ਰਾਗ ਸਿਰੀਰਾਗੁ – ਬਾਣੀ ਸ਼ਬਦ-Part 3 – Raag Sri – Bani

ਰਾਗ ਸਿਰੀਰਾਗੁ – ਬਾਣੀ ਸ਼ਬਦ-Part 3 – Raag Sri – Bani

ਸਿਰੀਰਾਗੁ ਮਹਲਾ ੩ ॥
ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥

ਹੇ ਪ੍ਰਭੂ ਜੀ! ਤੂੰ (ਹੀ) ਸਦਾ-ਥਿਰ ਰਹਿਣ ਵਾਲਾ ਹੈਂ। ਹੋਰ ਸਾਰਾ ਜਗਤ ਤੇਰੇ ਵੱਸ ਵਿਚ ਹੈ।

ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ ॥

(ਪਰ ਤੂੰ ਮਿਲਦਾ ਹੈਂ ਗੁਰੂ ਦੀ ਰਾਹੀਂ) ਗੁਰੂ-ਪੀਰ ਨੂੰ ਮਿਲਣ ਤੋਂ ਬਿਨਾ (ਭਾਵ, ਗੁਰੂ ਦੀ ਸਰਨ ਪੈਣ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦੇ ਜੀਵ (ਤੇਰੇ ਦਰਸਨ ਨੂੰ) ਤਰਸਦੇ ਫਿਰਦੇ ਹਨ।

ਹਰਿ ਜੀਉ ਬਖਸੇ ਬਖਸਿ ਲਏ ਸੂਖ ਸਦਾ ਸਰੀਰੈ ॥

ਜਿਸ ਜੀਵ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਗੁਰਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ ॥੧॥

(ਮੇਰੇ ਅੰਦਰ ਭੀ ਤਾਂਘ ਹੈ ਕਿ) ਮੈਂ ਗੁਰੂ ਦੀ ਮਿਹਰ ਨਾਲ ਸਦਾ-ਥਿਰ ਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦਾ ਸਿਮਰਨ ਕਰਦਾ ਰਹਾਂ ॥੧॥

ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥

ਹੇ ਮੇਰੇ ਮਨ! ਜੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਵੀਏ, ਤਾਂ ਆਤਮਕ ਆਨੰਦ ਮਿਲਦਾ ਹੈ।

ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥੧॥ ਰਹਾਉ ॥

(ਪਰ) ਗੁਰੂ ਦੀ ਮਤਿ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਲਾਹੁਣਾ ਚਾਹੀਦਾ ਹੈ। (ਨਾਮ ਸਿਮਰਨ ਦਾ) ਹੋਰ ਕੋਈ ਤਰੀਕਾ ਨਹੀਂ ਹੈ ॥੧॥ ਰਹਾਉ ॥

ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥

ਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ,

ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥

ਕਿ ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ ਜੇਹੜਾ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ) ਹੈ।

ਅਧਿਆਤਮੀ ਹਰਿ ਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ ॥

ਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿਚ ਗੁਣਾਂ ਦਾ ਖ਼ਜਾਨਾ ਪਰਮਾਤਮਾ ਆਪ ਵੱਸਦਾ ਹੈ, ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ।

ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ ॥੨॥

ਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ। ਧੰਨ ਹੈ ਉਹ ਪਰਮਾਤਮਾ ਜੋ (ਆਪਣੇ ਸੇਵਕਾਂ ਦਾ ਜੀਵਨ ਇਤਨਾ) ਸੋਹਣਾ ਬਣਾ ਦੇਂਦਾ ਹੈ (ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ) ॥੨॥

ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ ॥

ਜੇਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ,

ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ ॥

ਉਹ ਸਰਬ-ਵਿਆਪਕ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਹਾਸਲ ਕਰ ਲੈਂਦਾ ਹੈ।

ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥

(ਪਰ) ਗੁਰੂ ਦੀ ਸਰਨ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਵਿਕਾਰਾਂ ਦੇ ਪਿੱਛੇ) ਪਾਗਲ ਹੋਇਆ ਫਿਰਦਾ ਹੈ।

ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥੩॥

ਉਹ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ। ਉਹ (ਜ਼ਬਾਨੀ ਜ਼ਬਾਨੀ ਧਾਰਮਿਕ) ਗੱਲਾਂ ਪਿਆ ਕਰੇ, ਪਰ ਉਹ ਮਾਇਆ ਦੇ ਮੋਹ ਵਿਚ ਹੀ ਗ਼ਰਕ ਰਹਿੰਦਾ ਹੈ ॥੩॥

ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥

(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ, ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ।

ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ ॥

(ਆਪਣੀ ਸਿਫ਼ਤ-ਸਾਲਾਹ ਉਹ ਆਪ ਹੀ ਕਰਾਂਦਾ ਹੈ) ਜਿਵੇਂ ਪਰਮਾਤਮਾ ਬੋਲਣ ਦੀ ਪ੍ਰੇਰਨਾ ਕਰੇ ਤਿਵੇਂ ਹੀ ਜੀਵ ਬੋਲ ਸਕਦਾ ਹੈ (ਜੀਵ ਤਦੋਂ ਹੀ ਸਿਫ਼ਤ-ਸਾਲਾਹ ਕਰ ਸਕਦਾ ਹੈ) ਜਦੋਂ ਉਹ ਪਰਮਾਤਮਾ ਆਪ ਪ੍ਰੇਰਨਾ ਕਰਦਾ ਹੈ।

ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥

ਗੁਰੂ ਦੀ ਸਰਨ ਪੈ ਕੇ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਪ੍ਰਭੂ ਮਿਲਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਪ੍ਰਭੂ ਨਾਲ) ਮਿਲਾਪ ਹੁੰਦਾ ਹੈ।

ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥

ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਸੰਭਾਲ, ਇਸ ਨਾਮ ਦੇ ਸਿਮਰਨ ਨਾਲ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੪॥੩੦॥੬੩॥{38-39}


ਸਿਰੀਰਾਗੁ ਮਹਲਾ ੩ ॥
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥

ਜਗਤ ਨੇ ਹਉਮੈ ਦੀ ਮੈਲ (ਦੇ ਕਾਰਨ ਸਦਾ) ਦੁੱਖ (ਹੀ) ਸਹਾਰਿਆ ਹੈ (ਕਿਉਂਕਿ) ਮਾਇਆ ਵਿਚ ਪਿਆਰ ਦੇ ਕਾਰਨ ਜਗਤ ਨੂੰ (ਵਿਕਾਰਾਂ ਦੀ) ਮੈਲ ਚੰਬੜੀ ਰਹਿੰਦੀ ਹੈ।

ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥

ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ।

ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥

ਲੋਕ ਕਈ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦੇ ਹਨ, (ਇਸ ਤਰ੍ਹਾਂ ਸਗੋਂ ਅੱਗੇ ਨਾਲੋਂ) ਦੂਣੀ (ਹਉਮੈ ਦੀ) ਮੈਲ ਆ ਲਗਦੀ ਹੈ।

ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥

(ਵਿੱ​ਦਿਆ ਆਦਿਕ) ਪੜ੍ਹਨ ਨਾਲ ਭੀ ਇਹ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ (ਭਾਵ, ਪੜ੍ਹੇ ਹੋਏ ਲੋਕਾਂ ਨੂੰ ਵਿੱਦਿਆ ਪੜ੍ਹਨ ਦਾ ਮਾਣ ਹੀ ਬਣਿਆ ਰਹਿੰਦਾ ਹੈ) ॥੧॥

ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥

ਹੇ ਮੇਰੇ ਮਨ! (ਜਦੋਂ ਮਨੁੱਖ) ਗੁਰੂ ਦੀ ਸਰਨ ਆਉਂਦਾ ਹੈ ਤਦੋਂ (ਹੀ) ਪਵਿਤ੍ਰ ਹੁੰਦਾ ਹੈ।

ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆਖ ਆਖ ਕੇ ਥੱਕ ਜਾਂਦੇ ਹਨ (ਫਿਰ ਭੀ ਹਉਮੈ ਦੀ) ਮੈਲ (ਉਹਨਾਂ ਪਾਸੋਂ) ਧੋਤੀ ਨਹੀਂ ਜਾ ਸਕਦੀ ॥੧॥ ਰਹਾਉ ॥

ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥

ਹਉਮੈ ਦੀ ਮੈਲ ਨਾਲ ਭਰੇ ਹੋਏ ਮਨ ਦੀ ਰਾਹੀਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ (ਹਿਰਦੇ ਵਿਚ ਟਿਕ ਨਹੀਂ ਸਕਦਾ)।

ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥

ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲੀਨ-ਮਨ ਰਹਿੰਦੇ ਹਨ, ਤੇ ਆਤਮਕ ਮੌਤੇ ਮਰੇ ਰਹਿੰਦੇ ਹਨ, (ਉਹ ਦੁਨੀਆ ਤੋਂ) ਇੱਜ਼ਤ ਗਵਾ ਕੇ ਹੀ ਜਾਣਗੇ।

ਗੁਰਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥

ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ।

ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥੨॥

ਜਿਵੇਂ (ਜੇ) ਹਨੇਰੇ ਵਿਚ ਦੀਵਾ ਬਾਲ ਦੇਈਏ (ਤਾਂ ਹਨੇਰਾ ਦੂਰ ਹੋ ਜਾਂਦਾ ਹੈ) ਤਿਵੇਂ ਗੁਰੂ ਦੀ ਬਖ਼ਸ਼ੀ ਸਮਝ ਦੀ ਬਰਕਤਿ ਨਾਲ (ਹਉਮੈ-ਰੂਪ) ਬੇ-ਸਮਝੀ (ਦਾ ਹਨੇਰਾ) ਦੂਰ ਹੋ ਜਾਂਦਾ ਹੈ ॥੨॥

ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ॥

(ਇਹ ਕੰਮ) ‘ਅਸਾਂ’ ਕੀਤਾ ਹੈ, ‘ਅਸੀ’ ਹੀ ਕਰ ਸਕਦੇ ਹਾਂ, (ਇਉਂ) ‘ਅਸੀਂ ਅਸੀਂ’ ਆਖਣ ਵਾਲੇ ਬੰਦੇ ਮੂਰਖ ਉਜੱਡ ਹੁੰਦੇ ਹਨ।

ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥

ਉਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਭੁੱਲਿਆ ਰਹਿੰਦਾ ਹੈ, ਉਹ ਸਦਾ ਮਾਇਆ ਵਿਚ ਹੀ ਪਿਆਰ ਪਾਈ ਰੱਖਦੇ ਹਨ।

ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥

(ਦੁਨੀਆ ਵਿਚ) ਮਾਇਆ (ਦੇ ਮੋਹ) ਜੇਡਾ (ਹੋਰ ਕੋਈ) ਦੁੱਖ ਨਹੀਂ ਹੈ, ਮਾਇਆ ਦੇ ਮੋਹ ਵਿਚ ਫਸ ਕੇ ਸਾਰੇ ਜੀਵ (ਮਾਇਆ) ਦੀ ਖ਼ਾਤਰ ਭਟਕ ਭਟਕ ਕੇ ਖਪਦੇ ਰਹਿੰਦੇ ਹਨ।

ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ ॥੩॥

ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾ ਕੇ ਹੀ ਆਤਮਕ ਆਨੰਦ ਮਿਲਦਾ ਹੈ ॥੩॥

ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ ॥

(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ (ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹੀ ਪ੍ਰਭੂ ਨੂੰ ਮਿਲਦਾ ਹੈ। ਮੈਂ ਅਜੇਹੇ ਬੰਦੇ ਤੋਂ ਕੁਰਬਾਨ ਜਾਂਦਾ ਹਾਂ।

ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ ॥

ਹੇ ਮਨ! (ਪ੍ਰਭੂ ਦੀ ਕਿਰਪਾ ਨਾਲ) ਜੇਹੜੇ ਮਨੁੱਖ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਪ੍ਰਭੂ ਦਾ ਸਦਾ-ਥਿਰ ਨਾਮ ਹੀ ਜਿਨ੍ਹਾਂ ਦੀ ਬਾਣੀ ਬਣ ਜਾਂਦਾ ਹੈ, ਉਹਨਾਂ ਨੂੰ ‘ਆਪਣਾ ਘਰ’ ਲੱਭ ਪੈਂਦਾ ਹੈ (ਭਾਵ, ਉਹ ਸਦਾ ਉਸ ਆਤਮਕ ਟਿਕਾਣੇ ਤੇ ਟਿਕੇ ਰਹਿੰਦੇ ਹਨ, ਜਿਥੋਂ ਮਾਇਆ ਦਾ ਮੋਹ ਉਹਨਾਂ ਨੂੰ ਧੱਕਾ ਨਹੀਂ ਦੇ ਸਕਦਾ)।

ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥

ਉਹ ਆਪਣੇ ਮਨ ਵਿਚ (ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਰੰਗੇ ਰਹਿੰਦੇ ਹਨ, ਉਹਨਾਂ ਦੀ ਜੀਭ ਨਾਮ-ਰਸ ਵਿਚ ਮਸਤ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।

ਨਾਨਕ ਨਾਮੁ ਨ ਵੀਸਰੈ ਸਚੇ ਮਾਹਿ ਸਮਾਉ ॥੪॥੩੧॥੬੪॥

ਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਦਾ ਨਾਮ (ਕਦੇ) ਨਹੀਂ ਭੁੱਲਦਾ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੪॥੩੧॥੬੪॥


ਸਿਰੀਰਾਗੁ ਮਹਲਾ ੪ ਘਰੁ ੧ ॥
ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥

ਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ।

ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥

ਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ।

ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥

(ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ ॥੧॥

ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥

ਹੇ ਮੇਰੇ ਸਤਿਗੁਰ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ।

ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥

ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, (ਪਰ) ਤੇਰੀ ਸਰਨ ਆਏ ਹਨ (ਜੇਹੜਾ ਭਾਗਾਂ ਵਾਲਾ ਗੁਰੂ ਦੀ ਸਰਨ ਆਉਂਦਾ ਹੈ ਉਸ ਨੂੰ) ਉਹ ਪਰਮਾਤਮਾ ਆਪ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੧॥ ਰਹਾਉ ॥

ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥

ਗੁਰੂ ਹਰਿ ਨਾਮ ਦੀ ਦਾਤ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ।

ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥

ਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ।

ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥

(ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ-ਭਾਵ ਮਿਟਾ ਕੇ, ਆ ਪਵਾਂ। (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੨॥

ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥

ਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ।

ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥

(ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ।

ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥

ਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ ॥੩॥

ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥

ਹੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਬਚਣ ਵਾਸਤੇ) ਸਭ ਜੀਵਾਂ ਨੂੰ ਤੇਰੀ (ਸਹੈਤਾ ਦੀ) ਹੀ ਆਸ ਹੈ, ਸਭ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ, ਤੂੰ ਹੀ (ਸਭ ਜੀਵਾਂ ਦੀ ਆਤਮਕ) ਰਾਸ ਪੂੰਜੀ ਹੈਂ।

ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ ॥

ਹੇ ਪ੍ਰਭੂ! ਤੇਰੇ ਦਰ ਤੋਂ ਕੋਈ ਖ਼ਾਲੀ ਨਹੀਂ ਮੁੜਦਾ, ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ।

ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥

ਹੇ ਪ੍ਰਭੂ! ਤੇਰੇ ਦਾਸ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਜ਼ਹਰ ਵਿਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ ॥੪॥੧॥੬੫॥{39-40}


ਸਿਰੀਰਾਗੁ ਮਹਲਾ ੪ ॥
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥

(ਜਿਸ ਮਨੁੱਖ ਨੂੰ ਪਰਮਾਤਮਾ ਦਾ) ਨਾਮ ਮਿਲ ਜਾਂਦਾ ਹੈ (ਉਸ ਦਾ) ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦਾ ਹੈ। ਨਾਮ ਤੋਂ ਸੁੰਞਾ ਜੀਊਣਾ ਫਿਟਕਾਰ-ਜੋਗ ਹੈ (ਨਾਮ ਤੋਂ ਖ਼ਾਲੀ ਰਹਿ ਕੇ ਜ਼ਿੰਦਗੀ ਦੇ ਗੁਜ਼ਾਰਿਆਂ ਫਿਟਕਾਰਾਂ ਹੀ ਪੈਂਦੀਆਂ ਹਨ)।

ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥

ਜੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਭਲਾ ਮਨੁੱਖ ਮੈਨੂੰ ਮਿਲ ਪਵੇ, ਤੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਦੱਸ ਪਾ ਦੇਵੇ,

ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥੧॥

ਮੇਰੇ ਅੰਦਰ ਪ੍ਰਭੂ ਨਾਮ ਦਾ ਚਾਨਣ ਕਰ ਦੇਵੇ, ਮੈਂ ਉਸ ਤੋਂ ਕੁਰਬਾਨ ਹੋਣ ਨੂੰ ਤਿਆਰ ਹਾਂ ॥੧॥

ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥

ਹੇ ਮੇਰੇ ਪ੍ਰੀਤਮ-ਪ੍ਰਭੂ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਜੀਊ ਸਕਦਾ ਹਾਂ।

ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥

ਹੇ ਮੇਰੇ ਸਤਿਗੁਰੂ! (ਮੇਰੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦੇ (ਕਿਉਂਕਿ) ਪ੍ਰਭੂ-ਨਾਮ ਤੋਂ ਬਿਨਾ ਆਤਮਕ ਜੀਵਨ ਨਹੀਂ ਬਣ ਸਕਦਾ ॥੧॥ ਰਹਾਉ ॥

ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥

ਪਰਮਾਤਮਾ ਦਾ ਨਾਮ ਇਕ ਐਸਾ ਰਤਨ ਹੈ, ਜਿਸ ਜਿਹੀ ਕੀਮਤੀ ਸ਼ੈ ਹੋਰ ਕੋਈ ਨਹੀਂ ਹੈ, ਇਹ ਨਾਮ ਪੂਰੇ ਗੁਰੂ ਦੇ ਪਾਸ ਹੀ ਹੈ।

ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥

ਜੇ ਗੁਰੂ ਦੀ ਦੱਸੀ ਸੇਵਾ ਵਿਚ ਲੱਗ ਜਾਈਏ, ਤਾਂ ਉਹ ਹਿਰਦੇ ਵਿਚ ਗਿਆਨ ਦਾ ਚਾਨਣ ਕਰ ਕੇ (ਆਪਣੇ ਪਾਸੋਂ ਨਾਮ-) ਰਤਨ ਕੱਢ ਕੇ ਦੇਂਦਾ ਹੈ।

ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥

(ਇਸ ਵਾਸਤੇ) ਉਹ ਮਨੁੱਖ ਭਾਗਾਂ ਵਾਲੇ ਹਨ, ਬੜੇ ਭਾਗਾਂ ਵਾਲੇ ਹਨ, ਸ਼ਲਾਘਾ-ਜੋਗ ਹਨ, ਜੇਹੜੇ ਆ ਕੇ ਗੁਰੂ ਦੀ ਸਰਨ ਪੈਂਦੇ ਹਨ ॥੨॥

ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥

(ਪਰ) ਜਿਨ੍ਹਾਂ ਮਨੁੱਖਾਂ ਨੂੰ ਅਕਾਲ-ਪੁਰਖ ਦਾ ਰੂਪ ਸਤਿਗੁਰੂ ਕਦੇ ਨਹੀਂ ਮਿਲਿਆ, ਉਹ ਮੰਦ-ਭਾਗੀ ਹਨ ਉਹ ਆਤਮਕ ਮੌਤ ਦੇ ਵੱਸ ਵਿਚ ਰਹਿੰਦੇ ਹਨ।

ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥

ਉਹ ਵਿਕਾਰਾਂ ਦੇ ਗੰਦ ਵਿਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਮੁੜ ਜਨਮ-ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।

ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥

(ਹੇ ਭਾਈ! ਨਾਮ ਤੋਂ ਸੱਖਣੇ) ਜਿਨ੍ਹਾਂ ਮਨੁੱਖਾਂ ਦੇ ਅੰਦਰ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ ਉਹਨਾਂ ਦੇ ਕਦੇ ਨੇੜੇ ਨਹੀਂ ਢੁੱਕਣਾ ਚਾਹੀਦਾ ॥੩॥

ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥

(ਪਰ ਇਹ ਵਿਕਾਰਾਂ ਦਾ ਗੰਦ, ਇਹ ਚੰਡਾਲ ਕ੍ਰੋਧ ਆਦਿਕ ਦਾ ਪ੍ਰਭਾਵ ਤੀਰਥਾਂ ਤੇ ਨ੍ਹ੍ਹਾਤਿਆਂ ਦੂਰ ਨਹੀਂ ਹੋ ਸਕਦਾ) ਅਕਾਲ-ਪੁਰਖ ਦਾ ਰੂਪ ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਜੇਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ।

ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥

(ਗੁਰੂ ਦੀ ਸਰਨ ਪੈ ਕੇ) ਪਵਿਤ੍ਰ ਪ੍ਰਭੂ-ਨਾਮ ਹਿਰਦੇ ਵਿਚ ਪੱਕਾ ਕਰਨ ਦੇ ਕਾਰਨ ਉਹਨਾਂ (ਵਡ-ਭਾਗੀਆਂ) ਦੀ ਜਨਮਾਂ ਜਨਮਾਂਤਰਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।

ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥

ਹੇ ਦਾਸ ਨਾਨਕ! (ਆਖ-) ਸਤਿਗੁਰੁ ਦੀ ਸਿੱਖਿਆ ਵਿਚ ਸੁਰਤ ਜੋੜ ਕੇ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਜੀਵਨ ਦਾ ਦਰਜਾ ਹਾਸਲ ਕਰ ਲੈਂਦੇ ਹਨ ॥੪॥੨॥੬੬॥


ਸਿਰੀਰਾਗੁ ਮਹਲਾ ੪ ॥
ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥

ਹੇ ਮੇਰੀ ਮਾਂ! (ਮੇਰਾ ਮਨ ਤਰਸਦਾ ਹੈ ਕਿ) ਮੈਂ (ਪ੍ਰਭੂ ਦੇ) ਗੁਣ ਗਾਂਵਦਾ ਰਹਾਂ, ਗੁਣਾਂ ਦਾ ਵਿਸਥਾਰ ਕਰਦਾ ਰਹਾਂ ਤੇ (ਪ੍ਰਭੂ ਦੇ) ਗੁਣ ਉਚਾਰਦਾ ਰਹਾਂ।

ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੰਤ ਜਨ ਹੀ (ਪ੍ਰਭੂ ਦੇ ਗੁਣ ਗਾਵਣ ਦੀ ਇਹ) ਸਿਫ਼ਤਿ ਪੈਦਾ ਕਰ ਸਕਦਾ ਹੈ। ਕਿਸੇ ਗੁਰਮੁਖਿ ਨੂੰ ਹੀ ਮਿਲ ਕੇ ਪ੍ਰਭੂ ਦੇ ਗੁਣ ਕੋਈ ਗਾ ਸਕਦਾ ਹੈ।

ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥੧॥

(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ) ਮਨ-ਹੀਰਾ ਗੁਰੂ-ਹੀਰੇ ਨੂੰ ਮਿਲ ਕੇ (ਉਸ ਵਿਚ) ਵਿੱਝ ਜਾਂਦਾ ਹੈ, ਪ੍ਰਭੂ ਦੇ ਨਾਮ ਵਿਚ (ਲੀਨ ਹੋ ਕੇ) ਉਹ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ (ਰੰਗਿਆ ਜਾਂਦਾ ਹੈ) ॥੧॥

ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤਿ ਮਨਿ ਹੋਇ ॥

ਹੇ ਮੇਰੇ ਗੋਬਿੰਦ! (ਕਿਰਪਾ ਕਰ ਕਿ) ਮੈਂ ਤੇਰੇ ਗੁਣ ਗਾਂਵਦਾ ਰਹਾਂ, (ਤੇਰੇ ਗੁਣ ਗਾਂਦਿਆਂ ਹੀ) ਮਨ ਵਿਚ (ਮਾਇਆ ਦੀ) ਤ੍ਰਿਸ਼ਨਾ ਤੋਂ ਖ਼ਲਾਸੀ ਹੁੰਦੀ ਹੈ।

ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥੧॥ ਰਹਾਉ ॥

ਹੇ ਗੋਬਿੰਦ! ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਹੈ (ਮੈਨੂੰ ਗੁਰੂ ਮਿਲਾ) ਗੁਰੂ ਪ੍ਰਸੰਨ ਹੋ ਕੇ ਉਸ ਨਾਮ ਦਾ ਮਿਲਾਪ ਕਰਾਂਦਾ ਹੈ ॥੧॥ ਰਹਾਉ ॥

ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥

ਹੇ ਵੱਡੇ ਭਾਗਾਂ ਵਾਲਿਓ! (ਗੁਰੂ ਦੀ ਸਰਨ ਪੈ ਕੇ ਆਪਣਾ) ਮਨ (ਪ੍ਰਭੂ ਦੇ ਨਾਮ-ਰੰਗ ਵਿਚ) ਰੰਗ ਲਵੋ। ਗੁਰੂ ਪ੍ਰਸੰਨ ਹੋ ਕੇ (ਨਾਮ ਦੀ ਇਹ) ਬਖ਼ਸ਼ਸ਼ ਕਰਦਾ ਹੈ।

ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥

ਗੁਰੂ ਪਿਆਰ ਨਾਲ ਪਰਮਾਤਮਾ ਦਾ ਨਾਮ (ਸਰਨ ਆਏ ਸਿੱਖ ਦੇ ਹਿਰਦੇ ਵਿਚ ਹੀ ਪੱਕਾ ਕਰ ਦੇਂਦਾ ਹੈ। (ਇਸ ਕਰਕੇ) ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ।

ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥੨॥

ਜੇ ਮੈਂ ਲੱਖਾਂ ਕ੍ਰੋੜਾਂ (ਹੋਰ ਹੋਰ ਧਾਰਮਿਕ) ਕੰਮ ਕਰਾਂ ਤਾਂ ਭੀ ਸਤਿਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ॥੨॥

ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥

ਚੰਗੀ ਕਿਸਮਤਿ ਤੋਂ ਬਿਨਾ ਗੁਰੂ ਨਹੀਂ ਮਿਲਦਾ (ਤੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਭਾਵੇਂ) ਸਾਡੇ ਹਿਰਦੇ ਵਿਚ ਬੈਠਾ ਹਰ ਵੇਲੇ ਸਾਡੇ ਨੇੜੇ ਹੈ, ਸਾਡੇ ਕੋਲ ਹੈ।

ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥

ਜਿਸ ਜੀਵ ਦੇ ਅੰਦਰ ਅਗਿਆਨਤਾ (ਦੇ ਹਨੇਰੇ) ਦਾ ਦੁੱਖ ਟਿਕਿਆ ਰਹੇ, ਜਿਸ ਨੂੰ ਮਾਇਆ ਦੀ ਭਟਕਣੀ ਲੱਗੀ ਰਹੇ ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਭਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ। ਉਸ ਦੀ ਜਿੰਦ ਅੰਦਰ-ਵੱਸਦੇ ਪ੍ਰਭੂ ਨਾਲੋਂ ਦੂਰ ਪਈ ਰਹਿੰਦੀ ਹੈ।

ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ ॥੩॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਨੋ) ਲੋਹਾ ਹੈ ਜੋ ਗੁਰੂ-ਪਾਰਸ ਨੂੰ ਮਿਲਣ ਤੋਂ ਬਿਨਾ ਸੋਨਾ ਨਹੀਂ ਬਣ ਸਕਦਾ, ਗੁਰੂ-ਬੇੜੀ ਉਸ ਮਨਮੁਖ-ਲੋਹੇ ਦੇ ਪਾਸ ਹੀ ਹੈ, ਪਰ ਉਹ (ਵਿਕਾਰਾਂ ਦੀ ਨਦੀ ਵਿਚ ਹੀ) ਡੁੱਬਦਾ ਹੈ ॥੩॥

ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥

ਸਤਿਗੁਰੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ (ਪਰ ਉਸ ਜਹਾਜ਼ ਵਿਚ ਚੜ੍ਹਨ ਦੀ ਭੀ ਜਾਚ ਹੋਣੀ ਚਾਹੀਦੀ ਹੈ, ਫਿਰ) ਕਿਸ ਤਰ੍ਹਾਂ (ਉਸ ਜਹਾਜ਼ ਵਿਚ) ਚੜ੍ਹਿਆ ਜਾਏ?

ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ ॥

ਜੇਹੜਾ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਉਸ ਜਹਾਜ਼ ਵਿਚ ਸਵਾਰ ਹੋ ਗਿਆ ਸਮਝੋ।

ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ ॥੪॥੩॥੬੭॥

ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਧੰਨ ਹਨ, ਜਿਨ੍ਹਾਂ ਨੂੰ ਸਤਿਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥੩॥੬੭॥


ਸਿਰੀਰਾਗੁ ਮਹਲਾ ੪ ॥
ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥

ਮੈਂ ਸਦਾ (ਤਾਂਘ ਵਿਚ) ਖਲੋਤੀ ਹੋਈ (ਪਰਮਾਤਮਾ ਦੇ ਦੇਸ ਦਾ) ਰਾਹ ਪੁੱਛਦੀ ਹਾਂ (ਮੈਂ ਸਦਾ ਲੋਚਦੀ ਹਾਂ ਕਿ) ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ, ਤੇ ਉਸ ਦੀ ਰਾਹੀਂ (ਉਸ ਦੀ ਸਹੈਤਾ ਨਾਲ ਪ੍ਰਭੂ ਦੇ ਚਰਨਾਂ ਵਿਚ) ਪਹੁੰਚਾਂ।

ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ ॥

ਜਿਨ੍ਹਾਂ (ਸਤਿਸੰਗੀ ਸਹੇਲੀਆਂ) ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ, ਉਹਨਾਂ ਦੇ ਪਿੱਛੇ ਲੱਗੀ ਫਿਰਾਂ,

ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥੧॥

ਅਤੇ ਉਹਨਾਂ ਅੱਗੇ ਤਰਲਾ ਕਰਾਂ ਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਉ ਹੈ (ਮੈਨੂੰ ਉਸ ਦੇ ਮਿਲਾਪ ਦਾ ਰਸਤਾ ਦੱਸੋ।) ॥੧॥

ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ ॥

ਹੇ ਮੇਰੇ ਭਰਾਵੋ! ਮੈਨੂੰ ਕੋਈ ਧਿਰ ਪਰਮਾਤਮਾ ਨਾਲ ਮਿਲਾ ਦਿਉ।

ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ ॥

(ਪਰ ਗੁਰੂ ਤੋਂ ਬਿਨਾ ਹੋਰ ਕੌਣ ਮਿਲਾ ਸਕਦਾ ਹੈ?) ਮੈਂ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਵਿਖਾਲ ਦਿੱਤਾ (ਭਾਵ, ਜੋ ਵਿਖਾਲ ਦੇਂਦਾ ਹੈ) ॥੧॥ ਰਹਾਉ ॥

ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥

(ਮੇਰਾ ਮਨ ਲੋਚਦਾ ਹੈ ਕਿ) ਮੈਂ ਹੋਰ ਮਾਨ ਆਸਰਾ ਛੱਡ ਕੇ ਪੂਰੇ ਸਤਿਗੁਰੂ ਦੇ ਚਰਨਾਂ ਉੱਤੇ ਡਿੱਗ ਪਵਾਂ।

ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ ॥

ਗੁਰੂ ਉਹਨਾਂ ਦਾ ਮਾਣ-ਆਸਰਾ ਹੈ, ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ, (ਨਿਮਾਣਿਆਂ ਨੂੰ) ਗੁਰੂ ਦਿਲਾਸਾ ਦੇਂਦਾ ਹੈ।

ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ ॥੨॥

ਗੁਰੂ ਦੀਆਂ ਵਡਿਆਈਆਂ ਕਰ ਕਰ ਕੇ ਮੇਰਾ ਮਨ ਰੱਜਦਾ ਨਹੀਂ ਹੈ। ਗੁਰੂ ਮੈਨੂੰ ਮੇਰੇ-ਪਾਸ-ਹੀ-ਵੱਸਦਾ ਪਰਮਾਤਮਾ ਮਿਲਾਣ ਦੇ ਸਮਰੱਥ ਹੈ ॥੨॥

ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ ॥

ਜਿਤਨਾ ਇਹ ਸਾਰਾ ਜਗਤ ਹੈ ਹਰੇਕ ਜੀਵ ਸਤਿਗੁਰੂ ਨੂੰ ਮਿਲਣ ਲਈ ਤਾਂਘਦਾ ਹੈ,

ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ ॥

ਪਰ ਚੰਗੀ ਕਿਸਮਤ ਤੋਂ ਬਿਨਾ ਸਤਿਗੁਰੂ ਦਾ ਦਰਸ਼ਨ ਨਹੀਂ ਹੁੰਦਾ (ਗੁਰੂ ਦੀ ਕਦਰ ਨਹੀਂ ਪੈਂਦੀ)। (ਗੁਰੂ ਤੋਂ ਵਿੱਛੁੜ ਕੇ) ਮੰਦ-ਭਾਗਣ ਜੀਵ-ਇਸਤ੍ਰੀ ਬੈਠੀ ਦੁਖੀ ਹੁੰਦੀ ਹੈ।

ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ ॥੩॥

(ਪਰ ਜੀਵਾਂ ਦੇ ਭੀ ਕੀਹ ਵੱਸ?) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ ॥੩॥

ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥

ਪਰਮਾਤਮਾ ਆਪ ਹੀ ਸਤਿਗੁਰੂ ਮਿਲਾਂਦਾ ਹੈ (ਤੇ ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਮਿਲਾਂਦਾ ਹੈ।

ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੈ ਪਾਇ ॥

ਪ੍ਰਭੂ (ਜੀਵਾਂ ਨੂੰ) ਆਪ ਹੀ ਸਤਿਗੁਰੂ ਦੇ ਲੜ ਲਾ ਕੇ ਮਿਹਰ ਕਰ ਕੇ ਆਪਣੇ ਨਾਲ ਮਿਲਾਣ ਦੇ ਸਮਰੱਥ ਹੈ।

ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥੪॥੪॥੬੮॥

ਹੇ ਨਾਨਕ! ਜਗਤ (ਦੇ-ਜੀਵਾਂ)-ਦਾ ਸਹਾਰਾ ਪਰਮਾਤਮਾ ਜਗਤ ਵਿਚ ਹਰ ਥਾਂ ਆਪ ਹੀ ਆਪ ਹੈ (ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ ਜਿਵੇਂ) ਪਾਣੀ ਪਾਣੀ ਵਿਚ ਇਕ-ਰੂਪ ਹੋ ਜਾਂਦਾ ਹੈ ॥੪॥੪॥੬੮॥


ਸਿਰੀਰਾਗੁ ਮਹਲਾ ੪ ॥
ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥

ਪਰਮਾਤਮਾ ਦਾ ਨਾਮ ਬੜਾ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲਾ ਹੈ। ਇਹ ਰਸ ਕਿਸ ਤਰ੍ਹਾਂ ਮਿਲ ਸਕਦਾ ਹੈ? ਕਿਵੇਂ ਕੋਈ ਮਨੁੱਖ ਇਹ ਰਸ ਖਾ ਸਕਦਾ ਹੈ?

ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥

(ਜੇ ਇਹ ਭੇਤ ਸਮਝਣਾ ਹੈ ਤਾਂ ਹੇ ਭਾਈ!) ਉਹਨਾਂ ਜੀਵ-ਇਸਤ੍ਰੀਆਂ ਨੂੰ ਜਾ ਕੇ ਪੁੱਛੋ, ਜਿਨ੍ਹਾਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ (ਉਹਨਾਂ ਨੂੰ ਪੁੱਛੋ ਕਿ ਤੁਹਾਨੂੰ) ਪ੍ਰਭੂ ਕਿਵੇਂ ਆ ਕੇ ਮਿਲਿਆ ਹੈ।

ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥

(ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ) ਉਹ (ਦੁਨੀਆ ਦੀ ਸੋਭਾ ਆਦਿਕ ਵਲੋਂ) ਬੇ-ਮੁਥਾਜ ਹੋ ਜਾਂਦੀਆਂ ਹਨ (ਇਸ ਵਾਸਤੇ ਉਹ ਬਹੁਤਾ) ਨਹੀਂ ਬੋਲਦੀਆਂ। ਮੈਂ ਉਹਨਾਂ ਦੇ ਪੈਰ ਮਲ ਮਲ ਕੇ ਧੋਂਦੀ ਹਾਂ ॥੧॥

ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ ॥

ਹੇ ਭਾਈ! (ਗੁਰੂ-) ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲ।

ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥

ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸਰਨ ਆਏ ਮਨੁੱਖ ਦੇ ਹਿਰਦੇ ਵਿਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ ॥੧॥ ਰਹਾਉ ॥

ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥

ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ, ਉਹੀ ਸੁਹਾਗ-ਭਾਗ ਵਾਲੀਆਂ ਹੋ ਜਾਂਦੀਆਂ ਹਨ (ਉਹਨਾਂ ਪਾਸੋਂ ਜੀਵਨ ਜੁਗਤਿ ਪੁੱਛਿਆਂ) ਉਹਨਾਂ ਦੇ ਮਨ ਵਿਚ ਤਰਸ ਆ ਜਾਂਦਾ ਹੈ।

ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥

(ਤੇ ਉਹ ਦੱਸਦੀਆਂ ਹਨ ਕਿ) ਸਤਿਗੁਰੂ ਦਾ ਬਚਨ (ਇਕ ਕੀਮਤੀ) ਰਤਨ ਹੈ, ਜੇਹੜਾ ਜੀਵ (ਗੁਰੂ ਦੇ ਬਚਨ ਉੱਤੇ) ਸਰਧਾ ਲਿਆਉਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ।

ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥੨॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਅਨੁਸਾਰ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ ਉਹ ਵੱਡੇ ਭਾਗਾਂ ਵਾਲੇ ਸਮਝੇ ਜਾਂਦੇ ਹਨ ॥੨॥

ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥

(ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ, ਤਿਵੇਂ) ਪਰਮਾਤਮਾ ਦਾ ਇਹ ਨਾਮ-ਰਸ ਵਣ-ਤ੍ਰਿਣ ਵਿਚ ਹਰ ਥਾਂ ਮੌਜੂਦ ਹੈ (ਤੇ ਸਾਰੀ ਸ੍ਰਿਸ਼ਟੀ ਦੀ ਜਿੰਦ ਦਾ ਆਸਰਾ ਹੈ) ਪਰ ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਇਸ ਨਾਮ-ਰਸ ਨੂੰ ਨਹੀਂ ਚੱਖਦੀ।

