ਰਾਗ ਗੂਜਰੀ – ਬਾਣੀ ਸ਼ਬਦ-Raag Gujri – Bani

ਰਾਗ ਗੂਜਰੀ – ਬਾਣੀ ਸ਼ਬਦ-Raag Gujri – Bani

ਰਾਗੁ ਗੂਜਰੀ ਮਹਲਾ ੪ ॥
ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥

ਹੇ ਮਹਾਪੁਰਖ ਗੁਰੂ! ਹੇ ਪ੍ਰਭੂ ਦੇ ਭਗਤ ਸਤਿਗੁਰੂ! ਮੈਂ, ਹੇ ਗੁਰੂ! ਤੇਰੇ ਅੱਗੇ ਬੇਨਤੀ ਕਰਦਾ ਹਾਂ,

ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥

ਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ। ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ ਪੈਦਾ ਕਰ ॥੧॥

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥

ਹੇ ਮੇਰੇ ਮਿੱਤਰ ਗੁਰੂ! ਮੈਨੂੰ ਪ੍ਰਭੂ ਦਾ ਨਾਮ-ਚਾਨਣ ਬਖ਼ਸ਼।

ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

ਗੁਰੂ ਦੀ ਦੱਸੀ ਮਤਿ ਦੀ ਰਾਹੀਂ ਮਿਲਿਆ ਹੋਇਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ), ਪ੍ਰਭੂ ਦੀ ਸਿਫ਼ਤ-ਸਾਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸਿ-ਪੂੰਜੀ ਬਣੀ ਰਹੇ ॥੧॥ ਰਹਾਉ ॥

ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥

ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸਰਧਾ ਹੈ, ਖਿੱਚ ਹੈ।

ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥

ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਸਾਧ ਸੰਗਤਿ ਵਿਚ ਮਿਲ ਕੇ (ਉਹਨਾਂ ਦੇ ਅੰਦਰ ਭਲੇ) ਗੁਣ ਪੈਦਾ ਹੁੰਦੇ ਹਨ ॥੨॥

ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥

ਪਰ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦ-ਕਿਸਮਤ ਹਨ, ਉਹ ਜਮਾਂ ਦੇ ਵੱਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ)।

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥

ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਜੋ ਸਾਧ ਸੰਗਤਿ ਵਿਚ ਨਹੀਂ ਬੈਠਦੇ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ॥੩॥

ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

ਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤਿ ਵਿਚ ਬੈਠਣਾ ਨਸੀਬ ਹੋਇਆ ਹੈ, (ਸਮਝੋ) ਉਹਨਾਂ ਦੇ ਮੱਥੇ ਉਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ।

ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥

ਹੇ ਨਾਨਕ! ਧੰਨ ਹੈ ਸਤਸੰਗ! ਧੰਨ ਹੈ ਸਤਸੰਗ! ਜਿਸ ਵਿਚ (ਬੈਠਿਆਂ) ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ, ਜਿਥੇ ਗੁਰਮੁਖਾਂ ਨੂੰ ਮਿਲਿਆਂ (ਹਿਰਦੇ ਵਿਚ ਪਰਮਾਤਮਾ ਦਾ) ਨਾਮ ਆ ਵੱਸਦਾ ਹੈ ॥੪॥੪॥


ਰਾਗੁ ਗੂਜਰੀ ਮਹਲਾ ੫ ॥
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥

ਹੇ ਮਨ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ?

ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥

ਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥

ਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ।

ਗੁਰਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥

ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ॥੧॥ ਰਹਾਉ ॥

ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥

(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ-ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥

ਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ॥੨॥

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥

(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ।

ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥

ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥

ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥

ਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ।

ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥

ਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, (ਤੇ ਆਖ-ਹੇ ਪ੍ਰਭੂ!) ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ॥੪॥੫॥


ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧ ॥

ਰਾਗ ਗੂਜਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥

(ਹੇ ਪ੍ਰਭੂ!) ਜੇ ਮੈਂ ਤੇਰੇ ਨਾਮ (ਦੀ ਯਾਦ) ਨੂੰ ਚੰਨਣ ਦੀ ਲੱਕੜੀ ਬਣਾ ਲਵਾਂ, ਜੇ ਮੇਰਾ ਮਨ (ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ) ਸਿਲ ਬਣ ਜਾਏ,

ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥

ਜੇ ਮੇਰਾ ਉੱਚਾ ਆਚਰਨ (ਇਹਨਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਪਈ ਹੋਵੇਗੀ ॥੧॥

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥

ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ (ਐਸੀ) ਨਹੀਂ (ਜੋ ਪਰਵਾਨ ਹੋ ਸਕੇ) ॥੧॥ ਰਹਾਉ ॥

ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥

ਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਜੇ ਕੋਈ ਮਨੁੱਖ ਆਪਣੇ ਮਨ ਨੂੰ (ਨਾਮ-ਸਿਮਰਨ ਨਾਲ) ਧੋਵੇ,

ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥

ਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਉਸ ਦੀ ਜਿੰਦ ਸੁੱਧ-ਪਵਿਤ੍ਰ ਹੋ ਜਾਂਦੀ ਹੈ, ਉਸ ਦਾ ਜੀਵਨ-ਸਫ਼ਰ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ ॥੨॥

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥

(ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ ਮੰਨਿਆ ਜਾਂਦਾ ਹੈ, ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ ਦੇਂਦੇ ਹਨ।

ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥

ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ ਹੋਰ ਹੋਰ) ਕੰਮ ਹੀ ਕਰਦੇ ਹਨ ॥੩॥

ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮ੍ਰਾਲੇ ॥

(ਹੇ ਭਾਈ!) ਸਾਡੀ ਤੇ ਪ੍ਰਭੂ ਦੀ ਬੜੀ ਨੇੜੇ ਦੀ ਸਾਂਝ ਹੈ (ਇਤਨੀ ਨੇੜੇ ਦੀ ਕਿ) ਜੋ ਕੁਝ ਉਹ ਸਾਨੂੰ ਦੇਂਦਾ ਹੈ ਉਹੀ ਅਸੀਂ ਖਾਂਦੇ ਹਾਂ (ਖਾ ਕੇ ਜੀਵਨ-ਨਿਰਬਾਹ ਕਰਦੇ ਹਾਂ), ਉਹ (ਦਾਤਾ) ਹੈ ਭੀ ਸਦਾ (ਸਾਡੇ ਸਿਰ ਉਤੇ) ਕਾਇਮ।

ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥

ਨਾਨਕ ਆਖਦਾ ਹੈ- ਉਸ ਨੂੰ ਆਪਣੇ ਤੋਂ ਦੂਰ ਨਾਹ ਸਮਝੋ, ਉਹ ਸਦਾ ਸਾਡੀ ਸਾਰ ਲੈਂਦਾ ਹੈ ਸੰਭਾਲ ਕਰਦਾ ਹੈ (ਮੂਰਤੀਆਂ ਦੀ ਪੂਜਾ ਕਰਨ ਦੇ ਥਾਂ ਉਸ ਹਾਜ਼ਰ-ਨਾਜ਼ਰ ਪ੍ਰਭੂ ਦਾ ਨਾਮ ਧਿਆਵੋ) ॥੪॥੧॥


ਗੂਜਰੀ ਮਹਲਾ ੧ ॥
ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥

(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ,

ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥

(ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ ॥੧॥

ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥

ਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ।

ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥

ਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ॥੧॥ ਰਹਾਉ ॥

ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥

ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ।

ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥

ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ ॥੨॥

ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥

ਵੱਡੇ ਵੱਡੇ ਜੋਗੀ (ਆਪਣੇ ਹੀ ਉੱਦਮ ਦੀ ਟੇਕ ਰੱਖ ਕੇ) ਸਮਾਧੀਆਂ ਲਾਂਦੇ ਹਨ ਤੇ ਮਨ ਨੂੰ ਜਿੱਤਣ ਦੇ ਜਤਨ ਕਰਦੇ ਹਨ (ਪਰ ਜੇਹੜਾ ਮਨੁੱਖ ਆਪਣੇ ਉੱਦਮ ਉਤੇ ਹੀ ਟੇਕ ਰੱਖੇ, ਉਸ ਨੂੰ) ਉਹ ਅੰਦਰ-ਵੱਸਦੀ ਜੋਤਿ ਇਹਨਾਂ ਅੱਖਾਂ ਨਾਲ ਨਹੀਂ ਦਿੱਸਦੀ।

ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥

(ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ) ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦੇਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ-ਰੂਪ ਮਿੱਠੀ ਲਗਨ ਲੱਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਜਗ ਪੈਂਦੀ ਹੈ ॥੩॥

ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥

ਹੇ ਦੇਵਤਿਆਂ ਤੇ ਮਨੁੱਖਾਂ ਦੇ ਖਸਮ! ਹੇ ਬੇਅੰਤ! ਹੇ ਜੂਨ-ਰਹਿਤ! ਤੇ ਅਟੱਲ ਮਹਲ ਵਿਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ!

ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥

ਹੇ ਨਾਨਕ! (ਅਰਦਾਸ ਕਰ-) ਹੇ ਜਗਤ ਦੇ ਜੀਵਨ! (ਮੇਹਰ ਕਰ ਮੈਨੂੰ) ਅਡੋਲਤਾ ਵਿਚ ਨਿਵਾਸ ਮਿਲੇ। ਮੇਹਰ ਦੀ ਨਿਗਾਹ ਕਰ ਕੇ ਮੇਰਾ ਬੇੜਾ ਪਾਰ ਕਰ ॥੪॥੨॥


ਰਾਗੁ ਗੂਜਰੀ ਮਹਲਾ ੩ ਘਰੁ ੧ ॥

ਰਾਗ ਗੂਜਰੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ ॥

(ਹੇ ਮੇਰੇ ਮਨ!) ਇਹੋ ਜਿਹਾ ਜੀਵਨ ਫਿਟਕਾਰ-ਜੋਗ ਹੈ ਜਿਸ ਜੀਊਣ ਵਿਚ ਪਰਮਾਤਮਾ ਨਾਲ ਪਿਆਰ ਨਾਹ ਬਣੇ,

ਜਿਤੁ ਕੰਮਿ ਹਰਿ ਵੀਸਰੈ ਦੂਜੈ ਲਗੈ ਜਾਇ ॥੧॥

(ਐਸਾ ਭੀ ਕੰਮ ਫਿਟਕਾਰ-ਜੋਗ ਹੈ) ਜਿਸ ਕੰਮ ਵਿਚ ਲੱਗਿਆਂ ਪਰਮਾਤਮਾ ਭੁੱਲ ਜਾਏ, ਅਤੇ ਮਨੁੱਖ ਮਾਇਆ ਦੇ ਮੋਹ ਵਿਚ ਜਾ ਫਸੇ ॥੧॥

ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥

ਹੇ ਮੇਰੇ ਮਨ! ਇਹੋ ਜਿਹੇ ਗੁਰੂ ਦੀ ਸਰਨ ਪੈਣਾ ਚਾਹੀਦਾ ਹੈ ਜਿਸ ਦੀ ਸਰਨ ਪਿਆਂ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਏ, ਅਤੇ ਹੋਰ (ਮਾਇਆ ਆਦਿਕ) ਦਾ ਪਿਆਰ ਸਾਰਾ ਭੁਲ ਜਾਏ,

ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥੧॥ ਰਹਾਉ ॥

(ਜਿਸ ਦੀ ਸਰਨ ਪਿਆਂ) ਪਰਮਾਤਮਾ ਨਾਲ ਚਿੱਤ ਸਦਾ ਜੁੜਿਆ ਰਹੇ, ਅਤੇ ਇਹੋ ਜਿਹਾ ਆਤਮਕ ਜੀਵਨ ਦਾ ਦਰਜਾ ਮਿਲ ਜਾਏ ਜਿਸ ਨੂੰ ਕਦੇ ਬੁਢੇਪੇ ਦਾ ਡਰ ਨਾਹ ਹੋ ਸਕੇ (ਜੋ ਆਤਮਕ ਦਰਜਾ ਕਦੇ ਕਮਜ਼ੋਰ ਨਾਹ ਹੋ ਸਕੇ) ॥੧॥ ਰਹਾਉ ॥

ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ ਵੇਖੁ ਜੈਸੀ ਭਗਤਿ ਬਨੀ ॥

ਪਰਮਾਤਮਾ ਨਾਲ ਪਿਆਰ ਪਾਇਆਂ (ਮਨੁੱਖ ਦੇ ਅੰਦਰ) ਇਕ (ਅਚਰਜ) ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਹੈਰਾਨ ਕਰਨ ਵਾਲੀ ਭਗਤੀ (ਦਾ ਰੰਗ) ਬਣਦਾ ਹੈ।

ਆਪ ਸੇਤੀ ਆਪੁ ਖਾਇਆ ਤਾ ਮਨੁ ਨਿਰਮਲੁ ਹੋਆ ਜੋਤੀ ਜੋਤਿ ਸਮਈ ॥੨॥

ਅੰਦਰੇ ਅੰਦਰ ਹੀ (ਮਨੁੱਖ ਦੇ ਅੰਦਰੋਂ) ਆਪਾ-ਭਾਵ (ਅਹੰਕਾਰ) ਮੁੱਕ ਜਾਂਦਾ ਹੈ, (ਜਦੋਂ ਆਪਾ-ਭਾਵ ਮੁੱਕਦਾ ਹੈ) ਤਦੋਂ ਮਨ ਪਵਿਤ੍ਰ ਹੋ ਜਾਂਦਾ ਹੈ, ਤਦੋ ਮਨੁੱਖ ਦੀ ਸੁਰਤਿ ਰੱਬੀ ਨੂਰ ਵਿਚ ਲੀਨ ਰਹਿੰਦੀ ਹੈ ॥੨॥

ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ ਜੇ ਲੋਚੈ ਸਭੁ ਕੋਇ ॥

(ਪਰ, ਹੇ ਭਾਈ!) ਚਾਹੇ ਹਰੇਕ ਮਨੁੱਖ ਪਿਆ ਤਾਂਘ ਕਰੇ, ਕਿਸਮਤ ਤੋਂ ਬਿਨਾ ਅਜੇਹਾ ਗੁਰੂ ਨਹੀਂ ਮਿਲਦਾ (ਜਿਸ ਦੇ ਮਿਲਿਆਂ ਮਨੁੱਖ ਦੇ) ਅੰਦਰੋਂ ਮਾਇਆ ਦੇ ਮੋਹ ਵਾਲੀ ਕੰਧ ਦੂਰ ਹੋ ਜਾਏ।

ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥੩॥

(ਜਦੋਂ ਇਹ ਕੰਧ ਨਿਕਲ ਜਾਂਦੀ ਹੈ ਤੇ ਹਰੀ ਨਾਲ ਮਿਲਾਪ ਹੋ ਜਾਂਦਾ ਹੈ) ਤਦੋਂ ਮਨੁੱਖ ਨੂੰ ਸਦਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੩॥

ਨਾਨਕ ਐਸੇ ਸਤਿਗੁਰ ਕੀ ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੈ ਜੀਉ ਧਰੇਇ ॥

ਹੇ ਨਾਨਕ! (ਜਿਸ ਸੇਵਕ ਨੂੰ ਇਹੋ ਜਿਹਾ ਗੁਰੂ ਮਿਲ ਪੈਂਦਾ ਹੈ) ਉਹ ਸੇਵਕ ਅਜੇਹੇ ਗੁਰੂ ਦੀ ਕੀਹ ਸੇਵਾ ਕਰਦਾ ਹੈ? (ਬੱਸ, ਇਹੀ ਸੇਵਾ ਕਰਦਾ ਹੈ ਕਿ) ਗੁਰੂ ਦੇ ਅੱਗੇ ਆਪਣੀ ਜਿੰਦ ਭੇਟਾ ਕਰ ਦੇਂਦਾ ਹੈ (ਭਾਵ, ਉਹ ਸੇਵਕ) ਗੁਰੂ ਦੀ ਮਰਜ਼ੀ ਨੂੰ ਆਪਣੇ ਚਿੱਤ ਵਿਚ ਟਿਕਾ ਲੈਂਦਾ ਹੈ (ਗੁਰੂ ਦੇ ਹੁਕਮ ਵਿਚ ਤੁਰਦਾ ਹੈ।

ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥੩॥

ਪਰ ਭਾਣਾ ਮੰਨਾਣਾ ਭੀ ਕੋਈ ਸੌਖੀ ਖੇਡ ਨਹੀਂ, ਜਿਸ ਮਨੁੱਖ ਉਤੇ) ਗੁਰੂ ਆਪ ਹੀ ਕਿਰਪਾ ਕਰਦਾ ਹੈ (ਉਹ ਮਨੁੱਖ ਗੁਰੂ ਦੇ ਹੁਕਮ ਨੂੰ ਸਦਾ ਮੰਨਦਾ ਹੈ) ॥੪॥੧॥੩॥


ਗੂਜਰੀ ਮਹਲਾ ੩ ॥
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥

ਹੇ ਭਾਈ! ਸਿਰਫ਼ ਪਰਮਾਤਮਾ ਦੀ ਸੇਵਾ-ਭਗਤੀ ਕਰੋ ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਸੇਵਾ-ਪੂਜਾ ਨਾਹ ਕਰੋ।

ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥

ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਮਨ-ਇੱਛਤ ਫਲ ਪਾ ਲਈਦਾ ਹੈ, ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਪੂਜਾ ਨਾਲ ਆਪਣੀ ਜ਼ਿੰਦਗੀ ਹੀ ਵਿਅਰਥ ਚਲੀ ਜਾਂਦੀ ਹੈ ॥੧॥

ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥

ਹੇ ਭਾਈ! ਪਰਮਾਤਮਾ ਨਾਲ ਪਿਆਰ ਮੇਰੀ ਜੀਵਨ-ਜੁਗਤਿ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮਨ-ਪਰਚਾਵੇ ਦੀਆਂ ਗੱਲਾਂ ਹਨ।

ਗੁਰਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥੧॥ ਰਹਾਉ ॥

ਬੱਸ! ਮੈਨੂੰ ਇਹੀ ਸੇਵਾ-ਭਗਤੀ ਚੰਗੀ ਲੱਗਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪਰਮਾਤਮਾ ਦੀ ਯਾਦ ਵਿਚ ਗਿੱਝ ਜਾਏ ॥੧॥ ਰਹਾਉ ॥

ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥

ਹੇ ਭਾਈ! ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਸਿਮ੍ਰਿਤੀਆਂ ਦੀ ਮਰਯਾਦਾ ਹੈ ਤੇ ਸ਼ਾਸਤ੍ਰਾਂ ਦੀ ਵਿਚਾਰ ਹੈ, ਪਰਮਾਤਮਾ ਹੀ ਮੇਰਾ ਰਿਸ਼ਤੇਦਾਰ ਹੈ, ਪਰਮਾਤਮਾ ਹੀ ਮੇਰਾ ਭਰਾ-ਭਾਈ ਹੈ।

ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥੨॥

ਪਰਮਾਤਮਾ ਦੇ ਸਿਮਰਨ ਦੀ ਮੈਨੂੰ ਭੁੱਖ ਲੱਗਦੀ ਹੈ (ਮੇਰੀ ਆਤਮਕ ਜ਼ਿੰਦਗੀ ਦੇ ਕਾਇਮ ਰਹਿਣ ਵਾਸਤੇ ਮੈਨੂੰ ਸਿਮਰਨ ਦੀ ਖ਼ੁਰਾਕ ਦੀ ਲੋੜ ਪੈਂਦੀ ਹੈ), ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੇਰਾ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਪਰਮਾਤਮਾ ਮੇਰਾ ਸੰਬੰਧੀ ਹੈ, ਪਰਮਾਤਮਾ ਹੀ ਮੇਰਾ ਅੰਤ ਵੇਲੇ ਦਾ ਸਾਥੀ ਹੈ ॥੨॥

ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਨ ਜਾਈ ॥

(ਦੁਨੀਆ ਦੇ ਧਨ ਪਦਾਰਥ ਦਾ ਕੀਹ ਮਾਣ? ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਰਮਾਇਆ ਝੂਠਾ ਹੈ, (ਜਗਤ ਤੋਂ) ਤੁਰਨ ਵੇਲੇ (ਮਨੁੱਖ ਦੇ) ਨਾਲ ਨਹੀਂ ਜਾਂਦਾ।

ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤਹ ਜਾਈ ॥੩॥

(ਸੋ,) ਪਰਮਾਤਮਾ ਦਾ ਨਾਮ ਹੀ ਮੇਰਾ ਧਨ ਹੈ, ਇਹ ਧਨ ਮੇਰੇ ਨਾਲ ਸਾਥ ਕਰਦਾ ਹੈ, ਮੈਂ ਜਿਥੇ ਭੀ ਜਾਂਦਾ ਹਾਂ ਇਹ ਧਨ ਮੇਰੇ ਨਾਲ ਜਾਂਦਾ ਹੈ ॥੩॥

ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥

ਜੇਹੜਾ ਮਨੁੱਖ ਨਾਲ ਨਾਹ ਨਿਭਣ ਵਾਲੇ ਪਦਾਰਥਾਂ ਵਿਚ ਪ੍ਰੀਤਿ ਪਾਈ ਰੱਖਦਾ ਹੈ, ਉਸ ਦਾ ਜੀਵਨ ਹੀ ਉਹਨਾਂ ਪਦਾਰਥਾਂ ਨਾਲ ਇਕ-ਮਿਕ ਹੋ ਜਾਂਦਾ ਹੈ, ਉਹ ਨਿਤ ਉਹਨਾਂ ਨਾਸਵੰਤ ਪਦਾਰਥਾਂ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ।

ਕਹੈ ਨਾਨਕੁ ਹਰਿ ਕਾ ਭਾਣਾ ਹੋਆ ਕਹਣਾ ਕਛੂ ਨ ਜਾਈ ॥੪॥੨॥੪॥

(ਪਰ) ਨਾਨਕ ਆਖਦਾ ਹੈ-ਇਹ ਪਰਮਾਤਮਾ ਦੀ ਰਜ਼ਾ ਹੀ ਹੈ (ਕਿ ਕੋਈ ਹਰਿ-ਨਾਮ ਵਿਚ ਮਸਤ ਹੈ ਤੇ ਕੋਈ ਝੂਠੇ ਪਦਾਰਥਾਂ ਵਿਚ ਲੱਗਾ ਪਿਆ ਹੈ), ਇਸ ਰਜ਼ਾ ਨੂੰ ਚੰਗਾ ਜਾਂ ਮੰਦਾ ਨਹੀਂ ਆਖਿਆ ਜਾ ਸਕਦਾ ॥੪॥੨॥੪॥


ਗੂਜਰੀ ਮਹਲਾ ੩ ॥
ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ ॥

ਜਗਤ ਵਿਚ (ਹੋਰ ਪਦਾਰਥ ਤਾਂ ਸੁਖੈਨ ਮਿਲ ਜਾਂਦੇ ਹਨ, ਪਰ) ਪਰਮਾਤਮਾ ਦਾ ਨਾਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਇਹ ਨਾਮ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ।

ਬਿਨੁ ਨਾਵੈ ਮੁਕਤਿ ਨ ਹੋਵਈ ਵੇਖਹੁ ਕੋ ਵਿਉਪਾਇ ॥੧॥

ਤੇ, ਜਿਤਨਾ ਚਿਰ ਹਰਿ-ਨਾਮ ਨਾਹ ਮਿਲੇ ਉਤਨਾ ਚਿਰ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ, ਬੇ-ਸ਼ੱਕ ਕੋਈ ਭੀ ਧਿਰ ਕੋਈ ਹੋਰ ਉਪਾਉ ਕਰ ਕੇ (ਨਿਰਨਾ ਕਰ ਕੇ) ਵੇਖ ਲਵੋ ॥੧॥

ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥

ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।

ਸਤਿਗੁਰ ਮਿਲਿਐ ਹਰਿ ਮਨਿ ਵਸੈ ਸਹਜੇ ਰਹੈ ਸਮਾਇ ॥੧॥ ਰਹਾਉ ॥

ਜੇ ਗੁਰੂ ਮਿਲ ਪਏ ਤਾਂ ਪ੍ਰਭੂ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਤੇ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ ॥

ਜਦੋਂ ਪਰਮਾਤਮਾ (ਕਿਸੇ ਮਨੁੱਖ ਦੇ ਹਿਰਦੇ ਵਿਚ) ਆਪਣਾ ਡਰ-ਅਦਬ ਪਾਂਦਾ ਹੈ ਉਸ ਦੇ ਮਨ ਵਿਚ ਮਾਇਆ ਵਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ।

ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੨॥

ਇਸ ਉਪਰਾਮਤਾ ਦੀ ਹੀ ਬਰਕਤਿ ਨਾਲ ਪਰਮਾਤਮਾ ਮਿਲ ਪੈਂਦਾ ਹੈ, ਤੇ, ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਸੁਰਤਿ ਜੋੜੀ ਰੱਖਦਾ ਹੈ ॥੨॥

ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ ॥

ਜੇਹੜੇ ਮਨੁੱਖ ਆਪਣਾ ਮਨ ਜਿੱਤ ਲੈਂਦੇ ਹਨ, ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਉਹਨਾਂ ਉੱਤੇ ਮੁੜ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।

ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ ਪਾਇ ॥੩॥

ਜੇਹੜਾ ਭੀ ਮਨੁੱਖ (ਇੰਦ੍ਰਿਆਂ ਦੀ ਪਹੁੰਚ ਤੋਂ ਉਤਾਂਹ) ਚਿੱਤ-ਆਕਾਸ਼ ਵਿਚ (ਉੱਚੇ ਆਤਮਕ ਮੰਡਲ ਵਿਚ) ਆਪਣੀ ਰਿਹਾਇਸ਼ ਬਣਾ ਲੈਂਦਾ ਹੈ, ਉਸ ਨੂੰ ਤਿੰਨ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸਮਝ ਪੈ ਜਾਂਦੀ ਹੈ ॥੩॥

ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ ॥

ਹੇ ਨਾਨਕ! (ਆਖ-ਹੇ ਭਾਈ!) ਵੇਖੋ, ਪਰਮਾਤਮਾ ਦੀ ਅਚਰਜ ਮਰਜ਼ੀ! (ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਗੁਰੂ ਦੀ ਸਰਨ ਪੈਣ ਨਾਲ ਗੁਰੂ ਦਾ ਰੂਪ ਬਣ ਜਾਂਦਾ ਹੈ।

ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥

ਪਰਮਾਤਮਾ ਆਪ ਹੀ ਇਹ ਸਬੱਬ ਬਣਾਂਦਾ ਹੈ, (ਗੁਰੂ ਦੀ ਸਰਨ ਪਏ ਮਨੁੱਖ ਦੀ) ਆਤਮਾ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੪॥੩॥੫॥


ਗੂਜਰੀ ਮਹਲਾ ੩ ॥
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥

(ਜੇ) ਹਰੇਕ ਮਨੁੱਖ (ਨਿਰੀ ਜੀਭ ਨਾਲ ਹੀ) ਪਰਮਾਤਮਾ ਦਾ ਨਾਮ ਆਖਦਾ ਰਹੇ, (ਤਾਂ ਨਿਰਾ ਜੀਭ ਨਾਲ) ਪਰਮਾਤਮਾ ਦਾ ਨਾਮ ਆਖਿਆਂ (ਸਫਲਤਾ) ਨਹੀਂ ਹੁੰਦੀ।

ਗੁਰਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥

ਜਦੋਂ ਕਿਸੇ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸੇ, ਤਦੋਂ ਉਸ ਨੂੰ ਉਸ ਸਿਮਰਨ ਦਾ ਫਲ ਮਿਲਦਾ ਹੈ ॥੧॥

ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਲਈ ਪਿਆਰ ਬਣਦਾ ਹੈ,

ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥

ਪਰਮਾਤਮਾ ਉਸ ਮਨੁੱਖ ਨੂੰ ਕਦੇ ਭੁੱਲਦਾ ਨਹੀਂ। (ਜਿਨ੍ਹਾਂ ਮਨੁੱਖਾਂ ਦੇ ਅੰਦਰ ਪਿਆਰ ਬਣਦਾ ਹੈ) ਉਹ ਸਦਾ ਆਪਣੇ ਮਨ ਵਿਚ ਚਿੱਤ ਵਿਚ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹਨ ॥੧॥ ਰਹਾਉ ॥

ਹਿਰਦੈ ਜਿਨ੍ਰ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਠੱਗੀ ਵੱਸਦੀ ਹੈ, ਪਰ ਬਾਹਰਲੇ ਭੇਖ ਨਾਲ (ਆਪਣੇ ਆਪ ਨੂੰ ਉਹ) ਸੰਤ ਅਖਵਾਂਦੇ ਹਨ,

ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥

ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ; ਆਖ਼ਰ ਜਦੋਂ ਉਹ ਜਗਤ ਤੋਂ ਤੁਰ ਪੈਂਦੇ ਹਨ ਤਦੋਂ ਹੱਥ ਮਲਦੇ ਹਨ ॥੨॥

ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥

ਜੇ ਕੋਈ ਮਨੁੱਖ ਅਨੇਕਾਂ ਤੀਰਥਾਂ ਦੇ ਇਸ਼ਨਾਨ ਦਾ ਜਤਨ ਕਰਦਾ ਰਹੇ, ਤਾਂ ਭੀ ਉਸ ਦੇ ਅੰਦਰ ਦੀ ਹਊਮੇ ਦੀ ਮੈਲ ਨਹੀਂ ਲਹਿੰਦੀ,

ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥

ਤੇ, ਜਿਸ ਮਨੁੱਖ ਦੇ ਮਨ ਦਾ ਖਿੰਡਾਉ ਦੂਰ ਨਹੀਂ ਹੁੰਦਾ (ਉਹ ਮਾਇਆ ਦੇ ਮੋਹ ਵਿਚ ਭਟਕਦਾ ਰਹਿੰਦਾ ਹੈ) ਉਸ ਨੂੰ ਧਰਮ ਰਾਜ ਸਜ਼ਾ ਦੇਂਦਾ ਹੈ ॥੩॥

ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥

(ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ। (ਪਰ ਉਂਞ) ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝਦਾ ਹੈ।

ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥

ਹੇ ਨਾਨਕ! (ਆਖ-) ਜਦੋਂ ਜੇਹੜਾ ਮਨੁੱਖ ਆਪਣੇ ਮਨ ਵਿਚੋਂ ਹਉਮੈ ਨੂੰ ਮਾਰ ਮੁਕਾਂਦਾ ਹੈ ਤਦੋਂ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ ॥੪॥੪॥੬॥


ਗੂਜਰੀ ਮਹਲਾ ੩ ॥
ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥

ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ।

ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੧॥

ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥

ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ।

ਗੁਰਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥

(ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ॥੧॥ ਰਹਾਉ ॥

ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥

ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ), ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ।

ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥

ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ। (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ॥੨॥

ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥

(ਪਰ, ਹੇ ਭਾਈ!) ਪਾਰਸ ਬਣਨ ਤੋਂ ਬਿਨਾ (ਦੁਨੀਆ ਪਾਸੋਂ) ਆਦਰ-ਮਾਣ ਨਹੀਂ ਮਿਲਦਾ, (ਕਿਉਂਕਿ) ਆਪਣਾ ਮਨ ਸਿਮਰਨ ਵਿਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਨਾਂ ਨੂੰ (ਸਿਮਰਨ ਦੀ) ਸਿੱਖਿਆ ਦੇਂਦਾ ਹੈ।

ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥

ਜੇਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ (ਸਹੀ ਜੀਵਨ ਦੇ) ਰਸਤੇ ਉਤੇ ਨਹੀਂ ਪਾ ਸਕਦਾ ॥੩॥

ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥

ਹੇ ਨਾਨਕ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਦੀ ਮੇਹਰ ਦੀ ਨਿਗਾਹ ਤੋਂ ਬਿਨਾ ਕੁਝ ਭੀ ਪ੍ਰਾਪਤ ਨਹੀਂ ਹੁੰਦਾ (ਆਤਮਕ ਜੀਵਨ ਦੀ ਦਾਤਿ ਨਹੀਂ ਮਿਲਦੀ)। ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਇਹ ਦਾਤਿ ਹਾਸਲ ਕਰ ਲੈਂਦਾ ਹੈ।

ਗੁਰਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥

ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਪਰਮਾਤਮਾ (ਜਿਸ ਮਨੁੱਖ ਨੂੰ) ਵਡਿਆਈ ਬਖ਼ਸ਼ਦਾ ਹੈ ਉਸ ਦੇ ਹਿਰਦੇ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਂਦਾ ਹੈ ॥੪॥੫॥੭॥


ਗੂਜਰੀ ਮਹਲਾ ੩ ਪੰਚਪਦੇ ॥
ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥

ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਗਿਆਂ) ਸੁਚੱਜੀ ਅਕਲ ਪੈਦਾ ਹੁੰਦੀ ਹੈ, ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਨਾਹ ਗਿਆਂ) ਚੰਗੀ ਅਕਲ ਦੂਰ ਹੋ ਜਾਂਦੀ ਹੈ;

ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥

ਗੁਰੂ ਨੂੰ ਮਿਲਿਆਂ (ਮਨੁੱਖ ਦੇ ਅੰਦਰ) ਚੰਗੀ ਅਕਲ ਪੈਦਾ ਹੁੰਦੀ ਹੈ, ਤਦੋਂ ਮਨੁੱਖ ਨੂੰ ਇਹ ਸਮਝ ਆਉਂਦੀ ਹੈ ॥੧॥

ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥

ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰ। ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਈ ਰੱਖ।

ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥

ਜਦੋਂ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ, ਗੁਰ-ਸ਼ਬਦ ਦੀ ਬਰਕਤਿ ਨਾਲ) ਤੇਰੀ ਇਹ ਅਕਲ ਮਾਇਆ ਦੇ ਮੋਹ ਵਿਚ ਡੋਲਣੋਂ ਬਚੀ ਰਹੇਗੀ, ਤਦੋਂ ਤੇਰੇ ਅੰਦਰੋਂ ਭਟਕਣਾ ਦੂਰ ਹੋ ਜਾਇਗੀ ॥੧॥ ਰਹਾਉ ॥

ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥

ਤੂੰ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਸੰਭਾਲ, ਤੇਰੇ ਸਾਰੇ ਪਾਪ ਨਾਸ ਹੋ ਜਾਣਗੇ।

ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥

ਜੇ ਤੂੰ (ਪ੍ਰਭੂ-ਚਰਨਾਂ ਦੀ ਬਰਕਤਿ ਨਾਲ) ਕਾਮਾਦਿਕ ਪੰਜਾਂ ਦੇ ਵੱਸ ਵਿਚ ਆਏ ਹੋਏ ਮਨ ਨੂੰ ਆਪਣੇ ਵੱਸ ਵਿਚ ਕਰ ਲਏਂ, ਤਾਂ ਤੂੰ ਤੀਰਥਾਂ ਉਤੇ ਹੀ ਨਿਵਾਸ ਕਰ ਰਿਹਾ ਹੈਂ ॥੨॥

ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਇਹ ਮਨ (ਸਦਾ) ਮੂਰਖ (ਹੀ ਟਿਕਿਆ ਰਹਿੰਦਾ) ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੀ) ਰਤਾ ਭੀ ਸਮਝ ਨਹੀਂ ਪੈਂਦੀ।

ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥

ਉਹ ਪਰਮਾਤਮਾ ਦੇ ਨਾਮ (ਦੀ ਕਦਰ) ਨੂੰ ਨਹੀਂ ਸਮਝਦਾ, ਆਖ਼ਰ ਉਹ ਹੱਥ ਮਲਦਾ ਹੀ (ਜਗਤ ਤੋਂ) ਤੁਰ ਜਾਂਦਾ ਹੈ ॥੩॥

ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥

ਜਿਸ ਮਨੁੱਖ ਨੂੰ ਸਤਿਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਵਾਸਤੇ) ਇਹ ਮਨ ਹੀ ਕਾਂਸ਼ੀ ਹੈ, ਇਹ ਮਨ ਹੀ ਸਾਰੇ ਤੀਰਥ ਹੈ ਇਹ ਮਨ ਹੀ ਸਾਰੀਆਂ ਸਿਮ੍ਰਿਤੀਆਂ ਹੈ,

ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥

ਉਸ ਮਨੁੱਖ ਦੇ ਨਾਲ ਅਠਾਹਠ ਹੀ ਤੀਰਥ ਵੱਸਦੇ ਹਨ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ (ਉਹਨਾਂ ਵਾਸਤੇ ਇਹ ਮਨ ਹੀ ਕਾਂਸ਼ੀ ਹੈ) ॥੪॥

ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥

ਹੇ ਨਾਨਕ! ਜੇ ਮਨੁੱਖ ਗੁਰੂ ਨੂੰ ਮਿਲ ਪਏ ਤਾਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਤਾਂ ਇਕ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ।

ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥

(ਉਹ ਮਨੁੱਖ ਸਦਾ ਇਉਂ ਯਕੀਨ ਰੱਖਦਾ ਹੈ ਤੇ ਆਖਦਾ ਹੈ-ਹੇ ਪ੍ਰਭੂ!) ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਸਦਾ ਅਟੱਲ ਨਿਯਮ ਹੈ। (ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੫॥੬॥੮॥


ਗੂਜਰੀ ਮਹਲਾ ੩ ਤੀਜਾ ॥
ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ ॥

ਹੇ ਪੰਡਿਤ! ਇਕ ਹਰਿ-ਨਾਮ ਹੀ (ਸਾਰੇ ਗੁਣਾਂ ਦਾ, ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ, ਇਸ ਹਰਿ-ਨਾਮ ਨੂੰ ਸੁਣਿਆ ਕਰ, ਇਸ ਹਰਿ-ਨਾਮ ਨੂੰ ਜਪਣ ਦੀ ਜਾਚ ਸਿੱਖ। ਹੇ ਪੰਡਿਤ! ਉਹ ਹਰੀ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥੧॥

ਤੂੰ ਮਾਇਆ ਦੇ ਪਿਆਰ ਵਿਚ (ਫਸਿਆ ਰਹਿ ਕੇ) ਜਿਤਨਾ ਕੁਝ (ਜਿਤਨੇ ਭੀ ਧਾਰਮਿਕ ਪੁਸਤਕ) ਪੜ੍ਹਦਾ ਹੈਂ, ਉਹਨਾਂ ਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਤੈਨੂੰ ਸਦਾ ਦੁੱਖ ਹੀ ਲੱਗਾ ਰਹਿੰਦਾ ਹੈ ॥੧॥

ਹਰਿ ਚਰਣੀ ਤੂੰ ਲਾਗਿ ਰਹੁ ਗੁਰ ਸਬਦਿ ਸੋਝੀ ਹੋਈ ॥

ਹੇ ਪੰਡਿਤ! ਗੁਰੂ ਦੇ ਸ਼ਬਦ ਵਿਚ ਜੁੜ ਕੇ ਤੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹੁ, ਤਾਂ ਤੈਨੂੰ (ਸੁਚੱਜੇ ਆਤਮਕ ਜੀਵਨ ਦੀ) ਸਮਝ ਪਵੇਗੀ।

ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ ॥

ਹੇ ਪੰਡਿਤ! ਪਰਮਾਤਮਾ ਦੇ ਨਾਮ ਦਾ ਰਸ ਆਪਣੀ ਜੀਭ ਨਾਲ ਚੱਖਦਾ ਰਹੁ, ਤਾਂ ਤੇਰਾ ਮਨ ਪਵਿਤ੍ਰ ਹੋ ਜਾਇਗਾ ॥੧॥ ਰਹਾਉ ॥

ਸਤਿਗੁਰ ਮਿਲਿਐ ਮਨੁ ਸੰਤੋਖੀਐ ਤਾ ਫਿਰਿ ਤ੍ਰਿਸਨਾ ਭੂਖ ਨ ਹੋਇ ॥

ਹੇ ਪੰਡਿਤ! ਗੁਰੂ ਨੂੰ ਮਿਲਿਆਂ ਮਨ ਸੰਤੋਖ ਪ੍ਰਾਪਤ ਕਰ ਲੈਂਦਾ ਹੈ, ਫਿਰ ਮਨੁੱਖ ਨੂੰ ਮਾਇਆ ਦੀ ਤ੍ਰੇਹ, ਮਾਇਆ ਦੀ ਭੁੱਖ ਨਹੀਂ ਵਿਆਪਦੀ।

ਨਾਮੁ ਨਿਧਾਨੁ ਪਾਇਆ ਪਰ ਘਰਿ ਜਾਇ ਨ ਕੋਇ ॥੨॥

(ਜਿਸ ਮਨੁੱਖ ਨੂੰ ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ ਉਹ (ਆਸਰੇ ਵਾਸਤੇ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ (ਉਹ ਕਿਸੇ ਹੋਰ ਦੇਵੀ ਦੇਵਤੇ ਆਦਿਕ ਦਾ ਆਸਰਾ ਨਹੀਂ ਭਾਲਦਾ) ॥੨॥

ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ॥

ਪਰ ਜੇ ਕੋਈ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਹੀ ਕਰਦਾ ਰਹੇ, ਤੇ ਉਂਞ ਆਪਣੇ ਹੀ ਮਨ ਦੇ ਪਿੱਛੇ ਤੁਰਦਾ ਰਹੇ ਉਸ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ।

ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ ॥੩॥

ਹੇ ਪੰਡਿਤ! ਗੁਰੂ ਦੀ ਮਤਿ ਤੇ ਤੁਰਿਆਂ ਹੀ ਹਿਰਦੇ ਵਿਚ (ਸੁਚੱਜੇ ਜੀਵਨ ਦਾ) ਚਾਨਣ ਪੈਦਾ ਹੁੰਦਾ ਹੈ, ਗੁਰਮਤਿ ਲੈਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦਾ ਹੈ ॥੩॥

ਸੁਣਿ ਸਾਸਤ੍ਰ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ ॥

ਹੇ ਪੰਡਿਤ! ਸ਼ਾਸਤ੍ਰਾਂ ਨੂੰ ਸੁਣ ਸੁਣ ਕੇ ਭੀ ਤੂੰ (ਆਤਮਕ ਜੀਵਨ ਨੂੰ) ਨਹੀਂ ਸਮਝਦਾ, ਤਾਹੀਏਂ ਤੂੰ ਮੁੜ ਮੁੜ ਭਟਕਦਾ ਫਿਰਦਾ ਹੈਂ।

ਸੋ ਮੂਰਖੁ ਜੋ ਆਪੁ ਨ ਪਛਾਣਈ ਸਚਿ ਨ ਧਰੇ ਪਿਆਰੁ ॥੪॥

ਹੇ ਪੰਡਿਤ! ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ ਉਹ (ਸਿਮ੍ਰਿਤੀਆਂ ਸ਼ਾਸਤ੍ਰ ਪੜ੍ਹ ਕੇ ਭੀ) ਮੂਰਖ (ਹੀ) ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ (ਕਦੇ ਪਿਆਰ ਨਹੀਂ ਪਾ ਸਕਦਾ ॥੪॥

ਸਚੈ ਜਗਤੁ ਡਹਕਾਇਆ ਕਹਣਾ ਕਛੂ ਨ ਜਾਇ ॥

(ਪਰ, ਹੇ ਪੰਡਿਤ! ਪਰਮਾਤਮਾ ਦੀ ਰਜ਼ਾ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ, ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਜਗਤ ਨੂੰ ਮਾਇਆ ਦੀ ਭਟਕਣਾ ਵਿਚ ਪਾਇਆ ਹੋਇਆ ਹੈ।

ਨਾਨਕ ਜੋ ਤਿਸੁ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਇ ॥੫॥੭॥੯॥

ਹੇ ਨਾਨਕ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਕੁਝ ਕਰਦਾ ਹੈ। ਜਿਵੇਂ ਪਰਮਾਤਮਾ ਦੀ ਰਜ਼ਾ ਹੈ (ਤਿਵੇਂ ਜਗਤ ਰੁੱਝਾ ਪਿਆ ਹੈ) ॥੫॥੭॥੯॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧ ॥

ਰਾਗ ਗੂਜਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ ॥

ਹੇ ਸਤਿਗੁਰੂ! ਹੇ ਪਰਮਾਤਮਾ ਦੇ ਭਗਤ! ਹੇ ਮਹਾ ਪੁਰਖ ਗੁਰੂ! ਮੈਂ ਤੇਰੇ ਪਾਸ ਬੇਨਤੀ ਕਰਦਾ ਹਾਂ।

ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥

ਹੇ ਸਤਿਗੁਰੂ! ਮੈਂ ਇਕ ਕੀੜਾ ਹਾਂ, ਨਿੱਕਾ ਜਿਹਾ ਕੀੜਾ ਹਾਂ। ਤੇਰੀ ਸਰਨ ਆਇਆ ਹਾਂ। ਮੇਹਰ ਕਰ, ਮੈਨੂੰ ਪਰਮਾਤਮਾ ਦਾ ਨਾਮ-ਚਾਨਣ ਦੇਹ ॥੧॥

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥

ਹੇ ਮੇਰੇ ਮਿੱਤਰ ਸਤਿਗੁਰੂ! ਮੈਨੂੰ ਪਰਮਾਤਮਾ ਦਾ ਨਾਮ (-ਰੂਪ) ਚਾਨਣ ਬਖ਼ਸ਼।

ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

(ਮੇਹਰ ਕਰ) ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮੇਰੇ ਜੀਵਨ-ਰਾਹ ਦੀ ਪੂੰਜੀ ਬਣੀ ਰਹੇ ॥੧॥ ਰਹਾਉ ॥

ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥

ਜਿਨ੍ਹਾਂ ਹਰਿ-ਭਗਤਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦੀ ਸਰਧਾ ਹੈ ਨਾਮ ਜਪਣ ਦੀ ਖਿੱਚ ਹੈ, ਉਹ ਵੱਡੇ ਭਾਗਾਂ ਵਾਲੇ ਹਨ।

ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥

ਜਦੋਂ ਉਹਨਾਂ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਸਾਧ ਸੰਗਤਿ ਵਿਚ ਮਿਲ ਕੇ ਉਹਨਾਂ ਦੇ ਅੰਦਰ ਗੁਣ ਪਰਗਟ ਹੋ ਜਾਂਦੇ ਹਨ ॥੨॥

ਜਿਨ੍ਰ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥

ਪਰ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਰਸ ਹਾਸਲ ਨਹੀਂ ਕੀਤਾ, ਉਹ ਬਦ-ਕਿਸਮਤ ਹਨ, ਉਹ ਆਤਮਕ ਮੌਤ ਦੇ ਕਾਬੂ ਆਏ ਰਹਿੰਦੇ ਹਨ।

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥

ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਸਾਧ ਸੰਗਤਿ ਵਿਚ ਨਹੀਂ ਆਉਂਦੇ, ਉਹਨਾਂ ਦਾ ਹੁਣ ਤਕ ਦਾ ਜੀਵਨ ਤੇ ਅਗਾਂਹ ਦਾ ਜੀਵਨ ਫਿਟਕਾਰ-ਜੋਗ ਹੈ ॥੩॥

ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

ਜਿਨ੍ਹਾਂ ਹਰਿ-ਭਗਤਾਂ ਨੇ ਗੁਰੂ ਦੀ ਸੰਗਤਿ ਪ੍ਰਾਪਤ ਕਰ ਲਈ, ਉਹਨਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ।

ਧੰਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਨਾਨਕ ਨਾਮੁ ਪਰਗਾਸਿ ॥੪॥੧॥

ਹੇ ਨਾਨਕ! (ਆਖ-) ਸਾਧ ਸੰਗਤਿ ਧੰਨ ਹੈ ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ-ਰਸ ਹਾਸਲ ਕਰਦਾ ਹੈ, ਜਿਸ ਵਿਚ ਮਿਲਿਆਂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਜਾਂਦਾ ਹੈ ॥੪॥੧॥


ਗੂਜਰੀ ਮਹਲਾ ੪ ॥
ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥

ਹੇ ਮੇਰੇ ਭਰਾਵੋ! ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੇ ਸ਼ਬਦ ਵਿਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ।

ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥੧॥

ਗੋਵਿੰਦ ਦਾ ਭਜਨ ਕਰੋ, ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ॥੧॥

ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ ॥

ਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ।

ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥

ਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ। ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥

ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ ॥

ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ।

ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ ॥੨॥

ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ॥੨॥

ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥

ਹੇ ਭਰਾਵੋ! ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿਚ (ਸਗੋਂ) ਕ੍ਰੋਧ ਆਉਂਦਾ ਹੈ।

ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥

ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ ॥੩॥

ਅੰਮ੍ਰਿਤਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥

ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ)।

ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਰ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥

ਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ ॥੪॥੨॥


ਗੂਜਰੀ ਮਹਲਾ ੪ ॥
ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥

ਪਰਮਾਤਮਾ ਦੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ; ਉਹਨਾਂ ਦੇ ਬਚਨ ਸ੍ਰੇਸ਼ਟ ਹੁੰਦੇ ਹਨ, ਇਹ ਸ੍ਰੇਸ਼ਟ ਬਚਨ ਉਹ ਆਪਣੇ ਮੂੰਹੋਂ ਲੋਕਾਂ ਦੀ ਭਲਾਈ ਵਾਸਤੇ ਬੋਲਦੇ ਹਨ।

ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥

ਜੇਹੜਾ ਮਨੁੱਖ ਸੰਤ ਜਨਾਂ ਦੇ ਉੱਤਮ ਬਚਨ ਸਰਧਾ ਨਾਲ ਸੁਣਦਾ ਹੈ ਪਿਆਰ ਨਾਲ ਸੁਣਦਾ ਹੈ, ਪਰਮਾਤਮਾ ਕਿਰਪਾ ਕਰ ਕੇ ਉਸ ਨੂੰ (ਭਵ-ਸਾਗਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥

ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥

ਹੇ ਪਿਆਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ।

ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥

ਪੂਰਾ ਸਤਿਗੁਰੂ ਮੈਨੂੰ ਜਿੰਦ-ਜਾਨ ਵਰਗਾ ਪਿਆਰਾ ਹੈ। ਮੈਨੂੰ ਪਾਪੀ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ ॥੧॥ ਰਹਾਉ ॥

ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਕਿਉਂਕਿ ਪਰਮਾਤਮਾ ਦਾ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ,

ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥

ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪ੍ਰਾਪਤ ਕਰ ਲੈਂਦਾ ਹਨ, ਗੁਰੂ ਦੀ ਮਤਿ ਉਤੇ ਤੁਰਿਆਂ (ਉਹਨਾਂ ਦੇ ਅੰਦਰ) ਪ੍ਰਭੂ-ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੨॥

ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥

ਪਰ ਜਿਨ੍ਹਾਂ ਮਨੁੱਖਾਂ ਨੇ ਮਹਾ ਪੁਰਖ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ ਉਹ ਆਪਣੀ ਕਿਸਮਤ ਹਾਰ ਬੈਠਦੇ ਹਨ, ਆਤਮਕ ਮੌਤ ਨੇ ਉਹਨਾਂ ਨੂੰ ਮਾਰ ਲਿਆ ਹੁੰਦਾ ਹੈ।

ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥

ਉਹ ਮਨੁੱਖ ਕੁੱਤੇ, ਸੂਅਰ, ਖੋਤੇ ਆਦਿਕ ਦੀਆਂ ਜੂਨਾਂ ਵਿਚ ਪੈਂਦੇ ਰਹਿੰਦੇ ਹਨ, ਉਹਨਾਂ ਨਿਰਦਈ ਮਨੁੱਖਾਂ ਨੂੰ ਪਰਮਾਤਮਾ ਨੇ ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ॥੩॥

ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥

ਹੇ ਨਾਨਕ! (ਆਖ-) ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਆਪਣੇ ਦਾਸ ਉੱਤੇ ਮੇਹਰ ਕਰ, ਤੇ, ਦਾਸ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ।

ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥

ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੩॥


ਗੂਜਰੀ ਮਹਲਾ ੪ ॥
ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥

ਹੇ ਪ੍ਰਭੂ! ਮੇਰੇ ਉੱਤੇ ਦਇਆਵਾਨ ਹੋਹੁ, ਮੇਰਾ ਮਨ (ਆਪਣੇ ਚਰਨਾਂ ਵਿਚ) ਜੋੜੀ ਰੱਖ, ਮੈਂ ਹਰ ਵੇਲੇ ਸਦਾ ਤੇਰਾ ਨਾਮ ਸਿਮਰਦਾ ਹਰਾਂ।

ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥੧॥

ਹੇ ਮੇਰੇ ਮਨ! ਸਾਰੇ ਸੁਖ ਸਾਰੇ ਖ਼ਜ਼ਾਨੇ ਉਸ ਪਰਮਾਤਮਾ ਦੇ ਹੀ ਪਾਸ ਹਨ, ਜਿਸ ਦਾ ਨਾਮ ਜਪਿਆਂ ਸਾਰੇ ਦੁੱਖ (ਦੂਰ ਹੋ ਜਾਂਦੇ ਹਨ), (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ ॥੧॥

ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਮੇਰਾ ਮਿੱਤਰ ਹੈ ਮੇਰਾ ਭਰਾ ਹੈ।

ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥੧॥ ਰਹਾਉ ॥

ਮੈਂ ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ। ਆਖ਼ਰ ਵੇਲੇ ਪਰਮਾਤਮਾ ਦਾ ਨਾਮ ਹੀ ਮਦਦਗਾਰ ਬਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਨਾਮ ਹੀ ਸੁਰਖ਼ਰੂ ਕਰਾਂਦਾ ਹੈ ॥੧॥ ਰਹਾਉ ॥

ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥

ਹੇ ਹਰੀ! ਤੂੰ ਆਪ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਆਪ ਹੀ (ਸਭਨਾਂ ਦਾ) ਮਾਲਕ ਹੈਂ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਤੂੰ ਆਪ ਹੀ ਮੇਹਰ ਕਰ ਕੇ ਮੇਰੇ ਮਨ ਵਿਚ ਆਪਣੀ ਭਗਤੀ ਦੀ ਤਾਂਘ ਪੈਦਾ ਕੀਤੀ ਹੋਈ ਹੈ।

ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥੨॥

ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦੇ ਨਾਲ ਮਿਲਾਪ ਦੀ ਤਾਂਘ ਪੈਦਾ ਹੋਈ ਹੋਈ ਹੈ। ਪਰਮਾਤਮਾ ਨੇ ਮੈਨੂੰ ਸਤਿਗੁਰੂ ਦੀ ਸਰਨ ਪਾ ਕੇ ਮੇਰੀ ਤਾਂਘ ਪੂਰੀ ਕਰ ਦਿੱਤੀ ਹੈ ॥੨॥

ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥

ਮਨੁੱਖਾ ਜਨਮ ਬੜੀ ਕਿਸਮਤ ਨਾਲ ਮਿਲਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਫਿਟਕਾਰ-ਜੋਗ ਹੋ ਜਾਂਦਾ ਹੈ; ਨਾਮ ਤੋਂ ਬਿਨਾ ਵਿਅਰਥ ਚਲਾ ਜਾਂਦਾ ਹੈ।

ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥੩॥

ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਦੁਨੀਆ ਦੇ ਅਨੇਕਾਂ ਕਿਸਮ ਦੇ ਪਦਾਰਥ ਖਾਂਦਾ ਰਹਿੰਦਾ ਹੈ, ਦੁੱਖ ਹੀ ਸਹੇੜਦਾ ਹੈ, ਮੂੰਹੋਂ ਫਿੱਕੇ ਬੋਲ ਬੋਲਦਾ ਰਹਿੰਦਾ ਹੈ, ਲੁਕਾਈ ਉਸ ਨੂੰ ਫਿਟਕਾਰਾਂ ਹੀ ਪਾਂਦੀ ਹੈ ॥੩॥

ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥

ਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੀ ਹਜ਼ੂਰੀ ਵਿਚ ਆਦਰ-ਮਾਣ ਦੇਂਦਾ ਹੈ।

ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥੪॥੪॥

ਹੇ ਨਾਨਕ! ਪਰਮਾਤਮਾ ਆਪਣੇ ਸੇਵਕ ਨੂੰ ‘ਧੰਨ ਧੰਨ’ ਆਖਦਾ ਹੈ, ‘ਸਾਬਾਸ਼’ ਆਖਦਾ ਹੈ, ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੪॥


ਗੂਜਰੀ ਮਹਲਾ ੪ ॥
ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥

ਹੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖੋ! ਹੇ ਮੇਰੀ ਸਖੀ ਸਹੇਲੀਹੋ! ਮੈਨੂੰ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਦੀ ਦਾਤਿ ਦਿਉ।

ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨ੍ਰਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥

ਮੈਂ ਉਹਨਾਂ ਗੁਰਸਿੱਖਾਂ ਦਾ ਦਾਸ ਹਾਂ, ਗ਼ੁਲਾਮ ਹਾਂ, ਜੇਹੜੇ ਹਰ ਵੇਲੇ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ ॥੧॥

ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥

(ਮੇਰੇ ਚੰਗੇ ਭਾਗਾਂ ਨੂੰ ਪਰਮਾਤਮਾ ਨੇ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ ਪੈਦਾ ਕਰ ਦਿੱਤਾ ਹੈ।

ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ ॥

ਹੇ ਮੇਰੀ ਜਿੰਦ ਦੇ ਸਾਥੀ ਗੁਰ-ਸਿੱਖੋ! ਹੇ ਭਰਾਵੋ! ਤੁਸੀ ਮੈਨੂੰ ਇਹੋ ਜਿਹਾ ਉਪਦੇਸ਼ ਕਰੋ, (ਜਿਸ ਦੀ ਬਰਕਤਿ ਨਾਲ) ਤੁਹਾਡਾ ਮਿਲਾਇਆ ਪਰਮਾਤਮਾ ਮੈਨੂੰ ਮਿਲ ਪਏ ॥੧॥ ਰਹਾਉ ॥

ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ ਜਿਨ੍ਰ ਵਚਨ ਗੁਰੂ ਸਤਿਗੁਰ ਮਨਿ ਭਾਇਆ ॥

ਹੇ ਭਰਾਵੋ! ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਦੋਂ ਉਹਨਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਮਿਲਾਪ ਕਰਾਂਦਾ ਹੈ ਜਿਨ੍ਹਾਂ ਨੂੰ ਗੁਰੂ ਦੇ ਬਚਨ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ।

ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ ॥੨॥

ਗੁਰੂ ਦੇ ਉਹ ਪਿਆਰੇ ਸਿੱਖ ਵੱਡੇ ਭਾਗਾਂ ਵਾਲੇ ਹਨ ਜੇਹੜੇ ਨਿਰਲੇਪ ਪਰਮਾਤਮਾ ਨੂੰ ਮਿਲ ਕੇ ਵਾਸ਼ਨਾ-ਰਹਿਤ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ ॥੨॥

ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥

ਹੇ ਭਰਾਵੋ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਮਿੱਠਾ ਨਾਮ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ਉਹਨਾਂ ਨੂੰ ਸਤਿਗੁਰੂ ਦੀ ਸਾਧ ਸੰਗਤਿ ਭੀ ਪਿਆਰੀ ਲੱਗਦੀ ਹੈ।

ਜਿਨ ਸਤਿਗੁਰ ਸੰਗਤਿ ਸੰਗੁ ਨ ਪਾਇਆ ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥

ਪਰ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੀ ਸੰਗਤਿ ਦਾ ਸਾਥ ਪਸੰਦ ਨਹੀਂ ਆਉਂਦਾ, ਉਹ ਬਦ-ਕਿਸਮਤ ਰਹਿ ਜਾਂਦੇ ਹਨ, ਉਹਨਾਂ ਪਾਪੀਆਂ ਨੂੰ ਆਤਮਕ ਮੌਤ ਨੇ ਸਮੂਲਚਾ ਖਾ ਲਿਆ ਹੁੰਦਾ ਹੈ ॥੩॥

ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ ॥

ਹੇ ਭਰਾਵੋ! ਜਦੋਂ ਦਇਆਵਾਨ ਪਰਮਾਤਮਾ ਆਪ ਕਿਸੇ ਮਨੁੱਖ ਉਤੇ ਦਇਆ ਕਰਦਾ ਹੈ, ਤਦੋਂ ਉਹ ਆਪ ਹੀ ਉਸ ਮਨੁੱਖ ਨੂੰ ਗੁਰੂ ਦੀ ਰਾਹੀਂ ਮਿਲਾਇਆ ਹੋਇਆ ਮਿਲ ਪੈਂਦਾ ਹੈ।

ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥੪॥੫॥

ਦਾਸ ਨਾਨਕ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗੁਰਬਾਣੀ ਹੀ (ਨਿੱਤ) ਉਚਾਰਦਾ ਹੈ। ਗੁਰਬਾਣੀ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੪॥੫॥


ਗੂਜਰੀ ਮਹਲਾ ੪ ॥
ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥

(ਹੇ ਭਰਾ! ਮੇਰਾ ਜੀ ਕਰਦਾ ਹੈ ਮੈਨੂੰ ਉਹ ਸੱਜਣ ਮਿਲ ਪੈਣ) ਜਿਨ੍ਹਾਂ ਨੇ ਗੁਰੂ ਮਹਾ ਪੁਰਖ ਦਾ ਦਰਸਨ ਕਰ ਲਿਆ ਹੈ। (ਮੇਰਾ ਮਨ ਲੋਚਦਾ ਹੈ ਕਿ) ਜਿਸ ਸੱਜਣ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਉਹ ਮੈਨੂੰ ਭੀ ਸਿੱਖਿਆ ਦੇ ਕੇ ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ।

ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ ॥੧॥

ਜੇਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਆਤਮਕ ਜੀਵਨ ਨਾਲ ਸਰਸ਼ਾਰ (ਭਰਪੂਰ) ਹੋ ਜਾਂਦਾ ਹੈ ॥੧॥

ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਰਿੜਾਵੈ ॥

ਹੇ ਭਰਾ! (ਮੇਰਾ ਮਨ ਲੋਚਦਾ ਹੈ ਕਿ) ਮੈਨੂੰ ਕੋਈ (ਅਜੇਹਾ ਸੱਜਣ) ਆ ਕੇ ਮਿਲੇ ਜੇਹੜਾ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਵੇ।

ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥

ਜੇਹੜਾ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਂਦਾ ਰਹੇ, ਮੈਂ ਉਸ ਸੱਜਣ ਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇ ਦਿਆਂਗਾ ॥੧॥ ਰਹਾਉ ॥

ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ ॥

ਜੇਹੜਾ ਮਨੁੱਖ ਸਦਾ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ਪਰਮਾਤਮਾ ਨਾਲ ਚਿੱਤ ਜੋੜੀ ਰੱਖਦਾ ਹੈ, ਉਹ ਧੀਰਜ ਹਾਸਲ ਕਰ ਲੈਂਦਾ ਹੈ, ਉਹ ਧਰਮ ਕਮਾਣ ਲੱਗ ਪੈਂਦਾ ਹੈ, ਉਹ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।

ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥੨॥

ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ, ਜੇਹੜਾ ਮਨੁੱਖ ਇਹ ਬਾਣੀ ਉਚਾਰਦਾ ਹੈ, ਉਹ ਮਨੁੱਖ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਜਲ ਪਾਂਦਾ ਹੈ ॥੨॥

ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ ॥

ਹੇ ਭਰਾ! ਪਰਮਾਤਮਾ ਦਾ ਨਾਮ ਪਵਿੱਤ੍ਰ ਕਰਨ ਵਾਲਾ ਹੈ, ਇਸ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ। ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਹਰਿ-ਨਾਮ ਜਪਦਾ ਹੈ ਉਹ ਪ੍ਰਭੂ-ਚਰਨਾਂ ਵਿਚ ਪ੍ਰੀਤਿ ਪਾ ਲੈਂਦਾ ਹੈ।

ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ ॥੩॥

ਪਰਮਾਤਮਾ ਦਾ ਨਾਮ ਕੀਮਤੀ ਸ਼ੈ ਹੈ, ਜਿਨ੍ਹਾਂ ਮਨੁੱਖਾਂ ਨੇ ਇਹ ਨਾਮ ਹਾਸਲ ਨਹੀਂ ਕੀਤਾ, ਉਹ ਮੰਦ-ਭਾਗੀ ਹਨ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। (ਜੇਹੜਾ ਭੀ ਮਨੁੱਖ ਨਾਮ ਤੋਂ ਵਾਂਜਿਆ ਰਹਿੰਦਾ ਹੈ ਉਹ) ਆਤਮਕ ਮੌਤੇ ਮਰ ਜਾਂਦਾ ਹੈ ॥੩॥

ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥

ਹੇ ਜਗਤ ਦੇ ਜੀਵਨ ਪ੍ਰਭੂ! ਤੂੰ ਆਨੰਦ ਦਾ ਸੋਮਾ ਹੈਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਸੇਵਕਾਂ ਨੂੰ (ਆਤਮਕ) ਆਨੰਦ ਦੇਂਦਾ ਹੈਂ। (ਜੇਹੜਾ ਭੀ ਮਨੁੱਖ ਤੇਰਾ) ਨਾਮ ਸਿਮਰਦਾ ਹੈ (ਉਸ ਨੂੰ ਤੂੰ ਆਨੰਦ ਦੀ ਦਾਤਿ ਦੇਂਦਾ ਹੈਂ।)

ਤੂੰ ਦਾਤਾ ਜੀਅ ਸਭਿ ਤੇਰੇ ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ ॥੪॥੬॥

ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਸਭਨਾਂ ਨੂੰ ਦਾਤਾਂ ਦੇਂਦਾ ਹੈਂ। ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਵਡ-ਭਾਗੀ ਮਨੁੱਖ ਨੂੰ) ਆਪਣੀ ਮੇਹਰ ਨਾਲ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੬॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗੂਜਰੀ ਮਹਲਾ ੪ ਘਰੁ ੩ ॥

ਰਾਗ ਗੂਜਰੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥

ਮਾਂ, ਪਿਉ, ਪੁੱਤਰ-ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ।

ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥

ਇਹਨਾਂ ਸਭਨਾਂ ਵਾਸਤੇ ਆਪੋ ਵਿਚ ਦਾ ਰਿਸ਼ਤਾ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ (ਸੋ, ਇਹ ਸਹੀ ਜੀਵਨ-ਰਾਹ ਵਿਚ ਰੁਕਾਵਟ ਨਹੀਂ ਹਨ) ॥੧॥

ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥

ਹੇ ਮੇਰੇ ਵੀਰ! (ਪਰਮਾਤਮਾ ਦੇ ਟਾਕਰੇ ਤੇ) ਸਾਡਾ ਕੋਈ ਜ਼ੋਰ ਚੱਲ ਨਹੀਂ ਸਕਦਾ।

ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥

ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ, ਸਾਡਾ ਸਰੀਰ ਪਰਮਾਤਮਾ ਦੇ ਵੱਸ ਵਿਚ ਹੈ ॥੧॥ ਰਹਾਉ ॥

ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥

ਪਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈ,

ਵਿਚੇ ਗ੍ਰਿਸਤ ਉਦਾਸ ਰਹਾਈ ॥੨॥

ਉਹਨਾਂ ਭਗਤ ਜਨਾਂ ਨੂੰ ਗ੍ਰਿਹਸਤ ਵਿਚ ਹੀ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ ਦੇ ਵਿਚ ਹੀ ਰਹਿੰਦਿਆਂ ਨੂੰ ਹੀ) ਮਾਇਆ ਵਿਚ ਨਿਰਲੇਪ ਰੱਖਦਾ ਹੈ ॥੨॥

ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥

ਜਦੋਂ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ,

ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥

ਤਦੋਂ ਮਨੁੱਖ ਜੋ ਕੁਝ ਕਰਦਾ ਹੈ (ਰਜ਼ਾ ਵਿਚ ਹੀ ਕਰਦਾ ਹੈ, ਤੇ) ਉਹ ਮੇਰੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੩॥

ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥

ਜਿਸ ਕਾਰ ਵਿਚ ਜਿਸ ਕੰਮ ਵਿਚ, ਪਰਮਾਤਮਾ ਸਾਨੂੰ ਲਾਂਦਾ ਹੈ,

ਸੋ ਹਮ ਕਰਹ ਜੁ ਆਪਿ ਕਰਾਏ ॥੪॥

ਜੇਹੜਾ ਕੰਮ-ਕਾਰ ਪਰਮਾਤਮਾ ਸਾਥੋਂ ਕਰਾਂਦਾ ਹੈ, ਅਸੀਂ ਉਹੀ ਕੰਮ-ਕਾਰ ਕਰਦੇ ਹਾਂ ॥੪॥

ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥

(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੀ ਭਗਤੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ,

ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥

ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲੈਂਦੇ ਹਨ ॥੫॥੧॥੭॥੧੬॥


ਰਾਗੁ ਗੂਜਰੀ ਮਹਲਾ ੫ ॥
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥

ਹੇ ਮਨ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ?

ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥

ਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥

ਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ।

ਗੁਰਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥

ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ॥੧॥ ਰਹਾਉ ॥

ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥

(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ-ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥

ਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ॥੨॥

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥

(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ।

ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥

ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥

ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥

ਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ।

ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥

ਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, (ਤੇ ਆਖ-ਹੇ ਪ੍ਰਭੂ!) ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ॥੪॥੫॥


ਗੂਜਰੀ ਮਹਲਾ ੫ ਚਉਪਦੇ ਘਰੁ ੨ ॥

ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥

ਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ।

ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥

ਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ॥੧॥

ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥

ਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤਿ ਤੋਂ) ਬਚਾਈ ਰੱਖ।

ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥

(ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤਿ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ) ॥੧॥ ਰਹਾਉ ॥

ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥

ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ,

ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥

ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਤੁਸੀ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ॥੨॥

ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ ॥

ਲੋਕ ਅਠਾਹਠ ਤੀਰਥਾਂ ਦੇ ਇਸ਼ਨਾਨ ਕਰ ਕੇ, ਤੇ, ਸਾਰੀ ਧਰਤੀ ਤੇ ਭੌਂ ਕੇ ਆ ਜਾਂਦੇ ਹਨ,

ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ ॥੩॥

ਦਿਨ ਰਾਤ ਹੋਰ ਭੀ ਅਨੇਕਾਂ ਸਰੀਰਕ ਪਵਿਤ੍ਰਤਾ ਦੇ ਸਾਧਨ ਕਰਦੇ ਹਨ। ਪਰ, ਗੁਰੂ ਤੋਂ ਬਿਨਾ ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ ॥੩॥

ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ ॥

ਹੇ ਨਾਨਕ! (ਆਖ-) ਭੌਂ ਭੌਂ ਕੇ ਸਾਰੇ ਜਗਤ ਵਿਚ ਭੌਂ ਕੇ ਜੇਹੜੇ ਮਨੁੱਖ ਆਖ਼ਰ ਪਰਮਾਤਮਾ ਦੇ ਦਰ ਤੇ ਆ ਡਿੱਗਦੇ ਹਨ,

ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥੪॥੧॥੨॥

ਪਰਮਾਤਮਾ ਉਹਨਾਂ ਦੇ ਅੰਦਰੋਂ ਦੁਰਮਤਿ ਮਿਟਾ ਕੇ ਉਹਨਾਂ ਦੇ ਮਨ ਵਿਚ ਸੁਚੱਜੀ ਅਕਲ ਦਾ ਪਰਕਾਸ਼ ਕਰ ਦੇਂਦਾ ਹੈ, ਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੪॥੧॥੨॥


ਗੂਜਰੀ ਮਹਲਾ ੫ ॥
ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ ॥

ਹੇ ਮਾਂ! ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਵਾਸਤੇ ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦਾ) ਜਾਪ ਹੈ, ਹਰਿ-ਨਾਮ ਧਨ ਹੀ (ਮੇਰੇ ਵਾਸਤੇ) ਧੂਣੀਆਂ ਦਾ ਤਪਾਣਾ ਹੈ; ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਆਤਮਕ ਜੀਵਨ ਲਈ) ਖ਼ੁਰਾਕ ਹੈ, ਤੇ, ਇਹ ਖ਼ੁਰਾਕ ਮੈਨੂੰ ਚੰਗੀ ਲੱਗੀ ਹੈ।

ਨਿਮਖ ਨ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥੧॥

ਹੇ ਮਾਂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਮੈਂ ਆਪਣੇ ਮਨ ਤੋਂ ਨਹੀਂ ਭੁਲਾਂਦਾ, ਮੈਂ ਇਹ ਧਨ ਸਾਧ ਸੰਗਤਿ ਵਿਚ (ਰਹਿ ਕੇ) ਲੱਭਾ ਹੈ ॥੧॥

ਮਾਈ ਖਾਟਿ ਆਇਓ ਘਰਿ ਪੂਤਾ ॥

ਹੇ ਮਾਂ! (ਕਿਸੇ ਮਾਂ ਦਾ ਉਹ) ਪੁੱਤਰ ਖੱਟ ਕੇ ਘਰ ਆਇਆ ਸਮਝ,

ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥

ਜੇਹੜਾ ਤੁਰਦਿਆਂ ਬੈਠਿਆਂ ਜਾਗਦਿਆਂ ਸੁੱਤਿਆਂ ਹਰ ਵੇਲੇ ਹਰਿ-ਨਾਮ-ਧਨ ਦਾ ਹੀ ਵਪਾਰ ਕਰਦਾ ਹੈ ॥੧॥ ਰਹਾਉ ॥

ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ ॥

ਹੇ ਮਾਂ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ-ਧਨ ਨੂੰ ਹੀ ਤੀਰਥ-ਇਸ਼ਨਾਨ ਸਮਝਿਆ ਹੈ ਨਾਮ-ਧਨ ਨੂੰ ਹੀ ਸ਼ਾਸਤ੍ਰ ਆਦਿਕਾਂ ਦੀ ਵਿਚਾਰ ਮਿਥਿਆ ਹੈ, ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਹੀ ਸੁਰਤਿ ਜੋੜਦਾ ਹੈ (ਇਸੇ ਨੂੰ ਸਮਾਧੀ ਲਾਣੀ ਸਮਝਦਾ ਹੈ।)

ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥੨॥

ਜਿਸ ਮਨੁੱਖ ਨੇ ਸੰਸਾਰ-ਨਦੀ ਤੋਂ ਪਾਰ ਲੰਘਣ ਲਈ ਹਰਿ-ਨਾਮ-ਧਨ ਨੂੰ ਤੁਲਹਾ ਬਣਾ ਲਿਆ ਹੈ, ਬੇੜੀ ਬਣਾ ਲਿਆ ਹੈ, ਪਰਮਾਤਮਾ ਉਸ ਨੂੰ ਸੰਸਾਰ-ਸਮੁੰਦਰ ਤੋਂ ਤਾਰ ਕੇ ਪਾਰਲੇ ਪਾਸੇ ਅਪੜਾ ਦੇਂਦਾ ਹੈ ॥੨॥

ਹਰਿ ਧਨ ਮੇਰੀ ਚਿੰਤ ਵਿਸਾਰੀ ਹਰਿ ਧਨਿ ਲਾਹਿਆ ਧੋਖਾ ॥

ਹੇ ਮਾਂ! ਪਰਮਾਤਮਾ ਦੇ ਨਾਮ-ਧਨ ਨੇ ਮੇਰੀ ਹਰੇਕ ਕਿਸਮ ਦੀ ਚਿੰਤਾ ਭੁਲਾ ਦਿੱਤੀ ਹੈ, ਮੇਰਾ ਹਰੇਕ ਫ਼ਿਕਰ ਦੂਰ ਕਰ ਦਿੱਤਾ ਹੈ।

ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ ॥੩॥

ਹੇ ਮਾਂ! ਪਰਮਾਤਮਾ ਦੇ ਨਾਮ-ਧਨ ਤੋਂ (ਮੈਂ ਇਉਂ ਸਮਝਦਾ ਹਾਂ ਕਿ) ਮੈਂ ਦੁਨੀਆ ਦੇ ਸਾਰੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ, (ਸਾਧ ਸੰਗਤਿ ਦੀ ਕਿਰਪਾ ਨਾਲ) ਇਹ ਸਭ ਤੋਂ ਕੀਮਤੀ ਨਾਮ-ਧਨ ਮੈਨੂੰ ਲੱਭ ਪਿਆ ਹੈ ॥੩॥

ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ ॥

(ਮੈਨੂੰ ਗੁਰੂ ਨੇ ਨਾਮ ਧਨ ਬਖ਼ਸ਼ ਕੇ ਆਖਿਆ ਹੈ) ਇਹ ਧਨ ਆਪ ਵਰਤੋ, ਦੂਜਿਆਂ ਨੂੰ ਭੀ ਵਰਤਾਵੋ; ਇਹ ਧਨ ਕਦੇ ਘਟਦਾ ਨਹੀਂ; ਇਸ ਲੋਕ ਤੇ ਪਰਲੋਕ ਵਿਚ ਸਦਾ ਨਾਲ ਰਹਿੰਦਾ ਹੈ।

ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ ਇਹੁ ਮਨੁ ਹਰਿ ਰੰਗਿ ਰੰਗੇ ॥੪॥੨॥੩॥

ਗੁਰੂ ਨੇ ਨਾਨਕ ਨੂੰ ਨਾਮ-ਧਨ ਦਾ (ਇਹ) ਖ਼ਜ਼ਾਨਾ ਲੱਦ ਕੇ ਦੇ ਦਿੱਤਾ ਹੈ (ਅਤੇ ਸੁਮਤਿ ਬਖ਼ਸ਼ੀ ਹੈ ਕਿ) ਆਪਣੇ ਮਨ ਨੂੰ ਹਰਿ-ਨਾਮ ਦੇ ਰੰਗ ਵਿਚ ਰੰਗ ਲਵੋ ॥੪॥੨॥੩॥


ਗੂਜਰੀ ਮਹਲਾ ੫ ॥
ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥

ਹੇ ਪੁੱਤਰ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਸਿਮਰਨ ਵਾਲੇ ਦੇ) ਪਿਤਰਾਂ ਦਾ ਭੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ,

ਸੋ ਹਰਿ ਹਰਿ ਤੁਮ੍ਰ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥

ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦਾ ਨਾਮ ਜਪਦਾ ਰਹੁ ॥੧॥

ਪੂਤਾ ਮਾਤਾ ਕੀ ਆਸੀਸ ॥

ਹੇ ਪੁੱਤਰ! (ਤੈਨੂੰ) ਮਾਂ ਦੀ ਇਹ ਅਸੀਸ ਹੈ-

ਨਿਮਖ ਨ ਬਿਸਰਉ ਤੁਮ੍ਰ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥

ਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲੇ, ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹੁ ॥੧॥ ਰਹਾਉ ॥

ਸਤਿਗੁਰੁ ਤੁਮ੍ਰ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ ॥

ਹੇ ਪੁੱਤਰ! ਸਤਿਗੁਰੂ ਤੇਰੇ ਉਤੇ ਦਇਆਵਾਨ ਰਹੇ, ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ,

ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥

(ਜਿਵੇਂ) ਕੱਪੜਾ (ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ) ਪਰਮਾਤਮਾ ਤੇਰੀ ਇੱਜ਼ਤ ਰੱਖੇ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇਰੇ ਆਤਮਾ ਦੀ ਖ਼ੁਰਾਕ ਬਣੀ ਰਹੇ ॥੨॥

ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥

ਹੇ ਪੁੱਤਰ! ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਦਾ ਪੀਂਦਾ ਰਹੁ, ਸਦਾ ਲਈ ਤੇਰਾ ਉੱਚਾ ਆਤਮਕ ਜੀਵਨ ਬਣਿਆ ਰਹੇ। ਹੇ ਪੁੱਤਰ! ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਬਣਿਆ ਰਹਿੰਦਾ ਹੈ।

ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥੩॥

ਆਤਮਕ ਖ਼ੁਸ਼ੀਆਂ ਪ੍ਰਾਪਤ ਰਹਿੰਦੀਆਂ ਹਨ, ਸਭ ਆਸਾਂ ਪੂਰੀਆਂ ਹੋਈਆਂ ਰਹਿੰਦੀਆਂ ਹਨ, ਚਿੰਤਾ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ ॥੩॥

ਭਵਰੁ ਤੁਮ੍ਰਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥

ਹੇ ਪੁੱਤਰ! ਤੇਰਾ ਇਹ ਮਨ ਭੌਰਾ ਬਣਿਆ ਰਹੇ, ਪਰਮਾਤਮਾ ਦੇ ਚਰਨ (ਤੇਰੇ ਮਨ-ਭੌਰੇ ਵਾਸਤੇ) ਕੌਲ-ਫੁੱਲ ਬਣੇ ਰਹਿਣ।

ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥

ਹੇ ਨਾਨਕ! (ਆਖ-) ਪਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉਂ ਲਪਟਿਆ ਰਹਿੰਦਾ ਹੈ; ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ ॥੪॥੩॥੪॥


ਗੂਜਰੀ ਮਹਲਾ ੫ ॥
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥

ਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ।

ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥

ਪਰਮਾਤਮਾ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ। ਹਰੇਕ ਫ਼ੈਸਲਾ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੁੰਦਾ ਹੈ ॥੧॥

ਸਿਆਨਪ ਕਾਹੂ ਕਾਮਿ ਨ ਆਤ ॥

(ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ।

ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ ॥

ਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ ॥੧॥ ਰਹਾਉ ॥

ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥

(ਵੇਖ, ਹੇ ਭਾਈ!) ਹੋਰ ਦੇਸ ਮੱਲਣ ਤੇ ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ,

ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥

ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵਲ ਤੁਰ ਪੈਂਦਾ ਹੈ। (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ) ॥੨॥

ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥

(ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵੱਲੋਂ ਦੁਨੀਆ ਛੱਡ ਚੁਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ।

ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥

ਇਹ ਗ੍ਰਿਹਸਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ (ਛੱਡ ਕੇ ਭੀ) ਮੁੜ ਮੁੜ (ਗ੍ਰਿਹਸਤੀਆਂ ਪਾਸੋਂ ਹੀ ਲੈ ਲੈ ਕੇ) ਖਾਂਦਾ ਹੈ ॥੩॥

ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ ॥

(ਸੋ, ਨਾਹ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾਹ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਂਦਾ ਹੈ) ਉਹ ਪਰਮਾਤਮਾ ਆਪਣੇ ਸੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ।

ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥

ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੪॥੫॥


ਗੂਜਰੀ ਮਹਲਾ ੫ ॥
ਨਾਮੁ ਨਿਧਾਨੁ ਜਿਨਿ ਜਨਿ ਜਪਿਓ ਤਿਨ ਕੇ ਬੰਧਨ ਕਾਟੇ ॥

ਜਿਸ ਜਿਸ ਮਨੁੱਖ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਿਮਰਿਆ, ਉਹਨਾਂ ਸਭਨਾਂ ਦੇ ਮਾਇਆ ਦੇ ਬੰਧਨ ਕੱਟੇ ਗਏ।

ਕਾਮ ਕ੍ਰੋਧ ਮਾਇਆ ਬਿਖੁ ਮਮਤਾ ਇਹ ਬਿਆਧਿ ਤੇ ਹਾਟੇ ॥੧॥

ਕਾਮ, ਕ੍ਰੋਧ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀ ਮਮਤਾ-ਇਹਨਾਂ ਸਾਰੇ ਰੋਗਾਂ ਤੋਂ ਉਹ ਬਚ ਜਾਂਦੇ ਹਨ ॥੧॥

ਹਰਿ ਜਸੁ ਸਾਧਸੰਗਿ ਮਿਲਿ ਗਾਇਓ ॥

ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ,

ਗੁਰਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ ॥੧॥ ਰਹਾਉ ॥

ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ ॥੧॥ ਰਹਾਉ ॥

ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ ॥

ਉਹ ਮਨੁੱਖ ਅਜੇਹੀ ਭਗਤੀ ਦੀ ਕਾਰ ਕਰਦਾ ਹੈ ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ (ਸਭ ਜੀਵਾਂ ਵਾਸਤੇ) ਭਲਾ ਮੰਨਦਾ ਹੈ,

ਮਿਤ੍ਰ ਸਤ੍ਰੁ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥੨॥

ਉਸ ਨੂੰ ਮਿੱਤਰ ਤੇ ਵੈਰੀ ਸਾਰੇ ਇਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ। ਇਹੀ ਹੈ ਪਰਮਾਤਮਾ ਦੇ ਮਿਲਾਪ ਦਾ ਤਰੀਕਾ, ਤੇ ਇਹੀ ਹੈ ਪ੍ਰਭੂ-ਮਿਲਾਪ ਦੀ ਨਿਸ਼ਾਨੀ ॥੨॥

ਪੂਰਨ ਪੂਰਿ ਰਹਿਓ ਸ੍ਰਬ ਥਾਈ ਆਨ ਨ ਕਤਹੂੰ ਜਾਤਾ ॥

(ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ, ਉਸ ਨੇ) ਪਛਾਣ ਲਿਆ ਕਿ ਸਰਬ-ਵਿਆਪਕ ਪ੍ਰਭੂ ਸਭਨਾਂ ਥਾਵਾਂ ਵਿਚ ਮੌਜੂਦ ਹੈ, ਉਸ ਮਨੁੱਖ ਨੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਸਭ ਥਾਵਾਂ ਵਿਚ ਵੱਸਦਾ) ਨਹੀਂ ਸਮਝਿਆ।

ਘਟ ਘਟ ਅੰਤਰਿ ਸਰਬ ਨਿਰੰਤਰਿ ਰੰਗਿ ਰਵਿਓ ਰੰਗਿ ਰਾਤਾ ॥੩॥

ਉਸ ਨੂੰ ਉਹ ਪ੍ਰਭੂ ਹਰੇਕ ਸਰੀਰ ਵਿਚ, ਇਕ-ਰਸ ਸਭਨਾਂ ਵਿਚ ਵੱਸਦਾ ਦਿੱਸਦਾ ਹੈ। ਉਹ ਮਨੁੱਖ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਆਨੰਦ ਮਾਣਦਾ ਹੈ ਉਸ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ ॥੩॥

ਭਏ ਕ੍ਰਿਪਾਲ ਦਇਆਲ ਗੁਪਾਲਾ ਤਾ ਨਿਰਭੈ ਕੈ ਘਰਿ ਆਇਆ ॥

ਜਦੋਂ ਕਿਸੇ ਮਨੁੱਖ ਉੱਤੇ ਗੋਪਾਲ-ਪ੍ਰਭੂ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ, ਤਦੋਂ ਉਹ ਮਨੁੱਖ ਉਸ ਨਿਰਭੈ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ।

ਕਲਿ ਕਲੇਸ ਮਿਟੇ ਖਿਨ ਭੀਤਰਿ ਨਾਨਕ ਸਹਜਿ ਸਮਾਇਆ ॥੪॥੫॥੬॥

ਹੇ ਨਾਨਕ! (ਆਖ-) ਇਕ ਖਿਨ ਵਿਚ ਉਸ ਦੇ ਅੰਦਰੋਂ ਦੁੱਖ-ਕਲੇਸ਼ ਮਿਟ ਜਾਂਦੇ ਹਨ, ਉਹ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥੫॥੬॥


ਗੂਜਰੀ ਮਹਲਾ ੫ ॥
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥

ਮੈਂ ਜਿਸ ਭੀ ਮਨੁੱਖ ਕੋਲ (ਆਪਣੇ ਦੁੱਖ ਦੀ) ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ (ਉਹ ਮੇਰਾ ਦੁੱਖ ਕੀਹ ਨਿਵਿਰਤ ਕਰੇ?)।

ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥

ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ (-ਭਰਿਆ ਸੰਸਾਰ-) ਸਮੁੰਦਰ ਪਾਰ ਕੀਤਾ ਹੈ ॥੧॥

ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥

ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ (ਕਿਸੇ ਦਾ) ਦੁੱਖ ਪੀੜ ਕੱਟ ਨਹੀਂ ਸਕਦਾ।

ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥

ਪਰਮਾਤਮਾ (ਦਾ ਆਦਰਾ) ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ ॥੧॥ ਰਹਾਉ ॥

ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥

ਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸਜਣ ਰਿਸ਼ਤੇਦਾਰ (ਦੁੱਖਾਂ ਦੀ ਨਿਵਿਰਤੀ ਵਾਸਤੇ) ਕਿਸੇ ਭੀ ਕੰਮ ਨਹੀਂ ਆ ਸਕਦੇ।

ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥

ਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਦਾ ਭੀ ਹੋਵੇ, ਉਸ ਨੂੰ ਸ੍ਰੇਸ਼ਟ (ਜਾਣੋ), ਉਸ ਦੀ ਸੰਗਤਿ ਵਿਚ ਰਿਹਾਂ ਮਨ-ਇੱਛਤ ਫਲ ਹਾਸਲ ਕਰ ਲਈਦੇ ਹਨ ॥੨॥

ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥

ਜੇ ਮਾਇਆ ਦੇ ਲੱਖਾਂ ਕ੍ਰੋੜਾਂ ਸੁਆਦਲੇ ਖਾਣੇ ਹੋਣ, ਉਹਨਾਂ ਵਿਚ ਲੱਗਿਆਂ (ਖਾਣ ਦੀ) ਤ੍ਰਿਸ਼ਨਾ ਨਹੀਂ ਮੁੱਕਦੀ।

ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥

ਪਰਮਾਤਮਾ ਦਾ ਨਾਮ ਸਿਮਰਦਿਆਂ (ਅੰਦਰ, ਮਾਨੋ) ਕ੍ਰੋੜਾਂ (ਸੂਰਜਾਂ ਦਾ) ਚਾਨਣ ਹੋ ਜਾਂਦਾ ਹੈ, ਤੇ ਅੰਦਰ ਉਹ ਕੀਮਤੀ ਨਾਮ-ਪਦਾਰਥ ਦਿੱਸ ਪੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੩॥

ਫਿਰਤ ਫਿਰਤ ਤੁਮ੍ਰਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥

ਹੇ ਪ੍ਰਭੂ ਪਾਤਿਸ਼ਾਹ! ਹੇ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਹਰੀ! ਜੇਹੜਾ ਮਨੁੱਖ ਭਟਕਦਾ ਭਟਕਦਾ (ਆਖ਼ਰ) ਤੇਰੇ ਦਰ ਤੇ ਆ ਪਹੁੰਚਦਾ ਹੈ,

ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥

ਹੇ ਨਾਨਕ! (ਆਖ-) ਉਹ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ, (ਤੇ ਤੇਰੇ ਦਰ ਤੋਂ) ਇਹ ਸੁਖ ਪ੍ਰਾਪਤ ਕਰਦਾ ਹੈ ॥੪॥੬॥੭॥


ਗੂਜਰੀ ਮਹਲਾ ੫ ਪੰਚਪਦਾ ਘਰੁ ੨ ॥

ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਪੰਜ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥

ਜੀਵ ਪਹਿਲਾਂ ਮਾਂ ਦੇ ਪੇਟ ਵਿਚ ਆ ਨਿਵਾਸ ਕਰਦਾ ਹੈ, (ਫਿਰ) ਉਹ ਥਾਂ ਛੱਡ ਕੇ ਧਰਤੀ ਤੇ ਆਉਂਦਾ ਹੈ।

ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥

(ਇਥੇ) ਚਿਤ੍ਰੇ ਹੋਏ ਮਹਲ-ਮਾੜੀਆਂ ਤੇ ਸੋਹਣੇ ਬਾਗ਼ (ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ, ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ (ਅਖ਼ੀਰ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥

ਅਵਰ ਸਭ ਮਿਥਿਆ ਲੋਭ ਲਬੀ ॥

ਹੋਰ ਸਾਰੇ ਲੋਭ ਲਾਲਚ ਝੂਠੇ ਹਨ।

ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥

(ਜੇ ਕਿਸੇ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ, ਤਾਂ ਇਹ ਨਾਮ ਹੀ (ਉਸ ਦੀ) ਜਿੰਦ ਵਾਸਤੇ ਸੁਖਾਵੀਂ ਚੀਜ਼ ਹੈ ॥੧॥ ਰਹਾਉ ॥

ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥

ਪਿਆਰੇ ਮਿੱਤਰ, ਰਿਸ਼ਤੇਦਾਰ, ਪੁੱਤਰ, ਭਰਾ, ਇਸਤ੍ਰੀ-ਇਹਨਾਂ ਨਾਲ ਗੂੜਾ ਪਿਆਰ ਪਾ ਕੇ ਜੀਵ ਹੱਸਦਾ-ਖੇਡਦਾ ਰਹਿੰਦਾ ਹੈ,

ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨ੍ਰ ਪੇਖਤ ਹੀ ਕਾਲਿ ਗ੍ਰਸਿਆ ॥੨॥

ਪਰ ਜਿਸ ਵੇਲੇ ਅੰਤਲਾ ਸਮਾ ਆ ਪੁੱਜਦਾ ਹੈ, ਉਹਨਾਂ ਸਭਨਾਂ ਦੇ ਵੇਂਹਦਿਆਂ ਵੇਂਹਦਿਆਂ ਮੌਤ ਨੇ ਆ ਫੜਨਾ ਹੁੰਦਾ ਹੈ ॥੨॥

ਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥

(ਸਾਰੀ ਉਮਰ) ਧੱਕੇ ਜ਼ੁਲਮ ਕਰ ਕਰ ਕੇ ਮਨੁੱਖ ਦੌਲਤ ਸੋਨਾ ਚਾਂਦੀ ਰੁਪਏ ਇਕੱਠੇ ਕਰਦਾ ਰਹਿੰਦਾ ਹੈ।

ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥

(ਜਿਵੇਂ ਕਿਸੇ) ਮਜ਼ਦੂਰ ਨੂੰ ਮਜ਼ਦੂਰੀ (ਮਿਲ ਜਾਂਦੀ ਹੈ ਤਿਵੇਂ, ਦੌਲਤ ਇਕੱਠੀ ਕਰਨ ਵਾਲੇ ਨੂੰ) ਉਹ (ਹਰ ਰੋਜ਼ ਦਾ ਖਾਣ-ਪੀਣ) ਮਜ਼ਦੂਰੀ ਮਿਲਦੀ ਰਹੀ, ਬਾਕੀ ਸਾਰਾ ਧਨ (ਮਰਨ ਵੇਲੇ) ਬਿਗਾਨਾ ਹੋ ਜਾਂਦਾ ਹੈ ॥੩॥

ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥

ਮਨੁੱਖ ਸੋਹਣੇ ਘੋੜੇ ਵਧੀਆ ਹਾਥੀ ਰਥ (ਆਦਿਕ) ਇਕੱਠੇ ਕਰਦਾ ਰਹਿੰਦਾ ਹੈ, ਪੂਰੇ ਧਿਆਨ ਨਾਲ ਇਹਨਾਂ ਨੂੰ ਆਪਣੀ ਮਲਕੀਅਤ ਬਣਾਂਦਾ ਰਹਿੰਦਾ ਹੈ,

ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥੪॥

ਪਰ ਜਦੋਂ ਲੰਮਾ ਕੂਚ ਹੁੰਦਾ ਹੈ (ਇਹ ਘੋੜੇ ਆਦਿਕ) ਇਕ ਪੈਰ ਭੀ (ਮਨੁੱਖ ਦੇ ਨਾਲ) ਨਹੀਂ ਤੁਰਦੇ ॥੪॥

ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥

ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਅਸਲ ਧਨ ਹੈ, ਨਾਮ ਹੀ ਸੁਖਦਾਤਾ ਹੈ, ਨਾਮ ਹੀ ਪਰਵਾਰ ਹੈ, ਨਾਮ ਹੀ ਸਾਥੀ ਹੈ।

ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ ॥੫॥੧॥੮॥

ਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਹਰਿ-ਨਾਮ-ਦੌਲਤ ਹੀ ਦਿੱਤੀ ਹੈ। ਇਹ ਦੌਲਤ ਕਦੇ ਮੁੱਕਦੀ ਨਹੀਂ, ਕਦੇ ਗੁਆਚਦੀ ਨਹੀਂ ॥੫॥੧॥੮॥


ਗੂਜਰੀ ਮਹਲਾ ੫ ਤਿਪਦੇ ਘਰੁ ੨ ॥

ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸਨਾ ਜਲਨਿ ਬੁਝਾਈ ॥

ਉਸ ਮਨੁੱਖ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਉਸ ਦੇ ਅੰਦਰ ਸੁਖ ਆ ਨਿਵਾਸ ਕਰਦੇ ਹਨ, ਪਰਮਾਤਮਾ ਦਾ ਨਾਮ ਉਸ ਦੀ ਤ੍ਰਿਸ਼ਨਾ ਦੀ ਸੜਨ ਬੁਝਾ ਦੇਂਦਾ ਹੈ,

ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ ਬਿਨਸਿ ਨ ਆਵੈ ਜਾਈ ॥੧॥

ਜਿਸ ਦੇ ਹਿਰਦੇ ਵਿਚ ਗੁਰੂ ਨੇ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਪੱਕਾ ਕਰ ਦਿੱਤਾ, ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ਹੈ ॥੧॥

ਹਰਿ ਜਪਿ ਮਾਇਆ ਬੰਧਨ ਤੂਟੇ ॥

ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ।

ਭਏ ਕ੍ਰਿਪਾਲ ਦਇਆਲ ਪ੍ਰਭ ਮੇਰੇ ਸਾਧਸੰਗਤਿ ਮਿਲਿ ਛੂਟੇ ॥੧॥ ਰਹਾਉ ॥

ਮੇਰੇ ਪ੍ਰਭੂ ਜੀ ਜਿਸ ਮਨੁੱਖ ਉੱਤੇ ਕਿਰਪਾਲ ਹੁੰਦੇ ਹਨ, ਉਹ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ ਮਾਇਆ ਦੇ ਬੰਧਨਾਂ ਤੋਂ ਅਜ਼ਾਦ ਹੋ ਜਾਂਦਾ ਹੈ ॥੧॥ ਰਹਾਉ ॥

ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥

(ਜਿਸ ਮਨੁੱਖ ਉੱਤੇ ਪ੍ਰ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ) ਪਰਮਾਤਮਾ ਦੀ ਭਗਤੀ ਤੇ ਪਿਆਰ ਦੇ ਸੁਆਦ ਵਿਚ ਮਸਤ ਹੋ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।

ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥੨॥

(ਇਸ ਤਰ੍ਹਾਂ) ਉਹ ਖ਼ੁਸ਼ੀ ਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਉਹ ਸਦਾ ਸਿਰਜਣਹਾਰ-ਪ੍ਰਭੂ ਨਾਲ ਸਾਂਝ ਪਾਈ ਰੱਖਦਾ ਹੈ ॥੨॥

ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ ॥

(ਪ੍ਰਭੂ! ਦੀ ਦਇਆ ਨਾਲ) ਜਿਹੜਾ ਮਨੁੱਖ ਉਸ ਪ੍ਰਭੂ ਦਾ ਹੀ ਸੇਵਕ ਬਣ ਜਾਂਦਾ ਹੈ, ਉਹ ਪ੍ਰਭੂ ਹੀ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਬਚਾ ਲੈਂਦਾ ਹੈ, ਉਸ ਮਨੁੱਖ ਦੀ ਸਾਰੀ ਜੀਵਨ-ਮਰਯਾਦਾ ਸੁਚੱਜੀ ਬਣ ਜਾਂਦੀ ਹੈ।

ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥੩॥੧॥੯॥

ਨਾਨਕ ਆਖਦਾ ਹੈ- ਸਰਬ-ਵਿਆਪਕ ਪ੍ਰਭੂ ਜੀ (ਆਪਣੇ ਸੇਵਕ ਉਤੇ ਸਦਾ) ਦਇਆਵਾਨ ਰਹਿੰਦੇ ਹਨ। ਪ੍ਰਭੂ ਦੀ ਦਇਆਲਤਾ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੩॥੧॥੯॥


ਗੂਜਰੀ ਮਹਲਾ ੫ ਦੁਪਦੇ ਘਰੁ ੨ ॥

ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥

ਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪਰਮਾਤਮਾ ਆਪਣੇ (ਦਾਸ) ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ।

ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥

ਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ। ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ॥੧॥

ਠਾਕੁਰ ਐਸੋ ਨਾਮੁ ਤੁਮ੍ਰਾਰੋ ॥

ਹੇ ਮਾਲਕ-ਪ੍ਰਭੂ! ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ।

ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥

ਤੂੰ ਆਪਣੇ ਸੇਵਕ ਦਾ ਅਨੋਖਾ ਹੀ ਪੱਖ ਕਰਦਾ ਹੈਂ, (ਤੇਰੇ ਨਾਮ ਦੀ ਬਰਕਤਿ ਨਾਲ ਤੇਰਾ ਸੇਵਕ) ਸਾਰੀ ਦੁਨੀਆ ਦਾ ਮਾਲਕ ਅਖਵਾਣ ਲੱਗ ਪੈਂਦਾ ਹੈ ॥੧॥ ਰਹਾਉ ॥

ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥

ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।

ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥

(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਨਾਮਦੇਵ, ਤ੍ਰਿਲੋਚਨ, ਕਬੀਰ, ਰਵਿਦਾਸ ਚਮਾਰ-ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ ॥੨॥੧॥੧੦॥


ਗੂਜਰੀ ਮਹਲਾ ੫ ॥
ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥

ਕੋਈ ਭੀ ਐਸਾ ਮਨੁੱਖ ਨਹੀਂ ਹੈ ਜੇਹੜਾ ਪਰਮਾਤਮਾ ਦੇ ਸਹੀ ਸਰੂਪ ਨੂੰ ਸਮਝਣ ਦੀ ਤਾਕਤ ਰੱਖਦਾ ਹੋਵੇ।

ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥

ਕੌਣ ਜਾਣ ਸਕਦਾ ਹੈ ਕਿ ਉਹ ਕਿਹੋ ਜਿਹਾ ਹੈ? ਸ਼ਿਵ, ਬ੍ਰਹਮਾ ਅਤੇ ਹੋਰ ਸਾਰੇ ਰਿਸ਼ੀ ਮੁਨੀ ਭੀ ਉਸ ਪਰਮਾਤਮਾ ਦੇ ਸਰੂਪ ਨੂੰ ਸਮਝ ਨਹੀਂ ਸਕਦੇ ॥੧॥

ਪ੍ਰਭ ਕੀ ਅਗਮ ਅਗਾਧਿ ਕਥਾ ॥

ਪਰਮਾਤਮਾ ਕਿਹੋ ਜਿਹਾ ਹੈ-ਇਸ ਗੱਲ ਦੀ ਸਮਝ ਮਨੁੱਖ ਦੀ ਪਹੁੰਚ ਤੋਂ ਪਰੇ ਹੈ (ਮਨੁੱਖੀ ਸਮਝ ਵਾਸਤੇ) ਬਹੁਤ ਹੀ ਡੂੰਘੀ ਹੈ।

ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥

(ਉਸ ਦੇ ਸਰੂਪ ਬਾਰੇ ਲੋਕਾਂ ਪਾਸੋਂ) ਸੁਣੀਦਾ ਕੁਝ ਹੋਰ ਹੈ, ਤੇ ਸਮਝੀਦਾ ਕਿਸੇ ਹੋਰ ਤਰ੍ਹਾਂ ਹੈ, ਕਿਉਂਕਿ (ਉਸ ਦਾ ਸਰੂਪ) ਦੱਸਣ ਤੋਂ ਬਿਆਨ ਕਰਨ ਤੋਂ ਬਾਹਰ ਹੈ ॥੧॥ ਰਹਾਉ ॥

ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥

ਪਰਮਾਤਮਾ ਆਪ ਹੀ (ਆਪਣਾ) ਭਗਤ ਹੈ, ਆਪ ਹੀ ਮਾਲਕ ਹੈ, ਆਪ ਹੀ ਆਪਣੇ ਨਾਲ ਮਸਤ ਹੈ,

ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥

(ਕਿਉਂਕਿ, ਹੇ ਭਾਈ!) ਨਾਨਕ ਦਾ ਪਰਮਾਤਮਾ ਸਾਰੇ ਹੀ ਸੰਸਾਰ ਵਿਚ ਵਿਆਪਕ ਹੈ, (ਨਾਨਕ ਨੇ) ਉਸ ਨੂੰ ਹਰ ਥਾਂ ਵੱਸਦਾ ਵੇਖਿਆ ਹੈ ॥੨॥੨॥੧੧॥


ਗੂਜਰੀ ਮਹਲਾ ੫ ॥
ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥

ਪਰਮਾਤਮਾ ਦੇ ਸੇਵਕ ਨੂੰ ਕੋਈ ਸਲਾਹ ਮਸ਼ਵਰਾ, ਕੋਈ ਹੋਰ ਸਿਆਣਪ ਦੀ ਗੱਲ-ਇਹ ਕੁਝ ਭੀ ਨਹੀਂ ਅਹੁੜਦਾ।

ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥

ਜਿੱਥੇ ਜਿੱਥੇ (ਕੋਈ ਔਖਿਆਈ ਦਾ) ਮੌਕਾ ਆ ਬਣਦਾ ਹੈ, ਉੱਥੇ ਉੱਥੇ (ਪਰਮਾਤਮਾ ਦਾ ਸੇਵਕ) ਪਰਮਾਤਮਾ ਦਾ ਹੀ ਧਿਆਨ ਧਰਦਾ ਹੈ ॥੧॥

ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥

ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ (ਕਰਨ ਵਾਲਿਆਂ) ਦਾ ਪਿਆਰਾ ਹੈ।

ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥

ਉਹ (ਸਭਨਾਂ ਦੀ) ਬੱਚਿਆਂ ਵਾਂਗ ਪਾਲਣਾ ਕਰਦਾ ਹੈ, ਤੇ ਆਪਣੇ ਸੇਵਕ ਨੂੰ ਲਾਡ ਲਡਾਂਦਾ ਹੈ ॥੧॥ ਰਹਾਉ ॥

ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥

ਪਰਮਾਤਮਾ ਦੇ ਸੇਵਕ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਹੀ ਗੀਤ ਗਾਇਆ ਹੈ, (ਸੇਵਕ ਵਾਸਤੇ ਇਹ ਸਿਫ਼ਤ-ਸਾਲਾਹ ਹੀ) ਜਪ ਤਪ ਹੈ, ਸੰਜਮ ਹੈ, ਤੇ (ਮਿਥੇ ਹੋਏ) ਧਾਰਮਿਕ ਕਰਮ ਹੈ।

ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥

ਹੇ ਨਾਨਕ! ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹੀ ਸਰਨ ਪਿਆ ਰਹਿੰਦਾ ਹੈ, (ਪ੍ਰਭੂ ਦੇ ਦਰ ਤੋਂ ਹੀ ਉਹ) ਨਿਡਰਤਾ ਦੀ ਦਾਤਿ ਪ੍ਰਾਪਤ ਕਰਦਾ ਹੈ, ਆਤਮਕ ਆਨੰਦ ਹਾਸਲ ਕਰਦਾ ਹੈ ॥੨॥੩॥੧੨॥


ਗੂਜਰੀ ਮਹਲਾ ੫ ॥
ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥

ਉਸ ਪਿਆਰੇ ਹਰੀ ਨੂੰ ਦਿਨ ਰਾਤ ਹਰ ਵੇਲੇ ਸਿਮਰਦੇ ਰਿਹਾ ਕਰੋ, ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ (ਇਸ ਕੰਮ ਤੋਂ) ਢਿੱਲ ਨਹੀਂ ਕਰਨੀ ਚਾਹੀਦੀ।

ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥

(ਆਪਣੇ ਮਨ ਵਿਚੋਂ) ਅਹੰਕਾਰ ਤੇ ਹਠ ਤਿਆਗ ਕੇ, ਗੁਰੂ ਦੀ ਦੱਸੀ ਸੇਵਾ ਕਰ ਕੇ, (ਪਰਮਾਤਮਾ ਦੇ ਚਰਨਾਂ ਵਿਚ) ਸਰਧਾ ਬਣਾਣੀ ਚਾਹੀਦੀ ਹੈ ॥੧॥

ਮੋਹਨੁ ਪ੍ਰਾਨ ਮਾਨ ਰਾਗੀਲਾ ॥

ਸੁੰਦਰ ਹਰੀ ਸਦਾ ਖਿੜੇ ਸੁਭਾਵ ਵਾਲਾ ਹੈ, ਮੇਰੀ ਜਿੰਦ ਦਾ ਮਾਣ ਹੈ।

ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥

ਉਹ ਸੁੰਦਰ ਹਰੀ (ਸਦਾ) ਮੇਰੇ ਹਿਰਦੇ ਨਾਲ ਵੱਸ ਰਿਹਾ ਹੈ, ਮੇਰਾ ਮਨ ਉਸ ਦੇ ਕੌਤਕ ਵੇਖ ਵੇਖ ਕੇ ਮਸਤ ਹੋ ਰਿਹਾ ਹੈ ॥੧॥ ਰਹਾਉ ॥

ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥

(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਤੇ ਮਨ ਵਿਚੋਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ,

ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥

ਹੇ ਨਾਨਕ! (ਆਖ-) ਉਸ ਦੇ ਚਰਨਾਂ ਵਿਚ ਜੁੜਨ ਦੀ ਵਡਿਆਈ ਮੈਂ ਬਿਆਨ ਨਹੀਂ ਕਰ ਸਕਦਾ, ਵਡਿਆਈ ਪਰੇ ਤੋਂ ਪਰੇ ਹੈ (ਪਾਰਲਾ ਬੰਨਾ ਨਹੀਂ ਲੱਭ ਸਕਦਾ) ॥੨॥੪॥੧੩॥


ਗੂਜਰੀ ਮਹਲਾ ੫ ॥
ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ਰੇ ਬਸਿ ਅਪਨਹੀ ॥

ਕੋਈ ਆਪਣੇ ਆਪ ਨੂੰ ਮੁਨੀ ਅਖਵਾਂਦੇ ਹਨ, ਕੋਈ ਜੋਗੀ ਅਖਵਾਂਦੇ ਹਨ, ਕੋਈ ਸ਼ਾਸਤ੍ਰ-ਵੇਤਾ ਅਖਵਾਂਦੇ ਹਨ-ਇਹਨਾਂ ਸਭਨਾਂ ਨੂੰ (ਪ੍ਰਬਲ ਮਾਇਆ ਨੇ) ਆਪਣੇ ਵੱਸ ਵਿਚ ਕੀਤਾ ਹੋਇਆ ਹੈ।

ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥੧॥

(ਬ੍ਰਹਮਾ, ਵਿਸ਼ਨੂੰ, ਸ਼ਿਵ ਇਹ ਵੱਡੇ) ਤਿੰਨ ਦੇਵਤੇ ਅਤੇ (ਬਾਕੀ ਦੇ) ਤੇਤੀ ਕ੍ਰੋੜ ਦੇਵਤੇ-(ਮਾਇਆ ਦਾ ਇਤਨਾ ਬਲ ਵੇਖ ਕੇ) ਇਹਨਾਂ ਸਭਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਹ ਰਹਿ ਗਈ ॥੧॥

ਬਲਵੰਤਿ ਬਿਆਪਿ ਰਹੀ ਸਭ ਮਹੀ ॥

ਪ੍ਰਬਲ ਮਾਇਆ ਸਾਰੀ ਧਰਤੀ ਉੱਤੇ ਆਪਣਾ ਜ਼ੋਰ ਪਾ ਰਹੀ ਹੈ,

ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥

ਕੋਈ ਹੋਰ ਮਨੁੱਖ (ਇਸ ਤੋਂ ਬਚਣ ਦਾ) ਭੇਤ ਨਹੀਂ ਜਾਣਦਾ। (ਇਹ ਭੇਤ) ਗੁਰੂ ਦੀ ਕਿਰਪਾ ਨਾਲ ਲੱਭਦਾ ਹੈ ॥੧॥ ਰਹਾਉ ॥

ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ ॥

ਇਹ ਪ੍ਰ੍ਰਬਲ ਮਾਇਆ ਸਦਾ ਤੋਂ ਸਾਰੇ ਥਾਂ ਜਿੱਤਦੀ ਆ ਰਹੀ ਹੈ, ਇਹ ਸਾਰੇ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਹੋਈ ਹੈ।

ਕਹੁ ਨਾਨਕ ਸਾਧ ਤੇ ਭਾਗੀ ਹੋਇ ਚੇਰੀ ਚਰਨ ਗਹੀ ॥੨॥੫॥੧੪॥

ਨਾਨਕ ਆਖਦਾ ਹੈ- ਇਹ ਪ੍ਰਬਲ ਮਾਇਆ ਗੁਰੂ ਪਾਸੋਂ ਪਰੇ ਭੱਜੀ ਹੈ, (ਗੁਰੂ ਦੀ) ਦਾਸੀ ਬਣ ਕੇ (ਗੁਰੂ ਦੇ) ਚਰਨ ਫੜਦੀ ਹੈ ॥੨॥੫॥੧੪॥


ਗੂਜਰੀ ਮਹਲਾ ੫ ॥
ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ ॥

ਮੈਂ (ਆਪਣੇ ਮਾਲਕ-ਪ੍ਰਭੂ ਦੇ ਅੱਗੇ) ਦੋਵੇਂ ਹਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ।

ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁਰਤੁ ਮਿਟਾਇਆ ॥੧॥

ਉਸ ਮਾਲਕ ਪਰਮੇਸਰ ਪ੍ਰਭੂ ਨੇ ਸਾਡੀ ਹੱਥ ਦੇ ਕੇ ਰਾਖੀ ਕੀਤੀ ਹੈ ਤੇ ਸਾਰੇ ਕਸ਼ਟ ਤੇ ਪਾਪ ਨਵਿਰਤ ਕਰ ਦਿਤੇ ਹਨ ॥੧॥

ਠਾਕੁਰ ਹੋਏ ਆਪਿ ਦਇਆਲ ॥

ਜਿਨ੍ਹਾਂ ਜੀਵਾਂ ਉਤੇ ਪ੍ਰਭੂ ਜੀ ਆਪ ਦਇਆਵਾਨ ਹੁੰਦੇ ਹਨ,

ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ॥੧॥ ਰਹਾਉ ॥

ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਗੋਪਾਲ-ਪ੍ਰਭੂ ਦੇ (ਦਰ ਤੇ ਆਏ ਹੋਏ ਉਹ ਜੀਵ-) ਬੱਚੇ (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚ ਗਏ (ਪ੍ਰਭੂ ਦੇ ਦਇਆਲ ਹੋਇਆਂ) ਆਨੰਦ-ਭਰਪੂਰ ਹੋ ਜਾਈਦਾ ਹੈ ॥੧॥ ਰਹਾਉ ॥

ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥

ਪ੍ਰਭੂ-ਪਤੀ ਨੂੰ ਮਿਲ ਕੇ ਮੇਰੇ ਗਿਆਨ-ਇੰਦ੍ਰਿਆਂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ, ਮਾਲਕ-ਪ੍ਰਭੂ ਦਾ ਜੈ-ਜੈਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥

ਨਾਨਕ ਆਖਦਾ ਹੈ- (ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ (ਸਰਨ ਆਏ) ਸਭ ਜੀਵਾਂ ਦਾ ਪਾਰ-ਉਤਾਰਾ ਕਰ ਦਿੱਤਾ ਹੈ ॥੨॥੬॥੧੫॥


ਗੂਜਰੀ ਮਹਲਾ ੫ ॥
ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥

ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ-ਇਹਨਾਂ ਦਾ ਆਸਰਾ ਕਮਜ਼ੋਰ ਆਸਰਾ ਹੈ।

ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥

ਮੈਂ ਮਾਇਆ ਦੇ ਭੀ ਅਨੇਕਾਂ ਰੰਗ-ਤਮਾਸ਼ੇ ਵੇਖ ਲਏ ਹਨ (ਇਹਨਾਂ ਵਿਚੋਂ ਭੀ) ਕੁਝ ਰਤਾ ਭਰ ਭੀ (ਜੀਵ ਦੇ) ਨਾਲ ਨਹੀਂ ਜਾਂਦਾ ॥੧॥

ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥

ਹੇ ਮਾਲਕ ਪ੍ਰਭੂ! ਤੈਥੋਂ ਬਿਨਾ ਮੇਰਾ (ਹੋਰ ਕੋਈ ਆਸਰਾ) ਨਹੀਂ ਹੈ।

ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਰਰਾ ਧੋਰਾ ॥੧॥ ਰਹਾਉ ॥

ਮੈਂ ਨਿਆਸਰੇ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਮੈਂ ਤੇਰਾ ਹੀ ਆਸਰਾ ਤੱਕਿਆ ਹੈ ॥੧॥ ਰਹਾਉ ॥

ਬਲਿ ਬਲਿ ਬਲਿ ਬਲਿ ਚਰਣ ਤੁਮ੍ਰਾਰੇ ਈਹਾ ਊਹਾ ਤੁਮ੍ਰਾਰਾ ਜੋਰਾ ॥

ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਕੁਰਬਾਨ ਕੁਰਬਾਨ ਕੁਰਬਾਨ ਜਾਂਦਾ ਹਾਂ। ਇਸ ਲੋਕ ਤੇ ਪਰਲੋਕ ਵਿਚ ਮੈਨੂੰ ਤੇਰਾ ਹੀ ਸਹਾਰਾ ਹੈ।

ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥

ਹੇ ਨਾਨਕ! (ਆਖ-ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦਾ ਦਰਸ਼ਨ ਕਰ ਲਿਆ, ਉਸ ਦੀ ਮੁਥਾਜੀ ਖ਼ਤਮ ਹੋ ਗਈ ॥੨॥੭॥੧੬॥


ਗੂਜਰੀ ਮਹਲਾ ੫ ॥
ਆਲ ਜਾਲ ਭ੍ਰਮ ਮੋਹ ਤਜਾਵੈ ਪ੍ਰਭ ਸੇਤੀ ਰੰਗੁ ਲਾਈ ॥

ਹੇ ਮਿੱਤਰ! (ਗੁਰੂ ਸਰਨ ਆਏ ਮਨੁੱਖ ਪਾਸੋਂ) ਘਰ ਦੇ ਜੰਜਾਲ, ਭਟਕਣਾ, ਮੋਹ ਛਡਾ ਦੇਂਦਾ ਹੈ, ਤੇ ਪਰਮਾਤਮਾ ਨਾਲ ਉਸ ਦਾ ਪਿਆਰ ਬਣਾ ਦੇਂਦਾ ਹੈ।

ਮਨ ਕਉ ਇਹ ਉਪਦੇਸੁ ਦ੍ਰਿੜਾਵੈ ਸਹਜਿ ਸਹਜਿ ਗੁਣ ਗਾਈ ॥੧॥

(ਸਰਨ ਆਏ ਮਨੁੱਖ ਦੇ) ਮਨ ਨੂੰ ਇਹ ਸਿੱਖਿਆ ਪੱਕੀ ਕਰ ਕੇ ਦੇਂਦਾ ਹੈ ਕਿ ਸਦਾ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ ॥੧॥

ਸਾਜਨ ਐਸੋ ਸੰਤੁ ਸਹਾਈ ॥

ਹੇ ਮਿੱਤਰ! ਗੁਰੂ ਇਹੋ ਜਿਹਾ ਮਦਦਗਾਰ ਹੈ,

ਜਿਸੁ ਭੇਟੇ ਤੂਟਹਿ ਮਾਇਆ ਬੰਧ ਬਿਸਰਿ ਨ ਕਬਹੂੰ ਜਾਈ ॥੧॥ ਰਹਾਉ ॥

ਕਿ ਜਿਸ ਮਨੁੱਖ ਨੂੰ (ਗੁਰੂ) ਮਿਲ ਪੈਂਦਾ ਹੈ, ਉਸ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ, ਉਸ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ ॥੧॥ ਰਹਾਉ ॥

ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਰਾਈ ॥

ਅਨੇਕਾਂ, ਤੇ ਕਈ ਕਿਸਮ ਦੀਆਂ ਸੋਚਾਂ ਵਿਚਾਰਾਂ ਕਰਦਿਆਂ ਕਰਦਿਆਂ ਆਖ਼ਰ ਮੈਂ ਚੰਗਾ ਨਿਸ਼ਚਾ ਦਿਲ ਵਿਚ ਟਿਕਾ ਲਿਆ ਹੈ,

ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕ ਭਵਜਲੁ ਪਾਰਿ ਪਰਾਈ ॥੨॥੮॥੧੭॥

ਕਿ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਹੇ ਨਾਨਕ! (ਆਖ-) ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੮॥੧੭॥


ਗੂਜਰੀ ਮਹਲਾ ੫ ॥
ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਰੀ ॥

ਪਰਮਾਤਮਾ (ਸੰਸਾਰਕ ਪਦਾਰਥਾਂ ਨੂੰ) ਖਿਨ ਵਿਚ ਪੈਦਾ ਕਰ ਕੇ ਖਿਨ ਵਿਚ ਹੀ ਨਾਸ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ, ਉਸ ਪਰਮਾਤਮਾ ਦੇ ਬਰਾਬਰ ਦੀ ਕਦਰ ਵਾਲਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ।

ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ ॥੧॥

ਪਰਮਾਤਮਾ ਰਾਜੇ ਨੂੰ ਇਕ ਖਿਨ ਵਿਚ ਕੰਗਾਲ ਬਣਾ ਦੇਂਦਾ ਹੈ ਅਤੇ ਨੀਵਾਂ ਅਖਵਾਣ ਵਾਲੇ ਦੇ ਅੰਦਰ ਆਪਣੀ ਜੋਤਿ ਦਾ ਪ੍ਰਕਾਸ਼ ਕਰ ਦੇਂਦਾ ਹੈ (ਜਿਸ ਕਰਕੇ ਉਹ ਰਾਜਿਆਂ ਵਾਲਾ ਆਦਰ-ਮਾਣ ਪ੍ਰਾਪਤ ਕਰ ਲੈਂਦਾ ਹੈ) ॥੧॥

ਧਿਆਈਐ ਅਪਨੋ ਸਦਾ ਹਰੀ ॥

ਆਪਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਹੀ ਧਿਆਨ ਧਰੀ ਰੱਖਣਾ ਚਾਹੀਦਾ ਹੈ।

ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ ॥੧॥ ਰਹਾਉ ॥

(ਸੰਸਾਰ ਦੀ) ਉਸ ਚੀਜ਼ ਦਾ ਕੀਹ ਚਿੰਤਾ-ਫ਼ਿਕਰ ਕਰਨਾ ਹੋਇਆ, ਜੇਹੜੀ ਛੇਤੀ ਹੀ ਨਾਸ ਹੋ ਜਾਣ ਵਾਲੀ ਹੈ? ॥੧॥ ਰਹਾਉ ॥

ਤੁਮ੍ਰਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਰਰੈ ਪਰੀ ॥

ਹੇ ਮੇਰੇ ਸਤਿਗੁਰੂ-ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਮੇਰਾ ਮਨ ਤੇਰੀ ਸਰਨ ਆ ਪਿਆ ਹੈ।

ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ ॥੨॥੯॥੧੮॥

ਹੇ ਪ੍ਰਭੂ! ਅਸੀਂ ਤੇਰੇ ਬੇ-ਸਮਝ ਅੰਞਾਣ ਬੱਚੇ ਹਾਂ, ਹੇ ਨਾਨਕ! (ਆਖ-) ਤੂੰ ਆਪਣਾ ਹੱਥ (ਸਾਡੇ ਸਿਰ ਉੱਤੇ) ਧਰ ਕੇ (ਸਾਨੂੰ ਸੰਸਾਰਕ ਪਦਾਰਥਾਂ ਦੇ ਮੋਹ ਤੋਂ) ਬਚਾ ਲੈ ॥੨॥੯॥੧੮॥


