ਰਾਗ ਸਿਰੀਰਾਗੁ – ਬਾਣੀ ਸ਼ਬਦ- Part 4 – Raag Sri – Bani
ਰਾਗ ਸਿਰੀਰਾਗੁ – ਬਾਣੀ ਸ਼ਬਦ- Part 4 – Raag Sri – Bani
ਸਿਰੀਰਾਗੁ ਮਹਲਾ ੫ ॥
ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥
ਹੇ ਕਾਂਇਆਂ! ਤੂੰ ਉਤਨਾ ਚਿਰ ਹੀ ਸੁਖੀ ਵੱਸੇਂਗੀ, ਜਿਤਨਾ ਚਿਰ (ਜੀਵਾਤਮਾ ਤੇਰਾ) ਸਾਥੀ (ਤੇਰੇ) ਨਾਲ ਹੈ।
ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥
ਜਦੋਂ (ਤੇਰਾ) ਸਾਥੀ (ਜੀਵਾਤਮਾ) ਉੱਠ ਕੇ ਚੱਲ ਪਏਗਾ, ਤਦੋਂ, ਹੇ ਕਾਂਇਆਂ! ਤੂੰ ਮਿੱਟੀ ਵਿਚ ਰਲ ਜਾਇਂਗੀ ॥੧॥
ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥
(ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੇ) ਮਨ ਵਿਚ ਤੇਰਾ ਪਿਆਰ ਪੈਦਾ ਹੋ ਗਿਆ ਹੈਂ, ਜਿਸ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੋਈ ਹੈ।
ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥
(ਹੇ ਹਰੀ!) ਉਹ ਸਰੀਰ ਭਾਗਾਂ ਵਾਲਾ ਹੈ ਜਿਸ ਵਿਚ ਤੇਰਾ ਨਿਵਾਸ ਹੈ (ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ ਹੈ) ॥੧॥ ਰਹਾਉ ॥
ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥
ਹੇ ਕਾਂਇਆਂ! ਜਿਤਨਾ ਚਿਰ ਤੇਰਾ ਖਸਮ (ਜੀਵਾਤਮਾ ਤੇਰੇ) ਘਰ ਵਿਚ ਵੱਸਦਾ ਹੈ, ਸਾਰੇ ਲੋਕ ਤੈਨੂੰ ‘ਜੀ ਜੀ’ ਆਖਦੇ ਹਨ (ਸਾਰੇ ਤੇਰਾ ਆਦਰ ਕਰਦੇ ਹਨ)।
ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥੨॥
ਪਰ ਜਦੋਂ ਨਿਮਾਣਾ ਕੰਤ (ਜੀਵਾਤਮਾ) ਉੱਠ ਕੇ ਤੁਰ ਪਏਗਾ, ਤਦੋਂ ਕੋਈ ਭੀ ਤੇਰੀ ਵਾਤ ਨਹੀਂ ਪੁੱਛਦਾ ॥੨॥
ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥
(ਹੇ ਜਿੰਦੇ! ਜਿਤਨਾ ਚਿਰ ਤੂੰ) ਪੇਕੇ ਘਰ ਵਿਚ (ਸੰਸਾਰ ਵਿਚ ਹੈਂ, ਉਤਨਾ ਚਿਰ) ਤੂੰ ਖਸਮ-ਪ੍ਰਭੂ ਨੂੰ ਸਿਮਰਦੀ ਰਹੁ। ਸਹੁਰੇ ਘਰ ਵਿਚ (ਪਰਲੋਕ ਵਿਚ ਜਾ ਕੇ) ਤੂੰ ਸੁਖੀ ਵੱਸੇਂਗੀ।
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥੩॥
(ਹੇ ਜਿੰਦੇ!) ਗੁਰੂ ਨੂੰ ਮਿਲ ਕੇ ਜੀਵਨ-ਜਾਚ ਸਿੱਖ, ਚੰਗਾ ਆਚਰਨ ਬਣਾਣਾ ਸਿੱਖ, ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ ॥੩॥
ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥
ਸਭ ਜੀਵ-ਇਸਤ੍ਰੀਆਂ ਨੇ ਸਹੁਰੇ ਘਰ (ਪਰਲੋਕ ਵਿਚ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਸਾਰੀਆਂ ਨੇ ਮੁਕਲਾਵੇ ਜਾਣਾ ਹੈ।
ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥
ਹੇ ਨਾਨਕ! ਉਹ ਉਹ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜਿਨ੍ਹਾਂ ਦਾ ਖਸਮ-ਪ੍ਰਭੂ ਨਾਲ ਪਿਆਰ (ਬਣ ਗਿਆ) ਹੈ ॥੪॥੨੩॥੯੩॥
ਸਿਰੀਰਾਗੁ ਮਹਲਾ ੫ ਘਰੁ ੬ ॥
ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥
ਜਿਸ ਪਰਮਾਤਮਾ ਨੇ ਇਹ ਦਿੱਸਦਾ ਜਗਤ ਬਣਾਇਆ ਹੈ, ਸਿਰਫ਼ ਉਹੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ।
ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥੧॥
ਹੇ ਮੇਰੇ ਮਨ! ਜੋ ਜੀਵਾਂ ਦਾ ਆਸਰਾ ਹੈ, ਉਸੇ ਨੂੰ ਸਦਾ ਸਿਮਰਦਾ ਰਹੁ ॥੧॥
ਗੁਰ ਕੇ ਚਰਨ ਮਨ ਮਹਿ ਧਿਆਇ ॥
(ਹੇ ਭਾਈ!) ਗੁਰੂ ਦੇ ਚਰਨ ਆਪਣੇ ਮਨ ਵਿਚ ਟਿਕਾਈ ਰੱਖ (ਭਾਵ, ਹਉਮੈ ਛੱਡ ਕੇ ਗੁਰੂ ਵਿਚ ਸਰਧਾ ਬਣਾ)।
ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥
(ਆਪਣੀਆਂ) ਸਾਰੀਆਂ ਚਤੁਰਾਈਆਂ ਛੱਡ ਦੇ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜ ॥੧॥ ਰਹਾਉ ॥
ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼ (ਸਦਾ) ਵੱਸਦਾ ਹੈ, ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਕੋਈ ਡਰ ਪੋਹ ਨਹੀਂ ਸਕਦਾ।
ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥੨॥
ਲੋਕ ਕ੍ਰੋੜਾਂ (ਹੋਰ ਹੋਰ) ਜਤਨ ਕਰ ਕੇ ਥੱਕ ਜਾਂਦੇ ਹਨ, ਪਰ ਗੁਰੂ (ਦੀ ਸਰਨ) ਤੋਂ ਬਿਨਾ (ਉਹਨਾਂ ਦੁੱਖਾਂ ਕਲੇਸ਼ਾਂ ਤੋਂ) ਕੋਈ ਮਨੁੱਖ ਪਾਰ ਨਹੀਂ ਲੰਘ ਸਕਦਾ ॥੨॥
ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ ॥
ਗੁਰੂ ਦਾ ਦਰਸ਼ਨ ਕਰ ਕੇ ਜਿਸ ਮਨੁੱਖ ਦਾ ਮਨ (ਗੁਰੂ ਦਾ) ਆਸਰਾ ਫੜ ਲੈਂਦਾ ਹੈ, ਉਸ ਦੇ ਸਾਰੇ (ਪਹਿਲੇ ਕੀਤੇ) ਪਾਪ ਨਾਸ ਹੋ ਜਾਂਦੇ ਹਨ।
ਹਉ ਤਿਨ ਕੈ ਬਲਿਹਾਰਣੈ ਜਿ ਗੁਰ ਕੀ ਪੈਰੀ ਪਾਹਿ ॥੩॥
ਮੈਂ ਉਹਨਾਂ (ਭਾਗਾਂ ਵਾਲੇ) ਬੰਦਿਆਂ ਤੋਂ ਕੁਰਬਾਨ ਹਾਂ ਜਿਹੜੇ ਗੁਰੂ ਦੇ ਚਰਨਾਂ ਤੇ ਢਹਿ ਪੈਂਦੇ ਹਨ ॥੩॥
ਸਾਧਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ ॥
ਸਾਧ ਸੰਗਤਿ ਵਿਚ ਰਿਹਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਨ ਵਿਚ ਵੱਸ ਪੈਂਦਾ ਹੈ।
ਸੇ ਵਡਭਾਗੀ ਨਾਨਕਾ ਜਿਨਾ ਮਨਿ ਇਹੁ ਭਾਉ ॥੪॥੨੪॥੯੪॥
ਹੇ ਨਾਨਕ! ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ (ਸਾਧ ਸੰਗਤਿ ਵਿਚ ਟਿਕਣ ਦਾ) ਇਹ ਪ੍ਰੇਮ ਹੈ ॥੪॥੨੪॥੯੪॥
ਸਿਰੀਰਾਗੁ ਮਹਲਾ ੫ ॥
ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥
(ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਆਪਣੇ ਗੁਰੂ ਦਾ ਆਦਰ-ਸਤਕਾਰ ਹਿਰਦੇ ਵਿਚ ਵਸਾ (ਤੇ ਇਸ ਤਰ੍ਹਾਂ) ਸਾਰੇ ਵਿਕਾਰ ਛੱਡ।
ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਸੋਹਣਾ ਬਣਾਇਆ ਹੈ, ਉਸ ਦਾ ਸਿਮਰਨ ਕਰ, (ਵਿਕਾਰਾਂ ਤੋਂ ਤੇਰਾ) ਬਚਾਉ ਹੋ ਜਾਇਗਾ ॥੧॥
ਜਪਿ ਮਨ ਨਾਮੁ ਏਕੁ ਅਪਾਰੁ ॥
ਹੇ ਮਨ! ਉਸ ਪਰਮਾਤਮਾ ਦਾ ਨਾਮ ਜਪ, ਜੋ ਇਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ।
ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ ॥
ਜਿਸ ਨੇ ਇਹ ਜਿੰਦ ਦਿੱਤੀ ਹੈ ਮਨ ਦਿੱਤਾ ਹੈ ਤੇ ਸਰੀਰ ਦਿੱਤਾ ਹੈ, ਜੋ ਸਭ ਜੀਵਾਂ ਦੇ ਹਿਰਦੇ ਦਾ ਆਸਰਾ ਹੈ ॥੧॥ ਰਹਾਉ ॥
ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥
ਜਿਨ੍ਹਾਂ ਬੰਦਿਆਂ ਉਤੇ ਜਗਤ ਦਾ ਮੋਹ ਦਬਾਉ ਪਾਈ ਰੱਖਦਾ ਹੈ, ਉਹ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਮਸਤ ਰਹਿੰਦੇ ਹਨ।
ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥
(ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ!) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ ॥੨॥
ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥
(ਜਿਹੜਾ ਭਾਗਾਂ ਵਾਲਾ ਮਨੁੱਖ) ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਇਹੋ ਹੀ ਸ੍ਰੇਸ਼ਟ ਕਰਣੀ ਹੈ।
ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥
ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ ॥੩॥
ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥
ਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਤੂੰ ਹੈਂ।ਤੇਰਾ ਹੀ ਖਿਲਾਰਿਆ ਹੋਇਆ ਖਿਲਾਰਾ ਦਿੱਸਦਾ ਹੈ।
ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥
ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ, ਹੇ ਪ੍ਰਭੂ! ਜੇਹੜਾ ਇਹ ਜਗਤ ਦਿੱਸਦਾ ਹੈ ਸਾਰਾ ਤੇਰਾ ਹੀ ਰੂਪ ਦਿੱਸਦਾ ਹੈ ॥੪॥੨੫॥੯੫॥
ਸਿਰੀਰਾਗੁ ਮਹਲਾ ੫ ॥
ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥
(ਹੇ ਭਾਈ!) ਸਾਰਾ ਜਗਤ (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮੰਦੇ ਕਰਮਾਂ ਤੇ ਚੰਗੇ ਕਰਮਾਂ (ਦੀ ਵਿਚਾਰ) ਵਿਚ ਹੀ ਰੁੱਝਾ ਹੋਇਆ ਹੈ।
ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥
ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਇਹਨਾਂ ਦੋਹਾਂ ਵਿਚਾਰਾਂ ਤੋਂ ਹੀ ਲਾਂਭੇ ਰਹਿੰਦਾ ਹੈ (ਕਿ ਸ਼ਾਸਤ੍ਰ ਅਨੁਸਾਰ ‘ਦੁਕ੍ਰਿਤ’ ਕੇਹੜੇ ਹਨ ਤੇ ‘ਸੁਕ੍ਰਿਤ’ ਕੇਹੜੇ ਹਨ), ਪਰ ਅਜੇਹਾ ਬੰਦਾ ਕੋਈ ਵਿਰਲਾ ਹੀ ਲੱਭਦਾ ਹੈ ॥੧॥
ਠਾਕੁਰੁ ਸਰਬੇ ਸਮਾਣਾ ॥
ਹੇ ਸੁਆਮੀ! ਤੂੰ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਤੇ ਸਭ ਦਾ ਪਾਲਣ ਵਾਲਾ ਹੈਂ।
ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥
ਤੂੰ ਸਭ ਤੋਂ ਵੱਡਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, (ਹੇ ਸੁਆਮੀ! ਇਸ ਤੋਂ ਵੱਧ ਤੇਰੀ ਬਾਬਤ) ਮੈਂ (ਹੋਰ ਕੀਹ ਆਖਾਂ ਤੇ ਕੀਹ ਸੁਣਾਂ? ॥੧॥ ਰਹਾਉ ॥
ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥
ਜੇਹੜਾ ਬੰਦਾ (ਜਗਤ ਵਲੋਂ ਮਿਲਦੇ) ਆਦਰ ਜਾਂ ਨਿਰਾਦਰੀ (ਦੇ ਅਹਿਸਾਸ) ਵਿਚ ਫਸਿਆ ਰਹਿੰਦਾ ਹੈ, ਉਹ ਪਰਮਾਤਮਾ ਦਾ ਅਸਲ ਸੇਵਕ ਨਹੀਂ (ਅਖਵਾ ਸਕਦਾ)।
ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥੨॥
ਹੇ ਸੰਤ ਜਨੋ! ਸਭ ਥਾਂ ਜਗਤ ਦੇ ਮੂਲ-ਪ੍ਰਭੂ ਨੂੰ ਵੇਖਣ ਵਾਲਾ ਤੇ ਸਭ ਨੂੰ ਇਕੋ ਜਿਹੀ ਪ੍ਰੇਮ ਦੀ ਨਿਗਾਹ ਨਾਲ ਵੇਖਣ ਵਾਲਾ ਬੰਦਾ ਕ੍ਰੋੜਾਂ ਵਿਚੋਂ ਕੋਈ ਇੱਕ ਹੁੰਦਾ ਹੈ ॥੨॥
ਕਹਨ ਕਹਾਵਨ ਇਹੁ ਕੀਰਤਿ ਕਰਲਾ ॥
(ਗਿਆਨ ਆਦਿਕ ਦੀਆਂ ਗੱਲਾਂ ਨਿਰੀਆਂ) ਆਖਣੀਆਂ ਜਾਂ ਅਖਵਾਣੀਆਂ-ਇਹ ਰਸਤਾ ਹੈ ਦੁਨੀਆ ਤੋਂ ਸੋਭਾ ਖੱਟਣ ਦਾ।
ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥੩॥
ਗੁਰੂ ਦੀ ਸਰਨ ਪਿਆ ਹੋਇਆ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ (ਗਿਆਨ ਦੀਆਂ ਇਹ ਜ਼ਬਾਨੀ ਜ਼ਬਾਨੀ ਗੱਲਾਂ) ਆਖਣ ਤੋਂ ਆਜ਼ਾਦ ਰਹਿੰਦਾ ਹੈ ॥੩॥
ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥
ਉਸ ਨੂੰ ਇਸ ਗੱਲ ਵਲ ਧਿਆਨ ਹੀ ਨਹੀਂ ਹੁੰਦਾ ਕਿ ਮੁਕਤੀ ਕੀਹ ਹੈ ਤੇ ਨਾ-ਮੁਕਤੀ ਕੀਹ ਹੈ।
ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥੪॥੨੬॥੯੬॥
ਹੇ ਨਾਨਕ! ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦਾ) ਦਾਨ ਪ੍ਰਾਪਤ ਕਰ ਲਿਆ ਹੈ (ਉਸ ਨੂੰ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ, ਪ੍ਰਭੂ ਦੀ ਯਾਦ ਹੀ ਉਸ ਦਾ ਨਿਸ਼ਾਨਾ ਹੈ) ॥੪॥੨੬॥੯੬॥
ਸਿਰੀਰਾਗੁ ਮਹਲਾ ੫ ਘਰੁ ੭ ॥
ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥
ਹੇ ਪਿਆਰੇ (ਪ੍ਰਭੂ-ਪਿਤਾ)! ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿਚ ਹੀ ਦਿਨ ਗੁਜ਼ਾਰ ਦਿੱਤੇ ਹਨ।
ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥
(ਮੈਨੂੰ ਯਕੀਨ ਹੈ ਕਿ) ਤੂੰ ਸਾਡਾ ਮਾਂ ਪਿਉ ਹੈਂ, ਤੇ ਬੱਚੇ ਭੁੱਲਾਂ ਤੇ ਉਕਾਈਆਂ ਕਰਿਆ ਹੀ ਕਰਦੇ ਹਨ ॥੧॥
ਸੁਹੇਲਾ ਕਹਨੁ ਕਹਾਵਨੁ ॥
(ਇਹ) ਆਖਣਾ ਅਖਵਾਣਾ ਸੌਖਾ ਹੈ (ਕਿ ਅਸੀਂ ਤੇਰਾ ਭਾਣਾ ਮੰਨਦੇ ਹਾਂ)
ਤੇਰਾ ਬਿਖਮੁ ਭਾਵਨੁ ॥੧॥ ਰਹਾਉ ॥
(ਪਰ) ਹੇ ਪ੍ਰਭੂ! ਤੇਰਾ ਭਾਣਾ ਮੰਨਣਾ (ਤੇਰੀ ਮਰਜ਼ੀ ਵਿਚ ਤੁਰਨਾ) ਔਖਾ ਹੈ ॥੧॥ ਰਹਾਉ ॥
ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥
(ਹੇ ਪ੍ਰਭੂ)! ਮੈਂ ਤੇਰਾ (ਹੀ) ਮਾਣ ਕਰਦਾ ਹਾਂ (ਮੈਨੂੰ ਇਹ ਫ਼ਖ਼ਰ ਹੈ ਕਿ ਤੂੰ ਮੇਰੇ ਸਿਰ ਤੇ ਹੈਂ), ਮੈਂ ਤੇਰਾ (ਹੀ) ਆਸਰਾ ਰੱਖਦਾ ਹਾਂ। ਮੈਂ ਜਾਣਦਾ ਹਾਂ ਕਿ ਤੂੰ ਮੇਰਾ ਆਪਣਾ ਹੈਂ।
ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥੨॥
ਤੂੰ ਸਭ ਜੀਵਾਂ ਦੇ ਅੰਦਰ ਵੱਸਦਾ ਹੈਂ, ਤੇ ਸਭਨਾਂ ਤੋਂ ਬਾਹਰ ਭੀ ਹੈਂ (ਨਿਰਲੇਪ ਭੀ ਹੈਂ) ॥੨॥
ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥
ਹੇ ਪਿਤਾ-ਪ੍ਰਭੂ! ਮੈਨੂੰ ਪਤਾ ਨਹੀਂ ਕਿ ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ।
ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥
ਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ। ਉਹ ਮੈਨੂੰ ਆਪਣਾ ਜਾਣਦਾ ਹੈ ॥੩॥
ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥
ਪਾਲਣਹਾਰ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥
ਹੇ ਨਾਨਕ! ਗੁਰੂ ਨੂੰ ਮਿਲ ਕੇ ਹੀ ਉਹ ਮਨੁੱਖ ਉਸ ਬੇਅੰਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੪॥੨੭॥੯੭॥
ਸਿਰੀਰਾਗੁ ਮਹਲਾ ੫ ਘਰੁ ੧ ॥
ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥
ਸੰਤ ਜਨਾਂ ਭਰਾਵਾਂ ਨੂੰ ਮਿਲ ਕੇ ਉਸ ਦਾ ਆਤਮਕ ਮੌਤ ਦਾ ਖ਼ਤਰਾ ਦੂਰ ਹੋ ਜਾਂਦਾ ਹੈ।
ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥
ਖਸਮ-ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ਤੇ ਸਦਾ-ਥਿਰ ਮਾਲਕ-ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।
ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥੧॥
(ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦਾ ਸਾਰਾ ਮਾਇਆ-ਮੋਹ ਦਾ ਜਾਲ ਨਾਸ ਹੋ ਜਾਂਦਾ ਹੈ ॥੧॥
ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥
ਹੇ ਮੇਰੇ ਸਤਿਗੁਰੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।
ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥
ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ। ਤੂੰ ਪ੍ਰਸੰਨ ਹੋ ਕੇ ਮੈਨੂੰ (ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ॥੧॥ ਰਹਾਉ ॥
ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥
(ਹੇ ਪ੍ਰਭੂ!) ਜਿਨ੍ਹਾਂ ਨੇ ਪ੍ਰੇਮ ਨਾਲ ਤੈਨੂੰ ਸਿਮਰਿਆ ਹੈ, ਉਹੀ ਸਿਆਣੇ ਮਨੁੱਖ ਹਨ।
ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥
ਜਿਨ੍ਹਾਂ ਦੇ ਹਿਰਦੇ ਵਿਚ (ਤੇਰਾ) ਨਾਮ-ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੀ ਹੀ ਸਰਨ ਪੈ ਕੇ (ਵਿਕਾਰਾਂ ਤੋਂ) ਬਚ ਜਾਈਦਾ ਹੈ।
ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥
(ਪਰ ਨਾਮ ਦੀ ਇਹ ਦਾਤ ਗੁਰੂ ਤੋਂ ਹੀ ਮਿਲਦੀ ਹੈ) ਗੁਰੂ ਜੇਡਾ ਹੋਰ ਦਾਤਾ ਨਹੀਂ ਹੈ ਕਿਉਂਕਿ ਉਸ ਨੇ ਆਤਮਕ ਜੀਵਨ ਦੀ ਦਾਤ ਦਿੱਤੀ ਹੈ ॥੨॥
ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥
ਜਿਨ੍ਹਾਂ ਨੂੰ ਪਿਆਰ ਦੀ ਬਰਕਤਿ ਨਾਲ ਗੁਰੂ ਆ ਮਿਲਦਾ ਹੈ, ਜਗਤ ਵਿਚ ਆਏ ਉਹੀ ਕਬੂਲ ਹਨ।
ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥
(ਗੁਰੂ ਦੀ ਸਹੈਤਾ ਨਾਲ) ਸਦਾ-ਥਿਰ ਪ੍ਰਭੂ (ਦੇ ਨਾਮ) ਨਾਲ ਰੰਗੀਜ ਕੇ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲ ਜਾਂਦੀ ਹੈ।
ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥੩॥
(ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ ॥੩॥
ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥
ਜਗਤ ਦਾ ਕਰਤਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਦਾ ਮਾਲਕ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹੀ ਸਭ ਦਾ ਸਹਾਰਾ ਹੈ।
ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥
ਹਰੇਕ ਜੀਵ ਉਸੇ ਨੂੰ ਹੀ ਸਦਾ-ਥਿਰ ਰਹਿਣ ਵਾਲਾ ਆਖਦਾ ਹੈ। ਉਹ ਸਦਾ-ਥਿਰ ਪ੍ਰਭੂ ਹੀ (ਅਸਲੀ ਪਰਖ ਦੀ ਬੁੱਧੀ ਰੱਖਣ ਵਾਲਾ ਹੈ, ਸਭ ਜੀਵਾਂ ਦੇ ਅੰਦਰ ਵਿਆਪਕ ਹੈ।
ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥੪॥੨੮॥੯੮॥
ਹੇ ਨਾਨਕ! ਜੇਹੜਾ ਮਨੁੱਖ ਉਸ ਇਕ ਪ੍ਰਭੂ (ਦਾ ਨਾਮ) ਜਪਦਾ ਹੈ ਉਸ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ॥੪॥੨੮॥੯੮॥
ਸਿਰੀਰਾਗੁ ਮਹਲਾ ੫ ॥
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥
ਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿਚ ਹਿਰਦੇ ਵਿਚ ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ।
ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥
ਗੁਰੂ ਆਤਮਕ ਜੀਵਨ ਦੇਣ ਵਾਲਾ ਹੈ, (ਗੁਰੂ) ਹਰੇਕ (ਸਰਨ ਆਏ) ਜੀਵ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ।
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥
ਸਭ ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ (ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ)।
ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥
ਗੁਰੂ ਦੀ ਸੰਗਤਿ ਵਿਚ ਪਿਆਰ ਪਾਣ ਤੋਂ ਬਿਨਾ (ਇਹ) ਮਾਇਆ ਦਾ ਮੋਹ (ਜੋ) ਸਾਰੇ ਦਾ ਸਾਰਾ ਵਿਅਰਥ ਹੈ (ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ) ॥੧॥
ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥
ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾ (ਤੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ)।
ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥
ਗੁਰੂ ਦੀ ਸੰਗਿਤ ਵਿਚ ਰਿਹਾਂ (ਪਰਮਾਤਮਾ ਦਾ ਨਾਮ) ਮਨ ਵਿਚ ਵੱਸਦਾ ਹੈ, ਤੇ ਮਿਹਨਤ ਸਫਲ ਹੋ ਜਾਂਦੀ ਹੈ ॥੧॥ ਰਹਾਉ ॥
ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥
ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਬੇਅੰਤ (ਗੁਣਾਂ ਵਾਲਾ) ਹੈ। ਵੱਡੇ ਭਾਗਾਂ ਵਾਲੇ ਮਨੁੱਖ ਨੂੰ (ਹੀ) ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ।
ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥
ਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਪਵਿਤ੍ਰ-ਸਰੂਪ ਹੈ, ਗੁਰੂ ਜੇਡਾ ਵੱਡਾ (ਸ਼ਖ਼ਸੀਅਤ ਵਾਲਾ) ਹੋਰ ਕੋਈ ਨਹੀਂ ਹੈ।
ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥
ਗੁਰੂ ਕਰਤਾਰ (ਦਾ ਰੂਪ) ਹੈ, ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।
ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥
ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ (ਭਾਵ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ) ॥੨॥
ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥
ਗੁਰੂ (ਹੀ ਅਸਲ) ਤੀਰਥ ਹੈ, ਗੁਰੂ (ਹੀ) ਪਾਰਜਾਤ ਰੁੱਖ ਹੈ, ਗੁਰੂ ਹੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ।
ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥
ਗੁਰੂ ਹੀ (ਉਹ) ਦਾਤਾ ਹੈ (ਜੋ) ਪਰਮਾਤਮਾ ਦਾ ਨਾਮ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਸਾਰਾ ਸੰਸਾਰ (ਵਿਕਾਰਾਂ ਤੋਂ) ਬਚਦਾ ਹੈ।
ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥
ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਤਾਕਤਾਂ ਦਾ ਮਾਲਕ ਹੈ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ।
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥
ਗੁਰੂ ਦੀ ਵਡਿਆਈ ਤਕ (ਲਫ਼ਜ਼ਾਂ ਦੀ ਰਾਹੀਂ) ਪਹੁੰਚਿਆ ਨਹੀਂ ਜਾ ਸਕਦਾ। ਕੋਈ ਭੀ (ਸਿਆਣਾ ਤੋਂ ਸਿਆਣਾ) ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ ॥੩॥
ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥
ਜਿਤਨੇ ਭੀ ਪਦਾਰਥਾਂ ਦੀ ਮਨ ਵਿਚ ਇੱਛਾ ਵਿਚ ਧਾਰੀਏ, ਉਹ ਸਾਰੇ ਹੀ ਗੁਰੂ ਪਾਸੋਂ ਮਿਲ ਜਾਂਦੇ ਹਨ।
ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥
ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ (ਗੁਰੂ ਦੀ ਸਰਨ ਪਿਆਂ) ਮਿਲ ਜਾਂਦੇ ਹਨ। ਗੁਰੂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ।
ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥
ਜੇ ਗੁਰੂ ਦੀ ਸਰਨ ਆ ਪਈਏ, ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ।
ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥
ਹੇ ਨਾਨਕ! (ਆਖ-) ਹੇ ਹਰੀ! (ਗੁਰੂ ਦੀ ਸਰਨ ਪੈ ਕੇ) ਮੈਂ ਤੈਨੂੰ ਕਦੇ ਨਾਹ ਭੁਲਾਵਾਂ। ਮੇਰੀ ਇਹ ਜਿੰਦ ਮੇਰਾ ਇਹ ਸਰੀਰ ਤੇ (ਸਰੀਰ ਵਿਚ ਆਉਂਦਾ) ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ ॥੪॥੨੯॥੯੯॥
ਸਿਰੀਰਾਗੁ ਮਹਲਾ ੫ ॥
ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥
ਹੇ ਭਰਾਵੋ! ਹੇ ਸੰਤ ਜਨੋ! (ਧਿਆਨ ਨਾਲ) ਸੁਣੋ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ।
ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥
(ਪਰ ਇਹ ਨਾਮ ਗੁਰੂ ਪਾਸੋਂ ਹੀ ਮਿਲ ਸਕਦਾ ਹੈ) ਗੁਰੂ ਦੇ ਚਰਨ ਪੂਜਣੇ (ਭਾਵ, ਹਉਮੈ ਤਿਆਗ ਕੇ ਗੁਰੂ ਦੀ ਸਰਨ ਮਿਲ ਪੈਣਾ, ਤੇ ਗੁਰੂ ਦੇ ਸਨਮੁਖ ਰਹਿ ਕੇ) ਪਰਮਾਤਮਾ ਦਾ ਨਾਮ (ਜਪਣਾ) ਹੀ (ਸਾਰੇ) ਤੀਰਥਾਂ (ਦਾ ਤੀਰਥ) ਹੈ।
ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥੧॥
(ਇਸ ਦੀ ਬਰਕਤਿ ਨਾਲ) ਪਰਲੋਕ ਵਿਚ ਪਰਮਾਤਮਾ ਦੀ ਦਰਗਾਹ ਵਿਚ (ਭਾਗਾਂ ਵਾਲੇ ਜੀਵ) ਆਦਰ ਪਾਂਦੇ ਹਨ। ਜਿਸ ਮਨੁੱਖ ਨੂੰ ਹੋਰ ਕਿਤੇ ਭੀ ਆਸਰਾ ਨਹੀਂ ਮਿਲਦਾ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਸਰਾ ਮਿਲ ਜਾਂਦਾ ਹੈ ॥੧॥
ਭਾਈ ਰੇ ਸਾਚੀ ਸਤਿਗੁਰ ਸੇਵ ॥
ਹੇ ਭਾਈ! ਗੁਰੂ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ,
ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥੧॥ ਰਹਾਉ ॥
(ਕਿਉਂਕਿ) ਜੇ ਗੁਰੂ ਪ੍ਰਸੰਨ ਹੋ ਪਏ, ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਵਿਚ ਵਿਆਪਕ ਹੈ ਜੋ ਅਦ੍ਰਿਸ਼ਟ ਹੈ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ॥੧॥ ਰਹਾਉ ॥
ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ ॥
ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਦਿੱਤਾ ਹੈ,
ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ ॥
(ਜਿਸ ਗੁਰੂ ਦੀ ਕਿਰਪਾ ਨਾਲ) ਮੈਂ ਹਰ ਵੇਲੇ ਸਦਾ-ਥਿਰ ਪਰਮਾਤਮਾ ਨੂੰ ਸਲਾਹੁੰਦਾ ਰਹਿੰਦਾ ਹਾਂ ਅਤੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹਾਂ।
ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥੨॥
(ਹੇ ਭਾਈ! ਗੁਰੂ ਦੀ ਮਿਹਰ ਨਾਲ ਹੁਣ) ਸਦਾ-ਥਿਰ ਹਰਿ-ਨਾਮ (ਮੇਰੀ ਆਤਮਕ) ਖ਼ੁਰਾਕ ਬਣ ਗਿਆ ਹੈ, ਸਦਾ-ਥਿਰ ਹਰਿ-ਨਾਮ (ਮੇਰੀ) ਪੋਸ਼ਾਕ ਹੋ ਚੁਕਾ ਹੈ (ਆਦਰ-ਸਤਿਕਾਰ ਦਾ ਕਾਰਨ ਬਣ ਚੁਕਾ ਹੈ), (ਹੁਣ ਮੈਂ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਸਦਾ-ਥਿਰ ਨਾਮ (ਹਰ ਵੇਲੇ ਜਪਦਾ ਹਾਂ) ॥੨॥
ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ ॥
ਹੇ ਭਾਈ! ਗੁਰੂ ਉਹ ਸ਼ਖ਼ਸੀਅਤ ਹੈ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ (ਗੁਰੂ ਦੀ ਸਰਨ ਪਿਆਂ ਹਰੇਕ) ਸਾਹ ਨਾਲ (ਹਰੇਕ) ਗਿਰਾਹੀ ਨਾਲ (ਕਦੇ ਭੀ ਪਰਮਾਤਮਾ) ਭੁੱਲਦਾ ਨਹੀਂ।
ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ ॥
ਹੇ ਭਾਈ! ਗੁਰੂ ਦੇ ਬਰਾਬਰ ਦਾ ਹੋਰ ਕੋਈ (ਦਾਤਾ) ਨਹੀਂ ਦਿੱਸਦਾ, ਅੱਠੇ ਪਹਰ ਉਸ (ਗੁਰੂ ਨੂੰ) ਚੇਤੇ ਰੱਖ।
ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥੩॥
ਜਦੋਂ ਗੁਰੂ ਮਿਹਰ ਦੀ ਨਿਗਾਹ ਕਰਦਾ ਹੈ, ਤਾਂ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੩॥
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥
ਹੇ ਭਾਈ! ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੋ ਰਿਹਾ ਹੈ, ਉਹ ਅਤੇ ਗੁਰੂ ਇੱਕ-ਰੂਪ ਹੈ।
ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥
ਜਿਨ੍ਹਾਂ ਮਨੁੱਖਾਂ ਦਾ ਪੂਰਬਲੇ ਜਨਮ ਦੀ ਨੇਕ ਕਮਾਈ ਦੇ ਸੰਸਕਾਰਾਂ ਦਾ ਲੇਖਾ ਉੱਘੜਦਾ ਹੈ ਉਹ ਮਨੁੱਖ ਹੀ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਿਮਰ ਕੇ (ਇਹ ਸਰਧਾ ਬਣਾਂਦੇ ਹਨ ਕਿ ਪਰਮਾਤਮਾ ਸਭ ਵਿਚ ਵਿਆਪਕ ਹੈ)।
ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ ॥੪॥੩੦॥੧੦੦॥
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਆਤਮਕ ਮੌਤੇ ਨਹੀਂ ਮਰਦਾ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੪॥੩੦॥੧੦੦॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥
ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥
ਜਿਉਂ ਜਿਉਂ ਕਿਸੇ ਜੀਵ ਨੂੰ (ਪ੍ਰਭੂ ਦੇ ਗੁਣ) ਬੋਲਣ ਦੀ ਸਮਝ ਪੈਂਦੀ ਹੈ (ਤਿਉਂ ਤਿਉਂ ਇਹ ਸਮਝ ਭੀ ਆਉਂਦੀ ਜਾਂਦੀ ਹੈ ਕਿ ਉਸ ਦੇ ਗੁਣ) ਬਿਆਨ ਕਰ ਕਰ ਕੇ ਮਨ ਨੂੰ ਖਪਾਣਾ ਹੀ ਹੈ।
ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥
ਜਿਸ ਪ੍ਰਭੂ ਨੂੰ ਬੋਲ ਕੇ ਸੁਣਾਈਦਾ ਹੈ (ਭਾਵ, ਜਿਸ ਪ੍ਰਭੂ ਦੇ ਗੁਣਾਂ ਬਾਰੇ ਬੋਲ ਕੇ ਹੋਰਨਾਂ ਨੂੰ ਦੱਸੀਦਾ ਹੈ, ਉਸ ਦੀ ਬਾਬਤ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ) ਉਹ ਕੇਡਾ ਵੱਡਾ ਹੈ ਤੇ ਕਿਸ ਥਾਂ ਤੇ (ਨਿਵਾਸ ਰੱਖਦਾ) ਹੈ।
ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥੧॥
ਉਹ ਸਾਰੇ ਬਿਆਨ ਕਰਦੇ ਥੱਕ ਜਾਂਦੇ ਹਨ, (ਗੁਣਾਂ ਵਿਚ) ਸੁਰਤ ਜੋੜਦੇ ਰਹਿ ਜਾਂਦੇ ਹਨ ॥੧॥
ਬਾਬਾ ਅਲਹੁ ਅਗਮ ਅਪਾਰੁ ॥
ਹੇ ਭਾਈ! ਪਰਮਾਤਮਾ ਦੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥੧॥ ਰਹਾਉ ॥
ਉਸ ਦੀ ਵਡਿਆਈ ਪਵਿਤ੍ਰ ਹੈ, ਉਹ ਪਵਿਤ੍ਰ ਅਸਥਾਨ ਤੇ (ਸੋਭ ਰਿਹਾ) ਹੈ। ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਭ ਜੀਵਾਂ ਦਾ) ਪਾਲਣ ਵਾਲਾ ਹੈ ॥੧॥ ਰਹਾਉ ॥
ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥
ਹੇ ਪ੍ਰਭੂ! ਕਿਸੇ ਨੂੰ ਭੀ ਇਹ ਸਮਝ ਨਹੀਂ ਪਈ, ਕਿ ਤੇਰਾ ਹੁਕਮ ਕਿਤਨਾ ਅਟੱਲ ਹੈ, ਕੋਈ ਭੀ ਤੇਰੇ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ।
ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥
ਜੇ ਸੌ ਕਵੀ ਭੀ ਇਕੱਠੇ ਕਰ ਲਏ ਜਾਣ, ਤਾਂ ਭੀ ਉਹ ਬਿਆਨ ਕਰਨ ਦਾ ਵਿਅਰਥ ਜਤਨ ਕਰ ਕੇ ਤੇਰੇ ਗੁਣਾਂ ਦੇ ਇਕ ਤਿਲ ਮਾਤ੍ਰ ਤਕ ਨਹੀਂ ਪਹੁੰਚ ਸਕਦੇ।
ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥੨॥
ਕਿਸੇ ਭੀ ਜੀਵ ਨੇ ਤੇਰਾ ਮੁੱਲ ਨਹੀਂ ਪਾਇਆ, ਸਾਰੇ ਜੀਵ ਤੇਰੀ ਬਾਬਤ (ਦੂਜਿਆਂ ਤੋਂ) ਸੁਣ ਸੁਣ ਕੇ ਹੀ ਆਖ ਦੇਂਦੇ ਹਨ ॥੨॥
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥
(ਦੁਨੀਆ ਤੇ) ਅਨੇਕਾਂ ਪੀਰ ਪੈਗ਼ੰਬਰ, ਹੋਰਨਾਂ ਨੂੰ ਜੀਵਨ-ਰਾਹ ਦੱਸਣ ਵਾਲੇ,
ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥
ਅਨੇਕਾਂ, ਸ਼ੇਖ਼, ਕਾਜ਼ੀ, ਮੁੱਲਾਂ ਅਤੇ ਤੇਰੇ ਦਰਵਾਜ਼ੇ ਤਕ ਪਹੁੰਚੇ ਹੋਏ ਦਰਵੇਸ਼ ਆਏ।
ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥
(ਕਿਸੇ ਨੇ, ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨ ਲੱਭਾ, ਹਾਂ ਸਿਰਫ਼) ਉਹਨਾਂ ਨੂੰ ਬਹੁਤ ਬਰਕਤਿ ਮਿਲੀ (ਉਹਨਾਂ ਦੇ ਹੀ ਭਾਗ ਜਾਗੇ) ਜੋ (ਤੇਰੇ ਦਰ ਤੇ) ਦੁਆ (ਅਰਜ਼ੋਈ) ਕਰਦੇ ਰਹਿੰਦੇ ਹਨ ॥੩॥
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥
ਪ੍ਰਭੂ ਇਹ ਜਗਤ ਨਾਹ ਕਿਸੇ ਪਾਸੋਂ ਸਲਾਹ ਲੈ ਕੇ ਬਣਾਂਦਾ ਹੈ ਨਾਹ ਹੀ ਪੁੱਛ ਕੇ ਨਾਸ ਕਰਦਾ ਹੈ, ਨਾਹ ਹੀ ਕਿਸੇ ਦੀ ਸਲਾਹ ਨਾਲ ਸਰੀਰ ਵਿਚ ਜਿੰਦ ਪਾਂਦਾ ਹੈ ਨਾਹ ਕੱਢਦਾ ਹੈ।
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥
ਪਰਮਾਤਮਾ ਆਪਣੀ ਕੁਦਰਤਿ ਆਪ ਹੀ ਜਾਣਦਾ ਹੈ, ਆਪ ਹੀ ਇਹ ਜਗਤ-ਰਚਨਾ ਰਚਦਾ ਹੈ।
ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥
ਮਿਹਰ ਦੀ ਨਿਗਾਹ ਕਰ ਕੇ ਸਭ ਜੀਵਾਂ ਦੀ ਸੰਭਾਲ ਆਪ ਹੀ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ (ਆਪਣੇ ਗੁਣਾਂ ਦੀ ਕਦਰ) ਬਖ਼ਸ਼ਦਾ ਹੈ ॥੪॥
ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥
(ਬੇਅੰਤ ਪੁਰੀਆਂ ਧਰਤੀਆਂ ਆਦਿਕ ਹਨ। ਇਤਨੀ ਬੇਅੰਤ ਰਚਨਾ ਹੈ ਕਿ) ਸਭ ਥਾਵਾਂ ਦੇ (ਪਦਾਰਥਾਂ ਦੇ) ਨਾਮ ਜਾਣੇ ਨਹੀਂ ਜਾ ਸਕਦੇ। ਬੇਅੰਤ ਨਾਮਾਂ ਵਿਚੋਂ ਉਹ ਕੇਹੜਾ ਨਾਮ ਹੋ ਸਕਦਾ ਹੈ ਜੋ ਇਤਨਾ ਵੱਡਾ ਹੋਵੇ ਕਿ ਪਰਮਾਤਮਾ ਦੇ ਅਸਲ ਵਡੱਪਣ ਨੂੰ ਬਿਆਨ ਕਰ ਸਕੇ?-ਇਹ ਹੱਲ ਕੋਈ ਨਹੀਂ ਦੱਸ ਸਕਦਾ।
ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ ॥
ਇਹ ਭੀ ਨਹੀਂ ਦੱਸਿਆ ਜਾ ਸਕਦਾ ਕਿ ਜਿੱਥੇ ਸ੍ਰਿਸ਼ਟੀ ਦਾ ਪਾਤਿਸ਼ਾਹ ਪ੍ਰਭੂ ਵੱਸਦਾ ਹੈ ਉਹ ਥਾਂ ਕੇਡਾ ਵੱਡਾ ਹੈ।
ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥
ਕਿਸੇ ਪਾਸੋਂ ਭੀ ਇਹ ਪੁੱਛ ਪੁੱਛੀ ਨਹੀਂ ਜਾ ਸਕਦੀ, ਕਿਉਂਕਿ ਕੋਈ ਜੀਵ ਉਸ ਅਵਸਥਾ ਤੇ ਪਹੁੰਚ ਨਹੀਂ ਸਕਦਾ (ਜਿੱਥੋਂ ਉਹ ਪਰਮਾਤਮਾ ਦੀ ਬਜ਼ੁਰਗੀ ਸਹੀ ਸਹੀ ਦੱਸ ਸਕੇ) ॥੫॥
ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥
(ਇਹ ਭੀ ਨਹੀਂ ਕਿਹਾ ਜਾ ਸਕਦਾ ਕਿ) ਪਰਮਾਤਮਾ ਨੂੰ ਫਲਾਣੀ ਉੱਚੀ ਜਾਂ ਨੀਵੀਂ ਜਾਤਿ ਭਾਉਂਦੀ ਹੈ ਜਾਂ ਨਹੀਂ ਭਾਉਂਦੀ ਤੇ ਇਸ ਤਰ੍ਹਾਂ ਉਹ ਕਿਸੇ ਇੱਕ ਜਾਤਿ ਨੂੰ ਉੱਚਾ ਕਰ ਦੇਂਦਾ ਹੈ।
ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥
ਸਭ ਵਡਿਆਈਆਂ ਵੱਡੇ ਪ੍ਰਭੂ ਦੇ ਆਪਣੇ ਹੱਥ ਵਿਚ ਹਨ। ਜੇਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਵਡਿਆਈ ਬਖ਼ਸ਼ ਦੇਂਦਾ ਹੈ।
ਹੁਕਮਿ ਸਵਾਰੇ ਆਪਣੈ ਚਸਾ ਨ ਢਿਲ ਕਰੇਇ ॥੬॥
ਆਪਣੀ ਰਜ਼ਾ ਵਿਚ ਹੀ ਉਹ ਜੀਵ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ ॥੬॥
ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ॥
ਪਰਮਾਤਮਾ ਤੋਂ ਦਾਤਾਂ ਲੈਣ ਦੇ ਖ਼ਿਆਲ ਨਾਲ ਹਰੇਕ ਜੀਵ ਬਹੁਤੀ ਮੰਗ ਮੰਗਦਾ ਹੈ।
ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ ॥
ਇਹ ਦੱਸਿਆ ਹੀ ਨਹੀਂ ਜਾ ਸਕਦਾ ਕਿ ਪਰਮਾਤਮਾ ਕਿਤਨਾ ਵੱਡਾ ਦਾਤਾ ਹੈ। ਉਹ ਦਾਤਾਂ ਦੇ ਰਿਹਾ ਹੈ, ਪਰ ਦਾਤਾਂ ਗਿਣਤੀ ਤੋਂ ਪਰੇ ਹਨ।
ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥੭॥੧॥
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਖ਼ਜ਼ਾਨੇ ਸਦਾ ਹੀ ਭਰੇ ਰਹਿੰਦੇ ਹਨ, ਇਹਨਾਂ ਵਿਚ ਕਦੇ ਭੀ ਘਾਟ ਨਹੀਂ ਪੈ ਸਕਦੀ ॥੭॥੧॥
ਮਹਲਾ ੧ ॥
ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥
ਸਾਰੀਆਂ ਜੀਵ-ਇਸਤ੍ਰੀਆਂ ਪ੍ਰਭੂ-ਖਸਮ ਦੀਆਂ ਹੀ ਹਨ, ਸਾਰੀਆਂ ਹੀ (ਉਸ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਸਿੰਗਾਰ ਕਰਦੀਆਂ ਹਨ,
ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥
ਪਰ ਜੇਹੜੀਆਂ ਆਪਣੇ ਸਿੰਗਾਰ ਦਾ ਵਿਖਾਵਾ-ਮਾਣ ਕਰਦੀਆਂ ਹਨ, ਉਹਨਾਂ ਦਾ ਗੂੜ੍ਹਾ ਲਾਲ ਪਹਿਰਾਵਾ (ਭੀ) ਵਿਕਾਰ (ਹੀ) ਪੈਦਾ ਕਰਦਾ ਹੈ,
ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ ॥੧॥
ਕਿਉਂਕਿ ਵਿਖਾਵਾ ਕੀਤਿਆਂ ਪ੍ਰਭੂ ਦਾ ਪਿਆਰ ਨਹੀਂ ਮਿਲਦਾ, (ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ) ਇਹ ਖੋਟਾ ਵਿਖਾਵਾ ਖ਼ੁਆਰ ਹੀ ਕਰਦਾ ਹੈ ॥੧॥
ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥
ਹੇ ਪ੍ਰਭੂ ਜੀ! ਇਹ ਸਰਧਾ ਧਾਰਿਆਂ ??? ਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਪਿਆਰ ਕਰਦਾ ਹੈ।
ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥੧॥ ਰਹਾਉ ॥
ਉਹੀ ਜੀਵ-ਇਸਤ੍ਰੀਆਂ ਸੁਹਾਗ-ਭਾਗ ਵਾਲੀਆਂ ਹਨ ਜੋ ਤੈਨੂੰ ਚੰਗੀਆਂ ਲੱਗਦੀਆਂ ਹਨ, ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਤੂੰ ਆਪ ਸੁਚੱਜੀਆਂ ਬਣਾ ਲੈਂਦਾ ਹੈਂ ॥੧॥ ਰਹਾਉ ॥
ਗੁਰਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ ॥
ਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਜੀਵਨ ਨੂੰ) ਸੰਵਾਰਦੀ ਹੈ, ਜਿਸ ਦਾ ਸਰੀਰ ਖਸਮ-ਪ੍ਰਭੂ ਦੇ ਹਵਾਲੇ ਹੈ ਜਿਸ ਦਾ ਮਨ ਖਸਮ-ਪ੍ਰਭੂ ਦੇ ਹਵਾਲੇ ਹੈ (ਭਾਵ, ਜਿਸ ਦਾ ਮਨ ਤੇ ਜਿਸ ਦੇ ਗਿਆਨ-ਇੰਦਰੇ ਪ੍ਰਭੂ ਦੀ ਯਾਦ ਤੋਂ ਲਾਂਭੇ ਕੁਰਾਹੇ ਨਹੀਂ ਜਾਂਦੇ),
ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥
ਜੇਹੜੀ ਦੋਵੇਂ ਹੱਥ ਜੋੜ ਕੇ ਪੂਰੀ ਸਰਧਾ ਨਾਲ (ਪ੍ਰਭੂ-ਪਤੀ ਦਾ ਆਸਰਾ ਹੀ) ਤੱਕਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈਆਂ ਕਰਦੀ ਹੈ,
ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥੨॥
ਉਹ ਪ੍ਰਭੂ-ਪ੍ਰੀਤਮ (ਦੇ ਪਿਆਰ) ਵਿਚ ਰੰਗੀ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਰੱਤੀ ਰਹਿੰਦੀ ਹੈ, ਤੇ ਉਸ ਦੇ ਰੰਗ ਵਿਚ ਰਸੀ ਰਹਿੰਦੀ ਹੈ ॥੨॥
ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥
ਜੇਹੜੀ (ਪ੍ਰਭੂ-ਚਰਨਾਂ ਦੀ) ਸੇਵਕਾ ਪ੍ਰਭੂ ਦਾ ਨਾਮ ਹੀ ਮੰਨਦੀ ਹੈ (ਪ੍ਰਭੂ ਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੀ ਹੈ) ਉਹ ਪ੍ਰਭੂ-ਪਤੀ ਦੀ ਦਾਸੀ ਆਖੀ ਜਾਂਦੀ ਹੈ।
ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥
ਪ੍ਰਭੂ ਨਾਲ ਉਸ ਦੀ ਪ੍ਰੀਤਿ ਸਦਾ ਕਾਇਮ ਰਹਿੰਦੀ ਹੈ, ਕਦੇ ਟੁੱਟਦੀ ਨਹੀਂ, ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ (ਚਰਨਾਂ ਵਿਚ) ਉਸ ਦਾ ਮਿਲਾਪ ਬਣਿਆ ਰਹਿੰਦਾ ਹੈ।
ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ ॥੩॥
ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਉਹ ਰੰਗੀ ਰਹਿੰਦੀ ਹੈ, ਉਸ ਦਾ ਮਨ ਪ੍ਰੋਤਾ ਰਹਿੰਦਾ ਹੈ। ਮੈਂ ਅਜੇਹੀ ਜੀਵ-ਇਸਤ੍ਰੀ ਤੋਂ ਕੁਰਬਾਨ ਹਾਂ ॥੩॥
ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ ॥
ਜੇ ਜੀਵ-ਇਸਤ੍ਰੀ ਗੁਰੂ (ਦੇ ਸ਼ਬਦ) ਵਿਚ ਸੁਰਤ ਜੋੜੀ ਰੱਖੇ, ਤਾਂ ਉਹ ਕਦੇ ਰੰਡੀ (ਹੋ ਕੇ) ਨਹੀਂ ਬੈਠਦੀ (ਭਾਵ, ਖਸਮ ਸਾਈਂ ਦਾ ਹੱਥ ਸਦਾ ਉਸ ਦੇ ਸਿਰ ਉੱਤੇ ਟਿਕਿਆ ਰਹਿੰਦਾ ਹੈ।)
ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥
(ਫਿਰ ਉਹ) ਖਸਮ (ਭੀ ਐਸਾ ਹੈ ਜੋ) ਆਨੰਦ ਦਾ ਸੋਮਾ ਹੈ (ਜਿਸ ਦਾ ਪਿਆਰ ਨਿੱਤ) ਨਵਾਂ (ਹੈ, ਜੋ) ਸਦਾ ਕਾਇਮ ਰਹਿਣ ਵਾਲਾ (ਹੈ, ਜੋ) ਮਰਦਾ ਹੈ ਨਾਹ ਜੰਮਦਾ ਹੈ।
ਨਿਤ ਰਵੈ ਸੋਹਾਗਣੀ ਸਾਚੀ ਨਦਰਿ ਰਜਾਇ ॥੪॥
ਉਹ ਆਪਣੀ ਸਦਾ-ਥਿਰ ਮਿਹਰ ਦੀ ਨਜ਼ਰ ਨਾਲ ਆਪਣੀ ਰਜ਼ਾ ਅਨੁਸਾਰ ਸਦਾ ਉਸ ਸੋਹਾਗਣ ਜੀਵ-ਇਸਤ੍ਰੀ ਨੂੰ ਪਿਆਰ ਕਰਦਾ ਹੈ ॥੪॥
ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ ॥
ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ ਆਪਣੇ ਹਿਰਦੇ ਵਿਚ ਟਿਕਾਂਦੀ ਹੈ, ਇਹ, ਮਾਨੋ, ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਕੇਸਾਂ ਦੀਆਂ ਪੱਟੀਆਂ ਸੰਵਾਰਦੀ ਹੈ, ਪ੍ਰਭੂ ਦੇ ਪਿਆਰ ਨੂੰ (ਸੋਹਣਾ) ਕੱਪੜਾ ਤੇ (ਗਹਿਣਿਆਂ ਦਾ) ਸਿੰਗਾਰ ਬਣਾਂਦੀ ਹੈ।
ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥
ਜਿਸ ਨੇ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਇਆ ਹੈ (ਤੇ, ਇਹ, ਮਾਨੋ, ਉਸ ਨੇ ਮੱਥੇ ਉਤੇ) ਚੰਦਨ (ਦਾ ਟਿੱਕਾ ਲਾਇਆ) ਹੈ, ਜਿਸ ਨੇ ਆਪਣੇ ਦਸਵੇਂ ਦੁਆਰ (ਦਿਮਾਗ਼, ਚਿੱਤ-ਆਕਾਸ਼) ਨੂੰ (ਪਤੀ-ਪ੍ਰਭੂ ਦੇ ਰਹਿਣ ਲਈ) ਸੋਹਣਾ ਘਰ ਬਣਾਇਆ ਹੈ।
ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ ॥੫॥
ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਹਿਰਦੇ ਨੂੰ) ਹੁਲਾਰੇ ਵਿਚ ਲਿਆਂਦਾ ਹੈ (ਤੇ, ਇਹ, ਮਾਨੋ, ਉਸ ਨੇ ਹਿਰਦੇ ਵਿਚ) ਦੀਵਾ (ਜਗਾਇਆ ਹੈ), ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਹੈ ॥੫॥
ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ ॥
ਜਿਸ ਨੇ ਆਪਣੇ ਮੱਥੇ ਉਤੇ ਪ੍ਰਭੂ ਦੇ ਪਿਆਰ ਦਾ ਜੜਾਊ ਟਿੱਕਾ ਲਾਇਆ ਹੋਇਆ ਹੈ, ਜਿਸ ਨੇ ਸਦਾ-ਥਿਰ ਰਹਿਣ ਵਾਲੇ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਆਪਣੀ ਸੁਰਤ (ਜੋੜ ਕੇ) ਸੋਹਣੀ ਬਣਾ ਲਈ ਹੈ।
ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ ॥
(ਤੇ, ਇਸੇ ਨੂੰ ਉਹ ਆਪਣੀ) ਸੋਭਾ (ਸਮਝਦੀ ਹੈ), ਉਹ ਜੀਵ-ਇਸਤ੍ਰੀ ਹੋਰ ਜੀਵ-ਇਸਤ੍ਰੀਆਂ ਵਿਚ (ਮੰਨੀ ਪ੍ਰਮੰਨੀ) ਸੋਹਣੀ ਹੈ।
ਬਿਨੁ ਪਿਰ ਪੁਰਖੁ ਨ ਜਾਣਈ ਸਾਚੇ ਗੁਰ ਕੈ ਹੇਤਿ ਪਿਆਰਿ ॥੬॥
ਉਹ ਆਪਣੇ ਗੁਰੂ ਦੇ ਸ਼ਬਦ ਦੇ ਪ੍ਰੇਮ ਪਿਆਰ ਵਿਚ ਰਹਿ ਕੇ ਸਦਾ-ਥਿਰ ਸਰਬ-ਵਿਆਪਕ ਪ੍ਰਭੂ ਪਤੀ ਤੋਂ ਬਿਨਾ ਹੋਰ ਕਿਸੇ ਨਾਲ ਜਾਣ-ਪਛਾਣ ਨਹੀਂ ਪਾਂਦੀ ॥੬॥
ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ ॥
ਮਾਇਆ ਦੇ ਮੋਹ ਦੀ ਕਾਲੀ-ਬੋਲੀ ਰਾਤ ਵਿਚ ਸੁੱਤੀ ਪਈ ਜੀਵ-ਇਸਤ੍ਰੀਏ! ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘ ਸਕਦੀ।
ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ ॥
ਸੜ ਜਾਏ ਉਹ ਹਿਰਦਾ ਤੇ ਉਹ ਸਰੀਰ (ਜਿਸ ਵਿਚ ਪ੍ਰਭੂ ਦੀ ਯਾਦ ਨਹੀਂ)। ਪ੍ਰਭੂ ਦੀ ਯਾਦ ਤੋਂ ਬਿਨਾ ਮਨ (ਵਿਕਾਰਾਂ ਵਿਚ) ਸੜ ਬਲ ਜਾਂਦਾ ਹੈ, ਮਾਇਆ-ਧਨ ਭੀ ਵਿਅਰਥ ਹੀ ਜਾਂਦਾ ਹੈ।
ਜਾ ਧਨ ਕੰਤਿ ਨ ਰਾਵੀਆ ਤਾ ਬਿਰਥਾ ਜੋਬਨੁ ਜਾਇ ॥੭॥
ਜੇ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਨਹੀਂ ਕੀਤਾ, ਤਾਂ ਉਸ ਦੀ ਜਵਾਨੀ ਵਿਅਰਥ ਹੀ ਚਲੀ ਜਾਂਦੀ ਹੈ ॥੭॥
ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ॥
ਭਾਗ-ਹੀਣ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਸੇਜ ਉਤੇ ਸੁੱਤੀ ਪਈ ਹੈ, ਪਰ ਇਸ ਨੂੰ ਸਮਝ ਨਹੀਂ (ਹਿਰਦੇ-ਸੇਜ ਉੱਤੇ ਜੀਵਾਤਮਾ ਤੇ ਪਰਮਾਤਮਾ ਦਾ ਇਕੱਠਾ ਨਿਵਾਸ ਹੈ, ਪਰ ਮਾਇਆ-ਮੋਹੀ ਜਿੰਦ ਨੂੰ ਇਸ ਦੀ ਸਾਰ ਨਹੀਂ ਹੈ)।
ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ ॥
ਹੇ ਪ੍ਰਭੂ-ਪਤੀ! ਮੈਂ ਜੀਵ-ਇਸਤ੍ਰੀ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹਾਂ, ਤੂੰ ਪਤੀ ਸਦਾ ਜਾਗਦਾ ਹੈਂ (ਤੈਨੂੰ ਮਾਇਆ ਵਿਆਪ ਨਹੀਂ ਸਕਦੀ); ਮੈਂ ਕਿਸ ਪਾਸੋਂ ਜਾ ਕੇ ਪੁੱਛਾਂ (ਕਿ ਮੈਂ ਕਿਸ ਤਰ੍ਹਾਂ ਮਾਇਆ ਦੀ ਨੀਂਦ ਵਿਚੋਂ ਜਾਗ ਕੇ ਤੈਨੂੰ ਮਿਲ ਸਕਦੀ ਹਾਂ)?
ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ ॥੮॥੨॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਸਤਿਗੁਰੂ ਨੇ (ਪ੍ਰਭੂ ਦੇ ਚਰਨਾਂ ਵਿਚ) ਮਿਲਾ ਲਿਆ ਹੈ, ਉਹ ਪਰਮਾਤਮਾ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਪਰਮਾਤਮਾ ਦਾ ਪਿਆਰ ਉਸ ਦਾ (ਜੀਵਨ-) ਸਾਥੀ ਬਣ ਜਾਂਦਾ ਹੈ ॥੮॥੨॥
ਸਿਰੀਰਾਗੁ ਮਹਲਾ ੧ ॥
ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥
ਪ੍ਰਭੂ ਆਪ ਹੀ (ਆਪਣੇ) ਗੁਣ ਹੈ, ਆਪ ਹੀ (ਉਹਨਾਂ ਗੁਣਾਂ ਨੂੰ) ਬਿਆਨ ਕਰਦਾ ਹੈ, ਆਪ ਹੀ (ਆਪਣੀ ਸਿਫ਼ਤ-ਸਾਲਾਹ) ਸੁਣ ਕੇ ਉਸ ਨੂੰ ਵਿਚਾਰਦਾ ਹੈ (ਉਸ ਵਿਚ ਸੁਰਤ ਜੋੜਦਾ ਹੈ)।
ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥
ਹੇ ਪ੍ਰਭੂ! ਤੂੰ ਆਪ ਹੀ (ਆਪਣਾ ਨਾਮ-ਰੂਪ) ਰਤਨ ਹੈਂ, ਤੂੰ ਆਪ ਹੀ ਉਸ ਰਤਨ ਦਾ ਮੁੱਲ ਪਾਣ ਵਾਲਾ ਹੈਂ, ਤੂੰ ਆਪ ਹੀ (ਆਪਣੇ ਨਾਮ-ਰਤਨ ਦਾ) ਬੇਅੰਤ ਮੁੱਲ ਹੈਂ।
ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥੧॥
ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਮਾਣ ਹੈਂ, ਵਡਿਆਈ ਹੈਂ, ਤੂੰ ਆਪ ਹੀ (ਜੀਵਾਂ ਨੂੰ ਮਾਣ-ਵਡਿਆਈ) ਦੇਣ ਵਾਲਾ ਹੈਂ ॥੧॥
ਹਰਿ ਜੀਉ ਤੂੰ ਕਰਤਾ ਕਰਤਾਰੁ ॥
ਹੇ ਪ੍ਰਭੂ ਜੀ! (ਹਰੇਕ ਸ਼ੈ ਦਾ) ਪੈਦਾ ਕਰਨ ਵਾਲਾ ਤੂੰ ਆਪ ਹੀ ਹੈਂ।
ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥
ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ (ਆਪਣੇ ਨਾਮ ਵਿਚ ਜੋੜੀ) ਰੱਖ। ਹੇ ਹਰੀ! (ਮਿਹਰ ਕਰ) ਮੈਨੂੰ ਤੇਰਾ ਨਾਮ ਮਿਲ ਜਾਏ। ਤੇਰਾ ਨਾਮ ਹੀ ਮੇਰੇ ਵਾਸਤੇ (ਚੰਗੇ ਤੋਂ ਚੰਗਾ) ਕਰਤੱਬ ਹੈ ॥੧॥ ਰਹਾਉ ॥
ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥
ਹੇ ਪ੍ਰਭੂ! ਤੂੰ ਆਪ ਹੀ ਚਮਕਦਾ ਹੀਰਾ ਹੈਂ, ਤੂੰ ਆਪ ਹੀ ਮਜੀਠ ਦਾ ਰੰਗ ਹੈਂ।
ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥
ਤੂੰ ਆਪ ਹੀ ਲਿਸ਼ਕਦਾ ਮੋਤੀ ਹੈਂ, ਤੂੰ ਆਪ ਹੀ (ਆਪਣੇ) ਭਗਤਾਂ ਦਾ ਵਿਚੋਲਾ ਹੈਂ।
ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥੨॥
ਸਤਿਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸਿਫ਼ਤ-ਸਾਲਾਹ ਹੋ ਸਕਦੀ ਹੈ, ਹਰੇਕ ਸਰੀਰ ਵਿਚ ਤੂੰ ਹੀ ਦਿੱਸ ਰਿਹਾ ਹੈਂ, ਤੇ ਤੂੰ ਹੀ ਅਦ੍ਰਿਸ਼ਟ ਹੈਂ ॥੨॥
ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥
ਹੇ ਪ੍ਰਭੂ! (ਇਹ ਸੰਸਾਰ-) ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਣ ਲਈ) ਜਹਾਜ਼ ਭੀ ਤੂੰ ਆਪ ਹੀ ਹੈਂ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਤੇ ਉਰਾਰਲਾ ਕੰਢਾ ਭੀ ਤੂੰ ਆਪ ਹੀ ਹੈਂ।
ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥
(ਹੇ ਪ੍ਰਭੂ! ਤੇਰੀ ਭਗਤੀ-ਰੂਪ) ਪੈਂਡਾ ਭੀ ਤੂੰ ਆਪ ਹੀ ਹੈਂ, ਤੂੰ ਸਭ ਕੁਝ ਜਾਣਦਾ ਹੈਂ, ਗੁਰ-ਸ਼ਬਦ ਦੀ ਰਾਹੀਂ (ਇਸ ਸੰਸਾਰ-ਸਮੁੰਦਰ ਵਿਚੋਂ ਭਗਤੀ ਦੀ ਰਾਹੀਂ) ਪਾਰ ਲੰਘਾਣ ਵਾਲਾ ਭੀ ਤੂੰ ਹੀ ਹੈਂ।
ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥੩॥
ਗੁਰੂ ਦੀ ਸਰਨ ਤੋਂ ਬਿਨਾ (ਇਹ ਜੀਵਨ-ਸਫ਼ਰ ਜੀਵਾਂ ਵਾਸਤੇ) ਘੁੱਪ ਹਨੇਰਾ ਹੈ। ਹੇ ਪ੍ਰਭੂ! ਜੇਹੜੇ ਜੀਵ ਤੇਰਾ ਡਰ-ਭਉ ਨਹੀਂ ਰੱਖਦੇ, ਉਹਨਾਂ ਨੂੰ ਦੁਨੀਆ ਦਾ ਸਹਮ ਸਹਾਰਨਾ ਪੈਂਦਾ ਹੈ ॥੩॥
ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥
(ਇਸ ਜਗਤ ਵਿਚ) ਇਕ ਕਰਤਾਰ ਹੀ ਸਦਾ-ਥਿਰ ਰਹਿਣ ਵਾਲਾ ਦਿੱਸਦਾ ਹੈ, ਹੋਰ ਬੇਅੰਤ ਸ੍ਰਿਸ਼ਟੀ ਜੰਮਦੀ ਮਰਦੀ ਰਹਿੰਦੀ ਹੈ।
ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥
ਹੇ ਪ੍ਰਭੂ! ਇਕ ਤੂੰ ਹੀ (ਮਾਇਆ ਦੇ ਮੋਹ ਦੀ) ਮੈਲ ਤੋਂ ਸਾਫ਼ ਹੈਂ, ਬਾਕੀ ਸਾਰੀ ਦੁਨੀਆ (ਮਾਇਆ ਦੇ ਮੋਹ ਦੇ) ਬੰਧਨ ਵਿਚ ਬੱਝੀ ਪਈ ਹੈ।
ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥੪॥
ਜਿਨ੍ਹਾਂ ਨੂੰ ਗੁਰੂ ਨੇ (ਇਸ ਮੋਹ ਤੋਂ) ਬਚਾ ਲਿਆ ਹੈ, ਉਹ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਬਚ ਗਏ ਹਨ ॥੪॥
ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥
ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੇ ਨਾਮ) ਵਿਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪੈ ਸਕਦੀ ਹੈ।
ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥
(ਗੁਰੂ ਦੀ ਰਾਹੀਂ) ਜਿਸ ਮਨੁੱਖ ਦੀ ਬੈਠਕ ਸਦਾ-ਥਿਰ ਪ੍ਰਭੂ ਦੇ ਘਰ ਵਿਚ (ਚਰਨਾਂ ਵਿਚ) ਹੋ ਜਾਂਦੀ ਹੈ, ਉਸ ਦੇ ਸਰੀਰ ਵਿਚ (ਮਾਇਆ ਦੀ) ਮੈਲ ਨਹੀਂ ਲੱਗਦੀ।
ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥
ਉਹ ਸਦਾ-ਥਿਰ ਪ੍ਰਭੂ ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ ॥੫॥
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥
ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦੇ ਹਨ।
ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥
ਉਹ ਆਪਣੀ ਹਉਮੈ ਅਤੇ (ਮਾਇਆ ਵਾਲੀ) ਤ੍ਰਿਸ਼ਨਾ ਮਾਰ ਕੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥
ਜਗਤ ਵਿਚ (ਆਉਣ ਦਾ) ਪਰਮਾਤਮਾ ਦਾ ਇਕ ਨਾਮ ਹੀ ਲਾਭ ਹੈ (ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ) ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ ॥੬॥
ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥
(ਹੇ ਵਣਜਾਰੇ ਜੀਵ!) ਸਦਾ-ਥਿਰ ਰਹਿਣ ਵਾਲੀ (ਨਾਮ ਦੀ ਰਾਸ-ਪੂੰਜੀ ਹੀ ਜੋੜਨੀ ਚਾਹੀਦੀ ਹੈ, (ਇਸ ਵਿਚੋਂ ਉਹ) ਨਫ਼ਾ (ਪੈਂਦਾ ਹੈ ਜੋ) ਸਦਾ (ਕਾਇਮ ਰਹਿੰਦਾ ਹੈ)।
ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦਾ ਹੈ (ਉਸ ਦੇ ਅੱਗੇ) ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ-ਥਿਰ ਹਜ਼ੂਰੀ ਵਿਚ ਬੈਠਦਾ ਹੈ।
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥
ਉਸ ਦਾ (ਜੀਵਨ-ਸਫ਼ਰ ਦਾ) ਲੇਖਾ (ਇੱਜ਼ਤ ਨਾਲ) ਸਾਫ਼ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ ॥੭॥
ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥
ਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ-(ਹਰ ਪਾਸੇ ਵਲੋਂ ਇਹੀ) ਆਖਿਆ ਜਾਂਦਾ ਹੈ, ਮੈਂ (ਭੀ) ਆਖਦਾ ਹਾਂ (ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ) ਉਸ ਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ।
ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥
ਜਦੋਂ ਸਤਿਗੁਰੂ ਨੇ ਮੈਨੂੰ, (ਹੇ ਪ੍ਰਭੂ! ਤੇਰਾ) ਦਰਸ਼ਨ ਕਰਾ ਦਿੱਤਾ, ਤਾਂ ਹੁਣ ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਤੂੰ ਦਿੱਸਦਾ ਹੈਂ।
ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਵਾਲੀ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤਿ ਇਕ-ਰਸ ਹਰ ਥਾਂ ਮੌਜੂਦ ਹੈ ॥੮॥੩॥{54-55}
ਸਿਰੀਰਾਗੁ ਮਹਲਾ ੧ ॥
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥
ਅੰਞਾਣ ਮੱਛੀ ਨੇ ਜਾਲ ਨੂੰ ਨਾਹ ਸਮਝਿਆ (ਕਿ ਜਾਲ ਉਸ ਦੀ ਮੌਤ ਦਾ ਕਾਰਣ ਬਣਦਾ ਹੈ) ਅਤੇ ਨਾਹ ਹੀ ਉਸ ਨੇ ਡੂੰਘੇ ਖਾਰੇ ਸਮੁੰਦਰ ਨੂੰ ਹੀ ਸਮਝਿਆ (ਕਿ ਸਮੁੰਦਰ ਵਿਚ ਟਿਕੇ ਰਿਹਾਂ ਹੀ ਉਸ ਦੀ ਜ਼ਿੰਦਗੀ ਕਾਇਮ ਰਹਿ ਸਕਦੀ ਹੈ)।
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥
(ਵੇਖਣ ਨੂੰ ਮੱਛੀ) ਬੜੀ ਸੋਹਣੀ ਤੇ ਸਿਆਣੀ (ਜਾਪਦੀ) ਹੈ, ਪਰ ਉਸ ਨੂੰ ਜਾਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਸੀ।
ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥੧॥
(ਜਾਲ ਉੱਤੇ) ਇਤਬਾਰ ਕਰਨ ਦੇ ਕਾਰਨ ਹੀ ਫੜੀ ਜਾਂਦੀ ਹੈ, ਤੇ ਉਸ ਦੇ ਸਿਰ ਉਤੋਂ ਮੌਤ ਟਲਦੀ ਨਹੀਂ (ਜੀਵ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਦੇ ਅਥਾਹ ਸਮੁੰਦਰ ਪ੍ਰਭੂ ਵਿਚ ਲੀਨ ਰਿਹਾਂ ਹੀ ਆਤਮਕ ਜੀਵਨ ਕਾਇਮ ਰਹਿੰਦਾ ਹੈ। ਮੋਹਣੀ ਮਾਇਆ ਦਾ ਇਤਬਾਰ ਕਰ ਬੈਠਦਾ ਹੈ, ਤੇ ਆਤਮਕ ਮੌਤ ਸਹੇੜਦਾ ਹੈ, ਮੌਤ ਦਾ ਸਹਮ ਹਰ ਵੇਲੇ ਇਸ ਦੇ ਸਿਰ ਉੱਤੇ ਸਵਾਰ ਰਹਿੰਦਾ ਹੈ) ॥੧॥
ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥
ਹੇ ਭਾਈ! ਆਪਣੇ ਸਿਰ ਉੱਤੇ ਮੌਤ ਨੂੰ ਇਉਂ ਹੀ ਸਮਝੋ।
ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ ॥
ਜਿਵੇਂ ਮੱਛੀ ਨੂੰ ਅਚਨਚੇਤ (ਮਾਛੀ ਦਾ) ਜਾਲ ਆ ਪੈਂਦਾ ਹੈ, ਤਿਵੇਂ ਮਨੁੱਖਾਂ ਦੇ ਸਿਰ ਉੱਤੇ ਅਚਨਚੇਤ ਮੌਤ ਆ ਪੈਂਦੀ ਹੈ ॥੧॥ ਰਹਾਉ ॥
ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥
ਸਾਰਾ ਜਗਤ ਮੌਤ ਦੇ ਡਰ ਦਾ ਬੱਧਾ ਹੋਇਆ ਹੈ, ਗੁਰੂ ਦੀ ਸਰਨ ਆਉਣ ਤੋਂ ਬਿਨਾ ਮੌਤ ਦਾ ਸਹਮ (ਹਰੇਕ ਦੇ ਸਿਰ ਉੱਤੇ) ਅਮਿੱਟ ਹੈ।
ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥
ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਰਹਿੰਦੇ ਹਨ, ਉਹ ਵਿਕਾਰ ਛੱਡ ਕੇ ਮਨ ਦੀ ਮਾਇਆ ਵਲ ਡੋਲਣੀ ਹਾਲਤ ਛੱਡ ਕੇ ਮੌਤ ਦੇ ਸਹਮ ਤੋਂ ਬਚ ਜਾਂਦੇ ਹਨ।
ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥੨॥
ਮੈਂ ਉਹਨਾਂ ਤੋਂ ਸਦਕੇ ਹਾਂ, ਜੇਹੜੇ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ॥੨॥
ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥
ਜਿਵੇਂ ਬਾਜ਼ ਅਤੇ ਫਾਂਧੀ ਦੇ ਹੱਥ ਵਿਚ ਫੜੀ ਹੋਈ ਜਾਲੀ ਪੰਛੀਆਂ ਵਾਸਤੇ (ਮੌਤ ਦਾ ਸੁਨੇਹਾ ਹਨ, ਤਿਵੇਂ ਮਾਇਆ ਦਾ ਮੋਹ ਮਨੁੱਖਾਂ ਵਾਸਤੇ ਆਤਮਕ ਮੌਤ ਦਾ ਕਾਰਨ ਹੈ)
ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥
ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ ਮਾਇਆ-ਜਾਲ ਵਿਚੋਂ ਬਚ ਨਿਕਲੇ, ਬਾਕੀ ਦੇ ਸਾਰੇ ਮਾਇਆ ਦੇ ਚੋਗੇ ਨਾਲ ਮੋਹ ਦੀ ਜਾਲੀ ਵਿਚ ਫਸ ਗਏ।
ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥੩॥
ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹ ਚੁਣ ਚੁਣ ਕੇ ਮਾਇਆ-ਜਾਲ ਵਿਚ ਸੁੱਟੇ ਜਾਂਦੇ ਹਨ, ਉਹਨਾਂ ਦਾ ਕੋਈ ਭੀ ਐਸਾ ਸੰਗੀ ਸਾਥੀ ਨਹੀਂ ਬਣਦਾ (ਜੋ ਉਹਨਾਂ ਨੂੰ ਇਸ ਜਾਲ ਵਿਚੋਂ ਕੱਢ ਸਕੇ) ॥੩॥
ਸਚੋ ਸਚਾ ਆਖੀਐ ਸਚੇ ਸਚਾ ਥਾਨੁ ॥
(ਮੌਤ ਦੇ ਸਹਮ ਤੋਂ ਅਤੇ ਆਤਮਕ ਮੌਤ ਤੋਂ ਬਚਣ ਲਈ, ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਜਿਸ ਦਾ ਤਖ਼ਤ ਅਟੱਲ ਹੈ।
ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥
ਜਿਨ੍ਹਾਂ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਦੀ ਲਿਵ ਲੱਗ ਜਾਂਦੀ ਹੈ।
ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥
ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਤੇ ਮੂੰਹ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਟਿਕ ਜਾਂਦੀ ਹੈ, ਉਹ ਬੰਦੇ ਪਵ੍ਰਿਤ ਸਮਝੇ ਜਾਂਦੇ ਹਨ ॥੪॥
ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥
(ਹੇ ਮੇਰੇ ਮਨ! ਸੱਜਣ-ਪ੍ਰਭੂ ਨੂੰ ਮਿਲਣ ਵਾਸਤੇ ਸਦਾ ਆਪਣੇ) ਗੁਰੂ ਅੱਗੇ ਅਰਦਾਸ ਕਰਦਾ ਰਹੁ, (ਗੁਰੂ) ਸੱਜਣ-ਪ੍ਰਭੂ ਮਿਲਾ ਦੇਂਦਾ ਹੈ।
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥
ਜੇ ਸੱਜਣ-ਪ੍ਰਭੂ ਮਿਲ ਪਏ ਤਾਂ ਆਤਮਕ ਆਨੰਦ ਮਿਲ ਜਾਂਦਾ ਹੈ, ਜਮਦੂਤ ਤਾਂ (ਇਉਂ ਸਮਝੋ ਕਿ) ਜ਼ਹਰ ਖਾ ਕੇ ਮਰ ਜਾਂਦੇ ਹਨ (ਭਾਵ, ਜਮਦੂਤ ਨੇੜੇ ਹੀ ਨਹੀਂ ਢੁਕਦੇ)।
ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥
(ਜੇ ਸੱਜਣ-ਪ੍ਰਭੂ ਮਿਲ ਪਏ ਤਾਂ) ਮੈਂ ਉਸ ਦੇ ਨਾਮ ਵਿਚ ਸਦਾ ਟਿਕਿਆ ਰਹਿ ਸਕਦਾ ਹਾਂ ਉਸ ਦਾ ਨਾਮ (ਸਦਾ ਲਈ) ਮੇਰੇ ਮਨ ਵਿਚ ਆ ਵੱਸਦਾ ਹੈ ॥੫॥
ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਵਾਸਤੇ ਚਾਰ ਚੁਫੇਰੇ ਮਾਇਆ ਦੇ ਮੋਹ ਦਾ) ਘੁੱਪ ਹਨੇਰਾ (ਰਹਿੰਦਾ) ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮੈਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹਾਂ)।
ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੀ ਸਿੱਖਿਆ ਨਾਲ ਆਤਮਕ ਚਾਨਣ ਹੁੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ।
ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥੬॥
ਉਸ ਆਤਮਕ ਅਵਸਥਾ ਵਿਚ ਮੌਤ ਦਾ ਡਰ ਪਹੁੰਚਦਾ ਹੀ ਨਹੀਂ, (ਕਿਉਂਕਿ) ਜੀਵ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੬॥
ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥
ਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ (ਮੇਰੇ ਦੁਖ-ਦਰਦ) ਜਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਆਪਣੇ ਚਰਨਾਂ ਵਿਚ) ਮਿਲਾਣ ਦੇ ਸਮਰਥ ਹੈਂ।
ਗੁਰਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਉਂਵ ਤਾਂ) ਤੇਰੇ ਗੁਣਾਂ ਦਾ ਅੰਤ ਤੇਰੇ ਗੁਣਾਂ ਦਾ ਪਾਰਲਾ ਉਰਲਾ ਬੰਨਾ ਲੱਭਿਆ ਹੀ ਨਹੀਂ ਜਾ ਸਕਦਾ।
ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥੭॥
ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ, ਬੇਅੰਤ ਪ੍ਰਭੂ ਆਪ ਟਿਕਿਆ ਹੋਇਆ ਹੈ ਉਥੇ ਮੌਤ ਦਾ ਡਰ ਪਹੁੰਚ ਨਹੀਂ ਸਕਦਾ ॥੭॥
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥
(ਮਾਇਆ ਦੇ ਮੋਹ ਦੇ ਜਾਲ ਵਿਚੋਂ ਨਿਕਲਣਾ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ) ਪਰਮਾਤਮਾ ਦੇ ਹੁਕਮ ਵਿਚ ਸਾਰੇ ਜੀਵ ਪੈਦਾ ਹੁੰਦੇ ਹਨ, ਉਸ ਦੇ ਹੁਕਮ ਵਿਚ ਹੀ ਕਾਰ ਕਰਦੇ ਹਨ।
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥
ਪ੍ਰਭੂ ਦੇ ਹੁਕਮ ਵਿਚ ਹੀ ਸ੍ਰਿਸ਼ਟੀ ਮੌਤ ਦੇ ਡਰ ਦੇ ਅਧੀਨ ਹੈ, ਹੁਕਮ ਅਨੁਸਾਰ ਹੀ ਜੀਵ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਦੇ ਹਨ।
ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥
ਹੇ ਨਾਨਕ! ਉਹੀ ਕੁਝ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ॥੮॥੪॥
ਸਿਰੀਰਾਗੁ ਮਹਲਾ ੧ ॥
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥
ਜੇ ਜੀਵ ਦਾ ਮਨ (ਵਿਕਾਰਾਂ ਦੀ ਛੋਹ ਨਾਲ) ਜੂਠਾ ਹੋ ਚੁਕਾ ਹੈ, ਤਾਂ ਉਸ ਦੇ ਸਰੀਰ ਵਿਚ ਭੀ ਜੂਠ ਹੀ ਜੂਠ ਹੈ (ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਦੌੜਦੇ ਹਨ) ਉਸ ਦੀ ਜੀਭ (ਖਾਣ ਦੇ ਚਸਕਿਆਂ ਨਾਲ) ਜੂਠੀ ਹੋਈ ਰਹਿੰਦੀ ਹੈ, ਝੂਠੇ ਮੂੰਹ ਨਾਲ ਬੋਲਣ ਦਾ ਹੀ ਸੁਭਾਉ ਬਣ ਜਾਂਦਾ ਹੈ।
ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥
ਅਜੇਹਾ ਜੀਵ (ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ) ਸੁੱਚਾ ਕਦੇ ਭੀ ਨਹੀਂ ਹੋ ਸਕਦਾ।
ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥੧॥
ਗੁਰੂ ਦੇ ਸ਼ਬਦ-ਜਲ ਤੋਂ ਬਿਨਾ (ਮਨ) ਮਾਂਜਿਆ ਨਹੀਂ ਜਾ ਸਕਦਾ, (ਤੇ) ਇਹ ਸੱਚ (ਸਿਮਰਨ) ਸਦਾ-ਥਿਰ ਪ੍ਰਭੂ ਤੋਂ ਹੀ ਮਿਲਦਾ ਹੈ ॥੧॥
ਮੁੰਧੇ ਗੁਣਹੀਣੀ ਸੁਖੁ ਕੇਹਿ ॥
ਹੇ ਭੋਲੀ ਜੀਵ-ਇਸਤ੍ਰੀਏ! ਜੋ (ਆਪਣੇ ਅੰਦਰ, ਆਤਮਕ ਸੁਖ ਦੇਣ ਵਾਲੇ) ਗੁਣਾਂ ਤੋਂ ਸੱਖਣੀ ਹੈ ਉਸ ਨੂੰ (ਬਾਹਰੋਂ) ਕਿਸੇ ਹੋਰ ਤਰੀਕੇ ਨਾਲ ਆਤਮਕ ਸੁਖ ਨਹੀਂ ਮਿਲ ਸਕਦਾ।
ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥੧॥ ਰਹਾਉ ॥
ਆਤਮਕ ਸੁਖ ਉਸ ਨੂੰ ਹੈ ਜੋ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਲੀਨ ਰਹਿੰਦੀ ਹੈ) ਜੋ ਗੁਰੂ ਦੇ ਸ਼ਬਦ ਵਿਚ (ਜੁੜੀ ਹੋਈ) ਹੈ, ਜੋ ਪ੍ਰਭੂ ਦੇ ਪਿਆਰ ਵਿਚ (ਮਸਤ) ਹੈ। ਪਤੀ-ਪ੍ਰਭੂ ਦੇ ਮਿਲਾਪ ਦੇ ਸੁਖ (ਉਹੀ ਜੀਵ-ਇਸਤ੍ਰੀ) ਆਨੰਦ ਨਾਲ ਮਾਣਦੀ ਹੈ ॥੧॥ ਰਹਾਉ ॥
ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥
ਜੇ ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ-ਦੇਸ ਵਿਚ ਪਰਗਟ ਨਹੀਂ, ਉਸ ਦੇ ਹਿਰਦੇ ਨੂੰ ਛੱਡ ਕੇ) ਹੋਰ ਹੋਰ ਹਿਰਦੇ-ਦੇਸ ਦਾ ਨਿਵਾਸੀ ਹੈ, ਤਾਂ ਪਤੀ ਤੋਂ ਵਿੱਛੁੜੀ ਹੋਈ ਉਹ ਜੀਵ-ਇਸਤ੍ਰੀ ਝੂਰਦੀ ਰਹਿੰਦੀ ਹੈ (ਅੰਦਰੇ ਅੰਦਰ ਚਿੰਤਾ ਨਾਲ ਖਾਧੀ ਜਾਂਦੀ ਹੈ)।
ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥
ਜਿਵੇਂ ਥੋੜ੍ਹੇ ਪਾਣੀ ਵਿਚ ਮੱਛੀ ਤੜਫਦੀ ਹੈ, ਤਿਵੇਂ ਉਹ ਤਰਲੇ ਲੈਂਦੀ ਰਹਿੰਦੀ ਹੈ।
ਪਿਰ ਭਾਵੈ ਸੁਖੁ ਪਾਈਐ ਜਾ ਆਪੇ ਨਦਰਿ ਕਰੇਇ ॥੨॥
ਆਤਮਕ ਸੁਖ ਤਦੋਂ ਹੀ ਮਿਲਦਾ ਹੈ, ਜਦੋਂ ਪ੍ਰਭੂ-ਪਤੀ ਨੂੰ (ਜੀਵ-ਇਸਤ੍ਰੀ) ਚੰਗੇ ਲੱਗੇ, ਜਦੋਂ ਉਹ ਆਪ (ਉਸ ਉਤੇ) ਮਿਹਰ ਦੀ ਨਜ਼ਰ ਕਰੇ ॥੨॥
ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥
(ਹੇ ਜੀਵ-ਇਸਤ੍ਰੀ!) ਤੂੰ ਸਖੀਆਂ ਸਹੇਲੀਆਂ ਨਾਲ ਮਿਲ ਕੇ (ਭਾਵ, ਸਾਧ-ਸੰਗਤਿ ਵਿਚ ਬੈਠ ਕੇ) ਆਪਣੇ ਪਤੀ-ਪ੍ਰਭੂ ਦੀ ਸਿਫ਼ਤ-ਸਾਲਾਹ ਕਰ।
ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥
(ਜੇਹੜੀ ਜੀਵ-ਇਸਤ੍ਰੀ ਸਿਫ਼ਤ-ਸਾਲਾਹ ਕਰਦੀ ਹੈ, ਉਸ ਦੇ) ਹਿਰਦੇ ਵਿਚ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਉਸ ਦਾ ਮਨ (ਪ੍ਰਭੂ ਦੇ ਪ੍ਰੇਮ ਵਿਚ) ਮੋਹਿਆ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦਾ ਦਰਸ਼ਨ ਕਰਦੀ ਹੈ।
ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥੩॥
ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ ਉਸ ਦਾ ਜੀਵਨ ਸੰਵਰ ਜਾਂਦਾ ਹੈ, ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ, ਤੇ ਪਤੀ ਪ੍ਰਭੂ ਉਸ ਨੂੰ ਪਿਆਰ ਕਰਦਾ ਹੈ ॥੩॥
ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥
(ਗੁਣ ਤੋਂ ਸੱਖਣੀ ਹੋਣ ਕਰਕੇ) ਜੇਹੜੀ ਜੀਵ-ਇਸਤ੍ਰੀ (ਅੰਦਰੋਂ) ਖੋਟੀ ਹੈ ਤੇ ਔਗੁਣਾਂ ਨਾਲ ਭਰੀ ਹੋਈ ਹੈ ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ।
ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥
ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ; ਝੂਠ ਵਿਚ ਵਿਕਾਰ ਵਿਚ ਉਹ ਸੜ ਜਾਂਦੀ ਹੈ (ਉਸ ਦਾ ਆਤਮਕ ਜੀਵਨ ਸੜ ਜਾਂਦਾ ਹੈ)।
ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥੪॥
(ਉਸ ਦੇ ਵਾਸਤੇ) ਜਨਮ ਮਰਨ ਦਾ ਔਖਾ ਗੇੜ ਬਣਿਆ ਰਹਿੰਦਾ ਹੈ ਕਿਉਂਕਿ) ਕੰਤ-ਪ੍ਰਭੂ ਨੇ ਉਸ ਨੂੰ ਭੁਲਾ ਦਿੱਤਾ ਹੁੰਦਾ ਹੈ ॥੪॥
ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥
ਪਰ ਉਹ ਪਤੀ-ਪ੍ਰਭੂ ਦੀ ਸੋਹਣੀ ਨਾਰ ਸੀ, ਉਹ ਕਿਸ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋ ਗਈ?
ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥
ਉਹ ਕਿਉਂ ਵਿਅਰਥ ਫ਼ਜ਼ੂਲ ਬੋਲ ਬੋਲਦੀ ਹੈ ਜੋ ਪਤੀ-ਪ੍ਰਭੂ ਨਾਲ ਮਿਲਾਪ ਵਾਸਤੇ ਕੰਮ ਨਹੀਂ ਦੇ ਸਕਦਾ?
ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥੫॥
ਉਹ ਜੀਵ-ਇਸਤ੍ਰੀ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋਈ ਹੈ, (ਤਾਹੀਏਂ ਉਸ ਨੂੰ) ਪ੍ਰਭੂ ਦੇ ਮਹਲ ਵਿਚ (ਟਿਕਣ ਲਈ) ਆਸਰਾ ਨਹੀਂ ਮਿਲਦਾ (ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ) ॥੫॥
ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥
ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵਿਚਾਰ ਨਹੀਂ ਸਮਝਦੇ।
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥
ਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ (ਉਹਨਾਂ ਦਾ ਇਹ ਸਾਰਾ ਉੱਦਮ) ਮਾਇਆ ਕਮਾਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ।
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥੬॥
ਸਾਰਾ ਜਗਤ ਝੂਠੀ ਕਥਨੀ ਵਿਚ ਹੀ ਭਟਕਦਾ ਰਹਿੰਦਾ ਹੈ (ਭਾਵ, ਆਮ ਤੌਰ ਤੇ ਜੀਵਾਂ ਦੇ ਅੰਦਰ ਝੂਠ-ਫਰੇਬ ਹੈ, ਤੇ ਬਾਹਰ ਗਿਆਨ ਦੀਆਂ ਗੱਲਾਂ ਹਨ)। ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਹਿਰਦੇ ਵਿਚ ਟਿਕਾਈ ਰੱਖਣਾ) ਹੀ ਸ੍ਰੇਸ਼ਟ ਰਹਿਣੀ ਹੈ ॥੬॥
ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥
ਅਨੇਕਾਂ ਹੀ ਪੰਡਿਤ ਜੋਤਸ਼ੀ (ਆਦਿਕ) ਵੇਦਾਂ (ਦੇ ਮੰਤ੍ਰਾਂ) ਨੂੰ ਵਿਚਾਰਦੇ ਹਨ।
ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥
ਆਪੋ ਵਿਚ ਮਤ-ਭੇਦ ਹੋਣ ਦੇ ਕਾਰਨ (ਚਰਚਾ ਕਰਦੇ ਹਨ ਤੇ ਵਿਦਵਤਾ ਦੇ ਕਾਰਨ) ਵਾਹ ਵਾਹ ਅਖਵਾਂਦੇ ਹਨ, ਪਰ ਨਿਰੇ ਇਸ ਮਤ-ਭੇਦ ਵਿਚ ਰਹਿ ਕੇ ਹੀ ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ।
ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥੭॥
ਕੋਈ ਭੀ ਮਨੁੱਖ (ਨਿਰਾ ਚੰਗਾ) ਵਖਿਆਨ ਕਰ ਕੇ ਜਾਂ ਸੁਣ ਕੇ (ਆਤਮਕ ਆਨੰਦ ਨਹੀਂ ਲੈ ਸਕਦਾ, ਤੇ ਜਨਮ ਮਰਨ ਦੇ ਗੇੜ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ। (ਹਉਮੈ ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪੈਣ ਦੀ ਲੋੜ ਹੈ) ਗੁਰੂ ਦੀ ਬਖ਼ਸ਼ਸ਼ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ ॥੭॥
ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥
(ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ, ਉਹੀ) ਸਾਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ। ਪਰ ਮੇਰੇ ਅੰਦਰ ਕੋਈ ਐਸਾ ਗੁਣ ਨਹੀਂ ਹੈ (ਜਿਸ ਦੀ ਬਰਕਤਿ ਨਾਲ ਮੈਂ ਪ੍ਰਭੂ-ਪਿਆਰ ਨੂੰ ਆਪਣੇ ਹਿਰਦੇ ਵਿਚ ਵਸਾ ਸਕਾਂ)।
ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥
ਜੇ ਉਹ ਹਰੀ-ਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ, ਤਾਂ ਮੈਂ ਭੀ ਉਸ ਦੀ ਸੋਹਣੀ ਨਾਰ ਬਣ ਜਾਵਾਂ।
ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥੮॥੫॥
ਹੇ ਨਾਨਕ! ਗੁਰੂ ਦੇ ਸ਼ਬਦ ਵਿਚ (ਜੁੜ ਕੇ ਜਿਸ ਨੇ ਪ੍ਰਭੂ-ਚਰਨਾਂ ਨਾਲ) ਸੋਹਣਾ ਮਿਲਾਪ ਹਾਸਲ ਕਰ ਲਿਆ ਹੈ ਉਸ ਦਾ ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ ॥੮॥੫॥
ਸਿਰੀਰਾਗੁ ਮਹਲਾ ੧ ॥
ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥
ਜੇ (ਕਿਸੇ ਸਿੱਧੀ ਆਦਿਕ ਵਾਸਤੇ ਮੰਤ੍ਰਾਂ ਦਾ) ਪਾਠ ਕੀਤਾ ਜਾਏ, (ਧੂਣੀਆਂ ਆਦਿਕ ਤਪਾ ਕੇ) ਸਰੀਰ ਨੂੰ ਕਸ਼ਟ ਦਿੱਤਾ ਜਾਏ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ,
ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥
(ਜੇ ਖ਼ਲਕਤ ਦੇ ਭਲੇ ਵਾਸਤੇ) ਦਾਨ-ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ (ਪਰ ਪਰਮਾਤਮਾ ਦਾ ਸਿਮਰਨ ਨਾਹ ਕੀਤਾ ਜਾਏ, ਤਾਂ) ਪ੍ਰਭੂ-ਸਿਮਰਨ ਤੋਂ ਬਿਨਾ ਉਪਰਲੇ ਸਾਰੇ ਹੀ ਉੱਦਮਾਂ ਦਾ ਕੋਈ ਲਾਭ ਨਹੀਂ।
ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥੧॥
ਮਨੁੱਖ ਜਿਹਾ ਬੀ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ (ਜੇ ਸਿਮਰਨ ਨਹੀਂ ਕੀਤਾ, ਤਾਂ ਆਤਮਕ ਗੁਣ ਕਿੱਥੋਂ ਆ ਜਾਣ? ਤੇ) ਆਤਮਕ ਗੁਣਾਂ ਤੋਂ ਬਿਨਾ ਜ਼ਿੰਦਗੀ ਵਿਅਰਥ ਹੈ ॥੧॥
ਮੁੰਧੇ ਗੁਣ ਦਾਸੀ ਸੁਖੁ ਹੋਇ ॥
ਹੇ ਭੋਲੀ ਜੀਵ-ਇਸਤ੍ਰੀ! (ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ) ਗੁਣਾਂ ਦੀ ਖ਼ਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਕ ਸੁਖ ਸੁਖ ਹੋਵੇਗਾ।
ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥੧॥ ਰਹਾਉ ॥
ਔਗੁਣਾਂ ਨੂੰ ਛੱਡ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋ ਸਕੀਦਾ ਹੈ, ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ ॥੧॥ ਰਹਾਉ ॥
ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥
ਸਰਮਾਏ ਤੋਂ ਬਿਨਾ ਵਪਾਰੀ (ਨਫ਼ੇ ਵਾਸਤੇ ਵਿਅਰਥ ਹੀ) ਚੌਹੀਂ ਪਾਸੀਂ ਤੱਕਦਾ ਹੈ।
ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥
ਜੇਹੜਾ ਮਨੁੱਖ (ਆਪਣੀ ਜ਼ਿੰਦਗੀ ਦੇ) ਮੂਲ-ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ-ਘਰ ਅੰਦਰ ਹੀ (ਅਣਪਛਾਤਾ) ਪਿਆ ਰਹਿੰਦਾ ਹੈ।
ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥੨॥
ਨਾਸਵੰਤ ਪਦਾਰਥਾਂ ਦੀ ਵਪਾਰਨ (ਜੀਵ-ਇਸਤ੍ਰੀ) ਕੂੜ ਵਿਚ ਲੱਗ ਕੇ (ਆਤਮਕ ਗੁਣਾਂ ਵਲੋਂ) ਲੁੱਟੀ ਜਾ ਰਹੀ ਹੈ, ਨਾਮ-ਵੱਖਰ ਤੋਂ ਵਾਂਜੇ ਰਹਿ ਕੇ ਉਸ ਨੂੰ ਬਹੁਤ ਆਤਮਕ ਕਲੇਸ਼ ਵਿਆਪਦਾ ਹੈ ॥੨॥
ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥
ਜੇਹੜਾ ਮਨੁੱਖ ਸੋਚ ਸਮਝ ਕੇ ਨਾਮ-ਰਤਨ ਨੂੰ ਪਰਖਦਾ ਹੈ (ਨਾਮ ਦੀ ਕੀਮਤ ਪਾਂਦਾ ਹੈ) ਉਸ ਨੂੰ ਦਿਨ ਰਾਤਿ (ਆਤਮਕ ਗੁਣਾਂ ਦਾ ਨਿੱਤ) ਨਵਾਂ ਨਫ਼ਾ ਪੈਂਦਾ ਹੈ।
ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥
ਉਹ ਮਨੁੱਖ ਆਪਣੇ ਹਿਰਦੇ ਵਿਚ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ, ਤੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰੇ ਚਾੜ੍ਹ ਕੇ ਇਥੋਂ ਜਾਂਦਾ ਹੈ,
ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ ॥੩॥
ਜੇਹੜਾ ਮਨੁੱਖ ਨਾਮ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਜੋ ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦੇ ਗੁਣਾਂ) ਨੂੰ ਆਪਣੇ ਸੋਚ-ਮੰਡਲ ਵਿਚ ਲਿਆਉਂਦਾ ਹੈ ॥੩॥
ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ ॥
(ਪਰਮਾਤਮਾ ਆਪ ਹੀ ਆਤਮਕ ਗੁਣਾਂ ਦਾ ਖ਼ਜ਼ਾਨਾ ਲਭਾ ਸਕਦਾ ਹੈ) ਜੇ ਉਸ ਖ਼ਜ਼ਾਨੇ ਨਾਲ ਮਿਲਾਪ-ਕਰਾਣ-ਦੇ-ਸਮਰੱਥ ਪ੍ਰਭੂ ਆਪ ਮਿਲਾਪ ਕਰਾ ਦੇਵੇ, ਤਾਂ ਉਹ ਖ਼ਜ਼ਾਨਾ ਸੰਤਾਂ ਦੀ ਸੰਗਤਿ ਵਿਚ ਰਿਹਾਂ ਲੱਭ ਸਕਦਾ ਹੈ।
ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ ॥
ਤੇ ਜਿਸ ਮਨੁੱਖ ਦੇ ਅੰਦਰ ਬੇਅੰਤ ਪ੍ਰਭੂ ਦੀ ਜੋਤਿ (ਇਕ ਵਾਰੀ ਜਗ ਪਏ) ਉਹ ਪ੍ਰਭੂ-ਚਰਨਾਂ ਵਿਚ ਮਿਲਿਆ ਹੋਇਆ ਮੁੜ ਵਿੱਛੁੜਦਾ ਨਹੀਂ,
ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ ॥੪॥