ਬਿਨੁ ਸਤਿਗੁਰ ਪਲੈ ਨਾ ਪਵੈ ਮਨਮੁਖ ਰਹੇ ਬਿਲਲਾਇ ॥

ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਨਾਮ-ਰਸ ਪ੍ਰਾਪਤ ਨਹੀਂ ਹੁੰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਨਾਮ-ਰਸ ਤੋਂ ਵਾਂਜੇ ਰਹਿ ਕੇ) ਵਿਲਕਦੇ ਹੀ ਰਹਿੰਦੇ ਹਨ।

ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ ॥੩॥

ਉਹਨਾਂ ਦੇ ਅੰਦਰ ਕ੍ਰੋਧ ਆਫ਼ਤ ਟਿਕੀ ਰਹਿੰਦੀ ਹੈ, ਉਹ ਸਤਿਗੁਰੂ ਦੇ ਅੱਗੇ ਸਿਰ ਨਹੀਂ ਨਿਵਾਂਦੇ ॥੩॥

ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ ॥

(ਪਰਮਾਤਮਾ ਤੇ ਪਰਮਾਤਮਾ ਦੇ ਨਾਮ-ਰਸ ਵਿਚ ਕੋਈ ਫ਼ਰਕ ਨਹੀਂ ਹੈ) ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਜਿੰਦ ਦਾ ਸਹਾਰਾ) ਰਸ ਹੈ।

ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ ॥

ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਨਾਮ-ਰਸ ਦੇਂਦਾ ਹੈ (ਜਿਵੇਂ ਸ਼ਹਦ ਦੇ ਛੱਤੇ ਵਿਚੋਂ ਸ਼ਹਦ ਚੋਂਦਾ ਹੈ, ਤਿਵੇਂ) ਗੁਰੂ ਦੀ ਸਰਨ ਪਿਆਂ ਆਤਮਕ ਜੀਵਨ ਦੇਣ ਵਾਲਾ ਰਸ (ਜੀਵ ਦੇ ਅੰਦਰੋਂ) ਚੋਂਦਾ ਹੈ।

ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥੪॥੫॥੬੯॥

ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ (ਨਾਮ-ਰਸ ਆ ਵੱਸਦਾ ਹੈ) ਉਸ ਦਾ ਸਾਰਾ ਸਰੀਰ, ਉਸ ਦਾ ਮਨ ਹਰਾ ਹੋ ਜਾਂਦਾ ਹੈ (ਖਿੜ ਪੈਂਦਾ ਹੈ) ॥੪॥੫॥੬੯॥


ਸਿਰੀਰਾਗੁ ਮਹਲਾ ੪ ॥
ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥

ਦਿਨ ਚੜ੍ਹਦਾ ਹੈ ਫਿਰ ਡੁੱਬ ਜਾਂਦਾ ਹੈ, ਸਾਰੀ ਰਾਤ ਭੀ ਲੰਘ ਜਾਂਦੀ ਹੈ।

ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥

(ਇਸ ਕਰਕੇ ਤਰ੍ਹਾਂ ਸਹਜੇ ਸਹਜੇ) ਉਹ ਘਟਦੀ ਜਾਂਦੀ ਹੈ ਪਰ ਮਨੁੱਖ ਸਮਝਦਾ ਨਹੀਂ (ਗੁਜ਼ਰਦਾ ਸਮਾ ਮਨੁੱਖ ਦੀ ਉਮਰ ਨੂੰ ਇਉਂ ਕੱਟਦਾ ਜਾ ਰਿਹਾ ਹੈ ਜਿਵੇਂ) ਚੂਹਾ ਸਦਾ ਰੱਸੀ ਨੂੰ ਟੁੱਕਦਾ ਜਾਂਦਾ ਹੈ।

ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥

(ਜਿਵੇਂ) ਗੁੜ (ਜੀਵਾਂ ਨੂੰ) ਮਿੱਠਾ (ਲੱਗਦਾ ਹੈ, ਤਿਵੇਂ) ਮਾਇਆ ਦਾ ਮਿੱਠਾ ਮੋਹ ਪ੍ਰਭਾਵ ਪਾ ਰਿਹਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਮਿਠਾਸ ਵਿਚ ਫਸ ਕੇ ਖ਼ੁਆਰ ਹੁੰਦਾ ਹੈ ਜਿਵੇਂ ਮੱਖੀ ਗੁੜ ਉਤੇ ਚੰਬੜ ਕੇ ਮਰ ਜਾਂਦੀ ਹੈ ॥੧॥

ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ ॥

ਹੇ ਭਾਈ! ਮੇਰੇ ਵਾਸਤੇ ਤਾਂ ਉਹ ਪਰਮਾਤਮਾ ਹੀ ਮਿੱਤਰ ਹੈ, ਸਾਥੀ ਹੈ।

ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ ਰਹਾਉ ॥

ਪੁੱਤਰ (ਦਾ) ਇਸਤ੍ਰੀ (ਦਾ) ਮੋਹ ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ, ਅਤੇ ਪੁੱਤਰ ਇਸਤ੍ਰੀ ਆਦਿਕ ਵਿਚੋਂ) ਅੰਤ ਵੇਲੇ ਕੋਈ ਸਾਥੀ (ਭੀ) ਨਹੀਂ ਬਣਦਾ ॥੧॥ ਰਹਾਉ ॥

ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥

(ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਵਿਚ ਸੁਰਤ ਜੋੜਦੇ ਹਨ ਉਹ (ਇਸ ਮੌਤ ਤੋਂ) ਬਚ ਜਾਂਦੇ ਹਨ, ਪ੍ਰਭੂ ਦੀ ਸਰਨ ਪੈ ਕੇ ਉਹ ਨਿਰਲੇਪ ਰਹਿੰਦੇ ਹਨ।

ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥

ਉਹਨਾਂ ਮਨੁੱਖਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਸਦਾ (ਸਾਹਮਣੇ) ਵੇਖਿਆ ਹੈ, ਉਹਨਾਂ ਨੇ ਪਰਮਾਤਮਾ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ ਇਕੱਠਾ ਕੀਤਾ ਹੈ ਤੇ (ਲੋਕ ਪਰਲੋਕ ਵਿਚ) ਇੱਜ਼ਤ ਪਾਈ ਹੈ।

ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥੨॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਪਰਮਾਤਮਾ ਆਪ ਉਹਨਾਂ ਨੂੰ ਆਪਣੇ ਗਲ ਲਾਂਦਾ ਹੈ ॥੨॥

ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ (ਜੀਵਨ ਦਾ) ਰਸਤਾ ਸਾਫ਼ ਪੱਧਰਾ ਦਿੱਸਦਾ ਹੈ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਪਹੁੰਚਣ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਪਾਂਦਾ।

ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥

ਉਹ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਰਹਿੰਦਾ ਹੈ, ਉਹ ਸਦਾ ਪ੍ਰਭੂ-ਨਾਮ ਵਿਚ ਸੁਰਤ ਜੋੜੀ ਰੱਖਦੇ ਹਨ।

ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥

ਉਹਨਾਂ ਦੇ ਅੰਦਰ ਇਕ-ਰਸ ਸੁਰ ਨਾਲ ਪ੍ਰਭੂ ਦੀ ਸਿਫ਼ਤਿ ਦੇ (ਮਾਨੋ, ਵਾਜੇ) ਵੱਜਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ ॥੩॥

ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕੀਤੀ ਹੈ, ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ।

ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥

ਹੇ ਪ੍ਰਭੂ! ਮੈਂ ਮੰਗਤੇ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਉਹਨਾਂ ਦੀ ਸੰਗਤਿ ਬਖ਼ਸ਼।

ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਾਗ ਪੈਂਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਆਤਮਕ) ਚਾਨਣ ਪੈਦਾ ਕਰ ਦੇਂਦਾ ਹੈ ॥੪॥੩੩॥੩੧॥੬॥੭੦॥{41-42}


ਸਿਰੀਰਾਗੁ ਮਹਲਾ ੫ ਘਰੁ ੧ ॥
ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥

ਹੇ ਮੂਰਖ! ਤੂੰ (ਆਪਣੇ) ਪੁੱਤਰਾਂ ਨੂੰ ਵੇਖ ਕੇ (ਆਪਣੀ) ਇਸਤ੍ਰੀ ਦੇ ਹਾਵ-ਭਾਵ ਨੂੰ ਵੇਖ ਕੇ ਕਿਉਂ ਮਸਤ ਹੋ ਰਿਹਾ ਹੈਂ?

ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥

ਤੂੰ (ਦੁਨੀਆ ਦੇ ਕਈ) ਰਸ ਭੋਗਦਾ ਹੈਂ, ਤੂੰ (ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਮਾਣਦਾ ਹੈਂ, ਤੂੰ ਅਨੇਕਾਂ (ਕਿਸਮ ਦੀਆਂ) ਮੌਜਾਂ ਮਾਣਦਾ ਹੈਂ।

ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥

ਤੂੰ ਬੜੇ ਹੁਕਮ (ਭੀ) ਕਰਦਾ ਹੈਂ, ਤੂੰ ਅਹੰਕਾਰੀ ਹੋ ਕੇ (ਲੋਕਾਂ ਨਾਲ ਅਹੰਕਾਰ ਵਾਲਾ) ਵਰਤਾਉ ਕਰਦਾ ਹੈਂ।

ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥੧॥

ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੈਨੂੰ ਕਰਤਾਰ ਚੇਤੇ ਹੀ ਨਹੀਂ ਰਿਹਾ ॥੧॥

ਮੇਰੇ ਮਨ ਸੁਖਦਾਤਾ ਹਰਿ ਸੋਇ ॥

ਹੇ ਮੇਰੇ ਮਨ! ਉਹ ਪਰਮਾਤਮਾ ਆਪ ਹੀ ਸੁਖਾਂ ਦਾ ਦੇਣ ਵਾਲਾ ਹੈ।

ਗੁਰਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ ॥

(ਉਹ ਪਰਮਾਤਮਾ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ (ਆਪਣੀ ਹੀ) ਮਿਹਰ ਨਾਲ ਮਿਲਦਾ ਹੈ ॥੧॥ ਰਹਾਉ ॥

ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥

(ਹੇ ਮੂਰਖ!) ਤੂੰ ਖਾਣ ਵਿਚ ਹੰਢਾਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ ਚਾਂਦੀ ਧਰਤੀ ਇਕੱਠੀ ਕਰ ਰਿਹਾ ਹੈਂ।

ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥

ਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾਹ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ।

ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥

(ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸਨਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਤੂੰ ਆਪਣੇ ਚਿੱਤ ਵਿਚ ਨਹੀਂ ਲਿਆਉਂਦਾ।

ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥

ਪਰਮਾਤਮਾ ਦੇ ਨਾਮ ਤੋਂ ਬਿਨਾ ਤੂੰ (ਆਤਮਕ ਜੀਵਨ ਵਿਚ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ ॥੨॥

ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥

(ਹੇ ਮੂਰਖ!) ਤੂੰ (ਧੱਕੇ ਧੋੜੇ ਕਰ ਕੇ) ਮਾਇਆ ਇਕੱਠੀ ਕਰਦਾ ਹੈਂ (ਜਿਸ ਕਰਕੇ ਲੋਕਾਂ ਦੀਆਂ) ਬਦ-ਅਸੀਸਾਂ ਲੈਂਦਾ ਹੈਂ।

ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥

(ਪਰ) ਜਿਸ (ਪਰਵਾਰ) ਨੂੰ ਤੂੰ (ਇਸ ਮਾਇਆ ਨਾਲ) ਖ਼ੁਸ਼ ਕਰਦਾ ਹੈਂ ਉਹ ਤੇਰੇ ਸਮੇਤ ਹੀ ਨਾਸਵੰਤ ਹੈ।

ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥

ਹੇ ਅਹੰਕਾਰੀ! ਤੂੰ ਆਪਣੇ ਮਨ ਦੀ ਮਤਿ ਦੇ ਦਬਾਉ ਹੇਠ ਆਇਆ ਹੋਇਆ ਹੈਂ ਤੇ (ਮਾਇਆ ਦਾ) ਮਾਣ ਕਰਦਾ ਹੈਂ।

ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥

ਜਿਸ (ਮੰਦ ਭਾਗੀ ਜੀਵ) ਨੂੰ ਉਸ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ (ਪ੍ਰਭੂ ਦੀ ਹਜ਼ੂਰੀ ਵਿਚ) ਨਾਹ ਉਸ ਦੀ (ਉੱਚੀ) ਜਾਤਿ (ਮੁੱਲ ਪਾਂਦੀ ਹੈ) ਨਾਹ (ਦੁਨੀਆ ਵਾਲੀ ਕੋਈ) ਇੱਜ਼ਤ ॥੩॥

ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥

ਅਕਾਲ ਪੁਰਖ ਦੇ ਰੂਪ ਸਤਿਗੁਰੂ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ-ਸੱਜਣ ਹੀ ਮਿਲਾ ਦਿੱਤਾ ਹੈ, ਪ੍ਰਭੂ ਦੇ ਉਸ ਸੇਵਕ ਦਾ ਰਾਖਾ (ਹਰ ਥਾਂ) ਪ੍ਰਭੂ ਆਪ ਹੀ ਬਣਦਾ ਹੈ।

ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥

ਦੁਨੀਆ ਦੇ ਬੰਦੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ। (ਪਰ ਆਪਣੀ) ਹਉਮੈ ਵਿਚ (ਫਸਿਆ ਮਨੁੱਖ) ਦੁਖੀ (ਹੀ) ਹੁੰਦਾ ਹੈ।

ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ ॥

ਪਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ, ਪਰਮਾਤਮਾ ਉਹੀ ਕਰਦਾ ਹੈ। ਪਰਮਾਤਮਾ ਦੇ ਦਰ ਤੇ ਉਸ ਦੀ ਗੱਲ ਦਾ ਕੋਈ ਮੋੜਾ ਨਹੀਂ ਕਰ ਸਕਦਾ।

ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥

ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਾਰੇ ਜਗਤ ਵਿਚ ਚਾਨਣ(-ਮੁਨਾਰਾ) ਬਣ ਜਾਂਦਾ ਹੈ ॥੪॥੧॥੭੧॥


ਸਿਰੀਰਾਗੁ ਮਹਲਾ ੫ ॥
ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ ॥

ਜੇ ਕਿਸੇ ਮਨੁੱਖ ਦੇ ਮਨ ਵਿਚ ਕਈ ਕਿਸਮਾਂ ਦਾ ਬਹੁਤ ਚਾ-ਮਲ੍ਹਾਰ ਹੋਵੇ, ਜੇ ਉਸ ਦੀ ਨਿਗਾਹ (ਦੁਨੀਆ ਦੀਆਂ) ਖ਼ੁਸ਼ੀਆਂ ਵਿਚ ਹੀ ਭੁੱਲੀ ਰਹੇ,

ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ ॥੧॥

ਜੇ ਅਜੇਹੀਆਂ ਬਾਦਿਸ਼ਾਹੀਆਂ ਮਿਲੀਆਂ ਹੋਈਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ ਇਹ ਸਭ ਮੌਜਾਂ) ਸਹਮ ਵਿਚ ਪਾਈ ਰੱਖਦੀਆਂ ਹਨ ॥੧॥

ਭਾਈ ਰੇ ਸੁਖੁ ਸਾਧਸੰਗਿ ਪਾਇਆ ॥

ਹੇ ਭਾਈ! ਸਾਧ ਸੰਗਤਿ ਵਿਚ (ਹੀ) ਸੁਖ ਮਿਲਦਾ ਹੈ।

ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥

ਉਸ ਅਕਾਲ ਪੁਰਖ ਸਿਰਜਨਹਾਰ ਨੇ (ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ) ਲੇਖ ਲਿਖ ਦਿੱਤਾ (ਉਸ ਨੂੰ ਸਤਸੰਗ ਮਿਲਦਾ ਹੈ ਤੇ ਉਸ ਦਾ) ਦੁੱਖ ਸਹਮ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ ॥

ਧਰਤੀ ਦੇ ਜਿਤਨੇ ਭੀ ਸੋਹਣੇ ਸੋਹਣੇ ਥਾਂ ਹਨ (ਜੇ ਕੋਈ ਮਨੁੱਖ) ਉਹ ਸਾਰੇ ਹੀ ਥਾਂ ਭਉਂ ਭਉਂ ਕੇ ਵੇਖ ਆਇਆ ਹੋਵੇ,

ਧਨ ਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ ॥੨॥

ਜੇ ਕੋਈ ਬਹੁਤ ਧਨਾਢ ਹੋਵੇ, ਬਹੁਤ ਭੁਇਂ ਦਾ ਮਾਲਕ ਹੋਵੇ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ) ‘ਮੇਰੀ ਭੁਇਂ’ ਆਖ ਆਖ ਕੇ ਦੁਖੀ ਰਹਿੰਦਾ ਹੈ ॥੨॥

ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥

ਜੇ ਕੋਈ ਮਨੁੱਖ ਡਰ-ਖ਼ਤਰਾ-ਝਾਕਾ ਲਾਹ ਕੇ (ਲੋਕਾਂ ਉੱਤੇ) ਆਪਣਾ ਹੁਕਮ ਚਲਾਏ, ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ,

ਸਭੁ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ ॥੩॥

ਜੇ ਉਸ ਨੇ ਹਰੇਕ ਨੂੰ ਆਪਣੇ ਵੱਸ ਵਿਚ ਕਰ ਲਿਆ ਹੋਵੇ ਤਾਂ ਭੀ (ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਪਰਮਾਤਮਾ ਦੇ) ਨਾਮ ਤੋਂ ਬਿਨਾ (ਸੁਖ ਨਹੀਂ ਮਿਲਦਾ, ਤੇ ਆਖ਼ਰ) ਮਿੱਟੀ ਵਿਚ ਰਲ ਜਾਂਦਾ ਹੈ ॥੩॥

ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥

ਜੇ ਤੇਤੀ ਕ੍ਰੋੜ ਦੇਵਤੇ ਉਸ ਦੇ ਸੇਵਕ ਬਣ ਜਾਣ, ਸਿੱਧ ਤੇ ਸਾਧਿਕ ਉਸ ਦੇ ਦਰ ਤੇ ਖਲੋਤੇ ਰਹਿਣ,

ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ ॥੪॥੨॥੭੨॥

ਜੇ ਕੋਈ ਇਤਨੀ ਵੱਡੀ ਹਕੂਮਤਿ ਦਾ ਮਾਲਕ ਹੋ ਜਾਏ, ਕਿ ਭਾਰੀ ਜ਼ਿੰਮੇਵਾਰੀ ਭੀ ਮਿਲ ਜਾਏ, ਤਾਂ ਭੀ, ਹੇ ਨਾਨਕ! (ਸਾਧ ਸੰਗਤਿ ਤੋਂ ਬਿਨਾ ਸੁਖ ਨਹੀਂ ਮਿਲਦਾ, ਤੇ) ਇਹ ਸਭ ਕੁਝ (ਆਖ਼ਰ) ਸੁਪਨਾ ਹੀ ਹੋ ਜਾਂਦਾ ਹੈ ॥੪॥੨॥੭੨॥