ਗੂਜਰੀ ਮਹਲਾ ੫ ॥
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥

ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ (ਮੇਹਰ ਕਰ) ਮੇਰੇ ਮਨ ਵਿਚ (ਸਦਾ) ਵੱਸਿਆ ਰਹੁ।

ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥

(ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਜਿਸ ਹਿਰਦੇ ਵਿਚ ਟਿਕੇ ਰਹਿੰਦੇ ਹਨ, ਉਸ ਵਿਚ ਭਟਕਣਾ ਨਹੀਂ ਰਹਿੰਦੀ, ਉਸ ਵਿਚ ਮਾਇਆ ਦੇ ਮੋਹ ਦਾ ਹਨੇਰਾ ਨਹੀਂ ਰਹਿੰਦਾ ॥੧॥

ਠਾਕੁਰ ਜਾ ਸਿਮਰਾ ਤੂੰ ਤਾਹੀ ॥

ਹੇ ਮੇਰੇ ਮਾਲਕ! ਮੈਂ ਜਦੋਂ (ਜਿੱਥੇ) ਤੈਨੂੰ ਯਾਦ ਕਰਦਾ ਹਾਂ ਤੂੰ ਉੱਥੇ ਹੀ (ਆ ਪਹੁੰਚਦਾ ਹੈਂ)।

ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥

ਹੇ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥

ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥

ਹੇ ਪ੍ਰਭੂ! (ਮੇਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੇਰਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਰੱਖਾਂ, ਮੈਂ ਸਦਾ ਤੇਰੇ ਹੀ ਮਿਲਾਪ ਦੀ ਤਾਂਘ ਕਰਦਾ ਰਹਾਂ।

ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥

ਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ) ਕਰਤਾਰ ਦਾ ਸਹਾਰਾ ਬਣ ਗਿਆ, ਉਸ ਨੇ ਹੋਰ ਬਿਗਾਨੀ ਆਸ ਦੂਰ ਕਰ ਦਿੱਤੀ ॥੨॥੧੦॥੧੯॥


ਗੂਜਰੀ ਮਹਲਾ ੫ ॥
ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ ਨਿਸਿ ਅਰੁ ਭੋਰ ॥

ਹੇ ਮੇਰੇ ਮਾਲਕ! ਮੇਹਰ ਕਰ, ਮੈਨੂੰ ਆਪਣਾ ਦਰਸਨ ਦੇਹ, ਮੈਂ ਦਿਨ ਰਾਤ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ।

ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥੧॥

ਆਪਣੇ ਕੇਸਾਂ ਨਾਲ ਮੈਂ ਤੇਰੇ ਸੇਵਕਾਂ ਦੇ ਪੈਰ ਝਾੜਦਾ ਰਹਾਂ-ਬੱਸ! ਇਹ ਹੀ ਮੇਰੇ ਮਨ ਦੀ ਤਾਂਘ ਹੈ ॥੧॥

ਠਾਕੁਰ ਤੁਝ ਬਿਨੁ ਬੀਆ ਨ ਹੋਰ ॥

ਹੇ ਮੇਰੇ ਮਾਲਕ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ।

ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ ॥੧॥ ਰਹਾਉ ॥

ਹੇ ਹਰੀ! ਮੈਂ ਆਪਣੇ ਚਿੱਤ ਵਿਚ ਤੈਨੂੰ ਹੀ ਯਾਦ ਕਰਦਾ ਹਾਂ, ਜੀਭ ਨਾਲ ਤੇਰੀ ਹੀ ਆਰਾਧਨਾ ਕਰਦਾ ਹਾਂ, (ਤੇ ਸਦਾ ਸਹਾਇਤਾ ਲਈ) ਤੇਰੇ ਵਲ ਹੀ ਤੱਕਦਾ ਰਹਿੰਦਾ ਹਾਂ ॥੧॥ ਰਹਾਉ ॥

ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ ॥

ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਸਭਨਾਂ ਦੇ ਮਾਲਕ! ਮੈਂ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ,

ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ ॥੨॥੧੧॥੨੦॥

(ਮੇਹਰ ਕਰ) ਤੇਰਾ ਦਾਸ ਨਾਨਕ (ਸਦਾ ਤੇਰਾ) ਨਾਮ ਜਪਦਾ ਰਹੇ। (ਜੇਹੜਾ) ਮਨੁੱਖ ਤੇਰਾ ਨਾਮ ਜਪਦਾ ਰਹੇਗਾ ਉਹ (ਸੰਸਾਰ-ਸਮੁੰਦਰ ਵਿਚੋਂ) ਅੱਖ ਝਮਕਣ ਜਿਤਨੇ ਸਮੇ ਵਿਚ ਬਚ ਨਿਕਲੇਗਾ ॥੨॥੧੧॥੨੦॥


ਗੂਜਰੀ ਮਹਲਾ ੫ ॥
ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ ਇੰਦ੍ਰ ਲੋਕ ਤੇ ਧਾਇ ॥

(ਮਾਇਆ ਬ੍ਰਹਮਾ ਸ਼ਿਵ ਇੰਦ੍ਰ ਆਦਿਕ ਦੇਵਤਿਆਂ ਉਤੇ ਭੀ ਆਪਣਾ (ਪ੍ਰਭਾਵ ਪਾ ਕੇ) ਬ੍ਰਹਮ-ਪੁਰੀ, ਸ਼ਿਵ-ਪੁਰੀ ਅਤੇ ਇੰਦ੍ਰ-ਪੁਰੀ ਤੋਂ ਹੱਲਾ ਕਰ ਕੇ (ਸੰਸਾਰਕ ਜੀਵਾਂ ਵਲ) ਆਈ ਹੈ।

ਸਾਧਸੰਗਤਿ ਕਉ ਜੋਹਿ ਨ ਸਾਕੈ ਮਲਿ ਮਲਿ ਧੋਵੈ ਪਾਇ ॥੧॥

(ਪਰ) ਸਾਧ ਸੰਗਤਿ ਵਲ (ਤਾਂ ਇਹ ਮਾਇਆ) ਤੱਕ ਭੀ ਨਹੀਂ ਸਕਦੀ, (ਇਹ ਮਾਇਆ ਸਤਸੰਗੀਆਂ ਦੇ) ਪੈਰ ਮਲ ਮਲ ਕੇ ਧੋਂਦੀ ਹੈ ॥੧॥

ਅਬ ਮੋਹਿ ਆਇ ਪਰਿਓ ਸਰਨਾਇ ॥

(ਸੰਸਾਰ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਵੇਖ ਕੇ) ਹੁਣ ਮੈਂ (ਆਪਣੇ ਸਤਿਗੁਰੂ ਦੀ) ਸਰਨ ਆ ਪਿਆ ਹਾਂ।

ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥੧॥ ਰਹਾਉ ॥

(ਤ੍ਰਿਸ਼ਨਾ ਦੀ) ਗੁੱਝੀ ਅੱਗ (ਸੰਸਾਰ ਨੂੰ) ਬਹੁਤ ਬੁਰੀ ਤਰ੍ਹਾਂ ਸਾੜ ਰਹੀ ਹੈ (ਇਸ ਤੋਂ ਬਚਣ ਲਈ) ਗੁਰੂ ਨੇ ਮੈਨੂੰ (ਤਰੀਕਾ) ਦੱਸ ਦਿੱਤਾ ਹੈ ॥੧॥ ਰਹਾਉ ॥

ਸਿਧ ਸਾਧਿਕ ਅਰੁ ਜਖ੍ਹ ਕਿੰਨਰ ਨਰ ਰਹੀ ਕੰਠਿ ਉਰਝਾਇ ॥

ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਸਾਧੂ, ਜਖ੍ਯ੍ਯ, ਕਿੰਨਰ, ਮਨੁੱਖ-ਇਹਨਾਂ ਸਭਨਾਂ ਦੇ ਗਲ ਨਾਲ ਮਾਇਆ ਚੰਬੜੀ ਰਹਿੰਦੀ ਹੈ।

ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ ਜਾ ਕੈ ਕੋਟਿ ਐਸੀ ਦਾਸਾਇ ॥੨॥੧੨॥੨੧॥

ਪਰ, ਹੇ ਨਾਨਕ! ਆਪਣੇ ਦਾਸਾਂ ਦਾ ਪੱਖ ਉਸ ਪ੍ਰਭੂ ਨੇ ਉਸ ਕਰਤਾਰ ਨੇ ਕੀਤਾ ਹੋਇਆ ਹੈ ਜਿਸ ਦੇ ਦਰ ਤੇ ਇਹੋ ਜਿਹੀਆਂ (ਇਸ ਮਾਇਆ ਜਿਹੀਆਂ) ਕ੍ਰੋੜਾਂ ਹੀ ਦਾਸੀਆਂ ਹਨ ॥੨॥੧੨॥੨੧॥


ਗੂਜਰੀ ਮਹਲਾ ੫ ॥
ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ ॥

(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ ਪਹਿਲੀ) ਬਦਨਾਮੀ ਮਿਟ ਜਾਂਦੀ ਹੈ, ਜਗਤ ਵਿਚ ਸੋਭਾ ਹੋਣ ਲੱਗ ਪੈਂਦੀ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਬੈਠਣ ਲਈ ਥਾਂ ਮਿਲ ਜਾਂਦਾ ਹੈ।

ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ ਸੁਖ ਅਨਦ ਸੇਤੀ ਘਰਿ ਜਾਈਐ ॥੧॥

(ਸਿਮਰਨ ਦੀ ਸਹਾਇਤਾ ਨਾਲ) ਮੌਤ ਦਾ ਸਹਮ ਇਕ ਖਿਨ ਵਿਚ ਮੁੱਕ ਜਾਂਦਾ ਹੈ, ਸੁਖ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਪਹੁੰਚ ਜਾਈਦਾ ਹੈ ॥੧॥

ਜਾ ਤੇ ਘਾਲ ਨ ਬਿਰਥੀ ਜਾਈਐ ॥

ਜਿਸ (ਸਿਮਰਨ) ਦੀ ਬਰਕਤਿ ਨਾਲ ਮਨੁੱਖ ਦੀ ਮੇਹਨਤ ਵਿਅਰਥ ਨਹੀਂ ਜਾਂਦੀ,

ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥

ਅੱਠੇ ਪਹਰ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਰਹੋ। ਮਨ ਵਿਚ ਹਿਰਦੇ ਵਿਚ ਸਦਾ ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥

ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥

ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਜੋ ਕੁਝ ਤੂੰ ਆਪ ਦੇਂਦਾ ਹੈਂ ਜੀਵਾਂ ਨੂੰ ਉਹੀ ਕੁਝ ਮਿਲ ਸਕਦਾ ਹੈ।

ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥

ਹੇ ਨਾਨਕ! (ਆਖ-) ਤੇਰੇ ਦਾਸ ਤੇਰੇ ਸੋਹਣੇ ਕੋਮਲ ਚਰਨਾਂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੂੰ ਆਪਣੇ ਦਾਸਾਂ ਦੀ ਇੱਜ਼ਤ ਆਪ ਰੱਖਦਾ ਹੈਂ ॥੨॥੧੩॥੨੨॥


ਗੂਜਰੀ ਮਹਲਾ ੫ ॥
ਬਿਸ੍ਵੰਭਰ ਜੀਅਨ ਕੋ ਦਾਤਾ ਭਗਤਿ ਭਰੇ ਭੰਡਾਰ ॥

ਹੇ ਮਨ! ਉਹ ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਉਹ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਖ਼ਜ਼ਾਨੇ ਭਗਤੀ (ਦੇ ਧਨ) ਨਾਲ ਭਰੇ ਪਏ ਹਨ।

ਜਾ ਕੀ ਸੇਵਾ ਨਿਫਲ ਨ ਹੋਵਤ ਖਿਨ ਮਹਿ ਕਰੇ ਉਧਾਰ ॥੧॥

ਉਸ ਪਰਮਾਤਮਾ ਦੀ ਕੀਤੀ ਹੋਈ ਸੇਵਾ ਭਗਤੀ ਵਿਅਰਥ ਨਹੀਂ ਜਾਂਦੀ, (ਸੇਵਾ-ਭਗਤੀ ਕਰਨ ਵਾਲੇ ਦਾ) ਉਹ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ ॥੧॥

ਮਨ ਮੇਰੇ ਚਰਨ ਕਮਲ ਸੰਗਿ ਰਾਚੁ ॥

ਹੇ ਮੇਰੇ ਮਨ! ਤੂੰ ਉਸ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਕਰਿਆ ਕਰ,

ਸਗਲ ਜੀਅ ਜਾ ਕਉ ਆਰਾਧਹਿ ਤਾਹੂ ਕਉ ਤੂੰ ਜਾਚੁ ॥੧॥ ਰਹਾਉ ॥

ਜਿਸ ਨੂੰ (ਸੰਸਾਰ ਦੇ) ਸਾਰੇ ਜੀਵ ਆਰਾਧਦੇ ਹਨ, ਤੂੰ ਉਸ ਦੇ ਹੀ ਦਰ ਤੋਂ ਮੰਗਿਆ ਕਰ ॥੧॥ ਰਹਾਉ ॥

ਨਾਨਕ ਸਰਣਿ ਤੁਮ੍ਰਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ ॥

ਹੇ ਨਾਨਕ! (ਆਖ-) ਹੇ ਕਰਤਾਰ! ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ ਹੀ ਮੇਰੀ ਜਿੰਦ ਦਾ ਆਸਰਾ ਹੈਂ।

ਹੋਇ ਸਹਾਈ ਜਿਸੁ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ ॥੨॥੧੪॥੨੩॥

ਮਦਦਗਾਰ ਬਣ ਕੇ ਜਿਸ ਮਨੁੱਖ ਦੀ ਤੂੰ ਰਾਖੀ ਕਰਦਾ ਹੈਂ, ਸਾਰਾ ਜਗਤ (ਭੀ ਜੇ ਉਸ ਦਾ ਵੈਰੀ ਬਣ ਜਾਏ ਤਾਂ) ਉਸ ਦਾ ਕੁਝ ਭੀ ਵਿਗਾੜ ਨਹੀਂ ਸਕਦਾ ॥੨॥੧੪॥੨੩॥


ਗੂਜਰੀ ਮਹਲਾ ੫ ॥
ਜਨ ਕੀ ਪੈਜ ਸਵਾਰੀ ਆਪ ॥

ਪਰਮਾਤਮਾ ਆਪਣੇ ਸੇਵਕ ਦੀ ਇੱਜ਼ਤ ਆਪ ਵਧਾਂਦਾ ਹੈ।

ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥

(ਪਰਮਾਤਮਾ ਦਾ ਨਾਮ ਦਵਾਈ ਹੈ) ਗੁਰੂ ਨੇ ਜਿਸ ਮਨੁੱਖ ਨੂੰ ਹਰਿ-ਨਾਮ ਦੀ ਦਵਾਈ ਦੇ ਦਿੱਤੀ, ਉਸ ਦਾ ਹਰੇਕ ਕਿਸਮ ਦਾ ਤਾਪ (ਦੁੱਖ-ਕਲੇਸ਼) ਦੂਰ ਹੋ ਗਿਆ ॥੧॥ ਰਹਾਉ ॥

ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ ॥

(ਕਮਜ਼ੋਰ-ਦਿਲ ਲੋਕ ਦੇਵੀ ਦੀ ਪੂਜਾ ਨੂੰ ਤੁਰ ਪੈਂਦੇ ਹਨ, ਪਰ ਵੇਖੋ! (ਪਰਮਾਤਮਾ ਨੇ ਮੇਹਰ ਕਰ ਕੇ ਹਰਿ ਗੋਬਿੰਦ (ਜੀ) ਨੂੰ ਆਪ (ਚੇਚਕ ਦੇ ਤਾਪ ਤੋਂ) ਬਚਾ ਲਿਆ।

ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ ॥੧॥

ਪਰਮਾਤਮਾ ਦੇ ਗੁਣਾਂ ਨੂੰ ਮਨ ਵਿਚ ਟਿਕਾ ਕੇ ਹਰੇਕ ਰੋਗ ਦੂਰ ਹੋ ਜਾਂਦਾ ਹੈ, ਸਾਰੇ ਸੁਖ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥

ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ ॥

ਮੇਰੇ ਕਰਤਾਰ ਨੇ (ਡੋਲਣ ਤੋਂ ਬਚਾ ਕੇ ਮੈਨੂੰ) ਆਪਣੇ ਚਰਨਾਂ ਵਿਚ ਜੋੜੀ ਰੱਖਿਆ-ਇਹ ਸਾਰੀ ਪੂਰੇ ਗੁਰੂ ਦੀ ਵਡਿਆਈ (ਦਾ ਸਦਕਾ) ਸੀ।

ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥੨॥੧੫॥੨੪॥

ਗੁਰੂ ਦੀ ਰੱਖੀ ਹੋਈ ਹਰਿ-ਨਾਮ ਸਿਮਰਨ ਦੀ ਨੀਂਹ ਕਦੇ ਡੋਲਣ ਵਾਲੀ ਨਹੀਂ ਹੈ। ਹੇ ਨਾਨਕ! (ਆਖ-) (ਇਹ ਨੀਂਹ ਜਿਸ ਹਿਰਦੇ-ਧਰਤੀ ਵਿਚ ਰੱਖੀ ਜਾਂਦੀ ਹੈ, ਉਥੇ) ਸਦਾ ਹੀ ਵਧਦੀ ਜਾਂਦੀ ਹੈ ॥੨॥੧੫॥੨੪॥

1
2
3
4