਹੀ ਹੁੰਦਾ ਹੈ ॥੪॥

ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥

ਪਿਉ (ਆਪਣੇ) ਪੁੱਤਰਾਂ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ, ਖਸਮ (ਆਪਣੀ) ਸੇਜ ਉਤੇ ਇਸਤ੍ਰੀ ਨੂੰ ਵੇਖ ਕੇ ਖਿੜਦਾ ਹੈ।

ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ॥

(ਇਸ ਸਰੀਰ ਨੂੰ) ਅਤਰ ਤੇ ਚੰਦਨ ਲਾਈਦਾ ਹੈ। ਸੋਹਣਾ ਕੱਪੜਾ, ਰੂਪ, ਗਹਿਣਾ ਆਦਿਕ (ਵੇਖ ਕੇ ਮਨ ਖ਼ੁਸ਼ ਹੁੰਦਾ ਹੈ);

ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥੫॥

ਪਰ ਆਖ਼ਰ ਸਰੀਰ ਮਿੱਟੀ ਹੋ ਕੇ ਮਿੱਟੀ ਵਿਚ ਰਲ ਜਾਂਦਾ ਹੈ, ਤੇ ਮਾਣ ਕਰਨ ਵਾਲਾ (ਜੀਵ) ਘਰ ਬਾਰ ਛੱਡ ਕੇ (ਸੰਸਾਰ ਤੋਂ) ਚਲਾ ਜਾਂਦਾ ਹੈ ॥੫॥

ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥

ਸਰਦਾਰ, ਬਾਦਸ਼ਾਹ, ਰਾਜਾ, ਰਾਉ ਜਾਂ ਖ਼ਾਨ ਅਖਵਾਈਦਾ ਹੈ।

ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥

(ਆਪਣੇ ਆਪ ਨੂੰ) ਚੌਧਰੀ, ਰਾਇ (ਸਾਹਿਬ ਆਦਿਕ) ਸਦਾਈਦਾ ਹੈ, (ਇਸ ਵਡੱਪਣ ਦੇ) ਅਹੰਕਾਰ ਨਾਲ ਸੜ ਮਰੀਦਾ ਹੈ (ਜੇ ਕੋਈ ਪੂਰਾ ਮਾਣ-ਆਦਰ ਨਾਹ ਕਰੇ)।

ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥੬॥

(ਪਰ ਇਤਨਾ ਕੁਝ ਹੁੰਦਿਆਂ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਤੇ (ਇਉਂ ਦਿੱਸਿਆ) ਜਿਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕਾਨਾ ਹੈ (ਬਾਹਰੋਂ ਚਮਕਦਾ, ਤੇ ਅੰਦਰੋਂ ਸੜ ਕੇ ਕਾਲਾ) ॥੬॥

ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ ॥

ਜਗਤ ਵਿਚ ਜੋ ਭੀ ਆਇਆ ਹੈ ‘ਮੈਂ ਵੱਡਾ, ਮੈਂ ਵੱਡਾ’ ਆਖ ਆਖ ਕੇ (ਆਖ਼ਰ ਇਥੋਂ) ਚਲਾ ਜਾਇਗਾ।

ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥

ਇਹ ਸਾਰਾ ਜਗਤ ਕੱਜਲ ਦੀ ਕੋਠੜੀ (ਸਮਾਨ) ਹੈ (ਜੇਹੜਾ ਭੀ ਇਸ ਦੇ ਮੋਹ ਵਿਚ ਫਸਦਾ ਹੈ, ਉਸ ਦਾ) ਤਨ ਮਨ ਸਰੀਰ ਸੁਆਹ ਵਿਚ ਮਿਲ ਜਾਂਦਾ ਹੈ।

ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥੭॥

ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਤ੍ਰਿਸ਼ਨਾ ਅੱਗ ਦੂਰ ਕਰ ਦਿੱਤੀ, ਉਹ (ਇਸ ਕੱਜਲ-ਕੋਠੜੀ ਵਿਚੋਂ) ਸਾਫ਼-ਸੁਥਰੇ ਹੀ ਰਹੇ ॥੭॥

ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ ॥

ਜੇਹੜਾ ਪਰਮਾਤਮਾ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ, ਉਸ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘੀਦਾ ਹੈ।

ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ ॥

ਹੇ ਨਾਨਕ! (ਅਰਦਾਸ ਕਰ ਕੇ ਆਖ-) ਮੈਨੂੰ ਪਰਮਾਤਮਾ ਦਾ ਨਾਮ ਕਦੇ ਨਾ ਭੁੱਲੇ, ਪਰਮਾਤਮਾ ਦਾ ਨਾਮ-ਰਤਨ ਨਾਮ-ਪੂੰਜੀ (ਮੇਰੇ ਪਾਸ ਸਦਾ-ਥਿਰ ਰਹੇ)।

ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥੮॥੧੬॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸੰਸਾਰ-ਸਮੁੰਦਰ ਵਿਚ ਖਪ ਖਪ ਕੇ ਆਤਮਕ ਮੌਤੇ ਮਰਦੇ ਹਨ, ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਇਸ ਬੇਅੰਤ ਡੂੰਘੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ (ਉਹ ਵਿਕਾਰਾਂ ਦੀਆਂ ਲਹਿਰਾਂ ਵਿਚ ਨਹੀਂ ਡੁੱਬਦੇ) ॥੮॥੧੬॥{63-64}


ਸਿਰੀਰਾਗੁ ਮਹਲਾ ੧ ਘਰੁ ੨ ॥
ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥

(ਦੁਨੀਆ ਨੂੰ ਆਪਣੇ ਰਹਿਣ ਲਈ) ਪੱਕਾ ਟਿਕਾਣਾ ਸਮਝ ਕੇ ਘਰ ਵਿਚ ਬੈਠ ਜਾਣਾ ਭੀ (ਮਨੁੱਖ ਨੂੰ ਮੌਤ ਵਲੋਂ ਬੇ-ਫ਼ਿਕਰ ਨਹੀਂ ਕਰ ਸਕਦਾ, ਕਿਉਂਕਿ ਇਥੋਂ) ਚਲੇ ਜਾਣ ਦੀ ਚਿੰਤਾ ਤਾਂ ਸਦਾ ਲੱਗੀ ਰਹਿੰਦੀ ਹੈ।

ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥੧॥

ਜਗਤ ਵਿਚ ਜੀਵ ਦਾ ਪੱਕਾ ਟਿਕਾਣਾ ਤਾਂ ਤਦੋਂ ਹੀ ਸਮਝਣਾ ਚਾਹੀਦਾ ਹੈ ਜੇ ਇਹ ਜਗਤ ਭੀ ਸਦਾ ਕਾਇਮ ਰਹਿਣ ਵਾਲਾ ਹੋਵੇ (ਪਰ ਇਹ ਤਾਂ ਸਭ ਕੁਝ ਹੀ ਨਾਸਵੰਤ ਹੈ) ॥੧॥

ਦੁਨੀਆ ਕੈਸਿ ਮੁਕਾਮੇ ॥

(ਹੇ ਭਾਈ!) ਇਹ ਜਗਤ (ਜੀਵਾਂ ਵਾਸਤੇ) ਸਦਾ ਰਹਿਣ ਵਾਲੀ ਥਾਂ ਨਹੀਂ ਹੋ ਸਕਦਾ।

ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥੧॥ ਰਹਾਉ ॥

(ਇਸ ਵਾਸਤੇ ਆਪਣੇ ਹਿਰਦੇ ਵਿਚ) ਸਰਧਾ ਧਾਰ ਕੇ ਉੱਚੇ ਆਤਮਕ ਜੀਵਨ ਨੂੰ (ਆਪਣੇ ਜੀਵਨ ਸਫ਼ਰ ਲਈ) ਖ਼ਰਚ (ਤਿਆਰ ਕਰ ਕੇ ਪੱਲੇ) ਬੰਨ੍ਹ, ਸਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੁ ॥੧॥ ਰਹਾਉ ॥

ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥

ਜੋਗੀ ਆਸਣ ਜਮਾ ਕੇ ਬੈਠਦਾ ਹੈ। ਸਾਈਂ ਫ਼ਕੀਰ ਤਕੀਏ ਵਿਚ ਡੇਰਾ ਲਾਂਦਾ ਹੈ।

ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥੨॥

ਪੰਡਿਤ (ਧਰਮ ਅਸਥਾਨਾਂ ਵਿਚ ਬੈਠ ਕੇ) ਧਰਮ-ਪੋਥੀਆਂ (ਹੋਰਨਾਂ ਨੂੰ) ਸੁਣਾਂਦੇ ਹਨ, ਕਰਾਮਾਤੀ ਜੋਗੀ ਸ਼ਿਵ ਆਦਿਕ ਦੇ ਮੰਦਰ ਵਿਚ ਬੈਠਦੇ ਹਨ (ਪਰ ਆਪੋ ਆਪਣੀ ਵਾਰੀ ਸਭ ਜਗਤ ਤੋਂ ਕੂਚ ਕਰਦੇ ਜਾ ਰਹੇ ਹਨ) ॥੨॥

ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥

ਦੇਵਤੇ, ਜੋਗ-ਸਾਧਨਾਂ ਵਿਚ ਪੁੱਗੇ ਜੋਗੀ, (ਸ਼ਿਵਜੀ ਦੇ ਉਪਾਸਕ) ਗਣ, ਦੇਵਤਿਆਂ ਦੇ ਗਵਈਏ, (ਸਮਾਧੀਆਂ ਵਿਚ ਚੁੱਪ ਟਿਕੇ ਰਹਿਣ ਵਾਲੇ) ਮੁਨੀ ਜਨ, ਸੇਖ਼, ਪੀਰ ਅਤੇ ਸਰਦਾਰ (ਅਖਵਾਣ ਵਾਲੇ)

ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥੩॥

ਆਪੋ ਆਪਣੀ ਵਾਰੀ ਸਾਰੇ ਜਗਤ ਤੋਂ ਕੂਚ ਕਰ ਗਏ, (ਜੇਹੜੇ ਐਸ ਵੇਲੇ ਇਥੇ ਦਿੱਸਦੇ ਹਨ) ਇਹ ਭੀ ਸਾਰੇ ਇਥੋਂ ਚਲੇ ਜਾਣ ਵਾਲੇ ਹਨ ॥੩॥

ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥

ਬਾਦਸ਼ਾਹ, ਖਾਨ, ਰਾਜੇ, ਅਮੀਰ, ਵਜ਼ੀਰ, ਆਪਣਾ ਆਪਣਾ ਡੇਰਾ ਕੂਚ ਕਰ ਕੇ ਚਲੇ ਗਏ।

ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥੪॥

ਘੜੀ ਦੋ ਘੜੀ ਵਿਚ ਹਰੇਕ ਨੇ ਇਥੋਂ ਚਲੇ ਜਾਣਾ ਹੈ। ਹੇ ਮਨ! ਅਕਲ ਕਰ (ਗ਼ਾਫ਼ਿਲ ਨਾਹ ਹੋ), ਤੂੰ ਭੀ (ਪਰਲੋਕ ਵਿਚ) ਪਹੁੰਚ ਜਾਣਾ ਹੈ ॥੪॥

ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥

ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਪਰ ਕੋਈ ਵਿਰਲਾ ਹੀ ਯਕੀਨ ਲਿਆਉਂਦਾ ਹੈ (ਕਿ ਹਰੇਕ ਜੀਵ ਨੇ ਇਥੋਂ ਚਲੇ ਜਾਣਾ ਹੈ ਤੇ ਇਥੇ ਸਿਰਫ਼)

ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ ॥੫॥

ਨਾਨਕ ਬੇਨਤੀ ਕਰਦਾ ਹੈ ਉਹੀ ਪਰਮਾਤਮਾ (ਅਟੱਲ ਰਹਿਣ ਵਾਲਾ ਹੈ ਜੋ) ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ ਮੌਜੂਦ) ਹੈ ॥੫॥

ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥

ਜੋ ਅੱਲਾਹ (ਅਖਵਾਂਦਾ) ਹੈ, ਜੋ ਅਲੱਖ ਹੈ, ਅਪਹੁੰਚ ਹੈ, ਜੋ ਸਾਰੀ ਕੁਦਰਤਿ ਦਾ ਮਾਲਕ ਹੈ, ਜੋ ਸਾਰੇ ਜਗਤ ਦਾ ਰਚਨਹਾਰ ਹੈ, ਤੇ, ਜੋ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ,

ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥

ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਉਹ ਹੈ (ਨਹੀਂ ਤਾਂ ਹੋਰ) ਸਾਰੀ ਦੁਨੀਆ ਆਵਣ ਜਾਵਣ ਵਾਲੀ ਹੈ (ਨਾਸਵੰਤ ਹੈ) ॥੬॥

ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ ॥

ਸਦਾ ਕਾਇਮ ਰਹਿਣ ਵਾਲਾ ਸਿਰਫ਼ ਉਸ ਪਰਮਾਤਮਾ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਦੇ ਸਿਰ ਉੱਤੇ ਮੌਤ ਦਾ ਲੇਖ ਨਹੀਂ ਹੈ।

ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੭॥

ਇਹ ਆਕਾਸ਼ ਇਹ ਧਰਤੀ ਸਭ ਕੁਝ ਨਾਸਵੰਤ ਹੈ, ਪਰ ਉਹ ਇੱਕ ਪਰਮਾਤਮਾ ਸਦਾ ਅਟੱਲ ਹੈ ॥੭॥

ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥

ਹੇ ਨਾਨਕ! ਇਹ ਅਟੱਲ ਬਚਨ ਕਹਿ ਦੇ-ਦਿਨ ਅਤੇ ਸੂਰਜ ਨਾਸਵੰਤ ਹਨ, ਰਾਤ ਅਤੇ ਚੰਦ੍ਰਮਾ ਨਾਸਵੰਤ ਹਨ, (ਇਹ ਦਿੱਸਦੇ) ਲੱਖਾਂ ਹੀ ਤਾਰੇ ਭੀ ਨਾਸ ਹੋ ਜਾਣਗੇ।

ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥

ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਪਰਮਾਤਮਾ ਹੀ ਹੈ ॥੮॥੧੭॥

ਮਹਲੇ ਪਹਿਲੇ ਸਤਾਰਹ ਅਸਟਪਦੀਆ ॥

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਿਰੀਰਾਗੁ ਮਹਲਾ ੩ ਘਰੁ ੧ ਅਸਟਪਦੀਆ ॥

ਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਇ ॥

ਗੁਰੂ ਦੀ ਸਰਨ ਪਿਆਂ (ਜਦੋਂ) ਪਰਮਾਤਮਾ ਮਿਹਰ ਕਰਦਾ ਹੈ, ਤਾਂ ਉਸ ਦੀ ਭਗਤੀ ਕੀਤੀ ਜਾਂਦੀ ਹੈ। ਗੁਰੂ (ਦੀ ਸਰਨ) ਤੋਂ ਬਿਨਾ (ਪਰਮਾਤਮਾ ਦੀ) ਭਗਤੀ ਨਹੀਂ ਹੋ ਸਕਦੀ।

ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ ॥

ਜਦੋਂ ਕੋਈ ਮਨੁੱਖ (ਗੁਰੂ ਦੇ) ਆਪੇ ਵਿਚ ਆਪਣੇ ਆਪ ਨੂੰ ਮਿਲਾਣਾ ਸਿੱਖ ਲੈਂਦਾ ਹੈ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।

ਹਰਿ ਜੀਉ ਸਚਾ ਸਚੀ ਬਾਣੀ ਸਬਦਿ ਮਿਲਾਵਾ ਹੋਇ ॥੧॥

ਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਸਿਫ਼ਤ-ਸਾਲਾਹ ਦੀ ਬਾਣੀ ਸਦਾ ਅਟੱਲ ਹੈ, ਉਸ ਨਾਲ ਗੁਰੂ ਦੇ ਸ਼ਬਦ ਵਿਚ ਜੁੜਿਆਂ ਮਿਲਾਪ ਹੋ ਜਾਂਦਾ ਹੈ ॥੧॥

ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸਖਣਾ ਰਿਹਾ, ਉਸ ਦਾ ਜਗਤ ਵਿਚ ਆਉਣਾ ਕਿਸ ਅਰਥ?

ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥

ਜਿਸ ਨੇ (ਜਗਤ ਵਿਚ ਆ ਕੇ) ਪੂਰੇ ਗੁਰੂ ਦਾ ਪੱਲਾ ਨਾਹ ਫੜਿਆ, ਉਸ ਨੇ ਆਪਣਾ ਜਨਮ ਵਿਅਰਥ ਗਵਾ ਲਿਆ ॥੧॥ ਰਹਾਉ ॥

ਆਪੇ ਹਰਿ ਜਗਜੀਵਨੁ ਦਾਤਾ ਆਪੇ ਬਖਸਿ ਮਿਲਾਏ ॥

ਪਰਮਾਤਮਾ ਆਪ ਹੀ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਨਾਲ) ਮਿਲਾਂਦਾ ਹੈ।

ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥

(ਨਹੀਂ ਤਾਂ) ਇਹ ਜੀਵ ਜੰਤ ਵਿਚਾਰੇ ਕੀਹ ਹਨ? (ਭਾਵ, ਇਹਨਾਂ ਦੀ ਕੋਈ ਪਾਂਇਆਂ ਨਹੀਂ ਕਿ ਇਹ ਆਪਣੇ ਉੱਦਮ ਨਾਲ ਪ੍ਰਭੂ-ਚਰਨਾਂ ਵਿਚ ਜੁੜ ਸਕਣ, ਆਪਣੇ ਕਿਸੇ ਅਜਿਹੇ ਉੱਦਮ ਦੀ ਬਾਬਤ) ਕੋਈ ਜੀਵ ਕੀਹ ਆਖ ਕੇ (ਕਿਸੇ ਨੂੰ) ਸੁਣਾ ਸਕਦਾ ਹੈ?