ਕਿਉਂਕਿ ਉਹ ਅਡੋਲ (ਆਤਮਕ) ਆਸਣ ਉੱਤੇ ਬੈਠ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲਿਵ ਲਾ ਲੈਂਦਾ ਹੈ, ਉਹ ਆਪਣਾ ਪ੍ਰੇਮ-ਪਿਆਰ ਸਦਾ-ਥਿਰ ਪ੍ਰਭੂ ਵਿਚ ਪਾ ਲੈਂਦਾ ਹੈ ॥੪॥
ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ ॥
(ਗੁਰੂ ਦੀ ਮਤਿ ਉਤੇ ਤੁਰ ਕੇ) ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ-ਰੂਪ ਸੋਹਣੇ ਥਾਂ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਪੈਂਦਾ ਹੈ।
ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥
ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਰਹਿਣ ਦੇ ਕਾਰਨ ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਮਿਲ ਪੈਂਦਾ ਹੈ।
ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥੫॥
(ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ ॥੫॥
ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ ॥
(ਗੁਰੂ ਦੀ ਸਰਨ ਪੈ ਕੇ) ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨੂੰ ਆਪਣੇ ਅੰਗ-ਸੰਗ ਸਮਝ ਲਿਆ ਹੈ, ਉਹ ਜੀਵ-ਇਸਤ੍ਰੀ ਸਚ-ਮੁਚ ਸੋਹਣੀ (ਸੋਹਣੀ ਜੀਵਨ ਵਾਲੀ) ਹੋ ਜਾਂਦੀ ਹੈ।
ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥
ਉਹ ਜੀਵ-ਇਸਤ੍ਰੀ ਪ੍ਰਭੂ ਦੇ ਮਹਲ ਵਿਚ ਸੱਦੀ ਜਾਂਦੀ ਹੈ, ਉਹ ਪ੍ਰਭੂ ਪਤੀ ਪ੍ਰੇਮ-ਰੰਗ ਵਿਚ ਆ ਕੇ ਉਸ ਨੂੰ ਪਿਆਰ ਕਰਦਾ ਹੈ,
ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥੬॥
ਪਤੀ-ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜੇਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ ॥੬॥
ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥
(ਆਤਮਕ ਗੁਣਾਂ ਦੇ ਵਣਜ ਤੋਂ ਖੁੰਝ ਕੇ, ਜੀਵਨ ਦੇ ਸਹੀ ਰਸਤੇ ਤੋਂ) ਭੁੱਲ ਕੇ ਜੇ ਮੈਂ (ਦੁਨੀਆ ਛੱਡ ਕੇ ਭੀ) ਸਾਰੀ ਧਰਤੀ ਉਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰ ਕੇ ਫਿਰ ਜੇ ਮੈਂ ਪਹਾੜ ਉੱਤੇ ਭੀ ਜਾ ਚੜ੍ਹਾਂ (ਜੇ ਮੈਂ ਕਿਸੇ ਪਹਾੜ ਦੀ ਗੁਫ਼ਾ ਵਿਚ ਭੀ ਜਾ ਟਿਕਾਂ।)
ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥
(ਸਹੀ ਰਸਤੇ ਤੋਂ) ਖੁੰਝ ਕੇ ਜੇ ਮੈਂ ਜੰਗਲਾਂ ਵਿਚ ਭਟਕਦੀ ਫਿਰਾਂ, ਤਾਂ ਭੀ ਮੈਨੂੰ (ਆਤਮਕ ਰਸਤੇ ਦੀ) ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾ ਇਸ ਰਸਤੇ ਦੀ ਸੂਝ ਨਹੀਂ ਪੈਂਦੀ।
ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥੭॥
ਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ (ਜੰਗਲਾਂ ਪਹਾੜਾਂ ਵਿਚ) ਫਿਰਦੀ ਰਹਾਂ, ਤਾਂ ਮੈਂ ਮੁੜ ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ ॥੭॥
ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥
(ਹੇ ਭੋਲੀ ਜੀਵ-ਇਸਤ੍ਰੀ! ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ) ਜਾ ਕੇ ਉਹਨਾਂ (ਆਤਮ-) ਰਾਹੀਆਂ ਨੂੰ ਪੁੱਛ ਜੇਹੜੇ (ਪ੍ਰਭੂ-ਦਰ ਦੇ) ਸੇਵਕ ਬਣ ਕੇ (ਜੀਵਨ-ਰਸਤੇ ਉਤੇ) ਤੁਰ ਰਹੇ ਹਨ,
ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥
ਉਹ (ਇਸ ਸ੍ਰਿਸ਼ਟੀ ਦੇ ਮਾਲਕ) ਪਾਤਿਸ਼ਾਹ ਨੂੰ ਆਪਣਾ ਸਮਝਦੇ ਹਨ, ਉਹਨਾਂ ਨੂੰ ਪ੍ਰਭੂ ਪਾਤਿਸ਼ਾਹ ਦੇ ਦਰ ਤੇ ਘਰ ਵਿਚ (ਜਾਣੋਂ) ਕੋਈ ਰੋਕ ਨਹੀਂ ਹੁੰਦੀ।
ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥੮॥੬॥
ਹੇ ਨਾਨਕ! ਉਹਨਾਂ ਨੂੰ ਹਰ ਥਾਂ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਕਿਤੇ ਵੀ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ ॥੮॥੬॥{56-57}
ਸਿਰੀਰਾਗੁ ਮਹਲਾ ੧ ॥
ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥
(ਹੇ ਭਾਈ!) ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ)।
ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥
(ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ।
ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ ॥੧॥
(ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨ ਸਹਜ ਅਵਸਥਾ ਵਿਚ ਟਿਕ ਜਾਂਦਾ ਹੈ) ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਭੀ ਨਹੀਂ ਪੋਂਹਦਾ (ਮੌਤ ਦਾ ਡਰ ਨਹੀਂ ਵਿਆਪਦਾ) ॥੧॥
ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥
ਹੇ ਭਾਈ! (ਜਿਵੇਂ ਸਾਫ਼ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ) ਪਵਿਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੇ (ਵਿਕਾਰਾਂ ਦੀ) ਮੈਲ ਨਹੀਂ ਰਹਿ ਜਾਂਦੀ।
ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥੧॥ ਰਹਾਉ ॥
(ਇਸ ਵਾਸਤੇ, ਹੇ ਭਾਈ! ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਤੇ ਆਖ-ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ॥੧॥ ਰਹਾਉ ॥
ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥
(ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਨਹਾਰ) ਕਰਤਾਰ ਨੇ (ਆਪਣੇ ਰਹਿਣ ਲਈ) ਸੋਹਣਾ ਮਹਲ ਬਣਾ ਲਿਆ ਹੈ।
ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥
ਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ; ਉਸ ਦੇ ਅੰਦਰ ਸੂਰਜ ਤੇ ਚੰਦ (ਮਾਨੋ) ਦੀਵੇ ਜਗ ਪੈਂਦੇ ਹਨ (ਭਾਵ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ।)
ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥੨॥
ਦੇਹਿ ਅੰਦਰ ਦੁਕਾਨਾਂ, ਸ਼ਹਿਰ ਕਿਲ੍ਹੇ ਹਨ ਜਿਨ੍ਹਾਂ ਵਿੱਚ ਵਣਜ ਕਰਨ ਲਈ ਸਤਿਨਾਮ ਦਾ ਸੌਦਾ-ਸੂਤ ਹੈ।
ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥
(ਹੇ ਭਾਈ! ਤੂੰ) ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ (ਉਸ ਨੂੰ ਹਰ ਥਾਂ ਵਿਆਪਕ) ਵੇਖ ਲੈ (ਵੇਖ ਸਕਦਾ ਹੈਂ)।
ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥
ਜੇ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਰੱਖੇ, ਤਾਂ ਉਸ ਨੂੰ ਦਿੱਸਦੇ ਅਣ-ਦਿੱਸਦੇ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵੱਸਦਾ ਪਰਤੀਤ ਹੁੰਦਾ ਹੈ।
ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥੩॥
ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ ॥੩॥
ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ ॥
(ਜਿਵੇਂ ਸੋਨੇ ਨੂੰ ਪਰਖਣ ਲਈ) ਕਸਵੱਟੀ ਉਤੇ ਕੱਸ ਲਈਦੀ ਹੈ (ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ,
ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥
ਖੋਟਿਆਂ ਨੂੰ (ਉਸ ਦੇ ਦਰ ਤੇ) ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖ਼ਜ਼ਾਨੇ ਵਿਚ ਸ਼ਾਮਿਲ ਕਰ ਲੈਂਦਾ ਹੈ।
ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ ॥੪॥
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਵਾਲੀਆਂ) ਆਸਾਂ ਤੇ ਸਹਮ ਕੱਢ, ਇਹ ਉੱਦਮ ਕਰਨ ਨਾਲ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਇਗੀ, (ਤੇ ਮਨ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਇਗਾ ॥੪॥
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥
ਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ;
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥
ਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ)।
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥੫॥
(ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ॥੫॥
ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ ॥
ਬਿਆਸ ਰਿਸ਼ੀ (ਤਾਂ ਮੁੜ ਮੁੜ) ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, (ਪਰ ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ।
ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ ॥
ਅਸਲੀ ਮੁਨੀ ਲੋਕ ਸੇਵਕ ਤੇ ਸਾਧਿਕ ਉਹੀ ਹਨ ਜੋ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਹਨ।
ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ ॥੬॥
ਜੇਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਸੰਸਾਰ ਤੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦੇ ਹਨ। ਮੈਂ ਭੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੬॥
ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥
ਪਰ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦਾ ਨਾਮ ਨਹੀਂ ਹੈ ਉਹ ਸਦਾ ਹੀ ਮੈਲੇ (ਮਨ ਵਾਲੇ) ਹਨ, (ਉਹਨਾਂ ਦੇ ਮਨ ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ।
ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ ॥
ਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਜੇ ਬੰਦਿਆਂ ਦਾ ਮੂੰਹ (ਉਸ ਦੀ ਹਜ਼ੂਰੀ ਵਿਚ) ਕਾਲਾ (ਦਿੱਸਦਾ ਹੈ), ਉਹ ਆਪਣੀ ਇੱਜ਼ਤ ਗਵਾ ਕੇ (ਜਾਂਦੇ ਹਨ)।
ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ ਰੋਇ ॥੭॥
ਜਿਸ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, (ਉਸ ਦੇ ਆਤਮਕ ਸਰਮਾਏ ਨੂੰ ਔਗੁਣਾਂ ਨੇ ਲੁੱਟ ਲਿਆ ਹੈ, ਉਹ ਰੋਂਦੀ ਪਛਤਾਂਦੀ ਹੈ ॥੭॥
ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥
(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ-ਅਬਦ ਹਿਰਦੇ ਵਿਚ ਧਾਰਨ ਕੀਤਿਆਂ ਪਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ।
ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥੮॥੭॥
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ ॥੮॥੭॥
ਸਿਰੀਰਾਗੁ ਮਹਲਾ ੧ ॥
ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥
ਹੇ ਕੁਰਾਹੇ-ਪਏ ਕਮਲੇ ਮਨ! (ਮੇਰੀ ਸਿੱਖਿਆ) ਸੁਣ (ਸਿੱਖਿਆ ਇਹ ਹੈ ਕਿ) ਗੁਰੂ ਦੀ ਸਰਨੀ ਪਉ।
ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥
(ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ, ਤੂੰ ਭੀ ਉਹ) ਹਰਿ ਨਾਮ ਜਪ, (ਪ੍ਰਭੂ ਚਰਨਾਂ ਵਿਚ) ਸੁਰਤ ਜੋੜ (ਪ੍ਰਭੂ ਦਾ ਨਾਮ ਸਿਮਰਿਆਂ) ਜਮਰਾਜ (ਭੀ) ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ।
ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥੧॥
(ਪਰ ਜੇਹੜੀ) ਭਾਗ-ਹੀਣ ਜੀਵ-ਇਸਤ੍ਰੀ (ਨਾਮ ਨਹੀਂ ਸਿਮਰਦੀ, ਉਸ) ਨੂੰ ਬਹੁਤ ਦੁੱਖ-ਕਲੇਸ਼ ਵਿਆਪਦਾ ਹੈ (ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ, ਜੇ ਸਿਰ ਉਤੇ ਖਸਮ-ਸਾਈਂ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉਤੇ) ਖਸਮ-ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ? ॥੧॥
ਭਾਈ ਰੇ ਅਵਰੁ ਨਾਹੀ ਮੈ ਥਾਉ ॥
ਹੇ ਭਾਈ! (ਨਾਮ ਖ਼ਜ਼ਾਨਾ ਹਾਸਲ ਕਰਨ ਲਈ) ਮੈਨੂੰ (ਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਦਿੱਸਦਾ।
ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥੧॥ ਰਹਾਉ ॥
ਮੇਰੇ ਵਾਸਤੇ ਤਾਂ ਪ੍ਰਭੂ-ਨਾਮ ਹੀ ਧਨ ਹੈ, ਨਾਮ ਹੀ ਖ਼ਜ਼ਾਨਾ ਹੈ (ਇਹ ਖ਼ਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ) ਗੁਰੂ ਨੇ (ਹੀ) ਦਿੱਤਾ ਹੈ, ਮੈਂ ਗੁਰੂ ਤੋਂ ਕੁਰਬਾਨ ਹਾਂ ॥੧॥ ਰਹਾਉ ॥
ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥
ਸ਼ਾਬਾਸ਼ੇ ਉਸ (ਗੁਰੂ) ਤੋਂ ਜਿਸ ਗੁਰੂ ਦੀ ਮਤਿ ਮਿਲਿਆਂ ਇੱਜ਼ਤ ਮਿਲਦੀ ਹੈ। (ਪ੍ਰਭੂ ਮਿਹਰ ਕਰੇ) ਮੈਂ ਉਸ (ਗੁਰੂ) ਦੀ ਸੰਗਤਿ ਵਿਚ ਮਿਲਿਆ ਰਹਾਂ।
ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥
(ਨਾਮ ਦੀ ਦਾਤ ਦੇਣ ਵਾਲੇ) ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ।
ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥੨॥
(ਨਾਮ ਤੋਂ ਬਿਨਾ ਮੈਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹਾਂ, ਪ੍ਰਭੂ ਮਿਹਰ ਕਰੇ) ਮੈਨੂੰ ਅੰਨ੍ਹੇ ਨੂੰ ਉਸ ਦਾ ਨਾਮ ਨਾਹ ਭੁੱਲ ਜਾਏ, ਮੈਂ ਗੁਰੂ ਦਾ ਆਸਰਾ ਪਰਨਾ ਲੈ ਕੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹਾਂ ॥੨॥
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥
(ਪਰ ਗੁਰੂ ਭੀ ਹੋਵੇ ਤਾਂ ਸੁਜਾਖਾ ਹੋਵੇ) ਜਿਨ੍ਹਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ।
ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥
(ਪੂਰੇ) ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾ ਹੋਰ ਕੋਈ (ਸੁਚੱਜਾ) ਜੀਵਨ-ਮਨੋਰਥ ਨਹੀਂ ਹੋ ਸਕਦਾ।
ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥੩॥
ਨਾਮ ਤੋਂ ਵਾਂਜਿਆ ਮਨੁੱਖ ਦੁਨੀਆ ਵਿਚ ਆਇਆ ਤੇ ਤੁਰ ਗਿਆ, ਪਛਤਾਵਾ ਹੀ (ਨਾਲ ਲੈ ਗਿਆ, ਖਾਲੀ-ਹੱਥ ਹੀ ਜਗ ਤੋਂ ਗਿਆ) ਜਿਵੇਂ ਸੁੰਞੇ ਘਰ ਵਿਚ ਕਾਂ (ਆ ਕੇ ਖ਼ਾਲੀ ਜਾਂਦਾ ਹੈ) ॥੩॥
ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥
ਨਾਮ ਸਿਮਰਨ ਤੋਂ ਬਿਨਾ ਸਰੀਰ ਨੂੰ (ਚਿੰਤਾ ਆਦਿਕ ਇਤਨਾ) ਦੁੱਖ ਵਿਆਪਦਾ ਹੈ (ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ) ਜਿਵੇਂ ਕਲਰ ਦੀ ਕੰਧ (ਕਿਰਦੀ ਰਹਿੰਦੀ ਹੈ)।
ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥
ਇਸ ਨੂੰ ਕਿਰਨ ਤੋਂ ਬਚਾਣ ਲਈ) ਤਦ ਤਕ (ਪ੍ਰਭੂ ਦਾ) ਮਹਲ (-ਰੂਪ ਸਹਾਰਾ) ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ (ਜੀਵ ਦੇ) ਚਿੱਤ ਵਿਚ ਨਹੀਂ ਆ ਵੱਸਦਾ।
ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥੪॥
ਜੇ ਗੁਰੂ ਦੇ ਸ਼ਬਦ ਵਿਚ ਮਨ ਰੰਗਿਆ ਜਾਏ, ਤਾਂ ਪ੍ਰਭੂ ਦੀ ਹਜ਼ੂਰੀ (ਦੀ ਓਟ) ਮਿਲ ਜਾਂਦੀ ਹੈ, ਤੇ ਉਹ ਆਤਮਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪੋਹ ਸਕਦੀ ॥੪॥
ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ ॥
(ਸੋ, ਹੇ ਭਾਈ! ਇਸ ‘ਨਿਰਬਾਣ ਪਦ’ ਦੀ ਪ੍ਰਾਪਤੀ ਵਾਸਤੇ) ਮੈਂ ਆਪਣੇ ਗੁਰੂ ਨੂੰ ਪੁੱਛਾਂਗੀ, ਗੁਰੂ ਨੂੰ ਪੁੱਛ ਕੇ (ਉਸ ਦੀ ਦੱਸੀ) ਕਾਰ ਕਰਾਂਗੀ।
ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ ॥
ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਗੀ, (ਭਲਾ ਕਿਤੇ ਪ੍ਰਭੂ ਮੇਰੇ) ਮਨ ਵਿਚ ਆ ਵੱਸੇ (ਪ੍ਰਭੂ ਦੀ ਮਿਹਰ ਹੋਵੇ, ਮੇਰਾ) ਹਉਮੈ ਦਾ ਦੁੱਖ ਸੜ ਜਾਏ।
ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ ॥੫॥
ਸਹਜ ਅਵਸਥਾ ਵਿਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿਚ ਮੇਰਾ ਸਦਾ ਲਈ ਮੇਲ ਹੋ ਜਾਏ ॥੫॥
ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ ਉਹ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰਾਂ) ਨੂੰ ਤਿਆਗ ਕੇ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ।
ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥
ਉਹ ਸਦਾ ਪ੍ਰਭੂ ਦਾ ਨਾਮ ਸਲਾਹੁੰਦੇ ਹਨ, ਉਹ ਪਰਮਾਤਮਾ (ਦੀ ਯਾਦ) ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ ॥੬॥
