ਰਾਗ ਸਿਰੀਰਾਗੁ – ਬਾਣੀ ਸ਼ਬਦ-Part 7 – Raag Sri – Bani

ਰਾਗ ਸਿਰੀਰਾਗੁ – ਬਾਣੀ ਸ਼ਬਦ-Part 7 – Raag Sri – Bani

ਪਉੜੀ ॥
ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥

ਹੇ ਹਰੀ ਦੇ ਸੰਤ ਜਨ ਪਿਆਰਿਓ! ਆਪਣੇ ਸਤਿਗੁਰੂ ਦੀ ਸਿੱਖਿਆ ਸੁਣੋ (ਭਾਵ, ਸਿੱਖਿਆ ਤੇ ਤੁਰੋ)।

ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥

ਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿਚ ਪਰੋ ਰੱਖਿਆ ਹੈ, ਜਿਸ ਦੇ ਮੱਥੇ ਉਤੇ ਧੁਰੋਂ ਹੀ ਭਾਗ ਹੋਵੇ।

ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥

ਸਤਿਗੁਰੂ ਦੀ ਸਿੱਖਿਆ ਦੁਆਰਾ ਹੀ ਅਡੋਲ ਅਵਸਥਾ ਵਿਚ ਪਹੁੰਚ ਕੇ ਪ੍ਰਭੂ ਦੀ ਉੱਤਮ ਪਵਿਤਰ ਤੇ ਜੀਵਨ-ਕਣੀ ਬਖ਼ਸ਼ਣ ਵਾਲੀ ਸਿਫ਼ਤ-ਸਾਲਾਹ ਦਾ ਆਨੰਦ ਲਿਆ ਜਾ ਸਕਦਾ ਹੈ।

ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥

(ਸਤਿਗੁਰੂ ਦੀ ਸਿੱਖਿਆ ਨੂੰ ਜੇਹੜਾ ਹਿਰਦਾ ਇਕ ਵਾਰੀ ਧਾਰਨ ਕਰਦਾ ਹੈ) ਉਸ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਤੇ (ਮਾਇਆ ਦਾ) ਹਨੇਰਾ ਇਉਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ (ਦੇ ਹਨੇਰੇ) ਨੂੰ ਖਿੱਚ ਲੈਂਦਾ ਹੈ।

ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥

ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ, ਇੰਦ੍ਰਿਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ ਉਹ ਸਤਿਗੁਰੂ ਦੇ ਸਨਮੁਖ ਹੋਣ ਕਰਕੇ ਅੱਖੀਂ ਦਿੱਸ ਪੈਂਦਾ ਹੈ ॥੧੨॥


ਸਲੋਕੁ ਮ : ੩ ॥
ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥

ਜਿਹੜਾ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਹ ਮਨੁੱਖ ਆਪਣਾ ਸਿਰ (ਭਾਵ, ਮਨੁੱਖਾ ਜਨਮ) ਸਫਲਾ ਕਰ ਲੈਂਦਾ ਹੈ।

ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥

ਅਜੇਹੇ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰ ਕੇ ਸੱਚੇ ਨਾਮ ਵਿਚ ਬਿਰਤੀ ਜੋੜੀ ਰੱਖਦੇ ਹਨ।

ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥

ਜਿਨ੍ਹਾਂ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹਨਾਂ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ।

ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥੧॥

(ਪਰ) ਹੇ ਨਾਨਕ! (ਕਿਸੇ ਨੂੰ) ਕੁਝ (ਚੰਗਾ ਮੰਦਾ) ਆਖਿਆ ਨਹੀਂ ਜਾ ਸਕਦਾ (ਕਿਉਂਕਿ) ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਆਪ ਕਰਦਾ ਹੈ ॥੧॥


ਮ : ੩ ॥
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥

(ਇਹ ਕੁਦਰਤਿ ਦਾ ਤਰੀਕਾ ਹੈ ਕਿ) ਵਿਕਾਰਾਂ ਵਿਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕਰਮ (ਹੀ) ਕਰਦਾ ਹੈ।

ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥

(ਇਸ ਵਾਸਤੇ) ਮਾਇਆ ਦੇ ਪਿਆਰ ਵਿਚ (ਫਸੇ ਰਹਿ ਕੇ) ਜੋ ਮਨੁੱਖ ਪੂਜਾ ਕਰਦੇ ਹਨ, (ਇਸ ਪੂਜਾ ਦਾ ਉਹਨਾਂ ਨੂੰ ਕੁਝ ਲਾਭ ਨਹੀਂ ਹੁੰਦਾ) ਦਰਗਾਹ ਵਿਚ ਸਜ਼ਾ (ਹੀ) ਮਿਲਦੀ ਹੈ।

ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥

ਆਤਮਾ ਨੂੰ ਚਾਨਣ ਬਖ਼ਸ਼ਣ ਵਾਲੇ ਪ੍ਰਭੂ ਦੀ ਹੀ ਪੂਜਾ ਕਰਨੀ ਚਾਹੀਦੀ ਹੈ, (ਪਰ) ਸਤਿਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ।

ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥

ਸਤਿਗੁਰੂ ਦਾ ਭਾਣਾ (ਮੰਨਣਾ)-ਇਹੀ ਜਪੁ ਤਪੁ ਤੇ ਸੰਜਮ ਹੈ, ਪ੍ਰਭੂ ਮਿਹਰ ਕਰੇ ਤਾਂ ਇਹ (ਭਾਣਾ ਮੰਨਣ ਦੀ ਸਮਰੱਥਾ) ਪ੍ਰਾਪਤ ਹੁੰਦੀ ਹੈ।

ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥

ਹੇ ਨਾਨਕ! (ਉਂਞ ਤਾਂ) ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪਰਵਾਨ ਹੁੰਦੀ ਹੈ, (ਪਰ) ਸੇਵਾ ਭੀ ਸੁਰਤ ਦੁਆਰਾ ਹੀ (ਭਾਵ, ਸੁਰਤ ਨੂੰ ਸਤਿਗੁਰੂ ਦੇ ਭਾਣੇ ਵਿਚ ਟਿਕਾ ਕੇ ਹੀ) ਕੀਤੀ ਜਾ ਸਕਦੀ ਹੈ ॥੨॥


ਪਉੜੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥

ਹੇ ਮਰੇ ਮਨ! ਹਰੀ-ਨਾਮ ਦਾ ਸਿਮਰਨ ਕਰ, ਜਿਸ ਤੋਂ ਰਾਤ ਦਿਨ ਸਦਾ ਦੁਖ ਹੋਵੇ।

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥

ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰਕੇ ਸਭ ਪਾਪ ਦੂਰ ਹੋ ਜਾਂਦੇ ਹਨ।

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥

ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, ਜਿਸ ਨਾਲ ਸਭ ਦਰਿਦ੍ਰ ਦੁੱਖ ਤੇ ਭੁੱਖਾਂ ਲਹਿ ਜਾਣ।

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥

ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, (ਜਿਸ ਕਰਕੇ) ਸਤਿਗੁਰੂ ਦੇ ਸਨਮੁਖ ਰਹਿ ਕੇ (ਤੇਰੇ ਅੰਦਰ) ਉੱਤਮ ਪ੍ਰੀਤਿ (ਭਾਵ, ਹਰੀ ਨਾਮ ਦੀ ਪ੍ਰੀਤਿ) ਬਣ ਜਾਏ।

ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥

ਧੁਰ ਸੱਚੀ ਦਰਗਾਹ ਤੋਂ ਜਿਸ ਮੂੰਹ ਤੇ ਭਾਗ ਲਿਖਿਆ ਹੋਵੇ, ਪ੍ਰਭੂ ਉਸ ਮੂੰਹ ਤੋਂ (ਹੀ) ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ ॥੧੩॥


ਸਲੋਕ ਮ : ੩ ॥
ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥

(ਮਨੁੱਖਾ ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹਰੀ ਨਾਮ ਦੀ) ਵਿਚਾਰ ਨਹੀਂ ਕੀਤੀ,

ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥

(ਤੇ ਇਸ ਤਰ੍ਹਾਂ) ਹਿਰਦੇ ਵਿਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ ਵਿਚ (ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ।

ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥

(ਚੌਰਾਸੀ ਲੱਖ ਜੂਨਾਂ) ਵਿਚ ਉਸ ਨੂੰ ਚੱਕਰ ਕੱਟਣਾ ਪੈਂਦਾ ਹੈ, ਮੁੜ ਮੁੜ ਜੰਮਦਾ ਮਰਦਾ ਤੇ ਖ਼ੁਆਰ ਹੁੰਦਾ ਹੈ।

ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥

ਜਿਸ ਜੀਵ ਪਾਸੋਂ ਪ੍ਰਭੂ ਆਪ ਕਰਾਏ, ਉਹੀ ਸਤਿਗੁਰੂ ਦੀ ਦੱਸੀ ਕਾਰ ਕਰ ਸਕਦਾ ਹੈ।

ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥

ਸਤਿਗੁਰੂ ਦੇ ਪਾਸ ‘ਨਾਮ’ ਖ਼ਜ਼ਾਨਾ ਹੈ, ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦਾ ਹੈ।

ਸਚਿ ਰਤੇ ਗੁਰਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥

ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੁਆਰਾ ਸੱਚੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦੀ ਬਿਰਤੀ ਸਦਾ ਇਕ ਤਾਰ ਰਹਿੰਦੀ ਹੈ।

ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥

ਹੇ ਨਾਨਕ! ਜਿਸ ਨੂੰ (ਇਕ ਵਾਰੀ) ਮੇਲ ਲੈਂਦਾ ਹੈ, ਉਹ (ਕਦੇ) ਵਿਛੁੜਦਾ ਨਹੀਂ, ਉਹ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੧॥


ਮ : ੩ ॥
ਸੋ ਭਗਉਤੀ ਜੁੋ ਭਗਵੰਤੈ ਜਾਣੈ ॥

ਭਗਉਤੀ (ਸੱਚਾ ਭਗਤ) ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ),

ਗੁਰਪਰਸਾਦੀ ਆਪੁ ਪਛਾਣੈ ॥

ਤੇ ਸਤਿਗੁਰੂ ਦੀ ਕਿਰਪਾ ਨਾਲ (ਭਾਵ, ਸਤਿਗੁਰੂ ਦੀ ਸਿੱਖਿਆ ਲੈ ਕੇ) ਆਪਣੇ ਆਪ ਨੂੰ ਪਛਾਣਦਾ ਹੈ।

ਧਾਵਤੁ ਰਾਖੈ ਇਕਤੁ ਘਰਿ ਆਣੈ ॥

(ਵਾਸ਼ਨਾ ਵਲ) ਦੌੜਦੇ (ਮਨ) ਨੂੰ ਸਾਂਭ ਰੱਖਦਾ ਹੈ, ਤੇ ਇੱਕ ਟਿਕਾਣੇ ਤੇ ਲਿਆਉਂਦਾ ਹੈ,

ਜੀਵਤੁ ਮਰੈ ਹਰਿ ਨਾਮੁ ਵਖਾਣੈ ॥

ਅਤੇ ਜੀਊਂਦਾ ਹੋਇਆ ਹੀ (ਮਾਇਆ ਵਲੋਂ) ਮਰਦਾ ਹੈ (ਭਾਵ, ਸੰਸਾਰ ਵਿਚ ਵਿਚਰਦਾ ਹੋਇਆ ਹੀ ਮਨ ਨੂੰ ਵਾਸ਼ਨਾ ਵਲੋਂ ਤੋੜੀ ਰੱਖਦਾ ਹੈ ਅਤੇ) ਹਰੀ ਨਾਮ ਜਪਦਾ ਹੈ।

ਐਸਾ ਭਗਉਤੀ ਉਤਮੁ ਹੋਇ ॥

ਇਹੋ ਜਿਹਾ ਭਗਉਤੀ (ਭਗਤ) ਉੱਤਮ ਹੁੰਦਾ ਹੈ,

ਨਾਨਕ ਸਚਿ ਸਮਾਵੈ ਸੋਇ ॥੨॥

ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ (ਤੇ ਫਿਰ ਨਹੀਂ ਵਿੱਛੁੜਦਾ ॥੨॥


ਮ : ੩ ॥
ਅੰਤਰਿ ਕਪਟੁ ਭਗਉਤੀ ਕਹਾਏ ॥

ਜੋ ਮਨੁੱਖ ਹਿਰਦੇ ਵਿਚ ਖੋਟ ਰੱਖੇ (ਪਰ ਆਪਣੇ ਆਪ ਨੂੰ) ਭਗਉਤੀ (ਸੱਚਾ ਭਗਤ) ਅਖਵਾਏ,

ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥

ਉਹ (ਇਸ) ਪਖੰਡ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ।

ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥

(ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿਚ ਮੈਲ ਲਾਈ ਜਾਵੇ,

ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥

(ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।

ਸਤਸੰਗਤਿ ਸਿਉ ਬਾਦੁ ਰਚਾਏ ॥

ਜੋ ਮਨੁੱਖ ਸਤ ਸੰਗਤਿ ਨਾਲ ਝਗੜਾ ਪਾਈ ਰੱਖਦਾ ਹੈ, (ਭਾਵ, ਜਿਸ ਨੂੰ ਸਤ ਸੰਗ ਨਹੀਂ ਭਾਉਂਦਾ)

ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥

ਉਹ ਮਾਇਆ ਦੇ ਪਿਆਰ ਵਿਚ ਰੱਤਾ ਹੋਇਆ ਸਦਾ ਦੁਖੀ ਰਹਿੰਦਾ ਹੈ।

ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥

ਹਰੀ ਨਾਮ ਦਾ ਸਿਮਰਨ ਛੱਡ ਕੇ ਹੋਰ ਬਥੇਰੇ ਕਰਮ ਕਾਂਡ ਕਰਦਾ ਰਹੇ.

ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥

(ਇਸ ਤਰ੍ਹਾਂ) ਪਹਿਲਾਂ (ਕੀਤੇ ਕਰਮਾਂ ਦੇ ਚੰਗੇ ਮੰਦੇ ਸੰਸਕਾਰ ਜੋ ਮਨ ਤੇ) ਲਿਖੇ ਗਏ (ਹਨ, ਤੇ ਜਨਮ ਜਨਮ ਵਿਚ ਭਵਾਉਂਦੇ ਫਿਰਦੇ ਹਨ) ਮਿਟ ਨਹੀਂ ਸਕਦੇ।

ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥

ਹੇ ਨਾਨਕ! (ਸੱਚ ਤਾਂ ਇਹ ਹੈ ਕਿ) ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਛੁਟਕਾਰਾ ਹੋ ਹੀ ਨਹੀਂ ਸਕਦਾ ॥੩॥


ਪਉੜੀ ॥
ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥

ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ, ਉਹ ਨਿੱਤ ਨਵੇਂ ਸੂਰਜ ਦੁਖੀ ਨਹੀਂ ਹੁੰਦੇ,

ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥

(ਕਿਉਂਕਿ) ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ ਉਹ (ਦੁਨੀਆ ਦੇ ਪਦਾਰਥਾਂ ਵਲੋਂ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ।

ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥

(ਇਸ ਵਾਸਤੇ), ਉਹਨਾਂ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ।

ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥

ਸਤਿਗੁਰੂ ਦੀ ਸਰਨ ਭੀ ਉਹੀ ਲੱਗਦੇ ਹਨ, ਜਿਨ੍ਹਾਂ ਉਤੇ ਹਰੀ ਆਪ ਤੁੱਠਦਾ ਹੈ।

ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥

ਉਹ ਦੋਹੀਂ ਜਹਾਨੀਂ ਸੁਰਖ਼ਰੂ ਰਹਿੰਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿਚ (ਭੀ) ਵਡਿਆਏ ਜਾਂਦੇ ਹਨ ॥੧੪॥


ਸਲੋਕ ਮ : ੨ ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥

ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ, ਉਸ ਦਾ ਕੋਈ ਗੁਣ ਨਹੀਂ)।

ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥

ਹੇ ਨਾਨਕ! ਜਿਸ ਸਰੀਰ ਵਿਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ ਹੈ) ॥੧॥


ਮ : ੫ ॥
ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥

ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ (ਸਭ ਦੇ) ਮੂਲ (ਸਿਰਜਣਹਾਰ) ਨੂੰ ਵਿਸਾਰਿਆ ਹੈ, ਉਹ ਮੁੜ ਮੁੜ ਜੰਮਦੀ ਮਰਦੀ ਹੈ,

ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥੨॥

(ਤੇ ਉਹ) ਕਸਤੂਰੀ (ਭਾਵ, ਉੱਤਮ ਪਦਾਰਥ) ਦੇ ਭੁਲੇਖੇ (ਮਾਇਆ ਦੇ) ਗੰਦੇ ਟੋਏ ਵਿਚ ਪਈ ਹੋਈ ਹੈ ॥੨॥


ਪਉੜੀ ॥
ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥

ਹੇ ਮੇਰੇ ਮਨ! ਜੋ ਪ੍ਰਭੂ ਸਭ ਜੀਵਾਂ ਉਤੇ ਆਪਣਾ ਹੁਕਮ ਚਲਾਉਂਦਾ (ਭਾਵ, ਜਿਸ ਦੇ ਹੁਕਮ ਅੱਗੇ ਸਭ ਜੀਵ ਜੰਤ ਨਿਊਂਦੇ ਹਨ) ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।

ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥

ਹੇ ਮੇਰੇ ਮਨ! ਜੋ ਅੰਤ ਸਮੇਂ (ਮੌਤ ਦੇ ਡਰ ਤੋਂ) ਛੁਡਾ ਲੈਂਦਾ ਹੈ, ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ।

ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥

ਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ! ਉਸ ਦਾ ਜਾਪ ਕਰਨਾ ਚਾਹੀਦਾ ਹੈ।

ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥

ਸਭ ਨਿੰਦਕ ਤੇ ਦੁਰਜਨ ਉਹਨਾਂ ਵਡਭਾਗੀਆਂ ਦੀ ਚਰਨੀਂ ਆ ਲੱਗਦੇ ਹਨ, ਜਿਨ੍ਹਾਂ ਨੇ ਸਤਿਗੁਰੂ ਦੀ ਸਰਨ ਪੈ ਕੇ ਇਹ ਨਾਮੁ ਜਪਿਆ ਹੈ।

ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥

ਹੇ ਨਾਨਕ! ਪ੍ਰਭੂ ਦੇ ਨਾਮ ਦਾ ਸਿਮਰਨ ਕਰ-ਇਹ (ਸਾਧਨ) ਸਭ (ਸਾਧਨਾਂ) ਤੋਂ ਵੱਡਾ ਹੈ; ਨਾਮ ਦੇ ਅੱਗੇ ਸਭ ਲਿਆ ਕੇ (ਪ੍ਰਭੂ ਨੇ) ਨਿਵਾ ਦਿੱਤੇ ਹਨ ॥੧੫॥