ਗੁਰਮੁਖਿ ਆਪੇ ਦੇ ਵਡਿਆਈ ਆਪੇ ਸੇਵ ਕਰਾਏ ॥੨॥

ਪ੍ਰਭੂ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ ॥੨॥

ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥

(ਮਨੁੱਖ ਆਪਣੇ) ਪਰਵਾਰ ਨੂੰ ਦੇਖ ਕੇ (ਉਸ ਦੇ) ਮੋਹ ਵਿਚ ਫਸ ਜਾਂਦਾ ਹੈ (ਕਦੇ ਇਹ ਨਹੀਂ ਸਮਝਦਾ ਕਿ ਜਗਤ ਤੋਂ) ਤੁਰਨ ਵੇਲੇ (ਕਿਸੇ ਨੇ ਉਸ ਦੇ) ਨਾਲ ਨਹੀਂ ਜਾਣਾ।

ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ ॥

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਿਆ, ਉਸ (ਦੀ ਸੋਭਾ) ਦਾ ਮੁੱਲ ਨਹੀਂ ਪੈ ਸਕਦਾ।

ਪ੍ਰਭੁ ਸਖਾ ਹਰਿ ਜੀਉ ਮੇਰਾ ਅੰਤੇ ਹੋਇ ਸਖਾਈ ॥੩॥

ਪਿਆਰਾ ਪ੍ਰਭੂ ਜੋ (ਅਸਲ) ਮਿੱਤ੍ਰ ਹੈ ਅੰਤ ਵੇਲੇ (ਜਦੋਂ ਹੋਰ ਸਭ ਸਾਕ-ਅੰਗ ਸਾਥ ਛੱਡ ਦੇਂਦੇ ਹਨ ਉਸ ਦਾ) ਸਾਥੀ ਬਣਦਾ ਹੈ ॥੩॥

ਪੇਈਅੜੈ ਜਗਜੀਵਨੁ ਦਾਤਾ ਮਨਮੁਖਿ ਪਤਿ ਗਵਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ (ਇਸ) ਪੇਕੇ ਘਰ ਵਿਚ (ਇਸ ਲੋਕ ਵਿਚ) ਉਸ ਪਰਮਾਤਮਾ ਨੂੰ (ਵਿਸਾਰ ਕੇ) ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪਣੀ ਇਜ਼ਤ ਗਵਾ ਲਈ ਹੈ।

ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ ॥

ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝ ਸਕਦਾ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਨੂੰ (ਕਿਤੇ) ਕੋਈ ਸਹਾਰਾ ਨਹੀਂ ਮਿਲਦਾ।

ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ ॥੪॥

ਜਿਸ ਮਨੁੱਖ ਦੇ ਮਨ ਵਿਚ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਨਹੀਂ ਵੱਸਦਾ, ਉਹ ਅੰਤ ਵੇਲੇ ਇਥੋਂ ਪਛੁਤਾਂਦਾ ਜਾਂਦਾ ਹੈ ॥੪॥

ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ ॥

ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਵਿਚ ਹੀ ਜਗਤ ਦੇ ਜੀਵਨ ਤੇ ਦਾਤਾਰ ਪ੍ਰਭੂ ਨੂੰ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾਇਆ ਹੈ,

ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ ॥

ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।

ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥੫॥

(ਇਹ ਇਕ ਕੁਦਰਤੀ ਨਿਯਮ ਹੈ ਕਿ ਜੇਹੜਾ ਮਨੁੱਖ) ਜਿਸ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ ਉਹ ਉਸੇ ਵਰਗਾ ਹੋ ਜਾਂਦਾ ਹੈ (ਸੋ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਰੱਤਾ ਹੋਇਆ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ ॥੫॥

ਆਪੇ ਨਦਰਿ ਕਰੇ ਭਾਉ ਲਾਏ ਗੁਰਸਬਦੀ ਬੀਚਾਰਿ ॥

ਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ, ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।

ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ ॥

ਸਤਿਗੁਰੂ ਦੀ ਸਰਨ ਪਿਆਂ ਹਉਮੈ ਮਾਰ ਕੇ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਕੇ ਆਤਮਕ ਅਡੋਲਤਾ ਪੈਦਾ ਹੁੰਦੀ ਹੈ।

ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ ॥੬॥

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਸਾਰੇ ਗੁਣਾਂ ਦਾ ਦਾਤਾ ਪਰਮਾਤਮਾ ਸਦਾ ਉਸ ਦੇ ਮਨ ਵਿਚ ਵੱਸਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਉਹ ਮਨੁੱਖ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ ॥੬॥

ਪ੍ਰਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ ॥

ਪਿਆਰਾ ਪਰਮਾਤਮਾ ਸਦਾ ਹੀ ਪਵਿੱਤ੍ਰ-ਸਰੂਪ ਰਹਿੰਦਾ ਹੈ (ਇਸ ਵਾਸਤੇ) ਪਵਿਤ੍ਰ ਮਨ ਦੀ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ।

ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ ॥

ਪਰਮਾਤਮਾ ਦਾ ਨਾਮ (ਜੋ ਸਾਰੇ ਗੁਣਾਂ ਦਾ) ਖ਼ਜਾਨਾ (ਹੈ) ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਦਾ ਸਾਰੇ ਦਾ ਸਾਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।

ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ ॥੭॥

ਮੈਂ (ਉਸ ਭਾਗਾਂ ਵਾਲੇ ਮਨੁੱਖ ਤੋਂ) ਸਦਾ ਕੁਰਬਾਨ ਜਾਂਦਾ ਹਾਂ, ਜਿਸ ਨੂੰ ਸਤਿਗੁਰੂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਸੁਣਾ ਦਿੱਤਾ ਹੈ (ਭਾਵ, ਜਿਸਦੀ ਸੁਰਤ ਗੁਰੂ ਨੇ ਸਿਫ਼ਤ-ਸਾਲਾਹ ਵਿਚ ਜੋੜ ਦਿੱਤੀ ਹੈ) ॥੭॥

ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥

(ਬੇਸ਼ਕ ਕੋਈ ਮਨੁੱਖ) ਆਪਣੇ ਮਨ ਵਿਚ ਆਪਣੇ ਚਿੱਤ ਵਿਚ (ਇਹ) ਆਖੇ (ਕਿ ਮੈਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ, ਹੋਰਨਾਂ ਪਾਸੋਂ ਭੀ ਇਹ ਅਖਵਾ ਲਏ (ਕਿ ਇਸ ਨੇ ਆਪਾ-ਭਾਵ ਦੂਰ ਕਰ ਲਿਆ ਹੈ, ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਾ-ਭਾਵ ਦੂਰ ਨਹੀਂ ਹੁੰਦਾ।

ਹਰਿ ਜੀਉ ਭਗਤਿ ਵਛਲੁ ਸੁਖਦਾਤਾ ਕਰਿ ਕਿਰਪਾ ਮੰਨਿ ਵਸਾਈ ॥

ਪਰਮਾਤਮਾ (ਆਪਣੀ) ਭਗਤੀ ਨਾਲ ਪਿਆਰ ਕਰਨ ਵਾਲਾ ਹੈ, (ਜੀਵਾਂ ਨੂੰ) ਸਾਰੇ ਸੁਖ ਦੇਣ ਵਾਲਾ ਹੈ, ਜਿਸ ਮਨੁੱਖ ਉੱਤੇ ਉਹ ਕਿਰਪਾ ਕਰਦਾ ਹੈ ਉਹ ਹੀ (ਉਸ ਨੂੰ ਆਪਣੇ) ਮਨ ਵਿਚ ਵਸਾਂਦਾ ਹੈ।

ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੮॥੧॥੧੮॥

ਹੇ ਨਾਨਕ! ਪਰਮਾਤਮਾ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਸਿਫ਼ਤ-ਸਾਲਾਹ ਵਾਲੀ) ਸੁਰਤ ਬਖ਼ਸ਼ਦਾ ਹੈ ਤੇ ਫਿਰ ਆਪ ਹੀ ਉਸ ਨੂੰ (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਦੇਂਦਾ ਹੈ ॥੮॥੧॥੧੮॥


ਸਿਰੀਰਾਗੁ ਮਹਲਾ ੩ ॥
ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ ॥

ਜੇਹੜੇ ਮਨੁੱਖ (ਕੋਈ ਮਿਥੇ ਹੋਏ ਧਾਰਮਿਕ) ਕੰਮ ਕਰਦੇ ਹਨ (ਤੇ ਇਹ) ਹਉਮੈ (ਭੀ) ਕਰਦੇ ਹਨ (ਕਿ ਅਸੀਂ ਧਾਰਮਿਕ ਕੰਮ ਕਰਦੇ ਹਾਂ), ਉਹਨਾਂ (ਦੇ ਸਿਰ) ਉੱਤੇ ਜਮ ਦਾ ਡੰਡਾ ਆ ਕੇ ਵੱਜਦਾ ਹੈ।

ਜਿ ਸਤਿਗੁਰੁ ਸੇਵਨਿ ਸੇ ਉਬਰੇ ਹਰਿ ਸੇਤੀ ਲਿਵ ਲਾਇ ॥੧॥

(ਪਰ) ਜੇਹੜੇ ਮਨੁੱਖ ਗੁਰੂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ (-ਚਰਨਾਂ) ਵਿਚ ਸੁਰਤ ਜੋੜ ਕੇ (ਇਸ ਮਾਰ ਤੋਂ) ਬਚ ਜਾਂਦੇ ਹਨ ॥੧॥

ਮਨ ਰੇ ਗੁਰਮੁਖਿ ਨਾਮੁ ਧਿਆਇ ॥

ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।

ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥

(ਨਾਮ ਬੜੀ ਦੁਰਲੱਭ ਦਾਤ ਹੈ) ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹਨਾਂ ਬੰਦਿਆਂ ਦੀ ਹੀ (ਪ੍ਰਭੂ ਦੇ) ਨਾਮ ਵਿਚ ਲੀਨਤਾ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਕਰਤਾਰ ਨੇ ਧੁਰੋਂ ਹੀ ਉਹਨਾਂ ਦੀ ਪਹਿਲੇ ਜਨਮ ਦੀ ਕੀਤੀ ਨੇਕ ਕਮਾਈ ਅਨੁਸਾਰ ਲੇਖ ਲਿਖ ਦਿੱਤਾ ਹੈ ॥੧॥ ਰਹਾਉ ॥

ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ ਲਾਗੋ ਭਾਉ ॥

ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖ ਦੇ ਮਨ ਵਿਚ ਪਰਮਾਤਮਾ ਵਾਸਤੇ) ਸਰਧਾ ਪੈਦਾ ਨਹੀਂ ਹੁੰਦੀ, ਨਾਹ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣਦਾ ਹੈ।

ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ ॥੨॥

(ਤੇ ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ) ਸੁਪਨੇ ਵਿਚ ਵੀ ਸੁਖ ਨਸੀਬ ਨਹੀਂ ਹੁੰਦਾ, ਉਹ ਸਦਾ ਦੁੱਖਾਂ ਵਿਚ ਹੀ ਘਿਰਿਆ ਰਹਿੰਦਾ ਹੈ ॥੨॥

ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ ॥

(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜੇ ਇਹ ਬੜੀ ਤਾਂਘ ਭੀ ਕਰੀਏ ਕਿ ਉਹ ਪਰਮਾਤਮਾ ਦਾ ਸਿਮਰਨ ਕਰੇ (ਤਾਂ ਭੀ ਇਸ ਤਾਂਘ ਤੇ ਪ੍ਰੇਰਨਾ ਵਿਚ ਸਫਲਤਾ ਨਹੀਂ ਹੁੰਦੀ, ਕਿਉਂਕਿ ਪਿਛਲੇ ਜਨਮਾਂ ਵਿਚ) ਕੀਤੇ ਕਰਮਾਂ ਦਾ ਪ੍ਰਭਾਵ ਮਿਟਾਇਆ ਨਹੀਂ ਜਾ ਸਕਦਾ।

ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ ॥੩॥

ਭਗਤ ਜਨ ਹੀ ਪਰਮਾਤਮਾ ਦੀ ਰਜ਼ਾ ਨੂੰ ਪਰਵਾਨ ਕਰਦੇ ਹਨ, ਉਹ ਭਗਤ ਹੀ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੇ ਹਨ ॥੩॥

ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ ॥

ਗੁਰੂ ਪ੍ਰੇਮ ਨਾਲ (ਆਪਣਾ) ਸ਼ਬਦ (ਸਰਨ ਆਏ ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ, ਪਰ (ਗੁਰੂ ਭੀ ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਨਹੀਂ ਮਿਲਦਾ।

ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥੪॥

(ਗੁਰੂ ਤੋਂ ਬੇਮੁਖ ਮਨੁੱਖ, ਮਾਨੋ, ਇਕ ਐਸਾ ਰੁੱਖ ਹੈ ਕਿ) ਜੇ ਉਸ ਨੂੰ ਸੌ ਵਾਰੀ ਭੀ ਅੰਮ੍ਰਿਤ ਸਿੰਜੀਏ ਤਾਂ ਭੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ ॥੪॥

ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ ॥

ਉਹੀ ਮਨੁੱਖ ਸਦਾ ਲਈ ਪਵਿਤ੍ਰ ਜੀਵਨ ਵਾਲੇ ਰਹਿੰਦੇ ਹਨ ਜਿਨ੍ਹਾਂ ਦਾ ਗੁਰੂ ਨਾਲ ਪਿਆਰ (ਟਿਕਿਆ ਰਹਿੰਦਾ) ਹੈ।

ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ ॥੫॥

ਉਹ ਮਨੁੱਖ ਆਪਣੇ ਅੰਦਰੋਂ ਹਉਮੈ ਦਾ ਜ਼ਹਰ ਹਉਮੈ ਦਾ ਵਿਕਾਰ ਦੂਰ ਕਰ ਕੇ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਬਿਤਾਂਦੇ ਹਨ ॥੫॥

ਮਨਹਠਿ ਕਿਤੈ ਉਪਾਇ ਨ ਛੂਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥

(ਹੇ ਭਾਈ!) ਬੇ-ਸ਼ੱਕ ਤੁਸੀ ਸ਼ਾਸਤ੍ਰਾਂ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕਾਂ) ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ, ਆਪਣੇ ਮਨ ਦੇ ਹਠ ਨਾਲ ਕੀਤੇ ਹੋਏ ਕਿਸੇ ਭੀ ਤਰੀਕੇ ਨਾਲ (ਹਉਮੈ ਦੇ ਜ਼ਹਰ ਤੋਂ) ਬਚ ਨਹੀਂ ਸਕੀਦਾ।

ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ ॥੬॥

ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤਿ ਵਿਚ ਮਿਲ ਕੇ ਹੀ (ਮਨੁੱਖ ਹਉਮੈ ਦੇ ਵਿਕਾਰ ਤੋਂ) ਬਚਦੇ ਹਨ ॥੬॥

ਹਰਿ ਕਾ ਨਾਮੁ ਨਿਧਾਨੁ ਹੈ ਜਿਸੁ ਅੰਤੁ ਨ ਪਾਰਾਵਾਰੁ ॥

ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ (ਸਭ ਪਦਾਰਥਾਂ ਦਾ ਗੁਣਾਂ ਦਾ) ਖ਼ਜ਼ਾਨਾ ਹੈ।

ਗੁਰਮੁਖਿ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰੁ ॥੭॥

ਗੁਰੂ ਦੀ ਸਰਨ ਪੈ ਕੇ ਉਹੀ ਮਨੁੱਖ (ਇਹ ਖ਼ਜ਼ਾਨਾ ਹਾਸਲ ਕਰਦੇ ਹਨ ਤੇ) ਸੋਹਣੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ॥੭॥

ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥

ਹੇ ਨਾਨਕ! (ਗੁਰੂ ਹੀ ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਹੈ, ਕੋਈ ਹੋਰ ਨਹੀਂ (ਜੋ ਇਹ ਦਾਤ ਦੇ ਸਕੇ।)

ਗੁਰਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੮॥੨॥੧੯॥

(ਪਰਮਾਤਮਾ ਦਾ ਨਾਮ) ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਨਾਲ ਮਿਲਦਾ ਹੈ ॥੮॥੨॥੧੯॥


ਸਿਰੀਰਾਗੁ ਮਹਲਾ ੩ ॥
ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥

ਜੇਹੜਾ ਜੀਵ-ਪੰਛੀ ਇਸ ਸਰੀਰ-ਰੁੱਖ ਵਿਚ ਬੈਠਾ ਹੋਇਆ ਗੁਰੂ ਦੇ ਪ੍ਰੇਮ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਚੋਗਾ ਚੁਗਦਾ ਹੈ, ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ।

ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥

ਉਹ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਮਾਇਕ ਪਦਾਰਥਾਂ ਦੇ ਚੋਗੇ ਵਲ) ਭਟਕਦਾ ਨਹੀਂ ਫਿਰਦਾ, (ਇਸ ਵਾਸਤੇ) ਜਨਮ ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ।

ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥੧॥

ਉਸ ਨੂੰ ਆਪਣੇ (ਅਸਲ) ਘਰ ਵਿਚ (ਪ੍ਰਭੂ-ਚਰਨਾਂ ਵਿਚ) ਨਿਵਾਸ ਮਿਲਿਆ ਰਹਿੰਦਾ ਹੈ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥

ਮਨ ਰੇ ਗੁਰ ਕੀ ਕਾਰ ਕਮਾਇ ॥

ਹੇ ਮੇਰੇ ਮਨ! ਗੁਰੂ ਦੀ ਦੱਸੀ ਕਾਰ ਕਰ।

ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥

ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ, ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੇਂਗਾ ॥੧॥ ਰਹਾਉ ॥

ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥

ਜੇਹੜੇ ਜੀਵ-ਪੰਛੀ (ਆਪੋ ਆਪਣੇ) ਸਰੀਰ ਰੁੱਖਾਂ ਉੱਤੇ (ਬੈਠੇ ਵੇਖਣ ਨੂੰ ਤਾਂ) ਸੋਹਣੇ ਲੱਗਦੇ ਹਨ (ਪਰ ਮਾਇਕ ਪਦਾਰਥਾਂ ਦੇ ਚੋਗੇ ਪਿੱਛੇ) ਉੱਡਦੇ ਫਿਰਦੇ ਹਨ, ਚੌਹੀਂ ਪਾਸੀਂ ਭਟਕਦੇ ਹਨ।

ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥

ਉਹ ਜਿਤਨਾ ਹੀ (ਚੋਗੇ ਪਿੱਛੇ) ਉੱਡਦੇ ਹਨ, ਉਤਨਾ ਹੀ ਵਧੀਕ ਦੁੱਖ ਸਹਾਰਦੇ ਹਨ, ਸਦਾ ਖਿੱਝਦੇ ਹਨ ਤੇ ਵਿਲਕਦੇ ਹਨ।

ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥੨॥

ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ (ਪਰਮਾਤਮਾ ਦਾ) ਟਿਕਾਣਾ ਦਿੱਸਦਾ ਨਹੀਂ, ਨਾਹ ਹੀ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਸਕਦੇ ਹਨ ॥੨॥

ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹ, ਮਾਨੋ, ਇਕ ਹਰਾ-ਭਰਾ ਰੁੱਖ ਹੈ। (ਉਹ ਵਡਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ।

ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜ ਕੇ (ਮਾਇਆ ਦੇ ਤਿੰਨ ਰੂਪ) ਤਿੰਨ ਟਹਣੀਆਂ ਉਸ ਨੇ ਦੂਰ ਕਰ ਲਈਆਂ ਹੋਈਆਂ ਹਨ।

ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥

ਉਸ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਇਕ ਨਾਮ-ਫਲ ਲੱਗਦਾ ਹੈ। (ਪ੍ਰਭੂ ਮਿਹਰ ਕਰ ਕੇ) ਆਪ ਹੀ (ਉਸ ਨੂੰ ਇਹ ਫਲ) ਚਖਾ ਦੇਂਦਾ ਹੈ ॥੩॥

ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥

(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਨੋ, ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ, ਉਹਨਾਂ ਨੂੰ ਨਾਹ ਹੀ ਫਲ ਲਗਦਾ ਹੈ, ਨਾਹ ਹੀ ਉਹਨਾਂ ਦੀ ਛਾਂ ਹੁੰਦੀ ਹੈ, (ਭਾਵ, ਨਾਹ ਹੀ ਉਹਨਾਂ ਪਾਸ ਪ੍ਰਭੂ ਦਾ ਨਾਮ ਹੈ, ਤੇ ਨਾਹ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ)।

ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥

ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਉਹਨਾਂ ਦਾ ਕੋਈ ਘਰ-ਘਾਟ ਨਹੀਂ ਹੈ (ਉਹਨਾਂ ਨੂੰ ਕੋਈ ਆਤਮਕ ਸਹਾਰਾ ਨਹੀਂ ਮਿਲਦਾ)।

ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥

ਉਹ (ਮਨਮੁਖ ਰੁੱਖ) ਸਦਾ ਕੱਟੀਦੇ ਹਨ ਤੇ ਸਾੜੀਦੇ ਹਨ (ਭਾਵ, ਮਾਇਆ ਦੇ ਮੋਹ ਦੇ ਕਾਰਨ ਉਹ ਨਿੱਤ ਦੁਖੀ ਰਹਿੰਦੇ ਹਨ), ਉਹਨਾਂ ਪਾਸ ਨਾਹ ਪ੍ਰਭੂ ਦੀ ਸਿਫ਼ਤ-ਸਾਲਾਹ ਹੈ ਨਾਹ ਪ੍ਰਭੂ ਦਾ ਨਾਮ ਹੈ ॥੪॥

ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥

(ਪਰ ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਤੇਰੇ) ਹੁਕਮ ਵਿਚ ਹੀ (ਜੀਵ) ਕਰਮ ਕਮਾਂਦੇ ਹਨ, (ਤੇਰੇ ਹੁਕਮ ਵਿਚ ਹੀ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫੇਰ ਪਿਆ ਰਹਿੰਦਾ ਹੈ।

ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥

ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ, ਜਿੱਧਰ ਤੂੰ ਭੇਜਦਾ ਹੈਂ ਉਧਰ ਜੀਵਾਂ ਨੂੰ ਜਾਣਾ ਪੈਂਦਾ ਹੈ।

ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥੫॥

ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿਚ ਤੇਰਾ ਹਰਿ ਨਾਮ ਵੱਸਦਾ ਹੈ, ਤੇਰੇ ਹੁਕਮ ਵਿਚ ਹੀ ਤੇਰੇ ਸਦਾ-ਥਿਰ ਸਰੂਪ ਵਿਚ ਉਹਨਾਂ ਦੀ ਲੀਨਤਾ ਰਹਿੰਦੀ ਹੈ ॥੫॥

ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥

ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ, ਉਹ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ।

ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥

ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ।

ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥

ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਨਾਹ ਹੀ ਉਹਨਾਂ ਦਾ ਸਦਾ-ਥਿਰ ਪ੍ਰਭੂ ਵਿਚ ਪਿਆਰ ਬਣਦਾ ਹੈ ॥੬॥

ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ (ਨਾਮ ਦੀ ਲਾਲਗੀ ਨਾਲ) ਸੋਹਣੇ ਲੱਗਦੇ ਹਨ, ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ।

ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥

ਉਹ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਭਗਤੀ ਕਰਦੇ ਹਨ, ਉਹ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, (ਇਸ ਵਾਸਤੇ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।

ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥

ਉਹਨਾਂ ਬੰਦਿਆਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ, ਉਹ ਆਪਣੀ ਸਾਰੀ ਕੁਲ ਦਾ ਭੀ ਪਾਰ-ਉਤਾਰਾ ਕਰ ਲੈਂਦੇ ਹਨ ॥੭॥

ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥

(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ, ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ (ਭਾਵ, ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ)।

ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥

ਸਦਾ-ਥਿਰ ਰਹਿਣ ਵਾਲਾ ਪ੍ਰਭੂ ਜਿਹੋ ਜਿਹੀ ਨਿਗਾਹ ਕਰ ਕੇ ਕਿਸੇ ਜੀਵ ਵਲ ਵੇਖਦਾ ਹੈ, ਉਹ ਜੀਵ ਉਹੋ ਜਿਹਾ ਬਣ ਜਾਂਦਾ ਹੈ।

ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥੮॥੩॥੨੦॥

ਹੇ ਨਾਨਕ! (ਉਸ ਦੀ ਮਿਹਰ ਦੀ ਨਜ਼ਰ ਨਾਲ ਜੇਹੜਾ ਮਨੁੱਖ ਉਸ ਦੇ ਨਾਮ ਵਿਚ (ਜੁੜਦਾ ਹੈ, ਉਸ ਨੂੰ) ਵਡਿਆਈਆਂ ਮਿਲਦੀਆਂ ਹਨ। ਪਰ ਉਸ ਦਾ ਨਾਮ ਉਸ ਦੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ॥੮॥੩॥੨੦॥


ਸਿਰੀਰਾਗੁ ਮਹਲਾ ੩ ॥
ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥

ਗੁਰੂ ਦੀ ਸਰਨ ਪਿਆਂ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਆਪਣੇ ਮਨ ਦੇ ਪਿੱਛੇ ਤੁਰਿਆਂ (ਸਿਮਰਨ ਦੀ) ਸੂਝ ਨਹੀਂ ਪੈਂਦੀ।

ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ ॥

ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਲੋਕ ਪਰਲੋਕ ਵਿਚ) ਸਦਾ ਸੁਰਖ਼ਰੂ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਤੇ ਉਹਨਾਂ ਦੇ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ)।

ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ ॥੧॥

ਆਤਮਕ ਅਡੋਲਤਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ। (ਗੁਰੂ ਦੀ ਸਰਨ ਪਿਆਂ ਮਨੁੱਖ ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥

ਭਾਈ ਰੇ ਦਾਸਨਿ ਦਾਸਾ ਹੋਇ ॥

ਹੇ ਭਾਈ! ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ,

ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥੧॥ ਰਹਾਉ ॥

ਇਹੀ ਹੈ ਗੁਰੂ ਦੀ (ਦੱਸੀ) ਸੇਵਾ, ਇਹ ਹੈ ਗੁਰੂ ਦੀ (ਦੱਸੀ) ਭਗਤੀ। (ਇਹ ਦਾਤਿ) ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਮਿਲਦੀ ਹੈ ॥੧॥ ਰਹਾਉ ॥

ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥

ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ (ਟਿਕ ਕੇ ਜੀਵਨ-ਰਾਹ ਤੇ) ਤੁਰਦੀਆਂ ਹਨ, ਉਹ ਪਰਮਾਤਮਾ-ਪਤੀ ਦੀ ਪ੍ਰਸੰਨਤਾ ਦੀ ਸੁਭਾਗਤਾ ਵਾਲੀਆਂ ਬਣ ਜਾਂਦੀਆਂ ਹਨ, ਉਹਨਾਂ ਦੀ ਇਹ ਸੁਭਾਗਤਾ ਸਦਾ ਕਾਇਮ ਰਹਿੰਦੀ ਹੈ।

ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ ॥

(ਗੁਰੂ ਦੀ ਸਰਨ ਪਿਆਂ) ਉਹ ਪਤੀ-ਪ੍ਰਭੂ ਮਿਲ ਪੈਂਦਾ ਹੈ ਜੋ ਸਦਾ ਅਟੱਲ ਹੈ, ਜੋ ਨਾਹ ਮਰਦਾ ਹੈ ਨਾਹ ਕਦੇ ਜੰਮਦਾ ਹੈ।

ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥੨॥

ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਵਿਚ ਮਿਲਦੀ ਹੈ, ਉਹ ਮੁੜ ਉਸ ਤੋਂ ਵਿੱਛੁੜਦੀ ਨਹੀਂ, ਉਹ ਸਦਾ ਪ੍ਰਭੂ-ਪਤੀ ਦੀ ਗੋਦ ਵਿਚ ਸਮਾਈ ਰਹਿੰਦੀ ਹੈ ॥੨॥

ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥

ਪਰਮਾਤਮਾ ਪਵਿਤ੍ਰ-ਸਰੂਪ ਹੈ, ਬਹੁਤ ਹੀ ਪਵਿਤ੍ਰ-ਸਰੂਪ ਹੈ, ਗੁਰੂ ਦੀ ਸਰਨ ਤੋਂ ਬਿਨਾ ਉਸ ਨਾਲ ਮਿਲਾਪ ਨਹੀਂ ਹੋ ਸਕਦਾ।

ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥

(ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ) ਨਿਰਾ ਪਾਠ (ਹੀ) ਪੜ੍ਹਦਾ ਹੈ, (ਉਹ ਇਸ ਭੇਤ ਨੂੰ) ਨਹੀਂ ਸਮਝਦਾ, (ਨਿਰੇ) ਧਾਰਮਿਕ ਭੇਖਾਂ ਨਾਲ (ਸਗੋਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ।

ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥੩॥

ਗੁਰੂ ਦੀ ਮਤਿ ਤੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ, ਤੇ (ਮਨੁੱਖ ਦੀ) ਜੀਭ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ ॥੩॥

ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ ॥

(ਜੇਹੜਾ ਮਨੁੱਖ) ਗੁਰੂ ਦੀ ਮਤਿ ਅਨੁਸਾਰ (ਤੁਰਦਾ ਹੈ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਮੁਕਾ ਲੈਂਦਾ ਹੈ (ਉਹ) ਆਤਮਕ ਅਡੋਲਤਾ ਵਿਚ (ਟਿਕ ਜਾਂਦਾ ਹੈ, ਉਹ ਪ੍ਰਭੂ ਦੇ) ਪ੍ਰੇਮ ਵਿਚ (ਲੀਨ ਰਹਿਂਦਾ ਹੈ)।

ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥

ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ।

ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ ॥੪॥

(ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ ॥੪॥

ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥

(ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਭੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ, ਪ੍ਰਭੂ-ਪ੍ਰੇਮ ਵਿਚ ਉਹਨਾਂ ਦੀ ਸੁਰਤ ਨਹੀਂ ਜੁੜਦੀ।

ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥

ਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗ਼ਲਬਾ ਪਾ ਰਹੀ ਹੈ, (ਸਭ ਜੀਵਾਂ ਨੂੰ ਹੀ) ਬਹੁਤ ਚੰਬੜੀ ਹੋਈ ਹੈ।

ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥੫॥

(ਹੇ ਭਾਈ!) ਗੁਰੂ ਦੀ ਸਰਨ ਤੋਂ ਬਿਨਾਂ (ਮਾਇਆ ਤੋਂ) ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਭੀ ਦੂਰ ਨਹੀਂ ਹੁੰਦਾ ॥੫॥

ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ ॥

(ਜੇ ਪੁੱਛੋ ਕਿ) ਮਾਇਆ ਕਿਸ ਚੀਜ਼ ਦਾ ਨਾਮ ਹੈ? (ਮਾਇਆ ਦਾ ਕੀਹ ਸਰੂਪ ਹੈ? ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ) ਮਾਇਆ ਕੇਹੜੇ ਕੰਮ ਕਰਦੀ ਹੈ?

ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥

(ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ) ਇਹ ਜੀਵ ਦੁੱਖ (ਦੀ ਨਿਵਿਰਤੀ) ਵਿਚ ਤੇ ਸੁਖ (ਦੀ ਲਾਲਸਾ) ਵਿਚ ਬੱਝਾ ਰਹਿੰਦਾ ਹੈ, ਤੇ ‘ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ’ ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ।

ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥੬॥

ਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾਹ ਹੀ ਇਸ ਦੇ ਅੰਦਰੋਂ ਮੈਂ-ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ ॥੬॥

ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ ॥

ਗੁਰੂ ਦੇ ਸ਼ਬਦ ਤੋਂ ਬਿਨਾ (ਮਨੁੱਖ ਦੇ ਅੰਦਰ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ) ਪ੍ਰੀਤਿ ਤੋਂ ਬਿਨਾ (ਜੀਵ ਪਾਸੋਂ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ ਦਰ ਤੇ) ਜੀਵ ਕਬੂਲ ਨਹੀਂ ਹੁੰਦਾ।

ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥

ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ (ਮਨ ਵਿਚੋਂ) ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ।

ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਇ ॥੭॥

ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ (ਕੀਮਤੀ ਪਦਾਰਥ) ਮਿਲਦਾ ਹੈ, ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਸਮਾਈ ਹੁੰਦੀ ਹੈ ॥੭॥

ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥

ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।

ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥

(ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ) ਆਤਮਕ ਅਡੋਲਤਾ ਵਿਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ।

ਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ ॥੮॥੪॥੨੧॥

ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। (ਪਰ ਇਹ ਦਾਤਿ) ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ॥੮॥੪॥੨੧॥


ਸਿਰੀਰਾਗੁ ਮਹਲਾ ੩ ॥
ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥

ਮੇਰੇ ਪ੍ਰਭੂ ਨੇ (ਆਪ ਹੀ) ਮਾਇਆ ਦਾ ਮੋਹ ਪੈਦਾ ਕੀਤਾ ਹੈ, ਉਹ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈ।

ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥

(ਉਸ ਭਟਕਣਾ ਵਿਚ ਪਏ ਹੋਏ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਿੱਥੇ ਹੋਏ ਧਾਰਮਿਕ) ਕੰਮ ਕਰਦੇ ਰਹਿੰਦੇ ਹਨ, ਤੇ (ਇਹ) ਨਹੀਂ ਸਮਝਦੇ (ਕਿ ਅਸੀਂ ਕੁਰਾਹੇ ਪਏ ਹੋਏ ਹਾਂ)। (ਜੇਹੜਾ ਭੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਹ ਆਪਣਾ) ਜਨਮ ਵਿਅਰਥ ਗਵਾਂਦਾ ਹੈ।

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥

ਸਤਿਗੁਰੂ ਦੀ ਬਾਣੀ ਇਸ ਜਗਤ ਵਿਚ (ਜੀਵਨ ਦੇ ਰਸਤੇ ਵਿਚ) ਚਾਨਣ (ਕਰਦੀ) ਹੈ। ਇਹ ਬਾਣੀ (ਪਰਮਾਤਮਾ ਦੀ) ਮਿਹਰ ਨਾਲ (ਹੀ) ਮਨੁੱਖ ਦੇ ਮਨ ਵਿਚ ਆ ਵੱਸਦੀ ਹੈ ॥੧॥

ਮਨ ਰੇ ਨਾਮੁ ਜਪਹੁ ਸੁਖੁ ਹੋਇ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, (ਨਾਮ ਜਪਣ ਨਾਲ ਹੀ) ਆਤਮਕ ਆਨੰਦ ਮਿਲਦਾ ਹੈ।

ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥

(ਸਿਮਰਨ ਦੀ ਦਾਤ ਗੁਰੂ ਤੋਂ ਮਿਲਦੀ ਹੈ, ਇਸ ਵਾਸਤੇ) ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਆਤਮਕ ਅਡੋਲਤਾ ਵਿਚ (ਟਿਕਦਾ ਹੈ, ਤੇ ਮਨੁੱਖ ਨੂੰ) ਉਹ ਪਰਮਾਤਮਾ ਮਿਲ ਪੈਂਦਾ ਹੈ ॥੧॥ ਰਹਾਉ ॥

ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ ॥

(ਗੁਰੂ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ, (ਹਰੇਕ ਕਿਸਮ ਦਾ) ਡਰ ਨੱਸ ਜਾਂਦਾ ਹੈ।

ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥

ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ ਭਾਵ, ਸ਼ਬਦ ਅਨੁਸਾਰ ਜੀਵਨ ਬਿਤਾਣਾ ਚਾਹੀਦਾ ਹੈ, ਇਸ ਤਰ੍ਹਾਂ) ਪਰਮਾਤਮਾ ਮਨ ਵਿਚ ਆ ਵੱਸਦਾ ਹੈ,

ਘਰਿ ਮਹਲਿ ਸਚਿ ਸਮਾਈਐ ਜਮਕਾਲੁ ਨ ਸਕੈ ਖਾਇ ॥੨॥

ਅੰਤਰ ਆਤਮੇ ਟਿਕ ਜਾਈਦਾ ਹੈ, ਪ੍ਰਭੂ-ਚਰਨਾਂ ਵਿਚ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿ ਸਕੀਦਾ ਹੈ, ਤੇ ਆਤਮਕ ਮੌਤ (ਸੁਚੱਜੇ ਜੀਵਨ ਨੂੰ) ਖਾ ਨਹੀਂ ਸਕਦੀ ॥੨॥

ਨਾਮਾ ਛੀਬਾ ਕਬੀਰੁ ਜੁੋਲਾਹਾ ਪੂਰੇ ਗੁਰ ਤੇ ਗਤਿ ਪਾਈ ॥

(ਵੇਖੋ) ਨਾਮ ਦੇਵ (ਜਾਤਿ ਦਾ) ਛੀਂਬਾ (ਸੀ) ਕਬੀਰ ਜੁਲਾਹਾ (ਸੀ, ਉਹਨਾਂ ਨੇ) ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ,

ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥

ਉਹ ਪਰਮਾਤਮਾ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਹਨਾਂ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, (ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ) ਹਉਮੈ ਦਾ ਬੀ ਨਾਸ ਕਰ ਦਿੱਤਾ।

ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥੩॥

ਹੇ ਭਾਈ! (ਹੁਣ) ਦੇਵਤੇ ਤੇ ਮਨੁੱਖ ਉਹਨਾਂ ਦੀ (ਉਚਾਰੀ ਹੋਈ) ਬਾਣੀ ਗਾਂਦੇ ਹਨ, ਕੋਈ ਬੰਦਾ (ਉਹਨਾਂ ਨੂੰ ਮਿਲੀ ਹੋਈ ਇਸ ਇੱਜ਼ਤ ਨੂੰ) ਮਿਟਾ ਨਹੀਂ ਸਕਦਾ ॥੩॥

ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥

(ਹਰਨਾਖਸ਼) ਦੈਂਤ ਦਾ ਪੁੱਤਰ (ਭਗਤ ਪ੍ਰਹਿਲਾਦ ਮਿੱਥੇ ਹੋਏ) ਧਾਰਮਿਕ ਕਰਮਾਂ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੀਆਂ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸਤਕਾਂ ਨਹੀਂ ਸੀ ਪੜ੍ਹਦਾ, ਉਹ ਪ੍ਰਭੂ ਬਿਨਾ ਕਿਸੇ ਹੋਰ (ਦੇਵਤੇ ਆਦਿਕ) ਨਾਲ ਪਿਆਰ (ਕਰਨਾ) ਨਹੀਂ ਸੀ ਜਾਣਦਾ।

ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥

ਪੂਰਾ ਗੁਰੂ ਮਿਲਣ (ਦੀ ਬਰਕਤਿ) ਨਾਲ ਉਹ ਪਵਿੱਤ੍ਰ (ਜੀਵਨ ਵਾਲਾ) ਹੋ ਗਿਆ, ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ।

ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥

ਉਹ ਇਕ (ਪਰਮਾਤਮਾ) ਦੀ ਸਿਫ਼ਤ-ਸਾਲਾਹ ਪੜ੍ਹਦਾ ਸੀ, ਇਕ ਪਰਮਾਤਮਾ ਦਾ ਨਾਮ ਹੀ ਸਮਝਦਾ ਸੀ, ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਪ੍ਰਭੂ ਵਰਗਾ) ਨਹੀਂ ਸੀ ਜਾਣਦਾ ॥੪॥

ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ ॥

ਜੋਗੀ (ਹੋਣ) ਸੰਨਿਆਸੀ (ਹੋਣ, ਇਹ ਸਾਰੇ ਹੀ) ਛੇ ਭੇਖਾਂ ਦੇ ਸਾਧ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।

ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ ॥

ਜਦੋਂ (ਇਹ) ਗੁਰੂ ਦੀ ਸਰਨ ਪੈਂਦੇ ਹਨ, ਤਦੋਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਕੇ ਉੱਚੀ ਆਤਮਕ ਅਵਸਥਾ ਤੇ (ਸਹੀ) ਜੀਵਨ-ਜੁਗਤਿ ਪ੍ਰਾਪਤ ਕਰਦੇ ਹਨ।

ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ ॥੫॥

ਜਿਸ ਮਨੁੱਖ ਦਾ ਚਿੱਤ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਪਰਚਦਾ ਹੈ, ਉਹ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ॥੫॥

ਪੰਡਿਤ ਪੜਿ ਪੜਿ ਵਾਦੁ ਵਖਾਣਹਿ ਬਿਨੁ ਗੁਰ ਭਰਮਿ ਭੁਲਾਏ ॥

ਪੰਡਿਤ (ਲੋਕ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਨਿਰੀ) ਚਰਚਾ (ਹੀ) ਕਰਦੇ ਸੁਣਦੇ ਹਨ, (ਉਹ ਭੀ) ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।

ਲਖ ਚਉਰਾਸੀਹ ਫੇਰੁ ਪਇਆ ਬਿਨੁ ਸਬਦੈ ਮੁਕਤਿ ਨ ਪਾਏ ॥

(ਕੋਈ ਭੀ ਮਨੁੱਖ) ਗੁਰੂ ਦੇ ਸ਼ਬਦ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ, (ਗੁਰੂ ਦੀ ਸਰਨ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦਾ ਗੇੜ ਬਣਿਆ ਰਹਿੰਦਾ ਹੈ।

ਜਾ ਨਾਉ ਚੇਤੈ ਤਾ ਗਤਿ ਪਾਏ ਜਾ ਸਤਿਗੁਰੁ ਮੇਲਿ ਮਿਲਾਏ ॥੬॥

ਜਦੋਂ ਗੁਰੂ (ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜਦਾ ਹੈ, ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਤਦੋਂ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੬॥

ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ ॥

ਜਦੋਂ (ਮਨੁੱਖ ਨੂੰ) ਪਿਆਰ ਨਾਲ ਗੁਰੂ ਮਿਲਦਾ ਹੈ (ਗੁਰੂ ਦੀ ਕਿਰਪਾ ਨਾਲ) ਸਤਸੰਗ ਵਿਚ ਰਹਿ ਕੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ।

ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥

(ਮੇਰੀ ਇਹੀ ਅਰਦਾਸ ਹੈ ਕਿ) ਮੈਂ ਆਪਣਾ ਮਨ ਆਪਣਾ ਤਨ (ਗੁਰੂ ਦੇ) ਹਵਾਲੇ ਕਰ ਦਿਆਂ, ਮੈਂ (ਗੁਰੂ ਦੇ ਅੱਗੇ) ਆਪਣਾ ਆਪਾ-ਭਾਵ ਗਵਾ ਦਿਆਂ, ਤੇ ਮੈਂ ਗੁਰੂ ਦੇ ਪ੍ਰੇਮ ਵਿਚ ਜੀਵਨ ਗੁਜ਼ਾਰਾਂ।

ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥

ਜੇਹੜੇ ਗੁਰੂ ਪਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦੇਂਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੭॥

ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥

(ਉੱਚੀ ਜਾਤਿ ਦਾ ਮਾਣ ਵਿਅਰਥ ਹੈ) ਉਹੀ ਬ੍ਰਾਹਮਣ ਹੈ, ਜੇਹੜਾ ਬ੍ਰਹਮ (ਪ੍ਰਭੂ) ਨੂੰ ਪਛਾਣਦਾ ਹੈ, ਜੇਹੜਾ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ।

ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥

(ਜਾਤਿ ਦਾ ਕੋਈ ਭਿੰਨ-ਭੇਦ ਨਹੀਂ) ਪ੍ਰਭੂ ਸਭ ਸਰੀਰਾਂ ਵਿਚ ਸਭ ਜੀਵਾਂ ਦੇ ਨੇੜੇ ਵੱਸਦਾ ਹੈ। ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ, ਜੋ ਗੁਰੂ ਦੀ ਸਰਨ ਪਏ।

ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥

ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੁੜਿਆਂ ਪ੍ਰਭੂ ਨਾਲ ਜਾਣ-ਪਛਾਣ ਪੈਂਦੀ ਹੈ, ਪ੍ਰਭੂ ਦਾ ਨਾਮ ਮਿਲਦਾ ਹੈ ਤੇ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੫॥੨੨॥


ਸਿਰੀਰਾਗੁ ਮਹਲਾ ੩ ॥
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥

ਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਲਈ ਤਰਸਦੀ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਇਹ ਸਹਜ ਅਵਸਥਾ ਨਹੀਂ ਮਿਲਦੀ।

ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥

ਪੰਡਿਤ ਤੇ ਜੋਤਸ਼ੀ (ਸ਼ਾਸਤ੍ਰ ਆਦਿਕ ਧਰਮ-ਪੁਸਤਕਾਂ) ਪੜ੍ਹ-ਪੜ੍ਹ ਕੇ ਥੱਕ ਗਏ (ਪਰ ਸਹਜ-ਅਵਸਥਾ ਪ੍ਰਾਪਤ ਨਾਹ ਕਰ ਸਕੇ), ਛੇ ਭੇਖਾਂ ਦੇ ਸਾਧੂ ਭੀ ਭਟਕ ਭਟਕ ਕੇ ਕੁਰਾਹੇ ਹੀ ਪਏ ਰਹੇ (ਉਹ ਭੀ ਸਹਜ-ਅਵਸਥਾ ਨਾ ਲੱਭ ਸਕੇ)।

ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥

ਜਿਨ੍ਹਾਂ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਸਹਜ-ਅਵਸਥਾ ਪ੍ਰਾਪਤ ਕਰਦੇ ਹਨ ॥੧॥

ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥

ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ।

ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥

ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਹੀ ਆਤਮਕ ਅਡੋਲਤਾ (ਮਨ ਦੀ ਸ਼ਾਂਤੀ) ਪੈਦਾ ਹੁੰਦੀ ਹੈ, ਤੇ ਉਹ ਸਦਾ-ਥਿਰ ਰਹਿਣ ਵਾਲਾ ਹਰੀ ਮਿਲਦਾ ਹੈ ॥੧॥ ਰਹਾਉ ॥

ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥

ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਕੀਤਾ ਜਾਏ। ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ।

ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥

ਆਤਮਕ ਅਡੋਲਤਾ ਵਿਚ ਟਿਕਿਆਂ ਹੀ (ਮਨੁੱਖ ਦੇ ਅੰਦਰ ਪਰਮਾਤਮਾ ਦੀ) ਭਗਤੀ (ਦਾ ਜਜ਼ਬਾ) ਪੈਦਾ ਹੁੰਦਾ ਹੈ, ਆਤਮਕ ਅਡੋਲਤਾ ਦੀ ਰਾਹੀਂ ਹੀ ਮਨੁੱਖ ਪ੍ਰਭੂ ਦੇ ਪਿਆਰ ਵਿਚ ਟਿਕਦਾ ਹੈ, (ਦੁਨੀਆ ਵਲੋਂ) ਵੈਰਾਗ ਵਿਚ ਰਹਿੰਦਾ ਹੈ।

ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥

ਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਅਡੋਲਤਾ ਤੋਂ ਬਿਨਾ (ਮਨੁੱਖ ਦੀ ਸਾਰੀ) ਜ਼ਿੰਦਗੀ ਵਿਅਰਥ ਜਾਂਦੀ ਹੈ ॥੨॥

ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥

(ਹੇ ਭਾਈ!) ਤੂੰ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਅਡੋਲਤਾ ਵਿਚ ਸਮਾਧੀ ਲਾ ਕੇ ਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੀਂ।

ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥

ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਭਗਤੀ ਕਰਦਾ ਹੈ,

ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੀ ਜੀਭ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦੀ ਰਹਿੰਦੀ ਹੈ ॥੩॥

ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਰਨ ਪੈ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਜਿਨ੍ਹਾਂ ਨੇ ਆਤਮਕ ਮੌਤ ਨੂੰ ਮਾਰ ਲਿਆ,

ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥

ਇਹ ਸਦਾ ਨਾਲ ਨਿਭਣ ਵਾਲੀ ਕਾਰ ਕਰਨ ਦੇ ਕਾਰਨ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥

ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਬੰਦੇ ਵੱਡੇ ਭਾਗਾਂ ਵਾਲੇ ਹੋ ਗਏ, ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥

ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥

ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਤਾਂ (ਪ੍ਰਭੂ ਤੋਂ ਬਿਨਾ ਕਿਸੇ) ਹੋਰ ਪਿਆਰ ਵਿਚ (ਫਸਾਂਦੀ ਹੈ)।

ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥

ਅਜੇਹੇ ਮਨਮੁਖਤਾ ਵਾਲੇ ਕਰਮ ਕੀਤਿਆਂ ਮਨੁੱਖ ਹਉਮੈ ਵਿਚ ਹੀ ਸੜਦਾ ਹੈ, (ਆਪਣੇ ਆਪ ਨੂੰ ਸਾੜਦਾ ਹੈ।

ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥੫॥

ਉਸ ਦਾ ਜਨਮ ਮਰਨ ਦਾ ਗੇੜ ਕਦੇ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦਾ ਰਹਿੰਦਾ ਹੈ ॥੫॥

ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥

ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਜੀਵ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ।

ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥

(ਇਸ ਹਾਲਤ ਵਿਚ) ਧਾਰਮਿਕ ਪੁਸਤਕਾਂ ਪੜ੍ਹਨ ਦਾ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਜੀਵ ਆਪਣੇ ਮੂਲ-ਪ੍ਰਭੂ ਤੋਂ ਖੁੰਝ ਕੇ (ਗ਼ਲਤ ਜੀਵਨ-ਰਾਹ ਤੇ) ਤੁਰਦਾ ਹੈ।

ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥

(ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ) ਚੌਥੀ ਆਤਮਕ ਅਵਸਥਾ ਵਿਚ ਅੱਪੜਿਆਂ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ, ਤੇ ਇਹ ਆਤਮਕ ਅਵਸਥਾ ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ॥੬॥

ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥

ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ, ਆਤਮਕ ਅਡੋਲਤਾ ਵਿਚ ਪਹੁੰਚਿਆਂ ਇਹ ਸਮਝ ਪੈਂਦੀ ਹੈ।

ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥

ਗੁਣਾਂ ਵਾਲੇ ਜੀਵ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ। (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਹ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਸ ਦੀ ਸੋਭਾ ਭੀ ਅਟੱਲ ਹੋ ਜਾਂਦੀ ਹੈ।

ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥

(ਉਹ ਪਰਮਾਤਮਾ ਇਤਨਾ ਦਇਆਲ ਹੈ ਕਿ ਉਹ ਸਰਨ ਆਏ) ਕੁਰਾਹੇ ਪਏ ਬੰਦਿਆਂ ਨੂੰ ਆਤਮਕ ਅਡੋਲਤਾ ਵਿਚ ਜੋੜ ਦੇਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ (ਵਡਭਾਗੀ ਪਰਮਾਤਮਾ ਨਾਲ) ਮਿਲਾਪ ਹੋ ਜਾਂਦਾ ਹੈ ॥੭॥

ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥

ਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, (ਜਗਤ ਉੱਤੇ) ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ।

ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਸੂਝ ਪੈਂਦੀ ਹੈ, ਉਹ ਉਸ ਅਪਾਰ ਪ੍ਰਭੂ ਵਿਚ (ਸੁਰਤ ਜੋੜੀ ਰੱਖਦਾ ਹੈ)।

ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥

(ਅਜੇਹੇ ਭਾਗਾਂ ਵਾਲੇ ਬੰਦਿਆਂ ਨੂੰ) ਪੂਰੇ ਗੁਰੂ ਨੇ ਕਰਤਾਰ ਨੇ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ॥੮॥

ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥

ਆਤਮਕ ਅਡੋਲਤਾ ਵਿਚ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ, ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਨਿਰਾ ਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ (ਦੱਸਿਆ) ਨਹੀਂ (ਜਾ ਸਕਦਾ)।

ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥

ਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ, ਤੇ ਸਭ ਦੀ ਜੋਤਿ (ਸੁਰਤਿ) ਨੂੰ ਆਪਣੀ ਜੋਤਿ ਵਿਚ ਮਿਲਾਣ ਦੇ ਸਮਰੱਥ ਹੈ।

ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥

(ਹੇ ਭਾਈ!) ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਵਡੱਪਣ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ ॥੯॥

ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥

ਜੇਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਪਰਮਾਤਮਾ ਦਾ ਨਾਮ ਹੀ ਉਹਨਾਂ ਦਾ (ਅਸਲ) ਧਨ ਬਣ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਇਸ ਨਾਮ-ਧਨ ਦਾ ਹੀ ਵਪਾਰ ਕਰਦੇ ਹਨ।

ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥

ਉਹ ਹਰ ਵੇਲੇ (ਪਰਮਾਤਮਾ ਦਾ ਨਾਮ ਸਿਮਰ ਕੇ) ਪਰਮਾਤਮਾ ਦਾ ਨਾਮ-ਲਾਭ ਹੀ ਖੱਟਦੇ ਹਨ, ਨਾਮ-ਧਨ ਨਾਲ ਭਰੇ ਹੋਏ ਉਹਨਾਂ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ।

ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥

ਹੇ ਨਾਨਕ! ਇਹ ਖ਼ਜ਼ਾਨੇ ਦੇਵਣਹਾਰ ਦਾਤਾਰ ਨੇ ਆਪ ਉਹਨਾਂ ਨੂੰ ਦਿੱਤੇ ਹੋਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਭੀ ਤੋਟ ਨਹੀਂ ਅਉਂਦੀ ॥੧੦॥੬॥੨੩॥


ਸਿਰੀਰਾਗੁ ਮਹਲਾ ੩ ॥
ਸਤਿਗੁਰਿ ਮਿਲਿਐ ਫੇਰੁ ਨ ਪਵੈ ਜਨਮ ਮਰਣ ਦੁਖੁ ਜਾਇ ॥

ਜੇ ਗੁਰੂ ਮਿਲ ਪਏ ਤਾਂ (ਚੌਰਾਸੀ ਲੱਖ ਜੂਨਾਂ ਵਾਲਾ) ਫੇਰਾ ਨਹੀਂ ਪੈਂਦਾ, ਜਨਮ ਮਰਨ ਵਿਚ ਪਾਣ ਵਾਲਾ ਦੁਖ ਦੂਰ ਹੋ ਜਾਂਦਾ ਹੈ।

ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ ॥੧॥

ਪੂਰੇ (ਅਭੁੱਲ) ਗੁਰੂ ਦੇ ਸ਼ਬਦ ਵਿਚ ਜੁੜਿਆਂ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ, (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਪਰਮਾਤਮਾ ਦੇ ਨਾਮ ਵਿਚ ਲੀਨ ਟਿਕਿਆ ਰਹਿੰਦਾ ਹੈ ॥੧॥

ਮਨ ਮੇਰੇ ਸਤਿਗੁਰ ਸਿਉ ਚਿਤੁ ਲਾਇ ॥

ਹੇ ਮੇਰੇ ਮਨ! ਗੁਰੂ ਨਾਲ ਚਿੱਤ ਜੋੜ।

ਨਿਰਮਲੁ ਨਾਮੁ ਸਦ ਨਵਤਨੋ ਆਪਿ ਵਸੈ ਮਨਿ ਆਇ ॥੧॥ ਰਹਾਉ ॥

(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦਾ ਪਵਿੱਤ੍ਰ ਨਾਮ ਸਦਾ ਨਵੇਂ ਆਨੰਦ ਵਾਲਾ ਲੱਗਦਾ ਹੈ, ਤੇ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥

ਹਰਿ ਜੀਉ ਰਾਖਹੁ ਅਪੁਨੀ ਸਰਣਾਈ ਜਿਉ ਰਾਖਹਿ ਤਿਉ ਰਹਣਾ ॥

ਹੇ ਪ੍ਰਭੂ ਜੀ! ਤੂੰ (ਜੀਵਾਂ ਨੂੰ) ਆਪਣੀ ਸਰਨ ਵਿਚ ਰੱਖ, ਜਿਸ ਆਤਮਕ ਅਵਸਥਾ ਵਿਚ ਤੂੰ (ਜੀਵਾਂ ਨੂੰ) ਰੱਖਦਾ ਹੈਂ ਉਸੇ ਵਿਚ ਉਹ ਰਹਿੰਦੇ ਹਨ।

ਗੁਰ ਕੈ ਸਬਦਿ ਜੀਵਤੁ ਮਰੈ ਗੁਰਮੁਖਿ ਭਵਜਲੁ ਤਰਣਾ ॥੨॥

ਗੁਰੂ ਦੇ ਸ਼ਬਦ ਵਿਚ ਜੁੜ ਕੇ ਮਨੁੱਖ ਦੁਨੀਆ ਵਿਚ ਵਿਚਰਦਾ ਹੋਇਆ ਹੀ ਵਿਕਾਰਾਂ ਵਲੋਂ ਹਟਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥

ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥

(ਹੇ ਭਾਈ!) ਪਰਮਾਤਮਾ ਦਾ ਨਾਮ ਵੱਡੀ ਕਿਸਮਤ ਨਾਲ ਮਿਲਦਾ ਹੈ। ਗੁਰੂ ਦੀ ਮਤਿ ਤੇ ਤੁਰਿਆਂ ਗੁਰੂ ਦੇ ਸ਼ਬਦ ਵਿਚ ਜੁੜਿਆਂ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ।

ਆਪੇ ਮਨਿ ਵਸਿਆ ਪ੍ਰਭੁ ਕਰਤਾ ਸਹਜੇ ਰਹਿਆ ਸਮਾਈ ॥੩॥

ਕਰਤਾਰ ਪ੍ਰਭੂ ਆਪ ਹੀ ਮਨ ਵਿਚ ਆ ਵੱਸਦਾ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ) ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੩॥

ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ ॥

ਕਈ ਐਸੇ ਹਨ ਜੋ ਆਪਣੇ ਹੀ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਨਹੀਂ ਲੱਗਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ) ਬੰਧਨ ਵਿਚ ਬੰਨ੍ਹ ਕੇ (ਜਨਮ ਮਰਨ ਦੇ ਗੇੜ ਵਿਚ) ਭਵਾਇਆ ਜਾਂਦਾ ਹੈ।

ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ ॥੪॥

ਉਹ ਚੌਰਾਸੀ ਲੱਖ ਜੂਨਾਂ ਵਿਚ ਮੁੜ ਮੁੜ ਜੰਮਦਾ ਹੈ, ਤੇ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ ॥੪॥

ਭਗਤਾ ਮਨਿ ਆਨੰਦੁ ਹੈ ਸਚੈ ਸਬਦਿ ਰੰਗਿ ਰਾਤੇ ॥

ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।

ਅਨਦਿਨੁ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ ॥੫॥

ਉਹ ਸਦਾ ਹਰ ਵੇਲੇ ਪਰਮਾਤਮਾ ਦੇ ਪਵਿਤ੍ਰ ਗੁਣ ਗਾਂਦੇ ਰਹਿੰਦੇ ਹਨ, (ਜਿਸ ਦੀ ਬਰਕਤਿ ਨਾਲ ਉਹ) ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਨਾਮ ਵਿਚ ਹੀ ਲੀਨ ਰਹਿੰਦੇ ਹਨ ॥੫॥

ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ।

ਏਕੋ ਸੇਵਨਿ ਏਕੁ ਅਰਾਧਹਿ ਗੁਰਮੁਖਿ ਅਕਥ ਕਹਾਣੀ ॥੬॥

ਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਇਕ ਪਰਮਾਤਮਾ ਦਾ ਹੀ ਸਿਮਰਨ ਕਰਦੇ ਹਨ। ਪਰਮਾਤਮਾ ਦਾ ਹੀ ਆਰਾਧਨ ਕਰਦੇ ਹਨ, ਤੇ ਉਸ ਪਰਮਾਤਮਾ ਦੀਆਂ ਹੀ ਕਥਾ-ਕਹਾਣੀਆਂ ਕਰਦੇ ਹਨ ਜਿਸ ਦੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ ॥੬॥

ਸਚਾ ਸਾਹਿਬੁ ਸੇਵੀਐ ਗੁਰਮੁਖਿ ਵਸੈ ਮਨਿ ਆਇ ॥

(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ। ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਮਰਦੇ ਹਨ, ਉਹਨਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ।

ਸਦਾ ਰੰਗਿ ਰਾਤੇ ਸਚ ਸਿਉ ਅਪੁਨੀ ਕਿਰਪਾ ਕਰੇ ਮਿਲਾਇ ॥੭॥

(ਉਹ ਵਡ-ਭਾਗੀ ਮਨੁੱਖ) ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਨਾਲ ਜੁੜੇ ਰਹਿੰਦੇ ਹਨ, ਪ੍ਰਭੂ ਆਪਣੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੭॥

ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆ ਦੇਇ ਜਗਾਇ ॥

(ਪਰ ਇਹ ਸਾਰੀ ਖੋਜ ਪਰਮਾਤਮਾ ਦੇ ਆਪਣੇ ਹੀ ਹੱਥ ਵਿਚ ਹੈ) ਪ੍ਰਭੂ ਆਪ ਹੀ (ਸਭ ਜੀਵਾਂ ਵਿਚ ਪ੍ਰੇਰਕ ਹੋ ਕੇ ਸਭ ਕੁਝ) ਕਰਦਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਕਈ ਜੀਵਾਂ ਨੂੰ ਭੀ ਪ੍ਰਭੂ ਆਪ ਹੀ ਜਗਾ ਦੇਂਦਾ ਹੈ।

ਆਪੇ ਮੇਲਿ ਮਿਲਾਇਦਾ ਨਾਨਕ ਸਬਦਿ ਸਮਾਇ ॥੮॥੭॥੨੪॥

ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੋੜ ਕੇ ਪ੍ਰਭੂ ਆਪ ਹੀ (ਉਹਨਾਂ ਨੂੰ) ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥੭॥੨੪॥


ਸਿਰੀਰਾਗੁ ਮਹਲਾ ੩ ॥
ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ ॥

ਜੇ ਗੁਰੂ ਦਾ ਪੱਲਾ ਫੜੀ ਰੱਖੀਏ, ਤਾਂ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ)।

ਮਨਿ ਆਨੰਦੁ ਸਦਾ ਸੁਖੁ ਪਾਇਆ ਭੇਟਿਆ ਗਹਿਰ ਗੰਭੀਰੁ ॥

(ਜੇਹੜਾ ਮਨੁੱਖ ਗੁਰੂ ਦੇ ਦਰ ਤੇ ਆ ਜਾਂਦਾ ਹੈ ਉਸ ਦੇ) ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਉਹ ਸਦਾ ਲਈ ਆਤਮਕ ਸੁਖ ਮਾਣਦਾ ਹੈ, ਉਸ ਨੂੰ ਡੂੰਘਾ ਤੇ ਵੱਡੇ ਜਿਗਰੇ ਵਾਲਾ ਪਰਮਾਤਮਾ ਮਿਲ ਪੈਂਦਾ ਹੈ।

ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥੧॥

ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ ਟਿਕੇ ਰਿਹਾਂ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਟਿਕਾਉ ਹਾਸਲ ਕਰ ਲੈਂਦਾ ਹੈ ॥੧॥

ਮਨ ਰੇ ਸਤਿਗੁਰੁ ਸੇਵਿ ਨਿਸੰਗੁ ॥

ਹੇ ਮੇਰੇ ਮਨ! ਝਾਕਾ ਲਾਹ ਕੇ ਗੁਰੂ ਦੀ ਸਰਨ ਪਉ।

ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥੧॥ ਰਹਾਉ ॥

(ਹੇ ਭਾਈ!) ਗੁਰੂ ਦੀ ਸਰਨ ਪਿਆਂ ਪਰਮਾਤਮਾ ਮਨ ਵਿਚ ਵੱਸਦਾ ਹੈ, ਤੇ (ਮਨ ਨੂੰ ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ ॥੧॥ ਰਹਾਉ ॥

ਸਚੈ ਸਬਦਿ ਪਤਿ ਊਪਜੈ ਸਚੇ ਸਚਾ ਨਾਉ ॥

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ; ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਦਾ-ਥਿਰ ਨਾਮ ਮਿਲ ਜਾਂਦਾ ਹੈ।

ਜਿਨੀ ਹਉਮੈ ਮਾਰਿ ਪਛਾਣਿਆ ਹਉ ਤਿਨ ਬਲਿਹਾਰੈ ਜਾਉ ॥

ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ।

ਮਨਮੁਖ ਸਚੁ ਨ ਜਾਣਨੀ ਤਿਨ ਠਉਰ ਨ ਕਤਹੂ ਥਾਉ ॥੨॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਨਾਲ ਜਾਣ-ਪਛਾਣ ਨਹੀਂ ਪਾ ਸਕਦੇ (ਇਸ ਵਾਸਤੇ ਆਤਮਕ ਸ਼ਾਂਤੀ ਵਾਸਤੇ) ਉਹਨਾਂ ਨੂੰ ਹੋਰ ਕੋਈ ਥਾਂ-ਥਿੱਤਾ ਨਹੀਂ ਮਿਲਦਾ ॥੨॥

ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ ॥

ਸਦਾ-ਥਿਰ ਪ੍ਰਭੂ ਦਾ ਨਾਮ ਜਿਨ੍ਹਾਂ ਮਨੁੱਖਾਂ ਦੀ ਆਤਮਕ ਖ਼ੁਰਾਕ ਬਣ ਗਿਆ ਹੈ, ਪ੍ਰਭੂ ਦਾ ਨਾਮ ਹੀ ਜਿਨ੍ਹਾਂ ਦੀ ਪੁਸ਼ਾਕ ਹੈ (ਆਦਰ-ਸਤਕਾਰ ਹਾਸਲ ਕਰਨ ਦਾ ਵਸੀਲਾ ਹੈ), ਜਿਨ੍ਹਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਹੀ ਜੁੜੀ ਰਹਿੰਦੀ ਹੈ,

ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ ॥

ਜੋ ਮਨੁੱਖ ਸਦਾ-ਥਿਰ ਪ੍ਰਭੂ ਦੀ ਸਦਾ ਸਿਫਤਿ-ਸਾਲਾਹ ਕਰਦੇ ਰਹਿੰਦੇ ਹਨ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਸ਼ਬਦ ਵਿਚ ਜਿਨ੍ਹਾਂ ਦਾ ਮਨ ਟਿਕਿਆ ਰਹਿੰਦਾ ਹੈ,

ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩॥

ਉਹਨਾਂ ਨੇ ਹਰ ਥਾਂ ਸਰਬ ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣ ਲਿਆ ਹੈ, ਗੁਰੂ ਦੀ ਮਤਿ ਤੇ ਤੁਰ ਕੇ ਉਹਨਾਂ ਦੀ ਸੁਰਤ ਅੰਤਰ ਆਤਮੇ ਟਿਕੀ ਰਹਿੰਦੀ ਹੈ ॥੩॥

ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ ॥

ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਪ੍ਰਭੂ ਹੀ ਜਿਸ ਨੂੰ ਹਰ ਥਾਂ ਬੋਲਦਾ ਦਿੱਸਦਾ ਹੈ ਉਸ ਦਾ ਸਰੀਰ (ਮਾਇਆ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ ਉਸ ਦਾ ਮਨ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ।

ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ ॥

ਸਦਾ-ਥਿਰ ਪ੍ਰਭੂ ਦਾ ਸਿਮਰਨ ਹੀ ਉਹ ਸਿੱਖਿਆ ਤੇ ਉਪਦੇਸ਼ ਗ੍ਰਹਿਣ ਕਰਦਾ ਹੈ। ਸਦਾ-ਥਿਰ ਪ੍ਰਭੂ ਦਾ ਰੂਪ ਹੋ ਚੁਕੇ ਉਸ (ਵਡਭਾਗੀ ਮਨੁੱਖ) ਦੀ ਸੋਭਾ ਅਟੱਲ ਹੋ ਜਾਂਦੀ ਹੈ।

ਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ ॥੪॥

ਪਰ ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨੂੰ (ਇਥੇ) ਭੁਲਾਈ ਰੱਖਿਆ, ਉਹ (ਇਥੇ ਭੀ) ਦੁਖੀ ਰਹੇ, ਤੇ ਇਥੋਂ ਤੁਰੇ ਭੀ ਦੁਖੀ ਹੋ ਹੋ ਕੇ ॥੪॥

ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ ॥

ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਨਾਹ ਫੜਿਆ ਉਹਨਾਂ ਦਾ ਸੰਸਾਰ ਵਿਚ ਆਉਣਾ ਵਿਅਰਥ ਗਿਆ।

ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥

ਉਹ ਜਮ ਦੇ ਦਰਵਾਜ਼ੇ ਤੇ ਬੱਧੇ ਮਾਰੀ ਕੁੱਟੀਦੇ ਹਨ, ਕੋਈ ਉਹਨਾਂ ਦੀ ਕੂਕ ਪੁਕਾਰ ਵਲ ਧਿਆਨ ਨਹੀਂ ਦੇਂਦਾ।

ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥੫॥

ਉਹਨਾਂ ਮਨੁੱਖਾ ਜਨਮ ਵਿਅਰਥ ਗਵਾ ਦਿੱਤਾ, ਤੇ ਫਿਰ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੫॥

ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ ॥

ਜੇਹੜੇ ਮਨੁੱਖ ਇਸ ਜਗਤ ਨੂੰ (ਵਿਕਾਰਾਂ ਦੀ ਤਪਸ਼ ਵਿਚ) ਸੜਦਾ ਵੇਖ ਕੇ ਛੇਤੀ ਨਾਲ ਗੁਰੂ ਦੀ ਸ਼ਰਨ ਜਾ ਪਏ, ਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਪੱਕਾ ਟਿਕਾ ਦਿੱਤਾ,

ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ ॥

ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਤੇ (ਸੋਹਣੀ) ਜੀਵਨ-ਮਰਯਾਦਾ ਵਿਚ ਰਹਿਣ ਦੀ ਜਾਚ ਸਿਖਾ ਦਿੱਤੀ।

ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ ॥੬॥

(ਹੇ ਭਾਈ!) ਗੁਰੂ ਸਦਾ ਕਾਇਮ ਰਹਿਣ ਵਾਲਾ ਜਹਾਜ਼ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੬॥

ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਨ ਹੋਈ ॥

(ਜੇਹੜੇ ਗੁਰੂ ਦੀ ਸਰਨ ਤੋਂ ਵਾਂਝੇ ਰਹੇ ਉਹ) ਚੌਰਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਫਿਰਦੇ ਹਨ, ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਮਿਲਦੀ।

ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ ॥

ਪੰਡਿਤ ਲੋਕ (ਸ਼ਾਸਤ੍ਰ ਆਦਿ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ ਥੱਕ ਗਏ, ਮੋਨ-ਧਾਰੀ ਸਾਧੂ ਸਮਾਧੀਆਂ ਲਾ ਲਾ ਕੇ ਥੱਕ ਗਏ (ਗੁਰੂ ਦੀ ਸਰਨ ਤੋਂ ਬਿਨਾ ਚੌਰਾਸੀ ਦੇ ਗੇੜ ਤੋਂ ਖ਼ਲਾਸੀ ਪ੍ਰਾਪਤ ਨਾਹ ਕਰ ਸਕੇ, ਉਹਨਾਂ ਨੇ ਸਗੋਂ) ਪ੍ਰਭੂ ਤੋਂ ਬਿਨਾ ਹੋਰ ਦੇ ਪਿਆਰ ਵਿਚ ਆਪਣੀ ਇੱਜ਼ਤ ਗਵਾ ਲਈ।

ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਨ ਕੋਈ ॥੭॥

ਜਿਸ ਮਨੁੱਖ ਨੂੰ ਗੁਰੂ ਨੇ ਆਪਣਾ ਸ਼ਬਦ ਸੁਣਾ ਦਿੱਤਾ (ਉਸ ਨੂੰ ਨਿਸ਼ਚਾ ਹੋ ਗਿਆ ਕਿ) ਸਦਾ-ਥਿਰ ਪ੍ਰਭੂ ਤੋਂ ਬਿਨਾ ਹੋਰ ਕੋਈ (ਜੀਵ ਦਾ ਰਾਖਾ) ਨਹੀਂ ਹੈ ॥੭॥

ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ ॥

(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਨ੍ਹਾਂ ਜੀਵਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪਣੀ ਯਾਦ ਵਿਚ ਜੋੜਿਆ, ਉਹੀ ਸਦਾ-ਥਿਰ ਦੇ ਨਾਮ ਵਿਚ ਲੱਗੇ ਹਨ, ਉਹੀ ਸਦਾ ਇਹ ਨਾਲ ਨਿਭਣ ਵਾਲੀ ਕਾਰ ਕਰਦੇ ਹਨ।

ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ ॥

ਉਹਨਾਂ ਬੰਦਿਆਂ ਨੇ (ਮਾਇਆ ਦੀ ਭਟਕਣਾ ਤੋਂ ਬਚ ਕੇ) ਅੰਤਰ-ਆਤਮੇ ਟਿਕਾਣਾ ਪ੍ਰਾਪਤ ਕਰ ਲਿਆ ਹੈ, ਉਹ ਬੰਦੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ ਹਨ।

ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ ॥੮॥੧੭॥੮॥੨੫॥

ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸੁਖੀ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਮਸਤ ਰਹਿੰਦੇ ਹਨ ॥੮॥੧੭॥੮॥੨੫॥{69-70}


ਸਿਰੀਰਾਗੁ ਮਹਲਾ ੫ ॥
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥

ਜਿਸ ਮਨੁੱਖ ਨੂੰ (ਕੋਈ) ਭਾਰੀ ਬਿਪਤਾ ਆ ਪਏ (ਜਿਸ ਤੋਂ ਬਚਣ ਲਈ) ਕੋਈ ਮਨੁੱਖ ਉਸ ਨੂੰ ਸਹਾਰਾ ਨਾਹ ਦੇਵੇ,

ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥

ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ-ਸਨਬੰਧੀ ਉਸ ਤੋਂ ਪਰੇ ਦੌੜ ਜਾਣ,

ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥

ਉਸ ਦਾ ਹਰੇਕ ਕਿਸਮ ਦਾ ਆਸਰਾ ਖ਼ਤਮ ਹੋ ਜਾਏ, ਹਰੇਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ,

ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥

ਜੇ ਉਸ (ਬਿਪਤਾ ਮਾਰੇ) ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਯਾਦ) ਆ ਜਾਏ, ਤਾ ਉਸ ਦਾ ਵਾਲ ਭੀ ਵਿੰਗਾ ਨਹੀਂ ਹੁੰਦਾ ॥੧॥

ਸਾਹਿਬੁ ਨਿਤਾਣਿਆ ਕਾ ਤਾਣੁ ॥

ਮਾਲਕ-ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ,

ਆਇ ਨ ਜਾਈ ਥਿਰੁ ਸਦਾ ਗੁਰਸਬਦੀ ਸਚੁ ਜਾਣੁ ॥੧॥ ਰਹਾਉ ॥

ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। (ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ॥੧॥ ਰਹਾਉ ॥

ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥

ਜੇ ਕੋਈ ਮਨੁੱਖ (ਅਜੇਹਾ) ਕਮਜ਼ੋਰ ਹੋ ਜਾਏ (ਕਿ) ਭੁੱਖ ਨੰਗ ਦਾ ਦੁੱਖ (ਉਸ ਨੂੰ ਹਰ ਵੇਲੇ ਖਾਂਦਾ ਰਹੇ),

ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥

ਜੇ ਉਸ ਦੇ ਪੱਲੇ ਪੈਸਾ ਨਾਹ ਹੋਵੇ, ਕੋਈ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ;

ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥

ਕੋਈ ਮਨੁੱਖ ਉਸ ਦੀ ਲੋੜ ਗ਼ਰਜ਼ ਪੂਰੀ ਨਾਹ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾਹ ਚੜ੍ਹ ਸਕੇ,

ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥੨॥

(ਅਜੇਹੀ ਦੁਰਦਸ਼ਾ ਵਿਚ ਹੁੰਦਿਆਂ ਭੀ) ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ (ਭਾਵ, ਉਸ ਦੀ ਆਤਮਕ ਅਵਸਥਾ ਅਜੇਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾਹ ਡੋਲੇ) ॥੨॥

ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥

ਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ (ਕੋਈ ਨ ਕੋਈ) ਰੋਗ ਗ੍ਰਸੀ ਰੱਖੇ,

ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥

ਜੇਹੜਾ ਗ੍ਰਿਹਸਤ (ਦੇ ਜੰਜਾਲ) ਵਿਚ ਪਰਵਾਰ (ਦੇ ਜੰਜਾਲ) ਵਿਚ (ਸਦਾ) ਫਸਿਆ ਰਹੇ, ਜਿਸ ਨੂੰ ਕਦੇ ਕੋਈ ਖ਼ੁਸ਼ੀ ਹੈ ਤੇ ਕਦੇ ਕੋਈ ਗ਼ਮ ਘੇਰੀ ਰਖਦਾ ਹੈ,

ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥

ਜੇਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਬਹਿਣਾ ਭੀ ਨਸੀਬ ਨਹੀਂ ਹੁੰਦਾ,

ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥੩॥

ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਮਨ (ਸੰਤੋਖ ਨਾਲ) ਠੰਢਾ-ਠਾਰ ਹੋ ਜਾਂਦਾ ਹੈ ॥੩॥

ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥

ਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੋਵੇ, ਜੇ ਉਸ ਸ਼ੂਮ ਦਾ ਪਿਆਰ (ਸਦਾ) ਲੋਭ ਵਿਚ ਹੀ ਹੋਵੇ,

ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥

ਜੇ ਉਸ ਨੇ (ਉਹਨਾਂ ਵਿਕਾਰਾਂ ਦੇ ਵੱਸ ਹੋ ਕੇ) ਚਾਰੇ ਹੀ ਉੱਘੇ ਪਾਪ ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜੇਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ,

ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥

ਜੇ ਉਸ ਨੇ ਕਦੇ ਭੀ ਕੋਈ ਧਰਮ ਪੁਸਤਕ ਕੋਈ ਧਰਮ ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾਹ ਹੋਵੇ,

ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥੪॥

ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਹ ਅੱਖ ਦੇ ਫੋਰ ਜਿਤਨੇ ਜਿਤਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰ ਕੇ (ਇਹਨਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥

ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥

ਜੇ ਕੋਈ ਮਨੁੱਖ ਚਾਰੇ ਵੇਦ ਸਾਰੇ ਸ਼ਾਸਤ੍ਰ ਤੇ ਸਾਰੀਆਂ ਸਿਮ੍ਰਿਤੀਆਂ ਨੂੰ ਮੂੰਹ-ਜ਼ਬਾਨੀ (ਉਚਾਰ ਕੇ) ਵਿਚਾਰ ਸਕਦਾ ਹੋਵੇ,

ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥

ਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ (ਹਰੇਕ) ਤੀਰਥ ਉਤੇ ਜਾਂਦਾ ਹੋਵੇ,

ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥

ਜੇ ਉਹ (ਤੀਰਥਾਂ ਉਤੇ) ਇਸ਼ਨਾਨ ਕਰ ਕੇ (ਦੇਵੀ ਦੇਵਤਿਆਂ ਦੀ) ਪੂਜਾ ਕਰਦਾ ਹੋਵੇ ਤੇ (ਮੰਨੇ-ਪਰਮੰਨੇ) ਛੇ (ਧਾਰਮਿਕ) ਕੰਮਾਂ ਨਾਲੋਂ ਦੂਣੇ (ਧਾਰਮਿਕ ਕਰਮ ਨਿੱਤ) ਕਰਦਾ ਹੋਵੇ;

ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥੫॥

ਪਰ ਜੇ ਪਰਮਾਤਮਾ (ਦੇ ਚਰਨਾਂ) ਦਾ ਪਿਆਰ (ਉਸ ਦੇ ਅੰਦਰ) ਨਹੀਂ ਹੈ, ਤਾਂ ਉਹ ਜ਼ਰੂਰ ਨਰਕ ਵਿਚ ਹੀ ਜਾਂਦਾ ਹੈ ॥੫॥

ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥

ਜੇ ਕਿਸੇ ਮਨੁੱਖ ਨੂੰ (ਮੁਲਕਾਂ ਦੇ) ਰਾਜ ਮਿਲੇ ਹੋਏ ਹੋਣ, ਬੇਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ, ਜੇ (ਉਸ ਦੀਆਂ ਹਰ ਥਾਂ) ਸਰਦਾਰੀਆਂ ਬਣੀਆਂ ਹੋਈਆਂ ਹੋਣ, ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਭੋਗ ਭੋਗਦਾ ਹੋਵੇ,

ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥

ਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ਼ ਹੋਣ, ਜੇ (ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ) ਅਹੰਕਾਰੀ (ਹੋਏ) ਦਾ ਹੁਕਮ ਹਰ ਕੋਈ ਮੰਨਦਾ ਹੋਵੇ,

ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥

ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ-ਤਮਾਸ਼ਿਆਂ ਵਿਚ ਚਾ-ਮਲਾਰ ਵਿਚ ਰੁੱਝਾ ਰਹਿੰਦਾ ਹੋਵੇ,

ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥

ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਾਹ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿਚ ਗਿਆ ਸਮਝੋ ॥੬॥

ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥

ਜੇ ਕੋਈ ਮਨੁੱਖ ਬੜੇ ਧਨ ਵਾਲਾ ਹੋਵੇ, ਚੰਗੀ ਰਹਿਣੀ-ਬਹਿਣੀ ਵਾਲਾ ਹੋਵੇ, ਸੋਭਾ ਵਾਲਾ ਹੋਵੇ ਤੇ ਸਾਫ਼ ਸੁਥਰੀ ਜੀਵਨ-ਮਰਯਾਦਾ ਵਾਲਾ ਹੋਵੇ,

ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥

ਜੇ ਉਸ ਦਾ ਆਪਣੇ ਮਾਂ ਪਿਉ ਪੁੱਤਰਾਂ ਭਰਾਵਾਂ ਤੇ ਸੱਜਣਾਂ-ਮਿੱਤਰਾਂ ਨਾਲ ਪ੍ਰੇਮ ਹੋਵੇ,

ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥

ਜੇ ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਸਾਰੀ ਸ੍ਰਿਸ਼ਟੀ ਹੀ ਉਸ ਨੂੰ ‘ਜੀ ਜੀ’ ਆਖਦੀ ਹੋਵੇ,

ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥

ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ (ਆਖ਼ਰ) ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ ॥੭॥

ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥

ਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾਹ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲਫ਼ਿ ਨਾਹ ਆਈ ਹੋਵੇ, ਕਿਸੇ ਤਰ੍ਹਾਂ ਦਾ ਕੋਈ ਚਿੰਤਾ-ਫ਼ਿਕਰ ਉਸ ਨੂੰ ਨਾਹ ਹੋਵੇ,

ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥

ਜੇ ਉਸ ਨੂੰ ਕਦੇ ਮੌਤ (ਦਾ ਫ਼ਿਕਰ) ਚੇਤੇ ਨਾਹ ਆਇਆ ਹੋਵੇ, ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ,

ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥

ਜੇ ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ, ਕਦੇ ਉਸ ਦੇ ਚਿਤ ਵਿਚ (ਆਪਣੀ ਮਲਕੀਅਤ ਬਾਰੇ) ਕੋਈ ਸ਼ੰਕਾ ਨਾਹ ਉਠਿਆ ਹੋਵੇ,

ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥

ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ ॥੮॥

ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥

ਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ ਸੰਗ ਪ੍ਰਪਤ ਹੁੰਦਾ ਹੈ।

ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥

(ਤੇ ਇਹ ਇਕ ਕੁਦਰਤੀ ਨਿਯਮ ਹੈ ਕਿ) ਜਿਉਂ ਜਿਉਂ ਉਹ (ਸਤ ਸੰਗ ਵਿਚ ਬੈਠਣਾ) ਵਧਾਇਆ ਜਾਂਦਾ ਹੈ ਤਿਉਂ ਤਿਉਂ ਪਰਮਾਤਮਾ ਨਾਲ ਪਿਆਰ (ਭੀ ਵਧਦਾ ਜਾਂਦਾ ਹੈ)।

ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥

(ਪਰ ਦੁਨੀਆ ਦਾ ਮੋਹ ਤੇ ਪ੍ਰਭੂ-ਚਰਨਾਂ ਦਾ ਪਿਆਰ ਇਹਨਾਂ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ (ਕਿਸੇ ਨੂੰ ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ ਵਸਤੇ) ਕੋਈ ਹੋਰ ਦੂਜਾ ਸਹਾਰਾ ਨਹੀਂ ਹੈ।

ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥

ਹੇ ਨਾਨਕ! (ਜਦੋਂ ਪ੍ਰਭੂ ਦੀ ਮਿਹਰ ਹੋਵੇ, ਤਾਂ ਉਹ ਗੁਰੂ ਮਿਲਾਂਦਾ ਹੈ, ਤੇ) ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੯॥੧॥੨੬॥


ਸਿਰੀਰਾਗੁ ਮਹਲਾ ੫ ਘਰੁ ੫ ॥
ਜਾਨਉ ਨਹੀ ਭਾਵੈ ਕਵਨ ਬਾਤਾ ॥

ਮੈਨੂੰ ਸਮਝ ਨਹੀਂ ਕਿ ਪਰਮਾਤਮਾ ਨੂੰ ਕੇਹੜੀ ਗੱਲ ਚੰਗੀ ਲੱਗਦੀ ਹੈ।

ਮਨ ਖੋਜਿ ਮਾਰਗੁ ॥੧॥ ਰਹਾਉ ॥

ਹੇ ਮੇਰੇ ਮਨ! ਤੂੰ (ਉਹ) ਰਸਤਾ ਲੱਭ (ਜਿਸ ਉਤੇ ਤੁਰਿਆਂ ਪ੍ਰਭੂ ਪ੍ਰਸੰਨ ਹੋ ਜਾਏ) ॥੧॥ ਰਹਾਉ ॥

ਧਿਆਨੀ ਧਿਆਨੁ ਲਾਵਹਿ ॥

ਸਮਾਧੀਆਂ ਲਾਣ ਵਾਲੇ ਲੋਕ ਸਮਾਧੀਆਂ ਲਾਂਦੇ ਹਨ,

ਗਿਆਨੀ ਗਿਆਨੁ ਕਮਾਵਹਿ ॥

ਵਿਦਵਾਨ ਲੋਕ ਧਰਮ-ਚਰਚਾ ਕਰਦੇ ਹਨ,

ਪ੍ਰਭੁ ਕਿਨ ਹੀ ਜਾਤਾ ॥੧॥

ਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ (ਭਾਵ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ) ॥੧॥

ਭਗਉਤੀ ਰਹਤ ਜੁਗਤਾ ॥

ਵੈਸ਼ਨਵ ਭਗਤ (ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿਕ) ਸੰਜਮਾਂ ਵਿਚ ਰਹਿੰਦੇ ਹਨ।

ਜੋਗੀ ਕਹਤ ਮੁਕਤਾ ॥

ਜੋਗੀ ਆਖਦੇ ਹਨ ਅਸੀਂ ਮੁਕਤ ਹੋ ਗਏ ਹਾਂ।

ਤਪਸੀ ਤਪਹਿ ਰਾਤਾ ॥੨॥

ਤਪ ਕਰਨ ਵਾਲੇ ਸਾਧੂ ਤਪ (ਕਰਨ) ਵਿਚ ਹੀ ਮਸਤ ਰਹਿੰਦੇ ਹਨ ॥੨॥

ਮੋਨੀ ਮੋਨਿਧਾਰੀ ॥

ਚੁੱਪ ਸਾਧੀ ਰੱਖਣ ਵਾਲੇ ਸਾਧੂ ਚੁੱਪ ਵੱਟੀ ਰੱਖਦੇ ਹਨ।

ਸਨਿਆਸੀ ਬ੍ਰਹਮਚਾਰੀ ॥

ਸੰਨਿਆਸੀ (ਸੰਨਿਆਸ ਵਿਚ) ਬ੍ਰਹਮਚਾਰੀ (ਬ੍ਰਹਮਚਰਜ ਵਿਚ)

ਉਦਾਸੀ ਉਦਾਸਿ ਰਾਤਾ ॥੩॥

ਤੇ ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ ॥੩॥

ਭਗਤਿ ਨਵੈ ਪਰਕਾਰਾ ॥

(ਕੋਈ ਆਖਦਾ ਹੈ ਕਿ) ਭਗਤੀ ਨੌਂ ਕਿਸਮਾਂ ਦੀ ਹੈ।

ਪੰਡਿਤੁ ਵੇਦੁ ਪੁਕਾਰਾ ॥

ਪੰਡਿਤ ਵੇਦ ਉੱਚੀ ਉੱਚੀ ਪੜ੍ਹਦਾ ਹੈ।

ਗਿਰਸਤੀ ਗਿਰਸਤਿ ਧਰਮਾਤਾ ॥੪॥

ਗ੍ਰਿਹਸਤੀ ਗ੍ਰਿਹਸਤ-ਧਰਮ ਵਿਚ ਮਸਤ ਰਹਿੰਦਾ ਹੈ ॥੪॥

ਇਕ ਸਬਦੀ ਬਹੁ ਰੂਪਿ ਅਵਧੂਤਾ ॥

ਅਨੇਕਾਂ ਐਸੇ ਹਨ ਜੋ ‘ਅਲੱਖ ਅਲੱਖ’ ਪੁਕਾਰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਹਨ।

ਕਾਪੜੀ ਕਉਤੇ ਜਾਗੂਤਾ ॥

ਕੋਈ ਖ਼ਾਸ ਕਿਸਮ ਦਾ ਚੋਲਾ ਆਦਿਕ ਪਹਿਨਣ ਵਾਲੇ ਹਨ। ਕੋਈ ਨਾਟਕ ਚੇਟਕ ਸਾਂਗ ਆਦਿਕ ਬਣਾ ਕੇ ਲੋਕਾਂ ਨੂੰ ਪ੍ਰਸੰਨ ਕਰਦੇ ਹਨ, ਕਈ ਐਸੇ ਹਨ ਜੋ ਰਾਤਾਂ ਜਾਗ ਕੇ ਗੁਜ਼ਾਰਦੇ ਹਨ।

ਇਕਿ ਤੀਰਥਿ ਨਾਤਾ ॥੫॥

ਇਕ ਐਸੇ ਹਨ ਜੋ (ਹਰੇਕ) ਤੀਰਥ ਉੱਤੇ ਇਸ਼ਨਾਨ ਕਰਦੇ ਹਨ ॥੫॥

ਨਿਰਹਾਰ ਵਰਤੀ ਆਪਰਸਾ ॥

ਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਹਨ, ਕਈ ਐਸੇ ਹਨ ਜੋ ਦੂਜਿਆਂ ਨਾਲ ਛੁੰਹਦੇ ਨਹੀਂ ਹਨ (ਤਾ ਕਿ ਕਿਸੇ ਦੀ ਭਿੱਟ ਨਾਹ ਲੱਗ ਜਾਏ)।

ਇਕਿ ਲੂਕਿ ਨ ਦੇਵਹਿ ਦਰਸਾ ॥

ਅਨੇਕਾਂ ਐਸੇ ਹਨ ਜੋ (ਗੁਫ਼ਾ ਆਦਿ ਵਿਚ) ਲੁਕ ਕੇ (ਰਹਿੰਦੇ ਹਨ ਤੇ ਕਿਸੇ ਨੂੰ) ਦਰਸ਼ਨ ਨਹੀਂ ਦੇਂਦੇ।

ਇਕਿ ਮਨ ਹੀ ਗਿਆਤਾ ॥੬॥

ਕਈ ਐਸੇ ਹਨ ਜੋ ਆਪਣੇ ਮਨ ਵਿਚ ਹੀ ਗਿਆਨਵਾਨ ਬਣੇ ਹੋਏ ਹਨ ॥੬॥

ਘਾਟਿ ਨ ਕਿਨ ਹੀ ਕਹਾਇਆ ॥

(ਇਹਨਾਂ ਵਿਚੋਂ) ਕਿਸੇ ਨੇ ਭੀ ਆਪਣੇ ਆਪ ਨੂੰ (ਕਿਸੇ ਹੋਰ ਨਾਲੋਂ) ਘੱਟ ਨਹੀਂ ਅਖਵਾਇਆ।

ਸਭ ਕਹਤੇ ਹੈ ਪਾਇਆ ॥

ਸਭ ਇਹੀ ਆਖਦੇ ਹਨ ਕਿ ਅਸਾਂ ਪਰਮਾਤਮਾ ਨੂੰ ਲੱਭ ਲਿਆ ਹੈ।

ਜਿਸੁ ਮੇਲੇ ਸੋ ਭਗਤਾ ॥੭॥

ਪਰ (ਪਰਮਾਤਮਾ ਦਾ) ਭਗਤ ਉਹੀ ਹੈ ਜਿਸ ਨੂੰ (ਪਰਮਾਤਮਾ ਨੇ ਆਪ ਆਪਣੇ ਨਾਲ) ਮਿਲਾ ਲਿਆ ਹੈ ॥੭॥

ਸਗਲ ਉਕਤਿ ਉਪਾਵਾ ॥

ਪਰ ਮੈਂ ਤਾਂ ਇਹ ਸਾਰੀਆਂ ਦਲੀਲਾਂ ਤੇ ਸਾਰੇ ਹੀ ਉਪਾਉ ਛੱਡ ਦਿਤੇ ਹਨ,

ਤਿਆਗੀ ਸਰਨਿ ਪਾਵਾ ॥

ਤੇ ਪ੍ਰਭੂ ਦੀ ਹੀ ਸਰਨ ਪਿਆ ਹਾਂ।

ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥

ਨਾਨਕ ਤਾਂ ਗੁਰੂ ਦੀ ਚਰਨੀਂ ਆ ਡਿੱਗਾ ਹੈ ॥੮॥੨॥੨੭॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਿਰੀਰਾਗੁ ਮਹਲਾ ੧ ਘਰੁ ੩ ॥

ਰਾਗ ਸਿਰੀਰਾਗ, ਘਰ ੩ ਵਿੱਚ ਗੁਰੂ ਨਾਨਕ ਜੀ ਦੀ ਬਾਣੀ।

ਜੋਗੀ ਅੰਦਰਿ ਜੋਗੀਆ ॥

(ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ,

ਤੂੰ ਭੋਗੀ ਅੰਦਰਿ ਭੋਗੀਆ ॥

ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ।

ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥

ਸੁਰਗ ਲੋਕ ਵਿਚ ਮਾਤ ਲੋਕ ਵਿਚ ਪਾਤਾਲ ਲੋਕ ਵਿਚ (ਵੱਸਦੇ ਕਿਸੇ ਭੀ ਜੀਵ ਨੇ) ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ ॥੧॥

ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥

ਹੇ ਪ੍ਰਭੂ! ਮੈਂ ਸਦਕੇ ਹਾਂ ਤੇਰੇ ਨਾਮ ਤੋਂ, ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ, ਕੁਰਬਾਨ ਹਾਂ ਤੇਰੇ ਨਾਮ ਤੋਂ ॥੧॥ ਰਹਾਉ ॥

ਤੁਧੁ ਸੰਸਾਰੁ ਉਪਾਇਆ ॥

(ਹੇ ਪ੍ਰਭੂ!) ਤੂੰ ਹੀ ਜਗਤ ਪੈਦਾ ਕੀਤਾ ਹੈ,

ਸਿਰੇ ਸਿਰਿ ਧੰਧੇ ਲਾਇਆ ॥

ਹਰੇਕ ਜੀਵ ਉੱਤੇ (ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ) ਧੰਧਿਆਂ ਵਿਚ ਫਸਾਇਆ ਹੋਇਆ ਹੈ।

ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥

ਤੂੰ ਕੁਦਰਤਿ ਰਚ ਕੇ (ਜਗਤ-ਚਉਪੜ ਦੀਆਂ) ਜੀਵ-ਨਰਦਾਂ ਸੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਿਹਾ ਹੈਂ ॥੨॥

ਪਰਗਟਿ ਪਾਹਾਰੈ ਜਾਪਦਾ ॥

(ਹੇ ਭਾਈ!) ਪਰਮਾਤਮਾ ਇਸ ਦਿੱਸਦੇ ਜਗਤ-ਪਸਾਰੇ ਵਿਚ (ਵੱਸਦਾ) ਦਿੱਸ ਰਿਹਾ ਹੈ।

ਸਭੁ ਨਾਵੈ ਨੋ ਪਰਤਾਪਦਾ ॥

ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ।

ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥

ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ (ਕਿਉਂਕਿ) ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ ॥੩॥

ਸਤਿਗੁਰ ਕਉ ਬਲਿ ਜਾਈਐ ॥

(ਹੇ ਭਾਈ!) ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ,

ਜਿਤੁ ਮਿਲਿਐ ਪਰਮ ਗਤਿ ਪਾਈਐ ॥

(ਕਿਉਂਕਿ) ਉਸ (ਗੁਰੂ) ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।

ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥

(ਜਿਸ ਨਾਮ-ਪਦਾਰਥ ਨੂੰ) ਦੇਵਤੇ ਮਨੁੱਖ ਮੋਨਧਾਰੀ ਲੋਕ ਤਰਸਦੇ ਆ ਰਹੇ ਹਨ ਉਹ (ਪਦਾਰਥ) ਸਤਿਗੁਰੂ ਨੇ ਸਮਝਾ ਦਿੱਤਾ ਹੈ ॥੪॥

ਸਤਸੰਗਤਿ ਕੈਸੀ ਜਾਣੀਐ ॥

ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ?