(ਹੇ ਭਾਈ!) ਜੇਹੜਾ ਪ੍ਰਭੂ ਸਾਰੇ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ, ਉਸ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ ॥੬॥
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਮਰ ਜਾਂਦਾ ਹੈ ਉਹ (ਇਹ ਮਰਨੀ) ਮਰ ਕੇ ਇਸਥਿਰ ਹੋ ਜਾਂਦਾ ਹੈ (ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ) ਮੁੜ ਕਦੇ ਆਤਮਕ ਮੌਤੇ ਨਹੀਂ ਮਰਦਾ।
ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥
(ਇਹ ਅਟੱਲ ਆਤਮਕ ਜੀਵਨ) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ (ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਦਾ ਹੈ।
ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥੭॥
ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਜੀਵਨ-ਰਾਹ ਤੋਂ) ਖੁੰਝਿਆ ਹੋਇਆ ਭਟਕਦਾ ਹੈ, ਤੇ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ ॥
ਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ-ਇੱਜ਼ਤ ਹੋਵੇ (ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ।)
ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ, ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ।
ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ ॥੮॥੮॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ (ਜੇਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ) ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ ॥੮॥੮॥
ਸਿਰੀਰਾਗੁ ਮਹਲਾ ੧ ॥
ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥
(ਜੇ ਇਸਤ੍ਰੀ ਗਹਿਣਿਆਂ ਆਦਿਕ ਨਾਲ) ਆਪਣੇ ਆਪ ਨੂੰ ਸਜਾ ਲਏ, ਪਰ ਉਸ ਨੂੰ ਪਤੀ ਨਾਹ ਮਿਲੇ ਤਾਂ ਉਸ ਦੀ ਜੁਆਨੀ ਵਿਅਰਥ ਜਾਂਦੀ ਹੈ।
ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ ॥
ਉਸ ਦਾ ਆਤਮਾ ਭੀ ਦੁਖੀ ਹੁੰਦਾ ਹੈ, ਕਿਉਂਕਿ ਉਹ ਆਨੰਦ ਨਾਲ ਪਤੀ ਦੀ ਸੋਹਣੀ ਸੇਜ ਮਾਣ ਨਹੀਂ ਸਕਦੀ, ਪਤੀ-ਮਿਲਾਪ ਤੋਂ ਬਿਨਾ ਉਸ ਦਾ ਸਿੰਗਾਰ ਵਿਅਰਥ ਜਾਂਦਾ ਹੈ।
ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ ॥੧॥
ਉਸ ਭਾਗਹੀਣ ਇਸਤ੍ਰੀ ਨੂੰ ਬਹੁਤ ਦੁਖ ਵਿਆਪਦਾ ਹੈ, ਉਸ ਦੇ ਘਰ ਵਿਚ ਸੇਜ ਦਾ ਮਾਲਕ ਖਸਮ ਨਹੀਂ ਆਉਂਦਾ (ਜੀਵ-ਇਸਤ੍ਰੀ ਦੇ ਸਾਰੇ ਬਾਹਰ-ਮੁਖੀ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ, ਜੇ ਹਿਰਦੇ-ਸੇਜ ਦਾ ਮਾਲਕ ਪ੍ਰਭੂ ਹਿਰਦੇ ਵਿਚ ਪਰਗਟ ਨਾਹ ਹੋਵੇ) ॥੧॥
ਮਨ ਰੇ ਰਾਮ ਜਪਹੁ ਸੁਖੁ ਹੋਇ ॥
ਹੇ ਮਨ! ਪਰਮਾਤਮਾ ਦਾ ਨਾਮ ਸਿਮਰ, (ਤੈਨੂੰ) ਸੁਖ ਹੋਵੇਗਾ।
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥੧॥ ਰਹਾਉ ॥
(ਪਰ ਮਨ ਭੀ ਕੀਹ ਕਰੇ? ਜਿਸ ਨਾਲ ਪਿਆਰ ਨਾਹ ਹੋਵੇ, ਉਸ ਨੂੰ ਮੁੜ ਮੁੜ ਕਿਵੇਂ ਯਾਦ ਕੀਤਾ ਜਾਏ? ਪਰਮਾਤਮਾ ਨਾਲ ਇਹ) ਪਿਆਰ ਗੁਰੂ ਤੋਂ ਬਿਨਾ ਨਹੀਂ ਬਣ ਸਕਦਾ। ਜੇਹੜਾ ਮਨ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ॥੧॥ ਰਹਾਉ ॥
ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਪ੍ਰਭੂ-ਪਤੀ ਉਸੇ ਜੀਵ-ਇਸਤ੍ਰੀ ਨੂੰ ਮਿਲਦਾ ਹੈ ਜਿਸ ਨੇ ਅਡੋਲ ਆਤਮਕ ਅਵਸਥਾ ਵਿਚ (ਜੁੜ ਕੇ) ਆਪਣੇ ਆਪ ਨੂੰ ਸਿੰਗਾਰਿਆ ਹੈ।
ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥
ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਸੋਹਣੀ ਸੇਜ ਮਾਣ ਸਕਦੀ ਹੈ ਜੋ ਉਸ ਸਦਾ-ਥਿਰ ਪ੍ਰਭੂ ਵਿਚ (ਜੁੜੀ ਰਹਿੰਦੀ ਹੈ), ਜਿਸ ਦਾ ਪ੍ਰਭੂ-ਪਤੀ ਨਾਲ ਗੂੜ੍ਹਾ ਹਿਤ ਹੈ ਗੂੜ੍ਹਾ ਪਿਆਰ ਹੈ।
ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ ॥੨॥
ਗੁਰੂ ਦੇ ਮਨਮੁਖ ਰਹਿ ਕੇ ਹੀ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸਨੂੰ ਸਿੰਞਾਣਿਆ ਜਾ ਸਕਦਾ ਹੈ (ਭਾਵ, ਇਹ ਸਿੰਞਾਣ ਆਉਂਦੀ ਹੈ ਕਿ ਉਹ ਸਾਡਾ ਹੈ), ਉਹ ਸੁੰਦਰ ਗੁਣਾਂ ਦਾ ਮਾਲਕ ਪ੍ਰਭੂ (ਜਿਸ ਜੀਵ-ਇਸਤ੍ਰੀ ਨੂੰ ਮਿਲਾਇਆ ਹੈ) ਗੁਰੂ ਨੇ ਮਿਲਾਇਆ ਹੈ ॥੨॥
ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ ॥
ਹੇ ਪ੍ਰਭੂ-ਪਤੀ ਦੀ ਸੁੰਦਰ ਇਸਤ੍ਰੀ! ਉਸ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ (ਸਦਾ) ਮਿਲੀ ਰਹੁ। ਪਤੀ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਮਨ ਨੂੰ ਆਪਣੇ ਪਿਆਰ ਦਾ) ਰੰਗ ਚਾੜ੍ਹ ਕੇ (ਆਪਣੇ ਵਲ ਖਿੱਚ ਲਿਆ ਹੈ,
ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ ਜਾਇ ॥
ਉਸਦਾ ਮਨ ਉਸਦਾ ਤਨ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜ ਪਿਆ ਹੈ (ਉਸਦਾ ਜੀਵਨ ਇਤਨਾ ਅਮੋਲਕ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ।
ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ ॥੩॥
ਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ) ॥੩॥
ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥
ਜੇ (ਜੀਵ-ਇਸਤ੍ਰੀ ਦਾ) ਥੋੜ੍ਹ-ਵਿਤਾ ਮਨ (ਪ੍ਰਭੂ ਪਤੀ ਦੇ ਵਿਸ਼ਾਲ) ਮਨ ਵਿਚ (ਥੋੜ੍ਹ-ਵਿਤੇ ਸੁਭਾਅ ਵਲੋਂ) ਮਰ ਜਾਏ, ਤਾਂ ਪ੍ਰਭੂ ਪਤੀ ਉਸ ਜੀਵ-ਨਾਰ ਨੂੰ ਪਿਆਰ ਕਰਦਾ ਹੈ।
ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥
ਜਿਵੇਂ ਇਕੋ ਧਾਗੇ ਵਿਚ ਪ੍ਰੋਤੇ ਹੋਏ ਮੋਤੀਆਂ ਦਾ ਹਾਰ ਗਲ ਵਿਚ ਪਾ ਲਈਦਾ ਹੈ, ਉਸੇ ਤਰ੍ਹਾਂ ਜੇ (ਜੀਵ-ਇਸਤ੍ਰੀ ਪ੍ਰਭੂ ਦੇ ਹੀ) ਇਕੋ ਸੁਰਤ ਧਾਗੇ ਵਿਚ ਇਕ ਮਿਕ ਹੋ ਕੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ।
ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ ॥੪॥
ਪਰ ਇਹ ਆਤਮਕ ਆਨੰਦ ਸਤਸੰਗ ਵਿਚ ਟਿਕਿਆਂ ਹੀ ਮਿਲਦਾ ਹੈ, ਤੇ ਸਤਸੰਗ ਵਿਚ ਗੁਰੂ ਦੀ ਸਰਨ ਪੈ ਕੇ (ਮਨ ਨੂੰ) ਪ੍ਰਭੂ ਦੇ ਨਾਮ ਦਾ ਸਹਾਰਾ ਮਿਲਦਾ ਹੈ ॥੪॥
ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥
(ਜੇ ਮਨ ਨਾਮ ਤੋਂ ਵਾਂਜਿਆ ਰਹੇ, ਤਾਂ ਮਾਇਆ ਆਦਿਕ ਦੇ ਲਾਭ ਨਾਲ) ਇਕ ਖਿਨ ਵਿਚ ਹੀ (ਇਉਂ ਹੁੰਦਾ ਹੈ ਜਿਵੇਂ) ਜਿਊ ਪੈਂਦਾ ਹੈ, (ਤੇ ਮਾਇਆ ਆਦਿਕ ਦੀ ਘਾਟ ਨਾਲ) ਇਕ ਖਿਨ ਵਿਚ ਹੀ ਦੁਖੀ ਹੋ ਜਾਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਜੰਮ ਪੈਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਮਰ ਜਾਂਦਾ ਹੈ (ਭਾਵ, ਨਾਮ ਦੇ ਸਹਾਰੇ ਤੋਂ ਬਿਨਾ ਮਾਇਆ ਜੀਵ ਦੇ ਜੀਵਨ ਦਾ ਆਸਰਾ ਬਣ ਜਾਂਦੀ ਹੈ। ਜੇ ਮਾਇਆ ਆਵੇ ਤਾਂ ਉਤਸ਼ਾਹ, ਜੇ ਜਾਏ ਤਾਂ ਸਹਮ)।
ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥
ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ (ਪ੍ਰਭੂ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ਉਸ ਨੂੰ ਮੌਤ (ਦਾ ਡਰ) ਸਤਾ ਨਹੀਂ ਸਕਦਾ।
ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥੫॥
(ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਇਹ ਤਾਂ ਨਹੀਂ ਹੋ ਸਕਦਾ ਕਿ) ਉਸ ਮਾਲਕ (ਦੀ ਹਸਤੀ) ਨੂੰ ਤੋਲਿਆ ਜਾ ਸਕੇ, ਉਹ ਤੋਲ ਤੋਂ ਪਰੇ ਹੈ (ਹਾਂ, ਇਹ ਜ਼ਰੂਰ ਹੈ ਕਿ ਉਹ ਮਿਲਦਾ ਸਿਮਰਨ ਦੀ ਰਾਹੀਂ ਹੀ ਹੈ) ਨਿਰੀਆਂ ਗੱਲਾਂ ਨਾਲ ਨਹੀਂ ਮਿਲਦਾ ॥੫॥
ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥
ਸਾਰੇ ਜੀਵ-ਵਣਜਾਰੇ ਜੀਵ ਵਪਾਰੀ (ਪਰਮਾਤਮਾ ਦੇ ਦਰ ਤੋਂ) ਰੋਜ਼ੀਨਾ ਲਿਖਾ ਕੇ (ਜਗਤ ਵਿਚ ਆਉਂਦੇ ਹਨ, ਭਾਵ, ਹਰੇਕ ਨੂੰ ਜ਼ਿੰਦਗੀ ਦੇ ਸੁਆਸ ਤੇ ਸਾਰੇ ਪਦਾਰਥਾਂ ਦੀ ਦਾਤ ਪ੍ਰਭੂ ਦਰ ਤੋਂ ਮਿਲਦੀ ਹੈ)।
ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥
ਜੇਹੜੇ ਜੀਵ ਵਪਾਰੀ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ (ਆਤਮਕ ਜੀਵਨ ਦਾ) ਲਾਭ ਮਿਲਦਾ ਹੈ,
ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ ॥੬॥
(ਪਰ ਇਹ ਲਾਭ ਉਹੀ ਖੱਟ ਸਕਦੇ ਹਨ ਜਿਨ੍ਹਾਂ ਨੂੰ) ਉਹ ਗੁਰੂ ਮਿਲ ਪੈਂਦਾ ਹੈ ਜਿਸ ਨੂੰ (ਆਪਣੀ ਵਡਿਆਈ ਆਦਿਕ ਦਾ) ਤਿਲ ਜਿਤਨਾ ਭੀ ਲਾਲਚ ਨਹੀਂ ਹੈ। (ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਉਹਨਾਂ ਦੀ ਆਤਮਕ ਜੀਵਨ ਵਾਲੀ) ਰਾਸ-ਪੂੰਜੀ ਸਦਾ ਲਈ ਥਿਰ ਹੋ ਜਾਂਦੀ ਹੈ ॥੬॥
ਗੁਰਮੁਖਿ ਤੋਲਿ ਤੁੋਲਾਇਸੀ ਸਚੁ ਤਰਾਜੀ ਤੋਲੁ ॥
(ਇਨਸਾਨੀ ਜੀਵਨ ਦੀ ਸਫਲਤਾ ਦੀ ਪਰਖ ਵਾਸਤੇ) ਸੱਚ ਹੀ ਤਰਾਜ਼ੂ ਹੈ ਤੇ ਸੱਚ ਹੀ ਵੱਟਾ ਹੈ (ਜਿਸ ਦੇ ਪੱਲੇ ਸੱਚ ਹੈ ਉਹੀ ਸਫਲ ਹੈ), ਇਸ ਪਰਖ-ਤੋਲ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਗੁਰੂ ਦੇ ਸਨਮੁੱਖ ਰਹਿੰਦਾ ਹੈ,
ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥
ਕਿਉਂਕਿ ਗੁਰੂ ਨੇ (ਪਰਮਾਤਮਾ ਦੀ ਸਿਫ਼ਿਤਿ-ਸਾਲਾਹ ਦੀ) ਸੱਚੀ ਬਾਣੀ ਦੇ ਕੇ ਮਨ ਨੂੰ ਮੋਹ ਲੈਣ ਵਾਲੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਨੂੰ (ਮਨ ਉਤੇ ਵਾਰ ਕਰਨ ਤੋਂ) ਰੋਕ ਰੱਖਿਆ ਹੁੰਦਾ ਹੈ।
ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥੭॥
ਪੂਰੇ ਪ੍ਰਭੂ ਦਾ ਇਹ ਤੋਲ (ਦਾ ਮਿਆਰ) ਕਦੇ ਘਟਦਾ ਵਧਦਾ ਨਹੀਂ, ਉਹੀ ਜੀਵ (ਇਸ ਤੋਲ ਵਿਚ) ਪੂਰਾ ਤੁਲਦਾ ਹੈ ਜਿਸ ਨੂੰ ਪ੍ਰਭੂ (ਸਿਮਰਨ ਦੀ ਦਾਤ ਦੇ ਕੇ) ਆਪ (ਮਿਹਰ ਦੀ ਨਿਗਾਹ ਨਾਲ) ਤੁਲਾਂਦਾ ਹੈ ॥੭॥
ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥
ਨਿਰੀਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ।
ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥
(ਜੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪ੍ਰਭੂ ਦਾ ਪ੍ਰੇਮ ਨਹੀਂ, ਤਾਂ ਨਿਰੇ ਸਰੀਰ ਦੀ ਪਵਿਤ੍ਰਤਾ ਨਾਲ ਪਰਮਾਤਮਾ ਨਹੀਂ ਮਿਲਦਾ।
ਨਾਨਕ ਨਾਮੁ ਨ ਵੀਸਰੈ ਮੇਲੇ ਗੁਰੁ ਕਰਤਾਰ ॥੮॥੯॥
ਹੇ ਨਾਨਕ! ਜਿਸ ਨੂੰ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਸ ਨੂੰ ਗੁਰੂ ਪਰਮਾਤਮਾ ਦੇ ਮੇਲ ਵਿਚ ਮਿਲਾ ਲੈਂਦਾ ਹੈ ॥੮॥੯॥{58-59}
ਸਿਰੀਰਾਗੁ ਮਹਲਾ ੧ ॥
ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥
ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਮਾਨੋ, ਕੀਮਤੀ) ਰਤਨ (ਹੈ, ਇਹ ਰਤਨ ਤਦੋਂ ਹੀ) ਮਿਲਦਾ ਹੈ ਜੇ ਪੂਰਾ ਗੁਰੂ ਮਿਲ ਪਏ।
ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ ॥
ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, (ਇਸ ਤਰ੍ਹਾਂ) ਸਭ ਨਾਲ ਪਿਆਰ ਕਰਨ ਵਾਲਾ ਪ੍ਰਭੂ ਮਿਲਦਾ ਹੈ।
ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥੧॥
(ਗੁਰੂ ਦੀ ਕਿਰਪਾ ਨਾਲ) ਨਾਮ-ਪਦਾਰਥ ਮਿਲਦਾ ਹੈ, ਜੋ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ ਜੋ ਔਗੁਣ ਮਿਟਾਣ ਦੇ ਸਮਰੱਥ ਹੈ ॥੧॥
ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥
ਹੇ ਭਾਈ! ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ।
ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥੧॥ ਰਹਾਉ ॥
(ਬੇਸ਼ਕ) ਕੋਈ ਧਿਰ ਬ੍ਰਹਮਾ ਨੂੰ, ਨਾਰਦ ਨੂੰ, ਵੇਦਾਂ ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ ॥੧॥ ਰਹਾਉ ॥
ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥
ਪਰਮਾਤਮਾ ਨਾਲ ਡੂੰਘੀ ਸਾਂਝ ਪਾਉਣੀ, ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜਨੀ, ਪਰਮਾਤਮਾ ਦੇ ਚਰਨਾਂ ਵਿਚ ਲਿਵ ਲਾਉਣੀ-(ਗੁਰੂ ਦੀ ਰਾਹੀਂ ਹੀ) ਇਹ ਸਮਝ ਆਉਂਦੀ ਹੈ। ਗੁਰੂ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ।
ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥
ਗੁਰੂ (ਮਾਨੋ) ਇਕ ਹਰਾ ਤੇ ਫਲਦਾਰ ਰੁੱਖ ਹੈ, ਜਿਸ ਦੀ ਗੂੜ੍ਹੀ ਸੰਘਣੀ ਛਾਂ ਹੈ।
ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ ॥੨॥
ਲਾਲਾਂ ਜਵਾਹਰਾਂ ਤੇ ਮੋਤੀਆਂ (ਭਾਵ, ਉੱਚੇ ਸੁੱਚੇ ਆਤਮਕ ਗੁਣਾਂ) ਨਾਲ ਭਰਪੂਰ ਉਹ ਪਰਮਾਤਮਾ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਮਿਲਦਾ ਹੈ ॥੨॥
ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ ॥
ਪਰਮਾਤਮਾ ਦੇ ਪਵਿਤ੍ਰ ਨਾਮ ਦਾ ਪਿਆਰ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਪ੍ਰਾਪਤ ਹੁੰਦਾ ਹੈ।
ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥
ਬੇਅੰਤ ਪ੍ਰਭੂ ਦਾ ਨਾਮ-ਰੂਪ ਸਦਾ-ਥਿਰ ਸੌਦਾ ਪੂਰੇ ਗੁਰੂ ਦੀ ਮਿਹਰ ਨਾਲ ਹੀ ਇਕੱਠਾ ਕੀਤਾ ਜਾ ਸਕਦਾ ਹੈ।
ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥੩॥
ਗੁਰੂ (ਨਾਮ ਦੀ ਬਖ਼ਸ਼ਸ਼ ਰਾਹੀਂ) ਸੁੱਖਾਂ ਦਾ ਦੇਣ ਵਾਲਾ ਹੈ, ਦੁੱਖਾਂ ਦਾ ਮਿਟਾਣ ਵਾਲਾ ਹੈ, ਗੁਰੂ (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ ॥੩॥
ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ ॥
ਇਹ ਸੰਸਾਰ-ਸਮੁੰਦਰ ਬੜਾ ਬਿਖੜਾ ਹੈ ਬੜਾ ਡਰਾਉਣਾ ਹੈ, ਇਸ ਦਾ ਨਾਹ ਕੋਈ ਕੰਢਾ ਦਿੱਸਦਾ ਹੈ ਨਾਹ ਪਾਰਲਾ ਬੰਨਾ।
ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ ॥
ਨਾਹ ਕੋਈ ਬੇੜੀ ਨਾਹ ਕੋਈ ਤੁਲਹਾ ਨਾਹ ਕੋਈ ਮਲਾਹ ਤੇ ਨਾਹ ਮਲਾਹ ਦਾ ਵੰਝ-ਕੋਈ ਭੀ ਇਸ ਸੰਸਾਰ-ਸਮੁੰਦਰ ਵਿਚੋਂ ਲੰਘਾ ਨਹੀਂ ਸਕਦਾ।
ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥੪॥
(ਸੰਸਾਰ-ਸਮੁੰਦਰ ਦੇ) ਖ਼ਤਰਿਆਂ ਤੋਂ ਬਚਾਣ ਵਾਲਾ ਜ਼ਹਾਜ ਗੁਰੂ ਹੀ ਹੈ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸਮੁੰਦਰ ਦੇ ਪਾਰਲੇ ਪਾਸੇ ਉਤਾਰਾ ਹੋ ਸਕਦਾ ਹੈ ॥੪॥
ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ ॥
ਜਦੋਂ ਇਕ ਰਤਾ ਜਿਤਨੇ ਸਮੇਂ ਵਾਸਤੇ ਭੀ ਪਿਆਰਾ ਪ੍ਰਭੂ (ਯਾਦੋਂ) ਭੁੱਲ ਜਾਂਦਾ ਹੈ, ਤਦੋਂ ਜੀਵ ਨੂੰ ਦੁੱਖ ਆ ਘੇਰਦਾ ਹੈ ਤੇ ਉਸ ਦਾ ਸੁੱਖ ਆਨੰਦ ਦੂਰ ਹੋ ਜਾਂਦਾ ਹੈ।
ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥
ਸੜ ਜਾਏ ਉਹ ਸੜਨ ਜੋਗੀ ਜੀਭ ਜੋ ਸੁਆਦ ਨਾਲ ਪ੍ਰਭੂ ਦਾ ਨਾਮ ਨਹੀਂ ਜਪਦੀ।
ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ ॥੫॥
(ਸਿਮਰਨ ਹੀਨ ਬੰਦੇ ਦਾ ਜਦੋਂ) ਸਰੀਰ ਨਾਸ ਹੁੰਦਾ ਹੈ, ਉਸ ਨੂੰ ਬਹੁਤ ਦੁੱਖ ਵਿਆਪਦਾ ਹੈ, ਜਦੋਂ ਉਸ ਨੂੰ ਜਮ ਆ ਫੜਦਾ ਹੈ ਤਾਂ ਉਹ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਣ ਦਾ ਕੀਹ ਲਾਭ?) ॥੫॥
ਮੇਰੀ ਮੇਰੀ ਕਰਿ ਗਏ ਤਨੁ ਧਨੁ ਕਲਤੁ ਨ ਸਾਥਿ ॥
(ਸੰਸਾਰ ਵਿਚ ਬੇਅੰਤ ਹੀ ਜੀਵ ਆਏ, ਜੋ ਇਹ) ਆਖ ਆਖ ਕੇ ਚਲੇ ਗਏ ਕਿ ਇਹ ਮੇਰਾ ਸਰੀਰ ਹੈ ਇਹ ਮੇਰਾ ਧਨ ਹੈ ਇਹ ਮੇਰੀ ਇਸਤ੍ਰੀ ਹੈ, ਪਰ ਨਾਹ ਸਰੀਰ, ਨਾਹ ਧਨ, ਨਾਹ ਇਸਤ੍ਰੀ, ਕੋਈ ਭੀ) ਨਾਲ ਨਾਹ ਨਿਭਿਆ।
ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ ॥
ਪਰਮਾਤਮਾ ਦੇ ਨਾਮ ਤੋਂ ਬਿਨਾ ਧਨ ਕਿਸੇ ਅਰਥ ਨਹੀਂ, ਮਾਇਆ ਦੇ ਰਸਤੇ ਪੈ ਕੇ (ਮਨੁੱਖ ਜ਼ਿੰਦਗੀ ਦੇ ਸਹੀ ਰਾਹ ਤੋਂ) ਖੁੰਝ ਜਾਂਦਾ ਹੈ।
ਸਾਚਉ ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ ॥੬॥
(ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। ਪਰ ਉਸ ਬੇਅੰਤ ਗੁਣਾਂ ਵਾਲੇ ਮਾਲਕ ਦੀ ਸਿਫ਼ਤ-ਸਾਲਾਹ ਗੁਰੂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ ॥੬॥
ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ ॥
ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਅਗਾਂਹ ਭੀ ਉਹੋ ਜਿਹੇ) ਕਰਮ ਕਮਾਂਦਾ ਰਹਿੰਦਾ ਹੈ (ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸ ਗੇੜ ਵਿਚ ਪਿਆ ਰਹਿੰਦਾ ਹੈ।
ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥
ਪਿਛਲੇ ਕਰਮਾਂ ਅਨੁਸਾਰ ਲਿਖਿਆ (ਮੱਥੇ ਦਾ) ਲੇਖ ਪਰਮਾਤਮਾ ਦੇ ਹੁਕਮ ਵਿਚ ਲਿਖਿਆ ਜਾਂਦਾ ਹੈ, ਇਸ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ?