ਸਲੋਕ ਮ : ੩ ॥
ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥

ਝੂਠੀ, ਮਾਨੋ ਖੋਟੀ, ਭੈੜੇ ਲੱਛਣਾਂ ਵਾਲੀ ਤੇ ਕਰੂਪ ਇਸਤ੍ਰੀ ਆਪਣੇ ਸਰੀਰ ਨੂੰ ਸਿੰਗਾਰਦੀ ਹੈ;

ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥

(ਪਰ) ਪਤੀ ਦੇ ਹੁਕਮ ਵਿਚ ਨਹੀਂ ਤੁਰਦੀ, (ਸਗੋਂ) ਮੂਰਖ ਇਸਤ੍ਰੀ (ਪਤੀ ਤੇ) ਹੁਕਮ ਚਲਾਉਂਦੀ ਹੈ (ਸਿੱਟਾ ਇਹ ਹੁੰਦਾ ਹੈ ਕਿ ਸਦਾ ਦੁਖੀ ਰਹਿੰਦੀ ਹੈ)।

ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ ॥

ਜੋ (ਜੀਵ-ਇਸਤ੍ਰੀ) ਸਤਿਗੁਰੂ ਦੀ ਰਜ਼ਾ ਵਿਚ ਚੱਲਦੀ ਹੈ ਉਹ ਅਪਾਣੇ ਸਾਰੇ ਦੁੱਖ-ਕਲੇਸ਼ ਨਿਵਾਰ ਲੈਂਦੀ ਹੈ।

ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥

(ਪਰ, ਕੁਲੱਖਣੀ ਦੇ ਕੀਹ ਵੱਸ?) (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰੋਂ ਜੋ (ਸੰਸਕਾਰਾਂ ਦਾ ਲੇਖ ਜੀਵਾਂ ਦੇ ਮੱਥੇ ਤੇ) ਲਿਖ ਦਿੱਤਾ ਹੈ, ਉਹ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ।

ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥

(ਸੁਲੱਖਣੀ) ਤਨ ਮਨ (ਹਰੀ-) ਪਤੀ ਨੂੰ ਸਉਂਪ ਦੇਂਦੀ ਹੈ, ਤੇ ਸਤਿਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦੀ ਹੈ।

ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥

ਹਿਰਦੇ ਵਿਚ ਵਿਚਾਰ ਕਰ ਕੇ ਵੇਖ (ਭੀ) ਲਵੋ, ਕਿ ਨਾਮ (ਜਪਣ) ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।

ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥੧॥

ਹੇ ਨਾਨਕ! ਚੰਗੇ ਲੱਛਣਾਂ ਵਾਲੀ ਤੇ ਸੁੰਦਰ (ਜੀਵ-) ਇਸਤ੍ਰੀ ਉਹੀ ਹੈ, ਜਿਸ ਉਤੇ ਸਿਰਜਨਹਾਰ (ਪਤੀ) ਨੇ ਮਿਹਰ ਕੀਤੀ ਹੈ ॥੧॥


ਮ : ੩ ॥
ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥

ਮਾਇਆ ਦਾ ਮੋਹ-ਪਿਆਰ (ਨਿਰਾ) ਹਨੇਰਾ ਹੈ, ਜਿਸ ਦਾ ਉਰਲਾ ਤੇ ਪਾਰਲਾ ਬੰਨਾ ਦਿੱਸਦਾ ਨਹੀਂ।

ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥

ਸਤਿਗੁਰੂ ਤੋਂ ਮੁਖ ਮੋੜਨ ਵਾਲੇ, ਗਿਆਨ ਤੋਂ ਹੀਣ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ (ਉਸ ਹਨੇਰੇ ਵਿਚ) ਗੋਤੇ ਖਾਂਦੇ ਹਨ ਤੇ ਬੜਾ ਦੁੱਖ ਸਹਿੰਦੇ ਹਨ।

ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥

ਨਿਤ ਨਵੇਂ ਸੂਰਜ (ਨਾਮ ਤੋਂ ਬਿਨਾ) ਹੋਰ ਬਥੇਰੇ ਕੰਮ ਕਰਦੇ ਹਨ ਤੇ ਮਾਇਆ ਦੇ ਪਿਆਰ ਵਿਚ (ਹੀ ਉਹਨਾਂ ਦੀ) ਬਿਰਤੀ (ਜੁੜੀ ਰਹਿੰਦੀ ਹੈ)।

ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ ॥

(ਜੋ ਜੀਵ) ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥੨॥
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ (ਜੀਵ) ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਦਾ-ਥਿਰ (ਪ੍ਰਭੂ) ਵਿਚ ਲੀਨ ਹੋ ਜਾਂਦੇ ਹਨ ॥੨॥

ਪਉੜੀ ॥
ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥

ਪ੍ਰਭੂ ਜਲ ਵਿਚ ਥਲ ਵਿਚ ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ।

ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥

ਪ੍ਰਭੂ ਆਪ ਹੀ ਬਹਿ ਕੇ (ਭਾਵ, ਗਹੁ ਨਾਲ) (ਜੀਵਾਂ ਦੇ ਚੰਗੇ ਮੰਦੇ ਕੀਤੇ ਕਰਮਾਂ ਦਾ) ਨਿਆਂ ਕਰਦਾ ਹੈ, ਮਨ ਦੇ ਖੋਟੇ ਸਭ ਜੀਵਾਂ ਨੂੰ ਮਾਰ ਕੇ ਕੱਢ ਦੇਂਦਾ ਹੈ (ਭਾਵ, ਆਪਣੇ ਚਰਨਾਂ ਤੋਂ ਵਿਛੋੜ ਦੇਂਦਾ ਹੈ।)

ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥

ਸੱਚ ਦੇ ਵਪਾਰੀਆਂ ਨੂੰ ਆਦਰ ਬਖ਼ਸ਼ਦਾ ਹੈ-ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ।

ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥

(ਹੇ ਭਾਈ!) ਸਾਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ, ਜਿਸ ਨੇ (ਸਦਾ) ਗ਼ਰੀਬਾਂ ਅਨਾਥਾਂ ਦੀ ਰਾਖੀ ਕੀਤੀ ਹੈ।

ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥

ਧਰਮੀਆਂ ਨੂੰ ਵਡਿਆਈ ਦਿੱਤੀ ਹੈ ਤੇ ਪਾਪੀਆਂ ਨੂੰ ਦੰਡ ਦਿੱਤਾ ਹੈ ॥੧੬॥


ਸਲੋਕ ਮ : ੩ ॥
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥

ਮਨ ਦਾ ਮੁਰੀਦ (ਜੀਵ ਉਸ) ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ (ਵਾਂਗ) ਹੈ,

ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥

(ਜਿਸ ਨੇ) ਘਰ ਵਿਚ (ਵੱਸਦਾ) ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ (ਪਾਇਆ ਹੋਇਆ ਹੈ)।

ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥

ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ (ਤ੍ਰਿਸ਼ਨਾ ਵਿਚ) ਸੜਦੀ ਹੋਈ ਵਿਲਕਦੀ ਹੈ।

ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥

ਹੇ ਨਾਨਕ! (ਮਨਮੁਖ ਜੀਵ) ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ (ਭੀ) ਦੁਰਕਾਰੀ ਹੋਈ ਹੈ ॥੧॥


ਮ : ੩ ॥
ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥

ਜੀਊਂਦੇ ਖਸਮ ਵਾਲੀ (ਗੁਰਮੁਖ ਜੀਵ-) ਇਸਤ੍ਰੀ (ਉਹ ਹੈ ਜੋ) ਗੁਰੂ ਦੇ ਸ਼ਬਦ ਦੀ ਰਾਹੀਂ ਸਤਿਗੁਰੂ ਦੇ ਪ੍ਰੇਮ-ਪਿਆਰ ਵਿਚ-

ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ ॥

ਸਦਾ ਆਪਣੇ ਹਰੀ-ਖਸਮ (ਦੀ ਯਾਦ) ਦਾ ਆਨੰਦ ਮਾਣਦੀ ਹੈ।

ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥

ਉਹ ਸੁੰਦਰ ਨਾਰੀ ਬਹੁਤ ਸੋਹਣੇ ਰੂਪ ਵਾਲੀ ਤੇ ਸੋਭਾ ਵਾਲੀ ਹੈ।

ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥੨॥

ਹੇ ਨਾਨਕ! ਨਾਮ ਵਿਚ (ਜੁੜੀ ਹੋਣ ਕਰਕੇ) (ਗੁਰਮੁਖ) ਸੋਹਾਗਣ ਨੂੰ ਮੇਲਣਹਾਰ ਹਰੀ ਨੇ (ਆਪਣੇ ਵਿਚ) ਮਿਲਾ ਲਿਆ ਹੈ ॥੨॥


ਪਉੜੀ ॥
ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥

ਹੇ ਪ੍ਰਭੂ! ਸਭ ਜੀਵ ਤੇਰੀ (ਹੀ) ਸਿਫ਼ਤ-ਸਾਲਾਹ ਕਰਦੇ ਹਨ, ਜਿਸ ਤੂੰ (ਉਹਨਾਂ ਮਾਇਆ ਵਿਚ) ਫਸਿਆਂ ਨੂੰ ਕੱਢਿਆ ਹੈ।

ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥

ਹੇ ਹਰੀ! ਸਭ ਜੀਵ ਤੇਰੇ ਅੱਗੇ ਸਿਰ ਨਵਾਂਦੇ ਹਨ, ਜਿਸ ਤੂੰ (ਉਹਨਾਂ ਨੂੰ) ਪਾਪਾਂ ਤੋਂ ਬਚਾਇਆ ਹੈ।

ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥

ਹੇ ਹਰੀ! ਜਿਨ੍ਹਾਂ ਨੂੰ ਕਿਤੇ ਆਦਰ ਨਹੀਂ ਮਿਲਦਾ, ਤੂੰ ਉਹਨਾਂ ਦਾ ਮਾਣ ਬਣਦਾ ਹੈਂ। ਹੇ ਹਰੀ! ਤੂੰ ਸਭ ਤੋਂ ਵਧੀਕ ਡਾਢਾ ਹੈਂ।

ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥

(ਹੇ ਭਾਈ!) ਪ੍ਰਭੂ ਅਹੰਕਾਰੀਆਂ ਨੂੰ ਮਾਰ ਕੇ (ਭਾਵ, ਬਿਪਤਾ ਵਿਚ ਪਾ ਕੇ) ਨਿਵਾਉਂਦਾ ਹੈ, ਤੇ ਮੂਰਖ ਮਨਮੁਖਾਂ ਨੂੰ ਸਿੱਧੇ ਰਾਹੇ ਪਾਂਦਾ ਹੈ।

ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥੧੭॥

ਪ੍ਰਭੂ ਗਰੀਬ ਤੇ ਅਨਾਥ ਭਗਤਾਂ ਨੂੰ ਆਦਰ ਬਖ਼ਸ਼ਦਾ ਹੈ ॥੧੭॥


ਸਲੋਕ ਮ : ੩ ॥
ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥

ਜੋ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਜੀਵਨ ਬਤੀਤ ਕਰਦਾ ਹੈ, ਉਸ ਦਾ (ਹਰੀ ਦੀ ਦਰਗਾਹ ਵਿਚ) ਬੜਾ ਆਦਰ ਹੁੰਦਾ ਹੈ।

ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ ॥

ਪ੍ਰਭੂ ਦਾ ਉੱਤਮ ਨਾਮ ਉਸ ਦੇ ਮਨ ਵਿਚ ਘਰ ਕਰਦਾ ਹੈ (ਟਿਕਦਾ ਹੈ), ਤੇ ਕੋਈ (ਮਾਇਕ ਪਦਾਰਥ ਉੱਤਮ ‘ਨਾਮ’ ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿਚੋਂ) ਦੂਰ ਨਹੀਂ ਕਰ ਸਕਦਾ।

ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥

ਜਿਸ ਤੇ (ਹਰੀ ਆਪ) ਆਪਣੀ ਮਿਹਰ ਕਰੇ, ਉਸ ਨੂੰ ਉਸ ਮਿਹਰ ਸਦਕਾ (ਉੱਤਮ ਨਾਮ) ਪ੍ਰਾਪਤ ਹੁੰਦਾ ਹੈ।

ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥੧॥

(ਪਰ ਨਾਮ-ਪ੍ਰਾਪਤੀ ਦਾ ਕਾਰਨ, ਭਾਵ, ਭਾਣਾ ਮੰਨਣ ਦਾ ਉੱਦਮ, ਮਨੁੱਖ ਦੇ ਆਪਣੇ ਵੱਸ ਵਿਚ ਨਹੀਂ), ਹੇ ਨਾਨਕ! ਕੋਈ ਗੁਰਮੁਖ ਜੀਊੜਾ ਇਹ ਭੇਦ ਸਮਝਦਾ ਹੈ ਕਿ ਇਹ ਕਾਰਣ ਸਿਰਜਨਹਾਰ ਦੇ ਵੱਸ ਵਿਚ ਹੈ ॥੧॥


ਮ : ੩ ॥
ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥

ਹੇ ਨਾਨਕ! ਜਿਨ੍ਹਾਂ ਨੇ ਹਰ ਰੋਜ਼ ਇਕ-ਰਸ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ,

ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥

ਖਸਮ ਪ੍ਰਭੂ ਦੀ ਦਾਸੀ ਮਾਇਆ ਉਹਨਾਂ ਦੇ ਅੱਗੇ ਕਾਰ ਕਮਾਂਦੀ ਹੈ (ਭਾਵ, ਉਹ ਬੰਦੇ ਮਾਇਆ ਦੇ ਪਿੱਛੇ ਨਹੀਂ ਫਿਰਦੇ, ਮਾਇਆ ਉਹਨਾਂ ਦੀ ਸੇਵਕ ਬਣਦੀ ਹੈ।)

ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥

(ਕਿਉਂਕਿ) ਸਵਾਰਣਵਾਲੇ (ਪ੍ਰਭੂ) ਦੇ ਹੁਕਮ ਵਿਚ ਪੂਰੇ (ਗੁਰੂ) ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ (ਤੇ ਉਹ ਮਾਇਆ ਦੇ ਪਿੱਛੇ ਡੋਲਦੇ ਨਹੀਂ।)

ਗੁਰਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥

ਸਤਿਗੁਰੂ ਦੀ ਕਿਰਪਾ ਨਾਲ ਜਿਸ ਨੇ (ਇਹ ਭੇਤ) ਸਮਝ ਲਿਆ ਹੈ, ਉਸ ਨੇ ਮੁਕਤੀ ਦਾ ਦਰ ਲੱਭ ਲਿਆ ਹੈ।

ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥

ਮਨਮੁਖ ਬੰਦੇ (ਪ੍ਰਭੂ ਦਾ) ਹੁਕਮ ਨਹੀਂ ਪਛਾਣਦੇ, (ਇਸ ਕਰਕੇ) ਉਹਨਾਂ ਨੂੰ ਜ਼ਾਲਮ ਜਮ ਦੰਡ ਦੇਂਦਾ ਹੈ।

ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ ॥

ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਸਿਮਰਨ ਕੀਤਾ, ਉਹ ਸੰਸਾਰ-ਸਾਗਰ ਨੂੰ ਤਰ ਗਏ ਹਨ,

ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥੨॥

(ਕਿਉਂਕਿ ਸਤਿਗੁਰੂ ਨੇ) ਗੁਣਾਂ ਦੁਆਰਾ (ਭਾਵ, ਉਹਨਾਂ ਦੇ ਹਿਰਦੇ ਵਿਚ ਗੁਣ ਪਰਗਟ ਕਰ ਕੇ ਉਹਨਾਂ ਦੇ) ਸਾਰੇ ਅਉਗੁਣ ਮਿਟਾ ਦਿੱਤੇ ਹਨ। ਗੁਰੂ ਬੜਾ ਬਖ਼ਸ਼ਿੰਦ ਹੈ ॥੨॥


ਪਉੜੀ ॥
ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥

ਭਗਤ ਜਨਾਂ ਨੂੰ ਪ੍ਰਭੂ ਉੱਤੇ (ਇਹ) ਭਰੋਸਾ ਹੈ ਕਿ ਪ੍ਰਭੂ ਅੰਤਰਜਾਮੀ ਹੈ।

ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥

ਉਸ ਦੇ ਬਰਾਬਰ ਹੋਰ ਕੋਈ (ਹਿਰਦਿਆਂ ਦਾ) ਜਾਣੂ ਨਹੀਂ, (ਤੇ ਇਸੇ ਕਰਕੇ) ਪ੍ਰਭੂ ਨਿਆਂ ਦੀ ਵਿਚਾਰ ਕਰਦਾ ਹੈ।

ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ ॥

ਜੇ (ਇਹ ਭਰੋਸਾ ਹੋਵੇ ਕਿ) ਪ੍ਰਭੂ ਅਨਿਆਉਂ ਨਾਲ ਨਹੀਂ ਮਾਰਦਾ, ਤਾਂ ਕੋਈ ਫ਼ਿਕਰ ਡਰ ਨਹੀਂ ਰਹਿੰਦਾ।

ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ ॥

ਪ੍ਰਭੂ ਆਪ ਅਭੁੱਲ ਹੈ ਤੇ ਉਸ ਦਾ ਨਿਆਂ ਭੀ ਅਭੁੱਲ ਹੈ, (ਇਸ ‘ਮਾਰ’ ਦਾ ਸਦਕਾ ਹੀ) ਪਾਪੀ ਮਨੁੱਖ (ਪਾਪਾਂ ਵਲੋਂ) ਹਾਰਦਾ ਹੈ।

ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥੧੮॥

ਹੇ ਭਗਤ ਜਨੋ! ਨਿਰਮਾਣ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ, ਪ੍ਰਭੂ ਆਪਣੇ ਭਗਤਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧੮॥


ਸਲੋਕ ਮ : ੩ ॥
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥

(ਮਨ ਤਾਂਘਦਾ ਹੈ ਕਿ) ਆਪਣੇ ਪਿਆਰੇ ਨੂੰ (ਸਦਾ) ਮਿਲੀ ਰਹਾਂ, ਅੰਦਰ ਹਿਰਦੇ ਵਿਚ ਪਰੋ ਰੱਖਾਂ

ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥

ਅਤੇ ਸਤਿਗੁਰੂ ਦੇ ਲਾਏ ਪ੍ਰੇਮ ਵਿਚ ਸਦਾ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੀ ਰਹਾਂ।

ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥੧॥

(ਪਰ) ਹੇ ਨਾਨਕ! ਜਿਸ ਵਲ (ਉਹ ਪਿਆਰਾ ਪਿਆਰ ਨਾਲ) ਤੱਕਦਾ ਹੈ, ਉਸ ਨੂੰ (ਹੀ ਆਪਣੇ ਨਾਲ) ਮੇਲਦਾ ਹੈ, ਤੇ ਉਹੋ ਇਸਤ੍ਰੀ ਜੀਊਂਦੇ ਸਾਂਈ ਵਾਲੀ (ਅਖਵਾਉਂਦੀ ਹੈ) ॥੧॥