ਜਿਥੈ ਏਕੋ ਨਾਮੁ ਵਖਾਣੀਐ ॥

(ਸਤਸੰਗਤਿ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ।

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ ॥੫॥

ਇਹੁ ਜਗਤੁ ਭਰਮਿ ਭੁਲਾਇਆ ॥

ਇਹ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ।

ਆਪਹੁ ਤੁਧੁ ਖੁਆਇਆ ॥

(ਪਰ ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਤੂੰ ਆਪ ਹੀ (ਜਗਤ ਨੂੰ) ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ।

ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥

ਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ) ਦੁੱਖ ਲੱਗਾ ਹੋਇਆ ਹੈ ॥੬॥

ਦੋਹਾਗਣੀ ਕਿਆ ਨੀਸਾਣੀਆ ॥

ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ?

ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥

(ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ) ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ।

ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥

ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ॥੭॥

ਸੋਹਾਗਣੀ ਕਿਆ ਕਰਮੁ ਕਮਾਇਆ ॥

ਜੇਹੜੀਆਂ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਅਖਵਾਂਦੀਆਂ ਹਨ ਉਹਨਾਂ ਕੇਹੜਾ (ਚੰਗਾ ਕੰਮ) ਕੀਤਾ ਹੋਇਆ ਹੈ?

ਪੂਰਬਿ ਲਿਖਿਆ ਫਲੁ ਪਾਇਆ ॥

ਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ।

ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥

ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥

ਹੁਕਮੁ ਜਿਨਾ ਨੋ ਮਨਾਇਆ ॥

ਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ,

ਤਿਨ ਅੰਤਰਿ ਸਬਦੁ ਵਸਾਇਆ ॥

ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦੀਆਂ ਹਨ।

ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥

ਉਹੀ ਜੀਵ-ਸਹੇਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ ॥੯॥

ਜਿਨਾ ਭਾਣੇ ਕਾ ਰਸੁ ਆਇਆ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ,

ਤਿਨ ਵਿਚਹੁ ਭਰਮੁ ਚੁਕਾਇਆ ॥

ਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ (ਪਰ ਇਹ ਮਿਹਰ ਸਤਿਗੁਰੂ ਦੀ ਹੀ ਹੈ)।

ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥

ਹੇ ਨਾਨਕ! ਗੁਰੂ ਅਜੇਹਾ (ਦਿਆਲ) ਹੈ ਕਿ ਉਹ (ਸਰਨ ਆਏ) ਸਭ ਜੀਵਾਂ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੧੦॥

ਸਤਿਗੁਰਿ ਮਿਲਿਐ ਫਲੁ ਪਾਇਆ ॥

ਉਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ,

ਜਿਨਿ ਵਿਚਹੁ ਅਹਕਰਣੁ ਚੁਕਾਇਆ ॥

ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ।

ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥

ਉਸ ਮਨੁੱਖ ਦੇ ਅੰਦਰੋਂ ਭੈੜੀ ਮਤਿ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ॥੧੧॥

ਅੰਮ੍ਰਿਤੁ ਤੇਰੀ ਬਾਣੀਆ ॥

(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ,

ਤੇਰਿਆ ਭਗਤਾ ਰਿਦੈ ਸਮਾਣੀਆ ॥

ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ (ਹਰ ਵੇਲੇ) ਟਿਕੀ ਰਹਿੰਦੀ ਹੈ।

ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥

ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ ॥੧੨॥

ਸਤਿਗੁਰੁ ਮਿਲਿਆ ਜਾਣੀਐ ॥

ਤਦੋਂ (ਕਿਸੇ ਵਡਭਾਗੀ ਨੂੰ) ਗੁਰੂ ਮਿਲਿਆ ਸਮਝਣਾ ਚਾਹੀਦਾ ਹੈ,

ਜਿਤੁ ਮਿਲਿਐ ਨਾਮੁ ਵਖਾਣੀਐ ॥

ਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਏ।

ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥

ਗੁਰੂ ਦੀ ਸਰਨ ਪੈਣ ਤੋਂ ਬਿਨਾ (ਪਰਮਾਤਮਾ ਦਾ ਨਾਮ) ਨਹੀਂ ਮਿਲਦਾ, (ਗੁਰੂ ਦਾ ਆਸਰਾ ਛੱਡ ਕੇ) ਸਾਰੀ ਦੁਨੀਆ (ਤੀਰਥ ਵਰਤ ਆਦਿਕ ਹੋਰ ਹੋਰ ਮਿਥੇ ਹੋਏ ਧਾਰਮਿਕ) ਕੰਮ ਕਰ ਕੇ ਖਪ ਜਾਂਦੀ ਹੈ ॥੧੩॥

ਹਉ ਸਤਿਗੁਰ ਵਿਟਹੁ ਘੁਮਾਇਆ ॥

ਮੈਂ (ਤਾਂ) ਗੁਰੂ ਤੋਂ ਕੁਰਬਾਨ ਹਾਂ,

ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥

ਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ-ਰਾਹ ਤੇ ਪਾਇਆ ਹੈ।

ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥

ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੪॥

ਤੂੰ ਸਭਨਾ ਮਾਹਿ ਸਮਾਇਆ ॥

(ਹੇ ਪ੍ਰਭੂ!) ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।

ਤਿਨਿ ਕਰਤੈ ਆਪੁ ਲੁਕਾਇਆ ॥

(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਉਸ ਕਰਤਾਰ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ।

ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥

ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤਿ ਪਰਗਟ ਕੀਤੀ ਹੈ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ ॥੧੫॥

ਆਪੇ ਖਸਮਿ ਨਿਵਾਜਿਆ ॥

ਖਸਮ-ਪ੍ਰਭੂ ਨੇ (ਆਪਣੇ ਸੇਵਕ ਨੂੰ) ਆਪ ਹੀ ਵਡਿਆਈ ਦਿੱਤੀ ਹੈ,

ਜੀਉ ਪਿੰਡੁ ਦੇ ਸਾਜਿਆ ॥

ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ।

ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥

ਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਉੱਤੇ ਰੱਖ ਕੇ ਖਸਮ-ਪ੍ਰਭੂ ਨੇ ਆਪ ਹੀ ਉਸ ਦੀ ਲਾਜ ਰੱਖੀ ਹੈ (ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ) ॥੧੬॥

ਸਭਿ ਸੰਜਮ ਰਹੇ ਸਿਆਣਪਾ ॥

ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ।

ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥

ਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ।

ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥

ਪਰਮਾਤਮਾ ਆਪਣੇ ਸੇਵਕ ਦਾ ਤੇਜ-ਪ੍ਰਤਾਪ ਪਰਗਟ ਕਰ ਦੇਂਦਾ ਹੈ, ਸਾਰਾ ਜਗਤ ਉਸ ਦੀ ਜੈ-ਜੈਕਾਰ ਕਰਦਾ ਹੈ ॥੧੭॥

ਮੇਰੇ ਗੁਣ ਅਵਗਨ ਨ ਬੀਚਾਰਿਆ ॥

ਪ੍ਰਭੂ ਨੇ ਨਾਹ ਮੇਰੇ ਗੁਣਾਂ ਦਾ ਖ਼ਿਆਲ ਕੀਤਾ ਹੈ, ਨਾਹ ਮੇਰੇ ਔਗੁਣਾਂ ਦੀ ਪਰਵਾਹ ਕੀਤੀ ਹੈ,

ਪ੍ਰਭਿ ਅਪਣਾ ਬਿਰਦੁ ਸਮਾਰਿਆ ॥

ਪ੍ਰਭੂ ਨੇ ਤਾਂ ਸਿਰਫ਼ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਹੀ ਚੇਤੇ ਰੱਖਿਆ ਹੈ।

ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥

ਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ (ਵਿਕਾਰਾਂ ਵਲੋਂ) ਬਚਾ ਲਿਆ ਹੈ, ਕੋਈ ਦੁੱਖ-ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ ॥੧੮॥

ਮੈ ਮਨਿ ਤਨਿ ਪ੍ਰਭੂ ਧਿਆਇਆ ॥

ਮੈਂ ਆਪਣੇ ਮਨ ਵਿਚ ਪ੍ਰਭੂ ਨੂੰ ਸਿਮਰਿਆ ਹੈ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਧਿਆਇਆ ਹੈ।

ਜੀਇ ਇਛਿਅੜਾ ਫਲੁ ਪਾਇਆ ॥

ਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਜੀ ਵਿਚ ਇੱਛਾ ਕਰਿਆ ਕਰਦਾ ਸਾਂ।

ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥

ਹੇ ਪ੍ਰਭੂ! ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ! (ਵਡਭਾਗੀ ਮਨੁੱਖ) ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧੯॥

ਤੁਧੁ ਆਪੇ ਆਪੁ ਉਪਾਇਆ ॥

ਹੇ ਪ੍ਰਭੂ! ਤੂੰ ਆਪਣੇ ਆਪ ਨੂੰ (ਜਗਤ-ਰੂਪ ਵਿਚ) ਆਪ ਹੀ ਪਰਗਟ ਕੀਤਾ ਹੈ,

ਦੂਜਾ ਖੇਲੁ ਕਰਿ ਦਿਖਲਾਇਆ ॥

(ਇਹ ਤੈਥੋਂ ਵੱਖਰਾ ਦਿੱਸਦਾ) ਮਾਇਆ ਦਾ ਜਗਤ-ਤਮਾਸ਼ਾ ਤੂੰ ਆਪ ਹੀ ਬਣਾ ਕੇ ਵਿਖਾ ਦਿੱਤਾ ਹੈ।

ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥

(ਹੇ ਭਾਈ!) ਹਰ ਥਾਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ। ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਸ ਨੂੰ (ਇਹ ਭੇਤ) ਸਮਝਾ ਦੇਂਦਾ ਹੈ ॥੨੦॥

ਗੁਰ ਪਰਸਾਦੀ ਪਾਇਆ ॥

ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੀ ਸਰਬ-ਵਿਆਪਕਤਾ ਦਾ ਭੇਦ) ਪਾ ਲਿਆ ਹੈ,

ਤਿਥੈ ਮਾਇਆ ਮੋਹੁ ਚੁਕਾਇਆ ॥

ਉਸ ਦੇ ਹਿਰਦੇ ਵਿਚੋਂ ਪ੍ਰਭੂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ।

ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥

ਪ੍ਰਭੂ ਆਪਣੀ ਮਿਹਰ ਕਰ ਕੇ ਆਪ ਹੀ ਉਸ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ॥੨੧॥

ਗੋਪੀ ਨੈ ਗੋਆਲੀਆ ॥

ਹੇ ਪ੍ਰਭੂ! ਤੂੰ ਹੀ (ਗੋਕਲ ਦੀ) ਗੋਪੀ ਹੈਂ, ਤੂੰ ਆਪ ਹੀ (ਜਮਨਾ) ਨਦੀ ਹੈਂ, ਤੂੰ ਆਪ ਹੀ (ਗੋਕਲ ਦਾ) ਗੁਆਲਾ ਹੈਂ।

ਤੁਧੁ ਆਪੇ ਗੋਇ ਉਠਾਲੀਆ ॥

ਤੂੰ ਆਪ ਹੀ (ਕ੍ਰਿਸ਼ਨ-ਰੂਪ ਹੋ ਕੇ) ਧਰਤੀ (ਗੋਵਰਧਨ ਪਰਬਤ) ਚੁੱਕੀ ਸੀ।

ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥

ਤੂੰ ਆਪਣੇ ਹੁਕਮ ਵਿਚ ਆਪ ਹੀ ਜੀਵਾਂ ਦੇ ਸਰੀਰ ਸਾਜਦਾ ਹੈਂ, ਤੂੰ ਆਪ ਹੀ ਨਾਸ ਕਰਦਾ ਹੈਂ ਤੇ ਆਪ ਹੀ ਪੈਦਾ ਕਰਦਾ ਹੈਂ ॥੨੨॥

ਜਿਨ ਸਤਿਗੁਰ ਸਿਉ ਚਿਤੁ ਲਾਇਆ ॥

ਜਿਨ੍ਹਾਂ (ਵਡ-ਭਾਗੀ) ਮਨੁੱਖਾਂ ਨੇ ਗੁਰੂ ਨਾਲ ਪਿਆਰ ਪਾਇਆ ਹੈ,

ਤਿਨੀ ਦੂਜਾ ਭਾਉ ਚੁਕਾਇਆ ॥

ਉਹਨਾਂ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਲਿਆ ਹੈ।

ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥

ਉਹਨਾਂ ਬੰਦਿਆਂ ਦੀ ਆਤਮਕ ਜੋਤਿ ਪਵਿਤ੍ਰ ਹੋ ਜਾਂਦੀ ਹੈ, ਉਹ ਆਪਣਾ ਜਨਮ ਸੁਥਰਾ ਕਰ ਕੇ (ਜਗਤ ਤੋਂ) ਜਾਂਦੇ ਹਨ ॥੨੩॥

ਤੇਰੀਆ ਸਦਾ ਸਦਾ ਚੰਗਿਆਈਆ ॥

ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ-

ਮੈ ਰਾਤਿ ਦਿਹੈ ਵਡਿਆਈਆਂ ॥

(ਤੇਰੀ ਮਿਹਰ ਨਾਲ) ਮੈਂ ਦਿਨੇ ਰਾਤ ਸਲਾਹੁੰਦਾ ਹਾਂ।

ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥

ਨਾਨਕ ਆਖਦਾ ਹੈ- ਪ੍ਰਭੂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਹਰੇਕ ਦਾਤ ਬਖ਼ਸ਼ਣ ਵਾਲਾ ਹੈ। (ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ ॥੨੪॥੧॥


ਸਿਰੀਰਾਗੁ ਮਹਲਾ ੫ ॥
ਪੈ ਪਾਇ ਮਨਾਈ ਸੋਇ ਜੀਉ ॥

(ਹੇ ਭਾਈ!) ਮੈਂ (ਗੁਰੂ ਦੀ) ਚਰਨੀਂ ਲੱਗ ਕੇ ਉਸ (ਪਰਮਾਤਮਾ) ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ।

ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥

ਗੁਰੂ-ਪੁਰਖ ਨੇ (ਮੈਨੂੰ) ਪਰਮਾਤਮਾ ਮਿਲਾਇਆ ਹੈਂ। (ਹੁਣ ਮੈਨੂੰ ਸਮਝ ਆਈ ਹੈ ਕਿ) ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥ ਰਹਾਉ ॥

ਗੋਸਾਈ ਮਿਹੰਡਾ ਇਠੜਾ ॥

ਸ੍ਰਿਸ਼ਟੀ ਦਾ ਮਾਲਕ ਮੇਰਾ (ਪ੍ਰਭੂ) ਬਹੁਤ ਪਿਆਰਾ ਹੈ,

ਅੰਮ ਅਬੇ ਥਾਵਹੁ ਮਿਠੜਾ ॥

(ਮੈਨੂੰ ਆਪਣੇ) ਮਾਂ ਪਿਉ ਨਾਲੋਂ (ਭੀ) ਵਧੀਕ ਮਿੱਠਾ ਲੱਗ ਰਿਹਾ ਹੈ।

ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥

(ਹੇ ਪ੍ਰਭੂ!) ਭੈਣ ਭਰਾ ਤੇ ਹੋਰ ਸਾਰੇ ਸਾਕ-ਸੈਣ (ਮੈਂ ਵੇਖ ਲਏ ਹਨ), ਤੇਰੇ ਬਰਾਬਰ ਦਾ ਹੋਰ ਕੋਈ (ਹਿਤ ਕਰਨ ਵਾਲਾ) ਨਹੀਂ ਹੈ ॥੧॥

ਤੇਰੈ ਹੁਕਮੇ ਸਾਵਣੁ ਆਇਆ ॥

(ਹੇ ਪ੍ਰਭੂ!) ਤੇਰੇ ਹੁਕਮ ਵਿਚ ਹੀ (ਗੁਰੂ ਦਾ ਮਿਲਾਪ ਹੋਇਆ, ਮਾਨੋ, ਮੇਰੇ ਵਾਸਤੇ) ਸਾਵਣ ਦਾ ਮਹੀਨਾ ਆ ਗਿਆ,