ਸਿਰੀਰਾਗੁ ਮਹਲਾ ੫ ॥
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥

ਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲੀ ਪੋਸੀਦਾ ਹੈ, (ਜ਼ਿੰਦਗੀ ਦਾ ਮਨੋਰਥ) ਸਮਝਣ ਤੋਂ ਬਿਨਾ ਇਹ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ।

ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥

ਇਸ ਨੂੰ ਕਦੇ ਉਹ ਪਰਮਾਤਮਾ (ਜਿਸ ਨੇ ਇਸ ਨੂੰ ਪੈਦਾ ਕੀਤਾ ਹੈ) ਚੇਤੇ ਨਹੀਂ ਆਉਂਦਾ, ਤੇ ਆਖ਼ਰ ਇਹ ਮਸਾਣਾਂ ਵਿਚ ਸੁੱਟ ਦਿੱਤਾ ਜਾਇਗਾ।

ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥੧॥

(ਹੇ ਪ੍ਰਾਣੀ! ਅਜੇ ਭੀ ਵੇਲਾ ਹੈ, ਆਪਣੇ) ਗੁਰੂ ਨਾਲ ਚਿੱਤ ਜੋੜ, ਤੇ (ਪਰਮਾਤਮਾ ਦਾ ਨਾਮ ਸਿਮਰ ਕੇ) ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣ ॥੧॥

ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥

ਹੇ ਪ੍ਰਾਣੀ! ਤੂੰ (ਜਗਤ ਵਿਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ।

ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥

ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ? ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ ॥੧॥ ਰਹਾਉ ॥

ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥

ਪਸ਼ੂ ਕਲੋਲ ਕਰਦਾ ਹੈ ਪੰਛੀ ਕਲੋਲ ਕਰਦਾ ਹੈ (ਪਸ਼ੂ ਨੂੰ ਪੰਛੀ ਨੂੰ) ਮੌਤ ਨਹੀਂ ਦਿੱਸਦੀ,

ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥

(ਪਰ) ਮਨੁੱਖ ਭੀ ਉਸੇ ਹੀ ਸਾਥ ਵਿਚ (ਜਾ ਰਲਿਆ ਹੈ, ਪਸ਼ੂ ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ, ਤੇ ਇਹ) ਮਾਇਆ ਦੇ ਜਾਲ ਵਿਚ ਫਸਿਆ ਪਿਆ ਹੈ।

ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥੨॥

ਮਾਇਆ ਦੇ ਜਾਲ ਤੋਂ ਬਚੇ ਹੋਏ ਉਹੀ ਬੰਦੇ ਦਿੱਸਦੇ ਹਨ, ਜੇਹੜੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿਚ ਵਸਾਂਦੇ ਹਨ ॥੨॥

ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥

(ਹੇ ਪ੍ਰਾਣੀ!) ਜੇਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿਚ (ਪਿਆਰਾ) ਲੱਗ ਰਿਹਾ ਹੈ,

ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥

ਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ।

ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥

(ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਪਏ ਹਨ, ਇਸ ਮੋਹ ਵਿਚ) ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜੇਹੜੇ ਗੁਰੂ ਦੀ ਚਰਨੀਂ ਪੈ ਜਾਂਦੇ ਹਨ ॥੩॥

ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥

(ਪਰ ਮਾਇਆ ਦਾ ਮੋਹ ਹੈ ਹੀ ਬੜਾ ਪ੍ਰਬਲ, ਇਸ ਵਿਚੋਂ ਗੁਰੂ ਤੋਂ ਬਿਨਾ) ਕੋਈ ਬਚਾ ਨਹੀਂ ਸਕਦਾ, (ਗੁਰੂ ਤੋਂ ਬਿਨਾ ਅਜੇਹੀ ਸਮਰਥਾ ਵਾਲਾ) ਕੋਈ ਨਹੀਂ ਦਿੱਸਦਾ।

ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥

ਮੈਂ ਤਾਂ ਸਾਰੀ ਸ੍ਰਿਸ਼ਟੀ ਢੂੰਡ ਕੇ ਗੁਰੂ ਦੀ ਸਰਨ ਆ ਪਿਆ ਹਾਂ।

ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੩॥੭੩॥

ਹੇ ਨਾਨਕ (ਆਖ-) ਸੱਚੇ ਪਾਤਿਸ਼ਾਹ ਨੇ, ਗੁਰੂ ਨੇ ਮੈਨੂੰ (ਮਾਇਆ ਦੇ ਮੋਹ ਦੇ ਸਮੁੰਦਰ ਵਿਚ) ਡੁੱਬਦੇ ਨੂੰ ਕੱਢ ਲਿਆ ਹੈ ॥੪॥੩॥੭੩॥


ਸਿਰੀਰਾਗੁ ਮਹਲਾ ੫ ॥
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥

(ਕਿਸੇ ਦੇ ਘਰ ਘੜੀ ਦੋ ਘੜੀ ਲਈ ਗਿਆ ਹੋਇਆ ਕੋਈ ਪ੍ਰਾਹੁਣਾ ਉਸ ਘਰ ਦੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ-ਹੀਣਾ ਹੀ ਹੁੰਦਾ ਹੈ, ਤਿਵੇਂ ਜੀਵ ਇਸ ਜਗਤ ਵਿਚ) ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਪਰ ਇਸ ਦੇ ਹੀ ਕੰਮ-ਧੰਧੇ ਨਿਜਿੱਠਣ ਵਾਲਾ ਬਣ ਜਾਂਦਾ ਹੈ।

ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ ॥

ਮੂਰਖ (ਜੀਵਨ ਦਾ ਸਹੀ ਰਾਹ) ਨਹੀਂ ਸਮਝਦਾ, ਮਾਇਆ ਦੇ ਮੋਹ ਵਿਚ ਤੇ ਕਾਮਵਾਸ਼ਨਾ ਵਿਚ ਫਸਿਆ ਰਹਿੰਦਾ ਹੈ।

ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥

ਜਦੋਂ (ਇਥੋਂ) ਉੱਠ ਕੇ ਤੁਰ ਪੈਂਦਾ ਹੈ ਤਾਂ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਇਆਂ ਕੀਹ ਬਣਦਾ ਹੈ?) ਜਮਾਂ ਦੇ ਵੱਸ ਪੈ ਜਾਂਦਾ ਹੈ ॥੧॥

ਅੰਧੇ ਤੂੰ ਬੈਠਾ ਕੰਧੀ ਪਾਹਿ ॥

ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ)।

ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥

ਜੇ (ਤੇਰੇ ਮੱਥੇ ਉੱਤੇ) ਪੂਰਬਲੇ ਜਨਮ ਵਿਚ (ਕੀਤੀ ਕਮਾਈ ਦਾ ਚੰਗਾ ਲੇਖ) ਲਿਖਿਆ ਹੋਇਆ ਹੋਵੇ, ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲਏਂ (ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏਂ, ਤੇ ਆਤਮਕ ਮੌਤ ਤੋਂ ਬਚ ਜਾਏਂ) ॥੧॥ ਰਹਾਉ ॥

ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥

ਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾਹ ਵੱਢੀ ਜਾਏ, ਡੱਡਿਆਂ ਤੇ ਆਈ ਹੋਈ (ਅੱਧ-ਪੱਕੀ) ਨਾਹ ਵੱਢੀ ਜਾਏ, ਤੇ ਸਿਰਫ਼ ਪੱਕੀ ਹੋਈ ਹੀ ਵੱਢੀ ਜਾਏ।

ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥

(ਖੇਤ ਦਾ ਮਾਲਕ ਜਦੋਂ ਚਾਹੁੰਦਾ ਹੈ) ਵਾਢੇ ਤਿਆਰ ਕਰਦਾ ਹੈ, ਜੋ ਦਾਤਰੇ ਲੈ ਲੈ ਕੇ (ਖੇਤ ਵਿਚ) ਆ ਪਹੁੰਚਦੇ ਹਨ।

ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥੨॥

ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, (ਉਹ ਵਾਢੇ ਖੇਤ ਨੂੰ) ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ (ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਬਾਲ-ਉਮਰ ਹੋਣ, ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ) ॥੨॥

ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥

(ਮਾਇਆ-ਗ੍ਰਸੇ ਮੂਰਖ ਮਨੁੱਖ ਦੀ ਜੀਵਨ-ਰਾਤ ਦਾ) ਪਹਿਲਾ ਪਹਰ ਦੁਨੀਆ ਦੇ ਧੰਧਿਆਂ ਵਿਚ ਬੀਤ ਜਾਂਦਾ ਹੈ, ਦੂਜੇ ਪਹਰ (ਮੋਹ ਦੀ ਨੀਂਦ ਵਿਚ) ਰੱਜ ਕੇ ਸੁੱਤਾ ਰਹਿੰਦਾ ਹੈ।

ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ ॥

ਤੀਜੇ ਪਹਰ ਵਿਸ਼ੇ ਭੋਗਦਾ ਰਹਿੰਦਾ ਹੈ, ਤੇ ਚੌਥੇ ਪਹਰ (ਆਖ਼ਰ) ਦਿਨ ਚੜ੍ਹ ਪੈਂਦਾ ਹੈ (ਬੁਢੇਪਾ ਆ ਕੇ ਮੌਤ ਆ ਕੂਕਦੀ ਹੈ)।

ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥

ਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਭੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ (ਉਸ ਨੂੰ ਕਦੇ ਭੀ ਯਾਦ ਨਹੀਂ ਕਰਦਾ) ॥੩॥

ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥

ਹੇ ਨਾਨਕ! (ਆਖ-) ਮੈਂ ਸਾਧ ਸੰਗਤਿ ਤੋਂ ਸਦਕੇ ਜਾਂਦਾ ਹਾਂ, ਸਾਧ ਸੰਗਤਿ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ,

ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥

ਕਿਉਂਕਿ ਸਾਧ ਸੰਗਤਿ ਤੋਂ ਹੀ ਮਨ ਵਿਚ (ਪ੍ਰਭੂ ਦੇ ਸਿਮਰਨ ਦੀ) ਸੂਝ ਪੈਦਾ ਹੁੰਦੀ ਹੈ, (ਸਾਧ ਸੰਗਤਿ ਦੀ ਰਾਹੀਂ ਹੀ) ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲਪੁਰਖ ਮਿਲਦਾ ਹੈ।

ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥੪॥੪॥੭੪॥

ਹੇ ਨਾਨਕ! (ਆਖ-) ਅੰਤਰਜਾਮੀ ਸੁਜਾਣ ਪ੍ਰਭੂ ਨੂੰ (ਸਾਧ ਸੰਗਤਿ ਦੀ ਕਿਰਪਾ ਨਾਲ ਹੀ) ਮੈਂ ਸਦਾ ਆਪਣੇ ਅੰਗ-ਸੰਗ ਵੇਖਿਆ ਹੈ ॥੪॥੪॥੭੪॥


ਸਿਰੀਰਾਗੁ ਮਹਲਾ ੫ ॥
ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥

(ਮੇਰੀ ਤਾਂ ਸਦਾ ਇਹੀ ਅਰਦਾਸ ਹੈ ਕਿ) ਹੋਰ ਸਾਰੀਆਂ ਗੱਲਾਂ ਬੇ-ਸ਼ੱਕ ਭੁੱਲ ਜਾਣ, ਪਰ ਇਕ ਪਰਮਾਤਮਾ ਦਾ ਨਾਮ ਮੈਨੂੰ (ਕਦੇ) ਨਾਹ ਭੁੱਲੇ।

ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥

ਗੁਰੂ ਨੇ (ਦੁਨੀਆ ਦੇ) ਧੰਧਿਆਂ ਦਾ ਮੇਰਾ ਸਾਰਾ ਮੋਹ ਸਾੜ ਕੇ ਮੈਨੂੰ ਪ੍ਰਭੂ ਦਾ ਨਾਮ ਦਿੱਤਾ ਹੈ। ਇਹ ਸਦਾ-ਥਿਰ ਨਾਮ ਹੀ ਹੁਣ ਮੇਰਾ (ਜੀਵਨ-) ਮਨੋਰਥ ਹੈ।

ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥

ਮੈਂ (ਦੁਨੀਆ ਦੀਆਂ) ਸਾਰੀਆਂ ਆਸਾਂ ਮਨ ਵਿਚੋਂ ਦੂਰ ਕਰ ਕੇ ਇਕ ਪਰਮਾਤਮਾ ਦੀ ਆਸ (ਆਪਣੇ ਅੰਦਰ) ਪੱਕੀ ਕਰਦਾ ਹਾਂ।

ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥੧॥

ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਆਸਰਾ ਲਿਆ ਹੈ ਉਹਨਾਂ ਨੂੰ ਪਰਲੋਕ ਵਿਚ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ ॥੧॥

ਮਨ ਮੇਰੇ ਕਰਤੇ ਨੋ ਸਾਲਾਹਿ ॥

ਹੇ ਮੇਰੇ ਮਨ! ਕਰਤਾਰ ਦੀ ਸਿਫ਼ਤ-ਸਾਲਾਹ ਕਰ।

ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥

(ਪਰ ਇਹ ਸਿਫ਼ਤ-ਸਾਲਾਹ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ, ਸੋ ਤੂੰ) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ ॥੧॥ ਰਹਾਉ ॥

ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥

ਜੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪਏ, ਤਾਂ ਨਾਹ ਦੁਨੀਆ ਦੇ ਦੁੱਖ ਜ਼ੋਰ ਪਾ ਸਕਦੇ ਹਨ, ਨਾਹ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਸਕਦੀ ਹੈ।

ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥

ਜਦੋਂ ਹਿਰਦੇ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸਦਾ ਹੋਵੇ, ਤਾਂ ਕਿਸੇ ਵੀ ਕੰਮ ਵਿਚ ਲੱਗੀਏ, ਆਤਮਕ ਜੀਵਨ ਕਮਜ਼ੋਰ ਨਹੀਂ ਹੁੰਦਾ।

ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣੇ ਹੱਥ ਦੇ ਕੇ (ਵਿਕਾਰਾਂ ਵਲੋਂ) ਬਚਾਂਦਾ ਹੈਂ, ਕੋਈ (ਵਿਕਾਰ) ਉਸ ਨੂੰ ਆਤਮਕ (ਮੌਤੇ) ਮਾਰ ਨਹੀਂ ਸਕਦਾ।

ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ ॥੨॥

(ਹੇ ਭਾਈ!) ਆਤਮਕ ਆਨੰਦ ਦੇਣ ਵਾਲੇ ਸਤਿਗੁਰੂ ਦੀ ਸਰਨ ਲੈਣੀ ਚਾਹੀਦੀ ਹੈ, ਸਤਿਗੁਰੂ (ਮਨ ਵਿਚੋਂ) ਸਾਰੇ ਔਗੁਣ ਧੋ ਕੇ ਕੱਢ ਦੇਂਦਾ ਹੈ ॥੨॥

ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ ॥

ਹੇ ਪ੍ਰਕਾਸ਼ ਸਰੂਪ-ਪ੍ਰਭੂ! ਮੈਂ ਸੇਵਕ (ਤੇਰੇ ਪਾਸੋਂ) ਉਹਨਾਂ (ਜੀਵ-ਇਸਤ੍ਰੀਆਂ) ਦੀ ਸੇਵਾ (ਦਾ ਦਾਨ) ਮੰਗਦਾ ਹਾਂ, ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਵਿਚ ਲਾਇਆ ਹੋਇਆ ਹੈ।

ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥

ਹੇ ਪ੍ਰਭੂ! ਜੇ ਤੂੰ ਹੀ ਮਿਹਰ ਕਰੇਂ ਤਾਂ ਮੈਨੂੰ ਸਾਧ ਸੰਗਤਿ ਦੀ ਪ੍ਰਾਪਤੀ ਹੋਵੇ ਤੇ ਸੇਵਾ ਦੀ ਦਾਤ ਮਿਲੇ।

ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥

(ਹੇ ਭਾਈ!) ਹਰੇਕ (ਦਾਤਿ) ਮਾਲਕ ਦੇ ਆਪਣੇ ਇਖ਼ਤਿਆਰ ਵਿਚ ਹੈ, ਉਹ ਆਪ ਹੀ ਸਭ ਕੁਝ ਕਰਨ ਕਰਾਣ ਜੋਗਾ ਹੈ।

ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ॥੩॥

ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ। ਸਤਿਗੁਰੂ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ॥੩॥

ਇਕੋ ਦਿਸੈ ਸਜਣੋ ਇਕੋ ਭਾਈ ਮੀਤੁ ॥

(ਹੇ ਭਾਈ! ਜਗਤ ਵਿਚ) ਇਕ ਪਰਮਾਤਮਾ ਹੀ (ਅਸਲ) ਸੱਜਣ ਦਿੱਸਦਾ ਹੈ, ਉਹੀ ਇਕ (ਅਸਲੀ) ਭਰਾ ਹੈ ਤੇ ਮਿੱਤਰ ਹੈ।

ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥

ਦੁਨੀਆ ਦਾ ਸਾਰਾ ਧਨ-ਪਦਾਰਥ ਉਸ ਇਕ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਉਸੇ ਦੀ ਹੀ ਮਰਯਾਦਾ (ਜਗਤ ਵਿਚ) ਚੱਲ ਰਹੀ ਹੈ।

ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥

ਜਦੋਂ ਮਨੁੱਖ ਦਾ ਮਨ ਇਕ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ, ਤਦੋਂ ਉਸ ਦਾ ਚਿੱਤ (ਮਾਇਆ ਵਾਲੇ ਪਾਸੇ) ਡੋਲਣੋਂ ਹਟ ਜਾਂਦਾ ਹੈ।

ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥੪॥੫॥੭੫॥

ਹੇ ਨਾਨਕ! ਉਹ ਪਰਮਾਤਮਾ ਦੇ ਸਦਾ-ਥਿਰ ਨਾਮ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾ ਲੈਂਦਾ ਹੈ, ਨਾਮ ਨੂੰ ਹੀ ਆਪਣੀ (ਆਤਮਕ) ਪੁਸ਼ਾਕ ਬਣਾਂਦਾ ਹੈ ਤੇ ਸਦਾ-ਥਿਰ ਨਾਮ ਨੂੰ ਹੀ ਆਪਣਾ ਆਸਰਾ ਬਣਾਂਦਾ ਹੈ ॥੪॥੫॥੭੫॥{43-44}


ਸਿਰੀਰਾਗੁ ਮਹਲਾ ੫ ॥
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥

ਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ)।

ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥

ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ।

ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥

(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ ॥੧॥

ਮੇਰੇ ਮਨ ਏਕਸ ਸਿਉ ਚਿਤੁ ਲਾਇ ॥

ਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤ ਜੋੜ।

ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥

ਇਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ ॥੧॥ ਰਹਾਉ ॥

ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥

ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ।

ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥

(ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ)।

ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥

ਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ), ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ) ॥੨॥

ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥

ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ।

ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥

ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ।

ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥

ਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤਿ) ਪਾਰ ਲੰਘ ਗਿਆ ॥੩॥

ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥

(ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤਿ ਦੀ) ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ।

ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥

(ਸਾਧ ਸੰਗਤਿ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ।

ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥

ਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ॥੪॥੬॥੭੬॥


ਸ੍ਰੀਰਾਗੁ ਮਹਲਾ ੫ ॥
ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ ॥

ਹੇ ਮੇਰੀ ਜਿੰਦੇ! ਉਸੇ ਪ੍ਰਭੂ (ਦੇ ਚਰਨਾਂ) ਦਾ ਧਿਆਨ ਧਰਨਾ ਚਾਹੀਦਾ ਹੈ, ਜੋ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ।

ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥

ਹੇ (ਮੇਰੇ) ਮਨ! ਸਿਰਫ਼ ਉਸ ਪਰਮਾਤਮਾ ਦੀ (ਸਹੈਤਾ ਦੀ) ਆਸ ਬਣਾ, ਜਿਸ ਦਾ ਸਭ ਜੀਵਾਂ ਨੂੰ ਭਰੋਸਾ ਹੈ।

ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥੧॥

(ਹੇ ਮਨ!) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨੀਂ ਪਉ (ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਮਿਲਾਪ ਹੁੰਦਾ ਹੈ) ॥੧॥

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥

ਹੇ ਮੇਰੇ ਮਨ! ਆਨੰਦ ਨਾਲ ਤੇ ਆਤਮਕ ਅਡੋਲਤਾ ਨਾਲ ਪਰਮਾਤਮਾ ਦਾ ਨਾਮ ਸਿਮਰ।

ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥

ਅੱਠੇ ਪਹਰ ਪ੍ਰਭੂ ਨੂੰ ਸਿਮਰਦਾ ਰਹੁ, ਸਦਾ ਗੋਬਿੰਦ ਦੇ ਗੁਣ ਗਾਂਦਾ ਰਹੁ ॥੧॥ ਰਹਾਉ ॥

ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥

ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸਰਨ ਪਉ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,

ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ ॥

ਜਿਸ ਦਾ ਨਾਮ ਸਿਮਰਿਆਂ ਬਹੁਤ ਆਤਮਕ ਆਨੰਦ ਮਿਲਦਾ ਹੈ, ਤੇ ਕੋਈ ਭੀ ਦੁੱਖ ਕਲੇਸ਼ ਉੱਕਾ ਹੀ ਪੋਹ ਨਹੀਂ ਸਕਦਾ।

ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ ॥੨॥

(ਹੇ ਮਨ!) ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਸਦਾ ਉਸੇ ਦੀ ਹੀ ਸੇਵਾ ਭਗਤੀ ਕਰਦਾ ਰਹੁ ॥੨॥

ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥

ਸਾਧ ਸੰਗਤਿ ਵਿਚ ਰਿਹਾਂ (ਆਚਰਨ) ਪਵਿਤ੍ਰ ਹੋ ਜਾਂਦਾ ਹੈ, ਤੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।

ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥

(ਹੇ ਮਨ! ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਰਹੁ, ਜੋ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਡਰ-ਸਹਮ ਨਾਸ ਕਰਨ ਵਾਲਾ ਹੈ।

ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥੩॥

ਮਿਹਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਜਦੋਂ ਮਿਹਰ (ਦੀ ਨਿਗਾਹ) ਕਰਦਾ ਹੈ, ਤਦੋਂ ਉਸ ਦੀ ਮਨੁੱਖਾ ਜੀਵਨ ਦੀ ਭਾਰੀ ਜ਼ਿੰਮੇਵਾਰੀ ਸਿਰੇ ਚੜ੍ਹ ਜਾਂਦੀ ਹੈ ॥੩॥

ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ ॥

ਹਰ ਕੋਈ ਆਖਦਾ ਹੈ ਕਿ ਪਰਮਾਤਮਾ ਬਹੁਤ ਉੱਚਾ ਹੈ, ਬਹੁਤ ਉੱਚਾ ਹੈ, ਉਸ ਦਾ ਟਿਕਾਣਾ ਬਹੁਤ ਉੱਚਾ ਹੈ।

ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ ॥

ਉਸ ਪ੍ਰਭੂ ਦਾ ਕੋਈ ਖ਼ਾਸ ਰੰਗ ਨਹੀਂ ਹੈ ਕੋਈ ਖ਼ਾਸ ਰੂਪ-ਰੇਖਾ ਨਹੀਂ ਹੈ। ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ (ਭਾਵ, ਦੁਨੀਆ ਦੇ ਕਿਸੇ ਭੀ ਪਦਾਰਥ ਦੇ ਵੱਟੇ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ)।

ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥

ਹੇ ਪ੍ਰਭੂ! ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣਾ ਸਦਾ ਕਾਇਮ ਰਹਿਣ ਵਾਲਾ ਨਾਮ ਬਖ਼ਸ਼ (ਕਿਉਂਕਿ ਜਿਸ ਨੂੰ ਤੇਰਾ ਨਾਮ ਮਿਲ ਜਾਂਦਾ ਹੈ ਉਸ ਨੂੰ ਤੇਰਾ ਮੇਲ ਹੋ ਜਾਂਦਾ ਹੈ) ॥੪॥੭॥੭੭॥


ਸ੍ਰੀਰਾਗੁ ਮਹਲਾ ੫ ॥
ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥

ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹੀ ਸੁਖੀ ਰਹਿੰਦਾ ਹੈ, ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉੱਜਲਾ ਰਹਿੰਦਾ ਹੈ।

ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥

(ਇਹ ਨਾਮ) ਪੂਰੇ ਗੁਰੂ ਤੋਂ ਹੀ ਮਿਲਦਾ ਹੈ (ਭਾਵੇਂ ਨਾਮ ਦਾ ਮਾਲਕ ਪ੍ਰਭੂ) ਸਾਰੇ ਹੀ ਭਵਨਾਂ ਵਿਚ ਪ੍ਰਤੱਖ ਵੱਸਦਾ ਹੈ।

ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥

ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤਿ ਦੇ ਘਰ ਵਿਚ ਵੱਸਦਾ ਹੈ ॥੧॥

ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥

ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।

ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ ॥

ਪਰਮਾਤਮਾ ਦਾ ਨਾਮ (ਜਿੰਦ ਦੀ) ਸਹੈਤਾ ਕਰਨ ਵਾਲਾ ਹੈ, (ਸਦਾ ਜਿੰਦ ਦੇ) ਨਾਲ ਰਹਿੰਦਾ ਹੈ ਤੇ ਪਰਲੋਕ ਵਿਚ (ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ) ਛਡਾ ਲੈਂਦਾ ਹੈ ॥੧॥ ਰਹਾਉ ॥

ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥

(ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ।

ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥

ਮਾਇਆ ਦੇ ਕਾਰਨ (ਮੂੰਹ ਉੱਤੇ ਦਿੱਸਦਾ) ਰੰਗ ਫਿਕਾ ਪੈ ਜਾਂਦਾ ਹੈ, ਕਿਉਂਕਿ ਇਹ ਰੰਗ ਆਖ਼ਰ ਨਾਸ ਹੋ ਜਾਂਦਾ ਹੈ।

ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਵੱਸਦਾ ਹੈ, ਉਹ ਸਭ ਗੁਣਾਂ ਵਾਲਾ ਹੋ ਜਾਂਦਾ ਹੈ ਤੇ (ਹਰ ਥਾਂ) ਮੰਨਿਆ-ਪ੍ਰਮੰਨਿਆ ਜਾਂਦਾ ਹੈ ॥੨॥

ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥

(ਹੇ ਮੇਰੇ ਮਨ!) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ-ਭਾਵ ਛੱਡ ਦੇਹ।

ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ ॥

(ਹੇ ਮਨ! ਹੋਰ) ਸਾਰੇ ਹੀਲੇ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ।

ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥

ਜਿਸ ਮਨੁੱਖ ਦੇ ਮੱਥੇ ਉੱਤੇ (ਪੂਰਬਲਾ) ਭਾਗ ਜਾਗਦਾ ਹੈ, (ਉਹ ਗੁਰੂ ਦੀ ਸਰਨ ਪੈਂਦਾ ਹੈ ਤੇ ਉਸ ਨੂੰ) ਪਰਮਾਤਮਾ ਦਾ ਨਾਮ-ਰਤਨ ਮਿਲ ਪੈਂਦਾ ਹੈ ॥੩॥

ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ ॥

ਹੇ ਭਰਾਵੋ! ਪ੍ਰਭੂ ਦਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ (ਗੁਰੂ ਦੀ ਰਾਹੀਂ) ਪ੍ਰਭੂ ਆਪ ਦੇਂਦਾ ਹੈ।

ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ ॥

ਗੁਰੂ ਦੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋ ਜਾਂਦਾ ਹੈ।

ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ॥੪॥੮॥੭੮॥

ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ ॥੪॥੮॥੭੮॥


ਸਿਰੀਰਾਗੁ ਮਹਲਾ ੫ ॥
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥

(ਹੇ ਭਾਈ!) ਜਿੰਦ ਦਾ ਮਿੱਤਰ ਸਿਰਫ਼ ਪਰਮਾਤਮਾ ਹੀ ਹੈ, ਪਰਮਾਤਮਾ ਹੀ ਜਿੰਦ ਨੂੰ (ਵਿਕਾਰ ਆਦਿਕਾਂ ਤੋਂ) ਬਚਾਣ ਵਾਲਾ ਹੈ,

ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥

(ਇਸ ਵਾਸਤੇ) ਆਪਣੇ ਮਨ ਵਿਚ ਸਿਰਫ਼ ਪਰਮਾਤਮਾ ਦਾ ਆਸਰਾ ਰੱਖ, ਸਿਰਫ਼ ਪਰਮਾਤਮਾ ਹੀ ਜਿੰਦ ਦਾ ਸਹਾਰਾ ਹੈ।

ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥੧॥

ਉਹ ਪਾਰਬ੍ਰਹਮ ਕਰਤਾਰ (ਹੀ ਸਹਾਰਾ ਹੈ) ਉਸ ਦੀ ਸਰਨ ਪਿਆਂ ਸਦਾ ਸੁਖ ਮਿਲਦਾ ਹੈ ॥੧॥

ਮਨ ਮੇਰੇ ਸਗਲ ਉਪਾਵ ਤਿਆਗੁ ॥

ਹੇ ਮੇਰੇ ਮਨ! ਹੋਰ ਸਾਰੇ ਹੀਲੇ ਛੱਡ ਦੇ।

ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥

ਸਿਰਫ਼ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ (ਸਿਰਫ਼ ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ) ਇਕ ਪਰਮਾਤਮਾ (ਦੇ ਚਰਨਾਂ) ਦੀ ਲਗਨ (ਆਪਣੇ ਅੰਦਰ) ਲਾਈ ਰੱਖ ॥੧॥ ਰਹਾਉ ॥

ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥

(ਹੇ ਮਨ!) ਸਿਰਫ਼ ਪਰਮਾਤਮਾ ਹੀ (ਅਸਲ) ਭਰਾ ਹੈ ਮਿੱਤਰ ਹੈ, ਸਿਰਫ਼ ਪਰਮਾਤਮਾ ਹੀ (ਅਸਲ) ਮਾਂ ਪਿਉ ਹੈ (ਭਾਵ, ਮਾਪਿਆਂ ਵਾਂਗ ਪਾਲਣਹਾਰ ਹੈ)।

ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥

(ਮੈਨੂੰ ਤਾਂ) ਉਸ ਪਰਮਾਤਮਾ ਦਾ ਹੀ ਮਨ ਵਿਚ ਸਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ, ਜਿਸ ਨੇ ਇਹ ਸਰੀਰ ਦਿੱਤਾ ਹੈ।

ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥

(ਮੇਰੀ ਸਦਾ ਇਹੀ ਅਰਦਾਸ ਹੈ ਕਿ) ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵੱਸ ਵਿਚ ਰਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾਹ ਭੁੱਲੇ ॥੨॥

ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥

(ਹੇ ਭਾਈ! ਤੇਰੇ) ਹਿਰਦੇ ਵਿਚ ਭੀ ਤੇ ਬਾਹਰ ਹਰ ਥਾਂ ਭੀ ਸਿਰਫ਼ ਪਰਮਾਤਮਾ ਹੀ ਵੱਸ ਰਿਹਾ ਹੈ।

ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥

(ਹੇ ਭਾਈ!) ਅੱਠੇ ਪਹਿਰ ਉਸ ਪ੍ਰਭੂ ਨੂੰ ਸਿਮਰ, ਜਿਸ ਨੇ ਸਾਰੇ ਜੀਅ ਜੰਤ ਪੈਦਾ ਕੀਤੇ ਹਨ।

ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥

ਜੇ ਸਿਰਫ਼ ਪਰਮਾਤਮਾ ਦੇ (ਪਿਆਰ-ਰੰਗ) ਵਿਚ ਰੰਗੇ ਰਹੀਏ, ਤਾਂ ਕਦੇ ਕੋਈ ਦੁੱਖ ਕਲੇਸ਼ ਨਹੀਂ ਪੋਂਹਦਾ ॥੩॥

ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥

ਪਾਰਬ੍ਰਹਮ ਪਰਮਾਤਮਾ ਹੀ (ਸਾਰੇ ਸੰਸਾਰ ਦਾ ਮਾਲਕ) ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ।

ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥

(ਸਭ ਜੀਵਾਂ ਦਾ) ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲਗਦਾ ਹੈ।

ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥੭੯॥

ਹੇ ਨਾਨਕ! ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ, ਉਹ (ਸਭ ਗੁਣਾਂ ਨਾਲ) ਮੁਕੰਮਲ ਹੋ ਜਾਂਦਾ ਹੈ ॥੪॥੯॥੭੯॥


ਸਿਰੀਰਾਗੁ ਮਹਲਾ ੫ ॥
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥

ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨਾਲ ਆਪਣਾ ਮਨ ਜੋੜਿਆ ਹੈ, ਉਹ ਸਾਰੇ ਗੁਣਾਂ ਵਾਲੇ ਹੋ ਜਾਂਦੇ ਹਨ ਉਹ (ਲੋਕ ਪਰਲੋਕ ਵਿਚ) ਮੰਨੇ-ਪ੍ਰਮੰਨੇ ਜਾਂਦੇ ਹਨ।

ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥

ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਹੁੰਦੀ ਹੈ।

ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥

ਜਿਨ੍ਹਾਂ ਦੇ ਮੱਥੇ ਉੱਤੇ (ਧੁਰੋਂ ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਉੱਘੜਦਾ ਹੈ, ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦੇ ਹਨ ॥੧॥

ਮਨ ਮੇਰੇ ਏਕੋ ਨਾਮੁ ਧਿਆਇ ॥

ਹੇ ਮੇਰੇ ਮਨ! ਸਿਰਫ਼ ਪਰਮਾਤਮਾ ਦਾ ਨਾਮ ਸਿਮਰ।

ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥੧॥ ਰਹਾਉ ॥

(ਜੇਹੜਾ ਮਨੁੱਖ ਸਿਮਰਦਾ ਹੈ, ਉਸ ਦੇ ਅੰਦਰ) ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ॥੧॥ ਰਹਾਉ ॥

ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥

ਜੇਹੜਾ ਮਨੁੱਖ ਗੋਪਾਲ-ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਨਾਲ ਪ੍ਰੇਮ ਕਰਦਾ ਹੈ, ਉਸ ਦਾ ਜਨਮ ਮਰਨ ਦੇ (ਗੇੜ ਵਿਚ ਪੈਣ) ਦਾ ਡਰ ਦੂਰ ਹੋ ਜਾਂਦਾ ਹੈ।

ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥

ਸਾਧ ਸੰਗਤਿ ਵਿਚ ਰਹਿ ਕੇ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਪਰਮਾਤਮਾ ਆਪ (ਵਿਕਾਰਾਂ ਤੋਂ ਉਸ ਦੀ) ਰਾਖੀ ਕਰਦਾ ਹੈ।

ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥੨॥

ਗੁਰੂ ਦਾ ਦਰਸ਼ਨ ਕਰ ਕੇ (ਉਸ ਦਾ ਤਨ ਮਨ) ਖਿੜ ਪੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਉਸ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ ॥੨॥

ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥

(ਹੇ ਮੇਰੇ ਮਨ!) ਉਹ ਪਾਰਬ੍ਰਹਮ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ।

ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥

ਉਹ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ।

ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥

(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਕਰਨਾ ਚਾਹੁੰਦਾ ਹੈ, ਉਸ ਦੀ ਸਰਨ ਪਿਆਂ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ ॥੩॥

ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥

(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਾਰਬ੍ਰਹਮ ਪਰਮੇਸ਼ਰ (ਦਾ ਨਾਮ) ਵੱਸ ਪੈਂਦਾ ਹੈ, ਉਹਨਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ।

ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥

ਉਹ ਹਰ ਥਾਂ ਆਦਰ ਪਾਂਦੇ ਹਨ। ਉਹਨਾਂ ਦੀ ਬੇ-ਦਾਗ਼ ਸੋਭਾ-ਵਡਿਆਈ ਸਾਰੇ ਜਹਾਨ ਵਿਚ ਉੱਘੀ ਹੋ ਜਾਂਦੀ ਹੈ।

ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥੪॥੧੦॥੮੦॥

ਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੪॥੧੦॥੮੦॥


ਸਿਰੀਰਾਗੁ ਮਹਲਾ ੫ ॥
ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥

ਸਤਿਗੁਰੂ ਨੂੰ ਮਿਲ ਕੇ (ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਸੁਖ ਮਨ ਵਿੱਚ ਆ ਵਸਦਾ ਹੈ।

ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥

ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ।

ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥

ਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ। (ਚਿਹਰੇ ਉੱਤੇ ਅੰਦਰਲੇ ਆਤਮਕ ਜੀਵਨ ਦੀ ਲਾਲੀ ਆ ਜਾਂਦੀ ਹੈ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉੱਘੜ ਪੈਂਦਾ ਹੈ।

ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥

ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਨਾਮ ਵਿਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ ॥੧॥

ਮੇਰੇ ਮਨ ਗੁਰਸਬਦੀ ਸੁਖੁ ਹੋਇ ॥

ਹੇ ਮੇਰੇ ਮਨ! ਗੁਰੂ ਦੇ ਸ਼ਬਦ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ।

ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥

ਜੇਹੜਾ ਭੀ ਕੋਈ ਮਨੁੱਖ ਪੂਰੇ ਗੁਰੂ ਦੀ ਸੇਵਾ ਕਰਦਾ ਹੈ (ਭਾਵ, ਪੂਰੇ ਗੁਰੂ ਦੇ ਸ਼ਬਦ ਅਨੁਸਾਰ ਤੁਰਦਾ ਹੈ) ਉਹ (ਗੁਰੂ ਦੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥

ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥

(ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦਾ ਮਨ ਦੁਨੀਆਵੀ ਵਾਸਨਾਂ ਪਿੱਛੇ ਦੌੜਨੋਂ ਹੱਟ ਜਾਂਦਾ ਹੈ)।

ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥

ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ-ਸੰਗ ਦਿੱਸਦਾ ਹੈ, ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ।

ਗੁਰਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥

ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ (ਦੂਜਿਆਂ ਦੀ) ਸੇਵਾ (ਕਰ ਕੇ) ਪਵਿਤ੍ਰ ਆਚਰਨ (ਬਣਾ ਕੇ) ਉਸ ਦਾ ਮੂੰਹ ਚਮਕ ਉੱਠਦਾ ਹੈ।

ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥

ਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਲੋਭ ਨਾਸ ਹੋ ਜਾਂਦਾ ਹੈ। ਉਹ ਮਨੁੱਖ ਅਹੰਕਾਰ ਉੱਕਾ ਛੱਡ ਦੇਂਦਾ ਹੈ ॥੨॥

ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥

ਉਸ ਨੇ (ਜਦੋਂ) ਪਰਮਾਤਮਾ ਦਾ ਨਾਮ (ਜੀਵਨ ਦੇ ਵਣਜ ਵਿਚ) ਲਾਭ (ਵਜੋਂ) ਹਾਸਲ ਕਰ ਲਿਆ, ਤਾਂ ਉਸ ਦੇ ਸਾਰੇ ਕੰਮ ਸਫਲੇ ਹੋ ਗਏ (ਤ੍ਰਿਸ਼ਨਾ-ਅਧੀਨ ਹੋ ਰਹੀ ਦੌੜ-ਭੱਜ ਖ਼ਤਮ ਹੋ ਗਈ)।

ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥

(ਉਸ ਮਨੁੱਖ ਨੂੰ) ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਤੇ ਆਪਣਾ ਨਾਮ ਬਖ਼ਸ਼ਿਆ।

ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥

ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥

ਗੁਰੂ ਦਾ ਸ਼ਬਦ ਉਸ ਮਨੁੱਖ ਦਾ (ਜੀਵਨ-) ਸਾਥੀ ਬਣ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ, ਜਿਸ ਨੂੰ ਉਹ ਆਪਣਾ (ਆਤਮਕ) ਘਰ ਬਣਾ ਲੈਂਦਾ ਹੈ ॥੩॥

ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥

ਆਪਣੀ ਕਿਰਪਾ ਕਰ ਕੇ ਪਰਮਾਤਮਾ ਆਪਣੇ ਭਗਤਾਂ ਨੂੰ (ਕਾਮ ਕ੍ਰੋਧ ਲੋਭ ਆਦਿ ਵਿਕਾਰਾਂ ਤੋਂ) ਬਚਾ ਕੇ ਰੱਖਦਾ ਹੈ।

ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥

ਸਦਾ-ਥਿਰ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਉਹਨਾਂ (ਭਗਤਾਂ) ਦੇ ਮੂੰਹ ਇਸ ਲੋਕ ਵਿਚ ਤੇ ਪਰਲੋਕ ਵਿਚ ਰੌਸ਼ਨ ਹੋ ਜਾਂਦੇ ਹਨ।

ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥

ਉਹ (ਭਗਤ) ਬੇਅੰਤ ਪ੍ਰਭੂ ਦੇ (ਪਿਆਰ-) ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਅੱਠੇ ਪਹਰ ਉਸ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੇ ਹਨ।

ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥

ਹੇ ਨਾਨਕ! ਪਾਰਬ੍ਰਹਮ ਪਰਮਾਤਮਾ ਉਹਨਾਂ ਨੂੰ ਸਾਰੇ ਸੁਖਾਂ ਦਾ ਸਮੁੰਦਰ ਦਿੱਸਦਾ ਹੈ, ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਰਹਿੰਦੇ ਹਨ ॥੪॥੧੧॥੮੧॥


ਸਿਰੀਰਾਗੁ ਮਹਲਾ ੫ ॥
ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥

(ਹੇ ਮਨ!) ਜੇ ਪੂਰਾ ਗੁਰੂ ਮਿਲ ਪਏ, ਤਾਂ (ਉਸ ਪਾਸੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦਾ) ਖ਼ਜ਼ਾਨਾ ਮਿਲ ਜਾਂਦਾ ਹੈ।

ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥

ਹੇ ਪ੍ਰਭੂ! ਆਪਣੀ ਮਿਹਰ ਕਰ (ਗੁਰੂ ਮਿਲਾ, ਤਾ ਕਿ) ਆਤਮਕ ਜੀਵਨ ਦੇਣ ਵਾਲਾ (ਤੇਰਾ) ਨਾਮ (ਅਸੀ) ਜਪ ਸਕੀਏ,

ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥

ਜਨਮ-ਮਰਨ ਦੇ ਗੇੜ ਵਿਚ ਪੈਣ ਦਾ ਅਸੀਂ ਆਪਣਾ ਦੁੱਖ ਦੂਰ ਕਰ ਸਕੀਏ, ਤੇ ਸਾਡੀ ਸੁਰਤ ਆਤਮਕ ਅਡੋਲਤਾ ਵਿਚ ਟਿਕ ਜਾਏ ॥੧॥

ਮੇਰੇ ਮਨ ਪ੍ਰਭ ਸਰਣਾਈ ਪਾਇ ॥

ਹੇ ਮੇਰੇ ਮਨ! ਪ੍ਰਭੂ ਦੀ ਸਰਨ ਪਉ।

ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥

ਪ੍ਰਭੂ ਤੋਂ ਬਿਨਾ ਕੋਈ ਹੋਰ (ਰਾਖਾ) ਨਹੀਂ ਹੈ। (ਹੇ ਮਨ!) ਪ੍ਰਭੂ ਦਾ ਨਾਮ ਸਿਮਰ ॥੧॥ ਰਹਾਉ ॥

ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥

ਪਰਮਾਤਮਾ (ਸਾਰੇ) ਗੁਣਾਂ ਦਾ ਸਮੁੰਦਰ ਹੈ, (ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ। ਉਸ ਦਾ ਮੁੱਲ ਹੀ ਦੱਸਿਆ ਨਹੀਂ ਜਾ ਸਕਦਾ (ਭਾਵ, ਕੀਮਤੀ ਤੋਂ ਕੀਮਤੀ ਭੀ ਕੋਈ ਐਸੀ ਸ਼ੈ ਨਹੀਂ ਜਿਸ ਦੇ ਵੱਟੇ ਪਰਮਾਤਮਾ ਮਿਲ ਸਕੇ)।

ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥

ਹੇ (ਮੇਰੇ) ਭਾਗਾਂ ਵਾਲੇ (ਮਨ!) ਸਾਧ ਸੰਗਤਿ ਵਿਚ ਮਿਲ ਬੈਠ, (ਤੇ ਉਥੋਂ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ (ਦਾ ਸੌਦਾ) ਖ਼ਰੀਦ।

ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥

(ਸਾਧ ਸੰਗਤਿ ਵਿਚੋਂ ਜਾਚ ਸਿੱਖ ਕੇ) ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ-ਭਗਤੀ ਕਰ, ਉਹ ਪ੍ਰਭੂ (ਦੁਨੀਆ ਦੇ) ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ ॥੨॥

ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥

(ਹੇ ਪਾਰਬ੍ਰਹਮ! ਮੈਨੂੰ ਤੇਰੇ ਹੀ) ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ ਨਹੀਂ ਹੈ।

ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥

ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੇ (ਦਿੱਤੇ) ਬਲ ਨਾਲ ਹੀ ਜੀਊਂਦਾ ਹਾਂ।

ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥

ਹੇ ਪ੍ਰਭੂ! ਜਿਨ੍ਹਾਂ ਨੂੰ ਜਗਤ ਵਿਚ ਕੋਈ ਆਦਰ-ਮਾਨ ਨਹੀਂ ਦੇਂਦਾ, ਤੂੰ ਉਹਨਾਂ ਦਾ ਭੀ ਮਾਣ (ਦਾ ਵਸੀਲਾ) ਹੈਂ। (ਮਿਹਰ ਕਰ) ਮੈਂ ਤੇਰੇ ਚਰਨਾਂ ਵਿਚ ਲੀਨ ਰਹਾਂ ॥੩॥

ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥

(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਗੋਬਿੰਦ ਨੂੰ ਆਰਾਧਣਾ ਚਾਹੀਦਾ ਹੈ।

ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥

ਪਰਮਾਤਮਾ (ਸਰਨ ਆਏ) ਜੀਵਾਂ ਦੇ ਪ੍ਰਾਣਾਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਉਹਨਾਂ ਦੇ ਨਾਮ-ਧਨ ਦੀ ਰਾਖੀ ਕਰਦਾ ਹੈ। (ਸਰਨ ਆਏ ਜੀਵ ਦੀ) ਜਿੰਦ ਨੂੰ ਮਿਹਰ ਕਰ ਕੇ (ਵਿਕਾਰਾਂ ਤੋਂ) ਬਚਾਂਦਾ ਹੈ।

ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥

ਹੇ ਨਾਨਕ! ਪ੍ਰਭੂ ਪਾਰਬ੍ਰਹਮ ਬਖ਼ਸ਼ਣਹਾਰ ਹੈ, ਉਹ (ਸਰਨ ਆਇਆਂ ਦੇ) ਸਾਰੇ ਪਾਪ ਦੂਰ ਕਰ ਦੇਂਦਾ ਹੈ ॥੪॥੧੨॥੮੨॥


ਸਿਰੀਰਾਗੁ ਮਹਲਾ ੫ ॥
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥

ਹੇ ਮਾਂ! ਮੇਰੀ ਪ੍ਰੀਤਿ (ਹੁਣ) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ, ਜੋ ਕਦੇ ਮਰਦਾ ਨਹੀਂ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ।

ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥

ਉਹ ਵਿਛੋੜਿਆਂ ਵਿਛੁੜਦਾ ਭੀ ਨਹੀਂ। (ਹੇ ਮਾਂ!) ਉਹ ਪਰਮਾਤਮਾ ਸਭ ਜੀਵਾਂ ਵਿਚ ਸਮਾ ਰਿਹਾ ਹੈ।

ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥

(ਹੇ ਮਾਂ!) ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਉਹ ਪ੍ਰਭੂ ਸੇਵਕ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ।

ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥

ਉਸ ਪ੍ਰਭੂ ਦਾ ਸੁੰਦਰ ਰੂਪ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਹੇ ਮਾਂ! ਉਹ ਪਰਮਾਤਮਾ ਮੈਨੂੰ (ਮੇਰੇ) ਗੁਰੂ ਨੇ ਮਿਲਾ ਦਿੱਤਾ ਹੈ ॥੧॥

ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥

ਹੇ ਭਾਈ! (ਤੂੰ ਭੀ) ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ।

ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥ ਰਹਾਉ ॥

ਮਾਇਆ ਦਾ ਮੋਹ ਮਾਇਆ ਦੀ ਪ੍ਰੀਤਿ ਫਿਟਕਾਰ-ਜੋਗ ਹੈ (ਇਸ ਨੂੰ ਛੱਡ ਦੇ, ਮਾਇਆ ਦੇ ਮੋਹ ਵਿਚ ਫਸਿਆ ਹੋਇਆ) ਕੋਈ ਭੀ ਬੰਦਾ ਸੁਖੀ ਨਹੀਂ ਦਿਸਦਾ ॥੧॥ ਰਹਾਉ ॥

ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥

(ਹੇ ਭਾਈ!) ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਮਿੱਠੇ ਸੁਭਾਉ ਵਾਲਾ ਹੈ ਪਵਿਤ੍ਰ-ਸਰੂਪ ਹੈ, ਬੇਅੰਤ ਸੋਹਣੇ ਰੂਪ ਵਾਲਾ ਹੈ।

ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥

ਉਹੀ ਸਭ ਤੋਂ ਵੱਡਾ ਮਿੱਤਰ ਹੈ, ਤੇ ਸਹੈਤਾ ਕਰਨ ਵਾਲਾ ਹੈ, ਉੱ​ਚਾ ਹੈ, ਵੱਡਾ ਹੈ, ਬੇਅੰਤ ਹੈ।

ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ ॥

ਨਾਹ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ, ਨਾਹ ਉਹ ਕਦੇ ਬੁੱਢਾ ਹੈ (ਭਾਵ, ਜੀਵਾਂ ਵਾਂਗ ਉਸ ਦੀ ਅਵਸਥਾ ਵਧਦੀ ਘਟਦੀ ਨਹੀਂ)। ਉਹ ਪ੍ਰਭੂ ਦਾ ਦਰਬਾਰ ਅਟੱਲ ਹੈ (ਉਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ)।

ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥੨॥

(ਉਸ ਪਰਮਾਤਮਾ ਦੇ ਦਰ ਤੋਂ) ਜੋ ਕੁਝ ਮੰਗੀਦਾ ਹੈ ਉਹੀ ਮਿਲ ਜਾਂਦਾ ਹੈ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ ॥੨॥

ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥

(ਹੇ ਭਾਈ!) ਜਿਸ ਪਰਮਾਤਮਾ ਦਾ ਦਰਸਨ ਕੀਤਿਆਂ (ਸਾਰੇ) ਪਾਪ ਨਾਸ ਹੋ ਜਾਂਦੇ ਹਨ, (ਜਿਸ ਦੇ ਦਰਸਨ ਨਾਲ) ਮਨ ਵਿਚ ਤੇ ਸਰੀਰ ਵਿਚ (ਆਤਮਕ) ਠੰਡ ਪੈ ਜਾਂਦੀ ਹੈ,

ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥

ਆਪਣੇ ਮਨ ਦੀ (ਮਾਇਆ ਵਲ ਦੀ) ਭਟਕਣਾ ਦੂਰ ਕਰ ਕੇ ਉਸ ਪਰਮਾਤਮਾ ਨੂੰ ਮਨ ਲਾ ਕੇ ਸਿਮਰਨਾ ਚਾਹੀਦਾ ਹੈ।

ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥

(ਹੇ ਭਾਈ!) ਜਿਸ ਪਰਮਾਤਮਾ ਦੀ ਦਿੱਤੀ ਦਾਤ ਕਦੇ ਮੁੱਕਦੀ ਨਹੀਂ, ਜੋ (ਦਾਤਾਂ ਦੇਣ ਵਿਚ) ਸਦਾ ਨਵਾਂ (ਰਹਿੰਦਾ) ਹੈ (ਭਾਵ, ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ) ਤੇ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,

ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥

ਉਸ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ। ਨਾਹ ਦਿਨੇ ਨਾਹ ਰਾਤ ਨੂੰ ਕਦੇ ਭੀ ਉਸ ਨੂੰ ਨਾਹ ਭੁਲਾਓ ॥੩॥

ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥

(ਹੇ ਭਾਈ!) ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦਾ ਲੇਖ ਉੱਘੜਦਾ ਹੈ, ਪਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ।

ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥

ਮੈਂ ਤਾਂ ਆਪਣਾ ਸਰੀਰ, ਆਪਣਾ ਮਨ, ਆਪਣਾ ਧਨ (ਸਭ ਕੁਝ ਉਸ ਦਾ ਪਿਆਰ ਹਾਸਲ ਕਰਨ ਲਈ) ਅਰਪਨ ਕਰਨ ਨੂੰ ਤਿਆਰ ਹਾਂ। (ਹੇ ਭਾਈ! ਪ੍ਰਭੂ ਦਾ ਪ੍ਰੇਮ ਪ੍ਰਾਪਤ ਕਰਨ ਲਈ) ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ।

ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥

ਉਹ ਪਰਮਾਤਮਾ ਅੰਗ-ਸੰਗ ਰਹਿ ਕੇ (ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।

ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥

ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਤੂੰ ਉਹਨਾਂ ਨੂੰ ਭੀ ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈਂ ॥੪॥੧੩॥੮੩॥{46-47}


ਸਿਰੀਰਾਗੁ ਮਹਲਾ ੫ ॥
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥

ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ ਦਿੱਤਾ ਹੈ, ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ,

ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥

ਜਿਸ ਨੇ (ਸਰੀਰ ਵਿਚ) ਸਾਰੀਆਂ (ਸਰੀਰਕ) ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ,

ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥

(ਹੇ ਭਾਈ!) ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। (ਹੇ ਭਾਈ!) ਆਪਣੇ ਹਿਰਦੇ ਵਿਚ ਉਸ ਦੀ ਯਾਦ ਟਿਕਾ ਰੱਖ ॥੧॥

ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥

ਹੇ ਮੇਰੇ ਮਨ! ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਰਾਖਾ) ਨਹੀਂ।

ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥

ਤੂੰ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ। ਕੋਈ ਭੀ ਦੁੱਖ ਤੇਰੇ ਉੱਤੇ ਜ਼ੋਰ ਨਹੀਂ ਪਾ ਸਕੇਗਾ ॥੧॥ ਰਹਾਉ ॥

ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥

ਰਤਨ, ਮੋਤੀ ਆਦਿਕ ਕੀਮਤੀ ਪਦਾਰਥ, ਸੋਨਾ, ਚਾਂਦੀ (ਇਹ ਸਭ) ਮਿੱਟੀ ਸਮਾਨ ਹੀ ਹਨ (ਕਿਉਂਕਿ ਇਥੇ ਹੀ ਪਏ ਰਹਿ ਜਾਣਗੇ)।

ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥

ਮਾਂ ਪਿਉ ਪੁੱਤਰ ਤੇ ਹੋਰ ਸੰਬੰਧੀ-ਇਹ ਸਾਰੇ ਸਾਕ ਭੀ ਸਾਥ ਛੱਡ ਜਾਣ ਵਾਲੇ ਹਨ।

ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥

(ਇਹ ਵੇਖ ਕੇ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਗੰਦੇ ਜੀਵਨ ਵਾਲਾ ਪਸ਼ੂ-ਸੁਭਾਉ ਮਨੁੱਖ, ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ॥੨॥

ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥

(ਮੂਰਖ ਮਨੁੱਖ) ਉਸ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ, ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ।

ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥

ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ, (ਮਾਇਆ ਦੇ ਮੋਹ ਵਿਚ) ਜੀਵ ਮਸਤ ਹੋ ਰਿਹਾ ਹੈ, (ਮਾਇਆ ਦੇ ਕਾਰਨ) ਇਸ ਦੇ ਅੰਦਰ ਝੂਠੀ ਹਉਮੈ ਟਿਕੀ ਹੋਈ ਹੈ।

ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥੩॥

ਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਨਾਮ ਤੋਂ ਸੱਖਣੇ ਪੂਰਾਂ ਦੇ ਪੂਰ ਜੀਵ (ਇਸ ਸੰਸਾਰ-ਸਮੁੰਦਰ ਵਿਚ) ਆਉਂਦੇ ਹਨ ਤੇ (ਖ਼ਾਲੀ) ਚਲੇ ਜਾਂਦੇ ਹਨ ॥੩॥

ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥

(ਪਰ ਜੀਵਾਂ ਦੇ ਕੀਹ ਵੱਸ? ਮਾਇਆ ਦੇ ਟਾਕਰੇ ਤੇ ਇਹ ਬੇ-ਬਸ ਹਨ) ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ! ਤੂੰ ਆਪ ਹੀ ਮਿਹਰ ਕਰ ਕੇ ਸਾਰੇ ਜੀਅ ਜੰਤਾਂ ਨੂੰ (ਇਸ ਤ੍ਰਿਸ਼ਨਾ ਤੋਂ) ਬਚਾ ਲੈ।

ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥

ਜਮਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਬਣ ਰਿਹਾ ਹੈ। ਹੇ ਪ੍ਰਭੂ! ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ।

ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥

ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਹਰੀ! ਆਪਣੀ ਮਿਹਰ ਕਰ, ਮੈਂ ਤੇਰਾ ਨਾਮ ਕਦੇ ਨਾਹ ਭੁਲਾਵਾਂ ॥੪॥੧੪॥੮੪॥


ਸਿਰੀਰਾਗੁ ਮਹਲਾ ੫ ॥
ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥

(ਮਨੁੱਖ ਮਾਣ ਕਰਦਾ ਹੈ ਤੇ ਆਖਦਾ ਹੈ ਕਿ) ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ ਮੇਰਾ ਹੈ, ਮੈਂ ਰੂਪ ਵਾਲਾ ਹਾਂ,

ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥

ਮੇਰੇ ਪੁੱਤਰ ਹਨ, ਮੇਰੀਆਂ ਇਸਤ੍ਰੀਆਂ ਹਨ, ਮੈਨੂੰ ਬੜੀਆਂ ਮੌਜਾਂ ਹਨ, ਅਤੇ ਮੇਰੇ ਪਾਸ ਕਈ ਪੁਸ਼ਾਕਾਂ ਹਨ।

ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥੧॥

ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਤਾਂ (ਇਹ ਸਭ ਪਦਾਰਥ ਜਿਨ੍ਹਾਂ ਦਾ ਮਨੁੱਖ ਮਾਣ ਕਰਦਾ ਹੈ) ਕਿਸੇ ਭੀ ਕੰਮ ਨਾਹ ਸਮਝ ॥੧॥

ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥

ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।

ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥

ਸਦਾ ਗੁਰੂ ਦੀ ਸੰਗਤਿ ਕਰ, ਤੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ॥੧॥ ਰਹਾਉ ॥

ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ ॥

ਪਰਮਾਤਮਾ ਦਾ ਨਾਮ (ਜੋ ਸਭ ਪਦਾਰਥਾਂ ਦਾ) ਖ਼ਜਾਨਾ (ਹੈ) ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਸਿਮਰ ਸਕਦਾ ਹੈ ਜਿਸ ਦੇ) ਮੱਥੇ ਉੇਤੇ ਚੰਗੀ ਕਿਸਮਤਿ ਉੱਘੜ ਪਏ।

ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ ॥

(ਹੇ ਭਾਈ!) ਸਤਿਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ, ਤੇਰੇ ਸਾਰੇ ਕੰਮ (ਭੀ) ਸੰਵਰ ਜਾਣਗੇ।

ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥੨॥

(ਜੇਹੜਾ ਮਨੁੱਖ ਗੁਰ-ਸਰਨ ਰਹਿ ਕੇ ਨਾਮ ਸਿਮਰਦਾ ਹੈ ਉਸ ਦਾ) ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ॥੨॥

ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥

(ਹੇ ਭਾਈ!) ਗੁਰੂ ਦੀ ਸੰਗਤਿ ਕਰ-ਇਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।

ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥

(ਗੁਰੂ ਦੀ ਸਰਨ ਵਿਚ ਰਿਹਾਂ) ਜਿੰਦ ਪ੍ਰਾਣ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਇਹੀ ਹੈ।

ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥

ਇਸ ਜਗਤ ਵਿਚ (ਸਭ ਕਿਸਮ ਦੇ) ਆਦਰ-ਮਾਣ ਮਿਲਣਗੇ, ਪਰਮਾਤਮਾ ਦੀ ਦਰਗਹ ਵਿਚ ਭੀ ਆਦਰ ਪਾਏਂਗਾ ॥੩॥

ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥

(ਪਰ ਜੀਵਾਂ ਦੇ ਕੁਝ ਵੱਸ ਨਹੀਂ) ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ, ਹਰੇਕ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿਚ ਹੈ।

ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ ॥

ਪ੍ਰਭੂ ਆਪ ਹੀ ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ, ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ।

ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥੪॥੧੫॥੮੫॥

ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਹੇ ਸਭ ਜੀਵਾਂ ਦੇ ਖਸਮ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਨਾਮ ਦੀ ਦਾਤ ਦੇਹ) ॥੪॥੧੫॥੮੫॥{47-48}


ਸਿਰੀਰਾਗੁ ਮਹਲਾ ੫ ॥
ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ ॥

ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਉਹ ਆਪਣੇ ਪਰਮਾਤਮਾ ਦੀ ਸਰਨ ਪੈਂਦਾ ਹੈ।

ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ॥

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ (ਮਾਇਆ-ਮੋਹ ਵਾਲੇ) ਸਾਰੇ ਜੰਜਾਲ ਨਾਸ ਹੋ ਜਾਂਦੇ ਹਨ।

ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥੧॥

ਉਸ ਦਾ ਹਿਰਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਉਸ ਦਾ ਹਿਰਦਾ ਖਿੜ ਆਉਂਦਾ ਹੈ ॥੧॥

ਮਨ ਮੇਰੇ ਸਤਿਗੁਰ ਸੇਵਾ ਸਾਰੁ ॥

ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਧਿਆਨ ਨਾਲ ਕਰ।

ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥

ਪਰਮਾਤਮਾ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਭੀ ਆਪਣੇ ਮਨ ਤੋਂ ਨਾਹ ਭੁਲਾ। ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਪਰਮਾਤਮਾ ਉਸ ਉੱਤੇ ਆਪਣੀ ਮਿਹਰ ਕਰਦਾ ਹੈ ॥੨॥

ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ ॥

(ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਵਣੇ ਚਾਹੀਦੇ ਹਨ, ਪਰਮਾਤਮਾ ਦੇ ਗੁਣ ਸਾਰੇ ਔਗੁਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ।

ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥

ਅਸਾਂ ਮਾਇਆ ਦੇ ਅਨੇਕਾਂ ਖਿਲਾਰੇ ਕਰ ਕੇ ਵੇਖ ਲਿਆ ਹੈ (ਭਾਵ, ਇਹ ਯਕੀਨ ਜਾਣੋ ਕਿ ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰਿਆਂ) ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ।

ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ ॥੨॥

ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਪਿਆਰ ਪਾਇਆਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥੨॥

ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥

(ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ। ਇਹੀ ਹੈ ਤੀਰਥਾਂ ਦੇ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ ਇੰਦ੍ਰੀਆਂ ਨੂੰ ਵੱਸ ਕਰਨ ਦੇ ਲੱਖਾਂ ਉੱਦਮ।

ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥

(ਪਰਮਾਤਮਾ ਇਹਨਾਂ ਬਾਹਰਲੇ ਧਾਰਮਿਕ ਸੰਜਮਾਂ ਨਾਲ ਨਹੀਂ ਪਤੀਜਦਾ, ਉਹ ਤਾਂ) ਜੀਵਾਂ ਦੇ ਅੰਗ-ਸੰਗ ਰਹਿ ਕੇ ਸਦਾ (ਜੀਵਾਂ ਦੇ ਸਭ-ਲੁਕਾਵੇਂ ਕੀਤੇ ਕੰਮ ਭੀ) ਵੇਖਦਾ ਹੈ (ਫਿਰ ਭੀ ਮੂਰਖ ਮਨੁੱਖ) ਕਿਸ ਤੋਂ ਲੁਕ ਕੇ (ਮੰਦੇ ਕਰਮ) ਕਰਦਾ ਹੈ?

ਥਾਨ ਥਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ ॥੩॥

ਪਰਮਾਤਮਾ ਤਾਂ ਹਰੇਕ ਥਾਂ ਵਿਚ ਪੂਰੇ ਤੌਰ ਤੇ ਵਿਆਪਕ ਹੈ ॥੩॥੩॥

ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥

ਪਰਮਾਤਮਾ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਪਰਮਾਤਮਾ ਦਾ ਹੁਕਮ ਅੱਟਲ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਥਾਂ ਭੀ ਸਦਾ ਕਾਇਮ ਰਹਿਣ ਵਾਲਾ ਹੈ।

ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥

ਉਸ ਸਦਾ-ਥਿਰ ਪਰਮਾਤਮਾ ਨੇ ਅਟੱਲ ਕੁਦਰਤਿ ਰਚੀ ਹੋਈ ਹੈ, ਤੇ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ।

ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥

ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਹੇ ਨਾਨਕ! (ਆਖ-) ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ ॥੪॥੧੬॥੮੬॥


ਸਿਰੀਰਾਗੁ ਮਹਲਾ ੫ ॥
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥

(ਹੇ ਮਨ!) ਉੱਦਮ ਕਰ ਕੇ ਪਰਮਾਤਮਾ ਦਾ ਨਾਮ ਸਿਮਰ, ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ।

ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥੧॥

ਸਾਧ ਸੰਗਤਿ ਵਿਚ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਿਆਂ ਤੂੰ ਜਨਮਾਂ ਜਨਮਾਂ ਵਿਚ ਕੀਤੇ ਵਿਕਾਰਾਂ ਦੀ ਮੈਲ ਦੂਰ ਕਰ ਲਏਂਗਾ ॥੧॥

ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ (ਦੇ ਨਾਮ) ਦਾ ਜਾਪ ਜਪ।

ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥

(ਸਿਮਰਨ ਦੀ ਬਰਕਤਿ ਨਾਲ) ਤੂੰ ਮਨ-ਭਾਉਂਦੇ ਫਲ ਪ੍ਰਾਪਤ ਕਰੇਂਗਾ, ਤੇ ਤੇਰਾ ਸਾਰਾ ਦੁੱਖ ਕਲੇਸ਼ ਸਹਮ ਦੂਰ ਹੋ ਜਾਇਗਾ।ਰਹਾਉ।

ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥

(ਹੇ ਭਾਈ!) ਇਸੇ ਮਨੋਰਥ ਵਾਸਤੇ ਤੂੰ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ (ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੇ) ਉਸ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਲਿਆ ਹੈ।

ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥

(ਉਸ ਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਮੌਜੂਦ ਹੈ ਤੇ (ਸਭ ਜੀਵਾਂ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ॥੨॥

ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥

ਜਿਸ ਮਨੁੱਖ ਦੀ ਪ੍ਰੀਤਿ ਸਦਾ-ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਉਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ)।

ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥

ਜਿਸ ਮਨੁੱਖ ਨੇ ਅਕਾਲ ਪੁਰਖ ਦੇ ਚਰਨ ਸੇਵੇ ਹਨ, ਮਾਨੋ, ਸਾਰੇ ਜਪ ਸਾਰੇ ਤਪ ਉਸੇ ਨੇ ਹੀ ਕਰ ਲਏ ਹਨ ॥੩॥

ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥

ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ (ਹੀ ਅਸਲੀ) ਰਤਨ ਜਵਾਹਰ ਤੇ ਮੋਤੀ ਹੈ,

ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭

(ਕਿਉਂਕਿ ਨਾਮ ਦੀ ਬਰਕਤਿ ਨਾਲ ਹੀ) ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ। ਹੇ ਦਾਸ ਨਾਨਕ! ਸਦਾ ਪ੍ਰਭੂ ਦੇ ਗੁਣ ਗਾ ॥੪॥੧੭॥੮੭॥


ਸਿਰੀਰਾਗੁ ਮਹਲਾ ੫ ॥
ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥

(ਪਰ ਹੇ ਮਨ! ਗੁਰੂ ਦੀ ਸਰਨ ਪਿਆਂ ਹੀ ਨਾਮ ਸਿਮਰ ਸਕੀਦਾ ਹੈ) ਉਹ ਗੁਰੂ ਹੀ ਸ਼ਾਸਤ੍ਰ ਹੈ, ਉਹ ਗੁਰੂ ਹੀ ਜੋਤਿਸ਼-ਸ਼ਾਸਤ੍ਰ ਹੈ, ਕਿਉਂਕਿ ਉਸ (ਗੁਰੂ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।

ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥

ਜਿਸ ਨਿਆਸਰੇ ਬੰਦੇ ਨੂੰ ਭੀ ਗੁਰੂ ਨੇ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੀਤਿ ਦਾ ਧਨ ਦਿੱਤਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲ ਜਾਂਦਾ ਹੈ।

ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥

(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹੁ, ਇਹ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ, ਇਹੀ ਇੰਦ੍ਰੀਆਂ ਨੂੰ ਕਾਬੂ ਕਰਨ ਦਾ ਅਟੱਲ ਸਾਧਨ ਹੈ।

ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥੧॥

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਨੂੰ) ਪ੍ਰਭੂ ਮਿਹਰ ਕਰ ਕੇ ਮਿਲ ਪੈਂਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ॥੧॥

ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥

ਹੇ ਮੇਰੇ ਮਨ! ਪਰਮਾਤਮਾ ਦੇ ਪਿਆਰ ਵਿਚ (ਜੁੜ ਕੇ) ਸਦਾ ਪਰਮਾਤਮਾ ਦਾ ਭਜਨ ਕਰ।

ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥੧॥ ਰਹਾਉ ॥

ਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ, ਉਹ ਸਦਾ ਸਹੈਤਾ ਕਰਨ ਵਾਲਾ ਹੈ, ਤੇ ਉਹ ਸਦਾ ਅੰਗ-ਸੰਗ ਰਹਿੰਦਾ ਹੈ ॥੧॥ ਰਹਾਉ ॥

ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥

ਜਦੋਂ ਮੈਂ ਧਰਤੀ ਦੇ ਪਾਲਕ ਪ੍ਰਭੂ ਨੂੰ ਸਿਮਰਦਾ ਹਾਂ (ਉਸ ਵੇਲੇ ਇਤਨੇ ਸੁਖ ਅਨੁਭਵ ਹੁੰਦੇ ਹਨ ਕਿ) ਮੈਂ ਉਹਨਾਂ ਸੁਖਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ।

ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥

ਜਿਨ੍ਹਾਂ ਬੰਦਿਆਂ ਨੇ ਨਾਮ-ਰਸ ਚੱਖਿਆ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦੇ ਹਨ; (ਪਰ ਜੇਹੜੀ ਜਿੰਦ ਨਾਮ ਜਪਦੀ ਹੈ) ਉਹੀ ਜਿੰਦ ਉਸ ਨਾਮ-ਰਸ ਨੂੰ ਸਮਝਦੀ ਹੈ।

ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥

ਪ੍ਰੀਤਮ ਬਖ਼ਸ਼ਣਹਾਰ ਪ੍ਰਭੂ ਸਾਧ ਸੰਗਤਿ ਵਿਚ ਟਿਕਿਆਂ ਹੀ ਮਨ ਵਿਚ ਵੱਸਦਾ ਹੈ।

ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥੨॥

ਜਿਸ ਮਨੁੱਖ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹ ਰਾਜਿਆਂ ਦਾ ਰਾਜਾ ਬਣ ਗਿਆ ਹੈ ॥੨॥

ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥

ਜਿਸ ਸਮੇਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾਏ, ਪਰਮਾਤਮਾ ਦੇ ਗੁਣ ਯਾਦ ਕੀਤੇ ਜਾਣ (ਉਸ ਸਮੇਂ, ਮਾਨੋ) ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ।

ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥

ਜੇ ਕੋਈ ਭਾਗਾਂ ਵਾਲੀ ਜੀਭ ਪਰਮਾਤਮਾ ਦੇ ਗੁਣ ਉਚਾਰਦੀ ਹੈ, ਤਾਂ ਹੋਰ ਕੋਈ ਦਾਨ (ਇਸ ਕੰਮ ਦੀ) ਬਰਾਬਰੀ ਨਹੀਂ ਕਰ ਸਕਦਾ।

ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥

(ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਸ ਦੇ) ਮਨ ਵਿਚ ਸਰੀਰ ਵਿਚ ਮਿਹਰਬਾਨ ਦਇਆਲ ਅਕਾਲ ਪੁਰਖ ਮਿਹਰ ਦੀ ਨਿਗਾਹ ਕਰ ਕੇ ਆ ਵੱਸਦਾ ਹੈ।

ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ ॥੩॥

ਇਹ ਜਿੰਦ, ਇਹ ਸਰੀਰ, ਇਹ ਧਨ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਮੈਂ ਸਦਾ ਹੀ ਉਸ ਤੋਂ ਸਦਕੇ ਜਾਂਦਾ ਹਾਂ ॥੩॥

ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥

ਜਿਸ ਮਨੁੱਖ ਨੂੰ ਕਰਤਾਰ ਨੇ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ ਪ੍ਰਭੂ-ਚਰਨਾਂ ਵਿਚ ਜੁੜਿਆ ਉਹ ਮਨੁੱਖ (ਕਦੇ ਮਾਇਆ ਦੇ ਬੰਧਨਾਂ ਵਿਚ ਨਹੀਂ ਫਸਦਾ, ਤੇ) ਕਦੇ (ਪ੍ਰਭੂ ਤੋਂ) ਨਹੀਂ ਵਿੱਛੁੜਦਾ।

ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥

ਸਦਾ-ਥਿਰ ਰਹਿਣ ਵਾਲੇ ਸਿਰਜਣਹਾਰ ਨੇ ਆਪਣੇ ਦਾਸਾਂ ਦੇ (ਮਾਇਆ ਦੇ) ਬੰਧਨ (ਸਦਾ ਲਈ) ਕੱਟ ਦਿੱਤੇ ਹੁੰਦੇ ਹਨ।

ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥

(ਜੇ ਉਸ ਦਾ ਦਾਸ ਪਹਿਲਾਂ) ਕੁਰਾਹੇ ਭੀ ਪੈ ਗਿਆ (ਸੀ ਤੇ ਫਿਰ ਉਸ ਦੀ ਸਰਨ ਆਇਆ ਹੈ ਤਾਂ) ਉਸ ਪ੍ਰਭੂ ਨੇ ਉਸ ਦੇ (ਪਹਿਲੇ) ਗੁਣ ਔਗੁਣ ਨਾਹ ਵਿਚਾਰ ਕੇ ਉਸ ਨੂੰ ਸਹੀ ਰਸਤੇ ਉੱਤੇ ਪਾ ਦਿੱਤਾ ਹੈ।

ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥੪॥੧੮॥੮੮॥

ਹੇ ਨਾਨਕ! ਉਸ ਪ੍ਰਭੂ ਦੀ ਸਰਨ ਪਉ ਜੋ ਸਾਰੇ ਸਰੀਰਾਂ ਦਾ (ਜੀਵਾਂ ਦਾ) ਆਸਰਾ ਹੈ ॥੪॥੧੮॥੮੮॥{48-49}


ਸਿਰੀਰਾਗੁ ਮਹਲਾ ੫ ॥
ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥

(ਹੇ ਭਾਈ!) ਜੀਭ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਪਵਿਤ੍ਰ ਹੋ ਜਾਂਦਾ ਹੈ ਸਰੀਰ ਪਵਿਤ੍ਰ ਹੋ ਜਾਂਦਾ ਹੈ।

ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥

(ਜਗਤ ਵਿਚ) ਮਾਂ ਪਿਉ (ਆਦਿਕ) ਬਥੇਰੇ ਸਾਕ-ਅੰਗ ਹੁੰਦੇ ਹਨ, ਪਰ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸੰਬੰਧੀ) ਨਹੀਂ ਹੁੰਦਾ।

ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥੧॥

(ਸਿਮਰਨ ਭੀ ਉਸ ਦੀ ਮਿਹਰ ਨਾਲ ਹੀ ਹੋ ਸਕਦਾ ਹੈ), ਜੇ ਉਹ ਪ੍ਰਭੂ ਆਪਣੀ ਮਿਹਰ ਕਰੇ, ਤਾਂ ਉਹ (ਜੀਵ ਨੂੰ) ਰਤਾ ਭਰ ਸਮੇਂ ਲਈ ਭੀ ਨਹੀਂ ਭੁੱਲਦਾ ॥੧॥

ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥

ਹੇ ਮੇਰੇ ਮਨ! ਜਿਤਨਾ ਚਿਰ (ਤੇਰੇ ਸਰੀਰ ਵਿਚ) ਸਾਹ (ਆਉਂਦਾ) ਹੈ (ਉਤਨਾ ਚਿਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ।

ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥੧॥ ਰਹਾਉ ॥

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਸਾਰਾ ਝੂਠਾ ਪਰਪੰਚ ਹੈ, ਇਹ ਆਖ਼ਰ ਨੂੰ ਨਾਸ ਹੋ ਜਾਣ ਵਾਲਾ ਹੈ ॥੧॥ ਰਹਾਉ ॥

ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥

ਹੇ (ਮੇਰੀ) ਮਾਂ! ਮੇਰਾ ਮਾਲਕ-ਪ੍ਰਭੂ ਪਵਿਤ੍ਰ-ਸਰੂਪ ਹੈ। ਉਸ ਦੇ ਸਿਮਰਨ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ।

ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥

(ਉਸ ਦੇ ਦੀਦਾਰ ਵਾਸਤੇ) ਮੇਰੇ ਮਨ ਵਿਚ ਮੇਰੇ ਤਨ ਵਿਚ ਬਹੁਤ ਹੀ ਜ਼ਿਆਦਾ ਤਾਂਘ ਹੈ। (ਹੇ ਮਾਂ! ਮੇਰੇ ਅੰਦਰ ਤੜਪ ਹੈ ਕਿ) ਕੋਈ (ਗੁਰਮੁਖਿ) ਉਸ ਨੂੰ ਲਿਆ ਕੇ ਮੈਨੂੰ ਮਿਲਾ ਦੇਵੇ।

ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥੨॥

ਮੈਂ ਚਾਰੇ ਕੂਟਾਂ ਭਾਲ ਵੇਖੀਆਂ ਹਨ, ਖਸਮ-ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ (ਸੁੱਝਦਾ) ॥੨॥

ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ॥

(ਹੇ ਮੇਰੇ ਮਨ!) ਤੂੰ ਉਸ ਗੁਰੂ ਦੇ ਦਰ ਤੇ ਅਰਦਾਸ ਕਰ, ਜੇਹੜਾ ਕਰਤਾਰ (ਨੂੰ) ਮਿਲਾ ਸਕਦਾ ਹੈ।

ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥

ਗੁਰੂ ਨਾਮ (ਦੀ ਦਾਤਿ) ਦੇਣ ਵਾਲਾ ਹੈ, ਉਸ (ਗੁਰੂ) ਦਾ (ਨਾਮ ਦਾ) ਖ਼ਜ਼ਾਨਾ ਅਮੁੱਕ ਹੈ।

ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥੩॥

(ਗੁਰੂ ਦੀ ਸਰਨ ਪੈ ਕੇ ਹੀ) ਸਦਾ ਹੀ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਸ ਦੇ ਗੁਣਾਂ ਦੇ ਸਮੁੰਦਰ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੩॥

ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ ॥

(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਉਸ ਪਾਲਣਹਾਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ ਦੇ ਅਨੇਕਾਂ ਕੌਤਕ (ਦਿੱਸ ਰਹੇ ਹਨ)।

ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ ॥

ਉਸ ਦਾ ਨਾਮ ਸਦਾ ਹੀ ਸਿਮਰਨਾ ਚਾਹੀਦਾ ਹੈ, ਇਹੀ ਸਭ ਤੋਂ ਚੰਗੀ ਅਕਲ ਹੈ।

ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥੪॥੧੯॥੮੯॥

(ਪਰ ਜੀਵ ਦੇ ਭੀ ਕੀਹ ਵੱਸ?) ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ (ਚੰਗੇ ਭਾਗਾਂ ਦਾ) ਲੇਖ (ਉੱਘੜ ਪਏ), ਉਸ ਨੂੰ (ਪਰਮਾਤਮਾ) ਮਨ ਵਿਚ ਹਿਰਦੇ ਵਿਚ ਪਿਆਰਾ ਲੱਗਦਾ ਹੈ ॥੪॥੧੯॥੮੯॥


ਸਿਰੀਰਾਗੁ ਮਹਲਾ ੫ ॥
ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥

ਹੇ ਸੰਤ ਜਨੋ! ਭਰਾਵੋ! (ਸਾਧ ਸੰਗਤ ਵਿਚ) ਮਿਲ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ,

ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥

ਆਪਣੀ ਜਿੰਦ ਵਾਸਤੇ (ਜੀਵਨ-ਸਫ਼ਰ ਦਾ) ਖ਼ਰਚ ਇਕੱਠਾ ਕਰੋ। ਇਹ ਨਾਮ-ਰੂਪ ਸਫ਼ਰ-ਖ਼ਰਚ) ਇਸ ਲੋਕ ਵਿਚ ਤੇ ਪਰਲੋਕ ਵਿਚ (ਜਿੰਦ ਦੇ ਨਾਲ) ਨਿਭਦਾ ਹੈ।

ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ ॥

(ਜਦੋਂ ਪ੍ਰਭੂ) ਆਪਣੀ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ (ਤਦੋਂ ਇਹ ਨਾਮ-ਤੋਸ਼ਾ) ਪੂਰੇ ਗੁਰੂ ਤੋਂ ਮਿਲਦਾ ਹੈ।

ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ ॥੧॥

ਪ੍ਰਭੂ ਦੀ ਮਿਹਰ ਨਾਲ ਇਹ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ॥੧॥

ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥

ਹੇ ਮੇਰੇ ਮਨ! ਗੁਰੂ ਜੇਡਾ ਵੱਡਾ (ਉੱਚ ਜੀਵਨ ਵਾਲਾ ਜਗਤ ਵਿਚ) ਹੋਰ ਕੋਈ ਨਹੀਂ ਹੈ।

ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥

(ਗੁਰੂ ਤੋਂ ਬਿਨਾ ਮੈਨੂੰ) ਹੋਰ ਕੋਈ ਦੂਜਾ ਆਸਰਾ ਨਹੀਂ ਦਿੱਸਦਾ। (ਪਰ) ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ ਗੁਰੂ ਨੂੰ ਮਿਲਾਂਦਾ ਹੈ ॥੧॥ ਰਹਾਉ ॥

ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥

ਜਿਸ ਮਨੁੱਖ ਨੇ ਜਾ ਕੇ ਗੁਰੂ ਦਾ ਦਰਸ਼ਨ ਕੀਤਾ ਹੈ, ਉਸ ਨੂੰ ਸਾਰੇ (ਕੀਮਤੀ) ਪਦਾਰਥ ਮਿਲ ਗਏ (ਸਮਝੋ)।

ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥

ਹੇ ਮਾਂ! ਜਿਨ੍ਹਾਂ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਉਹ ਵੱਡੇ ਭਾਗਾਂ ਵਾਲੇ ਹਨ।

ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥

ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਦਾਤਾਂ ਦੇਣ ਵਾਲਾ ਹੈ ਜੋ ਸਭ ਤਰ੍ਹਾਂ ਦੀ ਤਾਕਤ ਦਾ ਮਾਲਕ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ।

ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥੨॥

ਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ ਪਾਰਬ੍ਰਹਮ (ਦਾ ਰੂਪ) ਹੈ, ਗੁਰੂ (ਸੰਸਾਰ-ਸਮੁੰਦਰ ਵਿਚ) ਡੁੱਬਦੇ ਜੀਵ ਨੂੰ ਪਾਰ ਲੰਘਾ ਲੈਂਦਾ ਹੈ ॥੨॥

ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ ॥

ਕੇਹੜੇ ਮੂੰਹ ਨਾਲ ਗੁਰੂ ਦੀ ਵਡਿਆਈ ਕੀਤੀ ਜਾਏ? ਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਜਗਤ ਨੂੰ ਪੈਦਾ ਕਰਨ ਦੀ ਤਾਕਤ ਰੱਖਦਾ ਹੈ।

ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥

ਉਹ ਮੱਥੇ (ਗੁਰੂ-ਚਰਨਾਂ ਵਿਚ) ਸਦਾ ਲਈ ਟਿਕੇ ਰਹਿੰਦੇ ਹਨ, ਜਿਨ੍ਹਾਂ ਉਤੇ ਗੁਰੂ ਨੇ (ਆਪਣੀ ਮਿਹਰ ਦਾ) ਹੱਥ ਰੱਖਿਆ ਹੈ।

ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ ॥

(ਪਰਮਾਤਮਾ ਦਾ ਨਾਮ) ਜਨਮ ਮਰਨ ਦੇ ਗੇੜ-ਰੂਪ ਰੋਗ ਦਾ ਪਰਹੇਜ਼ ਹੈ, ਆਤਮਕ ਜੀਵਨ ਦੇਣ ਵਾਲਾ ਇਹ ਨਾਮ-ਜਲ ਜਿਨ੍ਹਾਂ (ਭਾਗਾਂ ਵਾਲਿਆਂ) ਨੂੰ ਗੁਰੂ ਨੇ ਪਿਲਾਇਆ ਹੈ,

ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ ॥੩॥

ਉਹ ਪਰਮੇਸਰ ਦੇ ਰੂਪ ਗੁਰੂ ਨੂੰ, ਸਾਰੇ ਡਰ ਦੂਰ ਕਰਨ ਵਾਲੇ ਗੁਰੂ ਨੂੰ, ਸਾਰੇ ਦੁੱਖ ਨਾਸ ਕਰਨ ਵਾਲੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ ॥੩॥

ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ ॥

ਸਤਿਗੁਰੂ (ਮਾਨੋ, ਇਕ) ਡੂੰਘਾ (ਸਮੁੰਦਰ) ਹੈ, ਗੁਰੂ ਵੱਡੇ ਜਿਗਰੇ ਵਾਲਾ ਹੈ, ਗੁਰੂ ਸਾਰੇ ਸੁਖਾਂ ਦਾ ਸਮੁੰਦਰ ਹੈ, ਗੁਰੂ ਪਾਪਾਂ ਦਾ ਨਾਸ ਕਰਨ ਵਾਲਾ ਹੈ।

ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥

ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸੇਵਾ ਕੀਤੀ ਹੈ ਜਮਦੂਤਾਂ ਦਾ ਡੰਡਾ (ਉਸ ਦੇ ਸਿਰ ਉੱਤੇ) ਨਹੀਂ ਵੱਜਦਾ।

ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥

ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਕੋਈ ਭੀ ਗੁਰੂ ਦੇ ਬਰਾਬਰ ਦਾ ਨਹੀਂ ਹੈ।

ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥੪॥੨੦॥੯੦॥

ਹੇ ਨਾਨਕ! ਸਤਿਗੁਰੂ ਨੇ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ-ਖਜ਼ਾਨਾ ਦਿੱਤਾ ਹੈ, ਉਸ ਨੇ ਆਤਮਕ ਆਨੰਦ (ਸਦਾ ਲਈ) ਆਪਣੇ ਮਨ ਵਿਚ ਪਰੋ ਲਿਆ ਹੈ ॥੪॥੨੦॥੯੦॥


ਸਿਰੀਰਾਗੁ ਮਹਲਾ ੫ ॥
ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥

ਜੀਵ ਦੁਨੀਆ ਦੇ ਪਦਾਰਥਾਂ ਨੂੰ ਸੁਆਦਲੇ ਜਾਣ ਕੇ ਖਾਂਦਾ ਵਰਤਦਾ ਹੈ, ਪਰ ਇਹਨਾਂ (ਭੋਗਾਂ) ਦਾ ਸੁਆਦ (ਅੰਤ ਵਿਚ) ਕੌੜਾ (ਦੁਖਦਾਈ) ਸਾਬਤ ਹੁੰਦਾ ਹੈ (ਵਿਕਾਰ ਤੇ ਰੋਗ ਪੈਦਾ ਹੁੰਦੇ ਹਨ)।

ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥

ਮਨੁੱਖ (ਜਗਤ ਵਿਚ) ਭਰਾ ਮਿੱਤਰ ਦੋਸਤ (ਆਦਿਕ) ਬਣਾਂਦਾ ਹੈ, ਤੇ (ਇਹ) ਮਾਇਆ ਦਾ ਝਗੜਾ ਖੜਾ ਕਰੀ ਰੱਖਦਾ ਹੈ।

ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥

ਪਰ ਅਸਚਰਜ ਗੱਲ (ਇਹ) ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਚੀਜ਼ ਨੂੰ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥

ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥

ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਵਿਚ ਰੁੱਝਾ ਰਹੁ।

ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥

(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਤੇ (ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ, ਕਿਉਂਕਿ) ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ ॥੧॥ ਰਹਾਉ ॥

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥

ਜਿਵੇਂ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵਲ ਭੱਜਦਾ ਹੈ,

ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥

(ਤਿਵੇਂ) ਲੋਭੀ ਜੀਵ ਨੂੰ ਭੀ ਕੁਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਲੈਂਦਾ ਹੈ।

ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥੨॥

ਕਾਮ ਦੇ ਤੇ ਕ੍ਰੋਧ ਦੇ ਨਸ਼ੇ ਵਿਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿਚ ਪੈਂਦਾ ਰਹਿੰਦਾ ਹੈ ॥੨॥

ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥

ਮਾਇਆ ਨੇ ਵਿਸ਼ਿਆਂ ਦਾ ਚੋਗਾ ਜਾਲ ਵਿਚ ਤਿਆਰ ਕਰ ਕੇ ਉਹ ਜਾਲ ਖਿਲਾਰਿਆ ਹੋਇਆ ਹੈ,

ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥

ਮਾਇਆ ਦੀ ਤ੍ਰਿਸ਼ਨਾ ਨੇ ਜੀਵ-ਪੰਖੀ ਨੂੰ (ਉਸ ਜਾਲ ਵਿਚ) ਫਸਾਇਆ ਹੋਇਆ ਹੈ। ਹੇ (ਮੇਰੀ) ਮਾਂ! (ਜੀਵ ਉਸ ਜਾਲ ਵਿਚੋਂ) ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ,

ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥੩॥

(ਕਿਉਂਕਿ) ਜਿਸ ਕਰਤਾਰ ਨੇ (ਇਹ ਸਭ ਕੁਝ) ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ, ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੩॥

ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥

ਇਸ ਜਗਤ ਨੂੰ (ਮਾਇਆ ਨੇ) ਅਨੇਕਾਂ ਕਿਸਮਾਂ ਦੇ ਰੂਪਾਂ ਰੰਗਾਂ ਵਿਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ।

ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥

ਇਸ ਵਿਚੋਂ ਉਹੀ ਬਚ ਸਕਦਾ ਹੈ, ਜਿਸ ਨੂੰ ਸਭ ਸਮਰੱਥਾ ਵਾਲਾ ਬੇਅੰਤ ਅਕਾਲ ਪੁਰਖ ਆਪ ਬਚਾਏ।

ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥੪॥੨੧॥੯੧॥

(ਪਰਮਾਤਮਾ ਦੀ ਮਿਹਰ ਨਾਲ) ਪਰਮਾਤਮਾ ਦੇ ਭਗਤ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਬਚਦੇ ਹਨ। ਹੇ ਨਾਨਕ! ਤੂੰ ਸਦਾ ਉਸ ਪਰਮਾਤਮਾ ਤੋਂ ਸਦਕੇ ਹੋਹੁ ॥੪॥੨੧॥੯੧॥


ਸਿਰੀਰਾਗੁ ਮਹਲਾ ੫ ਘਰੁ ੨ ॥
ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥

(ਔੜ ਦੇ ਸਮੇਂ ਥੋੜੇ ਦਿਨਾਂ ਲਈ) ਗੁੱਜਰ (ਆਪਣਾ ਮਾਲ-ਡੰਗਰ ਲੈ ਕੇ) ਕਿਸੇ ਚਰਨ ਵਾਲੀ ਥਾਂ ਤੇ ਜਾਂਦਾ ਹੈ, ਉੱਥੇ ਉਸ ਨੂੰ ਆਪਣੇ ਕਿਸੇ ਵਡੱਪਣ ਦਾ ਵਿਖਾਵਾ-ਖਿਲਾਰਾ ਸੋਭਦਾ ਨਹੀਂ।

ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥

(ਤਿਵੇਂ, ਹੇ ਜੀਵ! ਜਦੋਂ ਤੈਨੂੰ ਇੱਥੇ ਜਗਤ ਵਿਚ ਰਹਿਣ ਲਈ) ਮਿਲਿਆ ਸਮਾ ਮੁੱਕ ਜਾਇਗਾ, ਤੂੰ (ਇਥੋਂ) ਤੁਰ ਪਏਂਗਾ। (ਇਸ ਵਾਸਤੇ ਆਪਣਾ ਅਸਲੀ) ਘਰ ਘਾਟ ਸੰਭਾਲ (ਚੇਤੇ ਰੱਖ) ॥੧॥

ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥

ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ। ਪਿਆਰ ਨਾਲ ਗੁਰੂ ਦੀ (ਦੱਸੀ) ਸੇਵਾ ਕਰ।

ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ ॥

ਥੋੜੀ ਜਿਤਨੀ ਗੱਲ ਪਿੱਛੇ (ਇਸ ਥੋੜੇ ਜਿਹੇ ਜੀਵਨ-ਸਮੇਂ ਵਾਸਤੇ) ਕਿਉਂ ਮਾਣ ਕਰਦਾ ਹੈਂ? ॥੧॥ ਰਹਾਉ ॥

ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥

ਜਿਵੇਂ ਰਾਤ ਵੇਲੇ (ਕਿਸੇ ਘਰ ਆਏ ਹੋਏ) ਪਰਾਹੁਣੇ ਦਿਨ ਚੜ੍ਹਨ ਤੇ (ਉਥੋਂ ਉੱਠ ਕੇ ਚੱਲ ਪੈਣਗੇ (ਤਿਵੇਂ, ਹੇ ਜੀਵ! ਜ਼ਿੰਦਗੀ ਦੀ ਰਾਤ ਮੁੱਕਣ ਤੇ ਤੂੰ ਭੀ ਇਸ ਜਗਤ ਤੋਂ ਚੱਲ ਪਏਂਗਾ)।

ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥

ਤੂੰ ਇਸ ਗ੍ਰਿਹਸਤ ਨਾਲ (ਬਾਗ ਪਰਵਾਰ ਨਾਲ) ਕਿਉਂ ਮਸਤ ਹੋਇਆ ਪਿਆ ਹੈਂ? ਇਹ ਸਾਰੀ ਫੁੱਲਾਂ ਦੀ ਹੀ ਬਗ਼ੀਚੀ (ਸਮਾਨ) ਹੈ ॥੨॥

ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥

ਇਹ ਚੀਜ਼ ਮੇਰੀ ਹੈ, ਇਹ ਜਾਇਦਾਦ ਮੇਰੀ ਹੈ-ਕਿਉਂ ਅਜੇਹਾ ਮਾਣ ਕਰ ਰਿਹਾ ਹੈਂ? ਜਿਸ ਪਰਮਾਤਮਾ ਨੇ ਇਹ ਸਭ ਕੁਝ ਦਿੱਤਾ ਹੈ, ਉਸ ਨੂੰ ਲੱਭ।

ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥

ਇਥੋਂ ਜ਼ਰੂਰ ਕੂਚ ਕਰ ਜਾਣਾ ਚਾਹੀਦਾ ਹੈ। (ਲੱਖਾਂ ਕ੍ਰੋੜਾਂ ਦਾ ਮਾਲਕ ਭੀ) ਲੱਖਾ ਕ੍ਰੋੜਾਂ ਰੁਪਏ ਛੱਡ ਕੇ ਚਲਾ ਜਾਇਗਾ ॥੩॥

ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥

(ਹੇ ਭਾਈ!) ਚੌਰਾਸੀ ਲੱਖ ਜੂਨਾਂ ਵਿਚ ਭੌਂ ਭੌਂ ਕੇ ਤੂੰ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਲੱਭਾ ਹੈ।

ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥

ਹੇ ਨਾਨਕ! (ਪਰਮਾਤਮਾ ਦਾ) ਨਾਮ ਹਿਰਦੇ ਵਿਚ ਵਸਾ। ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਇਥੋਂ ਕੂਚ ਕਰਨਾ ਹੈ) ॥੪॥੨੨॥੯੨॥

1
2
3
4
5
6
7