ਮ : ੩ ॥
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥

ਪ੍ਰਭੂ ਜਿਸ (ਜੀਵ) ਤੇ ਮਿਹਰ ਦੀ ਨਜ਼ਰ ਕਰਦਾ ਹੈ, ਉਹ (ਜੀਵ) ਸਤਿਗੁਰੂ ਦੀ ਦੱਸੀ ਕਾਰ ਕਰ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ।

ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥

ਹਰੀ ਨਾਮ ਦਾ ਸਿਮਰਨ ਕਰ ਕੇ ਜੀਵ ਮਨੁੱਖ (-ਸੁਭਾਵ) ਤੋਂ ਦੇਵਤਾ ਬਣ ਜਾਂਦੇ ਹਨ।

ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥

ਜਿਨ੍ਹਾਂ ਦੀ ਹਉਮੈ ਦੂਰ ਕਰ ਕੇ ਉਸ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਤੋਂ ਬਚ ਜਾਂਦੇ ਹਨ।

ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥

ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਅਡੋਲ ਅਵਸਥਾ ਵਿਚ ਟਿਕਾ ਦਿੱਤਾ ॥੨॥


ਪਉੜੀ ॥
ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥

ਪ੍ਰਭੂ ਨੇ (ਭਗਤਾਂ ਜਨਾਂ ਤੋਂ) ਆਪ ਹੀ ਆਪਣੀ ਭਗਤੀ ਕਰਾ ਕੇ (ਭਗਤੀ ਦੀ ਬਰਕਤਿ ਨਾਲ ਉਹਨਾਂ ਨੂੰ ਆਪਣੀ) ਵਡਿਆਈ ਵਿਖਾਲੀ ਹੈ।

ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ ॥

ਪ੍ਰਭੂ (ਭਗਤਾਂ ਦੇ ਹਿਰਦੇ ਵਿਚ) ਆਪਣਾ ਭਰੋਸਾ ਆਪ (ਉਤਪੰਨ) ਕਰਦਾ ਹੈ ਤੇ ਉਹਨਾਂ ਤੋਂ ਆਪ ਹੀ ਸੇਵਾ ਉਸ ਨੇ ਕਰਾਈ ਹੈ।

ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥

(ਭਗਤਾਂ ਨੂੰ ਆਪਣੇ ਭਜਨ ਦਾ) ਅਨੰਦ (ਭੀ) ਆਪ ਹੀ ਬਖ਼ਸ਼ਦਾ ਹੈ (ਤੇ ਇਸ ਤਰ੍ਹਾਂ ਉਹਨਾਂ ਨੂੰ) ਹਿਰਦੇ ਵਿਚ ਅਡੋਲ ਟਿਕਾ ਰੱਖਿਆ ਹੈ।

ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ ॥

(ਪਰ) ਪਾਪੀਆਂ ਨੂੰ ਅਡੋਲ-ਚਿੱਤ ਨਹੀਂ ਰਹਿਣ ਦੇਂਦਾ, ਚੁਣ ਕੇ (ਉਹਨਾਂ ਨੂੰ) ਘੋਰ ਨਰਕ ਵਿਚ ਪਾ ਦਿੱਤਾ ਹੈ।

ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥੧੯॥

ਭਗਤ ਜਨਾਂ ਨੂੰ ਪਿਆਰ ਕਰਦਾ ਹੈ, (ਉਹਨਾਂ ਦਾ) ਪੱਖ ਕਰ ਕੇ ਉਸ ਨੇ ਆਪ ਉਹਨਾਂ ਨੂੰ (ਵਿਕਾਰਾਂ ਤੋਂ) ਬਚਾਇਆ ਹੈ ॥੧੯॥


ਸਲੋਕ ਮ : ੧ ॥
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥

ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ।

ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥

ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ?

ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥

ਜੋ ਮਨੁੱਖ ‘ਸੱਚ’ ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ,

ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥

ਹੇ ਨਾਨਕ! ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ ॥੧॥


ਮ : ੧ ॥
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥

ਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ)?

ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥

ਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ ॥੨॥


ਪਉੜੀ ॥
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥

ਜੇਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸਦੀ (ਪੂਰਨਤਾ ਲਈ) ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ।

ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥

(ਇਸ ਤਰ੍ਹਾਂ) ਸਤਿਗੁਰੂ ਦੀ ਸਿੱਖਿਆ ਦੀ ਰਾਹੀਂ ਸਦਾ-ਥਿਰ ਪ੍ਰਭੂ ਕਾਰਜ ਸਵਾਰ ਦੇਂਦਾ ਹੈ।

ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥

ਸੰਤਾਂ ਦੀ ਸੰਗਤਿ ਵਿਚ ਨਾਮ-ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ।

ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥

(ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ) ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ! ਦਾਸ ਦੀ ਲਾਜ ਰੱਖ ਲੌ।

ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥

ਹੇ ਨਾਨਕ! (ਇਸ ਤਰ੍ਹ੍ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ ॥੨੦॥


ਸਲੋਕ ਮ : ੩ ॥
ਜੀਉ ਪਿੰਡੁ ਸਭੁ ਤਿਸ ਕਾ ਸਭਸੈ ਦੇਇ ਅਧਾਰੁ ॥

ਜੋ ਹਰੀ ਸਭ ਜੀਵਾਂ ਨੂੰ ਧਰਵਾਸ ਦੇਂਦਾ ਹੈ, ਇਹ ਜਿੰਦ ਤੇ ਸਰੀਰ ਸਭ ਕੁਝ ਉਸੇ ਦਾ (ਦਿੱਤਾ ਹੋਇਆ) ਹੈ।

ਨਾਨਕ ਗੁਰਮੁਖਿ ਸੇਵੀਐ ਸਦਾ ਸਦਾ ਦਾਤਾਰੁ ॥

ਹੇ ਨਾਨਕ! ਗੁਰੂ ਦੇ ਸਨਮੁਖ ਰਹਿ ਕੇ (ਐਸੇ) ਦਾਤਾਰ ਦੀ ਨਿੱਤ ਸੇਵਾ ਕਰਨੀ ਚਾਹੀਦੀ ਹੈ।

ਹਉ ਬਲਿਹਾਰੀ ਤਿਨ ਕਉ ਜਿਨਿ ਧਿਆਇਆ ਹਰਿ ਨਿਰੰਕਾਰੁ ॥

ਸਦਕੇ ਹਾਂ ਉਹਨਾਂ ਤੋਂ, ਜਿਨ੍ਹਾਂ ਨੇ ਨਿਰੰਕਾਰ ਹਰੀ ਦਾ ਸਿਮਰਨ ਕੀਤਾ ਹੈ।

ਓਨਾ ਕੇ ਮੁਖ ਸਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥

ਉਹਨਾਂ ਦੇ ਮੂੰਹ ਸਦਾ ਖਿੜੇ (ਰਹਿੰਦੇ ਹਨ) ਤੇ ਸਾਰਾ ਸੰਸਾਰ ਉਹਨਾਂ ਅੱਗੇ ਸਿਰ ਨਿਵਾਉਂਦਾ ਹੈ ॥੧॥


ਮ : ੩ ॥
ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ ॥

ਜੇ ਗੁਰੂ ਮਿਲ ਪਏ, ਤਾਂ ਮਨੁੱਖ ਦੀ ਸੁਰਤ ਮਾਇਆ ਵਲੋਂ ਹਟ ਜਾਂਦੀ ਹੈ (ਐਸੇ ਮਨੁੱਖ ਨੂੰ) ਖਾਣ-ਖਰਚਣ ਲਈ, ਮਾਨੋ, ਜਗਤ ਦੀ ਸਾਰੀ ਹੀ ਮਾਇਆ ਮਿਲ ਜਾਂਦੀ ਹੈ।

ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ ॥

ਅਠਾਰਾਂ (ਹੀ) ਸਿੱਧੀਆਂ (ਭਾਵ, ਆਤਮਕ ਸ਼ਕਤੀਆਂ) ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ (ਪਰ ਉਹ ਪਰਵਾਹ ਨਹੀਂ ਕਰਦਾ ਤੇ) ਆਪਣੇ ਹਿਰਦੇ ਵਿਚ ਅਡੋਲ ਰਹਿੰਦਾ ਹੈ।

ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ ॥

ਸਹਜ ਸੁਭਾਇ ਇਕ-ਰਸ ਉਸ ਦੇ ਅੰਦਰ ਸਿਮਰਨ ਦੀ ਰੌ ਚਲਦੀ ਰਹਿੰਦੀ ਹੈ ਤੇ ਪਿਆਰ ਦੀ ਤਾਂਘ ਵਿਚ ਉਹ ਹਰੀ ਨਾਲ ਬਿਰਤੀ ਜੋੜੀ ਰੱਖਦਾ ਹੈ।

ਨਾਨਕ ਹਰਿ ਭਗਤਿ ਤਿਨਾ ਕੈ ਮਨਿ ਵਸੈ ਜਿਨ ਮਸਤਕਿ ਲਿਖਿਆ ਧੁਰਿ ਪਾਇ ॥੨॥

ਹੇ ਨਾਨਕ! ਹਰੀ ਦੀ (ਇਹੋ ਜਿਹੀ) ਭਗਤੀ ਉਹਨਾਂ ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮਸਤਕ ਤੇ (ਪਿਛਲੇ ਭਗਤੀ ਭਾਵ ਵਾਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਤੋਂ (ਭਗਤੀ ਵਾਲੇ ਸੰਸਕਾਰ) ਲਿਖੇ ਪਏ ਹਨ ॥੨॥


ਪਉੜੀ ॥
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥

ਮੈਂ ਪ੍ਰਭੂ ਖਸਮ ਦਾ ਢਾਢੀ ਪ੍ਰਭੂ ਦੇ ਦਰ ਤੇ ਅੱਪੜਿਆ।

ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥

ਪ੍ਰਭੂ ਦੇ ਦਰਬਾਰ ਵਿਚ ਮੇਰੀ ਢਾਢੀ ਦੀ ਪੁਕਾਰ ਸੁਣੀ ਗਈ ਤੇ ਮੈਨੂੰ ਦਰਸਨ ਪਰਾਪਤ ਹੋਇਆ।

ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥

ਮੈਨੂੰ ਢਾਢੀ ਨੂੰ ਹਰੀ ਸੱਦ ਕੇ, ਪੁੱਛਿਆ, ਹੇ ਢਾਢੀ! ਤੂੰ ਕਿਸ ਕੰਮ ਆਇਆ ਹੈਂ?

ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥

(ਮੈਂ ਬੇਨਤੀ ਕੀਤੀ) ‘ਹੇ ਦਇਆਲ ਪ੍ਰਭੂ! ਸਦਾ (ਇਹੀ ਦਾਨ ਬਖ਼ਸ਼ੋ ਕਿ) ਤੇਰੇ ਨਾਮ ਦਾ ਸਿਮਰਨ ਕਰਾਂ।’

ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥ ਸੁਧੁ ॥

(ਬੇਨਤੀ ਸੁਣ ਕੇ) ਦਾਤਾਰ ਹਰੀ ਨੇ ਆਪਣਾ ਨਾਮ ਮੈਥੋਂ ਜਪਾਇਆ ਅਤੇ ਮੈਨੂੰ ਨਾਨਕ ਨੂੰ ਵਡਿਆਈ (ਭੀ) ਦਿੱਤੀ ॥੨੧॥੧॥ਸੁਧੁ॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ ॥

ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥
ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਗੱਲ ਨਹੀਂ ਸਮਝਦੀ ਕਿ ਜਿਉਂ ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ।

ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥੧॥

ਉਹ ਇਉਂ ਆਖਦੀ ਹੈ “ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ” (ਤੇ ਉਸ ਨਾਲ) ਬੜਾ ਲਾਡ ਕਰਦੀ ਹੈ; (ਮਾਂ ਦੀ ਇਸ ਮਮਤਾ ਨੂੰ) ਵੇਖ ਵੇਖ ਕੇ ਜਮਰਾਜ ਹੱਸਦਾ ਹੈ ॥੧॥

ਐਸਾ ਤੈਂ ਜਗੁ ਭਰਮਿ ਲਾਇਆ ॥

(ਹੇ ਪ੍ਰਭੂ!) ਇਸ ਤਰ੍ਹਾਂ ਤੂੰ ਜਗਤ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ।

ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥੧॥ ਰਹਾਉ ॥

ਮਾਇਆ ਦੇ ਠੱਗੇ ਹੋਏ (ਜੀਵ) ਨੂੰ ਇਹ ਸਮਝ ਹੀ ਨਹੀਂ ਆਉਂਦੀ (ਕਿ ਮੈਂ ਭੁਲੇਖੇ ਵਿਚ ਫਸਿਆ ਪਿਆ ਹਾਂ) ॥੧॥ ਰਹਾਉ ॥

ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥

ਕਬੀਰ ਆਖਦਾ ਹੈ-ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰਰੂ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ);

ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥੨॥

(ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤਰ੍ਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ ॥੨॥

ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥

(ਪਰ) ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ (ਜੀਵ ਦਾ) ਪਿਆਰ ਉਸ ਨਾਲ ਪੈਂਦਾ ਹੈ,

ਭਰਮੁ ਭੁਲਾਵਾ ਵਿਚਹੁ ਜਾਇ ॥

ਤੇ (ਇਸ ਦੇ) ਮਨ ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ।

ਉਪਜੈ ਸਹਜੁ ਗਿਆਨ ਮਤਿ ਜਾਗੈ ॥

(ਜੀਵ ਦੇ ਅੰਦਰ) ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ, ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ,

ਗੁਰਪ੍ਰਸਾਦਿ ਅੰਤਰਿ ਲਿਵ ਲਾਗੈ ॥੩॥

ਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿਚ ਪ੍ਰਭੂ ਨਾਲ ਜੋੜ ਜੁੜ ਜਾਂਦਾ ਹੈ ॥੩॥

ਇਤੁ ਸੰਗਤਿ ਨਾਹੀ ਮਰਣਾ ॥

ਪ੍ਰਭੂ ਨਾਲ ਚਿੱਤ ਜੋੜਿਆਂ ਆਤਮਕ ਮੌਤ ਨਹੀਂ ਹੁੰਦੀ,

ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥

(ਕਿਉਂਕਿ ਜਿਉਂ ਜਿਉਂ ਜੀਵ ਪ੍ਰਭੂ ਦੇ) ਹੁਕਮ ਨੂੰ ਪਛਾਣਦਾ ਹੈ, ਤਾਂ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ ॥੧॥ਰਹਾਉ ਦੂਜਾ॥


ਸਿਰੀਰਾਗੁ ਤ੍ਰਿਲੋਚਨ ਕਾ ॥
ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥

ਹੇ ਪ੍ਰਾਣੀ! ਤੇਰੇ ਮਨ ਵਿਚ ਮਾਇਆ ਦਾ ਮੋਹ ਬਹੁਤ (ਜ਼ੋਰਾਂ ਵਿਚ) ਹੈ; ਤੈਨੂੰ ਇਹ ਡਰ ਨਹੀਂ ਰਿਹਾ ਕਿ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ।

ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥

ਹੇ ਖੋਟੇ ਮਨੁੱਖ! ਤੂੰ ਆਪਣੇ ਪਰਵਾਰ ਨੂੰ ਵੇਖ ਕੇ ਇਉਂ ਖਿੜਦਾ ਹੈਂ ਜਿਵੇਂ ਕਉਲ ਫੁੱਲ (ਸੂਰਜ ਨੂੰ ਵੇਖ ਕੇ), ਤੂੰ ਪਰਾਏ ਘਰ ਵਿਚ ਤੱਕਦਾ ਫਿਰਦਾ ਹੈਂ ॥੧॥

ਦੂੜਾ ਆਇਓਹਿ ਜਮਹਿ ਤਣਾ ॥

ਜਮਦੂਤ ਵਗਾਤੱਗ ਆ ਰਹੇ ਹਨ,

ਤਿਨ ਆਗਲੜੈ ਮੈ ਰਹਣੁ ਨ ਜਾਇ ॥

ਉਹਨਾਂ ਦੇ ਸਾਮ੍ਹਣੇ ਮੈਥੋਂ (ਪਲ ਮਾਤ੍ਰ ਭੀ) ਅਟਕਿਆ ਨਹੀਂ ਜਾ ਸਕੇਗਾ।

ਕੋਈ ਕੋਈ ਸਾਜਣੁ ਆਇ ਕਹੈ ॥

ਕੋਈ ਵਿਰਲਾ ਸੰਤ ਜਨ (ਜਗਤ ਵਿਚ) ਆ ਕੇ ਇਉਂ ਬੇਨਤੀ ਕਰਦਾ ਹੈ-

ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥

ਹੇ ਮੇਰੇ ਰਾਮ! ਮੈਨੂੰ ਮਿਲ, ਗਲਵੱਕੜੀ ਪਾ ਕੇ ਮਿਲ।

ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ ॥

ਹੇ ਪ੍ਰਭੂ! ਮੈਨੂੰ ਮਿਲ, ਮੈਨੂੰ (ਮਾਇਆ ਦੇ ਮੋਹ ਤੋਂ) ਛਡਾ ਲੈ ॥੧॥ ਰਹਾਉ ॥

ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥

ਹੇ ਪ੍ਰਾਣੀ! ਮਾਇਆ ਦੇ ਅਨੇਕ ਭੋਗਾਂ ਤੇ ਪ੍ਰਤਾਪ ਦੇ ਕਾਰਨ ਤੂੰ (ਪ੍ਰਭੂ ਨੂੰ) ਭੁਲਾ ਬੈਠਾ ਹੈਂ, (ਤੂੰ ਸਮਝਦਾ ਹੈਂ ਕਿ) ਇਸ ਸੰਸਾਰ-ਸਮੁੰਦਰ ਵਿਚ (ਮੈਂ) ਸਦਾ ਕਾਇਮ ਰਹਾਂਗਾ।

ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥

ਮਾਇਆ ਦਾ ਠੱਗਿਆ ਹੋਇਆ ਤੂੰ (ਪ੍ਰਭੂ ਨੂੰ) ਨਹੀਂ ਸਿਮਰਦਾ। ਹੇ ਆਲਸੀ ਮਨੁੱਖ! ਤੂੰ ਆਪਣਾ ਜਨਮ ਅਜਾਈਂ ਗਵਾ ਲਿਆ ਹੈ ॥੨॥

ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥

ਹੇ ਪ੍ਰਾਣੀ! ਤੂੰ (ਮਾਇਆ ਦੇ ਮੋਹ ਦੇ) ਅਜਿਹੇ ਡਾਢੇ ਹਨੇਰੇ ਰਾਹੇ ਤੁਰ ਰਿਹਾ ਹੈਂ ਜਿੱਥੇ ਨਾਹ ਸੂਰਜ ਨੂੰ ਦਖ਼ਲ ਹੈ, ਨਾਹ ਚੰਦ੍ਰਮਾ ਨੂੰ (ਭਾਵ, ਜਿਥੇ ਤੈਨੂੰ ਨਾਹ ਦਿਨੇ ਸੁਰਤ ਆਉਂਦੀ ਹੈ, ਨਾਹ ਰਾਤ ਨੂੰ)।

ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥

ਜਦੋਂ (ਮਰਨ ਵੇਲੇ) ਸੰਸਾਰ ਨੂੰ ਛੱਡਣ ਲੱਗੋਂ, ਤਦੋਂ ਤਾਂ ਮਾਇਆ ਦਾ ਇਹ ਮੋਹ (ਭਾਵ, ਸੰਬੰਧ ਅਵੱਸੋਂ) ਛੱਡੇਂਗਾ ਹੀ (ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ?) ॥੩॥

ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥

(ਕੋਈ ਵਿਰਲਾ ਸੰਤ ਜਨ ਆਖਦਾ ਹੈ-) ਮੇਰੇ ਮਨ ਵਿਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ (ਮਾਇਆ ਵਿਚ ਫਸੇ ਰਿਹਾਂ) ਧਰਮਰਾਜ (ਦਾ ਮੂੰਹ) ਵੇਖਣਾ ਪਏਗਾ;

ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥

ਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ ॥੪॥

ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥

(ਉਂਞ ਤਾਂ) ਹੇ ਨਾਰਾਇਣ! (ਤੂੰ ਕਦੇ ਚੇਤੇ ਨਹੀਂ ਆਉਂਦਾ, ਪਰ) ਜਦੋਂ ਕੋਈ (ਗੁਰਮੁਖਿ) ਮੈਨੂੰ ਸਿੱਖਿਆ ਦੇਂਦਾ ਹੈ, ਤਾਂ ਤੂੰ ਸਭ ਥਾਈਂ ਵਿਆਪਕ ਦਿੱਸਣ ਲੱਗ ਪੈਂਦਾ ਹੈਂ।

ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥

ਹੇ ਰਾਮ ਜੀ! ਤੇਰੀਆਂ ਤੂੰ ਹੀ ਜਾਣੇ-ਮੇਰੀ ਤ੍ਰਿਲੋਚਨ ਦੀ ਇਹੀ ਬੇਨਤੀ ਹੈ ॥੫॥੨॥


ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥
ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥

ਹੇ ਪੰਡਤ! ਉਸ ਅਚਰਜ ਪ੍ਰਭੂ ਦਾ ਇਕ ਕੌਤਕ ਸੁਣੋ (ਜੋ ਮੇਰੇ ਨਾਲ ਵਰਤਿਆ ਹੈ ਤੇ ਜੋ) ਐਸ ਵੇਲੇ (ਜਿਉਂ ਕਾ ਤਿਉਂ) ਕਿਹਾ ਨਹੀਂ ਜਾ ਸਕਦਾ।

ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥੧॥

ਉਸ ਪ੍ਰਭੂ ਨੇ ਸਾਰੇ ਜਗਤ ਨੂੰ (ਮਾਇਆ ਦੀ) ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਅਤੇ ਗੰਧਰਬਾਂ ਨੂੰ ਮੋਹ ਲਿਆ ਹੋਇਆ ਹੈ ॥੧॥

ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥

(ਉਹ ਅਚਰਜ ਕੌਤਕ ਇਹ ਹੈ ਕਿ) ਉਸ ਪ੍ਰਭੂ ਦੀ (ਮੇਰੇ ਅੰਦਰ) ਇੱਕ-ਰਸ ਤਾਰ ਵੱਜ ਰਹੀ ਹੈ,

ਜਾ ਕੀ ਦਿਸਟਿ ਨਾਦ ਲਿਵ ਲਾਗੈ ॥੧॥ ਰਹਾਉ ॥

ਜਿਸ ਪ੍ਰਕਾਸ਼-ਰੂਪ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸ਼ਬਦ ਵਿਚ ਲਿਵ ਲੱਗਦੀ ਹੈ ॥੧॥ ਰਹਾਉ ॥

ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥

ਮੇਰਾ ਦਿਮਾਗ਼ ਭੱਠੀ ਬਣਿਆ ਪਿਆ ਹੈ, (ਭਾਵ, ਸੁਰਤ ਪ੍ਰਭੂ ਵਿਚ ਜੁੜੀ ਹੋਈ ਹੈ); ਮੰਦੇ ਕਰਮਾਂ ਵਲੋਂ ਸੰਕੋਚ, ਮਾਨੋ, ਵਾਧੂ ਪਾਣੀ ਰੱਦ ਕਰਨ ਵਾਲੀ ਨਾਲ ਹੈ; ਗੁਣਾਂ ਨੂੰ ਗ੍ਰਹਿਣ ਕਰਨਾ, ਮਾਨੋ, (ਨਾਮ ਰੂਪ) ਸ਼ਰਾਬ ਕੱਢਣ ਵਾਲੀ ਨਾਲ ਹੈ; ਤੇ ਸ਼ੁੱਧ ਹਿਰਦਾ, ਮਾਨੋ, ਸੋਨੇ ਦਾ ਮੱਟ ਹੈ; ਹੁਣ ਮੈਂ ਇੱਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।

ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥੨॥

ਮੇਰੇ ਸ਼ੁੱਧ ਹਿਰਦੇ ਵਿਚ (ਨਾਮ- ਅੰਮ੍ਰਿਤ ਦੀ) ਬੜੀ ਸਾਫ਼ ਧਾਰ ਚੋ ਚੋ ਕੇ ਪੈ ਰਹੀ ਹੈ ਅਤੇ ਸਭ ਰਸਾਂ ਤੋਂ ਸੁਆਦਲਾ (ਨਾਮ) ਰਸ ਖਿੱਚਿਆ ਜਾ ਰਿਹਾ ਹੈ ॥੨॥

ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥

ਇੱਕ ਹੋਰ ਸੁਆਦਲੀ ਗੱਲ ਬਣ ਪਈ ਹੈ (ਉਹ ਇਹ) ਕਿ ਮੈਂ ਸੁਆਸਾਂ ਨੂੰ (ਨਾਮ-ਅੰਮ੍ਰਿਤ ਪੀਣ ਲਈ) ਪਿਆਲਾ ਬਣਾ ਲਿਆ ਹੈ (ਭਾਵ, ਉਸ ਪ੍ਰਭੂ ਦੇ ਨਾਮ ਨੂੰ ਮੈਂ ਸੁਆਸ ਸੁਆਸ ਜਪ ਰਿਹਾ ਹਾਂ);

ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥੩॥

(ਇਸ ਸੁਆਸ ਸੁਆਸ ਜਪਣ ਕਰ ਕੇ ਮੈਨੂੰ) ਸਾਰੇ ਜਗਤ ਵਿਚ ਇਕ ਪ੍ਰਭੂ ਹੀ ਵਿਆਪਕ (ਦਿੱਸ ਰਿਹਾ ਹੈ)। ਦੱਸ, (ਹੇ ਪੰਡਿਤ! ਮੈਨੂੰ) ਉਸ ਨਾਲੋਂ ਹੋਰ ਕੌਣ ਵੱਡਾ (ਹੋ ਸਕਦਾ) ਹੈ? ॥੩॥

ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥

(ਜਿਵੇਂ ਉੱਪਰ ਦੱਸਿਆ ਹੈ) ਇਸ ਤਰ੍ਹਾਂ ਉਸ ਪ੍ਰਭੂ ਦੀ ਪਛਾਣ (ਮੇਰੇ ਅੰਦਰ) ਪਰਗਟ ਹੋ ਪਈ ਹੈ। ਪ੍ਰਭੂ ਦੇ ਪਿਆਰ ਵਿਚ ਰੱਤਾ ਹੋਇਆ ਕਬੀਰ (ਹੁਣ) ਆਖਦਾ ਹੈ,

ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥੪॥੩॥

ਕਿ ਹੋਰ ਸਾਰਾ ਜਗਤ ਤਾਂ ਭੁਲੇਖੇ ਵਿਚ ਭੁੱਲਾ ਹੋਇਆ ਹੈ (ਪਰ ਪ੍ਰਭੂ ਦੀ ਮਿਹਰ ਨਾਲ) ਮੇਰਾ ਮਨ ਰਸਾਂ ਦੇ ਸੋਮੇ ਪ੍ਰਭੂ ਵਿਚ ਮਸਤ ਹੋਇਆ ਹੋਇਆ ਹੈ ॥੪॥੩॥


ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥

ਰਾਗ ਸਿਰੀਰਾਗ ਵਿੱਚ ਭਗਤ ਬੇਣੀ ਜੀ ਦੀ ਬਾਣੀ। ਇਹ ‘ਪਹਰਿਆਂ ਦੇ ਘਰ’ ??? (ਦੀ ਧੁਨ ਅਨੁਸਾਰ) ਗਉਣੀ ਚਾਹੀਦੀ ਹੈ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥

ਹੇ ਮਨੁੱਖ! ਜਦੋਂ ਤੂੰ ਮਾਂ ਦੇ ਪੇਟ ਵਿਚ ਸੈਂ, ਤਦੋਂ ਤੇਰੀ ਸੁਰਤ ਉੱਚੇ (ਪ੍ਰਭੂ ਦੇ) ਧਿਆਨ ਵਿਚ ਜੁੜੀ ਰਹਿੰਦੀ ਸੀ;

ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥

(ਤੈਨੂੰ ਤਦੋਂ) ਸਰੀਰ ਦੀ ਹੋਂਦ ਦਾ ਅਹੰਕਾਰ ਨਹੀਂ ਸੀ, ਦਿਨੇ ਰਾਤ ਇਕ ਪ੍ਰਭੂ ਨੂੰ (ਸਿਮਰਦਾ ਸੈਂ), (ਤੇਰੇ ਅੰਦਰ) ਅਗਿਆਨ ਦੀ ਅਣਹੋਂਦ ਸੀ।

ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥

(ਹੇ ਮਨੁੱਖ!) ਉਹ ਦਿਨ ਹੁਣ ਚੇਤੇ ਕਰ (ਤਦੋਂ ਤੈਨੂੰ) ਬੜੇ ਕਲੇਸ਼ ਤੇ ਤਕਲੀਫ਼ਾਂ ਸਨ; ਪਰ ਹੁਣ ਤੂੰ ਆਪਣੇ ਮਨ ਨੂੰ (ਦੁਨੀਆ ਦੇ ਜੰਜਾਲਾਂ ਵਿਚ) ਬਹੁਤ ਫਸਾ ਰੱਖਿਆ ਹੈ।

ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥੧॥

ਮਾਂ ਦਾ ਪੇਟ ਛੱਡ ਕੇ ਜਦੋਂ ਦਾ ਤੂੰ ਜਗਤ ਵਿਚ ਆਇਆ ਹੈਂ, ਤਦੋਂ ਤੋਂ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਦਿੱਤਾ ਹੈ ॥੧॥

ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥

ਹੇ ਮੂਰਖ! ਤੂੰ ਕਿਹੜੀ ਮੱਤੇ, ਕਿਹੜੇ ਭੁਲੇਖੇ ਵਿਚ ਲੱਗਾ ਹੋਇਆ ਹੈਂ? (ਸਮਾ ਹੱਥੋਂ ਗਵਾ ਕੇ) ਫੇਰ ਹੱਥ ਮਲੇਂਗਾ।

ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥੧॥ ਰਹਾਉ ॥

ਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿਚ ਧੱਕਿਆ ਜਾਏਂਗਾ, (ਤੂੰ ਫਿਰਦਾ ਹੈਂ) ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ ॥੧॥ ਰਹਾਉ ॥

ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ ॥

(ਪਹਿਲਾਂ) ਤੂੰ ਬਾਲਪੁਣੇ ਦੀਆਂ ਖੇਡਾਂ ਦੇ ਧਿਆਨ ਤੇ ਸੁਆਦ ਵਿਚ ਲੱਗਾ ਰਿਹਾ, ਤੇ ਸਦਾ (ਇਹਨਾਂ ਦੇ ਹੀ) ਮੋਹ ਵਿਚ ਫਸਿਆ ਰਿਹਾ;

ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ ॥

(ਹੁਣ ਜਦੋਂ) ਤੂੰ ਮਾਇਆ-ਰੂਪ ਵਿਹੁ ਨੂੰ ਰਸਦਾਇਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚੱਖਿਆ, ਤਦੋਂ ਤੈਨੂੰ ਪੰਜੇ (ਕਾਮਾਦਿਕ) ਖੁਲ੍ਹੇ ਤੌਰ ਤੇ ਸਤਾ ਰਹੇ ਹਨ।

ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮ ਨਾਮੁ ਨ ਅਰਾਧਿਆ ॥

ਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈਂ, ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ।

ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥੨॥

(ਤੇਰੇ ਅੰਦਰ) ਕਾਮ ਜ਼ੋਰਾਂ ਵਿਚ ਹੈ, ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ, (ਕਾਮਾਤੁਰ ਹੋ ਕੇ) ਤੂੰ ਇਸਤਰੀ ਨੂੰ ਲਿਆ ਗਲ ਲਾਇਆ ਹੈ ॥੨॥

ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥

(ਤੇਰੇ ਅੰਦਰ) ਜੁਆਨੀ ਦਾ ਜੋਸ਼ ਹੈ, ਪਰਾਈਆ ਜ਼ਨਾਨੀਆਂ ਦੇ ਮੂੰਹ ਤੱਕਦਾ ਹੈਂ, ਵੇਲਾ ਕੁਵੇਲਾ ਭੀ ਤੂੰ ਨਹੀਂ ਸਮਝਦਾ।

ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ ॥

ਹੇ ਕਾਮ ਵਿਚ ਮਸਤ ਹੋਏ ਹੋਏ! ਹੇ ਪ੍ਰਬਲ ਮਾਇਆ ਵਿਚ ਭੁੱਲੇ ਹੋਏ! ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ।

ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ ॥

ਪੁੱਤਰਾਂ ਨੂੰ ਧਨ ਪਦਾਰਥਾਂ ਨੂੰ ਵੇਖ ਕੇ ਤੇਰਾ ਮਨ ਅਹੰਕਾਰੀ ਹੋ ਰਿਹਾ ਹੈ; ਪ੍ਰਭੂ ਨੂੰ ਤੂੰ ਹਿਰਦੇ ਵਿਚੋਂ ਵਿਸਾਰ ਬੈਠਾ ਹੈਂ।

ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥੩॥

ਹੋਰਨਾਂ (ਸੰਬੰਧੀਆਂ) ਦੇ ਮੋਇਆਂ ਤੇਰਾ ਮਨ ਜਾਚ ਕਰਦਾ ਹੈ (ਕਿ) ਕਿਤਨੀ ਕੁ ਮਾਇਆ (ਮਿਲੇਗੀ); ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ (ਮਨੁੱਖਾ) ਜਨਮ ਅਜਾਈਂ ਗਵਾ ਲਿਆ ॥੩॥

ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥

ਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਭੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ (ਡਾਢੀ ਮੱਧਮ ਹੋ ਗਈ ਹੈ, ਮਾਨੋ) ਸਤਵੇਂ ਪਾਤਾਲ ਤੋਂ ਆਉਂਦੀ ਹੈ।

ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥

ਤੇਰੀਆਂ ਅੱਖਾਂ ਸਿੰਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ ਤਾਂ ਭੀ ਕਾਮ (ਦੀ) ਮਧਾਣੀ (ਤੇਰੇ ਅੰਦਰ) ਪੈ ਰਹੀ ਹੈ (ਭਾਵ, ਅਜੇ ਭੀ ਕਾਮ ਦੀਆਂ ਵਾਸ਼ਨਾਂ ਜ਼ੋਰਾਂ ਵਿਚ ਹਨ)।

ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥

ਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ।

ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥੪॥

ਜਗਤ ਵਿਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ; (ਸਮਾ ਵਿਹਾ ਜਾਣ ਤੇ) ਪਿੱਛੋਂ ਹੱਥ ਮਲੇਂਗਾ ॥੪॥

ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥

ਨਿੱਕੇ ਨਿੱਕੇ ਬਾਲ (ਪੁੱਤਰ ਪੋਤਰੇ) ਵੇਖ ਕੇ (ਮਨੁੱਖ ਦੇ ਮਨ ਵਿਚ ਉਹਨਾਂ ਲਈ) ਮੋਹ ਪੈਦਾ ਹੁੰਦਾ ਹੈ, ਅਹੰਕਾਰ ਕਰਦਾ ਹੈ, ਪਰ ਇਸ ਨੂੰ (ਇਹ) ਸਮਝ ਨਹੀਂ ਆਉਂਦੀ (ਕਿ ਸਭ ਕੁਝ ਛੱਡ ਜਾਣਾ ਹੈ)।

ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥

ਅੱਖਾਂ ਤੋਂ ਦਿੱਸਣੋਂ ਰਹਿ ਜਾਂਦਾ ਹੈ (ਫਿਰ ਭੀ ਮਨੁੱਖ) ਹੋਰ ਜੀਊਣ ਲਈ ਲਾਲਚ ਕਰਦਾ ਹੈ।

ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥

(ਆਖ਼ਰ) ਸਰੀਰ ਦਾ ਬਲ ਮੁੱਕ ਜਾਂਦਾ ਹੈ, (ਤੇ ਜਦੋਂ) ਜੀਵ ਪੰਛੀ (ਸਰੀਰ ਵਿਚੋਂ) ਉੱਡ ਜਾਂਦਾ ਹੈ (ਤਦੋਂ ਮੁਰਦਾ ਦੇਹ) ਘਰ ਵਿਚ, ਵਿਹੜੇ ਵਿਚ, ਪਈ ਹੋਈ ਚੰਗੀ ਨਹੀਂ ਲੱਗਦੀ।

ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥

ਬੇਣੀ ਆਖਦਾ ਹੈ-ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ ॥੫॥


ਸਿਰੀਰਾਗੁ ॥
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥

(ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ?

ਕਨਕ ਕਟਿਕ ਜਲ ਤਰੰਗ ਜੈਸਾ ॥੧॥

(ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ ॥੧॥

ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥

ਹੇ ਬੇਅੰਤ (ਪ੍ਰਭੂ) ਜੀ! ਜੇ ਅਸੀਂ ਜੀਵ ਪਾਪ ਨਾਹ ਕਰਦੇ,

ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥

ਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ) ‘ਪਤਿਤ-ਪਾਵਨ’ ਕਿਵੇਂ ਹੋ ਜਾਂਦਾ? ॥੧॥ ਰਹਾਉ ॥

ਤੁਮ੍ਰ ਜੁ ਨਾਇਕ ਆਛਹੁ ਅੰਤਰਜਾਮੀ ॥

ਹੇ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ ‘ਪਤਿਤ-ਪਾਵਨ’ ਨਾਮ ਦੀ ਲਾਜ ਰੱਖ)।

ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥

ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ ॥੨॥

ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥

(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ।

ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥

(ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ ॥੩॥

1
2
3
4
5
6
7