ਬਿਨੁ ਹਰਿ ਨਾਮ ਨ ਛੁਟੀਐ ਗੁਰਮਤਿ ਮਿਲੈ ਮਿਲਾਇ ॥੭॥
(ਇਹਨਾਂ ਲਿਖੇ ਲੇਖਾਂ ਦੀ ਸੰਗਲੀ ਦੇ ਜਕੜ ਵਿਚੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ। ਜਦੋਂ ਗੁਰੂ ਦੀ ਮਤਿ ਮਿਲਦੀ ਹੈ ਤਦੋਂ ਹੀ (ਪ੍ਰਭੂ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ ॥੭॥
ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ ॥
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਇਹ ਪ੍ਰਾਣ ਹਨ, ਉਸ ਤੋਂ ਬਿਨਾ (ਸੰਸਾਰ ਵਿਚ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।
ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ ॥
ਮੇਰੀ ਇਹ ਹਉਮੈ ਸੜ ਜਾਏ, ਮੇਰੀ ਇਹ ਅਪਣੱਤ ਜਲ ਜਾਏ, ਮੇਰਾ ਇਹ ਲੋਭ ਸੜ ਜਾਏ ਤੇ ਮੇਰਾ ਇਹ ਅਹੰਕਾਰ ਸੜ ਬਲ ਜਾਏ (ਜਿਨ੍ਹਾਂ ਮੈਨੂੰ ਪਰਮਾਤਮਾ ਦੇ ਨਾਮ ਤੋਂ ਵਿਛੋੜਿਆ ਹੈ)।
ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ ॥੮॥੧੦॥
ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, (ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲਦਾ ਹੈ ॥੮॥੧੦॥
ਸਿਰੀਰਾਗੁ ਮਹਲਾ ੧ ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਪਾਣੀ ਦਾ ਕੌਲ ਫੁੱਲ ਵਿਚ ਹੈ (ਤੇ ਕੌਲ ਫੁੱਲ ਦਾ ਪਾਣੀ ਵਿਚ)।
ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥
ਕੌਲ ਫੁੱਲ ਪਾਣੀ ਦੀਆਂ ਲਹਰਾਂ ਨਾਲ ਧੱਕੇ ਖਾਂਦਾ ਹੈ, ਫਿਰ ਭੀ (ਪਰਸਪਰ) ਪਿਆਰ ਦੇ ਕਾਰਨ ਕੌਲ ਫੁੱਲ ਖਿੜਦਾ (ਹੀ) ਹੈ (ਧੱਕਿਆਂ ਤੋਂ ਗੁੱਸੇ ਨਹੀਂ ਹੁੰਦਾ)।
ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥੧॥
ਪਾਣੀ ਵਿਚ (ਕੌਲ ਫੁੱਲਾਂ ਦੀਆਂ) ਜਿੰਦਾਂ ਪੈਦਾ ਕਰ ਕੇ (ਪਰਮਾਤਮਾ ਐਸੀ ਖੇਡ ਖੇਡਦਾ ਹੈ ਕਿ) ਪਾਣੀ ਤੋਂ ਬਿਨਾ ਉਹਨਾਂ (ਕੌਲ ਫੁੱਲਾਂ) ਦੀ ਮੌਤ ਹੋ ਜਾਂਦੀ ਹੈ ॥੧॥
ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥
ਹੇ ਮਨ! (ਪ੍ਰਭੂ ਨਾਲ) ਪਿਆਰ ਪਾਉਣ ਤੋਂ ਬਿਨਾ ਤੂੰ (ਮਾਇਆ ਦੇ ਹੱਲਿਆਂ ਤੋਂ) ਬਚ ਨਹੀਂ ਸਕਦਾ।
ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥੧॥ ਰਹਾਉ ॥
(ਪਰ ਇਹ ਪਿਆਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਮਿਲਦਾ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਗੁਰੂ ਦੀ ਕਿਰਪਾ ਨਾਲ ਐਸੀ ਪਿਆਰ-ਸਾਂਝ ਬਣਦੀ ਹੈ ਕਿ) ਪਰਮਾਤਮਾ ਹਰ ਵੇਲੇ ਮੌਜੂਦ ਰਹਿੰਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਹੀ ਬਖ਼ਸ਼ ਦੇਂਦਾ ਹੈ ॥੧॥ ਰਹਾਉ ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਕਰ, ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ।
ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥
ਪਾਣੀ ਜਿਤਨਾ ਹੀ ਵਧੀਕ ਹੈ, ਮੱਛੀ ਨੂੰ ਉਤਨਾ ਹੀ ਵਧੀਕ ਸੁਖ-ਆਨੰਦ ਹੁੰਦਾ ਹੈ, ਉਸ ਦੇ ਮਨ ਵਿਚ ਤਨ ਵਿਚ ਸਰੀਰ ਵਿਚ ਠੰਡ ਪੈਂਦੀ ਹੈ।
ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥੨॥
ਪਾਣੀ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ। ਮੱਛੀ ਦੇ ਹਿਰਦੇ ਦੀ ਇਹ ਵੇਦਨਾ ਪਰਮਾਤਮਾ (ਆਪ) ਜਾਣਦਾ ਹੈ ॥੨॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥
ਹੇ ਮਨ! ਪ੍ਰਭੂ ਨਾਲ ਇਹੋ ਜਿਹੀ ਪ੍ਰੀਤ ਕਰ, ਜਿਹੋ ਜਿਹੀ ਪਪੀਹੇ ਦੀ ਮੀਂਹ ਨਾਲ ਹੈ।
ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥
(ਪਾਣੀ ਨਾਲ) ਸਰੋਵਰ ਭਰੇ ਹੋਏ ਹੁੰਦੇ ਹਨ, ਧਰਤੀ (ਪਾਣੀ ਦੀ ਬਰਕਤਿ ਨਾਲ) ਹਰਿਆਵਲੀ ਹੋਈ ਪਈ ਹੁੰਦੀ ਹੈ, ਪਰ ਜੇ (ਸ੍ਵਾਂਤੀ ਨਛੱਤ੍ਰ ਵਿਚ ਪਏ ਮੀਂਹ ਦੀ) ਇਕ ਬੂੰਦ (ਪਪੀਹੇ ਦੇ ਮੂੰਹ ਵਿਚ) ਨਾਹ ਪਏ, ਤਾਂ ਉਸ ਨੂੰ ਇਸ ਸਾਰੇ ਪਾਣੀ ਨਾਲ ਕੋਈ ਭਾਗ ਨਹੀਂ।
ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥੩॥
(ਪਰ ਹੇ ਮਨ! ਤੇਰੇ ਭੀ ਕੀਹ ਵੱਸ! ਪਰਮਾਤਮਾ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, (ਨਹੀਂ ਤਾਂ) ਪੂਰਬਲਾ ਕਮਾਇਆ ਹੋਇਆ ਸਿਰ ਉੱਤੇ ਸਰੀਰ ਉੱਤੇ ਝੱਲਣਾ ਹੀ ਪੈਂਦਾ ਹੈ ॥੩॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥
ਹੇ ਮਨ! ਹਰੀ ਨਾਲ ਇਹੋ ਜਿਹਾ ਪਿਆਰ ਬਣਾ, ਜਿਹੋ ਜਿਹਾ ਪਾਣੀ ਤੇ ਦੁੱਧ ਦਾ ਹੈ। (ਪਾਣੀ ਦੁੱਧ ਵਿਚ ਆ ਮਿਲਦਾ ਹੈ, ਦੁੱਧ ਦੀ ਸਰਨ ਪੈਂਦਾ ਹੈ, ਦੁੱਧ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਹੈ।
ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥
ਜਦੋਂ ਉਸ ਪਾਣੀ-ਰਲੇ ਦੁੱਧ ਨੂੰ ਅੱਗ ਉੱਤੇ ਰੱਖੀਦਾ ਹੈ ਤਾਂ) ਉਬਾਲਾ (ਪਾਣੀ) ਆਪ ਹੀ ਸਹਾਰਦਾ ਹੈ, ਦੁੱਧ ਨੂੰ ਸੜਨ ਨਹੀਂ ਦੇਂਦਾ।
ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥੪॥
(ਇਸੇ ਤਰ੍ਹਾਂ ਜੇ ਜੀਵ ਆਪਣੇ ਆਪ ਨੂੰ ਕੁਰਬਾਨ ਕਰਨ, ਤਾਂ ਪ੍ਰਭੂ) ਵਿੱਛੁੜੇ ਜੀਵਾਂ ਨੂੰ ਆਪਣੇ ਸਦਾ-ਥਿਰ ਨਾਮ ਵਿਚ ਮੇਲ ਕੇ (ਲੋਕ ਪਰਲੋਕ ਵਿਚ) ਇੱਜ਼ਤ-ਮਾਣ ਦੇਂਦਾ ਹੈ ॥੪॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਚਕਵੀ ਦਾ (ਪਿਆਰ) ਸੂਰਜ ਨਾਲ ਹੈ।
ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ ॥
(ਜਦੋਂ ਸੂਰਜ ਡੁੱਬ ਜਾਂਦਾ ਹੈ, ਚਕਵੀ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ, ਤਾਂ ਉਹ ਚਕਵੀ) ਇਕ ਖਿਨ ਭਰ ਇਕ ਪਲ ਭਰ ਨੀਂਦ (ਦੇ ਵੱਸ ਆ ਕੇ) ਨਹੀਂ ਸੌਂਦੀ, ਦੂਰ (-ਲੁਕੇ ਸੂਰਜ) ਨੂੰ ਆਪਣੇ ਅੰਗ-ਸੰਗ ਸਮਝਦੀ ਹੈ।
ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥੫॥
ਜੇਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ, ਉਸ ਨੂੰ ਪਰਮਾਤਮਾ ਆਪਣੇ ਅੰਗ-ਸੰਗ ਦਿੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਇਹ ਸਮਝ ਨਹੀਂ ਪੈਂਦੀ ॥੫॥
ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀਆਂ ਹੀ ਵਡਿਆਈਆਂ ਕਰਦਾ ਹੈ (ਪਰ ਜੀਵ ਦੇ ਭੀ ਕੀਹ ਵੱਸ?) ਉਹੀ ਕੁਝ ਹੁੰਦਾ ਹੈ ਜੋ ਕਰਤਾਰ (ਆਪ) ਕਰਦਾ (ਕਰਾਂਦਾ ਹੈ)।
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥
(ਕਰਤਾਰ ਦੀ ਮਿਹਰ ਤੋਂ ਬਿਨਾ) ਜੇ ਕੋਈ ਜੀਵ (ਆਪਣੀਆਂ ਵਡਿਆਈਆਂ ਛੱਡਣ ਦਾ ਜਤਨ ਭੀ ਕਰੇ, ਤੇ ਪਰਮਾਤਮਾ ਦੇ ਗੁਣਾਂ ਦੀ ਕਦਰ ਪਛਾਣਨ ਦਾ ਉੱਦਮ ਕਰੇ, ਤਾਂ ਭੀ) ਉਸ ਪ੍ਰਭੂ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ।
ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥੬॥
(ਪਰਮਾਤਮਾ ਦੇ ਗੁਣਾਂ ਦੀ ਕਦਰ) ਤਦੋਂ ਹੀ ਪੈਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਪ੍ਰਾਪਤ ਹੋਵੇ। (ਗੁਰੂ ਦੀ ਮਤਿ ਮਿਲਿਆਂ ਹੀ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ॥੬॥
ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥
(ਪ੍ਰਭੂ-ਚਰਨਾਂ ਵਿਚ ਜੋੜਨ ਵਾਲਾ) ਜੇ ਉਹ ਗੁਰੂ ਮਿਲ ਪਏ, ਤਾਂ (ਉਸ ਦਾ ਮਿਹਰ ਦਾ ਸਦਕਾ ਪ੍ਰਭੂ ਨਾਲ ਅਜੇਹਾ) ਪੱਕਾ ਪਿਆਰ (ਪੈਂਦਾ ਹੈ ਜੋ ਕਦੇ) ਟੁੱਟਦਾ ਨਹੀਂ।
ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥
(ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਨਾਮ-ਪਦਾਰਥ ਮਿਲਦਾ ਹੈ, ਇਹ ਸਮਝ ਭੀ ਪੈਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਮੌਜੂਦ ਹੈ।
ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥
ਜੇ ਮਨੁੱਖ (ਗੁਰੂ ਦੀ ਮਿਹਰ ਦਾ ਸਦਕਾ) ਪਰਮਾਤਮਾ ਦੇ ਗੁਣਾਂ (ਦੇ ਸੌਦੇ) ਦਾ ਖ਼ਰੀਦਣ ਵਾਲਾ ਬਣ ਜਾਏ, ਤਾਂ ਇਸ ਨੂੰ ਪ੍ਰਭੂ ਦਾ ਪਵਿਤ੍ਰ ਨਾਮ (ਫਿਰ ਕਦੇ) ਨਹੀਂ ਭੁੱਲਦਾ ॥੭॥
ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥
(ਹੇ ਮਨ! ਵੇਖ) ਜੇਹੜੇ ਜੀਵ-ਪੰਛੀ ਇਸ (ਸੰਸਾਰ-) ਸਰੋਵਰ ਉੱਤੇ (ਚੋਗ) ਚੁਗਦੇ ਹਨ ਉਹ (ਆਪੋ ਆਪਣੀ ਜੀਵਨ-) ਖੇਡ ਖੇਡ ਕੇ ਚਲੇ ਜਾਂਦੇ ਹਨ।
ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥
ਹਰੇਕ ਜੀਵ-ਪੰਛੀ ਨੇ ਘੜੀ ਪਲ ਦੀ ਖੇਡ ਖੇਡ ਕੇ ਇਥੋਂ ਤੁਰਦੇ ਜਾਣਾ ਹੈ, ਇਹ ਖੇਡ ਇਕ ਦੋ ਦਿਨਾਂ ਵਿਚ ਹੀ (ਛੇਤੀ ਹੀ) ਮੁੱਕ ਜਾਂਦੀ ਹੈ।
ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥੮॥
(ਹੇ ਮਨ! ਪ੍ਰਭੂ ਦੇ ਦਰ ਤੇ ਸਦਾ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਸ ਨੂੰ ਤੂੰ ਆਪ ਮਿਲਾਂਦਾ ਹੈਂ, ਉਹੀ ਤੇਰੇ ਚਰਨਾਂ ਵਿਚ ਜੁੜਦਾ ਹੈ, ਉਹ ਇਥੋਂ ਸੱਚੀ ਜੀਵਨ-ਬਾਜ਼ੀ ਜਿੱਤ ਕੇ ਜਾਂਦਾ ਹੈ ॥੮॥
ਬਿਨੁ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲੁ ਨ ਜਾਇ ॥
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪ੍ਰਭੂ-ਚਰਨਾਂ ਵਿਚ) ਪ੍ਰੀਤ ਪੈਦਾ ਨਹੀਂ ਹੁੰਦੀ (ਕਿਉਂਕਿ ਮਨੁੱਖ ਦੇ ਆਪਣੇ ਉੱਦਮ ਨਾਲ ਮਨ ਵਿਚੋਂ) ਹਉਮੈ ਦੀ ਮੈਲ ਦੂਰ ਨਹੀਂ ਹੋ ਸਕਦੀ।
ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ॥
ਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਪਤੀਜ ਜਾਂਦਾ ਹੈ, ਤਦੋਂ ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਸੁਭਾਉ ਰਲਿਆ ਹੈ ਜਾਂ ਨਹੀਂ।
ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥੯॥
ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣਦਾ ਹੈ। (ਗੁਰੂ ਦੀ ਸਰਨ ਤੋਂ ਬਿਨਾ) ਜੀਵ ਹੋਰ ਕੋਈ ਉੱਦਮ ਕਰ ਕਰਾ ਨਹੀਂ ਸਕਦਾ ॥੯॥
ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥
ਜੇਹੜੇ ਜੀਵ ਗੁਰੂ ਦੇ ਸ਼ਬਦ ਵਿਚ ਪਤੀਜ ਕੇ ਪ੍ਰਭੂ-ਚਰਨਾਂ ਵਿਚ ਮਿਲਦੇ ਹਨ, ਉਹਨਾਂ ਦੇ ਅੰਦਰ ਕੋਈ ਐਸਾ ਵਿਛੋੜਾ ਰਹਿ ਨਹੀਂ ਜਾਂਦਾ ਜਿਸ ਨੂੰ ਦੂਰ ਕਰਕੇ ਉਹਨਾਂ ਨੂੰ ਮੁੜ ਪ੍ਰਭੂ ਨਾਲ ਜੋੜਿਆ ਜਾਏ।
ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ, ਉਹ ਪ੍ਰਭੂ-ਚਰਨਾਂ ਤੋਂ ਵਿੱਛੁੜ ਕੇ (ਮਾਇਆ ਦੇ ਮੋਹ ਦੀਆਂ) ਚੋਟਾਂ ਖਾਂਦਾ ਹੈ।
ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥੧੦॥੧੧॥
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਗਿਆ ਹੈ ਉਸ ਨੂੰ ਪ੍ਰਭੂ ਹੀ ਇਕ ਆਸਰਾ ਪਰਨਾ (ਦਿੱਸਦਾ) ਹੈ। ਪ੍ਰਭੂ ਤੋਂ ਬਿਨਾ ਉਸ ਨੂੰ ਹੋਰ ਕੋਈ ਸਹਾਰਾ ਨਹੀਂ (ਦਿੱਸਦਾ) ਹੋਰ ਕੋਈ ਥਾਂ ਨਹੀਂ ਦਿੱਸਦੀ ॥੧੦॥੧੧॥
ਸਿਰੀਰਾਗੁ ਮਹਲਾ ੧ ॥
ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਇਸਤ੍ਰੀ (ਜੀਵਨ ਦੇ) ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਮਾਇਆ ਉਸ ਨੂੰ ਕੁਰਾਹੇ ਪਾ ਦੇਂਦੀ ਹੈ, ਰਾਹੋਂ ਖੁੰਝੀ ਹੋਈ ਨੂੰ (ਗੁਰੂ ਤੋਂ ਬਿਨਾ) ਕੋਈ (ਐਸਾ) ਥਾਂ ਨਹੀਂ ਲੱਭਦਾ (ਜੇਹੜਾ ਉਸ ਨੂੰ ਰਸਤਾ ਵਿਖਾ ਦੇਵੇ)।
ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ ॥
ਗੁਰੂ ਤੋਂ ਬਿਨਾ ਹੋਰ ਕੋਈ ਭੀ (ਸਹੀ ਰਸਤਾ) ਵਿਖਾ ਨਹੀਂ ਸਕਦਾ। (ਮਾਇਆ ਦੇ ਵਿਚ) ਅੰਨ੍ਹੀ ਹੋਈ ਜੀਵ-ਇਸਤ੍ਰੀ ਭਟਕਦੀ ਫਿਰਦੀ ਹੈ।
ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥੧॥
ਜਿਸ ਭੀ ਜੀਵ ਨੇ (ਮਾਇਆ ਦੇ ਢਹੇ ਚੜ੍ਹ ਕੇ) ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਧਨ ਗਵਾ ਲਿਆ ਹੈ, ਉਹ ਠੱਗਿਆ ਜਾਂਦਾ ਹੈ, ਉਹ (ਆਤਮਕ ਜੀਵਨ ਵਲੋਂ) ਲੁੱਟਿਆ ਜਾਂਦਾ ਹੈ ॥੧॥
ਬਾਬਾ ਮਾਇਆ ਭਰਮਿ ਭੁਲਾਇ ॥
ਹੇ ਭਾਈ! ਮਾਇਆ (ਜੀਵਾਂ ਨੂੰ) ਭੁਲੇਖੇ ਵਿਚ ਪਾ ਕੇ ਕੁਰਾਹੇ ਪਾ ਦੇਂਦੀ ਹੈ।
ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥
ਜੇਹੜੀ ਭਾਗ ਹੀਣ ਜੀਵ-ਇਸਤ੍ਰੀ ਭੁਲੇਖੇ ਵਿਚ ਪੈ ਕੇ ਕੁਰਾਹੇ ਪੈਂਦੀ ਹੈ, ਉਹ (ਕਦੇ ਭੀ) ਪ੍ਰਭੂ-ਪਤੀ ਦੇ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ ॥੧॥ ਰਹਾਉ ॥
ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥
ਜੀਵਨ ਦੇ ਰਾਹ ਤੋਂ ਖੁੰਝੀ ਹੋਈ ਜੀਵ-ਇਸਤ੍ਰੀ ਹੀ ਗ੍ਰਿਹਸਤ ਤਿਆਗ ਕੇ ਦੇਸ ਦੇਸਾਂਤਰਾਂ ਵਿਚ ਫਿਰਦੀ ਹੈ।
ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥
ਖੁੰਝੀ ਹੋਈ ਹੀ ਕਦੇ ਕਿਸੇ ਪਹਾੜ (ਦੀ ਗੁਫ਼ਾ) ਵਿਚ ਬੈਠਦੀ ਹੈ ਕਦੇ ਕਿਸੇ ਟਿੱਲੇ ਉੱਤੇ ਚੜ੍ਹ ਬੈਠਦੀ ਹੈ, ਭਟਕਦੀ ਫਿਰਦੀ ਹੈ, ਉਸਦਾ ਮਨ (ਮਾਇਆ ਦੇ ਅਸਰ ਹੇਠ) ਡੋਲਦਾ ਹੈ।
ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥੨॥
(ਆਪਣੇ ਕੀਤੇ ਕਰਮਾਂ ਦੇ ਕਾਰਨ) ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਵਿੱਛੁੜੀ ਹੋਈ (ਪ੍ਰਭੂ-ਚਰਨਾਂ ਵਿਚ) ਜੁੜ ਨਹੀਂ ਸਕਦੀ, ਉਹ ਤਾਂ (ਤਿਆਗ ਆਦਿਕ ਦੇ) ਅਹੰਕਾਰ ਵਿਚ ਲੁੱਟੀ ਜਾ ਰਹੀ ਹੈ, ਤੇ (ਵਿਛੋੜੇ ਵਿਚ) ਕਲਪਦੀ ਹੈ ॥੨॥
ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥
ਪ੍ਰਭੂ ਤੋਂ ਵਿੱਛੁੜਿਆਂ ਨੂੰ ਗੁਰੂ ਹਰਿ-ਨਾਮ ਦੇ ਆਨੰਦ ਵਿਚ ਜੋੜ ਕੇ, ਨਾਮ ਦੇ ਪਿਆਰ ਵਿਚ ਜੋੜ ਕੇ (ਮੁੜ ਪ੍ਰਭੂ ਨਾਲ) ਮਿਲਾਂਦਾ ਹੈ।
ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ ॥
ਹਰੀ ਦੇ ਗੁਣਾਂ ਦੀ ਬਰਕਤਿ ਨਾਲ ਹਰੀ-ਨਾਮ ਦੇ ਆਸਰੇ ਨਾਲ ਸਦਾ-ਥਿਰ ਪ੍ਰਭੂ ਵਿਚ (ਜੁੜਿਆਂ) ਅਡੋਲ ਅਵਸਥਾ ਵਿਚ (ਟਿਕਿਆਂ) ਬੜੀ ਸੋਭਾ (ਭੀ ਮਿਲਦੀ ਹੈ)।
ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥੩॥
(ਮੈਂ ਤੇਰਾ ਦਾਸ ਬੇਨਤੀ ਕਰਦਾ ਹਾਂ-ਹੇ ਪ੍ਰਭੂ!) ਜਿਵੇਂ ਤੇਰੀ ਰਜ਼ਾ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਰੱਖ। ਤੈਥੋਂ ਬਿਨਾ ਮੇਰਾ ਖਸਮ-ਸਾਈਂ ਹੋਰ ਕੋਈ ਨਹੀਂ ॥੩॥
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥
ਵਿੱਦਿਆ ਪੜ੍ਹ ਪੜ੍ਹ ਕੇ (ਭੀ ਵਿੱਦਿਆ ਦੇ ਅਹੰਕਾਰ ਕਾਰਨ) ਕੁਰਾਹੇ ਹੀ ਪਈਦਾ ਹੈ, (ਗ੍ਰਿਹਸਤ-ਤਿਆਗੀਆਂ ਦੇ) ਭੇਖਾਂ ਨਾਲ ਭੀ (ਮਨ ਵਿਚ) ਬੜਾ ਮਾਣ ਪੈਦਾ ਹੁੰਦਾ ਹੈ।
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥
ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਭੀ ਜੀਵ ਕੁਝ ਨਹੀਂ ਸੰਵਾਰ ਸਕਦਾ, ਕਿਉਂਕਿ ਮਨ ਵਿਚ (ਇਸ) ਅਹੰਕਾਰ ਦੀ ਮੈਲ ਟਿਕੀ ਰਹਿੰਦੀ ਹੈ (ਕਿ ਮੈਂ ਤੀਰਥ ਇਸ਼ਨਾਨੀ ਹਾਂ)।
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥
(ਹਰੇਕ ਖੁੰਝੇ ਹੋਏ ਰਸਤੇ ਵਿਚ) ਮਨ (ਇਸ ਸਰੀਰ-ਨਗਰੀ ਦਾ) ਰਾਜਾ ਬਣਿਆ ਰਹਿੰਦਾ ਹੈ, ਸੁਲਤਾਨ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾ ਇਸ ਨੂੰ ਕਿਸੇ ਹੋਰ ਨੇ ਕਦੇ ਮਤਿ ਨਹੀਂ ਦਿੱਤੀ (ਕੋਈ ਇਸ ਨੂੰ ਸਮਝਾ ਨਹੀਂ ਸਕਿਆ) ॥੪॥
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥
(ਹੇ ਬਾਬਾ!) ਗੁਰੂ ਦੀ ਸਰਨ ਪੈ ਕੇ ਆਪਣੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰ। ਗੁਰੂ ਦੀ ਸਰਨ ਪਿਆਂ ਹੀ (ਪ੍ਰਭੂ-ਚਰਨਾਂ ਨਾਲ) ਪ੍ਰੇਮ ਪੈਦਾ ਕਰਨ ਵਾਲਾ ਨਾਮ-ਧਨ ਮਿਲਦਾ ਹੈ।
ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥
ਜਿਸ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ ਹੈ, ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਤਮਕ ਜੀਵਨ ਨੂੰ ਆਪਾ-ਭਾਵ ਦੂਰ ਕਰਨ ਦਾ) ਸਿੰਗਾਰ ਕੀਤਾ ਹੈ,
ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥੫॥
ਉਸ ਨੇ ਗੁਰੂ ਦੇ ਬਖ਼ਸ਼ੇ ਪ੍ਰੇਮ ਦੀ ਰਾਹੀਂ ਆਪਣੇ ਹਿਰਦੇ ਘਰ ਵਿਚ ਉਸ ਬੇਅੰਤ ਪ੍ਰਭੂ ਪਤੀ ਨੂੰ ਲੱਭ ਲਿਆ ਹੈ ॥੫॥
ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ॥
ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਚਾਕਰੀ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਆਤਮਕ ਆਨੰਦ ਮਿਲਦਾ ਹੈ।
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ ॥
ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ (ਉਪਦੇਸ਼) ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।
ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ ॥੬॥
ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਧਨ ਹਾਸਲ ਕਰ ਲਿਆ ਹੈ, ਉਸ ਦੇ ਮਨ ਵਿਚ ਸਦਾ ਲਾਭ ਹੁੰਦਾ ਹੈ (ਉਸ ਦੇ ਮਨ ਵਿਚ ਆਤਮਕ ਗੁਣਾਂ ਦਾ ਸਦਾ ਵਾਧਾ ਹੀ ਵਾਧਾ ਹੁੰਦਾ ਹੈ) ॥੬॥
ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥
ਪਰਮਾਤਮਾ ਮਿਲਦਾ ਹੈ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ, ਮਨੁੱਖ ਦੇ ਆਪਣੇ ਉਦਮ ਨਾਲ ਨਹੀਂ ਲਿਆ ਜਾ ਸਕਦਾ।
ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥
(ਇਸ ਵਾਸਤੇ, ਹੇ ਭਾਈ!) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ।
ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥
(ਗੁਰ-ਸਰਨ ਦੀ ਬਰਕਤਿ ਨਾਲ ਜੇ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਰੰਗ ਵਿਚ ਰੰਗੇ ਰਹੀਏ, ਤਾਂ ਉਹ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ॥੭॥
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
(ਹੇ ਬਾਬਾ! ਮਾਇਆ ਐਸੀ ਪ੍ਰਬਲ ਹੈ ਕਿ ਇਸ ਦੇ ਢਹੇ ਚੜ੍ਹ ਕੇ) ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ।
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥
ਜਿਸ ਮਨੁੱਖ ਨੇ ਗੁਰੂ ਦੀ ਮਤਿ ਉੱਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ, ਉਸਦੇ ਅੰਦਰ (ਪਰਮਾਤਮਾ ਦਾ) ਪ੍ਰੇਮ ਬਣ ਜਾਂਦਾ ਹੈ।
ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਮਿਲਾ ਦੇਂਦਾ ਹੈ ਉਸ ਨੂੰ ਉਹ ਸਦਾ-ਥਿਰ ਪ੍ਰਭੂ ਕਦੇ ਭੁੱਲਦਾ ਨਹੀਂ ॥੮॥੧੨॥{60-61}
ਸਿਰੀਰਾਗੁ ਮਹਲਾ ੧ ॥
ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥
ਪੁੱਤਰ, ਰਿਸ਼ਤੇਦਾਰ, ਘਰ, ਇਸਤ੍ਰੀ (ਆਦਿਕ ਦੇ ਮੋਹ) ਦੇ ਕਾਰਨ ਮੋਹਣੀ ਮਾਇਆ ਦੀ ਤ੍ਰਿਸ਼ਨਾ ਜੀਵਾਂ ਨੂੰ ਵਿਆਪ ਰਹੀ ਹੈ।
ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥
ਧਨ ਨੇ, ਜੁਆਨੀ ਨੇ, ਲੋਭ ਨੇ, ਅਹੰਕਾਰ ਨੇ, (ਸਾਰੇ) ਜਗਤ ਨੂੰ ਲੁੱਟ ਲਿਆ ਹੈ।
ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥
ਮੋਹ ਦੀ ਠੱਗਬੂਟੀ ਨੇ ਮੈਨੂੰ (ਭੀ) ਠੱਗ ਲਿਆ ਹੈ, ਇਹ ਮੋਹ-ਠੱਗਬੂਟੀ ਸਾਰੇ ਸੰਸਾਰ ਵਿਚ ਆਪਣਾ ਜ਼ੋਰ ਪਾ ਰਹੀ ਹੈ ॥੧॥
ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥
ਹੇ ਮੇਰੇ ਪ੍ਰੀਤਮ-ਪ੍ਰਭੂ! (ਇਸ ਠੱਗ-ਬੂਟੀ ਤੋਂ ਬਚਾਣ ਲਈ) ਮੈਨੂੰ ਤੈਥੋਂ ਬਿਨਾ ਹੋਰ ਕੋਈ (ਸਮਰੱਥ) ਨਹੀਂ (ਦਿੱਸਦਾ)।
ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥੧॥ ਰਹਾਉ ॥
ਮੈਨੂੰ ਤੈਥੋਂ ਬਿਨਾ ਹੋਰ ਕੋਈ ਪਿਆਰਾ ਨਹੀਂ ਲੱਗਦਾ। ਜਦੋਂ ਤੂੰ ਮੈਨੂੰ ਪਿਆਰਾ ਲੱਗਦਾ ਹੈਂ, ਤਦੋਂ ਮੈਨੂੰ ਆਤਮਕ ਸੁਖ ਮਿਲਦਾ ਹੈ ॥੧॥ ਰਹਾਉ ॥
ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥
(ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਸੰਤੋਖ ਧਾਰ ਕੇ (ਤ੍ਰਿਸ਼ਨਾ ਦੇ ਪੰਜੇ ਵਿਚੋਂ ਨਿਕਲ ਕੇ) ਪ੍ਰੇਮ ਨਾਲ (ਪਰਮਾਤਮਾ ਦੇ) (ਨਾਮ ਦੀ) ਸਿਫ਼ਤ-ਸਾਲਾਹ ਕਰ।
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥
ਇਸ ਨਾਸਵੰਤ ਮੋਹ ਨੂੰ ਨਾਹ ਵੇਖ, ਇਹ ਤਾਂ ਜੋ ਕੁੱਝ ਦਿੱਸ ਰਿਹਾ ਹੈ ਸਭ ਨਾਸ ਹੋ ਜਾਏਗਾ।
ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥
(ਜੀਵ ਇਥੇ) ਰਸਤੇ ਦਾ ਮੁਸਾਫ਼ਿਰ (ਬਣ ਕੇ) ਆਇਆ ਹੈ, ਇਹ ਸਾਰਾ ਸਾਥ ਨਿੱਤ ਚਲਣ ਵਾਲਾ ਸਮਝ ॥੨॥
ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥
ਦੱਸਣ ਨੂੰ ਤਾਂ ਬੇਅੰਤ ਜੀਵ ਦੱਸ ਦੇਂਦੇ ਹਨ (ਕਿ ਮਾਇਆ ਦੀ ਤ੍ਰਿਸ਼ਨਾ ਤੋਂ ਇਉਂ ਬਚ ਸਕੀਦਾ ਹੈ, ਪਰ) ਗੁਰੂ ਤੋਂ ਬਿਨਾ ਸਹੀ ਸਮਝ ਨਹੀ ਪੈਂਦੀ।
ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥
(ਗੁਰੂ ਦੀ ਸਰਨ ਪੈ ਕੇ) ਜੇ ਪਰਮਾਤਮਾ ਦਾ ਨਾਮ ਮਿਲ ਜਾਏ, ਪਰਮਾਤਮਾ ਦੀ ਸਿਫ਼ਤ-ਸਾਲਾਹ ਮਿਲ ਜਾਏ ਜੇ (ਮਨੁੱਖ ਦਾ ਮਨ) ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਜਾਏ, ਤਾਂ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।
ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥੩॥
(ਪਰ, ਹੇ ਪ੍ਰਭੂ! ਆਪਣੇ ਉੱਦਮ ਨਾਲ ਕੋਈ ਜੀਵ) ਨਾਹ ਖਰਾ ਬਣ ਸਕਦਾ ਹੈ, ਨਾਹ ਖੋਟਾ ਰਹਿ ਜਾਂਦਾ ਹੈ, ਜੇਹੜੇ ਤੈਨੂੰ ਪਿਆਰੇ ਲੱਗਦੇ ਹਨ ਉਹੀ ਭਲੇ ਹਨ ॥੩॥
ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥
ਗੁਰੂ ਦੀ ਸਰਨ ਪੈ ਕੇ ਹੀ (ਤ੍ਰਿਸ਼ਨਾ ਦੇ ਪੰਜੇ ਵਿਚੋਂ) ਖ਼ਲਾਸੀ ਹਾਸਲ ਕਰੀਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਖੋਟੀ ਪੂੰਜੀ ਹੀ ਜੋੜਦਾ ਹੈ।
ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥
ਪਰਮਾਤਮਾ ਦੀ ਰਚੀ ਹੋਈ ਇਹ ਅੱਠ ਧਾਤਾਂ ਵਾਲੀ ਮਨੁੱਖੀ ਕਾਂਇਆਂ ਜੇ ਗੁਰੂ ਦੇ ਸ਼ਬਦ (ਦੀ ਟਕਸਾਲ) ਵਿਚ ਘੜੀ ਜਾਏ (ਸੁਚੱਜੀ ਬਣਾਈ ਜਾਏ, ਤਾਂ ਹੀ ਇਹ) ਖਿੜਦੀ ਹੈ (ਆਤਮਕ ਹੁਲਾਰੇ ਵਿਚ ਆਉਂਦੀ ਹੈ)।
ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥੪॥
ਪਰਖਣ ਵਾਲਾ ਪ੍ਰਭੂ ਆਪ ਹੀ (ਇਸ ਦੀ ਘਾਲ ਕਮਾਈ ਨੂੰ) ਪਰਖ ਲੈਂਦਾ ਹੈ ਤੇ (ਇਸ ਦਾ ਆਤਮਕ ਗੁਣਾਂ ਦਾ) ਸਰਮਾਇਆ (ਉਸ ਦੇ) ਖ਼ਜ਼ਾਨੇ ਵਿਚ (ਕਬੂਲ) ਪੈਂਦਾ ਹੈ ॥੪॥
ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ ॥
(ਹੇ ਪ੍ਰਭੂ!) ਮੈਂ ਸਾਰੀ ਸ੍ਰਿਸ਼ਟੀ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਮੈਨੂੰ ਤੇਰੇ ਬਰਾਬਰ ਦਾ ਕੋਈ ਨਹੀਂ ਦਿੱਸਿਆ (ਜੇਹੜਾ ਮੈਨੂੰ ਮਾਇਆ ਦੇ ਪੰਜੇ ਤੋਂ ਬਚਾ ਸਕੇ।
ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥
ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਬਿਆਨ ਕਰਨ ਨਾਲ ਤੇਰੇ ਗੁਣਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਜੇਹੜਾ ਜੀਵ ਸਦਾ-ਥਿਰ ਸਰੂਪ ਵਿਚ ਟਿਕਦਾ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।
ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥੫॥
ਗੁਰੂ ਦੀ ਮਤਿ ਲੈ ਕੇ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਪਰ ਤੇਰੇ ਬਰਾਬਰ ਦਾ ਲੱਭਣ ਵਾਸਤੇ ਕੋਈ ਬੋਲ ਨਹੀਂ ਬੋਲਿਆ ਜਾ ਸਕਦਾ ॥੫॥
ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ ॥
ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਸ ਸਰੀਰ ਵਿਚ ਹਉਮੈ ਵਧਦੀ ਹੈ, ਉਸ ਸਰੀਰ ਵਿਚ ਤ੍ਰਿਸ਼ਨਾ ਦਾ ਬਖੇੜਾ ਵਧਦਾ ਹੈ।
ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ ॥
ਗੁਰੂ ਤੋਂ ਬਿਨਾ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਬਣ ਸਕਦੀ, ਮਾਇਆ ਦਾ ਪ੍ਰਭਾਵ ਪੈ ਕੇ ਪਰਮਾਤਮਾ ਤੋਂ ਬਿਨਾ ਹੋਰ ਪਾਸੇ ਦਾ ਸੁਆਦ ਮਨ ਵਿਚ ਉਪਜਦਾ ਹੈ।
ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ ॥੬॥
ਆਤਮਕ ਗੁਣਾਂ ਤੋਂ ਵਾਂਜੇ ਰਹਿ ਕੇ ਇਹ ਮਨੁੱਖਾ ਸਰੀਰ ਵਿਅਰਥ ਜਾਂਦਾ ਹੈ, ਅੰਤ ਨੂੰ ਮਾਇਆ ਵਾਲਾ ਸੁਆਦ ਭੀ ਬੇ-ਰਸਾ ਹੋ ਜਾਂਦਾ ਹੈ ॥੬॥
ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥
ਜੀਵ ਆਸਾ (ਤ੍ਰਿਸ਼ਨਾ) ਦਾ ਬੱਧਾ ਹੋਇਆ ਜਨਮ ਲੈਂਦਾ ਹੈ, (ਜਦ ਤਕ ਜਗਤ ਵਿਚ ਜਿਊਂਦਾ ਹੈ) ਆਸਾ ਦੇ ਪ੍ਰਭਾਵ ਹੇਠ ਹੀ (ਮਿੱਠੇ) ਕਸੈਲੇ (ਆਦਿਕ) ਰਸਾਂ (ਵਾਲੇ ਪਦਾਰਥ) ਖਾਂਦਾ ਰਹਿੰਦਾ ਹੈ।
ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥
(ਉਮਰ ਪੁੱਗ ਜਾਣ ਤੇ) ਆਸਾ (ਤ੍ਰਿਸ਼ਨਾ) ਦੇ (ਬੰਧਨ ਵਿਚ) ਬੱਧਾ ਹੋਇਆ ਇਥੋਂ ਤੋਰਿਆ ਜਾਂਦਾ ਹੈ (ਸਾਰੀ ਉਮਰ ਆਸਾ ਤ੍ਰਿਸ਼ਨਾ ਵਿਚ ਹੀ ਫਸਿਆ ਰਹਿਣ ਕਰਕੇ) ਮੁੜ ਮੁੜ ਮੂੰਹ ਉੱਤੇ ਚੋਟਾਂ ਖਾਂਦਾ ਹੈ।
ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥੭॥
ਵਿਕਾਰੀ ਜੀਵਨ ਦੇ ਕਾਰਨ (ਆਸਾ ਤ੍ਰਿਸ਼ਨਾ ਦਾ) ਬੱਧਾ ਮਾਰ ਖਾਂਦਾ ਹੈ। ਜੇ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਵਿਚ ਜੁੜੇ, ਤਾਂ ਹੀ (ਆਸਾ ਤ੍ਰਿਸ਼ਨਾ ਦੇ ਜਾਲ ਵਿਚੋਂ) ਖ਼ਲਾਸੀ ਪਾ ਸਕਦਾ ਹੈ ॥੭॥
ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥
(ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਸਭ ਜੀਵਾਂ ਵਿਚ ਤੂੰ ਆਪ ਹੀ ਵੱਸਦਾ ਹੈਂ। ਜਿਵੇਂ ਤੇਰੀ ਰਜ਼ਾ ਹੋਵੇ, ਤਿਵੇਂ, ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ ਆਸਾ ਤ੍ਰਿਸ਼ਨਾ ਦੇ ਜਾਲ ਤੋਂ) ਬਚਾ।
ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥
ਹੇ ਪ੍ਰਭੂ! ਤੇਰਾ ਸਦਾ-ਥਿਰ ਨਾਮ ਹੀ (ਜੀਵ ਦਾ) ਭਲਾ ਸਾਥੀ ਹੈ, ਤੇਰਾ ਨਾਮ ਹੀ ਜੀਵ ਦੀ ਇੱਜ਼ਤ ਹੈ, ਤੇਰਾ ਨਾਮ, ਗੁਰੂ ਦੀ ਮਤਿ ਲਿਆਂ ਹੀ, ਜੀਵ ਦੇ ਮਨ ਵਿਚ ਵੱਸ ਸਕਦਾ ਹੈ।
ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥੮॥
(ਹੇ ਭਾਈ!) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਨਾਮ ਸਿਮਰ, ਨਾਮ ਸਿਮਰਿਆਂ ਹੀ ਹਉਮੈ ਦਾ ਰੋਗ ਦੂਰ ਹੁੰਦਾ ਹੈ ॥੮॥
ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥
ਹੇ ਪ੍ਰਭੂ! ਆਕਾਸਾਂ ਵਿਚ ਪਾਤਾਲ ਵਿਚ ਤਿੰਨਾਂ ਹੀ ਭਵਨਾਂ ਵਿਚ ਤੂੰ ਆਪ ਹਰ ਥਾਂ ਵਿਆਪਕ ਹੈਂ।
ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥
ਤੂੰ ਆਪ ਹੀ (ਜੀਵਾਂ ਨੂੰ ਆਪਣੀ) ਭਗਤੀ ਬਖ਼ਸ਼ਦਾ ਹੈਂ, ਆਪਣਾ ਪ੍ਰੇਮ ਬਖ਼ਸ਼ਦਾ ਹੈਂ। ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾ ਕੇ ਮਿਲਦਾ ਹੈਂ।
ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥੯॥੧੩॥
ਹੇ ਨਾਨਕ! (ਪ੍ਰਭੂ ਦਰ ਤੇ ਅਰਦਾਸ ਕਰ) ਤੇ ਆਖ-(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਤੇਰੀ ਰਜ਼ਾ ਵਰਤਦੀ ਹੈ (ਪਰ ਮਿਹਰ ਕਰ) ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ॥੯॥੧੩॥
ਸਿਰੀਰਾਗੁ ਮਹਲਾ ੧ ॥
ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਤਾ ਜਾਏ, (ਉਸ ਦੇ ਸੰਬੰਧ ਵਿਚ) ਮੈਂ ਹੋਰ ਕੀਹ ਵਿਚਾਰ ਕਰਾਂ (ਮੈਂ ਹੋਰ ਕੀਹ ਦੱਸਾਂ?
ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥
ਇਸ ਵਿਚ ਕੋਈ ਸ਼ੱਕ ਨਹੀਂ ਕਿ) ਜੇਹੜਾ ਮਨੁੱਖ ਪ੍ਰਭੂ ਦੇ (ਨਾਮ ਵਿਚ) ਰੰਗਿਆ ਜਾਂਦਾ ਹੈ, ਉਸ ਨੂੰ ਸ੍ਰੇਸ਼ਟ (ਆਤਮਕ) ਸੁਖ ਮਿਲਦਾ ਹੈ। ਜਿਸ ਦੀ ਸੁਰਤ ਸ਼ਬਦ ਦੇ (ਵਿਚਾਰ ਵਿਚ) ਜੁੜੀ ਹੋਈ ਹੈ, ਉਸ ਦੇ ਅੰਦਰ ਅਨੰਦ ਪੈਦਾ ਹੁੰਦਾ ਹੈ।
ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥੧॥
(ਹੇ ਪ੍ਰਭੂ!) ਜਿਵੇਂ ਭੀ ਤੇਰੀ ਰਜ਼ਾ ਹੋਵੇ, ਮੈਨੂੰ ਭੀ ਤੂੰ (ਆਪਣੇ ਚਰਨਾਂ ਵਿਚ) ਰੱਖ, ਤੇਰਾ ਨਾਮ (ਮੇਰੇ ਜੀਵਨ ਦਾ) ਆਸਰਾ ਬਣ ਜਾਏ ॥੧॥
ਮਨ ਰੇ ਸਾਚੀ ਖਸਮ ਰਜਾਇ ॥
ਹੇ ਮੇਰੇ ਮਨ! ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਹੀ ਕਾਰ ਹੈ।
ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥
(ਹੇ ਮਨ!) ਤੂੰ ਉਸ ਪ੍ਰਭੂ (ਦੇ ਚਰਨਾਂ) ਨਾਲ ਲਿਵ ਜੋੜ, ਜਿਸ ਨੇ ਇਹ ਸਰੀਰ ਤੇ ਮਨ ਪੈਦਾ ਕਰ ਕੇ ਇਹਨਾਂ ਨੂੰ ਸੋਹਣਾ ਬਣਾਇਆ ਹੈ ॥੧॥ ਰਹਾਉ ॥
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥
ਜੇ ਆਪਣੇ ਸਰੀਰ ਨੂੰ ਕੱਟ ਕੱਟ ਕੇ ਇਕ ਇਕ ਰੱਤੀ ਭਰ ਤੋਲ ਤੋਲ ਕੇ ਅੱਗ ਵਿਚ ਹਵਨ ਕਰ ਦਿੱਤਾ ਜਾਏ,
ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥
ਜੇ ਮੈਂ ਆਪਣੇ ਸਰੀਰ ਤੇ ਮਨ ਨੂੰ ਹਵਨ ਦੀ ਸਾਮਗ੍ਰੀ ਬਣਾ ਦਿਆਂ ਤੇ ਹਰ ਰੋਜ਼ ਇਹਨਾਂ ਨੂੰ ਅੱਗ ਵਿਚ ਸਾੜਾਂ,
ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥੨॥
ਜੇ ਇਹੋ ਜਿਹੇ ਹੋਰ ਲੱਖਾਂ ਕ੍ਰੋੜਾਂ ਕਰਮ ਕੀਤੇ ਜਾਣ, ਤਾਂ ਭੀ ਕੋਈ ਕਰਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਤਕ ਨਹੀਂ ਪਹੁੰਚ ਸਕਦਾ ॥੨॥
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥
ਜੇ ਸਿਰ ਉੱਤੇ ਆਰਾ ਰਖਾ ਕੇ ਸਰੀਰ ਨੂੰ ਦੁ-ਫਾੜ ਚਿਰਾ ਦਿੱਤਾ ਜਾਏ,
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥
ਜੇ ਸਰੀਰ ਨੂੰ ਹਿਮਾਲਾ ਪਰਬਤ (ਦੀ ਬਰਫ਼) ਵਿਚ ਗਾਲ ਦਿੱਤਾ ਜਾਏ, ਤਾਂ ਭੀ ਮਨ ਵਿਚੋਂ ਹਉਮੈ ਆਦਿਕ) ਰੋਗ ਦੂਰ ਨਹੀਂ ਹੁੰਦਾ।
ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥੩॥
(ਕਰਮ-ਕਾਂਡ ਦੀ) ਸਾਰੀ (ਹੀ ਮਰਯਾਦਾ) ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦਾ ਨਾਮ ਸਿਮਰਨ ਦੀ ਬਰਾਬਰੀ ਤਕ ਨਹੀਂ ਅੱਪੜਦਾ ॥੩॥
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥
ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ,
ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥
ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਂਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿਚ ਅਹੰਕਾਰ ਮਾਣ ਬਣ ਜਾਂਦਾ ਹੈ।
ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥੪॥
ਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ-ਥਿਰ ਪ੍ਰਭੂ (ਦਾ ਨਾਮ ਜਪਣ ਦੀ) ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਇਆ ਰਹਿੰਦਾ ਹੈ (ਤੇ ਇਹੀ ਹੈ ਸਹੀ ਕਰਣੀ) ॥੪॥
ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥
ਅਨੇਕਾਂ ਹੀ ਲੋਕਾਂ ਦੀ ਅਕਲ (ਤਪ ਆਦਿਕ ਕਰਮਾਂ ਵਲ ਪ੍ਰੇਰਦੀ ਹੈ ਜੋ) ਮਨ ਦੇ ਹਠ ਨਾਲ (ਕੀਤੇ ਜਾਂਦੇ ਹਨ), ਅਨੇਕਾਂ ਹੀ ਲੋਕ ਵੇਦ ਆਦਿਕ ਧਰਮ-ਪੁਸਤਕਾਂ ਦੇ ਅਰਥ-ਵਿਚਾਰ ਕਰਦੇ ਹਨ (ਤੇ ਇਸ ਵਾਦ-ਵਿਵਾਦ ਨੂੰ ਹੀ ਜੀਵਨ ਦਾ ਸਹੀ ਰਾਹ ਮੰਨਦੇ ਹਨ),
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥
ਇਹੋ ਜਿਹੇ ਹੋਰ ਭੀ ਅਨੇਕਾਂ ਕਰਮ ਹਨ ਜੋ ਜਿੰਦ ਵਾਸਤੇ ਫਾਹੀ-ਰੂਪ ਬਣ ਜਾਂਦੇ ਹਨ, (ਪਰ ਹਉਮੈ ਆਦਿਕ ਬੰਧਨਾਂ ਤੋਂ) ਖ਼ਲਾਸੀ ਦਾ ਦਰਵਾਜ਼ਾ ਗੁਰੂ ਦੇ ਸਨਮੁਖ ਹੋਇਆਂ ਹੀ ਲੱਭਦਾ ਹੈ, (ਕਿਉਂਕਿ ਗੁਰੂ ਪ੍ਰਭੂ ਦਾ ਨਾਮ ਸਿਮਰਨ ਦੀ ਹਿਦਾਇਤ ਕਰਦਾ ਹੈ)।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥
ਹਰੇਕ (ਕਰਮ) ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਤੋਂ ਘਟੀਆ ਹੈ, ਸਿਮਰਨ ਰੂਪ ਕਰਮ ਸਭ ਕਰਮਾਂ ਧਰਮਾਂ ਤੋਂ ਸ੍ਰੇਸ਼ਟ ਹੈ ॥੫॥
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥
(ਪਰ ਕਰਮ-ਕਾਂਡ ਦੇ ਜਾਲ ਵਿਚ ਫਸੇ ਉੱਚ-ਜਾਤੀਏ ਬੰਦਿਆਂ ਨੂੰ ਭੀ ਨਿੰਦਣਾ ਠੀਕ ਨਹੀਂ ਹੈ), ਹਰੇਕ ਜੀਵ ਨੂੰ ਚੰਗਾ ਹੀ ਆਖਣਾ ਚਾਹੀਦਾ ਹੈ, (ਜਗਤ ਵਿਚ) ਕੋਈ ਨੀਚ ਨਹੀਂ ਦਿੱਸਦਾ,
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥
ਕਿਉਂਕਿ ਇਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਹਨ, ਤੇ ਤਿੰਨਾਂ ਲੋਕਾਂ (ਦੇ ਜੀਵਾਂ) ਵਿਚ ਉਸੇ (ਕਰਤਾਰ ਦੀ ਜੋਤਿ) ਦਾ ਹੀ ਚਾਨਣ ਹੈ।
ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥੬॥
ਸਿਮਰਨ (ਦਾ ਖ਼ੈਰ) ਪ੍ਰਭੂ ਦੀ ਗੁਰੂ ਦੀ ਮਿਹਰ ਨਾਲ ਹੀ ਮਿਲਦਾ ਹੈ, ਤੇ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਮਿਲਦੀ ਹੈ, ਕੋਈ ਧਿਰ ਉਸ (ਦਾਤਿ) ਦੇ ਰਾਹ ਵਿਚ ਰੋਕ ਨਹੀਂ ਪਾ ਸਕਦਾ ॥੬॥
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥
ਜੇਹੜਾ ਗੁਰਮੁਖ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਬੈਠਦਾ ਹੈ, ਗੁਰੂ-ਆਸ਼ੇ ਦੇ ਅਨੁਸਾਰ ਤੁਰਿਆਂ (ਉਸ ਦੇ ਮਨ ਵਿਚ) ਸੰਤੋਖ ਆ ਵਸਦਾ ਹੈ,
ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥
(ਕਿਉਂਕਿ) ਜੇ ਮਨੁੱਖ ਸਤਿਗੁਰੂ ਦੇ ਉਪਦੇਸ਼ ਵਿਚ ਲੀਨ ਰਹੇ ਤਾਂ ਬੇਅੰਤ ਗੁਣਾਂ ਵਾਲੇ ਕਰਤਾਰ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ,
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥੭॥
ਤੇ ਸਿਫ਼ਤ-ਸਾਲਾਹ ਰੂਪ ਅੰਮ੍ਰਿਤ ਪੀਤਿਆਂ ਮਨ ਸੰਤੋਖ ਗ੍ਰਹਣ ਕਰ ਲੈਂਦਾ ਹੈ, ਅਤੇ (ਜਗਤ ਵਿਚੋਂ) ਆਦਰ ਮਾਣ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ ॥੭॥
ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥
ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਸੁਭਾਉ ਵਿਚ ਹਰ ਵੇਲੇ ਇਕ-ਮਿਕ ਹੋਇ ਰਿਹਾਂ ਇਹ ਯਕੀਨ ਬਣ ਜਾਂਦਾ ਹੈ ਕਿ (ਰੱਬੀ ਜੀਵਨ-ਰੌ ਦੀ) ਬੀਨ ਹਰੇਕ ਸਰੀਰ ਵਿਚ ਵੱਜ ਰਹੀ ਹੈ।
ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥
ਪਰ ਇਹ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਮਨ ਨੂੰ ਸਮਝਾ ਲੈਂਦਾ ਹੈ।
ਨਾਨਕ ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥੮॥੧੪॥
ਹੇ ਨਾਨਕ! ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਉਹ ਗੁਰੂ ਦੇ ਉਪਦੇਸ਼ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਬਣਾ ਕੇ, ਹਉਮੈ ਆਦਿਕ ਰੋਗਾਂ ਤੋਂ) ਬਚਿਆ ਰਹਿੰਦਾ ਹੈ ॥੮॥੧੪॥