ਮੈ ਸਤ ਕਾ ਹਲੁ ਜੋਆਇਆ ॥

(ਗੁਰੂ ਦੀ ਕਿਰਪਾ ਨਾਲ) ਮੈਂ ਉੱਚ ਆਚਰਣ ਬਣਾਣ ਦਾ ਹਲ ਜੋਅ ਦਿੱਤਾ।

ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥

ਮੈਂ ਇਹ ਆਸ ਕਰ ਕੇ ਤੇਰਾ ਨਾਮ (ਆਪਣੇ ਹਿਰਦੇ-ਖੇਤ ਵਿਚ) ਬੀਜਣ ਲੱਗ ਪਿਆ ਕਿ ਤੇਰੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੋ ਜਾਇਗਾ ॥੨॥

ਹਉ ਗੁਰ ਮਿਲਿ ਇਕੁ ਪਛਾਣਦਾ ॥

(ਹੇ ਪ੍ਰਭੂ!) ਗੁਰੂ ਨੂੰ ਮਿਲ ਕੇ ਮੈਂ ਸਿਰਫ਼ ਤੇਰੇ ਨਾਲ ਸਾਂਝ ਪਾਈ ਹੈ,

ਦੁਯਾ ਕਾਗਲੁ ਚਿਤਿ ਨ ਜਾਣਦਾ ॥

ਮੈਂ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ ਲਿਖਣਾ ਨਹੀਂ ਜਾਣਦਾ।

ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥

ਹੇ ਹਰੀ! ਤੂੰ ਮੈਨੂੰ (ਆਪਣਾ ਨਾਮ ਸਿਮਰਨ ਦੀ ਹੀ) ਇਕੋ ਕਾਰ ਵਿਚ ਜੋੜ ਦਿੱਤਾ ਹੈ। ਹੁਣ ਜਿਵੇਂ ਤੇਰੀ ਰਜ਼ਾ ਹੋਵੇ, ਇਸ ਕਾਰ ਨੂੰ ਸਿਰੇ ਚਾੜ੍ਹ ॥੩॥

ਤੁਸੀ ਭੋਗਿਹੁ ਭੁੰਚਹੁ ਭਾਈਹੋ ॥

ਹੇ ਮੇਰੇ ਸਤਸੰਗੀ ਭਰਾਵੋ! ਤੁਸੀ ਭੀ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਰਸ ਮਾਣੋ।

ਗੁਰਿ ਦੀਬਾਣਿ ਕਵਾਇ ਪੈਨਾਈਓ ॥

ਮੈਨੂੰ ਗੁਰੂ ਨੇ ਪਰਮਾਤਮਾ ਦੀ ਦਰਗਾਹ ਵਿਚ ਸਿਰੋਪਾ ਪਹਿਨਾ ਦਿੱਤਾ ਹੈ (ਆਦਰ ਦਿਵਾ ਦਿੱਤਾ ਹੈ, ਕਿਉਂਕਿ)

ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥

ਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾਂ, (ਗੁਰੂ ਦੀ ਮਿਹਰ ਨਾਲ) ਮੈਂ (ਕਾਮਾਦਿਕ) ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰ ਕੇ ਲਿਆ ਬਿਠਾਏ ਹਨ ॥੪॥

ਹਉ ਆਇਆ ਸਾਮੈ੍  ਤਿਹੰਡੀਆ ॥

ਹੇ ਨਾਨਕ! (ਆਖ-ਹੇ ਮੇਰੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ।

ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥

(ਤੇਰੀ ਮਿਹਰ ਨਾਲ ਪੰਜੇ (ਗਿਆਨ-ਇੰਦ੍ਰੇ) ਕਿਸਾਨ ਮੇਰੇ ਮੁਜ਼ਾਰੇ ਬਣ ਗਏ ਹਨ (ਮੇਰੇ ਕਹੇ ਵਿਚ ਤੁਰਦੇ ਹਨ)।

ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥

ਕੋਈ ਗਿਆਨ-ਇੰਦ੍ਰਾ ਕਿਸਾਨ ਮੈਥੋਂ ਆਕੀ ਹੋ ਕੇ) ਸਿਰ ਨਹੀਂ ਚੁੱਕ ਸਕਦਾ। ਹੁਣ ਮੇਰਾ ਸਰੀਰ-ਨਗਰ (ਭਲੇ ਗੁਣਾਂ ਦੀ) ਸੰਘਣੀ ਵਸੋਂ ਨਾਲ ਵੱਸ ਪਿਆ ਹੈ ॥੫॥

ਹਉ ਵਾਰੀ ਘੁੰਮਾ ਜਾਵਦਾ ॥

(ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਸਦਕੇ ਜਾਂਦਾ ਹਾਂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।

ਇਕ ਸਾਹਾ ਤੁਧੁ ਧਿਆਇਦਾ ॥

ਮੈਂ ਸਿਰਫ਼ ਤੈਨੂੰ ਹੀ ਆਪਣੇ ਹਿਰਦੇ ਵਿਚ ਟਿਕਾਈ ਬੈਠਾ ਹਾਂ। (ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ,

ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥

ਤੂੰ ਮੇਰਾ ਉੱਜੜਿਆ ਹੋਇਆ ਥੇਹ ਹੋਇਆ ਹਿਰਦਾ-ਘਰ ਵਸਾ ਦਿੱਤਾ ਹੈ ॥੬॥

ਹਰਿ ਇਠੈ ਨਿਤ ਧਿਆਇਦਾ ॥

(ਹੇ ਭਾਈ!) ਮੈਂ ਹੁਣ ਸਦਾ ਸਦਾ ਪਿਆਰੇ ਹਰੀ ਨੂੰ ਹੀ ਸਿਮਰਦਾ ਹਾਂ,

ਮਨਿ ਚਿੰਦੀ ਸੋ ਫਲੁ ਪਾਇਦਾ ॥

ਅਪਣੇ ਮਨ ਵਿਚ ਮੈਂ ਜੋ ਇੱਛਾ ਧਾਰੀ ਬੈਠਾ ਸਾਂ, ਉਹ ਨਾਮ-ਫਲ ਹੁਣ ਮੈਂ ਪਾ ਲਿਆ ਹੈ।

ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥

ਉਸ (ਪ੍ਰਭੂ) ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ ॥੭॥

ਮੈ ਛਡਿਆ ਸਭੋ ਧੰਧੜਾ ॥

(ਹੇ ਭਾਈ! ਸਿਮਰਨ ਦੀ ਬਰਕਤਿ ਨਾਲ) ਮੈਂ ਦੁਨੀਆ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ।

ਗੋਸਾਈ ਸੇਵੀ ਸਚੜਾ ॥

ਮੈਂ ਸਦਾ-ਥਿਰ ਰਹਿਣ ਵਾਲੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹਾਂ।

ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥

(ਹੁਣ) ਪਰਮਾਤਮਾ ਦਾ ਨਾਮ ਖ਼ਜ਼ਾਨਾ ਹੀ (ਮੇਰੇ ਵਾਸਤੇ) ਜਗਤ ਦੇ ਨੌ ਖ਼ਜਾਨੇ ਹੈ, ਮੈਂ ਉਸ ਨਾਮ-ਧਨ ਨੂੰ ਆਪਣੇ (ਹਿਰਦੇ ਦੇ) ਪੱਲੇ ਵਿਚ ਘੁੱਟ ਕੇ ਬੰਨ੍ਹ ਲਿਆ ਹੈ ॥੮॥

ਮੈ ਸੁਖੀ ਹੂੰ ਸੁਖੁ ਪਾਇਆ ॥

(ਸ਼ਬਦ ਦੀ ਬਰਕਤਿ ਨਾਲ) ਮੈਂ (ਦੁਨੀਆ ਦੇ) ਸਾਰੇ ਸੁਖਾਂ ਤੋਂ ਵਧੀਆ ਆਤਮਕ ਸੁਖ ਲੱਭ ਲਿਆ ਹੈ।

ਗੁਰਿ ਅੰਤਰਿ ਸਬਦੁ ਵਸਾਇਆ ॥

ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਵਸਾ ਦਿੱਤਾ ਹੈ

ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥

ਗੁਰੂ-ਪੁਰਖ ਨੇ ਮੇਰੇ ਸਿਰ ਉੱਤੇ ਆਪਣਾ (ਮਿਹਰ ਦਾ) ਹੱਥ ਰੱਖ ਕੇ ਮੈਨੂੰ (ਪਰਮਾਤਮਾ ਦਾ) ਦਰਸ਼ਨ ਕਰਾ ਦਿੱਤਾ ਹੈ ॥੯॥

ਮੈ ਬਧੀ ਸਚੁ ਧਰਮ ਸਾਲ ਹੈ ॥

ਗੁਰਸਿੱਖਾਂ ਦੀ ਸੰਗਤਿ ਵਿਚ ਬੈਠਣਾ ਮੈਂ ਧਰਮਸਾਲ ਬਣਾਈ ਹੈ, ਜਿਥੇ ਮੈਂ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹਾਂ।

ਗੁਰਸਿਖਾ ਲਹਦਾ ਭਾਲਿ ਕੈ ॥

ਗੁਰੂ ਦੇ ਸਿੱਖਾਂ ਨੂੰ ਮੈਂ (ਜਤਨ ਨਾਲ) ਲੱਭ ਕੇ ਮਿਲਦਾ ਹਾਂ।

ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥

(ਜੇਹੜਾ ਗੁਰਸਿੱਖ ਮਿਲ ਪਏ) ਮੈਂ (ਲੋੜ ਅਨੁਸਾਰ) ਉਸ ਦੇ ਪੈਰ ਧੋਂਦਾ ਹਾਂ, ਉਸ ਨੂੰ ਪੱਖਾ ਝੱਲਦਾ ਹਾਂ, ਮੈਂ ਪੂਰੇ ਅਦਬ ਨਾਲ ਉਸ ਦੀ ਪੈਰੀਂ ਲੱਗਦਾ ਹਾਂ ॥੧੦॥

ਸੁਣਿ ਗਲਾ ਗੁਰ ਪਹਿ ਆਇਆ ॥

(ਗੁਰੂ ਦੀ ਵਡਿਆਈ ਦੀਆਂ) ਗੱਲਾਂ ਸੁਣ ਕੇ ਮੈਂ ਭੀ ਗੁਰੂ ਦੇ ਕੋਲ ਆ ਗਿਆ ਹਾਂ,

ਨਾਮੁ ਦਾਨੁ ਇਸਨਾਨੁ ਦਿੜਾਇਆ ॥

ਤੇ ਉਸ ਨੇ ਮੇਰੇ ਹਿਰਦੇ ਵਿਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵਲ ਪ੍ਰੇਰਨਾ, ਪਵਿਤ੍ਰ ਜਵਿਨ ਬਨਾਣਾ-ਇਹੀ ਹੈ ਸਹੀ ਜੀਵਨ-ਰਾਹ

ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥

ਹੇ ਨਾਨਕ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ, ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ ॥੧੧॥

ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥

(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ,

ਦੇ ਕੰਨੁ ਸੁਣਹੁ ਅਰਦਾਸਿ ਜੀਉ ॥

(ਕਿਉਂਕਿ) ਤੂੰ (ਹਰੇਕ ਜੀਵ ਦੀ) ਅਰਦਾਸ ਧਿਆਨ ਨਾਲ ਸੁਣਦਾ ਹੈਂ।

ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥

(ਹੇ ਭਾਈ!) ਮੈਂ ਸਾਰੀ ਲੁਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ ॥੧੨॥

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥

ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ,

ਪੈ ਕੋਇ ਨ ਕਿਸੈ ਰਞਾਣਦਾ ॥

ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ।

ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥

(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ॥੧੩॥

ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥

ਆਤਮਕ ਅਡੋਲਤਾ ਪੈਦਾ ਕਰ ਕੇ ਪ੍ਰਭੂ ਦਾ ਨਾਮ-ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ।

ਬੋਲਾਇਆ ਬੋਲੀ ਖਸਮ ਦਾ ॥

ਮੈਂ ਖਸਮ ਪ੍ਰਭੂ ਦੀ ਪ੍ਰੇਰਨਾ ਨਾਲ ਉਸ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲ ਰਿਹਾ ਹਾਂ।

ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥

ਮੈਂ ਤੇਰੇ ਉਤੇ ਹੀ ਮਾਣ ਕਰਦਾ ਆਇਆ ਹਾਂ (ਮੈਨੂੰ ਨਿਸ਼ਚਾ ਹੈ ਕਿ) ਤੂੰ ਆਪ ਹੀ (ਮੈਨੂੰ) ਕਬੂਲ ਕਰ ਲਏਂਗਾ ॥੧੪॥

ਤੇਰਿਆ ਭਗਤਾ ਭੁਖ ਸਦ ਤੇਰੀਆ ॥

ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੁੱਖ ਲੱਗੀ ਰਹਿੰਦੀ ਹੈ।

ਹਰਿ ਲੋਚਾ ਪੂਰਨ ਮੇਰੀਆ ॥

ਹੇ ਹਰੀ! ਮੇਰੀ ਭੀ ਇਹ ਤਾਂਘ ਪੂਰੀ ਕਰ।

ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥

ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ ॥੧੫॥

ਤੁਧੁ ਜੇਵਡੁ ਅਵਰੁ ਨ ਭਾਲਿਆ ॥

ਤੇਰੇ ਬਰਾਬਰ ਦਾ ਕੋਈ ਹੋਰ (ਕਿਤੇ ਭੀ) ਨਹੀਂ ਲੱਭਦਾ।

ਤੂੰ ਦੀਪ ਲੋਅ ਪਇਆਲਿਆ ॥

ਹੇ ਪ੍ਰਭੂ! ਤੂੰ ਸਾਰੇ ਦੇਸਾਂ ਵਿਚ ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ।

ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥

ਹੇ ਪ੍ਰਭੂ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ। ਹੇ ਨਾਨਕ! ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ (ਜੀਵਨ ਲਈ) ਸਹਾਰਾ ਹੈ ॥੧੬॥

ਹਉ ਗੋਸਾਈ ਦਾ ਪਹਿਲਵਾਨੜਾ ॥

ਮੈਂ ਮਾਲਕ-ਪ੍ਰਭੂ ਦਾ ਅੰਞਾਣ ਜਿਹਾ ਪਹਿਲਵਾਨ ਸਾਂ,

ਮੈ ਗੁਰ ਮਿਲਿ ਉਚ ਦੁਮਾਲੜਾ ॥

ਪਰ ਗੁਰੂ ਨੂੰ ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ ਹਾਂ।

ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥

ਜਗਤ-ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ (ਇਸ ਅਖਾੜੇ ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ ॥੧੭॥

ਵਾਤ ਵਜਨਿ ਟੰਮਕ ਭੇਰੀਆ ॥

ਵਾਜੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ (ਭਾਵ, ਸਾਰੇ ਜੀਵ ਮਾਇਆ ਵਾਲੀ ਦੌੜ-ਭਜ ਕਰ ਰਹੇ ਹਨ।)

ਮਲ ਲਥੇ ਲੈਦੇ ਫੇਰੀਆ ॥

ਪਹਿਲਵਾਨ ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿਚ) ਫੇਰੀਆਂ ਲੈ ਰਹੇ ਹਨ।

ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥

ਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ (ਕਾਮਾਦਿਕ) ਜੁਆਨ ਕਾਬੂ ਕਰ ਲਏ ॥੧੮॥

ਸਭ ਇਕਠੇ ਹੋਇ ਆਇਆ ॥

ਸਾਰੇ (ਨਰ ਨਾਰ) ਮਨੁੱਖਾ ਜਨਮ ਲੈ ਕੇ ਆਏ ਹਨ,

ਘਰਿ ਜਾਸਨਿ ਵਾਟ ਵਟਾਇਆ ॥

ਪਰ (ਇੱਥੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਪਰਲੋਕ-ਘਰ ਵਿਚ ਵੱਖ ਵੱਖ ਜੂਨਾਂ ਵਿਚ ਪੈ ਕੇ ਜਾਣਗੇ।

ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥

ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਉਹ ਇੱਥੋਂ (ਹਰਿ-ਨਾਮ ਦਾ) ਨਫ਼ਾ ਖੱਟ ਕੇ ਜਾਂਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ-ਪੂੰਜੀ ਭੀ ਗਵਾ ਜਾਂਦੇ ਹਨ (ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮੰਦ ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ) ॥੧੯॥

ਤੂੰ ਵਰਨਾ ਚਿਹਨਾ ਬਾਹਰਾ ॥

ਹੇ ਪ੍ਰਭੂ! ਤੇਰਾ ਨਾਹ ਕੋਈ ਖ਼ਾਸ ਰੰਗ ਹੈ ਤੇ ਨਾਹ ਕੋਈ ਖ਼ਾਸ ਚਿਹਨ-ਚੱਕਰ ਹਨ,

ਹਰਿ ਦਿਸਹਿ ਹਾਜਰੁ ਜਾਹਰਾ ॥

ਫਿਰ ਭੀ, ਹੇ ਹਰੀ! ਤੂੰ (ਸਾਰੇ ਜਗਤ ਵਿਚ ਪ੍ਰਤੱਖ ਦਿੱਸਦਾ ਹੈਂ।

ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥

ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫ਼ਤਾਂ ਸੁਣ ਸੁਣ ਕੇ ਤੈਨੂੰੈ ਸਿਮਰਦੇ ਹਨ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ। ਤੇਰੇ ਭਗਤ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ ॥੨੦॥

ਮੈ ਜੁਗਿ ਜੁਗਿ ਦਯੈ ਸੇਵੜੀ ॥

ਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ ਭਗਤੀ ਕਰਦਾ ਰਹਿੰਦਾ ਹਾਂ।

ਗੁਰਿ ਕਟੀ ਮਿਹਡੀ ਜੇਵੜੀ ॥

ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ।

ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥

ਹੇ ਨਾਨਕ! (ਆਖ) ਹੁਣ ਮੈਂ ਮੁੜ ਮੁੜ ਇਸ ਜਗਤ-ਅਖਾੜੇ ਵਿਚ ਭਟਕਦਾ ਨਹੀਂ ਫਿਰਾਂਗਾ। ਗੁਰੂ ਦੀ ਕਿਰਪਾ ਨਾਲ) ਢੂੰਢ ਕੇ ਮੈਂ (ਸਿਮਰਨ ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ ॥੨੧॥੨॥੨੯॥{73-74}


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ।

ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥

ਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ।

ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥

(ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ।

ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥

ਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ।

ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥

ਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ।

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥

ਨਾਨਕ ਆਖਦਾ ਹੈ- ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ॥੧॥

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ)।

ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥

ਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ।

ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥

(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।

ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥

ਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ।

ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥

ਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ।

ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥

ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ ॥੨॥

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ।

ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥

ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ।

ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥

ਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ,

ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥

ਧਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।

ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥

ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ।

ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥

ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ॥੩॥

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ।

ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥

ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ।

ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥

ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ, ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ।

ਝੂਠਾ ਰੁਦਨੁ ਹੋਆ ਦੁੋਆਲੈ ਖਿਨ ਮਹਿ ਭਇਆ ਪਰਾਇਆ ॥

ਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ ‘ਮੇਰਾ, ਮੇਰਾ’ ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ।

ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥

ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)।

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥

ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ ॥੪॥੧॥

1
2
3
4
5
6
7